Dr-Gurvinder-Singh-Dhaliwal-Canada

ਸ਼ਹੀਦੀ ਦਿਹਾੜਾ : 29 ਮਾਰਚ 1917 - ਕੈਨੇਡਾ ਦੇ ਪਹਿਲੇ ਗ੍ਰੰਥੀ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ ਦੀ ਅਜੋਕੇ ਹਾਲਾਤ ਵਿੱਚ ਪ੍ਰਸੰਗਿਕਤਾ - ਡਾ. ਗੁਰਵਿੰਦਰ ਸਿੰਘ

ਨਸਲਵਾਦ ਅਤੇ ਬਸਤੀਵਾਦ ਦੇ ਖਾਤਮੇ ਅਤੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦੇ ਸ਼ਾਨਾਮੱਤੇ ਇਤਿਹਾਸ ਵਿਚ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਵਿਸ਼ੇਸ਼ ਸਥਾਨ ਹੈ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਨੂੰ ਗ਼ਦਰ ਲਹਿਰ ਦੇ ਯੋਧਿਆਂ ਦੇ 'ਤਾਰਾ ਮੰਡਲ ਦਾ ਚੰਦ' ਕਹਿ ਕੇ ਸਤਿਕਾਰਿਆ ਗਿਆ ਹੈ। ਮਹਾਨ ਵਿਵੇਕਵਾਨ ਭਾਈ ਸਾਹਿਬ ਵੱਲੋਂ ਜਿੱਥੇ ਕੈਨੇਡਾ ਵਿਚ ਨਸਲਵਾਦ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਗਿਆ, ਉਥੇ ਭਾਰਤ ਜਾ ਕੇ ਬਸਤੀਵਾਦ ਨੂੰ ਜੜ੍ਹੋਂ ਪੁੱਟਣ ਲਈ, ਸ਼ਹੀਦੀ ਪਾਉਂਦਿਆਂ ਸੁਨਹਿਰੀ ਇਤਿਹਾਸ ਰਚਿਆ ਗਿਆ। ਅੰਗਰੇਜ਼ਾਂ ਦੇ ਗੁਲਾਮ ਭਾਰਤ ਦੇ ਮੁਖੀ ਵਾਇਸਰਾਏ ਲਾਰਡ ਹਾਰਡਿੰਗ ਅੱਗੇ ਛਾਤੀ ਤਾਣ ਕੇ ਗੱਲਬਾਤ ਕਰਨ ਵਾਲਾ ਸ਼ਖਸ ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦਾ ਪਹਿਲਾ ਗ੍ਰੰਥੀ ਸਿੰਘ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 'ਗ੍ਰੰਥੀ ਸਿੰਘ' ਦੇ ਰੁਤਬੇ 'ਤੇ ਸੁਸ਼ੋਭਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਕੁਰਬਾਨੀਆਂ ਭਰੀ ਸ਼ਾਹਦਤ ਦਾ ਕਿੰਨਾ ਮਹਾਨ ਇਤਿਹਾਸ ਹੈ। ਅੱਜ ਲੋੜ ਹੈ ਕਿ ਧਾਰਮਿਕ ਅਸਥਾਨਾਂ ਉੱਪਰ ਕਾਬਜ਼ ਪ੍ਰਬੰਧਕ ਅਤੇ ਪ੍ਰਚਾਰਕ ਸ਼੍ਰੇਣੀ, 'ਅੱਜ ਦੇ ਓਡਵਾਇਰਾਂ' ਖ਼ਿਲਾਫ਼ ਏਨੀ ਬਹਾਦਰੀ ਨਾਲ ਬੋਲਣ ਦੀ ਹਿੰਮਤ ਰੱਖੇ, ਨਾ ਕਿ ਅਰੂੜ ਸਿੰਘ ਵਰਗਿਆਂ ਵਾਂਗ ਗੋਡੇ ਟੇਕੇ।
              ਸ਼ਹੀਦ ਭਾਈ ਬਲਵੰਤ ਸਿੰਘ ਦੀ ਸ਼ਹਾਦਤ ਮੌਜੂਦਾ ਸਮੇਂ ਅਤੇ ਸਥਿਤੀ ਵਿੱਚ ਵੀ ਓਨੀ ਹੀ ਪ੍ਰਸੰਗਿਕ ਹੈ, ਜਿੰਨੀ ਇੱਕ ਸਦੀ ਪਹਿਲਾਂ ਸੀ। ਦੁਖਾਂਤ ਇਸ ਗੱਲ ਦਾ ਹੈ ਕਿ ਅਜੇ ਤੱਕ ਨਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹੀ ਅਤੇ ਨਾ ਹੀ ਪੰਜਾਬ ਦੇ ਸੰਘਰਸ਼ ਲਈ ਇਤਿਹਾਸ ਵਿੱਚ, ਭਾਈ ਬਲਵੰਤ ਸਿੰਘ ਨੂੰ ਬਾਰੇ ਕੁਝ ਲਿਖਿਆ ਮਿਲਦਾ ਹੈ। ਸਿਆਸੀ ਆਗੂਆਂ ਦੇ ਜਨਮ-ਮੌਤ ਵਾਲੇ ਦਿਨ 'ਤੇ ਇਸ਼ਤਿਹਾਰ ਜਾਰੀ ਕਰਨ ਵਾਲੀ ਪੰਜਾਬ ਸਰਕਾਰ ਦੀ ਤਾਂ ਗੱਲ ਹੀ ਛੱਡੋ, ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਵੀ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਸ਼ਹੀਦੀ ਦਿਨ 'ਤੇ ਕੋਈ ਸੂਚਨਾ ਜਾਂ ਇਸ਼ਤਿਹਾਰ ਨਹੀਂ ਜਾਰੀ ਕੀਤਾ ਗਿਆ। ਅੰਗਰੇਜ਼ਾਂ ਤੋਂ ਮੁਆਫ਼ੀਆਂ ਮੰਗਣ ਵਾਲੇ 'ਸਵਰਕਰ' ਨੂੰ ਆਜ਼ਾਦੀ ਦਾ ਨਾਇਕ ਪੇਸ਼ ਕਰਨ ਵਾਲੀ, ਅੱਜ ਦੀ ਫਾਸ਼ੀਵਾਦੀ ਸਰਕਾਰ ਤੋਂ ਤਾਂ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਨੂੰ ਮਹਾਨ ਯੋਧਾ ਕਰਾਰ ਦੇਣ ਦੀ ਆਸ ਰੱਖਣਾ ਹੀ ਗ਼ਲਤ ਹੈ। ਅੱਜ ਦੀ ਸਰਕਾਰ ਤਾਂ 'ਜੇਲਾਂ ਚ ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ' ਦਾ ਵਿਅੰਗ ਕਸ ਰਹੀ ਹੈ, ਪਰ ਸੱਚ ਤਾਂ ਇਹ ਹੈ ਕਿ ਸਿੱਖ ਯੋਧੇ ਤਾਂ ਸ਼ੁਰੂ ਤੋਂ ਹੀ ਜੇਲਾਂ ਅੰਦਰ ਗੁਰਬਾਣੀ ਪਾਠ ਕਰਕੇ ਚੜਦੀ ਕਲਾ ਦਾ ਬਲ ਲੈ ਰਹੇ ਸਨ, ਦੂਜੇ ਪਾਸੇ ਸਵਰਕਰ ਵਰਗੇ ਜੇਲਾਂ 'ਚੋਂ ਬਾਹਰ ਆਉਣ ਲਈ ਅੰਗਰੇਜ਼ਾਂ ਤੋਂ ਮਾਫੀਆਂ ਮੰਗ ਰਹੇ ਸਨ। ਭਾਈ ਸਾਹਿਬ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹੁੰਦਿਆਂ, ਉਸ ਵੇਲੇ ਦੇ ਰਾਜਸੀ ਮੁਖੀਆਂ ਨੂੰ ਚੁਣੌਤੀ ਦਿੰਦਿਆਂ, ਸਮੁੱਚੇ ਗਦਰ ਲਹਿਰ ਦੇ ਇਤਿਹਾਸ ਵਿੱਚ ਵਿਲੱਖਣ ਮਾਰਗ ਦਰਸ਼ਕ ਕਹੀ ਜਾ ਸਕਦੀ ਹੈ।
                      ਪੰਜਾਬ ਦੇ ਪਿੰਡ ਖੁਰਦਪੁਰ, ਜ਼ਿਲ੍ਹਾ ਜਲੰਧਰ ਵਿਖੇ ਭਾਈ ਬਲਵੰਤ ਸਿੰਘ ਦਾ ਜਨਮ 15 ਸਤੰਬਰ 1882 ਨੂੰ ਭਾਈ ਬੁੱਧ ਸਿੰਘ ਅਟਵਾਲ ਦੇ ਗ੍ਰਹਿ ਵਿਖੇ ਹੋਇਆl ਆਪ ਨੇ ਆਦਮਪੁਰ ਤੋਂ ਅੱਠਵੀਂ ਤੱਕ ਪੜ੍ਹਾਈ ਕਰਨ ਮਗਰੋਂ ਕੁਝ ਸਮਾਂ ਫ਼ੌਜ ਵਿੱਚ ਨੌਕਰੀ ਵੀ ਕੀਤੀ, ਪਰ ਸੰਤ ਕਰਮ ਸਿੰਘ ਜੀ ਦੀ ਸੰਗਤ ਮਗਰੋਂ ਧਾਰਮਿਕ ਪ੍ਰਭਾਵ ਕਾਰਨ ਇਹ ਨੌਕਰੀ ਛੱਡ ਦਿੱਤੀ ਤੇ ਕੁਝ ਸਮੇਂ ਮਗਰੋਂ 1906 ਵਿੱਚ ਕੈਨੇਡਾ ਆ ਗਏ। ਇੱਥੇ ਹੀ 28 ਜੂਨ 1908 ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਜੀ ਨਾਲ, ਇਕੱਠਿਆਂ ਅੰਮ੍ਰਿਤਪਾਨ ਕੀਤਾl ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ ਦਾ ਮੁੱਢ ਬੰਨਦਿਆਂ ਭਾਈ ਸਾਹਿਬ ਨੇ ਕੈਨੇਡਾ ਅਤੇ ਉੱਤਰੀ ਅਮਰੀਕਾ 'ਚ ਨਾ ਸਿਰਫ ਪਹਿਲਾ ਸਿੱਖੀ ਪ੍ਰਚਾਰ ਦਾ ਕੇਂਦਰ ਹੀ ਸਥਾਪਿਤ ਕੀਤਾ, ਬਲਕਿ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਇਕਮੁੱਠ ਹੋ ਕੇ ਸੰਘਰਸ਼ ਦਾ ਸਾਂਝਾ ਕੇਂਦਰ ਵੀ ਸਿਰਜਿਆ। ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਸਾਰੀ ਜ਼ਿੰਦਗੀ ਸੰਘਰਸ਼ ਭਰਪੂਰ ਰਹੀ। ਉਨ੍ਹਾਂ 1908 ਵਿੱਚ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਭੇਜਣ ਦੀ ਸਾਜ਼ਿਸ਼ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਨਾਲ ਮਿਲ ਕੇ ਨਾਕਾਮ ਕੀਤਾ। ਅੱਜ ਜੇਕਰ ਭਾਰਤੀ ਇੰਮੀਗ੍ਰੈਂਟ ਕੈਨੇਡਾ ਵਿੱਚ ਵਸੇ ਹੋਏ ਹਨ, ਤਾਂ ਇਹ ਭਾਈ ਬਲਵੰਤ ਸਿੰਘ ਜੀ ਦੀ ਦੇਣ ਹੈ।
                        ਕੈਨੇਡਾ ਵਿੱਚ ਇੰਡੀਅਨ ਲੋਕਾਂ ਦੇ ਪਰਿਵਾਰਾਂ ਨੂੰ ਆਉਣ ਦੀ ਆਗਿਆ ਨਹੀਂ ਸੀ, ਜਦਕਿ ਹੋਰ ਮੁਲਕਾਂ ਤੋਂ ਲੋਕ ਪਰਿਵਾਰਾਂ ਸਮੇਤ ਆ ਵਸੇ ਸਨ। ਇਸ ਖ਼ਿਲਾਫ਼ ਵੀ ਸੰਘਰਸ਼ ਦਾ ਮੁੱਢ ਵੀ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਨੇ ਬੰਨ੍ਹਿਆ ਅਤੇ 21 ਜਨਵਰੀ 1912 ਨੂੰ ਅਨੇਕਾਂ ਕਸ਼ਟ ਝੱਲ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਵੈਨਕੂਵਰ ਪੁੱਜੇ, ਹਾਲਾਂਕਿ ਭਾਈ ਸਾਹਿਬ ਦੀ ਪਤਨੀ ਬੀਬੀ ਕਰਤਾਰ ਕੌਰ ਅਤੇ ਦੋ ਪੁੱਤਰੀਆਂ ਚਾਰ ਸਾਲਾ ਊਧਮ ਕੌਰ ਦੇ ਇੱਕ ਸਾਲਾ ਨਿਰੰਜਣ ਕੌਰ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਨਾ ਦਿੱਤਾ ਗਿਆ ਅਤੇ ਇੱਥੋਂ ਵਾਪਸ ਮੋੜਨ ਦੇ ਹੁਕਮ ਦਿੱਤੇ, ਪਰ ਵੈਨਕੂਵਰ ਦੇ ਸਿੱਖਾਂ ਦੇ ਤਿੱਖੇ ਸੰਘਰਸ਼ ਅਤੇ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਦੀ ਸੂਝ-ਬੂਝ ਸਦਕਾ, ਇਮੀਗਰੇਸ਼ਨ ਵਿਭਾਗ ਨੂੰ ਗੋਡੇ ਟੇਕਣੇ ਪਏ ਅਤੇ ਪਰਿਵਾਰਾਂ ਨੂੰ 3 ਜੂਨ 1912 ਨੂੰ ਕੈਨੇਡੀਅਨ ਸਰਕਾਰ ਵੱਲੋਂ ਆਖਰਕਾਰ, ਕੈਨੇਡਾ ਵਿੱਚ ਦਾਖਲ ਹੋਣ ਦਿੱਤਾ ਗਿਆ। ਭਾਈ ਸਾਹਿਬ ਦੇ ਪਰਿਵਾਰ ਦੇ ਕੈਨੇਡਾ ਆਉਣ ਨਾਲ ਨਾ ਸਿਰਫ ਆਰਜ਼ੀ ਰੂਪ ਵਿੱਚ ਇਸਤਰੀਆਂ ਤੇ ਪਰਿਵਾਰਾਂ ਦੀ ਆਮਦ ਦਾ ਮੁੱਢ ਬੱਝਿਆ, ਬਲਕਿ 28 ਅਗਸਤ 1912 ਨੂੰ ਆਪ ਜੀ ਦੇ ਗ੍ਰਹਿ ਵਿਖੇ ਬੀਬੀ ਕਰਤਾਰ ਕੌਰ ਦੀ ਕੁੱਖੋਂ ਜਨਮਿਆ ਬੱਚਾ ਹਰਦਿਆਲ ਸਿੰਘ 'ਕੈਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ' ਅਤੇ ਅਣਵੰਡੇ ਭਾਰਤ ਤੋਂ ਪਰਵਾਸ ਕਰਕੇ ਆਏ ਪਰਿਵਾਰ ਦਾ ਪਹਿਲਾ ਬਾਲਕ ਵੀ ਬਣਿਆ। ਪਰਿਵਾਰ ਦੇ ਇਸ ਆਰਜ਼ੀ ਪ੍ਰਵਾਸ ਮਗਰੋਂ ਵੀ ਭਾਈ ਸਾਹਿਬ ਨੇ ਕੈਨੇਡਾ 'ਚ ਇਮੀਗ੍ਰੈਂਟ ਪਰਿਵਾਰਾਂ ਲਈ ਬੂਹੇ ਖੋਲ੍ਹਣ ਵਾਸਤੇ ਲੰਮਾ ਸੰਘਰਸ਼ ਕੀਤਾ, ਜਿਸ ਲਈ ਇਤਿਹਾਸ ਸਦਾ ਹੀ ਆਪ ਜੀ ਦਾ ਰਿਣੀ ਰਹੇਗਾ।
      ਇੱਕ ਸਦੀ ਪਹਿਲਾਂ ਜਦੋਂ ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਸੀ ਅਤੇ ਪਰਵਾਸੀ ਲੋਕਾਂ ਨੂੰ ਸਸਕਾਰ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਸੀ, ਲੋਕ ਲੁੱਕ-ਛਿਪ ਕੇ ਜੰਗਲ ਵਿੱਚ ਦੂਰ- ਦੁਰਾਡੇ ਬਰਫ਼ ਤੇ ਮੀਂਹ ਪੈਂਦਿਆਂ, ਮਿ੍ਤਕ ਦਾ ਸਸਕਾਰ ਕਰਦੇ ਸਨ, ਉਸ ਵੇਲੇ ਭਾਈ ਬਲਵੰਤ ਸਿੰਘ ਨੇ ਹੋਰਨਾਂ ਆਗੂਆਂ ਨਾਲ ਮਿਲ ਕੇ ਸ਼ਮਸ਼ਾਨ ਭੂਮੀ ਲਈ ਕੁਝ ਜਗ੍ਹਾ ਜ਼ਮੀਨ ਖਰੀਦੀ ਅਤੇ ਸਸਕਾਰ ਕਰਨ ਦਾ ਇੰਤਜ਼ਾਮ ਕਰਕੇ ਸਭਨਾਂ ਨੂੰ ਵੱਡੀ ਰਾਹਤ ਦਿਵਾਈ।
      ਜਿਸ ਵੇਲੇ 'ਗ਼ਦਰ ਪਾਰਟੀ' ਦਾ ਉੱਤਰੀ ਅਮਰੀਕਾ ਵਿੱਚ ਅਜੇ ਮੁੱਢ ਬੰਨ੍ਹਿਆ ਜਾ ਰਿਹਾ ਸੀ, ਉਸ ਵੇਲੇ ਭਾਈ ਸਾਹਿਬ ਦੀ ਅਗਵਾਈ ਵਿੱਚ 14 ਮਾਰਚ 1913 ਨੂੰ ਤਿੰਨ ਮੈਂਬਰੀ ਵਫਦ, ਲੰਡਨ ਅਤੇ ਭਾਰਤ ਜਾ ਕੇ, ਅੰਗਰੇਜ਼ ਸਾਮਰਾਜ ਦੇ ਅਸਲ ਚਿਹਰੇ ਨੂੰ ਨੰਗਾ ਕਰਨ ਦਾ ਸੰਘਰਸ਼ ਸ਼ੁਰੂ ਕਰ ਚੁੱਕਿਆ ਸੀ। ਇਸ ਵਫ਼ਦ ਵਿੱਚ ਭਾਈ ਸਾਹਿਬ ਦੇ ਸਹਿਯੋਗੀ ਅਮਰੀਕਾ ਤੋਂ ਸਿੱਖ ਪ੍ਰਤੀਨਿਧ ਨੰਦ ਸਿੰਘ ਸੀਹਰਾ ਅਤੇ ਕੈਨੇਡਾ ਤੋਂ ਭਾਈ ਨਰੈਣ ਸਿੰਘ ਚੋਬਦਾਰ ਸਨ। ਇਨ੍ਹਾਂ 13 ਸਤੰਬਰ 1913 ਤੱਕ ਲੰਡਨ ਤੋਂ ਲੈ ਕੇ ਭਾਰਤ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਆਵਾਜ਼ ਉਠਾਈl ਸੂਝਵਾਨ ਲੀਡਰ, ਬੁਲੰਦ ਆਵਾਜ਼ ਦੇ ਮਾਲਕ ਅਤੇ ਦੂਰ-ਅੰਦੇਸ਼ ਆਗੂ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਜਦ ਬ੍ਰਿਟਿਸ਼ ਬਸਤੀਵਾਦ ਅਤੇ ਅੰਗਰੇਜ਼ ਸਾਮਰਾਜ ਦੀਆਂ ਬਦਨੀਤੀਆਂ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ 18 ਸਤੰਬਰ 1913 ਨੂੰ, ਸ਼ਿਮਲੇ 'ਚ ਇੱਕ ਮੀਟਿੰਗ ਦੌਰਾਨ, ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੇ ਮੂੰਹ 'ਤੇ ਕੀਤੀ ਸੀ, ਤਾਂ ਉਸ ਨੂੰ ਜਿਵੇਂ ਦੰਦਲ ਹੀ ਪੈ ਗਈ ਸੀ। ਇਸੇ ਹੀ ਕਾਰਨ ਉਸ ਨੇ ਆਪਣੀ ਕਿਤਾਬ 'ਇੰਡੀਆ ਐਜ਼ ਆਈ ਨਿਊ' ਦੇ ਪੰਨਾ 191'ਤੇ ਲਿਖਿਆ ਕਿ ਮੁਲਾਕਾਤੀਆਂ ਵਿੱਚੋਂ 'ਤੀਸਰੇ ਬੰਦੇ' (ਭਾਈ ਬਲਵੰਤ ਸਿੰਘ ਖੁਰਦਪੁਰ) ਦੇ ਤਰੀਕੇ 'ਖ਼ਤਰਨਾਕ' ਬਾਗ਼ੀ ਵਰਗੇ ਸਨ ਤੇ ਉਸ ਵਾਇਸਰਾਏ ਨੂੰ ਮਿਲਣ ਜਾ ਰਹੇ ਸੀ, ਜਿਸ ਤੋਂ ਖਾਸ ਤੌਰ 'ਤੇ 'ਇਸ ਮੈਂਬਰ' ਪ੍ਰਤੀ ਸਾਵਧਾਨੀ ਵਰਤਣ ਲਈ ਕਿਹਾ ਗਿਆ। 5 ਅਕਤੂਬਰ 1913 ਨੂੰ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਨਾਲ ਭਾਈ ਬਲਵੰਤ ਸਿੰਘ ਦੀ ਅਗਵਾਈ ਵਿੱਚ ਕੈਨੇਡਾ ਤੋਂ ਆਏ ਵਫ਼ਦ ਨੇ ਮੁਲਾਕਾਤ ਕੀਤੀ ਅਤੇ ਇਮੀਗ੍ਰੇਸ਼ਨ ਦੀਆਂ ਕਾਲੀਆਂ ਨੀਤੀਆਂ, ਨਸਲੀ ਵਿਤਕਰੇ, ਧੱਕੇਸ਼ਾਹੀਆਂ ਅਤੇ ਜਬਰ- ਜ਼ੁਲਮ ਬਾਰੇ ਨਿਡਰਤਾ ਨਾਲ ਵਿਚਾਰ ਰੱਖੇ। ਚਾਹੇ ਉਸ ਵੇਲੇ ਪੰਜਾਬ ਦੇ ਜਾਗਰੂਕ ਲੋਕਾਂ, ਲੋਕ ਪੱਖੀ ਮੀਡੀਆ ਅਤੇ ਆਮ ਵਿਅਕਤੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ, ਪਰ ਅਖੌਤੀ ਰਾਸ਼ਟਰਵਾਦੀ ਅਤੇ ਫਰੰਗੀਆਂ ਦੇ ਝੋਲੀ-ਚੁੱਕਾਂ ਨੇ ਵਿਰੋਧ ਹੀ ਕੀਤਾ। ਗ਼ਦਰੀ ਸੂਰਮਿਆਂ ਦੇ ਅਖ਼ਬਾਰ 'ਕਿਰਤੀ' 1926 ਦੇ ਅੰਕ ਦੇ ਪੰਨਾ 14 ਉੱਪਰ ਲਿਖਿਆ ਹੈ ਕਿ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਨੇ ਭਾਈ ਬਲਵੰਤ ਸਿੰਘ ਹੁਰਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਕੀਤੇ ਸੰਘਰਸ਼ ਨੂੰ 'ਕੇਵਲ ਸਿੱਖਾਂ ਦਾ ਮਸਲਾ' ਕਹਿ ਕੇ ਉਹਨਾਂ ਦਾ ਸਾਥ ਦੇਣੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਿਚਲੇ ਅੰਗਰੇਜ਼ਾਂ ਦੇ ਪਿੱਠੂਆਂ ਨੇ ਵੀ ਭਾਈ ਸਾਹਿਬ ਦੇ ਇਤਿਹਾਸਕ ਯਤਨਾਂ ਦੀ ਵਿਰੋਧਤਾ ਕਰਕੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਇਸੇ ਕਾਰਨ ਹੀ ਕੁਝ ਸਮਾਂ ਮਗਰੋਂ ਸਿੱਖ ਸੰਗਤਾਂ ਵੱਲੋਂ ਗੁਰਮਤਾ ਕਰਕੇ ਅਜਿਹੇ ਪਿੱਠੂਆਂ ਨੂੰ ਪੰਥ ਅਤੇ ਕੌਮ ਦੇ ਗ਼ਦਾਰ ਐਲਾਨਿਆ ਗਿਆ।
              ਇਤਿਹਾਸਕ ਸਰੋਤਾਂ ਅਨੁਸਾਰ ਇਨ੍ਹਾਂ ਗੁਰਮਤਿਆਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰਦਿਆਂ ਗਦਰੀ ਯੋਧਿਆਂ, 'ਗੁਰੂ ਨਾਨਕ ਜਹਾਜ਼' ਦੇ ਮੁਸਾਫਰਾਂ, ਕੈਨੇਡਾ ਤੋਂ ਆਏ ਸਿੱਖ ਜੱਥਿਆਂ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਹੋਰਨਾਂ ਸ਼ਖ਼ਸੀਅਤਾਂ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਨਾਲ ਹੀ ਸੁੰਦਰ ਸਿੰਘ ਮਜੀਠੀਏ, ਅਰੂੜ ਸਿੰਘ ਸਰਬਰਾਹ ਅਤੇ ਗੁਰਬਖਸ਼ ਸਿੰਘ ਸਕੱਤਰ ਸਿੱਖ ਲੀਗ ਵਰਗਿਆਂ ਨੂੰ ਤਨਖਾਹੀਏ ਕਰਾਰ ਦੇ ਕੇ, ਉਨ੍ਹਾਂ ਨੂੰ 'ਭਾਈ' ਜਾਂ 'ਸਰਦਾਰ' ਸ਼ਬਦ ਨਾਲ ਸੰਬੋਧਨ ਨਾ ਕਰਨ ਵਾਸਤੇ ਕਿਹਾ ਗਿਆ। ਇਸ ਤੋਂ ਇਲਾਵਾ ਮਹਾਰਾਜਾ ਪਟਿਆਲਾ ਵੱਲੋਂ ਮਾਈਕਲ ਓਡਵਾਇਰ ਫੰਡ ਵਿੱਚ, 'ਵੀਹ ਹਜ਼ਾਰ ਰੁਪਏ' ਜਮ੍ਹਾਂ ਕਰਵਾਉਣ ਦੀ ਕਾਰਵਾਈ ਲਈ ਲਾਹਨਤਾ ਪਾਈਆਂ ਗਈਆਂ। 'ਸਰ' ਸੁੰਦਰ ਸਿੰਘ ਮਜੀਠੀਆ ਮਾਈਕਲ ਓਡਵਾਇਰ ਲਈ ਫੰਡ ਇਕੱਠਾ ਕਰਨ ਵਾਲੀ ਕਮੇਟੀ ਦਾ ਮੁਖੀ ਸੀ।
         ਭਾਈ ਬਲਵੰਤ ਸਿੰਘ ਖੁਰਦਪੁਰ ਨੇ ਕੈਨੇਡਾ ਵਾਪਸ ਪਰਤਦਿਆਂ ਆਪਣੇ ਮਿੱਤਰ ਭਾਈ ਹਰਚੰਦ ਸਿੰਘ ਲਾਇਲਪੁਰੀ ਨੂੰ ਪੱਤਰ ਲਿਖਕੇ ਚੀਫ਼ ਖ਼ਾਲਸਾ ਦੀਵਾਨ ਨਾਲੋਂ ਨਾਤਾ ਤੋੜਨ ਅਤੇ ਅੰਗਰੇਜ਼ ਹਕੂਮਤ ਦਾ ਡਟਵਾਂ ਵਿਰੋਧ ਕਰਨ ਦੀ ਹਦਾਇਤ ਕੀਤੀ ਸੀ। ਕੈਨੇਡਾ ਵਾਪਸੀ ਦੌਰਾਨ ਆਪ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਅਤੇ ਮੁਖੀ ਭਾਈ ਗੁਰਦਿੱਤ ਸਿੰਘ ਸਰਹਾਲੀ ਨੂੰ ਮਿਲੇ ਅਤੇ ਜਹਾਜ਼ ਦੇ ਕੈਨੇਡਾ ਪੁੱਜਣ ਤੋਂ ਦੋ ਦਿਨ ਪਹਿਲਾਂ ਵੈਨਕੂਵਰ ਪਹੁੰਚ ਗਏ। ਮੁਸਾਫ਼ਰਾਂ ਦੀ ਸਹਾਇਤਾ ਲਈ ਬਣੀ 'ਸ਼ੋਅਰ ਕਮੇਟੀ' ਵਿੱਚ ਭਾਈ ਸਾਹਿਬ ਆਗੂ ਸਨ। ਜਦੋਂ ਜਬਰੀ ਜਹਾਜ਼ ਭਾਰਤ ਵਾਪਸ ਮੁੜਨ ਦਾ ਫੈਸਲਾ ਕੀਤਾ ਗਿਆ, ਤਾਂ ਭਾਈ ਸਾਹਿਬ ਆਪਣੇ ਸਾਥੀਆਂ ਸਮੇਤ 23 ਜੁਲਾਈ 1914 ਨੂੰ ਅਮਰੀਕਾ ਤੋਂ ਹਥਿਆਰ ਖ਼ਰੀਦਣ ਵਾਸਤੇ ਗਏ, ਤਾਂ ਕਿ ਜਹਾਜ਼ ਰਾਹੀਂ ਗ਼ਦਰ ਪਾਰਟੀ ਦੇ ਲੀਡਰਾਂ ਤੱਕ ਪਹੁੰਚਾਏ ਜਾ ਸਕਣ, ਪਰ ਸੁੂਮਸ ਬਾਰਡਰ 'ਤੇ ਇਨ੍ਹਾਂ ਗ਼ਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਹਾਜ਼ ਪਰਤਣ ਤੋਂ ਬਾਅਦ ਰਿਹਾਅ ਕੀਤਾ ਗਿਆ।
        ਭਾਰਤ ਵਿੱਚੋਂ ਬ੍ਰਿਟਿਸ਼ ਬਸਤੀਵਾਦ ਦੇ ਖ਼ਾਤਮੇ ਦੇ ਸੰਘਰਸ਼ ਦੇ ਫੈਸਲੇ ਅਧੀਨ ਸਿੰਘ ਸਾਹਿਬ ਨੇ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਵੇਲੇ ਭਾਰਤ ਜਾਣ ਦਾ ਫੈਸਲਾ ਕਰ ਲਿਆ। ਭਾਈ ਬਲਵੰਤ ਸਿੰਘ ਦੀ ਖੁਰਦਪੁਰ ਆਪਣੇ ਸਾਥੀਆਂ ਭਾਈ ਬਤਨ ਸਿੰਘ ਕਾਹਰੀ ਅਤੇ ਭਾਈ ਕਰਤਾਰ ਸਿੰਘ ਚੰਦ ਨਵਾਂ ਨਾਲ ਸਾਨ-ਫਰਾਂਸਿਸਕੋ ਤੋਂ 23 ਜਨਵਰੀ 1915 ਨੂੰ ਰਵਾਨਾ ਹੋਏ ਅਤੇ ਅਨੇਕਾਂ ਚੁਣੌਤੀਆਂ ਮਗਰੋਂ 13 ਜੁਲਾਈ ਨੂੰ ਬੈਂਕਾਕ ਪੁੱਜੇ । ਇਤਿਹਾਸਕਾਰਾਂ ਅਨੁਸਾਰ ਆਪ ਬੈਂਕਾਕ ਦੇ ਹਸਪਤਾਲ 'ਚ ਜ਼ੇਰੇ ਇਲਾਜ ਸਨ, ਜਦੋਂ ਸ਼ਿਆਮ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੰਗਰੇਜ਼ਾਂ ਨੂੰ ਸੌਂਪ ਦਿੱਤਾ, ਜੋ ਕਿ ਕੌਮਾਂਤਰੀ ਪੱਧਰ 'ਤੇ ਨਿਯਮਾਂ ਦੀ ਸਖ਼ਤ ਉਲੰਘਣਾ ਸੀ। ਅੰਗਰੇਜ਼ ਹਕੂਮਤ ਨੇ ਪਹਿਲਾਂ ਸਿੰਗਾਪੁਰ ਅਤੇ ਫਿਰ ਕਲਕੱਤੇ ਸਥਿਤ ਅਲੀਪੁਰ ਜੇਲ੍ਹ ਵਿੱਚ ਭਾਈ ਸਾਹਿਬ 'ਤੇ ਭਾਰੀ ਤਸ਼ੱਦਦ ਕੀਤਾ। ਜੁਲਾਈ 1916 ਵਿੱਚ ਆਪ ਨੂੰ ਪੰਜਾਬ ਲਿਜਾ ਕੇ 'ਲਾਹੌਰ ਸੈਕਿੰਡ ਸਪਲੀਮੈਂਟਰੀ ਸਾਜ਼ਿਸ਼' ਮੁਕੱਦਮੇ ਅਧੀਨ ਪੇਸ਼ ਕੀਤਾ ਗਿਆ। ਬੇਲਾ ਜਿਆਣ ਗ਼ੱਦਾਰ ਦੇ ਸਾਥੀ 'ਟਾਊਟ ਗੰਗਾ ਰਾਮ' ਦੇ ਭਰਾ ਅਮਨ ਸਹੋਤਾ, ਮੰਗਲ ਜਿਆਣ ਅਤੇ ਬੇਅੰਤ ਸਿੰਘ ਨਾਲ ਮਿਲ ਕੇ ਝੂਠੀਆਂ ਗਵਾਹੀਆਂ ਦਿੱਤੀਆਂ, ਜਿਨ੍ਹਾਂ ਦੇ ਆਧਾਰ ਤੇ ਭਾਈ ਸਾਹਿਬ ਨੂੰ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਅਤੇ ਗ਼ਦਰ ਮਚਾਉਣ ਵਾਲੇ ਲੋਕਾਂ ਦੇ ਆਗੂ ਵਜੋਂ ਭਾਰਤ 'ਚ ਬਗਾਵਤ ਤੇ ਕਤਲ ਕਰਵਾਉਣ ਦਾ ਜ਼ਿੰਮੇਵਾਰ ਕਰਾਰ ਦਿੰਦਿਆਂ, ਇੰਡੀਅਨ ਪੈਨਲ ਕੋਡ ਅਨੁਸਾਰ ਸਜ਼ਾ-ਏ-ਮੌਤ ਸੁਣਾਈ ਗਈ ਅਤੇ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ।
          ਸਿੰਘ ਸਾਹਿਬ ਸ਼ਹਾਦਤ ਪਾਉਣ ਤੱਕ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਦੀ ਇਹ ਸ਼ਬਦ ਜ਼ਿਕਰਯੋਗ ਹਨ : "ਰਾਜਸੀ ਮੌਤ ਮਰਨ ਨਾਲ ਮੈਨੂੰ ਖੁਸ਼ੀ ਹੈ ਅਤੇ ਮੈਨੂੰ ਇਸ ਦਾ ਜ਼ਰਾ ਜਿੰਨਾ ਵੀ ਭੈਅ ਨਹੀਂ।" 29 ਮਾਰਚ 1917 ਨੂੰ ਜਦੋਂ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਿਆ ਸੀ, ਉਸ ਤੋਂ ਇੱਕ ਰਾਤ ਬਾਅਦ ਉਨ੍ਹਾਂ ਦੀ ਪਤਨੀ ਬੀਬੀ ਕਰਤਾਰ ਕੌਰ ਲਾਹੌਰ ਜੇਲ੍ਹ ਵਿੱਚ 'ਆਖਰੀ ਮੁਲਾਕਾਤ' ਲਈ ਪਹੁੰਚੀ, ਤਦ ਉਸ ਨੂੰ ਦੱਸਿਆ ਗਿਆ ਕਿ ਕੱਲ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਉਸ ਮੌਕੇ 'ਤੇ ਜੇਲਰ ਨੇ ਬੀਬੀ ਕਰਤਾਰ ਕੌਰ ਨੂੰ ਭਾਈ ਸਾਹਿਬ ਜੀ ਦੇ ਨਿੱਜੀ ਸਾਮਾਨ ਵਿੱਚ ਜੋ ਕੁਝ ਸੌਂਪਿਆ, ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਛੋਟੀ ਬੀੜ ਸਾਹਿਬ। ਭਾਈ ਸਾਹਿਬ ਦੇ ਜੀਵਨ ਦਾ ਹਰ ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਜਬਰ- ਜ਼ੁਲਮ ਤਸ਼ੱਦਦ, ਗੁਲਾਮੀ ਅਤੇ ਅਣ-ਮਨੁੱਖੀ ਵਰਤਾਰੇ ਖ਼ਿਲਾਫ਼ ਲੜ-ਮਰਨ ਦਾ ਸੀ। ਜਦੋਂ ਆਪ ਜੀ ਨੂੰ ਬੈਂਕਾਕ ਵਿੱਚ ਪਹਿਲੀ ਅਗਸਤ ਸੰਨ 1915 ਨੂੰ ਗਿਫ਼ਤਾਰ ਕੀਤਾ ਗਿਆ, ਉਸ ਵੇਲੇ ਵੀ ਆਪ ਜੀ ਕੋਲੋਂ ਜੋ ਜੇਬ ਡਾਇਰੀ ਮਿਲੀ, ਉਸ ਦੇ ਬਾਹਰ 'ਜ਼ਫ਼ਰਨਾਮਾ' ਵਿੱਚੋਂ ਇਹ ਸ਼ਬਦ ਅੰਕਿਤ ਸਨ "ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥" ਸ਼ਹੀਦ ਭਾਈ ਬਲਵੰਤ ਸਿੰਘ ਦੇ ਕੁਰਬਾਨੀਆਂ ਦੇ ਇਤਿਹਾਸਕ ਪੱਖਾਂ ਨੂੰ ਵੱਧ-ਚੜ ਕੇ ਪਹੁੰਚਣ ਦੀ ਲੋੜ ਹੈ, ਜਿਹਨਾਂ ਇੱਕੋ ਸਮੇਂ 'ਵਿਚਾਰਾਂ ਅਤੇ ਹਥਿਆਰਾਂ' ਦੇ ਸੰਘਰਸ਼ ਨਾਲ ਜ਼ਾਲਮ ਹਕੂਮਤ ਨੂੰ ਭਾਜੜਾਂ ਪਾਈਆਂ ਅਤੇ ਇਹ ਸਿੱਧ ਕਰ ਦਿੱਤਾ ਕਿ ;
"ਜਦ ਧਿਰ ਉਪਾਵਾਂ ਦੀ ਹਾਰਦੀ ਹੈ,
ਤਾਂ ਜਾਇਜ਼ ਵਰਤੋਂ ਤਲਵਾਰ ਦੀ ਹੈ।"
ਤਸਵੀਰ : ਸਿੰਘ ਸਾਹਿਬ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਯਾਦਗਾਰੀ ਤਸਵੀਰ। ਨਾਲ ਹਨ ; ਸੁਪਤਨੀ ਬੀਬੀ ਕਰਤਾਰ ਕੌਰ, ਸਪੁੱਤਰੀਆਂ ਊਧਮ ਕੌਰ, ਨਿਰੰਜਣ ਕੌਰ ਅਤੇ ਕੈਨੇਡਾ ਦਾ ਜੰਮਪਲ ਪਹਿਲਾ ਸਿੱਖ ਬੱਚਾ ਭਾਈ ਹਰਦਿਆਲ ਸਿੰਘ।
ਕੋਆਰਡੀਨੇਟਰ
ਪੰਜਾਬੀ ਸਾਹਿਤ ਸਭਾ ਮੁਢਲੀ,
ਐਬਸਫੋਰਡ ਬੀਸੀ ਕੈਨੇਡਾ

20 ਮਾਰਚ 2000 : ਸਿੱਖ ਕਤਲੇਆਮ ਦੇ 25ਵੇਂ ਸ਼ਹੀਦੀ ਦਿਨ 'ਤੇ - ਡਾ ਗੁਰਵਿੰਦਰ ਸਿੰਘ

ਕਸ਼ਮੀਰ ਹਿੰਸਾ ਦਾ ਸਿਆਸੀ ਆਧਾਰ : ਛੱਟੀਸਿੰਘਪੁਰਾ ਦਾ ਸੱਚ
ਕਸ਼ਮੀਰ ਘਾਟੀ ਦੇ ਜ਼ਿਲ੍ਹਾ ਪੁਲਵਾਮਾ ਦੀ ਤਹਿਸੀਲ ਤਰਾਲ ਵਿੱਚ, ਪਿੰਡ 'ਛੱਟੀਸਿੰਘਪੁਰਾ' ਪੈਂਦਾ ਹੈ। ਕਈ ਵਾਰ ਮੀਡੀਏ ਵਿੱਚ ਇਸ ਦਾ ਨਾਂ ਚਿੱਟੀਸਿੰਘਪੁਰਾ ਜਾਂ ਛੱਤੀ ਸਿੰਘਪੁਰਾ ਲਿਖਿਆ ਜਾਂਦਾ ਹੈ, ਪਰ ਸਹੀ ਨਾਂ ਛੱਟੀਸਿੰਘਪੁਰਾ ਹੈ। ਛੱਟੀਸਿੰਘਪੁਰਾ ਤੋਂ ਇਲਾਵਾ ਕਸ਼ਮੀਰ ਘਾਟੀ ਵਿੱਚ ਸਿੱਖ ਭਾਈਚਾਰੇ ਦੇ ਕਈ ਹੋਰ ਪਿੰਡ ਵੀ ਹਨ, ਜਿੱਥੇ ਲੰਮੇ ਸਮੇਂ ਤੋਂ ਕਸ਼ਮੀਰੀ ਸਿੱਖ ਰਹਿ ਰਹੇ ਹਨ। 25 ਸਾਲ ਪਹਿਲਾਂ ਹੋਲੀ ਨੂੰ 20 ਮਾਰਚ 2000 ਵਾਲੇ ਦਿਨ ਕਸ਼ਮੀਰ ਘਾਟੀ ਦੇ ਪਿੰਡ ਛੱਟੀਸਿੰਘਪੁਰਾ 'ਚ 36 ਸਿੱਖਾਂ ਨੂੰ ਰਾਤ ਦੇ ਹਨੇਰੇ ਵਿੱਚ, ਫੌਜੀਆਂ ਦੀ ਵਰਦੀ ਪਾਈ ਕੁਝ ਵਿਅਕਤੀਆਂ ਨੇ ਘਰਾਂ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਿਜਾ ਕੇ ਕੰਧ ਨਾਲ ਖੜ੍ਹਿਆਂ ਕਰਕੇ, ਗੋਲੀਆਂ ਦਾ ਮੀਂਹ ਵਰ੍ਹਾ ਕੇ, ਸ਼ਹੀਦ ਕਰ ਦਿੱਤਾ ਗਿਆ ਸੀ।
    ਇਸ ਕਤਲੇਆਮ ਦੌਰਾਨ ਸਖ਼ਤ ਜ਼ਖ਼ਮੀ ਹੋਏ ਇਕ ਗੁਰਸਿੱਖ ਭਾਈ ਨਾਨਕ ਸਿੰਘ ਨਾਲ ਮੈਂ ਸੰਨ 2000 ਵਿੱਚ ਰੇਡੀਓ ਪੰਜਾਬ ਦੇ ਮਾਧਿਅਮ ਰਾਹੀਂ ਗੱਲਬਾਤ ਕੀਤੀ ਸੀ। ਉਸ ਮੁਤਾਬਿਕ ਕਤਲੇਆਮ ਵਾਲੇ ਦਿਨ ਉਹ ਬਾਕੀ ਗੁਰਸਿੱਖਾਂ ਸਹਿਤ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ, ਘਰ ਪਹੁੰਚਿਆ ਹੀ ਸੀ ਕਿ ਫ਼ੌਜ ਦੀ ਵਰਦੀ ਵਿੱਚ ਕਮਾਂਡਿੰਗ ਅਫ਼ਸਰ ਦੀ ਅਗਵਾਈ ਹੇਠ ਹਥਿਆਰਬੰਦ ਕਾਤਲਾਂ ਨੇ ਸਾਰੇ ਗੁਰਸਿੱਖਾਂ ਨੂੰ ਸਨਾਖ਼ਤੀ ਪਰੇਡ ਦੇ ਬਹਾਨੇ, ਘਰਾਂ ਤੋਂ ਬਾਹਰ ਸਥਾਨਕ ਦੋ ਗੁਰਦੁਆਰਿਆਂ ਵਿਖੇ ਇੱਕਠੇ ਹੋਣ ਲਈ ਕਿਹਾ। ਮਗਰੋਂ ਪਿੰਡ ਦੇ ਗੁਰੂਘਰਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਕਰਕੇ ਸਨਾਖ਼ਤੀ ਕਾਰਡ ਦੇਖਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 'ਕਮਾਂਡਿੰਗ ਅਫ਼ਸਰ' ਦਿਖਣ ਵਾਲੇ ਨੇ ਹਵਾ ਵਿੱਚ ਫ਼ਾਇਰ ਕੀਤਾ। ਦੇਖਦੇ ਹੀ ਦੇਖਦੇ ਦੋਨੋਂ ਗੁਰਦੁਆਰਿਆਂ ਦੇ ਬਾਹਰ ਖੜ੍ਹੇ ਕੀਤੇ ਗਏ ਗੁਰਸਿੱਖਾਂ ਉਪਰ ਵਰਦੀਧਾਰੀ ਦੁਸ਼ਟਾਂ ਨੇ ਅੰਨੇਵਾਹ ਫਾਇਰਿੰਗ ਸ਼ੁਰੂ ਕਰਦਿਆਂ ''ਜੈ ਮਾਤਾ ਦੀ ਤੇ ਜੈ ਹਿੰਦ'' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
     ਇਸ ਖੂਨੀ ਹਮਲੇ ਦੌਰਾਨ ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਅਤੇ ਗੁਰਦਵਾਰਾ ਸਿੰਘ ਸਭਾ ਸ਼ਹੀਦ ਨਿਵਾਸ, ਸੌਕੀਨ ਮੁਹੱਲਾ ਦੇ ਬਾਹਰ 36 ਗੁਰਸਿੱਖ ਸ਼ਹੀਦ ਹੋ ਗਏ। ਵਰਦੀਧਾਰੀ ਕਾਤਲ ਇਹ ਕਤਲੇਆਮ ਕਰਕੇ ਪਿੰਡ ਤੋਂ ਤੁਰੰਤ ਵਾਪਿਸ ਚਲੇ ਗਏ, ਤਾਂ ਗੋਲੀਆਂ ਦੀ ਆਵਾਜ਼ ਸੁਣ ਕੇ ਬਾਕੀ ਘਰਾਂ ਤੋਂ ਸਿੱਖ ਗੁਰੂਦਵਾਰਾ ਸਾਹਿਬਨ ਵੱਲ ਨੂੰ ਭੱਜੇ, ਤਾਂ ਦੇਖਿਆ ਕਿ ਭਾਣਾ ਵਰਤ ਚੁੱਕਿਆ ਸੀ। ਚਾਰ ਸੌ ਸਿੱਖ ਘਰਾਂ ਦੀ ਆਬਾਦੀ ਵਾਲੇ ਪਿੰਡ ਵਿੱਚ ਕਿਸੇ ਘਰ ਕੋਈ ਫ਼ੋਨ ਨਹੀਂ ਸੀ, ਪਰ ਕੁਝ ਕਿਲੋਮੀਟਰ ਦੂਰ 'ਹਰਮੇਲਪੁਰਾ' ਵਿੱਖੇ ਨਿਵਾਸ ਕਰਦੇ ਇਕ ਗੁਰਸਿੱਖ ਐਡਵੋਕੇਟ ਸ. ਜਸਬੀਰ ਸਿੰਘ ਦੇ ਘਰ ਲੈਂਡ ਲਾਈਨ ਫ਼ੋਨ ਸੀ, ਜਿਸ ਕਰਕੇ ਕੁਝ ਗੁਰਸਿੱਖ ਉੱਥੇ ਗਏ। ਉਨ੍ਹਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤਾ, ਤਾਂ ਆਪ ਜੀ ਨੇ ਕੋਲ ਪੈਂਦੇ 'ਮਟਨ' ਥਾਣੇ ਫ਼ੋਨ ਕੀਤਾ, ਜਿੱਥੋਂ ਥਾਣੇਦਾਰ ਇਸ਼ਾਕ ਆਪਣੇ ਸਿਪਾਹੀਆਂ ਨਾਲ ਘਟਨਾ ਵਾਲੀ ਜਗ੍ਹਾ ਪਹੁੰਚ ਗਿਆ। ਉਸਨੇ ਜ਼ਖ਼ਮੀ ਸਿੱਖਾਂ ਨੂੰ ਹਸਪਤਾਲ ਇਲਾਜ ਲਈ ਪਹੁੰਚਾ ਦਿੱਤਾ ਤੇ ਬਾਕੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਪਹੁੰਚਾਈ।
      ਕਸ਼ਮੀਰ ਘਾਟੀ 'ਚ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਘਟਨਾ ਤੋਂ ਬਾਅਦ, ਕਸ਼ਮੀਰ ਸਹਿਤ ਸਾਰੇ ਸੰਸਾਰ ਅੰਦਰ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਵਿੱਚ ਭਾਰੀ ਸੋਗ ਦੀ ਲਹਿਰ ਦੌੜ ਗਈ। ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ, ਵੈਨਕੂਵਰ ਵਿੱਚ ਵੀ ਭਾਰਤੀ ਕੌਂਸਲਖਾਨੇ ਬਾਹਰ ਬਹੁਤ ਵੱਡਾ ਮੁਜ਼ਾਹਰਾ ਹੋਇਆ, ਜਿਸ ਦੀ ਅਗਵਾਈ ਬ੍ਰਿਟਿਸ਼ ਕਲੰਬੀਆ ਸਿੱਖ ਕੌਂਸਲ ਨੇ ਕੀਤੀ। ਉਸ ਵੇਲੇ ਬੀਸੀ ਸਿੱਖ ਕੌਂਸਲ ਦਾ ਚੇਅਰਮੈਨ ਹੋਣ ਦੇ ਨਾਤੇ ਸਿੱਖਾਂ, ਮੁਸਲਮਾਨਾਂ ਸਮੇਤ ਬਾਕੀ ਘੱਟ ਗਿਣਤੀਆਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਾਮਿਲ ਹੁੰਦਿਆਂ ਦੇਖ ਕੇ, ਮੇਰੇ ਮਨ ਅੰਦਰ ਇਹ ਗੱਲ ਦਾ ਅਹਿਸਾਸ ਹੋਇਆ ਕਿ ਪੀੜਤ ਕੌਮਾਂ ਇਕੱਠੀਆਂ ਹੋ ਕੇ ਹੀ ਇਨਸਾਫ ਲਈ ਲੜ ਸਕਦੀਆਂ ਹਨ। ਕਸ਼ਮੀਰ ਵਿੱਚ ਸ਼ਹੀਦ ਹੋ ਚੁੱਕੇ ਸਾਰੇ ਗੁਰਸਿੱਖਾਂ ਦਾ ਅੰਤਿਮ ਸੰਸਕਾਰ ਗੁਰਦਵਾਰਾ ਸਿੰਘ ਸਭਾ ਸਮੁੰਦਰੀ ਹਾਲ ਦੀ ਹੱਦ ਅੰਦਰ ਇਕ ਵੱਡਾ ਥੜ੍ਹਾ ਬਣਾ ਕੇ ਕੀਤਾ ਗਿਆ। ਇਸ ਕਤਲੇਆਮ ਦੌਰਾਨ ਜਿੱਥੇ ਬਹੁਤ ਸਾਰੇ ਸਿੱਖਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ, ਉੱਥੇ ਬੀਬੀ ਨਰਿੰਦਰ ਕੌਰ ਜੀ ਦੇ ਪਰਿਵਾਰ ਨਾਲ ਸੰਬਧਿਤ ਗਿਆਰਾਂ ਜੀਅ ਕਤਲੇਆਮ ਦੌਰਾਨ ਸ਼ਹੀਦ ਹੋ ਗਏ।
      ਸਿੱਖ ਕਤਲੇਆਮ ਤੋਂ ਬਾਅਦ ਜਦ ਦੇਸ਼-ਵਿਦੇਸ਼ ਅੰਦਰ ਰੋਸ ਮੁਜਾਹਰੇ ਸ਼ੁਰੂ ਹੋਏ, ਤਾਂ ਭਾਰਤੀ ਹਕੂਮਤ ਦੀ ਬਹੁਤ ਬਦਨਾਮੀ ਹੋਈ। ਜਿਸ ਕਾਰਨ ਇਸ ਘਟਨਾ ਤੋਂ ਪੰਜਵੇਂ ਦਿਨ ਪਥਰੀਵਾਲ ਪਿੰਡ ਦੇ ਪੰਜ ਮੁਸਲਿਮ ਨੌਜਵਾਨ ਗਰੀਬ ਆਜੜੀਆਂ ਨੂੰ ਭਾਰਤੀ ਫ਼ੌਜ ਨੇ 'ਦਹਿਸ਼ਤਗਰਦ' ਕਹਿ ਕੇ ਝੂਠੇ ਮੁਕਾਬਲੇ ਵਿਚ ਮਾਰ ਮੁਕਾਇਆ। ਇਸ ਘਟਨਾ ਦੇ ਵਿਰੋਧ ਵਿਚ ਕਸ਼ਮੀਰੀ ਅਵਾਮ ਸੜਕਾਂ ਤੇ ਉਤਰ ਆਇਆ, ਜਿਸ ਉਪਰ ਫ਼ੌਜ ਨੇ ਗੋਲੀ ਚਲਾ ਦਿੱਤੀ, ਇਸ ਦੌਰਾਨ ਨੌਂ ਹੋਰ ਨੌਜਵਾਨ ਵੀ ਮਾਰੇ ਗਏ। ਇੰਡੀਅਨ ਸਟੇਟ ਦੀ ਸੋੜੀ ਸਿਆਸਤ ਕਾਰਨ ਪਹਿਲਾਂ 36 ਗੁਰਸਿੱਖ ਤੇ ਫ਼ੇਰ 14 ਮੁਸਲਮਾਨ ਇਸ ਦੌਰਾਨ ਸਦਾ ਦੀ ਨੀਂਦ ਸਵਾ ਦਿੱਤੇ ਗਏ, ਜੋ ਕਿ ਸਾਰੇ ਹੀ ਬੇਕਸੂਰ ਸਨ। 25 ਵਰ੍ਹੇ ਗੁਜ਼ਰਨ ਦੇ ਬਾਅਦ ਵੀ ਛੱਟੀਸਿੰਘਪੁਰੇ ਦੇ ਕਤਲੇਆਮ ਦੀ ਕੋਈ ਜਾਂਚ ਨਹੀਂ ਹੋਈ।
      ਜੰਮੂ ਕਸ਼ਮੀਰ ਦੇ ਵਸਨੀਕ ਅਤੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਕਹਾਣੀਕਾਰ ਖ਼ਾਲਿਦ ਹੁਸੈਨ ਨੇ 'ਹੁਣ' ਮੈਗਜ਼ੀਨ ਲਈ ਅਕਤੂਬਰ ਨਵੰਬਰ 2013 ਦੇ ਅੰਕ ਵਾਸਤੇ ਗੱਲਬਾਤ ਕਰਦੇ ਹੋਏ ਕਸ਼ਮੀਰ ਦੇ ਸਿੱਖ ਕਤਲੇਆਮ ਬਾਰੇ ਕੁਝ ਅਹਿਮ ਜਵਾਬ ਦਿੱਤੇ ਸਨ ;
'ਕਸ਼ਮੀਰ ਹਿੰਸਾ ਦਾ ਸਿਆਸੀ ਆਧਾਰ : ਛੱਟੀਸਿੰਘਪੁਰਾ ਦਾ ਸੱਚ'
ਹੁਣ : ''ਉਨ੍ਹੀਂ ਦਿਨੀਂ ਹੀ ਪੁਲਵਾਮਾ ਜ਼ਿਲ੍ਹੇ ਦੀ ਤਹਿਸੀਲ ਤਰਾਲ ਦੇ ਪਿੰਡ ਛੱਟੀਸਿੰਘਪੁਰਾ ਪਿੰਡ ਵਿਚ 36 ਸਿੱਖਾਂ ਦਾ ਕਤਲੇਆਮ ਹੋਇਆ ਸੀ। ਤੁਹਾਡੇ ਮੁਤਾਬਕ ਇਸ ਦਰਦਨਾਕ ਕਤਲਕਾਂਡ ਦਾ ਸੱਚ ਕੀ ਹੈ?''
ਖ਼ਾਲਿਦ : ''ਹਾਂ, ਇਹ ਸ਼ਹੀਦੀ ਕਾਂਡ ਕਸ਼ਮੀਰ ਘਾਟੀ ਦੇ ਜ਼ਿਲ੍ਹਾ ਪੁਲਵਾਮਾ ਦੀ ਤਹਿਸੀਲ ਤਰਾਲ ਵਿਚ ਹੋਇਆ ਸੀ। ਜਿਥੇ ਸਿੱਖਾਂ ਦੇ ਕਈ ਪਿੰਡ ਨੇ ਜਿਨ੍ਹਾਂ ਵਿਚ ਇਕ ਪਿੰਡ ਦਾ ਨਾਂ ਐ ਛੱਟੀਸਿੰਘਪੁਰਾ। ਕਸ਼ਮੀਰ ਦੀ ਸਿੱਖ ਸੰਗਤ ਅਤੇ ਕਸ਼ਮੀਰ ਦੇ ਮੁਸਲਮਾਨਾਂ ਦਾ ਇਹ ਇਲਜ਼ਾਮ ਐ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਭਾਰਤੀ ਫ਼ੌਜੀ ਸਨ ਜਾਂ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਮੁਖ਼ਬਰ ਤੇ ਸਰਕਾਰੀ ਖਾੜਕੂ (ਇਖ਼ਵਾਨੀ)। ਕਸ਼ਮੀਰੀ ਜਨਤਾ ਅਤੇ ਪੂਰੇ ਭਾਰਤ ਦੇ ਸਿੱਖਾਂ ਦੀ ਪੁਰਜ਼ੋਰ ਮੰਗ ਦੇ ਬਾਵਜੂਦ ਭਾਰਤ ਸਰਕਾਰ ਜਾਂ ਰਿਆਸਤੀ ਸਰਕਾਰ ਨੇ ਇਸ ਕਾਂਡ ਦੀ ਅਦਾਲਤੀ ਜਾਂਚ ਨਹੀਂ ਕਰਵਾਈ ਅਤੇ ਜਦੋਂ ਅਮਰੀਕਾ ਦਾ ਪ੍ਰਧਾਨ ਭਾਰਤ ਆਇਆ ਸੀ ਤਾਂ ਉਸ ਨੇ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਇਹ ਕਿਹਾ ਸੀ ਕਿ ”ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਛੱਟੀਸਿੰਘਪੁਰਾ ਦੇ ਸਿੱਖਾਂ ਨੂੰ ਕਿਸ ਨੇ ਮਾਰਿਐ ਪਰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾਂ ਕਿ ਉਹ ਬੇਗੁਨਾਹ ਮੇਰੇ ਕਾਰਨ ਮਰੇ ਨੇ।” ਇਹ ਗੱਲ ਕਹਿ ਕੇ ਅਮਰੀਕੀ ਪ੍ਰਧਾਨ ਨੇ ਬਹੁਤ ਕੁਝ ਕਹਿ ਦਿੱਤਾ ਸੀ।''
     ਇਹ ਸੱਚ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਮਿਥ ਕੇ ਕੀਤੇ ਸਿੱਖ ਕਤਲੇਆਮ ਦਾ ਦੋਸ਼ ਲਗਾਤਾਰ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਮੱਥੇ 'ਤੇ ਲੱਗਦਾ ਆ ਰਿਹਾ ਹੈ। ਅਮਰੀਕਾ ਦੀ ਸਾਬਕਾ ਸੈਕਟਰੀ ਆਫ ਸਟੇਟ ਮੈਡਲੀਨ ਅਲਬ੍ਰਾਈਟ ਨੇ ਆਪਣੀ ਕਿਤਾਬ THE MIGHTY AND THE ALMIGHTY ਵਿੱਚ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਸਿੱਖਾਂ ਦੇ ਕਤਲੇਆਮ ਬਾਰੇ, ਰਾਸ਼ਟਰਪਤੀ ਦੇ ਨਜ਼ਰੀਏ ਤੋਂ ਕੁਝ ਸ਼ਬਦ ਅੰਕਿਤ ਕੀਤੇ ਸਨ:
During my visit to India in 2000, some Hindu militants decided to vent their outrage by murdering thirty-eight Sikhs in cold blood. If I hadn’t made the trip, the victims would probably still be alive. If I hadn’t made the trip because I feared what religious extremists might do, I couldn’t have done my job as president of the United States. The nature of America is such that many people define themselves—or a part of themselves—in relation to it, for or against. This is part of the reality in which our leaders must operate.
        ਭਾਵ "ਮੇਰੀ ਭਾਰਤ ਫੇਰੀ ਦੌਰਾਨ ਕੁੱਝ ਹਿੰਦੂ ਦਹਿਸ਼ਤਗਰਦਾਂ ਨੇ ਅੱਠਤੀ ਸਿੱਖਾਂ ਦਾ ਕਤਲੇਆਮ ਕਰਕੇ ਆਪਣਾ ਗੁੱਸਾ ਕੱਢਣ ਦਾ ਫ਼ੈਸਲਾ ਕੀਤਾ। ਜੇ ਮੈਂ ਯਾਤਰਾ ਨਾ ਕੀਤੀ ਹੁੰਦੀ ਤਾਂ ਉਹ ਪੀੜਤ ਸ਼ਾਇਦ ਅੱਜ ਜਿਉਂਦੇ ਹੁੰਦੇ।" ਅਮਰੀਕਾ ਦੀ ਸੈਕਟਰੀ ਆਫ ਸਟੇਟ ਦੀ ਇਸ ਕਿਤਾਬ ਦੀ ਚਰਚਾ ਤੋਂ ਮਗਰੋਂ ਇੰਡੀਅਨ ਏਜੰਸੀਆਂ ਨੂੰ ਨਾਮੋਸ਼ੀ ਸਹਿਣੀ ਪਈ ਸੀ। ਬਅਦ ਵਿੱਚ ਇੰਡੀਆ ਦੇ ਤਿੱਖੇ ਪ੍ਰਤੀਕਰਮ ਕਾਰਨ ਪਬਲਿਸ਼ਰ ਹਾਰਪਰ ਕੋਲਿਨਸ ਨੇ ਇਨ੍ਹਾਂ ਟਿੱਪਣੀਆਂ ਵਾਲੇ ਕਿਤਾਬ ਦੇ ਅੰਤਰਰਾਸ਼ਟਰੀ ਸੰਸਕਰਨਾਂ ਵਿੱਚੋਂ HINDU MILITANTS ਹਿੰਦੂ ਅੱਤਵਾਦੀ ਹਟਾ ਕੇ ANGRY RADICALS ਭਾਵ 'ਕਰੋਧੀ ਕੱਟੜਪੰਥੀ' ਦੇ ਸ਼ਬਦ ਵਿੱਚ ਬਦਲ ਦਿੱਤਾ ਸੀ, ਪਰ ਇਸ ਨਾਲ ਸਿੱਖਾਂ ਦੇ ਕਤਲੇਆਮ ਦੇ ਦੋਸ਼ ਨਹੀਂ ਮਿਟੇ।
     ਭਾਰਤੀ ਅਧਿਕਾਰੀਆਂ ਨੇ ਕਸ਼ਮੀਰ ਦੇ 5 ਕਥਿਤ ਸ਼ੱਕੀ ਮੁਸਲਿਮ ਨੌਜਵਾਨਾਂ ਦਾ 'ਪਥਰੀਬਲ' ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ, ਛੱਟੀਸਿੰਘਪੁਰਾ ਦੇ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਉਂਦਿਆਂ, ਉਨ੍ਹਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਸਨ। ਇਸ ਦੇ ਖਿਲਾਫ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਵੱਲੋਂ ਜ਼ਬਰਦਸਤ ਮੁਜ਼ਾਹਰੇ ਹੋਏ, ਜਿਨ੍ਹਾਂ 'ਤੇ ਗੋਲੀ ਵਰ੍ਹਾਉਂਦਿਆਂ ਪੁਲਿਸ ਨੇ 9 ਹੋਰ ਬੇਗੁਨਾਹਾਂ ਦੀਆਂ ਜਾਨਾਂ ਲਈਆਂ। ਇਸ ਤਰ੍ਹਾਂ ਇਸ ਕਤਲੇਆਮ ਦੇ ਘਟਨਾਕ੍ਰਮ ਵਿੱਚ 50 ਵਿਅਕਤੀਆਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ, ਜੋ ਕਿ ਬਿਲਕੁਲ ਬੇਕਸੂਰ ਸਨ।
     ਭਾਰਤ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਇਹ ਸੱਚਾਈ ਸਾਹਮਣੇ ਆਈ ਕਿ ਮਾਰੇ ਗਏ 5 ਮੁਸਲਮਾਨ ਨੌਜਵਾਨ ਨਿਰਦੋਸ਼ ਸਨ। ਇਸ ਘਟਨਾਕ੍ਰਮ ਮਗਰੋਂ ਝੂਠਾ ਮੁਕਾਬਲਾ ਬਣਾਉਣ ਵਾਲੇ ਸੁਰੱਖਿਆ ਬਲਾਂ ਖਿਲਾਫ ਸੱਚ ਸਾਹਮਣੇ ਆਇਆ ਅਤੇ ਦੋਸ਼ੀ ਸਾਬਤ ਹੋਏ, ਪਰ ਇਸ ਦੇ ਨਾਲ ਮਾਰੇ ਗਏ ਬੇਕਸੂਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਗੰਭੀਰ ਸਵਾਲ ਅਜੇ ਵੀ ਹਵਾ ਵਿੱਚ ਲਟਕਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਫੇਰੀ ਦੌਰਾਨ ਜਿਹੜਾ ਅਕਸ ਪੇਸ਼ ਕੀਤਾ ਗਿਆ, ਉਸ ਰਾਹੀਂ ਇੱਕ ਘੱਟ ਗਿਣਤੀ (ਸਿੱਖਾਂ) ਦੇ ਲੋਕਾਂ ਦਾ ਕਤਲੇਆਮ ਕਰਕੇ ਅਤੇ ਦੂਜੀ ਘੱਟ ਗਿਣਤੀ (ਮੁਸਲਮਾਨਾਂ) ਦੇ ਲੋਕਾਂ ਨੂੰ ਦੋਸ਼ੀ ਠਹਿਰਾ ਕੇ, ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ਰਮਨਾਕ ਵਰਤਾਰਾ ਏਜੰਸੀਆਂ ਦੀ ਗਹਿਰੀ ਚਾਲ ਸੀ।
         ਛੱਟੀਸਿੰਘਪੁਰਾ ਦੇ ਕਤਲੇਆਮ ਤੋਂ  20 ਸਾਲ ਮਗਰੋਂ ਸੰਨ  2020 ਵਿੱਚ, ਅਮਰੀਕਨ ਰਾਸ਼ਟਰਪਤੀ ਟਰੰਪ ਭਾਰਤ ਦੀ ਫੇਰੀ 'ਤੇ ਗਿਆ। ਘੱਟ ਗਿਣਤੀਆਂ ਅੰਦਰ ਡਰ ਹੁਣ ਵੀ ਬਰਕਰਾਰ ਸੀ ਕਿ ਅਜਿਹੀਆਂ ਹੱਤਿਆਵਾਂ ਰਾਜਨੀਤਕ ਲੋਕਾਂ ਲਈ ਕੋਈ ਨਵੀਂ ਚੀਜ਼ ਨਹੀਂ ਅਤੇ ਫਾਸ਼ੀਵਾਦੀ ਤਾਕਤਾਂ, ਏਜੰਸੀਆਂ ਅਤੇ ਸਰਕਾਰਾਂ ਕੁਝ ਵੀ ਕਰਵਾ ਸਕਦੀਆਂ ਹਨ। ਟਰੰਪ ਦੇ ਭਾਰਤ ਜਾਣ 'ਤੇ ਵੀ ਉਹੀ ਕੁਝ ਹੋਇਆ, ਜਿਸ ਦਾ ਡਰ ਸੀ। ਸ਼ਾਹੀਨ ਬਾਗ ਦਿੱਲੀ ਵਿੱਚ ਸ਼ਾਂਤਮਈ ਰੋਸ ਪ੍ਰਗਟਾ ਰਹੇ ਮੁਸਲਮਾਨਾਂ ਖਿਲਾਫ ਹਿੰਸਾ ਅਤੇ ਫੇਰ ਘੱਟ -ਗਿਣਤੀ ਨੂੰ ਹੀ ਦੋਸ਼ੀ ਠਹਿਰਾਉਣਾ। ਦੋਵੇਂ ਵਾਰ ਅਮਰੀਕਾ ਦੇ ਰਾਸ਼ਟਰਪਤੀ ਫੇਰੀ 'ਤੇ ਅਤੇ ਦੋਵੇਂ ਵਾਰ ਬੀਜੇਪੀ ਸਰਕਾਰ। ਦਿੱਲੀ ਫੇਰ ਜਲ ਰਹੀ ਸੀ, ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਸਨ। ਇਸ ਵਾਰ ਨਸਲੀ ਹਮਲਿਆਂ ਦਾ ਸ਼ਿਕਾਰ ਘੱਟ-ਗਿਣਤੀ ਮੁਸਲਮਾਨ ਹੋ ਰਹੇ ਸਨ।'ਛੱਟੀਸਿੰਘਪੁਰਾ ਦਾ ਕਤਲੇਆਮ' ਇਨਸਾਫ਼ -ਪਸੰਦ ਜਥੇਬੰਦੀਆਂ ਨੂੰ ਅੱਗੇ ਆ ਕੇ, ਬੇਕਸੂਰਾਂ ਦੇ ਕਤਲੇਆਮ ਖ਼ਿਲਾਫ਼ ਆਵਾਜ਼ ਉਠਾਉਣ ਲਈ ਸੱਦਾ ਦਿੰਦਾ ਹੈ। ਜੇ ਅਜਿਹੀਆਂ ਜ਼ਾਲਮਾਨਾ ਤਾਕਤਾਂ ਖ਼ਿਲਾਫ਼ ਲੋਕ ਇਕੱਠੇ ਨਾ ਹੋਏ, ਤਾਂ ਅਜਿਹੇ ਖੂਨੀ ਸਾਕੇ ਸਦਾ ਹੀ ਦੁਹਰਾਏ ਜਾਂਦੇ ਰਹਿਣਗੇ।
        ਜੇਕਰ 1984 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਅਗਵਾਈ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ, ਤਾਂ ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਮੌਕੇ ਮੁਸਲਿਮ ਕਤਲੇਆਮ ਨਾ ਹੁੰਦਾ ਅਤੇ ਜੇ ਗੁਜਰਾਤ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ, ਤਾਂ ਇਹ ਮਾਡਲ ਅੱਜ ਭਾਰਤ ਦੇ ਕੋਨੇ-ਕੋਨੇ ਵਿੱਚ ਨਾ ਦੁਹਰਾਇਆ ਜਾਂਦਾ। ਛੱਟੀਸਿੰਘਪੁਰਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਵੀ ਇਸੇ ਕੌੜੀ ਹਕੀਕਤ ਨੂੰ ਬਿਆਨ ਕਰਦਾ ਹੈ। ਜਦੋਂ ਤੱਕ ਲੋਕ ਚੁੱਪ ਰਹਿਣਗੇ, ਉਦੋਂ ਤੱਕ ਫਾਸ਼ੀਵਾਦੀ ਤਾਕਤਾਂ ਜ਼ੁਲਮ ਕਰਦੀਆਂ ਰਹਿਣਗੀਆਂ। ਕਸ਼ਮੀਰ ਘਾਟੀ ਦੇ ਸਿੱਖਾਂ ਵੱਲੋਂ ਲਗਾਤਾਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਛੱਟੀਸਿੰਘਪੁਰਾ ਦਾ ਕਤਲੇਆਮ ਭਾਰਤੀ ਫ਼ੌਜੀਆਂ ਜਾਂ ਉਨ੍ਹਾਂ ਅਧੀਨ ਕੰਮ ਕਰਨ ਵਾਲੇ ਮੁਖ਼ਬਰਾਂ ਤੇ ਸਰਕਾਰੀ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਨੂੰ ਡਰਾਉਣ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਰਵਾਇਆ ਗਿਆ, ਜਿਸ ਦੀ ਕਦੇ ਵੀ ਭਾਰਤ ਸਰਕਾਰ ਜਾਂ ਸੂਬਾਈ ਸਰਕਾਰ ਵੱਲੋਂ, ਜਾਣ ਬੁੱਝ ਕੇ ਜਾਂਚ ਨਹੀਂ ਕਰਵਾਈ ਗਈ।
        ਇੱਥੇ ਇਹ ਵੀ ਦੱਸਣਯੋਗ ਹੈ ਕਿ ਕਦੇ ਸਿੱਖ ਰਾਜ ਦਾ ਹਿੱਸਾ ਰਹੀ ਭਾਰਤ ਦਾ ਸਵਰਗ ਕਹੀ ਜਾਣ ਵਾਲੀ ਕਸ਼ਮੀਰ ਘਾਟੀ ਭਿਆਨਕ ਹਿੰਸਾ ਦੀ ਲਪੇਟ ਵਿੱਚ ਹੈ। ਕਸ਼ਮੀਰ ਦੀ ਧਰਤੀ 'ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਅਗਵਾਈ ਵਿੱਚ ਕਸ਼ਮੀਰੀ ਅਵਾਮ ਸ਼ਾਂਤਮਈ ਸੁਖੀ ਜੀਵਨ ਬਸਰ ਕਰ ਰਿਹਾ ਸੀ। ਜਦੋਂ ਡੋਗਰੇ ਭਰਾਵਾਂ ਦੀ ਗੱਦਾਰੀ ਤੇ ਸਾਜਿਸ਼ਾਂ ਕਾਰਣ ਸਿੱਖ ਰਾਜ ਅੰਗਰੇਜ਼ਾਂ ਵੱਲੋਂ ਧੋਖੇ ਨਾਲ ਖੋਹ ਲਿਆ ਗਿਆ ਤਾਂ 16 ਮਾਰਚ 1846 ਨੂੰ ਅੰਗਰੇਜ ਹਕੂਮਤ ਨੇ ਗ਼ੁਲਾਬ ਸਿੰਹੁ ਡੋਗਰੇ ਨੂੰ ਕਸ਼ਮੀਰ 68 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ, ਜਿਸ ਉਪਰੰਤ ਉੱਥੇ ਵੱਸਦੇ ਸਿੱਖਾਂ ਦੀਆਂ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਗਿਆ।
     ਸੱਚ ਤਾਂ ਇਹ ਹੈ ਕਿ ਕਸ਼ਮੀਰ ਘਾਟੀ ਵਿੱਚ ਹੋਏ ਛੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਲਈ ਤਤਕਾਲੀ ਭਾਰਤ ਸਰਕਾਰ ਤਾਂ ਦੋਸ਼ੀ ਹੈ ਹੀ, ਪਰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਵੀ ਦੋਸ਼-ਮੁਕਤ ਨਹੀਂ ਹੋ ਸਕਦੇ, ਜਿਨ੍ਹਾ ਜੇ ਇਹ ਮੰਨ ਲਿਆ ਸੀ ਕਿ ਉਨ੍ਹਾਂ ਦੇ ਭਾਰਤ ਜਾਣ ਕਾਰਨ ਬੇਗੁਨਾਹ ਸਿੱਖ ਮਾਰੇ ਗਏ ਸਨ, ਤਾਂ ਫਿਰ ਅਜਿਹੇ ਕਤਲੇਆਮ ਦੀ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ? ਛੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਦਾ ਕਲੰਕ ਭਾਰਤ ਦੀ ਵਾਜਪਾਈ ਸਰਕਾਰ ਅਤੇ ਅਮਰੀਕਾ ਦੀ ਕਲਿੰਟਨ ਸਰਕਾਰ ਦੇ ਮੱਥੇ ਤੋਂ ਕਦੇ ਨਹੀਂ ਮਿਟੇਗਾ।
      ਛੱਟੀਸਿੰਘਪੁਰਾ ਸਿੱਖ ਕਤਲੇਆਮ ਦੇ 25ਵੇਂ ਵਰ੍ਹੇ ਤੇ ਸਿੱਖਸ ਫਾਰ ਜਸਟਿਸ ਦੇ ਜਰਨਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਭਾਰਤੀ ਫ਼ੌਜੀ ਅਧਿਕਾਰੀ ਦੀ ਗਵਾਹੀ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਸਿੱਖ ਕਤਲੇਆਮ ਪਿੱਛੇ ਅਜੀਤ ਡੋਵਾਲ ਸੀ। ਮੀਡੀਆ ਰਿਲੀਜ਼ ਰਾਹੀਂ ਵਕੀਲ ਪੰਨੂੰ ਨੇ ਦਾਅਵਾ ਕੀਤਾ ਹੈ ਕਿ ਛੱਟੀਸਿੰਘਪੁਰਾ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਵਾਲਾ 'ਕੈਪਟਨ ਰਾਠੌਰ' ਭਗੌੜਾ ਹੋ ਗਿਆ, ਕਿਉਂਕਿ ਉਸਦੇ ਸਾਰੇ ਨਾਲ ਦੇ ਸਾਥੀ ਇੱਕ-ਇੱਕ ਕਰ ਕਰਕੇ ਮਾਰ ਦਿੱਤੇ ਗਏ। 'ਕੈਪਟਨ ਰਾਠੌਰ' ਖੁਦ ਇਸ ਵੀਡੀਓ ਵਿੱਚ ਦੱਸਦਾ ਹੈ ਕਿ ਕਿਵੇਂ ਉਹ ਯੂਰਪ ਹੁੰਦਾ ਹੋਇਆ ਅਮਰੀਕਾ ਪੁੱਜਾ। “ਗਵਾਹਾਂ ਦੀ ਕਤਲੋਗਾਰਤ ਤਹਿਤ, ਮੇਰੀ ਫੌਜੀ ਟੁਕੜੀ ਦੇ ਹਰ ਫ਼ੌਜੀ ਨੂੰ ਯੋਜਨਾਬੱਧ ਤਰੀਕੇ ਨਾਲ ਕਤਲ ਕਰ ਦਿੱਤਾ ਸੀ, ਸਿਰਫ ਮੈਂ ਹੀ ਬਚਿਆ ਹਾਂ” ਭਾਰਤੀ 'ਕੈਪਟਨ ਰਾਠੌਰ' ਵੀਡੀਓ ਵਿੱਚ ਕਬੂਲ ਕਰਦਾ ਹੈ ਕਿ ਉਹ ਉਸ ਟੁਕੜੀ ਨੂੰ ਲੀਡ ਕਰ ਰਿਹਾ ਸੀ, ਜਿਸਨੇ ਬੇਰਹਮੀ ਨਾਲ ਛੱਟੀਸਿੰਘਪੁਰਾ ਵਿੱਚ ਸਿੱਖਾਂ ਨੂੰ ਕਤਲ ਕੀਤਾ ਸੀ।
     ਭਾਰਤੀ ਫ਼ੌਜੀ ਅਧਿਕਾਰੀ ਇਸ ਵੀਡੀਓ ਵਿੱਚ ਦੱਸਦਾ ਹੈ ਕਿ ਸਿੱਖ ਕਤਲੇਆਮ ਦੀ ਵਿਉਂਤਬੰਦੀ ਰਾਸ਼ਟਰੀ ਰਾਇਫਲ ਹੈੱਡਕੁਆਟਰ ਵਿਚ ਕੀਤੀ ਗਈ ਸੀ। ⁠ਸਿੱਖ ਕਤਲੇਆਮ ਦਾ ਹੁਕਮ ਬ੍ਰਿਗੇਡੀਅਰ ਜੈ.ਐੱਸ ਵੱਲੋਂ ਦਿੱਤਾ ਗਿਆ ਸੀ। ⁠ਇਸ ਹਮਲੇ ਪਿੱਛੇ ਭਾਰਤ ਦਾ ਹੱਥ ਲੁਕਾਉਣ ਲਈ ਫ਼ੌਜ ਵੱਲੋਂ 5 ਬੇਕਸੂਰ ਕਸ਼ਮੀਰੀਆਂ ਨੂੰ 'ਪਾਕਿਸਤਾਨੀ ਅਤਿਵਾਦੀ' ਦੱਸ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਨੂੰ 2006 ਵਿੱਚ ਸੀ.ਬੀ.ਆਈ ਨੂੰ ਝੂਠਾ ਮੁਕਾਬਲਾ ਐਲਾਨ ਦਿੱਤਾ ਸੀ। ਵਕੀਲ ਪੰਨੂੰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਇਹ ਹਮਲਾ ਕਰਕੇ ਅਤੇ ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨ ਕੇ, ਅਮਰੀਕਾ ਦੀ ਕਸ਼ਮੀਰ ਦੇ ਮਸਲੇ 'ਤੇ ਭਾਰਤ ਦੇ ਪੱਖ ਵਿੱਚ, ਸਹਿਮਤੀ ਲੈਣ ਦੀ ਸਾਜਿਸ਼ ਸੀ। ਉਹਨਾਂ ਦੀ ਮੰਗ ਹੈ ਕਿ ਸਰਕਾਰੀ ਅਤਿਵਾਦ ਫੈਲਾਉਣ ਲਈ ਹੁਣ ਗਲੋਬਲ ਇੰਟੈਲੀਜੈਂਸ ਕਮਿਉਨਟੀ ਡੋਬਾਲ ਅਤੇ ਭਾਰਤ ਨੂੰ ਜਵਾਬਦੇਹ ਕਰੇ।
     ਦਿਲਚਸਪ ਗੱਲ ਹੈ ਕਿ ਜਦੋਂ ਸਿਖਸ ਫਾਰ ਜਸਟਿਸ ਵੱਲੋਂ ਸਿੱਖ ਕਤਲੇਆਮ ਇਨਸਾਫ ਦੀ ਮੰਗ ਕੀਤੀ ਗਈ ਹੈ, ਉਸੇ ਹੀ ਮੌਕੇ ਦਿੱਲੀ ਵਿੱਚ ਭਾਰਤ ਸਰਕਾਰ ਨੇ ਅਮਰੀਕਾ ਦੀ ਇੰਟੈਲੀਜਂਸ ਡਾਇਰੈਕਟਰ ਤੁਲਸੀ ਗਵਾਰਡ ਨੂੰ ਸਿਖਸ ਫਾਰ ਜਸਟਿਸ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ। ਇਸ ਮੌਕੇ 'ਤੇ ਚਾਹੀਦਾ ਸੀ ਕਿਇੰਟੈਲੀਜੈਂਸ ਮੁਖੀ ਤੁਲਸੀ ਗਵਾਰਡ ਛੱਟੀਸਿੰਘਪੁਰਾ ਦੇ ਕਤਲੇਆਮ ਦੇ ਲਈ ਭਾਰਤ ਸਰਕਾਰ ਨੂੰ ਸਵਾਲ ਕਰਦੀ, ਪਰ ਦੁਖਦਾਈ ਗੱਲ ਇਹ ਹੈ ਤੁਲਸੀ ਗਵਾਰਡ ਨੇ ਅਜਿਹਾ ਨਹੀਂ ਕੀਤਾ। ਅੱਜ ਲੋੜ ਹੈ ਕਿ ਅਮਰੀਕਨ ਰਾਸ਼ਟਰਪਤੀ ਟਰੰਪ ਇਸ ਮਾਮਲੇ 'ਚ ਚੁੱਪ ਤੋੜਨ ਅਤੇ ਸਿੱਖ ਕਤਲੇਆਮ ਦੇ ਮੁੱਦੇ ਤੇ ਅਮਰੀਕਾ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਭਾਰਤ ਨੂੰ ਜਵਾਬਦੇਹ ਕਰਨ। ਅਮਰੀਕਾ ਵਿੱਚ ਸਿੱਖ ਜਥੇਬੰਦੀਆਂ' ਨੂੰ ਵੀ, ਇਸ ਮਸਲੇ 'ਤੇ ਇੱਕ-ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਡਾ ਗੁਰਵਿੰਦਰ ਸਿੰਘ
604-825-1550 

ਜਦੋਂ ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਸੋਧਿਆ... - ਡਾ.  ਗੁਰਵਿੰਦਰ ਸਿੰਘ

ਲੰਡਨ ਨੇ ਕੀਤੇ ਸਦਾ, ਹਮਲੇ ਤਾਬੜਤੋੜ।
ਲੰਡਨ ਜਾ ਕੇ ਸ਼ੇਰ ਨੇ, ਭਾਜੀ ਦਿੱਤੀ ਮੋੜ।
ਮੇਰੇ ਲਈ ਉਹ ਪਲ ਇਤਿਹਾਸਕ ਸਨ, ਜਦੋਂ ਲੰਡਨ ਦੇ  ਕੈਕਸਟਨ ਹਾਲ ਦੀ ਜਗ੍ਹਾ 'ਤੇ ਜਾਣ ਦਾ ਸੁਭਾਗ ਮਿਲਿਆ, ਜਿੱਥੇ ਸ਼ਹੀਦ ਊਧਮ ਸਿੰਘ ਨੇ 13 ਮਾਰਚ 1940 ਨੂੰ ਓਡਵਾਇਰ ਨੂੰ ਸੋਧਿਆ ਸੀ। ਚਾਹੇ ਉਸ ਜਗ੍ਹਾ 'ਤੇ ਸ਼ਹੀਦ ਊਧਮ ਸਿੰਘ ਦੀ ਕੋਈ ਯਾਦਗਾਰ ਸਥਾਪਤ ਨਹੀਂ ਹੋ ਸਕੀ, ਪਰ ਉਥੇ ਜਾ ਕੇ ਜੋ ਮਨ ਦੇ ਵਲਵਲੇ ਸਨ, ਉਹ ਇਸ ਵੀਡੀਓ ਰਾਹੀਂ ਕੀਤੇ ਹਨ। ਸਰਦਾਰ ਊਧਮ ਸਿੰਘ ਇਤਿਹਾਸ ਦਾ ਅਜਿਹਾ ਮਹਾਨ ਯੋਧਾ ਹੋਇਆ ਹੈ, ਜਿਸਨੇ ਗ਼ੁਲਾਮੀ ਦੀਆਂ ਜੰਜੀਰਾਂ ਤੋੜਨ ਅਤੇ ਬੇਗੁਨਾਹ ਲੋਕਾਂ ਦੇ ਸਮੂਹਿਕ ਕਤਲੇਆਮ ਖਿਲਾਫ਼, ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਇਆ। 26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਨਗਰ ਦੇ ਗਰੀਬ ਪਰਿਵਾਰ 'ਚ ਜਨਮੇ ਊਧਮ ਸਿੰਘ (ਪਹਿਲਾਂ ਨਾਂ ਸ਼ੇਰ ਸਿੰਘ) ਬਚਪਨ ਵਿੱਚ ਹੀ ਮਾਤਾ ਅਤੇ ਪਿਤਾ ਦੇ ਦੇਹਾਂਤ ਮਗਰੋਂ 24 ਅਕਤੂਬਰ 1907 ਵਿੱਚ ਸੈਂਟਰਲ ਸਿੱਖ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਤੇ ਇਥੋਂ ਹੀ ਸਿੱਖੀ ਜੀਵਨ, ਸੇਵਾ ਤੇ ਸ਼ਹਾਦਤ ਦੀ ਪ੍ਰੇਰਨਾ ਲੈ ਕੇ ਵੱਡੇ ਹੋਏ।
   ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੌਰਾਨ ਮਨੁੱਖਤਾ ਦੇ ਡੁੱਲ੍ਹੇ ਲਹੂ ਦਾ ਹਿਸਾਬ ਚੁਕਾਉਣ ਲਈ ਊਧਮ ਸਿੰਘ ਨੇ 21 ਸਾਲ ਮਗਰੋਂ, 13 ਮਾਰਚ 1940 ਨੂੰ ਲੰਡਨ ਵਿੱਚ ਕੈਕਸਟਨ ਹਾਲ ਚ ਪਹੁੰਚ ਕੇ ਜ਼ਾਲਮ ਓਡਵਾਇਰ ਨੂੰ ਸੋਧਿਆ। ਸਿਤਮਜ਼ਰੀਫੀ ਇਹ ਸੀ ਕਿ ਇਕ ਪਾਸੇ ਪਟਿਆਲੇ ਵਾਲਾ ਰਾਜਾ ਤੇ ਮਜੀਠੀਏ ਡਾਇਰ-ਓਡਵਾਇਰ ਆਦਿ  ਨੂੰ ਦਾਅਵਤਾਂ ਦੇ ਰਹੇ ਸੀ, ਦੂਜੇ ਪਾਸੇ ਸ਼ਹੀਦ ਊਧਮ ਸਿੰਘ ਜਾਨ ਦੀ ਬਾਜ਼ੀ ਲਾ ਕੇ ਉਡਵਾਇਰ ਨੂੰ ਸੋਧਣ ਲਈ ਤੱਤਪਰ ਸੀ। ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਨੇ 31 ਜੁਲਾਈ 1940 ਨੂੰ ਲੰਡਨ 'ਚ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹੀਦੀ ਪਾਈ। ਸ਼ਹੀਦ ਊਧਮ ਸਿੰਘ ਸਭ ਤੋਂ ਪਹਿਲਾਂ ਗੁਰਬਾਣੀ ਤੋਂ ਪ੍ਰਭਾਵਿਤ ਸੀ, ਫਿਰ ਉਸ ਨੇ ਗ਼ਦਰ ਲਹਿਰ ਤੋਂ ਅਤੇ ਉਸਤੋਂ ਮਗਰੋਂ ਬੱਬਰ ਅਕਾਲੀ ਲਹਿਰ ਤੋ ਵੀ ਪ੍ਰਭਾਵ ਕਬੂਲਿਆ।ਉਸ ਦੀ ਸ਼ਖਸ਼ੀਅਤ ਉਪਰ ਸ਼ਹੀਦ ਭਗਤ ਸਿੰਘ ਦਾ ਡੂੰਘਾ ਅਸਰ ਸੀ।
       ਸ਼ਹੀਦ ਊਧਮ ਸਿੰਘ ਨੇ ਆਪਣੇ ਪੱਤਰਾਂ ਵਿਚ ਆਰੰਭ ਇਕ ਓਂਕਾਰ ਨਾਲ ਕੀਤਾ ਅਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਦੀਆਂ ਤੁਕਾਂ ਵੀ ਅੰਕਿਤ ਕੀਤੀਆਂ। ਜੇਲ੍ਹ ਚੋਂ ਉਸਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੱਤਰ ਵੀ ਲਿਖਿਆ ਕਿ ਉਸ ਨੂੰ ਗੁੱਟਕਾ ਸਾਹਿਬ ਭੇਜੇ ਜਾਣ। ਸ਼ਹੀਦ ਊਧਮ ਸਿੰਘ ਲੰਡਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਕਸਰ ਲੰਗਰ ਦੀ ਸੇਵਾ ਕਰਦਾ। ਸਟਾਕਟਨ ਵਿਖੇ ਵੀ ਉਸ ਦਾ ਗੁਰਦੁਆਰਾ ਸਾਹਿਬ ਜੇ ਗ੍ਰੰਥੀ ਸਿੰਘ ਨਾਲ ਡੂੰਘਾ ਪਿਆਰ ਸੀ ਅਤੇ ਉਸ ਨੂੰ ਲਿਖੀਆਂ ਚਿੱਠੀਆਂ ਵੀ ਮਿਲਦੀਆਂ ਹਨ। ਅਦਾਕਾਰੀ ਦੇ ਸ਼ੌਕ ਅਧੀਨ ਉਸ ਨੇ ਇੰਗਲੈਂਡ ਵਿੱਚ ਦੋ ਫ਼ਿਲਮਾਂ ਐਲੀਫੈਂਟ ਦਾ ਥੀਫ ਆਫ ਬਗਦਾਦ ਆਦਿ  ਵਿੱਚ ਵੀ ਕੰਮ ਕੀਤਾ, ਜਿਸ ਦੀਆਂ ਤਸਵੀਰਾਂ ਮਿਲਦੀਆਂ ਹਨ।
          ਸ਼ਹੀਦ  ਊਧਮ ਸਿੰਘ ਦੇ ਅਨੇਕਾਂ ਨਾਵਾਂ 'ਚੋਂ ਇੱਕ ਖ਼ਾਸ ਨਾਮ "ਮੁਹੰਮਦ ਸਿੰਘ ਆਜ਼ਾਦ" ਸੀ, ਪਰ ਆਰੀਆ ਸਮਾਜ ਵਰਗੀਆਂ ਸੰਸਥਾਵਾਂ ਵੱਲੋਂ ਹਿੰਦੂਤਵੀ ਅਤੇ ਕਈ ਹੋਰਨਾਂ ਵਲੋਂ ਅਖੌਤੀ ਸੈਕੁਲਰ ਏਜੰਡੇ ਤਹਿਤ ਨਾਂ ਪ੍ਰਚੱਲਤ ਕਰ ਦਿੱਤਾ ਗਿਆ ਹੈ, ''ਰਾਮ ਮੁਹੰਮਦ ਸਿੰਘ ਆਜ਼ਾਦ''। ਪਹਿਲਾਂ ਆਰੀਆ ਸਮਾਜੀ ਅਤੇ ਅਖੌਤੀ ਸੇਕੁਲਰ ਤੇ ਅੱਜ ਕੱਲ੍ਹ ਫਾਸ਼ੀਵਾਦੀ ਅਤੇ RSS ਏਜੰਡੇ ਅਨੁਸਾਰ "ਰਾਮ ਮੁਹੰਮਦ  ਸਿੰਘ ਆਜ਼ਾਦ" ਪ੍ਰਚਾਰਿਆ ਜਾ ਰਿਹਾ ਹੈ, ਜੋ ਕਿ ਗ਼ਲਤ ਹੈ। ਸ਼ਹੀਦ ਊਧਮ ਸਿੰਘ ਨੇ ਜਦ ਖੁਦ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਲਿਖਿਆ ਹੈ, ਤਾਂ ਸਾਨੂੰ ਕੀ ਹੱਕ ਹੈ ਉਸ ਦਾ ਨਾਮ ਵਿਗਾੜਨ ਦਾ? ਮਹਾਨ ਯੋਧੇ ਸ਼ਹੀਦ ਊਧਮ ਸਿੰਘ ਬਨਾਮ ਮੁਹੰਮਦ ਸਿੰਘ ਆਜ਼ਾਦ ਨੂੰ ਇਹ 'ਕਾਵਿ-ਬੰਦ' ਸਮਰਪਿਤ ਕਰ ਰਹੇ ਹਾਂ, ਜੋ ਇਸ ਮਹਾਨ ਯੋਧੇ ਵੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਬਸਤੀਵਾਦ ਦਾ ਕਿਲਾ ਢਾਹੁਣ ਦੀ ਗਵਾਹੀ ਭਰਦੇ ਹਨ:
ਲੰਡਨ ਬਸਤੀਵਾਦ ਦਾ, ਜਦ ਹੁੰਦਾ ਸੀ ਗੜ੍ਹ।
ਊਧਮ ਸਿੰਘ ਸਰਦਾਰ ਨੇ, ਤਦ ਭੰਨੀ ਸੀ ਤੜ।

ਨਹੀਂਉਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ! - ਡਾ. ਗੁਰਵਿੰਦਰ ਸਿੰਘ

ਕੈਨੇਡਾ ਵਸਦੀਆਂ ਸਾਹਿਤਕ ਸ਼ਖਸੀਅਤਾਂ ਦਾ ਸਦੀਵੀ ਵਿਛੋੜਾ
ਪੰਜਾਬੀ ਸਾਹਿਤ ਦਾ ਅਨਮੋਲ ਮੋਤੀ ਹਰਜੀਤ 'ਦੌਧਰੀਆ'
ਜਦੋਂ ਦਾ 2025 ਸਾਲ ਚੜਿਆ ਹੈ, ਉਦੋਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਅਨਮੋਲ ਲਾਲ ਇੱਕ-ਇੱਕ ਕਰਕੇ ਸੰਸਾਰ ਤੋਂ ਕੂਚ ਕਰ ਰਹੇ ਹਨ। 11 ਮਾਰਚ ਦਿਨ ਮੰਗਲਵਾਰ ਨੂੰ ਸਰੀ ਮੈਮੋਰੀਅਲ ਹਸਪਤਾਲ 'ਚ ਪੰਜਾਬੀ ਦੇ ਜਾਣੇ-ਪਛਾਣੇ ਲੇਖਕ ਅਤੇ ਸਮਾਜਕ ਕਾਰਕੁੰਨ ਹਰਜੀਤ ਦੌਧਰੀਆ ਦੇ ਗੁਜ਼ਰ ਜਾਣ ਦੀ ਖਬਰ ਮਿਲੀ। ਉਹਨਾਂ ਦੀ ਪਤਨੀ ਕਾਫੀ ਸਮਾਂ ਪਹਿਲਾਂ ਗੁਜ਼ਰ ਚੁੱਕੇ ਹਨ, ਜਦ ਕਿ ਲੜਕਾ ਲੰਡਨ ਰਹਿੰਦਾ ਹੈ ਅਤੇ ਦੋ ਧੀਆਂ ਵਿੱਚੋਂ ਇੱਕ ਟੋਰਾਂਟੋ ਅਤੇ ਦੂਜੀ ਵੈਨਕੂਵਰ ਰਹਿੰਦੀ ਹੈ। ਖਿੜੇ-ਮੱਥੇ ਮਿਲਣ ਵਾਲੇ, ਹਾਸਿਆਂ-ਮਜ਼ਾਕਾਂ 'ਚ ਰਮਜ਼ ਭਰੀਆਂ ਗੱਲਾਂ ਕਰਨ ਵਾਲੇ ਅਤੇ ਗੰਭੀਰ ਚਿੰਤਨ ਦੀ ਸੋਚ ਦੇ ਮਾਲਕ ਹਰਜੀਤ ਦੌਧਰੀਆ' ਨੇ ਲੰਮਾ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕੀਤਾ। ਚਾਹੇ ਉਹ 94 ਵਰਿਆਂ ਦੀ ਰਜਵੀਂ ਉਮਰ ਭੋਗ ਕੇ ਜਹਾਨੋਂ ਗਏ, ਪਰ ਉਹਨਾਂ ਦਾ ਵਿਛੋੜਾ ਨਿਜੀ ਘਾਟਾ ਮਹਿਸੂਸ ਹੋ ਰਿਹਾ ਹੈ। ਹਰਜੀਤ ਦੌਧਰੀਆ ਦਾ ਜਨਮ 8 ਜੂਨ 1931 ਨੂੰ ਜਿਲ੍ਹਾ ਮੋਗਾ ਦੇ ਪਿੰਡ 'ਦੌਧਰ' ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਪਾਲ ਸਿੰਘ ਅਤੇ ਮਾਤਾ ਦਾ ਨਾਂ ਗੁਰਚਰਨ ਕੌਰ ਸੀ।
ਉਨ੍ਹਾਂ ਨੇ ਆਪਣੀ ਮੁਢਲੀ ਪਡ਼੍ਹਾਈ ਆਪਣੇ ਪਿੰਡ ਦੌਧਰ ਅਤੇ ਨਾਨਕੇ ਪਿੰਡ ਚੂਹੜਚੱਕ ਤੋਂ ਕੀਤੀ ਅਤੇ ਮਗਰੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀ ਐੱਸ ਸੀ ਕੀਤੀ। ਬੀ ਐੱਸ ਸੀ ਕਰਨ ਤੋਂ ਬਾਅਦ ਉਨ੍ਹਾਂ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਸਰਕਾਰੀ ਸੇਵਾ ਕੀਤੀ। ਮੌਜੀ ਸੁਭਾਅ ਦੇ ਮਾਲਕ ਹਰਜੀਤ ਦੌਧਰੀਆ ਕੁਝ ਸਮਾਂ ਮਗਰੋਂ ਨੌਕਰੀ ਛੱਡ ਕੇ, ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਵਿੱਚ ਖੇਤੀ ਕਰਨ ਲੱਗੇ। 1962 ਵਿੱਚ ਪ੍ਰੀਤ ਨਗਰ ਛੱਡ ਕੇ ਦੌਦਰੀਆ ਸਾਹਿਬ ਨੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਨ੍ਹਾਂ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜ ਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ। ਇਸ ਤੋਂ ਮਗਰੋਂ ਵਲੈਤ ਵੱਲ ਕੂਚ ਕਰ ਲਿਆ ਤੇ 1967 ਵਿੱਚ ਉਹ ਇੰਗਲੈਂਡ ਆ ਗਏ।
ਹਰਜੀਤ ਦੌਧਰੀਆ ਨੇ ਇੰਗਲੈਂਡ ਆ ਕੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਇਥੋਂ ਹੀ ਉਹਨਂ ਦੇ ਨਾਂ ਨਾਲ ਪਿੰਡ ਦਾ ਨਾਂ ਦੌਧਰੀਆ ਮਸ਼ਹੂਰ ਹੋਇਆ ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ‘ਸੱਚੇ ਮਾਰਗ ਚਲਦਿਆਂ’1977 ਵਿੱਚ ਛਪੀ। ਲਿਖਣ ਦੇ ਨਾਲ-ਨਾਲ ਉਹ ਸਾਹਿਤਕ, ਸਿਆਸੀ ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦੇ। ਉਹ ‘ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ’ ਅਤੇ ‘ਪ੍ਰਗਤੀਸ਼ੀਲ ਲੇਖਕ ਸੰਘ ਗ੍ਰੇਟ ਬ੍ਰਿਟੇਨ’ ਦੇ ਸਰਗਰਮ ਮੈਂਬਰ ਰਹੇ। ਇੰਗਲੈਂਡ ਵਿੱਚ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ ਤੇ ਰਿਟਾਇਰਮੈਂਟ ਤੋਂ ਬਾਅਦ ਉਹ ਵਿੱਚ ਕੈਨੇਡਾ ਆ ਗਏ।
ਸਾਹਿਤਕ ਰੁਚੀਆਂ ਅਤੇ ਸਮਾਜਿਕ ਸਰਗਰਮੀਆਂ ਦੇ ਸੁਭਾਅ ਵਾਲੇ ਹਰਜੀਤ ਦੌਧਰੀਆ ਨੇ ਕੈਨੇਡਾ ਆ ਕੇ ਵੀ ਸਾਹਿਤਕ, ਸਮਾਜਿਕ ਅਤੇ ਸਿਆਸੀ ਗਤੀਵਿਧੀਆਂ ਜਾਰੀ ਰੱਖੀਆਂ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਰਹੇ। ਸਿਆਸੀ ਖੇਤਰ ਵਿੱਚ ਹਰਜੀਤ ਦੌਧਰੀਆ ਨੇ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਉਨ੍ਹਾਂ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਵੀ ਹਿੱਸਾ ਲਿਆ। ਆਪਣੇ ਪਾਰਟੀ ਮੈਨੀਫੈਸਟੋ ਦੀ ਜਾਣਕਾਰੀ ਦੇਣ ਉਹ ਅਕਸਰ ਸਾਡੇ ਕੋਲ ਸ਼ੇਰੇ ਪੰਜਾਬ ਰੇਡੀਓ ਦੇ ਸਟੂਡੀਓ 'ਚ ਆਉਂਦੇ ਅਤੇ ਹਾਸੇ-ਠੱਠੇ ਦੀਆਂ ਗੱਲਾਂ ਵੀ ਕਰਦੇ।
ਇਸ ਦੌਰਾਨ ਦੌਧਰੀਆ ਸਾਹਿਬ ਨੇ ਆਪਣੀਆਂ ਕਿਤਾਬਾਂ 'ਆਪਣਾ ਪਿੰਡ ਪਰਦੇਸ' ਅਤੇ 'ਤੁਮਿੰਆਂ ਵਾਲੀ ਜਮੈਣ' ਦਿੰਦਿਆਂ ਕਿਹਾ ਕਿ ਇਹਨਾਂ ਵਿੱਚ ਆਪਣੇ ਜੀਵਨ ਦੇ ਅਨੁਭਵ ਬਹੁਤ ਬਰੀਕੀ ਨਾਲ ਸਾਂਝੇ ਕੀਤੇ ਹਨ ਸੱਚਮੁੱਚ ਉਹਨਾਂ ਦੀਆਂ ਲਿਖਤਾਂ ਦਿਲ ਨੂੰ ਛੋਹਣ ਵਾਲੀਆਂ ਹਨ। ਉਹਨਾਂ ਦੀਆਂ ਸਾਹਿਤਕ ਲਿਖਤਾਂ ਦੀ ਸੂਚੀ ਇਉਂ ਹੈ ; 'ਤੁਮਿੰਆਂ ਵਾਲੀ ਜਮੈਣ', ਸੱਚੇ ਮਾਰਗ ਚਲਦਿਆਂ (ਕਵਿਤਾ), 1977, ਹੈ ਭੀ ਸੱਚ ਹੋਸੀ ਭੀ ਸੱਚ (ਕਵਿਤਾ), 1984, ਆਪਣਾ ਪਿੰਡ ਪਰਦੇਸ (ਕਵਿਤਾ), 2002, ਦਰਸ਼ਨ (ਵਾਰਤਕ: ਸੰਪਾਦਨ), 2004, ਹੇਠਲੀ ਉੱਤੇ (ਵਾਰਤਕ), 2011, Hold the Sky (Poems), 2011. ਹਰਜੀਤ ਦੌਧਰੀਆ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਅੱਜ ਉਹਨਾਂ ਦੀਆਂ ਲਿਖਤਾਂ 'ਚੋਂ ਇੱਕ ਕਾਵਿ ਰਚਨਾ ਦੇ ਕੁਝ ਬੰਦ ਸਾਂਝੇ ਕਰਦੇ ਹਾਂ। ਦੌਧਰੀਆ ਸਾਹਿਬ ਹਮੇਸ਼ਾ ਦਿਲਾਂ 'ਚ ਵਸੇ ਰਹਿਣਗੇ। ਉਹਨਾਂ ਦਾ ਅੰਤਿਮ ਸੰਸਕਾਰ 17 ਮਾਰਚ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਮੈਪਲ ਰਿਜ ਸਥਿਤ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
ਸਾਹਿਤ ਤੇ ਕਲਾ ਜਗਤ ਦੀ ਜਾਣੀ-ਪਛਾਣੀ ਸ਼ਖ਼ਸੀਅਤ ਅੰਮ੍ਰਿਤ ਕੌਰ ਮਾਨ
ਕੈਨੇਡਾ ਦੀ ਧਰਤੀ 'ਤੇ ਕਈ ਦਹਾਕੇ ਪਹਿਲਾਂ ਨਾਟਕ ਕਲਾ ਨਾਲ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਸ਼ਖ਼ਸੀਅਤ ਬੀਬੀ ਅੰਮ੍ਰਿਤ ਕੌਰ ਮਾਨ ਚੱਲ ਵਸੇ ਹਨ। ਉਹਨਾਂ ਜ਼ਿੰਦਗੀ ਦੇ 88 ਸਾਲ ਦਾ ਸਫਰ ਦਸੰਬਰ 2024 'ਚ ਮੁਕੰਮਲ ਕੀਤਾ ਸੀ। ਅੰਮ੍ਰਿਤ ਕੌਰ ਮਾਨ ਆਪਣੇ ਪਿੱਛੇ ਜੀਵਨ ਸਾਥੀ ਸ ਦਰਸ਼ਨ ਸਿੰਘ ਮਾਨ ਸਮੇਤ ਵੱਡਾ ਪਰਿਵਾਰ ਛੱਡ ਗਏ ਹਨ। ਜਿੱਥੇ ਉਹ ਸਟੇਜ ਦੇ ਧਨੀ ਸਨ, ਉੱਥੇ ਸਾਹਿਤ 'ਤੇ ਵੀ ਉਹਨਾਂ ਦੀ ਚੰਗੀ ਪਕੜ ਸੀ ਅਤੇ ਵਧੀਆ ਲਿਖਾਰੀ ਸਨ। ਇਸ ਤੋਂ ਵੀ ਵੱਧ ਕੇ ਬੀਬੀ ਮਾਨ ਜੀ, ਚੰਗੇ ਇਨਸਾਨ ਸਨ ਅਤੇ ਹੋਰਨਾਂ ਨੂੰ ਵੱਧ-ਚੜ ਕੇ ਪਿਆਰ-ਸਤਿਕਾਰ ਦਿੰਦੇ ਸਨ। ਪੰਜਾਬੀ ਲੇਖਕ ਮੰਚ ਤੋਂ ਲੈ ਕੇ ਕਈ ਸਹਿਤ ਸਭਾਵਾਂ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ। ਪੰਜਾਬ ਤੋਂ ਬੱਚਿਆਂ ਦੀ ਡਾਕਟਰ ਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਦੋਹਤਰੀ ਡਾਕਟਰ ਹਰਸ਼ਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਫੋਨ ਕਰਕੇ ਬੀਬੀ ਅੰਮ੍ਰਿਤ ਕੌਰ ਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤ ਕੌਰ ਮਾਨ ਜੀ ਦਾ ਅੰਤਿਮ ਸੰਸਕਾਰ 16 ਮਾਰਚ ਦਿਨ ਐਤਵਾਰ ਨੂੰ ਦੁਪਹਿਰ ਸਾਡੇ 12 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਹੋਏਗਾ ਅਤੇ ਢਾਈ ਵਜੇ ਉਹਨਾਂ ਨਮਿਤ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਨਾਨਕਸਰ, ਰਿਚਮੈਂਡ ਵਿਖੇ ਪਾਏ ਜਾਣਗੇ।
ਸਰੀ ਨਿਵਾਸੀ ਨਾਮਵਰ ਪੰਜਾਬੀ ਸ਼ਾਇਰ ਕ੍ਰਿਸ਼ਨ ਭਨੋਟ
"ਉਸਤਾਦੀ ਦਾ ਘਰ ਅਜੇ, ਆਪਣੇ ਤੋਂ ਹੈ ਦੂਰ
ਲੋਕ ਗਜ਼ਲ ਦੇ ਬਾਦਸ਼ਾਹ, ਮੈਂ ਤਾਂ ਹਾਂ ਮਜ਼ਦੂਰ"
ਇਹਨਾਂ ਸਤਰਾਂ ਦੇ ਲਿਖਾਰੀ ਨਾਮਵਰ ਪੰਜਾਬੀ ਸ਼ਾਇਰ ਕ੍ਰਿਸ਼ਨ ਭਨੋਟ 28 ਫਰਵਰੀ 2024 ਨੂੰ ਚੜਾਈ ਕਰ ਗਏ ਸਨ। ਉਹ ਕੁਝ ਸਮੇਂ ਤੋਂ ਬਿਮਾਰ ਦੱਸੇ ਜਾਂਦੇ ਸਨ। ਕ੍ਰਿਸ਼ਨ ਭਨੋਟ ਦਾ ਜਨਮ 26 ਮਾਰਚ 1954 ਨੂੰ ਹੋਇਆ ਸੀ। ਪੰਜਾਬੀ ਗਜ਼ਲ ਖੇਤਰ ਵਿੱਚ ਉਹਨਾਂ ਅਹਿਮ ਭੂਮਿਕਾ ਨਿਭਾਈ ਅਤੇ ਇਸ ਬਾਰੇ ਇੱਕ ਕਿਤਾਬ ਲਿਖੀ : 'ਗਜ਼ਲ ਦੀ ਬਣਤਰ ਅਤੇ ਅਰੂਜ਼'। ਕ੍ਰਿਸ਼ਨ ਭਨੋਟ ਪਿਛਲੇ ਲੰਮੇ ਸਮੇਂ ਤੋਂ ਸਰੀ ਵਿਖੇ ਨਿਵਾਸ ਕਰ ਰਹੇ ਸਨ। ਉਹਨਾਂ ਦਾ ਨਾਂ ਪੰਜਾਬੀ ਸਾਹਿਤ ਖੇਤਰ ਵਿਚ ਹਮੇਸ਼ਾ ਹੀ ਨਾ ਯਾਦ ਕੀਤਾ ਜਾਂਦਾ ਰਹੇਗਾ। ਕ੍ਰਿਸ਼ਨ ਭਨੋਟ ਦਾ ਅੰਤਿਮ ਸੰਸਕਾਰ 16 ਮਾਰਚ ਦਿਨ ਐਤਵਾਰ ਨੂੰ 11 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਹੋਏਗਾ ਅਤੇ ਦੁਪਹਿਰ 1 ਵਜੇ ਉਹਨਾਂ ਨਮਿਤ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਨਾਨਕਸਰ, ਰਿਚਮੈਂਡ ਵਿਖੇ ਪਾਏ ਜਾਣਗੇ।

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ 'ਤੇ , ਕਦੇ ਨਾ ਭੁੱਲੋ ਪੰਜਾਬੀ - ਭਾਈ ਹਰਪਾਲ ਸਿੰਘ ਲੱਖਾ

ਪੰਜਾਬੀ ਮਾਂ ਬੋਲੀ ਸਾਡੀ।
ਸ਼ਹਿਦ ਤੋ ਮਿੱਠੀ ਡਾਹਢੀ।
ਕਿਸੇ ਵੀ ਦੇਸ਼ ’ਚ ਰਹੀਏ।  
ਪੰਜਾਬੀ ਵਿਚ ਸੁਣੀਏ ਕਹੀਏ।
ਗਾਈਏ ਪੰਜਾਬੀ ਦੇ ਸੋਹਲੇ।
 ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
  ਕਦੇ ਨਾ ਭੁੱਲੋ ਪੰਜਾਬੀ।

ਕਨੇਡਾ ਹੈ ਮੁਲਖ਼ ਪਿਆਰਾ।  
ਸੋਹਣਾ, ਸੁਥਰਾ ਤੇ ਨਿਆਰਾ।
ਏਕੇ ਦਾ ਸਬਕ ਸਿਖਾਉਂਦਾ।
ਹਰ ਇਕ ਦੇ ਮਨ ਨੂੰ ਭਾਉਂਦਾ।
ਘੁੰਡੀਆਂ ਦਿਲਾਂ ਦੀਆਂ ਖੋਲੇ।  
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
 ਕਦੇ ਨਾ ਭੁੱਲੋ ਪੰਜਾਬੀ।

ਬੋਲੀ ਪੰਜਾਬੀ ਸਿਖਣੀ।
ਗੁਰਮੁਖੀ ਲਿੱਪੀ ਲਿਖਣੀ।
ਡਿਗਰੀ ਹੈ ਵੱਡੀ ਲੈਣੀ।
 ਵਿਦਿਆ ਦੀ ਘਾਟ ਨਾ ਰਹਿਣੀ।
ਗਿਆਨ ਵਲੋਂ ਨਾ ਹੋ ਜਾਈਏ ਪੋਲੇ।   
ਰਹਿੰਦੇ ਕਨੇਡਾ ਵਿੱਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਨੀਤੀ ਵਿਚ ਅੱਗੇ ਆਉਣਾ।
ਨੀਅਤ ਦਾ ਝੇੜ ਨਾ ਪਾਉਣਾ।
ਵੱਡੀ ਚਾਹੋ ਪਦਵੀ ਲੈਣੀ।
ਓਥੇ ਵੀ ਸੱਚੀ ਕਹਿਣੀ।
ਹੋਣਾ ਕਦੇ ਨਾ ਕੰਨਾਂ ਤੋਂ ਬੋਲ਼ੇ।
 ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
 ਕਦੇ ਨਾ ਭੁੱਲੋ ਪੰਜਾਬੀ।

ਗੁਣੀਆਂ ਨੇ ਉਮਰ ਲੰਘਾਤੀ।
ਲਿਖਣ ਦੀ ਹੱਦ ਮੁਕਾਤੀ।
ਸਾਡੇ ਬਿਨ ਪੜ੍ਹੇਗਾ ਕਿਹੜਾ।
ਕਰ ਲਓ ਹੁਣ ਤੁਸੀਂ ਨਿਬੇੜਾ।
ਪਿਓ ਦਾਦੇ ਨੇ ਖਜ਼ਾਨੇ ਖੋਲ੍ਹੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
 ਕਦੇ ਨਾ ਭੁੱਲੋ ਪੰਜਾਬੀ।

ਬਾਣੀ ਸਤਿਗੁਰਾਂ ਉਚਾਰੀ।  
ਗੁਰਦਾਸ ਜੀ ਲਿਖ ਗਏ ਸਾਰੀ।
ਵੀਰ ਸਿੰਘ ਲਿਖਗੇ ਗਿਆਨ।
'ਨਾਭਾ' ਦਾ ਕੋਸ਼ ਮਹਾਨ।
ਸਿੰਘ ਸਭੀਆਂ ਦੇ ਬਚਨ ਅਮੋਲੇ।
 ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
 ਕਦੇ ਨਾ ਭੁੱਲੋ ਪੰਜਾਬੀ।

ਪਾਵਨ ਜੋ ਧੁਰ ਕੀ ਬਾਣੀ।
ਸਿੱਖ ਲੈਣੀ ਅਤੇ ਸਿਖਾਉਣੀ।
ਸਾਡਾ ਇਤਿਹਾਸ ਹੈ ਭਾਰਾ।
ਪੜ੍ਹੀਏ,ਅਪਨਾਈਏ ਸਾਰਾ।
ਬਿਨਾਂ ਕੁੰਜੀਓਂ ਜਿੰਦੇ ਕੌਣ ਖੋਲੇ।
 ਰਹਿੰਦੇ ਕੈਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
 ਕਦੇ ਨਾ ਭੁੱਲੋ ਪੰਜਾਬੀ।  

ਮੂੰਹੋਂ ਜੇ ਭੁੱਲਿਆ ਊੜਾ।
 ਸਿਰ ਉੱਤੇ ਰਿਹਾ ਨਾ ਜੂੜਾ।
 ਜ਼ਿੱਲਤ ਸਹਿਣੀ ਹੀ ਪੈਣੀ।
 ਕੌਮ ਦੀ ਹੋਂਦ ਨਾ ਰਹਿਣੀ।
ਤਾਹੀਓਂਂ ਕਿਸ਼ਤੀ ਖਾਂਵਦੀ ਡੋਲੇ।
 ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
  ਕਦੇ ਨਾ ਭੁੱਲੋ ਪੰਜਾਬੀ।

ਸਕੂਲ ਪੰਜਾਬ ’ਚ ਖੋਹਲੇ।
 ਪੰਜਾਬੀ ਤੋਂ ਰੱਖਣ ਓਹਲੇ।
ਪੰਜਾਬੀ ਤੋਂ ਸਾੜਾ ਰੱਖਦੇ।
ਬੋਲ ਨਾ ਇੰਗਲਿਸ਼ ਥੱਕਦੇ।
'ਮਾਸੀ ਮਾਨ ਦੀ' ਪੰਜਾਬੀ ਨੂੰ ਮਧੋਲੇ।
ਰਹਿੰਦੇ ਕਨੇਡਾ ਵਿੱਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।   

ਹਰਪਾਲ ਸਿੰਘ ਛੰਦ ਬਣਾਤਾ।
ਕਵੀਸ਼ਰਾਂ ਸੋਹਣਾ ਗਾਤਾ।
ਠੇਠ ਪੰਜਾਬੀ ਬੋਲੋ।
ਮਾਂ ਬੋਲੀ ਕਦੇ ਨਾਂ ਰੋਲ਼ੋ।
ਰੰਗ ਲਓ ਮਜੀਠੀ ਚੋਲੇ।
 ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
  ਕਦੇ ਨਾ ਭੁੱਲੋ ਪੰਜਾਬੀ।

11 ਜਨਵਰੀ : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ - ਕੈਨੇਡਾ 'ਚ ਨਸਲਵਾਦ ਦੇ ਖ਼ਾਤਮੇ ਦੇ ਪ੍ਰਸੰਗ 'ਚ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ - ਡਾ. ਗੁਰਵਿੰਦਰ ਸਿੰਘ

ਇਹ ਇਤਿਹਾਸਕ ਸੱਚਾਈ ਹੈ ਕਿ ਕੈਨੇਡਾ ਦੀ ਧਰਤੀ 'ਤੇ ਕਿਸੇ ਸਮੇਂ ਚਿੱਟੇ ਨਸਲਵਾਦ ਦਾ ਖੁੱਲ੍ਹੇਆਮ ਬੋਲਬਾਲਾ ਸੀ, ਭਾਵੇਂ ਅੱਜ ਵੀ ਇਹ ਲੁਕਵੇਂ ਰੂਪ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ। ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਨੂੰ 'ਚਿੱਟੀ ਚਮੜੀ ਵਾਲਿਆਂ ਦਾ ਦੇਸ਼' ਸਾਬਤ ਕਰਨ ਦੀ ਕੋਸ਼ਿਸ਼ 'ਚ ਲੱਗੇ ਵਿਲੀਅਮ ਚਾਰਲਸ ਹਾਪਕਿਨਸਨ ਨੂੰ ਸਬਕ ਸਿਖਾਇਆ ਸੀ। ਭਾਈ ਮੇਵਾ ਸਿੰਘ ਵਲੋਂ ਚੁੱਕੇ ਇਨਕਲਾਬੀ ਕਦਮ ਤੋਂ ਬਾਅਦ ਸਹੀ ਅਰਥਾਂ ਵਿੱਚ ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਦਾ ਪਹਿਲਾ ਅਧਿਆਇ ਲਿਖਿਆ ਗਿਆ ਸੀ। ਦੁੱਖ ਇਸ ਗੱਲ ਦਾ ਹੈ ਕਿ ਸ਼ਹੀਦ ਭਾਈ ਮੇਵਾ ਸਿੰਘ ਦੀ ਮਹਾਨ ਕੁਰਬਾਨੀ ਦਾ, ਭਾਰਤ ਦੀ ਆਜ਼ਾਦੀ ਦੇ ਸੰਘਰਸ਼ 'ਚ ਜ਼ਿਕਰ ਨਾਮਾਤਰ ਹੀ ਮਿਲਦਾ ਹੈ। ਕੈਨੇਡਾ ਦੀ ਮੋਢੀ ਜੁਝਾਰੂ ਸਿੱਖਾਂ 'ਚ ਗਿਣੇ ਜਾਂਦੇ ਭਾਈ ਮੇਵਾ ਸਿੰਘ ਕੈਨੇਡਾ 'ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਭਾਈ ਮੇਵਾ ਸਿੰਘ ਦਾ ਇਤਿਹਾਸ ਜਾਨਣਾ ਇਸ ਕਰਕੇ ਵੀ ਜ਼ਰੂਰੀ ਹੈ, ਕਿਉਂਕਿ ਇਹਨਾਂ ਦੀ ਕੁਰਬਾਨੀ ਹੀ ਅੱਗਿਓ ਅਨੇਕਾਂ ਗਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਕਾਰਨ ਬਣੀ।
ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ 'ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ ਸੰਨ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। ਪਰਿਵਾਰ ਵਿੱਚ ਭਾਈ ਮੇਵਾ ਸਿੰਘ ਅਤੇ ਦੇਵਾ ਸਿੰਘ ਦੋ ਭਰਾ ਸਨ। ਸਿੱਖੀ ਪਿਛੋਕੜ ਨਾਲ ਸਬੰਧਤ ਪਰਿਵਾਰ ਵਾਲੇ ਮੇਵਾ ਸਿੰਘ ਨੇ 20ਵੀਂ ਸਦੀ ਦੇ ਸ਼ੁਰੂ 'ਚ ਹੋਰਨਾਂ ਪੰਜਾਬੀਆਂ ਵਾਂਗ ਸੁਨਹਿਰੀ ਭਵਿੱਖ ਸਿਰਜਣ ਲਈ ਕਨੇਡਾ ਆਉਣ ਦਾ ਫੈਸਲਾ ਕੀਤਾ। ਉਹਨਾਂ ਵੇਲਿਆਂ 'ਚ ਪਾਸਪੋਰਟ ਨਹੀਂ ਸਨ ਹੁੰਦੇ ਅਤੇ ਭਾਈ ਮੇਵਾ ਸਿੰਘ ਨੇ ਕਲਕੱਤੇ ਤੋਂ ਹਾਂਗਕਾਂਗ ਅਤੇ ਉਥੋਂ ਵੈਨਕੂਵਰ ਦੀ ਟਿਕਟ ਲਈ ਅਤੇ 1906 ਈਂ ਵਿੱਚ ਜਾਰਡੀਨ ਸਮੁੰਦਰੀ ਜਹਾਜ਼ ਰਾਹੀਂ ਵੈਨਕੂਵਰ ਆ ਵਸੇ।
ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨਾਉਣੀ ਮਿਸਾਲ, 27 ਮਾਰਚ 1907 ਵਿੱਚ, ਬੀਸੀ ਕੰਜ਼ਰਵਟਿਵ ਸਰਕਾਰ ਵੱਲੋਂ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਿਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ 'ਚ ਕੰਮ ਕਰਦੇ ਸਨ। ਇੱਥੇ ਦੇ ਮਿਲ ਮੈਨੇਜਰ ਵੱਲੋਂ ਭਾਈ ਮੇਵਾ ਸਿੰਘ ਸਮੇਤ ਸਮੂਹ ਸਿੱਖ ਕਾਮਿਆਂ ਨੂੰ ਸਿਰਾਂ ਤੇ ਲੋਹ ਟੋਪ (ਹਾਰਡ ਹੈਟ) ਪਾਉਣ ਦਾ ਫੈਸਲਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਵਿਰੋਧ ਕਰਨ ਲਈ ਫਰੇਜ਼ਰ ਮਿਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਸਥਾਵਾਂ ਦੇ ਨੁਮਾਇਦੇ ਇਕੱਠੇ ਹੋਏ ਅਤੇ ਸਮੂਹ ਜਥਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਇਸ ਦੇ ਖਿਲਾਫ ਮਤਾ ਪਾਸ ਕੀਤਾ। ਇਸ ਦੇ ਵਿਰੋਧ ਵਿੱਚ ਸਿੱਖ ਕਾਮਿਆਂ ਨੇ ਮੈਨੇਜਰ ਦੇ ਘਰ ਦਾ ਘਿਰਾਓ ਕੀਤਾ ਅਤੇ ਆਖਰਕਾਰ ਮਿਲ ਵਾਲਿਆਂ ਨੂੰ ਲੋਹਟੋਪ ਦਾ ਫੈਸਲਾ ਵਾਪਸ ਲੈਣਾ ਪਿਆ ਇਹ ਕੈਨੇਡਾ ਦੀ ਧਰਤੀ 'ਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਇਤਿਹਾਸਿਕ ਜਿੱਤ ਸੀ।
ਭਾਈ ਮੇਵਾ ਸਿੰਘ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ -ਸੁੱਚੇ ਮਨੁੱਖਾਂ ਅੰਦਰ ਆਜ਼ਾਦੀ ਦੀ ਚਿਣਗ ਕਿਤੇ ਨਾ ਕਿਤੇ ਅਵਚੇਤਨ ਮਨ ਅਤੇ ਪਰੋਖ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ। ਜੋ ਲੇਖਕ ਇਹ ਸਾਬਤ ਕਰ ਦੀ ਕੋਸ਼ਿਸ਼ ਕਰਦੇ ਹਨ ਕਿ ਗਦਰੀ ਯੋਧਿਆਂ ਅੰਦਰ ਜਾਗ੍ਰਿਤੀ ਕੇਵਲ ਬਾਹਰਲੇ ਮੁਲਕਾਂ ਜਾਂ ਬਾਹਰੀ ਫਲਸਫਿਆਂ ਕਰਕੇ ਆਈ ਸੀ, ਉਹ ਭੁਲੇਖੇ ਪੈਦਾ ਕਰਦੇ ਹਨ।
ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਇਹਨਾਂ ਮੋਢੀ ਸਿੱਖਾਂ ਨੇ ਮਿਲ ਕੇ 1907 ਵਿੱਚ ਵੈਨਕੂਵਰ ਵਿਖੇ ਗੁਰਦੁਆਰੇ ਲਈ ਜ਼ਮੀਨ ਖਰੀਦੀ ਅਤੇ 19 ਜਨਵਰੀ 1908 ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ, ਜਿੱਥੇ 21 ਜੂਨ 1908 ਨੂੰ ਭਾਈ ਸਾਹਿਬ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖਿਲਾਫ਼ ਲੜਨ ਅਤੇ ਸੱਚ 'ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਭਾਈ ਮੇਵਾ ਸਿੰਘ ਦੇ ਜੀਵਨ 'ਤੇ 'ਗੁਰੂ ਨਾਨਕ ਜਹਾਜ਼' ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼', ਜਿਸਨੂੰ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੂਵਰ ਪੁੱਜਣ ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ।
ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ,1914 ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਇਹਨਾਂ ਯੋਧਿਆਂ ਨੇ ਫੈਸਲਾ ਕੀਤਾ ਕਿ 'ਗੁਰੂ ਨਾਨਕ ਜਹਾਜ਼' ਦੇ ਵਾਪਿਸ ਜਾਣ ਤੋਂ ਪਹਿਲਾਂ, ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ ਅਗਲੇ ਦਿਨ ਵਾਪਿਸ ਪਰਤੇ।
ਕੈਨੇਡਾ ਦੇ ਸ਼ਹਿਰ ਐਬਸਫੋਰਡ 'ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਮੇਵਾ ਸਿੰਘ ਵੀ ਬਾਕੀ ਗਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ। ਬ੍ਰਿਟਿਸ਼ ਹਿੰਦੁਸਤਾਨੀ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇੰਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ, ਭਾਈ ਮੇਵਾ ਸਿੰਘ ਲੋਪੋਕੇ ਨੂੰ ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰੰਤੂ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ 7 ਅਗਸਤ 1914 ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਹੀ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼' ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਸਿਖਰਾਂ 'ਤੇ ਸੀ।
4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ, 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿੰਨਾਂ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ ਤੇ ਭਾਈ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਸਿੱਖ ਸ਼ਾਮਿਲ ਸਨ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਲੋਪੋਕੇ ਦੀ ਨਜ਼ਰ 'ਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਮੈਲਕਮ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ ਸੀ।
ਹਿੰਦੁਸਤਾਨੀ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖਿਲਾਫ਼, ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ, ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ।ਉਹ ਦੂਜੀ ਮੰਜ਼ਿਲ ਤੇ ਕੋਰਟ ਰੂਮ ਦੇ ਬਾਹਰ ਖੜਾ ਸੀ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਦੋ ਰਿਵਾਲਵਰ ਦੋਹਾਂ ਹੱਥਾਂ 'ਚ ਵਾਰੀ-ਵਾਰੀ ਲੈ ਕੇ, ਸੱਜੇ ਹੱਥ ਨਾਲ ਚਾਰ ਗੋਲੀਆਂ ਦਾਗ਼ ਦਿੱਤੀਆਂ। ਛਾਤੀ ਅਤੇ ਪਸਲੀ ਚੋਂ ਆਰਪਰ ਹੋਈਆਂ ਦੋ ਗੋਲੀਆਂ ਨਾਲ ਹਿੰਦ ਸਰਕਾਰ ਦਾ ਸੂਹੀਆ ਹਾਪਕਿਨਸਨ ਮੌਕੇ 'ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ।
ਵਿਲੀਅਮ ਚਾਰਲਸ ਹਾਪਕਿਨਸਨ ਕੌਣ ਸੀ?
ਵਿਲੀਅਮ ਚਾਰਲਸ ਹਾਪਕਿਨਸਨ ਦਾ ਜਨਮ ਭਾਰਤ ਦੇ ਇਲਾਹਾਬਾਦ ਸ਼ਹਿਰ ਵਿੱਚ 16 ਜੂਨ 1880 ਵਿੱਚ ਹੋਇਆ ਸੀ। ਵਿਲੀਅਮ ਹਾਪਕਿਨਸਨ ਦਾ ਬਾਪ ਵਿਲੀਅਮ ਅੰਗਰੇਜ਼ ਸੀ ਅਤੇ ਮਾਂ ਜਲੰਧਰ ਛਾਉਣੀ ਵਿੱਚ ਰਹਿੰਦੇ ਹਿੰਦੂ ਬ੍ਰਾਹਮਣ ਪਰਿਵਾਰ ਵਿੱਚੋਂ ਸੀ, ਪਰ ਉਸ ਨੇ ਮਗਰੋਂ ਆਪਣਾ ਨਾਮ ਬਦਲ ਕੇ ਐਗਨਿਸ ਰੱਖ ਲਿਆ ਸੀ, ਇਸੇ ਕਾਰਨ ਹਾਪਕਿਨਸਨ ਦੇ ਯੂਰੇਸ਼ੀਅਨ ਐਂਗਲੋ ਇੰਡੀਅਨ ਵੰਸ਼ ਵਿੱਚ ਹੋਣ ਦਾ ਪਿਛੋਕੜ ਮਿਲਦਾ ਹੈ। ਉਹ 16 ਸਾਲ ਦੀ ਉਮਰ ਤੋਂ ਪੰਜਾਬ ਪੁਲਿਸ ਵਿੱਚ ਵੀ ਕੁਝ ਸਮਾਂ ਭਰਤੀ ਰਿਹਾ ਅਤੇ ਮਗਰੋਂ ਕੋਲਕਤਾ ਚਲਿਆ ਗਿਆ ਤੇ 21 ਸਾਲ ਦੀ ਉਮਰ ਵਿੱਚ ਕਲਕੱਤਾ ਪੁਲਿਸ ਵਿੱਚ ਭਰਤੀ ਹੋ ਗਿਆ। ਵਿਲੀਅਮ ਹਾਪਕਿਨਸਨ ਜਿੱਥੇ ਅੰਗਰੇਜ਼ੀ ਅਤੇ ਹਿੰਦੀ ਬੋਲ ਸਕਦਾ ਸੀ, ਉੱਥੇ ਕੁਝ ਸਮਾਂ ਪੰਜਾਬ 'ਚ ਰਹਿਣ ਕਾਰਨ ਉਸ ਨੂੰ ਪੰਜਾਬੀ ਵੀ ਸਮਝ ਆਉਂਦੀ ਸੀ। ਉਸਦੇ ਅੰਦਰ ਇਸ ਗੱਲ ਦੀ ਤੀਬਰ ਇੱਛਾ ਸੀ ਕਿ ਉਹ ਜਲਦੀ ਤੋਂ ਜਲਦੀ ਅੰਗਰੇਜ਼ ਸਰਕਾਰ ਖਿਲਾਫ ਲੜ ਰਹੇ 'ਬਾਗੀਆਂ ਦਾ ਖਾਤਮਾ' ਕਰ ਅਤੇ 'ਚਿੱਟੀ ਚਮੜੀ ਦੀ ਰਾਜ ਸੱਤਾ ਅਤੇ ਉੱਤਮਤਾ' ਦੇ ਹੱਕ ਵਿੱਚ ਭੁਗਤੇ।
ਵਿਲੀਅਮ ਚਾਰਲਸ ਹਾਪਕਿਨਸਨ 1908 ਵਿੱਚ ਕੈਨੇਡਾ ਪਹੁੰਚਿਆ, ਜਿੱਥੇ ਉਸ ਨੇ ਇੱਕ ਦੁਕਾਨਦਾਰ ਵਜੋਂ ਆਪਣਾ ਸਫਰ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਹੀ ਹਾਪਕਿਨਸਨ ਨੇ ਕੈਨੇਡਾ ਦੇ ਕਿਰਤ ਉਪ ਮੰਤਰੀ ਮਕੈਂਜ਼ੀ ਕਿੰਗ ਨਾਲ ਮੁਲਾਕਾਤ ਕੀਤੀ। ਉਸ ਨੇ 'ਟਾਈਮਜ਼ ਆਫ ਲੰਡਨ' ਦੇ ਪੱਤਰਕਾਰ ਐਲ ਡਬਲਯੂ ਕਰੈਪਿਨ ਵੱਲੋਂ 1908 ਵਿੱਚ ਭਾਰਤੀ ਬ੍ਰਿਟਿਸ਼ ਹਕੂਮਤ ਦੇ ਬਾਗੀਆਂ ਦੀਆਂ ਗਤੀਵਿਧੀਆਂ ਬਾਰੇ ਪ੍ਰਕਾਸ਼ਤ ਇਕ ਰਿਪੋਰਟ ਲਈ ਵੱਧ ਤੋਂ ਵੱਧ ਖੁਫੀਆ ਜਾਣਕਾਰੀ ਮੁਹਈਆ ਕੀਤੀ। ਛੇਤੀ ਹੀ ਹਾਪਕਿਨਸਨ ਕੈਨੇਡਾ ਵਿੱਚ ਬ੍ਰਿਟਿਸ਼ ਭਾਰਤ ਦੇ ਏਜੰਟ, ਲੰਡਨ ਦੇ ਏਜੰਟ ਅਤੇ ਡੋਮੀਨੀਅਨ ਕੈਨੇਡਾ ਦੇ ਕਰਿੰਦੇ ਵਜੋਂ ਇਮੀਗ੍ਰੇਸ਼ਨ ਅਧਿਕਾਰੀ ਅਤੇ ਸੂਹੀਏ ਦੇ ਕੰਮ ਕਰਨ ਲੱਗਾ। ਕੈਨੇਡਾ ਦੇ ਗਵਰਨਰ ਜਨਰਲ ਲਾਰਡ ਗ੍ਰੇ ਅਤੇ ਇਸ ਤੋਂ ਇਲਾਵਾ ਕੇਂਦਰੀ ਅਮਰੀਕਾ ਵਿੱਚ ਅੰਗਰੇਜ਼ਾਂ ਦੀ ਬਸਤੀ ਬ੍ਰਿਟਿਸ਼ ਹੌਂਡੂਰਸ ਦੇ ਗਵਰਨਰ ਕਰਨਲ ਕਿੰਗ, ਕੈਨੇਡੀਅਨ ਸਰਕਾਰ ਲਈ ਕੰਮ ਕਰਦੇ ਈਜੀ ਸਵੈਨ ਸਮੇਤ ਸਾਰਿਆਂ ਨਾਲ ਸੰਪਰਕ ਕਾਇਮ ਕਰ ਲਿਆ।
ਅੰਗਰੇਜ਼ੀ, ਹਿੰਦੀ ਤੋਂ ਇਲਾਵਾ ਪੰਜਾਬੀ ਰਾਹੀਂ ਹਾਪਕਿਨਸਨ ਨੇ ਇਥੋਂ ਦੀ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੰਸਥਾ ਅੰਦਰ 'ਪੇਡ ਏਜੰਟਾਂ' ਦੀ ਇਮੀਗ੍ਰੇਸ਼ਨ ਧੜੇ ਰਾਹੀਂ ਘੁਸਪੈਠ ਕਰ ਲਿਆ। ਉਸਨੇ ਬੇਲਾ ਝੁੱਟੀ, ਪਿੰਡ ਜਿਆਣ, ਬਾਬੂ ਹੇਅਰ ਪਿੰਡ ਲਿਤਰਾਂ ਅਤੇ ਗੰਗਾ ਰਾਮ ਸਹੋਤਾ ਪਿੰਡ ਬੜੀਆਂ ਬਾੜੀਆਂ ਮਾਹਲਪੁਰ ਵਰਗੇ ਲਾਲਚੀ, ਵਿਕਾਊ ਅਤੇ ਗੱਦਾਰ ਅਤੇ ਝੋਲੀਚੁੱਕ ਲੱਭੇ ਅਤੇ ਹਿੰਦੁਸਤਾਨੀ ਬ੍ਰਿਟਿਸ਼ ਹਕੂਮਤ ਖਿਲਾਫ ਲੜਨ ਵਾਲੇ ਗਦਰੀ ਬਾਬਿਆਂ ਅਤੇ ਸਿੱਖ ਜੁਝਾਰੂਆਂ ਨੂੰ ਖਤਮ ਕਰਨ ਦਾ ਨਿਸ਼ਚਾ ਕਰ ਲਿਆ। ਹਾਪਕਿਨਸਨ ਦੀਆਂ ਨਸਲਵਾਦੀ ਅਤੇ ਭਰਿਸ਼ਟ ਕਾਰਵਾਈਆਂ ਜਾਹਰ ਹੋਣ ਲੱਗੀਆਂ, ਪਰ ਹਕੂਮਤ ਨੇ ਆਪਣੇ ਪਾਲੇ ਹੋਏ ਝੋਲੀ ਚੁੱਕਾਂ ਦਾ ਹਰ ਤਰ੍ਹਾਂ ਬਚਾਓ ਕੀਤਾ। 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਧੀਨ ਐਂਗਲੋ-ਇੰਡੀਅਨ ਹਾਪਕਿਨਸਨ ਨੇ ਕੈਨੇਡਾ ਵਸਦੇ ਭਾਰਤੀਆਂ ਨੂੰ ਦੋ ਧਿਰਾਂ ਵਿੱਚ ਵੰਡ ਦਿੱਤਾ। ਉਸ ਨੇ ਕੈਨੇਡਾ ਵਸਦੇ ਸਿੱਖਾਂ ਅਤੇ ਭਾਰਤੀਆਂ ਨੂੰ ਇਥੋਂ ਕੱਢਣ ਲਈ ਬ੍ਰਿਟਿਸ਼ ਹੌਡੂਰਸ ਦੀ ਸਾਜ਼ਿਸ਼ ਰਚੀ, ਭਾਰਤੀਆਂ ਖਿਲਾਫ ਨਸਲੀ ਕਾਲੇ ਕਾਨੂੰਨਾਂ ਲਈ ਸਰਗਰਮੀ ਦਿਖਾਈ ਤੇ ਗੁਰੂ ਨਾਨਕ ਜਹਾਜ਼ ਵਾਪਸ ਮੋੜੇ ਜਾਣ ਦੀ ਸਾਜਿਸ਼ ਦਾ ਮੁੱਖ ਭਾਗੀ ਬਣਿਆ। ਕਹਿਣ ਦਾ ਭਾਵ, ਕੋਈ ਵੀ ਅਜਿਹੀ ਨਫਰਤੀ ਅਤੇ ਨਸਲੀ ਗਤੀਵਿਧੀ ਨਹੀਂ ਸੀ, ਜਿਸ ਵਿੱਚ ਹਾਪਕਿਨਸਨ ਨੇ ਕੋਈ ਸਾਜਿਸ਼ ਨਾ ਰਚੀ ਹੋਵੇ। ਉਸ ਦੀ ਸਭ ਤੋਂ ਵੱਡੀ ਜ਼ਾਲਮਾਨਾ ਕਾਰਵਾਈ ਆਪਣੇ ਏਜੰਟਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਗੂ ਸਿੱਖਾਂ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੂੰ ਸ਼ਹੀਦ ਕਰਵਾਉਣ ਦੀ ਸੀ। ਕੈਨੇਡਾ ਦੀ ਧਰਤੀ 'ਤੇ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਐਂਗਲੋ ਇੰਡੀਅਨ ਏਜੰਟ ਤੇ ਨਸਲਵਾਦੀ ਹਾਪਕਿਨਸਨ ਨੂੰ ਸੋਧ ਕੇ, ਕੈਨੇਡਾ 'ਚ ਬਹੁ-ਸੱਭਿਆਚਾਰਕ ਢਾਂਚੇ ਦਾ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ।
ਹਾਪਕਿਨਸਨ ਨੂੰ ਸੋਧਣ ਬਾਰੇ ਭਾਈ ਮੇਵਾ ਸਿੰਘ ਲੋਪੋਕੇ ਦਾ ਇਤਿਹਾਸਿਕ ਬਿਆਨ
ਹਿੰਦੁਸਤਾਨ, ਬਰਤਾਨੀਆ ਅਤੇ ਡੋਮੇਨੀਅਨ ਕੈਨੇਡੀਅਨ ਹਕੂਮਤਾਂ ਦਾ ਤੀਹਰਾ ਏਜੰਟ ਵਿਲੀਅਮ ਹਾਪਕਿਨਸਨ ਸਾਰਿਆਂ ਲਈ 'ਮਹੱਤਵਪੂਰਨ' ਸੀ ਅਤੇ ਉਸ ਨੂੰ ਦਫਨਾਉਣ ਸਮੇਂ 2000 ਦੇ ਕਰੀਬ ਪੁਲਿਸ ਕਰਮਚਾਰੀ, ਫਾਇਰਮੈਨ, ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀ ਸ਼ਾਮਿਲ ਹੋਏ ਤੇ ਵੱਡਾ ਮਾਰਚ ਕੀਤਾ ਗਿਆ। ਦੂਜੇ ਪਾਸੇ 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਮਿਸਟਰ ਵੁੱਡਜ਼ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ : ''ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ।
''ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ...।'' (ਇਤਿਹਾਸਕਾਰ ਸੋਹਣ ਸਿੰਘ ਪੂੰਨੀ ਦੀ 'ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ' ਕਿਤਾਬ) ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ 'ਚ ਉਨ੍ਹਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ।
ਭਾਈ ਮੇਵਾ ਸਿੰਘ ਲੋਪੋਕੇ ਨੂੰ ਅਦਾਲਤ ਵੱਲੋਂ ਫਾਂਸੀ
ਨਸਲਵਾਦੀ ਚਿਟ ਚਮੜੀਆਂ ਵਿਲੀਅਮ ਹੌਪਕਿਨਸਨ ਦੇ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ 30 ਅਕਤੂਬਰ 1914 ਨੂੰ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ 'ਚ ਫੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। ਫੈਸਲਾ ਸੁਣਦੇ ਆਂ ਭਾਈ ਸਾਹਿਬ ਨੇ ਗੁਰਬਾਣੀ 'ਚੋਂ ''ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ'' ਉੱਚੀ ਆਵਾਜ਼ ਵਿੱਚ ਗੁੰਜਾਉਂਦਿਆਂ ਖਿੜੇ ਮੱਥੇ ਫੈਸਲਾ ਪ੍ਰਵਾਨ ਕੀਤਾ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟਰ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਅੱਠ ਵੱਜ ਕੇ ਇੱਕ ਮਿੰਟ ਤੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ''ਹਰਿ ਜਗੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੋਰੋ'' ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ 'ਚ 'ਸ਼ਹੀਦ ਮੇਵਾ ਸਿੰਘ ਅਮਰ ਰਹੇ' ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ। ਹੱਕ ਸੱਚ ਅਤੇ ਇਨਸਾਫ਼ ਲਈ ਮਰ-ਮਿੱਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਵਿਆਹੇ ਨਹੀਂ ਸਨ, ਜਦੋਂ ਉਹ ਭਰ ਜੁਆਨੀ 'ਚ ਸ਼ਹੀਦੀ ਪਾ ਗਏ।
ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਐਲਾਨਨਾਮਾ
ਨਿਊ ਵੈਸਟਮਿਨਸਟਰ ਸ਼ਹਿਰ ਦੇ ਸਾਬਕਾ ਸਿਟੀ ਕੌਂਸਲਰ ਚੱਕ ਪਿੱਕਮਾਇਰ ਨੇ ਭਾਈ ਮੇਵਾ ਸਿੰਘ ਲੋਪੋਕੇ ਦੇ ਇਤਿਹਾਸ ਨੂੰ ਵਿਚਾਰਨ ਮਗਰੋਂ, ਸਿਟੀ ਕੌਂਸਲ ਵਿਚ 2020 ਨੂੰ ਮਤਾ ਲਿਆਂਦਾ ਅਤੇ 'ਸ਼ਹੀਦ ਮੇਵਾ ਸਿੰਘ ਲੋਪੋਕੇ ਦਿਨ' ਵਜੋਂ ਪ੍ਰੋਕਲੇਮੇਸ਼ਨ ਜਾਰੀ ਕਰਵਾਇਆ। ਇਸ ਸ਼ਹਿਰ ਵਿਚ ਹੀ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ। ਕੌਂਸਲਰ ਚੱਕ ਪਕਮਾਇਰ ਨੂੰ ਸ਼ਹੀਦ ਭਾਈ ਮੇਵਾ ਸਿੰਘ ਜੀ ਦੀ ਸ਼ਹਾਦਤ ਦਾ ਐਲਾਨਨਾਮਾ ਜਾਰੀ ਕਰਨ, ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਅਤੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਨਿਭਾਈ ਇਤਿਹਾਸਕ ਭੂਮਿਕਾ ਲਈ ਸਦਾ ਚੇਤੇ ਕੀਤਾ ਜਾਂਦਾ ਰਹੇਗਾ। ਇਸ ਤੋਂ ਇਲਾਵਾ ਬੀਸੀ ਦੀ ਸਿੱਖਿਆ ਮੰਤਰੀ ਬੀਬੀ ਰਚਨਾ ਸਿੰਘ ਨੇ ਭਾਈ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਆਪਣੇ ਦਫਤਰ ਵਿੱਚ ਭਾਈ ਮੇਵਾ ਸਿੰਘ ਲੋਪੋਕੇ ਦੀ ਤਸਵੀਰ ਸੁਸ਼ੋਭਿਤ ਕੀਤੀ, ਪਰ ਜ਼ਿਆਦਾਤਰ ਦੇਸੀ ਸਿਆਸਤਦਾਨ ਅਜੇ ਵੀ ਸ਼ਹੀਦ ਭਾਈ ਮੇਵਾ ਸਿੰਘ ਦਾ ਨਾਂ ਲੈਣ ਤੋਂ ਝਿਜਕਦੇ ਹਨ।
ਭਾਈ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਦੇ ਸ਼ਹੀਦ ਐਲਾਨੇ ਜਾਣ ਦੀ ਮੰਗ
ਨਸਲਵਾਦ ਖ਼ਿਲਾਫ਼ ਡਟਣ ਵਾਲ਼ੇ ਸਮੂਹ ਭਾਈਚਾਰਿਆਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸੂਬਾਈ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੇ ਸਹੀ ਅਰਥਾਂ ਨੂੰ ਵਿਚਾਰ ਕੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਦਾ ਸ਼ਹੀਦ ਐਲਾਨਿਆ ਜਾਵੇ। 21 ਅਕਤੂਬਰ ਦੇ ਇਤਿਹਾਸ ਨੂੰ ਗੰਭੀਰਤਾ ਨਾਲ ਵਿਚਾਰ ਕੇ, ਇਸ ਦਿਨ 'ਤੇ ਫ਼ਖ਼ਰ ਮਹਿਸੂਸ ਕਰੀਏ ਕਿ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਸਿਆਸੀ ਉਦੇਸ਼ ਹਿਤ, ਕੈਨੇਡਾ ਵਿੱਚੋਂ ਚਿੱਟੇ ਨਸਲਵਾਦ ਦਾ ਅੰਤ ਕਰਨ ਲਈ ਵਿਲੀਅਮ ਹਾਪਕਿਨਸਨ ਨੂੰ ਸੋਧ ਕੇ, ਕੈਨੇਡੀਅਨ ਬਹੁ-ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ। ਕਿੰਨਾ ਚੰਗਾ ਹੋਵੇ ਕਿ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਹੀਦ ਮੇਵਾ ਸਿੰਘ ਦੀ ਕੁਰਬਾਨੀ ਬਾਰੇ ਪੜ੍ਹਾਇਆ ਜਾਵੇ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਲਈ ਸੇਧ ਲਈ ਜਾਵੇ। ਦੂਜੇ ਪਾਸੇ ਬੀਸੀ ਅਸੰਬਲੀ ਬਿਲਡਿੰਗ ਵਿਕਟੋਰੀਆ ਦੇ ਪਿਛਲੇ ਪਾਸੇ ਦੀ ਪਾਰਕ 'ਚ ਅਜੇ ਵੀ ਹਾਪਕਿਨਸਨ ਦਾ ਨਾਂ ਸ਼ਿਲਾਲੇਖ ਉਪਰ ਅੰਕਿਤ ਹੈ, ਉਸ ਨੂੰ ਤੁਰੰਤ ਹਟਾਇਆ ਜਾਵੇ ਅਤੇ ਬੀਸੀ ਵਿਧਾਨ ਸਭਾ ਦੇ ਅੱਗੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਬੁੱਤ ਲਗਾਇਆ ਜਾਵੇ।ਅੱਜ ਲੋੜ ਇਸ ਗੱਲ ਦੀ ਹੈ ਕਿ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਸ਼ਹੀਦ ਮੇਵਾ ਸਿੰਘ ਦੇ ਨਕਸ਼ੇ-ਕਦਮਾਂ ਤੇ ਪਹਿਰਾ ਦੇਣ। ਅੱਜ ਲੋੜ ਅਜਿਹੇ ਪ੍ਰਬੰਧਕਾਂ ਤੇ ਆਗੂਆਂ ਦੀ ਹੈ, ਜੋ ਭਾਈ ਮੇਵਾ ਸਿੰਘ ਦੀ ਸੋਚ ਅਨੁਸਾਰ ਮੌਜੂਦਾ ਨਸਲਵਾਦੀ ਅਤੇ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਡਟਣ। ਹਾਪਕਿਨਸਨ ਅਤੇ ਬੇਲੇ ਵਰਗਿਆਂ ਦੇ ਵਾਰਿਸ ਅੱਜ ਵੀ ਖ਼ਤਮ ਨਹੀਂ ਹੋਏ, ਜਿਸ ਦੀ ਮਿਸਾਲ ਤਾਜ਼ਾ ਕੈਨੇਡਾ ਵੱਸਦੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤੀ ਏਜੰਸੀਆਂ ਵੱਲੋਂ ਆਪਣੇ ਏਜੰਟਾਂ ਰਾਹੀਂ ਹਮਲਿਆਂ ਦੇ ਰੂਪ ਵਿੱਚ ਮਿਲਦੀ ਹੈ। ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਵਾਰਿਸਾਂ ਨੂੰ ਤਕੜੇ ਹੋ ਕੇ ਮੈਦਾਨ ਵਿੱਚ ਨਿੱਤਰਨ ਦੀ ਲੋੜ ਹੈ, ਤਾਂ ਕਿ ਨਸਲਵਾਦੀ, ਬਸਤੀਵਾਦੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਵਾਲੀਆਂ ਹਕੂਮਤਾਂ ਖਿਲਾਫ਼ ਜੰਗ ਜਾਰੀ ਰੱਖਿਆ ਜਾ ਸਕੇ। ਕੈਨੇਡਾ ਦੇ ਇਤਿਹਾਸ ਵਿੱਚ ਚਿੱਟੇ ਨਸਲਵਾਦ ਦੇ ਖ਼ਾਤਮੇ ਦੀ ਇਹ ਗੌਰਵਮਈ ਗਾਥਾ ਸਾਡਾ ਸ਼ਾਨਾਮੱਤਾ ਇਤਿਹਾਸ ਹੈ। ਇਸ ਦਿਨ ਨੂੰ ਕੈਨੇਡਾ ਦੇ ਬਹੁ-ਸਭਿਆਚਾਰਕ ਢਾਂਚੇ ਦੇ ਮੁੱਢ ਬੱਝਣ ਬੰਨ੍ਹਣ ਵਜੋਂ ਚੇਤੇ ਕਰਨਾ ਚਾਹੀਦਾ ਹੈ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ, ਕੈਨੇਡਾ

2025 ਦੀਆਂ ਬਰੂਹਾਂ 'ਤੇ ਆਓ, 'ਕਿਤਾਬ ਸੱਭਿਆਚਾਰ' ਦੇ ਪਾਂਧੀ ਬਣੀਏ! - ਡਾ ਗੁਰਵਿੰਦਰ ਸਿੰਘ

ਅਸੀਂ ਵਰ੍ਹੇ 2025 ਦੀਆਂ ਬਰੂਹਾਂ 'ਤੇ ਖੜ੍ਹੇ ਹਾਂ। ਇਸ ਸਮੇਂ ਆਪਣੇ ਆਪ ਨਾਲ ਇਹ ਗੰਭੀਰ ਵਿਚਾਰ ਕਰਨਾ ਲਾਹੇਵੰਦ ਹੋਏਗਾ ਕਿ ਕਿਤਾਬ ਦੀ ਸਾਡੇ ਜੀਵਨ ਵਿਚ ਕੀ ਅਹਿਮੀਅਤ ਹੈ। ਸੰਸਾਰ ਪ੍ਰਸਿੱਧ ਲੇਖਕ ਹੈਨਰੀ ਮਿਲਰ ਦਾ ਕਥਨ ਹੈ ਕਿ ਕਿਤਾਬ ਤੁਹਾਡੀ ਸਭ ਤੋਂ ਵਧੀਆ ਮਿੱਤਰ ਹੀ ਨਹੀਂ ਹੁੰਦੀ, ਸਗੋਂ ਇਹ ਤੁਹਾਡੇ ਮਿੱਤਰ ਬਣਾਉਂਦੀ ਵੀ ਹੈ। ਕਈ ਵਾਰ ਗੰਭੀਰ ਸਮੱਸਿਆਵਾਂ ਮੌਕੇ, ਕਿਤਾਬ ਹੀ ਸਾਨੂੰ ਢਾਰਸ ਦਿੰਦੀ ਹੈ। ਰੋਗੀਆਂ ਦੇ ਇਲਾਜ ਲਈ ਵੀ 'ਕਿਤਾਬ ਦੁੱਖਾਂ ਦੀ ਦਾਰੂ' ਹੈ। ਮਨੋਰੋਗਾਂ ਵਿਚ ਡੁਬਦੇ ਮਨੁੱਖ ਲਈ ਕਿਤਾਬ ਸਹਾਰਾ ਬਣਦੀ ਹੈ। ਫਰਾਂਸ ਦੇ ਲਿਖਾਰੀ ਮਾਰਸ਼ਲ ਪਰਾਊਸਤ ਦਾ ਕਹਿਣਾ ਹੈ ਕਿ ਕਿਤਾਬ, ਥੈਰੇਪੀ ਭਾਵ ਇਲਾਜ ਹੈ, ਜਦਕਿ ਪ੍ਰਸਿੱਧ ਚਿੰਤਕ ਸੈਮਮੂਅਲ ਕਰੋਥਰ ਨੇ, ਬਿਬਲੀਓਥੈਰਪੀ ਭਾਵ ਕਿਤਾਬ ਇਲਾਜ ਦੀ ਸੋਚ ਦਿੱਤੀ ਹੈ।
       ਕਿਤਾਬ ਮਨੁੱਖ ਨੂੰ ਨਿਰਾਸ਼ਾ ਦੇ ਆਲਮ 'ਚੋਂ ਬਾਹਰ ਕੱਢਦੀ ਹੈ ਤੇ ਜਿਉਣ ਦਾ ਮਕਸਦ ਦਿੰਦੀ ਹੈ। ਕਿਤਾਬ ਦੀ ਮਹੱਤਤਾ ਬਾਰੇ ਪ੍ਰਸਿੱਧ ਵਿਦਵਾਨ ਜੰਗ ਬਹਾਦਰ ਗੋਇਲ ਦੀ ਕਿਤਾਬ 'ਸਾਹਿਤ ਸੰਜੀਵਨੀ' ਪੜ੍ਹਨ ਦਾ ਸੁਭਾਗ ਹਾਸਿਲ ਹੋਇਆ, ਜਿਸ ਨੇ ਮਨ ਅੰਦਰ ਭਰਪੂਰ ਉਤਸ਼ਾਹ ਜਗਾਇਆ। ਉਹ ਲਿਖਦੇ ਹਨ,"ਹਰ ਆਦਮੀ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਡਾਵਾਂ-ਡੋਲ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜਾਂ ਤਾਂ ਕੋਈ ਸੁਗੜ ਸਿਆਣਾ ਰਾਹ-ਦਿਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ। ਪੁਸਤਕ ਤੱਕ ਪਹੁੰਚਣਾ ਆਸਾਨ ਹੈ, ਕਦੇ ਕਦੇ ਤਾਂ ਇਹ ਇੱਕ ਹੱਥ ਦੇ ਫਾਸਲੇ 'ਤੇ ਹੀ ਪਈ ਮਿਲ ਜਾਂਦੀ ਹੈ, ਜਿਸਦਾ ਕੋਈ ਵਾਕ, ਕੋਈ ਸਤਰ, ਕੋਈ ਦ੍ਰਿਸ਼ਟਾਂਤ, ਕਿਸੇ ਜੀਵਨ-ਰੱਖਿਅਕ ਦਵਾਈ ਵਾਂਗ ਫੌਰੀ ਅਸਰ ਕਰਦਾ ਹੈ ਅਤੇ ਪਸਤ ਹੋਇਆ ਆਦਮੀ ਮੁੜ ਸਾਵਾਂ, ਤੰਦਰੁਸਤ ਅਤੇ ਉਰਜਾਵਾਨ ਮਹਿਸੂਸ ਕਰਨ ਲੱਗਦਾ ਹੈ।"
      ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਕਿਤਾਬ ਮਨੁੱਖ ਨੂੰ ਢਹਿੰਦੀ ਕਲਾ ਦੇ ਮਾਹੌਲ 'ਚੋਂ ਬਾਹਰ ਕੱਢਦੀ ਹੈ ਅਤੇ ਹੌਸਲਾ ਦੇ ਕੇ ਚੜੵਦੀ ਕਲਾ ਦੇ ਰਾਹ 'ਤੇ ਤੋਰਦੀ ਹੈ। ਪਰ ਅੱਜ ਪੂੰਜੀਵਾਦੀ ਸੋਚਾਂ ਵਿੱਚ ਗ੍ਰਸਿਆ ਹੋਇਆ ਮਨੁੱਖ ਕਿਤਾਬ ਨਾਲੋਂ ਟੁੱਟ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ :
ਅੱਜ ਪਦਾਰਥਵਾਦ ਨੇ, ਕੀਤੀ ਸੋਚ ਖ਼ਰਾਬ।
ਐਯਾਸ਼ੀ ਵਿੱਚ ਆਦਮੀ,ਬੈਠਾ ਛੱਡ ਕਿਤਾਬ।
   ਦੂਜੇ ਪਾਸੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਇਹ ਹੈ ਕਿ ਅੱਜ ਦੁਨੀਆ ਭਰ ਵਿੱਚ ਅਜਿਹੇ ਸਰਵੇਖਣ ਹੋ ਰਹੇ ਹਨ, ਜਿੰਨਾਂ ਰਾਹੀਂ ਇਹ ਸੱਚ ਸਾਹਮਣੇ ਆ ਰਿਹਾ ਹੈ ਕਿ ਕਿਤਾਬਾਂ ਮਨੁੱਖ ਨੂੰ ਨਾ ਸਿਰਫ ਰੋਗ-ਮੁਕਤ ਕਰਦੀਆਂ ਹਨ, ਬਲਕਿ ਗਿਆਨਵਾਨ ਵੀ ਬਣਾਉਂਦੀਆਂ ਹਨ। ਦੁਨੀਆ ਦੀ ਪ੍ਰਕਾਸ਼ਨ ਸੰਸਥਾ 'ਗਲੈਕਸੀ ਕੁਇਕ ਰੀਡਜ਼' ਨੇ ਲਿਵਰਪੂਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਰਵੇ ਕਰਵਾਇਆ, ਜਿਸ ਅਨੁਸਾਰ 57 ਫੀਸਦੀ ਪਾਠਕਾਂ ਨੇ ਇਹ ਮੰਨਿਆ ਕਿ ਸਾਹਿਤ ਅਧਿਐਨ ਦੁਆਰਾ ਉਹਨਾਂ ਦੀ ਜ਼ਿੰਦਗੀ ਵਿੱਚ ਉਸਾਰੂ ਬਦਲਾਓ ਆਇਆ ਹੈ। 68 ਫੀਸਦੀ ਲੋਕਾਂ ਨੇ ਇਹ ਮੰਨਿਆ ਕਿ ਕਿਤਾਬਾਂ ਰਾਹੀਂ ਆਪਣੇ 'ਸੀਮਤ ਸੰਸਾਰ' ਚੋਂ ਬਾਹਰ ਨਿਕਲ ਕੇ, ਉਹ ਕਿੰਨੇ ਹੀ ਦੇਸ਼ਾਂ ਦੇਸ਼ਾਂਤਰਾਂ ਵਿਚ ਘੁੰਮ ਆਏ ਅਤੇ ਉਹਨਾਂ ਨੂੰ ਇਹ ਅਨੁਭਵ ਹੋਇਆ ਕਿ ਮਨੁੱਖ ਹਰ ਥਾਂ 'ਤੇ ਇੱਕੋ ਜਿਹਾ ਦੁੱਖ ਸੁੱਖ ਭੋਗ ਰਿਹਾ ਹੈ। 73 ਫੀਸਦੀ ਲੋਕਾਂ ਨੇ ਮੰਨਿਆ ਕਿ ਪੜ੍ਹਨ ਦੇ ਨਾਲ ਉਹਨਾਂ ਦੀ ਸੋਚ ਅਤੇ ਸਿਹਤ ਵਿੱਚ ਵਡਮੁੱਲਾ ਸੁਧਾਰ ਹੋਇਆ ਹੈ, ਜਦਕਿ 65 ਫੀਸਦੀ ਲੋਕਾਂ ਦਾ ਇਹ ਕਹਿਣਾ ਸੀ ਕਿ ਜਦੋਂ ਉਹਨਾਂ ਦੀ ਮਨੋਦਿਸ਼ਾ ਢਹਿੰਦੀ ਕਲਾ ਵਿੱਚ ਸੀ, ਤਾਂ ਪੁਸਤਕ ਨੇ ਉਹਨਾਂ ਦੀ ਸੋਚ ਸਕਾਰਾਤਮ ਅਤੇ ਚੜ੍ਹਦੀ ਕਲਾ ਵਿੱਚ ਬਦਲ ਦਿੱਤੀ। ਅਜਿਹੇ ਸਰਵੇਖਣਾ ਤੋਂ ਸੱਚ ਸਾਬਤ ਹੁੰਦਾ ਹੈ ਕਿ ਕਿਤਾਬਾਂ ਮਨੁੱਖੀ ਮਨ ਦੀਆਂ ਖਿੜਕੀਆਂ ਹਨ, ਜਿੰਨਾ ਰਾਹੀਂ ਤਾਜ਼ਾ ਗਿਆਨ ਮਨੁੱਖ ਅੰਦਰ ਜਾਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ;
    ਬਿਨਾਂ ਕਿਤਾਬੋਂ ਘੱਟ ਹੀ, ਹਾਸਲ ਹੋਏ ਗਿਆਨ।
   ਘੁੱਪ ਹਨੇਰਾ ਹੋਏ ਜਿਓਂ, ਘਰ, ਬਿਨ ਰੌਸ਼ਨਦਾਨ।
 ਕਿਤਾਬ ਦੀ ਮਹਾਨਤਾ ਤੋਂ ਜਾਣੂੰ ਹੋਣ ਦੇ ਬਾਵਜੂਦ ਪੰਜਾਬੀਆਂ ਅੰਦਰ ਕਿਤਾਬ ਸਭਿਆਚਾਰ ਅਜੇ ਤੱਕ ਮਜ਼ਬੂਤ ਨਹੀਂ ਹੋ ਸਕਿਆ, ਜਿਸ ਦਾ ਸਬੂਤ ਸਾਡੇ ਵੱਲੋਂ ਜੀਵਨ ਦੀਆਂ ਲੋੜਾਂ ਵਿੱਚ ਕਿਤਾਬ ਨੂੰ ਮੁੱਖ ਨਾ ਰੱਖਣਾ ਹੈ। ਇਸ ਦੀ ਮਿਸਾਲ ਇਥੋਂ ਮਿਲਦੀ ਹੈ ਕਿ ਅਸੀਂ ਖਰੀਦੋ ਫਰੋਖਤ ਵੇਲੇ, ਕਿਤਾਬ ਦੀ ਥਾਂ ਤੇ ਹੋਰਨਾਂ ਵਸਤੂਆਂ ਨੂੰ ਪਹਿਲ ਦਿੰਦੇ ਹਾਂ। ਢਾਈ ਦਹਾਕੇ ਪਹਿਲਾਂ ਵਾਪਰੀ ਇਕ ਘਟਨਾ ਅੱਜ ਪੂਰੀ ਤਰ੍ਹਾਂ ਚੇਤੇ ਹੈ, ਜਦੋਂ ਕੈਨੇਡਾ ਜਾਂਦਿਆਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਲੋੜੋਂ ਵੱਧ ਭਾਰ ਲਿਜਾ ਰਹੇ ਮੁਸਾਫਿਰਾਂ ਨੂੰ ਇਕ-ਇਕ ਕਰਕੇ ਰੋਕਿਆ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਅਤੇ ਏਅਰ ਲਾਈਨਜ਼ ਸਟਾਫ਼ ਮੈਂਬਰਾਨ ਦੇ ਨਿਰਦੇਸ਼ ਅਨੁਸਾਰ ਸਮਾਨ ਨਿਸ਼ਚਿਤ ਵਜ਼ਨ ਤੋਂ ਵਧੇਰੇ ਹੋਣ ਦੀ ਸੂਰਤ 'ਚ, ਹਜ਼ਾਰਾਂ ਰੁਪਏ ਦੇਣ ਦੀਆਂ ਸ਼ਰਤਾਂ ਸਨ। ਬੱਸ ਫੇਰ ਕੀ ਸੀ, ਜਿਵੇਂ ਏਅਰਪੋਰਟ 'ਤੇ 'ਮੋਤੀਆ ਬਾਜ਼ਾਰ' ਹੀ ਲੱਗ ਗਿਆ ਹੋਵੇ। ਬਹੁਤ ਸਾਰੇ ਮੁਸਾਫਿਰ ਆਪਣੇ ਅਟੈਚੀ ਖੋਲ ਰਹੇ ਸਨ ਤੇ ਵਾਧੂ ਸਮਾਨ ਕੱਢ ਰਹੇ ਸਨ। ਹੈਰਾਨੀ ਇਸ ਗੱਲ ਦੀ ਸੀ ਕਿ ਹਰ ਕਿਸੇ ਦੇ ਬੈਗ ਕੱਪੜਿਆਂ ਨਾਲ ਤੁੰਨੇ ਹੋਏ ਸਨ। ਆਦਮੀਆਂ ਦੇ ਕੋਟ-ਪੈਂਟਾਂ ਸਣੇ, ਇਸਤਰੀਆਂ ਦੇ ਸੂਟਾਂ ਦੀ ਗਿਣਤੀ ਦਰਜਨਾਂ ਤੋਂ ਵੱਧ ਜਾਪ ਰਹੀ ਸੀ। ਵੱਡਾ ਦੁੱਖ ਇਸ ਗੱਲ ਦਾ ਸੀ ਕਿ ਇਕ-ਅੱਧੇ ਨੂੰ ਛੱਡ ਕੇ, ਕਿਸੇ ਦੇ ਸਮਾਨ 'ਚ 'ਕਿਤਾਬ' ਨਾਂਅ ਦੀ ਸ਼ੈਅ ਸ਼ਾਮਿਲ ਨਹੀਂ ਸੀ। ਜੇਕਰ ਕਿਸੇ ਭਲੇ-ਪੁਰਖ ਨੇ ਜ਼ੋਰ ਪਾ ਕੇ, ਕੁਝ ਪੁਸਤਕਾਂ ਖ਼ਰੀਦੀਆਂ ਵੀ ਸਨ, ਤਾਂ ਸਮਾਨ ਵਧਣ ਦੀ ਸੂਰਤ ਵਿਚ, ਅਟੈਚੀਆਂ 'ਚੋਂ ਬਾਹਰ ਕੱਢਣ ਦੇ ਲਈ ਕਿਤਾਬਾਂ ਦੀ ਹੀ ਚੋਣ ਹੇ ਰਹੀ ਸੀ। ਕਿਤਾਬਾਂ ਤੋਂ ਸੱਖਣੇ ਕੱਪੜਿਆਂ ਲੱਦੇ ਅਟੈਚੀ, ਗਿਆਨ ਵਿਹੂਣੇ ਲੋਕਾਂ ਦੀ ਮੂੰਹ ਬੋਲਦੀ ਤਸਵੀਰ ਜਾਪ ਰਹੇ ਸਨ।
    ਕਿਤਾਬ ਮਨੁੱਖ ਦੀ ਸਭ ਤੋਂ ਮਹਾਨ ਸਰਮਾਇਆ ਹੈ ਅਤੇ ਗਿਆਨ ਨਾ- ਗੁਆਚਣ ਯੋਗ ਅਨਮੋਲ ਗਹਿਣਾ ਹੈ, ਪਰ ਪੰਜਾਬੀ ਕਿਤਾਬ ਅਤੇ ਗਿਆਨ ਤੋਂ ਵਿਹੂਣੇ ਹੁੰਦੇ ਜਾ ਰਹੇ ਹਨ। ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀ ਗੱਲ ਵਿਸ਼ੇਸ਼ ਤੌਰ 'ਤੇ ਕੀਤੀ ਜਾਵੇ, ਤਾਂ ਹਰ ਵਰ੍ਹੇ ਵੱਖ- ਵੱਖ ਦੇਸ਼ਾਂ ਤੋਂ ਪੰਜਾਬੀ ਵਤਨ ਆ ਕੇ, ਕੁਝ ਹਫ਼ਤਿਆਂ ਵਿੱਚ ਹੀ ਲੱਖਾਂ ਰੁਪਏ ਖਰਚਦੇ ਹਨ। ਪੰਜਾਬੀਆਂ ਦਾ ਝੁਰਮਟ ਲੀੜੇ- ਲੱਤਿਆਂ ਦੀ ਮੰਡੀ 'ਚ ਤਾਂ ਠਾਠਾਂ ਮਾਰਦਾ ਨਜ਼ਰ ਆਵੇਗਾ, ਪਰ ਕਿਤਾਬਾਂ ਦੀਆਂ ਦੁਕਾਨਾਂ 'ਤੇ ਕੋਈ ਵਿਰਲਾ ਹੀ ਪੰਜਾਬੀ ਬੱਚਿਆਂ ਨੂੰ ਲੈ ਕੇ ਪੁੱਜੇਗਾ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬ ਦੀ ਵਿਰਾਸਤ, ਭਾਸ਼ਾ ਤੇ ਇਤਿਹਾਸ ਦੇ ਗਿਆਨ ਤੋਂ ਸੱਖਣੇ ਰਹਿ ਜਾਂਦੇ ਹਨ।
     ਸਮੱਸਿਆ ਦੇ ਹੱਲ ਲਈ ਕਾਰਨਾਂ ਦੀ ਪੜਚੋਲ ਜ਼ਰੂਰੀ ਹੁੰਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬੀ ਚਾਹੇ ਵਿਦੇਸ਼ਾਂ 'ਚੋਂ ਆਉਣ ਜਾਂ ਪੰਜਾਬ 'ਚ ਹੀ ਰਹਿੰਦੇ ਹੋਣ, ਉਨ੍ਹਾਂ ਦੇ ਘਰਾਂ ਅੰਦਰ 'ਬੀਅਰ ਬਾਰ' ਤਾਂ 'ਆਮ' ਮਿਲ ਜਾਵੇਗੀ, ਪਰ 'ਲਾਇਬਰੇਰੀ' ਕਿਸੇ 'ਖਾਸ' ਘਰ 'ਚ ਹੀ ਨਜ਼ਰ ਆਵੇਗੀ। 'ਪਿਆਓ- ਪੀਓ ਐਸ਼ ਕਰੋ ਮਿੱਤਰੋ' ਵਾਲਾ ਸੁਭਾਅ ਸਾਨੂੰ ਗੰਭੀਰਤਾ ਤੋਂ ਕੋਹਾਂ ਦੂਰ ਲਿਜਾ ਰਿਹਾ ਹੈ। ਹੋਰ ਫ਼ਿਕਰਮੰਦੀ ਦੀ ਗੱਲ ਬਾਜ਼ਾਰ ਦੀ ਇਸ਼ਤਿਹਾਰਬਾਜ਼ੀ ਦੀ ਵੀ ਹੈ। ਜਿੰਨਾ ਪ੍ਰਚਾਰ ਬਾਜ਼ਾਰ 'ਚ ਸ਼ਰਾਬ ਦਾ ਹੋ ਰਿਹਾ ਹੈ, ਉਨਾਂ ਕਿਤਾਬਾਂ ਦਾ ਨਹੀਂ। ਪੰਜਾਬੀਆਂ ਦੀ ਮਾਨਸਿਕ ਦਿਵਾਲੀਏਪਣ ਦੀ ਨਿਸ਼ਾਨੀ ਹੈ ਕਿ ਉਹਨਾਂ "ਘਰ ਦੀ ਸ਼ਰਾਬ ਹੋਵੇ" ਗਾਉਣ ਵਾਲੇ ਗਾਇਕ ਨੂੰ ਤਾਂ ਪੰਜਾਬ ਦਾ ਮਾਣ ਕਹਿ ਕੇ ਸਨਮਾਨਿਆ, ਪਰ "ਹੱਥ ਚ ਕਿਤਾਬ ਹੋਵੇ" ਗਾਉਣ ਵਾਲਿਆਂ ਨੂੰ ਕਦੇ ਸਨਮਾਨ ਤੇ ਬਣਦਾ ਸਥਾਨ ਨਹੀਂ ਦਿੱਤਾ। ਇਸੇ ਕਾਰਨ ਤਾਂ ਇਉਂ ਜਾਪਦਾ ਹੈ ;
ਬੌਧਿਕ ਗਿਆਨ ਵਧਾਉਣ ਨੂੰ, ਮਿਲਦੀ ਨਹੀਂ ਕਿਤਾਬ।
ਨਸ਼ਿਆਂ ਤਾਈਂ ਫੈਲਾਉਣ ਨੂੰ, ਘਰ ਘਰ ਮਿਲੇ ਸ਼ਰਾਬ।
      'ਪੁਸਤਕਾਂ ਸੱਭਿਆਚਾਰ' ਨੂੰ ਪ੍ਰਫੁਲਿਤ ਕਰਨ ਲਈ ਭਾਸ਼ਾਈ ਅਦਾਰਿਆਂ ਨੂੰ ਸਰਗਰਮੀ ਵਿਖਾਉਣੀ ਹੋਵੇਗੀ। ਇਸ ਸੰਦਰਭ ਵਿੱਚ ਪੰਜਾਬ ਅੰਦਰ ਅਦਾਰਾ ਭਾਸ਼ਾ ਵਿਭਾਗ, ਪੰਜਾਬ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਮਿਸਾਲ ਵਜੋਂ ਪੰਜਾਬ ਦੀ ਹਰ ਜ਼ਿਲ੍ਹੇ ਅੰਦਰ ਭਾਸ਼ਾ ਮਹਿਕਮੇ ਦਾ ਦਫ਼ਤਰ ਹੈ ਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀ ਜ਼ਿੰਮੇਵਾਰੀ ਹੋਵੇ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ 'ਤੇ ਬੋਰਡ ਲਾ ਕੇ, ਚੰਗੀਆਂ ਪੁਸਤਕਾਂ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀਆਂ ਲੋੜਾਂ ਮੁੱਖ ਰਖਦਿਆਂ ਜੇਕਰ ਇਹ ਅਦਾਰੇ ਸੇਵਾਵਾਂ ਦਾ ਪ੍ਰਬੰਧ ਕਰਨ, ਤਾਂ ਯਕੀਨਨ ਤੌਰ ਤੇ ਪਾਠਕਾਂ ਦੀ ਗਿਣਤੀ 'ਚ ਚੋਖਾ ਵਾਧਾ ਹੋਵੇਗਾ। ਵਿਦੇਸ਼ਾਂ ਵਿੱਚ ਵੀ ਵੱਧ ਤੋਂ ਵੱਧ ਕਿਤਾਬ ਘਰ ਸਥਾਪਿਤ ਕਰਨੇ ਚਾਹੀਦੇ ਹਨ ਜਿਵੇਂ ਕਿ ਨਵਨੀਤ ਕੌਰ ਨੇ ਪਿੱਛੇ ਜਿਹੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ 'ਨਵ ਸਵੇਰ ਕਿਤਾਬ ਘਰ' ਸਥਾਪਿਤ ਕਰਕੇ ਅਜਿਹਾ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸੇ ਤਰ੍ਹਾਂ ਸਰੀ ਵਿੱਚ ਖਾਲਸਾ ਲਾਇਬ੍ਰੇਰੀ ਅਤੇ ਟੋਰਾਂਟੋ, ਐਲਬਰਟਾ ਆਦਿ ਵਿੱਚ ਹੋਰ ਉਪਰਾਲੇ ਹੋਏ ਹਨ। ਅੱਜ ਪੰਜਾਬੀਆਂ ਨੂੰ ਹੋਰ ਬਾਜ਼ਾਰਾਂ ਨਾਲੋਂ 'ਮੋਬਾਇਲ ਲਾਇਬਰੇਰੀ' ਦੀ ਵੱਧ ਜ਼ਰੂਰਤ ਹੈ, ਤਾਂ ਕਿ ਅਗਲੀ ਪੀੜ੍ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੂਲ ਭਾਵਨਾ ਤੋਂ ਜਾਣੂੰ ਹੋ ਸਕੇ। ਕਿਤਾਬਾਂ ਖਰੀਦਣ ਲਈ ਉਤਸ਼ਾਹ ਵਧਾਉਣ ਵਾਸਤੇ ਚੰਗੇ 'ਪੈਕੇਜ' ਬਣਾਏ ਜਾਣ, ਜਿਸ ਅਧੀਨ ਕੀਮਤੀ ਸਾਹਿਤਕ ਰਚਨਾਵਾਂ ਖਰੀਦਣ 'ਤੇ ਕੁਝ ਗਿਆਨ-ਵਧਾਊ ਪੁਸਤਕਾਂ ਵੀ ਦਿੱਤੀਆਂ ਜਾਣ। ਪੁਸਤਕਾਂ ਵੱਧ ਤੋਂ ਵੱਧ ਵੰਡੀਆਂ ਜਾਣ, ਤਾਂ ਕਿ ਪਾਠਕ ਵਰਗ ਵਿਚ ਵਾਧਾ ਹੋ ਸਕੇ। ਪੰਜਾਬ ਅੰਦਰ ਜਿਹੜਾ ਜ਼ਿਲ੍ਹਾ, ਨਗਰ ਜਾਂ ਪਿੰਡ ਅਜਿਹਾ ਕਰਨ ਵਿਚ ਵਧੇਰੇ ਸਫ਼ਲ ਹੋਵੇ, ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ, ਤਾਂ ਕਿ ਹੋਰਨਾਂ ਅੰਦਰ ਵੀ ਅਜਿਹਾ ਚਾਅ ਪੈਦਾ ਕੀਤਾ ਜਾ ਸਕੇ। ਅਜਿਹਾ ਕਾਰਜ ਹੀ ਯੂਨੀਵਰਸਿਟੀਆਂ ਤੇ ਕਾਲਜ ਵੀ ਕਰ ਸਕਦੇ ਹਨ।
        ਕਿਤਾਬ ਵਰਗਾ ਤੋਹਫ਼ਾ ਹੋਰ ਕੋਈ ਨਹੀਂ ਹੋ ਸਕਦਾ। ਅਸੀਂ ਨਵੇਂ ਵਰ੍ਹੇ, ਜਨਮ ਦਿਨ, ਵਿਆਹ-ਸ਼ਾਦੀ, ਵਿਸ਼ੇਸ਼ ਦਿਹਾੜੇ ਅਤੇ ਸਨਮਾਨ ਆਦਿ ਮੌਕੇ ਖਾਣ - ਪੀਣ ਜਾਂ ਪਹਿਨਣ ਲਈ ਤਾਂ ਬਹੁਤ ਕੁਝ ਭੇਂਟ ਕਰਦੇ ਹਾਂ, ਪਰ ਪੜ੍ਹਨਯੋਗ ਭੇਟਾ ਵਿੱਚ ਹੱਥ ਤੰਗ ਰੱਖਦੇ ਹਾਂ, ਜਦ ਕਿ ਸਭ ਤੋਂ ਵੱਧ ਯਾਦਗਾਰੀ ਸੌਗਾਤ ਪੁਸਤਕ ਹੀ ਕਹੀ ਜਾ ਸਕਦੀ ਹੈ। ਆਪਣੇ ਜੀਵਨ ਸਫ਼ਰ 'ਚ ਉਹ ਘੜੀ ਮੇਰੇ ਲਈ ਅਭੁੱਲ ਰਹੀ ਹੈ, ਜਦੋਂ ਵਿਆਹ ਮੌਕੇ ਅਨੇਕਾਂ ਪਿਆਰਿਆਂ ਦੇ ਵੱਖ-ਵੱਖ ਤੋਹਫ਼ਿਆਂ ਨਾਲੋਂ, ਬਲਜੀਤ ਦੀ ਭੇਂਟ ਕੀਤੀ 'ਸ਼ਿਵ ਕੁਮਾਰ ਬਟਾਲਵੀਂ ਦੇ ਸੰਪੂਰਨ ਕਾਵਿ ਰਚਨਾ' ਵਧੇਰੇ ਕੀਮਤੀ ਹੋ ਨਿਬੜੀ। ਕੈਨੇਡਾ ਰਵਾਨਾ ਹੋਣ ਵੇਲੇ ਬੈਗ 'ਚ ਟਿਕਾਏ ਹੋਰ ਸਾਮਾਨ ਤੋਂ ਪਹਿਲਾਂ ਜਗ੍ਹਾ, ਉਸ ਕਿਤਾਬ ਦੀ ਹੀ ਸੀ। ਮਗਰੋਂ ਪੰਜਾਬ ਤੋਂ ਕੈਨੇਡਾ ਪਰਤਦਿਆਂ ਹਰ ਗੇੜ੍ਹੇ ਦਰਜਨਾਂ ਕਿਤਾਬਾਂ ਨਾਲ ਲਿਆਉਣ ਅਤੇ ਸੰਗੀਆਂ ਸਾਥੀਆਂ ਤੋਂ ਮੰਗਵਾਉਣ ਦੇ ਸੁਭਾਅ ਕਾਰਨ , ਪੰਜਾਬ ਵਾਂਗ ਕੈਨੇਡਾ ਵਿਚਲੇ ਘਰ ਅੰਦਰ ਹਜ਼ਾਰ ਤੋਂ ਵੱਧ ਕਿਤਾਬਾਂ ਦੀ ਲਾਇਬਰੇਰੀ ਸ਼ਿੰਗਾਰ ਬਣ ਚੁੱਕੀ ਹੈ। ਪੰਜਾਬੀ ਜੇ ਖ਼ਰੀਦੋ-ਫ਼ਰੋਖ਼ਤ ਕਰਦਿਆਂ, ਕਿਤਾਬਾਂ ਅਤੇ ਹੋਰ ਲੋੜੀਂਦੇ ਸਮਾਨ ਵਿਚਕਾਰ ਸੰਤੁਲਨ ਹੀ ਕਾਇਮ ਕਰ ਲੈਣ, ਤਾਂ ਵੀ ਗਿਆਨ ਦੀ ਲਹਿਰ ਪੈਦਾ ਹੋ ਸਕਦੀ ਹੈ। ਇਸ ਦਾ ਅਸਰ ਕਬੂਲਦਿਆਂ ਲੋਕਾਂ ਨੂੰ ਪੁਸਤਕਾਂ ਪੜ੍ਹਨ ਲਈ ਹਲੂਣਾ ਮਿਲੇਗਾ।
        ਜਿਸ ਦਿਨ ਪੰਜਾਬੀਆਂ ਅੰਦਰ 'ਕਿਤਾਬ ਸੱਭਿਆਚਾਰ' ਪੈਦਾ ਹੋ ਗਿਆ, ਉਸ ਦਿਨ ਗਿਆਨ ਦੇ ਸੂਰਜ ਦੇ ਮਘਣ ਨਾਲ, ਮਨ ਦਾ ਵਿਹੜਾ ਸਚਮੁੱਚ ਪ੍ਰਕਾਸ਼ਮਾਨ ਹੋ ਜਾਏਗਾ ਅਤੇ ਉਹ ਦਿਹਾੜਾ ਮਾਂ ਬੋਲੀ ਪੰਜਾਬੀ ਦਾ ਸੁਨਹਿਰੀ ਸਮਾਂ ਹੋਵੇਗਾ। ਆਓ! ਪੰਜਾਬੀਓ, ਨਵੇ ਵਰ੍ਹੇ 'ਤੇ ਨਵਾਂ ਸੰਕਲਪ ਲੈ ਕੇ ਸ਼ਰਾਬ ਦਾ ਛੇਵਾਂ ਦਰਿਆ ਬੰਦ ਕਰਕੇ, ਕਿਤਾਬ ਦੇ ਗਿਆਨ ਰੂਪੀ ਦਰਿਆ ਦੇ ਵਹਿਣ ਦੇਸ਼-ਵਿਦੇਸ਼ਾਂ 'ਚ ਵਹਾ ਦਈਏ। ਕਿਤਾਬ ਇਨਕਲਾਬ ਲਿਆਉਣ ਲਈ ਵਾਰ-ਵਾਰ ਆਪਣੇ ਆਪ ਨੂੰ ਇਸ ਸਵਾਲ ਕਰੀਏ ;
'ਘਰ-ਘਰ ਅੰਦਰ 'ਬਾਰ' ਕਿਉਂ, ਕਿਸਮੋਂ-ਕਿਸਮ ਸ਼ਰਾਬ।
ਆਪਾਂ ਕੌਮ ਹਾਂ ਸ਼ਬਦ ਦੀ, ਕਿੱਥੇ ਗਈ ਕਿਤਾਬ ?'
      ਇਹ ਸੌ ਫੀਸਦੀ ਸਹੀ ਹੈ ਕਿ ਅਸੀਂ ਸ਼ਬਦ ਦੀ ਕੌਮ ਹਾਂ। ਅਸੀਂ ਵਡਭਾਗੇ ਹਾਂ ਕਿ ਸਾਨੂੰ ਗੁਰੂ ਸਾਹਿਬਾਨ ਨੇ ਸ਼ਬਦ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ, ਮਨੁੱਖ ਦੇ ਜੀਵਨ ਦਾ ਰੂਹਾਨੀ ਮਕਸਦ ਬਿਆਨਦੇ ਹੋਇਆਂ, ਸਾਨੂੰ ਸੱਚ ਹੱਕ ਅਤੇ ਇਨਸਾਫ ਦਾ ਸਬਕ ਸਿਖਾਉਂਦੇ ਹਨ। ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ “ਆਸਾ ਮਹਲਾ ਪਹਿਲਾ  ਚਉਪਦੇ॥ ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਗੁਰੂ ਗ੍ਰੰਥ ਸਾਹਿਬ, ਅੰਗ 356) ਭਾਵ ਵਿਦਿਆ ਪ੍ਰਾਪਤ ਕਰ ਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ, ਤਾਂ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਪੜ੍ਹਾਈ ਕਰਨੀ ਤਾਂ ਹੀ ਸਫ਼ਲ ਹੈ, ਜੇਕਰ ਪੜ੍ਹਾਈ ਕਰਨ ਨਾਲ ਜੀਵਨ ਅੰਦਰ ਪਰਉਪਕਾਰ ਪੈਦਾ ਹੋਵੇ। ਇਉਂ ਹੀ ਗੁਰੂ ਅੰਗਦ ਸਾਹਿਬ ਦਾ ਫੁਰਮਾਨ ਹੈ, "ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ (ਸਲੋਕ ਮਃ ਦੂਜਾ, ਗੁਰੂ ਗ੍ਰੰਥ ਸਾਹਿਬ ਅੰਗ : 146) ਭਾਵ ਸੱਤ ਪਹਰ ਭਲਾ ਆਚਰਨ ਬਣਾੳਣ ਲਈ, ਪੜ੍ਹਿਆਂ -ਲਿਖਿਆਂ ਭਾਵ ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।
    ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆ ਦੀ ਮਹਾਨਤਾ ਨੂੰ ਵਿਚਾਰਿਆ ਹੈ। ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ, ਪੜ੍ਹਾਈ ਦਾ ਉਹ ਰੂਪ ਜਿਹੜਾ ਲਭ, ਲੋਭ ਅਤੇ ਹੰਕਾਰ ਨੂੰ ਜਨਮ ਦਿੰਦਾ ਹੈ, ਉਸ ਦਾ ਗੁਰਬਾਣੀ ਨੇ ਖੰਡਨ ਕੀਤਾ ਹੈ। “ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ।।” (ਗੁਰੂ ਗ੍ਰੰਥ ਸਾਹਿਬ, ਅੰਗ 140) ਇਸ ਤਰ੍ਹਾਂ ਹੀ “ਲਿਖਿ ਲਿਖਿ ਪੜਿਆ॥ ਤੇਤਾ ਕੜਿਆ।।” (ਅੰਗ 467) ਜਾਂ “ਪੜਿਆ ਹੋਵੈ ਗੁਨਹਾਗਾਰੁ, ਤਾ ਓਮੀ ਸਾਧੁ ਨ ਮਾਰੀਐ।।” (ਗੁਰੂ ਗ੍ਰੰਥ ਸਾਹਿਬ, ਅੰਗ 469) “ਪੜਿ ਪੜਿ ਲੂਝਹਿ ਬਾਦੁ ਵਖਾਣਹਿ, ਮਿਲਿ ਮਾਇਆ ਸੁਰਤਿ ਗਵਾਈ।। “ (ਗੁਰੂ ਗ੍ਰੰਥ ਸਾਹਿਬ ਅੰਗ :1131)
‘ਆਸਾ ਕੀ ਵਾਰ’ ਵਿਚਲੇ ਸਲੋਕ, ਸਲੋਕੁ ਮਃ ਪਹਿਲਾ ॥
"ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥"
  (ਗੁਰੂ ਗ੍ਰੰਥ ਸਾਹਿਬ, ਅੰਗ 467)
ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ, ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ-ਪੜ੍ਹ ਕੇ ਸਾਲ ਦੇ ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ-ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ-ਪੜ੍ਹ ਕੇ ਚਾਹੇ ਕੋਈ ਮਨੁੱਖ ਜੀਵਨ ਦੇ ਸਾਰੇ ਸੁਆਸ ਹੀ ਪੜ੍ਹਾਈ `ਤੇ ਲਗਾ ਦੇਵੇ। ਇੱਥੇ ਗੁਰੂ ਸਾਹਿਬ ਚੇਤਾਵਨੀ ਦੇ ਰਹੇ ਹਨ “ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।।” ਭਾਵ ਹੇ ਮਨੁੱਖ! ਤੂੰ ਪੜ੍ਹਾਈ ਤਾਂ ਕੀਤੀ, ਪਰ ਪੜ੍ਹਾਈ ਦੇ ਅਸਲ ਮਕਸਦ ਤੋਂ ਅਣਜਾਣ ਹੋਣ ਕਾਰਨ ਤੂੰ ਆਪਣੇ ਜੀਵਨ `ਚ ਹਉਮੈ-ਵਿਕਾਰਾਂ ਨੂੰ ਹੀ ਪੱਠੇ ਪਾਏ ਤੇ ਝੱਖ ਹੀ ਮਾਰੀ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਪੜ੍ਹਾਈ ਦਾ ਖੰਡਨ ਨਹੀਂ ਕਰ ਰਹੇ, ਬਲਕਿ ਪੜ੍ਹਾਈ ਦੇ ਸੱਚੇ ਸੁੱਚੇ ਇਲਾਹੀ ਮਕਸਦ ਤੋਂ ਬੇਮੁਖ ਵਿਅਕਤੀ ਨੂੰ ਸੇਧ ਰਹੇ ਹਨ। ਮੁਕਦੀ ਗੱਲ, ਨਵੇੰ ਵਰੇ ਦੀਆਂ ਬਰੂਹਾਂ 'ਤੇ ਖੜ ਕੇ ਜੇਕਰ ਗੁਰਬਾਣੀ ਦਾ ਇਹ ਸ਼ਬਦ ਅਸੀਂ ਆਤਮਸਾਤ ਕਰ ਲਈਏ, ਤਾਂ ਜੀਵਨ ਬਦਲ ਜਾਏਗਾ :
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
{ ਗੁਰੂ ਗ੍ਰੰਥ ਸਾਹਿਬ, ਅੰਗ : 356}
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਸਫੋਰਡ, ਕੈਨੇਡਾ

10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ 'ਤੇ ਵਿਸ਼ੇਸ਼ - ਡਾ. ਗੁਰਵਿੰਦਰ ਸਿੰਘ

'ਮਨੁੱਖੀ ਅਧਿਕਾਰ ਦਿਵਸ' ਬਨਾਮ 'ਕਾਲੀ ਦਸਤਾਰ ਦਿਵਸ'
ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ ਰਹਿ ਗਿਆ ਹੈ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ
ਦੂਜੀ ਵਿਸ਼ਵ ਜੰਗ (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ। ਯਹੂਦੀਆਂ ਦੀ ਵੱਡੀ ਪੱਧਰ ’ਤੇ ਨਸਲਕੁਸ਼ੀ ਹੋਈ ਸੀ। ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣ-ਮਨੁੱਖੀ ਤਸੀਹੇ ਦੇ ਕੇ ਉਨ੍ਹਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ। ਦੂਜੇ ਸੰਸਾਰ ਜੰਗ ਵਿੱਚ ਹੋਏ ਭਿਆਨਕ ਮਨੁੱਖੀ ਕਤਲੇਆਮ ਅਤੇ ਤਬਾਹੀ ਨੂੰ ਵੇਖਦੇ ਹੋਏ ਤੇ ਤੀਜੇ ਸੰਸਾਰ ਜੰਗ ਦੇ ਖੌਫ ਨਾਲ ਖਦਸ਼ਿਆਂ ਨੂੰ ਰੱਦ ਕਰਨ ਲਈ ਸੰਨ 1945 ਵਿੱਚ, ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਉਦੇਸ਼ ਕੌਮਾਂਤਰੀ ਪੱਧਰ ਤੇ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਮਾਹੌਲ ਕਾਇਮ ਕਰਨਾ, ਸਭਿਆਚਾਰਕ ਤੇ ਆਰਥਿਕ ਸਾਂਝ ਕਾਇਮ ਕਰਨਾ ਅਤੇ ਵੱਖ-ਵੱਖ ਰਾਸ਼ਟਰਾਂ ਦਰਮਿਆਨ ਮੇਲ-ਜੋਲ ਦੀ ਸਥਾਪਨਾ ਕਰਨਾ ਨਿਰਧਾਰਤ ਕੀਤਾ ਗਿਆ। 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ ਸੰਯੁਕਤ ਰਾਸ਼ਟਰ ਸੰਘ ਦੇ 58 ਮੈਂਬਰ ਦੇਸ਼ਾਂ ਨੇ, ਸਿਧਾਂਤਕ ਰੂਪ ਵਿੱਚ ਅਪਣਾਇਆ। ਵਿਸ਼ਵ ਸ਼ਾਂਤੀ ਦੇ ਨਾਲ-ਨਾਲ ਮਨੁੱਖੀ ਸੁਤੰਤਰਤਾ ਦੀ ਅਹਿਮੀਅਤ ਦੇ ਮੱਦੇ ਨਜ਼ਰ 10 ਦਸੰਬਰ ਨੂੰ ਮਾਨਵੀ ਹੱਕਾਂ ਦੀ ਘੋਸ਼ਣਾ ਕੀਤੀ ਗਈ, ਜਿਸ ਦੇ ਅੰਤਰਗਤ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਸੰਪਤੀ , ਵਿਦਿਆ ਪ੍ਰਾਪਤੀ, ਧਾਰਮਿਕ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਆਦਿ ਦੇ ਅਧਿਕਾਰ ਸ਼ਾਮਿਲ ਹਨ। ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ। 4 ਦਸੰਬਰ, 1950 ਨੂੰ ਸੰਯੁਕਤ ਰਾਸ਼ਟਰ ਜਨਰਲ ਦੀ 317ਵੀਂ ਅਸੈਂਬਲੀ ਵਿੱਚ ਮਤਾ ਨੰਬਰ 423 (5) ਪਾਸ ਕੀਤਾ ਗਿਆ ਅਤੇ ਉਸ ਤੋਂ ਬਾਦ ਹਰ ਸਾਲ 10 ਦਸੰਬਰ ਦਾ ਦਿਨ ਮਨੁਖੀ ਅਧਿਕਾਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਨੁੱਖੀ ਅਧਿਕਾਰ ਤੋਂ ਭਾਵ ਹੈ ਕਿ 'ਸਾਫ-ਸੁਥਰੀ ਤੇ ਸੁਰੱਖਿਅਤ ਜੀਵਨ- ਸ਼ੈਲੀ ਵਾਸਤੇ ਸਾਰੇ ਮਨੁੱਖਾਂ ਨੂੰ ਸਮਾਨ ਰੂਪ ਵਿੱਚ ਸਹੂਲਤਾਂ ਹਾਸਿਲ ਹੋਣ।'' ਇਸ ਤੋਂ ਘੱਟ ਪ੍ਰਾਪਤੀ ਵਿਦਰੋਹ ਦੀ ਜਨਮਦਾਤੀ ਹੈ ਤੇ ਇਸ ਤੋਂ ਵੱਧ ਹੱਕ ਮਾਨਣਾ, ਅਧਿਕਾਰਾਂ ਦੇ ਨਾਂ ਤੇ ਦੂਜਿਆਂ ਦਾ 'ਸ਼ੋਸ਼ਣ' ਹੁੰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਹਿਜ਼ੀਬ ਦੇ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਨ ਦੇ ਦਾਅਵੇ ਕਰਨ ਮਗਰੋਂ ਵੀ ਮਨੁੱਖ 'ਜੀਓ ਤੇ ਜਿਓਣ ਦਿਓ' ਦੇ ਸਿਧਾਂਤ ਦਾ ਧਾਰਨੀ ਨਹੀਂ ਹੋ ਸਕਿਆ। ਆਪਣੇ ਤੋਂ ਕਮਜ਼ੋਰ ਨੂੰ ਲੁੱਟਣ ਦੀ ਭਿਆਨਕ ਬਿਰਤੀ ਨੇ ਉਸਨੂੰ ਸ਼ੈਤਾਨਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਤਰਜ਼ 'ਤੇ ਜੇਕਰ 'ਪਰਾਇਆ ਹੱਕ', ਖੋਹਣ ਵਾਲਿਆਂ ਲਈ ਗਾਂ ਤੇ ਸੂਰ ਦਾ ਮਾਸ ਖਾਣ ਦੀ ਪਰਖ ਕੀਤੀ ਜਾਵੇ, ਤਾਂ ਅੱਜ ਮਨੁੱਖਾਂ ਦੀ ਵੱਡੀ ਗਿਣਤੀ ਵਿੱਚ ਅਜਿਹੀ ਸੋਚ ਹੀ ਨਜ਼ਰ ਆਉਂਦੀ ਹੈ। ਗੁਰਬਾਣੀ ਮਨੁੱਖ ਨੂੰ ਪੀੜਿਤ ਅਤੇ ਕਮਜ਼ੋਰ ਵਰਗ ਨਾਲ ਖੜਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਜਾਲਮ ਵਿਰੁੱਧ ਡਟਣ ਲਈ ਹਲੂਣਾ ਦਿੰਦੀ ਹੈ। ਦੂਜੇ ਪਾਸੇ ਦੋ ਵਿਸ਼ਵ ਯੁੱਧਾਂ ਦਾ ਕਾਰਨ ਬਣੀ ਵਿਚਾਰਧਾਰਾ 'ਤਾਕਤਵਰ ਨੂੰ ਹੀ ਜਿਓਣ ਦਾ ਹੱਕ ਹੈ' ਕਾਰਨ ਹੋ ਚੁੱਕੀ ਤਬਾਹੀ ਤੋਂ ਸਬਕ ਨਾ ਸਿਖਦਿਆਂ, ਅਜਿਹੀ ਸੋਚ ਨੂੰ ਤਿਆਗਣ ਦੀ ਬਜਾਇ ਮਨੁੱਖ ਨੇ ਵਧੇਰੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਯੂ.ਐਨ.ਓ. ਦੇ ਘੋਸ਼ਣਾ ਪੱਤਰ 'ਚ ਸ਼ਾਮਿਲ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਵਿਦਿਆ ਪ੍ਰਾਪਤੀ ਤੇ ਧਾਰਮਿਕ ਆਜ਼ਾਦੀ ਵਰਗੇ ਕੌਮਾਂਤਰੀ ਮਾਨਵੀ ਅਧਿਕਾਰ 'ਮਹਿਜ਼ ਘੋਸ਼ਣਾ' ਹੀ ਬਣ ਕੇ ਰਹਿ ਗਏ ਹਨ। ਦਸ਼ਾ ਇਹ ਹੈ ਕਿ ਤਕੜਾ ਮੁਲਕ ਮਾੜੇ ਮੁਲਕ ਤੋਂ ਅਤੇ ਤਾਕਤਵਰ ਮਨੁੱਖ ਕਮਜ਼ੋਰ ਮਨੁੱਖ ਤੋਂ ਹੱਕ ਖੋਹ ਕੇ, 'ਵਿਸ਼ਵ ਸ਼ਕਤੀ ' ਬਣਨ ਦੀ ਕੋਝੀ ਸਾਜਿਸ਼ ਵਿੱਚ ਗ੍ਰਸਿਆ ਹੋਇਆ ਹੈ।
ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਫਲਸਤੀਨ ਵਿਚ ਇਜ਼ਰਾਇਲ ਵੱਲੋਂ ਕੀਤੇ ਭਿਅੰਕਰ ਹਮਲਿਆਂ ਵਿੱਚ ਮਾਰੇ ਗਏ ਹਜ਼ਾਰਾਂ ਬੱਚਿਆਂ ਦੀ ਦਿਲ-ਕੰਬਾਊ ਤਸਵੀਰ ਨਜ਼ਰ ਆਉਂਦੀ ਹੈ। ਗਾਜ਼ਾ ਵਿੱਚ ਮਾਸੂਮਾਂ 'ਤੇ ਹੋਏ ਜਬਰ ਦੇ ਖਿਲਾਫ ਵੱਡੀਆਂ ਤਾਕਤਾਂ ਨੂੰ ਰੋਕਣ ਵਿੱਚ ਯੂਐਨਓ ਵੀ ਬੇਵਸ ਅਤੇ ਲਾਚਾਰ ਨਜ਼ਰ ਆਇਆ। ਇਉ ਹੀ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਭਿਅੰਕਰ ਹਮਲਿਆਂ 'ਚ ਹੋਏ ਮਨੁੱਖੀ ਹੱਕਾਂ ਦੇ ਘਾਣ ਦੀ ਦਰਦਨਾਕ ਦਾਸਤਾਨ ਹੈ।
'ਦੁਨੀਆਂ ਦੇ ਸਭ ਤੋਂ ਵੱਡੇ ਅਖੌਤੀ ਲੋਕ ਰਾਜ' ਭਾਰਤ ਦੇ ਵਿਸ਼ਾਲ ਸੰਵਿਧਾਨ ਦੇ ਰਚਨਹਾਰਿਆਂ ਨੇ ਚਾਹੇ ਮੂਲ ਮਨੁੱਖੀ ਹੱਕਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਦਿਆਂ, ਇਹਨਾਂ ਦੀ ਸੁਰਖਿਆਂ ਵਾਸਤੇ ਵਿਸ਼ੇਸ਼ ਕਾਨੂੰਨ ਬਣਾਏ ਹਨ, ਜਿਨ੍ਹਾਂ ਦੀ ਉਲੰਘਣਾ ਦੇ ਰੂਪ ਵਿੱਚ ਨਾਗਰਿਕ ਨੂੰ ਸਰਬ-ਉਚ ਨਿਆਂ ਪਾਲਿਕਾ ਦਾ ਦਰਵਾਜਾ ਖੜਕਾਉਣ ਦਾ ਹੱਕ ਵੀ ਪ੍ਰਾਪਤ ਹੈ, ਪਰ ਸਮੱਸਿਆ ਇਹ ਹੈ ਕਿ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਇਸ ਵਿਵਸਥਾ ਨੂੰ ਵਿਹਾਰਕ ਸਰੂਪ ਦੇਣ ਵਿੱਚ ਬਿਲਕੁਲ ਹੀ ਸਫਲ ਨਹੀਂ ਹੋ ਸਕੀ। ਭਾਰਤੀ ਸ਼ਾਸਨ ਦੇ ਕਾਰਜ-ਪ੍ਰਬੰਧ ਨੂੰ ਵਾਚਣ ਉਪਰੰਤ ਇਸ ਨਤੀਜੇ 'ਤੇ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ ਕਿ ਦੇਸ਼ ਵਿੱਚ ਆਮ ਨਾਗਰਿਕ ਦੇ ਆਮ ਕਰਕੇ ਅਤੇ ਘੱਟ ਗਿਣਤੀਆਂ ਦੇ ਖਾਸ ਕਰਕੇ ਬੁਨਿਆਦੀ ਅਧਿਕਾਰ ਮਹਿਫ਼ੂਜ਼ ਨਹੀਂ ਹਨ।
ਭਾਰਤ ਵਿੱਚ ਮਨੁੱਖੀ ਹੱਕਾਂ ਦੀ ਪਰਿਭਾਸ਼ਾ 'ਵਿਅਕਤੀ ਤੋਂ ਵਿਅਕਤੀ ਤੱਕ' ਬਦਲਦੀ ਹੈ। ਕਿਸੇ ਦਫ਼ਤਰ ਵਿੱਚ ਬੈਠਾ ਅਫ਼ਸਰ ਆਪਣੇ ਅਧੀਨ ਅਧਿਕਾਰੀ ਨੂੰ, ਨਿੱਜੀ ਹਿੱਤ ਲਈ ਵਰਤਣਾ ਆਪਣਾ ਅਧਿਕਾਰ ਸਮਝਦਾ ਹੈ। ਲਾਲ ਬੱਤੀ ਵਾਲੀ ਗੱਡੀ 'ਤੇ ਸਵਾਰ ਨੇਤਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਥਿਆਉਣਾ ਆਪਣਾ ਹੱਕ ਸਮਝਦਾ ਹੈ। ਸਥਾਪਤੀ ਦੀ ਕੁਰਸੀ 'ਤੇ ਬੈਠਾ ਸ਼ਾਸਕ ਜਨ- ਸੰਪਤੀ ਨੂੰ ਨਿੱਜੀ ਸੰਪਤੀ ਸਮਝਦਿਆਂ, ਉਸਨੂੰ ਲੁੱਟਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਅਜਿਹੀ ਬੇਇਨਸਾਫ਼ੀ ਤੇ ਅਨਿਆਂ ਦੀ ਕੋਝੀ ਤਸਵੀਰ ਅਨੇਕਾਂ ਸਵਾਲਾਂ ਨੂੰ ਜਨਮ ਦਿੰਦੀ ਹੈ। ਸਵਾਲ ਇਹ ਉਠਦਾ ਹੈ ਕਿ ਮਨੁੱਖੀ ਹੱਕਾਂ ਦਾ ਘਾਣ ਕਦੋਂ ਤੱਕ ਹੁੰਦਾ ਰਹੇਗਾ? ਇਨਸਾਫ਼ ਦੀ ਮੰਗ ਵਾਸਤੇ ਸਤਾਏ ਮਨੁੱਖ, ਫੈਸਲਿਆਂ ਦੀ ਉਡੀਕ 'ਚ ਕਦੋਂ ਬਿਰਖ ਬਣੇ ਰਹਿਣਗੇ? ਨਿਰਦੋਸ਼ ਇਨਸਾਨਾਂ ਨਾਲ ਹੁੰਦੀਆਂ ਵਧੀਕੀਆਂ ਦੀ ਦਾਸਤਾਨ ਕਦੋਂ ਜਾ ਕੇ ਖਤਮ ਹੋਵੇਗੀ?
ਇਹਨਾਂ ਸਵਾਲਾਂ ਦਾ ਬਿਲਕੁਲ ਸਿੱਧਾ, ਸਪੱਸ਼ਟ ਤੇ ਵਿਹਾਰਕ ਉਤਰ ਇਹ ਹੈ ਕਿ ਅਨਿਆਂ ਦੀ ਦੁਖਾਂਤਕ ਕਹਾਣੀ ਦਾ ਅੰਤ ਉਦੋਂ ਤੱਕ ਨਹੀਂ ਹੋਵੇਗਾ, ਜਦ ਤੱਕ ਕੁਰਸੀਦਾਰਾਂ ਨੂੰ ਆਪਣੇ ਹੱਡਾਂ 'ਤੇ ਬੇਦੋਸ਼ਿਆਂ ਦੀ ਤਰ੍ਹਾਂ ਸਿਤਮ ਝੱਲਣੇ ਨਹੀਂ ਪੈਂਦੇ। ਜਿੰਨਾਂ ਚਿਰ ਸ਼ਾਸਕ ਖੁਦ ਤਸ਼ੱਦਦ ਦਾ ਸ਼ਿਕਾਰ ਨਹੀਂ ਹੁੰਦਾ, ਉਨ੍ਹਾਂ ਚਿਰ ਉਹ ਕੀ ਜਾਣੇ ਕਿ ਵਧੀਕੀ ਤੇ ਬੇਇਨਸਾਫ਼ੀ ਕੀ ਹੁੰਦੀ ਹੈ। ਇਸ ਸੰਦਰਭ ਵਿੱਚ 6ਵੀਂ ਸਦੀ 'ਚ ਬਣੇ ਮਿਸਰ ਬਾਦਸ਼ਾਹ ਨੋਸ਼ਰਵਾ ਦੀ ਘਟਨਾ ਜ਼ਿਕਰਯੋਗ ਹੈ। ਛੋਟੀ ਉਮਰ 'ਚ ਜਦ ਉਹ ਉਸਤਾਦ ਕੋਲ ਪੜ੍ਹਨ ਵਾਸਤੇ ਜਾਂਦਾ ਸੀ, ਤਾਂ ਇਕ ਦਿਨ ਵਾਪਰੀ ਘਟਨਾ ਨੇ ਉਸਦੇ ਮਨ ਅੰਦਰ ਬੜਾ ਰੋਸ ਪੈਦਾ ਕਰ ਦਿੱਤਾ। ਹੋਇਆ ਇਉਂ ਕਿ ਉਸਤਾਦ ਨੇ ਉਸ ਨੂੰ ਕੋਲ ਬੁਲਾਇਆ ਤੇ ਬਗੈਰ ਕਿਸੇ ਕਾਰਨ ਹੀ ਮੂੰਹ 'ਤੇ ਚਪੇੜ ਮਾਰ ਦਿੱਤੀ । ਰਾਜਕੁਮਾਰ ਦਾ ਮਨ ਬੜਾ ਦੁਖੀ ਹੋਇਆ ਤੇ ਉਸ ਨੇ ਤੈਅ ਕਰ ਲਿਆ ਕਿ ਜਿਸ ਦਿਨ ਉਹ ਗੱਦੀ ਤੇ ਬੈਠਿਆ,ਤਾਂ ਉਸਤਾਦ ਤੋਂ ਇਸ ਗੁਸਤਾਖ਼ੀ ਦਾ ਜੁਆਬ ਜ਼ਰੂਰ ਮੰਗੇਗਾ।
ਜਵਾਨ ਹੋਣ 'ਤੇ ਰਾਜ ਸੱਤਾ ਸੰਭਾਲਣਾ ਮਗਰੋਂ ਬਾਦਸ਼ਾਹ ਨੋਸ਼ਰਵਾ ਨੇ ਦਰਬਾਰ ਵਿੱਚ ਉਸਤਾਦ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਰਾਜ ਸਭਾ ਵਿੱਚ ਹਾਜ਼ਰ ਹੋਣ 'ਤੇ ਗੁਰੂ ਨੂੰ ਰਾਜੇ ਨੇ ਕਰੜਾਈ ਨਾਲ ਪੁੱਛਿਆ , ''ਉਸਤਾਦ ਜੀ! ਮੈਨੂੰ ਤੁਹਾਡਾ ਥੱਪੜ ਅਜੇ ਤੱਕ ਨਹੀਂ ਭੁੱਲਿਆ। ਜੁਆਬ ਦੇਵੋ ਕਿ ਤੁਸੀ ਮੈਨੂੰ ਬਿਨਾਂ ਗਲਤੀ ਦੇ ਸਜ਼ਾ ਕਿਉਂ ਦਿੱਤੀ?'' ਬਾਦਸ਼ਾਹ ਦੀ ਇਹ ਗੱਲ ਸੁਣਦਿਆਂ ਸਾਰ ਉਸਤਾਦ ਦੇ ਚਿਹਰੇ ਤੇ ਜੇਤੂ ਮੁਸਕਾਨ ਖਿੱਲਰ ਗਈ ਤੇ ਫ਼ਖਰ ਨਾਲ ਆਖਣ ਲੱਗਿਆ ,'' ਰਾਜਾ! ਹੁਣ ਮੇਰਾ ਸਬਕ ਪੂਰਾ ਹੋ ਗਿਆ ਹੈ। ਦਰਅਸਲ , ਪੜ੍ਹਦਿਆਂ ਮੈਂ ਤੈਨੂੰ ਕਈ ਵਾਰ ਸਜ਼ਾ ਦਿੱਤੀ , ਪਰ ਉਹ ਤੈਨੂੰ ਚੇਤੇ ਨਹੀਂ, ਪਰ ਉਹ ਚਪੇੜ ਨਹੀਂ ਭੁੱਲੀ, ਜਿਹੜੀ ਬੇਕਸੂਰਿਆਂ ਤੈਨੂੰ ਮਾਰੀ ਗਈ। ਮੇਰਾ ਮਕਸਦ ਹੀ ਇਹੋ ਸੀ ਕਿ ਤੂੰ ਆਪਣੇ ਨਾਲ ਹੋਈ ਇਸ ਜ਼ਿਆਦਤੀ ਨੂੰ ਨਾ ਭੁੱਲੇਂ, ਤਾਂ ਕਿ ਰਾਜਾ ਬਣਨ ਮਗਰੋਂ ਕਿਸੇ ਨਿਰਦੋਸ਼ ਨੂੰ ਸਜ਼ਾ ਨਾ ਦੇਵੇ।''
ਕਾਸ਼ ! ਭਾਰਤ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰਨਾਂ ਆਗੂਆਂ ਨੇ ਇਕ-ਇਕ ਥੱਪੜ ਖਾਧਾ ਹੁੰਦਾ, ਤਾਂ ਅੱਜ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲਦੀ, ਕਿਸੇ ਨਾਲ ਅਨਿਆਂ ਨਾ ਹੁੰਦਾ, ਜਿਵੇਂ ਨਿਰਦੋਸ਼ ਬਾਦਸ਼ਾਹ ਦੇ ਵੱਜੀ ਚਪੇੜ ਦਾ ਅਸਰ ਇਹ ਹੋਇਆ ਕਿ ਸਾਰੀ ਉਮਰ ਉਸ ਨੇ ਕਿਸੇ ਨਿਰਦੋਸ਼ ਨਾਲ ਵਧੀਕੀ ਨਹੀਂ ਕੀਤੀ। ਇਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਰਾਜੇ ਨੋਸ਼ਰਵਾ ਨੂੰ ਸ਼ਿਕਾਰ ਦੌਰਾਨ ਮਹੱਲ ਤੋਂ ਦੂਰ ਵਿਚਰਦਿਆਂ, ਇਕ ਵਾਰ ਉਸਨੂੰ ਲੂਣ ਦੀ ਲੋੜ ਪਈ, ਤਾਂ ਰਾਜੇ ਨੇ ਸਿਪਾਹੀ ਨੂੰ ਆਦੇਸ਼ ਦਿੱਤਾ ਕਿ ਨਗਰ ਤੋਂ ਲੂਣ ਲਿਆਉਣਾ ਹੈ, ਪਰ ਮੁਫ਼ਤ ਨਹੀਂ, ਉਸ ਦੀ ਪੂਰੀ ਕੀਮਤ ਦੇਣੀ ਹੈ। "ਜਿਸ ਦੇਸ਼ ਦਾ ਮੁਖੀ ਬਾਗ ਦਾ ਇਕ ਫੁੱਲ ਤੋੜੇਗਾ, ਉਸ ਦੇ ਮੰਤਰੀ ਸਾਰਾ ਬਗੀਚਾ ਉਜਾੜ ਦੇਣਗੇ।" ਮਾਨਵੀ ਹੱਕਾਂ ਦੀ ਰਾਖੀ ਤੇ ਬੇਗੁਨਾਹਾਂ ਲਈ ਨਿਆਂ ਦੀ ਅਜੋਕੀ ਸਿਆਸੀ ਸਥਿਤੀ ਦੇ ਸੰਦਰਭ ਵਿੱਚ ਇਹ ਵੱਡੀ ਘਾਟ ਨਜ਼ਰ ਆ ਰਹੀ ਹੈ। ਕਿਸੇ ਵੀ ਲੋਕਤੰਤਰ ਦੀ ਬੁਨਿਆਦ ਮਨੁੱਖੀ ਅਧਿਕਾਰਾਂ 'ਤੇ ਟਿੱਕੀ ਹੁੰਦੀ ਹੈ, ਪਰ ਮੁੱਢਲੇ ਮਾਨਵੀਂ ਹੱਕਾਂ ਦੀ ਉਲੰਘਣਾ ਕਾਰਨ ਦੁਨੀਆ ਦੇ ਲੋਕਰਾਜਾਂ ਦੀ ਨੀਂਹ ਨਸ਼ਟ ਹੋ ਰਹੀ ਹੈ।
ਭਾਰਤ ਦੀਆਂ ਜੇਲਾਂ ਅੰਦਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨ ਅਤੇ ਹੋਰ ਐਕਟਵਿਸਟ ਜਿਸ ਤਰ੍ਹਾਂ ਸੜ ਰਹੇ ਹਨ, ਇਹ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬ ਦੀ ਧਰਤੀ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਝੂਠੇ-ਮੁਕਾਬਲਾ ਬਣਾ ਕੇ ਸ਼ਰੇਆਮ ਕਤਲ ਕਰ ਦੇਣ ਤੋਂ ਵੱਡਾ ਭਿਆਨਕ ਕਤਲੇਆਮ ਹੋਰ ਕੀ ਹੋਵੇਗਾ? ਸਿਤਮਜ਼ਰੀਫੀ ਦੇਖੋ ਕਿ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਉਹਨਾਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਦੀ ਬਜਾਇ, ਲਾਵਾਰਿਸ ਕਹਿ ਕੇ ਇਕੱਠਿਆਂ ਹੀ ਅੱਗ 'ਚ ਸਾੜ ਦਿੱਤਾ ਗਿਆ। ਇਥੇ ਹੀ ਬੱਸ ਨਹੀਂ, ਜਦ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਭਾਈ ਜਸਵੰਤ ਸਿੰਘ ਖਾਲਸਾ ਮਾਨਵਤਾ ਦੇ ਕਾਤਲਾਂ ਦੀ ਇਸ ਘਿਣਾਉਣੀ ਚਾਲ ਨੂੰ ਬੇਨਕਾਬ ਕਰਦਾ ਹੈ, ਤਾਂ ਉਸਨੂੰ ਅਗਵਾ ਕਰਨ ਮਗਰੋਂ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਮਹਾਨ ਵਿਅਕਤੀ ਦਾ ਦੋਸ਼ ਕੀ ਸੀ? ਸਿਰਫ਼ ਏਨਾ ਕਿ ਉਸਨੇ ਮਨੁੱਖੀ ਹੱਕਾਂ ਲਈ ਸੱਚ ਦੀ ਦੁਹਾਈ ਦਿੱਤੀ ਤੇ ਉਸਨੂੰ ਸਰਕਾਰੀ ਝੂਠ ਦਾ ਹਨੇਰਾ ਬਰਦਾਸ਼ਤ ਨਹੀਂ ਕਰ ਸਕਿਆ।
ਪ੍ਰਸਿੱਧ ਚਿੰਤਕ ਗੋਲਡ ਸਮਿਥ ਦਾ ਕਥਨ ਹੈ , ''ਮਾੜੇ ਤੇ ਗਰੀਬਾਂ ਉਤੇ ਕਨੂੰਨ ਰਾਜ ਕਰਦਾ ਹੈ ਤੇ ਤਕੜੇ ਤੇ ਅਮੀਰ ਕਾਨੂੰਨ 'ਤੇ ਰਾਜ ਕਰਦੇ ਹਨ।'' ਕਾਨੂੰਨ ਦੇ ਸਨਮੁੱਖ ਸਮਾਨਤਾ ਦੀ ਥਾਂ ਵਾਸਤਵ ਵਿੱਚ ਕਾਣੀ-ਵੰਡ ਨਜ਼ਰ ਆਉਂਦੀ ਹੈ। ਜਦ ਆਮ ਮਨੁੱਖ ਕਾਨੂੰਨ ਦੇ ਕਟਹਿਰੇ ਵਿੱਚ ਹੁੰਦਾ ਹੈ, ਤਾਂ ਉਸ ਉਪਰ ਦੰਡਾਤਮਕ ਨਜ਼ਰਬੰਦੀ, ਰਾਸ਼ਟਰੀ ਸੁਰੱਖਿਆ ਐਕਟ, ਯੂ.ਏ.ਪੀ.ਏ. ਅਤੇ ਟਾਡਾ ਆਦਿ ਰਾਹੀ ਨਾਜਾਇਜ਼ ਅਤੇ ਅਣਉਚਿੱਤ ਪਾਬੰਦੀਆਂ ਲਾ ਕੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ। ਦੂਜੇ ਪਾਸੇ ਜਦ ਅਜਿਹੀ ਜਕੜ ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਹਨ, ਤਾਂ ਉਹਨਾਂ ਤੋਂ ਆਪਣੀਆਂ ਮਨਮਰਜ਼ੀਆਂ, ਬੇਨਿਯਮੀਆ ਅਤੇ ਧੱਕੇਸ਼ਾਹੀਆਂ ਲਈ ਜੁਆਬ ਮੰਗਣ ਦੀ ਥਾਂ, ਉਹਨਾਂ ਵਾਸਤੇ ਵਿਸ਼ੇਸ਼ ਰਿਆਇਤਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਇਹ ਕਿਥੋਂ ਦਾ ਇਨਸਾਫ ਹੈ ਕਿ ਆਮ ਮਨੁੱਖ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਜ਼ਾ ਕੱਟ ਰਿਹਾ ਹੋਵੇ, ਪਰ ਸ਼ੈਤਾਨ ਬੁੱਚੜ ਪੁਲਿਸ ਅਫ਼ਸਰ ਹਜ਼ਾਰਾਂ ਬੇਕਸੂਰਾਂ ਨੂੰ ਮਨਘੜਤ ਮੁਕਾਬਲਿਆਂ ਵਿੱਚ ਮਾਰ ਮੁਕਾਉਣ ਦੇ ਬਾਵਜੂਦ ਬੇਖ਼ੌਫ਼ ਹੋ ਕੇ ਮੌਜਾਂ ਮਾਣ ਰਹੇ ਹੋਵਣ। ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਉਣ ਵਾਲੀਆਂ ਸੰਸਥਾਵਾਂ ਨੂੰ ਦੇਸ਼ ਦੇ ਗ਼ੱਦਾਰ ਗਰਦਾਨਿਆਂ ਜਾਵੇ, ਜਦਕਿ ਮਾਨਵੀ ਹੱਕਾਂ ਦੀਆਂ ਧੱਜੀਆਂ ਉਡਾਉਣ ਵਾਲੇ ਸਿਆਸੀ ਗੁੰਡਿਆਂ ਨੂੰ ਦੇਸ਼-ਪ੍ਰੇਮੀ ਦੀ ਉਪਾਧੀ ਦਿੱਤੀ ਜਾਵੇ। ਨਿਆਂ ਦੀ ਮੂਰਤੀ ਦੀਆਂ ਅੱਖਾਂ ਉੱਤੇ ਪੱਟੀ ਤਾਂ ਸ਼ਾਇਦ ਇਸ ਕਰਕੇ ਬੰਨ੍ਹੀ ਹੁੰਦੀ ਹੈ ਕਿ ਕਾਨੂੰਨ ਦੀ ਨਜ਼ਰ ਵਿੱਚ ਅਮੀਰ ਤੇ ਗਰੀਬ, ਤਕੜੇ ਤੇ ਮਾੜੇ ਅਤੇ ਰਾਜਾ ਤੇ ਪਰਜਾ ਵਿੱਚ ਕੋਈ ਭੇਦ ਭਾਵ ਅਤੇ ਫਰਕ ਨਾ ਹੋਵੇ, ਪਰ ਭਾਰਤੀ ਨਿਆਂ ਪ੍ਰਣਾਲੀ ਦੇ ਸਦ ਕੇ ਜਾਈਏ, ਜਿਥੇ ਦੋਸ਼ੀ ਤੇ ਨਿਰਦੋਸ਼ , ਕਾਤਲ ਤੇ ਮਕਤੂਲ, ਸ਼ੋਸ਼ਣ ਤੇ ਸ਼ੋਸ਼ਿਤ ਅਤੇ ਭ੍ਰਿਸ਼ਟ ਤੇ ਇਮਾਨਦਾਰ ਵਿਚਕਾਰ ਵੀ ਭੋਰਾ-ਭਰ ਫ਼ਰਕ ਨਹੀਂ ਤੇ ਸਭ ਨਾਲ ਇਕੋ-ਤਰ੍ਹਾਂ ਨਜਿੱਠਿਆਂ ਜਾਂਦਾ ਹੈ। ਇਸ ਪ੍ਰਕਾਰ ਇਹ ਸਮਾਨਤਾ ਭਾਰਤੀ ਕਾਨੂੰਨ ਵਿਵਸਥਾ ਮਨੁੱਖੀ ਹੱਕਾ ਦੀਆਂ ਧੱਜੀਆਂ ਉਡਾਉਣ ਦੀ ਮਿਸਾਲ ਹੋ ਨਿਬੜਦੀ ਹੈ।
ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਰਿਪੋਰਟ ਵਿੱਚ 140 ਦੇਸ਼ਾਂ ਦੇ ਕੀਤੇ ਸਰਵੇਖਣ ਵਿੱਚ ਭਾਰਤ ਨੂੰ'ਫਾਡੀ' ਸਥਾਨ ਮਿਲਣ 'ਤੇ ਨਮੋਸ਼ੀ ਉਠਾਉਣੀ ਪਈ ਹੈ। ਇੱਥੇ ਹੀ ਵੱਸ ਨਹੀਂ ਕੌਮਾਂਤਰੀ ਪ੍ਰੈੱਸ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 161ਵੇਂ ਸਥਾਨ ਤੇ ਖਿਸਕ ਗਿਆ ਹੈ। ਦੂਜੇ ਪਾਸੇ 'ਫ਼ਖ਼ਰ ਵਾਲੀ ਗੱਲ' ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਜਲਦੀ ਹੀ ਦੁਨੀਆ ਦਾ 'ਮੇਦੀ' ਮੁਲਕ ਬਣ ਜਾਏਗਾ। ਸੈਂਕੜੇ ਬਿਲੀਅਨ ਡਾਲਰ ਦਾ ਕਰਜ਼ਾਈ ਹਿੰਦੁਸਤਾਨ ਆਰਥਿਕ ਦ੍ਰਿਸ਼ਟੀਕੋਣ ਤੋਂ 'ਕੰਗਾਲਿਸਤਾਨ' ਬਣਦਾ ਜਾ ਰਿਹਾ ਹੈ ਅਤੇ ਸਰਕਾਰੀ ਚਹੇਤੇ ਲੁਟੇਰੇ ਅਰਬਾਂ ਖਰਬਾਂ ਲੁੱਟ ਕੇ ਸਰਕਾਰ ਦੀ ਸ਼ਹਿ 'ਤੇ ਦੇਸ਼ ਵਿੱਚੋਂ ਬਾਹਰ ਭੱਜ ਰਹੇ ਹਨ।
'ਆਜ਼ਾਦੀ' ਦਾ ਸਹੀ ਅਰਥ ਮਨੁੱਖੀ ਹੱਕਾਂ ਦੀ ਹੋਂਦ ਤੋਂ ਹੈ, ਜੋ ਸਮਾਨਤਾ ਸਹਿਤ ਹਰ ਮਨੁੱਖ ਨੂੰ ਹਾਸਿਲ ਹੋਣੀ ਲਾਜ਼ਮੀ ਹੈ। 1947 ਤੋਂ ਪਹਿਲਾਂ ਤਾਂ ਮੁਢਲੇ ਮਾਨਵੀ ਅਧਿਕਾਰ ਇਸ ਵਾਸਤੇ ਸੁਰੱਖਿਅਤ ਨਹੀਂ ਸਨ, ਕਿਉਂਕਿ ਭਾਰਤੀ ਲੋਕ ਅੰਗਰੇਜ਼ਾਂ ਦੀ ਗੁਲਾਮੀ ਦਾ ਸੰਤਾਪ ਹੰਢਾ ਰਹੇ ਸਨ। ਮਨੁੱਖੀ ਹੱਕਾਂ ਦੀ ਆਜ਼ਾਦੀ ਲਈ ਤਾਂ ਦੇਸ਼ ਵਾਸੀਆਂ ਨੇ ਫਰੰਗੀ ਹਕੂਮਤ ਵਿਰੁੱਧ ਸੰਘਰਸ਼ ਛੇੜਿਆ ਸੀ, ਪਰ ਕੀ 'ਆਜ਼ਾਦੀ ਦੀ ਇਸ ਸਦੀ' ਦੇ ਦੌਰਾਨ ਭਾਰਤੀ ਨਾਗਰਿਕ ਦੇ ਅਧਿਕਾਰ ਸੁਰੱਖਿਅਤ ਰਹੇ ਹਨ? ਇਸ ਦਾ ਉਤਰ ਆਜ਼ਾਦ ਭਾਰਤ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਵਾਪਰੇ ਸਭ ਤੋਂ ਵੱਡੇ ਨਰ- ਸੰਹਾਰ 'ਸਿੱਖ ਨਸਲਕੁਸ਼ੀ' ਦੇ ਰੂਪ ਵਿੱਚ ਮਿਲਦਾ ਹੈ, ਜਦ ਖਾਸ ਫਿਰਕੇ ਦੇ ਲੋਕਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ। ਧੀਆਂ -ਭੈਣਾਂ ਦੀ ਅਸਮਤ ਲੁੱਟੀ ਗਈ, ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ, ਅੱਗ ਲਾ ਕੇ ਜਿਉਂਦੇ -ਜੀ ਸਾੜਿਆ ਗਿਆ। ਇਸ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਾ ਸਿਰਫ਼ ਮੂਕ-ਦਰਸ਼ਕ ਬਣੇ ਸ਼ੈਤਾਨੀਅਤ ਦਾ ਨੰਗਾ ਨਾਚ ਵੇਖਦੇ ਰਹੇ, ਸਗੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨਾਲ ਮਿਲ ਕੇ, ਹੱਲਾ-ਸ਼ੇਰੀ ਦਿੰਦਿਆਂ, ਜਬਰ -ਜ਼ੁਲਮ ਵਿੱਚ ਪੂਰੀ ਤਰ੍ਹਾਂ ਸ਼ਰੀਕ ਵੀ ਹੋਏ। ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਿਯੁਕਤ ਰੰਗਾਨਾਥ ਕਮਿਸ਼ਨ, ਕੁਸਮ ਲਤਾ ਜਾਂਚ ਸਮਿਤੀ, ਵੇਦ ਮਰਵਾਹ ਰਿਪੋਰਟ ਆਦਿ ਨੇ ਪੁਲਿਸ ਦੁਆਰਾ ਹੁੱਲੜਬਾਜ਼ਾਂ ਦਾ ਸਾਥ ਦੇਣ 'ਤੇ ਕਾਰਵਾਈ ਕਰਨ ਦੀ ਮਹਿਜ਼ ਸਿਫਾਰਸ਼ ਕੀਤੀ, ਪਰ ਦੁੱਖ ਦੀ ਗੱਲ ਇਹ ਹੈ ਕਿ ਦੋਸ਼ੀ ਅਜੇ ਵੀ ਨਿਆਇਕ ਹਿਰਾਸਤ ਤੋਂ ਮੁਕਤ ਹਨ।
'ਸਿੱਖ ਨਸਲਕੁਸ਼ੀ ਸਰਕਾਰੀ ਅੱਤਵਾਦ' ਦੀ ਮੂੰਹ ਬੋਲਦੀ ਤਸਵੀਰ ਸੀ, ਜਿਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਕਰ ਕੇ ਹੀ, ਦੇਸ਼ ਵਿੱਚ ਬਾਬਰੀ ਮਸਜਿਦ ਕਾਂਡ, ਗੁਜਰਾਤ ਕਤਲੇਆਮ, ਉੜੀਸਾ ਕਾਂਡ, ਮਨੀਪੁਰ ਕਾਂਡ ਅਤੇ ਅਨੇਕਾਂ ਹੋਰ ਦੁਖਾਂਤ ਵਾਪਰੇ। ਥਾਂ-ਥਾਂ ਤੇ ਜਿਹੜੇ ਵੀ ਸਮੂਹਿਕ ਜਬਰ-ਜਨਾਹ ਹੋਏ ਅਤੇ ਅੱਜ ਵੀ ਹੋ ਰਹੇ ਹਨ, ਇਨ੍ਹਾਂ ਦਾ ਮੁੱਢ ਸਿੱਖ ਨਸਲਕੁਸ਼ੀ ਦੇ ਦੁੱਖਾਂ ਤੋਂ ਹੀ ਬੱਝਿਆ। ਇੰਨੇ ਭਿਆਨਕ ਅੱਤਿਆਚਾਰ ਕਾਰਨ ਸਿੱਖ ਮਾਨਸਿਕਤਾ ਵਿੱਚ ਲੋਕ ਮੁਹਾਵਰਾ ਵੀ ਅਜਿਹਾ ਬਣ ਚੁੱਕਿਆ ਸੀ ਕਿ 'ਭੰਡਾ ਭੰਡਾਰੀਆ ਕਿੰਨਾ ਕੁ ਭਾਰ? ਇਕ ਲਾਸ਼ ਚੁੱਕ ਲਾ ਦੂਜੀ ਨੂੰ ਤਿਆਰ।' ਸਮੁੱਚੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਮਾਨਵੀ ਹੱਕਾਂ ਤੋਂ ਵਾਂਝਾ ਰਿਹਾ ਹੈ।
ਸਿੱਖਾਂ ਨੂੰ 'ਅੱਤਵਾਦੀ' ਤੇ 'ਵੱਖਵਾਦੀ' ਕਹਿ ਕੇ ਥਾਣਿਆਂ ਵਿੱਚ ਅਕਹਿ ਕਹਿਰ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਅਜਿਹੇ ਪੁਲਿਸ ਅਤਿਆਚਾਰ ਨੂੰ ਸਾਰੇ ਮੁਲਕ ਸਾਹਮਣੇ ਪੇਸ਼ ਕਰਨ ਲਈ ਮਾਨਵ ਅਧਿਕਾਰ ਸੰਗਠਨਾਂ ਨੇ ਕਈ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਚੋ 'ਰਿਪੋਰਟ ਟੂ ਨੇਸ਼ਨ- ਅਪਰੇਸ਼ਨ ਪੰਜਾਬ' ਤੇ 'ਸਟੇਟ ਟੈਰਰਿਜ਼ਮ ਇਨ ਪੰਜਾਬ' ਪ੍ਰਮੁੱਖ ਹਨ। ਇਹਨਾਂ ਰਿਪੋਰਟਾਂ ਵਿੱਚ ਪੁਲਸ ਅਤੇ ਅਰਧ- ਸੈਨਿਕ ਦਲਾਂ ਦੁਆਰਾ ਬੇਕਸੂਰ ਲੋਕਾਂ 'ਤੇ ਕੀਤੇ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਇਸ ਦੌਰਾਨ ਲਾਪਤਾ ਲੋਕਾਂ ਬਾਰੇ ਤਾਲਮੇਲ ਕਮੇਟੀ ਦੀ ਹੋਈ ਨਿਆਂ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ 'ਚੋਂ ਇਕ ਮਹੱਤਵਪੂਰਨ ਇਹ ਵੀ ਸੀ ਕਿ ਸੀ.ਬੀ.ਆਈ. ਦੁਆਰਾ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਸਾੜਨ ਦੇ ਦੋਸ਼ ਵਿੱਚ, ਪੰਜਾਬ ਪੁਲਸ ਦੇ ਸਾਬਕਾ ਮੁਖੀ ਕੇ.ਪੀ.ਐਸ ਗਿੱਲ ਤੇ ਉਸ ਵੇਲੇ ਦੇ ਸਿਆਸੀ ਪ੍ਰਭੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵੱਡੇ ਪੱਧਰ 'ਤੇ ਹੋਏ ਇਸ ਕਤਲੇਆਮ ਬਦਲੇ ਉਹਨਾਂ ਉਪਰ ਨਿਊਰਮਬਰਗ ਟਰਾਇਲ ਵਾਂਗ ਮੁਕੱਦਮੇ ਚਲਾਏ ਜਾਣ, ਜਿਵੇਂ ਇੰਗਲੈਂਡ ਨੇ ਸਾਬਕਾ ਤਾਨਾਸ਼ਾਹ ਜਨਰਲ ਅਗਸਤੋ-ਪਿਨੋਸ਼ੋ ਨੂੰ ਗ੍ਰਿਫ਼ਤਾਰ ਕੀਤਾ, ਉਵੇਂ ਹੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਪਰ ਅਫਸੋਸ ਕਿ ਮਾਨਵੀ ਹੱਕਾਂ ਦੇ ਅਪਰਾਧੀਆਂ ਨੂੰ ਭਾਰਤੀ ਕਾਨੂੰਨ ਨੇ ਸਜ਼ਾਵਾਂ ਨਾ ਦਿੱਤੀਆਂ, ਬਲਕਿ ਉਹ ਕੁਦਰਤੀ ਮੌਤ ਮਰੇ। ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਤੇ ਭਾਰਤ ਦੇ ਹਾਕਮਾਂ ਸਮੇਤ ਖੱਬੇ ਪੱਖੀ ਪਾਰਟੀਆਂ ਨੇ ਵੀ ਬੁਚੜਾਂ' ਦੀ ਮੌਤ 'ਤੇ ਕਸੀਦੇ ਪੜ੍ਹੇ ਤੇ ਮਨੁੱਖੀ ਹੱਕਾਂ ਦੇ ਸਿਧਾਂਤਾਂ ਨੂੰ ਕਲੰਕਤ ਕੀਤਾ।
ਅੱਜ ਦੀ ਤਾਜ਼ਾ ਸਥਿਤੀ ਦੀ ਗੱਲ ਕਰੀਏ, ਤਾਂ ਪਾਣੀ ਸਿਰ ਤੋਂ ਲੰਘਿਆ ਜਾਪਦਾ ਹੈ। ਵਿਦੇਸ਼ਾਂ ਦੀ ਧਰਤੀ 'ਤੇ ਭਾਰਤੀ ਹੁਕਮਰਾਨਾਂ ਵੱਲੋਂ ਸਿੱਖਾਂ 'ਤੇ ਹੋ ਰਹੇ ਹਮਲਿਆਂ ਦੀ ਕਹਾਣੀ ਟਾਈਮ ਮੈਗਜ਼ੀਨ ਵਰਗੇ ਕੌਮਾਂਤਰੀ ਰਸਾਲੇ ਬਿਆਨ ਕਰ ਰਹੇ ਹਨ । ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਅਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਲਈ ਇੰਡੀਅਨ ਏਜੰਟਾਂ ਵੱਲੋਂ ਸਿਰਜੇ ਬਿਰਤਾਂਤ ਦੀ ਗੱਲ ਕਰੀਏ ਤਾਂ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਭਾਰਤ ਦੀ ਸ਼ਰਮਨਾਕ ਭੂਮਿਕਾ ਨਜ਼ਰ ਆਉਂਦੀ ਹੈ। ਵੱਖਰੇ ਸਿਆਸੀ ਖਿਆਲਾਂ ਵਾਲੇ ਵਿਅਕਤੀਆਂ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਕਤਲ ਕਰਵਾਉਣਾ ਕਿਹੋ ਜਿਹੀ ਲੋਕ ਰਾਜ ਦੀ ਤਸਵੀਰ ਪੇਸ਼ ਕਰਦਾ ਹੈ, ਇਹ ਅੱਜ ਜੱਗ ਜ਼ਾਹਿਰ ਹੋ ਚੁੱਕਿਆ ਹੈ। ਦੁਨੀਆ ਭਰ ਵਿਚ ਵੱਸਦਾ ਸਿੱਖ ਭਾਈਚਾਰਾ ਇਸ ਵੇਲੇ ਬਿਖੜੇ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਇਸ ਵੇਲੇ ਇੰਡੀਆ ਨੇ ਸਿੱਖਾਂ ਉੱਤੇ ਕੀਤੇ ਜਾਂਦੇ ਜੁਲਮਾਂ ਦਾ ਦਾਇਰਾ ਸੰਸਾਰ ਭਰ ਤੱਕ ਵਧਾਇਆ ਹੈ।
ਅਮਰੀਕਾ, ਕਨੇਡਾ, ਪਾਕਿਸਤਾਨ ਅਤੇ ਇੰਗਲੈਂਡ ਵਿਚ ਸਿੱਖਾਂ ਦੇ ਮਿੱਥ ਕੇ ਕਤਲ ਕਰਨ ਪਿੱਛੇ ਦਿੱਲੀ ਦਰਬਾਰ ਦਾ ਹੱਥ ਹੋਣ ਦੇ ਖੁਲਾਸੇ ਇੰਡੀਅਨ ਸਟੇਟ ਦੀ ਗੈਰ-ਨਿਆਇਕ ਕਤਲਾਂ ਦੀ ਦਹਿਸ਼ਤਵਾਦੀ ਨੀਤੀ ਅਤੇ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਸਿੱਖਾਂ ਦੇ ਕਤਲਾਂ ਦੀ ਯੋਜਨਾਬੱਧ ਮੁਹਿੰਮ ਨੂੰ ਉਜਾਗਰ ਕਰਦੀ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ 1984 ਵਿਚ ਇੰਡੀਆ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ 1980-90ਵਿਆਂ ਦੌਰਾਨ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ਇੰਡੀਆ ਸਟੇਟ ਵਿਚਲੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਮੁੜ ਜ਼ੋਰ ਫੜ੍ਹ ਰਹੀ ਹੈ। ਇਸ ਦੇ ਮੱਦੇਨਜ਼ਰ ਸਿੱਖ ਕਾਰਕੁੰਨਾਂ ਵੱਲੋਂ ਸਿੱਖ ਡਾਇਸਪੋਰਾ ਨੂੰ 10 ਦਸੰਬਰ ਨੂੰ ਸਿੱਖ ਇੱਕਮੁਠਤਾ ਦੇ ਪਰਗਟਾਵੇ ਲਈ “ਕਾਲੀ ਦਸਤਾਰ ਦਿਵਸ” ਦਾ ਸੱਦਾ ਹੈ।
ਯੁਨਾਇਟਡ ਨੇਸ਼ਨਜ਼ ਵੱਲੋਂ 10 ਦਸੰਬਰ ਨੂੰ ਸਾਲ 2023 ਲਈ ਮਨੁੱਖੀ ਅਧਿਕਾਰ ਦਿਹਾੜੇ ਦਾ ਮਨੋਰਥ “ਸਭਨਾ ਲਈ ਅਜ਼ਾਦੀ, ਬਰਾਬਰੀ ਅਤੇ ਨਿਆਂ” ਮਿੱਥਿਆ ਸੀ। ਤਦ ਸਿੱਖ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਹ ਸੱਦਾ ਦਿੱਤਾ ਸੀ ਕਿ ਦਿੱਲੀ ਦਰਬਾਰ ਦੇ ਸਿੱਖਾਂ ਵਿਰੁਧ ਜ਼ੁਲਮਾਂ ਵਿਰੁਧ ਰੋਹ ਦਾ ਪ੍ਰਗਟਾਵਾ ਕਰਨ ਲਈ ਅਤੇ ਸਵੈ-ਨਿਰਣੇ ਦੇ ਹੱਕ ਸਮੇਤ ਸਿੱਖਾਂ ਦੇ ਸਮੂਹਿਕ ਹੱਕਾਂ ਦੇ ਪ੍ਰਗਟਾਵੇ ਲਈ ਇਕਜੁਟ ਹੋਣ। ਇਸ ਲਹਿਰ ਨੂੰ ਜਾਰੀ ਰੱਖਦੇ ਅਸੀਂ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਂਦੇ 10 ਦਸੰਬਰ ਨੂੰ ਵੀ ਕਾਲੀਆਂ ਦਸਤਾਰਾਂ ਤੇ ਪੱਗਾਂ ਬੰਨ੍ਹ ਕੇ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਤੇ ਦੁਪੱਟੇ ਲੈ ਕੇ, ਸਿੱਖਾਂ ਦੀ ਆਪਸੀ ਏਕਤਾ ਅਤੇ ਭਾਰਤੀ ਸਟੇਟ ਦੀ ਸਿੱਖਾਂ ਖਿਲਾਫ ਜ਼ੁਰਮਾਂ ਦੀ ਕੌਮਾਂਤਰੀ ਪੱਧਰ ਦੀ ਮੁਹਿੰਮ ਦਾ ਵਿਰੋਧ ਕਰਨ। ਸਮੂਹ ਨਿਆਂ ਪਸੰਦ ਲੋਕ ਸਿੱਖਾਂ ਨਾਲ ਹਮਦਰਦੀ ਦੇ ਪ੍ਰਗਟਾਵੇ ਵੱਜੋਂ ਸੱਜੀ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਮੁਹਿੰਮ ਦਾ ਸਾਥ ਦੇਣ।
ਸਮੁੱਚੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਕਾਲੀ ਦਸਤਾਰ ਦਿਵਸ ਵਜੋਂ ਮਨਾ ਕੇ ਅਸੀਂ ਇਕ ਅਜਿਹਾ ਪ੍ਰਤੀਕ ਸਿਰਜੀਏ ਕਿ ਦੁਨੀਆ ਵਿਚ ਇੰਡੀਆ ਦੀ ਸਿੱਖ ਵਿਰੋਧੀ ਨੀਤੀਆਂ ਉਜਾਗਰ ਹੋਣ ਤੇ ਸੰਸਾਰ ਦੇ ਇਨਸਾਫ ਪਸੰਦ ਲੋਕ ਸਾਡਾ ਸਾਥ ਦੇ ਸਕਣ। ਆਪਣੇ ਕਿੱਤੇ ਦੌਰਾਨ ਵਰਦੀ ਪਾਉਣ ਵਾਲੇ ਸਿੱਖ ਸੱਜੀ ਬਾਂਹ ਉੱਤੇ ਕਾਲੀ ਪੱਟੀ ਬੰਨ ਕੇ ਇਕਜੁਟਤਾ ਦਾ ਪ੍ਰਗਟਾਵਾ ਕਰਨ। ਸਮੂਹ ਸਿੱਖ ਜਥੇਬੰਦੀਆਂ, ਜਥੇ, ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਪਰਦਾਵਾਂ ਇਸ ਮੁਹਿੰਮ ਦਾ ਸਾਥ ਦੇਣ। ਜਿੱਥੇ ਵੀ ਸੰਭਵ ਹੋਵੇ 10 ਦਸੰਬਰ ਵਾਲੇ ਦਿਨ ਸਥਾਨਕ ਪੱਧਰ ਉੱਤੇ ਇਕੱਤਰਤਾ ਕੀਤੀ ਜਾਵੇ ਤੇ ਇਸ ਇਕਜੁਟਤਾ ਦੀਆਂ ਤਸਵੀਰਾਂ/ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾਣ। ਸਮੂਹ ਸਿੱਖ ਆਪਣੀਆਂ ਸੋਸ਼ਲ ਮੀਡੀਆਂ ਪੋਸਟਾਂ ਵਿਚ #BlackTurbanDay ਤੰਦ ਜਰੂਰ ਸ਼ਾਮਿਲ ਕਰੋ ਅਤੇ ਇਹਨਾ ਸੁਨੇਹਿਆਂ ਵਿਚ ਸਥਾਨਕ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਤੇ ਖਬਰ ਅਦਾਰਿਆਂ ਨੂੰ ਜਰੂਰ ਜੋੜਿਆ ਜਾਵੇ ਤਾਂ ਕਿ ਸਿੱਖਾਂ ਨਾਲ ਹੋ ਰਹੇ ਅਨਿਆਂ ਦਾ ਸੱਚ ਸੰਸਾਰ ਪਰ ਵਿੱਚ ਉਜਾਗਰ ਹੋ ਸਕੇ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਚੜੵਦੀ ਕਲਾ ਦੀ ਸੋਚ ਵਾਲੀ ਵਿਚਾਰਧਾਰਾ ਇਹ ਹੈ ਕਿ ਸਿੱਖੀ ਵਿੱਚ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨੇ ''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ'' ਦੇ ਅਨੁਸਾਰ ਨਾ ਡਰ ਦੇਣ ਤੇ ਨਾ ਡਰ ਸਹਿਣ ਦਾ ਸਿਧਾਂਤ ਦਿੱਤਾ ਹੈ। ਅੱਜ ਕੌਮਾਂਤਰੀ ਪੱਧਰ 'ਤੇ ਜੇਕਰ ਯੂਐਨਓ ਲਈ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਢੁਕਵੀ ਮਿਸ਼ਨ ਸਟੇਟਮੈਂਟ ਹੋ ਸਕਦੀ ਹੈ, ਤਾਂ ਉਹ ਇਹੀ ਹੈ। ਇਸ ਸਿਧਾਂਤ ਦੀ ਦੇਣ ਗੁਰੂ ਸਾਹਿਬ ਨੇ ਸਾਢੇ ਚਾਰ ਸਦੀਆਂ ਪਹਿਲਾਂ ਦਿੱਤੀ। ਅੱਜ ਇਸ ਨੂੰ ਮੁਕੰਮਲ ਰੂਪ ਵਿੱਚ ਅਪਨਾਉਣ ਦੀ ਲੋੜ ਹੈ। ਅਜੋਕੇ ਸਮੇਂ ਪੂਰੇ ਸੰਸਾਰ ਵਿੱਚ ਮਨੁੱਖੀ ਹੱਕਾਂ ਦੀ ਜਾਗਰੂਕਤਾ, ਕ੍ਰਾਂਤੀਕਾਰੀ ਸ਼ਕਲ ਅਖਤਿਆਰ ਕਰ ਰਹੀ ਹੈ। ਪ੍ਰਸਿੱਧ ਚਿੰਤਕ ਰੂਸੋ ਦੇ ਵਿਚਾਰ ਅਨੁਸਾਰ ਮਨੁੱਖ ਨੂੰ, ਮੁੱਢਲੇ ਅਧਿਕਾਰਾਂ ਸਹਿਤ ਸੁਤੰਤਰ ਜਿਉਣ ਦਾ ਹੱਕ ਹਾਸਿਲ ਹੋਣਾ ਲਾਜ਼ਮੀ ਹੈ। ਮਨੁੱਖ ਨੂੰ ਮੂਲ ਅਧਿਕਾਰਾਂ ਤੋਂ ਸਖਣਾ ਰੱਖਣਾ ਬਗ਼ਾਵਤ ਨੂੰ ਜਨਮ ਦੇਣਾ ਹੈ ਤੇ ਅਜਿਹੀ ਸਥਿਤੀ ਵਿੱਚ ਅਧਿਕਾਰ ਮੰਗਣ ਦੀ ਥਾਂ, ਖੋਹਣ ਦੀ ਭਾਵਨਾ ਜਾਗ ਉਠਦੀ ਹੈ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਸਫੋਰਡ, ਕੈਨੇਡਾ
604-825-1550

5 ਦਸੰਬਰ 1872 : ਜਨਮ ਦਿਹਾੜੇ 'ਤੇ ਵਿਸ਼ੇਸ਼ - *ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ - ਡਾ. ਗੁਰਵਿੰਦਰ ਸਿੰਘ

*ਹੀਰ-ਵੰਨੇ ਵਾਲੇ 'ਚੁੰਝ ਵਿਦਵਾਨਾਂ' ਵੱਲੋਂ ਭਾਈ ਸਾਹਿਬ 'ਤੇ 'ਪੰਜਾਬ ਦਾ ਫੈਬਰਿਕ' ਤਹਿਸ-ਨਹਿਸ ਕਰਨ ਦੇ ਦੋਸ਼ ਕਿੰਨੇ ਕੁ ਸਹੀ?
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਸਾਹਿਤਕਾਰ ਹਨ | ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਸਰਦਾਰ ਚਰਨ ਸਿੰਘ ਜੀ ਹਿੰਦੀ , ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਉੱਚ ਕੋਟੀ ਦੇ ਵਿਦਵਾਨ ਸਨ ਅਤੇ ਸਿੰਘ ਸਭਾ ਲਹਿਰ ਦੇ ਸੰਚਾਲਕ ਮੋਢੀਆਂ ਵਿੱਚੋਂ ਇੱਕ ਸਨ| ਬਚਪਨ ਤੋਂ ਹੀ ਸਿੰਘ ਸਭਾ ਲਹਿਰ ਦਾ ਭਾਈ ਸਾਹਿਬ ਵੀਰ ਸਿੰਘ ’ਤੇ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵ ਦਾ ਅਸਰ ਇਹ ਸੀ ਕਿ ਮੈਟ੍ਰਿਕ ਦੀ ਪੜਾਈ ਖਤਮ ਕਰਦੇ ਹੀ ਆਪ ਦੀਆਂ ਪੰਜਾਬ ਵਿੱਚ ਸਿੱਖ ਧਾਰਮਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਅਤੇ ਆਪ ਜਲਦ ਹੀ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਦੇ ਰੂਪ ਵਿੱਚ ਅੱਗੇ ਗਏ। ਸਿੰਘ ਸਭਾ ਅੰਮ੍ਰਿਤਸਰ ਦੇ ਵਜੀਰ ਸਿੰਘ ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭੀ ‘ਵਜ਼ੀਰ ਹਿੰਦ ਪ੍ਰੈਸ' ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਅਹਿਮ ਭੂਮਿਕਾ ਨਿਭਾਈ।
ਭਾਈ ਵੀਰ ਸਿੰਘ ਵੱਲੋਂ 1892 ਵਿਚ ਖਾਲਸਾ ਟਰੈਕਟ ਸੁਸਾਇਟੀ ਦੇ ਪੰਦਰ੍ਹਾਂ-ਰੋਜ਼ਾ ਪੱਤਰ 'ਨਿਰਗੁਣਆਰਾ' ਦੇ ਛਪਣ ਨਾਲ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ। ਸਿੰਘ ਸਭਾ ਲਹਿਰ ਦੇ ਅਸਰ ਦਾ ਨਤੀਜਾ ਹੀ ਸੀ ਕਿ ਪੰਜਾਬੀ ਪੱਤਰਕਾਰੀ ਦੇ ਆਰੰਭਿਕ ਦੌਰ 'ਚ ਸਭ ਤੋਂ ਵੱਧ ਸਮਾਂ ਛਪਣ ਵਾਲਾ ਹਫ਼ਤਾਵਾਰੀ ‘ਖਾਲਸਾ ਸਮਾਚਾਰ', 17 ਨਵੰਬਰ 1899 ਨੂੰ ‘ਵਜ਼ੀਰ ਹਿੰਦ ਪ੍ਰੈੱਸ' ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭ ਹੋਇਆ। ਭਾਈ ਸਾਹਿਬ ਵੀਰ ਸਿੰਘ ਦੀ ਪੰਜਾਬੀ ਸਾਹਿਤ 'ਚ ਆਮਦ ਤੋਂ ਪਹਿਲਾਂ ਪੰਜਾਬੀ ਵਾਕ ਬਣਤਰ, ਸ਼ਬਦਾਵਲੀ, ਠੇਠਤਾ ਅਤੇ ਰਵਾਨੀ ਦੇ ਨਮੂਨੇ ਟਾਵੇਂ-ਟਾਵੇਂ ਮਿਲਦੇ ਹਨ | ਪੰਜਾਬੀ ਵਿਚ ਨਿੱਕੀ ਕਵਿਤਾ, ਨਾਵਲ, ਨਾਟਕ, ਜੀਵਨੀ ਸਾਹਿਤ, ਅਨੁਵਾਦ ਅਤੇ ਸੰਪਾਦਨ ਕਾਰਜਾਂ ਸਮੇਤ, ਅਨੇਕਾਂ ਹੋਰ ਸਾਹਿਤ-ਰੂਪਾਂ ਰਾਹੀਂ ਭਾਈ ਸਾਹਿਬ ਨੇ ਮਾਂ-ਬੋਲੀ ਦਾ ਖਜ਼ਾਨਾ ਭਰਪੂਰ ਕਰ ਦਿੱਤਾ |
ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਣ ਅਤੇ ਮੂੰਹ-ਮੁਹਾਂਦਰਾ ਨਿਖਾਰਨ ਵਿਚ ਵੀ ਭਾਈ ਵੀਰ ਸਿੰਘ ਦੀ ਦੇਣ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ | ਗੁਰਬਾਣੀ ਸਾਹਿਤ ਦੀ ਵਿਆਖਿਆ ਅਤੇ ਗੁਰੂ ਸਾਹਿਬਾਨ ਤੋਂ ਲੈ ਕੇ, ਮਹਾਨ ਸਿੱਖ ਸ਼ਖ਼ਸੀਅਤਾਂ ਬਾਰੇ ਵਡਮੁੱਲਾ ਸਾਹਿਤ ਭਾਈ ਵੀਰ ਸਿੰਘ ਦੀ ਇਤਿਹਾਸਕ ਦੇਣ ਹੈ |1898 ਵਿਚ ਪ੍ਰਕਾਸ਼ਿਤ ਨਾਵਲ 'ਸੁੰਦਰੀ' ਨਾਲ ਪੰਜਾਬੀ ਪਾਠਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੀ ਨਹੀਂ ਹੋਇਆ, ਸਗੋਂ ਪੰਜਾਬੀ ਸਾਹਿਤ ਅੰਦਰ ਅਥਾਹ ਸੰਭਾਵਨਾਵਾਂ ਨੇ ਵੀ ਜਨਮ ਲਿਆ | ਮਗਰੋਂ ਨਾਵਲ ਬਿਜੈ ਸਿੰਘ, ਸਤਵੰਤ ਕੌਰ, ਮਹਾਂਕਾਵਿ ਰਾਣਾ ਸੂਰਤ ਸਿੰਘ, ਕਾਵਿ-ਸੰਗ੍ਰਹਿ ; ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬਦੀ ਕਲਾਈ, ਪ੍ਰੀਤ ਵੀਣਾ ਤੇ ਮੇਰੇ ਸਾਈਆਂ ਜੀਉ, ਨਾਟਕ ; ਰਾਜਾ ਲੱਖ ਦਾਤਾ ਸਿੰਘ, ਵੱਡ-ਅਕਾਰੀ ਜੀਵਨੀ ਸਾਹਿਤ ; ਬਾਬਾ ਨੌਧ ਸਿੰਘ, ਸੰਤ ਬਿਮਲਾ ਸਿੰਘ, ਭਰਥਰੀ ਹਰੀ ਜੀਵਨ ਅਤੇ ਨੀਤੀ ਸਾਹਿਤ, ਬਾਲ-ਸਾਹਿਤ ਵਿਚ ਗੁਰ ਬਾਲਮ ਸਾਖੀਆਂ, ਦੇਵੀ ਪੂਜਨ ਪੜਤਾਲ ਅਤੇ ਸੰਤ ਗਾਥਾ ਤੋਂ ਇਲਾਵਾ ਗੁਰੂ ਨਾਨਕ ਚਮਤਕਾਰ , ਅਸ਼ਟ ਗੁਰੂ ਚਮਤਕਾਰ , ਕਲਗੀਧਰ ਚਮਤਕਾਰ ਗਦ ਰਚਨਾਵਾਂ, ਪੁਰਾਤਨ ਜਨਮਸਾਖੀ , ਕਬਿਤ , ਸਵਈਏ ਭਾਈ ਗੁਰਦਾਸ , ਜੀਵਨ ਭਾਈ ਗੁਰਦਾਸ , ਭਗਤ ਰਤਨਾਵਲੀ , ਗੁਰੂ ਗ੍ਰੰਥ ਕੋਸ਼, ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਗ੍ਰੰਥ ਸਟੀਕ ਆਦਿ ਖੋਜ ਸੰਪਾਦਨਾ ਨਾਲ ਸੰਬੰਧਿਤ ਸਾਹਿਤਕ ਰਚਨਾਵਾਂ ਰਾਹੀਂ ਨਿਆਣੇ ਤੋਂ ਸਿਆਣੇ ਤੱਕ, ਹਰ ਵਰਗ ਦੇ ਪੰਜਾਬੀ ਪਾਠਕ ਨੂੰ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਅਤੇ ਗੁਰਮੁਖੀ ਲਿੱਪੀ ਨਾਲ ਜੋੜਿਆ | ਆਪ ਨੇ ਸਾਲ 1901 ਵਿੱਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ।1908 ਵਿੱਚ ਸਿੱਖ ਵਿੱਦਿਅਕ ਕਾਨਫਰੰਸਾਂ ਰਾਹੀਂ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਇਨਕਲਾਬ ਲੈਂ ਆਂਦਾ।
ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਤੱਕ ਲਿਜਾਣ ਵਾਸਤੇ ਜਿੱਥੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਅਨੇਕਾਂ ਨਵੇਂ ਸਾਹਿਤ ਰੂਪਾਂ ਨੂੰ ਪੰਜਾਬੀ ਸਾਹਿਤ ਵਿਚ ਲਿਆਂਦਾ, ਉੱਥੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਹੋਰ ਮਹਾਨ ਸਾਹਿਤਕਾਰ ਪਾਕੇ ਅਜਿਹਾ ਉਪਕਾਰ ਕੀਤਾ, ਜੋ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ | ਆਪਣੇ ਸਮਿਆਂ ਵਿਚ ਸੰਸਾਰ ਪੱਧਰ ਦੇ ਸਾਹਿਤ ਦੇ ਚੋਟੀ ਦੇ ਲਿਖਾਰੀ ਪ੍ਰੋ. ਪੂਰਨ ਸਿੰਘ ਵਲੋਂ ਮਾਂ ਬੋਲੀ ਪੰਜਾਬੀ ਵਿਚ ਲਿਖਣਾ ਅਤੇ ਸਿਖਰਲੇ ਪੱਧਰ ਦੀਆ ਲਿਖਤਾਂ ਪੰਜਾਬੀ ਸਾਹਿਤ ਦੇ ਖਜ਼ਾਨੇ 'ਚ ਪਾਉਣਾ, ਭਾਈ ਸਾਹਿਬ ਸਦਕਾ ਹੀ ਸੰਭਵ ਹੋ ਸਕਿਆ | ਲੋਕ ਮੁਹਾਵਰੇ 'ਚ ਮਾਖਿਓਂ ਮਿੱਠੀ ਪੰਜਾਬੀ ਕਵਿਤਾ ਦਾ ਲਿਖਾਰੀ ਧਨੀ ਰਾਮ ਚਾਤਿ੍ਕ, ਭਾਈ ਸਾਹਿਬ ਦੀ ਪ੍ਰੇਰਨਾ ਅਤੇ ਸਹਿਯੋਗ ਸਦਕਾ ਹੀ ਗੁਰਮੁਖੀ ਦੇ ਵਿਹੜੇ ਦਾ ਗੁਲਾਬ ਬਣਿਆ |
ਇਥੇ ਹੀ ਬੱਸ ਨਹੀਂ, ਲੋਕ-ਸਾਹਿਤ ਦੇ ਧਨੀਆਂ ਤੋਂ ਲੈ ਕੇ ਪੱਤਰਕਾਰ, ਨਾਵਲਕਾਰ, ਨਾਟਕਕਾਰ ਅਤੇ ਅਨੇਕਾਂ ਕਲਾਕਾਰ ਭਾਈ ਵੀਰ ਸਿੰਘ ਦੇ ਥਾਪੜੇ ਅਤੇ ਹੱਲਾਸ਼ੇਰੀ ਸਦਕਾ, ਪੰਜਾਬੀ ਅੰਬਰ ਦੇ ਸਿਤਾਰੇ, ਚੰਦ ਅਤੇ ਸੂਰਜ ਬਣੇ| ਭਾਈ ਵੀਰ ਸਿੰਘ 1890ਵਿਆਂ ਤੋਂ ਲੈਕੇ 1950ਵਿਆਂ ਤੱਕ ਪੰਜਾਬੀ ਸਾਹਿਤ ਖੇਤਰ ਦੀ ਅਗਵਾਈ ਕਰਦੇ ਰਹੇ ਅਤੇ ਨਿਰੰਤਰ ਕਲਮ ਚਲਾਉਂਦਿਆਂ ਸਾਹਿਤਕ ਸੇਵਾ ਨਿਭਾਉਂਦੇ ਰਹੇ | ਸਾਲ 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 'ਡਾਕਟਰ ਆਫ਼ ਓਰੀਐਂਟਲ ਲਰਨਿੰਗ' ਦੀ ਡਿਗਰੀ ਪ੍ਰਦਾਨ ਕੀਤੀ। ਸਾਲ 1952 ਵਿੱਚ ਆਪਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਆਂਨਰੇਰੀ ਮੈਂਬਰ ਨਾਮਜ਼ਦ ਕੀਤਾ ਗਿਆ। ਸਾਲ 1954 ਵਿੱਚ ਆਪ ਨੂੰ ਯਾਦਗਾਰੀ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਅਤੇ ਆਪ ਨੂੰ ਪਦਮ ਭੂਸ਼ਣ ਦੀ ਉਪਾਧੀ ਦੇ ਨਾਲ ਸਨਮਾਨਤ ਕੀਤਾ ਗਿਆ।
ਅੱਧੀ ਸਦੀ ਤੋਂ ਵਧ ਦੇ ਸਮੇਂ ਤਕ ਪੰਜਾਬੀ ਸਾਹਿਤ ਜਗਤ ਦੀ ਮਹਾਨ ਅਤੇ ਅਣਥਕ ਸੇਵਾ ਨਿਭਾ ਕੇ ਇਸ ਦਰਵੇਸ਼ ਸੰਤ ਕਵੀ,ਸਾਹਿਤਕਾਰ ਅਤੇ ਮਹਾਨ ਚਿੰਤਕ ਨੇ 10 ਜੂਨ 1957 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ, ਸਾਨੂੰ ਸਦੀਵੀਂ ਵਿਛੋੜਾ ਦੇ ਦਿੱਤਾ। ਪੰਜਾਬੀ ਸਾਹਿਤ ਦੇ ਗਗਨ-ਮੰਡਲ ਦੇ ਧਰੂ ਤਾਰੇ , ਪੰਜਾਬੀ ਮਾਂ-ਬੋਲੀ ਦੇ ਲਾਡਲੇ ਸਾਹਿਤਕਾਰ, ਪੰਜਾਬੀ ਸਾਹਿਤ, ਗੁਰਮਤਿ ਸਾਹਿਤ ਤੇ ਵਲਵਲੇ ਭਰਪੂਰ ਕਵਿਤਾ ਦੇ ਭੰਡਾਰੇ ਭਰਪੂਰ ਕਰਨ ਵਾਲੇ ਕੋਮਲ ਭਾਵੀ, ਮਿੱਠ ਬੋਲੜੇ, ਪ੍ਰੇਮ-ਭਿੱਜੇ, ਰਹੱਸਵਾਦੀ ਅਤੇ ਉੱਚੀ ਬਿਰਤੀ ਵਾਲੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਕਹੇ ਜਾ ਸਕਦੇ ਹਨ।
ਕੁਦਰਤ ਤੇ ਕਾਦਰ ਦੇ ਰੰਗ ਵਿੱਚ ਰੰਗੀਆਂ ਦਾ ਰਚੇਤਾ ਛੋਟੀਆਂ ਕਵਿਤਾਵਾਂ ਦੇ ਵੱਡਾ ਕਵੀ, ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ।ਸਮਕਾਲੀਆਂ ਵਿਚੋਂ ਜੋ ਦੇਣ ਮਹਾਂਕਵੀ ਰਵਿੰਦਰ ਨਾਥ ਟੈਗੋਰ ਦੀ ਬੰਗਾਲੀ ਸਾਹਿਤ ਨੂੰ ਹੈ, ਉਸ ਪੱਧਰ ਦੀ ਹੀ ਦੇਣ ਭਾਈ ਵੀਰ ਸਿੰਘ ਦੀ ਪੰਜਾਬੀ ਨੂੰ ਹੈ | ਬੇਸ਼ੱਕ ਇਹ ਸੱਚ ਹੈ ਕਿ ਟੈਗੋਰ ਦੀ ਆਮਦ ਤੱਕ ਬੰਗਾਲੀ ਭਾਸ਼ਾ ਵਿਚ ਵਿਦਿਅਕ ਪਾਸਾਰ, ਵਿਸ਼ਵ ਵਿਦਿਆਲੇ ਅਤੇ ਸਾਹਿਤਕ ਫੈਲਾਓ ਉੱਚ ਪੱਧਰ 'ਤੇ ਸੀ, ਜਿਸਨੇ ਟੈਗੋਰ ਨੂੰ ਵਿਸ਼ਵ-ਪ੍ਰਸਿੱਧ ਕਰਨ 'ਚ ਅਹਿਮ ਭੂਮਿਕਾ ਨਿਭਾਈ, ਦੂਜੇ ਪਾਸੇ ਪੰਜਾਬੀ ਖੇਤਰ 'ਚ ਭਾਈ ਵੀਰ ਸਿੰਘ ਦੀ ਆਮਦ ਤੱਕ ਵਿਦਿਅਕ ਅਤੇ ਸਾਹਿਤਕ ਪੱਧਰ 'ਤੇ ਵੱਡੀ ਘਾਟ ਸੀ | ਲਾਹੌਰ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੜ੍ਹਾਈ ਤਾਂ ਕਿਤੇ ਮਗਰੋਂ ਸ਼ੁਰੂ ਹੋਈ | ਅਜਿਹੇ ਸਮੇਂ ਭਾਈ ਵੀਰ ਸਿੰਘ ਵਲੋਂ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੀ ਸਾਹਿਤ ਸਿਰਜਣਾ ਲਈ ਚੋਣ ਕਰਨਾ, ਇਨਕਲਾਬੀ ਕਦਮ ਕਿਹਾ ਜਾ ਸਕਦਾ ਹੈ |
ਭਾਈ ਵੀਰ ਸਿੰਘ ਦੇ ਸਮਕਾਲੀ ਅਲਾਮਾ ਇਕਬਾਲ ਨੂੰ ਉਰਦੂ ਸਾਹਿਤ 'ਚ 'ਸ਼ਾਇਰ-ਏ-ਮਿੱਲਤ' ਦਾ ਦਰਜਾ ਹਾਸਿਲ ਹੈ | ਵਿਦੇਸ਼ ਤੋਂ ਉੱਚ-ਪੱਧਰੀ ਪੜ੍ਹਾਈ ਕਰਨ ਮਗਰੋਂ ਡਾ. ਇਕਬਾਲ ਨੇ ਸਾਹਿਤ ਸਿਰਜਣਾ ਲਈ ਉਰਦੂ ਦੀ ਚੋਣ ਕੀਤੀ, ਹਾਲਾਂਕਿ ਉਹ ਪੰਜਾਬੀ ਸੀ, ਪਰ ਉਸਨੇ ਪੰਜਾਬੀ ਵਿਚ ਨਹੀਂ ਲਿਖਿਆ | ਇਸ ਦੇ ਬਾਵਜੂਦ ਉਰਦੂ ਪ੍ਰੇਮੀਆਂ ਨੇ 'ਸ਼ਾਇਰ-ਏ-ਮਿੱਲਤ' ਭਾਵ ਕੌਮੀ ਸ਼ਾਇਰ ਦਾ ਮਾਣ ਦੇ ਕੇ ਡਾ. ਇਕਬਾਲ ਨੂੰ ਸਿਰਮੌਰ ਲਿਖਾਰੀ ਪ੍ਰਵਾਨਿਆ | ਡਾ. ਭਾਈ ਵੀਰ ਸਿੰਘ ਵੀ ਸਰਦੇ-ਪੁਜਦੇ ਪਰਿਵਾਰ ਵਿਚੋਂ ਸਨ | ਭਾਸ਼ਾ ਪੱਖੋਂ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਦੇ ਗਿਆਤਾ ਸਨ | ਪਰਿਵਾਰਿਕ ਪਿਛੋਕੜ ਕਰਕੇ ਉੱਚ ਪੱਧਰੀ ਸਾਇੰਸ ਵਿੱਦਿਆ ਲਈ ਇੰਗਲੈਂਡ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਜਾ ਸਕਦੇ ਸਨ | ਅੰਗਰੇਜ਼ੀ ਵਿਚ ਸਾਹਿਤ ਲਿਖ ਕੇ ਉੱਚਾ ਨਾਂ ਕਮਾ ਸਕਦੇ ਸਨ |
ਇਹਨਾਂ ਸੁਨਹਿਰੀ ਮੌਕਿਆਂ ਦੇ ਬਾਵਜੂਦ ਭਾਈ ਵੀਰ ਸਿੰਘ ਨੇ 'ਪੰਜਾਬੀ ਸਪੂਤ ਹੋਣ ਦਾ ਸਬੂਤ' ਦਿੰਦਿਆਂ ਪੰਜਾਬੀ ਬੋਲੀ, ਸਾਹਿਤ ਅਤੇ ਗੁਰਮੁਖੀ ਲਿੱਪੀ ਦਾ ਰਾਹ ਚੁਣਿਆ ਅਤੇ ਸਾਰੀ ਜ਼ਿੰਦਗੀ ਪੰਜਾਬੀ ਨੂੰ ਸਮਰਪਿਤ ਕਰ ਦਿੱਤੀ | ਇਹ ਕੋਈ ਛੋਟੀ ਗੱਲ ਨਹੀਂ ਸੀ, ਬਲਕਿ ਪੰਜਾਬੀ ਸਾਹਿਤ ਖੇਤਰ ਨੂੰ ਵੀਹਵੀਂ ਸਦੀ 'ਚ ਉੱਚੇ ਪੱਧਰ ਤੱਕ ਲਿਜਾਣ ਦਾ ਵੱਡਾ ਉਪਰਾਲਾ ਸੀ | ਭਾਈ ਵੀਰ ਸਿੰਘ ਨੂੰ ਸੰਨ 1956 ਵਿਚ ਕਾਵਿ ਰਚਨਾ 'ਮੇਰੇ ਸਾਈਆਂ ਜੀਉ' ਲਈ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ | 'ਸ਼ੋ੍ਰਮਣੀ ਸਾਹਿਤਕਾਰ' ਵਜੋਂ ਪੰਜਾਬੀ ਵਿਚ ਇਹ ਪੁਰਸਕਾਰ ਲੈਣ ਵਾਲੇ ਪਹਿਲੇ ਸਾਹਿਤਕਾਰ ਭਾਈ ਵੀਰ ਸਿੰਘ ਹੀ ਹਨ |
ਜਿਥੇ 1950ਵਿਆਂ ਵਿਚ ਇਕ ਪਾਸੇ ਭਾਈ ਵੀਰ ਸਿੰਘ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਮਿਲਦਾ ਹੈ, ਉਥੇ ਦੂਜੇ ਪਾਸੇ ਪੰਜਾਬੀ ਸਾਹਿਤ 'ਚ ਇਕ ਵਿਸ਼ੇਸ਼ ਧੜੇ ਵਲੋਂ ਉਹਨਾਂ ਖਿਲਾਫ਼ ਈਰਖਾ ਦਾ ਦੌਰ ਵੀ ਇਥੋਂ ਹੀ ਸ਼ੁਰੂ ਹੁੰਦਾ ਹੈ | ਪੰਜਾਬੀ ਸਾਹਿਤ ਦੇ ਅਣਥੱਕ ਸੇਵਾਦਾਰ ਨੂੰ ਸਮਕਾਲੀ 'ਸਾਹਿਤ ਮਾਫ਼ੀਆ' ਭੰਡਣ ਲੱਗਦਾ ਹੈ | ਸਾਹਿਤਕ ਸੂਝ-ਬੂਝ ਤੋਂ ਸੱਖਣੇ ਲੋਕ ਉਦੋਂ ਤੋਂ ਲੈ ਕੇ ਹੁਣ ਤੱਕ ਭਾਈ ਵੀਰ ਸਿੰਘ ਨੂੰ ਮਿਥ ਕੇ ਭੰਡਦੇ ਆ ਰਹੇ ਹਨ | ਸਵੈ-ਨਿਰਧਾਰਤ ਆਲੋਚਨਾ ਪੈਮਾਨੇ 'ਤੇ ਭਾਈ ਵੀਰ ਸਿੰਘ ਨੂੰ ਰੱਦ ਕਰਨ ਵਾਲੇ ਇਹ ਆਲੋਚਕ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਪਿਛਾਂਹ-ਖਿੱਚੂ ਲੇਖਕ ਹੈ, ਉਸਦੀ ਸ਼ਾਇਰੀ ਸਮਕਾਲੀ ਹਾਲਤਾਂ ਦੀ ਵਿਆਖਿਆ ਨਹੀਂ ਕਰਦੀ, ਫੋਕਾ ਰੋਮਾਂਸਵਾਦ ਬਿਆਨ ਕਰਦੀ ਹੈ, ਭਾਈ ਵੀਰ ਸਿੰਘ ਸਿੱਖੀ ਪ੍ਰਤੀ ਭਾਵੁਕ ਹੋ ਕੇ ਲਿਖਦਾ ਹੈ, ਉਹ ਅੰਗਰੇਜ਼ ਸਾਮਰਾਜ ਦੀ ਆਲੋਚਨਾ ਨਹੀਂ ਕਰਦਾ, ਆਜ਼ਾਦੀ ਦੀ ਗੱਲ ਨਹੀਂ ਕਰਦਾ ਅਤੇ ਉਹ 'ਪੰਜਾਬ ਦੇ ਤਾਣੇ-ਪੇਟੇ ਨੂੰ ਲੀਰੋ-ਲੀਰ' ਕਰਦਾ ਹੈ |
ਦਰਅਸਲ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਛੁਟਿਆਉਣ ਲਈ 'ਸਾਹਿਤ ਮਾਫ਼ੀਆ' ਯੋਜਨਾਬੱਧ ਢੰਗ ਨਾਲ ਪ੍ਰਚਾਰ ਕਰਦਾ ਆ ਰਿਹਾ ਹੈ | ਅਜਿਹਾ ਬਿਰਤਾਂਤ ਸਿਰਜ ਕੇ ਮਾਫ਼ੀਆ ਭਾਈ ਸਾਹਿਬ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਲਿਖਾਰੀ ਵਜੋਂ ਬਣਦੀ ਥਾਂ ਖੋਹਣ ਵਿਚ ਕਿਸੇ ਹੱਦ ਤੱਕ ਸਫ਼ਲ ਵੀ ਹੋਇਆ ਹੈ | ਪੰਜਾਬੀ ਵਿਦਿਅਕ ਅਦਾਰਿਆਂ, ਸਾਹਿਤਕ ਸੰਸਥਾਵਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਤੇ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੱਕ, ਇਹੀ ਮਾਫ਼ੀਆ ਕਾਬਜ਼ ਚੱਲਿਆ ਆ ਰਿਹਾ ਹੈ | ਅਜਿਹੇ ਈਰਖਾਲੂ ਆਲੋਚਕਾਂ ਵਲੋਂ ਭਾਈ ਵੀਰ ਸਿੰਘ ਵਿਰੁੱਧ ਨਫ਼ਰਤ ਫੈਲਾਉਣ 'ਚ ਸਫਲ ਹੋਣ ਦਾ ਕਾਰਨ ਇਹ ਵੀ ਹੈ ਕਿ ਭਾਈ ਸਾਹਿਬ ਦੀ ਸਾਹਿਤਕ ਦੇਣ ਤੋਂ ਜਾਣੂੰ ਲਿਖਾਰੀਆਂ ਦੀ ਜਾਂ ਤਾਂ ਗਿਣਤੀ ਹੀ ਨਿਗੂਣੀ ਹੈ ਅਤੇ ਜਾਂ ਫਿਰ ਉਹ 'ਸਾਹਿਤ ਮਾਫ਼ੀਆ' ਨਾਲ ਟੱਕਰ ਲੈਣ ਤੋਂ ਡਰਦੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਈ ਵੀਰ ਸਿੰਘ ਦੇ 'ਪੰਜਾਬੀ ਦੇ ਮਹਾਨ ਵਿਦਵਾਨ' ਹੋਣ ਦੇ ਬਾਵਜੂਦ, 'ਪੰਜਾਬੀ ਦੇ ਹੀ ਲੇਖਕਾਂ ਤੇ ਆਲੋਚਕਾਂ ਦੀਆਂ ਜੁੰਡਲੀਆਂ' ਉਹਨਾਂ ਨੂੰ ਨਫ਼ਰਤ ਕਿਉਂ ਕਰਦੀਆਂ ਹਨ ਅਤੇ ਛੁਟਿਆ ਕਿਉਂ ਰਹੀਆਂ ਹਨ?
ਅਸਲ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਨਾਲ ਈਰਖਾ ਕਰਨ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਸਿੱਖੀ ਤੋਂ ਪ੍ਰੇਰਿਤ ਹੋਣਾ ਹੈ | ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਮਨੋਰਥ ਨਿਸ਼ਚਿਤ ਰੂਪ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਗੁਰਮੁਖੀ ਲਿਪੀ ਨੂੰ ਪ੍ਰਫੁਲਤ ਕਰਨਾ ਹੈ | ਚਾਹੇ ਕਵਿਤਾ ਹੋਵੇ, ਚਾਹੇ ਨਾਵਲ, ਚਾਹੇ ਕਹਾਣੀ ਤੇ ਚਾਹੇ ਨਾਟਕ, ਭਾਈ ਵੀਰ ਸਿੰਘ ਪਾਠਕਾਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਦੇ ਹਨ | ਇਥੇ ਉਹ ਖੁੱਲ੍ਹ ਦਿਲੀ ਨਾਲ ਸਵਿਕਾਰਦੇ ਹਨ ਕਿ ਉਹਨਾਂ ਦੀ ਪ੍ਰੇਰਨਾ ਸਿੱਖੀ ਜੀਵਨ ਜਾਚ ਅਤੇ ਗੁਰੂ ਗ੍ਰੰਥ ਸਾਹਿਬ ਹਨ | ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਰਾਹੀਂ ਸਿੱਖੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਹੋਏ ਭਾਈ ਵੀਰ ਸਿੰਘ ਨਾਵਲ 'ਸੁੰਦਰੀ' ਦੀ ਭੂਮਿਕਾ ਵਿੱਚ ਲਿਖਦੇ ਹਨ,''ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ-ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ, ਦੋਹਾਂ ਨੂੰ ਨਿਭਾਉਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ, ਆਪਣੇ ਉੱਤਮ ਅਸੂਲ ਪਿਆਰੇ ਲੱਗਣ, ਆਪਣੇ ਵਿਚ ਜਥੇਬੰਦ ਹੋਕੇ ਸਿੰਘ, ਦੂਜੀਆਂ ਕੌਮਾਂ ਨੂੰ ਇਕ ਰਸ ਜਾਣ ਕੇ, ਕਿਸੇ ਨਾਲ 'ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ', ਸਗੋਂ 'ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ' ਵਾਲੀ ਗੁਰੂ ਸਿੱਖਿਆ ਪੁਰ ਟੁਰ ਕੇ, ਅਟੱਲ ਰਹਿਣ |''
ਇਹ ਸੱਚ ਹੈ ਕਿ ਭਾਈ ਸਾਹਿਬ ਨੇ ਜਦੋਂ ਪੰਜਾਬੀ ਸਾਹਿਤ ਖੇਤਰ 'ਚ ਪੈਰ ਧਰਿਆ, ਉੱਦੋਂ ਇਕ ਪਾਸੇ ਈਸਾਈ ਮਿਸ਼ਨਰੀ ਤੇ ਦੂਜੇ ਪਾਸੇ ਆਰੀਆ ਸਮਾਜੀ ਸਿੱਖੀ 'ਤੇ ਹਮਲੇ ਕਰ ਕਹੇ ਸਨ | ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਸਿੱਖੀ, ਪੰਜਾਬੀ ਅਤੇ ਗੁਰਮੁਖੀ ਨੂੰ ਖਤਮ ਕਰਨ 'ਤੇ ਤੁਲੀਆਂ ਸਨ | ਉਦੋਂ ਸਿੰਘ ਸਭਾ ਲਹਿਰ ਨੇ ਇਹਨਾਂ ਤਾਕਤਾਂ ਨਾਲ ਟੱਕਰ ਲਈ ਅਤੇ ਆਰੀਆ ਸਮਾਜ ਤੇ ਈਸਾਈ ਮਿਸ਼ਨਰੀਆਂ ਨੂੰ ਨੱਥ ਪਾਈ | ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ ਸਮੇਤ ਸਮੂਹ ਸਿੰਘ ਸਭੀਏ, ਕਲਮ ਦੇ ਤਲਵਾਰੀਏ ਬਣ ਕੇ ਸਿੱਖੀ ਤੇ ਪੰਜਾਬੀ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਖਿਲਾਫ਼ ਡਟੇ | ਭਾਈ ਵੀਰ ਸਿੰਘ ਇਸ ਲਹਿਰ ਨੂੰ ਅਗਲੇ ਪੜਾਓ ਤੱਕ ਲੈ ਕੇ ਗਏ।
ਭਾਈ ਵੀਰ ਸਿੰਘ ਦੇ ਪ੍ਰਚਾਰ ਦੇ ਪ੍ਰਭਾਵ ਸਦਕਾ ਹੀ ਕਈ ਸਿੱਖ ਵਿਦਵਾਨ ਆਰੀਆ ਸਮਾਜ ਨੂੰ ਛੱਡ ਕੇ, ਆਪਣੇ ਸਿੱਖੀ ਵਿਰਸੇ ਨਾਲ ਜੁੜੇ | ਉਹਨਾਂ ਲੇਖਕਾਂ ਨੇ ਗੁਰਮੁਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਵਿਚ ਲਿਖਣਾ ਸ਼ੁਰੂ ਕੀਤਾ | ਉਦੋਂ ਤੋਂ ਹੀ ਆਰੀਆ ਸਮਾਜੀਆਂ ਅੰਦਰ ਭਾਈ ਵੀਰ ਸਿੰਘ ਪ੍ਰਤੀ ਨਫ਼ਰਤ ਬਣੀ ਹੋਈ ਸੀ, ਜੋ ਕਿ ਧਨੀ ਰਾਮ ਚਾਤਿ੍ਕ ਅਤੇ ਪ੍ਰੋ. ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੇ ਪੰਜਾਬੀ ਸਾਹਿਤ ਖੇਤਰ 'ਚ ਲਿਆਉਣ ਕਰਕੇ ਸਿਖਰ 'ਤੇ ਪਹੁੰਚ ਗਈ | ਆਰੀਆ ਸਮਾਜੀਆਂ ਨੇ ਹੀ ਗੁਰਮੁਖੀ ਲਿਪੀ ਦੀ ਥਾਂ ਦੇਵਨਾਗਰੀ ਲਿਪੀ ਅਤੇ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਸੀ |
ਅੱਜ-ਕੱਲ੍ਹ ਵੀ ਜੋ 'ਇਕ ਭਾਸ਼ਾ ਇਕ ਰਾਸ਼ਟਰ' ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਉਹ ਅਸਲ ਵਿਚ 'ਆਰੀਆ ਸਮਾਜੀ ਬਿਰਤਾਂਤ ਦਾ ਹੀ ਸੰਗਠਿਤ ਰੂਪ' ਹੈ | ਇਸ ਦਾ ਸ਼ਿਕਾਰ ਕਈ ਦੇਸ਼ ਭਗਤ ਪੰਜਾਬੀ ਵੀ ਹੋਏ, ਜਿਹੜੇ ਆਰੀਆ ਸਮਾਜ ਦੇ ਪ੍ਰਚਾਰ ਅਧੀਨ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ ਅਤੇ ਗੁਰਮੁਖੀ ਦੀ ਥਾਂ ਦੇਵਨਾਗਰੀ ਵਿਚ ਲਿਖਣ ਨੂੰ ਪ੍ਰਚਾਰਦੇ ਰਹੇ | ਭਾਈ ਵੀਰ ਸਿੰਘ ਨੇ ਅਜਿਹੇ ਸਮੇਂ 'ਕਲਮ ਨੂੰ ਪੰਜਾਬੀ ਤੇ ਗੁਰਮੁਖੀ ਦੇ ਬਚਾਓ ਲਈ ਤਲਵਾਰ' ਬਣਾ ਕੇ ਵਰਤਿਆ ਅਤੇ ਵਿਰੋਧੀ ਤਾਕਤਾਂ ਨਾਲ ਟੱਕਰ ਲੈਂਦੇ ਹੋਏ, ਉਹ ਪੰਜਾਬੀ ਬੋਲੀ ਦੇ ਯੋਧੇ ਬਣ ਕੇ ਨਿੱਤਰੇ |
ਕੀ ਗੁਰਬਾਣੀ ਸਾਹਿਤ ਅਤੇ ਸਿੱਖ ਵਿਰਾਸਤ ਤੋਂ ਪ੍ਰੇਰਨਾ ਲੈਣ ਵਾਲਾ ਵਿਅਕਤੀ ਪੰਜਾਬੀ ਸਾਹਿਤਕਾਰ ਨਹੀਂ ਹੋ ਸਕਦਾ? ਇਹ ਬਿਰਤਾਂਤ ਨਿਰਾ ਪਾਖੰਡ ਅਤੇ ਦੰਭ ਹੈ | ਸੰਸਾਰ ਦੇ ਸਰਵੋਤਮ ਸਾਹਿਤ ਵੱਲ ਨਿਗ੍ਹਾ ਮਾਰੀਏ, ਤਾਂ ਸਾਨੂੰ ਇਸ ਦਾ ਉੱਤਰ ਸਹਿਜੇ ਹੀ ਮਿਲ ਜਾਂਦਾ ਹੈ | ਇੰਗਲੈਂਡ ਦਾ ਮਹਾਂਕਵੀ ਮਿਲਟਨ ਅਤੇ ਇਟਲੀ ਦਾ ਮਹਾਂ-ਕਵੀ ਦਾਂਤੇ ਇਸਦੀ ਮਿਸਾਲ ਹਨ | ਦੋਵੇਂ ਸੰਸਾਰ ਸਾਹਿਤ ਦੇ ਮੰਨੇ-ਪ੍ਰਮੰਨੇ ਲਿਖਾਰੀ ਹਨ | ਜੌਹਨ ਮਿਲਟਨ ਦੀ ਲਿਖਤ 'ਪੈਰਾਈੲਜ਼ ਲੌਸਟ' ਵਿਸ਼ਵ ਸਾਹਿਤ ਦਾ ਸ਼ਾਹਕਾਰ ਮੰਨੀ ਜਾਂਦੀ ਹੈ | ਇਉਂ ਹੀ ਦਾਂਤੇ ਦੀ ਲਿਖਤ 'ਡਿਵਾਈਨ ਕਾਮੇਡੀ' ਨੂੰ ਸਾਹਿਤ ਜਗਤ ਵਿਚ ਉੱਚਾ ਥਾਂ ਹਾਸਿਲ ਹੈ | ਇਹ ਦੋਵੇਂ ਲਿਖਤਾਂ ਬਾਈਬਲ 'ਤੇ ਆਧਾਰਿਤ ਹਨ | ਦਾਂਤੇ ਅਤੇ ਮਿਲਟਨ ਈਸਾਈਅਤ ਤੋਂ ਪ੍ਰੇਰਿਤ ਹਨ | ਇਸ ਦੇ ਬਾਵਜੂਦ ਉਹਨਾਂ ਦੀ ਸਾਹਿਤਕ ਸ਼ਖ਼ਸੀਅਤ ਨੂੰ ਛੁਟਿਆਉਣ ਦਾ ਕੋਈ ਹੀਆ ਨਹੀਂ ਕਰਦਾ | ਦੋਵੇਂ ਮਹਾਂਕਵੀ ਵਜੋਂ ਜਾਣੇ ਜਾਂਦੇ ਹਨ | ਜੇਕਰ ਮਿਲਟਨ ਤੇ ਦਾਂਤੇ ਬਾਈਬਲ ਤੋਂ ਪ੍ਰੇਰਨਾ ਲੈ ਕੇ ਸੰਸਾਰ ਪੱਧਰ 'ਤੇ ਮਹਾਨ ਸਾਹਿਤਕਾਰ ਬਣ ਸਕਦੇ ਹਨ, ਤਾਂ ਫਿਰ ਭਾਈ ਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਮਹਾਂਕਵੀ ਕਿਉਂ ਨਹੀਂ ਬਣ ਸਕਦੇ? ਭਾਈ ਸਾਹਿਬ ਦੀ ਲਿਖਤ ਗੁਰਬਾਣੀ ਦੀ ਜੀਵਨ ਜਾਚ ਨੂੰ ਪੰਜਾਬੀ ਸਾਹਿਤ ਖੇਤਰ ਵਿਚ, ਵੱਖ-ਵੱਖ ਸਾਹਿਤਕ ਰੂਪਾਕਾਰਾਂ ਰਾਹੀਂ ਪੇਸ਼ ਕਰਦੀ ਹੋਈ ਅਮਰ ਹੋ ਨਿਬੜਦੀ ਹੈ | ਇਉਂ ਭਾਈ ਵੀਰ ਸਿੰਘ ਪੰਜਾਬੀ ਵਿਚ ਮਿਲਟਨ ਅਤੇ ਦਾਂਤੇ ਵਾਂਗ ਕੱਦਾਵਰ ਤੇ ਸਿਰਮੌਰ ਵਿਦਵਾਨ ਹੋ ਨਿਬੜਦੇ ਹਨ |
ਪੱਛਮੀ ਸਾਹਿਤ ਪਰੰਪਰਾ ਤੋਂ ਮਗਰੋਂ ਭਾਰਤੀ ਸਾਹਿਤ ਪਰੰਪਰਾ ਵੱਲ ਨਿਗ੍ਹਾ ਮਾਰੀਏ, ਤਾਂ ਇਥੇ ਹੀ ਅਨੇਕਾਂ ਮਿਸਾਲਾਂ ਹਨ | ਮਹਾਂਕਵੀ ਤੁਲਸੀ ਦਾਸ ਹੋਣ ਜਾਂ ਮਹਾਂਕਵੀ ਸੂਰਦਾਸ, ਇਹਨਾਂ ਨੂੰ ਸਾਹਿਤ ਵਿਚ ਉੱਚਾ ਦਰਜਾ ਹਾਸਿਲ ਹੈ | ਜੇ ਤੁਲਸੀ ਦਾਸ ਸ੍ਰੀ ਰਾਮ ਦੇ ਗੁਣਗਾਨ ਕਰਕੇ ਤੇ ਰਾਮਾਇਣ ਲਿਖਕੇ ਮਹਾਂਕਵੀ ਹੋ ਸਕਦੇ ਹਨ, ਜੇ ਸੂਰਦਾਸ ਸ੍ਰੀ ਕ੍ਰਿਸ਼ਨ ਬਾਰੇ ਲਿਖਕੇ ਮਹਾਂਕਵੀ ਹੋ ਸਕਦੇ ਹਨ ਤਾਂ ਕੀ ਭਾਈ ਵੀਰ ਸਿੰਘ ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ ਅਤੇ ਕਲਗੀਧਰ ਚਮਤਕਾਰ ਲਿਖ ਕੇ, ਮਹਾਂਕਵੀ ਨਹੀਂ ਹੋ ਸਕਦੇ? ਦੋਹਰੇ ਮਾਪਦੰਡ ਭਾਈ ਵੀਰ ਸਿੰਘ ਲਈ ਹੀ ਕਿਉਂ?
ਇਥੇ ਹੀ ਬੱਸ ਨਹੀਂ ਅਖੌਤੀ ਖੱਬੇ ਪੱਖੀ ਆਲੋਚਕ ਭਾਈ ਵੀਰ ਸਿੰਘ ਨੂੰ ਸਿੱਖੀ ਪ੍ਰਤੀ ਉਪਭਾਵੁਕ ਹੋ ਕੇ ਲਿਖਣ ਵਾਲਾ ਗਰਦਾਨਦੇ ਹਨ | ਦੂਜੇ ਪਾਸੇ ਅਜਿਹੇ ਆਲੋਚਕਾਂ ਦੀ ਆਪਣੀ ਲਿਖਤ ਖੱਬੇ ਪੱਖੀ ਫਲਸਫੇ ਪ੍ਰਤੀ ਹੱਦੋਂ ਵੱਧ ਉਪ-ਭਾਵੁਕਤਾ 'ਚੋਂ ਪੈਦਾ ਹੁੰਦੀ ਹੈ | ਅਖੌਤੀ ਅਗਾਂਹ ਵਧੂ ਪਹੁੰਚ ਦਾ ਨਾਂ ਵਰਤ ਕੇ ਇਹ ਲੇਖਕ ਆਪਣੇ ਘੜੇ ਮਾਪ-ਦੰਡ ਪੂਰੀ ਕੱਟੜਤਾ ਨਾਲ ਪ੍ਰਚਾਰਦੇ ਹਨ | ਇਹਨਾਂ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ ਆਦਿ ਰੂਸੀ ਲਿਖਤਾਂ ਦੀ ਕੱਚ-ਘਰੜ ਨਕਲ ਤੋਂ ਵੱਧ ਕੁਝ ਨਹੀਂ | 'ਦਿੱਤਾ ਹੈ' ਅਤੇ 'ਸਿੱਧ ਕਰਨਾ ਹੈ' ਆਦਿ ਸੰਦ ਇਹਨਾਂ ਦੀ ਆਲੋਚਨਾ ਦਾ ਅਧਾਰ ਹਨ | ਜੋ ਲਿਖਤ ਇਹਨਾਂ ਦੇ ਢਾਂਚੇ 'ਚ ਫਿੱਟ ਨਹੀਂ, ਉਹ ਲਿਖਤ ਮਿਆਰੀ ਨਹੀਂ ਅਤੇ ਜੋ ਲਿਖਤ ਕੱਟੜਤਾ ਨਾਲ ਖੱਬੇ ਪੱਖੀ ਮਾਪਦੰਡ ਦੇ ਚੌਖਟੇ 'ਚ ਢੁਕਦੀ ਹੈ, ਉਹੀ ਮਿਆਰੀ ਹੈ |
ਇਹਨਾਂ ਸਾਹਿਤ ਮਾਫੀਏ ਦੇ ਕੱਟੜਵਾਦੀਆਂ ਦੀ ਜੁੰਡਲੀ ਭਾਈ ਵੀਰ ਸਿੰਘ ਨੂੰ ਤਾਂ ਸਿੱਖੀ ਪ੍ਰਤੀ ਭਾਵੁਕ ਦੱਸਦੀ ਹੈ, ਪਰ ਇਹਨਾਂ ਨੂੰ ਆਪਣੀ ਭਾਵੁਕਤਾ ਨਜ਼ਰ ਨਹੀਂ ਆਉਂਦੀ | ਉਂਝ ਵੀ ਜੇਕਰ ਇਹ ਲੇਖਕ ਤੇ ਆਲੋਚਕ ਪੱਛਮੀ ਢਾਂਚੇ ਨੂੰ ਅਪਨਾ ਕੇ ਖ਼ੁਦ ਨੂੰ ਸਹੀ ਦੱਸਦੇ ਹਨ, ਤਾਂ ਭਾਈ ਵੀਰ ਸਿੰਘ ਤੇ ਉਹਨਾਂ ਦੇ ਰਾਹ 'ਤੇ ਚੱਲਣ ਵਾਲੇ ਧਰਾਤਲ ਪੱਧਰ 'ਤੇ ਗੁਰਬਾਣੀ ਤੇ ਵਿਰਸੇ ਨੂੰ ਅਪਨਾ ਕੇ ਗ਼ਲਤ ਕਿਵੇਂ ਹਨ? ਇਹਨਾਂ ਕੱਚ-ਘਰੜ ਆਲੋਚਕਾਂ ਦੀ ਸੋਚ ਤਾਂ 'ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ' ਵਾਲੀ ਹੈ |
ਭਾਈ ਵੀਰ ਸਿੰਘ 'ਤੇ ਅੱਜ ਕੱਲ੍ਹ ਦੇ ਹੀਰ-ਵੰਨੇ ਵਾਲੇ ਨਵੇਂ 'ਚੁੰਝ ਵਿਦਵਾਨ' ਇਹ ਦੋਸ਼ ਵੀ ਲਾਉਂਦੇ ਹਨ ਕਿ ਭਾਈ ਸਾਹਿਬ ਨੇ 'ਪੰਜਾਬ ਦੇ ਫੈਬਰਿਕ' ਭਾਵ ਤਾਣੇ ਪੇਟੇ ਨੂੰ ਤਹਿਸ ਨਹਿਸ ਕੀਤਾ | ਇਸ ਦੋਸ਼ ਦਾ ਅਧਾਰ ਅਖੌਤੀ ਆਲੋਚਕ ਭਾਈ ਸਾਹਿਬ ਦਾ ਸਿੱਖੀ ਨੂੰ ਸਮਰਪਿਤ ਹੋਣਾ ਮੰਨਦੇ ਹਨ | ਇਹ ਦੋਸ਼ ਨਿਰਮੂਲ ਹੈ ਤੇ ਸਾਜਿਸ਼ੀ ਢੰਗ ਨਾਲ ਮੜਿ੍ਆ ਗਿਆ ਹੈ | ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖੀ ਨੇ ਪੰਜਾਬ ਦਾ ਫੈਬਰਿਕ ਨਸ਼ਟ ਨਹੀਂ ਕੀਤਾ, ਸਗੋਂ ਮਜ਼ਬੂਤ ਕੀਤਾ ਹੈ | ਗੁਰੂ ਗ੍ਰੰਥ ਸਾਹਿਬ ਵਾਹਦ ਇਕੋ-ਇਕ ਸੋਮਾ ਹਨ, ਜੋ ਰੰਗ, ਨਸਲ, ਜਾਤ, ਫਿਰਕੇ, ਬੋਲੀ ਤੇ ਖੇਤਰ ਆਦਿ ਤੋਂ ਉੱਪਰ ਹੋਕੇ, ਸਭ ਨੂੰ ਇਕ ਲੜੀ ਵਿਚ ਜੋੜਦੇ ਹਨ | ਸਿੱਖੀ ਤਾਂ ਮਨੂਵਾਦੀ ਵਿਤਕਰੇ, ਊਚ ਨੀਚ, ਛੂਆ-ਛਾਤ, ਵਰਣ-ਵੰਡ ਆਦਿ ਨੂੰ ਰੱਦ ਕਰਕੇ, ਸਭ ਨੂੰ ਬਰਾਬਰਤਾ ਦਿੰਦੀ ਹੈ | ਭਾਈ ਵੀਰ ਸਿੰਘ ਦੀ ਹਰ ਲਿਖਤ ਵੀ ਜਿਥੇ ਉਕਤ ਗੌਰਵਮਈ ਵਿਰਸੇ 'ਤੇ ਫਖ਼ਰ ਮਹਿਸੂਸ ਕਰਨਾ ਸਿਖਾਉਂਦੀ ਹੈ, ਉਥੇ ਵਿਤਕਰਿਆਂ ਦੀਆਂ ਵਲਗਣਾਂ ਵੀ ਤੋੜਦੀ ਹੈ |
ਭਾਈ ਸਾਹਿਬ ਨੇ ਪੰਜਾਬ ਦਾ ਤਾਣਾ ਪੇਟਾ ਗ਼ਰਕ ਨਹੀਂ ਕੀਤਾ, ਸਗੋਂ ਗ਼ਰਕ ਹੋਣੋ ਬਚਾਇਆ ਹੈ | ਗੁਰਮੁਖੀ ਸਾਹਿਤ ਵਿਚ ਲਾਲਾ ਧਨੀ ਰਾਮ ਚਾਤਿ੍ਕ ਦਾ ਪ੍ਰਵੇਸ਼ ਕਰਵਾਉਣ ਵਾਲੇ ਕੋਈ ਹੋਰ ਨਹੀਂ, ਸਗੋਂ ਭਾਈ ਵੀਰ ਸਿੰਘ ਹਨ | ਉਸ ਸਮੇਂ ਆਰੀਆ ਸਮਾਜੀ ਪੰਜਾਬ ਵਿਚ ਜਾ ਕੇ ਇਥੋਂ ਦੇ ਪੰਜਾਬੀ ਹਿੰਦੂ ਨੂੰ ਪੰਜਾਬੀ ਨਾਲੋਂ ਤੋੜ ਰਹੇ ਸਨ, ਪਰ ਭਾਈ ਵੀਰ ਸਿੰਘ ਪੰਜਾਬੀ ਹਿੰਦੂ ਨੂੰ ਵੀ ਪੰਜਾਬੀ ਨਾਲ ਜੋੜ ਰਹੇ ਸਨ | ਇਉਂ ਭਾਈ ਸਾਹਿਬ ਨੇ ਮਜ਼ਹਬੀ ਵਲਗਣਾਂ ਤੋਂ ਉੱਪਰ, ਪੰਜਾਬ ਤੇ ਪੰਜਾਬੀ ਦੀ ਫੈਬਰਿਕ ਨੂੰ ਮਜ਼ਬੂਤ ਕਰਨ 'ਚ ਵੱਡੀ ਭੂਮਿਕਾ ਨਿਭਾਈ ਹੈ |
ਜਿੱਥੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਆਰੀਆਂ ਸਮਾਜੀ ਤੱਤ ਭਾਈ ਵੀਰ ਸਿੰਘ ਦੇ ਪੰਜਾਬੀ ਪ੍ਰਚਾਰ ਤੋਂ ਈਰਖਾ ਖਾਂਦੇ ਸਨ, ਉੱਥੇ ਪੰਜਾਬ ਦੀ ਵੰਡ ਮਗਰੋਂ ਉਹਨਾਂ 'ਚੋਂ ਹੀ ਬਹੁਤੇ ਅਖੌਤੀ ਪੱਬੇ ਪੱਖੀ ਬਣ ਕੇ, ਭਾਈ ਸਾਹਿਬ ਨੂੰ ਰੱਦ ਕਰਨ ਲਈ ਹੋਰ ਕਾਰਨ ਲੱਭਣ ਤੁਰ ਪਏ | ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੋਸ਼ਿਸ਼ਾਂ ਜਾਰੀ ਹਨ | ਉਹ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਨੇ ਸਮਕਾਲੀ ਹਾਲਤਾਂ ਬਾਰੇ ਕਿਉਂ ਨਹੀਂ ਲਿਖਿਆ ਅਤੇ ਅੰਗਰੇਜ਼ਾਂ ਖਿਲਾਫ਼ ਕੁੱਝ ਕਿਉਂ ਨਹੀਂ ਬੋਲਿਆ? ਦੋਸ਼ ਲਾਇਆ ਜਾਂਦਾ ਹੈ ਕਿ ਜੋ ਜ਼ੁਲਮ ਤੇ ਧੱਕੇਸ਼ਾਹੀ ਵੇਖ ਕੇ ਚੁੱਪ ਰਹੇ, ਉਹ ਸਾਹਿਤਕਾਰ ਨਹੀਂ | ਇਹ ਪਰਿਭਾਸ਼ਾ ਸਹੀ ਹੈ, ਪਰ ਇਹ ਸਾਹਿਤ ਮਾਫ਼ੀਆ ਆਪਣੇ ਵਰਗ ਦੇ ਲੇਖਕਾਂ 'ਤੇ ਅਜਿਹੀ ਪਰਿਭਾਸ਼ਾ ਲਾਗੂ ਨਹੀਂ ਕਰਦਾ | ਅਜਿਹੀ ਅਸਾਹਿਤਕ ਬੇਈਮਾਨੀ ਦੀ ਇਕ ਉਦਾਹਰਣ ਇਹ ਹੈ ਕਿ 1984 ਵਿਚ ਦਿੱਲੀ ਸਮੇਤ ਭਾਰਤ ਦੇ ਕੋਨੇ ਕੋਨੇ 'ਚ ਹੋਏ ਸਿੱਖ ਕਤਲੇਆਮ ਵੇਲੇ ਅਖੌਤੀ ਅਗਾਂਹ ਵਧੂ ਲੇਖਕਾਂ ਦੀ ਢਾਣੀ ਦੇ ਮੋਢੀਆਂ ਦੀ ਬੰਦ ਜ਼ੁਬਾਨ! ਦਿੱਲੀ ਵਿਚ ਜਦੋਂ ਸਿੱਖ ਨਸਲਕੁਸ਼ੀ ਹੋ ਰਹੀ ਸੀ ਤੇ ਹਜ਼ਾਰਾਂ ਸਿੱਖ ਮਾਰੇ ਜਾ ਰਹੇ ਸਨ, ਧੀਆਂ ਦੇ 'ਗੈੱਗ ਰੇਪ' ਹੋ ਰਹੇ ਸਨ, ਉਸ ਵੇਲੇ ਦਿੱਲੀ ਵਿਚ ਹੀ ਕਵਿੱਤਰੀ ਅੰਮਿ੍ਤਾ ਪ੍ਰੀਤਮ ਵੀ ਮੌਜੂਦ ਸੀ | ਉਸਨੇ ਇਸ ਦੇ ਖਿਲਾਫ਼ ਇਕ ਸ਼ਬਦ ਵੀ ਨਹੀਂ ਬੋਲਿਆ |
ਅਫ਼ਸੋਸ ਕਿ ਭਾਈ ਵੀਰ ਸਿੰਘ ਨੂੰ ਕਟਿਹਰੇ 'ਚ ਖੜ੍ਹਾ ਕਰਨ ਵਾਲਾ 'ਸਾਹਿਤ ਮਾਫ਼ੀਆ' ਅੰਮਿ੍ਤਾ ਪ੍ਰੀਤਮ ਦੀ ਚੁੱਪ 'ਤੇ ਖਾਮੋਸ਼ ਰਹਿੰਦਾ ਹੈ | ਮੰਨ ਲੈਂਦੇ ਹਾਂ ਕਿ ਅਖੌਤੀ ਅਗਾਂਹ ਵਧੂਆਂ ਨੂੰ ਸਿੱਖ ਕਤਲੇਆਮ ਬਾਰੇ ਬੋਲਣ 'ਤੇ ਤਕਲੀਫ ਹੁੰਦੀ ਹੈ, ਪਰ ਜਦੋਂ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਉਦੋਂ ਵੀ ਖੱਬੇ ਪੱਖੀ ਚੁੱਪ ਰਹੇ | ਚੁੱਪ ਹੀ ਨਹੀਂ, ਬਲਕਿ ਐਮਰਜੈਂਸੀ ਦੀ ਹਮਾਇਤ ਕਰਦੇ ਰਹੇ | ਪਰ ਭਾਈ ਵੀਰ ਸਿੰਘ ਸਮਕਾਲੀ ਸਰਕਾਰ ਖਿਲਾਫ ਨਾਂ ਬੋਲਣ ਕਰਕੇ ਸਾਹਿਤਕਾਰ ਦਾ ਫਰਜ਼ ਨਹੀਂ ਨਿਭਾ ਰਹੇ | ਅਜਿਹਾ ਦੋਗਲਾਪਣ ਸਾਹਿਤ ਮਾਫੀਏ ਦਾ ਕਿਰਦਾਰ ਹੈ!
ਭਾਈ ਸਾਹਿਬ ਵੀਰ ਸਿੰਘ ਦੇ ਸਮਕਾਲੀ ਰਵਿੰਦਰ ਨਾਥ ਟੈਗੋਰ ਅਤੇ ਡਾ. ਮੁਹੰਮਦ ਇਕਬਾਲ ਦੀ ਗੱਲ ਕਰੀਏ, ਤਾਂ ਉਹਨਾਂ ਦੀ ਸਮਕਾਲੀ ਭੂਮਿਕਾ ਬਾਰੇ ਖੱਬੇ ਪੱਖੀ ਚੁੱਪ ਹਨ | ਮਹਾਂਕਵੀ ਟੈਗੋਰ ਨੇ ਜਾਰਜ ਪੰਜਵੇਂ ਦੀ ਭਾਰਤ ਫੇਰੀ ਮੌਕੇ 'ਜਨ ਗਨ ਮਨ' ਗੀਤ ਲਿਖਿਆ, ਜੋ ਕਿ ਪ੍ਰਸ਼ੰਸਾ ਮਈ ਸਾਹਿਤ ਦਾ ਹੀ ਰੂਪ ਸੀ | ਜਾਰਜ ਪੰਚਮ ਦੀ ਆਮਦ 'ਤੇ ਲਿਖਿਆ ਇਹ ਗੀਤ ਅੱਜ ਭਾਰਤ ਦਾ ਰਾਸ਼ਟਰੀ ਗੀਤ ਹੈ | ਖੱਬੇ ਪੱਖੀ ਇਹ ਸੱਚ ਬਿਆਨ ਕਰਨ ਤੋਂ ਗੁਰੇਜ ਕਰਦੇ ਹਨ | ਟੈਗੋਰ ਨੂੰ ਅੰਗਰੇਜ਼ਾਂ ਵਲੋਂ 'ਸਰ' ਦਾ ਖਿਤਾਬ ਮਿਲਿਆ ਸੀ, ਜੋ ਕਿ ਉਹ ਵੱਡੇ ਹਮਾਇਤੀ ਨੂੰ ਦਿਆ ਕਰਦੇ ਸਨ | ਇਹ ਸਹੀ ਹੈ ਕਿ ਜਲਿ੍ਆਂ ਵਾਲਾ ਬਾਗ਼ ਦੇ ਸਾਕੇ ਵੇਲੇ ਟੈਗੋਰ ਨੇ ਇਹ ਖਿਤਾਬ ਵਾਪਿਸ ਕੀਤਾ ਸੀ | ਇਸ ਤੋਂ ਇਲਾਵਾ ਟੈਗੋਰ ਦੀ ਕੋਈ ਵੀ ਲਿਖਤ ਅੰਗਰੇਜ਼ ਸਾਮਰਾਜ ਖਿਲਾਫ਼ ਨਹੀਂ, ਪਰ ਟੈਗੋਰ ਦੀ ਕਾਮਰੇਡ ਸਹੁੰ ਖਾਂਦੇ ਹਨ, ਜਦਕਿ ਭਾਈ ਵੀਰ ਸਿੰਘ ਨੂੰ ਬੁਰੀ ਤਰ੍ਹਾਂ ਭੰਡਦੇ ਹਨ | ਡਾ. ਮੁਹੰਮਦ ਇਕਬਾਲ ਨੂੰ ਮੁਸਲਿਮ 'ਕੌਮ ਦੇ ਸ਼ਾਇਰ' ਦਾ ਰੁਤਬਾ ਦਿੰਦੇ ਹਨ, ਜਦਕਿ ਇਕਬਾਲ ਨੇ ਆਪਣੀ ਲਿਖਤ ਵਿਚ ਕਿਧਰੇ ਵੀ ਅੰਗਰੇਜ਼ ਸਾਮਰਾਜ ਨੂੰ ਨਹੀਂ ਨਿੰਦਿਆ | ਵੱਡੇ-ਵੱਡੇ ਸਾਹਿਤਕਾਰ ਉਸਦੇ ਸ਼ੇਅਰ ਪੜ੍ਹਦੇ ਹੋਏ ਅਸ਼-ਅਸ਼ ਕਰਦੇ ਹਨ, ਪਰ ਡਾ. ਇਕਬਾਲ ਦੀ ਅੰਗਰੇਜ਼ਾਂ ਖਿਲਾਫ਼ ਚੁੱਪ 'ਤੇ ਖਾਮੋਸ਼ ਰਹਿੰਦੇ ਹਨ |
ਹੁਣ ਗੱਲ ਭਾਈ ਵੀਰ ਸਿੰਘ ਦੀ ਕਰਦੇ ਹਾਂ | ਅੱਜ ਦੀ ਤਾਰੀਖ਼ ਵਿਚ ਅਸੀ ਸਪੱਸ਼ਟ ਹਾਂ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਬਸਤੀ ਬਣਾ ਕੇ ਜਿਵੇਂ ਲੁੱਟਿਆ, ਲੋਕਾਂ 'ਤੇ ਜੋ ਕਹਿਰ ਢਾਹਿਆਂ, ਜਲਿ੍ਆਂ ਵਾਲਾ ਬਾਗ ਕਾਂਢ ਕਰਕੇ ਸੈਂਕੜੇ ਬੈਕਸੂਰ ਮਾਰੇ ਅਤੇ ਪੰਜਾਬ ਅਤੇ ਭਾਰਤ ਦੇ ਜਿਵੇਂ ਟੁਕੜੇ ਕੀਤੇ, ਉਹ ਨਾਮੁਆਫ਼ ਕਰਨ ਯੋਗ ਗੁਨਾਹ ਹਨ | ਇਹ ਵੀ ਸੱਚ ਹੈ ਕਿ 1849 ਵਿਚ ਪੰਜਾਬ ਨੂੰ ਗ਼ੁਲਾਮ ਬਣਾਉਣ ਲਈ ਅੰਗਰੇਜ਼ਾਂ ਨਾਲ ਪੂਰਬੀਆਂ ਨੇ ਮਿਲ ਕੇ, ਸਿੱਖ ਰਾਜ ਖਤਮ ਕੀਤਾ, ਜਿਸ ਦਾ ਸਿੱਖਾਂ ਅੰਦਰ ਲਗਾਤਾਰ ਰੋਸ ਸੀ | ਸਿੰਘ ਸਭਾ ਲਹਿਰ ਦੌਰਾਨ ਵੀ ਇਹ ਵਰਤਾਰਾ ਝਲਕਦਾ ਹੈ | ਭਾਈ ਵੀਰ ਸਿੰਘ ਦਾ ਜਲਿ੍ਆ ਵਾਲਾ ਬਾਗ਼ ਸਾਕੇ ਬਾਰੇ ਨਾ ਲਿਖਣਾ ਜਾਂ ਅੰਗਰੇਜ਼ਾਂ ਦਾ ਵਿਰੋਧ ਨਾ ਕਰਨਾ ਵੀ ਉਸੇ ਪ੍ਰਸੰਗ ਦਾ ਹਿੱਸਾ ਹੈ | ਇਸ ਦੇ ਬਾਵਜੂਦ ਭਾਈ ਸਾਹਿਬ ਦੀ ਉਕਤ ਪਹੁੰਚ 'ਤੇ ਅਸਹਿਮਤੀ ਪ੍ਰਗਟਾਉਣਾ ਜਾਇਜ਼ ਹੈ ਤੇ ਆਲੋਚਨਾ ਕਰਨੀ ਸਹੀ ਹੈ, ਪਰ ਇਸ ਆਧਾਰ 'ਤੇ ਭਾਈ ਵੀਰ ਸਿੰਘ ਨਾਲ ਈਰਖਾ ਕਰਨੀ ਅਤੇ ਆਪਣੇ ਖੇਮੇ ਦੇ ਲੇਖਕਾਂ ਦੀ ਪੁਸ਼ਤ-ਪਨਾਹੀ ਕਰਨੀ, ਦੋਗਲੀ ਪਹੁੰਚ ਹੀ ਕਹੀ ਜਾਵੇਗੀ |
ਇਹ ਦੋਹਰੇ ਮਾਪਦੰਡ ਇਉਂ ਹੀ ਹਨ ਜਿਵੇਂ ਕਿ ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ਸਮੇਂ ਖੱਬੇ ਪੱਖੀਆਂ ਦੀ ਇਕ ਢਾਣੀ ਦਾ ਨਾਅਰਾ ਸੀ ਕਿ ਪੰਜਾਬ ਵਿਚ ਖ਼ਾਲਿਸਤਾਨ ਉਹਨਾਂ ਦੀਆਂ ਲਾਸ਼ਾਂ 'ਤੇ ਬਣੇਗਾ | ਅੱਜ ਪੂਰਾ ਭਾਰਤ 'ਹਿੰਦੂ ਰਾਸ਼ਟਰ' ਬਣਨ ਜਾ ਰਿਹਾ ਹੈ, ਹੁਣ ਉਹਨਾਂ ਦੀਆਂ ਲਾਸ਼ਾਂ ਕਿਧਰੇ ਨਹੀਂ ਵਿਛੀਆਂ, ਸਗੋਂ ਉਹਨਾਂ ਦੇ ਜਿਉਂਦੇ ਜੀਅ ਹੀ ਹਿੰਦੂ ਰਾਸ਼ਟਰ ਕਾਇਮ ਹੋ ਰਿਹਾ ਹੈ | ਇਉਂ ਹੀ ਭਾਈ ਵੀਰ ਸਿੰਘ ਬਾਰੇ ਦੋਗਲਾਪਣ ਸਰਾਸਰ ਬੇਇਨਸਾਫੀ ਅਤੇ ਬੇਈਮਾਨੀ ਹੈ | ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ 'ਚ ਵੀਹਵੀਂ ਸਦੀ ਦੇ ਮੁੱਢ ਤੋਂ ਲੈ ਕੇ ਅੱਧੀ ਸਦੀ ਤੱਕ ਸਰਗਰਮ ਰਹਿੰਦੇ ਹਨ |
ਭਾਈ ਸਾਹਿਬ ਦੀ ਸਾਹਿਤਕ ਦੇਣ ਨੂੰ ਅੱਜ ਪੰਜਾਬ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੀ ਉਹਨਾਂ ਦਾ 152 ਸਾਲਾ ਜਨਮ ਦਿਹਾੜਾ ਮਨਾਉਣਾ ਕਿਹਾ ਜਾ ਸਕਦਾ ਹੈ | ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ | ਭਾਈ ਵੀਰ ਸਿੰਘ ਦੇ ਜਨਮ ਦਿਹਾੜਾ ਮਨਾਉਂਦੇ ਹੋਏ, ਨਵੇਂ ਸਿਰਿਓਂ ਇਹ ਕਾਰਜ ਆਰੰਭਣ ਦੀ ਲੋੜ ਹੈ | ਭਾਈ ਸਾਹਿਬ ਦੀ ਸਾਹਿਤਕ ਦੇਣ ਨੂੰ ਰੱਦ ਕਰਨ 'ਤੇ ਤੁਲੀਆਂ ਤਾਕਤਾਂ ਦਾ ਦਲੀਲ ਪੂਰਨ ਜਵਾਬ ਦੇਣਾ ਜ਼ਰੂਰੀ ਹੋ ਗਿਆ ਹੈ | 'ਸਾਹਿਤ ਮਾਫ਼ੀਆ' ਦੀਆਂ ਸਾਜਿਸ਼ਾਂ ਨੂੰ ਜੱਗ-ਜਾਹਿਰ ਕਰਕੇ ਹੀ ਭਾਈ ਵੀਰ ਸਿੰਘ ਖਿਆਫ਼ ਝੂਠਾ ਬਿਰਤਾਂਤ ਨਕਾਰਿਆ ਜਾ ਸਕਦਾ ਹੈ।
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਸਫੋਰਡ, ਬੀਸੀ, ਕੈਨੇਡਾ।

ਸਿੱਖ ਪਰੰਪਰਾਵਾਂ ਦੀ ਰਾਖੀ ਲਈ ਅਗੇ ਆਓ! ਸਿੱਖ ਲੜਕੀ ਦਾ ਵਿਆਹ ਸਿੱਖ ਗੱਭਰੂ ਨਾਲ ਹੋਵੇ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਕੈਨੇਡਾ ਵਿਚ ਕਾਮਰੇਡਾਂ, ਮਾਡਰਨ ਸਿੱਖਾਂ ਤੇ ਕੱਟੜ ਹਿੰਦੂਆਂ ਨੇ, ਹੁਣੇ ਜਿਹੇ ਸੈਮੀਨਾਰ ਕੀਤਾ ਤੇ ਖਾਲਿਸਤਾਨ ਦੇ ਨਾਮ ਉਪਰ ਉਨ੍ਹਾਂ ਸਿੱਖ ਪਰੰਪਰਾਵਾਂ ਨੂੰ ਨਿਸ਼ਾਨਾ ਬਣਾਇਆ। ਸਰੀ ਦੇ ਆਰੀਆ ਬੈਂਕੁਟ ਹਾਲ 'ਚ ਹੋਏ ਇਸ ਇਕੱਠ ਵਿੱਚ ਕਾਮਰੇਡ ਆਗੂ ਕੁਲਵੰਤ ਢੇਸੀ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਰਿਹਾ ਕਿ ਖਾਲਿਸਤਾਨੀਆਂ ਨੂੰ ਕਿਵੇਂ ਗੁਰਦੁਆਰਿਆਂ 'ਚੋਂ ਕੱਢਣਾ ਹੈ ਅਤੇ 'ਉਹਨਾਂ ਦੀ ਪੂਛ 'ਤੇ ਪੈਰ ਧਰਨਾ' ਹੈ। ਰੌਸ ਸਟਰੀਟ ਗੁਰਦੁਆਰੇ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦਾ ਇਸੇ ਗੱਲ 'ਤੇ ਹੀ ਜ਼ੋਰ ਰਿਹਾ ਕਿ ਉਹਨਾਂ ਦਾ ਜੀ ਕਰਦਾ ਸੀ ਇੰਡੀਅਨ ਕੌਂਸਲਟ ਸਟਾਫ ਅਤੇ ਉਹਨਾਂ ਦੇ ਵਿਰੁੱਧ 'ਮੁਜ਼ਾਹਰਾ ਕਰਨ ਵਾਲੇ ਗੁੰਡਿਆਂ' ਨੂੰ ਜਾਂ ਗੱਡੀ ਹੇਠ ਕੁਚਲ ਦਿਆਂ ਜਾਂ ਫਿਰ ਮੈਂ ਨਾਈਟ ਬ੍ਰਿਜ ਤੋਂ ਛਾਲ ਮਾਰ ਦਿਆਂ। ਅੱਗੇ ਤੋਂ ਉਹਨਾਂ ਨੂੰ 'ਗੁੰਡੇ ਬਣ' ਕੇ ਹੀ ਟੱਕਰਾਂਗੇ। ਇਹ ਆਖਦਿਆਂ 'ਗਦਰੀ ਬਾਬਿਆਂ ਦੇ ਗੁਰਦੁਆਰੇ ਦੇ ਕਲੀਨ ਸ਼ੇਵ ਮਾਡਰਨ ਪ੍ਰਧਾਨ' ਨੇ ਆਪਣੀ ਅਕਲ ਦਾ ਵੀ ਜਲੂਸ ਕੱਢਿਆ।
ਇਸੇ ਦੌਰਾਨ ਇੱਕ ਹੋਰ ਹਿੰਦੂ ਮੰਦਿਰ ਸਰੀ ਦੇ ਪ੍ਰਤੀਨਿਧ ਵਿਨੈ ਸ਼ਰਮਾ ਨੇ ਨਵੀਂ ਸ਼ੁਰਲੀ ਛੱਡਦਿਆਂ ਕਿਹਾ ਕਿ ਇੱਥੇ ਇਕੱਠ ਵਿੱਚ 70- 80 ਫੀਸਦੀ ਲੋਕ ਉਹ ਹਨ, ਜਿਹੜੇ ਹਿੰਦੂ ਸਿੱਖ ਆਪਣੇ ਅੰਤਰ ਧਰਮ ਵਿਆਹ ਕਰਦੇ ਹਨ। ਅੱਗੇ ਹੋਰ ਉਸ ਨੇ ਕਿਹਾ ਕਿ ਹੁਣ ਹਿੰਦੂ ਤੇ ਸਿੱਖ ਵਿੱਚ ਕੋਈ ਫਰਕ ਰਹਿ ਨਹੀਂ ਗਿਆ। ਹਿੰਦੂ ਸਿੱਖ ਹੋ ਚੁੱਕੇ ਨੇ ਅਤੇ ਸਿੱਖ ਹਿੰਦੂ ਹੋ ਚੁੱਕੇ ਨੇ। ਉਸ ਨੇ ਖਾਲਸਤਾਨੀਆਂ ਦੀ ਆੜ ਵਿੱਚ ਇਹ ਕਹਿ ਦਿੱਤਾ ਕਿ ਵੱਖ ਵੱਖ ਹਿੰਦੂਆਂ ਅਤੇ ਸਿੱਖਾਂ ਵਿੱਚ ਅੰਤਰ ਧਰਮ ਵਿਆਹਾਂ ਤੇ ਬਰਖਿਲਾਫ ਇਹ ਲੋਕ ਨਫਰਤ ਫੈਲਾ ਰਹੇ ਹਨ। ਕਿੰਨੀ ਹਾਸੋਹੀਣੀ ਹੈ ਕਿਹਾ ਕੀ ਹਿੰਦੂ-ਸਿੱਖ ਇਕ ਹਨ? ਕੀ ਸਿੱਖ ਦੇਵੀ ਦੇਵਤਿਆਂ ਵਾਂਗ, ਸਿੱਖ ਗੁਰੂ ਸਾਹਿਬਾਨ ਦੀ ਪੂਜਾ ਕਰਦਾ ਹੈ? ਕੀ ਧਾਰਮਿਕ ਸਥਾਨਾਂ ਉਪਰ ਅੰਤਰਜਾਤੀ ਵਿਆਹਾਂ ਰੋਕਣ ਵਾਲੇ ਨਫਰਤ ਲਾ ਰਹੇ ਹਨ? ਸੱਚ ਤਾਂ ਇਹ ਹੈ ਕਿ 'ਸਿੱਖ ਵੱਖਰੀ ਕੌਮ' ਹੈ। ਸਿੱਖ ਦੇਵੀ ਦੇਵਤਿਆਂ ਨੂੰ ਨਹੀਂ ਪੂਜਦਾ। ਸਿੱਖ ਮੂਰਤੀ ਪੂਜਾ ਨਹੀਂ ਕਰਦਾ। ਸਿੱਖ ਆਪਣੇ ਪੁੱਤ ਧੀ ਦਾ ਆਨੰਦ ਕਾਰਜ ਸਿੱਖ ਧਰਮ ਵਿੱਚ ਹੀ ਕਰਨਾ ਲੋਚਦਾ ਹੈ, ਨਾ ਕਿ ਇਸ ਤੇ ਉਲਟ ਸਿੱਖੀ ਨੂੰ ਪਿੱਠ ਦੇਣ ਦੀ ਗੱਲ ਕਰਦਾ ਹੈ। ਅਖੌਤੀ ਮਾਡਰਨ ਸਿੱਖ ਅਜਿਹਾ ਕਰਦੇ ਹਨ, ਉਹ ਸਿੱਖੀ ਪਰੰਪਰਾ ਨੂੰ ਢਾਹ ਲਾ ਰਹੇ ਹਨ।
ਆਰੀਆ ਬੈਂਕੁਟ ਹਾਲ 'ਚ ਹੋਏ ਇਸ ਇਕੱਠ ਵਿੱਚ ਕਾਮਰੇਡਾਂ, ਮਾਡਰਨ ਸਿੱਖਾਂ, ਕੱਟੜ ਹਿੰਦੂ ਤੇ ਕੁਝ ਆਰ ਐਸ ਐਸ ਦੇ ਆਗੂਆਂ ਨੇ ਸ਼ਰੇਆਮ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉੜਾਈਆਂ। ਇਹਨਾਂ ਵਿੱਚ ਸਿੱਖੀ ਦਾ ਗਿਆਨ ਵੰਡਣ ਵਾਲੇ, ਗੁਰਦੁਆਰਿਆਂ ਦੇ ਸਿੱਖ ਆਗੂਆਂ ਦੀਆਂ ਦਾੜੀਆਂ ਮੁੰਨੀਆਂ ਸਨ ਤੇ ਸਿੱਖਾਂ ਨੂੰ ਗੁਰਮਤਿ ਪਰੰਪਰਾਵਾਂ ਸਮਝਾ ਰਹੇ ਸਨ ਕਿ : ਇਹ ਕੱਟੜਵਾਦ ਹੈ ਜੇ ਸਿੱਖ ਹਿੰਦੂਆਂ ਵਿਚ ਵਿਆਹ ਨਾ ਕਰਨ। ਹਿੰਦੂ ਮੰਦਿਰ ਦੇ ਆਗੂ ਵਿਨੇ ਸ਼ਰਮਾ ਤਾਂ ਇਹ ਵੀ ਕਹਿ ਰਹੇ ਸਨ ਕਿ ਸਿੱਖਾਂ ਹਿੰਦੂਆਂ ਵਿਚ ਵਿਆਹ ਕਰਨ ਦਾ ਵਿਰੋਧ, ਕੱਟੜ ਸਿੱਖ ਕਰਦੇ ਹਨ। ਮਤਲਬ ਹੁਣ 'ਮਨੋਵਿਗਿਆਨਕ ਹਮਲੇ' ਸਿੱਖ ਪਰੰਪਰਾਵਾਂ ਉਪਰ ਹੋਣੇ ਸ਼ੁਰੂ ਹੋ ਗਏ। ਕੀ ਮਾਡਰਨ ਬਣੇ ਸਿੱਖ ਜਾਂ ਕਟੜ ਹਿੰਦੂ ਆਪਣੀਆਂ ਧੀਆਂ ਦੇ ਵਿਆਹ ਕਾਲਿਆਂ, ਚੀਨਿਆਂ, ਮੁਸਲਮਾਨਾਂ ਵਿਚ ਕਰ ਲੈਣਗੇ?
ਬਹੁਤ ਸਮੇਂ ਤੋਂ ਦੇਖ ਰਿਹਾ ਹਾਂ ਕਿ ਸਿੱਖ ਧਰਮ ਵਿਚ ਕਾਮਰੇਡਾਂ ਤੇ ਮਾਡਰਨ ਸਿੱਖਾਂ ਦੀ 'ਮਿਕਸ ਬਰੀਡ' ਕਰੋਨਾ ਵਾਇਰਸ ਦੇ ਰੂਪ ਵਿਚ ਪੈਦਾ ਹੋ ਚੁਕੀ ਹੈ, ਜੋ ਸਿਖ ਪਰੰਪਰਾਵਾਂ ਦਾ ਮਖੌਲ ਉਡਾਉਦੀ ਹੈ। ਉਨ੍ਹਾਂ ਨਾ ਸਿੱਖ ਇਤਿਹਾਸ ਪੜ੍ਹਿਆ, ਨਾ ਗੁਰੂ ਗ੍ਰੰਥ ਸਾਹਿਬ। ਸਾਡੀਆਂ ਮਾਵਾਂ ਨੇ ਸਿੱਖੀ ਸਿਦਕ ਦੀ ਰਾਖੀ ਲਈ ਮੁਗਲ ਕਾਲ ਦੌਰਾਨ ਆਪਣੇ ਮਸੂਮ ਬਚਿਆਂ ਨੂੰ ਬਰਛੇ ਉਪਰ ਟੰਗਦੇ ਦੇਖਿਆ। ਕਤਲ ਕੀਤੇ ਬਚਿਆਂ ਦੇ ਹਾਰ ਆਪਣੇ ਗਲੇ ਵਿਚ ਪੁਆਏ।
ਅਸੀਂ ਮਾਡਰਨਿਜ਼ਮ ਵਿਚ ਅਸੀਂ ਆਪਣਾ ਧਰਮ, ਆਪਣੀਆਂ ਔਰਤਾਂ ,ਧੀਆਂ ਸਭ ਗਾਲ ਬੈਠੇ ਹਾਂ। ਜਿਸ ਘਰ ਦੀ ਔਰਤ ਧਰਮ ਤੋਂ ਸਖਣੀ ਹੋਵੇ, ਉਥੇ ਧਰਮ ਤੇ ਪਰੰਪਰਾਵਾਂ ਦਾ ਵਾਸਾ ਨਹੀਂ ਹੋ ਸਕਦਾ। ਉਹ ਘਰ ਗੁਰਮਤਿ ਦੀ ਟਕਸਾਲ ਨਹੀਂ ਹੋ ਸਕਦੀ ਜਿਥੋਂ ਗੁਰੂ ਦੀ ਸਿੱਖੀ ਖਰੇ ਸਿਕੇ ਵਾਂਗ ਘੜੀ ਜਾ ਸਕੇ। ਜੇ ਘਰ ਵਿਚ ਗੁਰਮਤਿ ਦਾ ਮਾਹੌਲ ਨਹੀਂ, ਤਾਂ ਉਸ ਘਰ ਦੀਆਂ ਬੱਚੀਆਂ ਭਾਵਨਾਤਮਕ ਤੇ ਸਿਧਾਂਤਕ ਤੌਰ 'ਤੇ ਕਮਜ਼ੋਰ ਹੁੰਦੀਆਂ ਹਨ, ਤੇ ਅਜਿਹੇ ਧਰਮ ਪਰਿਵਰਤਨ ਦਾ ਸ਼ਿਕਾਰ ਹੁੰਦੀਆਂ ਹਨ।
ਅੱਜ ਤੋਂ 15 ਸਾਲ ਪਹਿਲਾਂ ਜੰਮੂ ਦੀਆਂ ਸੰਗਤਾਂ ਨੇ ਮੈਨੂੰ ਸਾਲਾਨਾ ਸਮਾਗਮ ਉਪਰ ਬੁਲਾਇਆ ਸੀ। ਉਸ ਵਿਚ ਦੋ ਗੁਰਮਤਿ ਸਮਾਗਮ ਸਨ,ਇਕ ਸੈਮੀਨਾਰ ਸੀ।ਸਮਾਗਮ ਤੇ ਸੈਮੀਨਾਰ ਗੁਰਮਤਿ ਪਰੰਪਰਾਵਾਂ ਤੇ ਸਿਖ ਜਵਾਨੀ ਨੂੰ ਸੇਧ ਦੇਣ ਦਾ ਸੀ। ਜਦੋਂ ਮੈਂ ਪੰਜਾਬ ਦੇ ਸਿੱਖ ਯੂਥ ਬਾਰੇ ਹਾਲਾਤ ਬਿਆਨ ਕੀਤੇ ਤਾਂ ਉਸ ਤੋਂ ਬਾਅਦ ਸਟੇਜ ਸੈਕਟਰੀ ਨੇ ਭਾਵੁਕ ਲਹਿਜੇ ਵਿਚ ਕਿਹਾ,
"ਸਾਡੇ ਬਚਿਆਂ ਵਿਚ ਕੋਈ ਪਤਿਤ ਨਹੀਂ ਹੈ।ਸਾਡੇ ਘਰਾਂ ਵਿਚ ਵਿਆਹ ਵੀ ਗੁਰਸਿੱਖਾਂ ਘਰ ਹੁੰਦੇ ਹਨ। ਭਾਵੇਂ ਅਸੀਂ ਇਥੇ ਘੱਟਗਿਣਤੀ ਵਿਚ ਹਾਂ, ਪਰ ਸਿਖ ਰਹਿਤ ਮਰਿਆਦਾ ਤੇ ਪਰੰਪਰਾ ਉਪਰ ਪਹਿਰਾ ਦਿੰਦੇ ਹਾਂ, ਪਰ ਸਾਨੂੰ ਦੁਖ ਹੈ ਕਿ ਸਾਡਾ ਪੇਕਾ ਘਰ ਪੰਜਾਬ ਸਿਖੀ ਤੋਂ ਪਛੜ ਰਿਹਾ ਹੈ। ਕਮਜ਼ੋਰ ਪੈ ਰਿਹਾ ਹੈ। ਫਿਰ ਅਸੀਂ ਕਿਵੇਂ ਸੁਰਖਿਅਤ ਹਾਂ ਜੇ ਸਾਡਾ ਪੇਕਾ ਘਰ ਕਮਜ਼ੋਰ ਹੈ।ਸਾਡੇ ਨੌਜਵਾਨ ਨਸ਼ਿਆਂ ਤੇ ਪਤਿਤਪੁਣੇ ਦੇ ਸ਼ਿਕਾਰ ਹਾਂ।ਅਸੀਂ ਤਾਂ ਪੰਜਾਬ ਵਿਚ ਸਿੱਖੀ ਦੀ ਚੜ੍ਹਦੀ ਕਲਾ ਲਈ ਗੁਰੂ ਅਗੇ ਅਰਦਾਸ ਕਰ ਸਕਦੇ ਹਾਂ। ਸਚਮੁਚ ਅਸੀਂ ਗੁਰੂ ਦੀ ਸਿੱਖੀ ਤੋਂ ਬਹੁਤ ਪਛੜ ਚੁਕੇ ਹਾਂ।"
ਜੇਕਰ ਸਾਡੀਆ ਰੂਹਾਂ ਵਿਚ ਗੁਰੂ ਦੇ ਸਿਧਾਂਤ ਤੇ ਜੋਤਿ ਦਾ ਵਾਸਾ ਹੁੰਦਾ, ਤਾਂ ਅਸੀਂ ਨਾ ਨਸ਼ਿਆਂ ਦੇ ਸ਼ਿਕਾਰ ਹੁੰਦੇ, ਨਾ ਸਾਡੀਆ ਧਰਮ ਬਦਲੀਆਂ ਹੁੰਦੀਆਂ। ਨਾ ਸਾਡੀਆਂ ਕੁੜੀਆਂ 'ਕਲੀਨ ਸ਼ੇਵ ਤੇ ਹਿੰਦੂ ਵਰ' ਲਭਦੀਆਂ। ਹੁਣੇ ਜਿਹੇ ਇਕ ਮਸ਼ਹੂਰ ਵੈਬਸਾਈਟ ਪਿ੍ੰਟ ਵਿਚ ਸਟੋਰੀ ਛਪੀ ਹੈ ਕਿ ਕਸ਼ਮੀਰੀ ਸਿਖ ਬਹੁਤ ਬੇਚੈਨ ਹਨ।ਸਿਖ ਬਚੀਆਂ ਮੁਸਲਮਾਨਾਂ ਨਾਲ ਵਿਆਹ ਕਰਵਾ ਰਹੀਆਂ ਹਨ। ਕਸ਼ਮੀਰ ਵਿਚ ਪਿਆਰ ਦੇ ਨਾਮ ਉਪਰ ਸਿਖ ਧੀਆਂ ਦਾ ਇਸਲਾਮ ਧਰਮ ਗ੍ਰਹਿਣ ਕਰਨ ਵਲ ਪ੍ਰੇਰਿਤ ਹੋਣਾ ਕਸ਼ਮੀਰੀ ਸਿੱਖਾਂ ਲਈ ਵੱਡਾ ਮੱਸਲਾ ਬਣਿਆ ਹੋਇਆ ਹੈ। ਦੀ ਪਿ੍ੰਟ ਅਨੁਸਾਰ 52 ਸਾਲਾ ਸਿੱਖ ਪ੍ਰਚਾਰਕ ਬੀਬੀ ਗੁਰਦੀਪ ਕੌਰ ਸ੍ਰੀਨਗਰ ਦੇ ਇਕ ਗੁਰਦੁਆਰੇ ਦੀ ਬੇਸਮੈਂਟ ਵਿਚ ਇਕ ਅਹਿਮ ਮੀਟਿੰਗ ਦੀ ਅਗਵਾਈ ਕਰ ਰਹੀ ਸੀ। ਗੁਰਦੀਪ ਕੌਰ, ਜੋ ਹਫ਼ਤਾਵਾਰੀ ਸੰਗਤਾਂ ਵਿਚ ਧਾਰਮਿਕ ਲੈਕਚਰ ਦਿੰਦੀ ਹੈ ਅਤੇ ਪੰਜਾਬੀ ਪੜ੍ਹਾਉਂਦੀ ਹੈ, ਉਸਨੇ ਹੁਣੇ ਜਿਹੇ ਲੈਕਚਰ ਦਿੱਤਾ ਕਿ ਆਪਣੀਆਂ ਸਿੱਖ ਧੀਆਂ ਨੂੰ ਇਸਲਾਮ ਵਿਚ ਜਾਣ ਤੋਂ ਕਿਵੇਂ ਰੋਕਿਆ ਜਾਵੇ?
ਉਸਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਧਰਮ ਦਾ ਗਿਆਨ ਦੇਣ ਦੀ ਲੋੜ ਹੈ। ਸਾਨੂੰ ਉਨ੍ਹਾਂ ਨੂੰ ਗੁਰਬਾਣੀ ਸਿਖਾਉਣੀ,ਪੜ੍ਹਾਉਣੀ ਚਾਹੀਦੀ ਹੈ ਕਿ ਉਸ ਵਿਚ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਹੈ। ਜੇਕਰ ਤੁਹਾਡੀ ਧੀ ਸਿਖ ਧਰਮ ਤੇ ਇਤਿਹਾਸ ਦਾ ਗਿਆਨ ਨਹੀਂ ਲੈਂਦੀ ਤੇ ਨਹੀਂ ਪੜ੍ਹਦੀ ਤਾਂ ਤੁਸੀਂ ਮਾਂ ਦੇ ਤੌਰ 'ਤੇ ਫੇਲ੍ਹ ਹੋ। ਉੱਥੇ ਬੈਠੀਆਂ ਤਿੰਨ ਦਰਜਨ ਦੇ ਕਰੀਬ ਸਿਖ ਬੀਬੀਆਂ ਨੇ ਸਹਿਮਤੀ ਪ੍ਰਗਟਾਈ। ਉਨ੍ਹਾਂ ਦੀ ਗੱਲਬਾਤ ਹਾਲ ਹੀ ਵਿੱਚ ਇੱਕ ਕਸ਼ਮੀਰੀ ਸਿੱਖ ਔਰਤ ਦੇ ਇਸਲਾਮ ਕਬੂਲ ਕਰਨ ਤੋਂ ਪ੍ਰੇਰਿਤ ਸੀ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਸ਼ਮੀਰੀ ਸਿੱਖ ਧਰਮ ਲਈ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸ੍ਰੋਮਣੀ ਕਮੇਟੀ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਨੂੰ ਬਾਦਲ ਪਰਿਵਾਰ ਦੀ ਸਿਆਸਤ ਤੋਂ ਵਿਹਲ ਮਿਲੇ, ਤਾਂ ਉਹ ਸਿਖ ਧਰਮ ਦੀਆਂ ਸਮਸਿਆਵਾਂ ਬਾਰੇ ਸੋਚਣ।ਉਥੇ ਉਨ੍ਹਾਂ ਦੀ ਸਾਰ ਲੈਣ ਲਈ ਅਜੇ ਤਕ ਨਾ ਅਕਾਲੀ ਦਲ ਦਾ ਨਾ ਸ੍ਰੋਮਣੀ ਕਮੇਟੀ ਦਾ ਵਫਦ ਸਾਰ ਲੈਣ ਲਈ ਗਿਆ ਹੈ। ਨਾ ਅਕਾਲ ਤਖਤ ਵਲੋਂ ਦਿਸ਼ਾ ਨਿਰਦੇਸ਼ ਆਏ ਹਨ ਸਿਖ ਹੁਣ ਕੀ ਕਰਨ? ਸਿੱਖ ਮੈਦਾਨ ਪੰਜਾਬ ਦੀ ਧਰਤਿ ਸਿੱਖੀ ਤੋਂ ਖਾਲੀ ਹੈ,ਕੋਈ ਗੁਰਮਤਿ ਚਾਨਣਾ ਨਹੀਂ ਹੈ। ਕੋਈ ਕਿਵੇਂ ਸਿਖ ਘਰ ਵਿਚ ਜਨਮ ਲੈਕੇ ਸਿਖ ਬਣਿਆ ਰਹਿ ਸਕਦਾ ਹੈ।
25 ਸਾਲ ਹੋ ਗਏ ਹਨ ਸਿੱਖਾਂ ਦਾ ਈਸਾਈਕਰਨ ਹੋ ਰਿਹਾ ਹੈ। ਡੰਡੇ ਦੇ ਜੋਰ ਨਾਲ ਈਸਾਈ ਪ੍ਰਚਾਰਕਾਂ ਨੂੰ ਡਰਾ ਕੇ ਕਿੰਨਾ ਚਿਰ ਸਿਖੀ ਕਾਇਮ ਰਖ ਸਕਦੇ ਹੋ। ਗਲ ਤਾਂ ਸਿੱਖੀ ਦੇ ਪ੍ਰਚਾਰ ਦੀ ਹੈ ਸ੍ਰੋਮਣੀ ਕਮੇਟੀ ਭੂਮਿਕਾ ਨਹੀਂ ਨਿਭਾ ਰਹੀ। ਅਸਲ ਮਸਲਾ ਇਹੀ ਹੈ ਜੋ ਸਾਡੀ ਸਿਖ ਸਿਆਸਤ ਹੈ ਉਹ ਟਬਰਾਂ ਤੇ ਮਾਇਆਧਾਰੀਆਂ ਦੀ ਸਿਆਸਤ ਹੈ ਜੋ ਸਤਾ ਨੂੰ ਕਾਇਮ ਰਖਣਾ ਗੁਰੂ ਦਾ ਧਰਮ ਸਮਝ ਰਹੇ ਹਨ।ਅਸੀਂ ਇਨ੍ਹਾਂ ਚੰਦਰੀਆਂ ਆਤਮਾਵਾਂ, ਛਲੇਡਿਆਂ ਦੇ ਸ਼ਿਕਾਰ ਹਾਂ।ਸਤਿਗੁਰੂ ਤਾਂ ਆਖਦੇ ਹਨ ਸਾਡੇ ਭਰਮ ਦਾ ਆਂਡਾ ਟੁਟਣਾ ਚਾਹੀਦਾ।ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ।ਹੇ ਭਾਈ ਗੁਰਸਿੱਖਾਂ ਗੁਲਾਮੀ ਦੀ ਬੇੜੀ ਉਖਾੜ ਕੇ ਬੰਦ ਖਲਾਸ ਹੋ ਜਾ।
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥
ਪੰਥਕ ਪਰੰਪਰਾਵਾਂ,ਸਤਿਗੁਰੂ ਦੇ ਘੜੇ ਅਸੂਲਾਂ ਦੀ ਪਾਲਣਾ ਕਰਕੇ ਸਿਖੀ ਨਿਭਾਈ ਜਾ ਸਕਦੀ ਹੈ। ਸਾਡੀ ਸਿਆਸਤ ਤੇ ਧਰਮ ਦੀ ਅਗਵਾਈ ਕਰਨ ਵਾਲੇ ਲੋਕ ਬੇਦਾਵੀਏ ਸਿਖ ਨਹੀਂ ਹੋਣੇ ਚਾਹੀਦੇ ਜੋ ਸਾਡੀ ਤਬਾਹੀ ਦਾ ਇਤਿਹਾਸ ਰਚਣ।ਅਸੀਂ ਕਦੇ ਮੁਗਲਾਂ, ਅਬਦਾਲੀਆਂ ,ਅੰਗਰੇਜ਼ਾਂ ਕੋਲੋਂ ਨਹੀਂ ਹਾਰੇ ਅਸੀਂ ਹਾਰੇ ਹਾਂ ਆਪਣੀਆਂ ਸ਼ਕਲਾ ਵਰਗੇ ਗਦਾਰਾਂ ਕਾਰਣ। ਜੇ ਬਿਨੋਦ ਸਿੰਘ ਦਾ ਧੜਾ ਮੁਗਲਾਂ ਨਾਲ ਨਾ ਖੜਾ ਹੁੰਦਾ ਲਾਹੌਰ ਤੇ ਦਿਲੀ ਮੁਗਲਾਂ ਦਾ ਨਹੀਂ ਸਾਡਾ ਹੋਣਾ ਸੀ। ਜੇ ਸੰਧੇਵਾਲੀਏ ਗਦਾਰੀ ਨਾ ਕਰਦੇ ਅੰਗਰੇਜ਼ਾਂ ਨਾਲ ਨਾ ਮਿਲਦੇ, ਤਾਂ ਖਾਲਸਾ ਰਾਜ ਉਪਰ ਗੋਰਿਆਂ ਦਾ ਕਬਜਾ ਨਹੀਂ ਹੋਣਾ ਸੀ। ਸੋ ਸਾਨੂੰ ਸਾਡੇ ਆਪਣਿਆ ਨੇ ਖਤਮ ਕੀਤਾ ਸਤਾ ਦੀ ਲਾਲਸਾ ਕਾਰਣ। ਅੱਜ ਵੀ ਉਹੀ ਦੌਰ ਹੈ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
9815700916