ਲੋਕ ਨੁਮਾਇੰਦਿਆਂ ਨੂੰ ਮਿਲਦੇ ਲਾਭ ਅਤੇ ਉਨ੍ਹਾਂ ਦੀ ਜਵਾਬਦੇਹੀ - ਡਾ. ਚਰਨਜੀਤ ਸਿੰਘ ਗੁਮਟਾਲਾ
ਜਦ ਅਸੀਂ ਕੈਨੇਡਾ, ਇੰਗਲੈਂਡ ਤੇ ਹੋਰ ਅਗਾਂਹਵਧੂ ਮੁਲਕਾਂ ਵਿਚ ਵਿਚਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉੱਥੇ ਸਭ ਲਈ ਮੁਫ਼ਤ ਸਿਹਤ ਸੇਵਾਵਾਂ, ਬਾਰਵੀਂ ਤੱਕ ਮੁਫ਼ਤ ਵਿਦਿਆ ਹੈ। ਬੱਸਾਂ ਵਿਦਿਆਰਥੀਆਂ ਨੂੰ ਘਰੋਂ ਮੁਫ਼ਤ ਲੈ ਕੇ ਜਾਂਦੀਆਂ ਆਉਂਦੀਆਂ ਹਨ। ਅਮਨ ਕਾਨੂੰਨ ਦੀ ਹਾਲਤ ਬਹੁਤ ਵਧੀਆ ਹੈ। ਇਸ ਤੋਂ ਇਲਾਵਾ ਲੋਕ ਨੁਮਾਇੰਦੇ ਆਮ ਲੋਕਾਂ ਨੂੰ ਆਸਾਨੀ ਨਾਲ ਮਿਲਦੇ ਹਨ ਅਤੇ ਸਰਕਾਰੀ ਪੈਸੇ ਨੂੰ ਸੋਚ ਸਮਝ ਕੇ ਖ਼ਰਚਿਆ ਜਾਂਦਾ ਹੈ। ਅਖ਼ਬਾਰਾਂ ਨੂੰ ਕੋਈ ਸਰਕਾਰੀ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ, ਇਸੇ ਲਈ ਅਖ਼ਬਾਰਾਂ ਸਰਕਾਰ ਵਿਰੁੱਧ ਲਿਖਦੀਆਂ ਹਨ। ਭਾਰਤ ਵਿਚ ਅਖ਼ਬਾਰਾਂ ਤੇ ਟੈਲੀਵਿਜ਼ਨ ਚੱਲਦੇ ਹੀ ਸਰਕਾਰੀ ਇਸ਼ਤਿਹਾਰਾਂ ਸਿਰ ਹਨ ਅਤੇ ਉਹ ਸਰਕਾਰ ਦੀ ਬੋਲੀ ਬੋਲਦੇ ਹਨ। ਬਹੁਤ ਘੱਟ ਅਖ਼ਬਾਰ ਹਨ ਜੋ ਲੋਕਾਂ ਦੀ ਗੱਲ ਕਰਦੇ ਹਨ।
23 ਸਤੰਬਰ 2021 ਨੂੰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਈਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਵਿਚ ਬੜਾ ਜਜ਼ਬਾਤੀ ਲੈਕਚਰ ਕੀਤਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਲਈ ਦੋ ਕਰੋੜ ਦੀ ਲਗਜ਼ਰੀ ਕਾਰ ਤੇ ਇਕ ਹਜ਼ਾਰ ਸਿਪਾਹੀਆਂ ਦੀ ਫ਼ੌਜ ਹੈ। ਉਨ੍ਹਾਂ ਕਿਹਾ, “ਮੈਂ ਵੀ ਆਈ ਪੀ ਕਲਚਰ ਖ਼ਤਮ ਕਰਾਂਗਾ ਤੇ ਮਹਿੰਗੀਆਂ ਕਾਰਾਂ ਦੀ ਥਾਂ ਇਹ ਪੈਸਾ ਲੋਕਾਂ, ਖ਼ਾਸਕਰ ਕਮਜ਼ੋਰ ਤੇ ਲਿਤਾੜੇ ਲੋਕਾਂ ਦੀ ਭਲਾਈ ਲਈ ਖ਼ਰਚ ਕਰਾਂਗਾ” ਪਰ ਅਗਲੇ ਹੀ ਦਿਨ ਉਨ੍ਹਾਂ 27 ਇਨੋਵਾ ਗਡੀਆਂ ਦਾ ਆਰਡਰ ਦੇ ਦਿੱਤਾ। ਉਹ ਕਹਿੰਦੇ ਹਨ ਕਿ ਮੈਂ ਗ਼ਰੀਬ ਆਦਮੀ ਹਾਂ ਜਦ ਕਿ ਉਨ੍ਹਾਂ ਨੇ 2017 ਦੀ ਚੋਣ ਸਮੇਂ ਆਪਣੀ ਜਾਇਦਾਦ 17 ਕਰੋੜ ਤੋਂ ਵੱਧ ਦੀ ਦੱਸੀ ਹੈ।
ਵਿਕਸਤ ਮੁਲਕਾਂ ਵਿਚ ਵਿਧਾਇਕਾਂ ਨੂੰ ਸਿਰਫ਼ ਤਨਖਾਹ ਮਿਲਦੀ ਹੈ। ਉਨ੍ਹਾਂ ਨੂੰ ਨਾ ਤਾਂ ਸਰਕਾਰੀ ਗੱਡੀ ਤੇ ਨਾ ਹੀ ਡਰਾਇਵਰ ਮਿਲਦੇ ਹਨ। ਉਹ ਆਪਣੀ ਕਾਰ ਖ਼ੁਦ ਚਲਾਉਂਦੇ ਹਨ। ਸੁਰੱਖਿਆ ਲਈ ਕੋਈ ਪੁਲੀਸ ਕਰਮਚਾਰੀ ਨਹੀਂ। ਪੰਜਾਬ ਵਿਚ ਵੀ ਜਦ ਹਾਲਾਤ ਆਮ ਸਨ ਤਾਂ ਵਿਧਾਇਕਾਂ ਨੂੰ ਨਾ ਤਾਂ ਸਰਕਾਰੀ ਗੱਡੀ ਤੇ ਨਾ ਹੀ ਗੰਨਮੈਨ ਦਿੱਤੇ ਜਾਂਦੇ ਸਨ। ਉਸ ਸਮੇਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਅਗਲੀਆਂ ਕੁਝ ਸੀਟਾਂ ਵਿਧਾਇਕਾਂ ਲਈ ਰਾਖਵੀਆਂ ਹੁੰਦੀਆਂ ਸਨ। ਹੁਣ ਹਾਲਾਤ ਆਮ ਵਰਗੇ ਹੋਣ ਦੇ ਬਾਵਜੂਦ ਵਿਧਾਇਕਾਂ ਵਿਚ ਗੰਨਮੈਨ ਤੇ ਮਹਿੰਗੀਆਂ ਕਾਰਾਂ ਖ਼ਰੀਦਣ ਲਈ ਦੌੜ ਲੱਗੀ ਹੋਈ ਹੈ। 13 ਅਗਸਤ 2021 ਦੀ ਖ਼ਬਰ ਅਨੁਸਾਰ 27 ਵਿਧਾਇਕਾਂ ਜਿਨ੍ਹਾਂ ਵਿਚ ਜ਼ਿਆਦਾਤਰ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਖੇਮੇ ਵਿਚੋਂ ਸਨ, ਨੂੰ ਇਹ ਆਖ ਕੇ ਕਿ ਫੰਡ ਖ਼ਤਮ ਹੋ ਗਿਆ, ਕਾਰਾਂ ਨਹੀਂ ਦਿੱਤੀਆਂ ਗਈਆਂ ਜਦਕਿ ਕੈਪਟਨ ਧੜੇ ਦੇ 22 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ 3 ਕਰੋੜ 45 ਲੱਖ ਖ਼ਰਚ ਕੇ ਗੱਡੀਆਂ ਦਿੱਤੀਆਂ ਗਈਆਂ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਲਈ ਚਾਰ ਨਵੀਆਂ ਗੱਡੀਆਂ ਖਰੀਦੀਆਂ ਜਿਨ੍ਹਾਂ ਤੇ ਤਕਰੀਬਨ 55 ਲੱਖ ਰੁਪਏ ਖਰਚਾ ਆਇਆ। ਪੰਜਾਬ ਵਿਚ ਅਤਿਵਾਦ ਸਮੇਂ ਗੱਡੀਆਂ ਅਤੇ ਸੁਰੱਖਿਆ ਕਰਮਚਾਰੀ ਦਿੱਤੇ ਜਾਣ ਲੱਗੇ ਸਨ। ਹੁਣ ਹਾਲਾਤ ਠੀਕ ਹੋ ਗਏ ਹਨ, ਇਸ ਲਈ ਸਰਕਾਰੀ ਗੱਡੀਆਂ ਤੇ ਸੁਰੱਖਿਆ ਕਰਮਚਾਰੀ ਵਾਪਸ ਲੈਣੇ ਬਣਦੇ ਹਨ। ਸਭ ਵਿਧਾਇਕ ਅਮੀਰ ਹਨ, ਉਨ੍ਹਾਂ ਪਾਸ ਪਹਿਲਾਂ ਹੀ ਬਹੁਤ ਮਹਿੰਗੀਆਂ ਕਾਰਾਂ ਹਨ।
ਜਿੱਥੋਂ ਤੱਕ ਵਿਧਾਇਕਾਂ ਦੀ ਤਨਖ਼ਾਹਾਂ ਦਾ ਸਬੰਧ ਹੈ, ਸਭ ਤੋਂ ਘੱਟ ਤਨਖ਼ਾਹ ਤ੍ਰਿਪੁਰਾ ਵਿਚ ਹੈ ਜੋ 17 ਹਜ਼ਾਰ 500 ਰੁਪਏ ਮਹੀਨਾ ਹੈ। ਨਾਗ਼ਾਲੈਂਡ ਦੀ 18 ਹਜ਼ਾਰ, ਆਸਾਮ ਦੀ ਵੀਹ ਹਜ਼ਾਰ ਤੇ ਸਭ ਤੋਂ ਵੱਧ ਤਿਲੰਗਾਨਾ ਦੀ ਹੈ ਜੋ 2 ਲੱਖ 50 ਹਜ਼ਾਰ ਰੁਪਏ ਮਹੀਨਾ ਹੈ। ਪੰਜਾਬ ਦੀ ਇੱਕ ਲੱਖ ਜਦ ਕਿ ਕੇਜਰੀਵਾਲ ਸਰਕਾਰ ਦੀ 2 ਲੱਖ 10 ਹਜ਼ਾਰ, ਹਰਿਆਣਾ ਦੀ 1 ਲੱਖ 15 ਹਜ਼ਾਰ, ਹਿਮਾਚਲ ਦੀ 1 ਲੱਖ 25 ਹਜ਼ਾਰ ਰੁਪਏ ਹੈ। ਰਾਜਸਥਾਨ 40 ਹਜ਼ਾਰ, ਗੁਜਰਾਤ 47 ਹਜ਼ਾਰ ਤੇ ਪੱਛਮੀ ਬੰਗਾਲ 96 ਹਜ਼ਾਰ ਰੁਪਏ ਮਹੀਨਾ ਹੈ।
ਤਨਖ਼ਾਹ ਤੋਂ ਇਲਾਵਾ ਪੰਜਾਬ ਵਿਚ ਹੋਰ ਬਹੁਤ ਸਾਰੇ ਭੱਤੇ ਅਤੇ ਸਹੂਲਤਾਂ ਤੋਂ ਇਲਾਵਾ ਸਰਕਾਰੀ ਖ਼ਜ਼ਾਨੇ ਵਿਚੋਂ ਆਮਦਨ ਕਰ ਦੀ ਅਦਾਇਗੀ ਕੀਤੀ ਜਾਂਦੀ ਹੈ ਜੋ ਸਰਾਸਰ ਗ਼ਲਤ ਹੈ। 2 ਅਗਸਤ 2021 ਦੀ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਪੰਜਾਬ ਦੇ ਸਿਰਫ਼ ਤਿੰਨ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਹੀ ਅਜਿਹੇ ਵਿਧਾਇਕ ਹਨ ਜਿਨ੍ਹਾਂ ਦੀ ਤਨਖਾਹ ਵਿਚੋਂ ਆਮਦਨ ਕਰ ਅਦਾ ਕੀਤਾ ਜਾਂਦਾ ਹੈ, 93 ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾ ਰਿਹਾ ਹੈ। 2017-18 ਵਿਚ 82 ਲੱਖ 77 ਹਜ਼ਾਰ 506 ਰੁਪਏ, 2018-19 ਵਿਚ 65 ਲੱਖ 95 ਹਜ਼ਾਰ 264 ਰੁਪਏ, 2019-20 ਵਿਚ 64 ਲੱਖ 93 ਹਜ਼ਾਰ 652 ਰੁਪਏ, 2020-21 ਵਿਚ 62 ਲੱਖ 54 ਹਜ਼ਾਰ 952 ਰੁਪਏ ਆਮਦਨ ਕਰ ਸਰਕਾਰ ਵਜੋਂ ਅਦਾ ਕੀਤੇ ਗਏ। ਸਵਾਲ ਹੈ ਕਿ ਵਿਧਾਇਕ ਖ਼ੁਦ ਟੈਕਸ ਕਿਉਂ ਨਹੀਂ ਤਾਰਦੇ? ਅਗਾਂਹਵਧੂ ਮੁਲਕਾਂ ਵਿਚ ਵਿਧਾਇਕ ਸਰਕਾਰੀ ਕਰਮਚਾਰੀਆਂ ਵਾਂਗ ਆਪਣਾ ਆਮਦਨ ਕਰ ਆਪ ਤਾਰਦੇ ਹਨ, ਜਿਵੇਂ ਸਰਕਾਰੀ ਕਰਮਚਾਰੀ ਤਾਰਦੇ ਹਨ।
ਪੰਜਾਬ ਵਿਚ ਹਰ ਵਾਰੀ ਚੁਣੇ ਜਾਣ ਤੇ ਵਿਧਾਇਕ ਦੀ ਤਨਖਾਹ ਵਧਾਈ ਜਾਂਦੀ ਹੈ। ਇਕ ਵਾਰ ਵਿਧਾਇਕ ਬਣਨ ਵਾਲੇ ਨੂੰ 75 ਹਜ਼ਾਰ ਰੁਪਏ ਮਹੀਨਾ, 2 ਵਾਰ ਵਿਧਾਇਕ ਬਣਨ ਵਾਲੇ 1 ਲੱਖ 25 ਹਜ਼ਾਰ, 3 ਵਾਰ ਨੂੰ 1 ਲੱਖ 75 ਹਜ਼ਾਰ, 4 ਵਾਰ ਵਿਧਾਇਕ ਬਣਨ ਵਾਲੇ ਨੂੰ 2 ਲੱਖ 25 ਹਜ਼ਾਰ, 5 ਵਾਰ ਵਿਧਾਇਕ ਬਣਨ ਵਾਲੇ ਨੂੰ 2 ਲੱਖ 75 ਹਜ਼ਾਰ, 6 ਵਾਰ ਬਣਨ ਵਾਲੇ ਨੂੰ 3 ਲੱਖ 25 ਹਜ਼ਾਰ, 7 ਵਾਰ ਬਣਨ ਵਾਲੇ ਨੂੰ 3 ਲੱਖ 75 ਹਜ਼ਾਰ, 8 ਵਾਰ ਵਿਧਾਇਕ ਬਣਨ ਵਾਲੇ ਨੂੰ 4 ਲੱਖ 25 ਹਜ਼ਾਰ ਤੇ 9 ਵਾਰ ਵਿਧਾਇਕ ਬਣਨ ਵਾਲੇ ਨੂੰ 4 ਲੱਖ 75 ਹਜ਼ਾਰ ਰੁਪਏ ਪੈਨਸ਼ਨ ਭੱਤੇ ਤੇ ਹੋਰ ਸਹੂਲਤਾਂ ਮਿਲਦੀਆਂ ਹਨ।
129 ਸਾਬਕਾ ਵਿਧਾਇਕ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਚੀਫ਼ ਜਸਟਿਸਾਂ ਨਾਲੋਂ ਜ਼ਿਆਦਾ ਪੈਨਸ਼ਨ ਲੈ ਰਹੇ ਹਨ। 26 ਅਕਤੂਬਰ 2016 ਨੂੰ ਪੰਜਾਬ ਸਰਕਾਰ ਨੇ ਪੈਨਸ਼ਨ ਦੀ ਵਿਵਸਥਾ ਚੱਲਦੇ ਹੋਏ ਹਰ ਵਿਧਾਇਕ ਨੂੰ ਪਹਿਲੀ ਵਾਰੀ 15 ਹਜ਼ਾਰ ਰੁਪਏ ਮੁਢਲੀ ਤਨਖਾਹ, 50% ਡੀਏ ਤੇ 234 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦੀ ਵਿਵਸਥਾ ਸੀ। ਦੂਜੀ ਵਾਰ ਵਿਧਾਇਕ ਬਣਨ ਤੇ 1 ਲੱਖ 25 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ ਗਈ।
ਸਾਬਕਾ ਮੁੱਖ ਮੰਤਰੀ ਤੇ 6 ਵਾਰ ਵਿਧਾਇਕ ਰਹਿਣ ਵਾਲੀ ਆਗੂ ਰਾਜਿੰਦਰ ਕੌਰ ਭੱਠਲ ਜੋ ਯੋਜਨਾ ਬੋਰਡ ਦੀ ਉਪ ਚੇਅਰਮੈਨ ਵੀ ਹੈ, ਨੂੰ ਬੋਰਡ ਵੱਲੋਂ ਤਨਖਾਹ, ਭੱਤੇ, ਗੱਡੀ ਤੇ ਹੋਰ ਕਈ ਸਹੂਲਤਾਂ ਮਿਲਦੀਆਂ ਹਨ ਪਰ 6 ਵਾਰ ਵਿਧਾਇਕ ਰਹਿਣ ਕਰਕੇ 3 ਲੱਖ 25 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਵੀ ਮਿਲਦੀ ਹੈ। ਅਕਾਲੀ ਲੀਡਰ ਸਰਵਣ ਸਿੰਘ ਫਿਲੌਰ 6 ਵਾਰ ਵਿਧਾਇਕ ਤੇ ਜੇਲ੍ਹ ਮੰਤਰੀ ਰਹਿਣ ਕਰਕੇ ਪ੍ਰਤੀ ਮਹੀਨਾ 3 ਲੱਖ 25 ਹਜ਼ਾਰ ਪੈਨਸ਼ਨ ਅਤੇ ਕਈ ਭੱਤੇ ਲੈ ਰਹੇ ਹਨ। ਲਾਲ ਸਿੰਘ 6 ਵਾਰ ਵਿਧਾਇਕ ਤੇ 2 ਵਾਰ ਮੰਤਰੀ ਰਹੇ ਹਨ। ਇਸ ਸਮੇਂ ਮੰਡੀ ਬੋਰਡ ਦੇ ਚੇਅਰਮੈਨ ਹਨ। ਮੰਡੀ ਬੋਰਡ ਤੋਂ ਤਨਖਾਹ ਤੇ ਹੋਰ ਸਹੂਲਤ ਦੇ ਨਾਲ 3 ਲੱਖ 25 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲੈ ਰਹੇ ਹਨ। ਪ੍ਰਤਾਪ ਸਿੰਘ ਬਾਜਵਾ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ ਸਮੇਤ 7 ਰਾਜ ਸਭਾ ਮੈਂਬਰ ਹਨ ਜਿਨ੍ਹਾਂ ਨੂੰ ਤਨਖਾਹ ਤੇ ਹੋਰ ਭੱਤੇ ਮਿਲਦੇ ਹਨ ਪਰ ਉਹ ਸਾਬਕਾ ਵਿਧਾਇਕ ਹੋਣ ਕਰਕੇ 2 ਲੱਖ 75 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਵੱਖਰੀ ਲੈ ਰਹੇ ਹਨ ਜੋ ਨਹੀਂ ਮਿਲਣੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ ਇਸ ਸਮੇਂ ਵਿਧਾਇਕ ਹਨ। ਜੇ ਉਹ ਰਿਟਾਇਰਡ ਹੁੰਦੇ ਹਨ ਤਾਂ ਉਨ੍ਹਾਂ ਦੀ ਪੈਨਸ਼ਨ ਰਿਕਾਰਡ ਹੋਵੇਗੀ। ਉਹ 10 ਵਾਰ ਵਿਧਾਇਕ ਰਹੇ ਹਨ, ਉਨ੍ਹਾਂ ਨੂੰ ਪ੍ਰਤੀ ਮਹੀਨਾ 5 ਲੱਖ 26 ਹਜ਼ਾਰ ਪੈਨਸ਼ਨ ਮਿਲੇਗੀ।
ਇੰਟਰਨੈੱਟ ਉਪਰ ਮਿਲਦੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਦੀ ਤਨਖਾਹ 1 ਲੱਖ 65 ਹਜ਼ਾਰ ਪ੍ਰਤੀ ਮਹੀਨਾ, ਰਾਸ਼ਟਰਪਤੀ ਦੀ 5 ਲੱਖ ਰੁਪਏ, ਉਪ-ਰਾਸ਼ਟਰਪਤੀ ਦੀ 4 ਲੱਖ, ਰਾਜਪਾਲ ਦੀ 3 ਲੱਖ 50 ਹਜ਼ਾਰ, ਚੀਫ਼ ਜਸਟਿਸ 2 ਲੱਖ 80 ਹਜ਼ਾਰ, ਸੁਪਰੀਮ ਕੋਰਟ ਦੇ ਜੱਜ ਦੀ ਤਨਖਾਹ 2 ਲੱਖ 50 ਹਜ਼ਾਰ ਮਹੀਨਾ ਹੈ। ਮੁੱਖ ਚੋਣ ਕਮਿਸ਼ਨ, ਕੈਬਨਿਟ ਸਕੱਤਰ, ਫੌਜ ਦੇ ਮੁਖੀਆਂ ਦੀ ਤਨਖਾਹ 2 ਲੱਖ 50 ਹਜ਼ਾਰ ਹੈ। ਇਸ ਤਰ੍ਹਾਂ ਸਾਡੇ ਬਹੁਤ ਸਾਰੇ ਵਿਧਾਇਕ ਇਨ੍ਹਾਂ ਸ਼ਖ਼ਸੀਅਤਾਂ ਨਾਲੋਂ ਵੱਧ ਤਨਖ਼ਾਹ ਲੈ ਰਹੇ ਹਨ।
ਕਿਸੇ ਹੋਰ ਮੁਲਕ ਵਿਚ ਸਰਕਾਰੀ ਖ਼ਜ਼ਾਨੇ ਦੀ ਐਸੀ ਲੁੱਟ ਨਹੀਂ। ‘ਆਪ’ ਦੇ ਵਿਧਾਇਕਾਂ ਨੇ 17 ਅਗਸਤ 2021 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਮੁਲਾਕਾਤ ਕਰਕੇ ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨਾਂ ਰੋਕਣ ਦੀ ਮੰਗ ਕੀਤੀ ਹੈ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਕੈਨੇਡਾ ਵਿਚ ਵਿਧਾਇਕਾਂ ਦੇ ਕਾਰੋਬਾਰ ਕਰਨ ਤੇ ਪਾਬੰਦੀ ਹੈ, ਭਾਵ ਜਿਵੇਂ ਭਾਰਤ ਵਿਚ ਸਰਕਾਰੀ ਕਰਮਚਾਰੀ ਕੋਈ ਕਾਰੋਬਾਰ ਨਹੀਂ ਕਰ ਸਕਦੇ, ਉਸੇ ਤਰ੍ਹਾਂ ਵਿਧਾਇਕ ਵੀ ਨਹੀਂ ਕਰ ਸਕਦੇ। ਇਹ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਨਾ ਕਰ ਸਕਣ ਤੇ ਸਾਰਾ ਸਮਾਂ ਲੋਕਾਂ ਦੀ ਭਲਾਈ ਤੇ ਲਾ ਸਕਣ ਪਰ ਸਾਡਾ ਹਰ ਵਿਧਾਇਕ ਕੋਈ ਨਾ ਕੋਈ ਕਾਰੋਬਾਰ ਕਰ ਰਿਹਾ ਹੈ। ਇਸ ਲਈ ਕਾਰੋਬਾਰ ਕਰਨ ਤੇ ਪਾਬੰਦੀ ਲਾਉਣਾ ਸਮੇਂ ਦੀ ਲੋੜ ਹੈ।
ਵਿਦੇਸ਼ਾਂ ਵਿਚ ਸਰਕਾਰੀ ਦਫ਼ਤਰਾਂ ਵਾਂਗ ਹਰ ਹਲਕੇ ਵਿਚ ਵਿਧਾਇਕ ਤੇ ਸੰਸਦ ਪਾਰਲੀਮੈਂਟ ਦਾ ਦਫ਼ਤਰ ਹੈ। ਉੱਥੇ ਸਰਕਾਰੀ ਦਫ਼ਤਰਾਂ ਵਾਂਗ ਬਕਾਇਦਾ ਕਰਮਚਾਰੀ ਬੈਠਦੇ ਹਨ। ਵਿਧਾਇਕ ਤੇ ਸੰਸਦ ਪਾਰਲੀਮੈਂਟ ਵੀ ਦਫ਼ਤਰ ਵਿਚ ਲੋਕਾਂ ਨੂੰ ਮਿਲਦੇ ਹਨ ਪਰ ਸਾਡੇ ਅਜਿਹਾ ਨਹੀਂ। ਉਹ ਘਰਾਂ ਵਿਚ ਮਿਲਦੇ ਹਨ। ਆਮ ਲੋਕਾਂ ਨੂੰ ਇਨ੍ਹਾਂ ਦੇ ਘਰਾਂ ਦਾ ਹੀ ਪਤਾ ਨਹੀਂ ਕਿ ਉਹ ਕਿੱਥੇ ਰਹਿੰਦੇ ਹਨ। ਕਈਆਂ ਦੇ ਘਰ ਬਹੁਤ ਦੂਰ ਹਨ। ਕਈ ਦੂਰ ਦੁਰਾਡਿਓਂ ਆ ਕੇ ਚੋਣ ਲੜਦੇ ਹਨ, ਫਿਰ ਲੱਭਦੇ ਨਹੀਂ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਮਸ਼ਹੂਰ ਕਲਾਕਾਰ ਸਨੀ ਦਿਓਲ ਮੁੰਬਈ ਤੋਂ ਆ ਕੇ ਚੋਣ ਲੜਿਆ। ਚੋਣ ਜਿੱਤਣ ਬਾਅਦ ਉਹ ਮੁੜ ਲੱਭਾ ਨਹੀਂ। ‘ਕੰਮ ਨਹੀਂ, ਤਨਖ਼ਾਹ ਨਹੀਂ’ ਫਾਰਮੂਲਾ ਇਨ੍ਹਾਂ ਤੇ ਵੀ ਲਾਇਆ ਜਾਵੇ ਤੇ ਗ਼ੈਰ ਹਾਜ਼ਰ ਵਾਲਿਆਂ ਵਿਰੁਧ ਸਰਕਾਰੀ ਕਰਮਚਾਰੀਆ ਵਾਂਗ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਰ ਹਲਕੇ ਦਾ ਦਫ਼ਤਰ ਉਸ ਇਲਾਕੇ ਵਿਚ ਬਣਾਇਆ ਜਾਵੇ; ਮਸਲਨ ਅਜਨਾਲਾ ਹਲਕੇ ਦਾ ਅਜਨਾਲਾ ਵਿਚ, ਰਾਜਾਸਾਂਸੀ ਦਾ ਰਾਜਾਸਾਂਸੀ ਵਿਚ, ਬਿਆਸ ਦਾ ਬਿਆਸ ਵਿਚ ਆਦਿ।
ਕੈਨੇਡਾ ਵਿਚ ਵਿਧਾਇਕ ਨੂੰ ਦਸ ਹਜ਼ਾਰ ਡਾਲਰ ਤੋਂ ਵੱਧ ਕਿਸੇ ਕਾਰੋਬਾਰ ਤੇ ਲਾਉਣ ਤੇ ਸਰਕਾਰ ਨੂੰ ਦੱਸਣਾ ਪੈਂਦਾ ਹੈ। ਸਾਡੇ ਵੀ ਅਜਿਹਾ ਚਾਹੀਦਾ ਹੈ। ਇਸ ਨਾਲ ਨਾਜਾਇਜ਼ ਕਾਰੋਬਾਰ ਤੇ ਰੋਕ ਲੱਗੇਗੀ।
ਪੰਜਾਬ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਸਰਕਾਰਾਂ ਭਾਵੇਂ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦੀਆਂ ਹਨ ਪਰ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2014 ਤੋਂ 2021 ਤਕ ਅੱਠ ਸਾਲਾਂ ਵਿਚ 22 ਕਰੋੜ 73 ਲੱਖ 99 ਹਜ਼ਾਰ 473 ਰੁਪਏ ਤੋਂ ਜ਼ਿਆਦਾ ਦੀ ਰਕਮ ਆਉਣ ਜਾਣ ਲਈ ਵਰਤੋਂ ਵਿਚ ਲਿਆਂਦੇ ਹੈਲੀਕਾਪਟਰਾਂ ਤੇ ਖਰਚ ਕੀਤੀ। ਪੰਜਾਬ ਛੋਟਾ ਜਿਹਾ ਸੂਬਾ ਹੈ। ਕਾਰਾਂ ਦੀ ਵਰਤੋਂ ਨਾਲ ਵੀ ਕੰਮ ਸਾਰਿਆ ਜਾ ਸਕਦਾ ਹੈ ਤੇ ਅਜਿਹੇ ਖ਼ਰਚਿਆਂ ਤੋਂ ਬਚਿਆ ਜਾ ਸਕਦਾ ਹੈ। ਮੌਜੂਦਾ ਮੁੱਖ ਮੰਤਰੀ ਵੀ ਹੈਲੀਕਾਪਟਰ ਦੀ ਵਰਤੋਂ ਕਰਨ ਵਿਚ ਵੀ ਪਿੱਛੇ ਨਹੀਂ। ਉਨ੍ਹਾਂ ਨੂੰ ਵੀ ਕੈਨੇਡਾ ਵਰਗੇ ਅਗਾਂਹਵਧੂ ਮੁਲਕ ਤੋਂ ਸੇਧ ਲੈ ਕੇ ਆਪਣੇ ਕੰਮ-ਕਾਜ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਤੋਂ ਟੈਕਸਾਂ ਦੁਆਰਾ ਇਕੱਠਾ ਪੈਸਾ ਲੋਕ ਭਲਾਈ ਲਈ ਖ਼ਰਚ ਕੀਤਾ ਜਾ ਸਕੇ।
ਸੰਪਰਕ : 001-937573912
25 ਫਰਵਰੀ 2012 ਦੇ ਅੰਕ ਲਈ : ਅਵਤਾਰ ਪੁਰਬ ‘ਤੇ ਵਿਸ਼ੇਸ਼ : ਸ੍ਰੀ ਗੁਰੂ ਹਰਿਰਾਇ ਸਾਹਿਬ ਜੀ - ਡਾ.ਚਰਨਜੀਤ ਸਿੰਘ ਗੁਮਟਾਲਾ
ਸਤਵੀਂ ਪਾਤਸ਼ਾਹੀ ਸ੍ਰੀ ਹਰਿਰਾਇ ਸਾਹਿਬ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁਤਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇੇ ਪੋਤਰੇ ਸਨ।ਮਾਤਾ ਜੀ ਦਾ ਨਾਂ ਮਾਤਾ ਨਿਹਾਲ ਕੌਰ ਸੀ ।ਆਪ ਜੀ ਨੇ ਪੰਜਾਬ ਦੇ ਮੌਜੂਦਾ ਜ਼ਿਲ੍ਹਾ ਰੋਪੜ ਵਿੱਚ 19 ਮਾਘ ਸੰਮਤ 1686 (16 ਜਨਵਰੀ 1630) ਨੂੰ ਕੀਰਤਪੁਰ ਵਿਖੇ ਅਵਤਾਰ ਧਾਰਿਆਂ। 1640 ਵਿੱਚ, ਆਪ ਜੀ ਸ਼ਾਦੀ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਅਨੂਪ ਸ਼ਹਿਰ ਦੇ ਭਾਈ ਦਯਾ ਰਾਮ ਦੀ ਸੁਪੁਤਰੀ ਬੀਬੀ ਸੁਲੱਖਣੀ ਜੀ ਨਾਲ ਹੋਈ। ਇਹ ਬਹੁਤ ਨੇਕ ਅਤੇ ਸ਼ਰਧਾ ਸੁਭਾਅ ਦੇ ਵਿਅਕਤੀ ਸਨ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨਾਂ ਸ਼੍ਰੀ ਹਰਿਰਾਇ ਆਪ ਰੱਖਿਆ ਸੀ।ਪੰਜਾਬੀ ਯੂਨੀਵਰਸਿੱਟੀ,ਪਟਿਆਲਾ ਦੁਆਰਾ ਪ੍ਰਕਾਸ਼ਿਤ ਸਿੱਖ ਧਰਮ ਵਿਸ਼ਵ ਕੋਸ਼ ਵਿਚ ਵੱਖ ਵੱਖ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਆਪ ਜੀ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਜੋ ਰੌਸ਼ਨੀ ਪਾਈ ਗਈ ਹੈ , ਉਸ ਅਨੁਸਾਰ ਪੁਰਾਤਨ ਲਿਖਤਾਂ ਵਿੱਚ ਲਿਖਿਆ ਮਿਲਦਾ ਹੈ ਕਿ ਇੱਕ ਵਾਰੀ ਆਪ ਜੀ ਘੋੜ ਸਵਾਰੀ ਉਪਰੰਤ ਵਾਪਸ ਘਰ ਪਰਤ ਰਹੇ ਸਨ। ਇਹਨਾਂ ਨੇ ਦੂਰੋਂ ਦੇਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਬਾਗ਼ ਵਿੱਚ ਬੈਠੇ ਹਨ। ਇਹ ਤੁਰੰਤ ਘੋੜੇ ਤੋਂ ਉਤਰੇ ਅਤੇ ਜਾ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਇਸ ਕਾਹਲ ਵਿੱਚ ਇਹਨਾਂ ਦਾ ਚੋਲਾ ਝਾੜੀ ਵਿੱਚ ਫਸ ਗਿਆ ਅਤੇ ਇਸ ਤਰ੍ਹਾਂ ਟਾਹਣੀ ਨਾਲੋਂ ਕੁਝ ਫੁੱਲ ਟੁੱਟ ਗਏ। ਇਸ ਨਾਲ ਹਰਿਰਾਇ ਜੀ ਦੇ ਦਿਲ ਨੂੰ ਦੁੱਖ ਹੋਇਆ। ਇਹ ਉਸੇ ਜਗ੍ਹਾਂ ‘ਤੇ ਬੈਠ ਗਏ ਅਤੇ ਉੱਚੀ-ਉੱਚੀ ਰੋਣ ਲੱਗ ਪਏ।ਸ੍ਰੀ ਗੁਰੂ ਹਰਿਗੋਬਿੰਦ ਜੀ ਆਏ ਅਤੇ ਇਹਨਾਂ ਨੂੰ ਧੀਰਜ ਦਿੱਤਾ। ਗੁਰੂ ਜੀ ਨੇ ਇਹਨਾਂ ਨੂੰ ਸਲਾਹ ਦਿੱਤੀ , “ਕੱਪੜੇ ਜਿਵੇਂ ਚਾਹੋ ਪਾਉ ਪਰੰਤੂ ਤੁਰਨ ਵੇਲੇ ਧਿਆਨ ਰੱਖੋ। ਪ੍ਰਮਾਤਮਾ ਦੇ ਸੇਵਕਾਂ ਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਪਿਆਰ ਕਰਨ”। ਇਸ ਤਰ੍ਹਾਂ ਗੁਰੂ ਜੀ ਦੇ ਸ਼ਬਦਾਂ ਵਿੱਚ ਡੂੰਘੇ ਅਰਥ ਸਨ। ਮਨੁੱਖ ਨੂੰ ਇਸ ਸੰਸਾਰ ਵਿੱਚ ਰਹਿਣਾ ਚਾਹੀਦਾ ਹੈ ਪਰ ਨਾਲ ਹੀ ਨਾਲ ਆਪਣੇ ਆਪ ‘ਤੇ ਪੂਰਾ ਕੰਟਰੋਲ ਰੱਖਣਾ ਚਾਹੀਦਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਇਹ ਜਾਣ ਲਿਆ ਸੀ ਕਿ ਸ੍ਰੀ ਹਰਿਰਾਇ ਗੁਰੂ ਜੋਤ ਦੀ ਪ੍ਰਾਪਤੀ ਲਈ ਸਭ ਤੋਂ ਵੱਧ ਯੋਗ ਵਿਅਕਤੀ ਹਨ। ਗੁਰੂ ਜੀ ਨੇ ਇਹਨਾਂ ਨੂੰ ਆਪਣਾ ਵਾਰਸ ਨਿਯੁਕਤ ਕਰ ਦਿੱਤਾ ਅਤੇ 3 ਮਾਰਚ 1644 ਨੂੰ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਹਨਾਂ ਨੂੰ ਗੁਰਿਆਈ ਦਾ ਤਿਲਕ ਲਗਾ ਦਿੱਤਾ।
ਸ੍ਰੀ ਗੁਰੂ ਹਰਿਰਾਇ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੁਆਰਾ ਅਰੰਭ ਕੀਤਾ ਠਾਠ ਬਾਠ ਵਾਲਾ ਜੀਵਨ ਜਿਊਣਾ ਜਾਰੀ ਰੱਖਿਆ । ਇਹਨਾਂ ਕੋਲ 2200 ਹਥਿਆਰਬੰਦ ਸਿੱਖ ਸਨ ਪ੍ਰੰਤੂ ਸਰਕਾਰ ਨਾਲ ਇਹਨਾਂ ਦੀ ਕੋਈ ਟੱਕਰ ਨਹੀਂ ਹੋਈ। ਇਹਨਾਂ ਨੇ ਤਿੰਨ ਪ੍ਰਚਾਰ ਮਿਸ਼ਨ ਜਿਨ੍ਹਾਂ ਨੂੰ ‘ਬਖ਼ਸ਼ਿਸ਼ਾਂ’ ਕਿਹਾ ਜਾਂਦਾ ਸੀ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਸਥਾਪਿਤ ਕਰ ਦਿੱਤੇ। ਪਹਿਲਾ ਭਗਵਾਨ ਗਿਰ ਦਾ ਸੀ ਜਿਸ ਦਾ ਨਾਂ ਬਦਲ ਕੇ ਭਗਤ ਭਗਵਾਨ ਰੱਖਿਆ ਗਿਆ ਸੀ। ਦੂਸਰਾ ਸੰਗਤੀਆ ਸੀ ਜਿਸ ਦਾ ਨਾਂ ਬਦਲ ਕੇ ਭਾਈ ਫੇਰੂ ਰੱਖਿਆ ਗਿਆ ਅਤੇ ਜਿਸ ਨੇ ਰਾਜਸਥਾਨ ਅਤੇ ਦੱਖਣੀ ਪੰਜਾਬ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ।ਸ੍ਰੀ ਗੁਰੂ ਹਰਿਰਾਇ ਜੀ ਨੇ ਭਾਈ ਗੋਂਦਾ ਨੂੰ ਕਾਬੁਲ ਭੇਜਿਆ, ਭਾਈ ਨੱਥਾ ਨੂੰ ਢਾਕੇ ਅਤੇ ਭਾਈ ਜੋਧ ਨੂੰ ਮੁਲਤਾਨ ਪ੍ਰਚਾਰ ਲਈ ਭੇਜਿਆ। ਅਜੋਕੇ ਬਾਗੜੀਆਂ ਅਤੇ ਕੈਥਲ ਪਰਿਵਾਰਾਂ ਦੇ ਪੂਰਵਜਾਂ ਨੇ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ। ਸ੍ਰੀ ਗੁਰੂ ਹਰਿਰਾਇ ਆਪ ਵੀ ਇਸ ਇਲਾਕੇ ਵਿੱਚ ਬਹੁਤ ਘੁੰਮੇ ਫਿਰੇ ਅਤੇ ਇਹਨਾਂ ਦੇ ਪ੍ਰਚਾਰ ਨਾਲ ਬਹੁਤ ਲੋਕ ਸਿੱਖ ਬਣ ਗਏ। ਇੱਕ ਗ਼ਰੀਬ ਲੜਕੇ ਫੂਲ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਵੱਲੋਂ ਮਿਲੇ ਅਸ਼ੀਰਵਾਦ ਨੂੰ ਆਪ ਜੀ ਨੇ ਮੁੜ ਦੁਹਰਾਇਆ ਅਤੇ ਪਿੱਛੋਂ ਜਾ ਕੇ ਇਹ ਪਟਿਆਲਾ, ਨਾਭਾ ਅਤੇ ਜੀਂਦ ਦਾ ਬਾਨੀ ਬਣਿਆ। ਅਜੋਕੇ ਸਮੇਂ ਤੱਕ ਪੰਜਾਬ ਵਿੱਚ ਇਹਨਾਂ ਪਰਿਵਾਰਾਂ ਨੇ ਆਪਣੇ ਇਲਾਕਿਆਂ ਵਿੱਚ ਰਾਜ ਕੀਤਾ ਹੈ।
ਕੀਰਤਪੁਰ ਗੁਰੂ ਹਰਿਰਾਇ ਜੀ ਦਾ ਪੱਕਾ ਟਿਕਾਣਾ ਸੀ। ਇੱਥੇ ਹੀ ਸਿੱਖ ਅਤੇ ਯਾਤਰੂ ਅਸ਼ੀਰਵਾਦ ਅਤੇ ਉਪਦੇਸ਼ ਲੈਣ ਲਈ ਆਉਂਦੇ ਸਨ। ਗੁਰੂ ਜੀ ਨੇ ਆਪਣਾ ਨਿੱਤਕਰਮ ਆਪਣੇ ਪੂਰਵਜਾਂ ਦੀ ਤਰ੍ਹਾਂ ਨਿਰੰਤਰ ਜਾਰੀ ਰੱਖਿਆ। ਲੰਗਰ ਦੀ ਸੰਸਥਾ ਹੋਰ ਵਧੀ ਫੁੱਲੀ।ਆਪ ਸਾਦਾ ਭੋਜਨ ਛੱਕਦੇ ਸਨ ਜਿਸ ਨੂੰ ਉਹ ਆਪਣੇ ਹੱਥੀਂ ਕੰਮ ਕਰਕੇ ਕਮਾਉਂਦੇ ਸਨ। ਸਵੇਰ ਵੇਲੇ ਆਪ ਜੀ ਸੰਗਤ ਵਿੱਚ ਬੈਠਦੇ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਸਨ। ਇਹਨਾਂ ਨੇ ਆਪ ਕੋਈ ਬਾਣੀ ਨਹੀਂ ਰਚੀ ਪ੍ਰੰਤੂ ਆਪਣੇ ਪ੍ਰਵਚਨਾਂ ਵਿੱਚ ਆਪ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਵਿਚੱੋਂ ਉਦਾਹਰਨਾਂ ਦਿੰਦੇ ਸਨ। ਆਪ ਅਕਸਰ ਭਾਈ ਗੁਰਦਾਸ ਦੀਆਂ ਵਾਰਾਂ (ਯਯੜੀੀੀ.15) ਵਿੱਚੋਂ ਹੇਠ ਲਿਖੀ ਪਉੜੀ ਦੁਹਰਾਉਂਦੇ ਹੁੰਦੇ ਸਨ :-
ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ॥
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ॥
ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ॥
ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ॥
ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ॥
ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ॥
ਆਸਾ ਵਿਚਿ ਨਿਰਾਸੁ ਵਲਾਏ॥5॥
ਗੁਰੂ ਹਰਿਰਾਇ ਗੋਇੰਦਵਾਲ ਵਿਖੇ ਹੀ ਸਨ ਜਦੋਂ ਦਾਰਾ ਸ਼ੁਕੋਹ ਜੋ ਮੁਗ਼ਲ ਰਾਜ ਗੱਦੀ ਦਾ ਵਾਰਸ ਸੀ ਆਪਣੇ ਭਰਾ ਔਰੰਗਜ਼ੇਬ ਤੋਂ 29 ਮਈ 1658 ਨੂੰ ਸਾਮੂਗੜ ਦੀ ਲੜਾਈ ਵਿੱਚ ਹਾਰ ਖਾ ਕੇ ਫ਼ੌਜ ਦੇ ਅੱਗੇ ਭੱਜਦਾ ਹੋਇਆ ਪੰਜਾਬ ਵਿੱਚ ਦਾਖ਼ਲ ਹੋ ਗਿਆ ਸੀ। ਗੋਇੰਦਵਾਲ ਵਿਖੇ ਜਿੱਥੇ ਇਹ ਜੂਨ 1658 ਦੇ ਪਿਛਲੇ ਹਫ਼ਤੇ ਪੁਹੰਚਿਆ ਸੀ। ਇਹ ਗੁਰੂ ਹਰਿਰਾਇ ਜੀ ਦੇ ਦਰਸ਼ਨਾਂ ਲਈ ਆਇਆ ਅਤੇ ਇਹਨਾਂ ਤੋਂ ਬਖ਼ਸ਼ਸ਼ ਲਈ ਬੇਨਤੀ ਕੀਤੀ। ਇਹ ਸ਼ਹਿਜ਼ਾਦਾ ਖੁੱਲ੍ਹੇ ਧਾਰਮਿਕ ਸੁਭਾਅ ਦਾ ਸੀ ਅਤੇ ਕੁਦਰਤੀ ਤੌਰ ‘ਤੇ ਸਾਧਾਂ-ਸੰਤਾਂ ਦੀ ਸੰਗਤ ਕਰਕੇ ਪ੍ਰਸੰਨ ਹੁੰਦਾ ਸੀ। ਇਹ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਮੁਸਲਮਾਨ ਸੂਫ਼ੀ ਮੀਆਂ ਮੀਰ ਦਾ ਪ੍ਰਸੰਸਕ ਸੀ ਜਿਸ ਦਾ ਸਿੱਖ ਗੁਰੂਆਂ ਨਾਲ ਮੇਲ-ਜੋਲ ਸੀ। ਸਿੱਖ ਪਰੰਪਰਾ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਕਿਵੇਂ ਇੱਕ ਵਾਰੀ ਦਾਰਾ ਸ਼ੁਕੋਹ ਇੱਕ ਨਾਮੁਰਾਦ ਬਿਮਾਰੀ ਤੋਂ ਗੁਰੂ ਹਰਿਰਾਇ ਦੁਆਰਾ ਭੇਜੀਆਂ ਗਈਆਂ ਜੜੀਆਂ ਬੂਟੀਆਂ ਨਾਲ ਤਿਆਰ ਕੀਤੀ ਦਵਾਈ ਨਾਲ ਤੰਦਰੁਸਤ ਹੋ ਗਿਆ ਸੀ। ਇਸ ਲਈ ਇਸ ਨੇ ਆਪਣੇ ਇਸ ਦੁੱਖ ਦੀ ਘੜੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿੱਤਾ। ਸਰੂਪ ਦਾਸ ਭੱਲਾ ਦੇ ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਹਰਿਰਾਇ ਜੀ ਨੇ ਔਰੰਗਜ਼ੇਬ ਦੀ ਫ਼ੌਜ ਨੂੰ ਲੇਟ ਕਰਨ ਲਈ ਆਪਣੀ ਫ਼ੌਜ ਪੱਤਣ ‘ਤੇ ਲਗਾ ਦਿੱਤੀ ਜੋ ਦਾਰਾ ਦਾ ਤੇਜ਼ੀ ਨਾਲ ਪਿੱਛਾ ਕਰ ਰਹੀ ਸੀ।
ਗੁਰੂ ਹਰਿਰਾਇ ਜੀ ਨੇ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਦੀ ਫੇਰੀ ਲਗਾਈ ਜਿੱਥੇ ਇਹਨਾਂ ਦੇ ਪੂਰਬਲੇ ਗੁਰੂਆਂ ਦੁਆਰਾ ਪ੍ਰਚਾਰ ਕਰਨ ‘ਤੇ ਸਿੱਖ ਧਰਮ ਪੱਕੇ ਪੈਰੀਂ ਹੋ ਗਿਆ ਸੀ। ਆਪ ਜੀ ਦੂਰ ਕਸ਼ਮੀਰ ਤੱਕ ਚੱਲੇ ਗਏ। 1660 ਦੀ ਵਿਸਾਖੀ ਇਹਨਾਂ ਹਕੀਕਤ ਰਾਇ ਸ਼ਹੀਦ ਦੇ ਦਾਦੇ ਨੰਦ ਲਾਲ ਪੁਰੀ ਦੇ ਘਰ ਸਿਆਲਕੋਟ ਮਨਾਈ। ਯਾਤਰਾ, ਕੁਝ ਸਿੱਖਾਂ ਜਿਵੇਂ ਇੱਕ ਲੁਬਾਣਾ ਪਵਾਰੀ ਮੱਖਣ ਸ਼ਾਹ ਅਤੇ ਆੜੂ ਰਾਮ ਦੇ ਸਾਥ ਵਿੱਚ ਜਾਰੀ ਰਹੀ। ਆੜੂ ਰਾਮ ਦਾ ਪੁੱਤਰ ਕ੍ਰਿਪਾ ਰਾਮ ਦੱਤ ਬਾਅਦ ਵਿੱਚ ਕਸ਼ਮੀਰੀ ਪੰਡਤਾਂ ਨੂੰ ਨਾਲ ਲੈ ਕੇ ਸ਼ਾਹੀ ਦਮਨ ਵਿਰੁੱਧ ਗੁਰੂ ਤ7ਗ਼ ਬਹਾਦਰ ਜੀ ਕੋਲ ਆਇਆ ਸੀ। ਗੁਰੂ ਹਰਿਰਾਇ ਜੀ 19 ਮਈ 1660 ਨੂੰ ਮਾਰਤੰਡ ਹੋ ਕੇ ਸ੍ਰੀਨਗਰ ਪਹੁੰਚੇ ਅਤੇ ਮੋਟਾ ਟਾਂਡਾ ਵੀ ਗਏ। ਮੱਖਣ ਸ਼ਾਹ ਇਸੇ ਪਿੰਡ ਦਾ ਰਹਿਣ ਵਾਲਾ ਸੀ। ਵਾਪਸ ਆਉਂਦੇ ਹੋਏ ਆਪ ਅਖਨੂਰ ਅਤੇ ਜੰਮੂ ਠਹਿਰੇ। ਜੰਮੂ ਵਿਖੇ ਸਥਾਨਿਕ ਮਸੰਦ ਭਾਈ ਕਾਹਨਾ ਸੰਗਤ ਲੈ ਕੇ ਹਾਜ਼ਰ ਹੋਇਆ।
ਗੁਰੂ ਹਰਿਰਾਇ ਜੀ ਨਾਲ ਦਾਰਾ ਸ਼ੁਕੋਹ ਦੀ ਮਿਲਣੀ ਨੂੰ ਬਾਦਸ਼ਾਹ ਔਰੰਗਜ਼ੇਬ ਨੂੰ ਗ਼ਲਤ ਢੰਗ ਨਾਲ ਦੱਸਿਆ ਗਿਆ। ਕਾਫ਼ੀ ਮਸਾਲੇ ਲਗਾ ਕੇ ਕਹਾਣੀਆਂ ਉਸ ਤੱਕ ਪਹੁੰਚਾਈਆਂ ਗਈਆਂ। ਉਸਦੇ ਅਫ਼ਸਰਾਂ ਅਤੇ ਦਰਬਾਰੀਆਂ ਨੇ ਉਸ ਨੂੰ ਦੱਸਿਆ ਕਿ ਗੁਰੂ ਹਰਿਰਾਇ ਇੱਕ ਬਾਗ਼ੀ ਹੈ ਅਤੇ ਇਹਨਾਂ ਨੇ ਭਗੌੜੇ ਸ਼ਹਿਜ਼ਾਦੇ ਦਾਰਾ ਦੀ ਵੀ ਮਦਦ ਕੀਤੀ ਹੈ।ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ (ਗੁਰੂ) ਗ੍ਰੰਥ ਸਾਹਿਬ ਵਿੱਚ ਇਸਲਾਮ ਵਿਰੁੱਧ ਬਾਣੀ ਲਿਖੀ ਹੋਈ ਹੈ। ਬਾਦਸ਼ਾਹ ਨੇ ਆਂਬੇਰ ਦੇ ਰਾਜਾ ਜੈ ਸਿੰਘ ਨੂੰ ਗੁਰੂ ਹਰਿਰਾਇ ਜੀ ਨੂੰ ਦਿੱਲੀ ਲਿਆਉਣ ਲਈ ਕਿਹਾ। ਰਾਜੇ ਦਾ ਦੂਤ ਹਰੀ ਚੰਦ 1661 ਨੂੰ ਵਿਸਾਖੀ ਵਾਲੇ ਦਿਨ ਕੀਰਤਪੁਰ ਪਹੁੰਚਿਆ ਅਤੇ ਉਸ ਨੇ ਸ਼ਾਹੀ ਸੰਮਨ ਦੇ ਦਿੱਤੇ। ਗੁਰੂ ਹਰਿਰਾਇ ਜੀ ਨੇ ਸੰਮਨ ਲੈ ਲਏ ਅਤੇ ਕਵੀ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਉਹਨਾਂ ਨੇ ਕਿਹਾ, “ਮੈਂ ਕਿਸੇ ਖਿੱਤੇ ‘ਤੇ ਰਾਜ ਨਹੀਂ ਕਰਦਾ, ਨਾ ਹੀ ਬਾਦਸ਼ਾਹ ਦਾ ਕੋਈ ਟੈਕਸ ਮੇਰੇ ਵੱਲ ਬਣਦਾ ਹੈ ਅਤੇ ਨਾ ਹੀ ਮੈਂ ਉਸ ਤੋਂ ਕੁਝ ਲੈਣਾ ਹੈ। ਸਾਡੇ ਵਿੱਚ ਗੁਰੂ ਅਤੇ ਸਿੱਖ ਵਾਲਾ ਵੀ ਕੋਈ ਰਿਸ਼ਤਾ ਨਹੀਂ ਹੈ। ਫਿਰ ਇਸ ਮਿਲਣੀ ਦਾ ਕੀ ਲਾਭ ਹੋਵੇਗਾ”। ਇਸ ਲਈ ਗੁਰੂ ਜੀ ਨੇ ਆਪਣੀ ਥਾਂ ‘ਤੇ ਆਪਣੇ ਵੱਡੇ ਲੜਕੇ ਰਾਮਰਾਇ ਨੂੰ ਭੇਜ ਦਿੱਤਾ ਅਤੇ ਇਸ ਦੀ ਮਦਦ ਲਈ ਦੀਵਾਨ ਦਰਗਾਹ ਮੱਲ ਨਾਲ ਭੇਜਿਆ। ਗੁਰੂ ਕੀਆਂ ਸਾਖੀਆਂ ਅਨੁਸਾਰ ਗੁਰੂ ਹਰਿਰਾਇ ਜੀ ਨੇ ਆਪਣੇ ਪੁੱਤਰ ਨੂੰ ਅਸ਼ੀਰਵਾਦ ਦਿੱਤਾ। ਜਦੋਂ ਉਹ ਗੱਡੀ ਵਿੱਚ ਬੈਠ ਗਿਆ ਤਾਂ ਉਸ ਨੂੰ ਹੇਠ ਲਿਖੀ ਨਸੀਹਤ ਦਿੱਤੀ : “ਬਿਨਾਂ ਕਿਸੇ ਡਰ ਭੈ ਦੇ ਬਾਦਸ਼ਾਹ ਵੱਲੋਂ ਪੁੱਛੇ ਪ੍ਰਸ਼ਨਾਂ ਦਾ ਸਾਫ਼ ਅਤੇ ਸਪੱਸ਼ਟ ਉੱਤਰ ਦੇਣਾ। ਕਿਸੇ ਕਿਸਮ ਦੀ ਕੋਈ ਹਿਚਕਿਚਾਹਟ ਨਹੀਂ ਦਿਖਾਉਣੀ। ਰਸਤੇ ਵਿੱਚ ਜਿੱਥੇ ਵੀ ਰੁਕੋ ਗ੍ਰੰਥ ਦਾ ਮਨ ਲਾ ਕੇ ਪਾਠ ਕਰੋ। ਜਿੱਥੇ ਵੀ ਤੁਸੀਂ ਹੋਵੋਗੇ ਗੁਰੂ ਤੁਹਾਡੀ ਰੱਖਿਆ ਕਰੇਗਾ”। ਭਾਈ ਬਹਿਲੋ ਦੇ ਪਰਿਵਾਰ ਦੇ ਗੁਰਦਾਸ ਨੂੰ (ਗੁਰੂ) ਗ੍ਰੰਥ ਦੀ ਬੀੜ ਰਾਮਰਾਇ ਦੇ ਨਾਲ ਲੈ ਜਾਣ ਦਾ ਆਦੇਸ਼ ਦਿੱਤਾ। ਬਾਦਸ਼ਾਹ ਨੂੰ ਖੁਸ਼ ਕਰਨ ਲਈ ਰਾਮਰਾਇ ਨੇ ਜਾਣ ਬੁੱਝ ਕੇ (ਗੁਰੂ ਗ੍ਰੰਥ ਸਾਹਿਬ ਤੋਂ ਤੁਕਾਂ ਦਾ ਗਲਤ ਪਾਠ ਕੀਤਾ। ਇਹਨਾਂ ਨਾਲ ਗਏ ਹੋਏ ਸਿੱਖਾਂ ਨੇ ਇਹ ਗੱਲ ਸ੍ਰੀ ਗੁਰੂ ਹਰਿਰਾਇ ਜੀ ਨੂੰ ਆ ਕੇ ਦੱਸੀ ਜਿਨ੍ਹਾਂ ਨੇ ਰਾਮਰਾਇ ਨੂੰ ਫਿਟਕਾਰ ਦਿੱਤਾ ਕਿਉਂਕਿ ਇਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਿੱਤੀ ਸੀ। ਗੁਰੂ ਵੱਲੋਂ ਰਾਮਰਾਇ ਨੂੰ ਮੱਥੇ ਨਾ ਲੱਗਣ ਦਾ ਹੁਕਮ ਦੇਣ ਕਰਕੇ ਇਹ ਦੇਹਰਾਦੂਨ ਚੱਲਾ ਗਿਆ। ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਸੁਪੁੱਤਰ ਹਰਿਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਅਤੇ 6 ਅਕਤੂਬਰ 1661 ਨੂੰ ਕੀਤਰਪੁਰ ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ।
ਡਾ.ਚਰਨਜੀਤ ਸਿੰਘ ਗੁਮਟਾਲਾ ,91 9417533060
05 ਫਰਵਰੀ 2021 ਦੇ ਅੰਕ ਲਈ ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਵੱਡਾ ਘੱਲੂਕਾਰਾ - ਡਾ.ਚਰਨਜੀਤ ਸਿੰਘ ਗੁਮਟਾਲਾ
ਸਿੱਖ ਇਤਿਹਾਸ ਵਿਚ ਵੱਡਾ ਘਲੂੱਕਾਰਾ ਵਿਸ਼ੇਸ਼ ਸਥਾਨ ਰਖਦਾ ਹੈ।ਪ੍ਰਿਸੀਪਲ ਤੇਜਾ ਸਿੰਘ ਤੇ ਡਾ.ਗੰਡਾ ਸਿੰਘ ਨੇ ਇਸ ਦੇ ਇਤਿਹਾਸਿਕ ਪਿਛੋਕੜ ਬਾਰੇ ਆਪਣੀ ਪੁਸਤਕ ‘ਸਿੱਖ ਇਤਿਹਾਸ(1469-1765) ਵਿਚ ਲਿਖਿਆ ਹੈ ਕਿ ਦੀਵਾਲੀ ਦੇ ਆਪਣੇ ਵਾਰਸ਼ਿਕ ਉਤਸਵ ਨੂੰ ਮਨਾਉਣ ਲਈ ਸਰਬਤ ਖ਼ਾਲਸਾ 27 ਅਕਤੂਬਰ, 1761 ਨੂੰ ਸਭ ਪਾਸਿਆਂ ਤੋਂ ਅੰਮ੍ਰਿਤਸਰ ਵਿੱਚ ਇਕੱਠਾ ਹੋਇਆ। ਉਨ੍ਹਾਂ ਨੇ ਗੁਰਮਤਾ ਪਾਸ ਕੀਤਾ ਕਿ ਅਹਿਮਦ ਸ਼ਾਹ ਦੇ ਸਾਰੇ ਸਾਥੀਆਂ ਅਤੇ ਸਮਰਥਕਾਂ ਦੇ ਅੱਡਿਆਂ ਉੱਤੇ ਜੋ ਮੁਲਕ ਦੀ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਸਿੱਧ ਹੋ ਰਹੇ ਸਨ, ਕਬਜ਼ਾ ਕਰ ਲਿਆ ਜਾਏ। ਸਭ ਤੋਂ ਲਾਗੇ ਆਕਲ ਦਾਸ ਦਾ ਜੰਡਿਆਲੇ ਦਾ ਅੱਡਾ ਸੀ ਜੋ ਨਿਰੰਜਣੀਆਂ ਦੇ ਸਿੱਖ-ਵਿਰੋਧੀ ਫ਼ਿਰਕੇ ਦਾ ਆਗੂ ਸੀ ਅਤੇ ਜੋ ਸਦਾ ਹੀ ਸਿੱਖਾਂ ਦੇ ਵੈਰੀਆਂ ਦੀ ਸਹਾਇਤਾ ਕਰਦਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਨੂੰ ਖ਼ਾਲਸੇ ਦੇ ਫੈਸਲੇ ਤੋਂ ਜਾਣੂ ਕਰਾ ਦਿੱਤਾ ਸੀ। ਇਹ ਸ਼ਾਇਦ ਇਸ ਲਈ ਕੀਤਾ ਸੀ ਕਿ ਉਹ ਸਿੱਖਾਂ ਦੀ ਅਧੀਨਗੀ ਪ੍ਰਵਾਨ ਕਰ ਲਵੇ ਪਰ ਉਸ ਨੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਥਾਂ ਤੁਰੰਤ ਅਹਿਮਦ ਸ਼ਾਹ ਵੱਲ ਚਿੱਠੀ ਲਿਖੀ ਅਤੇ ਉਸ ਨੂੰ ਆਪਣੀ ਸਹਾਇਤਾ ਲਈ ਸੱਦਿਆ।
ਅਹਿਮਦ ਸ਼ਾਹ ਦੁਰਾਨੀ ਜੋ ਆਪਣੇ ਛੇਵੇਂ ਹਮਲੇ ‘ਤੇ ਪਹਿਲਾਂ ਹੀ ਭਾਰਤ ਵੱਲ ਨੂੰ ਆ ਰਿਹਾ ਸੀ, ਆਕਲ ਦਾਸ ਦੇ ਏਲਚੀਆਂ ਨੂੰ ਰੋਹਤਾਸ ਦੇ ਅਸਥਾਨ ‘ਤੇ ਮਿਲਿਆ। ਉਹ ਬੜੀ ਕਾਹਲੀ ਕਾਹਲੀ ਜੰਡਿਆਲੇ ਪੁੱਜਾ ਅਤੇ ਉਸ ਨੂੰ ਪਤਾ ਲੱਗਾ ਕਿ ਸਿੱਖ ਜੰਡਿਆਲੇ ਦਾ ਘੇਰਾ ਛੱਡ ਕੇ ਸਰਹਿੰਦ ਵੱਲ ਨੂੰ ਚਲੇ ਗਏ ਸਨ। ਸਿੱਖਾਂ ਦੇ ਛੇਤੀ ਹੀ ਵਾਪਿਸ ਮੁੜ ਜਾਣ ਦਾ ਕਾਰਨ ‘ਹੁਸੈਨ ਸ਼ਾਹੀ’ ਪੁਸਤਕ ਦੇ ਕਰਤਾ ਅਨੁਸਾਰ ਇਹ ਸੀ ਕਿ ਆਕਲ ਦਾਸ ਦੇ ਪੈਰੋਕਾਰ ਨੇ ਗਊਆਂ ਦੀਆਂ ਹੇਠਲੀਆਂ ਲੱਤਾਂ ਕਿਲ੍ਹੇ ਦੀਆਂ ਦੀਵਾਰਾਂ ਨਾਲ ਲਟਕਾਈਆਂ ਹੋਈਆਂ ਸਨ ਪਰ ਸਿੱਖਾਂ ਦੇ ਛੇਤੀ ਵਾਪਿਸ ਮੁੜ ਜਾਣ ਦਾ ਅਸਲ ਕਾਰਣ ਇਹ ਸੀ ਕਿ ਉਹ ਆਪਣੇ ਨਾਲ ਆਪਣੇ ਪਰਿਵਾਰਾਂ ਨੂੰ ਹਮਲਾਅਵਰ ਦੀ ਪਹੁੰਚ ਤੋਂ ਦੂਰ ਕਿਸੇ ਥਾਂ ‘ਤੇ ਲਿਜਾਣਾ ਅਤੇ ਛੱਡ ਆਉਣਾ ਚਾਹੁੰਦੇ ਸਨ ਜਾਂ ਉਹ ਉਨ੍ਹਾਂ ਨੂੰ ਦੱਖਣ-ਪੱਛਮੀ ਇਲਾਕੇ ਵਿੱਚ ਰਹਿ ਰਹੇ ਆਪਣੇ ਮਿੱਤਰਾਂ ਜਾਂ ਦੱਖਣ ਵਿੱਚ ਰਾਇਪੁਰ ਅਤੇ ਗੁੱਜਰਵਾਲ ਦੇ ਨੇੜੇ ਪੁਚਾਉਣਾ ਚਾਹੁੰਦੇ ਸਨ। ਸਿੱਖ ਸਰਦਾਰ ਦਿਆਲ ਸਿੰਘ ਬਰਾੜ ਦੀ ਮੌਤ ਦਾ ਵੀ ਬਦਲਾ ਲੈਣਾ ਚਾਹੁੰਦੇ ਸਨ ਜਿਸ ਨੂੰ ਥੋੜ੍ਹੀ ਦੇਰ ਪਹਿਲਾ ਸਰਹਿੰਦ ਦੇ ਗਵਰਨਰ ਜ਼ੈਨ ਖ਼ਾਂ ਨੇ ਮਰਵਾਇਆ ਸੀ। ਇਹ ਖ਼ਬਰ ਸੁਣ ਕੇ, ਕਿ ਸਿੱਖ ਮਲੇਰਕੋਟਲੇ ਦੇ ਲਾਗੇ ਦੇ ਪਿੰਡਾਂ ਵਿੱਚ ਇਕੱਠੇ ਹੋ ਰਹੇ ਹਨ, ਉੱਥੋਂ ਦੇ ਅਫ਼ਗਾਨ ਹਾਕਮ ਭੀਖਨ ਖ਼ਾਂ ਨੇ ਜ਼ੈਨ ਖ਼ਾਂ ਤੋਂ ਮਦਦ ਮੰਗੀ ਅਤੇ ਅਹਿਮਦ ਸ਼ਾਹ ਨੂੰ ਸਿੱਖਾਂ ਵੱਲੋਂ ਖ਼ਤਰੇ ਤੋਂ ਜਾਣੂ ਕਰਵਾਇਆ।
ਇਹ ਖ਼ਬਰ ਸੁਣ ਕੇ ਅਹਿਮਦ ਸ਼ਾਹ 3 ਫਰਵਰੀ, 1762 ਨੂੰ ਲਾਹੌਰ ਤੋਂ ਚਲਿਆ ਅਤੇ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵਿੱਚ ਆ ਪੁੱਜਾ। 5 ਫਰਵਰੀ ਦੀ ਸਵੇਰ ਤੱਕ ਉਹ ਮਲੇਰਕੋਟਲੇ ਦੇ ਲਾਗੇ ਕੁੱਪ ਪਿੰਡ ਵਿੱਚ ਪੁੱਜ ਗਿਆ ਜਿੱਥੇ ਲਗਭਗ ਤੀਹ ਹਜ਼ਾਰ ਸਿੱਖ ਆਪਣੇ ਪਰਿਵਾਰਾਂ ਅਤੇ ਸਾਮਾਨ ਸਮੇਤ ਡੇਰਾ ਲਾਈ ਬੈਠੇ ਸਨ। ਉਸ ਨੇ ਜ਼ੈਨ ਖ਼ਾਂ ਨੂੰ ਪਹਿਲੇ ਹੀ ਹਿਦਾਇਤਾਂ ਭੇਜ ਦਿੱਤੀਆਂ ਸਨ ਕਿ ਉਹ ਆਪਣੀਆਂ ਸਭ ਫ਼ੌਜਾਂ ਸਮੇਤ ਕੂਚ ਕਰੇ ਅਤੇ ਸਿੱਖਾਂ ਦੇ ਅਗਲੇ ਹਿੱਸੇ ਉੱਤੇ ਹਮਲਾ ਕਰੇ ਜਦ ਕਿ ਉਹ ਆਪ ਉਨ੍ਹਾਂ ਦੇ ਪਿਛਲੇ ਪਾਸਿਉਂ ਹਮਲਾ ਕਰੇਗਾ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਸੀ ਕਿ ਜਿਸ ਕਿਸੇ ਨੂੰ ਵੀ ਉਹ ਭਾਰਤੀ ਲਿਬਾਸ ਵਿੱਚ ਦੇਖਣ ਉਸ ਨੂੰ ਮਾਰ ਦੇਣ। ਜ਼ੈਨ ਖ਼ਾਂ ਦੀਆਂ ਭਾਰਤੀ ਫੌਜਾਂ ਨੂੰ ਸਿੱਖਾਂ ਦੀਆਂ ਫੌਜਾਂ ਤੋਂ ਭਿੰਨ ਰੱਖਣ ਲਈ ਉਨ੍ਹਾਂ ਦੀਆਂ ਪਗੜੀਆਂ ਵਿੱਚ ਹਰੇ ਪੱਤੇ ਟੰਗਣ ਦੀ ਹਿਦਾਇਤ ਕੀਤੀ ਗਈ ਸੀ।
ਸਿੱਖਾਂ ਨੂੰ ਅਚਨਚੇਤ ਘੇਰ ਲਿਆ ਗਿਆ ਸੀ। ਉਨ੍ਹਾਂ ਨੇ ਇੱਕ ਦਮ ਸਲਾਹ ਮਸ਼ਵਰਾ ਕਰਕੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਲੜ ਕੇ ਮਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਦੁਆਲੇ ਇੱਕ ਘੇਰਾ ਬੰਨ੍ਹ ਲਿਆ ਅਤੇ ਲੜਦੇ ਹੋਏ ਅਗਾਂਹ ਵੱਧਦੇ ਗਏ। ਕਦੇ ਕਦੇ ਉਹ ਆਪਣੇ ਹਮਲਾਆਵਰਾਂ ਉੱਤੇ ਭੌ ਕੇ ਵਾਰ ਕਰਦੇ ਅਤੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਕਰ ਦਿੰਦੇ।ਸ. ਸ਼ਾਮ ਸਿੰਘ ਕਰੋੜ ਸਿੰਘੀਆ, ਸ.ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਆਪਣੀ ਮੁੱਖ ਸੈਨਾ ਦੀ ਅਗਵਾਈ ਕਰ ਰਹੇ ਸਨ ਅਤੇ ਆਪਣੀ ਰੱਖਿਆ ਵਿੱਚ ਲਏ ਗੈਰ-ਲੜਾਕੂ ਬੰਦਿਆਂ (ਭਾਵ ਸਿੱਖ ਔਰਤਾਂ, ਬੱਚਿਆਂ ਅਤੇ ਬੁੱਢਿਆਂ) ਦੇ ਕੂਚ ਦੀ ਨਿਗਰਾਨੀ ਕਰ ਰਹੇ ਸਨ। ਅਹਿਮਦ ਸ਼ਾਹ ਸਿੱਖਾਂ ਨਾਲ ਕਿਸੇ ਥਾਂ ਜੰਮ ਕੇ ਲੜਾਈ ਕਰਨਾ ਚਾਹੁੰਦਾ ਸੀ ਪਰ ਉਹ ਉਸ ਨੂੰ ਮੌਕਾ ਨਹੀਂ ਸਨ ਦੇ ਰਹੇ। ਉਹ ਅਗਾਂਹ ਅਤੇ ਅਗਾਂਹ ਤੁਰਦੇ ਜਾ ਰਹੇ ਸਨ ਅਤੇ ਪਿੰਡੋਂ ਪਿੰਡ ਉਨ੍ਹਾਂ ਨਾਲ ਲੜਾਈ ਹੁੰਦੀ ਜਾ ਰਹੀ ਸੀ। ਕੁਤਬ-ਬਾਹਮਣੀ, ਗਾਹਲ ਅਤੇ ਹੋਰ ਥਾਂਵਾਂ ਦੇ ਲੋਕਾਂ ਨੇ, ਜਿੱਥੋਂ ਦੀ ਇਹ ਸਿੱਖ ਲੰਘੇ ਸਨ, ਹਮਲਾਆਵਰ ਦੇ ਬਦਲੇ ਦੇ ਡਰ ਕਰਕੇ ਸਿੱਖਾਂ ਨੂੰ ਸ਼ਰਨ ਨਹੀਂ ਦਿੱਤੀ ਸਗੋਂ ਉਨ੍ਹਾਂ ਨੇ ਸਿੱਖਾਂ ਉੱਤੇ ਹਮਲਾ ਕਰਕੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦਿੱਤਾ। ਸਿੱਖ ਹੋਰ ਅਗਾਂਹ ਜਾਣ ਲਈ ਹੀ ਮਜ਼ਬੂਰ ਸਨ। ਉਹ ਬਰਨਾਲੇ ਪੁੱਜਣਾ ਚਾਹੁੰਦੇ ਸਨ ਜਿੱਥੇ ਉਹ ਬਾਬਾ ਆਲਾ ਸਿੰਘ ਦੀ ਸਹਾਇਤਾ ਨਾਲ ਕੁਝ ਬਚਾਅ ਦੀ ਆਸ ਰੱਖਦੇ ਸਨ ਅਤੇ ਆਲਾ ਸਿੰਘ ਵੱਲੋਂ ਮਦਦ ਨਾ ਮਿਲਣ ਦੀ ਹਾਲਤ ਵਿੱਚ ਉਹ ਬਠਿੰਡੇ ਦੇ ਪਾਣੀ ਤੋਂ ਖਾਲੀ ਰੇਗਿਸਤਾਨ ਵਿੱਚ ਚਲੇ ਜਾਣਾ ਚਾਹੁੰਦੇ ਸਨ।
ਉਨ੍ਹਾਂ ਦੇ ਬਰਨਾਲੇ ਪੁੱਜਣ ਤੋਂ ਪਹਿਲਾਂ ਹੀ ਅਫ਼ਗਾਨਾਂ ਨੇ ਉਸ ਘੇਰੇ ਨੂੰ ਤੋੜ ਦਿੱਤਾ ਜੋ ਸਿੱਖਾਂ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਦੁਆਲੇ ਪਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਇਸ ਲੜਾਈ ਵਿੱਚ ਕਿੰਨਾ ਜਾਨੀ ਨੁਕਸਾਨ ਹੋਇਆ ਇਸ ਬਾਰੇ ਵੱਖ ਵੱਖ ਵਿਚਾਰ ਹਨ ।ਕਨਿੰਘਮ ਇਹ ਗਿਣਤੀ 12 ਤੋਂ 25 ਹਜ਼ਾਰ ਤੱਕ ਦਿੰਦਾ ਹੈ । ਤਾਰੀਖ਼ੇ ਅਹਿਮਦੀ ਤੇ ਇਬਰਤ ਨਾਮਾ ਇਹ ਗਿਣਤੀ 30 ਹਜ਼ਾਰ ਦੇਂਦੇ ਹਨ। ਇਸ ਡਰਾਉਣੇ ਕਤਲੇਆਮ ਨੰ, ਜੋ 5 ਫਰਵਰੀ, 1762 ਨੂੰ ਹੋਇਆ ਸੀ, ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਜਾਂ ਦੂਜਾ ਮਹਾਨ ਘੱਲੂਘਾਰਾ ਕਿਹਾ ਜਾਂਦਾ ਹੈ। ਪਹਿਲਾ ਘੱਲੂਘਾਰਾ 1746 ਈ. ਵਿੱਚ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਉਹ ਮਹਾਨ ਬੀੜ ਜੋ ਗੁਰੁ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ ਸੰਪੂਰਨ ਕੀਤੀ ਸੀ ਅਤੇ ਜੋ ਸਿੱਖ ਫ਼ੌਜਾਂ ਆਪਣੇ ਕੂਚ ਸਮੇਂ ਆਪਣੇ ਅੱਗੇ ਅੱਗੇ ਲਿਜਾ ਰਹੀਆਂ ਸਨ, ਇਸ ਲੜਾਈ ਵਿੱਚ ਗੁੰਮ ਹੋ ਗਈ।
ਮਾਲਵੇ ਦੇ ਸਿੱਖ ਮੁਕਾਬਲਤਨ ਵਧੇਰੇ ਅਮਨ ਪਸੰਦ ਸਨ ਅਤੇ ਉਨ੍ਹਾਂ ਨੇ ਹਮਲਾਆਵਰ ਨੂੰ ਕੋਈ ਦੁੱਖ ਨਹੀਂ ਸੀ ਦਿੱਤਾ। ਮਾਲਵੇ ਦੇ ਸਿੱਖਾਂ ਦਾ ਆਗੂ ਪਟਿਆਲੇ ਦਾ ਸਰਦਾਰ ਆਲਾ ਸਿੰਘ ਸੀ, ਜੋ ਇੱਕ ਨਿਰਪੱਖ ਨੀਤੀ ‘ਤੇ ਚਲ ਰਿਹਾ ਸੀ ਅਤੇ ਉਸ ਨੇ ਮੁਸੀਬਤ ਵਿੱਚ ਫਸੇ ਆਪਣੇ ਹਮਧਰਮੀਆਂ ਦੀ ਕੋਈ ਸਹਾਇਤਾ ਨਹੀਂ ਸੀ ਕੀਤੀ। ਇਸ ਲਈ ਉਸ ਵਿਰੁੱਧ ਕਾਰਵਾਈ ਕਰਨ ਲਈ ਅਹਿਮਦ ਸ਼ਾਹ ਦੁਰਾਨੀ ਪਾਸ ਕੋਈ ਕਾਰਨ ਨਹੀਂ ਸੀ ਪਰ ਉਸ ਦੇ ਲਾਗਲੇ ਵਿਰੋਧੀ ਸਰਹਿੰਦ ਅਤੇ ਮਲੇਰਕੋਟਲੇ ਦੇ ਨਵਾਬਾਂ ਨੇ ਇਹ ਕਹਿ ਕੇ ਅਹਿਮਦ ਸ਼ਾਹ ਦੇ ਕੰਨ ਭਰ ਦਿੱਤੇ ਕਿ ਆਲਾ ਸਿੰਘ ਗੁਪਤ ਰੂਪ ਵਿੱਚ ਮਾਝੇ ਦੇ ਸਿੱਖਾਂ ਦਾ ਸਾਥੀ ਸੀ ਅਤੇ ਜੇ ਉਸ ਨੂੰ ਫੜ ਲਿਆ ਜਾਵੇ ਤਾਂ ਸੌਖਿਆ ਹੀ ਪੰਜਾਹ ਲੱਖ ਰੁਪਏ ਮੁਆਵਜ਼ੇ ਵੱਜੋਂ ਉਗਰਾਹੇ ਜਾ ਸਕਦੇ ਹਨ।
ਜਦੋਂ ਅਹਿਮਦ ਸ਼ਾਹ ਬਰਨਾਲੇ ਵਿੱਚ ਦਾਖ਼ਲ ਹੋਇਆ, ਜੋ ਆਲਾ ਸਿੰਘ ਦੇ ਇਲਾਕੇ ਵਿੱਚ ਸੀ, ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਆਲਾ ਸਿੰਘ ਇੱਕ ਜਾਗੀਰਦਾਰ ਸਰਦਾਰ ਵਜੋਂ ਆਪਣੇ ਆਪ ਨੂੰ ਅਹਿਮਦ ਸ਼ਾਹ ਦੇ ਪੇਸ਼ ਕਰੇਗਾ ਅਤੇ ਉਸ ਦੀ ਅਧੀਨਗੀ ਪ੍ਰਵਾਨ ਕਰੇਗਾ ਪਰ ਆਲਾ ਸਿੰਘ ਅਹਿਮਦ ਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਬਰਨਾਲੇ ਵਿੱਚੋਂ ਨਿਕਲ ਕੇ ਭਵਾਨੀਗੜ੍ਹ ਦੇ ਕਿਲ੍ਹੇ ਵਿੱਚ ਚਲਾ ਗਿਆ। ਸ਼ਾਹ ਨੇ ਆਲਾ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਬਰਨਾਲੇ ਦੇ ਕਸਬੇ ਨੂੰ ਸਾੜ ਦਿੱਤਾ ਅਤੇ ਭਵਾਨੀਗੜ੍ਹ ਵੱਲ ਕੂਚ ਕੀਤਾ। ਇਸ ਅਰੋਕ ਹੋਣੀ ਤੋਂ ਬਚਣ ਦਾ ਕੋਈ ਰਾਹ ਨਾ ਦੇਖ ਕੇ ਆਲਾ ਸਿੰਘ ਨੇ ਨਜੀਬ-ਉਦ-ਦੌਲਾ ਦੇ ਵਸੀਲੇ ਨਾਲ ਅਹਿਮਦ ਸ਼ਾਹ ਦੇ ਪੇਸ਼ ਹੋਣ ਦਾ ਯਤਨ ਕੀਤਾ ਅਤੇ ਪੰਜ ਲੱਖ ਰੁਪਇਆ ਭੇਟਾ ਦੇ ਤੌਰ ‘ਤੇ ਸ਼ਾਹ ਨੂੰ ਅਦਾ ਕਰਕੇ ਉਸ ਨੂੰ ਠੰਡਿਆਂ ਕੀਤਾ। ਇਸ ਤੋਂ ਇਲਾਵਾ ਸਵਾ ਲੱਖ ਰੁਪਇਆ ਇਸ ਗੱਲ ਦੀ ਪ੍ਰਵਾਨਗੀ ਲਈ ਦਿੱਤਾ ਕਿ ਉਹ ਆਪਣੇ ਕੇਸਾਂ ਅਤੇ ਦਾੜ੍ਹੀ ਸਮੇਤ ਬਾਦਸ਼ਾਹ ਦੇ ਪੇਸ਼ ਹੋ ਸਕੇ। ਕੁਝ ਸਮੇਂ ਲਈ ਉਸ ਨੂੰ ਨਜ਼ਰਬੰਦ ਕਰਕੇ ਫਿਰ ਛੱਡ ਦਿੱਤਾ ਗਿਆ ਅਤੇ ਉਸ ਨੂੰ ਆਪਣੇ ਇਲਾਕੇ ਦੇ ਹਾਕਮ ਵਜੋਂ ਇਸ ਇਕਰਾਰ ਉੱਤੇ ਪੱਕਿਆ ਕਰ ਦਿੱਤਾ ਕਿ ਉਹ ਸਾਲਾਨਾ ਰਕਮ ਭਰਦਾ ਰਹੇਗਾ।
ਅਹਿਮਦ ਸ਼ਾਹ 3 ਮਾਰਚ ਨੂੰ ਲਾਹੌਰ ਵਾਪਿਸ ਚਲਾ ਗਿਆ ਅਤੇ ਸਿੱਖ ਵਸੋਂ ਉੱਤੇ ਆਪਣੀ ਪ੍ਰਮੁਖਤਾ ਦਾ ਪ੍ਰਭਾਵ ਪਾਉਣ ਲਈ ਉਹ ਆਪਣੇ ਨਾਲ ਇਸ ਲੜਾਈ ਵਿੱਚ ਮਾਰੇ ਗਏ ਸਿੱਖਾਂ ਦੇ ਸਿਰਾਂ ਦੇ 50 ਗੱਡੇ ਲੱਦ ਕੇ ਲਾਹੌਰ ਲੈ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਕੇ ਵੀ ਆਪਣੇ ਨਾਲ ਲੈ ਗਿਆ। “ਕਤਲ ਹੋਏ ਸਿੱਖਾਂ ਦੇ ਸਿਰਾਂ ਨਾਲ ਮੀਨਾਰ ਉਸਾਰੇ ਗਏ ਅਤੇ ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਦੁਆਰਾ ਉਨ੍ਹਾਂ ਮਸਜਿਦਾਂ ਦੀਆਂ ਦੀਵਾਰਾਂ ਨੂੰ, ਜਿਨ੍ਹਾਂ ਨੂੰ ਸਿੱਖਾਂ ਨੇ ਅਪਵਿੱਤਰ ਕੀਤਾ ਸੀ, ਉਨ੍ਹਾਂ ਦੇ ਖ਼ੂਨ ਨਾਲ ਧੋਤਾ ਗਿਆ”।
ਸਿੱਖਾਂ ਨੂੰ ਹੋਰ ਵਧੇਰੇ ਸਜ਼ਾ ਦੇਣ ਲਈ ਅਹਿਮਦ ਸ਼ਾਨ ਨੇ 10 ਅਪ੍ਰੈਲ, 1762 ਨੂੰ ਵਿਸਾਖੀ ਦੇ ਉਤਸਵ ਸਮੇਂ ਅੰਮ੍ਰਿਤਸਰ ਦੇ ਸਿੱਖਾਂ ਉੱਤੇ ਹਮਲਾ ਕੀਤਾ। ਇਸ ਸਮੇਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਹਜ਼ਾਰਾਂ ਸਿੱਖ ਉੱਥੇ ਇਕੱਠੇ ਹੋਏ ਹੋਏ ਸਨ ਪਰ ਉਸ ਦੇ ਹਮਲਾ ਕਰਨ ਸਮੇਂ ਸਿੱਖ ਖਿੰਡ ਪੁੰਡ ਗਏ ਅਤੇ ਉਸ ਨੂੰ ਸਿੱਖਾਂ ਦੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਦਾ ਮੌਕਾ ਮਿਲ ਗਿਆ। ਯਾਤਰੀਆਂ ਲਈ ਬਣੇ ਹੋਏ ਬੁੰਗੇ ਵੀ ਬਰਬਾਦ ਕਰ ਦਿੱਤੇ ਗਏ ਅਤੇ ਸਰੋਵਰ ਨੂੰ ਗਊਆਂ ਦੇ ਖ਼ੂਨ ਨਾਲ ਅਪਵਿੱਤਰ ਕਰਕੇ ਕੂੜਾ ਕਰਕਟ ਅਤੇ ਮਲਬੇ ਨਾਲ ਭਰ ਦਿੱਤਾ। ਕਿਹਾ ਜਾਂਦਾ ਹੈ ਕਿ ਜਿਸ ਵੇਲੇ ਇਹ ਇਮਾਰਤਾਂ ਉਡਾਈਆਂ ਜਾ ਰਹੀਆਂ ਸਨ ਤਾਂ ਇੱਕ ਉਡਦਾ ਹੋਇਆ ਰੋੜਾ ਅਹਿਮਦ ਸ਼ਾਹ ਦੇ ਨੱਕ ਉਪਰ ਜਾ ਵੱਜਾ ਅਤੇ ਉੱਥੇ ਅਜਿਹਾ ਜ਼ਖ਼ਮ ਹੋ ਗਿਆ ਜੋ ਕਦੇ ਰਾਜ਼ੀ ਨਾ ਹੋਇਆ।
ਡਾ.ਚਰਨਜੀਤ ਸਿੰਘ ਗੁਮਟਾਲਾ, 91 941753306 , gumtalacs@gmail.com
ਜਨਮ ਦਿਨ 'ਤੇ ਵਿਸ਼ੇਸ਼ : ਸ਼ਹੀਦ ਬਾਬਾ ਦੀਪ ਸਿੰਘ ਜੀ - ਡਾ.ਚਰਨਜੀਤ ਸਿੰਘ ਗੁਮਟਾਲਾ
ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਦੀਪਾ ਸੀ।ਛੋਟੇ ਹੁੰਦਿਆਂ ਹੀ ਉਨ੍ਹਾਂ ਨੇ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ। ਵਾਹੀ ਵੀ ਕੀਤੀ , ਨੇਜ਼ਾ ਸੁੱਟਣ ਅਤੇ ਘੋੜ ਸਵਾਰੀ ਵੀ ਕੀਤੀ। ਸਰੀਰਕ ਤੌਰ 'ਤੇ ਉਹ ਰਿਸ਼ਟ ਪੁਸ਼ਟ, ਚੰਗੇ ਕੱਦ ਕਾਠ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ।
ਜਦ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਤਾਂ ਇਸ ਦੀ ਚਰਚਾ ਪਿੰਡ ਪਿੰਡ ਹੋਣ ਲੱਗੀ। ਜਦ ਆਪ ਨੇ ਵੀ ਇਸ ਬਾਰੇ ਸੁਣਿਆ ਤਾਂ ਆਪ ਵੀ ਮਾਤਾ ਪਿਤਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਨਿਵਾਜੇ। ਉਨ੍ਹਾਂ ਨੇ ਵੀ ਗੁਰੂ ਜੀ ਪਾਸੋਂ ਅੰਮ੍ਰਿਤਪਾਨ ਕੀਤਾ। ਉਸ ਸਮੇਂ ਆਪ ਜੀ ਦੀ ਉਮਰ 18 ਸਾਲ ਸੀ।ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਸਮਾਂ ਅਨੰਦਪੁਰ ਸਾਹਿਬ ਰਹਿਣ ਲਈ ਕਿਹਾ। ਉੱਥੇ ਰਹਿ ਕੇ ਆਪ ਲੰਗਰ ਦੀ ਸੇਵਾ ਦੇ ਨਾਲ ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਤੇ ਅਰਥ ਸਮਝਾਉਣ ਦੀ ਸੇਵਾ ਕਰਦੇ ਰਹੇ। ਸਤਿਗੁਰੂ ਜੀ ਨੇ ਆਪ ਨੂੰ ਗੁਰਮੁੱਖੀ, ਅਰਬੀ, ਫਾਰਸੀ ਭਾਸ਼ਾ ਦੀ ਪੜ੍ਹਾਈ ਕਰਾਕੇ ਇੱਕ ਸੁਘੜ ਵਿਦਵਾਨ ਬਣਾ ਦਿੱਤਾ।
ਅਨੰਦਪੁਰ ਵਿਖੇ ਰਹਿੰਦੇ ਹੋਏ ਉਨ੍ਹਾਂ ਭਾਈ ਮਨੀ ਸਿੰਘ ਪਾਸੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸ਼ਸਤਰ ਯੁੱਧ ਵਿੱਚ ਵੀ ਜੂਝਣ ਦੀ ਸਿੱਖਿਆ ਗ੍ਰਹਿਣ ਕੀਤੀ। ਇਸ ਤਰ੍ਹਾਂ 20-22 ਸਾਲ ਦੀ ਉਮਰ ਵਿੱਚ ਆਪ ਇੱਕ ਸੂਝਵਾਨ ਵਿਦਵਾਨ ਤੇ ਸੂਰਬੀਰ ਜੋਧੇ ਬਣ ਗਏ। ਇੱਕ ਪਾਸੇ ਪਵਿੱਤਰ ਗੁਰਬਾਣੀ ਦਾ ਗਿਆਨ ਕਰਵਾਉਂਦੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਾਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ, ਦੂਜੇ ਪਾਸੇ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨੇ ਜੰਗ ਭੇਜਦੇ।
ਮੁਕਤਸਰ ਦੀ ਜੰਗ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਇਸ ਥਾਂ ਗੁਰੂ ਜੀ ਨੂੰ ਮਿਲੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਮਨੀ ਸਿੰਘ ਤੋਂ ਲਿਖਵਾਉਂਦਿਆਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਵੀ ਸ਼ਾਮਿਲ ਕਰਵਾਇਆ। ਅੰਤਮ ਰੂਪ ਦਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਵੀ ਸਹਾਇਤਾ ਕੀਤੀ, ਜਿਨ੍ਹਾਂ ਨੂੰ ਇੱਕ ਸਿੰਘ ਭਾਈ ਸ਼ੇਰ ਸਿੰਘ ਨੂੰ ਪਹੁੰਵਿੰਡ ਭੇਜ ਕੇ ਬੁਲਾਇਆ ਗਿਆ ਸੀ। ਆਪ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਦੇ ਸਨ। ਇਸ ਬੀੜ ਨੂੰ ਦਮਦਮੇ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਜੋ ਇਸ ਸਮੇਂ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਹੈ।
ਬਾਬਾ ਦੀਪ ਸਿੰਘ ਦੀ ਲਿਖਾਈ ਅਤੇ ਅੱਖਰਾਂ ਦੀ ਬਨਾਵਟ ਬਹੁਤ ਸੁੰਦਰ ਸੀ। ਗੁਰੂ ਜੀ ਨੇ ਆਪ ਨੂੰ ਚਾਰ ਹੱਥ ਲਿਖਤਾਂ ਬੀੜ ਤਿਆਰ ਕਰਨ ਲਈ ਕਿਹਾ। ਇਹ ਕੰਮ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਪੂਰਨ ਕੀਤਾ ਤੇ ਇਸ ਉਪਰ 1716 ਤੋਂ 1726 ਈ. ਤੱਕ ਦਾ ਸਮਾਂ ਲੱਗਾ ਤੇ ਇਨ੍ਹਾਂ ਬੀੜਾਂ ਨੂੰ ਚਾਰੇ ਤਖ਼ਤਾਂ ਨੂੰ ਭੇਜਿਆ ।
ਬਾਬਾ ਦੀਪ ਸਿੰਘ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ।ਆਪ ਜੀ ਨੇ ਲਗਾਤਾਰ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਬੀ ਭਾਸ਼ਾ ਵਿੱਚ ਤਰਜਮਾ ਕੀਤਾ। ਇਹ ਪਵਿੱਤਰ ਬੀੜ ਸ. ਕ੍ਰਿਪਾਲ ਸਿੰਘ ਦੇ ਕਥਨ ਅਨੁਸਾਰ ਅੱਜ ਕੱਲ੍ਹ ਬਗ਼ਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਹੈ।
ਜਦ ਬੰਦਾ ਸਿੰਘ ਬਹਾਦਰ 1709 ਈ. ਵਿੱਚ ਪੰਜਾਬ ਆਇਆ ਤਾਂ ਗੁਰੂ ਸਾਹਿਬ ਦੇ ਅਨੁਯਾਈਆਂ ਵਿੱਚ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਤੋਂ ਆਣ ਮਿਲੇ। ਉਨ੍ਹਾਂ ਨੇ ਵੱਖ ਵੱਖ ਇਲਾਕਿਆਂ ਨੂੰ ਜਿੱਤਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ। ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦੇ ਕੁਝ ਇਲਾਕੇ 'ਤੇ ਕਬਜ਼ਾ ਲਿਆ ਜਿਹੜਾ ਮੁਹੰਮਦ ਅਮੀਨ ਖਾਂ ਕੋਲ ਸੀ ਤੇ ਫਿਰ ਆਪਣੇ ਸਾਥੀਆਂ ਦਯਾਲ ਸਿੰਘ ਤੇ ਨੱਥਾ ਸਿੰਘ ਨੂੰ ਸੌਂਪ ਦਿੱਤਾ। ਸੰਨ 1708 ਤੋਂ 1715 ਸੰਨ ਤੀਕ ਆਪ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਡ ਗੁਰਦਾਸ ਨੰਗਲ (ਨੇੜੇ ਗੁਰਦਾਸਪੁਰ) ਵਿੱਚ ਸ਼ਾਹੀ ਫੌਜਾਂ ਘੇਰ ਲਿਆ। ਉਸ ਦਾ ਸਾਥ ਆਪਣੇ ਹੀ ਕਈ ਸਾਥੀ ਛੱਡ ਗਏ। ਹਵੇਲੀ ਅੰਦਰ ਖਾਣ ਪੀਣ ਦਾ ਸਾਮਾਨ ਖ਼ਤਮ ਹੋ ਗਿਆ। ਉਸ ਨੂੰ ਸਾਥੀਆਂ ਸਮੇਤ 7 ਦਸੰਬਰ ਸੰਨ 1715 ਈ. ਨੂੰ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਲਿਜਾ ਕੇ 700 ਸਾਥੀਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ।
17 ਵੀਂ ਸਦੀ ਵਿੱਚ ਸਾਰਾ ਖ਼ਾਲਸਾ ਪੰਥ ਜੰਗਲਾਂ ਅਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇਕੱਠਾ ਹੋ ਗਿਆ। ਖ਼ਾਲਸਾ ਪੰਥ 12 ਮਿਸਲਾਂ ਵਿੱਚ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਵਿੱਚੋਂ ਇੱਕ ਮਿਸਲ ਸੀ ਸ਼ਹੀਦ ਮਿਸਲ ਸੀ । ਬਾਬਾ ਦੀਪ ਸਿੰਘ ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਥਾਪੇ ਗਏ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਨੇ ਖ਼ੂਬ ਲੁਟਿਆ ਤੇ ਇੱਥੋਂ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਦਾ ਵੀ ਖਿਲਵਾੜ ਕੀਤਾ। ਮਿਸਲਾਂ ਦੇ ਜਥੇਦਾਰਾਂ ਨੇ ਇਕੱਠੇ ਹੋ ਕੇ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਭਾਰਤ ਦਾ ਲੁਟਿਆ ਬਹੁਤ ਕੀਮਤੀ ਸਾਮਾਨ ਵਾਪਿਸ ਦਿਵਾਇਆ ਜਾਂਦਾ ਰਿਹਾ।
5 ਫਰਵਰੀ ਸੰਨ 1762 ਈ. ਨੂੰ ਕੁੱਪ ਰਹੀੜੇ ਦੇ ਅਸਥਾਨ 'ਤੇ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹੌਰ ਵੱਲ ਆਇਆ ਤਾਂ ਰਸਤੇ ਵਿੱਚ ਸਿੰਘਾਂ ਉੱਪਰ ਖਿਝੇ ਹੋਏ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਤਾਲ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ ਸੰਨ 1762 ਈ. ਮੁ. 1819 ਬਿਕਰਮੀ ਨੂੰ ਨੀਹਾਂ ਹੇਠ ਬਾਰੂਦ ਦੇ ਕੁੱਪੇ ਰੱਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ।
ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਦੇ ਅਸਥਾਨ 'ਤੇ ਪੁੱਜੀ ਤਾਂ ਆਪ ਦੇ ਦਿਲ 'ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ 'ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। । ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।
ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਗੋਹਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਮਾਲ ਖ਼ਾਨ ਨਾਲ ਹੋਇਆ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਜਮਾਲ ਖਾਨ ਅੱਗੇ ਵਧਿਆ ਤੇ ਬਾਬਾ ਜੀ 'ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ 'ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉੱਤੇ ਇੱਕ ਘਾਤਕ ਘਾਉ ਲੱਗਾ, ਜਿਸ ਨਾਲ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਇੱਕ ਸਿੰਘ ਨੇ ਹੱਥ ਜੋੜਕੇ ਬਾਬਾ ਜੀ ਨੂੰ ਆਪਣਾ ਪ੍ਰਣ ਯਾਦ ਫੇਰ ਕੀ ਸੀ ਬਚਨ ਕੇ ਬਲੀ ਸ਼ੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿੱਚ ਆ ਗਿਆ ਤੇ ਓਹਨਾ ਆਪਣਾ ਪਾਵਨ ਸੀਸ਼ ਖੱਬੇ ਹੱਥ ਤੇ ਧਰ ਕੇ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤਕ ਜਾ ਪਹੁੰਚੇ। ਇਥੋਂ ਤਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ ਮੁਕਾਏ ਸਨ। ਇਸ ਤਰ੍ਹਾਂ ਇਸ ਘਮਸਾਨ ਦੀ ਜੰਗ ਅੰਦਰ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ।
ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜ੍ਹੇ ਉੱਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉਂਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ:
1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈਂਡ ਜਥੇਦਾਰ
2. ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
4. ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
5. ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
7. ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
9. ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
10. ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ
ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।
ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜਕਲ੍ਹ 'ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ' ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ।
ਡਾ.ਚਰਨਜੀਤ ਸਿੰਘ ਗੁਮਟਾਲਾ 9417533060 ,gumtalacs@gmail.com
ਸਰਬੰਸ ਦਾਨੀ :ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਡਾ.ਚਰਨਜੀਤ ਸਿੰਘ ਗੁਮਟਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ।ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ ਗੋਬਿੰਦ ਜੀ ਸਨ।ਮਾਤਾ ਦਾ ਨਾਂ ਮਾਤਾ ਗੁਜਰੀ ਸੀ।ਬਾਲ ਗੁਰੂ ਗੋਬਿੰਦ ਰਾਇ ਪੰਜ ਛੇ ਸਾਲ ਪਟਨਾ ਰਹੇ। ਇੱਥੇ ਇਨ੍ਹਾਂ ਦੇ ਕਈ ਕੌਤਕ ਪ੍ਰਸਿੱਧ ਹਨ ।ਇੱਥੇ ਹੀ ਬੰਗਾਲੀ, ਹਿੰਦੀ, ਪੰਜਾਬੀ, ਫਾਰਸੀ, ਸੰਸਕ੍ਰਿਤ, ਬ੍ਰਜੀ ਆਦਿ ਬੋਲੀਆਂ ਸਿਖੀਆਂ।
ਗੁਰੂ ਤੇਗ਼ ਬਹਾਦਰ ਜੀ 1671 ਈ. ਦੇ ਸ਼ੁਰੂ ਵਿੱਚ ਪ੍ਰਵਾਰ ਨੂੰ ਪਟਨਾ ਛੱਡ ਕੇ ਵੈਸਾਖੀ ਦੇ ਕਰੀਬ ਆਨੰਦਪੁਰ (ਮਾਖੋਵਾਲ) ਪੁੱਜ ਗਏ। ਛੇਤੀ ਹੀ ਉਨ੍ਹਾਂ ਪ੍ਰਵਾਰ ਨੂੰ ਵਾਪਸ ਮੰਗਵਾਇਆ।ਇੱਥੇ ਹੀ ਔਰੰਗਜ਼ੇਬ ਤੋਂ ਦੁੱਖੀ ਕਸ਼ਮੀਰੀ ਪੰਡਿਤਾਂ ਦੀ ਵਿੱਥਿਆ ਸੁਣ ਕੇ ਗੁਰੂ ਜੀ 7 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਇ ਜੀ ਨੂੰ ਗੁਰ-ਗੱਦੀ ਸੌਂਪ ਕੇ ਕੁਝ ਮੁੱਖੀ ਸਿੱਖਾਂ ਸਮੇਤ ਦਿੱਲੀ ਨੂੰ ਰਵਾਨਾ ਹੋਇ ।ਡਾ. ਦੀਵਾਨ ਸਿੰਘ ਨੇ ਆਪਣੀ ਪੁਸਤਕ ‘ਦਸਮ ਗੁਰੂ ਜੀਵਨ ਤੇ ਸਖ਼ਸ਼ੀਅਤ’ ਵਿਚ ਵਿਸਥਾਰ ਨਾਲ ਲਿਖਦੇ ਹੋਏ ਇਹ ਸਮਾਂ 1673 ਈ. ਦਾ ਲਿਖਿਆ ਹੈ। ਦੋ ਕੁ ਸਾਲ ਗੁਰੂ ਜੀ ਨੇ ਪ੍ਰਚਾਰ ਵਿੱਚ ਬਿਤਾਏ ਸਨ ਤਾਂ ਜਦ ਗੁਰੂ ਜੀ ਆਗਰੇ ਠਹਿਰੇ ਹੋਏ ਸਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਔਰੰਗਜ਼ੇਬ ਦੇ ਹੁਕਮ ਨਾਲ ਉਨ੍ਹਾਂ ਨੂੰ ਅਤੇ ਭਾਈ ਮਤੀਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਆਦਿ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
1675 ਤੋਂ 1688 ਈ. ਦਾ ਸਮਾਂ ਸਿੱਖ ਸ਼ਕਤੀ ਦੇ ਸੰਗਠਨ ਦਾ ਸਮਾਂ ਸੀ। ਸੈਨਿਕ ਅਤੇ ਬੀਰ ਰਸੀ ਜੋਸ਼ ਵਧਾਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ ਗਿਆ। ਜਿਸ ਦੀ ਆਵਾਜ਼ ਸਾਰੇ ਪਹਾੜੀ ਰਾਜਾਂ ਵਿੱਚ ਗੂੰਜ ਉਠੀ। ਇੱਕ ਸਿੱਖ ਦੁਨੀ ਚੰਦ ਕਾਬਲ ਤੋਂ ਇੱਕ ਬਹੁਤ ਸੁੰਦਰ ਅਤੇ ਕੀਮਤੀ ਸ਼ਮਿਆਨਾ ਬਣਵਾ ਕੇ ਲਿਆਇਆ ਤੇ ਗੁਰੂ ਜੀ ਨੂੰ ਭੇਟ ਕੀਤਾ, ਜਿਸ ਦੀ ਕੀਮਤ ਢਾਈ ਲੱਖ ਰੁਪਏ ਸੀ। ਆਸਾਮ ਦਾ ਰਾਜਾ ਰਤਨ ਰਾਏ ਬਹੁਤ ਕੀਮਤੀ ਤੋਹਫੇ ਜਿਨ੍ਹਾਂ ਵਿੱਚ ਇੱਕ ਸੁੰਦਰ ਹਾਥੀ, ਇੱਕ ਤਖ਼ਤ, ਪੰਜ ਵਧੀਆ ਤੇ ਸਜੇ ਸਜਾਏ ਘੋੜੇ, ਇੱਕ ਅਦੁੱਤੀ ਹਥਿਆਰ ਜਿਸ ਵਿੱਚੋਂ ਪੰਜ ਹਥਿਆਰ ਨਿਕਲਦੇ ਸਨ ਅਤੇ ਹੋਰ ਕਿੰਨਾਂ ਕੀਮਤੀ ਸਾਜੋ-ਸਾਮਾਨ ਸੀ।
ਗੁਰੂ ਸਾਹਿਬ ਦੀ ਸ਼ਕਤੀ ਵੱਧਦੀ ਵੇਖ ਕੇ ਬਿਲਾਸਪੁਰ ਦਾ ਰਾਜਾ ਭੀਮ ਚੰਦ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਿਆ। ਜਿਸ ਦਾ ਸਿੱਟਾ ਪਹਿਲੀ ਲੜਾਈ ਭੰਗਾਲੀ ਦੇ ਯੁੱਧ ਦਾ ਕਾਰਨ ਬਣੀ ਜੋ 1688 ਈ.ਵਿਚ ਲੜੀ ਗਈ। 1677 ਈ. ਵਿੱਚ ਆਪ ਦੀ ਸ਼ਾਦੀ ਲਾਹੌਰ ਦੇ ਸਿੱਖ ਭਾਈ ਭਿਖੀਆ ਦੀ ਲੜਕੀ ਜੀਤੋ ਨਾਲ ਆਨੰਦਪੁਰ ਸਾਹਿਬ ਹੋਈ।
1685 ਈ. ਵਿੱਚ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਆਪਣੀ ਸੈਨਾ ਤੇ ਪ੍ਰਵਾਰ ਸਮੇਤ ਆਪ ਨਾਹਨ ਚਲੇ ਗਏ। ਰਾਜੇ ਦੀ ਬੇਨਤੀ ਕਰਨ ‘ਤੇ ਜਮਨਾ ਕੰਢੇ ਰਮਣੀਕ ਥਾਂ ‘ਤੇ 12 ਦਿਨਾਂ ਵਿੱਚ ਹੀ ਕਿਲ੍ਹਾ ਤਿਆਰ ਕਰਵਾਇਆ ਜਿਸ ਦਾ ਨਾਂ ਪਾਉਂਟਾ (ਪੈਰ ਰੱਖਣ ਦੀ ਥਾਂ) ਰੱਖਿਆ। ਏਥੇ ਆਪ ਤਿੰਨ ਸਾਲ ਰਹੇ ਤੇ ਬਹੁਤ ਸਾਰਾ ਸਾਹਿਤ ਰਚਿਆ।1688 ਈ. ਇੱਥੇ ਰਹਿੰਦਿਆਂ ਸਭ ਤੋਂ ਵੱਡੀ ਘਟਨਾ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਗੁਰੂ ਜੀ ਦੀ ਸੈਨਾ ਨੂੰ ਬੜੀ ਭਾਰੀ ਜਿੱਤ ਹੋਈ ।
ਪਾਉਂਟਾ ਸਾਹਿਬ ਵਿੱਚ ਹੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਸੰਨ 1687 ਵਿੱਚ ਜਨਮ ਹੋਇਆ।ਭੰਗਾਣੀ ਦੇ ਯੁੱਧ ਤੋਂ ਬਾਅਦ 1688 ਈ. ਵਿੱਚ ਗੁਰੂ ਸਾਹਿਬ ਆਨੰਦਪੁਰ ਵਾਪਿਸ ਆ ਗਏ। ਗੁਰੂ ਜੀ ਦੇ ਬਾਕੀ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਇੱਥੇ ਹੀ ਹੋਇਆ । 1690 ਈ. ਨਦੌਣ ਦੀ ਲੜਾਈ ਹੋਈ।
ਗੁਰੂ ਜੀ ਨੇ ਸਿੱਖਾਂ ਨੂੰ ਨਿਆਰਾ ਰੂਪ ਦੇਣ ਲਈ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਖ਼ਾਲਸਾ ਪੰਥ ਦੀ ਸਾਜਣਾ ਨਾਲ ਪਹਾੜੀ ਰਾਜਿਆਂ ਵਿੱਚ ਗੁਰੂ ਜੀ ਪ੍ਰਤੀ ਈਰਖਾ ਹੋਰ ਵੱਧ ਗਈ। ਸੂਬਾ ਸਰਹੰਦ ਨੇ ਦਸ ਹਜ਼ਾਰ ਫੌਜ ਸਮੇਤ ਜਰਨੈਲ ਅਦੀਨਾ ਬੇਗ ਅਤੇ ਪੈਂਦਾ ਖ਼ਾਨ ਨੂੰ ਆਨੰਦਪੁਰ ‘ਤੇ ਹਮਲਾ ਕਰਨ ਲਈ ਭੇਜਿਆ। ਇਸ ਵਿੱਚ ਜਿੱਤ ਗੁਰੂ ਜੀ ਦੀ ਹੀ ਹੋਈ।
ਇਨ੍ਹਾਂ ਦਿਨਾਂ ਵਿੱਚ ਰੁਹਤਾਸ ਦੇ ਇੱਕ ਸਿੱਖ ਨੇ ਆਪਣੀ ਲੜਕੀ ਸਾਹਿਬ ਦੀ ਸ਼ਾਦੀ ਗੁਰੂ ਜੀ ਨਾਲ ਇੱਕ ਪ੍ਰਣ ਅਨੁਸਾਰ ਕੀਤੀ। ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਸਾਹਿਬ ਕੌਰ ਰੱਖਿਆ। ਇਸੇ ਸਮੇਂ ਭਾਈ ਰਾਮ ਕੁੰਵਰ (ਬਾਬਾ ਬੁੱਢਾ ਜੀ ਦੇ ਵੰਸ਼ਜ) ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਤੇ ਉਸ ਦਾ ਨਾਂ ਭਾਈ ਗੁਰਬਖਸ਼ ਸਿੰਘ ਰੱਖਿਆ। ਇਸੇ ਲੜਾਈ ਦੌਰਾਨ ਭਾਈ ਘਨ੍ਹਈਆ ਵਾਲਾ ਪ੍ਰਸੰਗ ਵਾਪਰਿਆ।
ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਆਨੰਦਪੁਰ ਸੀ। ਲਗਾਤਾਰ 8 ਮਹੀਨੇ ਤੋ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ । ਬਿਕ੍ਰਮੀ ਸੰਮਤ 1762 ਦੀ 6-7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦ ਗੜ ਦਾ ਕਿਲ੍ਹਾ ਖਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਚੁੱਕੀਆਂ ਕਸਮਾਂ ਨੂੰ ਤੋੜ ਕੇ ਕੀਰਤਪੁਰ ਸਾਹਿਬ ਪਾਰ ਕਰਦਿਆਂ ਹੀ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਜੰਗ ਹੋਈ, ਕਾਫੀ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ।
ਉਨ੍ਹਾਂ ਦੇ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਰੋਪੜ ਵੱਲ ਨੂੰ ਗਏ। ਜਿੱਥੋਂ ਇੱਕ ਪੁਰਾਣਾ ਨੌਕਰ ਗੰਗੂ ਬ੍ਰਾਮਣ ਉਨ੍ਹਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਰਾਤ ਨੂੰ ਮਾਤਾ ਜੀ ਪਾਸੋਂ ਜੇਵਰ ਤੇ ਨਕਦੀ ਚੁਰਾ ਲਈ ਤੇ ਹਜ਼ਮ ਕਰਨ ਲਈ ਉਨ੍ਹਾਂ ਵਿਰੁੱਧ ਮੋਰਿੰਡੇ ਚੌਧਰੀ ਨੂੰ ਖ਼ਬਰ ਕਰ ਦਿੱਤੀ। ਉਸ ਨੇ ਉਨ੍ਹਾਂ ਦੇ ਸੂਬੇਦਾਰ ਸਰਹੰਦ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਵਜ਼ੀਰ ਖਾਂ ਨੇ ਆਪਣੇ ਵਜ਼ੀਰ ਸੁੱਚਾ ਨੰਦ ਖ਼ਤਰੀ ਦੇ ਜ਼ੋਰ ਦੇਣ ‘ਤੇ ਦੋਵਾਂ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਬੱਚਿਆਂ ਦਾ ਦੁੱਖ ਨਾ ਸਹਾਰਦੇ ਹੋਏ ਸ਼ਹਾਦਤ ਪਾ ਗਏ।
ਅਗਲਾ ਟਾਕਰਾ 8ਪੋਹ ਨੂੰ 1762 (ਸੰਨ 1705) ਚਮਕੌਰ ਦੀ ਗੜ੍ਹੀ ਤੇ ਭਾਰੀ ਜੰਗ ਹੋਇਆ ।ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ , ਹੋਰਨਾਂ ਚਾਲੀ ਕੁ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ। ਇਸ ਤੋਂ ਬਾਅਦ 30 ਪੋਹ 1762 ਬਿਕ੍ਰਮੀ (ਸੰਨ1705ਈ. ) ਵਿੱਚ ਖਿਦਰਾਣਾ ਦੀ ਢਾਬ ਤੇ ਸੂਬਾ ਸਰਹਿੰਦ ਦੀ ਦਸ ਹਜ਼ਾਰ ਮੁਗ਼ਲਾ ਫੌਜ ਨਾਲ ਜੰਗ ਲੜੀ । ਇੱਥੇ ਚਾਲੀ ਸਿੰਘਾਂ ਵਲੋਂ ਲਿਖਿਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਇਸ ਕਰ ਕੇ ਇਸ ਨੂੰ ਚਾਲੀ ਮੁਕਤਿਆ ਦੀ ਮੁਕਤੀ ਕਾਰਨ ਮੁਕਤਸਰ ਕਿਹਾ ਜਾਣ ਲੱਗਾ।
ਚਮਕੌਰ ਤੋਂ ਗੁਰੂ ਜੀ ਇਕੱਲੇ ਆਪਣੇ ਤਿੰਨ ਸਿੱਖਾਂ ਨਾਲੋਂ ਵਿਛੜ ਕੇ ਮਾਛੀਵਾੜੇ ਜਾ ਪੁੱਜੇ। ਮਾਛੀਵਾੜੇ ਉਨ੍ਹਾਂ ਦੇ ਤਿੰਨ ਸਾਥੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਆ ਮਿਲੇ। ਇੱਥੇ ਹੀ ਉਨ੍ਹਾਂ ਦੇ ਸ਼ਰਧਾਲੂ ਪਠਾਨ ਨਬੀ ਖ਼ਾਨ ਤੇ ਗ਼ਨੀ ਖ਼ਾਨ ਆ ਮਿਲੇ। ਜਿਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਬਣਾਇਆ ਅਤੇ ਨੀਲੀ ਪੁਸ਼ਾਕ ਪਹਿਨਾ ਕੇ ਪਾਲਕੀ ਵਿੱਚ ਸਵਾਰ ਕਰਕੇ ਮੁਗ਼ਲ ਫੌਜਾਂ ਤੋਂ ਬਚਦੇ ਹੋਏ ਕਾਫੀ ਦੂਰ ਚਲੇ ਗਏ।ਗੁਰੂ ਜੀ ਇਸ ਵਿਉਂਤ ਨਾਲ ਜਗਰਾਉਂ ਤੇ ਰਾਏਕੋਟ ਹੁੰਦੇ ਹੋਏ ਜੱਟਪੁਰੇ ਪੁੱਜੇ। ਇੱਥੋਂ ਦੇ ਮੁਸਲਮਾਨ ਹਾਕਮ ਰਾਏ ਕਲ੍ਹਾ ਨੇ ਗੁਰੂ ਜੀ ਦੀ ਪੂਰੀ ਸਹਾਇਤਾ ਕੀਤੀ। ਰਾਏ ਕਲ੍ਹਾ ਨੇ ਗੁਰੂ ਜੀ ਦੇ ਕਹਿਣ ‘ਤੇ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਖ਼ਬਰ ਮੰਗਵਾਈ। ਜਦ ਮਾਹੀ ਨਾਮੀ ਹਰਕਾਰਾ ਇਹ ਅਤੀ ਦੁੱਖਦਾਈ ਖ਼ਬਰ ਲਿਆਇਆ ਤਾਂ ਉਸ ਵੇਲੇ ਗੁਰੂ ਜੀ ਜੰਗਲ ਵਿੱਚ ਬੈਠੇ ਹੋਏ ਸਨ। ਗੁਰੂ ਜੀ ਨੇ ਇੱਕ ਕਾਹੀ ਦਾ ਬੂਟਾ ਪੁੱਟਦੇ ਹੋਏ ਫਰਮਾਇਆ ਕਿ ਜਿਸ ਤਰ੍ਹਾਂ ਇਹ ਬੂਟਾ ਪੁੱਟਿਆ ਗਿਆ ਹੈ, ਉਸੇ ਤਰ੍ਹਾਂ ਮੁਗ਼ਲ ਹਕੂਮਤ ਦੀਆਂ ਛੇਤੀ ਹੀ ਜੜ੍ਹਾਂ ਪੁੱਟੀਆਂ ਜਾਣਗੀਆਂ।
ਇਸ ਉਪਰੰਤ ਮੌਜੂਦਾ ਮੁਕਤਸਰ ਦੀ ਥਾਂ ‘ਤੇ ਮੁਗ਼ਲਾਂ ਨਾਲ ਮੁੜ ਮੁਠਭੇੜ ਹੁੰਦੀ ਹੈ, ਜਿੱਥੇ ਚਾਲੀ ਸਿੰਘ ਜੋ ਬੇਦਾਵਾ ਦੇ ਗਏ ਸਨ ਮੁਗਲ ਫੌਜਾਂ ਨਾਲ ਬੜੀ ਬਹਾਦਰੀ ਨਾਲ ਲੜਦੇ ਸ਼ਹੀਦੀ ਪ੍ਰਾਪਤ ਕਰਦੇ ਹਨ।ਗੁਰੂ ਜੀ ਨੇ ਇਸ ਲੜਾਈ ਨੂੰ ਉੱਚੇ ਟਿੱਬੇ ਤੋਂ ਵੇਖਿਆ।ਗੁਰੂ ਜੀ ਨੇ ਇਕੱਲੇ ਇਕੱਲੇ ਸਿੰਘ ਨੂੰ ਆਪਣੀ ਗੋਦ ਵਿਚ ਲਿਆ ਤੇ ੇ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁਕਤੇ ਆਖ ਕੇ ਨਿਵਾਜਿਆ। ਇੱਥੇ ਹੁਣ ‘ਮੁਕਤਸਰ’ ਆਬਾਦ ਹੈ। ਮੁਕਤਸਰ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਪੁੱਜੇ। ਜਿੱਥੇ ਉਹ 9 ਮਹੀਨੇ ਰਹੇ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਅਤੇ ਇਸ ਨੂੰ ਹੁਣ ਵਾਲਾ ਸੰਪੂਰਨ ਰੂਪ ਬਖ਼ਸ਼ਿਆ ਅਤੇ ‘ਗੁਰੂ ਕੀ ਕਾਂਸ਼ੀ’ ਆਖ ਕੇ ਵਡਿਆਇਆ। ਤਲਵੰਡੀ ਵਿੱਚ ਹੀ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਆ ਕੇ ਗੁਰੂ ਜੀ ਨੂੰ ਮਿਲੇ ਅਤੇ ਉਨ੍ਹਾਂ ਦਾ ਏਥੇ ਹੀ ਪਤਾ ਲੱਗਾ।
ਤਲਵੰਡੀ ਸਾਬੋ ਜਾਂਦਿਆ ਜਦ ਗੁਰੂ ਜੀ ਦੀਸੇ ਠਹਿਰੇ ਹੋਏ ਸਨ ਤਾਂ ਔਰੰਗਜ਼ੇਬ ਵਲੋਂ ਉਨ੍ਹਾਂ ਨੂੰ ਇੱਕ ਸ਼ਾਹੀ ਪੱਤਰ ਪੁੱਜਾ ਜਿਸ ਵਿੱਚ ਉਨ੍ਹਾਂ ਨੂੰ ਦੱਖਣ ਵਿੱਚ ਕਿਆਮ ਕਰਦੇ ਬਾਦਸ਼ਾਹ ਨੂੰ ਮਿਲਣ ਦਾ ਸੱਦਾ ਸੀ। ਸ਼ਾਹੀ ਪੱਤਰ ਦੇ ਉੱਤਰ ਵਿੱਚ ਗੁਰੂ ਜੀ ਨੇ ਫ਼ਾਰਸੀ ਕਵਿਤਾ ਵਿੱਚ ਇੱਕ ਲੰਮਾ ਪੱਤਰ ਲਿਖਿਆ, ਜਿਸ ਦਾ ਨਾਂ ‘ਜ਼ਫ਼ਰਨਾਮਾ’ (ਜਿੱਤ ਦਾ ਪੱਤਰ) ਰੱਖਿਆ ਗਿਆ। ਇਹ ਮਹਾਨ ਕਾਵਿ-ਪੱਤਰ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਔਰੰਗਜ਼ੇਬ ਵੱਲ ਭੇਜਿਆ ਗਿਆ। ਜਦ ਉਹ ਬਹੁਤ ਸਮਾਂ ਵਾਪਿਸ ਨਾ ਆਏ ਤਾਂ ਗੁਰੂ ਜੀ ਔਰੰਗਜੇਬ ਨੂੰ ਮਿਲਣ ਲਈ ਦਖਣ ਵਲ ਨੂੰ ਅਕਤੂਬਰ 1706 ਈ. ਵਿੱਚ ਆਪ ਰਵਾਨਾ ਹੋ ਗਏ।
ਫਰਵਰੀ 1707 ਈ ਵਿਚ ਜਦ ਗੁਰੂ ਜੀ ਬਘੇਰ ਦੇ ਨੇੜੇ ਪੁੱਜੇ ਤਾਂ ਬਾਦਸ਼ਾਹ ਦੇ ਦੇਹਾਂਤ ਦੀ ਖ਼ਬਰ ਮਿਲੀ ।ਔਰੰਗਜ਼ੇਬ ਦੀ ਮੌਤ ਪਿੱਛੋਂ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ‘ਤੇ ਬਿਰਾਜਮਾਨ ਹੋ ਗਿਆ।ਆਗਰੇ ਵਿੱਚ ਗੁਰੂ ਜੀ ਬਹਾਦਰ ਸ਼ਾਹ ਨੂੰ ਮਿਲੇ। ਉਸ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਵੱਡਮੁੱਲਾ ‘ਖਿਲਅਤ’ ਪੇਸ਼ ਕੀਤਾ।ਗੁਰੂ ਜੀ ਵਜ਼ੀਰ ਖਾਂ ਨੂੰ ਦੰਡ ਦਿਵਾਉਣਾ ਚਾਹੁੰਦੇ ਸਨ ਪਰ ਉਹ ਇਸ ਗੱਲ ਨੂੰ ਟਾਲਦਾ ਰਿਹਾ। ਕਿਉਂਕਿ ਵਜ਼ੀਰ ਖ਼ਾਨ ਨੂੰ ਦੰਡ ਦੇਣ ਦਾ ਉਸ ਨੂੰ ਹੀਆ ਨਹੀਂ ਪੈਂਦਾ। ਉਹ ਚਾਹੁੰਦਾ ਸੀ ਕਿ ਆਪਣਾ ਰਾਜ ਚੰਗੀ ਤਰ੍ਹਾਂ ਸਥਾਪਤ ਕਰਕੇ ਕੋਈ ਅਜਿਹਾ ਕਦਮ ਉਠਾਏ।ਅੰਤ ਗੁਰੂ ਜੀ ਬਾਦਸ਼ਾਹ ਤੋਂ ਨਿਰਾਸ਼ ਹੋ ਕੇ ਉਸ ਦੀਆਂ ਫੌਜਾਂ ਨਾਲੋਂ ਵੱਖਰੇ ਹੋ ਕੇ ਨਾਦੇੜ ਚਲੇ ਗਏ।
ਨਾਦੇੜ ਵਿੱਚ ਰਹਿੰਦੇ ਇੱਕ ਸਾਧੂ ਬੈਰਾਗੀ ਲਛਮਨ ਦਾਸ ਜਾਂ ਮਾਧੋ ਦਾਸ ਨੂੰ ਗੁਰੂ ਜੀ ਨੇ ਪੂਰਨ ਮਰਯਾਦਾ ਅਨੁਸਾਰ ਅੰਮ੍ਰਿਤ ਛਕਾਇਆ ਅਤੇ ‘ਬੰਦਾ ਸਿੰਘ’ ਨਾਮ ਰੱਖਿਆ, ਜਿਸ ਦੀ ਉਮਰ 38 ਸਾਲ ਸੀ। ਫਿਰ ਉਸ ਨੂੰ ਥਾਪੜਾ ਜਾਂ ਅਸ਼ੀਰਵਾਦ ਦਿੱਤੀ ਤੇ ਕੁਝ ਸਿੰਘਾਂ ਦੇ ਨਾਲ ਪੰਜਾਬ ਵੱਲ ਰਾਜਸੀ ਕਰਤਵ ਦੀ ਪੂਰਤੀ ਲਈ ਭੇਜ ਦਿੱਤਾ। ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਆਤਮਕ ਸਹਾਇਤਾ ਲਈ ਬਖਸ਼ੇ ਅਤੇ ਹੋਰ ਵੀ ਧਾਰਮਿਕ ਉਪਦੇਸ਼ ਤੇ ਕ੍ਰਿਪਾ ਨਾਲ ਨਿਹਾਲ ਕੀਤਾ,ਜਿਸ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਉਨ੍ਹਾਂ ਨੇ ਬੰਦਾ ਬਹਾਦਰ ਵਿੱਚ ਆਪਣੀ ਸਾਰੀ ਸੈਨਿਕ ਤੇ ਰਾਜਸੀ ਸ਼ਕਤੀ ਭਰ ਦਿੱਤੀ, ਜਿਸ ਨੇ ਭਾਰਤ ਦੀ ਹੋਣੀ ਅਤੇ ਇਤਿਹਾਸ ਬਦਲ ਕੇ ਰੱਖ ਦਿੱਤਾ।
ਗੁਰੂ ਜੀ ਨੇ ਸਰੀਰਕ ਅੰਤ ਨੇੜੇ ਜਾਣ ਕੇ ਕੱਤਕ ਸੁਦੀ ਪੰਜ 1765 ਬਿਕ੍ਰਮੀ (7 ਅਕਤੂਬਰ 1708 ਈ.) ਦੀ ਰਾਤ ਦੇ ਤੀਜੇ ਪਹਿਰ ਸਿੰਘਾਂ ਨੂੰ ਇਕੱਤਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਖ਼ਾਲਸੇ ਦਾ ਆਤਮਕ ਆਗੂ ਅਤੇ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਸਥਾਨ ‘ਤੇ ‘ਸੱਚਖੰਡ ਸ੍ਰੀ ਹਜ਼ੂਰ ਸਾਹਿਬ’ ਜਾਂ ‘ਅਬਚਲ ਨਗਰ’ ਦਾ ਪ੍ਰਸਿੱਧ ਗੁਰਦੁਆਰਾ ਅਤੇ ਤਖ਼ਤ ਸਾਹਿਬ ਸੁਸ਼ੋਭਿਤ ਹੈ।
ਪੰਜਾਬ ਆ ਕੇ ਬਾਬਾ ਬੰਦਾ ਸਿੰਘ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਖਾਲਸਾ ਰਾਜ ਕਾਇਮ ਕੀਤਾ। ਜਮੀਨ ਵਾਹੀਕਾਰ ਦੀ ਕਰ ਦਿੱਤੀ।ਭਾਵੇਂ ਕਿ ਉਹ ਆਪਣਾ ਰਾਜ ਕਾਇਮ ਨਾ ਰਖ ਸਕਿਆ ਪਰ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ।ਬਾਦ ਵਿਚ ਮਿਸਲਾਂ ਦਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਜਿਸ ਨੇ ਅਫ਼ਗਾਨ ਹਮਲਾਵਰਾਂ ਦੇ ਹਮਲਿਆਂ ਤੋਂ ਭਾਰਤ ਨੂੰ ਛੁਟਕਾਰਾ ਦੁਆਇਆ। ਗੁਰੂ ਸਾਹਿਬਾਨ ਦੀਆਂ ਘਾਲਣਾ ਦਾ ਸਿੱਟਾ ਹੀ ਹੈ ਕਿ ਅੱਜ ਸਿੱਖ ਸਾਰੀ ਦੁਨੀਆਂ ਵਿਚ ਆਨੰਦਮਾਣ ਰਹਿ ਹਨ ਤੇ ਨਾਮਣਾ ਖੱਟ ਰਹਿ ਹਨ{
ਡਾ.ਚਰਨਜੀਤ ਸਿੰਘ ਗੁਮਟਾਲਾ, 91 941753306 ,gumtalacs@gmail.com
14 ਜਨਵਰੀ ਦੇ ਅੰਕ ਲਈ : ਸਥਾਪਨਾ ਪੁਰਬ 'ਤੇ ਵਿਸ਼ੇਸ਼ : ਸਿੱਖ ਧਰਮ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ - ਡਾ. ਚਰਨਜੀਤ ਸਿੰਘ ਗੁਮਟਾਲਾ
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਦੇ ਚਾਰ ਚੁਫੇਰੇ ਅੰਮ੍ਰਿਤ ਜਲ ਦੀਆਂ ਪਵਿੱਤਰ ਲਹਿਰਾਂ ਨਾਲ ਲਹਿਰਾਉਂਦਾ ਅੰਮ੍ਰਿਤਸਰ-ਸਰੋਵਰ ਇਸ ਦੀ ਸ਼ਾਨ ਅਤੇ ਮਹਾਨਤਾ ਨੂੰ ਚਾਰ-ਚੰਨ ਲਾਉਂਦਾ ਪ੍ਰਤੀਤ ਹੁੰਦਾ ਹੈ। ਇਹ ਪੰਜਾਬ ਦੀ ਧਰਤੀ 'ਤੇ ਲੱਗੀ ਹੋਈ ਰੱਬੀ ਮੋਹਰ ਛਾਪ ਹੈ। ਇਹ ਜਗਤ ਦਾ ਅਜੂਬਾ ਹੈ। ਇਹ ਸੰਸਾਰ ਨੂੰ ਸਤਿਗੁਰੂ ਦੀ ਮਹਾਨ ਅਦੁੱਤੀ ਤੇ ਅਮੋਲਕ ਦੇਣ ਹੈ।
ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਆਪਣੀ ਪੁਸਤਕ 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ' ਵਿੱਚ ਹਰਿਮੰਦਰ ਸਾਹਿਬ ਬਾਰੇ ਬੜੇ ਹੀ ਵਿਸਥਾਰ ਵਿਚ ਲਿਖਿਆ ਹੈ। ਉਹ ਲਿਖਦੇ ਹਨ ਕਿ ਇਮਾਰਤਸਾਜ਼ੀ ਦੀ ਦਿਲਕਸ਼ ਤੇ ਅਨੂਪਮ ਘਾੜਤ ਕਲਾ ਦਾ ਸੁੰਦਰ ਨਮੂਨਾ ਹੈ, ਜਿੱਥੇ ਕੀਰਤਨ 'ਤੇ ਪਾਠ ਦੇ ਅਖੰਡ ਪ੍ਰਵਾਹ ਦੀ ਵਗਦੀ ਨਿਰਮਲ ਧਾਰਾ, ਸੇਵਾ ਤੇ ਸਿਮਰਨ ਦਾ ਸੰਗਮ ਅਤੇ ਸਿੱਖੀ ਦਾ ਰੌਸ਼ਨ ਮੀਨਾਰ ਹੈ। ਇਹ ਸਚਮੁੱਚ ਮਾਤ ਲੋਕ ਦਾ ਸੱਚ-ਖੰਡ ਹੈ। ਇੱਥੇ ਅੱਠੇ ਪਹਿਰ ਗੁਰਬਾਣੀ ਅਤੇ ਪਾਠ ਤੇ ਕੀਰਤਨ ਦੀਆਂ ਧੁਨਾਂ ਇਸ ਦੇ ਚੌਗਿਰਦੇ ਦੇ ਵਾਤਾਵਰਣ ਨੂੰ ਅਧਿਆਤਮਿਕ ਸੁਗੰਧੀ ਨਾਲ ਸੁਗੰਧਤ ਕਰ ਰਹੀਆਂ ਹਨ। ਇਹੋ ਕਾਰਨ ਹੈ ਕਿ ਹਰੇਕ ਯਾਤਰੂ ਭਾਵੇਂ ਕਿ ਉਹ ਕਿਸੇ ਵੀ ਦੇਸ਼, ਨਸਲ ਤੇ ਧਰਮ ਦਾ ਹੈ, ਉਹ ਅਗੰਮੀ ਰਸ ਵਿੱਚ ਮਗਨ ਹੋਇਆ ਮਹਿਸੂਸ ਕਰਦਾ ਹੈ। ਅਰਦਾਸ ਸਮੇਂ ਹਰੇਕ ਸਿੱਖ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਮੰਗ ਰੋਜ਼ ਦੁਹਰਾਉਂਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਆਦਿ ਮੁੱਖੀ ਸਿੱਖਾਂ ਨਾਲ ਸਲਾਹ-ਮਸ਼ਵਰੇ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਦਿਨ ਮੁਕੱਰਰ ਕਰਕੇ ਦੂਰ ਦੁਰਾਡੇ ਦੀਆਂ ਸਿੱਖ ਸੰਗਤਾਂ ਨੂੰ ਇਤਲਾਹਾਂ ਭੇਜ ਦਿੱਤੀਆਂ।1 ਮਾਘ 1685 ਬਿਕਰਮੀ ਵਾਲੇ ਦਿਨ ਸੰਗਤਾਂ ਦਾ ਭਾਰੀ ਧਾਰਮਿਕ ਇਕੱਠ ਹੋਇਆ। ਨੀਂਹ ਰੱਖਣ ਦੇ ਖਿਆਲ ਨਾਲ ਸਰੋਵਰ ਨੂੰ ਪਹਿਲਾਂ ਹੀ ਖੁਸ਼ਕ ਕਰ ਲਿਆ ਗਿਆ ਸੀ। ਸਰੋਵਰ ਦੇ ਅੰਦਰ ਸਜੇ ਦੀਵਾਨ ਵਿੱਚ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰੱਚਣ ਦੇ ਮਨੋਰਥ ਦੀ ਵਿਆਖਿਆ ਕੀਤੀ ਅਤੇ ਫੁਰਮਾਇਆ, ਕਿ ਪਿਤਾ ਗੁਰੂ ਜੀ ਦੀ ਹਦਾਇਤ ਅਤੇ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਅੱਜ ਇਸ ਅਦੁੱਤੀ ਸ੍ਰੀ ਹਰਿਮੰਦਰ ਦੀ ਨੀਂਹ ਰੱਖੀ ਜਾ ਰਹੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਆ ਗਈ। ਬਾਬਾ ਬੁੱਢਾ ਜੀ ਚਹੁੰ ਸਤਿਗੁਰਾਂ ਦੇ ਨਾਮ ਲੈ ਕੇ ਅਰਦਾਸ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੀ ਆਗਿਆ ਮੰਗੀ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ 40 ਫੁੱਟ ਮੁਰੱਬਾ ਹੈ। ਚੁਗਿਰਦੇ 13-13 ਫੁੱਟ ਚੌੜੀ ਪ੍ਰਕਰਮਾ ਹੈ। ਸਣੇ ਪ੍ਰਕਰਮਾ 66 ਫੁੱਟ ਮੁਰੱਬਾ ਠੋਸ ਥੜ੍ਹਾ ਹੈ ਜਿਸ ਦੀ ਨੀਂਹ 20 ਫੁੱਟ ਡੂੰਘੀ ਹੈ। ਤਿੰਨ-ਤਿੰਨ ਫੁੱਟ ਹੇਠ ਰੋੜੀ ਮਸਾਲੇ ਸਮੇਤ ਪਾਈ ਹੋਈ ਹੈ।ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰਕਰਮਾ ਸਮੇਤ 66 ਫੁੱਟ ਮੁਰੱਬਾ ਠੋਸ ਥੜ੍ਹਾ ਉਸਾਰਿਆ ਗਿਆ। ਪ੍ਰਕਰਮਾ ਦੀ ਸਤਹ ਤੋਂ ਕਾਫੀ ਉੱਚਾ ਚੁੱਕਿਆ ਗਿਆ। ਉਸ ਥੜ੍ਹੇ ਦੇ ਵਿਚਕਾਰ 40 ਫੁੱਟ ਮੁਰੱਬਾ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ। ਢਾਈ ਫੁੱਟ ਕੰਧਾਂ ਦਾ ਉਸਾਰ ਅਰੰਭਿਆ ਗਿਆ। ਚਹੁੰ ਪਾਸੀਂ ਕੰਧਾਂ ਦੇ ਦਰਮਿਆਨ ਵਿੱਚ ਛੇ-ਛੇ ਫੁੱਟ ਉੱਚੇ ਅਤੇ ਚਾਰ-ਚਾਰ ਫੁੱਟ ਚੌੜੇ ਚਾਰ ਦਰਵਾਜ਼ੇ ਰੱਖੇ ਗਏ। ਹੇਠ ਕਲਬੂਤ ਦੇ ਕੇ ਚਹੁੰਆਂ ਦਰਵਾਜ਼ਿਆਂ ਦੀਆਂ ਡਾਟਾਂ ਮੇਲ ਦਿੱਤੀਆਂ ਗਈਆਂ। ਉੱਪਰ ਕੰਧਾਂ ਉੱਚੀਆਂ ਕਰਕੇ ਵਿਚਕਾਰ 17 ਫੁੱਟ ਮੁਰੱਬਾ ਚੌਂਕ ਛੱਡ ਕੇ ਚਾਰ ਥੰਮ ਉਸਾਰ ਕੇ ਚਹੁੰ ਖੂੰਜਿਆਂ 'ਚ ਚਾਰ ਕੋਠੜੀਆਂ 8 X 8 ਫੁੱਟ ਬਣਾਉਣ ਹਿੱਤ ਡਾਟਾਂ ਮੇਲ ਦਿੱਤੀਆਂ। ਦੂਜੇ ਪਾਸੇ ਚਾਰ ਦਾਲਾਨਾਂ ਦੀਆਂ ਡਾਟਾਂ ਮੇਲੀਆਂ ਗਈਆਂ। ਚੌਂਕ ਛੱਡ ਕੇ ਚਹੁੰ 17 X 8 ਫੁੱਟ ਦਾਲਾਨਾਂ ਤੇ ਚੌਹਾਂ ਕੋਠੜੀਆਂ ਦੀ ਇੱਕੋ ਛੱਤ ਪਾ ਦਿੱਤੀ। ਉੱਤਰ ਪੱਛਮੀ ਕੋਨੇ ਵਾਲੀ ਕੋਠੜੀ ਵਿੱਚ ਦੀ ਪੱਕੀ ਪੌੜੀ ਚੜ੍ਹਾਈ ਗਈ ਜੋ ਦੂਜੀ ਮੰਜ਼ਲ ਦੇ ਉੱਪਰ ਤੱਕ ਜਾਂਦੀ ਹੈ। ਪਹਿਲੀ ਮੰਜ਼ਲ ਦੇ 14 ਤੇ ਦੂਜੀ ਮੰਜ਼ਲ ਦੇ 13 ਪੌੜ ਹਨ। ਹਰਿ ਕੀ ਪਉੜੀ ਅਤੇ ਉਸ ਨਾਲ ਲੱਗਦੀ ਪੂਰਬ ਵੱਲ ਦੀ ਪ੍ਰਕਰਮਾ ਦੀ ਛੱਤ ਦੀ ਪਹਿਲੀ ਛੱਤ ਦੇ ਬਰਾਬਰ ਹੀ ਪਾ ਦਿੱਤੀ। ਦੂਜੀ ਮੰਜ਼ਲ ਦੀ ਉਸਾਰੀ ਕਰਦੇ ਸਮੇਂ ਰੌਸ਼ਨੀ ਹਿਤ ਬਾਰੀਆਂ ਰੱਖੀਆਂ ਗਈਆਂ। ਪੱਛਮ ਤੇ ਦੱਖਣ ਵੱਲ ਪੰਜ-ਪੰਜ ਬਾਰੀਆਂ ਜਦ ਕਿ ਉੱਤਰ ਵੱਲ ਚਾਰ ਬਾਰੀਆਂ ਹਨ, ਕਿਉਂਕਿ ਇੱਕ ਬਾਰੀ ਦੀ ਥਾਂ ਪਉੜੀ ਵਿੱਚ ਆ ਗਈ ਹੈ। ਹਰਿ ਕੀ ਪਉੜੀ ਵੱਲ ਦੀ ਪ੍ਰਕਰਮਾ ਦੀ ਛੱਤ ਦੇ ਦੋਹੀਂ ਪਾਸੀਂ ਉੱਤਰ ਤੇ ਦੱਖਣ ਵੱਲ ਤਿੰਨ-ਤਿੰਨ ਬਾਰੀਆਂ ਰੱਖੀਆਂ ਗਈਆਂ ਹਨ। ਹਰਿ ਕੀ ਪਉੜੀ ਦੀ ਛੱਤ ਉੱਪਰ ਇੱਕ ਦਾਲਾਨ ਹੈ ਜਿਸ ਦੀ ਪੂਰਬ ਦਿਸ਼ਾ ਬਣੇ ਬੁਖਾਰਚੇ ਵਿੱਚ ਤਿੰਨ ਬਾਰੀਆਂ ਹਨ। ਇਸ ਦਾਲਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਕੀਤੇ ਜਾਂਦੇ ਹਨ। ਹਰਿ ਕੀ ਪਉੜੀ ਦੀਆਂ ਉੱਤਰੀ ਤੇ ਦੱਖਣੀ ਬਾਹੀਆਂ ਦੇ ਨਾਲ ਹੇਠ ਤੋਂ ਦੋਹੀਂ ਪਾਸੀਂ ਦੋ ਪੱਕੀਆਂ ਪਉੜੀਆਂ ਚੜਾਈਆਂ ਗਈਆਂ ਹਨ ਜੋ ਦੂਜੀ ਮੰਜ਼ਲ ਦੇ ਉੱਪਰ ਤੱਕ ਜਾਂਦੀਆਂ ਹਨ, ਇਨ੍ਹਾਂ ਦੋਹਾਂ ਪਉੜੀਆਂ 'ਚ ਹਰ ਇੱਕ ਪੌੜੀ ਦੇ 37 ਪੌੜ ਹਨ। ਪਹਿਲੀ ਮੰਜ਼ਲ ਦੇ 18 ਤੇ ਦੂਜੀ ਮੰਜ਼ਲ ਦੇ 19 ਪੌੜ ਹਨ। ਜਿਨ੍ਹਾਂ ਵਿੱਚ ਦੋਹੀਂ ਪਾਸੀਂ ਚਾਨਣ ਹਿਤ ਇੱਕ-ਇੱਕ ਬਾਰੀ ਰੱਖੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਛੱਤ ਵਿੱਚ ਪੂਰਬ ਵੱਲ ਇੱਕ ਵੱਡਾ ਖੁੱਲਾ ਬੂਹਾ ਰੱਖਿਆ ਹੋਇਆ ਹੈ। ਦੂਜੀ ਛੱਤ ਦੇ ਅੰਦਰਵਾਰ ਚੌਂਕ ਵੱਲ ਚੌਹੀਂ ਪਾਸੀਂ ਤਿੰਨ-ਤਿੰਨ ਖੁੱਲ੍ਹੀਆਂ ਬਾਰੀਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਦੀ ਦੂਜੀ ਮੰਜ਼ਲ ਵਿੱਚ ਸੰਗਤਾਂ ਬੈਠ ਕੇ ਹੇਠ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤੇ ਕੀਰਤਨ ਸੁਣਦੀਆਂ ਹਨ। ਪੂਰਬ ਵੱਲ ਦੀ ਵਿਚਕਾਰਲੀ ਬਾਰੀ ਬੰਦ ਹੈ ਕਿਉਂਕਿ ਉਸ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਦ ਹਰਿ ਕੀ ਪੌੜੀ ਨਾਲ ਲੱਗਦੀ ਪ੍ਰਕਰਮਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਹੁੰਆਂ ਦਾਲਾਨਾਂ ਤੇ ਚੌਹਾਂ ਕੋਠੜੀਆਂ ਦੀਆਂ ਕੰਧਾਂ ਦੀ ਉਸਾਰੀ ਛੱਤ ਤੱਕ ਪਹੁੰਚ ਗਈ ਤਾਂ ਚੁਗਿਰਦੇ ਦੀ ਦੂਜੀ ਛੱਤ 'ਤੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਂਕ ਦੀ ਪਹਿਲੀ ਛੱਤ ਉਪਰੋਂ ਬਰਾਬਰ ਕਰਕੇ ਇੱਕੋ ਛੱਤ ਪਾ ਦਿੱਤੀ ਗਈ। ਜਿਸ ਦੀ ਉਚਾਈ 27 ਫੁੱਟ ਹੈ। ਉੱਪਰੋਂ ਥਾਂ ਪੱਧਰਾ ਕਰਕੇ ਪੱਕੀਆਂ ਇੱਟਾਂ ਦਾ ਸੁੰਦਰ ਫਰਸ਼ ਲਾ ਦਿੱਤਾ ਗਿਆ।
ਚੌਂਕ ਦੀ ਪਹਿਲੀ ਛੱਤ ਦੇ ਉੱਪਰ ਚੌਹਾਂ ਕੌਣਾਂ 'ਤੇ ਚਾਰ ਥੰਮ ਉਸਾਰੇ ਗਏ। ਚੌਹੀਂ ਪਾਸੀਂ ਚਾਰ ਬੂਹੇ ਰੱਖ ਕੇ ਬੂਹਿਆਂ ਨੂੰ ਡਾਟਾਂ ਨਾਲ ਉੱਪਰੋਂ ਜੋੜ ਦਿੱਤਾ ਗਿਆ। ਚੌਹਾਂ ਕੌਣਾਂ ਉੱਪਰ ਚਾਰੇ ਮਹਤਾਬੀਆਂ (ਛੋਟੇ ਗੁੰਬਦ) ਬਣਾਏ ਗਏ। ਛੋਟੇ ਗੁੰਬਦਾਂ ਦੇ ਵਿਚਕਾਰ ਚੌਹੀਂ ਪਾਸੀਂ 9-9 ਛੋਟੇ ਕੋਲ (ਕਲਸ) ਬਣਾਏ ਗਏ ਜੋ ਗਿਣਤੀ ਵਿੱਚ 36 ਹਨ। ਉਸ ਤੋਂ ਉੱਪਰ ਵੱਡਾ ਗੁੰਬਦ ਉਸਾਰ ਕੇ ਉੱਪਰੋਂ ਮੇਲ ਦਿੱਤਾ ਗਿਆ। ਹਰਿ ਕੀ ਪਉੜੀ, ਪੂਰਬ ਦੀ ਪ੍ਰਕਰਮਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਾਰੀ ਇਮਾਰਤ ਦੀਆਂ ਬਾਹਰਲੀਆਂ ਕੰਧਾਂ ਦੇ ਉੱਪਰ ਚਾਰ ਚੁਫੇਰੇ ਬਾਹਰ ਨੂੰ ਵਧਾਏ ਹੋਏ ਛੱਜੇ ਤੋਂ ਚਾਰ-ਚਾਰ ਫੁੱਟ ਉੱਚਾ ਪੱਕੀਆਂ ਇੱਟਾਂ ਦਾ ਠੋਸ ਜੰਗਲਾ ਹੈ। ਉਸ ਜੰਗਲੇ ਦੀਆਂ ਚੌਹਾਂ ਕੌਣਾਂ ਉਪਰ ਚਾਰ ਬੰਗਲੇ ਹਨ। ਪੱਛਮੀ ਬਾਹੀ ਦੇ ਦੋਵੇਂ ਬੰਗਲੇ ਹੇਠੋਂ ਚੌਰਸ ਤੇ ਉੱਪਰ ਗੁੰਬਦ ਹਨ। ਗੁੰਬਦਾਂ ਹੇਠ ਚਹੁੰ ਪਾਸੀਂ ਤਿੰਨ-ਤਿੰਨ ਕੁਲ ਬਾਰ੍ਹਾਂ ਡਾਟਾਂ ਹਨ। ਪਰ ਹਰਿ ਕੀ ਪਉੜੀ ਵੱਲ ਦੇ ਦੋਵੇਂ ਬੰਗਲੇ ਹੇਠੋਂ ਗੋਲ ਤੇ ਉੱਪਰ ਗੁੰਬਦ ਹਨ। ਹਰ ਬੰਗਲੇ ਦੀਆਂ ਅੱਠ ਡਾਟਾਂ ਹਨ। ਇਨ੍ਹਾਂ ਚੌਹਾਂ ਬੰਗਲਿਆਂ ਦੇ ਦਰਮਿਆਨ ਕਬਜ਼ੀਆਂ (ਛੋਟੇ-ਛੋਟੇ ਗੁੰਬਦ) ਹਨ ਉੱਤਰ ਤੇ ਦੱਖਣ ਦੀ ਤਰਫ਼ 19-19, ਪੂਰਬ ਵੱਲ 13 ਤੇ ਪੱਛਮ ਵੱਲ 7 ਗੁੰਬਦ ਹਨ। ਐਉਂ ਇਹ ਕੁੱਲ 58 ਗੁੰਬਦ ਹਨ।
ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਦੇ ਮੁਕੰਮਲ ਹੋਣ ਦੀ ਮਿਤੀ ਤੇ ਸੰਮਤ ਕਿਸੇ ਵੀ ਪੁਰਾਤਨ ਜਾਂ ਨਵੀਨ ਪੁਸਤਕ ਵਿੱਚੋਂ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲਦੀ । 1661 ਬਿਕਰਮੀ ਭਾਦਰੋ ਸੁਦੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲਾਂ ਵਾਲੇ ਹਾਲਾਤ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋਣ ਤੋਂ ਲੈ ਕੇ ਅਪ੍ਰੈਲ 1762 ਈ. ਤੱਕ ਸਤਿਗੁਰਾਂ ਵੱਲੋਂ ਬਣਾਈ ਇਮਾਰਤ ਆਪਣੇ ਅਸਲੀ ਰੂਪ ਵਿੱਚ ਸਥਿਤ ਰਹੀ ਪਰ 5 ਫਰਵਰੀ ਸੰਨ 1762 ਈ. ਨੂੰ ਕੁੱਪ ਰਹੀੜੇ ਦੇ ਅਸਥਾਨ 'ਤੇ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹੌਰ ਵੱਲ ਆਇਆ ਤਾਂ ਰਸਤੇ ਵਿੱਚ ਸਿੰਘਾਂ ਉੱਪਰ ਖਿਝੇ ਹੋਏ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਤਾਲ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ ਸੰਨ 1762 ਈ. ਮੁ. 1819 ਬਿਕਰਮੀ ਨੂੰ ਨੀਹਾਂ ਹੇਠ ਬਾਰੂਦ ਦੇ ਕੁੱਪੇ ਰੱਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ। ਪਰ ਥੋੜੇ ਹੀ ਸਮੇਂ ਬਾਅਦ ਸਿੰਘਾਂ ਨੇ ਮੁੜ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ ਅਤੇ ਪੰਥ ਨੇ ਇਕੱਠੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਸੇ ਰੂਪ ਵਿੱਚ ਦੋਬਾਰਾ ਉਸਾਰਨ ਦਾ ਗੁਰਮਤਾ ਕੀਤਾ।
ਅਕਤੂਬਰ 1764 ਮੁ: 1821 ਬਿਕਰਮੀ ਵਿੱਚ ਖ਼ਾਲਸਾ ਪੰਥ ਦੇ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਨਵੇਂ ਸਿਰਿਓ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾ ਕੇ ਇਮਾਰਤ ਦੀ ਉਸਾਰੀ ਆਰੰਭ ਕਰਵਾ ਦਿੱਤੀ। ਇਸੇ ਹੀ ਸਾਲ ਯੂ.ਪੀ. ਦੇ ਖੁਰਜਾ ਸ਼ਹਿਰ ਫ਼ਤਹ ਕਰਨ ਸਮੇਂ ਸਾਰੇ ਜਥਿਆਂ ਦੇ ਮੁੱਖੀ ਸਿੰਘਾਂ ਜਿਨ੍ਹਾਂ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਜਯ ਸਿੰਘ ਘਨੱਯਾ, ਸ. ਤਾਰਾ ਸਿੰਘ ਗੈਬਾ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਸ਼ਾਮਲ ਸਨ) ਨੇ ਪ੍ਰਣ ਕੀਤਾ ਸੀ ਕਿ ਖੁਰਜਾ ਸ਼ਹਿਰ ਫ਼ਤਹ ਹੋਣ ਦੀ ਸੂਰਤ ਵਿੱਚ ਜੋ ਕੁਝ ਉਥੋਂ ਮਿਲੇ ਉਸ ਵਿੱਚੋਂ ਅੱਧਾ ਰੁਪਇਆ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਪਰ ਲਾਇਆ ਜਾਵੇਗਾ। ਖੁਰਜਾ ਸ਼ਹਿਰ ਦੇ ਫ਼ਤਹ ਹੋ ਜਾਣ 'ਤੇ ਸਰਦਾਰਾਂ ਨੇ ਆਪਣੇ ਕੀਤੇ ਪ੍ਰਣ ਅਨੁਸਾਰ ਇੱਕ ਚਾਦਰ ਵਿਛਾ ਦਿੱਤੀ ਜਿਸ ਉੱਪਰ ਉਸ ਸਮੇਂ ਸੱਤ ਲੱਖ ਰੁਪਇਆ ਜਮ੍ਹਾਂ ਹੋ ਗਿਆ। ਇਹ ਰੁਪਇਆ ਅੰਮ੍ਰਿਤਸਰ ਦੇ ਕਰੋੜੀ ਮੱਲ ਸ਼ਾਹੂਕਾਰ ਪਾਸ ਜਮ੍ਹਾਂ ਕਰਵਾ ਦਿੱਤਾ। ਸੁਰ ਸਿੰਘ ਨਗਰ ਦੇ ਗੁਰਮੁੱਖ ਸਿੰਘ ਭਾਈ ਦੇਸ ਰਾਜ ਜੀ ਨੂੰ ਪੰਥ ਵੱਲੋਂ ਇਮਾਰਤ ਉੱਪਰ ਮਾਇਆ ਖਰਚਣ ਦੇ ਸਾਰੇ ਅਧਿਕਾਰ ਦੇ ਦਿੱਤੇ। ਆਮ ਸੰਗਤਾਂ ਪਾਸੋਂ ਮਾਇਆ ਉਗ੍ਰਾਹੁਣ ਹਿੱਤ ਪੰਥ ਵੱਲੋਂ ਭਾਈ ਦੇਸ ਰਾਜ ਜੀ ਨੂੰ ਇੱਕ ਮੋਹਰ ਬਖ਼ਸ਼ੀ ਗਈ ਜਿਸ ਰਾਹੀਂ ਉਹ ਗੁਰਸਿੱਖਾਂ ਪਾਸੋਂ ਮਾਇਆ ਵਸੂਲ ਕਰਦਾ ਸੀ। ਉਸ ਮੋਹਰ ਨੂੰ ਹਰ ਗੁਰਸਿੱਖ ਗੁਰੂ ਮਹਾਰਾਜ ਦੇ ਹੁਕਮਨਾਮੇ ਦੇ ਬਰਾਬਰ ਸਮਝਦਾ ਸੀ।
ਸ੍ਰੀ ਹਰਿਮੰਦਰ ਸਾਹਿਬ, ਸਣੇ ਹਰਿ ਕੀ ਪਉੜੀ, ਛੋਟੀ ਪਰਕਰਮਾ, ਪੁਲ, ਦਰਸ਼ਨੀ ਡਿਉਢੀ ਤੇ ਸਰੋਵਰ ਦੀ ਵੱਡੀ ਪਰਕਰਮਾ ਵਿੱਚ ਸੰਗਮਰਮਰ, ਚਾਂਦੀ, ਸੋਨੇ ਤੇ ਗੱਚ, ਮੀਨਾਕਾਰੀ ਤੇ ਜੜਤ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ। ਨਾਲ ਉਸ ਸਮੇਂ ਦੇ ਮਿਸਲਦਾਰ ਸਰਦਾਰਾਂ ਨੇ ਵੀ ਆਪਣੇ ਵਿਤ ਅਨੁਸਾਰ ਪੂਰਾ ਯੋਗਦਾਨ ਪਾਇਆ।
ਡਾ. ਚਰਨਜੀਤ ਸਿੰਘ ਗੁਮਟਾਲਾ, 919417533060
28 ਸਤੰਬਰ 2020 ਦੇ ਅੰਕ ਲਈ, ਜਨਮ ਦਿਨ ‘ਤੇ ਵਿਸ਼ੇਸ਼ - ਡਾ. ਚਰਨਜੀਤ ਸਿੰਘ ਗੁਮਟਾਲਾ
ਖ਼ੂਨੀ ਵਿਸਾਖੀ : ਜਿਸਨੇ ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਬਦਲ ਦਿੱਤਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਚੱਕ ਨੰ: 105, ਬੰਗਾ ਤਹਿਸੀਲ ਜੜ੍ਹਾਵਾਲੀ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਪਾਕਿਸਤਾਨ ਵਿੱਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਦੇ ਗ੍ਰਹਿ ਵਿਖੇ ਹੋਇਆ। 13 ਅਪ੍ਰੈਲ 1919 ਦੀ ਅੰਮ੍ਰਿਤਸਰ ਜ਼ਲ੍ਹਿਆਂਵਾਲੇ ਬਾਗ਼ ਦੀ ਖ਼ੂਨੀ ਵਿਸਾਖੀ ਨੂੰ ਲਾਹੋਰੋਂ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਅੱਖੀਂ ਵੇਖਕੇ ਵਾਪਿਸ ਗਏ ਸਨ, ਉਨ੍ਹਾਂ ਨੇ ਜੋ ਲੋਕਾਂ ਨੂੰ ਸੁਣਾਇਆ ਉਸ ਨਾਲ ਸਾਰੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਭਗਤ ਸਿੰਘ ਜੋ ਉਸ ਸਮੇਂ ਕੇਵਲ ਸਾਢੇ ਗਿਆਰਾਂ ਕੁ ਸਾਲ ਦਾ ਸੀ, ਅਗਲੇ ਦਿਨ 14 ਅਪ੍ਰੈਲ 1919 ਨੂੰ ਡੀ.ਏ.ਵੀ ਹਾਈ ਸਕੂਲ ਲਾਹੌਰ ਜਾਣ ਦੀ ਥਾਂ ‘ਤੇ ਅੰਮ੍ਰਿਤਸਰ ਜ਼ਲ੍ਹਿਆਂਵਾਲਾ ਬਾਗ਼ ਪਹੁੰਚ ਗਿਆ। ਉੱਥੇ ਜਾ ਕੇ ਉਸ ਨੇ ਖ਼ੂਨੀ ਮਿੱਟੀ ਇੱਕ ਸ਼ੀਸ਼ੀ ਵਿੱਚ ਪਾ ਲਈ। ਦੇਰ ਹੋਣ ਕਰਕੇ ਘਰ ਦੇ ਫਿਕਰਮੰਦ ਸਨ। ਘਰ ਪਹੁੰਚਦਿਆਂ ਅੱਗੋਂ ਭੱਜ ਕੇ ਮਿਲੀ ਛੋਟੀ ਭੈਣ ਅਮਰ ਕੌਰ ਕਹਿਣ ਲੱਗੀ, “ਵੀਰੇ, ਮੈਂ ਤੇਰੇ ਲਈ ਅੰਬੀਆਂ ਰੱਖੀਆਂ ਹੋਈਆਂ ਨੇ”। ਜੇਬ ਵਿੱਚੋਂ ਸ਼ੀਸ਼ੀ ਕੱਢ ਕੇ ਵਿਖਾਉਂਦਿਆਂ ਹੋਇਆ ਉਹ ਕਹਿਣ ਲੱਗਾ ਕਿ ਇਹ ਲਹੂ ਭਿੱਜੀ ਮਿੱਟੀ ਮੈਂ ਜ਼ਲ੍ਹਿਆਂਵਾਲਾ ਬਾਗ਼ ਤੋਂ ਲਿਆਇਆ ਹਾਂ। ਉਸ ਨੇ ਭੈਣ ਨੂੰ ਕਿਹਾ ਕਿ ਉਹ ਬਾਹਰੋਂ ਫੁੱਲ ਪੱਤੀਆਂ ਲਿਆਵੇ ਤੇ ਉਹ ਇਸ ਦੇ ਦੁਆਲੇ ਨੂੰ ਸਜਾਏਗਾ। ਇੰਝ ਹੀ ਕੀਤਾ ਗਿਆ। ਮਲਵਿੰਦਰ ਸਿੰਘ ਵੜੈਚ ਅਨੁਸਾਰ ਇਹ ਮਿੱਟੀ ਸਾਰੀ ਉਮਰ ਉਸ ਦੀ ਪ੍ਰੇਰਣਾ ਸ੍ਰੋਤ ਬਣੀ ਰਹੀ ਤੇ ਬਾਰਾਂ ਵਰ੍ਹਿਆਂ ਦੇ ਭਗਤ ਸਿੰਘ ਨੇ ਜ਼ਿੰਦਗੀ ਦੇ ਰਹਿੰਦੇ ਬਾਰਾਂ ਸਾਲ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੇ।
ਭਗਤ ਸਿੰਘ ਦਾ ਸਾਰਾ ਪਰਿਵਾਰ ਇਨਕਲਾਬੀ ਗਤੀਵਿਧੀਆਂ ਵਿੱਚ ਰੁਝਾ ਹੋਇਆ ਸੀ। ਉਹ ਘਰ ਵਿਚ ਮੌਜੂਦ ਰਾਜਨੀਤਕ ਰਸਾਲਿਆਂ ਅਤੇ ਪਰਚਿਆਂ ਨੂੰ ਬੜੇ ਧਿਆਨ ਨਾਲ ਪੜ੍ਹਦਾ ਸੀ। ਉਹ ਚਾਚੀ ਨੂੰ ਅਕਸਰ ਕਿਹਾ ਕਰਦਾ ਸੀ ਕਿ ਉਹ ਵੱਡਾ ਹੋ ਗਿਆ ਤਾਂ ਬੰਦੂਕ ਲੈ ਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਵੇਗਾ ਅਤੇ ਦੇਸ਼ ਨੂੰ ਆਜ਼ਾਦ ਕਰਵਾ ਲਵੇਗਾ ਤੇ ਇਸ ਤਰ੍ਹਾਂ ਚਾਚਾ ਜੀ (ਸ. ਅਜੀਤ ਸਿੰਘ) ਵਾਪਸ ਘਰ ਆ ਜਾਣਗੇ।
ਉਹ ਉਸ ਸਮੇਂ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਭਾਗ ਲੈਂਦਾ ਰਿਹਾ। 20 ਫਰਵਰੀ 1921 ਨੂੰ ਸਵੇਰੇ ਨਿਹੱਥੇ ਸਿੱਖ ਸ਼ਰਧਾਲੂ ਜਦ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾਖਲ ਹੋਏ ਤਾਂ ਮਹੰਤਾਂ ਵੱਲੋਂ ਲਿਆਂਦੇ ਹੋਏ ਭਾੜੇ ਦੇ ਗੁੰਡਿਆਂ, ਝਟਕਈਆਂ ਤੇ ਬੁਚੜਾ ਨੇ ਸੌ ਤੋਂ ਵੀ ਵਧੇਰੇ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਨ੍ਹਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰਕੇ ਢੇਰ ਲਾ ਕੇ ਮਿੱਟੀ ਦੇ ਤੇਲ ਨਾਲ ਸਾੜ ਦਿੱਤਾ ਤਾਂ ਸਮੁੱਚੀ ਸਿੱਖ ਕੌਮ ਵਿੱਚ ਇਸ ਨਾਲ ਗੁੱਸੇ ਦੀ ਲਹਿਰ ਉੱਠ ਖੜੀ ਹੋਈ। ਭਗਤ ਸਿੰਘ ਨੇ ਇਹ ਜਗ੍ਹਾ ਜਾ ਕੇ ਵੇਖੀ ਤੇ 5 ਮਾਰਚ ਨੂੰ ਹੋਈ ਕਾਨਫਰੰਸ ਵਿੱਚ ਹਿੱਸਾ ਲਿਆ। ਸਾਕਾ ਨਨਕਾਣਾ ਸਾਹਿਬ ਦੇ ਪ੍ਰਭਾਵ ਕਰਕੇ ਉਸ ਨੇ ਆਪਣੀ ਭੈਣ ਅਮਰ ਕੌਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਗੁਰਮੁੱਖੀ ਸਿੱਖੀ। ਉਸ ਨੇ ਜੈਤੋ ਦੇ ਮੋਰਚੇ ਸਮੇਂ ਜੈਤੋ ਨੂੰ ਜਾ ਰਹੇ ਸਤਿਆਗ੍ਰਹਿ ਨੂੰ ਲੰਗਰ ਛਕਾਇਆ ਸੀ, ਜਿਸ ਕਰਕੇ ਉਸ ਦੇ ਪਹਿਲੀ ਵਾਰ ਵਾਰੰਟ ਨਿਕਲੇ ਸਨ।
ਭਗਤ ਸਿੰਘ 1921 ਵਿੱਚ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋਏ। ਨੈਸ਼ਨਲ ਸਕੂਲ ਤੇ ਕਾਲਜ ਲਾਹੌਰ ਤੋਂ ਇਲਾਵਾ ਕਲਕੱਤਾ, ਅਲੀਗੜ੍ਹ, ਦਿੱਲੀ, ਪਟਨਾ ਆਦਿ ਵਿਖੇ ਖੋਲ੍ਹੇ ਗਏ ਸਨ।ਇਹ ਨਾ-ਮਿਲਵਰਤਣ ਲਹਿਰ ਦੀ ਦੇਣ ਸਨ। ਇਨ੍ਹਾਂ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦਾ ਬਾਈਕਾਟ ਕਰਨ ਵਾਲੇ ਵਿਦਿਆਰਥੀ ਦਾਖਲ ਕੀਤੇ ਜਾਂਦੇ ਸਨ।ਭਗਤ ਸਿੰਘ ਦੇ ਨੇੜਲੇ ਸਾਥੀ ਜਿਵੇਂ ਸੁਖਦੇਵ, ਯਸ਼ਪਾਲ ਭਗਵਤੀ ਚਰਨ ਵੋਹਰਾ, ਜੈ ਦੇਵ ਗੁਪਤਾ ਆਦਿ ਸਾਰੇ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ। ਇਨ੍ਹਾਂ ਕਾਲਜਾਂ ਦੇ ਅਧਿਆਪਕ ਦੇਸ਼ ਭਗਤੀ ਦੀਆਂ ਭਾਵਨਾਵਾਂ ਵਾਲੇ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਕਰਨ ਦੀ ਥਾਂ ‘ਤੇ ਦੇਸ਼ ਦੀ ਸੇਵਾ ਲਈ ਪ੍ਰੇਰਿਆ। ਇਨ੍ਹਾਂ ਵਿੱਚ ਰਾਸ਼ਟਰੀ ਆਗੂ ਵੀ ਆਮ ਆਉਂਦੇ ਰਹਿੰਦੇ ਸਨ ਤੇ ਆ ਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਸਨ।ਕ੍ਰਾਂਤੀਕਾਰੀਆਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਕਾਲਜ ਵਿੱਚ ਨੈਸ਼ਨਲ ਡਰਾਮਾਟਿਕ ਕਲੱਬ ਬਣਾਇਆ। ਕਲੱਬ ਨੇ ਮਹਾਰਾਣਾ ਪ੍ਰਤਾਪ, ਮਹਾਂਭਾਰਤ, ਸਮਰਾਟ ਚੰਦਰ ਗੁਪਤ ਮੋਰੀਆ ਦੇ ਯੁੱਗ ਦਾ ਅੰਤ ਆਦਿ ਨਾਟਕ ਖੇਡੇ ਜਿਨ੍ਹਾਂ ਵਿੱਚ ਮੁੱਖ-ਪਾਤਰ ਭਗਤ ਸਿੰਘ ਸੀ।
ਲਾਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਨੌਜੁਆਨਾਂ ਲਈ ਇਨਕਲਾਬੀ ਸਾਹਿਤ ਦਾ ਭੰਡਾਰ ਸੀ। ਇੱਥੋਂ ਹੀ ਭਗਤ ਸਿੰਘ ਤੇ ਹੋਰਨਾਂ ਨੂੰ ਸਮਾਜਵਾਦੀ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ।
ਭਗਤ ਸਿੰਘ ਦੀ ਦਾਦੀ ਨੂੰ ਉਸ ਦਾ ਵਿਆਹ ਕਰਨ ਦਾ ਚਾਅ ਚੜ੍ਹਿਆ ਹੋਇਆ ਸੀ। ਉਸ ਦੀ ਮੰਗਣੀ ਵੀ ਹੋ ਗਈ। ਘਰ ਵਾਲੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਸਨ ਪਰ ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਕਿਉਂਕਿ ਉਹ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਸੀ। ਉਹ ਘਰੋਂ ਭੱਜ ਕੇ ਕਾਨਪੁਰ ਚਲਾ ਗਿਆ। ਉੱਥੇ ਉਹ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਕ੍ਰਾਂਤੀਕਾਰੀਆਂ ਯੋਗੇਸ਼ ਚੈਟਰਜੀ, ਚੰਦਰ ਸ਼ੇਖਰ ਆਜ਼ਾਦ ਆਦਿ ਦੇ ਸੰਪਰਕ ਵਿੱਚ ਆਇਆ। ਉੱਥੇ ਹੀ ਉਸ ਨੇ ਪ੍ਰਤਾਪ ਅਖ਼ਬਾਰ ਵਿੱਚ ਸੰਪਾਦਕੀ ਅਮਲੇ ਵਿੱਚ ਬਲਵੰਤ ਨਾਂ ਦੇ ਤੌਰ ‘ਤੇ ਕੰਮ ਕੀਤਾ।
ਮਾਰਚ 1926 ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਨੌਜੁਆਨ ਭਾਰਤ ਸਭਾ ਬਣਾਈ, ਜਿਸ ਦੇ ਸਕੱਤਰ ਉਹ ਖ਼ੁਦ ਆਪ ਸਨ। ਜਿਸ ਦਾ ਉਦੇਸ਼ ਭਾਰਤ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ, ਉਨ੍ਹਾਂ ਆਰਥਿਕ ਤੇ ਸਮਾਜਿਕ ਲਹਿਰਾਂ ਨਾਲ ਸਾਂਝ ਪਾਉਣੀ ਅਤੇ ਸਹਿਯੋਗ ਦੇਣਾ, ਜਿਹੜੇ ਫਿਰਕਾਪ੍ਰਸਤੀ ਦੀਆਂ ਭਾਵਨਾਵਾਂ ਤੋਂ ਮੁਕਤ ਹੋਣਗੇ। ਸਭਾ ਦੀਆਂ ਸ਼ਾਖਾਵਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੁਝ ਦਿਨਾਂ ਵਿੱਚ ਹੀ ਖੋਲ੍ਹ ਦਿੱਤੀਆਂ ਗਈਆਂ। ਪਰ 23 ਜੂਨ 1929 ਨੂੰ ਸਰਕਾਰ ਨੇ ਭਾਰਤ ਨੌਜੁਆਨ ਸਭਾ, ਕਿਰਤੀ ਕਿਸਾਨ ਸਭਾ, ਕਾਂਗਰਸ ਵਾਰ ਕੌਂਸਿਲ ਆਦਿ ਉਪਰ ਪਾਬੰਦੀ ਲਾ ਦਿੱਤੀ। ਪਰ ਉਨ੍ਹਾਂ ਨਵਾਂ ਸੰਗਠਨ ਹਿੰਦ ਨੌਜੁਆਨ ਸਭਾ ਉਸਾਰ ਲਿਆ ਜਿਸ ਦੇ ਪ੍ਰਧਾਨ ਬਾਬੂ ਸਿੰਘ ਨੂੰ ਬਣਾਇਆ ਗਿਆ। ਇਸ ਸਭਾ ਦੀ ਡਿਊਟੀ ਵੀ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ। ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ ਫਟਾਫਟ ਫੜ੍ਹ ਲਿਆ।ਮੁਕੱਦਮਾ ਚਲਾਇਆ ਪਰ ਸਾਰੇ ਬਰੀ ਹੋ ਗਏ।
29 ਮਈ 1927 ਨੂੰ ਸ਼ਾਮੀ ਭਗਤ ਸਿੰਘ ਨੂੰ ਲਾਹੌਰ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਗ੍ਰਿਫਤਾਰ ਕਰ ਲਿਆ ਪਰ ਉਸ ਦੇ ਪਿਤਾ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਤੇ ਉਸ ਦੀ ਜ਼ਮਾਨਤ 4 ਜੁਲਾਈ 1927 ਨੂੰ ਹੋਈ।
ਭਾਰਤ ਨੂੰ ਕੁਝ ਰਿਆਇਤਾਂ ਦੇਣ ਲਈ ਸਾਈਮਨ ਕਮਿਸ਼ਨ ਆਇਆ ਪਰ ਉਸ ਵਿੱਚ ਭਾਰਤ ਦਾ ਕੋਈ ਨੁਮਾਇੰਦਾ ਨਹੀਂ ਸੀ। ਉਸ ਦਾ ਸਭ ਪਾਸਿਉਂ ਵਿਰੋਧ ਹੋ ਰਿਹਾ ਸੀ। 30 ਅਕਤੂਬਰ 1928 ਨੂੰ ਲਾਹੌਰ ਫੇਰੀ ਸਮੇਂ ਲਾਲਾ ਲਾਜਪਤ ਦੀ ਅਗਵਾਈ ਵਿੱਚ ਨੌਜੁਆਨ ਭਾਰਤ ਸਭਾ ਵੱਲੋਂ ਇਸ ਵਿਰੁਧ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਪੁਲਿਸ ਕਪਤਾਨ ਸਕਾਟ ਤੇ ਉਪ ਪੁਲਿਸ ਕਪਤਾਨ ਸਾਂਡਰਸ ਨੇ ਭੀੜ ਵਿੱਚੋਂ ਰਾਹ ਬਨਾਉਣ ਲਈ ਲਾਠੀਚਾਰਜ ਕੀਤਾ ਜਿਸ ਦੇ ਨਾਲ ਲਾਲਾ ਲਾਜਪਤ ਰਾਇ ਨੂੰ ਵੀ ਸੱਟਾਂ ਲੱਗੀਆਂ ਤੇ ਉਨ੍ਹਾਂ ਦੀ 17 ਨਵੰਬਰ ਨੂੰ ਮੌਤ ਹੋ ਗਈ।
ਇਸ ਦਾ ਬਦਲਾ ਲੈਣ ਲਈ 17 ਦਸੰਬਰ ਨੂੰ ਸ਼ਾਮੀ ਚਾਰ ਵਜ੍ਹੇ ਦਫਤਰੋਂ ਨਿਕਲਦੇ ਸਕਾਟ ਨੂੰ ਮਾਰਨ ਦਾ ਫੈਸਲਾ ਹੋਇਆ। ਪਰ ਉਸ ਦਿਨ ਸਕਾਟ ਦੌਰੇ ‘ਤੇ ਹੋਣ ਕਰਕੇ ਉਪ ਕਪਤਾਨ ਸਾਂਡਰਸ ਮੋੇਟਰ ਸਾਈਕਲ ‘ਤੇ ਬਾਹਰ ਨਿਕਲਦਾ ਵੇਖ ਭਗਤ ਸਿੰਘ ਨੇ ਆਜ਼ਾਦ ਨੂੰ ਕਿਹਾ ਕਿ ਸਕਾਟ ਨਹੀਂ ਲੱਗਦਾ ਪਰ ਐਨੇ ਨੂੰ ਰਾਜਗੁਰੂ ਨੇ ਸਾਂਡਰਸ ‘ਤੇ ਗੋਲੀ ਚਲਾ ਦਿੱਤੀ ਤੇ ਫਿਰ ਭਗਤ ਸਿੰਘ ਨੇ ਵੀ ਉਸ ‘ਤੇ ਗੋਲੀਆਂ ਦਾਗ਼ ਦਿੱਤੀਆਂ, ਜਿਸ ਨਾਲ ਉਹ ਮੌਕੇ ‘ਤੇ ਹੀ ਮਾਰਿਆ ਗਿਆ। ਸਾਂਡਰਸ ਦੇ ਅਰਦਲੀ ਹੌਲਦਾਰ ਚੰਨਣ ਸਿੰਘ ਗਾਲਾਂ ਕੱਢਦਾ ਉਨ੍ਹਾਂ ਦੇ ਪਿੱਛੇ ਭੱਜਾ। ਆਜ਼ਾਦ ਦੇ ਰੋਕਣ ‘ਤੇ ਵੀ ਉਹ ਭਗਤ ਸਿੰਘ ਦਾ ਪਿੱਛਾ ਕਰਦਾ ਰਿਹਾ। ਜਦ ਉਹ ਭਗਤ ਸਿੰਘ ਦੇ ਬਿਲਕੁਲ ਨੇੜੇ ਪੁਜ ਗਿਆ ਤਾਂ ਆਜ਼ਾਦ ਨੇ ਗੋਲੀ ਚਲਾ ਕੇ ਉਸ ਨੂੰ ਢਹਿ ਢੇਰੀ ਕਰ ਦਿੱਤਾ।
ਉਹ ਤਿੰਨੋ ਜਣੇ ਬੱਚ ਕੇ 20 ਨਵੰਬਰ 1928 ਨੂੰ ਕਲਕੱਤਾ ਪਹੁੰਚ ਗਏ। ਪਾਰਟੀ ਵੱਲੋਂ ਬੰਬ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਇਸ ਮੰਤਵ ਲਈ ਆਗਰਾ ਚੁਣਿਆ ਗਿਆ। ਇਸ ਤਰ੍ਹਾਂ ਆਗਰਾ ਪਾਰਟੀ ਦਾ ਮੁੱਖ ਦਫ਼ਤਰ ਬਣ ਗਿਆ। ਬੰਬ ਬਨਾਉਣ ਦਾ ਕੰਮ 14 ਫਰਵਰੀ 1928 ਨੂੰ ਹਿੰਗ ਕੀ ਮੰਡੀ ਵਾਲੇ ਮਕਾਨ ਵਿੱਚ ਸ਼ੁਰੂ ਕੀਤਾ ਗਿਆ। 5 ਬੰਬ ਤਿਆਰ ਕੀਤੇ ਗਏ। ਉਹ 21 ਮਾਰਚ 1929 ਨੂੰ ਸਹਾਰਨਪੁਰ ਨਵੇਂ ਅੱਡੇ ‘ਤੇ ਆ ਗਏ।
ਉਨ੍ਹਾਂ ਦਿਨਾਂ ਵਿੱਚ ਮੰਦਵਾੜੇ ਕਰਕੇ ਮਿਲ ਮਾਲਕ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਕਟੌਤੀ ਕਰੀ ਜਾ ਰਹੇ ਸਨ ਤੇ ਵਿਰੋਧ ਵਿੱਚ ਮਜ਼ਦੂਰ ਹੜਤਾਲ ਕਰਨ ਲਈ ਮਜ਼ਬੂਰ ਸਨ ।ਅਜਿਹੀਆਂ ਸਰਗਰਮੀਆਂ ਨੂੰ ਠੱਲ ਪਾਉਣ ਲਈ ਸਰਕਾਰ ਇੰਡਸਟਰੀਅਲ ਡਿਸਪਿਊਟ ਐਕਟ ਲਾਗੂ ਕਰਨ ਜਾ ਰਹੀ ਸੀ।ਆਮ ਜਨਤਾ ਵੀ ਦੁੱਖੀ ਸੀ ਤੇ ਜਲੂਸ ਜਲਸੇ ਕੱਢ ਰਹੀ ਸੀ। ਅਜਿਹੀਆਂ ਸਰਗਰਮੀਆਂ ਨੂੰ ਠੱਲ ਪਾਉਣ ਲਈ ‘ਪਬਲਿਕ ਸੇਫਟੀ ਐਕਟ’ ਤਿਆਰ ਕੀਤਾ ਜਾ ਰਿਹਾ ਸੀ। ਭਗਤ ਸਿੰਘ ਦੇ ਸੁਝਾਅ ‘ਤੇ ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਕਿ ਬੰਬ ਨੂੰ ਅਸੈਂਬਲੀ ਅੰਦਰ ਖਾਲੀ ਥਾਂ ‘ਤੇ ਉਸ ਵੇਲੇ ਸੁਟਿਆ ਜਾਵੇ ਜਿਸ ਸਮੇਂ ਜਦੋਂ ਦੋਵੇਂ ਬਿਲਾਂ ‘ਤੇ ਵੋਟਿੰਗ ਹੋ ਰਹੀ ਹੋਵੇ ਤੇ ਨਤੀਜੇ ਦਾ ਐਲਾਨ ਹੋਣਾ ਹੋਵੇ। ਇਸ ਦਾ ਮਕਸਦ ਇਹ ਸੀ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਸਾਰੇ ਦੇਸ਼ ਦੀਆਂ ਅਖ਼ਬਾਰਾਂ ਵਿੱਚ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਹੋਵੇਗਾ। ਕਿਸੇ ਨੂੰ ਮਾਰਨਾ ਉਨ੍ਹਾਂ ਦਾ ਮਕਸਦ ਨਹੀਂ ਸੀ। ਭਗਤ ਸਿੰਘ ਖ਼ੁਦ ਬੰਬ ਇਸ ਲਈ ਸੁਟਣਾ ਚਾਹੁੰਦਾ ਸੀ ਕਿਉਂਕਿ ਉਹ ਸਮਝਦਾ ਸੀ ਕਿ ਕਿਸੇ ਹੋਰ ਸਾਥੀ ਦੇ ਮੁਕਾਬਲੇ ‘ਤੇ ਉਹ ਆਪਣੇ ਵਿਚਾਰ ਅਦਾਲਤ ਵਿੱਚ ਖੁਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕੇਗਾ। ਉਸ ਨੂੰ ਪਤਾ ਸੀ ਕਿ ਇਸ ਵਿੱਚ ਫਾਂਸੀ ਹੋਣੀ ਹੈ। ਬਾਕੀ ਸਾਥੀ ਵੀ ਨਹੀਂ ਸਨ ਚਾਹੁੰਦੇ ਪਰ ਕੇਂਦਰੀ ਕਮੇਟੀ ਵੱਲੋਂ ਪੱਕੇ ਤੌਰ ‘ਤੇ ਤਹਿ ਹੋਇਆ ਕਿ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਅਸੈਂਬਲੀ ਵਿੱਚ ਬੰਬ ਸੁੱਟਣ ਜਾਣਗੇ। ਸ਼ਿਵ ਵਰਮਾ ਅਤੇ ਜੈ ਦੇਵ ਨੂੰ ਛੱਡ ਕੇ ਬਾਕੀ ਸਾਰੇ ਸਾਥੀ ਦਿੱਲੀ ਛੱਡ ਜਾਣਗੇ।
ਇੰਝ ਹੀ ਹੋਇਆ 8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਜੈ ਦੇਵ ਅਸੈਂਬਲੀ ਹਾਲ ਅੰਦਰ ਦਾਖਲ ਹੋਏ। ਗ੍ਰਿਫਤਾਰੀ ਸਮੇਂ ਦੋਵੇਂ ਪੂਰੇ ਜੋਸ਼ ਨਾਲ ਨਾਅਰੇ ਮਾਰਦੇ ਰਹੇ। ‘ਸਾਮਰਾਜਵਾਦ-ਮੁਰਦਾਬਾਦ, ਇਨਕਲਾਬ ਜਿੰਦਾਬਾਦ’ ਤੇ ਨਾਲੇ ਨਾਲ ਲਿਆਂਦੇ ਹੋਏ ਪੋਸਟਰਾਂ ਦੀ ਵਰਖਾ ਕਰਦੇ ਰਹੇ। ਜਿਨ੍ਹਾਂ ਦਾ ਸਿਰਲੇਖ ਸੀ, ਇਨਕਲਾਬ-ਜਿੰਦਾਬਾਦ।ਇਹ ਨਾਅਰੇ ਨਾ ਕੇਵਲ ਆਜ਼ਾਦੀ ਸਗੋਂ ਹਰ ਸੰਘਰਸ਼ ਸਮੇਂ ਵਰਤਿਆ ਜਾਣ ਲੱਗਾ।
ਇਸ ਨਾਲ ਨਵਾਂ ਦੌਰ ਸ਼ੁਰੂ ਹੋਇਆ। ਪਾਰਟੀ ਹੁਣ ਅਖ਼ਬਾਰੀ ਸੁਰਖੀਆਂ ਵਿੱਚ ਆਉਣ ਲੱਗੀ। ਅਦਾਲਤ ਵਿੱਚ ਆਪਣੇ ਪੱਖ ਨੂੰ ਭਗਤ ਸਿੰਘ ਨੇ ਖ਼ੁਦ ਪੇਸ਼ ਕੀਤਾ। ਦੱਤ ਵੱਲੋਂ ਆਸਫ਼ ਅਲੀ ਵਕੀਲ ਵਜੋਂ ਕੇਸ ਲੜਦਾ ਰਿਹਾ।
7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਾਉਣ ਬਾਰੇ ਫੁਰਮਾਨ ਜਾਰੀ ਕੀਤਾ ਗਿਆ ਤੇ 27 ਅਕਤੂਬਰ 1930 ਨੂੰ ਫਾਂਸੀ ਲਾਉਣ ਦਾ ਆਦੇਸ਼ ਦਿੱਤਾ ਗਿਆ।ਇਸ ਦਾ ਬੜਾ ਜ਼ਬਰਦਸਤ ਵਿਰੋਧ ਹੋਇਆ। ਭਗਤ ਸਿੰਘ ਅਪੀਲ ਕਮੇਟੀਆਂ ਬਣਾਈਆਂ ਗਈਆਂ ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਉਨ੍ਹਾਂ ਤਿੰਨਾਂ ਇਨਕਲਾਬੀਆਂ ਨੂੰ 24 ਮਾਰਚ 1931 ਦੀ ਸਵੇਰ ਦੀ ਥਾਂ ‘ਤੇ ਇੱਕ ਦਿਨ ਪਹਿਲਾ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਵਿੱਚ ਉਨ੍ਹਾਂ ਦੀ ਕਿੰਨੀ ਦਹਿਸ਼ਤ ਸੀ।
ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੋਂ ਉਨ੍ਹਾਂ ਦੀ ਵਿਦਵਤਾ ਦਾ ਪਤਾ ਲੱਗਦਾ ਹੈ। ਭਾਰਤ ਨੂੰ ਆਜ਼ਾਦ ਹੋਇਆ 73 ਸਾਲ ਹੋ ਗਏ ਹਨ ਪਰ ਉਹੋ ਜਿਹਾ ਨਿਜ਼ਾਮ ਜਿਹੋ ਜਿਹਾ ਸਰਦਾਰ ਭਗਤ ਸਿੰਘ ਚਾਹੁੰਦੇ ਸਨ, ਨਹੀਂ ਉਸਰਿਆ। ਅੱਜ ਵੀ ਲੋਕ ਮਨਾਂ ਖ਼ਾਸ ਕਰਕੇ ਨੌਜੁਆਨਾਂ ਅੰਦਰ ਭਗਤ ਸਿੰਘ ਜਿੰਦਾ ਹੈ। ਲੋੜ ਹੈ ਉਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਕੇ ਆਮ ਆਦਮੀ ਦੀ ਸੋਚ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਹਰ ਸ਼ਹਿਰੀ ਆਜ਼ਾਦੀ ਦਾ ਆਨੰਦ ਮਾਣ ਸਕੇ।
ਡਾ. ਚਰਨਜੀਤ ਸਿੰਘ ਗੁਮਟਾਲਾ,91-9417533060, gumtalacs@gail.com
ਚੋਣਾਂ ਸਰਕਾਰੀ ਖ਼ਰਚੇ ਨਾਲ ਹੋਣ : ਲੋਕ ਸਭਾ ਚੋਣਾਂ ਵਿੱਚ 55 ਹਜ਼ਾਰ ਕਰੋੜ ਰੁਪਏ ਤੋਂ 60 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਖ਼ਰਚਾ ਹੋਇਆ - ਡਾ. ਚਰਨਜੀਤ ਸਿੰਘ ਗੁਮਟਾਲਾ
ਭਾਰਤ ਇੱਕ ਗਰੀਬ ਦੇਸ਼ ਹੈ।ਇੱਥੇ ਚੋਣ ਪ੍ਰਣਾਲੀ ਐਸੀ ਚਾਹੀਦੀ ਹੈ ,ਜਿਸ ਵਿਚ ਆਮ ਆਦਮੀ ਭਾਗ ਲੈ ਸਕੇ। ਪਰ ਇਸ ਦੇ ਐਨ ਉਲਟ ਇਹ ਚੋਣਾਂ ਦਿਨ ਬਦਿਨ ਮਹਿੰਗੀਆਂ ਹੋਈਆਂ ਜਾ ਰਹੀਆਂ ਤੇ ਹਾਰੀ ਸਾਰੀ ਇਸ ਵਿਚ ਭਾਗ ਨਹੀਂ ਲੈ ਸਕਦਾ।ਇਸ ਦਾ ਪ੍ਰਮਾਣ ਸਾਨੂੰ 2019 ਚੋਣਾਂ ਦੇ ਖ਼ਰਚਿਆਂ ਤੋਂ ਮਿਲਦਾ ਹੈ।
ਸੈਂਟਰ ਫ਼ਾਰ ਮੀਡੀਆ ਸਟੱਡੀਜ਼ (ਸੀ ਐਮ ਐਸ) ਨੇ ਇੱਕ ਰਿਪੋਰਟ ਇਸ ਸੰਬੰਧੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ 55 ਹਜ਼ਾਰ ਕਰੋੜ ਰੁਪਏ ਤੋਂ 60 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਖ਼ਰਚਾ ਹੋਇਆ ,ਜਿਸ ਵਿੱਚੋਂ 24 ਹਜ਼ਾਰ ਕਰੋੜ ਰੁਪਏ ਉਮੀਦਵਾਰਾਂ ਨੇ ਤੇ 20 ਹਜ਼ਾਰ ਕਰੋੜ ਰੁਪਏ ਰਾਜਨੀਤਕ ਪਾਰਟੀਆਂ ਨੇ ਖ਼ਰਚ ਕੀਤੇ। ਇਸ ਤਰ੍ਹਾਂ ਹਰੇਕ ਲੋਕ ਸਭਾ ਸੀਟ 'ਤੇ 100 ਕਰੋੜ ਰੁਪਏ ਦੇ ਕਰੀਬ ਖ਼ਰਚ ਆਇਆ। ਕੁਲ ਮਿਲਾ ਕੇ ਇੱਕ ਵੋਟ 'ਤੇ 700 ਰੁਪਏ ਖ਼ਰਚ ਆਇਆ।
ਰਿਪੋਰਟ ਅਨੁਸਾਰ ਆਮ ਚੋਣ ਦੌਰਾਨ 12 ਤੋਂ 15 ਹਜ਼ਾਰ ਕਰੋੜ ਰੁਪਏ ਸਿੱਧੇ ਵੋਟਰਾਂ ਨੂੰ ਦਿੱਤੇ ਗਏ। ਚੋਣ ਪ੍ਰਚਾਰ 'ਤੇ 20 ਤੋਂ 25 ਹਜ਼ਾਰ ਕਰੋੜ ਰੁਪਏ ਖ਼ਰਚਾ ਆਇਆ ਜੋ ਕੁਲ ਖ਼ਰਚੇ ਦਾ 35% ਬਣਦਾ ਹੈ। ਅਸਬਾਬ 'ਤੇ 5000 ਤੋਂ 6000 ਕਰੋੜ ਰੁਪਏ, ਰਸਮੀ ਖ਼ਰਚਾ 10 ਤੋਂ 12 ਹਜ਼ਾਰ ਕਰੋੜ ਰੁਪਏ ਤੇ ਫੁਟਕਲ ਕੰਮਾਂ 'ਤੇ 3 000 ਤੋਂ 6000 ਕਰੋੜ ਰੁਪਏ ਖ਼ਰਚੇ ਗਏ। ਇਸ ਤਰ੍ਹਾਂ ਇਹ ਸਾਰਾ ਖ਼ਰਚਾ 55 ਤੋਂ 60 ਹਜ਼ਾਰ ਕਰੋੜ ਦੇ ਦਰਮਿਆਨ ਬਣਦਾ ਹੈ।ਜਿੱਥੋਂ ਤੀਕ ਵੋਟਰਾਂ ਦਾ ਸਬੰਧ ਹੈ 10 ਤੋਂ 12% ਵੋਟਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਨਕਦ ਪੈਸੇ ਦਿੱਤੇ ਗਏ। 10% ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਮੀਦਵਾਰਾਂ ਨੇ ਚੋਣ ਜਿੱਤਣ ਮਗਰੋਂ ਨੌਕਰੀ ਦੇਣ ਦਾ ਵਾਅਦਾ ਕੀਤਾ ।
2019 ਦੀ ਇਸ ਰਿਪੋਰਟ ਨੂੰ ਇਤਿਹਾਸਕ ਦੱਸਦੇ ਹੋਏ ਇਹ ਕਿਹਾ ਗਿਆ ਹੈ ਕਿ ਇਹ ਇੱਕ ਅਜਿਹੀ ਚੋਣ ਸੀ ਜਿਸ ਵਿੱਚ ਕਾਰਪੋਰੇਟ ਘਰਾਣਿਆਂ ਦਾ ਪੈਸਾ ਵੱਡੀ ਮਾਤਰਾ ਵਿੱਚ ਚੋਣ ਫੰਡ ਵਿੱਚ ਆਇਆ ਹੈ ਜਿਸ ਨੂੰ ਗੁਪਤ ਰੱਖਿਆ ਗਿਆ ਹੈ।ਇੱਕ ਦਿਲਚਸਪ ਗੱਲ ਇਹ ਹੈ ਕਿ ਰਾਜ ਕਰਦੀਆਂ ਪਾਰਟੀਆਂ ਨੂੰ ਬਾਕੀ ਪਾਰਟੀਆਂ ਨਾਲੋਂ ਜ਼ਿਆਦਾ ਚੋਣ ਫੰਡ ਮਿਲਦਾ ਹੈ। ਸੀ ਐਮ ਐਸ ਦੇ ਇਸ ਅਧਿਐਨ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ। 1998 ਦੀ ਲੋਕ ਸਭਾ ਚੋਣਾਂ ਵਿੱਚ ਕੁਲ ਖ਼ਰਚਾ 9000 ਕਰੋੜ ਰੁਪਏ ਸੀ। ਇਸ ਵਿੱਚ ਕਾਂਗਰਸ ਤੇ ਉਸ ਦੇ ਸਹਿਯੋਗੀ ਦਲਾਂ ਦਾ ਹਿੱਸਾ 30% ਤੇ ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦਾ ਹਿੱਸਾ 20% ਸੀ । 1999 ਵਿੱਚ ਇਹ ਖ਼ਰਚਾ ਵੱਧ ਕੇ 10 ਹਜ਼ਾਰ ਕ੍ਰੋੜ ਰੁਪਏ ਹੋ ਜਾਂਦਾ ਹੈ, ਜਿਸ ਵਿੱਚ ਕਾਂਗਰਸ ਤੇ ਸਹਿਯੋਗੀਆਂ ਦਾ ਹਿੱਸਾ 31 ਤੋਂ 40% ਤੇ ਭਾਜਪਾ ਤੇ ਸਹਿਯੋਗੀਆਂ ਦਾ 25% ਸੀ। 2004 ਵਿੱਚ ਕੁਲ ਅੰਦਾਜ਼ਨ ਖ਼ਰਚਾ 14 ਹਜ਼ਾਰ ਕਰੋੜ ਰੁਪਏ ਹੋ ਜਾਂਦਾ ਹੈ, ਜਿਸ ਵਿੱਚ ਕਾਂਗਰਸ ਤੇ ਸਹਿਯੋਗੀ ਦਲਾਂ ਦੀ ਦਰ ਵੱਧ ਕੇ 35 ਤੋਂ 45% ਤੇ ਭਾਜਪਾ ਤੇ ਸਹਿਯੋਗੀਆਂ ਦੀ 30% ਹੋ ਜਾਂਦੀ ਹੈ।2009 ਵਿੱਚ ਖ਼ਰਚਾ ਵੱਧ ਕੇ ਅੰਦਾਜ਼ਨ 20 ਹਜ਼ਾਰ ਕਰੋੜ ਰੁਪਏ ਹੋ ਜਾਂਦਾ ਹੈ ਜਿਸ ਵਿੱਚ ਕਾਂਗਰਸ ਤੇ ਸਹਿਯੋਗੀ ਦਾ ਹਿੱਸਾ 40 ਤੋਂ 45% ਤੇ ਭਾਜਪਾ ਤੇ ਸਹਿਯੋਗੀ ਪਾਰਟੀਆਂ ਦਾ 35 ਤੋਂ 40% ਹੋ ਜਾਂਦਾ ਹੈ। 2019 ਵਿੱਚ ਅੰਦਾਜ਼ਨ ਕੁਲ ਖ਼ਰਚਾ 60 ਹਜ਼ਾਰ ਕਰੋੜ ਰੁਪਏ ਹੋਇਆ ਜਿਸ ਵਿੱਚ ਭਾਜਪਾ ਤੇ ਸਹਿਯੋਗੀ ਦਾ ਹਿੱਸਾ ਵੱਧ ਕੇ 45-55% ਹੋ ਜਾਂਦਾ ਹੈ ਜਦ ਕਿ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਦਾ ਹਿੱਸਾ ਘੱਟ ਕੇ ਕੇਵਲ 15 ਤੋਂ 20% ਰਹਿ ਜਾਂਦਾ ਹੈ।ਇਸ ਵਿਚ ਭਾਜਪਾ ਤੇ ਸਹਿਯੋਗੀਆਂ ਨੇ ਸਭ ਤੋਂ ਵੱਧ 27000 ਕ੍ਰੋੜ ਰੁਪਏ ਖ਼ਰਚ ਕੀਤੇ।
ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਚੋਣਾਂ ਸਮੇਂ ਪਾਰਦਰਸ਼ਕਤਾ ਦੀਆਂ ਗੱਲਾਂ ਕਰਦੀਆਂ ਹਨ ਪਰ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਬੀ ਜੇ ਪੀ ਰਾਜਨੀਤਕ ਪਾਰਟੀਆਂ ਨੂੰ ਸੂਚਨਾ ਅਧਿਕਾਰ ਕਾਨੂੰਨ 2015 ਦੇ ਅਧੀਨ ਲਿਆਉਣ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ ਜਦ ਕਿ ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਤੇ ਹੋਰ ਅਗਾਂਹ ਵਧੂ ਪਾਰਟੀਆਂ ਇਸ ਕਾਨੂੰਨ ਦੀ ਹਮਾਇਤ ਕਰਦੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਵੱਡੀਆਂ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਰਾਸ਼ੀ ਤੋਂ ਬਹੁਤ ਵੱਧ ਚੋਣ ਫੰਡ ਇਕੱਠਾ ਕਰਦੀਆਂ ਹਨ ਤੇ ਖ਼ਰਚਾ ਵੀ ਨਿਰਧਾਰਿਤ ਦਰਾਂ ਤੋਂ ਕਿਤੇ ਵੱਧ ਕਰਦੀਆਂ ਹਨ।ਪਰ ਇਹ ਨਹੀਂ ਦਸਣਾ ਚਾਹੁੰਦੀਆਂ ਕਿ ਇਹ ਪੈਸਾ ਕਿੱਥੋਂ ਆਇਆ।
ਇਨ੍ਹਾਂ ਹਾਲਾਤਾਂ ਵਿੱਚ ਆਮ ਆਦਮੀ ਚੋਣ ਨਹੀਂ ਲੜ ਸਕਦਾ ਕਿਉਂਕਿ ਹਾਰੀ ਸਾਰੀ 100 ਕ੍ਰੋੜ ਰੁਪਏ ਖ਼ਰਚ ਨਹੀਂ ਕਰ ਸਕਦਾ।2004 ਵਿੱਚ ਚੋਣਾਂ ਕਰਾਉਣ ਵਾਲੇ ਮੁੱਖ ਚੋਣ ਕਮਿਸ਼ਨਰ ਸ੍ਰੀ ਟੀ ਐਸ ਕ੍ਰਿਸ਼ਨਾ ਮੂਰਤੀ ਦਾ ਕਹਿਣਾ ਹੈ ਕਿ ਕਾਰਪੋਰੇਟ ਚੰਦੇ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਸਭ ਚੋਣਾਂ ਸਰਕਾਰੀ ਖ਼ਰਚੇ ਨਾਲ ਹੋਣੀਆਂ ਚਾਹੀਦੀਆਂ ਹਨ। ਇਸ ਲਈ ਫੰਡ ਇਕੱਠਾ ਕਰਨ ਲਈ ਸਾਰੀ ਪਾਰਟੀਆਂ ਨਾਲ ਮਿਲਕੇ ਨੀਤੀ ਬਣਾਉਣੀ ਚਾਹੀਦੀ ਹੈੇ। ਉਨ੍ਹਾਂ ਅਨੁਸਾਰ ਕਾਰਪੋਰੇਟਾਂ ਦੀ ਥਾਂ 'ਤੇ ਆਮ ਆਦਮੀ ਪਾਸੋਂ ਚੋਣ ਫੰਡ ਲਿਆ ਜਾਵੇ। ਦਾਨ ਦੇਣ ਵਾਲੇ ਨੂੰ ਆਮਦਨ ਕਰ ਵਿੱਚ ਰਿਆਇਤਾਂ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ 2004 ਦੀਆਂ ਆਮ ਚੋਣਾਂ ਦੇ ਬਾਅਦ ਉਨ੍ਹਾਂ ਨੇ ਚੋਣ ਸੁਧਾਰ ਲਈ 20 ਸੁਝਾਅ ਦਿੱਤੇ ਸਨ। ਕਾਨੂੰਨ ਮੰਤਰਾਲੇ ਨੇ ਵੀ ਚੋਣ ਪ੍ਰਣਾਲੀ ਦੀਆਂ ਖ਼ਾਮੀਆਂ ਵੱਲ ਧਿਆਨ ਦੁਆਉਂਦੇ ਹੋਏ ਕਈ ਸੁਝਾਅ ਦਿੱਤੇ ਸਨ, ਪਰ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਵਪਾਰਕ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਦਾਨ ਦੇਣ ਦਾ ਇਤਿਹਾਸ ਬਹੁਤ ਪੁਰਾਣਾ ਹੈ। ਆਰਫਆਨਲਾਇਨ ਡਾਟ ਆਰਗ ਦੇ 9 ਅਪ੍ਰੈਲ 2019 ਦੇ ਅੰਕ ਵਿੱਚ ਨਰੰਜਨ ਸਾਹੂ ਤੇ ਨੀਰਜ ਤਿਵਾੜੀ ਦੀ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਜਿਸ ਅਨੁਸਾਰ ਕਿਵੇਂ ਵੱਡੇ ਘਰਾਣੇ ਚੋਣ ਫੰਡਾਂ ਰਾਹੀਂ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ, ਦਾ ਮੁਲੰਕਣ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਦੋ ਤਿਹਾਈ ਕਮਾਈ ਰਾਜਨੀਤਕ ਪਾਰਟੀਆਂ ਨੂੰ ਇਨ੍ਹਾਂ ਘਰਾਣਿਆਂ ਵੱਲੋਂ ਦਾਨ ਦੇ ਰੂਪ ਵਿੱਚ ਹੁੰਦੀ ਹੈ। ਉਨ੍ਹਾਂ ਅਨੁਸਾਰ 2017-2018 ਵਿੱਚ ਉਸ ਸਮੇਂ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੂੰ 92% ਪੈਸੇ ਇਨ੍ਹਾਂ ਅਦਾਰਿਆ ਤੋਂ ਪ੍ਰਾਪਤ ਹੋਏ।
ਇਤਿਹਾਸਕ ਪਿਛੋਕੜ 'ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ 1960 ਈ. ਵਿੱਚ ਕਾਂਗਰਸ ਪਾਰਟੀ ਤੇ ਸਵਤੰਤਰ ਪਾਰਟੀ, ਟਾਟਾ ਤੇ ਬਿਰਲਾ ਪਾਸੋਂ ਸਭ ਤੋਂ ਵੱਧ ਦਾਨ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਨ। ਇਨ੍ਹਾਂ ਕੰਪਨੀਆਂ ਨੇ ਇਨ੍ਹਾਂ ਨੂੰ 34% ਦਾਨ ਦਿੱਤਾ। ਸਵਤੰਤਰ ਪਾਰਟੀ ਨੂੰ ਇਨ੍ਹਾਂ ਫੰਡਾਂ ਤੋਂ ਵਾਂਝਿਆਂ ਕਰਨ ਲਈ ਸ੍ਰੀ ਮਤੀ ਇੰਦਰਾ ਗਾਂਧੀ ਨੇ ਕਾਰਪੋਰੇਟ ਘਰਾਣਿਆਂ ਦੇ ਕੰਪਨੀ ਐਕਟ ਦੇ ਸੈਕਸ਼ਨ 293 ਏ ਖ਼ਤਮ ਕਰਕੇ ਕੰਪਨੀਆਂ ਨੂੰ ਦਾਨ ਦੇਣ 'ਤੇ ਪਾਬੰਦੀ ਲਾ ਦਿੱਤੀ । ਇਸ ਦਾ ਉਲਟ ਅਸਰ ਇਹ ਹੋਇਆ ਕਿ ਵਪਾਰੀਆਂ ਨੇ ਗ਼ੈਰ-ਕਾਨੂੰਨੀ ਢੰਗ ਅਪਨਾਉਣੇ ਸ਼ੁਰੂ ਕਰਕੇ ਪਾਰਟੀਆਂ ਨੂੰ ਕਾਲਾ ਧਨ ਦੇਣਾ ਸ਼ੁਰੂ ਕਰ ਦਿੱਤਾ। 1985 ਵਿੱਚ ਰਾਜੀਵ ਗਾਂਧੀ ਨੇ ਪ੍ਰਮਿਟ ਤੇ ਲਾਇਸੈਂਸ ਦੀ ਨੀਤੀ ਨੂੰ ਖ਼ਤਮ ਕਰ ਦਿੱਤਾ ਤੇ ਦਾਨ ਫੰਡਾਂ ਤੋਂ ਪਾਬੰਦੀ ਵਾਪਸ ਲੈ ਲਈ।
ਪਾਰਟੀਆਂ ਨੂੰ ਵਧੇਰੇ ਫੰਡ ਦਿਵਾਉਣ ਲਈ 2013 ਵਿੱਚ ਕੰਪਨੀਜ਼ ਐਕਟ ਵਿੱਚ ਕਈ ਤਬਦੀਲੀਆਂ ਲਿਆਂਦੀਆਂ ਗਈਆਂ । ਕੰਪਨੀਆਂ ਦੀ 5% ਦੀ ਹੱਦ ਵਧਾ ਕੇ 7.5% ਕਰ ਦਿੱਤੀ ਗਈ ਭਾਵ ਕਿ ਜੋ ਕੰਪਨੀਆਂ ਨੂੰ ਲਾਭ ਹੁੰਦਾ ਹੈ ਉਹ ਉਸ ਵਿੱਚੋਂ 7.5% ਰਾਜਨੀਤਕ ਪਾਰਟੀਆਂ ਨੂੰ ਦੇ ਸਕਦੇ ਹਨ।ਮੋਦੀ ਸਰਕਾਰ ਨੇ ਵੀ ਏਸੇ ਨੀਤੀ 'ਤੇ ਚਲਦਿਆਂ ਵੱਧ ਮਾਤਰਾ ਵਿਚ ਦਾਨ ਪ੍ਰਾਪਤ ਕਰਨ ਲਈ 2017 ਵਿੱਚ ਇਹ ਹਦ ਖ਼ਤਮ ਕਰ ਦਿੱਤੀ। ਏਸੇ ਸਰਕਾਰ ਨੇ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਲਈ 2018 ਵਿੱਚ ਇੱਕ ਵਿੱਤੀ ਬਿੱਲ ਪਾਸ ਕੀਤਾ ਜਿਸ ਅਨੁਸਾਰ ਭਾਰਤ ਵਿੱਚ ਜਿਹੜੀਆਂ ਕੰਪਨੀਆਂ ਰਜਿਸਟਰਡ ਹਨ, ਉਹ ਰਾਜਨੀਤਕ ਪਾਰਟੀਆਂ ਨੂੰ ਦਾਨ ਦੇ ਸਕਦੀਆਂ ਹਨ।2017 ਵਿੱਚ ਇਲੈਕਟਰੋਅਲ ਬਾਂਡ ਰਾਜਨੀਤਕ ਪਾਰਟੀਆਂ ਨੂੰ ਫੰਡ ਦੇਣ ਲਈ ਲਿਆਦੀ ਗਈ। 'ਟਾਟਾ ਗਰੁਪ' ਨੇ 1996 ਵਿੱਚ ਚੋਣ ਟਰੱਸਟ (ਇਲੈਕਟਰੋਲ ਟਰੱਸਟ) ਸਕੀਮ ਲਿਆਂਦੀ ਸੀ।
ਏ ਡੀ ਆਰ ਦੀ ਰਿਪੋਰਟ ਅਨੁਸਾਰ ਕਾਰਪੋਰੇਟ ਕੰਪਨੀਆਂ ਵੱਲੋਂ ਜਿਹੜਾ ਦਾਨ 2004-2005 ਵਿੱਚ 26 ਕਰੋੜ ਸੀ, ਉਹ 2017-18 ਵਿੱਚ ਵੱਧ ਕੇ 422 ਕਰੋੜ ਰੁਪਏ ਹੋ ਗਿਆ। ਹਾਕਮ ਬੀ ਜੇ ਪੀ ਨੂੰ 92% ਹਿੱਸਾ ਇਨ੍ਹਾਂ ਘਰਾਣਿਆਂ ਕੋਲੋਂ 2017-18 ਵਿੱਚ ਮਿਲਿਆ।2018 ਵਿੱਚ ਬੀ ਜੇ ਪੀ ਨੂੰ 400 ਕਰੋੜ ਦਾਨ ਮਿਲਿਆ ਜਦ ਕਿ ਕਾਂਗਰਸ ਨੂੰ ਸਿਰਫ਼ 10 ਕਰੋੜ ਰੁਪਏ ਪ੍ਰਾਪਤ ਹੋਏ। ਭਾਵੇਂ 2004-2014 ਸਮੇਂ ਬੀ ਜੇ ਪੀ ਵਿਰੋਧੀ ਪਾਰਟੀ ਸੀ ਤੇ ਕਾਂਗਰਸ ਰਾਜ ਕਰਦੀ ਪਾਰਟੀ ਸੀ ਪਰ ਸਭ ਤੋਂ ਵੱਧ ਦਾਨ ਬੀ ਜੇ ਪੀ ਨੂੰ ਮਿਲਿਆ।ਇਸ ਸਮੇਂ ਕਾਰਪੋਰੇਟ ਅਦਾਰਿਆਂ ਨੇ 685.6 ਕ੍ਰੋੜ ਰੁਪਏ ਦਾਨ ਕੀਤੇ। ਇਨ੍ਹਾਂ ਵਿੱਚੋਂ 349.5 ਕ੍ਰੋੜ ਰੁਪਏ ਬੀ ਜੇ ਪੀ ਤੇ 223.3 ਕ੍ਰੋੜ ਰੁਪਏ ਕਾਂਗਰਸ ਨੂੰ ਪ੍ਰਾਪਤ ਹੋਏ। 2015 ਵਿਚ ਕੁਲ ਦਾਨ ਦੀ ਰਾਸ਼ੀ 573.2 ਕ੍ਰੋੜ ਰੁਪਏ ਸੀ,ਜਿਸ ਵਿੱਚੋਂ ਬੀ ਜੇ ਪੀ ਨੂੰ 408.3 ਕ੍ਰੋੜ ਰੁਪਏ ਤੇ ਕਾਂਗਰਸ ਨੂੰ 128.1 ਕ੍ਰੋੜ ਰੁਪਏ ਪ੍ਰਾਪਤ ਹੋਏ। 2017-18 ਵਿਚ ਹਾਕਮ ਪਾਰਟੀ ਬੀ ਜੇ ਪੀ ਨੂੰ 400.2 ਕ੍ਰੋੜ ਰੁਪਏ ਤੇ ਕਾਂਗਰਸ ਨੂੰ ਕੇਵਲ 19.3 ਕ੍ਰੋੜ ਰੁਪਏ ਪ੍ਰਾਪਤ ਹੋਏ।
ਵਿਸ਼ੇਸ਼ ਵੇਖਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਅਮੀਰ ਦਾਨੀ ਟਰੱਸਟ ਹੋਰਨਾਂ ਪਾਰਟੀਆਂ ਦੀ ਥਾਂ 'ਤੇ ਬੀ ਜੇ ਪੀ ਨੂੰ ਖ਼ੁਲੇ ਗ਼ਫ਼ੇ ਦਾਨ ਦੇ ਦੇਂਦੇ ਹਨ। ਰਜਿਸਟਰਡ ਟਰੱਸਟਾਂ 'ਚੋਂ ਵੀ ਕੇਵਲ 18 ਕਾਰਪੋਰੇਟ ਅਦਾਰੇ ਸਭ ਤੋਂ ਵੱਧ ਦਾਨ ਕਰਦੇ ਹਨ। ਇਲੈਕਟੋਰਲ ਬਾਂਡ ਸਕੀਮ ਜੋ 2018 ਵਿਚ ਚਾਲੂ ਕੀਤੀ ਗਈ,ਉਸ ਵਿਚ ਵੀ 99.9 % ਦਾਨ ਦੀ ਰਾਸ਼ੀ ਵੀ ਇਨ੍ਹਾਂ ਕਾਰਪੋਰੇਟ ਅਦਾਰਿਆਂ ਤੋਂ ਆਈ।
ਉਪਰੋਕਤ ਚਰਚਾ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਤਾਂ ਹੀ ਚੋਣਾਂ ਲੜ ਸਕਦਾ ਹੈ ਜੇ ਕਾਰਪੋਰੇਟ ਘਰਾਇਆਂ ਵਲੋਂ ਰਾਜਨੀਤਕ ਪਾਰਟੀਆਂ ਨੂੰ ਦਾਨ ਦੇਣ ਉਪਰ ਪਾਬੰਦੀ ਲਗੇ । ਸਰਕਾਰ ਚੋਣ ਫੰਡ ਕਾਇਮ ਕਰੇ ਤੇ ਇਸ ਫੰਡ ਨਾਲ ਚੋਣਾਂ ਕਰਵਾਈਆਂ ਜਾਣ।
ਡਾ. ਚਰਨਜੀਤ ਸਿੰਘ ਗੁਮਟਾਲਾ
0019375739812 ਯੂ ਐੱਸ ਏ
ਅਣਗ਼ੌਲੀ ਹੈ 1919 ਦੀ ਖ਼ੂਨੀ ਵੈਸਾਖੀ ਦੀ ਕਵਿਤਾ - ਡਾ. ਚਰਨਜੀਤ ਸਿੰਘ ਗੁਮਟਾਲਾ
ਕਿਸ਼ਤ 1
-ਡਾ. ਚਰਨਜੀਤ ਸਿੰਘ ਗੁਮਟਾਲਾ,gumtalacs@gmail.com, 1 9375739812 ਡੇਟਨ( ਓਹਾਇਹੋ) ਯੂ ਐਸ ਏ
13 ਅਪ੍ਰੈਲ 1919 ਦੀ ਖ਼ੂਨੀ ਵੈਸਾਖੀ ਦੀਆਂ ,ਨਾਲ ਸਬੰਧਤ ਘਟਨਾਵਾਂ ਸਬੰਧੀ 100 ਸਾਲ ਬੀਤ ਜਾਣ ਤੋ ਬਾਦ ਵੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਲਗਾਤਾਰ ਸਾਹਿਤ ਰਚਿਆ ਜਾ ਰਿਹਾ ਹੈ।ਭਾਰਤੀਆਂ ਉੱਪਰ ਅੰਗਰੇਜ਼ੀ ਹਕੂਮਤ ਵੱਲੋਂ ਢਾਹੇ ਗਏ ਤਸ਼ਦੱਦ ਤੇ ਕੀਤੀਆਂ ਗਈਆਂ ਜ਼ਾਲਮਾਨਾ ਕਾਰਵਾਈਆਂ ਦੇ ਕਾਲੇ ਪੰਨਿਆਂ ਨਾਲ ਭਾਰਤੀ ਇਤਿਹਾਸ ਭਰਿਆ ਪਿਆ। 1857 ਦੇ ਗ਼ਦਰ ਤੋਂ ਬਾਅਦ, ਗ਼ਦਰ ਪਾਰਟੀ ਲਹਿਰ ਤੋਂ ਪਿੱਛੋਂ ਅਪ੍ਰੈਲ 1919 ਵਿੱਚ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਰੌਂਗਟੇ ਖੜੇ ਕਰਨ ਵਾਲੀਆਂ ਜਾਲਮਾਨਾਂ ਕਾਰਵਾਈਆਂ ਸੰਬੰਧੀ ਜਿੱਥੇ ਇਤਿਹਾਸਕਾਂ ਤੇ ਉਸ ਸਮੇਂ ਦੀ ਪ੍ਰੈਸ ਨੇ ਆਪਣਾ ਬਣਦਾ ਫ਼ਰਜ ਨਿਭਾਇਆ,ਉੱਥੇ ਲੇਖਕਾਂ ਦੇ ਕੋਮਲ ਮਨ ਨੂੰ ਵੀ ਟੁਮਿੰਆ।ਸਿੱਟੇ ਵਜੋਂ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ਼ ਵਿੱਚ ਜਨਰਲ ਡਾਇਰ ਵੱਲੋਂ ਨਿਹੱਥੇ ਤੇ ਪੁਰ ਅਮਨ ਢੰਗ ਨਾਲ ਚੱਲ ਰਹੇ ਜਲਸੇ ਵਿੱਚ ਬੇਦੋਸ਼ਿਆਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਸ਼ਹੀਦ ਕਰਨ ਸੰਬੰਧੀ ਸਾਹਿਤ ਵੀ ਰਚਿਆ ਗਿਆ। ਤਕਰੀਬਨ ਸਾਰਾ ਸਾਹਿਤ ਹੀ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ।ਉਸ ਸਮੇਂ ਲਾਲਾ ਕਿਸ਼ਨ ਚੰਦ ਜੇਬਾ ਨੇ ਉਰਦੂ ਨਾਟਕ 'ਜ਼ਖਮੀ ਪੰਜਾਬ' ਪ੍ਰਕਸ਼ਿਤ ਹੋਇਆ,ਜਿਸ ਨੂੰ ਵੀ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਡਰਾਮੈਟਿਕ ਪਰਫਾਰਮਸ ਐਕਟ ਅਧੀਨ ਇਸ ਨੂੰ ਖੇਡਣ ' ਤੇ ਪਾਬੰਦੀ ਲਾ ਦਿੱਤੀ।
ਇੰਝ ਕਿਹਾ ਜਾ ਸਕਦਾ ਹੈ ਕਿ ਉਹ ਲੇਖਕ ਮਹਾਨ ਸਨ ਜਿਨ੍ਹਾਂ ਨੇ ਗ਼ੁਲਾਮ ਭਾਰਤ ਵਿਚ ਆਪਣੀ ਕਲਮ ਨਿਧੜਕ ਹੋ ਕਿ ਚਲਾਈ ਤੇ ਜ਼ਾਲਮ ਹਕੂਮਤ ਵਲੋਂ ਢਾਹੇ ਕਹਿਰ ਨੂੰ ਇਤਿਹਾਸਕ ਦਸਤਾਵੇਜ਼ ਦਾ ਰੂਪ ਦੇ ਦਿੱਤਾ ।ਇਸ ਘਟਨਾ ਦੇ ਕੁਝ ਹੀ ਸਮਾਂ ਪਿੱਛੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ,ਜਿਸ ਨਾਲ ਲੇਖਕਾਂ ਦਾ ਧਿਆ ਉਸ ਪਾਸੇ ਹੋ ਗਿਆ ।ਇਸ ਜ਼ਬਤ ਹੋਇ ਸਾਹਿਤ ਸਬੰਧੀ ਡਾ. ਗੁਰਦੇਵ ਸਿੰਘ ਸਿੱਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੁਸਤਕ 'ਸਾਕਾ ਬਾਗ਼-ਏ-ਜਲ੍ਹਿਆਂ' ਵਿੱਚ ਇਸ ਕਵਿਤਾ ਦੇ ਮੂਲ ਪਾਠ ਨੂੰ ਛਾਪ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਅਜੇ ਵੀ ਬਹੁਤ ਸਾਰਾ ਸਾਹਿਤ ਅਣਗੌਲਿਆ ਹੋ ਸਕਦਾ ਹੈ ,ਜਿਸ ਦੀ ਲੇਖਕਾਂ ਤੀਕ ਪਹੁੰਚ ਨਹੀਂ ਹੋ ਸਕੀ।ਇਸ ਲਈ ਇਸ ਸਬੰਧੀ ਹੋਰ ਖੋਜ ਕਰਨ ਦੀ ਲੋੜ ਹੈ ।ਜਦ ਕਿ ਇਸ ਘਟਨਾ ਦੀ ਪਹਿਲੀ ਸ਼ਤਾਬਦੀ ਮਨਾਈ ਜਾ ਰਹੀ ਤਾਂ ਲੋੜ ਹੈ ਸਮੁਚੇ ਸਾਹਿਤ ਨੂੰ ਇਕ ਜਿਲਦ ਵਿਚ ਵੱਖ ਵੱਖ ਭਾਸ਼ਾਵਾਂ ਵਿਚ ਛਾਪਿਆ ਜਾਵੇ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ।ਡਾ. ਗੁਰਦੇਵ ਸਿੰਘ ਸਿੱਧੂ ਨੇ ਜਿਨ੍ਹਾਂ ਕਵੀਆਂ ਬਾਰੇ ਲਿਖਿਆ ਹੈ, ਉਨ੍ਹਾਂ ਦਾ ਵੇਰਵਾ ਸੰਖੇਪ ਵਿਚ ਹੇਠ ਲਿਖੇ ਅਨੁਸਾਰ ਹੈ:
1. ਹਕੀਮ ਅਬਦੁਲ ਕਾਦਰ ਬੇਗ਼: 'ਮਹਿੰਦੀ ਵਾਲੇ ਹੱਥ ਜੋੜਦੀ' ਅਨੁਵਾਦ ਅਧੀਨ ਫ਼ਾਰਸੀ ਅੱਖਰਾਂ ਵਿੱਚ ਦਸੰਬਰ 1921 ਦੌਰਾਨ ਪ੍ਰਕਾਸ਼ਿਤ ਹੋਇਆ ਇੱਕ ਗੀਤ ਮਿਲਦਾ ਹੈ। ਬੋਲੀਆਂ ਦੇ ਰੂਪ ਵਿੱਚ ਰਚੀ ਇਸ ਰਚਨਾ ਵਿੱਚ ਕਵੀ ਨੇ ਕਈ ਵਿਸ਼ਿਆਂ ਨੂੰ ਛੋਹਿਆ ਹੈ। ਇਨ੍ਹਾਂ ਵਿੱਚੋਂ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆ ਕਾਂਡ ਨਾਲ ਸੰਬੰਧਿਤ ਬੋਲੀਆਂ ਇਸ ਸੰਗ੍ਰਹਿ ਵਿੱਚ ਦਰਜ਼ ਕੀਤੀਆਂ ਗਈਆਂ ਹਨ।ਪੁਸਤਕ ਵਿਚ ਸੁਤੇ ਹੋਇ ਭਾਰਤੀਆਂ ਨੂੰ ਹਲੂੰਣਾ ਦੇਣ ਲਈ ਹੇਠ ਲਿੱਖੀ ਕਵਿਤਾ ਦਿੱਤੀ ਗਈ ਹੈ:
ਅੱਖਾਂ ਜ਼ਰਾ ਖੋਲ੍ਹੋ ਹਿੰਦੀਓ
ਅੱਜ ਤੱਕ ਹੋਸ਼ ਨਾ ਆਈ
ਹੋਸ਼ ਨਾ ਆਈ ਮਾਰਾਂ ਖਾਂਦਿਆਂ ਨੂੰ,
ਤੇ ਅੱਜ ਤੱਕ ਹੋਸ਼ ਨਾ ਆਈ।
ਵਿੱਚ ਖੁਆਬ ਗੂੜੇ ਦੇ
ਖੁਆਬ ਗੂੜੇ ਦੇ ਸੌ ਰਹੇ ਮੁਲਕੀ ਭਾਈ,
ਤੇ ਵਿੱਚ ਖੁਆਬ ਗੂੜੇ ਦੇ।
ਲੀਡਰਾਂ ਨੇ ਝੂਣ ਝੂਣ ਕੇ
ਝੂਣ ਝੂਣ ਕੇ ਹੋਸ਼ ਦਿਲਾਈ,
ਤੇ ਲੀਡਰਾਂ ਨੇ ਝੂਣ ਝੂਣ ਕੇ।
ਆਖਰਕਾਰ ਡਾਇਰ ਨੇ
ਚੋਭਾਂ ਦੇ ਕੇ ਇਹਨਾਂ ਨੂੰ ਜਗਾਇਆ,
ਤੇ ਆਖਰਕਾਰ ਡਾਇਰ ਨੇ।
ਰੰਨਾਂ ਮੁੰਡੇ ਪਏ ਕੂਕਦੇ
ਐਡਾ ਜ਼ੁਲਮ ਕਮਾ ਨਾ ਤੂੰ ਡਾਇਰਾ,
ਤੇ ਰੰਨਾਂ ਮੁੰਡੇ ਪਏ ਕੂਕਦੇ।
ਚਿੜੀਆਂ ਨੂੰ ਮਾਰਨੇ ਆਇਆ
ਮਾਰਨੇ ਆਇਆ ਮਤਵਾਲਾ,
ਤੇ ਚਿੜੀਆਂ ਨੂੰ ਮਾਰਨੇ ਆਇਆ।
ਭੁੰਨ ਭੁੰਨ ਰੱਖਦਾ ਗਿਆ
ਰੱਖਦਾ ਗਿਆ ਉਹ ਮੂੰਹ ਕਾਲਾ,
ਤੇ ਭੁੰਨ ਭੁੰਨ ਰੱਖਦਾ ਗਿਆ।
ਅੰਬਰਾਂ ਦੇ ਅੰਬਾਰ ਲੱਗ ਗਏ
ਉਹਨਾਂ ਜ਼ਰਾ ਤਰਸ ਨਾ ਆਵੇ,
ਤੇ ਅੰਬਾਰਾਂ ਦੇ ਅੰਬਾਰ ਲੱਗ ਗਏ।
ਅੱਖਾਂ ਜ਼ਰਾ ਖੋਲੌ ਹਿੰਦੀਓ
ਆਪ ਦੇਸ ਦਾ ਨਾਸ ਕਰਾਇਆ,
ਤੇ ਅੱਖਾਂ ਜ਼ਰਾ ਖੋਲੋ, ਹਿੰਦੀਓ।
2. ਅਮੀਰ ਅਲੀ 'ਅਮਰ': ਅੰਮ੍ਰਿਤਸਰ ਦੇ ਵਸਨੀਕ ਅਮੀਰ ਅਲੀ ਅਮਰ ਦੁਆਰਾ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆਕਾਂਡ ਦੇ ਹਵਾਲੇ ਨਾਲ ਰਚਿਆ 'ਬਾਰਾਂਮਾਹ ਕਿਚਲੂ' ਮਿਲਦਾ ਹੈ। ਫ਼ਰਵਰੀ 1922 ਵਿੱਚ ਫ਼ਾਰਸੀ ਅੱਖਰਾਂ ਵਿੱਚ ਪ੍ਰਕਾਸ਼ਿਤ ਇਸ ਰਚਨਾ ਵਿਚ ਕਵੀ ਨੇ ਇਸ ਘਟਨਾ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ:
ਬਾਰਾਂਮਾਹ ਕਿਚਲੂ
ਚੜ੍ਹਿਆ ਚੇਤ ਚਿਤਾਰਾਂ
ਹੋਮ ਰੂਲ ਪੁਕਾਰਾਂ
ਗੁੱਝੀਆਂ ਪੀੜਾਂ ਹਜ਼ਾਰਾਂ
ਦੱਸਾਂ ਕਿਹੜੀ ਮੈਂ ਫੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਵਿਸਾਖ ਵਿਸਾਖੀ ਜੋ ਆਈ
ਡਾਇਰ ਗੋਲੀ ਚਲਾਈ
ਸਤਪਾਲ ਤੇਰੀ ਦੁਹਾਈ
ਲੈ ਚੱਲ ਗਾਂਧੀ ਦੇ ਕੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਜੇਠ ਜੁਰਮ ਨਾ ਕੋਈ
ਮਾਰੇ ਗਏ, ਨੇ ਸੋਈ
ਡਰਦਾ ਜਾਵੇ ਨਾ ਕੋਈ
ਜਾਲਮ ਡਾਇਰ ਦੇ ਕੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਹਾੜ ਹਰ ਦਮ ਰੋਵਾਂ
ਮੂੰਹ ਆਸੂੰਆਂ ਥੀਂ ਧੋਵਾਂ
ਛਾਤੀ ਪਿੱਟਾਂ ਵਾਲ ਖੋਵਾਂ
ਵੱਜਦੇ ਮਾਰਸ਼ਲ ਦੇ ਢੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਸਾਵਣ ਸੁੱਕਦੀ ਜਾਵਾਂ
ਗਮ ਵੀਰਾਂ ਦਾ ਖਾਵਾਂ
ਰੱਬਾ ਕਿਤ ਵਲ ਜਾਵਾਂ
ਮਰ ਗਏ ਅਣਭੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਭਾਦੋਂ ਭਾਈ ਪਿਆਰੇ
ਵਿਛੜ ਗਏ ਨੀ ਸਾਰੇ
ਜਿਹੜੇ ਬੱਚਿਆਂ ਦੇ ਪਿਆਰੇ
ਦਿੱਤੇ ਕੈਦਾਂ ਵਿੱਚ ਰੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਅੱਸੂ ਔਸੀਆਂ ਪਾਵਾਂ
ਰੱਬਾ ਮੇਲ ਭਰਾਵਾਂ
ਘਰੀਂ ਖ਼ੁਸ਼ੀਆਂ ਮਨਾਵਾਂ
ਜੇ ਵੀਰ ਆਵਣ ਕੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਕੱਤਕ ਕਹਿਰ ਜੋ ਹੋਏ
ਸਿਰ ਦੇ ਸਾਂਈਂ ਮੋਏ
ਡਰਦਾ ਕੋਈ ਭੀ ਨਾ ਰੋਏ
ਲੱਗੇ ਪਹਿਰੇ ਸੀ ਕੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਮੱਘਰ ਮਾਈਆਂ ਦੇ ਜਾਏ
ਜ਼ਾਲਮ ਮਾਰ ਮੁਕਾਏ
ਕਾਲੇ ਪਾਣੀ ਪਹੁੰਚਾਏ
ਦਿੱਤਾ ਜਾਨਾਂ ਨੂੰ ਰੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਪੋਹ ਪੀਰ ਮਨਾਵਾਂ
ਕਦੀ ਕਿਸ਼ਨ ਧਿਆਵਾਂ
ਕਦੀ ਪਾਂਧਿਆਂ ਦੇ ਜਾਵਾਂ
ਕੈਂਹਦੀ ਪੱਤਰੀ ਨੂੰ ਫੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਮਾਘ ਮੁਲਖੀ ਸਾਈਆਂ
ਖਲਕਤ ਦੇਵੇ ਦੁਹਾਈਆਂ
ਡਾਇਰ ਰੰਡੀਆਂ ਬਹਾਈਆਂ
ਦਿੱਤਾ ਉਮਰਾਂ ਨੂੰ ਰੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
ਫੱਗਣ ਫੁਲ ਗੁਲਜ਼ਾਰਾਂ
ਬਾਝ ਪਿਆਰਿਆਂ ਯਾਰਾਂ
'ਅਮਰ' ਆ ਵੇ ਪੁਕਾਰਾਂ
ਜਾ ਕੇ ਗਾਂਧੀ ਦੇ ਕੋਲ---
ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
(ਚਲਦਾ)
'ਮਨ ਕੀ ਬਾਤ' ਕਰਨ ਵਾਲਾ ਮੀਡੀਆ ਤੋਂ ਖ਼ੌਫ਼ਜ਼ਦਾ ਕਿਉਂ ? - ਡਾ. ਚਰਨਜੀਤ ਸਿੰਘ ਗੁਮਟਾਲਾ
ਜਦ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਸ੍ਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮੋਨ ਮਨਮੋਹਨ ਸਿੰਘ ਕਹਿੰਦੇ ਸਨ ਕਿਉਂਕਿ ਉਹ ਬਹੁਤ ਹੀ ਘਟ ਬਿਆਨਬਾਜ਼ੀ ਕਰਦੇ ਸਨ।ਭਾਵੇਂ ਉਹ ਘੱਟ ਬੋਲਦੇ ਸਨ ਪਰ ਉਹ ਸਾਲ ਵਿੱਚ 2 ਕਾਨਫਰੰਸਾਂ ਜ਼ਰੂਰ ਕਰਦੇ ਸਨ ਤੇ ਜਦ ਵਿਦੇਸ਼ ਜਾਂਦੇ ਸਨ ਤਾਂ ਉਹ ਉੱਥੇ ਵੀ ਮੀਡਿਆ ਕਰਮੀਆਂ ਦਾ ਸਾਹਮਣਾ ਕਰਦੇ ਸਨ ਤੇ ਵਾਪਿਸ ਆ ਕੇ ਪ੍ਰੈਸ ਕਾਨਫਰੰਸ ਕਰਦੇ ਸਨ।ਹੈਰਾਨੀ ਇਸ ਗੱਲ ਦੀ ਹੈ ਕਿ ਮੋਦੀ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਅਜੇ ਤੀਕ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਕਰਵਾਈ। ਜੇ ਉਨ੍ਹਾਂ ਦੀ ਮੀਡੀਆ ਪ੍ਰਤੀ ਇਹੋ ਪਹੁੰਚ ਰਹੀ ਤਾਂ ਉਨ੍ਹਾਂ ਦਾ ਨਾਂ ਗਿਨੀ ਬੁਕਸ ਵਿੱਚ ਲਿਖਿਆ ਜਾਵੇਗਾ।
ਹਰ ਪ੍ਰਧਾਨ ਮੰਤਰੀ ਨੇ ਮੀਡੀਆ ਸਲਾਹਕਾਰ ਰੱਖਿਆ ਹੁੰਦਾ ਹੈ ਪਰ ਮੋਦੀ ਨੇ ਅਜਿਹਾ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਜਦ ਪ੍ਰਧਾਨ ਮੰਤਰੀ ਸਨ ਤਾਂ ਉਹ ਜਦ ਵਿਦੇਸ਼ ਜਾਂਦੇ ਸਨ ਤਾਂ ਆਪਣੇ ਨਾਲ 40 ਤੋਂ ਵੀ ਵੱਧ ਮੀਡੀਆ ਕਰਮੀ ਖੜਦੇ ਸਨ ਤੇ ਜਹਾਜ਼ ਵਿੱਚ ਵੀ ਪ੍ਰੈਸ ਕਾਨਫਰੰਸ ਕਰਦੇ ਸਨ।ਪ੍ਰੈਸ ਰਿਪੋਟਰਾਂ ਨੂੰ ਵਿਦੇਸ਼ ਵਿੱਚ ਨਾਲ ਖੜ੍ਹਨ ਦੀ ਪਰੰਪਰਾ ਨੂੰ ਵੀ ਮੋਦੀ ਨੇ ਤੋੜਿਆ ਹੈ।
ਡਾ. ਮਨਮੋਹਨ ਸਿੰਘ ਦੀ 18 ਦਸੰਬਰ 2018 ਨੂੰ 6 ਜਿਲਦਾਂ ਵਿਚ ਚੇਜਿੰਗ ਇੰਡੀਆ (ਬਦਲ ਰਿਹਾ ਭਾਰਤ ) ਪੁਸਤਕ ਲੜੀ ਪ੍ਰਕਾਸ਼ਿਤ ਹੋਈ ਹੈ,ਜਿਨ੍ਹਾਂ ਵਿਚੋਂ ਇਕ ਪੁਸਤਕ ਵਿਚ ਉਨ੍ਹਾਂ ਨੇ ਮੀਡਿਆ ਦੇ ਆਪਣੇ ਸਬੰਧਾਂ ਬਾਰੇ ਵਿਸਥਾਰ ਨਾਲ ਜਿਕਰ ਕੀਤਾ ਹੈ ।ਉਨ੍ਹਾਂ ਪੁਸਤਕ ਰਲੀਜ਼ ਕਰਦੇ ਸਮੇਂ ਕਿਹਾ ਕਿ ਮੈਂ ਕਦੇ ਵੀ ਮੀਡਿਆ ਤੋਂ ਡਰਿਆ ਨਹੀਂ।ਵਿਦੇਸ਼ ਜਾਣ ਸਮੇਂ ਜਹਾਜ਼ ਵਿਚ,ਵਿਦੇਸ਼ ਵਿਚ ਤੇ ਵਾਪਿਸ ਦੇਸ਼ ਆ ਕੇ ਪ੍ਰੈਸ ਕਾਨਫ਼ਰੰਸਾਂ ਕੀਤੀਆਂ।
ਅਗਾਂਹਵਧੂ ਦੇਸ਼ਾਂ ਦੀ ਇਹ ਪਰੰਪਰਾ ਰਹੀ ਹੈ ਕਿ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਕਤਾ ਦਰਸਾਉਣ ਤੇ ਪ੍ਰਸ਼ਾਸ਼ਨ ਨੂੰ ਜ਼ੁਆਬਦੇਹ ਬਨਾਉਣ ਲਈ ਪ੍ਰੈਸ ਕਾਨਫਰੰਸਾਂ ਆਮ ਕੀਤੀਆਂ ਜਾਂਦੀਆਂ ਹਨ। ਅਮਰੀਕਾ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਰਾਸ਼ਟਰਪਤੀ ਟਰੰਪ ਅਕਸਰ ਵਿਵਾਦਤ ਬਿਆਨ ਕਰਕੇ ਅਕਸਰ ਮੀਡੀਆ ਵਿੱਚ ਰਹਿੰਦੇ ਹਨ। ਵਾਇਟ ਹਾਊਸ ਵੱਲੋਂ ਵੀ ਰੋਜ਼ਾਨਾਂ ਕੋਈ ਨਾ ਕੋਈ ਬਿਆਨ ਜਾਰੀ ਕੀਤਾ ਜਾਂਦਾ ਹੈ। ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਮੀਡਿਆ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ 2 ਟੀ ਵੀ ਚੈਨਲ ਅਜਿਹੇ ਹਨ ਜਿਹੜੇ ਉਸ ਦੀਆਂ ਮੁਲਾਕਾਤਾਂ ਦਰਸਾਉਂਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਇਸ਼ਤਿਹਾਰ ਕਥਿਤ ਤੌਰ 'ਤੇ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਇਨ੍ਹਾਂ ਪ੍ਰੈਸ ਕਾਨਫਰੰਸਾਂ ਵਿੱਚ ਵਿਵਾਦ ਸੁਆਲ ਨਹੀਂ ਪੁੱਛੇ ਜਾਂਦੇ ਸਨ।
ਡਾ. ਮਨਮੋਹਨ ਸਿੰਘ ਇੱਕ ਨਾਮਜਦ ਪ੍ਰਧਾਨ ਮੰਤਰੀ ਸਨ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਸਨ ਪਰ ਮੌਜੂਦਾ ਪ੍ਰਧਾਨ ਮੰਤਰੀ ਲੋਕ ਸਭਾ ਦੇ ਮੈਂਬਰ ਹਨ ਜਿਨ੍ਹਾਂ ਨੂੰ ਲੋਕਾਂ ਪ੍ਰਤੀ ਜ਼ਿਆਦਾ ਜੁਆਬਦੇਹ ਹੋਣਾ ਚਾਹੀਦਾ ਹੈ। ਉਹ 'ਮਨ ਕੀ ਬਾਤ' ਪ੍ਰੋਗਰਾਮ ਅਧੀਨ ਆਪਣੀ ਗੱਲ ਤਾਂ ਲੋਕਾਂ ਤੀਕ ਪਹੁੰਚਾ ਦਿੰਦੇ ਹਨ ਪਰ ਪ੍ਰੈਸ ਜਿਸ ਨੂੰ ਲੋਕਤੰਤਰ ਦਾ ਤੀਜਾ ਥੰਮ ਕਿਹਾ ਜਾਂਦਾ ਹੈ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ।ਅਜਿਹਾ ਕਰਕੇ ਉਹ ਚੰਗੀ ਪਰੰਪਰਾ ਨਹੀਂ ਪਾ ਰਹੇ।
ਮੀਡੀਆ ਕਰਮੀਆ ਦਾ ਸਰਕਾਰਾਂ ਨਾਲ ਹਮੇਸ਼ਾਂ ਗੂੜ੍ਹਾ ਸੰਬੰਧ ਰਿਹਾ ਹੈ। ਪਰ ਮੋਦੀ ਸਰਕਾਰ ਨੇ ਇਸ ਪਰੰਪਰਾ ਨੂੰ ਵੀ ਬੜੀ ਬੁਰੀ ਤਰ੍ਹਾਂ ਢਾਹ ਲਾਈ ਹੈ।ਸ੍ਰੀ ਅਟਲ ਬਿਹਾਰੀ ਵਾਜਪਾਈ ਸਮੇਤ ਸਾਰੇ ਪ੍ਰਧਾਨ ਮੰਤਰੀਆਂ ਨੇ ਪ੍ਰੈਸ ਸਲਾਹਕਾਰ ਰੱਖਿਆ ਹੁੰਦਾ ਸੀ ਜੋ ਕਿ ਮੀਡੀਆ ਕਰਮੀਆਂ ਨਾਲ ਜੁਿੜਆ ਹੁੰਦਾ ਸੀ। ਹੁਣ ਮੀਡੀਆ ਨੂੰ ਇਹ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦਫ਼ਤਰ ਕਿਸ ਨਾਲ ਸੰਪਰਕ ਕੀਤਾ ਜਾਵੇ। ਭਾਰਤ ਸਰਕਾਰ ਦਾ ਪ੍ਰੈਸ ਸੂਚਨਾ ਬਿਊਰੋ (ਪਬਲਿਕ ਇਨਫਰਮਿਸ਼ਨ ਬਿਊਰੋ) ਵੱਲੋਂ ਪਹਿਲਾਂ ਮਾਨਤਾ ਪ੍ਰਾਪਤ ਪ੍ਰੈਸ ਰਿਪੋਟਰਾਂ ਨੂੰ ਵੱਖ ਵੱਖ ਮਹਿਕਿਆਂ, ਮੰਤਰੀਆਂ ਪਾਸ ਆਮ ਜਾਣ ਦੀ ਖੁੱਲ੍ਹ ਸੀ, ਜੋ ਕਿ ਇਨ੍ਹਾਂ ਨੇ ਬੰਦ ਕਰ ਦਿੱਤੀ ਹੈ। ਕੇਂਦਰੀ ਸੂਚਨਾ ਬਿਊਰੋ ਦਾ ਪਛਾਣ ਪੱਤਰ ਹੋਣ ਦੇ ਬਾਵਜੂਦ ਵੀ ਕਈ ਤਰ੍ਹਾਂ ਸੁਆਲ ਪੁੱਛੇ ਜਾਂਦੇ ਹਨ। ਜਿਸ ਅਫ਼ਸਰ ਨੂੰ ਮਿਲਣਾ ਵੀ ਹੁੰਦਾ ਹੈ, ਉਹ ਵੀ ਕਈ ਤਰ੍ਹਾਂ ਦੇ ਉਲਟ ਪੁਲਟ ਸੁਆਲ ਪੁੱਛਦਾ ਹੈ। ਇਸ ਤਰ੍ਹਾਂ ਮੀਡੀਆਂ ਕਰਮੀਆਂ ਨੂੰ ਜਿਹੜੀਆਂ ਸੂਚਨਾਵਾਂ ਪਹਿਲਾਂ ਸੌਖਿਆਂ ਹੀ ਮਿਲ ਜਾਂਦੀਆਂ ਸਨ, ਹੁਣ ਮਿਲਣੀਆਂ ਬਹੁਤ ਮੁਸ਼ਕਲ ਹਨ।ਵਿਦੇਸ਼ੀ ਪੱਤਰਕਾਰਾਂ ਦਾ ਵੀ ਗਿਲਾ ਹੈ ਕਿ ਇਸ ਸਮੇਂ ਬਹੁਤ ਵਿਵਾਦਿਤ ਮੁੱਦੇ ਹਨ ਜਿਨ੍ਹਾਂ ਬਾਰੇ ਉਹ ਜਾਨਣਾ ਚਾਹੁੰਦੇ ਹਨ ਪਰ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।
2015 ਵਿੱਚ ਸੂਚਨਾ ਅਧਿਕਾਰ ਅਧੀਨ ਨਾਗਰਿਕਾਂ ਨੂੰ ਜਾਣਕਾਰੀ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਮੌਜੂਦਾ ਸਰਕਾਰ ਨੇ ਇਸ ਦਾ ਕੇਂਦਰੀਕਰਨ ਕਰਕੇ ਇਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੀਕ ਸੀਮਤ ਕਰ ਦਿੱਤਾ ਹੈ। ਇਸ ਦਾ ਹੋਰ ਵੀ ਮਾੜਾ ਪੱਖ ਇਹ ਹੈੇ ਕਿ ਬਿਨਾਂ ਕਿਸੇ ਕਾਰਨ ਦੱਸੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬਹੁਤ ਸਾਰੇ ਕੇਸਾਂ ਵਿਚ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।
ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਜਿੱਥੇ ਪਹਿਲਾਂ ਪੱਤਰਕਾਰ ਇਕੱਠੇ ਹੋ ਕੇ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਮਿਲਦੇ ਸਨ, ਹੁਣ ਉੱਥੇ ਪ੍ਰਧਾਨ ਮੰਤਰੀ ਦੇ ਵਿਸ਼ਵਾਸ਼ਪਾਤਰ ਗੁਜਰਾਤੀ ਦੀ ਡਿਊਟੀ ਲਾਈ ਗਈ ਹੈ, ਜਿਹੜਾ ਬੀ ਜੇ ਪੀ ਦੇ ਮੈਂਬਰਾਂ ਅਤੇ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਦੇਂਦਾ ਹੈ, ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨੀ ਹੁੰਦੀ ਹੈ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਮੀਡਿਆ ਬਾਰੇ ਪ੍ਰਧਾਨ ਮੰਤਰੀ ਦੀ ਅਜਿਹੀ ਪਹੁੰਚ ਕਿਉਂ ਹੈ ?ਗੁਜਰਾਤ ਦੇ ਪੱਤਰਕਾਰ ਜਿਹੜੇ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਸਮੇਂ ਤੋਂ ਜਾਣਦੇ ਹਨ ਦਾ ਕਹਿਣਾ ਹੈ ਕਿ ਮੀਡੀਆ ਪ੍ਰਤੀ ਇਹ ਪਹੁੰਚ ਉਸ ਸਮੇਂ ਤੋਂ ਹੀ ਹੈ ਜਦ 2002 ਵਿਚ ਗੁਜਰਾਤ ਵਿਚ 1000 ਤੋਂ ਉਪਰ ਮੁਸਲਮਾਨਾਂ ਦਾ ਕਤਲ ਕੀਤਾ ਗਿਆ ਸੀ ਤੇ ਭਾਰਤੀ ਤੇ ਵਿਦੇਸ਼ੀ ਪੱਤਰਕਾਰਾਂ ਨੇ ਗੁਜਰਾਤ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਸੀ। ਗੁਜਰਾਤ ਮਾਡਲ ਹੀ ਦਿੱਲੀ ਵਿੱਚ ਲਾਗੂ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਦਾ ਦੋਸ਼ ਹੈ ਕਿ ਡਾ. ਮਨਮੋਹਨ ਸਿੰਘ ਸਰਕਾਰ ਸਮੇਂ ਮੰਤਰੀ ਵੱਖ ਵੱਖ ਵਿਸ਼ਿਆਂ ਉੱਤੇ ਅਕਸਰ ਪ੍ਰੈਸ ਕਾਨਫਰੰਸਾਂ ਕਰਿਆ ਕਰਦੇ ਸਨ ਤੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਦੇਂਦੇ ਸਨ। ਭਾਵੇਂ ਡਾ. ਮਨਮੋਹਨ ਸਿੰਘ ਬਹੁਤ ਘੱਟ ਬੋਲਦੇ ਸਨ ਪਰ ਮੰਤਰੀ ਵੱਖ ਵੱਖ ਸਕੈਂਡਲਾਂ ਸੰਬੰਧੀ ਜਾਂ ਸਰਕਾਰ ਦੀਆਂ ਗਲਤੀਆਂ ਸੰਬੰਧੀ ਅਕਸਰ ਪ੍ਰੈਸ ਕਾਨਫਰੰਸਾਂ ਕਰਿਆ ਕਰਦੇ ਸਨ। ਪਰ ਹੁਣ ਮੋਦੀ ਸਰਕਾਰ ਨੇ ਕੇਵਲ ਦੋ ਮੰਤਰੀਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦਿ ਅਤੇ ਸੂਚਨਾ ਅਤੇ ਪ੍ਰਸਾਰ ਮੰਤਰੀ ਪ੍ਰਕਾਸ਼ ਜਾਵੇਦਕਰ ਨੂੰ ਸਰਕਾਰ ਵੱਲੋਂ ਬੋਲਣ ਦਾ ਅਧਿਕਾਰ ਦਿੱਤਾ ਹੈ।
ਗੁਜਰਾਤ ਦੰਗਿਆਂ ਤੋਂ ਬਾਦ ਅਮਰੀਕਾ ਨੇ ਮੋਦੀ ਨੂੰ ਵੀਜਾ ਦੇਣ 'ਤੇ ਪਾਬੰਦੀ ਲਾ ਦਿੱਤੀ ਸੀ ਤੇ ਉਹ ਅਮਰੀਕਾ ਕੇਵਲ ਪ੍ਰਧਾਨ ਮੰਤਰੀ ਬਣਨ ਪਿੱਛੋਂ ਹੀ ਜਾ ਸਕੇ ਸਨ ।ਇਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਜੀਵਨ ਬੜੇ ਵਿਵਾਦਾਂ ਵਿਚ ਘਿਰਿਆ ਹੋਇਆ ਹੈ।ਜੇ ਹੁਣ ਵੀ ਵੇਖਿਆ ਜਾਵੇ ਤਾਂ ਮੋਦੀ ਵੱਲੋਂ ਅੱਛੇ ਦਿਨ ਲਿਆਉਣ ਲਈ ਜਿਹੜੇ ਵਾਅਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ, ਉਨ੍ਹਾਂ ਵਿੱਚ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਬਾਰੇ ਹਰ ਕੋਈ ਜਾਣਦਾ ਹੈ। ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਦੀਆਂ ਨੀਤੀਆਂ ਨੂੰ ਹੀ ਲਾਗੂ ਕੀਤਾ ਜਿਨ੍ਹਾਂ ਦਾ ਬਤੌਰ ਵਿਰੋਧੀ ਪਾਰਟੀ ਉਹ ਵਿਰੋਧ ਕਰਦੇ ਰਹਿ ਹਨ।
ਭਾਰਤੀ ਜਨਤਾ ਪਾਰਟੀ ਕੋਲ ਚੋਣਾਂ ਸਮੇਂ ਕੀਤੇ ਵਾਇਦਿਆਂ ਜਿਵੇਂ ਕਿ ਵਿਦੇਸ਼ਾਂ ਵਿੱਚ ਕਾਲਾ ਧਨ ਲਿਆ ਕੇ ਹਰੇਕ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਾਉਣਾ, ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨਾ, ਕਿਸਾਨਾਂ ਨੂੰ ਫ਼ਸਲਾਂ ਦੀਆਂ ਕੀਮਤਾਂ ਲਾਗਤ ਕੀਮਤ ਨਾਲੋਂ ਡਿਉੜੀਆਂ ਦੇਣਾ, ਰਾਮ ਮੰਦਰ ਬਣਾਉਣਾ ਵਗੈਰਾ ਵਗੈਰਾ ਕੋਈ ਵੀ ਪੂਰਾ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਕੋਲ ਇਨ੍ਹਾਂ ਦੇ ਕੋਈ ਢੁੱਕਵੇਂ ਜੁਆਬ ਹਨ। ਉਨ੍ਹਾਂ ਇੱਕ ਚੁੱਪ ਸੌ ਸੁੱਖ ਵਾਲੀ ਨੀਤੀ ਧਾਰਨ ਕੀਤੀ ਹੋਈ ਹੈ। ਕੋਈ 2400 ਕਰੋੜ ਰੁਪਏ ਸਰਕਾਰ ਦੀਆਂ ਪ੍ਰਾਪਤੀਆਂ ਦੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਗੁਣ ਗਾਇਨ ਕਰਕੇ ਵੋਟਾਂ ਬਟੋਰਨ ਲਈ ਟੈਕਸਾਂ ਦਾ ਪੈਸਿਆਂ ਖ਼ਰਚ ਹੋ ਚੁੱਕਾ ਹੈ।ਦੇਸ਼ ਦੀਆਂ ਸਮੱਸਿਆਵਾਂ ਘਟਣ ਦੀ ਥਾਂ 'ਤੇ ਨਾ ਕੇਵਲ ਵਧੀਆਂ ਹਨ, ਸਗੋਂ ਗੁੰਝਲਦਾਰ ਹੋਈਆ ਹਨ ।
ਇਸ ਸਰਕਾਰ ਉਪਰ ਤਾਨਾਸ਼ਾਹ ਸਰਕਾਰ ਹੋਣ ਦਾ ਦੋਸ਼ ਵੀ ਲਗਦਾ ਹੈ।ਸਰਕਾਰ ਵਿਰੁਧ ਪ੍ਰਚਾਰ ਕਰਨ ਵਾਲੇ ਚੈਨਲਾਂ ਦੀ ਆਵਾਜ਼ ਦਬਾਉਣ ਲਈ ਕਈ ਹੱਥਕੰਡੇ ਵਰਤੇ ਜਾਂਦੇ ਹਨ।ਐਨ ਡੀ ਟੀ ਵੀ ਦੇ ਦਫ਼ਤਰ ਤੇ ਉਸ ਨੂੰ ਚਲਾਉਣ ਵਾਲਿਆਂ ਦੇ ਘਰ ਸੀ ਬੀ ਆਈ ਦੇ ਛਾਪੇ ਮਾਰੇ ਗਏ।ਸਰਕਾਰ ਵਿਰੁਧ ਲਿਖਣ ਵਾਲੇ ਲੇਖਕਾਂ 'ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਗਏ ਤੇ ਕਈ ਕਤਲ ਕੀਤੇ ਗਏ।ਵੰਨ ਸੁਵੰਨਤਾ ਪ੍ਰਫ਼ੁਲਤ ਕਰਨ ਦੀ ਥਾਂ 'ਤੇ ਵਿਸ਼ੇਸ਼ ਵਿਚਾਰਧਾਰਾ ਨੂੰ ਥੋਪਿਆ ਜਾ ਰਿਹਾ ਹੈ। ਇਸ ਤਰ੍ਹਾਂ ਲੋਕ ਤੰਤਰ ਦੀ ਥਾਂ 'ਤੇ ਤਾਨਾਸ਼ਾਹੀ ਸ਼ਾਸਨ ਚਲ ਰਿਹਾ ਹੈ।
ਇਸ ਲਈ ਲੋੜ ਹੈ ਕਿ ਆਉਂਦੀਆਂ ਚੋਣਾਂ ਵਿਚ ਅਜਿਹੀ ਪਾਰਟੀ ਨੂੰ ਅੱਗੇ ਲਿਆਂਦਾ ਜਾਵੇ ਜਿਹੜੀ ਬੋਲਣ ਤੇ ਲਿਖਣ ਦੀ ਆਜ਼ਾਦੀ ਨੂੰ ਮੁੜ ਬਹਾਲ ਕਰੇ । ਪ੍ਰਧਾਨ ਮੰਤਰੀ ਦੇ ਮੀਡੀਆ ਨਾਲ ਸੁਖਾਵੇਂ ਸਬੰਧ ਹੋਣ ਤੇ ਉਹ ਸਮੇਂ ਸਮੇਂ ਪ੍ਰੈਸ ਕਾਨਫ਼੍ਰੰਸਾਂ ਕਰੇ ਤਾਂ ਜੁ ਉਨ੍ਹਾਂ ਨੂੰ ਲੋਕਾਂ ਦੇ ਮਸਲਿਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ।
ਡਾ. ਚਰਨਜੀਤ ਸਿੰਘ ਗੁਮਟਾਲਾ ,919417533060
03 March 2019