Sukhwant Hundal

ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? - ਸੁਖਵੰਤ ਹੁੰਦਲ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ (ਅਫੋਰਡੇਬਲ ਹਾਊਸਿੰਗ) ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ ਮੀਡੀਏ ਵਿੱਚ ਹਾਲ ਵਿੱਚ ਹੀ ਛਪੀਆਂ ਕਈ ਰਿਪੋਰਟਾਂ ਵਿੱਚ ਕੈਨੇਡਾ ਵਿੱਚ ਆਏ ਨਵੇਂ ਇੰਮੀਗ੍ਰੈਂਟਾਂ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ। ਕੈਨੇਡਾ ਦੇ ਕਈ ਸਿਆਸੀ ਨੇਤਾ ਵੀ ਇਹ ਗੱਲ ਦੁਹਰਾ ਰਹੇ ਹਨ। ਉਦਾਹਰਨ ਲਈ ਸੰਨ 2024 ਦੇ ਸ਼ੁਰੂ ਵਿੱਚ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਅਵ ਨੇ ਕਿਹਾ ਸੀ, "ਤੁਹਾਡੇ ਕੋਲ ਉਹਨਾਂ ਲਈ ਜਿੰਨੇ ਘਰ ਹਨ, ਜੇ ਉਸ ਤੋਂ ਵੱਧ ਗਿਣਤੀ ਵਿੱਚ ਪਰਿਵਾਰ ਇੱਥੇ ਆ ਰਹੇ ਹਨ, ਤਾਂ ਇਸ ਨਾਲ ਘਰਾਂ ਦੀਆਂ ਕੀੰਮਤਾਂ ਵਧਣਗੀਆਂ ਹੀ।" ਆਮ ਸੂਝ (ਕਾਮਨਸੈਂਸ) ਅਨੁਸਾਰ ਆਮ ਲੋਕਾਂ ਨੂੰ ਵੀ ਇਹ ਗੱਲ ਠੀਕ ਲਗਦੀ ਹੈ। ਪਰ ਵਾਰਾ-ਖਾਣ ਯੋਗ ਘਰਾਂ ਦੀ ਸਮੱਸਿਆ ਦਾ ਅਧਿਐਨ ਕਰਨ ਵਾਲੇ ਬਹੁਤ ਸਾਰੇ ਮਾਹਰਾਂ/ਵਿਦਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉੱਪਰੋਂ ਉੱਪਰੋਂ ਦੇਖਿਆਂ ਇਹ ਗੱਲ ਠੀਕ ਲੱਗਦੀ ਹੋਵੇ, ਪਰ ਅਸਲ ਵਿੱਚ ਇਹ ਸਹੀ ਨਹੀਂ। ਉਹਨਾਂ ਅਨੁਸਾਰ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਨਹੀਂ, ਸਗੋਂ ਕੈਨੇਡਾ ਦੀ ਸਰਕਾਰ ਦੀਆਂ ਸੋਸ਼ਲ ਹਾਊਂਸਿੰਗ ਦੇ ਸੰਬੰਧ ਵਿੱਚ ਪਿਛਲੇ ਤਿੰਨ ਕੁ ਦਹਾਕਿਆਂ ਦੌਰਾਨ ਅਪਣਾਈਆਂ ਨੀਤੀਆਂ ਅਤੇ ਘਰਾਂ ਦੀ ਮਾਰਕੀਟ ਵਿੱਚ ਇਨਵੈਸਟਰਾਂ ਦੀ ਦਖਲਅੰਦਾਜ਼ੀ ਹੈ।
ਇੰਮੀਗ੍ਰੈਂਟਾਂ ਨੂੰ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਦੱਸਣ ਵਾਲੇ ਇਹ ਦਲੀਲ ਦਿੰਦੇ ਹਨ ਕਿ ਜਿਸ ਮਾਤਰਾ ਵਿੱਚ ਕੈਨੇਡਾ ਦੀ ਅਬਾਦੀ ਵੱਧ ਰਹੀ ਹੈ, ਉਨੀ ਮਾਤਰਾ ਵਿੱਚ ਨਵੇਂ ਘਰ ਨਹੀਂ ਬਣ ਰਹੇ। ਇਸ ਲਈ ਸਾਨੂੰ ਘਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਜਨਵਰੀ 2024 ਨੂੰ ਸੀ ਬੀ ਸੀ ਦੇ ਵੈੱਬਸਾਈਟ `ਤੇ ਛਪੇ "ਲਿੰਕਿੰਗ ਇਮੀਗ੍ਰੇਸ਼ਨ ਟੂ ਦੀ ਹਾਊਸਿੰਗ ਸ਼ੌਰਟੇਜ ਮੇ ਬੀ ਮਿਸਿੰਗ ਦੀ ਪ੍ਰਾਬਲਮ, ਐਕਸਪਰਟ ਸੇਅ" ਨਾਂ ਦੇ ਆਰਟੀਕਲ ਵਿੱਚ ਇਸ ਧਾਰਨਾ ਨੂੰ ਗਲਤ ਦੱਸਿਆ ਗਿਆ ਹੈ। ਇਸ ਆਰਟੀਕਲ ਦੇ ਲੇਖਕ ਪੀਟਰ ਜ਼ੀਮੋਨਜਿਕ ਨੇ ਯੂਨੀਵਰਸਿਟੀ ਆਫ ਟਰਾਂਟੋ ਦੇ ਫੈਕਟਰ-ਇਨਵੈਨਟਾਸ਼ ਫੈਕਲਟੀ ਆਫ ਸੋਸ਼ਲ ਵਰਕ ਵਿੱਚ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਪ੍ਰੋਫੈਸਰ ਡੇਵਿਡ ਹਲਚੈਂਸਕੀ ਦੇ ਹਵਾਲੇ ਨਾਲ ਇਸ ਧਾਰਨਾ ਦੇ ਸਹੀ ਨਾ ਹੋਣ ਬਾਰੇ ਗੱਲ ਕੀਤੀ ਹੈ। ਪ੍ਰੋਫੈਸਰ ਹਲਚੈਂਸਕੀ ਅਨੁਸਾਰ ਇਸ ਦਾਅਵੇ ਦੀ ਸਚਾਈ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਘਰੇਲੂ ਇਕਾਈ (ਹਾਉਸਹੋਲਡ) ਅਤੇ ਘਰਾਂ (ਹੋਮਜ਼) ਵਿਚਲੇ ਫਰਕ ਨੂੰ ਸਮਝਣਾ ਪੈਣਾ ਹੈ। ਸਾਨੂੰ ਇਹ ਸਮਝਣਾ ਪੈਣਾ ਹੈ ਕਿ ਕੈਨੇਡਾ ਦੇ 4 ਕ੍ਰੋੜ (40 ਮਿਲੀਅਨ) ਲੋਕ 4 ਕ੍ਰੋੜ (40 ਮਿਲੀਅਨ) ਘਰਾਂ ਵਿੱਚ ਨਹੀਂ ਰਹਿੰਦੇ ਹਨ। ਕੈਨੇਡਾ ਦੀ ਇਕ ਘਰੇਲੂ ਇਕਾਈ ਵਿੱਚ ਔਸਤਨ 2.45 ਲੋਕ ਹਨ। ਇਸ ਗਿਣਤੀ ਅਨੁਸਾਰ ਕੈਨੇਡਾ ਵਿੱਚ ਆਉਣ ਵਾਲੇ 5 ਲੱਖ (500,000) ਇੰਮੀਗ੍ਰੈਂਟਾਂ ਨੂੰ 2 ਲੱਖ 4 ਹਜ਼ਾਰ (204,000) ਘਰਾਂ ਦੀ ਲੋੜ ਪਵੇਗੀ। ਹਲਚੈਂਸਕੀ ਨੇ ਅੱਗੇ ਕਿਹਾ ਕਿ ਜਨਵਰੀ 2024 ਦੇ ਸ਼ੁਰੂ ਵਿੱਚ ਸੀ ਐੱਮ ਐੱਚ ਸੀ (ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ) ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਸਾਲ (2023) ਦੇ ਸ਼ੁਰੂ ਵਿੱਚ 2,23,513 ਨਵੇਂ ਘਰ ਬਣਨੇ ਸ਼ੁਰੂ ਹੋਏ ਸਨ, ਜਿਹੜੇ ਆਉਣ ਵਾਲੇ ਨਵੇਂ ਇੰਮੀਗਰੈਂਟਾਂ ਦੀ ਰਿਹਾਇਸ਼ ਲਈ ਕਾਫੀ ਹੋਣਗੇ।
30 ਮਈ 2024 ਨੂੰ ਕੈਨੇਡੀਅਨ ਡਾਇਮੈਨਸ਼ਨ ਮੈਗਜ਼ੀਨ ਦੇ ਵੈੱਬਸਾਈਟ `ਤੇ "ਵਾਈ ਦਿ ਹਾਊਸਿੰਗ ਕਰਾਈਸਿਸ ਇਜ਼ ਨਾਟ ਐਨ ਇਮੀਗ੍ਰੇਸ਼ਨ ਪ੍ਰਾਬਲਮ" ਨਾਂ ਦੇ ਛਪੇ ਇਕ ਆਰਟੀਕਲ ਵਿੱਚ ਵੀ ਇਸ ਤਰ੍ਹਾਂ ਦੇ ਅੰਕੜੇ ਅਤੇ ਦਲੀਲ ਦਿੱਤੀ ਗਈ ਹੈ। ਇਸ ਆਰਟੀਕਲ ਦੇ ਲੇਖਕ ਜੇਮਜ਼ ਹਾਰਡਵਿਕ ਦਾ ਕਹਿਣਾ ਹੈ ਇਹਨਾ ਤੱਥਾਂ ਨੂੰ ਦੇਖਦਿਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮੱਸਿਆ ਇਹ ਨਹੀਂ ਕਿ ਲੋਕਾਂ ਦੀ ਗਿਣਤੀ  ਜ਼ਿਆਦਾ ਹੈ ਅਤੇ ਘਰਾਂ ਦੀ ਘੱਟ, ਸਗੋਂ ਸਮੱਸਿਆ ਇਹ ਹੈ ਕਿ ਘਰਾਂ ਦੀ ਮਾਲਕੀ ਕਿਹਨਾਂ ਲੋਕਾਂ ਕੋਲ ਹੈ ਅਤੇ ਕਿਉਂ ਹੈ।
17 ਅਗਸਤ 2023 ਨੂੰ ਬ੍ਰੀਚ ਮੀਡੀਏ ਦੇ ਵੈੱਬਸਾਈਟ `ਤੇ "ਦਿ ਮੀਡੀਆ ਇਜ਼ ਬਲੇਮਿੰਗ ਇੰਮੀਗ੍ਰੈਂਟਸ ਫਾਰ ਦਿ ਹਾਊਸਿੰਗ ਕਰਾਈਸਿਸ, ਦੇ ਆਰ ਰੌਂਗ" ਨਾਂ ਦਾ ਆਰਟੀਕਲ ਛਪਿਆ ਸੀ। ਇਸ ਆਰਟੀਕਲ ਦਾ ਲੇਖਕ ਸਈਦ ਹੁਸੈਨ ਮਾਈਗ੍ਰੈਂਟ ਰਾਈਟਸ ਨੈੱਟਵਰਕ ਦਾ ਬੁਲਾਰਾ ਹੈ। ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਾਈਗ੍ਰੈਂਟ ਵਰਕਰ ਕੰਮ-ਮਾਲਕ ਵਲੋਂ ਦਿੱਤੇ ਘਰਾਂ ਵਿੱਚ ਰਹਿੰਦੇ ਹਨ ਜਿਵੇਂ ਖੇਤਾਂ ਵਿੱਚ ਕੰਮ ਕਰਨ ਵਾਲੇ, ਮੱਛੀ ਉਦਯੋਗ ਵਿੱਚ ਕੰਮ ਕਰਨ ਵਾਲੇ, ਕੇਅਰ ਵਰਕਰ ਅਤੇ ਇਸ ਤਰ੍ਹਾਂ ਦੇ ਹੋਰ ਵਰਕਰ। ਇਹ ਵਰਕਰ ਤਾਂ ਕਿਰਾਏ ਦੇ ਘਰਾਂ ਦੀ ਮੰਗ ਵਧਾਉਣ ਵਿੱਚ ਵੀ ਹਿੱਸਾ ਨਹੀਂ ਪਾਉਂਦੇ, ਘਰ ਖ੍ਰੀਦਣ ਦੀ ਮੰਗ ਵਿੱਚ ਤਾਂ ਉਹਨਾਂ ਨੇ ਕੀ ਹਿੱਸਾ ਪਾਉਣਾ ਹੈ। ਇਸ ਦੇ ਨਾਲ ਹੀ ਨਵੇਂ ਆਉਣ ਵਾਲੇ ਇਮੀਗ੍ਰੈਂਟਾਂ ਵਿੱਚ ਵੱਡੀ ਗਿਣਤੀ ਗਰੀਬ ਹਨ। ਇਸ ਲਈ ਉਹ ਘਰ ਖ੍ਰੀਦਣ ਦੀ ਮਾਰਕੀਟ ਵਿੱਚ ਸ਼ਾਮਲ ਨਹੀਂ ਅਤੇ ਇਸ ਲਈ ਘਰਾਂ ਦੀਆਂ ਕੀਮਤਾਂ ਵਧਾਉਣ ਵਿੱਚ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈ।
ਜੇ ਇੰਮੀਗ੍ਰੈਂਟ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਲਈ  ਜ਼ਿੰਮੇਵਾਰ ਨਹੀਂ ਤਾਂ ਇਸ ਲਈ ਕੌਣ  ਜ਼ਿੰਮੇਵਾਰ ਹੈ? ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਵਲੋਂ ਤਿੰਨ ਕੁ ਦਹਾਕੇ ਪਹਿਲਾਂ ਸੋਸ਼ਲ ਹਾਊਸਿੰਗ ਦੇ ਖੇਤਰ ਵਿੱਚ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇ ਦੇਣਾ ਇਸ ਕਿੱਲਤ ਦੇ ਮੁੱਖ ਕਾਰਨਾਂ ਵਿੱਚੋਂ ਇਕ ਕਾਰਨ ਹੈ। ਇੱਥੇ ਸੋਸ਼ਲ ਹਾਊਸਿੰਗ ਦਾ ਮਤਲਬ ਹੈ ਅਜਿਹੇ ਘਰ ਜਿਹੜੇ ਸਰਕਾਰ ਵਲੋਂ ਦਿੱਤੀ ਸਬਸਿਡੀ ਨਾਲ ਬਣਦੇ ਹਨ ਅਤੇ ਜਿਹੜੇ ਸਰਕਾਰ ਦੀ ਜਾਂ ਗੈਰ-ਮੁਨਾਫੇਦਾਰ ਸੁਸਾਇਟੀਆਂ ਦੀ ਮਲਕੀਅਤ ਹੁੰਦੇ ਹਨ। ਇਹ ਘਰ ਇਸ ਲਈ ਬਣਾਏ ਜਾਂਦੇ ਹਨ, ਤਾਂ ਕਿ ਉਹਨਾਂ ਲੋਕਾਂ ਦੀ ਵੀ ਰਹਿਣਯੋਗ ਘਰਾਂ ਤੱਕ ਪਹੁੰਚ ਹੋ ਸਕੇ ਜਿਹੜੇ ਉਂਝ ਪ੍ਰਾਈਵੇਟ ਮਾਰਕੀਟ ਵਿੱਚ ਵਾਰਾ-ਖਾਣ ਯੋਗ ਘਰਾਂ ਤੱਕ ਪਹੁੰਚ ਨਹੀਂ ਕਰ ਸਕਦੇ। 1940ਵਿਆਂ ਤੋਂ ਲੈ ਕੇ 1980ਵਿਆਂ ਤੱਕ ਕੈਨੇਡਾ ਦੀ ਫੈਡਰਲ ਸਰਕਾਰ ਸੋਸ਼ਲ ਹਾਊਸਿੰਗ ਬਣਾਉਣ ਵੱਲ ਧਿਆਨ ਦਿਆ ਕਰਦੀ ਸੀ। ਪਿਛਲੇ ਕੁੱਝ ਸਮੇਂ ਦੌਰਾਨ ਇਸ ਵਿਸ਼ੇ `ਤੇ ਛਪੇ ਕਈ ਆਰਟੀਕਲਾਂ ਅਨੁਸਾਰ ਸੰਨ 1993 ਤੱਕ ਕੈਨੇਡਾ ਦੀ ਸਰਕਾਰ ਹਰ ਸਾਲ 10000 ਜਾਂ ਇਸ ਤੋਂ ਵੱਧ ਸੋਸ਼ਲ ਹਾਊਸਿੰਗ ਦੇ ਯੂਨਿਟ ਬਣਾਉਣ ਲਈ ਬਿਲੀਅਨ ਡਾਲਰਾਂ ਦੇ ਫੰਡ ਦਿਆ ਕਰਦੀ ਸੀ। ਇਹਨਾਂ ਫੰਡਾਂ ਰਾਹੀਂ ਸਰਕਾਰ ਕੋਅਪ੍ਰੇਟਿਵਾਂ, ਨਾਨ-ਪਰਾਫਿਟ ਆਧਾਰ `ਤੇ ਘਰ ਬਣਾਉਣ ਵਾਲਿਆਂ ਅਤੇ ਸੋਸ਼ਲ ਹਾਊਸਿੰਗ ਪ੍ਰਦਾਨ ਕਰਨ ਵਾਲਿਆਂ ਨੂੰ ਸਬਸਿਡੀਆਂ ਅਤੇ ਟੈਕਸ ਕਟੌਤੀਆਂ ਦੇ ਕੇ ਸੋਸ਼ਲ ਹਾਊਸਿੰਗ ਬਣਾਉਣ ਲਈ ਉਤਸ਼ਾਹਿਤ ਕਰਦੀ ਸੀ। 1980ਵਿਆਂ ਵਿੱਚ ਫੈਡਰਲ ਸਰਕਾਰ ਨੇ ਨਵ-ਉਦਾਰਵਾਦੀ (ਨਿਊ ਲਿਬਰਲ) ਅਜੰਡੇ ਅਧੀਨ ਨਿੱਜੀਕਰਨ (ਪ੍ਰਾਈਵਟਾਈਜੇਸ਼ਨ) ਦੀ ਨੀਤੀ ਅਪਨਾਉਣੀ ਸ਼ੁਰੂ ਕਰ ਦਿੱਤੀ ਅਤੇ 1993 ਵਿੱਚ ਆਪਣੀ ਇਸ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲਿਆ ਅਤੇ ਇਹ ਜ਼ਿੰਮੇਵਾਰੀ ਸੂਬਾਈ ਸਰਕਾਰਾਂ `ਤੇ ਸੁੱਟ ਦਿੱਤੀ। ਕਿਉਂਕਿ ਸੂਬਾਈ ਸਰਕਾਰਾਂ ਕੋਲ ਫੈਡਰਲ ਸਰਕਾਰ ਦੇ ਮੁਕਾਬਲੇ ਕਾਫੀ ਘੱਟ ਪੈਸੇ ਹੁੰਦੇ ਹਨ, ਇਸ ਲਈ ਉਹਨਾਂ ਨੇ ਵੀ ਇਸ ਸੈਕਟਰ ਵਿੱਚ ਬਹੁਤਾ ਕੁੱਝ ਨਹੀਂ ਕੀਤਾ ਅਤੇ ਕਈ ਕੇਸਾਂ ਵਿੱਚ ਇਹ ਜ਼ਿੰਮੇਵਾਰੀ ਮਿਊਂਸਪਲ ਸਰਕਾਰਾਂ `ਤੇ ਸੁੱਟ ਦਿੱਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ 1993 ਤੋਂ ਬਾਅਦ ਸਰਕਾਰਾਂ ਸੋਸ਼ਲ ਹਾਊਸਿੰਗ ਅਤੇ ਵਾਰਾ-ਖਾਣ ਯੋਗ ਘਰਾਂ ਦੇ ਸੈਕਟਰ ਤੋਂ ਬਾਹਰ ਹੋ ਗਈਆਂ ਅਤੇ ਆਸ ਇਹ ਰੱਖੀ ਜਾਣ ਲੱਗੀ ਕਿ ਸੋਸ਼ਲ ਹਾਊਸਿੰਗ ਅਤੇ ਵਾਰਾ-ਖਾਣ ਯੋਗ ਘਰਾਂ ਦੀ ਪੂਰਤੀ ਪ੍ਰਾਈਵੇਟ ਸੈਕਟਰ ਰਾਹੀਂ ਹੋ ਜਾਵੇਗੀ। ਪਰ ਪ੍ਰਾਈਵੇਟ ਸੈਕਟਰ ਸਮਾਜਕ ਲੋੜਾਂ ਪੂਰੀਆਂ ਕਰਨ ਲਈ ਕੰਮ ਨਹੀਂ ਕਰਦਾ ਸਗੋਂ ਮੁਨਾਫਾ ਕਮਾਉਣ ਲਈ ਕੰਮ ਕਰਦਾ ਹੈ। ਇਸ ਲਈ 1980ਵਿਆਂ ਤੋਂ ਲੈ ਕੇ ਹੁਣ ਤੱਕ ਸੋਸ਼ਲ ਹਾਊਸਿੰਗ ਦਾ ਸੈਕਟਰ ਲਗਾਤਾਰ ਅਣਗੌਲਿਆ ਰਿਹਾ ਅਤੇ ਇਸ ਸੈਕਟਰ ਵਿੱਚ ਘਰਾਂ ਦੀ ਕਮੀ ਹੋ ਗਈ।
ਸੀ ਬੀ ਸੀ ਦੇ ਵੈੱਬਸਾਈਟ `ਤੇ ਛਪੇ ਉੱਪਰ ਦੱਸੇ ਆਰਟੀਕਲ " ਲਿੰਕਿੰਗ ਇੰਮੀਗ੍ਰੈਂਟਸ ਟੂ ਦਿ ਹਾਉਸਿੰਗ ਸ਼ੋਰਟੇਜ....." ਵਿੱਚ ਯੂਨੀਵਰਸਿਟੀ  ਆਫ ਟਰਾਂਟੋ ਵਿੱਚ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਪ੍ਰੋਫੈਸਰ ਡੇਵਿਡ ਹਲਚੈਂਸਕੀ ਅਨੁਸਾਰ ਕੈਨੇਡਾ ਵਿੱਚ ਘਰਾਂ ਦੇ ਸਟਾਕ ਦਾ ਸਿਰਫ ਚਾਰ ਪ੍ਰਤੀਸ਼ਤ ਹਿੱਸਾ ਹੀ ਸੋਸ਼ਲ ਹਾਊਸਿੰਗ ਦਾ ਹੈ ਜਦੋਂ ਕਿ ਯੂ ਕੇ ਵਿੱਚ ਇਹ ਹਿੱਸਾ 18 ਫੀਸਦੀ ਹੈ ਅਤੇ ਫਰਾਂਸ ਵਿੱਚ 17 ਫੀਸਦੀ ਹੈ। ਕੈਨੇਡਾ ਵਿੱਚ ਸੋਸ਼ਲ ਹਾਊਸਿੰਗ ਦੀ ਇਹ ਘਾਟ ਵਾਰਾ-ਖਾਣ ਯੋਗ ਘਰਾਂ ਦੀ ਪ੍ਰਾਪਤੀ ਨੂੰ ਮੁਸ਼ਕਿਲ ਬਣਾਉਂਦੀ ਹੈ। ਪ੍ਰੋਫੈਸਰ ਹਲਚੈਂਸਕੀ ਨੇ ਅੱਗੇ ਕਿਹਾ ਕਿ ਘਰਾਂ ਦੀ ਕੀਮਤ ਨੂੰ ਘੱਟ ਕਰਨ ਲਈ ਕੈਨੇਡਾ ਨੂੰ ਘੱਟ ਆਮਦਨ ਵਾਲੇ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ। ਕੈਨੇਡਾ ਦੇ ਕੁੱਲ ਹਾਊਸਿੰਗ ਸਟਾਕ ਵਿੱਚ ਸੋਸ਼ਲ ਹਾਊਸਿੰਗ ਦੀ ਮਾਤਰਾ 4 ਫੀਸਦੀ ਤੋਂ ਵਧਾ ਕੇ 16 -20 ਫੀਸਦੀ ਤੱਕ ਕਰਨ ਦੀ ਲੋੜ ਹੈ।
ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਦੇ ਖੇਤਰ ਦੀ ਸਥਿਤੀ ਵੀ ਕੁੱਝ ਕੁੱਝ ਸੋਸ਼ਲ ਹਾਊਸਿੰਗ ਦੇ ਸੈਕਟਰ ਵਰਗੀ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਬਹੁਗਿਣਤੀ ਵਿਦਿਆਰਥੀਆਂ ਨੂੰ ਇਹਨਾ ਅਦਾਰਿਆਂ ਦੇ ਕੈਂਪਸਾਂ ਵਿੱਚ ਰਿਹਾਇਸ਼ ਉਪਲਬਧ ਨਹੀਂ। ਫਾਈਨੈਂਸ਼ੀਅਲ ਪੋਸਟ ਦੇ ਸਾਈਟ `ਤੇ  5 ਸਤੰਬਰ 2024 ਨੂੰ ਛਪੀ "ਸਟੂਡੈਂਟ ਹਾਊਸਿੰਗ ਸ਼ੋਰਟੇਜ ਇਜ਼ ਏ 'ਕਰਾਈਸਿਸ' ਦੈਟ ਸ਼ੁੱਡ ਵਰੀ ਆਲ ਕੈਨੇਡੀਅਨਜ਼: ਡੈਸਜਾਰਡਿਨਜ਼" ਨਾਂ ਦੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ 10 ਵਿਦਿਆਰਥੀਆਂ ਵਿੱਚੋਂ ਸਿਰਫ ਇਕ ਵਿਦਿਆਰਥੀ ਲਈ ਇਹ ਰਿਹਾਇਸ਼ ਉਪਲਬਧ ਹੈ। ਇਸ ਦੇ ਨਤੀਜੇ ਵਜੋਂ ਪੋਸਟ ਸੈਕੰਡਰੀ ਪੜ੍ਹਾਈ ਕਰ ਰਹੇ 12 ਲੱਖ ਵਿਦਿਆਰਥੀ ਪੋਸਟ ਸੈਕੰਡਰੀ ਅਦਾਰਿਆਂ ਤੋਂ ਬਾਹਰ ਦੀਆਂ ਕਮਿਊਨਿਟੀਆਂ ਵਿੱਚ ਘਰ ਕਿਰਾਏ `ਤੇ ਲੈਂਦੇ ਹਨ। ਵਿਦਿਆਰਥੀਆਂ ਵਲੋਂ ਇੰਨੀ ਵੱਡੀ ਗਿਣਤੀ ਵਿੱਚ ਕੈਂਪਸਾਂ ਤੋਂ ਬਾਹਰ ਘਰ ਕਿਰਾਏ `ਤੇ ਲੈਣ ਕਾਰਨ ਕਿਰਾਏ ਦੇ ਘਰਾਂ ਦੀ ਮੰਗ ਵਧਦੀ ਹੈ ਅਤੇ ਕਿਰਾਇਆਂ ਵਿੱਚ ਮਹਿੰਗਾਈ ਦਾ ਕਾਰਨ ਬਣਦੀ ਹੈ। ਇਸ ਲਈ ਵਿਦਿਆਰਥੀਆਂ ਲਈ ਰਿਹਾਇਸ਼ ਦੀ ਘਾਟ ਦਾ ਮਸਲਾ ਇਕੱਲੇ ਵਿਦਿਆਰਥੀਆਂ ਦਾ ਹੀ ਮਸਲਾ ਨਹੀਂ ਹੈ ਸਗੋਂ ਇਹ ਸਾਰੇ ਲੋਕਾਂ ਦਾ ਮਸਲਾ ਹੈ ਅਤੇ ਇਸ ਬਾਰੇ ਕੈਨੇਡੀਅਨ ਲੋਕਾਂ ਨੂੰ ਚਿੰਤਾ ਹੋਣੀ ਚਾਹੀਦੀ ਹੈ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਵਿਦਿਆਰਥੀਆਂ ਲਈ ਕੈਂਪਸ ਵਿੱਚ ਰਿਹਾਇਸ਼ ਦੀ ਘਾਟ ਅੰਤਰਰਾਸ਼ਟਰੀ ਵਿਦਿਆਰਥੀਆਂ ਕਰਕੇ ਨਹੀਂ ਹੈ। ਅਸਲ ਵਿੱਚ ਯੂਨੀਵਰਸਿਟੀਆਂ ਕਾਲਜਾਂ ਦੇ ਕੈਂਪਸਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਇੰਨੀ ਘੱਟ ਹੈ ਕਿ ਉਹ ਘਰੇਲੂ (ਡੁਮੈਸਟਕ) ਵਿਦਿਆਰਥੀਆਂ ਦੀ ਲੋੜ ਪੂਰੀ ਕਰਨ ਤੋਂ ਵੀ ਬੁਰੀ ਤਰ੍ਹਾਂ ਅਸਮਰਥ ਹੈ। ਰੀਅਲ ਇਸਟੇਟ ਨਿਊਜ਼ ਐਕਸਚੇਂਜ ਦੇ ਸਾਈਟ `ਤੇ 1 ਜੂਨ 2023 ਨੂੰ "ਕੈਨੇਡਾ ਲੈਗਜ਼ ਬਿਹਾਈਂਡ ਯੂ.ਐੱਸ., ਯੂਰਪ ਵੈੱਨ ਇਟ ਕਮਜ਼ ਟੂ ਸਟੂਡੈਂਟ ਹਾਊਸਿੰਗ" ਨਾਂ ਦੇ ਛਪੇ ਆਰਟੀਕਲ ਅਨੁਸਾਰ 2021-2022 ਦੌਰਾਨ ਕੈਨੇਡਾ ਦੇ 22 ਸ਼ਹਿਰਾਂ ਵਿੱਚ 12.9 ਲੱਖ (1.29 ਮਿਲੀਅਨ) ਵਿਦਿਆਰਥੀ ਸਨ, ਜਿਹਨਾਂ ਵਿੱਚੋਂ 2,59,217 ਅੰਤਰਰਾਸ਼ਟਰੀ ਵਿਦਿਆਰਥੀ ਸਨ। ਪਰ ਇਹਨਾਂ ਸ਼ਹਿਰਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਲਈ ਬਣੇ ਸਿਰਫ 1,55,692 ਬੈੱਡ ਹੀ ਉਪਲਬਧ ਸਨ, ਜਿਹੜੇ ਕਿ ਘਰੇਲੂ ਵਿਦਿਆਰਥੀਆਂ ਦੀ ਲੋੜ ਤੋਂ ਬਹੁਤ ਘੱਟ ਸਨ।
ਵਿਦਿਆਰਥੀਆਂ ਲਈ ਰਿਹਾਇਸ਼ ਦੀ ਇਹ ਕਮੀ ਇਸ ਕਰਕੇ ਹੈ ਕਿ ਕਿਉਂਕਿ ਪੋਸਟ ਸੈਕੰਡਰੀ ਅਦਾਰਿਆਂ ਕੋਲ ਵਿਦਿਆਰਥੀਆਂ ਲਈ ਰਿਹਾਇਸ਼ ਬਣਾਉਣ ਲਈ ਪੈਸੇ ਨਹੀਂ ਹਨ। ਰੀਅਲ ਇਸਟੇਟ ਨਿਊਜ਼ ਐਕਸਚੇਂਜ ਵਿੱਚ ਛਪੇ ਉਪ੍ਰੋਕਤ ਆਰਟੀਕਲ ਅਨੁਸਾਰ ਪਬਲਿਕ ਸੈਕਟਰ ਯੂਨੀਵਰਸਿਟੀਆਂ ਨੂੰ ਸਰਕਾਰਾਂ ਫੰਡ ਦਿੰਦੀਆਂ ਹਨ, ਪਰ ਇਹਨਾਂ ਫੰਡਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਬਣਾਉਣ ਲਈ ਫੰਡ ਨਹੀਂ ਹੁੰਦੇ। 6 ਸਤੰਬਰ 2023 ਨੂੰ ਗਲੋਬਲ ਨਿਊਜ਼ ਦੇ ਸਾਈਟ `ਤੇ ਛਪੇ "ਇੰਟਰਨੈਸ਼ਨਲ ਸਟੂਡੈਂਟਸ ਪੇਅ ਸਕਾਈ-ਹਾਈ ਫੀਜ਼. ਹੂਜ਼ ਜੌਬ ਇਜ਼ ਇੱਟ ਟੂ ਹਾਊਸ ਦੈੱਮ?" ਨਾਂ ਦੇ ਆਰਟੀਕਲ ਵਿੱਚ ਯੂਨੀਵਰਸਿਟੀ ਆਫ ਟਰਾਂਟੋ ਦੇ ਵਾਈਸ ਪ੍ਰੈਜ਼ੀਡੈਂਟ ਜੋਸਫ ਵੌਂਗ ਦੇ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਰਿਹਾਇਸ਼ ਲਈ ਸਰਕਾਰਾਂ ਤੋਂ ਪੈਸੇ ਨਹੀਂ ਮਿਲਦੇ ਅਤੇ ਨਾ ਹੀ ਉਹ ਟਿਊਸ਼ਨ ਫੀਸਾਂ ਦੇ ਪੈਸੇ ਇਸ ਮਕਸਦ ਲਈ ਵਰਤ ਸਕਦੀਆਂ ਹਨ। ਇਸ ਹੀ ਤਰ੍ਹਾਂ 22 ਨਵੰਬਰ 2023 ਨੂੰ ਕੌਲਜਜ਼ ਐਂਡ ਇੰਸਟੀਚਿਊਟਸ ਕੈਨੇਡਾ ਦੇ ਸਾਈਟ `ਤੇ ਛਪੀ "ਕੌਲਜਜ਼ ਐਂਡ ਇੰਸਟੀਚਿਊਟਸ ਕੈਨੇਡਾ ਕਾਲ ਔਨ ਦੀ ਗਵਰਨਮੈਂਟਸ ਸੁਪੋਰਟ ਇਨ ਐਡਰੈਸਿੰਗ ਦੀ ਸਟੂਡੈਂਟ ਹਾਊਸਿੰਗ ਕਰਾਸਿਸ ਔਨ ਨੈਸ਼ਨਲ ਹਾਊਸਿੰਗ ਡੇਅ" ਨਾਂ ਦੀ ਪ੍ਰੈਸ ਰਿਲੀਜ਼ ਵਿੱਚ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਦੀ ਕਮੀ ਨੂੰ ਸਵੀਕਾਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਰਕਾਰਾਂ ਨੂੰ ਵਿਦਿਆਰਥੀਆਂ ਦੀ ਰਿਹਾਇਸ਼ ਦੇ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਪ੍ਰੈਸ ਰਿਲੀਜ਼ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਰਿਹਾਇਸ਼ ਨਾਲ ਨਿਪਟਣ ਲਈ ਪੋਸਟ ਸੈਕੰਡਰੀ ਅਦਾਰਿਆਂ ਲਈ 2.6 ਬਿਲੀਅਨ ਡਾਲਰ ਦਾ ਸਟੂਡੈਂਟ ਹਾਊਸਿੰਗ ਲੋਨ ਐਂਡ ਗਰਾਂਟ ਪ੍ਰੋਗਰਾਮ ਲਾਗੂ ਕਰਨਾ ਚਾਹੀਦਾ ਹੈ। ਇਹਨਾਂ ਸਾਰੀਆਂ ਰਿਪੋਰਟਾਂ/ਆਰਟੀਕਲਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਯਨੀਵਰਸਿਟੀ ਕਾਲਜਾਂ ਦੇ ਕੈਂਪਸਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਦੀ ਥੁੜ ਇਸ ਕਰਕੇ ਹੈ ਕਿਉਂਕਿ ਸਰਕਾਰਾਂ ਇਹਨਾਂ ਅਦਾਰਿਆਂ ਨੂੰ ਇਹ ਰਿਹਾਇਸ਼ ਬਣਾਉਣ ਲਈ ਫੰਡ ਨਹੀਂ ਦਿੰਦੀਆਂ।
ਇੱਥੇ ਮੈਂ ਪਹਿਲਾਂ ਕਹੀ ਗਈ ਗੱਲ ਨੂੰ ਇਕ ਵਾਰ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ  ਕਿ ਪੋਸਟ ਸੈਕੰਡਰੀ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਦੀ ਇਸ ਘਾਟ ਕਾਰਨ ਵਿਦਿਆਰਥੀ ਯੂਨੀਵਰਸਿਟੀ/ਕਾਲਜਾਂ ਦੇ ਕੈਂਪਸਾਂ ਤੋਂ ਬਾਹਰ ਘਰ ਕਿਰਾਏ `ਤੇ ਲੈਣ ਲਈ ਮਜ਼ਬੂਰ ਹੁੰਦੇ ਹਨ। ਉਹਨਾਂ ਨੂੰ ਇਹ ਘਰ ਮਹਿੰਗੀਆਂ ਦਰਾਂ `ਤੇ ਮਿਲਦੇ ਹਨ, ਜਿਸ ਨਾਲ ਉਹਨਾਂ `ਤੇ ਕਰਜ਼ੇ ਦਾ ਬੋਝ ਵੱਧਦਾ ਹੈ। ਇਸ ਦੇ ਨਾਲ ਨਾਲ ਵਿਦਿਆਰਥੀਆਂ ਵਲੋਂ ਕੈਂਪਸਾਂ ਤੋਂ ਬਾਹਰ ਕਿਰਾਏ ਦੇ ਘਰ ਲੱਭਣ ਕਾਰਨ ਕਿਰਾਏ ਦੇ ਘਰਾਂ ਦੀ ਆਮ ਮਾਰਕੀਟ ਵਿੱਚ ਮੰਗ ਵੱਧਦੀ ਹੈ ਅਤੇ ਕਿਰਾਇਆਂ ਦੀ ਮਹਿੰਗਾਈ ਦਾ ਕਾਰਨ ਬਣਦੀ ਹੈ।
ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਅਗਲਾ ਅਤੇ ਸ਼ਾਇਦ ਮੁੱਖ ਕਾਰਨ ਹੈ ਘਰਾਂ ਦੀ ਮਾਲਕੀ ਦੇ ਚਰਿਤਰ (ਕਰੈਕਟਰ) ਵਿੱਚ  ਤਬਦੀਲੀ ਹੋਣਾ। ਦੋ ਕੁ ਦਹਾਕੇ ਪਹਿਲਾਂ ਤੱਕ ਘਰ ਦਾ ਮਤਲਬ ਹੁੰਦਾ ਸੀ, ਪਰਿਵਾਰ ਲਈ ਰਹਿਣ ਵਾਲੀ ਥਾਂ। ਪਰ ਹੁਣ ਬਹੁਤ ਸਾਰੇ ਲੋਕਾਂ ਲਈ ਘਰ ਇਕ ਇਨਵੈਸਟਮੈਂਟ ਦਾ ਸਾਧਨ ਬਣ ਗਿਆ ਹੈ। ਇਸ ਤਬਦੀਲੀ ਨੂੰ ਇਸ ਖੇਤਰ ਦੇ ਮਾਹਰਾਂ ਨੇ ਫਾਈਨੈਂਸਿ਼ਅਲਾਈਜੇਸ਼ਨ ਆਫ ਹਾਊਸਿੰਗ (ਘਰਾਂ ਦਾ ਪੂੰਜੀਕਰਨ) ਦਾ ਨਾਂ ਦਿੱਤਾ ਹੈ। ਵੈਨਕੂਵਰ ਸਥਿਤ ਟਾਈ ਮੈਗਜ਼ੀਨ ਦੇ ਵੈੱਬਸਾਈਟ `ਤੇ 1 ਨਵੰਬਰ 2024 ਨੂੰ "ਕੈਨੇਡਾ ਹਾਊਸਿੰਗ ਕਰਾਈਸਿਸ ਇਜ਼ ਏ ਫੀਚਰ, ਨੌਟ ਏ ਬੱਗ" ਨਾਂ ਦਾ ਆਰਟੀਕਲ ਛਪਿਆ ਹੈ। ਇਹ ਆਰਟੀਕਲ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਅਰਬਨ ਸਟੱਡੀਜ਼ ਐਂਡ ਪਬਲਿਕ ਪਾਲਸੀ ਦੇ ਅਸਿਸਟੈਂਟ ਪ੍ਰੋਫੈਸਰ ਯੂਸ਼ੂ ਜ਼ੂ ਅਤੇ ਰਿਸਰਚ ਅਸਿਸਟੈਂਟ ਹਨਾਨ ਅਲੀ ਨੇ ਲਿਖਿਆ ਹੈ। ਉਹਨਾਂ ਅਨੁਸਾਰ ਹਾਊਸਿੰਗ ਫਾਈਨੈਂਸਿ਼ਅਲਾਈਜੇ਼ਸਨ 1999 ਤੋਂ ਤੇਜ਼ ਹੋ ਗਈ ਜਦੋਂ ਕੈਨੇਡਾ ਮਾਰਗੇਜ  ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਘਰ ਬਣਾਉਣ ਦੀ ਥਾਂ ਮੌਰਗੇਜਾਂ ਦੀ ਇੰਸ਼ੋਰੈਂਸ ਕਰਨੀ ਸ਼ੁਰੂ ਕੀਤੀ। ਇਸ ਨਾਲ ਮੌਰਗੇਜ ਲੈਣੀ ਸੌਖੀ ਹੋ ਗਈ ਅਤੇ ਘਰਾਂ ਦੀ ਮੰਗ ਅਤੇ ਸਪੈਕੂਲੇਸ਼ਨ ਵਿੱਚ ਵਾਧਾ ਹੋ ਗਿਆ ਅਤੇ ਘਰ ਸੰਪਤੀ ਬਣਾਉਣ ਅਤੇ ਦੌਲਤ ਕਮਾਉਣ ਦਾ ਸਾਧਨ ਬਣ ਗਏ। ਉਹਨਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ,  ਉਨਟੇਰੀਓ, ਨਿਊ ਬਰਨਜ਼ਵਿੱਕ ਅਤੇ ਨੌਵਾ ਸਕੋਸ਼ੀਆ ਵਿੱਚ 20 ਪ੍ਰਤੀਸ਼ੱਤ ਰਿਹਾਇਸ਼ੀ ਮਕਾਨ ਮੁੱਖ ਰਿਹਾਇਸ਼ ਦੀ ਥਾਂ ਇਨਵੈਸਮੈਂਟ ਲਈ ਵਰਤੇ ਜਾਂਦੇ ਹਨ।
ਬ੍ਰੀਚ ਮੀਡੀਏ ਦੇ ਸਾਈਟ `ਤੇ 2 ਫਰਵਰੀ 2023 ਨੂੰ "ਦਿ ਗਲੋਬਲ ਮਨੀ ਪੂਲ ਦੈਟ ਸੋਕਡ ਕੈਨੇਡਾਜ਼ ਹੋਪ ਆਫ ਅਫੋਰਡੇਬਲ ਹਾਊਸਿੰਗ" ਨਾਂ ਦੇ ਛਪੇ ਇਕ ਆਰਟੀਕਲ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨਟੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਊਸਿੰਗ ਸਟਾਕ (ਘਰਾਂ ਦੀ ਗਿਣਤੀ) ਦਾ 30 ਫੀਸਦੀ ਹਿੱਸਾ ਇਕ ਤੋਂ ਵੱਧ ਪ੍ਰਾਪਰਟੀਆਂ ਦੇ ਮਾਲਕਾਂ ਦੀ ਮਾਲਕੀ ਹੇਠ ਹੈ। ਪਿਛਲੇ ਕੁੱਝ ਸਮੇਂ  ਦੌਰਾਨ ਛਪੇ ਕਈ ਹੋਰ ਆਰਟੀਕਲਾਂ ਅਨੁਸਾਰ ਇਕ ਤੋਂ ਵੱਧ ਪ੍ਰਾਪਰਟੀ ਦੇ ਮਾਲਕਾਂ ਵਿੱਚ ਸ਼ਾਮਲ ਹਨ: ਰੀਅਲ ਇਸਟੇਟ ਇਨਵੈਸਟਮੈਂਟ ਟਰੱਸਟ, ਰੀਅਲ ਇਸਟੇਟ ਓਪਰੇਟਿੰਗ ਕੰਪਨੀਜ਼, ਐਸਟ ਮੈਨੇਜਰ,  ਵੱਡੇ ਪੈਨਸ਼ਨ ਫੰਡ, ਹੈੱਜ ਫੰਡਜ਼, ਪ੍ਰਾਈਵੇਟ ਇਕੁਇਟੀ ਫਰਮਾਂ ਆਦਿ। ਘਰਾਂ ਦੀ ਮਾਰਕੀਟ ਵਿਚਲੇ ਇਹਨਾਂ ਵੱਡੇ ਇਨਵੈਸਟਰਾਂ ਨੇ ਪਿਛਲੇ ਕੁੱਝ ਸਾਲਾਂ ਦੌਰਾਨ ਸੈਂਕੜੇ ਅਰਬਾਂ (ਬਿਲੀਅਨ ਡਾਲਰ) ਕਮਾਏ ਹਨ। ਇਹਨਾਂ ਵੱਡੇ ਇਨਵੈਸਟਰਾਂ ਤੋਂ ਬਿਨਾਂ ਘਰਾਂ ਦੀ ਮਾਰਕੀਟ ਵਿੱਚ ਬਹੁਤ ਸਾਰੇ ਛੋਟੇ ਇਨਵੈਸਟਰ ਵੀ ਹਨ। ਹੋ ਸਕਦਾ ਹੈ ਕਿ ਇਹ ਲੇਖ ਪੜ੍ਹਨ ਵਾਲੇ ਪਾਠਕਾਂ ਵਿੱਚੋਂ ਕੁੱਝ ਇਕ ਨੇ ਆਪ ਇਨਵੈਸਟਮੈਂਟ ਪ੍ਰਾਪਰਟੀ ਦੇ ਤੌਰ `ਤੇ ਘਰ ਖ੍ਰੀਦੇ ਹੋਣ ਜਾਂ ਉਹ ਉਹਨਾਂ ਲੋਕਾਂ ਨੂੰ ਜਾਣਦੇ ਹੋਣ ਜਿਹਨਾਂ ਨੇ ਇਨਵੈਸਟਮੈਂਟ ਲਈ ਘਰ ਖ੍ਰੀਦੇ ਹੋਣ। ਜੇ ਕੈਨੇਡਾ ਦੇ ਸਿਆਸਤਦਾਨਾਂ ਦੀ ਗੱਲ ਕਰਨੀ ਹੋਵੇ ਤਾਂ ਗਲੋਬਲ ਨਿਊਜ਼ ਦੇ ਸਾਈਟ `ਤੇ 19 ਅਪ੍ਰੈਲ 2022 ਨੂੰ "ਐਟ ਲੀਸਟ 20% ਆਫ ਕੈਨੇਡੀਅਨ ਐੱਮ ਪੀਜ਼ ਹੋਲਡ ਰੈਂਟਲ, ਇਨਵੈਸਟਮੈਂਟ ਰੀਅਲ ਇਸਟੇਟ ਅਮਿਡ ਹਾਊਸਿੰਗ ਕਰੰਚ" ਨਾਂ ਦੀ ਛਪੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ ਐੱਮ ਪੀਆਂ ਵਿੱਚੋਂ ਘੱਟੋ ਘੱਟ 20 ਫੀਸਦੀ ਕਿਰਾਏ `ਤੇ ਦੇਣ ਵਾਲੀਆਂ ਅਤੇ ਇਨਵੈਸਟਮੈਂਟ ਪ੍ਰਾਪਰਟੀਆਂ ਦੇ ਮਾਲਕ ਹਨ। ਇਸ ਰਿਪੋਰਟ ਵਿੱਚ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਇਹ ਪ੍ਰਤੀਸ਼ੱਤ ਇਸ ਤੋਂ ਵੱਧ ਵੀ ਹੋ ਸਕਦੀ ਹੈ।
ਫਾਈਨੈਂਸਿ਼ਅਲਾਈਜੇਸ਼ਨ ਆਫ ਹਾਊਸਿੰਗ (ਘਰਾਂ ਦਾ ਪੂੰਜੀਕਰਨ) ਦਾ ਇਹ ਰੁਝਾਨ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਵਧਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਬ੍ਰੀਚ ਮੀਡੀਆ ਦੇ ਸਾਈਟ `ਤੇ  23 ਅਕਤੂਬਰ 2024 ਨੂੰ "ਇਨਵੈਸਟਰਜ਼, ਨੌਟ ਇੰਮੀਗ੍ਰੈਂਟਸ, ਆਰ ਫਿਊਲਿੰਗ  ਦਿ ਹਾਊਸਿੰਗ ਕਰਾਈਸਿਸ" ਨਾਂ ਦੇ ਛਪੇ ਆਰਟੀਕਲ ਅਨੁਸਾਰ ਘਰਾਂ ਨੂੰ ਇਨਵੈਸਟਮੈਂਟ ਦਾ ਜ਼ਰੀਆ ਸਮਝ ਕੇ ਉਹਨਾਂ `ਤੇ ਪੈਸਾ ਲਾਉਣ ਦਾ ਇਹ ਰੁਝਾਨ ਘਰਾਂ ਦੇ ਕਿਰਾਇਆਂ ਅਤੇ ਕੀਮਤਾਂ ਵਿੱਚ ਵਾਧਾਂ ਕਰਕੇ ਘਰਾਂ ਦੀ ਮਾਰਕੀਟ ਨੂੰ ਪ੍ਰਭਾਵਿਤ ਕਰਦਾ ਹੈ। ਵਾਟਰਲੂ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਦੀ ਕੈਂਡੀਡੇਟ ਅਤੇ ਉੱਥੋਂ ਦੇ ਸਕੂਲ ਆਫ ਪਲੈਨਿੰਗ ਦੀ ਸਕਾਲਰ ਕਲੋ ਸੇਂਟ-ਹਿਲਰੀ ਦੀ ਕਹਿਣਾ ਹੈ ਕਿ ਘਰਾਂ ਨੂੰ ਇਨਵੈਸਟਮੈਂਟ ਦੇ ਸਾਧਨ ਵਜੋਂ ਵਰਤਣ ਵਾਲੇ ਪ੍ਰਾਈਵੇਟ ਅਦਾਰਿਆਂ ਦਾ ਮਕਸਦ ਇਨਵੈਸਟਰਾਂ ਲਈ ਮੁਨਾਫਾ ਕਮਾਉਣਾ ਹੁੰਦਾ ਹੈ। ਇਸ ਲਈ ਫਾਈਨੈਸ਼ੀਅਲ ਲੈਂਡਲਾਰਡ ਘਰਾਂ ਦੇ ਜ਼ਿਆਦਾ ਕਿਰਾਏ ਲੈਂਦੇ ਹਨ ਅਤੇ ਸੇਵਾਵਾਂ ਅਤੇ ਸਹੂਲਤਾਂ ਦੇਣ ਵਿੱਚ ਕਟੌਤੀ ਕਰਦੇ ਹਨ ਤਾਂ ਕਿ ਇਨਵੈਸਟਰਾਂ ਲਈ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ: ਪਿਛਲੇ ਤਿੰਨ ਦਹਾਕਿਆਂ ਦੌਰਾਨ ਕੈਨੇਡਾ ਦੀਆਂ ਸਰਕਾਰਾਂ ਵਲੋਂ ਸੋਸ਼ਲ ਹਾਊਸਿੰਗ ਦੇ ਸੈਕਟਰ ਵਿੱਚੋਂ ਲਾਂਭੇ ਹੋ ਜਾਣਾ, ਕੈਨੇਡਾ ਦੇ ਪੋਸਟ ਸੈਕੰਡਰੀ ਅਦਾਰਿਆਂ ਵਲੋਂ ਫੰਡਿੰਗ ਦੀ ਘਾਟ ਕਾਰਨ ਵਿਦਿਆਰਥੀਆਂ ਲਈ ਰਿਹਾਇਸ਼ ਦੀ ਉਸਾਰੀ ਕਰਨ ਵਿੱਚ ਪਿੱਛੇ ਰਹਿ ਜਾਣਾ ਅਤੇ ਘਰਾਂ ਦੀ ਮਾਰਕੀਟ ਵਿੱਚ ਕਾਰਪੋਰੇਸ਼ਨਾਂ ਅਤੇ ਵਿਅਕਤੀਗਤ ਪੱਧਰ ਦੇ ਛੋਟੇ ਇਨਵੈਸਟਰਾਂ ਦਾ ਵੱਡੀ ਪੱਧਰ `ਤੇ ਸਰਗਰਮ ਹੋਣਾ ਹੈ। ਇਸ ਲਈ ਕੈਨੇਡਾ ਦੇ ਸਿਆਸਤਦਾਨਾਂ ਵਲੋਂ ਇਸ ਸੰਕਟ ਲਈ ਇੰਮੀਗ੍ਰੈਂਟਾਂ ਨੂੰ ਦੋਸ਼ ਦੇਣਾ ਸਹੀ ਨਹੀਂ। ਉਹਨਾਂ ਵਲੋਂ ਅਜਿਹਾ ਕਰਨ ਦਾ ਮਕਸਦ ਇਸ ਸਮੱਸਿਆ ਦੇ ਅਸਲੀ ਕਾਰਨਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ। ***

ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦਾ ਲਾਂਚ ਸਮਾਗਮ - ਹਰਪ੍ਰੀਤ ਸੇਖਾ

26 ਮਈ 2024 ਨੂੰ ਸਰੀ ਫਲੀਟਵੁੱਡ ਲਇਬਰੇਰੀ ਵਿੱਚ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਲਾਂਚ ਕੀਤੀ ਗਈ। ਕੈਨੇਡਾ ਦਰਪਣ ਨਵੰਬਰ 1982 ਤੋਂ ਲੈ ਕੇ ਫਰਵਰੀ 1989 ਤੱਕ ਵੈਨਕੂਵਰ/ਸਰੀ ਤੋਂ ਹਫਤਾਵਾਰੀ/ਪੰਦਰਵਾੜਾ ਤੌਰ `ਤੇ ਦਰਸ਼ਨ ਗਿੱਲ ਦੀ ਸੰਪਾਦਨਾ ਵਿੱਚ ਛਪਦਾ ਹੁੰਦਾ ਸੀ। ਇਸ ਸਮੇਂ ਦੌਰਾਨ ਇਸ ਦੇ 250 ਕੁ ਦੇ ਕਰੀਬ ਅੰਕ ਪ੍ਰਕਾਸ਼ਤ ਹੋਏ। ਇਹਨਾਂ 250 ਅੰਕਾਂ ਵਿੱਚੋਂ ਬਹੁਗਿਣਤੀ ਅੰਕ ਇਸ ਦੀ ਆਰਕਾਈਵ `ਤੇ ਅਪਲੋਡ ਕਰ ਦਿੱਤੇ ਗਏ ਹਨ, ਜਿਹਨਾਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਸਣ ਵਾਲਾ ਵਿਅਕਤੀ ਇੰਟਰਨੈੱਟ `ਤੇ ਪੜ੍ਹ ਸਕਦਾ ਹੈ। ਇਹ ਆਰਕਾਈਵ ਸੁਖਵੰਤ ਹੁੰਦਲ ਦੇ ਯਤਨਾਂ ਨਾਲ ਹੋਂਦ ਵਿੱਚ ਆਈ। ਸੁਖਵੰਤ ਹੁੰਦਲ ਹੋਰੀਂ ਇਸ ਤੋਂ ਪਹਿਲਾਂ ਸਿਰਜਣਾ, ਵਤਨੋਂ ਦੂਰ/ਵਤਨ, ਸਮਤਾ, ਸੇਧ ਅਤੇ ਮੰਚਨ ਮੈਗਜ਼ੀਨ ਮੈਗਜ਼ੀਨਾਂ ਦੀਆਂ ਆਰਕਾਈਵਾਂ ਤਿਆਰ ਕਰ ਚੁੱਕੇ ਹਨ।
ਲਾਂਚ ਸਮਾਗਮ ਦੇ ਸ਼ੁਰੂ ਵਿੱਚ ਸਾਧੂ ਬਿਿਨੰਗ ਨੇ ਵੈਨਕੂਵਰ ਸੱਥ ਵਲੋਂ  50 ਕੁ ਦੇ ਕਰੀਬ ਆਏ ਸ੍ਰੋਤਿਆਂ ਨੂੰ ਜੀ ਆਇਆਂ ਕਿਹਾ। ਉਹਨਾਂ ਕਿਹਾ ਕਿ ਕੈਨੇਡਾ ਦਰਪਣ ਅਖਬਾਰ ਦੀ ਆਰਕਾਈਵ ਦਾ ਬਣਨਾ ਸਾਡੇ ਭੂਤ ਅਤੇ ਭਵਿੱਖ ਨਾਲ ਸੰਬੰਧਿਤ ਹੈ। ਇਹ ਇਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਭੂਤ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨਾਲ ਜੋੜ ਰਹੇ ਹਾਂ ਜੋ ਕਿ ਇਕ ਮਹੱਤਵਪੂਰਨ ਗੱਲ ਹੈ। ਉਹਨਾਂ ਕੈਨੇਡਾ ਦਰਪਣ ਦੇ ਛਪਣ ਦੇ ਵਰ੍ਹਿਆਂ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਸਮਿਆਂ ਵਿੱਚ ਕੈਨੇਡਾ ਵਿੱਚੋਂ ਪੰਜਾਬੀ ਦਾ ਇਸ ਤਰ੍ਹਾਂ ਦਾ ਅਖਬਾਰ ਕੱਢਣਾ ਬਹੁਤ ਮੁਸ਼ਕਿਲ ਕੰਮ ਸੀ। ਦਰਸ਼ਨ ਗਿੱਲ ਅਤੇ ਉਹਨਾਂ ਦੀ ਪਤਨੀ ਚਰਨਜੀਤ ਕੌਰ ਗਿੱਲ ਨੇ ਉਸ ਸਮੇਂ ਕੈਨੇਡਾ ਦਰਪਣ ਨੂੰ ਕੱਢਣ ਦਾ ਕੰਮ ਬਹੁਤ ਹੌਂਸਲੇ ਅਤੇ ਦ੍ਰਿੜਤਾ ਨਾਲ ਕੀਤਾ, ਜਿਸ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਅੱਗੇ ਕਿਹਾ ਕਿ ਬੇਸ਼ੱਕ ਉਸ ਸਮੇਂ ਸਾਨੂੰ ਇਸ ਅਖਬਾਰ ਦੀ ਅਹਿਮੀਅਤ ਦਾ ਪੂਰਾ ਅਹਿਸਾਸ ਨਹੀਂ ਸੀ, ਪਰ ਹੁਣ 40 ਸਾਲਾਂ ਬਾਅਦ ਜਦੋਂ ਅਸੀਂ ਇਸ ਦੀ ਆਰਕਾਈਵ ਚਾਲੂ ਕਰ ਰਹੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਸਮਿਆਂ ਵਿੱਚ ਇਸ ਅਖਬਾਰ ਦਾ ਨਿਕਲਣਾ ਕਿੰਨਾ ਜ਼ਰੂਰੀ ਅਤੇ ਮਹੱਤਵਪੂਰਨ ਸੀ।
ਉਹਨਾਂ ਤੋਂ ਬਾਅਦ ਸੁਖਵੰਤ ਹੁੰਦਲ ਨੇ ਸ੍ਰੋਤਿਆਂ ਨੂੰ ਇਸ ਆਰਕਾਈਵ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਰਕਾਈਵ ਦੇ ਪੇਜ ਨੂੰ ਪ੍ਰੋਜੈਕਟਰ `ਤੇ ਉਜਾਗਰ ਕਰ ਕੇ ਇਸ ਵਿੱਚ ਮੌਜੂਦ ਸਮਗਰੀ ਸ੍ਰੋਤਿਆਂ ਨੂੰ ਦਿਖਾਈ। ਉਹਨਾਂ ਨੇ ਕਿਹਾ ਕਿ ਇਸ ਆਰਕਾਈਵ ਬਾਰੇ ਯਾਦ ਰੱਖਣ ਵਾਲੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਆਰਕਾਈਵ ਤਾਂ ਹੋਂਦ ਵਿੱਚ ਆਈ ਹੈ ਕਿਉਂਕਿ ਦਰਸ਼ਨ ਗਿੱਲ ਅਤੇ ਚਰਨਜੀਤ ਕੌਰ ਗਿੱਲ ਨੇ1982-1989 ਵਿੱਚਕਾਰ ਇਹ ਅਖਬਾਰ ਕੱਢਿਆ ਸੀ। ਇਸ ਲਈ ਅੱਜ ਅਸੀਂ ਉਹਨਾਂ ਵਲੋਂ ਕੀਤੇ ਕੰਮ ਨੂੰ ਸਲਾਮ ਕਰਨ ਲਈ ਅਤੇ ਉਸ ਕੰਮ ਨੂੰ ਅੱਜ ਦੇ ਪੰਜਾਬੀਆਂ ਨਾਲ ਸਾਂਝੇ ਕਰਨ ਲਈ ਇਕੱਠੇ ਹੋਏ ਹਾਂ।
ਫਿਰ ਉਹਨਾਂ ਨੇ ਕੈਨੇਡਾ ਦਰਪਣ ਦੇ ਨਵੰਬਰ 1982 ਵਿੱਚ ਛਪੇ ਪਹਿਲੇ ਅੰਕ ਦੀ ਸੰਪਾਦਕੀ ਦੇ ਕੁੱਝ ਹਿੱਸੇ ਸ੍ਰੋਤਿਆਂ ਨੂੰ ਪੜ੍ਹ ਕੇ ਸੁਣਾਏ।ਸੰਪਾਦਕੀ - "ਆਖਰ ਕੈਨੇਡਾ ਦਰਪਣ ਦੀ ਲੋੜ ਕਿਉਂ? ਵਿੱਚ ਕੈਨੇਡਾ ਦਰਪਣ ਕੱਢਣ ਦੇ ਮਕਸਦ ਬਾਰੇ ਦੱਸਦਿਆਂ ਇਸ ਦੇ ਸੰਪਾਦਕ ਦਰਸ਼ਨ ਗਿੱਲ ਨੇ ਲਿਿਖਆ ਸੀ, “ਅਖਬਾਰ ਅਜਿਹਾ ਮਾਧਿਅਮ ਜਾਂ ਵਸੀਲਾ ਹਨ ਜਿਨ੍ਹਾਂ ਰਾਹੀ ਮਨੁੱਖ ਦੀਆਂ ਮਾਨਸਿਕ, ਰਾਜਨੀਤਕ, ਆਰਥਕ, ਸਾਹਿਤਕ, ਸਮਾਜਕ ਤੇ ਸਭਿਆਚਾਰਕ ਲੋੜਾਂ ਸੰਬੰਧਤ ਹਨ। ਧਰਮ ਇਕ ਸਮਾਜਕ ਕਰਮ ਹੈ, ਇਸ ਲਈ ਉਹ ਸਮਾਜਕ ਪਹਿਲੂ ਵਿੱਚ ਹੀ ਸਮੋਇਆ ਜਾ ਸਕਦਾ ਹੈ। ਅਖਬਾਰ ਬਹੁਤੀ ਵਾਰ ਇਨ੍ਹਾਂ ਉਪ੍ਰੋਕਤ ਪਹਿਲੂਆਂ ਨੂੰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਅਕਸਰ ਇਹ ਟਪਲਾ ਖਾ ਜਾਂਦੇ ਹਨ ਤੇ ਉਨ੍ਹਾਂ ਦੇ ਵੱਖ ਵੱਖ ਪ੍ਰਭਾਵ ਬਣ ਜਾਂਦੇ ਹਨ। ਕਈ ਅਖਬਾਰ ਕੇਵਲ ਮਜ਼੍ਹਬੀ ਪਹਿਲੂ ਨੂੰ ਉਭਾਰਕੇ – ਇਸ ਨੂੰ ਸਮਾਜਕ ਕਰਮ ਨਾਲੋਂ ਨਿਖੇੜ ਕੇ, ਲੋਕਾਂ ਵਿੱਚ ਕੇਵਲ ਮਜ਼੍ਹਬੀ ਰੰਗ ਦਾ ਪ੍ਰਚਾਰ ਕਰਨ ਦਾ ਵਸੀਲਾ ਬਣਦੇ ਹਨ ਤੇ ਉਹ ਰਾਜਨੀਤਕ ਪਹਿਲੂ ਨੂੰ ਵੀ ਮਜ਼੍ਹਬੀ ਰੰਗਣ ਦੇ ਦਿੰਦੇ ਹਨ। ਇਸ ਕਾਰਨ ਉਹ ਅਖਬਾਰ ਨੂੰ ਅਜਿਹਾ ਸਾਧਨ ਬਣਾ ਲੈਂਦੇ ਹਨ ਕਿ ਮਜ਼੍ਹਬ ਵਿੱਚ ਬਾਕੀ ਰੰਗ ਸਮਾ ਜਾਂਦੇ ਹਨ। ਇਹ ਮਨੁੱਖ ਨੂੰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਕੇਵਲ ਉਸ ਦੇ ਇਕ ਪੱਖ ਨੂੰ ਹੀ ਉਭਾਰ ਕੇ ਪੇਸ਼ ਕਰਨਾ ਆਪਣਾ ਅਕੀਦਾ ਮਿੱਥ ਲੈਂਦੇ ਹਨ।... ਅਸੀਂ ‘ਕੈਨੇਡਾ ਦਰਪਣ” ਨੂੰ ਅਜਿਹੇ ਰੂਪ ਵਿਚ ਚਿਤਵਿਆ ਹੈ ਜੋ ਰੰਗ, ਨਸਲ, ਮਜ਼੍ਹਬ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖੀ ਸ਼ਖਸੀਅਤ ਦਾ ਪ੍ਰਗਟਾਵਾ ਬਣ ਸਕੇ। ਮਨੁੱਖ, ਮਨੁੱਖ ਹੈ ਤੇ ਇਹ ਮਨੁੱਖਤਾ ਹੀ ਮਨੁੱਖ ਦਾ ਅਸਲੀ ਖਾਸਾ ਹੈ। ਜੋ ਮਨੁੱਖੀ ਸ਼ਖਸੀਅਤ ਦਾ ਸ਼ੀਸ਼ਾ ਨਹੀਂ ਬਣ ਸਕਦਾ, ਉਸ ਨੂੰ ਅਖਬਾਰ ਕਹਿਣਾ ਗਲਤ ਹੋਵੇਗਾ।”
ਇਸ ਆਰਕਾਈਵ ਨੂੰ ਬਣਾਉਣ ਦੇ ਮਕਸਦ ਬਾਰੇ ਦਸਦਿਆਂ ਸੁਖਵੰਤ ਹੁੰਦਲ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਮੀਡੀਆ ਸੰਚਾਰ ਦੇ ਇਕ ਸਾਧਨ ਵਜੋਂ ਕੰਮ ਕਰਦਾ ਹੈ। ਇਹ ਸਾਨੂੰ ਅੱਜ ਜੋ ਕੁੱਝ ਵਾਪਰ ਰਿਹਾ ਹੈ ਉਸ ਬਾਰੇ ਦਸਦਾ ਹੈ ਕਿ ਉਹ ਕਿੱਥੇ ਹੋ ਰਿਹਾ ਹੈ, ਕਿਸ ਵਲੋਂ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ। ਇਸ ਦੇ ਨਾਲ ਨਾਲ ਮੀਡੀਆ ਵਰਤਮਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਰਿਕਾਰਡ ਵੀ ਤਿਆਰ ਕਰਦਾ ਹੈ। ਭਵਿੱਖ ਵਿੱਚ ਜਦੋਂ ਲੋਕ ਜੋ ਕੁੱਝ ਅੱਜ ਹੋ ਰਿਹਾ ਹੈ, ਉਸ ਬਾਰੇ ਜਾਣਨਾ ਚਾਹੁਣਗੇ ਤਾਂ ਜੇ ਉਹਨਾਂ ਕੋਲ ਅੱਜ ਦੇ ਮੀਡੀਏ ਤੱਕ ਪਹੁੰਚ ਹੋਵੇਗੀ ਤਾਂ ਉਹ ਇਸ ਮੀਡੀਆ ਰਾਹੀਂ ਅੱਜ ਦੇ ਸਮਾਜ ਬਾਰੇ ਬਹੁਤ ਕੁੱਝ ਜਾਣ ਅਤੇ ਸਮਝ ਸਕਣਗੇ। ਇਸ ਤਰ੍ਹਾਂ 40 ਸਾਲ ਪਹਿਲਾਂ ਨਿਕਲਦੇ ਰਹੇ ਕੈਨੇਡਾ ਦਰਪਣ ਦੀ ਇਹ ਆਰਕਾਈਵ ਅੱਜ ਸਾਨੂੰ ਕੈਨੇਡਾ ਵਿੱਚ 40 ਸਾਲ ਪਹਿਲਾਂ ਦੇ ਪੰਜਾਬੀ ਸਮਾਜ ਨੂੰ ਸਮਝਣ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਅਗਾਂਹ ਦੀਆਂ ਪੀੜ੍ਹੀਆਂ ਨੂੰ ਉਸ ਸਮੇਂ ਦੇ ਸਮਾਜ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਰਹੇਗੀ।
ਇਸ ਤੋਂ ਬਾਅਦ ਸੁਖਵੰਤ ਹੁੰਦਲ ਨੇ ਇਸ ਆਰਕਾਈਵ ਨੂੰ ਬਣਾਉਣ ਵਿੱਚ ਚਰਨਜੀਤ ਕੌਰ ਗਿੱਲ ਵਲੋਂ ਮਿਲੇ ਸਹਿਯੋਗ ਦਾ ਜਿ਼ਕਰ ਕੀਤਾ। ਉਹਨਾਂ ਨੇ ਇਹ ਆਰਕਾਈਵ ਬਣਾਉਣ ਲਈ ਚਰਨਜੀਤ ਕੌਰ ਗਿੱਲ ਵਲੋਂ ਕੈਨੇਡਾ ਦਰਪਣ ਦੇ ਅੰਕ ਮੁਹੱਈਆ ਕਰਨ ਅਤੇ ਕੈਨੇਡਾ ਦਰਪਣ ਵਿੱਚ ਛਪੀਆਂ ਖਬਰਾਂ/ਲਿਖਤਾਂ ਦੀ ਸੂਚੀ ਤਿਆਰ ਕਰਨ ਲਈ ਕੀਤੇ ਕੰਮ ਲਈ ਉਹਨਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਇਸ ਪੜਾਅ `ਤੇ ਸੁਖਵੰਤ ਹੁੰਦਲ ਅਤੇ ਚਰਨਜੀਤ ਕੌਰ ਗਿੱਲ ਨੇ ਇਸ ਆਰਕਾਈਵ ਨੂੰ ਜਨਤਕ ਤੌਰ `ਤੇ ਲਾਂਚ ਕਰਨ ਲਈ ਇਸ ਬਾਰੇ ਸੋਸ਼ਲ ਮੀਡੀਏ `ਤੇ ਪਾਈ ਖਬਰ ਦੀ ਪ੍ਰਾਈਵੇਟ ਸੈਟਿੰਗ ਨੂੰ ਪਬਲਿਕ ਸੈਟਿੰਗ ਵਿੱਚ ਤਬਦੀਲ ਕੀਤਾ ਅਤੇ ਮਾਊਸ ਦੀ ਇਕ ਕਲਿੱਕ ਨਾਲ ਇਸ ਖਬਰ ਨੂੰ ਸੋਸ਼ਲ ਮੀਡੀਏ `ਤੇ ਸਾਂਝੀ ਕੀਤਾ। ਇਸ ਤਰ੍ਹਾਂ ਆਰਕਾਈਵ ਸਾਰੇ ਲੋਕਾਂ ਲਈ ਲਾਂਚ ਹੋ ਗਈ।
ਅਗਲੇ ਬੁਲਾਰੇ ਨੂੰ ਸੱਦਣ ਤੋਂ ਪਹਿਲਾਂ ਸਾਧੂ ਬਿਿਨੰਗ ਨੇ ਇਸ ਕਲਿੱਕ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਵੰਤ ਹੁੰਦਲ ਅਤੇ ਚਰਨਜੀਤ ਕੌਰ ਗਿੱਲ ਵਲੋਂ ਕੀਤਾ ਇਹ ਕਲਿੱਕ ਇਕ "ਇਤਿਹਾਸਕ ਕਲਿੱਕ" ਹੈ ਅਤੇ ਇਸ ਕਲਿੱਕ ਨਾਲ ਇਸ ਆਰਕਾਈਵ ਤੱਕ ਸਾਰੇ ਪੰਜਾਬੀਆਂ ਦੀ ਪਹੁੰਚ ਹੋ ਜਾਣੀ ਇਕ "ਇਨਕਲਾਬੀ ਕਦਮ" ਹੈ। ਫਿਰ ਉਹਨਾਂ ਨੇ ਅਗਲੇ ਬੁਲਾਰੇ ਡਾ: ਅਜੇ ਭਾਰਦਵਾਜ ਨੂੰ "ਹਿਸਟਰੀ ਐਕਟਵਿਜ਼ਮ" `ਤੇ ਆਪਣਾ ਕੁੰਜੀਵਤ ਲੈਕਚਰ ਦੇਣ ਲਈ ਸੱਦਾ ਦਿੱਤਾ।
ਡਾ: ਅਜੇ ਭਾਰਦਵਾਜ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ "ਹਿਸਟਰੀ ਐਕਟਵਿਜਮ" ਦਾ ਮਕਸਦ "ਜੱਦੋਜਹਿਦਾਂ ਦੇ ਇਤਿਹਾਸ ਨੂੰ ਜੱਦੋਜਹਿਦਾਂ ਦਾ ਹਿੱਸਾ ਬਣਾਉਣਾ ਹੈ -ਮੇਕਿੰਗ ਹਿਸਟਰੀ ਆਫ ਸਟ੍ਰਗਲ, ਪਾਰਟ ਆਫ ਸਟ੍ਰਗਲ।" ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਿਸਟਰੀ ਐਕਟਵਿਸਟ ਇਸ ਕਾਰਜ ਵਿੱਚ ਲੱਗੇ ਹੋਏ ਹਨ। ਉਹ ਆਪਣੀ ਖੋਜ, ਨੁਮਾਇਸ਼ਾਂ ਅਤੇ ਇਸ ਤਰ੍ਹਾਂ ਦੇ ਹੋਰ ਸਭਿਆਚਾਰਕ ਕਾਰਜਾਂ ਨਾਲ ਅਤੀਤ ਦੀਆਂ ਜੱਦੋਜਹਿਦਾਂ ਦੇ ਇਤਿਹਾਸ ਨੂੰ ਮੁੜ ਸਥਾਪਤ ਕਰ ਰਹੇ ਹਨ ਤਾਂ ਕਿ ਇਹ ਇਤਿਹਾਸ ਅੱਜ ਅਤੇ ਭਵਿੱਖ ਦੀਆਂ ਜੱਦੋਜਹਿਦਾਂ ਨੂੰ ਸ਼ਕਤੀ ਪ੍ਰਦਾਨ ਕਰ ਸਕੇ ਅਤੇ ਇਹਨਾਂ ਜੱਦੋਜਹਿਦਾਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਸਕੇ। ਉਹਨਾਂ ਅਨੁਸਾਰ ਕੈਨੇਡਾ ਦਰਪਣ ਦੀ ਆਰਕਾਈਵ ਦਾ ਬਣਾਏ ਜਾਣਾ ਵੀ "ਹਿਸਟਰੀ ਐਕਟਵਿਜ਼ਮ" ਦੀ ਪਰੰਪਰਾ ਦਾ ਹੀ ਹਿੱਸਾ ਹੈ।
ਡਾ: ਭਾਰਦਵਾਜ ਦੇ ਲੈਕਚਰ ਤੋਂ ਬਾਅਦ ਹਾਜ਼ਰ ਸ੍ਰੋਤਿਆਂ ਵਿੱਚੋਂ ਮੱਖਣ ਟੁੱਟ, ਹਰਦੇਵ ਸਿੱਧੂ, ਡਾ: ਸਾਧੂ ਸਿੰਘ, ਸੁਰਿੰਦਰ ਸੰਘਾ, ਉੱਜਲ ਦੁਸਾਂਝ, ਅਜਮੇਰ ਰੋਡੇ, ਹਰਪ੍ਰੀਤ ਸੇਖਾ, ਜਰਨੈਲ ਸਿੰਘ ਸੇਖਾ, ਹਰਿੰਦਰ ਮਾਹਲ, ਸੁਰਜੀਤ ਕਲਸੀ, ਸੁਖਵਿੰਦਰ ਚੋਲ੍ਹਾ ਅਤੇ ਫੌਜੀਆ ਰਫੀਕ ਨੇ ਸੰਖੇਪ ਵਿੱਚ ਆਪਣੇ ਵਿਚਾਰ ਪ੍ਰਗਟਾਏ। ਉਹਨਾਂ ਸਾਰਿਆਂ ਨੇ ਦਰਸ਼ਨ ਗਿੱਲ ਅਤੇ ਉਹਨਾਂ ਦੇ ਕੰਮ ਨੂੰ ਯਾਦ ਕੀਤਾ ਅਤੇ ਇਹ ਆਰਕਾਈਵ ਬਣਾਏ ਜਾਣ ਦੇ ਕਾਰਜ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਸਾਧੂ ਬਿਿਨੰਗ ਨੇ ਨਵਜੋਤ ਢਿੱਲੋਂ ਦਾ ਇਸ ਆਰਕਾਈਵ ਬਾਰੇ ਸੁਖਵੰਤ ਹੁੰਦਲ ਨਾਲ ਇੰਟਰਵਿਊ ਕਰਨ ਅਤੇ ਆਪਣੇ ਯੂ ਟਿਊਬ ਚੈਨਲ `ਤੇ ਪਾਉਣ ਲਈ ਧੰਨਵਾਦ ਕੀਤਾ ਅਤੇ ਬਾਕੀ ਸਾਰੇ ਸ੍ਰੋਤਿਆਂ ਦਾ ਆਉਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਸਾਡੀ ਉਮੀਦ ਤੋਂ ਦੁੱਗਣੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਾਨੂੰ ਇਕ ਖੁਸ਼ੀ ਭਰਿਆ ਸਰਪਰਾਈਜ਼ ਦਿੱਤਾ ਹੈ। ਇਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ।
ਕੈਨੇਡਾ ਦਰਪਣ ਦੀ ਇਹ ਆਰਕਾਈਵ https://canadadarpan.wordpress.com/ `ਤੇ ਦੇਖੀ ਜਾ ਸਕਦੀ ਹੈ।

ਇੰਟਰਨੈਸ਼ਨਲ ਸਟੂਡੈਂਟ ਚਿੰਤਾਜਨਕ ਦਰ 'ਤੇ ਓਵਰਡੋਜ਼ ਨਾਲ ਮਰ ਰਹੇ ਹਨ। ਪਰ ਬੀ ਸੀ ਦੀ ਸਰਕਾਰ ਸਮੱਸਿਆ ਦੀ ਨਿਸ਼ਾਨਦੇਹੀ ਨਹੀਂ ਕਰ ਰਹੀ।

ਲੇਖਕ : ਰਮਨੀਕ ਜੌਹਲ

ਅੰਗਰੇਜ਼ੀ ਤੋਂ ਅਨੁਵਾਦ : ਸੁਖਵੰਤ ਹੁੰਦਲ

ਬੀ ਸੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੇ ਅੰਕੜੇ ਇਕੱਤਰ ਨਹੀਂ ਕਰਦੀ ਕਿ ਓਵਰਡੋਜ਼ ਦਾ ਸੰਕਟ ਨਸਲ ਜਾਂ ਵੱਖਰੇ ਸਭਿਆਚਾਰਕ ਪਿਛੋਕੜ (ਐਥਨੀਸਿਟੀਵਾਲੇ ਭਾਇਚਾਰਿਆਂ 'ਤੇ ਕਿਸ ਤਰ੍ਹਾਂ ਅਸਰ ਕਰ ਰਿਹਾ ਹੈ।

 

(ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਬੰਧ ਵਿੱਚ ਇਹ ਰਿਪੋਰਟ 16 ਜਨਵਰੀ ਨੂੰ "ਪ੍ਰੈੱਸ ਪ੍ਰੌਗਰੈਸ" ਦੇ ਵੈੱਬਸਾਈਟ 'ਤੇ ਅੰਗਰੇਜ਼ੀ ਵਿੱਚ ਛਪੀ ਹੈ। ਇਸ ਦਾ ਪੰਜਾਬੀ ਅਨੁਵਾਦ ਪੇਸ਼ ਹੈ ਤਾਂ ਕਿ ਇਸ ਨੂੰ ਉਹ ਲੋਕ ਵੀ ਪੜ੍ਹ ਸਕਣ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ।)

ਸਥਾਨਕ ਧਾਰਮਿਕ ਲੀਡਰ ਅਤੇ ਕਮਿਊਨਿਟੀ ਵਰਕਰਾਂ ਦਾ ਕਹਿਣਾ ਹੈ ਕਿ ਸਰੀ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੱਡੀ ਦਰ `ਤੇ ਡਰੱਗ ਓਵਰਡੋਜ਼ ਨਾਲ ਮਰ ਰਹੇ ਹਨਪਰ ਓਵਰਡੋਜ਼ ਕਾਰਨ ਹੋਈਆਂ ਇਹਨਾਂ ਮੌਤਾਂ ਬਾਰੇ ਅੰਕੜੇ ਸਰਕਾਰ ਵਲੋਂ ਜਨਤਕ ਨਹੀਂ ਕੀਤੇ ਜਾ ਰਹੇ।

ਸਰੀ ਵਿਚਲੇ ਦੁੱਖ ਨਿਵਾਰਨ ਗੁਰਦਵਾਰੇ ਦੇ ਗਿਆਨੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦਵਾਰੇ ਨੇ ਵਿਦਿਆਰਥੀਆਂ ਦੀਆਂ ਲਾਂਸ਼ਾਂ ਨੂੰ ਇੰਡੀਆ ਪਹੁੰਚਾਉਣ ਵਿੱਚ ਮਦਦ ਕਰਨ ਲਈ ਲੱਖਾਂ ਡਾਲਰ ਖਰਚ ਕੀਤੇ ਹਨ।

ਬਹੁਤੀ ਵਾਰ ਪਰਿਵਾਰ ਗੁਰਦਵਾਰੇ ਨੂੰ ਮੁਖਤਿਆਰਨਾਮਾ (ਪਾਵਰ ਆਫ ਅਟਾਰਨੀਦੇ ਦਿੰਦੇ ਹਨ ਕਿਉਂਕ ਉਹ ਫਿਊਨਰਲ ਦਾ ਖਰਚਾ ਨਹੀਂ ਚੁੱਕ ਸਕਦੇ ਜਾਂ ਲਾਸ਼ ਨੂੰ ਵਾਪਸ ਮੰਗਵਾਉਣ ਦਾ ਖਰਚਾ ਨਹੀਂ ਦੇ ਸਕਦੇ। ਇਸ ਕਰਕੇ ਗੁਰਦਵਾਰੇ ਨੂੰ ਕੌਰਨਰ ਦੀ ਰਿਪੋਰਟ ਮਿਲਦੀ ਹੈਜਿਸ ਵਿੱਚ ਮੌਤ ਦਾ ਕਾਰਨ ਦਿੱਤਾ ਗਿਆ ਹੁੰਦਾ ਹੈ।

ਸਿੰਘ ਨੇ "ਪ੍ਰੈੱ ਪ੍ਰੌਗਰੈੱਸ" ਨੂੰ ਦੱਸਿਆ ਕਿ ਸਾਨੂੰ ਮਿਲੀਆਂ 80% ਫੀਸਦੀ ਰਿਪੋਰਟਾਂ ਵਿੱਚ ਅਸੀਂ ਨੋਟ ਕੀਤਾ ਹੈ ਕਿ ਮੌਤ ਦਾ ਕਾਰਨ ਡਰੱਗ ਨਾਲ ਸੰਬੰਧਿਤ ਹੁੰਦਾ ਹੈ।

ਸਿੰਘ ਨੇ ਅਗਾਂਹ ਦੱਸਿਆ ਕਿ ਬੇਇਜ਼ਤੀ ਹੋਣ ਦੇ ਡਰ ਕਰਕੇ ਮਰਨ ਵਾਲਿਆਂ ਦੇ ਪਰਿਵਾਰ ਦੇ ਮੈਂਬਰ ਬਹੁਤੀ ਵਾਰ ਲੋਕਾਂ ਨੂੰ ਕਹਿੰਦੇ ਹਨ ਕਿ ਮ੍ਰਿਤਕ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ ਜਾਂ ਉਹ ਸੁੱਤਾ ਹੀ ਰਹਿ ਗਿਆਜਦੋਂ ਕਿ ਅਸਲ ਕਾਰਨ ਡਰੱਗ ਦੀ ਓਵਰਡੋਜ਼ ਹੁੰਦਾ ਹੈ।

ਸਿੰਘ ਅਨੁਸਾਰ, “ਕਈਆਂ ਨੇ ਇਸ ਨੂੰ ਪਹਿਲਾਂ ਕਦੀ ਵੀ ਨਹੀਂ ਲਿਆ ਹੁੰਦਾ ਅਤੇ ਇੱਥੇ ਉਹ ਇਸ ਨੂੰ ਪਹਿਲੀ ਵਾਰ ਲੈਂਦੇ ਹਨਕਈ ਇਸ ਨੂੰ ਇੱਥੇ ਲੈਣ ਤੋਂ ਪਹਿਲਾਂ ਇੰਡੀਆ ਤੋਂ ਲੈਂਦੇ ਆਏ ਹੁੰਦੇ ਹਨ– ਇਸ ਦੇ ਕਈ ਕਾਰਨ ਹੋ ਸਕਦੇ ਹਨਤੁਸੀਂ ਇਸ ਨੂੰ ਇਕ ਕੋਣ ਤੋਂ ਨਹੀਂ ਦੇਖ ਸਕਦੇ।

ਸਿੰਘ ਦਾ ਕਹਿਣਾ ਹੈ ਕਿ ਬਹੁਤਿਆਂ ਨੂੰ ਡਰੱਗ ਦੇ ਜ਼ਹਿਰੀਲੇਪਣ ਦਾ ਨਹੀਂ ਪਤਾ ਹੁੰਦਾ ਅਤੇ ਉਹ ਇਹ ਨਹੀਂ ਜਾਣਦੇ ਕਿ ਡਰੱਗ ਵਿੱਚ ਫੈਨਟਨਿਲ ਅਤੇ ਹੋਰ ਚੀਜ਼ਾਂ ਮਿਲੀਆਂ ਹੋ ਸਕਦੀਆਂ ਹਨ।

ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਵਿੱਚ ਡਰੱਗ ਕਿੰਨੀ ਹੈਹੋ ਸਕਦਾ ਹੈ ਕਿ ਇਹ ਉਹਨਾਂ ਨੇ ਪਹਿਲੀ ਵਾਰੀ ਲਈ ਹੋਵੇਅਤੇ ਪਹਿਲੀ ਵਾਰੀ ਹੀ ਉਹ ਓਵਰਡੋਜ਼ ਹੋ ਗਏ ਹੋਣ।

ਗੁਰੂ ਨਾਨਕ ਫੂਡ ਬੈਂਕ ਦੇ ਸੈਕਟਰੀ ਅਤੇ ਉਪਰੇਸ਼ਨਲ ਮੁੱਖੀ ਨੀਰਜ ਵਾਲੀਆ ਦਾ ਕਹਿਣਾ ਹੈ ਕਿ ਸਰਕਾਰ ਇਹ ਅੰਕੜੇ ਇਸ ਲਈ ਜਾਰੀ ਨਹੀਂ ਕਰ ਰਹੀ ਕਿਉਂਕਿ ਇਹ ਹੋਰ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਰੋਕ ਸਕਦੀ ਹੈ।

"ਪ੍ਰੈੱਸ ਪ੍ਰੌਗਰੈੱਸ" ਨਾਲ ਗੱਲ ਕਰਦਿਆਂ ਵਾਲੀਆ ਨੇ ਕਿਹਾ ਫਿਊਨਰਲ ਹੋਮਇਹ ਗਿਣਤੀ ਦਸ ਸਕਦੇ ਹਨ। ਮੇਰੇ ਅਨੁਸਾਰਹਰ ਹਫਤੇ ਸਰੀ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੀਆਂ ਇਕ ਜਾਂ ਦੋ ਮੌਤਾਂ ਹੋਣ ਦੀ ਖਬਰ ਆਉਂਦੀ ਹੈ। ਸੋਮਵਾਰ ਨੂੰ ਇਕ ਹੋਰ ਨੌਜਵਾਨ ਦਾ ਫਿਊਨਰਲ ਹੈ ਜਿਸ ਦੀ ਮੌਤ ਓਵਰਡੋਜ਼ ਨਾਲ ਹੋਈ ਹੈ।

ਵਾਲੀਆ ਨੇ ਅੱਗੇ ਕਿਹਾ, “ਸਰਕਾਰ ਨੂੰ ਇਹ ਸਵੀਕਾਰ ਕਰਨ ਦੀ ਲੋੜ ਹੈ ਅਤੇ ਇਹ ਗਿਣਤੀ ਦੱਸਣ ਦੀ ਲੋੜ ਹੈਕਿ ਹਾਂ (ਇਹਨਾਂ ਮੌਤਾਂ ਦਾਕਾਰਨ ਇਹ ਹੈਅਤੇ ਉਹਨਾਂ ਨੂੰ ਇਸ ਦਾ ਹੱਲ ਕਰਨ ਦੀ ਲੋੜ ਹੈ।

ਵਾਲੀਆ ਦਾ ਕਹਿਣਾ ਹੈ ਕਿ ਸਰਕਾਰ ਦੇ ਐਕਸ਼ਨ ਦੀ ਅਣਹੋਂਦ ਵਿੱਚਗੁਰਦੁਆਰਾ ਦੁੱਖ ਨਿਵਾਰਨ ਅਤੇ ਫੂਡ ਬੈਂਕ ਵਿਦਿਆਰਥੀ ਦੇ ਸਸਕਾਰ ਲਈ ਅਤੇ ਉਸ ਦੀ ਲਾਸ਼ ਵਾਪਸ ਭੇਜਣ ਲਈ ਪੈਸੇ ਇਕੱਤਰ ਕਰ ਰਿਹਾ ਹੈ– ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਮਦਦ ਜਾਂ ਸਵੀਕ੍ਰਿਤੀ ਤੋਂ ਬਿਨਾਂ।

ਵਾਲੀਆ ਅਨੁਸਾਰ ਇਸ ਸਮੇਂ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਲਈ ਆਮਦਨ ਦਾ ਨੰਬਰ ਇਕ ਸ੍ਰੋਤ ਹਨ।

ਪਰ ਬੀ ਸੀ ਦੀ ਕੌਰਨਰ ਸਰਵਿਸ ਡਰੱਗ ਓਵਰਡੋਜ਼ ਨਾਲ ਸੰਬੰਧਿਤ ਅੰਕੜਿਆਂ ਦਾ ਨਸਲ ਦੇ ਆਧਾਰ `ਤੇ ਹਿਸਾਬ ਨਹੀਂ ਰੱਖਦੀ।

"ਪ੍ਰੈੱਸ ਪ੍ਰੌਗਰੈੱਸ" ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਬੀ ਸੀ ਕੌਰਨਰ ਸਰਵਿਸ ਦੇ ਬੁਲਾਰੇ ਰਾਇਨ ਪੈਨਟਨ ਨੇ ਕਿਹਾ, “ਅਸੀਂ ਮਾਰੇ ਜਾਣ ਵਾਲੇ ਲੋਕਾਂ ਬਾਰੇ ਉਹਨਾਂ ਦੇ ਸਭਿਆਚਰਕ ਪਿਛੋਕੜ (ਐਥਨਿਸਟੀਦੇ ਆਧਾਰ `ਤੇ ਅੰਕੜੇ ਇਕੱਤਰ ਨਹੀਂ ਕਰਦੇ ਕਿਉਂਕਿ ਇਸ ਸਮੇਂ ਇਸ ਤਰ੍ਹਾਂ ਦੀ ਜਾਣਕਾਰੀ ਬਾਰੇ ਕੋਈ ਸੂਬਾਈ ਮਿਆਰ ਨਹੀਂ ਹਨ।

ਪਰ ਫਸਟ ਨੇਸ਼ਨਜ਼ ਹੈਲਥ ਅਥਾਰਟੀ ਹਰ ਮਹੀਨੇ ਬੀ ਸੀ ਦੀ ਫਸਟ ਨੇਸ਼ਨਜ਼ ਵਸੋਂ ਵਿੱਚ ਡਰੱਗ ਕਾਰਨ ਹੋਣ ਵਾਲੀਆਂ ਘਟਨਾਵਾਂ (ਡਰੱਗ ਪੁਆਜ਼ਨਿੰਗ ਈਵੈਂਟਸਅਤੇ ਮੌਤਾਂ ਦੀ ਗਿਣਤੀ ਬਾਰੇ ਕਮਿਊਨਿਟੀ ਸਿਚੂਏਸ਼ਨ ਰਿਪੋਰਟ” ਜਾਰੀ ਕਰਦੀ ਹੈ। ਬੀ ਸੀ ਵਿਚਲੇ ਹੋਰ ਭਾਈਚਾਰਿਆਂ ਬਾਰੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਤਿਆਰ ਨਹੀਂ ਕੀਤੀਆਂ ਜਾਂਦੀਆਂ।

ਯੂ ਬੀ ਸੀ ਦੇ ਸੋਸ਼ਿਓਲੌਜੀ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਲਿੰਡਜ਼ੇ ਰਿਚਰਡਸਨ ਨੇ "ਪ੍ਰੈੱਸ ਪ੍ਰੌਗਰੈੱਸ" ਨੂੰ ਦੱਸਿਆ, “ਮੇਰੇ ਖਿਆਲ ਵਿੱਚ ਇਹ ਮੰਨਣਾ ਮਹੱਤਵਪੂਰਨ ਹੈ ਕਿ ਡਰੱਗਾਂ ਦੇ ਨਸ਼ੇ ਅਤੇ ਜ਼ਹਿਰੀਲੇਪਣ ਦੇ ਸੰਕਟ ਨਾਲ ਹਰ ਕਿਸੇ 'ਤੇ ਇਕੋ ਜਿੰਨਾ ਅਸਰ ਨਹੀਂ ਹੁੰਦਾ। ਉਮਰਲਿੰਗਸਮਾਜਕ ਆਰਥਿਕ ਦਰਜੇ ਅਤੇ ਸਭਿਆਚਾਰਕ ਪਿਛੋਕੜ (ਐਥਿਨਿਸਟੀਦੇ ਲੋਕਾਂ ਵਿੱਚ ਇਸ ਦੇ ਵੱਡੀ ਪੱਧਰ `ਤੇ ਵੱਖ ਵੱਖ ਅਸਰ ਪੈਂਦੇ ਹਨ।

ਮੇਰੇ ਖਿਆਲ ਵਿੱਚ ਇਹ ਆਮ ਮੰਨਿਆ ਜਾਂਦਾ ਹੈ ਕਿ ਵੱਖ ਵੱਖ ਸਮੂਹਾਂ ਬਾਰੇ ਅੰਕੜੇ ਇਕੱਤਰ ਕਰਨਾ ਮਦਦਗਾਰ ਹੁੰਦਾ ਹੈ।

ਰਿਚਰਡਸਨ ਨੇ ਦੱਸਿਆ ਕਿ ਨਸਲਆਧਾਰਿਤ ਅੰਕੜੇ ਇਕੱਠੇ ਕਰਨ ਵਿੱਚ ਅਤੇ ਇਸ ਦੀ ਸਚਾਈ ਯਕੀਨੀ ਬਣਾਉਣ ਵਿੱਚ ਅਤੇ ਇਹ ਯਕੀਨੀ ਬਣਾਉਣ ਵਿੱਚ ਕਿ ਇਸ ਦੇ ਨਤੀਜੇ ਵਜੋਂ ਭਾਈਚਾਰਿਆਂ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇਕਈ ਰੁਕਾਵਟਾਂ ਅਤੇ ਚੁਣੌਤੀਆਂ ਹਨ।

ਰਿਚਰਡਸਨ ਨੇ ਅੱਗੇ ਕਿਹਾ ਇਸ ਲਈ ਸੁਆਲ ਪੈਦਾ ਹੁੰਦਾ ਹੈਕਿ ਕੀ ਓਵਰਡੋਜ਼ ਦੇ ਸੰਕਟ ਨਾਲ ਨਿਪਟਣ ਲਈ ਸਮੁੱਚਾ ਅਤੇ ਸਭਿਆਚਾਰਕ ਤੌਰ `ਤੇ ਢੁਕਵਾਂ ਹੱਲ ਲੱਭਣ ਲਈ ਸਾਨੂੰ ਇਹਨਾਂ ਅੰਕੜਿਆਂ ਦੀ ਲੋੜ ਹੈਕੀ ਉਹ ਹੱਲ ਘੱਟ ਸੰਪੂਰਨ ਜਾਂ ਕੋਈ ਵੀ ਜਾਣਕਾਰੀ ਤੋਂ ਬਿਨਾਂ ਨਹੀਂ ਕੱਢੇ ਜਾ ਸਕਦੇਕਿਉਂਕਿ ਸਾਨੂੰ ਪਤਾ ਹੈ ਕਿ ਸੂਬੇ ਭਰ ਵਿੱਚ ਭਾਈਚਾਰੇ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ।

ਉਸ ਨੇ ਕਿਹਾ ਕਿ ਜਾਣਕਾਰੀ ਦੇ ਨਾ ਹੋਣ ਦੇ ਬਾਵਜੂਦਸਰਕਾਰ ਦੇ ਐਕਸ਼ਨਾਂ ਨੂੰ ਵੱਖ ਵੱਖ ਤਰ੍ਹਾਂ ਦੀ ਵਸੋਂ ਨੂੰ ਸੰਬੋਧਨ ਹੋਣਾ ਚਾਹੀਦਾ ਹੈ।

ਇਸ ਤੋਂ ਅੱਗੇ ਉਸ ਨੇ ਕਿਹਾ ਜੇ ਸਾਨੂੰ ਇਹ ਪਤਾ ਲੱਗ ਰਿਹਾ ਹੈਭਾਵੇਂ ਕਿ ਨਿੱਜੀ ਕਹਾਣੀਆਂ ਦੇ ਆਧਾਰ`ਤੇ ਹੀਕਿ ਵਿਦਿਆਰਥੀ ਇਸ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨਤਾਂ ਇਹ ਸਾਡੀ ਜਿ਼ੰਮੇਵਾਰੀ ਨਹੀਂ ਬਣਦੀ ਕਿ ਅਸੀਂ ਵਿਦਿਆਰਥੀਆਂ `ਤੇ ਕੇਂਦਰਿਤ ਕੋਈ ਕਦਮ ਚੁੱਕੀਏ?”

ਇਹ ਸਪਸ਼ਟ ਹੈ ਕਿ ਇਕ ਆਦਰਸ਼ਕ ਸਥਿਤੀ ਵਿੱਚਸਾਡੇ ਕੋਲ ਸੰਪੂਰਨ ਅਤੇ ਸਹੀ ਜਾਣਕਾਰੀ ਹੋਵੇਗੀ। ਪਰ ਉਸ ਜਾਣਕਾਰੀ ਦੀ ਗੈਰਹਾਜ਼ਰੀ ਵਿੱਚਜੇ ਸਾਨੂੰ ਪਤਾ ਹੈ ਕਿ ਖਾਸ ਸਮੂਹ ਪ੍ਰਭਾਵਿਤ ਹੋ ਰਹੇ ਹਨਤਾਂ ਉਹ ਸਾਨੂੰ ਇਸ ਬਾਰੇ ਕੁੱਝ ਕਰਨ ਦੀ ਜਿ਼ੰਮੇਵਾਰੀ ਤੋਂ ਬਰੀ ਨਹੀਂ ਕਰਦਾ।

2019 ਵਿੱਚ ਫਰੇਜ਼ਰ ਹੈਲਥ ਦੇ ਚੀਫ ਮੈਡੀਕਲ ਅਫਸਰ ਨੇ ਇਕ ਰਿਪੋਰਟ ਜਾਰੀ ਕੀਤੀ ਸੀ ਕਿ ਫਰੇਜ਼ਰ ਹੈਲਥ ਦੇ ਇਲਾਕੇ ਵਿੱਚ ਸਾਊਥ ਏਸ਼ੀਅਨ ਮਰਦ ਡਰੱਗ ਓਵਰਡੋਜ਼ ਦੇ ਸੰਕਟ ਨਾਲ ਵਸੋਂ ਵਿੱਚ ਆਪਣੇ ਅਨੁਪਾਤ ਦੇ ਮੁਕਾਬਲੇ ਜ਼ਿਆਦਾ ਗਿਣਤੀ ਵਿੱਚ ਪ੍ਰਭਾਵਿਤ ਹੋ ਰਹੇ ਸਨ।

ਉਸ ਸਮੇਂ ਤੋਂ ਬਾਅਦ ਸਰਕਾਰ ਵਲੋਂ ਇਸ ਸਮੂਹ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਇੰਸ ਦੇ ਬਾਨੀ ਕੁਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਾਣਕਾਰੀ ਬਾਰੇ ਪਾਰਦਰਸ਼ਤਾ ਦੀ ਘਾਟ ਦੇ ਨਾਲ ਨਾਲ ਸਰਕਾਰ ਡਰੱਗ ਦੇ ਜ਼ਹਿਰੀਲੇਪਣ ਅਤੇ ਓਵਰਡੋਜ਼ ਦੇ ਸੰਬੰਧ ਵਿੱਚ ਵੱਖ ਵੱਖ ਭਾਈਚਾਰਿਆਂ ਤੱਕ ਪਹੁੰਚਣ ਲਈ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ।

ਸਿੰਘ ਨੇ "ਪ੍ਰੈੱਸ ਪ੍ਰੌਗਰੈੱਸ" ਨੂੰ ਦੱਸਿਆ, “ਜੇ ਤੁਸੀਂ ਬੀ ਸੀ ਦੀ ਸਟੌਪ ਓਵਰਡੋਜ਼ ਮੁਹਿੰਮ ਨੂੰ ਦੇਖੋਤਾਂ ਪਹਿਲਾਂ ਉਹਨਾਂ ਦੀ ਮੁਹਿੰਮ ਵਿੱਚਉਦੋਂ ਅਸੀਂ ਉਨ੍ਹਾਂ ਨੂੰ ਸਲਾਹ ਮਸ਼ਵਰਾ ਦਿੱਤਾ ਸੀਪੰਜਾਬੀ ਅਨੁਵਾਦਪੰਜਾਬੀ ਦੇ ਚਿੰਨ ਅਤੇ ਪੰਜਾਬੀ ਵਿੱਚ ਇਸ਼ਤਿਹਾਰ ਹੁੰਦੇ ਸਨ। ਪਰ ਮੁਹਿੰਮ ਦੇ ਪਿਛਲੇ ਦੌਰ ਵਿੱਚਜਦੋਂ ਨਵਾਂ ਮਨਿਸਟਰ ਆਇਆਉਹਨਾਂ ਨੇ ਇਹ ਸਭ ਕੁੱਝ ਹਟਾ ਦਿੱਤਾ ਅਤੇ ਵੈੱਬਸਾਈਟ `ਤੇ ਕਿਤੇ ਵੀ ਕੁੱਝ ਪੰਜਾਬੀ ਵਿੱਚ ਨਹੀਂ ਹੈ। ਸਭ ਕੁਝ ਅੰਗਰੇਜ਼ੀ ਵਿੱਚ ਹੈਮੈਂਡਰੀਨ ਵਿੱਚ ਕੁੱਝ ਨਹੀਂਇਨਡਿਜੀਨਿਸ ਭਾਸ਼ਾਵਾਂ ਵਿੱਚ ਕੁੱਝ ਨਹੀਂ।

ਸਿੰਘ ਡਰੱਗ ਦੇ ਜ਼ਹਿਰੀਲੇਪਣ ਅਤੇ ਓਵਰਡੋਜ਼ ਸੰਕਟ ਬਾਰੇ2022 ਦੀ ਪੱਤਝੜ ਰੁੱਤ ਵਿਚ ਜਾਰੀ ਕੀਤੀ ਗਈ ਸਟੈਂਡਿੰਗ ਕਮੇਟੀ ਦੀ ਹੈਲਥ ਰਿਪੋਰਟ ਦੇ ਸੰਬੰਧ ਵਿੱਚ ਸਲਾਹ ਮਸ਼ਵਰੇ ਦਾ ਹਿੱਸਾ ਸੀ।

ਸਿੰਘ ਦਾ ਕਹਿਣਾ ਹੈ ਕਿ ਅਡਿਕਸ਼ਨਰਿਕਵਰੀ ਅਤੇ ਇਲਾਜ ਬਾਰੇ ਕਾਨਫਰੰਸਾਂ ਵੀ ਅਸਲੀਅਤ ਦਾ ਅਕਸ ਨਹੀਂ ਦਿਖਾਉਂਦੀਆਂ ਕਿ ਬੀ ਸੀ ਵਿੱਚ ਕੌਣ ਡਰੱਗ ਵਰਤ ਰਿਹਾ ਹੈ ਅਤੇ ਕੌਣ ਇਸ ਕਾਰਨ ਮਰ ਰਿਹਾ ਹੈ।

ਇਹ ਇਸ ਬਾਰੇ ਚੇਤਨਾ ਅਤੇ ਸਮਝ ਦੀ ਘਾਟ ਪੈਦਾ ਕਰਨ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਫਿਰ ਸਿਸਟਮ ਦੇ ਪੱਧਰ `ਤੇ ਰੁਕਾਵਟਾਂ ਪੈਦਾ ਕਰਦਾ ਹੈ।

ਸਿੰਘ ਨੇ ਦੱਸਿਆ, “ਜਦੋਂ ਅਸਲੀ ਇਲਾਜ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਹਨ ਕਿ ਮਦਦ ਲੈਣ ਦੀ ਕੋਸਿ਼ਸ਼ ਕਰਨ ਸਮੇਂ ਉਹਨਾਂ ਨੂੰ ਸਿਸਟਮ ਦੀ ਪੱਧਰ ਤੇ ਰੁਕਾਵਟਾਂਨਸਲਵਾਦਭਾਸ਼ਾ ਨਾਲ ਸੰਬੰਧਿਤ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ।

ਕੁੱਝ ਵਿਦਿਆਰਥੀ ਜਾਣਦੇ ਹਨ ਕਿ ਉਹ ਅਜਿਹੀ ਚੀਜ਼ ਲੈ ਰਹੇ ਹਨ ਜਿਹੜੀ ਉਹਨਾਂ ਦੀ ਸਿਹਤ`ਤੇ ਅਸਰ ਪਾ ਸਕਦੀ ਹੈਪਰ ਉਹ ਹੈਰੋਈਨਫੈਨਟਿਨਲਬੈਨਜ਼ੋਡਾਇਆਜ਼ੈਪਾਈਨਜ਼ ਅਤੇ ਹੋਰ ਚੀਜ਼ਾਂ ਵਿਚਲੇ ਫਰਕ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਬਹੁਤੀ ਵਾਰ ਉਹ ਕਹਿਣਗੇ ਮੇਰੇ ਦੋਸਤ (ਸਾਥੀਨੇ ਮੈਨੂੰ ਕੁੱਝ ਗੋਲੀਆਂ ਦਿੱਤੀਆਂ ਕਿਉਂਕਿ ਮੈਂ ਲੰਮੀ ਸਿ਼ਫਟ ਕਰਨੀ ਚਾਹੁੰਦਾ ਸੀ ਜਾਂ ਮੈਂ ਬਹੁਤ ਜਿ਼ਆਦਾ ਸਟਰੈੱਸ ਵਿੱਚ ਸੀਅਤੇ ਉਸ ਨੇ ਮੈਨੂੰ ਕਿਹਾ, “ਇਹ ਲੈ ਲਾਇਹ ਤੇਰੀ ਮਦਦ ਕਰਗੀ‘”

ਇਹ ਕਮੇਟੀ ਦੀ ਰਿਪੋਰਟ ਦਾ ਉਹ ਹਿੱਸਾ ਸੀ ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆਜਿਸ ਬਾਰੇ ਮੁੱਖ ਤੌਰ `ਤੇ ਸਰਕਾਰ ਨੇ ਕੁੱਝ ਨਹੀਂ ਕੀਤਾ।

ਰਿਪੋਰਟ ਵਿੱਚ ਲਿਖਿਆ ਹੈ ਸਾਊਥ ਏਸ਼ੀਅਨ ਮੈਂਟਲ ਹੈਲਥ ਅਲਾਇੰਸ ਅਤੇ ਸਟੂਡੈਂਟ Eਵਰਕਮਿੰਗ ਸਬਸਟਾਂਸ ਯੂਜ਼ ਡਿਸਔਰਡਰ ਐਂਡ ਅਡਿਕਸ਼ਨ ਨੇ ਕਮੇਟੀ ਨੂੰ ਦੱਸਿਆ ਸੀ ਕਿ ਉਹਨਾਂ ਅਜਿਹੀਆਂ ਉਦਾਹਰਨਾਂ ਬਾਰੇ ਸੁਣਿਆ ਹੈ ਜਿਹਨਾਂ ਵਿੱਚ ਕੰਮ ਮਾਲਕ ਚੁਸਤੀ ਵਧਾਉਣ ਲਈ ਆਪਣੇ ਕਾਮਿਆਂ ਨੂੰ ਗੈਰਕਾਨੂੰਨੀ ਚੀਜ਼ਾਂ ਲੈਣ ਲਈ ਉਤਸ਼ਾਹਿਤ ਕਰਦੇ ਹਨ।

ਵਾਲੀਆ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਸ ਨੇ ਵੀ ਇਸ ਮਾਮਲੇ ਬਾਰੇ ਸੁਣਿਆ ਹੈ। ਉਸ ਨੇ ਕਿਹਾ ਕਿ ਨਵੰਬਰ ਵਿੱਚ ਉਸ ਨੇ ਇਕ ਵਿਦਿਆਰਥੀ ਨਾਲ ਗੱਲ ਕੀਤੀ ਸੀਜਿਸ ਨੇ ਉਸ ਨੂੰ ਦੱਸਿਆ ਸੀ ਕਿ ਇਕ ਫੁੱਡ ਫਰੇਮਰ ਵਜੋਂ ਕੰਮ ਕਰਦੇ ਵਕਤ ਉਸ ਨੂੰ ਚੁਸਤ ਰਹਿਣ ਲਈ ਨਸ਼ੇ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸੀ।

ਵਾਲੀਆ ਨੇ ਕਿਹਾ, “ਉਸ ਨੇ ਮੈਨੂੰ ਦੱਸਿਆ, ‘ਮੇਰਾ ਰੂਮਮੇਟ ਕਹਿੰਦਾ ਕਿ ਜੇ ਤੂੰ ਇਹ ਇਹ ਲੈ ਰਿਹਾ ਹੈਂਤਾਂ ਕੰਮ ਦਾ ਭਾਰ ਸਹਿਣ ਦੇ ਯੋਗ ਹੋਵੇਂਗਾਨਹੀਂ ਤਾਂ ਤੂੰ ਇਹ ਨਹੀਂ ਕਰ ਸਕੇਂਗਾ।

ਸਿੰਘ ਅਨੁਸਾਰਟਰੱਕਿੰਗ ਅਤੇ ਕਨਸਟ੍ਰਕਸ਼ਨ ਇੰਡਸਟਰੀ ਵਿੱਚ ਇਹ ਇਕ ਵੱਡੀ ਸਮੱਸਿਆ ਹੈਪਰ ਜਾਣਕਾਰੀ ਅਤੇ ਆਊਟਰੀਚ ਸਾਊਥ ਏਸ਼ੀਅਨ ਵਸੋਂ ਨੂੰ ਆਪਣੇ ਘੇਰੇ ਵਿੱਚ ਨਹੀਂ ਲੈਂਦੀਇਸ ਗੱਲ ਦੇ ਬਾਵਜੂਦ ਕਿ ਨਿੱਜੀ ਕਹਾਣੀਆਂ ਦੇ ਆਧਾਰਿਤ ਸਬੂਤ ਇਹ ਦਰਸਾਉਂਦੇ ਹਨ ਕਿ ਉਹ ਇਸ ਸੰਕਟ ਤੋਂ ਵਸੋਂ ਵਿੱਚ ਆਪਣੇ ਅਨੁਪਾਤ ਤੋਂ ਵੱਧ ਅਨੁਪਾਤ ਵਿੱਚ ਪ੍ਰਭਾਵਿਤ ਹਨ।

ਸਿੰਘ ਨੇ ਅਗਾਂਹ ਦੱਸਿਆ ਬਹੁਤੀ ਵਾਰ ਸਾਡਾ ਸਿਸਟਮ ਇਸ ਤੱਥ ਵੱਲ ਧਿਆਨ ਨਹੀਂ ਦਿੰਦਾ ਕਿ ਵੱਡੇ ਕਾਰੋਬਾਰ ਨਵੇਂ ਇੰਮੀਗਰੈਂਟ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੇ ਹਨਭਾਵੇਂ ਕਿ ਇਹ ਫਾਰਮਵਰਕਰ ਹੋਣ ਜਾਂ ਫੈਕਟਰੀ ਵਰਕਰ ਜਾਂ ਟਰੱਕ ਡਰਾਈਵਰ ਹੋਣ। ਉਹਨਾਂ `ਤੇ ਜਿ਼ਆਦਾ ਸਿ਼ਫਟਾਂ ਅਤੇ ਲੰਮੇ ਘੰਟੇ ਕਰਨ ਲਈ ਦਬਾਅ ਹੁੰਦਾ ਹੈਅਤੇ ਕਈ ਇਸ ਦਬਾਅ ਨੂੰ ਸਹਿਣ ਲਈ ਨਸ਼ੇ ਕਰਦੇ ਹਨ।

ਪਰ ਸਿੰਘ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਸਕਿਲਡ ਟਰੇਡਜ਼ ਐਂਡ ਟ੍ਰਾਂਸਪੋਰਟੇਸ਼ਨ ਵਰਗੀਆਂ ਸਨਅਤਾਂ ਵਿੱਚਜਿੱਥੇ ਇਹ ਸਮੱਸਿਆ ਹੋਣ ਬਾਰੇ ਨੋਟ ਕੀਤਾ ਗਿਆ ਸੀਵੱਖਰੇ ਪਿਛੋਕੜਾਂ ਦੇ ਵਰਕਰਾਂ ਨੂੰ ਹੱਲ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।

ਉਸ ਦਾ ਕਹਿਣਾ ਹੈ ਕਿ ਕਨਸਟ੍ਰਕਸ਼ਨ ਵਰਕਰਾਂ ਲਈ ਨਸਿ਼ਆ ਦੀ ਵਰਤੋਂ ਅਤੇ ਮਾਨਸਿਕ ਸਿਹਤ ਬਾਰੇ ਟੇਲਗੇਟ ਟੂਲਕਿੱਟ ਨਾਮੀ ਪ੍ਰੋਗਰਾਮ ਵਿੱਚ ਪੰਜਾਬੀ ਵਿੱਚ ਵਸੀਲੇ ਪ੍ਰਦਾਨ ਨਹੀਂ ਕੀਤੇ ਜਾਂਦੇਭਾਵੇਂ ਕਿ ਇਸ ਇੰਡਸਟਰੀ ਵਿੱਚ ਪੰਜਾਬੀ ਕਮਿਊਨਿਟੀ ਦੇ ਕਈ ਲੋਕ ਕੰਮ ਕਰਦੇ ਹਨ।

ਸਿੰਘ ਅਨੁਸਾਰ ਇਸ ਤਰ੍ਹਾਂ ਦੀਆਂ ਬੇਧਿਆਨੀਆਂ ਤਾਂ ਵਾਪਰਦੀਆਂ ਹਨ ਕਿਉਂਕਿ ਜੇ ਅਸੀਂ ਨਜ਼ਰਾਂ ਤੋਂ ਦੂਰ ਹਾਂਤਾਂ ਧਿਆਨ ਤੋਂ ਵੀ ਦੂਰ ਹਾਂ। ਅਤੇ ਅਸੀਂ ਸਿਸਟਮਬੱਧ ਨਸਲਵਾਦ ਕਰਕੇ ਨਜ਼ਰਾਂ ਅਤੇ ਧਿਆਨ ਤੋਂ ਦੂਰ ਹਾਂ।

"ਪ੍ਰੈੱਸ ਪ੍ਰੌਗਰੈੱਸ" ਨੂੰ ਦਿੱਤੇ ਇਕ ਬਿਆਨ ਵਿੱਚ ਮਨਿਸਟਰੀ ਆਫ ਲੇਬਰ ਦੇ ਇਕ ਬੁਲਾਰੇ ਨੇ ਕਿਹਾ, “ਮਨਿਸਟਰੀ ਨੂੰ ਉਹਨਾਂ ਖਾਸ ਉਦਾਹਰਨਾਂ ਦਾ ਗਿਆਨ ਨਹੀਂ ਹੈ ਜਿਸ ਵਿੱਚ ਕੰਮ ਮਾਲਕ ਵਰਕਰਾਂ ਨੂੰ ਚੁਸਤ ਰਹਿਣ ਲਈ ਗੈਰਕਾਨੂੰਨ ਨਸ਼ੇ ਲੈਣ ਲਈ ਉਤਸ਼ਾਹਿਤ ਕਰਦੇ ਹਨ।

ਵਰਕਸੇਫ ਬੀ ਸੀ ਵੈਨਕੂਵਰ ਆਈਲੈਂਡ ਕੰਨਸਟ੍ਰਕਸ਼ਨ ਐਸੋਸੀਏਸ਼ਨ ਵਲੋਂ ਤਿਆਰ ਕੀਤੇ ਟੇਲਗੇਟ ਟੂਲਕਿੱਟ ਹਾਰਮ ਰਿਡਕਸ਼ਨ ਪ੍ਰੋਗਰਾਮ ਨੂੰ ਸਾਰੇ ਬੀ ਸੀ ਵਿੱਚ ਕਨਸਟ੍ਰਕਸ਼ਨ ਅਤੇ ਟ੍ਰੇਡਜ਼ ਨਾਲ ਸੰਬੰਧਿਤ ਕੰਮ ਦੀਆਂ ਥਾਂਵਾਂ ਤੱਕ ਵਧਾਉਣ ਲਈ ਮਨਿਸਟਰੀ ਆਫ ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਵਿੱਚ ਇਸ ਸਾਲ ਵਿੱਚ ਹੋਰ ਬੋਲੀਆਂ ਵਿੱਚ ਵਸੀਲੇ ਤਿਆਰ ਕਰਨਾ ਵੀ ਸ਼ਾਮਲ ਹੈ।

ਰਮਨੀਕ ਜੌਹਲ - ਪ੍ਰੈਸ ਪ੍ਰੋਗਰੈੱਸ ਦੀ ਬੀ ਸੀ ਤੋਂ ਰਿਪੋਰਟਰ ਹੈ।

ਸੁਖਵੰਤ ਹੁੰਦਲ - ਸਰੀ ਵਿੱਚ ਰਹਿਣ ਵਾਲਾ ਪੰਜਾਬੀ ਲੇਖਕ ਅਤੇ ਅਨੁਵਾਦਕ ਹੈ।

ਵਾਤਾਵਰਨ ਦੇ ਸੰਕਟ ਬਾਰੇ ਗੱਲਬਾਤ ਨੂੰ ਕੁਰਾਹੇ ਪਾਉਣ ਵਿੱਚ ਕਾਰਪੋਰੇਸ਼ਨਾਂ ਦੀ ਭੂਮਿਕਾ - ਸੁਖਵੰਤ ਹੁੰਦਲ

ਤਕਰੀਬਨ ਇਕ ਦਹਾਕਾ ਪਹਿਲਾਂ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਇਕਨਾਮਿਕਸ ਦੇ ਪ੍ਰੋਫੈਸਰ ਅਤੇ ਇਕਨਾਮਿਕ ਸਾਇੰਸਜ਼ ਵਿੱਚ ਨੋਬਲ ਮੈਮੋਰੀਅਲ ਇਨਾਮ ਜੇਤੂ ਜੋਸਫ ਸਟਿਗਲੈਟਸ ਨੇ ਅਮਰੀਕਾ ਵਿੱਚ ਦੌਲਤ ਅਤੇ ਸਿਆਸੀ ਨਾਬਰਾਬਰੀ ਬਾਰੇ ਲਿਖੇ ਇਕ ਆਰਟੀਕਲ ਦਾ ਨਾਂ "ਆਫ ਦੀ 1%, ਬਾਈ ਦੀ 1%, ਫਾਰ ਦੀ 1% - ਭਾਵ 1% ਦੀ, 1% ਵਲੋਂ, 1% ਲਈ" ਰੱਖਿਆ ਹੈ।  ਆਪਣੇ ਆਰਟੀਕਲ ਦਾ ਇਹ ਨਾਂ ਰੱਖ ਕੇ ਉਹ ਇਹ ਕਹਿ ਰਹੇ ਜਾਪਦੇ ਹਨ ਕਿ ਅਮਰੀਕਾ ਦੀ ਸਰਕਾਰ ਉਪਰਲੇ 1% ਅਮੀਰਾਂ ਦੀ ਸਰਕਾਰ ਹੈ, ਇਹ ਇਹਨਾਂ 1% ਅਮੀਰਾਂ ਵਲੋਂ ਚਲਾਈ ਜਾਂਦੀ ਹੈ ਅਤੇ ਇਹ 1% ਅਮੀਰਾਂ ਲਈ ਹੈ। ਪ੍ਰੋਫੈਸਰ ਸਟਿਗਲੈਟਸ ਦੀ ਇਹ ਧਾਰਨਾ ਲੋਕਤੰਤਰ ਬਾਰੇ ਪ੍ਰਚਲਤ ਉਸ ਆਮ ਧਾਰਨਾ ਦੇ ਬਿਲਕੁਲ ਉਲਟ ਹੈ ਜੋ ਇਹ ਕਹਿੰਦੀ ਹੈ ਕਿ ਲੋਕਤੰਤਰ ਵਿਚਲੀ ਸਰਕਾਰ ਲੋਕਾਂ ਦੀ ਸਰਕਾਰ ਹੁੰਦੀ ਹੈ, ਲੋਕਾਂ ਵਲੋਂ ਚਲਾਈ ਜਾਂਦੀ ਹੈ ਅਤੇ ਲੋਕਾਂ ਲਈ ਕੰਮ ਕਰਦੀ ਹੈ। ਉਹਨਾਂ ਦੀ ਅਮਰੀਕਾ ਬਾਰੇ ਇਸ ਧਾਰਨਾ ਨੂੰ ਸਮੁੱਚੇ ਪੂੰਜੀਵਾਦੀ ਪ੍ਰਬੰਧ ਹੇਠ ਕੰਮ ਕਰਦੀਆਂ ਸਰਕਾਰਾਂ `ਤੇ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਪੂੰਜੀਵਾਦੀ ਪ੍ਰਬੰਧ ਹੇਠ ਕੰਮ ਕਰਦੀਆਂ ਸਰਕਾਰਾਂ ਦਾ ਰੋਲ 1% ਪੂੰਜੀਵਾਦੀ ਲੋਕਾਂ ਦੇ ਹਿਤਾਂ ਦੀ ਰਾਖੀ ਕਰਨਾ ਹੁੰਦਾ ਹੈ। ਇਹ ਪੱਕਾ ਕਰਨ ਲਈ ਕਿ ਸਰਕਾਰਾਂ ਵਲੋਂ ਬਣਾਏ ਜਾਂਦੇ ਕਾਨੂੰਨ ਅਤੇ ਨੀਤੀਆਂ ਇਹਨਾਂ 1% ਲੋਕਾਂ ਦੇ ਹਿਤਾਂ ਵਿੱਚ ਹੋਣ, ਇਹ 1% ਲੋਕ ਜੋ ਢੰਗ ਵਰਤਦੇ ਹਨ, ਉਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ: ਉਹ ਇਲੈਕਸ਼ਨਾਂ ਵਿੱਚ ਉਮੀਦਵਾਰਾਂ ਦੀ ਮਦਦ ਲਈ ਫੰਡ ਦਿੰਦੇ ਹਨ, ਉਹ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਲੌਬੀ ਕਰਨ ਵਾਲੇ ਲੋਕਾਂ ਨੂੰ ਪੈਸੇ ਦਿੰਦੇ ਹਨ ਅਤੇ ਉਹ ਉਹਨਾਂ ਥਿੰਕ ਟੈਂਕਾਂ, ਖੋਜ ਸੰਸਥਾਂਵਾਂ ਆਦਿ ਨੂੰ ਫੰਡ ਕਰਦੇ ਹਨ ਜੋ ਇਹਨਾਂ ਅਮੀਰਾਂ ਦੇ ਹੱਕ ਵਿੱਚ ਲੋਕ ਰਾਇ ਪੈਦਾ ਕਰਦੇ ਹਨ ਅਤੇ ਇਹਨਾਂ ਦੇ ਹਿਤਾਂ ਵਿਰੁੱਧ ਜਾਣ ਵਾਲੀ ਜਾਣਕਾਰੀ `ਤੇ ਸ਼ੰਕੇ ਖੜ੍ਹੇ ਕਰਨ ਦਾ ਕਾਰਜ ਕਰਦੇ ਹਨ। ਆਪਣੀ ਇਸ ਧਾਰਨਾ ਨੂੰ ਸਾਬਤ ਕਰਨ ਲਈ ਅਸੀਂ ਇਸ ਲੇਖ ਵਿੱਚ ਅਮੀਰ ਲੋਕਾਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਪਿਛਲੇ ਕੁੱਝ ਦਹਾਕਿਆਂ ਦੌਰਾਨ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਗੱਲਬਾਤ ਨੂੰ ਪ੍ਰਭਾਵਿਤ ਕਰਨ ਲਈ ਵਰਤੇ ਗਏ ਵੱਖ ਵੱਖ ਤਰੀਕਿਆਂ ਬਾਰੇ ਗੱਲ ਕਰਾਂਗੇ।     
ਜੇਮਜ਼ ਹੋਗਨ ਅਤੇ ਰਿਚਰਡ ਲਿਟਲਮੋਰ ਵਲੋਂ ਲਿਖੀ ਕਿਤਾਬ ਕਲਾਈਮੇਟ ਕਵਰਅੱਪ: ਦੀ ਕਰੂਸੇਡ ਟੂ ਡਿਨਾਈ ਗਲੋਬਲ ਵਾਰਮਿੰਗ ਅਨੁਸਾਰ, ਜਦੋਂ ਜੌਰਜ ਡਬਲਿਊ ਬੁੱਸ਼ ਨੇ ਪ੍ਰੈਜ਼ੀਡੈਂਟ ਬਣਨ ਲਈ ਪਹਿਲੀ ਇਲੈਕਸ਼ਨ ਲੜੀ ਤਾਂ ਉਸ ਸਮੇਂ ਬੁੱਸ਼ ਨੂੰ ਤੇਲ ਸਨਅਤ ਵਲੋਂ 15 ਲੱਖ (1.5 ਮਿਲੀਅਨ) ਡਾਲਰ ਤੋਂ ਜ਼ਿਆਦਾ ਰਕਮ ਇਲੈਕਸ਼ਨ ਲੜ੍ਹਨ ਲਈ ਦਿੱਤੀ ਗਈ। ਸੰਨ 2001 ਅਤੇ 2004 ਦੌਰਾਨ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਦੀ ਮਾਲਕ ਸਾਊਦਰਨ ਕੰਪਨੀ ਨੇ ਸਿਆਸੀ ਖੇਤਰ ਵਿੱਚ 44 ਲੱਖ (4.4 ਮਿਲੀਅਨ) ਡਾਲਰ ਦੀ ਰਕਮ ਦਾਨ ਦਿੱਤੀ ਸੀ।ਆਪਣੀ ਪਹਿਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਾਰਜ ਬੁੱਸ਼ ਦੇ ਪ੍ਰਸ਼ਾਸਨ ਵਲੋਂ ਲਏ ਗਏ ਪਹਿਲੇ ਕੁੱਝ ਫੈਸਲਿਆਂ ਵਿੱਚ ਇਕ ਫੈਸਲਾ ਜਲਵਾਯੂ ਦੀ ਤਬਦੀਲੀ ਨਾਲ ਸੰਬੰਧਤ ਕਿਓਟੋ ਪ੍ਰੋਟੋਕਲ ਹੇਠ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋਣ ਲਈ ਕੀਤਾ ਗਿਆ ਫੈਸਲਾ ਸੀ। ਕਿਓਟੋ ਪ੍ਰੋਟੋਕਲ ਯੂਨਾਈਟਿਡ ਨੇਸ਼ਨਜ਼ ਦੀ ਅਗਵਾਈ ਹੇਠ ਕੀਤਾ ਗਿਆ ਇਕ ਸਮਝੌਤਾ ਸੀ ਜੋ ਵਿਕਸਤ ਦੇਸ਼ਾਂ ਨੂੰ ਸੰਨ 2012 ਤੱਕ ਆਪਣੇ ਕਾਰਬਨ ਡਾਈਔਕਸਾਈਡ ਦੇ ਪ੍ਰਦੂਸ਼ਣ ਨੂੰ ਇਕ ਨਿਸ਼ਚਿਤ ਮਾਤਰਾ ਵਿੱਚ ਘਟਾਉਣ ਲਈ ਵਚਨਬੱਧ ਕਰਦਾ ਸੀ। ਬਾਅਦ ਵਿੱਚ ਬੁੱਸ਼ ਨੇ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ (ਈ ਪੀ ਏ) ਵਲੋਂ 2002 ਵਿੱਚ ਪ੍ਰਦੂਸ਼ਣ ਘਟਾਉਣ ਲਈ ਕਲੀਅਰ ਸਕਾਈਜ਼ ਇਨੀਸ਼ੀਏਟਿਵ ਨਾਂ ਹੇਠ ਤਿਆਰ ਕੀਤੇ ਨਿਯਮਾਂ ਨੂੰ ਕਮਜ਼ੋਰ ਕਰਨ ਲਈ ਕਦਮ ਚੁੱਕੇ ਸਨ। ਜੇ ਈ ਪੀ ਏ ਵਲੋਂ ਤਿਆਰ ਕੀਤੇ ਇਹ ਨਿਯਮ ਆਪਣੇ ਮੁਢਲੇ ਰੂਪ ਵਿੱਚ ਲਾਗੂ ਹੋ ਜਾਂਦੇ ਤਾਂ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾ ਰਾਹੀਂ ਬਿਜਲੀ ਤਿਆਰ ਕਰਨ ਵਾਲੀ ਅਮਰੀਕਾ ਦੀ ਸਨਅਤ ਨੂੰ ਇਸ ਵਿੱਚ ਸੁਝਾਏ ਉਪਾਅ ਲਾਗੂ ਕਰਨ ਲਈ 6.5 ਅਰਬ (ਬਿਲੀਅਨ) ਡਾਲਰ ਖਰਚਣੇ ਪੈਣੇ ਸਨ, ਅਤੇ ਇਹਨਾਂ ਉਪਾਵਾਂ ਕਾਰਨ ਅਮਰੀਕਾ ਦੇ ਲੋਕਾਂ ਨੂੰ ਸਿਹਤ ਦੇ ਖੇਤਰ 93 ਅਰਬ (ਬਿਲੀਅਨ) ਡਾਲਰ ਦੇ ਫਾਇਦੇ ਹੋਣੇ ਸਨ। ਪਰ ਬੁੱਸ਼ ਪ੍ਰਸ਼ਾਸਨ ਦੇ ਦਬਾਅ ਕਾਰਨ ਈ ਪੀ ਏ ਨੇ ਇਸ ਉੱਦਮ ਵਿੱਚ ਤਬਦੀਲੀਆਂ ਕਰਕੇ ਇਹਨਾਂ ਨਿਯਮਾਂ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕਲੀਅਰ ਸਕਾਈਜ਼ ਇਨੀਸ਼ੀਏਟਿਵ ਅਮਰੀਕਾ ਦੀ ਕਾਂਗਰਸ ਵਿੱਚ ਪਾਸ ਨਾ ਹੋ ਸਕਿਆ। ਫਿਰ ਬੁੱਸ਼ ਪ੍ਰਸ਼ਾਸਨ ਨੇ ਕਲੀਅਰ ਸਕਾਈਜ਼ ਇਨੀਸ਼ੀਏਟਿਵ ਦੀ ਥਾਂ ਨਵੇਂ ਨਿਯਮ ਲਿਆਂਦੇ ਜਿਹੜੇ ਕਿ ਕਾਫੀ ਕਮਜ਼ੋਰ ਸਨ। ਅਸਲ ਵਿੱਚ ਈ ਪੀ ਏ ਵੱਲੋਂ ਤਿਆਰ ਕੀਤੇ ਇਹਨਾਂ ਨਵੇਂ ਨਿਯਮਾਂ ਵਿੱਚ ਦਰਜਨ ਤੋਂ ਵੱਧ ਪੈਰ੍ਹੇ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਦੀ ਸਨਅਤ ਦੀ ਨੁਮਾਇੰਦਗੀ ਕਰਨ ਵਾਲੀ ਵੈਸਟ ਐਸੋਸੀਏਸ਼ਨ ਅਤੇ ਵਾਤਾਵਰਨ ਦੇ ਸੰਬੰਧ ਵਿੱਚ ਕਾਰਪੋਰੇਸ਼ਨਾਂ ਦੇ ਕੇਸ ਲੜ੍ਹਨ ਵਾਲੀ ਵਕੀਲਾਂ ਦੀ ਫਰਮ ਲੱਠਮ ਐਂਡ ਵਾਟਕਿਨਜ਼ ਵਲੋਂ ਪੇਸ਼ ਕੀਤੇ ਮੀਮੋਆਂ ਵਿੱਚੋਂ ਲਏ ਗਏ ਸਨ।     
ਚੌਣਾਂ ਵਿੱਚ ਸਿਆਸੀ ਪਾਰਟੀਆਂ ਨੂੰ ਸਿੱਧੇ ਪੈਸੇ ਦੇਣ ਤੋਂ ਬਿਨਾਂ ਦੁਨੀਆ ਦੀ ਦੌਲਤ `ਤੇ ਕਾਬਜ਼ ਇਹ ਮੁੱਠੀ ਭਰ ਲੋਕ ਅਤੇ ਉਹਨਾਂ ਦੀ ਅਗਵਾਈ ਹੇਠ ਚਲਦੀਆਂ ਵੱਡੀਆਂ ਕਾਰਪੋਰੇਸ਼ਨਾਂ ਸਰਕਾਰਾਂ ਦੇ ਕਾਨੂੰਨਾਂ ਅਤੇ ਨੀਤੀਆਂ ਨੂੰ ਆਪਣੇ ਹਿਤਾਂ ਅਨੁਸਾਰ ਪ੍ਰਭਾਵਿਤ ਕਰਨ ਲਈ, ਸਰਕਾਰਾਂ ਦੇ ਨੁਮਾਇੰਦਿਆਂ ਨੂੰ ਲੌਬੀ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਦੀਆਂ ਹਨ। ਜਦੋਂ ਵੀ ਕੋਈ ਅਜਿਹੇ ਕਾਨੂੰਨ ਬਣਾਉਣ ਦੇ ਯਤਨ ਹੁੰਦੇ ਹਨ, ਜਿਹੜੇ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਮੁਨਾਫਾ ਕਮਾਉਣ ਦੇ ਕਾਰਜਾਂ ਵਿੱਚ ਰੁਕਾਵਟ ਬਣ ਸਕਦੇ ਹੋਣ ਤਾਂ ਇਨ੍ਹਾਂ ਵੱਡੀਆਂ ਕੰਪਨੀਆਂ ਲਈ ਕੰਮ ਕਰਦੇ ਲੌਬੀ ਕਰਨ ਵਾਲੇ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਪਹੁੰਚ ਕਰਕੇ ਇਸ ਤਰ੍ਹਾਂ ਦੇ ਕਾਨੂੰਨਾਂ ਨੂੰ ਪਾਸ ਹੋਣ ਤੋਂ ਰੋਕਣ ਜਾਂ ਕਾਨੂੰਨਾਂ ਦੀ ਕਾਰਪੋਰੇਸ਼ਨਾਂ ਵਿਰੋਧੀ ਧਾਰ ਨੂੰ ਖੁੰਡੀ ਕਰਨ ਲਈ ਜ਼ੋਰ ਲਾਉਂਦੇ ਹਨ। ਉਹਨਾਂ ਦੇ ਇਸ ਕੰਮ ਲਈ ਮੁੱਠੀ ਭਰ ਅਮੀਰ ਲੋਕ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਲੌਬੀ ਕਰਨ ਵਾਲਿਆਂ `ਤੇ ਪਾਣੀ ਵਾਂਗ ਪੈਸਾ ਵਹਾਉਂਦੀਆਂ ਹਨ। ਓਕਬਾਜ਼ਗੀ ਯੋਹੈਨਸ ਆਪਣੀ ਕਿਤਾਬ ਦੀ ਬਾਇਓਫਿਊਲ ਡਿਸੈਪਸ਼ਨ ਵਿੱਚ ਦੱਸਦਾ ਹੈ ਕਿ ਜਨਵਰੀ 2009 ਅਤੇ ਜੂਨ 2010 ਵਿਚਕਾਰ ਤੇਲ ਅਤੇ ਗੈਸ ਦੀ ਸਨਅਤ ਨੇ ਕਲੀਨ ਐਨਰਜੀ ਬਿੱਲਾਂ ਨੂੰ ਪਾਸ ਹੋਣ ਤੋਂ ਰੋਕਣ ਲਈ ਅਮਰੀਕਾ ਦੀ ਕਾਂਗਰਸ ਨੂੰ ਲਾਬੀ ਕਰਨ ਲਈ 25 ਕ੍ਰੋੜ (250 ਮਿਲੀਅਨ) ਡਾਲਰ ਖਰਚ ਕੀਤੇ ਸਨ। ਇਸ ਹੀ ਸਮੇਂ ਦੌਰਾਨ ਚੈਂਬਰ ਆਫ ਕਮਰਸ ਨੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਨਾਲ ਸੰਬੰਧਿਤ ਕਾਨੂੰਨਾਂ ਨੂੰ ਹਰਾਉਣ ਲਈ 19 ਕ੍ਰੋੜ (190 ਮਿਲੀਅਨ) ਡਾਲਰ ਖਰਚੇ ਸਨ।  ਸੰਨ 1999 ਅਤੇ 2009 ਵਿਚਕਾਰ ਤੇਲ ਅਤੇ ਗੈਸ, ਕੋਲੇ ਅਤੇ ਬਿਜਲੀ ਉਤਪਾਦਨ ਨਾਲ ਸੰਬੰਧਿਤ ਕੰਪਨੀਆਂ ਨੇ ਅਮਰੀਕਾ ਦੀ ਕਾਂਗਰਸ ਨੂੰ ਲੌਬੀ ਕਰਨ ਲਈ ਕੁੱਲ ਮਿਲਾ ਕੇ 2 ਅਰਬ (ਬਿਲੀਅਨ) ਡਾਲਰ ਖਰਚੇ ਸਨ ਤਾਂ ਕਿ ਉਹਨਾਂ ਕਾਨੂੰਨਾਂ ਨੂੰ ਹਰਾਇਆ ਜਾ ਸਕੇ ਜੋ ਕਾਨੂੰਨ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਅਸਰਾਂ ਨੂੰ ਘੱਟ ਕਰਨ ਲਈ ਬਣਾਏ ਜਾਣੇ ਸਨ।  
ਨਵੰਬਰ 2008 ਵਿੱਚ ਜਦੋਂ ਬਰਾਕ ਓਬਾਮਾ ਪਹਿਲੀ ਵਾਰ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਤਾਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਸ ਨੇ ਕੁੱਝ ਸੰਕੇਤ ਦਿੱਤੇ ਕਿ ਉਹ ਆਲਮੀ ਤਪਸ਼ (ਗਲੋਬਲ ਵਾਰਮਿੰਗ) ਘਟਾਉਣ ਲਈ ਕੁੱਝ ਕਦਮ ਚੁੱਕੇਗਾ। ਉਸ ਦੇ ਇਹਨਾਂ ਸੰਕੇਤਾਂ ਨੂੰ ਧਿਆਨ ਵਿੱਚ ਰੱਖਦਿਆਂ, ਵੱਡੀਆਂ ਕਾਰਪੋਰੇਸ਼ਨਾਂ ਨੇ ਓਬਾਮਾ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨੂੰ ਰੋਕਣ ਜਾਂ ਖੁੰਡਾ ਕਰਨ ਲਈ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਸੰਬੰਧ ਵਿੱਚ ਲੌਬੀ ਕਰਨ ਦੇ ਆਪਣੇ ਯਤਨਾਂ ਨੂੰ ਵੱਡੀ ਪੱਧਰ `ਤੇ ਤੇਜ਼ ਕਰ ਦਿੱਤਾ। 25 ਫਰਵਰੀ 2009 ਨੂੰ ਦੀ ਸੈਂਟਰ ਫਾਰ ਪਬਲਿਕ ਐਨਟੈਗਰਟੀ ਦੀ ਰਿਪੋਰਟ ਦੀ ਕਲਾਈਮੇਟ ਚੇਂਜ ਲੌਬੀ ਐਕਪਲੋਜ਼ਨ, ਵਿੱਚ ਇਸ ਬਾਰੇ ਇਸ ਤਰ੍ਹਾਂ ਲਿਖਿਆ ਹੈ, “ਜਦੋਂ ਓਬਾਮਾ ਦੀ ਟੀਮ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਹੋ ਰਹੀ ਹੈ, ਉਸ ਸਮੇਂ ਜਲਵਾਯੂ ਸੰਬੰਧੀ ਨੀਤੀਆਂ ਨੂੰ ਲੀਹੋਂ ਲਾਹੁਣ ਜਾਂ ਖੁੰਡਾ ਕਰਨਾ ਚਾਹੁਣ ਵਾਲੇ ਜਾਂ ਉਹਨਾਂ ਨੂੰ ਆਪਣੇ ਸੌੜੇ ਅਜੰਡਿਆਂ ਮੁਤਾਬਕ ਢਾਲਣਾ ਚਾਹੁਣ ਵਾਲੇ ਖਾਸ ਹਿੱਤਾਂ ਵਾਲੇ ਲੋਕ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਚੁੱਕੇ ਹਨ। ਸੈਂਟਰ ਫਾਰ ਪਬਲਿਕ ਐਨਟੈਗਰਿਟੀ ਵੱਲੋਂ ਸੈਨਟ ਦੇ ਡਿਸਕਲੋਜ਼ਰ ਫਾਰਮਾਂ ਦਾ ਕੀਤਾ ਵਿਸ਼ਲੇਸ਼ਣ ਦਿਖਾਉਂਦਾ ਹੈ ਕਿ ਪਿਛਲੇ ਸਾਲ ਵਿੱਚ ਫੈਡਰਲ ਪੱਧਰ ੱਤੇ ਜਲਵਾਯੂ ਨਾਲ ਸੰਬੰਧਿਤ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ 770 ਤੋਂ ਵੱਧ ਕੰਪਨੀਆਂ ਅਤੇ ਖਾਸ ਹਿੱਤ ਰੱਖਣ ਵਾਲੇ ਗਰੁੱਪਾਂ ਨੇ 2340 ਲੌਬੀ ਕਰਨ ਵਾਲਿਆਂ ਨੂੰ ਹਾਇਰ ਕੀਤਾ ਹੈ। ਇਹ ਗਿਣਤੀ ਪਿਛਲੇ 5 ਸਾਲਾਂ ਦੌਰਾਨ ਜਲਵਾਯੂ ਵਿੱਚ ਤਬਦੀਲੀ ਬਾਰੇ ਲੌਬੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 300 ਫੀਸਦੀ ਦਾ ਵਾਧਾ ਹੈ, ਅਤੇ ਇਸ ਦਾ ਮਤਲਬ ਹੈ ਕਿ ਹੁਣ ਵਸ਼ਿੰਗਟਨ ਵਿੱਚ ਕਾਂਗਰਸ ਦੇ ਇਕ ਮੈਂਬਰ ਮਗਰ ਜਲਵਾਯੂ ਵਿੱਚ ਤਬਦੀਲੀ ਬਾਰੇ ਲੌਬੀ ਕਰਨ ਵਾਲੇ ਚਾਰ ਲੋਕ ਕੰਮ ਕਰ ਰਹੇ ਹਨ।”
ਸ਼ਾਇਦ ਇਹ ਇੰਨੀ ਵੱਡੀ ਪੱਧਰ `ਤੇ ਲੌਬੀ ਕਰਨ ਦੇ ਯਤਨਾਂ ਦਾ ਹੀ ਨਤੀਜਾ ਸੀ ਕਿ ਓਬਾਮਾ ਜਲਵਾਯੂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਨੀਤੀਆਂ ਦੇ ਸੰਬੰਧ ਵਿੱਚ ਕੋਈ ਵੱਡਾ ਕਦਮ ਨਹੀਂ ਚੁੱਕ ਸਕਿਆ। ਜਲਵਾਯੂ ਵਿੱਚ ਤਬਦੀਲੀ ਦੇ ਸੰਬੰਧ ਵਿੱਚ ਕੀਤੇ ਓਬਾਮਾ ਦੇ ਕੰਮ ਦਾ ਮੁੱਲਾਂਕਣ ਕਰਨ ਲਈ 29 ਅਪ੍ਰੈਲ 2017 ਵਿੱਚ ਛਪੇ ਇਕ ਆਰਟੀਕਲ ਵਿੱਚ ਡੇਵਿਡ ਬੁੱਕਬਾਈਂਡਰ ਲਿਖਦਾ ਹੈ ਕਿ ਬੇਸ਼ੱਕ ਜਲਵਾਯੂ ਵਿੱਚ ਤਬਦੀਲੀਆਂ ਦੇ ਸੰਬੰਧ ਵਿੱਚ ਓਬਾਮਾ ਦੀ ਵਿਰਾਸਤ ਨੂੰ ਗਰੀਨ (ਵਾਤਾਵਰਨ ਦੀ ਹਿਮਾਇਤੀ) ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪ੍ਰੈਜ਼ੀਡੈਂਟ ਹੋਣ ਦੀ ਆਪਣੀ "ਪਹਿਲੀ ਟਰਮ ਵਿੱਚ ਓਬਾਮਾ ਦੀਆਂ ਜਲਵਾਯੂ ਨਾਲ ਸੰਬੰਧਿਤ ਨੀਤੀਆਂ ਦਾ ਜਾਰਜ ਡਬਲਿਊ ਬੁੱਸ਼ ਦੀਆਂ ਨੀਤੀਆਂ ਨਾਲੋਂ ਕੋਈ ਬਹੁਤ ਵੱਡਾ ਫਰਕ ਨਹੀਂ ਸੀ। ਦੋਹਾਂ ਨੇ ਗਰੀਨਹਾਊਸ ਗੈਸਾਂ ਨਾਲ ਸੰਬੰਧਿਤ ਕਾਨੂੰਨਾਂ ਦਾ ਵਿਰੋਧ ਕਰਨ ਲਈ ਪੂਰੇ ਜ਼ੋਰ ਨਾਲ ਲੜਾਈ ਕੀਤੀ..."    
ਬਾਰਾਕ ਓਬਾਮਾ ਦੇ ਤੇਲ ਅਤੇ ਗੈਸ ਸਨਅਤ ਵੱਲ ਦੋਸਤਾਨਾ ਰਵੱਈਏ ਬਾਰੇ ਕੁੱਝ ਹੋਰ ਤੱਥ ਪੇਸ਼ ਹਨ। ਸੰਨ 2017 ਵਿੱਚ ਛਪੀ ਆਪਣੀ ਕਿਤਾਬ, ਕਰੀਏਟਿੰਗ ਐਨ ਇਕੌਲੌਜੀਕਲ ਸੁਸਾਇਟੀ ਵਿੱਚ ਫਰੈੱਡ ਮੈਗਡੌਫ ਅਤੇ ਕਰਿਸ ਵਿਲੀਅਮਜ਼ ਲਿਖਦੇ ਹਨ ਕਿ  ਸੰਨ 2012 ਵਿੱਚ ਆਪਣੇ ਇਕ ਭਾਸ਼ਨ ਵਿੱਚ ਓਬਾਮਾ ਨੇ ਕਿਹਾ ਸੀ, "ਕਈ ਅਜਿਹੇ ਸਿਆਸਤਦਾਨ ਹਨ ਜੋ ਕਹਿੰਦੇ ਹਨ ਕਿ ਜੇ ਅਸੀਂ ਹੋਰ ਡਰਿੱਲ ਕਰਾਂਗੇ, ਤਾਂ ਗੈਸ ਦੀਆਂ ਕੀਮਤਾਂ ਇਕ ਦਮ ਹੇਠਾਂ ਆ ਜਾਣਗੀਆਂ। ਪਰ ਉਹ ਇਹ ਨਹੀਂ ਦਸਦੇ.... ਕਿ ਅਮਰੀਕਾ ਪਿਛਲੇ ਅੱਠ ਸਾਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਤੇਲ ਦਾ ਉਤਪਾਦਨ ਕਰ ਰਿਹਾ ਹੈ। ਅਸੀਂ ਤੇਲ ਅਤੇ ਗੈਸ ਲੱਭਣ ਲਈ ਨਵੇਂ ਇਲਾਕਿਆਂ ਨੂੰ ਖੋਲ੍ਹਿਆ ਹੈ। ਅਸੀਂ (ਤੇਲ ਅਤੇ ਗੈਸ) ਕੱਢਣ ਲਈ ਕੰਮ ਕਰ ਰਹੀਆਂ ਰਿੱਗਾਂ ਦੀ ਗਿਣਤੀ ਵਿੱਚ ਚਾਰ ਗੁਣਾਂ ਵਾਧਾ ਕੀਤਾ ਹੈ, ਜੋ ਕਿ ਇਕ ਰਿਕਾਰਡ ਹੈ। ਅਸੀਂ ਤੇਲ ਅਤੇ ਗੈਸ ਦੀਆਂ ਪਾਈਪਲਾਈਨਾਂ ਵਿੱਚ ਇੰਨੀ ਵੱਡੀ ਗਿਣਤੀ ਮਾਤਰਾ ਵਿੱਚ ਵਾਧਾ ਕੀਤਾ ਹੈ, ਕਿ ਉਹਨਾਂ ਨਾਲ ਸਾਰੀ ਧਰਤੀ ਨੂੰ ਵਲਿਆ ਜਾ ਸਕਦਾ ਹੈ।" ਸੰਨ 2015 ਵਿੱਚ ਜਦੋਂ ਅਮਰੀਕਾ ਵਾਤਾਵਰਨ ਦੇ ਸੰਕਟ ਦਾ ਹੱਲ ਲੱਭਣ ਲਈ ਪੈਰਿਸ ਕਲਾਈਮੇਟ ਨਾਂ ਨਾਲ ਜਾਣੀ ਜਾਂਦੀ ਗੱਲਬਾਤ ਵਿੱਚ ਹਿੱਸਾ ਲੈ ਰਿਹਾ ਸੀ, ਉਸ ਸਮੇਂ ਓਬਾਮਾ ਨੇ ਤੇਲ ਸਨਅਤ ਦੇ ਖੇਤਰ ਦੀ ਇਕ ਵੱਡੀ ਕੰਪਨੀ ਐਕਸਨ ਅਤੇ ਕੋਕ ਬ੍ਰਦਰਜ਼ ਦੀ ਹਿਮਾਇਤ ਪ੍ਰਾਪਤ ਬਿੱਲ `ਤੇ ਦਸਖਤ ਕੀਤੇ ਸਨ, ਜਿਸ  ਦਾ ਮਕਸਦ ਪਾਈਪਲਾਈਨਾਂ ਦੀ ਉਸਾਰੀ ਲਈ ਲੋੜੀਂਦੇ ਪਰਮਿੱਟ ਦੇਣ ਦੇ ਅਮਲ ਨੂੰ ਤੇਜ਼ ਕਰਨਾ ਸੀ। ਇਸ ਹੀ ਤਰ੍ਹਾਂ ਓਬਾਮਾ ਪ੍ਰਸ਼ਾਸਨ ਨੇ ਮੈਕਸੀਕੋ ਦੀ ਖਾੜੀ (ਗਲਫ ਆਫ ਮੈਕਸੀਕੋ) ਵਿੱਚ ਫਰੈਕਿੰਗ ਦੇ 1500 ਪਰਮਿਟਾਂ ਨੂੰ ਪ੍ਰਵਾਨਗੀ ਦਿੱਤੀ ਸੀ। (ਫਰੈਕਿੰਗ ਧਰਤੀ ਵਿੱਚੋਂ ਗੈਸ ਕੱਢਣ ਦਾ ਇਕ ਅਜਿਹਾ ਤਰੀਕਾ ਹੈ ਜਿਸ ਵਿੱਚ ਗੈਸ ਲਈ ਡ੍ਰਿਲਿੰਗ ਕਰਨ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਦਬਾਅ ਹੇਠ ਪਾਣੀ, ਰੇਤ ਅਤੇ ਰਸਾਇਣਕ ਪਦਾਰਥਾਂ ਦਾ ਮਿਸ਼ਰਨ ਧਰਤੀ ਹੇਠਾਂ ਘੱਲਿਆ ਜਾਂਦਾ ਹੈ ਤਾਂ ਕਿ ਪੱਥਰਾਂ ਵਿਚਕਾਰ ਫਸੀ ਗੈਸ ਨੂੰ ਅਜ਼ਾਦ ਕੀਤਾ ਜਾ ਸਕੇ। ਇਸ ਅਮਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਈ ਤਰ੍ਹਾਂ ਨਾਲ ਵਾਤਾਵਰਨ ਦਾ ਨੁਕਸਾਨ ਕਰਦਾ ਹੈ। ਜਿਵੇਂ ਕਿ ਇਹ ਅਮਲ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਸਕਦਾ ਹੈ, ਧਰਤੀ ਉਪਰਲੇ ਪਾਣੀ ਨੂੰ ਪ੍ਰਦੂਸ਼ਤ ਕਰ ਸਕਦਾ ਹੈ, ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਜੰਤੂਆਂ ਲਈ ਖਤਰਾ ਬਣ ਸਕਦਾ ਹੈ)  ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹਨਾਂ ਪਰਮਿੱਟਾਂ ਦੀ ਪ੍ਰਵਾਨਗੀ ਤੋਂ ਕੁੱਝ ਸਾਲ ਪਹਿਲਾਂ ਸੰਨ 2010 ਵਿੱਚ ਮੈਕਸੀਕੋ ਦੀ ਖਾੜੀ (ਗਲਫ ਆਫ ਮੈਕਸੀਕੋ) ਵਿੱਚ ਬ੍ਰਿਟਿਸ਼ ਪੈਟਰੌਲੀਅਮ ਦੀ ਡੀਪਵਾਟਰ ਹੌਰਾਈਜਨ ਨਾਂ ਦੀ ਤੇਲ ਕੱਢਣ ਵਾਲੀ ਰਿੱਗ ਵਿੱਚ ਹੋਈ ਇਕ ਵਿਨਾਸ਼ਕਾਰੀ ਦੁਰਘਟਨਾ ਕਾਰਨ ਇਸ ਖਾੜੀ ਵਿੱਚ 13.4 ਕ੍ਰੋੜ (134 ਮਿਲੀਅਨ) ਗੈਲਨ ਤੇਲ ਡੁੱਲ੍ਹਿਆ ਸੀ। ਸਮੁੰਦਰ ਵਿੱਚ ਤੇਲ ਡੁੱਲ੍ਹਣ ਦੀ ਇਸ ਦੁਰਘਟਨਾ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਮੁੰਦਰ ਵਿੱਚ ਤੇਲ ਡੁੱਲ੍ਹਣ ਦੀ ਸਭ ਤੋਂ ਵੱਡੀ ਦੁਰਘਟਨਾ ਸਮਝਿਆ ਜਾਂਦਾ ਹੈ ਅਤੇ ਇਸ ਕਾਰਨ ਵਾਤਾਵਰਨ ਨੂੰ ਹੋਏ ਨੁਕਸਾਨ ਦੀ ਲਾਗਤ 17.2 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। 5 ਜਨਵਰੀ 2016 ਵਿੱਚ ਬਲੂਮਬਰਗ ਦੇ ਸਾਈਟ `ਤੇ ਛਪਿਆ ਇਕ ਆਰਟੀਕਲ ਉਬਾਮਾ ਦੇ ਦੌਰ ਵਿੱਚ ਅਮਰੀਕਾ ਵਿੱਚ ਤੇਲ ਅਤੇ ਗੈਸ ਦੀ ਸਨਅਤ ਵਿੱਚ ਹੋਏ ਵਾਧੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, “ਪਿਛਲੇ 7 ਸਾਲਾਂ ਦੌਰਾਨ ਯੂ ਐੱਸ ਵਿੱਚ ਤੇਲ ਦਾ ਉਤਪਾਦਨ 82 ਫੀਸਦੀ ਵਧਿਆ ਹੈ, ਜੋ ਕਿ ਤਕਰੀਬਨ ਇਕ ਰਿਕਾਰਡ ਹੈ, ਅਤੇ ਨੈਚਰੁਲ ਗੈਸ ਦੇ ਉਤਪਾਦਨ ਵਿੱਚ ਤਕਰੀਬਨ ਇਕ ਚੌਥਾਈ ਵਾਧਾ ਹੋਇਆ ਹੈ। ਸੰਘਣੇ ਪੱਥਰਾਂ ਵਿੱਚੋਂ ਗੈਸ ਕੱਢਣ ਲਈ ਵਰਤੇ ਜਾਂਦੇ ਅਮਲ ਹਾਈਡਰੌਲਿਕ ਫਰੈਕਚਰਿੰਗ ਨੂੰ ਬੰਦ ਕਰਨ ਦੀ ਥਾਂ ਓਬਾਮਾ ਨੇ ਬਾਲਣ ਦੇ ਇਸ ਸ੍ਰੋਤ (ਗੈਸ) ਨੂੰ ਭਵਿੱਖ ਦੇ ਗਰੀਨਰ (ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੇ) ਅਤੇ ਨਵਿਆਏ ਜਾ ਸਕਣ ਵਾਲੇ ਊਰਜਾ ਸ੍ਰੋਤਾਂ ਤੱਕ ਜਾਣ ਦੇ ਇਕ ਪੌਡੇ ਵਜੋਂ ਉਤਸ਼ਾਹਿਤ ਕੀਤਾ ਹੈ।ਵਾਤਾਵਰਨ ਪ੍ਰੇਮੀਆਂ ਦੇ ਇਤਰਾਜ਼ਾਂ ਦੇ ਬਾਵਜੂਦ (ਓਬਾਮਾ) ਪ੍ਰਸ਼ਾਸਨ ਨੇ ਅਰਕਟਿਕ ਸਾਗਰ ਵਿੱਚ ਤੇਲ ਕੱਢਣ ਨੂੰ ਇਜਾਜ਼ਤ ਦਿੱਤੀ ਹੈ ਅਤੇ ਪੂਰਬੀ ਤੱਟ ਨਾਲ ਲੱਗਦੇ ਅੰਧ ਮਹਾਂ ਸਾਗਰ (ਐਟਲਾਂਟਿਕ ਉਸ਼ੀਅਨ) ਦੇ ਪਾਣੀਆਂ ਵਿੱਚ ਤੇਲ ਅਤੇ ਗੈਸ ਕੱਢਣ ਦੇ ਨਵੇਂ ਉਦਮਾਂ ਲਈ ਦਰਵਾਜ਼ਾ ਖੋਲ੍ਹਿਆ ਹੈ। (ਓਬਾਮਾ) ਨੇ ਅਮਰੀਕਾ ਦੇ ਬਹੁਤੇ ਕਰੂਡ ਆਇਲ ਦੇ ਨਿਰਯਾਤ 'ਤੇ 40 ਸਾਲਾਂ ਤੋਂ ਲੱਗੇ ਬੈਨ ਨੂੰ ਖਤਮ ਕਰਨ ਲਈ ਇਕ ਹੁਕਮ `ਤੇ ਦਸਖਤ ਕੀਤੇ ਹਨ। ”   
ਇਲੈਕਸ਼ਨਾਂ ਵਿੱਚ ਉਮੀਦਵਾਰਾਂ ਨੂੰ ਸਿੱਧੇ ਪੈਸੇ ਦੇਣ ਅਤੇ ਸਰਕਾਰਾਂ ਨੂੰ ਲੌਬੀ ਕਰਨ ਵਾਲਿਆਂ ਨੂੰ ਵੱਡੀ ਮਾਤਰਾ ਵਿੱਚ ਪੈਸੇ ਦੇਣ ਤੋਂ ਇਲਾਵਾ ਦੁਨੀਆ ਦੇ ਮੁੱਠੀ ਭਰ ਅਮੀਰ ਅਤੇ ਉਹਨਾਂ ਦੀਆਂ  ਕਾਰਪੋਰੇਸ਼ਨਾਂ ਆਪਣੇ ਮੁਨਾਫਿਆਂ ਲਈ ਖਤਰਾ ਬਣਨ ਵਾਲੀ ਜਾਣਕਾਰੀ, ਵਿਚਾਰਾਂ ਅਤੇ ਤੱਥਾਂ ਦੇ ਵਿਰੋਧ ਵਿੱਚ ਰਾਇ ਪੈਦਾ ਕਰਨ, ਉਹਨਾਂ ਨੂੰ ਝੁਠਲਾਉਣ ਜਾਂ ਉਹਨਾਂ ਬਾਰੇ ਸ਼ੱਕ ਪੈਦਾ ਕਰਨ ਲਈ ਥਿੰਕ ਟੈਂਕਾਂ, ਖੋਜ ਕੇਂਦਰਾਂ, ਇਸ਼ਤਿਹਾਰਾਂ ਦੀਆਂ ਮੁਹਿੰਮਾਂ ਆਦਿ ਨੂੰ ਫੰਡ ਕਰਨ ਲਈ ਕ੍ਰੋੜਾਂ/ਅਰਬਾਂ ਡਾਲਰ ਮੁਹੱਈਆ ਕਰਦੀਆਂ ਹਨ। ਇਹਨਾਂ ਅਮੀਰਾਂ ਅਤੇ ਕਾਰਪੋਰੇਸ਼ਨਾਂ ਵੱਲੋਂ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਕੀਤੇ ਜਾਂਦੇ ਅਜਿਹੇ ਯਤਨਾਂ ਬਾਰੇ ਕੁੱਝ ਜਾਣਕਾਰੀ ਪੇਸ਼ ਹੈ। ਤੇਲ ਦੀ ਸਅਨਤ ਨਾਲ ਸੰਬੰਧਿਤ ਕਾਰਪੋਰੇਸ਼ਨ ਐਕਸਨ-ਮੋਬਿਲ 124 ਤੋਂ ਵੱਧ ਅਜਿਹੀਆਂ ਸੰਸਥਾਂਵਾਂ ਨੂੰ ਫੰਡ ਦਿੰਦੀ ਰਹੀ ਹੈ ਜੋ ਜਲਵਾਯੂ ਨਾਲ ਸੰਬੰਧਿਤ ਸਾਇੰਸ ਨੂੰ "ਜੰਕ ਸਾਇੰਸ (ਰੱਦੀ ਸਾਇੰਸ)" ਅਤੇ ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਦੇ ਲੋਕਾਂ ਨੂੰ ਪਖੰਡੀ ਅਤੇ ਜਨੂੰਨੀਆਂ ਵਜੋਂ ਪੇਸ਼ ਕਰਦੀਆਂ ਹਨ। ਇਹਨਾਂ ਸੰਸਥਾਂਵਾਂ ਵਿੱਚੋਂ ਕੁੱਝ ਮਸ਼ਹੂਰ ਸੰਸਥਾਵਾਂ ਦੇ ਨਾਂ ਹਨ: ਹੈਰੀਟੇਜ ਫਾਊਂਡੇਸ਼ਨ, ਦੀ ਕੈਟੋ ਇੰਸਟੀਚਿਊਟ, ਹਡਸਨ ਇੰਸਟੀਚਿਊਟ, ਜੌਰਜ ਮੇਸਨਜ਼ ਲਾਅ ਐਂਡ ਇਕਨੌਮਿਕਸ ਸੈਂਟਰ, ਦੀ ਕੰਪੀਟੀਟਵ ਇੰਟਰਪ੍ਰਾਈਜ਼ ਇੰਸਟੀਚਿਊਟ, ਦੀ ਫਰੰਟੀਅਰ ਆਫ ਫ੍ਰੀਡਮ ਇੰਸਟੀਚਿਊਟ, ਦੀ ਰੀਜ਼ਨ ਫਾਊਂਡੇਸ਼ਨ, ਦੀ ਜੌਰਜ ਸੀ. ਮਾਰਸ਼ਲ ਇੰਸਟੀਚਿਊਟ ਆਦਿ।
ਇਸ ਤਰ੍ਹਾਂ ਦੀਆਂ ਸੰਸਥਾਂਵਾਂ ਵਾਤਾਵਰਨ ਨਾਲ ਸੰਬੰਧਿਤ ਸਾਇੰਸ ਨੂੰ ਮੰਨਣ ਤੋਂ ਇਨਕਾਰ ਹੀਂ ਨਹੀਂ ਕਰਦੀਆਂ ਸਗੋਂ ਵਾਤਾਵਰਨ ਲਈ ਸੰਕਟ ਪੈਦਾ ਕਰਨ ਵਾਲੇ ਵਰਤਾਰਿਆਂ ਨੂੰ ਲੋਕਾਂ ਲਈ ਫਾਇਦੇਮੰਦ ਦਸਦੀਆਂ ਹਨ। ਓਕਬਾਜ਼ਗੀ ਯੋਹੈਨਸ ਦੀ ਕਿਤਾਬ ਦੀ ਬਾਇਓਫਿਊਲ ਡਿਸੈਪਸ਼ਨ ਵਿੱਚ ਦਿੱਤੇ ਇਕ ਹਵਾਲੇ ਅਨੁਸਾਰ, ਐਕਸਨ ਕਾਰਪੋਰੇਸ਼ਨ ਤੋਂ 6 ਲੱਖ 30 ਹਜ਼ਾਰ ਡਾਲਰ ਪ੍ਰਾਪਤ ਕਰਨ ਵਾਲੇ ਜੌਰਜ ਸੀ. ਮਾਰਸ਼ਲ ਇੰਸਟੀਚਿਊਟ ਦੇ ਦੋ ਕਰਮਚਾਰੀ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਦੇ ਫੈਲਣ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਕਹਿੰਦੇ ਹਨ, “ਜਿਵੇਂ ਜਿਵੇਂ ਕੋਲਾ, ਤੇਲ ਅਤੇ ਕੁਦਰਤੀ ਗੈਸ ਦੀ ਵਰਤੋਂ ਵਿਸ਼ਵ ਪੱਧਰ `ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਖਾਣਾ ਮੁਹੱਈਆ ਕਰਨ ਅਤੇ ਗਰੀਬੀ ਤੋਂ ਬਾਹਰ ਕੱਢਣ ਲਈ ਕੀਤੀ ਜਾਵੇਗੀ, ਤਿਵੇਂ ਤਿਵੇਂ ਜ਼ਿਆਦਾ ਕਾਰਬਨਡਾਇਔਕਸਾਈਡ ਵਾਯੂਮੰਡਲ ਵਿੱਚ ਛੱਡੀ ਜਾਵੇਗੀ। ਇਹ ਸਾਰੇ ਲੋਕਾਂ ਦੀ ਸਿਹਤ ਕਾਇਮ ਰੱਖਣ ਅਤੇ ਉਸ ਵਿੱਚ ਸੁਧਾਰ ਕਰਨ, ਉਮਰ ਵਧਾਉਣ, ਖੁਸ਼ਹਾਲੀ ਅਤੇ ਉਤਪਾਦਕਤਾ ਵਧਾਉਣ ਲਈ ਸਹਾਈ ਹੋਵੇਗੀ।... ਕਾਰਬਨਡਾਇਔਕਸਾਈਡ ਦੇ ਵਾਧੇ ਕਾਰਨ ਅਸੀਂ ਬੂਟਿਆਂ ਅਤੇ ਜਾਨਵਰਾਂ ਦੇ ਬਹੁਤ ਜ਼ਿਆਦਾ ਹਰੇ-ਭਰੇ ਵਾਤਾਵਰਨ ਵਿੱਚ ਰਹਿ ਰਹੇ ਹਾਂ। ਸਾਡੇ ਬੱਚੇ ਸਾਡੇ ਮੁਕਾਬਲੇ ਵੱਧ ਬੂਟਿਆਂ ਅਤੇ ਜਾਨਵਰਾਂ ਨਾਲ ਭਰਪੂਰ ਧਰਤੀ ਦਾ ਆਨੰਦ ਮਾਣਨਗੇ। ਇਹ ਸਨਅਤੀ ਇਨਕਲਾਬ ਵੱਲੋਂ ਪੇਸ਼ ਕੀਤਾ ਗਿਆ ਅਦਭੁੱਤ ਅਤੇ ਅਣਕਿਆਸਿਆ ਤੋਹਫਾ ਹੈ।”  
ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਐਕਸਨ ਕਾਰਪੋਰੇਸ਼ਨ ਨੂੰ ਆਪਣੀ ਖੁਦ ਦੀ ਖੋਜ ਤੋਂ 1980ਵਿਆਂ ਤੋਂ ਹੀ ਪਤਾ ਸੀ ਕਿ ਇਸ ਵਲੋਂ ਪੈਦਾ ਕੀਤੀਆਂ ਵਸਤਾਂ (ਤੇਲ, ਗੈਸ ਆਦਿ) ਜਲਵਾਯੂ ਵਿੱਚ ਤਬਦੀਲੀ ਲਿਆਉਣ ਦਾ ਮੁੱਖ ਕਾਰਨ ਹਨ। ਸੰਨ 1977 ਵਿੱਚ ਐਕਸਨ ਨਾਲ ਕੰਮ ਕਦੇ ਸੀਨੀਅਰ ਵਿਗਿਆਨੀ ਜੇਮਜ਼ ਐੱਫ ਬਲੈਕ ਨੇ ਐਕਸਨ ਦੀ ਮੈਨੇਜਮੈਂਟ ਨੂੰ ਦੱਸਿਆ ਸੀ ਕਿ "ਸਭ ਤੋਂ ਪਹਿਲਾਂ, ਵਿਗਿਆਨੀਆਂ ਵਿੱਚ ਇਹ ਆਮ ਸਹਿਮਤੀ ਹੈ ਕਿ ਜਿਸ ਢੰਗ ਨਾਲ ਮਨੁੱਖਤਾ ਵਿਸ਼ਵ ਦੇ ਜਲਵਾਯੂ ਨੂੰ ਪ੍ਰਭਾਵਿਤ ਕਰ ਰਹੀ ਹੈ, ਉਸ ਦਾ ਸਭ ਤੋਂ ਸੰਭਵ ਕਾਰਨ ਫੌਸਿਲ ਫਿਊਲ (ਖਣਿਜ ਪਦਾਰਥ ਤੋਂ ਪੈਦਾ ਹੋਣ ਵਾਲਾ ਬਾਲਣ-ਤੇਲ, ਗੈਸ ਆਦਿ) ਦੀ ਵਰਤੋਂ ਕਾਰਨ ਜਲਵਾਯੂ ਵਿੱਚ ਛੱਡੀ ਜਾਣ ਵਾਲੀ ਕਾਰਬਨਡਾਇਔਕਸਾਈਡ ਹੈ।" ਉਸ ਤੋਂ ਬਾਅਦ ਐਕਸਨ ਨੇ ਆਲਮੀ ਤਪਸ਼ ਬਾਰੇ ਹੋਰ ਖੋਜ ਕਰਨ ਲਈ ਇਕ ਪ੍ਰੋਗਰਾਮ ਸਥਾਪਤ ਕੀਤਾ। ਜਦੋਂ ਇਸ ਪ੍ਰੋਗਰਾਮ ਵੱਲੋਂ ਕੀਤੀ ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਫੌਸਿਲ ਫਿਊਲ ਦੀ ਵਰਤੋਂ ਨਾਲ ਆਲਮੀ ਤਪਸ਼ ਦਾ ਵੱਧਣਾ ਸੰਭਵ ਹੈ ਤਾਂ ਐਕਸਨ ਨੇ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਅਤੇ ਇਸ ਖੋਜ ਦੇ ਨਤੀਜਿਆਂ ਨੂੰ ਜਨਤਕ ਕਰਨ ਦੀ ਥਾਂ ਅੰਦਰੇ ਅੰਦਰ ਦੱਬ ਲਿਆ ਅਤੇ ਜਲਵਾਯੂ ਦੀ ਤਬਦੀਲੀ ਨਾਲ ਸੰਬੰਧਿਤ ਵਿਗਿਆਨਕ ਸਚਾਈ ਬਾਰੇ ਸ਼ੱਕ ਪੈਦਾ ਕਰਨ, ਇਸ ਸਚਾਈ ਤੋਂ ਮੁਨਕਰ ਹੋਣ ਵਾਲੇ ਥਿੰਕ ਟੈਂਕਾਂ, ਵਿਗਿਆਨੀਆਂ ਅਤੇ ਸਿਆਸਤਦਾਨਾਂ ਨੂੰ ਪੈਸੇ ਦੇਣ ਲੱਗੀ। ਬਾਅਦ ਵਿੱਚ ਜਦੋਂ ਇਹ ਸਚਾਈ ਦੁਨੀਆ ਦੇ ਸਾਹਮਣੇ ਆ ਗਈ ਤਾਂ ਸੰਨ 2007 ਵਿੱਚ ਐਕਸਨ-ਮੋਬਿਲ ਕਾਰਪੋਰੇਸ਼ਨ (ਸੰਨ 1999 ਵਿੱਚ ਐਕਸਨ ਅਤੇ ਮੋਬਿਲ ਕੰਪਨੀਆਂ ਦੇ ਇਕੱਠੇ ਹੋਣ ਬਾਅਦ ਬਣੀ ਕੰਪਨੀ) ਨੇ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਜਲਵਾਯੂ ਦੀ ਤਬਦੀਲੀ ਨਾਲ ਸੰਬੰਧਿਤ ਵਿਗਿਆਨ 'ਤੇ ਸ਼ੱਕ ਕਰਨ ਵਾਲਿਆ ਨੂੰ ਪੈਸੇ ਨਹੀਂ ਦੇਵੇਗੀ। ਪਰ ਬਾਅਦ ਵਿੱਚ ਛਪੀਆਂ ਰਿਪੋਰਟਾਂ ਦਸਦੀਆਂ ਹਨ ਕਿ ਐਕਸਨ-ਮੋਬਿਲ ਨੇ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ। 2007 ਤੋਂ ਬਾਅਦ ਵੀ ਉਹ ਜਲਵਾਯੂ ਵਿੱਚ ਤਬਦੀਲੀ ਨਾਲ ਸੰਬੰਧਿਤ ਵਿਗਿਆਨ ਬਾਰੇ ਸ਼ੱਕ ਪੈਦਾ ਕਰਨ ਵਾਲਿਆਂ ਨੂੰ ਪੈਸੇ ਦਿੰਦੀ ਆ ਰਹੀ ਹੈ। ਜੁਲਾਈ 2015 ਵਿੱਚ ਗਾਰਡੀਅਨ ਵਿੱਚ ਛਪੇ ਇਕ ਆਰਟੀਕਲ ਅਨੁਸਾਰ ਇਹ ਵਾਅਦਾ ਕਰਨ ਤੋਂ ਅੱਠ ਸਾਲ ਬਾਅਦ ਐਕਸਨ ਮੋਬਿਲ ਨੇ ਜਲਵਾਯੂ ਵਿੱਚ ਤਬਦੀਲੀ ਦੀ ਵਿਗਿਆਨਕ ਸਚਾਈ ਤੋਂ ਮੁਨਕਰ ਹੋਣ ਵਾਲੇ ਅਮਰੀਕਾ ਦੀ ਕਾਂਗਰਸ ਦੇ ਮੈਂਬਰਾਂ ਅਤੇ ਲੌਬੀ ਗਰੁੱਪਾਂ ਨੂੰ 23 ਕ੍ਰੋੜ (2.3 ਮਿਲੀਅਨ) ਡਾਲਰ ਦਿੱਤੇ ਸਨ।  ਵਸ਼ਿੰਗਟਨ, ਡੀ ਸੀ ਵਿੱਚ ਸਥਿਤ ਯੂਨੀਅਨ ਆਫ ਕਨਸਰਨਡ ਸਾਇੰਟਿਸਟਸ ਦੇ ਸੀਨੀਅਰ ਲੇਖਕ ਐਲੀਅਟ ਨੀਗਨ ਨੇ 27 ਅਕਤੂਬਰ 2021 ਨੂੰ ਛਪੇ ਆਪਣੇ ਇਕ ਆਰਟੀਕਲ ਵਿੱਚ ਲਿਖਿਆ ਹੈ ਕਿ ਐਕਸਨ ਮੋਬਿਲ ਜਲਵਾਯੂ ਦੀ ਸਾਇੰਸ ਤੋਂ ਮੁਨਕਰ ਹੋਣ ਵਾਲੇ ਥਿੰਕ ਟੈਂਕਾਂ ਅਤੇ ਐਡਵੋਕੇਸੀ ਗਰੁੱਪਾਂ ਨੂੰ ਪੈਸੇ ਦੇਣੇ ਜਾਰੀ ਰੱਖ ਰਹੀ ਹੈ ਅਤੇ ਸੰਨ 1998 ਤੋਂ ਲੈ ਕੇ ਹੁਣ ਤੱਕ ਇਸ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ 3.9 ਕ੍ਰੋੜ (39 ਮਿਲੀਅਨ) ਡਾਲਰ ਦਿੱਤੇ ਹਨ।  
ਐਕਸਨ-ਮੌਬਿਲ ਤੋਂ ਬਿਨਾਂ ਹੋਰ ਤੇਲ ਕੰਪਨੀਆਂ ਨੂੰ ਵੀ ਕਾਫੀ ਸਮਾਂ ਪਹਿਲਾਂ ਇਸ ਗੱਲ ਦਾ ਪਤਾ ਸੀ ਕਿ ਤੇਲ ਦੀ ਵਰਤੋਂ ਕਾਰਨ ਪੈਦਾ ਹੁੰਦੀ ਕਾਰਬਨ ਡਾਈਔਕਸਾਈਡ ਜਲਵਾਯੂ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦੀ ਹੈ। ਇਸ ਬਾਰੇ ਇਨਸਾਈਡ ਕਲਾਈਮੇਟ ਨਿਊਜ਼ ਦੀ ਸਾਈਟ `ਤੇ 22 ਦਸੰਬਰ, 2015 ਨੂੰ ਨੀਨਾ ਬੈਨਰਜੀ ਦੇ ਛਪੇ ਇਕ ਆਰਟੀਕਲ ਵਿੱਚੋਂ ਕੁੱਝ ਜਾਣਕਾਰੀ ਪੇਸ਼ ਹੈ। ਸੰਨ 1979 ਅਤੇ 1983 ਵਿਚਕਾਰ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਅਤੇ ਹੋਰ ਕਈ ਤੇਲ ਕੰਪਨੀਆਂ ਨੇ ਰਲਕੇ ਇਕ ਟਾਸਕ ਫੋਰਸ ਬਣਾਈ ਸੀ ਜਿਸ ਦਾ ਮਕਸਦ ਜਲਵਾਯੂ ਵਿੱਚ ਤਬਦੀਲੀਆਂ ਬਾਰੇ ਖੋਜ ਕਰਨਾ ਅਤੇ ਇਸ ਖੋਜ ਨੂੰ ਇਕ ਦੂਸਰੇ ਨਾਲ ਸਾਂਝੀ ਕਰਨਾ ਸੀ। ਇਸ ਗਰੁੱਪ ਦੇ ਮੈਂਬਰਾਂ ਵਿੱਚ ਤੇਲ ਅਤੇ ਗੈਸ ਨਾਲ ਸੰਬੰਧਿਤ ਅਮਰੀਕਾ ਦੀਆਂ ਅਤੇ ਬਹੁਕੌਮੀ ਵੱਡੀਆਂ ਕੰਪਨੀਆਂ ਦੇ ਸੀਨੀਅਰ ਵਿਗਿਆਨੀ ਅਤੇ ਇੰਜਨੀਅਰ ਸ਼ਾਮਲ ਸਨ। ਇਸ ਗਰੁੱਪ ਵਿੱਚ ਸ਼ਾਮਲ ਕੁੱਝ ਕੰਪਨੀਆਂ ਦੇ ਨਾਂ ਇਸ ਪ੍ਰਕਾਰ ਹਨ: ਐਕਸਨ, ਮੋਬਿਲ, ਐਮੋਕੋ, ਫਿਲਪਸ, ਟੈਕਸਾਕੋ, ਸ਼ੈੱਲ, ਸਨੋਕੋ, ਸੋਹੀਓ, ਸਟੈਂਡਰਡ ਆਇਲ ਅਤੇ ਗਲਫ ਆਇਲ।  ਸੰਨ 1979 ਵਿੱਚ ਇਕ ਪੇਪਰ ਲੇਖਕ ਨੇ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਦੇ ਮੈਂਬਰਾਂ ਨੂੰ ਦੱਸਿਆ ਕਿ  ਵਾਯੂਮੰਡਲ ਵਿੱਚ ਕਾਰਬਨ ਡਾਈਔਕਸਾਈਡ ਲਗਾਤਾਰ ਵੱਧ ਰਹੀ ਹੈ ਅਤੇ ਨੇੜ ਭਵਿੱਖ ਵਿੱਚ ਇਸ ਕਾਰਨ ਜਲਵਾਯੂ ਵਿੱਚ ਤਬਦੀਲੀ ਦੇ ਅਸਰ ਦੇਖੇ ਜਾ ਸਕਣਗੇ। ਇਸ ਦੇ ਨਾਲ ਹੀ ਇਸ ਸਮੇਂ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਦੇ ਮੈਂਬਰ ਇਸ ਵਿਚਾਰ ਨਾਲ ਸਹਿਮਤ ਜਾਪਦੇ ਸਨ ਕਿ ਸ਼ਾਇਦ ਤੇਲ ਸਨਅਤ ਨੂੰ ਵਾਯੂਮੰਡਲ ਵਿੱਚ ਛੱਡੀ ਜਾ ਰਹੀ ਕਾਰਬਨ ਡਾਇਔਕਸਾਈਡ ਦੀ ਮਾਤਰਾ ਘਟਾਉਣ ਲਈ ਕੁੱਝ ਜ਼ਿੰਮੇਵਾਰੀ ਉਠਾਉਣੀ ਪਵੇਗੀ। ਇਸ ਜਾਣਕਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹਨਾਂ ਤੇਲ ਕੰਪਨੀਆਂ ਨੂੰ ਵੀ 1979 ਤੋਂ ਪਤਾ ਸੀ ਕਿ ਉਹਨਾਂ ਦਾ ਉਤਪਾਦ, ਤੇਲ, ਵਾਯੂਮੰਡਲ ਵਿੱਚ ਕਾਰਬਨ ਡਾਈਔਕਸਾਈਡ ਵਧਾਉਣ ਅਤੇ ਜਲਵਾਯੂ ਵਿੱਚ ਤਬਦੀਲੀਆਂ ਲਿਆਉਣ ਲਈ ਜ਼ਿੰਮੇਵਾਰ ਹੈ। ਪਰ ਕੀ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਨੇ ਜਲਵਾਯੂ ਵਿੱਚ ਤਬਦੀਲੀਆਂ ਦੇ ਖਤਰੇ ਨੂੰ ਘਟਾਉਣ ਲਈ ਕੋਈ ਯਤਨ ਕੀਤੇ? ਜੁਆਬ ਹੈ, ਨਹੀਂ। ਨੀਨਾ ਬੈਨਰਜੀ ਦੇ ਉਪ੍ਰੋਕਤ ਆਰਟੀਕਲ ਅਨੁਸਾਰ, 1990ਵਿਆਂ ਵਿੱਚ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ  ਗਲੋਬਲ ਕਲਾਈਮੇਟ ਕੋਆਲੀਸ਼ਨ (ਜੀ ਸੀ ਸੀ) ਦਾ ਮੈਂਬਰ ਬਣ ਗਿਆ। ਗਲੋਬਲ ਕਲਾਈਮੇਟ ਕੋਆਲੀਸ਼ਨ ਦੇ ਮੈਂਬਰਾਂ ਵਿੱਚ ਐਕਸਨ ਅਤੇ ਤੇਲ ਦੀ ਸਨਅਤ ਨਾਲ ਸੰਬੰਧਿਤ ਹੋਰ ਕੰਪਨੀਆਂ ਅਤੇ ਹੋਰ ਤੇਲ ਉਤਪਾਦਕ ਸ਼ਾਮਲ ਸਨ ਅਤੇ ਇਸ ਕੋਆਲੀਸ਼ਨ ਦਾ ਮਕਸਦ ਅੰਤਰਰਾਸ਼ਟਰੀ ਪੱਧਰ `ਤੇ ਗਰੀਨ ਹਾਊਸ ਗੈਸਾਂ (ਧਰਤੀ `ਤੇ ਗਰਮੀ ਨੂੰ ਰੋਕ ਕੇ ਰੱਖਣ ਵਾਲੀਆਂ ਗੈਸਾਂ)  ਦੀ ਮਾਤਰਾ ਨੂੰ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਲੀਹੋਂ ਲਾਹੁਣਾ ਸੀ। 1997 ਵਿੱਚ ਕਿਉਟੋ ਪ੍ਰੋਟੋਕਲ ਵਿੱਚ ਇਹ ਮਤਾ ਅਪਣਾਇਆ ਗਿਆ ਸੀ ਕਿ ਦੁਨੀਆ ਦੇ ਦੇਸ਼ਾਂ ਵੱਲੋਂ ਫੌਸਿਲ ਫਿਊਲ ਦੀ ਵਰਤੋਂ ਕਾਰਨ ਪੈਦਾ ਹੋਣ ਵਾਲੀਆਂ ਗੈਸਾਂ ਦੀ ਮਾਤਰਾ ਨੂੰ ਘਟਾਇਆ ਜਾਵੇ। ਇਸ ਤੋਂ ਇਕ ਸਾਲ ਬਾਅਦ ਸੰਨ 1998 ਵਿੱਚ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਨੇ ਅਮਰੀਕਾ ਦੇ ਲੋਕਾਂ ਅਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਇਹ ਮਨਾਉਣ ਲਈ ਇਕ ਮੁਹਿੰਮ ਚਲਾਈ ਕਿ ਜਲਵਾਯੂ ਨਾਲ ਸੰਬੰਧਿਤ ਸਾਇੰਸ ਕਾਫੀ ਕੱਚੀ ਹੈ ਅਤੇ ਇਸ ਲਈ ਅਮਰੀਕਾ ਨੂੰ ਕਿਓਟੋ ਪ੍ਰੋਟੋਕਲ ਦੀ ਸੰਧੀ ਦੀ ਪੁਸ਼ਟੀ ਨਹੀਂ ਕਰਨੀ ਚਾਹੀਦੀ। ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਵਲੋਂ ਗਰੁੱਪ ਵਿੱਚ ਅੰਦਰੂਨੀ ਤੌਰ `ਤੇ ਵੰਡੀ ਜਾਣਕਾਰੀ ਵਿੱਚ ਕਿਹਾ ਗਿਆ "ਜਦੋਂ ਤੱਕ 'ਜਲਵਾਯੂ ਵਿੱਚ ਤਬਦੀਲੀ' ਇਕ ਨੌਨ-ਇਸ਼ੂ ਨਹੀਂ ਬਣ ਜਾਂਦਾ, ਭਾਵ ਜਦੋਂ ਤੱਕ ਕਿਓਟੋ ਪ੍ਰੋਟੋਕਲ ਦੀ ਹਾਰ ਨਹੀਂ ਹੁੰਦੀ ਅਤੇ ਜਲਵਾਯੂ ਦੀ ਤਬਦੀਲੀ ਦੇ ਖਤਰੇ ਨੂੰ ਘਟਾਉਣ ਲਈ ਕੋਈ ਵੀ ਹੋਰ ਉਦਮ ਸਾਹਮਣੇ ਨਹੀਂ ਰਹਿੰਦਾ, ਉਦੋਂ ਤੱਕ ਸਾਡੇ ਯਤਨਾਂ ਨੂੰ ਜੇਤੂ ਕਰਾਰ ਦੇਣ ਦਾ ਸਮਾਂ ਨਹੀਂ ਆਏਗਾ।"  ਅਮਰੀਕਨ ਪੈਟਰੌਲੀਅਮ  ਇੰਸਟੀਚਿਊਟ ਅਤੇ ਗਲੋਬਲ ਕਲਾਈਮੇਟ ਕੋਆਲੀਸ਼ਨ ਲਈ ਜਿੱਤ ਦਾ ਪਲ ਉਸ ਸਮੇਂ ਆ ਗਿਆ ਜਦੋਂ ਜੌਰਜ ਡਬਲਿਊ ਬੁੱਸ਼ ਨੇ ਅਮਰੀਕਾ ਨੂੰ ਕਿਓਟੋ ਐਗਰੀਮੈਂਟ ਤੋਂ ਵੱਖ ਕਰ ਲਿਆ। ਬੁੱਸ਼ ਦੇ ਇਸ ਫੈਸਲੇ ਤੋਂ ਬਾਅਦ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਇਕ ਉੱਚ ਅਧਿਕਾਰੀ ਨੇ ਗਲੋਬਲ ਕਲਾਈਮੇਟ ਕੋਆਲੀਸ਼ਨ ਦਾ ਧੰਨਵਾਦ ਕੀਤਾ, ਕਿਉਂਕਿ ਉਸ ਅਨੁਸਾਰ, ਕਿਓਟੋ ਪ੍ਰੋਟੋਕਲ ਤੋਂ ਪਿੱਛੇ ਹਟਣ ਦੇ ਬੁੱਸ਼ ਦੇ ਫੈਸਲੇ ਵਿੱਚ ਕੁੱਝ ਹੱਦ ਤੱਕ ਗਲੋਬਲ ਕਲਾਈਮੇਟ ਕੋਆਲੀਸ਼ਨ ਦੀ ਰਾਇ ਦੀ ਵੀ ਭੂਮਿਕਾ ਸੀ।  
ਜਲਵਾਯੂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਸਾਇੰਸ ਨੂੰ ਝੁਠਲਾਉਣ, ਉਸ `ਤੇ ਸ਼ੰਕੇ ਖੜ੍ਹੇ ਕਰਨ ਅਤੇ ਉਸ ਦੇ ਮੁਕਾਬਲੇ ਝੂਠੀ ਜਾਣਕਾਰੀ ਪੈਦਾ ਕਰਨ ਦੇ ਮਕਸਦ ਨਾਲ ਥਿੰਕ ਟੈਂਕਾਂ, ਵਿਦਿਅਕ ਅਤੇ ਖੋਜ ਸੰਸਥਾਂਵਾਂ ਆਦਿ ਨੂੰ ਵੱਡੀ ਮਾਤਰਾ ਵਿੱਚ ਪੈਸੇ ਦੇਣ ਵਾਲਿਆਂ ਦੇ ਖੇਤਰ ਵਿੱਚ ਅਗਲੀ ਉਦਾਹਰਨ ਅਮਰੀਕਾ ਸਥਿੱਤ ਬਹੁਕੌਮੀ ਕਾਰਪੋਰੇਸ਼ਨ ਕੋਕ ਇੰਡਸਟਰੀਜ਼ ਦੀ ਹੈ। ਇਸ ਕਾਰਪੋਰੇਸ਼ਨ ਬਾਰੇ ਦਿੱਤੀ ਜਾ ਰਹੀ ਜਾਣਕਾਰੀ  ਓਕਬਾਜ਼ਗੀ ਦੀ ਕਿਤਾਬ ਦੀ ਬਾਇਓਫਿਊਲ ਡਿਸੈਪਸ਼ਨ ਅਤੇ ਗਰੀਨ ਪੀਸ ਵੱਲੋਂ 2010 ਵਿੱਚ ਛਪੀ ਰਿਪੋਰਟ ਕੋਕ ਇੰਡਸਟਰੀਜ਼ ਸੀਕਰੇਟਲੀ ਫੰਡਿੰਗ ਦੀ ਕਲਾਈਮੇਟ ਡਿਨਾਇਲ ਮਸ਼ੀਨ ਵਿੱਚੋਂ ਲਈ ਗਈ ਹੈ। ਕੋਕ ਇੰਡਸਟਰੀਜ਼ ਦਾ ਹੈਡਕੁਆਰਟਰ ਅਮਰੀਕਾ ਦੇ ਕੈਨਸਸ ਸੂਬੇ ਦੇ ਸ਼ਹਿਰ ਵਿਚਿਟਾ ਵਿੱਚ ਹੈ। ਮੁੱਖ ਤੌਰ `ਤੇ ਪੈਟਰੌਲੀਅਮ ਅਤੇ ਕੈਮੀਕਲ ਦੇ ਖੇਤਰ ਵਿੱਚ ਸਰਗਰਮ ਕੋਕ ਇੰਡਸਟਰੀਜ਼ 60 ਦੇ ਕਰੀਬ ਦੇਸ਼ਾਂ ਵਿੱਚ ਕਾਰੋਬਾਰ ਕਰਦੀ ਹੈ ਅਤੇ ਇਸ ਦੇ ਉਤਪਾਦਾਂ ਦੀ ਸਲਾਨਾ ਵਿਕਰੀ 115 ਅਰਬ (ਬਿਲੀਅਨ ਡਾਲਰ) ਦੇ ਕਰੀਬ ਹੈ ਅਤੇ ਇਸ ਦੇ ਇਕ ਲੱਖ ਦੇ ਕਰੀਬ ਕਰਮਚਾਰੀ ਹਨ। ਇਕੱਲੇ ਅਮਰੀਕਾ ਵਿੱਚ ਇਸ ਕੋਲ 4 ਤੇਲ ਸਾਫ ਕਰਨ ਵਾਲੀਆਂ ਰਿਫਾਈਨਰੀਆਂ, ਛੇ ਐਥਾਨੌਲ ਪੈਦਾ ਕਰਨ ਵਾਲੇ ਪਲਾਂਟ, ਇਕ ਗੈਸ ਨਾਲ ਬਿਜਲੀ ਪੈਦਾ ਕਰਨ ਵਾਲਾ ਪਲਾਂਟ, ਅਤੇ 4000 ਮੀਲ ਲੰਬੀ ਪਾਈਪ ਲਾਈਨ ਹੈ। ਸੰਨ 1990ਵਿਆਂ ਤੋਂ ਲੈ ਕੇ ਕੈਨੇਡਾ ਦੇ ਸੂਬੇ ਅਲਬਰਟਾ ਵਿਚਲੇ ਟਾਰ ਸੈਂਡਜ਼ ਦੀਆਂ ਕਈ ਲੀਜ਼ਾਂ ਇਸ ਕੋਲ ਹਨ ਅਤੇ ਇਹ ਕੈਨੇਡਾ ਤੋਂ ਅਮਰੀਕਾ ਦੇ ਸੂਬਿਆਂ ਮਿਨੀਸੋਟਾ ਅਤੇ ਵਿਸਕੌਨਸਿਨ ਤੱਕ ਕਰੂਡ ਓਇਲ ਲਿਜਾਣ ਵਾਲੀ ਕੋਕ ਪਾਈਪ ਲਾਈਨ ਕੰਪਨੀ ਦੀ ਮਾਲਕ ਹੈ।    
ਕੋਕ ਇੰਡਸਟਰੀਜ਼ ਵੱਲੋਂ ਵਾਤਾਵਰਨ ਵਿੱਚ ਪ੍ਰਦੂਸ਼ਨ ਫੈਲਾਉਣ ਅਤੇ ਵਾਤਾਵਰਨ ਦੇ ਬਚਾਅ ਲਈ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਇਕ ਲੰਬਾ ਰਿਕਾਰਡ ਹੈ। ਉਦਾਹਰਨ ਲਈ ਸੰਨ 2009 ਵਿੱਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਐਲਾਨ ਕੀਤਾ ਸੀ ਕਿ ਕੋਕ ਇੰਡਸਟਰੀਜ਼ ਦੀ ਇਕ ਮਾਤਾਹਿਤ (ਸਬਸਿਡਰੀ) ਕੰਪਨੀ ਇਨਵਿਸਟਾ ਨੂੰ ਕਈ ਸੂਬਿਆਂ ਵਿੱਚ ਵਾਤਾਵਰਨ ਦੇ ਕਾਨੂੰਨਾਂ ਦੀਆਂ ਕੀਤੀਆਂ ਉਲੰਘਣਾਵਾਂ ਕਾਰਨ 17 ਲੱਖ (1.7 ਮਿਲੀਅਨ) ਡਾਲਰ ਦੀ ਪੈਨਲਟੀ ਦੇਣੀ ਪਏਗੀ ਅਤੇ 50 ਕ੍ਰ੍ਰੋੜ (500 ਮਿਲੀਅਨ) ਡਾਲਰ ਉਹਨਾਂ ਉਲੰਘਣਾਵਾਂ ਨੂੰ ਠੀਕ ਕਰਨ ਲਈ ਖਰਚਣੇ ਪੈਣਗੇ। ਦਸੰਬਰ 2009 ਵਿੱਚ ਕੋਕ ਇੰਡਸਟਰੀਜ਼ ਦੀ ਇਕ ਪਾਈਪ ਲਾਈਨ ਵਿੱਚੋਂ ਮਿਨੀਸੋਟਾ ਸੂਬੇ ਦੇ ਸ਼ਹਿਰ ਫਿਲਬੁਰੱਕ ਵਿਖੇ 2 ਲੱਖ 10 ਹਜ਼ਾਰ ਗੈਲਨ ਕੱਚਾ ਤੇਲ (ਕਰੂਡ ਆਇਲ) ਲੀਕ ਹੋਇਆ ਸੀ ਅਤੇ ਸੰਨ 2005 ਵਿੱਚ ਇਕ ਹੋਰ ਦੁਰਘਟਨਾ ਦੌਰਾਨ ਮਿਨੀਸੋਟਾ ਵਿੱਚ ਹੀ ਲਿਟਲ ਫਾਲਜ਼ ਵਿਖੇ 1 ਲੱਖ ਗੈਲਨ ਕੱਚਾ ਤੇਲ ਲੀਕ ਹੋਇਆ ਸੀ। ਸੰਨ 2000 ਵਿੱਚ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਤੇਲ ਲੀਕ ਹੋਣ ਦੀਆਂ 300 ਘਟਨਾਵਾਂ ਕਾਰਨ ਕੋਕ ਇੰਡਸਟਰੀਜ਼ ਨੂੰ 3 ਕ੍ਰੋੜ (30 ਮਿਲੀਅਨ) ਡਾਲਰ ਦਾ ਜੁਰਮਾਨਾ ਕੀਤਾ ਸੀ। ਤੇਲ ਲੀਕ ਹੋਣ ਦੀਆਂ ਇਹਨਾਂ ਘਟਨਾਵਾਂ ਦੌਰਾਨ  3 ਕ੍ਰੋੜ (30 ਮਿਲੀਅਨ) ਗੈਲਨ ਕੱਚਾ ਤੇਲ ਤਲਾਵਾਂ, ਝੀਲਾਂ, ਨਦੀਆਂ/ਨਾਲਿਆਂ ਅਤੇ ਸਮੁੰਦਰੀ ਤੱਟ ਨਾਲ ਲਗਦੇ ਪਾਣੀਆਂ ਵਿੱਚ ਲੀਕ ਹੋਇਆ ਸੀ।
ਵਾਤਾਵਰਨ ਵਿੱਚ ਇਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਣਾ ਕੋਕ ਇੰਡਸਟਰੀਜ਼ ਦੇ ਕਾਰੋਬਾਰ ਦਾ ਇਕ ਅਨਿੱਖੜਵਾਂ ਹਿੱਸਾ ਹੈ। ਉਹ ਇਹ ਸਭ ਕੁੱਝ ਕਰਨਾ ਤਾਂ ਹੀ ਜਾਰੀ ਰੱਖ ਸਕਦੇ ਹਨ ਜੇ ਵਾਤਾਵਰਨ ਦੇ ਬਚਾਅ ਲਈ ਬਣਾਏ ਗਏ ਕਾਨੂੰਨ ਕਮਜ਼ੋਰ ਹੋਣ ਜਾਂ ਹੋਂਦ ਵਿੱਚ ਹੀ ਨਾ ਆਉਣ। ਇਹਨਾਂ ਕਾਨੂੰਨਾਂ ਨੂੰ ਕਮਜ਼ੋਰ ਕਰਨ ਜਾਂ ਹੋਂਦ ਵਿੱਚ ਆਉਣ ਤੋਂ ਰੋਕਣ ਦੇ ਕਈ ਢੰਗਾਂ ਵਿੱਚੋਂ ਇਕ ਢੰਗ ਇਹ ਹੈ ਕਿ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਤੱਥਾਂ ਅਤੇ ਸਾਇੰਸ ਨੂੰ ਝੁਠਲਾਇਆ ਜਾਵੇ, ਉਹਨਾਂ ਦੇ ਬਰਾਬਰ ਝੂਠੇ ਤੱਥ ਅਤੇ ਜਾਣਕਾਰੀ ਖੜ੍ਹੀ ਕਰਕੇ ਉਹਨਾਂ ਬਾਰੇ ਸ਼ੱਕ ਪੈਦਾ ਕੀਤੀ ਜਾਵੇ। ਅਜਿਹਾ ਕਰਨ ਲਈ ਕੋਕ ਇੰਡਸਟਰੀਜ਼ ਬਹੁਤ ਸਾਰੇ ਅਜਿਹੇ ਥਿੰਕ ਟੈਂਕਾਂ, ਖੋਜ ਸੰਸਥਾਵਾਂ, ਅਤੇ ਵਿਦਿਅਕ ਸੰਸਥਾਂਵਾਂ ਨੂੰ ਫੰਡ ਦਿੰਦੀ ਹੈ ਜੋ ਵਾਤਾਵਰਨ ਅਤੇ ਜਲਵਾਯੂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਸਾਇੰਸ ਵਿੱਚ ਯਕੀਨ ਨਹੀਂ ਕਰਦੇ।ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਸੰਨ 1997 ਵਿੱਚ ਵਾਤਾਵਰਨ ਦੇ ਸੰਕਟ ਬਾਰੇ ਅੰਤਰਰਾਸ਼ਟਰੀ ਪੱਧਰ `ਤੇ ਕਿਓਟੋ ਪ੍ਰੋਟੋਕਲ ਨਾਂ ਹੇਠ ਇਕ ਗੱਲਬਾਤ ਹੋਈ ਸੀ ਅਤੇ ਵਾਤਾਵਰਨ ਦੇ ਸੰਕਟ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ `ਤੇ ਚਰਚਾ ਦਾ ਕੇਂਦਰ ਬਣਿਆ ਸੀ। ਉਸ ਸਾਲ ਤੋਂ ਹੀ ਕਾਰਪੋਰੇਸ਼ਨਾਂ ਵੱਲੋਂ ਜਲਵਾਯੂ ਨਾਲ ਸੰਬੰਧਿਤ ਤਬਦੀਲੀਆਂ ਦਾ ਵਿਰੋਧ ਕਰਨ ਦਾ ਕਾਰਜ ਤਿੱਖਾ ਹੋ ਗਿਆ ਸੀ। ਉਦਾਹਰਨ ਲਈ ਸੰਨ 1997 ਤੋਂ ਲੈ ਕੇ ਸੰਨ 2008 ਤੱਕ ਕੋਕ ਇੰਡਸਟਰੀਜ਼ ਦੇ ਮਾਲਕ ਭਰਾਵਾਂ ਵੱਲੋਂ ਸਥਾਪਤ ਕੀਤੀ ਕੋਕ ਫਾਊਂਡੇਸ਼ਨ ਨੇ ਜਲਵਾਯੂ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਗਰੁੱਪਾਂ ਨੂੰ 4.8 ਕ੍ਰੋੜ (48 ਮਿਲੀਅਨ) ਡਾਲਰ ਦੇ ਫੰਡ ਦਿੱਤੇ ਸਨ। ਇਹਨਾਂ ਗਰੁੱਪਾਂ ਦਾ ਕੰਮ ਊਰਜਾ ਦੇ ਸਾਫ ਸ੍ਰੋਤਾਂ ਅਤੇ ਜਲਵਾਯੂ ਨਾਲ ਸੰਬੰਧਿਤ ਸਾਇੰਸ ਅਤੇ ਨੀਤੀਆਂ ਵਿਰੁੱਧ ਗਲਤ ਅਤੇ ਗੁਮਰਾਹ ਕਰੂ ਜਾਣਕਾਰੀ ਪੈਦਾ ਕਰਨਾ ਅਤੇ ਫੈਲਾਉਣਾ ਸੀ। ਉਦਾਹਰਨ ਲਈ ਅਮਰੀਕਾ ਦੇ ਸੂਬੇ ਵਿਰਜੀਨੀਆ ਵਿੱਚ ਸਥਿੱਤ ਜੋਰਜ ਮੇਸਨ ਯੂਨੀਵਰਸਟੀ ਨਾਲ ਸੰਬੰਧਿਤ ਮਰਕੇਟਸ ਸੈਂਟਰ ਨੂੰ ਕੋਕ ਫਾਊਂਡੇਸ਼ਨ ਵੱਲੋਂ ਸੰਨ 1997 -2008 ਵਿਚਕਾਰ  98 ਲੱਖ 74 ਹਜ਼ਾਰ 5 ਸੌ (9.87 ਮਿਲੀਅਨ) ਡਾਲਰ ਦੇ ਫੰਡ ਪ੍ਰਾਪਤ ਹੋਏ ਸਨ। ਸੰਨ 2001 ਵਿੱਚ ਇਸ ਸੈਂਟਰ ਨੇ ਸਲਾਹ ਦਿੱਤੀ ਸੀ ਕਿ ਆਲਮੀ ਤਪਸ਼ (ਗਲੋਬਲ ਵਾਰਮਿੰਗ) "ਰਾਤ ਨੂੰ, ਸਿਆਲਾਂ ਵਿੱਚ ਅਤੇ ਧਰੁਵਾਂ 'ਤੇ ਵਾਪਰੇਗੀ ਅਤੇ ਫਾਇਦੇਮੰਦ ਹੋਵੇਗੀ"। ਸੰਨ 2009 ਵਿੱਚ ਉਹਨਾਂ ਨੇ ਇਹ ਤਾਂ ਮੰਨ ਲਿਆ ਕਿ ਆਲਮੀ ਤਪਸ਼ (ਗਲੋਬਲ ਵਾਰਮਿੰਗ) ਮਨੁੱਖੀ ਸਰਗਰਮੀਆਂ ਕਾਰਨ ਹੁੰਦੀ ਹੈ ਅਤੇ ਇਸ ਨਾਲ ਸਮੱਸਿਆ ਪੈਦਾ ਹੋ ਸਕਦੀਆਂ ਹਨ। ਪਰ ਆਪਣੀਆਂ ਸਿਫਾਰਿਸ਼ਾਂ ਵਿੱਚ ਇਹ ਕਿਹਾ ਕਿ ਇਸ ਨੂੰ ਪੈਦਾ ਕਰਨ ਵਾਲੀਆਂ ਗੈਸਾਂ ਦੇ ਫੈਲਾਅ ਨੂੰ ਘਟਾਉਣ ਲਈ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ। ਜਦੋਂ ਜੌਰਜ ਡਬਲਿਊ ਬੁੱਸ਼ ਅਮਰੀਕਾ ਦਾ ਪ੍ਰੈਜ਼ੀਡੈਟ ਬਣਿਆ ਤਾਂ ਇਸ ਸੈਂਟਰ ਨੇ ਅਮਰੀਕਾ ਦੇ ਸੋਸ਼ਲ ਸਿਕਿਉਰਟੀ ਪ੍ਰੋਗਰਾਮ ਨੂੰ ਨਿੱਜੀ ਹੱਥਾਂ ਵਿੱਚ ਦੇਣ, ਟੈਕਸਾਂ ਵਿੱਚ ਹੋਰ ਕਟੌਤੀਆ ਕਰਨ, ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੂੰ ਖਤਮ ਕਰਨ ਅਤੇ ਸਰਕਾਰ ਦੀ ਸਹਾਇਤਾ ਨਾਲ ਚਲਦੇ ਵੈਲਫੇਅਰ ਸਿਸਟਮ ਅਤੇ ਮੈਡੀਕੇਅਰ ਨੂੰ ਖਤਮ ਕਰਨ ਵਰਗੀਆਂ ਸਿਫਾਰਿਸ਼ਾਂ ਕੀਤੀਆਂ। ਬੁੱਸ਼ ਨੇ ਇਸ ਸੈਂਟਰ ਨਾਲ ਕੰਮ ਕਰਦੀ ਅਤੇ ਜਨਤਕ ਹਿਤਾਂ ਲਈ ਬਣਾਏ ਜਾਣ ਵਾਲੇ ਕਾਨੂੰਨਾਂ (ਰੈਗੂਲੇਸ਼ਨ) ਦੀ ਕੱਟੜ ਵਿਰੋਧੀ ਸੂਜ਼ਨ ਡੂਡਲੀ ਨੂੰ ਆਪਣੇ ਪ੍ਰਸ਼ਾਸਨ ਵਿੱਚ ਇਕ ਵੱਡੇ ਅਹੁਦੇ, ਆਫਿਸ ਆਫ ਮੈਨੇਜਮੈਂਟ ਐਂਡ ਬੱਜਟ ਵਿੱਚ ਐਡਮਿਨਸਟ੍ਰੇਟਰ ਆਫ ਦੀ ਆਫਿਸ ਆਫ ਇਨਫਰਮੇਸ਼ਨ ਐਂਡ ਰੈਗੂਲੇਟਰੀ ਅਫੇਅਰਜ਼, 'ਤੇ ਤੈਨਾਤ ਕੀਤਾ ਸੀ।  ਇਸ ਹੀ ਤਰ੍ਹਾਂ ਸੰਨ 1997 ਅਤੇ 2008 ਵਿੱਚਕਾਰ ਫੈਡਰਲਿਸਟ ਸੁਸਾਇਟੀ ਫਾਰ ਲਾਅ ਅਤੇ ਪਬਲਿਕ ਸਟੱਡੀਜ਼ ਨੂੰ ਕੋਕ ਫਾਊਂਡੇਸ਼ਨ ਵੱਲੋਂ 17.5 ਲੱਖ (1.75 ਮਿਲੀਅਨ) ਡਾਲਰ ਦੇ ਫੰਡ ਦਿੱਤੇ ਗਏ ਸਨ। ਇਹ ਸੁਸਾਇਟੀ ਵੀ ਆਲਮੀ ਤਪਸ਼ ਬਾਰੇ ਕੁੱਝ ਵੀ ਨਾ ਕਰਨ ਦੀ ਸਿਫਾਰਿਸ਼ ਕਰਦੀ ਹੈ। ਇਸ ਸੁਸਾਇਟੀ ਅਨੁਸਾਰ "ਆਲਮੀ ਤਪਸ਼ (ਗਲੋਬਲ ਵਾਰਮਿੰਗ) ਇਕ ਅੰਦਾਜ਼ੇ ਤੋਂ ਵੱਧ ਕੇ ਕੁੱਝ ਨਹੀਂ ਹੈ। ਇਹ ਅੰਦਾਜ਼ਾ ਉਹਨਾਂ ਵਿਗਿਆਨੀਆਂ ਵੱਲੋਂ ਲਾਇਆ ਜਾ ਰਿਹਾ ਹੈ ਜੋ ਅਜੇ ਵੀ ਇਸ ਗੱਲ `ਤੇ ਬਹਿਸ ਕਰ ਰਹੇ ਹਨ ਕਿ ਡਾਈਨੋਸੋਰਾਂ ਨਾਲ ਕੀ ਵਾਪਰਿਆ ਸੀ। ਸ਼ਾਇਦ ਸਾਨੂੰ ਉਹਨਾਂ ਲੋਕਾਂ `ਤੇ ਅੰਨਾ-ਯਕੀਨ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ ਜਿਹੜੇ ਗੱਡੀ ਦੇ ਇੰਜਨਾਂ ਜਿੱਡੇ ਜਿੱਡੇ ਕ੍ਰੋੜਾਂ ਜੀਵਾਂ ਦੇ ਖਤਮ ਹੋ ਜਾਣ ਬਾਰੇ ਨਹੀਂ ਦੱਸ ਸਕਦੇ।"
  ਇਸ ਸੁਸਾਇਟੀ ਅਨੁਸਾਰ "ਆਲਮੀ ਤਪਸ਼ (ਗਲੋਬਲ ਵਾਰਮਿੰਗ) ਇਕ ਅੰਦਾਜ਼ੇ ਤੋਂ ਵੱਧ ਕੇ ਕੁੱਝ ਨਹੀਂ ਹੈ। ਇਹ ਅੰਦਾਜ਼ਾ ਉਹਨਾਂ ਵਿਗਿਆਨੀਆਂ ਵੱਲੋਂ ਲਾਇਆ ਜਾ ਰਿਹਾ ਹੈ ਜੋ ਅਜੇ ਵੀ ਇਸ ਗੱਲ `ਤੇ ਬਹਿਸ ਕਰ ਰਹੇ ਹਨ ਕਿ ਡਾਈਨੋਸੋਰਾਂ ਨਾਲ ਕੀ ਵਾਪਰਿਆ ਸੀ। ਸ਼ਾਇਦ ਸਾਨੂੰ ਉਹਨਾਂ ਲੋਕਾਂ `ਤੇ ਅੰਨਾ-ਯਕੀਨ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ ਜਿਹੜੇ ਗੱਡੀ ਦੇ ਇੰਜਨਾਂ ਜਿੱਡੇ ਜਿੱਡੇ ਕ੍ਰੋੜਾਂ ਜੀਵਾਂ ਦੇ ਖਤਮ ਹੋ ਜਾਣ ਬਾਰੇ ਨਹੀਂ ਦੱਸ ਸਕਦੇ।" (ਗਰੀਨਪੀਸ ਸਫਾ 21)

ਕੋਕ ਫਾਊਂਡੇਸ਼ਨ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਫੰਡ ਦੇਣ ਸਮੇਂ ਇਹ ਮੰਗ ਕਰਦੀ ਹੈ ਕਿ ਫਾਊਂਡੇਸ਼ਨ ਦੀ ਮਾਇਕ ਸਹਾਇਤਾ ਨਾਲ ਹੋਂਦ ਵਿੱਚ ਆਈਆਂ ਨੌਕਰੀਆਂ 'ਤੇ ਕਿਸ ਨੂੰ ਰੱਖਣਾ ਹੈ, ਇਸ ਗੱਲ ਦਾ ਫੈਸਲਾ ਫਾਊਂਡੇਸ਼ਨ ਕਰੇਗੀ। ਇਸ ਤੋਂ ਬਿਨਾਂ ਕੋਕ ਫਾਊਂਡੇਸ਼ਨ ਸਰਕਾਰ ਵਿੱਚ ਕੰਮ ਕਰਦੀ ਅਫਸਰਸ਼ਾਹੀ ਨੂੰ ਆਪਣੀ ਵਿਚਾਰਧਾਰਾ ਤੋਂ ਪ੍ਰਭਾਵਿਤ ਕਰਨ ਲਈ ਵਕੀਲਾਂ, ਜੱਜਾਂ, ਸੈਨੇਟਰਾਂ, ਕਾਂਗਰਸ ਦੇ ਮੈਂਬਰਾਂ, ਬੁੱਧੀਜੀਵੀਆਂ ਅਤੇ ਇਸ ਤਰ੍ਹਾਂ ਦੇ ਹੋਰ ਲੋਕਾਂ ਲਈ ਕਾਨੂੰਨ, ਅਰਥਸ਼ਾਸਤਰ, ਸਿਆਸਤ ਅਤੇ ਹੋਰ ਵਿਸ਼ਿਆਂ ਬਾਰੇ ਕਾਨਫਰੰਸਾਂ, ਸੈਮੀਨਾਰਾਂ, ਆਦਿ ਦਾ ਪ੍ਰਬੰਧ ਵੀ ਕਰਦੀ ਹੈ। ਜਾਪਦਾ ਹੈ ਕਿ ਇਹਨਾਂ ਸੈਮੀਨਾਰਾਂ ਅਤੇ ਕਾਨਫਰੰਸਾਂ ਤੋਂ ਜਾਣਕਾਰੀ ਪ੍ਰਾਪਤ ਲੋਕ ਕੋਕ ਇੰਡਸਟਰੀਜ਼ ਦੀਆਂ ਵਾਤਾਵਰਨ ਵਿਰੋਧੀ ਗਤੀਵਿਧੀਆਂ ਦਾ ਸਮਰਥਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਉਦਾਹਰਨ ਲਈ ਜਦੋਂ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਤੇਲ ਸਾਫ ਕਰਨ ਦੀਆਂ ਰਿਫਾਈਨਰੀਆਂ ਵਿੱਚੋਂ ਪੈਦਾ ਹੋਣ ਵਾਲੀ ਓਜ਼ੋਨ ਬਾਰੇ ਕਾਨੂੰਨ ਬਣਾਉਣ ਦਾ ਯਤਨ ਕੀਤਾ ਤਾਂ ਕੋਕ ਇੰਡਸਟਰੀਜ਼ ਦੇ ਵਕੀਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਸਮੌਗ (ਇੰਡਸਟਰੀਆਂ ਕਾਰਨ ਪੈਦਾ ਹੋਣ ਵਾਲੇ ਧੂੰਏਂ ਅਤੇ ਪ੍ਰਦੂਸ਼ਣ ਤੋਂ ਚੜ੍ਹਨ ਵਾਲੀ ਧੁੰਦ) ਦੇ ਬਹੁਤ ਸਾਰੇ ਫਾਇਦੇ ਹਨ ਕਿਉਂਕਿ ਇਹ ਧੁੱਪ ਨੂੰ ਰੋਕਦੀ ਹੈ ਅਤੇ ਲੋਕਾਂ ਵਿੱਚ ਕੈਂਸਰ ਹੋਣ ਦੀ ਦਰ ਨੂੰ ਘਟਾਉਂਦੀ ਹੈ ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਸਮੌਗ ਦੇ ਇਹਨਾਂ ਫਾਇਦਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਅਦਾਲਤ ਵਿੱਚ ਜੱਜ ਨੇ ਕੋਕ ਇੰਡਸਟਰੀਜ਼ ਦੇ ਵਕੀਲ ਦੀ ਦਲੀਲ ਮੰਨ ਲਈ ਅਤੇ ਈ ਪੀ ਏ `ਤੇ ਦੋਸ਼ ਲਾਇਆ ਕਿ ਉਸ ਨੇ ਸਮੌਗ ਦੇ ਫਾਇਦਿਆਂ ਨੂੰ ਅਣਗੌਲਿਆ ਕੀਤਾ ਸੀ।  
ਹੁਣ ਤੱਕ ਵਿਚਾਰੇ ਤੱਥਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਦੁਨੀਆ ਦੇ ਮੁੱਠੀ ਭਰ ਅਮੀਰ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਵਾਤਾਵਰਨ ਦੇ ਸੰਕਟ ਨੂੰ ਰੋਕਣ ਲਈ ਬਣਾਏ ਜਾ ਰਹੇ ਕਾਨੂੰਨਾਂ ਅਤੇ ਨੀਤੀਆਂ ਦਾ ਵਿਰੋਧ ਕਰਨ ਲਈ ਕਿਸ ਤਰ੍ਹਾਂ ਆਪਣੀ ਦੌਲਤ ਦੀ ਵਰਤੋਂ ਕਰਦੀਆਂ ਹਨ। ਇਸ ਦੌਲਤ ਕਾਰਨ ਦੁਨੀਆ ਦੀ ਆਰਥਿਕਤਾ ਅਤੇ ਸਿਆਸਤ ਉੱਪਰ ਕਾਰਪੋਰੇਸ਼ਨਾਂ ਦੇ ਗਲਬੇ ਦੇ ਹੁੰਦੇ ਹੋਏ ਕਦੇ ਵੀ ਵਾਤਾਵਰਨ ਦੇ ਸੰਕਟ ਨਾਲ ਨਿਪਟਣ ਲਈ ਸਹੀ ਕਾਨੂੰਨ ਅਤੇ ਨੀਤੀਆਂ ਬਣਨਾ ਸੰਭਵ ਨਹੀਂ ਹੋ ਸਕਦਾ। ਫਰੈਡ ਮੈਗਡੌਫ ਅਤੇ ਜੌਹਨ ਬਲੈਮੀ ਫੌਸਟਰ ਨੇ ਆਪਣੀ ਕਿਤਾਬ ਵੱਟ ਐਵਰੀ ਇਨਵਾਇਰਮੈਂਟਲਿਸਟ ਨੀਡਜ਼ ਟੂ ਨੋਅ ਅਬਾਊਟ ਕੈਪੀਟਲਿਜ਼ਮ ਵਿੱਚ ਇਸ ਤਰ੍ਹਾਂ ਲਿਖਿਆ ਹੈ, “ਆਰਥਿਕਤਾ, ਰਿਆਸਤ, ਮੀਡੀਆ... ਉੱਪਰ ਕਾਰੋਬਾਰੀ ਹਿੱਤਾਂ ਦੀ ਸਰਦਾਰੀ ਦੇ ਮੱਦੇਨਜ਼ਰ, ਕਿਸੇ ਵੀ ਤਰ੍ਹਾਂ ਦੀ ਅਜਿਹੀ ਬੁਨਿਆਦੀ ਤਬਦੀਲੀ ਲਿਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦਾ ਵਿਰੋਧ ਕਾਰਪੋਰੇਸ਼ਨਾਂ ਕਰ ਰਹੀਆਂ ਹੋਣ। ਇਸ ਲਈ ਊਰਜਾ, ਸਿਹਤ ਸੰਭਾਲ, ਖੇਤੀਬਾੜੀ ਅਤੇ ਖੁਰਾਕ, ਇੰਡਸਟਰੀ ਅਤੇ ਵਿਦਿਆ ਦੇ ਖੇਤਰ ਵਿੱਚ ਕਾਰਗਰ (ਰੈਸ਼ਨਲ) ਅਤੇ ਵਾਤਾਵਰਨ ਦੇ ਹਿਸਾਬ ਨਾਲ ਵਧੀਆ ਨੀਤੀਆਂ ਲਿਆਉਣਾ ਤਕਰੀਬਨ ਅਸੰਭਵ ਹੋ ਜਾਂਦਾ ਹੈ। ਬੇਸ਼ੱਕ ਸੁਖਾਂਵੇਂ ਸਿਆਸੀ ਮਾਹੌਲ ਵਿੱਚ ਪੂੰਜੀਵਾਦੀ ਪ੍ਰਬੰਧ ਵਾਤਾਵਰਨ ਦੇ ਸੰਬੰਧ ਵਿੱਚ ਸੀਮਤ ਸੁਧਾਰ ਲਿਆਉਣ ਦੇ ਯੋਗ ਹੈ, ਪਰ ਜਿਵੇਂ ਕਿ ਹੋਰ ਖੇਤਰਾਂ ਵਿੱਚ ਹੁੰਦਾ ਹੈ, ਇਹਨਾਂ ਸੁਧਾਰਾਂ ਨੂੰ ਉਸ ਹੱਦ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਜਾਂਦਾ ਹੈ, ਜਿਸ ਹੱਦ `ਤੇ ਇਹ ਸਮੁੱਚੇ ਆਰਥਿਕ/ਸਮਾਜਕ ਪ੍ਰਬੰਧ ਲਈ ਖਤਰਾ ਬਣ ਸਕਦੇ ਹੋਣ। ਨਤੀਜੇ ਵੱਜੋਂ, ਸੁਧਾਰ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚਣ ਤੋਂ ਨਾਕਾਮ ਰਹਿੰਦੇ ਹਨ ਅਤੇ ਵਾਤਾਵਰਨ ਦਾ ਬਦਤਰ ਹੋਣਾ ਜਾਰੀ ਰਹਿੰਦਾ ਹੈ। ਇਸ ਮੌਜੂਦਾ ਪ੍ਰਬੰਧ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ, ਜੋ ਇਸ ਨੂੰ ਖਤਰਨਾਕ ਹੱਦ `ਤੇ ਪਹੁੰਚਣ ਤੋਂ ਪਹਿਲਾਂ ਰੁਕਣ ਦੀ ਆਗਿਆ ਦਿੰਦੀ ਹੋਵੇ। ਅਜਿਹਾ ਕਰਨ ਲਈ ਸਮਾਜ ਦੀ ਹੇਠਲੀ ਪੱਧਰ ਤੋਂ ਉੱਠੀਆ ਅਜਿਹੀਆਂ ਤਾਕਤਾਂ ਦੀ ਲੋੜ ਹੈ ਜੋ ਆਪਣੀ ਸੋਚ ਅਤੇ ਅਮਲਾਂ ਵਿੱਚ ਇਸ ਪ੍ਰਬੰਧ ਦੇ ਤਰਕ ਤੋਂ ਪਾਰ ਜਾ ਸਕਦੀਆਂ ਹੋਣ। ”

ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ - ਸੁਖਵੰਤ ਹੁੰਦਲ

ਪੂੰਜੀਵਾਦੀ ਪ੍ਰਬੰਧ ਵਿੱਚ ਉਤਪਾਦਕ ਦਾ ਮੁੱਖ ਉਦੇਸ਼ ਮੁਨਾਫਾ ਕਮਾਉਣਾ ਹੁੰਦਾ ਹੈ। ਇਹ ਮੁਨਾਫਾ ਵਸਤਾਂ ਨੂੰ ਪੈਦਾ ਕਰਕੇ ਅਤੇ ਵੇਚ ਕੇ ਕਮਾਇਆ ਜਾਂਦਾ ਹੈ। ਇਸ ਲਈ ਵਸਤਾਂ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਪੂੰਜੀਵਾਦੀ ਪ੍ਰਬੰਧ ਦੀ ਇਕ ਮੁੱਖ ਖਾਸੀਅਤ ਹੈ। ਵਸਤਾਂ ਦੇ ਉਤਪਾਦਨ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਕਾਰਨ, ਉਤਪਾਦਨ ਦੇ ਨਤੀਜੇ (ਬਾਈ ਪ੍ਰੋਡਕਟ) ਵੱਜੋਂ ਪੈਦਾ ਹੋਣ ਵਾਲੇ ਕੂੜੇ ਵਿੱਚ ਵੀ ਲਗਾਤਾਰ ਵਾਧਾ ਹੋਈ ਜਾਂਦਾ ਹੈ। ਵਰਲਡ ਰਿਸੋਰਸਜ਼ ਇੰਸਟੀਚਿਊਟ ਵਲੋਂ ਸੰਨ 1998 ਵਿੱਚ ਛਪੀ ਇਕ ਰਿਪੋਰਟ ਅਨੁਸਾਰ, ਸਨਅਤੀ ਦੇਸ਼ਾਂ ਵਿੱਚ ਵਸਤਾਂ ਦੇ ਉਤਪਾਦਨ ਲਈ ਵਰਤੇ ਜਾਂਦੇ ਵਸੀਲਿਆਂ (ਪਾਣੀ, ਕੱਚਾ ਮਾਲ, ਬਾਲਣ ਆਦਿ) ਦਾ ਅੱਧਾ ਜਾਂ ਤਿੰਨ/ਚੌਥਾਈ ਹਿੱਸਾ ਇਕ ਸਾਲ ਦੇ ਅੰਦਰ ਅੰਦਰ ਕੂੜੇ ਦੇ ਰੂਪ ਵਿੱਚ ਵਾਪਸ ਵਾਤਾਵਰਨ ਵਿੱਚ ਪਹੁੰਚ ਜਾਂਦਾ ਹੈ। ਕਿਉਂਕਿ ਮੁਨਾਫਾ ਕਮਾਉਣ ਲਈ ਵਸਤਾਂ ਦਾ ਵੇਚਿਆਂ ਜਾਣਾ ਜ਼ਰੂਰੀ ਹੈ, ਇਸ ਲਈ ਹਰ ਸਾਲ ਵੇਚੀਆਂ ਨਾ ਜਾ ਸਕਣ ਵਾਲੀਆਂ ਬਹੁਤ ਸਾਰੀਆਂ ਸਹੀ ਸਲਾਮਤ ਵਸਤਾਂ ਨੂੰ ਕੂੜੇ ਦੇ ਢੇਰ `ਤੇ ਸੁੱਟ ਦਿੱਤਾ ਜਾਂਦਾ ਹੈ। ਇਹ ਗੱਲ ਯਕੀਨੀ ਬਣਾਉਣ ਲਈ ਕਿ ਲੋਕ ਲਗਾਤਾਰ ਵਸਤਾਂ ਖ੍ਰੀਦਦੇ ਰਹਿਣ ਵੱਡੀ ਪੱਧਰ `ਤੇ ਮਾਰਕੀਟਿੰਗ ਕਰਕੇ ਲੋਕਾਂ ਵਿੱਚ ਵਸਤਾਂ ਲਈ ਖਾਹਿਸ਼ਾਂ ਪੈਦਾ ਕੀਤੀਆਂ ਜਾਂਦੀਆਂ ਹਨ। ਵਸਤਾਂ ਦਾ ਉਤਪਾਦਨ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਇਕ ਮਿੱਥੇ ਸਮੇਂ ਬਾਅਦ ਵਰਤਣ ਦੇ ਯੋਗ ਨਾ ਰਹਿਣ। ਉਤਪਾਦਨ ਦੇ ਇਸ ਵਰਤਾਰੇ ਨੂੰ 'ਪਲੈਨਡ ਓਬਸੋਲੀਸੈਂਸ' ਦਾ ਨਾਂ ਦਿੱਤਾ ਗਿਆ ਹੈ। ਇਸ ਦੀ ਸਪਸ਼ਟ ਉਦਾਹਰਨ ਇਲੈਕਟ੍ਰੌਨਿਕ ਦੀਆਂ ਵਸਤਾਂ ਹਨ। ਤਕਨੀਕੀ ਤੌਰ `ਤੇ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਕਿ ਕੰਪਿਊਟਰਾਂ ਜਾਂ ਸੈੱਲਫੋਨਾਂ ਨੂੰ ਮੁਰੰਮਤ ਜਾਂ ਅਪਗ੍ਰੇਡ ਨਾ ਕੀਤਾ ਜਾ ਸਕੇ। ਪਰ ਅਜਿਹਾ ਕਰਨ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਲੋਕਾਂ ਨੂੰ ਨਵੇਂ ਕੰਪਿਊਟਰ, ਸੈੱਲ ਫੋਨ ਆਦਿ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨਤੀਜੇ ਵੱਜੋਂ ਪਿਛਲੇ ਕੁੱਝ ਦਹਾਕਿਆਂ ਵਿੱਚ ਈ-ਵੇਸਟ ਦੀ ਇਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਇਸ ਦੇ ਨਾਲ ਨਾਲ ਫੈਸ਼ਨ ਜਾਂ ਚੀਜ਼ਾਂ ਦੇ ਮਾਡਲਾਂ ਵਿੱਚ ਤਬਦੀਲੀ ਕਰਕੇ ਲੋਕਾਂ ਨੂੰ ਚੰਗੀਆਂ ਭਲੀਆਂ ਚੀਜ਼ਾਂ ਨੂੰ ਕੂੜੇ ਦੇ ਢੇਰ `ਤੇ ਸੁੱਟਣ ਲਈ ਤਿਆਰ ਕੀਤਾ ਜਾਂਦਾ ਹੈ। ਪੂੰਜੀਵਾਦ ਪ੍ਰਬੰਧ ਵਿੱਚ ਵੱਡੀ ਪੱਧਰ `ਤੇ ਹੋਣ ਵਾਲੀ ਕੂੜੇ ਦੀ ਪੈਦਾਵਾਰ ਅਤੇ ਉਸ ਦੇ ਭੈੜੇ ਨਤੀਜਿਆਂ ਦੀ ਇਕ ਸਪਸ਼ਟ ਤਸਵੀਰ ਬਣਾਉਣ ਲਈ ਕੁੱਝ ਜਾਣਕਾਰੀ ਪੇਸ਼ ਹੈ।

ਸਭ ਤੋਂ ਪਹਿਲੀ ਉਦਾਹਰਨ ਖਾਣਾਂ ਵਿੱਚੋਂ ਧਾਤਾਂ ਕੱਢਣ ਦੇ ਅਮਲ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੀ ਲਈ ਜਾ ਸਕਦੀ ਹੈ। ਆਮ ਤੌਰ `ਤੇ ਇਸ ਅਮਲ ਦੌਰਾਨ ਧਰਤੀ ਵਿੱਚੋਂ ਕੱਢੀ ਜਾਣ ਵਾਲੀ ਸਮੱਗਰੀ ਦਾ ਜਿ਼ਆਦਾ ਹਿੱਸਾ ਕੂੜਾ-ਕਰਕਟ ਹੁੰਦਾ ਹੈ ਅਤੇ ਬਹੁਤ ਥੋੜ੍ਹਾ ਹਿੱਸਾ ਵਰਤੀ ਜਾ ਸਕਣ ਵਾਲੀ ਧਾਤ। ਉਦਾਹਰਨ ਲਈ ਮਾਈਨਿੰਗ ਵਾਚ ਕੈਨੇਡਾ ਦੇ ਬਲੌਗ `ਤੇ 5 ਅਕਤੂਬਰ 2020 ਨੂੰ ਛਪੀ ਮਾਈਨ ਵੇਸਟ ਇਨ ਕੈਨੇਡਾ: ਏ ਗਰੋਇੰਗ ਲਾਇਬਿਲਟੀ ਵਿੱਚ ਦੱਸਿਆ ਗਿਆ ਹੈ ਕਿ ਇਕ ਟਨ ਲੋਹੇ ਦੀ ਧਾਤ ਕੱਢਣ ਪਿੱਛੇ 3 ਟਨ ਤੋਂ ਜ਼ਿਆਦਾ ਠੋਸ ਕੂੜਾ (ਸੋਲਿਡ ਵੇਸਟ) ਪੈਦਾ ਹੁੰਦਾ ਹੈ। ਤਾਂਬੇ, ਨਿੱਕਲ, ਜਿ਼ਸਤ (ਜਿ਼ੰਕ), ਲੀਥੀਅਮ ਅਤੇ ਗਰੈਫਾਈਟ ਦਾ ਇਕ ਟਨ ਕੱਢਣ ਪਿੱਛੇ 20-200 ਟਨ ਠੋਸ ਕੂੜਾ (ਸੋਲਿਡ ਵੇਸਟ) ਪੈਦਾ ਹੁੰਦਾ ਹੈ ਪਲਾਟੀਨਮ, ਰੇਅਰ ਅਰਥ ਅਤੇ ਸੋਨੇ ਦੀ ਇਕ ਟਨ ਧਾਤ ਕੱਢਣ ਲਈ 10 ਲੱਖ (1 ਮਿਲੀਅਨ) ਟਨ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ। ਹਾਂ ਜੀ ਇਕ ਟਨ ਸੋਨੇ ਦੀ ਧਾਤ ਮਗਰ 10 ਲੱਖ ਟਨ ਤੋਂ ਜਿ਼ਆਦਾ ਕੂੜਾ। ਵਰਲਡ ਕਾਊਂਟਸ ਨਾਂ ਦੇ ਵੈੱਬਸਾਈਟ `ਤੇ ਛਪੀ ਇਕ ਹੋਰ ਰਿਪੋਰਟ ਅਨੁਸਾਰ ਕੁੱਲ ਮਿਲਾ ਕੇ ਸੋਨੇ ਦੀਆਂ ਖਾਣਾਂ ਵਿੱਚੋਂ ਹਰ 40 ਸਕਿੰਟਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਦਾ ਭਾਰ ਇਕ ਆਈਫਲ ਟਾਵਰ ਦੇ ਭਾਰ ਜਿੰਨਾ ਹੁੰਦਾ ਹੈ। ਸੋਨੇ ਦੀਆਂ ਖਾਣਾਂ ਵਿੱਚੋਂ 5 ਦਿਨਾਂ ਤੋਂ ਘੱਟ ਸਮੇਂ ਵਿੱਚ ਪੈਦਾ ਹੋਣ ਵਾਲੇ ਕੂੜੇ ਨਾਲ ਤੁਸੀਂ ਸਾਰੇ ਪੈਰਿਸ ਸ਼ਹਿਰ ਨੂੰ ਕੂੜੇ ਦੇ ਟਾਵਰਾਂ ਨਾਲ ਢੱਕ ਸਕਦੇ ਹੋ।  ਸੋਨੇ ਦੀ ਇਕ ਮੁੰਦੀ ਬਣਾਉਣ ਲਈ ਲੋੜੀਂਦਾ ਸੋਨਾ ਖਾਣ ਵਿੱਚੋਂ ਕੱਢਣ ਲਈ 26 ਟਨ ਦੇ ਬਰਾਬਰ ਕੂੜਾ ਪੈਦਾ ਹੁੰਦਾ ਹੈ।

ਖਾਣਾਂ ਵਿੱਚੋਂ ਧਾਤਾਂ ਕੱਢਣ ਕਾਰਨ ਪੈਦਾ ਹੋਣ ਵਾਲੇ ਕੂੜੇ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਰਸਾਇਣਕ ਪਦਾਰਥ ਹੁੰਦੇ ਹਨ, ਜਿਵੇਂ ਸੰਖੀਆ, ਸਿੱਕਾ, ਪਾਰਾ, ਪੈਟਰੋਲ ਨਾਲ ਸੰਬੰਧਿਤ ਉਤਪਾਦ, ਤੇਜ਼ਾਬ, ਸਾਈਨਾਈਡ ਆਦਿ। ਜ਼ਹਿਰੀਲੇ ਪਦਾਰਥਾਂ ਨਾਲ ਭਰਪੂਰ ਇਹ ਕੂੜਾ ਕਈ ਤਰ੍ਹਾਂ ਨਾਲ ਵਾਤਾਵਰਨ ਦੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਅਮਰੀਕਾ ਦੀ ਰਾਜਧਾਨੀ ਵਸਿ਼ੰਗਟਨ ਵਿੱਚ ਸਥਿਤ ਸੰਸਥਾ ਅਰਥਵਰਕਸ ਦੀ ਫਰਵਰੀ 2012 ਵਿੱਚ ਪ੍ਰਕਾਸ਼ਤ "ਟਰਬਲਡ ਵਾਟਰਜ਼" ਨਾਂ ਦੀ ਰਿਪੋਰਟ ਖਾਣਾਂ ਵਿੱਚੋਂ ਪੈਦਾ ਹੋਣ ਵਾਲੇ ਕੂੜੇ ਕਾਰਨ ਪ੍ਰਦੂਸ਼ਤ ਹੋਣ ਵਾਲੇ ਸਮੁੰਦਰਾਂ, ਦਰਿਆਵਾਂ, ਝੀਲਾਂ ਅਤੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਦਿਵਾਉਂਦੀ ਹੈ। ਇਸ ਰਿਪੋਰਟ ਅਨੁਸਾਰ, ਮਾਈਨਿੰਗ ਕੰਪਨੀਆਂ ਦੁਨੀਆ ਭਰ ਵਿੱਚ ਹਰ ਸਾਲ 18 ਕ੍ਰੋੜ (180 ਮਿਲੀਅਨ) ਟਨ ਤੋਂ ਜਿ਼ਆਦਾ ਜ਼ਹਿਰੀਲਾ ਕੂੜਾ ਦਰਿਆਵਾਂ, ਝੀਲਾਂ ਅਤੇ ਸਮੁੰਦਰਾਂ ਵਿੱਚ ਸੁੱਟ ਰਹੀਆਂ ਹਨ। ਇਸ ਦੇ ਨਤੀਜੇ ਵਜੋਂ ਦੁਨੀਆ ਭਰ ਵਿੱਚ ਪਾਣੀ ਦੇ ਸ੍ਰੋਤ ਪ੍ਰਦੂਸ਼ਤ ਹੋ ਰਹੇ ਹਨ ਅਤੇ ਪੀਣ ਵਾਲੇ ਪਾਣੀ ਦੇ ਸ੍ਰੋਤਾਂ, ਭੋਜਨ ਦੀ ਸਪਲਾਈ, ਲੋਕਾਂ ਦੀ ਸਿਹਤ ਅਤੇ ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਜਿ਼ੰਦਗੀ ਲਈ ਖਤਰੇ ਪੈਦਾ ਹੋ ਰਹੇ ਹਨ।

ਵਸਤਾਂ ਦੇ ਉਤਪਾਦਨ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੇ ਵਰਤਾਰੇ ਨੂੰ ਸਮਝਣ ਲਈ ਕੋਕਾ ਕੋਲਾ ਦੇ ਇਕ ਕੈਨ ਦੇ ਉਤਪਾਦਨ ਅਤੇ ਵਰਤੋਂ ਦੀ ਕਹਾਣੀ ਨੂੰ ਜਾਣਨਾ ਕਾਫੀ ਜਾਣਕਾਰੀ ਭਰਪੂਰ ਹੋ ਸਕਦਾ ਹੈ। ਪਾਲ ਹਾਕਿਨ, ਐਮੋਰੀ ਬੀ. ਲਵਿਨਜ਼ ਅਤੇ ਐੱਲ ਹੰਟਰ ਲਵਿਨਜ਼ ਆਪਣੀ ਕਿਤਾਬ, ਨੈਚੁਰਲ ਕੈਪੀਟਲਿਜ਼ਮ: ਦਿ ਨੈਕਸਟ ਇੰਡਸਟਰੀਅਲ ਰੈਵੋਲੂਸ਼ਨ ਵਿੱਚ ਇੰਗਲੈਂਡ ਵਿੱਚ ਵਰਤੇ ਜਾਣ ਵਾਲੇ ਕੋਕਾ ਕੋਲਾ ਦੇ ਇਕ ਕੈਨ ਦੀ ਕਹਾਣੀ ਇਸ ਤਰ੍ਹਾਂ ਦਸਦੇ ਹਨ:

“ਕੈਨ ਬਣਾਉਣ ਲਈ ਚਾਹੀਦੀ ਕੱਚੀ ਧਾਤ ਬਾਕਸਾਈਟ ਅਸਟ੍ਰੇਲੀਆ ਵਿੱਚ ਕੱਢੀ ਜਾਂਦੀ ਹੈ। ਫਿਰ ਉੱਥੇ ਹੀ ਇਸ ਨੂੰ ਕੈਮੀਕਲ ਰਿਡਕਸ਼ਨ ਮਿੱਲ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਅੱਧੇ ਘੰਟੇ ਦਾ ਸ਼ੁੱਧੀਕਰਨ ਦਾ ਕਾਰਜ ਇਕ ਟਨ ਬਾਕਸਾਈਟ ਨੂੰ ਅੱਧੇ ਟਨ ਅਲਮੀਨੀਅਮ ਆਕਸਾਈਡ ਵਿੱਚ ਤਬਦੀਲ ਕਰ ਦਿੰਦਾ ਹੈ। ਫਿਰ ਇਹ ਅਲਮੀਨੀਅਮ ਆਕਸਾਈਡ ਸਮੁੰਦਰੀ ਜਹਾਜ਼ਾਂ ਵਿੱਚ ਸਵੀਡਨ ਜਾਂ ਨੋਰਵੇਅ ਦੇ ਕਿਸੇ ਸਮੈਲਟਰ (ਕੱਚੀ ਧਾਤ ਨੂੰ ਪਿਘਲਾ ਕੇ ਮਿੱਟੀ ਨਾਲੋਂ ਵੱਖ ਕਰਨ ਵਾਲੀ ਥਾਂ) ਨੂੰ ਭੇਜਿਆ ਜਾਂਦਾ ਹੈ। ਜਹਾਜ਼ਾਂ ਵਿੱਚ ਮਹੀਨੇ ਦੇ ਸਫਰ ਬਾਅਦ ਸਮੈਲਟਰ ਵਿੱਚ ਪੁੱਜਿਆ ਅਲਮੀਨੀਅਮ ਆਕਸਾਈਡ ਦੋ ਮਹੀਨਿਆਂ ਦੇ ਕਰੀਬ ਤੱਕ ਸਮੈਲਟਰ ਵਿੱਚ ਪਿਆ ਰਹਿੰਦਾ ਹੈ ਅਤੇ ਫਿਰ ਸਮੈਲਟਰ ਵਿੱਚ 2 ਘੰਟਿਆਂ ਦਾ ਕਾਰਜ ਅਲਮੀਨੀਅਮ ਆਕਸਾਈਡ ਦੇ ਅੱਧੇ ਟਨ ਨੂੰ ਇਕ ਚੌਥਾਈ ਟਨ ਦੇ ਬਰਾਬਰ ਦੀ ਅਲਮੀਨੀਅਮ ਦੀ ਧਾਤ ਵਿੱਚ ਤਬਦੀਲ ਕਰਦਾ ਹੈ ਅਤੇ ਇਹ ਧਾਤ 10 ਮੀਟਰ ਲੰਬੇ ਡਲਿਆਂ ਦੇ ਰੂਪ ਵਿੱਚ ਹੁੰਦੀ ਹੈ। ਫਿਰ ਅਲਮੀਨੀਅਮ ਦੀ ਧਾਤ ਦੇ ਇਹਨਾਂ ਡਲਿਆਂ ਨੂੰ ਸਮੈਲਟਰ ਵਾਲੀ ਥਾਂ `ਤੇ ਧਾਤ ਨੂੰ ਸਾਧਣ ਦੇ ਦੋ ਹਫਤਿਆਂ ਦੇ ਲੰਮੇ ਅਮਲ ਰਾਹੀਂ ਸਖਤ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਸਵੀਡਨ ਜਾਂ ਜਰਮਨੀ ਦੀਆਂ ਰੋਲਰ ਮਿੱਲਾਂ ਨੂੰ ਭੇਜਿਆ ਜਾਂਦਾ ਹੈ। ਉੱਥੇ ਧਾਤ ਦੇ ਇਸ ਇਕੱਲੇ ਇਕੱਲੇ ਡਲੇ ਨੂੰ 900 ਡਿਗਰੀ ਫਾਰਨਹੀਟ ਦੇ ਤਾਪਮਾਨ ਤੱਕ ਗਰਮ ਕਰਕੇ 1/8 ਇੰਚ ਦੀ ਮੋਟਾਈ ਵਾਲੀਆਂ ਸ਼ੀਟਾਂ ਵਿੱਚ ਢਾਲਿਆ ਜਾਂਦਾ ਹੈ। ਫਿਰ ਇਹਨਾਂ ਸ਼ੀਟਾਂ ਨੂੰ ਇਕ ਵੇਅਰਹਾਊਸ ਵਿੱਚ ਭੇਜਿਆ ਜਾਂਦਾ ਹੈ ਅਤੇ ਉੱਥੋਂ ਇਹਨਾਂ ਨੂੰ ਉਸ ਹੀ ਦੇਸ਼ ਵਿੱਚ ਜਾਂ ਕਿਸੇ ਹੋਰ ਦੇਸ਼ ਵਿਚਲੀਆਂ ਕੋਲਡ ਰੋਲਿੰਗ ਮਿੱਲਾਂ ਵਿੱਚ ਭੇਜਿਆ ਜਾਂਦਾ ਹੈ। ਇਹਨਾਂ ਕੋਲਡ ਰੋਲਿੰਗ ਮਿੱਲਾਂ ਵਿੱਚ ਇਹਨਾਂ ਸ਼ੀਟਾਂ ਨੂੰ 10 ਗੁਣਾਂ ਪਤਲੀਆਂ ਸ਼ੀਟਾਂ ਵਿੱਚ ਢਾਲਿਆ ਜਾਂਦਾ ਹੈ। ਹੁਣ ਅਲਮੀਨੀਅਮ ਦੀਆਂ ਇਹ ਸ਼ੀਟਾਂ ਕੈਨ ਬਣਾਉਣ ਲਈ ਤਿਆਰ ਹੋ ਜਾਂਦੀਆਂ ਹਨ। ਫਿਰ ਇਸ ਅਲਮੀਨੀਅਮ ਨੂੰ ਇੰਗਲੈਂਡ ਭੇਜਿਆ ਜਾਂਦਾ ਹੈ ਜਿੱਥੇ ਇਹਨਾਂ ਸ਼ੀਟਾਂ ਨੂੰ ਕੱਟ ਕੇ ਕੈਨ ਬਣਾਏ ਜਾਂਦੇ ਹਨ। ਫਿਰ ਇਹਨਾਂ ਕੈਨਾਂ ਨੂੰ ਧੋਇਆ ਜਾਂਦਾ ਹੈ, ਸੁਕਾਇਆ ਜਾਂਦਾ ਹੈ ਅਤੇ ਇਹਨਾਂ ਨੂੰ ਰੋਗਨ (ਪੇਂਟ) ਦੀ ਮੁਢਲੀ ਤਹਿ ਨਾਲ ਰੰਗਿਆ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਪ੍ਰੋਡਕਟ ਬਾਰੇ ਖਾਸ ਜਾਣਕਾਰੀ ਨਾਲ ਪੇਂਟ ਕੀਤਾ ਜਾਂਦਾ ਹੈ। ਇਸ ਸਮੇਂ ਤੱਕ ਇਹਨਾਂ ਕੈਨਾਂ `ਤੇ ਉਪਰਲਾ ਢੱਕਣ ਨਹੀਂ ਲਾਇਆ ਗਿਆ ਹੁੰਦਾ। ਇਸ ਤੋਂ ਅਗਲਾ ਕਦਮ ਕੈਨਾਂ ਨੂੰ ਲਾਖ ਨਾਲ ਪੇਂਟ ਕਰਨਾ, ਉਨ੍ਹਾਂ ਦਾ ਉਭਰਿਆ ਕੰਢਾ ਜਾਂ ਘੇਰਾ ਬਣਾਉਣਾ ਅਤੇ ਕੈਨਾਂ ਦੇ ਅੰਦਰ ਜੰਗਾਲ ਲੱਗਣ ਤੋਂ ਬਚਾਅ ਕਰਨ ਲਈ ਉਨ੍ਹਾਂ ਅੰਦਰ ਸੁਰੱਖਿਅਤ ਪਰਤ (ਕੋਟਿੰਗ) ਦਾ ਸਪਰੇਅ ਕਰਨਾ ਅਤੇ ਉਹਨਾਂ ਦੀ ਜਾਂਚ ਕਰਨਾ ਹੁੰਦਾ ਹੈ।   

ਇਸ ਤੋਂ ਬਾਅਦ ਕੈਨਾਂ ਨੂੰ ਲੋੜ ਪੈਣ ਤੱਕ ਵੇਅਰਹਾਊਸ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਲੋੜ ਮੁਤਾਬਕ ਬੌਟਲਿੰਗ ਦੇ ਪਲਾਂਟ ਨੂੰ ਭੇਜਿਆ ਜਾਂਦਾ ਹੈ। ਬੌਟਲਿੰਗ ਪਲਾਂਟ ਵਿੱਚ ਕੈਨਾਂ ਨੂੰ ਇਕ ਵਾਰ ਫਿਰ ਸਾਫ ਕੀਤਾ ਜਾਂਦਾ ਹੈ ਅਤੇ ਧੋਤਾ ਜਾਂਦਾ ਹੈ ਅਤੇ ਸੁਆਦ ਵਾਲੇ ਸ਼ੀਰੇ (ਸਿਰਪ), ਫਾਸਫੋਰਸ, ਕੈਫੀਨ ਅਤੇ ਕਾਰਬਨਡਾਈਔਕਸਾਈਡ ਗੈਸ ਵਾਲੇ ਪਾਣੀ ਨਾਲ ਭਰਿਆ ਜਾਂਦਾ ਹੈ। ਇਸ ਵਿੱਚ ਵਰਤੀ ਜਾਂਦੀ ਖੰਡ ਫਰਾਂਸ ਦੇ ਖੇਤਾਂ ਵਿੱਚ ਉਗਾਏ ਜਾਂਦੇ ਚਕੰਦਰਾਂ ਤੋਂ ਬਣਾਈ ਹੁੰਦੀ ਹੈ ਅਤੇ ਮਿੱਲ ਵਿੱਚ ਸੋਧਣ ਤੋਂ ਬਾਅਦ ਟਰੱਕਾਂ ਰਾਹੀਂ ਇੰਗਲੈਂਡ ਪੁੱਜੀ ਹੁੰਦੀ ਹੈ। ਇਸ ਵਿੱਚ ਵਰਤੀ ਜਾਂਦੀ ਫਾਸਫੋਰਸ ਅਮਰੀਕਾ ਦੇ ਸੂਬੇ ਇਡਾਹੋ ਵਿੱਚ ਓਪਨ ਪਿੱਟ ਖਾਣਾਂ ਵਿੱਚੋਂ ਕੱਢੀ ਜਾਂਦੀ ਹੈ। ਖਾਣਾਂ ਵਿੱਚੋਂ ਫਾਸਫੋਰਸ ਕੱਢਣ ਦੇ ਇਸ ਅਮਲ ਦੌਰਾਨ ਕੈਡਮੀਅਮ ਅਤੇ ਰੇਡੀ ਓ ਐਕਟਿਵ ਥੌਰੀਅਮ ਵਰਗੇ ਜ਼ਹਿਰੀਲੇ ਪਦਾਰਥ ਵੀ ਧਰਤੀ ਤੋਂ ਬਾਹਰ ਆਉਂਦੇ ਹਨ। ਫਾਸਫੇਟ ਨੂੰ ਖਾਣੇ ਦੀ ਕੁਆਲਟੀ ਦੀ ਪੱਧਰ (ਫੂਡ ਗ੍ਰੇਡ ਕੁਆਲਟੀ) ਵਿੱਚ ਤਬਦੀਲ ਕਰਨ ਲਈ ਇਹ ਮਾਈਨਿੰਗ ਕੰਪਨੀ 24 ਘੰਟਿਆਂ ਦੇ ਦੌਰਾਨ ਉਨੀ ਬਿਜਲੀ ਦੀ ਵਰਤੋਂ ਕਰਦੀ ਹੈ, ਜਿੰਨੀ ਬਿਜਲੀ 1 ਲੱਖ ਲੋਕਾਂ ਦੀ ਵਸੋਂ ਵਾਲਾ ਸ਼ਹਿਰ 24 ਘੰਟਿਆਂ ਵਿੱਚ ਵਰਤਦਾ ਹੈ। ਇੰਗਲੈਂਡ ਵਿੱਚ ਸ਼ੀਰੇ ਦੇ ਉਤਪਾਦਕ ਨੂੰ ਕੈਫੀਨ ਰਸਾਇਣਕ ਪਦਾਰਥ ਪੈਦਾ ਕਰਨ ਵਾਲੇ ਉਤਪਾਦਨ ਵੱਲੋਂ ਭੇਜੀ ਜਾਂਦੀ ਹੈ।

ਹੁਣ ਕੋਕਾ ਕੋਲਾ ਨਾਲ ਭਰੇ ਕੈਨਾਂ `ਤੇ 1500 ਕੈਨ ਪ੍ਰਤੀ ਮਿੰਟ ਦੇ ਹਿਸਾਬ ਨਾਲ ਢੱਕਣ ਲਾਏ ਜਾਂਦੇ ਹਨ। ਫਿਰ ਇਹਨਾਂ ਕੈਨਾਂ ਨੂੰ ਗੱਤੇ ਦੇ ਡੱਬਿਆਂ (ਕਾਰਟਨਾਂ) ਵਿੱਚ ਪੈਕ ਕੀਤਾ ਜਾਂਦਾ ਹੈ। ਇਹਨਾਂ ਡੱਬਿਆਂ `ਤੇ ਮੈਚ ਕਰਦੇ ਰੰਗਾਂ ਵਿੱਚ ਪ੍ਰਚਾਰ ਦੀ ਸਮੱਗਰੀ ਛਾਪੀ ਗਈ ਹੁੰਦੀ ਹੈ। ਗੱਤੇ ਦੇ ਡੱਬੇ ਜਿਸ ਗੁੱਦੇ (ਪਲਪ) ਤੋਂ ਬਣਾਏ ਜਾਂਦੇ ਹਨ, ਉਹ ਗੁੱਦਾ ਸਵੀਡਨ ਜਾਂ ਸਾਈਬੇਰੀਆ ਜਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚੋਂ ਵੱਢੇ ਦਰੱਖਤਾਂ ਤੋਂ ਤਿਆਰ ਕੀਤਾ ਗਿਆ ਹੋ ਸਕਦਾ ਹੈ। ਇੱਥੋਂ ਇਹ ਕੈਨ ਕਿਸੇ ਸਥਾਨਕ ਵੇਅਰਹਾਊਸ ਵਿੱਚ ਭੇਜੇ ਜਾਂਦੇ ਹਨ, ਅਤੇ ਵੇਅਰਹਾਊਸ ਤੋਂ ਸਥਾਨਕ ਸੁਪਰਮਾਰਕੀਟ ਵਿੱਚ। ਆਮ ਤੌਰ `ਤੇ ਸੁਪਰਮਾਰਕੀਟ ਵਿੱਚ ਪੁੱਜਣ ਤੋਂ ਬਾਅਦ ਇਕ ਕੈਨ ਤਿੰਨ ਦਿਨਾਂ ਦੇ ਵਿੱਚ ਵਿੱਚ ਵਿਕ ਜਾਂਦਾ ਹੈ। ਇਕ ਖਪਤਕਾਰ ਫਾਸਫੇਟ, ਕੈਫੀਨ ਅਤੇ ਕੈਰਾਮਲ ਦੇ ਸੁਆਦ ਵਾਲੇ ਮਿੱਠੇ ਪਾਣੀ ਦਾ 12 ਔਂਸਾਂ ਦਾ ਕੈਨ ਖ੍ਰੀਦਦਾ ਹੈ। ਇਸ ਕੈਨ ਵਿਚਲੇ ਕੋਕਾ ਕੋਲਾ ਨੂੰ ਪੀਣ ਨੂੰ ਕੁੱਝ ਮਿੰਟ ਲਗਦੇ ਹਨ ਅਤੇ ਕੈਨ ਸੁੱਟਣ ਨੂੰ ਕੁੱਝ ਸਕਿੰਟ। ਇੰਗਲੈਂਡ ਵਿੱਚ ਖਪਤਕਾਰ ਕੁੱਲ ਕੈਨਾਂ ਦੇ 84 ਫੀਸਦੀ ਕੈਨਾਂ ਨੂੰ ਸੁੱਟ ਦਿੰਦੇ ਹਨ, ਜਿਸ ਦਾ ਭਾਵ ਹੈ ਕਿ ਉਤਪਾਦਨ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਕੱਢ ਕੇ ਅਲਮੀਨੀਅਮ ਨੂੰ ਕੂੜੇ `ਤੇ ਸੁੱਟਣ ਦੀ ਦਰ 88 ਫੀਸਦੀ ਦੇ ਕਰੀਬ ਬਣਦੀ ਹੈ।”

ਇਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਕੋਕਾ ਕੋਲਾ ਦੇ ਕੈਨ ਬਣਾਉਣ ਦਾ ਕਾਰਜ ਕੋਕਾ ਕੋਲਾ ਬਣਾਉਣ ਦੇ ਮੁਕਾਬਲੇ ਜਿ਼ਆਦਾ ਗੁੰਝਲਦਾਰ ਹੈ। ਬੇਸ਼ੱਕ ਕਾਫੀ ਵੱਡੀ ਗਿਣਤੀ ਵਿੱਚ ਕੋਕਾ ਕੋਲਾ ਦੇ ਕੈਨ ਰੀਸਾਈਕਲ ਕੀਤੇ ਜਾਂਦੇ ਹਨ, ਫਿਰ ਵੀ ਕੋਕਾ ਕੋਲਾ ਦੇ ਬਹੁਤ ਸਾਰੇ ਕੈਨ ਇਕ ਵਾਰ ਵਰਤ ਕੇ ਸੁੱਟ ਦਿੱਤੇ ਜਾਂਦੇ ਹਨ। ਅਰਥਵਰਕਸ ਅਤੇ ਔਕਸਫੈਮ ਅਮਰੀਕਾ ਵਲੋਂ ਛਪੀ ਡਰਟੀ ਮੈਟਲਜ਼: ਮਾਈਨਿੰਗ, ਕਮਿਊਨਟੀਜ਼ ਐਂਡ ਦਿ ਇਨਵਾਇਰਮੈਂਟ ਨਾਮੀ ਰਿਪੋਰਟ ਅਨੁਸਾਰ 1990ਵਿਆਂ ਵਿੱਚ ਅਮਰੀਕਾ ਵਿੱਚ 70 ਲੱਖ (7 ਮਿਲੀਅਨ) ਟਨ ਦੇ ਭਾਰ ਦੇ ਬਰਾਬਰ ਦੇ ਕੈਨ ਕੂੜੇ `ਤੇ ਸੁੱਟ ਦਿੱਤੇ ਗਏ ਸਨ। ਇੰਨੀ ਮਾਤਰਾ ਵਿੱਚ ਕੂੜੇ ਦੇ ਢੇਰ `ਤੇ ਸੁੱਟੇ ਗਏ ਅਲਮੀਨੀਅਮ ਨਾਲ 3 ਲੱਖ 16 ਹਜ਼ਾਰ ਬੋਇੰਗ-737 ਜਹਾਜ਼ ਬਣਾਏ ਜਾ ਸਕਦੇ ਸਨ।  

ਜੇ ਅਸੀਂ ਆਪਣੇ ਵੱਲੋਂ ਵਰਤੀ ਜਾਂਦੀ ਹਰ ਵਸਤ ਦੇ ਉਤਪਾਦਨ ਨੂੰ ਇਸ ਵਿਸਤ੍ਰਿਤ ਢੰਗ ਨਾਲ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਹਰ ਵਸਤ ਦੇ ਉਤਪਾਦਨ ਦੌਰਾਨ ਕਿੰਨਾ ਜਿ਼ਆਦਾ ਕੂੜਾ ਪੈਦਾ ਹੁੰਦਾ ਹੈ। ਨੈਚੁਰਲ ਕੈਪੀਟਲਿਜ਼ਮ: ਦਿ ਨੈਕਸਟ ਇੰਡਸਟਰੀਅਲ ਰੈਵੋਲੂਸ਼ਨ ਨਾਂ ਦੀ ਕਿਤਾਬ  ਅਨੁਸਾਰ ਇਕ ਸੈਮੀਕੰਡਕਟਰ ਨੂੰ ਬਣਾਉਣ ਮਗਰ ਪੈਦਾ ਹੋਣ ਵਾਲਾ ਕੂੜਾ ਉਸ ਦੇ ਭਾਰ ਤੋਂ 1 ਲੱਖ ਗੁਣਾਂ ਜ਼ਿਆਦਾ ਹੁੰਦਾ ਹੈ; ਇਕ ਲੈਪਟੈਪ ਕੰਪਿਊਟਰ ਬਣਾਉਣ ਮਗਰ ਪੈਦਾ ਹੋਣ ਵਾਲਾ ਕੂੜਾ ਇਸ ਦੇ ਭਾਰ ਤੋਂ 4000 ਗੁਣਾਂ ਜ਼ਿਆਦਾ ਹੁੰਦਾ ਹੈ।  

ਯੂਨਾਈਟਿਡ ਨੇਸ਼ਨਜ਼ ਨਾਲ ਸੰਬੰਧਿਤ ਫੂਡ ਐਂਡ ਐਗਰੀਕਲਚਰ ਸੰਸਥਾ ਦੀ 2011 ਵਿੱਚ ਛਪੀ ਗਲੋਬਲ ਫੂਡ ਲੌਸਜ਼ ਐਂਡ ਫੂਡ ਵੇਸਟ ਅਤੇ ਗਾਰਡੀਅਨ ਵਿੱਚ ਅਗਸਤ 2015 ਵਿੱਚ ਛਪੀ ਪ੍ਰੋਡਿਊਸਡ ਵਟ ਨੈਵਰ ਈਟਨ: ਏ ਵਿਜ਼ੁਅਲ ਗਾਈਡ ਟੂ ਫੂਡ ਵੇਸਟ ਨਾਂ ਦੀਆਂ ਰਿਪੋਰਟਾਂ ਅਨੁਸਾਰ ਵਿਸ਼ਵ ਪੱਧਰ `ਤੇ ਪੈਦਾ ਕੀਤੇ ਜਾਣ ਵਾਲੇ ਖਾਣੇ ਵਿੱਚੋਂ ਹਰ ਸਾਲ ਇਕ ਤਿਹਾਈ ਖਾਣਾ ਅੰਝਾਈ ਨਸ਼ਟ ਹੁੰਦਾ ਹੈ, ਜਿਸ ਦੀ ਕੁੱਲ ਮਾਤਰਾ 1.3 ਅਰਬ (ਬਿਲੀਅਨ) ਟਨ ਦੇ ਬਰਾਬਰ ਬਣਦੀ ਹੈ।  ਇਸ ਵਿੱਚ ਸਾਰੇ ਫਲਾਂ ਅਤੇ ਸਬਜ਼ੀਆਂ ਦਾ 45% ਦੇ ਕਰੀਬ ਹਿੱਸਾ, ਮੱਛੀ ਅਤੇ ਸਮੁੰਦਰ `ਚੋਂ ਪ੍ਰਾਪਤ ਹੋਣ ਵਾਲੇ ਹੋਰ ਖਾਣਿਆਂ ਦਾ 35% ਹਿੱਸਾ, ਅਨਾਜ ਦਾ 30% ਹਿੱਸਾ, ਡੇਅਰੀ ਉਤਪਾਦਾਂ ਦਾ 20% ਹਿੱਸਾ ਅਤੇ ਮੀਟ ਦਾ 30% ਹਿੱਸਾ ਸ਼ਾਮਲ ਹੈ। ਜੇ ਪ੍ਰਤੀ ਵਿਅਕਤੀ ਮਗਰ ਖਾਣਾ ਨਸ਼ਟ ਕਰਨ ਦੀ ਦਰ ਨੂੰ ਦੇਖਿਆ ਜਾਵੇ ਤਾਂ ਗਰੀਬ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ  ਸਨਅਤੀ ਅਮੀਰ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਜ਼ਿਆਦਾ ਖਾਣਾ ਨਸ਼ਟ ਹੁੰਦਾ ਹੈ। ਗਲੋਬਲ ਫੂਡ ਲੌਸਜ਼ ਐਂਡ ਫੂਡ ਵੇਸਟ ਨਾਮੀ ਉਪ੍ਰੋਕਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹਰ ਸਾਲ ਇਕ ਵਿਅਕਤੀ ਮਗਰ 95-115 ਕਿਲੋਗ੍ਰਾਮ ਖਾਣਾ ਅੰਝਾਈ ਨਸ਼ਟ ਹੁੰਦਾ ਹੈ, ਜਦੋਂ ਕਿ ਸਬ-ਸਹਾਰਾ ਅਫਰੀਕਾ ਅਤੇ ਦੱਖਣੀ ਏਸ਼ੀਆ/ਦੱਖਣੀਪੂਰਬੀ ਏਸ਼ੀਆ ਵਿੱਚ ਇਕ ਵਿਅਕਤੀ ਮਗਰ ਅੰਝਾਈ ਖਾਣਾ ਨਸ਼ਟ ਹੋਣ ਦੀ ਮਾਤਰਾ 6-11 ਕਿਲੋਗ੍ਰਾਮ ਪ੍ਰਤੀ ਸਾਲ ਹੈ। ਇਸ ਦਾ ਭਾਵ ਇਹ ਹੋਇਆ ਕਿ ਜਿਹਨਾਂ ਦੇਸ਼ਾਂ ਵਿੱਚ ਪੂੰਜੀਵਾਦ ਦਾ ਵੱਧ ਵਿਕਾਸ ਹੋਇਆ ਹੈ ਉੱਥੇ ਪ੍ਰਤੀ ਵਿਅਕਤੀ ਮਗਰ ਖਾਣਾ ਅੰਝਾਈ ਨਸ਼ਟ ਹੋਣ ਦੀ ਮਾਤਰਾ ਜ਼ਿਆਦਾ ਹੈ ਅਤੇ ਜਿਹਨਾਂ ਦੇਸ਼ਾਂ ਵਿੱਚ ਪੂੰਜੀਵਾਦ ਦਾ ਘੱਟ ਵਿਕਾਸ ਹੋਇਆ ਹੈ ਉੱਥੇ ਖਾਣਾ ਅੰਝਾਈ ਨਸ਼ਟ ਹੋਣ ਦੀ ਮਾਤਰਾ ਘੱਟ ਹੈ। ਵੱਧ ਵਿਕਸਤ ਦੇਸ਼ਾਂ ਵਿੱਚ ਅੰਝਾਈ ਹੁੰਦੇ ਖਾਣੇ ਦੀ ਮਾਤਰਾ ਨੂੰ ਸਮਝਣ ਲਈ ਅਮਰੀਕਾ, ਕੈਨੇਡਾ, ਯੂ ਕੇ ਅਤੇ ਯੂਰਪੀਨ ਯੂਨੀਅਨ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦੇ ਕੁੱਝ ਅੰਕੜੇ ਪੇਸ਼ ਹਨ:  

* ਵੱਖ ਵੱਖ ਰਿਪੋਰਟਾਂ ਅਨੁਸਾਰ, ਅਮਰੀਕਾ ਵਿੱਚ ਹਰ ਸਾਲ 4 ਕ੍ਰੋੜ (40 ਮਿਲੀਅਨ) ਟਨ ਖਾਣਾ ਨਸ਼ਟ ਹੁੰਦਾ ਹੈ। ਇਹ ਮਾਤਰਾ ਅਮਰੀਕਾ ਵਿੱਚ ਖਾਣੇ ਦੀ ਕੁੱਲ ਸਪਲਾਈ ਦੇ 30% -40% ਦੇ ਬਰਾਬਰ ਬਣਦੀ ਹੈ ਅਤੇ ਇਸ ਖਾਣੇ ਦੀ ਕੀਮਤ 218 ਅਰਬ (ਬਿਲੀਅਨ) ਡਾਲਰ ਦੇ ਕਰੀਬ ਹੈ।  

* ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ ਬੀ ਸੀ) ਦੇ ਸਾਈਟ `ਤੇ 17 ਜਨਵਰੀ 2019 ਨੂੰ ਛਪੀ ਇਕ ਰਿਪੋਰਟ ਵਿੱਚ ਲਿਖਿਆ ਹੈ ਕਿ ਕੈਨੇਡਾ ਵਿੱਚ ਪੈਦਾ ਹੁੰਦੇ ਸਾਰੇ ਖਾਣੇ ਦਾ 58% ਹਿੱਸਾ ਅੰਝਾਈ ਨਸ਼ਟ ਹੁੰਦਾ ਹੈ ਜਿਸ ਦੀ ਮਾਤਰਾ 3.55 ਕ੍ਰੋੜ ਟਨ ਅਤੇ ਕੀਮਤ 49 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਬਣਦੀ ਹੈ। ਨਸ਼ਟ ਹੋਣ ਵਾਲੇ ਇਸ ਖਾਣੇ ਨਾਲ ਕੈਨੇਡਾ ਦੇ ਹਰ ਨਾਗਰਿਕ ਨੂੰ 5 ਮਹੀਨਿਆਂ ਤੱਕ ਖਾਣਾ ਖਿਲਾਇਆ ਜਾ ਸਕਦਾ ਹੈ।   

* ਪ੍ਰੋਡਿਊਸਡ ਵਟ ਨੈਵਰ ਈਟਨ... ਨਾਂ ਦੀ ਉਪ੍ਰੋਕਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂ ਕੇ ਵਿੱਚ ਹਰ ਸਾਲ 1 ਕ੍ਰੋੜ 50 ਲੱਖ (15 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਹੁੰਦਾ ਹੈ। ਬਰਤਾਨੀਆ ਦੇ ਕੂੜੇਦਾਨਾਂ ਵਿੱਚ ਸੁੱਟੇ ਗਏ ਖਾਣਿਆਂ ਵਿੱਚ ਆਮ ਤੌਰ `ਤੇ ਪਾਏ ਜਾਣ ਵਾਲੇ ਖਾਣਿਆਂ ਵਿੱਚ ਸ਼ਾਮਲ ਹਨ: ਡਬਲਰੋਟੀ (ਬ੍ਰੈੱਡ), ਸਬਜ਼ੀਆਂ, ਫਲ਼ ਅਤੇ ਦੁੱਧ। ਉਦਾਹਰਨ ਲਈ ਯੂ ਕੇ ਵਿੱਚ 25.5% ਫੀਸਦੀ ਖਰਬੂਜ਼ੇ-ਖਖੜੀਆਂ (ਮੈਲਨ), 22.4% ਡਬਲਰੋਟੀ ਅਤੇ 38.7% ਲੈਟਸ ਅੰਝਾਈ ਸੁੱਟ ਦਿੱਤੇ ਜਾਂਦੇ ਹਨ।  

* ਯੂਰਪੀਅਨ ਕਮਿਸ਼ਨ ਦੇ ਸਾਈਟ `ਤੇ ਦਿੱਤੇ ਅੰਕੜਿਆਂ ਅਨੁਸਾਰ ਯੂਰਪੀਅਨ ਯੂਨੀਅਨ ਵਿੱਚ ਹਰ ਸਾਲ 8 ਕ੍ਰੋੜ 80 ਲੱਖ (88 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਹੁੰਦਾ ਹੈ ਜਿਸ ਦੀ ਅੰਦਾਜ਼ਨ ਕੀਮਤ 143 ਅਰਬ (ਬਿਲੀਅਨ) ਯੂਰੋ ਦੇ ਕਰੀਬ ਹੈ।  

ਖਾਣੇ ਦੇ ਅੰਝਾਈ ਨਸ਼ਟ ਹੋਣ ਦਾ ਇਹ ਅਮਲ ਖੇਤਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਘਰਾਂ ਵਿੱਚ ਖਾਣੇ ਦੀ ਖਪਤ ਦੇ ਅਖੀਰਲੇ ਪੜਾਅ ਤੱਕ ਜਾਰੀ ਰਹਿੰਦਾ ਹੈ। ਹੁਣ ਅਸੀਂ ਇਸ ਤਰ੍ਹਾਂ ਵੱਡੀ ਮਾਤਰਾ ਵਿੱਚ ਖਾਣਾ ਅੰਝਾਈ ਨਸ਼ਟ ਦੇ ਕੁੱਝ ਮੁੱਖ ਕਾਰਨਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕਾਰਨ ਫਲ ਅਤੇ ਸਬਜ਼ੀਆਂ ਖ੍ਰੀਦਣ ਅਤੇ ਵੇਚਣ ਵਾਲੀਆਂ ਵੱਡੀਆਂ ਸੁਪਰਮਾਰਕੀਟਾਂ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਦਿੱਖ, ਆਕਾਰ, ਰੰਗ ਆਦਿ ਬਾਰੇ ਸਥਾਪਤ ਕੀਤੇ ਸਖਤ ਮਿਆਰ ਹਨ। ਜਿਹੜੇ ਫਲ ਅਤੇ ਸਬਜ਼ੀਆਂ ਇਹਨਾਂ ਮਿਆਰਾਂ ਉੱਤੇ ਪੂਰੀਆਂ ਨਹੀਂ ਉਤਰਦੀਆਂ, ਉਹਨਾਂ ਨੂੰ ਰੱਦ ਕਰ ਕੇ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਜੌਨਾਥੈਨ ਬਲੂਮ ਆਪਣੀ ਕਿਤਾਬ ਅਮਰੀਕਨ ਵੇਸਟਲੈਂਡ: ਹਾਉ ਅਮਰੀਕਾ ਥਰੋਜ਼ ਅਵੇਅ ਨੀਅਰਲੀ ਆਫ ਔਫ ਇਟਸ ਫੂਡ ਵਿੱਚ ਅਮਰੀਕਾ ਦੇ ਸੂਬੇ ਵਿਰਜ਼ੀਨਿਆ ਵਿੱਚ ਖੀਰਿਆਂ ਦੇ ਇਕ ਫਾਰਮ ਦੇ ਹਵਾਲੇ ਨਾਲ ਦਸਦਾ ਹੈ ਕਿ ਉਸ ਫਾਰਮ ਵਿੱਚ ਪੈਦਾ ਹੋਣ ਵਾਲੇ ਅੱਧੇ ਖੀਰੇ ਤੋੜੇ ਨਹੀਂ ਜਾਂਦੇ ਅਤੇ ਖੇਤਾਂ ਵਿੱਚ ਹੀ ਰਹਿਣ ਦਿੱਤੇ ਜਾਂਦੇ ਹਨ, ਕਿਉਂਕਿ ਉਨ੍ਹਾਂ ਵਿੱਚੋਂ ਕੁੱਝ ਜ਼ਿਆਦਾ ਵਿੰਗੇ ਹੁੰਦੇ ਹਨ, ਜਿਸ ਕਾਰਨ ਉਹਨਾਂ ਨੂੰ ਬਕਸਿਆਂ ਵਿੱਚ ਪੈਕ ਕਰਨ ਅਤੇ ਸੁਪਰਮਾਰੀਕਟਾਂ ਵਿੱਚ ਟਿਕਾਉਣ ਲਈ ਮੁਸ਼ਕਿਲ ਆਉਂਦੀ ਹੈ। ਕੁੱਝ ਇਸ ਕਰਕੇ ਖੇਤਾਂ ਵਿੱਚ ਰਹਿਣ ਦਿੱਤੇ ਜਾਂਦੇ ਹਨ ਕਿਉਂਕਿ ਉਹਨਾਂ ਦੇ ਇਕ ਸਿਰੇ `ਤੇ ਮਿੱਟੀ `ਚ ਦੱਬੇ ਰਹਿਣ ਕਰਕੇ ਛੋਟਾ ਜਿਹਾ ਚਿੱਟਾ ਦਾਗ ਪੈ ਜਾਂਦਾ ਹੈ। ਇਸ ਨਾਲ ਖਾਣੇ ਵਜੋਂ ਉਹਨਾਂ ਦੀ ਕੁਆਲਟੀ ਵਿੱਚ ਭਾਵੇਂ ਕੋਈ ਵੱਡਾ ਫਰਕ ਨਹੀਂ ਪੈਂਦਾ ਪਰ ਉਹ ਦੇਖਣ ਨੂੰ ਸੋਹਣੇ ਨਹੀਂ ਲਗਦੇ। ਜਿਹੜੇ ਖੀਰੇ ਖੇਤਾਂ ਵਿੱਚੋਂ ਤੋੜ ਲਏ ਜਾਂਦੇ ਹਨ, ਉਹਨਾਂ ਨੂੰ ਪੈਕਿੰਗ ਸ਼ੈੱਡ ਵਿੱਚ ਲਿਜਾ ਕੇ ਧੋਇਆ ਜਾਂਦਾ ਹੈ। ਉੱਥੇ ਉਹਨਾਂ ਦੀ ਇਕ ਵਾਰ ਫਿਰ ਛਾਂਟੀ ਕੀਤੀ ਜਾਂਦੀ ਹੈ ਅਤੇ ਦੇਖਣ ਨੂੰ ਸੋਹਣੇ ਨਾ ਲੱਗਣ ਵਾਲੇ ਖੀਰਿਆਂ ਨੂੰ ਸੁੱਟਣ ਲਈ ਇਕ ਪਾਸੇ ਕਰ ਲਿਆ ਜਾਂਦਾ ਹੈ। ਇਸ ਫਾਰਮ ਦੇ ਮਾਲਕ ਅਨੁਸਾਰ ਪੈਕਿੰਗ ਸ਼ੈੱਡ ਵਿੱਚ ਸੁੱਟਣ ਲਈ ਛਾਂਟੇ ਗਏ ਇਹਨਾਂ ਖੀਰਿਆਂ ਵਿੱਚੋਂ 75% ਖੀਰੇ ਖਾਣ ਲਈ ਬਿਲਕੁਲ ਸਹੀ ਹੁੰਦੇ ਹਨ ਪਰ ਦੇਖਣ ਨੂੰ ਨਹੀਂ ਜਚਦੇ। ਇਸ ਤੋਂ ਬਾਅਦ ਖੀਰਿਆਂ ਦੀ ਇਕ ਹੋਰ ਛਾਂਟੀ ਹੁੰਦੀ ਹੈ, ਜਿਸ ਦੌਰਾਨ ਉਹਨਾਂ ਨੂੰ ਆਕਾਰ ਦੇ ਹਿਸਾਬ ਨਾਲ ਛਾਂਟਿਆ ਜਾਂਦਾ ਹੈ। ਜਿਹੜੇ ਖੀਰੇ ਮਿੱਥੇ ਗਏ ਆਕਾਰ ਨਾਲੋਂ ਛੋਟੇ ਹੁੰਦੇ ਹਨ, ਉਹਨਾਂ ਨੂੰ ਸੁੱਟਣ ਲਈ ਵੱਖ ਕਰ ਲਿਆ ਜਾਂਦਾ ਹੈ। ਇਸ ਫਾਰਮ ਦੇ ਮਾਲਕ ਨੇ ਜੌਨਾਥੈਨ ਬਲੂਮ ਨੂੰ ਦੱਸਿਆ ਕਿ ਖੀਰਿਆਂ ਦੀ ਤੁੜਾਈ ਦੇ ਸੀਜ਼ਨ ਵਿੱਚ ਉਸ ਦੇ ਫਾਰਮ ਵਿੱਚ ਹਰ ਚਾਰ ਜਾਂ ਪੰਜ ਦਿਨਾਂ ਬਾਅਦ ਖੀਰਿਆਂ ਦੀ ਤੁੜਾਈ ਅਤੇ ਛਾਂਟੀ ਹੁੰਦੀ ਹੈ ਅਤੇ ਹਰ ਵਾਰੀ ਦੀ ਛਾਂਟੀ ਦੌਰਾਨ 30 ਤੋਂ 40 ਟਨ ਦੇ ਕਰੀਬ ਖੀਰੇ ਸੁੱਟ ਦਿੱਤੇ ਜਾਂਦੇ ਹਨ। ਖੀਰਿਆਂ ਨੂੰ ਅੰਝਾਈ ਸੁੱਟਣ ਦੀ ਇਹ ਮਾਤਰਾ ਸਿਰਫ ਇਕ ਫਾਰਮ ਦੀ ਹੈ। ਅਮਰੀਕਾ ਵਿੱਚਲੇ ਖੀਰਿਆਂ ਦੇ ਸਾਰੇ ਫਾਰਮਾਂ ਵਿੱਚੋਂ ਕਿੰਨੇ ਖੀਰੇ ਅੰਝਾਈ ਸੁੱਟੇ ਜਾਂਦੇ ਹੋਣਗੇ, ਇਸ ਦਾ ਅੰਦਾਜ਼ਾ ਪਾਠਕ ਖੁਦ ਲਾ ਸਕਦੇ ਹਨ।

ਅਮਰੀਕਾ ਵਿੱਚ ਖਾਣੇ ਦੇ ਅੰਝਾਈ ਨਸ਼ਟ ਹੋਣ ਬਾਰੇ ਨੈਚੁਰਲ ਰੀਸੋਰਸਜ਼ ਡਿਫੈਂਸ ਕਾਊਂਸਲ ਦੀ 2017 ਵਿੱਚ ਛਪੀ ਵੇਸਟਡ: ਹਾਉ ਅਮਰੀਕਾ ਇਜ਼ ਲੂਜਿ਼ੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ ਫਰੌਮ ਫਾਰਮ ਟੂ ਫੋਰਕ ਟੂ ਲੈਂਡਫਿਲ ਨਾਮੀ ਰਿਪੋਰਟ ਦਸਦੀ ਹੈ ਕਿ ਬਹੁਤੀ ਵਾਰ ਫਲ ਅਤੇ ਸਬਜ਼ੀਆਂ ਆਪਣੇ ਆਕਾਰ, ਰੰਗ, ਭਾਰ, ਦਾਗਾਂ ਅਤੇ ਮਿੱਠੇ ਦੀ ਮਾਤਰਾ ਘੱਟ ਜਾਂ ਵੱਧ ਹੋਣ ਕਰਕੇ ਜਾਂ ਤਾਂ ਖੇਤਾਂ ਵਿੱਚ ਹੀ ਰਹਿਣ ਦਿੱਤੀਆਂ ਜਾਂਦੀਆਂ ਹਨ ਜਾਂ ਪੈਕਿੰਗ ਕਰਨ ਵਾਲੀਆਂ ਥਾਂਵਾਂ `ਤੇ ਛਾਂਟ ਲਈਆਂ ਜਾਂਦੀਆਂ ਹਨ। ਇਸ ਰਿਪੋਰਟ ਅਨੁਸਾਰ ਅਮਰੀਕਾ ਦੇ ਸੂਬੇ ਮਿਨੀਸੋਟਾ ਵਿੱਚ ਪੈਦਾ ਹੋਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਵਿੱਚੋਂ ਤਕਰੀਬਨ 20% ਦੇ ਕਰੀਬ ਸਬਜ਼ੀਆਂ ਅਤੇ ਫਲ ਖ੍ਰੀਦਦਾਰਾਂ ਵੱਲੋਂ ਮਿੱਥੇ ਮਿਆਰਾਂ ਮੁਤਾਬਕ ਜਾਂ ਤਾਂ ਆਕਾਰ ਵਿੱਚ ਵੱਡੇ ਹੁੰਦੇ ਹਨ, ਜਾਂ ਛੋਟੇ ਹੁੰਦੇ ਹਨ ਜਾਂ ਹੋਰ ਕਾਰਨਾਂ ਕਰਕੇ ਮਿੱਥੇ ਮਿਆਰਾਂ `ਤੇ ਪੂਰੇ ਨਹੀਂ ਉਤਰਦੇ। ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੀ ਸਥਿਤੀ ਦੱਸਣ ਲਈ ਇਸ ਰਿਪੋਰਟ ਵਿੱਚ ਉੱਥੋਂ ਦੇ ਇਕ ਆੜੂਆਂ ਦੇ ਬਾਗਾਂ ਦੇ ਮਾਲਕ ਫਾਰਮਰ ਦਾ ਹਵਾਲਾ ਦਿੱਤਾ ਗਿਆ। ਇਸ ਫਾਰਮਰ ਅਨੁਸਾਰ ਆੜੂਆਂ ਦੇ ਸੀਜ਼ਨ ਦੌਰਾਨ ਉਸ ਕੋਲ ਹਰ ਹਫਤੇ 2 ਲੱਖ ਪੌਂਡ ਆੜੂ ਰਹਿ ਜਾਂਦੇ ਹਨ, ਜਿਹਨਾਂ ਨੂੰ ਉਹ ਵੇਚ ਨਹੀਂ ਸਕਦਾ। ਇਹਨਾਂ ਵਿੱਚੋਂ 80% ਆੜੂ ਅਜਿਹੇ ਹੁੰਦੇ ਹਨ, ਜਿਹਨਾਂ ਦੀ ਖਾਣ ਦੀ ਕੁਆਲਟੀ ਵਿੱਚ ਕੋਈ ਨੁਕਸ ਨਹੀਂ ਹੁੰਦਾ।  

ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਦਾ ਲੇਖਕ ਟ੍ਰਿਸਟਰਮ ਸਟੂਅਰਟ ਇੰਗਲੈਂਡ ਦੀ ਯੌਰਕਸ਼ਾਇਰ ਕਾਉਂਟੀ ਵਿਚਲੇ ਐੱਮ ਐੱਚ ਪੌਸਕਿਟ ਕੈਰਟਸ ਨਾਂ ਦੇ ਗਾਜਰਾਂ ਦੇ ਫਾਰਮ ਬਾਰੇ ਗੱਲ ਕਰਦਿਆਂ ਦਸਦਾ ਹੈ ਕਿ ਇਹ ਫਾਰਮ ਯੂ. ਕੇ. ਦੀ ਵੱਡੀ ਸੁਪਰਮਾਰਕੀਟ ਆਸਡਾ ਲਈ ਗਾਜਰਾਂ ਦਾ ਵੱਡਾ ਸਪਲਾਇਰ ਹੈ। ਆਪਣੀ ਕਿਤਾਬ ਲਈ ਖੋਜ ਕਰਦਿਆਂ ਜਦੋਂ ਟ੍ਰਿਸਟਰਮ ਸਟੂਅਰਟ ਇਸ ਫਾਰਮ `ਤੇ ਗਿਆ ਤਾਂ ਉਸ ਨੇ ਇਕ ਪਾਸੇ ਗਾਜਰਾਂ ਦਾ ਵੱਡਾ ਸਾਰਾ ਢੇਰ ਦੇਖਿਆ। ਮਾਲਕ ਨੇ ਟ੍ਰਿਸਟਰਮ ਨੂੰ ਦੱਸਿਆ ਕਿ ਉਹ ਗਾਜਰਾਂ ਸੁਪਰਮਾਰਕੀਟ ਦੇ ਮਿਆਰਾਂ `ਤੇ ਪੂਰੀਆਂ ਨਾ ਉਤਰਨ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਲਈ ਹੁਣ ਉਹ ਜਾਨਵਰਾਂ ਦੇ ਚਾਰੇ ਦੇ ਤੌਰ `ਤੇ ਵਰਤੀਆਂ ਜਾਣਗੀਆਂ। ਲੇਖਕ ਨੂੰ ਉਹ ਗਾਜਰਾਂ ਦੇਖਣ ਨੂੰ ਬਿਲਕੁਲ ਠੀਕ ਠਾਕ ਲੱਗੀਆਂ। ਫਿਰ ਉਸ ਨੇ ਉਸ ਢੇਰ ਵਿੱਚੋਂ ਇਕ ਗਾਜਰ ਚੁੱਕ ਕੇ ਖਾਧੀ। ਗਾਜਰ ਖਾਣ ਨੂੰ ਵੀ ਬਿਲਕੁਲ ਠੀਕ ਸੀ, ਸੁਆਦ ਅਤੇ ਰਸ ਨਾਲ ਭਰੀ ਹੋਈ। ਹੈਰਾਨ ਹੁੰਦਿਆਂ ਲੇਖਕ ਨੇ ਮਾਲਕ ਨੂੰ ਉਹਨਾਂ ਦੇ ਰੱਦ ਹੋਣ ਦਾ ਕਾਰਨ ਪੁੱਛਿਆ ਤਾਂ ਮਾਲਕ ਨੇ ਕਿਹਾ, "ਉਹ ਥੋੜ੍ਹੀਆਂ ਜਿਹੀਆਂ ਵਿੰਗੀਆਂ ਹਨ, ਪੂਰੀ ਤਰ੍ਹਾਂ ਸਿੱਧੀਆਂ ਨਹੀਂ।" ਫਿਰ ਲੇਖਕ ਨੂੰ ਉੱਥੇ ਕੰਮ ਕਰਦੇ ਇਕ ਕਾਮੇ ਨੇ ਦੱਸਿਆ ਕਿ ਆਸਡਾ ਸੁਪਰਮਾਰਕੀਟ ਸਖਤੀ ਨਾਲ ਇਹ ਮੰਗ ਕਰਦੀ ਹੈ ਕਿ ਸਾਰੀਆਂ ਗਾਜਰਾਂ ਪੂਰੀ ਤਰ੍ਹਾਂ ਸਿੱਧੀਆ ਹੋਣ ਤਾਂ ਜੋ ਗਾਹਕ ਉਹਨਾਂ ਨੂੰ ਛਿੱਲਣ ਵਾਲੀ ਛੁਰੀ (ਪੀਲਰ) ਨਾਲ ਬਿਨਾਂ ਕਿਸੇ ਰੁਕਾਵਟ ਦੇ ਸੌਖ ਨਾਲ ਛਿੱਲ ਸਕਣ। ਫਾਰਮ ਦੇ ਮਾਲਕ ਅਨੁਸਾਰ ਕੁੱਲ ਮਿਲਾ ਕੇ ਉਸ ਦੀਆਂ 25-30 ਫੀਸਦੀ ਗਾਜਰਾਂ ਰੱਦ ਹੋ ਜਾਂਦੀਆਂ ਹਨ, ਜਿਹਨਾਂ ਵਿੱਚੋਂ ਅੱਧੀਆਂ ਇਸ ਕਰਕੇ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਉਹ ਦੇਖਣ ਨੂੰ ਠੀਕ ਨਹੀਂ ਲਗਦੀਆਂ। ਉਹਨਾਂ ਦੀ ਸ਼ਕਲ ਜਾਂ ਆਕਾਰ ਠੀਕ ਨਹੀਂ ਹੁੰਦਾ ਜਾਂ ਉਹ ਟੁੱਟੀਆਂ ਹੋਈਆਂ ਹੁੰਦੀਆਂ ਹਨ ਜਾਂ ਉਹ ਪਾਟੀਆਂ ਹੋਈਆਂ ਹੁੰਦੀਆਂ ਹਨ।   

ਫਲਾਂ ਅਤੇ ਸਬਜ਼ੀਆਂ ਦੇ ਵੱਡੇ ਖ੍ਰੀਦਦਾਰਾਂ ਵਲੋਂ ਫਲਾਂ ਅਤੇ ਸਬਜ਼ੀਆਂ ਦੇ ਦਿਖ ਬਾਰੇ ਸਥਾਪਤ ਕੀਤੇ ਮਿਆਰ ਇਕੱਲੇ ਵਿਕਸਤ ਦੇਸ਼ਾਂ ਦੇ ਫਾਰਮਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦੇ ਸਗੋਂ ਇਹ ਅਣਵਿਕਸਤ ਅਤੇ ਵਿਕਾਸ਼ੀਲ ਦੇਸ਼ਾਂ ਵਿਚਲੇ ਫਾਰਮਰਾਂ `ਤੇ ਵੀ ਅਸਰ ਪਾਉਂਦੇ ਹਨ ਕਿਉਂਕਿ ਇਹ ਫਾਰਮਰ ਫਲਾਂ ਅਤੇ ਸਬਜ਼ੀਆਂ ਦੀ ਵਿਸ਼ਵ ਮੰਡੀ ਨਾਲ ਬੱਝੇ ਹੋਏ ਹਨ। ਇਸ ਸੰਬੰਧ ਵਿੱਚ ਯੂ ਕੇ ਸਥਿੱਤ ਸੰਸਥਾ ਫੀਡਬੈਕ ਵੱਲੋਂ ਤਿਆਰ ਕੀਤੀ ਕਾਜ਼ਜ਼ ਆਫ ਫੂਡ ਵੇਸਟ ਇਨ ਇਨਟਰਨੈਸ਼ਨਲ ਸਪਲਾਈ ਚੇਨਜ਼ ਨਾਂ ਦੀ ਇਕ ਰਿਪੋਰਟ ਵਿੱਚੋਂ ਕੁੱਝ ਉਦਾਹਰਨਾਂ ਪੇਸ਼ ਹਨ। ਪੀਰੂ ਤੋਂ ਪੀਲੇ ਗੰਢੇ ਯੂਰਪ ਅਤੇ ਅਮਰੀਕਾ ਦੀਆਂ ਮਾਰਕੀਟਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ। ਬਹੁਤੀ ਵਾਰੀ ਪੀਰੂ ਦੇ ਫਾਰਮਰਾਂ ਨੂੰ ਛੋਟੇ ਅਕਾਰ ਜਾਂ ਗਲਤ ਸ਼ਕਲ ਵਾਲੇ ਗੰਢੇ, ਖਾਣ ਲਈ ਚੰਗੀ ਕੁਆਲਟੀ ਦੇ ਹੋਣ ਦੇ ਬਾਵਜੂਦ, ਅੰਝਾਈ ਨਸ਼ਟ ਕਰਨੇ ਪੈਂਦੇ ਹਨ ਕਿਉਂਕਿ ਨਿਰਯਾਤ ਮਾਰਕੀਟ ਵਿੱਚ ਉਹਨਾਂ ਲਈ ਕੋਈ ਮੰਗ ਨਹੀਂ ਹੁੰਦੀ। ਖੇਤਾਂ ਵਿੱਚ ਗੰਢਿਆਂ ਦੇ ਸੜ੍ਹਨ ਕਾਰਨ ਬੀਮਾਰੀ ਜਾਂ ਹਾਨੀਕਾਰਕ ਕੀਟਾਂ ਦੇ ਫੈਲਣ ਤੋਂ ਰੋਕਣ ਲਈ ਇਹ ਖੇਤਾਂ ਜਾਂ ਪੈਕਿੰਗ ਕਰਨ ਵਾਲੀਆਂ ਥਾਂਵਾਂ ਦੇ ਨੇੜਲੇ ਰੇਗਿਸਤਾਨ ਵਿੱਚ ਦੱਬੇ ਜਾਂਦੇ ਹਨ।

ਇਸ ਰਿਪੋਰਟ ਵਿੱਚ ਪੀਰੂ ਤੋਂ ਗੰਢੇ ਨਿਰਯਾਤ ਕਰਨ ਵਾਲੇ ਦੋ ਵਪਾਰੀਆਂ ਨਾਲ ਗੱਲ ਕੀਤੀ ਗਈ ਹੈ। ਉਹ ਦੋਵੇਂ ਦਸਦੇ ਹਨ ਕਿ ਗੰਢਿਆਂ ਦੀ ਦਿਖ ਦੇ ਮਿਆਰਾਂ ਕਾਰਨ ਉਹਨਾਂ ਨੂੰ ਹਰ ਸਾਲ ਆਪਣੇ ਗੰਢਿਆਂ ਦਾ 8.5% ਹਿੱਸਾ ਅੰਝਾਈ ਨਸ਼ਟ ਕਰਨਾ ਪੈਂਦਾ ਹੈ। ਇਹਨਾਂ ਦੋਹਾਂ ਵਪਾਰੀਆਂ ਵੱਲੋਂ ਇਸ ਤਰ੍ਹਾਂ ਨਸ਼ਟ ਕਰਨ ਵਾਲੇ ਗੰਢਿਆਂ ਦੀ ਸਲਾਨਾ ਮਾਤਰਾ 3570 ਟਨ ਦੇ ਬਰਾਬਰ ਬਣਦੀ ਹੈ। ਜਿਹਨਾਂ ਸਾਲਾਂ ਵਿੱਚ ਗੰਢਿਆਂ ਦੀ ਵਿਸ਼ਵ ਮੰਡੀ ਵਿੱਚ ਜ਼ਿਆਦਾ ਸਪਲਾਈ ਕਾਰਨ ਮੰਦਾ ਚੱਲ ਰਿਹਾ ਹੋਵੇ ਉਨ੍ਹਾਂ ਸਾਲਾਂ ਦੌਰਾਨ ਅੰਝਾਈ ਨਸ਼ਟ ਕੀਤੇ ਜਾਣ ਵਾਲੇ ਗੰਢਿਆਂ ਦੀ ਮਾਤਰਾ ਉਹਨਾਂ ਦੇ ਕੁੱਲ ਗੰਢਿਆਂ ਦੀ 60% ਮਾਤਰਾ ਤੱਕ ਪਹੁੰਚ ਜਾਂਦੀ ਹੈ, ਜੋ ਕਿ 25,200 ਟਨ ਦੇ ਬਰਾਬਰ ਬਣਦੀ ਹੈ।

ਇਸ ਹੀ ਰਿਪੋਰਟ ਵਿੱਚ ਸੈਨੇਗਲ ਤੋਂ ਵਿਸ਼ਵ ਮੰਡੀ ਲਈ ਨਿਰਯਾਤ ਕੀਤੇ ਜਾਣ ਵਾਲੇ ਅੰਬਾਂ ਬਾਰੇ ਵੀ ਦੱਸਿਆ ਗਿਆ ਹੈ ਕਿ ਔਸਤ ਰੂਪ ਵਿੱਚ ਸੈਨੇਗਲ ਵਿੱਚ ਪੈਦਾ ਹੋਣ ਵਾਲੇ ਅੰਬਾਂ ਦੇ 80% ਹਿੱਸੇ ਨੂੰ ਉਹਨਾਂ ਦੀ ਦਿਖ ਦੇ ਆਧਾਰ `ਤੇ ਯੂਰਪ ਨੂੰ ਨਿਰਯਾਤ ਲਈ ਰੱਦ ਕਰ ਦਿੱਤਾ ਜਾਂਦਾ ਹੈ। ਉਦਾਹਰਨ ਲਈ ਅੰਬਾਂ ਦੀ ਛਿੱਲ `ਤੇ ਆਈ ਨਿੱਕੀ ਜਿਹੀ ਝਰੀਟ ਅੰਬਾਂ ਦੇ ਰੱਦ ਹੋਣ ਦਾ ਕਾਰਨ ਬਣ ਜਾਂਦੀ ਹੈ ਬੇਸ਼ੱਕ ਇਸ ਝਰੀਟ ਨੂੰ ਦੇਖ ਸਕਣਾ ਗਾਹਕ ਲਈ ਮੁਸ਼ਕਿਲ ਹੀ ਹੋਵੇ। ਕੁੱਝ ਕੇਸਾਂ ਵਿੱਚ ਅੰਬ-ਉਤਪਾਦਕ ਇਹਨਾਂ ਰੱਦ ਕੀਤੇ ਅੰਬਾਂ ਦਾ ਕੁੱਝ ਹਿੱਸਾ ਸੈਨੇਗਲ ਦੀ ਘਰੇਲੂ ਮਾਰਕੀਟ ਵਿੱਚ ਵੇਚਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਕਈ ਕੇਸਾਂ ਵਿੱਚ ਘਰੇਲੂ ਮੰਡੀ ਵਿੱਚ ਅੰਬਾਂ ਦੀ ਪਹਿਲਾਂ ਹੀ ਭਰਮਾਰ ਹੋਣ ਕਾਰਨ ਅੰਬ-ਉਤਪਾਦਕ ਅਜਿਹਾ ਕਰਨ ਵਿੱਚ ਕਾਮਯਾਬ ਨਹੀਂ ਹੁੰਦੇ। ਨਤੀਜੇ ਵੱਜੋਂ ਇਹ ਅੰਬ ਅੰਝਾਈ ਨਸ਼ਟ ਕਰਨੇ ਪੈਂਦੇ ਹਨ। ਇਸ ਰਿਪੋਰਟ ਵਿੱਚ ਅੰਦਾਜ਼ਾ ਲਾਇਆ ਗਿਆ ਹੈ ਕਿ ਸੈਨੇਗਲ ਵਿੱਚ ਹਰ ਸਾਲ 65% ਅੰਬ ਅੰਝਾਈ ਨਸ਼ਟ ਹੁੰਦੇ ਹਨ, ਜਿਹਨਾਂ ਦੀ ਮਾਤਰਾ 88,000 ਟਨ ਬਣਦੀ ਹੈ। ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਖਾਣੇ ਦੀ ਕੁਆਲਟੀ ਦੇ ਹਿਸਾਬ ਨਾਲ ਇਹਨਾਂ ਅੰਬਾਂ ਵਿੱਚ ਕੋਈ ਕਮੀ ਨਹੀਂ ਹੁੰਦੀ, ਬੱਸ ਉਹ ਦੇਖਣ ਨੂੰ ਨਹੀਂ ਭਾਉਂਦੇ। ਇੰਨੀ ਵੱਡੀ ਮਾਤਰਾ ਵਿੱਚ ਬਾਗਾਂ ਵਿੱਚ ਛੱਡ ਦਿੱਤੇ ਗਏ ਫਲ਼ ਅੰਬਾਂ ਨੂੰ ਲੱਗਣ ਵਾਲੀ ਮੱਖੀ (ਫਰੂਟ ਫਲਾਈ) ਦੇ ਫੈਲਣ ਦਾ ਕਾਰਨ ਬਣਦੇ ਹਨ, ਜੋ ਅੰਬਾਂ ਦੇ ਹੋਰ ਨੁਕਸਾਨ ਦਾ ਕਾਰਨ ਬਣਦੀ ਹੈ।

ਆਮ ਤੌਰ `ਤੇ ਕਿਹਾ ਜਾਂਦਾ ਹੈ ਕਿ ਸੁਪਰਮਾਰਕੀਟਾਂ ਫਲਾਂ ਅਤੇ ਸਬਜ਼ੀਆਂ ਦੀ ਦਿਖ ਪੱਖੋਂ 'ਸੰਪੂਰਨ' ਹੋਣ ਦੀ ਮੰਗ ਇਸ ਕਰਕੇ ਕਰਦੀਆਂ ਹਨ, ਕਿਉਂਕਿ ਵਿਕਸਤ ਦੇਸ਼ਾਂ ਦੇ ਪਰਚੂਨ ਪੱਧਰ ਦੇ ਖਪਤਕਾਰ/ਗਾਹਕ ਇਸ ਤਰ੍ਹਾਂ ਦੀ 'ਸੰਪੂਰਨ' ਦਿਖ ਦੀ ਮੰਗ ਕਰਦੇ ਹਨ। ਪਰ ਇਹ ਪੂਰਾ ਸੱਚ ਨਹੀਂ। ਫੀਡਬੈਕ ਦੀ ਉਪਰੌਕਤ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੀ ਖੋਜ ਇਹ ਦਰਸਾਉਂਦੀ ਹੈ ਕਿ ਗ੍ਰੋਸਰੀ (ਪਰਚੂਨ ਵਸਤਾਂ) ਦੇ ਸੈਕਟਰ ਵਿੱਚ ਸੁਪਰਮਾਰਕੀਟਾਂ ਦੇ ਹੱਥਾਂ ਵਿੱਚ ਕੇਂਦਰਿਤ ਹੋਈ ਤਾਕਤ ਇਹ ਨਿਸ਼ਚਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਕਿ ਕਿਹੜੀ ਫਸਲ ਉਗਾਉਣੀ ਹੈ, ਉਸ ਨੂੰ ਕਦੋਂ ਅਤੇ ਕਿਸ ਤਰ੍ਹਾਂ ਵੱਢਣਾ/ਤੋੜਨਾ/ਚੁੱਕਣਾ ਹੈ ਅਤੇ ਕਿਸ ਤਰ੍ਹਾਂ ਢੋਣਾ ਹੈ। ਸੱਤਾ ਦੇ ਇਸ ਕੇਂਦਰੀਕਰਨ ਕਾਰਨ ਫਲਾਂ ਅਤੇ ਸਬਜ਼ੀਆਂ ਦੀ ਦਿਖ ਬਾਰੇ ਸਖਤ ਮਿਆਰ ਨਿਸ਼ਚਿਤ ਕਰਕੇ ਸੁਪਰਮਾਰਕੀਟਾਂ ਫਲਾਂ ਅਤੇ ਸਬਜ਼ੀਆਂ ਦੇ ਸਪਲਾਈਰਾਂ ਨੂੰ ਫਲਾਂ ਅਤੇ ਸਬਜ਼ੀਆਂ ਨੂੰ ਅੰਝਾਈ ਨਸ਼ਟ ਕਰਨ ਲਈ ਮਜ਼ਬੂਰ ਕਰਦੀਆਂ ਹਨ। ਇਸ ਰਿਪੋਰਟ ਅਨੁਸਾਰ ਜਦੋਂ ਕਿਸੇ ਫਲ ਜਾਂ ਸਬਜ਼ੀ ਦੀ ਵਿਸ਼ਵ ਮੰਡੀ ਵਿੱਚ ਥੁੜ ਹੁੰਦੀ ਹੈ ਤਾਂ ਉਸ ਫਲ ਜਾਂ ਸਬਜ਼ੀ ਦੀ ਦਿਖ ਦੇ ਮਿਆਰਾਂ ਨੂੰ ਨਰਮ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ ਕਿਸੇ ਫਲ ਜਾਂ ਸਬਜ਼ੀ ਦੀ ਮੰਗ ਘੱਟ ਹੋਵੇ ਤਾਂ ਸੁਪਰਮਾਰਕੀਟਾਂ ਇਹਨਾਂ ਮਿਆਰਾਂ ਨੂੰ ਖ੍ਰੀਦਣ ਦੇ ਉਹਨਾਂ ਇਕਰਾਰਨਾਮਿਆਂ ਤੋਂ ਨਿਕਲਣ ਲਈ ਵਰਤਦੀਆਂ ਹਨ, ਜਿਹੜੇ ਉਹਨਾਂ ਨੇ ਫਾਰਮਰਾਂ ਨਾਲ ਪਹਿਲਾਂ ਕੀਤੇ ਹੋਏ ਹੁੰਦੇ ਹਨ। ਮੰਨ ਲਉ ਕੋਈ ਸੁਪਰਮਾਰਕੀਟ ਚੇਨ ਕਿਸੇ ਇਕ ਫਾਰਮਰ ਜਾਂ ਫਾਰਮਰਾਂ ਦੇ ਗਰੁੱਪ (ਜਿਵੇਂ ਕਿਸੇ ਕੋਅਪ੍ਰੇਟਿਵ) ਨਾਲ ਇਹ ਇਕਰਾਰਨਾਮਾ ਕਰਦੀ ਹੈ ਕਿ ਉਹ ਉਸ/ਉਹਨਾਂ ਤੋਂ 100 ਟਨ ਫਲ ਲਵੇਗੀ। ਪਰ ਜੇ ਫਲ ਦੇ ਪੱਕ ਕੇ ਮਾਰਕੀਟ ਵਿੱਚ ਆਉਣ ਸਮੇਂ ਮਾਰਕੀਟ ਵਿੱਚ 100 ਟਨ ਦੀ ਮੰਗ ਨਾ ਹੋਵੇ ਸਗੋਂ 50 ਟਨ ਦੀ ਹੀ ਮੰਗ ਹੋਵੇ, ਤਾਂ ਅਜਿਹੀ ਹਾਲਤ ਵਿੱਚ ਸੁਪਰਮਾਰਕੀਟ ਚੇਨ 100 ਟਨ ਖ੍ਰੀਦਣ ਦੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਲਈ ਫਲਾਂ ਦੀ ਦਿਖ ਦੇ ਇਹਨਾਂ ਮਿਆਰਾਂ ਦੀ ਸਖਤੀ ਨਾਲ ਵਰਤੋਂ ਕਰਦੀ ਹੈ ਅਤੇ ਫਾਰਮਰਾਂ ਦੀ ਪੈਦਾਵਾਰ ਨੂੰ ਰੱਦ ਕਰ ਦਿੰਦੀ ਹੈ। ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਕੁੱਝ ਹਾਲਤਾਂ ਵਿੱਚ ਫਾਰਮਰ ਇਸ ਤਰ੍ਹਾਂ ਰੱਦ ਕੀਤੇ ਫਲਾਂ ਅਤੇ ਸਬਜ਼ੀਆਂ ਦਾ ਕੁੱਝ ਹਿੱਸਾ ਹੋਰ ਥਾਂਵਾਂ `ਤੇ ਵੇਚਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਬਹੁਤੇ ਕੇਸਾਂ ਵਿੱਚ ਉਹ ਅਜਿਹਾ ਕਰ ਸਕਣ ਦੇ ਕਾਬਲ ਨਹੀਂ ਹੁੰਦੇ ਕਿਉਂਕਿ ਫਲਾਂ ਅਤੇ ਸਬਜ਼ੀਆਂ ਦੀ ਪਰਚੂਨ ਮਾਰਕੀਟ `ਤੇ ਸੁਪਰਮਾਰਕੀਟਾਂ ਦਾ ਗਲਬਾ ਹੁੰਦਾ ਹੈ। ਉਦਾਹਰਨ ਲਈ ਬਰਤਾਨੀਆ ਵਿੱਚ ਗ੍ਰੋਸਰੀ ਸਟੋਰਾਂ ਦੀ ਮਾਰੀਕਟ ਦੇ 85% ਹਿੱਸੇ ਨੂੰ ਸੁਪਰਮਾਰਕੀਟਾਂ ਕੰਟਰੋਲ ਕਰਦੀਆਂ ਹਨ ਇਸ ਲਈ ਫਾਰਮਰਾਂ ਕੋਲ ਰੱਦ ਕੀਤੇ ਫਲਾਂ ਅਤੇ ਸਬਜ਼ੀਆਂ ਨੂੰ ਖਪਾਉਣ ਲਈ ਕੋਈ ਥਾਂ ਨਹੀਂ ਬਚਦੀ। ਇੱਥੇ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਜਦੋਂ ਫਲਾਂ ਅਤੇ ਸਬਜ਼ੀਆਂ ਨੂੰ ਦਿਖ ਦੇ ਆਧਾਰ `ਤੇ ਸੁਪਰਮਾਰਕੀਟਾਂ ਵੱਲੋਂ ਰਦ ਕੀਤਾ ਜਾਂਦਾ ਹੈ, ਤਾਂ ਉਸ ਨਾਲ ਹੋਣ ਵਾਲੇ ਨੁਕਸਾਨ ਲਈ ਸੁਪਰਮਾਰਕੀਟਾਂ ਜ਼ਿੰਮੇਵਾਰ ਨਹੀਂ ਹੁੰਦੀਆਂ, ਸਗੋਂ ਇਹ ਨੁਕਸਾਨ ਫਲ ਅਤੇ ਸਬਜ਼ੀਆਂ ਉਗਾਉਣ ਵਾਲਿਆਂ ਨੂੰ ਉਠਾਉਣਾ ਪੈਂਦਾ ਹੈ। ਇਸ ਕਰਕੇ ਸੁਪਰਮਾਰਕੀਟਾਂ `ਤੇ ਇਹਨਾਂ ਫਲਾਂ ਅਤੇ ਸਬਜ਼ੀਆਂ ਨੂੰ ਰੱਦ ਨਾ ਕਰਨ ਲਈ ਪ੍ਰੈਸ਼ਰ ਨਹੀਂ ਹੁੰਦਾ, ਇਸ ਕਰਕੇ ਉਹਨਾਂ ਲਈ ਫਲਾਂ ਅਤੇ ਸਬਜ਼ੀਆਂ ਦਾ ਇਸ ਤਰ੍ਹਾਂ ਰੱਦ ਹੋਣਾ ਕੋਈ ਵੱਡੇ ਫਿਕਰ ਦਾ ਕਾਰਨ ਨਹੀਂ ਬਣਦਾ।

ਉਪਰਲੀ ਗੱਲਬਾਤ ਵਿੱਚ ਅਸੀਂ ਸੁਪਰਮਾਰਕੀਟਾਂ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਦਿੱਖ ਦੇ ਨਿਸ਼ਚਿਤ ਕੀਤੇ ਮਿਆਰਾਂ ਕਾਰਨ ਸੁਪਰਮਾਰਕੀਟਾਂ ਵਿੱਚ ਪਹੁੰਚਣ ਤੋਂ ਪਹਿਲਾਂ ਖੇਤਾਂ ਵਿੱਚ, ਬਾਗਾਂ ਵਿੱਚ, ਪੈਕਿੰਗ ਕਰਨ ਵਾਲੀਆਂ ਥਾਂਵਾਂ ਆਦਿ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਅੰਝਾਈ ਨਸ਼ਟ ਹੋਣ ਬਾਰੇ ਗੱਲ ਕੀਤੀ ਹੈ। ਹੁਣ ਅਸੀਂ ਸੁਪਰਮਾਰਕੀਟ ਦੇ ਪੱਧਰ `ਤੇ ਭਾਵ ਖਾਣੇ ਦੀ ਪਰਚੂਨ ਵਿਕਰੀ ਦੇ ਪੱਧਰ `ਤੇ ਖਾਣਾ ਅੰਝਾਈ ਨਸ਼ਟ ਹੋਣ ਬਾਰੇ ਗੱਲ ਕਰਾਂਗੇ। ਪਹਿਲਾਂ ਜ਼ਿਕਰ ਵਿੱਚ ਆ ਚੁੱਕੀ ਵੇਸਟਡ: ਹਾਉ ਅਮਰੀਕਾ ਇਜ਼ ਲੂਜਿ਼ੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ.. ਨਾਮੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਖੇਤੀ ਦੇ ਵਿਭਾਗ (ਯੂ ਐੱਸ ਡਿਪਾਰਟਮੈਂਟ ਆਫ ਐਗਰੀਕਲਚਰ) ਦੇ ਇਕ ਅੰਦਾਜ਼ੇ ਅਨੁਸਾਰ ਸੰਨ 2010 ਵਿੱਚ ਅਮਰੀਕਾ ਵਿੱਚ ਸਟੋਰਾਂ ਦੀ ਪੱਧਰ `ਤੇ 43 ਅਰਬ (ਬਿਲੀਅਨ) ਪੌਂਡ ਖਾਣਾ ਅੰਝਾਈ ਨਸ਼ਟ ਹੋਇਆ ਸੀ, ਜਿਹੜਾ ਪਰਚੂਨ ਪੱਧਰ ਦੇ ਖਾਣੇ ਦੀ ਕੁੱਲ ਸਪਲਾਈ ਦੇ 10% ਦੇ ਬਰਾਬਰ ਸੀ। ਸਟੋਰ ਪੱਧਰ `ਤੇ ਅੰਝਾਈ ਨਸ਼ਟ ਹੋਣ ਵਾਲੇ ਖਾਣੇ ਵਿੱਚ ਮੁੱਖ ਕਰਕੇ ਬੇਕ ਕੀਤੀਆਂ (ਪਕਾਈਆਂ ਗਈਆਂ) ਵਸਤਾਂ, ਫਲ ਅਤੇ ਸਬਜ਼ੀਆਂ, ਮੀਟ, ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲਾ ਖਾਣਾ, ਖਾਣ ਲਈ ਤਿਆਰ ਖਾਣਾ (ਰੈਡੀਮੇਡ ਫੂਡ) ਵਰਗੀਆਂ ਚੀਜ਼ਾਂ ਸ਼ਾਮਲ ਸਨ। ਅਮਰੀਕਾ ਦੇ ਖੇਤੀ ਵਿਭਾਗ ਵਲੋਂ 2011-2012 ਵਿੱਚ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਸਟੋਰ ਪੱਧਰ `ਤੇ ਹਰ ਸਾਲ ਅੰਝਾਈ ਨਸ਼ਟ ਕੀਤੇ ਜਾਣ ਵਾਲੇ ਇਕੱਲੇ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਹੀ 15.4 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। ਇਸ ਹੀ ਮਹਿਕਮੇ ਅਨੁਸਾਰ ਅਮਰੀਕਾ ਵਿੱਚ ਹਰ ਸਾਲ 2.7 ਅਰਬ (ਬਿਲੀਅਨ) ਪੌਂਡ ਮੀਟ, ਪੋਲਟਰੀ ਅਤੇ ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਖਾਣੇ (ਸੀਅ ਫੂਡ) ਦੇ 2.7 ਅਰਬ (ਬਿਲੀਅਨ) ਪੌਂਡ ਅੰਝਾਈ ਨਸ਼ਟ ਹੁੰਦੇ ਹਨ।

ਸੰਨ 2009 ਵਿੱਚ ਛਪੀ ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਵਿੱਚ ਯੂ ਕੇ ਦੇ ਵੇਸਟ ਐਂਡ ਰਿਸੋਰਸਜ਼ ਐਕਸ਼ਨ ਪ੍ਰੋਗਰਾਮ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਯੂ ਕੇ ਦੇ ਪਰਚੂਨ ਵਿਕ੍ਰੇਤਾ ਹਰ ਸਾਲ 16 ਲੱਖ (1.6 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਕਰਦੇ ਹਨ। ਇਸ ਕਿਤਾਬ ਵਿੱਚ ਜਿ਼ਕਰ ਕੀਤੀਆਂ ਗਈਆਂ ਹੋਰ ਰਿਪੋਰਟਾਂ ਅਨੁਸਾਰ ਯੂ ਕੇ ਵਿੱਚ ਹਰ ਸਾਲ ਸਾਢੇ ਚਾਰ ਲੱਖ ਟਨ ਤੋਂ ਲੈ ਕੇ 5 ਲੱਖ ਟਨ ਤੱਕ ਖਾਣਾ ਅੰਝਾਈ ਨਸ਼ਟ ਹੁੰਦਾ ਹੈ। 27 ਫਰਵਰੀ 2021 ਨੂੰ ਇੰਗਲੈਂਡ ਤੋਂ ਨਿਕਲਦੇ ਅਖਬਾਰ ਇੰਡੀਪੈਨਡਿੰਟ ਵਿੱਚ ਛਪੀ ਇਕ ਰਿਪੋਰਟ ਅਨੁਸਾਰ ਯੂ ਕੇ ਦੀਆਂ ਵੱਡੀਆਂ ਸੁਪਰਮਾਰਕੀਟਾਂ ਹਰ ਸਾਲ ਜਿੰਨੀ ਮਾਤਰਾ ਵਿੱਚ ਖਾਣਾ ਅੰਝਾਈ ਨਸ਼ਟ ਕਰਦੀਆਂ ਹਨ ਉਨੀ ਮਾਤਰਾ ਨਾਲ 19 ਕ੍ਰੋੜ (190 ਮਿਲੀਅਨ) ਲੋਕਾਂ ਨੂੰ ਇਕ ਡੰਗ ਦਾ ਖਾਣਾ ਮੁਹੱਈਆ ਕੀਤਾ ਜਾ ਸਕਦਾ ਹੈ।

ਸੁਪਰਮਾਰਕੀਟਾਂ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦਾ ਇਕ ਕਾਰਨ ਇਹ ਹੈ ਕਿ ਸੁਪਰਮਾਰਕੀਟਾਂ ਹਮੇਸ਼ਾਂ ਹੀ ਖਾਣੇ ਦਾ ਲੋੜ ਤੋਂ ਵੱਧ ਸਟਾਕ ਰੱਖਦੀਆਂ ਹਨ ਕਿਉਂਕਿ ਪਰਚੂਨ ਪੱਧਰ `ਤੇ ਖਾਣਾ ਵੇਚਣ ਵਾਲੀ ਸਨਅਤ ਵਿੱਚ ਇਹ ਧਾਰਨਾ ਪ੍ਰਚੱਲਤ ਹੈ ਕਿ ਗਾਹਕ ਭਰੀਆਂ ਹੋਈਆਂ ਸ਼ੈਲਫਾਂ ਦੇਖਣਾ ਪਸੰਦ ਕਰਦੇ ਹਨ। ਭਰੀਆਂ ਹੋਈਆਂ ਸ਼ੈਲਫਾਂ ਗਾਹਕਾਂ ਨੂੰ ਬਹੁਲਤਾ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਕਾਰਨ ਉਹ ਜ਼ਿਆਦਾ ਚੀਜ਼ਾਂ ਖ੍ਰੀਦਦੇ ਹਨ। ਇਸ ਲੋੜ ਤੋਂ ਵੱਧ ਰੱਖੇ ਸਟਾਕ ਵਿੱਚੋਂ ਜਿਹੜੀਆਂ ਵਸਤਾਂ ਸਮੇਂ ਸਿਰ ਵਿਕਣੋ ਰਹਿ ਜਾਂਦੀਆਂ ਹਨ, ਉਹ ਸੁੱਟ ਦਿੱਤੀਆਂ ਜਾਂਦੀਆਂ ਹਨ। ਆਮ ਤੌਰ `ਤੇ ਇਹ ਵਰਤਾਰਾ ਸੁਪਰਮਾਰਕੀਟਾਂ ਦੇ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਅਤੇ ਫਲਾਂ ਅਤੇ ਸਬਜ਼ੀਆਂ ਦੇ ਸੈਕਸ਼ਨਾਂ ਵਿੱਚ ਵਾਪਰਦਾ ਹੈ। ਕਈ ਵਾਰੀ ਸੁਪਰਮਾਰਕੀਟਾਂ ਕੁੱਝ ਚੀਜ਼ਾਂ ਦੇ ਪੂਰੇ ਸਟਾਕ ਦੇ ਨਾ ਵਿਕਣ ਬਾਰੇ ਜਾਣਦਿਆਂ ਹੋਇਆਂ ਵੀ ਉਹਨਾਂ ਚੀਜ਼ਾਂ ਨੂੰ ਵਾਧੂ ਸਟਾਕ ਕਰਦੀਆਂ ਹਨ ਕਿਉਂਕਿ ਉਹਨਾਂ ਦੀ ਨੁਮਾਇਸ਼ ਗਾਹਕ ਦੇ ਮਨ ਨੂੰ ਭਾਉਂਦੀ ਹੈ। ਉਦਾਹਰਨ ਲਈ ਵੇਸਟਡ: ਹਾਉ ਅਮਰੀਕਾ ਇਜ਼ ਲੂਜ਼ਿੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ ... ਨਾਮੀ ਰਿਪੋਰਟ ਅਨੁਸਾਰ ਸੁਪਰਮਾਰਕੀਟਾਂ ਵਿੱਚ ਰੱਖੀਆਂ ਗਈਆਂ ਪੂਰੀਆਂ ਮੱਛੀਆਂ ਦਾ 26% ਹਿੱਸਾ ਨਹੀਂ ਵਿਕਦਾ, ਪਰ ਫਿਰ ਵੀ ਉਹਨਾਂ ਨੂੰ ਸਟੋਰ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਉਹ ਸਜ਼ਾਵਟ ਦੇ ਪੱਖ ਤੋਂ ਸੁਹਣੀਆਂ ਲਗਦੀਆਂ ਹਨ।  

ਅੱਜਕੱਲ੍ਹ ਵਿਕਸਤ ਦੇਸ਼ਾਂ ਵਿੱਚ ਬਹੁਤ ਸਾਰੀਆਂ ਸੁਪਰਮਾਰਕੀਟਾਂ ਅਤੇ ਕਨਵੀਨੀਐਂਸ ਸਟੋਰ ਖਾਣ ਨੂੰ ਤਿਆਰ ਖਾਣਾ- ਜਿਵੇਂ ਸੈਂਡਵਿਚ, ਫਰਾਈਡ ਚਿਕਨ, ਰੋਸਟ ਚਿਕਨ, ਹਾਟ ਡੌਗ, ਸੂਸ਼ੀ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ- ਰੱਖਦੇ ਹਨ। ਫਲਾਂ ਅਤੇ ਸਬਜ਼ੀਆਂ ਵਾਂਗ ਹੀ ਇਹ ਸਟੋਰ ਇਹਨਾਂ ਖਾਣਿਆਂ ਦਾ ਫੁੱਲ ਸਟਾਕ ਰੱਖਦੇ ਹਨ ਅਤੇ ਇਹ ਪੱਕਾ ਕਰਦੇ ਹਨ ਕਿ ਇਹ ਚੀਜ਼ਾਂ ਤਾਜ਼ੀਆ ਹੋਣ। ਇਹਨਾਂ ਵਿੱਚੋਂ ਜਿਹੜੇ ਖਾਣੇ ਸਮੇਂ ਸਿਰ ਨਹੀਂ ਵਿਕਦੇ ਉਹ ਸੁੱਟ ਦਿੱਤੇ ਜਾਂਦੇ ਹਨ। ਪਹਿਲਾਂ ਜ਼ਿਕਰ ਵਿੱਚ ਆ ਚੁੱਕੀ ਰਿਪੋਰਟ ਵੇਸਟਡ: ਹਾਉ ਅਮਰੀਕਾ ਇਜ਼ ਲੂਜ਼ਿੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ... ਅਨੁਸਾਰ ਸੁਪਰਮਾਰਕੀਟਾਂ ਵਿੱਚ ਰੱਖੇ ਰੋਸਟ ਚਿਕਨਾਂ ਨੂੰ ਨਾ ਵਿਕਣ `ਤੇ ਤਕਰੀਬਨ ਚਾਰ ਘੰਟਿਆਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ਇਸ ਰਿਪੋਰਟ ਵਿੱਚ ਇਕ ਗ੍ਰੌਸਰੀ ਸਟੋਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਸ ਸਟੋਰ ਵਿੱਚੋਂ ਤਕਰੀਬਨ 50% ਰੋਸਟ ਚਿਕਨ ਅੰਝਾਈ ਸੁੱਟ ਦਿੱਤੇ ਜਾਂਦੇ ਹਨ। ਬਹੁਤ ਸਾਰੇ ਸਟੋਰ ਦਿਨ ਦੇ ਅੰਤ `ਤੇ ਨਾ ਵਿਕਣ ਵਾਲੇ ਸੈਂਡਵਿਚਾਂ ਨੂੰ ਕੂੜੇ ਦੇ ਢੇਰ `ਤੇ ਸੁੱਟ ਦਿੰਦੇ ਹਨ। ਅਮਰੀਕਨ ਵੇਸਟਲੈਂਡ... ਵਿੱਚ ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਐਂਥਰੋਪੌਲੌਜੀ ਵਿਭਾਗ ਨਾਲ ਰਹਿ ਚੁੱਕੇ ਇਕ ਖੋਜੀ ਦੇ ਹਵਾਲੇ ਨਾਲ ਦੱਸਿਆ ਗਿਆ  ਹੈ ਕਿ ਅਮਰਕਿਾ ਵਿੱਚ ਕਨਵੀਨੀਐਂਸ ਸਟੋਰ ਆਪਣੇ ਖਾਣਿਆਂ ਦਾ 26% ਹਿੱਸਾ ਅੰਝਾਈ ਨਸ਼ਟ ਕਰਦੇ ਹਨ। ਇਸ ਹਿਸਾਬ ਨਾਲ ਪੂਰੇ ਅਮਰੀਕਾ ਭਰ ਵਿੱਚ ਇਸ ਤਰ੍ਹਾਂ ਨਸ਼ਟ ਹੁੰਦੇ ਖਾਣੇ ਦੀ ਮਾਤਰਾ ਹਰ ਰੋਜ਼ ਦੇ 50 ਲੱਖ (5 ਮਿਲੀਅਨ) ਪੌਂਡ ਦੇ ਬਰਾਬਰ ਬਣਦੀ ਹੈ। ਇਹਨਾਂ ਖਾਣਿਆਂ ਨੂੰ ਓਵਰਸਟਾਕ ਕਰਨ ਦਾ ਇਕ ਕਾਰਨ ਤਾਂ ਗਾਹਕਾਂ ਨੂੰ ਬਹੁਲਤਾ ਦਾ ਪ੍ਰਭਾਵ ਦੇਣਾ ਹੈ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ। ਦੂਸਰਾ ਕਾਰਨ ਇਹ ਹੈ ਕਿ ਸਟੋਰਾਂ ਵਾਲੇ ਇਸ ਗੱਲੋਂ ਡਰਦੇ ਹਨ ਕਿ ਗਾਹਕ ਖਾਲੀ ਟ੍ਰੇਅ ਜਾਂ ਸ਼ੈਲਫ ਦੇਖ ਕੇ ਕਿਸੇ ਦੂਸਰੇ ਸਟੋਰ `ਤੇ ਨਾ ਚਲਿਆ ਜਾਵੇ। ਗਾਹਕ ਗਵਾਉਣ ਦੀ ਥਾਂ ਉਹ ਅਣਵਿਕੇ ਖਾਣੇ ਨੂੰ ਕੂੜੇ `ਤੇ ਸੁੱਟਣ ਦਾ ਖਤਰਾ ਲੈਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਖਾਣੇ ਦੀ ਲਾਗਤ, ਖਾਣਾ ਵਿਕਣ ਕਾਰਨ ਹੋਣ ਵਾਲੇ ਮੁਨਾਫੇ ਤੋਂ ਬਹੁਤ ਘੱਟ ਹੁੰਦੀ ਹੈ। ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਦਾ ਲੇਖਕ ਟ੍ਰਿਸਟਰਮ ਸਟੂਅਰਟ ਦੱਸਦਾ ਹੈ ਕਿ ਯੂ ਕੇ ਵਿੱਚ ਸੁਪਰਮਾਰਕੀਟਾਂ ਨੂੰ 200 ਗ੍ਰਾਮ ਦਾ ਇਕ ਸੈਂਡਵਿੱਚ ਬਣਾਉਣ ਦੀ ਲਾਗਤ ਇਕ ਪੈਂਸ ਦੇ ਬਰਾਬਰ ਪੈਂਦੀ ਹੈ। ਇਸ ਸੈਂਡਵਿੱਚ ਦੇ ਵਿਕਣ ਨਾਲ ਹੋਣ ਵਾਲਾ ਮੁਨਾਫਾ ਇਸ ਤੋਂ 100 ਗੁਣਾਂ ਤੱਕ ਹੋ ਸਕਦਾ ਹੈ। ਇਸ ਲਈ ਸੁਪਰਮਾਰਕੀਟਾਂ ਵਾਧੂ ਸਟਾਕ ਰੱਖਣ ਅਤੇ ਅਣਵਿਕੇ ਸੈਂਡਵਿੱਚਾਂ ਨੂੰ ਸੁੱਟਣ ਨੂੰ ਤਰਜੀਹ ਦਿੰਦੀਆਂ ਹਨ, ਕਿਉਂਕਿ ਸੈਂਡਵਿੱਚ ਨੂੰ ਕੂੜੇ `ਤੇ ਸੁੱਟਣ ਨਾਲ ਉਹਨਾਂ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ।    

ਲੋੜ ਤੋਂ ਵਾਧੂ ਸਟਾਕ ਰੱਖਣ ਤੋਂ ਇਲਾਵਾ ਸੁਪਰਮਾਰਕੀਟਾਂ ਵਿੱਚ ਕਾਫੀ ਸਾਰਾ ਖਾਣਾ ਇਸ ਲਈ ਸੁੱਟ ਦਿੱਤਾ ਜਾਂਦਾ ਹੈ ਕਿਉਂਕਿ ਉਸ ਦੀ ਪੈਕਜਿੰਗ ਨੁਕਸਾਨੀ ਗਈ ਹੁੰਦੀ ਹੈ। ਬਹੁਤੀ ਵਾਰੀ ਪੈਕਜਿੰਗ ਨੂੰ ਨੁਕਸਾਨ ਹੋਣ ਨਾਲ ਉਸ ਦੇ ਅੰਦਰਲੇ ਖਾਣੇ ਦੀ ਕੁਆਲਟੀ `ਤੇ ਕੋਈ ਅਸਰ ਨਹੀਂ ਪੈਂਦਾ, ਪਰ ਫਿਰ ਵੀ ਉਸ ਖਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ। ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਵਿੱਚ ਪੇਸ਼ ਜਾਣਕਾਰੀ ਮੁਤਾਬਕ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕਿਸੇ ਵੱਡੇ ਪੈਕਟ ਵਿੱਚ ਪੈਕ ਕੀਤੇ ਗਏ ਨਗਾਂ ਵਿੱਚੋਂ ਕਿਸੇ ਇਕ ਨਗ ਵਿੱਚ ਕੋਈ ਨੁਕਸ ਹੋਵੇ, ਉਦਾਹਰਨ ਲਈ ਕਈ ਸੇਬਾਂ ਦੇ ਪੈਕਟ ਵਿੱਚੋਂ ਇਕ ਸੇਬ `ਤੇ ਦਾਗ ਹੋਵੇ ਜਾਂ ਦਰਜਨ ਜਾਂ ਉਸ ਤੋਂ ਵੱਧ ਦੇ ਆਂਡਿਆਂ ਦੇ ਕਾਰਟਨ ਵਿੱਚੋਂ ਇਕ ਆਂਡਾ ਟੁੱਟਿਆ ਹੋਇਆ ਹੋਵੇ, ਤਾਂ ਸਾਰੇ ਪੈਕਟ ਜਾਂ ਕਾਰਟਨ ਨੂੰ ਸੁੱਟ ਦਿੱਤਾ ਜਾਂਦਾ ਹੈ।   

ਪਰਚੂਨ ਪੱਧਰ `ਤੇ ਖਾਣਾ ਵੇਚਣ ਵਾਲੀਆਂ ਸੁਪਰਮਾਰਕੀਟਾਂ ਵਿੱਚ ਖਾਣਾ ਅੰਝਾਈ ਨਸ਼ਟ ਕੀਤੇ ਜਾਣ ਦੇ ਹੋਰ ਕਾਰਨਾਂ ਵਿੱਚ ਕੁੱਝ ਕਾਰਨ ਇਸ ਪ੍ਰਕਾਰ ਹਨ: ਖਾਣੇ `ਤੇ ਲਿਖੀ ਖਾਣੇ ਦੀ ਮਿਆਦ ਦੀ ਤਰੀਕ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਹੀ ਖਾਣੇ ਨੂੰ ਸੁੱਟ ਦੇਣਾ, ਕਿਸੇ ਖਾਸ ਛੁੱਟੀ ਜਾਂ ਤਿਉਹਾਰ ਲਈ ਕਿਸੇ ਖਾਸ ਖਾਣੇ ਨੂੰ ਉਵਰਸਟਾਕ ਕਰਨਾ ਅਤੇ ਉਹ ਛੁੱਟੀ ਜਾਂ ਤਿਉਹਾਰ ਲੰਘਣ ਬਾਅਦ ਅਣਵਿਕੇ ਖਾਣੇ ਨੂੰ ਨਵੇਂ ਆ ਰਹੇ ਸਟਾਕ ਲਈ ਥਾਂ ਬਣਾਉਣ ਲਈ ਸੁੱਟ ਦੇਣਾ। ਸੁਪਰਮਾਰਕੀਟਾਂ ਦੇ ਪ੍ਰਬੰਧਕਾਂ ਵੱਲੋਂ ਪਰਚੂਨ ਪੱਧਰ `ਤੇ ਖਾਣਾ ਅੰਝਾਈ ਨਸ਼ਟ ਹੋਣ ਦੇ ਵਰਤਾਰੇ ਨੂੰ ਇਕ ਆਮ ਵਰਤਾਰਾ ਮੰਨਿਆ ਜਾਂਦਾ ਹੈ ਅਤੇ ਇਸ ਨੂੰ "ਕੌਸਟ ਆਫ ਡੁਇੰਗ ਬਿਜ਼ਨਿਸ ਭਾਵ ਕਾਰੋਬਾਰ ਕਰਨ ਦੀ ਲਾਗਤ" ਦੇ ਤੌਰ `ਤੇ ਦੇਖਿਆ ਜਾਂਦਾ ਹੈ। ਅਸਲ ਵਿੱਚ ਸੁਪਰਮਾਰਕੀਟਾਂ ਦੀ ਚੇਨ ਦੇ ਜਿਸ ਸਟੋਰ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦੀ ਮਾਤਰਾ ਘੱਟ ਹੋਵੇ, ਉਸ ਚੇਨ ਦੇ ਉਪਰਲੇ ਪ੍ਰਬੰਧਕਾਂ ਵੱਲੋਂ ਉਸ ਸਟੋਰ ਦੀ ਕਾਰਗੁਜਾਰੀ `ਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਸ ਸਟੋਰ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ। ਨੈਚਰੁਲ ਰਿਸੋਰਸਜ਼ ਡਿਫੈਂਸ ਕਾਉਂਸਲ ਦੀ ਵੇਸਟਡ: ਹਾਉ ਅਮਰੀਕਾ ਇਜ਼ ਲੂਜ਼ਿੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ ... ਨਾਮੀ ਰਿਪੋਰਟ ਵਿੱਚ ਅਮਰੀਕਾ ਦੀ ਗ੍ਰੌਸਰੀ ਸਟੋਰਾਂ ਦੀ ਚੇਨ, ਟਰੇਡਰ ਜੋਅਜ਼, ਦਾ ਸਾਬਕਾ ਪ੍ਰੈਜ਼ੀਡੈਂਟ ਇਸ ਬਾਰੇ ਇਸ ਤਰ੍ਹਾਂ ਕਹਿੰਦਾ ਹੈ, "ਅਸਲੀਅਤ ਇਹ ਹੈ ਕਿ ਗ੍ਰੋਸਰੀ ਸਟੋਰਾਂ ਦੇ ਇਲਾਕਾਈ ਮੈਨੇਜਰ ਵੱਜੋਂ, ਜਦੋਂ ਤੁਸੀਂ ਇਹ ਦੇਖਦੇ ਹੋ ਕਿ ਕਿਸੇ ਸਟੋਰ ਵਿੱਚ ਛੇਤੀਂ ਖਰਾਬ ਹੋਣ ਵਾਲੀਆਂ ਵਸਤਾਂ (ਫਲ, ਸਬਜ਼ੀਆਂ ਆਦਿ) ਦੇ ਅੰਝਾਈ ਨਸ਼ਟ ਹੋਣ ਦੀ ਦਰ ਘੱਟ ਹੈ, ਤਾਂ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਕਿਸੇ ਸਟੋਰ ਵਿੱਚ ਅੰਝਾਈ ਨਸ਼ਟ ਹੋਣ ਵਾਲੀਆਂ ਵਸਤਾਂ ਦੀ ਮਾਤਰਾ ਦਾ ਘੱਟ ਹੋਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਸ ਸਟੋਰ ਵਿੱਚ ਪੂਰਾ ਸਟਾਕ ਨਹੀਂ ਹੈ ਅਤੇ ਗਾਹਕਾਂ ਨੂੰ ਮਾੜਾ ਤਜਰਬਾ ਹੋ ਰਿਹਾ ਹੈ।"

ਪੱਛਮੀ ਵਿਕਸਤ ਮੁਲਕਾਂ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦੀਆਂ ਰਿਪੋਰਟਾਂ ਇਹ ਦਸਦੀਆਂ ਹਨ ਕਿ ਇਹਨਾਂ ਮੁਲਕਾਂ ਵਿੱਚ ਇਕੱਲੇ ਇਕੱਲੇ ਘਰਾਂ ਵਿੱਚ ਵੀ ਕਾਫੀ ਖਾਣਾ ਅੰਝਾਈ ਨਸ਼ਟ ਹੁੰਦਾ ਹੈ। ਇਸ ਬਾਰੇ ਅਮਰੀਕਾ, ਕੈਨੇਡਾ ਅਤੇ ਯੂ. ਕੇ. ਬਾਰੇ  ਕੁੱਝ ਤੱਥ ਪੇਸ਼ ਹਨ:

* ਸਾਇੰਸ ਡੇਲੀ ਦੇ ਵੈੱਬਸਾਈਟ `ਤੇ 23 ਜਨਵਰੀ 2020 ਨੂੰ ਛਪੀ ਇਕ ਰਿਪੋਰਟ ਦਸਦੀ ਹੈ ਕਿ ਅਮਰੀਕਾ ਦਾ ਇਕ ਘਰ ਜਿੰਨਾ ਖਾਣਾ ਖ੍ਰੀਦਦਾ ਹੈ, ਉਸ ਵਿੱਚੋਂ ਇਕ ਤਿਹਾਈ ਹਿੱਸੇ ਦੇ ਕਰੀਬ ਖਾਣਾ ਕੂੜੇਦਾਨ ਵਿੱਚ ਸੁੱਟਿਆ ਜਾਂਦਾ ਹੈ। ਅੰਝਾਈ ਨਸ਼ਟ ਕੀਤੇ ਇਸ ਖਾਣੇ ਦੀ ਸਾਲਾਨਾ ਲਾਗਤ 240 ਅਰਬ (ਬਿਲੀਅਨ) ਡਾਲਰ ਬਣਦੀ ਹੈ ਜੋ ਕਿ ਇਕ ਘਰ ਮਗਰ ਔਸਤਨ 1866 ਡਾਲਰ ਪ੍ਰਤੀ ਸਾਲ ਦੇ ਕਰੀਬ ਹੈ।
 
* ਸੰਨ 2019 ਵਿੱਚ ਛਪੀ ਯੂਨਾਈਟਿਡ ਨੇਸ਼ਨਜ਼ ਦੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ ਇਕ ਘਰ ਵਿੱਚ ਸਾਲਾਨਾ ਖਾਣਾ ਅੰਝਾਈ ਨਸ਼ਟ ਹੋਣ ਦੀ ਔਸਤਨ ਮਾਤਰਾ 79 ਕਿਲੋਗ੍ਰਾਮ ਹੈ। ਇਸ ਹਿਸਾਬ ਨਾਲ ਕੈਨੇਡਾ ਦੇ ਸਾਰੇ ਘਰਾਂ ਵਿੱਚ ਇਕ ਸਾਲ ਵਿੱਚ ਅੰਝਾਈ ਖਾਣਾ ਨਸ਼ਟ ਹੋਣ ਦੀ ਕੁੱਲ ਮਾਤਰਾ 29.4 ਲੱਖ (2.94 ਮਿਲੀਅਨ) ਮੀਟਰਕ ਟਨ ਦੇ ਬਰਾਬਰ ਹੋ ਜਾਂਦੀ ਹੈ।

*ਯੂ ਕੇ ਤੋਂ ਨਿਕਲਦੇ ਅਖਬਾਰ ਗਾਰਡੀਅਨ ਵਿੱਚ 24 ਜਨਵਰੀ 2020 ਨੂੰ ਛਪੀ ਇਕ ਰਿਪੋਰਟ ਅਨੁਸਾਰ ਯੂ ਕੇ ਦੇ ਸਾਰੇ ਘਰਾਂ ਵਿੱਚ ਹਰ ਸਾਲ ਕੁੱਲ ਮਿਲਾ ਕੇ 45 ਲੱਖ (4.5 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਹੁੰਦਾ ਹੈ।  

ਇਹਨਾਂ ਮੁਲਕਾਂ ਦੇ ਘਰਾਂ ਵਿੱਚ ਖਾਣਾ ਅੰਝਾਈ ਨਸ਼ਟ ਕੀਤੇ ਜਾਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਇੱਥੇ ਲੋਕਾਂ ਵੱਲੋਂ ਆਪਣੀ ਘਰੇਲੂ ਲੋੜ ਤੋਂ ਵੱਧ ਖਾਣਾ ਖ੍ਰੀਦਣਾ ਇਕ ਆਮ ਵਰਤਾਰਾ ਹੈ। ਲੋੜ ਤੋਂ ਵੱਧ ਖ੍ਰੀਦਿਆ ਗਿਆ ਖਾਣਾ ਕੁੱਝ ਦੇਰ ਘਰਾਂ ਦੀਆਂ ਫਰਿੱਜਾਂ ਵਿੱਚ ਰਹਿ ਕੇ ਕੂੜੇਦਾਨ ਵਿੱਚ ਚਲਾ ਜਾਂਦਾ ਹੈ। ਬੀ ਬੀ ਸੀ ਦੇ ਸਾਈਟ `ਤੇ ਛਪੇ ਲੇਖ ਹਾਉ ਡੂ ਸੁਪਮਾਰਕੀਟਸ ਟੈਂਪਟ ਯੂ ਟੂ ਸਪੈਂਡ ਮੋਰ ਮਨੀ ਅਤੇ ਸੈਂਟਰ ਫਾਰ ਸਾਇੰਸ ਇਨ ਦਾ ਪਬਲਿਕ ਇਨਟ੍ਰੈਸਟ ਦੇ ਸਾਈਟ `ਤੇ ਛਪੇ ਲੇਖ 8 ਵੇਅਜ਼ ਸੁਪਰਮਾਰੀਕਟਸ ਮੇਕ ਯੂ ਬਾਈ ਮੋਰ ਅਨੁਸਾਰ ਇਹਨਾਂ ਮੁਲਕਾਂ ਦੀਆਂ ਸੁਪਰਮਾਰਕੀਟਾਂ ਲੋਕਾਂ ਨੂੰ ਲੋੜ ਤੋਂ ਵੱਧ ਖਾਣਾ ਖ੍ਰੀਦਣ ਲਈ ਉਕਸਾਉਣ ਲਈ ਮਾਰਕੀਟਿੰਗ ਦੇ ਕਈ ਤਰ੍ਹਾਂ ਦੇ ਢੰਗ ਵਰਤਦੀਆਂ ਹਨ। ਇਕ ਚੀਜ਼ ਖ੍ਰੀਦੋ, ਦੂਜੀ ਮੁਫਤ ਲਵੋ ਜਾਂ ਇਕ ਦੀ ਕੀਮਤ `ਤੇ ਦੋ ਚੀਜ਼ਾਂ ਖ੍ਰੀਦੋ, ਨਮੂਨੇ ਦੇ ਤੌਰ `ਤੇ ਮੁਫਤ ਚੀਜ਼ਾਂ (ਫ੍ਰੀ ਸੈਂਪਲ) ਦੇਣ, ਸਟੋਰਾਂ ਵਿੱਚ ਧੀਮਾ ਸੰਗੀਤ ਵਜਾ ਕੇ ਲੋਕਾਂ ਨੂੰ ਸਟੋਰਾਂ ਵਿੱਚ ਜ਼ਿਆਦਾ ਦੇਰ ਰਹਿਣ ਲਈ ਉਤਸ਼ਾਹਿਤ ਕਰਨ, ਸਟੋਰ ਵਿੱਚ ਖਾਸ ਤਰ੍ਹਾਂ ਦੀ ਮਹਿਕ ਦੀ ਵਰਤੋਂ ਕਰਕੇ ਕੁੱਝ ਖਾਸ ਚੀਜ਼ਾਂ ਦੀ ਵਿਕਰੀ ਵਧਾਉਣ, ਕੈਸ਼ੀਅਰ ਦੇ ਕਾਊਂਟਰਾਂ ਨੇੜੇ ਕੈਂਡੀਆਂ, ਚਾਕਲੇਟਾਂ, ਸੋਡੇ, ਆਦਿ ਵਰਗੀਆਂ ਚੀਜ਼ਾਂ ਰੱਖ ਕੇ ਸੁਪਰਮਾਰਕੀਟਾਂ ਗ੍ਰਾਹਕਾਂ ਨੂੰ ਲੋੜ ਤੋਂ ਵੱਧ ਚੀਜ਼ਾਂ ਖ੍ਰੀਦਣ ਲਈ ਉਤਸ਼ਾਹਿਤ ਕਰਦੀਆਂ ਹਨ। ਉਦਾਹਰਨ ਲਈ ਕਿਸੇ ਸੁਪਰਮਾਰਕੀਟ ਦੀ ਬੇਕਰੀ `ਚੋਂ ਤਾਜ਼ਾ ਬੇਕ ਕੀਤੀ ਬ੍ਰੈੱਡ ਦੀ ਮਹਿਕ ਤੁਹਾਨੂੰ ਅੱਧੀ ਦਰਜਨ ਕਰਸਾਂਟ ਖੀਦਣ ਲਈ ਪ੍ਰੇਰਿਤ ਕਰ ਸਕਦੀ ਹੈ। ਇਸ ਹੀ ਤਰ੍ਹਾਂ ਫ੍ਰੀ ਸੈਂਪਲ ਵਜੋਂ ਦਿੱਤਾ ਪੀਜ਼ੇ ਦਾ ਇਕ ਛੋਟਾ ਜਿਹਾ ਟੁੱਕੜਾ ਤੁਹਾਡੇ ਮਨ ਵਿੱਚ ਪੂਰਾ ਪੀਜ਼ਾਂ ਖ੍ਰੀਦਣ ਦਾ ਖਿਆਲ ਲਿਆ ਸਕਦਾ ਹੈ।  

ਇਹਨਾਂ ਹੀ ਲੇਖਾਂ ਅਨੁਸਾਰ ਬਹੁਤੀ ਵਾਰੀ ਸੁਪਰਮਾਰਕੀਟ ਵਿੱਚ ਦੁੱਧ, ਬ੍ਰੈੱਡ ਅਤੇ ਆਂਡਿਆਂ ਵਰਗੀਆਂ ਜ਼ਰੂਰੀ ਚੀਜ਼ਾਂ ਖ੍ਰੀਦਣ ਗਿਆ ਗਾਹਕ ਹੋਰ ਬਹੁਤ ਸਾਰੀਆਂ ਚੀਜ਼ਾਂ ਖ੍ਰੀਦ ਲਿਆਉਂਦਾ ਹੈ। ਇਸ ਦਾ ਇਕ ਕਾਰਨ ਹੈ ਸੁਪਰਮਾਰਕੀਟਾਂ ਵਿੱਚ ਚੀਜ਼ਾਂ ਰੱਖਣ ਦੀ ਤਰਤੀਬ। ਬਹੁਤੀਆਂ ਸੁਪਰਮਾਰਕੀਟਾਂ ਵਿੱਚ ਦੁੱਧ, ਬ੍ਰੈੱਡ ਅਤੇ ਆਂਡਿਆਂ ਵਰਗੀਆਂ ਜ਼ਰੂਰੀ ਚੀਜ਼ਾਂ ਸੁਪਰਮਾਰਕੀਟ ਦੇ ਪਿਛਲੇ ਹਿੱਸੇ ਵਿੱਚ ਰੱਖੀਆਂ ਹੁੰਦੀਆਂ ਹਨ।  ਨਤੀਜੇ ਵੱਜੋਂ ਇਹ ਜ਼ਰੂਰੀ ਚੀਜ਼ਾਂ ਖ੍ਰੀਦ ਕੇ ਇਕਦਮ ਬਾਹਰ ਆ ਜਾਣ ਦੇ ਮਕਸਦ ਨਾਲ ਸੁਪਰਮਾਰਕੀਟ ਦੇ ਅੰਦਰ ਗਏ ਗਾਹਕ ਨੂੰ ਇਹ ਚੀਜ਼ਾਂ ਲੈਣ ਲਈ ਤਕਰੀਬਨ ਸਾਰੀ ਸੁਪਰਮਾਰਕੀਟ ਦਾ ਗੇੜਾ ਲਾਉਣਾ ਪੈਂਦਾ ਹੈ। ਇਹ ਗੇੜਾ ਦੇਣ ਦੌਰਾਨ ਉਸ ਦਾ ਵਾਹ ਸਪੈਸ਼ਲ ਆਫਰਾਂ `ਤੇ ਲਾਈਆਂ ਚੀਜ਼ਾਂ ਨਾਲ ਪੈਂਦਾ ਹੈ।  ਇਸ ਲਈ ਸਾਰੀ ਮਾਰਕੀਟ ਦਾ ਗੇੜਾ ਦੇਣ ਸਮੇਂ ਉਹ ਅਜਿਹੀਆਂ ਚੀਜ਼ਾਂ ਚੁੱਕ ਕੇ ਆਪਣੀ ਬੱਘੀ ਵਿੱਚ ਰੱਖ ਲੈਂਦਾ ਹੈ, ਜਿਹਨਾਂ ਨੂੰ ਲੈਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੁੰਦਾ। ਇਸ ਹੀ ਤਰ੍ਹਾਂ ਬਹੁਤੀ ਵਾਰ ਸੇਲ `ਤੇ (ਸਸਤੀਆਂ) ਲਾਈਆਂ ਚੀਜ਼ਾਂ ਵੀ ਸਟੋਰ ਦੇ ਪਿਛਲੇ ਹਿੱਸੇ ਵਿੱਚ ਰੱਖੀਆਂ ਹੁੰਦੀਆਂ ਹਨ। ਜੇ ਸਟੋਰ ਨੇ ਇਕ ਤੋਂ ਵੱਧ ਚੀਜ਼ਾਂ ਸੇਲ `ਤੇ ਲਾਈਆਂ ਹੋਣ ਤਾਂ ਉਹ ਚੀਜ਼ਾਂ ਸਟੋਰ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਰੱਖੀਆਂ ਹੁੰਦੀਆਂ ਹਨ। ਨਤੀਜੇ ਵਜੋਂ ਸੇਲ `ਤੇ ਲਾਈਆਂ ਗਈਆਂ ਚੀਜ਼ਾਂ ਲੱਭਣ ਲਈ ਗਾਹਕ ਨੂੰ ਸਾਰੇ ਸਟੋਰ ਦਾ ਗੇੜਾ ਕੱਢਣਾ ਪੈਂਦਾ ਹੈ ਅਤੇ ਨਤੀਜਾ ਉਸ ਵੱਲੋਂ ਉਹ ਚੀਜ਼ਾਂ ਖ੍ਰੀਦਣ ਵਿੱਚ ਨਿਕਲਦਾ ਹੈ ਜਿਹੜੀਆਂ ਚੀਜ਼ਾਂ ਉਹ ਲੈਣ ਨਹੀਂ ਗਿਆ ਸੀ। ਇਸ ਦੇ ਨਾਲ ਹੀ ਕਈ ਚੀਜ਼ਾਂ ਨੂੰ ਇਕ ਦੂਸਰੇ ਦੇ ਨਾਲ ਨਾਲ ਰੱਖਿਆ ਜਾਂਦਾ ਹੈ ਤਾਂ ਕਿ ਇਕ ਚੀਜ਼ ਖ੍ਰੀਦਣ ਸਮੇਂ ਗਾਹਕ ਦੂਜੀ ਚੀਜ਼ ਵੀ ਖ੍ਰੀਦੇ। ਉਦਾਹਰਨ ਲਈ ਚਿਪਸਾਂ ਅਤੇ ਸੋਡੇ ਨੂੰ ਨਾਲ ਨਾਲ ਰੱਖਿਆ ਜਾਂਦਾ ਹੈ ਅਤੇ ਪੈਸਤਾ ਅਤੇ ਪਰਮੇਸਾਨ ਪਨੀਰ ਨੂੰ ਇਕੱਠੇ ਰੱਖਿਆ ਜਾਂਦਾ ਹੈ। ਕਈ ਸਟੋਰਾਂ ਵਿੱਚ ਸਟੋਰ ਦੀਆਂ ਉਨ੍ਹਾਂ ਥਾਂਵਾਂ ਦੀ ਫਰਸ਼ `ਤੇ ਨਿੱਕੀਆਂ ਟਾਈਲਾਂ ਲਾਈਆਂ ਹੁੰਦੀਆਂ ਹਨ, ਜਿੱਥੇ ਸਟੋਰ ਦੇ ਮਾਲਕ/ਮੈਨੇਜਰ ਚਾਹੁੰਦੇ ਹਨ ਕਿ ਗਾਹਕ ਜ਼ਿਆਦਾ ਚਿਰ ਰਹੇ। ਜਦੋਂ ਗਾਹਕ ਨਿੱਕੀਆਂ ਟਾਈਲਾਂ ਦੀ ਫਰਸ਼ ਤੋਂ ਬੱਘੀ ਲੈ ਕੇ ਤੁਰਦਾ ਹੈ ਤਾਂ ਨਿੱਕੀਆਂ ਟਾਈਲਾਂ ਕਾਰਨ ਉਸ ਨੂੰ ਜਾਪਦਾ ਹੈ ਕਿ ਉੱਥੇ ਉਸ ਦੀ ਬੱਘੀ ਤੇਜ਼ੀ ਨਾਲ ਲੰਘਦੀ ਜਾ ਰਹੀ ਹੈ, ਇਸ ਲਈ ਉਹ ਆਪਣੀ ਬੱਘੀ ਨੂੰ ਹੋਲੀ ਕਰ ਲੈਂਦਾ ਹੈ ਅਤੇ ਉਸ ਇਲਾਕੇ ਵਿੱਚ ਲੋੜ ਨਾਲੋਂ ਵੱਧ ਸਮਾਂ ਬਿਤਾਉਂਦਾ ਹੈ। ਇਹ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਢੰਗ ਵਰਤ ਕੇ ਸੁਪਰਮਾਰਕੀਟਾਂ ਗਾਹਕਾਂ ਨੂੰ ਲੋੜ ਤੋਂ ਵੱਧ ਅਤੇ ਉਹ ਖਾਣਾ ਖ੍ਰੀਦਣ ਲਈ ਪ੍ਰਭਾਵਿਤ ਕਰਦੀਆਂ ਹਨ ਜਿਹਨਾਂ ਦੀ ਗਾਹਕਾਂ ਨੂੰ ਲੋੜ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਇਸ ਤਰ੍ਹਾਂ ਦੇ ਢੰਗ ਲੱਭਣ ਲਈ ਕੀਤੀਆਂ ਜਾਂਦੀਆਂ ਖੋਜਾਂ `ਤੇ ਸੁਪਰਮਾਰਕੀਟਾਂ ਦੇ ਮਾਲਕ ਹਰ ਸਾਲ ਲੱਖਾਂ ਡਾਲਰ ਖਰਚ ਕਰਦੇ ਹਨ।

ਖਾਣਾ ਉਗਾਉਣ, ਖਾਣਾ ਵੇਚਣ ਅਤੇ ਖਾਣੇ ਦੀ ਖਪਤ ਤੱਕ ਦੇ ਵੱਖ ਵੱਖ ਪੜਾਵਾਂ `ਤੇ ਖਾਣਾ ਅੰਝਾਈ ਨਸ਼ਟ ਹੋਣ ਬਾਰੇ ਉਪਰਲੀ ਗੱਲਬਾਤ ਇਹ ਦਿਖਾਉਂਦੀ ਹੈ ਕਿ ਪੂੰਜੀਵਾਦੀ ਪ੍ਰਬੰਧ ਵਿੱਚ ਖਾਣਾ ਵੇਚਣ/ਖ੍ਰੀਦਣ/ਖਪਤ ਦਾ ਅਮਲ ਚੰਗੇ ਭਲੇ ਖਾਣੇ ਦੀ ਕਾਫੀ ਵੱਡੀ ਮਾਤਰਾ ਨੂੰ ਕੂੜੇ ਵਿੱਚ ਤਬਦੀਲ ਕਰ ਦਿੰਦਾ ਹੈ। ਅਜਿਹਾ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਪ੍ਰਬੰਧ ਵਿੱਚ ਖਾਣੇ ਨੂੰ ਮਨੁੱਖੀ ਜਿ਼ੰਦਗੀ ਦੀ ਇਕ ਮੁੱਢਲੀ ਲੋੜ ਦੀ ਥਾਂ ਇਸ ਨੂੰ ਮੁਨਾਫਾ ਕਮਾਉਣ ਵਾਲੀ ਇਕ ਜਿਨਸ ਸਮਝਿਆ ਜਾਂਦਾ ਹੈ। ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਦੇ ਲੇਖਕ ਟ੍ਰਿਸਟਰਮ ਸਟੂਅਰਟ ਦੇ ਸ਼ਬਦਾਂ ਵਿੱਚ, "ਵਿਕਸਤ ਦੇਸ਼ਾਂ ਵਿੱਚ ਖਾਣੇ ਨੂੰ ਉਸ ਦੀ ਪੈਦਾਵਾਰ ਦੇ ਸਮਾਜ ਅਤੇ ਵਾਤਾਵਰਨ ਨਾਲ ਸੰਬੰਧਿਤ ਅਸਰਾਂ ਤੋਂ ਨਿਖੇੜ ਕੇ ਇਕ ਸੁੱਟਣਯੋਗ ਜਿਨਸ ਵਜੋਂ ਦੇਖਿਆ ਜਾਂਦਾ ਹੈ।"ਇਹ ਨਜ਼ਰੀਆ ਦੁਨੀਆ ਵਿੱਚ ਉਗਾਏ ਜਾਂਦੇ ਕੁੱਲ ਖਾਣੇ ਦੇ ਇਕ ਤਿਹਾਈ ਦੇ ਕਰੀਬ ਖਾਣੇ ਨੂੰ ਕੂੜੇ `ਤੇ ਸੁੱਟੇ ਜਾਣ ਦਾ ਕਾਰਨ ਬਣਦਾ ਹੈ।

ਪੂੰਜੀਵਾਦੀ ਪ੍ਰਬੰਧ ਵਿੱਚ ਹੁੰਦੀ ਕੂੜੇ ਦੀ ਪੈਦਾਵਾਰ ਬਾਰੇ ਗੱਲ ਨੂੰ ਅੱਗੇ ਤੋਰਨ ਲਈ ਹੁਣ ਅਸੀਂ ਫੈਸ਼ਨ ਦੀ ਸਨਅਤ `ਤੇ ਧਿਆਨ ਕੇਂਦਰਿਤ ਕਰਾਂਗੇ। ਇਸ ਸਨਅਤ ਵਿੱਚ ਹਰ ਸਾਲ ਵੱਡੀ ਪੱਧਰ `ਤੇ ਚੰਗੀਆਂ ਭਲੀਆਂ ਪਰ ਅਣਵਿਕੀਆਂ ਵਸਤਾਂ - ਕੱਪੜੇ, ਗਹਿਣੇ, ਘੜੀਆਂ ਆਦਿ- ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਨਸ਼ਟ ਕੀਤੀਆਂ ਜਾਣ ਵਾਲੀਆਂ ਇਹਨਾਂ ਵਸਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਫਾਇਦੇਮੰਦ ਹੋਵੇਗਾ ਕਿ ਫੈਸ਼ਨ ਸਨਅਤ ਦੋ ਪੱਧਰਾਂ `ਤੇ ਕੰਮ ਕਰਦੀ ਹੈ। ਪਹਿਲੀ ਪੱਧਰ ਨੂੰ 'ਫਾਸਟ ਫੈਸ਼ਨ' ਦਾ ਨਾਂ ਦਿੱਤਾ ਗਿਆ ਹੈ ਅਤੇ ਦੂਸਰੀ ਪੱਧਰ ਨੂੰ "ਹਾਈ ਇੰਡ ਫੈਸ਼ਨ' ਦਾ। "ਫਾਸਟ ਫੈਸ਼ਨ" ਵਿੱਚ ਚੀਜ਼ਾਂ ਦਾ ਫੈਸ਼ਨ ਸਾਲ-ਛਿਮਾਹੀ ਬਦਲਣ ਦੀ ਥਾਂ ਕੁੱਝ ਹਫਤਿਆਂ ਬਾਅਦ ਬਦਲਦਾ ਰਹਿੰਦਾ ਹੈ। ਇਸ ਫੈਸ਼ਨ ਦਾ ਨਿਸ਼ਾਨਾ ਆਮ ਪੱਧਰ ਦੇ ਲੋਕ ਹੁੰਦੇ ਹਨ। ਇਸ ਵਿੱਚ ਵੇਚੀਆਂ ਜਾਂਦੀਆਂ ਚੀਜ਼ਾਂ ਮਾੜੀ ਕੁਆਲਟੀ ਦੀਆਂ ਪਰ ਸਸਤੀਆਂ ਹੁੰਦੀਆਂ ਹਨ। ਉਦਾਹਰਨ ਲਈ ਇਸ ਪੱਧਰ `ਤੇ ਵੇਚੇ ਜਾਂਦੇ ਕੱਪੜੇ ਕੁੱਝ ਕੁ ਧੋਅ ਹੀ ਕੱਢਦੇ ਹਨ। ਇਸ ਫੈਸ਼ਨ ਨਾਲ ਚੱਲਣ ਲਈ ਲੋਕਾਂ ਨੂੰ 'ਫਾਸਟ ਫੂਡ' ਵਾਂਗ ਇਹ ਚੀਜ਼ਾਂ ਲਗਾਤਾਰ ਖ੍ਰੀਦਦੇ ਰਹਿਣਾ ਪੈਂਦਾ ਹੈ।  ਉਹ ਇਹਨਾਂ ਚੀਜ਼ਾਂ ਨੂੰ ਇਕ ਜਾਂ ਕੁਝ ਵਾਰ ਵਰਤ ਕੇ ਸੁੱਟ ਦਿੱਤੀਆਂ ਜਾਣ ਵਾਲੀਆਂ ਹੋਰ 'ਡਿਸਪੋਜ਼ੇਬਲ' ਵਸਤਾਂ ਵਾਂਗ ਹੀ ਸਮਝਦੇ ਹਨ। ਉਦਾਹਰਨ ਲਈ ਸੰਨ 2015 ਵਿੱਚ ਯੂ ਕੇ ਵਿੱਚ ਕੱਪੜਿਆਂ ਦੇ ਪਹਿਨਣ ਬਾਰੇ ਕੀਤੇ ਇਕ ਸਰਵੇ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਦੱਸਿਆ ਸੀ ਕਿ ਉਹ ਔਸਤ ਤੌਰ `ਤੇ ਇਕ ਕੱਪੜੇ ਨੂੰ 7 ਵਾਰ ਪਹਿਨਦੀਆਂ ਹਨ। ਇਹਨਾਂ ਵਿੱਚ 33% ਫੀਸਦੀ ਔਰਤਾਂ ਦਾ ਮੰਨਣਾ ਸੀ ਕਿ ਵੱਧ ਤੋਂ ਵੱਧ ਤਿੰਨ ਵਾਰ ਪਹਿਨਣ ਤੋਂ ਬਾਅਦ ਕੱਪੜੇ ਪੁਰਾਣੇ ਹੋ ਜਾਂਦੇ ਹਨ।  

"ਹਾਈ ਇੰਡ ਫੈਸ਼ਨ" ਵਿੱਚ ਚੀਜ਼ਾਂ ਚੰਗੀ ਕੁਆਲਟੀ ਦੀਆਂ ਅਤੇ ਮਹਿੰਗੀਆਂ ਹੁੰਦੀਆਂ ਹਨ। ਇਹ ਫੈਸ਼ਨ ਅਮੀਰ ਲੋਕਾਂ ਵੱਲ ਕੇਂਦਰਿਤ ਹੁੰਦਾ ਹੈ। ਇਸ ਫੈਸ਼ਨ ਨਾਲ ਸੰਬੰਧਿਤ ਚੀਜ਼ਾਂ ਵਿਅਕਤੀ ਨੂੰ ਸਮਾਜ ਵਿੱਚ ਵੱਡੇ ਰੁਤਬੇ ਵਾਲਾ ਵਿਅਕਤੀ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ।

ਇਹਨਾਂ ਦੋਵਾਂ ਪੱਧਰਾਂ `ਤੇ ਕੰਮ ਕਰਦੀ ਫੈਸ਼ਨ ਸਨਅਤ ਹਰ ਸਾਲ ਵੱਡੀ ਮਾਤਰਾ ਵਿੱਚ ਚੰਗੀਆਂ ਭਲੀਆਂ ਪਰ ਅਣਵਿਕੀਆਂ ਵਸਤਾਂ ਨੂੰ ਨਸ਼ਟ ਕਰਦੀ ਹੈ। ਇਸ ਬਾਰੇ ਕੁੱਝ ਅੰਕੜੇ ਇਸ ਪ੍ਰਕਾਰ ਹਨ:

* 27 ਅਕਤੂਬਰ 2021 ਨੂੰ ਅਰਥ.ਔਰਗ `ਤੇ ਛਪੇ ਅੰਕੜਿਆਂ ਅਨੁਸਾਰ ਹਰ ਸਾਲ ਦੁਨੀਆ ਭਰ ਵਿੱਚ ਕੱਪੜਿਆਂ ਨਾਲ ਸੰਬੰਧਿਤ 9 ਕ੍ਰੋੜ 20 ਲੱਖ (92 ਮਿਲੀਅਨ) ਟਨ ਕੂੜਾ ਪੈਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਹਰ ਇਕ ਸਕਿੰਟ ਵਿੱਚ ਇਕ ਟਰੱਕ ਦੇ ਭਾਰ ਦੇ ਬਰਾਬਰ ਦਾ ਕੱਪੜਿਆਂ ਦਾ ਕੂੜਾ ਜਾਂ ਸਾੜਿਆ ਜਾਂਦਾ ਹੈ ਜਾਂ ਕੂੜੇ ਦੇ ਢੇਰ `ਤੇ ਸੁੱਟ ਦਿੱਤਾ ਜਾਂਦਾ ਹੈ।  

* 15 ਨਵੰਬਰ 2021 ਨੂੰ ਈਕੋਵਾਚ ਦੇ ਸਾਈਟ `ਤੇ ਛਪੇ ਚਿੱਲੀਜ਼ ਆਟਾਕਾਮਾ ਡੈਜ਼ਰਟ: ਵਿਅਰ ਫਾਸਟ ਫੈਸ਼ਨ ਗੋਅਜ਼ ਟੂ ਡਾਈ ਨਾਮੀ ਲੇਖ ਵਿੱਚ ਅਲਜਜ਼ੀਰਾ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਰ ਸਾਲ ਅਮਰੀਕਾ, ਯੂਰਪ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿੱਚੋਂ ਨਾ ਵਿਕ ਸਕਣ ਵਾਲੇ ਕੱਪਿੜਿਆਂ ਦੇ 59000 ਟਨ ਚਿੱਲੀ ਦੇ ਉੱਤਰੀ ਇਲਾਕੇ ਵਿਚਲੀ ਅਲਟੋ ਹੌਸਪੀਸੀਓ ਫ੍ਰੀ ਜ਼ੋਨ ਵਿੱਚ ਪੈਂਦੀ ਅਕਵੀਵਾਹ ਬੰਦਰਗਾਹ `ਤੇ ਪਹੁੰਚਦੇ ਹਨ। ਇੱਥੇ ਇਹ ਕੱਪੜੇ ਲਾਤੀਨੀ ਅਮਰੀਕਾ ਵਿੱਚ ਦੁਬਾਰਾ ਵੇਚੇ ਜਾਣ ਲਈ ਆਉਂਦੇ ਹਨ ਪਰ ਇਹਨਾਂ ਵਿੱਚੋਂ ਸਿਰਫ 20,000 ਟਨ ਦੇ ਕਰੀਬ ਕੱਪੜੇ ਹੀ ਵਿਕਦੇ ਹਨ। ਬਾਕੀ ਬਚਦੇ 39000 ਟਨ ਦੇ ਕਰੀਬ ਕੱਪੜੇ ਚਿੱਲੀ ਦੇ ਆਟਾਕਾਮਾ ਮਾਰੂਥਲ ਵਿੱਚ ਪਿਛਲੇ ਸਾਲਾਂ ਦੌਰਾਨ ਸੁੱਟੇ ਗਏ ਕੱਪੜਿਆਂ ਦੇ ਢੇਰਾਂ ਉੱਤੇ ਸੁੱਟ ਦਿੱਤੇ ਜਾਂਦੇ ਹਨ।

* 23 ਸਤੰਬਰ 2021 ਨੂੰ ਈਕੋਵਾਚ ਦੇ ਸਾਈਟ `ਤੇ ਫਾਸਟ ਫੈਸ਼ਨ 101: ਐਵਰੀਥਿੰਗ ਯੂ ਨੀਡ ਟੂ ਨੋਅ ਨਾਮੀ ਲੇਖ ਅਨੁਸਾਰ ਹਰ ਸਾਲ ਇਕ ਅਮਰੀਕਨ 70 ਪੌਂਡ ਕੱਪੜੇ ਕੂੜੇ ਵਿੱਚ ਸੁੱਟਦਾ ਹੈ। ਕੁੱਲ ਮਿਲਾ ਕੇ ਅਮਰੀਕਾ ਵਿੱਚ ਕੱਪੜਿਆਂ ਦੇ ਇਸ ਕੂੜੇ ਦੀ ਸਾਲਾਨਾ ਮਾਤਰਾ 1 ਕ੍ਰੋੜ 70 ਲੱਖ (17 ਮਿਲੀਅਨ) ਟਨ ਦੇ ਬਰਾਬਰ ਬਣਦੀ ਹੈ। ਇਸ ਵਿੱਚੋਂ ਸਿਰਫ 25 ਲੱਖ ਟਨ ਕੱਪੜੇ ਹੀ ਰੀਸਾਈਕਲ ਕੀਤੇ ਜਾਂਦੇ ਹਨ।

* 19 ਜੁਲਾਈ 2018 ਨੂੰ ਬੀ ਬੀ ਸੀ ਦੇ ਵੈੱਬਸਾਈਟ `ਤੇ ਛਪੀ ਬਰਬੈਰੀ ਬਰਨਜ਼ ਬੈਗਜ਼, ਕਲੋਥਸ ਐਂਡ ਪਰਫਿਊਮ ਵਰਥ ਮਿਲੀਅਨਜ਼ ਨਾਮੀ ਇਕ ਰਿਪੋਰਟ ਅਨੁਸਾਰ ਉੱਤਲੀ ਪੱਧਰ ਦੇ ਫੈਸ਼ਨ ਨਾਲ ਸੰਬੰਧਿਤ ਯੂ ਕੇ ਦੀ ਕੰਪਨੀ ਬਰਬੈਰੀ ਨੇ ਸੰਨ 2017 ਵਿੱਚ 2 ਕ੍ਰੋੜ 86 ਲੱਖ (28.6 ਮਿਲੀਅਨ) ਪੌਂਡ ਦੀ ਲਾਗਤ ਦੇ ਅਣਵਿਕੇ ਕੱਪੜਿਆਂ, ਐਕਸੈਸਰੀਆਂ (ਪਰਸ, ਬੈਗ, ਜੈਕਟਾਂ, ਜੁੱਤੀਆਂ ਵਰਗੀਆਂ ਚੀਜ਼ਾਂ) ਅਤੇ ਪਰਫਿਊਮਾਂ ਨੂੰ ਨਸ਼ਟ ਕੀਤਾ ਸੀ। ਨਸ਼ਟ ਕੀਤੀਆਂ ਚੀਜ਼ਾਂ ਦੀ ਇਸ ਲਾਗਤ ਨੂੰ ਮਿਲਾ ਕੇ ਬਰਬੈਰੀ ਵੱਲੋਂ ਇਹ ਰਿਪੋਰਟ ਛੱਪਣ ਤੋਂ ਪਹਿਲਾਂ ਦੇ ਪੰਜ ਸਾਲਾਂ ਵਿੱਚ ਨਸ਼ਟ ਕੀਤੀਆਂ ਚੀਜ਼ਾਂ ਦੀ  ਕੀੰਮਤ 9 ਕ੍ਰੋੜ (90 ਮਿਲੀਅਨ) ਦੇ ਬਰਾਬਰ ਪਹੁੰਚ ਜਾਂਦੀ ਹੈ।   

* ਮਈ 2018 ਵਿੱਚ ਵੌਕਸ ਦੇ ਸਾਈਟ `ਤੇ ਛਪੀ ਵਾਈ ਫੈਸ਼ਨ ਬਰਾਂਡਜ਼ ਡਿਸਟ੍ਰੋਏ ਬਿਲਿੀਅਨਜ਼ ਵਰਥ ਆਫ ਦੇਅਰ ਓਨ ਮਰਚੈਨਡਾਈਜ਼ ਐਵਰੀ ਯੀਅਰ ਨਾਮੀ ਰਿਪੋਰਟ ਵਿੱਚ ਗਹਿਣਿਆਂ ਅਤੇ ਘੜੀਆਂ ਦੇ ਕਾਰਟੀਅਰ, ਪੀਆਜੇ, ਬਾਅਮ ਅਤੇ ਮਰਸੀਅਰ ਬ੍ਰਾਂਡਾਂ ਦੀ ਮਾਲਕ ਕੰਪਨੀ ਰਿਚਮੌਂਟ ਨੇ ਮੰਨਿਆ ਸੀ ਕਿ ਉਹਨਾਂ ਨੇ ਪਿਛਲੇ ਕੁੱਝ ਸਾਲਾਂ ਦੌਰਾਨ 56 ਕ੍ਰੋੜ 30 ਲੱਖ (563 ਮਿਲੀਅਨ) ਡਾਲਰ ਦੀ ਲਾਗਤ ਦੀਆਂ ਅਣਵਿਕੀਆਂ ਘੜੀਆਂ ਨੂੰ ਨਸ਼ਟ ਕੀਤਾ ਸੀ।  

ਇੱਥੇ ਅਸੀਂ ਕੁੱਝ ਕੁ ਕੰਪਨੀਆਂ ਵੱਲੋਂ ਕੱਪੜਿਆਂ ਅਤੇ ਹੋਰ ਵਸਤਾਂ ਨੂੰ ਨਸ਼ਟ ਕਰਨ ਦੇ ਅੰਕੜੇ ਦਿੱਤੇ ਹਨ। ਪਰ ਇਹ ਵਰਤਾਰਾ ਸਿਰਫ ਇਹਨਾਂ ਕੰਪਨੀਆਂ ਤੱਕ ਸੀਮਤ ਨਹੀਂ, ਸਗੋਂ ਸਾਰੀ ਫੈਸ਼ਨ ਸਨਅਤ ਨਾਲ ਸੰਬੰਧਿਤ ਕੰਪਨੀਆਂ ਵਿੱਚ ਪ੍ਰਚਲਤ ਹੈ। ਇੰਟਰਨੈੱਟ `ਤੇ ਥੋੜ੍ਹਾ ਜਿਹਾ ਸਮਾਂ ਲਾ ਕੇ ਤੁਸੀਂ ਫੈਸ਼ਨ ਸਨਅਤ ਨਾਲ ਸੰਬੰਧਿਤ ਦੂਜੀਆਂ ਕੰਪਨੀਆਂ - ਜਿਵੇਂ ਅਰਬਨ ਆਊਟਫਿਟਰਜ਼, ਵਾਲਮਾਰਟ, ਐਡੀ ਬਾਇਅਰ, ਮਾਈਕਲ ਕੋਰਜ਼, ਵਿਕਟੋਰੀਆਜ਼ ਸੀਕਰੇਟ ਅਤੇ ਜੇ. ਸੀ. ਪੈਨੀ ਵਰਗੀਆਂ ਕੰਪਨੀਆਂ ਵੱਲੋਂ ਫੈਸ਼ਨ ਨਾਲ ਸੰਬੰਧਿਤ ਅਣਵਿਕੀਆਂ ਵਸਤਾਂ ਨੂੰ ਨਸ਼ਟ ਕਰਨ ਦੀਆਂ ਰਿਪੋਰਟਾਂ ਸੌਖਿਆਂ ਹੀ ਲੱਭ ਸਕਦੇ ਹੋ।  

'ਫਾਸਟ ਫੈਸ਼ਨ' ਦੀ ਪੱਧਰ `ਤੇ ਫੈਸ਼ਨ ਸਨਅਤ ਵੱਲੋਂ ਚੰਗੀਆਂ ਭਲੀਆਂ ਚੀਜ਼ਾਂ ਨਸ਼ਟ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਪਹਿਲਾ ਕਾਰਨ ਹੈ ਚੀਜ਼ਾਂ ਦਾ ਮੰਗ ਤੋਂ ਵੱਧ ਉਤਪਾਦਨ। ਕੁੱਝ ਕੁ ਹਫਤਿਆਂ ਬਾਅਦ ਬਦਲਦੇ ਰਹਿੰਦੇ ਫੈਸ਼ਨ ਕਾਰਨ ਕੰਪਨੀਆਂ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਮਾਰਕੀਟ ਵਿੱਚ ਲਿਆਉਂਦੀਆਂ ਰਹਿੰਦੀਆਂ ਹਨ। ਸਟੋਰਾਂ ਵਿੱਚ ਇਹਨਾਂ ਨਵੀਂਆਂ ਚੀਜ਼ਾਂ ਲਈ ਥਾਂ ਬਣਾਉਣ ਲਈ ਪੁਰਾਣੇ ਸਟਾਕ ਵਿਚਲੀਆਂ ਚੀਜ਼ਾਂ ਨੂੰ ਨਸ਼ਟ ਕਰਨਾ ਇਹਨਾਂ ਕੰਪਨੀਆਂ ਦੀ ਮਜ਼ਬੂਰੀ ਬਣ ਜਾਂਦਾ ਹੈ। ਇੱਥੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਆ ਸਕਦਾ ਹੈ ਕਿ ਮੰਗ ਤੋਂ ਵੱਧ ਪੈਦਾ ਕੀਤੀਆਂ ਚੀਜ਼ਾਂ ਨੂੰ ਰੀਸਾਈਕਲ ਜਾਂ ਦੁਬਾਰਾ ਕਿਉਂ ਨਹੀਂ ਵਰਤਿਆ ਜਾਂਦਾ? ਇਸ ਦਾ ਕਾਰਨ ਹੈ ਕਿ ਬਹੁਤੀ ਚੀਜ਼ਾਂ ਨੂੰ ਰੀਸਾਈਕਲ ਕਰਨਾ ਇੰਨਾ ਸੌਖਾ ਜਾਂ ਸਸਤਾ ਨਹੀਂ ਹੁੰਦਾ। ਉਦਾਹਰਨ ਲਈ  ਜਦੋਂ ਕੱਪੜੇ ਤਿਆਰ ਕਰਨ ਲਈ ਵੱਖ ਵੱਖ ਫੈਬਰਿਕਾਂ ਨੂੰ ਇਕ ਦੂਜੇ ਨਾਲ ਮਿਲਾਇਆ ਜਾਂਦਾ ਹੈ, ਜਿਵੇਂ ਪੌਲੀਐਸਟਰ ਨੂੰ ਕਾਟਨ ਨਾਲ, ਤਾਂ ਰੀਸਾਈਕਲ ਕਰਨ ਦੀਆਂ ਚੋਣਾਂ ਬਹੁਤ ਸੀਮਤ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਰੀਸਾਈਕਲ ਕਰਨ ਲਈ ਕੱਪੜਿਆਂ ਨੂੰ ਲੀਰਾਂ ਲੀਰਾਂ (ਸ਼ਰੈਡ) ਕਰਨ ਤੋਂ ਪਹਿਲਾਂ ਉਹਨਾਂ ਦੀਆਂ ਜਿੱਪਰਾਂ, ਬਟਨਾਂ ਆਦਿ ਨੂੰ ਲਾਹੁਣਾ ਪੈਂਦਾ ਹੈ। ਇਹ ਕੰਮ ਕਰਨ `ਤੇ ਖਰਚਾ ਆਉਂਦਾ ਹੈ। ਨਤੀਜੇ ਵਜੋਂ ਬਹੁਤੀ ਵਾਰੀ ਅਜਿਹੇ ਕੱਪੜਿਆਂ ਨੂੰ ਰੀਸਾਈਕਲ ਕਰਨ ਦੀ ਥਾਂ ਨਸ਼ਟ ਕਰਨਾ ਸਸਤਾ ਪੈਂਦਾ ਹੈ ਅਤੇ ਕੰਪਨੀਆਂ ਅਜਿਹਾ ਕਰਨ ਦੀ ਚੋਣ ਕਰਦੀਆਂ ਹਨ।  ਦੂਜੇ ਪਾਸੇ 'ਹਾਈ ਇੰਡ ਫੈਸ਼ਨ' ਜਾਂ ਲਗਜ਼ਰੀ ਬ੍ਰਾਂਡਾਂ ਵਾਲੀਆਂ ਕੰਪਨੀਆਂ ਆਪਣੀਆਂ ਅਣਵਿਕੀਆਂ ਵਸਤਾਂ ਇਸ ਲਈ ਨਸ਼ਟ ਕਰਦੀਆਂ ਹਨ ਕਿਉਂਕਿ ਉਹ ਆਪਣੇ ਬ੍ਰਾਂਡਾਂ ਦੀ ਬਣਾਈ ਪੈਂਠ ਨਹੀਂ ਘਟਾਉਣਾ ਚਾਹੁੰਦੀਆਂ। ਉਹ ਨਹੀਂ ਚਾਹੁੰਦੀਆਂ ਕਿ ਉਹਨਾਂ ਦੀਆਂ ਬ੍ਰਾਂਡਡ ਚੀਜ਼ਾਂ ਸਸਤੀ ਕੀਮਤ `ਤੇ ਲੋਕਾਂ ਤੱਕ ਪਹੁੰਚਣ ਅਤੇ ਉਹ ਲੋਕ ਉਹ ਚੀਜ਼ਾਂ ਪਾ/ਹੰਢਾ ਸਕਣ ਜਿਹੜੇ ਲੋਕ ਇਹ ਚੀਜ਼ਾਂ ਖ੍ਰੀਦਣ ਦੇ ਸਮਰਥ ਨਹੀਂ ਹਨ। ਇਸ ਲਈ ਜਦੋਂ ਉਹ ਆਪਣੀਆਂ ਅਣਵਿਕੀਆਂ ਵਸਤਾਂ ਨੂੰ ਕੂੜੇ ਦੇ ਢੇਰ `ਤੇ ਸੁੱਟਦੇ ਹਨ ਤਾਂ ਉਹਨਾਂ ਨੂੰ ਕੱਟ/ਵੱਢ ਕੇ ਸੁੱਟਦੇ ਹਨ ਤਾਂ ਕਿ ਕੋਈ ਵਿਅਕਤੀ ਉਹਨਾਂ ਵਸਤਾਂ ਨੂੰ ਉੱਥੋਂ ਚੁੱਕ ਕੇ ਵਰਤ ਨਾ ਸਕੇ। ਉਦਾਹਰਨ ਲਈ ਜਨਵਰੀ 2017 ਦੇ ਨਿਊ ਯੌਰਕ ਟਾਈਮਜ਼ ਵਿੱਚ ਛਪੇ ਸਲੈਸ਼ਰਜ਼ ਵਰਕ ਰੁਈਨਜ਼ ਸ਼ੂਅਜ਼ ਡਿਸਕਾਰਡਡ ਐਟ ਏ ਨਾਈਕ ਸਟੋਰ ਨਾਮੀ ਇਕ ਲੇਖ ਵਿੱਚ ਮੈਨਹੈਟਨ ਦੇ ਸੋਹੋ ਸੈਕਸ਼ਨ ਵਿੱਚ ਪੈਂਦੇ ਨਾਈਕ ਸਟੋਰ ਵੱਲੋਂ ਕੂੜੇ ਦੇ ਬੈਗਾਂ ਵਿੱਚ ਪਾ ਕੇ ਸੁੱਟੀਆਂ ਜੁੱਤੀਆਂ ਦਾ ਜਿ਼ਕਰ ਕੀਤਾ ਗਿਆ ਹੈ। ਇਸ ਲੇਖ ਅਨੁਸਾਰ ਇਸ ਸਟੋਰ ਵੱਲੋਂ ਕੂੜੇ ਦੇ ਢੇਰ `ਤੇ ਸੁੱਟੀਆਂ ਗਈਆਂ ਜੁੱਤੀਆਂ ਨੂੰ ਸੁੱਟਣ ਤੋਂ ਪਹਿਲਾਂ ਅੱਡੀਆਂ ਤੋਂ ਲੈ ਕੇ ਪੰਜਿਆਂ ਤੱਕ ਚਾਕੂਆਂ ਜਾਂ ਬਲੇਡਾਂ ਨਾਲ ਪਾੜ ਦਿੱਤਾ ਗਿਆ ਸੀ। ਇਸ ਲੇਖ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੁੱਤੀਆਂ ਤੋਂ ਬਿਨਾਂ ਕੂੜੇ `ਤੇ ਸੁੱਟੀਆਂ ਚੀਜ਼ਾਂ ਵਿੱਚ ਕੱਟ ਕੇ ਸੁੱਟੀਆਂ ਟੀ-ਸ਼ਰਟਾਂ ਅਤੇ ਸਵੈਟਰ ਵੀ ਸ਼ਾਮਲ ਸਨ। ਇਸ ਹੀ ਲੇਖ ਵਿੱਚ ਇਕ ਹੋਰ ਲੇਖ ਦੇ ਹਵਾਲੇ ਨਾਲ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਕੱਪੜੇ ਵੇਚਣ ਵਾਲੀ ਐੱਚ ਐਂਡ ਐੱਮ ਚੇਨ ਵੀ ਅਣਵਿਕੇ ਕੱਪੜਿਆਂ ਨੂੰ ਇਸ ਤਰ੍ਹਾਂ ਕੱਟ ਵੱਢ ਕੇ ਕੂੜੇ ਦੇ ਢੇਰ `ਤੇ ਸੁੱਟਦੀ ਹੈ।    

'ਹਾਈ ਇੰਡ' ਫੈਸ਼ਨ ਦੀ ਪੱਧਰ `ਤੇ ਫੈਸ਼ਨ ਸਨਅਤ ਵੱਲੋਂ ਵਸਤਾਂ ਨੂੰ ਸਸਤੀ ਕੀਮਤ `ਤੇ ਵੇਚਣ ਦੀ ਥਾਂ ਨਸ਼ਟ ਕਰਨ ਦਾ ਇਕ ਹੋਰ ਕਾਰਨ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਬਣਾਉਣ `ਤੇ ਆਈ ਲਾਗਤ ਅਤੇ ਚੀਜ਼ ਦੀ ਵਿਕਰੀ ਦੀ ਕੀਮਤ ਵਿੱਚ ਬਹੁਤ ਫਰਕ ਹੁੰਦਾ ਹੈ। ਵਾਈ ਫੈਸ਼ਨ ਬ੍ਰਾਂਡਜ਼ ਡਿਸਟਰੋਏ ਬਿਲੀਅਨਜ਼ ਵਰਥ ਆਫ ਦੇਅਰ ਓਨ ਮਰਚੈਨਡਾਈਜ਼ ਐਵਰੀ ਯੀਅਰ ਨਾਮੀ ਲੇਖ ਵਿੱਚ ਨਿਊ ਯੌਰਕ ਦੇ ਪਾਰਸਨ ਸਕੂਲ ਆਫ ਡਿਜ਼ਾਇਨ ਦਾ ਐਸੋਸੀਏਟ ਡੀਨ ਅਤੇ ਇਸ ਸਕੂਲ ਦੇ ਟਿਸ਼ਮੈਨ ਇਨਵਾਇਰਮੈਂਟ ਐਂਡ ਡਿਜ਼ਾਇਨ ਸੈਂਟਰ ਵਿਖੇ ਫੈਸ਼ਨ ਡਿਜ਼ਾਇਨ ਅਤੇ ਸਸਟੇਨੇਬਿਲਟੀ ਦਾ ਪ੍ਰੋਫੈਸਰ ਟਿਮੋ ਰਿਸਾਨੈਨ ਦਸਦਾ ਹੈ ਕਿ ਚੈਨਲ ਫੈਸ਼ਨ ਹਾਊਸ ਵਿਖੇ ਜਿਹੜੀ ਡਰੈੱਸ 1200 ਡਾਲਰ ਨੂੰ ਵੇਚੀ ਜਾਂਦੀ ਹੈ, ਉਹ ਡਰੈੱਸ ਬਣਾਉਣ ਲਈ ਚੈਨਲ ਨੇ 100 ਡਾਲਰ ਵੀ ਨਹੀਂ ਦਿੱਤੇ ਹੁੰਦੇ। ਡਰੈੱਸ ਦੀ 1200 ਡਾਲਰ ਕੀਮਤ ਤਾਂ ਕੰਪਨੀ ਵੱਲੋਂ ਇਸ ਡਰੈੱਸ ਦਾ ਬ੍ਰਾਂਡ ਸਥਾਪਤ ਕਰਨ ਲਈ ਵੱਡੀ ਪੱਧਰ `ਤੇ ਇਸ਼ਤਿਹਾਰਬਾਜ਼ੀ `ਤੇ ਖਰਚੀ ਰਕਮ ਕਾਰਨ ਹੁੰਦੀ ਹੈ। ਇਸ ਲਈ ਜਦੋਂ ਚੈਨਲ ਫੈਸ਼ਨ ਹਾਊਸ 1200 ਡਾਲਰ ਦੀ ਡਰੈੱਸ ਨੂੰ ਨਸ਼ਟ ਕਰਦਾ ਹੈ ਤਾਂ ਉਸ ਨੂੰ  ਕੋਈ ਵੱਡਾ ਘਾਟਾ ਨਹੀਂ ਪੈਂਦਾ। ਇਸ ਡਰੈੱਸ ਨੂੰ ਸਸਤੀ ਕੀਮਤ `ਤੇ ਵੇਚ ਕੇ ਆਪਣੇ ਬ੍ਰਾਂਡ ਦੀ ਕੀਮਤ ਘੱਟ ਕਰ ਲੈਣ ਦਾ ਖਤਰਾ ਚੈਨਲ ਨੂੰ ਇਸ ਡਰੈੱਸ ਨੂੰ ਨਸ਼ਟ ਕਰਕੇ ਪੈਣ ਵਾਲੇ ਘਾਟੇ ਨਾਲੋਂ ਵੱਡਾ ਜਾਪਦਾ ਹੈ।

ਕਈ ਕੇਸਾਂ ਵਿੱਚ ਸਰਕਾਰਾਂ ਦੇ ਕਸਟਮ ਦੇ ਕਾਨੂੰਨ ਵੀ ਫੈਸ਼ਨ ਨਾਲ ਸੰਬੰਧਿਤ ਕੰਪਨੀਆਂ ਨੂੰ ਆਪਣੀਆਂ ਵਸਤਾਂ ਨੂੰ ਨਸ਼ਟ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਦਾਹਰਨ ਲਈ ਫੈਸ਼ਨ ਲਾਅ ਦੇ ਸਾਈਟ `ਤੇ ਛਪੇ ਬਰਨਡ ਬੈਗਜ਼, ਡਿਸਟਰੌਇਡ ਵਾਚਜ਼: ਦੇਅਰ ਇਜ਼ ਮੋਰ ਟੂ ਦੀ ਅਲੈਜਡ ਡਿਸਟ੍ਰਕਸ਼ਨ ਆਫ ਲਗਜ਼ਰੀ ਗੁਡਜ਼ ਦੈਨ ਯੂ ਥਿੰਕ ਨਾਮੀ ਲੇਖ ਅਨੁਸਾਰ ਅਮਰੀਕਾ ਦੇ ਕਸਟਮ ਦੇ ਕਾਨੂੰਨ ਅਨੁਸਾਰ ਜੇ ਅਮਰੀਕਾ `ਚ ਦਰਾਮਦ (ਇੰਪੋਰਟ) ਕਰਕੇ ਲਿਆਂਦੀ ਕੋਈ ਚੀਜ਼ ਵਰਤੀ ਨਾ ਜਾਵੇ ਅਤੇ ਅਗਾਂਹ ਬਰਾਮਦ (ਐਕਸਪੋਰਟ) ਕਰ ਦਿੱਤੀ ਜਾਵੇ ਜਾਂ ਕਸਟਮ ਵਾਲਿਆਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤੀ ਜਾਵੇ ਤਾਂ, ਤਾਂ ਉਹ ਚੀਜ਼ ਅਮਰੀਕਾ ਨੂੰ ਦਰਾਮਦ ਕਰਨ ਵਾਲੀ ਕੰਪਨੀ ਉਸ ਚੀਜ਼ ਨੂੰ ਦਰਾਮਦ ਕਰਨ ਲਈ ਦਿੱਤੀ ਕਸਟਮ ਡਿਊਟੀ, ਟੈਕਸ ਅਤੇ ਫੀਸ ਵਾਪਸ ਲੈਣ ਦੀ ਹੱਕਦਾਰ ਬਣ ਜਾਂਦੀ ਹੈ। ਕਿਉਂਕਿ ਅਮਰੀਕਾ ਨੂੰ ਦਰਾਮਦ ਹੋਣ ਵਾਲੀਆਂ ਵੱਖ ਵੱਖ ਵਸਤਾਂ (ਹੈਂਡ ਬੈਗਾਂ, ਕੱਪੜਿਆਂ, ਘੜੀਆਂ ਆਦਿ) `ਤੇ ਲੱਗਣ ਵਾਲੀ ਕਸਟਮ ਡਿਊਟੀ ਇਸ ਦੀ ਕੀਮਤ ਦੇ 11% - 60% ਤੱਕ ਹੁੰਦੀ ਹੈ। ਇਸ ਲਈ ਜੇ ਫੈਸ਼ਨ ਕੰਪਨੀਆਂ ਆਪਣੀਆਂ ਅਣਵਿਕੀਆਂ ਵਸਤਾਂ ਨੂੰ ਕਸਟਮ ਦੇ ਨਿਯਮਾਂ ਅਨੁਸਾਰ ਬਰਾਮਦ ਕਰ ਦੇਣ ਜਾਂ ਨਸ਼ਟ ਕਰ ਦੇਣ ਤਾਂ ਉਹ ਕੰਪਨੀਆਂ ਇਹਨਾਂ ਵਸਤਾਂ ਨੂੰ ਨਸ਼ਟ ਕਰਨ ਤੋਂ ਬਾਅਦ ਵੱਡੀਆਂ ਰਕਮਾਂ ਦਾ ਵਾਪਸ ਲੈਣ ਦਾ ਕਲੇਮ ਕਰ ਸਕਦੀਆਂ ਹਨ।

ਇਸ ਹੀ ਤਰ੍ਹਾਂ ਦੀ ਸਥਿਤੀ ਇਟਲੀ (ਅਤੇ ਕਈ ਹੋਰ ਦੇਸ਼ਾਂ) ਵਿੱਚ ਹੈ। ਇਸ ਸੰਬੰਧ ਵਿੱਚ ਮਰਦਾਂ ਦੇ ਪਹਿਰਾਵੇ ਨਾਲ ਸੰਬੰਧਿਤ ਬਰਾਂਡ ਸਟੈਫਨੋ ਰਿੱਕੀ ਅਨੁਸਾਰ ਸਾਲ ਦੇ ਅੰਤ `ਤੇ ਉਹਨਾਂ ਦੇ ਕਰਮਚਾਰੀ ਅਣਵਿਕੇ ਕੱਪੜਿਆਂ ਦੇ ਭਰੇ ਹੋਏ ਬਕਸੇ ਇਕੱਠੇ ਕਰਕੇ ਕੱਪੜਿਆਂ ਨੂੰ ਸਾੜਨ ਵਾਲੀਆਂ ਥਾਂਵਾਂ `ਤੇ ਲੈ ਜਾਂਦੇ ਹਨ। ਇਹਨਾਂ ਕੱਪੜਿਆਂ ਨੂੰ ਸਾੜਨ ਵਾਲੀਆਂ ਕੰਪਨੀਆਂ ਕੱਪੜਿਆਂ ਦੇ ਸਾੜਨ ਦੀ ਫਿਲਮ ਬਣਾ ਲੈਂਦੀਆਂ ਹਨ, ਤਾਂ ਕਿ ਇਟਲੀ ਦੇ ਟੈਕਸ ਅਧਿਕਾਰੀਆਂ ਸਾਹਮਣੇ ਸਾਬਤ ਕੀਤਾ ਜਾ ਸਕੇ ਕਿ ਉਹਨਾਂ ਕੱਪੜਿਆਂ ਨੂੰ ਸੱਚਮੁੱਚ ਹੀ ਸਾੜ ਦਿੱਤਾ ਗਿਆ ਹੈ। ਇਸ ਕੰਪਨੀ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਕੰਪਨੀ ਚਾਹੇਗੀ ਕਿ ਉਹ ਆਪਣੀਆਂ ਕੁੱਝ ਅਣਵਿਕੀਆਂ ਚੀਜ਼ਾਂ ਨੂੰ ਦਾਨ ਕਰ ਦੇਵੇ, ਪਰ ਟੈਕਸਾਂ ਤੋਂ ਮਿਲਣ ਵਾਲੇ ਕਰੈਡਿਟ ਕੰਪਨੀ ਦੇ ਹੱਥ ਬੰਨ ਦਿੰਦੇ ਹਨ।  
 
ਅਣਵਿਕੀਆਂ ਪਰ ਚੰਗੀਆਂ ਭਲੀਆਂ ਵਸਤਾਂ ਨੂੰ ਨਸ਼ਟ ਕਰਨ ਦਾ ਇਹ ਵਰਤਾਰਾ ਸਿਰਫ ਖਾਣੇ ਅਤੇ ਫੈਸ਼ਨ ਦੇ ਖੇਤਰਾਂ ਤੱਕ ਹੀ ਸੀਮਤ ਨਹੀਂ। ਇਸ ਨੂੰ ਹੋਰ ਕਈ ਖੇਤਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਲੇਖ ਲੰਮਾ ਹੋਣ ਦੇ ਡਰੋਂ ਮੈਂ ਇੱਥੇ ਉਹਨਾਂ ਸਾਰਿਆਂ ਬਾਰੇ ਜਿ਼ਕਰ ਨਹੀਂ ਕਰਾਂਗਾ, ਸਿਰਫ ਆਨਲਾਈਨ ਵਸਤਾਂ ਵੇਚਣ ਵਾਲੀ ਵੱਡੀ ਕੰਪਨੀ ਐਮਾਜ਼ੌਨ ਦੇ ਵੇਅਰਹਾਊਸਾਂ ਵਿੱਚ ਅਣਵਿਕੀਆਂ ਪਰ ਚੰਗੀ ਭਲੀਆਂ ਵਸਤਾਂ ਨੂੰ ਨਸ਼ਟ ਕਰਨ ਬਾਰੇ ਸੰਨ 2021 ਵਿੱਚ ਆਈ ਇਕ ਰਿਪੋਰਟ ਵਿੱਚੋਂ ਕੁੱਝ ਜਾਣਕਾਰੀ ਸਾਂਝੀ ਕਰਾਂਗਾ। ਜੂਨ 2021 ਵਿੱਚ ਯੂ ਕੇ ਦੇ ਆਈ ਟੀ ਵੀ ਨੇ ਇਕ ਰਿਪੋਰਟ ਜਾਰੀ ਕਰਕੇ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਯੂ ਕੇ ਵਿੱਚ ਐਮਾਜ਼ੋਨ ਦੇ ਡਨਫਰਮਿਲਨ ਸਥਿਤ ਵੇਅਰਹਾਊਸ ਵਿੱਚ ਦਹਿ-ਲੱਖਾਂ (ਮਿਲੀਅਨਾਂ) ਦੀ ਗਿਣਤੀ ਵਿੱਚ ਅਣਵਿਕੀਆਂ ਪਰ ਚੰਗੀਆਂ ਭਲੀਆਂ ਵਸਤਾਂ ਨਸ਼ਟ ਕੀਤੀਆਂ ਜਾਂਦੀਆਂ ਹਨ। ਇਹਨਾਂ ਵਸਤਾਂ ਵਿੱਚ ਸਮਾਰਟ ਟੀ ਵੀ, ਲੈਪਟੌਪ, ਡਰੋਨ, ਹੇਅਰ ਡਰਾਇਰ, ਚੰਗੀ ਕੁਆਲਟੀ ਦੇ ਹੈੱਡਫੋਨ, ਕੰਪਿਊਟਰਾਂ ਦੀਆਂ ਡਰਾਈਵਾਂ, ਕਿਤਾਬਾਂ, ਮਾਸਕ, ਪੱਖੇ, ਹੂਵਰ ਅਤੇ ਆਈਪੈਡਾਂ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਵੇਅਰਹਾਊਸ ਵਿੱਚ ਕੰਮ ਕਰਦੇ ਇਕ ਕਰਮਚਾਰੀ ਨੇ ਆਈ ਟੀ ਵੀ ਨੂੰ ਦੱਸਿਆ ਕਿ ਇਸ ਵੇਅਰਹਾਊਸ ਵਿੱਚ ਆਮ ਤੌਰ `ਤੇ ਹਰ ਹਫਤੇ 1 ਲੱਖ 30 ਹਜ਼ਾਰ ਦੇ ਕਰੀਬ ਚੀਜ਼ਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਕੁੱਝ ਹਫਤਿਆਂ ਦੌਰਾਨ ਨਸ਼ਟ ਕਰਨ ਵਾਲੀਆਂ ਇਹਨਾਂ ਚੀਜ਼ਾਂ ਦੀ ਗਿਣਤੀ 2 ਲੱਖ ਤੱਕ ਪਹੁੰਚ ਜਾਂਦੀ ਹੈ। ਇਹਨਾਂ ਵਸਤਾਂ ਵਿੱਚ ਗਾਹਕਾਂ ਵੱਲੋਂ ਮੋੜੀਆਂ ਗਈਆਂ ਵਸਤਾਂ ਦੇ ਨਾਲ ਨਾਲ ਅਣਖੋਲ੍ਹੇ ਪੈਕਟਾਂ ਵਿੱਚ ਬੰਦ ਨਵੀਂਆਂ ਨਕੋਰ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਇਸ ਰਿਪੋਰਟ ਅਨੁਸਾਰ ਇਸ ਵੇਅਰਹਾਊਸ ਵਿੱਚ ਨਸ਼ਟ ਕੀਤੀਆਂ ਚੀਜ਼ਾਂ ਵਿੱਚੋਂ 50 ਫੀਸਦੀ ਚੀਜ਼ਾਂ ਬਿਲਕੁਲ ਨਵੀਂਆਂ ਸਨ ਅਤੇ ਉਹਨਾਂ ਨੂੰ ਪੈਕਟਾਂ ਵਿੱਚੋਂ ਨਹੀਂ ਕੱਢਿਆ ਗਿਆ ਸੀ। ਅੰਝਾਈ ਨਸ਼ਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਇਹ ਗਿਣਤੀ ਯੂ ਕੇ ਵਿੱਚ ਐਮਾਜ਼ੌਨ ਦੇ ਇਕ ਵੇਅਰਹਾਊਸ ਦੀ ਗਿਣਤੀ ਹੈ। ਵਿਸ਼ਵ ਪੱਧਰ `ਤੇ ਐਮਾਜ਼ੌਨ ਦੇ ਸੈਂਕੜੇ ਵੇਅਰਹਾਊਸ ਹਨ। ਜੇ ਐਮਾਜ਼ੋਨ ਦੇ ਹਰ ਵੇਅਰਹਾਊਸ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ ਤਾਂ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਪੂਰੀ ਦੁਨੀਆ ਵਿੱਚ ਐਮਾਜ਼ੋਨ ਵੱਲੋਂ ਕਿੰਨੀਆਂ ਚੀਜ਼ਾਂ ਅੰਝਾਈ ਨਸ਼ਟ ਕੀਤੀਆਂ ਜਾਂਦੀਆਂ ਹੋਣਗੀਆਂ।

ਐਮਾਜ਼ੌਨ ਵੱਲੋਂ ਅਣਵਿਕਿਆਂ ਪਰ ਚੰਗੀਆਂ ਭਲੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਨਸ਼ਟ ਕਰਨ ਦਾ ਕੀ ਕਾਰਨ ਹੈ? ਆਈ ਟੀ ਵੀ ਵੱਲੋਂ ਪ੍ਰਕਾਸ਼ਤ ਉਪ੍ਰੋਕਤ ਰਿਪੋਰਟ ਅਨੁਸਾਰ ਐਮਾਜ਼ੌਨ ਦਾ "ਕਾਮਯਾਬ" ਬਿਜ਼ਨਿਸ ਮਾਡਲ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। ਐਮਾਜ਼ੌਨ ਰਾਹੀਂ ਚੀਜ਼ਾਂ ਵੇਚਣ ਵਾਲੇ ਆਪਣੀਆਂ ਵਸਤਾਂ ਨੂੰ ਐਮਾਜ਼ੌਨ ਦੇ ਵੇਅਰਹਾਊਸ ਵਿੱਚ ਰੱਖਣ ਲਈ ਐਮਾਜ਼ੌਨ ਤੋਂ ਥਾਂ ਕਿਰਾਏ `ਤੇ ਲੈਂਦੇ ਹਨ। ਜੇ ਉਹਨਾਂ ਦੀਆਂ ਵਸਤਾਂ ਜ਼ਿਆਦਾ ਦੇਰ ਨਾ ਵਿਕਣ ਤਾਂ ਉਸ ਕੰਪਨੀ ਤੋਂ ਵੇਅਰਹਾਊਸ ਵਿਚਲੀ ਥਾਂ ਦਾ ਜ਼ਿਆਦਾ ਕਿਰਾਇਆ ਲਿਆ ਜਾਂਦਾ ਹੈ। ਇਸ ਲਈ ਇਕ ਸਮਾਂ ਅਜਿਹਾ ਆ ਜਾਂਦਾ ਹੈ ਜਦੋਂ ਐਮਾਜ਼ੌਨ ਦੇ ਵੇਅਰਹਾਊਸ ਵਿੱਚ ਚੀਜ਼ਾਂ ਰੱਖਣ ਵਾਲੀ ਕੰਪਨੀ ਨੂੰ ਉੱਥੇ ਚੀਜ਼ਾਂ ਰੱਖੀ ਰੱਖਣ ਦੀ ਥਾਂ ਉਹਨਾਂ ਨੂੰ ਨਸ਼ਟ ਕਰਨਾ ਸਸਤਾ ਪੈਂਦਾ ਹੈ।

ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ ਬਾਰੇ ਉਪ੍ਰੋਕਤ ਜਾਣਕਾਰੀ ਇਹ ਸਪਸ਼ਟ ਕਰਦੀ ਹੈ ਕਿ ਇਸ ਪ੍ਰਬੰਧ ਵਿੱਚ ਵਸਤਾਂ ਦੇ ਉਤਪਾਦਨ, ਵਿਕਰੀ ਅਤੇ ਖਪਤ ਦੌਰਾਨ ਵੱਡੀ ਪੱਧਰ `ਤੇ ਕੂੜਾ ਪੈਦਾ ਹੁੰਦਾ ਹੈ। ਜਦੋਂ ਦੁਨੀਆ ਵਿੱਚ ਕ੍ਰੋੜਾਂ ਲੋਕਾਂ ਨੂੰ ਦੋ ਡੰਗ ਦਾ ਖਾਣਾ, ਤਨ ਢਕਣ ਲਈ ਕੱਪੜਾ ਅਤੇ ਦੂਸਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਚੀਜ਼ਾਂ ਨਸੀਬ ਨਾ ਹੁੰਦੀਆਂ ਹੋਣ ਉਦੋਂ ਇੰਨੀ ਵੱਡੀ ਗਿਣਤੀ ਵਿੱਚ ਖਾਣੇ, ਕੱਪੜਿਆਂ ਅਤੇ ਹੋਰ ਵਸਤਾਂ ਦਾ ਕੂੜੇ ਦੇ ਢੇਰ `ਤੇ ਸੁੱਟ ਦਿੱਤੇ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਨਾਲ ਨਾਲ ਕੂੜੇ ਦੀ ਇਸ ਤਰ੍ਹਾਂ ਦੀ ਪੈਦਾਵਾਰ ਅਤੇ ਚੰਗੀਆਂ ਭਲੀਆਂ ਅੰਝਾਈ ਨਸ਼ਟ ਕੀਤੀਆਂ ਜਾਣ ਵਾਲੀਆਂ ਵਸਤਾਂ `ਤੇ ਲੱਗਿਆ ਕੱਚਾ ਮਾਲ, ਊਰਜਾ, ਮਜ਼ਦੂਰ ਸ਼ਕਤੀ ਆਦਿ ਧਰਤੀ ਦੇ ਵਸੀਲਿਆਂ ਦੀ ਅੰਝਾਈ ਵਰਤੋਂ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਬਾਅਦ ਵਿੱਚ ਇਸ ਕੂੜੇ ਨਾਲ ਨਿਪਟਣ ਲਈ ਇਸ ਦੀ ਕੂੜੇ ਦੇ ਢੇਰਾਂ ਤੱਕ ਢੋਆ-ਢੁਆਈ, ਇਸ ਨੂੰ ਜ਼ਮੀਨ ਵਿੱਚ ਦੱਬਣ ਲਈ ਲੋੜੀਂਦੀ ਜ਼ਮੀਨ, ਇਸ ਨੂੰ ਸਾੜ੍ਹ ਕੇ ਖਤਮ ਕਰਨ ਦੀਆਂ ਕਾਰਵਾਈਆਂ ਆਦਿ ਧਰਤੀ, ਪਾਣੀ ਅਤੇ ਵਾਯੂਮੰਡਲ ਨੂੰ ਪ੍ਰਦੂਸ਼ਤ ਕਰਨ ਦਾ ਵੱਡਾ ਕਾਰਨ ਬਣਦੇ ਹਨ। ਉਦਾਹਰਨ ਲਈ ਖਾਣਾ ਉਗਾਉਣ ਲਈ ਜ਼ਮੀਨ, ਪਾਣੀ ਅਤੇ ਊਰਜਾ ਦੀ ਲੋੜ ਪੈਂਦੀ ਹੈ। ਜਦੋਂ ਖਾਣਾ ਅੰਝਾਈ ਨਸ਼ਟ ਹੁੰਦਾ ਹੈ ਤਾਂ ਇਸ ਨੂੰ ਉਗਾਉਣ ਲਈ ਵਰਤੀ ਗਈ ਜ਼ਮੀਨ, ਪਾਣੀ ਅਤੇ ਊਰਜਾ ਨਸ਼ਟ ਹੁੰਦੀ ਹੈ। ਅਰਥ.ਔਰਗ ਦੇ ਸਾਈਟ `ਤੇ 17 ਜਨਵਰੀ 2022 ਨੂੰ ਛਪੀ ਹਾਉ ਡਜ਼ ਫੂਡ ਵੇਸਟ ਅਫੈਕਟ ਦੀ ਇਨਵਾਇਰਮੈਂਟ ਨਾਮੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਅੰਝਾਈ ਨਸ਼ਟ ਹੋਣ ਵਾਲੇ ਖਾਣੇ ਨੂੰ ਉਗਾਉਣ ਲਈ ਅਮਰੀਕਾ ਦਾ 21 ਫੀਸਦੀ ਤਾਜ਼ਾ ਪਾਣੀ, 19 ਫੀਸਦੀ ਰਸਾਇਣਕ ਖਾਦਾਂ, ਖੇਤੀਬਾੜੀ ਲਈ ਵਰਤੀ ਜਾਂਦੀ ਜ਼ਮੀਨ ਦਾ 18 ਫੀਸਦੀ ਹਿੱਸਾ, ਅਤੇ ਕੂੜੇ ਨੂੰ ਸੁੱਟਣ ਲਈ ਵਰਤੀ ਜਾਂਦੀ ਜ਼ਮੀਨ (ਲੈਂਡਫਿੱਲ) ਦਾ 21 ਫੀਸਦੀ ਹਿੱਸਾ ਵਰਤਿਆ ਜਾਂਦਾ ਹੈ। ਗਾਂ ਦੇ ਮੀਟ ਦੇ ਇਕ ਕਿਲੋ ਨੂੰ ਕੂੜੇ ਦੇ ਢੇਰ `ਤੇ ਸੁੱਟਣ ਦਾ ਅਰਥ 50,000 ਲੀਟਰ ਪਾਣੀ ਨੂੰ ਵਿਅਰਥ ਰੋੜਨਾ ਹੈ। ਜਦੋਂ ਦੁੱਧ ਦਾ ਇਕ ਗਲਾਸ ਸਿੰਕ ਵਿੱਚ ਡੋਲਿਆ ਜਾਂਦਾ ਹੈ, ਤਾਂ ਸਮਝ ਲਉ ਕਿ ਪਾਣੀ ਦੇ 1000 ਲੀਟਰ ਸਿੰਕ ਵਿੱਚ ਰੋੜ ਦਿੱਤੇ ਗਏ ਹਨ। ਦੁਨੀਆ ਭਰ ਵਿੱਚ ਅੰਝਾਈ ਨਸ਼ਟ ਕੀਤਾ ਗਿਆ ਖਾਣਾ ਹਰ ਸਾਲ ਵਾਤਾਵਰਨ ਵਿੱਚ 8% ਗਰੀਨ ਹਾਊਸ ਗੈਸਾਂ ਫੈਲਾਉਣ ਦਾ ਕਾਰਨ ਬਣਦਾ ਹੈ।  

ਫੈਸ਼ਨ ਸਨਅਤ ਵਲੋਂ ਨਸ਼ਟ ਕੀਤੇ ਜਾਣ ਵਾਲੇ ਕੱਪੜਿਆਂ ਦੇ ਵੀ ਵਾਤਾਵਰਨ `ਤੇ ਇਸ ਤਰ੍ਹਾਂ ਦੇ ਹੀ ਬੁਰੇ ਅਸਰ ਪੈਂਦੇ ਹਨ। ਸਭ ਤੋਂ ਪਹਿਲਾਂ ਕੂੜੇ ਦੇ ਢੇਰਾਂ ਉੱਤੇ ਸੁੱਟੇ ਗਏ ਕੱਪੜਿਆਂ ਨੂੰ ਗਲਣ (ਬਾਇਓਡਿਗ੍ਰੇਡ ਹੋਣ) ਲਈ ਸੈਂਕੜੇ ਸਾਲ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਕੱਪੜਿਆਂ ਦੇ ਉਤਪਾਦਨ ਵਿੱਚ ਬਹੁਤ ਸਾਰੇ ਪਾਣੀ ਦੀ ਵਰਤੋਂ ਹੁੰਦੀ ਹੈ। ਈਕੋ ਵਾਚ ਦੇ ਸਾਈਟ `ਤੇ ਛਪੇ ਚਿੱਲੀਜ਼ ਆਟਾਕਾਮਾ ਡੈਜ਼ਰਟ: ਵਿਅਰ ਫਾਸਟ ਫੈਸ਼ਨ ਗੋਅਜ਼ ਟੂ ਡਾਈ ਅਤੇ ਫਾਸਟ ਫੈਸ਼ਨ 101: ਐਵਰੀਥਿੰਗ ਯੂ ਨੀਡ ਟੂ ਨੋਅ ਨਾਮੀ ਲੇਖਾਂ ਅਨੁਸਾਰ ਜੀਨਾਂ ਦਾ ਇਕ ਜੋੜਾ ਤਿਆਰ ਕਰਨ ਲਈ 7500 ਲੀਟਰ ਪਾਣੀ ਲਗਦਾ ਹੈ। ਇੰਨਾ ਪਾਣੀ ਇਕ ਆਮ ਇਨਸਾਨ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ 5 ਸਾਲਾਂ ਲਈ ਪੂਰੀਆਂ ਕਰ ਸਕਦਾ ਹੈ। ਕੁੱਲ ਮਿਲਾ ਕੇ ਦੁਨੀਆ ਭਰ ਵਿੱਚ ਫੈਸ਼ਨ ਦੀ ਸਨਅਤ ਹਰ ਸਾਲ 93 ਅਰਬ (ਬਿਲੀਅਨ) ਘਣ ਮੀਟਰ ਪਾਣੀ ਦੀ ਵਰਤੋਂ ਕਰਦੀ ਹੈ। ਇੰਨਾ ਪਾਣੀ 50 ਲੱਖ ਲੋਕਾਂ ਲਈ ਪੀਣ ਲਈ ਕਾਫੀ ਹੁੰਦਾ ਹੈ। ਇਸ ਤੋਂ ਬਿਨਾਂ ਦੁਨੀਆ ਭਰ ਵਿੱਚ ਹਰ ਸਾਲ ਵਾਤਾਵਰਨ ਵਿੱਚ ਫੈਲਾਈ ਜਾਂਦੀ ਕਾਰਬਨਡਾਇਔਕਸਾਈਡ ਦਾ 8-10 ਫੀਸਦੀ ਹਿੱਸਾ ਕੱਪੜਿਆਂ ਦੀ ਸਨਅਤ ਕਾਰਨ ਪੈਦਾ ਹੁੰਦਾ ਹੈ।  ਕੱਪੜਿਆਂ ਨੂੰ ਰੰਗਨ ਲਈ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਵਰਤੇ ਜਾਂਦੇ ਹਨ। ਡੈਨਿਮ ਜੀਨ ਦਾ ਉਤਪਾਦਨ ਧਰਤੀ ਉਤਲੇ ਤਾਜ਼ਾ ਪਾਣੀ ਨੂੰ ਪ੍ਰਦੂਸ਼ਤ ਕਰਨ ਵਾਲੇ ਸ੍ਰੋਤਾਂ ਵਿੱਚ ਦੂਜੇ ਨੰਬਰ `ਤੇ ਆਉਂਦਾ ਹੈ। ਇਕ ਅੰਦਾਜ਼ੇ ਅਨੁਸਾਰ ਏਸ਼ੀਆ ਦੀਆਂ 70 ਫੀਸਦੀ ਝੀਲਾਂ ਅਤੇ ਨਦੀਆਂ ਕੱਪੜਿਆਂ ਦੀ ਸਨਅਤ ਕਾਰਨ ਪੈਦਾ ਹੋਣ ਵਾਲੀ 2.5 ਅਰਬ (ਬਿਲੀਅਨ) ਗੈਲਨ ਦੀ ਰਹਿੰਦ ਖੂਹੰਦ ਨਾਲ ਪ੍ਰਦੂਸ਼ਤ ਹੋ ਚੁੱਕੀਆਂ ਹਨ।

ਇਸ ਦਾ ਅਰਥ ਇਹ ਹੋਇਆ ਹੈ ਕਿ ਪੂੰਜੀਵਾਦੀ ਪ੍ਰਬੰਧ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਨਾਲ ਨਾਲ ਵਾਤਾਵਰਨ ਦਾ ਸ਼ੋਸ਼ਣ ਵੀ ਕਰਦਾ ਹੈ। ਇਹ ਪ੍ਰਬੰਧ ਜਿੱਥੇ ਆਮ ਇਨਸਾਨ ਦੀ ਭਲਾਈ ਲਈ ਖਤਰਾ ਹੈ, ਉੱਥੇ ਇਹ ਧਰਤੀ ਦੇ ਬਚੇ ਰਹਿਣ ਲਈ ਵੀ ਖਤਰਾ ਹੈ। ***

ਲੇਖਕ ਦੀਆਂ ਹੋਰ ਲਿਖਤਾਂ ਉਸ ਦੇ ਬਲਾਗ https://sukhwanthundal.wordpress.com/ `ਤੇ ਪੜ੍ਹੀਆਂ ਜਾ ਸਕਦੀਆਂ ਹਨ।

 

ਫੋਟੋਆਂ ਬਾਰੇ ਨੋਟ:
ਫੋਟੋ 1. ਕੈਨੇਡਾ ਦੀ ਇਕ ਖਾਣ ਵਿੱਚੋਂ ਪੈਦਾ ਹੋਇਆ ਕੂੜਾ (ਮਾਈਨਿੰਗ ਵਾਚ ਕੈਨੇਡਾ ਤੋਂ ਧੰਨਵਾਦ ਸਹਿਤ)
ਫੋਟੋ 2. ਅੰਝਾਈ ਨਸ਼ਟ ਕਰਨ ਲਈ ਸੁੱਟੇ ਗਏ ਫਲ ਅਤੇ ਸਬਜ਼ੀਆਂ (ਗਾਰਡੀਅਨ ਤੋਂ ਧੰਨਵਾਦ ਸਹਿਤ)
ਫੋਟੋ 3: ਚਿਲੀ ਦੇ ਆਟਾਕਾਮਾ ਰੇਗਿਸਤਾਨ ਵਿੱਚ ਸੁੱਟੇ ਗਏ ਕੱਪੜੇ (ਅਲ ਜਜ਼ੀਰਾ ਤੋਂ ਧੰਨਵਾਦ ਸਹਿਤ)
ਫੋਟੋ 4: ਇੰਗਲੈਂਡ ਵਿੱਚ ਐਮਾਜ਼ੌਨ ਦੇ ਇਕ ਵੇਅਰਹਾਊਸ ਵਿੱਚ ਸੁੱਟਣ ਲਈ ਤਿਆਰ ਵਸਤਾਂ (ਆਈ ਟੀ ਵੀ ਦੇ ਧੰਨਵਾਦ ਸਹਿਤ)

ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ (ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼) - ਸੁਖਵੰਤ ਹੁੰਦਲ

8 ਮਾਰਚ ਦਾ ਦਿਨ ਸੰਸਾਰ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਯਾਦ ਕਰਦਿਆਂ ਹਿੰਦੀ, ਪੰਜਾਬੀ, ਬੰਗਾਲੀ ਅਤੇ ਅੰਗਰੇਜ਼ੀ ਦੀਆਂ ਉਹਨਾਂ ਕੁੱਝ ਫਿਲਮਾਂ ਦੀ ਸੂਚੀ ਪੇਸ਼ ਹੈ ਜੋ ਔਰਤਾਂ ਨਾਲ ਸੰਬੰਧਤ ਕਿਸੇ ਨਾ ਕਿਸੇ ਮਸਲੇ ਦੀ ਗੱਲ ਕਰਦੀਆਂ ਹਨ।

ਪਿਛਲੇ ਡੇਢ-ਦੋ ਦਹਾਕਿਆਂ ਦੌਰਾਨ ਤਕਨੌਲੌਜੀ ਵਿੱਚ ਹੋਈਆਂ ਤਬਦੀਲੀਆਂ ਕਾਰਨ ਇਹਨਾਂ ਵਿੱਚੋਂ ਬਹੁਤੀਆਂ ਫਿਲਮਾਂ ਆਨਲਾਈਨ ਜਾਂ ਹੋਰ ਢੰਗਾਂ ਨਾਲ ਸੌਖਿਆ ਹੀ ਪ੍ਰਾਪਤ ਕੀਤੀਆਂ ਅਤੇ ਦੇਖੀਆਂ ਜਾ ਸਕਦੀਆਂ ਹਨ। ਤੁਸੀਂ ਇਹਨਾਂ ਫਿਲਮਾਂ ਨੂੰ ਨਿੱਜੀ ਪੱਧਰ `ਤੇ ਇਕੱਲੇ ਦੇਖ ਸਕਦੇ ਹੋ ਜਾਂ ਇਹਨਾਂ ਫਿਲਮਾਂ ਨੂੰ ਦੂਜਿਆਂ ਦੇ ਨਾਲ ਇਕੱਠੇ ਦੇਖ ਕੇ ਆਪਣੇ ਸੰਗੀ/ਸਾਥੀਆਂ ਨਾਲ ਮਿਲ ਬੈਠਣ ਅਤੇ ਸਾਂਝ ਪੈਦਾ ਕਰਨ ਦੇ ਮੌਕੇ ਪੈਦੇ ਕਰ ਸਕਦੇ ਹੋ। ਸਭਿਆਚਾਰਕ ਕਾਰਕੁੰਨ ਬਦਲਵਾਂ ਸਭਿਆਚਾਰ ਉਸਾਰਨ ਦੇ ਆਪਣੇ ਕਾਰਜ ਵਿੱਚ ਇਹਨਾਂ ਫਿਲਮਾਂ ਨੂੰ ਇਕ ਮਹੱਤਵਪੂਰਨ ਸੰਦ ਵਜੋਂ ਵਰਤ ਸਕਦੇ ਹਨ।

ਜ਼ਰੂਰੀ ਨਹੀਂ ਕਿ ਇਹਨਾਂ ਫਿਲਮਾਂ ਵਿੱਚ ਪੇਸ਼ ਕੀਤੇ ਗਏ ਸਾਰੇ ਦੇ ਸਾਰੇ ਵਿਚਾਰ ਤੁਹਾਨੂੰ ਠੀਕ ਲੱਗਣ। ਹੋ ਸਕਦਾ ਹੈ ਕਿ ਕੋਈ ਇਕ ਫਿਲਮ ਦੇਖ ਕੇ ਤੁਹਾਨੂੰ ਲੱਗੇ ਕਿ ਫਿਲਮ ਵਿੱਚ ਔਰਤਾਂ ਦੀ ਸਥਿਤੀ ਦਾ ਕੀਤਾ ਗਿਆ ਵਿਸ਼ਲੇਸ਼ਣ ਸਹੀ ਨਹੀਂ। ਇਸ ਕਾਰਨ ਫਿਲਮ ਨੂੰ ਮੁੱਢੋਂ ਸੁੱਢੋਂ ਰੱਦ ਕਰਨ ਦੀ ਥਾਂ ਆਪਣੀ ਅਸਹਿਮਤੀ ਨੂੰ ਦਲੀਲ ਨਾਲ ਪੇਸ਼ ਕਰਕੇ ਅਜਿਹੇ ਮੌਕਿਆਂ ਨੂੰ ਹੋਰ ਸਿੱਖਣ/ਸਿਖਾਉਣ ਦੇ ਮੌਕਿਆਂ ਵਿੱਚ ਬਦਲਿਆ ਜਾ ਸਕਦਾ ਹੈ। ਲਿਸਟ ਹਾਜ਼ਰ ਹੈ।

ਦੁਨੀਆ ਨਾ ਮਾਨੇ (ਹਿੰਦੀ, 1937)

ਵੀ. ਸ਼ਾਂਤਾਰਾਮ ਦੇ ਨਿਰਦੇਸ਼ਨ ਵਿੱਚ ਪ੍ਰਭਾਤ ਸਟੂਡੀਓਜ਼ ਵਲੋਂ ਬਣਾਈ ਗਈ ਫਿਲਮ ਦੁਨੀਆ ਨਾ ਮਾਨੇ  ਨੌਜਵਾਨ ਔਰਤਾਂ ਦੇ ਬੁੱਢਿਆਂ ਨਾਲ ਜ਼ਬਰਦਸਤੀ ਕੀਤੇ ਜਾਂਦੇ ਵਿਆਹਾਂ ਦੇ ਮਸਲੇ ਨਾਲ ਸੰਬੰਧਿਤ ਹੈ। ਇਸ ਵਿੱਚ ਇਕ ਨੌਜਵਾਨ ਕੁੜੀ ਨਿਰਮਲਾ ਦਾ ਵਿਆਹ ਇਕ ਬੁੱਢੇ ਵਕੀਲ ਨਾਲ ਤੈਅ ਹੋ ਜਾਂਦਾ ਹੈ। ਨਿਰਮਲਾ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਦੋਂ ਵਿਆਹ ਸਮੇਂ ਉਹ ਆਪਣੇ ਬੁੱਢੇ ਪਤੀ ਨੂੰ ਦੇਖਦੀ ਹੈ ਤਾਂ ਉਹ ਉਸ ਦੇ ਗਲ ਵਿੱਚ ਵਰਮਾਲਾ ਪਾਉਣ ਤੋਂ ਰੁਕ ਜਾਂਦੀ ਹੈ, ਪਰ ਉਸ ਦੇ ਹੱਥੋਂ ਬੁੱਢੇ ਦੇ ਗਲ ਵਿੱਚ ਵਰਮਾਲਾ ਮੱਲੋਮੱਲੀ ਪਵਾ ਦਿੱਤੀ ਜਾਂਦੀ ਹੈ। ਨਿਰਮਲਾ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਜਦੋਂ ਉਸ ਨੂੰ ਰਵਾਇਤ ਅਤੇ ਰੀਤੀ ਰਿਵਾਜ਼ਾਂ ਦਾ ਵਾਸਤਾ ਪਾ ਕੇ ਸ਼ਰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਜੁਆਬ ਦਿੰਦੀ ਹੈ, “ਆਪਣੀ ਉਮਰ ਕਾ ਖਿਆਲ ਨਾ ਕਰਤੇ ਹੂਏ ਜਿਨਕੀ ਮੈਂ ਬੇਟੀ ਨਜ਼ਰ ਆਤੀ ਹੂੰ, ਮੁਝ ਸੇ ਸ਼ਾਦੀ ਕਰਤੇ ਹੂਏ ਇਨਹੋਂ ਨੇ ਸ਼ਰਮ ਕੀ ਥੀ? ਬੜੇ ਬੂੜੋਂ ਨੇ ਆਪਣੀ ਸ਼ਰਮ ਛੋੜ ਦੀ ਔਰ ਮੁਝੇ ਸ਼ਰਮ ਕਰਨੇ ਕੇ ਲੀਏ ਕਹਿਤੇ ਹੋ।” ਫਿਰ ਉਸ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ “ਯਾਦ ਰੱਖ ਅਬ ਤੂੰ ਅਜ਼ਾਦ ਨਹੀਂ ਕਿਸੀ ਕੀ ਔਰਤ ਹੈ।” ਇਸ ਦੇ ਜੁਆਬ ਵਿੱਚ ਉਹ ਕਹਿੰਦੀ ਹੈ, “ਹਾਂ ਔਰਤ ਹੂੰ, ਔਰਤ ਹੂੰ, ਔਰ ਔਰਤ ਹੂੰ ਇਸ ਲਈ ਆਪ ਮੇਰਾ ਸਫਾਈ ਸੇ ਗਲਾ ਕਾਟ ਸਕੇ।” ਇਹ ਡਾਇਲਾਗ ਬਹੁਤ ਹੀ ਸਾਫ ਅਤੇ ਥੋੜ੍ਹੇ ਸ਼ਬਦਾਂ ਵਿੱਚ ਹਿੰਦੁਸਤਾਨੀ ਸਮਾਜ ਵਿੱਚ ਔਰਤ ਦੀ ਸਥਿਤੀ ਬਿਆਨ ਕਰ ਦਿੰਦਾ ਹੈ।

ਫਿਲਮ ਦੇ ਅਖੀਰ ‘ਤੇ ਨਿਰਮਲਾ ਦੇ ਬੁੱਢੇ ਪਤੀ ਨੂੰ ਨਿਰਮਲਾ ਨਾਲ ਹੋਈ ਵਧੀਕੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਖੁਦਕਸ਼ੀ ਕਰ ਲੈਂਦਾ ਹੈ ਤਾਂ ਕਿ ਨਿਰਮਲਾ ਲਈ ਆਪਣੀ ਮਨਮਰਜ਼ੀ ਦਾ ਵਿਆਹ ਕਰਵਾਉਣ ਲਈ ਰਸਤਾ ਪੱਧਰਾ ਹੋ ਸਕੇ। ਪਰ ਇਸ ਨਾਲ ਵੀ ਨਿਰਮਲਾ ਦੀ ਸਮੱਸਿਆ ਖਤਮ ਨਹੀਂ ਹੁੰਦੀ। ਹੁਣ ਉਸ ਦੇ ਸਾਹਮਣੇ ਵਿਧਵਾ ਵਿਆਹ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਉਸ ਸਮੇਂ ਹਿੰਦੂ ਸਮਾਜ ਵਿੱਚ ਵਿਧਵਾ ਵਿਆਹ ਦੀ ਇਜਾਜ਼ਤ ਨਹੀਂ ਸੀ। ਇਸ ਤਰ੍ਹਾਂ ਫਿਲਮ ਵਿੱਚ ਸਮਾਜ ਵਿੱਚ ਔਰਤ ਦੀ ਤ੍ਰਾਸਦੀ ਦੇ ਵੱਖ ਵੱਖ ਪੱਖਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਫਿਲਮ ਇਤਿਹਾਸਕਾਰਾਂ ਅਨੁਸਾਰ ਇਸ ਫਿਲਮ ਦੀ ਸਪਸ਼ਟ ਅਤੇ ਸਿੱਧੀ ਪੇਸ਼ਕਾਰੀ ਨੇ ਦਰਸ਼ਕਾਂ ਉੱਤੇ ਕਾਫੀ ਵੱਡਾ ਅਸਰ ਪਾਇਆ ਸੀ ਅਤੇ ਫਿਲਮ ਬਾਅਦ ਦੇ ਸਾਲਾਂ ਦੌਰਾਨ ਵਾਰ ਵਾਰ ਦਿਖਾਈ ਜਾਂਦੀ ਰਹੀ ਸੀ।
ਮੁੱਖ ਕਲਾਕਾਰ: ਸ਼ਾਂਤਾ ਆਪਟੇ, ਕੇਸ਼ਾਵਰਾਓ ਦੱਤੇ, ਵਿਮਲਾ ਵਸਿ਼ਸ਼ਟ, ਸ਼ੰਕੁਤਲਾ ਪ੍ਰਾਂਜਪਾਈ ਆਦਿ।
 
ਸਾਰਾ ਅਕਾਸ਼ (ਹਿੰਦੀ, 1969)

ਰਾਜਿੰਦਰ ਯਾਦਵ ਦੇ ਨਾਵਲ `ਤੇ ਆਧਾਰਤ ਇਹ ਫਿਲਮ ਇਕ ਨਵੇਂ ਵਿਆਹੇ ਜੋੜੇ ਦੀ ਅਣਬਣ `ਤੇ ਕੇਂਦਰਿਤ ਹੈ। ਫਿਲਮ ਦਰਸਾਉਂਦੀ ਹੈ ਕਿ ਮਾਪਿਆਂ ਵਲੋਂ ਨੌਜਵਾਨਾਂ ਦੇ ਵਿਆਹਾਂ ਵਿੱਚ ਕੀਤੀ ਜ਼ਬਰਦਸਤੀ ਕਿਸ ਢੰਗ ਨਾਲ ਉਹਨਾਂ ਵਿਚਕਾਰ ਕਲੇਸ਼ ਪੈਦਾ ਕਰਨ ਦਾ ਕਾਰਨ ਬਣਦੀ ਹੈ ਅਤੇ ਇਸ ਕਲੇਸ਼ ਵਿੱਚ ਸਭ ਤੋਂ ਵੱਧ ਦੁੱਖ ਸਹਿਣ ਵਾਲੀ ਧਿਰ ਔਰਤ ਹੁੰਦੀ ਹੈ। ਫਿਲਮ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਕਿਸੇ ਇਕ ਵਿਅਕਤੀ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ ਪਿੱਤਰਸੱਤਾ ਵਾਲੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਬਾਸੂ ਚੈਟਰਜੀ ਵੱਲੋਂ ਨਿਰਦੇਸਿ਼ਤ ਇਸ ਫਿਲਮ ਦੇ ਕਲਾਕਾਰ ਸਨ: ਰਾਕੇਸ਼ ਪਾਂਡੇ, ਮਧੂ ਚੱਕਰਵਰਤੀ, ਨੰਦੀਤਾ ਠਾਕੁਰ, ਏ. ਕੇ. ਹੰਗਲ, ਦੀਨਾ ਪਾਠਕ, ਮਨੀ ਕੌਲ, ਤਾਰਲਾ ਮਹਿਤਾ, ਸ਼ੈਲੀ ਸ਼ੈਲੇਂਦਰ, ਜਲਾਲ ਆਗਾ ਅਤੇ ਆਰਤੀ ਬੋਲ।       

ਅੰਕੁਰ (ਹਿੰਦੀ , 1974)

ਨਿਰਦੇਸ਼ਕ ਸ਼ਿਆਮ ਬੈਨੇਗਿਲ ਦੀ ਇਹ ਫਿਲਮ ਜਗੀਰਦਾਰੀ ਪ੍ਰਬੰਧ ਵਿੱਚ ਗਰੀਬਾਂ, ਨੀਵੀਂ ਜਾਤ ਵਾਲਿਆਂ ਅਤੇ ਔਰਤਾਂ ਦੇ ਸ਼ੋਸ਼ਣ ਦੀ ਕਹਾਣੀ ਪੇਸ਼ ਕਰਦੀ ਹੈ। ਪਿੰਡ ਦੇ ਗੈਰਹਾਜ਼ਰ ਜਗੀਰਦਾਰ ਦਾ ਸ਼ਹਿਰ `ਚ ਪੜ੍ਹਿਆ ਲਿਖਿਆ ਮੁੰਡਾ ਸੂਰਯਾ ਪੜ੍ਹਾਈ ਖਤਮ ਕਰਕੇ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਲਈ ਪਿੰਡ ਆਉਂਦਾ ਹੈ। ਇੱਥੇ ਘੁਮਾਰ ਜਾਤ ਦੀ ਲਕਸ਼ਮੀ ਅਤੇ ਉਸ ਦਾ ਗੂੰਗਾ ਅਤੇ ਬੋਲਾ ਘਰਵਾਲਾ ਕਿਸ਼ਤੀਆ ਉਸ ਦੇ ਖੇਤਾਂ ਅਤੇ ਘਰ ਨੂੰ ਸੰਭਾਲਣ ਦਾ ਕੰਮ ਕਰਦੇ ਹਨ। ਸੂਰਯਾ ਜਿਸ ਢੰਗ ਨਾਲ ਲਕਸ਼ਮੀ ਅਤੇ ਕਿਸ਼ਤੀਆ ਨਾਲ ਵਰਤਾਅ ਕਰਦਾ ਹੈ, ਉਸ ਤੋਂ ਜਗੀਰਦਾਰੀ ਲੁੱਟ ਦੀਆਂ ਵੱਖ ਵੱਖ ਪਰਤਾਂ ਉਜਾਗਰ ਹੁੰਦੀਆਂ ਹਨ। ਫਿਲਮ ਵਿੱਚ ਇਸ ਲੁੱਟ ਵਿਰੁੱਧ ਕੋਈ ਸਿੱਧਾ ਸੰਘਰਸ਼ ਨਹੀਂ ਦਿਖਾਇਆ ਗਿਆ। ਸਿਰਫ ਫਿਲਮ ਦੇ ਅੰਤ `ਤੇ ਇਕ ਬੱਚਾ ਜਗੀਰਦਾਰ ਦੇ ਘਰ ਦੀ ਸ਼ੀਸ਼ੇ ਦੀ ਬਾਰੀ `ਤੇ ਇਕ ਪੱਥਰ ਮਾਰਦਾ ਹੈ ਅਤੇ ਸਕਰੀਨ ਲਾਲ ਹੋ ਜਾਂਦਾ ਹੈ। ਇਸ ਸੰਕੇਤਕ ਢੰਗ ਨਾਲ ਨਿਰਦੇਸ਼ਕ ਦਰਸ਼ਕਾਂ ਨੂੰ ਜਗੀਰਦਾਰੀ ਪ੍ਰਬੰਧ ਦੀ ਬੇਇਨਸਾਫੀ ਵਿਰੁੱਧ ਲੜਨ ਦਾ ਸੁਨੇਹਾ ਦਿੰਦਾ ਹੈ। ਪਰ ਕਈ ਆਲੋਚਕਾਂ ਦਾ ਮੱਤ ਹੈ ਕਿ ਫਿਲਮ ਵਿੱਚ ਦਿਖਾਇਆ ਗਿਆ ਇਹ ਵਿਰੋਧ ਬਹੁਤ ਹੀ ਨਿਗੂਣਾ ਅਤੇ ਕਮਜ਼ੋਰ ਹੈ।

ਕਲਾਕਾਰ: ਸ਼ਬਾਨਾ ਆਜ਼ਮੀ, ਆਨੰਤ ਨਾਗ, ਸਾਧੂ ਮੇਹਰ ਅਤੇ ਪ੍ਰਿਆ ਤੇਂਦੂਲਕਰ।  

ਏਕ ਦਿਨ ਪ੍ਰਤੀਦਿਨ (ਬੰਗਾਲੀ, 1979)

ਮ੍ਰਿਣਾਲ ਸੇਨ ਵਲੋਂ ਨਿਰਦੇਸਿ਼ਤ ਫਿਲਮ ਏਕ ਦਿਨ ਪ੍ਰਤੀਦਿਨ  ਇਕ ਨੌਜਵਾਨ, ਅਣਵਿਆਹੀ ਅਤੇ ਘਰ ਤੋਂ ਬਾਹਰ ਕੰਮ ਕਰਨ ਵਾਲੀ ਕੁੜੀ ਦੀ ਕਹਾਣੀ ਹੈ ਜਿਸ ਦੀ ਕਮਾਈ ਇਕ ਛੇ ਜੀਆਂ ਦੇ ਨਿਮਨ ਮੱਧਵਰਗੀ ਪਰਿਵਾਰ ਦੇ ਗੁਜ਼ਾਰੇ ਦਾ ਮੁੱਖ ਸਾਧਨ ਹੈ। ਇਕ ਦਿਨ ਇਹ ਕੁੜੀ ਸ਼ਾਮ ਨੂੰ ਮਿੱਥੇ ਸਮੇਂ ਤੇ ਕੰਮ ਤੋਂ ਵਾਪਸ ਨਹੀਂ ਆਉਂਦੀ। ਨਤੀਜੇ ਵਜੋਂ ਪਰਿਵਾਰ ਜਿਸ ਤਰ੍ਹਾਂ ਦੀ ਚਿੰਤਾ ਅਤੇ ਸੋਚ-ਵਿਚਾਰ ਵਿੱਚੋਂ ਦੀ ਗੁਜ਼ਰਦਾ ਹੈ, ਉਹ ਇਸ ਫਿਲਮ ਦਾ ਵਿਸ਼ਾ ਹੈ। ਪਰਿਵਾਰ ਨੂੰ ਇਕ ਪਾਸੇ ਉਸ ਦੀ ਸੁਰੱਖਿਆ ਦਾ ਫਿਕਰ ਹੈ ਅਤੇ ਦੂਸਰੇ ਪਾਸੇ ਇਸ ਗੱਲ ਦਾ ਫਿਕਰ ਹੈ ਕਿ ਜੇ ਆਂਢ-ਗੁਆਂਢ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹਨਾਂ ਦੀ ਨੌਜਵਾਨ ਕੁੜੀ ਕੰਮ ਤੋਂ ਵਾਪਸ ਘਰ ਨਹੀਂ ਆਈ ਤਾਂ ਉਹ ਕੀ ਕਹਿਣਗੇ। ਬੜੀ ਹੀ ਸਰਲ ਕਹਾਣੀ ਵਾਲੀ ਇਸ ਫਿਲਮ ਵਿੱਚ ਸੇਨ ਨੇ ਇਕ ਮਰਦਪ੍ਰਧਾਨ ਸਮਾਜ ਦੇ ਔਰਤਾਂ ਬਾਰੇ ਵਿਚਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਤੋਂ ਪਤਾ ਚੱਲਦਾ ਹੈ ਕਿ ਬੇਸ਼ੱਕ ਇਹ ਕੁੜੀ ਇਕ ਹੱਦ ਤੱਕ ਆਰਥਿਕ ਪੱਖੋਂ ਤਾਂ ਅਜ਼ਾਦ ਹੈ, ਪਰ ਸਮਾਜਕ ਪੱਖੋਂ ਅਜ਼ਾਦ ਨਹੀਂ।

ਇਹ ਫਿਲਮ ਕਾਫੀ ਲੋਕਾਂ ਵਲੋਂ ਸਲਾਹੀ ਗਈ। ਦੂਸਰੇ ਪਾਸੇ ਕੁਝ ਹੋਰ ਲੋਕਾਂ ਨੂੰ ਲੱਗਾ ਕਿ ਮ੍ਰਿਣਾਲ ਸੇਨ ਹੁਣ ਨਰਮ ਪੈ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਉਹ ਸਿਆਸਤ ਬਾਰੇ ਫਿਲਮਾਂ ਬਣਾਉਣ ਤੋਂ ਪਾਸਾ ਵੱਟ ਰਿਹਾ ਹੈ। ਉਹਨਾਂ ਦਾ ਵਿਚਾਰ ਸੀ ਕਿ ਉਸ ਦੀ ਇਸ ਫਿਲਮ ਵਿੱਚ ਕੋਈ ਸੁਨੇਹਾ ਨਹੀਂ। ਇਸ ਤਰ੍ਹਾਂ ਦੀ ਆਲੋਚਨਾ ਦੇ ਜੁਆਬ ਸੇਨ ਨੇ ਕਿਹਾ, "ਮੈਂ ਅਜਿਹੀਆਂ ਫਿਲਮਾਂ ਬਣਾਈਆਂ ਹਨ ਜਿਹਨਾਂ ਦਾ ਸਿਆਸੀ ਸਥਿਤੀ ਨਾਲ ਸੰਬੰਧ ਹੈ ਅਤੇ ਉਨ੍ਹਾਂ ਵਿੱਚ ਸਿਆਸੀ ਪਾਤਰ ਹਨ, ਪਰ ਮੈਂ ਅਜਿਹੀਆਂ ਫਿਲਮਾਂ ਵੀ ਬਣਾਈਆਂ ਹਨ ਜਿਹਨਾਂ ਦੀ ਸਿੱਧੇ ਤੌਰ `ਤੇ ਕੋਈ ਸਿਆਸੀ ਪ੍ਰਸੰਗਤਾ ਨਹੀਂ ਹੈ। ਪਰ ਉਹਨਾਂ ਸਾਰੀਆਂ ਵਿੱਚ ਮੈਂ ਹਮੇਸ਼ਾਂ ਇਕ ਸਮਾਜਕ, ਸਿਆਸੀ ਅਤੇ ਆਰਥਿਕ ਨਜ਼ਰੀਆ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ।… ਜਦੋਂ ਮੈਂ ਕਿਸੇ ਮਰਦ ਅਤੇ ਔਰਤ ਦੇ ਰਿਸ਼ਤੇ ਬਾਰੇ ਫਿਲਮ ਬਣਾਉਂਦਾ ਹਾਂ ਤਾਂ ਮੈਂ ਉਸ ਰਿਸ਼ਤੇ ਨੂੰ ਵੱਡੇ ਸੰਦਰਭ ਵਿੱਚ ਸਮਝਣ ਦਾ ਯਤਨ ਕਰਦਾ ਹਾਂ। … ਏਕ ਦਿਨ ਪ੍ਰਤੀਦਿਨ ਵਿੱਚ ਭਾਵੇਂ ਕਿ ਕੈਮਰਾ ਘਰ ਤੋਂ ਬਾਹਰ ਬਹੁਤ ਘੱਟ ਜਾਂਦਾ ਹੈ, ਫਿਰ ਵੀ ਫਿਲਮ ਵਿੱਚ ਉਹਨਾਂ ਸਮਾਜਕ, ਸਿਆਸੀ ਅਤੇ ਸਦਾਚਾਰਕ ਬੰਦਸ਼ਾਂ ਬਾਰੇ ਗੱਲ ਕੀਤੀ ਗਈ ਹੈ ਜਿਹੜੀਆਂ ਸਾਡੇ ਸਮਾਜਕ ਵਰਤਾਅ ਨੂੰ ਨਿਸ਼ਚਿਤ ਕਰਦੀਆਂ ਹਨ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ‘ਤੇ ਅਸਰ ਕਰਦੀਆਂ ਹਨ।"  

ਕਲਾਕਾਰ: ਸਤਿਆ ਬੈਨਰਜੀ, ਗੀਤਾ ਸੇਨ, ਸ੍ਰੀਲਾ ਮਜ਼ੁਮਦਰ, ਮਮਤਾ ਸ਼ੰਕਰ, ਤਪਨ ਦਾਸ ਅਤੇ ਮਮਤਾ ਭੱਟਾਚਾਰੀਆ

ਅਰਥ (ਹਿੰਦੀ, 1982)

ਨਿਰਦੇਸ਼ਕ ਮਹੇਸ਼ ਭੱਟ ਦੀ ਸ਼ਹਿਰੀ ਮੱਧਵਰਗ ਦੇ ਜੀਵਨ `ਤੇ ਆਧਾਰਤ ਇਹ ਫਿਲਮ ਵਿਆਹ ਦੀ ਸੰਸਥਾ ਵਿੱਚ ਬੱਝੇ ਮਰਦ ਅਤੇ ਔਰਤ ਦੇ ਨਾਬਰਾਬਰ ਸੰਬੰਧਾਂ ਨੂੰ ਦੇਖਣ ਦਾ ਯਤਨ ਕਰਦੀ ਹੈ।

ਕਲਾਕਾਰ:  ਸ਼ਬਾਨਾ ਆਜ਼ਮੀ, ਸਮੀਤਾ ਪਾਟਿਲ, ਕੁਲਭੂਸ਼ਨ ਖਰਬੰਦਾ, ਰਾਜ ਕਿਰਨ ਅਤੇ ਰੋਹਨੀ ਹਤੰਗੜੀ।

ਕਮਲਾ (ਹਿੰਦੀ, 1985 )

ਨਿਰਦੇਸ਼ਕ ਜਗਮੋਹਨ ਮੂੰਧੜਾ ਵਲੋਂ ਨਿਰਦੇਸ਼ਤ ਫਿਲਮ ਕਮਲਾ ਦੇ ਸ਼ੁਰੂ ਵਿੱਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਮੱਧਿਆ ਪ੍ਰਦੇਸ਼ ਦੇ ਪੇਂਡੂ ਇਲਾਕੇ ਵਿੱਚੋਂ ਇਕ ਗਰੀਬ ਔਰਤ ਕਮਲਾ ਨੂੰ ਖ੍ਰੀਦ ਕੇ ਦਿੱਲੀ ਲਿਆਉਂਦਾ ਹੈ। ਉਸ ਦੀ ਯੋਜਨਾ ਕਮਲਾ ਨੂੰ ਇਕ ਸਬੂਤ ਵਜੋਂ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕਰਨ ਦੀ ਹੈ ਤਾਂ ਕਿ ਉਹ ਭਾਰਤ ਵਿਚ ਔਰਤਾਂ ਦੇ ਵਿਉਪਾਰ ਦੇ ਇਸ ‘ਘਿਣਾਉਣੇ’ ਵਰਤਾਰੇ ਨੂੰ ਇਕ ਧਮਾਕੇ ਭਰਪੂਰ ਢੰਗ ਨਾਲ ਨੰਗਾ ਕਰ ਸਕੇ।

ਉਸ ਵਲੋਂ ਕੀਤਾ ਗਿਆ ਇਹ ਯਤਨ ਭਾਰਤ ਦੇ ਗਰੀਬ ਇਲਾਕਿਆਂ ਵਿੱਚੋਂ ਕੀਤੀ ਜਾਂਦੀ ਔਰਤਾਂ ਦੀ ਖ੍ਰੀਦੋਫਰੋਖਤ ਨੂੰ ਨੰਗਾ ਕਰਨ ਦੇ ਨਾਲ ਨਾਲ ਭਾਰਤੀ ਸਮਾਜ ਵਿੱਚ ਪਿੱਤਰਸੱਤਾ ਦੇ ਦਾਬੇ ਹੇਠ ਰਹਿ ਰਹੀਆਂ ਸਾਰੀਆਂ ਭਾਰਤੀ ਔਰਤਾਂ ਦੇ ਸ਼ੋਸ਼ਣ ਨੂੰ ਨੰਗਾ ਕਰ ਦਿੰਦਾ ਹੈ। ਦਰਸ਼ਕ ਜਦੋਂ ਇਸ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਦੇ ਘਰ ਵਿੱਚ ਉਸ ਦੀ ਪਤਨੀ ਦੇ ਜੀਵਨ ਨੂੰ ਦੇਖਦਾ ਹੈ ਤਾਂ ਉਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲਗਦੀ ਕਿ ਯਾਦਵ ਦੀ ਪਤਨੀ ਦੀ ਸਥਿਤੀ ਕਿਸੇ ਵੀ ਤਰ੍ਹਾਂ ਕਮਲਾ ਦੀ ਸਥਿਤੀ ਤੋਂ ਵੱਖਰੀ ਨਹੀਂ ਹੈ।  

ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਦੇ ਸੱਚ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਹ ਫਿਲਮ ਸਨਸਨੀਖੇਜ਼ ਅਤੇ ਧਮਾਕੇਦਾਰ ਖੱਬਰਾਂ `ਤੇ ਕੇਂਦਰਿਤ ਪੱਤਰਕਾਰੀ ਦੀ ਕਾਰਜ ਪ੍ਰਣਾਲੀ ਅਤੇ ਭੂਮਿਕਾ ਉੱਤੇ ਵੀ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਫਿਲਮ ਦੇਖਦਿਆਂ ਦਰਸ਼ਕ ਦੇ ਮਨ ਵਿੱਚ ਇਹ ਸਵਾਲ ਵਾਰ ਵਾਰ ਉੱਠਦਾ ਹੈ ਕਿ ਆਪਣੇ ਪਾਠਕਾਂ ਦੀ ਗਿਣਤੀ ਵਧਾਉਣ ਲਈ ਅਨੂਠੇ ਸਮਾਚਾਰਾਂ (ਸਕੂਪਾਂ) ਅਤੇ ਸਕੈਂਡਲਾਂ ਦਾ ਸਹਾਰਾ ਲੈਣ ਵਾਲੀ ਪੱਤਰਕਾਰੀ ਕੀ ਪਾਠਕਾਂ ਨੂੰ ਆਪਣੀਆਂ ਸਥਿਤੀਆਂ ਦੀ ਅਸਲੀਅਤ ਸਮਝਣ ਲਈ ਜਾਗਰੂਕ ਕਰ ਸਕਦੀ ਹੈ?  

ਅੰਤ ਵਿੱਚ ਜਿੱਥੇ ਕਮਲਾ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਪੱਤਰਕਾਰੀ ਦੀ ਭੂਮਿਕਾ ਨੂੰ ਸਮਝਣ ਵਿੱਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ, ਉੱਥੇ ਇਹ ਦਰਸ਼ਕਾਂ ਨੂੰ ਇਹ ਸੁਨੇਹਾ ਵੀ ਦਿੰਦੀ ਹੈ, ਸਮਾਜ ਵਿੱਚ ਵੱਖ ਵੱਖ ਪੱਧਰਾਂ `ਤੇ ਹੋ ਰਹੇ ਸ਼ੋਸ਼ਣ ਇਕ ਦੂਸਰੇ ਨਾਲ ਸੰਬੰਧਤ ਹੁੰਦੇ ਹਨ। ਕਿਸੇ ਵੀ ਇਕ ਪੱਧਰ `ਤੇ ਹੋ ਰਹੇ ਸ਼ੋਸ਼ਣ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਅਸੀਂ ਸਾਰੇ ਸ਼ੋਸ਼ਣਾਂ ਦੇ ਤਾਣੇ-ਬਾਣੇ ਨੂੰ ਸਮਝੀਏ ਅਤੇ ਉਨ੍ਹਾਂ ਵਿਰੁੱਧ ਸਾਂਝੀ ਲੜਾਈ ਲੜੀਏ।

ਮੁੱਖ ਕਲਾਕਾਰ: ਮਾਰਕ ਜ਼ੁਬੇਰ, ਦੀਪਤੀ ਨਵਲ ਅਤੇ ਸ਼ਬਾਨਾ ਆਜ਼ਮੀ।

ਮਿਰਚ ਮਸਾਲਾ (ਹਿੰਦੀ, 1987)   

ਕੇਤਨ ਮਹਿਤਾ ਦੀ ਨਿਰਦੇਸ਼ਨਾ ਵਿੱਚ ਬਣੀ ਫਿਲਮ ਮਿਰਚ ਮਸਾਲਾ ਦਾ ਭਾਰਤੀ ਸਮਾਜ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬਣੀਆਂ ਫਿਲਮਾਂ ਵਿੱਚ ਇਕ ਮਹੱਤਵਪੂਰਨ ਸਥਾਨ ਹੈ। ਫਿਲਮ ਦੀ ਕਹਾਣੀ ਸਮਾਜ ਵਿੱਚ ਔਰਤ ਦੇ ਦਮਨ ਅਤੇ ਇਸ ਦਮਨ ਵਿਰੁੱਧ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਲੜਨ ਦੀ ਸ਼ਕਤੀਸ਼ਾਲੀ ਕਹਾਣੀ ਹੈ। ਸਮਾਜ ਵਿੱਚ ਪਿੱਤਰਸੱਤਾ, ਜਮਾਤ ਅਤੇ ਜਾਤ ਕਿਸ ਤਰ੍ਹਾਂ ਮਿਲ ਕੇ ਔਰਤਾਂ ਦੇ ਦਮਨ ਦਾ ਕਾਰਨ ਬਣਦੀਆਂ ਹਨ, ਇਸ ਗੱਲ ਨੂੰ ਫਿਲਮ ਵਿੱਚ ਬਹੁਤ ਬਾਰੀਕੀ ਅਤੇ ਸਪਸ਼ਟਤਾ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਅੰਤ `ਤੇ ਆਪਣੇ ਤਰ੍ਹਾਂ ਤਰ੍ਹਾਂ ਦੇ ਡਰਾਂ `ਤੇ ਕਾਬੂ ਪਾ, ਮਰਦਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਤੋਂ ਬਿਨਾਂ, ਔਰਤਾਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਆਪਣੇ ਜ਼ਾਲਮ ਨੁੰ ਠੋਕਵਾਂ ਜਵਾਬ ਦਿੰਦੀਆਂ ਹਨ, ਉਹ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜ੍ਹਨ ਵਾਲਿਆਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਜਾਂਦਾ ਹੈ। ਦਰਸ਼ਕ ਨੂੰ ਸੁਨੇਹਾ ਮਿਲਦਾ ਹੈ ਕਿ ਇਕੱਠੇ ਹੋ ਕੇ ਅਤੇ ਆਪਣੇ ਆਪ `ਤੇ ਵਿਸ਼ਵਾਸ ਰੱਖ ਕੇ ਲੜੀ ਗਈ ਲੜਾਈ ਵਿੱਚ ਜਿੱਤ ਲੜਨ ਵਾਲਿਆਂ ਦੀ ਹੀ ਹੁੰਦੀ ਹੈ,  ਬੇਸ਼ੱਕ ਉਨ੍ਹਾਂ ਸਾਹਮਣੇ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਹੋਣ। ਅਜ਼ਾਦੀ ਤੋਂ ਪਹਿਲਾਂ ਦੇ ਹਿੰਦੁਸਤਾਨ ਦੀਆਂ ਸਥਿਤੀਆਂ ਬਾਰੇ ਬਣਾਈ ਗਈ ਇਹ ਫਿਲਮ ਹਿੰਦੁਸਤਾਨ ਦੀਆਂ ਅਜੋਕੀਆਂ ਸਥਿਤੀਆਂ ਵਿੱਚ ਵੀ ਉਨੀ ਹੀ ਪ੍ਰਸੰਗਕ ਹੈ ਜਿੰਨੀ ਇਹ ਪਹਿਲਾਂ ਸੀ।

ਮੁੱਖ ਕਲਾਕਾਰ: ਨਸੀਰੂਦੀਨ ਸ਼ਾਹ, ਸਮੀਤਾ ਪਾਟਿਲ, ਓਮ ਪੁਰੀ, ਸੁਰੇਸ਼ ਓਬਰਾਇ, ਦੀਪਤੀ ਨਵਲ, ਦੀਨਾ ਪਾਠਕ, ਮੋਹਨ ਗੋਖਲੇ ਅਤੇ ਪਾਰੇਸ਼ ਰਵਾਲ।

ਰਿਹਾਈ (ਹਿੰਦੀ, 1988)

ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਪਰਿਵਾਰ ਤੋਂ ਲੰਮਾ ਸਮਾਂ ਦੂਰ ਰਹਿ ਰਹੇ ਇਕ ਮਰਦ ਵਲੋਂ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਣ ਨੂੰ ਸਮਾਜ ਵਿੱਚ ਜੇ ਠੀਕ ਨਹੀਂ ਸਮਝਿਆ ਜਾਂਦਾ ਤਾਂ ਸੁਭਾਵਕ ਜ਼ਰੂਰ ਸਮਝਿਆ ਜਾਂਦਾ ਹੈ। ਜੇ ਉਸ ਦੀ ਔਰਤ ਨੂੰ ਇਸ ਬਾਰੇ ਪਤਾ ਲੱਗ ਜਾਵੇ ਤਾਂ ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਅਣਗੌਲਿਆ ਕਰ ਦੇਵੇ। ਸਮਝਿਆ ਜਾਂਦਾ ਹੈ ਮਰਦ ਤੋਂ ਇਹ ਸਭ ਕੁਝ ਉਸ ਦੀ ਇਕੱਲਤਾ ਭਰੀਆਂ ਹਾਲਤਾਂ ਨੇ ਕਰਵਾਇਆ ਹੈ, ਇਸ ਵਿੱਚ ਉਸ ਦਾ ਕੋਈ ਵੱਡਾ ਦੋਸ਼ ਨਹੀਂ। ਦੂਸਰੇ ਪਾਸੇ ਜੇ ਮਰਦ ਦੀ ਲੰਮੀ ਗੈਰਹਾਜ਼ਰੀ ਦੌਰਾਨ ਉਸ ਦੀ ਔਰਤ ਦਾ ਸੰਬੰਧ ਕਿਸੇ ਹੋਰ ਨਾਲ ਬਣ ਜਾਵੇ ਤਾਂ ਇਸ ਨੂੰ ਨਾ-ਬਖਸ਼ਣ ਯੋਗ ਅਪਰਾਧ ਸਮਝਿਆ ਜਾਂਦਾ ਹੈ। ਔਰਤ ਨੂੰ ਬਦਚਲਣ ਸਮਝਿਆ ਜਾਂਦਾ ਹੈ ਅਤੇ ਮਰਦ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਨੂੰ ਛੱਡ ਦੇਵੇ।

ਅਰੂਨਾ ਰਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਇਸ ਮਸਲੇ ਬਾਰੇ ਸਮਾਜ ਦੇ ਦੋਹਰੇ ਕਿਰਦਾਰ ਦੇ ਦੰਭ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਅਖੀਰ ਵਿੱਚ ਜਦੋਂ ਪਿੰਡ ਦੀ ਪੰਚਾਇਤ ਵਿੱਚ ਔਰਤਾਂ ਇਕੱਠੀਆਂ ਹੋ ਕੇ ਇਸ ਮਸਲੇ ਬਾਰੇ ਸਾਂਝਾ ਸਟੈਂਡ ਲੈਂਦੀਆਂ ਹਨ ਤਾਂ ਮਰਦਾਂ ਕੋਲ ਪੰਚਾਇਤ ਵਿੱਚੇ ਛੱਡ ਕੇ ਨੱਠ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਫਿਲਮ ਸਮਾਜ ਵਿੱਚਲੀ ਮਰਦਪ੍ਰਧਾਨਤਾ `ਤੇ ਇਕ ਕਰਾਰੀ ਸੱਟ ਮਾਰਦੀ ਹੈ।

ਮੁੱਖ ਕਲਾਕਾਰ: ਹੇਮਾ ਮਾਲਿਨੀ, ਵਿਨੋਦ ਖੰਨਾ, ਨਸੀਰੂਦੀਨ ਸ਼ਾਹ, ਰੀਮਾ ਲਗੂ, ਨੀਨਾ ਗੁਪਤਾ, ਪਲਵੀ ਜੋਸ਼ੀ, ਮੋਹਨ ਆਗਾਸ਼ੇ, ਅਛੂਤ ਪੋਤਦਾਰ।   

ਬੈਂਡਿਟ ਕੁਈਨ (ਹਿੰਦੀ, 1995)

ਸ਼ੇਖਰ ਕਪੂਰ ਵਲੋਂ ਨਿਰਦੇਸਿ਼ਤ ਫਿਲਮ ਬੈਂਡਿਟ ਕੁਈਨ ਮਸ਼ਹੂਰ ਡਕੈਤ ਫੂਲਨ ਦੇਵੀ ਦੀ ਜਿ਼ੰਦਗੀ `ਤੇ ਆਧਾਰਤ ਹੈ। ਫਿਲਮ ਦਿਖਾਉਂਦੀ ਹੈ ਕਿ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਫੂਲਨ ਦੇਵੀ ਨੂੰ ਬਚਪਨ ਤੋਂ ਹੀ ਕਿਸ ਤਰ੍ਹਾਂ ਜਾਤਪਾਤ ਅਤੇ ਮਰਦ-ਪ੍ਰਧਾਨਤਾ ਦੇ ਜ਼ਬਰ ਦਾ ਸ਼ਿਕਾਰ ਹੋਣਾ ਪਿਆ ਸੀ। ਫਿਲਮ ਇਕ ਪਾਸੇ ਜਾਤਪਾਤ ਅਤੇ ਮਰਦ-ਪ੍ਰਧਾਨਤਾ `ਤੇ ਟਿਕੇ ਸਮਾਜ ਦੀ ਕਰੂਰਤਾ ਨੂੰ ਨੰਗਾ ਕਰਦੀ ਹੈ, ਦੂਸਰੇ ਪਾਸੇ ਫੂਲਨ ਦੇਵੀ ਵਲੋਂ ਇਸ ਕਰੂਰਤਾ ਵਿਰੁੱਧ ਹੌਂਸਲੇ ਅਤੇ ਦ੍ਰਿੜਤਾ ਨਾਲ ਲੜੀ ਲੜਾਈ ਨੂੰ ਵੀ ਉਜਾਗਰ ਕਰਦੀ ਹੈ। ਫਿਲਮ ਦੇਖਣ ਬਾਅਦ ਦਰਸ਼ਕ ਫੂਲਨ ਦੇਵੀ ਵਲੋਂ ਵਿਅਕਤੀਗਤ ਹਿੰਸਾ ਅਪਨਾਉਣ ਦੇ ਰਸਤੇ ਨਾਲ ਸਹਿਮਤ ਹੋਣ ਜਾਂ ਨਾ, ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਕਿਸੇ ਸਮਾਜ ਵਲੋਂ ਅਪਣਾਈ ਗਈ ਢਾਂਚਾਗਤ ਹਿੰਸਾ ਅਤੇ ਵਹਿਸ਼ਤ ਉਸ ਹੀ ਤਰ੍ਹਾਂ ਦੀ ਹਿੰਸਾ ਅਤੇ ਵਹਿਸ਼ਤ ਪੈਦਾ ਕਰਨ ਵਿੱਚ ਵੱਡਾ ਰੋਲ ਨਿਭਾਉਂਦੀ ਹੈ।   

ਕਲਾਕਾਰ: ਸੀਮਾ ਵਿਸਵਾਸ, ਨਿਰਮਲ ਪਾਂਡੇ, ਅਦਿਤੀਆ ਸ਼੍ਰੀ ਵਾਸਤਵ, ਰਾਮ ਚਰਨ ਨਿਰਮਾਲਕਰ, ਸਵੀਤਰੀ ਰਾਇਕਵਾਰਸ, ਗਜਰਾਜ ਰਾਓ, ਸਰੌਭ ਸ਼ੁਕਲਾ, ਮਨੋਜ ਬਾਜਪਾਈ, ਰਘੁਬੀਰ ਯਾਦਵ, ਆਦਿ।

ਸੰਸ਼ੋਧਨ ( ਹਿੰਦੀ, 1996)

ਗੋਬਿੰਦ ਨਿਹਾਲਨੀ ਵਲੋਂ ਨਿਰਦੇਸ਼ਤ ਇਹ ਫਿਲਮ ਪਿੰਡ ਦੀਆਂ ਪੰਚਾਇਤਾਂ ਵਿੱਚ ਔਰਤਾਂ ਦੀਆਂ ਸੀਟਾਂ ਰਾਖਵੀਂਆਂ ਕਰਨ ਦੇ ਮਸਲੇ ਨੂੰ ਸੰਬੋਧਿਤ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਆਮ ਤੌਰ `ਤੇ ਔਰਤਾਂ ਲਈ ਰਾਖਵੀਂਆਂ ਸੀਟਾਂ `ਤੇ ਬੇਸ਼ੱਕ ਇਲੈਕਸ਼ਨ ਔਰਤਾਂ ਲੜਦੀਆਂ ਹਨ ਪਰ ਅਸਲੀਅਤ ਵਿੱਚ ਉਹਨਾਂ ਦੇ ਅਹੁਦੇ ਦੀ ਤਾਕਤ ਉਹਨਾਂ ਦੇ ਘਰ ਦੇ ਮਰਦਾਂ ਦੇ ਹੱਥ ਹੀ ਰਹਿੰਦੀ ਹੈ। ਇਸ ਤਰ੍ਹਾਂ ਦੀ ਇਲੈਕਸ਼ਨ ਜਿੱਤ ਕੇ ਜਦੋਂ ਕੋਈ ਔਰਤ ਆਪਣੇ ਆਪ ਫੈਸਲੇ ਕਰਨ ਲੱਗ ਪਏ ਤਾਂ ਕੀ ਹੁੰਦਾ ਹੈ? ਸੰਸ਼ੋਧਨ ਇਸ ਸਵਾਲ ਦਾ ਜੁਆਬ ਦੱਸਣ ਦੀ ਕੋਸਿ਼ਸ਼ ਕਰਦੀ ਹੈ।  

ਕਲਾਕਾਰ: ਮਨੋਜ ਬਾਜਪਾਈ, ਵਾਨਿਆ ਜੋਸ਼ੀ, ਆਸ਼ੂਤੋਸ਼ ਰਾਣਾ, ਕਿਸ਼ੋਰ ਕਦਮ, ਲਲਿਤ ਪਰੀਮੂ ਅਤੇ ਵਿਨਿਤ ਕੁਮਾਰ।

ਚਾਂਦਨੀ ਬਾਰ (ਹਿੰਦੀ, 2001)

ਮਧੂ ਭੰਡਾਰਕਰ ਦੀ ਫਿਲਮ ਚਾਂਦਨੀ ਬਾਰ ਬੰਬਈ ਦੀਆਂ ਬੀਅਰ ਬਾਰਾਂ ਵਿੱਚ ਨਾਚੀਆਂ ਵਜੋਂ ਕੰਮ ਕਰਦੀਆਂ ਔਰਤਾਂ ਦੀ ਜ਼ਿੰਦਗੀ `ਤੇ ਕੇਂਦਰਿਤ ਹੈ। ਫਿਲਮ ਵਿੱਚ ਉਹਨਾਂ ਸਥਿਤੀਆਂ ਨੂੰ ਘੋਖਣ ਦਾ ਯਤਨ ਵੀ ਹੈ ਜਿਹਨਾਂ ਸਥਿਤੀਆਂ ਕਾਰਨ ਔਰਤਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ ਅਤੇ ਇਸ ਕੰਮ ਉੱਪਰ ਹੁੰਦੇ ਔਰਤਾਂ ਦੇ ਸ਼ੋਸ਼ਣ ਨੂੰ ਵੀ ਨੰਗਾ ਕੀਤਾ ਗਿਆ ਹੈ।  

ਕਲਾਕਾਰ: ਤਬੂ, ਅਤੁਲ ਕੁਲਕਰਨੀ, ਰਾਜਪਾਲ ਯਾਦਵ, ਵੱਲਭ ਵਿਆਸ, ਵਿਨੇ ਅਪਟੇ, ਅਨਾਨਿਆ ਖਰੇ, ਉਪਿੰਦਰ ਲਿਮਾਏ, ਵਿਸ਼ਾਲ ਠੱਕਰ, ਮੀਨਾਕਸ਼ੀ ਸਾਹਨੀ, ਅਭੇ ਭਾਰਗਵ।

ਖਾਮੋਸ਼ ਪਾਣੀ (ਪੰਜਾਬੀ, 2003)

ਸਬੀਹਾ ਸਮਰ ਵਲੋਂ ਨਿਰਦੇਸ਼ਤ ਪੰਜਾਬੀ ਦੀ ਬਿਹਤਰੀਨ ਫਿਲਮ ਖਾਮੋਸ਼ ਪਾਣੀ ਇਕ ਅਜਿਹੀ ਸਿੱਖ ਔਰਤ ਦੀ ਕਹਾਣੀ ਹੈ ਜਿਸ ਨੂੰ ਸੰਨ 1947 ਦੇ ਰੌਲਿਆਂ ਵੇਲੇ ਅਗਵਾ ਕਰ ਲਿਆ ਗਿਆ ਸੀ। ਫਿਲਮ ਦਾ ਮੁੱਖ ਸੁਨੇਹਾ ਇਹ ਹੈ ਕਿ ਬੇਸ਼ੱਕ ਸਮਾਜ ਵਿੱਚ ਧਾਰਮਿਕ ਕੱਟੜਵਾਦ ਅਧਾਰਤ ਹਿੰਸਾ ਫੈਲਾਉਣ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਹਨਾਂ ਨੂੰ ਇਸ ਕੱਟੜਵਾਦੀ ਹਿੰਸਾ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈਂਦਾ ਹੈ। ਧਰਮ ਦੇ ਕੱਟੜ ਸਿਪਾਹੀ ਸਮਾਜ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਜੱਦੋਜਹਿਦ ਦੀ ਸ਼ੁਰੂਆਤ ਔਰਤਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੇ ਯਤਨਾਂ ਤੋਂ ਸ਼ੁਰੂ ਕਰਦੇ ਹਨ।

ਮੁੱਖ ਕਲਾਕਾਰ:  ਕਿਰਨ ਖੇਰ, ਆਮਿਰ ਮਲਿਕ, ਨਵਤੇਜ ਜੌਹਰ ਸਿੰਘ, ਸਿ਼ਲਪਾ ਸ਼ੁਕਲਾ, ਅਤੇ ਸਲਮਨ ਸ਼ਾਹਿਦ ਆਦਿ।

ਡੋਰ (ਹਿੰਦੀ, 2006 )

ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ਡੋਰ ਵਿੱਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੀਆਂ ਦੋ ਔਰਤਾਂ ਇਕ ਦੂਸਰੇ ਦੀ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਿਮਾਇਤੀ ਬਣ ਜਾਂਦੀਆਂ ਹਨ ਅਤੇ ਦੁਸ਼ਮਣਾਂ ਤੋਂ ਹਿਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਫਿਲਮ ਅਦਾਕਾਰ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਡੋਰ “ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ ਸਨਮੁੱਖ ਰੱਖਦੀ ਹੈ ਅਤੇ ਮੁਸਲਿਮ ਔਰਤ ਨੂੰ ਵਧੇਰੇ ਬੰਧਨ ਮੁਕਤ ਦਿਖਾਉਂਦੀ ਹੈ, ਸਗੋਂ ਇਸ ਫਿਲਮ ਵਿੱਚ ਇਕ ਜਵਾਨ ਹਿੰਦੂ, ਰਾਜਸਥਾਨੀ ਵਿਧਵਾ ਦਿਖਾਉਣ ਦੀ ਦਲੇਰੀ ਵੀ ਹੈ, ਜੋ ਰੋਂਦੀ ਨਹੀਂ, ਨੱਚਣਾ ਚਾਹੁੰਦੀ ਹੈ, ਸੰਗੀਤ ਸੁਣਨਾ ਚਾਹੁਦੀ ਹੈ ਅਤੇ ਜਿਸ ਲਈ ਪਤੀ ਦੀ ਮੌਤ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ। ਮੌਜੂਦਾ ਢਾਂਚੇ ਦੁਆਰਾ ਖਿੱਚੀਆਂ ਹੱਦਾਂ ਅੰਦਰ ਕੰਮ ਕਰਦੇ ਹੋਏ ਵੀ ਪਿੱਤਰਸੱਤਾ ਵਾਲੇ ਢਾਂਚੇ ਤੋਂ ਬਾਹਰ ਆਉਣ ਦਾ ਫੈਸਲਾ ਕਰਨ ਵਾਲੀਆਂ ਅਜਿਹੀਆਂ ਫਿਲਮਾਂ ਹੀ ਭਵਿੱਖ ਦੇ ਪਾਪੂਲਰ ਸਿਨੇਮਾ ਵਿੱਚ ਔਰਤਾਂ ਦੀ ਰੂਪ-ਰੇਖਾ ਨੂੰ ਪ੍ਰੀਭਾਸਿ਼ਤ ਕਰਨਗੀਆਂ। ਮੈਨੂੰ ਇਹ ਹੀ ਉਮੀਦ ਹੈ।”

ਕਲਾਕਾਰ: ਆਇਸ਼ਾ ਟਾਕਿਆ, ਗੁਲ ਪਨਾਗ, ਸ੍ਰੀਆਸ ਤਲਪਡੇ, ਗਿਰੀਸ਼ ਕਰਨਾਰਡ, ਉਤਾਰਾ ਭਾਵਕਰ, ਅਤੇ ਪ੍ਰਤੀਕਸ਼ਾ ਲੋਨਕਰ।

ਪ੍ਰੋਵੋਕਡ ( ਅੰਗਰੇਜ਼ੀ, 2006)

 ਜੈਗ ਮੂੰਧੜਾ ਵੱਲੋਂ ਨਿਰਦੇਸਿ਼ਤ ਫਿਲਮ ਪ੍ਰੋਵੋਕਡ  ਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਕਿਰਨਜੀਤ ਆਹਲੂਵਾਲੀਆ ਦੇ ਜੀਵਨ ਦੀ ਸੱਚੀ ਕਹਾਣੀ `ਤੇ ਆਧਾਰਿਤ ਹੈ। ਕਿਰਨਜੀਤ ਭਾਰਤੀ ਮੂਲ ਦੇ ਇਕ ਬਰਤਾਨਵੀ ਮਰਦ ਨਾਲ ਵਿਆਹ ਕਰਵਾ ਕੇ 1980 ਦੇ ਨੇੜੇ ਤੇੜੇ ਇੰਗਲੈਂਡ ਪਹੁੰਚਦੀ ਹੈ। ਇਸ ਉਮਰ ਦੀਆਂ ਆਮ ਕੁੜੀਆਂ ਵਾਂਗ ਉਸ ਦੇ ਮਨ ਵਿੱਚ ਵੀ ਵਿਆਹ ਤੋਂ ਬਾਅਦ ਇਕ ਚੰਗਾ ਘਰ ਵਸਾਉਣ ਦੇ ਸੁਫਨੇ ਹਨ। ਪਰ ਇੰਗਲੈਂਡ ਪਹੁੰਚਣ ਬਾਅਦ ਛੇਤੀਂ ਹੀ ਉਸ ਦੇ ਇਹ ਸੁਫਨੇ ਚਕਨਾਚੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਉਸ ਦਾ ਪਤੀ ਉਸ ਨੂੰ ਪਿਆਰ ਅਤੇ ਇੱਜ਼ਤ ਦੇਣ ਦੀ ਥਾਂ ਨਮੋਸ਼ੀ,  ਬੇਵਿਸ਼ਵਾਸੀ, ਧੋਖਾ ਅਤੇ ਮਾਰ ਕੁੱਟ ਦਿੰਦਾ ਹੈ। ਪਤੀ ਲਈ ਕਿਰਨਜੀਤ ਦੀ ਹੋਂਦ ਦਾ ਕੋਈ ਅਰਥ ਨਹੀਂ। ਸਮਾਂ ਪੈਣ ਨਾਲ ਕਿਰਨਜੀਤ ਦੀ ਜ਼ਿੰਦਗੀ ਵਿਚਲੀ ਜ਼ਿੱਲਤ ਅਤੇ ਹਿੰਸਾ ਘਟਣ ਦੀ ਥਾਂ ਵਧਦੀ ਜਾਂਦੀ ਹੈ। ਅਖੀਰ 1989 ਵਿੱਚ ਕਿਰਨਜੀਤ ਆਪਣੇ ਸੁੱਤੇ ਹੋਏ ਪਏ ਪਤੀ ਨੂੰ ਅੱਗ ਲਾ ਦਿੰਦੀ ਹੈ ਅਤੇ ਉਸ ਦੇ ਪਤੀ ਦੀ ਕੁਝ ਦਿਨ ਹਸਪਤਾਲ ਵਿੱਚ ਰਹਿ ਕੇ ਮੌਤ ਹੋ ਜਾਂਦੀ ਹੈ। ਫਿਲਮ ਪ੍ਰੋਵੋਕਡ ਦੀ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ।

ਫਿਲਮ ਵਿੱਚ ਕਿਰਨਜੀਤ ਦੇ ਜੀਵਨ ਵਿਚਲੀ ਹਿੰਸਾ ਦਿਖਾਉਣ ਲਈ ਹਿੰਸਾ ਭਰੇ ਦ੍ਰਿਸ਼ਾਂ ਦੀ ਵਰਤੋਂ ਬਹੁਤ ਸੰਜਮ ਨਾਲ ਕੀਤੀ ਗਈ ਹੈ। ਨਤੀਜੇ ਵਜੋਂ ਦਰਸ਼ਕਾਂ ਨੂੰ ਔਰਤਾਂ ਵਿਰੁੱਧ ਵਾਪਰਦੀ ਪਰਿਵਾਰਕ ਹਿੰਸਾ ਇਕ ਆਮ ਅਤੇ ਕੁਦਰਤੀ ਵਰਤਾਰਾ ਨਹੀਂ ਜਾਪਦੀ ਸਗੋਂ ਇਕ ਅਜਿਹਾ ਵਰਤਾਰਾ ਜਾਪਦੀ ਹੈ ਜਿਸ ਨੂੰ ਨਫਰਤ ਕਰਨੀ ਚਾਹੀਦੀ ਹੈ। ਹਿੰਸਾ ਭਰੇ ਦ੍ਰਿਸ਼ਾਂ ਦੀ ਥਾਂ ਜੇਲ੍ਹ ਵਿੱਚ ਕਿਰਨਜੀਤ ਵੱਲੋਂ ਬੋਲਿਆ ਇਕ ਡਾਇਲਾਗ ਉਸ ਦੇ ਘਰ ਦੇ ਹਿੰਸਾ ਭਰੇ ਵਾਤਾਵਰਣ ਬਾਰੇ ਬਹੁਤ ਵੱਡਾ ਪ੍ਰਗਟਾਵਾ ਕਰ ਜਾਂਦਾ ਹੈ। ਨਾਰੀ ਹੱਕਾਂ ਲਈ ਕੰਮ ਕਰਦੀ ਇਕ ਕਾਰਕੁੰਨ, ਰਾਧਾ, ਕਿਰਨ ਨੂੰ ਜੇਲ੍ਹ ਵਿੱਚ ਮਿਲਣ ਆਈ ਉਸ ਨੂੰ ਪੁੱਛਦੀ ਹੈ ਕਿ ਉਹ ਜੇਲ੍ਹ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ। ਕਿਰਨਜੀਤ ਜੁਆਬ ਦਿੰਦੀ ਹੈ, “ਮੈਂ ਅਜ਼ਾਦ ਮਹਿਸੂਸ ਕਰ ਰਹੀ ਹਾਂ।”  

ਫਿਲਮ ਵਿੱਚ ਇੰਗਲੈਂਡ ਦੇ ਨਿਆਂ ਪ੍ਰਬੰਧ ਉੱਪਰ ਵੀ ਆਲੋਚਨਾਤਮਕ ਰੌਸ਼ਨੀ ਪਾਈ ਗਈ ਹੈ ਅਤੇ ਇਹ ਦਿਖਾਉਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਉਹ ਔਰਤਾਂ ਇੰਗਲੈਂਡ ਦੇ ਨਿਆਂ ਪ੍ਰਬੰਧ ਵਿੱਚ ਦੁਹਰੇ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਜਿਹਨਾਂ ਦਾ ਸਭਿਆਚਾਰ ਐਂਗਲੋ ਸੈਕਸਨ ਸਭਿਆਚਾਰ ਨਾਲੋਂ ਵੱਖਰਾ ਹੈ।  

ਫਿਲਮ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੇਸ਼ੱਕ ਪੰਜਾਬੀ ਸਭਿਆਚਾਰ ਘਰਾਂ ਵਿੱਚ ਔਰਤਾਂ ਪ੍ਰਤੀ ਹੁੰਦੀ ਹਿੰਸਾ ਦਾ ਸਮਰਥਨ ਨਾ ਵੀ ਕਰਦਾ ਹੋਵੇ ਫਿਰ ਵੀ ਪੰਜਾਬੀ ਲੋਕ (ਪਰਿਵਾਰ ਦੇ ਮੈਂਬਰ ਅਤੇ ਦੂਸਰੇ) ਇਸ ਹਿੰਸਾ ਨੂੰ ਦੇਖ ਕੇ ਅਣਗੌਲ੍ਹਿਆਂ ਜ਼ਰੂਰ ਕਰ ਦਿੰਦੇ ਹਨ, ਜਿਸ ਕਾਰਨ ਇਸ ਦਾ ਵਾਪਰਨਾ ਜਾਰੀ ਰਹਿੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਮ, ਪਰਿਵਾਰਕ ਇੱਜ਼ਤ ਆਦਿ ਗੱਲਾਂ ਕਰ ਕੇ ਪੰਜਾਬੀ ਔਰਤਾਂ ਇਸ ਹਿੰਸਾ ਬਾਰੇ ਬਾਹਰ ਗੱਲ ਨਹੀਂ ਕਰਦੀਆਂ। ਨਤੀਜੇ ਵਜੋਂ ਇਹ ਹਿੰਸਾ ਕਰਨ ਵਾਲੇ ਪੰਜਾਬੀ ਮਰਦ ਬਿਨਾਂ ਕਿਸੇ ਡਰ-ਭਉ ਦੇ ਹਿੰਸਾ ਕਰਨਾ ਜਾਰੀ ਰੱਖਦੇ ਹਨ। ਫਿਲਮ ਦੇ ਅਖੀਰ ਵਿੱਚ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਈ ਕਿਰਨਜੀਤ ਦੇ ਇਹ ਸੰਬਦ “ਜ਼ਿੰਦਗੀ ਵਿੱਚ ਚੁੱਪ ਚਾਪ (ਜ਼ੁਲਮ) ਸਹੀ ਜਾਣ ਵਿੱਚ ਕੋਈ ਇੱਜ਼ਤ ਨਹੀਂ…” ਪੰਜਾਬੀ ਸਭਿਆਚਾਰ ਦੀ ਇਸ ਧਾਰਨਾ ਨੂੰ ਚੁਣੌਤੀ ਦੇਣ ਦੀ ਅਪੀਲ ਕਰਦੇ ਹਨ।

ਮੁੱਖ ਕਲਾਕਾਰ:  ਐਸ਼ਵਾਰਿਆ ਰਾਏ, ਨਵੀਨ ਐਂਡਰਿਊ, ਮਿਰਾਂਡਾ ਰਿਚਰਡਸਨ ਅਤੇ ਹੋਰ।

ਬਵੰਡਰ ( ਹਿੰਦੀ, 2011)

ਨਿਰਦੇਸ਼ਕ ਜਗਮੋਹਨ ਮੂੰਧੜਾ ਦੀ ਫਿਲਮ ਬਵੰਡਰ ਰਾਜਸਥਾਨ ਵਿੱਚ ਗੈਂਗ ਰੇਪ ਦਾ ਸ਼ਿਕਾਰ ਹੋਈ ਇਕ ਔਰਤ ਬਨਵਾਰੀ ਦੇਵੀ ਦੀ ਸੱਚੀ ਕਹਾਣੀ `ਤੇ ਆਧਾਰਤ ਹੈ। ਫਿਲਮ ਵਿੱਚ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਸਾਂਵਰੀ ਦੇਵੀ ਇਕ ਪਿੰਡ ਵਿੱਚ ਸਰਕਾਰ ਵਲੋਂ ਚਲਾਏ ਜਾਂਦੇ ਔਰਤ ਵਿਕਾਸ ਦੇ ਪ੍ਰੋਜੈਕਟ ਵਿੱਚ ਕੰਮ ਕਰਦੀ ਹੈ। ਆਪਣੇ ਇਸ ਕੰਮ ਦੌਰਾਨ ਉਹ ਪਿੰਡ ਦੀਆਂ ਔਰਤਾਂ ਨੂੰ ਬੱਚਿਆਂ ਦੇ ਛੋਟੀ ਉਮਰ ਵਿੱਚ ਕੀਤੇ ਜਾਂਦੇ ਵਿਆਹਾਂ ਅਤੇ ਔਰਤਾਂ ਦੇ ਸ਼ੋਸ਼ਣ ਬਾਰੇ ਜਾਗਰੂਕ ਕਰਦੀ ਹੈ। ਪਿੰਡ ਦੀ ਪੰਚਾਇਤ ਦੇ ਗੁੱਜਰ ਜਾਤੀ (ਅਖੌਤੀ ਉੱਚੀ ਜਾਤੀ) ਦੇ ਮੈਂਬਰਾਂ ਨੂੰ ਉਸ ਵਲੋਂ ਕੀਤਾ ਜਾਂਦਾ ਇਹ ਕੰਮ ਪਸੰਦ ਨਹੀਂ। ਉਹ ਉਸ ਨੂੰ ਰੋਕਣ ਲਈ ਸਾਂਵਰੀ ਦੇਵੀ ਅਤੇ ਉਸ ਦੇ ਪਰਿਵਾਰ ਵਿਰੁੱਧ ਸਮਾਜਕ ਅਤੇ ਆਰਥਿਕ ਬਾਈਕਾਟ ਦਾ ਹੁਕਮ ਜਾਰੀ ਕਰਦੇ ਹਨ। ਜਦੋਂ ਸਾਂਵਰੀ ਦੇਵੀ ਪਿੰਡ ਵਿੱਚ ਇਕ ਗੁੱਜਰ ਪਰਿਵਾਰ ਵਿੱਚ ਹੋ ਰਹੇ ਬਾਲ ਵਿਆਹ ਬਾਰੇ ਪੁਲੀਸ ਨੂੰ ਸੂਚਨਾ ਦਿੰਦੀ ਹੈ ਤਾਂ ਉਸ ਨੂੰ ਸਬਕ ਸਿਖਾਉਣ ਲਈ ਉਸ ਗੁੱਜਰ ਪਰਿਵਾਰ ਦੇ ਮੈਂਬਰਾਂ ਵਲੋਂ ਉਸ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ।

ਗੈਂਗ ਰੇਪ ਤੋਂ ਬਾਅਦ ਸਾਂਵਰੀ ਚੁੱਪ ਕਰ ਕੇ ਨਹੀਂ ਬਹਿੰਦੀ ਸਗੋਂ ਆਪਣੇ ਵਿਰੁੱਧ ਹੋਏ ਇਸ ਜੁਰਮ ਲਈ ਇਨਸਾਫ ਲੈਣ ਲਈ ਲੜਾਈ ਸ਼ੁਰੂ ਕਰਦੀ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਲੜਾਈ ਨੂੰ ਜਾਰੀ ਰੱਖਦੀ ਹੈ। ਆਪਣੇ ਲਈ ਇਨਸਾਫ ਲੈਣ ਦੀ ਲੜਾਈ ਵਿੱਚ ਉਸ ਵੱਲੋਂ ਵਿਖਾਈ ਗਈ ਇਹ ਦ੍ਰਿੜਤਾ ਬੇਇਨਸਾਫੀ ਵਿਰੁੱਧ ਲੜਾਈ ਲੜ ਰਹੇ ਹੋਰ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣ ਸਕਦੀ ਹੈ।

ਕਲਾਕਾਰ: ਦੀਪਤੀ ਨਵਲ, ਨੰਦੀਤਾ ਦਾਸ, ਰਘੁਬੀਰ ਯਾਦਵ, ਰਾਹੁਲ ਖੰਨਾ ਆਦਿ। ***
ਲੇਖਕ ਦਾ ਬਲਾਗ: www.sukhwanthundal.wordpress.com

ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ - ਸੁਖਵੰਤ ਹੁੰਦਲ

12 ਜੁਲਾਈ ਨੂੰ ਵਿਰਜਨ ਗਲੈਕਟਿਕ ਦੇ ਮਾਲਕ ਰਿਚਰਡ ਬਰੈਨਸਨ ਨੇ ਅਤੇ ਫਿਰ 20 ਜੁਲਾਈ ਨੂੰ ਬਲੂ ਓਰੀਜਨ ਦੇ ਮਾਲਕ ਜੈੱਫ ਬੈਜ਼ੋ ਨੇ ਆਪਣੀ ਆਪਣੀ ਕੰਪਨੀ ਦੇ ਰਾਕਟਾਂ `ਤੇ ਪੁਲਾੜ ਵਿੱਚ ਉਡਾਣਾਂ ਭਰੀਆਂ ਹਨ। ਰਿਚਰਡ ਬਰੈਨਸਨ ਸਮੁੰਦਰ ਦੇ ਤਲ ਤੋਂ 53.5 ਮੀਲ ਦੀ ਉਚਾਈ ਤੱਕ ਗਿਆ ਹੈ। ਇਹ ਉਚਾਈ ਉਸ ਉਚਾਈ ਤੋਂ ਸਾਢੇ-ਤਿੰਨ ਮੀਲ ਉੱਪਰ ਹੈ ਜਿਸ ਨੂੰ ਨਾਸਾ (ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਿਨਸਟ੍ਰੇਸ਼ਨ) ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਉੱਪਰ ਜਾ ਕੇ ਬਰੈਨਸਨ ਅਤੇ ਉਸ ਦੇ ਸਾਥੀਆਂ ਨੇ ਤਿੰਨ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਉਸ ਉਚਾਈ ਤੋਂ ਆਲੇ ਦੁਆਲੇ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ। ਜੈੱਫ ਬੈਜ਼ੋ ਸਮੁੰਦਰ ਦੇ ਤਲ ਤੋਂ 66 ਕੁ ਮੀਲ ਦੀ ਉਚਾਈ ਤੱਕ ਗਿਆ। ਇਹ ਉਚਾਈ ਉਸ ਉਚਾਈ ਤੋਂ ਕੁੱਝ ਕੁ ਮੀਲ ਉੱਪਰ ਹੈ ਜਿਸ ਨੂੰ ਵਰਲਡ ਏਅਰ ਸਪੋਰਟਸ ਫੈਡਰੇਸ਼ਨ ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਇਸ ਉਚਾਈ `ਤੇ ਜਾ ਕੇ ਬੈਜ਼ੋ ਅਤੇ ਉਸ ਦੇ ਸਾਥੀਆਂ ਨੇ ਵੀ ਤਿੰਨ ਕੁ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਆਲੇ ਦੁਆਲੇ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣਿਆ।

ਇਹਨਾਂ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਬਰੈਨਸਨ, ਬੈਜ਼ੋ ਅਤੇ ਉਹਨਾਂ ਦੀ ਇਸ ਪ੍ਰਾਪਤੀ `ਤੇ ਤਾੜੀਆਂ ਮਾਰਨ ਵਾਲੇ ਲੋਕਾਂ ਨੇ ਬਿਆਨ ਦਿੱਤੇ ਹਨ ਕਿ ਇਹਨਾਂ ਉਡਾਣਾਂ ਨਾਲ ਪੁਲਾੜ ਦੀ ਯਾਤਰਾ ਵਿੱਚ ਇਕ "ਨਵੇਂ ਯੁੱਗ" ਦੀ ਸ਼ੁਰੂਆਤ ਹੋ ਗਈ ਹੈ। ਇਹ ਨਵਾਂ ਯੁੱਗ ਮਨੁੱਖਤਾ ਲਈ ਬਹੁਤ ਸਾਰੇ ਫਾਇਦੇ ਲੈ ਕੇ ਆਵੇਗਾ। ਬਰੈਨਸਨ, ਬੈਜ਼ੋ ਅਤੇ ਐਲਨ ਮਸਕ ਦੀਆਂ ਕੰਪਨੀਆਂ ਵਲੋਂ ਵਿਕਸਤ ਕੀਤੀ ਜਾ ਰਹੀ ਤਕਨੌਲੌਜੀ ਪੁਲਾੜ ਤਕਨੌਲੌਜੀ ਵਿੱਚ ਸੁਧਾਰ ਕਰੇਗੀ। ਇਸ ਨਾਲ ਪੁਲਾੜ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਇਹ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿੱਚ ਆ ਜਾਵੇਗਾ। ਪੁਲਾੜ ਵਿੱਚ ਖਣਿਜ ਪਦਾਰਥਾਂ ਦੇ ਬਹੁਤ ਵੱਡੇ ਭੰਡਾਰ ਹਨ ਅਤੇ ਸਾਨੂੰ ਉਨ੍ਹਾਂ ਨੂੰ ਕੱਢਣ (ਮਾਈਨ ਕਰਨ) ਦੇ ਮੌਕੇ ਮਿਲਣਗੇ। ਅਸੀਂ ਭਵਿੱਖ ਵਿੱਚ ਖਾਣਾਂ `ਚੋਂ ਖਣਿਜ ਕੱਢਣ ਦੇ ਕਾਰਜ ਅਤੇ ਭਾਰੀ ਸਨਅਤ (ਹੈਵੀ ਇੰਡਸਟਰੀ) ਨੂੰ ਪੁਲਾੜ ਵਿੱਚ ਲੈ ਜਾਵਾਂਗੇ, ਜਿਸ ਨਾਲ ਧਰਤੀ ਤੋਂ ਪ੍ਰਦੂਸ਼ਨ ਘਟੇਗਾ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਵਰਗੀਆਂ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।

ਦੂਸਰੇ ਪਾਸੇ ਇਹਨਾਂ ਉਡਾਣਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਲੋਕ ਇਹਨਾਂ ਉਡਾਣਾਂ ਦੀ ਕਾਮਯਾਬੀ `ਤੇ ਤਾੜੀਆਂ ਮਾਰਨ ਦੀ ਥਾਂ ਇਹਨਾਂ ਉਡਾਣਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਖਰਬਾਂਪਤੀ ਅੱਜ ਪੁਲਾੜ ਦੀ ਹੇਠਲੀ ਹੱਦ ਤੱਕ ਇਸ ਲਈ ਜਾ ਸਕੇ ਹਨ, ਕਿਉਂਕਿ ਪਿਛਲੇ 60-70 ਸਾਲਾਂ ਦੇ ਸਮੇਂ ਦੌਰਾਨ ਸਰਕਾਰਾਂ ਵਲੋਂ ਖਰਚੇ ਕਰਕੇ ਪੁਲਾੜ ਨਾਲ ਸੰਬੰਧਿਤ ਇਕ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਸੀ, ਜਿਹੜੀ ਤਕਨੌਲੌਜੀ ਦੇ ਘਨੇੜੀ ਚੜ੍ਹ ਕੇ ਇਹ ਖਰਬਾਂਪਤੀ ਪੁਲਾੜ ਵਿੱਚ ਪਹੁੰਚੇ ਹਨ, ਉਹ ਪਹਿਲਾਂ ਹੀ ਸਰਕਾਰੀ ਖਰਚੇ `ਤੇ ਤਿਆਰ ਹੋ ਚੁੱਕੀ ਸੀ। ਪੁਲਾੜ ਦੇ ਸੈਰ ਸਪਾਟੇ ਲਈ ਇਹ ਜਿਹੜੀ ਦੌੜ ਸ਼ੁਰੂ ਹੋਈ ਹੈ, ਇਸ ਦੇ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਆਲਮੀ ਤਪਸ਼ (ਗਲੋਬਲ ਵਾਰਮਿੰਗ) `ਤੇ ਕੀ ਅਸਰ ਪਏਗਾ? ਪੁਲਾੜ ਵਿੱਚ ਮਾਈਨਿੰਗ ਦੇ ਕਾਰਜ ਨਾਲ ਕਿਸ ਤਰ੍ਹਾਂ ਦਾ ਪ੍ਰਦੂਸ਼ਨ ਫੈਲੇਗਾ? ਸਾਨੂੰ ਇਨ੍ਹਾਂ ਸਵਾਲ `ਤੇ ਗੌਰ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਪੁਲਾੜ ਨੂੰ ਸਾਰੀ ਮਨੁੱਖਤਾ ਦੀ ਸਾਂਝੀ ਮਲਕੀਅਤ ਮੰਨਿਆ ਗਿਆ ਹੈ। ਹੁਣ ਜਦੋਂ ਪ੍ਰਾਈਵੇਟ ਕਾਰਪੋਰੇਸ਼ਨਾਂ ਪੁਲਾੜ `ਤੇ ਮਾਈਨਿੰਗ ਕਰਨ ਅਤੇ ਬਸਤੀਆਂ ਵਸਾਉਣ ਦੀ ਗੱਲ ਕਰ ਰਹੀਆਂ ਹਨ, ਤਾਂ ਇਸ ਨਾਲ 'ਪੁਲਾੜ ਮਨੁੱਖਤਾ ਦੀ ਸਾਂਝੀ ਮਲਕੀਅਤ ਹੈ' ਦੇ ਦਾਅਵੇ `ਤੇ ਕੀ ਅਸਰ ਪਏਗਾ?  ਇਹ ਲੋਕ ਇਹ ਗੱਲ ਤਾਂ ਮੰਨਦੇ ਹਨ ਕਿ ਪ੍ਰਾਈਵੇਟ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਨਾਲ ਸੰਬੰਧਿਤ ਇਨ੍ਹਾਂ ਸਰਗਰਮੀਆਂ ਨਾਲ ਇਕ 'ਨਵੇਂ ਯੁੱਗ' ਦੀ ਸ਼ੁਰੂਆਤ ਹੋ ਰਹੀ ਹੈ, ਪਰ ਇਸ 'ਨਵੇਂ ਯੁੱਗ' ਦਾ ਨਤੀਜਾ ਸਮੁੱਚੀ ਮਨੱੁਖਤਾ ਦੀ ਭਲਾਈ ਵਿੱਚ ਨਿਕਲੇ, ਇਸ ਬਾਰੇ ਉਹ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।     

ਇਹਨਾਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਸੀਂ ਪੁਲਾੜ ਨਾਲ ਸੰਬੰਧਿਤ ਇਹਨਾਂ ਸਰਗਰਮੀਆਂ ਨਾਲ ਜੁੜੇ ਕੁੱਝ ਪੱਖਾਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੀ ਗੱਲ ਪੁਲਾੜ ਦੇ ਸੈਰ ਸਪਾਟੇ ਬਾਰੇ ਕਰਦੇ ਹਾਂ। ਪੁਲਾੜ ਦੀ ਸੈਰ ਬਾਰੇ ਤਿੰਨ ਤਰ੍ਹਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਵਿੱਚ ਪੁਲਾੜ ਦੀ ਹੇਠਲੀ ਹੱਦ ਤੱਕ ਰਾਕਟ ਦੇ ਝੂਟੇ ਬਾਰੇ ਕਿਹਾ ਜਾ ਰਿਹਾ ਹੈ ਜਿਸ ਤਰ੍ਹਾਂ ਰਿਚਰਡ ਬਰੈਨਸਨ ਅਤੇ ਜੈੱਫ ਬੈਜ਼ੋ ਨੇ ਕੀਤਾ ਹੈ। ਇਸ ਝੂਟੇ ਦੀ ਕੀਮਤ ਪ੍ਰਤੀ ਵਿਅਕਤੀ  2 ਤੋਂ 3 ਲੱਖ ਡਾਲਰ ਵਿਚਕਾਰ ਦੱਸੀ ਜਾ ਰਹੀ ਹੈ। ਦੂਸਰੀ ਪੇਸ਼ਕਸ਼ ਵਿੱਚ ਧਰਤੀ ਦੇ ਆਰਬਿਟ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵਿੱਚ ਜਾਣ ਵਾਲੇ ਲੋਕ ਧਰਤੀ ਦੇ ਆਰਬਿਟ ਵਿੱਚ ਕੁੱਝ ਦਿਨ ਲੰਘਾਉਣਗੇ। ਇਸ ਦਾ ਟੈਸਟ ਕਰਨ ਲਈ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਇਸ ਸਾਲ ਦੇ ਸਤੰਬਰ ਵਿੱਚ ਉਡਾਣ ਭਰੇਗੀ। ਇਸ ਤੋਂ ਬਿਨਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਦਾ ਪ੍ਰਾਈਵੇਟ ਟ੍ਰਿਪ ਵੀ ਪੇਸ਼ ਕਰੇਗੀ ਅਤੇ ਚੰਦ ਦੁਆਲੇ ਗੇੜਾ ਕੱਢਣ ਦਾ ਵੀ। ਇਸ ਉਡਾਣ `ਤੇ ਜਾਣ ਦਾ ਖਰਚਾ ਲੱਖਾਂ-ਤੋਂ ਕ੍ਰੋੜਾਂ ਡਾਲਰਾਂ ਵਿਚਕਾਰ ਹੋਵੇਗਾ। ਉਦਾਹਰਨ ਲਈ ਸੰਨ 2001 ਵਿੱਚ ਇਕ ਅਮਰੀਕਨ ਬਿਜ਼ਨਿਸਮੈਨ ਡੈਨਿਸ ਟੀਟੋ ਨੇ ਸਪੇਸ ਐਡਵੈਂਚਰ ਕੰਪਨੀ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ `ਤੇ ਜਾਣ ਲਈ 2 ਕ੍ਰੋੜ (20 ਮਿਲੀਅਨ) ਡਾਲਰ ਦੇ ਕਰੀਬ ਪੈਸੇ ਦਿੱਤੇ ਸਨ। ਸਪੇਸ ਐਡਵੈਂਚਰ ਨੇ ਉਸ ਸਮੇਂ ਰੂਸੀ ਸਪੇਸ ਏਜੰਸੀ ਰੌਸਕੌਸਮੋਸ ਦੇ ਰੌਕਟ `ਤੇ ਟੀਟੋ ਨੂੰ ਸਪੇਸ ਸਟੇਸ਼ਨ ਵਿੱਚ ਭੇਜਿਆ ਸੀ। ਉਸ ਤੋਂ ਬਾਅਦ ਸਪੇਸ ਐਡਵੈਂਚਰ 6 ਹੋਰ ਲੋਕਾਂ ਨੂੰ ਸਪੇਸ ਸਟੇਸ਼ਨ ਤੱਕ ਲੈ ਕੇ ਗਈ ਸੀ ਅਤੇ ਇਨ੍ਹਾਂ ਸਾਰਿਆਂ ਨੇ ਆਪਣੇ ਆਪਣੇ ਟ੍ਰਿੱਪ ਲਈ 2 ਕ੍ਰੋੜ (20 ਮਿਲੀਅਨ) ਤੋਂ ਲੈ ਕੇ 4 ਕ੍ਰੋੜ (40 ਮਿਲੀਅਨ) ਡਾਲਰ ਤੱਕ ਕੀਮਤ ਦਿੱਤੀ ਸੀ। ਕੁੱਝ ਸਾਲ ਪਹਿਲਾਂ ਅਮਰੀਕਾ ਦੀ ਸਿਲੀਕੌਨ ਵੈਲੀ ਵਿਚਲੀ ਇਕ ਕੰਪਨੀ ਓਰੀਅਨ ਸਪੈਨ ਨੇ ਪੁਲਾੜ ਯਾਤਰਾ ਬਾਰੇ ਆਪਣੀਆਂ ਯੋਜਨਾਵਾਂ ਦਸਦਿਆਂ ਦਾਅਵਾ ਕੀਤਾ ਸੀ ਕਿ ਉਹ ਬਹੁਤ ਛੇਤੀ ਧਰਤੀ ਤੋਂ 200 ਮੀਲ ਦੀ ਉਚਾਈ ਉੱਤੇ ਇਕ ਅਰੋਰਾ ਨਾਂ ਦਾ ਸਪੇਸ ਸਟੇਸ਼ਨ ਸਥਾਪਤ ਕਰੇਗੀ। ਕੰਪਨੀ ਅਨੁਸਾਰ ਇਹ ਸਪੇਸ ਸਟੇਸ਼ਨ ਇਕ 'ਲਗਜ਼ਰੀ ਹੋਟਲ' ਵਰਗਾ ਹੋਵੇਗਾ। ਇਸ ਸਟੇਸ਼ਨ `ਤੇ ਜਾਣ ਲਈ ਕੰਪਨੀ 12 ਦਿਨਾਂ ਦੇ ਇਕ ਟ੍ਰਿੱਪ ਦਾ ਪੈਕੇਜ ਦੇਵੇਗੀ, ਜਿਸ ਦੀ ਕੀਮਤ 95 ਲੱਖ (9.5 ਮਿਲੀਅਨ) ਡਾਲਰ ਹੋਵੇਗੀ। ਉਨ੍ਹਾਂ ਦੇ ਇਸ ਦਾਅਵੇ ਬਾਰੇ ਬਹੁਤ ਸਾਰੇ ਲੋਕਾਂ ਨੇ ਸ਼ੰਕਾ ਜ਼ਾਹਰ ਕੀਤਾ ਸੀ ਕਿ 95 ਲੱਖ ਡਾਲਰ ਵਿੱਚ ਇਕ ਵਿਅਕਤੀ ਨੂੰ 12 ਦਿਨਾਂ ਲਈ ਪੁਲਾੜ ਵਿੱਚ ਰੱਖਣਾ ਸੰਭਵ ਨਹੀਂ ਹੈ। ਫਿਰ ਵੀ ਉਨ੍ਹਾਂ ਦਾ ਦਾਅਵਾ, ਸਾਨੂੰ ਧਰਤੀ ਦੇ ਆਰਬਿਟ ਤੱਕ ਪੁਲਾੜ ਯਾਤਰਾਵਾਂ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਜ਼ਰੂਰ ਕਰਵਾ ਦਿੰਦਾ ਹੈ। ਪੁਲਾੜ ਯਾਤਰਾ ਬਾਰੇ ਤੀਜੀ ਪੇਸ਼ਕਸ਼ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਗਾਂਹ ਪੁਲਾੜ ਦੇ ਧੁਰ ਅੰਦਰ ਚੰਦ ਤੱਕ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਪੁਲਾੜ ਦੀ ਇਸ ਤਰ੍ਹਾਂ ਦੀ ਯਾਤਰਾ ਦੀ ਪੇਸ਼ਕਸ਼ ਕਰਨ ਵਾਲੀ ਇਕ ਕੰਪਨੀ ਸਪੇਸ ਐਡਵੈਂਚਰ ਦਾ ਕਹਿਣਾ ਹੈ ਕਿ ਉਹ ਇਸ ਯਾਤਰਾ ਦੀ ਪਹਿਲੀ ਉਡਾਣ  ਲਈ 15-15 ਕ੍ਰੋੜ (150-150 ਮਿਲੀਅਨ) ਡਾਲਰ ਦੀਆਂ ਦੋ ਟਿਕਟਾਂ ਵੇਚ ਚੁੱਕੀ ਹੈ।

ਜੁਲਾਈ ਵਿੱਚ ਭਰੀਆਂ ਗਈਆਂ ਉਡਾਣਾਂ ਤੋਂ ਬਾਅਦ ਆ ਰਹੀਆਂ ਖਬਰਾਂ ਅਨੁਸਾਰ ਉਪ੍ਰੋਕਤ ਬਿਆਨੀ ਪਹਿਲੀ ਤਰ੍ਹਾਂ ਦੀ ਯਾਤਰਾ ਲਈ ਲੋਕ ਟਿਕਟਾਂ ਖ੍ਰੀਦ ਰਹੇ ਹਨ। ਵਿਰਜਨ ਗਲੈਕਟਿਕ ਦੇ ਸੀ ਈ ਓ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੰਪਨੀ ਕੋਲੋਂ 2.5 ਲੱਖ ਡਾਲਰ ਪ੍ਰਤੀ ਟਿਕਟ ਦੇ ਹਿਸਾਬ ਨਾਲ 600 ਲੋਕਾਂ ਨੇ ਟਿਕਟਾਂ ਖ੍ਰੀਦੀਆਂ ਹੋਈਆਂ ਹਨ। ਉਹ ਦੋ ਹੋਰ ਟੈਸਟ ਉਡਾਣਾਂ ਭਰਨਗੇ ਅਤੇ 2022 ਵਿੱਚ ਰੈਗੂਲਰ ਕਮਰਸ਼ੀਅਲ ਫਲਾਈਟਾਂ ਸ਼ੁਰੂ ਕਰਨਗੇ। ਇਸ ਸਮੇਂ ਉਹਨਾਂ ਦਾ ਇਰਾਦਾ ਸਾਲ ਵਿੱਚ 400 ਫਲਾਈਟਾਂ ਸ਼ੁਰੂ ਕਰਨ ਦਾ ਹੈ। ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੂਜੀਆਂ ਕੰਪਨੀਆਂ ਵੀ ਆਪਣੀਆਂ ਕਮਰਸ਼ੀਅਲ ਫਲਾਈਟਾਂ ਛੇਤੀ ਹੀ ਸ਼ੁਰੂ ਕਰਨਗੀਆਂ। ਸਾਰੀਆਂ ਕੰਪਨੀਆਂ ਵੱਲੋਂ ਸਾਲ ਵਿੱਚ ਕੁੱਲ ਕਿੰਨੀਆਂ ਫਲਾਈਟਾਂ ਚਲਾਈਆਂ ਜਾਣਗੀਆਂ, ਅਤੇ ਸਪੇਸ ਟੂਰਿਜ਼ਮ ਇੰਡਸਟਰੀ ਕਿੰਨੀ ਕੁ ਹੱਦ ਤੱਕ ਅਤੇ ਕਿੰਨੀ ਕੁ ਤੇਜ਼ੀ ਨਾਲ ਵਧੇਗੀ, ਇਸ ਸਮੇਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ। ਪਰ ਇਕ ਅੰਦਾਜ਼ੇ ਅਨੁਸਾਰ ਅਗਲੇ ਦਹਾਕੇ ਦੌਰਾਨ ਸਪੇਸ ਟੂਰਿਜ਼ਮ ਇੰਡਸਟਰੀ ਵਿੱਚ ਹਰ ਸਾਲ 17.15 ਫੀਸਦੀ ਦਾ ਵਾਧਾ ਹੋਵੇਗਾ ਅਤੇ ਸੰਨ 2031 ਤੱਕ ਇਹ ਇੰਡਸਟਰੀ 2.58 ਅਰਬ (ਬਿਲੀਅਨ) ਡਾਲਰ ਸਾਲਾਨਾ ਦੀ ਸਨਅਤ ਤੱਕ ਪਹੁੰਚ ਜਾਵੇਗੀ।

ਜੇ ਅਸੀਂ ਵੱਖ ਵੱਖ ਪੁਲਾੜ ਯਾਤਰਾਵਾਂ ਦੀਆਂ ਕੀਮਤਾਂ ਨੂੰ ਦੇਖੀਏ ਤਾਂ ਇਹ ਗੱਲ ਸਪਸ਼ਟਤਾ ਨਾਲ ਕਹਿ ਸਕਦੇ ਹਾਂ ਕਿ ਇਹ ਯਾਤਰਾਵਾਂ ਆਮ ਬੰਦੇ ਲਈ ਨਹੀਂ ਸਗੋਂ ਅਰਬਾਂ/ਖਰਬਾਂ ਪਤੀਆਂ ਲਈ ਹਨ। ਇਹ ਦੇਖਦਿਆਂ ਕੁੱਝ ਲੋਕਾਂ ਦੇ ਮਨ ਵਿੱਚ ਖਿਆਲ ਆ ਸਕਦਾ ਹੈ ਕਿ ਇਹ ਅਮੀਰਾਂ ਦੀਆਂ ਖੇਡਾਂ ਹਨ ਜਾਂ ਅਮੀਰਾਂ ਵੱਲੋਂ ਆਪਣੀ ਦੌਲਤ ਦਾ ਭੱਦਾ ਵਿਖਾਵਾ ਹੈ, ਇਸ ਲਈ ਆਮ ਬੰਦੇ ਦਾ ਇਸ ਨਾਲ ਕੀ ਸੰਬੰਧ। ਉਹ ਇਸ ਬਾਰੇ ਕਿਉਂ ਸੋਚੇ? ਪਰ ਇਸ ਵਰਤਾਰੇ ਨੂੰ ਆਲੋਚਨਾਤਮਕ ਨਜ਼ਰੀਏ ਨਾਲ ਦੇਖਣ ਵਾਲੇ ਲੋਕ ਇਹ ਗੱਲ ਉਭਾਰ ਰਹੇ ਹਨ ਕਿ ਬੇਸ਼ੱਕ ਪੁਲਾੜ ਸੈਰ-ਸਪਾਟੇ ਦੀ ਇਹ ਖੇਡ ਦੇਖਣ ਨੂੰ ਕੁੱਝ ਅਰਬਾਂ/ਖਰਬਾਂ ਪਤੀਆਂ ਦੀ ਹੀ ਖੇਡ ਲੱਗੇ, ਪਰ ਇਸ ਤੋਂ ਨਿਕਲਣ ਵਾਲੇ ਨਤੀਜੇ ਆਮ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਉਦਾਹਰਨ ਲਈ ਉਹ ਇਹਨਾਂ ਯਾਤਰਵਾਂ ਕਾਰਨ ਵਾਤਾਵਰਨ ਨੂੰ ਨੁਕਸਾਨ, ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧੇ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਵਿੱਚ ਵਾਪਰਨ ਵਾਲੀਆਂ ਬਦਤਰ ਸੰਭਾਵਨਾਵਾਂ ਵੱਲ ਧਿਆਨ ਦਿਵਾਾ ਰਹੇ ਹਨ। ਵਾਤਾਵਰਨ ਨਾਲ ਸੰਬੰਧਿਤ ਇਹ ਤਬਦੀਲੀਆਂ ਵਿਸ਼ਵ ਪੱਧਰ `ਤੇ ਗਰਮੀ ਦੀਆਂ ਲਹਿਰਾਂ, ਸੋਕਿਆਂ, ਹੜਾਂ, ਜੰਗਲਾਂ ਦੀਆਂ ਅੱਗਾਂ ਆਦਿ ਵਰਗੀਆਂ ਕੁਦਰਤੀ ਆਫਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੇ ਜੀਵਨ ਨੂੰ ਹੋਰ ਬਦਤਰ ਬਣਾ ਸਕਦੀਆਂ ਹਨ।

ਇਹ ਨਵਾਂ ਸ਼ੁਰੂ ਹੋਇਆ ਪੁਲਾੜ ਮੁਕਾਬਲਾ ਵਾਤਾਵਰਨ `ਤੇ ਕਿਸ ਤਰ੍ਹਾਂ ਅਸਰ ਪਾ ਸਕਦਾ ਹੈ, ਇਸ ਬਾਰੇ 19 ਜੁਲਾਈ ਦੇ ਗਾਰਡੀਅਨ ਵਿੱਚ ਇਕ ਆਰਟੀਕਲ ਛਪਿਆ ਹੈ ਜਿਸ ਦਾ ਨਾਂ ਹੈ "ਖਰਬਾਂਪਤੀਆਂ ਦਾ ਇਹ ਪੁਲਾੜ ਮੁਕਾਬਲਾ ਕਿਸ ਤਰ੍ਹਾਂ ਪ੍ਰਦੂਸ਼ਨ ਲਈ ਇਕ ਵੱਡੀ ਪੁਲਾਂਘ ਹੋਵੇਗਾ"। ਇਸ ਆਰਟੀਕਲ ਵਿੱਚ ਬਾਲਣ (ਫਿਊਲ) ਅਤੇ ਇੰਡਸਟਰੀ ਕਾਰਨ ਵਾਯੂਮੰਡਲ `ਤੇ ਪੈਂਦੇ ਅਸਰਾਂ ਦਾ ਅਧਿਐਨ ਕਰਨ ਵਾਲੀ  ਯੂਨੀਵਰਸਿਟੀ ਕਾਲਜ ਲੰਡਨ ਵਿੱਚ ਐਸੌਸੀਏਟਿਡ ਪ੍ਰੋਫੈਸਰ ਐਲੋਈਜ਼ ਮਾਰੇਅ ਪੁਲਾੜ ਦੀਆਂ ਉਡਾਣਾਂ ਕਾਰਨ ਵਾਤਾਵਰਨ `ਤੇ ਪੈਣ ਵਾਲੇ ਅਸਰਾਂ ਬਾਰੇ ਦਸਦੀ ਹੈ। ਉਸ ਅਨੁਸਾਰ ਸਪੇਸ ਐਕਸ ਦੇ ਫਾਲਕਨ 9 ਰਾਕਟ ਬਾਲਣ (ਫਿਊਲ) ਲਈ ਕੈਰੋਸੀਨ ਵਰਤਦੇ ਹਨ ਅਤੇ ਨਾਸਾ ਦੇ ਨਿਊ ਸਪੇਸ ਲਾਂਚ ਸਿਸਟਮ ਵਿਚਲੇ ਰਾਕਟ ਲਿਕੁਇਡ ਹਾਈਡਰੋਜਨ ਵਰਤਦੇ ਹਨ। ਇਹ ਬਾਲਣ ਵਾਯੂਮੰਡਲ ਵਿੱਚ ਕਈ ਤਰ੍ਹਾਂ ਦੇ ਪਦਾਰਥ ਛੱਡਦੇ ਹਨ, ਜਿਵੇਂ ਕਾਰਬਨ-ਡਾਈਔਕਸਾਈਡ, ਪਾਣੀ, ਕਲੋਰੀਨ ਅਤੇ ਕਈ ਹੋਰ ਰਸਾਇਣਕ ਪਦਾਰਥ। ਇਕ ਰਾਕਟ ਲਾਂਚ ਤਕਰੀਬਨ 300 ਟਨ ਕਾਰਬਨ-ਡਾਈਔਕਸਾਈਡ ਵਾਯੂਮੰਡਲ ਵਿੱਚ ਛੱਡਦਾ ਹੈ। ਰਾਕਟਾਂ ਵਲੋਂ ਵਾਯੂਮੰਡਲ ਵਿੱਚ ਛੱਡੇ ਜਾਂਦੇ ਇਹ ਪਦਾਰਥ ਗਰੀਨ ਹਾਊਸਾਂ ਵਾਂਗ ਕੰਮ ਕਰਕੇ ਵਿਸ਼ਵ ਪੱਧਰ `ਤੇ ਆਲਮੀ ਤਪਸ਼ ਦੇ ਵਾਧੇ ਦਾ ਕਾਰਨ ਬਣ ਸਕਦੇ ਹਨ, ਇਹ ਓਜ਼ੋਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸੰਬੰਧ ਵਿੱਚ ਛਪੇ ਇਕ ਹੋਰ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਵਿਰਜਿਨ ਗਲੈਕਟਿਕ ਵਲੋਂ ਵਰਤਿਆ ਜਾਂਦਾ ਸਪੇਸਸਿ਼ੱਪ ਟੂ, ਇਕ ਤਰ੍ਹਾਂ ਦੀ ਸਿੰਥੈਟਿਕ ਰਬਰ ਨੂੰ ਬਾਲਣ ਦੇ ਤੌਰ `ਤੇ ਵਰਤਦਾ ਹੈ ਅਤੇ ਇਸ ਦੇ ਬਲਣ ਨਾਲ ਨਾਈਟਰਸ ਔਕਸਾਈਡ ਗੈਸ ਪੈਦਾ ਹੁੰਦੀ ਹੈ, ਜਿਹੜੀ ਕਿ ਇਕ ਸ਼ਕਤੀਸ਼ਾਲੀ ਗ੍ਰੀਨ ਹਾਊਸ ਗੈਸ ਹੈ। ਇਸ ਆਰਟੀਕਲ ਵਿੱਚ ਅਗਾਂਹ ਦੱਸਿਆ ਗਿਆ ਹੈ ਕਿ ਇਹ ਬਾਲਣ ਵਾਯੂਮੰਡਲ ਦੇ ਉਪਰਲੇ ਹਿੱਸੇ (ਧਰਤੀ ਤੋਂ 30-50 ਕਿਲੋਮੀਟਰ ਦੀ ਉਚਾਈ `ਤੇ) ਵਿੱਚ ਬਲੈਕ ਕਾਰਬਨ ਛੱਡਦਾ ਹੈ। ਇਸ ਥਾਂ `ਤੇ ਵੱਡੀ ਮਾਤਰਾਂ ਵਿੱਚ ਇਕੱਤਰ ਹੋਏ ਬਲੈਕ ਕਾਰਬਨ ਦੇ ਕਣ (ਪਾਰਟੀਕਲ) ਕਈ ਤਰ੍ਹਾਂ ਦੇ ਅਸਰ ਪਾ ਸਕਦੇ ਹਨ। ਇਹ ਉਜੌਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸੂਰਜ ਦੀ ਰੋਸ਼ਨੀ ਦੇ ਧਰਤੀ ਤੱਕ ਪਹੁੰਚਣ ਵਿੱਚ ਰੁਕਾਵਟ ਬਣ ਸਕਦੇ ਹਨ ਅਤੇ ਪਰਮਾਣੂ ਸਰਦੀ (ਨਿਊਕਲਿਅਰ ਵਿੰਟਰ ਇਫੈਕਟ) ਪੈਦਾ ਕਰਨ ਦਾ ਕਾਰਨ ਬਣ ਸਕਦੇ ਹਨ।

ਇਸ ਤਰ੍ਹਾਂ ਪੁਲਾੜ ਦੇ ਸੈਰ ਸਪਾਟੇ ਲਈ ਪੁਲਾੜ ਦੀਆਂ ਉਡਾਣਾਂ ਵਿੱਚ ਹੋਣ ਵਾਲੇ ਵਾਧੇ ਕਾਰਨ ਵਾਤਾਵਰਨ `ਤੇ ਇਸ ਤਰ੍ਹਾਂ ਦੇ ਮਾੜੇ ਅਸਰ ਪੈਣ ਦੀਆਂ ਸੰਭਾਵਨਾਵਾਂ ਬਾਰੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਅਤੇ ਵਾਤਾਵਰਨ `ਤੇ ਪੈਣ ਵਾਲੇ ਇਹ ਮਾੜੇ ਅਸਰ ਵਿਸ਼ਵ ਪੱਧਰ `ਤੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧਾ ਕਰਕੇ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਤੇਜ਼ ਕਰਕੇ ਸਮੁੱਚੀ ਮਨੁੱਖਤਾ ਅਤੇ ਧਰਤੀ ਦੇ ਹੋਰ ਜੀਵ ਜੰਤੂਆਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦੇ ਹਨ।   

ਇਨ੍ਹਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਪੁਲਾੜ ਦੇ ਸੈਰ ਸਪਾਟੇ ਤੋਂ ਇਲਾਵਾ ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਮਾਈਨਿੰਗ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪੁਲਾੜ ਵਿੱਚ ਪਲਾਟੀਨਮ ਗਰੁੱਪ ਨਾਲ ਸੰਬੰਧਿਤ ਧਾਤਾਂ, ਰੇਅਰ ਐਲੀਮੈਂਟ, ਹੀਲੀਅਮ, ਪਾਣੀ, ਲੋਹਾ, ਨਿੱਕਲ, ਸੋਨਾ ਆਦਿ ਧਾਤਾਂ ਦੇ ਵੱਡੇ ਭੰਡਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਪੁਲਾੜ ਵਿੱਚ ਘੱਟੋ ਘੱਟ 700 ਅਰਬ ਅਰਬ (ਬਿਲੀਅਨ ਬਿਲੀਅਨ) ਡਾਲਰ ਦੇ ਕੀਮਤ ਦੇ ਖਣਿਜ ਪਦਾਰਥ ਮੌਜੂਦ ਹਨ। ਇਹਨਾਂ ਖਣਿਜ ਪਦਾਰਥਾਂ ਵਿੱਚੋਂ ਹੀਲੀਅਮ ਊਰਜਾ ਦਾ ਇਕ ਵੱਡਾ ਸ੍ਰੋਤ ਹੋ ਸਕਦੀ ਹੈ ਅਤੇ ਇਸ ਨੂੰ ਇਕ ਸਾਫ ਬਾਲਣ (ਕਲੀਨ ਫਿਊਲ) ਦੱਸਿਆ ਜਾ ਰਿਹਾ ਹੈ। ਚੰਦ `ਤੇ ਪਾਣੀ ਦਾ ਲੱਭਣਾ ਹਾਈਡ੍ਰੋਜ਼ਨ ਫਿਊਲ ਦਾ ਇਕ ਵੱਡਾ ਸ੍ਰੋਤ ਬਣ ਸਕਦਾ ਹੈ। ਇਸ ਲਈ ਹੀ ਚੰਦ `ਤੇ ਪਾਣੀ ਲੱਭਣ ਦੀ ਤੁਲਨਾ ਧਰਤੀ `ਤੇ ਤੇਲ ਲੱਭਣ ਨਾਲ ਕੀਤੀ ਜਾ ਰਹੀ ਹੈ। ਇਕ ਆਰਟੀਕਲ ਵਿੱਚ ਲਿਖਿਆ ਹੈ ਕਿ ਚੰਦ `ਤੇ ਪਾਣੀ ਲੱਭਣ ਨਾਲ ਚੰਦ ਦੀ ਸਥਿਤੀ ਪੁਲਾੜ ਵਿੱਚ ਇਕ ਵੱਡੇ ਗੈਸ ਸਟੇਸ਼ਨ ਵਰਗੀ ਬਣ ਜਾਵੇਗੀ। ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਾੜ ਦੀ ਮਾਈਨਿੰਗ ਕਾਰਨ ਸਾਨੂੰ ਕੁੱਝ ਇਸ ਤਰ੍ਹਾਂ ਦੇ ਖਣਿਜ ਪਦਾਰਥ ਮਿਲ ਸਕਦੇ ਹਨ, ਜਿਹੜੇ ਧਰਤੀ `ਤੇ ਨਹੀਂ ਹਨ ਅਤੇ ਇਹ ਖਣਿਜ ਪਦਾਰਥ ਮਨੁੱਖਤਾ ਦੇ ਫਾਇਦੇ ਲਈ ਨਵੀਆਂ ਦਵਾਈਆਂ ਬਣਾਉਣ ਦੇ ਕੰਮ ਆ ਸਕਦੇ ਹਨ।  

ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਦੌਲਤ ਤੱਕ ਪਹੁੰਚਣ ਤੋਂ ਇਲਾਵਾ ਮਾਈਨਿੰਗ ਦੀ ਸਨਅਤ ਨੂੰ ਪੁਲਾੜ ਵਿੱਚ ਲਿਜਾਣ ਨਾਲ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਹਨਾਂ ਦਾਅਵਿਆਂ ਅਨੁਸਾਰ ਮਾਈਨਿੰਗ ਇਕ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ ਅਤੇ ਜੇ ਇਹ ਸਨਅਤ ਪੁਲਾੜ ਵਿੱਚ ਚਲੀ ਜਾਵੇ ਤਾਂ ਇਸ ਸਨਅਤ ਕਾਰਨ ਧਰਤੀ `ਤੇ ਫੈਲਣ ਵਾਲਾ ਪ੍ਰਦੂਸ਼ਣ ਖਤਮ ਹੋ ਜਾਵੇਗਾ। ਬੀ ਬੀ ਸੀ ਦੇ ਸਾਇੰਸ ਫੋਕਸ ਮੈਗਜ਼ੀਨ ਵਿੱਚ ਛਪੇ ਇਕ ਆਰਟੀਕਲ ਵਿੱਚ ਪੁਲਾੜ ਵਿੱਚ ਮਾਈਨਿੰਗ ਕਰਨ ਲਈ ਬਣਾਈ ਗਈ ਯੂ ਕੇ ਸਥਿਤ ਕੰਪਨੀ ਐਸਟਰੌਇਡ ਦਾ ਬਾਨੀ ਮਿੱਚ ਹੰਟਰ-ਸਕੱਲਨ ਕਹਿੰਦਾ ਹੈ ਕਿ ਮਾਈਨਿੰਗ ਅਤੇ ਪ੍ਰਦੂਸ਼ਨ ਫੈਲਾਉਣ ਵਾਲੀਆਂ ਹੋਰ ਸਨਅਤਾਂ ਦੇ ਪੁਲਾੜ ਵਿੱਚ ਜਾਣ ਨਾਲ "ਧਰਤੀ ਸੂਰਜ ਮੰਡਲ ਦਾ ਇਕ ਸੁਰੱਖਿਅਤ ਬਾਗ ਬਣ ਜਾਵੇਗੀ"।

ਪੁਲਾੜ ਵਿੱਚ ਮਾਈਨਿੰਗ ਬਾਰੇ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਦਾ ਕਾਰਜ ਸ਼ੁਰੂ ਹੋ ਵੀ ਸਕੇਗਾ ਜਾਂ ਨਹੀਂ। ਜੇ ਇਹ ਹੋ ਸਕੇਗਾ ਤਾਂ ਕਦੋਂ ਹੋ ਸਕੇਗਾ? ਅਗਲੇ ਇਕ ਦੋ ਦਹਾਕਿਆਂ ਵਿੱਚ ਜਾਂ ਇਸ ਨੂੰ ਇਸ ਤੋਂ ਜ਼ਿਆਦਾ ਸਮਾਂ ਲੱਗੇਗਾ? ਦੂਸਰੀ ਗੱਲ ਇਹ ਹੈ ਕਿ ਧਰਤੀ ਉੱਤੇ ਮਾਈਨਿੰਗ ਇਕ ਬਹੁਤ ਹੀ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ। ਕੀ ਪੁਲਾੜ ਵਿੱਚ ਵੀ ਇਸ ਤਰ੍ਹਾਂ ਹੀ ਹੋਵੇਗਾ? ਕੀ ਪੁਲਾੜ ਵਿੱਚਲੇ ਪ੍ਰਦੂਸ਼ਣ ਦਾ ਧਰਤੀ `ਤੇ ਕੋਈ ਅਸਰ ਹੋਵੇਗਾ? ਜੇ ਪੁਲਾੜ ਵਿੱਚ ਮਾਈਨਿੰਗ ਦੇ ਪ੍ਰਦੂਸ਼ਣ ਨਾਲ ਕੋਈ ਨੁਕਸਾਨ ਹੋਵੇਗਾ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਧਰਤੀ ਉੱਤੇ ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਮਾਈਨਿੰਗ ਨਾਲ ਸੰਬੰਧਿਤ ਕਾਰਪੋਰੇਸ਼ਨਾਂ ਮਾਈਨਿੰਗ ਕਾਰਨ ਹੋਏ ਪ੍ਰਦੂਸ਼ਣ ਨਾਲ ਨਿਪਟਣ ਦੀ ਆਪਣੀ ਜ਼ਿੰਮੇਵਾਰੀ ਤੋਂ ਟਾਲਾ ਵੱਟ ਜਾਂਦੀਆਂ ਹਨ ਅਤੇ ਇਸ ਪ੍ਰਦੂਸ਼ਣ ਨਾਲ ਨਿਪਟਣ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਅਤੇ ਸਰਕਾਰਾਂ ਸਿਰ ਪੈ ਜਾਂਦੀ ਹੈ।  ਬਹੁਤੀ ਵਾਰੀ ਕਾਰਪੋਰੇਸ਼ਨਾਂ ਨੂੰ ਪ੍ਰਦੂਸ਼ਣ ਕਾਰਨ ਹੋਏ ਨੁਕਸਾਨ ਨਾਲ ਨਿਪਟਣ ਲਈ ਮਜ਼ਬੂਰ ਕਰਨ ਲਈ ਉਨ੍ਹਾਂ ਨੂੰ ਅਦਾਲਤਾਂ ਵਿੱਚ ਲਿਜਾਣਾ ਪੈਂਦਾ ਹੈ, ਜਿੱਥੇ ਕੇਸ ਸਾਲਾਂ ਬੱਧੀ ਲਟਕਦੇ ਰਹਿੰਦੇ ਹਨ। ਪਰ ਪੁਲਾੜ ਵਿੱਚ ਪ੍ਰਦੂਸ਼ਣ ਬਾਰੇ ਸਾਡੇ ਕੋਈ ਕਾਨੂੰਨ ਹੀ ਨਹੀਂ ਹਨ। ਇਸ ਲਈ ਕਾਰਪੋਰੇਸ਼ਨਾਂ ਨੂੰ ਇਸ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਉਠਾਉਣ ਲਈ ਕਿਸ ਤਰ੍ਹਾਂ ਮਜ਼ਬੂਰ ਕੀਤਾ ਜਾ ਸਕੇਗਾ? ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਅਜੇ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਲਿਜਾਣ ਲਈ ਕਿੰਨਾ ਸਮਾਂ ਲੱਗੇਗਾ। ਇਸ ਲਈ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵਿਆਂ ਦਾ ਕੋਈ ਅਰਥ ਨਹੀਂ ਹੈ। ਦੁਨੀਆ ਭਰ ਦੇ ਵਿਗਿਆਨੀਆਂ ਅਤੇ ਵਾਤਾਵਰਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਲਈ ਫੌਰੀ ਐਕਸ਼ਨ ਲੈਣ ਦੀ ਲੋੜ ਹੈ। ਜੇ ਫੌਰੀ ਐਕਸ਼ਨ ਨਾ ਲਿਆ ਗਿਆ ਤਾਂ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦਾ ਵਰਤਾਰਾ ਉਸ ਪੱਧਰ ਤੱਕ ਪਹੁੰਚ ਜਾਵੇਗਾ, ਜਿੱਥੋਂ ਵਾਪਸ ਪਰਤਣਾ ਮੁਸ਼ਕਿਲ ਹੋ ਜਾਏਗਾ। ਇਸ ਲਈ ਕੁੱਝ ਦਹਾਕਿਆਂ ਬਾਅਦ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਆਲਮੀ ਤਪਸ਼ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਹੱਲ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਨਾਲ ਇਕ ਝੂਠੀ ਉਮੀਦ ਜਗਾਈ ਜਾ ਰਹੀ ਹੈ ਕਿ ਅਸੀਂ ਪੁਲਾੜ ਵਿੱਚ ਜਾ ਕੇ ਇਹ ਮਸਲੇ ਹੱਲ ਕਰ ਲਵਾਂਗੇ, ਅਤੇ ਸਾਨੂੰ ਧਰਤੀ `ਤੇ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈ। ਇਕ ਤਰ੍ਹਾਂ ਨਾਲ ਇਹ ਦਾਅਵੇ ਜੋ ਕੁੱਝ ਹੁਣ ਚੱਲ ਰਿਹਾ ਹੈ, ਉਸ ਨੂੰ ਤਿਵੇਂ ਦਾ ਤਿਵੇਂ ਚੱਲਦਾ ਰੱਖਣ ਦਾ ਸੁਨੇਹਾ ਦੇ ਰਹੇ ਹਨ, ਤਾਂਕਿ ਕਾਰਪੋਰੇਸ਼ਨਾਂ ਧਰਤੀ ਦੇ ਵਾਤਾਵਰਨ ਦਾ ਨੁਕਸਾਨ ਕਰਦਿਆਂ ਹੋਇਆਂ ਆਪਣਾ ਮੁਨਾਫਾ ਕਮਾਉਣ ਦਾ ਕੰਮ ਜਾਰੀ ਰੱਖ ਸਕਣ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਾੜ ਵਿੱਚ ਮਾਈਨਿੰਗ ਕਰਨ ਬਾਰੇ ਯੋਜਨਾਵਾਂ ਬਣਾਉਣ ਵਾਲੀਆਂ ਕਾਰਪੋਰੇਸ਼ਨਾਂ, ਪੁਲਾੜ ਵਿੱਚਲੇ ਖਣਿਜ ਸ੍ਰੋਤਾਂ ਨੂੰ ਕੱਢਣ ਦੀਆਂ ਹੱਕਦਾਰ ਕਿਵੇਂ ਹਨ। ਸੰਨ 1967 ਵਿੱਚ ਯੂਨਾਈਟਿਡ ਨੇਸ਼ਨ ਦੀ ਅਗਵਾਈ ਵਿੱਚ ਪੁਲਾੜ ਬਾਰੇ ਇਕ ਸੰਧੀ ਹੋਈ ਸੀ ਜਿਸ ਨੂੰ ਆਊਟਰ ਸਪੇਸ ਟ੍ਰੀਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸੰਧੀ `ਤੇ ਜਨਵਰੀ 1967 ਵਿੱਚ ਯੂ. ਕੇ., ਅਮਰੀਕਾ, ਸਾਬਕਾ ਸੋਵੀਅਤ ਯੂਨੀਅਨ ਅਤੇ 57 ਹੋਰ ਦੇਸ਼ਾਂ ਨੇ ਸਾਈਨ ਕੀਤੇ ਸਨ ਅਤੇ ਇਹ ਅਕਤੂਬਰ 1967 ਵਿੱਚ ਲਾਗੂ ਹੋਈ ਸੀ। ਇਸ ਸੰਧੀ ਵਿੱਚ ਇਹ ਕਿਹਾ ਗਿਆ ਹੈ ਕਿ ਇਕ ਤਾਂ ਕੋਈ ਵੀ ਦੇਸ਼ ਪੁਲਾੜ ਵਿੱਚ ਵੈਪਨਜ਼ ਆਫ ਮਾਸ ਡਿਸਟ੍ਰਕਸ਼ਨ (ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੀ ਪੱਧਰ `ਤੇ ਤਬਾਹੀ ਮਚਾ ਸਕਣ ਦੀ ਸਮਰੱਥਾ ਵਾਲੇ ਹਥਿਆਰ ਜਿਵੇਂ ਪਰਮਾਣੂ ਹਥਿਆਰ, ਰਸਾਇਣਕ ਹਥਿਆਰ, ਬਾਇਓਲੌਜੀਕਲ ਵੈਪਨਜ਼) ਨਹੀਂ ਰੱਖ ਸਕਦਾ। ਦੂਸਰਾ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਵੀ ਹਿੱਸੇ `ਤੇ ਆਪਣੀ ਪ੍ਰਭੂਸੱਤਾ (ਸੌਵਰਨਿਟੀ) ਦਾ ਐਲਾਨ ਨਹੀਂ ਕਰ ਸਕਦਾ। ਇਸ ਦਾ ਭਾਵ ਹੈ ਕਿ ਇਸ ਸੰਧੀ ਅਨੁਸਾਰ ਪੁਲਾੜ (ਸਪੇਸ) ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ। ਜੇ ਪੁਲਾੜ ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ ਤਾਂ ਕੁੱਝ ਕੁ ਕਾਰਪੋਰੇਸ਼ਨਾਂ ਪੁਲਾੜ ਦੇ ਖਣਿਜ ਪਦਾਰਥ ਨੂੰ ਕਿਵੇਂ ਕੱਢ ਸਕਦੀਆਂ ਹਨ? ਇਸ ਸਮੇਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਕੋਲ ਇਹ ਸਮਰੱਥਾ ਨਹੀਂ ਹੈ ਕਿ ਉਹ ਪੁਲਾੜ ਵਿੱਚ ਜਾ ਕੇ ਮਾਈਨਿੰਗ ਕਰ ਸਕਣ। ਪਰ ਹੋ ਸਕਦਾ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਉਹ ਪੁਲਾੜ ਵਿੱਚ ਮਾਈਨਿੰਗ ਕਰਨ ਦੇ ਕਾਬਲ ਹੋ ਜਾਣ। ਪਰ ਉਦੋਂ ਤੱਕ ਸ਼ਾਇਦ ਉਹਨਾਂ ਵੱਲੋਂ ਮਾਈਨਿੰਗ ਕਰਨ ਲਈ ਕੁੱਝ ਨਹੀਂ ਬਚੇਗਾ। ਇਸ ਲਈ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਸ ਸਮੇਂ ਪੁਲਾੜ ਵਿੱਚ ਮਾਈਨਿੰਗ ਕਰਨ ਦੀਆਂ ਯੋਜਨਾਵਾਂ ਮੁੱਠੀ ਭਰ ਕਾਰਪੋਰੇਸ਼ਨਾਂ ਵਲੋਂ ਬਹੁਗਿਣਤੀ ਮਨੁੱਖਤਾ ਦੇ ਪੁਲਾੜ ਵਿਚਲੇ ਹੱਕਾਂ ਦੀ ਲੁੱਟ ਕਰਨ ਦੇ ਬਰਾਬਰ ਨਹੀਂ?

ਪਰ ਲੱਗਦਾ ਹੈ ਕਿ ਕਾਰਪੋਰੇਸ਼ਨਾਂ ਇਸ ਸੰਧੀ ਵਿਚਲੀਆਂ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਇਸ ਨੂੰ ਆਪਣੇ ਪੱਖ ਵਿੱਚ ਵਰਤਣ ਲਈ ਅਮਰੀਕਾ ਦੀ ਸਰਕਾਰ ਕੋਲ ਲੌਬੀ ਕਰ ਰਹੀਆਂ ਹਨ। ਉਦਾਹਰਨ ਲਈ ਇਹ ਆਊਟਰ ਸਪੇਸ ਸੰਧੀ ਇਹ ਗੱਲ ਤਾਂ ਕਹਿੰਦੀ ਹੈ ਕਿ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਹਿੱਸੇ `ਤੇ ਆਪਣੀ ਪ੍ਰਭੂਸੱਤਾ ਨਹੀਂ ਜਤਾ ਸਕਦਾ, ਪਰ ਉੱਥੋਂ ਦੇ ਵਸੀਲਿਆਂ ਬਾਰੇ ਇਹ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਕਹਿੰਦੀ। ਇਸ ਅਸਪਸ਼ਟਤਾ ਦਾ ਫਾਇਦਾ ਉਠਾਉਂਦਿਆਂ ਅਮਰੀਕਾ ਨੇ ਸੰਨ 2015 ਵਿੱਚ ਕਮਰਸ਼ੀਅਲ ਸਪੇਸ ਲਾਂਚ ਕੰਪੈਟੈਟਿਵ ਐਕਟ ਆਫ 2015 ਪਾਸ ਕੀਤਾ। ਇਸ ਕਾਨੂੰਨ ਨੇ ਇਹ ਕਾਨੂੰਨੀ ਬਣਾ ਦਿੱਤਾ ਕਿ ਪ੍ਰਾਈਵੇਟ ਅਦਾਰਿਆਂ ਵੱਲੋਂ ਪੁਲਾੜ ਤੋਂ ਵਸੀਲੇ ਲਿਆਂਦੇ ਜਾ ਸਕਦੇ ਹਨ, ਅਤੇ ਇਸ ਨਾਲ 1967 ਦੀ ਆਊਟਰ ਸਪੇਸ ਟ੍ਰੀਟੀ ਦੀ ਉਲੰਘਣਾ ਨਹੀਂ ਹੁੰਦੀ। ਬੈਲਜੀਅਮ, ਰੂਸ, ਬਰਾਜ਼ੀਲ ਵਰਗੇ ਕਈ ਦੇਸ਼ਾਂ ਨੇ ਇਸ `ਤੇ ਕੁੱਝ ਸਵਾਲ ਉਠਾਏ ਹਨ, ਪਰ ਇਸ ਕਾਨੂੰਨ ਨੇ ਇਨ੍ਹਾਂ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਵਿੱਚ ਮਾਈਨਿੰਗ ਆਦਿ ਕਰਨ ਲਈ ਰਾਹ ਖੋਲ੍ਹ ਦਿੱਤਾ ਹੈ।  ਕੁੱਝ ਲੋਕ ਮੰਗ ਕਰ ਰਹੇ ਹਨ ਕਿ ਪੁਲਾੜ ਦੇ ਸੰਬੰਧ ਵਿੱਚ ਇਹ ਜੋ "ਨਵਾਂ ਯੁੱਗ" ਸ਼ੁਰੂ ਹੋਇਆ ਹੈ, ਇਸ ਨੂੰ ਦੇਖਦਿਆਂ ਸਾਨੂੰ ਇੰਟਰਨੈਸ਼ਨਲ ਪੱਧਰ `ਤੇ ਪੁਲਾੜ ਬਾਰੇ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ। ਪਰ ਕਾਰਪੋਰੇਸ਼ਨਾਂ ਦੇ ਨੁਮਾਇੰਦੇ ਇਹ ਕਹਿ ਰਹੇ ਹਨ ਕਿ ਇਸ ਦੀ ਲੋੜ ਨਹੀਂ। ਪੁਲਾੜ ਦੇ ਮਾਮਲਿਆ ਨਾਲ ਨਿਪਟਣ ਲਈ 1967 ਦੀ ਆਊਟਰ ਸਪੇਸ ਟ੍ਰੀਟੀ ਹੀ ਕਾਫੀ ਹੈ। ਉਹ ਇਹ ਇਸ ਲਈ ਕਹਿ ਰਹੇ ਹਨ, ਕਿਉਂਕਿ ਇਹ ਟ੍ਰੀਟੀ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਦੀ ਹੈ। ਜਿਹੜੀਆਂ ਚੀਜ਼ਾਂ ਬਾਰੇ ਇਹ ਟ੍ਰੀਟੀ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਕਹਿੰਦੀ, ਉਹ ਉਨ੍ਹਾਂ ਦੀ ਵਿਆਖਿਆ ਉਹ ਆਪਣੇ ਢੰਗ ਨਾਲ ਕਰ ਸਕਦੇ ਹਨ।

ਇਹਨਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਦੇ ਸੰਬੰਧ ਵਿੱਚ ਸੋਚਣ ਵਾਲੀ ਅਗਲੀ ਗੱਲ ਹੈ, ਪੁਲਾੜ ਵਿੱਚ ਬਸਤੀਆਂ ਵਸਾਉਣ ਦੀਆਂ ਯੋਜਨਾਵਾਂ। ਸਪੇਸ ਐਕਸ ਦੇ ਮਾਲਕ ਐਲਨ ਮਸਕ ਦੀ ਯੋਜਨਾ ਵਿੱਚ ਮੰਗਲ ਗ੍ਰਹਿ `ਤੇ ਬਸਤੀ ਵਸਾਉਣਾ ਵੀ ਸ਼ਾਮਲ ਹੈ। ਉਸ ਦੀ ਸੋਚ ਹੈ ਕਿ ਧਰਤੀ ਤੀਜੀ ਸੰਸਾਰ ਜੰਗ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਕਾਰਨ ਕਰਕੇ ਖਤਮ ਹੋ ਸਕਦੀ ਹੈ। ਇਸ ਲਈ ਸਾਡੇ ਕੋਲ ਪਲੈਨ ਬੀ ਹੋਣੀ ਚਾਹੀਦੀ ਹੈ, ਜਿਸ ਅਧੀਨ ਕੁੱਝ ਲੋਕ ਧਰਤੀ ਤੋਂ ਦੂਰ ਪੁਲਾੜ ਵਿੱਚ ਬਸਤੀ ਵਿੱਚ ਰਹਿੰਦੇ ਹੋਣ ਤਾਂ ਕਿ ਧਰਤੀ ਦੇ ਖਾਤਮੇ ਕਾਰਨ ਸ਼ੁਰੂ ਹੋਣ ਵਾਲਾ "ਅੰਧਕਾਰ ਦਾ ਯੁੱਗ (ਡਾਰਕ ਏਜਜ਼)" ਜ਼ਿਆਦਾ ਦੇਰ ਨਾ ਰਹਿ ਸਕੇ। ਉਸ ਨੇ ਇਹ ਗੱਲ ਸੰਨ 2018 ਵਿੱਚ ਇਕ ਪਬਲਿਕ ਸਮਾਗਮ ਵਿੱਚ ਬੋਲਦਿਆਂ ਇਸ ਤਰ੍ਹਾਂ ਕਹੀ ਸੀ, "ਮੰਗਲ ਗ੍ਰਹਿ `ਤੇ ਆਪਣੇ ਆਪ ਨੂੰ ਕਾਇਮ ਰੱਖ ਸਕਣ ਵਾਲਾ ਬੇਸ ਬਣਾਉਣਾ ਮਹੱਤਵਪੂਰਨ ਹੈ, ਕਿਉਂਕਿ ਮੰਗਲ ਗ੍ਰਹਿ ਧਰਤੀ ਤੋਂ ਕਾਫੀ ਦੂਰ ਹੈ, ਅਤੇ ਇਸ ਲਈ ਇਸ ਦੇ ਚੰਦ ਉਪਰਲੇ ਬੇਸ ਦੇ ਮੁਕਾਬਲੇ ਬਚਣ ਦੇ ਜ਼ਿਆਦਾ ਮੌਕੇ ਹਨ। ਜੇ ਤੀਜ਼ੀ ਸੰਸਾਰ ਜੰਗ ਲੱਗਦੀ ਹੈ ਤਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਿਸੇ ਹੋਰ ਥਾਂ `ਤੇ ਮਨੁੱਖੀ ਸਭਿਅਤਾ ਦਾ ਗੁਜ਼ਾਰੇਯੋਗ ਬੀਜ ਮੌਜੂਦ ਹੋਵੇ, ਜਿਹੜਾ ਇਸ (ਮਨੁੱਖੀ ਸਭਿਅਤਾ) ਨੂੰ ਵਾਪਸ ਲਿਆ ਸਕੇ ਅਤੇ ਅੰਧਕਾਰ ਦੇ ਯੁੱਗ (ਡਾਰਕ ਏਜਜ਼) ਦੇ ਅਰਸੇ ਨੂੰ ਘੱਟ ਕਰ ਸਕੇ।"

ਮਸਕ ਦੇ ਇਸ ਬਿਆਨ `ਤੇ ਪਹਿਲਾ ਸਵਾਲ ਤਾਂ ਇਹ ਉੱਠਦਾ ਹੈ ਕਿ 'ਮਨੁੱਖੀ ਸਭਿਅਤਾ ਦੇ ਗੁਜ਼ਾਰੇਯੋਗ ਬੀਜ' ਵਿੱਚ ਸ਼ਾਮਲ ਲੋਕ ਕੌਣ ਹੋਣਗੇ? ਕੀ ਉਹ ਦੁਨੀਆ ਦੇ ਆਮ ਲੋਕ ਹੋਣਗੇ ਜਾਂ ਅਰਬਾਂਪਤੀ ਅਤੇ ਖਰਬਾਂਪਤੀ। ਪੁਲਾੜ ਵਿੱਚ ਸੈਰ-ਸਪਾਟੇ ਲਈ ਜਾਣ ਵਾਸਤੇ ਉਪ੍ਰੋਕਤ ਦੱਸੀਆਂ ਟਿਕਟਾਂ ਦੀਆਂ ਕੀਮਤਾਂ ਨੂੰ ਦੇਖਦਿਆਂ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਉਹ ਅਰਬਾਂ-ਖਰਬਾਂ ਪਤੀ ਅਮੀਰ ਲੋਕ ਹੋਣਗੇ। ਇਸ ਬਾਰੇ ਦੂਸਰਾ ਸਵਾਲ ਇਹ ਹੈ ਕਿ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਪੁਲਾੜ ਵਿੱਚ ਇਹ ਬਸਤੀਆਂ ਵਸਾਉਣ ਦਾ ਹੱਕ ਇਹਨਾਂ ਅਮੀਰਾਂ ਅਤੇ ਕਾਰਪੋਰੇਸ਼ਨਾਂ ਨੂੰ ਕਿਸ ਨੇ ਦਿੱਤਾ ਹੈ? ਇਸ ਦੇ ਨਾਲ ਹੀ ਮਸਕ ਦੇ ਇਸ ਬਿਆਨ ਤੋਂ ਇਹ ਨਤੀਜਾ ਵੀ ਕੱਢਿਆ ਜਾ ਸਕਦਾ ਹੈ ਕਿ ਪੁਲਾੜ ਵਿੱਚ ਪਹੁੰਚਣ ਦੀ ਇਹ ਨਵੀਂ ਦੌੜ ਇਕ ਤਰ੍ਹਾਂ ਨਾਲ ਪੁਲਾੜ ਉੱਪਰ ਕਾਰਪੋਰੇਸ਼ਨਾਂ ਵੱਲੋਂ ਬਸਤੀਵਾਦੀ ਢੰਗ ਨਾਲ ਕਬਜ਼ਾ ਕਰਨ ਦੀ ਦੌੜ ਵੀ ਹੈ।

ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੁਲਾੜ ਯਾਤਰਾ ਨਾਲ ਸੰਬੰਧਿਤ ਸ਼ੁਰੂ ਹੋਏ ਇਸ "ਨਵੇਂ ਯੁੱਗ" ਦਾ ਮਕਸਦ ਸਿਰਫ ਅਮੀਰਾਂ ਲਈ ਸੈਰ-ਸਪਾਟਾ ਜਾਂ ਸ਼ੁਗਲ ਮੇਲਾ ਨਹੀਂ ਹੈ। ਸਗੋਂ ਇਹ ਯੁੱਗ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਉੱਪਰ ਨਿੱਜੀ ਕਾਰਪਰੇਸ਼ਨਾਂ ਦੇ ਕਬਜ਼ੇ ਲਈ ਰਸਤਾ ਖੋਲ੍ਹ ਰਿਹਾ ਹੈ। ਇਸ ਦੇ ਨਾਲ ਹੀ ਕਾਰਪੋਰੇਸ਼ਨਾਂ ਵੱਲੋਂ ਸ਼ੁਰੂ ਕੀਤੀ ਪੁਲਾੜ ਦੌੜ ਕਾਰਨ ਵਾਤਾਵਰਨ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਦੇ ਨਤੀਜੇ ਮਨੁੱਖਤਾ ਲਈ ਚੰਗੇ ਨਹੀਂ ਹੋਣਗੇ। ਇਸ ਲਈ ਆਮ ਲੋਕਾਂ ਵਲੋਂ ਪੁਲਾੜ ਯਾਤਰਾ ਨਾਲ ਸੰਬੰਧਿਤ ਇਸ "ਨਵੇਂ ਯੁੱਗ" ਦੇ ਵੱਖ ਵੱਖ ਪਹਿਲੂਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।***

ਇਸ ਲੇਖ ਵਿੱਚ ਵਰਤੀ ਜਾਣਕਾਰੀ ਦੇ ਸ੍ਰੋਤਾਂ ਬਾਰੇ ਜਾਣਨ ਲਈ www.sukhwanthundal.wordpress.com `ਤੇ ਜਾਉ।

ਸਮਾਜਕ ਸਰੋਕਾਰਾਂ ਦਾ ਫਿਲਮਸਾਜ਼ : ਨਕੁਲ ਸਾਹਨੀ - ਸੁਖਵੰਤ ਹੁੰਦਲ

(ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਨਵੰਬਰ ਮਹੀਨੇ ਵਿੱਚ ਕੈਨੇਡਾ ਦੀ ਫੇਰੀ 'ਤੇ ਆ ਰਿਹਾ ਹੈ। ਪੇਸ਼ ਹੈ ਉਸ ਦੀ ਸੰਖੇਪ ਜਾਣਪਛਾਣ।)

ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਡਾਕੂਮੈਂਟਰੀ ਫਿਲਮਸਾਜ਼ੀ ਦੇ ਖੇਤਰ ਵਿੱਚ ਪਿਛਲੇ ਡੇਢ ਦਹਾਕੇ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਹੁਣ ਤੱਕ ਉਹ ਫਿਰਕਾਪ੍ਰਸਤੀ, ਅਣਖ ਖਾਤਰ ਕੀਤੇ ਜਾਂਦੇ ਕਤਲਾਂ, ਮਜ਼ਦੂਰਾਂ ਦੇ ਹੱਕਾਂ ਅਤੇ ਸਮਾਜਕ ਨਿਆਂ ਦੇ ਹੋਰ ਮੁੱਦਿਆਂ 'ਤੇ ਕੁੱਝ ਮਹੱਤਵਪੂਰਨ ਫਿਲਮਾਂ ਬਣਾ ਚੁੱਕਾ ਹੈ।

ਦਿੱਲੀ ਦੇ ਜੰਮਪਲ ਨਕੁਲ ਨੇ ਸੰਨ 2005-06 ਵਿੱਚ ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ, ਪੂਨੇ ਤੋਂ ਫਿਲਮ ਡਾਇਰੈਕਸ਼ਨ ਦਾ ਡਿਪਲੋਮਾ ਪਾਸ ਕੀਤਾ। ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਵਿੱਚ ਹੁੰਦਿਆਂ ਉਸ ਨੇ ਕੁਝ ਛੋਟੀਆਂ ਫਿਲਮਾਂ ਬਣਾਈਆਂ। ਉੱਥੋਂ ਪੜ੍ਹਾਈ ਮੁਕਾਉਣ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਲੰਬੀ ਡਾਕੂਮੈਂਟਰੀ ਪੰਜਾਬ ਦੇ ਛੇਹਰਟਾ ਖੇਤਰ ਵਿੱਚ ਕੱਪੜੇ ਦੀਆਂ ਮਿੱਲਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਇਤਿਹਾਸ 'ਤੇ ਬਣਾਈ।

ਸੰਨ 2012 ਵਿੱਚ ਉਸ ਵੱਲੋਂ ਬਣਾਈ ਫਿਲਮ "ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ' ਉੱਤਰੀ ਭਾਰਤ ਵਿੱਚ 'ਅਣਖ ਖਾਤਰ ਹੁੰਦੇ ਕਤਲਾਂ' ਦਾ ਵਿਰੋਧ ਕਰ ਰਹੀਆਂ ਨੌਜਵਾਨ ਕੁੜੀਆਂ ਦੇ ਸੰਘਰਸ਼ ਅਤੇ ਖੱਪ ਪੰਚਾਇਤਾਂ ਵੱਲੋਂ ਜਾਰੀ ਕੀਤੇ ਜਾਂਦੇ ਫਰਮਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਹੈ। ਇਸ ਫਿਲਮ ਵਿੱਚ ਪੰਜ ਜਾਟ ਕੁੜੀਆਂ ਦੀ ਕਹਾਣੀ ਦੱਸੀ ਗਈ ਹੈ ਜਿਹਨਾਂ ਨੇ ਵਿਆਹਾਂ ਦੇ ਮਾਮਲੇ ਵਿੱਚ ਆਪਣੀ ਮਰਜ਼ੀ ਦੇ ਸਾਥੀ ਚੁਣਨ ਦੀ ਅਜ਼ਾਦੀ ਨੂੰ ਦਬਾਉਣ ਲਈ ਸਮਾਜ ਵੱਲੋਂ ਪਰੰਪਰਾ ਅਤੇ ਸ਼ੁੱਧੀ ਦੇ ਨਾਂ 'ਤੇ ਵਰਤੀ ਜਾਂਦੀ ਹਿੰਸਾ ਵਿਰੁੱਧ ਲੜਨ ਦਾ ਹੌਂਸਲਾ ਕੀਤਾ ਹੈ। ਇਨ੍ਹਾਂ ਔਰਤਾਂ ਦੀ ਕਹਾਣੀ ਅਤੇ ਖੱਪ ਪੰਚਾਇਤਾਂ ਦੀ ਸੋਚ, ਫਰਮਾਨਾਂ ਅਤੇ ਹਿੰਸਾ ਨੂੰ ਆਹਮੋ ਸਾਹਮਣੇ ਰੱਖ ਕੇ ਫਿਲਮ ਅਜੋਕੇ ਭਰਤੀ ਸਮਾਜ ਵਿੱਚਲੇ ਦੋਗਲੇਪਣ, ਜਾਤਪਾਤ, ਲਿੰਗਕ ਵਿਤਕਰੇ ਅਤੇ ਮਰਦਾਨਗੀ ਧੋਂਸ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਨੰਗਾ ਕਰਦੀ ਹੈ।

ਹੁਣ ਤੱਕ ਇਹ ਫਿਲਮ ਦੁਨੀਆ ਦੇ ਕਈ ਇੰਟਰਨੈਸ਼ਨਲ ਫਿਲਮ ਫੈਸਟੀਵਲਾਂ ਵਿੱਚ ਦਿਖਾਈ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਫਿਲਮ ਸਾਊਥ ਏਸ਼ੀਆ (ਨੇਪਾਲ), ਮਿੰਨੀਐਪਲਿਸ ਸੇਂਟ ਪਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ, ਕੇਰਲਾ ਦਾ ਦਸਵਾਂ ਇੰਟਰਨੈਸ਼ਨਲ ਡਾਕੂਮੈਂਟਰੀ ਐਂਡ ਸ਼ਾਰਟ ਫਿਲਮ ਫੈਸਟੀਵਲ।

ਜਨਵਰੀ 2015 ਵਿੱਚ ਰਿਲੀਜ਼ ਹੋਈ ਉਸ ਦੀ ਅਗਲੀ ਫਿਲਮ 'ਮੁਜੱਫਰ ਨਗਰ ਬਾਕੀ ਹੈ' ਸੰਨ 2013 ਵਿੱਚ ਮੁੱਜਫਰ ਨਗਰ ਵਿੱਚ ਮੁਸਲਮਾਨ ਵਿਰੋਧੀ ਹਿੰਸਾ 'ਤੇ ਕੇਂਦਰਿਤ ਹੈ। ਇਸ ਫਿਲਮ ਵਿੱਚ ਸਾਹਨੀ ਇਸ ਹਿੰਸਾ ਪਿੱਛੇ ਕੰਮ ਕਰਦੇ ਅਤੇ ਇਸ ਹਿੰਸਾ ਤੋਂ ਪ੍ਰਭਾਵਿਤ ਸਿਆਸੀ ਅਤੇ ਸਮਾਜਕ ਵਰਤਾਰਿਆਂ ਨੂੰ ਉਜਾਗਰ ਕਰਦਾ ਹੈ। ਫਿਲਮ ਵਿੱਚ ਜਿੱਥੇ ਸੰਨ 2013 ਵਿੱਚ ਵਾਪਰੀ ਹਿੰਸਾ ਅਤੇ ਉਸ ਦੇ ਮਾਰੂ ਨਤੀਜਆਂ ਨੂੰ ਰਿਕਾਰਡ ਕੀਤਾ ਗਿਆ ਹੈ, ਉਸ ਦੇ ਨਾਲ ਨਾਲ ਇਸ ਕਤਲੇਆਮ ਦੇ ਵੱਖ ਵੱਖ ਪੱਖਾਂ - ਔਰਤ ਵਿਰੁੱਧ ਲਿੰਗਕ ਹਿੰਸਾ, ਫਿਰਕੂ ਵੰਡੀਆਂ ਨੂੰ ਉਭਾਰਨ ਵਿੱਚ ਬੀ ਜੇ ਪੀ-ਆਰ ਆਰ ਐੱਸ ਐੱਸ ਵਰਗੀਆਂ ਹਿੰਦੂ ਰਾਸ਼ਟਰਵਾਦੀ ਸੰਸਥਾਂਵਾਂ ਦੀ ਭੂਮਿਕਾ, ਹਿੰਦੂਤਵਾ ਸਿਆਸਤ ਵਿੱਚ ਵਿਲੀਨ ਹੁੰਦੀ ਜਾਤੀ ਪਛਾਣ, ਇਸ ਇਲਾਕੇ ਵਿੱਚੋਂ ਸ਼ਕਤੀਸ਼ਾਲੀ ਭਾਰਤੀ ਕਿਸਾਨ ਯੂਨੀਅਨ ਦੀ ਟੁੱਟ-ਭੱਜ ਅਤੇ ਦਲਿਤ ਸਿਆਸਤ ਦੀਆਂ ਕਈ ਤਹਿਆਂ ਅਤੇ ਮੁਸਲਮਾਨ ਭਾਈਚਾਰੇ ਦੀ ਬੇਗਾਨਗੀ- ਨੂੰ ਘੋਖਣ ਦਾ ਯਤਨ ਵੀ ਕੀਤਾ ਗਿਆ ਹੈ। 

ਅਗਸਤ 2015 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਇਸ ਫਿਲਮ ਨੂੰ ਦਿਖਾਏ ਜਾਣ ਦੇ ਇਕ ਪ੍ਰੋਗਰਾਮ ਨੂੰ ਵਿਦਿਆਰਥੀਆਂ ਦੀ ਸੱਜੇ ਪੱਖੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਭੰਗ ਕਰ ਦਿੱਤਾ ਸੀ ਅਤੇ ਫਿਲਮਸਾਜ਼ ਅਤੇ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਹਿਮਾਇਤ ਵਿੱਚ ਪੂਰੇ ਹਿੰਦੁਸਤਾਨ ਵਿੱਚ ਇਸ ਫਿਲਮ ਦੇ 200 ਸ਼ੋਆਂ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਹੁਣ ਤੱਕ ਇਹ ਫਿਲਮ ਦੇਸ਼ ਅਤੇ ਵਿਦੇਸ਼ ਵਿੱਚ ਕਈ ਜਾਣੇ ਪਛਾਣੇ ਫਿਲਮ ਫੈਸਟੀਵਲਾਂ ਅਤੇ ਸਮਾਗਮਾਂ ਵਿੱਚ ਦਿਖਾਈ ਜਾ ਚੁੱਕੀ ਹੈ।

ਸੰਨ 2016 ਬਣੀ ਸਾਹਨੀ ਦੀ ਅੱਧੇ ਘੰਟੇ ਦੀ ਛੋਟੀ ਫਿਲਮ 'ਕੈਰਾਨਾ ਸੁਰਖੀਆਂ ਕੇ ਬਾਅਦ' ਸਿਆਸਤਦਾਨਾਂ ਵੱਲੋਂ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰ ਵਿੱਚ ਝੂਠੀਆਂ ਖਬਰਾਂ ਫੈਲਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਅਤੇ ਝਗੜੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦਾ ਪਾਜ਼ ਉਘਾੜਦੀ ਹੈ। ਜੂਨ 2016 ਵਿੱਚ ਇਸ ਇਲਾਕੇ ਦੇ ਭਾਰਤੀ ਜਨਤਾ ਪਾਰਟੀ ਦੇ ਐੱਮ ਪੀ ਹੁਕਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਇਲਾਕੇ ਦੇ 346 ਹਿੰਦੂ ਪਰਿਵਾਰ ਇਹ ਇਲਾਕਾ ਛੱਡ ਕੇ ਚਲੇ ਗਏ ਹਨ, ਕਿਉਂਕਿ ਮੁਸਲਮਾਨ ਬਹੁਗਿਣਤੀ ਵਾਲੇ ਇਸ ਇਲਾਕੇ ਵਿੱਚ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪਰ ਜਲਦੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਸ ਵੱਲੋਂ ਦਿੱਤੀ ਗਈ 346 ਹਿੰਦੂਆਂ ਦੀ ਲਿਸਟ ਝੂਠੀ ਸੀ। ਫਿਲਮ ਵਿੱਚ ਇਸ ਇਲਾਕੇ ਦੇ ਕਈ ਮੁਸਲਮਾਨ, ਹਿੰਦੂ, ਜੈਨ ਆਦਿ ਧਰਮਾਂ ਦੇ ਲੋਕਾਂ ਨੂੰ ਇੰਟਰਵਿਊ ਕੀਤਾ ਗਿਆ ਹੈ। ਇੰਟਰਵਿਊਆਂ ਵਿੱਚ ਇਹ ਲੋਕ ਇਲਾਕੇ ਦੇ ਸਿਆਸਤਦਾਨਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਫੈਲਾਈਆਂ ਜਾਂਦੀਆਂ ਝੂਠੀਆਂ ਖਬਰਾਂ ਦਾ ਖੰਡਨ ਕਰਨ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੇ ਅਸਲੀ ਮੁੱਦਿਆਂ ਨੂੰ ਸਾਹਮਣੇ ਲਿਆਉਂਦੇ ਹਨ।

ਸੰਨ 2017 ਵਿੱਚ ਬਣਾਈ ਉਸ ਦੀ ਵੀਹ ਮਿੰਟ ਦੀ ਛੋਟੀ ਫਿਲਮ 'ਸਵਿਤਰੀ ਭੈਣਾਂ' ਅਜ਼ਾਦੀ ਕੂਚ ਮਾਰਚ ਵਿੱਚ ਹਿੱਸਾ ਲੈ ਰਹੀਆਂ ਦੋ ਦਲਿਤ ਭੈਣਾਂ - ਲਕਸ਼ਮੀਬੈਨ ਅਤੇ ਮਧੂਬੈਨ- 'ਤੇ ਕੇਂਦਰਿਤ ਹੈ। ਜੁਲਾਈ 2016 ਵਿੱਚ ਗੁਜਰਾਤ ਦੇ ਕਸਬੇ ਊਨਾ ਵਿੱਚ ਇਕ ਦਲਿਤ ਪਰਿਵਾਰ ਦੇ 7 ਜੀਆਂ ਨੂੰ ਗਊ ਰੱਖਸ਼ਕਾਂ ਵੱਲੋਂ ਜਨਤਕ ਤੌਰ 'ਤੇ ਕੁੱਟਿਆ ਗਿਆ ਸੀ। ਜਦੋਂ ਇਸ ਮਾਰਕੁੱਟ ਵੀਡੀਓ ਸੋਸ਼ਲ ਮੀਡੀਏ 'ਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਦੇਖੀ ਗਈ ਤਾਂ ਇਸ ਘਟਨਾ ਵਿਰੁੱਧ ਪੂਰੇ ਸੂਬੇ ਵਿੱਚ ਬਹੁਤ ਸਾਰੇ ਪ੍ਰਦਰਸ਼ਨ ਹੋਏ। ਇਸ ਘਟਨਾ ਤੋਂ ਇਕ ਸਾਲ ਬਾਅਦ ਗੁਜਰਾਤ ਵਿੱਚ ਦਲਿਤਾਂ ਵੱਲੋਂ 'ਅਜ਼ਾਦੀ ਕੂਚ' ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਹ ਯਾਤਰਾ ਗੁਜਰਾਤ ਦੇ ਕਈ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਦੀ ਲੰਘੀ। ਫਿਲਮ 'ਸਵਿਤਰੀ ਭੈਣਾਂ' ਇਸ ਯਾਤਰਾ ਵਿੱਚ ਹਿੱਸਾ ਲੈ ਰਹੀਆਂ ਦੋ ਭੈਣਾਂ ਦੇ ਤਜਰਬੇ ਨੂੰ ਰਿਕਾਰਡ ਕਰਦੀ ਹੈ। ਇਕ ਪਾਸੇ ਇਹ ਫਿਲਮ ਦਲਿਤ ਅੰਦੋਲਨ ਵਿੱਚ ਇਨ੍ਹਾਂ ਦੋ ਭੈਣਾਂ ਦੇ ਲੀਡਰ ਬਣ ਕੇ ਉਭਰਨ ਦੀ ਨਿੱਜੀ ਕਹਾਣੀ ਅਤੇ ਜੱਦੋਜਹਿਦ ਨੂੰ ਰਿਕਾਰਡ ਕਰ ਕੇ ਇਸ ਜੱਦੋਜਹਿਦ ਵਿੱਚ ਔਰਤਾਂ ਵੱਲੋਂ ਪਾਏ ਯੋਗਦਾਨ ਨੂੰ ਉਭਾਰਦੀ ਹੈ, ਦੂਜੇ ਪਾਸੇ ਹੋਰ ਔਰਤਾਂ ਨੂੰ ਆਪਣੇ ਹੱਕਾਂ ਲਈ ਜੱਦੋਜਹਿਦ ਕਰਨ ਲਈ ਪ੍ਰੇਰਨਾ ਦਿੰਦੀ ਹੈ।

ਡਾਕੂਮੈਂਟਰੀ ਫਿਲਮਸਾਜ਼ੀ ਤੋਂ ਬਿਨਾਂ ਨਕੁਲ ਸਾਹਨੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਕ ਚੱਲ-ਚਿੱਤਰ ਅਭਿਆਨ ਨਾਂ ਦਾ ਇਕ ਗਰੁੱਪ ਵੀ ਚਲਾ ਰਿਹਾ ਹੈ। ਇਸ ਗਰੁੱਪ ਦਾ ਮਕਸਦ ਮੁੱਖ ਧਾਰਾ ਮੀਡੀਏ ਵੱਲੋਂ ਅਣਗੌਲੇ ਮੁੱਦਿਆਂ ਨੂੰ ਉਭਾਰਨਾ ਅਤੇ ਜਨਤਕ ਵਿਚਾਰ ਚਰਚਾ ਦੇ ਕੇਂਦਰ ਵਿੱਚ ਲਿਆਉਣਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਗਰੁੱਪ ਆਮ ਲੋਕਾਂ ਨਾਲ ਸੰਬੰਧਤ ਮਸਲਿਆਂ 'ਤੇ ਛੋਟੀਆਂ ਡਾਕੂਮੈਂਟਰੀ ਫਿਲਮਾਂ, ਨਿਊਜ਼ ਫੀਚਰ, ਮੁਲਾਕਾਤਾਂ ਅਤੇ ਲਾਈਵ ਬ੍ਰਾਡਕਾਸਟ ਪ੍ਰੋਗਰਾਮ ਤਿਆਰ ਕਰਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਨ ਦੇ ਨਾਲ ਨਾਲ ਗਰੁੱਪ ਸਥਾਨਕ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਨ ਲਈ ਸਿਖਲਾਈ ਵੀ ਦਿੰਦਾ ਹੈ, ਤਾਂ ਕਿ ਉਹ ਵੀਡੀਓ ਰਾਹੀਂ ਆਪਣੀ ਗੱਲ ਆਪ ਕਹਿ ਸਕਣ।

ਇਹ ਖੁਸ਼ੀ ਦੀ ਗੱਲ ਹੈ ਕਿ ਇਸ ਨਵੰਬਰ ਵਿੱਚ ਨਕੁਲ ਸਾਹਨੀ ਕੈਨੇਡਾ ਦੀ ਫੇਰੀ 'ਤੇ ਆ ਰਿਹਾ ਹੈ। ਕੈਨੇਡਾ ਵਿੱਚ ਉਹ ਆਪਣੀ ਫੇਰੀ ਦੀ ਸ਼ੁਰੂਆਤ, 2 ਨਵੰਬਰ 2019 ਨੂੰ ਯੂਨੀਵਰਿਸਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ 'ਪੈਟਰਨਜ਼ ਆਫ ਪੁਲੀਟੀਕਲ ਵਾਇਲੈਂਸ: 35 ਯੀਅਰਜ਼ ਸਿੰਸ 1984' ਨਾਂ ਦੇ ਸਮਾਗਮ ਵਿੱਚ ਹਿੱਸਾ ਲੈ ਕੇ ਕਰੇਗਾ। ਇਸ ਸਮਾਗਮ ਵਿੱਚ ਉਸ ਦੀ ਫਿਲਮ ਮੁਜੱਫਰ ਨਗਰ ਬਾਕੀ ਹੈ ਦਿਖਾਈ ਜਾਏਗੀ ਅਤੇ ਸਾਹਨੀ ਨਾਲ ਗੱਲਬਾਤ ਕੀਤੀ ਜਾਵੇਗੀ। ਸੈਂਟਰ ਫਾਰ ਇੰਡੀਆ ਐਂਡ ਸਾਊਥ ਏਸ਼ੀਆ ਰਿਸਰਚ ਵੱਲੋਂ ਕੀਤੇ ਜਾ ਰਹੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ: https://cisar.iar.ubc.ca/events/event/patterns-of-political-violence/।

ਕੈਨੇਡਾ ਦੇ ਯੂਨੀਵਰਸਿਟੀ ਖੇਤਰ ਵਿੱਚ ਨਕੁਲ ਸਾਹਨੀ ਦਾ ਦੂਸਰਾ ਪ੍ਰੋਗਰਾਮ 22 ਨਵੰਬਰ 2019 ਨੂੰ ਯੂਨੀਵਰਸਿਟੀ ਆਫ ਟਰਾਂਟੋ, ਮਿਸੀਸਾਗਾ ਵਿਖੇ ਹੋਵੇਗਾ। ਸੈਂਟਰ ਫਾਰ ਸਾਊਥ ਏਸ਼ੀਅਨ ਸਿਵਿਲਾਈਜੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਸਾਹਨੀ ਦੀ ਫਿਲਮ ਮੁਜੱਫਰ ਨਗਰ ਬਾਕੀ ਹੈ ਦਿਖਾਈ ਜਾਵੇਗੀ ਅਤੇ ਸਾਹਨੀ ਨਾਲ ਗੱਲਬਾਤ ਕੀਤੀ ਜਾਵੇਗੀ। ਯੂਨੀਵਰਸਿਟੀ ਆਫ ਟਰਾਂਟੋ ਦੇ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ:  https://www.eventbrite.ca/e/muzaffarnagar-baaqi-hai-tickets-73689991749

ਯੂਨੀਵਰਸਿਟੀਆਂ ਦੇ ਦਾਇਰੇ ਤੋਂ ਬਿਨਾਂ ਨਕੁਲ ਸਾਹਨੀ ਦੇ ਕਮਿਊਨਿਟੀ ਪ੍ਰੋਗਰਾਮ ਸਰੀ ਵਿੱਚ 3 ਨਵੰਬਰ ਨੂੰ, ਕੈਲਗਰੀ ਵਿੱਚ 15 ਨਵੰਬਰ ਨੂੰ, ਵਿਨੀਪੈੱਗ ਵਿੱਚ 17 ਨਵੰਬਰ ਨੂੰ ਅਤੇ ਟਰਾਂਟੋ ਵਿੱਚ 24 ਨਵੰਬਰ ਨੂੰ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਹਨੀ ਦੀ ਡਾਕੂਮੈਂਟਰੀ 'ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ' ਦਿਖਾਈ ਜਾਵੇਗੀ ਅਤੇ ਸ੍ਰੋਤਿਆਂ ਨੂੰ ਨਕੁਲ ਸਾਹਨੀ ਨਾਲ ਸਵਾਲ-ਜਵਾਬ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਸਰੀ ਵਿੱਚ (604-644-2470), ਕੈਲਗਰੀ ਵਿੱਚ (403-455-4220 ਜਾਂ 403-681-8689), ਵਿਨੀਪੈੱਗ ਵਿੱਚ (204-914-0355 ਜਾਂ 204-488-6960) ਅਤੇ ਟਰਾਂਟੋ ਵਿੱਚ (416-704-0745 ਜਾਂ 416-881-7202) 'ਤੇ ਫੋਨ ਕੀਤਾ ਜਾ ਸਕਦਾ ਹੈ।

ਨੋਟ: ਇਹ ਲੇਖ ਨਕੁਲ ਸਾਹਨੀ ਵੱਲੋਂ ਭੇਜੀ ਜਾਣਕਾਰੀ ਅਤੇ ਵਿੱਕੀਪੀਡੀਏ 'ਤੇ ਮਿਲਦੀ ਜਾਣਕਾਰੀ ਦੇ ਆਧਾਰ 'ਤੇ ਲਿਖਿਆ ਗਿਆ ਹੈ।

ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਹੋਰ ਵੇਰਵੇ ਕੱਲ੍ਹ ਦਿੱਤੇ ਜਾਣਗੇ।

ਫਿਲਮ ਪਦਮਾਵਤ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਮ ਫਿਲਮ ਅਦਾਕਾਰਾ ਸਵਰਾ ਭਾਸਕਰ ਦਾ ਖੁੱਲ੍ਹਾ ਖੱਤ।

ਅੰਗਰੇਜ਼ੀ ਤੋਂ ਅਨੁਵਾਦ - ਸੁਖਵੰਤ ਹੁੰਦਲ


ਪਿਆਰੇ ਭੰਸਾਲੀ ਜੀ,

ਸਭ ਤੋਂ ਪਹਿਲਾਂ ਤੁਹਾਡੇ ਵਲੋਂ ਆਪਣਾ ਸ਼ਾਹਕਾਰ ''ਪਦਮਾਵਤ" ૶ ਰਿਲੀਜ਼ ਕਰਨ ਲਈ ਵਧਾਈਆਂ। ਬੇਸ਼ੱਕ ਇਸ ਵਿੱਚੋਂ ਤੁਹਾਨੂੰ ਬਿਹਾਰੀ, ਖੂਬਸੂਰਤ ਦੀਪਿਕਾ ਪਦੁਕੋਨ ਦੀ ਨੰਗੀ ਕਮਰ ਅਤੇ 70 ਹੋਰ ਸ਼ਾਟ ਕੱਟਣੇ ਪਏ। ਫਿਰ ਵੀ ਤੁਸੀਂ ਹਰ ਇਕ ਦਾ ਸਿਰ ਮੋਢਿਆਂ 'ਤੇ ਅਤੇ ਨੱਕਾਂ ਨੂੰ ਸਾਬਤ ਸਬੂਤ ਰੱਖਦੇ ਹੋਏ ਇਸ ਨੂੰ ਰਿਲੀਜ਼ ਕਰਨ ਵਿੱਚ ਕਾਮਯਾਬ ਹੋ ਗਏ। ਅਤੇ ਅੱਜ ਦੇ ਇਸ 'ਸਹਿਣਸ਼ੀਲ' ਭਾਰਤ ਵਿੱਚ, ਜਿੱਥੇ ਲੋਕਾਂ ਨੂੰ ਮੀਟ ਖਾਣ ਦੇ ਮਾਮਲਿਆਂ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਮਰਦ ਸ਼ਾਨ ਦੀ ਪੁਰਾਣੀ ਧਾਰਨਾ ਦਾ ਬਦਲਾ ਲੈਣ ਲਈ ਸਕੂਲ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤੁਹਾਡੀ ਫਿਲਮ ਦਾ ਰਿਲੀਜ਼ ਹੋਣਾ, ਇਕ ਸਲਾਹੁਣਯੋਗ ਘਟਨਾ ਹੈ, ਅਤੇ ਇਸ ਲਈ ਇਕ ਵਾਰ ਫੇਰ ਵਧਾਈਆਂ।

ਤੁਹਾਡੀ ਸਾਰੀ ਕਾਸਟ ૶ ਮੁੱਖ ਅਤੇ ਸਹਾਇਕ- ਵਲੋਂ ਬਹੁਤ ਵਧੀਆ ਪੇਸ਼ਕਾਰੀ ਲਈ ਵੀ ਵਧਾਈਆਂ। ਫਿਲਮ ਇਕ ਦੇਖਣ ਨੂੰ ਅਸਚਰਜ ਤਾਂ ਹੈ ਹੀ। ਪਰ ਫਿਰ ਤੁਹਾਡੇ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ, ਜੋ ਜਿਸ ਚੀਜ਼ ਨੂੰ ਵੀ ਛੋਂਹਦਾ ਹੈ ਉਸ ਤੇ ਆਪਣੀ ਛਾਪ ਛੱਡਦਾ ਹੈ, ਤੋਂ ਇਸ ਸਭ ਕੁਝ ਦੀ ਆਸ ਹੀ ਸੀ।

ਹਾਂ ਸਰ ਆਪਾਂ ਦੋਵੇਂ ਇਕ ਦੂਜੇ ਨੂੰ ਜਾਣਦੇ ਹਾਂ। ਮੈਨੂੰ ਪਤਾ ਨਹੀਂ ਕਿ ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਡੀ ਫਿਲਮ ਗੁਜ਼ਾਰਿਸ਼ ਵਿੱਚ ਇਕ ਛੋਟਾ ਜਿਹਾ ਰੋਲ ਕੀਤਾ ਸੀ। ਸਹੀ ਕਹਿਣਾ ਹੋਵੇ ਤਾਂ ਦੋ ਸੀਨਾਂ ਜਿੱਡਾ ਲੰਬਾ ਰੋਲ। ਮੈਨੂੰ ਤੁਹਾਡੇ ਨਾਲ ਆਪਣੀਆਂ ਲਾਈਨਾਂ ਬਾਰੇ ਸੰਖੇਪ ਗੱਲਬਾਤ ਕਰਨਾ ਅਤੇ ਤੁਹਾਡੇ ਵਲੋਂ ਇਹਨਾਂ ਲਾਈਨਾਂ ਬਾਰੇ ਮੇਰੀ ਰਾਇ ਪੁੱਛੇ ਜਾਣਾ   ਯਾਦ ਹੈ। ਮੈਨੂੰ ਯਾਦ ਹੈ ਕਿ ਪੂਰਾ ਇਕ ਮਹੀਨਾ ਮੈਨੂੰ ਇਸ ਗੱਲ ਦਾ ਮਾਣ ਰਿਹਾ ਕਿ ਸੰਜੇ ਲੀਲਾ ਭੰਸਾਲੀ ਨੇ ਮੇਰੇ ਕੋਲੋਂ ਮੇਰੀ ਰਾਇ ਪੁੱਛੀ ਸੀ। ਮੈਨੂੰ ਯਾਦ ਹੈ ਜਦੋਂ ਤੁਸੀਂ ਇਕ ਸੀਨ ਵਿੱਚ ਇਕ ਜੂਨੀਅਰ ਆਰਟਿਸਟ ਨੂੰ ਸੀਨ ਸਮਝਾਇਆ ਸੀ ਅਤੇ ਦੂਜੇ ਸੀਨ ਵਿੱਚ ਜਿੰਮੀ ਜਿੱਬ ਉਪਰੇਟਰ ਨੂੰ, ਇਕ ਖਾਸ ਸ਼ਾਟ ਬਾਰੇ ਕੁਝ ਨਿੱਕਾ ਵਿਸਥਾਰ। ਮੈਨੂੰ ਇਹ ਸੋਚਣਾ ਯਾਦ ਹੈ, ''ਵਾਹ! ਇਹ ਬੰਦਾ ਆਪਣੀ ਫਿਲਮ ਦੇ ਹਰ ਨਿੱਕੇ ਵਿਸਥਾਰ ਦਾ ਖਿਆਲ ਰੱਖਦਾ ਹੈ।" ਸ਼੍ਰੀ ਮਾਨ ਜੀ, ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਈ ਸੀ।

ਤੁਹਾਡੀਆਂ ਫਿਲਮਾਂ ਦੇਖਣ ਦੀ ਸ਼ੁਕੀਨ ਮੈਂ ਇਸ ਗੱਲ 'ਤੇ ਹੈਰਾਨ ਹੁੰਦੀ ਹਾਂ ਕਿ ਤੁਸੀਂ ਕਿਵੇਂ ਆਪਣੀ ਹਰ ਫਿਲਮ ਵਿੱਚ ਹੱਦਾਂ ਉਲੰਘਦੇ ਹੋ ਅਤੇ ਕਿਸ ਤਰ੍ਹਾਂ ਸਿਤਾਰੇ ਤੁਹਾਡੇ ਯੋਗ ਨਿਰਦੇਸ਼ਨ ਅਧੀਨ ਬਹੁਤ ਜ਼ਬਰਦਸਤ ਅਤੇ ਡੂੰਘੇ ਅਦਾਕਾਰ ਬਣ ਜਾਂਦੇ ਹਨ। ਤੁਸੀਂ ਮਹਾਂਕਾਵਿਕ ਪਿਆਰ ਬਾਰੇ ਮੇਰੇ ਵਿਚਾਰਾਂ ਨੂੰ ਬਦਲਿਆ ਹੈ ਅਤੇ ਮੈਂ ਉਸ ਦਿਨ ਬਾਰੇ ਕਲਪਨਾ ਕਰਦੀ ਹਾਂ ਜਿਸ ਦੀ ਇਕ ਮੁੱਖ ਨਾਇਕਾ ਵਜੋਂ ਮੈਂ ਤੁਹਾਡੇ ਨਿਰਦੇਸ਼ਨ ਹੇਠ ਕੰਮ ਕਰਾਂਗੀ।

ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਫਿਲਮ ਦੇ ਹੱਕ ਵਿੱਚ ਲੜੀ ਸੀ ਜਦੋਂ ਇਸ ਦਾ ਨਾਂ ਪਦਮਾਵਤੀ ਸੀ। ਮੈਂ ਇਹ ਮੰਨਦੀ ਹਾਂ ਕਿ ਮੈਂ ਟਵਿਟਰ ਟਾਇਮਲਾਈਨ 'ਤੇ ਲੜੀ ਸੀ, ਕਿਸੇ ਜੰਗ ਦੇ ਮੈਦਾਨ ਵਿੱਚ ਨਹੀਂ ਅਤੇ ਮੈਂ ਟਰੋਲਾਂ ਨਾਲ ਲੜੀ ਸੀ ਕਿਸੇ ਜੰਨੂਨੀ ਅਤੇ ਖਬਤੀ ਮੁਸਲਮਾਨਾਂ ਨਾਲ ਨਹੀਂ; ਪਰ ਫਿਰ ਵੀ ਮੈਂ ਤੁਹਾਡੇ ਲਈ ਲੜੀ ਸੀ। ਮੈਂ ਟੀ ਵੀ ਕੈਮਰਿਆਂ 'ਤੇ ਉਹ ਗੱਲਾਂ ਕਹੀਆਂ ਜਿਹੜੀਆਂ ਮੈਂ ਸੋਚਦੀ ਸੀ ਕਿ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਤੁਹਾਡੇ 185 ਕਰੋੜ ਦਾਅ 'ਤੇ ਲੱਗੇ ਹੋਏ ਸਨ।

ਸਬੂਤ ਲਈ ਤੁਸੀਂ ਇਹ ਦੇਖ ਸਕਦੇ ਹੋ:

ਅਤੇ ਮੈਂ ਜੋ ਕਿਹਾ ਸੱਚ ਮੁੱਚ ਹੀ ਉਸ 'ਤੇ ਯਕੀਨ ਕਰਦੀ ਸੀ। ਮੈਂ ਸੱਚ ਮੁੱਚ ਹੀ ਯਕੀਨ ਕਰਦੀ ਸੀ ਅਤੇ ਹੁਣ ਵੀ ਕਰਦੀ ਹਾਂ ਕਿ ਤੁਹਾਨੂੰ ਅਤੇ ਇਸ ਦੇਸ਼ ਦੇ ਕਿਸ ਵੀ ਹੋਰ ਵਿਅਕਤੀ ਨੂੰ ਉਸ ਦਾ ਸੈੱਟ ਜਲਾਏ ਜਾਣ ਤੋਂ ਬਿਨਾਂ, ਉਸ 'ਤੇ ਹਮਲਾ ਕੀਤੇ ਜਾਣ ਤੋਂ ਬਿਨਾਂ, ਉਸ ਦੇ ਅੰਗ ਕੱਟੇ ਜਾਣ ਤੋਂ ਬਿਨਾਂ ਜਾਂ ਉਸ ਦੀ ਜ਼ਿੰਦਗੀ ਖਰਾਬ ਕੀਤੇ ਜਾਣ ਤੋਂ ਬਿਨਾਂ ਉਹ ਕਹਾਣੀ ਦੱਸਣ ਦਾ ਹੱਕ ਹੈ ਜਿਹੜੀ ਕਹਾਣੀ ਉਹ ਦੱਸਣਾ ਚਾਹੁੰਦਾ ਹੈ, ਉਸ ਢੰਗ ਨਾਲ ਦੱਸਣ ਦਾ ਹੱਕ ਹੈ ਜਿਸ ਢੰਗ ਨਾਲ ਉਹ ਦੱਸਣਾ ਚਾਹੁੰਦਾ ਹੈ, ਹੀਰੋਇਨ ਦਾ ਉਨਾ ਕੁ ਢਿੱਡ ਦਿਖਾਉਣ ਦਾ ਹੱਕ ਹੈ ਜਿੰਨਾ ਕੁ ਢਿੱਡ ਉਹ ਦਿਖਾਉਣਾ ਚਾਹੁੰਦਾ ਹੈ।

ਇਸ ਦੇ ਨਾਲ ਹੀ, ਆਮ ਤੌਰ 'ਤੇ, ਲੋਕਾਂ ਨੂੰ ਫਿਲਮਾਂ ਬਣਾ ਸਕਣ ਅਤੇ ਰਿਲੀਜ਼ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਸੁਰੱਖਿਆ ਨਾਲ ਸਕੂਲ ਜਾਣ ਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਸੱਚਮੁੱਚ ਕਾਮਨਾ ਕਰਦੀ ਸੀ ਕਿ ਤੁਹਾਡੀ ਫਿਲਮ ਬਹੁਤ ਜ਼ਿਆਦਾ ਕਾਮਯਾਬ ਹੋਵੇ, ਬਲਾਕਬਸਟਰ ਬਣੇ ਅਤੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦੇਵੇ, ਜਿਸ ਤੋਂ ਹੋਣ ਵਾਲੀ ਆਮਦਨ ਕਰਨੀ ਸੈਨਾ ਅਤੇ ਉਨ੍ਹਾਂ ਦੇ ਸਾਥੀ ਦਹਿਸ਼ਤਗਰਦਾਂ ਦੇ ਮੂੰਹ ਉੱਪਰ ਇਕ ਚਪੇੜ ਹੋਵੇ। ਇਸ ਲਈ ਬਹੁਤ ਜੋਸ਼ ਨਾਲ ਅਤੇ ਇਕ ਉਪਾਸ਼ਕ ਦੇ ਉਤਸ਼ਾਹ ਨਾਲ ਮੈਂ ਪਦਮਾਵਤ ਲਈ ਪਹਿਲੇ ਦਿਨ ਅਤੇ ਪਹਿਲੇ ਸ਼ੋਅ ਦੀਆਂ ਟਿਕਟਾਂ ਬੁੱਕ ਕਰਵਾਈਆਂ ਅਤੇ ਆਪਣੇ ਸਾਰੇ ਪਰਿਵਾਰ ਅਤੇ ਆਪਣੇ ਰਸੋਈਏ ਨੂੰ ਫਿਲਮ ਦੇਖਣ ਲੈ ਕੇ ਗਈ।

ਸ਼ਾਇਦ ਫਿਲਮ ਨਾਲ ਇਸ ਤਰ੍ਹਾਂ ਦਾ ਲਗਾਉ ਅਤੇ ਇਸ ਬਾਰੇ ਇਸ ਤਰ੍ਹਾਂ ਦਾ ਫਿਕਰ ਹੋਣ ਕਰਕੇ ਮੈਂ ਇਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਹਾਂ। ਸ਼ਾਇਦ ਇਸ ਹੀ ਕਰਕੇ ਮੈਂ ਤੁਹਾਨੂੰ ਲਿਖਣ ਦੀ ਖੁੱਲ੍ਹ ਲੈ ਰਹੀ ਹਾਂ ਅਤੇ ਤੁਹਾਨੂੰ ਲਿਖਣ ਲਈ ਉਤਾਵਲੀ ਹੋ ਰਹੀ ਹਾਂ। ਮੈਂ ਸਪਸ਼ਟ ਅਤੇ ਸਿੱਧੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ, ਭਾਵੇਂ ਕਿ ਕਹਿਣ ਵਾਲਾ ਬਹੁਤ ਕੁਝ ਹੈ।

' ਸ਼੍ਰੀ ਮਨ ਜੀ ਬਲਾਤਕਾਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਔਰਤਾਂ ਨੂੰ ਜੀਣ ਦਾ ਹੱਕ ਹੈ। 

' ਉਨ੍ਹਾਂ ਦੇ ਪਤੀਆਂ, ਮਰਦ 'ਰੱਖਿਅਕਾਂ' 'ਮਾਲਕਾਂ', 'ਉਨ੍ਹਾਂ ਦੀ ਲਿੰਗਤਾ ਨੂੰ ਕੰਟਰੋਲ ਕਰਨ ਵਾਲਿਆਂ' ... ਤੁਹਾਡੀ ਨਜ਼ਰ ਵਿੱਚ ਮਰਦ ਜੋ ਵੀ ਹੋਣ, ਦੀ ਮੌਤ ਹੋਣ ਬਾਅਦ ਔਰਤਾਂ ਨੂੰ ਜੀਣ ਦਾ ਹੱਕ ਹੈ।

' ਔਰਤਾਂ ਨੂੰ ਸੁਤੰਤਰ ਹੋ ਕੇ ਜੀਣ ਦਾ ਹੱਕ ਹੈ ૶ ਬੇਸ਼ੱਕ ਉਨ੍ਹਾਂ ਦੇ ਮਰਦ ਜ਼ਿੰਦਾ ਹੋਣ ਜਾਂ ਨਾ।

' ਔਰਤਾਂ ਨੂੰ ਜੀਣ ਦਾ ਹੱਕ ਹੈ। ਬੱਸ।

ਅਸਲ ਵਿੱਚ ਇਹ ਬਹੁਤ ਬੁਨਿਆਦੀ ਗੱਲ ਹੈ।

ਕੁਝ ਹੋਰ ਬੁਨਿਆਦੀ ਨੁਕਤੇ:

' ਔਰਤਾਂ ਤੁਰਦੀਆਂ ਫਿਰਦੀਆਂ ਯੋਨੀਆਂ ਨਹੀਂ ਹਨ।

' ਹਾਂ ਔਰਤਾਂ ਦੇ ਯੋਨੀਆਂ ਹੁੰਦੀਆਂ ਹਨ, ਪਰ ਉਹ ਇਸ ਤੋਂ ਵੱਧ ਹੁੰਦੀਆਂ ਹਨ। ਇਸ ਲਈ ਉਨ੍ਹਾਂ ਦੀ ਸਾਰੀ ਜ਼ਿੰਦਗੀ ਉਨ੍ਹਾਂ ਦੀ ਯੋਨੀ ਦੁਆਲੇ ਕੇਂਦਰਿਤ ਨਹੀਂ ਹੋਣੀ ਚਾਹੀਦੀ, ਇਸ ਨੂੰ ਕੰਟਰੋਲ ਕਰਨ ਲਈ, ਇਸ ਦੀ ਰੱਖਿਆ ਕਰਨ ਲਈ, ਇਸ ਦੀ ਸ਼ੁਧਤਾ ਕਾਇਮ ਰੱਖਣ ਲਈ (ਸ਼ਾਇਦ 13ਵੀਂ ਸਦੀ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ, ਪਰ ਇੱਕੀਵੀਂ ਸਦੀ ਵਿੱਚ ਸਾਨੂੰ ਇਨ੍ਹਾਂ ਸੀਮਤ ਵਿਚਾਰਾਂ ਨੂੰ ਨਹੀਂ ਮੰਨਣਾ ਚਾਹੀਦਾ। ਇਹ ਪੱਕਾ ਹੈ ਕਿ ਸਾਨੂੰ ਉਨ੍ਹਾਂ ਦੀ ਮਹਿਮਾ ਨਹੀਂ ਗਾਉਣੀ ਚਾਹੀਦੀ।)

' ਇਹ ਬਹੁਤ ਵਧੀਆ ਹੋਵੇਗਾ ਜੇ ਯੋਨੀ ਦਾ ਸਤਿਕਾਰ ਹੋਵੇ, ਪਰ ਜੇ ਬਦਕਿਸਮਤੀ ਨਾਲ ਅਜਿਹਾ ਨਾ ਹੋਵੇ, ਤਾਂ ਔਰਤ ਜੀਣਾ ਜਾਰੀ ਰੱਖ ਸਕਦੀ ਹੈ। ਉਸ ਨੂੰ ਮੌਤ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਕਿਸੇ ਹੋਰ ਵਿਅਕਤੀ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੀ ਯੋਨੀ ਦਾ ਤ੍ਰਿਸਕਾਰ ਕੀਤਾ ਹੈ।

' ਯੋਨੀ ਤੋਂ ਬਾਹਰ ਵੀ ਜ਼ਿੰਦਗੀ ਹੈ, ਅਤੇ ਇਸ ਲਈ ਬਲਾਤਕਾਰ ਤੋਂ ਬਾਅਦ ਵੀ ਜ਼ਿੰਦਗੀ ਹੋ ਸਕਦੀ ਹੈ। (ਮੈਨੂੰ ਪਤਾ ਹੈ ਕਿ ਮੈਂ ਦੁਹਰਾਅ ਰਹੀ ਹਾਂ, ਪਰ ਇਸ ਨੁਕਤੇ ਨੂੰ ਜਿੰਨੀ ਵਾਰੀ ਵੀ ਦੁਹਰਾਇਆ ਜਾਵੇ ਉਹ ਘੱਟ ਹੈ।)

' ਸਮੁੱਚੇ ਰੂਪ ਵਿੱਚ ਯੋਨੀ ਤੋਂ ਬਾਅਦ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਹੈ।

ਤੁਸੀਂ ਹੈਰਾਨ ਹੋਵੋਗੇ ਕਿ ਮੈਂ ਯੋਨੀ ਬਾਰੇ ਵਾਰ ਵਾਰ ਕਿਉਂ ਗੱਲ ਕਰ ਰਹੀ ਹਾਂ। ਕਿਉਂਕਿ ਸ਼੍ਰੀ ਮਾਨ ਜੀ ਮੈਂ ਤੁਹਾਡੀ ਸ਼ਾਹਕਾਰ ਦੇਖ ਕੇ ਇਹ ਹੀ ਮਹਿਸੂਸ ਕੀਤਾ। ਮੈਂ ਇਕ ਯੋਨੀ ਦੀ ਤਰ੍ਹਾਂ ਮਹਿਸੂਸ ਕੀਤਾ। ਮੈਂ ਮਹਿਸੂਸ ਕੀਤਾ ਕਿ ਮੈਨੂੰ ਸਿਰਫ ਯੋਨੀ ਤੱਕ ਮਨਫੀ ਕਰ ਦਿੱਤਾ ਗਿਆ ਹੈ। ਮੈਂ ਮਹਿਸੂਸ ਕੀਤਾ ਕਿ ਪਿਛਲੇ ਸਾਲਾਂ ਵਿੱਚ ਜਿਹੜੀਆਂ ਵੀ ''ਛੋਟੀਆਂ ਜਿਹੀਆਂ" ਪ੍ਰਾਪਤੀਆ ਔਰਤਾਂ ਅਤੇ ਔਰਤਾਂ ਦੀਆਂ ਲਹਿਰਾਂ ਨੇ ਪ੍ਰਾਪਤ ਕੀਤੀਆਂ ਹਨ- ਜਿਵੇਂ ਵੋਟ ਪਾਉਣ ਦਾ ਹੱਕ, ਜਾਇਦਾਦ ਦੀਆਂ ਮਾਲਕ ਬਣਨ ਦਾ ਹੱਕ, ਵਿਦਿਆ ਦਾ ਹੱਕ, ਇਕੋ ਜਿਹੇ ਕੰਮ ਲਈ ਇਕੋ ਜਿਹੀ ਤਨਖਾਹ ਦਾ ਹੱਕ, ਗਰਭਵਤੀ ਹੁੰਦੇ ਸਮੇਂ ਛੁੱਟੀ ਦਾ ਹੱਕ, ਵਿਸ਼ਾਖਾ ਫੈਸਲਾ, ਬੱਚਿਆਂ ਨੂੰ ਗੋਦ ਲੈਣ ਦਾ ਹੱਕ ૶ ਇਨ੍ਹਾਂ ਸਾਰੀਆਂ ਦੀ ਕੋਈ ਤੁਕ ਨਹੀਂ; ਕਿਉਂਕਿ ਅਸੀਂ ਬੁਨਿਆਦੀ ਗੱਲ 'ਤੇ ਵਾਪਸ ਆ ਗਏ ਹਾਂ।

ਅਸੀਂ ਵਾਪਸ ਬੁਨਿਆਦੀ ਸਵਾਲ 'ਤੇ ਆ ਗਏ ਹਾਂ ૶ ਜੀਣ ਦਾ ਹੱਕ। ਤੁਹਾਡੀ ਫਿਲਮ ਨੇ ਸਾਨੂੰ ਮੱਧ ਕਾਲ ਦੇ ਹਨ੍ਹੇਰੇ ਸਮਿਆਂ ਦੇ ਉਸ ਬੁਨਿਆਦੀ ਸਵਾਲ 'ਤੇ ਲਿਆ ਖੜ੍ਹਾ ਕੀਤਾ ਹੈ ૶ ਕੀ ਔਰਤਾਂ ૶ ਵਿਧਵਾ, ਬਲਾਤਕਾਰ ਦਾ ਸ਼ਿਕਾਰ, ਜਵਾਨ, ਬੁੱਢੀਆਂ, ਗਰਭਵਤੀ, ਗਭਰੇਟ ... ਨੂੰ ਜੀਣ ਦਾ ਹੱਕ ਹੈ?

ਮੈਂ ਸਮਝਦੀ ਹਾਂ ਕਿ ਜੌਹਰ ਅਤੇ ਸਤੀ ਸਾਡੇ ਸਮਾਜਕ ਇਤਿਹਾਸ ਦਾ ਹਿੱਸਾ ਹਨ। ਇਹ ਬੀਤੀਆਂ ਸਨ। ਮੈਂ ਸਮਝਦੀ ਹਾਂ ਕਿ ਉਹ ਸਨਸਨੀਖੇਜ਼, ਸਦਮਾ-ਜਨਕ ਨਾਟਕੀ ਵਰਤਾਰੇ ਹਨ ਜਿਨ੍ਹਾਂ ਨੂੰ ਸ਼ਾਨਦਾਰ, ਜ਼ੋਰਦਾਰ ਅਤੇ ਗਜ਼ਬਦਾਰ ਨਜ਼ਾਰਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਖਾਸ ਕਰਕੇ ਤੁਹਾਡੇ ਵਰਗੇ ਪ੍ਰਬੀਨ ਫਿਲਮਸਾਜ਼ ਵਲੋਂ ૶ ਪਰ 19ਵੀਂ ਸਦੀ ਵਿੱਚ ਅਮਰੀਕਾ ਵਿੱਚ ਚਿੱਟੇ ਲੋਕਾਂ ਦੀਆਂ ਭੀੜਾਂ ਵਲੋਂ ਕਾਲੇ ਲੋਕਾਂ ਦੇ ਸਮੂਹਿਕ ਕਤਲ (ਲਿੰਚਿੰਗ) ਵੀ ਇਸ ਤਰ੍ਹਾਂ ਦੇ ਵਰਤਾਰੇ ਹਨ- ਸਨਸਨੀਖੇਜ, ਸਦਮਾਜਨਕ ਨਾਟਕੀ ਸਮਾਜਕ ਵਰਤਾਰੇ। ਕੀ ਇਸ ਦਾ ਮਤਲਬ ਹੈ ਕਿ ਨਸਲਵਾਦ ਉੱਪਰ ਕੋਈ ਨਜ਼ਰੀਆ ਰੱਖੇ ਬਿਨਾਂ ਕੋਈ ਇਸ 'ਤੇ ਫਿਲਮ ਬਣਾ ਦੇਵੇ? ਜਾਂ ਨਸਲੀ ਨਫਰਤ 'ਤੇ ਕੋਈ ਟਿੱਪਣੀ ਕੀਤੇ ਬਿਨਾਂ? ਇਸ ਤੋਂ ਬਦਤਰ ਕੀ ਕੋਈ ਗਰਮ-ਖੂਨ, ਸ਼ੁਧਤਾ, ਬਹਾਦਰੀ ਦੀ ਵਿਕ੍ਰਿਤ ਧਾਰਨਾ ਦੇ ਚਿੰਨ ਵਜੋਂ ਸਮੂਹਿਕ ਕਤਲਾਂ (ਲਿੰਚਿੰਗ) ਨੂੰ ਵਡਿਆਉਂਦੀ ਫਿਲਮ ਬਣਾ ਦੇਵੇ- ਮੈਨੂੰ ਪਤਾ ਨਹੀਂ, ਮੈਨੂੰ ਬਿਲਕੁਲ ਪਤਾ ਨਹੀਂ ਕਿ ਕੋਈ ਇਸ ਤਰ੍ਹਾਂ ਦੇ ਘਿਨਾਉਣੇ ਨਫਰਤ ਭਰੇ ਜੁਰਮ ਨੂੰ ਕਿਵੇਂ ਵਡਿਆ ਸਕਦਾ ਹੈ।

ਸ਼੍ਰੀ ਮਾਨ ਜੀ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੇ ਸਤੀ ਅਤੇ ਜੌਹਰ ਅਜਿਹੀਆਂ ਰੀਤਾਂ ਹਨ ਜਿਹਨਾਂ ਨੂੰ ਵਡਿਆਇਆ ਨਹੀਂ ਜਾ ਸਕਦਾ। ਮੈਨੂੰ ਯਕੀਨ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਣਖ, ਕੁਰਬਾਨੀ, ਸ਼ੁਧਤਾ ਦਾ ਕਿਸੇ ਵੀ ਤਰ੍ਹਾਂ ਦਾ ਪੁਰਾਤਨ ਵਿਚਾਰ ਔਰਤਾਂ ਅਤੇ ਮਰਦਾਂ ਨੂੰ ਇਸ ਤਰ੍ਹਾਂ ਦੀਆਂ ਰੀਤਾਂ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਮਜ਼ਬੂਰ ਨਹੀਂ ਕਰ ਸਕਦਾ; ਅਤੇ ਬੁਨਿਆਦੀ ਤੌਰ 'ਤੇ ਫੀਮੇਲ ਜੈਨੀਟਲ ਮਿਊਟੀਲੇਸ਼ਨ (ਐੱਫ ਜੀ ਐੱਮ) ਅਤੇ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਵਾਂਗ ਸਤੀ ਅਤੇ ਜੌਹਰ  ਵੀ ਪਿੱਤਰਸੱਤਾ, ਔਰਤਾਂ ਨਾਲ ਨਫਰਤ ਕਰਨ ਵਾਲੇ ਅਤੇ ਸੰਦੇਹਜਨਕ ਵਿਚਾਰਾਂ ਦੀ ਜ਼ੱਦ ਵਿੱਚ ਆਉਂਦੀਆਂ ਹਨ। ਅਜਿਹੀ ਮਾਨਸਿਕਤਾ ਜੋ ਇਹ ਵਿਸ਼ਵਾਸ ਕਰਦੀ ਹੈ ਕਿ ਔਰਤ ਦੀ ਕੀਮਤ ਉਸ ਦੀ ਯੋਨੀ ਵਿੱਚ ਹੈ, ਕਿ ਔਰਤਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਜੇ ਉਹ ਆਪਣੇ ਮਰਦ ਮਾਲਕਾਂ ਦੇ ਕੰਟਰੋਲ ਵਿੱਚ ਨਹੀਂ ਜਾਂ ਉਨ੍ਹਾਂ ਦੇ ਸਰੀਰ ਕਿਸੇ ਅਜਿਹੇ ਮਰਦ ਦੀ ਛੋਹ ਜਾਂ ਨਜ਼ਰ ਨਾਲ 'ਅਪਵਿੱਤਰ' ਹੋ ਜਾਂਦਾ ਹੈ ਜਿਹੜੇ ਮਰਦ ਕੋਲ ਔਰਤ ਦੀ 'ਮਾਲਕੀ' ਜਾਂ 'ਕੰਟਰੋਲ' ਦੀ ਸਮਾਜਕ ਪ੍ਰਵਾਨਗੀ ਨਾ ਹੋਵੇ।


ਸਤੀ, ਜੌਹਰ, ਐੱਫ ਜੀ ਐੱਮ, ਅਣਖ ਖਾਤਰ ਕੀਤੇ ਜਾਂਦੇ ਕਤਲ ਵਰਗੀਆਂ ਰੀਤਾਂ ਨੂੰ ਵਡਿਆਉਣਾ ਨਹੀਂ ਚਾਹੀਦਾ ਕਿਉਂਕਿ ਉਹ ਸਿਰਫ ਔਰਤਾਂ ਤੋਂ ਬਰਾਬਰੀ ਦਾ ਹੱਕ, ਉਨ੍ਹਾਂ ਦੀ ਵਿਅਕਤੀਗਤ ਹੋਂਦ ਹੀ ਨਹੀਂ ਖੋਂਹਦੀਆਂ ਸਗੋਂ ਉਹ ਔਰਤਾਂ ਦੀ ਇਨਸਾਨੀਅਤ ਖੋਹ ਲੈਂਦੀਆਂ ਹਨ। ਅਤੇ ਇਹ ਗਲਤ ਹੈ। ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਅਜਿਹਾ ਨੁਕਤਾ ਹੈ ਜਿਸ ਬਾਰੇ ਸੰਨ 2018 ਵਿੱਚ ਗੱਲ ਕਰਨ ਦੀ ਲੋੜ ਨਹੀਂ; ਪਰ ਜ਼ਾਹਰਾ ਤੌਰ 'ਤੇ ਅਜਿਹਾ ਕਰਨ ਦੀ ਲੋੜ ਹੈ। ਪੱਕਾ ਹੈ ਕਿ ਤੁਸੀਂ ਐੱਫ ਜੀ ਐੱਮ ਜਾਂ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਨੂੰ ਵਡਿਆਉਣ ਵਾਲੀ ਫਿਲਮ ਬਣਾਉਣ ਬਾਰੇ ਨਹੀਂ ਸੋਚੋਗੇ।

ਸ਼੍ਰੀ ਮਾਨ ਜੀ ਤੁਸੀਂ ਕਹੋਗੇ ਕਿ ਮੈਂ ਹੱਦ ਤੋਂ ਜ਼ਿਆਦਾ ਪ੍ਰਤੀਕਰਮ ਕਰ ਰਹੀ ਹਾਂ ਅਤੇ ਮੈਨੂੰ ਇਸ ਫਿਲਮ ਨੂੰ ਇਸ ਦੇ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਇਹ ਕਹਾਣੀ 13ਵੀਂ ਸਦੀ ਦੇ ਲੋਕਾਂ ਬਾਰੇ ਹੈ। ਅਤੇ 13ਵੀਂ ਸਦੀ ਵਿੱਚ ਜ਼ਿੰਦਗੀ ਇਸ ਤਰ੍ਹਾਂ ਦੀ ਹੀ ਸੀ ૶ ਇਕ ਤੋਂ ਵੱਧ ਔਰਤਾਂ ਨਾਲ ਵਿਆਹ ਪ੍ਰਵਾਨ ਸਨ, ਮੁਸਲਮਾਨ ਪਸ਼ੂ ਸਨ ਜੋ ਮੀਟ ਅਤੇ ਔਰਤਾਂ ਨੂੰ ਹਾਬੜ ਕੇ ਪੈਂਦੇ ਸਨ, ਅਤੇ ਇੱਜ਼ਤਦਾਰ ਹਿੰਦੂ ਔਰਤਾਂ ਆਪਣੇ ਪਤੀਆਂ ਦੀ ਚਿਖਾ ਵਿੱਚ ਖੁਸ਼ੀ ਖੁਸ਼ੀ ਛਾਲ ਮਾਰ ਦਿੰਦੀਆਂ ਸਨ, ਅਤੇ ਜੇ ਸਸਕਾਰ 'ਤੇ ਨਾ ਜਾ ਸਕਦੀਆਂ ਹੋਣ, ਉਹ ਇਕ ਚਿਖਾ ਬਾਲ ਕੇ ਉਸ ਵਿੱਚ ਛਾਲ ਮਾਰ ਦਿੰਦੀਆਂ ਸਨ૶ ਅਸਲ ਵਿੱਚ ਉਹ ਸਮੂਹਿਕ ਆਤਮਹੱਤਿਆ ਦੇ ਵਿਚਾਰ ਨੂੰ ਏਨਾ ਜ਼ਿਆਦਾ ਪਸੰਦ ਕਰਦੀਆਂ ਸਨ ਕਿ ਉਹ ਆਪਣੇ ਹਾਰ ਸ਼ਿੰਗਾਰ ਕਰਨ ਦੇ ਮੌਕਿਆਂ 'ਤੇ ਇਸ ਬਾਰੇ ਖੁਸ਼ੀ ਖੁਸ਼ੀ ਗੱਲ ਕਰਦੀਆਂ ਸਨ। ਤੁਸੀਂ ਮੈਨੂੰ ਕਹੋਗੇ ''ਸੱਚ ਨੂੰ ਦੇਖ"।

ਨਹੀਂ ਸ਼੍ਰੀ ਮਾਨ ਜੀ ਆਪਣੀਆਂ ਜ਼ਾਲਮਾਨਾ ਰੀਤਾਂ ਵਾਲਾ 13ਵੀਂ ਸਦੀ ਦਾ ਰਾਜਸਥਾਨ ਤੁਹਾਡੇ ਵਲੋਂ ਪਦਮਾਵਤ ਫਿਲਮ ਲਈ ਅਪਣਾਈ ਗਈ ਗਾਥਾ ਲਈ ਸਿਰਫ ਇਕ ਇਤਿਹਾਸਕ ਸੈਟਿੰਗ ਹੈ। ਤੁਹਾਡੀ ਫਿਲਮ ਦਾ ਸੰਦਰਭ ਇੱਕੀਵੀਂ ਸਦੀ ਦਾ ਇੰਡੀਆ ਹੈ; ਜਿੱਥੇ ਪੰਜ ਸਾਲ ਪਹਿਲਾਂ, ਦੇਸ਼ ਦੀ ਰਾਜਧਾਨੀ ਵਿੱਚ ਇਕ ਚਲਦੀ ਬੱਸ ਵਿੱਚ ਇਕ ਕੁੜੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਆਪਣੀ ਇੱਜ਼ਤ ਲੁੱਟੇ ਜਾਣ 'ਤੇ ਉਸ ਨੇ ਆਤਮਹੱਤਅਿਾ ਨਹੀਂ ਕੀਤੀ ਸੀ, ਸ਼੍ਰੀ ਮਾਨ ਜੀ। ਉਹ ਆਪਣੇ ਛੇ ਬਲਾਤਕਾਰੀਆਂ ਨਾਲ ਲੜੀ ਸੀ। ਉਹ ਏਨੀ ਜਾਣ ਨਾਲ ਲੜੀ ਕਿ ਉਨ੍ਹਾਂ ਦਰਿੰਦਿਆਂ ਵਿੱਚੋਂ ਇਕ ਨੇ ਉਸ ਦੀ ਯੋਨੀ ਵਿੱਚ ਲੋਹੇ ਦੇ ਸਰੀਆ ਧੱਕ ਦਿੱਤਾ ਸੀ। ਉਸ ਦੀ ਲਾਸ਼ ਸੜਕ 'ਤੇ ਮਿਲੀ ਸੀ ਜਿਸ ਦੀਆਂ ਆਂਦਰਾਂ ਬਾਹਰ ਨਿਕਲੀਆਂ ਹੋਈਆਂ ਸਨ। ਏਨਾ ਵਾਸਤਵਿਕ ਵਿਸਥਾਰ ਦੇਣ ਲਈ ਮੁਆਫੀ ਮੰਗਦੀ ਹਾਂ; ਸ਼੍ਰੀ ਮਾਨ ਜੀ, ਪਰ ਤੁਹਾਡੀ ਫਿਲਮ ਦਾ ਅਸਲ 'ਸੰਦਰਭ' ਇਹ ਹੈ।  

ਤੁਹਾਡੀ ਫਿਲਮ ਰਿਲੀਜ਼ ਹੋਣ ਤੋਂ ਇਕ ਹਫਤਾ ਪਹਿਲਾਂ ਹਰਿਆਣੇ ਦੇ ਸ਼ਹਿਰ ਜੀਂਦ ਵਿੱਚ ਇਕ ਪੰਦਰਾਂ ਸਾਲਾਂ ਦੀ ਦਲਿਤ ਕੁੜੀ ਨਾਲ ਕਰੂਰ ਢੰਗ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ; ਜਿਹੜਾ ਜੁਰਮ ਨਿਰਭੈਆ ਦੇ ਬਲਾਤਕਾਰ ਨਾਲ ਬੁਰੀ ਤਰ੍ਹਾਂ ਰਲਦਾ ਮਿਲਦਾ ਸੀ।

ਤੁਸੀਂ ਜਾਣਦੇ ਹੀ ਹੋ ਕਿ ਸਤੀ ਅਤੇ ਔਰਤਾਂ ਦੇ ਕੀਤੇ ਜਾਂਦੇ ਬਲਾਤਕਾਰ ਇਕੋ ਮਾਨਸਿਕਤਾ ਦੇ ਦੋ ਪਾਸੇ ਹਨ। ਇਕ ਬਲਾਤਕਾਰੀ ਇਕ ਔਰਤ ਨੂੰ ਕੰਟਰੋਲ ਕਰਨ ਲਈ ਉਸ ਦੇ ਗੁਪਤ ਅੰਗਾਂ ਦਾ ਤ੍ਰਿਸਕਾਰ ਅਤੇ ਉਨ੍ਹਾਂ 'ਤੇ ਹਮਲਾ ਕਰਦਾ ਹੈ, ਉਨ੍ਹਾਂ ਨਾਲ ਜ਼ਬਰਦਸਤੀ ਕਰਦਾ ਹੈ, ਉਨ੍ਹਾਂ ਨੂੰ ਕੱਟਦਾ/ਵੱਢਦਾ ਹੈ, ਉਸ 'ਤੇ ਭਾਰੂ ਪੈਂਦਾ ਹੈ ਜਾਂ ਉਸ ਨੂੰ ਖਤਮ ਕਰ ਦਿੰਦਾ ਹੈ। ਸਤੀ-ਜੌਹਰ ਦੇ ਸਮਰਥਕ ਜਾਂ ਹਿਮਾਇਤੀ ਔਰਤ ਨੂੰ ਮੁਕੰਮਲ ਤੌਰ 'ਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਉਸ ਦੇ ਗੁਪਤ ਅੰਗਾਂ ਦਾ ਤ੍ਰਿਸਕਾਰ ਕਰ ਦਿੱਤਾ ਗਿਆ ਹੋਵੇ ਜਾਂ ਉਸ ਦੇ ਗੁਪਤ ਅੰਗ 'ਸਹੀ' ਮਰਦ ਮਾਲਕ ਦੇ ਕੰਟਰੋਲ ਵਿੱਚ ਨਾ ਰਹੇ ਹੋਣ। ਦੋਹਾਂ ਕੇਸਾਂ ਵਿੱਚ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਔਰਤ ਨੂੰ ਬੱਸ ਉਸ ਦੇ ਗੁਪਤ ਅੰਗਾਂ ਤੱਕ ਸੀਮਤ ਕਰ ਦਿੱਤਾ ਜਾਵੇ।

ਕਲਾ ਦਾ ਸੰਦਰਭ, ਕਿਸੇ ਵੀ ਕਲਾ ਦਾ, ਉਹ ਸਮਾਂ ਅਤੇ ਥਾਂ ਹੁੰਦੀ ਹੈ ਜਦੋਂ ਇਹ ਸਿਰਜਿਆ ਅਤੇ ਮਾਣਿਆ (ਕੰਜ਼ਿਊਮ ਕੀਤਾ) ਜਾਂਦਾ ਹੈ। ਤ    ਾਂ ਹੀ ਸਮੂਹਿਕ-ਬਲਾਤਕਾਰਾਂ ਦੀ ਭਰਮਾਰ ਵਾਲਾ ਇੰਡਿਆ, ਬਲਾਤਕਾਰ ਦਾ ਸਮਰਥਨ ਕਰਨ ਵਾਲੀ ਮਾਨਸਿਕਤਾ, ਪੀੜਤ 'ਤੇ ਦੋਸ਼ ਧਰਨ ਵਾਲਾ ਸਮਾਜ ਤੁਹਾਡੀ ਫਿਲਮ ਦਾ ਅਸਲ ਸੰਦਰਭ ਹੈ। ਇਸ ਸੰਦਰਭ ਵਿੱਚ ਜ਼ਰੂਰੀ ਸੀ ਸ੍ਰੀ ਮਾਨ ਜੀ ਕਿ ਤੁਸੀਂ ਆਪਣੀ ਫਿਲਮ ਵਿੱਚ ਸਤੀ ਅਤੇ ਜੌਹਰ ਦੀ ਕੋਈ ਨਾ ਕੋਈ ਆਲੋਚਨਾ ਪੇਸ਼ ਕਰਦੇ। 

ਤੁਸੀਂ ਕਹੋਗੇ ਕਿ ਤੁਸੀਂ ਫਿਲਮ ਦੇ ਸ਼ੁਰੂ ਵਿੱਚ ਇਕ ਬਿਆਨ ਲਿਖਿਆ ਹੈ ਕਿ ਫਿਲਮ ਸਤੀ ਜਾਂ ਜੌਹਰ ਦਾ ਸਮਰਥਨ ਨਹੀਂ ਕਰਦੀ। ਜ਼ਰੂਰ ਸ਼੍ਰੀ ਮਾਨ ਜੀ, ਪਰ ਇਸ ਤੋਂ ਬਾਅਦ ਤੁਸੀਂ ਪੌਣੇ ਤਿੰਨ ਘੰਟੇ ਰਾਜਪੂਤਾਂ ਦੀ ਅਣਖ ਅਤੇ ਇੱਜ਼ਤਦਾਰ ਰਾਜਪੂਤ ਔਰਤਾਂ ਦੀ ਮਹਿਮਾ ਦਾ ਗਾਣ ਕੀਤਾ ਹੈ ਜਿਹੜੀਆਂ ਔਰਤਾਂ ਉਨ੍ਹਾਂ ਦੁਸ਼ਮਣ ਮਰਦਾਂ ਤੋਂ ਛੋਹੇ ਜਾਂਣ ਦੀ ਥਾਂ ਅੱਗ ਦੀਆਂ ਲਪਟਾਂ ਵਿੱਚ ਖੁਸ਼ੀ ਖੁਸ਼ੀ ਕੁਰਬਾਨ ਹੋ ਗਈਆਂ ਜਿਹੜੇ ਮਰਦ ਉਨ੍ਹਾਂ ਦੇ ਪਤੀ ਨਹੀਂ ਸਨ ਪਰ ਮੁਸਲਮਾਨ ਸਨ।


ਤੁਹਾਡੀ ਕਹਾਣੀ ਦੇ 'ਚੰਗੇ' ਕਿਰਦਾਰਾਂ ਨੇ ਤਿੰਨ ਵਾਰੀ ਤੋਂ ਜ਼ਿਆਦਾ ਵਾਰ ਸਤੀ/ਜੌਹਰ ਦੇ ਇਕ ਮਾਣ ਵਾਲੀ ਚੋਣ ਹੋਣ ਬਾਰੇ ਗੱਲ ਕੀਤੀ, ਤੁਹਾਡੀ ਹੀਰੋਈਨ ૶ ਜੋ ਸੁੰਦਰਤਾ, ਅਕਲ ਅਤੇ ਚੰਗਿਆਈ ਦਾ ਮੁੱਜਸਮਾ ਸੀ- ਨੇ ਆਪਣੇ ਪਤੀ ਤੋਂ ਜੌਹਰ ਕਰਨ ਦੀ ਇਜਾਜ਼ਤ ਮੰਗੀ, ਕਿਉਂਕਿ ਉਹ ਉਸ ਦੀ ਇਜਾਜ਼ਤ ਤੋਂ ਬਿਨਾਂ ਮਰ ਵੀ ਨਹੀਂ ਸਕਦੀ ਸੀ; ਉਸ ਤੋਂ ਛੇਤੀ ਬਾਅਦ ਉਸ ਨੇ ਸੱਚ ਅਤੇ ਝੂਠ, ਧਰਮ ਅਤੇ ਅਧਰਮ ਵਿਚਕਾਰ ਜੰਗ ਬਾਰੇ ਇਕ ਲੰਮਾ ਭਾਸ਼ਣ ਦਿੱਤਾ ਅਤੇ ਸਮੂਹਿਕ ਸਤੀ ਨੂੰ ਸੱਚ ਅਤੇ ਧਰਮ ਦਾ ਰਸਤਾ ਦੱਸਿਆ। 

ਫਿਰ ਅਖੀਰ 'ਤੇ, ਸਾਹ ਰੋਕਣ ਵਾਲੇ ਸ਼ਾਟ ਵਿੱਚ, ਦੁਰਗਾ ਮਾਤਾ ਵਾਂਗ ਲਾਲ ਕੱਪੜਿਆਂ ਵਿੱਚ ਸੱਜੀਆਂ ਸੈਂਕੜੇ ਔਰਤਾਂ ਜੌਹਰ ਦੀ ਅੱਗ ਵਿੱਚ ਕੁੱਦ ਗਈਆਂ ਜਦੋਂ ਕਿ ਜੰਨੂਨੀ ਸਾਇਕੋਪਾਥ ਮੁਸਲਮਾਨ ਖਲਨਾਇਕ ਉਨ੍ਹਾਂ ਦੇ ਸਾਹਮਣੇ ਸੀ ਅਤੇ ਉਹ ਥਰਥਰਾਉਂਦਾ ਸੰਗੀਤ ૶ ਜਿਸ ਵਿੱਚ ਇਕ ਤਰਾਨੇ ਜਿੰਨੀ ਤਾਕਤ ਸੀ। ਇਸ ਸ਼ਾਟ ਨੇ ਦਰਸ਼ਕਾਂ ਨੂੰ ਰੋਅਬਦਾਰ ਢੰਗ ਇਸ ਅਮਲ ਦੀ ਸ਼ਲਾਘਾ ਕਰਨ ਲਈ ਭਰਮਾ ਲਿਆ। ਸ਼੍ਰੀ ਮਾਨ ਜੀ, ਜੇ ਇਹ ਸਤੀ ਅਤੇ ਜੌਹਰ ਦੀ ਵਡਿਆਈ ਨਹੀਂ ਤਾਂ ਮੈਨੂੰ ਸੱਚਮੁੱਚ ਨਹੀਂ ਪਤਾ ਕਿ ਇਹ ਕੀ ਹੈ।

ਮੈਂ ਤੁਹਾਡਾ ਅੰਤ ਦੇਖ ਕੇ ਬਹੁਤ ਬੇਚੈਨ ਮਹਿਸੂਸ ਕੀਤਾ, ਇਕ ਗਰਭਵਤੀ ਔਰਤ ਅਤੇ ਛੋਟੀ ਜਿਹੀ ਕੁੜੀ ਨੂੰ ਅੱਗ ਵਿੱਚ ਜਾਂਦੇ ਦੇਖ ਕੇ। ਮੈਨੂੰ ਆਪਣੀ ਹੋਂਦ ਨਜਾਇਜ਼ ਲੱਗੀ ਕਿਉਂਕਿ ਰੱਬ ਨਾ ਕਰੇ ਜੇ ਮੇਰੇ ਨਾਲ ਕੁਝ ਅਭਾਗਾ ਵਰਤ ਜਾਵੇ ਤਾਂ ਮੈਂ ਉਸ ਅੱਗ ਦੀ ਖਾਈ ਤੋਂ ਬਾਹਰ ਰਹਿਣ ਲਈ ਜੋ ਕੁਝ ਵੀ ਮੇਰੇ ਵੱਸ 'ਚ ਹੋਇਆ ਕਰਾਂਗੀ, ਭਾਵੇਂ ਇਸ ਦਾ ਅਰਥ ਸਾਰੀ ਉਮਰ ਲਈ ਖਿਲਜੀ ਵਰਗੇ ਦਰਿੰਦੇ ਦੀ ਗੁਲਾਮ ਬਣ ਕੇ ਨਾ ਰਹਿਣਾ ਪਵੇ। ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਮੇਰੇ ਵਲੋਂ ਮੌਤ ਦੀ ਥਾਂ ਜ਼ਿੰਦਗੀ ਨੂੰ ਚੁਣਨਾ ਗਲਤ ਸੀ। ਜੀਣ ਦੀ ਖਾਹਿਸ਼ ਰੱਖਣਾ ਗਲਤ ਸੀ। ਸ਼੍ਰੀ ਮਾਨ ਜੀ, ਇਹ ਹੈ ਸਿਨਮੇ ਦੀ ਤਾਕਤ।

ਖਾਸ ਤੌਰ 'ਤੇ ਤੁਹਾਡਾ ਸਿਨਮਾ ਪ੍ਰੁੇਰਨਾਮਈ, ਵੇਗਮਈ ਅਤੇ ਸ਼ਕਤੀਸ਼ਾਲੀ ਹੈ। ਇਹ ਦਰਸ਼ਕਾਂ ਨੂੰ ਭਾਵਨਾਵਾਂ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਲਿਜਾ ਸਕਦਾ ਹੈ। ਇਹ ਸੋਚ 'ਤੇ ਅਸਰ ਪਾ ਸਕਦਾ ਹੈ, ਇਸ ਲਈ ਸ਼੍ਰੀ ਮਾਨ ਜੀ ਤੁਹਾਨੂੰ ਤੁਹਾਡੇ ਲਈ ਆਪਣੀ ਫਿਲਮ ਵਿੱਚ ਪੇਸ਼ ਕੀਤੀ ਅਤੇ ਕਹੀ ਹੋਈ ਗੱਲ ਲਈ ਜ਼ਿੰਮੇਵਾਰ ਹੋਣਾ ਜ਼ਰੂਰੀ ਹੈ।

ਬਹੁਤ ਹੀ ਮੁਸ਼ਕਿਲ ਨਾਲ ਕੁੱਝ ਭਾਰਤੀ ਸੁਧਾਰਕਾਂ, ਅਤੇ ਸੂਬਿਆਂ ਦੀਆਂ ਬ੍ਰਿਟਿਸ਼ ਕਾਲੋਨੀਅਲ ਸਰਕਾਰਾਂ ਅਤੇ ਰਿਆਸਤੀ ਸਰਕਾਰਾਂ ਨੇ 1829 ਅਤੇ 1861 ਵਿਚਕਾਰ ਆਪਣੇ ਫੈਸਲਿਆਂ ਨਾਲ ਸਤੀ ਨੂੰ ਖਤਮ ਕੀਤਾ ਅਤੇ ਇਸ ਨੂੰ ਜੁਰਮ ਕਰਾਰ ਦਿੱਤਾ। ਇਸ ਤੋਂ ਅੱਗੇ ਜਾ ਕੇ ਆਜ਼ਾਦ ਭਾਰਤ ਵਿੱਚ 1988 ਵਿੱਚ ਪਾਸ ਹੋਏ ਸਤੀ ਪ੍ਰੀਵੈਨਸ਼ਨ ਐਕਟ ਨੇ ਸਤੀ ਵਿੱਚ ਮਦਦ ਕਰਨ, ਇਸ ਲਈ ਸ਼ਹਿ ਦੇਣ ਅਤੇ ਇਸ ਨੂੰ ਵਡਿਆਉਣ ਨੂੰ ਜੁਰਮ ਮੰਨਿਆ। ਇਸ ਔਰਤ ਵਿਰੋਧੀ ਮੁਜਰਮਾਨਾ ਰੀਤ ਨੂੰ ਬਿਨਾਂ ਸੋਚੇ ਸਮਝੇ ਵਡਿਆਉਣ ਦੇ ਆਪਣੇ ਅਮਲ ਲਈ ਤੁਹਾਨੂੰ ਜੁਆਬ ਦੇਣਾ ਪਏਗਾ, ਸ਼੍ਰੀ ਮਾਨ ਜੀ। ਟਿਕਟ ਖ੍ਰੀਦ ਕੇ ਫਿਲਮ ਦੇਖਣ ਵਾਲੇ ਇਕ ਦਰਸ਼ਕ ਵਜੋਂ ਮੈਨੂੰ ਤੁਹਾਨੂੰ ਇਹ ਪੁੱਛਣ ਦਾ ਅਧਿਕਾਰ ਹੈ ਤੁਸੀਂ ਇਹ ਕਿਵੇਂ ਅਤੇ ਕਿਉਂ ਕੀਤਾ।

ਤੁਸੀਂ ਇਸ ਗੱਲ ਤੋਂ ਸੁਚੇਤ ਹੀ ਹੋਵੋਗੋ ਕਿ ਇੰਡਿਆ ਦੇ ਆਧੁਨਿਕ ਇਤਿਹਾਸ ਵਿੱਚ ਜੌਹਰ ਵਰਗੀਆਂ ਹੋਰ ਘਟਨਾਵਾਂ ਵਾਪਰੀਆਂ ਹਨ। ਇੰਡੀਆ ਅਤੇ ਪਾਕਿਸਤਾਨ ਦੀ ਖੂਨੀ ਵੰਡ ਸਮੇਂ 75,000 ਦੇ ਕਰੀਬ ਔਰਤਾਂ ਨਾਲ ਬਲਾਤਕਾਰ ਹੋਇਆ ਸੀ, ਅਗਵਾ ਕੀਤੀਆਂ ਗਈਆਂ ਸਨ ਅਤੇ 'ਦੂਜੇ' ਧਰਮਾਂ ਦੇ ਮਰਦਾਂ ਵਲੋਂ ਗਰਭਵਤੀ ਕੀਤੀਆਂ ਗਈਆਂ ਸਨ। ਔਰਤਾਂ ਵਲੋਂ ਆਪਣੀ ਮਰਜ਼ੀ ਨਾਲ ਅਤੇ ਦੂਜਿਆਂ ਦੀ ਸਹਾਇਤਾ ਨਾਲ ਆਤਮਹੱਤਿਆਵਾਂ ਕਰਨ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ, ਕਈ ਕੇਸਾਂ ਵਿੱਚ 'ਦੂਜੇ' ਧਰਮਾਂ ਦੇ ਮਰਦਾਂ ਵਲੋਂ ਛੋਹੇ ਜਾ ਸਕਣ ਤੋਂ ਪਹਿਲਾਂ ਪਤੀਆਂ ਅਤੇ ਬਾਪਾਂ ਨੇ ਖੁਦ ਆਪਣੀਆਂ ਪਤਨੀਆਂ ਅਤੇ ਧੀਆਂ ਦੇ ਸਿਰ ਵੱਢੇ ਸਨ।

ਪੰਜਾਬ ਵਿੱਚ ਠੋਆ ਖਾਲਸਾ ਦੇ ਦੰਗਿਆਂ ਤੋਂ ਬੱਚ ਜਾਣ ਵਾਲੇ ਬੀਰ ਬਹਾਦੁਰ ਸਿੰਘ ਨੇ ਔਰਤਾਂ ਵਲੋਂ ਪਿੰਡ ਦੇ ਖੂਹ ਵਿੱਚ ਛਾਲਾਂ ਮਾਰ ਕੇ ਆਤਮਹੱਤਿਆਵਾਂ ਕਰਨ ਦੇ ਇਕ ਦ੍ਰਿਸ਼ ਦਾ ਵਰਨਣ ਕੀਤਾ ਹੈ। ਉਸ ਦਾ ਕਹਿਣਾ ਹੈ, ਕਿ ਅੱਧੇ ਘੰਟੇ ਵਿੱਚ ਹੀ ਖੂਹ ਭਰ ਗਿਆ ਸੀ। ਉੱਪਰ ਵਾਲੀਆਂ ਔਰਤਾਂ ਬਚ ਗਈਆਂ। ਉਸ ਦੀ ਮਾਂ ਵੀ ਬਚ ਗਈ। 1998 ਵਿੱਚ ਛਪੀ ਦੀ ਅਦਰ ਸਾਈਡ ਆਫ ਸਾਈਲੈਂਸ ਦੀ ਲੇਖਕਾ ਯਾਦ ਕਰਕੇ ਦਸਦੀ ਹੈ ਕਿ ਸਿੰਘ ਆਪਣੀ ਮਾਂ ਵਲੋਂ ਆਪਣੀ ਬਚਦੀ ਜ਼ਿੰਦਗੀ ਲਈ ਜ਼ਿੰਦਾ ਰਹਿਣ ਕਾਰਨ ਸ਼ਰਮ ਮੰਨਦਾ ਸੀ। ਇਹ ਇੰਡੀਅਨ ਇਤਿਹਾਸ ਦੇ ਕਾਲੇ ਪੰਨਿਆਂ ਦੀ ਗੱਲ ਹੈ ਅਤੇ ਇਸ ਨੂੰ ਸ਼ਰਮ, ਘਿਰਣਾ, ਉਦਾਸੀ, ਪੁਨਰ ਵਿਚਾਰ, ਸੰਵੇਦਨਸ਼ੀਲਤਾ, ਸੂਖਮਤਾ ਨਾਲ ਯਾਦ ਕਰਨਾ ਚਾਹੀਦਾ ਹੈ ਨਾ ਕਿ ਬਿਨਾਂ ਸੋਚੀ ਸਮਝੀ ਸਨਸਨੀਖੇਜ ਵਡਿਆਈ ਨਾਲ। ਵੰਡ ਦੀਆਂ ਇਹ ਦੁਖਾਂਤਕ ਕਹਾਣੀਆਂ ਵੀ ਤੁਹਾਡੀ ਫਿਲਮ ਪਦਮਾਵਤ ਦਾ ਘੱਟ ਜ਼ਾਹਰ ਸੰਦਰਭ ਹਨ।

ਮਿਸਟਰ ਭੰਸਾਲੀ ਮੈਂ ਸ਼ਾਂਤੀ ਨਾਲ ਗੱਲ ਖਤਮ ਕਰਾਂਗੀ; ਕਾਮਨਾ ਕਰਦੀ ਹਾਂ ਕਿ ਤੁਸੀਂ ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਬਹੁਤ ਸਾਰੀਆਂ ਫਿਲਮਾਂ ਬਣਾਉ, ਅਤੇ ਤੁਹਾਨੂੰ ਉਨ੍ਹਾਂ ਨੂੰ ਸ਼ਾਂਤਮਈ ਮਾਹੌਲ ਵਿੱਚ ਬਣਾਉਣ ਅਤੇ ਰਿਲੀਜ਼ ਕਰਨ ਦੀ ਇਜਾਜ਼ਤ ਹੋਵੇ; ਤੁਹਾਡੇ ਅਦਾਕਾਰ, ਤੁਹਾਡੇ ਪ੍ਰੋਡਿਊਸਰ, ਤੁਹਾਡੇ ਸਟੂਡੀਓ ਅਤੇ ਤੁਹਾਡੇ ਦਰਸ਼ਕ ਧਮਕੀਆਂ ਅਤੇ ਭੰਨਤੋੜ ਤੋਂ ਸੁਰੱਖਿਅਤ ਰਹਿਣ। ਮੈਂ ਤੁਹਾਡੇ ਪ੍ਰਗਟਾਵੇ ਦੀ ਅਜ਼ਾਦੀ ਲਈ ਟਰੋਲਾਂ (ਆਨਲਈਨ ਲੜਨ ਅਤੇ ਤੰਗ ਕਰਨ ਵਾਲਿਆਂ) ਅਤੇ ਟੈਲੀਵਿਜ਼ਨ ਦੇ ਟਿੱਪਣੀਕਾਰਾਂ ਨਾਲ ਲੜਨ ਦਾ ਵਾਅਦਾ ਕਰਦੀ ਹਾਂ; ਪਰ ਮੈਂ ਤੁਹਾਨੂੰ ਉਸ ਕਲਾ ਬਾਰੇ ਸਵਾਲ ਪੁੱਛਣ ਦਾ ਵੀ ਵਾਅਦਾ ਕਰਦੀ ਹਾਂ ਜਿਹੜੀ ਕਲਾ ਤੁਸੀਂ ਜਨਤਾ ਲਈ ਬਣਾਉਂਦੇ ਹੋ। ਇਸ ਸਮੇਂ ਦੌਰਾਨ ਆਉ ਆਪਾਂ ਉਮੀਦ ਕਰੀਏ ਕਿ ਕਿਸੇ ਵੀ ਕਰਨੀ ਸੈਨਾ ਜਾਂ ਕਿਸੇ ਮਰਨੀ ਸੈਨਾ ਦੇ ਕਿਸੇ ਜੰਨੂਨੀ ਮੈਂਬਰ ਨੂੰ ਇਹ ਮੰਗ ਕਰਨ ਦਾ ਵਿਚਾਰ ਨਾ ਆਏ ਕਿ ਸਤੀ ਦੀ ਰੀਤ ਨੂੰ ਜੁਰਮ ਦੇ ਘੇਰੇ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ!

ਸੱਚੇ ਦਿਲੋਂ,

ਸਵਰਾ ਭਾਸਕਰ
ਜ਼ਿੰਦਗੀ ਦੀ ਖਾਹਿਸ਼ਮੰਦ


ਸਵਰਾ ਭਾਸਕਰ ਹਿੰਦੀ ਫਿਲਮ ਇੰਡਸਟਰੀ ਦੀ ਇਨਾਮ ਜੇਤੂ ਅਦਾਕਾਰਾ ਹੈ, ਜਿਸ ਨੇ ਅੱਗੇ ਦਿੱਤੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ: ਅਨਾਰਕਲਈ ਆਫ ਅਰਾਹ (2017), ਨਿਲ ਬਟੇ ਸੰਨਾਟਾ (2016), ਪ੍ਰੇਮ ਰਤਨ ਧਨ ਪਾਇਓ (2015), ਤਨੂ ਵੈਡਜ ਮੰਨੂ ਰਿਟਰਨਜ਼, (2015), ਰਾਂਝਨਾ (2013) ਅਤੇ ਤਨੂ ਵੈਡਜ਼ ਮੰਨੂ (2011)।       

ਉੱਤਰੀ  ਅਮਰੀਕਾ ਵਿੱਚ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ - ਹਰਪ੍ਰੀਤ ਸੇਖਾ

26 ਅਗਸਤ ਨੂੰ ਸਰੀ ਪਬਲਿਕ ਲਾਇਬ੍ਰੇਰੀ ਦੀ ਨਿਊਟਨ ਬ੍ਰਾਂਚ ਵਿੱਚ ਵਿੱਚ ਔਨਲਾਈਨ ਮੈਗਜ਼ੀਨ ਵਤਨ ਵੱਲੋਂ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਉੱਤਰੀ ਅਮਰੀਕਾ ਵਿੱਚ ਪੰਜਾਬੀ ਵਿਕੀਪੀਡੀਆ ਬਾਰੇ ਇਸ ਤਰ੍ਹਾਂ ਦੀ ਇਹ ਪਹਿਲੀ ਵਰਕਸ਼ਾਪ ਸੀ।

ਵਰਕਸ਼ਾਪ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਅਧਿਆਪਕ ਅਤੇ ਪੰਜਾਬੀ ਵਿਕੀਪੀਡਿਆ ਲਈ ਸਰਗਰਮੀ ਨਾਲ ਯੋਗਦਾਨ ਪਾ ਰਹੇ ਸੁਖਵੰਤ ਹੁੰਦਲ ਨੇ ਵਿਕੀਪੀਡਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ''ਵਿਕੀਪੀਡੀਆ ਇਸ ਸਮੇਂ ਗਿਆਨ ਹਾਸਲ ਕਰਨ, ਗਿਆਨ ਇਕੱਤਰ ਕਰਨ, ਗਿਆਨ ਸੰਭਾਲਣ ਵਿੱਚ ਇਕ ਇਨਕਲਾਬੀ ਤਬਦੀਲੀ ਲਿਆ ਰਿਹਾ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।"

ਪੰਜਾਬੀ ਵਿਕੀਪੀਡੀਏ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ, ''ਇਸ ਦੀ ਮਹੱਤਤਾ ਨੂੰ ਸਮਝਾਉਣ ਲਈ ਮੈਂ ਵਿਕੀਪੀਡੀਆ ਦੇ ਬਾਨੀ ਜਿੰਮੀ ਵੇਲਜ਼ ਦੇ ਸ਼ਬਦਾਂ ਨੂੰ ਥੋੜ੍ਹਾ ਜਿਹਾ ਬਦਲ ਕੇ ਦੁਹਰਾਉਣਾ ਚਾਹੁੰਦਾ ਹਾਂ। ਕਲਪਨਾ ਕਰੋ ਕਿ 'ਦੁਨੀਆ ਦਾ ਸਾਰਾ ਗਿਆਨ ਪੰਜਾਬੀ ਵਿੱਚ ਉਪਲਬਧ ਹੋਵੇ ਅਤੇ ਇਸ ਗਿਆਨ ਤਕ ਹਰ ਪੰਜਾਬੀ ਦੀ ਪਹੁੰਚ ਹੋਵੇ।' ਜਿਸ ਦਿਨ ਅਜਿਹਾ ਹੋਵੇਗਾ, ਉਹ ਦਿਨ ਪੰਜਾਬੀ ਲੋਕਾਂ, ਪੰਜਾਬੀ ਬੋਲੀ, ਅਤੇ ਪੰਜਾਬੀ ਸਭਿਆਚਾਰ ਲਈ ਇਕ ਮਾਣਮੱਤਾ ਦਿਨ ਹੋੇਵੇਗਾ। ਪੰਜਾਬੀ ਪੜ੍ਹ ਸਕਣ ਵਾਲਾ ਹਰ ਵਿਅਕਤੀ ਦੁਨੀਆ ਦੇ ਵਿਸ਼ਾਲ ਗਿਆਨ ਤੱਕ ਆਪਣੀ ਮਾਂ ਬੋਲੀ ਵਿੱਚ ਪਹੁੰਚ ਕਰ ਸਕੇਗਾ। ਆਮ ਪੰਜਾਬੀ ਬੰਦੇ ਕੋਲ ਉਨ੍ਹਾਂ ਲੋਕਾਂ ਨੂੰ ਚੁਣੌਤੀ ਦੇਣ ਲਈ ਸਾਧਨ ਹੋਵੇਗਾ ਜਿਹੜੇ ਲੋਕ ਗਿਆਨ ਨੂੰ ਮੁੱਠੀ ਭਰ ਲੋਕਾਂ ਦੀ ਮਲਕੀਅਤ ਰੱਖਣਾ ਚਾਹੁੰਦੇ ਹਨ। ਹਰ ਇਕ ਪੰਜਾਬੀ ਆਪਣੀ ਮਾਂ ਬੋਲੀ ਦੀ ਵਰਤੋਂ ਕਰਦਿਆਂ ਆਪਣੇ ਵਿਰਸੇ, ਆਪਣੇ ਇਤਿਹਾਸ ਅਤੇ ਪਿਛੋਕੜ ਨਾਲ ਜੁੜਨ ਦੇ ਨਾਲ ਨਾਲ ਦੁਨੀਆ ਦੇ ਗਿਆਨ ਨਾਲ ਜੁੜ ਸਕੇਗਾ ਅਤੇ ਉਸ ਲਈ ਦੁਨੀਆ ਨੂੰ ਵਿਸ਼ਵ ਨਜ਼ਰੀਏ ਨਾਲ ਦੇਖ ਸਕਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।"

ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਐਮ ਫਿੱਲ ਦੇ ਵਿਦਿਆਰਥੀ ਅਤੇ ਵਿਕੀਪੀਡੀਆ ਦੇ ਪ੍ਰਬੰਧਕ ਸਤਦੀਪ ਗਿੱਲ ਨੇ ਵਿਕੀਪੀਡਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੋਲੀ ਨੂੰ ਬਚਾਉਣ ਲਈ ਵਿਕੀਪੀਡਿਆ ਬਹੁਤ ਮਹੱਤਵਪੂਰਨ ਟੂਲ ਹੈ ਅਤੇ ਅੱਜ ਦੇ ਇੰਟਰਨੈੱਟ ਦੇ ਯੁੱਗ ਵਿੱਚ ਪੰਜਾਬੀ ਲਈ ਇੰਟਰਨੈੱਟ ਉੱਤੇ ਆਪਣੀ ਥਾਂ ਬਣਾਉਣਾ ਜ਼ਰੂਰੀ ਹੈ। ਇਸ ਤੋਂ ਬਾਅਦ  ਉਨ੍ਹਾਂ ਨੇ ਵਿੱਕੀਪੀਡੀਏ ਉੱਪਰ ਜਾਣਕਾਰੀ ਪਾਉਣ ਦੇ ਵੱਖ ਵੱਖ ਪੱਖਾਂ ਬਾਰੇ ਦੱਸ ਕੇ ਵਿਕੀਪੀਡੀਆ ਉੱਪਰ ਜਾਣਕਾਰੀ ਪਾਉਣ ਦੀ ਮੁੱਢਲੀ ਟ੍ਰੇਨਿੰਗ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ 25 ਦੇ ਕਰੀਬ ਸੰਪਾਦਕ ਪੰਜਾਬੀ ਵਿਕੀਪੀਡੀਏ ਉੱਪਰ ਕੰਮ ਕਰ ਰਹੇ ਹਨ, ਜਿਹਨਾਂ ਵਿੱਚ ਬਹੁਤੇ 30 ਸਾਲਾਂ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬੀ ਵਿਕੀਪੀਡੀਏ ਦੀ ਤਰੱਕੀ ਲਈ ਸੰਪਾਦਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣਾ ਜ਼ਰੂਰੀ ਹੈ।

ਫਿਰ ਉਨ੍ਹਾਂ ਨੇ ਵਿਕੀਪੀਡੀਆ ਦੇ ਸਹਿਯੋਗੀ ਪ੍ਰੋਜੈਕਟਾਂ ૶ ਵਿਕਸ਼ਨਰੀ ਅਤੇ ਵਿਕੀ ਸ੍ਰੋਤ- ਬਾਰੇ ਦੱਸਿਆ। ਇਹ ਦੋਵੇਂ ਪ੍ਰੋਜੈਕਟ ਸ਼ੁਰੂਆਤੀ ਦੌਰ ਵਿੱਚ ਹਨ। ਵਿਕਸ਼ਨਰੀ ਪ੍ਰੋਜੈਕਟ ਇਕ ਬਹੁਭਾਸ਼ਾਈ ਡਿਕਸ਼ਨਰੀ ਬਣਾਉਣ ਦਾ ਪ੍ਰੋਜੈਕਟ ਹੈ ਅਤੇ ਵਿਕੀਸ੍ਰੋਤ ਪੰਜਾਬੀ ਕਿਤਾਬਾਂ ਨੂੰ ਪੀ ਡੀ ਐੱਫ ਅਤੇ ਲਿਖਤ ਦੇ ਫਾਰਮੈੱਟ ਵਿੱਚ ਆਨਲਾਈਨ ਪਾਉਣ ਦਾ ਪ੍ਰੋਜੈਕਟ ਹੈ ਤਾਂ ਕਿ ਇਹ ਕਿਤਾਬਾਂ ਦੁਨੀਆ ਭਰ ਵਿੱਚ ਲੋਕਾਂ ਤੱਕ ਪਹੁੰਚ ਸਕਣ। ਇਸ ਪ੍ਰੋਜੈਕਟ ਵਿੱਚ ਕਿਤਾਬਾਂ ਪਵਾਉਣ ਲਈ ਲੇਖਕਾਂ ਨੂੰ ਇਕ ਖਾਸ ਕਾਪੀਰਾਈਟ ਅਧੀਨ ਆਪਣੀਆਂ ਕਿਤਾਬਾਂ ਇਸ ਪ੍ਰੋਜੈਕਟ ਲਈ ਰਿਲੀਜ਼ ਕਰਨੀਆਂ ਪੈਣਗੀਆਂ।  

ਇਸ ਵਰਕਸ਼ਾਪ ਵਿੱਚ 40 ਦੇ ਕਰੀਬ ਲੋਕਾਂ ਨੇ ਭਾਗ ਲਿਆ ਅਤੇ ਬਹੁਤ ਉਤਸ਼ਾਹ ਨਾਲ ਵਿਕੀਪੀਡੀਏ ਦੇ ਵੱਖ ਵੱਖ ਪੱਖਾਂ ਬਾਰੇ ਸਵਾਲ ਪੁੱਛੇ। ਇਸ ਤਰ੍ਹਾਂ ਦੇ ਦੋ-ਪਾਸੀ ਅਦਾਨ ਪ੍ਰਦਾਨ ਨੇ ਵਰਕਸ਼ਾਪ ਨੂੰ ਦਿਲਚਸਪ ਬਣਾਈ ਰੱਖਿਆ।