ਪਾਰਖੂ ਦੋਸਤਾਂ ਦੀ ਨਜ਼ਰ ਇਹ ਰਚਨਾ:- ਬਲਜੀਤ ਸੰਧੂ
ਉਮਰਾਂ ਦੀਆਂ ਤਰਕਾਲਾਂ ਪਈਆਂ
ਅੱਖੀਂ ਨ੍ਹੇਰਾ ਚੜਿਆ ਹੂ
ਧੁੰਦਲਾ ਹੋਇਆ ਚਾਰ-ਚੁਫੇਰਾ
ਮਹਿਕਾਂ ਨੂੰ ਸੱਪ ਲੜਿਆ ਹੂ
ਪੀੜਾਂ ਦੀ ਭਰ ਪੁਸਤਕ ਰਚ 'ਤੀ
ਕਿਸੇ ਨਾ ਵਰਕਾ ਪੜਿਆ ਹੂ
ਮਲਮਾਂ ਬਾਜੋਂ ਸਖਣਾ ਅੱਖਰ
ਜ਼ਖ਼ਮ ਬਣਾਕੇ ਜੜਿਆ ਹੂ
'ਵਾਵਾਂ ਦਿੰਦਾ ਹਰਿਆਂ ਪੱਤਾ
ਰੂੜੀ ਬਣਿਆ ਝੜਿਆ ਹੂ
ਉਸ ਪੱਤੇ ਦੀ ਵੁਕਤ ਨਾ ਕੋਈ
ਜੋ ਸੁੱਕਾ ਟਾਹਣੀ ਅੜਿਆ ਹੂ
ਚੱਕ 'ਤੇ ਚਾੜ੍ਹ ਘੁਮਾਈ ਰੱਖਿਆ
ਭਾਂਵੇ ਆਵੇ ਰੜਿਆ ਹੂ
ਧੰਨਵਾਦੀ ਘੁਮਿਆਰ ਵੇ ਸਾਂਈ
ਤੂੰ "ਮੈਂ" ਮਿੱਟੀ ਨੂੰ ਘੜਿਆ ਹੂ
ਉਸ ਪੱਥਰ ਨੂੰ ਲੋਕੀਂ ਪੂਜਣ
ਜੋ ਮੰਦਰੀਂ ਜਾ ਵੜਿਆ ਹੂ
ਜਿਸ ਪੱਥਰ ਨੇ ਰਾਹਾਂ ਦੱਸੀਆਂ
ਕੋਈ ਉਸਦੇ ਕੋਲ ਨਾ ਖੜਿਆ ਹੂ
ਉਸ ਲਾੜੀ ਦੀਆਂ ਫ਼ਿਕਰਾਂ ਟਲੀਆਂ
ਜਿਸ ਕੰਤ ਦਾ ਪੱਲਾ ਫੜਿਆ ਹੂ
ਤੇ ਉਹ ਲਾੜਾ ਵੀ ਬੇਪਰਵਾਹਾ
ਜੋ ਇਲਮ ਦੀ ਭੱਠੀ ਕੜਿਆ ਹੂ
ਦਿਲ ਦਾ ਪੰਛੀ ਚੂਕੇ ਸੰਧੂ
ਆਲੇ ਦੇ ਵਿੱਚ ਤੜਿਆ ਹੂ
ਖੰਭ ਉੱਗੇ ਪਰ ਉੱਡ ਨਾ ਸੱਕਿਆ
ਹੈ ਕਿਸਮਤ ਦਾ ਸੜਿਆ ਹੂ
////////////////ਬਲਜੀਤ ਸੰਧੂ
ਵਿੱਚ ਪ੍ਰਦੇਸ਼ਾਂ ਦਿਲ ਦੇ ਉੱਤੇ - ਬਲਜੀਤ ਸੰਧੂ
ਵਿੱਚ ਪ੍ਰਦੇਸ਼ਾਂ ਦਿਲ ਦੇ ਉੱਤੇ
ਗਮਾਂ ਦੇ ਮੱਕੜੇ ਢੋਏ
ਕਦੇ ਤਾਂ ਆਪਾਂ ਭੁੱਖੇ ਸੁੱਤੇ
ਕਦੇ ਰੋਟੀ ਵੇਖ ਕੇ ਰੋਏ
ਗਹਿਣੇ ਲਈ ਨੀਂਦਰ ਸਾਡੀ
ਇਹਨਾਂ ਠੱਗ ਏਜੰਟਾਂ
ਨਾਲ਼ੇ ਸਾਥੋਂ ਪੈਸੇ ਲਿਤੇ
ਨਾਲ਼ੇ ਸਾਡੇ ਹਾਸੇ ਖੋਏ
ਜਿੱਥੇ ਜੰਮੇ ਉਸ ਮਿੱਟੀ ਤੇ
ਰਿਜ਼ਕ ਕਿਂਉ ਨਾ ਲਿਖਿਆ
ਸਾਡੇ ਲੇਖ ਦੇ ਦਾਣੇ ਮੌਲਾ
ਵਤਨੋਂ ਦੂਰ ਕਿਂਉ ਬੋਏ
ਨਾ ਕੋਈ ਹੱਲਾ ਸੇਰੀ ਦੇਵੱ
ਨਾ ਮਾਂ ਦਵੇ ਅਸੀਸਾਂ
ਨਾ ਕਈ ਪੱਲਾ ਮੁਖੜਾ ਪੂੰਝੇ
ਜਦ ਸਾਡਾ ਮੁੜਕਾ ਚੋਏ
ਫ਼ੋਨ ਦੀ ਘੰਟੀ ਵਤਨੋਂ ਵੱਜੇ
ਕਾਲਜਾ ਘੁੱਟਿਆ ਜਾਏ
ਮੂੰਹੋ ਝੱਟ ਵਾਹੇਗੁਰੂ ਨਿਕਲੇ
ਰੱਬਾ ਸੁੱਖ ਹੀ ਹੋਏ
ਸਾਲਾਂ ਬਾਅਦ ਪਿੰਡ ਨੂੰ ਗੇੜਾ
ਨਾ ਵਿਹੜੇ ਦਾ ਬਾਲ ਪਛਾਣੇ
ਤੇ ਮੜੀਆਂ ਵਿੱਚ ਲਭਦੇ ਨੇ
ਕਈ ਚਾਚੇ ਤਾਏ ਮੋਏ
ਵਾਲਾਂ ਉੱਤੇ ਰੰਗ ਚੜਿਆ ਤੇ
ਐਨਕਾਂ ਅੱਖ ਕੇ ਚੜੀਆਂ
ਉਮਰੋਂ ਪਹਿਲੇ ਢੱਲ ਚੱਲੇ
ਸਾਡੇ ਜਿਸਮ ਨਰੋਏ
ਸੰਧੂ ਪ੍ਰਦੇਸੀ ਖੂਹ ਹੈ ਡੂੰਘਾ
ਤੇ ਨਾ ਇਸ ਵਿੱਚ ਪੌੜੀ
ਮਜ਼ਬੂਰੀ ਖਾਤਰ ਆਪਾਂ ਡਿੱਗੇ
ਮੁੜ ਨਿਕਲ ਨਾ ਹੋਏ
/////////////:ਬਲਜੀਤ ਸੰਧੂ