ਨਵੀਂ ਖੇਤੀ ਨੀਤੀ : ਜ਼ਮੀਨੀ ਹਕੀਕਤ ਨੂੰ ਵਾਚਣ ਦੀ ਲੋੜ - ਡਾ. ਸੁਖਦੇਵ ਸਿੰਘ
ਸਮੇਂ ਤੇ ਲੋੜ ਅਨੁਸਾਰ ਇਨਸਾਨੀ ਜ਼ਿੰਦਗੀ ਵਿੱਚ ਨਿੱਜੀ, ਪਰਵਾਰਿਕ, ਸਮੂਦਾਇਕ, ਸਮਾਜ ਤੇ ਦੇਸ਼ ਪੱਧਰੀ ਤੱਰਕੀ ਜੀਵਨ ਦਾ ਮੂਲ ਅਧਾਰ ਹੈ। ਇਹ ਤੱਰਕੀ ਉਪਲਭਦ ਸਥਾਨਕ ਕੁਦਰਤੀ ਸਾਧਨਾਂ, ਆਰਥਿਕ ਸੋਮਿਆਂ, ਮੱਨੁਖੀ ਸ਼ਕਤੀ ਦੀ ਸੁਯੋਗ ਵਰਤੋਂ ਤੇ ਵਿਉਂਤਬੰਦੀ ’ਤੇ ਨਿਰਭਰ ਕਰਦੀ ਹੈ। ਪੰਜਾਬ ਜੋ ਹੁਣ ਤੱਕ ਖੇਤੀ ਪ੍ਰਧਾਨ ਸੂਬਾ ਰਿਹਾ ਤੇ ਬਹੁਤ ਹੱਦ ਤੱਕ ਅੱਜ ਵੀ ਹੈ, ਦੇ ਮੁੱਖ ਕਿੱਤੇ ‘ਖੇਤੀਬਾੜੀ’ ਬਾਰੇ ਨਵੀਂ ਖੇਤੀ ਨੀਤੀ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਖੇਤੀਬਾੜੀ ਬਾਰੇ ਨੀਤੀਆਂ ਬਣੀਆਂ ਪਰ ਉਨ੍ਹਾਂ ’ਤੇ ਅਮਲ ਸੀਮਿਤ ਰਿਹਾ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਖੇਤੀ ਮਾਹਿਰਾਂ ਵਲੋਂ ਸੁਝਾਈਆਂ ਸਿਫਾਰਿਸ਼ਾਂ ’ਤੇ ਅਮਲ ਘੱਟ ਕਿਉਂ ਹੋਇਆ। ਖੇਤੀ ਮਾਹਿਰਾਂ, ਕਿਸਾਨਾਂ, ਰਾਜਨੀਤੀਵਾਨਾਂ ਜਾਂ ਲਾਗੂ ਕਰਨ ਵਾਲੀ ਅਫਸਰਸ਼ਾਹੀ ਦੇ ਪੱਧਰ ’ਤੇ ਖਾਮੀਆਂ ਰਹੀਆਂ ਜਾਂ ਖੇਤੀ ਦੀਆਂ ਸੁਧਾਰਵਾਦੀ ਤੇ ਕੁਦਰਤ-ਪੱਖੀ ਕੋਸ਼ਿਸ਼ਾਂ ਦੀ ਘਾਟ ਰਹੀ। ਅਜੋਕੇ ਦੌਰ ਵਿੱਚ ਪੂੰਜੀਵਾਦ ਦੇ ਹੜ੍ਹ ਨੇ ਅਜਿਹੇ ਹਾਲਾਤ ਪੈਦਾ ਕਰ ਦਿਤੇ ਹਨ ਜਿਸ ਤਹਿਤ ਆਮ ਲੋਕ, ਗਰੀਬ, ਛੋਟੇ ਕਿਸਾਨ ਆਦਿ ਤਾਂ ਆਰਥਿਕ ਸਮਾਜਿਕ ਪੱਖ ਤੋਂ ਨਿਘਾਰ ਵੱਲ ਜਾ ਹੀ ਰਹੇ ਨੇ ਪਰ ਨਾਲ ਹੀ ਕੁਦਰਤੀ ਸਾਧਨਾਂ ਦਾ ਨਾ-ਭਰਨਯੋਗ ਨੁਕਸਾਨ ਏਨਾ ਹੋ ਗਿਆ ਹੈ ਜਿਸ ਬਿਨਾਂ ਜੀਵਨ ਜੀਣਾ ਹੀ ਔਖਾ ਹੋ ਜਾਣਾ ਹੈ। ਅਜੋਕੇ ਇਨਸਾਨੀ ਵਰਤਾਰੇ ਨੂੰ ਵੇਖ ਕਿ ਇੱਕ ਵਾਰ ਤਾਂ ਰੱਬ ਵੀ ਸ਼ਾਇਦ ਕਹਿ ਦੇਵੇ “ਹੇ ਬੰਦਿਆ ਤੈਥੋਂ ਬਲਿਹਾਰ ਜਾਵਾਂ”।
ਦੁਨੀਆਂ ਦੇ ਕਰੀਬ ਵੀਹ ਹਜ਼ਾਰ ਧੰਦਿਆਂ ਦੇ ਵਿਸ਼ਾਲ ਤਾਣੇ ਬਾਣੇ ਵਿੱਚੋਂ ਖੇਤੀਬਾੜੀ ਮਨੁੱਖਤਾ ਦਾ ਮੁੱਢ-ਕਦੀਮੀ ਧੰਦਾ ਹੈ ਜੋ ਇੱਕ ਸਦੀ ਪਹਿਲਾਂ ਤਕ ਸੰਸਾਰ ਦੇ ਵਧੇਰੇ ਮੁਲਕਾਂ ਵਿੱਚ ਮੁੱਖ ਧੰਦਾ ਸੀ ਅਤੇ ਵਧੇਰੇ ਦੇਸ਼ਾਂ ਵਿੱਚ ਹੁਣ ਵੀ ਹੈ। ਭਾਰਤ ਤਾਂ ਖੇਤੀ ਪ੍ਰਧਾਨ ਮੁਲਕ ਵੱਜੋਂ ਜਾਣਿਆ ਜਾਂਦਾ ਹੈ ਕਿਉਂਕਿ ਏਸ ਦੀ ਵਧੇਰੇ ਜਨਸੰਖਿਆ ਕੁੱਲ ਛੇ ਲੱਖ 40 ਹਜ਼ਾਰ ਪਿੰਡਾਂ ਵਿੱਚ ਰਹਿੰਦੀ ਹੈ। ਕਬਾਇਲੀ ਯੁੱਗਾਂ ਤੋਂ ਲੈ ਕੇ ਅੱਜ ਦੇ ਤਕਨੀਕੀ ਯੁੱਗ ਤੱਕ ਖੇਤੀਬਾੜੀ ਨੇ ਵਿਕਾਸ ਦੇ ਕਈ ਪੜਾਅ ਦੇਖੇ ਹਨ ਤੇ ਨਵੀਆਂ ਤਕਨੀਕਾਂ ਦੀ ਉਪਜ ਨੇ ਏਸ ਧੰਦੇ ਵਿੱਚ ਅਨੇਕਾਂ ਤਬਦੀਲੀਆਂ ਉਪਜਾਈਆਂ ਹਨ ਤੇ ਉਪਜਾ ਰਹੀ ਹੈ। ਕੁਝ ਸਮਾਂ ਪਹਿਲਾਂ ਤੱਕ ਖੇਤੀਬਾੜੀ ਕੁਦਰਤੀ ਗੇੜ ਸੰਗ ਵਿਚਰਦੀ ਤੇ ਤਕਰੀਬਨ ਜੀਵਨ ਨਿਬਾਹਕ ਪੱਧਰ ਦੀ ਸੀ ਜੋ ਮੌਜੂਦਾ ਸਮੇਂ ਵਿੱਚ ਤਜਾਰਤੀ ਰੁਖ਼ ਧਾਰ ਚੁੱਕੀ ਹੈ। ਸਮਾਜ ਵਿੱਚ ਨਵੇਂ ਰੁਜ਼ਗਾਰ ਸਾਧਨਾਂ ਦੀ ਆਮਦ ਨੇ ਖੇਤੀ ਵਿੱਚੋਂ ਜਨਸੰਖਿਆ ਨੂੰ ਬਾਹਰ ਖਿਚਿਆ ਹੈ ਪਰ ਹਾਲੇ ਵੀ ਦੇਸ਼ ਦੀ ਜਨਸੰਖਿਆ ਦਾ ਬਹੁਤ ਵੱਡਾ ਹਿੱਸਾ ਖੇਤੀਬਾੜੀ ਤੇ ਸਬੰਧਤ ਧੰਦਿਆਂ ਨਾਲ ਸਿਧੇ ਜਾਂ ਅਸਿਧੇ ਰੂਪ ਵਿੱਚ ਜੁੜਿਆ ਹੋਇਆ ਹੈ ਅਤੇ ਦੇਸ਼ ਦੀ ਕੁੱਲ ਕਿਰਤ ਸ਼ਕਤੀ (ਲੇਬਰ ਫੋਰਸ) ਦਾ ਅੱਧ ਏਸੇ ਹੀ ਸੈਕਟਰ ਵਿੱਚ ਹੈ। ਨੈਸ਼ਨਲ ਸੈਂਪਲ ਸਰਵੇ ਆਫਿਸ ਦੇ 2021-22 ਦੇ ਅੰਕੜਿਆਂ ਮੁਤਾਬਿਕ ਭਾਰਤ ਦੀ 45.5 ਪ੍ਰਤੀਸ਼ਤ ਲੇਬਰ ਫੋਰਸ ਖੇਤੀ ਕੰਮਾਂ ਵਿੱਚ ਲਗੀ ਹੈ।
ਪੰਜਾਬ ਭਾਰਤ ਦੇ ਅਕਾਰ ਪੱਖੋਂ ਛੋਟਾ ਪਰ ਖੇਤੀ ਪੱਖੋਂ ਵੱਡਾ ਸੂਬਾ ਜਾਣਿਆ ਜਾਂਦਾ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਸੀ ਜਿਸ ਦੇ ਕਿਸਾਨਾਂ ਨੇ ਦੇਸ਼ ਦੀ ਅਨਾਜ ਪੂਰਤੀ ਲਈ ‘ਹਰੇ ਇਨਕਲਾਬ’ ਤਹਿਤ ਲਿਆਂਦੀਆਂ ਨਵੀਆਂ ਤਕਨੀਕਾਂ, ਬੀਜਾਂ, ਫਸਲ ਕਿਸਮਾਂ, ਰਸਾਇਣਕ ਖਾਦਾਂ, ਮਸ਼ੀਨਰੀ ਤੇ ਟਿਊਬਵੈਲ ਰਾਹੀਂ ਪਾਣੀ ਦੀ ਵਰਤੋਂ ਨੂੰ ਏਸ ਹੱਦ ਤਕ ਅਪਣਾ ਲਿਆ ਕਿ ਦੇਸ਼ ਦੀ ਅਨਾਜ ਪੂਰਤੀ ਹੀ ਨਹੀਂ ਕੀਤੀ ਬਲਕਿ ਦੇਸ਼ ਅਨਾਜ ਨਿਰਯਾਤਕ ਦੇਸ਼ਾਂ ਦੀ ਕਤਾਰ ਵਿੱਚ ਆ ਗਿਆ। 1950-51 ਤਕ ਭਾਰਤ ਵਿਚਲੀ 5 ਕਰੋੜ ਟਨ ਦੇ ਕਰੀਬ ਅਨਾਜ ਦੀ ਉਪਜ ਅੱਜ 32.3 ਕਰੋੜ ਟਨ ਨੂੰ ਪਾਰ ਕਰ ਗਈ ਹੈ। ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦੇ ਮਾਹਰਾਂ ਦੀ ‘ਇੰਡੀਆਜ਼ ਫੂਡ ਕਰਾਈਸਸ ਐਂਡ ਸੈਟਪ ਟੂ ਮੀਟ ਇਟ’ ਨਾਮੀ ਰਿਪੋਰਟ ਦੀਆਂ ਸਿਫਾਰਿਸ਼ਾਂ ਅਪਣਾ ਕੇ ਪਹਿਲਾਂ ਤੀਬਰ ਖੇਤੀ ਜ਼ਿਲ੍ਹਾ ਪ੍ਰੋਗਰਾਮ ਤੇ ਫੇਰ ਤੀਬਰ ਖੇਤੀ ਏਰੀਆ ਪ੍ਰੋਗਰਾਮ ਦੇ ਲਾਗੂ ਹੋਣ ਸਦਕਾ ਖੇਤੀ ਦੀ ਕਾਇਆ ਕਲਪ ਹੋ ਗਈ। ਅਨਾਜ ਦੀ ਉਪਜ ਵਿੱਚ ਤਾਂ ਢੇਰ ਵਾਧਾ ਹੋਇਆ ਪਰ ਏਸ ਦੀ ਕੀਮਤ ਬਹੁਤ ਵੱਡੀ ਚੁਕਾਣੀ ਪਈ ਜੋ ਕੁਦਰਤੀ ਸਰੋਤਾਂ ਦਾ ਘਾਣ, ਰਵਾਇਤੀ ਫਸਲਾਂ ਦੀ ਅਲੋਪਤਾ, ਦਰਖਤਾਂ ਦੀ ਕਟਾਈ, ਜ਼ਮੀਨ ਦੀ ਕੁਦਰਤੀ ਬਣਤਰ ਨੂੰ ਛੱਡ ਸਮਤਲਤਾ ਦੀ ਆਮਦ ਤੇ ਧਰਤੀ ਮਾਤਾ ਦੀ ਸਿਹਤ, ਉਪਜਾਊ ਤੱਤਾਂ ਤੇ ਹਵਾ ਪਾਣੀ ਨੂੰ ਏਸ ਹੱਦ ਤਕ ਖਰਾਬ ਕਰ ਲਿਆ ਕਿ ਗੁਰੂ ਨਾਨਕ ਜੀ ਦੀ ਬਾਣੀ ਦਾ ਅਟਲ ਸੱਚ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਜੇ ਅਜੋਕਾ ਵਰਤਾਰਾ ਨਾ ਬਦਲਿਆ ਤਾਂ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਖੇਡ ਤਾਂ 10-15 ਸਾਲਾਂ ਵਿੱਚ ਹੀ ਖਤਮ ਹੋ ਜਾਵੇਗੀ।
ਖੇਤੀ ਦੇ ਵਿਕਾਸ ਤੇ ਏਸ ਨੂੰ ਲਾਹੇਵੰਦ ਬਣਾਉਣ ਹਿੱਤ ਵਿਚਾਰ ਵਟਾਂਦਰੇ ਵਿੱਚ ਸਭ ਤੋਂ ਅਹਿਮ ਹੈ, ਪਿਛਲੇ 50 ਸਾਲਾਂ ਵਿੱਚ ਇਕਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਸਮਾਜ ਵਿੱਚ ਵੱਖ ਵੱਖ ਕਾਰਨਾਂ ਕਰਕੇ ਆਈ ਤਬਦੀਲੀ ਤੇ ਪੂੰਜੀਵਾਦ ਦੇ ਪਸਾਰ ਕਰਕੇ ਕੁਦਰਤ ਪ੍ਰਤੀ ਸੋਚ ਤੇ ਮਨੁੱਖਤਾ ਦੇ ਆਪਸੀ ਰਿਸ਼ਤਿਆਂ ਦੇ ਬਦਲਾਅ ਨੂੰ ਸਮਝਣਾ। ਅੱਜ ਸੰਸਾਰ ਬਹੁਤ ਸੁੰਗੜ ਗਿਆ ਹੈ ਤੇ ਵਿਕਸਤ ਦੇਸ਼ਾਂ ਤੇ ਉਨ੍ਹਾਂ ਦੁਆਰਾ ਖੜ੍ਹੀਆਂ ਕੀਤੀਆਂ ਆਲਮੀ ਸੰਸਥਾਵਾਂ ਦੀਆਂ ਨੀਤੀਆਂ ਹਰੇਕ ਸਮਾਜ ਉਤੇ ਪ੍ਰਭਾਵ ਪਾਉਂਦੀਆਂ ਹਨ। ਏਸ ਤੋਂ ਛੁਟ ਲੋਕਾਂ ਵਿੱਚ ਆਈ ਜਾਗਰਤੀ, ਨਵੀਆਂ ਲੋੜਾਂ, ਇਛਾਵਾਂ, ਜੀਵਨ ਦੇ ਬਦਲ ਰਹੇ ਢੱਬ, ਖਪਤਵਾਦ, ਸ਼ਹਿਰੀਕਰਨ, ਪਰਵਾਸ ਦੇ ਰੁਝਾਨ ਤੇ ਕਾਰਨ, ਰਾਜ ਦੇ ਆਰਥਿਕ, ਰਾਜਨੀਤਕ ਹਾਲਾਤ, ਸਮਾਜਿਕ ਅਲਾਮਤਾਂ, ਰਿਸ਼ਵਤਖੋਰੀ ਆਦਿ ਖੇਤੀ ਸਮੇਤ ਹਰੇਕ ਸੈਕਟਰ ਵਿੱਚ ਪ੍ਰਭਾਵ ਛੱਡਦੇ ਹਨ। ਵਧ ਰਹੀ ਵਸੋਂ ਤੇ ਜ਼ਮੀਨ ਦੀ ਪੁਸ਼ਤੀ ਵੰਡ ਕਰਕੇ ਘਟ ਰਹੇ ਜੋਤਾਂ ਦੇ ਅਕਾਰ, ਮਹਿੰਗੇ ਖੇਤੀ ਸਾਜ਼ੋ-ਸਾਮਾਨ ਖਾਸ ਕਰਕੇ ਖਾਦਾਂ, ਬੀਜ, ਕੀਟ ਨਾਸ਼ਕ, ਮਸ਼ੀਨਰੀ, ਟਿਊਬਵੈਲ, ਵਾਤਾਵਰਨ ਦਾ ਅਣਸੁਖਾਵਾਂ ਮਿਜ਼ਾਜ, ਵਧ ਰਹੇ ਕਰਜ਼ੇ ਦੀ ਮਿਕਦਾਰ ਆਦਿ ਕਰਕੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ। ਅੱਜ ਦੇ ਅੱਤ ਤਕਨੀਕੀ ਯੁੱਗ ਤੇ ਮੀਡੀਆ ਦੀ ਭਰਮਾਰ ਨੇ ਰਵਾਇਤੀ ਢਾਂਚਿਆਂ ਤੇ ਖੇਤੀ ਢੰਗਾਂ ਵਿੱਚ ਬਹੁਤ ਤਬਦੀਲੀ ਉਪਜਾਈ ਹੈ। ਕਿਸੇ ਵੇਲੇ ਖੇਤਾਂ ਵਿੱਚ ਕੁਦਰਤ ਸੰਗ ਮੌਲਦੀ ਤੇ ਧੜਕਦੀ ਜ਼ਿੰਦਗੀ ਅੱਜ ਖਾਲੀਪਨ ਦਾ ਅਹਿਸਾਸ ਦੇ ਰਹੀ ਹੈ ਕਿਉਂਕਿ ਮਸ਼ੀਨਰੀ ਦੀ ਆਮਦ ਕਾਰਨ ਖੇਤੀ ਦੀ ਬੀਜਾਈ ਕਟਾਈ ਜਲਦੀ ਜੋ ਜਾਣਾ ਤੇ ਖੇਤੀ ਵਲੋਂ ਪਾਸਾ ਵੱਟਣ ਕਰਕੇ ਖੇਤਾਂ ਵਿੱਚ ਰੌਣਕ ਬਹੁਤ ਘਟ ਗਈ ਹੈ। ਕਈ ਖੋਜਾਂ ਤੇ ਸਰਵੇਖਣਾ ਤੋਂ ਪਤਾ ਚਲਦਾ ਹੈ ਹੁਣ 95% ਤੋਂ ਵਧੇਰੇ ਕਿਸਾਨ ਤੇ ਮਜ਼ਦੂਰ ਆਪਣੇ ਬੱਚਿਆਂ ਨੂੰ ਖੇਤੀ ਨਾਲੋਂ ਹੋਰ ਧੰਦਿਆਂ ਵਿੱਚ ਲਾਉਣਾ ਜਾਂ ਬਾਹਰ ਭੇਜਣਾ ਚਾਹੁੰਦੇ ਹਨ। ਇਹ ਰੁਝਾਨ ਖੇਤੀ ਬਾਰੇ ਮੁੜ ਵਿਚਾਰ ਦੀ ਮੰਗ ਕਰਦਾ ਹੈ। ਅੱਜ ਆਲਮ ਇਹ ਹੈ ਥੋੜ੍ਹੀ ਜ਼ਮੀਨ, ਮਹਿੰਗਾ ਪੱਠਾ-ਦੱਥਾ, ਤੂੜੀ, ਖਲ ਆਦਿ ਕਰਕੇ ਪਿੰਡਾਂ ਵਿੱਚ ਲੋਕਾਂ ਨੇ ਪਸ਼ੂ ਰੱਖਣੇ ਵੀ ਛੱਡ ਦਿਤੇ ਹਨ ਤੇ ਦੁੱਧ ਡੇਅਰੀਆਂ ਜਾਂ ਪੈਕਟਾਂ ਰਾਹੀਂ ਵਿਕ ਰਿਹਾ ਹੈ। ਘਟ ਰਿਹਾ ਪਸ਼ੂਧਨ ਤੇ ਵੱਧ ਦੁੱਧ ਉਤਪਾਦਨ ਸਵਾਲ ਖੜ੍ਹੇ ਕਰਦਾ ਹੈ। ਜਿੰਨਾ ਪਨੀਰ ਪੰਜਾਬ ਵਿਕਦਾ ਹੈ ਉਂਨਾ ਅਸਲੀ ਦੁੱਧ ਤੋਂ ਸੰਭਵ ਹੀ ਨਹੀਂ। ਖੇਤੀ ਅਧਾਰਤ ਮਜ਼ਦੂਰਾਂ ਬਾਰੇ ਬਦਲਵੇਂ ਹਾਲਾਤ ਮੁਤਾਬਿਕ ਵਿਸ਼ੇਸ਼ ਵਿਚਾਰ ਦੀ ਲੋੜ ਹੈ।
1960 ਤੋਂ ਪਹਿਲਾਂ ਧਰਤੀ ਹੇਠਲਾ ਪਾਣੀ ਬਹੁਤ ਉਪਰ ਸੀ ਪਰ ਹੁਣ ਵਧੇਰੇ ਇਲਾਕਿਆਂ ਵਿੱਚ 300-400 ਫੁਟ ਡੂੰਘਾਈ ਤੋਂ ਲਿਆ ਜਾ ਰਿਹਾ ਹੈ। ਨਹਿਰੀ ਪਾਣੀ ਦੀ ਵਰਤੋਂ ਬਹੁਤ ਸੀਮਤ ਹੋ ਗਈ ਹੈ ਕਿਉਂਕਿ ਜਲ ਸ੍ਰੋਤਾਂ ਵਲੋਂ ਪਾਣੀ ਦੇ ਵਹਾਉ ਦਾ ਘਟਣਾ ਤੇ ਨਵੀਂਆਂ ਪੱਕੀਆਂ ਕੀਤੀਆਂ ਨਹਿਰਾਂ ਦੀ ਗਲਤ ਬਣਤਰ ਕਾਰਨ ਕਿਸਾਨਾਂ ਕੋਲ ਲੋੜੀਂਦਾ ਪਾਣੀ ਨਹੀਂ ਪਹੁੰਚਦਾ। ਪੰਜਾਬ ਵਿੱਚ ਖੇਤੀ ਦੇ ਝੋਨੇ-ਕਣਕ ਦੇ ਫਸਲੀ ਚੱਕਰ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਪ੍ਰਸ਼ਨ ਉਠਦਾ ਹੈ ਕਿ ਝੋਨਾ ਜੋ ਕਿ ਪਾਣੀ ਦੀ ਖਪਤ ਦੀ ਜੜ੍ਹ ਹੈ, ਤੋਂ ਨਿਜ਼ਾਤ ਕਿਵੇਂ ਪਾਈ ਜਾਵੇ। ਇਹ ਤਦ ਹੀ ਹੋ ਸਕਦਾ ਹੈ ਜੇ ਘੱਟ ਪਾਣੀ ਖਾਣ ਵਾਲੀਆਂ ਬਦਲਵੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਹ ਤਾਂ ਹੀ ਸੰਭਵ ਹੈ ਜੇ ਕਿਸਾਨਾਂ ਦਾ ਆਪਣਾ ਰੁਝਾਨ ਤੇ ਉਪਜ ਦੀ ਖਰੀਦ ਸਬੰਧੀ ਸਰਕਾਰ ਦੀ ਮਦਦ ਹੋਵੇ। ਕਿਸਾਨ ਤਾਂ ਕੀ ਕੋਈ ਵੀ ਇਨਸਾਨ ਉਦੋਂ ਤਕ ਕੋਈ ਕੰਮ ਨਹੀਂ ਕਰਦਾ ਜਦ ਤਕ ਉਸ ਨੂੰ ਦੋ ਪੈਸੇ ਦੀ ਬੱਚਤ ਨਹੀਂ ਹੁੰਦੀ। ਧਰਤੀ ਦੀ ਸਤਹੀ ਬਣਤਰ ਨੂੰ ਮੱਦੇਨਜ਼ਰ ਰੱਖ ਕੇ ਬਦਲਵੀਆਂ ਫਸਲਾਂ ਨੂੰ ਇਲਾਕਾਈ ਵੰਡ ਦਿੱਤੀ ਜਾ ਸਕਦੀ ਹੈ। ਬਦਲਵੀਆਂ ਫਸਲਾਂ ਵਿੱਚ ਦਾਲਾਂ, ਸਬਜ਼ੀਆਂ, ਫਲ, ਫੁੱਲ, ਮੱਕੀ, ਮਿਲਟਜ਼ ਆਦਿ ਹੋ ਸਕਦੇ ਹਨ ਜਿਨ੍ਹਾਂ ਦੀ ਮਾਰਕੀਟ ਵਿੱਚ ਵੀ ਮੰਗ ਦੀ ਘਾਟ ਨਹੀਂ। ਜੇ ਇਨ੍ਹਾਂ ਦੀ ਉਪਜ ਦੀ ਪ੍ਰਾਸੈਸਿੰਗ ਕਰ ਕੇ ਮਾਲ ਵੇਚਿਆ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਹੋਰ ਫਸਲਾਂ ਦੇ ਉਤਪਾਦ ਲਈ ਵੀ ਛੋਟੇ ਪ੍ਰਾਸੈਸਿੰਗ ਯੂਨਿਟ ਕਿਸਾਨ ਖੁਦ ਸਵੈ ਸਹਾਇਤਾ ਸਮੂਹ ਬਣਾ ਸਰਕਾਰ ਦੀ ਮਦਦ ਤੇ ਖੇਤੀ ਨਾਲ ਸੰਬਧਤ ਵੱਖ ਵੱਖ ਅਦਾਰਿਆਂ ਤੋਂ ਤਕਨੀਕ ਹਾਸਲ ਕਰ ਕੇ ਚਲਾ ਸਕਦੇ ਹਨ। ਸਹਿਕਾਰੀ ਬੈਂਕ ਤੇ ਸਹਿਕਾਰੀ ਐਗਰੀਕਲਚਰ ਸੇਵਾ ਸੁਸਾਇਟੀਆਂ ਦੇ ਢਾਂਚੇ ਦੀ ਮਜ਼ਬੂਤੀ ਅਤੇ ਅਫਸਰਸ਼ਾਹੀ ਤੋਂ ਨਿਜ਼ਾਤ ਦੀ ਨਿਹਾਇਤ ਹੀ ਜ਼ਰੂਰਤ ਹੈ। ਬੇ-ਜ਼ਮੀਨੇ ਪਰ ਖੇਤੀ ਕਰਦੇ ਵਾਹੀਵਾਨਾਂ ਨੂੰ ਸਹਿਕਾਰੀ ਢਾਂਚੇ ਦਾ ਲਾਭ ਮਿਲਣਾ ਚਾਹੀਦਾ ਹੈ।
ਖੇਤੀ ਨਾਲ ਕਿਸਾਨਾਂ ਦੀ ਬਝੱਤ ਬਣਾਈ ਰੱਖਣ ਹਿੱਤ ਜ਼ਰੂਰੀ ਹੈ ਖੇਤੀ ਦੇ ਨਾਲ ਨਾਲ ਗੈਰ-ਖੇਤੀ ਸੈਕਟਰ ਵਿੱਚੋਂ ਮਹੀਨਾਵਾਰੀ ਰੈਗੂਲਰ ਆਮਦਨ ਦੇ ਸਾਧਨਾਂ ਨੂੰ ਉਪਜਾਣਾ। ਇਹ ਨੇੜਲੇ ਸ਼ਹਿਰੀ ਸਥਾਨਾਂ ਵਿੱਚ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਜਾਂ ਛੋਟੇ ਉਦਯੋਗਾਂ ਵਿੱਚ ਕਿਸਾਨਾਂ ਦੇ ਘੱਟੋ ਘੱਟ ਇੱਕ ਪਰਵਾਰਕ ਮੈਂਬਰ ਨੂੰ ਮੁਹਈਆ ਕਰਵਾਈ ਜਾਵੇ ਜਾਂ ਪੇਂਡੂ ਇਲਾਕਿਆਂ ਵਿੱਚ ਸਵੈ ਸਹਾਇਤਾ ਸਮੂਹਾਂ ਰਾਹੀਂ ਰੁਜ਼ਗਾਰ ਉਪਜਾਇਆ ਜਾਵੇ। ਖੇਤੀ ਲਈ ਲੋੜੀਂਦੇ ਸਾਧਨ, ਖਾਦਾਂ, ਬੀਜ, ਕੀਟ ਤੇ ਨਦੀਨ ਨਾਸ਼ਕਾਂ ਦੀ ਕਾਲਾ ਬਜ਼ਾਰੀ ਤੇ ਨਕਲੀਪਣ ਨੂੰ ਰੋਕਣ ਦੀ ਵੀ ਭਾਰੀ ਲੋੜ ਹੈ। ਨਹਿਰੀ ਪਾਣੀ ਦੀ ਵਰਤੋਂ ਨੂੰ ਵਧਾਉਣਾ ਫਸਲਾਂ ਲਈ ਹੀ ਨਹੀਂ ਬਲਕਿ ਮਨੁੱਖਤਾ ਦੀ ਹੋਂਦ ਬਚਾਉਣ ਲਈ ਵੀ ਜ਼ਰੂਰੀ ਹੈ। ਖੇਤੀ ਨੀਤੀ ’ਤੇ ਵਿਚਾਰ ਵਟਾਂਦਰੇ ਤੱਦ ਹੀ ਕਾਰਗਰ ਸਿੱਧ ਹੋਣਗੇ ਜੇ ਜ਼ਮੀਨੀ ਹਕੀਕਤਾਂ ਨੂੰ ਮੱਦੇਨਜ਼ਰ ਰੱਖ ਕੇ ਸਮਾਜ ਵਿੱਚ ਲਾਗੂ ਕੀਤੇ ਜਾਣ। ਵਾਰਿਸ ਸ਼ਾਹ ਦਾ ਕਥਨ ਹੈ ‘ਇਲਮ ਉਹੀ ਜਿਸ ’ਤੇ ਅਮਲ ਹੋਵੇ’।
ਸੰਪਰਕ : 94177-15730
ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ - ਡਾ. ਸੁਖਦੇਵ ਸਿੰਘ
ਕਤਲ ਦੇ ਟੈਲੀਵਿਜ਼ਨ ਸੀਰੀਅਲ ਵਿੱਚ ਦਿਖਾਏ ਢੰਗ ਦੀ ਤਰਜ਼ ’ਤੇ ਦਿੱਲੀ ਵਿੱਚ 28 ਸਾਲਾ ਨੌਜੁਆਨ ਵੱਲੋਂ ਆਪਣੀ 26 ਸਾਲਾ ਮਹਿਲਾ ਮਿੱਤਰ ਦੀ ਹੱਤਿਆ ਉਪੰਰਤ ਉਸ ਦੇ ਸਰੀਰ ਨੂੰ 35 ਟੁਕੜਿਆਂ ਵਿੱਚ ਵੱਢ ਕੇ ਫਰਿੱਜ ਵਿੱਚ ਲਗਾ ਦੇਣ ਅਤੇ ਹਰ ਰਾਤ ਇੱਕ ਟੁਕੜੇ ਨੂੰ ਮਹਿਰੌਲੀ ਵੱਲ ਜੰਗਲ ਵਿੱਚ ਸੁੱਟੀ ਜਾਣ ਅਤੇ ਪੰਜ ਮਹੀਨੇ ਏਸ ਜੁਰਮ ਦੀ ਭਿਣਕ ਨਾ ਪੈਣ ਦੇਣ ਦੀ ਖ਼ਬਰ ਨੇ ਦੇਸ਼ ਵਿੱਚ ਫੈਲ ਰਹੀ ਅਸੰਵੇਦਨਸ਼ੀਲਤਾ ਤੇ ਬਰਬਰਤਾ ਦੀ ਸਿਖਰ ਦੇ ਸੰਕੇਤ ਵਲ ਧਿਆਨ ਖਿਚਿਆ ਹੈ। ਦੋਸ਼ੀ ਨੇ ਪੜਤਾਲ ਦੌਰਾਨ ਮੰਨਿਆ ਕਿ ਉਸ ਨੇ ਇਹ ਅੱਤ ਅਸੰਵੇਦਨਸ਼ੀਲ ਕਾਰਾ ਅਮਰੀਕਾ ਦੀ ਜੁਰਮ ਸੀਰੀਜ਼ ‘ਡੈਕਸਟਰ’ ਨੂੰ ਦੇਖ ਕੇ ਕੀਤਾ ਜਿਸ ਵਿੱਚ ਇਕ ਸੀਰੀਅਲ ਕਿਲਰ ਏਸ ਤਰ੍ਹਾਂ ਦੇ ਜੁਰਮ ਕਰਦਾ ਹੈ।
ਨਾਵਲਕਾਰ ਜੈਫ ਲਿੰਡਸੇ ਦੇ ਨਾਵਲ ‘ਡਾਰਕਲੀ ਡਰੀਮਿੰਗ ਡੈਕਸਟਰ’ ਉਤੇ ਅਧਾਰਿਤ ਅਕਤੂਬਰ 2006 ਤੋਂ ਸੰਤਬਰ 2013 ਤੱਕ ਚੱਲੇ ਏਸ ਟੀਵੀ ਲੜੀਵਾਰ ਦੇ ਪ੍ਰਭਾਵ ਹੇਠ ਅਮਰੀਕਾ, ਕੈਨੇਡਾ, ਸਪੇਨ, ਬਰਤਾਨੀਆ, ਨਾਰਵੇ ਦੇਸ਼ਾਂ ਵਿੱਚ ਕਈ ਨੌਜੁਆਨਾਂ ਤੇ ਅੱਲ੍ਹੜ ਲੜਕਿਆਂ ਨੇ ਆਪਣੀਆਂ ਪ੍ਰੇਮਿਕਾਵਾਂ ਨੂੰ ਅਸੱਭਿਅਕ ਢੰਗਾਂ ਨਾਲ ਮਾਰ ਕੇ ਸਰੀਰਕ ਅੰਗਾਂ ਨੂੰ ਪਲਾਸਟਿਕ ਲਿਫਾਫੇ ਆਦਿ ਵਿੱਚ ਵਲੇਟ ਕੇ ਰੱਖਿਆ ਜਾਂ ਸੁੱਟਿਆ। ਮਹਿਰੌਲੀ ਕੇਸ ਦੀ ਛਾਣਬੀਣ ਤੋਂ ਪਤਾ ਚਲਦਾ ਹੈ ਕਿ ਮ੍ਰਿਤਕ ਲੜਕੀ ਖੁਦ ਵੀ ਖੁੱਲ੍ਹਾ ਤੇ ਆਪਣੀ ਮਰਜ਼ੀ ਦਾ ਜੀਵਨ ਜੀਣਾ ਚਹੁੰਦੀ ਸੀ। ਉਹ ਅਮਰੀਕਨ ਟੀਵੀ ਸੀਰੀਅਲ ‘ਫਰੈਂਡ’ ਦੀ ਫੈਨ ਸੀ, ਜਿਸ ਵਿੱਚ ਛੇ ਮਿੱਤਰ ਲੜਕੇ-ਲੜਕੀਆਂ ਖੁੱਲ੍ਹਾ ਜੀਵਨ ਬਤੀਤ ਕਰਦੇ ਦਿਖਾਏ ਗਏ ਸਨ। ਏਸੇ ਕਰਕੇ ਸ਼ਾਇਦ ਪਰਿਵਾਰ ਦੇ ਮਨ੍ਹਾ ਕਰਨ ਨੂੰ ਦਰਕਿਨਾਰ ਕਰ ਕੇ ਆਪਣੇ ਮਿਤਰ ਨਾਲ ਲਿਵ-ਇਨ-ਰਿਲੇਸ਼ਨ ਵਜੋਂ ਰਹਿਣ ਲਗ ਪਈ। ਟੀਵੀ ’ਤੇ ਹੋਰ ਮਾਡਰਨ ਸੰਚਾਰ ਸਾਧਨਾਂ ਦੇ ਮੱਨੁਖੀ ਜੀਵਨ ’ਤੇ ਪ੍ਰਭਾਵਾਂ ਬਾਰੇ ਖੋਜਾਂ ਤੇ ਸੰਬਧਤ ਲਿਖਤਾਂ ਇਸ਼ਾਰਾ ਕਰਦੀਆਂ ਹਨ ਕਿ ਮੱਨੁਖੀ ਵਰਤਾਰਾ ਸੰਚਾਰ ਦੇ ਅਜੋਕੇ ਸਾਧਨਾਂ ਕਰਕੇ ਵੱਡੀ ਪੱਧਰ ’ਤੇ ਬਦਲਿਆ ਹੈ ਅਤੇ ਬਦਲ ਰਿਹਾ ਹੈ, ਜਿਸਦੇ ਹਾਂਪੱਖੀ ਤੇ ਨਾਂਹਪੱਖੀ ਨਤੀਜੇ ਸਾਹਮਣੇ ਆ ਰਹੇ ਹਨ।
ਸੰਚਾਰ ਅਤੇ ਅੰਤਰਕਾਰਜ ਮਨੁੱਖੀ ਜੀਵਨ ਦਾ ਧੁਰਾ ਹਨ। ਕਬਾਇਲੀ ਤੇ ਅੱਤ-ਸਰਲ ਸਮਾਜਾਂ ਵਿੱਚ ਇਸ਼ਾਰਿਆ, ਬੋਲੀਆਂ ਤੇ ਫੇਰ ਲਿਖਤ ਭਾਸ਼ਾਵਾਂ ਵਿੱਚ ਸੰਚਾਰ ਪ੍ਰਰਿਆਵਾਂ ਦੀ ਸ਼ੁਰੂਆਤ ਹੋਈ ਪਰ ਸੰਚਾਰ ਵਧੇਰੇ ਕਰਕੇ ਸਥਾਨਕ ਪੱਧਰੀ ਸੀ। ਮਨੁੱਖੀ ਵਿਕਾਸ ਤੇ ਕੁਦਰਤ ਨੂੰ ਹੋਰ ਜਾਣਨ ਅਤੇ ਕੰਟਰੋਲ ਕਰਨ ਦੀ ਉਤਸੁਕਤਾ ਨੇ ਸਾਇੰਸ ਤੇ ਤਕਨਾਲੋਜੀ ਨੂੰ ਜਨਮ ਦਿੱਤਾ। ਅਠਾਰ੍ਹਵੀਂ ਸਦੀ ਦੌਰਾਨ ਇੰਗਲੈਂਡ ਵਿੱਚ ਉਪਜੇ ਉਦਯੋਗਿਕ ਇਨਕਲਾਬ ਨੇ ਦੁਨੀਆਂ ਵਿੱਚ ਮਨੁੱਖੀ ਜੀਵਨ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਕੀਤਾ ਅਤੇ ਤਕਨਾਲੋਜੀ ਤੋਂ ਬਿਨਾਂ ਜੀਵਨ ਅਧੂਰਾ ਲੱਗਣ ਲਗਾ। ਟੈਲੀਫੋਨ, ਰੇਡੀਉ ਤੋਂ ਸ਼ੁਰੂ ਹੋ ਕੇ ਟੈਲੀਵਿਜ਼ਨ, ਇੰਟਰਨੈਟ, ਫਿਲਮਾਂ, ਅਖਬਾਰਾਂ, ਰਸਾਲੇ ਤੇ ਹੋਰ ਸੋਸ਼ਲ ਮੀਡੀਆ ਦੀ ਆਮਦ ਨੇ ਮਨੁੱਖੀ ਜੀਵਨ ਤੇ ਵਰਤਾਰੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਮਿਥਿਹਾਸਕ ਕਥਾਵਾਂ, ਧਾਰਮਿਕ ਲਿਖਤਾਂ, ਕਹਾਣੀਆਂ, ਕਿੱਸੇ ਸੁਣਨ ਅਤੇ ਬਾਤਾਂ, ਬੁਝਾਰਤਾਂ, ਬੋਲੀਆਂ ਆਦਿ ਦੇ ਪਰਿਵਾਰ ਤੇ ਪਿੰਡ ਪੱਧਰੀ ਮਨਪ੍ਰਚਾਵੇ ਦੀ ਥਾਂ ਵੱਖ ਵੱਖ ਤਰ੍ਹਾਂ ਮਕਾਨਕੀ ਸੰਚਾਰ ਸਾਧਨਾਂ ਤੇ ਖਾਸਕਰ ਸਮਾਰਟ ਫੋਨਾਂ ਤੋਂ ਮਨ ਪ੍ਰਚਾਵੇ ਤੇ ਸੂਚਨਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਆਲਮ ਇਹ ਹੈ ਕਿ ਮਨੁੱਖ ਸਮੂਹਾਂ ਦੀ ਥਾਂ ਇਕਲਾ ਹੋ ਗਿਆ ਹੈ ਅਤੇ ਪਦਾਰਥਵਾਦੀ ਯੁੱਗ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਾਨਣ ਲਈ ਉਤਸੁਕ ਰਹਿੰਦਾ ਹੈ। ਸੰਚਾਰ ਸਾਧਨਾਂ, ਖਾਸਕਰ ਇੰਟਰਨੈਟ ਅਧਾਰਤ ਕੰਪਿਊਟਰ ਤੇ ਮੋਬਾਈਲ ਨੇ ਜਿਥੇ ਸੂਚਨਾਵਾਂ ਦੀ ਪ੍ਰਾਪਤੀ, ਬੈਕਾਂ, ਰੇਲਾਂ, ਹਵਾਈ ਸਫਰਾਂ, ਕਾਰੋਬਾਰਾਂ ਆਦਿ ਵਿੱਚ ਚੰਗੀ ਭੂਮਿਕਾ ਨਿਭਾਈ ਹੈ, ਉਥੇ ਲੋਕਾਂ ਨੂੰ ਤੇ ਵਧੇਰੇ ਕਰਕੇ ਬੱਚਿਆਂ ਤੇ ਨੌਜੁਆਨਾਂ ਦੀ ਜ਼ਿੰਦਗੀ, ਪੜ੍ਹਾਈ, ਖੇਡਣ, ਸੌਣ ਤੇ ਮੱਨੁਖੀ ਉਤਪਾਦਕ ਸ਼ਕਤੀ ਦੇ ਮਾੜੇ ਇਸਤੇਮਾਲ ਵਲ ਵਧੇਰੇ ਰੋਲ ਅਦਾ ਕੀਤਾ ਹੈ, ਜੋ ਮੋਬਾਈਲ ਦੇ ਹੱਦੋਂ ਵੱਧ ਇਸਤੇਮਾਲ, ਪੋਰਨੋਗ੍ਰਾਫੀ ਦੇ ਜਾਲ, ਨਸ਼ਾਖੋਰੀ, ਵਿਭਚਾਰੀ ਵਿਵਹਾਰ ਤੇ ਵੱਖ ਵੱਖ ਤਰ੍ਹਾਂ ਦੇ ਜੁਰਮਾਂ ਵਿੱਚ ਦ੍ਰਿਸ਼ਟਮਾਨ ਹੋ ਰਿਹਾ ਹੈ। ਟੀਵੀ ਦੀ ਆਮ ਸਮਗਰੀ ਤੇ ਖਾਸਕਰ ਸੀਰੀਅਲ਼ਾਂ ਵਿੱਚ ਦਿਖਾਈਆਂ ਜਾਂਦੀਆਂ ਰਿਸ਼ਤਿਆਂ ਦੀਆਂ ਬਣਤਰਾਂ ਦੇਖ ਕਈ ਲੋਕਾਂ ਦਾ ਵਰਤਾਰਾ ਚਿੜਚੜਾ, ਹਮਲਾਵਰੀ, ਡਰ ਤੇ ਭੈ ਭਰਿਆ ਹੋ ਜਾਂਦਾ ਹੈ ਅਤੇ ਤਲਿੱਸਮੀ ਜੀਵਨ ਦੀ ਲੋਚਾ ਕਰ ਮਨੋਰੋਗੀ ਹੋ ਜਾਂਦੇ ਹਨ।
ਸਾਡਾ ਦੇਸ਼ ਤੇ ਸੂਬਾ ਪੰਜਾਬ ਵੀ ਸੰਚਾਰ ਸਾਧਨਾਂ ਦੇ ਭਾਰੀ ਪ੍ਰਭਾਵ ਥੱਲੇ ਹੈ। ਹੋਰ ਮਾਰੂ ਤੱਥਾਂ ਤੋਂ ਇਲਾਵਾ ਅੱਜ ਦੇਸ਼ ਵਿੱਚ ਬਲਾਤਕਾਰ ਤੇ ਹੱਤਿਆਵਾਂ ਦੇ ਕੇਸ ਬਹੁਤ ਵਧ ਰਹੇ ਹਨ। ਪਿਛਲੇ ਕੁਝ ਮਹੀਨਿਆਂ ਜੰਮੂ, ਦਿੱਲੀ, ਯੂਪੀ, ਝਾਰਖੰਡ, ਰਾਜਸਥਾਨ, ਹਰਿਆਣਾ, ਪੰਜਾਬ, ਮਹਾਰਾਸ਼ਟਰ ਆਦਿ ਵਿੱਚ ਸਮੂਹਿਕ ਬਲਾਤਕਾਰਾਂ ਵਿੱਚ ਅੱਤ ਦੀ ਬਰਬਰਤਾ ਦਿੱਖੀ, ਜਿਥੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਰੇਪ ਉਪਰੰਤ ਬੇਰਹਿਮੀ ਨਾਲ ਮਾਰ ਦਿਤਾ ਗਿਆ। ਮਹਾਰਾਸ਼ਟਰ ਦੇ ਸ਼ਹਿਰ ਠਾਣੇ ਨੇੜੇ 33 ਲੋਕਾਂ ਵਲੋਂ ਲੜਕੀ ਦਾ ਕਈ ਮਹੀਨੇ ਤਕ ਬਲਾਤਕਾਰ ਜੁਰਮ ਦੀ ਇੰਤਹਾ ਸੀ। ਇਸ ਦੇ ਮੁੱਖ ਦੋਸ਼ੀ ਨੇ ਮੋਬਾਈਲ ਰਾਹੀਂ ਲੜਕੀ ਦੀ ਵੀਡੀਉ ਬਣਾ ਕੇ ਮਜਬੂਰ ਕੀਤਾ। ਏਸੇ ਤਰ੍ਹਾਂ ਕਠੂਆ, ਛਾਵਲਾ, ਸੀਲਮਪੁਰ, ਚੈਬਾਸ ਕੇਸ ਆਦਿ ਅਨੇਕਾਂ ਹੀ ਘਿਨਾਉਣੇ ਅਪਰਾਧਾਂ ਵਿੱਚ ਦਰਿੰਦਿਆਂ ਨੇ ਛੋਟੀਆਂ ਲੜਕੀਆਂ ਨੂੰ ਹਵਸ ਪੂਰਤੀ ਉਪਰੰਤ ਬੇਰਹਿਮੀ ਨਾਲ ਮਾਰ ਦਿੱਤਾ। ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਮੁਤਾਬਿਕ 2021 ਵਿੱਚ 31677 ਬਲਾਤਕਾਰ ਦੇ ਕੇਸ ਵਾਪਰੇ ਜਿਨ੍ਹਾਂ ਵਿੱਚ ਵਧੇਰੇ ਕਰਕੇ ਛੋਟੀਆਂ ਲੜਕੀਆਂ ਦੇ ਸਨ। ਔਸਤਨ ਹਰ ਹੋਜ਼ 86 ਰੇਪ ਕੇਸ ਅਤੇ 49 ਹੋਰ ਤਰ੍ਹਾਂ ਦੇ ਜੁਰਮ ਔਰਤਾਂ ਨਾਲ ਵਾਪਰੇ। ਹੋਰ ਨੇੜਿਉਂ ਦੇਖੀਏ ਤਾ ਪਤਾ ਚਲਦਾ ਹੈ ਕਿ ਔਰਤਾਂ ਖਿਲਾਫ਼ ਜੁਰਮਾਂ ਦੀ ਸਥਿਤੀ ਇਹ ਹੈ ਕਿ ਹਰ ਦੋ ਮਿੰਟ ਵਿੱਚ ਇੱਕ ਅਪਰਾਧ, 11 ਮਿੰਟਾਂ ਵਿੱਚ ਇਕ ਛੇੜਛਾੜ, 20 ਮਿੰਟਾਂ ਵਿੱਚ ਇੱਕ ਰੇਪ ਤੇ 64 ਮਿੰਟਾਂ ਵਿੱਚ ਜਾਨ ਦਾਜ ਦੀ ਬਲੀ ਚੜ੍ਹਦੀ ਹੈ। ਹਜ਼ਾਰਾਂ ਹੀ ਕੇਸ ਐਸੇ ਹੁੰਦੇ ਹਨ ਜੋ ਵੱਖ ਵੱਖ ਕਾਰਨਾਂ ਕਰ ਕੇ ਕਦੇ ਰਿਪੋਰਟ ਹੀ ਨਹੀਂ ਹੁੰਦੇ। ਏਸ ਤੋਂ ਛੁਟ ਸੰਚਾਰ ਸਾਧਨਾਂ ਰਾਹੀਂ ਉਪਜ ਰਹੇ ਤਲਿੱਸਮੀ ਸੈਕਸੁਅਲ ਸੰਬਧਾਂ ਕਾਰਨ ਤਲਾਕਾਂ ਵਿੱਚ ਵਾਧਾ ਹੋ ਰਿਹਾ ਹੈ। ਜਸਟਿਸ ਪੂਨਮ ਏ ਬੰਬਾ ਨੇ ਆਪਣੀ ਪੁਸਤਕ ‘ਟੈਂਪਲ ਆਫ ਜਸਟਿਸ : ਏ ਸਕੂਲ ਲਾਈਫ” ਵਿੱਚ ਆਪਣੇ ਅਦਾਲਤੀ ਤਜਰਬਿਆਂ ਦੇ ਅਧਾਰ ’ਤੇ ਪਰਵਾਰਿਕ ਤੇ ਖਾਸ ਕਰਕੇ ਵਿਆਹੁਤਾ ਜੀਵਨ ਵਿੱਚ ਉਪਜ ਰਹੀਆਂ ਉਲਝਣਾਂ ਬਾਰੇ ਸਿਟਾ ਕਢਿਆ ਹੈ ਕਿ ਏਸ ਲਈ ਸੰਚਾਰ ਸਾਧਨ ਤੇ ਤਕਨਾਲੋਜੀ ਦੁਆਰਾ ਉਪਜਾਏ ਜਾ ਰਹੇ ਕਲਪਿਤ ਸੈਕਸ ਸੰਬਧ ਤੇ ਹੋਰ ਅਭਾਸੀ ਸੰਸਾਰ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ। ਇਰਾ ਤ੍ਰਿਵੇਦੀ ਦੀ ਪੁਸਤਕ ‘ਇੰਡੀਆ ਇਨ ਲਵ : ਮੈਰਿਜ ਐਂਡ ਸੈਕਸਸੂਐਲਿਟੀ ਇਨ ਟਵੰਟੀ ਫਸਟ ਸੈਂਚੂਰੀ’ ਵਿੱਚ ਵੀ ਲੇਖਿਕਾ ਅਜਿਹੇ ਹੀ ਸਿੱਟਿਆਂ ’ਤੇ ਪੁੱਜੀ ਹੈ। ਗੇਅ ਕਲਚਰ, ਸਮਲਿੰਗੀ ਵਿਆਹ ਅਤੇ ਲਿਵ-ਇਨ-ਰਿਲੇਸ਼ਨਸ਼ਿਪ ਵਰਗੇ ਦਿਖਾਵੇ ਵੀ ਸਾਹਮਣੇ ਆ ਰਹੇ ਹਨ ਜੋ ਮੁੱਖ ਤੌਰ ’ਤੇ ਸੋਸ਼ਲ ਮੀਡੀਆ ਦੀ ਹੀ ਦੇਣ ਹਨ।
ਪੰਜਾਬ ਦੀਆਂ ਵਧੇਰੇ ਸਭਿਆਚਾਰਕ ਕਦਰਾਂ ਕੀਮਤਾਂ ਉਸਾਰੂ, ਉਪਜਾਊ ਅਤੇ ਜੀਵਨ ਨੂੰ ਖੇੜੇ ਵਿੱਚ ਰੱਖਣ ਵਾਲੀਆਂ ਸਨ ਪਰ ਪੰਜਾਬ ਦੀ ਨਿੱਗਰ ਮਨੁੱਖੀ ਸ਼ਕਤੀ ਅੱਜ ਕਈ ਕਾਰਨਾਂ ਕਰਕੇ ਅਨੇਕਾਂ ਅਲਾਮਤਾਂ ਥੱਲੇ ਆ ਰਹੀ ਹੈ। ਨਸ਼ਾਖੋਰੀ, ‘ਖਾਉਵਾਦੀ’ ਸਭਿਆਚਾਰ, ਗੰਨ ਕਲਚਰ ਆਦਿ ਕਰ ਕੇ ਪੰਜਾਬ ਵੱਖ ਵੱਖ ਪੱਖਾਂ ਤੋਂ ਧਰਾਤਲ ਵਲ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿਚ ਵੱਖ ਵੱਖ ਥਾਈਂ ’ਤੇ ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀਆਂ ਦੇ ਮੌਕਿਆਂ ’ਤੇ ਚੌੜ ਵਿੱਚ ਆ ਕੇ ਚਲਾਈਆਂ ਗੋਲੀਆਂ ਕਾਰਨ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਡੀਜੇ ਡਾਂਸਰਾਂ ਤੇ ਕੈਮਰਾਮੈਨ ਦੀਆਂ ਹੋਈਆਂ ਮੌਤਾਂ, ਇਥੋਂ ਤੱਕ ਕੇ ਲਾੜੇ ਲਾੜੀਆਂ ਦੇ ਜ਼ਖ਼ਮੀ ਜਾਂ ਮੌਤ ਹੋਣਾ, ਭੜਕੀਲੇ ਗਾਣੇ ਗਾਉਣ ਵਾਲਿਆਂ ਨੂੰ ਖੁਦ ਵੀ ਗੋਲੀਆਂ ਦਾ ਸ਼ਿਕਾਰ ਹੋ ਜਾਣਾ ਆਦਿ ਦੀਆਂ ਖਬਰਾਂ ਪੜ੍ਹ ਕੇ ਹਰੇਕ ਸੰਵੇਦਨਸ਼ੀਲ ਮਨ ਨੂੰ ਠੇਸ ਪਹੁੰਚਦੀ ਹੈ। ਪੰਜਾਬ ਜੋ ਕਿ ਆਪਣੀ ਮਿਹਨਤ, ਕਰੜੀ ਘਾਲ, ਹਿੰਮਤ ਤੇ ਮਾੜਿਆਂ ਨੂੰ ਆਸਰਾ ਦੇਣ ਕਰਕੇ ਜਾਣਿਆ ਜਾਂਦਾ ਸੀ ਅੱਜ ਨਸ਼ੇ ਦੇ ਫੈਲਾਅ ਅਤੇ ਗੰਨ ਕਲਚਰ ਵਾਲਾ ਬਿਆਨਿਆ ਜਾਣ ਲਗਾ ਹੈ। ਇਸ ਦਾ ਇੱਕ ਵੱਡਾ ਕਾਰਨ ਭੜਕੀਲੇ ਕਾਮੁਕ ਗਾਣੇ ਤੇ ਉਸ ਵਿੱਚ ਦਿਖਾਏ ਜਾ ਰਹੇ ਪਿਸਤੌਲਾਂ, ਬੰਦੂਕਾਂ ਕਰਕੇ ਹੈ ਜੋ ਅਜੋਕੇ ਮੀਡੀਆ ਦੀ ਉਪਜ ਹੈ। ਪੰਜਾਬ ਸਰਕਾਰ ਵਲੋਂ ਅਜਿਹੇ ਗਾਣਿਆਂ ’ਤੇ ਪਾਬੰਦੀ ਏਸ ਦਾ ਸਬੂਤ ਹੈ। ਨਵੀਂ ਪਨੀਰੀ ਵਿੱਚ ਨੱਚਣ ਗਾਉਣ ਦਾ ਰੁਝਾਨ ਹੋਰ ਵਧਣ ਲਗਾ। ਖੇਤੀ ਕੰਮਾਂ ਤੇ ਜੀਵਨ ਸੰਘਰਸ਼ ਦੇ ਹੋਰ ਪਹਿਲੂਆਂ ਨੂੰ ਛੱਡ ਸੌਖਾ ਰਾਹ ਲਭਿਆ ਮਨੋਰੰਜਨ ਵਿੱਚ ਵਧੇਰੇ ਸਮਾਂ ਗੁਜਾਰਨਾ। ਜਿਥੇ 1980 ਤੋਂ ਪਹਿਲਾਂ ਪੋਟਿਆਂ ’ਤੇ ਗਿਣੇ ਜਾਣ ਵਾਲੇ ਕਲਾਕਾਰ ਸਨ ਉਥੇ ਅੱਜ ਵੱਖ ਵੱਖ ਤਰ੍ਹਾਂ ਤੇ ਵੱਖ ਵੱਖ ਪੱਧਰਾਂ ਦੇ 10000 ਦੇ ਕਰੀਬ ਕਲਾਕਾਰ ਦੱਸੇ ਜਾਂਦੇ ਹਨ। ਵਧ ਰਹੀ ਅਬਾਦੀ ਤੇ ਰੁਜ਼ਗਾਰ ਦੇ ਸੁੰਗੜ ਰਹੇ ਮੌਕਿਆਂ, ਸੀਰੀਅਲਾਂ ਰਾਹੀਂ ਦਿਖਾਈ ਜਾ ਰਹੀ ਹਥਿਆਰਾਂ ਦੇ ਜ਼ੋਰ ਹਾਸਲ ਕੀਤੀ ਭੋਗ ਵਿਲਾਸੀ ਜ਼ਿੰਦਗੀ, ਧਰਮ, ਕਦਰਾਂ ਕੀਮਤਾਂ, ਪਰਿਵਾਰ, ਵਿਦਿਅਕ, ਸਮਾਜਿਕ ਸੰਸਥਾਵਾਂ ਦਾ ਘਟ ਰਿਹਾ ਰੋਲ, ਸਮਾਜ ਪ੍ਰਤੀ ਕੋਈ ਜਵਾਬਦੇਹੀ ਦਾ ਨਾ ਹੋਣਾ, ਬਹੁਤੇ ਕੇਸਾਂ ਵਿੱਚ ਅਪਰਾਧੀਆਂ ਨੂੰ ਢੁਕਵੀਂ ਸਜ਼ਾ ਨਾ ਮਿਲਣਾ ਵੱਡੇ ਕਾਰਨ ਹਨ, ਜਿਨ੍ਹਾਂ ਕਾਰਨ ਨਵੇਂ ਗਾਇਕ ਸਮਾਜ ਵਿੱਚ ਅਜਿਹਾ ਕੁਝ ਪਰੋਸ ਰਹੇ ਹਨ ਜੋ ਅਸਲ ਜੀਵਨ ਨਾਲ ਮੇਲ ਨਹੀਂ ਖਾਂਦਾ। ਲੜਕੀਆਂ ਨੂੰ ਪਾਉੇਣ ਖਾਤਰ ਉਨ੍ਹਾਂ ਦੇ ਮਾਤਾ, ਪਿਤਾ ਅਤੇ ਭਰਾਵਾਂ ਬਾਰੇ ਗੀਤਾਂ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਅਜਿਹੀ ਹੁੰਦੀ ਹੈ ਕਿ ਲੋਕ ਕੁੜੀਆਂ ਜਮੰਣੀਆਂ ਹੀ ਛੱਡ ਦੇਣ। ਤਲਿੱਸਮ ਦੀ ਏਸ ਦੁਨੀਆਂ ਵਿੱਚ ਕਈ ਨੌਜੁਆਨ ਖਰਚੇ ਪੂਰਤੀ ਲਈ ਮਾਪਿਆਂ ਦੇ ਨੱਕ ਵਿੱਚ ਦਮ ਕਰੀ ਰੱਖਦੇ ਹਨ।
ਸਮਕਾਲੀ ਯੁੱਗ ਤਕਨਾਲੋਜੀ ਤੇ ਮਾਰਕੀਟ ਸ਼ਕਤੀ ਦਾ ਯੁੱਗ ਹੈ। ਨਾ ਹੀ ਪਿੱਛੇ ਜਾਇਆ ਜਾ ਸਕਦਾ ਅਤੇ ਨਾ ਨਵੀਂ ਤਕਨਾਲੋਜੀ ਤੋਂ ਮੁਨਕਰ ਹੋਇਆ ਜਾ ਸਕਦਾ ਹੈ। ਹੋਰ ਕਾਰਕਾਂ ਤੋਂ ਇਲਾਵਾ ਮਾਰਕੀਟ ਦੀ ਮੁੱਖ ਧਾਰਨਾ ਹੈ ਲੋਕਾਂ ਤੇ ਖਾਸਕਰ ਨੌਜੁਆਨਾਂ ਨੂੰ ‘ਖਾਊਵਾਦੀ’ ਤੇ ਖ਼ਪਤਕਾਰੀ ਸਭਿਆਚਾਰ ਦੇ ਚੱਕਰ ਵਿੱਚ ਪਾ ਦੇਣਾ ਅਤੇ ਯਥਾਰਥ ਤੋਂ ਪਰੇ ਰੱਖਣਾ। ਜੇ ਰੋਕ ਦੀ ਗੱਲ ਉਠੇ ਤਾਂ ਸਵਾਲ ਆਜ਼ਾਦੀ ਤੇ ਨਿੱਜੀ ਜ਼ਿੰਦਗੀ ਦਾ ਆ ਜਾਂਦਾ ਹੈ। ਏਸ ਗੁੰਝਲਦਾਰ ਪ੍ਰਕਿਰਿਆ ਨੂੰ ਸਮਝ ਕੇ ਚਿੰਤਕਾਂ, ਦੇਸ਼ ਸਮਾਜ ਬਾਰੇ ਸਰੋਕਾਰ ਰੱਖਣ ਵਾਲੇ ਲੋਕ ਤੇ ਯੋਜਨਾਕਾਰਾਂ ਨੂੰ ਮਿਲ ਕੇ ਵਿਚਾਰ ਕਰਨਾ ਪਵੇਗਾ ਕਿ ਕਿਸ ਤਰ੍ਹਾਂ ਸੰਚਾਰ ਸਾਧਨਾਂ ਵਿੱਚ ਦਿਖਾਈ ਜਾਣ ਵਾਲੀ ਸਮੱਗਰੀ ਨੂੰ ਦਿਸ਼ਾ ਨਿਰਦੇਸ਼ਤ ਕੀਤਾ ਜਾ ਸਕੇ। ਸੁਪਰੀਮ ਕੋਰਟ ਨੇ ਪਿੱਛੇ ਜਿਹੇ ਇੱਕ ਟੀਵੀ ਸੀਰੀਅਲ ਨਿਰਦੇਸ਼ਕਾ ਨੂੰ ਤਾੜਨਾ ਵੀ ਕੀਤੀ ਹੈ ਕਿ ਉਹ ਆਪਣੀ ਵੈਬ ਸੀਰੀਜ਼ ਰਾਹੀਂ ਨੌਜੁਆਨ ਪੀੜ੍ਹੀ ਦੇ ਦਿਮਾਗਾਂ ਨੂੰ ਪ੍ਰਦੂਸ਼ਤ ਕਰ ਰਹੀ ਹੈ। ਸੋ ਲੋੜ ਹੈ ਵਿਚਾਰਨ ਦੀ ਤਾਂ ਜੋ ਸੰਚਾਰ ਸਾਧਨਾਂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਕਾਬੂ ਵਿੱਚ ਰਖਿਆ ਜਾਵੇ।
ਸਾਬਕਾ ਪ੍ਰੋਫੈਸਰ ਸਮਾਜ ਵਿਗਿਆਨ, ਪੀਏਯੂ।
ਪ੍ਰਧਾਨ, ਨਾਰਥ ਵੈਸਟ ਸੋਸ਼ਲੌਜੀਕਲ ਐਸੋਸੀਏਸ਼ਨ।
ਸੰਪਰਕ : 94177-15730