ਜ਼ਮੀਨ ਦੀ ਵੰਡ ਕਿਉਂ ਕਰਦੀ ਹੈ ਰਿਸ਼ਤਿਆ ਦਾ ਖੂਨ ਸਫੈਦ - ਅੰਗਰੇਜ ਸਿੰਘ ਹੁੰਦਲ
ਜਿਵੇ ਸਮਾਜ ਵਿਚ ਮਸ਼ਹੂਰ ਕਹਾਵਤ ਹੈ ਨੂੰਹ ਮਾਸ ਦਾ ਰਿਸ਼ਤਾ ਹੈ ਉਵੇਂ ਹੀ ਜੱਟ ਦਾ ਜ਼ਮੀਨ ਨਾਲ ਹੁੰਦਾ ਹੈ ।ਆਏ ਨਿੱਤ ਦਿਨ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਮਾਮੂਲੀ ਜ਼ਮੀਨ ਦੇ ਵਿਵਾਦ ਕਾਰਨ ਆਪਣਿਆਂ ਦਾ ਕਤਲ ਕਰ ਦਿੱਤਾ ਜਾ ਖੂਨੀ ਲੜਾਈ ਵਿਚ ਗੰਭੀਰ ਜਖਮੀ ਕਰ ਦਿੱਤਾ ।ਇੱਕੋਂ ਮਾਂ ਪਿਉਂ ਦੀ ਔਲਾਦ ਜੋ ਛੋਟੇ ਹੁੰਦਿਆ ਸਕੇ ਭਰਾ ਜੋ ਕੁਆਰੇ ਹੁੰਦਿਆ ਇਕ ਦੂਜੇ ਤੋਂ ਜਾਨ ਵਾਰਨ ਤੱਕ ਚਲੇ ਜਾਂਦੇ ਹਨ ਪਰ ਵਿਆਹ ਪਿਛੋਂ ਬਦਲ ਜਾਂਦਾ ਹੈ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਵੰਡ ਲਈ ਸਹਿਮਤੀ ਨਹੀਂ ਬਣਾਉਂਦੇ ਤੇ ਸਭ ਖੂਨੀ ਰਿਸ਼ਤੇ ਨਾਤੇ ਭੁੱਲਦੇ ਹੋਏ ਇੱਕ ਦੂਜੇ ਨੂੰ ਜਾਨੋ ਮਾਰ ਦਿੰਦੇ ਹਨ । ਜਦੋਂ ਕਿ ਇਹ ਜ਼ਮੀਨ ਪੈਂਦਾ ਹੋਏ ਇਨਸਾਨ ਦੇ ਮਰਨ ਉਪਰੰਤ ਏਥੇ ਰਹਿ ਜਾਣੀ ਹੈ । ਸ਼ਹਿਣਸ਼ੀਲਤਾਂ ਦੀ ਘਾਟ ਦੇ ਚਲਦਿਆ ਵੱਟ ਤੇ ਰੁੱਖ ਲਗਾਉਣ, ਵੱਟ ਵੱਢਣ ਜਾ ਥੋੜਾ ਇਧਰ ਉਧਰ ਥਾਂ ਹੋਣ ਤੇ ਇੱਕ ਦੂਜੇ ਨੂੰ ਜਾਨੋ ਮਾਰ ਕੇ ਦੋਵੇਂ ਘਰ ਬਰਬਾਦ ਹੋ ਜਾਂਦੇ ਹਨ, ਮਾਰਨ ਵਾਲਾ ਜੇਲ ਵਿਚ ਸੜ੍ਹਦਾ ਰਹਿੰਦਾ ਹੈ ਤੇ ਦੂਜਾ ਜਹਾਨ ਤੋਂ ਚਲੇ ਜਾਂਦਾ ਹੈ ਉਸ ਦਾ ਪਰਿਵਾਰ ਸਾਰੀ ਉਮਰ ਬਦ ਅਸੀਸਾਂ ਦੇਂਦਾ ਰਹਿੰਦਾ ਹੈ ।
ਏਥੇ ਸੋਚਣ ਵਾਲੀ ਗੱਲ ਇਹ ਹੈ ਕਿ ਜ਼ਮੀਨ ਆਪਸ ਵਿਚ ਬੈਠ ਕਿ ਸਹਿਮਤੀ ਨਾਲ ਵੰਡੀ ਜਾ ਸਕਦੀ ਹੈ ਫਿਰ ਮਰਨ ਮਰਾਉਂਣ ਦੀ ਨੌਬਤ ਕਿਉਂ ਆ ਜਾਂਦੀ ਹੈ । ਕੁਝ ਲੋਕ ਦੇ ਜ਼ਮੀਨ ਦੀ ਚੰਗੀ ਢੇਰੀ ਲੈਣ ਖਾਤਰ ਅਦਾਲਤਾਂ ਵਿਚ ਕੇਸ ਸਾਲਾ ਬੱਧੀ ਚਲਦੇ ਰਹਿੰਦੇ ਹਨ ਜਾਂ ਪੁਲਿਸ ਥਾਣਿਆਂ, ਪੰਚਾਇਤਾਂ ਰਾਹੀਂ ਲੈਣ ਖੱਜਲ ਖੁਆਰ ਹੁੰਦੇ ਰਹਿੰਦੇ, ਇਹਨਾਂ ਖੱਜਲ ਖੁਆਰੀਆਂ ਵਿਚ ਸਮੇਂ ਦੀ ਬਰਬਾਦੀ ਦੇ ਨਾਲ ਪੈਸੇ ਨਜ਼ਾਇਜ਼ ਖਰਚ ਕਰੀ ਜਾਂਦੇ ਹਨ ਹੋਣਾ ਫਿਰ ਅਖੀਰ ਫੈਸਲਾ ਹੀ ਹੁੰਦਾ ਹੈ ਜੇਕਰ ਉਹੀ ਫੈਸਲਾ ਪਹਿਲਾਂ ਹੀ ਲੰਬੀ ਸੋਚ ਦੇ ਅਧਾਰ ਤੇ ਬੈਠ ਕੇ ਸਲਿਆ ਜਾਵੇ ਤਾਂ ਕਿੰਨਾ ਬਿਹਤਰ ਸਾਬਤ ਹੋਵੇਗਾ ।
ਮੈਂ ਵੀ ਜ਼ਿਮੀਦਾਰ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਆਪਣੇ ਪਰਿਵਾਰ ਦੀ ਜ਼ਮੀਨੀ ਵੰਡ ਦਾ ਜ਼ਿਕਰ ਕਰਕੇ ਕੁਝ ਗੱਲਾਂ ਦੱਸਣ ਦਾ ਯਤਨ ਕਰ ਰਿਹਾ ਹਾਂ । ਸਾਡੇ ਪਿਤਾ ਹੋਣੀ ਤਿੰਨ ਭਰਾਵਾਂ ਹਨ ਜਿੰਨਾਂ ਨੇ ਘਰਾ ਤੋਂ ਵੱਖ ਹੋਣ ਸਮੇਂ ਸਾਂਝੀ ਜ਼ਮੀਨ ਕੱਚੇ ਤੌਰ ਤੇ ਵੰਡ ਲਈ ਸੀ ਤੇ ਹੁਣ ਪੱਕੇ ਤੌਰ ਤੇ ਨੰਬਰਾਂ ਰਾਹੀਂ ਜ਼ਮੀਨ ਜਮਾਂਬੰਦੀ ਵਿਚ ਵੀ ਆਪੋ ਆਪਣੇ ਨਾਮ ਤੇ ਕਰਨ ਦੀ ਗੱਲ ਚਲੀ । ਸਾਡੇ ਤਿੰਨਾਂ ਧਿਰਾ ਵਿਚੋਂ ਇੱਕ ਸਾਡੇ ਘਰ ਦਾ ਭਾਈਵਾਲ ਜਿਸਨੂੰ ਪਟਵਾਰ ਦੇ ਕੰਮਾਂ ਬਹੁਤ ਜ਼ਿਆਦਾ ਜਾਣਕਾਰੀ ਹੋਣ ਕਰਕੇ ਅਸੀਂ ਪਟਵਾਰੀ ਕਹਿੰਦੇ ਹਾਂ, ਨੇ ਜ਼ਮੀਨ ਵੰਡ ਕਰਨ ਲਈ ਨੰਬਰ ਤਿੰਨਾ ਹਿੱਸਿਆ ਵੰਡ ਕੇ ਸਾਰੇ ਭਾਈਵਾਲਾਂ ਨੂੰ ਦਿਖਾਏ ਜਿਸ ਤੇ ਸਭ ਦੀ ਸਹਿਮਤੀ ਨਹੀਂ ਬਣੀ । ਸਾਨੂੰ ਛੱਡ ਕੇ ਦੋਵੇ ਭਾਈਵਾਲਾ ਦੇ ਕੋਲ ਵੱਧ ਰਕਬੇ ਵਾਲੀਆਂ ਜ਼ਮੀਨਾਂ ਹਨ ਜਦੋਂ ਕਿ ਨੰਬਰਾਂ ਵਿਚ ਬਰਾਬਰ ਦਾ ਹਿੱਸਾ ਹੀ ਰਹਿਣਾ ਹੈ । ਬਸ ਫਿਰ ਕੀ ਸੀ ਕਿ ਦੋਵੇਂ ਧਿਰਾਂ ਆਪਸ ਵਿਚ ਚੰਗੀ ਬਹਿਸ ਹੋਈ ਕਿ ਅਸੀਂ ਵੱਧ ਰਕਬੇ ਵਾਲੀਆਂ ਜ਼ਮੀਨਾਂ ਨਹੀਂ ਦੇਣੀਆਂ । ਕਿਉਂਕਿ ਸਾਡੇ ਘਰ ਦੇ ਪਟਵਾਰੀ ਦੇ ਆਪਣੇ ਲਈ ਪਾਣੀ ਵਾਲੀਆਂ ਖਾਲਾਂ ਤੇ ਰਸਤੇ ਨੂੰ ਦੇਖ ਕੇ ਨੰਬਰ ਪੱਕੀ ਵੰਡ ਵਾਸਤੇ ਦੂਜੀ ਧਿਰ ਸਾਹਮਣੇ ਰੱਖੇ ਸਨ ਜੋ ਕਦੇ ਦੂਜੀ ਧਿਰ ਲਈ ਮੁਸੀਬਤ ਬਣ ਸਕਦੇ ਹਨ ।
ਮੇਰੇ ਪਿਤਾ ਕੋਲੋ ਕੋਈ ਵੀ ਵੱਧ ਰਕਬੇ ਵਾਲੀ ਜ਼ਮੀਨ ਨਹੀਂ ਸੀ ਅਤੇ ਨਾ ਹੀ ਅਸੀਂ ਕੋਈ ਵਾਧਾ ਮੰਗਿਆ ਸੀ । ਸਾਡੇ ਘਰ ਦੀ ਵੰਡ ਵਿਚ ਇੱਕ ਬਰਾਨਾ ਖੇਤ ਹਿੱਸੇ ਆਇਆ ਸੀ, ਸਾਡੇ ਘਰ ਦੇ ਪਟਵਾਰੀ ਨੇ ਸਾਡੇ ਬਰਾਨੇ ਖੇਤ ਨੂੰ ਮੌਜੂਦਾ ਸਮੇਂ ਸਾਂਝਦਾਰਾ ਦੇ ਪੈਂਦੇ ਪਾਣੀ ਤੋਂ ਹੋਰ ਦੂਰ ਧੱਕਣ ਦਾ ਯਤਨ ਕੀਤਾ ਅਤੇ ਆਪਣਾ ਰਕਬਾ ਸਾਰਾ ਇਕੱਠਾ ਕਰਨ ਲਈ ਦੁਬਾਰਾ ਗੁਣੇ ਪਾਉਣ ਅਤੇ ਅਦਾਲਤ ਵਿਚ ਕੇਸ ਕਰਨ ਵਰਗੀਆਂ ਗੱਲਾਂ ਕੀਤੀਆਂ । ਜਦੋਂ ਕਿ ਮੇਰੇ ਪਿਤਾ ਪਟਵਾਰੀ ਦੇ ਪਿਤਾ ਦਾ ਛੋਟਾ ਭਰਾ ਸੀ ।
ਜਿਹੜੇ ਜ਼ਮੀਨੀ ਕਾਗਜ਼ ਪੱਤਰ ਦੇ ਥੋੜੇ ਜਿਹੇ ਜਾਣਕਾਰ ਹੋ ਜਾਂਦੇ ਹਨ ਉਹਨਾਂ ਨੂੰੰ ਨਿੱਜੀ ਮੁਫਾਦ ਛੱਡ ਕੇ ਘਰ 'ਚ ਸਹਿਮਤੀ ਬਣਾਉਂਦੇ ਹੋਏ ਵੰਡ ਸਬੰਧੀ ਕਰਨੀ ਚਾਹੀਦੀ ਹੈ ਅਤੇ ਕਿਸੇ ਕਾਗਜ਼ੀ ਕਾਰਵਾਈ ਤੋਂ ਅਣਜਾਣ ਤੇ ਅਣਭੋਲ ਦੀ ਸ਼ਰਾਫਤ ਦਾ ਗਲਤ ਲਾਭ ਨਹੀਂ ਲੈਣਾ ਚਾਹੀਦਾ।ਧੱਕੇ ਨਾਲ ਆਪਣੀ ਮਨਮਰਜ਼ੀ ਦੀ ਜ਼ਮੀਨ ਪ੍ਰਾਪਤ ਕਰਨ ਲਈ ਛੋਟੇ ਜਿਹੇ ਲੜਾਈ ਝਗੜੇ ਖੂਨੀ ਰੂਪ ਧਾਰਨ ਕਰ ਲੈਂਦੇ ਹਨ । ਜਦੋਂ ਸਹਿਮਤੀ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਹਨ ਰਿਸ਼ਤਿਆ ਦੀ ਅਹਿਮੀਅਤ ਅਤੇ ਨਿੱਘ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ।
ਅੰਗਰੇਜ ਸਿੰਘ ਹੁੰਦਲ
9876785672
ਹਰ ਕੰਮ ਕਰਵਾਉਣ ਲਈ ਸਿਆਸਤਦਾਨਾਂ ਦੀ ਸ਼ਿਫਾਰਸ਼ ਦੀ ਲੋੜ ਕਿਉ? - ਅੰਗਰੇਜ ਸਿੰਘ ਹੁੰਦਲ
ਸਿਆਸੀ ਲੋਕਾਂ ਦੀ ਸ਼ਿਫਾਰਸ਼ ਕਰਵਾਉਂਣੀ ਕਿਉਂ ਬਣ ਚੁੱਕੀ ਹੈ ਜ਼ਰੂਰੀ?
ਸੂਬੇ ਦੇ ਵੋਟਰਾਂ ਦੁਆਰਾ ਚੁਣੇ ਜਾਂਦੇ ਵਿਧਾਨ ਸਭਾ ਅਤੇ ਲੋਕ ਸਭਾ ਮੈਂਬਰਾਂ ਦਾ ਮੁੱਖ ਕੰਮ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿਚ ਵਿਕਾਸ ਕਰਵਾਉਣਾ ਹੁੰਦਾ ਹੈ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾ ਨੂੰ ਸਰਕਾਰ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਹੱਲ ਹੋ ਸਕਦੇ ।
ਪਰ ਰਾਜ ਦੇ ਲੋਕ ਚੁਣੇ ਹੋਏ ਲੀਡਰਾਂ ਕੋਲੋ ਵਿਕਾਸ ਘੱਟ ਕਰਵਉਂਦੇ ਹਨ ਤੇ ਨਿੱਜੀ ਕੰਮ ਜ਼ਿਆਦਾ ਕਰਵਾਉਣ ਵੱਲ ਧਿਆਨ ਦਿੰਦੇ ਹਨ । ਜਿਵੇ ਪਿੰਡਾਂ ਵਿਚ ਦੂਜੀ ਪਾਰਟੀ ਨਾਲ ਸੰਬਧਿਤ ਲੋਕਾਂ ਦੇ ਘਰਾ ਲਾਗੇ ਵਿਕਾਸ ਦੇ ਕੰਮ ਨਾ ਕਰਨ ਦੇਣੇ ਜਾ ਲੜਾਈ ਝਗੜੇ ਵਿਚ ਸਿਆਸੀ ਦਖਲ ਅੰਦਾਜ਼ੀ ਕਰਕੇ ਵਿਰੋਧੀਆਂ ਦੇ ਪਰਚੇ ਕਰਵਾਉਣੇ ਆਦਿ ਸ਼ਾਮਿਲ ਹਨ । ਛੋਟੀ ਤੋਂ ਛੋਟੀ ਗੱਲ ਵਿਚ ਸਿਆਸੀ ਦਖਲ ਅੰਦਾਜ਼ੀ ਹੋ ਰਹੀ ਹੈ ਅਤੇ ਸਰਕਾਰੀ ਦਫਤਰ ਵਿਚ ਸਿਆਸੀ ਸ਼ਿਫਾਰਸ਼ ਨਾਲ ਜਾ ਪੈਸੇ ਨਾਲ ਕੰਮ ਹੋ ਰਹੇ ਹਨ । ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਬੁਰੀ ਤਰ੍ਹਾਂ ਧੱਸ ਚੁੱਕੀ ਹੈ ਕਿ ਜੇਕਰ ਸਿਆਸੀ ਦਬਾਅ ਨਾ ਬਣਾਇਆ ਤਾਂ ਕੋਈ ਵੀ ਕੰਮ ਨਹੀਂ ਹੋਣਾ ਉਹ ਏਸੇ ਕਰਕੇ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਮਿਲਣ ਤੋਂ ਪਹਿਲਾਂ ਸਿਆਸੀ ਲੋਕਾਂ ਦੇ ਦਰਬਾਰ ਵਿਚ ਜਾ ਕੇ ਫੋਨ ਕਰਵਾਉਣਾ ਲਾਜ਼ਮੀ ਸਮਝਦੇ ਹਨ । ਜਦੋਂ ਕਿ ਸਰਕਾਰ ਜਿਹੜੀ ਮਰਜ਼ੀ ਚੁਣੀ ਹੋਵੇ ਉਸ ਪਹਿਲਾਂ ਫਰਜ਼ ਬਣਦਾ ਹੈ ਕਿ ਰਾਜ ਦੇ ਨਾਗਰਿਕਾ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਦੇ ਸਹੂਲਤਾਂ ਮਿਲਣ ਜਦੋਂ ਕਿ ਹੋ ਇਸ ਦੇ ਉਲਟ ਰਿਹਾ ਹੈ । ਹੁਣ ਜਿਸਦੀ ਸਰਕਾਰ ਉਸੇ ਪਾਰਟੀ ਦੇ ਥਾਣੇ ਅਤੇ ਹੋਰ ਸਾਰੇ ਸਰਕਾਰੀ ਦਫਤਰ ਹਨ । ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਜੇਕਰ ਥਾਣੇ ਜਾਣਾ ਹੋਵੇ ਤਾਂ ਪਹਿਲਾਂ ਪੈਸੇ ਜਾ ਮੌਜੂਦਾ ਸਿਆਸੀ ਲੀਡਰ ਦੇ ਫੋਨ ਕਰਵਾਉਣ ਦਾ ਪ੍ਰਬੰਧ ਜ਼ਰੂਰੀ ਹੈ । ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦਾ ਵਿਵਹਾਰ ਏਦਾ ਦਾ ਹੋ ਚੁੱਕਾ ਹੈ ਕਿ ਪੈਸੇ ਜਾ ਸ਼ਿਫਾਰਸ਼ ਤੋਂ ਬਗੈਰ ਕੰਮ ਕਰਨਾ ਠੀਕ ਨਹੀਂ ਸਮਝਦੇ ।
ਇਹਨਾਂ ਸਿਆਸੀ ਨੇਤਵਾਂ ਦੀ ਇੱਕ ਗੱਲ ਹੋਰ ਬੜੀ ਦਿਲਚਪਸ ਦੇਖਣ ਵਾਲੀ ਮਿਲਦੀ ਹੈ ਕਿ ਜਦੋਂ ਲੋਕ ਆਪਣੇ ਘਰਾਂ ਵਿਚ ਇਹਨਾਂ ਨੂੰ ਆਪਣੀ ਫੋਕੀ ਸ਼ਾਨ ਬਣਾਉਣ ਖਾਤਰ ਘਰ ਬੁਲਾਉਂਦੇ ਹਨ ਤਾਂ ਇਹਨਾਂ ਦੀ ਸੇਵਾ ਕਰਨ ਵਿਚ ਕੋਈ ਕਮੀ ਨਹੀਂ ਰਹਿਣ ਦਿੰਦੇ । ਪਰ ਜਦੋਂ ਲੋਕ ਇਹਨਾਂ ਲੀਡਰਾਂ ਦੇ ਘਰ ਆਪਣੇ ਕੰਮ ਕਰਵਉਣ ਜਾਂਦੇ ਹਨ ਤਾਂ ਗੇਟਾ ਮੁਹਰੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ।ਇਹ ਨੇਤਾ ਨਾ ਪਾਣੀ, ਨਾ ਚਾਹ ਨਹੀਂ ਪੁੱਛਦੇ ਸਗੋਂ ਘੰਟਿਆਂ ਬੱਧੀ ਇੰਤਜ਼ਾਰ ਕਰਵਾਉਂਦੇ ਹਨ । ਜਦ ਕਿ ਇਹ ਲੋਕਾਂ ਦੀਆਂ ਵੋਟਾਂ ਦੁਆਰਾ ਚੁਣੇ ਹੁੰਦੇ ਹਨ ਲੋਕਾਂ ਦੀ ਲੋੜ ਇਹਨਾਂ ਨੂੰ ਜ਼ਿਆਦਾ ਹੁੰਦੀ ਹੈ । ਪਰ ਲੋਕਾਂ ਨੇ ਇਹਨਾਂ ਲੀਡਰਾਂ ਦਾ ਦਿਮਾਗੀ ਸੰਤੁਲਨ ਵਿਗਾੜ ਦਿੱਤਾ ਹੈ ।
ਇਹਨਾਂ ਸਿਆਸੀ ਲੀਡਰਾਂ ਨੇ ਆਪਣੇ ਅੱਗੇ ਇੱਕ ਨਹੀਂ ਕਈ ਪੀ.ਏ. ਰੱਖੇ ਹੋਏ ਹਨ ਜੋ ਲੋਕਾਂ ਦੇ ਕੰਮ ਕਰਵਾਉਣ ਸਬੰਧੀ ਅਧਿਕਾਰੀਆਂ ਕਰਮਚਾਰੀਆਂ ਨੂੰ ਫੋਨ ਕਰਦੇ ਹਨ ਅਤੇ ਇਹ ਪੀ.ਏ. ਵੀ ਆਪਣੇ ਆਪ ਨੂੰ ਮੰਤਰੀ ਤੋਂ ਘੱਟ ਨਹੀਂ ਸਮਝਦੇ ਪੂਰਾ ਟੌਹਰ ਜਮਾ ਕੇ ਰੱਖਦੇ ਹਨ । ਵੱਡੇ ਸਿਆਸੀ ਨੇਤਾ ਲੋਕਾ ਦੇ ਫੋਨ ਚੁੱਕਣਾ ਸੁਣਨਾ ਮੁਨਾਸਿਬ ਨਹੀਂ ਸਮਝਦੇ ਅਤੇ ਇਨ੍ਹਾਂ ਦੇ ਪੀ.ਏ. ਵੀ ਲੋਕਾਂ ਦੇ ਜਲਦੀ ਫੋਨ ਨਹੀਂ ਚੁੱਕਦੇ ।
ਮੈਂ ਕਿਸੇ ਪਾਰਟੀ ਨਾਲ ਸਬੰਧਿਤ ਨਹੀਂ ਏਥੇ ਇੱਕ ਲੀਡਰ ਦਾ ਜ਼ਿਕਰ ਬਿਨਾ ਨਾਮ ਲਏ ਕਰ ਰਿਹਾ ਹਾਂ ਕਿ ਉਸਦੀ ਕੋਠੀ ਕੋਈ ਵੀ ਵਰਕਰ ਕੰਮ ਲਈ ਜਾਂਦਾ ਹੈ ਤਾਂ ਪਹਿਲਾਂ ਪਾਣੀ, ਚਾਹ ਨਾਲ ਵੇਸਣ ਮੱਠੀਆ ਦਿੱਤੀਆ ਜਾਂਦੀਆਂ ਹਨ । ਪਰ ਉਕਤ ਸਿਆਸੀ ਲੀਡਰ ਨੇ ਕਈ ਪੀ.ਏ. ਰੱਖੇ ਹੋਏ ਹਨ ਜੋ ਲੋਕਾਂ ਨੂੰ ਘੱਟ ਮਿਲਣਾ ਪਸੰਦ ਕਰਦੇ ਹਨ ਤੇ ਕੰਮ ਕਰਵਾਉਣ ਵਾਲੇ ਲੋਕਾਂ ਦੀਆਂ ਇਹਨਾਂ ਪਿੱਛੇ ਲਾਈਨਾਂ ਲੱਗੀਆਂ ਰਹਿੰਦੀਆਂ ਹਨ ।
ਸਭ ਸਿਆਸੀ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਰਕਰ ਦੀ ਵੋਟ ਬਹੁਤ ਜ਼ਿਆਦਾ ਕੀਮਤੀ ਹੈ ਜਿਸ ਦਾ ਕੋਈ ਮੁੱਲ ਨਹੀਂ ਉਹ ਉਸ ਅਧਿਕਾਰ ਹੈ ਜਿਹੜਾ ਉਮੀਦਵਾਰ ਉਸ ਨੁੰ ਪਸੰਦ ਹੈ ਵੋਟ ਪਾ ਸਕਦਾ ਹੈ । ਸਿਆਸੀ ਨੇਤਾਵਾਂ ਨੂੰ ਜਿੱਤ ਹਾਸਲ ਕਰਕੇ ਕੁਰਸੀ ਦੇ ਨਸ਼ੇ ਵਿਚ ਵਰਕਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਗੋਂ ਹੋਰ ਨੇੜਤਾ ਵਧਾਉਣੀ ਚਾਹੀਦੀ ਹੈ ਅਤੇ ਵੋਟਰਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੀ ਪਸੰਦ ਦੇ ਨੇਤਾਵਾਂ ਨੂੰ ਅੱਗੇ ਲਿਆਉਣ ਤਾਂ ਜੋ ਦੇਸ਼ ਅਤੇ ਸੂਬੇ ਦਾ ਵਿਕਾਸ ਹੋ ਸਕੇ । ਲੋਕਾਂ ਨੂੰ ਰਾਜਨੀਤੀ ਤਹਿਤ ਝੂਠੇ ਪਰਚੇ ਕਰਵਾਉਣੇ ਜਾ ਹੋਰ ਨਿੱਜੀ ਦੁਸ਼ਮਣੀਆਂ ਕੱਢੀਆਂ ਜ਼ਾਇਜ਼ ਨਹੀਂ ਹਨ ਸਗੋਂ ਮਿਲ ਬੈਠ ਕੇ ਸਰਬਪੱਖੀ ਵਿਕਾਸ ਕਰਵਾਉਣ ਵੱਲ ਤਰਜੀਹ ਦੇਣੀ ਚਾਹੀਦੀ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਰਵਾਉਣ ਦੀ ਲੋੜ ਹੈ ਸਰਕਾਰ ਜਿਹੜੀ ਮਰਜੀ ਪਾਰਟੀ ਦੀ ਭਾਵੇ ਕਿਉ ਨਾ ਹੋਵੇ । ਸਰਕਾਰ ਨੂੰ ਵੀ ਚਾਹੀਦਾ ਕਿ ਦਫਤਰਾਂ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕਰਨੀ ਚਾਹੀਦੀ ਹੈ ਕਿ ਬਗੈਰ ਸ਼ਿਫਾਰਸ਼ ਅਤੇ ਪੈਸੇ ਦੇ ਲੋਕਾਂ ਦੇ ਕੰਮ ਸਮੇਂ ਸਿਰ ਕੀਤੇ ਜਾਣ ।
ਅੰਗਰੇਜ ਸਿੰਘ ਹੁੰਦਲ
9876785672
ਲੋਕਾਂ ਵਿਚੋਂ ਖਤਮ ਹੁੰਦੀ ਜਾ ਰਹੀਂ ਹੈ ਇਨਸਾਨੀਅਤ? - ਅੰਗਰੇਜ ਸਿੰਘ ਹੁੰਦਲ
ਇਨਸਾਨੀਆ ਦਾ ਰਿਸ਼ਤਾ ਲੋਕਾਂ ਵਿਚੋਂ ਘਟਣਾ ਚਿੰਤਾ ਦਾ ਵਿਸ਼ਾ?
ਐਕਸੀਡੈਂਟ ਵੇਲੇ ਮੂਕ ਦਰਸ਼ਕ ਬਣ ਕੇ ਵੇਖਣ ਦੀ ਬਜਾਏ ਲੋਕ ਇਨਸਾਨੀਅਤ ਨਾਤੇ ਮਦਦ ਕਰਨ
ਪਿਛਲੇ ਕੁਝ ਸਾਲ ਪਹਿਲਾਂ ਜੇਕਰ ਕਿਸੇ ਇੱਕ ਪਿੰਡ ਵਾਸੀ ਮੁਸ਼ਕਿਲ ਹੁੰਦੀ ਸੀ ਤਾਂ ਸਾਡਾ ਪਿੰਡ ਉਸ ਖੈਰ ਸੁੱਖ ਪੁਛਣ ਆ ਜਾਂਦਾ ਸੀ । ਪਿਛਲੇ ਸਿਆਣੇ ਲੋਕ ਹਰੇਕ ਪਿੰਡ ਵਾਸੀ ਦੀ ਮਦਦ ਕਰਨ ਲਈ ਅੱਗੇ ਆਉਂਦੇ ਸਨ ਜੇਕਰ ਕਿਸੇ ਮੱਧ ਵਰਗ ਦੇ ਵਿਅਕਤੀ ਦੀ ਧੀ ਦਾ ਆਨੰਦ ਕਾਰਜ ਹੁੰਦਾ ਸੀ ਤਾਂ ਸਾਰੇ ਪਿੰਡ ਦੇ ਲੋਕ ਵੱਧ ਤੋਂ ਵੱਧ ਦਿਲ ਖੋਲ ਕੇ ਮਦਦ ਕਰਦੇ ਸਨ । ਪਰ ਅੱਜ ਸਮਾਜ ਵਿਚ ਐਸੀ ਤਬਦੀਲੀ ਆਈ ਹੈ ਕਿ ਕੋਈ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ ਸਗੋਂ ਕਈ ਲੋਕਾਂ ਦੀ ਭਾਵਾਨਾ ਹੁੰਦੀ ਹੈ ਕਿ ਕਿਸ ਤਰ੍ਹਾਂ ਨੀਵਾ ਦਿਖਾਇਆ ਜਾ ਸਕਦਾ ਹੈ । ਅੱਜ ਲੋਕ ਕਹਿੰਦੇ ਹਨ ਸਮਾਂ ਕਿ ਨਹੀਂ ਹੈ ਅਤੇ ਸਮਾਂ ਹੁੰਦੇ ਹੋਏ ਵੀ ਲੋਕਾਂ ਕਹਿ ਦਿੰਦੇ ਹਨ ਬਹੁਤ ਰੁੱਝੇਵੇ ਰਹਿੰਦੇ ਹਨ । ਅੱਜ ਦਾ ਸਮਾਜ ਆਪਣੇ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ ਦੂਜੇ ਦੀ ਮਦਦ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ।
ਅੱਜ ਵੀ ਦਰਿਆ ਦਿਲ ਰੱਖਣ ਵਾਲੇ ਬਹੁਤ ਸਾਰੇ ਦੇਸ਼ਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ । ਪੰਜਾਬ ਵਿਚ ਬਹੁਤ ਹੀ ਸਮਾਜ ਸੇਵੀ ਸੰਸਥਾ, ਕਲੱਬਾਂ ਅਤੇ ਹੋਰ ਤਰੀਕੇ ਨਾਲ ਆਰਥਿਕ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੀ ਵੀ ਕੋਈ ਘਾਟ ਨਹੀਂ ਹੈ ਦਾਨੀ ਸੱਜਣਾਂ ਵਲੋਂ ਇਲਾਜ ਕਰਵਾਉਣ ਤੋਂ ਅਸਮਰੱਥ ਲੋਕਾਂ ਨੂੰ ਇਲਾਜ ਲਈ ਪੈਸੇ ਦੇਣੇ ਪੰਜਾਬੀਆਂ ਦੀ ਖਾਸੀਅਤ ਹੈ । ਸ਼ੋਸਲ ਮੀਡੀਆ ਤੇ ਬਹੁਤ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਵੀ ਹੁੰਦੀਆਂ ਹਨ ਕਈ ਬੀਮਾਰ ਲੋਕਾਂ ਵਲੋਂ ਪੈਸੇ ਨਾ ਹੋਣ ਦੀ ਖਾਤਰ ਵਿਚ ਇਲਾਜ ਨਹੀਂ ਕਰਵਾਇਆ ਜਾਂਦਾ ਪਰ ਸ਼ੋਸਲ ਮੀਡੀਆ ਤੇ ਪਾਈ ਹੋਈ ਵੀਡੀਓ ਦੇਖਣ ਉਪਰੰਤ ਕਈ ਨੇਕ ਦਿਲ ਲੋਕ ਇਨਸਾਨੀਅਤ ਰਿਸ਼ਤੇ ਦੀ ਤਵੱਜੋਂ ਸਮਝਦੇ ਹੋਏ ਮਦਦ ਕਰ ਕਰਦੇ ਹਨ ।
ਜਿਹੜੇ ਰਾਹਗੀਰ ਸੜਕ ਵਿਚ ਐਕਸੀਡੈਂਟ ਕਾਰਨ ਮਦਦ ਲਈ ਤੜਫ ਰਹੇ ਹੁੰਦੇ ਹਨ ਅਤੇ ਕਈ ਲੋਕ ਮਦਦ ਕਰਨ ਬਜਾਏ ਮੂਕ ਦਰਸ਼ਕ ਬਣ ਕੇ ਤੱਕ ਰਹੇ ਹੁੰਦੇ ਹਨ ਉਹਨਾਂ ਨੂੰ ਸਮਾਜ ਸੇਵੀ ਸੰਸਥਾ ਦੇ ਕੰਮਾਂ ਤੋਂ ਸਿੱਖਣ ਦੀ ਲੋੜ ਹੈ ਤਾਂ ਕਿ ਉਹ ਵੀ ਇਨਸਾਨੀਅਤ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਦੇ ਹੋਏ ਬਿਨਾ ਕਿਸੇ ਭੇਦ ਭਾਵ ਦੇ ਮਦਦ ਕਰਨ ਅਜਿਹਾ ਕਰਨ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ।
ਮੈਂ ਕੁਝ ਆਪਣਾ ਨਿੱਜੀ ਤਜ਼ਰਬਾ ਸਾਝਾ ਕਰਦਾ ਚਾਹੁੰਦਾ ਹਾਂ ਮੈਂ 1 ਮਾਰਚ ਨੂੰ ਆਪਣੀ ਡਿਊਟੀ ਤੇ ਜਾ ਰਿਹਾ ਸੀ ਪਿੰਡ ਬੰਡਾਲੇ ਕੋਲੋ ਲੰਘਦੇ ਨੈਂਸ਼ਨਲ ਹਾਈਵੇ ਨੰ 54 ਤੇ ਇੱਕ ਪਿੰਡ ਨਾਲ ਸੰਬਧਿਤ ਲੜਕੀ ਜੋ ਆਪਣੇ ਘਰੋਂ ਪੜ੍ਹਨ ਜਾ ਰਹੀ ਸੀ ਉਸ ਦਾ ਕਾਰ ਨਾਲ ਟੱਕਰ ਹੋ ਜਾਣ ਕਰਕੇ ਐਕਸੀਡੈਂਟ ਹੋ ਗਿਆ । ਉਸ ਲੜਕੀ ਨੂੰ ਕਾਫੀ ਸੱਟਾਂ ਵੱਜੀਆਂ ਸਨ ਅਤੇ ਕਾਰ ਵਾਲਾ ਇਨਸਾਨੀਅਤ ਨੂੰ ਤਾਰ ਤਾਰ ਕਰਦਾ ਆਪਣੀ ਭਜਾ ਕੇ ਲੈ ਗਿਆ ਅਤੇ ਕੁੜੀ ਵਿਚਾਰੀ ਗੰਭੀਰ ਜਖਮੀ ਸੜਕ ਵਿਚ ਪਈ ਹੋਈ ਸੀ । ਸਾਡੇ ਹੀ ਪਿੰਡ ਦੇ ਕੁਝ ਲੋਕ ਉਸ ਲੜਕੀ ਕੋਲ ਤਾਂ ਆ ਖੜੇ ਹੋਏ ਪਰ ਉਸ ਨੂੰ ਚੁੱਕਣ ਲਈ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ ਹੈ ਸਭ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ । ਇਸ ਸਮੇਂ ਕੋਈ ਵੀ ਰਾਹਗੀਰ ਆਪਣੀ ਗੱਡੀ ਵਿਚ ਉਸ ਲੜਕੀ ਨੂੰ ਹਸਪਤਾਲ ਲੈ ਕੇ ਜਾਣ ਲਈ ਰਾਜੀ ਨਹੀਂ ਸੀ ਹੋ ਰਿਹਾ ਸਭ ਇਨਕਾਰ ਕਰੀ ਜਾ ਰਹੇ ਸਨ । ਜੇਕਰ ਉਸ ਸਮੇਂ 108 ਐਬੂਲੈਂਸ ਨੂੰ ਫੋਨ ਕਰਦੇ ਤਾਂ ਉਹ ਵੀ 10 ਤੋਂ 15 ਮਿੰਟ ਸਮਾਂ ਪਹੁੰਚਣ ਤੱਕ ਲਗਾ ਦਿੰਦੀ ਹੈ । ਉਨੇ ਸਮੇਂ ਵਿਚ ਇੱਕ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਗੱਡੀ ਆਈ ਜਿਸ ਉਕਤ ਜਗਾਂ ਤੇ ਖੜੇ ਲੋਕਾਂ ਨੇ ਕਾਫੀ ਕਿਹਾ ਕਿ ਤਾਂ ਉਹ ਜਖਮੀ ਲੜਕੀ ਵਿਚ ਹਸਪਤਾਲ ਵਿਚ ਛੱਡਣ ਲਈ ਮੰਨ ਗਏ । ਪਰ ਦੇਖ ਕੇ ਬਹੁਤ ਹੈਰਾਨੀ ਹੋਈ ਉਹ ਬਾਬਿਆਂ ਨੇ ਉਸ ਲੜਕੀ ਨੂੰ ਆਪਣੀ ਗੱਡੀ ਦੀ ਸੀਟ ਤੇ ਲੰਮੇ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇਸ ਨੂੰ ਪਿੱਛੇ ਖੁੱਲੇ ਵਾਲੀ ਜਗਾਂ ਵਿਚ ਲੰਮੇ ਪਾ ਦਿਉ । ਇੱਕ ਅਤਿ ਜਖਮੀ ਲੜਕੀ ਜਿਸ ਦੇ ਸਿਰ ਵਿਚੋਂ ਕਾਫੀ ਖੂਨ ਡੁੱਲ ਚੁੱਕਾ ਸੀ ਅਤੇ ਬਹੁਤ ਤੇਜੀ ਨਾਲ ਖੂਨ ਵਗ ਰਿਹਾ ਸੀ । ਉਸ ਦੀ ਹਾਲਤ ਦੇਖ ਕੇ ਬਾਬਿਆਂ ਨੇ ਰਹਿਮ ਨਹੀਂ ਕੀਤਾ । ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਗੱਡੀ ਚਲਾਉਂਦੇ ਸਮੇਂ ਬਹੁਤ ਹਿਲਾਰੇ ਵੱਜਣੇ ਹਨ ਉਹਨਾਂ ਨਾਲ ਲੜਕੀ ਦੇ ਸਿਰ ਵਿਚੋਂ ਹੋਰ ਖੂਨ ਡੁੱਲੇਗਾ ਜਦੋਂ ਕਿ ਉਸ ਲੜਕੀ ਨੂੰ ਜਲਦੀ ਅਤੇ ਸੇਫ ਹਾਲਤ ਵਿਚ ਹਸਪਤਾਲ ਲੈ ਕੇ ਜਾਣਾ ਜ਼ਰੂਰੀ ਸੀ । ਮੌਕੇ ਤੇ ਮੌਜੂਦ ਲੋਕਾਂ ਨੂੰ ਫੋਟੋਆਂ ਖਿੱਚਣ ਦੀ ਬਜਾਏ ਉਸ ਲੜਕੀ ਦੀ ਜਿੰਨੀ ਵੀ ਮਦਦ ਕਰਦੇ ਹੋ ਸਕਦੀ ਸੀ ਇਨਸਾਨੀਅਤ ਦੇ ਨਾਤੇ ਉਹ ਕਰਦੇ ।
ਮੈਂ ਖੁਦ ਕਿਸੇ ਦੀ ਲਿਫਟ ਲੈ ਕੇ ਜਾ ਰਿਹਾ ਹੈ ਮੇੈਂ ਲੋਕਾਂ ਦਾ ਰਵੱਈਆ ਦੇਖ ਕੇ ਨਾਲ-ਨਾਲ ਸੋਚਾ ਵਿਚ ਪੈ ਰਿਹਾ ਸੀ ਕਿ ਅੱਜ ਸਮੇਂ ਵਿਚ ਲੋਕ ਕਿੰਨੇ ਮਤਲਬੀ ਹਨ ਅਤੇ ਇਹਨਾਂ ਵਿਚੋਂ ਇਨਸਾਨੀਅਤ ਖਤਮ ਹੁੰਦੀ ਜਾਂ ਰਹੀ ਹੈ । ਚਲੋਂ ਪ੍ਰਮਾਤਮਾ ਸਭ ਨੂੰ ਠੀਕ ਰੱਖੇ ਪਰ ਜੇਕਰ ਕਿਸੇ ਨਾਲ ਉਹੀ ਵਾਕਿਆ ਹੋ ਜਾਵੇ ਤਾਂ ਉਹਨਾਂ ਨਾਲ ਵੀ ਰਾਹਗੀਰ ਲੋਕ ਉਸੇ ਤਰ੍ਹਾਂ ਦਾ ਵਤੀਰਾ ਕਰਨ ਕੋਈ ਜਲਦੀ ਨਾ ਚੁੱਕੇ ਦੇਖ ਦੇਖ ਕੇ ਜਾਈ ਜਾਣ ਜਾਂ ਫੋਟੋਆਂ ਖਿੱਚੀ ਜਾਣ ਤਾਂ ਫਿਰ ਉਹਨਾਂ ਦੇ ਦਿਲ ਤੇ ਕੀ ਬੀਤੇਗੀ ।
ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਜੇਕਰ ਅਸੀਂ ਜਖਮੀ ਨੂੰ ਚੁੱਕ ਹਸਪਤਾਲ ਲੈ ਜਵਾਂਗਾ ਉਥੇ ਇਸ ਮੌਤ ਹੋ ਜਾਵੇਗੀ ਤਾਂ ਸਾਨੂੰ ਪੁਲਿਸ ਚੱਕਰਾਂ ਵਿਚ ਪਾ ਦੇਵੇਗੀ । ਮੈਂ ਏਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮਦਦ ਕਰਨ ਵਾਲੇ ਲੋਕਾਂ ਅੱਗੇ ਵਾਸਤੇ ਹੋਰ ਮਦਦ ਕਰਨ ਲਈ ਉਤਸ਼ਾਹਿਤ ਕਰਨ ਚਾਹੀਦਾ ਹੈ ਅਤੇ ਦੋਸਤਾਨਾ ਢੰਗ ਨਾਲ ਗੱਲਬਾਤ ਕਰਨੀ ਚਾਹੀਦਾ ਹੈ । ਅਜਿਹਾ ਹੋਣ ਨਾਲ ਲੋਕਾਂ ਦੇ ਮਨਾਂ ਵਿਚੋਂ ਪੁਲਿਸ ਪ੍ਰਤੀ ਡਰ ਦਾ ਮਾਹੋਲ ਨਿਕਲ ਜਾਵੇਗਾ ਅਤੇ ਜਿਹੜੇ ਲੋਕ ਸੜਕਾਂ ਐਕਸੀਡੈਂਟ ਹੋਣ ਨਾਲ ਜਖਮੀ ਹੋ ਜਾਂਦੇ ਅਤੇ ਉਹਨਾਂ ਦੀ ਮਦਦ ਕਰਕੇ ਹਸਪਤਾਲ ਪਹੁੰਚਾ ਦੇਣਗੇ । ਇਸ ਨਾਲ ਅਨੇਕਾਂ ਹੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ । ਮੇਰੀ ਉਹਨਾਂ ਲੋਕਾਂ ਨੂੰ ਵੀ ਅਪੀਲ਼ ਕਿ ਜਿਹੜੇ ਲੋਕ ਜਖਮੀ ਦੀ ਸਭ ਤੋਂ ਪਹਿਲਾਂ ਫੋਟੋਆਂ ਖਿੱਚਣ ਲੱਗ ਪੈਂਦੇ ਹਨ ਉਹ ਪਹਿਲਾਂ ਮਦਦ ਕਰਨ ਲਈ ਤਿਆਰ ਹੋਣ । ਸ਼ੋਸਲ ਮੀਡੀਆ ਤੇ ਫੋਟੋ ਉਸ ਦੀ ਪਾਉਣ ਦੀ ਜ਼ਰੂਰ ਹੁੰਦੀ ਹੈ ਜਿਸ ਦੀ ਆਪਣਾ ਪਹਿਚਾਣ ਨਾ ਹੋਵੇ ਅਤੇ ਜਖਮੀ ਵਿਅਕਤੀਆਂ ਨੂੰ ਫਸਟ ਏਡ ਦੀ ਸਹੂਲਤ ਦੀ ਸਖਤ ਜਰੂਰਤ ਹੁੰਦੀ ਹੈ ।
ਅੰਗਰੇਜ ਸਿੰਘ ਹੁੰਦਲ
9876785672
01 April 2019
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਬਾਦਲ ਦੇ ਚੁੰਗਲ ਤੋਂ ਬਾਹਰ ਕੱਢਣਾਂ ਸਮੇਂ ਦੀ ਮੁੱਖ ਲੋੜ - ਅੰਗਰੇਜ ਸਿੰਘ ਹੁੰਦਲ
ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗੁਰਧਾਮਾਂ ਵਿਚ ਰੱਖੀ ਜਾਣ ਵਾਲੀ ਮਰਯਾਦਾ ਨੂੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਲਈ ਅਨੇਕਾਂ ਹੀ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੰਗਰੇਜਾਂ ਅਤੇ ਮਹੰਤਾਂ ਪਾਸੋ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਸ਼੍ਰੋਮਣੀ ਕਮੇਟੀ ਬਣਾਉਣ 'ਤੇ ਜਦੋਂ ਜਹਿਦ ਕੀਤਾ ਪਰ ਹੁਣ ਇਸ ਸਮੇਂ ਸਿੱਖ ਕੌਮ ਨੂੰ ਵੱਡੇ ਪੱਧਰ ਤੇ ਢਾਹ ਲਾਉਣ ਵਾਲੇ ਅਤੇ ਆਰ.ਐਸ.ਐਸ. ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਅੱਜ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਵਿਚੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਹਰ ਕੱਢ ਕੇ ਪੂਰਨ ਤੇ ਧਾਰਮਿਕ ਰੱਖਣਾ ਸਮੇਂ ਦੀ ਮੁੱਖ ਲੋੜ ਹੈ । ਬਾਦਲ ਦਲ ਨੇ ਸ੍ਰੋਮਣੀ ਕਮੇਟੀ ਨੂੰ ਵੋਟਾਂ ਸਮੇਂ ਹਰ ਤਰੀਕੇ ਨਾਲ ਢਾਲ ਬਣਾਇਆ ਹੈ ਅਤੇ ਨਿੱਜੀ ਤੌਰ ਤੇ ਗੰਦੀ ਰਾਜਨੀਤੀ ਖੇਡੀ ਹੈ । ਅਜੋਕੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵਿਚ ਧਰਮ ਨੂੰ ਨੀਵਾਂ ਅਤੇ ਸਿਆਸਤ ਨੂੰ ਉੱਚਾ ਕੀਤਾ ਹੋਇਆ ਹੈ ਸਾਰੇ ਗੁਰਧਾਮਾਂ ਅਤੇ ਵਿਦਿਅਕ ਅਦਾਂਰਿਆਂ ਵਿਚ ਬਾਦਲ ਦਲ ਦੀ ਬੋਲਤੀ ਹੈ । ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਵੋਟਾਂ ਵਿਚ ਸਿੱਖਾਂ ਨੂੰ ਚਾਹੀਦਾ ਹੈ ਕਿ ਸਾਫ ਸੁਥਰੇ ਅਕਸ ਵਾਲੇ ਮੈਂਬਰਾਂ ਨੂੰ ਜਿੱਤਾਉਣ ਤਾਂ ਜੋ ਕੇਵਲ ਧਾਰਮਿਕ ਤੌਰ ਤੇ ਕਮੇਟੀ ਦੇ ਪ੍ਰਬੰਧ ਦੀ ਦੇਖ-ਰੇਖ ਕਰਨ ਅਤੇ ਸ਼੍ਰੋਮਣੀ ਕਮੇਟੀ ਵਿਚੋਂ ਸਿਆਸਤ ਦਾ ਬੋਲ ਬਾਲਾ ਖਤਮ ਹੋਵੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰਦੁਆਰਾ ਸੁਧਾਰ, ਲਹਿਰ ਵੀ ਸ਼੍ਰੋਮਣੀ ਦੀ ਦੇਖ-ਰੇਖ ਹੇਠ ਚੱਲੀ, ਜਿਸ ਸਦਕਾ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਪਿਛਲੇ 86 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੀ ਹੈ। ਪਰ ਹੁਣ ਬਾਦਲ ਦਲ ਨੇ ਧਰਮ ਨੂੰ ਨੀਵਾਂ ਕਰ ਦਿੱਤਾ ਗਿਆ ਅਤੇ ਸਿਆਸਤ ਭਾਰੂ ਕਰ ਦਿੱਤੀ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਵੇਲੇ ਇਸ ਦਾ ਘੇਰਾ ਉਸ ਵੇਲੇ ਦੇ ਸਮੁੱਚੇ ਪੰਜਾਬ ਤੱਕ ਸੀ, ਜਿਸ ਵਿੱਚ ਪਾਕਿਸਤਾਨ ਦਾ ਪੰਜਾਬ ਵੀ ਸ਼ਾਮਲ ਸੀ ਪਰ 1947 ਦੀ ਦੇਸ਼ ਵੰਡ ਨਾਲ 178 ਦੇ ਕਰੀਬ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਦੂਜੀ ਵੰਡ 1966 ਵਿੱਚ ਹੋਣ 'ਤੇ ਪੰਜਾਬੀ ਸੂਬਾ ਬਣਨ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੋਂਦ ਵਿੱਚ ਆਏ। ਇਸ ਵੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅੰਤਰਰਾਜੀ ਸੰਸਥਾ ਬਣਾ ਦਿੱਤਾ। ਪਹਿਲਾਂ ਇਸ ਸੰਸਥਾ ਦੀਆਂ ਚੋਣਾਂ ਆਦਿ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ, ਪਰ 1966 ਤੋਂ ਬਾਅਦ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਚਲੀ ਗਈ। ਇਸ ਤਰ੍ਹਾਂ ਭਾਰਤ ਵਿੱਚ ਵੀ ਪੰਜਾਬ ਤੋਂ ਬਾਹਰ ਖਾਸ ਕਰਕੇ ਦਿੱਲੀ, ਪਟਨਾ, ਨੰਦੇੜ ਸਾਹਿਬ ਅਤੇ ਜੰਮੂ-ਕਸ਼ਮੀਰ ਵਿੱਚ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਅਲੱਗ-ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹਨ।
ਸਾਰੇ ਦੇਸ਼ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਤਾਂ ਵੱਖਰੀਆਂ ਕਮੇਟੀਆਂ ਦੇ ਰੋਜ਼-ਰੋਜ਼ ਦੇ ਝਗੜੇ ਤੇ ਵਿਵਾਦ ਮੁੱਕ ਜਾਣ।
ਅਕਾਲੀ ਦਲ ਵੱਲੋਂ 26 ਜੁਲਾਈ 1981 ਨੂੰ ਦੀਵਾਨ ਹਾਲ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਵਿਸ਼ਵ ਸਿੱਖ ਕਨਵੈਨਸ਼ਨ ਵਿੱਚ ਜੋ ਸਿੱਖ ਮੰਗਾਂ ਦਾ ਚਾਰਟਰ ਤਿਆਰ ਕਰ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਭੇਜਿਆ ਗਿਆ ਸੀ, ਉਸ ਦੀ ਇਹ ਇੱਕ ਪ੍ਰਮੁੱਖ ਮੰਗ ਸੀ। ਚਾਰ ਅਗਸਤ 1982 ਤੋਂ 'ਧਰਮ ਯੁੱਧ' ਮੋਰਚਾ ਲਗਾਉਣ ਸਮੇਂ ਵੀ ਇਹ ਮੁੱਖ ਮੰਗ ਸੀ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੰਤ ਲੌਂਗੋਵਾਲ ਦਰਮਿਆਨ 24 ਜੁਲਾਈ 1985 ਨੂੰ ਹੋਏ 'ਪੰਜਾਬ ਸਮਝੌਤੇ' ਵਿੱਚ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਸੀ।
ਇਸੇ ਦੌਰਾਨ ਜਸਟਿਸ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਸਬ-ਕਮੇਟੀ ਨੇ ਆਲ ਇੰਡੀਆ ਗੁਰਦੁਆਰਾ ਐਕਟ ਲਈ ਬਿੱਲ ਦਾ ਖਰੜਾ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਐਨ ਲਈ ਭੇਜਿਆ ਸੀ। ਸ਼੍ਰੋਮਣੀ ਕਮੇਟੀ ਨੇ ਕੁਝ ਸਿੱਖ ਵਿਦਵਾਨਾਂ ਤੇ ਕਾਨੂੰਨਦਾਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਸ ਵਿੱਚ ਕੁਝ ਸੋਧਾਂ ਕਰਨ ਲਈ ਕਿਹਾ ਸੀ। ਸ਼੍ਰੋਮਣੀ ਕਮੇਟੀ ਨੇ ਸੋਧਾਂ ਸਮੇਤ ਬਿੱਲ ਨੂੰ ਪ੍ਰਵਾਨਗੀ ਦੇ ਕੇ ਸਾਲ 1998 ਵਿੱਚ ਪੰਜਾਬ ਸਰਕਾਰ ਨੂੰ ਭੇਜਿਆ ਤਾਂ ਜੋ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਾਰਲੀਮੈਂਟ ਤੋਂ ਪਾਸ ਕਰਵਾਉਣ ਲਈ ਭੇਜਿਆ ਜਾਵੇ ਪਰ ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਹੁਣ ਬਿੱਲ ਦਾ ਇਹ ਖਰੜਾ ਪੰਜਾਬ ਸਰਕਾਰ ਕੋਲ ਹੈ ਜਾਂ ਕੇਂਦਰੀ ਗ੍ਰੀਹ ਮੰਤਰਾਲੇ ਵਿੱਚ ਧੂੜ ਚੱਟ ਰਿਹਾ ਹੈ।
ਪਿਛਲੇ ਦਿਨੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਦੇ ਆਗੂਆਂ ਵਲੋਂ ਪ੍ਰੈਸ ਨੂੰ ਦੱਸਿਆ ਕਿ ਸ. ਬਾਦਲ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੇ ਹੱਕ ਵਿਚ ਨਹੀਂ ਸਨ ਕਿਉਂ ਕਿ ਐਕਟ ਬਣਨ ਨਾਲ ਬਾਦਲ ਦਲ ਦਾ ਬਹੁਤਾ ਦਖਲ ਐਸ.ਜੀ.ਪੀ.ਸੀ ਵਿਚ ਨਹੀਂ ਸੀ ਰਹਿ ਜਾਣਾ। ਏਸੇ ਦੇ ਕਾਰਨ ਇਹ ਐਕਟ ਫਾਈਲਾਂ ਵਿਚ ਦੱਬਿਆ ਹੋਇਆ ਹੈ ।
ਸਿੱਖ ਦੇ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਬਾਦਲ ਦਲ ਨੇ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਹੈ ।ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜਿਆਂ ਨੂੰ ਤਲਬ ਕੀਤਾ ਗਿਆ ਅਤੇ ਹੋਰ ਵੱਖ-ਵੱਖ ਸਮੇਂ ਵੱਡੇ ਸਿੱਖ ਆਗੂਆਂ ਨੂੰ ਗਲਤੀਆਂ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ । ਹੁਣ ਇਸ ਬਾਦਲ ਪਰਿਵਾਰ ਨੇ ਅਕਾਲ ਤਖਤ ਨੂੰ ਵੀ ਆਪਣੀ ਨਿੱਜੀ ਜਾਇਦਾਦ ਬਣਾਇਆ ਹੈ ਆਪਣੀ ਮਰਜੀ ਦੇ ਜਥੇਦਾਰ ਨੂੰ ਲਗਾਉਂਦੇ ਅਤੇ ਫਿਰ ਉਸ ਪਾਸੋਂ ਮਰਿਯਾਦਾ ਦੇ ਉਲਟ ਹੁਕਮਨਾਮੇ ਜਾਰੀ ਕਰਵਾਉੇਂਦੇ ਹਨ ਇਸ ਨਾਲ ਸੰਗਤਾਂ ਵਿਚ ਦੁਬਿਧਾ ਵਿਚ ਪੈਂ ਜਾਂਦੀਆਂ ਹਨ ਕਿ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਜਾਂ ਬਾਦਲ ਪਰਿਵਾਰ ਵਲੋਂ ਕਰਵਾਇਆ ਗਿਆ ਹੈ । ਅੱਜ ਜਥੇਦਾਰ ਬਣਨ ਦੇ ਚਾਹਵਾਨ ਬਾਦਲ ਦੀ ਚਾਪਲੂਸੀ ਕਰਨ ਵੱਲ ਬਹੁਤ ਜ਼ਿਆਦਾ ਕੇਂਦਰਿਤ ਰਹਿੰਦੇ ਹਨ ਸਿੱਖਾਂ ਦੇ ਮਸਲੇ ਉਠਾਣੇ ਅਤੇ ਉਹਨਾਂ ਨੁੂੰੰ ਹੱਲ ਕਰਨਾ 'ਤੇ ਸਿੱਖਾਂ ਨੂੰ ਆ ਰਹੀ ਮੁਸ਼ਕਿਲਾਂ ਦਾ ਖਿਆਲ ਨਹੀਂ ਕਰਦੇ ।ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਦਾ ਹੱਕ ਸਿੱਖ ਕੌਮ ਨੂੰ ਚਾਹੀਦਾ ਹੈ ਨਾ ਕਿ ਬਾਦਲ ਦੇ ਲਿਫਾਫੇ ਵਿਚੋਂ । ਸ਼੍ਰੋਮਣੀ ਕੇਮਟੀ ਦੇ ਪ੍ਰਧਾਨ ਕੌਮੀ ਮਸਲੇ ਛੱਡ ਕੇ ਬਾਦਲ ਦੀ ਬੋਲੀ ਬੋਲਦੇ ਹਨ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ।
ਪੰਜਾਬ ਦੇ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਭਰੋਸਾ ਉਠ ਜਾਣ ਤੇ ਅਕਾਲੀ ਦਲ ਬਾਦਲ ਹੁਣ ਆਪਣੇ ਧਾਰਮਿਕ ਪੁਣੇ ਦਾ ਦਿਖਾਵਾ ਕਰ ਰਿਹਾ ਹੈ । ਏਸੇ ਹੀ ਅਕਾਲੀ ਸਰਕਾਰ ਨੇ ਸੌਦੇ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦੇ ਉਲਟ ਮਾਫ ਦਿਵਾਈ ਅਤੇ ਲੱਖਾਂ ਸ਼ਰਧਾਲੂਆਂ ਦੀ ਗੁਰੂ ਸਾਹਿਬਾਨ ਨੂੰ ਭੇਂਟਾਂ ਕੀਤੀ ਮਾਇਆਂ ਦੀ ਦੁਰਵਰਤੋਂ ਕਰਕੇ ਬਹੁਤ ਸਾਰੀਆਂ ਅਖਬਾਰਾਂ ਵਿਚ ਲਗਭਗ 92 ਲੱਖ ਰੁਪਏ ਦੇ ਇਸ਼ਤਿਹਾਰ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ । ਜਦੋਂ ਸੰਗਤਾਂ ਦਾ ਵਿਰੋਧ ਭਾਰੀ ਹੋਇਆ ਤਾਂ ਇਹਨਾਂ ਨੇ ਮਾਫੀ ਵਾਪਸ ਕਰਵਾਈ । ਜਦੋਂ ਸਾਧ ਨੂੰ ਮਾਫੀ ਦੇਣ ਜਾਂ ਹੋਰ ਗਲਤ ਕੰਮ ਬਾਦਲ ਦਲ ਵਲੋਂ ਸ਼੍ਰੋਮਣੀ ਵਿਚ ਕਰਵਾਏ ਕੀਤੇ ਜਾਂਦੇ ਤਾਂ ਉਸ ਸਮੇਂ ਚੁਣੇ ਹੋਏ ਮੈਂਬਰਾਂ ਨੂੰ ਸਿੱਖ ਧਰਮ ਨੂੰ ਸਮਰਪਿਤ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ ਪਰ ਅਫ਼ਸੋਸ ਸਾਰੇ ਮੈਂਬਰ ਨਿੱਜੀ ਸੁਆਰਥਾਂ ਲਈ ਬਾਦਲ ਦੀ ਚਾਕਰੀ ਕਰਨ ਵਿਚ ਲੱਗੇ ਰਹਿੰਦੇ ਹਨ ।
ਆਮ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਕੋਈ ਸਿੱਖ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਵਿਚ ਸੁਧਾਰ ਸਬੰਧੀ ਗੱਲ ਕਰਦਾ ਹੈ ਤਾਂ ਬਾਦਲ ਦਲ ਦੇ ਆਗੂ ਉਹਨਾਂ ਨੂੰ ਕਾਂਗਰਸ ਦਾ ਹਿੱਸਾ ਦੱਸਣ ਲੱਗ ਜਾਂਦੇ ਹਨ ਏਥੇ ਜ਼ਿਕਰਯੋਗ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਸਿੱਖ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਤਾਂ ਉਹਨਾਂ ਪ੍ਰਬੰਧਾਂ ਵਿਚ ਤਬਦੀਲੀ ਕਰਨ ਲਈ ਆਪਣਾ ਸੁਝਾਅ ਦੇ ਸਕਦਾ ਹੈ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ । ਉਹਨਾਂ ਸੁਝਾਵਾਂ ਨੂੰ ਮੰਨਣ ਦੀ ਬਜਾਏ ਸਿਆਸੀ ਰੰਗਤ ਦੇਣ ਦੀ ਗੱਲ ਕਰਨੀ ਵਾਜਬ ਨਹੀਂ ਹੁੰਦੀ।
ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਇਸ ਅਸਲੀਅਤ ਨੂੰ ਸਮਝਣ ਦੀ ਬਹੁਤ ਭਾਰੀ ਲੋੜ ਹੈ ।ਸ਼੍ਰੋਮਣੀ ਕਮੇਟੀ ਨੂੰ ਚੁਣਨ ਵਾਲੇ ਵੋਟਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਮੇਟੀ ਦੀ ਕਾਰਗੁਜ਼ਾਰੀ ਦਾ ਪੂਰਾ ਖਿਆਲ ਰੱਖਣ ਅਤੇ ਆਪਣੇ ਚੁਣੇ ਮੈਂਬਰਾਂ ਨੂੰ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਅਤੇ ਧਰਮ ਸੰਚਾਰ ਵਿਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰਨ ਦੀ ਮੰਗ ਕਰਨ।
ਬਾਦਲਾਂ ਦੇ ਪਰਿਵਾਰਵਾਦ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾ ਕੇ ਮਹੱਤਵਪੂਰਨ ਕਾਰਜ਼ ਕਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਅਤੇ ਕੁਝ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਤੇ ਵਿਚਾਰ ਕੀਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ ।
1. ਅੱਜ ਦੀ ਪੀੜ੍ਹੀ ਕੌਮ ਦਾ ਅਗਲਾ ਭਵਿੱਖ ਹਨ ਅਤੇ ਇਹ ਨੋਜਵਾਨ ਪੀੜ੍ਹੀ ਸਿੱਖੀ ਨਾਲੋਂ ਟੁੱਟ ਰਹੀ ਹੈ ਅਤੇ ਸਿੱਖੀ ਦੇ ਪ੍ਰਚਾਰ ਕਰਨ ਵਾਲੀ ਮੁੱਖ ਸੰਸਥਾ ਦੇ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਂਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਦਾ ਪ੍ਰਚਾਰ ਜ਼ਿਆਦਾ ਕਰਨਾ ਚਾਹੀਦਾ ਹੈ ਹੁਣ ਆਧੁਨਿਕ ਤਕਨਾਲੋਜੀ ਦਾ ਦੌਰਾ ਚੱਲ ਰਿਹਾ ਹੈ ਸ਼ੋਸਲ ਮੀਡੀਆ ਤੋਂ ਇਲਾਵਾ ਹੋਰ ਅਨੇਕਾਂ ਹੀ ਸਾਧਨਾ ਰਾਹੀਂ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ । ਨੌਜਵਾਨ ਪੀੜ੍ਹੀ ਨੂੰ ਸਿੱਖ ਨਾਲ ਜੋੜੀ ਰੱਖਣ ਲਈ ਬਹੁਤ ਵੱਡੇ ਉਪਰਾਲੇ ਕਰਨ ਦੀ ਲੋੜ ਹੈ । ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਨਵੇਂ ਪ੍ਰਚਾਰਕ ਤਿਆਰ ਕਰਨੇ ਜ਼ਰੂਰੀ ਹਨ ਅਤੇ ਪ੍ਰਚਾਰਕਾਂ ਨੂੰ ਵੀ ਵੱਧ ਸਹੂਲਤਾਂ ਦਿੱਤੀਆਂ ਜਾਣੀਆਂ ਲਾਜ਼ਮੀ ਹਨ । ਦੇਸ਼ ਦੇ ਸਾਰੇ ਰਾਜਾਂ ਵਿਚ ਸਿੱਖ ਦਾ ਪ੍ਰਚਾਰ ਲਗਾਤਾਰ ਕਰਵਾਇਆ ਜਾਣਾ ਜ਼ਰੂਰੀ ਹੈ ਖਾਸਕਾਰ ਕਰਕੇ ਛੋਟੇ ਬੱਚਿਆਂ ਨੂੰ ਹੀ ਸਿੱਖੀ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਤਾਂ ਕਿ ਉਹ ਪਤਿੱਤ ਨਾ ਹੋਣ ਅਤੇ ਸਿੱਖੀ ਨਾਲ ਜੁੜੇ ਰਹਿਣ ।
2. ਐਸ.ਜੀ.ਪੀ.ਸੀ ਸਮੇਤ ਸਾਰਿਆਂ ਅਦਾਂਰਿਆਂ ਵਿਚ ਨਿਰੋਲ ਮੈਰਿਟ ਦੇ ਅਧਾਰ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਬਣਦੀ ਤਰੱਕੀ ਸਮੇਂ ਸਿਰ ਮਿਲਣੀ ਚਾਹੀਦੀ ਹੈ ।
3. ਵਿਦਿਅਕ ਅਦਾਂਰਿਆ ਵਿਚ ਸਿੱਖਾਂ ਦੇ ਬੱਚਿਆਂ ਨੂੰ ਫੀਸਾਂ ਅਤੇ ਦਾਖਲਿਆਂ ਵਿਚ ਰਾਹਤ ਹੋਣੀ ਚਾਹੀਦੀ ਹੈ ਅਤੇ ਚੰਗੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ ਹੋਣੀ ਚਾਹੀਦੀ ਹੈ । ਜਿਹੜੇ ਕਮਜ਼ੋਰ ਵਰਗ ਦੇ ਪਰਿਵਾਰਾਂ ਹਨ ਉਹਨਾਂ ਬੱਚਿਆਂ ਦੀ ਸਾਰੀ ਪੜ੍ਹਾਈ ਮੁਫਤ ਕਰਵਾਈ ਜਾਣੀ ਚਾਹੀਦੀ ਹੈ । ਸਿੱਖ ਅਫ਼ਸਰ ਤਿਆਰ ਕਰਨ ਲਈ ਉੱਚ ਪੱਧਰੀ ਦੀ ਪੜ੍ਹਾਈ ਕਰਵਾਉਣ ਲਈ ਅਕੈਡਮੀਆਂ ਚਲਾਉਣੀਆਂ ਚਾਹੀਦੀਆਂ ਹਨ ।
4. ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦੀਆਂ ਅਕੈਡਮੀਆਂ ਖੋਲ ਕਿ ਉਹਨਾਂ ਵਿਚ ਅੰਤਰਰਾਸ਼ਟਰੀ ਪੱਧਰ ਦੇ ਸਾਬਤ ਸੂਰਤ ਸਿੱਖ ਖਿਡਾਰੀ ਤਿਆਰ ਕਰਨੇ ਚਾਹੀਦੇ ਹਨ ਅਤੇ ਉਹਨਾਂ ਦਾ ਸਾਰਾ ਖਰਚਾ ਐਸ.ਜੀ.ਪੀ.ਸੀ. ਵੱਲੋਂ ਕੀਤਾ ਜਾਣਾ ਚਾਹੀਦਾ ਹੈ ।
5. ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਬੀਮਾਰ ਵਿਅਕਤੀਆਂ ਦਾ ਇਲਾਜ ਮੁਫਤ ਹੋਣਾ ਚਾਹੀਦਾ ਹੈ ਸਸਤੇ ਟੈਸਟ, ਦਵਾਈਆਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ ।
6. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਨਿਰੋਲ ਸਿੱਖੀ ਦੀ ਮਰਿਯਾਦਾ ਵਿਚ ਰਹਿ ਕੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਹਨ । ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਤਨ ਮਰਿਯਾਦਾ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ ।
7. ਸ੍ਰੀ ਅਕਾਲ ਸਾਹਿਬ ਤੇ ਜਥੇਦਾਰ ਬਣਨ ਉਪਰੰਤ ਰਿਟਾਇਰਮੈਂਟ ਦਾ ਸਮਾਂਬੱਧ ਹੋਣਾ ਚਾਹੀਦਾ ਹੈ ।
8. ਐਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਕਾਰਜ਼ਕਾਲ ਦਾ ਸਮਾਂ ਵੀ ਬੁੱਧੀਜੀਵੀਆਂ ਨਾਲ ਸਲਾਹ ਕਰਕੇ ਵਧਾਉਣਾ ਚਾਹੀਦਾ ਹੈ ।
9. ਦੇਸ਼-ਵਿਦੇਸ਼ ਵਿਚ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਝਗੜੇ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ ।
10. ਸ੍ਰੀ ਹਰਿਮੰਦਰ ਸਾਹਿਬ ਦੇ ਦੂਰ ਦੂਰਾਡੇ ਤੋਂ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਸਰਾਵਾਂ ਵਿਚ ਕਮਰੇ ਬਗੈਰ ਸ਼ਿਫਾਰਸ਼ ਦੇ ਮਿਲਣੇ ਚਾਹੀਦੇ ਹਨ ।
11. ਪੰਜਾਬ ਵਿਚ ਵੱਧ ਰਹੇ ਡੇਰਾ ਵਾਦ ਨੂੰ ਘਟਾਇਆ ਜਾਇਆ ਜਾਵੇ ਅਤੇ ਇਹਨਾਂ ਡੇਰਿਆਂ ਵਿਚ ਆਪਣੀਆਂ ਵੱਖਰੀਆਂ ਮਰਿਯਾਦਾ ਚਲਾਈਆਂ ਜਾ ਰਹੀਆਂ ਹਨ ਉਹਨਾਂ ਬੰਦ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਵਾਇਆ ਜਾਵੇ ।
12. ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੀਤੇ ਸਿੱਖਾਂ ਦੀ ਜਲਦੀ ਰਿਹਾਈ ਵਾਸਤੇ ਸੁਹਿਰਦਤਾ ਨਾਲ ਯਤਨ ਕੀਤੇ ਜਾਣ ਅਤੇ ਜਿਥੇ ਹੋਰ ਵੀ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੂੰ ਤੁਰੰਤ ਹੱਲ ਕਰਨ ਲਈ ਐਸ.ਜੀ.ਪੀ.ਸੀ. ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਜੋ ਜਲਦੀ ਹੱਲ ਕਰਨ ਯਤਨ ਕਰਨ।
20 Feb. 2019
28 ਫਰਵਰੀ 2019 ਤੇ : ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਮਰਪਿਤ ਗੁਰਮਤਿ ਸਮਾਗਮ 'ਤੇ ਵਿਸ਼ੇਸ਼ - ਅੰਗਰੇਜ ਸਿੰਘ ਹੁੰਦਲ
ਸੰਪਰਦਾਇ ਕਾਰ ਸੇਵਾ ਵੱਲੋਂ ਗੁਰਧਾਮਾਂ ਦੀ ਉਸਾਰੀ, ਲੋਕ ਭਲਾਈ ਤੇ ਵਿਦਿਆ ਦੇ ਖੇਤਰ ਵਿਚ ਯੋਗਦਾਨ
ਖ਼ਾਲਸਾ ਪੰਥ ਦਾ ਸਤਿਕਾਰਤ ਅੰਗ ਸੰਪਰਾਇ ਕਾਰ ਸੇਵਾ ਦੀ ਇਤਿਹਾਸਕ ਗੁਰਧਾਮਾਂ ਦੀ ਉਸਾਰੀ ਵਿਚ ਮੌਜੂਦਾ ਇਤਿਹਾਸ ਵਿਚ ਸਭ ਤੋਂ ਵੱਡਾ ਯੋਗਦਾਨ ਹੈ। ਇਹੀ ਨਹੀਂ ਇਸ ਸੰਪਰਦਾਇ ਨੇ ਲੋਕ ਭਲਾਈ, ਵਾਤਾਵਰਨ ਸੰਭਾਲ ਅਤੇ ਵਿਦਿਆ ਦੇ ਖੇਤਰ ਵਿਚ ਜਿਕਰਯੋਗ ਕਾਰਜ ਕੀਤੇ ਹਨ।
ਤਰਨ ਤਾਰਨ ਜ਼ਿਲ੍ਹੇ ਦੇ ਨਗਰ ਖਡੂਰ ਸਾਹਿਬ ਜਿਥੋਂ ਦੀ ਪਵਿੱਤਰ ਧਰਤੀ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਹੋਣ ਦਾ ਸੁਭਾਗ ਹਾਸਲ ਹੈ, ਵਿਖੇ ਦਹਾਕਿਆਂ ਤੋਂ ਗੁਰਧਾਮਾਂ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ । ਇੱਥੇ ਸੱਚਖੰਡ ਵਾਸੀ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਸਮੂਹ ਹੋਰ ਮਹਾਂਪੁਰਸ਼ਾਂ ਨੇ ਕਾਰ ਸੇਵਾ ਦੇ ਕਾਰਜ ਪੰਥਕ ਭਾਵਨਾ ਮੁਤਾਬਕ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ। ਉਹਨਾਂ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ।
ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਖਡੂਰ ਸਾਹਿਬ ਦੀ ਕਾਰ ਸੇਵਾ ਸੰਪਰਦਾ ਨੇ ਇੱਕ ਤੋਂ ਬਾਅਦ ਇੱਕ ਮਹਾਨ ਕਾਰਜ਼ ਕਰਦੇ ਹੋਏ ਕਾਰ ਸੇਵਾ ਸ਼ਬਦ ਦਾ ਘੇਰਾ ਵਸੀਹ ਕਰ ਦਿੱਤਾ । ਉਨ੍ਹਾਂ ਵੱਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ, ਵਿੱਦਿਅਕ ਕਾਰਜਾਂ ਆਦਿ ਨਾਲ ਇਹ ਸੰਪਰਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਹੋਰ ਵੀ ਹਰਮਨ ਪਿਆਰੀ ਬਣੀ ਹੈ । ਦੂਜੇ ਪਾਸੇ ਇਸ ਨੇ ਸਿੱਖ ਧਰਮ ਦੀ ਸਮੁੱਚੀ ਮਾਨਵਵਾਦੀ ਪਹੁੰਚ ਦਾ ਵੀ ਪ੍ਰਚਾਰ ਕੀਤਾ ਹੈ ।
ਖਡੂਰ ਸਾਹਿਬ ਸੰਪਰਦਾਂ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਦਰਬਾਰ ਸਾਹਿਬ), ਗੁਰਦੁਆਰਾ ਮੱਲ ਅਖਾੜਾ ਸਾਹਿਬ ਆਦਿ ਦੀਆਂ ਇਮਾਰਤਾਂ ਨੂੰ ਅਤਿ ਸੁੰਦਰ ਦਿੱਖ ਦਿੱਤੀ ਹੈ ਅਤੇ ਹਰਿਆ ਭਰਿਆ ਬਣਾਇਆ ਹੈ। ਬਾਬਾ ਉੱਤਮ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ (ਪਾਤਸ਼ਾਹੀ ਛੇਵੀਂ) ਕਿਲ੍ਹਾ ਗਾਵਲੀਅਰ ਮੱਧ ਪ੍ਰਦੇਸ਼ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ ਜੋ ਨਿਰਵਿਘਨਤਾ ਸਹਿਤ ਜਾਰੀ ਹੈ।
ਸੰਪਰਦਾ ਵੱਲੋਂ ਨਗਰ ਖਡੂਰ ਸਾਹਿਬ ਵਿਖੇ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜ਼ੂਕੇਸ਼ਨ, ਸ੍ਰੀ ਗੁਰੂ ਅੰਗਦ ਦੇਵ ਕਾਲਜ ਤੋਂ ਇਲਾਵਾ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ । ਇਸ ਅਕੈਡਮੀ ਦੇ ਪੈਦਾ ਕੀਤੇ ਹੋਏ ਖਿਡਾਰੀ ਭਾਰਤ ਦੀ ਰਾਸ਼ਟਰੀ ਟੀਮ ਵਿਚ ਖੇਡ ਰਹੇ ਹਨ । ਇਲਾਕੇ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਦਿਆਂ ਇਸੇ ਸਾਲ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ. ਪੈਟਰਨ) ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਦੀ ਸ਼ੁਰੁਆਤ ਕੀਤੀ ਗਈ । ਮੱਧ ਪ੍ਰਦੇਸ਼ ਵਿਚ ਪੰਜਾਬੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਚਾਰ ਸਕੂਲ ਚਲਾਏ ਜਾ ਰਹੇ ਹਨ । ਉਹਨਾਂ ਵਿੱਚ ਪੰਜਾਬੀ ਵਿਸ਼ੇ ਲਈ ਐਮ.ਪੀ ਬੋਰਡ ਵੱਲੋਂ ਮਨਜ਼ੂਰੀ ਲਈ ਗਈ ਹੈ, ਅਤੇ ਧਾਰਮਿਕ ਵਿਸ਼ੇ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ।
ਸੰਪਰਦਾ ਵੱਲੋਂ ਸਿੰਘਾਪੁਰ ਨਿਵਾਸੀ ਸਰਦਾਰ ਕਰਤਾਰ ਸਿੰਘ ਠਕਰਾਲ ਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਇਕ ਆਲੀਸ਼ਾਨ ਅੱਠ ਮੰਜ਼ਿਲਾ ਇਮਾਰਤ 'ਨਿਸ਼ਾਨ-ਏ-ਸਿੱਖੀ' ਦੀ ਉਸਾਰੀ ਕਰਵਾਈ ਗਈ ਹੈ ਜੋ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਇਥੇ ਸਿਵਿਲ ਸੇਵਾਵਾਂ, ਇੰਜੀਨੀਅਰਿੰਗ, ਮੈਡੀਕਲ ਅਤੇ ਮਿਲਟਰੀ ਦੀਆਂ ਮੁਕਾਬਲਾ ਅਤੇ ਭਰਤੀ ਪ੍ਰੀਖਿਆਵਾਂ ਦੀ ਸਿਖਲਾਈ ਤੇ ਤਿਆਰੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ 'ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ' ਦਾ ਗਠਨ ਕੀਤਾ ਗਿਆ ਹੈ। ਇਸ ਦਾ ਮੁੱਖ ਟੀਚਾ ਸਿੱਖੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਿਸਾਲ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਅਗਵਾਈ ਦੇਣਾ ਸ਼ਾਮਲ ਹੈ ।
ਨਿਸ਼ਾਨ-ਏ-ਸਿੱਖੀ ਟਰੱਸਟ ਚੈਰੀਟੇਬਲ ਸੰਸਥਾ ਦਾ ਮੁੱਖ ਮੰਤਵ ਉੱਚ ਪੱਧਰ ਦੀ ਵਿਦਿਆ ਦੇਣਾ ਹੈ । ਇਥੋਂ ਧਾਰਮਿਕ ਸਿੱਖਿਆ ਦੇਣ ਲਈ ਗੁਰੂ ਅੰਗਦ ਇੰਸਟਚਿਊਟ ਆਫ਼ ਰਿਲੀਜਅਸ ਸਟੱਡੀਜ਼ ਕੰਮ ਕਰ ਰਿਹਾ ਹੈ । ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮੈਡੀਕਲ, ਇੰਜ਼ਨੀਅਰਿੰਗ ਜਿਹੇ ਮਿਆਰੀ ਕੋਰਸਾ ਵਿਚ ਦਾਖਲਾ ਲੈਣ ਦੇ ਯੋਗ ਬਣਾਉਣ ਲਈ ਅਗਵਾਈ ਦੇਣ ਵਾਸਤੇ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕੰਪੀਟੀਸ਼ਨਜ਼ ਸਮੇਤ ਗੁਰੂ ਅੰਗਦ ਦੇਵ ਇੰਸੀਚਿਊਟ ਆਫ਼ ਕੈਰੀਅਰ ਐਂਡ ਕੋਰਸਿਸ, ਗੁਰੂ ਅੰਗਦ ਦੇਵ ਇੰਸੀਚਿਊਟ ਆਫ਼ ਕੰਪੀਟੀਟਿਵ ਐਗਜ਼ਾਮੀਨੇਸ਼ਜ਼, ਫੌਜੀ ਸੇਵਾਵਾ 'ਚ ਕਮਿਸ਼ਨਡ ਅਫ਼ਸਰ ਭਰਤੀ ਹੋਣ ਲਈ ਕੋਚਿੰਗ ਦੇਣ ਵਾਸਤੇ ਨੈਸ਼ਨਲ ਡਿਫੈਸ ਅਕੈਡਮੀ ਸਮੇਤ ਹੋਰ ਵਿਦਿਅਕ ਪ੍ਰਜੈਕਟ ਇਸ ਟਰੱਸਟ ਵੱਲੋਂ ਚਲਾਏ ਜਾ ਰਹੇ ਹਨ ।
ਮੌਜੂਦਾ ਸਮੇਂ ਬਾਬਾ ਸੇਵਾ ਸਿੰਘ ਜੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ੧੯੯੯ ਤੋਂ ਚਲਾਈ ਸਫ਼ਲ ਮੁਹਿੰਮ ਕਰਕੇ ਸਾਲ ੨੦੧੦ ਵਿਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਉਨ੍ਹਾਂ ਨੂੰ ਯੂ.ਐਨ ਦੇ ਸਕੱਤਰ ਬਾਨ ਕੀ ਮੂਨ ਅਤੇ ਬਰਤਾਨੀਆ ਦੇ ਪ੍ਰਿੰਸ ਫਿਲਿਪਸ ਵੱਲੋਂ ਵੀ ਸਨਮਾਨਤ ਕੀਤਾ ਗਿਆ ਹੈ ।
ਸੰਪਰਦਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ 410 ਕਿਲੋਮੀਟਰ ਤੋਂ ਜ਼ਿਆਦਾ ਲੰਮੀਆਂ ਸੜਕਾਂ 'ਤੇ ਤਿੰਨ ਲੱਖ ਪੰਜ਼ਾਹ ਹਜ਼ਾਰ ਦੇ ਕਰੀਬ ਫ਼ਲਦਾਰ ਅਤੇ ਛਾਂ ਦਾਰ ਬੁਟੇ/ਦਰਖਤ ਲਗਾ ਕੇ ਪੰਛੀਆਂ ਨੂੰ ਰੈਣ ਬਸੇਰਾ ਦਿੱਤਾ ਹੈ । ਫ਼ਲਦਾਰ ਬਾਗ਼ ਬਾਬਾ ਸਾਧੂ ਸਿੰਘ ਜੀ ਦੇ ਨਾਮ ਤੇ ਲਗਾਇਆ, ਜਿਸ ਵਿਚ 36 ਪ੍ਰਕਾਰ ਦੇ ਫ਼ਲ ਲੱਗਦੇ ਹਨ, ਜੋ ਮੌਸਮ ਦੇ ਅਨੁਸਾਰ ਫ਼ਲ ਲੱਗਦੇ ਹਨ, ਉਹ ਸੰਗਤਾਂ ਨੂੰ ਪ੍ਰਸ਼ਾਦ ਰੂਪ ਵਿੱਚ ਦਿੱਤੇ ਜਾਂਦੇ ਹਨ ।
ਸਪੈਸ਼ਲ ਏਰੀਆ ਡਿਵੈਂਲਪਮੈਟ ਅਥਾਰਟੀ (ਸਾਡਾ) ਵੱਲੋਂ ਨਿਊ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਦਸ ਗੁਰੂ ਸਾਹਿਬਾਨ ਦੇ ਨਾਮ ਤੇ ਦਸ ਪਾਰਕਾਂ ਬਣਾਈਆ ਗਈਆਂ ਹਨ । ਜਿੰਨਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣ ਦਾ ਕਾਰਜ਼ ਵੀ ਏਸੇ ਸੰਸਥਾ ਨੇ ਕੀਤਾ ।
28 ਫਰਵਰੀ ਨੂੰ ਕਾਰ ਸੇਵਾ ਵਾਲੇ ਸਮੂਹ ਮਹਾਂਪਰੁਸ਼ਾਂ ਦੀ ਅਮਰ ਯਾਦ ਨੂੰ ਬੜੇ ਪਿਆਰ, ਸ਼ਰਧਾ ਸਤਿਕਾਰ ਨਾਲ ਮਹਾਨ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਈ ਜਾ ਰਹੀ ਹੈ, ਜਿਸ ਵਿਚ ਸਿੰਘ ਸਾਹਿਬਾਨ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਪ੍ਰਚਾਰਕ ਗੁਰੂ ਜੱਸ ਸੰਗਤਾਂ ਨੂੰ ਸਰਵਣ ਕਰਾਉਣਗੇ।
-ਅੰਗਰੇਜ ਸਿੰਘ ਹੁੰਦਲ
9876785672
10 ਫਰਵਰੀ ਨੂੰ ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਸਿੱਖ ਕੌਮ ਦਾ ਸੂਰਬੀਰ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ - ਅੰਗਰੇਜ ਸਿੰਘ ਹੁੰਦਲ
ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆਂ ਤੇ ਪਹਿਚਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਵੀ ਬੇਹੱਦ ਮੁਸੀਬਤਾਂ ਅਤੇ ਚੁਣੌਤੀਆਂ ਦੇ ਪਰਛਾਵੇਂ ਹੇਠ ਬਤੀਤ ਹੋਇਆ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਸ਼ਾਦੀ ਬੀਬੀ ਜਿੰਦਾਂ ਨਾਲ ਸੰਨ 1835 ਈ: ਵਿੱਚ ਹੋਈ ਸੀ। ਬੀਬੀ ਜਿੰਦਾਂ ਨੂੰ ਬਾਅਦ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਮ ਨਾਲ ਵੀ ਜਾਣਿਆਂ ਜਾਣ ਲੱਗਾ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ (ਮਹਾਰਾਜਾ) ਦਲੀਪ ਸਿੰਘ ਦਾ ਜਨਮ 6 ਸਤੰਬਰ, 1838 ਈ: ਵਾਲੇ ਦਿਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ ਸੀ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ।
ਸੰਨ 1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਨਿੱਜੀ ਮਨੋਰਥਵਾਦੀਆਂ ਵਲੋਂ ਰਾਜ ਹਥਿਆਉਣ ਲਈ ਚਾਰ ਸਾਲਾਂ ਦੇ ਅੰਦਰ-ਅੰਦਰ ਹੀ ਖ਼ਾਲਸਾ ਰਾਜ ਦੇ ਤਿੰਨ ਉੱਤਰਾਧਿਕਾਰੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ 10 ਸਾਲ ਦੇ ਅੰਦਰ-ਅੰਦਰ ਹੀ ਗੱਦਾਰ ਅਤੇ ਖੁਦਗਰਜ਼ ਦਰਬਾਰੀਆਂ ਤੇ ਸਿੱਖ ਫੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ।
ਇੱਥੇ ਵਰਨਣ ਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਡੋਗਰਿਆਂ ਦਾ ਅਹਿਮ ਰੋਲ ਤੇ ਪ੍ਰਭਾਵ ਰਿਹਾ ਸੀ। ਸਮਾਂ ਮਿਲਣ 'ਤੇ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਸਿੱਖ ਰਾਜ ਦੀਆਂ ਸ਼ਾਮਾਂ ਦਾ ਸਮਾਂ ਬਹੁਤ ਨੇੜੇ ਆਉਣ ਲੱਗਾ। ਡੋਗਰਿਆਂ ਦੀਆਂ ਸਾਜਿਸ਼ਾਂ ਸਦਕਾ ਸਿੱਖ ਫੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।
ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ। ਦਰਦ ਭਰੀ ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ 'ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।
ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸ. ਸ਼ਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਲਬੀਰਤਾ ਦਾ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।
ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਸਪਲਾਈ ਬੰਦ ਕਰ ਦਿੱਤੀ ਗਈ। ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ 'ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਹੋਏ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ ਵੀ ਕੁਦਰਤੀ ਸੀ। ਇਸ ਸੰਕਟ ਦੇ ਸਮੇਂ ਖ਼ਾਲਸਈ ਫੌਜਾਂ ਨੂੰ ਡਰ ਦੇ ਮਾਰੇ ਬਹੁਤੇ ਜਨ ਸਾਧਾਰਨ ਸਿੱਖਾਂ ਦੀ ਹਮਾਇਤ ਵੀ ਨਾ ਹਾਸਲ ਹੋਈ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਦੀ ਅੰਤ ਨੂੰ ਹਾਰ ਹੋ ਗਈ। ਸ਼ਾਹ ਮੁਹੰਮਦ ਲਿਖਦਾ ਹੈ: ઠ
ઠ ઠ ઠ
''ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,..
ઠ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ'
ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਹੀ ਕਰ ਦਿੱਤਾ ਗਿਆ।
ਬਹੁਤਾ ਕਰਕੇ ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਹੁੰਦੇ ਤਾਂ ਲੜਾਈ ਦੇ ਸਿੱਟੇ ਕੋਈ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੋਣਾ ਸੀ।
ਸਭਰਾਵਾਂ ਦੀ ਜੰਗ 'ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ। ਦਲੀਪ ਸਿੰਘ ਤੋਂ ਬਾਦਸ਼ਾਹੀ ਖੋਹ ਲਈ ਗਈ ਤੇ ਖ਼ਾਲਸਾ ਰਾਜ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਗਈ। 29 ਮਾਰਚ 1849 ਵਾਲੇ ਦਿਨ 10 ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ਉੱਪਰ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਪੰਜਾਬ ਉੱਪਰ ਪੂਰਨ ਤੌਰ 'ਤੇ ਬ੍ਰਿਟਿਸ਼ ਰਾਜ ਕਾਇਮ ਹੋ ਗਿਆ।
ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੰਨ 1850 ਵਿੱਚ ਫਿਰੰਗੀਆਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫ਼ਤਹਿਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ। ਉਸ ਲਈ ਫ਼ਾਰਸੀ, ਪੰਜਾਬੀ ਤੇ ਅੰਗ੍ਰੇਜੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 1854 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ, ਜਿਥੇ ਉਸ ਦਾ ਧਰਮ ਤਬਦੀਲ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈ ਧਰਮ ਵਿੱਚ ਸ਼ਾਮਲ ਕਰ ਲਿਆ ਗਿਆ। ਥੋੜ੍ਹੇ ਸਮੇਂ ਵਿੱਚ ਹੀ ਦਲੀਪ ਸਿੰਘ ਮਹਾਰਾਣੀ ਵਿਕਟੋਰੀਆਂ ਦਾ ਮਨ ਪਸੰਦ ਸ਼ਹਿਜ਼ਾਦਾ ਬਣ ਗਿਆ ਅਤੇ ਉਸ ਨੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ।
ਕਹਿੰਦੇ ਨੇ ਕਿ ਮੁਸੀਬਤਾਂ ਕਦੇ ਵੀ ਇਕੱਲੀਆਂ ਨਹੀਂ ਆਇਆ ਕਰਦੀਆਂ।ਇੱਧਰ ਪੰਜਾਬ ਵਿੱਚ ਫਿਰੰਗੀਆਂ ਵਲੋਂ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਤੇ ਫਿਰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ, ਜਿੱਥੇ ਉਹ ਜੇਲ੍ਹ ਵਿੱਚੋਂ ਕਿਸੇ ਢੰਗ-ਤਰੀਕੇ ਨਾਲ ਬਚ ਨਿਕਲੀ ਅਤੇ ਨੇਪਾਲ ਵਿੱਚ ਦਰ-ਬ-ਦਰ ਧੱਕੇ ਖਾਂਦੀ ਹੋਈ ਤਕਰੀਬਨ ਅੰਨ੍ਹੀ ਹੀ ਹੋ ਗਈ ਤੇ ਮੰਗਤਿਆਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਗਈ। ਆਪਣਿਆਂ ਤੇ ਪਰਾਇਆਂ ਦੀਆਂ ਸਾਜਿਸ਼ਾਂ ਅਧੀਨ ਉਸ ਨੂੰ ਬਦਨਾਮ ਕੀਤਾ ਗਿਆ ਪਰ ਉਸ ਨੇ ਹੌਸਲਾ ਨਾ ਛੱਡਿਆ ਤੇ ਆਖਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861 ਵਿੱਚ ਇੰਗਲੈਂਡ ਚਲੇ ਗਈ, ਜਿੱਥੇ ਉਹ ਪਹਿਲੀ ਅਗਸਤ 1863 ਵਾਲੇ ਦਿਨ 46 ਸਾਲਾ ਉਮਰ ਭੋਗ ਕੇ (1817 ਤੋਂ 1 ਅਗਸਤ 1863) ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿੱਚ ਆਪਣੇ ਪਿਤਾ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ ਪਰ ਗੋਰਾ ਸਰਕਾਰ ਵਲੋਂ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ ਮੁੰਬਈ ਦੇ ਨੇੜੇ ਨਾਸਿਕ ਵਿਖੇ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸ਼ਾਵਾਂ ਨੂੰ ਉਦੋਂ ਬੂਰ ਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਤੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਮੈਮੋਰੀਅਲ ਵਿਖੇ ਭੇਂਟ ਕਰ ਹੀ ਦਿੱਤੀਆਂ।
ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਮਕੜੀ ਜਾਲ ਵਿੱਚ ਖੂਬ ਫਸਾ ਲਿਆ ਸੀ ਪਰ ਤਵਾਰੀਖ਼ ਨੇ ਆਖਰ ਐਸਾ ਪਲਟਾ ਮਾਰਿਆ ਕਿ 25 ਮਈ 1886 ਨੂੰ ਅਦਨ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਕਰਦਾ ਹੋਇਆ ਆਖਰ 22 ਅਕਤੂਬਰ 1893 ਵਾਲੇ ਦਿਨ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜ੍ਹਦਾ ਹੋਇਆ ਇਕ ਛੋਟੇ ਜਿਹੇ ਹੋਟਲ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿੱਚ ਸਸਕਾਰ ਵਾਸਤੇ ਕੋਈ ਥਾਂ ਵੀ ਨਸੀਬ ਨਾ ਹੋ ਸਕੀ।
ਸਾਨੂੰ ਆਪਣੇ ਇਨ੍ਹਾਂ ਪੁਰਖਿਆਂ ਜੋ ਕਿ ਖ਼ਾਲਸਈ ਆਨ-ਸ਼ਾਨ ਅਤੇ ਪ੍ਰਭੂਸੱਤਾ ਲਈ ਜੂਝੇ, ਦੀਆਂ ਕੁਰਬਾਨੀਆਂ ਤੇ ਘਾਲਣਾਵਾਂ ਨੂੰ ਸਦਾ ਲਈ ਆਪਣੇ ਚੇਤਿਆਂ 'ਚ ਵਸਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਾ ਸੁਨਹਿਰੀ ਤੇ ਲਾਸਾਨੀ ਇਤਿਹਾਸ ਸਾਡਾ ਮਾਰਗ-ਦਰਸ਼ਨ ਕਰਦਾ ਹੈ ਅਤੇ ਆਪਣੇ ਵਤਨ ਤੇ ਕੌਮੀ ਆਭਾ ਖਾਤਰ ਜੂਝਣ ਦੀ ਪ੍ਰੇਰਨਾ ਦਿੰਦਾ ਰਹੇ।
ਜਥੇਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਸ਼ਹੀਦੀ ਸਥਾਨ ਤੇ ਮੌਜੂਦਾ ਸਮੇਂ ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਸੇਵਾ ਕਰਵਾਈ ਜਾ ਰਹੀ ਹੈ ।ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ 10 ਫਰਵਰੀ ਨੂੰ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ, ਸਮਾਗਮ ਦੇ ਦੌਰਾਨ ਗਤਕਾ, ਕਬੱਡੀ ਤੋਂ ਇਲਾਵਾ ਹੋਰ ਖੇਡਾ ਵੀ ਕਰਵਾਈਆਂ ਜਾਂਦੀਆ ਹਨ । ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਬਣੀ ਹੋਈ । ਜਥੇਦਾਰ ਅਟਾਰੀਵਾਲਾ ਦੇ ਨਾਮ 'ਤੇ ਪਿੰਡ ਸਭਰਾਂ ਵਿਖੇ ਸਕੂਲ ਬਣਾਇਆ ਹੋਇਆ ਜਿਸ ਵਿਚ ਅਨੇਕਾਂ ਹੀ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ । ਕਾਰ ਸੇਵਾ ਵੱਲੋਂ ਬਹੁਤ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾ ਰਹੀ ਵਿਦਿਆ ਦੇ ਨਾਲ-ਨਾਲ ਉਹਨਾਂ ਨੂੰ ਗੁਰਮਤਿ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ।
ਅੰਗਰੇਜ ਸਿੰਘ ਹੁੰਦਲ
9876785672