Ujagar Singh

ਬੀ.ਜੇ.ਪੀ.ਨੇ ਰਵਨੀਤ ਸਿੰਘ ਬਿੱਟੂ ਵਿੱਚ ਆਪਣਾ ਭਵਿਖ ਵੇਖਿਆ - ਉਜਾਗਰ ਸਿੰਘ

ਪ੍ਰਧਾਨ ਮੰਤਰੀ ਨੇ ਇਸ ਵਾਰ ਮੰਤਰੀ ਮੰਡਲ ਦਾ ਗਠਨ ਕਰਨ ਤੋਂ ਪਹਿਲਾਂ ਨਵੇਂ ਸੰਭਾਵਿਤ ਮੰਤਰੀਆਂ ਨੂੰ ਇਕ ਮੀਟਿੰਗ ਕਰਕੇ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਕੰਮਾ ਨੂੰ ਅੱਗੇ ਵਧਾਉਣ ਦੀ ਨਸੀਅਤ ਦਿੱਤੀ। ਉਨ੍ਹਾਂ ਨਵੇਂ ਮੰਤਰੀਆਂ ਨੂੰ ਸੰਜੀਦਗੀ ਅਤੇ ਨਮਰਤਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਤੀਜੇ ਵਿਖਾਉਣੇ ਪੈਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰਾਂ ਨੇ ਪੰਜਾਬ ਵਿੱਚੋਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਬਣਾਕੇ ਪੰਜਾਬੀਆਂ ਨੂੰ ਸੰਕੇਤ ਦਿੱਤਾ ਹੈ ਕਿ ਪਾਰਟੀ 2027 ਦੀਆਂ ਚੋਣਾਂ ਜਿੱਤਣ ਲਈ ਸੰਜੀਦਾ ਹੈ। ਭਾਰਤੀ ਜਨਤਾ ਪਾਰਟੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਅਤੇ ਸਦਭਾਵਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਸੀਨੀਅਰ ਨੇਤਾਵਾਂ ਦੇ ਨਾਲ ਨੌਜਵਾਨਾ ਦੀ ਸ਼ਕਤੀ ਨੂੰ ਮਹੱਤਤਾ ਦੇਣ ਲਈ ਰਵਨੀਤ ਸਿੰਘ ਬਿੱਟੂ ਨੂੰ ਅੱਗੇ ਕੀਤਾ ਹੈ। ਪੰਜਾਬ ਰਿਸ਼ੀਆਂ, ਮੁਨੀਆਂ, ਧਾਰਮਿਕ ਗੁਰੂਆਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ। ਇਸ ਲਈ ਇਥੇ ਵਸਣ ਵਾਲੇ ਸਾਰੇ ਫਿਰਕਿਆਂ ਅਤੇ ਸਮੁਦਾਇ ਵਿੱਚ ਇੱਕਮੁਠਤਾ ਬਰਕਰਾਰ ਰੱਖਣ ਦੇ ਮੰਤਵ ਨਾਲ ਰਵਨੀਤ ਸਿੰਘ ਬਿੱਟੂ ਦੀ ਦੇਸ਼ ਭਗਤੀ ਅਤੇ ਪੰਜਾਬ ਵਿੱਚ ਸਦਭਾਵਨਾ ਦੀ ਵਿਚਾਰਧਾਰਾ ‘ਤੇ ਮੋਹਰ ਲਗਾਈ ਗਈ ਹੈ। ਬਿੱਟੂ ਦੀ ਭਾਰਤ ਅਤੇ ਪੰਜਾਬ ਦੇ ਹਰ ਮੁੱਦੇ ’ਤੇ ਪਹਿਰਾ ਦਿੰਦਿਆਂ ਆਪਣੀ ਰਾਏ ਦੇਣ ਦੀ ਪ੍ਰਵਿਰਤੀ ਵੀ ਜਗ ਜ਼ਾਹਰ ਹੈ। ਉਹ ਹਮੇਸ਼ਾ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਵਕਾਲਤ ਕਰਦੇ ਰਹਿੰਦੇ ਹਨ। ਉਹ ਵੱਖਵਾਦੀ ਸ਼ਕਤੀਆਂ ਦਾ ਕੱਟੜ ਵਿਰੋਧੀ ਹੈ। ਪੰਜਾਬ ਵਰਗੇ ਸਰਹੱਦੀ ਸੂਬੇ ਲਈ ਬਿੱਟੂ ਵਰਗੇ ਸਿਆਸਤਦਾਨ ਹੀ ਵਿਦੇਸ਼ੀ ਤਾਕਤਾਂ ਦੇ ਮਨਸੂਬਿਆਂ ਨੂੰ ਠੱਲ ਪਾ ਸਕਦੇ ਹਨ। ਪੰਜਾਬ ਵਿੱਚੋਂ ਦੋ ਸੀਟਾਂ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਤਥਾ ਕਥਿਤ ਗਰਮ ਖਿਆਲੀਆਂ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਨੈਸ਼ਨਲ ਸਕਿਉਰਿਟੀ ਐਕਟ ਅਧੀਨ ਡਿਬਰੂਗੜ੍ਹ ਜੇਲ੍ਹ ਅਸਾਮ ਵਿੱਚ ਬੰਦ ਹਨ ਅਤੇ ਭਾਈ ਸਰਬਜੀਤ ਸਿੰਘ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦਾ ਸਪੁੱਤਰ ਦੇ ਲੋਕ ਸਭਾ ਲਈ ਚੁਣੇ ਜਾਣ ਨੂੰ ਭਾਰਤੀ ਜਨਤਾ ਪਾਰਟੀ ਗਰਮ ਖਿਆਲੀਆਂ ਦਾ ਉਭਾਰ ਸਮਝਦੀ ਹੈ। ਇਸ ਲਈ ਬਿੱਟੂ ਨੂੰ ਸੀਨੀਅਰ ਨੇਤਾਵਾਂ ਦੀ ਬਜਾਏ ਮੰਤਰੀ ਬਣਾਉਣ ਵਿੱਚ ਪਹਿਲ ਦਿੱਤੀ ਗਈ ਹੈ। ਨੌਜਵਾਨ ਪਾਰਟੀ ਦੀ ਨੀਤੀ ਨੂੰ ਵਧੇਰੇ ਉਤਸ਼ਾਹ ਅਤੇ ਫੁਰਤੀ ਨਾਲ ਲਾਗੂ ਕਰ ਸਕਦੇ ਹਨ। ਬਿੱਟੂ ਨੌਜਵਾਨਾ ਦੀ ਪ੍ਰਤੀਨਿਧਤਾ ਕਰਦੇ ਹਨ। ਪੰਜਾਬ ਨੂੰ ਦ੍ਰਿੜ੍ਹ ਇਰਾਦੇ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਕਰਨ ਲਈ ਬਚਨਵੱਧਤਾ ਵਾਲੇ ਸਿਆਸਤਦਾਨ ਦੀ ਲੋੜ ਸੀ। ਰਵਨੀਤ ਸਿੰਘ ਬਿੱਟੂ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਭਵਿਖ ਵੇਖਿਆ ਹੈ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਰਵਨੀਤ ਸਿੰਘ ਬਿੱਟੂ ਆਪਣੇ ਦਾਦੇ ਦੀ ਤਰ੍ਹਾਂ ਪੰਜਾਬ ਦਾ ਸੁਨਹਿਰੀ ਭਵਿਖ ਬਣਾਉਣ ਵਿੱਚ ਵਰਣਨਯੋਗ ਯੋਗਦਾਨ ਪਾ ਸਕਦੇ ਹਨ। ਉਸ ਦੀ ਅਤਿਵਾਦ ਬਾਰੇ ਸੋਚ ਬਿਲਕੁਲ ਸ਼ਪਸ਼ਟ ਹੈ। ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾ ਵਿੱਚ ਕਿਸਾਨਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਰਵਨੀਤ ਸਿੰਘ ਬਿੱਟੂ ਕਿਸਾਨਾ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਿਸਾਨ ਅੰਦੋਲਨ ਦੌਰਾਨ ਡੇਢ ਸਾਲ ਦਿੱਲੀ ਵਿਖੇ ਜੰਤਰ ਮੰਤਰ ਦੇ ਫੁੱਟ ਪਾਥ ‘ਤੇ ਬੈਠ ਕੇ ਕਿਸਾਨਾ ਦੀ ਹਮਾਇਤ ਕਰਦਾ ਰਿਹਾ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਰਵਨੀਤ ਸਿੰਘ ਬਿੱਟੂ ਕਿਸਾਨਾ ਅਤੇ ਸਰਕਾਰ ਵਿੱਚਕਾਰ ਪੁਲ ਦਾ ਕੰਮ ਕਰਨ ਦੇ ਸਮਰੱਥ ਹੈ।
  ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਵਿੱਚ ਆਪਣੇ ਵੋਟ ਬੈਂਕ ਵਿੱਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਤੱਕ ਸਿਰਫ 23 ਵਿਧਾਨ ਸਭਾ ਦੀਆਂ ਸੀਟਾਂ ਤੇ ਚੋਣ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਲੜਦੀ ਰਹੀ ਹੈ। ਕਿਸਾਨ ਅੰਦੋਲਨ ਸਮੇਂ ਅਕਾਲੀ ਦਲ ਨਾਲੋਂ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁੱਟ ਗਿਆ ਸੀ। ਉਸ ਤੋਂ ਬਾਅਦ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਹੋਈਆਂ ਸਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਨੇ 73 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜੀ ਸੀ। ਉਨ੍ਹਾਂ ਨੂੰ ਸਿਰਫ਼ 6 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ ਤੇ ਸਿਰਫ ਇੱਕ ਸੀਟ ‘ਤੇ ਜਿੱਤ ਪ੍ਰਾਪਤ ਹੋਈ ਸੀ। 219 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾਂ ਜਿੱਤੀਆਂ ਸਨ ਅਤੇ 9.63 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। 18ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 13 ਹਲਕਿਆਂ ਤੋਂ ਚੋਣ ਲੜੀ ਸੀ ਅਤੇ 18.56 ਫ਼ੀ ਸਦੀ ਵੋਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਅਕਾਲੀ ਦਲ ਨੇ ਸਿਰਫ਼ 12 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਪਾਰਟੀ ਕਿਸਾਨਾ ਅਤੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਤੋਂ ਬਿਨਾ ਸਰਕਾਰ ਨਹੀਂ ਬਣਾ ਸਕੇਗੀ। ਇਸ ਮੰਤਵ ਲਈ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 6 ਸਿੱਖ ਉਮੀਦਵਾਰ ਖੜ੍ਹੇ ਕਰਕੇ ਇਹ ਸੰਕੇਤ ਦਿੱਤਾ ਸੀ ਕਿ ਉਹ ਸਿੱਖਾਂ ਨਾਲ ਸਦਭਾਵਨਾ ਕਾਇਮ ਕਰਨਾ ਚਾਹੁੰਦੀ ਹੈ। ਇਨ੍ਹਾਂ 6 ਉਮੀਦਵਾਰਾਂ ਵਿੱਚ ਪਰਨੀਤ ਕੌਰ, ਤਰਨਜੀਤ ਸਿੰਘ ਸੰਧੂ, ਗੁਰਮੀਤ ਸਿੰਘ ਰਾਣਾ ਸੋਢੀ,  ਪਰਮਪਾਲ ਕੌਰ ਸਿੱਧੂ, ਰਵਨੀਤ ਸਿੰਘ ਬਿੱਟੂ ਅਤੇ ਮਨਜੀਤ ਸਿੰਘ ਮੰਨਾ ਸ਼ਾਮਲ ਹਨ। ਭਾਵੇਂ ਇਨ੍ਹਾਂ ਉਮੀਦਵਾਰਾਂ ਵਿੱਚੋਂ ਕੋਈ ਜਿੱਤ ਨਹੀਂ ਸਕਿਆ ਪ੍ਰੰਤੂ ਉਨ੍ਹਾਂ ਦੇ ਉਮੀਦਵਾਰ ਜਿੱਤਣ ਵਾਲਿਆਂ ਤੋਂ ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਆਏ ਹਨ। ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੇ ਪਛਾੜ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ‘ਤੇ ਘੱਟ ਗਿਣਤੀਆਂ ਨਾਲ ਵਧੀਕੀਆਂ ਕਰਨ ਦੇ ਇਲਜ਼ਾਮ ਲੱਗਦੇ ਸਨ।
  ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਸਿਆਸਤਦਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਪਾਰੀ ਦੇ ਮੰਤਰੀ ਮੰਡਲ ਗਠਨ ਵਿੱਚ ਬਹੁਤ ਸਾਰੀਆਂ ਨਿਵੇਕਲੀਆਂ ਗੱਲਾਂ ਵੇਖਣ ਨੂੰ ਮਿਲੀਆਂ ਹਨ। ਲੋਕ ਸਭਾ ਵਿੱਚ ਇਕੱਲੀ ਭਾਰਤੀ ਜਨਤਾ ਪਾਰਟੀ ਨੂੰ ਬਹੁਮੱਤ ਨਾ ਮਿਲਣ ਕਰਕੇ ਨਰਿੰਦਰ ਮੋਦੀ ਨੇ ਆਪਣੀ 72 ਮੈਂਬਰੀ ਕੇਂਦਰੀ ਵਜ਼ਾਰਤ ਵਿੱਚ ਤਜ਼ਰਬੇਕਾਰ ਰਾਜਨੇਤਾਵਾਂ ਨੂੰ ਸ਼ਾਮਲ ਕਰਕੇ ਇਹ ਸੰਕੇਤ ਦਿੱਤੇ ਹਨ ਕਿ ਸਰਕਾਰ ਠੋਸ ਨਤੀਜੇ ਭਾਲਦੀ ਹੈ ਤਾਂ ਜੋ ਜਿਹੜੇ ਰਾਜਾਂ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾ ਹੋਣੀਆਂ ਹਨ, ਉਥੇ ਭਾਰਤੀ ਜਨਤਾ ਪਾਰਟੀ ਸ਼ਪਸ਼ਟ ਬਹੁਮੱਤ ਪ੍ਰਾਪਤ ਕਰ ਸਕੇ। ਮੰਤਰੀ ਮੰਡਲ ਦੇ ਗਠਨ ਵਿੱਚ ਕੀਤੀਆਂ ਗਈਆਂ ਵਿਲੱਖਣਤਾਵਾਂ ਬਾਰੇ ਗੱਲ ਸ਼ੁਰੂ ਕਰਨ ਲੱਗਿਆ ਸਭ ਤੋਂ ਪਹਿਲਾਂ ਪੰਜਾਬ ਬਾਰੇ ਗੱਲ ਕਰਾਂਗੇ। ਪੰਜਾਬ ਦੇਸ਼ ਦਾ ਸਰਹੱਦੀ ਰਾਜ ਹੈ। ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਭਾਰਤ ਪਾਕਿ ਅਤੇ ਚੀਨ ਨਾਲ ਜੰਗ ਸਮੇਂ ਹਿੱਕ ਠੋਕ ਕੇ ਦੇਸ਼ ਦੀ ਰੱਖਿਆ ਕੀਤੀ। ਬੈਰੂਨੀ ਖ਼ਤਰਿਆਂ ਨਾਲ ਨਿਪਟਣ ਤੋਂ ਬਾਅਦ ਜਦੋਂ ਦੇਸ਼ ਵਿੱਚ ਅੰਦਰੂਨੀ ਖ਼ਤਰੇ ਪਹਾੜ ਦੀ ਤਰ੍ਹਾਂ ਚਟਾਨ ਬਣਕੇ ਖੜ੍ਹ ਗਏ ਸਨ ਤਾਂ ਵੀ ਪੰਜਾਬ ਨੇ ਹੀ ਉਸ ਦਾ ਮੁਕਾਬਲਾ ਕੀਤਾ। ਭਾਵ ਜਦੋਂ ਸਮੁੱਚੇ ਦੇਸ਼ ਵਿੱਚ ਅੱਤਵਾਦ ਦਾ ਦੌਰ ਸੀ ਜੋ ਠੱਲਣ ਦਾ ਨਾਮ ਨਹੀਂ ਲੈ ਰਿਹਾ ਸੀ, ਜਿਸ ਦਾ ਸਭ ਤੋਂ ਜ਼ਿਆਦਾ ਸਰਹੱਦੀ ਸੂਬਾ ਪੰਜਾਬ ਪ੍ਰਭਾਵਤ ਸੀ ਤਾਂ ਫਿਰ ਰਵਨੀਤ ਸਿੰਘ ਬਿੱਟੂ ਦੇ ਦਾਦਾ ਸ੍ਰ.ਬੇਅੰਤ ਸਿੰਘ ਨੇ ਸਮੁੱਚੇ ਭਾਰਤੀਆਂ ਦੇ ਜਾਨ ਮਾਲ ਦੀ ਰੱਖਿਆ ਲਈ ਸ਼ਾਂਤੀ ਸਥਾਪਤ ਕੀਤੀ। ਸ੍ਰ.ਬੇਅੰਤ ਸਿੰਘ ਦੀ ਵਿਰਾਸਤ ਦਾ ਲਾਹਾ ਲੈਣ ਲਈ ਭਾਰਤੀ ਜਨਤਾ ਪਾਰਟੀ ਨੇ ਸ੍ਰ.ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰਨ ਦੇ ਬਾਵਜੂਦ ਕੇਂਦਰੀ ਮੰਤਰੀ ਮੰਡਲ ਵਿੱਚ ਬਤੌਰ ਰਾਜ ਮੰਤਰੀ ਸ਼ਾਮਲ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਰਵਨੀਤ ਸਿੰਘ ਬਿੱਟੂ ਤਿੰਨ ਵਾਰ ਲੋਕ ਸਭਾ ਦਾ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਿਹਾ ਹੈ। ਉਸ ਕੋਲ ਸਿਆਸਤ ਦਾ ਵਿਸ਼ਾਲ ਤਜ਼ਰਬਾ ਹੈ। ਉਹ 2008 ਵਿੱਚ ਪੰਜਾਬ ਯੂਥ ਕਾਂਗਰਸ ਦਾ ਬਾਕਾਇਦਾ ਚੁਣਿਆਂ ਹੋਇਆ ਪਹਿਲਾ ਪ੍ਰਧਾਨ ਸੀ, ਜਿਸ ਕਰਕੇ ਉਸ ਕੋਲ ਆਰਗੇਨਾਈਜੇਸ਼ਨ ਦਾ ਤਜ਼ਰਬਾ ਹੈ। ਲੋਕ ਸਭਾ ਚੋਣਾ ਤੋਂ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਹੈ। 24 ਰਾਜਾਂ ਵਿੱਚੋਂ 72 ਮੈਂਬਰੀ ਮੰਤਰੀ ਮੰਡਲ ਵਿੱਚ 30 ਕੈਬਨਿਟ ਮੰਤਰੀ, 5 ਰਾਜ ਮੰਤਰੀ ਸੁਤੰਤਰ ਚਾਰਜ, 36 ਰਾਜ ਮੰਤਰੀ ਸ਼ਾਮਲ ਹਨ, ਇਨ੍ਹਾਂ ਵਿੱਚ 11 ਮੰਤਰੀ ਐਨ.ਡੀ.ਏ.ਦੇ ਸਹਿਯੋਗੀ ਦਲਾਂ ਦੇ ਹਨ। 7 ਸਾਬਕਾ ਮੁੱਖ ਮੰਤਰੀਆਂ  ਅਤੇ 7 ਇਸਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਤੋਂ ਦੋ ਸਿੱਖ ਚਿਹਰੇ ਹਰਦੀਪ ਸਿੰਘ ਪੁਰੀ ਕੈਬਨਿਟ ਮੰਤਰੀ ਅਤੇ ਰਵਨੀਤ ਸਿੰਘ ਬਿੱਟੂ ਰਾਜ ਮੰਤਰੀ ਦੇ ਤੌਰ ‘ਤੇ ਲਏ ਗਏ ਹਨ। ਪ੍ਰਧਾਨ ਮੰਤਰੀ ਨੇ ਸਾਰੇ ਫਿਰਕਿਆਂ ਅਤੇ ਸਮੁਦਾਇ ਨੂੰ ਪ੍ਰਤੀਨਿਧਤਾ ਦਿੱਤੀ ਹੈ। ਇਨ੍ਹਾਂ ਵਿੱਚੋਂ 43 ਮੰਤਰੀ 3 ਵਾਰ ਤੋਂ ਵੱਧ ਵਾਰ ਲੋਕ ਸਭਾ ਦੇ ਮੈਂਬਰ, 39 ਪਹਿਲਾਂ ਵੀ ਮੰਤਰੀ ਰਹੇ ਹਨ, 27 ਓ.ਬੀ.ਸੀ., 10 ਐਸ.ਸੀ., 5 ਸਟੇਟ ਟਰਾਈਬਜ਼ ਅਤੇ 5 ਘੱਟ ਗਿਣਤੀਆਂ ਦੇ ਮੈਂਬਰ ਹਨ। 12 ਮੰਤਰੀ 70 ਤੋਂ 75 ਸਾਲ, ਇੱਕ ਮੰਤਰੀ 79 ਸਾਲ, 12 ਮੰਤਰੀ 60 ਤੋਂ 70 ਸਾਲ, 16 ਮੰਤਰੀ 50 ਤੋਂ 60 ਸਾਲ, 15 ਮੰਤਰੀ 40 ਤੋਂ 50 ਸਾਲ ਤੋਂ ਘੱਟ ਉਮਰ ਅਤੇ 2 ਮੈਂਬਰ 40 ਸਾਲ ਤੋਂ ਵੀ ਘੱਟ ਉਮਰ ਦੇ ਹਨ। ਭਾਵ ਮੰਤਰੀ ਮੰਡਲ ਵਿੱਚ ਬਜ਼ੁਰਗਾਂ ਦੇ ਨਾਲ ਨੌਜਵਾਨਾ ਨੂੰ ਵੀ ਤਰਜ਼ੀਹ ਦਿੱਤੀ ਗਈ ਹੈ ਤਾਂ ਜੋ ਸਰਕਾਰ ਆਪਣੀ ਸੁਚੱਜੀ ਕਾਰਗੁਜ਼ਾਰੀ ਵਿਖਾ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ  - ਉਜਾਗਰ ਸਿੰਘ

ਪੰਜਾਬ ਦੇ ਵੋਟਰਾਂ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੀ ਔਕਾਤ ਅਨੁਸਾਰ ਸੀਟਾਂ ਦੇ ਕੇ ਚੁੱਪ ਕਰਾ ਦਿੱਤਾ ਹੈ। ਪ੍ਰੰਤੂ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦੋ ਮਹੀਨਿਆਂ ਲਈ 600 :ਯੁਨਿਟਾਂ ਮੁਫ਼ਤ ਦੀ ਸਹੂਲਤ ਦੇ ਕੇ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਮ ਆਦਮੀ ਪਾਰਟੀ ਨੂੰ ਫਿਰ ਵੀ 3 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਲੋਕ ਸਭਾ ਦੀਆਂ ਚੋਣਾ ਵਿੱਚ ਕਈ ਤਰ੍ਹਾਂ ਦੀਆਂ ਵਿਲੱਖਣਤਾਵਾਂ ਵੇਖਣ ਨੂੰ ਮਿਲੀਆਂ ਹਨ। ਹੁਣ ਤੱਕ ਦੀਆਂ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾ ਵਿੱਚ ਹਮੇਸ਼ਾ ਦੋ ਪਾਰਟੀਆਂ ਦੇ ਸਿੱਧੇ ਮੁਕਾਬਲੇ ਹੁੰਦੇ ਰਹੇ ਹਨ। ਕੁੱਝ ਕੁ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਤਾਂ ਹੁੰਦੇ ਸਨ, ਪ੍ਰੰਤੂ ਮੁੱਖ ਮੁਕਾਬਲਾ ਆਮ ਤੌਰ 'ਤੇ ਦੋ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੁੰਦਾ ਸੀ। ਅਕਾਲੀ ਦਲ ਵੀ ਲਗਪਗ ਹਮੇਸ਼ਾ ਹੀ ਕਿਸੇ ਸਹਿਯੋਗੀ ਪਾਰਟੀ ਨਾਲ ਮਿਲ ਕੇ ਚੋਣ ਲੜਦਾ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਹੀ ਇਕੱਲੀਆਂ-ਇਕੱਲੀਆਂ ਚੋਣਾ ਲੜੀਆਂ ਹਨ।
ਅਕਾਲੀ ਦਲ ਇਕ ਵਾਰ ਬਹੁਜਨ ਸਮਾਜ ਪਾਰਟੀ ਅਤੇ ਉਸ ਤੋਂ ਬਾਅਦ ਹਮੇਸ਼ਾ ਹੀ ਜਨ ਸੰਘ/ ਭਾਰਤੀ ਜਨਤਾ ਪਾਰਟੀ ਨਾਲ ਰਲਕੇ ਚੋਣਾ ਲੜਦਾ ਸੀ। ਕਾਂਗਰਸ ਪਾਰਟੀ ਹਮੇਸ਼ਾ ਹੀ ਇਕੱਲਿਆਂ ਚੋਣਾ ਲੜਦੀ ਰਹੀ ਹੈ। ਪਿਛਲੀਆਂ ਦੋ ਚੋਣਾ ਤੋਂ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਆ ਗਈ ਹੈ। ਹਾਲਾਂ ਕਿ ਆਮ ਆਦਮੀ ਪਾਰਟੀ ਪੰਜਾਬ ਤੋਂ ਬਿਨਾ ਸਮੁੱਚੇ ਭਾਰਤ ਵਿੱਚ ਇੰਡੀਆ ਧੜੇ ਵਿੱਚ ਸ਼ਾਮਲ ਹੋ ਕੇ ਚੋਣਾ ਲੜ ਰਹੀ ਹੈ। ਇਸ ਵਾਰ ਦੀ ਚੋਣ ਦੀ ਇਕ ਹੋਰ ਵਿਲੱਖਣਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਖੁਲਮ ਖੁਲ੍ਹਾ ਆਯੋਧਿਆ ਵਿੱਚ ਸਥਾਪਤ ਕੀਤੇ ਰਾਮ ਮੰਦਰ ਦੇ ਨਾਮ 'ਤੇ ਵੋਟਾਂ ਮੰਗੀਆਂ ਹਨ। ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਹੋਰ ਧੜੇ ਪੰਥ ਦੇ ਨਾਮ 'ਤੇ ਵੋਟਾਂ ਮੰਗਦੇ ਰਹੇ ਹਨ। ਇਸ ਵਾਰ 18 ਦਲ ਦਬਦਲੂਆਂ ਨੇ ਵੀ ਚੋਣ ਲੜੀ ਹੈ, ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਹੁਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨ। ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਵਿੱਚ ਆਪਣੇ ਦਮ 'ਤੇ ਇਕੱਲਿਆਂ ਚੋਣ ਲੜੀ ਹੈ। ਇਸ ਵਾਰ ਸਾਰੀਆਂ ਪਾਰਟੀਆਂ ਮੁੱਦਿਆਂ ਦੀ ਥਾਂ ਦੂਸ਼ਣਬਾਜ਼ੀ ਹੀ ਕਰਦੀਆਂ ਰਹੀਆਂ ਹਨ। ਪੰਜਾਬ ਦਾ ਵਿਕਾਸ, ਆਰਥਿਕਤਾ, ਨਸ਼ੇ, ਗੈਂਗਸਟਰਵਾਦ, ਜ਼ਮੀਨਦੋਜ਼ ਪਾਣੀ, ਬੇਰੋਜ਼ਗਾਰੀ ਅਤੇ ਭਰਿਸ਼ਟਾਚਾਰ ਵਰਗੇ ਅਹਿਮ ਮੁੱਦੇ ਨਦਾਰਦ ਰਹੇ। ਮੁਫ਼ਤਖ਼ੋਰੀ ਦਾ ਖ਼ੂਬ ਪ੍ਰਚਾਰ ਕੀਤਾ ਗਿਆ।
ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਆਟਾ ਦਾਲ ਸਕੀਮ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਰਹੇ। ਗਰੰਟੀਆਂ ਦਾ ਨਵਾਂ ਮੁੱਦਾ ਵੀ ਭਾਰੀ ਰਿਹਾ। 13 ਲੋਕ ਸਭਾ ਮੈਂਬਰਾਂ ਵਿੱਚੋਂ 8 ਮੈਂਬਰ ਪਹਿਲੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੇ। ਦੋ ਲੋਕ ਸਭਾ ਮੈਂਬਰਾਂ ਨੂੰ ਛੱਡਕੇ 11 ਮੈਂਬਰ ਪੜ੍ਹੇ ਲਿਖੇ ਅਤੇ ਲੋਕਤੰਤਰ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
18ਵੀਂ ਲੋਕ ਸਭਾ ਚੋਣਾ 2024 ਦੇ ਚੋਣ ਨਤੀਜਿਆਂ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਖਾਸ ਤੌਰ 'ਤੇ ਰਾਜ ਕਰ ਰਹੀਆਂ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਬਦਲਣ ਲਈ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਹੈ। ਜਿਹੜੀਆਂ ਪਾਰਟੀਆਂ ਚੋਣਾਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੇ ਦਮਗਜ਼ੇ ਮਾਰ ਰਹੀਆਂ ਸਨ, ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ।
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਪਰਜਾਤੰਤਰਕ ਦੇਸ਼ ਹੈ, ਪ੍ਰੰਤੂ ਇਥੇ ਹਕੂਮਤ ਕਰ ਰਹੀਆਂ ਕੁੱਝ ਸਿਆਸੀ ਪਾਰਟੀਆਂ ਪਰਜਾਤੰਤਰ ਦੇ ਸਿਧਾਂਤਾਂ 'ਤੇ ਪਹਿਰਾ ਨਹੀਂ ਦੇ ਰਹੀਆਂ, ਸਗੋਂ ਪਰਜਾਤੰਤਰ ਦੀਆਂ ਧਜੀਆਂ ਉਡਾ ਰਹੀਆਂ ਸਨ। ਦੇਸ਼ ਦੇ ਵੋਟਰਾਂ ਨੇ ਆਪਣੇ ਫ਼ੈਸਲਿਆਂ ਵਿੱਚ ਤਾਨਾਸ਼ਾਹੀ ਦੀ ਪ੍ਰਵਿਰਤੀ ਨੂੰ ਕਬੂਲ ਨਹੀਂ ਕੀਤਾ।
ਭਾਰਤ ਦੀਆਂ ਇਤਿਹਾਸਕ, ਧਾਰਮਿਕ, ਮਿਥਹਾਸਿਕ, ਭਾਈਚਾਰਕ ਸਾਂਝ, ਭਰਾਤਰੀ ਸ਼ਹਣਿਸ਼ੀਲਤਾ, ਮਿਲਵਤਨ, ਆਪਸੀ ਸਹਿਯੋਗ, ਸਹਿਹੋਂਦ ਅਤੇ ਸਦਭਾਵਨਾ ਵਾਲੀਆਂ ਪਰੰਪਰਾਵਾਂ ਹਨ, ਪ੍ਰੰਤੂ ਕੁੱਝ ਸਿਆਸੀ ਪਾਰਟੀਆਂ ਇਨ੍ਹਾਂ ਪਰੰਪਰਾਵਾਂ 'ਤੇ ਪਹਿਰਾ ਦੇਣ ਦੀ ਥਾਂ ਇਨ੍ਹਾਂ ਦੇ ਵਿਰੁੱਧ ਲੋਕਾਂ ਨੂੰ ਉਕਸਾ ਰਹੀਆਂ ਸਨ। ਭਾਰਤ ਦੇ ਵੋਟਰਾਂ ਨੇ ਅਜਿਹੀਆਂ ਪਾਰਟੀਆਂ ਨੂੰ ਸਬਕ ਸਿਖਾ ਦਿੱਤਾ ਹੈ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 123 ਚੋਣਾ ਵਿੱਚ ਧਰਮ ਅਤੇ ਜ਼ਾਤ ਪਾਤ ਦੀ ਵਰਤੋਂ ਦੀ ਮਨਾਹੀ ਕਰਦੀ ਹੈ ਪ੍ਰੰਤੂ ਇਨ੍ਹਾਂ ਲੋਕ ਸਭਾ ਚੋਣਾ ਵਿੱਚ ਧਰਮ ਅਤੇ ਜ਼ਾਤ ਪਾਤ ਦੀ ਪ੍ਰਮੁੱਖਤਾ ਨਾਲ ਵਰਤੋਂ ਕੀਤੀ ਗਈ। ਧਰਮ ਦੇ ਨਾਮ 'ਤੇ ਵੋਟਾਂ ਮੰਗੀਆਂ ਗਈਆਂ ਪ੍ਰੰਤੂ ਸੂਝਵਾਨ ਵੋਟਰਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਸਿਆਸਤਦਾਨਾ ਦੀ ਚਾਲਾਂ ਵਿੱਚ ਫਸੇ ਨਹੀਂ, ਸਗੋਂ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕੀਤੀ ਹੈ। ਉਤਰ ਪ੍ਰਦੇਸ ਦੀ ਫੈਜਾਵਾਦ ਲੋਕ ਸਭਾ ਦੀ ਸੀਟ ਤੋਂ ਜਿਥੇ ਆਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਕੀਤੀ ਗਈ ਹੈ, ਉਥੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਚੋਣ ਹਾਰ ਗਏ ਹਨ। ਧਰਮ ਅਤੇ ਜ਼ਾਤ ਪਾਤ ਦੀ ਆੜ ਵਿੱਚ ਵੋਟਾਂ ਵਟੋਰਨ ਦੀ ਪ੍ਰਵਿਰਤੀ ਨੂੰ ਵੋਟਰਾਂ ਨੇ ਪ੍ਰਵਾਨ ਨਹੀਂ ਕੀਤਾ।
ਭਾਰਤੀ ਜਨਤਾ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾ ਵਿੱਚ 303 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ, ਇਸ ਦੇ ਮੁਕਾਬਲੇ ਇਸ ਵਾਰ 239 ਸੀਟਾਂ ਤੇ ਹੀ ਸਬਰ ਕਰਨਾ ਪਿਆ। ਇਕੱਲੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਜਿਸ ਤੋਂ ਬਾਅਦ ਗੱਠਜੋੜ ਦੀ ਸਿਆਸਤ ਦੁਬਾਰਾ ਸ਼ੁਰੂ ਹੋ ਗਈ ਹੈ। ਭਾਵ ਭਾਰਤੀ ਜਨਤਾ ਪਾਰਟੀ ਆਪਣੇ ਸਹਿਯੋਗੀਆਂ ਨਿਤਿਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਦੀਆਂ ਵਿਸਾਖੀਆਂ ਨਾਲ ਸਰਕਾਰ ਬਣਾਉਣ ਲਈ ਮਜ਼ਬੂਰ ਹੋਵੇਗੀ।
ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਾਨਾਸ਼ਾਹੀ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣੀ ਪਵੇਗੀ ਕਿਉਂਕਿ ਉਹ ਹੁਣ ਮਨਮਰਜ਼ੀ ਨਹੀਂ ਕਰ ਸਕੇਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਕੁਰਬਾਨੀਆਂ ਦੇਣ ਵਾਲੀ ਰੀਜਨਲ ਪਾਰਟੀ ਹੈ। ਇਨ੍ਹਾਂ ਲੋਕ ਸਭਾ ਚੋਣਾ ਵਿੱਚ ਉਸ ਨੇ 13 ਉਮੀਦਵਾਰ ਖੜ੍ਹੇ ਕੀਤੇ ਸਨ, ਉਨ੍ਹਾਂ ਵਿੱਚੋਂ ਦੋ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਬਠਿੰਡਾ ਅਤੇ ਬੌਬੀ ਮਾਨ ਫ਼ੀਰੋਜ਼ਪੁਰ ਨੂੰ ਛੱਡਕੇ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ, ਪਾਰਟੀ ਦੇ ਦਿਗਜ਼ ਉਮੀਦਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਡਾ.ਦਲਜੀਤ ਸਿੰਘ ਚੀਮਾ ਅਤੇ ਵਿਰਸਾ ਸਿੰਘ ਵਲਟੋਹਾ ਜ਼ਮਾਨਤਾਂ ਜ਼ਬਤ ਹੋਣ ਵਾਲਿਆਂ ਵਿੱਚ ਸ਼ਾਮਲ ਹਨ।
ਜੇਕਰ ਅਜੇ ਵੀ ਉਹ ਆਪਣੀਆਂ ਨੀਤੀਆਂ, ਕਾਰਗੁਜ਼ਾਰੀ ਅਤੇ ਮੁੱਖੀ ਨੂੰ ਬਦਲਣ ਲਈ ਤਿਆਰ ਨਹੀਂ ਹਨ, ਤਾਂ ਉਨ੍ਹਾਂ ਨੂੰ ਇਸ ਦਾ ਇਵਜ਼ਾਨਾ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਭੁਗਤਣਾ ਪਵੇਗਾ। ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਨੀਤੀਆਂ ਬਦਲਣ ਦੇ ਸੰਕੇਤ ਦੇ ਦਿੱਤੇ ਹਨ, ਜੇਕਰ ਅਜੇ ਵੀ ਨਾ ਸਮਝੇ ਤਾਂ ਵੋਟਰਾਂ ਨੇ ਪੜ੍ਹਨੇ ਪਾ ਦੇਣਾ ਹੈ। ਸ਼੍ਰੋਮਣੀ ਅਕਾਲੀ ਦਲ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਾਲੀ ਬਠਿੰਡਾ ਇੱਕ ਸੀਟ ਜਿੱਤਕੇ ਦਮਗਜ਼ੇ ਮਾਰਨ ਦਾ ਨਤੀਜਾ ਵੀ ਅਗਲੀਆਂ ਚੋਣਾਂ ਵਿੱਚ ਭਾਰੂ ਪੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਵੋਟਾਂ ਦੀ ਪ੍ਰਤੀਸ਼ਤ 2014 ਦੀ 26.30 ਫ਼ੀ ਸਦੀ ਤੇ 2019 ਦੀ 27.76 ਫ਼ੀ ਸਦੀ ਤੋਂ ਘੱਟ ਕੇ 13.42 ਫ਼ੀ ਸਦੀ ਰਹਿ ਗਈ ਹੈ, ਜੋ ਪਹਿਲੀ ਵਾਰ ਸਾਰੀਆਂ ਸੀਟਾਂ 'ਤੇ ਚੋਣ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਤੋਂ ਵੀ ਘੱਟ ਹੈ।
2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ 18.38 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ, ਭਾਵੇਂ ਉਸ ਨੇ 3 ਸੀਟਾਂ ਹੀ ਜਿੱਤੀਆਂ ਸਨ। ਇਸੇ ਤਰ੍ਹਾਂ ਦੋ ਸਾਲ ਪਹਿਲਾਂ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13 ਜ਼ੀਰੋ ਦੀ ਫੜ੍ਹ ਮਾਰਦੇ ਸਨ ਪ੍ਰੰਤੂ ਨਤੀਜੇ ਸਿਰਫ 13 ਦੀ ਥਾਂ 3 'ਤੇ ਆ ਕੇ ਅਟਕ ਗਏ। ਆਮ ਆਦਮੀ ਪਾਰਟੀ ਜਿਹੜੀ ਲਤੀਫ਼ਿਆਂ ਅਤੇ ਇਸ਼ਤਿਹਾਰਾਂ ਦੇ ਪ੍ਰਚਾਰ ਨਾਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਗਟਾਵਾ ਕਰਦੀ ਸੀ, ਉਨ੍ਹਾਂ ਦੀ ਪ੍ਰਤੀਸ਼ਤ ਸਿਰਫ਼ 26.02 ਫ਼ੀ ਸਦੀ ਰਹਿ ਗਈ ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ 42.01 ਫੀ ਸਦੀ ਸੀ। ਭਾਰਤੀ ਜਨਤਾ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ 73 ਉਮੀਦਵਾਰ ਖੜ੍ਹੇ ਕੀਤੇ ਸਨ ਤੇ ਵੋਟ ਫ਼ੀ ਸਦੀ 6.60 ਸੀ,
ਇਸ ਵਾਰ ਲੋਕ ਸਭਾ ਲਈ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਤੇ ਫ਼ੀ ਸਦੀ 18.56 ਹੋ ਗਈ। ਪ੍ਰੰਤੂ ਉਨ੍ਹਾਂ ਦੇ ਕੁੱਝ ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋ ਗਈ ਹੈ। ਕਾਂਗਰਸ ਪਾਰਟੀ ਨੇ ਵੀ 13 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚੋਂ 7 ਜਿੱਤ ਗਏ ਹਨ ਤੇ ਵੋਟ 26.30 ਫ਼ੀ ਸਦੀ ਰਹੀ। ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਨੂੰ 40 ਫ਼ੀ ਸਦੀ ਵੋਟ ਪੋਲ ਹੋਈ ਸੀ। ਕਾਂਗਰਸ ਪਾਰਟੀ ਨੂੰ ਵੋਟਾਂ ਵਧੇਰੇ ਨਹੀਂ ਪਈਆਂ ਪ੍ਰੰਤੂ ਚਾਰ ਕੋਨੇ ਮੁਕਾਬਲਿਆਂ ਕਰਕੇ ਉਨ੍ਹਾਂ ਦੇ ਉਮੀਦਵਾਰ ਚੋਣ ਜਿੱਤ ਗਏ।
ਕਿਸਾਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਫ਼ਸਲਾਂ ਦੀ ਕਾਨੂੰਨੀ ਘੱਟੋ ਘੱਟ ਕੀਮਤ ਨਿਸਚਤ ਕਰਨ ਦਾ ਐਲਾਨ ਕਰਨ ਕਰਕੇ ਵੋਟਾਂ ਪਾ ਦਿੱਤੀਆਂ। ਇਨ੍ਹਾਂ ਲੋਕ ਸਭਾ ਚੋਣਾ ਵਿੱਚ ਦਲ ਬਦਲੀਆਂ ਦਾ ਜ਼ੋਰ ਰਿਹਾ। 18 ਦਲਬਦਲੂਆਂ ਨੇ ਚੋਣ ਲੜੀ ਸੀ ਪ੍ਰੰਤੂ ਪੰਜਾਬ ਦੇ ਵੋਟਰਾਂ ਨੇ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਇਆ।
18 ਉਮੀਦਵਾਰਾਂ ਵਿੱਚੋਂ ਮੁੱਖ ਉਮੀਦਵਾਰ ਸ਼੍ਰੀਮਤੀ ਪਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਸ਼ੁਸ਼ੀਲ ਕੁਮਾਰ ਰਿੰਕੂ, ਪਵਨ ਕੁਮਾਰ ਟੀਨੂ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਰਾਜ ਕੁਮਾਰ ਚੱਬੇਵਾਲ ਨੇ ਪਾਰਟੀਆਂ ਬਦਲਕੇ ਚੋਣ ਲੜੀ ਸੀ, ਰਾਜ ਕੁਮਰ ਚੱਬੇਵਾਲ ਤੋਂ ਇਲਾਵਾ ਸਾਰਿਆਂ ਨੂੰ ਵੋਟਰਾਂ ਨੇ ਹਰਾ ਦਿੱਤਾ ਹੈ। 1989 ਦੀ ਤਰ੍ਹਾਂ ਦੋ ਪੰਥਕ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਜਿੱਤ ਗਏ ਹਨ। ਪੰਥਕ ਉਮੀਦਵਾਰਾਂ ਨੇ ਇਸ ਵਾਰ ਭਾਰਤੀ ਸੰਵਿਧਾਨ ਦੇ ਰਿੁੱਧ ਪ੍ਰਚਾਰ ਨਹੀਂ ਕੀਤਾ ਪ੍ਰੰਤੂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ਰੂਰ ਭਾਰੂ ਰਿਹਾ।

ਮੋਹ-ਮੁਹੱਬਤਾਂ ਦਾ ਵਣਜਾਰਾ : ਅਮਰੀਕ ਸਿੰਘ ਛੀਨਾ - ਉਜਾਗਰ ਸਿੰਘ

ਮੁਹੱਬਤ ਹੀ ਜੀਵਨ ਹੈ, ਜੀਵਨ ਹੀ ਮੁਹੱਬਤ ਹੈ। ਮੁਹੱਬਤ ਜੀਵਨ ਦਾ ਕੇਂਦਰ ਬਿੰਦੂ ਹੈ। ਜੀਵਨ ਨੂੰ ਸੁਖਾਲਾ ਤੇ ਆਰਾਮਦਾਇਕ ਬਣਾਉਣ ਲਈ ਮੁਹੱਬਤ ਵਰਦਾਨ ਹੈ। ਇਨਸਾਨੀ ਜੀਵਨ ਪਰਮਾਤਮਾ ਦਾ ਨਿਸਚਤ ਸਮੇਂ ਲਈ ਦਿੱਤਾ ਗਿਆ ਇੱਕ ਬੇਸ਼ਕੀਮਤੀ ਤੋਹਫ਼ਾ ਹੈ। ਇਸ ਤੋਹਫ਼ੇ ਦਾ ਸਦਉਪਯੋਗ ਕਰਨਾ ਹਰ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਆਮ ਤੌਰ ‘ਤੇ ਇਸ ਤੋਹਫ਼ੇ ਦੇ ਮਿਲਣ ਤੋਂ ਬਾਅਦ ਇਨਸਾਨ ਲਾਪ੍ਰਵਾਹ ਹੋ ਜਾਂਦਾ ਹੈ। ਖਾਮਖਾਹ ਨਿੱਕੇ -ਨਿੱਕੇ ਝਗੜੇ ਝੇੜਿਆਂ ਵਿੱਚ ਪੈਂਦਾ ਹੋਇਆ ਆਪਣੀ ਜ਼ਿੰਦਗੀ ਲਈ ਦੁੱਖ ਤੇ ਦਰਦ ਸਹੇੜ ਲੈਂਦਾ ਹੈ। ਕੁਝ ਟਾਵੇਂ-ਟਾਵੇਂ ਇਨਸਾਨ ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਮੁਹੱਬਤ ਦੇ ਰੰਗ ਵਿੱਚ ਵਿਲੀਨ ਹੋ ਜਾਂਦੇ ਹਨ। ਉਹ ਹਰ ਪ੍ਰਾਣੀ ਨੂੰ ਮੁਹੱਬਤ ਦੀ ਨਿਗਾਹ ਨਾਲ ਵੇਖਦੇ ਹਨ। ਅਜਿਹੇ ਇਨਸਾਨਾ ਵਿੱਚ ਸੰਤ ਹਜ਼ਾਰਾ ਸਿੰਘ ਦੀ ਵਿਰਾਸਤ ਦਾ ਪਹਿਰੇਦਾਰ ਤੇ ਚਮਕਦਾ ਸਿਤਾਰਾ ਅਮਰੀਕ ਸਿੰਘ ਛੀਨਾ ਸੀ, ਜਿਹੜਾ ਹਮੇਸ਼ਾ ਸਮਾਜ ਵਿੱਚ ਮੁਹੱਬਤਾਂ ਦੇ ਗੱਫ਼ੇ ਵੰਡਦਾ ਹੋਇਆ ਖ਼ੁਸ਼ਬੋਆਂ ਦੀਆਂ ਛਹਿਬਰਾਂ ਲਗਾਉਂਦਾ ਰਹਿੰਦਾ ਸੀ। ਦੋਸਤਾਂ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ। ਦੋਸਤਾਂ-ਮਿੱਤਰਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਹੁੰਦਾ ਸੀ। ਉਸ ਦਾ ਸੰਗੀਤਕ ਦਿਲ ਸੰਗੀਤ ਦੀਆਂ ਲਹਿਰਾਂ ਦੇ ਵਹਿਣ ਵਿੱਚ ਵਹਿੰਦਾ ਰਹਿੰਦਾ ਸੀ। ਇਸ ਕਰਕੇ ਸੰਗੀਤਕ ਲਹਿਰ ਉਸ ਦੇ ਵਿਅਕਤਿਵ ਦਾ ਹਿੱਸਾ ਬਣ ਗਈ ਸੀ। ਸੰਗੀਤ ਦੀਆਂ ਧੁਨਾਂ ਉਸ ਦੇ ਦਿਲ ਦੀ ਧੜਕਣ ਵਿੱਚ ਸਮਾਈਆਂ ਹੋਈਆਂ ਸਨ। ਪਟਿਆਲਾ ਦੇ ਸਭਿਆਚਾਰ ਵਿੱਚ ਸੰਗੀਤ ਦਾ ਵਿਸ਼ੇਸ਼ ਸਥਾਨ ਹੈ। ਉਸ ਦੀ ਨਿੱਜੀ ਲਾਇਬ੍ਰੇਰੀ ਵਿੱਚ ਸੰਸਾਰ ਦੇ ਚੋਟੀ ਦੇ ਸੰਗੀਤਕਾਰਾਂ ਦੀਆਂ ਕੈਸਟਾਂ ਮੌਜੂਦ ਸਨ। ਉਹ ਸਿਆਸਤ, ਸੰਗੀਤ ਅਤੇ ਵਿਰਾਸਤ ਦੀ ਤ੍ਰਵੈਣੀ ਸੀ। ਪੰਜਾਬੀ ਖਾਸ ਤੌਰ ‘ਤੇ ਸਿੱਖ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਆਮ ਤੌਰ ਤੇ ਇਨਸਾਨ ਆਪਣੀ ਜ਼ਿੰਦਗੀ ਝਗੜਿਆਂ-ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ। ਅਮਰੀਕ ਸਿੰਘ ਛੀਨਾ ਦੋਸਤਾਂ ਦਾ ਦੋਸਤ ਸੀ। ਉਸ ਨੂੰ ਦੋਸਤੀ ਬਣਾਉਣ ਅਤੇ ਨਿਭਾਉਣ ਦਾ ਸ਼ੌਕ ਸੀ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸ ਦਾ ਸ਼ੌਕ ਸੀ। ਉਸ ਦੀ ਦੋਸਤੀ ਦਾ ਦਾਇਰਾ ਵਿਸ਼ਾਲ ਸੀ। ਉਸ ਦੀ ਦੋਸਤੀ ਦੇ ਦਾਇਰੇ ਵਿਚ ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਵੱਡੇ ਤੇ ਛੋਟੇ ਦੋਵੇਂ ਤਰ੍ਹਾਂ ਦੇ ਬੰਦਿਆਂ ਨਾਲ ਦੋਸਤੀ ਦਾ ਭਾਵ ਆਪਣੇ ਵਿਚ ਕੋਈ ਖਾਸ ਗੁਣ ਹੋਣਾ ਹੁੰਦਾ ਹੈ।      ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸ ਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸ ਨੇ ਹਰ ਦੁੱਖ ਸੁੱਖ ਵਿਚ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ। ਉਹ ਇਕੱਲਾ ਰਹਿਣ ਵਿਚ ਯਕੀਨ ਨਹੀਂ ਰੱਖਦਾ ਸੀ, ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਵਿਚ ਘਿਰਿਆ ਰਹਿੰਦਾ ਸੀ। ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ ਸਨ, ਜਿਹੜੇ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਸਨ। ਅਮਰੀਕ ਸਿੰਘ ਛੀਨਾ ਦੀ ਵਿਰਾਸਤ ਵੀ ਕਾਫੀ ਅਮੀਰ ਸੀ।  ਵਿਰਾਸਤੀ ਪੂੰਜੀ ਦੇ ਨਾਲ ਉਹ ਹਰਫਨ ਮੌਲਾ ਬਣ ਗਿਆ ਅਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਵਿਚ ਨਿਖ਼ਾਰ ਆ ਗਿਆ।
ਪ੍ਰਾਹੁਣਚਾਰੀ ਦੇ ਅਰਥਾਂ ਨੂੰ ਉਹ ਸਮਝਦਾ ਹੀ ਨਹੀਂ ਸਗੋਂ ਪ੍ਰਾਹੁਣਚਾਰੀ ਕਰਨ ਦਾ ਵੀ ਮਾਹਿਰ ਸੀ।  ਉਸ ਦੇ ਸਨੌਰ ਨਜ਼ਦੀਕ ਸੰਤ ਹਜ਼ਾਰਾ ਸਿੰਘ ਫਾਰਮ ਵਿੱਚ ਦੇਸ਼ ਵਿਦੇਸ਼ ਤੋਂ ਮਹਿਮਾਨ ਆਏ ਹੀ ਰਹਿੰਦੇ ਸੀ। ਉਹ ਉਨ੍ਹਾਂ ਦਸਤਾਂ ਮਿੱਤਰਾਂ ਦੀ ਮਹਿਮਾਨ ਨਿਵਾਜ਼ੀ ਲਈ ਮਹਿਫ਼ਲਾਂ ਸਜਾਉਂਦਾ ਰਹਿੰਦਾ ਸੀ। ਮਹਿਮਾਨ ਨਿਵਾਜ਼ੀ ਵੀ ਉਸ ਨੂੰ ਵਿਰਾਸਤ ਵਿੱਚੋਂ ਹੀ ਮਿਲੀ ਸੀ। ਪਟਿਆਲਾ ਰਿਆਸਤੀ ਸ਼ਹਿਰ ਹੋਣ ਕਰਕੇ ਇਥੇ ਵਿਦੇਸ਼ਾਂ ਵਿੱਚੋਂ ਸੈਲਾਨੀ ਆਉਂਦੇ ਰਹਿੰਦੇ ਸਨ। ਅਮਰੀਕ ਸਿੰਘ ਛੀਨਾ ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤਕ ਸਕੱਤਰ ਹੋਣ ਕਰਕੇ ਉਨ੍ਹਾਂ ਸੈਲਾਨੀਆਂ ਨੂੰ ਇਤਿਹਾਸਕ ਅਤੇ ਪੁਰਾਤਤਵ ਨਾਲ ਸੰਬੰਧਤ ‘ਤੇ ਲੈ ਕੇ ਜਾਂਦਾ ਸੀ। ਉਸ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਸੈਲਾਨੀ ਉਸ ਦੇ ਫਾਰਮ ਹਾਊਸ ‘ਤੇ ਜਰੂਰ ਆਉਣ, ਫਿਰ ਉਹ ਉਨ੍ਹਾਂ ਦੇ ਮਨੋਰੰਜਨ ਲਈ ਸੰਗੀਤ ਦੀਆਂ ਮਹਿਫਲਾਂ ਦਾ ਪ੍ਰਬੰਧ ਕਰਦਾ ਸੀ। ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ। ਪ੍ਰੰਤੂ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਉਸ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦੇ ਉਹ ਜਨਰਲ ਸਕੱਤਰ ਸਨ। 1984 ਵਿਚ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਅਮਰੀਕ ਸਿੰਘ ਛੀਨਾ ਨੂੰ ਇਨਟੈਕ ਦੇ ਪੰਜਾਬ ਚੈਪਟਰ ਦਾ ਕੋ-ਕਨਵੀਨਰ ਬਣਾਇਆ ਗਿਆ। ਜਿਸ ਕਰਕੇ ਉਨ੍ਹਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਵਿਖਾਉਣ ਲਈ ਲੈ ਕੇ ਆਇਆ ਸੀ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ। ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਹੇ ਸਨ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜ੍ਹਿਆ ਲਿਖਿਆ ਅਤੇ ਗੁੜ੍ਹਿਆ ਹੋਇਆ ਵਿਅਕਤੀ ਸਨ, ਜਿਹੜੇ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦੇ ਸਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਸਨ। ਉਨ੍ਹਾਂ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵੋ, ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦੇ ਸਨ। ਉਨ੍ਹਾਂ ਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਦੀ ਪੜ੍ਹਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਸਨ। ਭੰਗੜੇ ਦੇ ਵੀ ਸ਼ੌਕੀਨ ਸਨ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦੇ ਸਨ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਏ ਸਨ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ ਸੀ।
     ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ ਸੀ। ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਵੰਤ ਕੌਰ ਛੀਨਾ, ਸਪੁੱਤਰ ਕਰਨਬੀਰ ਸਿੰਘ ਛੀਨਾ, ਨੂੰਹ ਖ਼ੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਪੰਜਾਬ ਦੇ ਸਰਵੋਤਮ ਸਿਆਸੀ ਬੁਲਾਰੇ -  ਉਜਾਗਰ ਸਿੰਘ

ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ। ਪੰਜਾਬ ਦਾ ਵੀ ਸਿਆਸੀ ਵਾਤਵਰਨ ਗਰਮ ਹੈ ਪ੍ਰੰਤੂ ਚੰਗੇ ਬੁਲਾਰਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਵਰਤਮਾਨ ਬੁਲਾਰਿਆਂ ਦਾ ਸਿਰਫ਼ ਦੁਸ਼ਣਬਾਜ਼ੀ ‘ਤੇ ਹੀ ਜ਼ੋਰ ਹੈ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੂਟਾ ਸਿੰਘ ਅਤੇ ਜਸਵੀਰ ਸਿੰਘ ਸੰਗਰੂਰ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਗਮੀਤ ਸਿੰਘ ਬਰਾੜ ਚੁੱਪ ਹਨ, ਬਲਵੰਤ ਸਿੰਘ ਰਾਮੂਵਾਲੀਆ ਉਤਰ ਪ੍ਰਦੇਸ਼ ਵਿੱਚ ਮਸ਼ਰੂਫ਼ ਹਨ, ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰ ਰਹੇ ਹਨ । ਪ੍ਰਮੁੱਖ ਬੁਲਾਰਿਆਂ ਵਿੱਚੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਪਾਲ ਸਿੰਘ ਖਹਿਰਾ ਹੀ ਚੋਣ ਮੈਦਾਨ ਵਿੱਚ ਗਰਜ ਰਹੇ ਹਨ। ਪੰਜਾਬ ਦੇ ਸਿਆਸਤਦਾਨ ਦੇਸ਼ ਦੀ ਸਿਆਸਤ ਵਿੱਚ ਹਮੇਸ਼ਾ ਹੀ ਨਾਮਣਾ ਖੱਟਦੇ ਰਹੇ ਹਨ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਸਿਆਸਤਦਾਨਾਂ ਅਤੇ ਸਿਆਸੀ ਬੁਲਾਰਿਆਂ ਦੀ ਨਰਸਰੀ ਰਹੀ ਹੈ। ਅਜ਼ਾਦੀ ਤੋਂ ਪਹਿਲਾਂ ਅਤੇ ਥੋੜ੍ਹੀ ਦੇਰ ਬਾਅਦ ਅਕਾਲੀ ਦਲ ਅਤੇ ਕਾਂਗਰਸੀ ਇਕੱਠੇ ਰਲ ਕੇ ਚੋਣਾ ਲੜਦੇ ਰਹੇ ਹਨ। ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸੀ, ਇਸ ਲਈ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣਾ ਲੜਦੇ ਸਨ। ਇਥੋਂ ਤੱਕ ਕਾਂਗਰਸ ਦੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ। ਭਾਵ ਇੱਕੋ ਸਮੇਂ ਦੋਵੇਂ ਅਹੁਦਿਆਂ ਤੇ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵਧੀਆ ਬੁਲਾਰੇ ਅਕਾਲੀ ਦਲ ਵਿੱਚੋਂ ਟਰੇਨਿੰਗ ਲੈ ਕੇ ਆਏ ਹੋਏ ਹਨ। ਮੇਰਾ ਇਥੇ ਇਹ ਦੱਸਣ ਦਾ ਭਾਵ ਹੈ ਕਿ ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਅਤੇ ਉਸ ਦੇ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਪ੍ਰਬੁੱਧ ਵਿਆਖਿਆਕਾਰ ਬਣਦੇ ਹਨ। ਪ੍ਰਮੁੱਖ ਬੁਲਾਰਿਆਂ ਵਿੱਚ ਗਿਆਨੀ ਜ਼ੈਲ ਸਿੰਘ, ਸ੍ਰ.ਬੂਟਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬਲਵੰਤ ਸਿੰਘ ਰਾਮੂਵਾਲੀਆ, ਸ੍ਰ. ਬੀਰ ਦਵਿੰਦਰ ਸਿੰਘ, ਸ੍ਰ੍ਰ. ਜਗਮੀਤ ਸਿੰਘ ਬਰਾੜ ਅਤੇ ਸ੍ਰ. ਜਸਵੀਰ ਸਿੰਘ ਸੰਗਰੂਰ ਆਦਿ ਵਰਣਨਯੋਗ ਹਨ। ਇਨ੍ਹਾਂ ਸਾਰੇ ਸਿਆਸਤਦਾਨਾਂ ਦੀ ਵਿਰਾਸਤ ਅਕਾਲੀ ਦਲ ਰਿਹਾ ਹੈ। ਇਨ੍ਹਾਂ ਵਿੱਚ ਇਕ ਨਵਾਂ ਬੁਲਾਰਾ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਇਆ ਹੈ, ਜਿਹੜਾ ਲੱਛੇਦਾਰ ਵਿਸ਼ੇਸ਼ਣਾ ਦਾ ਸਹਾਰਾ ਲੈਂਦਾ ਹੈ ਪ੍ਰੰਤੂ ਸੰਜੀਦਗੀ ਦੀ ਘਾਟ ਮਹਿਸੂਸ ਹੁੰਦੀ ਹੈ। ਭਾਵੇਂ ਇਨ੍ਹਾਂ ਵਿੱਚੋਂ ਕੁਝ ਕੁ ਕਿਸੇ ਇਕ ਪਾਰਟੀ ਵਿੱਚ ਟਿਕ ਕੇ ਰਹਿ ਨਹੀਂ ਸਕੇ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ੍ਰ.ਬੂਟਾ ਸਿੰਘ ਧਾਰਮਿਕ ਸ਼ਬਦਾਵਲੀ ਦਾ ਸਹਾਰਾ ਲੈਂਦੇ ਸਨ। ਗਿਆਨੀ ਜ਼ੈਲ ਸਿੰਘ ਸਾਹਿਤਕ ਪਿਉਂਦ ਵੀ ਦੇ ਦਿੰਦੇ ਸਨ। ਇਹ ਵੀ ਜ਼ਰੂਰੀ ਨਹੀਂ ਰਿਹਾ ਕਿ ਸਰਵੋਤਮ ਬੁਲਾਰੇ ਸਿਆਸੀ ਪਿੜ ਵਿੱਚ ਸਫਲ ਹੋਏ ਹੋਣ। ਜਥੇਦਾਰ ਗੁਰਚਰਨ ਸਿੰਘ ਟੌਹੜਾ ਧਾਰਮਿਕ ਖੇਤਰ ਵਿੱਚ ਵਧੇਰੇ ਸਫਲ ਰਹੇ ਹਨ। ਸਿਆਸਤ ਵਿੱਚ ਸਫਲਤਾ ਲਈ ਬੁਲਾਰੇ ਹੋਣ ਤੋਂ ਇਲਾਵਾ ਤਿਗੜਬਾਜ਼ੀ ਜ਼ਰੂਰੀ ਸਾਬਤ ਹੁੰਦੀ ਹੈ। ਸਿਰਫ਼ ਚਾਰ-ਪੰਜ ਬੁਲਾਰੇ ਸਰਵੋਤਮ ਬੁਲਾਰਿਆਂ ਦੀ ਕੈਟੇਗਰੀ ਵਿੱਚ ਮੇਰੀ ਸਮਝ ਮੁਤਾਬਕ ਆਉਂਦੇ ਹਨ, ਉਨ੍ਹਾਂ ਵਿੱਚ ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਜਗਮੀਤ ਸਿੰਘ ਬਰਾੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਨ। ਸ੍ਰ.ਬੀਰ ਦਵਿੰਦਰ ਸਿੰਘ ਪਿਛਲੇ ਸਾਲ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਵਰਤਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਚੰਗਾ ਬੁਲਾਰਾ ਹੈ ਪਰੰਤੂ ਉਸਦਾ ਭਾਸ਼ਣ ਹਿਊਮਰ ਕਰਕੇ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਸਰਵੋਤਮ ਸਿਆਸੀ ਬੁਲਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਸਿਆਸਤ ਵਿੱਚ ਸੰਜੀਦਗੀ ਵੀ ਅਤਿਅੰਤ ਜ਼ਰੂਰੀ ਹੁੰਦੀ ਹੈ। ਮੇਰਾ ਭਾਵ ਇਹ ਵੀ ਨਹੀਂ ਹੈ ਕਿ ਬਾਕੀ ਸਿਆਸਤਦਾਨ ਚੰਗੇ ਬੁਲਾਰੇ ਨਹੀਂ ਹਨ। ਇਹ ਮੇਰੇ ਵਰਗਿਆਂ ਦੇ ਲਿਖਣ ਨਾਲ ਚੰਗੇ ਮਾੜੇ ਨਹੀਂ ਬਣਦੇ। ਸਰਵੋਤਮ ਬੁਲਾਰੇ ਤਾਂ ਆਪਣੇ ਆਪ ਸਮਾਜ ‘ਤੇ ਪ੍ਰਭਾਵ ਪਾ ਕੇ ਸਿਆਸੀ ਮੈਦਾਨ ਵਿੱਚ ਨਾਮਣਾ ਖੱਟਦੇ ਹਨ। ਸਰੋਤੇ ਉਨ੍ਹਾਂ ਨੂੰ ਸੁਣਕੇ ਅਸ਼-ਅਸ਼ ਕਰ ਉਠਦੇ ਹਨ। ਇਨ੍ਹਾਂ ਵਿੱਚੋਂ ਦੋ ਸ੍ਰ. ਬੀਰ ਦਵਿੰਦਰ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੀ ਪੈਦਾਇਸ਼ ਹਨ। ਉਨ੍ਹਾਂ ਤੋਂ ਸਿਆਸੀ ਗੁੜ੍ਹਤੀ ਅਤੇ ਸਿਖਿਆ ਲੈ ਕੇ ਸਿਆਸੀ ਮੈਦਾਨ ਵਿੱਚ ਨਿਤਰੇ ਹਨ। ਭਾਵੇਂ ਬਾਅਦ ਵਿੱਚ ਇਹ ਦੋਵੇਂ ਜਥੇਦਾਰ ਟੌਹੜਾ ਦੀ ਟਕਸਾਲ ਵਿੱਚੋਂ ਬਾਹਰ ਆ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸਰਦਾਰ ਬੀਰ ਦਵਿੰਦਰ ਸਿੰਘ ਨੂੰ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਕਾਂਗਰਸ ਪਾਰਟੀ ਵਿੱਚ ਸਿਆਸੀ ਖਲਾਆ ਭਰਨ ਲਈ ਭੇਜਿਆ ਸੀ। ਇਨ੍ਹਾਂ ਸਾਰਿਆਂ ਵਿੱਚੋਂ ਬੀਰ ਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਹੈ। ਉਨ੍ਹਾਂ ਦੀ ਹਰ ਖੇਤਰ ਦੀ ਜਾਣਕਾਰੀ ਵਿਸ਼ਾਲ ਹੁੰਦੀ ਸੀ, ਜਿਵੇਂ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾ ਦੀ ਡੂੰਘਾਈ ਤੱਕ ਜਾਣਕਾਰੀ। ਉਨ੍ਹਾਂ ਦਾ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿਤਰ ਧਰਤੀ ਦੇ ਨਜ਼ਦੀਕ ਹੋਣ ਕਰਕੇ, ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ। ਉਹ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ। ਜਦੋਂ ਉਹ ਉਦਾਹਰਨਾ ਦੇਣ ਲੱਗਦੇ ਸਨ ਤਾਂ ਕਈ ਵਾਰ ਇਉਂ ਲਗਦਾ ਸੀ, ਜਿਵੇਂ ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਅਥਾਹ ਭਰਪੂਰ ਹੋਵੇ। ਧਾਰਮਿਕ ਉਦਾਹਰਨਾ ਦੇਣ ਸਮੇਂ ਉਹ ਅਧਿਆਤਮਿਕ ਰੂਹਾਨੀ ਵਿਦਵਾਨ ਲੱਗਦੇ ਹਨ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ, ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿੱਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਹਨ। ਉਦਾਹਰਣਾ, ਲੁਕੋਕਤੀਆਂ, ਵਿਸ਼ੇਸ਼ਣ, ਕੁਟੇਸ਼ਨਾ, ਧਾਰਮਿਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਹਨ। ਉਹ ਦਬੰਗ ਸਿਆਸਤਦਾਨ ਸਨ ਪਰੰਤੂ ਉਨ੍ਹਾਂ ਦਾ ਰਾਹ ਸਿਆਸਤਦਾਨ ਰੋਕਦੇ ਰਹੇ ਤਾਂ ਜੋ ਕਿਤੇ ਉਨ੍ਹਾਂ ਨੂੰ ਮਾਤ ਨਾ ਪਾ ਜਾਣ। ਬਲਵੰਤ ਸਿੰਘ ਰਾਮੂਵਾਲੀਆ ਵੀ ਬਿਹਤਰੀਨ ਬੁਲਾਰੇ ਹਨ। ਉਨ੍ਹਾਂ ਦੀ ਵਿਰਾਸਤ ਵੀ ਧਾਰਮਿਕ ਹੈ। ਉਹ ਸ਼ਾਤਰ ਸਿਆਸਤਦਾਨ ਹਨ। ਪਰੰਤੂ ਉਹ ਵੀ ਕਿਸੇ ਇਕ ਪਾਰਟੀ ਨਾਲ ਜੁੜਕੇ ਨਹੀਂ ਰਹਿ ਸਕੇ। ਉਹ ਆਪਣੀ ਭਾਸ਼ਣ ਦੀ ਕਲਾ ਕਰਕੇ ਵੱਖੋ-ਵੱਖਰੀਆਂ ਪਾਰਟੀਆਂ ਦੀ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹਿੰਦੇ ਹਨ। ਜਗਮੀਤ ਸਿੰਘ ਬਰਾੜ ਆਪਣੇ ਪਿਤਾ ਦੀ ਟਕਸਾਲ ਵਿੱਚੋਂ ਸਿਆਸੀ ਗੁੜ੍ਹਤੀ ਲੈ ਕੇ ਸਿਆਸਤ ਵਿੱਚ ਆਏ ਹਨ ਪਰੰਤੂ ਉਨ੍ਹਾਂ ਦੀ ਤ੍ਰਾਸਦੀ ਵੀ ਇਹੋ ਹੈ ਕਿ ਉਹ ਕਿਸੇ ਇਕ ਪਾਰਟੀ ਵਿੱਚ ਟਿਕ ਨਹੀਂ ਸਕੇ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਹੈ ਪ੍ਰੰਤੂ ਬੇਬਾਕ ਸਿਆਸਤਦਾਨ ਹੋਣ ਕਰਕੇ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਭਵਿਖ ਨੂੰ ਖ਼ਤਰੇ ਵਿੱਚ ਮਹਿਸੂਸ ਕਰਦਿਆਂ ਬਰਦਾਸ਼ਤ ਨਹੀਂ ਕੀਤਾ। ਆਰਥਿਕ ਤੌਰ ‘ਤੇ ਬਹੁਤਾ ਤਾਕਤਵਰ ਨਾ ਹੋਣਾ ਵੀ ਉਨ੍ਹਾਂ ਦੀ ਸਿਆਸਤ ਦੇ ਰਸਤੇ ਵਿੱਚ ਰੁਕਾਵਟ ਬਣਿਆਂ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਿਆਸਤ ਵਿੱਚ ਤਰਜੀਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਦਿੱਤੀ। ਵੈਸੇ ਵੀ ਉਨ੍ਹਾਂ ਦਾ ਪਿੰਡ ਵੀ ਧਾਰਮਿਕ ਤੌਰ ‘ਤੇ ਜਾਗ੍ਰਤ ਇਲਾਕੇ ਵਿੱਚ ਪੈਂਦਾ ਹੈ, ਜਿਥੋਂ ਧਾਰਮਿਕ ਰੌਸ਼ਨੀ ਦੀ ਚਿਣਗ ਮਿਲਦੀ ਰਹੀ। ਸਿਆਸੀ ਪਿੜ ਵਿੱਚ ਉਤਾਰਨ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਉਨ੍ਹਾਂ ਤੋਂ ਮੂੰਹ ਮੋੜ ਗਏ ਸਨ। ਸੁਖਪਾਲ ਸਿੰਘ ਖਹਿਰਾ ਕੋਲ ਦਲੀਲ ਹੁੰਦੀ ਹੈ, ਤੱਥਾਂ ‘ਤੇ ਅਧਾਰਤ ਗੱਲ ਕਰਦਾ ਹੈ ਪ੍ਰੰਤੂ ਲੱਛੇਦਾਰ ਸ਼ਬਦਾਵਲੀ ਦੀ ਘਾਟ ਰੜਕਦੀ ਹੈ। ਸਿਆਸਤਦਾਨਾਂ ਨੂੰ ਪ੍ਰਬੁੱਧ ਬੁਲਾਰਾ ਬਣਨ ਲਈ ਇਤਿਹਾਸ ਅਤੇ ਧਾਰਮਿਕ ਗ੍ਰੰਥ ਪੜ੍ਹਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੀਦਾ ਹੈ। ਤੂਹਮਤਾਂ ਲਗਾ ਕੇ ਚੰਗਾ ਬੁਲਾਰਾ ਨਹੀਂ ਬਣਿਆਂ ਜਾ ਸਕਦਾ। ਤੱਥਾਂ ‘ਤੇ ਅਧਾਰਤ ਦਲੀਲ ਦੇਣ ਨਾਲ ਸਾਰਥਿਕਤਾ ਬਣਦੀ ਹੈ। ਇਸ ਲਈ ਸਿਆਸਤਦਾਨਾ ਦੀ ਨਵੀਂ ਪਨੀਰੀ ਨੂੰ ਸਰਵੋਤਮ ਬੁਲਾਰਿਆਂ ਦੇ ਭਾਸ਼ਣ ਸੁਣਕੇ ਉਨ੍ਹਾਂ ਦੀ ਤਰਜ ‘ਤੇ ਭਾਸ਼ਣ ਦੇਣ ਦੀ ਕਲਾ ਸਿੱਖਣੀ ਚਾਹੀਦੀ ਹੈ। ਗੁਮਰਾਹਕੁਨ ਵਿਚਾਰ ਬੁਲਾਰਿਆਂ ਦੀ ਕਲਾ ਨੂੰ ਗ੍ਰਹਿਣ ਲਗਾਉਂਦੇ ਹਨ, ਬੇਸ਼ਕ ਵਕਤੀ ਤੌਰ ‘ਤੇ ਉਹ ਲੋਕਾਂ ਦੀ ਸ਼ਾਹਵਾ ਵਾਹਵਾ ਲੈਣ ਵਿੱਚ ਸਫਲ ਹੋ ਜਾਣ ਪ੍ਰੰਤੂ ਆਪਣਾ ਕਿਰਦਾਰ ਉਘਾੜਨ ਵਿੱਚ ਅਸਫਲ ਰਹਿਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

ਕਾਂਗਰਸ ਪਾਰਟੀ ਦੇ ਨਵੇਂ-ਨਵੇਂ ਫਾਰਮੂਲਿਆਂ ਦੇ ਕੀ ਨਤੀਜੇ ਨਿਕਲਣਗੇ? - ਉਜਾਗਰ ਸਿੰਘ

ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਕਾਂਗਰਸ ਪਾਰਟੀ ਨੇ ਇੱਕ ਹੋਰ ਨਵਾਂ ਫਾਰਮੂਲਾ ਬਣਾਕੇ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। ਇਹ ਯੋਜਨਾ ਆਪਣੇ ਪੈਰੀਂ ਖੁਦ ਹੀ ਕੁਹਾੜੀ ਮਾਰਨ ਵਾਲੀ ਲੱਗਦੀ ਹੈ। ਨਵੇਂ-ਨਵੇਂ ਫਾਰਮੂਲੇ ਦੇ ਕੇ ਕਾਂਗਰਸ ਪਾਰਟੀ ਆਪਣੇ ਹਿਸਾਬ ਨਾਲ ਤਾਂ ਵਧੀਆ ਚੋਣ ਰਣਨੀਤੀ ਬਣਾਉਂਦੀ ਹੈ ਪ੍ਰੰਤੂ ਅਜਿਹੀਆਂ ਰਣਨੀਤੀਆਂ ਹਮੇਸ਼ਾ ਸਾਰਥਿਕ ਸਾਬਤ ਨਹੀਂ ਹੁੰਦੀਆਂ।  ਦਿਗਜ਼ ਨੇਤਾਵਾਂ ਨੂੰ ਟਿਕਟ ਦੇਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਸ ਦੇ ਨਾਲ ਸਥਾਨਕ ਨੇਤਾਵਾਂ ਵਿੱਚ ਨਰਾਜ਼ਗੀ ਪੈਦਾ ਹੁੰਦੀ ਹੈ, ਜਿਹੜੀ ਪਾਰਟੀ ਲਈ ਲਾਹੇਬੰਦ ਨਹੀਂ ਹੁੰਦੀ। ਦਿਗਜ਼ ਨੇਤਾਵਾਂ ਦਾ ਸਮੁੱਚੇ ਸੂਬੇ ਵਿੱਚ ਪ੍ਰਭਾਵ ਤਾਂ ਹੁੰਦਾ ਹੈ। ਇਹ ਪ੍ਰਭਾਵ ਚੋਣ ਪ੍ਰਚਾਰ ਲਈ ਤਾਂ ਸ਼ੁਭ ਸਾਬਤ ਹੋ ਸਕਦਾ ਹੈ ਪ੍ਰੰਤੂ ਖੁਦ ਦੂਜੇ ਥਾਂ ‘ਤੇ ਆ ਕੇ ਚੋਣ ਲੜਨ ਵਿੱਚ ਸਹਾਈ ਹੋਣਾ ਸੰਭਵ ਨਹੀਂ ਹੁੰਦਾ। ਇਸ ਵਾਰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਉਣ ਸਮੇਂ ਸਥਾਨਕ ਵਰਕਰਾਂ/ਨੇਤਾਵਾਂ ਨੂੰ ਅਣਡਿਠ ਕਰਕੇ ਆਪਣਾ ਨੁਕਸਾਨ ਆਪ ਹੀ ਕਰ ਲਿਆ ਲੱਗਦਾ ਹੈ। ਹਰ ਚੋਣ ਵਿੱਚ ਪਾਰਟੀ ਦੀ ਚੋਣ ਮੁਹਿੰਮ ਹਮੇਸ਼ਾ ਪਾਰਟੀ ਦੇ ਟਕਸਾਲੀ ਸਥਾਨਕ ਵਰਕਰ/ਨੇਤਾ ਹੀ ਚਲਾਉਂਦੇ ਹੁੰਦੇ ਹਨ। ਜੇਕਰ ਸਥਾਨਕ ਵਰਕਰਾਂ/ਨੇਤਾਵਾਂ ਨੇ ਮੀਟਿੰਗਾਂ ਅਤੇ ਜਲਸਿਆਂ ਵਿੱਚ ਦਰੀਆਂ ਹੀ ਵਿਛਾਉਣੀਆਂ ਹਨ ਤਾਂ ਫਿਰ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦਾ ਕੀ ਲਾਭ ਹੋਇਆ? ਜਦੋਂ ਬਾਹਰਲੇ ਉਮੀਦਵਾਰ ਆ ਕੇ ਪੈਰ ਜਮ੍ਹਾ ਲੈਂਦੇ ਹਨ ਤਾਂ ਫਿਰ ਉਨ੍ਹਾਂ ਦੇ ਸਿਆਸੀ ਭਵਿਖ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਬਰੇਕਾਂ ਲੱਗ ਜਾਂਦੀਆਂ ਹਨ ਤਾਂ ਇਹ ਵੀ ਅਟੱਲ ਸਚਾਈ ਹੈ। ਸਥਾਨਕ ਵਰਕਰਾਂ/ਨੇਤਾਵਾਂ ਦਾ ਭਵਿਖ ਸੁਨਹਿਰਾ ਨਹੀਂ ਬਣ ਸਕਦਾ। ਉਨ੍ਹਾਂ ਦੇ ਚੋਣ ਲੜਕੇ ਰਾਜ ਭਾਗ ਦੇ ਹਿੱਸੇਦਾਰ ਬਣਨ ਦੇ ਸਪਨੇ ਮਿੱਟੀ ਵਿੱਚ ਮਿਲ ਜਾਂਦੇ ਹਨ। ਚੋਣ ਪ੍ਰਚਾਰ ਉਹ ਨਿਰਾਸ਼ਾ ਦੇ ਆਲਮ ਵਿੱਚ ਕਰਦੇ ਹਨ। ਉਨ੍ਹਾਂ ਦੇ ਉਤਸ਼ਾਹ ਖ਼ਤਮ ਹੋ ਜਾਂਦੇ ਹਨ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪੰਜਾਬ ਵਿੱਚ 13 ਅਤੇ ਇੱਕ ਚੰਡੀਗੜ੍ਹ ਵਿੱਚੋਂ ਲੋਕ ਸਭਾ ਦੇ ਮੈਂਬਰ ਚੁਣੇ ਜਾਣੇ ਹਨ। ਕਾਂਗਰਸ ਹਾਈ ਕਮਾਂਡ ਨੇ ਸਥਾਨਕ ਨੇਤਾਵਾਂ ਨੇਤਾਵਾਂ ਦੀ ਥਾਂ 14 ਉਮੀਦਵਾਰਾਂ ਵਿੱਚੋਂ 4 ਉਮੀਦਵਾਰ ਬਾਹਰਲੇ ਜ਼ਿਲਿ੍ਹਆਂ ਵਿੱਚੋਂ ਲਿਆਕੇ ਮੜ੍ਹ ਦਿੱਤੇ ਹਨ, ਜਿਨ੍ਹਾਂ ਦਾ ਉਨ੍ਹਾਂ ਜ਼ਿਲਿ੍ਹਆਂ ਵਿੱਚ ਕੋਈ ਆਧਾਰ ਨਹੀਂ, ਇਸ ਲਈ ਉਨ੍ਹਾਂ ਨੂੰ ਸਥਾਨਕ ਵਰਕਰਾਂ/ਨੇਤਾਵਾਂ ‘ਤੇ ਨਿਰਭਰ ਰਹਿਣਾ ਪਵੇਗਾ। ਲੁਧਿਆਣਾ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਕਤਸਰ ਜ਼ਿਲ੍ਹੇ ਦੇ ਗਿਦੜਵਾਹਾ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ, ਉਸ ਨੇ ਗਿਦੜਵਾਹਾ ਵਿਧਾਨ ਸਭਾ ਹਲਕੇ ਤੋਂ 2012 ਵਿੱਚ ਉਸ ਸਮੇਂ ਦੇ ਅਕਾਲੀ ਦਲ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਦੇ ਗੜ੍ਹ ਵਿੱਚ ਸੰਨ੍ਹ ਲਗਾਕੇ ਹਰਾਇਆ ਸੀ ਤੇ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਗਿਦੜਵਾਹਾ ਤੋਂ ਉਹ ਤਿੰਨ ਵਾਰ 2012, 2017 ਅਤੇ 2022 ਵਿੱਚ ਵਿਧਾਨ ਸਭਾ ਦੇ ਮੈਂਬਰ ਬਣੇ ਹਨ। ਉਨ੍ਹਾਂ ਦਾ ਬਠਿੰਡਾ ਲੋਕ ਸਭਾ ਹਲਕੇ ਵਿੱਚ ਚੰਗਾ ਆਧਾਰ ਹੈ। 2019 ਦੀਆਂ ਲੋਕ ਸਭਾ ਚੋਣਾ ਸਮੇਂ ਉਹ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੇ ਸਨ ਅਤੇ ਥੋੜ੍ਹੇ ਫਰਕ ਨਾਲ ਹਾਰ ਗਏ ਸਨ। ਜੇਕਰ ਉਨ੍ਹਾਂ ਨੂੰ ਉਮੀਦਵਾਰ ਬਣਾਉਣਾ ਹੀ ਸੀ ਤਾਂ ਬਠਿੰਡਾ ਤੋਂ ਬਣਾਉਂਦੇ। ਭਾਵੇਂ ਉਹ ਜੋ ਮਰਜੀ ਬਿਆਨ ਦੇਈ ਜਾਣ ਪ੍ਰੰਤੂ ਦਿਲੋਂ ਉਹ ਲੁਧਿਆਣਾ ਆ ਕੇ ਖ਼ੁਸ਼ ਨਹੀਂ ਹੋਣਗੇ। ਉਹ ਬਠਿੰਡਾ ਤੋਂ ਆਪਣੀ ਪਤਨੀ ਅੰਮ੍ਰਿਤ ਵੜਿੰਗ ਲਈ ਟਿਕਟ ਦੇ ਚਾਹਵਾਨ ਸਨ, ਉਸ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਲੁਧਿਆਣਾ ਤੋਂ ਸਥਾਨਕ ਨੇਤਾ ਪੰਜਾਬ ਪ੍ਰਦੇਸ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਟਿਕਟ ਦੇ ਦਾਅਵੇਦਾਰ ਸਨ। ਉਨ੍ਹਾਂ ਵਿੱਚੋਂ ਭਾਰਤ ਭੂਸ਼ਨ ਆਸ਼ੂ ਦਾ ਲੁਧਿਆਣਾ ਵਿੱਚ ਚੰਗਾ ਅਸਰ ਰਸੂਖ਼ ਹੈ। ਉਸ ਨੂੰ ਅਣਡਿਠ ਕਰਨਾ ਪਾਰਟੀ ਲਈ ਨੁਕਸਾਨਦਾਇਕ ਹੋਵੇਗਾ। ਜਲੰਧਰ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਮੋਹਾਲੀ ਜ਼ਿਲ੍ਹੇ ਦੇ ਚਮਕੌਰ ਸਾਹਿਬ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਹਨ। ਖਰੜ ਦੇ ਵਸਨੀਕ ਹਨ, ਉਨ੍ਹਾਂ ਨੂੰ ਜਲੰਧਰ ਭੇਜਣ ਦੀ ਕੋਈ ਤੁਕ ਨਹੀਂ ਬਣਦੀ ਸੀ, ਵੈਸੇ ਵੀ  2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਦੋ ਵਿਧਾਨ ਸਭਾ ਹਲਕਿਆਂ ਮੋਹਾਲੀ ਜ਼ਿਲ੍ਹੇ ਦੇ ਚਮਕੌਰ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਚੋਣ ਲੜੇ ਸਨ ਅਤੇ ਚਮਕੌਰ ਸਾਹਿਬ ਦੋਹਾਂ ਸੀਟਾਂ ਤੋਂ ਉਹ ਤੋਂ ਹਾਰ ਗਏ ਸਨ। ਭਦੌੜ ਹਲਕੇ ਤੋਂ ਉਨ੍ਹਾਂ ਦੀ ਜ਼ਮਾਨਤ ਜਬਤ ਹੋ ਗਈ ਸੀ। ਜੇਕਰ ਉਸ ਨੂੰ ਕਾਂਗਰਸ ਦੀ ਚੋਣ ਲੜਾਉਣ ਦੀ ਮਜ਼ਬੂਰੀ ਸੀ ਤਾਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਚੋਣ ਲੜਾ ਦਿੰਦੇ, ਜਿਹੜਾ ਉਸਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਨਜ਼ਦੀਕ ਹੈ। ਜਲੰਧਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਇਕ ਸਦੀ ਤੋਂ ਟਕਸਾਲੀ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਦੀ ਨੂੰਹ ਕਰਮਜੀਤ ਕੌਰ ਪਤਨੀ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦੇਣਾ ਬਣਦਾ ਸੀ ਕਿਉਂਕਿ ਉਹ ਉਪ ਚੋਣ ਪਹਿਲਾਂ ਲੜ ਚੁੱਕੀ ਸੀ। ਉਸ ਦਾ ਲੜਕਾ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਹਲਕੇ ਤੋਂ ਵਿਧਾਨਕਾਰ ਹਨ। ਚਲੋ ਜੇਕਰ ਉਸ ਪਰਿਵਾਰ ਨੂੰ ਟਿਕਟ ਨਹੀਂ ਦੇਣਾ ਸੀ ਤਾਂ ਮਹਿੰਦਰ ਸਿੰਘ ਕੇ.ਪੀ. ਨੂੰ ਟਿਕਟ ਦੇ ਦਿੰਦੇ ਜਿਹੜਾ ਪਹਿਲਾਂ ਵੀ ਉਥੋਂ ਲੋਕ ਸਭਾ ਦਾ ਮੈਂਬਰ ਰਿਹਾ ਹੈ। ਬਾਹਰੀ ਉਮੀਦਵਾਰ ਨੂੰ ਟਿਕਟ ਦੇ ਕੇ ਕਾਂਗਰਸ ਨੇ ਦੋ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਬਦਲਣ ਲਈ ਮਜ਼ਬੂਰ ਕਰ ਦਿੱਤਾ। ਸੰਗਰੂਰ ਲੋਕ ਸਭਾ ਦੀ ਉਪ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਖੰਗੂੜਾ ਨੂੰ ਟਿਕਟ ਦੇਣ ਦੀ ਥਾਂ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਬੇਸ਼ੱਕ ਸੁਖਪਾਲ ਸਿੰਘ ਖਹਿਰਾ ਇੱਕ ਬੇਬਾਕ ਧੜੱਲੇਦਾਰ ਵਕਤਾ ਹੈ ਪ੍ਰੰਤੂ ਉਸ ਨੂੰ ਸੰਗਰੂਰ ਵਿੱਚ ਲਿਆਕੇ ਪਾਰਟੀ ਨੇ ਫਸਾ ਦਿੱਤਾ ਹੈ। ਉਸ ਦਾ ਉਥੇ ਕੋਈ ਆਧਾਰ ਨਹੀਂ, ਸਥਾਨਕ ਵਰਕਰ/ਨੇਤਾ ਜਿਹੜੇ ਪਾਰਟੀ ਦੀਆਂ ਦਰੀਆਂ ਵਿਛਾਉਂਦੇ ਰਹੇ, ਉਹ ਨਿਰਾਸ਼ ਹੋ ਗਏ ਹਨ। ਸੰਗਰੂਰ ਦੀ ਟਿਕਟ ਦਾ ਦਾਅਵੇਦਾਰ ਨੌਜਵਾਨ ਨੇਤਾ ਦਲਵੀਰ ਸਿੰਘ ਗੋਲਡੀ ਪਾਰਟੀ ਛੱਡ ਗਿਆ। ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਦੇ 2022 ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੇ ਵਿਰੁੱਧ ਡੱਟਕੇ ਚੋਣ ਲੜੀ ਸੀ।  ਉਹ ਪਹਿਲਾਂ ਵੀ ਲੋਕ ਸਭਾ ਦੀ ਉਪ ਚੋਣ ਲੜ ਚੁਕਿਆ ਹੈ, ਇਸ ਵਾਰ ਵੀ ਉਹ ਲੜਨਾ ਚਾਹੁੰਦਾ ਸੀ ਪ੍ਰੰਤੂ ਉਸ ਨੂੰ ਦਰਕਿਨਾਰ ਕਰਨ ਕਰਕੇ ਉਹ ਪਾਰਟੀ ਛੱਡ ਗਿਆ। ਜੇਕਰ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਨਹੀਂ ਦੇਣੀ ਸੀ ਤਾਂ ਸੰਗਰੂਰ ਤੋਂ 2009 ਵਿੱਚ ਲੋਕ ਸਭਾ ਦੇ ਰਹੇ ਮੈਂਬਰ ਤੇ ਫਿਰ 2017 ਵਿੱਚ ਵਿਧਾਨ ਸਭਾ ਦੇ ਮੈਂਬਰ ਵਿਜੇ ਇੰਦਰ ਸਿੰਗਲਾ ਨੂੰ ਦੇ ਦਿੰਦੇ, ਉਹ ਸਥਾਨਕ ਨੇਤਾ ਹੈਗਾ ਸੀ। ਲੋਕਾਂ ਨਾਲ ਤਾਲਮੇਲ ਵੀ ਸੀ। ਪੰਜਾਬ  ਸਰਕਾਰ ਵਿੱਚ ਮੰਤਰੀ ਵੀ ਰਿਹਾ ਸੀ। ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਵਿਜੇ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ।  ਆਨੰਦਪੁਰ ਸਾਹਿਬ ਲਈ ਸਥਾਨਕ ਨੇਤਾ ਰਾਣਾ ਕੇ.ਪੀ.ਸਿੰਘ ਅਤੇ ਬਲਬੀਰ ਸਿੰਘ ਸਿੱਧੂ ਵਿੱਚੋਂ ਇਕ ਨੂੰ ਬਣਾਉਣਾ ਚਾਹੀਦਾ ਸੀ। ਚੰਡੀਗੜ੍ਹ ਹਲਕੇ ਦੇ ਪੁਰਾਣੇ ਮੈਂਬਰ ਲੋਕ ਸਭਾ ਮਂੈਬਰ ਪਵਨ ਬਾਂਸਲ ਨੂੰ ਬਦਲਕੇ ਉਸ ਦੀ ਥਾਂ ‘ਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲਿਆ ਕੇ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾ ਦਿੱਤਾ ਹੈ। ਮਨੀਸ਼ ਤਿਵਾੜੀ 2009 ਵਿੱਚ ਲੁਧਿਆਣਾ ਅਤੇ 2019 ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਿਹਾ ਹੈ। ਉਹ ਲੁਧਿਆਣਾ ਲਈ ਵੀ ਵਧੀਆ ਉਮੀਦਵਾਰ ਹੋ ਸਕਦਾ ਸੀ। ਪਵਨ ਬਾਂਸਲ 2009 ਵਿੱਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰਾਜ ਮੰਤਰੀ ਰੇਲਵੇ ਰਿਹਾ ਹੈ। ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦਾ ਥੋੜ੍ਹਾ ਸਮਾਂ ਖ਼ਜਾਨਚੀ ਵੀ ਰਿਹਾ ਹੈ। ਇਸ ਕਰਕੇ ਸਥਾਨਕ ਵਰਕਰਾਂ/ ਨੇਤਾਵਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਫਰੀਦਕੋਟ ਵਿੱਚ ਬਜ਼ੁਰਗ ਪੰਜਾਬੀ ਗਾਇਕ ਮੁਹੰਮਦ ਸਦੀਕ ਦੀ ਥਾਂ ਅਕਾਲੀ ਦਲ ਵਿੱਚੋਂ ਆਈ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਹੰਸ ਰਾਜ ਹੰਸ ਅਤੇ ਅਨਮੋਲ ਸਿੰਘ ਦੋਵੇਂ ਗਾਇਕਾਂ ਨੂੰ ਮੁਹੰਮਦ ਸਦੀਕ ਟੱਕਰ ਦੇਣ ਦੇ ਕਾਬਲ ਸੀ। ਉਹ ਦੋ ਵਾਰ ਵਿਧਾਇਕ ਅਤੇ ਹੁਣ ਫਰੀਦਕੋਟ ਤੋਂ ਲੋਕ ਸਭਾ ਦਾ ਮੈਂਬਰ ਹੈ। ਕਾਂਗਰਸ ਦੀ ਧੜੇਬੰਦੀ ਨੇ ਮੁਹੰਮਦ ਸਦੀਕ ਦੀ ਟਿਕਟ ਕੱਟਵਾ ਦਿੱਤੀ ਹੈ। ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਚੋਣ ਸਹੀ ਨਹੀਂ ਕੀਤੀ, ਜਿਸ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪਵੇਗਾ। ਪੰਜਾਬ ਦੇ ਕਾਂਗਰਸੀ ਟਿਕਟਾਂ ਦੀ ਵੰਡ ਨੂੰ ਧੜੇਬੰਦੀ ਦਾ ਸਬੂਤ ਕਹਿ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ 2027 ਵਿੱਚ ਖਾਲੀ ਹੋਣ ਵਾਲੀ ਮੁੱਖ ਮੰਤਰੀ ਦੀ ਕੁਰਸੀ ਦੀ ਝਾਕ ਵਿੱਚ ਇੱਕ ਵੱਡੇ ਨੇਤਾ ਨੇ ਬਾਕੀ ਸੀਨੀਅਰ ਦਾਅਵੇਦਾਰ ਲੋਕ ਸਭਾ ਦੀਆਂ ਚੋਣਾ ਵਿੱਚ ਫਸਾ ਦਿੱਤੇ ਹਨ ਤਾਂ ਜੋ ਉਸ ਦੇ ਰਸਤੇ ਦਾ ਰੋੜਾ ਨਾ ਬਣ ਸਕਣ। ਜੇ ਕਿਤੇ ਦਿਗਜ਼ ਨੇਤਾ ਚੋਣ ਹਾਰ ਗਏ ਤਾਂ ਉਨ੍ਹਾਂ ਦਾ ਭਵਿਖ ਵੀ ਖ਼ਤਰੇ ਵਿੱਚ ਪੈ ਸਕਦਾ ਹੈ। ਨਵੇਂ ਫਾਰਮੂਲੇ ਪਹਿਲਾਂ ਵੀ ਕਾਂਗਰਸ ਲਈ ਸਾਰਥਿਕ ਸਾਬਤ ਨਹੀਂ ਹੋ ਸਕੇ। ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਕਿ 4 ਜੂਨ ਨੂੰ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਗਿਆਨੀ ਗੁਰਦਿਤ ਸਿੰਘ ਦੇ ਕੋਤਰ ਸੌਵੇਂ ਜਨਮ ਦਿਵਸ 'ਤੇ ਵਿਸ਼ੇਸ਼ ਗੁਰਮਤਿ ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ -  ਉਜਾਗਰ ਸਿੰਘ

ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ ਦੇ ਇਨਸਾਨ ਹੁੰਦੇ ਹਨ, ਜਿਹੜੇ ਆਪਣੀ ਵਿਦਵਤਾ ਦੇ ਅਨੇਕਾਂ ਰੰਗ ਬਿਖ਼ੇਰਦੇ ਹੋਏ ਆਪਣੇ ਸਮਾਜ ਦੇ ਸਭਿਅਚਾਰ ਨੂੰ ਅਮੀਰ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪੰਜਾਬੀ ਅਤੇ ਸਿੱਖੀ ਦੇ ਮੁੱਦਈ ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ, ਬਹੁਰੰਗੀ, ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸ਼ਾਮਲ ਹਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਜਾਬੀ ਸਾਹਿਤ, ਸਭਿਅਚਾਰ ਅਤੇ ਸਿੱਖੀ ਸੋਚ ਨੂੰ ਸਮਰਪਤ ਕਰਦਿਆਂ ਬਸਰ ਕਰ ਦਿੱਤਾ। ਭਾਵੇਂ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਗਿਆਨਵਾਨ ਉਹ ਅਨੋਖੀ ਕਿਸਮ ਦੇ ਸਨ। ਉਨ੍ਹਾਂ ਨੇ ਆਪਣੇ ਗਿਆਨ ਨੂੰ ਸਿੱਖ ਸਮਾਜ ਦੀ ਬਿਹਤਰੀ ਲਈ ਵਰਤਿਆ, ਜਿਸ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਦਿਹਾਤੀ ਰਹਿਤਲ ਹੋਣ ਦੇ ਬਾਵਜੂਦ ਸ਼ਹਿਰੀ ਵਿਦਵਾਨਾ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ਉਨ੍ਹਾਂ ਨੂੰ ਵਿਦਵਤਾ ਦਾ ਮੁਜੱਸਮਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦਾ ਯੋਗਦਾਨ ਚੋਟੀ ਦੇ ਸਿੱਖ ਵਿਦਵਾਨਾ ਤੋਂ ਵਧੇਰੇ ਸੀ, ਸਗੋਂ ਉਨ੍ਹਾਂ ਦੀ ਵਿਦਵਤਾ ਤੇ ਦ੍ਰਿੜ੍ਹਤਾ ਨੇ ਪੰਜਾਬੀ ਅਤੇ ਸਿੱਖ ਵਿਰਾਸਤ ਨੂੰ ਅਮੀਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਗਿਆਨੀ ਗੁਰਦਿੱਤ ਸਿੰਘ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਜਿਨ੍ਹਾਂ 'ਤੇ ਸਿੱਖ ਸਮਾਜ ਹਮੇਸ਼ਾ ਮਾਣ ਕਰਦਾ ਹੋਇਆ ਅਗਵਾਈ ਲੈਂਦਾ ਰਹੇਗਾ। ਉਨ੍ਹਾਂ ਨੇ ਆਪਣੇ ਵਿਲੱਖਣ ਯੋਗਦਾਨ ਨਾਲ ਸਿੱਖ ਸਮਾਜ ਵਿੱਚ ਆਪਣੀ ਨਿਵੇਕਲੀ ਪਛਾਣ ਬਣਾ ਲਈ ਸੀ। ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖੀ ਸੋਚ 'ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਗਿਆਨੀ ਗੁਰਦਿੱਤ ਸਿੰਘ ਦੇ ਸਿੱਖੀ ਸਿਦਕ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਦੀ ਕਦਰ ਕਰਦਿਆਂ ਉਨ੍ਹਾਂ ਨੂੰ 1956 ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜਦ ਕੀਤਾ ਗਿਆ। ਵਿਧਾਨ ਪ੍ਰੀਸ਼ਦ ਵਿੱਚ ਵੀ ਉਨ੍ਹਾਂ ਸਿੱਖ ਵਿਚਾਰਧਾਰਾ, ਸਾਹਿਤ ਅਤੇ ਸਭਿਅਚਾਰ ਦੀ ਪ੍ਰਫੁਲਤਾ ਲਈ ਆਪਣੇ ਕੀਮਤੀ ਵਿਚਾਰ ਸਰਕਾਰ ਗੋਚਰੇ ਕੀਤੇ ਤਾਂ ਜੋ ਪੰਜਾਬ ਸਰਕਾਰ ਨੂੰ ਸੁਚੱਜੀ ਅਗਵਾਈ ਦਿੱਤੀ ਜਾ ਸਕੇ। ਉਨ੍ਹਾਂ ਆਪਣੀ ਲਿਆਕਤ ਨਾਲ ਕਈ ਅਜਿਹੇ ਕਾਰਜ ਕੀਤੇ ਜਿਸ ਨਾਲ ਉਨ੍ਹਾਂ ਦੀ ਦੇਣ ਇਤਿਹਾਸ ਦਾ ਹਿੱਸਾ ਬਣ ਗਈ। ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ। ਉਹ ਪਹਿਲੇ ਸਿੱਖ ਵਿਦਵਾਨ ਸਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀ ਦੇਣ ਦਾ ਸਿੱਖ ਜਗਤ ਇਵਜਾਨਾ ਨਹੀਂ ਮੋੜ ਸਕਦਾ ਪ੍ਰੰਤੂ ਊਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ 2023 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਮਾਗਮ ਦੇਸ਼ ਵਿਦੇਸ਼ ਵਿੱਚ ਆਯੋਜਤ ਕੀਤੇ ਗਏ। ਭਾਈ ਜੈਤੇਗ ਸਿੰਘ ਅਨੰਤ ਨੇ ਗੁਰਦੁਆਰਾ ਬਰੁਕ ਸਾਈਡ ਸਰੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕੈਨੇਡਾ ਅਤੇ  ਗੁਰਦਆਰਾ ਸਿੰਘ ਸਭਾ ਵਾਸ਼ਿੰਗਟਨ, ਰੈਨਟਨ ਸਿਆਟਲ ਅਮਰੀਕਾ  ਵਿੱਚ ਸਮਾਗਮ ਆਯੋਜਤ ਕੀਤੇ।  ਸਿੱਖ ਨੈਸ਼ਨਲ ਆਰਕਾਈਵ ਆਫ ਟਰਾਂਟੋ ਕੈਨੇਡਾ ਨੇ  ਇਕ ਸ਼ੈਕਸ਼ਨ ਗਿਆਨੀ ਗੁਰਦਿਤ ਸਿੰਘ ਦੇ ਨਾਮ 'ਤੇ ਸਥਾਪਤ ਕੀਤਾ ਹੈ। ਸ਼ਤਾਬਦੀ ਸਮਾਗਮਾ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਡਾ.ਜੀਤ ਸਿੰਘ ਜੋਸ਼ੀ ਵੱਲੋਂ ਲਿਖੀ ਗਿਆਨੀ ਗੁਰਦਿੱਤ ਸਿੰਘ ਜੀ ਦੀ ਜੀਵਨੀ ' ਗਿਆਨੀ ਗੁਰਦਿੱਤ ਸਿੰਘ  ਜੀਵਨ ਤੇ ਰਚਨਾ' ਪ੍ਰਕਾਸ਼ਤ ਕਰਵਾਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਅਰਪਨ ਕੀਤਾ। ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸੈਂਟਰਲ  ਸਿੱਖ ਅਜਾਇਬ ਘਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ।
ਗਿਆਨੀ ਗੁਰਦਿੱਤ ਸਿੰਘ ਦਾ ਵਿਆਹ ਵਿਦਿਅਕ ਮਾਹਿਰ ਇੰਦਰਜੀਤ ਕੌਰ ਸੰਧੂ ਨਾਲ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ। ਦੋਹਾਂ  ਵਿਦਵਾਨਾਂ ਦੇ ਸਾਥ ਨੇ ਸਿੱਖ ਜਗਤ ਨੂੰ ਸ਼ਾਹਕਾਰ ਰਚਨਾਵਾਂ ਦਿੱਤੀਆਂ ਜਿਹੜੀਆਂ ਹਮੇਸ਼ਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ, ਸਿੱਖ ਸੋਚ ਦੇ ਮੁੱਦਈ, ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਹਮੇਸ਼ ਤੱਤਪਰ ਰਹਿੰਦੇ ਸਨ। ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ। ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ। ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਮੰਨੇ ਜਾਂਦੇ ਸਨ। ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਜਾਂਦਾ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ 'ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਖੋਜ ਕਾਰਜ ਲਈ ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਜਿਸ ਇਤਿਹਾਸਕ ਸਥਾਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ, ਜਿਥੇ ਗੁਰੂ ਸਾਹਿਬ ਗਏ ਹੋਣ ਉਥੋਂ ਤੱਥ ਇਕੱਤਰ ਕੀਤੇ। ਸਿੱਖ ਧਰਮ ਵਿੱਚ ਬਹੁਤ ਸਾਰੇ ਨੁਕਤਿਆਂ 'ਤੇ ਵਾਦਵਿਵਾਦ ਹੋਏ ਹਨ ਅਤੇ ਇਸ ਸਮੇਂ ਵੀ ਹੋ ਰਹੇ ਹਨ ਪ੍ਰੰਤੂ ਗਿਆਨੀ ਗੁਰਦਿੱਤ ਸਿੰਘ ਦੀਆਂ ਖੋਜਾਂ ਨੇ ਉਨ੍ਹਾਂ ਵਾਦ ਵਿਵਾਦਾਂ ਨੂੰ ਖ਼ਤਮ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਹਰ ਪੁਸਤਕ, ਲੇਖ ਅਤੇ ਕਿਤਾਬਚਿਆਂ ਨੂੰ ਲਿਖਣ ਸਮੇਂ ਪੁਰਾਤਨ ਖਰੜਿਆਂ ਵਿੱਚੋਂ ਉਦਾਹਰਣਾ ਦੇ ਕੇ ਸਹੀ ਤੱਥ ਸਾਹਮਣੇ ਲਿਆਂਦੇ ਸਨ। ਉਨ੍ਹਾਂ ਦੂਜੀਆਂ ਭਾਸ਼ਾਵਾਂ ਦਾ ਵੀ ਤੁਲਨਾਤਮਿਕ ਅਧਿਐਨ ਕਰਕੇ ਇਤਿਹਾਸਕ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕੋਈ ਵੀ ਪੁਸਤਕ ਜਲਦਬਾਜ਼ੀ ਵਿੱਚ ਨਹੀਂ ਪ੍ਰਕਾਸ਼ਤ ਕਰਵਾਈ। ਪੁਸਤਕਾਂ ਲਈ ਮੈਟਰ ਇਕੱਤਰ ਕਰਨ ਨੂੰ ਉਹ ਵਰ੍ਹੇ ਲਗਾ ਦਿੰਦੇ ਸਨ ਤਾਂ ਜੋ ਸਿੱਖ ਜਗਤ ਨੂੰ ਸਹੀ ਰਸਤਾ ਵਿਖਾਇਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਬਣਕੇ ਨਿਤਰੇ ਸਨ। ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ 'ਸਿੱਖ ਵਿਰਸਾ ਟਰੱਸਟ' ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧ ਰੱਖਦੇ ਸਨ, ਜਿਸ ਕਰਕੇ ਉਨ੍ਹਾਂ ਨੇ ਦਿਹਾਤੀ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕੀਤਾ। ਉਨ੍ਹਾਂ ਦੀ ਇਹ ਲੇਖਣੀ ਦ੍ਰਿਸ਼ਟਾਂਤਿਕ ਹੈ। ਪਾਠਕ ਨੂੰ ਪੜ੍ਹਦਿਆਂ ਹੀ ਪਿੰਡ ਦੀ ਰਹਿਤਲ ਵਿਖਾੲਂੀ ਦੇਣ ਲੱਗ ਜਾਂਦੀ ਹੈ। ਉਹ ਬੁੱਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਉਹ ਇੱਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਸ਼ਾਹਕਾਰ ਪੁਸਤਕ 'ਮੇਰਾ ਪਿੰਡ' ਨੂੰ ਗਿਣਿਆ ਜਾਂਦਾ ਹੈ। ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ। ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ 'ਮੇਰਾ ਪਿੰਡ' ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ। ਗਿਆਨੀ ਗੁਰਦਿੱਤ ਸਿੰਘ ਚੋਟੀ ਦੇ ਪੱਤਰਕਾਰ ਅਤੇ ਸੰਪਾਦਕ ਸਨ। ਉਨ੍ਹਾਂ ਨੇ ਬਹੁਤ ਹੀ ਛੋਟੀ  24 ਸਾਲ ਦੀ ਉਮਰ ਵਿੱਚ ਪੱਤਰਕਾਰੀ ਦਾ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹ ਉਚ ਕੋਟੀ ਦੇ ਨਿੱਡਰ ਪੱਤਰਕਾਰ ਤੇ ਸੰਪਾਦਕ ਸਨ। ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ 'ਪ੍ਰਕਾਸ਼' ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਰਹਿਨੁਮਾਈ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਇਸ ਖੇਤਰ ਵਿੱਚ ਬੁਲੰਦੀਆਂ 'ਤੇ ਪਹੁੰਚ ਗਏ। ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ। ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ। 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ। ਗਿਆਨੀ ਗੁਰਦਿੱਤ ਸਿੰਘ ਦੀ ਖੋਜ ਦਾ ਭੰਡਾਰ ਸ਼੍ਰੇਸ਼ਟ ਸੀ। ਉਨ੍ਹਾਂ ਦੀ ਲਾਇਬਰੇਰੀ ਵਿੱਚ ਖੋਜੀ ਪੁਸਤਕਾਂ ਦੀ ਭਰਮਾਰ ਸੀ। ਉਨ੍ਹਾਂ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਗਿਆਨੀ ਗੁਰਦਿੱਤ ਸਿੰਘ ਦੀਆਂ ਤਜਵੀਜਾਂ ਅਨੁਸਾਰ ਕਾਰਵਾਈ ਕਰਦੇ ਸਨ। ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਾਹਿਤ ਦਾ ਕੋਈ ਅਜਿਹਾ ਰੂਪ ਨਹੀਂ, ਜਿਸ 'ਤੇ ਗਿਆਨੀ ਗੁਰਦਿੱਤ ਸਿੰਘ ਨੇ ਹੱਥ ਨਾ ਅਜਮਾਇਆ ਹੋਵੇ।  ਪੰਜਾਬੀ ਦੇ ਸਿਰਕੱਢ ਵਿਦਵਾਨਾਂ ਦੀਆਂ ਜੀਵਨੀਆਂ ਲਿਖਕੇ ਪੰਜਾਬੀ ਸਾਹਿਤ ਦੀ ਵਿਰਾਸਤ ਵਿੱਚ ਵਾਧਾ ਕੀਤਾ। ਉਹ ਸਿਰੜ੍ਹੀ ਅਤੇ ਆਪਣੀ ਧੁਨ ਦੇ ਪੱਕੇ, ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ। 'ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ' ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਜੋ ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ। ਸਿੱਖ ਜਗਤ ਗਿਆਨੀ ਗੁਰਦਿੱਤ ਸਿੰਘ ਦਾ ਹਮੇਸ਼ਾ ਰਿਣੀ ਰਹੇਗਾ।

19 ਫਰਵਰੀ 2024 ਨੂੰ 102ਵੇਂ ਜਨਮ ਦਿਨ 'ਤੇ ਵਿਸ਼ੇਸ਼  ਬੇਅੰਤ ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ ਅਧਵਾਟੇ - ਉਜਾਗਰ ਸਿੰਘ

ਬੇਅੰਤ ਸਿੰਘ ਮਾਨਵਤਾ ਦੇ ਹਿੱਤਾਂ ਦੇ ਪੁਜਾਰੀ ਸਨ ਕਿਉਂਕਿ ਉਹ ਸਮਝਦੇ ਸਨ ਕਿ ਲੋਕਤੰਤਤਰ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਭਾਈਵਾਲ ਬਣਨ ਤੋਂ ਬਿਨਾ ਸਫਲਤਾ ਸੰਭਵ ਨਹੀਂ। ਇਸ ਲਈ ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਦੇ ਰਹਿਣ ਲਈ ਸਰਾਂ ਬਣਾਉਣ ਦਾ ਸੁਪਨਾ ਸਿਰਜਿਆ ਸੀ। ਸਿਆਸਤਦਾਨਾ ਦੇ ਕਿਰਦਾਰ ਅਤੇ ਵਰਤਾਰੇ ਵਿੱਚ ਦਿਨ-ਬਦਿਨ ਨਿਘਾਰ ਵਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵਿੱਚ ਸਿਆਸਤਦਾਨਾਂ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਹੀ ਨਹੀਂ ਲਈ। ਹੁਣ ਸਿਆਸਤਦਾਨ ਸਿਰਫ ਵੋਟਾਂ ਦੀ ਸਿਆਸਤ ਕਰਦੇ ਹਨ, ਉਨ੍ਹਾਂ ਨੂੰ ਵੋਟਾਂ ਕਿਸ ਢਕਵੰਜ ਕਰਨ ਨਾਲ ਪ੍ਰਾਪਤ ਹੋ ਸਕਦੀਆਂ ਹਨ, ਇਸ ਦੇ ਢੰਗ ਤਰੀਕੇ ਸੋਚਦੇ ਰਹਿੰਦੇ ਹਨ। ਉਹ ਲੋਕਾਂ ਦੀ ਭਲਾਈ ਨੂੰ ਪ੍ਰਮੁੱਖਤਾ ਨਹੀਂ ਦਿੰਦੇ ਸਗੋਂ ਲੰਬਾ ਸਮਾਂ ਰਾਜ ਕਰਨ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਹਨ। ਵੋਟਾਂ ਵਟੋਰਨ ਦੇ ਨਵੇਂ-ਨਵੇਂ ਢੰਗ ਅਪਣਾ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮੰਤਵ ਲਈ ਉਹ ਰਣਨੀਤੀਕਾਰਾਂ ਦੀ ਮਦਦ ਲੈ ਰਹੇ ਹਨ। ਸਿਆਸਤਦਾਨਾ ਵਿੱਚ ਮਨੁੱਖਤਾ ਦੀ ਸੇਵਾ ਭਾਵਨਾ ਖੰਭ ਲਾ ਕੇ ਉਡ ਗਈ ਹੈ। ਇਸ ਲਈ ਲੋਕਾਂ ਦਾ ਪਰਜਾਤੰਤਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਸਿਆਸਤਦਾਨਾਂ ਦੀ ਨਵੀਂ ਪੀੜ੍ਹੀ ਨੂੰ ਆਜ਼ਾਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਵਾਲੇ ਸਵਤੰਤਰਤਾ ਸੈਨਾਨੀਆਂ ਤੋਂ ਪ੍ਰੇਰਨਾ ਲੈ ਕੇ ਸਿਆਸਤ ਕਰਨੀ ਚਾਹੀਦੀ ਹੈ। ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇਕਰ ਉਹ ਲੋਕਾਂ ਦੀ ਸੇਵਾ ਭਾਵਨਾ ਨਾਲ ਰਹਿਨੁਮਾਈ ਕਰਨਗੇ ਤਾਂ ਵੋਟਾਂ ਖੁਦ-ਬਖੁਦ ਮਿਲਣਗੀਆਂ। ਸ੍ਰ.ਬੇਅੰਤ ਸਿੰਘ ਜਦੋਂ ਫ਼ਰਵਰੀ 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿੱਚ ਇੱਕ ਸਰਾਂ ਬਣਾਉਣ ਦਾ ਪ੍ਰਣ ਕੀਤਾ। ਕਾਂਗਰਸ ਭਵਨ ਪੀ.ਜੀ.ਆਈ.ਹਸਪਤਾਲ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੈ। ਪੀ.ਜੀ.ਆਈ.ਉਤਰੀ ਭਾਰਤ ਦਾ ਸਰਵੋਤਮ ਇਲਾਜ ਕਰਨ ਵਾਲਾ ਹਸਪਤਾਲ ਹੈ। ਏਥੇ ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੰਜਾਬ ਵਿੱਚੋਂ ਮਰੀਜ਼ ਆਉਂਦੇ ਹਨ। ਜਦੋਂ ਉਹ ਪੀ.ਜੀ.ਆਈ.ਵਿੱਚ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਆਉਂਦੇ ਹਨ ਤਾਂ ਮਰੀਜਾਂ ਅਤੇ ਉਨ੍ਹਾਂ ਦੇ ਨਾਲ ਆਏ ਸੰਬੰਧੀਆਂ ਨੂੰ ਇਲਾਜ ਵਾਸਤੇ ਕਈ ਦਿਨ ਰਹਿਣਾ ਪੈਂਦਾ ਹੈ। ਪ੍ਰੰਤੂ ਉਹ ਵਿਚਾਰੇ ਹਸਪਤਾਲ ਦੇ ਵਰਾਂਡਿਆਂ ਵਿੱਚ ਰੁਲਦੇ ਰਹਿੰਦੇ ਹਨ। ਇਸ ਲਈ ਬੇਅੰਤ ਸਿੰਘ ਨੇ ਸਰਾਂ ਦੀ ਉਸਾਰੀ ਦਾ ਪ੍ਰਣ ਕੀਤਾ ਸੀ। ਉਸ ਸਰਾਂ ਵਿੱਚ ਘੱਟ ਦਰਾਂ ਤੇ ਰਹਿਣ ਲਈ ਕਮਰੇ ਅਤੇ ਇਕ ਰਸੋਈ ਬਣਾਉਣੀ ਸੀ, ਜਿਥੇ ਮਰੀਜਾਂ ਦੇ ਵਾਰਸ ਰਹਿ ਸਕਣ ਅਤੇ ਸਸਤਾ ਖਾਣਾ ਮਿਲ ਸਕੇ। ਪੰਜਾਬ ਕਾਂਗਰਸ ਭਵਨ ਵਿੱਚ ਬਰੈਡਲੇ ਹਾਲ ਬਣਾਉਣ ਲਈ ਥਾਂ ਰਾਖਵੀਂ ਰੱਖੀ ਹੋਈ ਸੀ, ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਬਰੈਡਲੇ ਹਾਲ ਬਣਿਆਂ ਹੋਇਆ ਸੀ। ਉਨ੍ਹਾਂ ਮੁੱਖ ਮੰਤਰੀ ਬਣਦਿਆਂ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਬਰੈਡਲੇ ਹਾਲ ਦੀ ਤਜਵੀਜ ਨੂੰ ਬਦਲ ਕੇ ਸਰਾਂ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾਵੇ। ਲੰਬੀ ਦਫ਼ਤਰੀ ਕਾਰਵਾਈ ਤੋਂ ਬਾਅਦ ਲੱਖਾਂ ਰੁਪਏ ਸਰਾਂ ਬਣਾਉਣ ਦੀ ਉਸਾਰੀ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਜਮ੍ਹਾਂ ਕਰਵਾਉਣ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪ੍ਰਵਾਨਗੀ ਦਿੱਤੀ। ਵੱਡੇ ਆਰਕੀਟੈਕਟ ਤੋਂ ਤਿੰਨ ਮੰਜਲਾ ਇਮਾਰਤ ਦਾ ਨਕਸ਼ਾ ਬਣਵਾਇਆ ਅਤੇ ਦਾਨੀ ਸੱਜਣਾ ਤੋਂ ਪੈਸਾ ਇਕੱਠਾ ਕੀਤਾ। ਨੀਂਹਾਂ ਪੁੱਟੀਆਂ ਗਈਆਂ ਅਤੇ ਦਾਨੀ ਦੋਸਤਾਂ ਮਿਤਰਾਂ ਨੇ ਰੇਤਾ ਬਜਰੀ ਤੇ ਸਰੀਆ ਲਿਆ ਕੇ ਦਿੱਤਾ। ਸੀਨੀਅਰ ਕਾਂਗਰਸੀ ਨੇਤਾਵਾਂ ਦੀ ਕਮੇਟੀ ਬਣਾ ਕੇ ਉਸਾਰੀ ਦੀ ਵੇਖ ਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ। ਦਾਨੀ ਸੱਜਣਾ ਦੀ ਰਕਮ ਕਾਂਗਰਸ ਪਾਰਟੀ ਦੇ ਖ਼ਜਾਨਚੀ ਕੋਲ ਜਮ੍ਹਾ ਕਰਵਾਈ ਗਈ। ਠੇਕੇਦਾਰ ਨੂੰ ਉਸਾਰੀ ਦਾ ਠੇਕਾ ਦੇ ਦਿੱਤਾ ਗਿਆ। ਨੀਹਾਂ ਭਰੀਆਂ ਗਈਆਂ, ਇਤਨੀ ਦੇਰ ਨੂੰ ਸ੍ਰ.ਬੇਅੰਤ ਸਿੰਘ ਬੰਬ ਧਮਾਕੇ ਵਿੱਚ ਸਵਰਗਵਾਸ ਹੋ ਗਏ। ਸਰਾਂ ਦੀ ਉਸਾਰੀ ਦਾ ਕੰਮ ਉਨ੍ਹਾਂ ਦੀ ਮੌਤ ਤੋਂ ਬਾਅਦ ਖੂਹ ਖਾਤੇ ਪੈ ਗਿਆ। ਕਾਂਗਰਸ ਪਾਰਟੀ ਦੇ ਕਿਸੇ ਵੀ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਨਹੀਂ ਲਈ, ਸਗੋਂ ਜਿਹੜੀ ਦਾਨੀਆਂ ਦੀ ਰਕਮ ਸੀ, ਉਹ ਵੀ ਪਾਰਟੀ ਦੇ ਸਮਾਗਮਾਂ ਵਿੱਚ ਖ਼ਰਚ ਕਰ ਦਿੱਤੀ ਗਈ। ਜਦੋਂ ਉਸ ਸਮੇਂ ਦੇ ਖ਼ਜਾਨਚੀ ਤੋਂ ਉਸ ਰਕਮ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਗਲੇ ਪ੍ਰਧਾਨਾ ਨੇ ਸਾਰੀ ਰਕਮ ਕਾਂਗਰਸ ਪਾਰਟੀ ਲਈ ਖ਼ਰਚ ਦਿੱਤੀ। ਸਰਾਂ ਦੀ ਉਸਾਰੀ ਦੀ ਤਾਂ ਗੱਲ ਹੀ ਛੱਡੋ, ਇਥੋਂ ਤੱਕ ਕਿ ਜਿਹੜਾ ਰੇਤਾ, ਬਜਰੀ, ਸਰੀਆ ਅਤੇ ਸੀਮਿੰਟ ਉਥੇ ਪਿਆ ਸੀ, ਉਹ ਵੀ ਖੁਰਦ-ਬੁਰਦ ਹੋ ਗਿਆ। ਇਹ ਸਿਆਸਤਦਾਨਾਂ ਦੀ ਸੋਚ ਦਾ ਨਤੀਜਾ ਹੈ, ਜਿਸ ਕਰਕੇ ਅੱਜ ਵੀ ਪੀ.ਜੀ.ਆਈ ਵਿੱਚ ਆਉਣ ਵਾਲੇ ਮਰੀਜ ਰੁਲਦੇ ਫਿਰਦੇ ਹਨ ਕਿਉਂਕਿ ਉਹ ਗ਼ਰੀਬ ਲੋਕ ਮਹਿੰਗੇ ਹੋਟਲਾਂ ਵਿੱਚ ਰਹਿ ਨਹੀਂ ਸਕਦੇ। ਰਾਜਨੀਤਕ ਲੋਕ ਤਾਂ ਸਰਕਾਰੀ ਆਰਾਮ ਘਰਾਂ ਅਤੇ ਹੋਟਲਾਂ ਵਿੱਚ ਠਹਿਰਦੇ ਹਨ ਪ੍ਰੰਤੂ ਗ਼ਰੀਬ ਲੋਕਾਂ ਦੀ ਬਾਂਹ ਕੋਈ ਨਹੀਂ ਫੜ੍ਹਦਾ। ਇਹ ਸਾਰਾ ਕਿਰਾਰਡ ਕਾਂਗਰਸ ਭਵਨ ਦੇ ਖੱਲ ਖੂੰਜੇ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਮੌਜੂਦ ਪਿਆ ਹੋਵੇਗਾ। ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਲੋਕ ਪੱਖੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਜੇਕਰ ਕੋਈ ਸੰਜੀਦਾ ਸਿਆਸਤਦਾਨ ਲੋਕ ਭਲਾਈ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਅੱਗੇ ਆ ਕੇ ਸਰਾਂ ਦੀ ਉਸਾਰੀ ਦਾ ਸ਼ੁਭ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਦਾਨੀ ਸੱਜਣ ਬਹੁਤ ਹਨ ਪ੍ਰੰਤੂ ਕੰਮ ਜਰੂਰ ਸ਼ੁਰੂ ਕਰਨਾ ਚਾਹੀਦਾ ਹੈ। ਸਰਾਂ ਦੀ ਉਸਾਰੀ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਅੱਜ 19 ਫਰਵਰੀ 2024 ਨੂੰ ਸ੍ਰ.ਬੇਅੰਤ ਸਿੰਘ ਦੇ ਜਨਮ ਦਿਨ 'ਤੇ 42 ਸੈਕਟਰ ਚੰਡੀਗੜ੍ਹ ਉਨ੍ਹਾਂ ਦੀ ਸਮਾਧੀ ਤੇ ਪਰਿਵਾਰ ਵੱਲੋਂ ਸਰਵ ਧਰਮ ਪ੍ਰਾਰਥਨਾ ਸਭਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਆਯੋਜਤ ਕੀਤੀ ਜਾ ਰਹੀ ਹੈ।

‘ਮਨੀ ਪਲਾਂਟ ਵਰਗਾ ਆਦਮੀ ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ

ਹਰਦੀਪ ਸੱਭਰਵਾਲ ਦਾ ਕਾਵਿ ਸੰਗ੍ਰਹਿ ‘ਮਨੀ ਪਲਾਂਟ ਵਰਗਾ ਆਦਮੀ’ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਗਟਾਵਾ ਕਰਦਾ ਹੈ। ਇਸ ਵਿਚਾਰ ਪ੍ਰਧਾਨ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ  ਕਵਿਤਾਵਾਂ ਸਿੰਬਾਲਿਕ ਹਨ, ਜੋ ਇਨਸਾਨ ਦੀ ਮਾਨਸਿਕਤਾ ਅਤੇ ਸਮਾਜਿਕਤਾ ਨਾਲ ਸੰਬੰਧ ਰੱਖਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਹਰਦੀਪ ਸੱਭਰਵਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਾ ਹੈ। ਵਰਤਮਾਨ ਸਮੇਂ ਇਨਸਾਨ ਦੂਹਰੀ ਅਰਥਾਤ ਦੋਗਲੀ ਜ਼ਿੰਦਗੀ ਜੀਅ ਰਿਹਾ ਹੈ। ਉਸ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਲਈ ਉਸ ਦੇ ਮਨ ਦੀ ਕਿਸੇ ਵੀ ਗੱਲ ਦਾ ਸਹੀ ਜਵਾਬ ਲੱਭਣਾ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਦੇ ਚਿਹਰੇ ਮੋਹਰੇ ਦੀਆਂ ਹਰਕਤਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਸ ਦੇ ਅੰਦਰ ਕੀ ਵਿਚਰ ਰਿਹਾ ਹੈ? ਇਸ ਲਈ ਕਵੀ ਨੇ ਖੁਲ੍ਹੀਆਂ ਕਵਿਤਾਵਾਂ ਰਾਹੀਂ ਇਨਸਾਨ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਹੈ। ਕਾਵਿ ਸੰਗ੍ਰਹਿ ਦਾ ਨਾਮ ਵੀ ਸਿੰਬਾਲਿਕ ਹੈ। ਜੇਕਰ ਸਮੁੱਚੇ ਤੌਰ ‘ਤੇ ਵੇਖਿਆ ਜਾਵੇ ਤਾਂ ਸਮਾਜ ਆਰਥਿਕਤਾ ਦੇ ਆਲੇ ਦੁਆਲੇ ਘੁੰਮਦਾ ਹੈ। ਪੁਸਤਕ ਦਾ ਨਾਮ ਮਨੀ ਪਲਾਂਟ ਭਾਵੇਂ ਇਕ ਕਵਿਤਾ ਦੇ ਸਿਰਲੇਖ ਕਰਕੇ ਹੀ ਰੱਖਿਆ ਗਿਆ ਹੈ ਪ੍ਰੰਤੂ ਇਹ ਸਮਾਜ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਮਨੀ ਪਲਾਂਟ ਨਾਮ ਆਰਥਿਕਤਾ ਦਾ ਇਜ਼ਹਾਰ ਕਰਦਾ ਹੈ। ਰੁਪਇਆ ਪੈਸਾ ਭਾਵੇਂ ਜ਼ਿੰਦਗੀ ਜਿਓਣ ਲਈ ਜ਼ਰੂਰੀ ਹੁੰਦਾ ਹੈ ਪ੍ਰੰਤੂ ਸਭ ਕੁਝ ਨਹੀਂ ਹੁੰਦਾ। ਲੋਕ ਪੈਸਾ ਕਮਾਉਣ ਲਈ ਹਰ ਹੀਲਾ ਵਰਤਕੇ ਹਰ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਵਿ ਸੰਗ੍ਰਹਿ ਵਿੱਚ ਇਨ੍ਹਾਂ ਵਿਸੰਗਤੀਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਮ ਤੌਰ ‘ਤੇ ਘਰਾਂ ਵਿੱਚ ਮਨੀ ਪਲਾਂਟ ਲਗਾਕੇ ਵਹਿਮ ਪਾਲਿਆ ਜਾਂਦਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਮਨੁੱਖ ਵੀ ਪੈਸੇ ਕਮਾਉਣ ਦਾ ਸਾਧਨ ਸਮਝਿਆ ਜਾਂਦਾ ਹੈ। ਇਸ ਲਈ ਉਸ ਦੇ ਮਨ ਅੰਦਰ ਹਮੇਸ਼ਾ ਪੈਸੇ ਕਮਾਉਣ ਦੇ ਸਾਧਨ ਬਣਾਉਣ ਲਈ ਉਥਲ ਪੁਥਲ ਹੁੰਦੀ ਰਹਿੰਦੀ ਹੈ। ਇਸ ਲਈ ਮਨੀ ਪਲਾਂਟ ਅਤੇ ਆਦਮੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਸਮਾਜ ਇਕ ਦੂਜੇ ਦੀ ਮਾਨਸਿਕਤਾ ਨੂੰ ਸਮਝਣ ਦੇ ਆਹਰੇ ਲੱਗਿਆ ਰਹਿੰਦਾ ਹੈ ਪ੍ਰੰਤੂ ਇਨਸਾਨ ਦੇ ਅੰਦਰ ਜਿਹੜੇ ਭਾਂਬੜ ਮੱਚਦੇ ਹਨ ਅਤੇ ਜੋ ਅੱਗ ਸੁਲਗਦੀ ਹੈ, ਉਸ ਬਾਰੇ ਜਾਨਣਾ ਮੁਸ਼ਕਲ ਹੁੰਦਾ ਹੈ। ਸਮਾਜ ਵਿੱਚ ਵਹਿਮਾਂ ਭਰਮਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵੀ ਇਹੋ ਕੁਝ ਦਰਸਾ ਰਹੀਆਂ ਹਨ। ਕਵੀ ਜੋ ਸਮਾਜਿਕ ਤਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਾ ਰਿਹਾ ਹੈ, ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਜਿਨ੍ਹਾਂ ਨਾਲ ਆਮ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਸਭਿਅਚਾਰਕ ਜਨ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ, ਉਨ੍ਹਾਂ ਬਾਰੇ ਕਵਿਤਾਵਾਂ ਲਿਖਕੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਹੋਣ ਦਾ ਸਬੂਤ ਦਿੱਤਾ ਹੈ। ਮਨੀ ਪਲਾਂਟ ਕਾਵਿ ਸੰਗ੍ਰਹਿ ਵਿੱਚ 74 ਕਵਿਤਾਵਾਂ ਹਨ ਜੋ ਮਨੁੱਖਤਾ ਦੀ ਮਾਨਸਿਕਤਾ ਅਤੇ ਸਮਾਜਿਕਤਾ ਦੇ ਅਨੇਕਾਂ ਰੰਗ ਖਿਲਾਰ ਰਹੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਹਿਤ/ਕਲਾ, ਕਲਾ ਲਈ ਨਹੀਂ ਸਗੋਂ ਲੋਕਾਂ ਦੇ ਦੁੱਖ ਦਰਦ ਦਾ ਪ੍ਰਗਟਾਵਾ ਕਰਨ ਵਾਲੀ ਹੋਣੀ ਚਾਹੀਦੀ ਹੈ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮਨੁੱਖਤਾ ਦੇ ਮਨ ਦੇ ਵਿਕਾਰਾਂ ਦੀ ਧੂੜ ਨੂੰ ਗੁਰਬਾਣੀ ਦੇ ਪਵਿਤਰ ਕੀਰਤਨ ਨਾਲ ਨਿਰਮਲ ਕਰਨ ਦੀ ਤਾਕੀਦ ਕਰਦੀ ਹੈ। ਦੂਜੀ ਕਵਿਤਾ ਮਾਂ ਤੋਂ ਸ਼ੁਰੂ ਹੋ ਕੇ ਧੀ ਅਤੇ ਫਿਰ ਇਸਤਰੀਆਂ ਨਾਲ ਮਰਦਾ ਪ੍ਰਧਾਨ ਸਮਾਜ ਵੱਲੋਂ ਕੀਤੇ ਜਾਂਦੇ ਬਲਾਤਕਾਰਾਂ ਦੇ ਸੰਤਾਪ ਦਾ ਜ਼ਿਕਰ ਕਰਦੀ ਹੈ। ਉਹ ਮਾਂ ਤੇ ਧੀ ਆਪਣੇ ਪਰਿਵਾਰ ਅਤੇ ਮਰਦ ਦੀ ਬਿਹਤਰੀ ਤੇ ਸਫਲਤਾ ਲਈ ਸੁਪਨੇ ਸਿਰਜਦੀਆਂ ਹਨ ਪ੍ਰੰਤੂ ਮਰਦ ਦੀ ਮਾਨਸਿਕਤਾ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਨ੍ਹਾਂ ਕਵਿਤਾਵਾਂ ਵਿੱਚ ਇਨਸਾਨ ਦੀਆਂ ਕੋਝੀਆਂ ਚਾਲਾਂ ਬਾਰੇ ਵੀ ਦੱਸਿਆ ਗਿਆ ਹੈ, ਜਿਵੇਂ ਭਰਿਸ਼ਟਾਚਾਰ ਅਤੇ ਮਰਦ ਦੀ ਮਾਨਸਿਕਤਾ ਬਾਰੇ ਅਸ਼ਲੀਲ ਕਵਿਤਾ ਵਿੱਚ ਸ਼ਾਇਰ ਦੋਹਰੇ ਅਰਥਾਂ ਵਾਲੀ ਗੱਲ ਕਰਦਾ ਲਿਖਦਾ ਹੈ:

Êਪਰ ਕਿੱਥੇ ਹੁੰਦਾ ਹੈ ਕਲਾਤਮਿਕ ਜਿਹਾ

ਭੁੱਖੇ ਢਿੱਡ ਦੀ ਕਥਾ ਕਹਿੰਦੀ ਕਵਿਤਾ ਵਿੱਚ

ਭਿ੍ਰਸ਼ਟਾਚਾਰ ਦੀ ਗੱਲ ਕਰਦੀ ਕਵਿਤਾ

ਨਹੀਂ ਦਮ ਭਰਦੀ ਕਲਾਕਾਰੀ ਦਾ

ਸੜਕ ਦੇ ਵਿੱਚਕਾਰ ਦੌੜਦੀਆਂ

ਔਰਤ ਦੇ ਨੰਗੇ ਸਿਰ ਤੋਂ ਸ਼ੁਰੂ ਹੋ

ਮਰਦ ਦੀ ਨੰਗੀ ਸੋਚ ਤੱਕ ਸਿਮਟਦੀ ਹੈ

Çਲੰਗ ਭੇਦ ਦੀ ਕਥਾ ਕਹਿੰਦੀ ਕਵਿਤਾ।

ਕਵੀ ਬਹੁਤ ਸਾਰੇ ਵਿਸ਼ੇ ਸਿੰਬਾਲਿਕ ਢੰਗ ਨਾਲ ਛੋਂਹਦਾ ਹੈ,  ਮੁੰਡਿਆਂ ਨੂੰ ਫ਼ੌਜੀ ਵਰਦੀ, ਜੰਗ ਤੋਂ ਬਾਅਦ ਦੀ ਦੁਰਦਸ਼ਾ, ਨਾਗਰਿਕਤਾ ਕਾਨੂੰਨ, ਇੱਕ ਭਾਸ਼ਾ ਇਕ ਦੇਸ਼, ਮੁਫ਼ਤਖ਼ੋਰੀ ਦੇ ਨੁਕਸਾਨ, ਚਮਚਿਆਂ ਦਾ ਯੋਗਦਾਨ, ਜ਼ੁਲਮੀ ਲੋਕ, ਧਾਰਮਿਕ ਕੱਟੜਤਾ ਆਦਿ। ਇਨ੍ਹਾਂ ਵਿਸ਼ਿਆਂ ਵਾਲੀਆਂ ਕਵਿਤਾਵਾਂ ਸਮਾਜ ਦਾ ਕੋਝਾ ਰੂਪ ਦਰਸਾਉਂਦੀਆਂ ਹੋਈਆਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਕਵੀ ਦੀਆਂ ਕਵਿਤਾਵਾਂ ਸਿਆਸਤਦਾਨਾ ਦੀ ਧਾਰਮਿਕ ਕੱਟੜਤਾ, ਬੇਰੋਜ਼ਗਾਰੀ, ਕਿਸਾਨੀ ਖ਼ੁਦਕਸ਼ੀਆਂ, ਸ਼ੋਸ਼ਲ ਮੀਡੀਆ ਵਿੱਚ ਜ਼ਾਅਲੀ ਅਕਾਊਂਟ, ਸਮੇਂ ਦੀ ਨਜ਼ਾਕਤ ਨੂੰ ਨਾ ਸਮਝਣਾ, ਮਨੁੱਖ ਦਾ ਮਨੀ ਪਲਾਂਟ ਦੀ ਤਰ੍ਹਾਂ ਵਿਚਰਣਾ, ਅਮੀਰ ਗ਼ਰੀਬ ਦਾ ਪਾੜਾ, ਬੇਘਰੇ ਲੋਕਾਂ ਦੀ ਤ੍ਰਾਸਦੀ, ਆਪਣੇ ਅੰਦਰ ਝਾਤ ਨਾ ਮਾਰਨਾ, ਮਿਹਨਤ ਤੋਂ ਪ੍ਰਹੇਜ, ਨੀਰਸ ਹੋਣਾ, ਮਨ ਦੀ ਧੂੜ ਨਾ ਲਾਹੁਣੀ, ਸਚਾਈ ਤੇ ਪਹਿਰਾ ਨਾ ਦੇਣਾ, ਸਾਹਿਤਕਾਰਾਂ ਦਾ ਮੁੱਖ ਮੁਦਿਆਂ ਤੋਂ ਪਾਸਾ ਵੱਟਣਾ, ਸਚਾਈ ਤੇ ਨਾ ਖੜ੍ਹਨਾ, ਜ਼ੁਲਮਾ ਦਾ ਵਿਰੋਧ ਨਾ ਕਰਨਾ, ਫ਼ਿਰਕਾਪ੍ਰਤੀ, ਦੇਸ਼ ਧਰੋਹ ਦੇ ਗ਼ਲਤ ਅਰਥ ਕੱਢਣੇ, ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾ ਦੀ ਅਣਵੇਖੀ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਬਾਖ਼ੂਬੀ ਕਵਿਤਾਵਾਂ ਵਿੱਚ ਚਿਤਰਿਆ ਹੈ ਤਾਂ ਜੋ ਲੋਕ ਪ੍ਰੇਰਨਾ ਲੈ ਕੇ ਆਪਣਾ ਭਵਿਖ ਸੁਨਹਿਰਾ ਬਣਾ ਸਕਣ। ਕਤਾਰ ਸਿਰਲੇਖ ਵਾਲੀ ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤਕਸ਼ਾਂ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਸਗੋਂ ਉਨ੍ਹਾਂ ਦੀ ਮਿਹਨਤ ਦਾ ਫਲ ਵਿਓਪਾਰੀ ਆਰਥਾਤ ਵੱਡੇ ਮਗਰਮੱਛ ਨਿਗਲ ਜਾਂਦੇ ਹਨ। ਮੌਕਾਪ੍ਰਸਤੀ ਦਾ ਜ਼ਮਾਨਾ ਹੈ। ਪਿਆਰ ਸਿਰਲੇਖ ਵਾਲੀਆਂ ਦੋਵੇਂ ਕਵਿਤਾਵਾਂ ਦਾ ਸਿੱਟਾ ਨਿਕਲਦਾ ਹੈ ਕਿ ਪਿਆਰ ਦੁਕਾਨਦਾਰੀ ਬਣ ਗਿਆ ਹੈ। ਪਿਆਰ ਵਿੱਚ ਧੋਖੇ, ਫਰੇਬ ਅਤੇ ਚਲਾਕੀਆਂ ਚਲਦੀਆਂ ਹਨ ਅਤੇ ਮਾਸੂਮਾ ਨਾਲ ਹੋ ਰਹੇ ਖਿਲਵਾੜ ਦਾ ਜ਼ਿਕਰ ਕੀਤਾ ਗਿਆ ਹੈ। ਖੋਖਲੇ ਲੋਕਤੰਤਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਕਿੱਸਾ ਕਵਿਤਾ ਵਿੱਚ ਝੂਠੇ ਵਾਅਦਿਆਂ, ਖਾਈ ਵਿੱਚ ਜ਼ਾਤਪਾਤ, ਇਮੋਜੀ ਵਿੱਚ ਪਰਵਾਸ ਦੀ ਚਕਾਚੌਂਦ ਤੇ ਉਸ ਦੀ ਤ੍ਰਾਸਦੀ, ਬੇਬੇ ਵਿੱਚ ਦੇਸ਼ ਦੀ ਵੰਡ ਤੇ ਵਿਰਾਸਤ ਦੀ ਹੂਕ ਦਾ ਵਿਸ਼ਲੇਸ਼ਣ ਹੈ। ਰਿਜ਼ਰਵੇਸ਼ਨ ਕਵਿਤਾ ਵਿੱਚ ਗ਼ਰੀਬ ਅਤੇ ਅਮੀਰ ਬੱਚਿਆਂ ਦੀ ਪੜ੍ਹਾਈ ਦੇ ਮੌਕਿਆਂ ਦਾ ਅੰਤਰ, ਦੋਹਾਂ ਵਿੱਚ ਇਨਸਾਨੀਅਤ ਦਾ ਘਾਣ, ਇਲਕਲਾਬ ਵਿੱਚ ਸੁਪਨਿਆਂ ਦਾ ਮਰਨਾ, ਨਸ਼ਲਕੁਸ਼ੀ ਵਿੱਚ ਚੈਨਲਾਂ ‘ਤੇ ਝੂਠ ਤੇ ਕੁਫਰ ਦੇ ਪ੍ਰਚਾਰ ਨਾਲ ਝੂਠ ਨੂੰ ਸੱਚ ਬਣਾਉਣ, ਸੁਆਹ ਵਿੱਚ 1984 ਦੇ ਕਤਲੇਆਮ ਦੀ ਤ੍ਰਾਸਦੀ ਅਤੇ ਵਹਿਮਾ ਨਾਲ ਨਫ਼ਰਤ ਦਾ ਫ਼ੈਲਾਉਣਾ ਦਰਸਾਇਆ ਗਿਆ ਹੈ। ਜੰਗਲ ਨਾਮ ਦੀ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਅੰਦਰਲੇ ਜਾਨਵਰ ਨੂੰ ਮਾਰਨ ਦੀ ਨਸੀਅਤ ਦਿੱਤੀ ਗਈ ਹੈ ਤਾਂ ਜੋ ਇਨਸਾਨੀਅਤ ਬਰਕਰਾਰ ਰਹਿ ਸਕੇ। ਕੰਧ ਵਿੱਚ ਸਮੇਂ ਦੇ ਲੰਘਣ ਨਾਲ ਸੋਚ ਬਦਲਦੀ ਹੈ। ਐਤਵਾਰ ਕਵਿਤਾ ਵਿੱਚ ਕਿਹਾ ਕਿ ਚੰਗੀ ਜ਼ਿੰਦਗੀ ਜਿਓਣ ਲਈ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ, ਯੁਗ ਵਿੱਚ ਆਧੁਨਿਕਤਾ ਵਿਰਾਸਤ ਨੂੰ ਖ਼ਤਮ ਕਰਦੀ ਹੈ, ਡਰ ਜਾਣਾ ਵਿੱਚ ਚੁਗਲਖ਼ੋਰੀ, ਮੱਧ ਵਰਗ ਦੀਆਂ ਔਰਤਾਂ ਦੀ ਸੋਚ ਬਦਲਦੀ ਰਹਿੰਦੀ ਹੈ ਤੇ ਉਹ ਆਪਣੀਆਂ ਅਧੂਰੀਆਂ ਇਛਾਵਾਂ ਆਪਣੀ ਔਲਾਦ ਰਾਹੀਂ ਪੂਰੀਆਂ ਕਰਦੀਆਂ ਹਨ। ਹਰਦੀਪ ਸੱਭਰਵਾਲ ਨੇ ਸਮਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਸੰਬੰਧੀ ਕਵਿਤਾਵਾਂ ਲਿਖਕੇ ਲੋਕਾਈ ਨੂੰ ਜਾਗ੍ਰਤ ਕਰਨ ਦਾ ਉਪਰਾਲਾ ਕੀਤਾ ਹੈ। 

104 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

   ujagarsingh48@yahoo.com

ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ 'ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ' ਸਿਦਕ ਦਾ ਪ੍ਰਤੀਕ - ਉਜਾਗਰ ਸਿੰਘ

ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਨਿਧਾਨ ਸਿੰਘ ਮਹੇਸਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਬੱਧ ਸੁਤੰਤਰਤਾ ਸੰਗਰਾਮੀਆਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਕਿੱਤੇ ਦੇ ਤੌਰ 'ਤੇ ਪੰਜਾਬੀ ਦਾ ਕਾਲਜ ਅਧਿਆਪਕ ਹੈ ਪ੍ਰੰਤੂ ਉਸ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਇਤਿਹਾਸ ਨਾਲ ਸੰਬੰਧਤ ਵਿਸ਼ਿਆਂ, ਖਾਸ ਤੌਰ 'ਤੇ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਨਾਲ ਸੰਬੰਧ ਪ੍ਰਕਾਸ਼ਤ ਕਰਵਾਈਆਂ ਹਨ। ਉਸ ਨੇ ਇੱਕ ਸੰਸਥਾ ਤੋਂ ਵਧੇਰੇ ਕੰਮ ਕੀਤਾ ਹੈ।  ਉਸ ਨੂੰ ਅਜਿਹੇ ਵਿਸ਼ਿਆਂ ਬਾਰੇ ਲਿਖਣ ਦੀ ਦਿਲਚਸਪੀ ਉਦੋਂ ਪਈ ਜਦੋਂ ਉਹ ਆਪਣਾ 'ਮਾਲਵੇ ਦਾ ਕਿੱਸਾ ਸਾਹਿਤ' ਦੇ ਵਿਸ਼ੇ 'ਤੇ ਪੀ.ਐਚ.ਡੀ.ਦਾ ਥੀਸਸ ਲਈ ਮੈਟਰ ਇਕੱਠਾ ਕਰ ਰਿਹਾ ਸੀ। ਉਸ ਨੂੰ ਹੋਰ ਹੈਰਾਨੀ ਹੋਈ ਜਦੋਂ ਉਹ ਨੈਸ਼ਨਲ ਆਰਕਾਈਵ ਦਿੱਲੀ ਵਿੱਚ ਫਾਈਲਾਂ ਫਰੋਲ ਰਿਹਾ ਸੀ ਤਾਂ ਉਸ ਨੂੰ ਕੁਝ ਨਾਮ ਅਜਿਹੇ ਪਤਾ ਲੱਗੇ ਜਿਨ੍ਹਾਂ ਦਾ ਆਜ਼ਾਦੀ ਦੇ ਸੰਗਰਾਮ ਦੀ ਜਦੋਜਹਿਦ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੋਇਆ ਸੀ ਪ੍ਰੰਤੂ ਸਿਰਮੌਰ ਇਤਿਹਾਸਕਾਰਾਂ ਨੇ ਸਿੱਖਾਂ/ਪੰਜਾਬੀਆਂ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ।  ਡਾ.ਫੌਜਾ ਸਿੰਘ ਇਤਿਹਾਸਕਾਰ ਦੀ ਅਗਵਾਈ ਵਿੱਚ ਇਤਿਹਾਸਕਾਰਾਂ  ਦੀ ਟੀਮ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਤਿਆਰ ਕੀਤੀ ਨਾਮਲਵਲੀ  “Who’s Who Punjab Freedom Fighters”  ਵੱਡ-ਆਕਾਰੀ ਪੁਸਤਕ ਵਿੱਚ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ ਦਾ ਨਾਮ ਹੀ ਨਹੀਂ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਭਾਰਤ ਦੇ ਇਤਿਹਾਸਕਾਰਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਪੂਰਾ ਵੇਰਵਾ ਫਾਈਲਾਂ ਵਿੱਚ ਲਿਖਿਆ ਹੋਇਆ ਹੈ। ਫਿਰ ਉਸ ਨੇ ਫ਼ੈਸਲਾ ਕਰ ਲਿਆ ਕਿ ਪੀ.ਐਚ.ਡੀ.ਕਰਨ ਤੋਂ ਬਾਅਦ ਅਜਿਹੇ ਅਣਗੌਲੇ ਸੁਤੰਤਰਤਾ ਸੰਗਰਾਮੀਆਂ ਬਾਰੇ ਪੁਸਤਕਾਂ ਦੀ ਲੜੀ ਲਿਖਾਂਗਾ। ਉਸ ਲੜੀ ਵਿੱਚ ਉਸ ਦੀ ਪਹਿਲੀ ਪੁਸਤਕ 'ਅਣਗੌਲਿਆ ਆਜ਼ਾਦੀ ਘੁਲਾਟੀਆ:ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ' ਹੈ। ਡਾ.ਗੁਰਦੇਵ ਸਿੰਘ ਸਿੱਧੂ ਨੇ ਇਸ ਪੁਸਤਕ ਦੇ 11 ਅਧਿਆਇ ਬਣਾਏ ਹਨ। ਇਸ ਤੋਂ ਇਲਾਵਾ ਮਾਣੂੰਕੇ ਗਿੱਲਾਂ ਪਿੰਡ ਦੇ 16 ਕਮਿਊਨਿਸਟਾਂ ਦੀਆਂ ਤਸਵੀਰਾਂ ਅਤੇ ਬਾਬਾ ਨਿਧਾਨ ਸਿੰਘ ਦੇ ਸਹੁਰਾ ਪਰਿਵਾਰ ਵਿੱਚੋਂ ਨਛੱਤਰ ਸਿੰਘ ਗਿੱਲ ਮਾਣੂੰਕੇ ਦਾ ਲੇਖ ਵੀ ਛਾਪਿਆ ਹੈ। ਇਸ ਪੁਸਤਕ ਵਿੱਚ ਨੈਸ਼ਨਲ ਆਰਕਾਈਵ ਦਿੱਲੀ, ਪੰਜਾਬ ਸਟੇਟ ਆਰਕਾਈਵ ਚੰਡੀਗੜ੍ਹ, ਦੇਸ਼ ਭਗਤ ਯਾਦਗਾਰ ਲਾਇਬਰੇਰੀ ਜਲੰਧਰ ਅਤੇ ਉਸ ਦੇ ਪਿੰਡ ਮਹੇਸਰੀ ਤੇ ਸਹੁਰਾ ਪਰਿਵਾਰ ਦੇ ਪਿੰਡ ਦੇ ਬਜ਼ੁਰਗਾਂ ਵੱਲੋਂ ਮਿਲੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਪਹਿਲੇ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਨਿਧਾਨ ਸਿੰਘ ਦਾ ਜਨਮ  ਉਸ ਸਮੇਂ ਦੇ ਫੀਰੋਜਪੁਰ ਜਿਲ੍ਹੇ ਦੀ ਮੋਗਾ ਤਹਿਸੀਲ ਦੇ ਪਿੰਡ ਮਹੇਸਰੀ ਵਿੱਚ ਹੀਰਾ ਸਿੰਘ ਦੇ ਘਰ ਹੋਇਆ। ਉਹ ਜੱਟ ਸਿੱਖ ਸੰਧੂ ਸਨ। ਨਿਧਾਨ ਸਿੰਘ ਦਾ ਜਨਮ 1890 ਦੇ ਨੇੜੇ ਤੇੜੇ ਹੋਇਆ। ਉਹ ਤਿੰਨ ਭਰਾ ਸਨ। ਨਿਧਾਨ ਸਿੰਘ ਨਿੱਡਰ ਅਤੇ ਅਥਰੇ ਸੁਭਾਅ ਦਾ ਮਾਲਕ ਸੀ। ਪਿੰਡ ਵਿੱਚ ਇਕ ਵਿਅਕਤੀ ਦੇ ਕਤਲ ਕੇਸ ਵਿੱਚ ਜੇਲ੍ਹ ਗਿਆ, ਬਰੀ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦਾ ਫ਼ੈਸਲਾ ਕਰ ਲਿਆ।  ਦੂਜੇ ਅਧਿਆਇ 'ਨਿਧਾਨ ਸਿੰਘ ਅਮਰੀਕਾ ਵਿੱਚ' ਜਾਣਕਾਰੀ ਦਿੱਤੀ ਹੈ ਕਿ ਉਹ ਪਹਿਲਾਂ 1912 ਵਿੱਚ ਮਨੀਲਾ ਤੇ ਫਿਰ ਫਿਲਪਾਈਨ ਗਿਆ। ਉਸ ਤੋਂ ਬਾਅਦ ਮਈ 1913 ਵਿੱਚ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸਨ ਫਰਾਂਸਿਸਕੋ ਸ਼ਹਿਰ ਵਿੱਚ ਪਹੁੰਚ ਗਿਆ। ਉਥੇ ਪਹਿਲਾਂ ਰਹਿ ਰਹੇ ਗ਼ਦਰੀਆਂ ਕੋਲ 'ਹੋਲਟ ਖੇਤੀ ਫਾਰਮ' ਜਿਸ ਨੂੰ 'ਭਾਈਆਂ ਦਾ ਡੇਰਾ' ਕਹਿੰਦੇ ਸਨ ਵਿੱਚ ਰਿਹਾ। ਏਥੇ ਕੰਮ ਕਰਦਿਆਂ ਭਾਰਤੀਆਂ ਨੂੰ ਹੀਣਤਾ ਮਹਿਸੂਸ ਹੋਈ ਫਿਰ ਉਨ੍ਹਾਂ ਨੇ 'ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਫਿਕ ਕੋਸਟ' ਨਾਂ ਦੀ ਸੰਸਥਾ ਬਣਾ ਲਈ। ਫਿਰ ਉਹ ਉਥੇ ਗਦਰ ਆਸ਼ਰਮ ਵਿੱਚ ਰਹਿਣ ਲੱਗ ਪਿਆ। ਪਰਿਵਾਰ ਨੇ ਲੜਾਈ ਝਗੜੇ ਦੇ ਡਰ ਕਰਕੇ ਪਿੰਡੋਂ ਭੇਜਿਆ ਪ੍ਰੰਤੂ ਏਥੇ ਆ ਕੇ ਗ਼ਦਰੀਆਂ ਦਾ ਨੇਤਾ ਬਣ ਗਿਆ।  ਉਹ 1915 ਵਿੱਚ ਗ਼ਦਰ ਪਾਰਟੀ ਦਾ ਖਜਾਨਚੀ ਬਣ ਗਿਆ। ਦੋ ਸਾਲ ਇਸ ਅਹੁਦੇ ਤੇ ਰਿਹਾ ਪ੍ਰੰਤੂ ਗ਼ਦਰੀ ਸਰਗਰਮੀਆਂ ਕਰਕੇ ਜਨਵਰੀ 1918 ਵਿੱਚ ਗ੍ਰਿਫ਼ਤਾਰ ਹੋ ਗਿਆ। 4 ਮਹੀਨੇ ਦੀ ਸਜ਼ਾ ਫਰਾਂਸਿਸਕੋ ਦੀ ਕਾਊਂਟੀ ਜੇਲ੍ਹ ਓਕਲੈਂਡ ਵਿੱਚ ਕੱਟੀ। ਗ਼ਦਰੀਆਂ ਵਿੱਚ ਫੁੱਟ ਪੈ ਗਈ ਤੇ ਬਾਬਾ ਨਿਧਾਨ ਸਿੰਘ ਨੂੰ ਗ਼ਦਰ ਪਾਰਟੀ ਦਾ ਕਾਰਜਵਾਹਕ ਪ੍ਰਧਾਨ ਬਣਾ ਦਿੱਤਾ ਗਿਆ। 1928 ਵਿੱਚ ਗ਼ਦਰ ਪਾਰਟੀ ਦਾ ਪੱਕਾ ਪ੍ਰਧਾਨ ਚੁਣਿਆਂ ਗਿਆ। ਤੀਜਾ ਅਧਿਆਇ ' ਅਮਰੀਕਾ ਸਰਕਾਰ ਵੱਲੋਂ ਗ਼ਦਰੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ' ਹੈ, ਜਿਸ ਵਿੱਚ  ਦੱਸਿਆ ਗਿਆ ਹੈ ਕਿ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਵਿੱਚ ਬਿਹਤਰੀਨ ਯੋਗਦਾਨ ਪਾਉਣ ਕਰਕੇ ਅਮਰੀਕਾ ਸਰਕਾਰ ਨੇ ਜੂਨ 1931 ਵਿੱਚ ਨਿਧਾਨ ਸਿੰਘ ਮਹੇਸਰੀ ਨੂੰ ਗ੍ਰਿਫ਼ਤਾਰ ਕਰ ਲਿਆ। ਸਰਕਾਰ ਦੇਸ਼ ਨਿਕਾਲਾ ਦੇਣਾ ਚਾਹੁੰਦੀ ਸੀ ਪ੍ਰੰਤੂ ਕਿਰਤੀ ਅਖ਼ਬਾਰ ਤੋਂ ਬਿਨਾ ਹੋਰ ਦਫ਼ਤਰ ਵਿੱਚੋਂ ਇਤਰਾਜ਼ਯੋਗ ਹੋਰ ਕੁਝ ਨਹੀਂ ਮਿਲਿਆ। ਏਧਰ ਬਰਤਾਨੀਆਂ ਦੀ ਭਾਰਤ ਸਰਕਾਰ ਉਸ ਨੂੰ ਭਾਰਤ ਭੇਜਣ ਨਾਲ ਆਜ਼ਾਦੀ ਮੁਹਿੰਮ ਦੇ ਤੇਜ਼ ਹੋਣ ਦੇ ਡਰ ਤੋਂ ਡਰਦੀ ਸੀ। ਅਧਿਆਇ-4 'ਗ਼ਦਰ ਪਾਰਟੀ ਦੇ ਪ੍ਰਧਾਨ ਵਜੋਂ ਕੀਤਾ ਕੰਮ' ਦੇ ਸਿਰਲੇਖ ਵਿੱਚ ਨਿਧਾਨ ਸਿੰਘ ਵੱਲੋਂ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ 9 ਸ਼ਾਖ਼ਾਵਾਂ ਬਣਾਉਣ ਦਾ ਜ਼ਿਕਰ ਹੈ। ਕੁਝ ਕਿਤਾਬਚੇ ਅਤੇ ਗ਼ਦਰ ਗੂੰਜ ਦੀ ਲੜੀ ਨੂੰ ਅੱਗੇ ਤੋਰਿਆ ਦੱਸਿਆ ਗਿਆ ਹੈ। ਅਧਿਆਇ 5 ਅਤੇ 6 ਨਿਧਾਨ ਸਿੰਘ ਮਹੇਸਰੀ ਦੇ ਮਾਸਕੋ ਜਾਣ ਅਤੇ ਵਾਪਸ ਪੰਜਾਬ ਆਉਣ ਬਾਰੇ ਹਨ। ਮਾਸਕੋ ਵਿਖੇ ਸਿਖਿਆ ਲੈਣ ਲਈ ਉਹ ਅਪ੍ਰੈਲ 1935 ਵਿੱਚ ਪੁਜਾ। ਉਸਦਾ ਨਾਮ ਡੀਗੋ ਲੀਪੋਜ ਰੱਖਿਆ ਗਿਆ ਤਾਂ ਜੋ ਉਸ ਦੀ ਪਛਾਣ ਗੁਪਤ ਰੱਖੀ ਜਾ ਸਕੇ। ਸਿੱਖਿਆ ਪੂਰੀ ਹੋਣ ਉਪਰੰਤ ਉਹ ਮਾਸਕੋ ਠਹਿਰ ਕੇ ਉਥੇ ਕਿਸਾਨਾ ਤੇ ਮਜ਼ਦੂਰਾਂ ਦੇ ਜੀਵਨ ਪੱਧਰ ਵਿੱਚ ਆਈ ਤਬਦੀਲੀ ਦਾ ਅਧਿਐਨ ਕਰਦਾ ਰਿਹਾ। ਉਸ ਨੂੰ ਸਰਕਾਰੀ ਰਿਕਾਰਡ ਵਿੱਚ ਕੱਟੜ ਕੌਮ ਪ੍ਰਸਤ ਲਿਖਦਾ ਹੈ, ਜੋ ਹਿੰਦੁਸਤਾਨ ਵਿੱਚ ਲੋਕ ਰਾਜ ਸਥਾਪਤ ਕਰਕੇ ਕਿਸਾਨਾ ਅਤੇ ਮਜ਼ਦੂਰਾਂ ਦੇ ਹੱਥ ਦੇਣਾ ਚਾਹੁੰਦਾ ਸੀ। ਭਾਰਤ ਪਹੁੰਚਣ ਤੋਂ ਪਹਿਲਾਂ ਉਸ ਨੇ ਕੇਸ ਦਾੜ੍ਹੀ ਰੱਖ ਲਏ ਸਨ ਅਤੇ ਉਸ ਦੀ ਨਿਗਰਾਨੀ ਲਈ ਇਕ ਸਿਪਾਹੀ ਪੱਕਾ ਲਗਾ ਦਿੱਤਾ ਗਿਆ। 1943 ਵਿੱਚ ਵਾਪਸ ਆਉਣ ਤੇ ਲਾਹੌਰ ਸਰਗਰਮੀਆਂ ਸ਼ੁਰੂ ਕੀਤੀਆਂ। 7ਵਾਂ ਅਧਿਆਇਆ ਆਜ਼ਾਦੀ ਮਿਲਣ ਪਿੱਛੋਂ ਵਿੱਚ ਪਿੰਡ ਪਹੁੰਚਣ ਸਮੇਂ ਪਿੰਡ ਵਾਸੀਆਂ ਨੇ ਹਾਰਦਿਕ ਸਵਾਗਤ ਕਰਦਿਆਂ ਰੇਲਵੇ ਸ਼ਟੇਸ਼ਨ ਤੋਂ ਜਲੂਸ ਦੀ ਸ਼ਕਲ ਵਿੱਚ ਪਿੰਡ ਲਿਆਂਦਾ। ਪਿੰਡ ਆ ਕੇ ਵੀ ਉਨ੍ਹਾਂ ਇਲਾਕੇ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਤਾਲਮੇਲ ਬਣਾਕੇ ਰੱਖਿਆ। ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਪਿੰਡ ਆ ਕੇ ਮਿਲਦੇ ਰਹੇ। 1937 ਵਿੱਚ ਵਿਧਾਨ ਸਭਾ ਦੀ ਚੋਣ ਲੜਿਆ ਪ੍ਰੰਤੂ ਹਾਰ ਗਿਆ। 8ਵੇਂ ਅਧਿਆਇ ਆਜ਼ਾਦੀ ਮਿਲਣ ਪਿੱਛੋਂ ਅਨੁਸਾਰ ਫਿਰ ਪਿੰਡ ਆ ਕੇ ਉਹ ਆਪਣੀ ਪਤਨੀ ਜਿਸਦਾ ਪੇਕਿਆਂ ਦਾ ਨਾਮ ਹਰ ਕੌਰ ਤੇ ਸਹੁਰਿਆਂ ਦਾ ਨਾਮ  ਭਗਵਾਨ ਕੌਰ ਨਾਲ ਸਿਰਫ ਚਾਰ ਸਾਲ ਹੀ ਰਹਿ ਸਕਿਆ। ਭਗਵਾਨ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦੇ ਇਕ ਬੱਚੀ ਪੈਦਾ ਹੋਈ ਸੀ, ਜਿਸ ਦੀ ਮੌਤ ਹੋ ਗਈ। ਪਿੰਡ ਵਿੱਚ ਤੇਜਾ ਸਿੰਘ ਸੁਤੰਤਰ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਮਿਲਣ ਆਉਂਦੇ ਰਹੇ। ਪਤਨੀ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਨਿਧਾਨ ਸਿੰਘ ਨੂੰ ਮਾਣੂੰਕੇ ਲੈ ਆਇਆ। ਏਥੇ ਵੀ ਉਸ ਨੇ ਕਮਿਊਨਿਸਟ ਪਾਰਟੀ ਦੀ ਇਕਾਈ ਬਣਾ ਲਈ। ਇਥੋਂ ਤੱਕ ਇਸਤਰੀਆਂ ਵੀ ਨਾਲ ਜੋੜ ਲਈਆਂ। ਸ਼ਰਨਾਰਥੀਆਂ ਦੇ ਪੁਨਰਵਾਸ ਲਈ ਕੰਮ ਕਰਨਾ ਸ਼ੁਰੂ ਕੀਤਾ। ਜਦੋਂ 17 ਸਤੰਬਰ 1949 ਨੂੰ ਪੰਡਤ ਨਹਿਰੂ ਫੀਰੋਜਪੁਰ ਆਏ ਤਾਂ ਬਾਬਾ ਨਿਧਾਨ ਸਿੰਘ ਸਰਨਾਰਥੀਆਂ ਦੇ ਪੁਨਰਵਾਸ ਲਈ ਉਨ੍ਹਾਂ ਨੂੰ ਮਿਲਿਆ। ਪਿੰਡ ਮਾਣੂੰਕੇ ਵਿੱਚ ਕਮਿਊਨਿਸਟ ਪਾਰਟੀ ਦੀ ਤਿੰਨ ਰੋਜ਼ਾ ਕਾਨਫਰੰਸ 1950 ਵਿੱਚ ਕਰਵਾਈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ 1952 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਨਿਧਾਨ ਸਿੰਘ ਫੀਰੋਜਪੁਰ ਜਿਲ੍ਹੇ ਦੇ ਮਹਿਣਾ ਹਲਕੇ ਤੋਂ ਵਿਧਾਕਾਰ ਬਣੇ। ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਲੋਕ ਹਿੱਤਾਂ ਦੀ ਵਕਾਲਤ ਕਰਦੇ ਰਹੇ। 9ਵਾਂ ਅਧਿਆਇ ਬਾਬਾ ਨਿਧਾਨ ਸਿੰਘ ਦਾ ਅੰਤਲਾ ਸਮਾਂ ਸਿਰਲੇਖ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 1953 ਵਿੱਚ ਅਧਰੰਗ ਹੋ ਗਿਆ ਸੀ ਪ੍ਰੰਤੂ ਇਲਾਜ਼ ਕਰਾਉਣ ਦੇ ਬਾਵਜੂਦ ਉਹ 24 ਜੂਨ 1954 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਲਾਇਬਰੇਰੀ ਅਤੇ ਸਪੋਰਟਸ ਕਲੱਬ ਬਣਾਈ ਗਈ ਅਤੇ ਲੁਧਿਆਣਾ ਫੀਰੋਜਪੁਰ ਮਾਰਗ ਦਾ ਨਾਮ ਬਾਬਾ ਨਿਧਾਨ ਸਿੰਘ ਮਾਰਗ ਰੱਖਿਆ ਗਿਆ, ਜਿਸ ਦਾ ਪੱਥਰ ਹੁਣ ਗਾਇਬ ਹੈ। ਦਸਵਾਂ ਅਧਿਆਇ ਬਾਬਾ ਨਿਧਾਨ ਸਿੰਘ ਦੀ ਸ਼ਖ਼ਸੀਅਤ ਬਾਰੇ ਹੈ। ਬਾਬਾ ਜੀ ਨੂੰ ਪਾਰਟੀ ਦੇ ਕੰਮਾ ਲਈ ਪਰਿਵਾਰ ਨੇ ਘੋੜੀ ਲੈ ਕੇ ਦਿੱਤੀ ਪ੍ਰੰਤੂ ਉਨ੍ਹਾਂ ਉਹ ਘੋੜੀ ਕਿਸੇ ਹੋਰ ਵਰਕਰ ਨੂੰ ਦੇ ਦਿੱਤੀ ਕਿਉਂਕਿ ਉਸ ਦਾ ਕੰਮ ਜ਼ਿਆਦਾ ਸੀ। ਇਸ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਉਹ ਇਨਸਾਫ ਲਈ ਜਦੋਜਹਿਦ ਕਰਨ ਦੇ ਹਾਮੀ ਸਨ। ਉਹ ਮਹਿਸੂਸ ਕਰਦੇ ਸਨ ਕਿ ਆਜ਼ਾਦੀ ਤੋਂ ਬਾਅਦ ਪਾਰਟੀਬਾਜ਼ੀ ਕਰਕੇ ਸੁਤੰਤਰਤਾ ਸੰਗਰਾਮੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। 11ਵਾਂ ਅਧਿਆਇ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਉਨ੍ਹਾਂ ਵਿਧਾਨ ਸਭਾ ਵਿੱਚ ਕਿਸਾਨਾ, ਗ਼ਰੀਬਾਂ, ਪੁਲਿਸ ਦੀਆਂ ਜ਼ਿਆਦਤੀਆਂ, ਖੇਤੀਬਾੜੀ ਲਈ ਘੱਟ ਫੰਡਾਂ, ਮੁਰੱਬੰਦੀ ਵਿੱਚ ਘਾਟਾਂ, ਕਰਮਚਾਰੀਆਂ ਦੇ ਹਿੱਤਾਂ ਆਦਿ ਲਈ ਆਵਾਜ਼ ਬੁਲੰਦ ਕੀਤੀ। ਬਜਟ ਤੇ ਬਹੁਤ ਵਧੀਆ ਢੰਗ ਨਾਲ ਬੋਲਦੇ ਸਨ।
100 ਪਨਿਆਂ, 200 ਰੁਪਏ ਕੀਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
       ਮੋਬਾਈਲ-94178 13072
  ujagarsingh48@yahoo.com

ਡਾ.ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮਿ੍ਰਤ ਬਾਣੀ:ਮਾਰਗ ਦਰਸ਼ਕ -  ਉਜਾਗਰ ਸਿੰਘ

ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦੇ ਗਿਆਤਾ ਗੁਰਮੁੱਖ ਵਿਦਵਾਨ ਹਨ। ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਹੀ ਮਾਨਵਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੰਤਵ ਲਈ ਉਹ ਗੁਰਬਾਣੀ ਦੀ ਵਿਆਖਿਆ ਕਰਕੇ ਮਾਨਵਤਾ ਨੂੰ ਵਿਕਾਰਾਂ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੇ ਹੋਏ ਗੁਰਮਤਿ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਸਲਾਹ ਦਿੰਦੇ ਹਨ। ਵਿਚਾਰ ਅਧੀਨ ਪੁਸਤਕ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਵਿੱਚ ਉਨ੍ਹਾਂ ਦੇ ਪੰਜ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’, ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’, ‘ ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’, ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਅਤੇ ‘ਕ੍ਰੋਧ ਤੇ ਪ੍ਰੇਮ’ ਹਨ। ਇਨ੍ਹਾਂ ਲੇਖਾਂ ਵਿੱਚ ਲੇਖਕ ਨੇ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਕੇ ਵਿਕਾਰਾਂ ਤੋਂ ਮੁਕਤੀ ਪਾਉਣ ਦਾ ਰਾਹ ਦੱਸਿਆ ਹੈ। ਮੁੱਖ ਤੌਰ ‘ਤੇ ਉਨ੍ਹਾਂ ਦੱਸਿਆ ਹੈ ਕਿ ਜ਼ਿੰਦਗੀ ਨੂੰ ਗ਼ਲਤ ਰਸਤੇ ਪਾਉਣ ਵਿੱਚ ਪੰਜ ਵਿਕਾਰਾਂ ਦਾ ਯੋਗਦਾਨ ਹੁੰਦਾ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾਉਣ ਦਾ ਰਾਹ ਉਨ੍ਹਾਂ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨਾ ਹੀ ਦੱਸਿਆ ਹੈ। ਇਸ ਪੁਸਤਕ ਵਿੱਚ ਪੰਜੇ ਲੇਖ ਇਕ ਦੂਜੇ ਤੇ ਨਿਰਭਰ ਹਨ। ਭਾਵ ਪਹਿਲੇ ਲੇਖ ‘ਤੇ ਅਮਲ ਕਰਨ ਨਾਲ ਦੂਜੇ ਲੇਖ ਦੀ ਲੜੀ ਜੁੜਦੀ ਹੈ। ਕਹਿਣ ਤੋਂ ਭਾਵ ਪੰਜ ਵਿਕਾਰ ਹੀ ਮਾਨਵਤਾ ਨੂੰ  ਗ਼ਲਤ ਰਸਤੇ ਪਾਉਣ ਲਈ ਪੁਆੜੇ ਦੀ ਜੜ੍ਹ ਹਨ। ਲਗਪਗ ਸਾਰੇ ਦਸ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਉਦਾਹਰਨਾ ਜੀਵਨ ਸਫਲ ਬਣਾਉਣ ਲਈ ਦਿੱਤੀਆਂ ਗਈਆਂ ਹਨ। ਪਹਿਲੇ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦੇ ਨਾਮ ਤੇ ਹੀ ਪੁਸਤਕ ਦਾ ਨਾਮ ਰੱਖਿਆ ਗਿਆ ਹੈ। ਪਹਿਲੇ ਲੇਖ ਵਿੱਚ ਲੇਖਕ ਨੇ ਦੱਸਿਆ ਹੈ ਕਿ ਪੰਜ ਵਿਕਾਰ, ਕਾਮੁ, ਕ੍ਰੋਧ, ਲੋਭੁ, ਮੋਹੁ ਅਤੇ ਹੰਕਾਰ ਹੀ ਇਨਸਾਨ ਦੇ ਸੁਖੀ ਜੀਵਨ ਨੂੰ ਕੁਰਾਹੇ ਪਾਉਂਦੇ ਹਨ। ਇਹ ਵਿਕਾਰ ਇਨਸਾਨ ਦੇ ਅੰਦਰ ਹੀ ਬੈਠੇ ਹਨ। ਇਸ ਲਈ ਗੁਰੂ ਸਾਹਿਬ ਨੇ ਇਨ੍ਹਾਂ ਬਾਰੇ ਕਿਹਾ ਹੈ-
ਇਸੁ ਦੇਹੀ ਅੰਦਿਰ ਪੰਚ ਚੋਰ ਕਾਮੁ ਕ੍ਰੋਧੁ, ਲੋਭੁ, ਮੋਹੁ ਅਹੰਕਾਰ॥
ਅੰਮਿ੍ਰਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥
ਵੈਸੇ ਤਾਂ ਪੰਜੇ ਹੀ ਖ਼ਰਨਾਕ ਹਨ ਪ੍ਰੰਤੂ ਕ੍ਰੋਧ ਸਭ ਤੋਂ ਜ਼ਿਆਦਾ ਸੋਚ ਅਤੇ ਆਚਾਰ ਨੂੰ ਪ੍ਰਭਾਵਤ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੋਇਆ, ਆਪਣੇ ਕੰਮਾ ਨੂੰ ਠੀਕ ਸਮਝਦਾ ਹੈ, ਜਿਸ ਕਰਕੇ ਦੁੱਖਾਂ ਵਿੱਚ ਗ੍ਰਸਿਆ ਰਹਿੰਦਾ ਹੈ। ਇੰਦ੍ਰੀਆਂ ਦੀ ਖੁਲ੍ਹ ਵਿਕਾਰਾਂ ਨੂੰ ਜਨਮ ਦਿੰਦੀ ਹੈ। ਕ੍ਰੋਧ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ। ਵਿਕਾਰ ਝੂਠੇ ਹਨ। ਵਿਕਾਰਾਂ ਤੇ ਮਾਇਆ ਦਾ ਰਾਜ ਹੈ, ਜਿਸ ਨੇ ਮਨੁੱਖ ਨੂੰ ਗਿਆਨ ਤੋਂ ਵਿਹੂਣਾ ਤੇ ਭਾਵਨਾ ਤੋਂ ਅੰਨ੍ਹਾ, ਬੋਲਾ ਕਰ ਦਿੱਤਾ ਹੈ। ਅਗਿਆਨ ਕਾਰਨ ਮਨੁੱਖ ਸੱਚ ਦੀ ਪਛਾਣ ਕਰਨ ਦੇ ਯੋਗ ਨਹੀਂ ਰਹਿੰਦਾ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਅੰਮਿ੍ਰਤ ਜ਼ਰੂਰੀ ਹੈ। ਗੁਰਬਾਣੀ ਵਿੱਚ ਅੰਮਿ੍ਰਤ ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ ਹੈ। ਕਾਮੁ ਕ੍ਰੋਧ ਨਾਲ ਸਰੀਰਕ ਬਲ ਘਟਣ ਲੱਗ ਜਾਂਦਾ ਹੈ। ਬਾਣੀ ਹੀ ਅੰਮਿ੍ਰਤ ਹੈ, ਜਿਸ ਦੇ ਸਹਾਰੇ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਖਹਿੜਾ ਛੁਡਾ ਸਕਦਾ ਹੈ। ਕ੍ਰੋਧ ਚੰਡਾਲ ਦਾ ਰੂਪ ਹੈ, ਮਨੁੱਖ ਦਾ ਨਾਸ਼ ਕਰਦਾ ਹੈ,  ਕਲਜੁਗ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ,  ਮਨੁੱਖ ਨੂੰ ਬਾਂਦਰ ਬਿਰਤੀ ਵਾਲਾ ਬਣਾ ਦਿੰਦਾ ਹੈ, ਭਟਕਣ ਵਧਾ ਦਿੰਦਾ ਹੈ, ਭਲਾ-ਬੁਰਾ ਤੇ ਸੱਚ-ਝੂਠ ਦਾ ਅੰਤਰ ਪਤਾ ਨਹੀਂ ਲਗਦਾ ਪਛਤਾਵਾ ਪੱਲੇ ਪੈਂਦਾ ਹੈ। ਵਿਕਾਰਾਂ ਵਿੱਚ ਫਸਿਆ ਮਨੁਖ ਖੋਤੇ ਦੇ ਤੁਲ ਹੁੰਦਾ ਹੈ। ਗੁਰੂ ਸਾਹਿਬ ਨੇ ਮਾਨਵਤਾ ਨੂੰ ਸਾਧਾਰਨ ਢੰਗ ਨਾਲ ਵਿਕਾਰਾਂ ਬਾਰੇ ਖੇਤੀ, ਕਿਸਾਨੀ ਤੇ ਫਸਲਾਂ ਦੀਆਂ ਉਦਾਹਰਨਾ ਦੇ ਕੇ ਸਿੱਧੇ ਰਸਤੇ ਪਾਉਣ ਦਾ ਵੁਪਰਾਲਾ ਕੀਤਾ ਹੈ। ਪੰਜੇ ਚੋਰ ਕ੍ਰੋਧ ਕਰਕੇ ਉਤਪਨ ਹੁੰਦੇ ਹਨ। ਲੇਖਕ ਨੇ ਦੱਸਿਆ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨ ਨਾਲ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਸਕਦਾ ਹੈ।  ਦੂਜੇ ਲੇਖ ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’ ਵਿੱਚ  ਦਰਸਾਇਆ ਗਿਆ ਹੈ ਕਿ ਮਨੁੱਖ ਆਪਣੇ ਬਾਰੇ ਗ਼ਲਤ ਭਰਮ ਪਾਲ ਬਹਿੰਦਾ ਹੈ, ਜਿਸ ਕਰਕੇ ਉਹ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅੰਮਿ੍ਰਤ ਬਾਣੀ ਹੀ ਇਸ ਭਰਮ ਤੋਂ ਖਹਿੜਾ ਛੁਡਾ ਸਕਦੀ ਹੈ। ਮੈਂ ਨੀਚ ਕਰਮਾ ਕਾਰਨ ਰੋ ਰਿਹਾ ਹਾਂ। ਅਸਲ ਵਿੱਚ ਕਰਮਾ ਨਹੀਂ ਸਗੋਂ ਕ੍ਰੋਧ ਇਨਸਾਨ ਨੂੰ ਪੁੱਠੇ ਰਸਤੇ ਪਾਉਂਦਾ ਹੈ।  ਕ੍ਰੋਧ ਲੋਭ ਪੈਦਾ ਕਰਦਾ ਹੈ। ਲੋਭ ਵਿੱਚ ਮਨੁੱਖ ਠੱਗੀ ਮਾਰਦਾ ਹੈ। ਇਨਸਾਨ ਅੰਦਰੋਂ ਬਾਹਰੋਂ ਇਕਮਿਕ ਨਹੀਂ। ਦੋਹਰੀ ਜ਼ਿੰਦਗੀ ਜੀਅ ਰਿਹਾ ਹੈ, ਜਿਸ ਕਰਕੇ ਵਿਕਾਰ ਪੈਦਾ ਹੁੰਦੇ ਹਨ। ਜੇਕਰ ਸੁੱਖ ਪ੍ਰਾਪਤ ਕਰਨੇ ਹਨ ਤਾਂ ਆਪਣੀਆਂ ਗੱਲਾਂ ਤੇ ਕਰਮਾ ਦੇ ਫਰਕ ਨੂੰ ਦੋਖੀ ਮੰਨਕੇ ਦੂਰ ਕਰਨਾ ਚਾਹੀਦਾ ਹੈ। ਔਗਣ ਮਨੁੱਖ ਦੀ ਬੇੜੀ ਡੋਬ ਰਹੇ ਹਨ। ਮਨੁੱਖ ਆਪਣੇ ਆਪ ਨੂੰ ਖੇਤ ਦੇ ਰਾਖੇ ਦੀ ਤਰ੍ਹਾਂ ਸਮਝਣ ਲੱਗ ਜਾਂਦਾ ਹੈ। ਰਾਖਾ ਬਣਕੇ ਮਾਲਕ ਸਮਝਣ ਲੱਗ ਜਾਂਦਾ ਹੈ, ਜਿਸ ਕਰਕੇ ਦੁੱਖ ਪੈਦਾ ਹੁੰਦੇ ਹਨ। ਵਿਕਾਰ ਜ਼ਹਿਰ ਹਨ ਪ੍ਰੰਤੂ ਮਨੁੱਖ ਨੂੰ ਅੰਮਿ੍ਰਤ ਲੱਗਣ ਲੱਗ ਜਾਂਦੇ ਹਨ। ਇਸ ਕਰਕੇ ਮਨੁੱਖ ਗ਼ਲਤ ਰਸਤੇ ਪੈ ਜਾਂਦਾ ਹੈ। ਗਿਆਨ ਦਾ ਬੋਧ ਹੋਣਾ ਜ਼ਰੂਰੀ ਹੈ। ਸੱਚੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਅਗਿਆਨਤਾ ਅਤੇ ਵਿਕਾਰਾਂ ਵਾਲਾ ਜੀਵਨ ਜ਼ਿੰਦਗੀ ਦੇ ਮਨੋਰਥ ਨੂੰ ਢਾਹ ਲਾਉਂਦਾ ਹੈ। ਵਿਕਾਰ ਮਨੁੱਖ ਨੂੰ ਸਾੜ ਦਿੰਦੇ ਹਨ ਅਤੇ ਵਿਕਾਰੀ ਮਨੁੱਖ ਪਾਪ ਕਰਨ ਦੇ ਮਾਹਿਰ ਬਣ ਜਾਂਦੇ ਹਨ। ਮਨੁੱਖ ਆਵਾਗਵਨ ਦੇ ਫੇਰ ਨੂੰ ਸੋਚ ਦੇ ਕੇਂਦਰ ਵਿੱਚ ਰੱਖ ਕੇ ਆਪਣੀ ਉਤਪਤੀ ਤੇ ਅੰਤਰ ਅਵਸਥਾ ਦਾ ਵੀਚਾਰ ਤੇ ਗਿਆਨ ਹੀ ਆਤਮਿਕ ਬੋਧ ਹੈ। ਤੀਜਾ ਲੇਖ ‘ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜਦੋਂ ਮਨੁੱਖ ਨੂੰ ਵਿਕਾਰਾਂ ਦਾ ਆਤਮ ਬੋਧ ਹੋ ਜਾਵੇ ਤਾਂ ਇਸ ਤੋਂ ਖਹਿੜਾ ਛੁਡਾਉਣ ਦੀ ਚਿੰਤਾ ਹੋ ਜਾਂਦੀ ਹੈ। ਵਿਕਾਰਾਂ ਤੋਂ ਦੂਰ ਜਾਣ ਲਈ ਪਰਮਾਤਮਾ ਦੀ ਮਿਹਰ ਜ਼ਰੂਰੀ ਹੈ। ਮਿਹਰ ਨਾਲ ਮਨ ਨਿਰਮਲ ਤੇ ਪਰਮਾਤਮਾ ਵਿੱਚ ਭਰੋਸਾ ਹੋ ਜਾਂਦਾ ਹੈ। ਸਚਾਈ ਨੂੰ ਸਵੀਕਾਰ ਕਰਨ ਨਾਲ ਵਿਕਾਰਾਂ ਦਾ ਨਾਸ ਹੁੰਦਾ ਹੈ, ਕ੍ਰੋਧ ਦੂਰ ਹੋ ਜਾਂਦਾ ਹੈ। ਪਰਮਾਤਮਾ ਨੂੰ ਸਮਰਪਤ ਕਰ ਦਿਓ। ਪਰਮਾਤਮਾ ਮਨ ਦੇ ਸਾਰੇ ਦੁੱਖਾਂ ਦਾ ਜਾਣੀ ਜਾਣ ਹੈ। ਆਪਣੇ ਆਪ ਨੂੰ ਘੋਰ ਪਾਪੀ ਸਮਝ ਪਰਮਾਤਮਾ ਦੇ ਲੜ ਲੱਗਣ ਨਾਲ ਉਸਦੀ ਮਿਹਰ ਹੋ ਜਾਵੇਗੀ। ਵਿਕਾਰਾਂ ਨੂੰ ਸਹੀ ਸਿੱਧ ਨਾ ਕਰੋ, ਅੰਮਿ੍ਰਤ ਦੀ ਥਾਂ ਬਿਖ ਦੀ ਚੋਣ ਕਰਨ ਦਾ ਪਛਤਾਵਾ ਕਰੋ, ਪੰਜਾਂ ਵਿਕਾਰਾਂ ਦਾ ਨਾਸ਼ ਪਰਮਾਤਮਾ ਹੀ ਕਰੇਗਾ। ਪਰਮਾਤਮਾ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਪਰਮਾਤਮਾ ਦੇ ਨਾਲ ਲਿਵ ਲਾਈ ਰੱਖੋ, ਨਾਮ ਜਪਣ ਨਾਲ ਹੀ ਸਾਰੇ ਕਸ਼ਟ ਦੂਰ ਹੁੰਦੇ ਹਨ। ਚੌਥਾ ਲੇਖ ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ  ਪਰਮਾਤਮਾ ਦੀ ਕਿਰਪਾ ਨਾਲ ਹੀ ਪੰਜਾਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਕੇ ਲੋਕ, ਪਰਲੋਕ ਵਿੱਚ ਸੱਚੀ ਸ਼ੋਭਾ ਬਣਦੀ ਹੈ। ਗੁਰਬਾਣੀ ਮਨ ਸ਼ੀਤਲ ਕਰ ਦਿੰਦੀ ਹੈ, ਫਿਰ ਜਨਮ-ਜਨਮ  ਦੇ ਪਾਪਾਂ ਦਾ ਭਾਰ ਉਤਰ ਜਾਂਦਾ ਹੈ। ਵਿਕਾਰ ਆਪ ਹੀ ਡਰ ਕੇ ਭੱਜ ਜਾਂਦੇ ਹਨ। ਨਾਮ ਜਪਣ ਨਾਲ ਪੂਰੇ ਪਰਿਵਾਰ ਦਾ ਉਧਾਰ ਹੋ ਜਾਂਦਾ ਹੈ। ਵਾਹਿਗੁਰੂ ਸੱਚੇ ਪ੍ਰੇਮ ਦੇ ਕਾਬਲ ਬਣਾ ਦਿੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਦੀ ਭਗਤੀ ਵਿੱਚ ਰਸ ਆਉਣ ਲੱਗ ਜਾਂਦਾ ਹੈ। ਹਰ ਥਾਂ ਪਰਮਾਤਮਾ ਸਹਾਈ ਹੁੰਦਾ ਹੈ। ਆਖ਼ਰੀ ਤੇ ਪੰਜਵਾਂ ਲੇਖ ‘ਕ੍ਰੇਧ ਤੇ ਪ੍ਰੇਮ ’ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਪ੍ਰੇਮ ਨਾਲ ਸ਼ੰਕਾ ਤੇ ਦੁਵਿਧਾ ਖ਼ਤਮ ਹੋ ਜਾਂਦੀ ਹੈ। ਹਮੇਸ਼ਾ ਪਰਮਾਤਮਾ ਨਾਲ ਲਿਵ ਲੱਗੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਨਾਮ ਨੂੰ ਔਖਧ ਜਾਂ ਦਵਾਈ ਕਿਹਾ ਹੈ। ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦਾ ਆਧਾਰ ਹੈ। ਪ੍ਰੇਮ ਦੀ ਪ੍ਰਾਪਤੀ ਲਈ ਸਾਰੇ ਵਿਕਾਰਾਂ ਨੂੰ ਤਿਲਾਂਜਲੀ ਦਿੱਤੀ ਜਾਵੇ। ਫਿਰ ਸੁੱਖ ਆਨੰਦ ਤੇ ਪ੍ਰੇਮ ਦੀ ਪ੍ਰਾਪਤੀ ਅਵੱਸ਼ ਹੋ ਜਾਂਦੀ ਹੈ।
96 ਪੰਨਿਆਂ, 200 ਰੁਪਏ ਭੇਟਾ ਵਾਲੀ ਇਹ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਪੁਸਤਕ ਭਾ.ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾਂ, ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com