Preet Ramgarhia

ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ - ਪ੍ਰੀਤ ਰਾਮਗੜ੍ਹੀਆ

ਕਲਮਾਂ ਡਿੱਗਦੀਆਂ ਹੱਥੋਂ ,
ਸੋਚ ਕੇ ਵੀ ਰੂਹ ਕੰਬਦੀ ।
ਕਿੰਝ ਲਿਖਾਂ ਤੇਰੇ ਬਾਰੇ ਕਲਗੀਆਂ ਵਾਲੇ ,
ਸਰਬੰਸਦਾਨੀ , ਪੁੱਤਰ ਚਾਰ ਪੰਥ ਤੋਂ ਵਾਰੇ ।
ਧੰਨ ਤੇਰਾ ਜਿਗਰਾ , ਤੇਰੇ ਜਿਹਾ ਦਾਨੀ ,
ਦੁਨੀਆ ਤੇ ਕੋਈ ਹੋਇਆ ਨਾ ....।


ਹੱਥੀਂ ਕੀਤਾ ਤਿਆਰ ਪੁੱਤਰਾਂ ,
ਦੁਲਾਰ ਨਾਲ ਫੇਰਿਆ ਹੱਥ ਛਾਤੀ ਤੇ ।
ਦੇਖ ਰਿਹਾ ਜਿਵੇਂ ਬਾਜਾਂ ਵਾਲਾ ,
ਕਿੰਨੇ ਫੱਟ ਸਹਿ ਲੈਣਗੇ ਛਾਤੀ ਤੇ ।
ਸ਼ਸਤਰ ਸਜਾ ਦਿੱਤਾ ਥਾਪੜਾ ,
ਜਾ ਮੇਰੇ ਅਜੀਤ ਤੇ ਜੁਝਾਰ ਸਿੰਘ ।
ਵਾਰ ਨੀ ਖਾਣਾ ਪਿੱਠ ਤੇ ,
ਜੰਗ ਦੇ ਮੈਦਾਨ ਵਿਚ ,
ਕਾਟ ਲਾਇੳ ਸੀਸ ਦੁਸ਼ਮਣ ਦਾ ,
ਤਲਵਾਰ ਦੇ ਇਕ ਵਾਰ ਵਿਚ ।
ਤੁਰ ਪਏ ਦੋ ਵੀਰ ,
ਮੁਗਲਾਂ ਦੇ ਖੂਨ ਨਾਲ ,
ਧਰਤੀ ਦੀ ਹਿੱਕ ਲਾਲ ਕਰਨ ,
ਜੰਗ ਦਾ ਮੈਦਾਨ ਕਰ ਫਤਹਿ ,
ਸ਼ਹੀਦ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ..... ।


ਸਰਦ ਰੁੱਤ ਹਵਾਵਾਂ ਠੰਢੀਆਂ ,
ਵਿਛੜਿਆ ਪਰਿਵਾਰ ਸਰਸਾ ਨਦੀ ਦੇ ਕੰਢਿਆਂ ।
ਫਤਹਿ ਸਿੰਘ ਜੋਰਾਵਰ ਸਿੰਘ ਰਹਿ ਗਏ ,
ਮਾਤਾ ਗੁਜਰੀ ਕੋਲ ਇਕੱਲਿਆਂ ।
ਠੰਡੇ ਬੁਰਜ ਦੀਆਂ ਕਾਲੀਆਂ ਰਾਤਾਂ ,
ਵਜ਼ੀਰ ਖਾਨ ਦੀਆਂ ਧਮਕਾਉਂਦੀਆਂ ਬਾਤਾਂ ,
ਲਾਲਚ ਭਰੀਆਂ ਸੌਗਾਤਾਂ ,
ਝੂਠ ਤੇ ਫਰੇਬ ਵੀ ਹਾਰ ਗਏ ।
ਸਾਹਿਬਜ਼ਾਦਿਆਂ ਤੋਂ ਸਿਰ ਝੁਕਾ ਨਾ ਸਕੇ ।
ਚਿਣਵਾ ਕੇ ਕੰਧ ਵਿਚ ਨਿੱਕੀਆਂ ਜਿੰਦਾਂ ,
ਇਕ ਇੱਟ ਵੀ ਸਿੱਖੀ ਦੀ ਹਿਲਾ ਨਾ ਸਕੇ ......।


ਸਰਬੰਸ ਵਾਰ ਕੇ ਸਾਰਾ ,
ਪੰਥ ਖਾਲਸਾ ਸਜਾ ਗਿਆ ਏਂ ।
ਹੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ,
ਕਿਵੇਂ ਭੁੱਲ ਜਾਈਏ ਤੇਰੀ ਕੁਰਬਾਨੀ ।
"ਪ੍ਰੀਤ" ਲੱਭਦੇ ਨਾ ਸ਼ਬਦ ,
 ਕਲਮਾਂ ਦੇ ਬੁੱਲ੍ਹ ਸੁੱਕ ਜਾਂਦੇ ,
ਕਿੰਝ ਲਿਖਾਂ ਤੇਰੇ ਬਾਰੇ ਕਲਗੀਆਂ ਵਾਲੇ ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।
ਧੰਨ ਤੇਰੀ ਸਿੱਖੀ ।।


ਪ੍ਰੀਤ ਰਾਮਗੜ੍ਹੀਆ
 ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com

ਬਚ ਦਿਲਾ ਦੁਨੀਆਦਾਰੀ ਤੋਂ - ਪ੍ਰੀਤ ਰਾਮਗੜ੍ਹੀਆ

ਦੇਖਦੇ ਵੀ ਰਹੇ
ਸੁਣਦੇ ਵੀ ਰਹੇ
ਬੋਲ ਆਪਣੇ ਪਤਾਸੇ ਵਾਂਗ
ਮੇਰੇ ਕੰਨਾਂ ਵਿਚ ਘੋਲਦੇ ਵੀ ਰਹੇ
ਮਿਲੇ ਐਸੇ ਲੋਕ
ਹੱਸ - ਹੱਸ ਗਲੇ ਲਾਉਂਦੇ ਰਹੇ
ਪਰ ਉਤਾਰ ਨਾ ਸਕੇ
ਦਿਲ ਦੀਆਂ ਗਹਿਰਾਈਆਂ ਵਿਚ
ਨਾ ਸਮਝੇ ਉਹ ਜਜ਼ਬਾਤ ਮੇਰੇ
ਰੋਲਦੇ ਰਹੇ ਤਨਹਾਈਆਂ ਵਿਚ .....


ਉਹ ਪੈਰੋਕਾਰ ਬਣੇ ਦਨੀਆਦਾਰੀ ਦੇ
ਅਸੀਂ ਨਿਭਾਉਂਦੇ ਰਹੇ ਦਿਲਦਾਰੀਆਂ
ਬੜੇ ਅਜੀਬ ਜਿਹੇ ਇਨਸਾਨ ਸੀ ਉਹ
ਪੱਥਰ ਸੀ ਚਮ ਵਿਚ ਮੜੇ ਹੋਏ
ਸ਼ਕਲਾਂ ਸੀ ਸੋਹਣੀਆਂ ਤਰਾਸ਼ੀਆਂ ਹੋਈਆਂ
ਅੰਦਰ ਸੀ ਜਹਿਰ ਭਰੇ .....


ਰਹੀਂ ਬਚ ਕੇ " ਪ੍ਰੀਤ " ਦੁਨੀਆਦਾਰੀ ਤੋਂ
ਮਤਲਬ ਦੇ ਨੇ ਸਾਥੀ ਹਰ ਪੈਰ ਖੜ੍ਹੇ
ਏਥੇ ਪਿਆਰ ਵੀ ਵਿਕਿਆ ਨੋਟਾਂ ਵਿਚ
ਨਫ਼ਰਤ ਦੇ ਨੇ ਖੇਤ ਹਰੇ
ਬੰਜਰ ਹੋਈ ਜ਼ਮੀਨ ਜਿਵੇਂ
ਸੁੱਕਿਆ ਬੂਟਾ ਵਫਾਦਾਰੀ ਦਾ
ਪਾਣੀ ਪੁੰਗਰਦੇ ਝੂਠ ਨੂੰ ਲਾਉਂਦੇ ਨੇ
ਬਚ ਦਿਲਾ ਦੁਨੀਆਦਾਰੀ ਤੋਂ
ਰੁਲ ਜਾਈਂ ਨਾ ਬੜਾ ਹਨੇਰ ਏਥੇ


                          ਪ੍ਰੀਤ ਰਾਮਗੜ੍ਹੀਆ
                        ਲੁਧਿਆਣਾ , ਪੰਜਾਬ
   ਮੋਬਾਇਲ : +918427174139
E-mail : Lyricistpreet@gmail.com

 ਸੰਤਾਪ ਪੰਜਾਬ ਦਾ  - ਪ੍ਰੀਤ ਰਾਮਗੜ੍ਹੀਆ

ਮਸਲੇ ਭਖਦੇ ਰਹਿੰਦੇ
ਪਾਣੀਆਂ ਦੀ ਵੰਡ ਦੇ
ਹੱਕ ਸਾਡਾ - ਹੱਕ ਸਾਡਾ
ਕਚਹਿਰੀਆਂ `ਚ ਮੇਲੇ ਲੱਗਦੇ
ਖੜ੍ਹਦੀਆਂ ਸੂਬਿਆਂ ਦੀਆਂ ਸਰਕਾਰਾਂ
ਸੀਨਾ ਤਾਣ ਜੀ
ਦੇ ਦਿਉ ਸਾਨੂੰ ਪਾਣੀ
ਪੰਜਾਬ ਨੂੰ ਨਾ ਦਿਉ ਜਾਣ ਜੀ ...


ਖੁਸ਼ਹਾਲ ਰਾਹਾਂ ਤੇ
ਹੱਕ ਆਪਣਾ ਜਤਾਉਂਦੇ ਰਹੇ
ਪੰਜਾਬ ਝਲ ਰਿਹਾ ਸੰਤਾਪ
ਹੜ੍ਹਾਂ ਦੀ ਮਾਰ ਦਾ
ਦੱਬ ਗਈ ਆਵਾਜ
ਫਰਜ਼ ਨਾ ਚੇਤੇ ਕਿਸੇ ਨੂੰ ਆਇਆ
ਮੂੰਹ ਫੇਰ ਸਭ ਆਪਣਾ ਸਮਾਂ ਲੰਘਾਇਆ....


ਘਰੋਂ - ਬੇਘਰ ਇਨਸਾਨ ਹੋਇਆ
ਪਸ਼ੂਆਂ ਦੀ ਜਾਨ ਦਾ ਪਾਣੀ ਵੈਰੀ ਹੋਇਆ
ਉਜੜ ਰਿਹਾ ਵਿਹੜਾ ਪੰਜਾਬ ਦਾ
ਅੱਖਾਂ ਵਿਚ ਅਥਰੂ ਦੱਬ ਰੋ ਰਿਹਾ
ਹੱਸਦਾ - ਵੱਸਦਾ ਪੰਜਾਬ
ਕਿਉਂ ਸਜ਼ਾ ਭੋਗ ਰਿਹਾ .....


ਪੰਜਾਬ ਦੇ ਵਰਗਾ ਕਦ ਬਣਿਆ ਕੋਈ
ਮੁਲਕ ਤੇ ਆਉਂਦੀ ਮੁਸ਼ਕਿਲ ਹਰ ਕੋਈ
ਰਿਹਾ ਸੀਨੇ ਆਪਣੇ ਸਹਾਰਦਾ
" ਪ੍ਰੀਤ " ਕਰੀਏ ਨਾ ਉਡੀਕਾਂ
ਕੋਈ ਨਹੀਂ ਹਾਲਾਤ ਵਿਚਾਰਦਾ
ਮਦਦ ਖੁਦ ਹੀ ਕਰਨੀ ਪੈਣੀ
ਪੰਜਾਬ ਆਪਣੇ ਪੁੱਤਰਾਂ ਨੂੰ ਆਵਾਜ਼ਾਂ ਮਾਰਦਾ


 ਪ੍ਰੀਤ ਰਾਮਗੜ੍ਹੀਆ
ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com

ਆਜ਼ਾਦੀ ਨਸ਼ਿਆਂ ਤੋਂ - ਪ੍ਰੀਤ ਰਾਮਗੜ੍ਹੀਆ

ਸਰਹੱਦ ਨਾ ਰਹੀ ਕੋਈ
ਜਿਥੇ ਰੁੱਕ ਜਾਂਦਾ
ਬਿਨਾਂ ਕਿਸੇ ਜਿੰਦਗੀ ਦੇ ਮੋਈ
ਰੋਕਣਾ ਸੀ ਜਿਨ੍ਹਾਂ ਜਵਾਨਾਂ
ਖੁਦ ਚਿੱਟੇ ਦੀ ਚਾਦਰ ਢੋਈ
ਤਰਸ ਰਹੀ ਜਿੰਦਗੀ
ਆਪਣੇ ਪੈਰ ਫੈਲਾਉਣ ਨੂੰ
ਨਸ਼ਿਆਂ ਕੀਤਾ ਕਬਜ਼ਾ
ਜਿੰਦਗੀ ਪਲ - ਪਲ
ਜਿਊਣ ਨੂੰ ਰੋਈ ....


ਪਹੁੰਚਿਆ ਸੀ ਜਦ ਸਰਹੱਦ ਮੁਲਕ ਦੀ
ਨਾ ਸੀ ਚਿੰਤਾ ਕਿਸੇ ਨੂੰ ਹੋਈ
ਕਰਦਾ ਹੋਇਆ ਪਾਰ ਸਰਹੱਦਾਂ
ਸਰਹੱਦ ਪੰਜਾਬ ਦੀ ਆਣ ਸੀ ਤੋੜੀ
ਵੱਸਦੇ ਘਰਾਂ ਦੀਆਂ ਹੱਦਾਂ ਲੰਘਿਆ
ਖੂਨ ਦੀ ਥਾਂ ਜਿਸਮਾਂ ਵਿਚ ਰਚਿਆ
ਪਾ ਲਈਆਂ ਜੰਜ਼ੀਰਾਂ ਗੁਲਾਮੀ ਦੀਆਂ
ਸੋਚ ਵਿਚ ਬਸ ਨਸ਼ਾ ਵਸਿਆ....


ਸੁੰਨੀਆਂ ਹੋਈਆਂ ਮਾਵਾਂ ਦੀਆਂ ਝੋਲੀਆਂ
ਪੁੱਤਾਂ ਨਸ਼ੇ ਨੂੰ ਮਾਂ ਬਣਾ ਲਿਆ
ਅੰਨ ਦੀ ਭੁੱਖ ਤੋਂ ਜਿਆਦਾ
ਸਰੀਰ ਆਪਣੇ ਨੂੰ ਲਾ ਲਿਆ
ਰਹੇ ਨਾ ਕਮਾਉਣ ਜੋਗੇ
ਜੋ ਸੀ ਉਹ ਵੀ ਗਵਾ ਲਿਆ .....


ਬੀਤਿਆ ਵਕਤ ਕਦ ਮੁੜਦਾ ਏ
ਨਾ ਮੁੜੇ ਕੋਈ ਜਿੰਦਗੀ ਮੋਈ
ਕਿਵੇਂ ਰੋਕ ਲਈਏ ਰਾਹ ਇਸਦਾ
" ਪ੍ਰੀਤ " ਸੋਚ ਡੂੰਘੀ ਹੋਈ
ਲੋੜ ਹੈ ਆਜ਼ਾਦੀ ਦੀ
ਆਜਾਦੀ ਨਸ਼ਿਆਂ ਦੀ ਗੁਲਾਮ ਹੋਈ

ਪ੍ਰੀਤ ਰਾਮਗੜ੍ਹੀਆ
ਲੁਧਿਆਣਾ , ਪੰਜਾਬ
ਮੋਬਾਇਲ : +918427174139

ਸੋਚੀਂ ਪਿਆ ਰਚਨਹਾਰਾ - ਪ੍ਰੀਤ ਰਾਮਗੜ੍ਹੀਆ

ਸੋਚੀਂ ਪਿਆ ਰਚਨਹਾਰਾ
ਰਚ ਕੇ ਰਚਨਾ ਪਿਆਰ ਭਰੀ
ਸਨੇਹ ਤੇ ਦੁਲਾਰ ਭਰੀ
ਉਤਾਵਲਾ ਜਿਹਾ ਹੁੰਦਾ ਜਾਏ
ਕਿਵੇਂ ਮਾਂ ਦੀ ਕੁੱਖ ਤੋਂ ਜਨਮ ਲਵਾਂ
ਕਿਵੇਂ ਬਣਾ ਭਾਗੀਦਾਰ ਉਸ ਦੁਲਾਰ ਦਾ
ਰੱਬ ਲੋਚਦਾ ਧਰਤੀ ਤੇ ਆਉਣ ਨੂੰ
ਰੱਬ ਨੇ ਖੁਦ ਤੋਂ ਵੀ ਉੱਚਾ ਰਚਿਆ
ਮਾਂ ਦਾ ਰੂਪ ਅਨੋਖਾ ਰਚਿਆ....


ਖੁਸ਼ ਹੁੰਦੀ ਜਦ ਖੁਸ਼ ਬੱਚਿਆਂ ਨੂੰ ਦੇਖਦੀ
ਦੁੱਖ ਸਾਰੇ ਆਪਣੇ ਤੇ ਲੈਂਦੀ
ਸੁੱਖ ਪਾਵੇ ਬੱਚਿਆਂ ਦੀ ਝੋਲੀ
ਸਬਰ ਸੰਤੋਖ ਨਾਲ ਭਰੀ ਹੋਈ
ਮਾਂ ਦੁਨੀਆ ਵਿਚ ਪਾਵੇ
ਦਰਜਾ ਰੱਬ ਤੋਂ ਵੀ ਪਰੇ....


ਬੜੇ ਰੂਪ ਨੇ ਮਾਂ ਦੇ ਜਗ ਤੇ
ਸੀਰਤ ਇਕੋ ਜਿਹੀ
ਥੋੜ੍ਹੀ ਸਖ਼ਤੀ ਵੀ ਵਰਤੇ
ਅੰਦਰੋ ਕੋਮਲ ਬੜੀ
ਸੰਵਾਰੇ ਭਵਿੱਖ ਬੱਚਿਆਂ ਦਾ
ਮੁਸ਼ਕਿਲ ਤੇ ਅੱਗੇ ਆਣ ਖੜੀ....


ਭਾਵੇਂ ਪੀੜ੍ਹੀ ਅੱਜ ਦੀ
ਭੁਲਦੀ ਜਾਏ ਸਤਿਕਾਰ ਮਾਂ ਦਾ
ਫਰਜ਼ ਨਿਭਾਉਣ ਤੋਂ ਕਦੇ
ਉਹ ਤਾਂ ਪਿੱਛੇ ਨਾ ਹਟੀ
ਰੱਖੇ ਰੱਬ ਸਿਰ ਤੇ
ਸਦਾ ਹੱਥ ਮਾਂ ਦਾ
" ਪ੍ਰੀਤ " ਪਹੁੰਚਾ ਦੇ ਸੁਨੇਹਾਾ
ਜਗ ਦੇ ਹਰ ਕੋਨੇ
ਹੋਵੇ ਏਨਾ ਸਤਿਕਾਰ ਮਾਂ ਦਾ
ਸੁੰਨਾ ਨਾ ਹੋਵੇ ਘਰ ਕੋਈ
ਮਿਲੇ ਹਰ ਕਿਸੇ ਨੂੰ ਪਿਆਰ ਮਾਂ ਦਾ


ਪ੍ਰੀਤ ਰਾਮਗੜ੍ਹੀਆ
ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com

ਪ੍ਰਣਾਮ

ਧਰਤ ਹਰਿਆਵਲ ਹੋਈ
ਖੂਨ ਡੋਲ੍ਹ ਸ਼ਹੀਦਾਂ ਦਾ
ਹਵਾ ਚ ਆਜ਼ਾਦੀ ਆਈ
ਸਾਹ ਖੋਹ ਸ਼ਹੀਦਾਂ ਦਾ
ਕੀ ਬੀਤੀ ਉਹਨਾਂ ਮਾਵਾਂ ਤੇ
ਝੂਲ ਗਏ ਪੁੱਤਰ ਜਿਨ੍ਹਾਂ ਦੇ ਫਾਂਸੀ
ਸੁਪਨੇ ਅੱਖਾਂ ਚ ਸੰਜੋ ਕੇ
ਦੇ ਗਏ ਮੁਲਕ ਦੀ ਚਾਬੀ....

ਬਚਪਨ ਤੋਂ ਸੀ ਦੇਖਿਆ ਸੁਪਨਾ
ਜਵਾਨੀ ਵੀ ਵਾਰ ਦਿੱਤੀ
ਕੌਮ ਪਿਆਰੀ ਸੀ ਜਾਨ ਤੋਂ ਜਿਆਦਾ
ਭਗਤ ਸਿੰਘ ਮੁਲਕ ਦੀ ਆਜ਼ਾਦੀ ਲਈ
ਜਿੰਦ ਆਪਣੀ ਕੁਰਬਾਨ ਕੀਤੀ.......

ਅੱਖਾਂ ਚ ਭਰਿਆ ਜੁਨੂੰਨ ਸੀ
ਗੋਰਿਆਂ ਨੂੰ ਭਜਾਉਣਾ ਮੂਲ ਸੀ
ਮਿੱਟੀ ਦਾ ਕਰਜ਼ ਚੁਕਾਉਣਾ ਜਰੂਰ ਸੀ
ਜਿੰਦ ਜਾਂਦੀ ਤਾਂ ਜਾਵੇ
ਝੰਡਾ ਅਜ਼ਾਦੀ ਦਾ ਲਹਿਰਾਉਣਾ
ਜਿੰਦਗੀ ਦਾ ਮਕਸਦ ਹਜ਼ੂਰ ਸੀ....

ਪਾ ਗਏ ਸ਼ਹੀਦੀਆਂ, ਅਣਖਾਂ ਨਾਲ
ਰੱਸਾ ਚੁੰਮ ਫਾਂਸੀ ਤੇ ਝੂਲ ਗਏ
ਪੁੱਛਣ ਜਿਹੜੇ , ਅੱਜ ਉਹ ਕੌਣ ਸੀ
ਆਉ ਦੱਸੀਏ ਉਹਨਾਂ ਨੂੰ
ਮਾਣ ਪੰਜਾਬ ਦਾ, ਜਦ ਸੀ ਉਹ ਵੰਗਾਰਦਾ
ਥਰ - ਥਰ ਕੰਬੇ ਵੈਰੀ , ਖੜ੍ਹੇ ਨਾ ਮੂਹਰੇ
ਸ਼ਹੀਦ ਏ ਆਜ਼ਮ ਭਗਤ ਸਿੰਘ 
ਨਤ ਮਸਤਕ ਪ੍ਰਣਾਮ ਪੰਜਾਬ ਦਾ

ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com

22 March 2019

ਜੰਗ ਨਾ ਹੋਵੇ ਕਦੇ ਕਿਸੇ ਦੇਸ਼ - ਪ੍ਰੀਤ ਰਾਮਗੜ੍ਹੀਆ

ਨਾ ਕਰੋ ਸਿਆਸਤਾਂ
ਨਾ ਖੇਡੋ , ਨਾਲ ਹਥਿਆਰਾਂ ਦੇ
ਹੁਕਮਰਾਨਾਂ ਕੁਝ ਨਹੀਂ ਜਾਣਾ
ਪੁੱਤ ਮਾਰੇ ਜਾਣੇ ਮਾਵਾਂ ਦੇ
ਸੁਹਾਗਣਾ ਦੇ ਉੱਜੜ ਜਾਣੇ ਸੁਹਾਗ
ਬੱਚੇ ਵਿਲਕਣਗੇ , ਪਿਤਾ ਦੀਆਂ ਛਾਵਾਂ ਨੂੰ
ਜੰਗ ਤੋਂ ਸਾਨੂੰ ਕੁਝ ਨਹੀਂ ਮਿਲਣਾ
ਬਣੋ ਨਾ ਰਾਹੀ ਸ਼ਮਸ਼ਾਨਾਂ ਦੇ .....


ਸਰਹੱਦਾਂ ਤਾਈਂ ਨਾ ਰਹਿਣਾ ਜੰਗ ਨੇ
ਬੰਬ ਐਟਮੀ ਚੱਲਣਗੇ
ਵਹਿੰਦੇ ਜਿਥੇ ਪੰਜ ਦਰਿਆਈ ਪਾਣੀ
ਖੂਨ ਦੇ ਹੜ੍ਹ ਉਥੇ ਵਗਣਗੇ
ਸੰਭਲ ਜਾਵੋ ਜੋ ਜੰਗ ਮੰਗਦੇ ਹੋ
ਕਿਤੇ ਸੁੰਨੇ ਵਿਹੜੇ ਨਾ ਹੋ ਜਾਵਣ.....


ਹਸਤੀ ਮਿਟ ਜਾਊ ਇਨਸਾਨਾਂ ਦੀ
ਬੰਜਰ ਧਰਤੀ ਫਿਰ ਵੈਣ ਪਾਊ
ਨਾ ਕੋਈ ਵਾਹੁਣ ਵਾਲਾ
ਨਾ ਕੋਈ ਫਸਲ ਉਗਾਉਣ ਵਾਲਾ
ਪੰਜਾਬ ਸਾਰੇ ਦਾ ਸਾਰਾ
ਜੰਗ ਦੀ ਚੜ੍ਹ ਜਾਊ ਭੇਟ....


ਜਮੀਨ ਤੇ ਸਰਹੱਦਾਂ ਨਾਪਦੇ
ਭੁੱਲ ਨਾ ਜਾਇੳ ਗੱਲ ਨੇਕ
ਦੁਨੀਆ ਤੋਂ ਜਾਣਾ ਬੰਦਾ , ਇਕ ਦਿਨ ਹਰੇਕ
" ਪ੍ਰੀਤ " ਦਿਨ ਰਾਤ ਕਰੇ ਅਰਦਾਸਾਂ
ਜੰਗ ਨਾ ਹੋਵੇ , ਕਦੇ ਕਿਸੇ ਦੇਸ਼


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com

ਧੀਆਂ ਕਰਨ ਰੌਸ਼ਨ ਜਹਾਨ - ਪ੍ਰੀਤ ਰਾਮਗੜ੍ਹੀਆ

ਜਿਥੇ ਹੋ ਰਿਹਾ ਏ ਪਾਪ
ਕੁੱਖਾਂ ਵਿਚ ਦਿੱਤਾ ਜਾਂਦਾ ਏ ਮਾਰ
ਜਨਮ ਦਿੱਤਾ ਨੀ ਮਾਏ, ਤੂ ਰੱਬ ਮੇਰੀ
ਬਾਬੁਲ ਤੇਰਾ ਵੀ ਕਰਾਂ ਸਤਿਕਾਰ....


ਧੀ ਬਣ ਕੇ ਮੈਂ ਜਨਮ ਲਿਆ
ਦੇਵਾਂ ਪੁੱਤਾਂ ਵਾਗੂੰ ਸਾਰੇ ਫਰਜ਼ ਨਿਭਾ
ਮਾਣ ਹੋਵੇ ਤੈਨੂੰ ਧੀ ਆਪਣੀ ਤੇ
ਐਸਾ ਕਰਾਂ ਤੇਰਾ ਰੌਸ਼ਨ ਜਗ ਤੇ ਨਾਮ
ਲਾਹ ਦਿਆਂ ਪਰਦੇ ਉਹਨਾਂ ਅੱਖਾਂ ਤੋਂ
ਜੋ ਧੀਆਂ ਨੂੰ ਜਨਮ ਦੇਣ ਤੇ
ਕਰਦੇ ਨੇ ਸੋਚ ਵਿਚਾਰ......


ਦਿੱਤੇ ਸਾਰੇ ਹੱਕ, ਤੂ ਮੈਨੂੰ ਬਾਬੁਲਾ
ਚੰਗੀ ਸਿੱਖਿਆ ਤੇ ਪਿਆਰ
ਕਰਦੇ ਜਿਵੇਂ ਮਾਣ ਕਲਪਨਾ ( ਚਾਵਲਾ )
ਐਸਾ ਕਿਰਦਾਰ ਦਿਆਂ ਨਿਭਾ.....


ਅਹਿਸਾਸ ਨਿਕਲਦੇ ਜੋ ਧੀ ਦੇ ਦਿਲੋਂ
" ਪ੍ਰੀਤ " ਲਫਜ਼ਾਂ `ਚ ਦੇਵੇ ਸਜਾ
ਦੇਵੋ ਮੌਕਾ ਘਰ ਰੁਸ਼ਨਾਉਣ ਦਾ
ਕਰ ਦੇਣਗੀਆਂ ਧੀਆਂ ਰੌਸ਼ਨ ਸਾਰਾ ਜਹਾਨ


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com

ਚਾਇਨਾ ਡੋਰ - ਪ੍ਰੀਤ ਰਾਮਗੜ੍ਹੀਆ

ਕੁਝ ਕੁ ਕਰਦੇ ਚਾਅ ਪੂਰੇ ਨੇ
ਕੁਝ ਨੇ ਅੱਤ ਮਚਾਈ ਆ
ਆਕਾਸ਼ ਵਿਚ ਲਹਿਰਾਉਂਦੇ
ਰੰਗ - ਬਿਰੰਗੇ ਪਤੰਗਾਂ ਦੀ ਰੌਣਕ
ਜ਼ਮੀਨ ਤੇ ਡੋਰ ਚਾਇਨਾ ਦੀ ਨੇ
ਮੁਸੀਬਤ ਪਾਈ ਆ....


ਤਿਉਹਾਰ ਖੁਸ਼ੀਆਂ ਦੇ
ਖੁਸ਼ੀ ਨਾਲ ਮਨਾੳ ਯਾਰੋ
ਮਸਤੀ ਆਪਣੀ ਵਿਚ ਕਿਤੇ
ਦੂਜਿਆਂ ਨੂੰ ਨਾ ਭੁਲ ਜਾਉ ਯਾਰੋ
ਕਿਸੇ ਦੇ ਗਲ ਦਾ ਫੰਦਾ
ਚਾਇਨਾ ਡੋਰ ਨੂੰ , ਨਾ ਬਣਾਉ ਯਾਰੋ...


ਥਾਂ - ਥਾਂ ਬਿਖਰੀ ਲਟਕੀ ਡੋਰ
ਪ੍ਰਕਿਰਤੀ ਦਾ ਨਾਸ਼ ਕਰੇ
ਉੱਡਦੇ ਹੋਏ ਪੰਛੀਆਂ ਦੀ
ਮੌਤ ਦਾ ਸਾਮਾਨ ਬਣੇ
ਚਾਇਨਾ ਡੋਰ ਖੋਹ ਲੈ ਗਈ ਬਹੁਤਾ
ਚੰਦ ਘੜੀਆਂ ਮਨ ਪਰਚਾ ਕੇ....


" ਪ੍ਰੀਤ " ਕਰੇ ਬੇਨਤੀ ਏਨੀ ਕੁ
ਚੰਗੀ ਲੱਗੇ ਤਾਂ ਸਵੀਕਾਰ ਕਰੋ
ਚਾਇਨਾ ਡੋਰ ਨਾ ਵਰਤੋ ਯਾਰੋ
ਏਨਾ ਕੁ ਤਿਆਗ ਕਰੋ
ਜਾਨ ਵਸਦੀ ਸਭ ਵਿਚ ਇਕੋ ਜਿਹੀ
ਜਿੰਦਗੀ ਦਾ ਸਨਮਾਨ ਕਰੋ


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
    ਮੋਬਾਇਲ : +918427174139
E-mail : Lyricistpreet@gmail.com

ਕੀ ਸਿਫਤ ਕਰਾਂ ਮੈਂ ਤੇਰੀ - ਪ੍ਰੀਤ ਰਾਮਗੜ੍ਹੀਆ

ਕੀ ਸਿਫ਼ਤ ਕਰਾਂ ਮੈਂ ਤੇਰੀ
ਪਰ ਲੱਗ ਗਏ ਸੋਚਾਂ ਨੂੰ , ਜਦੋਂ ਤੇਰੀ ਯਾਦ ਆਈ
ਅੰਬਰੀਂ ਮਾਰਨ ਉਡਾਰੀ , ਬੱਦਲਾਂ ਦੀ ਛਾਂ ਹੇਠ
ਪਤਾ ਹੀ ਨਾ ਲੱਗਾ , ਗੁਜ਼ਰ ਗਈ ਕਦ ਰਾਤ
ਤੇਰੇ ਖਿਆਲਾਂ ਵਿਚ....


ਕੀ ਸਿਫ਼ਤ ਕਰਾਂ ਮੈਂ ਤੇਰੀ
ਦਿਨ ਚੜ੍ਹਦੇ , ਲੋਅ ਕਿਰਨ ਦੀ
ਸੇਕ ਇਸ਼ਕੇ ਦਾ , ਤਨ ਨੂੰ ਲਾ ਗਈ
ਅਣਛੂਹੇ ਜਜ਼ਬਾਤਾਂ ਦਾ ਮੇਲ ਕਰਾ ਗਈ
ਦਿਲ ਧੜਕੇ ਨਾਮ ਤੇਰੇ ਨਾਲ
ਸਾਹਾਂ ਵਿਚ ਮਹਿਕ ਤੇਰੀ ਆ
ਤੈਨੂੰ ਮਿਲਣੇ ਦੀ ਪਿਆਸ ਜਗਾ ਗਈ...


ਕੀ ਸਿਫ਼ਤ ਕਰਾਂ ਮੈਂ ਤੇਰੀ
ਸੂਰਜ ਦੀ ਲਾਲੀ ਝਾਕੇ ਜਦ ਬੱਦਲੀ ਉਹਲੇ
ਸੁਰਖ ਬੁੱਲ੍ਹਾਂ ਦਾ ਹਾਸਾ, ਜਿਵੇਂ ਮੁੱਖ ਤੇਰਾ ਚਮਕੇ
ਲੱਗ ਨਾ ਜਾਏ ਨਜ਼ਰ , ਨੀ ਤੈਨੂੰ ਕਿਤੇ
ਸੁਹੱਪਣ ਤੇਰਾ ਇਉਂ ਵਰ੍ਹਦਾ
ਜਿਵੇਂ ਸੂਰਜ ਮੂਹਰੇ ਨਾ ਖੜ੍ਹਦਾ ਕੋਈ


ਕਿਣਮਿਣ ਕਣੀਆਂ ਸਾਉਣ ਦੀਆਂ
"ਪ੍ਰੀਤ " ਕਰੇ ਉਡੀਕਾਂ , ਬਹਾਰਾਂ ਆਉਣਗੀਆਂ
ਮਿੱਟੀ ਦੀ ਮਹਿਕ ਸਿੱਲੀ ਜਿਹੀ , ਆਹਟ ਹੈ
ਬੀਜ ਪਿਆਰ ਦੇ ਪੁੰਗਰਨਗੇ


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com

17 Jan. 2019