ਐ ਦੋਸਤ - ਮੁਨੀਸ਼ ਸਰਗਮ
ਜ਼ਿੰਦਗੀ ਬੀਤ ਜਾਏ ਜੇਕਰ ਤੇਰੇ ਇੰਤਜ਼ਾਰ ਵਿਚ
ਐ ਦੋਸਤ ਐਸੀ ਜ਼ਿੰਦਗੀ ਦਾ ਕੀ ਫਾਇਦਾ ।
ਦਬੇ ਪੈਰ ਆਉਣਾ ਤੇ ਆ ਕੇ ਚਲੇ ਵੀ ਜਾਣਾ
ਐਸੇ ਆਉਣੇ ਤੇ ਐਸੇ ਜਾਣੇ ਦਾ ਕੀ ਫਾਇਦਾ ।
ਹੋਸ਼ ਵਿਚ ਰਹਿਕੇ ਜੇ ਝੱਲਣੀ ਹੋਸ਼ ਦੀ ਟੈਂਸ਼ਨ
ਬੇ-ਹੋਸ਼ੀ ਠੀਕ ਹੈ,ਇਸਦਾ ਨਹੀਂ ਕੋਈ ਕਾਇਦਾ।
ਖ਼ੁਦਾ ਨੇ ਰਹਿਮਤਾਂ ਦਿੱਤੀਆਂ,ਫਿਰ ਵੀ ਮਨ ਉਦਾਸ ਜੇਕਰ,
ਕੀਮਤੀ ਦਾਤਾਂ ਤੇ ਭਰੀਆਂ ਰਹਿਮਤਾਂ ਦਾ ਕੀ ਫਾਇਦਾ?
ਸੁਰਾਂ ਦੀ ਹੋਂਦ,ਪਰ ਨਾ ਥਿਰਕਣਾ, ਨਾ ਹੀ ਗੁਨਗੁਨਾਉਣਾ
ਚੁੱਪ ਹੀ ਠੀਕ ਹੈ, ਐਸੀ ਸਰਗਮ ਦਾ ਕੀ ਫਾਇਦਾ।
ਮੁਨੀਸ਼ ਸਰਗਮ
ਪਿੰਡ ਅਤੇ ਡਾਕਘਰ ਸਿਧਵਾਂ ਬੇਟ(ਲੁਧਿ:)
ਮੋਬਾਇਲ ਨੰਬਰ: 8146541700
Email : mksargam@gmail.com
ਜ਼ਿਹਨ ਦੀ ਅੱਗ - ਮੁਨੀਸ਼ ਸਰਗਮ
ਜ਼ਿਹਨ ਦੀ ਅੱਗ ਨੂੰ ਸ਼ਬਦਾਂ ਦੇ ਨਾਲ ਨਾ ਨਾਪੋ
ਜ਼ਿਹਨ ਦੀ ਅੱਗ ਦਾ ਕੋਈ ਵੀ ਅਕਾਰ ਨ੍ਹੀਂ ਹੁੰਦਾ
ਦੂਰ ਰੱਖੋ ਹਮੇਸ਼ਾ ਵਸਤੂਆਂ ਦੇ ਲੈਣ ਦੇਣ ਨੂੰ
ਪਿਆਰ ਤਾਂ ਪਿਆਰ ਹੁੰਦਾ ਹੈ, ਕੋਈ ਵਪਾਰ ਨ੍ਹੀਂ ਹੁੰਦਾ
ਤੂੰ ਸ਼ੱਕ ਦੀ ਸਿਲਸਿਲੇਵਾਰ ਕਸੌਟੀ 'ਤੇ ਨਾ ਪਰਖ਼ ਮੈਨੂੰ
ਅੱਕ ਤਾਂ ਅੱਕ ਹੁੰਦਾ ਹੈ,ਅੱਕ ਖ਼ਰਾਬ ਨ੍ਹੀਂ ਹੁੰਦਾ
ਜੇ ਹੋਵੇ ਦਿਲ 'ਚ ਕੋਈ ਗੱਲ ਤਾਂ ਮੂੰਹ 'ਤੇ ਕਹਿ ਦੇਈਏ
ਮੂੰਹ ਆਈ ਬਾਤ ਦਾ ਵੀ ਸੱਜਣਾ ਕੋਈ ਇਖ਼ਲਾਕ ਨ੍ਹੀਂ ਹੁੰਦਾ
ਤੂੰ ਰੁਕ, ਮੈਂ ਦੇਖਦਾ ਹਾਂ ਤੇਰੇ ਅੱਗ ਕਿੱਥੋਂ ਕੁ ਲੱਗੀ ਹੈ
ਪਰ ਇਹ ਤਾਂ ਅੱਗ ਦਿਲ ਦੀ ਹੈ ਜਿਦ੍ਹਾ ਕੋਈ ਦਾਗ਼ ਨ੍ਹੀਂ ਹੁੰਦਾ
ਸਰਗਮ ਦੇ ਸੁਰਾਂ ਸੰਗ ਬਣਦੇ ਹਨ ਸੁਰੀਲੇ ਗੀਤ
'ਸਰਗਮ'ਦਾ ਸੁਰ ਕਦੇ ਵੀ ਤਲਵਾਰ ਨ੍ਹੀਂ ਹੁੰਦਾ।
ਮਾਨਵ - ਮੁਨੀਸ਼ ਸਰਗਮ
ਮਾਨਵ ਰੋਜ਼ ਹੀ ਘਰ ਤੋਂ ਨਿੱਕਲੇ, ਸ਼ਾਮੀਂ ਘਰ ਨੂੰ ਪਰਤੇ
ਰੋਜ਼ ਹੀ ਪੇਪਰ ਦੇਵੇ ਜ਼ਿੰਦਗੀ ਦੀ ਡਿਗਰੀ ਦੇ
ਕਹਿੰਦੇ ਸਭ ਤੋਂ ਉੱਤਮ ਪਰ ਸਭ ਤੋਂ ਔਖਾ ਹੈ ਮਾਨਵ
ਰੋਜ਼ ਤਸੀਹੇ ਝੱਲੇ ਜੁ ਤੀਜੀ ਡਿਗਰੀ ਦੇ
ਪਾਣੀ ਵਾਂਗ ਨਾ ਸੌ 'ਤੇ ਉੱਬਲੇ, ਨਾ ਜ਼ੀਰੋ 'ਤੇ ਜੰਮੇ
ਹਰ ਮਾਨਵ ਟੁੱਟਦਾ ਭੱਜਦਾ ਤੇ ਪੰਘਰੇ ਅੱਡ ਅੱਡ ਡਿਗਰੀ 'ਤੇ
ਅੰਤ ਨੂੰ ਚੱਕਰ ਪੂਰਾ ਕਰਕੇ ਅੰਤ ਹੈ ਹੋਣਾ 'ਸਰਗਮ'
ਲਿਟ ਜਾਣੈ ਕਬਰਾਂ 'ਚ ਆਖ਼ਰ ਇਕ ਸੌ ਅੱਸੀ ਡਿਗਰੀ 'ਤੇ।
ਗ਼ਜ਼ਲ - ਮੁਨੀਸ਼ ਸਰਗਮ
ਸਰਕਾਰੀ ਦਫ਼ਤਰ ਵਿਚ ਆ ਕੇ ਹਰ ਕੋਈ ਘਬਰਾਇਆ ਹੋਇਐ
ਕੀਹਦਾ ਕੀਹਦਾ ਕੰਮ ਨ੍ਹੀਂ ਹੋਇਆ, ਕੌਣ ਕੌਣ ਹੈ ਆਇਆ ਹੋਇਐ
ਇਹ ਤਾਂ ਦੱਸ ਦਿਓ ਮੈਨੂੰ ਸਾਹਿਬ ਕਿ ਮੇਰਾ ਕਸੂਰ ਹੈ ਕੀ?
ਬੰਦਾ ਹਾਂ ਮੈਂ ਬੰਦਾ, ਏਥੇ ਬੰਦੇ ਦੀ ਜੂਨੇਂ ਆਇਆ ਹੋਇਐਂ
ਹੋਰ ਬਹੁਤ ਨੇ ਏਥੇ ਜਗ ਵਿਚ ਰੱਬ ਨੂੰ ਮੰਨਣ ਵਾਲੇ
ਤੂੰ ਹੀ ਨਹੀਂ ਇਕੱਲਾ ਜਿਸਨੇ ਰੱਬ ਨੂੰ ਬੜਾ ਧਿਆਇਆ ਹੋਇਐ
ਤੂੰ ਕਰਨੈਂ ਕਰ ਕੁਝ, ਨਹੀਂ ਤਾਂ ਖਸਮਾਂ ਨੂੰ ਖਾਹ ਜਾ ਕੇ
ਮੈਂ ਵੀ ਇੱਥੇ ਤੀਕ ਸੌ ਸੌ ਧੱਕੇ ਖਾ ਕੇ ਆਇਆ ਹੋਇਐਂ
ਜੇਕਰ ਬਾਊ ਜੀ ਸਭ ਕੁਝ ਤਾਂ ਨਿਯਮਾਂ ਦੇ ਨਾਲ ਹੋਣੈਂ
ਫੇਰ ਸੱਚੇ ਬੰਦਿਆਂ ਕਾਹਨੂੰ ਸੂਲੀ ਟੰਗ ਲਟਕਾਇਆ ਹੋਇਐ
ਲਿਸਟ ਬਣਾਓ ਇਥੇ ਸਾਰੀ, ਜਿਸ ਜਿਸਨੇ ਹੈ ਰਿਸ਼ਵਤ ਖਾਧੀ
ਨਾਲੇ ਇਹ ਵੀ ਦੇਖੋ ਇਨ੍ਹਾਂ ਕਿਸ ਕਿਸਨੂੰ ਭਟਕਾਇਆ ਹੋਇਐ।
ਵਕ਼ਤ - ਮੁਨੀਸ਼ ਸਰਗਮ
ਵਕ਼ਤ ਏ, ਇਕ ਜਿਹਾ ਨਾ ਰਿਹਾ ਏ ਅੱਜ ਤੀਕ
ਬਦਲਦਾ ਰਿਹਾ ਏ, ਬਦਲਦਾ ਰਹੇਗਾ
ਹਾਲਾਤ ਦੀ ਸ਼ੈਅ 'ਤੇ ਬੇਕਰਾਰ ਦਿਲ
ਮਚਲਦਾ ਰਿਹਾ ਏ, ਮਚਲਦਾ ਰਹੇਗਾ
ਸੀਨਾ ਅੰਗਾਰਿਆਂ ਦਾ ਰਹਿੰਦੈ ਪੁਰੇ ਦੀ ਭਾਲ 'ਚ
ਸੁਲਗਦਾ ਰਿਹਾ ਏ, ਸੁਲਗਦਾ ਰਹੇਗਾ
ਸਾਗਰ ਉਮੀਦਾਂ ਦਾ ਕਦੋਂ ਸ਼ਾਂਤ ਏ ਹੁੰਦਾ
ਉਮੜਦਾ ਰਿਹਾ ਏ, ਉਮੜਦਾ ਰਹੇਗਾ
'ਸਰਗਮ' ਜ਼ਮਾਨਾ ਕੋਸ਼ਿਸ਼ਾਂ ਦੇ ਗਰਮ ਤਾਪ ਨਾਲ
ਪਿਘਲਦਾ ਰਿਹਾ ਏ, ਪਿਘਲਦਾ ਰਹੇਗਾ।
ਗ਼ਜ਼ਲ - ਮੁਨੀਸ਼ ਸਰਗਮ
ਉਮਰ ਦੇ ਛੋਟੇ, ਛੋਟੇ ਬਣ ਕੇ ਰਹਿੰਦੇ ਨਹੀਂ
ਵੱਡਿਆਂ ਨੂੰ ਵੀ ਵੱਡੇ ਬਣਨਾ ਆਉਂਦਾ ਨਹੀਂ
ਲੀਡਰ ਵੋਟਾਂ ਲੈ ਕੇ ਮੁੜ ਕੇ ਨਹੀਂ ਲੱਭਦੇ
ਜਨਤਾ ਨੂੰ ਵੀ ਰਾਹੀਂ ਤਣਨਾ ਆਉਂਦਾ ਨਹੀਂ
ਮਾਰ ਉਡਾਰੀ ਸੋਚ ਦੀ ਖੁੱਲ੍ਹੇ ਅਸਮਾਨੀਂ
ਉੱਡਦਾ ਪੰਛੀ ਪਿੰਜਰੇ ਤੜਨਾ ਚਾਹੁੰਦਾ ਨਹੀਂ
ਅਪਰਾਧੀ ਨੂੰ ਬੋਦਿਓਂ ਫੜ ਕੇ ਟੰਗੀਦੈ
ਅਪਰਾਧੀ ਖ਼ੁਦ ਸੂਲੀ ਚੜ੍ਹਣਾ ਚਾਹੁੰਦਾ ਨਹੀਂ
ਜੁਗਨੂੰ ਚਮਕੇ ਰਾਤ ਬਰਾਤੇ ਚੰਨ ਸਾਹਵੇਂ
ਚੰਨ ਨੂੰ ਜੁਗਨੂੰ ਵਾਂਗੂੰ ਮਘਣਾ ਆਉਂਦਾ ਨਹੀਂ
ਅੱਜ ਦੀ ਸੋਹਣੀ ਦਰਿਆਵਾਂ ਨੂੰ ਨਹੀਂ ਲੰਘਦੀ
ਅੱਜ ਦਾ ਰਾਂਝਾ ਕੰਨ ਪੜਵਾਉਣੇ ਚਾਹੁੰਦਾ ਨਹੀਂ।
ਕਵਿਤਾ - ਮੁਨੀਸ਼ ਸਰਗਮ
ਜਦੋਂ ਤੈਨੂੰ ਜਿਉਣ ਦਾ ਮਕਸਦ
ਪੂਰਾ ਹੁੰਦਾ ਨਾ ਦਿਸੇ
ਅਤੇ ਤੇਰੇ ਸੁਪਨਿਆਂ ਦੀ
ਮੌਤ ਹੋ ਰਹੀ ਜਾਪੇ
ਤੇਰੇ ਹੱਥ ਵਿਚ
ਕਾਗ਼ਜ਼ ਤੇ ਪੈੱਨ ਫੜਾ ਕੇ
ਤੈਨੂੰ ਕੁਝ ਹਾਲਾਤ ਬਾਰੇ
ਲਿਖਣ ਨੂੰ ਕਿਹਾ ਜਾਵੇ
ਉਦੋਂ ਜੋ ਤੂੰ ਦਿਲ ਤੋਂ ਲਿਖੇਂਗਾ
ਉਹ ਕਵਿਤਾ ਹੋਵੇਗੀ।
ਜਦੋਂ ਆਪਣੇ, ਆਪਣੇ ਹੋਣ ਦਾ
ਢੋਂਗ ਪਿਆ ਕਰਦੇ ਜਾਪਣ
ਅਤੇ ਤੂੰ ਮਰ ਮੁੱਕਿਆਂ ਨੂੰ
ਭੁੱਲਣ ਦਾ ਨਾਟਕ
ਕਰਦਿਆਂ ਵੇਖਦਾ ਏਂ
ਤੂੰ ਫੈਸਲੇ ਲੈਨਾਂ ਏਂ
ਤੇ ਘਟਨਾਵਾਂ ਨੂੰ
ਅੱਖਾਂ ਦੇ ਸਾਹਮਣੇ
ਘਟਦਿਆਂ ਵੇਖਦਾ ਏਂ
ਫਿਰ ਇਕਾਂਤ ਵਿਚ ਬਹਿ ਕੇ
ਹੋ ਚੁੱਕਿਆਂ ਨੂੰ ਸੋਚਦਾ ਏਂ
ਉਦੋਂ ਜੋ ਤੂੰ ਲਿਖੇਂਗਾ
ਉਹ ਵੀ ਕਵਿਤਾ ਹੋਵੇਗੀ।
ਮੁਨੀਸ਼ ਸਰਗਮ ਪਿੰਡ ਅਤੇ ਡਾਕਘਰ ਸਿੱਧਵਾਂ ਬੇਟ 142 033, ਤਹਿਸੀਲ ਜਗਰਾਉਂ
ਜ਼ਿਲ੍ਹਾ ਲੁਧਿਆਣਾ (ਪੰਜਾਬ) ਸੰਪਰਕ ਨੰਬਰ: 8146541700
Emai :mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਚੱਲ ਅਸਮਾਨੀਂ ਸੂਰਜ ਲੈ ਕੇ ਆਈਏ ਥੌੜ੍ਹਾ
ਮਿਹਨਤ ਕਰਕੇ ਆਪਣਾ ਖ਼ੂਨ ਮਚਾਈਏ ਥੌੜ੍ਹਾ
ਕਿੰਨਾ ਚਿਰ ਸਿਰਹਾਣੇ ਦੇ ਵਿਚੇ ਮੂੰਹ ਲੁਕੋਵਾਂਗੇ
ਚੱਲ ਜ਼ਾਲਮ ਨੂੰ ਆਪਣਾ ਰੁਖ਼ ਵਿਖਾਈਏ ਥੌੜ੍ਹਾ
ਥੌੜ੍ਹਾ-ਥੌੜ੍ਹਾ ਕਰਕੇ ਹੁਣ ਲੜ੍ਹਨਾ ਵੀ ਸਿਖੀਏ
ਸਮੇਂ ਅਤੇ ਹਾਲਾਤ ਨੂੰ ਮੁੱਖ ਵਿਖਾਈਏ ਥੌੜ੍ਹਾ
ਇਕੱਲਾ ਇਕ ਅਤੇ ਇਕ-ਇਕ ਗਿਆਰਾਂ
ਆਪਣਾ-ਆਪਣਾ ਬਣਦਾ ਹਿੱਸਾ ਪਾਈਏ ਥੌੜਾ
ਮੁਕਦਿਆਂ-ਮੁਕਦਿਆਂ ਹੀ ਤਾਂ ਮੁੱਕੇਗਾ ਨੇਰ੍ਹਾ
ਸਿਰ 'ਤੇ ਚਾ' ਕੇ ਚਾਨਣ ਜਗ ਰੁਸ਼ਨਾਈਏ ਥੋੜ੍ਹਾ
ਚੁੱਪ ਨੂੰ ਬੁੱਝਣ ਵਾਲੇ ਸਾਰੇ ਮਰ-ਮੁੱਕ ਗਏ
ਚੁੱਪ ਤੋੜੀਏ ਆਪਾਂ ਸਰਗਮਾਈਏ ਥੌੜ੍ਹਾ
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ)
ਫੋਨ: 81465-41700 ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਸੱਚਾਈ ਪਿੱਠ ਪਿੱਛੇ ਬੋਲਣੇ ਦਾ ਕੀ ਫਾਇਦਾ ।
ਸੱਚਾਈ ਬੋਲਣੀ ਹੀ ਚਾਹੀਦੀ ਹੈ ਮੁੱਖਾਂ 'ਤੇ ।
ਮੌਸਮਾਂ ਦਾ ਵਿਗੜ ਗਿਆ ਤਾਣਾ-ਬਾਣਾ,
ਯਕੀਨ ਕੁਝ ਵੀ ਨਹੀਂ ਰਿਹਾ ਹੁਣ ਰੁੱਤਾਂ 'ਤੇ ।
ਕੁੜੀਆਂ ਜੇ ਜੰਮ ਪਈਆਂ ਤਾਂ ਪੜ੍ਹ ਵੀ ਜਾਣਗੀਆਂ,
ਕਰ ਦੇਈਏ ਜੇ ਰਹਿਮ ਅਸੀਂ ਕੁੱਖਾਂ 'ਤੇ ।
ਜ਼ਹਿਰ ਘੁਲ ਰਿਹਾ ਏ ਅਸਮਾਨਾਂ ਵਿਚ,
ਆਸ ਜੇ ਕੋਈ ਬਚੀ ਹੈ ਤਾਂ ਬੱਸ ਰੁੱਖਾਂ 'ਤੇ ।
ਜਿਸ ਕਿਸੇ ਨੂੰ ਮਿਲੀ ਰੋਟੀ ਦਿਨਾਂ ਮਗਰੋਂ ,
ਕਿੰਝ ਕਾਬੂ ਰੱਖੇ ਉਹ ਬੰਦਾ ਭੁੱਖਾਂ 'ਤੇ ।
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ)
ਫੋਨ: 81465-41700 ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਤੂੰ ਬੇੜੀ ਨਾ ਬਣੀਂ,ਨਾ ਕਿਨਾਰਾ,ਨਾ ਨਦੀ ਹੋਵੀਂ
ਜਦੋਂ ਵੀ ਮੌਕਾ ਮਿਲੇ ਤੈਨੂੰ,ਤੂੰ ਬੇੜੀ ਦਾ ਮਲਾਹ ਹੋਵੀਂ
ਨਾ ਗੁੱਸਾ,ਨਾ ਨਫ਼ਰਤ,ਨਾ ਹੀ ਦਿਲ ਦਾ ਮਚਾਅ ਹੋਵੀਂ
ਜਦੋਂ ਵੀ ਹੋਵੀਂ ਉਲਝਿਆਂ ਲਈ ਨੇਕ ਸਲਾਹ ਹੋਵੀਂ
ਨਾ ਜੰਨਤ,ਨਾ ਜਹੱਨੁਮ,ਨਾ ਮੰਜ਼ਿਲ,ਨਾ ਮੁਕਾਮ ਹੋਵੀਂ
ਜਦੋਂ ਵੀ ਹੋਵੀਂ ਕਿਸੇ ਮੰਜ਼ਿਲ ਨੂੰ ਜਾਂਦਾ ਰਾਸਤਾ ਹਵੀਂ
ਤੂੰ ਥਾਵਾਂ ਦੇ 'ਤੇ ਨਾ ਸ਼ਹਿਰ,ਨਾ ਕਸਬਾ,ਨਾ ਹੀ ਗਰਾਂ ਹੋਵੀਂ
ਜਦੋਂ ਵੀ ਹੋਵੀਂ ਕਿਸੇ ਗੁੰਮਨਾਮ ਥਾਂ ਦਾ ਨਾਂ ਹੋਵੀਂ
ਮੇਰੇ ਆਪਣੇ - ਮੁਨੀਸ਼ ਸਰਗਮ
ਮੇਰੇ ਆਪਣੇ ਮੇਰੇ ਆਪਣੇ ਹੋਣ ਦਾ ਢੋਂਗ ਨੇ ਕਰ ਰਹੇ ।
ਉਨ੍ਹਾਂ ਦੇ ਇਹ ਬਿਆਨ ਨੇ ਮੇਰੇ ਲਈ ਉਹ ਮਰ ਰਹੇ ।
ਰੁਕ-ਰੁਕ ਕੇ ਵਾਰ-ਵਾਰ ਉਹ ਆਪਣੇ ਹੀ ਰਾਹੀਂ ਵਧ ਰਹੇ,
ਪਰ ਕਹਿ ਰਹੇ ਤਬਦੀਲ ਮੰਜ਼ਿਲ ਤੇਰੇ ਲਈ ਹਾਂ ਕਰ ਰਹੇ ।
ਆਸ਼ੇ ਦੇ ਤਿੜਕੇ ਠੂਠੇ ਨੂੰ ਠੋਲ੍ਹੇ ਦੀ ਪਰਖ਼ 'ਤੇ ਚਾੜ੍ਹ ਕੇ,
ਹੱਸ ਚੋਂਦੇ ਪਾਣੀਆਂ ਉਪਰ ਬਸ ਸ਼ੌਕ ਪੂਰਾ ਕਰ ਰਹੇ ।
ਇਹ ਯਾਰ ਮੇਰੇ ਅੱਧੇ-ਪੌਣੇ ਯਾਰੀਆਂ 'ਚ ਰਹਿ ਗਏ,
ਦਿਲ ਦੀ ਆਖਣ ਪਰ ਇਹ ਸੁਣਨੋਂ ਅੰਦਰੋਂ-ਅੰਦਰੀਂ ਡਰ ਰਹੇ ।
ਅੱਜ ਬੋਲ ਚਿੱਟੇ ਲਹੂਆਂ ਦੇ ਗਰਮੀ ਦੇ ਵਿਚ ਵੀ ਠਰ ਰਹੇ,
ਇਹ ਲਫ਼ਜ਼ ਅੱਧ ਓਪਰੇ 'ਸਰਗਮ' ਨੂੰ ਛੋਟਾ ਕਰ ਰਹੇ ।
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ) ਫੋਨ: 81465-41700
ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਬੇ-ਫ਼ਿਕਰੀ ਦੇ ਆਲਮ 'ਚ ਗਾਉਂਦੀ ਬੜੀ
ਜ਼ਿੰਦਗੀ ਹਾਂ ਜ਼ਿੰਦਗੀ ਨੂੰ ਚਾਹੁੰਦੀ ਬੜੀ
ਵੇਖ ਕੇ ਦੁੱਖ-ਦਰਦ ਮਨ ਪੰਘਰਦਾ ਏ
ਇਨਸਾਨ ਹਾਂ ਇਨਸਾਨ 'ਤੇ ਰੋਂਦੀ ਬੜੀ
ਹੈ ਤਾਂ ਬੇ-ਫ਼ਿਕਰੀ ਜਿਹੀ ਤੇਰੇ ਸਾਥ ਵਿਚ
ਤੂੰ ਜੇ ਲਾਗੇ ਹੈਂ ਤਾਂ ਮੈਂ ਸੌਂਦੀ ਬੜੀ
ਘੁੰਮਕੇ ਆਵੋ ਜੇਕਰ ਦੇਸ਼ਾਂ ਦੇ ਵਿਚੋਂ
ਘਰ ਦੀ ਰੋਟੀ ਫੇਰ ਹੈ ਭਾਉਂਦੀ ਬੜੀ
ਸ਼ਮਾਂ ਨੂੰ ਅਹਿਸਾਸ ਜੇਕਰ ਹੋ ਜਾਵੇ
ਘਰ ਮੁਰੀਦਾਂ ਦੇ ਫੇਰਾ ਪਾਉਂਦੀ ਬੜੀ
ਹਵਾ ਜਦ ਚਾਲ ਚੱਲ ਪਵੇ ਆਪਣੀ
ਜ਼ਰਜ਼ਰੇ ਮੰਜਰਾਂ ਨੂੰ ਫੇਰ ਢਾਉਂਦੀ ਬੜੀ
-ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ) ਫੋਨ: 81465-41700
ਈਮੇਲ: mksargam@gmail.com
ਗ਼ਜ਼ਲ - ਮੁਨੀਸ਼ ਸਰਗਮ
ਇਹ ਨਾ ਸਮਝੀਂ ਐਵੇਂ ਹੰਝੂ ਕੇਰੇ ਨੇ ।
ਦਿਲ ਵਿਚ ਸਾਡੇ ਹਾਲ਼ੇ ਜਖ਼ਮ ਬਥੇਰੇ ਨੇ ।
ਦਿਲ ਦਾ ਪਿਆਰ ਸੁਕਾ ਤਾ ਸਮੇਂ ਦੀ ਧੁੱਪ ਨੇ ,
ਨਫ਼ਰਤ ਦੇ ਅਲਫ਼ਾਜ ਹੀ ਚਾਰ-ਚੁਫ਼ੇਰੇ ਨੇ ।
ਮਿੱਤਰਾ, ਮਿੱਤਰ ਕਦੇ ਨਾ ਹੱਸਦੇ ਮਿੱਤਰਾਂ 'ਤੇ,
ਕਿਉਂ ਤੂੰ ਸਾਡੀ ਗੱਲ 'ਤੇ ਬੁੱਲ ਜਿਹੇ ਟੇਰੇ ਨੇ ।
ਬੋਲ ਕੇ ਜੇ ਦੱਸਿਆ ਤਾਂ ਦੁੱਖ ਦਾ ਕੀ ਦੱਸਿਆ,
ਚੁੱਪ ਤੋਂ ਬੁੱਝ ਲੈ ਦੁਖਾਂ ਨੇ ਦਿਲ ਘੇਰੇ ਨੇ ।
ਸੁਣਕੇ ਜਦ ਤੂੰ ਰੁਕਦਾ-ਰੁਕਦਾ ਰੁਕਦਾ ਨਾ ,
ਮੇਰੇ ਲਈ ਉਹ ਪਲ਼ ਤਾਂ ਖ਼ੂਬ ਹਨ੍ਹੇਰੇ ਨੇ ।
ਚੜ੍ਹਦੇ ਸੂਰਜ ਉਡਦੇ ਪੰਛੀ ਬਣਕੇ ਉਡ ਜਾਂਦੇ,
ਬੁਝ ਚੁਕਿੱਆਂ ਦੇ ਖੰਭ ਵੀ ਜਾਣ ਝੰਮੇੜ੍ਹੇ ਨੇ ।
ਅੱਖ ਚੋਵਣ ਦਾ ਸੱਚ ਕੁੜੱਤਣ ਭਰਿਆ ਏ,
ਆਬਸ਼ਾਰਾਂ ਦੇ ਹੁੰਦੇ ਰਾਗ਼ ਸਹੇੜੇ ਨੇ ।
ਬਚਪਨ ਵਿਚ ਮਿਲ ਜਾਵੇ ਹੱਲਾ ਸ਼ੇਰੀ ਜੇ,
ਤੁਰ ਸਕਦੇ ਫਿਰ ਬੱਚੇ ਪੰਧ ਲੰਮੇਰੇ ਨੇ ।
ਜੇਕਰ ਮਨ ਦੀ ਹਾਲਤ ਨੂੰ ਕੋਈ ਨਾ ਸਮਝੇ,
ਅੱਖੀਆਂ 'ਚੋਂ ਫਿਰ ਚੌਂਦੇ ਨੀਰ ਘਨੇਰੇ ਨੇ ।
ਮੁੱਲ ਵਿਕਦੇ ਨੇ ਦੁੱਧ,ਦਹੀਂ,ਮੱਖਣ, ਲੱਸੀ ,
ਹੁਣ ਨਾ ਦਿਸਦੇ ਬੰਨ੍ਹੇ ਘਰੀਂ ਲਵੇਰੇ ਨੇ ।
ਆਪਣੇ ਦੁਖ ਨੂੰ ਜੇ ਕੋਈ ਗਾਉਣਾ ਸਿੱਖ ਜਾਂਦਾ ,
ਸਰਗਮ ਦੇ ਸੁਰ ਹੁੰਦੇ ਬਹੁਤ ਉਚੇਰੇ ਨੇ ।
ਗ਼ਜਲ - ਮੁਨੀਸ਼ ਸਰਗਮ
ਅਜੇ ਤਾਂ ਸਾਥੋਂ ਬਹੁਤੇ ਦੂਰ ਸਵੇਰੇ ਨੇ ।
ਅਜੇ ਤਾਂ ਫ਼ੈਲੇ ਚਾਰੇ ਪਾਸੇ ਨ੍ਹੇਰੇ ਨੇ ।
ਅਜੇ ਤਾਂ ਸੁਬਹ ਦਾ ਭੁੱਲਿਆ ਘਰ ਨਹੀਂ ਮੁੜਿਆ ,
ਅਜੇ ਉਡੀਕਾਂ ਚਲਦੀਆਂ ਚਾਰ ਚੁਫ਼ੇਰੇ ਨੇ ।
ਅਜੇ ਦਿਵਾਲੀ ਸੁੱਕੀ ਈਦਾਂ ਰੁੱਸੀਆਂ ਨੇ ,
ਅਜੇ ਤਾਂ ਸੁੰਨੇ ਦੀਵਿਆਂ ਬਾਝ ਬਨੇਰੇ ਨੇ ।
ਉਸਰਨ ਨੂੰ ਤਾਂ ਉਸੱਰ ਜਾਂਦੇ ਚਾਨਣ ਵੀ ,
ਪਰ ਧੂੰਏ ਦੇ ਬੱਦਲ ਬਹੁਤ ਘਨੇਰੇ ਨੇ ।
ਅਜੇ ਤਾਂ ਸਫ਼ਰ ਬਥੇਰਾ ਵਾਟਾਂ ਲੰਮੀਆਂ ਨੇ ,
ਚੱਲਣ ਵਾਲੇ ਹਾਲੇ ਪੰਧ ਲੰਮੇਰੇ ਨੇ ।
ਉਮਰਾਂ ਵੱਟੇ ਜੀਵਨ ਮੁੱਕਦਾ ਜਾਂਦੈ ਸਰਗਮ,
ਜੰਮਣ ਦਿਵਸ ਮਨਾਉਂਦੇ ਲੋਕ ਬਥੇਰੇ ਨੇ ।
ਗ਼ਜ਼ਲ - ਮੁਨੀਸ਼ ਸਰਗਮ
ਡੁੱਲ੍ਹਦਾ ਨਾ ਚਾਨਣ ਹਨੇਰਾ ਹੀ ਹੁੰਦਾ ।
ਚੜ੍ਹਦਾ ਨਾ ਸੂਰਜ ਸਵੇਰਾ ਨਾ ਹੁੰਦਾ ।
ਜੇ ਬੀਅ ਨਾ ਹੰਦੇ ਫੁੱਲ ਵੀ ਨਾ ਖਿੜਦੇ ,
ਵੇਲਾਂ ਦਾ ਭਰਿਆ ਬਨੇਰਾ ਨਾ ਹੁੰਦਾ ।
ਅੱਖਰ ਨਾ ਹੁੰਦੇ ਤਾਂ ਵਿੱਿਦਆ ਕੀ ਕਰਦੀ ,
ਖੁੱਲਾ ਤਸੱਵਰ ਨਾ ਘੇਰਾ ਨਾ ਹੁੰਦਾ ।
ਨਾ ਜੰਮਦੇ-ਮਰਦੇ,ਨਾ ਹਸਦੇ-ਰੌਂਦੇ ,
ਜੇ ਮਾਂ ਨਾ ਹੁੰਦੀ ਕੋਈ ਚੇਹਰਾ ਨਾ ਹੁੰਦਾ ।
ਹੁੰਦੇ ਨਾ 'ਕੱਠੇ ਤਾਂ ਕੀ 'ਸਾਬ ਲਾਉਂਦੇ,
ਦੁਨੀਆਂ 'ਚ ਤੇਰਾ ਤੇ ਮੇਰਾ ਨਾ ਹੁੰਦਾ ।
ਜੇ ਦਿਲ ਨਾ ਹੁੰਦਾ, ਦਿਮਾਗ ਨਾ ਹੁੰਦਾ,
ਦੁੱਖ ਵੀ ਤਾਂ ਬਹੁਤਾ ਘਨੇਰਾ ਨਾ ਹੁੰਦਾ ।
ਹੁੰਦਾ ਨਾ ਰਿਜਕ ਤਾਂ ਭੁੱਖੇ ਮਰ ਜਾਂਦੇ ,
ਨਾ ਧਨ ਹੀ ਜੁੜਦਾ, ਲੁਟੇਰਾ ਨਾ ਹੁੰਦਾ ।