Ravinder-Singh-Kundra

ਜ਼ੰਗਾਲੀ ਦਲ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਧਾਮੀ ਨੇ ਭਰ ਦਿੱਤੀ ਹਾਮੀ,
ਫੇਰ ਮੱਲੀ ਕੁਰਸੀ ਪਰਧਾਨੀ ਦੀ,
ਥੁੱਕ ਕੇ ਚੱਟਣਾ, ਚੱਟ ਕੇ ਥੁੱਕਣਾ,
ਕਿਆ ਬਾਤ ਹੈ ਇਸ ਕੁਰਬਾਨੀ ਦੀ।

ਬਾਦਲ, ਭੂੰਦੜ, ਚੀਮਾ, ਵਲਟੋਹਾ,
ਚੰਡਾਲ ਚੌਂਕੜੀ ਜੁੜ ਜੁੜ ਬਹਿੰਦੀ,
ਪੈਰ ਪੈਰ 'ਤੇ ਜ਼ਮੀਰਾਂ ਹਰਦੀਆਂ,
ਨਿੱਤ ਹੁੰਦੀ ਜਿੱਤ ਸ਼ੈਤਾਨੀ ਦੀ।

ਜ਼ੰਗ ਬੜਾ ਹੀ ਨਾ ਮੁਰਾਦ ਹੈ,
ਜਿਸ ਵੀ ਪੁਰਜ਼ੇ ਨੂੰ ਲੱਗ ਜਾਵੇ,
ਨਹੀਂ ਰਹਿੰਦੀ ਕੋਈ ਹੋਂਦ ਫਿਰ ਬਾਕੀ,
ਨਹੀਂ ਬਚਦੀ ਸਾਖ ਨਿਸ਼ਾਨੀ ਦੀ।

ਕੈਂਸਰਾਂ ਵਰਗੇ ਭੈੜੇ ਰੋਗਾਂ 'ਚੋਂ
ਕੈਂਸਰ ਖੂਨ ਦਾ ਮੰਨਿਆ ਜਾਂਦਾ,
ਇੱਕ ਵਾਰੀ ਜੇ ਲੱਗ ਜਾਵੇ,
ਫਿਰ ਆਸ ਨਹੀਂ ਜ਼ਿੰਦਗਾਨੀ ਦੀ।

ਦਲ ਚੋਂ ਨਿਕਲ ਦਲ ਕਈ ਬਣਕੇ,
ਦਲਦਲ ਦੇ ਵਿੱਚ ਧਸਦੇ ਜਾਵਣ,
ਪਾਟੋ ਧਾੜੀ ਕਰਤੂਤਾਂ ਰਾਹੀਂ,
ਗੱਲ ਕਰਦੇ ਪੰਚ ਪਰਧਾਨੀ ਦੀ।

ਬਾਗ਼ੀ ਦਾਗ਼ੀ 'ਤੇ ਗ਼ਰਮ ਖ਼ਿਆਲੀ,
ਇੱਕੋ ਰੱਸੇ ਬੰਨ੍ਹਣ ਵਾਲ਼ੇ,
ਇੱਕ ਦੂਜੇ ਦੀ ਪਿੱਠ ਲਾਉਣ ਲਈ,
ਤੁਰਦੇ ਤੋਰ ਭਲਵਾਨੀ ਦੀ।

ਕਹਿਣ ਪੰਥ ਦੁਸ਼ਮਣਾਂ ਵਿੱਚ ਘਿਰਿਆ,
ਖ਼ਤਰਾ ਹਰ ਪਾਸੇ ਹੀ ਦੱਸਣ,
ਪਰ ਦੁਸ਼ਮਣ ਨੇ ਆਪਣੇ ਹੀ ਆਪੇ,
ਨਿਖੇਧੀ ਪਾਰਟੀ ਬੇਗਾਨੀ ਦੀ।

ਗੰਦੇ ਖੂਨ ਨਿੱਤ ਲਾਉਂਦੇ ਲੂਤੀਆਂ,
ਮਾਨਾ ਮੱਤੇ ਇਤਿਹਾਸ ਗਵਾ ਕੇ,
ਗੁਰੂਆਂ ਦੀਆਂ ਕੁਰਬਾਨੀਆਂ ਦੀ,
ਕਦਰ ਨਾ ਪਾਈ ਦੋਆਨੀ ਦੀ।

ਈਮਾਨਦਾਰੀ ਦੀ ਘਾਟ ਹਰ ਪਾਸੇ,
ਹਰ ਕਾੱਲੀ ਦਿਲੋਂ ਕਾਲ ਕਲੂਟਾ,
ਉੱਤੋਂ ਉੱਤਮ ਬਣ ਬਣ ਬਹਿੰਦੇ,
ਨੀਅਤ ਨਾ ਬਦਲੇ ਬੇਈਮਾਨੀ ਦੀ।

ਜ਼ੰਗ ਲੱਗੇ ਜ਼ੰਗਾਲੀ ਦਲ ਨੂੰ,
ਹੁਣ ਨਹੀਂ ਕੋਈ ਬਚਾ ਹੈ ਸਕਦਾ,
ਮਰਨਾਊ ਮਰੀਜ਼ ਨੂੰ ਹੁਣ ਕੋਈ,
ਲੋੜ ਨ੍ਹੀਂ ਹੋਰ ਨਿਗਰਾਨੀ ਦੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅਭੁੱਲ ਯਾਦ - ਰਾਵਿੰਦਰ ਕੁੰਦਰਾ ਜੀ ਦਾ ਏਅਰਪੋਰਟ ਤੇ ਆਉਣਾ ਹੀ ਵੱਡੀ ਗੱਲ ਸੀ - ਚਰਨਜੀਤ ਕੌਰ ਧਾਲੀਵਾਲ

ਕੌਣ ਕਿਸੇ ਲਈ ਸਮਾਂ ਕੱਢਦੈ! ਕੌਣ ਕਿਸੇ ਲਈ ਸਫ਼ਰ ਕਰਦੈ! ਤੁਹਾਨੂੰ ਖੁਸ਼ ਕਰਨ ਲਈ ਸਰਪ੍ਰਾਈਜ਼ ਬਣਾ ਕੇ ਬਿਨਾ ਦੱਸਿਆ ਕੋਈ ਏਅਰਪੋਰਟ ਤੇ ਆਇਆ ਹੋਵੇ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜ਼ਿੰਦਗੀ ਦੀ ਅਭੁੱਲ ਯਾਦ ਬਣ ਜਾਂਦੀ ਹੈ। ਏਸੇ ਤਰ੍ਹਾਂ ਦੀ ਹੀ ਮੇਰੀ ਜ਼ਿੰਦਗੀ ਵਿਚ ਅਭੁੱਲ ਯਾਦ ਬਣੀ ਰਾਵਿੰਦਰ ਕੁੰਦਰਾ ਜੀ ਦਾ ਏਅਰਪੋਰਟ ਤੇ ਆਉਣਾ।
ਮੈਂ ਬਰਮਿੰਘਮ-ਯੂ ਕੇ ਵਿਚ ਗਈ ਹੋਈ ਸੀ, ਸਤਿਕਾਰਯੋਗ ਪਿਆਰੇ ਵੱਡੇ ਵੀਰ ਰਾਵਿੰਦਰ ਕੁੰਦਰਾ ਜੀ ਮੈਨੂੰ ਸਮਾਂ ਕੱਢ ਕੇ ਘਰ ਮਿਲਣ ਆਏ। ਜਦੋਂ ਜਰਮਨੀ ਵਿਖੇ ਪੰਜਾਬੀ ਸੱਥ ਦਾ ਸਮਾਗਮ ਸੀ ਉਸ ਸਮੇਂ ਵੀ ਸਾਰਿਆਂ ਸਮੇਤ ਮੇਰੇ ਘਰ ਹੀ ਰੁਕੇ ਸੀ (ਜਿਵੇਂ ਕੀੜੀ ਦੇ ਘਰ ਭਗਵਾਨ)। ਮੇਰੀ ਪੁਸਤਕ ਦਾ ਸਿਰਲੇਖ ਵਿਲਕਦੇ ਵਲਵਲੇ ਵੀ ਇਹਨਾਂ ਦੀ ਹੀ ਦੇਣ ਹੈ।
ਬਰਮਿੰਘਮ ਵਾਪਸ ਆਉਣ ਤੋਂ ਪਹਿਲਾਂ ਰਾਵਿੰਦਰ ਕੁੰਦਰਾ ਜੀ ਨੇ ਦੁੱਖ ਸੁੱਖ ਪੁੱਛਣ ਦੇ ਨਾਲ-ਨਾਲ ਮੇਰੀ ਵਾਪਸੀ ਫਲਾਈਟ ਬਾਰੇ ਸਾਰਾ ਹਵਾਲਾ ਵੈਸੇ ਹੀ ਗੱਲਾਂ-ਗੱਲਾਂ ਵਿਚ ਪੁੱਛ ਲਿਆ ਪਰ ਮੈਂ ਇਹ ਤਾਂ ਬਿਲਕੁਲ ਵੀ ਨਹੀਂ ਸੋਚਿਆ ਸੀ, ਜੋ ਉਹ ਸੋਚੀ ਬੈਠੇ ਸੀ।
ਜਦੋਂ ਮੈਂ ਆਪਣੀ ਫਲਾਈਟ ਦੇ ਸਮੇਂ ਮੁਤਾਬਕ ਏਅਰਪੋਰਟ ਤੇ ਪਹੁੰਚੀ ਤਾਂ ਦੂਰੋਂ ਪਰਛਾਈ ਵਾਂਗ ਇਕ ਛਿਨ ਲਈ ਅੱਖ ਝਪਕਣ ਵਾਂਗ ਬੇਧਿਆਨੀ ਜੇਹੀ ਨਾਲ ਮਨ ਨੇ ਕਿਹਾ ਕਿ ਔਹ ਭਾਈ ਤਾਂ ਰਾਵਿੰਦਰ ਕੁੰਦਰਾ ਜੀ ਵਰਗਾ ਲੱਗਦੈ!
ਪਰ ਜਦੋਂ ਮੈਂ ਹੋਰ ਅੱਗੇ ਜਾ ਕੇ ਆਪਣੇ ਕਾਉਂਟਰ ਵੱਲ ਨੂੰ ਜਾਣ ਲੱਗੀ ਤਾਂ ਰਾਵਿੰਦਰ ਕੁੰਦਰਾ ਜੀ ਹੱਸ ਪਏ ਤੇ ਕਿਹਾ ਕਿ ਕੀ ਗੱਲ ਸਰਪ੍ਰਾਈਜ਼ ਸਿਰਫ਼ ਤੁਸੀਂ ਹੀ ਦੇ ਸਕਦੇ ਹੋ? ਮੈਂ ਨਹੀਂ ਸਰਪ੍ਰਾਈਜ਼ ਦੇ ਸਕਦਾ!
ਮੈਨੂੰ ਇਹ ਸਮਝ ਨਾ ਲੱਗੇ ਕਿ ਮੈਂ ਕੀ ਕਹਾਂ! ਓ ਮਾਈ ਗੌਡ!
ਵੀਰ ਜੀ, ਤੁਸੀਂ!
ਖੋਏ ਦੀਆਂ ਪਿੰਨੀਆਂ ਦਾ ਡੱਬਾ ਹੱਥ ਵਿਚ ਫੜ੍ਹਾ ਕੇ ਕਹਿੰਦੇ-
ਆਹ ਲਉ ਜੀ! ਖੋਏ ਦੀਆਂ ਪਿੰਨੀਆਂ, ਤੁਹਾਡੇ ਲਈ ਲੈ ਕੇ ਆਇਆ, ਜਰਮਨੀ ਜਾ ਕੇ ਖਾ ਲਿਉ!
     ਅਜੇਹਾ ਸਰਪ੍ਰਾਈਜ਼ ਜ਼ਿੰਦਗੀ ਵਿਚ ਪਹਿਲਾਂ ਕਦੇ ਵੀ ਨਹੀਂ ਮਿਲਿਆ। ਇਹ ਪਹਿਲਕਦਮੀ ਰਾਵਿੰਦਰ ਕੁੰਦਰਾ ਜੀ ਨੇ ਮੇਰੀ ਜ਼ਿੰਦਗੀ ਦੇ ਯਾਦਗਰ ਪੰਨਿਆਂ ਲਈ ਛੱਪਣਯੋਗ ਬਣਾ ਦਿਤੀ। ਇਕ ਮੋਹ ਭਰੀ ਰੂਹ ਜੋ ਤੁਹਾਡੇ ਲਈ ਖੋਏ ਦੀਆਂ ਪਿੰਨੀਆਂ ਦਾ ਡੱਬਾ ਫੜ੍ਹੀ ਏਅਰਪੋਰਟ ਸਰਪ੍ਰਾਈਜ਼ ਦੇ ਬਹਾਨੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਫ਼ਰ ਨੂੰ ਤਹਿ ਕਰਕੇ ਉਡੀਕ ਕਰ ਰਹੀ ਹੋਵੇ ਤਾਂ ਤੁਸੀੰਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਅਜੇਹੇ ਮਨ ਵਿਚ ਰੂਹ ਕਿੰਨੀ ਪਵਿਤਰ ਆਪਣੇਪਣ ਅਤੇ ਪਿਆਰ ਨਾਲ ਗੜੁੱਚ ਹੋਵੇਗੀ। ਜ਼ਿੰਦਗੀ ਦੇ ਔਖੇ ਸੌਖੇ ਰਸਤਿਆਂ ਨੂੰ ਤਹਿ ਕਰਦਿਆਂ ਅਜੇਹੇ ਸਰਪ੍ਰਾਈਜ਼ਾਂ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਤਾਜ਼ਾਂ ਮਹਿਸੂਸ ਕਰਵਾ ਦਿੰਦੀ ਹੈ। ਥੱਕੇ ਹੋਏ ਮੋਢੇ ਵੀ ਆਰਾਮ ਮਹਿਸੂਸ ਕਰਦੇ ਹਨ। ਉਸ ਸਮੇਂ ਮਨ ਇਹ ਮਹਿਸੂਸ ਕਰਦਾ ਹੈ ਕਿ ਜੇ ਪੰਜਾਹਾਂ ਵਿਚੋਂ ਨਹੀਂ ਤਾਂ ਪੰਜਾਂ ਵਿਚੋਂ ਹੀ ਸਹੀ। ਕੋਈ ਤਾਂ ਹੈ ਜਿਸ ਕੋਲ ਸਲਾਵਾਂ, ਦੁਆਵਾਂ, ਝਿੜਕਾਂ ਸਭ ਆਪਣੀ ਝੋਲੀ ਵਿਚ ਪਵਾ ਸਕਦੀ ਹਾਂ ਅਤੇ ਥਿੜਕਦੇ ਕਦਮਾਂ ਨੂੰ ਸਹੀ ਰਸਤਿਆਂ ਤੇ ਰੱਖਣ ਲਈ ਕਾਮਯਾਬੀਆਂ ਮਾਣ ਸਕਦੀ ਹਾਂ। ਖਰਾ ਤੇ ਸੱਚ ਬੋਲਣ ਵਾਲੇ ਲੋਕ ਬਹੁਤੇ ਜ਼ਿਆਦਾ ਨਹੀਂ ਹੁੰਦੇ, ਟਾਵੇਂ-ਟਾਂਵੇਂ ਲੋਕ ਅਜੇਹੇ ਮਿਲਦੇ ਹਨ। ਪਰ ਜ਼ਿਆਦਾਤਰ ਲੋਕ ਰੌਲਾ ਤਾਂ ਬਹੁਤਾ ਪਾ ਦਿੰਦੇ ਹਨ ਪਰ ਛੋੋਪ ਵਿਚੋਂ ਇਕ ਪੂਣੀ ਕੱਤਣ ਯੋਗੇ ਵੀ ਨਹੀਂ ਹੁੰਦੇ।
ਰਾਵਿੰਦਰ ਕੁੰਦਰਾ ਜੀ ਦੇ ਵੱਡਮੁੱਲੇ ਸ਼ਬਦੀ ਖਜ਼ਾਨੇ ਵਿਚੋਂ ਜਿਨੇ ਵੀ ਸ਼ਬਦ ਵਰਤ ਲਈਏ ਫਾਈਦੇਮੰਦ ਹੀ ਸਿੱਧ ਹੋਣਗੇ। ਮੇਰੀ ਖੁਸ਼ਨਸੀਬੀ ਰਹੀ ਹੈ ਕਿ ਮੈਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ। ਏਹੋ ਜੇਹੀਆ ਰੂਹਾਂ ਦੇ ਨਾਲ ਜ਼ਿੰਦਗੀ ਵਿਚ ਬਹੁਤ ਕੁਝ ਸਿੱਖਦੀ ਹੋਈ ਆਪਣੀ ਝੋਲੀ ਵਿਚ ਇਹਨਾਂ ਦੇ ਪਿਆਰ ਨੂੰ ਸੰਭਾਲ ਕੇ ਜ਼ਿੰਦਗੀ ਦੇ ਸਫ਼ਰ ਵਿਚ ਹਮੇਸ਼ਾਂ ਅੱਗੇ ਵੱਧਦੀ ਏਹੀ ਸੋਚਦੀ ਹਾਂ ਕਿ ਪੰਜਾਬੀ ਬੋਲੀ ਦੇ ਦੁਆਰਾ ਬਣਿਆ ਹੋਇਆ ਸਾਥ ਹਮੇਸ਼ਾ ਕਾਇਮ ਰਹੇ ਅਤੇ ਅਗਲੇ ਸਮਾਗਮ ਵਿਚ ਜ਼ਰੂਰ ਇਕੱਠੇ ਹੋਈਏ। ਸਦਕੇ ਜਾਵਾਂ ਰੂਹਾਂ ਦੇ- ਚਰਨਜੀਤ ਕੌਰ ਧਾਲੀਵਾਲ

ਉਹ ਦੇਸ਼ ਭਗਤਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਆਮ ਲੋਕਾਂ ਨੇ ਹੰਝੂ ਸੀ ਕੇਰੇ,
ਫ਼ਾਂਸੀ ਜਦੋਂ ਚੜ੍ਹਾਇਆ ਸੀ ਤੈਨੂੰ।
ਦੇਸ਼ ਲਈ ਮਰ ਜਾਣ ਦਾ ਰਸਤਾ,
ਤੂਹੀਉਂ ਦਿਖਲਾਇਆ ਸੀ ਸਾਨੂੰ।
ਉਸ ਸਮੇਂ ਦੇ ਹਰ ਨੇਤਾ ਨੇ,
ਰਹਿਬਰ ਜਤਲਾਇਆ ਸੀ ਤੈਨੂੰ।
ਝੂਠ ਮੂਠ ਦੇ ਝਾਂਸੇ ਦੇ ਕੇ,
ਸਬਜ਼ ਬਾਗ ਦਿਖਲਾਇਆ ਸੀ ਸਾਨੂੰ।
 
ਅੱਜ ਵੀ ਉਹ ਨੇਤਾ ਦੇਸ਼ ਦੇ ਦੁਸ਼ਮਣ,
ਤੇਰੀ ਫ਼ਰਜ਼ੀ ਪੂਜਾ ਕਰਦੇ।
ਤੇਰੀ ਫ਼ੋਕੀ ਉਪਮਾ ਕਰ ਕਰ,
ਆਪਣੀਆਂ ਖ਼ੂਬ ਤਿਜੋਰੀਆਂ ਭਰਦੇ।
ਤੇਰੀ ਪਵਿੱਤਰ ਕੁਰਬਾਨੀ ਦਾ,
ਬੋੱਲੀ ਲਾ ਲਾ ਮੁੱਲ ਨੇ ਕਰਦੇ।
ਤੈਨੂੰ ਮਹਾਨ ਯੋਧਾ ਦੱਸਣ ਲਈ,
ਇੱਕ ਦੂਜੇ ਤੋਂ ਅੱਗੇ ਖੜ੍ਹਦੇ।
 
ਤੂੰ ਤੇ ਜਨਮ ਤੋਂ ਭਗਤ ਸੀ ਜੰਮਿਆ,
ਦੇਸ਼ ਭਗਤੀ ਦੀ ਗੁੜ੍ਹਤੀ ਲੈ ਕੇ।
ਗੁਰ ਪੀਰਾਂ ਤੋਂ ਸ਼ਕਤੀ ਲੈ ਕੇ,
ਮਾਪਿਆਂ ਕੋਲੋਂ ਫ਼ੁਰਤੀ ਲੈ ਕੇ।
 
ਤੈਨੂੰ ਸ਼ੋਹਰਤ ਦੀ ਲੋੜ ਨਹੀਂ ਸੀ,
ਤੈਨੂੰ ਪੈਸੇ ਦੀ ਹੋੜ੍ਹ ਨਹੀਂ ਸੀ।
ਤੂੰ ਤੇ ਬੱਸ ਇੱਕ ਸੱਚ ਮੰਗਿਆ ਸੀ,
ਆਜ਼ਾਦੀ ਦਾ ਬੱਸ ਹੱਕ ਮੰਗਿਆ ਸੀ।
 
ਦੇਖ ਇਹ ਹੱਕ ਅੱਜ ਕਿਸ ਨੂੰ ਮਿਲਿਆ,
ਕਿਸ ਦੇ ਵਿਹੜੇ ਫ਼ੁੱਲ ਇਹ ਖਿੜਿਆ।
ਕਿਸ ਨੇ ਦੋਹੀਂ ਹੱਥੀਂ ਲੁੱਟ ਲੁੱਟ,
ਆਪਣਾ ਸਾਰਾ ਘਰ ਹੈ ਭਰਿਆ।
 
ਪੂੰਜੀਵਾਦੀ ਭਾਰਤ ਅੰਦਰ,
ਅੱਜ ਵੀ ਲੋਕ ਗ਼ੁਲਾਮੀ ਕਰਦੇ।
ਅੱਜ ਵੀ ਕਰੋੜਾਂ ਭਾਰਤਵਾਸੀ,
ਧਨਵਾਨਾਂ ਦੇ ਤਲਵੇ ਚੱਟਦੇ।
ਅੱਜ ਵੀ ਗ਼ਰੀਬ ਆਜ਼ਾਦੀ ਖ਼ਾਤਰ,
ਹਰ ਦਿਨ ਭੁੱਖ ਦੀ ਸੂਲ਼ੀ ਚੜ੍ਹਦੇ।
 
ਕਾਸ਼ ਤੇਰੀ ਦਿੱਤੀ ਕੁਰਬਾਨੀ,
ਤੇਰਾ ਸੁਪਨਾ ਸੱਚਾ ਕਰਦੀ।
ਕਾਸ਼ ਸੁਤੰਤਰ ਭਾਰਤ ਅੰਦਰ,
ਗਰੀਬਾਂ ਦਾ ਕੋਈ ਹੁੰਦਾ ਦਰਦੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮੰਡੀ ਜੰਗ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਠੰਢੀ ਜੰਗ ਤੋਂ ਮੰਡੀ ਜੰਗ ਦਾ,
ਬਦਲਿਆ ਖੇਲ੍ਹ ਅਨੋਖਾ ਹੈ,
ਕੀ ਇਹ ਬਿਲਕੁਲ ਸੱਚ ਹੋ ਰਿਹੈ,
ਜਾਂ ਫਿਰ ਨਜ਼ਰ ਦਾ ਧੋਖਾ ਹੈ?

ਅੱਸੀ ਸਾਲ ਦੀ ਠੰਢੀ ਦੁਸ਼ਮਣੀ,
ਕਰੋੜਾਂ ਜਾਨਾਂ ਹੜੱਪ ਗਈ,
ਮੰਦਹਾਲੀ ਦੀ ਹਾਲਤ 'ਚ ਰਹਿ ਕੇ,
ਕਿੰਨੀ ਜਨਤਾ ਤੜਪ ਗਈ।

ਹਥਿਆਰਾਂ ਦੇ ਪਹਾੜਾਂ ਨੇ ਮਿਲ ਕੇ,
ਲੋਕਾਂ ਦਾ ਪੈਸਾ ਡਕਾਰ ਲਿਆ,
ਧਰਤੀ 'ਤੇ ਸਵਰਗ ਦਾ ਸੁਪਨਾ,
ਲੋਕਾਂ ਮਨਾਂ ਤੋਂ ਵਿਸਾਰ ਲਿਆ।

ਸਮਾਜਵਾਦ ਤੇ ਸਾਮਰਾਜ ਦੇ,
ਮਖੌਟੇ ਪਲਾਂ ਵਿੱਚ ਉਤਰ ਗਏ,
ਇੱਕ ਦੂਜੇ ਦੀ ਪਿੱਠ ਲਾਉਣ ਦੇ,
ਨਾਹਰੇ ਪਤਾ ਨਹੀਂ ਕਿੱਧਰ ਗਏ।

ਕੋਈ ਕਿਸ ਕਿਸ ਦਾ ਦੋਸਤ ਏ,
ਕੌਣ ਅੱਜ ਕਿਸ ਦਾ ਦੁਸ਼ਮਣ ਏ,
ਅੱਜ ਸੁਰਜਨ ਸਭ ਦਾ ਪੈਸਾ ਏ,
ਤੇ ਪੈਸਾ ਹੀ ਬੱਸ ਦੁਰਜਨ ਏ।

ਟੈਕਸਾਂ ਦੀ ਲੁੱਟ ਖਸੁੱਟ ਦੇ ਵਿੱਚ,
ਆਮ ਆਦਮੀ ਲੁੱਟਿਆ ਗਿਆ,
ਗਰੀਬੀ ਦੇ ਤਾਬੂਤ 'ਚ ਸਮਝੋ,
ਆਖਰੀ ਕਿੱਲ ਵੀ ਠੁਕਿਆ ਗਿਆ।

ਸਿਰ ਫਿਰੇ ਸਿਰਫ ਇੱਕ ਬੰਦੇ ਨੇ,
ਦੁਨੀਆ ਸਾਰੀ ਹਿਲਾ ਦਿੱਤੀ,
ਅਰਥ ਸ਼ਾਸਤਰ ਦੀ ਹਰੇਕ ਯੂਨੀਵਰਸਿਟੀ,
ਮੁੜ ਤੋਂ ਪੜ੍ਹਨੇ ਪਾ ਦਿੱਤੀ।

ਠੰਢੀ ਜੰਗ ਤੋਂ ਮੰਡੀ ਜੰਗ ਹੁਣ,
ਕਿੱਥੇ ਜਾ ਕੇ ਰੁਕਦੀ ਹੈ?
ਹਰ ਜ਼ੁਬਾਨ ਤੇ ਚੱਲਦੀ ਹਰ ਗੱਲ,
ਇਸ ਸਵਾਲ 'ਤੇ ਮੁੱਕਦੀ ਹੈ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮੁੱਕਾ ਲਾਤ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮਿੰਟਾਂ ਵਿੱਚ ਮੁਲਾਕਾਤ ਦੁਵੱਲੀ,
ਮੁੱਕਾ ਲਾਤ ਵਿੱਚ ਵਟ ਗਈ,
ਜਦੋਂ ਹਰ ਧਿਰ ਝਗੜਣ ਦੇ ਲਈ,
ਮੋਰਚਿਆਂ ਉੱਤੇ ਡਟ ਗਈ।

ਸੁੰਦਰ ਸੁੰਦਰ ਚਿਹਰਿਆਂ ਦੇ,
ਰੂਪ ਫਿਰ ਦਿਸੇ ਘਿਨਾਉਣੇ,
ਘੁਰ ਘੁਰ ਕਰਕੇ ਕੁੱਤਿਆਂ ਵਾਂਗੂੰ,
ਜਦੋਂ ਨਿੱਕਲੇ ਦੰਦ ਡਰਾਉਣੇ।

ਬੇਗਾਨੀ ਗਲੀ 'ਚ ਫਸਿਆ ਕੁੱਤਾ,
ਲੱਗਿਆ ਇਵੇਂ ਘਬਰਾਇਆ,
ਦੋਂਹ ਬੁਲੀਆਂ ਦੇ ਵਿੱਚ ਸੀ ਘਿਰਿਆ,
ਜ਼ੈਲੰਸਕੀ ਭੀਤਾ ਭਰਾਇਆ।

ਆਪਣੀ ਗਲੀ ਵਿੱਚ ਕੁੱਤੇ ਵੀ ਨੇ,
ਸ਼ੇਰ ਖੁਦ ਸਦਾ ਕਹਾਉਂਦੇ।
ਬੇਗਾਨੇ ਕੁੱਤੇ 'ਤੇ ਝਪਟਾਂ ਮਾਰ ਕੇ,
ਤਰਲੇ ਖੂਬ ਕਢਵਾਉਂਦੇ।

ਚੱਲਣ ਨਾ ਦਿੱਤੀ ਇੱਕ ਵੀ ਉਸਦੀ,
ਜਦੋਂ ਵਾਰ ਵਾਰ ਦੋ ਭੌਂਕੇ,
ਚਮੜੀ ਉਧੇੜਨ ਲਈ ਤਿਆਰ ਸਨ,
ਮਾਰ ਉਹ ਚੁੰਝਾਂ ਪੌਂਹਚੇ।

ਕੋਠੇ ਚਾੜ੍ਹ ਕੇ ਪੌੜੀ ਚੁੱਕ ਗਏ,
ਦੋਸਤ ਬੜੇ ਪੁਰਾਣੇ,
ਮਤਲਬ ਪ੍ਰਸਤੀ ਰੰਗ ਲਿਆਈ,
ਗਰੀਬ ਮਾਰਿਆ ਗਿਆ ਧਿੰਗਾਣੇ।

ਜ਼ੋਰਾਵਰਾਂ ਦਾ ਸੱਤੀਂ ਵੀਹੀਂ ਸੌ,
ਹੁੰਦਾ ਸੰਸਾਰ ਨੇ ਤੱਕਿਆ,
ਆਪਣੀ ਮਾਇਆ ਖਰੀ ਕਰਨ ਤੋਂ,
ਕੋਈ ਸ਼ਾਹ ਕਦੀ ਨਹੀਂ ਉੱਕਿਆ।

ਮਾੜੀ ਧਿਰ ਨੂੰ ਲੁੱਟਣ ਦੇ ਲਈ,
ਦੁਸ਼ਮਣ ਦੋਸਤ ਬਣ ਗਏ,
ਲੁੱਟ ਦਾ ਮਾਲ ਮਾਪਣ ਦੇ ਲਈ,
ਡਾਂਗਾਂ ਦੇ ਗਜ਼ ਤਣ ਗਏ।

ਮੁਰਦਾ ਲਾਸ਼ ਨੂੰ ਖਾਵਣ ਦੇ ਲਈ,
ਹੁਣ ਰਲ ਕੇ ਪਾਉਣਗੇ ਵੰਡੀਆਂ,
ਹੈਰਾਨ ਨਾ ਹੋਇਓ ਇਸ ਕੰਮ 'ਤੇ,
ਜੇ ਮੁੱਕੇ ਲੱਤਾਂ ਫੇਰ ਚੱਲੀਆਂ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਜੁੱਤੀ ਹਾਂ ਮੈਂ ਜੁੱਤੀ  - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ 

ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ,
ਸਦੀਆਂ ਤੋਂ ਰਹੀ ਮੇਰੀ ਕਿਸਮਤ, ਸੁੱਸਰੀ ਵਾਂਗੂੰ ਸੁੱਤੀ।
 
ਹੁਣ ਤੱਕ ਮੈਨੂੰ ਆਪਣੇ ਪੈਰੀਂ, ਰੋਲ਼ਿਆ ਤੂੰ ਰੱਜ ਰੱਜ ਕੇ,
ਰਹੀ ਮੈਂ ਤੇਰੀ ਦਾਸੀ ਬਣ ਕੇ, ਮਾਣ ਤਾਣ ਸਭ ਤੱਜ ਕੇ,
ਲੱਖਾਂ ਠੋਕਰਾਂ ਨਿੱਤ ਖਾਧੀਆਂ, ਤੇਰੇ ਹੁਕਮੀਂ ਲੱਗ ਕੇ।
ਕਦੀ ਵੀ ਮੂੰਹੋਂ ਸੀਅ ਨਾ ਕੀਤੀ, ਹਰ ਇੱਕ ਪੀੜ ਮੈਂ ਘੁੱਟੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਕੰਡੇ, ਪੱਥਰ, ਬਿਖੜੇ ਪੈਂਡੇ, ਮੇਰੇ ਹਿੱਸੇ ਆਏ,
ਉੱਚੇ, ਨੀਵੇਂ, ਖਿੰਘਰ, ਪਰਬਤ, ਆਪਣੇ ਸੰਗ ਹੰਢਾਏ,
ਤੇਰੇ ਵਰਗੇ ਕਿੰਨੇ ਜ਼ਾਲਮਾਂ, ਕਿੰਨੇ ਜ਼ੁਲਮ ਕਮਾਏ।
ਜ਼ੁਲਮ, ਕਰਮ ਦੇ ਪੁੜਾਂ ਵਿਚਾਲ਼ੇ, ਪਿਸਦੀ ਰਹੀ ਮੈਂ ਸੁੱਕੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਆਪਣਾ ਰੋਅਬ ‘ਤੇ ਦਾਬ ਰੱਖਣ ਲਈ, ਤੂੰ ਚਲਾਇਆ ਮੈਨੂੰ,
ਨਾ ਚਾਹਿਆਂ ਵੀ ਹੁਕਮ ਵਜਾਇਆ, ਕਹਿ ਨਾ ਸਕੀ ਕੁੱਛ ਤੈਨੂੰ,
ਤੂੰ ਹਰ ਘਾਟ ‘ਤੇ ਹਰ ਤਲਵੇ ਦਾ, ਮਜ਼ਾ ਚਖਾਇਆ ਮੈਨੂੰ।
ਲੱਖ ਆਹਾਂ ‘ਤੇ ਹੌਕੇ ਦੱਬ ਕੇ, ਚੱਲਦੀ ਰਹੀ ਸਿਰ ਸੁੱਟੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਬੀਤ ਗਿਆ ਉਹ ਵੇਲਾ ਸੱਜਣਾ, ਹੁਣ ਤੇਰੇ ਸਿਰ ਵਰ੍ਹਨਾ,
ਤੇਰੀਆਂ ਪੁਠੀਆਂ ਮਨ ਆਈਆਂ ਦਾ, ਲੇਖਾ ਜੋਖਾ ਕਰਨਾ,
ਚੰਮ ਦੀਆਂ ਚੱਲੀਆਂ ਤੇਰੀਆਂ ਦਾ ਡੰਨ, ਤੇਰੇ ਚੰਮ ਨੇ ਭਰਨਾ।
ਏਸੇ ਲਈ ਹੁਣ ਚੱਲਣ ਲੱਗੀ ਹਾਂ, ਤੇਰੇ ਉੱਤੇ ਪੁੱਠੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
 
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਸਦੀਆਂ ਤੋਂ ਰਹੀ ਮੇਰੀ ਕਿਸਮਤ ਸੁੱਸਰੀ ਵਾਂਗੂੰ ਸੁੱਤੀ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਅੰਧਸਤਾਨ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅੰਧ ਵਿਸ਼ਵਾਸ ਦੀ ਕੁੰਭੀ ਦੇ ਵਿੱਚ,
ਹਿੰਦੋਸਤਾਨ ਹੈ ਗਰਕ ਰਿਹਾ,
ਸਵਰਗਾਂ ਦੇ ਸੁਪਨੇ ਦਿਖਲਾ ਕੇ,
ਹਰ ਬਾਬਾ ਭੋਗ ਸਭ ਠਰਕ ਰਿਹਾ।

ਹਰ ਬਾਜ਼ਾਰ 'ਤੇ ਹਰ ਗਲੀ ਵਿੱਚ,
ਟੱਲ 'ਤੇ ਸੰਖ ਨਿਰੰਤਰ ਵੱਜਦੇ,
ਗਰੀਬ ਦੀ ਘਾਲ਼ ਕਮਾਈ ਉੱਤੇ,
ਕਰੋੜਾਂ ਨਿਖੱਟੂ ਨਿੱਤ ਪਲ਼ਦੇ ਰੱਜਦੇ।

ਤੀਰਥ ਯਾਤਰਾਵਾਂ ਦੇ ਵਪਾਰੀ,
ਧੰਦਾ ਕਰਨ ਹਰ ਦਿਨ ਤੇ ਰਾਤੀਂ,
ਅੰਨ੍ਹੇ ਭਗਤਾਂ ਦੀ ਸਮੁੱਚੀ ਹੇੜ੍ਹ ਨੂੰ,
ਲੁੱਟੀ ਜਾਣ ਉਹ ਗੱਲੀਂ ਬਾਤੀਂ।

ਮਿੱਧਦੇ ਇੱਕ ਦੂਜੇ ਨੂੰ ਤੀਰਥੀਏ,
ਪਰਵਾਹ ਨਾ ਕਰਦੇ ਹੋਰ ਕਿਸੇ ਦੀ,
ਚਿੱਕੜ ਵਿੱਚ ਇਸ਼ਨਾਨ ਕਰਨ ਦੀ,
ਦੌੜ ਹੈ ਲੱਗੀ ਹਰ ਗਧੇ ਦੀ।

ਜਿਸ ਦੇਸ਼ ਦਾ ਨੇਤਾ ਇਹ ਸਮਝੇ,
ਉਹ ਮਾਂ ਪੇਟੋਂ ਨਹੀਂ ਹੈ ਜੰਮਿਆ,
ਅਫਸੋਸ ਕਿ ਅੰਨ੍ਹੇ ਇੱਕ ਵੀ ਭਗਤ ਨੇ,
ਉਸ ਦਾ ਇਹ ਹੰਕਾਰ ਨਹੀਂ ਭੰਨਿਆ।

ਜਿਸ ਧਰਤੀ ਦੇ ਪੜ੍ਹੇ ਲਿਖੇ ਵੀ,
ਭੂਤ ਪ੍ਰੇਤ ਦੀਆਂ ਡਿਗਰੀਆਂ ਦੇਵਣ,
ਉਸ ਧਰਤੀ ਦਾ ਕਿਹੜਾ ਵਾਸੀ,
ਭੰਡੇ ਉਨ੍ਹਾਂ ਦੇ ਥੋਥੇ ਖੇਖਣ।

ਨੰਗੇਜ ਦੇ ਉੱਤੇ ਕਾਨੂੰਨ ਦਾ ਡੰਡਾ,
ਪਰ ਨਾਂਗੇ ਸਾਧ ਕਿਸੇ ਤੋਂ ਨ੍ਹੀਂ ਡਰਦੇ,
ਨੂਹਾਂ ਧੀਆਂ ਦੀਆਂ ਕਰਾ ਡੰਡੌਤਾਂ,
ਬੇਸ਼ਰਮ ਮਾਪੇ ਅਸ਼ ਅਸ਼ ਕਰਦੇ।

ਸਾਧਾਰਨ ਲੋਕਾਂ ਦੀਆਂ ਔਰਤਾਂ ਦੀ,
ਹਰ ਦਿਨ ਨੰਗੀ ਪਰੇਡ ਹੈ ਹੁੰਦੀ,
ਸਾਸ਼ਨ ਰਲ਼ ਸਾਜ਼ਿਸ਼ ਹੈ ਘੜਦਾ,
ਸਿਰ ਚੜ੍ਹ ਫਿਰੇ ਭੀੜ ਸਭ ਗੁੰਡੀ।

ਵਹਿਮ ਭਰਮ ਤੇ ਜਾਦੂ ਟੂਣੇ,
ਜਿਸ ਧਰਤੀ ਦਾ ਧਰਮ ਈਮਾਨ ਹੈ,
ਐਸੀ ਧਰਤੀ ਦਾ ਨਾਂ ਫਿਰ ਯਾਰੋ,
ਕੋਈ ਹੋਰ ਨਹੀਂ, ਬੱਸ ਅੰਧਸਤਾਨ ਹੈ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਆਮ ਆਪ ਆਮ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਆਮ ਪਾਰਟੀ ਵੀ ਆਖਰ ਵਿੱਚ,
ਆਮ ਪਾਰਟੀਆਂ ਵਰਗੀ ਹੋ ਗਈ,
ਈਮਾਨਦਾਰੀ ਦਾ ਹੋਕਾ ਦੇ ਕੇ,
ਬੇਈਮਾਨਾਂ ਨਾਲ ਜਾ ਖੜੋ ਗਈ।

ਆਪਣੇ ਆਪ ਨੂੰ ਵੱਖਰਾ ਕਹਿੰਦੀ,
ਤੇ ਵੱਖਰੇ ਹੀ ਕੰਮ ਕਰਨੇ ਵਾਲੀ,
ਭ੍ਰਿਸ਼ਟਾਚਾਰ ਦੀ ਗੰਦੀ ਦਲਦਲ ਵਿੱਚ,
ਸਿਰ ਤੋਂ ਪੈਰਾਂ ਤੀਕ ਸਮੋ ਗਈ।

ਖਰੀਦ ਖਰੀਦ ਕੇ ਕਾਣੇ ਦਾਗੀ,
ਰੱਖ ਕੇ ਆਪਣੀ ਟੋਕਰੀ ਦੇ ਵਿੱਚ,
ਰਹਿੰਦੀ ਖੂੰਹਦੀ ਸੁਥਰੀ ਟੋਕਰੀ,
ਸਾਰੀ ਬਦਬੂਦਾਰ ਹੋ ਗਈ।

ਕੂੜੇ ਨਾਲ ਕੂੜਾ ਹੂੰਝ ਨਹੀਂ ਹੁੰਦਾ,
ਝਾੜੂ ਕੂੜੇ ਤੋਂ ਨਹੀਂ ਬਣਦੇ,
ਇਹ ਅਕਲ ਦੀ ਗੱਲ ਲੀਡਰਾਂ ਦੀ,
ਅਕਲ ਦੇ ਵਿੱਚੋਂ ਬਾਹਰ ਹੋ ਗਈ।

ਹੇਰਾਫੇਰੀ ਦੇ ਖੂਨ ਦਾ ਟੀਕਾ,
ਹਰ ਲੀਡਰ ਨੂੰ ਲੱਗ ਹੈ ਚੁੱਕਿਆ,
ਰਲ ਕੇ ਖਾਣ ਦੀ ਲਾਲਸਾ ਦੇ ਨਾਲ਼
ਬੇਦਾਗ ਪੱਗ ਦਾਗਦਾਰ ਹੋ ਗਈ।

ਇਨਕਲਾਬ ਦਾ ਝੂਠਾ ਨਾਹਰਾ,
ਤਹਿਸ ਨਹਿਸ ਹੋ ਚੁੱਕਾ ਹੁਣ ਤਾਂ,
ਕੇਜਰੀਵਾਲ 'ਤੇ ਮਾਨ ਦੀ ਬੁੱਧੀ,
ਤਿੱਖੀ ਤੋਂ ਖੁੰਢੀ ਧਾਰ ਹੋ ਗਈ।

ਜਨਤਾ ਦੇ ਨਾਲ ਪੈਰ ਪੈਰ 'ਤੇ,
ਧੋਖਾ ਹੀ ਹੈ ਹੁੰਦਾ ਆਇਆ,
ਤੀਸਰੀ ਧਿਰ ਵੀ ਲੋਕਾਂ ਦੇ ਲਈ,
ਮੂਲੋਂ ਹੀ ਨਾਕਾਰ ਹੋ ਗਈ।

ਕਿਲਾ ਦਿੱਲੀ ਦਾ ਢਹਿ ਗਿਆ ਹੁਣ,
ਦੇਖਦੇ ਸਾਰੇ ਹੀ ਰਹਿ ਗਏ,
ਭਗਵਿਆਂ ਦੇ ਮਾਇਆ ਜਾਲ਼ ਵਿੱਚ,
ਬਿੱਲੀ ਫਸ ਕੇ ਫਰਾਰ ਹੋ ਗਈ।

ਪੰਜਾਬ ਚ ਚੱਲਦੇ ਝੂਠੇ ਵਪਾਰ ਵੀ,
ਆਪ ਨੂੰ ਆਪੇ ਲੈ ਬਹਿਣਗੇ,
ਜਨਤਾ ਫਿਰ ਰੋਂਦੀ ਪਛਤਾਉਂਦੀ,
ਹੱਥ ਮਲਦੀ ਲਾਚਾਰ ਹੋ ਗਈ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਸ਼ਰੀਫ਼ ਸਬਜ਼ੀ ਫ਼ਰੋਸ਼ - ਰਵਿੰਦਰ ਸਿੰਘ ਕੁੰਦਰਾ

ਸਬਜ਼ੀ ਵਾਲਾ ਆਪਣੀ ਸਬਜ਼ੀ ਦਾ, ਹੋਕਾ ਦੇਵੇ ਗਲੀ ਗਲੀ,
ਆਲੂ, ਗੰਢੇ, ਗੋਭੀ ਲੈ ਲਉ, ਤਾਜ਼ੀ ਸਬਜ਼ੀ ਫੁਲੀ ਫਲੀ।

ਰੋਜ਼ਾਨਾ ਹੀ ਉਹ ਗੇੜਾ ਦੇਵੇ, ਹਰ ਮੁਹੱਲੇ 'ਤੇ ਹਰ ਪੱਤੀ,
ਸੁਆਣੀਆਂ ਤੇ ਘਰੇਲੂ ਬੀਬੀਆਂ, ਰਹਿਣ ਉਸਦਾ ਰਸਤਾ ਤੱਕੀ।

ਉਧਾਰ ਦਾ ਰਿਵਾਜ ਕੁੱਝ ਐਸਾ, ਹਰ ਬੀਬੀ ਹਰ ਰੋਜ਼ ਹੀ ਚਾਹੇ,
ਇਸੇ ਲਈ ਭਾਈ ਹਿਸਾਬ ਵੀ ਸਾਰਾ, ਕਾਪੀ ਉੱਤੇ ਲਿਖਦਾ ਜਾਵੇ।

ਮਹੀਨੇ ਦੇ ਅਖੀਰ ਦੇ ਉੱਤੇ, ਬੀਬੀਆਂ ਆਪਣੇ ਬਿੱਲ ਸਭ ਤਾਰਨ,
ਪਰ ਕੋਈ ਕਦੀ ਵੀ ਨਾ ਪੁੱਛੇ, ਕਿਸੇ ਵੀ ਰਕਮ ਦੇ ਕੀ ਨੇ ਕਾਰਨ।

ਸਬਜ਼ੀ ਵਾਲਾ ਉਹ ਬੇਚਾਰਾ, ਕਾਪੀ ਆਪਣੀ ਫੋਲਕੇ ਦੇਖੇ,
ਸਭਨਾਂ ਨੂੰ ਹਿਸਾਬ ਉਹ ਪੂਰਾ, ਦੱਸੀ ਜਾਵੇ ਬਿਨਾ ਭੁਲੇਖੇ।

ਇੱਕ ਦਿਨ ਬੀਬੀਆਂ ਦੇ ਵਿਚਕਾਰ, ਘੁਸਰ ਮੁਸਰ ਕੁੱਝ ਐਸੀ ਚੱਲੀ,
ਜਿਸ ਦੇ ਕਾਰਨ ਮੁਹੱਲੇ ਦੇ ਵਿੱਚ, ਮਚ ਗਈ ਕਾਫੀ ਤਰਥੱਲੀ,

ਇੱਕ ਨੇ ਦੂਜੀ ਨੂੰ ਜਾ ਪੁੱਛਿਆ, ਇਹ ਭਾਈ ਹਿਸਾਬ ਕਿਵੇਂ ਹੈ ਰੱਖਦਾ,
ਸਾਡੇ ਤਾਂ ਉਹ ਨਾਂ ਵੀ ਨਾ ਜਾਣੇ, ਇਸ ਕੋਲ ਹਿਸਾਬ ਦਾ ਕਿਹੜਾ ਰਸਤਾ।

ਲੱਗਦਾ ਹੈ ਇਹ ਧੋਖਾ ਕਰਕੇ, ਮੂੰਹ ਜ਼ੁਬਾਨੀ ਹਿਸਾਬ ਲਗਾਂਦਾ,
ਯਕੀਨ ਹੈ ਸਾਨੂੰ ਇਸ ਤਰ੍ਹਾਂ ਇਹ, ਦਿਨ ਦਿਹਾੜੇ ਲੁੱਟਦਾ ਜਾਂਦਾ।

ਦੂਜੇ ਦਿਨ ਬੀਬੀਆਂ ਹੋ ਕੱਠੀਆਂ, ਆ ਦੁਆਲੇ ਹੋਈਆਂ ਉਸ ਦੇ,
ਕਹਿਣ ਕਿ ਬਿਨਾ ਨਾਵਾਂ ਤੋਂ ਸਾਡੇ, ਤੈਨੂੰ ਕਿਵੇਂ ਨੇ ਫੁਰਨੇ ਫੁਰਦੇ।

ਕਿਹੜੀ ਤੈਥੋਂ ਕਿੰਨੀ ਸਬਜ਼ੀ, ਕਿਹੜੇ ਭਾਅ ਤੇ ਲੈ ਗਈ ਸੀ,
ਤੇ ਕਿਸ ਦੇ ਨਾਂ ਤੇ ਕਿਹੜੀ ਰਕਮ, ਉਸ ਦੇ ਖਾਤੇ ਸਿਰ ਖੜ੍ਹੀ ਸੀ।

ਸਾਨੂੰ ਹਿਸਾਬ ਦਿਖਾ ਤੂੰ ਪਹਿਲਾਂ, ਫੇਰ ਅਸਾਂ ਨੇ ਦੇਣੇ ਪੈਸੇ,
ਨਹੀਂ ਤੇ ਅਸਾਂ ਹਾਲ ਅੱਜ ਤੇਰੇ, ਕਰ ਦੇਣੇ ਨੇ ਐਸੇ ਤੈਸੇ।

ਸਬਜ਼ੀ ਵਾਲਾ ਕਸੂਤਾ ਫਸਿਆ, ਘੁੱਟ ਫੜੀ ਕਾਪੀ ਉਹ ਨਾ ਛੱਡੇ,
ਬੀਬੀਆਂ ਕਾਪੀ ਨੂੰ ਪੜ੍ਹਨਾ ਚਾਹੁਣ, ਅੜ ਗਈਆਂ ਉਹ ਉਸ ਦੇ ਅੱਗੇ।

ਮਾਰ ਝਪੱਟਾ ਇੱਕ ਬੀਬੀ ਨੇ, ਕਾਪੀ ਉਸਦੇ ਹੱਥੋਂ ਖੋਹ ਲਈ,
ਪੜ੍ਹ ਕੇ ਉਸ ਕਾਪੀ ਦੇ ਪੰਨੇ, ਵਾਹਵਾ ਲੋਹੀ ਲਾਖੀ ਹੋ ਗਈ।

ਕੀ ਲਿਖਿਆ ਸੀ ਇੱਕ ਪੰਨੇ ਤੇ, ਮੋਟੀ ਵੱਲ ਨੇ ਪੱਚੀ ਰੁਪਈਏ,
ਦੂਜੇ ਪੰਨੇ 'ਤੇ ਪਤਲੀ ਨੇ ਮੈਨੂੰ,  ਦੇਣੇ ਨੇ ਪੰਜਾਹ ਰੁਪਈਏ।

ਤੀਜੇ ਪੰਨੇ ਹਿਸਾਬ ਸੀ ਭੈਂਗੀ ਦਾ, ਤੇ ਚੌਥੀ ਉੱਤੇ ਨਖਰੇਲੋ ਦਾ,
ਪੰਜਵੇਂ ਉੱਤੇ ਕਾਣੀ ਦਾ ਸਾਰਾ, ਲਿਖਿਆ ਹੋਇਆ ਸੀ ਲੇਖਾ ਜੋਖਾ।

ਛੇਵੇਂ ਸਫੇ ਲੰਬੋ ਦੇ ਸਾਰੇ, ਪੈਸਿਆਂ ਦਾ ਹਿਸਾਬ ਸੀ ਪੂਰਾ,
ਸੱਤਵੇਂ ਪੰਨੇ ਠਿਗਣੀ ਦੇ ਵੱਲ, ਨਿਕਲਦਾ ਸੌ ਦਾ ਨੋਟ ਸੀ ਪੂਰਾ।

ਪੜ੍ਹ ਕੇ ਨਾਂ ਸਭ ਉਲਟੇ ਪੁਲਟੇ, ਪਾਰਾ ਬੀਬੀਆਂ ਦਾ ਚੜ੍ਹਿਆ ਅਸਮਾਨੇ,
ਟੁੱਟ ਪਈਆਂ ਸਭ ਉਸ ਦੇ ਉੱਤੇ, ਮਾਰਨ ਉਸਨੂੰ ਮਿਹਣੇ ਤਾਹਨੇ।

ਪੁੱਛਣ ਲੱਗੀਆਂ ਉਸ ਨੂੰ ਸਾਰੀਆਂ, ਕਿਉਂ ਪਾਏ ਸਾਡੇ ਨਾਂ ਤੂੰ ਪੁੱਠੇ,
ਕਿਹੜੀ ਗੱਲੋਂ ਆਪਣੀ ਕਾਪੀ ਤੇ, ਲਿਖੇਂ ਤੂੰ ਸਾਡੇ ਉਲਟੇ ਚਿੱਠੇ।

ਕੁੱਟ ਖਾ ਕੇ ਉਹ ਬੰਦਾ ਬੋਲਿਆ, ਮੈਨੂੰ ਸ਼ਰੀਫ਼ ਨੂੰ ਨਾ ਤੁਸੀਂ ਮਾਰੋ,
ਮੇਰੀ ਇਸ ਸ਼ਰਾਫਤ ਦਾ ਬੀਬੀਓ, ਥੋੜ੍ਹਾ ਜਿਹਾ ਮੁੱਲ ਤਾਂ ਤਾਰੋ।

ਮੈਂ ਤੇ ਸਿਰਫ ਸਬਜ਼ੀ ਹੀ ਵੇਚਾਂ, ਹੋਰ ਗੱਲ ਕਰਨੋਂ ਮੈਂ ਸ਼ਰਮਾਵਾਂ,
ਇਸੇ ਲਈ ਮੈਂ ਸਭਨਾਂ ਦੇ ਨਾਂ, ਆਪਣੇ ਕੋਲੋਂ ਹੀ ਰੋਜ਼ ਬਣਾਵਾਂ।

ਇਸ ਤੋਂ ਇਲਾਵਾ ਮੇਰਾ ਤੁਹਾਡਾ, ਲੈਣ ਦੇਣ ਤਾਂ ਹੋਰ ਕੋਈ ਨਹੀਂ,
ਮੇਰੇ ਕੋਲ ਤੁਹਾਨੂੰ ਕਹਿਣ ਲਈ, ਇਸ ਤੋਂ ਬਿਨਾ ਅਲਫ਼ਾਜ਼ ਕੋਈ ਨਹੀਂ।

ਸੁਣ ਜਵਾਬ ਭਾਈ ਦਾ ਭੋਲ਼ਾ, ਗੁੱਸਾ ਬੀਬੀਆਂ ਦਾ ਹੋਇਆ ਠੰਢਾ,
ਤਰਸ ਕਰਕੇ ਉਨ੍ਹਾਂ ਮੰਗੀ ਮੁਆਫੀ, ਜੋ ਬੋਲਿਆ ਸੀ ਕੌੜਾ ਮੰਦਾ।

ਡੌਨਲਡ ਡੰਕਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਡੌਨਲਡ ਦਾ ਡੰਕਾ ਗੂੰਜ ਗਿਆ, ਹੈ ਸਾਰੇ ਪਾਸੇ,
ਸਹੇੜੇਗਾ ਇਹ ਲੋਕਾਂ ਲਈ, ਹੁਣ ਨਵੇਂ ਸਿਆਪੇ।

ਡੌਨਲਡ ਦੀ ਹੁਣ ਡੌਲਰ 'ਤੇ, ਹੋ ਗਈ ਸਰਦਾਰੀ,
ਡੋਲ ਜਾਵੇਗੀ ਦੁਨੀਆ ਦੀ, ਹੁਣ ਮਾਇਆ ਸਾਰੀ।

ਗਰਮ ਖਿਆਲੀ ਮੁਜਰਮ, ਮਾਰਦੇ ਨਾਹਰੇ ਮੱਘੇ,
ਆਜ਼ਾਦ ਹੋ ਕੇ ਉਹ ਆਕੜ ਗਏ, ਹੁਣ ਸ਼ਰੀਫਾਂ ਅੱਗੇ।

ਹਿੰਮਤ ਨਹੀਂ ਹੁਣ ਕਿਸੇ ਦੀ, ਜੋ ਗੱਲ ਨਾ ਮੰਨੇ,
ਲੀਡਰ ਦੁਨੀਆ ਦੇ ਕੰਬਦੇ, ਕਈ ਮੰਨੇ ਪ੍ਰਮੰਨੇ।

ਸੁਪਨੇ ਪਸਤ ਸਭ ਹੋ ਗਏ, ਸ਼ਰਨਾਰਥੀਆਂ ਦੇ,
ਰਸਤੇ ਸੀਲ ਨੇ ਹੁਣ ਜਾਅਲੀ, ਵਿਦਿਆਰਥੀਆਂ ਦੇ।

ਸਰਹੱਦਾਂ ਉੱਤੇ ਹਾਹਾਕਾਰ, ਹੈ ਸਾਰੇ ਪਾਸੇ,
ਮਾਰ ਦੁਹੱਥੜ ਕਰਨ ਡੰਕੀ, ਟਰੰਪ ਦੇ ਸਿਆਪੇ।

ਕਾਹਲੀ ਦੇ ਵਿੱਚ ਪੈਦਾ, ਹੋ ਗਏ ਹਜ਼ਾਰਾਂ ਬੱਚੇ,
ਨਹੀਂ ਯਕੀਨ ਕਿਸੇ ਨੂੰ, ਟਰੰਪ ਕੱਢੇ ਜਾਂ ਰੱਖੇ।

ਮੰਗਲ ਗ੍ਰਹਿ ਤੇ ਝੁੱਲੇਗਾ, ਅਮਰੀਕਾ ਦਾ ਝੰਡਾ,
ਅਮਰੀਕਾ ਸਾਰਾ ਹੋ ਜਾਵੇਗਾ, ਹੁਣ ਸੋਨੇ ਰੰਗਾ।

ਡੌਨਲਡ ਟਰੰਪ ਚਲਾਵੇਗਾ, ਹੁਣ ਆਪਣਾ ਸਿੱਕਾ,
ਢਾਵੇਗਾ ਉਹ ਜ਼ੋਰ ਨਾਲ, ਆਪਣਾ ਹਰ ਅੜਿੱਕਾ।

ਮਸਕ ਵੀ ਆਪਣੀ ਚਾਲ ਚੱਲ ਗਿਆ, ਲਾ ਕੇ ਮਸਕਾ,
ਅਮੀਰ ਹੋਰ ਹੋ ਗਿਆ ਦੁੱਗਣਾ, ਕਰਕੇ ਸੌਦਾ ਸਸਤਾ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ