Baljinder Kaur Shergill

ਸੈੱਲ ਫੋਨ ਦੀ ਲਪੇਟ ਵਿੱਚ ਹਰ ਇਨਸਾਨ ਜਾਂ ਸੈੱਲ ਫੋਨ ਉੱਤੇ ਹੁੰਦੇ ਖਤਰਨਾਕ ਕੀਟਾਣੂ - ਬਲਜਿੰਦਰ ਕੌਰ ਸ਼ੇਰਗਿੱਲ

ਅੱਜ ਯੁੱਗ ਭਾਵੇਂ ਕੰਪਿਊਟਰੀਕਰਨ ਦਾ ਚੱਲ ਰਿਹਾ ਹੈ| ਇਹਨਾਂ ਦੀ ਵਰਤੋਂ ਆਮ ਹੀ ਘਰਾਂ ਵਿੱਚ ਹੋਣ ਲੱਗ ਪਈ ਹੈ| ਅੱਜ ਹਰ ਘਰ ਵਿੱਚ ਕੰਪਿਊਟਰ , ਲੈਪਟਾਪ, ਸੈੱਲ ਫੋਨ ਆਮ ਹੋ ਗਏ ਹਨ| ਨਵੀਂ ਤਕਨੀਕ ਆਉਣ ਕਾਰਨ ਸਾਨੂੰ ਸਭ ਨੂੰ ਇਸ ਦੀ ਆਦਤ ਜਿਹੀ ਲੱਗ ਗਈ ਹੈ| ਇਹਨਾਂ ਦੇ ਆਉਣ ਨਾਲ ਕੁਝ ਕੰਮ ਆਸਾਨ ਜਰੂਰ ਹੋ ਗਏ ਹਨ ਪੰ੍ਰਤੂ ਇਹਨਾਂ ਦੀ ਲੱਤ ਲੱਗ ਜਾਣ ਕਾਰਨ ਸਾਡੇ ਜਨਜੀਵਨ ਅਤੇ ਸਿਹਤ ਤੇ ਮਾੜਾ ਅਸਰ ਜਰੂਰ ਪੈ ਗਿਆ ਹੈ| ਸਾਡਾ ਧਿਆਨ ਇਹਨਾਂ ਚੀਜਾਂ ਨਾਲ ਅਜਿਹਾ ਜੁੜ ਗਿਆ ਹੈ ਕੇ ਇਹਨਾਂ ਤੋਂ ਬਿਨਾਂ ਸਾਡਾ ਗੁਜਾਰਾ ਮੁਸ਼ਕਿਲ ਲੱਗ ਰਿਹਾ ਹੈ|  ਯੁਵਾ ਪੀੜ੍ਹੀ ਇੰਨਾ ਸੈੱਲ ਫੋਨਾਂ ਵਿਚ ਇਸ ਕਦਰ ਮਸਤ ਹੋ ਗਈ ਹੈ| ਉਹਨਾਂ ਨੂੰ ਆਪਣੇ  ਆਸੇ-ਪਾਸੇ ਕੀ ਕੁਝ ਹੋ ਰਿਹਾ ਹੈ| ਉਹਨਾਂ ਨੂੰ ਇਸ ਬਾਰੇ ਕੋਈ ਸੁੱਧ ਬੁੱਧ ਹੀ ਨਹੀਂ ਹੈ| ਅਕਸਰ ਅਜਿਹਾ ਦੇਖਣ ਨੂੰ ਮਿਲ ਹੀ ਜਾਂਦਾ ਹੈ|   
ਅੱਜ ਨੌਜਵਾਨਾਂ ਤੋਂ ਬਜ਼ੁਰਗਾਂ ਦੀ ਸਵੇਰੇ ਦੀ ਸ਼ੁਰੂਆਤ ਹੀ ਇਹਨਾਂ ਫੋਨਾਂ ਨੇ ਲੈ ਲਈ ਹੈ| ਸੈੱਲ ਫੋਨ ਦੀ ਇੰਨੀ ਵਰਤੋਂ ਕਾਰਨ ਸਮੇਂ ਦੀ ਬਰਬਾਦੀ ਵੀ ਹੋ ਰਹੀ ਹੈ| ਹਰੇਕ ਵਿਅਕਤੀ ਕੋਲ ਆਪਣਾ ਆਪਣਾ ਫੋਨ ਹੋਣ ਕਾਰਨ ਉੱਠਦੇ ਸਾਰ ਹੀ ਫੋਨ ਉੱਤੇ ਆਏ ਸੁਨੇਹੇ ਦੇਖਣ ਲੱਗ ਜਾਂਦੇ ਹਨ| ਕਈ ਤਾਂ ਸਾਰਾ ਸਾਰਾ ਦਿਨ ਆਪਣੇ ਕੰਪਿਊਟਰ ਜਾਂ ਲੈਪਟਾਪ ਉੱਤੇ ਹੀ ਲੱਗੇ ਰਹਿੰਦੇ ਹਨ| ਭਾਵੇਂ ਅੱਜ ਦਾ ਦੌਰ ਫੇਸ ਬੁੱਕ, ਟਵਿੱਟਰ, ਇੰਨਸਟ੍ਰਾ ਗ੍ਰਾਮ, ਮਸੈਂਜਰ ਆਦਿ ਦਾ ਆ ਗਿਆ ਹੈ| ਹੋਰ ਤਾਂ ਹੋਰ ਅੱਜ ਕੱਲ੍ਹ ਖਰੀਦਦਾਰੀ ਵੀ ਆਨਲਾਈਨ ਹੋ ਗਈ ਹੈ| ਜੇਕਰ ਕਿਸੇ ਨੇ ਆਸ- ਪਾਸ ਹੀ ਕਿਤੇ ਜਾਣਾ ਪਏ ਤਾਂ ਉਹ ਝੱਟ ਗੱਡੀ ਦੀ ਆਨਲਾਈਨ ਬੁਕਿੰਗ ਕਰਵਾ ਲੈਂਦੇ ਹਾਂ, ਅੱਜ ਹਰ ਕੰਮ ਹੀ ਆਨਲਾਈਨ ਹੁੰਦੇ ਹਨ| ਇਹ ਸਾਡੀਆਂ ਸਹੂਲਤਾਂ ਤਾਂ ਜਰੂਰ ਬਣ ਚੁੱਕੇ ਹਨ ਪ੍ਰੰਤੂ ਸੋਚਣ ਦਾ ਵਿਸ਼ਾ ਇਹ ਹੈ ਕੇ ਇਹਨਾਂ ਦੀ ਵਰਤੋਂ ਵੱਧ ਗਈ ਹੈ| 
ਅਜੌਕੇ ਦੌਰ ਵਿੱਚ ਹਰ ਵਿਅਕਤੀ ਆਪਣੇ ਆਪ ਨੂੰ ਕੋਈ ਨਾ ਕੋਈ ਬਿਮਾਰੀ ਹੋਣ ਬਾਰੇ ਜਦੋਂ ਦੱਸਦਾ ਹੈ| ਉਸ ਤੋਂ ਅਸੀਂ ਅੰਦਾਜਾ ਲਗਾ ਸਕਦੇ ਹਾਂ ਕੇ ਅਸੀਂ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਹਾਂ| ਜਿਆਦਾ ਦੇਰ ਤੱਕ ਕੰਪਿਊਟਰ ਜਾਂ ਸੈੱਲ ਫੋਨ ਦੀ ਵਰਤੋਂ ਨਾਲ ਜਿਵੇਂ ਸਿਰ ਦਰਦ, ਅੱਖਾਂ ਦੀ ਤਕਲੀਫਾਂ, ਸਰਵਾਈਕਲ ਆਦਿ ਪ੍ਰੇਸ਼ਾਨੀਆਂ ਆ ਰਹੀਆਂ ਹਨ| ਸਮਾਂ ਬਦਲਣ ਦੇ ਨਾਲ ਨਾਲ ਖਾਣ-ਪੀਣ ਦੇ ਢੰਗ,  ਪਹਿਰਾਵੇ, ਦੇਰ ਰਾਤ ਜਾਗਣਾ, ਸਵੇਰ ਦੀ ਸੈਰ ਦਾ ਖਾਤਮਾ, ਬੋਤਲ ਦਾ ਪਾਣੀ ਪੀਣਾ ਆਦਿ ਨੇ ਬਦਲਾਅ ਲਿਆ ਦਿੱਤੇ ਹਨ| ਇਹਨਾਂ ਸਭ ਬਦਲਾਅ ਕਾਰਨ ਇੱਥੇ ਕਹਿਣਾ ਠੀਕ ਹੀ ਹੋਵੇਗਾ ਕਿ ਅਸੀਂ 'ਆਪਣੇ ਪੈਰੀਂ ਆਪ ਕੁਹਾੜੀ ਮਾਰਨ' ਦੀ ਕੋਸ਼ਿਸ਼ ਵਿੱਚ ਹਾਂ|  
ਇੱਕ ਖੋਜ ਅਨੁਸਾਰ ਮਾਹਿਰਾਂ ਮੁਤਾਬਕ ਸਾਡੇ ਫੋਨਾਂ ਉੱਤੇ ਕੀਟਾਣੂਆਂ ਦੀ ਭਰਮਾਰ ਹੈ| ਇਹ ਕੀਟਾਣੂ ਆਮ ਨਹੀਂ ਹਨ ਬਹੁਤ ਹੀ ਖਤਰਨਾਕ ਬੈਕਟੀਰੀਆ ਹਨ| ਜੋ ਅੱਖਾਂ ਲਈ ਬਹੁਤ ਹੀ ਹਾਨੀਕਾਰਕ ਹੈ| ਜਿੰਨਾ ਵੱਡਾ ਫੋਨ ਹੋਵੇਗਾ ਉਨ੍ਹੇ ਹੀ ਜਿਆਦਾ ਇਸ ਉੱਤੇ ਖਤਰਨਾਕ ਬੈਕਟੀਰੀਆ ਹੋਣਗੇ| ਜਿੰਨੀ ਵਾਰ ਅਸੀਂ ਫੋਨ ਦਾ ਇਸਤੇਮਾਲ ਕਰਦੇ ਹਾਂ ਉਨ੍ਹੀ ਹੀ ਵਾਰ  ਅਸੀਂ ਇਹਨਾਂ ਬੈਕਟੀਰੀਆ ਦੇ ਸੰਪਰਕ ਵਿੱਚ ਆ ਰਹੇ ਹਾਂ| ਮਾਹਿਰਾਂ ਅਨੁਸਾਰ ਇੰਨੇ ਖਤਰਨਾਕ ਬੈਕਟੀਰੀਆਂ ਤਾਂ ਸਾਡੀ ਟਾਇਲਟ ਵਿੱਚ ਵੀ ਨਹੀਂ ਹੁੰਦੇ| ਜਿੰਨੇ ਸਾਡੇ ਫੋਨ ਉੱਤੇ ਮੌਜੂਦ ਹੁੰਦੇ ਹਨ|  ਕਿਉਂਕਿ ਅਸੀਂ ਟਾਇਲਟ ਜਿੰਨੀ ਵਾਰ ਜਾਂਦੇ ਹਾਂ ਉਨ੍ਹੀਂ ਹੀ ਵਾਰ ਪਾਣੀ ਛੱਡ ਉਸ ਨੂੰ ਸਾਫ ਕਰ ਆਉਂਦੇ ਹਾਂ| ਪ੍ਰੰਤੂ ਸਾਨੂੰ ਇਸ ਦਾ ਅੰਦਾਜਾ ਹੀ ਨਹੀਂ ਹੈ ਕੇ ਸਾਡੇ ਸੈੱਲ ਫੋਨ ਉੱਤੇ ਵੀ ਕੀਟਾਣੂ ਜਾਂ ਬੈਕਟੀਰੀਆ ਮੌਜੂਦ ਹਨ| ਮਹਿਰਾਂ ਨੇ ਸੋਧ ਵਿੱਚ ਪਾਇਆ ਹੈ ਕਿ ਸਭ ਤੋਂ ਵੱਧ ਸਾਨੂੰ ਬਿਮਾਰੀਆਂ ਆਪਣੇ ਹੀ ਫੋਨਾਂ ਦੇ ਕਾਰਣ ਪੈਦਾ ਹੋ ਰਹੀਆਂ ਹਨ| ਸੈੱਲ ਦਾ ਮਤਲਬ ਹੀ ਕੀਟਾਣੂ ਹੁੰਦਾ ਹੈ| ਜਿਵੇਂ ਸਾਡੇ ਸਰੀਰ ਵਿੱਚ ਸੈੱਲ ਹੁੰਦੇ ਹਨ ਉਸੇ ਹੀ ਤਰ੍ਹਾਂ ਇਹਨਾਂ ਸੈੱਲ ਫੋਨਾਂ ਵਿੱਚ ਵੀ ਖਤਰਨਾਕ ਕੀਟਾਣੂ ਹੁੰਦੇ ਹਨ| ਕਈ ਕਈ ਦੇਸ਼ਾਂ ਵਿੱਚ ਵੇਖਣ ਨੂੰ ਆਇਆ ਹੈ ਸੈੱਲ ਫੋਨ ਦੀ ਵਰਤੋਂ ਤਾਂ ਹਰ ਕੋਈ ਕਰਦਾ ਹੀ ਹੈ ਪ੍ਰੰਤੂ ਉਹ ਇਹਨਾਂ ਤੋਂ ਕੁਝ ਦੂਰੀ ਵੀ ਬਣਾਏ ਰੱਖਦੇ ਹਨ| ਉਹ ਸੈੱਲ ਫੋਨ ਨੂੰ ਆਪਣੇ ਬੈਗਾਂ ਵਿੱਚ ਰੱਖਦੇ ਹਨ|
ਜੇਕਰ ਅਸੀਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿਚਾਰਿਆ ਦੇ ਛੋਟੀ ਉਮਰ ਵਿੱਚ ਹੀ ਅੱਖਾਂ ਉੱਤੇ ਚਸ਼ਮੇ ਲੱਗ ਜਾਂਦੇ ਹਨ| ਜਿਆਦਾਤਰ ਬੱਚਿਆਂ ਦੇ ਚਸ਼ਮੇ ਲੱਗੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ| ਇਹ ਸਭ ਦਾ ਕਾਰਨ ਕੀ ਹੈ? ਸਾਡੇ ਸੈੱਲ ਫੋਨ?  ਬੱਚਿਆਂ ਦੇ ਹੱਥਾਂ ਵਿੱਚ ਨਵੇਂ ਨਵੇਂ ਗੈਜਟ, ਫੋਨਾਂ ਉੱਤੇ ਗੇਮ ਖੇਡਣਾ, ਵੀਡਿਓ ਦੇਖਣਾ, ਹਰ ਕੰਮ ਗੂਗਲ ਦੀ ਮਦਦ ਨਾਲ ਕਰਨਾ, ਯੂ- ਟਿਊਬ ਉੱਤੇ ਆਪਣੇ ਚੈਨਲ ਬਣਾ ਕੇ ਚਾਲੂ ਕਰਨ ਨਾਲ  ਬੱਚਿਆਂ ਦਾ ਰੁਝਾਨ ਇੰਨਾ ਵੱਧ ਗਿਆ ਹੈ| ਉਹ ਹਰ ਵਕਤ ਆਪਣੇ ਯੂ -ਟਿਊਬ ਚੈਨਲ ਬਾਰੇ ਕੁਝ ਨਾ ਕੁਝ ਪਾਉਣ ਦੀ ਸੋਚਦੇ ਰਹਿੰਦੇ  ਹਨ| ਮੰਨਦੇ ਹਾਂ ਕੰਪਿਊਟਰੀਕਰਨ ਦੇ ਯੁੱਗ ਵਿੱਚ ਸਾਨੂੰ ਇਹਨਾਂ ਦੀ ਮਦਦ ਦੀ ਲੋੜ ਪੈ ਰਹੀ ਹੈ| ਪਰੰਤੂ ਆ ਰਹੀਆਂ ਸੱਮਸਿਆਵਾਂ ਤੋਂ ਨਿਜਾਤ ਪਾਉਣ ਬਹੁਤ ਜਰੂਰੀ ਹੈ| 
ਜੇਕਰ  ਕੁਝ ਕੁ ਦਹਾਕੇ ਪਿੱਛੇ ਨਜ਼ਰ ਮਾਰੀਏ ਤਾਂ ਬੱਚਿਆਂ ਦੇ ਐਨਕਾਂ ਲੱਗੀਆਂ ਬਹੁਤ ਘੱਟ ਨਜ਼ਰ ਆਉਂਦੀਆਂ ਸਨ|  ਬੁਢਾਪੇ ਵਿੱਚ ਜਾ ਕੇ ਤਾਂ ਹਰ ਕਿਸੇ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਹੀ ਜਾਂਦੀ ਹੈ| ਬਚਪਨ ਵਿੱਚ ਰੋਸ਼ਨੀ ਕਮਜ਼ੋਰ ਹੋਣਾ ਚਿੰਤਾ ਦਾ ਕਾਰਨ ਹੈ|  ਸੋਚਣ ਦਾ ਵਿਸ਼ਾ ਹੈ ਇਨਸਾਨ ਇੰਨਾ ਬੁੱਧੀਮਾਨ  ਹੈ ਉਹ ਜੇਕਰ ਫੋਨ ਦੀ ਖੋਜ ਕਰ ਨਵੇਂ -ਨਵੇਂ ਗੈਜਟ ਤਿਆਰ ਕਰ ਸਕਦਾ ਹੈ, ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਕਰਕੇ ਸਰੀਰਕ ਨੁਕਸਾਨ ਤੋਂ ਬਚਣ ਲਈ ਗੁਰੇਜ ਵੀ ਕਰ ਸਕਦਾ|
ਇੱਕ ਚੀਜ਼ ਜੇਕਰ ਨੁਕਸਾਨਦਾਇਕ ਹੈ ਤਾਂ ਉਸ ਤੋਂ ਕੁਝ ਦੂਰੀ ਬਣਾਏ ਰੱਖਣਾ ਹੀ ਬਿਹਤਰ ਹੁੰਦਾ ਹੈ| ਇਹੋ ਜਿਹੀ ਬਿਰਤੀ ਹਰ ਇਨਸਾਨ ਨੂੰ ਆਪਣੇ ਦਿਮਾਗ ਰੱਖ ਇਸ ਸਮੱਸਿਆ ਤੋਂ ਨਿਜਾਤ ਪਾਉਣੀ ਹੀ ਹੋਵੇਗੀ| ਤਦ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ  ''ਸਿਹਤਮੰਦ ਸਰੀਰ ਆਉਣ ਵਾਲੇ ਭੱਵਿਖ ਦੀ ਉਮੀਦ"| ਇਹਨਾਂ ਸੈੱਲ ਫੋਨਾਂ ਦੀ ਘੱਟ ਵਰਤੋਂ ਕਰ, ਅਸੀਂ ਇਹਨਾਂ ਕੀਟਾਣੂਆਂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਦੇ ਹਾਂ| 


ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
#1323/26
Phase 11
SAS Nager
punjab

ਭੈਣ-ਭਰਾ ਦਾ ਤਿਉਹਾਰ ਰੱਖੜੀ - ਬਲਜਿੰਦਰ ਕੌਰ ਸ਼ੇਰਗਿੱਲ

ਰੱਖੜੀ ਦਾ ਤਿਉਹਾਰ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ। ਮੁੱਖ ਤੌਰ ਤੇ ਇਹ ਹਿੰਦੂਆਂ ਦਾ ਤਿਉਹਾਰ ਹੈ ਪਰੰਤੂ ਸਾਰੇ ਧਰਮਾਂ ਦੇ ਲੋਕ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਗਸਤ ਮਹੀਨੇ ਵਿੱਚ ਆਉਂਦਾ ਹੈ।
            ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ। ਹਰ ਇੱਕ ਭੈਣ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ ਕਿ ਕਦੋਂ ਰੱਖੜੀ ਦਾ ਤਿਉਹਾਰ ਆਵੇ ਤੇ ਉਹ ਆਪਣੇ ਵੀਰ ਦੇ ਰੱਖੜੀ ਬੰਨੇ। ਰੱਖੜੀ ਭੈਣ ਵਲੋਂ ਆਪਣੇ ਵੀਰ ਨੂੰ ਸੱਜੀ ਬਾਂਹ ਜਾਂ ਗੁੱਟ ਤੇ ਧਾਗਾ ਜਾਂ ਰੱਖੜੀ ਬੰਨ ਕੇ ਮੱਥੇ ਟਿੱਕਾ ਲਗਾ ਕੇ ਫਿਰ ਮੂੰਹ ਮਿੱਠਾ ਕਰਾ ਕੇ, ਸ਼ਗਨ ਪੂਰਾ ਕਰਦੀ ਹੈ ਤੇ ਆਪਣੇ ਵੀਰ ਕੋਲੋਂ ਆਪਣੀ ਸੁਰੱਖਿਆ ਦਾ ਬਚਨ ਲੈਂਦੀ ਹੈ ਕਿ ਜਦੋਂ ਵੀ ਭੈਣ ਤੇ ਵੀ ਸੰਕਟ ਆਵੇ ਤਾਂ ਉਸਦਾ ਵੀਰ ਉਸਦੀ ਮਦਦ ਲਈ ਤਤਪਰ ਹੋਵੇ।
            ਉਂਝ ਤਾਂ ਸਾਡੇ ਸਮਾਜ ਵਿੱਚ ਭਰਾ ਆਪਣੀ ਭੈਣ ਲਈ ਹਰ ਸਮੇਂ ਮਦਦ ਲਈ ਅੱਗੇ ਆਉਂਦਾ ਹੈ ਜੋ ਕਿ ਭੈਣ ਭਰਾ ਦੇ ਪਿਆਰ ਨੂੰ ਹੋਰ ਜਿਆਦਾ ਮਜ਼ਬੂਤ ਬਣਾਉਂਦਾ ਹੈ।
             ਇਹ ਤਿਉਹਾਰ ਸਕੀ ਭੈਣ ਤੋਂ ਇਲਾਵਾ ਧਰਮ ਦੀ ਭੈਣ ਬਣਾ ਕੇ ਵੀ ਨਿਭਾਇਆ ਜਾ ਰਿਹਾ ਹੈ। ਜਿਹਨਾਂ ਵੀਰਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਹ ਧਰਮ ਦੀਆਂ ਭੈਣਾਂ ਤੋਂ ਰੱਖੜੀ ਬਨਾ ਕੇ ਆਪਣੇ ਭੈਣ ਭਰਾ ਦੇ ਰਿਸ਼ਤੇ ਹੋਰ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਧਰਮ ਦੀ ਭੈਣ ਤੋਂ ਰੱਖੜੀ ਬਨਾ ਕੇ ਸਾਡੇ ਸਮਾਜ ਅੰਦਰ ਜੋ ਜਾਤ -ਪਾਤ, ਭੇਦ ਭਾਵ ਦੀ ਭਾਵਨਾ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
              ਇਸ ਤਿਉਹਾਰ ਨੂੰ ਮਨਾਉਣ ਦੀ ਖੁਸ਼ੀ ਇੱਕ ਦੋ ਮਹੀਨੇ ਪਹਿਲਾਂ ਮਾਰਕੀਟਾਂ ਵਿੱਚ ਦਿਖਾਈ ਦੇਣ ਲੱਗ ਜਾਂਦੀ ਹੈ। ਜਿਹਨਾਂ ਭੈਣਾਂ ਦੇ ਵੀਰ ਪ੍ਰਦੇਸੀ ਹੁੰਦੇ ਹਨ ਉਹ ਭੈਣਾਂ ਆਪਣੇ ਵੀਰ ਲਈ ਪਹਿਲਾਂ ਹੀ ਰੱਖੜੀ ਭੇਜ ਦਿੰਦੀਆਂ ਹਨ ਤਾਂ ਕਿ ਉਹਨਾਂ ਦੇ ਵੀਰਾਂ ਕੋਲ ਇਹ ਸਹੀ ਵਕਤ ਤੇ ਪਹੁੰਚ ਸਕੇ। ਵੀਰਾਂ ਨੂੰ ਵੀ ਆਪਣੀ ਭੈਣ ਪਾਸੋਂ ਆਈ ਰੱਖੜੀ ਦੀ ਉਡੀਕ ਹੁੰਦੀ ਹੈ। ਉਹ ਪ੍ਰਦੇਸ਼ਾਂ ਵਿੱਚ ਆਪਣੀ ਭੈਣ ਦੀ ਰੱਖੜੀ ਦਾ ਇੰਤਜਾਰ ਕਰਦਾ ਹੈ।
              ਅੱਜ ਕਲ੍ਹ ਮਾਰਕੀਟ ਵਿੱਚ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਆਉਂਦੀਆਂ ਹਨ। ਬੱਚਿਆਂ ਲਈ ਮਨਭਾਉਂਦੀਆਂ ਖੇਡਾਂ ਵਾਲੀਆਂ ਰੱਖੜੀਆਂ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਵਿੱਚ ਖਾਸ ਕਿਸਮ ਦਾ ਲੂੰਬਾ ਵੀ ਦਿਖਾਈ ਦਿੰਦਾ ਹੈ। ਉਹ ਲੂੰਬਾ ਭਰਜਾਈ ਲਈ ਲਿਜਾਇਆ ਜਾਂਦਾ ਹੈ। ਭਰਜਾਈ ਇਸ ਨੂੰ ਆਪਣੀਆਂ ਚੂੜੀਆਂ ਨਾਲ ਕਲਾਈ ਵਿੱਚ ਪਾ ਬਹੁਤ ਖੁਸ਼ ਹੁੰਦੀ ਹੈ। ਇਹ ਲਟਕਣ ਦੀ ਤਰ੍ਹਾਂ ਬਾਹਾਂ ਵਿੱਚ ਪਾਇਆ ਦਿਖਾਈ ਦਿੰਦਾ ਹੈ।
              ਇਸ ਤਿਉਹਾਰ ਦੇ ਦਿਨ ਕੁਝ ਵੀਰ ਰੱਖੜੀ ਦੇ ਤਿਉਹਾਰ ਤੋਂ ਹੁਣ ਵੀ ਵਾਂਝੇ ਰਹਿ ਜਾਂਦੇ ਹਨ। ਉਹ ਕਿਵੇ, ਭਰੂਣ ਹੱਤਿਆ। ਸਾਡੇ ਸਮਾਜ ਵਿੱਚ ਅੱਜ ਵੀ ਔਰਤ ਨੂੰ ਜਾਂ ਤਾਂ ਕੁਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਹੈ। ਉਸ ਦੇ ਜਿੰਮੇਵਾਰ ਸਾਡਾ ਹੀ ਸਮਾਜ ਹੈ। ਭਰੂਣ ਹੱਤਿਆਂ ਜਿਹਾ ਪਾਪ ਕਰਕੇ ਸਾਡੀਆਂ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਆਓ ਇਸ ਪਾਪ ਦੇ ਭਾਗੀਦਾਰਾਂ ਨੂੰ ਸਮਝਈਏ ਕੇ ਧੀਆਂ ਕਰਕੇ ਸੰਸਾਰ ਸੋਹਣਾ ਹੈ। ਇਹ ਮਾਂ, ਧੀ, ਨੂੰਹ ਬਣ ਇਸ ਜੱਗ ਨੂੰ ਰੁਸ਼ਨਾਉਂਦੀ ਹੈ। ਇਹ ਰੱਖੜੀ ਦਾ ਤਿਉਹਾਰ ਹਰ ਭੈਣ ਤੇ ਵੀਰ ਮਨਾਵੇ। ਹਰ ਇੱਕ ਭੈਣ ਉਸ ਦਿਨ ਬੋਲੇ 'ਬਹਿਨਾ ਨੇ ਭਾਈ ਕੀ ਕਾਲਾਈ ਪੇ ਪਿਆਰ ਬਾਂਧਾ ਹੈ। ਪਿਆਰ ਕੇ ਦੋ ਤਾਰ ਸੇ, ਸੰਸਾਰ ਬਾਂਧਾ ਹੈ।

ਬਲਜਿੰਦਰ ਕੌਰ ਸ਼ੇਰਗਿੱਲ
(ਮੁਹਾਲੀ)
phase 11
1323/26
98785-19278
punjab

ਸਾਉਣ ਮਹੀਨੇ ਤੀਆਂ ਦਾ ਸੰਧਾਰਾ - ਬਲਜਿੰਦਰ ਕੌਰ ਸ਼ੇਰਗਿੱਲ (ਮੁਹਾਲੀ)

ਪੰਜਾਬੀ ਅਤੇ ਪੰਜਾਬਣ ਦਾ ਮਨ ਭਾਉੰਦਾ ਤਿਉਹਾਰ ਤੀਆਂ ਦਾ ਸੰਧਾਰਾ ਪੰਜਾਬ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਤਿਉਹਾਰ ਜੁਲਾਈ (ਦੇਸੀ ਮਹੀਨੇ ਸਾਉਣ)  ਵਿੱਚ ਆਉਂਦਾ ਹੈ। ਇਹ ਤਿਉਹਾਰ ਹਰ ਧਰਮ ਦੀਆਂ ਔਰਤਾਂ ਬੜੇ ਚਾਅ ਨਾਲ ਮਨਾਉਂਦੀਆਂ ਹਨ ।
ਪੰਜਾਬ ਦੀ ਗੱਲ ਕਰੀਏ ਤਾਂ ਇਸਨੂੰ ਗਿੱਧੇ, ਭੰਗੜੇ, ਮੇਲਿਆ ਨਾਲ ਜਾਣਿਆ ਜਾਂਦਾ ਹੈ। ਇਥੇ ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੀ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ।
ਪਿੰਡਾਂ ਵਿੱਚ ਆਮ ਹੀ ਤੁਸੀਂ  ਦੇਖਿਆ ਹੋਣਾ ਹੈ ਕਿ ਜਦੋਂ ਸਾਉਣ ਚੜ੍ਹ ਜਾਂਦਾ ਹੈ ਤਾਂ ਮਾਪੇ ਆਪਣੀਆਂ ਵਿਆਹੀ ਕੁੜੀਆਂ ਨੂੰ ਸੰਧਾਰਾ ਦੇਣ ਦੀ ਰਿਵਾਇਤ ਪੂਰੀ ਕਰਨ ਲਈ ਉਸ ਦੇ ਸੁਹਰੇ ਘਰ ਬਿਸਕੁਟ ਮਿਠਾਈਆਂ ਆਦਿ ਸੰਧਾਰਾ ਦੇ ਕੇ ਆਂਉਂਦੇ ਹਨ। ਇਸ ਤਿਉਹਾਰ ਦੀ ਉਡੀਕ ਕਰਦੀ ਕੁੜੀ ਨੂੰ  ਸੁਹਰੇ ਘਰ ਆਪਣੇ ਮਾਪਿਆਂ ਦੇ ਆਉਣ ਦਾ ਬੜਾ ਚਾਅ ਰਹਿੰਦਾ ਹੈ।
 ਜੇਕਰ ਕਿਸੇ ਦਾ ਸੰਧਾਰਾ ਕਈ ਵਾਰੀ ਲੇਟ ਹੋ ਵੀ ਜਾਂਦਾ ਹੈ ਤਾਂ ਸੱਸ ਵਲੋਂ ਨੂੰਹ ਨੂੰ ਮਿਹਣੇ ਵੀ ਦਿੱਤੇ ਜਾਂਦੇ ਹਨ "ਨੀ ਲੈ ਤੇਰਾ ਤਾਂ ਸੰਧਾਰਾ ਵੀ ਨਹੀਂ ਆਇਆ" ਨੂੰਹ ਵਿਚਾਰੀ ਕੁਝ ਨਾ ਕਹਿ ਸਕਦੀ,ਪ੍ਰੰਤੂ ਉਸ ਨੂੰ ਆਪਣੇ ਪੇਕਿਆਂ ਤੋਂ ਇੱਕ ਆਸ ਹੁੰਦੀ ਹੈ ਕਿ ਉਸ ਦੇ ਪੇਕਿਆਂ ਤੋਂ ਕੋਈ ਨਾ ਕੋਈ ਜਰੂਰ ਆਵੇਗਾ।
ਨਵ ਵਿਆਹੀ ਕੁੜੀਆਂ ਨੂੰ ਰਿਵਾਜ ਮੁਤਾਬਕ ਪੇਕਿਆਂ ਤੋਂ ਕੋਈ ਨਾ ਕੋਈ ਲੈਣ ਜਾਂਦਾ ਹੈ। ਰਿਵਾਇਤ ਅਨੁਸਾਰ ਨੂੰਹ ਸਾਉਣ ਦੇ ਮਹੀਨੇ ਵਿੱਚ ਸੱਸ ਦੇ ਮੱਥੇ ਨਹੀਂ ਲੱਗਦੀ। ਇਸ ਕਰਕੇ ਲੜਕੀ ਵਾਲੇ ਆਪਣੀ ਧੀ ਨੂੰ ਸਾਉਣ ਤੋਂ ਇੱਕ ਦੋ ਦਿਨ ਪਹਿਲਾਂ ਪੇਕੇ ਘਰ ਲੈਂ ਆਉਂਦੇ ਹਨ । ਇਹਨਾਂ ਦਿਨਾਂ ਵਿੱਚ ਲੜਕੀ ਹੱਥਾਂ ਉੱਤੇ ਮਹਿੰਦੀ ਲਾ ਕੇ, ਹੱਥੀਂ ਚੂੜੀਆ ਪਾ, ਆਪਣੀਆਂ ਸਹੇਲੀਆਂ ਨਾਲ ਪੀਘਾਂ ਝੂਟਦੀਆਂ ਹਨ। ਕਿਉਂਕਿ ਜਿੰਨੀਆਂ ਵੀ ਕੁੜੀਆਂ ਵਿਆਹੀਆਂ ਹੁੰਦੀਆਂ ਉਹ ਸਾਉਣ ਦੇ ਮਹੀਨੇ ਆਪਣੇ ਪੇਕੇ ਘਰ ਆਈਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਇੱਕਠੀਆਂ ਹੋ ਕੇ ਲਾਲ ਫੁਲਕਾਰੀ ਲੈ, ਲਾ ਮੱਥੇ ਟਿੱਕਾ, ਉੱਚੀਆਂ ਉੱਚੀਆਂ ਪੀਘਾਂ ਦੇ ਹੁਲਾਰੇ ਲੈਂਦੀਆਂ ਹਨ।  ਫਿਰ ਕੁਝ ਬੋਲ ਵੀ ਬੋਲਦੀਆਂ ਹਨ :


ਠੰਡੀਆਂ ਚੱਲਦੀਆਂ ਬਹਾਰਾਂ
ਪੀਘਾਂ ਝੂਟਦੀਆਂ ਮੁਟਿਆਰਾਂ
                    ਜਾਂ
ਆਉ ਨੀ ਸਖੀਏ ਪੀਘਾਂ ਝੂਟੀਏ
ਥੱਲੇ ਡੇਕਾਂ ਜਾ ਕੇ।
                  ਜਾਂ
ਸਾਉਣ ਮਹੀਨੇ ਪਾਈਆਂ ਪਿੱਪਲੀ ਪੀਘਾਂ
ਜਿੱਥੇ ਪੀਘਾਂ ਝੂਟਦੀਆਂ ਨਣਦਾ ਤੇ ਭਰਜਾਈਆਂ।


ਇਸ ਠੰਡੇ ਤੇ ਹਰਿਆਲੀ ਭਰੇ ਮੌਸਮ ਵਿੱਚ ਸਾਰੇ ਪਾਸੇ ਹਰਿਆਵਲੀ ਹੀ ਹਰਿਆਵਲੀ ਹੁੰਦੀ ਹੈ। ਪਸ਼ੂ , ਪੰਛੀ ਵੀ ਇਸ ਮੌਸਮ ਵਿੱਚ  ਬੜਾ ਆਨੰਦ ਮਾਣਦੇ ਹਨ। ਬਾਗਾਂ ਵਿੱਚ ਮੋਰ ਕੂਕਦੇ ਹਨ। ਦਰਖਤ ਵੀ ਹਰੇ ਭਰੇ ਹੋ ਜਾਂਦੇ ਹਨ।   ਬਰਸਾਤ ਦੇ ਮੌਸਮ ਦੌਰਾਨ  ਘਰ ਵਿੱਚ ਮਾਲ ਪੂੜੇ ਤੇ ਖੀਰ ਵੀ ਤਿਆਰ ਕੀਤੇ ਜਾਂਦੇ ਹਨ। ਇਹ ਪਕਵਾਨ ਇਹਨਾਂ ਦਿਨਾਂ ਵਿੱਚ ਬਹੁਤ ਹੀ ਸੁਵਾਦ ਲੱਗਦੇ ਹਨ। ਬੱਚੇ, ਬਜੁਰਗ  ਹਰ ਕੋਈ ਮਾਲ ਪੂੜੇ ਅਤੇ ਖੀਰ ਨੂੰ ਬੜੇ ਚਾਅ ਤੇ ਖੁਸ਼  ਹੋ ਕੇ ਖਾਂਦੇ ਹਨ। ਇਹ ਮਿੱਠੇ ਪਕਵਾਨ ਘਰ ਵਿੱਚ ਹੀ ਸਭ ਦੇ ਮਨ ਪਸੰਦ ਹੁੰਦੇ ਹਨ।


ਇਸ ਤਰ੍ਹਾਂ ਇਹ ਤਿਉਹਾਰ ਪੂਰਾ ਮਹੀਨਾ ਹੀ ਚੱਲਦਾ ਰਹਿੰਦਾ ਹੈ। ਹੱਥੀ ਮਹਿੰਦੀ, ਪੀਘਾਂ ਦੇ ਹੁਲਾਰੇ ਲੈਂਦੀਆਂ ਮੁਟਿਆਰਾਂ,  ਘਰ ਘਰ ਵਿੱਚ ਮਾਲ ਪੂੜਿਆਂ ਦੀਆਂ ਖੁਸ਼ਬੋਆਂ ਆਉਣੀਆਂ, ਮਾਪਿਆਂ ਵਲੋਂ ਕੁੜੀਆਂ ਨੂੰ ਸਾਉਣ ਮਹੀਨੇ ਸੰਧਾਰੇ ਦੀ ਰਿਵਾਇਤ ਨਾਲ ਜੁੜੇ ਰਹਿਣਾ ਸਾਨੂੰ ਆਪਣੇ ਸਭਿਆਚਾਰ ਨਾਲ ਜੋੜੇ ਰੱਖਦਾ ਹੈ।  ਇਹ ਮਾਹੌਲ ਸਦਾ ਹੀ ਕਾਇਮ ਰਹਿਣ ਅਤੇ ਸਾਨੂੰ ਆਪਣੇ ਵਿਰਸੇ ਨਾਲ ਜੋੜੇ ਰੱਖਣ। ਇਸ ਨਾਲ ਜਿੰਦਗੀ ਵਿੱਚ ਖੁਸ਼ੀ ਦੇ ਕੁਝ ਪਲ ਤੇ ਜੀਵਨ ਦੀ ਹਰਿਆਵਲੀ ਆਈ ਜਰੂਰ ਪ੍ਰਤੀਤ ਹੁੰਦੀ ਹੈ। 


ਬਲਜਿੰਦਰ ਕੌਰ ਸ਼ੇਰਗਿੱਲ (ਮੁਹਾਲੀ)
1323/26
phase 11
ssa nager
mohali
978519278

ਮਿੱਟੀ ਦੀ ਗਾਗਰ ਜਾਂ ਘੜੇ ਦੀ ਬਣਤਰ ਵਿੱਚ ਨਿਖਾਰ - ਬਲਜਿੰਦਰ ਕੌਰ ਸ਼ੇਰਗਿੱਲ

ਪੁਰਾਤਨ ਸਮੇਂ ਤੋਂ ਹੀ ਸਾਡਾ ਸਬੰਧ ਮਿੱਟੀ ਦੇ ਭਾਂਡਿਆਂ ਨਾਲ ਚੱਲਦਾ ਆ ਰਿਹਾ ਹੈ । ਇਹ ਸਾਡੀ ਸੱਭਿਅਤਾ ਨਾਲ ਵੀ ਜੁੜਿਆ ਹੋਇਆ ਹੈ। ਮਨੁੱਖ ਦਾ ਸਬੰਧ ਵੀ ਮਿੱਟੀ ਨਾਲ ਹੈ । ਉਹ ਇਸ ਮਿੱਟੀ ਵਿੱਚ ਪੈਦਾ ਹੋ ਕਿ  ਅੰਤ ਇਸ ਮਿੱਟੀ ਵਿੱਚ ਹੀ ਰੁਲ ਜਾਂਦਾ ਹੈ ।
         ਗਰਮੀਆਂ ਦੇ ਦਿਨਾਂ ਵਿੱਚ ਸਾਡਾ ਸੰਬੰਧ ਘੜੇ ਨਾਲ ਆ ਜੁੜਦਾ ਹੈ। ਮਿੱਟੀ ਦਾ ਘੜਾ ਅਜੇ ਵੀ ਉਨਾ ਹੀ ਪ੍ਰਚੱਲਿਤ ਹੈ ਜਿੰਨਾ ਕਿ ਸਦੀਆਂ ਜਾਂ ਦਹਾਕੇ ਪਹਿਲਾਂ ਹੋਇਆ ਕਰਦਾ ਸੀ। ਉਸ ਸਮੇਂ ਪਿੱਤਲ, ਤਾਂਬੇ ਅਤੇ ਮਿੱਟੀ ਦੇ ਭਾਂਡੇ ਹੋਇਆ ਕਰਦੇ ਸਨ । ਉਸ ਸਮੇਂ ਜ਼ਿਆਦਾਤਰ ਪਿੰਡਾਂ ਵਿੱਚ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਹੁੰਦਾ ਸੀ। ਇਨ੍ਹਾਂ ਵਿੱਚ ਸੁੱਕਾ ਆਟਾ ਰੱਖਣਾ, ਸਾਗ ਬਣਾਉਣਾ, ਲੱਸੀ ਰਿੜਕਣੀ,  ਪਾਣੀ ਲਈ ਘੜਿਆਂ ਵਰਤੋਂ ਕਰਨੀ , ਮਿੱਟੀ ਦੇ ਦੀਵੇ ਆਦਿ ਹੁੰਦੇ ਸਨ।
           ਨਵੇਂ ਜ਼ਮਾਨੇ (ਦੌਰ ) ਦੇ ਬਣੇ ਮਿੱਟੀ ਦੇ ਭਾਂਡੇ ਦੇਖਣ ਵਿੱਚ ਇੰਨੇ ਖੂਬਸੂਰਤ ਹਨ ਕਿ ਹਰ ਇੱਕ ਇਨਸਾਨ  ਉਨ੍ਹਾਂ ਨੂੰ ਦੇਖ ਕੇ ਖਰੀਦੇ ਬਿਨਾਂ ਨਹੀਂ ਰਹਿ ਸਕਦਾ । ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ  ਵੱਲੋਂ ਇੰਨੇ ਸੋਹਣੇ  ਢੰਗ ਨਾਲ ਭਾਂਡਾ ਤਿਆਰ ਕਰ, ਰੰਗਾਂ ਦੀ ਸਜਾਵਟ ਕੀਤੀ ਹੋਈ ਹੈ ਕਿ ਹਰ ਇਨਸਾਨ ਉਸ ਨੂੰ ਆਪਣੇ ਘਰ ਦੀ ਰੌਣਕ ਬਣਾਉਣਾ ਪੰਸਦ ਕਰਦਾ ਹੈ ।ਮਿੱਟੀ ਦੇ ਭਾਂਡਿਆਂ ਉੱਤੇ ਕੀਤੀ ਸਜਾਵਟ ਹੀ ਮਿੱਟੀ ਦੇ ਭਾਂਡਿਆਂ ਨੂੰ ਮੁੜ ਘਰਾਂ ਵਿੱਚ ਵਾਪਸ ਲਿਆ ਰਹੀ ਹੈ।
ਕਈ ਤਰੀਕਿਆਂ ਨਾਲ ਤਿਆਰ ਕੀਤੇ ਮਿੱਟੀ ਦੇ ਭਾਂਡੇ ਤਾਂ ਅਸੀਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਪ੍ਰੰਤੂ ਅੱਜ ਇਨ੍ਹਾਂ ਵਿੱਚ ਮਿੱਟੀ ਤੋਂ ਬਣੀ ਬੋਤਲ ਵੀ ਆ ਚੁੱਕੀ ਹੈ। ਇਸ ਬੋਤਲ ਵਿੱਚ ਪਾਣੀ ਦੀ ਮਾਤਰਾ ਆਮ ਬੋਤਲ ਵਾਗ ਦੋ ਲੀਟਰ ਤੱਕ  ਆ ਜਾਂਦੀ ਹੈ । ਜਿਸ ਨੂੰ ਚੁੱਕ ਕੇ ਅਸੀਂ ਆਸਾਨੀ ਨਾਲ ਕਿਤੇ ਵੀ ਲੋੜ ਵਾਲੀ ਜਗ੍ਹਾ ਉੱਤੇ ਰੱਖ ਸਕਦੇ ਹਾਂ, ਨਜ਼ਦੀਕ ਪਈ ਹੋਣ ਕਾਰਨ ਅਸੀਂ ਇਸ ਦਾ ਇਸਤੇਮਾਲ ਵੀ ਵੱਧ ਤੋਂ ਵੱਧ ਕਰ ਸਕਾਗੇ।
ਵਿਸ਼ਵ ਪੱਧਰ ਉੱਤੇ ਪਾਣੀ ਦੀ ਮਾਤਰਾ  ਇੰਨੀ ਦੂਸ਼ਿਤ ਹੋ ਚੁੱਕੀ ਹੈ ਕਿ ਸਾਨੂੰ ਆਰ ਓ, ਫਿਲਟਰ ਲਗਾਉਣ ਦੀ ਨੌਬਤ ਆ ਚੁੱਕੀ ਹੈ। ਜੇਕਰ ਹਰ ਇਨਸਾਨ ਨੂੰ ਮਿੱਟੀ ਦੇ ਭਾਂਡਿਆਂ ਦਾ ਪਾਣੀ ਪੀਣ ਦੀ ਲੱਤ ਲੱਗ ਜਾਵੇ ਤਾਂ ਅਸੀਂ ਦੂਸ਼ਿਤ ਪਾਣੀ ਦੀ ਮਾਰ ਤੋਂ ਬਚ ਸਕਦੇ ਹਾਂ । ਮਿੱਟੀ ਦੇ ਭਾਂਡੇ ਵਿੱਚ ਪਾਣੀ ਪਾਉਣ ਨਾਲ ਪਾਣੀ ਦੇ ਪ੍ਰਦੂਸ਼ਿਤ ਅੰਦਰਲੇ ਨਾਈਟਰੇਟ ਤੱਤ ਪਾਣੀ ਵਿੱਚ ਖਤਮ ਹੋ ਜਾਂਦੇ ਹਨ। ਉਹ ਪਾਣੀ ਵਿੱਚ ਹੇਠਾਂ ਬੈਠ ਜਾਂਦੇ ਹਨ।  ਜਿਸ ਨਾਲ ਸਾਨੂੰ ਸ਼ੁੱਧ ਪਾਣੀ ਪੀਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦਾ ਸ਼ੁੱਧ ਪਾਣੀ ਸਾਨੂੰ ਫਰਿਜਾਂ ਤੇ ਮਿਲਰ ਵਾਟਰ ਵਿਚੋਂ  ਵੀ ਨਹੀਂ ਮਿਲਦਾ। ਇਸ ਦੀ ਸੁਗੰਧ ਅਤੇ ਗੁਣਵੱਤਾ ਪਾਣੀ ਪੀਣ ਉੱਤੇ ਹੀ ਜਾਹਿਰ ਹੋ ਜਾਂਦੀ ਹੈ ।
ਇੱਕ ਦੌਰ ਸੀ ਜਦੋਂ ਖੂਹਾ ਤੇ ਪਾਣੀ ਕੱਢ ਗਾਗਰ ਭਰ ਕੇ ਔਰਤਾਂ ਸਿਰ ਉੱਤੇ ਰੱਖ ਘਰ ਵਿੱਚ ਪਾਣੀ ਲਿਜਾਦੀਆ ਸੀ ਭਾਵੇਂ ਉਸ ਸਮੇਂ ਗਾਗਰ ਬਿਲਕੁੱਲ ਹੀ ਸਾਦੀ ਹੁੰਦੀ ਸੀ ਪ੍ਰੰਤੂ ਨਵੇਂ ਦੌਰ ਨੇ ਗਾਗਰ ਵਿੱਚ ਇੰਨੇ ਰੰਗ ਭਰੇ ਹਨ ਕਿ ਅੱਜ ਵੀ ਮੁਟਿਆਰਾਂ ਜਾਂ ਅੌਰਤਾਂ ਇਸਦੀ ਸੁੰਦਰਤਾ ਦੇਖ ਘਰ ਲੈ ਜਾਂਦੀਆਂ ਹਨ । ਭਾਵੇਂ ਇਹ ਗਾਗਰ ਅੱਜ ਸਿਰ ਉੱਤੇਂ ਰੱਖੀ ਦਿਖਾਈ ਨਹੀਂ ਦਿੰਦੀ ਪਰ ਅੱਜ ਵੀ ਇਹ ਘਰਾਂ ਦਾ ਹਿੱਸਾ ਬਣ ਚੁੱਕੀ ਹੈ । ਜਿਵੇਂ ਜਿਵੇਂ ਸਮਾਂ ਬਦਲਿਆ ਉਸੇ ਤਰ੍ਹਾਂ ਤਕਨਾਲੋਜੀ ਨਾਲ ਚੱਲਣ ਦੀ ਆਦਤ ਲੱਗ ਪੈਂਦੀ ਹੈ । ਤਕਨਾਲੋਜੀ ਜਿੰਦਗੀ ਦਾ ਦਸਤੂਰ  ਹੈ ਪਰ ਆਪਣੇ ਅਤੇ ਆਪਣੇ ਆਉਣ ਵਾਲੇ ਭਵਿੱਖ ਲਈ ਸ਼ੁੱਧਤਾ ਹੀ ਵਰਦਾਨ ਸਿੱਧ ਹੋਵੇਗੀ ।" ਸਿਹਤਮੰਦ ਸਰੀਰ ਆਉਣ ਵਾਲੇ ਭਵਿੱਖ ਦੀ ਉਮੀਦ " ਸੋ ਸਾਨੂੰ ਸਾਰਿਆਂ ਨੂੰ ਮਿੱਟੀ ਦੀ ਗਾਗਰ ਦਾ ਪਾਣੀ ਪੀਣ ਦੀ ਆਦਤ ਪਾਉਣੀ ਹੀ ਚਾਹੀਦੀ ਹੈ।
ਘੜੇ ਦਾ ਜ਼ਿਕਰ ਬਹੁਤ ਥਾਂ ਹੁੰਦਾ ਹੈ /ਗੀਤਾਂ ਵਿੱਚ, ਕਹਾਣੀਆਂ  ਵਿੱਚ, ਕਵਿਤਾਵਾਂ  ਵਿੱਚ, ਸਾਡੇ ਸੱਭਿਆਚਾਰ ਵਿੱਚ, ਸੋਹਣੀ ਮਹੀਵਾਲ ਦੀ ਪ੍ਰੀਤ ਕਹਾਣੀ ਵਿੱਚ, ਪਿਆਸਾ ਕਾਂ ਕਹਾਣੀ ਤਾਂ ਸਾਨੂੰ ਸਭ ਨੂੰ ਯਾਦ ਹੀ ਹੋਣੀ ਹੈ , ਜੇਕਰ ਕਾਂ ਨੂੰ ਵੀ ਘੜਾ ਨਾ ਪਿਆ ਮਿਲਦਾ ਤਾਂ ਉਹ (ਕੰਕਰ) ਰੋੜਿਆ ਨੂੰ ਪਾਣੀ ਵਿੱਚ ਸੁੱਟ, ਪਾਣੀ ਉੱਪਰ ਕਿਵੇਂ ਲੈ ਕੇ ਆਉਂਦਾ। ਇਸ ਲਈ ਮਿੱਟੀ ਦੇ ਭਾਡੇ ਮਨੁੱਖ ਤੋਂ ਲੈ ਕੇ ਜਾਨਵਰਾਂ ਤੱਕ ਵੀ ਕੰਮ ਆਉਂਦੇ ਰਹੇ ਹਨ ਅਤੇ ਆਉਂਦੇ ਰਹਿਣਗੇ।

ਬਲਜਿੰਦਰ ਕੌਰ ਸ਼ੇਰਗਿੱਲ
1323/26
phase 11
 ਮੁਹਾਲੀ ( ਪੰਜਾਬ )
9878519278