ਨੌਜੁਆਨ ਸੰਗੀਤਕ ਪ੍ਰੇਮੀ ਪੀੜ੍ਹੀ ਲਈ ਅਨਮੋਲ ਖਜ਼ਾਨਾ ''ਉਸਤਾਦ ਜਤਿੰਦਰ ਸਿੰਘ'' - ਡਾ. ਨਰਿੰਦਰ ਕੌਰ
ਗੁਰਮਿਤ ਸੰਗੀਤ ਤੇ ਗੁਰਬਾਣੀ ਕੀਰਤਨ ਦੀ ਗਾਇਣ ਕਲਾ ਕੋਈ ਹੱਦਾਂ ਬੰਨਿਆਂ, ਸਰਹੱਦਾਂ, ਭਾਸ਼ਾ ਜਾਂ ਕਿਸੇ ਵਿਸ਼ੇਸ਼ ਬੋਲੀ ਦੀ ਮੁਹਤਾਜ ਨਹੀਂ।ਸਗੋਂ ਇਸ ਦਾ ਵਾਸਤਾ ਸਮੁੱਚੀ ਮਾਨਵਤਾ ਤੇ ਲੋਕਾਈ ਨਾਲ ਹੈ।ਸੰਗੀਤ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੁਆਰਾ ਗਾਇਨ ਕੀਤਾ ਜਾਂਦਾ ਹੈ,ਪਰ ਇਸ ਦੀ ਅੰਦਰਲੀ ਤਾਸੀਰ ਇੱਕੋ ਹੀ ਹੈ।ਕੀਰਤਨ ਤਿੰਨ ਚੀਜਾਂ ਦਾਂ ਸੁਮੇਲ ਹੈ-ਫਲਸਫਾ ,ਕਾਵਿ ਰਚਨਾ ਅਤੇ ਸੰਗੀਤ।ਇਹ ਇਕ ਅਨੋਖਾ ਮੇਲ ਹੈ,ਜੋ ਕਿਸੇ ਧਰਮ ਵਿਚ ਘੱਟ ਹੀ ਮਿਲਦਾ ਹੈ।ਗੁਰਬਾਣੀ ਨੂੰ ਵਿਸ਼ੇਸ਼ ਰਾਗਾਂ ਵਿਚ ਵਿਉਤਬੱਧ ਕਰਕੇ ਸੰਗੀਤ ਨੂੰ ਅਜਿਹੇ ਸਾਧਨ ਵਜੋਂ ਵਰਤਿਆ ਗਿਆ ਹੈ,ਜੋ ਮਨ ਨੂੰ ਇਕਾਗਰ ਕਰਨ ਵਿੱਚ ਸਹਾਈ ਹੋਵੇ ਅਤੇ ਆਤਮਾ ਨੂੰ ਬੁਲੰਦੀਆ ਵਲ ਪ੍ਰੇਰੇ।ਗੁਰਮਿਤ ਸੰਗੀਤ ਬਾਣੀ ਦਾ ਅਨਿਖੜਵਾਂ ਅੰਗ ਹੈ, ਜਿਸ ਉਪਰ ਮੁਹਾਰਤ ਪਾਉਣ ਲਈ ਲੰਮਾ ਸਮਾਂ ਕਰੜੀ ਘਾਲਣਾ ਘਾਲਣੀ ਪੈਂਦੀ ਹੈ।
ਜਦੋਂ ਵੀ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਰਾਗਬੱਧ,ਸੁਰ,ਤਾਲ ਅਤੇ ਲੈਅ ਭਰਪੂਰ ,ਰਸਗੁਝੇ,ਇਲਾਹੀ ਕੀਰਤਨ ਦਾ ਜ਼ਿਕਰ ਛਿੜੇਗਾ ਤਾਂ ਇੱਕ ਨਾਂ ਬੜੇ ਸਤਿਕਾਰ,ਪਿਆਰ,ਅਦਬ ਨਾਲ ਜ਼ਿਹਨ ਵਿਚੋਂ ਉਭਰ ਕੇ ਦਸਤਕ ਦਿੰਦਾ ਹੋਇਆ ਸਾਹਮਣੇ ਆਵੇਗਾ, ਉਹ ਨਾਂ ਹੈ, ਉਸਤਾਦ ਜਤਿੰਦਰ ਸਿਘ।ਉਸਤਾਦ ਤੋਂ ਭਾਵ ਹੈ ਸਿੱਖਿਆ ਦੇਣ ਵਾਲਾ, ਹੁਨਰ ਸਿਖਾਉਣ ਵਾਲਾ ਆਦਿ।
ਉਸਤਾਦ ਜਤਿੰਦਰ ਸਿੰਘ ਇਕ ਅਜਿਹੀ ਮਾਣਮੱਤੀ ਸ਼ਖਸ਼ੀਅਤ ਹੈ ਜਿਸ ਬਾਰੇ ਲਿਖਣਾ ਕੁਝ ਅਸਾਨ ਨਹੀਂ, ਪਰ ਅਜਿਹੀਆਂ ਅਗਾਂਹ ਵਧੂ ਰੂਹਾਂ ਬਾਰੇ ਆਪਣੇ ਪਾਠਕਾਂ, ਪੰਥ,ਸਿੱਖ ਕੌਮ ਨੂੰ ਜਾਣਕਾਰੀ ਦੇਣਾ ਮੇਰਾ ਫਰਜ਼ ਅਤੇ ਨੈਤਿਕਤਾ ਹੈ।ਉਸਤਾਦ ਜੀ ਦਾ ਜਨਮ ਸ. ਬਲਦੇਵ ਸਿੰਘ ਜੀ ਦੇ ਘਰ ,ਮਾਤਾ ਜਸਵੀਰ ਕੌਰ ਦੀ ਕੁੱਖੋਂ 1 ਨਵੰਬਰ 1991 ਵਿੱਚ ਜਮਸ਼ੇਦਪੁਰ (ਝਾਰਖੰਡ) ਵਿਖੇ ਹੋਇਆ।ਉਹਨਾਂ ਦੇ ਸਤਿਕਾਰਤ ਮਾਤਾ-ਪਿਤਾ ਜੀ ਨਿਤਨੇਮੀ, ਗੁਰਬਾਣੀ ਦੇ ਪੱਕੇ ਪ੍ਰੇਮੀ ਹਨ।ਉਸਤਾਦ ਜੀ ਨੂੰ ਖੁਦ ਸਿੱਖ ਇਤਹਾਸ ਅਤੇ ਗੁਰਬਾਣੀ ਦਾ ਗੂੜ ਗਿਆਨ ਹੈ।ਉਹਨਾਂ ਆਪਣੀ ਮੁੱਢਲੀ ਵਿਦਿਆ ਪਿੰਡ ਦੀਦਾਰਸਿੰਘ ਵਾਲਾ (ਮੋਗਾ) ਤੋਂ ਪ੍ਰਾਪਤ ਕੀਤੀ ਅਤੇ ਲੁਧਿਆਣਾ ਸ਼ਹਿਰ ਵਿਚੋਂ ਗੁਰਮਤਿ ਸੰਗੀਤ ਦੀਆਂ ਰੂਹਾਨੀ ਲੋਰੀਆਂ ਲਈਆਂ।ਉਹਨਾਂ ਦੇ ਅੰਦਰਲੇ ਸੰਗੀਤਕ ਪਿਆਰ ਅਤੇ ਨੇਕ ਮਾਤਾ-ਪਿਤਾ ਦਾ ਸਹਿਯੋਗ ਸੱਚ ਦੇ ਮਾਰਗ ਤੇ ਤੁਰਨ ਲਈ ਕਾਫੀ ਸੀ।ਸੁਘੜ ਮਾਪਿਆਂ ਨੇ ਇਸ ਹੋਣਹਾਰ ਬੱਚੇ ਨੂੰ ਹਰ ਕਦਮ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਅੱਜ ਵੀ ਕਰ ਰਹੇ ਹਨ।ਸਕੂਲੀ ਤਾਲੀਮ ਉਪਰੰਤ ਉਹਨਾਂ ਸੰਤ ਬਾਬਾ ਸੁੱਚਾ ਸਿੰਘ ਗੁਰਮਿਤ ਸੰਗੀਤ ਅਕੈਡਮੀ (ਜਵੱਦੀ ਕਲਾਂ) ਵਿਖੇ ਡੇਰੇ ਲਾਏ।ਅਜੋਕੇ ਸਮੇਂ ਦੇ ਪ੍ਰਸਿੱਧ ਸੰਗੀਤ ਅਚਾਰੀਆ ਪ੍ਰਿੰ. ਸੁਖਵੰਤ ਸਿੰਘ ਪਾਸੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਸੰਗੀਤ ਦਾ ਡਿਪਲੋਮਾ 2016 ਵਿੱਚ ਪ੍ਰਾਪਤ ਕੀਤਾ।ਉਸਤਾਦ ਸੁਖਵੰਤ ਸਿੰਘ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਉਹਨਾਂ ਨੇ ਬਹੁਤ ਸਾਰੇ ਸਾਜ਼ਾਂ ਦਾ ਗਿਆਨ ਹਾਸਿਲ ਕੀਤਾ ਹੈ ਜਿਨ੍ਹਾਂ ਵਿੱਚ ਰਬਾਬ,ਸਰੰਦਾ,ਤਾਊਸ,ਇਸਰਾਜ਼,ਦਿਲਰੁਬਾ,ਤਬਲਾ ਅਤੇ ਹਰਮੋਨੀਅਮ ਆਦਿ।
ਸੰਗੀਤਕ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਉਹਨਾਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਸੰਗੀਤ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁਕੇ ਹਨ,ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਸੰਗੀਤ ਅਕੈਡਮੀ,ਲੁਧਿਆਣਾ, ਗੁਰੂ ਨਾਨਕ ਮਲਟੀਵਰਸਿਟੀ ਸਕੂਲ, ਲੁਧਿਆਣਾ, ਗੁਰੂ ਹਰਕ੍ਰਿਸ਼ਨ ਸਾਹਿਬ ਗੁਰਮਿਤ ਸੰਗੀਤ ਅਕੈਡਮੀ, ਅੰਬਾਲਾ ਆਦਿ।ਇਥੇ ਹੀ ਵੱਸ ਨਹੀਂ ਅੱਜ ਵੀ ਉਹ ਅਪਨੇ ਸੰਗੀਤ ਦੇ ਅਧਿਆਪਕ ਖੇਤਰ ਵਿੱਚ ਕਾਰਜਸ਼ੀਲ ਹਨ।ਸੈਂਟਰਲ ਸਿੱਖ ਗੁਰਦਵਾਰਾ ਬੋਰਡ, ਸਿੰਘਾਪੁਰ ਵਲੋਂ ਸਥਾਪਿਤ ਗੁਰਮਿਤ ਸੰਗੀਤ ਅਕੈਡਮੀ ਵਿੱਚ ਪਿਛਲੇ ਦੋ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ।ਇਸ ਸੰਸਥਾਂ ਵਿੱਚ ਉਸਤਾਦ ਜੀ ਦੁਆਰਾ ਵਿਦਿਆਰਥੀਆਂ ਨੂੰ ਰਾਗਾਂ ਦੀ ਤਾਲੀਮ ਦਿੱਤੀ ਜਾਂਦੀ ਹੈ।ਗੁਰੂ ਪ੍ਰੰਪਰਾ ਅਨੁਸਾਰ ਨਿਰਧਾਰਿਤ ਰਾਗਾਂ ਵਿਚ ਹੀ ਸ਼ਬਦੀ ਬੰਦਸ਼ਾਂ ਗਾਇਨ ਕਰਦੇ ਹਨ, ਜੋ ਕਿ ਬਹੁਤ ਹੀ ਕਾਬਲੇ ਤਾਰੀਫ ਉਦਮ ਹੈ।
ਉਸਦੀ ਅਵਾਜ਼ ਅੰਦਰ ਬਹੁਤ ਸਾਰੀਆਂ ਵੰਨਗੀਆਂ ਹਨ।ਉਹਨਾਂ ਦੀ ਗਾਇਨ ਸ਼ੈਲੀ ਕਾਫੀ ਪਰਪੱਕ ਅਤੇ ਗੁਰਮਤਿ ਸ਼ੈਲੀ ਅਨੁਸਾਰ ਹੈ,ਜਿਸ ਵਿੱਚ ਸੁਰ,ਤਾਲ ਸਹਿਜਤਾ ਅਤੇ ਸ਼ਬਦ ਦੀ ਪ੍ਰਧਾਨਤਾ ਦਾ ਅਸਰ ਸਾਫ ਤੌਰ ਤੇ ਜਾਹਰ ਹੁੰਦਾ ਹੈ। ਉਸਤਾਦ ਜੀ ਦੀ ਅਵਾਜ਼ ਰਾਗਦਾਰੀ ਲਈ ਬੜੀ ਢੁਕਵੀਂ ਅਤੇ ਸਾਧੀ ਹੋਈ ਆਵਾਜ ਹੈ,ਉਹਨਾਂ ਦੀ ਅਵਾਜ ਸੁਣ ਕੇ ਇਸਤਰਾਂ ਲਗਦਾ ਹੈ ਜਿਵੇਂ ਧਰਤੀ ਦੀ ਹਿੱਕ ਚੋਂ ਕੋਈ ਚਸ਼ਮਾ ਫੁੱਟ ਪੈਣਾ ਹੋਵੇ।
ਉਸਤਾਦ ਜਤਿੰਦਰ ਸਿਘ ਜ਼ਿੰਦਗੀ ਦੀ ਹਕੀਕਤ ਦੇ ਨਾਲ-ਨਾਲ ਮਾਂ ਬੋਲੀ ਪ੍ਰਤੀ ਪਿਆਰ ਦੀ ਚਿੰਗਾਰੀ ਦੇ ਇੱਕ ਅਨਮੋਲ ਖਜ਼ਾਨਾ ਹੈ। ਉਹਨਾਂ ਕੋਲ ਗੁਰਮਤਿ ਸੰਗੀਤ ਸਿਖਲਾਈ ਦਾ ਕਾਫੀ ਤਜ਼ਰਬਾ ਹੈ।ਆਉਣ ਵਾਲੀ ਨੌਜੁਆਨ ਸੰਗੀਤ ਪ੍ਰੇਮੀ ਪੀੜ੍ਹੀ ਲਈ ਇਹਨਾਂ ਦਾ ਜੀਵਨ ਬਹੁਤ ਹੀ ਅਨਮੋਲ ਖਜਾਨਾ ਹੋਵੇਗਾ ।
ਉਸਤਾਦ ਜੀ ਦੇ ਦਿਲ ਦਾ ਇਕ ਸੱਚਾ ਸੁੱਚਾ ਅਰਮਾਨ ਹੈ, ਕਿ ਮੈਂ ਆਪਣੇ ਜੀਵਨ ਕਾਲ ਵਿੱਚ ਬੱਚਿਆਂ ਨੂੰ ਗੁਰਮਿਤ ਸੰਗੀਤ ਦੀ ਵਿੱਦਿਆ ਦੇ ਕੇ ਆਪਣਾ ਜੀਵਨ ਗੁਰੂ ਲੇਖੇ ਲਾ ਸਕਾਂ।ਜੋ ਉਸਤਾਦ ਇਸਤਰਾਂ ਦੀ ਸੋਚ ਦੇ ਧਾਰਨੀ ਹਨ, ਸਾਨੂੰ ਸਭਨਾ ਨੂੰ ਉਹਨਾਂ ਉਪਰ ਨਾਜ਼ ਹੋਣਾ ਚਾਹੀਦਾ ਹੈ ਜੋ ਸੰਗੀਤ ਖੇਤਰ ਵਿੱਚ ਆਪਣਾ ਯੋਗਦਾਨ ਪਾ ਕੇ ਮੌਜੂਦਾ ਪੀੜੀ ਅਤੇ ਆਉਣ ਵਾਲੀ ਪੀੜੀ ਲਈ ਪ੍ਰੇਰਨਾ ਸ੍ਰੋਤ ਬਣ ਰਹੇ ਹਨ।
ਡਾ. ਨਰਿੰਦਰ ਕੌਰ
ਪਿੰਡ ਸੀਕਰੀ, ਤਹਿ. ਦਸੂਹਾ, ਜਿਲ੍ਹਾ ਹੁਸ਼ਿਆਰਪੁਰ
ਮੋਬਾਇਲ ਨੰ. +91 99881-38529
ਗੁਰੂ ਨਾਨਕ ਦਾ 'ਕੁਦਰਤ'ਪ੍ਰਤੀ ਦ੍ਰਿਸ਼ਟੀਕੋਣ - ਡਾ.ਨਰਿੰਦਰ ਕੌਰ
ਗੁਰੂ ਨਾਨਕ ਸਾਹਿਬ ਇਕ ਮਹਾਨ ਧਾਰਮਿਕ ਆਗੂ ਅਤੇ ਸਮਾਜ ਸੁਧਾਰਕ ਹੋਣ ਦੇ ਨਾਲ-ਨਾਲ ਅਨੁਭਵੀ ਮਹਾਂਪੁਰਖ ਤੇ ਇੱਕ ਉਚ ਕੋਟੀ ਦੇ ਕਲਾਕਾਰ ਵੀ ਸਨ। ਉਨ੍ਹਾਂ ਦੀ ਰਚਨਾ ਵਿੱਚ ਜਿੱਥੇ ਵਿਸ਼ੇ ਵਸਤੂ ਦੀ ਨਵੀਨਤਾ ਤੇ ਮੌਲਿਕਤਾ ਹੈ, ਉਥੇ ਕਲਾ ਪੱਖੋਂ ਵੀ ਉੱਚਾ ਪੱਧਰ ਕਾਇਮ ਹੈ। ਉਨ੍ਹਾਂ ਨੇ ਇੱਕ ਨਿਪੁਨ ਕਲਾਕਾਰ ਵਾਂਗ ਸਮਾਜ ਵਿੱਚ ਵਿੱਚਰਦੇ ਹੋਏ ਜੀਵਨ ਦੇ ਸੱਚ ਨੂੰ ਘੋਖਿਆ, ਵਾਚਿਆ ਅਤੇ ਧੁਰ ਕੀ ਬਾਣੀ ਵਿੱਚ ਪੇਸ਼ ਵੀ ਕੀਤਾ ਹੈ।ਜਗਿਆਸੂ ਦੇ ਮਨ ਵਿੱਚ ਹਮੇਸ਼ਾ ਹੀ ਇਹ ਜਾਣਨ ਦੀ ਇੱਛਾ ਬਣੀ ਰਹਿੰਦੀ ਹੈ ਕਿ ਪਰਮਾਤਮਾ ਕੀ ਹੈ? ਕਿੱਥੇ ਰਹਿੰਦਾ ਹੈ? ਉਸ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਸ਼੍ਰਿਸਟੀ ਦੀ ਰਚਨਾ ਕਿਸ ਨੇ ਤੇ ਕਿਵੇਂ ਕੀਤੀ? ਮਨੁੱਖ ਕਿਉਂ ਜੱਮਦਾ ਤੇ ਮਰਦਾ ਹੈ? ਮਨੁੱਖ ਦਾ ਸੰਸਾਰ ਵਿੱਚ ਆਉਣ ਦਾ ਕੀ ਉਦੇਸ਼ ਹੈ? ਉਸ ਨੂੰ ਕਿਹੋ ਜਿਹੇ ਕਰਮ ਕਰਨ ਚਾਹੀਦੇ ਹਨ?ਸੱਚ ਕੀ ਹੈ ਤੇ ਕੂੜ ਕੀ ਹੈ?
ਇਸੇ ਹੀ ਤਰ੍ਹਾਂ ਮਨੁੱਖ ਦੇ ਮਨ ਵਿੱਚ ਕੁਦਰਤ ਦੇ ਰੰਗਾਂ, ਜਗਤ ਦੇ ਜੀਵ, ਜਿਨਸਾਂ ਆਦਿ ਨੂੰ ਜਾਨਣ ਦੀ ਇੱਛਾ ਰਹਿੰਦੀ ਹੈ? ਪਉਣ, ਪਾਣੀ, ਅੱਗ ਧਰਤੀ ਦੀ ਖ਼ਾਕ ਆਦਿ ਸਾਰੇ ਕਿਵੇਂ ਨੇਮ ਵਿੱਚ ਚੱਲਦੇ ਹਨ? ਤੇ ਕਿਵੇਂ ਪ੍ਰਮਾਤਮਾ ਕੁਦਰਤ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਅਤੇ ਸਭ ਦੀ ਸੰਭਾਲ ਕਰਦਾ ਹੈ?
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਅਜਿਹੇ ਸੰਕੇਤ ਸਪੱਸ਼ਟ ਮਿਲ ਜਾਂਦੇ ਹਨ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਆਪ ਆਪਣੇ ਆਲੇ ਦੁਆਲੇ ਤੋਂ ਕਦਾਚਿਤ ਉਦਾਸੀਨ ਨਹੀਂ ਸਨ। ਭਾਵੇਂ ਉਹਨਾਂ ਦੀ ਮੰਜ਼ਿਲ ਇਸ ਦੁਨੀਆਂ ਤੋਂ ਪਰੇ ਕਿਤੇ ਬਹੁਤ ਦੂਰ ਸੀ, ਪਰ ਉਹ ਦਿਸਦੇ ਜਗਤ ਨਾਲੋਂ ਟੁੱਟੇ ਨਹੀਂ ਸਨ। ਪਉਣਾਂ, ਰੁੱਤਾਂ, ਦਰਿਆਵਾਂ, ਰੁੱਖਾਂ, ਤੱਟਾਂ, ਸੰਘਾਂ, ਖੇਤਾਂ ਅਤੇ ਧੁੱਪਾਂ ਛਾਵਾਂ ਨੂੰ ਉਹਨਾਂ ਦੇ ਧੁਰ ਅੰਦਰ ਤਕ ਮਾਣਿਆ। ਉਹਨਾਂ ਦਾ ਰੂਹਾਨੀ ਸੰਸਾਰ ਦਿਸਦੇ ਨਾਲੋਂ ਅਣਦਿਸਦੇ ਵਿੱਚ ਵਧੇਰੇ ਵਾਪਰ ਰਿਹਾ ਸੀ, ਪਰ ਉਹ ਇਸ ਤੋਂ ਵੱਖਰਾ ਨਹੀਂ ਸੀ।
ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ 'ਕੁਦਰਤ' ਦੇ ਸਮਾਨਾਰਥਕ ਵਜੋਂ 'ਪ੍ਰਕਿਰਤੀ' ਸ਼ਬਦ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ। ਵਿਗਿਆਨ ਦੇ ਅੰਤਰਗਤ ਕੁਦਰਤ ਤਦੇ ਸਮੁੱਚੇ ਪਸਾਰੇ ਨੂੰ 'ਸ਼੍ਰਿਸ਼ਟੀ' ਵਜੋਂ ਇਕ ਇਕਾਈ ਮੰਨਦਿਆਂ ਹੋਇਆਂ, ਇਸਦੇ ਮੁੱਖ ਰੂਪ ਵਿੱਚ ਤਿੰਨ ਅੰਗ ਮੰਨੇ ਹਨ-ਵਾਯੂ ਮੰਡਲ, ਬਨਸਪਤੀ ਅਤੇ ਨੀਲੇ ਸਾਗਰ ਆਦਿ
ਜਦੋਂ ਦਾ ਮਨੁੱਖ ਸੰਸਾਰ ਵਿੱਚ ਆਇਆ ਹੈ ਉਹ ਕੁਦਰਤ ਦੀ ਬੁਝਾਰਤ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ। ਪਰ ਹਾਲੇ ਤਕ ਕਿਸੇ ਇਕ ਅੰਤਮ ਸਿੱਟੇ ਉੱਤੇ ਨਹੀਂ ਪੁੱਜ ਸਕਿਆ ਹੈ। ਗੁਰੂ ਜੀ ਨੇ ਪਰਮਾਤਮਾ ਦੀ ਏਕਤਾ ਉੱਪਰ ਬਲ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਸ ਨੇ ਹੀ ਕੁਦਰਤ ਦੀ ਰਚਨਾ ਕੀਤੀ ਹੈ। ਕੁਦਰਤ ਉਸ ਦੇ ਅਧੀਨ ਹੈ। ਇਸ ਦੀ ਸਿਰਜਨਾ ਲਈ ਉਸ ਨੂੰ ਕਿਸੇ ਦਾ ਸਹਾਰਾ ਨਹੀਂ ਲੈਣਾ ਪਿਆ
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਊ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
(ਗੁਰੂ ਗ੍ਰੰਥ ਸਾਹਿਬ, ਪੰਨਾ-463)
ਕੁਦਰਤ ਦੀ ਸਾਜਨਾ ਕਰਕੇ ਕਾਦਰ ਸਮੁੱਚੀ ਕੁਦਰਤ ਦੇ ਵਿਧਾਨ ਨੂੰ ਚਲਾਉਂਦਾ ਹੈ। ਜਿਸ ਪ੍ਰਕਾਰ ਹਿੰਦੂ-ਮੱਤ ਵਿੱਚ ਦੱਸਿਆ ਗਿਆ ਹੈ ਕਿ ਜੀਵਾਂ ਦੇ ਪਾਲਣ ਪੋਸ਼ਣ ਦਾ ਕੰਮ ਵਿਸ਼ਨੂੰ ਦੇਵਾ ਕਰਦਾ ਹੈ ਕੁਦਰਤ ਦੀ ਸਾਜਨਾ ਦਾ ਕਾਰਜ ਬ੍ਰਹਮਾ ਦੁਆਰਾ ਕੀਤਾ ਜਾਂਦਾ ਹੈ। ਇਸ ਧਰਨਾ ਦੇ ਉਲਟ ਗੁਰਮਤਿ ਵਿੱਚਾਰਧਾਰਾ ਅਨੁਸਾਰ ਕੁਦਰਤ ਦਾ ਉਪਜਨ, ਬਿਨਮਨ, ਸੰਚਾਲਨ ਸਭ 'ਕਰਤਾ ਦੁਆਰਾ ਕੀਤਾ ਜਾਂਦਾ ਹੈ। ਉਹ ਆਪ ਹੀ ਸਿਰਜਕ, ਮਾਲਕ ਤੇ ਵਿਨਾਸ਼ ਦਾ ਕਰਤਾ ਹੈ;
ਅੰਡਜ ਜੇਰਜ ਉਤਭੁਜਾ ਖਾਣੀ ਸੇਤਜਾਂਹ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਗਾ॥
ਨਾਨਕ ਕੰਤ ਉਪਾਇਕੈ ਸੰਮਾਲੇ ਸਭਨਾਹ॥
ਜਿਨ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥
(ਗੁਰੂ ਗ੍ਰੰਥ ਸਾਹਿਬ, ਪੰਨਾ-467)
ਗੁਰੁ ਨਾਨਕ ਬਾਣੀ ਵਿੱਚ ਕੁਦਰਤ ਦਾ ਅਸੀਸ, ਬੇਅੰਤਤਾ ਅਤੇ ਵਿਸ਼ਾਲਤਾ ਵਾਲਾ ਸਰੂਪ ਪੇਸ਼ ਹੋਇਆ ਹੈ। ਇਸ ਦਿਸਦੇ ਜਗਤ ਵਿੱਚ ਕੁਦਰਤ ਦਾ ਹੀ ਵਿਸ਼ਾਲ ਪਸਾਰਾ ਪਸਰਿਆ ਹੋਇਆ ਹੈ। ਇਸ ਕੁਦਰਤ ਦੇ ਅਲੌਕਿਕ ਦ੍ਰਿਸ਼ ਅਤੇ ਕ੍ਰਿਸ਼ਮੇ ਕਿਸੇ ਲਈ ਭੈ ਤੇ ਕਿਸੇ ਲਈ ਮੁਖ ਦਾ ਆਧਾਰ ਬਣਦੇ ਹਨ। ਪਾਤਾਲ, ਆਕਾਸ਼ ਸਭ ਪਾਸੇ ਕੁਦਰਤ ਦੇ ਜਲਵੇ ਹੀ ਪ੍ਰਗਟ ਹੋਏ ਹਨ। ਇਹ ਸਮੁੱਚਾ ਜਗਤ ਕਾਦਰ ਦੀ ਕੁਦਰਤ ਹੀ ਹੈ। ਸਮੁੱਚੇ ਗਿਆਨ ਗ੍ਰੰਥ ਕੁਦਰਤ ਦੀ ਵਿੱਚਾਰ ਚਰਚਾ ਦਾ ਭੰਡਾਰ ਹਨ। ਕੁਦਰਤੀ ਨਿਯਮਾਂ ਦੇ ਅੰਤਰਗਤ ਹੀ ਹਵਾ, ਪਾਣੀ ਅਗਨੀ, ਧਰਤੀ ਸਭ ਪ੍ਰਗਟ ਹੋਏ ਹਨ;
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥...
ਸਭ ਤੇਰੀ ਕੁਦਰਤਿ ਤੂੰ ਕਾਦਿਕੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥
(ਗੁਰੂ ਗ੍ਰੰਥ ਸਾਹਿਬ, ਪੰਨਾ-464)
ਕੁਦਰਤ ਦੀ ਅਸੀਮਤਾ ਮਨੁੱਖ ਦੇ ਚਿੰਤਨ ਵਿੱਚ ਆਉਣ ਵਾਲੀ ਨਹੀਂ ਹੈ। ਇਹ ਪਸਾਰ ਏਨਾ ਵਿਸ਼ਾਲ ਹੈ ਕਿ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੱਜ ਦਾ ਦਾਰਸ਼ਨਿਕ ਅਤੇ ਅੱਜ ਦਾ ਵਿਗਿਆਨੀ ਇਹ ਸੋਚ ਸੋਚ ਕੇ ਚਕ੍ਰਿਤ ਨਹੀਂ ਹੁੰਦਾ ਹੈ ਕਿ ਉਸ ਨੇ ਕੀ ਕੀ ਜਾਣ ਲਿਆ ਹੈ ਅਤੇ ਕੀ ਕੀ ਬਣਾ ਲਿਆ ਹੈ, ਸਗੋਂ ਉਹ ਹੈਰਾਨ ਉਸ ਅਨੰਤਤਾ ਵੇਚ ਸੋਚ ਕੇ ਹੁੰਦਾ ਹੈ ਜਿਸ ਬਾਰੇ ਸ਼ਾਇਦ ਕਦੀ ਵੀ ਜਾਣਿਆ ਜਸ ਸਕਣਾ ਸੰਭਵ ਨਹੀਂ। ਜਿੱਥੇ ਤਕ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ ਸਿਰਫ ਉਥੋਂ ਠੀਕ ਹੀ ਕੁਦਰਤ ਹੈ, ਇਹ ਅਜਿਹਾ ਭ੍ਰਾਂਤੀ ਪੂਰਣ ਵਿੱਚਾਰ ਹੈ ਜਿਵੇਂ ਆਖਿਆ ਜਾਵੇ ਕਿ ਜਿੰਨੀ ਥਾਂ ਮੇਰੀਆਂ ਨਿਗਾਹਾਂ ਸਾਹਮਣੇ ਹੈ, ਕੇਵਲ ਇਹੀ ਸਤਿ ਹੈ, ਹੋਰ ਅੱਗੇ ਕੁਝ ਨਹੀਂ।
ਕੁਦਰਤ ਕਾਦਰ ਦੁਆਰਾ ਸਿਰਕਿਆ ਗਿਆ ਅਨਮੋਲ ਖਜ਼ਾਨਾ ਹੈ ਜਿਸ ਦੀ ਕੀਮਤ ਮਨੁੱਖੀ ਪੈਮਾਨਿਆ ਵਿੱਚ ਅੰਕਿਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੇ ਮਨੁੱਖ ਉਸ ਦਾ ਮੁੱਲ ਅੰਕਣ ਵੀ ਲੱਗੇ ਤਾਂ ਵੀ ਉਸ ਇਸ ਦਿਸ਼ਾ ਵਿੱਚ ਕੁਝ ਕਹਿ ਜਾਂ ਦੱਸ ਨਹੀਂ ਸਕਦਾ:
ਕੁਦਰਤਿ ਕਰਿ ਕੈ ਵਸਿਆ ਸੋਇ॥
ਵਖਤੁ ਵੀਚਾਰੇ ਸੁ ਬੰਦਾ ਹੋਇ॥
(ਗੁਰੂ ਗ੍ਰੰਥ ਸਾਹਿਬ, ਪੰਨਾ-83)
ਗੁਰਬਾਣੀ ਵਿੱਚ ਕੁਦਰਤ ਦਾ ਸਮੁੱਚਾ ਪਾਸਾਰਾ ਅਕਾਲ ਪੁਰਖ ਦੇ ਹੁਕਮ ਅਧੀਨ ਉਪਜਦਾ, ਬਿਨਸਦਾ ਅਤੇ ਵਿਗਸਦਾ ਦਰਸਾਇਆ ਗਿਆ ਹੈ। ਗੁਰੂ ਸਾਹਿਬਾਨ ਨੇ ਸਮੁੱਚਾ ਪ੍ਰਬੰਧ ਉਸ ਸਰਵ ਸ਼ਕਤੀਮਾਨ ਦੀ ਮੋਤਾ ਅਧੀਨ ਵਿੱਚਰਦਾ ਦਰਸਾਇਆ ਹੈ। ਇੱਥੇ ਅਸੀਂ 'ਹੁਕਮ ਤੋਂ' 'ਭੈ' ਵਿੱਚ ਵਿੱਚਰਨ ਨੂੰ ਇੱਕ ਨਿਯਮ ਵਜੋਂ ਵੀ ਵਾਪਰਦਾ ਮਹਿਸੂਸ ਕਰਦੇ ਹਾਂ;
ਭੈ ਵਿਚਿ ਪਵਣੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲੇਖ ਦਰੀਆਉ॥...ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਕਹੋ ਕਰੋੜੀ ਚਲਤ ਨ ਅਤੁ॥
(ਗੁਰੂ ਗ੍ਰੰਥ ਸਾਹਿਬ, ਪੰਨਾ-464)
ਮਨੁੱਖ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਦਸਦੇ ਹਨ, ਕਿ ਪਰਮਾਤਮਾ ਦਾ ਭਉ ਰਖਣਾ ਜਰੂਰੀ ਹੈ ਕਿਉਂਕਿ ਉਸਦਾ ਭਉ ਵੀ ਉਸ ਚਿਤਨਾ ਹੀ ਵੱਡਾ ਅਤੇ ਵਿਆਪਕ ਹੈ। ਜੇ ਮਨੁੱਖ ਉਸ ਦਾ ਭਉ ਨਹੀਂ ਰੱਖੇਗਾ ਤਦ ਉਹ ਅਸਲੀ ਮਾਰਗ ਤੋਂ ਭਟਕ ਸਕਦਾ ਹੈ।
ਕਾਦਰ ਅਤੇ ਕੁਦਰਤ ਦੇ ਸੰਬੰਧਾਂ ਵਿਭਿੰਨ ਮੱਤ ਮੌਜੂਦ ਹਨ। ਜਿੰਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਤਿੰਨ ਤਦਾਂ ਦੀਆਂ ਧਾਰਨਾਵਾਂ ਪ੍ਰਗਟ ਹੁੰਦੀਆਂ ਹਨ।ਪਹਿਲੀ ਧਾਰਨਾ ਜਾਂ ਸੋਚ 'ਸਰਬ ਈਸ਼ਵਰਵਾਦ' ਦੀ ਹੈ। ਜਿਸ ਅਨੁਸਾਰ ਕੁਦਰਤ ਕਾਦਰ ਦਾ ਹੀ ਰੂਪ ਹੈ। ਇਹਨਾਂ ਦੋਨਾਂ ਵਿੱਚ ਕੋਈ ਮੌਲਿਕ ਵਖਰੇਵਾਂ ਜਾਂ ਅੰਤਰ ਨਹੀਂ ਹੈ। ਦੂਸਰੇ ਮੱਤ ਅਨੁਸਾਰ ਕੁਦਰਤ ਅਤੇ ਕਾਦਰ ਦਾ ਏਨਾ ਕੂ ਹੀ ਸੰਬੰਧ ਹੈ ਕਿ 'ਕਾਦਰ' ਕੁਦਰਤ ਦਾ ਸਿਰਜਕ ਹੈ ਅਤੇ ਸਿਰਜਨਾਂ ਤੋਂ ਬਾਅਦ ਕੁਦਰਤ ਦੀ ਸੁਤੰਤਰ ਹੋਂਦ ਹੈ। ਤੀਸਰਾ ਮੱਤ ਇਹਨਾਂ ਦੋਹਾਂ ਦਾ ਸਮਾਨ ਆਰਥਿਕ ਸਿਰਜਦਿਆਂ ਹੋਇਆ ਇਹ ਧਾਰਨਾ ਪੇਸ਼ ਕਰਦਾ ਹੈ ਕਿ ਕਾਦਰ (ਕਰਤਾ) ਨੇ ਕੁਦਰਤ ਨੂੰ ਪੈਦਾ ਵੀ ਕੀਤਾ ਹੈ ਅਤੇ ਇਸ ਵਿੱਚ ਮੌਜੂਦ ਵੀ ਹੈ। ਇਹ ਮੌਤ ਕਰਤਾ ਨੂੰ ਕੁਦਰਤ ਵਿੱਚੋਂ ਗੈਰ ਹਾਜ਼ਰ ਨਹੀਂ ਮੰਨਦਾ।
ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਸੰਸਾਰ ਦਾ ਇਕ ਸਿਰਜਣਹਾਰ ਹੈ ਅਤੇ ਕੁਦਰਤ ਦਾ ਅਕਾਲ ਪੁਰਖ ਤੋਂ ਵੱਖਰਾ ਆਪਣਾ ਕੋਈ ਵਜੂਦ ਨਹੀਂ ਹੈ। ਕੁਦਰਤ ਅਕਾਲ ਪੁਰਖ ਦੀ ਸਿਰਜਣਾ ਦਾ ਇਕ ਪਹਿਲੂ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ 'ਉਹ' ਸਿਰਜਣਹਾਰ ਅਤੇ ਸਤਿ ਹੈ। ਉਸ ਦੀ ਸਿਰ ਦੀ ਕੁਦਰਤ ਦਾ ਆਦਿ ਵੀ ਹੈ ਅਤੇ ਅੰਤ ਵੀ ਜਰੂਰ ਹੋਵੇਗਾ। ਕੁਦਰਤ ਦੇ ਵਿਭਿੰਨ ਵਰਤਾਰਿਆ ਪੱਖਾਂ, ਰੰਗਾਂ ਆਦਿ ਨੂੰ 'ਉਹ' ਹੀ ਜਾਣ ਸਕਦਾ ਹੈ;
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।
(ਗੁਰੂ ਗ੍ਰੰਥ ਸਾਹਿਬ, ਪੰਨਾ-8)
ਗੁਰਬਾਣੀ ਵਿੱਚ ਕਾਦਰ ਲਈ 'ਕਰਤਾ' ਅਤੇ 'ਅਕਾਲ ਪੁਰਖ' ਸ਼ਬਦਾਂ ਦਾ ਪ੍ਰਯੋਗ ਹੋਣ ਦੇ ਨਾਲ ਨਾਲ ਉਸ ਨੂੰ ਸੱਚਾ ਪਾਤਸ਼ਾਹ ਵੀ ਸਵੀਕਾਰ ਕੀਤਾ ਗਿਆ ਹੈ। ਇਸ ਲਈ ਕੁਦਰਤ ਨੂੰ ਉਸ ਕਾਦਰ ਦੀ 'ਇਹ ਜਗਾ ਸੱਚੇ ਕੀ ਹੈ ਕੋਠੜੀ" ਵਜੋ ਸਵੀਕਾਰ ਕੀਤਾ ਗਿਆ ਹੈ। ਉਸ ਸੱਚੇ ਦੀ 'ਕੋਠੜੀ' ਨੂੰ ਕੁਦਰਤ ਦਾ ਛਲਾਵਾ ਜਾਂ ਝੂਠ ਕਿਵੇਂ ਕਿਹਾ ਜਾ ਸਕਦਾ ਹੈ:
ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥
(ਗੁਰੂ ਗ੍ਰੰਥ ਸਾਹਿਬ, ਪੰਨਾ-463)
ਕੁਦਰਤ ਅਤੇ ਮਨੁੱਖ ਦਾ ਮੁੱਢ ਮਨੁੱਖ ਦੇ ਜਦੋਂ ਪਹਿਲੀ ਵਾਰ ਅੱਖਾਂ ਖੋਲੀਆਂ ਹੋਣਗੀਆਂ ਤਾਂ ਸਭ ਤੋਂ ਪਹਿਲਾਂ ਦ੍ਰਿਸ਼, ਉਸ ਨੇ ਕੁਦਰਤ ਦਾ ਹੀ ਤਕਿਆ ਹੋਵੇਗਾ। ਮਨੁੱਖ ਦੀ ਆਪਣੇ ਜੀਵਨ ਨਾਲ ਪਹਿਲੀ ਪਹਿਚਾਣ ਅਤੇ ਸਾਂਝ ਸਿਰਜਨ ਵਿੱਚ ਉਸ ਨੂੰ ਪ੍ਰਥਮ ਸਹਿਯੋਗ ਵੀ ਕੁਦਰਤ ਦਾ ਹੀ ਪ੍ਰਾਪਤ ਹੋਇਆ ਹਵੇਗਾ।ਮਨੁੱਖ ਨੂੰ ਜਿਉਣ ਯੋਗ ਕੁਦਰਤ ਨੇ ਹੀ ਬਣਾਇਆ ਹੈ। ਮਨੁੱਖ ਦੀ ਹੋਂਦ ਦਾ ਆਧਾਰ ਹੀ ਕੁਦਰਤ ਹੈ। ਪਾਣੀ, ਹਵਾ, ਬਨਸਪਤੀ, ਦਰਿਆ, ਪਰਬਤ, ਅਗਨੀ, ਮਿੱਟੀ ਆਦਿ ਤੱਤ ਜੀਵਨ ਦੇ ਅਧਾਰ ਤੱਤ ਹਨ। ਇਹ ਸਾਰੇ ਤੱਤ ਕੁਦਰਤ ਦੇ ਅੰਗ ਹਨ ਅਤੇ ਇਹਨਾਂ ਦਾ ਸੰਗਠਿਤ ਰੂਪ ਕੁਦਰਤ ਵਜੋਂ ਉਭਰਦਾ ਹੈ।
ਗੁਰਬਾਣੀ ਵਿੱਚ ਕੁਦਰਤ ਅਤੇ ਮਨੁੱਖ ਦੇ ਸੰਬੰਧਾਂ ਦੀ ਭਰਪੂਰ ਵਿਆਖਿਆ ਹੋਈ ਹੈ। ਮਨੁੱਖ ਨੂੰ ਹਮੇਸ਼ਾ ਕੁਦਰਤ ਅਤੇ ਕਾਕਾਰ ਦਾ ਰਿਣੀ ਰਹਿਣਾ ਚਾਹੀਦਾ ਹੈ। ਮਨੁੱਖੀ ਸਰੀਰ ਦੀ ਬਣਤ ਵਿੱਚ ਸ਼ਾਮਿਲ ਤੱਤ ਕੁਦਰਤ ਦੀ ਸਾਜਨਾ ਦੇ ਆਧਾਰ ਪੂਰਵਕ ਤੱਤ ਹੀ ਹਨ। 'ਕੁਦਰਤ' ਦੀ ਸਾਜਨਾ ਸੰਬੰਧੀ ਸਮੁੱਚੀ ਸੋਚ ਭਾਵੇਂ ਉਹ ਅਧਿਆਤਮਕ ਹੈ, ਚਾਹੇ ਵਿਗਿਆਨਕ ਹੋਵੇ, ਇਹ ਮੰਨਿਆ ਜਾਂਦਾ ਹੈ ਕਿ ਹਵਾ, ਪਾਣੀ, ਮਿੱਟੀ, ਅੱਗ ਅਤੇ ਆਕਾਸ਼ ਇਹ ਤੱਤ ਕੁਦਰਤ ਦਾ ਆਧਾਰ ਹਨ
ਪੰਚ ਤਤੁ ਮਿਲਿ ਕਾਇਆ ਕੀਨੀ॥
ਤਿਸ ਮਹਿ ਰਾਮ ਰਤਨੁ ਲੂ ਚੀਨੀ॥
(ਗੁਰੂ ਗ੍ਰੰਥ ਸਾਹਿਬ, ਪੰਨਾ-1030)
ਮਨੁੱਖ ਨਿਰੰਤਰ 'ਕੁਦਰਤ' ਦੇ ਵਰਤਾਰੇ ਨੂੰ ਜਾਨਣ ਸਮਝਣ ਲਈ ਯਤਨਸ਼ੀਲ਼ ਹੈ। ਆਪਣੇ ਜੀਵਨ ਦਾ ਲੰਮਾ ਪੈਂਡਾ ਤਹਿ ਕਰਦਿਆਂ ਮਨੁੱਖੀ ਜੀਵ ਨੇ ਕੁਦਰਤ ਦੇ ਵਰਤਾਰੇ ਵਿੱਚ ਨਿਹਿਤ ਨੇਮਾਂ ਨੂੰ ਮਹਿਸੂਸ ਕਰਦੀਆਂ, ਇਹਨਾਂ ਨੂੰ ਜਾਨਣਾ ਥੱਕਣਾ ਸ਼ੁਰੂ ਕੀਤਾ। "ਵਿਗਿਆਨਕ ਲੱਭਤਾਂ ਅਤੇ ਖੋਜਾਂ ਦਾ ਲੰਮਾ ਸਫਰ ਤਹਿ ਕਰਦਿਆਂ ਮਨੁੱਖ ਨੇ ਦੋ ਵੀ ਤਲਾਸ਼ਿਆਂ ਹੈ ਉਸ ਸੰਬੰਧੀ ਵਿਦਵਾਨਾਂ ਦੀ ਇਕ ਰਾਇ ਇਹ ਹੈ ਕਿ ਹਰ ਪ੍ਰਕਾਰ ਦੇ ਵਿਗਿਆਨਕ ਉਪਕਰਣਾਂ ਦਾ ਆਧਾਰ ਕੁਦਰਤ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਵਿਗਿਆਨੀਆਂ ਨੇ ਉਸ ਅਧਾਰ ਨੂੰ ਲੱਭ ਕੇ ਉਸ ਨੂੰ ਆਪਣੇ ਤਜਰਬਿਆਂ ਦੇ ਆਧਾਰ ਤੇ ਪ੍ਰਯੋਗ ਕਰਦਿਆਂ ਅਗਲੇਰੀਆਂ ਪ੍ਰਾਪਤੀਆਂ ਕੀਤੀਆਂ ਹਨ। ਕੁਦਰਤ ਦੇ ਵਰਤਾਰੇ ਵਿੱਚ ਪਸਰੇ ਇਹਨਾਂ ਨੇਮਾਂ ਨੂੰ 'ਗੁਰਬਾਣੀ' ਵਿੱਚ ਅਸੀਂ 'ਹੁਕਮ' ਵਿੱਚ ਬੱਝੇ ਨਿਯਮ ਦੇ ਰੂਪ ਵਿੱਚ ਮੌਜੂਦ ਦੇਖ ਸਕਦੇ ਹਾਂ,"
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥
(ਗੁਰੂ ਗ੍ਰੰਥ ਸਾਹਿਬ, ਪੰਨਾ-464)
ਕੁਦਰਤ ਅਤੇ ਮਨੁੱਖ ਦਾ ਅਟੁੱਟ ਰਿਸ਼ਤਾ ਹੈ। ਆਪਣੇ ਅਸਤਿਤਵ ਦੇ ਹੋਂਦ ਵਿੱਚ ਆਉਣ ਤੋਂ ਨਿਰੰਤਰ ਕੁਦਰਤ ਅਤੇ ਮਨੁੱਖ ਦਾ ਆਪਸੀ ਸਰਿਚਾਰ ਚੋਲਿਆ ਆਉਂਦਾ ਹੈ। ਸਧਾਰਨ ਮਨੁੱਖ, ਵਿਗਿਆਨੀ ਅਤੇ ਕਵੀ ਕੋਈ ਵੀ ਕੁਦਰਤ ਦੀ ਸੀਮਾ ਤੋਂ ਬਾਹਰ ਨਹੀਂ ਕਿਉੇਂਕਿ ਉਹ ਸਭ ਕੁਦਰਤ ਦੀ ਗੋਦ ਵਿੱਚ ਜਨਮਦੇ, ਪਲਦੇ, ਵਿਗਸਦੇ ਅਤੇ ਬਿਨਸਦੇ ਹਨ।
ਕੁਦਰਤ ਸੰਬੰਧੀ ਗੁਰੂ ਨਾਨਕ ਦੇਵ ਜੀ ਦਾ ਇਹ ਸਿਧਾਂਤ ਸਪੱਸ਼ਟ ਹੁੰਦਾ ਹੈ ਕਿ ਅਕਾਲਪੁਰਖ ਦ੍ਰਿਸ਼ਟਾ ਹੈ ਅਤੇ ਕੁਦਰਤ ਦ੍ਰਿਸ਼। ਪਰ ਦ੍ਰਿਸ਼ਟਾ ਅਤੇ ਦ੍ਰਿਸ਼ ਵੱਖ-ਵੱਖ ਨਹੀਂ ਹਨ । ਜਿਵੇਂ ਕੋਈ ਆਪਣੀਆਂ ਅੱਖਾਂ ਨਾਲ ਆਪਣੇ ਆਪ ਦਾ ਹੀ ਚਿੰਤਨ ਕਰੇ ਇਸੇ ਪ੍ਰਕਾਰ ਕਾਦਰ ਅਤੇ ਕੁਦਰਤ, ਇਕ ਦੂਜੇ ਵਿਚ ਜਜਬ ਹਨ।
ਡਾ.ਨਰਿੰਦਰ ਕੌਰ
ਸੀਕਰੀ, ਹੁਸ਼ਿਆਰਪੁਰ
ਮੋਬਾਇਲ +91 9988138529
ਸ਼ਿਵ ਪੂਜਾ ਦਾ ਪਿਛੋਕੜ - ਡਾ. ਨਰਿੰਦਰ ਕੌਰ
ਮਨੁੱਖ ਦੀ ਦਿਲਚਸਪੀ ਹਮੇਸ਼ਾਂ ਤੋਂ ਹੀ ਭਾਰਤੀ ਮਿਥਿਹਾਸਕ ਪ੍ਰੰਪਰਾਵਾਂ ਵਿਚ ਰਹੀ ਹੈ। ਭਾਰਤੀ ਮਿਥਿਹਾਸਕ ਪ੍ਰੰਪਰਾਵਾਂ ਤੋਂ ਹੀ ਸਾਨੂੰ ਇੰਦਰ, ਬ੍ਰਹਮਾ, ਵਿਸ਼ਨੂੰ, ਸ਼ਿਵ, ਕ੍ਰਿਸ਼ਨ, ਦੇਵੀ ਮਾਤਾ, ਲਕਸ਼ਮੀ, ਦੁਰਗਾ ਆਦਿ ਦੇਵੀ-ਦੇਵਤਿਆਂ ਬਾਰੇ ਪਤਾ ਚਲਦਾ ਹੈ ਮਿਥਿਹਾਸਕ ਪ੍ਰੰਪਰਾ ਦੇ ਅੰਤਰਗਤ ਆਉਂਦੇ ਇਹਨਾਂ ਦੇਵੀ-ਦੇਵਤਿਆਂ ਵਿਚੋਂ ਸ਼ਿਵ ਨੂੰ ਸਰਵ-ਸ੍ਰੇਸ਼ਟ ਮੰਨਿਆ ਗਿਆ ਹੈ। ਇਸ ਕਰਕੇ ਇਸ ਨੂੰ ਮਹਾਂਦੇਵ ਵੀ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਸ਼ਿਵ ਹੀ ਆਦਿ ਅਤੇ ਅਨੰਤ ਹੈ ਮਿਥਿਹਾਸਕ ਪ੍ਰੰਪਰਾ ਵਿਚ ਸ਼ਿਵ ਹੀ ਇਕ ਅਜਿਹਾ ਦੇਵਤਾ ਹੈ ਜਿਸਦੀ ਲਿੰਗ ਦੇ ਰੂਪ ਵਿਚ ਪੂਜਾ ਹੁੰਦੀ ਹੈ
ਭਾਰਤੀ ਸੰਸਕ੍ਰਿਤੀ ਵਿਚ ਸ਼ਿਵ ਨੂੰ ਆਦਿ ਦੇਵ ਦੇ ਰੂਪ ਵਿਚ ਮਾਨਤਾ ਪ੍ਰਾਪਤ ਹੈ 'ਸੰਸਕ੍ਰਿਤ ਵਿਚ ਸ਼ਿਵ ਦਾ ਅਰਥ ਪਵਿੱਤਰ, ਸ਼ੁੱਭ ਅਤੇ ਮੰਗਲਕਾਰੀ ਹੈ। ਸ਼ਿਵ ਪੁਰਾਣ ਅਨੁਸਾਰ 'ਸ਼ਿਵ' ਸ਼ਬਦ ਦਾ ਅਰਥ ਹੈ: ਸ਼ = ਸੁਖ ਅਤੇ ਅਖੰਡ ਅਨੰਦ; ੲ = ਪਰਮਾਤਮਾ, ਵ = ਅੰਮ੍ਰਿਤ ਸ਼ਕਤੀ। ਜਿਸ ਵਿਚ ਇਹ ਤਿੰਨੇ ਮਿਲਦੇ ਹਨ ਉਹ 'ਸ਼ਿਵ' ਹੈ। ਮਹਾਨ ਕੋਸ਼ ਵਿਚ ਸ਼ਿਵ ਦੇ ਅਰਥ ਸੁਖ, ਮੁਕਤਿ, ਮਹਾਂਦੇਵ (ਪਾਰਵਤੀ ਦਾ ਪਤਿ), ਜਲ, ਸੇਧਾਂ ਲੂਣ, ਗੁੱਗਲ, ਬਾਲੂਰੇਤ, ਪਾਰਾ, ਸ਼ਾਂਤਿ, ਪਾਰਬ੍ਰਹਮ, ਆਤਮ ਗਿਆਨ, ਬ੍ਰਹਮਾ (ਮਹੇਸ਼), ਗਿਆਰਾਂ ਸੰਖਯਾਬੋਧਕ (ਕਿਉਂਕਿ ਸ਼ਿਵ 11 ਮੰਨੇ ਗਏ ਹਨ), ਗੁਣ, ਸ਼ਿਵਾ (ਸ਼ਵਦਾਹ ਦੀ ਚਿਤਾ) ਆਦਿ ਕੀਤੇ ਗਏ ਹਨ।
ਸ਼ਿਵ ਸ਼ਬਦ ਦੀ ਮਹੱਤਤਾ ਕਈ ਰੂਪਾਂ ਵਿਚ ਹੈ ਸ਼ਿਵ ਹੀ ਸੱਚ, ਗਿਆਨ, ਸ਼ੁੱਭ, ਖੁਸ਼ੀ, ਸੁੰਦਰ ਅਤੇ ਹੋਰ ਬਹੁਤ ਸਾਰੀਆਂ ਭਾਵਨਾਵਾਂ ਨਾਲ ਸੰਬੰਧਿਤ ਹੈ ਸ਼ਿਵ ਇਕ ਮੂਲ ਸ਼ਕਤੀ ਹੈ ਜੋ ਕਿ ਆਪਣੇ ਵਿਭਿੰਨ ਗੁਣਾਂ ਦੇ ਅਨੁਸਾਰ ਕੰਮ ਕਰਦੀ ਹੈ। ਸ਼ਿਵ ਸ਼ਬਦ ਆਮ ਜਨ-ਜੀਵਨ ਅਤੇ ਰੁਜ਼ਾਨਾਂ ਦੇ ਕਾਰ-ਵਿਹਾਰ ਨਾਲ ਬੜਾ ਨਜ਼ਦੀਕ ਤੋਂ ਜੁੜਿਆ ਹੋਇਆ ਹੈ ਇਸ ਸੰਸਾਰ ਵਿਚ ਮਨੁੱਖ ਜੋ ਸ਼ਾਤੀ ਅਤੇ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਉਹ ਸ਼ਿਵ ਹੈ ਮਨੁੱਖੀ ਜੀਵਨ ਵਿਚ ਸ਼ਿਵ ਅਤੇ ਗੁਣਾਂ ਕਰਕੇ ਮਹੱਤਵਤਾ ਦਾ ਧਾਰਨੀ ਬਣ ਜਾਂਦਾ ਹੈ।
ਸ਼ਿਵ ਦੇਵਤੇ ਦੀ ਉਤਪਤੀ ਕਦੋਂ ਹੋਈ ਜਾਂ ਸ਼ਿਵ ਦੀ ਪੂਜਾ ਸ਼ੁਰੂ ਹੋਣ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲਦੇ ਪ੍ਰੰਤੂ ਸ਼ਿਵ ਦੀ ਪੂਜਾ ਅਤੇ ਉਤਪਤੀ ਬਾਰੇ ਵਿਦਿਵਾਨਾਂ ਨੇ ਬਹੁਤ ਸਾਰੇ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਦਿੱਤੇ ਹਨ। ਵਿਦਵਾਨਾਂ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਸ਼ਿਵ ਦ੍ਰਾਵਿੜ ਮੂਲ ਦਾ ਦੇਵਤਾ ਸੀ ਜਿਸਨੂੰ ਬਾਅਦ ਵਿਚ ਬਾਹਰੋਂ ਆਏ ਆਰੀਆ ਲੋਕਾਂ ਨੇ ਆਪਣਾ ਦੇਵਤਾ ਬਣਾ ਲਿਆ। ਸਿੰਧੂ ਘਾਟੀ ਦੀ ਖੋਜ ਦੌਰਾਨ ਜੋ ਇਮਾਰਤਾਂ, ਮੂਰਤੀਆਂ, ਮੋਹਰਾਂ ਅਤੇ ਹੋਰ ਬਹੁਤ ਸਾਰੀਆਂ ਪ੍ਰਾਚੀਨ ਨਿਸ਼ਾਨੀਆਂ ਮਿਲੀਆਂ ਹਨ। ਉਹਨਾਂ ਵਿਚ ਇਕ ਮੋਹਰ ਅਜਿਹੀ ਮਿਲੀ ਹੈ ਜਿਸ ਵਿਚ ਇਕ ਵਿਅਕਤੀ ਯੋਗ ਮੁਦਰਾ ਵਿਚ ਚੌਕੜੀ ਮਾਰ ਕੇ ਬੈਠਾ ਹੈ ਇਸ ਵਿਅਕਤੀ ਦੇ ਦੁਆਲੇ ਗੈਂਡਾ, ਹਾਥੀ, ਸ਼ੇਰ ਆਦਿ ਵਰਗੇ ਜਾਨਵਰਾਂ ਨੇ ਘੇਰਾ ਪਾਇਆ ਹੋਇਆ ਹ,ੈ ਵਿਦਵਾਨਾਂ ਨੂੰ ਇਸ ਮੂਰਤੀ ਵਿਚ ਸ਼ਿਵ ਦਾ ਰੂਪ ਨਜ਼ਰ ਆਇਆ ਹੈ।ਡਾ. ਰਤਨ ਸਿੰਘ ਜੱਗੀ ਅਨੁਸਾਰ "ਹੜੱਪਾ ਅਤੇ ਮਹਿੰਜੋਦਾਰੋ ਦੀ ਖੁਦਾਈ ਤੋਂ ਜਿਸ ਸਭਿਆਚਾਰ ਦਾ ਪਰਿਚੈ ਪ੍ਰਾਪਤ ਹੁੰਦਾ ਹੈ ਉਸ ਤੋਂ ਸਪੱਸ਼ਟ ਹੈ ਕਿ ਸ਼ਿਵ ਦਾ ਉਦੋਂ ਜਨ-ਜੀਵਨ ਉਤੇ ਵਿਆਪਕ ਪ੍ਰਭਾਵ ਸੀ। ਸ਼ਿਵ ਅਸਲ ਵਿਚ ਅਨਾਰਯ ਦੇਵਤਾ ਹਨ ਅਤੇ ਭਾਰਤ ਵਿਚ ਆਰਯਾਂ ਦੇ ਪ੍ਰਵੇਸ਼ ਤੋਂ ਬਾਦ ਸਿੰਧੂ ਘਾਟੀ ਦੇ ਸਭਿਆਚਾਰ ਦਾ ਸਥਾਨ ਆਰਯ ਸਭਿਆਚਾਰ ਨੇ ਲੈ ਲਿਆ ਜਿਸ ਵਿਚ ਅਨੇਕ ਨਵੇਂ ਦੇਵਤਿਆਂ ਦੀ ਕਲਪਨਾ ਕੀਤੀ ਜਾਣ ਲੱਗੀ।"
ਵਿਦਵਾਨਾਂ ਅਨੁਸਾਰ ਆਰੀਆ ਲੋਕ ਉਤਰ-ਪੱਛਮ ਵਲੋਂ ਆ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਵਸ ਗਏ ਸਨ। ਆਰੀਆ ਲੋਕਾਂ ਦੇ ਬਾਰੇ ਜਾਣਕਾਰੀ ਸਾਨੂੰ ਰਿਗਵੇਦ ਵਿਚੋਂ ਮਿਲਦੀ ਹੈ ਜਿਸ ਵਿਚ ਇਹਨਾਂ ਲੋਕਾਂ ਦੇ ਧਰਮ ਅਤੇ ਸਮਾਜ ਦੇ ਪੁਰਾਣੇ ਸਰੂਪ ਦਾ ਵਰਣਨ ਹੈ।ਵੈਦਿਕ ਕਾਲ ਤੋਂ ਹੀ ਦੇਵਤਿਆਂ ਦੀ ਪੂਜਾ, ਬਲੀਦਾਨ ਦੀਆਂ ਰਸਮਾਂ ਅਤੇ ਭਜਨਾਂ ਦਾ ਬੋਲਬਾਲਾ ਹੋ ਗਿਆ ਸੀ। ਵੈਦਿਕ ਧਰਮ ਤੋਂ ਹੀ ਵੈਦਿਕ ਦੇਵਤਿਆਂ ਦਾ ਪਤਾ ਚਲਦਾ ਹੈ ਜਿਨ੍ਹਾਂ ਵਿਚ ਇੰਦਰ, ਵਰੁਣ, ਵਾਯੂ, ਅਗਨੀ, ਰੁਦਰ ਆਦਿ ਪ੍ਰਮੁੱਖ ਦੇਵਤੇ ਸਨ। ਵੈਦਿਕ ਧਰਮ ਦੀ ਸਭ ਤੋਂ ਪੁਰਾਣੀ ਮੰਨੀ ਜਾਣ ਵਾਲੀ ਰਚਨਾ ਵਿਚੋਂ ਹੀ ਸ਼ਿਵ ਦੇ ਰੂਪ ਰੁਦਰ ਦਾ ਜ਼ਿਕਰ ਮਿਲਦਾ ਹੈ। ਭਾਰਤੀ ਜਨ-ਜੀਵਨ ਵਿਚ ਸ਼ਿਵ-ਪਾਰਬਤੀ ਗ੍ਰਹਿਸਥੀ ਜੀਵਨ ਦੇ ਆਦਰਸ਼ ਮੰਨੇ ਗਏ ਹਨ। ਇਹ ਆਦਰਸ਼ ਤਿਉਹਾਰਾਂ, ਮੌਸਮਾਂ ਦੇ ਨਾਲ ਸੰਸਕ੍ਰਿਤੀ ਉਲਾਸ ਦੇ ਰੂਪ ਵਿਚ ਸਾਰੇ ਮਨੁੱਖਾਂ ਦੇ ਜੀਵਨ ਵਿਚ ਸਾਮਾਨ ਰੂਪ ਵਿਚ ਸਮਾਇਆ ਹੋਇਆ ਹੈ ਭਗਵਾਨ ਸ਼ਿਵ ਦਾ ਵਿਆਹ ਦੋ ਵਾਰੀ ਹੋਇਆ ਮੰਨਿਆ ਗਿਆ ਹੈ ਪਹਿਲਾਂ ਵਿਆਹ ਬ੍ਰਹਮਾਂ ਦੀ ਪੋਤਰੀ ਅਤੇ ਦਕਸ਼ ਦੀ ਪੁੱਤਰੀ ਸਤੀ ਨਾਲ ਹੋਇਆ ਅਤੇ ਦੂਜਾ ਵਿਆਹ ਪਾਰਬਤੀ ਨਾਲ ਹੋਇਆ ਜੋ ਕਿ ਸਤੀ ਦਾ ਹੀ ਪੂਰਬਲਾ ਜਨਮ ਹੈ, ਪੁਰਾਣਿਕ ਸਾਹਿਤ ਅਤੇ ਰਮਾਇਣ, ਮਹਾਂਭਾਰਤ ਵਿੱਚ ਸ਼ਿਵ ਪਰਿਵਾਰ ਨਾਲ ਸੰਬੰਧਤ ਬਹੁਤ ਸਾਰੀਆਂ ਮਿੱਥ ਕਥਾਵਾਂ ਪ੍ਰਚਲਿੱਤ ਹਨ।
ਬਹੁਤ ਸਾਰੇ ਦੇਵੀ ਦੇਵਤਿਆਂ ਅਤੇ ਹੋਰ ਪਰਾਸਰੀਰਕ ਸ਼ਕਤੀਆਂ ਦੀ ਪੂਜਾ ਪੰਜਾਬੀ ਲੋਕ ਧਰਮ ਵਿਚ ਕੀਤੀ ਜਾਂਦੀ ਹੈ ਲੋਕਾਂ ਵਿਚ ਇਹ ਧਾਰਮਿਕ ਵਿਸ਼ਵਾਸ਼ ਬਣ ਗਿਆ ਹੈ ਕਿ ਉਹ ਮੁਸੀਬਤ ਵਿਚੋਂ ਤਾਂ ਹੀ ਬਚ ਸਕਦੇ ਹਨ ਜੇਕਰ ਉਹ ਇਨ੍ਹਾਂ ਦੀ ਪੂਜਾ ਜਾਂ ਮੰਨਤ ਆਦਿ ਮੰਨਣਗੇ। ਲੋਕ ਮਾਨਸਿਕਤਾ ਵਿਚ ਇਨ੍ਹਾਂ ਪਰਾਭੌਤਿਕ ਸ਼ਕਤੀਆਂ ਵਿਚ ਵਿਸ਼ਵਾਸ਼ ਇੰਨ੍ਹਾ ਪੱਕਾ ਹੋ ਗਿਆ ਹੈ ਕਿ ਉਹ ਵੱਖ-ਵੱਖ ਢੰਗਾਂ ਨਾਲ ਇਹਨਾਂ ਦੀ ਪੂਜਾ ਕਰਕੇ ਇਨ੍ਹਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਆ ਰਿਹਾ ਹੈ ਲੋਕ ਜੀਵਨ ਵਿਚ ਪ੍ਰਚਲਿਤ ਇਹ ਰਿਵਾਇਤੀ ਪੂਜਾ ਵਿਧੀਆਂ ਸਾਡੇ ਜੀਵਨ ਦਾ ਅਨਿੱਖੜ ਅੰਗ ਬਣ ਚੁੱਕੀਆਂ ਹਨ।
ਸ਼ਿਵ ਦੀ ਪੂਜਾ ਦਾ ਸਭ ਤੋਂ ਪਵਿੱਤਰ ਦਿਨ ਸੋਮਵਾਰ ਮੰਨਿਆ ਗਿਆ ਹੈ ਇਸ ਦਿਨ ਸ਼ਿਵ ਮੰਦਰਾਂ ਵਿਚ ਸ਼ਿਵ ਭਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਸ਼ਿਵ ਪੂਜਾ ਵਿਚ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਹਨ ਜੋ ਕਿ ਸਿਰਫ਼ ਸ਼ਿਵ ਨੂੰ ਚੜ੍ਹਾਈਆਂ ਜਾਂਦੀਆਂ ਹਨ ਹੋਰ ਕਿਸੇ ਦੇਵਤੇ ਨੂੰ ਇਹ ਵਸਤਾਂ ਨਹੀਂ ਚੜ੍ਹਾਈਆਂ ਜਾਂਦੀਆਂ ਜਿਵੇਂ ਕਿ ਅੱਕ, ਬਿਲ ਪੱਤਰ, ਭੰਗ ਆਦਿ। ਸ਼ਿਵ ਨੂੰ ਭੰਗ, ਧਤੂਰੇ ਆਦਿ ਨਸ਼ਿਆਂ ਨਾਲ ਬੜਾ ਪ੍ਰੇਮ ਹੈ ਮੰਨਿਆ ਗਿਆ ਹੈ ਸ਼ਿਵ ਮੰਦਰਾਂ ਦੇ ਬਾਹਰ ਜਦੋਂ ਸ਼ਿਵ ਨਾਲ ਸੰਬੰਧਤ ਕੋਈ ਤਿਉਹਾਰ ਹੁੰਦਾ ਤਾਂ ਮੰਦਰਾਂ ਦੇ ਬਾਹਰ ਭੰਗ ਦੇ ਪੱਤੇ ਅਤੇ ਭੰਗ ਦੇ ਘੋਟੇ ਵਾਲੀਆਂ ਦੁਕਾਨਾਂ ਆਮ ਹੀ ਦੇਖਿਆ ਜਾ ਸਕਦੀਆਂ ਹਨ। ਸ਼ਿਵਜੀ ਦੀ ਇਹ ਸਾਰੀ ਪੂਜਾ ਅਤੇ ਵਸਤਾਂ ਆਯੂਰਵੈਦ ਨਾਲ ਵੀ ਸੰਬੰਧਤ ਹਨ। ਭੰਗ ਤਕਰੀਬਨ ਹਰ ਦਵਾਈ ਵਿਚ ਵਰਤੀ ਜਾਂਦੀ ਹੈ ਆਯੂਰਵੈਦਿਕ ਦਵਾਈਆਂ ਵਿਚ ਵੀ ਇਸ ਦੀ ਵਰਤੋਂ ਹੁੰਦੀ ਹੈ। ਅੱਕ, ਧਤੂਰਾ ਜਦੋਂ ਸੱਪ ਜਾਂ ਬਿੱਛੂ ਡੰਗ ਮਾਰ ਦੇਵੇ ਤਾਂ ਉਸ ਜਗ੍ਹਾਂ ਤੇ ਅੱਕ ਦਾ ਦੁੱਧ ਜਾਂ ਧਤੂਰੇ ਦਾ ਰਸ ਲਗਾ ਦਿੱਤਾ ਜਾਵੇ ਤਾਂ ਤੁਹਾਡੇ ਸਰੀਰ ਤੇ ਇਸ ਦੇ ਜ਼ਹਿਰ ਦਾ ਅਸਰ ਨਹੀਂ ਹੋਵੇਗਾ। ਇਸ ਤਰ੍ਹਾਂ ਦੇਖਦੇ ਹਾਂ ਕਿ ਭੰਗ ਕੇਵਲ ਨਸ਼ੇ ਵਾਸਤੇ ਨਹੀਂ ਇਹ ਤਾਂ ਦੁਨਿਆਂ ਦੇ ਕਲਿਆਣ ਵਾਸਤੇ ਹੈ ਤਾਂ ਹੀ ਸ਼ਿਵ ਨੂੰ ਇਹ ਪਸੰਦ ਹੈ ਸ਼ਿਵ ਨੂੰ ਪੰਚ ਅੰਮ੍ਰਿਤ ਚੜ੍ਹਾਇਆ ਜਾਂਦਾ ਹੈ ਬਰਸਾਤ ਦੇ ਦਿਨ੍ਹਾਂ ਵਿਚ ਸਰੀਰ ਬਹੁਤ ਨਾਜ਼ੁਕ ਹੋ ਜਾਂਦਾ ਹੈ ਕਈ ਤਰ੍ਹਾਂ ਦੀਆਂ ਚਮੜ੍ਹੀ ਦੀਆਂ ਬੀਮਾਰੀਆਂ ਵੀ ਇਨ੍ਹਾਂ ਦਿਨਾਂ ਵਿਚ ਲਗਦੀਆਂ ਹਨ। ਇਸ ਲਈ ਜਿਹੜਾ ਪੰਚ ਅੰਮ੍ਰਿਤ ਅਸੀਂ ਚੜ੍ਹਾਉਂਦੇ ਹਾਂ ਉਸ ਵਿਚ ਕੱਚਾ ਦੁੱਧ, ਦਹੀਂ, ਸ਼ਹਿਦ, ਗੰਗਾ ਜਲ ਅਤੇ ਘਿਉ ਸ਼ਾਮਿਲ ਹੁੰਦਾ ਹੈ ਜਦੋਂ ਅਸੀਂ ਇਸ ਨੂੰ ਲਿੰਗ ਦੇ ਚੜ੍ਹਾਉਂਦੇ ਹਾਂ ਤਾਂ ਸਾਡੀਆਂ ਉਂਗਲੀਆਂ ਇਹਨਾਂ ਵਸਤਾਂ ਨਾਲ ਲਗਦੀਆਂ ਹਨ। ਇਸ ਨਾਲ ਸਾਡੀ ਸਰੀਰਕ ਸ਼ਕਤੀ ਵਿਚ ਵਾਧਾ ਹੁੰਦਾ ਹੈ ਚਮੜੀ ਵੀ ਇਸ ਨਾਲ ਸਾਫ਼ ਹੁੰਦੀ ਹੈ ਇਸ ਨਾਲ ਸਰੀਰ ਦੀ ਪ੍ਰਤੀਰਕਸ਼ਾ ਹੁੰਦੀ ਹੈ । ਸ਼ਿਵ ਦੀ ਪੂਜਾ ਸ਼ਿਵ ਨੂੰ ਚੜ੍ਹਾਈਆਂ ਜਾਣ ਵਾਲੀਆਂ ਵਸਤਾਂ ਕਰਕੇ ਵੀ ਸ਼ਿਵ ਪੂਜਾ ਵਿਲੱਖਣਤਾ ਦੀ ਧਾਰਨੀ ਬਣਦੀ ਹੈ ਕਿਉਂਕਿ ਬਾਕੀ ਦੇਵਤੇ ਜਿਹਨਾਂ ਵਸਤਾਂ ਨੂੰ ਨਕਾਰਦੇ ਹਨ ਸਿਰਫ਼ ਸ਼ਿਵ ਨੂੰ ਹੀ ਇਹ ਵਸਤਾਂ ਪਿਆਰੀਆਂ ਹਨ। ਇਹ ਵਸਤਾਂ ਮਿਲ ਵੀ ਆਮ ਹੀ ਜਾਂਦੀਆਂ ਹਨ।
ਸ਼ਿਵਜੀ ਸੰਬੰਧੀ ਵਰਤਾਂ ਦੀ ਕਾਫ਼ੀ ਭਰਮਾਰ ਅਤੇ ਮਾਨਤਾ ਹੈ ਹਫ਼ਤੇ ਦੇ ਹਰੇਕ ਸੋਮਵਾਰ ਵਰਤ ਰੱਖਣ ਦਾ ਵਿਧਾਨ ਪ੍ਰਚਲਿਤ ਹੈ। ਇਹ ਵਰਤ ਸ਼ਿਵ ਦੀ ਪੂਜਾ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ ਲੋਕਾਂ ਵਿਚ ਇਹ ਧਾਰਨਾ ਪ੍ਰਚਲਿਤ ਹੈ ਕਿ ਸੋਲਾਂ ਸੋਮਵਾਰ ਲਗਾਤਾਰ ਵਰਤ ਰੱਖਿਆ ਜਾਵੇ ਤਾਂ ਵਿਅਕਤੀ ਨੂੰ ਮਨ-ਇੱਛਿਤ ਫਲ ਮਿਲਦਾ ਹੈ। ਲੋਕ ਧਰਮ ਵਿਚ ਇਹ ਵੀ ਧਾਰਨਾ ਹੈ ਕਿ ਸਾਉਣ ਮਹੀਨੇ ਦੇ ਸਾਰੇ ਸੋਮਵਾਰ ਵਰਤ ਰੱਖਣ ਨਾਲ ਸੋਲਾਂ ਸੋਮਵਾਰ ਵਰਤਾਂ ਜਿਨ੍ਹਾਂ ਫਲ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਸ਼ਿਵ ਨਾਲ ਸੰਬੰਧਤ ਪ੍ਰਦੋਸ਼ ਦਾ ਵਰਤ ਅਤੇ ਸ਼ਿਵਰਾਤਰੀ ਦਾ ਵਰਤ ਵੀ ਰੱਖਿਆ ਜਾਂਦਾ ਹੈ। ਸ਼ਿਵਜੀ ਇਨ੍ਹਾਂ ਸਾਰੇ ਵਰਤਾਂ ਦੌਰਾਨ ਸੋਮਵਾਰ ਨੂੰ ਕਥਾ ਸੁਣਨ ਅਤੇ ਪੜ੍ਹਨ ਨਾਲ ਭਗਤਾਂ ਦੇ ਸਾਰੇ ਦੁੱਖ ਦੂਰ ਹੁੰਦੇ ਹਨ ਅਤੇ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ। ਲੋਕ-ਧਰਮ ਵਿਚ ਸ਼ਿਵ ਬਹੁਤ ਹੀ ਲੋਕਪ੍ਰਿਯ ਦੇਵਤਾ ਹੈ ਜਿਸ ਨੂੰ ਭੋਲੇ-ਭੰਡਾਰੀ ਵੀ ਕਿਹਾ ਜਾਂਦਾ ਹੈ ਇਸ ਲਈ ਮੰਨਿਆ ਜਾਂਦਾ ਹੈ ਸ਼ਿਵ ਆਪਣੇ ਭਗਤਾਂ ਦੀ ਭਗਤੀ ਤੋਂ ਜਲਦੀ ਖੁਸ਼ ਹੋ ਜਾਂਦਾ ਹੈ ਤੇ ਫਲ ਵੀ ਜਲਦੀ ਹੀ ਦਿੰਦਾ ਹੈ
ਪੰਜਾਬੀ ਲੋਕ ਧਰਮ ਨੂੰ ਮੇਲੇ ਵਾਂਗ ਹੀ ਸਮਝਦੇ ਹਨ। ਪੰਜਾਬੀਆਂ ਲਈ ਧਰਮ ਸ਼ਕਤੀ ਵੀ ਹੈ ਪੰਜਾਬ ਦੀ ਮਿੱਟੀ ਵਿਚ ਧਰਮ ਦੀ ਬਹੁਤਾਂਤ ਹੈ ਪੰਜਾਬ ਦੇ ਪ੍ਰਾਚੀਨ ਮੇਲੇ ਸਿੱਧਾ, ਜੋਗੀਆਂ ਦੇ ਨਾਲ ਸੰਬੰਧਤ। ਇਸ ਤਰ੍ਹਾਂ ਸ਼ਿਵ ਪੂਜਾ ਪੰਜਾਬੀ ਲੋਕ ਧਰਮ ਵਿਚ ਪਰੰਪਰਾਗਤ, ਵਿਸ਼ਵਾਸ਼ਾਂ, ਤਿਉਹਾਰਾਂ ਅਤੇ ਅਨੁਸ਼ਠਾਨਾਂ ਦਾ ਪ੍ਰਤਿਰੂਪ ਹੋ ਜਾਂਦੀ ਹੈ ।
ਸ਼ਿਵ ਮੰਦਰਾਂ ਵਿਚ ਵੀ ਸਮੇਂ-ਸਮੇਂ ਆਰਤੀ ਕੀਤੀ ਜਾਂਦੀ ਹੈ। ਆਰਤੀ ਇਕ ਧਾਰਮਿਕ ਰਸਮ ਹੈ ਅਤੇ ਆਰਤੀ ਉਤਾਰਨ ਲਈ ਸ਼ਿਵਲਿੰਗ ਅੱਗੇ ਥਾਲ ਵਿਚ ਘਿਉ ਦੀ ਜੋਤ ਜਗ੍ਹਾ ਕੇ ਫੁੱਲ, ਅਤੇ ਹੋਰ ਵਿੰਭਿੰਨ ਪ੍ਰਕਾਰ ਦੀ ਸਮੱਗਰੀ ਆਦਿ ਰੱਖ ਕੇ ਥਾਲ ਨੂੰ ਦੋਹਾਂ ਹੱਥਾਂ ਨਾਲ ਘੁੰਮਾ ਕੇ ਅਰਾਧਨਾ ਕੀਤੀ ਜਾਂਦੀ ਹੈ ਜਿਸ ਨਾਲ ਸ਼ਿਵ ਨੂੰ ਖੁਸ਼ ਕਰਕੇ ਆਪਣੀਆਂ ਮਾਨਤਾਵਾਂ ਦੀ ਪੂਰਤੀ ਤੇ ਦੁੱਖ-ਦਰਦਾਂ ਦਾ ਨਾਸ਼ ਕੀਤਾ ਜਾਂਦਾ ਹੈ।
ਪੰਜਾਬੀ ਲੋਕ ਧਰਮ ਵਿਚ ਆਰਤੀ ਦੀ ਪ੍ਰਥਾ ਸਦੀਆਂ ਤੋਂ ਚਲੀਆ ਰਹੀ। ਆਰਤੀ ਦੌਰਾਨ ਕਈ ਕਿਸਮ ਦੇ ਭਜਨ ਵੀ ਗਾਏ ਜਾਂਦੇ। ਇਸ ਤਰ੍ਹਾਂ ਸ਼ਿਵਜੀ ਦੇ ਆਤਰੀ ਸਮੇਂ ਵੀ ਭਜਨ ਗਾਏ ਜਾਂਦੇ ਹਨ। ਪ੍ਰੰਤੂ ਸ਼ਿਵਜੀ ਦੀ ਆਰਤੀ ਪੰਜਾਬੀ ਲੋਕ ਧਰਮ ਵਿਚ ਵਿਲੱਖਣਤਾ ਦੀ ਧਾਰਨੀ ਹੈ ਕਿਉਂਕਿ ਸ਼ਿਵਜੀ ਦੀ ਆਰਤੀ ਦੌਰਾਨ ਭਜਨ ਗਾਈਨ ਕਰਦੇ ਸਮੇਂ ਸ਼ਿਵ ਭਗਤ ਕਈ ਪ੍ਰਕਾਰ ਦੀਆਂ ਮੁਦਰਾਵਾਂ ਵੀ ਕਰਕੇ ਹਨ। ਜਿਵੇਂ ਇੱਕ ਲੱਤ ਤੇ ਖੜੇ ਹੋਣਾ, ਤਾੜੀ ਵਜਾਉਣੀ, ਕੰਨਾਂ ਨੂੰ ਹੱਥ ਲਗਾਉਣੇ ਆਦਿ। ਇਹ ਸਾਰੀਆਂ ਮੁਦਰਾਵਾਂ ਸ਼ਿਵ ਦੇ ਯੋਗੀ ਰੂਪ ਨੂੰ ਦਰਸਾਉਂਦੀਆਂ ਹਨ। ਸ਼ਿਵ ਇਕ ਅਜਿਹਾ ਦੇਵਤਾ ਹੈ ਜਿਸ ਦਾ ਹਰ ਰੂਪ ਲੋਕ-ਪਰੰਪਰਾ ਵਿਚ ਧਾਰਮਿਕ ਸ਼ਰਧਾ ਨਾਲ ਜੁੜਿਆ ਹੋਇਆ ਹੈ ਸ਼ਿਵ ਪੂਜਾ ਦੇ ਬਹੁਤ ਸਾਰੇ ਪਾਸਾਰ ਹਨ। ਲੋਕ ਧਰਮ ਵਿੱਚ ਸ਼ਿਵ ਦੀ ਮਿਥ ਲੰਮੇ ਸਮੇਂ ਤੱਕ ਪ੍ਰਚਲਿਤ ਰਹਿਣ ਕਰਕੇ ਬਹੁਤ ਗੁੰਝਲਦਾਰ ਬਣ ਗਈ ਹੈ
ਪੰਜਾਬ ਵਿਚ ਜਗ੍ਹਾ-ਜਗ੍ਹਾ ਤੇ ਸ਼ਿਵ ਨਾਲ ਸੰਬੰਧਤ ਪੌਰਾਣਿਕ ਸਥਾਨ ਮਿਲਦੇ ਹਨ। ਪੰਜਾਬ ਵਿਚ ਸ਼ਿਵ ਪੂਜਾ ਬਹੁਤ ਪ੍ਰਚਲਿਤ ਹੋਣ ਕਰਕੇ ਇਸ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾ ਵਿਚ ਸ਼ਿਵ ਮੰਦਰ ਆਮ ਹੀ ਮਿਲ ਜਾਂਦੇ ਹਨ। ਪੰਜਾਬੀ ਲੋਕ ਧਰਮ ਵਿਚ ਸ਼ਿਵ ਦੀ ਪੂਜਾ ਪੂਰਵ ਇਤਿਹਾਸਕਾਲ ਤੋਂ ਹੁੰਦੀ ਆ ਰਹੀ ਹੈ ਲੋਕ ਮਨਾ ਉਤੇ ਸ਼ਿਵ ਪੂਜਾ ਤੇ ਕਰਮ-ਕਾਡਾਂ ਦਾ ਸ਼ੁਰੂ ਤੋਂ ਹੀ ਬਹੁਤ ਪ੍ਰਭਾਵ ਰਿਹਾ ਹੈ ਲੋਕ ਧਰਮ ਵਿਚ ਸ਼ਿਵ ਪੂਜਾ ਨਿਯਮਾਂ ਦੀ ਜਗ੍ਹਾਂ ਭਗਤੀ ਭਾਵ ਤੇ ਸ਼ਰਧਾ ਦੀ ਧਾਰਣੀ ਹੈ। ਸ਼ਿਵ ਮਹਾਨ ਸ਼ਕਤੀ ਦਾ ਸੋਮਾ ਹੈ ਇਸ ਲਈ ਇਸ ਨੂੰ ਖੁਸ਼ ਕਰਨ ਅਤੇ ਰਿਝਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾ ਕੀਤੀਆਂ ਜਾਂਦੀਆਂ ਹਨ ਜਿਵੇਂ ਸ਼ਿਵ ਨਾਲ ਸੰਬੰਧਤ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਹਨ। ਲੋਕ ਧਰਮ ਵਿਚ ਸ਼ਿਵ ਨਾਲ ਸੰਬੰਧਤ ਬਹੁਤ ਸਾਰੀਆਂ ਪੂਜਾ ਵਿਧੀਆਂ, ਮਾਨਤਾਵਾਂ, ਤਿਉਹਾਰ, ਵਰਤ ਆਦਿ ਸ਼ਾਮਿਲ ਹਨ। ਸ਼ਿਵ ਪੂਜਾ ਮਨੁੱਖੀ ਵਿਸ਼ਵਾਸ ਉਸਦੀ ਮਾਨਸਿਕਤਾ ਦੀਆਂ ਮਨੌਤਾਂ ਦਾ ਆਧਾਰ ਬਣ ਚੁੱਕੀ ਹੈ ਸ਼ਿਵ ਦੀ ਪੂਜਾ, ਰਸਮਾਂ-ਰੀਤਾਂ, ਸੰਸਕਾਰਾਂ ਤੇ ਭਾਈਚਾਰਕ ਸਾਂਝ ਦੀ ਧਾਰਨੀ ਹੈ ਇਸ ਕਰਕੇ ਇਹ ਵਿਲੱਖਣ ਪੂਜਾ ਪੰਜਾਬ ਲੋਕ ਧਰਮ ਵਿਚ ਵਿਸ਼ੇਸ ਮਹੱਤਵ ਰੱਖਦੀ ਹੈ
ਡਾ ਨਰਿੰਦਰ ਕੌਰ
ਮੋਬਾਇਲ 9988138529