ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ - ਮੇਘ ਰਾਜ ਮਿੱਤਰ
ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ 'ਆਤਮਾ' ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ 'ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਏਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸਨੂੰ ਕੱਟ ਨਹੀਂ ਸਕਦੀ। ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ। ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਪ੍ਰਤੀਸ਼ਤ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ- ਪੰਜ ਸਾਲਾਂ ਵਿੱਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਓ ਵੇਖੀਏ ਕਿ ਕੀ ਸਰੀਰ ਵਿੱਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?
ਬਹੁਤ ਸਾਰੇ ਵਿਅਕਤੀ ਕਹਿੰਦੇ ਹਨ ਕਿ ਇਹ ਪੂਰੇ ਸਰੀਰ ਵਿੱਚ ਹੁੰਦੀ ਹੈ। ਜਿੰਨ੍ਹਾਂ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਪੂਰੀ ਤਰ੍ਹਾਂ ਕਟ ਜਾਂਦੀਆਂ ਹਨ, ਕੀ ਉਹਨਾਂ ਦੀ ਆਤਮਾ ਅੱਧੀ ਰਹਿ ਜਾਂਦੀ ਹੈ। ਸਟੀਫਨ ਹਾਕਿੰਗ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਰ੍ਹੇ ਅਪੰਗ ਰਿਹਾ। ਕੀ ਉਸ ਵਿੱਚ ਵਿਚਾਰ ਨਹੀਂ ਸਨ? ਕੀ ਉਹ ਸਰੀਰ ਵਿੱਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਸੀ ਕਰਦਾ? ਪਰ ਫਿਰ ਵੀ ਉਸਨੇ ਦੁਨੀਆਂ ਨੂੰ ਸਾਇੰਸ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਕੀਤਾ। ਹੁਣ ਜੇ ਇਹ ਸਾਰੇ ਸਰੀਰ ਵਿੱਚ ਨਹੀਂ ਰਹਿੰਦੀ ਤਾਂ ਕਈਆਂ ਦਾ ਵਿਚਾਰ ਹੈ ਕਿ ਇਹ ਦਿਲ ਵਿੱਚ ਰਹਿੰਦੀ ਹੈ। ਹਰ ਰੋਜ਼ ਹਜ਼ਾਰਾਂ ਵਿਅਕਤੀਆਂ ਦੇ ਦਿਲਾਂ ਦੇ ਓਪਰੇਸ਼ਨ ਧਰਤੀ ਉੱਪਰ ਹੁੰਦੇ ਹਨ। ਜਿਉਂਦੇ ਵਿਅਕਤੀਆਂ ਦੇ ਖਰਾਬ ਹੋਏ ਦਿਲ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਮਰੇ ਹੋਏ ਵਿਅਕਤੀਆਂ ਦੇ ਦਿਲ ਰੱਖ ਦਿੱਤੇ ਜਾਂਦੇ ਹਨ। ਤਾਂ ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਂਦੀ ਹੈ। ਕੁੱਝ ਵਿਅਕਤੀਆਂ ਦਾ ਵਿਚਾਰ ਹੈ ਕਿ ਇਹ ਦਿਮਾਗ ਵਿੱਚ ਰਹਿੰਦੀ ਹੈ। ਪਰ ਦਿਮਾਗਾਂ ਦੇ ਵੀ ਹਜ਼ਾਰਾਂ ਓਪਰੇਸ਼ਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹਰ ਰੋਜ਼ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਅੱਜ ਤਾਂ ਪੂਰੇ ਸਿਰ ਨੂੰ ਹੀ ਟਰਾਂਸਪਲਾਂਟ ਕਰਨ ਦੇ ਯਤਨ ਸਫ਼ਲਤਾ ਦੇ ਨੇੜੇ ਹਨ। ਕੀ ਅਜਿਹੇ ਵਿਅਕਤੀਆਂ ਦੀ ਆਤਮਾ ਬਦਲ ਜਾਵੇਗੀ? ਕਦੇ ਕਿਸੇ ਡਾਕਟਰ ਨੇ ਕਿਸੇ ਆਤਮਾ ਦਾ ਭਾਰ, ਰੰਗ ਰੂਪ ਅਤੇ ਆਕਾਰ ਨਹੀਂ ਦੱਸਿਆ। ਵਿਗਿਆਨ ਵਿੱਚ ਮਾਦੇ ਦੀ ਪਰਿਭਾਸ਼ਾ ਹੈ, ਜੋ ਰੰਗ ਰੂਪ ਰਖਦਾ ਹੋਵੇ, ਆਕਾਰ ਹੋਵੇ, ਭਾਰ ਰੱਖਦਾ ਹੋਵੇ, ਉਹ ਹੀ ਪਦਾਰਥ ਹੋ ਸਕਦਾ ਹੈ। ਇਸ ਲਈ ਆਤਮਾ ਪਦਾਰਥਕ ਵਸਤੂ ਨਹੀਂ ਹੋ ਸਕਦੀ। ਜੇ ਇਹ ਪਦਾਰਥ ਹੁੰਦਾ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਨਿਕਲਣ ਸਮੇਂ ਇਸ (ਆਤਮਾ) ਨੂੰ ਫੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਰੱਖ ਕੇ ਵਿਅਕਤੀਆਂ ਨੂੰ ਜੀਵਿਤ ਕਰ ਲਿਆ ਹੁੰਦਾ। ਪਰ ਅਜਿਹਾ ਨਹੀਂ ਹੈ। ਆਤਮਾ ਨੂੰ ਰੂਹ ਵੀ ਕਿਹਾ ਜਾਂਦਾ ਹੈ। ਕਦੇ ਕਿਸੇ ਨੇ ਦੱਸਿਆ ਕਿ ਇਹ ਰੂਹ ਬੱਚੇ ਵਿੱਚ ਕਦੋਂ ਦਾਖ਼ਲ ਹੁੰਦੀ ਹੈ ਅਤੇ ਇਨ੍ਹਾਂ ਆਤਮਾਵਾਂ ਦਾ ਟਿਕਾਣਾ ਕਿੱਥੇ ਹੁੰਦਾ ਹੈ? ਅੱਜ ਵਿਗਿਆਨਕਾਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰਾਂ ਤੱਕ ਝਾਤੀ ਮਾਰ ਆਈਆਂ ਹਨ ਅਤੇ ਮਾਰ ਰਹੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਟਿਕਾਣਾ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਦੇ ਗਤੀ ਕਰਨ ਦੀ ਸਪੀਡ ਕਿਸੇ ਮਹਾਤਮਾ ਵਰਗ ਨੇ ਦੱਸੀ ਹੈ। ਸਿਰਫ਼ ਇਹ ਹੀ ਕਿਹਾ ਜਾਂਦਾ ਹੈ ਕਿ ਸਰੀਰ ਵਿੱਚ ਆਤਮਾ ਦਾ ਵਾਸਾ ਹੁੰਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਬੱਚੇ ਵਿੱਚ ਦਾਖਲ ਹੁੰਦੀ ਹੈ ਤਾਂ ਇਸਦਾ ਦਾਖਲਾ ਕਦੋਂ ਹੁੰਦਾ ਹੈ? ਗਰਭ ਦੇ ਪਹਿਲੇ ਦਿਨ ਸੈੱਲਾਂ ਦੇ ਜੁੜਨ ਸਮੇਂ ਇਹ ਸੈੱਲ ਦੋ ਭਾਗਾਂ ਵਿੱਚ ਟੁੱਟ ਜਾਂਦੇ ਹਨ। ਕੀ ਉਨ੍ਹਾਂ ਬੱਚਿਆਂ ਦੀ ਆਤਮਾ ਵੀ ਦੋ ਭਾਗਾਂ ਵਿੱਚ ਟੁੱਟ ਜਾਂਦੀ ਹੈ? 1998 ਵਿੱਚ ਅਮਰੀਕਾ ਦੇ ਸ਼ਹਿਰ ਟੈਕਸਾ ਵਿੱਚ ਇੱਕ ਔਰਤ ਨੇ ਇਕੱਠੇ ਅੱਠ ਬੱਚਿਆਂ ਨੂੰ ਜਨਮ ਦਿੱਤਾ। ਇਸਤਰੀ-ਪੁਰਸ਼ ਦੇ ਜੁੜਨ ਵਾਲੇ ਸੈੱਲ ਜੁੜਨ ਤੋਂ ਬਾਅਦ ਅੱਠ ਭਾਗਾਂ ਵਿੱਚ ਟੁੱਟ ਗਏ। ਉਨ੍ਹਾਂ ਅੱਠਾਂ ਵਿੱਚ ਮਾਂ ਪਿਓ ਦੇ ਗੁਣ ਤਾਂ ਡੀ ਐਨ ਏ ਰਾਹੀਂ ਪ੍ਰਵੇਸ਼ ਕਰ ਗਏ ਪਰ ਕੀ ਉਨ੍ਹਾਂ ਦੀ ਆਤਮਾ ਅੱਠ ਭਾਗਾਂ ਵਿੱਚ ਟੁੱਟ ਗਈ ਸੀ ਜਾਂ ਅੱਠ ਆਤਮਾਵਾਂ ਉਨ੍ਹਾਂ ਵਿੱਚ ਇੱਕੋ ਸਮੇਂ ਦਾਖਲ ਹੋ ਗਈਆਂ? ਕਹਿੰਦੇ ਹਨ ਕਿ ਆਤਮਾ ਬੱਚੇ ਦੇ ਸਰੀਰ ਵਿੱਚ ਦਿਲ ਦੀ ਧੜਕਨ ਨਾਲ ਦਾਖਲ ਹੋ ਜਾਂਦੀ ਹੈ ਦਿਲ ਤਾਂ ਭਰੂਣ ਦੇ 23ਵੇ ਦਿਨ ਹੀ ਧੜਕਣਾ ਸ਼ੁਰੂ ਕਰ ਦਿੰਦਾ ਹੈ। ਛੇ ਮਹੀਨੇ ਬਾਅਦ ਡਾਕਟਰ ਅਕਸਰ ਹੀ ਬੱਚੇ ਨੂੰ ਬਚਾ ਲੈਂਦੇ ਹਨ। ਦੋ ਚਾਰ ਕੇਸਾਂ ਵਿੱਚ ਡਾਕਟਰਾਂ ਨੇ ਓਪਰੇਸ਼ਨ ਰਾਹੀਂ ਪੇਟ ਵਿੱਚੋਂ ਬੱਚਾ ਚੁੱਕ ਕੇ ਬਾਹਰ ਕੱਢ ਲਿਆ ਅਤੇ ਉਸ ਦੇ ਦਿਲ ਦਾ ਓਪਰੇਸ਼ਨ ਕਰ ਕੇ ਉਸ ਨੂੰ ਮੁੜ ਪੇਟ ਵਿੱਚ ਰੱਖ ਦਿੱਤਾ। ਕੀ ਇਨ੍ਹਾਂ ਦੀ ਆਤਮਾ ਪੇਟ 'ਚੋਂ ਬੱਚਾ ਬਾਹਰ ਕੱਢਣ ਸਮੇਂ ਬਾਹਰ ਨਿਕਲ ਗਈ ਸੀ? ਪੇਟ ਵਿੱਚ ਦੁਬਾਰਾ ਰੱਖਣ ਤੇ ਦੁਬਾਰਾ ਚਲ ਗਈ ਸੀ ਅਤੇ ਜਨਮ ਲੈਣ ਸਮੇਂ ਫਿਰ ਵਾਪਸ ਆ ਗਈ ਸੀ? ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ - ਜਨਮ ਸਮੇਂ ਪੇਟ ਵਿੱਚੋਂ ਦੋ ਜੁੜਵੇਂ ਬੱਚੇ ਨਿਕਲ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਨੂੰ ਸ਼ਿਆਮੀ ਬੱਚੇ ਕਿਹਾ ਜਾਂਦਾ ਹੈ। ਕੀ ਇਨ੍ਹਾਂ ਵਿੱਚ ਇੱਕੋ ਆਤਮਾ ਹੁੰਦੀ ਹੈ, ਜੋ ਜੁੜੀ ਹੁੰਦੀ ਹੈ? ਜਾਂ ਦੋ ਆਤਮਾਵਾਂ ਹੁੰਦੀਆਂ ਹਨ? ਜਿਸ ਸਰੀਰ ਵਿੱਚ ਆਤਮਾ ਹੁੰਦੀ ਹੈ, ਕੀ ਇਹ ਮੌਤ ਸਮੇਂ ਬਾਹਰ ਨਿਕਲ ਜਾਂਦੀ ਹੈ? ਪਰ ਅਸੀਂ ਵੇਖਿਆ ਹੈ ਕਿ ਡਾਕਟਰ ਮੌਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਬੰਦਿਆਂ ਨੂੰ ਬਚਾ ਲੈਂਦੇ ਹਨ। ਉਨ੍ਹਾਂ ਦੇ ਸਰੀਰਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਜਾਂਦਾ ਹੈ। ਬਣਾਵਟੀ ਸਾਹ ਪ੍ਰਣਾਲੀ ਅਤੇ ਖੂਨ ਗੇੜ ਪ੍ਰਣਾਲੀ ਰਾਹੀਂ ਜੀਵਿਤ ਰੱਖਿਆ ਜਾਂਦਾ ਹੀ ਨਹੀਂ ਜਾਂਦਾ, ਜੀਵਿਤ ਕਰਨ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਮੌਜੂਦ ਹਨ।
ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿੰਨ੍ਹਾਂ ਵਿਅਕਤੀਆਂ ਨੂੰ ਬੇਹੋਸ ਕਰਕੇ ਅਪਰੇਸ਼ਨ ਕੀਤੇ ਜਾਂਦੇ ਹਨ, ਕੀ ਉਨ੍ਹਾਂ ਵਿੱਚ ਉਸ ਸਮੇਂ ਉਨ੍ਹਾਂ ਦੀ ਆਤਮਾ ਨੂੰ ਛੁੱਟੀ 'ਤੇ ਭੇਜ ਦਿੱਤਾ ਜਾਂਦਾ ਹੈ? 27 ਨਵੰਬਰ 1973 ਨੂੰ (24 ਸਾਲ ਦੀ ਉਮਰ ਵਿੱਚ) ਇੱਕ ਹਸਪਤਾਲ ਵਿੱਚ ਹਸਪਤਾਲ ਦੇ ਹੀ ਇੱਕ ਲੜਕੇ ਨੇ ਅਰੁਣਾ ਸ਼ਾਨਬਾਗ ਨਾਲ ਬਲਾਤਕਾਰ ਕੀਤਾ। ਅਜਿਹੀ ਸੱਟ ਮਾਰੀ ਕਿ ਉਹ ਉਸੇ ਦਿਨ ਕੌਮਾ ਵਿੱਚ ਚਲੀ ਗਈ ਤੇ 42 ਸਾਲ ਕੌਮਾਂ ਵਿੱਚ ਰਹਿ 18 ਮਈ 2015 ਨੂੰ ਉਸ ਦੀ ਮੌਤ ਹੋ ਗਈ। ਕੀ ਇਸ ਔਰਤ ਦੀ ਆਤਮਾ ਉਸ ਸਮੇਂ ਦੌਰਾਨ ਉਸ ਦੇ ਸਰੀਰ ਵਿੱਚ ਰਹੀ? ਕੀ ਆਤਮਾ ਕਿਸੇ ਦੂਸਰੇ ਦੀ ਮਰਜ਼ੀ ਨਾਲ ਸਰੀਰ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ? ਜੇ ਕੋਈ ਵਿਅਕਤੀ ਇਸ ਸਬੰਧੀ ਨਾਂਹ ਕਹਿੰਦਾ ਹੈ ਤਾਂ ਉਹ ਇੱਕ ਤਜ਼ਰਬਾ ਕਰਕੇ ਦੇਖ ਸਕਦਾ ਹੈ।
ਸਾਇਆਨਾਈਡ ਦੀ ਇੱਕ ਗੋਲੀ ਉਸ ਦੀ ਆਤਮਾ ਨੂੰ ਉਸ ਤੋਂ ਸਦਾ ਲਈ ਮੁਕਤ ਕਰ ਦੇਵੇਗੀ। ਦੋ ਵਾਰ ਮੇਰੀ ਮੁਲਾਕਾਤ ਕੁੱਝ ਅਜਿਹੇ ਵਿਅਕਤੀਆਂ ਨਾਲ ਵੀ ਹੋ ਚੁੱਕੀ ਹੈ, ਜਿਹੜੇ ਕਹਿੰਦੇ ਹਨ ਕਿ ਆਤਮਾਵਾਂ ਧਰਤੀ ਰਾਹੀਂ ਆਪਣੀ ਹੋਂਦ ਦੇ ਸਿਗਨਲ ਦਿੰਦੀਆਂ ਹਨ ਅਤੇ ਭੂਤਵਾੜਿਆਂ ਵਿੱਚੋਂ ਭੂਤਾਂ ਦੁਆਰਾ ਛੱਡੇ ਗਏ ਸਿਗਨਲ ਫੜਦੇ ਹਨ। ਅਸਲ ਵਿੱਚ ਉਹ ਬੜੀ ਚਲਾਕ ਕਿਸਮ ਦੇ ਲੋਕ ਹਨ। ਉਹ ਨਵੀਂ ਕਿਸਮ ਦੇ ਬਾਬੇ ਪੈਦਾ ਹੋ ਰਹੇ ਹਨ। ਉਹ ਲੋਕਾਂ ਦੀ ਨਵੇਂ ਢੰਗ ਨਾਲ ਲੁੱਟ ਕਰ ਰਹੇ ਹਨ। ਉਨ੍ਹਾਂ ਕੋਲ ਕੁੱਝ ਅਜਿਹੇ ਯੰਤਰ ਰੱਖੇ ਹੁੰਦੇ, ਜਿਹੜੇ ਆਵਾਜ਼ ਜਾਂ ਪ੍ਰਕਾਸ਼ ਦੀਆਂ ਤਰੰਗਾਂ ਨੂੰ ਜਾਂ ਸੂਰਜ ਤੋਂ ਉੱਠਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਦੇ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਦੇ ਯੰਤਰਾਂ ਵਿੱਚ ਅਜਿਹੇ ਸਿਗਨਲ ਆ ਵੀ ਜਾਂਦੇ ਹਨ।
ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੇ ਗਰਭ ਵਿੱਚ ਬੇਸ਼ੁਮਾਰ ਤਰਲ ਪਦਾਰਥ ਭਰੇ ਹੋਏ ਹਨ। ਧਰਤੀ ਦੀਆਂ ਗਤੀਆਂ ਕਾਰਨ ਹਰ ਰੋਜ਼ ਸੈਂਕੜੇ ਛੋਟੇ ਵੱਡੇ ਭੂਚਾਲ ਧਰਤੀ 'ਤੇ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦੁਆਰਾ ਛੱਡੀਆਂ ਗਈਆਂ ਕਿਰਨਾਂ ਅਜਿਹੇ ਯੰਤਰਾਂ ਦੇ ਸਿਗਨਲ ਵਿੱਚ ਆ ਜਾਂਦੀਆਂ ਹਨ। ਸੂਰਜ ਤੋਂ ਵੀ ਸੂਰਜੀ ਤੂਫਾਨ ਉੱਠਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਹੀ ਧਰਤੀ ਦੇ ਚੁੰਬਕੀ ਧਰੁਵ ਅਜਿਹੇ ਵਿਕਿਰਨ ਪੈਦਾ ਕਰਦੇ ਹਨ।
ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਸਰੀਰ ਦਾਨ ਜਾਂ ਅੰਗ ਦਾਨ ਕਰ ਦਿੰਦੇ ਹਨ ਤਾਂ ਕੀ ਉਹਨਾਂ ਦੀ ਆਤਮਾ ਮੁਕਤ ਨਹੀਂ ਹੁੰਦੀ? ਮੇਰੇ ਪਿਤਾ ਜੀ ਮੁਕਤੀ ਦੇ ਸੰਕਲਪ ਦੇ ਵਿਰੋਧ ਸਨ। 2006 ਵਿੱਚ ਉਨਾਂ ਨੇ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਖੋਜ਼ ਕਰਨ ਲਈ ਆਪਣਾ ਮ੍ਰਿਤਕ ਸਰੀਰ ਦਾਨ ਵਿੱਚ ਦੇ ਦਿੱਤਾ। ਉਸ ਤੋਂ ਬਾਅਦ ਤਾਂ ਸੈਂਕੜੇ ਵਿਅਕਤੀਆਂ ਨੇ ਹਸਪਤਾਲਾਂ ਨੂੰ ਆਪਣੇ ਸਰੀਰ ਦਾਨ ਵਿੱਚ ਦੇ ਦਿੱਤੇ। ਇਨ੍ਹਾਂ ਵਿਚਾਰਿਆਂ ਦੀਆਂ ਆਤਮਾਵਾਂ ਦਾ ਕੀ ਬਣਿਆਂ? ਕੀ ਇਨ੍ਹਾਂ ਦੀ ਮੁਕਤੀ ਹੋਊ ਜਾਂ ਨਹੀਂ?
ਮੈਨੂੰ ਬਹੁਤ ਸਾਰੇ ਵਿਅਕਤੀਆਂ ਨੇ ਪੱਛਿਆ ਹੈ ਕਿ ਜੇ ਸਰੀਰ ਵਿੱਚ ਆਤਮਾ ਨਹੀਂ ਹੁੰਦੀ ਤਾਂ ਸਰੀਰ ਵਿੱਚ ਬੋਲਦਾ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛ ਲੈਂਦਾ ਹਾਂ ਕਿ ਰੇਡੀਓ ਅਤੇ ਟੈਲੀਵਿਜ਼ਨ ਵਿੱਚ ਬੋਲਣ ਵਾਲੀ ਕਿਹੜੀ ਚੀਜ਼ ਹੁੰਦੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਮਸ਼ੀਨੀ ਯੰਤਰ ਹਨ। ਜੇ ਬੋਲਣੋ ਹਟ ਜਾਣ ਤਾਂ ਅਸੀਂ ਇਸ ਨੂੰ ਰਿਪੇਅਰ ਕਰਵਾ ਲੈਂਦੇ ਹਾਂ। ਪਰ ਮਕੈਨਿਕ ਇਨ੍ਹਾਂ ਵਿੱਚ ਆਤਮਾਵਾਂ ਤਾਂ ਮੁੜ ਦਾਖਲ ਨਹੀਂ ਕਰਦੇ। ਉਹ ਤਾਂ ਇਨ੍ਹਾਂ ਦੀਆਂ ਬਿਜਲੀ, ਚੁੰਬਕੀ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਠੀਕ ਕਰਦੇ ਹਨ। ਸਾਡਾ ਸਰੀਰ ਵੀ ਠੀਕ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਬਣਿਆ ਹੋਇਆ ਹੁੰਦਾ ਹੈ। ਸਰੀਰ ਵਿੱਚ ਸੈੱਲ ਹੁੰਦੇ ਹਨ। ਸੈੱਲਾਂ ਦੇ ਸਮੂਹ ਨੂੰ ਅਸੀਂ ਅੰਗ ਆਖਦੇ ਹਾਂ। ਕੁੱਝ ਅੰਗ ਜੁੜਨ ਨਾਲ ਅੰਗ ਪ੍ਰਣਾਲੀ ਬਣ ਜਾਂਦੀ ਹੈ ਅਤੇ ਕਈ ਅੰਗ ਪ੍ਰਣਾਲੀਆਂ ਦਾ ਸਮੂਹ ਸਰੀਰ ਦੀ ਰਚਨਾ ਕਰਦਾ ਹੈ। ਜਿਵੇਂ ਮਨੁੱਖੀ ਸਰੀਰ ਵਿੱਚ ਪਿੰਜਰ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚ ਵਿਚਾਰ ਪ੍ਰਣਾਲੀ, ਸਾਹ ਪ੍ਰਣਾਲੀ ਆਦਿ ਹੁੰਦੀਆਂ ਹਨ। ਇਨ੍ਹਾਂ ਵਿੱਚ ਆਪਸੀ ਤਾਲੇਮਲ ਵੀ ਹੁੰਦਾ ਹੈ। ਜਿੰਨਾਂ ਚਿਰ ਸਾਡੀਆਂ ਅੰਗ ਪ੍ਰਣਾਲੀਆਂ ਠੀਕ ਰਹਿੰਦੀਆਂ ਹਨ, ਓਨਾ ਚਿਰ ਸਾਡਾ ਸਰੀਰ ਸਮੂਹ ਕਿਰਿਆਵਾਂ ਕਰਦਾ ਰਹਿੰਦਾ ਹੈ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਫੇਲ੍ਹ ਹੋ ਜਾਣ ਕਾਰਨ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮੌਤ ਹੋ ਜਾਂਦੀ ਹੈ। ਜਿਵੇਂ ਦਿਲ ਸਾਡੇ ਸਰੀਰ ਦੀ ਮਹੱਤਵਪੂਰਨ ਪ੍ਰਣਾਲੀ ਹੈ। ਦਿਲ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਕਈ ਵਾਰ ਡਾਕਟਰ ਦਿਲ ਨੂੰ ਮੁੜ ਚਾਲੂ ਕਰ ਲੈਂਦੇ ਹਨ ਤੇ ਸਰੀਰ ਮੁੜ ਕਾਰਜਸ਼ੀਲ ਹੋ ਜਾਂਦਾ ਹੈ।
ਸਰੀਰ ਨੇ ਚੱਲਣ ਫਿਰਨ, ਬੋਲਣ ਅਤੇ ਗਰਮੀ ਸਰਦੀ ਮਹਿਸੂਸ ਕਰਨ ਦਾ ਇਹ ਹੁਨਰ ਕਿੱਥੋਂ ਸਿੱਖਿਆ ਹੈ? ਮਨੁੱਖ ਦਾ ਇਤਿਹਾਸ ਅਰਬਾਂ ਵਰ੍ਹਿਆਂ ਦਾ ਹੈ। ਲਗਭਗ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਅਮੀਬਾ ਹੋਂਦ ਵਿੱਚ ਆ ਗਿਆ ਸੀ। ਅਮੀਬੇ ਤੋਂ ਮਨੁੱਖੀ ਵਿਕਾਸ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹ ਮੱਛੀਆਂ, ਚੂਹਿਆਂ ਅਤੇ ਬਾਂਦਰਾਂ ਵਿੱਚੋਂ ਦੀ ਹੁੰਦੀ ਹੋਈ ਮਨੁੱਖ ਤੱਕ ਪਹੁੰਚੀ ਹੈ। ਡਾਰਵਿਨ ਅਨੁਸਾਰ ਹਰੇਕ ਜੀਵ ਨੂੰ ਜਿਉਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੌਰਾਨ ਵਰਤੋਂ ਵਿੱਚ ਆੳਣ ਵਾਲੇ ਲੋੜੀਂਦੇ ਅੰਗ ਵਿਕਸਿਤ ਹੁੰਦੇ ਜਾਂਦੇ ਹਨ ਅਤੇ ਬੇਲੋੜੇ ਅੰਗ ਕਮਜ਼ੋਰ ਹੁੰਦੇ ਹੁੰਦੇ ਖ਼ਤਮ ਹੋ ਜਾਂਦੇ ਹਨ। ਅਸੀਂ ਅੱਜ ਵੀ ਜਾਣਦੇ ਹਾਂ ਕਿ ਜੇ ਚੂਨੇ ਵਿੱਚ ਪਾਣੀ ਪਾ ਦੇਈਏ ਤਾਂ ਉਹ ਕੁੱਝ ਸਮੇਂ ਬਾਅਦ ਗਰਮ ਹੋਣਾ, ਹਰਕਤ ਕਰਨੀ ਅਤੇ ਸੂੰ-ਸੂੰ ਦੀ ਆਵਾਜ਼ ਪੈਦਾ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਵੱਖ-ਵੱਖ ਰਸਾਇਣਕ ਪਦਾਰਥਾਂ ਵਿੱਚ ਹੁੰਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਬਿਜਲੀ, ਚੁੰਬਕੀ ਤਰੰਗਾਂ ਅਤੇ ਰਸਾਇਣਿਕ ਗੁਣ ਪ੍ਰਾਪਤ ਕਰ ਗਿਆ। ਅੱਜ ਸਾਡੇ ਦਿਮਾਗ ਵਿੱਚ ਸੋਚ-ਵਿਚਾਰ ਦਾ ਕੰਮ ਕਰਦੀਆਂ ਇਹ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੀ ਹਨ, ਜਿਹੜੀਆਂ ਸਾਡੀ ਯਾਦਾਸ਼ਤ ਨੂੰ ਕਾਇਮ ਰੱਖਦੀਆਂ ਹਨ। ਮਰਨ ਤੋਂ ਬਾਅਦ ਜਦੋਂ ਸਾਡੇ ਸਰੀਰ ਦੇ ਸਾਰੇ ਪਦਾਰਥ ਹੀ ਨਸ਼ਟ ਹੋ ਜਾਂਦੇ ਹਨ ਤਾਂ ਸਾਡੀਆਂ ਰਸਾਇਣੀ, ਬਿਜਲਈ ਅਤੇ ਚੁੰਬਕੀ ਕਿਰਿਆਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਵਿਚਾਰ ਵੀ ਖਤਮ ਹੋ ਜਾਂਦੇ ਹਨ। ਸੋ ਆਤਮਾ ਇੱਕ ਲੁੱਟ-ਖਸੁੱਟ ਦਾ ਸਾਧਨ ਹੀ ਹੈ, ਹੋਰ ਕੁੱਝ ਵੀ ਨਹੀਂ।
ਮੇਘ ਰਾਜ ਮਿੱਤਰ,
ਸੰਸਥਾਪਕ ਤਰਕਸ਼ੀਲ ਸੁਸਾਇਟੀ,
ਤਰਕਸ਼ੀਲ ਨਿਵਾਸ, ਕੱਚਾ ਕਾਲਜ ਰੋਡ, ਬਰਨਾਲਾ
9888787440
ਆਖਿਰ ਚਿਮਨੀ ਢਾਹ ਦਿੱਤੀ - ਮੇਘ ਰਾਜ ਮਿੱਤਰ
1984 ਵਿੱਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਤੋਂ ਹੀ ਸਾਨੂੰ ਬਰਨਾਲੇ ਦੇ ਬਹੁਤ ਸਾਰੇ ਲੋਕ ਕਹਿਣ ਲੱਗ ਪਏ ਸਨ ਕਿ ਜੇ ਤੁਸੀਂ ਪ੍ਰੇਤ ਨੂੰ ਨਹੀਂ ਮੰਨਦੇ ਤਾਂ ਭੂਤਾਂ ਵਾਲੀ ਚਿਮਨੀ ਦੀ ਇੱਕ ਵੀ ਇੱਟ ਪੁੱਟ ਕੇ ਵਿਖਾਓ। ਅਸੀਂ ਕਹਿ ਛੱਡਦੇ ਸਾਂ ਕਿ ਜਦੋਂ ਵੀ ਮੌਕਾ ਮਿਲਿਆ ਅਸੀਂ ਇਸ ਸਮੁੱਚੀ ਚਿਮਨੀ ਨੂੰ ਢਾਹ ਦੇਵਾਂਗੇ। ਲੋਕਾਂ ਵਿੱਚ ਇਸ ਚਿਮਨੀ ਬਾਰੇ ਵੱਖ-ਵੱਖ ਵਿਚਾਰ ਸਨ। ਕੁੱਝ ਕਹਿੰਦੇ ਸਨ ਕਿ ''ਇਹ ਬਹੁਤ ਹੀ ਪੱਕੀ ਹੈ, ਇਸਦੀ ਇੱਟ ਪੁੱਟਣ ਵਾਲੇ ਦੇ ਪਰਿਵਾਰ ਦੇ ਕਿਸੇ ਜੀਅ ਦੀ ਮੌਤ ਹੋ ਜਾਣੀ ਲਾਜ਼ਮੀ ਹੈ।''
1940 ਵਿੱਚ ਇਸ ਚਿਮਨੀ ਵਾਲੇ ਸਥਾਨ ਤੇ ਇੱਕ ਕਪਾਹ ਦਾ ਕਾਰਖਾਨਾ ਉਸਾਰਿਆ ਗਿਆ। ਲੋਕਾਂ ਨੇ ਇਹ ਅਫ਼ਵਾਹ ਵੀ ਛੱਡੀ ਸੀ ਕਿ ਇਸ ਕਾਰਖਾਨੇ ਦੇ ਬੇਲਣੇ ਵਿੱਚ ਆ ਕੇ ਇੱਕ ਮੀਆਂ ਜੀ ਮਰ ਗਏ ਸਨ। ਜਦੋਂ ਕਿ ਅਜਿਹਾ ਕੁੱਝ ਨਹੀਂ ਸੀ ਵਾਪਰਿਆ। ਕਿਸੇ ਵੇਲੇ ਇਸ ਸਥਾਨ ਤੇ ਸਰਕਸ ਵੀ ਲੱਗੀ ਸੀ। ਸਰਕਸ ਦਾ ਇੱਕ ਕਲਾਕਾਰ ਉੱਚੇ ਥਾਂ 'ਤੇ ਡਿੱਗਣ ਕਾਰਨ ਜ਼ਰੂਰ ਮਰ ਗਿਆ ਸੀ। ਇਸ ਥਾਂ ਤੇ ਇੱਕ ਸੰਤ ਨੇ ਆ ਕੇ ਡੇਰਾ ਲਾ ਲਿਆ ਸੀ। ਚਿਮਨੀ ਬਾਰੇ ਲੋਕਾਂ ਵਿੱਚ ਇਹ ਅਫ਼ਵਾਹ ਸੀ ਕਿ ਇੱਕ ਵਾਰ ਚਿਮਨੀ ਟੇਡੀ ਹੋ ਗਈ ਸੀ। ਪਰ ਸਾਧ ਨੇ ਚਿਮਨੀ ਵਿੱਚ ਬੈਠ ਕੇ ਭਗਤੀ ਕੀਤੀ, ਜਿਸ ਕਾਰਨ ਇਹ ਸਿੱਧੀ ਹੋ ਗਈ।
ਅੱਜ ਤੋਂ ਛੇ ਕੁ ਸਾਲ ਪਹਿਲਾਂ ਬਰਨਾਲੇ ਦਾ ਇੱਕ ਪ੍ਰਾਪਰਟੀ ਡੀਲਰ ਆਇਆ ਤੇ ਕਹਿਣ ਲੱਗਿਆ ਕਿ ਤੁਹਾਨੂੰ ਚਿਮਨੀ ਵਾਲਾ ਪਲਾਟ ਸਸਤਾ ਲੈ ਦਿੰਦਾ ਹਾਂ। ਮੈਂ ਇਹ ਮੁਨਾਫ਼ੇ ਵਾਲਾ ਸੌਦਾ ਸਮਝ ਕੇ ਖਰੀਦ ਲਿਆ। ਢਾਹੁਣ ਲਈ ਮੈਂ ਬਰਨਾਲਾ, ਸੰਗਰੂਰ, ਮਾਲੇਰਕੋਟਲਾ ਅਤੇ ਹੋਰ ਬਹੁਤ ਸਾਰੇ ਥਾਵਾਂ 'ਤੇ ਇਨਾਂ ਕੰਮਾਂ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਪਰ ਭੂਤਾਂ ਦੇ ਡਰ ਕਾਰਨ ਕੋਈ ਵੀ ਵਿਅਕਤੀ ਇਸਨੂੰ ਢਾਹੁਣ ਦਾ ਠੇਕਾ ਲੈਣ ਲਈ ਤਿਆਰ ਨਾ ਹੋਇਆ। ਮਜ਼ਬੂਰਨ ਮੈਂ ਤਰਕਸ਼ੀਲਾਂ ਨਾਲ ਸੰਪਰਕ ਕੀਤਾ। ਫਗਵਾੜੇ ਦੇ ਕੁੱਝ ਤਰਕਸ਼ੀਲਾਂ ਨੇ ਇਸ ਨੂੰ ਢਾਹੁਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।
ਇਸ ਦੀ ਉਚਾਈ ਮਾਪਣ ਲਈ ਉਨਾਂ ਨੇ ਇੱਕ ਗੈਸੀ ਗੁਬਾਰਾ ਧਾਗੇ ਨਾਲ ਬੰਨ ਕੇ ਚਿਮਨੀ ਦੇ ਅੰਦਰ ਛੱਡ ਦਿੱਤਾ। ਜਦੋਂ ਇਸ ਤੇ ਸੂਰਜ ਦੀਆਂ ਕਿਰਨਾਂ ਪਈਆਂ ਤਾਂ ਉਨਾਂ ਨੇ ਧਾਗੇ ਨੂੰ ਗੱਠ ਮਾਰ ਦਿੱਤੀ। ਇਸ ਢੰਗ ਨਾਲ ਪਤਾ ਲੱਗਿਆ ਕਿ ਚਿਮਨੀ ਦੀ ਉਚਾਈ 101 ਫੁੱਟ ਹੈ।
ਢਾਹੁਣ ਲਈ 4-5 ਕਾਮੇ ਲਾਏ ਗਏ। ਇਨਾਂ ਨੇ 14 ਦਿਨਾਂ ਵਿੱਚ ਇਸ ਦੇ ਆਲੇ-ਦੁਆਲੇ ਪੈੜ ਬਣਾ ਲਈ। ਲੱਗਭੱਗ ਦੋ ਹਜ਼ਾਰ ਰੱਸੇ ਇਸ ਕੰਮ ਲਈ ਵਰਤੇ ਗਏ। ਕੰਮ ਕਰਨ ਵਾਲੇ ਤਰਕਸ਼ੀਲਾਂ ਦਾ ਬੀਮਾ ਵੀ ਕਰਵਾ ਦਿੱਤਾ ਗਿਆ ਤੇ ਉਨਾਂ ਨੂੰ ਹੈਲਮਟ ਅਤੇ ਸੇਫ਼ਟੀ ਬੈਲਟਾਂ ਵੀ ਖਰੀਦ ਦਿੱਤੀਆਂ ਗਈਆਂ। ਵਾਰ-ਵਾਰ ਤਾਕੀਦਾਂ ਦੇ ਬਾਵਜੂਦ ਉਨਾਂ ਨੇ ਕਦੇ ਵੀ ਹੈਲਮਟ ਜਾਂ ਸੇਫਟੀ ਬੈਲਟਾਂ ਦੀ ਵਰਤੋਂ ਨਾ ਕੀਤੀ। ਮੈਂ ਸਮਝਦਾ ਸੀ ਕਿ ਜੇ ਇੱਕ ਵੀ ਅਣਹੋਣੀ ਘਟਨਾ ਇਸ ਸਮੇਂ ਦੌਰਾਨ ਵਾਪਰ ਗਈ ਤਾਂ ਇਸ ਨਾਲ ਅੰਧਵਿਸ਼ਵਾਸ਼ੀਆਂ ਦੇ ਵਿਚਾਰਾਂ ਨੂੰ ਬਲ ਮਿਲੇਗਾ।
ਨਜ਼ਦੀਕ ਹੀ ਡੇਰਾ ਉਸਾਰ ਕੇ ਬੈਠੇ ਸਾਧ ਨੇ ਕਿਸੇ ਵਿਅਕਤੀ ਰਾਹੀਂ ਸਾਨੂੰ ਕਿਹਾ ਕਿ ਚਿਮਨੀ ਉੱਪਰ ਲੱਗਿਆ ਲੋਹੇ ਦਾ 'ਓਮ' ਉਸਦੇ ਡੇਰੇ ਵਿੱਚ ਚੜਾ ਦਿੱਤਾ ਜਾਵੇ ਪਰ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਸੋ, ਅਸੀਂ ਇਸ ਨੂੰ ਘਰ ਲੈ ਆਏ ਅਤੇ ਚਿਮਨੀ ਦੀ ਇੱਕ ਨਿਸ਼ਾਨੀ ਵਜੋਂ ਇਸ ਨੂੰ ਸਾਂਭ ਲਿਆ।
ਨਿਡਰ ਕਾਮਿਆਂ ਦੀ ਇੱਕ ਮਹੀਨੇ ਦੀ ਮਿਹਨਤ ਨੇ ਇਸ ਚਿਮਨੀ ਅਤੇ ਇਸ ਨਾਲ ਜੁੜੇ ਅੰਧਵਿਸ਼ਵਾਸ਼ ਦਾ ਸਦਾ ਲਈ ਭੋਗ ਪਾ ਦਿੱਤਾ। ਚਿਮਨੀ ਢਾਹੁਣ ਸਮੇਂ ਕੁੱਝ ਦਿਲਚਸਪੀ ਵਾਲੀਆਂ ਗੱਲਾਂ ਵੀ ਜ਼ਰੂਰ ਵਾਪਰੀਆਂ। ਜਿਵੇਂ ਕੁੱਝ ਵਿਅਕਤੀ ਤਰਕਸ਼ੀਲਾਂ ਨੂੰ ਥੜਕਾਉਣ ਤੇ ਡਰਾਉਣ ਲਈ ਕਹਿੰਦੇ ਰਹੇ ਕਿ ਤੁਹਾਡੀਆਂ ਕਬਰਾਂ ਇੱਥੇ ਹੀ ਬਣਨਗੀਆਂ। ਇੱਕ ਰਿਕਸ਼ੇ ਵਾਲਾ ਕਹਿਣ ਲੱਗਿਆ ਕਿ ''ਆਪ ਨੇ ਚਿਮਨੀ ਕਿਆ ਗਿਰਾ ਦੀ ਹੈ, ਆਪਨੇ ਤੋ ਉਸ ਜਗਾਂ ਕਾ ਐਡਰੇਸ ਹੀ ਗਾਇਬ ਕਰ ਦੀਆ। ਪਹਿਲੇ ਲੋਕ ਬਤਾ ਦੇਤੇ ਥੇ ਕਿ ਚਿਮਨੀ ਵਾਲੇ ਸਥਾਨ ਪੇ ਜਾਨਾ ਹੈ ਅਬ ਕਿਆ ਬਤਾਏਂਗੇ?''
ਜਦੋਂ ਚਿਮਨੀ ਦੀ ਉਚਾਈ 10 ਫੁੱਟ ਰਹਿ ਗਈ ਤਾਂ ਇੱਕ ਅੰਧਵਿਸ਼ਵਾਸ਼ੀ ਆਦਮੀ ਨੂੰ ਦੂਸਰਾ ਕਹਿਣ ਲੱਗਿਆ ਕਿ ਤਰਕਸ਼ੀਲਾਂ ਨੇ ਚਿਮਨੀ ਢਾਹ ਦਿੱਤੀ ਹੈ ਤਾਂ ਉਹ ਕਹਿਣ ਲੱਗਿਆ, ''ਅਜੇ ਕੀ ਹੈ ਭੂਤਾਂ ਤਾਂ ਚਿਮਨੀ ਦੇ ਵਿੱਚ ਹਨ ਜਦੋਂ ਸਾਰੀ ਢਾਹ ਦੇਣਗੇ ਉਦੋਂ ਪਤਾ ਲੱਗੇਗਾ।''
ਢੂਲੇ ਦਾ ਸਮਾਨ ਦੇਣ ਲਈ ਜਦੋਂ ਇੱਕ ਨੌਜਵਾਨ ਤਿਆਰ ਹੋਇਆ ਤਾਂ 'ਭੂਤਾਂ' ਤੋਂ ਡਰੇ ਉਸਦੇ ਬਾਪ ਨੇ ਹੀ ਉਸਨੂੰ ਰੋਕ ਦਿੱਤਾ।
ਕਾਫ਼ੀ ਯਤਨਾਂ ਨਾਲ ਜਦੋਂ ਇੱਕ ਸਥਾਨਕ ਵਿਅਕਤੀ ਇਸਨੂੰ ਢਾਹੁਣ ਲਈ ਤਿਆਰ ਹੋਇਆ ਤਾਂ ਉਹ ਕਹਿਣ ਲੱਗਿਆ ਕਿ ਮੈਂ ਚਿਮਨੀ ਵਾਲੇ ਸਥਾਨ ਤੇ ਪਹਿਲਾਂ ਧਾਰਮਿਕ ਕਥਾ ਕੀਰਤਨ ਕਰਵਾ ਕੇ ਹੀ ਇਸ ਕੰਮ ਦੀ ਸ਼ੁਰੂਆਤ ਕਰਾਂਗਾ। ਉਸਨੂੰ ਇਹ ਕਹਿ ਕੇ ਅਸੀਂ ਜੁਆਬ ਦੇ ਦਿੱਤਾ ਕਿ ਅਸੀਂ ਤਾਂ ਇਹ ਲੋਕਾਂ ਦੇ ਅੰਧਵਿਸ਼ਵਾਸ਼ ਦੂਰ ਕਰਨ ਲਈ ਕਰ ਰਹੇ ਹਾਂ, ਤੂੰ ਹੋਰ ਅੰਧਵਿਸ਼ਵਾਸ਼ ਫੈਲਾਉਣ ਆ ਗਿਆ ਹੈਂ।
ਢੂਲੇ ਦਾ ਸਮਾਨ ਵੀ ਸਾਨੂੰ ਆਪਣੇ ਘਰ ਦਾ ਪਤਾ ਦੇ ਕੇ ਪ੍ਰਾਪਤ ਕਰਨਾ ਪਿਆ ਅਤੇ ਫਿਰ ਉਸ ਸਮਾਨ ਨੂੰ ਚਿਮਨੀ ਵਾਲੇ ਸਥਾਨ 'ਤੇ ਸ਼ਿਫਟ ਕੀਤਾ। ਦੋ ਤਿੰਨ ਦਿਨਾਂ ਬਾਅਦ ਜਦੋਂ ਉਸ ਢੂਲੇ ਵਾਲੇ ਨੂੰ ਪਤਾ ਲੱਗਿਆ ਕਿ ਉਸਦੇ ਸਮਾਨ ਦੀ ਵਰਤੋਂ ਚਿਮਨੀ ਢਾਹੁਣ ਲਈ ਕੀਤੀ ਜਾ ਰਹੀ ਹੈ ਤਾਂ ਉਹ ਆਪਣਾ ਸਮਾਨ ਵਾਪਸ ਲੈਣ ਲਈ ਆ ਗਿਆ। ਜਦੋਂ ਉਸ ਨੇ ਵੇਖਿਆ ਕਿ ਸਮਾਨ ਦਾ ਢੂਲਾ ਬੰਨ ਦਿੱਤਾ ਗਿਆ ਹੈ ਤਾਂ ਉਹ ਕਹਿਣ ਲੱਗਾ, ''ਮੇਰਾ ਸਮਾਨ ਵਾਪਸ ਭੇਜੋ।'' ਅਸੀਂ ਉਸ ਨੂੰ ਕਿਹਾ, ''ਤੈਨੂੰ ਕਿਰਾਇਆ ਰੇਟ ਨਾਲੋਂ ਵੱਧ ਦੇ ਦੇਵਾਂਗੇ।'' ਜਦੋਂ ਉਹ ਸਮਾਨ ਵਾਪਸ ਕਰਵਾਉਣ ਲਈ ਬਜਿੱਦ ਰਿਹਾ ਤਾਂ ਸਾਨੂੰ ਮਜ਼ਬੂਰਨ ਇਹ ਕਹਿਣਾ ਪਿਆ ਕਿ ''ਆਪਣਾ ਸਮਾਨ ਖੋਲ ਕੇ ਲੈ ਜਾ।'' ਇਸ ਤਰਾਂ ਉਹ ਨਿਰਾਸ਼ ਹੋ ਕੇ ਤੁਰ ਗਿਆ।
ਚਿਮਨੀ ਢਾਹੁਣ ਵਾਲਿਆਂ ਨੇ ਭਾਵੇਂ ਪਹਿਲਾਂ ਕਦੇ ਅਜਿਹਾ ਕੰਮ ਨਹੀਂ ਸੀ ਕੀਤਾ ਪਰ ਆਪਣੇ ਦਿਮਾਗ ਦੀ ਵਰਤੋਂ ਨਾਲ ਉਹ ਚਿਮਨੀ ਢਾਹੁਣ ਵਿੱਚ ਕਾਮਯਾਬ ਰਹੇ। ਫੱਟਿਆਂ ਤੇ ਬੱਲੀਆਂ ਨੂੰ ਚੜਾਉਣ ਤੇ ਉਤਾਰਨ ਲਈ ਉਨਾਂ ਨੇ ਬਾਈ ਸਾਈਕਲ ਦੇ ਇੱਕ ਐਕਸਲ ਨੂੰ ਹੀ ਭੌਣੀ ਵਜੋਂ ਵਰਤੋਂ ਵਿੱਚ ਲਿਆਂਦਾ। ਤਰਕਸ਼ੀਲਾਂ ਦੀ ਇਸ ਪ੍ਰਾਪਤੀ ਦੀ ਹਰ ਪਾਸੇ ਚਰਚਾ ਹੈ।
ਮੇਘ ਰਾਜ ਮਿੱਤਰ, 9888787440
03 May 2019
ਮੋਦੀ ਦੇਸ਼ ਭਗਤ ਜਾਂ ਗ਼ਦਾਰ? - ਮੇਘ ਰਾਜ ਮਿੱਤਰ
ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ ਹੈ। ਤੁਸੀਂ ਦੱਸੋਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਗੱਲ-ਗੱਲ ਤੇ ਝੂਠ ਬੋਲਦਾ ਹੋਵੇ ਕੀ ਉਸ ਦੇਸ਼ ਦੇ ਲੋਕਾਂ ਦੀ ਦੂਸਰੇ ਦੇਸ਼ਾਂ ਦੇ ਵਸਨੀਕਾਂ ਵਿੱਚ ਕੋਈ ਭੱਲ ਬਣ ਸਕਦੀ ਹੈ? ਇਹ ਗੱਲ ਸਾਰੇ ਭਾਰਤ ਵਾਸੀ ਜਾਣਦੇ ਹਨ ਕਿ ਮੋਦੀ ਨੇ ਕਿਹਾ ਸੀ ਕਿ ਸਾਡਾ ਰਾਜ ਆਉਣ ਤੇ ਹਰੇਕ ਵਿਅਕਤੀ ਦੇ ਖਾਤੇ ਵਿੱਚ 15-15 ਲੱਖ ਰੁਪਿਆ ਆਵੇਗਾ। ਉਸ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਹਿਸਾਬ ਨਾਲ ਹੁਣ ਤੱਕ 10 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲ ਜਾਣਾ ਚਾਹੀਦਾ ਸੀ, ਕੀ ਮਿਲਿਆ?
100 ਸਮਾਰਟ ਸਿਟੀਆਂ ਵਿੱਚੋਂ ਕਿੰਨੇ ਹੋਂਦ ਵਿੱਚ ਆਏ ਨੋਟਬੰਦੀ ਸਮੇਂ ਉਸ ਨੇ ਕਿਹਾ ਕਿ ਕਾਲਾ ਧੰਨ ਦੇਸ ਵਿੱਚੋਂ ਖ਼ਤਮ ਹੋ ਜਾਵੇਗਾ। ਕਸ਼ਮੀਰੀ ਅੱਤਵਾਦੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਜੇ ਨੋਟਬੰਦੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਤਾਂ ਮੈਨੂੰ ਚੋਰਸਤੇ 'ਚ ਖੜਾ ਕੇ ਫ਼ਾਸੀ ਚਾੜ ਦਿਓ ਪਰ ਇਨ੍ਹਾਂ ਵਿੱਚੋਂ ਇੱਕ ਵੀ ਗੱਲ ਕੋਈ ਸਫ਼ਲ ਹੋਈ। ਪਰ ਕੀ ਉਸਨੇ ਕੋਈ ਸਜ਼ਾ ਕਬੂਲੀ?
ਨੇਪਾਲ ਦੀ ਨਵੀਂ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਕੁੱਝ ਸਮਾਂ ਬਾਅਦ ਹੀ ਆਪਣੇ ਦੇਸ਼ ਵਿੱਚ ਭਾਰਤੀ ਟੈਲੀਵੀਜ਼ਨ ਚੈਨਲਾਂ ਨੂੰ ਚਲਾਉਣ ਤੇ ਬੰਦਸ਼ ਲਾ ਦਿੱਤੀ। ਇਸਦਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਇਹ ਚੈਨਲ ਅੰਧਵਿਸ਼ਵਾਸ ਫੈਲਾਉਣ ਤੋਂ ਵਗੈਰ ਹੋਰ ਕੁਝ ਵੀ ਨਹੀਂ ਕਰਦੇ। ਇਨ੍ਹਾਂ ਚੈਨਲਾਂ ਉੱਪਰ ਸਿਰਫ਼ ਮੋਦੀ ਤੇ ਉਸਦੇ ਨਾਲ ਦੇ ਸਾਧ-ਸੰਤ ਨਜ਼ਰ ਆਉਂਦੇ ਹਨ। ਕਦੇ ਰਾਮਦੇਵ ਆਪਣੀਆਂ ਸਦੀਆਂ ਪੁਰਾਣੀਆਂ ਦਵਾਈਆਂ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਕਦੇ ਰਵੀਸ਼ੰਕਰ ਆਪਣੀਆਂ ਅੰਧਵਿਸ਼ਵਾਸੀ ਗੱਲਾਂ ਮੇਰੇ ਦੇਸ ਦੇ ਲੋਕਾਂ ਨੂੰ ਸਿਖਾ ਰਿਹਾ ਹੁੰਦਾ ਹੈ ਤੇ ਕਦੇ ਊਮਾ ਭਾਰਤੀ ਗੰਗਾ ਦੀ ਸਫ਼ਾਈ ਦੀਆਂ ਗੱਲਾਂ ਕਰ ਰਹੀ ਹੁੰਦੀ ਹੈ। ਕਦੇ ਮੋਦੀ ਸਾਹਿਬ ਕਹਿ ਰਹੇ ਹੁੰਦੇ ਹਨ ਕਿ ਗੰਦੇ ਨਾਲੇ ਦੀ ਗੈਸ ਇਕੱਠੀ ਕਰਕੇ ਚਾਹ ਬਣਾਉਣਾ ਸਿੱਖ ਲਵੋ। ਇੱਥੇ ਹੀ ਬੱਸ ਨਹੀਂ ਕੁੰਭ ਦੇ ਗੰਦੇ ਪਾਣੀ ਵਿੱਚ ਮੇਰੇ ਦੇਸ ਦੇ 20ਕਰੋੜ ਲੋਕਾਂ ਨੂੰ ਇਸਨਾਨ ਕਰਵਾ ਦਿੱਤਾ ਗਿਆ। ਕਦੇ ਮੋਦੀ ਸਾਹਿਬ ਟਿੱਕਾ ਲਗਾ ਕੇ ਤੇ ਵਰਤ ਰੱਖ ਕੇ ਭਾਰਤੀ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਉਣ ਦਾ ਯਤਨ ਕਰਦੇ ਨਜ਼ਰ ਆਉਂਦੇ ਹਨ। ਕਦੇ ਗਊ ਦਾ ਗੋਬਰ ਜਾਂ ਪਿਸ਼ਾਬ ਪੀਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ ਇਹ ਪਿਸ਼ਾਬ ਆਉਂਦਾ ਕਿੱਥੋਂ ਹੈ? ਤਾਂ ਇਹ ਕਿਹਾ ਜਾਂਦਾ ਹੈ ਕਿ ਗਊ ਤਾਂ ਮਾਤਾ ਹੈ ਇਹ ਡੰਗਰ ਨਹੀਂ ਹੈ। ਪਰ ਇਹ ਦੱਸਣ ਦਾ ਯਤਨ ਨਹੀਂ ਕੀਤਾ ਗਿਆ ਕਿ ਗਊ ਦੇ ਪਿਸ਼ਾਬ ਵਿੱਚ ਮਿਲਣ ਵਾਲੇ ਫਾਸਫੇਟ ਦੂਜੇ ਡੰਗਰਾਂ ਤੇ ਮਨੁੱਖੀ ਮਲ ਵਿੱਚ ਮਿਲਣ ਵਾਲੇ ਫਾਸਫੇਟਾਂ ਨਾਲੋਂ ਕਿਵੇਂ ਵੱਖਰੇ ਹਨ। ਪਰ ਪੜ੍ਹੇ ਲਿਖੇ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਦੇ ਹਨ?
ਹੋਰ ਤਾਂ ਹੋਰ ਆਪਣੇ ਘਰਾਂ ਦੀਆਂ ਸਮੱਸਿਆਵਾਂ ਤੋਂ ਡਰ ਕੇ ਭੱਜੇ ਹੋਏ ਸਾਧ ਸੰਤ ਕੇਂਦਰੀ ਤੇ ਰਾਜ ਸਰਕਾਰਾਂ 'ਚ ਵਜ਼ੀਰ ਜਾਂ ਮੁੱਖ ਮੰਤਰੀ ਹੀ ਬਣਾ ਦਿੱਤੇ ਹਨ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਟੂਣੇ ਟੋਟਕਿਆਂ ਦੇ ਯੁੱਗ ਦਾ ਵਸਨੀਕ ਹੋਵੇ ਕੀ ਉਸ ਦੇਸ ਦੇ ਲੋਕ 21ਵੀਂ ਸਦੀ ਵਿੱਚ ਜਾ ਸਕਦੇ ਹਨ? ਕਿਸਾਨਾਂ ਨੂੰ ਬਰਬਾਦ ਕਰਨ ਲਈ ਉਨ੍ਹਾਂ ਨੇ ਅਵਾਰਾਂ ਪਸ਼ੂਆਂ ਨੂੰ ਖੁੱਲ੍ਹਾਂ ਦੇ ਦਿੱਤੀਆਂ ਹਨ। ਪਹਿਲਾਂ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਇੱਕ-ਦੋ ਗਊਆਂ ਮੱਝਾਂ ਪਾਲ਼ ਲੈਂਦੇ ਸਨ, ਕੁਝ ਸਮਾਂ ਦੁੱਧ ਪੀਂਦੇ ਸਨ। ਜਦੋਂ ਉਹ ਦੁੱਧ ਦੇਣੋਂ ਹਟ ਜਾਂਦੀਆਂ ਸਨ ਤਾਂ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਕੁੱਝ ਪੈਸੇ ਬਚ ਜਾਂਦੇ ਪਰ ਇਹ ਵਪਾਰ ਮੋਦੀ ਦੀ ਹਿੰਦੂ ਸੋਚ ਨੇ ਬਿਲਕੁੱਲ ਬਰਬਾਦ ਕਰ ਦਿੱਤਾ ਹੈ। ਇਕੱਲਾਂ ਏਹੀ ਨਹੀਂ ਅਵਾਰਾ ਬਾਂਦਰਾਂ, ਕੁੱਤਿਆਂ ਅਤੇ ਸੂਰਾਂ ਨੂੰ ਵੀ ਅੱਜ ਕੋਈ ਮਾਰ ਨਹੀਂ ਸਕਦਾ। ਉਨ੍ਹਾਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਅਤੇ ਆਮ ਵਸਨੀਕਾਂ ਦੇ ਕੱਪੜਿਆਂ ਦੀ ਬਰਬਾਦੀ ਤੇ ਹਲ਼ੱਕਪਨ ਦੀਆਂ ਬਿਮਾਰੀਆਂ ਹੀ ਦਿੱਤੀਆਂ ਹਨ। ਅੱਜ ਕੋਈ ਵੀ ਸੈਰ ਕਰਨ ਜਾ ਰਿਹਾ ਵਿਅਕਤੀ ਕੀ ਅਵਾਰਾਂ ਕੁੱਤਿਆਂ ਦੇ ਵੱਢਣ ਤੋਂ ਡਰੇਗਾ ਨਹੀਂ। ਇਸ ਤਰ੍ਹਾਂ ਚਾਰੇ ਪਾਸੇ ਭੈਅ ਦਾ ਵਾਤਾਵਰਨ ਮੇਰੇ ਦੇਸ਼ ਵਿੱਚ ਪੈਦਾ ਕਰ ਦਿੱਤਾ ਗਿਆ ਹੈ।
ਅੱਜ ਮੇਰਾ ਭਾਰਤ ਮਹਾਨ ਦੁਨੀਆਂ ਦੇ ਭੁੱਖ ਮਰੀ ਦੇ ਸ਼ਿਕਾਰ 118 ਮੁਲਕਾਂ ਵਿੱਚੋਂ 97 ਨੰਬਰ ਤੇ ਆ ਗਿਆ ਹੈ। ਮੋਦੀ ਜੀ ਦੇ ਬਾਗਡੋਰ ਸੰਭਾਲਣ ਤੋਂ ਪਹਿਲਾਂ 2014 ਵਿੱਚ ਇਹ 55ਵੇਂ ਨੰਬਰ ਤੇ ਸੀ। ਜੇ ਭਾਰਤ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਜਾਂ ਲੱਗ ਜਾਵੇ ਠੀਕ ਹੈ ਮੇਰੇ ਦੇਸ ਦੇ ਲੋਕਾਂ ਦੀਆਂ ਵੋਟਾਂ ਇਸ ਤਰ੍ਹਾਂ ਪ੍ਰਾਪਤ ਕਰਨ ਦਾ ਇਹ ਹੱਦ ਦਰਜੇ ਦਾ ਕਮੀਨਾ ਢੰਗ ਹੈ। ਤੁਸੀਂ ਕਰੋੜਾਂ ਲੋਕਾਂ ਦੀਆਂ ਲੋਥਾਂ ਵਿਛਾ ਕੇ ਵੋਟਾਂ ਪ੍ਰਾਪਤ ਕਰੋ ਕੀ ਇਹ ਜਾਇਜ ਹੈ। ਮੈਂ ਜੰਗਾਂ ਬਾਰੇ ਪੜ੍ਹਿਆ ਹੈ ਇੱਥੇ ਲਾਸ਼ਾਂ ਰੁਲ਼ੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੋਵੇਗਾ। ਫਰਵਰੀ 2019 ਦੇ ਅਖੀਰ ਵਿੱਚ ਇੱਕ ਦਿਨ ਤਾਂ ਇਸ ਤਰ੍ਹਾਂ ਦਾ ਖ਼ਤਰਾ ਬਹੁਤ ਵਧ ਗਿਆ ਸੀ। ਸ਼ਾਇਦ ਭਾਰਤ ਦਾ ਇੱਕ ਮਿੱਗ ਜਹਾਜ ਪਾਕਿਸਤਾਨ ਨੇ ਮਿਜਾਈਲ ਮਾਰ ਕੇ ਸੁੱਟ ਲਿਆ ਸੀ। ਉਸ ਦਿਨ ਉੱਤਰੀ ਭਾਰਤ ਦੇ ਸਾਰੇ ਏਅਰਪੋਰਟ ਬੰਦ ਵੀ ਕਰ ਦਿੱਤੇ ਸਨ। ਤੁਸੀਂ ਅੰਦਾਜ਼ਾ ਲਗਾਓ ਕਿ ਸਰਹੱਦਾਂ ਤੇ ਰਹਿੰਦੇ ਲੋਕ ਅਜਿਹੀਆਂ ਹਾਲਤਾਂ 'ਚ ਖੁਸ਼ ਰਹਿ ਸਕਦੇ ਹਨ। ਕੀ ਮਿਲਟਰੀ ਵਾਲੇ ਜਾਂ ਉਹਨਾਂ ਦੇ ਪਰਿਵਾਰਾਂ ਵਿੱਚ ਜੰਗ ਦੇ ਦਿਨਾਂ ਦੋਰਾਨ ਮਾਤਮ ਨਹੀਂ ਪਸਰਦਾ? ਕਸ਼ਮੀਰ ਸਮੱਸਿਆਵਾਂ ਨੂੰ ਹੀ ਲੈ ਲਈਏ ਤਾਂ ਮਨਮੋਹਨ ਸਰਕਾਰ ਦੇ ਅਖੀਰਲੇ ਤਿੰਨ ਵਰ੍ਹਿਆਂ ਵਿੱਚ 105 ਫੌਜੀ ਸ਼ਹੀਦ ਹੋਏ ਸਨ। ਪਰ ਮੋਦੀ ਦੇ ਕੁਸ਼ਾਸਨ ਦੌਰਾਨ 2018 ਵਿੱਚ 457 ਫੌਜੀ ਸ਼ਹੀਦ ਹੋ ਗਏ। ਇਸ ਤਰ੍ਹਾਂ ਹੀ ਮੁਸਲਮਾਨ ਤਬਕੇ ਨਾਲ ਸਬੰਧਿਤ ਕਰੋੜਾਂ ਲੋਕ ਹਿੰਦੂ ਮੁਸਲਿਮ ਦੇ ਦੰਗਿਆਂ ਦੇ ਭੈਅ ਵਿੱਚ ਦਿਨ ਕਟੀ ਕਰ ਰਹੇ ਹਨ। ਮੁਸਲਿਮ ਬਹੁ ਗਿਣਤੀ ਇਲਾਕਿਆਂ ਵਿੱਚ ਹਿੰਦੂਆਂ ਦਾ ਹਾਲ ਵੀ ਅਜਿਹਾ ਹੀ ਹੈ। ਜੇ ਵੇਖਿਆ ਜਾਵੇ ਤਾਂ ਕੀ ਦੱਲਿਤਾਂ ਨੂੰ ਘੋੜੀ ਚੜ੍ਹਣ ਦੀ ਇਜ਼ਾਜਤ ਵੀ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਜਿੰਨ੍ਹਾਂ ਦੇ ਹੱਥ ਵਿੱਚ ਹੈ ਉਹ ਜਾਂ ਤਾਂ ਉੱਚ ਸ਼੍ਰੇਣੀ ਵਾਲੇ ਖ਼ੁਦ ਹੁੰਦੇ ਹਨ ਜਾਂ ਪ੍ਰਸ਼ਾਸਨ ਉਨ੍ਹਾਂ ਦਾ ਮਦਦਗਾਰ ਹੁੰਦਾ ਹੈ। ਅਜਿਹਾ ਹਾਲ ਹੀ ਆਪਸੀ ਸਮਝ ਵਾਲੇ ਪ੍ਰੇਮੀ ਕੁੜੀਆਂ-ਮੁੰਡਿਆਂ ਦਾ ਵੀ ਹੈ। ਉਹ ਸਾਂਝੀਆਂ ਥਾਵਾਂ ਤੇ ਡਰ ਕੇ ਬੈਠਦੇ ਹਨ ਹਾਲ ਇੱਥੋਂ ਤੱਕ ਹੈ ਕਿ ਮੇਰੀ ਜਾਣ-ਪਹਿਚਾਣ ਵਾਲੇ ਇੱਕ ਡਾਕਟਰ ਮੁੰਡੇ ਨੂੰ ਜਦੋਂ ਮੈਂ ਵਿਆਹ ਦੇ ਸੰਬੰਧ ਵਿੱਚ ਮਿਲਿਆ ਤਾਂ ਉਸਨੇ ਮੈਨੂੰ ਬ੍ਰਾਹਮਣਾਂ ਦਾ ਮੁੰਡਾ ਹੋਣਾ ਦੱਸਿਆ ਪਰ ਬਾਅਦ ਵਿੱਚ ਜਦੋਂ ਸਾਡੀ ਗੱਲ ਤਹਿ ਹੋ ਗਈ ਤਾਂ ਪਤਾ ਲੱਗਿਆ ਕਿ ਮੁੰਡਾ ਮੁਸਲਮਾਨ ਹੈ। ਮੈਂ ਖੁਸ਼ ਸਾ ਜਦੋਂ ਉਸ ਮੁੰਡੇ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਜੇ ਮੈਂ ਪਹਿਲਾਂ ਇਹ ਗੱਲ ਦੱਸ ਦਿੰਦਾ ਤਾਂ ਜ਼ਰੂਰ ਕਿਸੇ ਹਿੰਦੂ ਜਥੇਬੰਦੀ ਦੇ ਲੋਕਾਂ ਨੇ ਇਸ ਵਿਆਹ ਵਿੱਚ ਆ ਧਮਕਣਾ ਸੀ ਤੇ ਮੇਰੀ ਕੁੱਟਮਾਰ ਕਰ ਦੇਣੀ ਸੀ। ਸੋ ਲੱਖਾਂ ਹੀ ਜੋੜੇ ਅਜਿਹੇ ਹਨ ਜਿਨ੍ਹਾਂ ਨੂੰ ਇਹਨਾਂ ਗੱਲਾਂ ਕਰਕੇ ਹੀ ਸੰਤਾਪ ਭੋਗਣਾ ਪੈ ਰਿਹਾ ਹੈ।
ਜੇ ਆਪਾਂ ਇਸ ਗੱਲ ਦੀ ਚਰਚਾ ਕਰੀਏ ਕਿ ਮੋਦੀ ਨੇ ਇਸ ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਹਰਜਾ ਪਹੁੰਚਾਇਆ ਹੈ। ਰਾਫੇਲ ਡੀਲ ਬਾਰੇ ਸੱਭ ਨੂੰ ਪਤਾ ਹੀ ਹੈ ਕਿ ਮੋਦੀ ਨੇ 40 ਹਜ਼ਾਰ ਕਰੋੜ ਰੁਪਿਆ 36 ਜਹਾਜਾਂ ਵਿੱਚ ਵੱਧ ਦਿੱਤਾ ਹੈ ਇਹ ਸਾਰੇ ਪੈਸੇ ਉਸਦੇ ਮਿੱਤਰ ਅਨਿਲ ਅੰਬਾਨੀ ਦੀ ਜੇਬ ਵਿੱਚ ਚਲੇ ਗਏ ਸੀ ਕਿਉਂਕਿ ਉਹ ਘਾਟੇ ਵਿੱਚ ਜਾਣ ਹੀ ਵਾਲਾ ਸੀ ਉਸਦਾ ਭਰਾ ਮੁਕੇਸ਼ ਅੰਬਾਨੀ ਪਹਿਲਾਂ ਹੀ ਦਿਵਾਲੀਆਂ ਹੋ ਚੁੱਕਿਆ ਹੈ। ਦੇਸ਼ ਦੇ 10 ਲੱਖ ਆਦੀਵਾਸੀਆਂ ਦੀਆਂ ਜ਼ਮੀਨਾਂ ਇਸ ਤਰ੍ਹਾਂ ਹੜ੍ਹਪ ਲਈਆਂ ਹਨ। ਮੋਦੀ ਨੇ ਦੇਸ਼ ਦੇ ਮਾਲ ਖਜਾਨਿਆਂ ਨੂੰ ਲੁਟਾ ਕੇ ਇਕੱਲੇ ਇਸਦੀ ਹੀ ਮਦਦ ਨਹੀਂ ਕੀਤੀ ਇਸਦਾ ਇੱਕ ਹੋਰ ਗੁਜਰਾਤੀ ਮਿੱਤਰ ਅਦਾਨੀ ਆਸਟ੍ਰੇਲੀਆਂ ਦੀਆਂ ਖਾਨਾਂ ਵਿੱਚ ਘਾਟਾ ਪਾ ਬੈਠਾ। ਉਸਨੂੰ ਭਾਰਤ ਦੇ ਚੋਟੀ ਦੇ 5 ਏਅਰਪੋਰਟ 50ਸਾਲਾਂ ਦੇ ਠੇਕੇ ਤੇ ਸੰਭਾਲ ਦਿੱਤੇ ਹਨ। ਲਾਲ ਕਿਲਾ ਵੀ ਇਸੇ ਤਰ੍ਹਾਂ ਕਿਸੇ ਅਮੀਰ ਦੇ ਹੱਥ ਫੜਾ ਦਿੱਤਾ ਹੈ। ਅੰਬਾਨੀ ਦਾ ਭਨੋਈਆ ਨੀਰਬ ਮੋਦੀ ਵੀ ਇਸ ਦੇਸ਼ ਦੀਆਂ ਬੈਂਕਾਂ ਦਾ 23ਹਜ਼ਾਰ ਕਰੋੜ ਰੁਪਿਆ ਲੈ ਕੇ ਇੰਗਲੈਡ ਜਾ ਬੈਠਿਆ ਹੈ। ਮੋਦੀ ਜੀ ਉੱਥੇ ਪਹੁੰਚ ਕੇ ਉਸ ਨਾਲ ਮੀਟੀਗਾਂ ਵਿੱਚ ਹਾਜਰ ਹੁੰਦਾ ਹੈ।
ਭਾਜਪਾ ਦਾ ਐੱਮ.ਪੀ. ਵਿਜੈ ਮਾਲਿਆ ਵੀ ਇਸੇ ਤਰ੍ਹਾਂ ਹਜਾਰਾਂ ਕਰੋੜ ਰੁਪਿਆਂ ਦੀ ਚਪਤ ਲਗਾ ਕੇ ਵਿਦੇਸ਼ ਜਾ ਵੜਿਆ ਹੈ। ਅਜਿਹੇ ਵਿਅਕਤੀਆਂ ਦੀ ਲਿਸਟ ਲੰਬੀ ਹੈ ਪਰ ਇਨ੍ਹਾਂ ਵਿੱਚੋਂ ਬਹੁਤੇ ਗੁਜ਼ਰਾਤੀ ਭਾਈ ਹਨ। ਹੁਣ ਕੁੰਭ ਮੇਲੇ ਤੇ 4500 ਕਰੋੜ ਰੁਪੈ ਅਤੇ ਗੁਜਰਾਤੀ ਪਟੇਲ ਦੀ ਮੂਰਤੀ ਤੇ ਤਿੰਨ ਹਜਾਰ ਕਰੋੜ ਰੁਪਿਆ ਅਤੇ ਗੰਗਾ ਦੇ ਸਫਾਈ ਅਭਿਆਨ ਤੇ 18000 ਕਰੋੜ ਰੁਪਏ ਬਰਬਾਦ ਕਰ ਦਿੱਤੇ ਗਏ ਹਨ। ਹੁਣ ਤੁਸੀਂ ਹੀ ਹਿਸਾਬ ਲਗਾਓ ਕਿ ਇਨ੍ਹਾਂ ਸਾਰਿਆਂ ਪੈਸਿਆਂ ਨਾਲ ਭਾਰਤ ਦੇ ਲੱਖਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ ਤੇ ਇਸ ਨਾਲ ਘੱਟੋ ਘੱਟ 2-3 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਸੀ। ਮੋਦੀ ਸਾਹਿਬ ਆਪਣੇ ਵਿਦੇਸ਼ੀ ਦੌਰਿਆਂ ਤੇ ਦੋ ਹਜਾਰ ਕਰੋੜ ਰੁਪਏ ਤੇ ਆਪਣੀ ਬੱਲੇ ਬੱਲੇ ਕਰਾਉਣ ਲਈ ਇਸ਼ਤਿਹਾਰਬਾਜ਼ੀ ਤੇ 4600 ਕਰੋੜ ਰੁਪੈ ਖਰਚ ਕੀਤੇ ਹਨ। ਇਸ ਨਾਲ ਮੋਦੀ-ਮੋਦੀ ਜ਼ਰੂਰ ਹੋਈ ਹੈ ਪਰ ਦੇਸ ਨੂੰ ਕੀ ਪ੍ਰਾਪਤੀ ਹੋਈ। 2014 ਵਿੱਚ ਭਾਰਤ ਸਿਰ 296 ਅਰਬ ਡਾਲਰ ਵਿਦੇਸ਼ੀ ਕਰਜ਼ਾ ਸੀ ਜੋ ਅੱਜ ਵੱਧ ਕੇ 486 ਅਰਬ ਡਾਲਰ ਹੋ ਗਿਆ ਹੈ।
ਕਿਉਂਕਿ ਗੁਜਰਾਤ ਦੰਗਿਆਂ ਦੇ ਕੁੱਝ ਮੁਜਰਿਮ ਅੱਜ ਸਤ੍ਹਾ ਵਿੱਚ ਹਨ। ਇਸ ਲਈ ਪਿਛਲੇ ਸਮੇਂ ਵਿੱਚ ਹੋਏ ਜੁਰਮਾਂ ਤੇ ਪਰਦੇ ਪਾਉਣ ਲਈ ਬਹੁਤ ਸਾਰੀਆਂ ਵੱਧੀਕੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ। ਹੁਣ ਤੁਸੀਂ ਹੀ ਦੱਸੋ ਕੀ ਇਹ ਦੇਸ਼ ਭਗਤਾਂ ਦੇ ਕੰਮ ਨੇ ਜਾਂ ਦੇਸ਼ ਦੇ ਗਦਾਰਾਂ ਦੇ?
ਮੇਘ ਰਾਜ ਮਿੱਤਰ
ਸੰਸਥਾਪਕ ਤਰਕਸ਼ੀਲ ਸੁਸਾਇਟੀ
ਭਾਰਤ,
ਤਰਕਸ਼ੀਲ ਨਿਵਾਸ, ਗਲੀ ਨੰਬਰ:8
ਕੇ.ਸੀ ਰੋਡ ਬਰਨਾਲਾ।
ਮੋਬਾ : 98887-87440
ਸਾਇੰਸ ਕਾਂਗਰਸ ਜਾਂ ਸਰਕਸ - ਮੇਘ ਰਾਜ ਮਿੱਤਰ
ਤਿੰਨ ਤੋਂ ਸੱਤ ਜਨਵਰੀ ਫਗਵਾੜਾ ਵਿਚ ਸਾਇੰਸ ਕਾਂਗਰਸ ਦੌਰਾਨ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਨ੍ਹਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕਿੰਨੀ ਕੁ ਕੀਤੀ।
ਵਿਗਿਆਨ ਕਾਂਗਰਸ 1914 ਤੋਂ ਕੋਲਕਾਤਾ ਵਿਚ ਸ਼ੁਰੂ ਹੋਈ ਸੀ। ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਫਰਜ਼ ਵਿਗਿਆਨ ਤੇ ਗਿਆਨ ਦਾ ਪ੍ਰਚਾਰ ਤੇ ਪਾਸਾਰ ਕਰਨਾ ਹੈ। ਆਮ ਤੌਰ 'ਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਦਾ ਹੈ ਤਾਂ ਜੋ ਸੰਵਿਧਾਨ ਵਿਚ ਦਰਜ ਵਿਗਿਆਨਕ ਸੋਚ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਨੂੰ ਦਿਖਾ ਸਕਣ। ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ 'ਡੈਮਾਂ ਦੇ ਪਾਣੀ ਵਿਚੋਂ ਬਿਜਲੀ ਨਾਂ ਦਾ ਅੰਮ੍ਰਿਤ ਕੱਢ ਲਿਆ ਗਿਆ ਹੈ, ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ' ਤਾਂ ਨਹਿਰੂ ਨੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ 'ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ' ਪਰ ਉਸ ਦੀ ਵਿਚਾਰਧਾਰਾ ਨੂੰ ਉਹਦੇ ਵਾਰਿਸਾਂ ਨੇ ਮਿੱਟੀ ਵਿਚ ਰੋਲ ਦਿੱਤਾ।
ਫਗਵਾੜੇ ਵਿਚ ਹੋਈ ਇਸ ਸਰਕਸ ਦੇ ਮੈਦਾਨ ਵਿਚ ਵਿਗਿਆਨੀਆਂ ਨੇ ਕੀ ਕਿਹਾ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇਕ ਵਿਗਿਆਨੀ ਦਾ ਕਹਿਣਾ ਸੀ : 'ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।' ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ ਪਰ ਵਿਗਿਆਨਕਾਂ ਦੀ ਅਜਿਹੀ ਸਲਾਹ ਸਾਧਾਰਨ ਲੋਕਾਂ ਦੇ ਮਨਾਂ 'ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ 'ਤੇ ਉਲੰਪਿਕ ਖੇਡਾਂ ਵਿਚ ਸੋਨ ਤਗਮੇ ਜਿੱਤ ਸਕਾਂਗੇ?
ਵਿਗਿਆਨ ਵਿਚ ਹਰ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ ਪਰ ਇੱਥੇ ਤਾਂ ਵਿਗਿਆਨੀ ਇਹ ਗੱਲ ਇਸ ਆਧਾਰ 'ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿਚ ਭਗਵਾਨ ਕ੍ਰਿਸ਼ਨ ਮਿੱਟੀ ਖਾਂਦੇ ਹੁੰਦੇ ਸਨ। ਉਸ ਸਮੇਂ ਭਾਵੇਂ ਮਿੱਟੀ ਵਿਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ ਪਰ ਆਧੁਨਿਕ ਗਿਆਨ ਦੱਸਦਾ ਹੈ ਕਿ ਧਰਤੀ ੳੱਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ 'ਤੇ ਕਿਸੇ ਸ਼ਖ਼ਸ ਨੂੰ ਉਸ ਸਮੇਂ ਭਾਸ਼ਾ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ ਜਿਸ ਵਿਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ ਦੇ ਲੋਕ ਸਨ।
ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨੀ ਦਾ ਕਹਿਣਾ ਸੀ ਕਿ ਡਾਇਨਾਸੋਰਾਂ ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਨੇ ਕੀਤੀ ਅਤੇ ਉਸ ਨੇ ਵੇਦਾਂ ਵਿਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ ਧਰਤੀ ਉੱਪਰ ਸਾਢੇ ਬਾਰਾਂ ਕਰੋੜ ਵਰ੍ਹੇ ਰਾਜ ਕਰਕੇ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿਚ ਇਸ ਦਾ ਜ਼ਿਕਰ ਹੋ ਸਕਦਾ ਸੀ ਪਰ ਹੋਇਆ ਨਹੀਂ ਕਿਉਂਕਿ ਡਾਇਨਾਸੋਰਾਂ ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ ਜੋ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿਚ ਆਈ ਹੈ, ਵਿਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨੀ ਨੇ ਤਾਂ ਇੱਥੋ ਤੱਕ ਕਹਿ ਦਿੱਤਾ: 'ਮੈਂ ਤਾਂ ਨਿਊਟਨ, ਆਇੰਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਨ੍ਹਾਂ ਦੀ ਚੜ੍ਹਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।' ਇਸ ਵਿਗਿਆਨੀ ਦਾ ਭਾਵੇਂ ਇੱਕ ਵੀ ਪੇਪਰ ਨਾ ਛਪਿਆ ਹੋਵੇ, ਫਿਰ ਵੀ ਉਹ 2019 ਦੀ ਕਾਂਗਰਸ ਵਿਚ ਨੰਬਰ ਬਣਾ ਗਿਆ। ਤਾਮਿਲਨਾਡੂ ਦੇ ਇੱਕ ਵਿਗਿਆਨੀ ਦਾ ਕਹਿਣਾ ਸੀ ਕਿ ਰਾਵਣ ਕੋਲ 24 ਤਰ੍ਹਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100 ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਪੈਦਾ ਹੋਏ ਸਨ।
ਹੁਣ ਦੇਖਿਆ ਜਾਵੇ ਕਿ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿਚ ਵਰਤੇ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿਚ ਪੈਦਾ ਨਹੀਂ ਹੋਇਆ। ਇਹ ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਮਿਹਨਤ ਹਨ।
ਜਿੰਨੇ ਵੀ ਊਲ-ਜਲੂਲ ਬਿਆਨ ਉੱਥੇ ਦਿੱਤੇ ਗਏ, ਉਨ੍ਹਾਂ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਉਨ੍ਹਾਂ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਵੇਦਾਂ ਵਿਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ 'ਤੇ ਟਰਾਂਸਪਲਾਂਟ ਕੀਤਾ ਗਿਆ ਸੀ। ਇਹ ਮਹਿਜ਼ ਇਸ਼ਾਰਾ ਸੀ ਜਿਸ ਤੋਂ ਅਗਵਾਈ ਲੈ ਕੇ ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨੀ ਉਨ੍ਹਾਂ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਮਹਾਨ ਵਿਗਿਆਨੀ ਹੋਣ ਦਾ ਸਬੂਤ ਦੇ ਰਹੇ ਹਨ ਤਾਂ ਜੋ ਭਵਿੱਖ ਵਿਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿਚ ਆ ਜਾਣ ਅਤੇ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।
ਹਕੀਕਤ ਇਹ ਹੈ ਕਿ ਦੇਸ਼ ਦੀ ਸਾਰੀ ਕੋਝੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਰਾਕਟ ਪੁਲਾੜ ਵਿਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ ਤਾਂ ਜੋ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਰਾਕਟ ਦੀ ਸਫ਼ਲਤਾ ਜਾਂ ਅਸਫਲਤਾ ਹਵਨ ਕਰਕੇ ਹੋਈ ਹੈ ਜਾਂ ਵਿਗਿਆਨੀਆਂ ਦੀ ਮਿਹਨਤ ਨਾਲ? ਦੋਵੇਂ ਹੀ ਸਿਹਰਾ ਲੈ ਲੈਂਦੇ ਹਨ। ਦੁਨੀਆ ਭਰ ਦੇ ਡਾਕਟਰ ਸਣੇ ਭਾਰਤੀ, ਅਜਿਹਾ ਹੀ ਕਰਦੇ ਹਨ। ਉਹ ਆਰਐਕਸ ਲਿਖ ਕੇ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਵੇ ਤਾਂ ਉਂਗਲ ਪਰਮਾਤਮਾ ਵੱਲ, ਜੇ ਬਚ ਜਾਵੇ ਤਾਂ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਇਹ ਗੱਲਾਂ ਬੰਦੇ ਨੂੰ ਆਪਣਾ ਮੁਲੰਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।
ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਸਨ। ਉਨ੍ਹਾਂ 32 ਕੁ ਸੌ ਵਰ੍ਹੇ ਪਹਿਲਾਂ ਉੱਤਰੀ ਭਾਰਤ ਦੀ ਧਰਤੀ ਉੱਪਰ ਵੇਦ ਰਚੇ। ਇਨ੍ਹਾਂ ਵਿਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ ਪਰ ਇੱਕੀਵੀਂ ਸਦੀ ਵਿਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਹਰ ਧਰਮ ਕਹਿੰਦਾ ਹੈ ਕਿ ਸਾਰਾ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿਚ ਪਹਿਲਾਂ ਹੀ ਦਰਜ ਹੈ। ਹਕੀਕਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿਚ ਤੁਹਾਨੂੰ ਪਾਣੀ ਦਾ ਫਾਰਮੂਲਾ ਲਿਖਿਆ ਨਹੀਂ ਮਿਲੇਗਾ : ਹਾਂ, ਪ੍ਰਾਚੀਨ ਗ੍ਰੰਥਾਂ ਵਿਚ ਪਰੀ ਕਹਾਣੀਆਂ ਜ਼ਰੂਰ ਮਿਲ ਜਾਣਗੀਆਂ। ਇਨ੍ਹਾਂ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਨ੍ਹਾਂ ਵਿਚ ਦਰਜ ਕਾਲਪਨਿਕ ਗੱਲਾਂ ਸਾਡੇ ਵਿਗਿਆਨੀਆਂ ਨੂੰ ਕੀ, ਕਿੳਂਂ, ਕਿਵੇਂ ਸਿਖਾਉਂਦੀਆਂ ਹਨ।
ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇਵਤਿਆਂ ਨੂੰ ਇਹ ਗੱਲਾਂ ਉੱਪਰੋਂ ਉੱਤਰੀਆਂ ਸਨ ਪਰ ਸਾਇੰਸ ਤਾਂ ਹਮੇਸ਼ਾ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ੍ਹ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ੍ਹ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਲੋਕਾਂ ਨੂੰ ਸਚਾਈ ਹੀ ਦੱਸਣੀ ਚਾਹੀਦੀ ਹੈ, ਨਹੀਂ ਤਾਂ ਉਹ ਮੌਕਾਪ੍ਰਸਤ ਹੀ ਬਣਨਗੇ।
ਤਰੱਕੀ ਉਨ੍ਹਾਂ ਦੇਸ਼ਾਂ ਨੇ ਹੀ ਕੀਤੀ ਹੈ ਜਿਨ੍ਹਾਂ ਵਿਗਿਆਨਕ ਤਕਨੀਕ ਅਪਣਾਈ ਹੈ। ਚੀਨ ਦੀ ਮਿਸਾਲ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜਟ ਘਟਾ ਰਹੀ ਹੈ। ਇਸ ਬਜਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ 'ਤੇ ਕੀਤਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਮਿਸਾਲਾਂ ਹਨ। ਬਜਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।
ਹਕੀਕਤ ਇਹ ਵੀ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ ਪਰ ਮੋਦੀ ਰਾਜ ਵਿਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ। ਮਨਮੋਹਨ ਸਿੰਘ ਵਜ਼ਾਰਤ ਸਮੇਂ ਕਿਸੇ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿਚ ਦਿਖਾਈ ਦਿੱਤਾ 10 ਹਜ਼ਾਰ ਟਨ ਸੋਨਾ ਲੱਭਣ ਲਈ ਅਕਤੂਬਰ 2013 ਵਿਚ ਉੱਤਰ ਪ੍ਰਦੇਸ਼ ਦੇ ਡਾਂਡੀਆ ਖੇੜਾ ਇਲਾਕੇ ਵਿਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।
ਸਾਡੇ ਪੰਜਾਬ ਵਿਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼ਭਗਤ ਵਿਗਿਆਨੀ ਸੀ ਜੋ ਥਾਲੀ ਵਿਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਇਹ ਕਾਰਨਾਮੇ ਕਰ ਕੇ ਦਿਖਾਏ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਨ੍ਹਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰ ਰਹੇ ਹਨ। 1916 ਵਿਚ ਨੋਬੇਲ ਇਨਾਮ ਜੇਤੂ ਵਿਗਿਆਨੀ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਸਾਇੰਸ ਕਾਂਗਰਸ ਵਿਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ: ''ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿਚ ਨਹੀਂ ਜਾਵੇਗਾ।" ਉਸ ਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।
ਸੰਪਰਕ : 98887-87440
25 Jan. 2019
ਵਿਗਿਆਨ ਕਾਂਗਰਸ ਜਾਂ ਸਰਕਸ - ਮੇਘ ਰਾਜ ਮਿੱਤਰ
3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਹੈ ਜਾਂ ਨਹੀੇਂ?
ਵਿਗਿਆਨ ਕਾਂਗਰਸ ਨਾਂ ਦਾ ਇਹ ਅਦਾਰਾ 1914 ਤੋਂ ਕਲਕੱਤਾ ਵਿਖੇ ਸ਼ੁਰੂ ਕੀਤਾ ਗਿਆ। ਅਸਲੀਅਤ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿੱਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਫਰਜ਼ ਹੈ ਕਿ ਉਹ ਵਿਗਿਆਨ ਅਤੇ ਗਿਆਨ ਦਾ ਪ੍ਰਚਾਰ ਅਤੇ ਪਾਸਾਰ ਕਰਨ। ਇਸ ਲਈ ਆਮ ਤੌਰ 'ਤੇ ਇਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਹਨ। ਤਾਂ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਵਿਖਾ ਸਕਣ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ ''ਡੈਮਾਂ ਦੇ ਪਾਣੀ ਵਿੱਚੋਂ ਬਿਜਲੀ ਨਾਂ ਦਾ ਅੰਮ੍ਰਿਤ ਕੱਢ ਲਿਆ ਗਿਆ ਹੈ। ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ।'' ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ ''ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ।'' ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਵਾਰਿਸ਼ਾਂ ਨੇ ਮਿੱਟੀ ਵਿੱਚ ਰੋਲ ਦਿੱਤਾ।
ਫਗਵਾੜੇ ਵਿਖੇ ਹੋਈ ਇਸ ਸਰਕਸ ਦੇ ਮੈਦਾਨ ਵਿੱਚ ਵਿਗਿਆਨਕਾਂ ਨੇ ਕੀ ਕਿਹਾ ਹੈ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ''ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।'' ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿੱਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ। ਪਰ ਵਿਗਿਆਨਕਾਂ ਵੱਲੋਂ ਦਿੱਤੀ ਅਜਿਹੀ ਸਲਾਹ ਸਧਾਰਨ ਲੋਕਾਂ ਦੇ ਮਨਾਂ 'ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ 'ਤੇ ਊਲੰਪਿਕ ਖੇਡਾਂ ਵਿੱਚ ਸੋਨ ਤਗਮੇ ਜਿੱਤ ਸਕਾਂਗੇ? ਵਿਗਿਆਨ ਵਿੱਚ ਹਰੇਕ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ, ਪਰ ਇੱਥੇ ਤਾਂ ਵਿਗਿਆਨਕ ਇਹ ਗੱਲ ਇਸ ਆਧਾਰ 'ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿੱਚ ਭਗਵਾਨ ਕ੍ਰਿਸ਼ਨ ਜੀ ਮਿੱਟੀ ਖਾਇਆ ਕਰਦੇ ਸਨ। ਭਾਵੇਂ ਉਸ ਸਮੇਂ ਮਿੱਟੀ ਵਿੱਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ। ਆਧੁਨਿਕ ਗਿਆਨ ਇਹ ਦੱਸਦਾ ਹੈ ਕਿ ਧਰਤੀ ਉੱਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ, ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ 'ਤੇ ਕਿਸੇ ਵਿਅਕਤੀ ਨੂੰ ਉਸ ਸਮੇਂ ਭਾਸ਼ਾ ਦੀ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ, ਜਿਸ ਵਿੱਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ ਦੇ ਲੋਕ ਸਨ।
ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨਕ ਦਾ ਕਹਿਣਾ ਸੀ ਕਿ ਡਾਇਨਾਸੋਰਾਂ ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇ ਕੀਤੀ ਅਤੇ ਉਸ ਨੇ ਵੇਦਾਂ ਵਿੱਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ ਧਰਤੀ ਉੱਪਰ ਸਾਢੇ ਬਾਰਾਂ ਕਰੋੜ ਵਰ੍ਹੇ ਰਾਜ ਕਰਕੇ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿੱਚ ਇਸ ਦਾ ਜ਼ਿਕਰ ਹੋ ਸਕਦਾ ਸੀ, ਪਰ ਹੋਇਆ ਨਹੀਂ। ਕਿਉਂਕਿ ਡਾਇਨਾਸੋਰਾਂ ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ, ਜੋ ਕਿ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿੱਚ ਆਈ ਹੈ, ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨਕ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ''ਮੈਂ ਤਾਂ ਨਿਊਟਨ, ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਹਨਾਂ ਦੀ ਚੜ੍ਹਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।'' ਭਾਵੇਂ ਇਸ ਵਿਗਿਆਨਕ ਦਾ ਇੱਕ ਵੀ ਪੇਪਰ ਛਪਿਆ ਹੋਇਆ ਨਾ ਹੋਵੇ। ਪਰ ਫਿਰ ਵੀ ਇਹ 2019 ਦੀ ਕਾਂਗਰਸ ਵਿੱਚ ਆਪਣੇ ਨੰਬਰ ਬਣਾ ਗਿਆ।
ਤਾਮਿਲਨਾਡੂ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ 'ਰਾਵਣ ਕੋਲ 24 ਤਰ੍ਹਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100 ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੀ ਪੈਦਾ ਹੋਏ ਸਨ।
ਹੁਣ ਜੇ ਵੇਖਿਆ ਜਾਵੇ ਕਿ ਕੀ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿੱਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿੱਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿੱਚ ਵਰਤੇ ਗਏ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਹੀ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿੱਚ ਪੈਦਾ ਨਹੀਂ ਹੋਇਆ। ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਇਹ ਮਿਹਨਤ ਹਨ।
ਜਿੰਨੇ ਵੀ ਊਲ-ਜਲੂਲ ਬਿਆਨ ਉੱਥੇ ਦਿੱਤੇ ਗਏ ਹਨ, ਉਹਨਾਂ ਦਾ ਸਿਹਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਹਨਾਂ ਨੇ ਜਨਵਰੀ 2014 ਵਿੱਚ ਸਾਇੰਸ ਕਾਂਗਰਸ ਦਾ ਉਦਘਾਟਨ ਕਰਨ ਵੇਲੇ ਕਿਹਾ ਸੀ ਕਿ ''ਵੇਦਾਂ ਵਿੱਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ 'ਤੇ ਟਰਾਂਸਪਲਾਂਟ ਕੀਤਾ ਗਿਆ ਸੀ।'' ਇਹ ਇੱਕ ਇਸ਼ਾਰਾ ਸੀ, ਜਿਸ ਤੋਂ ਅਗਵਾਈ ਲੈ ਕੇ ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨਕ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਮਹਾਨ ਵਿਗਿਆਨਕ ਹੋਣ ਦਾ ਸਬੂਤ ਦੇ ਰਹੇ ਹਨ, ਤਾਂ ਜੋ ਭਵਿੱਖ ਵਿੱਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿੱਚ ਆ ਜਾਣ ਅਤੇ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।
ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੀ ਸਾਰੀ ਗੰਦੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਵਿਗਿਆਨਕ ਸਾਇੰਸ ਕਾਂਗਰਸ ਵਿੱਚ ਵੀ ਅਜਿਹਾ ਹੋ ਰਿਹਾ ਹੈ। ਇੱਕ ਵਿਸ਼ੇਸ਼ ਸਿਆਸਤ, ਸਤ੍ਹਾ ਉੱਪਰ ਕਬਜ਼ਾ ਕਾਇਮ ਰੱਖਣ ਲਈ ਯਤਨਸ਼ੀਲ ਹੈ।
ਇਸ ਲਈ ਹੀ ਰਾਕਟਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ। ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਭਾਵੇਂ ਇਹ ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਕਿਸੇ ਰਾਕਟ ਦੀ ਸਫ਼ਲਤਾ ਜਾਂ ਅਸਫਲਤਾ ਹਵਨਾਂ ਕਰਕੇ ਹੋਈ ਹੈ ਜਾਂ ਵਿਗਿਆਨਕਾਂ ਦੀ ਮਿਹਨਤ ਨਾਲ? ਦੋਵੇਂ ਹੀ ਇਹ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਦੁਨੀਆਂ ਭਰ ਦੇ ਅਤੇ ਭਾਰਤੀ ਡਾਕਟਰ ਵੀ ਅਜਿਹਾ ਹੀ ਕਰਦੇ ਹਨ। ਉਹ RX ਲਿਖ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਂਦਾ ਹੈ ਤਾਂ ਪ੍ਰਮਾਤਮਾ ਵੱਲ ਉਂਗਲੀ ਕਰ ਦਿੱਤੀ ਜਾਂਦੀ ਹੈ, ਜੇ ਬਚ ਜਾਂਦਾ ਹੈ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਅਸਲ ਵਿੱਚ ਇਹ ਗੱਲਾਂ ਵਿਅਕਤੀ ਨੂੰ ਆਪਣਾ ਮੁੱਲਾਂਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿੱਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।
ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ 32 ਕੁ ਸੌ ਵਰ੍ਹੇ ਪਹਿਲਾਂ ਉੱਤਰੀ ਭਾਰਤ ਦੀ ਧਰਤੀ ਉੱਪਰ ਵੇਦਾਂ ਦੀ ਰਚਨਾ ਕੀਤੀ। ਇਹਨਾਂ ਵਿੱਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ। ਪਰ ਅੱਜ ਦੀ ਇੱਕੀਵੀਂ ਸਦੀ ਵਿੱਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਮੈਂ ਇਹ ਵੀ ਵੇਖਿਆ ਹੈ ਕਿ ਹਰੇਕ ਧਰਮ ਇਹ ਕਹਿੰਦਾ ਹੈ ਕਿ ਸਾਰੀ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਤੁਹਾਨੂੰਂ ਪਾਣੀ ਦਾ ਫਾਰਮੂਲਾ ਵੀ ਨਹੀਂ ਲਿਖਿਆ ਮਿਲੇਗਾ। ਪਰ ਪ੍ਰਾਚੀਨ ਗ੍ਰੰਥਾਂ ਵਿੱਚ ਤੁਹਾਨੂੰ ਪਰੀ ਕਹਾਣੀਆਂ ਜ਼ਰੂਰ ਮਿਲਣਗੀਆਂ। ਇਹਨਾਂ ਪਰੀ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਹਨਾਂ ਵਿੱਚ ਦਰਜ ਕੀਤੀਆਂ ਕਾਲਪਨਿਕ ਗੱਲਾਂ ਸਾਡੇ ਵਿਗਿਆਨਕਾਂ ਨੂੰ ਕੀ, ਕਿਉਂ, ਕਿਵੇਂ ਸਿਖਾਉਂਦੀਆਂ ਹਨ।
ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੇਵਤਿਆਂ ਨੂੰ ਇਹ ਗੱਲਾਂ ਉੱਪਰੋਂ ਉੱਤਰੀਆਂ ਸਨ। ਪਰ ਸਾਇੰਸ ਤਾਂ ਹਮੇਸ਼ਾਂ ਹੀ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ੍ਹ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ। ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ, ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ੍ਹ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ। ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਸਾਡੇ ਲੋਕਾਂ ਨੂੰ ਵੀ ਸੱਚਾਈ ਹੀ ਦੱਸਣੀ ਚਾਹੀਦੀ ਹੈ। ਨਹੀਂ ਸਾਡੇ ਦੇਸ਼ ਦੇ ਲੋਕ ਵੀ ਮੌਕਾਪ੍ਰਸਤ ਬਣ ਜਾਣਗੇ।
ਉਹਨਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿਨ੍ਹਾਂ ਨੇ ਵਿਗਿਆਨਕ ਤਕਨੀਕ ਨੂੰ ਅਪਣਾਇਆ ਹੈ। ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਕਰ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜ਼ਟ ਘਟਾ ਰਹੀ ਹੈ। ਇਸ ਬਜ਼ਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ 'ਤੇ ਕੀਤਾ ਜਾ ਰਿਹਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਉਦਾਹਰਣਾ ਹਨ। ਬਜ਼ਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।
ਇਹ ਵੀ ਅਸਲੀਅਤ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ। ਪਰ ਮੋਦੀ ਰਾਜ ਵਿੱਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ। ਮਨਮੋਹਨ ਦੀ ਵਜ਼ਾਰਤ ਸਮੇਂ ਇੱਕ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿੱਚ ਦਿਖਾਈ ਦਿੱਤੇ ਗਏ 10 ਹਜ਼ਾਰ ਟਨ ਸੋਨੇ ਨੂੰ ਲੱਭਣ ਲਈ ਅਕਤੂਬਰ 2013 ਵਿੱਚ ਉੱਤਰ ਪ੍ਰਦੇਸ਼ ਦੇ 'ਡਾਂਡੀਆ ਖੇੜਾ' ਇਲਾਕੇ ਵਿੱਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।
ਅਸੀਂ ਜਾਣਦੇ ਹਾਂ ਕਿ ਵਿਗਿਆਨ ਅਜਿਹਾ ਤਰਤੀਬਵੱਧ ਗਿਆਨ ਹੁੰਦਾ ਹੈ, ਜਿਸਦਾ ਆਧਾਰ ਪ੍ਰਯੋਗ, ਪਰਖ ਅਤੇ ਨਿਰੀਖਣ ਹੁੰਦੇ ਹਨ। ਜੇ ਇਸ ਨੂੰ ਪਰਖਣਾ ਹੋਵੇ ਤਾਂ ਸਾਨੂੰ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਜੇ ਇਹ ਅਸਲੀਅਤ ਹੋਵੇਗੀ ਤਾਂ ਹਰ ਵਾਰ ਉਹੀ ਨਤੀਜੇ ਹੋਣਗੇ। ਉਦਾਹਰਣ ਦੇ ਤੌਰ 'ਤੇ ਜੇ ਮੇਰੇ ਖੂਨ ਵਿੱਚ ਕੋਈ ਨੁਕਸ ਪੈ ਜਾਵੇ ਤੇ ਮੈਂ ਇਸ ਨੂੰ 10 ਪ੍ਰਯੋਗਸ਼ਾਲਾਵਾਂ ਵਿੱਚ ਪਰਖ ਕਰਨ ਲਈ ਭੇਜ ਦੇਵਾਂ। ਜੇ ਇਸ ਦੇ ਨਤੀਜੇ ਹਰ ਵਾਰ ਲਗਭਗ ਇੱਕ ਜਿਹੇ ਹੋਣਗੇ, ਤਾਂ ਇਹ ਗੱਲ ਵਿਗਿਆਨਕ ਹੋਵੇਗੀ, ਨਹੀਂ ਤਾਂ ਗੈਰ ਵਿਗਿਆਨਕ। ਸੋ, ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਹ ਕਸੌਟੀ ਵਰਤਣੀ ਚਾਹੀਦੀ ਹੈ।
ਸਾਡੇ ਪੰਜਾਬ ਵਿੱਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼-ਭਗਤ ਵਿਗਿਆਨਕ ਸੀ, ਜੋ ਥਾਲੀ ਵਿੱਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਹ ਕਾਰਨਾਮੇ ਕਰ ਕੇ ਵਿਖਾਏ ਸਨ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਹਨਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।
1916 ਵਿੱਚ ਨੋਬਲ ਇਨਾਮ ਜੇਤੂ ਵਿਗਿਆਨਕ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਵਿਗਿਆਨਕ ਕਾਂਗਰਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ''ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿੱਚ ਨਹੀਂ ਜਾਵੇਗਾ।'' ਉਸਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।
-ਮੇਘ ਰਾਜ ਮਿੱਤਰ, ਸੰਸਥਾਪਕ
ਤਰਕਸ਼ੀਲ ਸੁਸਾਇਟੀ
ਤਰਕਸ਼ੀਲ ਨਿਵਾਸ, ਕੱਚਾ ਕਾਲਜ ਰੋਡ,
ਗਲੀ ਨੰ. 8, ਬਰਨਾਲਾ (ਪੰਜਾਬ)
ਮੋਬਾਈਲ ਨੰ. 9888787440