ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ - ਬਘੇਲ ਸਿੰਘ ਧਾਲੀਵਾਲ
ਜੰਗ ਪੰਥ ਪੰਜਾਬ ਦੀ ਫਿਰ ਹੋਸੀ
ਲੰਬੀ,ਪਟਿਆਲਾ ਬਨਾਮ ਬਰਗਾੜੀ ਮੋਰਚਾ
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਖਾਲਸਾ ਰਾਜ ਦੀ ਮੁਅਤਲੀ ਦੇ ਹਾਲਾਤ ਬਣਨ ਤੱਕ ਖਾਲਸਾ ਜੀਅ ਜਾਨ ਨਾਲ ਅੰਗਰੇਜਾਂ ਖਿਲਾਫ ਲਹੂ ਡੋਲਵੀਂ ਲੜਾਈ ਲੜਦਾ ਰਿਹਾ, ਪਰ ਗਦਾਰਾਂ ਨੇ ਅਣਖੀ ਖਾਲਸੇ ਦੀ ਪੇਸ ਨਾ ਜਾਣ ਦਿੱਤੀ।ਅਖੀਰ 1849 ਵਿੱਚ ਵਿਸ਼ਾਲ ਖਾਲਸਾ ਰਾਜ ਦਾ ਦੀਵਾ ਹਮੇਸਾਂ ਲਈ ਗੁੱਲ ਹੋ ਗਿਆ। ਸਿੱਖ ਰਾਜ ਦੇ ਆਖਰੀ ਬਾਦਸਾਹ ਬਾਲ ਦਲੀਪ ਸਿੰਘ ਨੂੰ ਓਹਦੀ ਮਾਂ ਤੋ ਵੱਖ ਕਰਕੇ ਇੰਗਲੈਡ ਭੇਜ ਦਿੱਤਾ, ਜਿੱਥੇ ਇਸਾਈ ਧਰਮ ਦੀ ਸਿੱਖਿਆ ਨਾਲ ਉਹਨਾਂ ਨੂੰ ਪਾਲਿਆ ਪਲੋਸਿਆ ਗਿਆ,ਪ੍ਰੰਤੂ ਇਸਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਦੀਆਂ ਰਗਾਂ ਵਿੱਚ ਦੌੜਦਾ ਮਹਾਰਾਜੇ ਰਣਜੀਤ ਸਿੰਘ ਦਾ ਖਾਲਸਾਈ ਖੂੰਨ ਦਲੀਪ ਸਿੰਘ ਨੂੰ ਸਾਰੀਆਂ ਸੁਖ ਸਹੂਲਤਾਂ ਦੇ ਹੁੰਦਿਆਂ ਵੀ ਪਰੇਸਾਨ ਕਰਦਾ।ਉਹਨੂੰ ਇਸ ਗੁਲਾਮੀ ਦੇ ਸਵੱਰਗ ਦੀਆਂ ਸੁਨਹਿਰੀ ਵਲਗਣਾਂ ਤੋੜ ਕੇ ਆਪਣਾ ਰਾਜ ਭਾਗ ਪਰਾਪਤ ਕਰਨ ਲਈ ਹਥਿਆਰ ਚੁੱਕਕੇ ਲੜਨ ਲਈ ਉਕਸਾਉਂਦਾ ਰਹਿੰਦਾ।ਅਖੀਰ ਮਹਾਰਾਜੇ ਨੇ ਆਪਣਾ ਰਾਜ ਭਾਗ ਵਾਪਸ ਲੈਣ ਲਈ ਪੰਜਾਬ ਜਾਕੇ ਖਾਲਸਾ ਪੰਥ ਦੀ ਅਗਵਾਈ ਕਰਕੇ ਰਾਜ ਵਾਪਸ ਲੈਣ ਦੇ ਦ੍ਰਿੜ ਇਰਾਦੇ ਨਾਲ ਇੰਗਲੈਡ ਛੱਡ ਦਿੱਤਾ,ਪਰ ਅਫਸੋਸ ਕਿ ਉਦੋਂ ਤੱਕ ਬਹੁਤ ਤਾਕਤਬਰ ਹੋ ਚੁੱਕੇ ਬਰਤਾਨਵੀ ਸਾਮਰਾਜ ਨੇ ਦਲੀਪ ਸਿੰਘ ਦੀ ਪੇਸ ਨਾ ਜਾਣ ਦਿੱਤੀ ਤੇ ਉਹ ਅਪਣੇ ਮਨ ਅੰਦਰ ਖਾਲਸਾ ਰਾਜ ਦੀ ਪਰਾਪਤੀ ਦੀ ਅਧੂਰੀ ਰੀਝ ਲੈ ਕੇ ਇਸ ਸੰਸਾਰ ਤੋ ਕੂਚ ਕਰ ਗਏ। ਮਹਾਰਾਜਾ ਦਲੀਪ ਸਿੰਘ ਦੀ ਮੌਤ ਦੇ ਨਾਲ ਖਾਲਸਾ ਪੰਥ ਅੰਦਰ ਆਪਣੇ ਰਾਜ ਭਾਗ ਪਰਾਪਤੀ ਦੀ ਬਚਦੀ ਆਸ ਵੀ ਖਤਮ ਹੋ ਗਈ।ਮਹਾਰਾਜਾ ਦਲੀਪ ਸਿੰਘ ਦੀ ਮੌਤ ਤੋ ਬਾਅਦ ਜਿੱਥੇ ਖਾਲਸਾ ਰਾਜ ਦੀ ਪਰਾਪਤੀ ਦੀ ਆਸ ਖਤਮ ਹੋ ਗਈ,ਓਥੇ ਹੌਲੀ ਹੌਲੀ ਉਹ ਪੀੜੀ ਵੀ ਖਤਮ ਹੋ ਗਈ ਜਿੰਨਾਂ ਨੇ ਖਾਲਸਾ ਰਾਜ ਦਾ ਨਿੱਘ ਮਾਣਿਆ ਸੀ। ਉਹਨਾਂ ਦੇ ਖੂੰਨ ਚੋ ਪੈਦਾ ਹੋਈ ਅਗਲੀ ਪੀੜੀ ਚ ਲੜਨ ਦੀ ਭਾਵਨਾ ਤਾਂ ਭਾਂਵੇਂ ਆਪਣੇ ਵਡੇਰਿਆਂ ਜਿੰਨੀ ਹੀ ਰਹੀ, ਪਰ ਉਹਨਾਂ ਨੇ ਅਪਣੇ ਰਾਜ ਦੀ ਪਰਾਪਤੀ ਦੀ ਤਾਂਘ ਨੂੰ ਪਤਾ ਨਹੀ ਕਿਉਂ ਅਪਣੇ ਦਿਲ ਵਿੱਚੋਂ ਕੱਢ ਦਿੱਤਾ ਤੇ ਉਹ ਅਪਣੇ ਰਾਜਭਾਗ ਨੂੰ ਭੁੱਲਕੇ ਭਾਰਤ ਦੇਸ਼ ਦੀ ਅਜਾਦੀ ਲਈ ਲੜਨ ਵਾਲਿਆਂ ਵਿੱਚ ਮੋਹਰੀ ਹੋ ਗਏ।ਸੋ ਖੈਰ ਉਸ ਤੋ ਅੱਗੇ ਦਾ ਪਰਸੰਗ ਬਹੁਤ ਵਾਰ ਦੁਹਰਾਇਆ ਜਾ ਚੱੁਕਾ ਹੈ,ਕਿ ਕਿਸਤਰਾਂ ਸਿੱਖਾਂ ਦੇ ਆਗੂ ਦਿੱਲੀ ਦੇ ਗੁਲਾਮ ਬਣ ਗਏ ਤੇ ਆਪਣੀ ਕੌਮ ਦੇ ਦੁਸ਼ਮਣ।ਇਹ ਸਿੱਖਾਂ ਦੀ ਸਿਰਦਾਰੀ ਦੀ ਕੀਮਤ ਹੀ ਸਮਝੀ ਜਾਵੇਗੀ ਕਿ ਕਿ ਸਿੱਖ ਮੁੱਢੋਂ ਹੀ ਹਕੂਮਤੀ ਜਬਰ ਜੁਲਮ ਝੱਲਦੇ ਆ ਰਹੇ ਹਨ।ਸਮੇ ਨੇ ਸਿੱਖਾਂ ਨੂੰ ਬਹੁਤ ਗਹਿਰੇ ਜਖਮ ਦਿੱਤੇ ਹਨ।ਅਠਾਰਵੀਂ ਸਦੀ ਵਿੱਚ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਿਰਾਂ ਦੇ ਮੁੱਲ ਪਾਏ ਤੇ ਉੱਨੀਵੀਂ ਸਦੀ ਦੇ ਪਹਿਲੇ ਪੰਜਾਹ ਸਾਲ ਖਾਲਸਾ ਰਾਜ ਵਾਲੇ ਸੁਖ ਦੇ ਬੀਤੇ ਤੇ ਪਿਛਲੇ ਅੱਧ ਤੋ ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਅੰਗਰੇਜ ਹਕੂਮਤ ਨਾਲ ਲੜਦਿਆਂ ,ਫਾਸੀਆਂ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਝਲਦਿਆਂ ਬੀਤੇ।ਵੀਹਵੀਂ ਸਦੀ ਦੇ ਪਿਛਲੇ ਪੰਜਾਹ ਸਾਲ ਅਜਾਦ ਭਾਰਤ ਦੀ ਹਿੰਦੂ ਹਕੂਮਤ ਦੇ ਅਜਿਹੇ ਜੁਲਮ ਝਲਦਿਆਂ ਗੁਜਰੇ ਜਿੰਨਾਂ ਨੂੰ ਸਿੱਖ ਰਹਿੰਦੀ ਦੁਨੀਆਂ ਤੱਕ ਨਹੀ ਭੁੱਲ ਸਕਣਗੇ।ਇੱਕੀਵੀਂ ਸਦੀ ਦੇ 18 ਸਾਲ ਸਿੱਖਾਂ ਦੇ ਆਪਣੇ ਆਗੂਆਂ ਦੀਆਂ ਗਦਾਰੀਆਂ ਅਤੇ ਚੌਧਰ ਭੁੱਖ ਕਾਰਨ ਕੌਂਮੀ ਹਿੱਤ ਵੇਚਣ ਵਾਲਿਆਂ ਦੀ ਸਨਾਖਤ ਕਰਦਿਆਂ ਅਤੇ ਦਿੱਲੀ ਦੀ ਸਹਿ ਤੇ ਅਪਣਿਆਂ ਹੱਥੋਂ ਜੁਲਮ ਝਲਦਿਆਂ ਇਹ ਨਿਤਾਰਾ ਕਰਨ ਵਿੱਚ ਬੀਤ ਗਏ ਕਿ ਅਕਸਰ ਅਸਲ ਖਾਲਸਾ ਪੰਥ ਕਿਹੜਾ ਹੈ। ਸਿੱਖ ਕੌਮ ਇਸ ਝਮੇਲੇ ਵਿੱਚ ਉਲਝੀ ਸੋਚਣ ਲਈ ਮਜਬੂਰ ਹੋ ਗਈ ਕਿ ਦਿੱਲੀ ਦੀ ਗੁਲਾਮੀ ਕਬੂਲਕੇ ਅਪਣੀ ਕੌਂਮ ਦੀ ਨਸਲਕੁਸ਼ੀ ਕਰਵਾਉਣ ਵਾਲਾ ਅਸਲ ਪੰਥ ਹੈ ਜਾਂ ਉਹਨਾਂ ਦਾ ਵਿਰੋਧ ਕਰਕੇ ਕੌਂਮ ਨੂੰ ਜਗਾਉਣ ਵਾਲੇ ਨਿੱਕੇ ਨਿੱਕੇ ਧੜਿਆਂ ਵਿੱਚ ਬਹੁਤ ਥਾਈ ਵੰਡਿਆਂ ਹੋਇਆਂ ਦਾ ਅਸਲ ਖਾਲਸਾ ਪੰਥ ਹੈ।ਹੁਣ ਜਦੋ ਇਹ ਮੁਕੰਮਲ ਨਿਤਾਰੇ ਦਾ ਸਮਾ ਚੱਲ ਰਿਹਾ ਹੈ,ਤਾਂ ਗੁਰੂ ਸਾਹਿਬ ਨੇ ਅਜਿਹਾ ਕੌਤਕ ਵਰਤਾਇਆ ਕਿ ਆਪਣੇ ਉੱਪਰ ਜੁਲਮੀ ਲੋਕਾਂ ਦਾ ਕਹਿਰ ਲੈ ਕੇ ਇਹ ਨਿਤਾਰਾ ਕਰ ਦਿੱਤਾ ਕਿ ਉਹ ਪੰਥ ਨਹੀ, ਜਿਸਨੂੰ ਖਾਲਸਾ ਪੰਥ ਪਿਛਲੇ 45,50 ਸਾਲਾਂ ਤੋਂ ਵੋਟਾਂ ਪਾਕੇ ਅਪਣੀ ਹੋਣੀ ਦੇ ਮਾਲਕ ਬਣਾਉਂਦਾ ਆ ਰਿਹਾ ਹੈ,ਸਗੋ ਉਹ ਤਾਂ ਦਿੱਲੀ ਕੋਲ ਅਪਣੀ ਜ਼ਮੀਰ ਵੇਚ ਦੇਣ ਵਾਲੇ ਕੌਮ ਦੋਖੀ ਹਨ,ਜਿਹੜੇ ਹੁਣ ਗੁਰੂ ਦੀ ਬੇਅਦਬੀ ਦੇ ਦੋਸਾਂ ਵਿੱਚ ਘਿਰੇ ਹੋਏ ਹਨ ਅਤੇ ਕੁੱਝ ਉਹ ਲੋਕ ਹਨ ਜੋ ਮੌਕੇ ਦਾ ਫਾਇਦਾ ਉਠਾਕੇ ਝੂਠੀਆਂ ਕਸਮਾਂ ਦੇ ਸਹਾਰੇ ਹਾਕਮ ਬਣੇ ਹਨ,ਤੇ ਹਨ ਉਹ ਵੀ ਦਿੱਲੀ ਦੇ ਗੁਲਾਮ,ਜਿਹੜੇ ਗੁਰੂ ਦੋਖੀਆਂ ਨੂੰ ਬਚਾਉਣ ਖਾਤਰ ਕੇਂਦਰ ਦੀ ਵਫਾਦਾਰੀ ਪਾਲਣ ਵਿੱਚ ਮਸ਼ਰੂਫ ਗੁਰੂ ਹੋਕੇ ਗੁਰੂ ਤੋ ਬੇਮੁੱਖ ਹੋਣ ਦਾ ਬਜ਼ਰ ਗੁਨਾਹ ਕਰ ਰਹੇ ਹਨ।ਅਜਿਹੀਆਂ ਘੁੰਮਣਘੇਰੀਆਂ ਵਿੱਚ ਪਿਆ ਖਾਲਸਾ ਪੰਥ ਆਪਣੇ ਗੁਰੂ ਦੀ ਪਤ ਰੋਲਣ ਵਾਲਿਆਂ ਨੂੰ ਸਜ਼ਾ ਦੀ ਮੰਗ ਕਰਦਾ ਅਖੀਰ ਬਰਗਾੜੀ ਵਿੱਚ ਮੋਰਚਾ ਵਿੱਢ ਕੇ ਬੈਠਾ ਹੈ। ਇਸ ਗੁਰੂ ਦੇ ਮੋਰਚੇ ਦੀ ਪਰਾਪਤੀ ਇਹ ਹੈ ਕਿ ਅਗਵਾਈ ਕਰਨ ਵਾਲਿਆਂ ਨੂੰ ਸਿੱਖਾਂ ਨੇ ਹੁਣ ਬੜੇ ਲੰਮੇ ਸਮੇ ਬਾਅਦ ਪੰਥਕ ਸਵੀਕਾਰ ਕਰ ਲਿਆ ਹੈ। ਹੁਣ ਕੌਂਮ ਨਿਖੇੜਾ ਕਰਨ ਦੇ ਰੌਅ ਵਿੱਚ ਹੈ, ਉਧਰ ਕੁਦਰਤ ਆਪ ਹੀ ਅਜਿਹੇ ਕੌਤਕ ਰਚਾ ਰਹੀ ਹੈ ਕਿ ਅੱਜ ਸੱਤ ਅਕਤੂਬਰ ਨੂੰ ਪੰਥ ਦੇ ਨਾਮ ਤੇ ਤਿੰਨ ਪਾਸੇ ਇਕੱਠ ਹੋ ਰਿਹਾ ਹੈ। ਇੱਕ ਪਾਸੇ ਉਹ ਲੋਕ ਹਨ ਜੋ ਲੰਮੇ ਸਮੇ ਤੋਂ ਸਿੱਖ ਸਿਆਸਤ ਤੇ ਹਾਵੀ ਹਨ, ਤੇ ਪੰਜ ਵਾਰ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਧਰਕੇ ਪੰਜਾਬ ਦੀ ਸੂਬੇਦਾਰੀ ਹੰਢਾਂ ਚੁੱਕੇ ਹਨ,ਉਹਨਾਂ ਤੇ ਜਿੱਥੇ ਜੂਨ 1984ਦੇ ਫੌਜੀ ਹਮਲੇ ਚ ਭਾਈਵਾਲੀ ਦੇ ਦੋਸ ਲੱਗਦੇ ਹਨ,ਓਥੇ 1990 ਦੇ ਦੌਰ ਵਿੱਚ ਜਾਲਮ ਪੁਲਿਸ ਮੁਖੀ ਕੇ ਪੀ ਐਸ ਗਿੱਲ ਨਾਲ ਰਾਤਾਂ ਦੀਆਂ ਬੈਠਕਾਂ ਦੀ ਵੀ ਲਿਖਤੀ ਰੂਪ ਚ ਖੂਬ ਚਰਚਾ ਹੈ, ਤੇ ਹਰ ਕਾਰਜਕਾਲ ਵਿੱਚ ਅਪਣੀ ਕੌਂਮ ਤੇ ਜੁਲਮਾਂ ਦੇ ਦੋਸੀ ਹਨ,ਦੂਜੇ ਪਾਸੇ ਉਹ ਕੈਪਟਨ ਹੈ ਜਿਹੜਾ ਜੂਨ 1984 ਦੇ ਹਮਲੇ ਦੇ ਰੋਸ ਵਜੋ ਅਸਤੀਫਾ ਦੇਕੇ ਪੰਥਕ ਸਫਾਂ ਵਿੱਚ ਰਲ ਗਿਆ ਸੀ,ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੀਆਂ ਧਿਰਾਂ ਦਾ ਭਾਈਵਾਲ ਵੀ ਰਿਹਾ ਹੈ ਤੇ ਹਾਂਮੀ ਵੀ ਰਿਹਾ ਹੈ, ਰਗਾਂ ਵਿੱਚ ਪਟਿਆਲਾਸ਼ਾਹੀ ਲਹੂ ਦੌੜਦਾ ਹੋਣ ਕਰਕੇ ਚੌਧਰ ਦੀ ਭੁੱਖ ਮਨ ਚ ਹਮੇਸਾਂ ਰਹੀ ਹੈ ਤੇ ਅਕਾਲੀ ਦਲ ਤੋਂ ਵੱਖ ਹੋਕੇ ਅਪਣਾ ਵੱਖਰਾ ਅਕਾਲੀ ਦਲ ਪੰਥਕ ਬਣਾ ਕੇ ਆਪਣੀ ਹਾਉਮੈਂ ਨੂੰ ਪੱਠੇ ਵੀ ਪਾ ਲਏ ਸਨ ਤੇ ਆਪਣੇ ਆਪ ਨੂੰ ਪੰਥਕ ਵੀ ਬਣਾ ਲਿਆ।ਅਖੀਰ ਦਾਲ ਨਾ ਗਲਦੀ ਦੇਖ ਮੁੜ ਕਾਂਗਰਸ ਵਿੱਚ ਚਲਾ ਗਿਆ ਤੇ ਸੂਬੇ ਦਾ ਪ੍ਰਧਾਨ ਤੇ ਮੁੱਖ ਮੰਤਰੀ ਬਣਿਆ,ਕੈਪਟਨ ਦਾ ਤਤਕਾਲੀ ਰਾਜ ਭਾਗ ਵਾਲਾ ਕਾਰਜਕਾਲ ਜਿਕਰਯੋਗ ਰਿਹਾ,ਤੇ ਦੂਜੀ ਵਾਰ ਦੀ ਪਾਰੀ ਕੇਂਦਰ ਦੀ ਬਦਨੀਤੀ ਅਤੇ ਆਪਣੀ ਹੈਂਕੜ ਕਾਰਨ ਥੋੜੇ ਜਿਹੇ ਫਰਕ ਨਾਲ ਹਾਰ ਗਿਆ ਸੀ।ਦੂਜੀ ਹੁਣ ਮੌਜੂਦਾ ਸਮੇ ਵਿੱਚ ਬਾਦਲ ਦਲ ਦੇ ਘਿਨਾਉਣੇ ਪਾਪਾਂ ਤੋ ਸਤਾਏ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾਕੇ ਕੀਤੇ ਵਾਅਦਿਆਂ ਜਿੰਨਾਂ ਵਿੱਚ ਜੂਨ 2015 ਵਿੱਚ ਸੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸੀਆਂ ਨੂੰ ਫੜਕੇ ਸਲਾਖਾਂ ਪਿੱਛੇ ਦੇਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਦੇਣ ਅਤੇ ਹੋਰ ਸਮੱਸਿਆਵਾਂ ਦੇ ਫੌਰੀ ਹੱਲ ਦੇ ਲਾਰੇ ਸ਼ਾਮਲ ਹਨ,ਰਾਜਭਾਗ ਤੇ ਕਾਬਜ ਹੋਇਆ, ਪਰ ਕਾਬਜ ਹੁੰਦਿਆਂ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਤੋ ਪਾਸਾ ਵੱਟ ਲਿਆ,ਜਿਸ ਕਾਰਨ ਸੂਬੇ ਦੇ ਲੋਕ ਨਿਰਾਸ ਹੋਕੇ ਵਿਰੋਧ ਤੇ ਉੱਤਰ ਆਏ। ਓਧਰ ਖਿੰਡੇ ਪੁੰਡੇ ਪੰਥ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਸਰਵੱਤ ਖਾਲਸਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਮਜੂਦਗੀ ਵਿੱਚ ਕਾਰਜਕਾਰੀ ਜਥੇਦਾਰ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਇੱਕ ਜੂਨ 2018 ਨੂੰ ਬਰਗਾੜੀ ਦੀ ਦਾਣਾ ਮੰਡੀ ਵਿੱਚ ਹੋਏ ਪੰਥਕ ਇਕੱਠ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਇਹ ਐਲਾਨ ਕਰਕੇ ਮੋਰਚਾ ਵਿੱਢ ਦਿੱਤਾ ਕਿ ਹੁਣ ਜਿੰਨੀ ਦੇਰ ਬਰਗਾੜੀ ਬੇਅਦਬੀ ਕਾਂਡ, ਬਹਿਬਲ, ਕੋਟਕਪੂਰਾ ਗੋਲੀ ਕਾਡ ਅਤੇ ਪੱਚੀ ਪੱਚੀ,ਤੀਹ ਤੀਹ ਸਾਲਾਂ ਤੋ ਜੇਲਾ ਵਿੱਚ ਸੜ ਰਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਇਨਸਾਫ ਨਹੀ ਮਿਲਦਾ ਮੋਰਚਾ ਜਾਰੀ ਰਹੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੌਮ ਨੇ ਮੈਨੂੰ ਜਥੇਦਾਰ ਬਣਾਇਆ ਸੀ ਹੁਣ ਮੈ ਕੌਮੀ ਜਥੇਦਾਰ ਦੇ ਫਰਜ ਨਿਭਾਵਾਂਗਾ,ਜੇਕਰ ਉਪਰੋਕਤ ਮੰਗਾਂ ਦੀ ਪਰਾਪਤੀ ਲਈ ਸ਼ਹਾਦਤ ਦੇਣੀ ਪਈ ਤਾਂ ਸਭ ਤੋ ਪਹਿਲੀ ਸ਼ਹਾਦਤ ਵੀ ਮੇਰੀ ਹੋਵੇਗੀ,ਉਹਨਾਂ ਬਹੁਤ ਦ੍ਰਿੜਤਾ ਨਾਲ ਇਹ ਵੀ ਕਿਹਾ ਸੀ ਕਿ ਹੁਣ ਇਨਸਾਫ ਲੈਣ ਲਈ ਪੰਥ ਚੱਲਕੇ ਸਰਕਾਰ ਕੋਲ ਨਹੀ ਜਾਵੇਗਾ ਤੇ ਹੁਣ ਸਰਕਾਰ ਹੀ ਚੱਲਕੇ ਪੰਥ ਕੋਲ ਬਰਗਾੜੀ ਵਿੱਚ ਆਵੇਗੀ,ਉਹਨਾਂ ਦੀ ਇਸ ਦ੍ਰਿੜਤਾ ਭਰੇ ਬੋਲਾਂ ਨੇ ਖਾਲਸਾ ਪੰਥ ਨੂੰ ਕੀਲ ਲਿਆ।ਉਹ ਹੀ ਮੋਰਚਾ ਹੁਣ ਪੰਜਵੇਂ ਮਹੀਨੇ ਵਿੱਚ ਪੁੱਜ ਚੁੱਕਾ ਹੈ ਪਰ ਜਥੇਦਾਰ ਆਪਣੇ ਕੀਤੇ ਵਾਂਅਦੇ ਤੋ ਰੱਤੀ ਮਾਤਰ ਵੀ ਟੱਸ ਤੋ ਮੱਸ ਨਹੀ ਹੋਇਆ,ਸਰਕਾਰਾਂ ਸੱਚਮੁੱਚ ਇਨਸਾਫ ਦੇਣ ਲਈ ਮਜਬੂਰ ਹੋਕੇ ਸੋਚਣ ਲੱਗ ਪਈਆਂ,ਝੱਟਪੱਟ ਐਸ ਆਈ ਟੀ ਹਰਕਤ ਵਿੱਚ ਆ ਗਈ,ਤੇ ਜਾਂਚ ਲਈ ਬਣੇ ਕਮਿਸਨ ਦੀ ਰਿਪੋਰਟ ਵੀ ਸਮੇ ਤੋ ਪਹਿਲਾਂ ਆ ਗਈ,ਉਸ ਤੇ ਵਿਧਾਨ ਸਭਾ ਵਿੱਚ ਅੱਠ ਘੰਟੇ ਲਗਾਤਾਰ ਬਹਿਸ ਵੀ ਹੋ ਗਈ ਜਿਸ ਨੂੰ ਲੋਕਾਂ ਨੇ ਸਾਹ ਰੋਕ ਦੇਖਿਆ ਤੇ ਸੁਣਿਆ। ਮੋਰਚੇ ਦੀ ਬਦੌਲਤ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਖਾਲਸਾਈ ਰਂਗ ਵਿੱਚ ਰੰਗੀ ਪਰਤੀਤ ਹੋਈ।ਪਰ ਕੈਪਟਨ ਵੱਲੋਂ ਸਾਰੇ ਮੰਤਰੀ ਮੰਡਲ, ਵਿਧਾਇਕ ਅਤੇ ਸਮੁੱਚੇ ਵਿਰੋਧੀ ਧਿਰ ਵੱਲੋ ਉਪਰੋਕਤ ਤਿੰਨੇ ਮੰਗਾਂ ਮੰਨਣ ਦਾ ਭਾਰੀ ਦਬਾਵ ਬਨਾਉਂਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ ਕਰਕੇ ਉਹਨਾਂ ਦੀ ਸਾਬਕਾ ਸਾਸਕਾਂ ਨਾਲ ਮਿਲੇ ਹੋਣ ਦੀ ਚਰਚਾ ਜੋਰ ਫੜਨ ਲੱਗੀ, ਅਖੀਰ ਕੇਂਦਰ ਤੋ ਮਿਲੀਆਂ ਸਖਤ ਹਦਾਇਤਾਂ ਅੱਗੇ ਗੋਡੇ ਟੇਕਦਿਆਂ ਉਹਨਾਂ ਨੇ ਮੰਤਰੀ ਮੰਡਲ,ਕਾਂਗਰਸੀ ਵਿਧਾਇਕ ਦਲ,ਵਿਰੋਧੀ ਧਿਰ ਅਤੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰ ਦਿੱਤਾ।ਅੱਜ 7 ਅਕਤੂਬਰ ਨੂੰ ਖਾਲਸਾ ਪੰਥ ਨੇ ਤਿੰਨ ਧਿਰਾਂ ਚੋ ਅਸਲ ਪੰਥ ਕਿਹੜਾ ਹੈ,ਇਸ ਗੱਲ ਦਾ ਨਿਖੇੜਾ ਕਰਨਾ ਹੈ।ਪਟਿਆਲਾ ਅਤੇ ਲੰਬੀ ਵਿੱਚ ਨਿੱਕੀਆਂ ਨਿੱਕੀਆਂ ਲਾਲਸਾਵਾਂ,ਖੁਦਗਰਜੀਆਂ ਅਤੇ ਨਸ਼ੇ ਦਾ ਭੁਸ ਪੂਰਨ ਲਈ ਇਕੱਠੇ ਹੋਏ ਹਜੂਮ ਨੂੰ ਪੰਥ ਮੰਨਣਾ ਹੈ ਜਾਂ ਬਰਗਾੜੀ ਵਿੱਚ ਫੈਸਲਾਕੁਨ ਮੋਰਚੇ ਤੇ ਸ਼ਹਾਦਤ ਲਈ ਕਮਰਕੱਸੇ ਕਰੀ ਬੈਠੇ ਜਥੇਦਾਰ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਪੰਥਕ ਹੋਣ ਦਾ ਖਿਤਾਬ ਦੇਣਾ ਹੈ ।ਸ਼ਾਹ ਮੁਹੰਮਦ ਦੇ ਲਫਜਾਂ ਵਿੱਚ “ਸ਼ਾਹ ਮਹੰਮਦਾਂ ਗੱਲ ਤਾਂ ਓਹੀ ਹੋਣੀ ਜੋ ਕਰੇਗਾ ਖਾਲਸਾ ਪੰਥ ਮੀਆ”, ਓੜਕ ਫੈਸਲਾ ਤਾਂ ਖਾਲਸਾ ਪੰਥ ਹੀ ਕਰੇਗਾ ਕਿ ਅਸਲੀ ਪੰਥਕ ਕੌਣ ਲੋਕ ਹਨ।
ਬਘੇਲ ਸਿੰਘ ਧਾਲੀਵਾਲ
99142-58142
6 Oct. 2018
ਜਾਂਚ ਰਿਪੋਰਟ ਤੇ ਕਾਰਵਾਈ ਨੂੰ ਯਕੀਨੀ ਬਣਾ ਕੇ ਕੈਪਟਨ ਸਾਹਬ ਸੱਚੇ ਸਿੱਖ ਵਜੋਂ ਇਤਿਹਾਸ ਵਿੱਚ ਨਾਮ ਲਿਖਾ ਸਕਣਗੇ - ਬਘੇਲ ਸਿੰਘ ਧਾਲੀਵਾਲ
ਜਾਂਚ ਰਿਪੋਰਟ ਤੇ ਕਾਰਵਾਈ ਚ ਢਿੱਲ ਦੋਸੀਆਂ ਨੂੰ ਬਚਾਉਣ ਦੀ ਗੁੱਝੀ ਚਾਲ
ਬੁਰਜ ਜਵਾਹਰ ਸਿੰਘ ਵਾਲਾ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋ ਬਾਅਦ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਦੇ ਅੰਗ ਖਿਲਾਰ ਕੇ ਕੀਤੀ ਬੇਅਦਬੀਆਂ ਦੀ ਸੁਰੂਆਤ ਨੇ ਜਿੱਥੇ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੁ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਅਜਿਹੇ ਜਖਮ ਕੀਤੇ ਜਿੰਨਾਂ ਦੀ ਪੀੜਾ ਦਾ ਘੱਟ ਹੋਣਾ ਓਨੀ ਦੇਰ ਸੰਭਵ ਨਹੀ ਸੀ,ਜਿੰਨੀ ਦੇਰ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਸਰਕਾਰ ਫੜਕੇ ਕਨੂੰਨ ਅਨੁਸਾਰ ਸਜ਼ਾ ਨਹੀ ਸੀ ਦਿੰਦੀ।ਅਫਸੋਸ ਨਾਲ ਲਿਖਣਾ ਪਵੇਗਾ ਕਿ ਸਮੇ ਦੀ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਦੀ ਵਜਾਏ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸਾਂਤਮਈ ਤਰੀਕੇ ਨਾਲ ਰੋਸ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਚਲਾਕੇ ਅਜਿਹਾ ਕਲੰਕ ਅਪਣੇ ਨਾਮ ਕਰ ਲਿਆ ਜਿਸ ਨੂੰ ਹੁਣ ਉਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਵੀ ਧੋ ਨਹੀ ਸਕਣਗੀਆਂ। ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਤੋਂ ਬਾਅਦ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਅਜਿਹਾ ਦੌਰ ਕਿਸੇ ਗਿਣੀ ਮਿਥੀ ਸਾਜਿਸ਼ ਤਹਿਤ ਚਲਾਇਆ ਗਿਆ ਜਿਹੜਾ ਮੌਜੂਦਾ ਸਮੇ ਵਿੱਚ ਵੀ ਰੁਕਣ ਦਾ ਨਾਮ ਲੈ ਰਿਹਾ। ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀਆਂ ਰੋਕਣ ਜਾਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਫੜਨ ਵਿੱਚ ਰੱਤੀ ਭਰ ਵੀ ਸਾਰਥਿਕ ਪਹੁੰਚ ਨਹੀ ਅਪਣਾਈ, ਬਲਕਿ ਅਪਣੇ ਗੁਰੂ ਦੀ ਬੇਅਦਬੀ ਨੂੰ ਐਨਾ ਸਰਸਰੀ ਲਿਆ ਜਿਸ ਦੀ ਕਿਧਰੇ ਵੀ ਿਮਸ਼ਾਲ ਨਹੀ ਮਿਲਦੀ। ਭਾਂਵੇ ਪੰਜਾਬ ਦੀ ਅਮਨ ਸਾਂਤੀ ਨੂੰ ਲਾਂਬੂ ਲਾਉਣ ਲਈ ਇਸ ਸਮੇ ਦੌਰਾਨ ਪਵਿੱਤਰ ਕੁਰਾਨ ਅਤੇ ਹਿੰਦੂ ਧਾਰਮ ਦੇ ਧਾਰਮਿਕ ਗ੍ਰੰਥ ਗੀਤਾ ਦਾ ਅਪਮਾਨ ਹੋਣ ਦੀਆਂ ਵੀ ਇੱਕਾ ਦੁੱਕਾ ਘਟਨਾਵਾਂ ਸਾਹਮਣੇ ਆਈਆਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤਾਂ ਲਗਾਤਾਰ ਲੜੀਵਾਰ ਜਾਰੀ ਰਹੀਆਂ। ਇਸ ਦੌਰਾਨ ਚੱਲੇ ਸੰਘਰਸ ਨੂੰ ਭਾਂਵੇ ਸੂਬਾ ਸਰਕਾਰ ਗੋਲੀਆਂ ਚਲਾਕੇ ਵੀ ਖਤਮ ਨਹੀ ਸੀ ਕਰ ਸਕੀ, ਪਰ ਕੱੁਝ ਆਗੂਆਂ ਦੇ ਏਜੰਸ਼ੀਆਂ ਦੀ ਮਜਬੂਤ ਪਕੜ ਵਿੱਚ ਆ ਜਾਣ ਕਰਕੇ ਉਸ ਸਮੇ ਬੇਅਦਬੀ ਦਾ ਸੰਘਰਸ ਬਗੈਰ ਇਨਸਾਫ ਲਏ ਅੱਧਵਾਟੇ ਦਮ ਤੋੜ ਗਿਆ। ਪਰੰਤੂ ਸਿੱਖ ਕੌਂਮ ਅੰਦਰ ਇਹ ਰੋਸ ਨਸੂਰ ਬਣਕੇ ਵਧ ਰਿਹਾ ਸੀ, ਜਿਸ ਨੂੰ ਘਾਗ ਸਿਆਸਤਦਾਨ ਤੇ ਤਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਸਮਝ ਨਾ ਸਕਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਗੰਭੀਰਤਾ ਨਾਲ ਹੀ ਨਹੀ ਸੀ ਲਿਆ,ਇਹੋ ਕਾਰਨ ਸੀ ਕਿ ਉਹਨਾਂ ਨੇ ਸਿਰਫ ਸਿੱਖਾਂ ਦੀਆਂ ਅੱਖਾਂ ਪੂੰਝਣ ਲਈ ਅਖੀਰ ਵਿੱਚ ਜਸਟਿਸ ਜੋਰਾ ਸਿੰਘ ਕਮਿਸਨ ਦਾ ਗਠਨ ਕੀਤਾ , ਪਰ ਇਹ ਵੀ ਬੇਹੱਦ ਅਫਸੋਸ ਨਾਲ ਲਿਖਣਾ ਪਵੇਗਾ ਕਿ, ਬਾਦਲ ਸਰਕਾਰ ਨੇ ਅਪਣੇ ਹੀ ਬਣਾਏ ਹੋਏ ਜੋਰਾ ਸਿੰਘ ਕਮਿਸਨ ਦੀ ਰਿਪੋਰਟ ਲੈਣ ਲਈ ਕੋਈ ਦਿਲਚਸਪੀ ਨਾ ਦਿਖਾਈ। ਜੋਰਾ ਸਿੰਘ ਇਹ ਰਿਪੋਰਟ ਲੈ ਕੇ ਮੁੱਖ ਮੰਤਰੀ ਦਫਤਰ ਦੇ ਗੇੜੇ ਕੱਢਦਾ ਰਿਹਾ, ਪਰ ਮੁੱਖ ਮੰਤਰੀ ਨੇ ਸ੍ਰ ਜੋਰਾ ਸਿੰਘ ਨੂੰ ਮਿਲਣਾ ਵੀ ਮੁਨਾਸਿਵ ਨਾ ਸਮਝਿਆ।ਘੰਟਿਆਂ ਵੱਧੀ ਉਡੀਕ ਕਰਦਾ ਕਰਦਾ ਜੋਰਾ ਸਿੰਘ ਇੱਕ ਦਿਨ ਮੁੱਖ ਮੰਤਰੀ ਦੇ ਸਕੱਤਰ ਦੇ ਮੇਜ ਤੇ ਰਿਪੋਰਟ ਰੱਖ ਕੇ ਵਾਪਸ ਆ ਗਿਆ, ਉਸ ਦਿਨ ਤੋ ਬਾਅਦ ਉਹ ਜਾਂਚ ਰਿਪੋਰਟ ਕਿੱਧਰ ਗਈ ਕਿਸੇ ਨੂੰ ਕੁੱਝ ਨਹੀ ਪਤਾ।ਸਿੱਖ ਮਨਾਂ ਵਿੱਚ ਅਕਾਲੀਆਂ ਪ੍ਰਤੀ ਨਫਰਤ ਲਾਵਾ ਬਣਕੇ ਫੁੱਟਣ ਲਈ ਸਮੇ ਦਾ ਬੇਸਬਰੀ ਨਾਲ ਇੰਤਜਾਰ ਕਰਦੀ ਰਹੀ। ਅਖੀਰ ਵਿਧਾਨ ਸਭਾ 2017 ਦੀ ਚੋਣ ਵਿੱਚ ਲੋਕਾਂ ਨੇ ਅਪਣਾ ਗੁੱਸਾ ਜਿਸ ਕਦਰ ਅਕਾਲੀਆਂ ਖਿਲਾਫ ਕੱਢਿਆ, ਉਹ ਵੀ ਇੱਕ ਇਕਾਰਡ ਬਣ ਗਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਹੀ ਦਿੱਤਾ। ਬਿਨਾ ਸ਼ੱਕ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਅਕਾਲੀਆਂ ਪ੍ਰਤੀ ਲੋਕਾਂ ਦੇ ਗੁੱਸੇ ਵਿੱਚੋ ਹੀ ਹੋਂਦ ਵਿੱਚ ਆਈ ਹੈ, ਚੋਣਾਂ ਦੌਰਾਂਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਇਹ ਵਾਅਦੇ ਤੇ ਦਾਅਵੇ ਕੀਤੇ ਸਨ,ਕਿ ਜਿੱਥੇ ਸਭ ਤੋ ਪਹਿਲਾਂ ਬੇਅਦਬੀ ਦੇ ਦੋਸ਼ੀਆਂ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਫੜਕੇ ਜੇਹਲਾਂ ਵਿੱਚ ਸੁੱਟਿਆ ਜਾਵੇਗਾ, ਓਥੇ ਪੰਜਾਬ ਚੋ ਨਸ਼ਿਆਂ ਦਾ ਖਾਤਮਾ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ, ਪਰ ਸਰਕਾਰ ਡੇਢ ਸਾਲ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਵਾਅਦੇ ਨੂੰ ਵੀ ਪੂਰਾ ਕਰਨ ਤੋਂ ਬੁਰੀ ਤਰਾਂ ਅਸਮਰੱਥ ਰਹੀ ਹੈ। ਕੋਈ ਸਮਾ ਸੀ ਜਦੋ ਕੈਪਟਨ ਦੀ ਬੜਕ ਦਿੱਲੀ ਤੱਕ ਸਾਫ ਸੁੱਣਾਈ ਦਿੰਦੀ ਸੀ, ਪਰ ਇਸ ਵਾਰ ਕੈਪਟਨ ਦਿੱਲੀ ਅੱਗੇ ਗੋਡੇ ਟੇਕੀ ਬੈਠਾ ਦਿਖਾਈ ਦਿੰਦਾ ਹੈ। ਬਰਗਾੜੀ ਵਿੱਚ ਲੱਗੇ ਇਨਸਾਫ ਮੋਰਚੇ ਨੇ ਜਿੱਥੇ ਸੁੱਤੀ ਸਿੱਖ ਕੌਂਮ ਨੂੰ ਜਗਾਇਆ ਹੈ,ਓਥੇ ਵਾਅਦੇ ਭੁੱਲ ਚੁੱਕੀ ਸੂਬਾ ਸਰਕਾਰ ਨੂੰ ਵੀ ਹਲੂਣਿਆਂ ਹੈ। ਜਿਸਤਰਾਂ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਤੇ ਹੋਈ ਬਹਿਸ ਜਨਤਕ ਕੀਤੀ ਗਈ, ਉਸ ਤੋ ਜਾਪਦਾ ਸੀ ਕਿ ਸਰਕਾਰ ਨੇ ਦੋਸੀਆਂ ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਵਿਧਾਨ ਸਭਾ ਵਿੱਚ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਨੇ ਇੱਕਜੁੱਟ ਹੋਕੇ ਇਮਾਨਦਾਰੀ ਨਾਲ ਮੁੱਖ ਮੰਤਰੀ ਤੋ ਰਣਜੀਤ ਸਿੰਘ ਕਮਿਸਨ ਤੇ ਕਾਰਵਾਈ ਕਰਨ ਲਈ ਜਿਸਤਰਾਂ ਦਬਾਅ ਪਾਇਆ, ਉਹਦੇ ਲਈ ਸਮੁੱਚੀ ਕੈਬਨਿਟ ਅਤੇ ਵਿਰੋਧੀ ਧਿਰ ਦੀ ਭੁਮਿਕਾ ਦੀ ਸਰਾਹਨਾ ਕਰਨੀ ਬਣਦੀ ਹੈ, ਪ੍ਰੰਤੂ ਵਿਧਾਨ ਸਭਾ ਦੀ ਬਹਿਸ ਤੋਂ ਬਾਅਦ ਜਿਸਤਰਾਂ ਸਮੁੱਚੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਦੋਸੀਆਂ ਨੂੰ ਬਚਾਉਣ ਦੀਆਂ ਚੋਰ ਮੋਰੀਆਂ ਲੱਭੀਆਂ ਜਾ ਰਹੀਆਂ ਹਨ, ਉਸ ਤੋ ਕੈਪਟਨ ਦੀ ਨੀਅਤ ਸਾਫ ਨਹੀ ਜਾਪਦੀ। ਬੀਤੇ ਕੱਲ੍ਹ ਮਾਨਯੋਗ ਹਾਈਕੋਰਟ ਤੋ ਮਿਲੀ ਦੋਸ਼ੀ ਪੁਲਿਸ ਅਫਸਰਾਂ ਨੂੰ ਵੱਡੀ ਰਾਹਤ ਵੀ ਦਰਸਾਉਂਦੀ ਹੈ ਕਿ ਦਿੱਲੀ ਦਾ ਦਬਾਅ ਕੈਪਟਨ ਨੂੰ ਕੋਈ ਵੀ ਸਪੱਸਟ ਫੈਸਲਾ ਲੈਣ ਦੇ ਰਾਹ ਵਿੱਚ ਅਜਿਹਾ ਰੋੜਾ ਬਣਦਾ ਦਿਖਾਈ ਦਿੰਦਾ ਹੈ, ਜਿਸ ਨੂੰ ਨਾਂ ਹੀ ਰਸਤੇ ਚੋ ਹਟਾਇਆ ਜਾ ਸਕਦਾ ਹੈ ਅਤੇ ਨਾ ਹੀ ਕੈਪਟਨ ਉਲੰਘਣ ਦੀ ਹਿੰਮਤ ਕਰ ਸਕਦਾ ਹੈ। ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦੇਣੀ ਵਾਜਵ ਹੋਵੇਗੀ ਕਿ ਜੇਕਰ ਉਹ ਇਹ ਰੁਕਾਬਟਾਂ ਤੋੜ ਕੇ ਸਿੱਖ ਕੌਂਮ ਨੂੰ ਇਨਸਾਫ ਦੇਣ ਦੀ ਹਿੰਮਤ ਕਰ ਲੈਂਦਾ ਹੈ, ਤੇ ਦਿੱਲੀ ਨੂੰ ਇਹ ਸੰਕੇਤ ਦੇਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਪੰਜਾਬ ਦੇ ਹੱਕਾਂ ਹਿਤਾਂ ਖਾਤਰ ਕੁਰਸੀ ਦੀ ਪਰਬਾਹ ਕੀਤੇ ਬਗੈਰ ਜਿਹੜਾ ਵਿਅਕਤੀ ਕਦੇ ਪਾਣੀਆਂ ਦੀ ਰਾਖੀ ਲਈ ਦਿੱਲੀ ਵਿੱਚਲੀ ਕਾਂਗਰਸ ਸਰਕਾਰ ਨਾਲ ਸਿੱਧਾ ਹੋ ਸਕਦਾ ਸੀ, ਉਹ ਹੁਣ ਓਸ ਗੁਰੂ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀ ਦੇਵੇਗਾ, ਜਿਸ ਗੁਰੂ ਦੀਆਂ ਬੇਹੱਦ ਰਹਿਮਤਾਂ ਦੀ ਵਰਖਾ ਉਹਦੇ ਪਰਿਵਾਰ ਤੇ ਹਮੇਸਾਂ ਰਹੀ ਹੈ, ਜੇਕਰ ਕੈਪਟਨ ਐਨੀ ਕੁ ਹਿੰਮਤ ਦਿਖਾਉਣ ਦਾ ਹੌਸਲਾ ਕਰ ਲਵੇ ਤਾਂ ਜਿੱਥੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਤੇ ਮਾਣ ਮਹਿਸੂਸ ਕਰਨਗੀਆਂ ਓਥੇ ਉਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਲਈ ਵੀ ਉਹ ਅਪਣਾ ਸੁਨਹਿਰੀ ਇਤਿਹਾਸ ਬਣਾ ਕੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਰਣਜੀਤ ਸਿੰਘ ਕਮਿਸਨ ਤੇ ਕਾਰਵਾਈ ਨੂੰ ਯਕੀਨੀ ਬਣਾ ਕੇ ਆਪਣੇ ਆਪ ਨੂੰ ਸੱਚਮੁੱਚ ਦਸਵੇਂ ਪਾਤਸ਼ਾਹ ਦੇ ਸੱਚੇ ਸਿੱਖ ਵਜੋਂ ਇਤਿਹਾਸ ਵਿੱਚ ਦਰਜ ਕਰਵਾ ਸਕਣਗੇ, ਜਾ ਅਪਣੀ ਰਜਵਾੜਾਸ਼ਾਹੀ ਸੋਚ ਤੇ ਚੱਲਕੇ ਦਿੱਲੀ ਸਾਹਮਣੇ ਗੋਡੇ ਟੇਕਦਿਆਂ ਦੋਸ਼ੀਆਂ ਨੂੰ ਬਚਾਉਣ ਦੀ ਗੁਸਤਾਖੀ ਕਰਕੇ ਇਤਿਹਾਸ ਕਲੰਕਤ ਕਰਨਗੇ,ਇਹ ਸਮੇ ਦੇ ਗਰਭ ਵਿੱਚ ਹੈ।
ਬਘੇਲ ਸਿੰਘ ਧਾਲੀਵਾਲ
99142-58142
15 Sept. 2018