Sawrajbir

ਸ਼ਬਦ, ਸਮਾਜ ਤੇ ਸੱਤਾ   - ਸਵਰਾਜਬੀਰ

ਕਿਸੇ ਵੀ ਸਮੇਂ ਦੇ ਹਕੀਕੀ ਹਾਲਾਤ ਉਸ ਵੇਲੇ ਦੇ ਇਤਿਹਾਸਕ-ਸਮਾਜਿਕ ਰਿਸ਼ਤਿਆਂ, ਸਮਾਜ ਵਿਚ ਤਾਕਤਾਂ ਦੇ ਸਮਤੋਲ, ਧਾਰਮਿਕ ਸ਼ਕਤੀਆਂ, ਆਰਥਿਕਤਾ, ਸਿਆਸੀ ਸਮੀਕਰਨਾਂ, ਸਮਾਜ ਵਿਚ ਫੈਲੇ ਹੋਏ ਸੰਸਿਆਂ, ਫ਼ਿਕਰਾਂ, ਡਰਾਂ, ਅਸੁਰੱਖਿਆ, ਪਿਛਲੇ ਤਜਰਬਿਆਂ ਅਤੇ ਹੋਰ ਅਨੇਕ ਤੱਤਾਂ ਦੀ ਪੈਦਾਵਾਰ ਹੁੰਦੇ ਹਨ। ਇਹ ਵਰਤਾਰੇ ਸਮਾਜ ਵਿਚ ਕਈ ਤਰ੍ਹਾਂ ਦੇ ਪ੍ਰਵਚਨ, ਬਿਆਨੀਏ, ਵਿਚਾਰ-ਪ੍ਰਬੰਧ, ਸਿਆਸੀ ਉਥਲ-ਪੁਥਲ ਅਤੇ ਸਮਾਜਿਕ ਤੇ ਧਾਰਮਿਕ ਲਹਿਰਾਂ ਪੈਦਾ ਕਰਦੇ ਹਨ। ਇਨ੍ਹਾਂ ਵਰਤਾਰਿਆਂ ਕਾਰਨ ਸਮਾਜ ਦੇ ਚੇਤਨ ਤੇ ਅਵਚੇਤਨ ਵਿਚ ਪੈਂਦੀਆਂ ਕੜਵੱਲਾਂ ਵਿਚ ਇਤਿਹਾਸ ਤੇ ਮਿਥਿਹਾਸ ਦੀ ਗੂੰਜ ਸੁਣਾਈ ਦਿੰਦੀ ਅਤੇ ਵਰਤਮਾਨ ਤੇ ਭਵਿੱਖ ਦੇ ਡਰ ਜ਼ਾਹਿਰ ਹੁੰਦੇ ਹਨ; ਉਤਸ਼ਾਹ ਤੇ ਹਿੰਮਤ ਦੀਆਂ ਕਾਂਗਾਂ ਉੱਠਦੀਆਂ ਅਤੇ ਅਸੁਰੱਖਿਆ ਅਤੇ ਭੈਅ ਦੀਆਂ ਘੁੰਮਣਘੇਰੀਆਂ ਪੈਦਾ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕਈ ਵਰਤਾਰੇ ਪ੍ਰਤੱਖ ਰੂਪ ਵਿਚ ਵਾਪਰਦੇ ਹਨ ਅਤੇ ਕਈ ਅਪ੍ਰਤੱਖ ਰੂਪ ਵਿਚ ਸਮਾਜਿਕ-ਸਿਆਸੀ-ਇਤਿਹਾਸਕ ਤਾਕਤਾਂ ਬਣਦੇ ਹਨ। ਸਿਆਸੀ ਆਗੂ, ਚਿੰਤਕ ਤੇ ਸਮਾਜਿਕ ਕਾਰਕੁਨ ਇਨ੍ਹਾਂ ਵਰਤਾਰਿਆਂ ਨੂੰ ਬੋਲਾਂ, ਸ਼ਬਦਾਂ ਤੇ ਲਿਖਤਾਂ ਰਾਹੀਂ ਪ੍ਰਗਟ ਕਰਦੇ ਹਨ। ਭਾਸ਼ਾ ਸਭ ਵਰਤਾਰਿਆਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।
    ਭਾਸ਼ਾ ਸਮਾਜ ਵਿਚ ਸਾਂਝੀਵਾਲਤਾ, ਸਹਿਜ, ਸਮਾਜਿਕ ਏਕਤਾ ਤੇ ਨਿਆਂ ਦੀ ਵਾਹਕ ਬਣਦੀ ਹੈ; ਮਨੁੱਖਾਂ ਦੇ ਹਿਰਦਿਆਂ ਵਿਚ ਚੰਗੇ ਮਨੁੱਖ ਬਣਨ ਦੀਆਂ ਆਸਾਂ-ਉਮੀਦਾਂ ਪੈਦਾ ਕਰਦੀ ਤੇ ਭਵਿੱਖ ਦੇ ਸੁਪਨੇ ਘੜਦੀ ਹੈ; ਉਨ੍ਹਾਂ ਵਿਚ ਸਮਾਜ, ਧਰਮ, ਇਤਿਹਾਸ, ਆਰਥਿਕਤਾ ਆਦਿ ਬਾਰੇ ਸਮਝ ਪੈਦਾ ਕਰਦੀ ਹੈ। ਭਾਸ਼ਾ ਹਿੰਸਾ ਦੀ ਵਾਹਕ ਵੀ ਬਣਦੀ ਹੈ; ਸਮਾਜਿਕ ਤੇ ਭਾਈਚਾਰਕ ਦੁਫੇੜਾਂ ਪੈਦਾ ਕਰਦੀ ਅਤੇ ਨਫ਼ਰਤ ਤੇ ਕੱਟੜਤਾ ਵਧਾਉਂਦੀ ਹੈ। ਜਿੱਥੇ ਸਮਾਜ ਦੀਆਂ ਸਮੂਹਿਕ ਚੇਤਨ ਤੇ ਅਵਚੇਤਨ ਸ਼ਕਤੀਆਂ, ਧਾਰਮਿਕ ਪ੍ਰਵਿਰਤੀਆਂ, ਗਿਆਨ-ਵਿਗਿਆਨ, ਆਰਥਿਕਤਾ ਆਦਿ ਮਨੁੱਖ ਦੀ ਭਾਸ਼ਾ ਸਿਰਜਦੇ ਹਨ, ਉੱਥੇ ਭਾਸ਼ਾ ਵੀ ਸਮਾਜਿਕ ਨੁਹਾਰ ਘੜਨ ਵਿਚ ਮਹੱਤਵਪੂਰਨ ਅਤੇ ਕਈ ਵਾਰ ਬੁਨਿਆਦੀ ਤੱਤ ਬਣ ਜਾਂਦੀ ਹੈ। ਭਾਸ਼ਾ ਦੀ ਅਥਾਹ ਤਾਕਤ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਿਰੀਰਾਗੁ ਵਿਚ ਕਿਹਾ ਹੈ, ‘‘ਅਸੀਂ ਬੋਲਵਿਗਾੜ ਵਿਗਾੜਹ ਬੋਲ।।’’ ਭਾਵ ਅਸੀਂ ਮੰਦੀ ਜ਼ਬਾਨ ਬੋਲਣ ਵਾਲੇ ਆਪਣੇ ਵਿਚਾਰਹੀਣ ਬੋਲਾਂ ਨਾਲ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ। ਦੂਸਰੇ ਪਾਸੇ ਸੱਚੇ ਸ਼ਬਦਾਂ ਰਾਹੀਂ ਹੀ ਸੱਚ ਦੀ ਕਮਾਈ ਹੋ ਸਕਦੀ ਹੈ, ‘‘ਸਚੈ ਸਬਦਿ ਸਚੁ ਕਮਾਵੈ।।’’
ਮਨੁੱਖ ਕਈ ਸਦੀਆਂ ਤੋਂ ਸੱਤਾ, ਭਾਸ਼ਾ ਅਤੇ ਗਿਆਨ ਦੇ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਲੁਡਵਿਗ ਵਿਟਗਨਸਟਾਈਨ ਨੇ ਕਿਹਾ ਸੀ, ‘‘ਮੇਰੀ ਭਾਸ਼ਾ ਦੀਆਂ ਸੀਮਾਵਾਂ ਹੀ ਮੇਰੇ ਸੰਸਾਰ ਦੀਆਂ ਸੀਮਾਵਾਂ ਹਨ।’’ ਮਨੁੱਖ ਆਪਣੀ ਘੜੀ ਭਾਸ਼ਾ ਰਾਹੀਂ ਹੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਵਿਟਗਨਸਟਾਈਨ ਦੇ ਇਸ ਕਥਨ ’ਤੇ ਅਨੰਤ ਬਹਿਸ-ਮੁਬਾਹਿਸਾ ਹੋਇਆ ਹੈ ਕਿ ਕੀ ਮਨੁੱਖ ਆਪਣੀ ਸਿਰਜੀ ਭਾਸ਼ਾ ਰਾਹੀਂ ਆਪਣੇ ਵਿਚਾਰਾਂ ਜਾਂ ਭਾਵਨਾਵਾਂ ਨੂੰ ਸਹੀ ਰੂਪ ਵਿਚ ਕਹਿਣ ਵਿਚ ਸਫ਼ਲ ਹੁੰਦਾ ਹੈ ਜਾਂ ਭਾਸ਼ਾ ਉਸ ਦੇ ਮੰਤਵਾਂ, ਆਸ਼ਿਆਂ ਤੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੀ ਸਗੋਂ ਉਨ੍ਹਾਂ ਨੂੰ ਲੁਕਾਉਂਦੀ ਹੈ; ਮਨੁੱਖ ਚਾਹੁੰਦਾ ਕੁਝ ਹੋਰ ਹੈ ਤੇ ਬੋਲਦਾ ਕੁਝ ਹੋਰ।
ਸੱਤਾ ਤੇ ਤਾਕਤ ਹਾਸਲ ਕਰਨ ਦਾ ਵਰਤਾਰਾ ਆਦਿ-ਕਾਲ ਤੋਂ ਮਨੁੱਖ ਦੇ ਵੱਖ ਵੱਖ ਕਾਰਜਾਂ ਦਾ ਧਰਾਤਲ ਬਣਦਾ ਰਿਹਾ ਹੈ। ਬਹੁਤ ਪੁਰਾਤਨ ਸਮਿਆਂ ਵਿਚ ਨਿਰੋਲ ਸਰੀਰਕ ਸ਼ਕਤੀ ਕਿਸੇ ਮਨੁੱਖ ਜਾਂ ਮਨੁੱਖੀ ਸਮੂਹ ’ਤੇ ਤਾਕਤ ਹਾਸਲ ਕਰਨ ਦਾ ਜ਼ਰੀਆ ਬਣਦੀ ਸੀ ਪਰ ਜਦੋਂ ਭਾਸ਼ਾ ਨੇ ਮਨੁੱਖ ਦੇ ਵਿਹਾਰਕ ਸੰਸਾਰ ਵਿਚ ਕੇਂਦਰੀ ਸਥਾਨ ਹਾਸਲ ਕੀਤਾ ਤਾਂ ਇਹ ਤਾਕਤ ਹਾਸਲ ਕਰਨ ਦੇ ਯਤਨਾਂ ਵਿਚ ਵੀ ਮਹੱਤਵਪੂਰਨ ਤੱਤ ਬਣ ਕੇ ਉੱਭਰੀ। ਸਦੀਆਂ ਤੋਂ ਆਗੂਆਂ ਨੇ ਮਨੁੱਖੀ ਸਮੂਹਾਂ ਨੂੰ ਇਕ-ਦੂਜੇ ਨਾਲ ਲੜਾਉਣ, ਵੈਰ-ਵਿਰੋਧ ਤੇ ਕੁੜੱਤਣ ਪੈਦਾ ਕਰਨ, ਸੱਤਾ ਹਥਿਆਉਣ ਤੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਭਾਸ਼ਾ ਦੀ ਵਰਤੋਂ ਕੀਤੀ ਹੈ ਪਰ ਇਸ ਦੇ ਨਾਲ ਨਾਲ ਭਾਸ਼ਾ ਰਾਹੀਂ ਹੀ ਜ਼ੋਰ-ਜਬਰ ਵਿਰੁੱਧ ਬੋਲ ਸਿਰਜੇ ਗਏ, ਬਗ਼ਾਵਤਾਂ ਹੋਈਆਂ ਅਤੇ ਪ੍ਰੇਮ, ਸਹਿਜ, ਸਮਾਜਿਕ ਏਕਤਾ, ਬਰਾਬਰੀ ਤੇ ਸਾਂਝੀਵਾਲਤਾ ਦਾ ਸੰਚਾਰ ਹੋਇਆ।
ਪਿਛਲੀ ਸਦੀ ਵਿਚ ਲੂਈ ਅਲਤਿਊਸਰ, ਮਿਸ਼ੈਲ ਫੂਕੋ ਅਤੇ ਹੋਰ ਉੱਘੇ ਚਿੰਤਕਾਂ ਨੇ ਇਹ ਵਿਆਖਿਆ ਕੀਤੀ ਕਿ ਤਾਕਤ ਸਿਰਫ਼ ਸੱਤਾਧਾਰੀਆਂ ਕੋਲ ਨਹੀਂ ਹੁੰਦੀ ਸਗੋਂ ਸਮਾਜ ਵਿਚ ਬਿਖਰੀ ਹੁੰਦੀ ਹੈ। ਇਹ ਘਰ-ਪਰਿਵਾਰ, ਸਮਾਜ, ਵਿੱਦਿਅਕ ਤੇ ਧਾਰਮਿਕ ਅਦਾਰਿਆਂ, ਕਾਨੂੰਨੀ ਸੰਸਥਾਵਾਂ, ਵਿਚਾਰ-ਪ੍ਰਬੰਧਾਂ, ਮਨੁੱਖਾਂ ਦੇ ਆਪਸੀ ਰਿਸ਼ਤਿਆਂ, ਹਰ ਥਾਂ ਮੌਜੂਦ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਜ਼ਿਆਦਾਤਰ ਮਨੁੱਖ ਆਪਣੀ ਜ਼ਿੰਦਗੀ ਸੱਤਾਧਾਰੀ ਤਾਣਿਆਂ-ਬਾਣਿਆਂ ਅਨੁਸਾਰ ਘੱਟ ਅਤੇ ਸਮਾਜਿਕ ਤੇ ਧਾਰਮਿਕ ਨੇਮਾਂ ਤੇ ਬੰਧਨਾਂ ਅਨੁਸਾਰ ਜ਼ਿਆਦਾ ਜਿਊਂਦੇ ਹਨ। ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਤਾਕਤ ਸੱਤਾਮਈ ਸ਼ਕਤੀਆਂ ਦੇ ਹੱਥ ਵਿਚ ਹੁੰਦੀ ਹੈ ਜਿਹੜੀ ਲੋਕਾਂ ’ਤੇ ਦਮਨ ਕਰਨ ਲਈ ਵਰਤੀ ਜਾਂਦੀ ਹੈ; ਇਸ ਦਾ ਆਧਾਰ ਆਰਥਿਕਤਾ ’ਤੇ ਬਣਦਾ ਹੈ। ਮਿਸ਼ੈਲ ਫੂਕੋ ਨੇ ਇਸ ਮੱਤ ਨੂੰ ਹੋਰ ਵਿਸ਼ਾਲਤਾ ਦਿੰਦਿਆਂ ਕਿਹਾ ਕਿ ਤਾਕਤ ਹਰ ਥਾਂ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਅਤੇ ਮਨੁੱਖੀ-ਸਮੂਹਾਂ ਵਿਚ ਵੱਖ ਵੱਖ     ਰੂਪਾਂ ਰਾਹੀਂ ਹਾਜ਼ਰ ਹੁੰਦੀ ਹੈ; ਫੂਕੋ ਅਨੁਸਾਰ, ‘‘ਮਨੁੱਖ ਤਾਕਤ ਦੇ ਸੂਤਰਧਾਰ ਹੁੰਦੇ ਹਨ। ਇਸ ਦੇ ਅਧੀਨ ਪਾਤਰ ਨਹੀਂ।’’ ਹਰ ਮਨੁੱਖੀ ਰਿਸ਼ਤੇ ਤੇ ਵਰਤਾਰੇ ਵਿਚ ਤਾਕਤ ਤੇ ਕਾਮਨਾ ਦੇ ਤੱਤ ਮੌਜੂਦ ਹੁੰਦੇ ਹਨ।
ਹਰ ਮਨੁੱਖ ਵਿਚ ਤਾਕਤ ਦਾ ਕੁਝ ਅੰਸ਼ ਹੁੰਦਾ ਹੈ ਪਰ ਕਈ ਮਨੁੱਖ, ਜਿਹੜੇ ਸਮਾਜ ਵਿਚ ਆਗੂ ਬਣਦੇ ਹਨ, ਤਾਕਤ ਤੇ ਸੱਤਾ ਨੂੰ ਆਪਣੇ ਹੱਥਾਂ ਵਿਚ ਕੇਂਦਰਿਤ ਕਰਨ ਲਈ ਆਰਥਿਕ, ਸਮਾਜਿਕ ਤੇ ਧਾਰਮਿਕ ਤਾਕਤ ਦੀ ਵਰਤੋਂ ਕਰਨ ਦੇ ਨਾਲ ਨਾਲ ਭਾਸ਼ਾ ਦੀ ਅਜਿਹੀ ਸਮਰੱਥਾ ਨਾਲ ਵਰਤੋਂ ਕਰਦੇ ਹਨ ਕਿ ਅਸੀਂ ਉਨ੍ਹਾਂ ਦੇ ਸ਼ਬਦ-ਜਾਲ ਤੋਂ ਮੋਹੇ ਜਾਂਦੇ ਹਾਂ; ਸਾਡੀ ਸੋਚ-ਸਮਝ ਉਨ੍ਹਾਂ ਦੇ ਸ਼ਬਦ-ਜਾਲ ਦੇ ਅਧੀਨ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ’ਤੇ ਮਰਦ-ਪ੍ਰਧਾਨ ਸੋਚ ਨੂੰ ਇਕ ਕੁਦਰਤੀ ਵਰਤਾਰੇ ਵਜੋਂ ਦਿਖਾਉਣ ਵਿਚ ਭਾਸ਼ਾ ਦੀ ਭੂਮਿਕਾ ਬਹੁਤ ਅਹਿਮ ਹੈ; ਔਰਤ ਅਬਲਾ ਹੈ, ਮਰਦ ਉਸ ਦਾ ਰਖਵਾਲਾ ਹੈ। ਕਾਰਪੋਰੇਟ ਤਾਕਤਾਂ ਸਭ ਤੋਂ ਹੁਸ਼ਿਆਰ ਤੇ ਸਮਝਦਾਰ ਵਿਅਕਤੀਆਂ ਨੂੰ ਕਾਰਪੋਰੇਟ ਅਦਾਰਿਆਂ ਵਿਚ ਆਗੂ-ਭੂਮਿਕਾ ਦੇਣ, ਸਮਾਜ ਨੂੰ ਵਿਕਾਸ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਲੈ ਕੇ ਜਾਣ, ਵਧੀਆਂ ਵਸਤਾਂ ਮੁਹੱਈਆ ਕਰਵਾਉਣ ਆਦਿ ਦੇ ਭਰਮ-ਪਾਊ ਤੰਤਰ ਦੀ ਵਿਚਾਰਧਾਰਾ ਵੀ ਭਾਸ਼ਾ ਰਾਹੀਂ ਹੀ ਬੁਣਦੀਆਂ ਹਨ। ਇਸੇ ਤਰ੍ਹਾਂ ਸਮਾਜਿਕ ਵੰਡੀਆਂ ਪਾਉਣ, ਵਿਚਾਰਧਾਰਕ ਤੇ ਧਾਰਮਿਕ ਕੱਟੜਤਾ ਵਧਾਉਣ ਅਤੇ ਸਮਾਜਿਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰਨ ਦੇ ਵਰਤਾਰੇ ਵੀ ਭਾਸ਼ਾ ਰਾਹੀਂ ਹੀ ਵਾਪਰਦੇ ਹਨ। ਅਜਿਹਾ ਕਰਨ ਵਾਲੇ ਹਿੰਸਾ ਤੇ ਨਫ਼ਰਤ ਦੀ ਭਾਸ਼ਾ ਵਰਤਦੇ ਅਤੇ ਕਈ ਵਰ੍ਹਿਆਂ ਅਤੇ ਦਹਾਕਿਆਂ ਤਕ ਸਮਾਜਿਕ ਚੇਤਨਾ ਨੂੰ ਭਰਮਾਈ ਰੱਖਦੇ ਹਨ।
ਭਰਮੀ ਹੋਈ ਸਮਾਜਿਕ ਚੇਤਨਾ ਵਿਚ ਭਟਕਣ ਦੇ ਅਸੀਮ ਪਸਾਰ ਹੁੰਦੇ ਹਨ। ਆਮ ਲੋਕ ਅਜਿਹੀ ਭਾਸ਼ਾ ਵਰਤਣ ਵਾਲਿਆਂ ਤੋਂ ਬਚ ਨਹੀਂ ਸਕਦੇ। ਸਗੋਂ ਅਜਿਹੀ ਭਾਸ਼ਾ ਉਨ੍ਹਾਂ ਨੂੰ ਮਸਨੂਈ ਤੇ ਹਕੀਕੀ ਤਾਕਤ ‘ਬਖਸ਼ਣ’ ਦਾ ਭਰਮ ਦਿੰਦੀ ਹੈ; ਉਹ ਉਸ ਤਾਕਤ ਨੂੰ ਵਰਤਦੇ ਅਤੇ ਵਕਤੀ ਤੌਰ ’ਤੇ ਤਾਕਤਵਰ ਹੋਣ ਦੀ ਭੂਮਿਕਾ ਵੀ ਨਿਭਾਉਂਦੇ ਹਨ। ਪਿਛਲੇ ਕੁਝ ਵਰ੍ਹਿਆਂ ਵਿਚ ਅਸੀਂ ਭਟਕਣ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਜੂਮੀ ਹਿੰਸਾ ਕਰਦਿਆਂ ਵੇਖਿਆ ਹੈ। ਸਮਾਜ ਵਿਚ ਉਨ੍ਹਾਂ ਨੂੰ ਮਾਣ-ਸਨਮਾਨ ਵੀ ਮਿਲਿਆ ਹੈ।
ਪ੍ਰਮੁੱਖ ਸਵਾਲ ਇਹ ਹੈ ਕਿ ਕੀ ਲੋਕ-ਸਮੂਹ ਸੱਤਾਧਾਰੀਆਂ ਜਾਂ ਸੱਤਾ ਦੀ ਲੋਚਾ ਵਿਚ ਕੁਝ ਵੀ ਕਰ ਗੁਜ਼ਰਨ ਵਾਲਿਆਂ ਦੀ ਭਾਸ਼ਾ ਨੂੰ ਸਮਝ ਨਹੀਂ ਸਕਦੇ। ਤਜਰਬਾ ਦੱਸਦਾ ਹੈ ਕਿ ਲੋਕ-ਸਮੂਹ ਅਸਫ਼ਲ ਹੁੰਦੇ ਹਨ। ਦਹਾਕਿਆਂ ਦੇ ਦਹਾਕੇ ਅਡੋਲਫ ਹਿਟਲਰ ਨੇ ਜਰਮਨੀ ਦੇ ਲੋਕਾਂ ਨੂੰ ਉਨ੍ਹਾਂ ਦੀ ਨਸਲੀ ਸ੍ਰੇਸ਼ਟਤਾ ਦਾ ਪਾਠ ਪੜ੍ਹਾਇਆ ਤੇ ਉਨ੍ਹਾਂ ਦੇ ਮਨਾਂ ’ਤੇ ਕਬਜ਼ਾ ਕਰਦਿਆਂ ਅਜਿਹੀ ਆਪਾ-ਮਾਰੂ ਸਮੂਹਿਕ ਵਿਚਾਰਧਾਰਾ ਪੈਦਾ ਕਰਨ ਵਿਚ ਸਫ਼ਲ ਹੋਇਆ ਜਿਸ ਤਹਿਤ ਜਰਮਨੀ ਦੇ ਲੋਕ ਆਪਣੇ ਆਪ ਨੂੰ ਸਭ ਤੋਂ ਸ਼ੁੱਧ ਆਰੀਆ ਮੰਨਣ ਲੱਗ ਪਏ ਅਤੇ ਯਹੂਦੀਆਂ, ਰੋਮਾ (ਜਿਪਸੀ) ਅਤੇ ਹੋਰ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਦਾ ਘਾਣ ਕੀਤਾ ਗਿਆ। ਅਜਿਹੇ ਆਗੂਆਂ ਨੂੰ ਕੋਈ ਫ਼ਰਕ ਨਹੀਂ ਪੈਦਾ ਕਿ ਸਮਾਜ ਵਿਚ ਨਫ਼ਰਤ ਦਾ ਜ਼ਹਿਰ ਘੁਲ ਰਿਹਾ ਹੈ ਸਗੋਂ ਉਹ ਅਜਿਹੀ ਸੋਚ ਦੇ ਪਨਪਣ ਨੂੰ ਆਪਣੀ ਸਫ਼ਲਤਾ ਸਮਝਦੇ ਹਨ। ਉਨ੍ਹਾਂ ਦੀ ਸੱਤਾ-ਲਾਲਸਾ ਕਦੇ ਖ਼ਤਮ ਨਹੀਂ ਹੁੰਦੀ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ।।’’ ਭਾਵ ਇਨਸਾਨ ਦੀ ਖ਼ਾਹਿਸ਼ ਬਹੁਤ ਵਧ ਗਈ ਹੈ ਅਤੇ ਇਹ ਕਿਸੇ ਤਰ੍ਹਾਂ ਨਹੀਂ ਬੁਝਦੀ। ਅਜਿਹੇ ਆਗੂਆਂ ਦਾ ਸ਼ਬਦ-ਜਾਲ ਲੋਕ-ਮਨ ’ਤੇ ਲੰਮੀ ਦੇਰ ਲਈ ਕਬਜ਼ਾ ਬਣਾਈ ਰੱਖਦਾ ਹੈ। ਮਨੁੱਖ ਕੁੜੱਤਣ ਭਰੇ ਇਨ੍ਹਾਂ ਭਾਸ਼ਾਈ ਵਿਚਾਰ-ਪ੍ਰਬੰਧਾਂ ਸਾਹਮਣੇ ਨਿਤਾਣਾ ਹੋ ਜਾਂਦਾ ਹੈ। ਉਹ ਇਨ੍ਹਾਂ ਵਿਚ ਭਟਕਦਾ ਆਪਣੀ ਜ਼ਿੰਦਗੀ ਦੇ ਅਰਥ ਲੱਭਦਾ ਹੈ।
ਸਾਡਾ ਭੂਗੋਲਿਕ ਖ਼ਿੱਤਾ ਪੰਜਾਬ ਸਦੀਆਂ ਤੋਂ ਦੁਖਾਂਤ ਭੋਗਦਾ ਰਿਹਾ ਹੈ। ਇੱਥੇ ਬਾਬਾ ਫ਼ਰੀਦ, ਗੁਰੂ ਨਾਨਕ ਦੇਵ ਜੀ, ਬੁੱਲ੍ਹੇ ਸ਼ਾਹ ਅਤੇ ਹੋਰ ਅਨੇਕ ਭਗਤਾਂ, ਸੂਫ਼ੀਆਂ ਤੇ ਚਿੰਤਕਾਂ ਨੇ ਮਨੁੱਖਤਾ ਨੂੰ ਸਾਂਝੀਵਾਲਤਾ ਵਿਚ ਪ੍ਰੋਣ ਵਾਲੀ ਭਾਸ਼ਾ ਤੇ ਚਿੰਤਨ-ਸੰਸਾਰ ਸਿਰਜੇ ਹਨ। ਪੰਜਾਬੀ ਲੋਕ-ਮਨ ਅਜਿਹੇ ਚਿੰਤਨ-ਸੰਸਾਰਾਂ ਵਿਚ ਸਰਸ਼ਾਰ ਵੀ ਹੋਇਆ ਹੈ ਅਤੇ ਕਈ ਵਾਰ ਇਨ੍ਹਾਂ ਤੋਂ ਬਾਹਰ ਜਾ ਕੇ ਭਟਕਿਆ ਵੀ ਹੈ। ਪਿਛਲੀ ਸਦੀ ਵਿਚ ਅਜਿਹੀ ਭਟਕਣ ਦੀ ਸਿਖ਼ਰ 1940ਵਿਆਂ ਤੇ 1980ਵਿਆਂ ਵਿਚ ਦੇਖੀ ਗਈ। ਪੰਜਾਬ ਦੀ ਆਤਮਾ ਨੂੰ ਕੋਹਿਆ, ਲੂਹਿਆ ਤੇ ਵਲੂੰਧਰਿਆ ਗਿਆ। 2020-21 ਵਿਚ ਪੰਜਾਬ ਦੀ ਹਿੰਮਤੀ ਰੂਹ ਨੇ ਕਿਸਾਨ ਅੰਦੋਲਨ ਦੇ ਰੂਪ ਵਿਚ ਇਕ ਅਦੁੱਤੀ ਰਾਗ ਗਾ ਕੇ ਸਾਰੀ ਦੁਨੀਆ ਲਈ ਆਸਾਂ-ਉਮੀਦਾਂ ਦਾ ਮੁਨਾਰਾ ਬਣਨ ਦੀ ਕੋਸ਼ਿਸ਼ ਕੀਤੀ। ਉਸ ਮੁਨਾਰੇ ਦੀ ਲੋਅ ਦੂਰ ਦੂਰ ਤਕ ਗਈ। ਕਿਸਾਨ ਅੰਦੋਲਨ ਤਾਂ ਜੇਤੂ ਹੋਇਆ ਪਰ ਆਸਾਂ-ਉਮੀਦਾਂ ਦਾ ਮੁਨਾਰਾ ਕਾਇਮ ਨਾ ਰਹਿ ਸਕਿਆ। ਪੰਜਾਬ ਦੀ ਰੂਹ ਉਸ ਅੰਦੋਲਨ ਦੌਰਾਨ ਲੱਗੇ ਸਾਂਝੀਵਾਲਤਾ ਦੇ ਜਲੌਅ ਨੂੰ ਲੱਭਣ ਲਈ ਫਿਰ ਭਟਕ ਰਹੀ ਹੈ। ਇਸ ਆਤਮਾ ਦੀ ਪੁਕਾਰ ਕੁਝ ਅਜਿਹੀ ਹੈ, ‘‘ਕੌਣ ਦੁਸ਼ਮਣ ਤੇ ਕੌਣ ਏ ਯਾਰ ਏਥੇ, ਕਿੰਞ ਖਿੱਚਾਂ ਮੈਂ ਐਸੀ ਲੀਕ ਯਾਰੋ/ ਮੈਂ ਤਾਂ ਹੱਸਦੇ ਬੂਹਿਆਂ ਨੂੰ ਚਾਹਿਆ ਸੀ/ ਮੈਨੂੰ ਦਸਤਕਾਂ ਦੀ ਸੀ ਉਡੀਕ ਯਾਰੋ/ ਬੰਦਾ ਬੰਦੇ ਦੇ ਗਲ ਲੱਗ ਰੋ ਸਕਦੈ/ ਰੋਣਾ ਬਣਿਆ ਇਕੱਲ ਦੀ ਚੀਖ਼ ਯਾਰੋ।’’ ਪੰਜਾਬੀਆਂ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਉਹ ਆਪਣੇ ਜਨ-ਅੰਦੋਲਨਾਂ ਨੂੰ ਸਾਂਝੀਵਾਲਤਾ ਦੀ ਵਿਰਾਸਤ ਨਾਲ ਸਮਰੂਪ ਕਿਵੇਂ ਕਰ ਸਕਦੇ ਹਨ।

ਪੰਜਾਬ : ਹਕੀਕੀ ਸਮੱਸਿਆਵਾਂ   - ਸਵਰਾਜਬੀਰ

ਕਿਸਾਨ ਅੰਦੋਲਨ ਨੇ 2020-21 ਵਿਚ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਆਸਾਂ-ਉਮੀਦਾਂ ਦੇ ਨਵੇਂ ਸੰਸਾਰ ਪੈਦਾ ਕਰ ਕੇ ਉਸ ਬੌਧਿਕ ਤੇ ਸੱਭਿਆਚਾਰਕ ਸੱਖਣੇਪਣ, ਜਿਸ ਨੂੰ ਪੰਜਾਬ ਬਹੁਤ ਸਮੇਂ ਤੋਂ ਹੰਢਾ ਰਿਹਾ ਸੀ, ਨੂੰ ਢੱਕ ਦਿੱਤਾ ਸੀ। ਕਿਸਾਨ ਅੰਦੋਲਨ ਦੇ ਲਗਾਏ ਸਾਂਝੀਵਾਲਤਾ ਤੇ ਸੰਘਰਸ਼ ਦੇ ਜਲੌਅ ਨੇ ਪੰਜਾਬ ਦੀ ਨਾਬਰੀ ਦੀ ਰਵਾਇਤ ਦੀ ਨਵੀਂ ਨੁਹਾਰ ਘੜੀ ਤੇ ਕੁਝ ਸਮੇਂ ਲਈ ਸਾਨੂੰ ਲੱਗਣ ਲੱਗਾ ਕਿ ਅਸੀਂ ਇਤਿਹਾਸ ਦੇ ਨਵੇਂ ਪੜਾਅ ਵਿਚ ਦਾਖ਼ਲ ਹੋ ਰਹੇ ਹਾਂ, ਅਸੀਂ 1947 ਵਿਚ ਕੀਤੇ ਗਏ ਗੁਨਾਹਾਂ ਦਾ ਕੱਫ਼ਾਰਾ/ਪਸ਼ਚਾਤਾਪ ਕਰ ਰਹੇ ਹਾਂ, ਸਾਡੇ ਅਤੇ ਹਰਿਆਣਾ ਤੇ ਹੋਰ ਸੂਬਿਆਂ ਦੇ ਭੈਣਾਂ-ਭਰਾਵਾਂ ਵਿਚਕਾਰ ਸਾਂਝ ਦੇ ਨਵੇਂ ਪੁਲ ਬਣ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਸਾਰਾ ਪੰਜਾਬ ਅੰਦੋਲਨ ਦੀ ਪਿੱਠ ’ਤੇ ਆ ਖਲੋਤਾ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਦੇ ਮਨ ਉਤਸ਼ਾਹ ਨਾਲ ਭਰ ਗਏ। ਇਸ ਸੰਘਰਸ਼ ਵਿਚ ਦੂਸਰੇ ਵਰਗਾਂ ਦੇ ਲੋਕਾਂ ਦਾ ਕੇਂਦਰੀ ਤੇ ਸੂਬਾ ਸਰਕਾਰਾਂ ਦੀ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਪ੍ਰਤੀ ਉਪਰਾਮਤਾ ਤੇ ਉਦਾਸੀਨਤਾ ਤੋਂ ਪੈਦਾ ਹੋਇਆ ਗੁੱਸਾ, ਖਿੱਝ ਤੇ ਵਿਰੋਧ ਵੀ ਸ਼ਾਮਲ ਸਨ। ਏਕਤਾ, ਰੋਹ ਅਤੇ ਵੇਗ ਦੇ ਇਸ ਸੰਗਮ ਨੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਅਤੇ ਉਸ ਨੇ ਖੇਤੀ ਕਾਨੂੰਨ ਵਾਪਸ ਲੈ ਲਏ। ਇਸ ਇਤਿਹਾਸਕ ਜਿੱਤ ਨੇ ਕਿਸਾਨ ਜਥੇਬੰਦੀਆਂ ਤੇ ਪੰਜਾਬੀ ਲੋਕ-ਮਨ ਨੂੰ ਸ੍ਵੈਮਾਣ ਦੀ ਭਾਵਨਾ ਨਾਲ ਸਰਸ਼ਾਰ ਕਰ ਦਿੱਤਾ।
        ਇਸ ਇਤਿਹਾਸਕ ਸੰਘਰਸ਼ ਤੇ ਜਿੱਤ ਕਾਰਨ ਲੋਕਾਂ ਦੀ ਸਮੂਹਿਕ ਸੋਚ-ਸਮਝ ਵਿਚ ਨਵੇਂ ਵਿਚਾਰ ਪੈਦਾ ਹੋਏ, ਬੌਧਿਕ, ਸਾਹਿਤਕ ਤੇ ਸੱਭਿਆਚਾਰਕ ਖੇਤਰਾਂ ਵਿਚ ਵਲਵਲੇ ਉੱਠੇ ਅਤੇ ਇਹ ਸਿੱਧ ਹੋਇਆ ਕਿ ਸੰਘਰਸ਼ ਲੋਕਾਂ ਦੇ ਵਿਆਪਕ ਏਕੇ ਕਾਰਨ ਹੀ ਕਾਮਯਾਬ ਹੋ ਸਕਦੇ ਹਨ। ਲੋਕਾਂ ਨੂੰ ਇਹ ਆਸ ਵੀ ਸੀ ਕਿ ਕਿਸਾਨ ਅੰਦੋਲਨ ਅਜਿਹੀ ਸਿਆਸਤ ਪੈਦਾ ਕਰੇਗਾ ਜਿਹੜੀ ਪੰਜਾਬ ਦੇ ਭਵਿੱਖ ਨੂੰ ਸੰਵਾਰੇਗੀ। ਇਸ ਧਾਰਨਾ ਨੇ ਉਮੀਦਾਂ ਦੀਆਂ ਨਵੀਆਂ ਤਰੰਗਾਂ ਪੈਦਾ ਤਾਂ ਕੀਤੀਆਂ ਪਰ ਇਹ ਹਕੀਕੀ ਹਾਲਾਤ ’ਤੇ ਆਧਾਰਿਤ ਨਹੀਂ ਸਨ। ਕਿਸਾਨ ਅੰਦੋਲਨ ਤੇ ਸਿਆਸੀ ਪਾਰਟੀਆਂ ਦੇ ਆਗੂ, ਸਮਾਜ ਸ਼ਾਸਤਰੀ, ਆਰਥਿਕ ਮਾਹਿਰ, ਚਿੰਤਕ ਤੇ ਹੋਰ ਸੂਝਵਾਨ ਜਾਣਦੇ ਸਨ ਕਿ ਕਿਸਾਨ ਅੰਦੋਲਨ ਵਿਚ ਏਕਾ ਲੋਕਾਂ ਦੇ ਦਬਾਅ ਤੇ ਵੇਗ ਕਾਰਨ ਪੈਦਾ ਹੋਇਆ ਸੀ। ਕਿਸਾਨ ਜਥੇਬੰਦੀਆਂ ਵਿਚ ਅੰਦਰੂਨੀ ਟਕਰਾਅ, ਵਿਚਾਰਧਾਰਕ ਵਖਰੇਵਿਆਂ ਅਤੇ ਨਿੱਜੀ ਤੇ ਜਥੇਬੰਦਕ ਹਉਮੈ ਦੇ ਵੱਡੇ ਉਸਾਰ ਹਨ/ਸਨ। ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਇਨ੍ਹਾਂ ਸਮਿਆਂ ਵਿਚ ਪੰਜਾਬ ਦੇ ਆਰਥਿਕ ਹਾਲਾਤ ਵਿਚ ਕੋਈ ਬੁਨਿਆਦੀ ਤਬਦੀਲੀਆਂ ਨਹੀਂ ਸਨ ਆਈਆਂ। ਇਨ੍ਹਾਂ ਕਾਰਨਾਂ ਕਰਕੇ ਇਕੱਲਾ ਕਿਸਾਨ ਅੰਦੋਲਨ ਇਕ ਬਦਲਵੀਂ ਸਿਆਸਤ ਪੈਦਾ ਕਰਨ ਦੇ ਸਮਰੱਥ ਨਹੀਂ ਸੀ, ਪੰਜਾਬ ਦੀ ਸਿਆਸਤ ਉਨ੍ਹਾਂ ਪਾਰਟੀਆਂ ਦੇ ਹੱਥ ਵਿਚ ਹੀ ਰਹਿਣੀ ਸੀ ਜਿਹੜੀਆਂ ਪੰਜਾਬ ਵਿਚ ਕਈ ਸਾਲਾਂ ਤੋਂ ਰਵਾਇਤੀ ਸਿਆਸਤ ਕਰਦੀਆਂ ਆ ਰਹੀਆਂ ਸਨ।
        ਆਮ ਆਦਮੀ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਨਵੀਂ ਸਿਆਸੀ ਸ਼ਕਤੀ ਵਜੋਂ ਉੱਭਰੀ ਸੀ। ਉਸ ਦੇ ਉਭਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹਿਲਾ ਕੇ ਰੱਖ ਦਿੱਤਾ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਅਤੇ 3-4 ਸੀਟਾਂ ਬਹੁਤ ਥੋੜ੍ਹੇ ਫ਼ਰਕ ਨਾਲ ਹਾਰੀਆਂ। ਜੇ ‘ਆਪ’ ਦੀ ਕੌਮੀ ਲੀਡਰਸ਼ਿਪ ਨੇ ਉਦੋਂ ਆਪਣਾ ਧਿਆਨ ਤੇ ਊਰਜਾ ਪੰਜਾਬ ’ਤੇ ਕੇਂਦਰਿਤ ਕੀਤੀ ਹੁੰਦੀ ਤਾਂ ਪਾਰਟੀ ਨੇ 7-8 ਸੀਟਾਂ ਜਿੱਤਣੀਆਂ ਸਨ। ਇਸ ਦੇ ਅਰਥ ਇਹ ਹਨ ਕਿ ਪੰਜਾਬੀਆਂ ਨੇ 2014 ਤੋਂ ਹੀ ਪੁਰਾਣੀਆਂ ਪਾਰਟੀਆਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਸੀ।
        ਜਥੇਬੰਦਕ ਕਮਜ਼ੋਰੀਆਂ ਅਤੇ ਆਪਸੀ ਬਖੇੜਿਆਂ ਕਾਰਨ ‘ਆਪ’ 2014 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਸਫ਼ਲਤਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੁਹਰਾ ਨਾ ਸਕੀ ਪਰ ਉਹ ਮੁੱਖ ਵਿਰੋਧੀ ਧਿਰ ਬਣ ਕੇ ਉੱਭਰੀ, ਉਸ ਨੇ ਵੱਡੇ ਇਤਿਹਾਸਕ ਕਾਰਜ ਨਿਭਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਦਿੱਤਾ। ਕਾਂਗਰਸ ਦੇ 2017-2022 ਦੇ ਰਾਜ-ਕਾਲ ਦੌਰਾਨ ਲੋਕ-ਹਿੱਤਾਂ ਨੂੰ ਵਿਸਾਰ ਕੇ ਦਹਾਕਿਆਂ ਤੋਂ ਚੱਲ ਰਹੇ ਰਿਸ਼ਵਤਖੋਰੀ ਅਤੇ ਲੁੱਟ-ਖਸੁੱਟ ਦੇ ਰੁਝਾਨ ਹੋਰ ਮਜ਼ਬੂਤ ਹੋਏ। ਸਿਆਸੀ ਖੇਤਰ ਵਿਚ ਲੋਕਾਂ ਨੂੰ ‘ਆਪ’ ਹੀ ਬਦਲਵੀਂ ਤਾਕਤ ਦੇ ਰੂਪ ਵਿਚ ਨਜ਼ਰ ਆਈ। ਕਿਸਾਨ ਅੰਦੋਲਨ ਤੋਂ ਪੈਦਾ ਹੋਈ ਸਮੂਹਿਕ ਊਰਜਾ ਦਾ ਲਾਭ ਵੀ ‘ਆਪ’ ਨੂੰ ਮਿਲਿਆ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਉਹੋ ਜਿਹੀ ਵੱਡੀ ਜਿੱਤ ਪ੍ਰਾਪਤ ਹੋਈ ਜਿਹੋ ਜਿਹੀ ਦਿੱਲੀ ਦੀਆਂ 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਸੀ। ਇਸ ਜਿੱਤ ਪਿੱਛੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਇਸ ਦ੍ਰਿਸ਼ਟੀ ਕਿ ਉਹ (‘ਆਪ’) ਪੜ੍ਹੇ-ਲਿਖੇ, ਇਮਾਨਦਾਰ ਅਤੇ ਤਕਨੀਕੀ ਤੌਰ ’ਤੇ ਸੂਝਵਾਨ ਲੋਕਾਂ ਦੀ ਪਾਰਟੀ ਹੈ, ਨੇ ਵੱਡੀ ਭੂਮਿਕਾ ਨਿਭਾਈ। ਪੰਜਾਬ ਵਿਚ ਉਸ ਕੋਲ ਭਗਵੰਤ ਮਾਨ ਜਿਹਾ ਆਗੂ ਮੌਜੂਦ ਸੀ/ਹੈ ਜਿਹੜਾ ਆਪਣੇ ਭਾਸ਼ਣਾਂ ਨਾਲ ਲੋਕ-ਮਨ ਨਾਲ ਵਿਆਪਕ ਸਾਂਝ ਪੈਦਾ ਕਰ ਸਕਦਾ ਹੈ।
       ਇਹ ਸਮਝਣ ਦੀ ਜ਼ਰੂਰਤ ਹੈ ਕਿ ਸਿਆਸੀ ਤਬਦੀਲੀ ਤਾਂ ਆਈ ਹੈ ਪਰ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਹਾਲਾਤ ਵਿਚ ਵੱਡੇ ਉਲਟਫੇਰ ਨਹੀਂ ਹੋਏ। ਇਨ੍ਹਾਂ ਮੁਸ਼ਕਲ ਸਮਿਆਂ ਵਿਚ ਇਹ ਸਿਆਸੀ ਤਬਦੀਲੀ ਵੀ ਵੱਡੇ ਪਸਾਰਾਂ ਵਾਲਾ ਵਰਤਾਰਾ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਧਾਰਮਿਕ ਕੱਟੜਤਾ ’ਤੇ ਸਿਆਸਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਕਾਬਜ਼ ਹੈ। ਇਸ ਤਰ੍ਹਾਂ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਲਗਾਤਾਰ ਸੰਘਰਸ਼ ਵਿਚ ਰਹੇ ਲੋਕਾਂ ਅਤੇ 2020-21 ਦੇ ਕਿਸਾਨ ਅੰਦੋਲਨ ਨੇ ਪੰਜਾਬ ਨੂੰ ਧਾਰਮਿਕ ਕੱਟੜਤਾ ਦੀ ਸਿਆਸਤ ਤੋਂ ਬਚਾ ਲਿਆ ਹੈ ਪਰ ਨਾਲ ਹੀ ਇਸ ਤੱਥ ਤੋਂ ਵੀ ਬਚਿਆ ਨਹੀਂ ਜਾ ਸਕਦਾ ਕਿ ਪੰਜਾਬ ਆਪਣੇ ਲੰਮੇ ਸਮੇਂ ਦੀਆਂ ਸਮੱਸਿਆਵਾਂ, ਜਿਨ੍ਹਾਂ ਵਿਚ ਬੇਰੁਜ਼ਗਾਰੀ, ਕਮਜ਼ੋਰ ਅਰਥਚਾਰਾ, ਲੜਖੜਾਉਂਦਾ ਹੋਇਆ ਵਿੱਦਿਅਕ ਢਾਂਚਾ, ਨਸ਼ਿਆਂ ਦਾ ਫੈਲਾਅ, ਵੱਡੀ ਪੱਧਰ ’ਤੇ ਪਰਵਾਸ ਅਤੇ ਧਾਰਮਿਕ ਬੁਨਿਆਦਪ੍ਰਸਤੀ ਦੇ ਰੁਝਾਨ ਸ਼ਾਮਲ ਹਨ, ਤੋਂ ਛੁਟਕਾਰਾ ਪਾਉਣ ਤੋਂ ਕੋਹਾਂ ਦੂਰ ਹੈ। ਇਹ ਸਮੱਸਿਆਵਾਂ ਪੰਜਾਬ ਦੀ ਹਕੀਕਤ ਹਨ।
       ਕਿਸੇ ਵੀ ਖੇਤਰ ਦੀ ਲੋਕਾਈ ਚੇਤਨ ਤੇ ਅਵਚੇਤਨ ਪੱਧਰ ’ਤੇ ਇਕ ਸਮੂਹਿਕ ਸਮਝ ਪੈਦਾ ਕਰਨ ਦੀ ਪ੍ਰਕਿਰਿਆ ਵਿਚੋਂ ਗੁਜ਼ਰਦੀ ਰਹਿੰਦੀ ਹੈ। ਇਸ ਸਮੇਂ ਪੰਜਾਬ ਦੀ ਸਮੂਹਿਕ ਸੂਝ-ਸਮਝ ਜਾਣਦੀ ਹੈ ਕਿ ਪੰਜਾਬ ਨੇ ਕਈ ਦਹਾਕਿਆਂ ਤੋਂ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਸਿਆਸੀ ਅਨੈਤਿਕਤਾ ਦੀ ਦਲਦਲ ਵਿਚ ਧੱਕਣ ਵਾਲੇ ਸਿਆਸਤਦਾਨਾਂ ਤੋਂ ਤਾਂ ਖਹਿੜਾ ਛੁਡਾ ਲਿਆ ਹੈ ਪਰ ਇਹ ਸੰਸੇ ਅਜੇ ਵੀ ਕਾਇਮ ਹਨ ਕਿ ਪੁਰਾਣੀ ਸਿਆਸਤ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਅਤੇ ਵਾਪਸ ਪਰਤ ਸਕਦੀ ਹੈ। ਪੰਜਾਬ ਵਿਚ 1970ਵਿਆਂ ਵਿਚ ਨਕਸਲਬਾੜੀ ਲਹਿਰ ਦੀ ਅਸਫਲਤਾ, 1980ਵਿਆਂ ਵਿਚ ਸਰਕਾਰੀ ਅਤੇ ਅਤਿਵਾਦੀ ਤਸ਼ੱਦਦ, 1990ਵਿਆਂ ਵਿਚ ਹੋਏ ਨਸ਼ਿਆਂ ਦੇ ਫੈਲਾਅ, ਸਿਆਸੀ ਤੇ ਪ੍ਰਸ਼ਾਸਕੀ ਜਮਾਤਾਂ ਦੀ ਪੰਜਾਬ ਦੇ ਲੋਕਾਂ ਲਈ ਪ੍ਰਤੀਬੱਧਤਾ ਦੀ ਘਾਟ, ਵਿੱਦਿਅਕ ਢਾਂਚੇ ਵਿਚ ਆਈਆਂ ਵੱਡੀਆਂ ਕਮਜ਼ੋਰੀਆਂ ਅਤੇ ਕਈ ਹੋਰ ਕਾਰਨਾਂ ਕਰਕੇ ਪੈਦਾ ਹੋਇਆ ਇਕ ਵਿਆਪਕ ਬੌਧਿਕ ਤੇ ਸੱਭਿਆਚਾਰਕ ਖਲਾਅ ਅਜੇ ਵੀ ਮੌਜੂਦ ਹੈ ਜਿਸ ਵਿਚ ਅਵੱਲੀਆਂ ਸਮਾਜਿਕ ਤੇ ਧਾਰਮਿਕ ਕੜਵੱਲਾਂ ਪੈਣ ਦੀਆਂ ਸੰਭਾਵਨਾਵਾਂ ਹਨ।
      ਲਹਿੰਦੇ ਪੰਜਾਬ ਦੇ ਇਤਿਹਾਸਕਾਰ ਤੇ ਚਿੰਤਕ ਮਨਜ਼ੂਰ ਏਜਾਜ਼ ਨੇ ਆਪਣੀ ਸ੍ਵੈ-ਜੀਵਨੀ ‘ਜਿੰਦੜੀਏ ਤਣ ਦੇਸਾਂ ਤੇਰਾ ਤਾਣਾ’ ਵਿਚ 1947 ਤੋਂ ਬਾਅਦ ਦੇ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਵਿਚਲੇ ਕਈ ਸਾਂਝੇ ਰੁਝਾਨਾਂ ਦਾ ਜ਼ਿਕਰ ਕੀਤਾ ਹੈ : 1960ਵਿਆਂ ਵਿਚ ਦੋਹਾਂ ਪੰਜਾਬਾਂ ਵਿਚ ਆਏ ਹਰੇ ਇਨਕਲਾਬ, 1970ਵਿਆਂ ਵਿਚ ਚੜ੍ਹਦੇ ਪੰਜਾਬ ਵਿਚ ਨਕਸਲਬਾੜੀ ਲਹਿਰ ਦੀ ਚੜ੍ਹਤ ਤੇ ਲਹਿੰਦੇ ਪੰਜਾਬ ਵਿਚ ਪੀਪਲਜ਼ ਪਾਰਟੀ ਦੀ ਜਿੱਤ, 1980ਵਿਆਂ ਵਿਚ ਦੋਹਾਂ ਪੰਜਾਬਾਂ ਵਿਚ ਬੁਨਿਆਦਪ੍ਰਸਤਾਂ ਦੀ ਚੜ੍ਹਤ; ਚੜ੍ਹਦੇ ਪੰਜਾਬ ਵਿਚ ਅਕਾਲੀ ਦਲ ਅਤੇ ਲਹਿੰਦੇ ਪੰਜਾਬ ਵਿਚ ਮੁਸਲਿਮ ਲੀਗ ਦੀਆਂ ਹਕੂਮਤਾਂ ਆਦਿ। ਭਾਰਤ ਵਿਚ ਜਮਹੂਰੀ ਨਿਜ਼ਾਮ ਹੋਣ ਕਾਰਨ ਸ਼ਖ਼ਸੀ ਆਜ਼ਾਦੀ, ਸਮਾਜਿਕ ਬਰਾਬਰੀ ਅਤੇ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੇ ਰੁਝਾਨ ਜ਼ਿਆਦਾ ਮਜ਼ਬੂਤ ਹੋਏ; ਚੜ੍ਹਦੇ ਪੰਜਾਬ ਵਿਚ ਜਮਹੂਰੀ ਤਾਕਤਾਂ ਵੀ ਜ਼ਿਆਦਾ ਮਜ਼ਬੂਤ ਹਨ ਪਰ ਮਨਜ਼ੂਰ ਏਜਾਜ਼ ਦੀ ਲਹਿੰਦੇ ਪੰਜਾਬ ਬਾਰੇ ਇਹ ਟਿੱਪਣੀ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਧਿਆਨ ਯੋਗ ਹੈ, ‘‘ਪੈਦਾਵਾਰੀ ਢੰਗ ਬਦਲਣ ਤੇ ਪੁਰਾਣੀ ਵਿਚਾਰਧਾਰਾ ਦੀ ਟੁੱਟ-ਭੱਜ ਪਾਰੋਂ ਇਕ ਖਲਾਅ ਪੈਦਾ ਹੋਇਆ ਹੈ ਜਿਸ ਨੂੰ ਰਵਾਇਤੀ ਮਜ਼ਹਬ ਤੇ ਮੁੱਢਪ੍ਰਸਤੀ (ਧਾਰਮਿਕ ਬੁਨਿਆਦਪ੍ਰਸਤੀ- Religious fundamentalism) ਨੇ ਭਰਿਆ ਹੈ। ਮਜ਼ਹਬਾਂ ਤੇ ਫ਼ਿਰਕਿਆਂ ਦੇ ਵਧਦੇ ਪਾੜ ਇਸ ਗੱਲ ਦਾ ਸਬੂਤ ਹਨ।’’ ਚੜ੍ਹਦੇ ਪੰਜਾਬ ਦੇ ਲੋਕ ਵੀ ਅਜਿਹੇ ਖਲਾਅ ਦਾ ਸਾਹਮਣਾ ਕਰ ਰਹੇ ਹਨ ਭਾਵੇਂ ਇਸ ਦੀਆਂ ਅਲਾਮਤਾਂ ਤੇ ਪਸਾਰ ਬਹੁਤ ਵੱਖਰੇ ਹਨ। ਏਜਾਜ਼ ਅਨੁਸਾਰ ਅਜਿਹੇ ਹਾਲਾਤ ਵਿਚ ‘ਲੋਕ ਗੁਜ਼ਰਿਆਂ ਵੇਲਿਆਂ ਦੀ ਵਿਚਾਰਧਾਰਾ (ਸਮਾਜਿਕ ਤੇ ਧਾਰਮਿਕ ਸੋਚ-ਸਮਝ)’ ਵਿਚੋਂ ਆਪਣੀ ਪਛਾਣ ਲੱਭਦੇ ਹਨ। ਅਸੀਂ ਵੀ ਅਜਿਹੇ ਦੌਰ ਵਿਚੋਂ ਗੁਜ਼ਰ ਰਹੇ ਹਾਂ।
      ਜਮਹੂਰੀ ਤਾਕਤਾਂ ਨੂੰ ਇਸ ਖਲਾਅ ਕਾਰਨ ਪੈਦਾ ਹੋ ਰਹੀ ਨਿਰਾਸ਼ਾ ਅਤੇ ਉਦਾਸੀਨਤਾ ਵਿਰੁੱਧ ਸੰਘਰਸ਼ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਪਛਾਣਨ ਦੀ ਵੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਨੇੜ-ਭਵਿੱਖ ਵਿਚ ਸੱਤਾਧਾਰੀ ਨਹੀਂ ਹੋਣਾ, ਉਨ੍ਹਾਂ ਦਾ ਕੰਮ ਸਮਾਜ ਅਤੇ ਸਿਆਸਤ ਵਿਚ ਨੈਤਿਕ ਮਾਪਦੰਡ ਕਾਇਮ ਕਰਨ ਦਾ ਹੈ, ਲੋਕਾਂ ਵਿਚ ਚੇਤਨਤਾ ਪੈਦਾ ਕਰਨ ਤੇ ਸਮਾਜਿਕ ਏਕਤਾ ਤੇ ਜਮਹੂਰੀਅਤ ਦੇ ਰੁਝਾਨਾਂ ਨੂੰ ਵਧਾਉਣ ਦਾ ਹੈ। ਇਨ੍ਹਾਂ ਤਾਕਤਾਂ ਤੇ ਜਥੇਬੰਦੀਆਂ ਦੀ ਸਮੱਸਿਆ ਇਹ ਹੈ ਕਿ ਹਰ ਧਿਰ ਵਿਚਾਰਧਾਰਕ ਪੱਧਰ ’ਤੇ ਆਪਣੇ ਆਪ ਨੂੰ ਦੂਸਰੀਆਂ ਧਿਰਾਂ ਤੋਂ ਜ਼ਿਆਦਾ ਸ੍ਰੇਸ਼ਟ ਤੇ ਪਵਿੱਤਰ ਸਮਝਦੀ ਹੈ, ਜਥੇਬੰਦਕ ਤੇ ਨਿੱਜੀ ਹਉਮੈ ਕਾਰਨ ਇਹ ਧਿਰਾਂ ਬਿਖਰੀਆਂ ਹੋਈਆਂ ਹਨ, ਏਕਤਾ ਕਾਇਮ ਕਰਨ ਦੀ ਥਾਂ ਹਰ ਧਿਰ ਜ਼ਿਆਦਾ ਜ਼ੋਰ ਆਪਣੀ ਵਿਚਾਰਧਾਰਕ ਸ੍ਰੇਸ਼ਟਤਾ ਨੂੰ ਸਿੱਧ ਕਰਨ ’ਤੇ ਲਾਉਂਦੀ ਹੈ।
ਇਸ ਖਲਾਅ ਦਾ ਸਾਹਮਣਾ ਕਰਦਿਆਂ ਪੰਜਾਬ ਫਿਰ ਲੜਖੜਾ ਸਕਦਾ ਹੈ ਜਿਵੇਂ 1940ਵਿਆਂ, 1970ਵਿਆਂ ਅਤੇ 1980ਵਿਆਂ ਵਿਚ ਹੋਇਆ। ਇਹੋ ਜਿਹੇ ਖਲਾਅ ਵਿਚ ਧਾਰਮਿਕ ਕੱਟੜਤਾ ਪਣਪਦੀ ਤੇ ਲੋਕਾਂ ਦਾ ਘਾਣ ਹੁੰਦਾ ਹੈ, ਅਰਥਚਾਰੇ ਤੇ ਸਮਾਜਿਕਤਾ ਵਿਚ ਵੱਡੇ ਵਿਗਾੜ ਪੈਦਾ ਹੁੰਦੇ ਹਨ। ਜਮਹੂਰੀ ਤਾਕਤਾਂ ਨੂੰ ਕਿਸਾਨ ਅੰਦੋਲਨ ਤੋਂ ਸੇਧ ਲੈਂਦਿਆਂ ਵਿਆਪਕ ਜਮਹੂਰੀ ਮੁਹਾਜ਼ ਬਣਾਉਣ, ਲੋਕਾਂ ਦੇ ਸਰਬ-ਸਾਂਝੇ ਮਸਲਿਆਂ ’ਤੇ ਸੰਘਰਸ਼ ਕਰਨ ਤੇ ਪੰਜਾਬ ਦੇ ਵਿਰਸੇ ਵਿਚੋਂ ਮਿਲਦੀਆਂ ਸਾਂਝੀਵਾਲਤਾ ਦੀਆਂ ਰਵਾਇਤਾਂ ਨੂੰ ਪੁਨਰ-ਸੁਰਜੀਤ ਕਰਨ ਦੀ ਜ਼ਰੂਰਤ ਹੈ।



... ਤੇ ਫ਼ਾਸਲੇ ਵਧਦੇ ਗਏ    - ਸਵਰਾਜਬੀਰ

ਸ਼ਾਹ ਹੁਸੈਨ (1539-1599) ਲਿਖਦਾ ਹੈ, ‘‘ਸਾਲੂ ਮੇਰਾ ਉਣੀਂਦਾ/ ਕੋਈ ਸ਼ਾਮ ਬ੍ਰਿੰਦਾਬਨ ਸੁਣੀਂਦਾ/ ਜਾਣਾ ਬਿਖੜੇ ਰਾਹਿ।’’ ਹੋਰ ਕਾਫ਼ੀਆਂ ਵਿਚ ਉਹ ਕਹਿੰਦਾ ਹੈ, ‘‘ਮੈਂ ਭੀ ਝੋਕ ਰਾਂਝਣ ਦੀ ਜਾਣਾ/ ਨਾਲਿ ਮੇਰੇ ਕੋਈ ਚੱਲੇ।’’, ‘‘ਮਾਹੀ ਮਾਹੀ ਕੂਕਦੀ/ ਮੈਂ ਆਪੇ ਰਾਂਝਣ ਹੋਈ/ ਰਾਂਝਣ ਰਾਂਝਣ ਮੈਨੂੰ ਸਭੇ ਆਖੋ/ ਹੀਰ ਨਾ ਆਖੋ ਕੋਈ।’’ ਸਾਡੇ ਸਾਹਮਣੇ ਭਗਵਾਨ ਕ੍ਰਿਸ਼ਨ ਤੇ ਰਾਂਝੇ ਦਾ ਸਾਂਝਾ ਬਿੰਬ ਉੱਭਰਦਾ ਹੈ, ਹੀਰ ਤੇ ਗੋਪੀਆਂ ਦੇ ਬਿੰਬ ਉੱਭਰਦੇ ਹਨ। ਸ਼ਾਹ ਹੁਸੈਨ ਤੋਂ 100 ਸਾਲ ਬਾਅਦ ਸੁਲਤਾਨ ਬਾਹੂ (1639-1690) ਲਿਖਦਾ ਹੈ, ‘‘ਨਾ ਮੈਂ ਆਲਮ ਨਾ ਮੈਂ ਫਾਜ਼ਲ, ਨਾ ਮੁਫ਼ਤੀ, ਨਾ ਕਾਜ਼ੀ ਹੂ/ ...ਨਾ ਮੈਂ ਤ੍ਰੀਹੇ ਰੋਜ਼ੇ ਰੱਖੇ, ਨਾ ਮੈਂ ਪਾਕ ਨਿਮਾਜ਼ੀ ਹੂ।’’ ‘‘ਮੀਮ ਮਜ਼ਹਬਾਂ ਵਾਲੇ ਦਰਵਾਜੇ ਉੱਚੇ, ਰਾਹ ਰਬਾਨਾ ਮੋਰੀ ਹੂ/ ਪੰਡਤਾਂ ਤੇ ਮੁਲਵਾਣਿਆਂ ਕੋਲੋਂ/ ਛੁਪ-ਛੁਪ ਲੰਘੇ ਚੋਰੀ ਹੂ।’’ ਸਾਡੇ ਸਾਹਮਣੇ ਇਕ ਬਿੰਬ ਉੱਭਰਦਾ ਹੈ ਕਿ ਸ਼ਾਇਰ ਕਰਮਕਾਂਡੀ ਧਰਮ ਤੋਂ ਬਗ਼ਾਵਤ ਕਰ ਰਿਹਾ ਹੈ।
        ਸੁਲਤਾਨ ਬਾਹੂ ਦੇ ਦੇਹਾਂਤ ਦੇ ਸਾਲ (1690) ਵਿਚ ਜਨਮ ਲੈਣ ਵਾਲਾ ਅਲੀ ਹੈਦਰ ਇਨ੍ਹਾਂ ਰਵਾਇਤਾਂ ਨੂੰ ਅੱਗੇ ਤੋਰਦਾ ਹੋਇਆ ਲਿਖਦਾ ਹੈ, ‘‘ਜਿੱਥੇ ਮੁਰਲੀ ਕਾਹਨ ਵਜਾਵਣੀ/ ਉੱਥੇ ਆਵਣਾਂ ਹੋਸੀ ਵਹੀਂ ਵਹੀਂ।’’, ‘‘ਮਜ਼ਹਬ ਕੀ ਪੁੱਛਨਾ ਕਾਜ਼ੀਆ ਵੇ, ਮੈਂਡਾ ਰਾਂਝਣ ਰੁਕਨ ਈਮਾਨ ਦਾ ਈ/ ਇਸ਼ਕ ਇਮਾਮ, ਨਮਾਜ਼ ਮੁਹੱਬਤ, ਮੁਰਲੀ ਹਰਫ਼ ਕੁਰਾਨ ਦਾ ਈ।’’ ਏਥੇ ਭਗਵਾਨ ਕ੍ਰਿਸ਼ਨ ਤੇ ਰਾਂਝਾ ਇਕ ਹੁੰਦੇ ਦਿਖਾਈ ਦਿੰਦੇ ਹਨ ਅਤੇ ਹੀਰ-ਰਾਂਝਾ ਦੀ ਪ੍ਰੇਮ ਕਹਾਣੀ ਵਿਚ ਹੀਰ ਕਾਜ਼ੀ ਨਾਲ ਆਢਾ ਲਾਉਂਦੀ ਹੈ, ‘‘ਕਿਉਂ ਵਤ ਕਾਜ਼ੀ ਕੁਰਾਨ ਨਾ ਚਾਇਆ ਈ, ਜੇ ਹੀਰ ਰਾਂਝੇ ਦੀ ਮੰਗ ਨਹੀਂ।’’ ਅਲੀ ਹੈਦਰ ਦਾ ਸਮਕਾਲੀ ਬੁੱਲ੍ਹੇ ਸ਼ਾਹ ਇਨ੍ਹਾਂ ਬਗ਼ਾਵਤੀ ਸੁਰਾਂ ਨੂੰ ਅਗਾਂਹ ਵਧਾਉਂਦਿਆਂ ਲਿਖਦਾ ਹੈ, ‘‘ਬੁੱਲ੍ਹੇ ਸ਼ਾਹ ਮੈਂ ਹੁਣ ਭਰਮਾਈ/ ਜਦ ਦੀ ਮੁਰਲੀ ਕਾਹਨ ਬਜਾਈ/ ਬਉਰੀ (ਬੌਰੀ) ਹੋਈ ਤੁਸਾਂ ਵਲ ਧਾਈ।’’, ‘‘ਬੰਸੀ ਕਾਹਨ ਅਚਰਜ ਬਜਾਈ/ ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਸਭ ਨਾਲ ਹੈ ਸਾਂਝਾ/ ਤੇਰੀ ਮੌਜਾਂ ਸਾਡਾ ਮਾਂਝਾ/ ਸਾਡੀ ਸੁਰ ਤੈਂ ਆਪ ਮਿਲਾਈ।’’ ਬੁੱਲ੍ਹੇ ਸ਼ਾਹ ਦੀ ਸ਼ਾਇਰੀ ਵਿਚ ਇਹ ਬਿੰਬ ਸਾਹਮਣੇ ਆਉਂਦੇ ਹਨ : ਭਗਵਾਨ ਕ੍ਰਿਸ਼ਨ ਤੇ ਗੋਪੀਆਂ, ਹੀਰ-ਰਾਂਝਾ, ਜੋਗੀ, ਮਨਸੂਰ ਅਤੇ ਸਰਮਦ। ਭਗਵਾਨ ਕ੍ਰਿਸ਼ਨ (ਕਾਹਨ), ਰਾਂਝੇ, ਜੋਗੀ ਤੇ ਮਨਸੂਰ ਦਾ ਜ਼ਿਕਰ ਸਭ ਤੋਂ ਜ਼ਿਆਦਾ ਹੈ ਅਤੇ ਕਰਮਕਾਂਡੀ ਧਾਰਮਿਕ ਰਵਾਇਤਾਂ ਤੋਂ ਬਗ਼ਾਵਤ ਵੀ ਸਿਖਰ ’ਤੇ ਹੈ : ‘‘ਭੱਠ ਨਮਾਜ਼ਾਂ ਚਿੱਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ।’’
        ਉੱਪਰ ਦਿੱਤੇ ਗਏ ਪ੍ਰਮੁੱਖ ਸ਼ਾਇਰਾਂ ਦੇ ਨਾਲ ਕਈ ਹੋਰ ਸ਼ਾਇਰ ਵੀ ਅਜਿਹਾ ਕੁਝ ਲਿਖ ਰਹੇ ਹਨ। ਵਜੀਦ ਲਿਖਦਾ ਹੈ, ‘‘ਬ੍ਰਿੰਦਾਬਨ ਵਿਚ ਪੇਂਝੂ ਜਿਥ ਆਪ ਹਰਿ/ ਵਜੀਦਾ ਕੌਣ ਸਾਈਂ ਨੂੰ ਆਖੇ ਅਉਂ ਨਹੀਂ ਅੰਞ ਕਰ।’’ ਹਾਫਿਜ਼ ਬਰਖੁਰਦਾਰ ਲਿਖਦਾ ਹੈ, ‘‘ਬੁਰਖਦਾਰ ਚਲੇ ਅਜ ਸ਼ਿਆਮ/ ਰਾਧਾ ਰਹੀ ਅਕੇਲੀ ਧਾਮ/ ਸਾਡੇ ਨੈਣੀ ਨੀਂਦ ਹਰਾਮ।’’ ਗੁਲਾਮ ਹੁਸੈਨ ਲਿਖਦਾ ਹੈ, ‘‘ਸੁਫ਼ਨੇ ਵਿਚ ਮਿਲੇ ਸ਼ਿਆਮ ਜੀ, ਤਨ ਮਨ ਖੁਸ਼ੀ ਭਈ/ ਗੁਲਾਮ ਸੈਲ ਜਾਂ ਜਾਗਿਆ, ਚੋਲੇ ਚਿਣਗ ਪਈ।’’
       ਇਨ੍ਹਾਂ ਸ਼ਾਇਰਾਂ ਨੂੰ ਸੂਫ਼ੀ ਸ਼ਾਇਰ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਾਇਰੀ ਵਿਚ ਅਜਿਹੀਆਂ ਅਣਗਿਣਤ ਉਦਾਹਰਨਾਂ ਮਿਲਦੀਆਂ ਹਨ ਜਿੱਥੇ ਭਗਵਾਨ ਕ੍ਰਿਸ਼ਨ, ਰਾਧਾ, ਗੋਪੀਆਂ ਅਤੇ ਹਿੰਦੂ ਇਤਿਹਾਸ ਤੇ ਮਿਥਿਹਾਸ ਦੇ ਹੋਰ ਪਾਤਰਾਂ ਦਾ ਜ਼ਿਕਰ ਹੈ। ਇਨ੍ਹਾਂ ਸ਼ਾਇਰਾਂ ਵਿਚ ਸੂਫ਼ੀ ਲਹਿਰ, ਭਗਤੀ ਲਹਿਰ ਤੇ ਪੰਜਾਬੀ ਲੋਕ-ਮਨ ਦੇ ਆਪਸੀ ਸੰਵਾਦ ਦਾ ਉਹ ਸੰਗਮ ਦੇਖਣ ਨੂੰ ਮਿਲਦਾ ਹੈ ਜਿਸ ਵਿਚ ਦੈਵੀ ਨਾਇਕ ਭਗਵਾਨ ਕ੍ਰਿਸ਼ਨ, ਲੋਕ-ਨਾਇਕ ਰਾਂਝਾ ਤੇ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੀ ਪਰਮ-ਸ਼ਕਤੀ (ਅੱਲ੍ਹਾ/ ਭਗਵਾਨ/ ਈਸ਼ਵਰ) ਇਕਮਿਕ ਹੋ ਜਾਂਦੇ ਹਨ। ਪੰਜਾਬੀ ਸਾਹਿਤ ਵਿਚ ਸੂਫ਼ੀਆਂ ਦੀਆਂ ਪਰੰਪਰਾਵਾਂ, ਸੂਫ਼ੀ ਸਫ਼ਰ ਦੀਆਂ ਵੱਖ ਵੱਖ ਮੰਜ਼ਿਲਾਂ, ਸੂਫ਼ੀਆਂ ਦੀ ਸ਼ਰ੍ਹਾ ਤੋਂ ਬਗ਼ਾਵਤ, ਤੌਹੀਦ, ਤਰੀਕਤ, ਤੌਬਾ, ਸਬਰ, ਤਵੱਕੁਲ (ਭਰੋਸਾ), ਆਦਿ ਦੇ ਅਸੂਲਾਂ ਅਤੇ ਉਨ੍ਹਾਂ (ਸੂਫ਼ੀਆਂ) ਦੇ ਰਹੱਸਵਾਦ ਬਾਰੇ ਵਿਸਥਾਰ ਵਿਚ ਲਿਖਿਆ ਗਿਆ ਹੈ।
       ਸੂਫ਼ੀਆਂ ਦੀਆਂ ਰਵਾਇਤਾਂ, ਸਿਲਸਿਲਿਆਂ, ਧਾਰਮਿਕ ਸੋਚ, ਰਹੱਸਵਾਦ ਆਦਿ ਬਾਰੇ ਬਹਿਸ ਕਰਨਾ ਇਕ ਵੱਖਰੀ ਗੱਲ ਹੈ ਪਰ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਕੀ ਇਹ ਸ਼ਾਇਰ ਤੇ ਚਿੰਤਕ ਨਿਰੋਲ ਅਧਿਆਤਮਕ ਸੋਚ ਵਿਚ ਗੜੁੱਚੇ ਹੋਏ ਸਨ ਜਾਂ ਉਨ੍ਹਾਂ ਦੀ ਸ਼ਾਇਰੀ ਕੋਈ ਸਮਾਜਿਕ ਤੇ ਸੱਭਿਆਚਾਰਕ ਕਾਰਜ ਵੀ ਨਿਭਾ ਰਹੀ ਸੀ। ਜਦੋਂ ਅਸੀਂ ਮੱਧਕਾਲੀਨ ਸਮੇਂ ਦੀ ਸ਼ਾਇਰੀ ਨੂੰ ਇਸ ਸੰਦਰਭ ਤੋਂ ਵੇਖਦੇ ਹਾਂ ਤਾਂ ਸਾਨੂੰ ਇਹ ਸ਼ਾਇਰ ਤਤਕਾਲੀਨ ਪੰਜਾਬੀ ਸਮਾਜ ਵਿਚਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਉਹ ਸਮੱਸਿਆਵਾਂ ਕੀ ਹਨ? ਪ੍ਰਮੁੱਖ ਸਮੱਸਿਆਵਾਂ ਨੂੰ ਕਈ ਤਰ੍ਹਾਂ ਨਾਲ ਗਿਣਿਆ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਹ ਲੇਖ ਉਸ ਸਮੇਂ ਦੇ ਸਮਾਜ ਵਿਚਲੀ ਧਾਰਮਿਕ ਦੁਫੇੜ ਦੀ ਸਮੱਸਿਆ ਤਕ ਸੀਮਤ ਹੈ। ਉਪਰੋਕਤ ਸ਼ਾਇਰ ਤੇ ਚਿੰਤਕ ਇਹ ਸਮਝਦੇ ਹਨ ਕਿ ਤਤਕਾਲੀਨ ਪੰਜਾਬੀ ਸਮਾਜ ਵਿਚ ਦੋ ਪ੍ਰਮੁੱਖ ਫ਼ਿਰਕੇ ਹਨ : ਹਿੰਦੂ ਤੇ ਮੁਸਲਮਾਨ, ਇਨ੍ਹਾਂ ਫ਼ਿਰਕਿਆਂ ਦੀਆਂ ਧਾਰਮਿਕ ਤੇ ਸਮਾਜਿਕ ਮਾਨਤਾਵਾਂ ਵਿਚ ਫ਼ਰਕ ਹਨ। ਇਨ੍ਹਾਂ ਸ਼ਾਇਰਾਂ ਨੂੰ ਫ਼ਿਕਰ ਹੈ ਕਿ ਇਸ ਧਾਰਮਿਕ ਦੁਫੇੜ ਨੂੰ ਘਟਾਇਆ ਅਤੇ ਸਮਾਜ ਵਿਚ ਸਦਭਾਵਨਾ ਵਾਲਾ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ। ਮੁਸਲਮਾਨ ਸ਼ਾਇਰ ਤੇ ਚਿੰਤਕ ਹਿੰਦੂ ਧਰਮ ਅਤੇ ਲੋਕ-ਮਨ ਦੁਆਰਾ ਪ੍ਰਵਾਨਿਤ ਸੋਚ ਵਿਚੋਂ ਚਿੰਨ੍ਹਾਂ ਤੇ ਵਿਚਾਰਾਂ ਨੂੰ ਅਪਣਾ ਕੇ ਅਜਿਹਾ ਕਾਰਜ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਰਚਨਾ ਦਾ ਵੱਡਾ ਹਿੱਸਾ ਪੰਜਾਬ ਤੇ ਉੱਤਰੀ ਭਾਰਤ ਦੀਆਂ ਸੰਗੀਤ-ਪਰੰਪਰਾਵਾਂ ’ਚੋਂ ਉਗਮੇ ਰਾਗਾਂ ਵਿਚ ਹੈ।
       ਉਸ ਸਮੇਂ ਦੇ ਹਿੰਦੂ ਕਵੀਆਂ ਦੀ ਕਵਿਤਾ ਵਿਚ ਕ੍ਰਿਸ਼ਨ-ਭਗਤੀ/ ਵੈਸ਼ਨਵ-ਪੰਥ ਅਤੇ ਭਗਤੀ ਲਹਿਰ ਦੇ ਪ੍ਰਭਾਵ ਪ੍ਰਮੁੱਖ ਦਿਖਾਈ ਦਿੰਦੇ ਹਨ। ਉਹ ਇਨ੍ਹਾਂ ’ਚੋਂ ਪ੍ਰਾਪਤ ਹੁੰਦੀ ਬੌਧਿਕ ਸੇਧ ਨੂੰ ਬ੍ਰਾਹਮਣਵਾਦ ਅਤੇ ਕਰਮਕਾਂਡ ਵਿਰੁੱਧ ਲੜਨ ਲਈ ਵਰਤਦੇ ਹਨ। 18-19ਵੀਂ ਸਦੀ ਦੇ ਸ਼ਾਇਰਾਂ ਦੀ ਕਵਿਤਾ ਵਿਚ ਗੁਰਮਤਿ ਤੇ ਸੂਫ਼ੀ ਪ੍ਰਭਾਵ ਪ੍ਰਤੱਖ ਦਿਖਾਈ ਦਿੰਦੇ ਹਨ। ਇਹ ਪ੍ਰਭਾਵ ਭਾਸ਼ਾ ਵਿਚ ਵੀ ਦਿਖਾਈ ਦਿੰਦੇ ਹਨ, ਵਿਚਾਰਾਂ ਵਿਚ ਵੀ ਤੇ ਬਿੰਬਾਵਲੀ ਵਿਚ ਵੀ। ਭਗਤ ਮਲੂਕ ਦਾਸ ਲਿਖਦਾ ਹੈ, ‘‘ਮਾਇਆ ਕਾ ਗੁਲਾਮ ਗੀਦੀ, ਕਹਾਂ ਜਾਨੈ ਬੰਦਗੀ।’’ ਭਗਤ ਮਹਾਂ ਦਾਸ ਵੀ ਅਜਿਹੇ ਸਫ਼ਰ ਦਾ ਪਾਂਧੀ ਹੈ, ‘‘ਬੰਦੇ ਬੰਦਗੀ ਕਰਿ ਰੋਜ/ ਸਾਹਿਬੁ ਨਿਵਾਜੇਗਾ/ ਤੁਝੇ ਕਿਛੁ ਹੱਕ ਪੈਂਡਾ ਖੋਜ।’’ ਜੇ ਭਗਤ ਮਹਾਂ ਦਾਸ ਦਾ ਨਾਮ ਇਸ ਸ਼ਬਦ ਵਿਚ ਨਾ ਆਵੇ ਤਾਂ ਇਹ ਲੱਗੇਗਾ ਕਿ ਇਹ ਸ਼ਲੋਕ ਕਿਸੇ ਮੁਸਲਮਾਨ ਕਵੀ ਦਾ ਲਿਖਿਆ ਹੋਇਆ ਹੈ। ਭਗਤ ਦਰਸਨ ਲਿਖਦਾ ਹੈ, ‘‘ਧੀਰਾ ਧੀਰਾ ਚਲਿ ਵੋ ਫਕੀਰਾ, ਧੀਰਾ ਧੀਰਾ ਚਲ ਵੋ/ ਫਕਰੁ ਫਕੀਰੀ ਤੇ ਜੁਹੁਦ ਜਹੀਰੀ ਸਹਿਲ ਨਹੂੰ ਇਹ ਹਾਲ/ ਰਾਤ ਜਾਗਣਿ ਜੁਹਦ ਕਮਾਵਣ/ ਥੋੜਾ ਖਾਵਣੁ ਨੀਚ ਸਦਾਵਣੁ/ ਏਹੁ ਫਕੀਰਾਂ ਦਾ ਲਲੁ।’’ ਭਗਤ ਤੇ ਫ਼ਕੀਰ ਇਕ ਹੋ ਜਾਂਦੇ ਹਨ। ਇਸ ਸ਼ਾਇਰੀ ਵਿਚ ਗੁਰਮਤਿ ਦਾ ਰੰਗ ਵੀ ਗੂੜ੍ਹਾ ਹੈ : ‘‘ਬੇਪਰਵਾਹੀ ਸੇਵਕਾ ਸਤਿਗੁਰ ਮਿਲਿਆ ਸੁਜਾਨ/ ਗੁਰਬਚਨੀ ਵਸ ਆਇਆ ਮਨ ਮੈ ਗਲੁ ਮਸਤਾਨ/ ਟੁਟਣ ਕਰਮੁ ਜੰਜੀਰੀਆਂ ਗੁਰ ਕਾ ਸ਼ਬਦ ਕਮਾਣੁ/ ਅਹੰਕਾਰਨ ਪੰਖੇਰੀਆਂ ਸਬਦੁ ਅਨਾਹਦੁ ਜਾਣ।’’ ਭਗਤ ਨਨੂਆ ਵੀ ਹਿੰਦੂ ਧਰਮ ਤੇ ਇਸਲਾਮ ਤੋਂ ਪ੍ਰਾਪਤ ਹੁੰਦੇ ਵਿਚਾਰਾਂ ਅਤੇ ਪੰਜਾਬੀ, ਫ਼ਾਰਸੀ ਤੇ ਪੂਰਬੀ ਭਾਸ਼ਾ ਦੇ ਸੰਗਮ ’ਚੋਂ ਪੈਦਾ ਹੁੰਦੀ ਭਾਸ਼ਾ ਤੇ ਬਿੰਬਾਂ ’ਤੇ ਆਧਾਰਿਤ ਸ਼ਾਇਰੀ ਕਰਦਾ ਹੈ, ‘‘ਰਾਮ ਰਾਸ ਪੀਵਤ ਹੀ ਮਸਤਾਨਾ/ ਖੋਈ ਹਸਤੀ, ਪਾਈ ਮਸਤੀ, ਅਲਮਸਤੀ ਪਰਵਾਨਾ।’’, ‘‘ਅਹੁ ਦੇਖ ਜਾਲਮ੍ਹ ਜਾਂਦਾ ਜਾਨੀ/ ...ਜੈ ਨੁ ਘਾਉ ਪ੍ਰੇਮ ਦੇ ਲਗੇ ਸੋ ਮੂਲ ਨ ਮੰਗਦਾ ਪਾਣੀ/ ਕੁਰਬਾਨੀ ਕੁਰਬਾਨੀ, ਨਨੂਆਂ, ਕੁਰਬਾਨੀ ਕੁਰਬਾਨੀ।’’ ਇਸ ਸਲੋਕ ਵਿਚ ਵੀ ਜੇ ਨਨੂਆ ਦਾ ਨਾਂ ਨਾ ਆਵੇ ਤਾਂ ਇਸ ਨੂੰ ਵੀ ਕਿਸੇ ਸੂਫ਼ੀ ਸ਼ਾਇਰ ਦੀ ਰਚਨਾ ਮੰਨਿਆ ਜਾ ਸਕਦਾ ਹੈ।
       ਅਜਿਹੀਆਂ ਉਦਾਹਰਨਾਂ ਗਿਣੀਆਂ ਨਹੀਂ ਜਾ ਸਕਦੀਆਂ। ਵਲੀ ਰਾਮ ਭਗਤੀ ਲਹਿਰ, ਸੂਫ਼ੀ ਲਹਿਰ ਤੇ ਗੁਰਮਤਿ ਦੇ ਪ੍ਰਭਾਵਾਂ ਦੀ ਸੰਗਮਮਈ ਆਵਾਜ਼ ਵਿਚ ਕਹਿੰਦਾ ਹੈ, ‘‘ਜਿਨ ਇਸ਼ਕ ਮੈਂ ਸਿਰਿ ਨ ਦੀਆ, ਜੁਗ ਜੁਗਿ ਜੀਆ ਤਉ ਕਿਆ ਹੂਆ/ ...ਆਲੁਮ ਅਰ ਫਾਜਲੁ ਹੋਇ ਕੈ, ਦਾਨਾ ਹੂਆ ਤਉ ਕਿਆ ਹੂਆ/ ਦਿਲ ਕਾ ਕੁਫ਼ਰ ਤੂਦਾ ਨਹੀਂ, ਹਾਜੀ ਹੂਆ ਤਉ ਕਿਆ ਹੂਆ/ ...ਦੇਖੀ ਗੁਲਸਤਾਂ ਬੋਸਤਾਂ, ਮਤਲਬ ਨਾ ਪਾਇਓ ਸ਼ੇਖ ਕਾ/ ਸਾਰੀ ਕਿਤਾਬਾਂ ਯਾਦਿ ਕਰ, ਹਾਰਜ ਹੂਆ ਤਉ ਕਿਆ ਹੂਆ।’’ ਇਸ ਸਲੋਕ ਵਿਚ ਵਲੀ ਰਾਮ ਪੰਡਿਤਾਂ, ਨਾਥ ਜੋਗੀਆਂ ਤੇ ਮੌਲਵੀਆਂ, ਸਭ ਦੀ ਕੱਟੜਤਾ ਨਾਲ ਆਢਾ ਲਾਉਂਦਾ ਹੈ। ਸੰਵਾਦ ਹੋ ਰਿਹਾ, ਗੋਸ਼ਟਿ ਹੋ ਰਹੀ ਹੈ, ਸੂਫ਼ੀ ਗੰਗਾ ਵਿਚ ਨਹਾਉਣ ਤੇ ਭਗਤ ਹੱਜ ਕਰਨ ਬਾਰੇ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ ਕਿ ਅੱਜ ਦੇ ਕਵੀ ਅਜਿਹਾ ਕਰਨ ਤਾਂ ਦੋਵਾਂ ਪਾਸਿਆਂ ਦੇ ਕੱਟੜਪੰਥੀ ਉਨ੍ਹਾਂ ਦੇ ਗਲ ਵਿਚ ਰੱਸਾ ਪਾ ਲੈਣ। ਭਗਤ ਸਹਜ ਰਾਮ ਹੀਰ-ਰਾਂਝੇ ਦੀ ਕਹਾਣੀ ਰਾਹੀਂ ਆਪਣੀ ਗੱਲ ਕਹਿੰਦਾ ਹੈ, ‘‘ਖੜੀ ਆਲਮ ਵਿਚ ਦੇਨੀ ਹਾਂ ਹੋਕਾ/ ਮੈਂ ਖੇੜਿਆਂ ਦੇ ਮੂਲ ਨ ਜਾਵਾਂ ਨੀ।’’ ਭਗਤ ਬੂੜਾ ਇਸਲਾਮੀ ਸ਼ਬਦਾਵਲੀ ਤੇ ਰੰਗਤ ਵਿਚ ਲਿਖਦਾ ਹੈ, ‘‘ਸਾਹਿਬੁ ਆਪੁ ਬਹੈ ਹੋਇ ਕਾਜ਼ੀ/ ਅਮਲਾਂ ਦੀ ਤੈਨੂੰ ਦੇਸੀ ਭਾਜੀ।’’
       ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕਵੀ ਤੇ ਚਿੰਤਕ ਸਮਾਜਿਕ ਕਾਰਜ ਨਿਭਾ ਰਹੇ ਸਨ, ਦੋਹਾਂ ਫ਼ਿਰਕਿਆਂ ਵਿਚ ਪੁਲ ਬਣਾ ਰਹੇ ਸਨ, ਇਕ ਧਰਮ ਨਾਲ ਸਬੰਧਿਤ ਚਿੰਤਕ ਤੇ ਸ਼ਾਇਰ ਦੂਸਰੇ ਧਰਮ ਦੀਆਂ ਚਿੰਤਨ ਪਰੰਪਰਾਵਾਂ ਨੂੰ ਸਮਝਣ ਤੇ ਆਪਸੀ ਰਿਸ਼ਤਿਆਂ ਵਿਚ ਸਹਿਜ ਲਿਆਉਣ ਦੇ ਯਤਨ ਕਰ ਰਹੇ ਸਨ। ਇਸ ਸਭ ਕੁਝ ਦੇ ਨਾਲ ਨਾਲ ਉਹ ਪੰਜਾਬੀਅਤ ਦੀ ਸਿਰਜਣਾ ਕਰ ਰਹੇ ਅਤੇ ਸਾਂਝੀਵਾਲਤਾ ਦੀ ਬਾਤ ਵੀ ਪਾ ਰਹੇ ਸਨ।
ਮੱਧਕਾਲੀਨ ਸਮਿਆਂ ਦੇ ਪੰਜਾਬ ਵਿਚ ਨਵੀਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਤਾਕਤ ਸਿੱਖ ਧਰਮ ਦੇ ਰੂਪ ਵਿਚ ਉੱਭਰੀ। ਉਸ ਦਾ ਖ਼ਾਸਾ ਹੀ ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਵਾਲਾ ਸੀ, ਉਸ ਨੇ ਪੰਜਾਬ ਵਿਚ ਅਰਥ-ਭਰਪੂਰ ਬੌਧਿਕ ਤੇ ਸਮਾਜਿਕ ਊਰਜਾ ਪੈਦਾ ਕੀਤੀ ਹੈ ਜੋ ਸਮਾਜ-ਮੁਖੀ ਵੀ ਸੀ, ਇਤਿਹਾਸ-ਮੁਖੀ ਵੀ ਅਤੇ ਸੱਭਿਆਚਾਰ-ਮੁਖੀ ਵੀ। ਸਿੱਖ ਧਰਮ ਦੇ ਰਹਿਬਰਾਂ ਨੇ ਵਿਚਾਰਕ, ਭਾਸ਼ਾਈ, ਸਮਾਜਿਕ ਤੇ ਸੱਭਿਆਚਾਰਕ ਪੁਲ ਕਾਇਮ ਕੀਤੇ। ਗੁਰੂ ਨਾਨਕ ਦੇਵ ਜੀ ਲਿਖਦੇ ਹਨ, ‘‘ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।। ਗਾਹੇ ਨ ਨੇਕੀ ਕਾਰ ਕਰਦਮ ਮਮੀ ਚਿਨੀ ਅਹਵਾਲ।।’’ ਭਾਵ ਮੈਂ ਰਾਤ ਦਿਨ ਲਾਲਚ ਅੰਦਰ ਭਟਕਦਾ ਹਾਂ, ਮੰਦਾ ਚਿਤਵਦਾ ਅਤੇ ਕਰਦਾ ਹਾਂ, ਮੈਂ ਕਦੇ ਵੀ ਚੰਗੇ ਅਮਲ ਨਹੀਂ ਕਮਾਉਂਦਾ, ਇਸ ਤਰ੍ਹਾਂ ਦੀ ਹੈ ਮੇਰੀ ਅਵਸਥਾ। ਰੰਗ ਤਿਲੰਗ ਵਿਚ ਲਿਖੇ ਇਸ ਸ਼ਬਦ ਦੀ ਭਾਸ਼ਾ ਫ਼ਾਰਸੀ ਹੈ। ਇਸੇ ਪਰੰਪਰਾ ਵਿਚ ਗੁਰੂ ਗੋਬਿੰਦ ਸਿੰਘ ਜੀ ‘ਜ਼ਫ਼ਰਨਾਮਾ’ ਦੇ ਰੂਪ ਵਿਚ ਸੰਗਰਾਮਮਈ ਦਸਤਾਵੇਜ਼ ਲਿਖਦੇ ਹਨ। ਗੁਰੂ ਸਾਹਿਬਾਨ ਨੇ ਪੰਜਾਬੀ, ਸਾਧ ਭਾਸ਼ਾ, ਬ੍ਰਿਜ ਭਾਸ਼ਾ, ਫ਼ਾਰਸੀ, ਸਭ ਵਿਚ ਰਚਨਾ ਕੀਤੀ, ਉਹ ਜਾਣਦੇ ਸਨ ਕਿ ਫ਼ਾਸਲੇ ਕਿਵੇਂ ਮਿਟਾਉਣੇ ਹਨ। ਸਿੱਖ ਧਰਮ ਉਸ ਵੇਲੇ ਦੀ ਸਭ ਤੋਂ ਊਰਜਾਵਾਨ ਧਾਰਾ ਹੋਣ ਕਾਰਨ ਪੰਜਾਬੀਅਤ ਨੂੰ ਅਮਲੀ ਰੂਪ ਦੇਣ ਵਿਚ ਸਭ ਤੋਂ ਅਹਿਮ ਹਿੱਸਾ ਪਾਉਂਦਾ ਹੈ।
         ਕਿੱਸਾਕਾਰ ਵੀ ਉਪਰੋਕਤ ਪ੍ਰਕਿਰਿਆ ਵਿਚ ਵੱਡਾ ਹਿੱਸਾ ਪਾਉਂਦੇ ਹਨ, ਦਮੋਦਰ, ਮੁਕਬਲ, ਵਾਰਿਸ ਸ਼ਾਹ ਤੇ ਹੋਰ ਹੀਰ-ਰਾਂਝੇ ਦੇ ਕਿੱਸੇ ਰਾਹੀਂ ਪੰਜਾਬੀਅਤ ਦੇ ਰੰਗਾਂ ਨੂੰ ਗੂੜ੍ਹੇ ਕਰਦੇ ਹਨ। ਹੀਰ-ਰਾਂਝੇ ਦੇ ਕਿੱਸੇ ਵਿਚ ਮੁਸਲਮਾਨ ਰਾਂਝਾ ਹਿੰਦੂ ਜੋਗੀ ਤੋਂ ਜੋਗ ਧਾਰਦਾ ਤੇ ਪ੍ਰਮਾਣਿਕ ਪੰਜਾਬੀ ਕਿਰਦਾਰ ਬਣਦਾ ਹੈ। ਵਾਰਿਸ ਸ਼ਾਹ ਦੀ ਰਚਨਾ ਵਿਚ ਉਹ ਰਾਗਾਂ ਤੇ ਭਗਵਾਨ ਕ੍ਰਿਸ਼ਨ ਦੇ ਬਿਸ਼ਨਪਦਿਆਂ ਦੀ ਬਾਤ ਪਾਉਂਦਾ ਹੈ, ਹੀਰ ਪਰਿਵਾਰ ਤੇ ਕਾਜ਼ੀ ਨਾਲ ਲੜਦੀ ਹੋਈ ਸਮਾਜਿਕ ਤੇ ਧਾਰਮਿਕ ਕੱਟੜਤਾ ਵਿਰੁੱਧ ਨਿੱਜੀ ਆਜ਼ਾਦੀ ਦਾ ਮੁਹਾਜ਼ ਸਿਰਜਦੀ ਹੈ। ਵਾਰਿਸ ਸ਼ਾਹ ਦੀ ਰਚਨਾ ਵਿਚ ਕੰਧਾਰੀਆਂ ਦੇ ਪੰਜਾਬ ਜਿੱਤਣ ਤੇ ਇਸ ਨੂੰ ਆਪਣੇ ਰਾਜ ਦਾ ਹਿੱਸਾ ਬਣਾਉਣ ਦਾ ਜ਼ਿਕਰ ਬਹੁਤ ਦਰਦ ਨਾਲ ਹੁੰਦਾ ਹੈ।
       ਉਪਰੋਕਤ ਜੱਦੋਜਹਿਦ ਪੰਜਾਬੀਅਤ ਦੀ ਨੁਹਾਰ ਘੜਦੀ ਹੈ ਜਿਸ ਦਾ ਸਪੱਸ਼ਟ ਸ਼ਬਦਾਂ ਵਿਚ ਇਜ਼ਹਾਰ ਸ਼ਾਹ ਮੁਹੰਮਦ ਅਤੇ ਕਾਦਰ ਯਾਰ ਵਿਚ ਹੁੰਦਾ ਹੈ। ਸ਼ਾਹ ਮੁਹੰਮਦ ਖ਼ਾਲਸੇ ਤੇ ਸਿੰਘ ਸਿਪਾਹੀਆਂ ਨੂੰ ਪੰਜਾਬੀਅਤ ਦਾ ਹਰਾਵਲ ਦਸਤਾ ਮੰਨਦਾ ਹੈ, ‘‘ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ, ਕੀਰਤ ਸਿੰਘ ਸਿਪਾਹੀ ਦੀ ਰਖਣੀ ਜੀ।’’ ਉਹ ਜਾਣਦਾ ਹੈ ਕਿ ਪੰਜਾਬ ਦੇ ਉਜਾੜੇ ਕਾਰਨ ਪੰਜਾਬੀਆਂ ਨਾਲ ਕੀ ਬੀਤਣੀ ਹੈ,‘‘ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।’’ ਉਹ ਸਮਝਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਕਿਆਦਤ ਵਿਚ ਕਾਇਮ ਹੋਏ ਰਾਜ ਨੇ ਪੰਜਾਬ ਨੂੰ ਇਸ ਦੀ ਇਤਿਹਾਸਕ ਸ਼ਾਨ ਦਿੱਤੀ ਸੀ, ਸਮਾਜ ਵਿਚਲੇ ਵੈਰਾਂ-ਵਿਰੋਧਾਂ ਨੂੰ ਘਟਾਇਆ ਤੇ ਮੁੱਠੀ ਵਿਚ ਸਮੇਟ ਲਿਆ ਸੀ; ਇਹ ਸਭ ਕੁਝ ਉਸ ਦੇ ਵਾਰਸਾਂ ਤੋਂ ਸਾਂਭ ਨਾ ਹੋਇਆ। ਇਸ ਦਰਦ ਬਾਰੇ ਸ਼ਾਹ ਮੁਹੰਮਦ ਦਾ ਕਥਨ ਹੈ, ‘‘ਮੁੱਠੀ ਮੀਟੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅਜ ਪਾਜ ਯਾਰੋ।’’
          ਬਸਤੀਵਾਦ ਪੰਜਾਬ ਵਿਚ ਬੌਧਿਕ ਤੇ ਧਾਰਮਿਕ ਕੱਟੜਤਾ ਦੇ ਬੀਜ ਬੀਜਦਾ ਹੈ। ਮੀਰਾਂ ਸ਼ਾਹ, ਮੌਲਾ ਸ਼ਾਹ ਤੇ ਮੁਹੰਮਦ ਬੂਟਾ ਜਿਹੇ ਸੂਫ਼ੀ ਯਤਨ ਤਾਂ ਕਰਦੇ ਹਨ ਪਰ ਪੰਜਾਬ ਵਿਚ ਚੇਤਨਾ ਦੀ ਨਵੀਂ ਫ਼ਸਲ ਉਗਾਉਣ ਵਾਲੇ ਧਾਰਮਿਕ ਕੱਟੜਤਾ ਦੇ ਪੁਜਾਰੀ ਸਨ। ਉਨ੍ਹਾਂ ਨੇ ਭਾਸ਼ਾਵਾਂ ਨੂੰ ਧਰਮਾਂ ਦੇ ਆਧਾਰ ’ਤੇ ਵੰਡਿਆ। ਇਹ ਨਹੀਂ ਕਿ ਸਾਂਝੀਵਾਲਤਾ ਤੇ ਸਮਾਜ ਵਿਚ ਸਦਭਾਵਨਾ ਬਣਾਉਣ ਵਾਲੀਆਂ ਆਵਾਜ਼ਾਂ ਖ਼ਤਮ ਹੋ ਗਈਆਂ, ਗ਼ਦਰ ਤੇ ਕਿਰਤੀ ਲਹਿਰਾਂ ਅਤੇ ਕੁਝ ਹੋਰ ਚਿੰਤਕਾਂ ਤੇ ਸ਼ਾਇਰਾਂ ਦੀ ਲਿਖ਼ਤਾਂ ਵਿਚ ਉਨ੍ਹਾਂ ਦੀ ਗੂੰਜ ਤਾਂ ਸੁਣਾਈ ਦਿੰਦੀ ਹੈ ਪਰ ਬਾਜ਼ੀ ਧਾਰਮਿਕ ਕੱਟੜਤਾ ਦੇ ਪੁਜਾਰੀਆਂ ਦੇ ਹੱਥ ਲੱਗੀ। ਧਾਰਮਿਕ ਕੱਟੜਤਾ ਦੇ ਹਮਲੇ ਤੋਂ ਵਿਰਲੇ ਹੀ ਬਚੇ।
        ਮਾਰਕਸਵਾਦ ਅਤੇ ਹੋਰ ਆਧੁਨਿਕ ਵਿਚਾਰਾਂ ਤੋਂ ਪ੍ਰਭਾਵਿਤ ਸਾਹਿਤਕਾਰਾਂ ਤੇ ਚਿੰਤਕਾਂ ਨੇ ਅਜਿਹੇ ਚਿੰਤਨ ਤੇ ਸਾਹਿਤ ਨੂੰ ਜਨਮ ਦਿੱਤਾ ਜਿਸ ਵਿਚ ਵਿਚਾਰਧਾਰਾ ਜਾਂ ਇਕ ਧਰਮ ਦੀ ਜਿੱਤ ਨੂੰ ਯਕੀਨੀ ਮੰਨ ਲਿਆ ਗਿਆ ਜਿਸ ਕਾਰਨ ਪੰਜਾਬੀ ਸਮਾਜ ਦੀਆਂ ਤਤਕਾਲੀਨ ਹਕੀਕੀ ਸਮੱਸਿਆਵਾਂ ਅੱਖੋਂ ਓਹਲੇ ਹੋ ਗਈਆਂ। ਨਾਅਰਾਮਈ ਸਾਹਿਤਕਾਰਾਂ, ਆਗੂਆਂ ਤੇ ਚਿੰਤਕਾਂ ਨੇ ਪੰਜਾਬੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਵਿਚਾਰਧਾਰਾ ਸਮਾਜਿਕ ਬਰਾਬਰੀ ਵਾਲਾ ਸਮਾਜ ਕਾਇਮ ਕਰਨ ਤੋਂ ਮਸਾਂ ਦੋ ਕਦਮ ਦੂਰ ਹੈ। ਇਨਕਲਾਬ ਕਰਨਾ ਤਾਂ ਦੂਰ ਦੀ ਗੱਲ ਸੀ, ਉਹ ਪੰਜਾਬ ਨੂੰ ਵੰਡੇ ਜਾਣ ਤੋਂ ਵੀ ਨਾ ਬਚਾ ਸਕੇ, ਸਨਮੁੱਖ ਇਤਿਹਾਸਕ ਕਾਰਜ ਨਿਭਾਉਣ ਵਿਚ ਅਸਫ਼ਲ ਰਹੇ, ਉਹ ਸਮਾਜਿਕ ਇਤਫ਼ਾਕ ਨਾ ਪੈਦਾ ਕਰ ਸਕੇ ਜਿਸ ਦੀ ਜ਼ਰੂਰਤ ਸੀ।
         ਪੰਜਾਬ ਦੀ ਵੰਡ ਤੋਂ ਬਾਅਦ ਵੀ ਅਜਿਹੇ ਰੁਝਾਨ ਜਾਰੀ ਰਹੇ ਜਿਸ ਕਾਰਨ ਸ਼ਾਇਰ ਤੇ ਚਿੰਤਕ ਸਮਾਜ ਦੀਆਂ ਹਕੀਕੀ ਸਮੱਸਿਆਵਾਂ ਤੋਂ ਦੂਰ ਹੁੰਦੇ ਅਤੇ ਧਾਰਮਿਕ ਤੇ ਵਿਚਾਰਧਾਰਕ ਕੱਟੜਤਾ ਦੀ ਦਲਦਲ ਵਿਚ ਫਸਦੇ ਗਏ। ਸਮਾਜਿਕ ਫ਼ਾਸਲਿਆਂ ਨੂੰ ਮਿਟਾਉਣ ਦੇ ਅਸਲੀ ਫ਼ਿਕਰ ਜੋ ਪ੍ਰੋ. ਪੂਰਨ ਸਿੰਘ, ਬਾਬੂ ਫੀਰੋਜ਼ਦੀਨ ਸ਼ਰਫ, ਬਾਬੂ ਰਜਬ ਅਲੀ, ਧਨੀ ਰਾਮ ਚਾਤ੍ਰਿਕ ਤੇ ਕੁਝ ਹੋਰ ਚਿੰਤਕਾਂ ਤੇ ਸ਼ਾਇਰਾਂ ਦੀਆਂ ਲਿਖਤਾਂ ਵਿਚ ਬਹੁਤ ਸਹਿਜ ਰੂਪ ਵਿਚ ਮੌਜੂਦ ਸਨ, ਮੱਧਮ ਪੈਂਦੇ ਗਏ। ਫ਼ਿਕਰ ਇਹ ਹੋ ਗਏ ਕਿ ਇਨਕਲਾਬ ਕਰਨਾ ਹੈ ਜਾਂ ਧਰਮ-ਆਧਾਰਿਤ ਰਾਜ ਕਾਇਮ ਕਰਨਾ ਹੈ, ਸਮਾਜਿਕ ਫ਼ਾਸਲਿਆਂ ਨੂੰ ਮਿਟਾਉਣ ਦੇ ਫ਼ਿਕਰ ਗ਼ਾਇਬ ਹੋ ਗਏ। ਇਹ ਹੁਣ ਵੀ ਗਾਇਬ ਹਨ।
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।।
ਗਾਹੇ ਨ ਨੇਕੀ ਕਾਰ ਕਰਦਮ ਮਮੀ ਚਿਨੀ ਅਹਵਾਲ।।
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ।।
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ।।
- ਗੁਰੂ ਨਾਨਕ ਦੇਵ ਜੀ

ਅਵੱਲੜੇ ਦਰਦ ਲਿਬਾਸ ਦੇ - ਸਵਰਾਜਬੀਰ

ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਇਸ ਸਮੇਂ ਇਕ ਅਜੀਬ ਮੰਜ਼ਰ ’ਚੋਂ ਗੁਜ਼ਰ ਰਹੀਆਂ ਹਨ।

ਭਾਰਤ : ਦੇਸ਼ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਕਿ ਮੁਸਲਿਮ ਫ਼ਿਰਕੇ ਨਾਲ ਸਬੰਧਿਤ ਵਿਦਿਆਰਥਣਾਂ ਨੂੰ ਕਰਨਾਟਕ ਦੇ ਸਕੂਲਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਕਰਨਾਟਕ ਵਿਚ ਕੁਝ ਸਕੂਲਾਂ ਨੇ ਵਿਦਿਆਰਥਣਾਂ ਦੇ ਸਕੂਲਾਂ ਵਿਚ ਹਿਜਾਬ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਸੀ। ਕਰਨਾਟਕ ਹਾਈ ਕੋਰਟ ਨੇ ਇਸ ਪਾਬੰਦੀ ਨੂੰ ਦੋ ਪੱਖਾਂ ਤੋਂ ਵਾਜਬ ਠਹਿਰਾਇਆ ਹੈ, ਪਹਿਲਾ, ਹਿਜਾਬ ਪਹਿਨਣਾ ਇਸਲਾਮ ਦਾ ਬੁਨਿਆਦੀ ਤੇ ਜ਼ਰੂਰੀ ਦਸਤੂਰ/ਰੀਤ (essential practice) ਨਹੀਂ ਹੈ, ਦੂਸਰਾ, ਇਹ ਕਿ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਵਿਦਿਆਰਥੀਆਂ ਲਈ ਵਰਦੀ (ਯੂਨੀਫਾਰਮ) ਨਿਯਤ ਕਰਨ ਦਾ ਅਧਿਕਾਰ ਹੈ। ਕਰਨਾਟਕ ਦੇ ਕੁਝ ਸਕੂਲਾਂ ਵਿਚ ਹਿਜਾਬ ਪਹਿਨਣ ਤੋਂ ਮਨ੍ਹਾਂ ਕੀਤੇ ਜਾਣ ’ਤੇ ਕਈ ਵਿਦਿਆਰਥਣਾਂ ਨੇ ਸਕੂਲ ਆਉਣਾ ਛੱਡ ਦਿੱਤਾ ਹੈ। ਸੁਪਰੀਮ ਕੋਰਟ ਵਿਚ ਹੋ ਰਹੀ ਬਹਿਸ ਦਾ ਮੁੱਖ ਮੁੱਦਾ ਇਹ ਹੈ ਕਿ ਕੀ ਲਿਬਾਸ ਪਹਿਨਣ ਕਾਰਨ ਵਿਦਿਆਰਥਣਾਂ ਨੂੰ ਵਿੱਦਿਆ ਪ੍ਰਾਪਤ ਕਰਨ ਦੇ ਮੌਲਿਕ ਅਧਿਕਾਰ ਤੋਂ ਵਾਂਝਿਆਂ ਕੀਤਾ ਜਾ ਸਕਦਾ ਹੈ।

ਇਰਾਨ :  ਇਰਾਨ ਵਿਚ ਇਕ ਨੌਜਵਾਨ ਔਰਤ ਦੇ ਹਿਜਾਬ ਨਾ ਪਹਿਨਣ ਕਾਰਨ ਪੁਲੀਸ ਦੁਆਰਾ ਉਸ ਨੂੰ ਗ੍ਰਿਫ਼ਤਾਰ ਕਰਨ ਅਤੇ ਹਿਰਾਸਤ ਵਿਚ ਹੋਈ ਉਸ ਦੀ ਮੌਤ ਦਾ ਮੁੱਦਾ ਭਖਿਆ ਹੋਇਆ ਹੈ। ਪਿਛਲੇ ਹਫ਼ਤੇ ਇਰਾਨ ਦੀ ਨੈਤਿਕ ਕਦਰਾਂ-ਕੀਮਤਾਂ ’ਤੇ ਨਿਗਾਹਬਾਨੀ ਕਰਨ ਵਾਲੀ ਪੁਲੀਸ ‘ਗਸ਼ਤ-ਏ-ਇਰਸ਼ਾਦ’ (ਸਹੀ ਰਸਤਾ ਦਿਖਾਉਣ (ਇਰਸ਼ਾਦ) ਵਾਲੇ ਗਸ਼ਤੀ ਦਸਤੇ/ਪੁਲੀਸ) ਨੇ 22 ਸਾਲਾਂ ਦੀ ਮਹਸਾ ਅਮੀਨੀ (Mahsa Amini) ਨੂੰ ਹਿਜਾਬ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕਰ ਲਿਆ, ਉਸ ਦੀ ਕੁੱਟ-ਮਾਰ ਕੀਤੀ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਇਸ ਦਾ ਵਿਰੋਧ ਕਰਦਿਆਂ ਇਰਾਨ ਵਿਚ ਕੁਝ ਔਰਤਾਂ ਨੇ ਹਿਜਾਬ ਉਤਾਰੇ ਤੇ ਸਾੜ ਦਿੱਤੇ। ਪੁਲੀਸ ਨੇ ਇਸ ਸਬੰਧ ਵਿਚ 21 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕੁਝ ਔਰਤਾਂ ਨੇ ਆਪਣੇ ਵਾਲ ਵੀ ਕੱਟੇ। ਇਸ ਵਿਰੁੱਧ ਹੋਏ ਇਕ ਮੁਜ਼ਾਹਰੇ ਵਿਚ ਪੁਲੀਸ ਕਾਰਵਾਈ ਕਾਰਨ ਪੰਜ ਲੋਕ ਮਾਰੇ ਗਏ। ਮਹਸਾ ਅਮੀਨੀ ਨੂੰ ਦਫ਼ਨ ਕਰਨ ਸਮੇਂ ਲੋਕਾਂ ਨੇ ਰੋਸ ਵਜੋਂ ‘ਤਾਨਾਸ਼ਾਹ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ। ਇਰਾਨ ਵਿਚ ਔਰਤਾਂ ਨੇ 2017-18 ਵਿਚ ਵੀ ਹਿਜਾਬ ਪਹਿਨਣ ਦੇ ਹੁਕਮਾਂ ਦਾ ਵੱਡੀ ਪੱਧਰ ’ਤੇ ਵਿਰੋਧ ਕੀਤਾ ਸੀ।

1936 ਵਿਚ ਇਰਾਨ ਦੇ ਸ਼ਾਹ ਰਜ਼ਾ ਸ਼ਾਹ ਪਹਲਵੀ ਨੇ ‘ਕਸ਼ਫ਼-ਏ-ਹਿਜਾਬ (ਪਰਦਾ ਉਠਾਉਣ)’ ਦਾ ਹੁਕਮ ਜਾਰੀ ਕਰ ਕੇ ਹਿਜਾਬ, ਬੁਰਕਾ ਅਤੇ ਪਰਦਾ ਕਰਨ ਵਾਲੇ ਹੋਰ ਲਿਬਾਸ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਸੀ। ਸ਼ਾਹ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਸ ਨੇ ਔਰਤਾਂ ਨੂੰ ਹਿਜਾਬ ਪਹਿਨਣ ਤੋਂ ਜ਼ਬਰਦਸਤੀ ਮਨ੍ਹਾ ਕੀਤਾ। ਇਸ ਦਾ ਵਿਰੋਧ ਹੋਇਆ। 1970ਵਿਆਂ ਵਿਚ ਹਿਜਾਬ ਪਹਿਨਣਾ ਤਤਕਾਲੀਨ ਹਕੂਮਤ ਵਿਰੁੱਧ ਵਿਦਰੋਹ ਦਾ ਚਿੰਨ੍ਹ ਬਣ ਗਿਆ। ਕਈ ਚਿੰਤਕਾਂ ਅਨੁਸਾਰ ਔਰਤਾਂ ਦਾ ਹਿਜਾਬ ਦੇ ਹੱਕ ਵਿਚ ਭੁਗਤਣਾ ਇਰਾਨ ਵਿਚ ਤੇਜ਼ੀ ਨਾਲ ਹੋ ਰਹੇ ਪੱਛਮੀਕਰਨ, ਥੋਪੀ ਜਾ ਰਹੀ ਆਧੁਨਿਕਤਾ, ਪੱਛਮੀ ਸੱਭਿਆਚਾਰ ਵਿਚ ਔਰਤਾਂ ਦੇ ਸਰੀਰ ਨੂੰ ਵਪਾਰਕ ਵਸਤੂ ਵਜੋਂ ਪ੍ਰਗਟ ਕਰਨਾ ਆਦਿ ਵਰਤਾਰਿਆਂ ਦੇ ਵਿਰੋਧ ਦਾ ਪ੍ਰਤੀਕ ਸੀ। 1979 ਦੇ ਇਸਲਾਮੀ ਇਨਕਲਾਬ ਤੋਂ ਬਾਅਦ ਹਿਜਾਬ ਪਹਿਨਣ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਅਤੇ 1983 ਵਿਚ ਬਣਾਏ ਗਏ ਕਾਨੂੰਨ ਅਨੁਸਾਰ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਨੂੰ ਕੈਦ ਤੇ ਜੁਰਮਾਨੇ ਕਰਨ ਦੀਆਂ ਸਜ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ।

       ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਤੁਰਕੀ ਵਿਚ ਵੀ ਹਿਜਾਬ ਪਹਿਨਣ ’ਤੇ ਪਾਬੰਦੀ ਲਗਾਈ ਗਈ ਸੀ। ਉੱਥੇ ਵੀ 1960ਵਿਆਂ ਤੋਂ ਔਰਤਾਂ ਨੇ ਸਰਕਾਰ ਦਾ ਵਿਰੋਧ ਕਰਨ ਲਈ ਹਿਜਾਬ ਪਹਿਨਣਾ ਸ਼ੁਰੂ ਕੀਤਾ। 2019 ਦੇ ਅੰਕੜਿਆਂ ਅਨੁਸਾਰ ਤੁਰਕੀ ਦੀਆਂ 2 ਫ਼ੀਸਦੀ ਔਰਤਾਂ ਬੁਰਕਾ ਪਹਿਨਦੀਆਂ ਹਨ, 10 ਫ਼ੀਸਦੀ ਪੱਗੜੀ ਬੰਨ੍ਹਦੀਆਂ ਅਤੇ 45 ਫ਼ੀਸਦੀ ਸਿਰ ਢਕਣ ਲਈ ਰੁਮਾਲ/ਸਕਾਰਫ਼ ਆਦਿ ਵਰਤਦੀਆਂ ਹਨ। ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਨੇ ਔਰਤ ਦੇ ਬੁਰਕਾ ਪਹਿਨਣ ਨੂੰ ਜ਼ਰੂਰੀ ਕਰਾਰ ਦਿੱਤਾ ਹੈ।

         ਕਿਸੇ ਵੀ ਮਨੁੱਖ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ਕੀ ਪਹਿਨੇ ਅਤੇ ਕੀ ਨਾ ਪਹਿਨੇ। ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਰਦ ਜਾਂ ਔਰਤ ਨੇ ਪਹਿਰਾਵਾ ਤਾਂ ਪਹਿਨਣਾ ਹੀ ਹੈ ਕਿਉਂਕਿ ਮਨੁੱਖੀ ਤਨ ਨੂੰ ਗਰਮੀ, ਸਰਦੀ, ਬਾਰਸ਼, ਲੂਆਂ, ਠੱਕਿਆਂ ਆਦਿ ਤੋਂ ਬਚਾਉਣ ਲਈ ਲਿਬਾਸ ਪਹਿਨਣਾ ਜ਼ਰੂਰੀ ਹੈ। ਵੱਖ ਵੱਖ ਸੱਭਿਆਚਾਰਾਂ ਵਿਚ ਸਥਾਨਕ ਮੌਸਮ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਲਿਬਾਸ ਪਹਿਨੇ ਜਾਣ ਲੱਗੇ; ਹਾਰ-ਸ਼ਿੰਗਾਰ ਤੇ ਸੋਹਣੇ ਲੱਗਣ ਦੀਆਂ ਭਾਵਨਾਵਾਂ ਅਤੇ ਸਮਾਜਿਕ ਤੇ ਧਾਰਮਿਕ ਸੋਚ ਨੇ ਵੀ ਲਿਬਾਸ ਦੇ ਰੂਪ-ਸਰੂਪ ’ਤੇ ਵੱਡੇ ਅਸਰ ਪਾਏ। ਲਿਬਾਸ ਨੂੰ ਸਥਾਨਕ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਤੇ ਸਵੀਕਾਰ ਕੀਤਾ ਗਿਆ। ਇਸ ਤਰ੍ਹਾਂ ਲਿਬਾਸ ਸਮਾਜਿਕ ਤੇ ਸੱਭਿਆਚਾਰਕ ਸੋਚ ਤੋਂ ਉਪਜੀ ਵਸਤੂ ਹੈ।

ਮਨੁੱਖਤਾ ਦੇ ਵਿਕਾਸ ਦੌਰਾਨ ਸਮਾਜ ਦੇ ਜ਼ਿਆਦਾਤਰ ਸ਼ੋਅਬਿਆਂ ਵਿਚ ਮਰਦ-ਪ੍ਰਧਾਨ ਸੋਚ ਨੇ ਪ੍ਰਮੁੱਖਤਾ ਹਾਸਲ ਕੀਤੀ; ਮਰਦਾਂ ਨੂੰ ਸਮਾਜ ਤੇ ਸੱਤਾ ਵਿਚ ਉੱਚਾ ਦਰਜਾ ਮਿਲਿਆ ਅਤੇ ਇਹ ਮੰਨਿਆ ਗਿਆ ਕਿ ਸਿਰਫ਼ ਮਰਦ ਹੀ ਤੈਅ ਕਰਨਗੇ ਕਿ ਔਰਤਾਂ ਕਿਹੋ ਜਿਹਾ ਲਿਬਾਸ ਪਹਿਨਣ, ਉਨ੍ਹਾਂ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਵੇ, ਸਿਰਫ਼ ਬਿਰਾਦਰੀ, ਧਰਮ ਅਤੇ ਜਾਤ ਅੰਦਰ ਹੋਵੇ; ਇਨ੍ਹਾਂ ਪਾਬੰਦੀਆਂ ਨੂੰ ਮਰਿਆਦਾ ਦਾ ਨਾਂ ਦਿੱਤਾ ਗਿਆ।

ਇੱਥੇ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਮਨੁੱਖੀ ਸੋਚ ਇਕਪਾਸੜ ਤਰੀਕੇ ਨਾਲ ਮਰਦ-ਪ੍ਰਧਾਨ ਸੋਚ ਬਣਨ ਵੱਲ ਵਧਦੀ ਰਹੀ ਹੈ ਜਾਂ ਇਸ ਵਿਕਾਸ ਨੂੰ ਕਿਸੇ ਦੁਬਿਧਾ ਜਾਂ ਦਵੰਦ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਿਸੇ ਸੋਚ ਜਾਂ ਵਿਚਾਰਧਾਰਾ ਦੇ ਪਨਪਣ ਵਿਚ ਦਵੰਦ ਹਮੇਸ਼ਾ ਮੌਜੂਦ ਹੁੰਦੇ ਹਨ। ਇੱਥੇ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਔਰਤਾਂ ਨੂੰ ਪਰਦੇ ਹੇਠ ਰੱਖਣਾ, ਬੁਰਕਾ ਜਾਂ ਹਿਜਾਬ ਪਹਿਨਣ ਜਾਂ ਘੁੰਡ ਕੱਢਣ ਲਈ ਕਹਿਣਾ ਕੀ ਮਨੁੱਖੀ ਸੋਚ ਦੇ ਇਕਪਾਸੜ ਤਰੀਕੇ ਨਾਲ ਮਰਦ-ਪ੍ਰਧਾਨ ਸੋਚ ਬਣਨ ਦਾ ਵਰਤਾਰਾ ਹੈ ਜਾਂ ਉਨ੍ਹਾਂ ਸਮਾਜਾਂ, ਜਿਨ੍ਹਾਂ ਨੇ ਇਹ ਪਾਬੰਦੀਆਂ ਲਗਾਈਆਂ, ਦੀ ਸਮੂਹਿਕ ਸੋਚ ਵਿਚ ਕੁਝ ਹੋਰ ਵੀ ਪਨਪ ਰਿਹਾ ਸੀ। ਮਰਦਾਂ ਦੇ ਲਿਬਾਸ ਦੇ ਰੂਪ-ਸਰੂਪ ਦੇ ਵਿਕਾਸ ਵਿਚ ਇਕ ਹਿੱਸਾ ਸਥਾਨਕ ਵਾਤਾਵਰਨ ਤੇ ਮੌਸਮ ਅਨੁਸਾਰ ਸਰੀਰ ਨੂੰ ਢਕਣ ਅਤੇ ਮੌਸਮੀ ਕਹਿਰਾਂ ਤੋਂ ਬਚਣ ਦਾ ਸੀ, ਇਕ ਹਿੱਸਾ ਸੋਹਣੇ ਲੱਗਣ ਤੇ ਇਕ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਲੱਗਣ ਦਾ; ਕਿਤੇ ਮੁਕਟ ਪਹਿਨਣ ਨੂੰ ਤਰਜੀਹ ਦਿੱਤੀ ਗਈ, ਕਿਤੇ ਦਸਤਾਰ ਬੰਨ੍ਹਣ ਨੂੰ ਤੇ ਕਿਤੇ ਹੈਟ ਤੇ ਟੋਪੀਆਂ ਪਾਉਣ ਨੂੰ। ਔਰਤਾਂ ਦੇ ਲਿਬਾਸ ਦੇ ਵਿਕਾਸ ਵਿਚ ਵੀ ਮੌਸਮ/ਵਾਤਾਵਰਨ ਦਾ ਪ੍ਰਭਾਵ ਅਤੇ ਸੋਹਣੇ-ਸੁਨੱਖੇ ਤੇ ਸਜੀਲੇ ਲੱਗਣ ਦੀ ਤਾਂਘ ਮੌਜੂਦ ਸੀ ਪਰ ਬਹੁਤੀਆਂ ਥਾਵਾਂ ’ਤੇ ਔਰਤ-ਲਿਬਾਸ ਨੂੰ ਤਾਕਤ/ਸੱਤਾ ਦੇ ਪ੍ਰਤੀਕਾਂ ਤੋਂ ਲਾਂਭੇ ਰੱਖਿਆ ਗਿਆ। ਬਹੁਤੇ ਸਮਾਜਾਂ ਵਿਚ ਲਿਬਾਸ ਨਾਲ ਸਬੰਧਿਤ ਸੋਚ ਦੇ ਵਿਕਾਸ ਦਾ ਪੱਲੜਾ ਮਰਦ-ਪ੍ਰਧਾਨ ਸੋਚ ਵਾਲੇ ਪਾਸੇ ਝੁਕਦਾ ਗਿਆ; ਸਿਰਫ਼ ਲਿਬਾਸ ਹੀ ਨਹੀਂ, ਔਰਤਾਂ ਦੀ ਪੂਰੀ ਜੀਵਨ-ਜਾਚ ਨੂੰ ਵੱਸ ’ਚ ਕਰਨਾ ਮਰਦਾਂ ਦਾ ‘ਫ਼ਰਜ਼’ ਮੰਨਿਆ ਗਿਆ।

ਸਮਾਜਾਂ ਦੇ ਜੰਗਜੂ ਬਣਨ ਕਾਰਨ ਮਰਦ ਸਮਾਜ ਦੇ ਹਰ ਸ਼ੋਅਬੇ ’ਤੇ ਹਾਵੀ ਹੋਏ; ਜੰਗਾਂ ਵਿਚ ਔਰਤਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ; ਨਤੀਜੇ ਵਜੋਂ ਮਰਦ ਔਰਤਾਂ ਤੇ ਬੱਚਿਆਂ ਦੇ ਰੱਖਿਅਕ ਬਣੇ ਅਤੇ ਇਸ ਨਾਲ ਸਮਾਜ ਵਿਚ ਵਿਕਸਿਤ ਹੁੰਦੀ ਮਰਦ-ਪ੍ਰਧਾਨ ਸੋਚ ਦੇ ਰਖਵਾਲੇ ਵੀ; ਚੇਤਨ ਅਤੇ ਅਵਚੇਤਨ ਦੇ ਪੱਧਰ ’ਤੇ ਉਹ ਇਸ ਸੋਚ ਦੇ ਸਿਰਜਕ ਤੇ ਤਰਤੀਬਕਾਰ ਵੀ ਬਣੇ ਤੇ ਗ਼ੁਲਾਮ ਵੀ। ਇਸ ਸੋਚ ਦੇ ਸਿਰ ’ਤੇ ਉਨ੍ਹਾਂ ਨੇ ਸਮਾਜ ਵਿਚ ਔਰਤਾਂ ਨਾਲੋਂ ਉੱਚਾ ਰੁਤਬਾ ਹਾਸਲ ਕੀਤਾ ਅਤੇ ਔਰਤਾਂ ਨੇ ਵੀ ਬਹੁਤਾ ਕਰਕੇ ਮਰਦ-ਪ੍ਰਧਾਨ ਸੋਚ ਨੂੰ ਅਪਣਾ/ਆਤਮਸਾਤ ਕਰ ਲਿਆ।

ਜਦੋਂ ਕੱਟੜਤਾ ਵਧਦੀ ਹੈ ਤਾਂ ਲਿਬਾਸ ’ਤੇ ਪਾਬੰਦੀਆਂ ਵੀ ਵਧਦੀਆਂ ਹਨ। ਲਿਬਾਸ ਮਨੁੱਖੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੈ; ਮਨੁੱਖ ਲਿਬਾਸ ਰਾਹੀਂ ਪਰੰਪਰਾ ਤੇ ਰਵਾਇਤ ਦਾ ਵਫ਼ਾਦਾਰ ਹੋਣ ਦਾ ਦਾਅਵਾ ਕਰਨ ਦੇ ਨਾਲ ਨਾਲ ਬਗ਼ਾਵਤ ਦਾ ਐਲਾਨ ਵੀ ਕਰਦਾ ਹੈ; ਪੰਜਾਬ ਵਿਚ 1920ਵਿਆਂ ਵਿਚ ਪਨਪੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਕਾਲੀ ਆਗੂਆਂ ਤੇ ਕਾਰਕੁਨਾਂ ਦੁਆਰਾ ਕਾਲੀ ਪੱਗ ਬੰਨ੍ਹਣਾ ਬਸਤੀਵਾਦੀ ਸਰਕਾਰ ਦੇ ਜ਼ੁਲਮਾਂ ਵਿਰੁੱਧ ਰੋਸ ਦਾ ਪ੍ਰਗਟਾਵਾ ਸੀ।

ਮਨੁੱਖ ਇਕ ਜਟਿਲ ਪ੍ਰਾਣੀ ਹੈ। ਕਈ ਵਾਰ ਉਹ ਲਿਬਾਸ ਤਾਂ ਰਵਾਇਤੀ ਪਹਿਨਦਾ ਹੈ ਪਰ ਭਾਸ਼ਾ ਤੇ ਬੋਲਾਂ ਰਾਹੀਂ ਰਵਾਇਤ ਤੇ ਪਰੰਪਰਾ ਦਾ ਵਿਰੋਧ ਕਰਦਾ ਹੋਇਆ ਇਨਕਲਾਬੀ ਵਿਚਾਰਾਂ ਨੂੰ ਜਨਮ ਵੀ ਦਿੰਦਾ ਹੈ।

ਕਰਨਾਟਕ ਅਤੇ ਇਰਾਨ ਵਿਚ ਔਰਤਾਂ ਦੇ ਲਿਬਾਸ ਸਬੰਧੀ ਅਪਣਾਏ ਜਾ ਰਹੇ ਦ੍ਰਿਸ਼ਟੀਕੋਣਾਂ ਵਿਚ ਕਈ ਤਰ੍ਹਾਂ ਦੀਆਂ ਸਮਾਨਤਾਵਾਂ ਹਨ। ਦੋਵੇਂ ਤਰ੍ਹਾਂ ਦੇ ਰਵੱਈਏ ਇਕਸੁਰਤਾ ਤੇ ਇਕਸਾਰਤਾ ਲੋਚਦੇ ਹਨ : ਇਕ, ਕੁੜੀਆਂ ਨੂੰ ਹਿਜਾਬ ਪਹਿਨਣ ਤੋਂ ਪੂਰਨ ਤੌਰ ’ਤੇ ਮਨ੍ਹਾਂ ਕਰਦਾ ਹੈ ਤੇ ਦੂਸਰਾ, ਸਭ ਕੁੜੀਆਂ/ਔਰਤਾਂ ਨੂੰ ਹਿਜਾਬ ਪਹਿਨਾਉਣਾ ਚਾਹੁੰਦਾ ਹੈ। ਦੋਵੇਂ ਤਰ੍ਹਾਂ ਦੇ ਰਵੱਈਏ ਵਿਚੋਂ ਸਹਿਣਸ਼ੀਲਤਾ ਗਾਇਬ ਹੈ; ਕਰਨਾਟਕ ਦੇ ਸਕੂਲ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਅਤੇ ਇਰਾਨ ਸਰਕਾਰ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਦੀ ਗੱਲ ਸੁਣਨ ਤੋਂ ਇਨਕਾਰੀ ਹੈ। ਦੋਵੇਂ ਰਵੱਈਏ ਦਮਨਕਾਰੀ ਹਨ; ਔਰਤਾਂ ਨੂੰ ਸਜ਼ਾ ਦਿੰਦੇ ਹਨ; ਕਰਨਾਟਕ ਦੇ ਸਕੂਲ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਵਿੱਦਿਆ ਤੋਂ ਵਿਰਵੇ/ਵਾਂਝਿਆਂ ਰੱਖਣ ਦੀ ਸਜ਼ਾ ਦੇ ਰਹੇ ਹਨ ਅਤੇ ਇਰਾਨ ਸਰਕਾਰ ਕੋੜੇ ਮਾਰਨ ਦੀ। ਦੋਵੇਂ ਰਵੱਈਏ ਕਿਸੇ ਤਰ੍ਹਾਂ ਦੇ ਵਖਰੇਵੇਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ : ਕਰਨਾਟਕ ਦੇ ਸਕੂਲ ਚਾਹੁੰਦੇ ਹਨ ਕਿ ਕਿਸੇ ਕੁੜੀ ਨੇ ਹਿਜਾਬ ਨਾ ਪਹਿਨਿਆ ਹੋਵੇ ਤੇ ਇਰਾਨ ਸਰਕਾਰ ਚਾਹੁੰਦੀ ਹੈ ਹਰ ਕੁੜੀ/ਔਰਤ ਹਿਜਾਬ ਪਹਿਨੇ। ਦੋਵੇਂ ਰਵੱਈਏ ਨਿੱਜੀ ਚੋਣ ਅਤੇ ਆਜ਼ਾਦੀ ਦੇ ਵਿਰੁੱਧ ਹਨ। ਦੋਵਾਂ ਦ੍ਰਿਸ਼ਟੀਕੋਣਾਂ ’ਚੋਂ ਔਰਤਾਂ ਦੀ ਆਵਾਜ਼ ਗਾਇਬ ਹੈ। ਦੋਵੇਂ ਰਵੱਈਏ ਔਰਤਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ: ਕਰਨਾਟਕ ਦੇ ਸਕੂਲਾਂ ਦਾ ਰਵੱਈਆ ਔਰਤਾਂ ਨੂੰ ਧਾਰਮਿਕ ਦਮਨ ਤੋਂ ਅਤੇ ਇਰਾਨ ਸਰਕਾਰ ਦਾ ਰਵੱਈਆ ਉਨ੍ਹਾਂ ਨੂੰ ਪੱਛਮੀਕਰਨ ਦੇ ਪ੍ਰਭਾਵਾਂ ਤੋਂ ਬਚਾਉਣ ਦਾ ਦਾਅਵਾ ਕਰਦਾ ਹੈ।

ਦੋਵੇਂ ਰਵੱਈਏ ਕੱਟੜਤਾ ’ਚੋਂ ਉਪਜੇ ਹਨ। ਕੱਟੜਤਾ ਸਹਿਜ ਮਨੁੱਖੀ ਵਿਹਾਰ, ਸਹਿਣਸ਼ੀਲਤਾ, ਸਾਂਝੀਵਾਲਤਾ, ਦਿਆਲਤਾ, ਕਰੁਣਾ, ਵਿਚਾਰ-ਸੁਤੰਤਰਤਾ, ਸੰਵੇਦਨਸ਼ੀਲਤਾ ਅਤੇ ਨਿੱਜੀ ਆਜ਼ਾਦੀ ਦੇ ਵਿਰੁੱਧ ਖੜ੍ਹੀ ਹੋਣ ਵਾਲੀ ਪ੍ਰਮੁੱਖ ਤਾਕਤ ਹੈ। ਇਹ ਮਨੁੱਖਾਂ ਵਿਚ ਵੰਡੀਆਂ ਪਾ ਕੇ ਵਿਤਕਰੇ, ਦਮਨ ਤੇ ਨਫ਼ਰਤ ਵਧਾਉਂਦੀ ਹੈ; ਇਹ ਮਨੁੱਖਤਾ ਦੀ ਮੁੱਖ ਦੁਸ਼ਮਣ ਹੈ। ਇਸ ਵਿਰੁੱਧ ਲੜਾਈ ਮਨੁੱਖਤਾ ਨੂੰ ਜਿਊਂਦੇ ਰੱਖਣ ਦੀ ਲੜਾਈ ਹੈ। ਇਹ ਜਟਿਲ ਲੜਾਈ ਬਹੁਤ ਸੰਵੇਦਨਸ਼ੀਲ ਢੰਗ ਨਾਲ ਲੜੀ ਜਾਣੀ ਹੈ; ਹਰ ਥਾਂ ’ਤੇ ਵੱਖ ਵੱਖ ਤਰੀਕਿਆਂ ਨਾਲ। ਇਰਾਨ ਦੇ ਇਤਿਹਾਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਿਜਾਬ ਦੇ ਪਹਿਨਣ ਜਾਂ ਨਾ ਪਹਿਨਣ ਬਾਰੇ ਕੋਈ ਵੀ ਵਿਚਾਰ ਧਿੰਗੋਜ਼ੋਰੀ ਨਹੀਂ ਥੋਪਿਆ ਜਾ ਸਕਦਾ।

ਮੁਸਲਿਮ ਫ਼ਿਰਕੇ ਦੀਆਂ ਔਰਤਾਂ ਹਰ ਥਾਂ ’ਤੇ ਕੱਟੜਤਾ ਵਿਰੁੱਧ ਲੜਾਈ ਲੜ ਰਹੀਆਂ ਹਨ। ਹੋਰ ਧਾਰਮਿਕ ਭਾਈਚਾਰਿਆਂ ਵਿਚ ਵੀ ਅਜਿਹੇ ਸੰਘਰਸ਼ ਹੋ ਰਹੇ ਹਨ। ਪੁਰਾਣੇ ਸੋਚ-ਪ੍ਰਬੰਧ ਤੇ ਲੋਕ-ਬੋਧ ਢਹਿ-ਢੇਰੀ ਵੀ ਹੋ ਰਹੇ ਨੇ ਅਤੇ ਉਨ੍ਹਾਂ ਦੇ ਕੁਝ ਹਿੱਸੇ ਵਾਪਸ ਵੀ ਆ ਰਹੇ ਹਨ। ਉਨ੍ਹਾਂ ਨੂੰ ਕਾਇਮ ਰੱਖਣ ਵਾਲੇ ਕੱਟੜਤਾ ਤੇ ਧਾਰਮਿਕ ਬੁਨਿਆਦਪ੍ਰਸਤੀ ਦਾ ਆਸਰਾ ਲੈਂਦੇ ਹਨ ਤੇ ਕਈ ਵਾਰ ਕੱਟੜਤਾ ਵਿਰੁੱਧ ਲੜਨ ਵਾਲੇ ਆਪਣੀ ਬਣਾਈ ਨਵੀਂ ਬੁਨਿਆਦਪ੍ਰਸਤੀ ਦਾ ਸ਼ਿਕਾਰ ਹੋ ਜਾਂਦੇ ਹਨ, ਆਧੁਨਿਕਤਾ ਤੇ ਤਰਕਸ਼ੀਲਤਾ ਦੀ ਬੁਨਿਆਦਪ੍ਰਸਤੀ। ਔਰਤਾਂ ਨੂੰ ਪਰਦੇ ਹੇਠ ਰੱਖਣ ਦਾ ਯਤਨ ਕੀਤਾ ਜਾ ਰਿਹਾ ਏ ਪਰ ਉਹ ਪੜ੍ਹ-ਲਿਖ ਕੇ ਸਮਾਜ ਤੇ ਅਰਥਚਾਰੇ ਦੇ ਵੱਖ ਵੱਖ ਸ਼ੋਅਬਿਆਂ ਵਿਚ ਕੰਮ ਵੀ ਕਰ ਰਹੀਆਂ ਨੇ। ਉਨ੍ਹਾਂ ’ਚੋਂ ਕੁਝ ਹਿਜਾਬ ਪਹਿਨਣਾ ਚਾਹੁੰਦੀਆਂ ਹਨ ਤੇ ਕੁਝ ਹਿਜਾਬ ਸਾੜ ਕੇ ਵਿਰੋਧ ਕਰਦੀਆਂ ਹਨ; ਪੜ੍ਹੀਆਂ-ਲਿਖੀਆਂ ਔਰਤਾਂ ਵਿਚੋਂ ਵੀ ਕੁਝ ਬੁਨਿਆਦਪ੍ਰਸਤੀ ਅਤੇ ਮਰਦ-ਪ੍ਰਧਾਨ ਸੋਚ ਦੇ ਸਾਂਚਿਆਂ ਨੂੰ ਅਪਣਾਉਂਦੀਆਂ ਨੇ ਤੇ ਕੁਝ ਨਿੱਜੀ ਆਜ਼ਾਦੀ ਤੇ ਨਾਰੀਵਾਦ ਦੀਆਂ ਅਲੰਬਰਦਾਰ ਬਣਦੀਆਂ ਹਨ। ਇਸ ਜੰਗ ਨੇ ਹਮੇਸ਼ਾ ਜਾਰੀ ਰਹਿਣਾ ਹੈ।

ਮਨੁੱਖਤਾ ਖਾਤਰ ਲੜਾਈ ਸਮਾਜ ਵਿਚ ਸਹਿਣਸ਼ੀਲਤਾ ਤੇ ਸਾਂਝੀਵਾਲਤਾ ਕਾਇਮ ਕਰਨ ਦੀ ਲੜਾਈ ਹੈ। ਸਹਿਣਸ਼ੀਲਤਾ ਜ਼ਿਆਦਾ ਬੁਨਿਆਦੀ ਹੈ; ਸਾਂਝੀਵਾਲਤਾ ਦਾ ਨਿਜ਼ਾਮ ਵੀ ਉਸੇ ’ਤੇ ਹੀ ਉਸਰ ਸਕਦਾ ਹੈ। ਸਾਰੀਆਂ ਜਮਹੂਰੀ ਤੇ ਤਰਕਸ਼ੀਲ ਤਾਕਤਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਮਹੂਰੀਅਤ ਅਤੇ ਸਮਾਜਿਕ ਬਰਾਬਰੀ ਲਈ ਲੜਾਈ ਦੀ ਬੁਨਿਆਦ ਧਾਰਮਿਕ ਤੇ ਸੱਭਿਆਚਾਰਕ ਵਖਰੇਵਿਆਂ ਨੂੰ ਸਵੀਕਾਰ ਕਰਦੇ ਹੋਏ, ਸਹਿਣਸ਼ੀਲਤਾ ਦੇ ਆਧਾਰ ’ਤੇ ਹੀ ਰੱਖੀ ਜਾ ਸਕਦੀ ਹੈ।

ਬੁਨਿਆਦਪ੍ਰਸਤੀ ਬਨਾਮ ਤਰਕ - ਸਵਰਾਜਬੀਰ

ਭਾਰਤ ਵਿਚ 2011 ਵਿਚ ਹੋਈ ਮਰਦਮਸ਼ੁਮਾਰੀ ਅਨੁਸਾਰ ਉਦੋਂ ਦੇਸ਼ ਦੀ ਵੱਸੋਂ ਕਰੀਬ 121 ਕਰੋੜ ਸੀ। ਇਸ ਵਿਚ ਹਿੰਦੂਆਂ ਦੀ ਗਿਣਤੀ 79.3 ਫ਼ੀਸਦੀ, ਮੁਸਲਮਾਨਾਂ ਦੀ 14.2 ਫ਼ੀਸਦੀ, ਇਸਾਈਆਂ ਦੀ 2.3 ਫ਼ੀਸਦੀ ਅਤੇ ਸਿੱਖਾਂ ਦੀ 1.9 ਫ਼ੀਸਦੀ ਸੀ। ਬੋਧੀਆਂ, ਜੈਨੀਆਂ, ਪਾਰਸੀਆਂ ਤੇ ਹੋਰ ਫ਼ਿਰਕਿਆਂ ਦੀ ਗਿਣਤੀ ਇਕ-ਇਕ ਫ਼ੀਸਦੀ ਤੋਂ ਘੱਟ ਸੀ। ਇਸ ਤਰ੍ਹਾਂ ਹਿੰਦੂ ਅਤੇ ਇਸਲਾਮ ਦੇਸ਼ ਦੇ ਪ੍ਰਮੁੱਖ ਧਰਮ ਹਨ। ਇਸ ਸਮੇਂ ਦੋਹਾਂ ਧਰਮਾਂ ਵਿਚ ਬੁਨਿਆਦਪ੍ਰਸਤੀ (Fundamentalism) ਦੇ ਰੁਝਾਨ ਹਾਵੀ ਹਨ, ਸਮਾਜ ਵਿਚ ਤਰਕ ਲਈ ਸਥਾਨ ਦਿਨੋਂ-ਦਿਨ ਘਟ ਰਿਹਾ ਹੈ।
       ਹਰ ਧਰਮ ਵਿਚ ਧਾਰਮਿਕ ਬੁਨਿਆਦਪ੍ਰਸਤੀ ਦੇ ਰੁਝਾਨ ਹਮੇਸ਼ਾਂ ਮੌਜੂਦ ਰਹਿੰਦੇ ਹਨ। ਕਿਸੇ ਵੀ ਧਰਮ ਜਾਂ ਅਕੀਦੇ ਨੂੰ ਮੰਨਣ ਵਾਲਿਆਂ ਦਾ ਇਕ ਹਿੱਸਾ ਇਹ ਸਵੀਕਾਰ ਕਰਦਾ ਹੈ ਕਿ ਦੂਸਰੇ ਧਰਮਾਂ ਦੇ ਲੋਕਾਂ ਨਾਲ ਮੇਲ-ਜੋਲ ਅਤੇ ਭਾਈਚਾਰਕ ਸਾਂਝ ਵਧਾਈ ਜਾਣੀ ਚਾਹੀਦੀ ਹੈ ਕਿਉਂਕਿ ਅਧਿਆਤਮਕ ਪੱਖ ਤੋਂ ਧਾਰਮਿਕ ਅਕੀਦੇ ਵੱਖੋ-ਵੱਖ ਖ਼ਿੱਤਿਆਂ ਅਤੇ ਸੱਭਿਆਚਾਰਾਂ ਵਿਚ ਈਸ਼ਵਰ ਦੀ ਅਰਾਧਨਾ ਕਰਨ ਲਈ ਪਣਪੇ ਢੰਗ-ਤਰੀਕੇ ਹੀ ਹਨ। ਅਜਿਹੇ ਲੋਕਾਂ ਨੂੰ ਸਾਧਾਰਨ ਸ਼ਬਦਾਂ ਵਿਚ ਉਦਾਰਵਾਦੀ ਜਾਂ ਖੁੱਲ੍ਹਦਿਲੇ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿਚੋਂ ਬਹੁਤੇ ਜ਼ਿੰਦਗੀ ਵਿਚ ਤਰਕ ਅਤੇ ਨਿੱਜੀ ਆਜ਼ਾਦੀ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹਨ। ਇਸ ਦੇ ਨਾਲ ਨਾਲ ਹਰ ਧਰਮ ਵਿਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਹ ਸਮਝਦੇ ਹਨ ਕਿ ਉਨ੍ਹਾਂ ਦਾ ਧਰਮ ਸਰਬਸ੍ਰੇਸ਼ਟ ਹੈ ਅਤੇ ਦੂਸਰੇ ਧਰਮ ਉਨ੍ਹਾਂ ਦੇ ਧਰਮ ਦੇ ਸਾਹਮਣੇ ਨਿਗੂਣੇ ਤੇ ਅਰਥਹੀਣ ਹਨ, ਅਜਿਹੇ ਲੋਕ ਤਰਕ ਅਤੇ ਨਿੱਜੀ ਆਜ਼ਾਦੀ ਨੂੰ ਛੁਟਿਆਉਂਦੇ ਅਤੇ ਵਿਸ਼ਵਾਸਾਂ, ਕਰਮਕਾਂਡ, ਪਰੰਪਰਾ, ਮਰਿਆਦਾ ਆਦਿ ’ਤੇ ਜ਼ਿਆਦਾ ਜ਼ੋਰ ਦਿੰਦੇ ਹਨ, ਇਨ੍ਹਾਂ ਨੂੰ ਬੁਨਿਆਦਪ੍ਰਸਤ ਕਿਹਾ ਜਾਂਦਾ ਹੈ।
ਹਰ ਧਰਮ ਵਿਚ ਬੁਨਿਆਦਪ੍ਰਸਤਾਂ ਅਤੇ ਉਦਾਰਵਾਦੀਆਂ ਵਿਚਕਾਰ ਹਮੇਸ਼ਾਂ ਟਕਰਾਅ ਹੁੰਦਾ ਰਿਹਾ ਹੈ। ਉਦਾਹਰਨ ਦੇ ਤੌਰ ’ਤੇ ਮੱਧਕਾਲੀਨ ਪੰਜਾਬ ਵਿਚ ਸਾਈਂ ਮੀਆਂ ਮੀਰ ਲਾਹੌਰ ਵਿਚ ਰਹਿ ਰਹੇ ਸਨ ਅਤੇ ਸ਼ੇਖ ਮੁਜੱਦਦ ਅਲਫ਼ਥਾਨੀ (ਅਲਿਫੇ ਸਾਨੀ) ਸਰਹਿੰਦ ਵਿਚ। ਸਾਈਂ ਮੀਆਂ ਮੀਰ ਧਾਰਮਿਕ ਕੱਟੜਤਾ ਵਿਰੁੱਧ ਪ੍ਰਚਾਰ ਕਰਦੇ ਸਨ ਅਤੇ ਉਨ੍ਹਾਂ ਦੇ ਹੋਰ ਧਰਮਾਂ ਦੇ ਆਗੂਆਂ, ਰਹਿਬਰਾਂ ਅਤੇ ਚਿੰਤਕਾਂ ਨਾਲ ਚੰਗੇ ਸਬੰਧ ਸਨ। ਉਹ ਗੁਰੂ ਅਰਜਨ ਦੇਵ ਜੀ ਦੇ ਨਜ਼ਦੀਕੀ ਸਨ ਅਤੇ ਰਵਾਇਤ ਅਨੁਸਾਰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਉਨ੍ਹਾਂ ਨੇ ਸ਼ਾਹ ਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦੇ ਜੀਵਨ ’ਤੇ ਵੱਡਾ ਅਸਰ ਪਾਇਆ ਅਤੇ ਉਹ ਹਿੰਦੂ-ਮੁਸਲਿਮ ਏਕਤਾ ਤੇ ਸੁਲ੍ਹਾਕੁਲ ਦੇ ਸਿਧਾਂਤ ਦਾ ਮੁਦਈ ਬਣਿਆ। ਦੂਸਰੇ ਪਾਸੇ ਸ਼ੇਖ ਸਰਹੰਦੀ ਨੇ ਬਾਦਸ਼ਾਹ ਜਹਾਂਗੀਰ ’ਤੇ ਆਪਣਾ ਪ੍ਰਭਾਵ ਵਰਤ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ। ਉਨ੍ਹਾਂ ਦੇ ਸਮਿਆਂ ਵਿਚ ਵੀ ਸ਼ਾਹ ਹੁਸੈਨ ਲਾਹੌਰ ਵਿਚ ‘‘ਅਸਾਂ ਰਲਿ ਮਿਲਿ ਝੁਰਮਟਿ ਪਾਵਣਾ।’’ ਦਾ ਹੋਕਾ ਦੇ ਰਿਹਾ ਸੀ।
 ਮੱਧਕਾਲੀਨ ਸਮਿਆਂ ਵਿਚ ਹੀ ਅਜਿਹਾ ਟਕਰਾਅ ਹਿੰਦੂ ਧਰਮ ਵਿਚ ਵੀ ਹੋਇਆ। ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ, ਸ਼ਾਇਰਾਂ ਅਤੇ ਚਿੰਤਕਾਂ ਨੇ ਸਮਾਜ ਵਿਚ ਫੈਲੇ ਪਾਖੰਡਵਾਦ ਅਤੇ ਕਰਮਕਾਂਡ ਦਾ ਵਿਰੋਧ ਕਰਦਿਆਂ ਅਜਿਹੇ ਸਮਾਜਿਕ ਬੰਧਨਾਂ ਨੂੰ ਤੋੜਨ ਦਾ ਸੰਦੇਸ਼ ਦਿੱਤਾ। ਧਾਰਮਿਕ ਕੱਟੜਤਾ ਦਾ ਵਿਰੋਧ ਕਰਦੇ ਹੋਏ ਭਗਤ ਕਬੀਰ ਕਹਿੰਦੇ ਹਨ, ‘‘ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ।’’
      ਉਦਾਰਤਾ ਅਤੇ ਕੱਟੜਤਾ ਵਿਚ ਇਹ ਜੰਗ ਲਗਾਤਾਰ ਹੁੰਦੀ ਰਹੀ ਹੈ ਪਰ ਇਤਿਹਾਸ ਦੇ ਕਈ ਨਿਰਣਾਇਕ ਮੋੜਾਂ ’ਤੇ ਬੁਨਿਆਦਪ੍ਰਸਤ ਹਾਵੀ ਹੋ ਜਾਂਦੇ ਹਨ ਜਿਸ ਨਾਲ ਸਮਾਜ ਵਿਚ ਮੌਜੂਦ ਦੁਫੇੜਾਂ ਹੋਰ ਵਧਦੀਆਂ ਹਨ, ਛੋਟੀ ਜਾਂ ਵੱਡੀ ਪੱਧਰ ’ਤੇ ਹਿੰਸਾ ਤੇ ਕਤਲੇਆਮ ਹੁੰਦੇ ਹਨ, ਨਸਲਕੁਸ਼ੀ ਜਿਹੇ ਵਰਤਾਰੇ ਵਾਪਰਦੇ ਅਤੇ ਦੇਸ਼ ਵੰਡੇ ਜਾਂਦੇ ਹਨ।
       ਕੱਟੜਤਾ ਅਤੇ ਉਦਾਰਵਾਦ ਵਿਚ ਇਹ ਦਵੰਦ ਹਰ ਦੇਸ਼ ਵਿਚ ਹੋਇਆ। ਜੇ ਮੱਧਕਾਲੀਨ ਸਮੇਂ ਦੇ ਇੰਗਲੈਂਡ ਦੀ ਉਦਾਹਰਨ ਲਈ ਜਾਵੇ ਤਾਂ ਉਸ ਸਮੇਂ ਕਈ ਵਰਤਾਰੇ ਸਮਾਨਾਂਤਰ ਚੱਲ ਰਹੇ ਸਨ। ਇਕ ਪਾਸੇ ਪੁਨਰ-ਜਾਗਰਨ (Renaissance) ਅਤੇ ਧਾਰਮਿਕ ਸੁਧਾਰ (Reformation) ਦੀਆਂ ਲਹਿਰਾਂ ਸਨ, ਇਸਾਈ ਧਰਮ ਵਿਚ ਪ੍ਰੋਟੈਸਟੈਂਟ ਸ਼ਾਖਾ ਰੋਮਨ ਕੈਥੋਲਿਕ ਸ਼ਾਖਾ ਤੋਂ ਬਗ਼ਾਵਤ ਕਰ ਰਹੀ ਸੀ, ਬਰਤਾਨੀਆ ਦੇ ਵਸਨੀਕ ਦੇਸ਼ ਵਿਚ ਜਮਹੂਰੀ ਨਿਜ਼ਾਮ ਕਾਇਮ ਕਰਨ ਲਈ ਸੰਘਰਸ਼ ਕਰਨ ਦੇ ਨਾਲ ਨਾਲ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਆਇਰਲੈਂਡ ਵਿਚਕਾਰ ਸਿਆਸੀ ਏਕਤਾ ਬਣਾਉਣ ਲਈ ਸੰਵਿਧਾਨਿਕ ਬਾਦਸ਼ਾਹੀ (monarchy) ਨੂੰ ਵੀ ਕਾਇਮ ਰੱਖਣਾ ਚਾਹੁੰਦੇ ਸਨ, ਕੈਥੋਲਿਕ ਇਸਾਈਆਂ ਦਾ ਦਮਨ ਹੋ ਰਿਹਾ ਸੀ ਪਰ ਉਸ ਦਮਨ ਵਿਰੁੱਧ ਆਵਾਜ਼ ਵੀ ਉੱਠ ਰਹੀ ਸੀ। ਉਨ੍ਹਾਂ ਹੀ ਸਮਿਆਂ ਵਿਚ ਚਾਰਲਸ ਡਾਰਵਿਨ ਤਰਕਸ਼ੀਲ ਰੁਝਾਨ ਦਾ ਪ੍ਰਮੁੱਖ ਚਿੰਤਕ ਬਣ ਕੇ ਉੱਭਰਿਆ ਅਤੇ ਥਾਮਸ ਹਾਬਜ਼, ਜੌਹਨ ਲਾਕ ਅਤੇ ਹੋਰ ਕਈ ਵਿਦਵਾਨਾਂ ਨੇ ਸਿਆਸੀ ਚਿੰਤਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਕ ਪਾਸੇ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਸਾਮਰਾਜ ਬਣਨ ਵੱਲ ਵਧਿਆ ਅਤੇ ਦੂਸਰੇ ਪਾਸੇ ਅੰਦਰੂਨੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਸੰਘਰਸ਼ ਹੁੰਦਾ ਰਿਹਾ।
        ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਜੇ ਭਾਰਤ ਵਿਚ ਬਸਤੀਵਾਦ ਨਾ ਆਉਂਦਾ ਤਾਂ ਇੱਥੇ ਕੀ ਵਾਪਰਦਾ। ਸਪੱਸ਼ਟ ਹੈ ਕਿ ਉਸ ਸਮੇਂ ਕੇਂਦਰੀ ਮੁਗ਼ਲ ਹਕੂਮਤ ਟੁੱਟ ਰਹੀ ਸੀ ਅਤੇ ਵੱਖ ਵੱਖ ਖ਼ਿੱਤਿਆਂ ਵਿਚ ਸਥਾਨਕ ਲੋਕ-ਸ਼ਕਤੀਆਂ ਸੱਤਾ ’ਤੇ ਕਾਬਜ਼ ਹੋ ਰਹੀਆਂ ਸਨ। ਸਥਾਨਕ ਤਾਕਤਾਂ ਇਕ-ਦੂਜੇ ਨਾਲ ਟਕਰਾਉਂਦੀਆਂ ਵੀ ਸਨ। ਈਸਟ ਇੰਡੀਆ ਕੰਪਨੀ ਨੇ ਇਨ੍ਹਾਂ ਟਕਰਾਵਾਂ ਦਾ ਫ਼ਾਇਦਾ ਉਠਾ ਕੇ ਇਕ ਅਜਿਹਾ ਵਿਸ਼ਾਲ ਸਾਮਰਾਜ ਕਾਇਮ ਕੀਤਾ ਜਿਸ ਨੇ ਸਾਰੇ ਬਰ੍ਹੇ-ਸਗੀਰ (ਉਪ-ਮਹਾਂਦੀਪ) ਨੂੰ ਇਕ ਸਿਆਸੀ ਇਕਾਈ ਬਣਾ ਦਿੱਤਾ। ਅੰਗਰੇਜ਼ਾਂ ਦੀ ਹਕੂਮਤ ਦੌਰਾਨ ਹਰ ਧਰਮ ਵਿਚ ਬੁਨਿਆਦਪ੍ਰਸਤੀ ਵਧੀ। ਹਿੰਦੂ ਧਰਮ ਦੇ ਸੁਧਾਰਕਾਂ ਅਤੇ ਚਿੰਤਕਾਂ ਨੇ ਮੱਧਕਾਲੀਨ ਸਮਿਆਂ ਦੀ ਭਗਤੀ ਲਹਿਰ ਦੇ ਭਗਤਾਂ ਤੇ ਚਿੰਤਕਾਂ ਨੂੰ ਵਿਸਾਰ ਕੇ ਸਦੀਆਂ ਪੁਰਾਣੇ ਵਿਸ਼ਵਾਸਾਂ, ਪਰੰਪਰਾਵਾਂ ਤੇ ਗ੍ਰੰਥਾਂ ਨੂੰ ਸਰਬਸ੍ਰੇਸ਼ਟ ਸਿੱਧ ਕਰਨ ਦਾ ਯਤਨ ਕੀਤਾ ਅਤੇ ਮੁਸਲਮਾਨ ਚਿੰਤਕਾਂ ਨੇ ਭਾਰਤ ਦੇ ਵੱਡੇ ਹਿੱਸੇ ’ਤੇ ਸਦੀਆਂ ਰਾਜ ਕਰਨ ਦੇ ਆਪਣੇ ਇਤਿਹਾਸ ਨੂੰ ਆਪਣੀ ਸ੍ਰੇਸ਼ਟਤਾ ਸਿੱਧ ਕਰਨ ਦਾ ਆਧਾਰ ਬਣਾਇਆ।
        ਆਜ਼ਾਦੀ ਸੰਘਰਸ਼ ਦੇ ਆਗੂ ਇਸ ਤੱਥ ਤੋਂ ਜਾਣੂ ਸਨ ਕਿ ਬੁਨਿਆਦਪ੍ਰਸਤੀ ਆਜ਼ਾਦੀ ਦੀ ਲੜਾਈ ਦੇ ਰਾਹ ਵਿਚ ਅੜਿੱਕਾ ਹੈ। ਉਨ੍ਹਾਂ ਨੇ ਹਿੰਦੂ-ਮੁਸਲਮਾਨ ਏਕਤਾ ’ਤੇ ਜ਼ੋਰ ਦਿੱਤਾ। ਵੀਹਵੀਂ ਸਦੀ ਵਿਚ ਅੰਗਰੇਜ਼ਾਂ ਵਿਰੁੱਧ ਪਹਿਲੀ ਹਥਿਆਰਬੰਦ ਬਗ਼ਾਵਤ ਕਰਨ ਵਾਲੀ ਗ਼ਦਰ ਲਹਿਰ ਦੇ ਸਾਹਿਤ ਵਿਚ ਹਿੰਦੂ-ਮੁਸਲਿਮ ਏਕਤਾ ਕਾਇਮ ਕਰਨਾ ਬੁਨਿਆਦੀ ਮੁੱਦਾ ਸੀ। ਜੂਨ 1914 ਵਿਚ ਗ਼ਦਰੀ ਕਵੀ ਇਸ ਮੁੱਦੇ ਬਾਰੇ ਇਉਂ ਲਿਖਦੇ ਹਨ, ‘‘ਕਰੋ ਇਤਫ਼ਾਕ ਹਿੰਦੂ ਮੁਸਲਮਾਨ ਸਿੱਖ ਸ਼ੇਰੋ, ਜ਼ਾਲਮ ਫਰੰਗੀ ਤੇ ਚਾੜ ਦੇ ਕਟਕ ਤੂੰ।’’, ‘‘ਮਜ਼੍ਹਬੀ ਝਗੜਿਆਂ ’ਤੇ ਤੁਸੀਂ ਜ਼ੋਰ ਪਾਯਾ, ਕੀਤਾ ਦੀਨ ਦਾ ਨਹੀਂ ਧਿਯਾਨ ਵੀਰੋ।’’ ਅਜਿਹੀਆਂ ਲਹਿਰਾਂ ਅਤੇ ਕਾਂਗਰਸ ਦੇ ਯਤਨਾਂ ਕਾਰਨ ਹਿੰਦੂ-ਮੁਸਲਿਮ ਏਕਤਾ ਕਾਇਮ ਹੋਈ ਅਤੇ ਸਾਰੇ ਧਰਮਾਂ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕੀਤਾ। ਇਸ ਦੇ ਬਾਵਜੂਦ ਧਾਰਮਿਕ ਬੁਨਿਆਦਪ੍ਰਸਤੀ ਮੌਜੂਦ ਰਹੀ। ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਅਜਿਹੇ ਰੁਝਾਨਾਂ ਨੂੰ ਤਾਕਤ ਦੇਣ ਵਾਲੀਆਂ ਵੱਡੀਆਂ ਜਥੇਬੰਦੀਆਂ ਸਨ। ਸਿੱਟੇ ਵਜੋਂ ਬੁਨਿਆਦਪ੍ਰਸਤੀ ਮਜ਼ਬੂਤ ਹੋਈ ਅਤੇ 1947 ਵਿਚ ਦੇਸ਼ ਵੰਡਿਆ ਗਿਆ।
        ਇਤਿਹਾਸ ਦੀ ਦਿਸ਼ਾ ਇਸ ਤੱਥ ਤੋਂ ਤੈਅ ਹੁੰਦੀ ਹੈ ਕਿ ਸੱਤਾ ਕਿਸ ਦਾ ਸਾਥ ਦਿੰਦੀ ਹੈ, ਬੁਨਿਆਦਪ੍ਰਸਤਾਂ ਦਾ ਜਾਂ ਉਦਾਰਵਾਦੀ ਤੇ ਤਰਕਸ਼ੀਲ ਤਾਕਤਾਂ ਦਾ। ਇਹ ਰਿਸ਼ਤੇ ਬਹੁਤ ਜਟਿਲ ਹਨ ਪਰ ਬਹੁਤਾ ਕਰਕੇ ਬੁਨਿਆਦਪ੍ਰਸਤਾਂ ਦੀ ਤਤਕਾਲੀਨ ਸੱਤਾਸ਼ੀਲ ਤਾਕਤਾਂ ਨਾਲ ਸਾਂਝ ਵਧੇਰੇ ਰਹੀ ਹੈ ਜਦੋਂਕਿ ਜਮਹੂਰੀ ਤੇ ਤਰਕਸ਼ੀਲ ਤਾਕਤਾਂ ਨੂੰ ਸੰਘਰਸ਼ ਕਰਨਾ ਪੈਂਦਾ ਰਿਹਾ ਹੈ। 1940ਵਿਆਂ ਵਿਚ ਵੀ ਬੁਨਿਆਦਪ੍ਰਸਤ ਅੰਗਰੇਜ਼ ਹਕੂਮਤ ਦੀ ਹਮਾਇਤ ਕਾਰਨ ਹੀ ਸ਼ਕਤੀਸ਼ਾਲੀ ਹੋਏ ਅਤੇ ਦੇਸ਼ ਵੰਡਿਆ ਗਿਆ।
   ਅੱਜ ਵੀ ਦੇਸ਼ ਦੇ ਦੋਹਾਂ ਧਰਮਾਂ ਵਿਚ ਬੁਨਿਆਦਪ੍ਰਸਤੀ ਸਿਖ਼ਰਾਂ ’ਤੇ ਹੈ। ਹਿੰਦੂ ਧਰਮ ਦੇ ਲੋਕਾਂ ਦੀ ਬਹੁਗਿਣਤੀ ਹੋਣ ਕਰਕੇ ਇਹ ਬੁਨਿਆਦਪ੍ਰਸਤੀ ਦੂਸਰੇ ਫ਼ਿਰਕਿਆਂ ਦੇ ਲੋਕਾਂ ਦੇ ਜੀਵਨ ਤੇ ਜੀਵਨ-ਜਾਚ ’ਤੇ ਹਾਵੀ ਹੋਣ ਦੀਆਂ ਵੱਡੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉੱਪਰ ਇੰਗਲੈਂਡ ਦੀ ਉਦਾਹਰਨ ਦਿੱਤੀ ਗਈ ਹੈ, ਹੋਰ ਪੱਛਮੀ ਦੇਸ਼ਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ, ਉੱਥੇ ਵੀ ਬੁਨਿਆਦਪ੍ਰਸਤੀ ਦੇ ਰੁਝਾਨ ਮੌਜੂਦ ਹਨ ਪਰ ਸਮਾਜ ਵਿਚ ਤਰਕਸ਼ੀਲ ਅਤੇ ਜਮਹੂਰੀ ਤਾਕਤਾਂ ਵੀ ਸ਼ਕਤੀਸ਼ਾਲੀ ਹਨ। ਬੁਨਿਆਦਪ੍ਰਸਤੀ ਉਨ੍ਹਾਂ ਦੇਸ਼ਾਂ ਵਿਚ ਨਸਲਵਾਦ, ਪਰਵਾਸੀਆਂ ਨਾਲ ਘਿਰਣਾ, ਮੁਸਲਿਮ-ਵਿਰੋਧ ਅਤੇ ਹੋਰ ਵਿਤਕਰਿਆਂ ਦੇ ਰੂਪ ਵਿਚ ਪੇਸ਼ ਹੁੰਦੀ ਹੈ ਪਰ ਉਨ੍ਹਾਂ ਰੁਝਾਨਾਂ ਦਾ ਵਿਰੋਧ ਵੀ ਹੁੰਦਾ ਹੈ। ਸਾਡੇ ਦੇਸ਼ ਵਿਚ ਇਹ (ਬੁਨਿਆਦਪ੍ਰਸਤੀ) ਸਮਾਜਿਕ ਤਾਣਾ-ਬਾਣਾ ਲੀਰੋ-ਲੀਰ ਕਰਨ ’ਤੇ ਤੁਲੀ ਹੋਈ ਹੈ; ਇਸ ਨੇ ਮੌਜੂਦ ਰਹਿਣਾ ਹੈ, ਖ਼ਤਮ ਨਹੀਂ ਹੋਣਾ ਪਰ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਅਸੀਂ ਇਸ ਦਾ ਓਨੇ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਿਉਂ ਨਹੀਂ ਕਰ ਰਹੇ ਜਿਵੇਂ ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ।
    ਇਸ ਅਸਫ਼ਲਤਾ ਦੇ ਕਾਰਨ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਹਨ। ਸਾਡੇ ਸਮਾਜਾਂ ਵਿਚ ਗਿਆਨ ਅਤੇ ਤਰਕ ’ਤੇ ਜ਼ੋਰ ਦੇਣ ਵਾਲੀਆਂ ਲਹਿਰਾਂ ਓਨੇ ਬਲਵਾਨ ਰੂਪ ਵਿਚ ਨਹੀਂ ਉੱਭਰੀਆਂ ਜਿੰਨੇ ਦੀ ਲੋੜ ਸੀ। ਸਾਡੇ ਸਮਾਜਾਂ ਵਿਚ ਅੱਜ ਵੀ ਜਾਤੀਵਾਦ, ਮਰਦ-ਪ੍ਰਧਾਨ ਸੋਚ ਅਤੇ ਜਾਗੀਰਦਾਰਾਨਾ ਰੁਚੀਆਂ ਭਾਰੂ ਹਨ, ਕਰਮਕਾਂਡ, ਵਹਿਮਾਂ-ਭਰਮਾਂ ਅਤੇ ਤਰਕਹੀਣ ਵਿਸ਼ਵਾਸਾਂ ਦਾ ਬੋਲਬਾਲਾ ਹੈ, ਇਨ੍ਹਾਂ ਸਭ ਨੂੰ ਰਵਾਇਤੀ ਧਰਮਾਂ ਅਤੇ ਬੁਨਿਆਦਪ੍ਰਸਤੀ ਤੋਂ ਤਾਕਤ ਮਿਲਦੀ ਹੈ, ਸਿਆਸੀ ਅਤੇ ਧਾਰਮਿਕ ਆਗੂ ਇਤਿਹਾਸ ਤੇ ਮਿਥਿਹਾਸ ਨੂੰ ਤੋੜ-ਮਰੋੜ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਜਿਸ ਨੂੰ ‘ਸੱਚ’ ਮੰਨਿਆ ਜਾਂਦਾ ਹੈ। ਇਹ ਸਾਰੇ ਰੁਝਾਨ ਇਕੱਠੇ ਹੋ ਕੇ ਅਜਿਹੀ ਆਪਾ-ਮਾਰੂ ਤਾਕਤ ਬਣ ਰਹੇ ਹਨ ਜਿਸ ਕਾਰਨ ਭਾਈਚਾਰਕ ਦੁਫੇੜ ਅਤੇ ਨਫ਼ਰਤ ਵਧ ਰਹੀ ਹੈ। ਜਮਹੂਰੀ ਤਾਕਤਾਂ ਬਿਖਰੀਆਂ ਹੋਈਆਂ ਹਨ, ਉਹ ਇਕ ਵਿਆਪਕ ਜਮਹੂਰੀ ਮੁਹਾਜ਼ ਸਿਰਜਣ ਤੋਂ ਅਸਮਰੱਥ ਦਿਖਾਈ ਦੇ ਰਹੀਆਂ ਹਨ। ਜਮਹੂਰੀਅਤ-ਪ੍ਰਸਤਾਂ ਵਿਚ ਲਾਚਾਰੀ ਦੀ ਭਾਵਨਾ ਵਧ ਰਹੀ ਹੈ। ਇਹ ਦੇਸ਼ ਲਈ ਵੱਡੀਆਂ ਚੁਣੌਤੀਆਂ ਦਾ ਵਕਤ ਹੈ। ਇਸ ਉਦਾਸ ਮੰਜਰ ਦਾ ਸਾਹਮਣਾ ਕਰਨ ਲਈ ਸਥਾਨਕ ਤੇ ਕੌਮੀ ਪੱਧਰ ਦੇ ਜਨਤਕ ਘੋਲਾਂ ਦੀ ਜ਼ਰੂਰਤ ਹੈ। ਜੇ ਲੋਕ ਬੁਨਿਆਦਪ੍ਰਸਤੀ ਅਤੇ ਤਰਕਹੀਣਤਾ ਦਾ ਸ਼ਿਕਾਰ ਹੁੰਦੇ ਹਨ ਤਾਂ ਉਨ੍ਹਾਂ ਅੰਦਰ ਤਰਕ ਅਤੇ ਨਿੱਜੀ ਆਜ਼ਾਦੀ ਦੀਆਂ ਭਾਵਨਾਵਾਂ ਵੀ ਅੰਗੜਾਈਆਂ ਲੈਂਦੀਆਂ ਹਨ। ਲੋਕ-ਮਨ ਵਿਚਲੀਆਂ ਅਜਿਹੀਆਂ ਭਾਵਨਾਵਾਂ ਨੂੰ ਇਕ ਤਹਿਰੀਕ ਦਾ ਰੂਪ ਦੇਣ ਲਈ ਜਮਹੂਰੀ ਤੇ ਤਰਕਸ਼ੀਲ ਤਾਕਤਾਂ ਨੂੰ ਆਪਸੀ ਏਕਤਾ ਦਾ ਵਿਸ਼ਾਲ ਮੁਹਾਜ਼ ਉਸਾਰਨ ਦੀ ਜ਼ਰੂਰਤ ਹੈ।

ਨਵਾਂ ਸੋਚ-ਸੰਸਾਰ   - ਸਵਰਾਜਬੀਰ

ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਇੰਡੀਆ ਗੇਟ ਦੇ ਨਜ਼ਦੀਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਤੋਂ ਪਰਦਾ ਹਟਾਇਆ ਅਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਨੂੰ ਆਉਣ ਵਾਲੀ ਸੜਕ, ਜਿਸ ਦਾ ਪਹਿਲਾ ਨਾਂ ‘ਰਾਜਪਥ’ ਸੀ, ਦਾ ਨਵਾਂ ਨਾਮਕਰਨ ਕੀਤਾ, ਹੁਣ ਇਸ ਸੜਕੀ ਟੁਕੜੇ ਦਾ ਨਵਾਂ ਨਾਂ ‘ਕਰਤੱਵਯ ਪਥ’ ਰੱਖਿਆ ਗਿਆ ਹੈ। ਕਰਤੱਵਯ ਪਥ ਮੌਜੂਦਾ ਸਰਕਾਰ ਦੇ 13,450 ਕਰੋੜ ਰੁਪਏ ਦੀ ਲਾਗਤ ਨਾਲ ਉਸਰਨ ਵਾਲੇ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਹਿੱਸਾ ਹੈ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਸੜਕੀ ਟੁਕੜੇ ਨੂੰ ਰਾਜਪਥ ਕਹਿਣਾ ਸਾਡੀ ਬਸਤੀਵਾਦੀ ਮਾਨਸਿਕਤਾ ਦਾ ਨਤੀਜਾ ਸੀ। ਆਜ਼ਾਦੀ ਤੋਂ ਪਹਿਲਾਂ ਇਸ ਦਾ ਨਾਂ ‘ਕਿੰਗਜ਼ਵੇ ਭਾਵ ਰਾਜੇ ਦਾ ਰਸਤਾ’ ਸੀ, ਇਹ ਨਾਂ ਉਸ ਸਮੇਂ ਦਿੱਲੀ ਦੇ ਸੇਂਟ ਸਟੀਫ਼ਨਜ਼ ਕਾਲਜ ਵਿਚ ਪੜ੍ਹਾ ਰਹੇ ਇਤਿਹਾਸਕਾਰ ਪਰਸੀਵਲ ਸਪੀਅਰ ਦੇ ਸੁਝਾਅ ’ਤੇ ਰੱਖਿਆ ਗਿਆ ਸੀ। ਮੌਜੂਦਾ ਹਕੂਮਤ ਅਨੁਸਾਰ ‘ਰਾਜਪਥ’ ਸ਼ਬਦ ‘ਰਾਜੇ ਦਾ ਰਸਤਾ (ਕਿੰਗਜ਼ਵੇ)’ ਨਾਲ ਮਿਲਦਾ-ਜੁਲਦਾ ਹੋਣ ਕਾਰਨ ਸਾਡੀ ਬਸਤੀਵਾਦੀ ਅਤੇ ਗ਼ੁਲਾਮੀ ਵਿਚ ਗ੍ਰਸਤ ਸੋਚ ਦਾ ਪ੍ਰਤੀਕ ਸੀ। ਇਸ ਸੜਕ ਨੂੰ ਇਕ ਹੋਰ ਸੜਕ 90 ਦੇ ਕੋਣ ’ਤੇ ਕੱਟਦੀ ਹੈ, ਉਸ ਦਾ ਨਾਂ ‘ਜਨਪਥ ਭਾਵ ਲੋਕਾਂ ਦਾ ਰਾਹ’ ਹੈ, ਅਸੀਂ ਸ਼ਾਇਦ ਕਦੇ ਵੀ ਪੂਰੀ ਤਰ੍ਹਾਂ ਇਹ ਨਹੀਂ ਸਮਝ ਸਕਾਂਗੇ ਕਿ 1950ਵਿਆਂ ਵਿਚ ਸੜਕਾਂ ਤੇ ਚੌਕਾਂ ਦੇ ਨਵੇਂ ਨਾਮ ਰੱਖਣ ਵਾਲਿਆਂ ਨੇ ਜਨਪਥ ਅਤੇ ਰਾਜਪਥ ਨੂੰ ਇਕ-ਦੂਸਰੇ ਤੋਂ 90 ਦੇ ਕੋਣ ’ਤੇ ਕਿਉਂ ਰੱਖਿਆ ਸੀ।
      ਦਿੱਲੀ ਦਾ ਇਹ ਇਲਾਕਾ ਸੱਤਾ ਅਤੇ ਧਨ ਦਾ ਕੇਂਦਰ ਹੈ, ਇਹ ਨਾਮ ਪ੍ਰਤੀਕਮਈ ਹਨ, ਪ੍ਰਤੀਕਮਈ ਦ੍ਰਿਸ਼ਟੀਕੋਣ ਤੋਂ ਹੀ ਕਿਹਾ ਜਾ ਸਕਦਾ ਹੈ ਕਿ ਹੁਣ ਲੋਕਾਂ ਦਾ ਰਾਹ ‘ਜਨਪਥ’ ‘ਕਰਤੱਵਯ ਪਥ’ ਭਾਵ ਕਰਤੱਵਾਂ/ਫ਼ਰਜ਼ਾਂ ਦੀ ਰਾਹ ਨੂੰ 90 ਦੇ ਕੋਣ ’ਤੇ ਮਿਲੇਗਾ, ਕਿਹਾ ਜਾ ਸਕਦਾ ਹੈ ਕਿ ਇਹ ਲੋਕਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਦੀ ਯਾਦ ਦਿਵਾਏਗਾ। ਭਾਸ਼ਾ ਨਵੇਂ ਭਾਰਤ ਦੇ ਨਿਰਮਾਣ ਵਿਚ ਕੇਂਦਰੀ ਭੂਮਿਕਾ ਨਿਭਾ ਰਹੀ ਹੈ, ਸਮਾਜ ਨੂੰ ਫ਼ਰਜ਼-ਪ੍ਰਧਾਨ ਬਣਾਏ ਜਾਣ ਦੀ ਪ੍ਰਕਿਰਿਆ ਵਿਚ ਅਸੀਂ ਸਾਰੇ ਸ਼ਾਮਲ ਹਾਂ, ਹਾਕਮ ਜਮਾਤ ਲੋਕਾਂ ਦੇ ਮਨਾਂ ਵਿਚ ਆਪਣੇ ਕੰਮਾਂ, ਕਥਨਾਂ ਅਤੇ ਵਿਚਾਰਾਂ ਰਾਹੀਂ ਇਕ ਨਵਾਂ ਸੋਚ-ਸੰਸਾਰ ਸਿਰਜ ਰਹੀ ਹੈ।
       ਇਸ ਨਵੇਂ ਸੋਚ-ਸੰਸਾਰ ਅਨੁਸਾਰ ਆਜ਼ਾਦੀ ਤੋਂ ਬਾਅਦ ਦੇ 67 ਸਾਲਾਂ ਵਿਚ ਦੇਸ਼ ਵਿਚ ਕੁਝ ਵੀ ਸਹੀ ਨਹੀਂ ਹੋਇਆ, ਤਤਕਾਲੀਨ ਹਾਕਮਾਂ ਨੇ ਗ਼ਲਤੀਆਂ-ਦਰ-ਗ਼ਲਤੀਆਂ ਕੀਤੀਆਂ, ਉਨ੍ਹਾਂ ਦੇ ਦਿਮਾਗ਼ ਬਸਤੀਵਾਦੀ ਸੋਚ ਵਿਚ ਗ੍ਰਸੇ ਹੋਏ ਸਨ ਅਤੇ ਉਹ ਸੂਝਮਈ ਸੋਚ, ਦੇਸ਼ ਦੇ ਅਸਲੀ ਹਾਲਾਤ ਅਤੇ ਲੋਕ-ਮਨ ਦੀਆਂ ਤਾਂਘਾਂ ਦੀ ਥਾਹ ਪਾਉਣ ਦੇ ਯੋਗ ਨਹੀਂ ਸਨ। 2014 ਤੋਂ ਇਕ ਨਵੇਂ ਯੁੱਗ ਅਤੇ ਯੁੱਗ-ਦ੍ਰਿਸ਼ਟੀ ਦਾ ਆਗਾਜ਼ ਹੋਇਆ ਹੈ, ਉਸ ਨੁਕਸਾਨ, ਜੋ 1947 ਤੋਂ 2014 ਤਕ ਹੋਇਆ, ਦੀ ਭਰਪਾਈ ਕੀਤੀ ਜਾ ਰਹੀ ਹੈ, ਹਰ ਗ਼ਲਤ ਚੀਜ਼ ਨੂੰ ਸਹੀ ਕੀਤਾ ਜਾ ਰਿਹਾ ਹੈ। ਇਸ ਸੋਚ-ਸੰਸਾਰ ਅਨੁਸਾਰ 1947 ਦੇ ਸਮਿਆਂ ਦੇ ਆਗੂਆਂ ਨੇ ਸਾਡੇ ਵਡੇਰਿਆਂ ਨੂੰ ਧੋਖਾ ਦਿੱਤਾ, ਇਸ ਧਾਰਨਾ ਨੂੰ ਇੰਝ ਵੀ ਸੋਚਿਆ ਜਾ ਸਕਦਾ ਹੈ ਕਿ ਸਾਡੇ ਵਡੇਰਿਆਂ ਦੀਆਂ ਜ਼ਿੰਦਗੀਆਂ ਵਿਅਰਥ ਗਈਆਂ ਜਾਂ ਵਿਅਰਥ ਬਣਾ ਦਿੱਤੀਆਂ ਗਈਆਂ, ਉਹ ਮੌਲਿਕ ਸੋਚ ਦੇ ਅਯੋਗ ਸਨ। ਅਜਿਹਾ ਕਰਦੇ ਹੋਏ ਅਸੀਂ ਇਹ ਵੀ ਭੁੱਲ ਰਹੇ ਹਾਂ ਕਿ 1947 ਤੇ ਉਸ ਦੇ ਬਾਅਦ ਦੇ ਔਖੇ ਸਮਿਆਂ ਵਿਚ ਦੇਸ਼ ਲਈ ਇਕ ਸੰਵਿਧਾਨ ਬਣਿਆ ਅਤੇ ਜਮਹੂਰੀ ਰਾਜ-ਪ੍ਰਬੰਧ ਲਈ ਰਾਹ ਤਿਆਰ ਹੋਇਆ।
        ਨਵਾਂ ਸੋਚ-ਸੰਸਾਰ ਏਨਾ ਤਾਕਤਵਰ ਹੋਣਾ ਲੋਚਦਾ ਹੈ ਕਿ ਇਹ ਸੰਵਿਧਾਨ ਤੇ ਉਸ ਤੋਂ ਉਪਜੀ ਸੋਚ ਸਾਹਮਣੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਮਈ ਵਿਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਸ਼ਾਂਤੀਸ਼ਿਰੀ ਧੁਲੀਪੁੜੀ ਪੰਡਿਤ ਨੇ ਇਕ ਮਹੱਤਵਪੂਰਨ ਭਾਸ਼ਣ ਦਿੰਦਿਆਂ ਕਿਹਾ, ‘‘ਭਾਰਤ ਨੂੰ ਸੰਵਿਧਾਨ ਦੁਆਰਾ ਪਰਿਭਾਸ਼ਿਤ ਨਾਗਰਿਕ ਰਾਜ (Civic State) ਸਮਝਣਾ ਇਸ ਦੇ ਇਤਿਹਾਸ ਅਤੇ ਪੁਰਾਣੇ ਵਿਰਸੇ ਨੂੰ ਢਾਹ ਲਾਉਣਾ ਹੈ। ਮੈਂ ਭਾਰਤ ਨੂੰ ਸੱਭਿਅਤਾ-ਰਾਜ (Civilization State) ਮੰਨਦੀ ਹਾਂ। ਦੋ ਸੱਭਿਅਤਾ-ਰਾਜ ਹਨ ਜਿਨ੍ਹਾਂ ਕੋਲ ਪਰੰਪਰਾ ਵੀ ਹੈ ਤੇ ਆਧੁਨਿਕਤਾ ਵੀ, ਭੂਗੋਲਿਕ ਖੇਤਰ ਵੀ ਤੇ ਸੋਚ-ਖੇਤਰ ਵੀ ਅਤੇ ਰਵਾਇਤ ਦੇ ਨਾਲ ਨਾਲ ਬਦਲਾਉ ਵੀ। ਉਹ ਦੋ ਰਾਜ ਹਨ ਭਾਰਤ ਤੇ ਚੀਨ।’’ ਜਦੋਂ ਤੁਸੀਂ ਨਵਾਂ ਸੋਚ-ਸੰਸਾਰ ਪੈਦਾ ਕਰਨਾ ਲੋਚਦੇ ਹੋ ਤਾਂ ਤੁਹਾਨੂੰ ਅਜਿਹੀ ਅਲੌਕਿਕ ‘ਬੌਧਿਕ ਬਹਾਦਰੀ’ ਦਿਖਾਉਣੀ ਪੈਂਦੀ ਹੈ ਜਿਹੜੀ ਵਾਈਸ-ਚਾਂਸਲਰ ਦੇ ਭਾਸ਼ਣ ਵਿਚ ਮੌਜੂਦ ਹੈ, ਉਸ ਬਹਾਦਰੀ ਸਾਹਮਣੇ ਨਾ ਤਾਂ ਪ੍ਰਸ਼ਨਾਂ ਲਈ ਕੋਈ ਥਾਂ ਹੁੰਦੀ ਹੈ, ਨਾ ਸੰਸਿਆਂ ਲਈ। ਵਾਈਸ-ਚਾਂਸਲਰ ਇਹ ਦੱਸਣਾ ਚਾਹੁੰਦੀ ਹੈ ਕਿ ਸੰਵਿਧਾਨ ਅਨੁਸਾਰ ਪੈਦਾ ਹੁੰਦੀ ਸੋਚ ਭਾਰਤ ਦੀ ਮਹਾਨਤਾ ਨੂੰ ਸੀਮਤ ਕਰਦੀ ਹੈ। ਕੀ ਇਹ ਸੱਚ ਹੈ ਜਾਂ ਅਜਿਹੀ ਸੋਚ ਭਾਰਤ ਦੇ ਵਿਰਸੇ, ਆਜ਼ਾਦੀ ਦੀ ਲੜਾਈ ਤੇ ਭਵਿੱਖ ਬਾਰੇ ਸੋਚਣ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰਦੀ ਹੈ? ਨਹੀਂ, ਤੁਸੀਂ ਅਜਿਹੇ ਸਵਾਲ ਨਹੀਂ ਪੁੱਛ ਸਕਦੇ, ਅਜਿਹੇ ਸਵਾਲ ਪੁੱਛਣ ਵਾਲਾ ‘ਟੁਕੜੇ ਟੁਕੜੇ ਗੈਂਗ’ ਦਾ ਹਿੱਸਾ ਜਾਂ ‘ਸ਼ਹਿਰੀ ਨਕਸਲੀ’ ਗਰਦਾਨਿਆ ਜਾਵੇਗਾ। ਬੌਧਿਕ ਬਹਾਦਰੀ ਦਿਖਾਉਂਦਿਆਂ ਇਸ ਟਿੱਪਣੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਭਾਰਤ ਤੇ ਚੀਨ ਹੀ ਸੱਭਿਅਤਾ-ਰਾਜ (Civilization State) ਹਨ, ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਏਸ਼ੀਆ, ਅਫ਼ਰੀਕਾ, ਯੂਰੋਪ ਤੇ ਅਮਰੀਕਾ ਦੇ ਦੇਸ਼ ਸੱਭਿਅਤਾ ਤੋਂ ਵਿਰਵੇ ਹਨ। ਅਜਿਹੇ ਸਵਾਲਾਂ ਦਾ ਉੱਤਰ ਨਵੇਂ ਸੋਚ-ਸੰਸਾਰ ਅਨੁਸਾਰ ਇਹ ਹੀ ਹੋ ਸਕਦਾ ਹੈ ਕਿ ਉਹ ਦੇਸ਼ ਘੱਟ ਸੱਭਿਅਕ ਹਨ/ਸਨ ਕਿਉਂਕਿ ਭਾਰਤ ਦੀ ਸੱਭਿਅਤਾ ਸਰਬਉੱਚ ਹੈ, ਭਾਰਤ ਵਿਸ਼ਵ ਗੁਰੂ ਹੈ।
       ਨਵੇਂ ਸੋਚ-ਸੰਸਾਰ ਦੇ ਅਨੁਸਾਰੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹੋਕਾ ਦਿੰਦੇ ਹਨ, ਧਰਮ ਸੰਸਦਾਂ ਦੇ ਨਾਂ ਹੇਠ ਕੀਤੇ ਗਏ ਸਮਾਗਮਾਂ ਵਿਚ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਕਤਲੇਆਮ ਦੇ ਸੱਦੇ ਦਿੱਤੇ ਜਾਂਦੇ ਅਤੇ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਨੂੰ ਨਾਇਕ ਦਰਸਾਇਆ ਜਾਂਦਾ ਹੈ, ਲਿਬਾਸ ਤੇ ਖਾਣ-ਪੀਣ ਦੀਆਂ ਆਦਤਾਂ ’ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਬੌਧਿਕ ਬਹਾਦਰੀ ਦੇ ਜੌਹਰ ਦਿਖਾਏ ਜਾਂਦੇ ਹਨ।
       ਪ੍ਰਧਾਨ ਮੰਤਰੀ ਦੇ ਭਾਸ਼ਣਾਂ ਵਿਚ ਬੌਧਿਕ ਬਹਾਦਰੀ ਆਪਣੀ ਵਿਸ਼ਾਲਤਾ ਵਿਚ ਪ੍ਰਗਟ ਹੁੰਦੀ ਹੈ। ਵੀਰਵਾਰ ਉਨ੍ਹਾਂ ਕਿਹਾ ਕਿ ਜੇ ਆਜ਼ਾਦੀ ਤੋਂ ਬਾਅਦ ਭਾਰਤ ਸੁਭਾਸ਼ ਚੰਦਰ ਬੋਸ ਦੇ ਦਿਖਾਏ ਰਸਤੇ ’ਤੇ ਚੱਲਿਆ ਹੁੰਦਾ ਤਾਂ ਦੇਸ਼ ਦੀ ਰੂਪ-ਰੇਖਾ ਕੁਝ ਹੋਰ ਤਰ੍ਹਾਂ ਦੀ ਹੋਣੀ ਸੀ। ਅਜਿਹਾ ਕਹਿਣ ਵਿਚ ਇਹ ਨਿਹਿਤ ਹੈ ਕਿ ਸੁਭਾਸ਼ ਚੰਦਰ ਬੋਸ ਦੀ ਸੋਚ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਅਤੇ ਹੋਰ ਆਗੂਆਂ ਤੋਂ ਵੱਖਰੀ ਸੀ, ਗਾਂਧੀ-ਨਹਿਰੂ ਸੋਚ ਬਿਲਕੁਲ ਗ਼ਲਤ ਅਤੇ ਸੁਭਾਸ਼ ਦੀ ਸੋਚ ਬਿਲਕੁਲ ਸਹੀ ਸੀ। ਲੋਕ ਬੌਧਿਕ ਬਹਾਦਰੀ ਵਿਚ ਲਬਰੇਜ਼ ਅਜਿਹੇ ਬਿਆਨਾਂ ’ਤੇ ਵਿਸ਼ਵਾਸ ਵੀ ਕਰਦੇ ਹਨ। ਅਜਿਹੇ ਭਾਸ਼ਣਾਂ ਤੇ ਟਿੱਪਣੀਆਂ ’ਤੇ ਸਵਾਲ ਨਹੀਂ ਕੀਤੇ ਜਾਂਦੇ, ਉਦਾਹਰਨ ਦੇ ਤੌਰ ’ਤੇ ਕੀ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਸੁਭਾਸ਼ ਅਤੇ ਉਨ੍ਹਾਂ ਦੇ ਸਾਥੀਆਂ ਦੀ ਸੋਚ ਕਿਸ ਤਰ੍ਹਾਂ ਦੀ ਸੀ।
       ਸੁਭਾਸ਼ ਚੰਦਰ ਬੋਸ 1939 ਵਿਚ ਕਾਂਗਰਸ ਦਾ ਪ੍ਰਧਾਨ ਸੀ। ਉਸ ਨੇ ਜਥੇਬੰਦਕ ਚੋਣਾਂ ਵਿਚ ਮਹਾਤਮਾ ਗਾਂਧੀ ਦੇ ਨੁਮਾਇੰਦੇ ਪੱਟਾਭੀ ਸੀਤਾਰਮੱਈਆ ਨੂੰ ਹਰਾਇਆ ਸੀ। ਬਾਅਦ ਵਿਚ ਗਾਂਧੀ ਦੇ ਹਮਾਇਤੀਆਂ ਨੇ ਵਰਕਿੰਗ ਕਮੇਟੀ ਤੋਂ ਅਸਤੀਫ਼ੇ ਦੇ ਦਿੱਤੇ। ਸੁਭਾਸ਼ ਨੇ 29 ਅਪਰੈਲ 1939 ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਅਤੇ 3 ਮਈ 1939 ਨੂੰ ਉੱਤਰ ਪ੍ਰਦੇਸ਼ ਦੇ ਉਨਾਓ ਸ਼ਹਿਰ ਵਿਚ ਆਪਣੀ ਪਾਰਟੀ ਫਾਰਵਰਡ ਬਲਾਕ ਦੀ ਨੀਂਹ ਰੱਖੀ। ਸੁਭਾਸ਼ ਇਸ ਦਾ ਪ੍ਰਧਾਨ ਸੀ ਅਤੇ ਸਰਦੂਲ ਸਿੰਘ ਕਵੀਸ਼ਰ ਮੀਤ-ਪ੍ਰਧਾਨ। ਇਹ ਪਾਰਟੀ ਪਹਿਲਾਂ ਕਾਂਗਰਸ ਦੇ ਅੰਦਰ ਇਕ ਆਜ਼ਾਦ ਗਰੁੱਪ ਵਜੋਂ ਹੋਂਦ ਵਿਚ ਆਈ ਅਤੇ ਬਾਅਦ ਵਿਚ ਅਲੱਗ ਹੋ ਗਈ। ਪਾਰਟੀ ਦੀ ਪਹਿਲੀ ਕਾਨਫਰੰਸ 20-22 ਜੂਨ 1940 ਨੂੰ ਮੁੰਬਈ ਵਿਚ ਹੋਈ ਜਿਸ ਵਿਚ ਪਾਰਟੀ ਨੂੰ ਇਕ ਸਮਾਜਵਾਦੀ ਪਾਰਟੀ ਬਣਾਉਣ ਦਾ ਅਹਿਦ ਲਿਆ ਗਿਆ। ਸੁਭਾਸ਼ ਨੂੰ ਜੁਲਾਈ 1940 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਜਨਵਰੀ 1941 ਵਿਚ ਉਹ ਦੇਸ਼ ਛੱਡ ਕੇ ਪੰਜਾਬ ਦੇ ਕਮਿਊਨਿਸਟਾਂ ਦੀ ਮਦਦ ਨਾਲ ਅਫ਼ਗ਼ਾਨਿਸਤਾਨ ਪਹੁੰਚਿਆ। ਆਜ਼ਾਦ ਹਿੰਦ ਫ਼ੌਜ ਬਣਾਉਣ ਦੀ ਮਹਾਂ-ਗਾਥਾ ਇਸ ਤੋਂ ਬਾਅਦ ਸ਼ੁਰੂ ਹੋਈ। ਸੁਭਾਸ਼ ਦਾ ਬਣਾਇਆ ਫਾਰਵਰਡ ਬਲਾਕ ਬਾਅਦ ਵਿਚ ਕਈ ਹਿੱਸਿਆਂ ਵਿਚ ਵੰਡਿਆ ਪਰ ਉਸ ਦੇ ਸਭ ਸਾਥੀ ਧਰਮ ਨਿਰਪੱਖ ਤੇ ਖੱਬੇ-ਪੱਖੀ ਸੋਚ ਦੇ ਹਮਾਇਤੀ ਰਹੇ। ਜੇ ਪ੍ਰਧਾਨ ਮੰਤਰੀ ਸੱਚਮੁੱਚ ਇਹ ਸੋਚਦੇ ਹਨ ਕਿ ਦੇਸ਼ ਨੂੰ ਸੁਭਾਸ਼ ਚੰਦਰ ਬੋਸ ਦੀ ਸੋਚ ’ਤੇ ਚੱਲਣਾ ਚਾਹੀਦਾ ਸੀ ਤਾਂ ਉਨ੍ਹਾਂ ਨੂੰ ਉਸ ਦੀ ਸੋਚ ਨਾਲ ਸਬੰਧਿਤ ਉਪਰੋਕਤ ਤੱਥ ਵੀ ਲੋਕਾਂ ਨੂੰ ਦੱਸਣੇ ਚਾਹੀਦੇ ਹਨ। ਸਾਰੀ ਦੁਨੀਆ ਜਾਣਦੀ ਹੈ ਕਾਂਗਰਸ ਵਿਚ ਜਵਾਹਰਲਾਲ ਨਹਿਰੂ ਅਤੇ ਸੁਭਾਸ਼ ਖੱਬੇ-ਪੱਖੀ ਸੋਚ ਵਾਲੇ ਨੌਜਵਾਨਾਂ ਦੇ ਆਗੂ ਸਨ। ਸੁਭਾਸ਼ ਦੇ ਗਾਂਧੀ ਨਾਲ ਮੱਤਭੇਦ ਸਨ ਪਰ ਉਸ ਨੇ ਆਜ਼ਾਦ ਹਿੰਦ ਫ਼ੌਜ ਦੇ ਬ੍ਰਿਗੇਡਾਂ ਦੇ ਨਾਂ ਗਾਂਧੀ ਬ੍ਰਿਗੇਡ, ਨਹਿਰੂ ਬ੍ਰਿਗੇਡ ਤੇ ਆਜ਼ਾਦ ਬ੍ਰਿਗੇਡ ਰੱਖੇ। ਅੱਜ ਉਸੇ ਸੁਭਾਸ਼ ਨੂੰ ਨਵੇਂ ਰੂਪ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
        ਨਵੇਂ ਸੋਚ-ਸੰਸਾਰ ਵਿਚ ਲੋਕਾਂ ਦੇ ਹੱਕਾਂ ਦੀ ਗੱਲ ਘੱਟ ਹੁੰਦੀ ਦਿਖਾਈ ਦਿੰਦੀ ਹੈ ਅਤੇ ਫ਼ਰਜ਼ਾਂ ਦੀ ਜ਼ਿਆਦਾ। ਹੱਕ ਅਤੇ ਫ਼ਰਜ਼ ਇਕ ਸਿੱਕੇ ਦੇ ਦੋ ਪਾਸੇ ਹਨ। ਸੰਵਿਧਾਨ ਵਿਚ ਮੌਲਿਕ ਅਧਿਕਾਰਾਂ ਨੂੰ ਬੁਨਿਆਦੀ ਮੰਨਿਆ ਗਿਆ ਹੈ। ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਸੰਵਿਧਾਨ-ਆਧਾਰਿਤ ਰਾਜਾਂ ਦਾ ਆਧਾਰ ਹੁੰਦੀ ਹੈ। ਕੋਈ ਵੀ ਨਾਗਰਿਕ ਆਪਣੇ ਫ਼ਰਜ਼ਾਂ ਤੋਂ ਭੱਜ ਨਹੀਂ ਸਕਦਾ। ਲੋਕਾਂ ਦਾ ਵੱਡਾ ਹਿੱਸਾ ਮਿਹਨਤਕਸ਼ਾਂ ਦਾ ਹੈ। ਉਹ ਮਿਹਨਤ-ਮੁਸ਼ੱਕਤ ਕਰ ਕੇ ਸਮਾਜ ਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਂਦੇ ਹਨ, ਉਨ੍ਹਾਂ ਦੇ ਧੀ-ਪੁੱਤਰ ਦੇਸ਼ ਦੀਆਂ ਫ਼ੌਜਾਂ ਵਿਚ ਸੈਨਿਕ ਬਣਦੇ ਹਨ, ਉਹ ਹਮੇਸ਼ਾਂ ਕਰਤੱਵਯ ਪਥ ਦੇ ਰਾਹੀ ਰਹੇ ਹਨ। ਸਰਕਾਰ ਸੜਕਾਂ ਤੇ ਚੌਕਾਂ ਦੇ ਕੋਈ ਵੀ ਨਾਂ ਰੱਖ ਸਕਦੀ ਹੈ ਪਰ ਉਸ ਦਾ ਬੁਨਿਆਦੀ ਫ਼ਰਜ਼/ਕਰਤੱਵ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨਾ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਸ ਨਵੇਂ ਸੋਚ-ਸੰਸਾਰ ਦਾ ਮੁਕਾਬਲਾ ਕਰਨ ਲਈ ਅਜਿਹਾ ਬਿਰਤਾਂਤ ਸਿਰਜਣ ਦੀ ਜ਼ਰੂਰਤ ਹੈ ਜੋ ਆਮ ਲੋਕਾਂ ਤਕ ਪਹੁੰਚ ਸਕੇ, ਜੋ ਉਨ੍ਹਾਂ ਨੂੰ ਪ੍ਰਸ਼ਨ ਪੁੱਛਣ ਦੀ ਸਮਰੱਥਾ ਦੇਵੇ ਅਤੇ ਜਮਹੂਰੀਅਤ ਨੂੰ ਮਜ਼ਬੂਤ ਕਰੇ। ਜਮਹੂਰੀ ਤਾਕਤਾਂ ਨੂੰ ਅਜਿਹੇ ‘ਕਰਤੱਵਯ ਪਥ’ ’ਤੇ ਹੀ ਚੱਲਣ ਦੀ ਜ਼ਰੂਰਤ ਹੈ।



ਜਮਹੂਰੀਅਤ ਦੀ ਤਲਾਸ਼ - ਸਵਰਾਜਬੀਰ

ਪਿਛਲੇ ਦਿਨੀਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਗੁਰਦਾਸਪੁਰ ਦੌਰੇ ਦੌਰਾਨ ਹਲਕੇ ਦੇ ਲੋਕ ਸਭਾ ਵਿਚ ਨੁਮਾਇੰਦੇ ਸਨੀ ਦਿਓਲ ਦੀ ਲਗਾਤਾਰ ਗ਼ੈਰਹਾਜ਼ਰੀ ਨੂੰ ਸਹੀ ਠਹਿਰਾਉਣ ਦੇ ਬਿਆਨ ਨੇ ਬਾਕੀ ਲੋਕਾਂ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨੂੰ ਵੀ ਹੈਰਾਨ ਕੀਤਾ ਹੈ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਲੋਕ ਸਭਾ ਨੁਮਾਇੰਦੇ ਦਾ ਮੁੱਖ ਕੰਮ ਦਿੱਲੀ ਵਿਚ ਬਹਿ ਕੇ ਹਲਕੇ ਲਈ ਪ੍ਰਾਜੈਕਟ ਮਨਜ਼ੂਰ ਕਰਵਾਉਣਾ ਹੈ। ਇਹ ਸਹੀ ਹੈ ਕਿ ਲੋਕ ਸਭਾ ਮੈਂਬਰ ਨੂੰ ਆਪਣੇ ਹਲਕੇ ਦੇ ਵਿਕਾਸ ਲਈ ਪ੍ਰਾਜੈਕਟ ਮਨਜ਼ੂਰ ਕਰਵਾਉਣ ਵਿਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਪਰ ਇਸ ਆਧਾਰ ’ਤੇ ਉਸ ਦੀ ਹਲਕੇ ’ਚੋਂ ਗ਼ੈਰਹਾਜ਼ਰੀ ਨੂੰ ਵਾਜਬ ਨਹੀਂ ਦੱਸਿਆ ਜਾ ਸਕਦਾ।
        ਜਮਹੂਰੀਅਤ ਦੀ ਪ੍ਰਕਿਰਿਆ ਸਿਰਫ਼ ਪੰਜ ਸਾਲ ਬਾਅਦ ਵੋਟਾਂ ਪਾਉਣ ਦੀ ਧੁਰੀ ਦੁਆਲੇ ਨਹੀਂ ਘੁੰਮਦੀ। ਇਹ ਨਿੱਤ ਪ੍ਰਤੀ ਦਿਨ ਦੀ ਸਿਆਸਤ ਅਤੇ ਜ਼ਿੰਦਗੀ ਦਾ ਹਿੱਸਾ ਹੈ। ਵਿਧਾਨ ਸਭਾ ਅਤੇ ਲੋਕ ਸਭਾ ਵਿਚ ਲੋਕਾਂ ਦੇ ਨੁਮਾਇੰਦਿਆਂ ਨੂੰ ਸਥਾਨਕ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਹਲਕੇ ਦਾ ਨੁਮਾਇੰਦਾ ਹੋਣ ਕਰਕੇ ਉਹ ਉਨ੍ਹਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਹੁੰਦਾ ਹੈ। ਵਿਕਾਸ ਵੱਡੇ ਵੱਡੇ ਪ੍ਰਾਜੈਕਟ ਲਗਾਉਣ ਤਕ ਸੀਮਤ ਪ੍ਰਕਿਰਿਆ ਨਹੀਂ ਹੈ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਆਪਣੀਆਂ ਸਥਾਨਕ ਸਮੱਸਿਆਵਾਂ ਵੀ ਹੁੰਦੀਆਂ ਹਨ ਅਤੇ ਚੁਣੇ ਹੋਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਉਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣ।
      ਅੱਜ ਦੇ ਸਮਾਜ ਅਤੇ ਰਾਜਤੰਤਰ ਵਿਚ ਜਮਹੂਰੀਅਤ ਬਹੁਤ ਘੱਟ ਹੈ ਅਤੇ ਰਿਸ਼ਵਤਖੋਰੀ, ਨੌਕਰਸ਼ਾਹੀ, ਭ੍ਰਿਸ਼ਟ ਸਿਆਸਤ, ਧਨ ਅਤੇ ਸੱਤਾ ਦੇ ਗੱਠਜੋੜ ਦੀ ਪਕੜ ਦੀ ਸਰਕਾਰੀ, ਗ਼ੈਰ-ਸਰਕਾਰੀ, ਸਮਾਜਿਕ, ਧਾਰਮਿਕ ਅਤੇ ਨਿੱਜੀ ਖੇਤਰ ਸੰਸਥਾਵਾਂ ਵਿਚ ਘੁਣ ਵਰਗੀ ਮੌਜੂਦਗੀ ਨੇ ਇਨ੍ਹਾਂ (ਸੰਸਥਾਵਾਂ) ਨੂੰ ਖੋਖਲਾ ਕਰ ਦਿੱਤਾ ਹੈ। ਇਹ ਸਵਾਲ ਪੁੱਛਣਾ ਬਣਦਾ ਹੈ ਕਿ ਇਹ ਵਰਤਾਰੇ ਪੰਜਾਬ ਵਿਚ ਕਿਵੇਂ ਉੱਭਰੇ, ਇਹ ਪਿਛਲੇ ਕੁਝ ਦਹਾਕਿਆਂ ਦੀ ਦੇਣ ਹਨ ਜਾਂ ਸਾਡੇ ਸਮਾਜ ਵਿਚ ਸਦੀਆਂ ਤੋਂ ਮੌਜੂਦ ਅਜਿਹੀਆਂ ਪ੍ਰਵਿਰਤੀਆਂ ਸਾਡੀ ਸੋਚ-ਸਮਝ ਅਤੇ ਜੀਵਨ-ਜਾਚ ਦਾ ਹਿੱਸਾ ਬਣ ਗਈਆਂ ਹਨ? ਪੰਜਾਬ ਵਿਚ ਵੱਖ ਵੱਖ ਰਾਜੇ-ਮਹਾਰਾਜੇ ਆਪਣੇ ਰਾਜ ਵਿਚ ਜੁਰਮਾਨਾ ਤੇ ਸ਼ੁਕਰਾਨਾ ਵਸੂਲ ਕਰਦੇ ਸਨ। ਜੁਰਮਾਨਾ ਜਾਗੀਰਦਾਰਾਂ, ਅਹਿਲਕਾਰਾਂ, ਈਨ ਮੰਨ ਚੁੱਕੇ ਰਾਜਿਆਂ ਆਦਿ ’ਤੇ ਕਿਸੇ ਗ਼ਲਤੀ ਕਰਨ ’ਤੇ ਲਗਾਇਆ ਜਾਂਦਾ ਸੀ ਅਤੇ ਸ਼ੁਕਰਾਨਾ ਉਹ ਰਕਮ ਤੇ ਤੋਹਫ਼ੇ ਹੁੰਦੇ ਸਨ ਜੋ ਉਹ ਰਾਜੇ-ਮਹਾਰਾਜੇ ਨੂੰ ਕੋਈ ਕੰਮ ਕਰਨ ਬਦਲੇ ਭੇਟ ਕਰਦੇ ਸਨ, ਸ਼ੁਕਰਾਨੇ ਦੀ ਰਕਮ ਤੇ ਤੋਹਫ਼ੇ ਬਹੁਤੀ ਵਾਰ ਉਸ (ਰਾਜੇ-ਮਹਾਰਾਜੇ) ਦੀ ਨਿੱਜੀ ਜਾਇਦਾਦ ਦਾ ਹਿੱਸਾ ਬਣਦੇ ਸਨ। ਉਨ੍ਹਾਂ ਸਮਿਆਂ ਵਿਚ ਰਿਸ਼ਵਤਖੋਰੀ ਜਾਂ ਸ਼ੁਕਰਾਨਾ ਦੇਣ ਦਾ ਰਿਵਾਜ ਏਨਾ ਵਧ ਗਿਆ ਸੀ ਕਿ ਕਈ ਜਾਗੀਰਦਾਰ, ਅਹਿਲਕਾਰ ਅਤੇ ਹੋਰ ਵਿਅਕਤੀ ਰਾਜਿਆਂ-ਮਹਾਰਾਜਿਆਂ ਤੋਂ ਜਾਗੀਰਾਂ ਪਾਉਣ ਜਾਂ ਵਸਾਉਣ ਲਈ ਆਪਣੀਆਂ ਧੀਆਂ ਵੀ ‘ਭੇਟ’ ਕਰ ਦਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਬਾਰੇ ਸੋਹਨ ਲਾਲ ਸੂਰੀ ਦੀ ਪੁਸਤਕ ‘ਉਮਦਾ ਉੱਤਵਾਰੀਖ਼’ ਵਿਚ ਕਈ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਜਦ ਮਹਾਰਾਜੇ ਨੇ ਆਪਣੇ ਅਹਿਲਕਾਰਾਂ ਦੇ ਅਜਿਹੇ ਚਲਨ ਦੇ ਵਰਤਾਰੇ ਫੜੇ, ਉਦਾਹਰਨ ਦੇ ਤੌਰ ’ਤੇ ਇਹ ਵਰਤਾਰਾ ਆਮ ਸੀ ਕਿ ਜਾਗੀਰਦਾਰ ਤੇ ਅਹਿਲਕਾਰਾਂ ਨੂੰ ਨਿਸ਼ਚਿਤ ਗਿਣਤੀ ਵਿਚ ਘੋੜ-ਸਵਾਰ ਅਤੇ ਸੈਨਿਕ ਰੱਖਣ ਲਈ ਕਿਹਾ ਜਾਂਦਾ ਅਤੇ ਇਸ ਲਈ ਉਨ੍ਹਾਂ ਨੂੰ ਖ਼ਜ਼ਾਨੇ ’ਚੋਂ ਰਕਮ ਮਿਲਦੀ ਸੀ, ਜਾਗੀਰਦਾਰ/ਅਹਿਲਕਾਰ ਘੋੜ-ਸਵਾਰ ਤੇ ਸੈਨਿਕ ਤਾਂ ਰੱਖਦੇ ਸਨ ਪਰ ਰੱਖਦੇ ਘੱਟ ਗਿਣਤੀ ਵਿਚ, ਦਿਖਾਏ ਪੂਰੇ ਜਾਂਦੇ।
      ਅੰਗਰੇਜ਼ਾਂ ਦੀ ਸ਼ਰਨ ਵਿਚ ਜਾਣ ਵਾਲੇ ਰਾਜੇ-ਰਜਵਾੜਿਆਂ ਵਿਚ ਪਰਿਵਾਰਵਾਦ ਅਤੇ ਰਿਸ਼ਵਤਖੋਰੀ ਸਿਖ਼ਰਾਂ ’ਤੇ ਸਨ। ਮੁਨਸ਼ੀ ਪ੍ਰੇਮ ਚੰਦ ਨੇ ਭਾਰਤ ਦੇ ਅਜਿਹੇ ਰਾਜਿਆਂ ਬਾਰੇ ਲਿਖਿਆ ਹੈ ਕਿ ਅੰਗਰੇਜ਼ਾਂ ਦੀ ਪ੍ਰਭੂਸੱਤਾ ਸਵੀਕਾਰ ਕਰਨ ਤੋਂ ਬਾਅਦ ਉਨ੍ਹਾਂ ਕੋਲ ਨਿੱਜੀ ਅੱਯਾਸ਼ੀ ਤੋਂ ਬਿਨਾਂ ਜਿਊਣ ਲਈ ਕੋਈ ਹੋਰ ਜੀਵਨ-ਰਾਹ ਨਹੀਂ ਸੀ ਬਚੀ। ਕਹਾਣੀ ‘ਸ਼ਤਰੰਜ ਕੇ ਖਿਲਾੜੀ’ ਇਸੇ ਰੁਝਾਨ ਨੂੰ ਹੀ ਪ੍ਰਗਟਾਉਂਦੀ ਹੈ।
      ਪੁਰਾਣੇ ਸਮਿਆਂ ਵਿਚ ਰਾਜੇ-ਮਹਾਰਾਜੇ ਲੋਕਾਂ ਦੇ ਜੀਵਨ ਨਾਲ ਖੇਡਦੇ ਸਨ, ਹੁਣ ਸਿਆਸਤਦਾਨ ਤੇ ਅਧਿਕਾਰੀ ਖੇਡਦੇ ਹਨ। ਉਹ ਸਿਆਸੀ ਸ਼ਤਰੰਜ ਦੇ ਨਵੇਂ ਖਿਡਾਰੀ ਹਨ, ਉਹ ਜਮਹੂਰੀ ਪ੍ਰਕਿਰਿਆ ਰਾਹੀਂ ਹੋਂਦ ਵਿਚ ਆਉਂਦੇ ਹਨ ਪਰ ਉਨ੍ਹਾਂ ਦਾ ਪੂਰਾ ਜ਼ੋਰ ਜਮਹੂਰੀਅਤ ਨੂੰ ਢਾਹ ਲਗਾਉਣ ’ਤੇ ਲੱਗਦਾ ਹੈ। ਉਨ੍ਹਾਂ ਦਾ ਜਾਗੀਰਦਾਰੀ ਰਵੱਈਆ ਉਨ੍ਹਾਂ ਨਾਲ ਮੌਜੂਦ ਲਾਮ-ਲਸ਼ਕਰ ਅਤੇ ਉਨ੍ਹਾਂ ਨਾਲ ਜੁੜੇ ਪਰਿਵਾਰਵਾਦ ਤੇ ਰਿਸ਼ਵਤਖੋਰੀ ਦੇ ਵਰਤਾਰਿਆਂ ਤੋਂ ਪ੍ਰਤੱਖ ਝਲਕਦਾ ਹੈ। ਲੋਕ ਉਨ੍ਹਾਂ ਤੋਂ ਆਪਣੇ ਸਮਾਜ ਤੇ ਸਰਕਾਰ ਵਿਚ ਜਮਹੂਰੀ ਤਬਦੀਲੀਆਂ ਅਤੇ ਸੁਧਾਰ ਲਿਆਉਣ ਦੀ ਆਸ ਰੱਖਦੇ ਹਨ ਪਰ ਉਹ ਆਪਣੀ ਹਉਮੈ, ਧਨ-ਪ੍ਰਾਪਤੀ ਅਤੇ ਸੱਤਾ ਪ੍ਰਾਪਤ ਕਰਨ ਤੇ ਉਸ ਨੂੰ ਬਣਾਈ ਰੱਖਣ ਦੇ ਮਨਸੂਬਿਆਂ ਵਿਚ ਗ੍ਰਸਤ ਰਹਿੰਦੇ ਹਨ।
       ਇਨ੍ਹਾਂ ਵਰਤਾਰਿਆਂ ਨੇ ਸਮਾਜ ਵਿਚ ਵੱਡੀ ਟੁੱਟ-ਭੱਜ ਪੈਦਾ ਕੀਤੀ ਹੈ। ਸਮਾਜ ਆਤਮ-ਮੋਹ ਵਿਚ ਗ੍ਰਸਿਆ ਗਿਆ ਹੈ, ਭਾਈਚਾਰਕ ਸਾਂਝਾਂ ਟੁੱਟੀਆਂ ਹਨ ਅਤੇ ਧਨ-ਪ੍ਰਾਪਤੀ ਜ਼ਿੰਦਗੀ ਦਾ ਇਕੋ ਇਕ ਨਿਸ਼ਾਨਾ ਬਣ ਗਿਆ ਹੈ। ਦਾਨਿਸ਼ਵਰਾਂ, ਅਧਿਆਪਕਾਂ ਤੇ ਸਮਾਜਿਕ ਆਗੂਆਂ ਨੇ ਆਪਣੇ ਫ਼ਰਜ਼ ਤਿਆਗ ਕੇ ਇਸ ਸਿਆਸਤ ਤੇ ਸਮਾਜਿਕ ਸਮਝ ਸਾਹਮਣੇ ਗੋਡੇ ਟੇਕ ਦਿੱਤੇ ਹਨ। ਇਸੇ ਲਈ ਇਹ ਕਿਹਾ ਜਾਂਦਾ ਹੈ ਕਿ ਚੁਣੇ ਹੋਏ ਨੁਮਾਇੰਦੇ ਸਮਾਜ ਦਾ ਅਕਸ ਹੁੰਦੇ ਹਨ, ਲੋਕਾਂ ਨੂੰ ਉਹੀ ਸਰਕਾਰ ਮਿਲਦੀ ਹੈ ਜਿਸ ਦੇ ਉਹ ਯੋਗ/ਅਧਿਕਾਰੀ ਹੁੰਦੇ ਹਨ।
       ਉਪਰੋਕਤ ਦ੍ਰਿਸ਼ ਨਿਰਾਸ਼ ਕਰ ਦੇਣ ਵਾਲਾ ਹੈ। ਜਮਹੂਰੀਅਤ ਸਦੀਆਂ ਤੋਂ ਲੋਕਾਈ ਦਾ ਆਦਰਸ਼ ਰਿਹਾ ਹੈ। ਸਾਡੇ ਗੁਰੂਆਂ, ਰਹਿਬਰਾਂ, ਚਿੰਤਕਾਂ, ਸ਼ਾਇਰਾਂ, ਸਭ ਦੇ ਉਪਦੇਸ਼ਾਂ ਅਤੇ ਰਚਨਾਵਾਂ ਵਿਚ ਸਮਾਜਿਕ ਬਰਾਬਰੀ ਦੀ ਤਲਾਸ਼ ਉੱਭਰ ਕੇ ਸਾਹਮਣੇ ਆਉਂਦੀ ਹੈ। ਸਮਾਜਿਕ ਬਰਾਬਰੀ ਤੇ ਜਮਹੂਰੀਅਤ ਇਕੋ ਸਿੱਕੇ ਦੇ ਦੋ ਪਾਸੇ ਹਨ, ਇਕ ਤੋਂ ਬਿਨਾਂ ਦੂਸਰੇ ਦੀ ਹੋਂਦ ਸੰਭਵ ਨਹੀਂ। ਇਸ ਸਮੇਂ ਅਸੀਂ ਅਜਿਹੀ ਇਤਿਹਾਸਕ-ਸਮਾਜਿਕ ਸਮੱਸਿਆ ਦੇ ਰੂਬਰੂ ਹਾਂ ਜਿਸ ’ਚੋਂ ਨਿਕਲਣਾ ਮੁਸ਼ਕਲ ਪ੍ਰਤੀਤ ਹੋ ਰਿਹਾ ਹੈ। ਸਾਡਾ ਸਮਾਜ ਅਤੇ ਉਸ ਦੀ ਸਮੂਹਿਕ ਸੋਚ ਅੱਜ ਵੀ ਸਮਾਜਿਕ ਨਾਬਰਾਬਰੀ ਦੀ ਕਾਇਲ ਹੈ, ਨਾਬਰਾਬਰੀ ਦੀ ਸੋਚ ਵਿਚ ਗ੍ਰਸਿਆ ਸਮਾਜ ਜਮਹੂਰੀ ਆਗੂ ਕਿਵੇਂ ਪੈਦਾ ਕਰ ਸਕਦਾ ਹੈ? ਉਹ ਵਾਰ ਵਾਰ ਉੱਤੋਂ ਥੋਪੇ ਆਗੂਆਂ ਜਾਂ ਮਸ਼ਹੂਰ ਵਿਅਕਤੀਆਂ ਦੀ ਝੋਲੀ ਵਿਚ ਡਿੱਗਦਾ ਆਪਣੀਆਂ ਕੋਤਾਹੀਆਂ ਦਾ ਫ਼ਲ ਭੁਗਤਦਾ ਹੈ। ਬਾਬਾ ਨਾਨਕ ਜੀ ਦਾ ਕਥਨ ਹੈ, ‘‘ਸਹੁ ਵੇ ਜੀਆ ਅਪਣਾ ਕੀਆ।।’’ ਭਾਵ ‘ਸਹਾਰ ਮੇਰੀ ਜਿੰਦੜੀਏ, ਆਪਣੇ ਅਮਲਾਂ ਦੇ ਫ਼ਲ’।
       ਜਮਹੂਰੀਅਤ ਕੀ ਹੈ? ਕਾਵਿਕ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪਿੰਡ ਦੀ ਜੂਹ ਵਿਚ ਨੰਗੇ ਪੈਰ ਤੁਰੀ ਜਾਂਦੀ ਕੁੜੀ ਦੀਆਂ ਅੱਖਾਂ ਵਿਚ ਜ਼ਿੰਦਗੀ ਨੂੰ ਆਤਮ-ਸਨਮਾਨ ਤੇ ਆਪਣੀ ਮਰਜ਼ੀ ਨਾਲ ਜਿਊਣ ਦੀ ਕਸਕ ਹੈ, ਸ਼ਹਿਰ ਦੇ ਗੰਦ ’ਚੋਂ ਕਬਾੜ ਚੁਗਦੇ ਮੁੰਡੇ ਦੇ ਹੱਥਾਂ ਵਿਚ ਇੱਜ਼ਤ ਨਾਲ ਦੋ ਬੁਰਕੀਆਂ ਅੰਨ ਖਾਣ ਦੀ ਲਲਕ, ਬਿਰਧ-ਆਸ਼ਰਮ ਵਿਚ ਰਹਿ ਰਹੇ ਬਜ਼ੁਰਗ ਦੇ ਮਨ ਵਿਚ ਆਪਣੇ ਘਰ ਪਰਤਣ ਦੀ ਲਾਲਸਾ। ਜਮਹੂਰੀਅਤ ਸਮਾਜਿਕ ਬਰਾਬਰੀ, ਸ਼ਮੂਲੀਅਤ ਅਤੇ ਆਤਮ-ਸਨਮਾਨ ਵਾਲੀ ਜੀਵਨ-ਜਾਚ ਦੀ ਬੁਨਿਆਦ ਰੱਖਣ ਵਾਲੀ ਸੋਚ-ਸਮਝ ਹੈ। ਅਸੀਂ ਇਸ ਦੀ ਤਲਾਸ਼ ਕਰਦੇ ਹਾਂ ਤੇ ਇਹ ਸਾਡੇ ਤੋਂ ਦੂਰ ਹੋਈ ਜਾਂਦੀ ਹੈ। ਸਿਆਸੀ ਦੁਨੀਆ ਵਿਚ ਇਹ (ਜਮਹੂਰੀਅਤ) ਲੋਕ-ਨੁਮਾਇੰਦਗੀ ਦੇ ਅਸੂਲ ਤੇ ਜਮਹੂਰੀ ਸੰਸਥਾਵਾਂ ਦੇ ਸਿਰ ’ਤੇ ਜਿਊਂਦੀ ਹੈ। ਸਿਆਸੀ ਖੇਤਰ ਤੋਂ ਬਾਹਰ ਇਸ ਨੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਜਿਨ੍ਹਾਂ ਵਿਚ ਪਰਿਵਾਰ, ਪੂਜਾ ਅਸਥਾਨ, ਵਿੱਦਿਅਕ ਅਦਾਰੇ, ਨਿਆਂ-ਪ੍ਰਣਾਲੀ ਅਤੇ ਜਨ-ਅੰਦੋਲਨ ਸ਼ਾਮਲ ਹਨ, ਵਿਚ ਪਣਪਣਾ ਤੇ ਵਿਗਸਣਾ ਹੁੰਦਾ ਹੈ।
       ਪੰਜਾਬ ਦੇ ਬਹੁਤ ਘੱਟ ਨੁਮਾਇੰਦਿਆਂ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਜਾਂ ਰਾਜ ਸਭਾ ਵਿਚ ਉਠਾਇਆ ਹੈ। ਸਿਆਸੀ ਆਗੂਆਂ ਦਾ ਲੋਕਾਂ ਨਾਲ ਨਾਤਾ ਵੋਟਾਂ ਪ੍ਰਾਪਤ ਕਰਨ ਅਤੇ ਕੁਝ ਬਾਰਸੂਖ਼ ਬੰਦਿਆਂ/ਪਰਿਵਾਰਾਂ ਦੇ ਕੰਮ ਕਰਵਾਉਣ ਤਕ ਸੀਮਤ ਹੋ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਕੋਈ ਵੱਡੀ ਭੂਮਿਕਾ ਨਹੀਂ ਸੀ ਨਿਭਾਈ। ਹੁਣ ਵੀ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀ ਖੇਤਰ ਵੱਡੇ ਸੰਕਟ ਵਿਚ ਹੈ ਅਤੇ ਕਿਸਾਨ-ਮਜ਼ਦੂਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਹਨ। ਝੋਨੇ ਦੀ ਖੇਤੀ ਪੰਜਾਬ ਦੇ ਵੱਡੇ ਹਿੱਸੇ ਨੂੰ ਬੰਜਰ ਬਣਾਉਣ ਵੱਲ ਵਧ ਰਹੀ ਹੈ। ਸੂਬੇ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਨਾ ਹੋਣ ਕਰਕੇ ਵਿਦਿਆਰਥੀ ਧੜਾ-ਧੜ ਵਿਦੇਸ਼ਾਂ ਨੂੰ ਜਾ ਰਹੇ ਹਨ।
        ਲੋਕ ਸਭਾ ਭਾਰਤੀ ਜਮਹੂਰੀਅਤ ਦੀ ਸ਼੍ਰੋਮਣੀ ਸੰਸਥਾ ਹੈ। ਇਸ ਦਾ ਕੰਮ ਦੇਸ਼ ਦੇ ਲੋਕਾਂ ਲਈ ਕਾਨੂੰਨ ਬਣਾਉਣਾ, ਸਰਕਾਰ ਦੀ ਜਵਾਬਦੇਹੀ ਨਿਸ਼ਚਿਤ ਕਰਨਾ, ਬਜਟ ਪਾਸ ਕਰਨਾ ਅਤੇ ਦੇਸ਼ ਦੇ ਅਹਿਮ ਮੁੱਦਿਆਂ ਬਾਰੇ ਵਿਚਾਰ ਕਰਨਾ ਹੈ। ਜ਼ਰੂਰਤ ਹੈ ਕਿ ਤਜਰਬੇਕਾਰ ਸਿਆਸਤਦਾਨ ਅਤੇ ਸਿਆਸਤ ਨੂੰ ਪੂਰਾ ਸਮਾਂ ਦੇ ਸਕਣ ਵਾਲੇ ਆਗੂ ਇਸ ਸਦਨ ਵਿਚ ਲੋਕਾਂ ਦੀ ਨੁਮਾਇੰਦਗੀ ਕਰਨ। ਲੋਕ ਸਭਾ ਇਕ ਇਮਾਰਤ ਦਾ ਨਾਂ ਨਹੀਂ ਹੈ, ਇਹ ਇਕ ਵਿਚਾਰ, ਇਕ ਹਕੀਕਤ ਤੇ ਜਮਹੂਰੀਅਤ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੀ ਸੰਸਥਾ ਹੈ। ਗੁਰਦਾਸਪੁਰ ਦੇ ਲੋਕਾਂ ਨੂੰ ਇਹ ਪੁੱਛਣ ਦਾ ਹੱਕ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਨੇ ਪੰਜਾਬ ਅਤੇ ਗੁਰਦਾਸਪੁਰ ਦੇ ਕਿਹੜੇ ਮੁੱਦੇ ਲੋਕ ਸਭਾ ਵਿਚ ਉਠਾਏ ਅਤੇ ਉਸ ਦੇ ਉਨ੍ਹਾਂ ਸਮੱਸਿਆਵਾਂ, ਜਿਨ੍ਹਾਂ ਦਾ ਸਾਹਮਣਾ ਪੰਜਾਬ ਤੇ ਖ਼ਾਸ ਕਰਕੇ ਹਲਕੇ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ, ਬਾਰੇ ਕੀ ਵਿਚਾਰ ਹਨ। ਇਹ ਵਿਚਾਰ ਉਦੋਂ ਹੀ ਜਾਣੇ ਜਾ ਸਕਦੇ ਸਨ ਜਦੋਂ ਸਬੰਧਿਤ ਐੱਮਪੀ ਹਲਕੇ ਵਿਚ ਆਏ ਤੇ ਲੋਕਾਂ ਨੂੰ ਮਿਲੇ। ਲੋਕ-ਨੁਮਾਇੰਦਿਆਂ ਦੀ ਆਪਣੇ ਹਲਕਿਆਂ ਵਿਚੋਂ ਗ਼ੈਰਹਾਜ਼ਰੀ ਜਮਹੂਰੀ ਪ੍ਰਕਿਰਿਆ ਨੂੰ ਠੇਸ ਪਹੁੰਚਾਉਂਦੀ ਹੈ। ਇਹ ਗੱਲ ਸੰਨੀ ਦਿਓਲ ’ਤੇ ਹੀ ਨਹੀਂ ਸਗੋਂ ਹੋਰ ਹਲਕਿਆਂ ਦੇ ਨੁਮਾਇੰਦਿਆਂ ’ਤੇ ਵੀ ਲਾਗੂ ਹੁੰਦੀ ਹੈ।
      ਸਿਆਸਤ ਵਿਚ ਲੋਕਾਂ ਦੇ ਨੁਮਾਇੰਦਿਆਂ ਦੀ ਜਵਾਬਦੇਹੀ ਤੈਅ ਕਰਨ ਲਈ ਲੋਕਾਂ ਦੇ ਸਜੀਵ ਦਖ਼ਲ ਦੀ ਜ਼ਰੂਰਤ ਹੈ। ਜਮਹੂਰੀਅਤ ਦੀ ਤਲਾਸ਼ ਹੀ ਜਮਹੂਰੀਅਤ ਦਾ ਆਧਾਰ ਹੈ। ਇਸ ਤਲਾਸ਼ ਵਿਚ ਲਗਾਤਾਰਤਾ ਹੋਣੀ ਜ਼ਰੂਰੀ ਹੈ। ਪਰਿਵਾਰਾਂ ਤੇ ਸਮਾਜ ਤੋਂ ਲੈ ਕੇ ਜਨ-ਅੰਦੋਲਨਾਂ ਤਕ, ਧਾਰਮਿਕ ਅਸਥਾਨਾਂ ਤੋਂ ਲੈ ਕੇ ਨਿਆਂਪਾਲਿਕਾ ਤਕ, ਗ੍ਰਾਮ ਸਭਾਵਾਂ ਤੋਂ ਸ਼ੁਰੂ ਹੋ ਕੇ ਲੋਕ ਸਭਾ ਤਕ, ਹਰ ਵਰਤਾਰੇ, ਥਾਂ ਅਤੇ ਸੰਸਥਾ ਵਿਚ ਜਮਹੂਰੀ ਪ੍ਰਕਿਰਿਆ ਦੀ ਧੜਕਣ ਸੁਣਾਈ ਦੇਣੀ ਚਾਹੀਦੀ ਹੈ, ਜਮਹੂਰੀਅਤ ਤਾਂ ਹੀ ਸੰਭਵ ਹੈ।

ਮੀਡੀਆ ਦਾ ਬਦਲ ਰਿਹਾ ਸੰਸਾਰ  - ਸਵਰਾਜਬੀਰ


ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ, ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ, ਸੋਸ਼ਲ ਮੀਡੀਆ, ਰਸਾਲੇ ਭਾਵ ਮੀਡੀਆ ਦਾ ਸੰਸਾਰ ਵੀ ਤੇਜ਼ੀ ਨਾਲ ਬਦਲਿਆ ਤੇ ਬਦਲ ਰਿਹਾ ਹੈ। ਸਾਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਆਜ਼ਾਦ ਮੰਡੀ ਸਭ ਸਮੱਸਿਆਵਾਂ ਦਾ ਹੱਲ ਹੈ : ਅਸੀਂ ਸਿਰਫ਼ ਕਮਾਈ ਕਰਨੀ, ਚੀਜ਼ਾਂ/ਵਸਤਾਂ ਖ਼ਰੀਦਣੀਆਂ, ਕਿਸ਼ਤਾਂ ਤਾਰਨੀਆਂ ਅਤੇ ਮੌਜ-ਮੇਲਾ ਕਰਨਾ ਹੈ, ਕੋਈ ਸਵਾਲ ਨਹੀਂ ਪੁੱਛਣੇ, ਕੋਈ ਸਿਰ ਪੀੜ ਨਹੀਂ ਝੱਲਣੀ, ਬੱਸ ਆਪਣੀ ਹਸਤੀ ਨੂੰ ਆਜ਼ਾਦ ਮੰਡੀ ਵਿਚ ਪੇਸ਼ ਕਰ ਦੇਣਾ ਹੈ, ਉਸ (ਹਸਤੀ) ਦਾ ਕੀ ਬਣੇਗਾ, ਇਹ ਕੋਈ ਨਹੀਂ ਜਾਣਦਾ। ਅਜਿਹੇ ਸਮਿਆਂ ਵਿਚ ਹੀ ਇਹ ਖ਼ਬਰ ਆਈ ਹੈ ਕਿ ਅਡਾਨੀ ਗਰੁੱਪ ਟੈਲੀਵਿਜ਼ਨ ਚੈਨਲ ਐੱਨਡੀਟੀਵੀ (NDTV) ਖ਼ਰੀਦਣ ਵਾਲਾ ਹੈ।
        ਖ਼ਰੀਦ-ਵਿਕਰੀ ਮੰਡੀ ਦਾ ਅਸੂਲ ਹੈ, ਜਦੋਂ ਕੋਈ ਵਸਤ ਮੰਡੀ ਵਿਚ ਆਉਂਦੀ ਹੈ ਤਾਂ ਕੋਈ ਉਸ ਨੂੰ ਵੇਚਣ ਵਾਲਾ ਹੁੰਦਾ ਹੈ ਅਤੇ ਕੋਈ ਖ਼ਰੀਦਣ ਵਾਲਾ। ਅੱਜ ਦੁਨੀਆ ਦੀ ਹਰ ਵਸਤ ਮੰਡੀ ਵਿਚ ਹੈ। ਜੇ ਕੋਈ ਇਹ ਸਮਝਦਾ ਹੈ ਕਿ ਉਹ ਕਿਸੇ ਵਸਤ ਜਾਂ ਜਾਇਦਾਦ ਦਾ ਹਮੇਸ਼ਾਂ ਲਈ ਮਾਲਕ ਹੈ ਤਾਂ ਉਸ ਦੀ ਸੋਚ ਗ਼ਲਤ ਹੈ, ਉਹ ਵੇਚਣ ਤੋਂ ਇਨਕਾਰ ਕਰ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਸ ਦੇ ਇਨਕਾਰ ਨੂੰ ਸਵੀਕਾਰ ਕਰ ਲਿਆ ਜਾਵੇਗਾ। ਮੰਡੀ ਵਿਚ ਅਜਿਹੀਆਂ ਤਾਕਤਾਂ ਮੌਜੂਦ ਹਨ ਜਿਹੜੀਆਂ ਜਦੋਂ ਕੁਝ ਖ਼ਰੀਦਣ ਦਾ ਤਹੱਈਆ ਕਰ ਲੈਣ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ, ਉਨ੍ਹਾਂ ਕੋਲ ਸਰਮਾਇਆ ਵੀ ਹੁੰਦਾ ਹੈ ਅਤੇ ਸੱਤਾ ਦੀ ਤਾਕਤ ਵੀ। ਮੰਡੀ ਦੀਆਂ ਇਹ ਸ਼ਕਤੀਆਂ ਅਜਿਹੇ ਹਾਲਾਤ ਬਣਾ ਸਕਦੀਆਂ ਹਨ ਜਿਨ੍ਹਾਂ ਕਾਰਨ ਆਪਣੇ ਆਪ ਨੂੰ ਮਾਲਕ ਅਖਵਾਉਣ ਵਾਲੇ ਨੂੰ ਆਖ਼ਰ ਵਿਚ ਆਪਣੀ ਵਸਤ, ਜਾਇਦਾਦ ਜਾਂ ਕੰਪਨੀ ਵੇਚਣੀ ਪੈ ਸਕਦੀ ਹੈ, ਉਸ ਨੂੰ ਪੈਸੇ ਤਾਂ ਮਿਲਣਗੇ ਪਰ ਉਸ ਦੀ ਮਾਲਕੀ ਖ਼ਤਮ ਹੋ ਜਾਵੇਗੀ। ਜੇ ਉਹ ਆਪਣੇ ਹੱਠ ’ਤੇ ਕਾਇਮ ਰਹਿੰਦਾ ਹੈ ਤਾਂ ਉਸ ਦੀ ਕੰਪਨੀ ਨੂੰ ਵਪਾਰਕ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ, ਉਹ ਦੀਵਾਲੀਆ ਵੀ ਹੋ ਸਕਦਾ ਹੈ।
        ਅਮਰੀਕਾ ਦੀ ਟੈਲੀਵਿਜ਼ਨ ਕੰਪਨੀ ‘ਕੇਬਲ ਨਿਊਜ਼ ਨੈੱਟਵਰਕ (ਸੀਐੱਨਐੱਨ)’ ਦੇ ਬਾਨੀ ਟੈੱਡ ਟਰਨਰ ਨੇ ਕਿਹਾ ਸੀ, ‘‘ਅਸੀਂ ਉਦੋਂ ਤਕ ਖ਼ਬਰਾਂ ਦਿੰਦੇ ਰਹਾਂਗੇ ਜਦ ਤਕ ਦੁਨੀਆ ਖ਼ਤਮ ਨਹੀਂ ਹੋ ਜਾਂਦੀ। ਅਸੀਂ ਖ਼ਬਰਾਂ ਦੇਣੀਆਂ ਜਾਰੀ ਰੱਖਾਂਗੇ ਅਤੇ ਦੁਨੀਆ ਦੇ ਅੰਤ ਬਾਰੇ ਵੀ ਖ਼ਬਰਾਂ ਦੇਵਾਂਗੇ, ਜੀਵਾਂਗੇ ਅਤੇ ਉਹ (ਦੁਨੀਆ ਦੇ ਖ਼ਤਮ ਹੋਣ ਬਾਰੇ ਖ਼ਬਰ) ਸਾਡੀ ਅੰਤਿਮ ਖ਼ਬਰ ਹੋਵੇਗੀ।’’ ਇਹੋ ਜਿਹੇ ਦ੍ਰਿੜ੍ਹ ਇਰਾਦੇ ਵਾਲੇ ਦੌਲਤਮੰਦ ਬੰਦੇ ਨੂੰ ਵੀ 1996 ਵਿਚ ਸੀਐੱਨਐੱਨ ਕੰਪਨੀ ਟਾਈਮ ਵਾਰਨਰ ਨਾਂ ਦੀ ਕੰਪਨੀ ਨੂੰ ਵੇਚਣੀ ਪਈ, ਹੁਣ ਇਹ ਚੈਨਲ ਫ਼ਿਲਮਾਂ ਬਣਾਉਣ ਵਾਲੀ ਮਸ਼ਹੂਰ ਕੰਪਨੀ ਵਾਰਨਰ ਬਰਦਰਜ਼ ਦੀ ਮਲਕੀਅਤ ਹੈ। ਟੈੱਡ ਟਰਨਰ ਖ਼ੁਦ ਬੇਹੱਦ ਅਮੀਰ ਆਦਮੀ ਹੈ। ਮੀਡੀਆ ਖੇਤਰ ਵਿਚ ਉਸ ਦਾ ਮੁਕਾਬਲਾ ਕਰਨ ਵਾਲਾ ਰੂਪਰਟ ਮਡਰੋਕ ਅਮਰੀਕਾ ਦੇ ਖ਼ਬਰਾਂ ਦੇਣ ਵਾਲੇ ਸਭ ਤੋਂ ਵੱਡੇ ਟੈਲੀਵਿਜ਼ਨ ਚੈਨਲ ‘ਫਾਕਸ ਨਿਊਜ਼’ ਅਤੇ ਵੱਡੀਆਂ ਅਖ਼ਬਾਰਾਂ ‘ਵਾਲ ਸਟਰੀਟ ਜਰਨਲ’ ਤੇ ‘ਨਿਊਯਾਰਕ ਪੋਸਟ’ ਦਾ ਮਾਲਕ ਹੈ। ਮਡਰੋਕ ਆਸਟਰੇਲੀਆ ਦੇ ਤਿੰਨ ਅਖ਼ਬਾਰਾਂ ‘ਦਿ ਡੇਲੀ ਟੈਲੀਗਰਾਫ਼’, ‘ਦਿ ਆਸਟਰੇਲੀਅਨ’ ਅਤੇ ‘ਹੈਰਾਲਡ ਸਨ’ ਦਾ ਵੀ ਮਾਲਕ ਹੈ। ਦੁਨੀਆ ਦਾ ਦੂਸਰਾ ਸਭ ਤੋਂ ਅਮੀਰ ਸ਼ਖ਼ਸ ਤੇ ਐਮੇਜ਼ਨ ਕੰਪਨੀ ਦਾ ਬਾਨੀ ਜੈਫਰੀ ਬੈਜ਼ੋਸ ਮਸ਼ਹੂਰ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਦਾ ਮਾਲਕ ਹੈ। ‘ਮੰਥਲੀ ਰੀਵਿਊ’ ਦੇ ਕਾਰਜਕਾਰੀ ਸੰਪਾਦਕ ਰਾਬਰਟ ਮਚੈਸਨੀ ਅਨੁਸਾਰ ਦੁਨੀਆ ਦੀ ਮੀਡੀਆ ਮੰਡੀ ’ਤੇ ਇਨ੍ਹਾਂ ਸੱਤ ਵੱਡੀਆਂ ਬਹੁਕੌਮੀ ਕੰਪਨੀਆਂ ਦਾ ਗ਼ਲਬਾ ਹੈ : ਡਿਜ਼ਨੀ, ਏਓਐੱਲ-ਟਾਈਮ ਵਾਰਨਰ, ਸੋਨੀ, ਨਿਊਜ਼ਕਾਰਪ, ਵਾਇਕੌਮ, ਵਾਈਵੈਡੀ ਅਤੇ ਬਰਟਲਸਮੈਨ। ਮਚੈਸਨੀ ਅਨੁਸਾਰ ਮਡਰੋਕ ਦੀ ਕੰਪਨੀ ਨਿਊਜ਼ਕਾਰਪ (News Corp) ਆਲਮੀ ਪੱਧਰ ’ਤੇ ਛੋਟੀਆਂ ਮੀਡੀਆ ਕੰਪਨੀਆਂ ਨੂੰ ਹਜ਼ਮ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਹੈ ਜਿਸ ਕੋਲ 130 ਅਖ਼ਬਾਰਾਂ, ਕਈ ਟੀਵੀ ਚੈਨਲਾਂ, ਪ੍ਰਕਾਸ਼ਨ ਅਦਾਰਿਆਂ, ਫ਼ਿਲਮ ਬਣਾਉਣ ਵਾਲੀਆਂ ਕੰਪਨੀਆਂ, ਪੇਸ਼ਾਵਰ ਖਿਡਾਰੀ ਟੀਮਾਂ ਆਦਿ ਦੀ ਮਾਲਕੀ ਹੈ।
       ਜੋ ਕੁਝ ਵਿਸ਼ਵ ਮੰਡੀ ਵਿਚ ਹੁੰਦਾ ਹੈ, ਅਜਿਹਾ ਕੁਝ ਹੀ ਦੇਸ਼ ਦੀਆਂ ਅੰਦਰੂਨੀ ਮੰਡੀਆਂ ਵਿਚ ਵਾਪਰਦਾ ਹੈ। ਛੋਟੀਆਂ ਫਰਮਾਂ ਮੱਧ ਦਰਜੇ ਦੀਆਂ ਫਰਮਾਂ ਸਾਹਮਣੇ ਬੇਵੱਸ ਹੋ ਜਾਂਦੀਆਂ ਹਨ, ਵੱਡੀਆਂ ਫਰਮਾਂ ਮੱਧ ਦਰਜੇ ਦੀਆਂ ਫਰਮਾਂ ਨੂੰ ਹਜ਼ਮ ਕਰਦੀਆਂ ਅਤੇ ਫਿਰ ਅਤਿਅੰਤ ਵੱਡੀਆਂ ਫਰਮਾਂ ਵੱਡੀਆਂ ਫਰਮਾਂ ਨੂੰ ਨਿਗਲ ਜਾਂਦੀਆਂ ਹਨ। ਭਾਰਤੀ ਮੀਡੀਆ ਦੇ ਵੱਡੇ ਹਿੱਸੇ ’ਤੇ ਕਾਰਪੋਰੇਟ ਅਦਾਰਿਆਂ ਦੀ ਮਾਲਕੀ ਹੈ। ਜਿਹੜਾ ਹਿੱਸਾ ਕਾਰਪੋਰੇਟ ਅਦਾਰਿਆਂ ਤੋਂ ਬਾਹਰ ਹੈ, ਉਸ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਰੁਣਾ ਆਸਿਫ਼ ਅਲੀ ਜਿਹੀ ਕੱਦਾਵਰ ਦੇਸ਼ ਭਗਤ ਦੁਆਰਾ ਸਥਾਪਿਤ ਕੀਤੇ ਅਤੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਖੱਬੇ-ਪੱਖੀ ਅਖਵਾਉਣ ਵਾਲੇ ਅਖ਼ਬਾਰ ‘ਦਿ ਪੈਟਰੀਆਟ’ ਨੂੰ ਕਈ ਵਰ੍ਹੇ ਪਹਿਲਾਂ ਇਕ ਕਾਰਪੋਰੇਟ ਘਰਾਣੇ ਨੇ ਖ਼ਰੀਦ ਲਿਆ ਸੀ।
       ਦਲੀਲ ਦਿੱਤੀ ਜਾਂਦੀ ਹੈ ਕਿ ਮੀਡੀਆ ਵਿਚ ਜਨਤਕ ਜਾਂ ਸਰਕਾਰੀ ਦਖ਼ਲ ਹਾਲਾਤ ਵਿਚ ਸੁਧਾਰ ਲਿਆ ਸਕਦਾ ਹੈ, ਜ਼ਰੂਰ ਲਿਆ ਸਕਦਾ ਹੈ ਜੇ ਸਰਕਾਰਾਂ ਦਾ ਮਕਸਦ ਇਹ ਹੋਵੇ ਕਿ ਦੇਸ਼ ਵਿਚ ਖ਼ੁਦਮੁਖ਼ਤਿਆਰੀ ਵਾਲੇ ਆਜ਼ਾਦ ਮੀਡੀਆ ਦੀ ਹਸਤੀ ਕਾਇਮ ਕਰਨੀ ਹੈ ਜਿਹੜਾ ਲੋਕ-ਹਿੱਤਾਂ ਦੀ ਗੱਲ ਕਰੇ ਅਤੇ ਜਵਾਬਦੇਹ ਤੇ ਨਿਰਪੱਖ ਹੋਵੇ ਪ੍ਰੰਤੂ ਅਕਸਰ ਅਜਿਹਾ ਨਹੀਂ ਹੁੰਦਾ। ਸਰਕਾਰਾਂ ਨੇ ਜਨਤਕ ਖੇਤਰ ਵਿਚ ਪੈਸਾ ਲਗਾਇਆ, ਖ਼ਾਸ ਕਰ ਕੇ ਰੇਡੀਉ ਤੇ ਟੈਲੀਵਿਜ਼ਨ ਦੀਆਂ ਸਨਅਤਾਂ ਸਰਕਾਰੀ ਪੈਸੇ ਦੇ ਸਿਰ ਕਾਇਮ ਹੋਈਆਂ, ਇਨ੍ਹਾਂ ਦਾ ਕਿਰਦਾਰ ਥੋੜ੍ਹੀ ਦੇਰ ਤਕ ਤਾਂ ਜਨਤਕ ਅਤੇ ਲੋਕ-ਹਿੱਤ ਵਾਲਾ ਰਿਹਾ ਪਰ ਕੁਝ ਦੇਸ਼ਾਂ ਤੋਂ ਇਲਾਵਾ ਬਹੁਤਿਆਂ ਵਿਚ ਸਰਕਾਰਾਂ ਨੇ ਇਨ੍ਹਾਂ ਨੂੰ ਪ੍ਰਚਾਰ ਦੇ ਸੰਦ ਬਣਾ ਲਿਆ। ਲੋਕਾਂ ਦਾ ਉਨ੍ਹਾਂ ਵਿਚ ਕੋਈ ਵਿਸ਼ਵਾਸ ਨਾ ਰਿਹਾ ਪਰ ਸ਼ਾਸਕਾਂ ਨੇ ਕਦੇ ਇਸ ਬਾਰੇ ਸ਼ਰਮ ਮਹਿਸੂਸ ਨਹੀਂ ਕੀਤੀ, ਉਨ੍ਹਾਂ ਨੇ ਲੋਕਾਂ ਦੇ ਪੈਸੇ ’ਤੇ ਚੱਲਦੇ ਮੀਡੀਆ ਅਦਾਰਿਆਂ ਨੂੰ ਲੋਕ-ਹਿੱਤ ਲਈ ਨਹੀਂ ਸਗੋਂ ਆਪਣੇ ਪਾਰਟੀ-ਹਿੱਤਾਂ ਲਈ ਵਰਤਿਆ। ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਇਹ ਵਰਤਾਰਾ ਵੱਡੇ ਪੱਧਰ ’ਤੇ ਵਾਪਰਿਆ, ਵਿਕਸਿਤ ਦੇਸ਼ਾਂ ਵਿਚ ਵੀ ਅਜਿਹਾ ਹੋਇਆ।
        ਜਨਤਕ ਖੇਤਰ ਵਿਚ ਆਜ਼ਾਦ ਤੇ ਖ਼ੁਦਮੁਖ਼ਤਿਆਰ ਰੇਡੀਉ ਤੇ ਟੈਲੀਵਿਜ਼ਨ ਅਦਾਰਿਆਂ ਦੀ ਮਿਸਾਲ ਦਿੰਦਿਆਂ ਆਮ ਕਰ ਕੇ ਬ੍ਰਿਟਿਸ਼ ਬਰਾਡਕਾਸਟਿੰਗ ਕੰਪਨੀ (ਬੀਬੀਸੀ) ਅਤੇ ਹਾਲੈਂਡ, ਸਵੀਡਨ, ਡੈਨਮਾਰਕ, ਫਿਨਲੈਂਡ ਆਦਿ ਦੇਸ਼ਾਂ ਦੇ ਮੀਡੀਆ-ਪ੍ਰਬੰਧਾਂ ਦੀ ਗੱਲ ਕੀਤੀ ਜਾਂਦੀ ਹੈ। ਬੀਬੀਸੀ ਦੀ ਕਹਾਣੀ ਧਿਆਨ ਦੇਣ ਯੋਗ ਹੈ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਤੇ ਵੱਡਾ ਕੌਮੀ ਪ੍ਰਸਾਰਕ (National Broadcaster) ਹੈ। 1922 ਵਿਚ ਨਿੱਜੀ ਖੇਤਰ ਦੇ ਅਦਾਰੇ ਵਜੋਂ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ 1926 ਵਿਚ ਜਨਤਕ ਖੇਤਰ ਦਾ ਅਦਾਰਾ ਬਣਾਉਣ ਵਿਚ ਇੰਗਲੈਂਡ ਦੇ ਡਾਕਖ਼ਾਨਾ ਪ੍ਰਬੰਧ ‘ਜਨਰਲ ਪੋਸਟ ਆਫ਼ਿਸ (ਜੀਪੀਓ)’ ਨੇ ਵੱਡਾ ਹਿੱਸਾ ਪਾਇਆ ਕਿਉਂਕਿ ਰੇਡੀਉ ਲਈ ਲਾਈਸੈਂਸ ਡਾਕਖ਼ਾਨਾ-ਪ੍ਰਬੰਧ ਰਾਹੀਂ ਜਾਰੀ ਕੀਤੇ ਜਾਂਦੇ ਸਨ। ਤਤਕਾਲੀਨ ਪੋਸਟ ਮਾਸਟਰ ਜਨਰਲ, ਬੀਬੀਸੀ ਦੇ ਮੁੱਖ ਪ੍ਰਬੰਧਕ ਜੌਹਨ ਰੀਥ ਅਤੇ ਪ੍ਰਧਾਨ ਮੰਤਰੀ ਸਟੈਨਲੇ ਬਾਡਵਿਨ ਨੇ ਇਸ ਵਿਚ ਅਹਿਮ ਭੂਮਿਕਾ ਨਿਭਾਈ। ਕਈ ਸਿਆਸਤਦਾਨ ਇਸ ਨੂੰ ਸਰਕਾਰੀ ਕੰਟਰੋਲ ਵਾਲਾ ਅਦਾਰਾ ਬਣਾਉਣਾ ਚਾਹੁੰਦੇ ਸਨ ਪਰ ਜੌਹਨ ਰੀਥ, ਸਟੈਨਲੇ ਬਾਡਵਿਨ ਅਤੇ ਕੁਝ ਹੋਰ ਇਸ ਨੂੰ ਖ਼ੁਦਮੁਖ਼ਤਿਆਰ ਕਿਰਦਾਰ ਦੇਣਾ ਚਾਹੁੰਦੇ ਸਨ। ਇਸ ਲਈ ਫ਼ੈਸਲਾ ਇਹ ਹੋਇਆ ਕਿ ਦੇਸ਼ ਵਿਚ ਹਰ ਰੇਡੀਉ ਸੈੱਟ ਦੇ ਮਾਲਕ ਨੂੰ ਸਾਲਾਨਾ ਲਾਈਸੈਂਸ ਫ਼ੀਸ ਦੇਣੀ ਪਵੇਗੀ ਜਿਹੜੀ ਬੀਬੀਸੀ ਨੂੰ ਦਿੱਤੀ ਜਾਵੇਗੀ। ਅੱਜ ਵੀ ਬੀਬੀਸੀ ਦਾ ਵੱਡਾ ਖ਼ਰਚਾ ਸਾਲਾਨਾ ਟੈਲੀਵਿਜ਼ਨ ਲਾਈਸੈਂਸ ਫ਼ੀਸਾਂ ਤੋਂ ਨਿਕਲਦਾ ਹੈ, ਹਰ ਟੈਲੀਵਿਜ਼ਨ ਰੱਖਣ ਵਾਲੇ ਨੂੰ ਇਹ ਫ਼ੀਸ ਦੇਣੀ ਪੈਂਦੀ ਹੈ, ਇਸ ਤਰ੍ਹਾਂ ਇੰਗਲੈਂਡ ਦਾ ਲਗਭਗ ਹਰ ਪਰਿਵਾਰ ਬੀਬੀਸੀ ਦਾ ਖ਼ਰਚਾ ਪੂਰਾ ਕਰਨ ਵਿਚ ਹਿੱਸਾ ਪਾਉਂਦਾ ਹੈ। ਇਸ ਪਿੱਛੇ ਇਹ ਭਾਵਨਾ ਕੰਮ ਕਰਦੀ ਹੈ ਕਿ ਬੀਬੀਸੀ ਇੰਗਲੈਂਡ ਦੇ ਲੋਕਾਂ ਦਾ ਅਦਾਰਾ ਹੈ, ਸਰਕਾਰ ਦਾ ਨਹੀਂ। ਇਸ ਦਾ ਪ੍ਰਬੰਧ ਚਲਾਉਣ ਲਈ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਬੀਬੀਸੀ ਬਹੁਤ ਹੱਦ ਤਕ ਆਪਣੀ ਖ਼ੁਦਮੁਖ਼ਤਿਆਰੀ ਕਾਇਮ ਰੱਖਣ ਵਿਚ ਕਾਮਯਾਬ ਰਿਹਾ ਹੈ। ਇੰਗਲੈਂਡ ਇਕ ਸਾਮਰਾਜੀ ਤਾਕਤ ਸੀ ਪਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਉਸ ਦੇਸ਼ ਵਿਚ ਜਮਹੂਰੀਅਤ ਕਾਇਮ ਕਰਨ ਲਈ ਵੱਡੀਆਂ ਲੜਾਈਆਂ ਲੜੀਆਂ ਗਈਆਂ ਸਨ, ਅਜਿਹੇ ਜਮਹੂਰੀ ਵਿਰਸੇ ’ਚੋਂ ਹੀ ਬੀਬੀਸੀ ਹੋਂਦ ਵਿਚ ਆਇਆ। ਡੈਨਮਾਰਕ, ਫਿਨਲੈਂਡ, ਆਈਸਲੈਂਡ, ਆਇਰਲੈਂਡ, ਇਟਲੀ, ਨਾਰਵੇ, ਸਵੀਡਨ, ਨੀਦਰਲੈਂਡ ਅਤੇ ਕਈ ਹੋਰ ਦੇਸ਼ਾਂ ਦੇ ਜਨਤਕ ਪ੍ਰਸਾਰਕਾਂ ਦੀਆਂ ਪ੍ਰਬੰਧ ਪ੍ਰਣਾਲੀਆਂ ਬੀਬੀਸੀ ਵਰਗੀਆਂ ਹਨ, ਉਨ੍ਹਾਂ ਵਿਚ ਵੀ ਖ਼ੁਦਮੁਖ਼ਤਿਆਰੀ ਅਤੇ ਨਿਰਪੱਖਤਾ ਕਾਇਮ ਰੱਖਣ ਦੇ ਯਤਨ ਕੀਤੇ ਗਏ ਹਨ।
       ਅਸੀਂ ਵੀ ਇਕ ਜਮਹੂਰੀਅਤ ਹਾਂ, ਪਰ ਸਾਡਾ ਜਨਤਕ ਅਦਾਰਾ ਪ੍ਰਸਾਰ ਭਾਰਤੀ ਆਪਣੀ ਸਾਖ਼ ਗੁਆ ਚੁੱਕਾ ਹੈ। ਕਿਸੇ ਸਮੇਂ ਆਲ ਇੰਡੀਆ ਰੇਡੀਉ ਅਤੇ ਦੂਰਦਰਸ਼ਨ ਦੀ ਆਪਣੀ ਵਿਲੱਖਣ ਪਛਾਣ ਹੁੰਦੀ ਸੀ ਪਰ ਸਰਕਾਰੀ ਦਖ਼ਲ ਅਤੇ ਸਰਕਾਰੀ ਪ੍ਰਚਾਰ ਦੇ ਸਾਧਨ ਬਣਾਉਣ ਦੀਆਂ ਨੀਤੀਆਂ ਨੇ ਇਨ੍ਹਾਂ ਅਦਾਰਿਆਂ ਨੂੰ ਖੋਖਲੇ ਕਰ ਦਿੱਤਾ ਹੈ।
ਪ੍ਰਮੁੱਖ ਸਵਾਲ ਇਹ ਹੈ ਕਿ ਕੀ ਟੈਲੀਵਿਜ਼ਨ ਚੈਨਲਾਂ ਅਤੇ ਹੋਰ ਮੀਡੀਆ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਇਆ ਜਾ ਸਕਦਾ ਹੈ। ਕਾਰਪੋਰੇਟ-ਸ਼ਕਤੀ ਨੇ ਆਰਥਿਕ ਖੇਤਰ ਦੇ ਨਾਲ ਨਾਲ ਸੱਤਾ ਦੇ ਗਲਿਆਰਿਆਂ ਵਿਚ ਆਪਣੀ ਪਕੜ ਏਨੀ ਮਜ਼ਬੂਤ ਕਰ ਲਈ ਹੈ ਕਿ ਕਾਰਪੋਰੇਟ ਘਰਾਣੇ ਨਿੱਜੀ ਖੇਤਰ ਦੇ ਕਿਸੇ ਵੀ ਅਦਾਰੇ ਨੂੰ ਹਥਿਆਉਣ ਦੀ ਸਮਰੱਥਾ ਰੱਖਦੇ ਹਨ। ਇਹ ਘਰਾਣੇ ਮੀਡੀਆ ’ਤੇ ਕਬਜ਼ਾ ਕਰ ਕੇ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਹ ਲੋਕ-ਮਨ ਅਤੇ ਉਨ੍ਹਾਂ ਦੇ ਸੋਚ-ਸੰਸਾਰ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਉਹ ਬਹੁਤ ਹੱਦ ਤਕ ਅਜਿਹਾ ਕਰਨ ਵਿਚ ਸਫ਼ਲ ਵੀ ਹੋਏ ਹਨ ਜਿਸ ਕਾਰਨ ਸਮਾਜ ਵਿਚ ਅਜਿਹੀਆਂ ਅਲਾਮਤਾਂ ਪੈਦਾ ਹੋਈਆਂ ਹਨ ਜਿਨ੍ਹਾਂ ਨੂੰ ਜੂਲੀਆ ਕ੍ਰਿਸਤੇਵਾ ਨੇ ‘ਰੂਹ ਦੀਆਂ ਨਵੀਆਂ ਬਿਮਾਰੀਆਂ’ ਕਿਹਾ ਹੈ। ਕ੍ਰਿਸਤੇਵਾ ਨੇ ਕਿਹਾ ਸੀ ਕਿ ਮਨੁੱਖ ਅੰਦਰਲੀ ਸਪੇਸ/ਥਾਂ/ਰੂਹ ਗੁਆਚਦੀ ਜਾ ਰਹੀ ਹੈ ਪਰ ਉਹ ਇਸ ਤੋਂ ਅਣਜਾਣ ਹੈ। ਇਸ ਨੂੰ ਬਚਾਉਣ ਲਈ ਕਾਰਪੋਰੇਟੀ ਸ਼ਿਕੰਜਿਆਂ ਵਿਰੁੱਧ ਵਿਆਪਕ ਜਮਹੂਰੀ ਮੁਹਾਜ਼ ਸਿਰਜਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜਮਹੂਰੀ ਜਨ-ਅੰਦੋਲਨ ਹੀ ਉਹ ਜ਼ਮੀਨ ਸਿਰਜ ਸਕਦੇ ਹਨ ਜਿਸ ’ਤੇ ਖਲੋ ਕੇ ਵਧ ਰਹੀ ਕਾਰਪੋਰੇਟ ਤਾਕਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ।



ਕਾਲੇ ਤੇ ਸਫ਼ੈਦ ਦੇ ਦਵੰਦ ਵਿਚ ਉਲਝੀ ਲੋਕਾਈ - ਸਵਰਾਜਬੀਰ

ਲੱਖਾਂ ਵਰ੍ਹੇ ਪਹਿਲਾਂ, ਜੰਗਲਾਂ-ਬੇਲਿਆਂ ਵਿਚ ਵੱਸਦੇ ਮਨੁੱਖ ਦੀ ਕੁਦਰਤ ਨਾਲ ਰਿਸ਼ਤਿਆਂ ਬਾਰੇ ਕਲਪਨਾ ਕਰਨੀ ਮੁਸ਼ਕਲ ਹੈ। ਕੁਦਰਤ ਨਾਲ ਨਾਤੇ ਕਾਇਮ ਕਰਦਿਆਂ ਜਿੱਥੇ ਮਨੁੱਖ ਕੁਦਰਤੀ ਸ਼ਕਤੀਆਂ ਧੁੱਪ, ਮੀਂਹ, ਹੜ੍ਹਾਂ, ਬਰਫ਼ਬਾਰੀ, ਹਵਾਵਾਂ, ਝੱਖੜਾਂ, ਲੂਆਂ, ਠੱਕਿਆਂ ਆਦਿ ਨਾਲ ਜੂਝਿਆ ਹੋਵੇਗਾ, ਉੱਥੇ ਉਸ ਨੇ ਜਾਨਵਰਾਂ, ਰੁੱਖਾਂ, ਬੇਲ-ਬੂਟਿਆਂ, ਫ਼ਲਾਂ, ਫੁੱਲਾਂ, ਬੀਜਾਂ ਆਦਿ ਨਾਲ ਅਨੇਕ ਤਰ੍ਹਾਂ ਦੇ ਰਿਸ਼ਤੇ ਕਾਇਮ ਕੀਤੇ ਹੋਣਗੇ। ਪੁਰਾਤਨ ਸਾਹਿਤ ਵਿਚ ਜਿੱਥੇ ਮਨੁੱਖ ਕੁਦਰਤੀ ਸ਼ਕਤੀਆਂ ਤੋਂ ਡਰਦਾ ਅਤੇ ਉਨ੍ਹਾਂ ਦੀ ਪੂਜਾ ਕਰਦਾ ਦਿਖਾਈ ਦਿੰਦਾ ਹੈ, ਉੱਥੇ ਉਹ ਕੁਦਰਤ ਨੂੰ ਮਾਣਦਾ ਅਤੇ ਇਸ ਦਾ ਮਾਨਵੀਕਰਨ ਕਰਦਾ ਵੀ ਵਿਖਾਈ ਦਿੰਦਾ ਹੈ। ਸਾਡੇ ਕੋਲ ਇਹ ਜਾਣਕਾਰੀਆਂ ਉਦੋਂ ਦੀਆਂ ਹਨ ਜਦੋਂ ਮਨੁੱਖ ਭਾਸ਼ਾ ਤੇ ਲਿੱਪੀ ਦੇ ਸੰਸਾਰ ਵਿਚ ਦਾਖ਼ਲ ਹੋ ਚੁੱਕਾ ਸੀ ਜਾਂ ਉਸ ਤੋਂ ਕੁਝ ਸਮਾਂ ਪਹਿਲਾਂ ਦੀਆਂ, ਜਦੋਂ ਉਸ ਨੇ ਗੁਫ਼ਾਵਾਂ, ਪੱਥਰਾਂ ਆਦਿ ’ਤੇ ਚਿੱਤਰ ਉੱਕਰੇ (ਭਾਵ ਉਹ ਪ੍ਰਤੀਕਾਤਮਕ ਪ੍ਰਗਟਾਵੇ ਦੇ ਕਾਬਲ ਹੋਇਆ)। ਵਿਕਾਸ ਦੇ ਇਨ੍ਹਾਂ ਪੜਾਵਾਂ ਤੋਂ ਪਹਿਲਾਂ ਦੇ ਕੁਦਰਤ-ਮਨੁੱਖ ਦੇ ਰਿਸ਼ਤਿਆਂ ਦੀ ਥਾਹ ਪਾਉਣੀ ਮੁਸ਼ਕਲ ਹੈ, ਵਿਗਿਆਨੀਆਂ ਨੇ ਇਸ ਸਬੰਧ ਵਿਚ ਵੱਡੀਆਂ ਖੋਜਾਂ ਕੀਤੀਆਂ ਹਨ।
       ਮਨੁੱਖ ਅਤੇ ਕੁਦਰਤ ਵਿਚਕਾਰਲੇ ਰਿਸ਼ਤਿਆਂ ਵਿਚੋਂ ਉਸ (ਮਨੁੱਖ) ਦਾ ਇਕ ਰਿਸ਼ਤਾ ਕੁਦਰਤ ਵਿਚ ਪਾਏ ਜਾਂਦੇ ਰੰਗਾਂ ਨਾਲ ਹੈ। ਪਸ਼ੂਆਂ, ਰੁੱਖਾਂ, ਬੇਲ-ਬੂਟਿਆਂ, ਫੁੱਲਾਂ, ਫ਼ਲਾਂ, ਜੜ੍ਹੀਆਂ-ਬੂਟੀਆਂ ਆਦਿ ਦੇ ਅਨੇਕ ਰੰਗਾਂ ਨੇ ਮਨੁੱਖੀ ਦਿਮਾਗ਼ ਵਿਚ ਲੱਖਾਂ ਅਰਥ ਪੈਦਾ ਕੀਤੇ ਹਨ, ਇਨ੍ਹਾਂ ਦਾ ਸਬੰਧ ਰੰਗਾਂ ਦੇ ਵੱਖੋ-ਵੱਖਰੇ ਹੋਣ, ਸੁਹਜਮਈ ਅਨੁਭਵ, ਉਨ੍ਹਾਂ ਰੰਗਾਂ ਵਾਲੀ ਬਨਸਪਤੀ ਤੇ ਹੋਰ ਕੁਦਰਤੀ ਵਸਤਾਂ ਦਾ ਮਨੁੱਖੀ ਸਿਹਤ ਅਤੇ ਸਵਾਦ ’ਤੇ ਅਸਰ ਆਦਿ ਨਾਲ ਹੈ। ਇਸੇ ਸਫ਼ਰ ਵਿਚ ਹੀ ਮਨੁੱਖ ਨੇ ਬੁਨਿਆਦੀ ਰੰਗਾਂ ਦੀ ਪਛਾਣ ਕੀਤੀ ਅਤੇ ਜਾਣਿਆ ਕਿ ਬਾਕੀ ਸਭ ਰੰਗ, ਉਪ-ਰੰਗ, ਭਾਹਾਂ ਆਦਿ ਉਨ੍ਹਾਂ ਬੁਨਿਆਦੀ ਰੰਗਾਂ ਦੇ ਮੇਲ-ਮਿਲਾਪ ਤੋਂ ਬਣਦੀਆਂ ਹਨ। ਆਪਣੇ ਲਿਬਾਸ, ਭੋਜਨ, ਹਾਰ-ਸ਼ਿੰਗਾਰ ਦੇ ਸਾਮਾਨ, ਗਿਆਨ-ਸੰਸਾਰ ਅਤੇ ਹੋਰ ਖੇਤਰਾਂ ਵਿਚ ਮਨੁੱਖ ਦੇ ਰੰਗਾਂ ਨਾਲ ਰਿਸ਼ਤਿਆਂ ਦੀ ਕਹਾਣੀ ਦਾ ਵਰਣਨ ਕਰਨਾ ਨਾਮੁਮਕਿਨ ਹੈ। ਭਾਸ਼ਾ ਨੇ ਵੀ ਮਨੁੱਖ ਤੇ ਰੰਗਾਂ ਦੇ ਰਿਸ਼ਤਿਆਂ ਨੂੰ ਸਿਰਜਣ ਵਿਚ ਵੱਡਾ ਹਿੱਸਾ ਪਾਇਆ। ਇਸ ਲੇਖ ਵਿਚ ਸਫ਼ੈਦ ਅਤੇ ਕਾਲੇ ਰੰਗ ਬਾਰੇ ਸੀਮਤ ਚਰਚਾ ਕੀਤੀ ਜਾ ਰਹੀ ਹੈ ਅਤੇ ਉਹ ਵੀ ਬਹੁਤ ਪੁਰਾਤਨ ਸਮਿਆਂ ਵੱਲ ਨਾ ਜਾ ਕੇ।
       ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਹੋਰ ਖੇਤਰਾਂ ਵਿਚ ਇਹ ਵਰਤਾਰਾ ਆਮ ਦਿਖਾਈ ਦਿੰਦਾ ਹੈ ਕਿ ਜਦੋਂ ਅਸੀਂ ਕਿਸੇ ਕਾਨੂੰਨ, ਸਰਕਾਰੀ ਫ਼ੈਸਲੇ ਜਾਂ ਕਿਸੇ ਹੋਰ ਵਰਤਾਰੇ ਨੂੰ ਲੋਕ-ਵਿਰੋਧੀ ਸਮਝਦੇ ਅਤੇ ਉਸ ਦਾ ਵਿਰੋਧ ਕਰਦੇ ਹਾਂ ਤਾਂ ਉਸ ਕਾਨੂੰਨ, ਫ਼ੈਸਲੇ ਜਾਂ ਵਰਤਾਰੇ ਨੂੰ ਕਾਲਾ ਕਾਨੂੰਨ, ਕਾਲਾ ਸਰਕਾਰੀ ਫ਼ੈਸਲਾ ਜਾਂ ਕਾਲਾ ਵਰਤਾਰਾ ਕਹਿੰਦੇ ਹਾਂ। ਇਸ ਤਰ੍ਹਾਂ ‘ਕਾਲਾ’ ਸ਼ਬਦ ਦੇ ਅਰਥ ਗ਼ਲਤ, ਖ਼ਰਾਬ, ਲੋਕ-ਵਿਰੋਧੀ, ਗੰਦਾ, ਮਾੜਾ ਆਦਿ ਬਣਦੇ ਹਨ। ਬਹੁਤ ਦੇਰ ਤੋਂ ਲੋਕਾਈ ਦਾ ਵੱਡਾ ਹਿੱਸਾ ‘ਚਿੱਟੇ/ਸਫ਼ੈਦ’ ਸ਼ਬਦ ਨੂੰ ਬਹੁਤਾ ਕਰਕੇ ਚੰਗੇ, ਸੋਹਣੇ, ਵੱਡੇ, ਲੋਕ-ਹਿਤਕਾਰੀ, ਸਪੱਸ਼ਟ, ਵਧੀਆ ਜਿਹੇ ਵਿਸ਼ਲੇਸ਼ਣਾਂ ਨਾਲ ਜੋੜਦਾ ਆਇਆ ਹੈ; ਇਹ ਵਰਤਾਰਾ ਸੱਭਿਆਚਾਰਕ, ਇਤਿਹਾਸਕ ਅਤੇ ਭਾਸ਼ਾਈ ਤਜਰਬੇ ’ਚੋਂ ਉਪਜਿਆ ਹੈ। ਇਸ ਲਈ ਗ਼ਲਤ ਵਰਤਾਰਿਆਂ ਨੂੰ ਕਾਲੇ ਵਰਤਾਰੇ ਕਹਿਣ ਵਾਲਿਆਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਇਸ ਸ਼ਬਦ ਦੀ ਵਰਤੋਂ ਅਚੇਤ ਹੀ ਅਤੇ ਹਕੂਮਤ/ਸਥਾਪਤੀ ਦਾ ਵਿਰੋਧ ਕਰਨ ਲਈ ਵਰਤਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਸ਼ਬਦ (ਕਾਲਾ) ਵਰਤ ਕੇ ਅਸੀਂ ਕਿਤੇ ਸਥਾਪਤੀ ਦੇ ਭਾਸ਼ਿਕ ਡੰਗ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਸਥਾਪਤੀ ਭਾਸ਼ਾ ਵਿਚ ਘਰ ਕਰ ਜਾਂਦੀ ਹੈ, ਭਾਸ਼ਾ ਰਾਹੀਂ ਮਾਰਿਆ ਡੰਗ ਬਹੁਤ ਹਿੰਸਕ ਅਤੇ ਘਾਤਕ ਹੁੰਦਾ ਹੈ।
        ਦੁਨੀਆ ਦੇ ਵੱਡੇ ਹਿੱਸੇ ਵਿਚ ਗੋਰੇ/ਚਿੱਟੇ ਰੰਗ ਨੂੰ ਗਿਆਨ, ਸੱਚ, ਸੁਹੱਪਣ, ਸਪੱਸ਼ਟਤਾ, ਚੰਗਿਆਈ ਅਤੇ ਸੱਭਿਅਕ, ਮਿਹਰਬਾਨ, ਵਿਦਵਾਨ ਤੇ ਦੈਵੀ ਹੋਣ ਨਾਲ ਜੋੜਿਆ ਗਿਆ ਹੈ। ਕਾਲੇ ਰੰਗ ਨੂੰ ਬਦੀ/ਮੰਦੇ ਕੰਮਾਂ, ਅਧੀਨਗੀ, ਕਰੂਪਤਾ, ਗੁਣਾਂ ਦੀ ਅਣਹੋਂਦ, ਅਸਪੱਸ਼ਟਤਾ, ਭੈੜ, ਕੂੜ, ਗੰਦ, ਨਕਾਰਾਤਮਕਤਾ, ਅਨੁਚਿਤਤਾ, ਅਨਿਆਂਪੂਰਨਤਾ ਅਤੇ ਅਣਮਨੁੱਖੀ ਤਾਕਤਾਂ ਨਾਲ ਜੋੜਿਆ ਤੇ ਸਮਰੂਪ ਸਮਝਿਆ ਜਾਂਦਾ ਹੈ। ਅਨੇਕ ਸ਼ਬਦ ਤੇ ਮੁਹਾਵਰੇ ਜਿਵੇਂ ਕਾਲੀ ਜੀਭ ਵਾਲਾ, ਕਲਮੂੰਹਾਂ, ਕਾਲਾ ਜਾਦੂ, ਬਲੈਕਲਿਸਟ (ਗ਼ਲਤ ਵਿਅਕਤੀਆਂ ਦੀ ਫ਼ਹਿਰਿਸਤ) ਆਦਿ ਇਸੇ ਸਮਝ ’ਚੋਂ ਜਨਮੇ ਹਨ। ਦੇਵੀ-ਦੇਵਤਿਆਂ, ਪੈਗੰਬਰਾਂ, ਸੰਤਾਂ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਵੀ ਬਹੁਤਾ ਕਰ ਕੇ ਗੋਰੇ ਰੰਗ ਵਿਚ ਹੀ ਚਿਤਰਿਆ ਗਿਆ ਹੈ।
      15ਵੀਂ-16ਵੀਂ ਸਦੀ ਤੋਂ ਬਾਅਦ ਅਫ਼ਰੀਕੀ ਤੇ ਏਸ਼ਿਆਈ ਲੋਕਾਂ ਦੇ ਸੰਦਰਭ ਵਿਚ ਕਾਲੇ ਰੰਗ ਨੂੰ ਅਸੱਭਿਅਕ, ਪੱਛੜੇ ਅਤੇ ਬੇਸਮਝ ਹੋਣ ਦਾ ਪ੍ਰਤੀਕ ਬਣਾਇਆ ਗਿਆ ਅਤੇ ਕਾਲੇ ਰੰਗ ਦੇ ਲੋਕਾਂ ਨੂੰ ਭਾਵੁਕ, ਤਰਕਹੀਣ ਅਤੇ ਆਪ-ਮੁਹਾਰੇ ਹੋਣ ਵਾਲੇ ਮੰਨਿਆ ਗਿਆ। ਕਾਲੇ ਰੰਗ ਨੂੰ ਉਨ੍ਹਾਂ ਸੱਭਿਅਤਾਵਾਂ ਨਾਲ ਜੋੜਿਆ ਗਿਆ ਜਿਨ੍ਹਾਂ ਨੂੰ ਸਮਝ ਸਕਣਾ ਗੋਰੀ ਲੋਕਾਈ ਦੇ ਵੱਸੋਂ ਬਾਹਰੀ ਗੱਲ ਜਾਪਦੀ ਸੀ, ਕਾਲੇ ਰੰਗ ਦੇ ਲੋਕਾਂ ਨੂੰ ਵਹਿਸ਼ੀ ਅਤੇ ਉਸ ਤਾਕਤ ਦੇ ਮਾਲਕ ਮੰਨਿਆ ਗਿਆ ਜਿਨ੍ਹਾਂ ਨੂੰ ਉਹ ਕਾਬੂ ਵਿਚ ਨਹੀਂ ਰੱਖ ਸਕਦੇ; ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣਾ ਅਤੇ ਸੱਭਿਅਕ ਬਣਾਉਣਾ ਗੋਰੇ ਲੋਕਾਂ ਦਾ ‘ਫਰਜ਼’ ਗਰਦਾਨਿਆ ਗਿਆ। ਅਜਿਹੇ ਰੁਝਾਨ ਦੀ ਸਿਖ਼ਰ ਜੋਸਿਫ਼ ਕੋਨਾਰਡ ਦੇ ਨਾਵਲ ‘ਹਨੇਰੇ ਦਾ ਦਿਲ (Heart of Darkness)’ ਅਤੇ ਰੁਡਯਾਰਡ ਕਿਪਲਿੰਗ (Rudyard Kipling) ਦੀ ਕਵਿਤਾ ‘ਗੋਰੇ ਬੰਦੇ ਸਿਰ ਬੋਝ (The White Man’s Burden)’ ਵਿਚ ਦੇਖੀ ਜਾ ਸਕਦੀ ਹੈ।
      ਇਸ ਦੇ ਕਾਰਨ ਇਤਿਹਾਸਕ ਹਨ : ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਗੋਰੇ ਰੰਗ ਦੇ ਲੋਕਾਂ ਨੇ ਵੱਡੇ ਸਾਮਰਾਜ ਕਾਇਮ ਕੀਤੇ। ਬਸਤੀਵਾਦ ਦੇ ਸਮਿਆਂ ਵਿਚ ਗੋਰੇ ਲੋਕ ਕਾਲੇ/ਭੂਰੇ/ਸਾਂਵਲੇ ਲੋਕਾਂ ਦੀਆਂ ਧਰਤੀਆਂ ’ਤੇ ਕਾਬਜ਼ ਹੋ ਗਏ। ਯੂਰੋਪ ਦੇ ਲੋਕਾਂ ਤੇ ਗੋਰੇ ਰੰਗ ਨੂੰ ਸੱਭਿਅਤਾ ਦਾ ਪ੍ਰਤੀਕ ਮੰਨ ਲਿਆ ਗਿਆ ਅਤੇ ਕਾਲੇ ਰੰਗ ਨੂੰ ਅਸੱਭਿਅਤਾ ਤੇ ਵਹਿਸ਼ੀਪੁਣੇ ਦਾ, ਕਈ ਸਮਾਜਾਂ ਵਿਚ ਇਸ ਵਿਤਕਰੇ ਅਤੇ ਵਰਤਾਰੇ ਦੀਆਂ ਜੜ੍ਹਾਂ ਬਸਤੀਵਾਦ ਤੋਂ ਬਹੁਤ ਪਹਿਲਾਂ ਲੱਗ ਚੁੱਕੀਆਂ ਸਨ। ਪੁਰਾਣੇ ਸਮਿਆਂ ਵਿਚ ਵਿਕਸਿਤ ਹੋਏ ਤੁਅੱਸਬ ਅਤੇ ਬਸਤੀਵਾਦੀ ਅਮਲ ਦੇ ਸੰਜੋਗ ਨੇ ਮਿਲ ਕੇ ਗੋਰੇ ਰੰਗ ਨੂੰ ਸਾਰੀ ਦੁਨੀਆ ਵਿਚ ਸਰਬ-ਸ੍ਰੇਸ਼ਟਤਾ ਪ੍ਰਦਾਨ ਕੀਤੀ ਹੈ।
      ਉੱਘਾ ਸਿਆਹਫ਼ਾਮ ਚਿੰਤਕ ਫਰਾਂਜ਼ ਫੈਨੋ ਆਪਣੀ ਕਿਤਾਬ ‘ਕਾਲੀ ਚਮੜੀ ਚਿੱਟੇ ਮਖੌਟੇ (Black Skin White Masks)’ ਵਿਚ ਵਿਆਖਿਆ ਸਹਿਤ ਦੱਸਦਾ ਹੈ ਕਿ ਕਿਵੇਂ ਬਸਤੀਵਾਦ ਦਾ ਸ਼ਿਕਾਰ ਹੋਏ ਕਾਲੇ ਲੋਕਾਂ ਦੇ ਸਮੂਹਿਕ ਅਵਚੇਤਨ ਵਿਚ ਇਹ ਗੱਲ ਭਰੀ ਗਈ ਕਿ ਕਾਲੇ ਲੋਕ ਗੋਰੇ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਗੋਰੇ ਲੋਕਾਂ ਦੇ ਬਣਾਏ ਸਮਾਜਿਕ, ਵਿਚਾਰਕ ਅਤੇ ਸੱਭਿਆਚਾਰਕ ਮਿਆਰਾਂ ’ਤੇ ਪੂਰੇ ਉਤਰਨਾ ਪੈਣਾ ਹੈ, ਇਕ ਤਰ੍ਹਾਂ ਨਾਲ ‘ਗੋਰੇ’ ਬਣਨਾ ਪੈਣਾ ਹੈ, ਗੋਰੇ ਲੋਕਾਂ ਦੀ ਭਾਸ਼ਾ, ਲਿਬਾਸ ਤੇ ਵਰਤਾਉ ਦੇ ਤਰੀਕੇ ਅਪਣਾਉਣੇ ਪੈਣੇ ਹਨ। ਫੈਨੋ ਅਨੁਸਾਰ ਇਸ ਲਈ ਸਿਆਹਫ਼ਾਮ ਲੋਕਾਂ ਨੂੰ ਅਪਾਰ ਮਾਨਸਿਕ ਦੁੱਖ ਸਹਾਰਨਾ ਪੈਂਦਾ ਹੈ, ਉਹ ਸਾਰੀ ਉਮਰ ਆਪਣੇ ਆਪ ਨੂੰ ਗੋਰੇ ਲੋਕਾਂ ਤੋਂ ਪ੍ਰਵਾਨਿਤ ਕਰਵਾਉਣ ਅਤੇ ਕਾਲੇ ਸਰੀਰਾਂ ਵਿਚ ਜਿਊਂਦਿਆਂ ਖ਼ੁਦ ਨੂੰ ਜ਼ਿਆਦਾ ਤੋਂ ਜ਼ਿਆਦਾ ‘ਗੋਰੇ’ (ਗੋਰੇ ਲੋਕਾਂ ਦੇ ਮਾਨਸਿਕ ਤੇ ਸੱਭਿਆਚਾਰਕ, ਭਾਸ਼ਿਕ ਵਰਤਾਰਿਆਂ ਨੂੰ ਅਪਣਾਉਣ ਦੇ ਭਾਵ ਗੋਰੇ ਮਖੌਟੇ ਲਗਾਉਣ) ਬਣਾਉਣ ਦਾ ਦੁੱਖ ਸਹਿੰਦੇ ਹਨ। ਇਸ ਅਪਾਰ ਦੁੱਖ ਵਿਚ ਹੋਰ ਕਈ ਕੁਝ ਪਿਆ ਹੁੰਦਾ ਹੈ : ਮਾਨਸਿਕ ਦੁਬਿਧਾ, ਦੁਚਿੱਤੀ, ਦੁਫਾੜ ਅਤੇ ਆਪਣੇ ਮੂਲ ਨਾਲੋਂ ਟੁੱਟਣ ਅਤੇ ਕਾਲੇ ਰੰਗ ਤੇ ਸੱਭਿਆਚਾਰ ਨਾਲ ਜੁੜੀਆਂ ਖਸੂਸੀਅਤਾਂ ਨੂੰ ਗੁਆਉਣ ਦਾ ਦਰਦ।
        ਪੰਜਾਬੀ ਸਾਹਿਤ ਅਤੇ ਲੋਕ-ਸਾਹਿਤ ਵਿਚ ਵੀ ਗੋਰੇ ਰੰਗ ਨੂੰ ਰੂਪ ਤੇ ਜੋਬਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੋਰੇ ਰੰਗ ਦੀ ਸਰਦਾਰੀ ਦੂਰ ਦੂਰ ਤਕ ਕਾਇਮ ਹੈ, ‘ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ/ਸਾਰਾ ਪਿੰਡ ਵੈਰ ਪੈ ਗਿਆ’, ‘ਗੋਰੇ ਰੰਗ ਨੇ ਸਦਾ ਨਹੀਂ ਰਹਿਣਾ/ਭਰ ਭਰ ਵੰਡ ਮੁੱਠੀਆਂ’ ਆਦਿ। ਲੋਕ-ਸਾਹਿਤ ਵਿਚ ਗੋਰੀ ਔਰਤ ਹੀ ਸੋਹਣੀ ਹੈ। ਮਸ਼ਹੂਰ ਲੋਕ-ਗੀਤ ‘ਉੱਚਾ ਬੁਰਜ ਲਾਹੌਰ ਦਾ, ਵੇ ਚੀਰੇ ਵਾਲਿਆ/ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ/ਮਲ ਮਲ ਨ੍ਹਾਵਣ ਗੋਰੀਆਂ ਵੇ ਚੀਰੇ ਵਾਲਿਆ/ਲੈਣ ਗੁਰਾਂ ਦਾ ਨਾਂ, ਵੇ ਸੱਜਣ ਮੇਰਿਆ’ ਵਿਚ ਗੋਰਾ ਰੰਗ, ਤਾਕਤ (ਉੱਚਾ ਬੁਰਜ ਲਾਹੌਰ ਦਾ) ਅਤੇ ਅਧਿਆਤਮਕਤਾ (ਲੈਣ ਗੁਰਾਂ ਦਾ ਨਾਂ) ਇਕਜੁੱਟ ਹੋ ਕੇ ਇਕ ਅਜਿਹਾ ਜਟਿਲ ਤੇ ਸ਼ਕਤੀਸ਼ਾਲੀ ਬਿੰਬ ਸਿਰਜਦੇ ਹਨ ਜੋ ਲੋਕ-ਮਨ ਵਿਚ ਇਸ ਤਰ੍ਹਾਂ ਬਿਰਾਜਮਾਨ ਹੋ ਜਾਂਦਾ ਹੈ ਕਿ ਆਪਣੇ ਆਸਣ ਤੋਂ ਹਿਲਾਇਆ ਨਹੀਂ ਹਿੱਲਦਾ। ਮਰਦ ਕਹਿੰਦਾ ਹੈ, ‘ਗੋਰੀਏ, ਨਾ ਅਸਾਂ ਵਿਸਰੀ, ਨਾ ਏ ਵਿਸਾਰੀ/ਨੀਂ ਗੋਰੀਏ, ਹਰਦਮ ਲਗਨੀ ਏ ਪਿਆਰੀ’। ਗੋਰਾ ਰੰਗ ਤੇ ਮਰਦ-ਪ੍ਰਧਾਨ ਸੋਚ ਮਿਲ ਜਾਂਦੇ ਹਨ, ‘ਮੁੰਡਾ ਜੰਮੂਗਾ ਦਹੀਂ ਦੇ ਫੁੱਟ ਵਰਗਾ/ਕੱਚਾ ਦੁੱਧ ਪੀਣ ਵਾਲੀਏ’ ਤੇ ਔਰਤ ਖ਼ੁਦ ਇਸ ਦਾ ਸ਼ਿਕਾਰ ਹੋ ਜਾਂਦੀ ਹੈ, ‘ਕੁੜਤੀ ਰੀਲ ਦੀਏ, ਕਿਹੜੇ ਸ਼ੌਕ ਨਾਲ ਪਾਵਾਂ/ਮੈਂ ਕਾਲੇ ਨਾਲ ਮੰਗੀ/ਮੈਂ ਨੌਂ ਮਣ ਭੁੱਬਲ ਵੰਡੀ’, ‘ਕਾਲਾ ਭੂੰਡ ਨਾ ਸਹੇੜੀਂ ਬਾਬਲਾ/ਘਰ ਦਾ ਮਾਲ ਡਰੂ’, ‘ਸੋਹਣੀ ਕੁੜੀ ਨੂੰ ਕਲੰਕ ਕਾਲੇ ਕੰਤ ਦਾ’, ‘ਕਾਲੇ ਰੀਠੜੇ ਜਿਹੇ ਦੇ ਲੜ ਲਾਈ/ਬਾਪੂ ਵੇ, ਮੈਂ ਤੂਤ ਦੀ ਛਿਟੀ’, ‘ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ/ਵਿਆਹ ਲਈ ਫੁੱਲ ਵਰਗੀ’, ‘ਵੀਰਾ, ਮਰ ਜਾਏ ਵਿਚੋਲਾ ਤੇਰਾ, ਭਾਬੋ ਲਿਆਂਦੀ ਕਾਲੇ ਰੰਗ ਦੀ’, ‘ਬਾਬਲ ਮੇਰੇ ਕੰਤ ਸਹੇੜਿਆ, ਰੰਗ ਤਵੇ ਤੋਂ ਕਾਲਾ/ਕੁੜੀਆਂ ਮੈਨੂੰ ਮਾਰਨ ਮਿਹਣੇ ਅਹੁ ਤੇਰਾ ਘਰ ਵਾਲਾ’। ਗੋਰੇ ਰੰਗ ਦੀ ਠੁੱਕ ਕਾਇਮ ਰਹਿੰਦੀ ਹੈ : ‘ਗੋਰਾ ਰੰਗ ਤੇ ਸ਼ਰਬਤੀ ਅੱਖੀਆਂ/ਘੁੰਡ ਵਿਚ ਕੈਦ ਕੀਤੀਆਂ’ ਤੇ ਅਖ਼ਬਾਰਾਂ ਵਿਚ ਪੜ੍ਹਿਆਂ-ਲਿਖਿਆਂ ਦੇ ਇਸ਼ਤਿਹਾਰ ਦੇਖ ਲਓ ‘ਵਾਂਟਡ ਫੇਅਰ ਕਲਰਡ ਗਰਲ/ਬੌਇ, ਭਾਵ ਗੋਰੇ ਰੰਗ ਦੀ ਕੁੜੀ/ਮੁੰਡਾ ਚਾਹੀਦਾ ਹੈ’। ਏਸ਼ੀਆ ਤੇ ਅਫ਼ਰੀਕਾ ਦੇ ਮਰਦ ਤੇ ਔਰਤਾਂ ਕਾਲੇ ਰੰਗ ਨੂੰ ਘੱਟ ਕਾਲਾ, ਸਾਂਵਲਾ ਜਾਂ ਗੋਰਾ ਬਣਾਉਣ ਵਾਲੀਆਂ ਕਰੀਮਾਂ, ਪਾਊਡਰਾਂ, ਸਾਬਣਾਂ ਆਦਿ ’ਤੇ ਹਰ ਸਾਲ ਖਰਬਾਂ ਰੁਪਏ ਖ਼ਰਚ ਕਰਦੇ ਹਨ।
      ਇਹ ਨਹੀਂ ਹੈ ਕਿ ਪੰਜਾਬ ਅਤੇ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਹੋਰ ਸਮਾਜਾਂ ਵਿਚ ਕਾਲਾ ਰੰਗ ਗ਼ੈਰ-ਹਾਜ਼ਰ ਹੈ, ਉਸ ਦੀ ਆਪਣੀ ਖਿੱਚ ਹੈ। ਭਾਰਤ ਦੇ ਇਤਿਹਾਸ ਵਿਚ ਆਰੀਆ ਅਤੇ ਅਣ-ਆਰੀਆ ਲੋਕਾਂ ਵਿਚ ਹੋਏ ਸੰਘਰਸ਼ ਨੂੰ ਗੋਰੇ ਆਰੀਆਈ ਲੋਕਾਂ ਤੇ ਕਾਲੇ ਮੂਲ ਵਾਸੀਆਂ ਦੇ ਸੰਘਰਸ਼ ਵਜੋਂ ਚਿਤਰਿਆ ਗਿਆ ਹੈ, ਗੋਰਾ ਰੰਗ ਤਾਕਤ ਤੇ ਗੌਰਵ ਦਾ ਪ੍ਰਤੀਕ ਬਣ ਜਾਂਦਾ ਹੈ, ਪਰ ਕਾਲਾ ਰੰਗ ਆਵੇਸ਼ਮਈ ਰੂਪ ਵਿਚ ਮੌਜੂਦ ਰਹਿੰਦਾ ਹੈ, ਕਾਲੇ ਜਾਂ ਸਾਂਵਲੇ ਰੰਗ ਵਾਲੇ ਭਗਵਾਨ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ, ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੀਆਂ ਔਰਤਾਂ ਕਈ ਰੂਪਾਂ ਵਿਚ ਕ੍ਰਿਸ਼ਨ-ਪੂਜਾ ਕਰਦੀਆਂ ਹਨ। ਬੰਗਾਲ, ਅਸਾਮ, ਉੜੀਸਾ, ਬਿਹਾਰ ਆਦਿ ਖੇਤਰਾਂ ਵਿਚ ਦੁਰਗਾ ਦਾ ਕਾਲੀ-ਰੂਪ ਪੂਜਿਆ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਗੋਰੇ ਤੇ ਚਿੱਟੇ ਰੰਗ ਦੇ ਦਵੰਦ ਵਿਚ ਉਲਝਦੀ ਪੰਜਾਬੀ ਔਰਤ ਭਗਵਾਨ ਕ੍ਰਿਸ਼ਨ ਨੂੰ ‘ਆਪਣਾ ਸਾਂਵਲਾ ਕਾਹਨ’ ਬਣਾ ਲੈਂਦੀ ਹੈ, ਸ਼ਾਮ (ਸਾਂਵਲੇ/ਕਾਲੇ/ਪੱਕੇ) ਰੰਗ ਦੀ ਖਿੱਚ ਲੋਕ-ਗੀਤਾਂ ਵਿਚ ਸਪੱਸ਼ਟ ਦਿਖਾਈ ਦਿੰਦੀ ਹੈ, ਔਰਤਾਂ ਉਸ ਨੂੰ ਸ਼ਾਮ ਤੇ ਸ਼ਿਆਮ ਦੇ ਨਾਵਾਂ ਨਾਲ ਯਾਦ ਕਰਦੀਆਂ ਹਨ। ਪੰਜਾਬੀ ਔਰਤ ਕਾਹਨ/ਕਨ੍ਹੱਈਆ ਨੂੰ ਸਰੀਰਕ ਆਜ਼ਾਦੀ ਦਾ ਚਿੰਨ੍ਹ ਵੀ ਬਣਾਉਂਦੀ ਹੈ ‘ਛੱਡਦੇ ਮੇਰੀਆਂ ਨਰਮ ਕਲਾਈਆਂ/ਛੱਡ ਦੇ ਪੱਲੂ ਮੇਰਾ/ਵੇ ਡੁੱਬ ਜਾਣਿਆ ਕਾਨ੍ਹਾ/ਮੇਰੇ ਘਰ ਸੱਸ ਕੁਪੱਤੀ ਵੇ ਭਲਿਆ’, ‘ਅੰਦਰੋਂ ਨਿਕਲ ਕ੍ਰਿਸ਼ਨਾ ਵੇ, ਰਾਧਾ ਬਾਹਰ ਖੜ੍ਹੀ/ਸ੍ਰੀ ਕ੍ਰਿਸ਼ਨ ਫੁੱਲ ਗੁਲਾਬ ਦਾ ਰਾਧਾ ਚੰਬੇ ਦੀ ਕਲੀ’ ਅਤੇ ਪਤਾ ਨਹੀਂ ਕਿਉਂ ਕਾਲੇ ਰੰਗ ਨੂੰ ਮੰਦਾ ਕਹਿਣ ਵਾਲੀ ਪੰਜਾਬੀ ਕੁੜੀ ਦੇ ਮਨ ’ਚੋਂ ਕੀ ਵਲਵਲਾ ਉੱਠਦਾ ਹੈ ਕਿ ਉਹ ਬਾਬਲ ਦੇ ਸਾਹਮਣੇ ਜਾ ਕੇ ਕੂਕਦੀ ਹੈ ‘ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ/ਚੰਨਾਂ ਵਿਚੋਂ ਕਾਹਨ ਕਨ੍ਹੱਈਆ ਵਰ ਲੋੜੀਏ’, ਵਿਆਹ ਦੇ ਆਤੰਕ ਵਿਚ ਫਾਥੀ ਪੰਜਾਬੀ ਔਰਤ ਕਹਿੰਦੀ ਹੈ, ‘ਰਹੁ ਕਾਹਨਾ ਮੇਰਾ ਰਹਿਣ ਨਾ ਹੋਵੇ/ਮੈਂ ਘਰ ਕੰਤ ਅਵੱਲਾ ਅੜਿਆ’।
      ਸੂਫ਼ੀ ਸਾਹਿਤ ਵਿਚ ਭਗਵਾਨ ਕ੍ਰਿਸ਼ਨ ਤੇ ਉਸ ਦਾ ਸ਼ਿਆਮ ਰੂਪ ਹਾਜ਼ਰ ਹਨ, ‘ਸਾਲੂ ਮੇਰਾ ਉਣੀਂਦਾ, ਕੋਈ ਸ਼ਾਮ ਬ੍ਰਿੰਦਾਬਨ ਸੁਣੀਂਦਾ/ਜਾਣਾ ਬਿਖੜੇ ਰਾਹਿ’ (ਸ਼ਾਹ ਹੁਸੈਨ), ‘ਸਾਡੀ ਨੈਣੀਂ ਨੀਂਦ ਹਰਾਮ/ਜ਼ਾਲਮ ਬ੍ਰਿਹੋਂ ਕੀਤੀ ਤਮਾਮ/ਚਲੇ ਅੱਜ ਸ਼ਾਮ ਜੀ’ (ਹਾਫਿਜ਼ ਬਰਖ਼ੁਰਦਾਰ), ‘ਸੁਫ਼ਨੇ ਵਿਚ ਮਿਲੇ ਸ਼ਿਆਮ ਜੀ, ਤਨ ਮਨ ਖੁਸ਼ੀ ਭਈ’ (ਗੁਲਾਮ ਹੁਸੈਨ), ‘ਬੁੱਲ੍ਹਾ ਸ਼ਾਹ ਮੈਂ ਤਦ ਬਿਰਲਾਈ/ਜਦ ਦੀ ਮੁਰਲੀ ਕਾਨ ਵਜਾਈ’, ‘ਚੜ੍ਹ ਬਾਗੀਂ ਕੋਇਲ ਕੂਕਦੀ/ਨਿਤ ਸੋਜ਼ੇ ਆਲਮ ਦੇ ਫੂਕਦੀ/ਮੈਨੂੰ ਤੱਤੜੀ ਕੋ ਸ਼ਾਮ ਵਿਸਾਰਿਆ’ (ਬੁੱਲ੍ਹੇ ਸ਼ਾਹ)। ਸਾਹਿਤ ਤੇ ਲੋਕ-ਸਾਹਿਤ ਵਿਚ ਭਗਵਾਨ ਕ੍ਰਿਸ਼ਨ/ਕਨ੍ਹੱਈਆ/ਕਾਹਨ ਦਾ ਜ਼ਿਕਰ ਇਸ ਲੇਖ ਦੀ ਸੀਮਾ ਤੋਂ ਬਾਹਰ ਹੈ।
        ਮੱਧਕਾਲੀਨ ਸਮਿਆਂ ਵਿਚ ਹਰੀਆ, ਲਾਲ ਸਿੰਘ, ਫੱਤ ਮਲ, ਘਨਾ ਆਨੰਦ, ਤੇਜ ਭਾਨ, ਮੂਲ ਸਿੰਘ, ਕੇਸਰ ਸਿੰਘ ਛਿੱਬਰ, ਮਹਾਂ ਸਿੰਘ, ਮਸਤ ਰਾਮ ਤੋਂ ਲੈ ਕੇ ਵੀਹਵੀਂ ਸਦੀ ਵਿਚ ਕਾਲੀਦਾਸ ਗੁਜਰਾਂ ਵਾਲੀਆ, ਧਨੀ ਰਾਮ ਚਾਤ੍ਰਿਕ, ਹਰਿਭਜਨ ਸਿੰਘ ਅਤੇ ਹੋਰ ਕਈ ਕਵੀਆਂ ਦੀ ਰਚਨਾ ਵਿਚ ਭਗਵਾਨ ਕ੍ਰਿਸ਼ਨ ਦੇ ਕਈ ਰੂਪਾਂ ਦਾ ਚਿਤਰਨ ਹੈ, ਭਾਈ ਵੀਰ ਸਿੰਘ ਦੀ ਕਵਿਤਾ ਵਿਚ ਵੀ (ਤੜਪ ਗੋਪੀਆਂ ਕ੍ਰਿਸ਼ਨ ਮਗਰ ਜੋ/ਲੋਕ ਪਏ ਸੁਣਾਵਨ)।
      ਕਾਲੇ ਰੰਗ ਦੀ ਖਿੱਚ ਕਈ ਹੋਰ ਰੂਪਾਂ ਵਿਚ ਵੀ ਪ੍ਰਗਟ ਹੁੰਦੀ ਹੈ : ‘ਇਕ ਮੈਂ ਮੋਈ ਵੇ, ਤੇਰੀ ਕਾਲੀ ਸੋਹਣੀ ਗਾਨੀ ’ਤੇ’, ‘ਅੱਜ ਕਾਲਾ ਜੋੜਾ ਪਾ ਮੇਰੀ ਫਰਮਾਇਸ਼ ’ਤੇ’, ‘ਕਾਲੀ ਘੱਗਰੀ ਲਵਾ ਦੇ ਗੋਟਾ, ਜੇ ਤੂੰ ਮੇਰੀ ਟੌਹਰ ਵੇਖਣੀ’ ਆਦਿ ਪਰ ਇਨ੍ਹਾਂ ਪ੍ਰਗਟਾਵਿਆਂ ਵਿਚ ਕਾਲਾ ਰੰਗ ਗੋਰੇ ਰੰਗ ਦਾ ਅਧੀਨ ਰੰਗ ਹੈ। ਗੋਰੇ ਰੰਗ ਵਾਲੀ ਕੁੜੀ ਕਾਲੇ ਕੱਪੜੇ ਪਾ ਕੇ ਕਾਲੇ ਰੰਗ ’ਤੇ ਆਪਣੀ ਸ੍ਰੇਸ਼ਟਤਾ ਸਿੱਧ ਕਰਨੀ ਚਾਹੁੰਦੀ ਹੈ। ਗੋਰੀ ਔਰਤ ਦੇ ਕਾਲੇ ਨੈਣਾਂ ਨੂੰ ਕਈ ਤਸ਼ਬੀਹਾਂ ਦਿੱਤੀਆਂ ਗਈਆਂ। ਕਾਲਾ ਸੁਰਮਾ ਤੇ ਕੱਜਲ ਨੂੰ ਗੋਰੇ ਰੰਗ ਦਾ ਰੂਪ ਵਧਾਉਣ ਵਾਲੇ ਮੰਨਿਆ ਗਿਆ ਹੈ।
ਰੰਗ ਸਾਰੇ ਮਿਲਦੇ ਜਿੱਥੇ
ਉਹਨੂੰ ਕਹਿੰਦੇ ਰੰਗ ਚਿੱਟਾ
ਰੰਗ ਧੁੱਪ ਦਾ
ਰੰਗ ਸਾਰੇ ਮਿਟ ਜਾਂਦੇ ਜਿੱਥੇ
ਉੱਥੇ ਕੀ ਹੁੰਦਾ
ਕੋਈ ਨਾ ਜਾਣੇ
ਨਾਂ ਰੱਖਿਆ ‘ਰੰਗ ਕਾਲਾ’
ਨੇਰ੍ਹੇ ਨੂੰ ਕਾਲਾ ਵੀ ਕਹਿੰਦੇ
ਬੰਦਾ ਨਾਂ ਰੱਖਦਾ
ਤੇ ਪਰੇਸ਼ਾਨ ਹੁੰਦਾ
ਚਿੱਟੇ ਤੇ ਕਾਲੇ ਵਿਚਕਾਰ ਭਟਕਦਾ
ਇਹ ਕਾਦਰ ਹੈਰਾਨ ਹੁੰਦਾ
ਕਦੇ ਪ੍ਰੇਮ ਕਰਦਾ
ਕਦੇ ਪਸ਼ੇਮਾਨ ਹੁੰਦਾ
ਬਹੁਤ ਪਸ਼ੇਮਾਨ ਹੁੰਦਾ
      ਇਹ ਸੰਘਰਸ਼ ਭਾਰਤ ਅਤੇ ਪੂਰਬੀ ਦੁਨੀਆ ਵਿਚ ਹੀ ਨਹੀਂ ਹੁੰਦਾ, ਪੱਛਮੀ ਦੁਨੀਆ ਵਿਚ ਵੀ ਹੁੰਦਾ ਹੈ। ਪੱਛਮ ਵਿਚ ਜੱਜਾਂ, ਵਕੀਲਾਂ ਅਤੇ ਸੱਤਾਵਾਨ ਲੋਕਾਂ ਵੱਲੋਂ ਕਾਲਾ ਪਹਿਰਾਵਾ ਵਰਤਿਆ ਜਾਂਦਾ ਹੈ, ਕਾਲੇ ਅਤੇ ਇਸ ਨੂੰ ਹੋਰ ਰੰਗਾਂ ਨਾਲ ਮਿਲਾ ਕੇ ਬਣੇ ਰੰਗਾਂ ਦੇ ਕੱਪੜਿਆਂ ਨੂੰ ਤਾਕਤਵਰਾਂ ਦਾ ਲਿਬਾਸ (Power Clothing) ਅਤੇ ਕਾਲੇ ਰੰਗ ਦੀਆਂ ਕਾਰਾਂ ਨੂੰ ਤਾਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੋਰੇ ਤੇ ਕਾਲੇ ਰੰਗਾਂ ਬਾਰੇ ਲੋਕਾਂ ਦੇ ਮਨ ਵਿਚਲੇ ਦਵੰਦ, ਵਿਰੋਧ, ਤੌਖ਼ਲੇ ਤੇ ਸੰਸੇ ਕਈ ਰੂਪਾਂ ਵਿਚ ਉੱਭਰਦੇ ਹਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਗੋਰੇ ਲੋਕ ਕਾਲੇ ਰੰਗ ਦੀਆਂ ਵਸਤਾਂ ਨੂੰ ਇਸ ਦੀ ਅਨੋਖੀ ਕਸ਼ਿਸ਼ ਦੇ ਬਾਵਜੂਦ ਅਧੀਨ ਰੰਗ ਵਜੋਂ ਵਰਤਦੇ ਹਨ।
       ਇਸ ਸਭ ਕੁਝ ਦੇ ਬਾਵਜੂਦ ਚਿੱਟੇ/ਗੋਰੇ ਰੰਗ ਦੀ ਸਰਦਾਰੀ ਚੇਤਨ ਤੇ ਅਵਚੇਤਨ ਰੂਪ ਵਿਚ ਕਾਇਮ ਹੈ। ਲੋਕ-ਬੋਧ ਵਿਚ ਗੋਰਾ ਚਿੱਟਾ ਰੰਗ ਸਹੀ ਹੋਣ ਦਾ ਪ੍ਰਮਾਣ ਹੈ ਅਤੇ ਕਾਲਾ ਗ਼ਲਤ ਹੋਣ ਦਾ। ਹਰ ਭਾਸ਼ਾ ਦੀ ਮੁੱਖ ਧਾਰਾ ਵਿਚ ਸਥਾਪਤੀ ਦੇ ਸੁਰ ਅਚੇਤ ਰੂਪ ਵਿਚ ਪਏ ਹੁੰਦੇ ਹਨ, ਹਾਕਮ ਜਮਾਤਾਂ ਸ਼ਬਦਾਂ ਨੂੰ ਵਾਰ ਵਾਰ ਵਰਤ ਕੇ ਇਸ ਤਰ੍ਹਾਂ ਦੇ ਅਰਥ ਦੇ ਦਿੰਦੀਆਂ ਹਨ ਕਿ ਉਨ੍ਹਾਂ ਸ਼ਬਦਾਂ ਨੂੰ ਬੋਲਦਿਆਂ ਤੇ ਲਿਖਦਿਆਂ ਬਹੁਤ ਵਾਰ ਅਸੀਂ ਇਹ ਸਮਝਣ ਤੋਂ ਅਸਮਰੱਥ ਹੁੰਦੇ ਹਾਂ ਕਿ ਅਸੀਂ ਕਿਤੇ ਹਾਕਮ ਜਮਾਤ ਦੇ ਬਣਾਏ ਅਸੂਲਾਂ ਦੀ ਖੇਡ ਤਾਂ ਨਹੀਂ ਖੇਡ ਰਹੇ।

ਆਜ਼ਾਦੀ ਦੇ 75 ਵਰ੍ਹੇ - ਸਵਰਾਜਬੀਰ

ਦੇਸ਼ ਆਜ਼ਾਦੀ ਦੀ ਪਝੱਤਰਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਨ੍ਹਾਂ ਸਮਿਆਂ ਵਿਚ ਇਹ ਤਸੱਵਰ ਕਰਨਾ ਕਿ ਕੋਈ ਦੇਸ਼ ਜਾਂ ਲੋਕ ਕਿਸੇ ਹੋਰ ਦੇਸ਼ ਜਾਂ ਕੌਮ ਦੇ ਗ਼ੁਲਾਮ ਵੀ ਹੋ ਸਕਦੇ ਹਨ, ਬਹੁਤ ਮੁਸ਼ਕਲ ਹੈ ਪਰ ਗ਼ੁਲਾਮੀ ਅਤੇ ਬਸਤੀਵਾਦ ਅਜਿਹੀਆਂ ਇਤਿਹਾਸਕ ਸੱਚਾਈਆਂ ਹਨ ਜਿਹੜੀਆਂ ਦੇਸ਼ਾਂ, ਕੌਮਾਂ ਅਤੇ ਲੋਕਾਂ ਨੇ ਆਪਣੇ ਪਿੰਡਿਆਂ ’ਤੇ ਹੰਢਾਈਆਂ। ਏਸ਼ੀਆ, ਅਫ਼ਰੀਕਾ ਅਤੇ ਅਮਰੀਕਾ ਦੇ ਦੇਸ਼ ਗ਼ੁਲਾਮ ਰਹੇ ਅਤੇ ਉਨ੍ਹਾਂ ਨੇ ਸੰਘਰਸ਼ ਕਰ ਕੇ ਆਜ਼ਾਦੀ ਪ੍ਰਾਪਤ ਕੀਤੀ। ਬਸਤੀਵਾਦ ਦੌਰਾਨ ਯੂਰੋਪ ਦੇ ਦੇਸ਼ਾਂ ਵਿਚ ਇਹ ਵਿਚਾਰ ਬਹੁਤ ਤੇਜ਼ੀ ਨਾਲ ਉੱਭਰਿਆ ਸੀ ਕਿ ਉਹ ਸੱਭਿਅਕ, ਸਨਅਤੀ ਤੇ ਸਮਾਜਿਕ ਤੌਰ ’ਤੇ ਤਰੱਕੀ ਕਰ ਚੁੱਕੇ ਦੇਸ਼ ਤੇ ਕੌਮਾਂ ਹਨ ਅਤੇ ਉਨ੍ਹਾਂ ਨੂੰ ਏਸ਼ੀਆ, ਅਫ਼ਰੀਕਾ ਤੇ ਅਮਰੀਕਾ ਵਿਚ ਬਸਤੀਆਂ ਬਣਾਉਣ, ਉੱਥੋਂ ਦੇ ਕੁਦਰਤੀ ਖ਼ਜ਼ਾਨੇ ਲੁੱਟਣ ਅਤੇ ਉੱਥੋਂ ਦੇ ਲੋਕਾਂ ਨੂੰ ਜਬਰੀ ਗ਼ੁਲਾਮ ਬਣਾਉਣ ਦਾ ਅਧਿਕਾਰ ਪ੍ਰਾਪਤ ਹੈ। ਇਸ ਵਿਚਾਰ ਦੀ ਭੌਤਿਕ ਬਿਸਾਤ ਇਨ੍ਹਾਂ ਦੇਸ਼ਾਂ ਵਿਚ ਹੋਈ ਵਿਗਿਆਨਕ ਅਤੇ ਸਨਅਤੀ ਤਰੱਕੀ ਸੀ ਜਿਸ ਨੇ ਉਨ੍ਹਾਂ ਨੂੰ ਵੱਡੀਆਂ ਸਮੁੰਦਰੀ ਫ਼ੌਜਾਂ, ਆਧੁਨਿਕ ਹਥਿਆਰਾਂ ਅਤੇ ਅਸਲੇ ਦੇ ਮਾਲਕ ਬਣਾ ਦਿੱਤਾ ਸੀ। ਪੁਰਤਗਾਲੀਆਂ, ਡੱਚਾਂ, ਫਰਾਂਸੀਸੀਆਂ ਅਤੇ ਅੰਗਰੇਜ਼ਾਂ, ਸਭ ਨੇ ਭਾਰਤ ਵਿਚ ਬਸਤੀਆਂ ਬਣਾਈਆਂ ਪਰ ਅੰਗਰੇਜ਼ਾਂ ਨੇ ਬਾਕੀ ਸਾਮਰਾਜੀ ਤਾਕਤਾਂ ਨੂੰ ਹਰਾ ਕੇ ਆਪਣਾ ਸਾਮਰਾਜ ਸਥਾਪਿਤ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸਾਮਰਾਜ ਸਥਾਪਿਤ ਕਰਨ ਵਾਲੀ ਸ਼ਕਤੀ ਇੰਗਲੈਂਡ ਦੀ ਸਰਕਾਰ ਨਹੀਂ ਸਗੋਂ ਉੱਥੋਂ ਦੀ ਵਪਾਰਕ ਕੰਪਨੀ ‘ਈਸਟ ਇੰਡੀਆ ਕੰਪਨੀ’ ਸੀ ਜਿਸ ਨੂੰ ਸਰਕਾਰ ਦੀ ਹਮਾਇਤ ਹਾਸਲ ਸੀ। ਇਸ ਕੰਪਨੀ ਨੇ ਵਪਾਰ, ਧੋਖੇ ਅਤੇ ਮੁਕਾਮੀ ਲੋਕਾਂ ਵਿਚਲੀ ਫੁੱਟ ਨੂੰ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ। ਵਿਦੇਸ਼ੀ ਕੰਪਨੀਆਂ ਦੁਆਰਾ ਬਿਹਾਰ, ਬੰਗਾਲ ਤੇ ਹੋਰ ਲਾਗਲੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਜਬਰੀ ਮਜ਼ਦੂਰੀ ਲਈ ਮਾਰੀਸ਼ੀਅਸ, ਸੈਚਲਸ, ਸੂਰੀਨਾਮ, ਫ਼ਿਜੀ, ਟ੍ਰਿਨੀਡਾਡ ਤੇ ਟੋਬਾਗੋ ਅਤੇ ਹੋਰ ਬਸਤੀਆਂ ਵਿਚ ਭੇਜਿਆ ਗਿਆ।
       ਉਸ ਵੇਲੇ ਭਾਰਤ ਵਿਚ ਮੁਗ਼ਲ ਸਾਮਰਾਜ ਬਿਖਰ ਚੁੱਕਾ ਸੀ ਅਤੇ ਵੱਖ ਵੱਖ ਖੇਤਰਾਂ ਵਿਚ ਖੇਤਰੀ ਸ਼ਕਤੀਆਂ ਹਾਕਮ ਸਨ, ਉਨ੍ਹਾਂ ਦਾ ਕਿਰਦਾਰ ਜਾਗੀਰਦਾਰੀ ਵਾਲਾ ਅਤੇ ਆਪੋ-ਆਪਣੇ ਖੇਤਰ ਵਿਚ ਆਪਣੀ ਤਾਕਤ ਕਾਇਮ ਰੱਖਣ ਤਕ ਸੀਮਤ ਸੀ, ਉਹ ਵਿਦੇਸ਼ੀ ਤਾਕਤ ਵਿਰੁੱਧ ਸਾਂਝੀ ਲੜਾਈ ਲੜਨ ਦੇ ਅਸਮਰੱਥ ਸਨ, ਇਹੋ ਜਿਹਾ ਯਤਨ ਸਿਰਫ਼ 1857 ਵਿਚ ਹੋਇਆ ਜਿਸ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਾਂ ਗ਼ਦਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਮੈਸੂਰ (ਟੀਪੂ ਸੁਲਤਾਨ), ਪੰਜਾਬ (ਖ਼ਾਲਸਾ ਸਰਕਾਰ) ਅਤੇ ਹੋਰ ਖੇਤਰਾਂ ਵਿਚ ਅੰਗਰੇਜ਼ਾਂ ਵਿਰੁੱਧ ਗਹਿਗੱਚ ਲੜਾਈਆਂ ਹੋਈਆਂ ਸਨ ਪਰ ਕਾਮਯਾਬੀ ਅੰਗਰੇਜ਼ਾਂ ਨੂੰ ਮਿਲੀ। 1857 ਦਾ ਵਿਦਰੋਹ ਦੇਸ਼ਵਿਆਪੀ ਹੋਣ ਦੇ ਬਾਵਜੂਦ ਕਾਮਯਾਬੀ ਦੀ ਮੰਜ਼ਿਲ ਤਕ ਨਾ ਪਹੁੰਚ ਸਕਿਆ।
       1857 ਤੋਂ ਬਾਅਦ ਇੰਗਲੈਂਡ ਸਰਕਾਰ ਦੀ ਸਿੱਧੀ ਹਕੂਮਤ ਸਥਾਪਿਤ ਹੋਈ ਪਰ ਦੇਸ਼ ਦੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਉਸੇ ਤਰ੍ਹਾਂ ਜਾਰੀ ਰਹੀ। ਇਹੀ ਨਹੀਂ, ਨੌਜਵਾਨਾਂ ਨੂੰ ਜਬਰੀ ਫ਼ੌਜ ਵਿਚ ਭਰਤੀ ਕੀਤਾ ਗਿਆ ਅਤੇ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਲਈ ਨਾ ਸਿਰਫ਼ ਕਈ ਮੁਹਾਜ਼ਾਂ ’ਤੇ ਜਿੱਤ ਪ੍ਰਾਪਤ ਕੀਤੀ ਸਗੋਂ ਪਹਿਲੀ ਤੇ ਦੂਸਰੀ ਆਲਮੀ ਜੰਗ ਵਿਚ ਲੱਖਾਂ ਭਾਰਤੀ ਫ਼ੌਜੀ ਅੰਗਰੇਜ਼ਾਂ ਦੇ ਸਾਮਰਾਜੀ ਹਿੱਤਾਂ ਦੀ ਰਾਖੀ ਕਰਦੇ ਮਾਰੇ ਗਏ। 1857 ਤੋਂ ਬਾਅਦ ਅੰਗਰੇਜ਼ਾਂ ਨੇ ਫ਼ੌਜਾਂ ਦੀਆਂ ਰੈਜੀਮੈਂਟਾਂ ਦੀ ਬਣਤਰ ਧਰਮਾਂ, ਜਾਤਾਂ ਤੇ ਖੇਤਰਾਂ ਦੇ ਆਧਾਰ ’ਤੇ ਕੀਤੀ ਤਾਂ ਕਿ ਉਨ੍ਹਾਂ ਵਿਚ ਕਦੀ ਵੀ ਏਕਤਾ ਨਾ ਹੋ ਸਕੇ।
         ਕੌਮੀ ਪੱਧਰ ’ਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਅਗਵਾਈ ਕਾਂਗਰਸ ਨੇ ਕੀਤੀ। ਪੰਜਾਬ ਵਿਚ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਰੌਲਟ ਐਕਟ ਵਿਰੁੱਧ (ਜੱਲ੍ਹਿਆਂਵਾਲੇ ਬਾਗ਼ ਸਾਕੇ ਵਾਲੀ) ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ, ਕਿਸਾਨ ਮੋਰਚੇ ਅਤੇ ਹੋਰ ਸੰਘਰਸ਼ ਹੋਏ। ਇਨ੍ਹਾਂ ਵਿਚੋਂ ਗ਼ਦਰ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਸਨ, ਦੋਵੇਂ ਲਹਿਰਾਂ ਨੇ ਪੰਜਾਬ ਦੇ ਅਵਾਮ ਨੂੰ ਟੁੰਬਿਆ ਅਤੇ ਬਸਤੀਵਾਦੀ ਸਰਕਾਰ ਦੀ ਅਸਲੀ ਦੁਸ਼ਮਣ ਵਜੋਂ ਸ਼ਨਾਖ਼ਤ ਕੀਤੀ। ਪੰਜਾਬ ਦੇ ਨੌਜਵਾਨਾਂ ਨੇ ਨਿੱਜੀ ਅਤੇ ਛੋਟੇ ਛੋਟੇ ਗਰੁੱਪਾਂ ਵਿਚ ਸ਼ਮੂਲੀਅਤ ਕਰ ਕੇ ਵੀ ਵੱਡੀਆਂ ਕੁਰਬਾਨੀਆਂ ਦਿੱਤੀਆਂ। ਕਾਂਗਰਸ ਨੇ ਸੱਤਿਆਗ੍ਰਹਿ, ਸਿਵਲ ਨਾਫਰਮਾਨੀ, ਡਾਂਡੀ ਮਾਰਚ, ਅੰਗਰੇਜ਼ੋ ਭਾਰਤ ਛੱਡੋ ਆਦਿ ਲਹਿਰਾਂ ਰਾਹੀਂ ਆਮ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦੀ ਰਾਹ ’ਤੇ ਪਾਇਆ। ਕਾਂਗਰਸ ਤੋਂ ਬਾਹਰ ਰਹਿ ਕੇ ਵੀ ਕਮਿਊਨਿਸਟ, ਸੋਸ਼ਲਿਸਟ, ਅਕਾਲੀ, ਖੇਤਰੀ ਤੇ ਕਬਾਇਲੀ ਗਰੁੱਪਾਂ ਨੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਇਆ।
       ਇਸ ਅਜ਼ੀਮ ਸੰਘਰਸ਼ ਵਿਚ ਹਿੱਸਾ ਲੈਣ ਦੇ ਬਾਵਜੂਦ ਸਾਡੇ ਲੋਕ ਅਤੇ ਆਗੂ ਫ਼ਿਰਕਾਪ੍ਰਸਤੀ ਦੀ ਅੱਗ ਤੋਂ ਨਾ ਬਚ ਸਕੇ। ਅੰਗਰੇਜ਼ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰਦੇ ਹੋਏ ਹਿੰਦੂਆਂ ਤੇ ਮੁਸਲਮਾਨਾਂ ਨੂੰ ਪਾੜਨ ਅਤੇ ਇਕ-ਦੂਸਰੇ ਵਿਰੁੱਧ ਸਿਆਸਤ ਕਰਵਾਉਣ ਵਿਚ ਕਾਮਯਾਬ ਹੋਏ। ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਫ਼ਿਰਕਾਪ੍ਰਸਤ ਜਥੇਬੰਦੀਆਂ ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ। ਫ਼ਿਰਕੂ ਅੱਗ ਏਨੀ ਤੇਜ਼ ਕੀਤੀ ਗਈ ਕਿ ਦੇਸ਼ ਦੀ ਵੰਡ ਤੋਂ ਸਿਵਾਏ ਹੋਰ ਕੋਈ ਚਾਰਾ ਨਾ ਬਚਿਆ। ਇਸ ਅੱਗ ਦਾ ਸੇਕ ਪੰਜਾਬ ਤੇ ਬੰਗਾਲ ਨੇ ਝੱਲਿਆ। ਪੰਜਾਬ ਦੀ ਵੰਡ ਵਿਚ 10 ਲੱਖ ਪੰਜਾਬੀ ਮਾਰੇ ਗਏ, ਲੱਖਾਂ ਲੋਕ ਉਜੜੇ ਤੇ ਬੇਘਰੇ ਹੋਏ, ਔਰਤਾਂ ਦੀ ਬੇਪਤੀ ਕੀਤੀ ਗਈ ਅਤੇ ਸਦੀਆਂ ਤੋਂ ਵੱਸਦੇ ਸਾਂਝੇ ਪੰਜਾਬ ਨੂੰ ਵੰਡ ਦਿੱਤਾ ਗਿਆ। ਇਸ ਲਈ ਪੰਜਾਬੀ ਜਦ ਵੀ ਆਜ਼ਾਦੀ ਦਿਹਾੜਾ ਮਨਾਉਂਦੇ ਹਨ ਤਾਂ ਉਨ੍ਹਾਂ ਦੇ ਮਨਾਂ ਵਿਚ 1947 ਦੀ ਵੰਡ ਅਤੇ ਉਜਾੜੇ ਦਾ ਸੱਲ ਤੇ ਦੁੱਖ ਵੀ ਉੱਭਰਦੇ ਹਨ।
        ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਕਾਮਯਾਬੀ ਦੇਸ਼ ਵਿਚ ਜਮਹੂਰੀਅਤ ਕਾਇਮ ਕਰਨਾ ਅਤੇ ਸੰਵਿਧਾਨ ਬਣਾਉਣਾ ਸੀ। 1940ਵਿਆਂ ਵਿਚ ਬਸਤੀਵਾਦ ਤੋਂ ਮੁਕਤੀ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿਚੋਂ ਸਿਰਫ਼ ਭਾਰਤ ਤੇ ਸ੍ਰੀਲੰਕਾ ਹੀ ਅਜਿਹੇ ਦੇਸ਼ ਹਨ ਜਿਨ੍ਹਾਂ ਵਿਚ ਜਮਹੂਰੀਅਤਾਂ ਕਾਇਮ ਹੋਈਆਂ ਅਤੇ ਰਹੀਆਂ। ਬਾਕੀ ਦੇਸ਼ਾਂ ਵਿਚ ਜਮਹੂਰੀਅਤਾਂ ਤਾਂ ਕਾਇਮ ਹੋਈਆਂ ਪਰ ਜਲਦੀ ਹੀ ਫ਼ੌਜੀ ਰਾਜ-ਪਲਟੇ ਹੋਏ ਅਤੇ ਹਕੂਮਤਾਂ ਫ਼ੌਜਾਂ ਅਤੇ ਤਾਨਾਸ਼ਾਹਾਂ ਦੇ ਹੱਥਾਂ ਵਿਚ ਚਲੀਆਂ ਗਈਆਂ। ਅਨੇਕਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਭਾਰਤ ਦਾ ਸੰਵਿਧਾਨ ਜਾਂ ਜਮਹੂਰੀਅਤ ਦੀ ਤੋਰ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਸੀ ਜਾਂ ਸੰਵਿਧਾਨਿਕ ਤੇ ਜਮਹੂਰੀ ਅਮਲ ਵਿਚ ਕੀ ਨੁਕਸ ਹਨ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸੰਵਿਧਾਨ ਅਤੇ ਜਮਹੂਰੀ ਅਮਲ ਹੀ ਹਨ ਜਿਨ੍ਹਾਂ ਨੇ ਦੇਸ਼ ਅਤੇ ਲੋਕਾਂ ਨੂੰ ਵਿਕਾਸ ਅਤੇ ਸੰਘਰਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ। ਕਿਸਾਨਾਂ, ਮਜ਼ਦੂਰਾਂ ਅਤੇ ਸਨਅਤੀ ਮਜ਼ਦੂਰਾਂ ਦੇ ਵਿਆਪਕ ਸੰਘਰਸ਼ ਵੀ ਜਮਹੂਰੀਅਤ ਕਾਰਨ ਸੰਭਵ ਹੋਏ ਅਤੇ ਬਹੁਤ ਸਾਰੇ ਮੁਹਾਜ਼ਾਂ ’ਤੇ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ।
      75 ਸਾਲਾਂ ਵਿਚ ਬਹੁਤ ਕੁਝ ਏਦਾਂ ਦਾ ਹੋਇਆ ਜਿਸ ’ਤੇ ਲੋਕ ਮਾਣ ਕਰ ਸਕਦੇ ਹਨ। ਦੇਸ਼ ਨੇ ਪਾਕਿਸਤਾਨ ਅਤੇ ਚੀਨ ਵਿਰੁੱਧ ਜੰਗਾਂ ਲੜੀਆਂ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਇਆ। ਕਿਸੇ ਵੀ ਖ਼ਿੱਤੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਸਭ ਕੁਝ ਸਿੱਧ-ਪੱਧਰਾ ਅਤੇ ਜਸ਼ਨਮਈ ਨਹੀਂ ਹੁੰਦਾ। ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸਾਵੇਂ ਆਰਥਿਕ ਵਿਕਾਸ ਨੇ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਨਿਰਾਸ਼ਤਾ ਵੱਲ ਧੱਕਿਆ ਹੈ। 1990ਵਿਆਂ ਤੋਂ ਦੇਸ਼ ਦੀਆਂ ਆਰਥਿਕ ਨੀਤੀਆਂ ਬਦਲੀਆਂ ਅਤੇ ਕਾਰਪੋਰੇਟ ਅਤੇ ਵੱਡੇ ਵਪਾਰੀ ਘਰਾਣਿਆਂ ਦੀ ਤੂਤੀ ਬੋਲਣ ਲੱਗੀ। ਇਸ ਦਾ ਕਾਰਨ ਜਨਤਕ ਖੇਤਰ ਦੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਤੇ ਸਰਕਾਰੀ ਨੀਤੀਆਂ ਸਨ। ਇਸ ਕਾਰਨ ਆਰਥਿਕ ਅਸਾਵਾਂਪਣ ਵਧਿਆ ਅਤੇ ਇਸ ਸਮੇਂ ਦੇਸ਼ ਦੀ ਦੌਲਤ ਦਾ 40 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਕੋਲ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਦਾ ਦੇਸ਼ ਦੀ ਦੌਲਤ ਵਿਚ ਹਿੱਸਾ ਸਿਰਫ਼ 2.58 ਫ਼ੀਸਦੀ ਹੈ। ਇਹੀ ਨਹੀਂ, ਇਸ ਦੌਰਾਨ ਦੇਸ਼ ਜਮਹੂਰੀ ਰਾਹ ਤੋਂ ਵੀ ਭਟਕਿਆ ਅਤੇ 1975-77 ਵਿਚ ਦੇਸ਼ ਵਿਚ ਐਮਰਜੈਂਸੀ ਲਗਾਈ ਗਈ। ਪੰਜਾਬ ਨੇ 1980ਵਿਆਂ ਦਾ ਸੰਤਾਪ ਭੋਗਿਆ, 1984 ਵਿਚ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਅਤੇ ਨਵੰਬਰ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਹੋਇਆ। ਹਿੰਦੂ-ਮੁਸਲਮਾਨ ਫ਼ਿਰਕਾਪ੍ਰਸਤੀ ਪਨਪਦੀ ਰਹੀ ਤੇ ਦੰਗ਼ੇ ਹੁੰਦੇ ਰਹੇ। ਹੁਣ ਵੀ ਦੇਸ਼ ਦੀ ਵੱਡੀ ਘੱਟਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
      ਇਨ੍ਹਾਂ ਸਮਿਆਂ ਵਿਚ 2020-21 ਦੇ ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਕਿ ਲੋਕਾਂ ਦੀ ਏਕਤਾ ਨਾਲ ਹਕੂਮਤ ਦੇ ਲੋਕ-ਵਿਰੋਧੀ ਕਦਮਾਂ ਦਾ ਵਿਰੋਧ ਅਸਰਦਾਰ ਢੰਗ ਨਾਲ ਕਰ ਕੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਸਾਨ ਲਹਿਰ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਸੱਤਿਆਗ੍ਰਹਿ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕਰ ਕੇ ਲੋਕਾਂ ਨੂੰ ਊਰਜਿਤ ਕੀਤਾ।
      ਦੇਸ਼ ਆਜ਼ਾਦੀ ਦੀ ਪਝੱਤਰਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜਮਹੂਰੀਅਤ ਦੇ ਪਝੱਤਰ ਵਰ੍ਹੇ ਪੂਰੇ ਹੋਣਾ ਗੌਰਵਮਈ ਪ੍ਰਾਪਤੀ ਹੈ। ਖ਼ੁਸ਼ੀਆਂ ਮਨਾਉਣ ਦੇ ਨਾਲ ਨਾਲ ਪੰਜਾਬੀ ਵੰਡ ਦੇ ਪਝੱਤਰ ਵਰ੍ਹਿਆਂ ਨੂੰ ਵੀ ਯਾਦ ਕਰ ਰਹੇ ਹਨ। ਇਸ ਸਮੇਂ ਲੋਕਾਂ ਦੇ ਸਾਹਮਣੇ ਮਹਾਨ ਚੁਣੌਤੀਆਂ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਜਮਹੂਰੀ ਤਾਕਤਾਂ ਦਾ ਸਾਂਝਾ ਮੁਹਾਜ਼ ਬਣਾਉਣ ਅਤੇ ਹੱਕ-ਸੱਚ ਦੀ ਲੜਾਈ ਲੜਨ ਦੀ ਹੈ। ਇਸ ਸਮੇਂ ਸਾਰੇ ਨਾਗਰਿਕਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਵਿਰਸੇ ਵਿਚੋਂ ਸੱਚ ਦੀ ਲੋਅ ਲੱਭਣ ਅਤੇ ਆਪਣੇ ਸਮਿਆਂ ਦੇ ਸੱਚ ਲਈ ਸੰਘਰਸ਼ ਕਰਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।’’ ਭਾਵ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸੀਤਾ ਕਦੇ ਨਹੀਂ ਪਾਟਦਾ। ਆਜ਼ਾਦੀ, ਸੱਚ ਤੇ ਜਮਹੂਰੀਅਤ ਦਾ ਡੂੰਘਾ ਸਬੰਧ ਹੈ। ਇਨ੍ਹਾਂ ਵਿਚੋਂ ਕਿਸੇ ਇਕ ਉੱਤੇ ਲੱਗੀ ਚੋਟ ਜਾਂ ਜ਼ਖ਼ਮ ਦੂਸਰੇ ਵਰਤਾਰਿਆਂ ਨੂੰ ਜ਼ਖ਼ਮੀ ਕਰਦੀ ਹੈ। ਦੇਸ਼ ਭਗਤੀ ਦਾ ਅਸਲੀ ਤੱਤ ਲੋਕਾਂ ਨਾਲ ਪਿਆਰ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨਜਿੱਠਣ ਵਿਚ ਹੈ। ਇਹ ਬੜੇ ਮੁਸ਼ਕਲ ਵੇਲੇ ਹਨ ਅਤੇ ਇਨ੍ਹਾਂ ਵੇਲਿਆਂ ਵਿਚ ਆਪਣੇ ਵਡੇਰਿਆਂ ਅਤੇ ਦੇਸ਼ ਭਗਤਾਂ ਦੀਆਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਕੇ ਸੰਘਰਸ਼ ਕਰਦਿਆਂ ਹੀ ਆਜ਼ਾਦੀ ਤੇ ਜਮਹੂਰੀਅਤ ਦੀ ਰੱਖਿਆ ਕੀਤੀ ਜਾ ਸਕਦੀ ਹੈ