ਪੰਜਾਬ ਦੀ ਪੁਨਰ ਸਿਰਜਣਾ : ਵਕਤ ਦੀ ਲੋੜ - ਤਸਕੀਨ
ਸਮੁੱਚਾ ਪੰਜਾਬ ਪਿਛਲੀਆਂ ਪੌਣੇ ਦੋ ਸਦੀਆਂ ਤੋਂ ਬਸਤੀਵਾਦ ਦੀ ‘ਪਾੜੋ ਤੇ ਰਾਜ ਕਰੋ’ ਵਾਲੀ ਮਾਨਸਿਕ ਅਤੇ ਵਿਵਹਾਰਕ ਗ਼ੁਲਾਮੀ ਭੋਗ ਰਿਹਾ ਹੈ। ਇਹ ਗ਼ੁਲਾਮੀ ਧਰਮਾਂ ਅਤੇ ਜਾਤਾਂ ਦੇ ਪਾੜੇ ’ਚੋਂ ਪੈਦਾ ਹੋਈ ਸੀ। ਅਸੀਂ ਸੂਫ਼ੀਆਂ ਅਤੇ ਗੁਰੂਆਂ ਦੇ ਸਾਂਝੀਵਾਲਤਾ ਦੇ ਸੰਦੇਸ਼ ਤੋਂ ਵੀ ਬੇਮੁੱਖ ਹੋ ਗਏ। ਪੰਜਾਬੀ ਕਬੀਲਿਆਂ ਦੀ ਪੱਕੀ ਵਸੇਬ ਕਾਰਨ ਇਨ੍ਹਾਂ ਅੰਦਰ ਵਰਨ ਤੇ ਜਾਤ ਆਧਾਰਿਤ ਵੰਡ ਵਾਲੀ ਵਿਚਾਰਧਾਰਾ ਫੈਲਣ ਲੱਗੀ ਜੋ ਬਸਤੀਵਾਦ ਦੀ ਮਾਨਸਿਕ ਗ਼ੁਲਾਮੀ ਦਾ ਕਾਰਨ ਬਣੀ। ਪੰਜਾਬੀ ਕੌਮ ਨੂੰ ਧਰਮ ਦੇ ਆਧਾਰ ’ਤੇ ਗ਼ੈਰ-ਕੁਦਰਤੀ ਵੰਡ ਦਾ ਸ਼ਿਕਾਰ ਹੋਣਾ ਪਿਆ। ਸਿੱਟਾ ’47 ਦਾ ਖ਼ੂਨੀ ਬਟਵਾਰਾ ਸੀ। ਲੋਕ ਆਪਣੇ ਹੀ ਪੰਜਾਬ ਦੀ ਧਰਤੀ ’ਤੇ ਪਨਾਹਗੀਰ ਅਖਵਾਉਣ ਲਈ ਮਜਬੂਰ ਕਰ ਦਿੱਤੇ ਗਏ। ਮਗਰੋਂ, ਸਾਡੇ ਮਨਾਂ ਅੰਦਰ ਪੈਦਾ ਹੋਏ ਫ਼ਿਰਕੂ ਜ਼ਹਿਰ ਦਾ ਨਾਮ ਪੰਜਾਬ ਤੋਂ ਪੰਜਾਬ, ਹਿਮਾਚਲ ਅਤੇ ਹਰਿਆਣਾ ਹੋ ਗਿਆ। ਵੰਡ ਦਰ ਵੰਡ।
ਅੱਜ ਜਦੋਂ ਕੇਂਦਰ ਨੇ ਪੰਜਾਬ ਤੇ ਪੂਰੇ ਭਾਰਤ ਦੀ ਖੇਤੀ ਨਾਲ ਸਬੰਧਿਤ ਆਰਥਿਕਤਾ ਨੂੰ ਪੱਟੜੀ ਤੋਂ ਲਾਹ ਕੇ ਕਾਰਪੋਰੇਟ ਗ਼ੁਲਾਮੀ ਦਾ ਕਦਮ ਪੁੱਟਿਆ ਤਾਂ ਪੰਜਾਬ ਸ਼ੇਰ ਵਾਂਗ ਦਹਾੜ ਕੇ ਉੱਠਿਆ ਹੈ। ਹਰਿਆਣਾ ਨੇ ‘ਵਿਛੜੇ’ ਹੋਏ ਵੱਡੇ ਭਰਾ ਪੰਜਾਬ ਦੇ ਮੋਢੇ ਨਾਲ ਮੋਢਾ ਜੋੜਿਆ ਹੈ। ਸਾਫ਼ ਹੈ ਕਿ ਇਹ ਹੀ ਉਸ ਪੰਜਾਬੀ ਏਕੇ ਦੀ ਇਤਿਹਾਸਕ ਲੜਾਈ ਦਾ ਪੁਨਰ ਆਗਾਜ਼ ਹੈ ਜਿਸ ਰਾਹੀਂ ਅਸੀਂ ਵੰਡਵਾਦੀ/ਮਨੂੰਵਾਦੀ ਵਿਚਾਰਧਾਰਾ ਦੀਆਂ ਗੋਡਣੀਆਂ ਲਵਾ ਛੱਡੀਆਂ ਸਨ। ਕਿਸਾਨ ਅੰਦੋਲਨ ਅੰਦਰ ਉਤਸ਼ਾਹ ਭਰਦੇ ਪੰਜਾਬੀ ਅਤੇ ਹਰਿਆਣਵੀ ਗੀਤਾਂ ਨੇ ਛਹਿਬਰ ਲਾ ਰੱਖੀ ਹੈ। ਇਸ ਦੇ ਨਾਲ ਹੀ ਲਹਿੰਦੇ ਪੰਜਾਬ ਦੇ ਲਹੌਰੀਏ ਗਰੁੱਪ ਦਾ ਗੀਤ ‘ਪੰਜਾਬ’ ਰਿਲੀਜ਼ ਹੋਇਆ ਜੋ ਬਹੁਤ ਮਕਬੂਲੀਅਤ ਹਾਸਿਲ ਕਰ ਰਿਹਾ ਹੈ। ਸ਼ਹਿਜ਼ਾਦ ਸਿੱਧੂ, ਵਕਾਰ ਭਿੰਡਰ (ਪ੍ਰਧਾਨ), ਏ.ਆਰ. ਵੱਟੂ, ਇਜਾਜ਼ ਗੁੰਗ ਅਤੇ ਮਨਸੂਰ ਅਹਿਮਦ ਨੇ ਪੂਰੇ ਪੰਜਾਬੀਅਤ ਦੇ ਜੋਸ਼ ਨਾਲ ਲਹਿੰਦੇ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਨੂੰ ਸੁਨੇਹਾ ਭੇਜਿਆ ਹੈ।
ਇਸ ਗੀਤ ਦੇ ਸੁਨੇਹੇ ਤੋਂ ਸਮਝ ਪੈਂਦੀ ਹੈ ਕਿ ਟੁਕੜੇ ਕਰ ਦਿੱਤੇ ਗਏ ਪੰਜਾਬਾਂ ਦਾ ਦਹਾਕਿਆਂ ਬਾਅਦ ਏਕਾ ਸਾਡੇ ਇਤਿਹਾਸਕ ਵਿਰਸੇ ਦੀ ਪੁਨਰ ਸਿਰਜਣਾ ਬਣ ਸਕਦਾ ਹੈ। ਕੌਮਾਂ ਵਿਚ ਧਰਮ ਦਾ ਦਖ਼ਲ ਹੁੰਦਾ ਤਾਂ ਹੈ, ਪਰ ਇਹ ਨਿੱਜੀ ਅਕੀਦਤ ਤੱਕ ਸੀਮਿਤ ਹੁੰਦਾ ਹੈ। ਕੌਮਾਂ ਜ਼ਬਾਨ, ਸੱਭਿਆਚਾਰ, ਭੂਗੋਲ ਅਤੇ ਵਿਰਸੇ ਦੀ ਰੀੜ੍ਹ ਆਸਰੇ ਜਿਊਂਦੀਆਂ ਹਨ। ਸਮੁੱਚੇ ਪੁਰਾਣੇ ਪੰਜਾਬ ਦੀ ਮਾਲੀ ਰੀੜ੍ਹ ਖੇਤੀਬਾੜੀ ਸੀ ਅਤੇ ਅੱਜ ਵੰਡ ਦਰ ਵੰਡ ਪਿੱਛੋਂ ਵੀ ਉਹੀ ਹੈ। ਜਾਤੀ ਵੰਡ ਵਿਚਾਰਧਾਰਕ ਕੋਹੜ ਹੈ। ਪੰਜਾਬ ਦਾ ਇਤਿਹਾਸ ਹਮੇਸ਼ਾ ਇਸ ਦਾ ਵੈਰੀ ਰਿਹਾ ਹੈ ਅਤੇ ਆਪਣੇ ਆਪ ਨੂੰ ਉਪਰੋਕਤ ਵਿਚਾਰਧਾਰਾ ਵੱਲੋਂ ਮਲੇਸ਼ ਅਖਵਾੳਣ ਲਈ ਮਜਬੂਰ ਰਿਹਾ ਹੈ। ਡੇਰੀਆਲਾ ਦੇ ਲਿਖੇ ‘ਪੰਜਾਬ’ ਗੀਤ ਦਾ ਆਗ਼ਾਜ਼ ਸੰਨ ’47 ਤੋਂ ਹੁੰਦਾ ਹੈ।
ਪਾਈ ਸੀ ਜੋ ਵੰਡ ਸੰਤਾਲੀ ਵੇਲੇ ਦੀ, ਰਚੀ ਪਈ ਏ ਹੱਡਾਂ ਵਿਚ ਚੀਸ ਬਣਕੇ
ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ ਜੋ, ਨਿਕਲੂਗੀ ਅੱਜ ਉਹ ਰੀਝ ਤਣਕੇ
ਪਹਿਲਾਂ ਦੀਆਂ ਲੀਕਾਂ ਹਾਲੇ ਟੱਪੀਆਂ ਨਹੀਂ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ
ਚੜ੍ਹਦਾ ਪੰਜਾਬ ’ਵਾਜ਼ ਮਾਰੇ ਲਹਿੰਦੇ ਨੂੰ, ਦੁਨੀਆ ਇਹ ਆਖੂ ਸ਼ੇਰ ਸੁੱਤਾ ਛੇੜਤਾ
ਸੰਤਾਲੀ ਦੀ ਵੰਡ ਸਚਮੁੱਚ ਸਮੁੱਚੇ ਪੰਜਾਬੀਆਂ ਦੇ ਹੱਡਾਂ ਅਤੇ ਪਾਣੀਆਂ ’ਚ ਚੀਸ ਬਣ ਕੇ ਘੁਲ਼ੀ ਹੋਈ ਹੈ, ਜ਼ਖ਼ਮ ਉੱਚੜਦਾ ਹੈ ਤਾਂ ਚੀਸਾਂ ਉਸੇ ਤਰ੍ਹਾਂ ਕੁਰਲਾਹਟ ਬਣ ਜਾਂਦੀਆਂ ਹਨ। ਹਾਕਮ ਵਾਰ-ਵਾਰ ਸਾਡੇ ਜ਼ਖ਼ਮ ਉਚੇੜਦੇ ਹਨ। ਪੰਜਾਬ/ਹਰਿਆਣਾ ਵਿਚ ਕਿਸਾਨ ਅੰਦੋਲਨ ਦੇ ਦਿੱਲੀ ਖ਼ਿਲਾਫ਼ ਰੋਹ ਨੇ ਸੰਤਾਲੀ ਨੂੰ ਮੁੜ ਮੰਜ਼ਰੇਆਮ ਉੱਤੇ ਲੈ ਆਂਦਾ ਹੈ। ਸ਼ਹਿਜ਼ਾਦ ਸਿੱਧੂ, ਵਕਾਰ ਭਿੰਡਰ ਅਤੇ ਸਾਥੀਆਂ ਦੀਆਂ ਰਗਾਂ ’ਚੋਂ ਨਿਕਲੀ ਰੋਹ ਭਰੀ ਆਵਾਜ਼ ਫ਼ਿਰਕੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਕਰਤਿਆਂ ਧਰਤਿਆਂ ਲਈ ਵੰਗਾਰ ਬਣ ਉੱਭਰੀ ਹੈ। ਧਰਮ ਆਧਾਰਿਤ ਦੋ ਕੌਮਾਂ ਦੇ ਥੀਸਸ ਨਾਲ ਪੰਜਾਬੀ ਕੌਮ ਦਾ ਕਲੇਜਾ ਚੀਰ ਦਿੱਤਾ ਗਿਆ।
ਅੱਜ ਕਿਸਾਨਾਂ ਦੀ ਬਗ਼ਾਵਤ ਨੇ ਜਦੋਂ ਮੁੜ ਪੰਜਾਬ ਨੂੰ ਸਾਂਝੀਵਾਲਤਾ ਦੇ ਰਾਹ ਮੋੜਦਿਆਂ ਬਾਬਾ ਨਾਨਕ ਦੀ ‘ਸਰਬੱਤ ਦੇ ਭਲੇ’ ਵਾਲੀ ਅਗਵਾਈ ਕਬੂਲੀ ਤਾਂ ਸਮੁੱਚੀ ਪੰਜਾਬੀਅਤ ਅੰਦਰ ਨਵੇਂ ਜੋਸ਼ ਅਤੇ ਹੋਸ਼ ਨੇ ਅੰਗੜਾਈ ਲਈ ਹੈ। ਸਮਾਜ ਵਿਚ ਕਿਸਾਨ ਇਕ ਪੂਰੀ ਦੀ ਪੂਰੀ ਜਮਾਤ ਹੈ ਜੋ ਕਾਰਪੋਰੇਟੀ ਹਾਕਮਾਂ ਅਤੇ ਉਸ ਦੀ ਸਾਥੀ ਸਰਕਾਰ ਦੀ ਅੱਖ ਵਿਚ ਆਜ਼ਾਦ ਹੋਂਦ ਵਜੋਂ ਰੜਕ ਰਹੀ ਹੈ। ਪੂਰੇ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉੱਤੇ ਟਿਕੀ ਹੋਈ ਹੈ। ਕਿਸਾਨਾਂ ਨੇ ਇਨ੍ਹਾਂ ਜ਼ਮੀਨਾਂ ਨੂੰ ਆਪਣੇ ਲਹੂ ਨਾਲ ਸਿੰਜ ਕੇ ਪੱਧਰ ਕੀਤਾ ਹੈ।
ਕਿਸਾਨਾਂ ਨੇ ਬਾਰਾਂ ਦੀ ਰੱਕੜ, ਰੇਤਲੀ, ਜੰਗਲੀ ਭੋਇੰ ਨੂੰ ਪੁੱਟ-ਪੁੱਟ ਕੇ ਪੱਧਰਾ ਕੀਤਾ। ਬਾਰਾਂ ਵਿੱਚ ਅੰਗਰੇਜ਼ਾਂ ਵੱਲੋਂ ਆਲਾਟ ਕੀਤੇ ਮੁਰੱਬਿਆਂ ਵਿਚ ਪੰਝੱਤਰ ਫ਼ੀਸਦ ਜ਼ਮੀਨ ਜੱਟ ਸਿੱਖਾਂ ਨੂੰ ਅਲਾਟ ਕੀਤੀ ਗਈ ਸੀ। ਨਹਿਰੀ ਨਿਜ਼ਾਮ ਰਾਹੀਂ ਸਿੰਚਾਈ ਨਾਲ ਉਪਜਣ ਵਾਲੀਆਂ ਢੇਰ ਸਾਰੀਆਂ ਫ਼ਸਲਾਂ ਪੰਜਾਬ ਦੀ ਪਹਿਲੀ ਹਰੀ ਕ੍ਰਾਂਤੀ ਦੀਆਂ ਗਵਾਹ ਸਨ। ਸੰਤਾਲੀ ਵੇਲੇ ਸਿੱਖਾਂ ਵੱਲੋਂ ਭਾਰਤ ਨੂੰ ਹੀ ਆਪਣਾ ਦੇਸ ਕਬੂਲ ਲੈਣ ਕਾਰਨ ਇਨ੍ਹਾਂ ਨੇ ਬਾਰ ਦੀਆਂ ਜ਼ਮੀਨਾਂ ਹੀ ਨਹੀਂ ਗਵਾਈਆਂ ਸਗੋਂ ਆਪਣੀਆਂ ਧੀਆਂ, ਭੈਣਾਂ, ਮਾਵਾਂ, ਪੁੱਤ, ਪੋਤਰੇ, ਪਤੀ, ਪਤਨੀਆਂ ਕੁਰਬਾਨ ਹੁੰਦੇ ਅੱਖੀਂ ਵੇਖੇ। ਚੜ੍ਹਦੇ ਤੋਂ ਲਹਿੰਦੇ ਅਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਵਿਚ ਲਹੂ ਦਾ ਛੇਵਾਂ ਦਰਿਆ ਵਹਿ ਤੁਰਿਆ। ਫਿਰ ਪੰਜਾਬ ਦੇ ਪੁੱਤ, ਧੀਆਂ ਦਰ-ਦਰ ਦੀਆਂ ਠੋਕਰਾਂ ਖਾਂਦੇ ਰੈਣ ਬਸੇਰਾ ਬਣਾਉਣ ਲੱਗੇ। ਚੰਗੀਆਂ ਜ਼ਮੀਨਾਂ ਗਵਾ ਆਇਆਂ ਨੇ ਬੰਜਰ ਭੋਇੰ ਨੂੰ ਮੁੜ ਪੁੱਟਿਆ। ਜ਼ਮੀਨ ਕੁਝ ਸੁਖ ਦੇਣ ਜੋਗੀ ਹੋਈ ਹੈ ਤਾਂ ਅੱਜ ਕਾਰਪੋਰੇਟਾਂ ਦੇ ਪੱਖ ਵਿਚ ਤਿੰਨ ਨਵੇਂ ਖੇਤੀ ਕਾਨੂੰਨ ਬਣ ਗਏ ਹਨ।
ਸੰਤਾਲੀ ਦੀ ਚੀਸ ਗੀਤ ‘ਪੰਜਾਬ’ ਵਿੱਚੋਂ ਰਿਸ ਰਹੀ ਹੈ ਜੋ ਆਪਣੇ ਕਿਸਾਨ ਭਰਾਵਾਂ ਨਾਲ ਹਮਦਰਦੀ ਬਣ ਖੜ੍ਹੀ ਹੋ ਗਈ ਹੈ ਅਤੇ ਪੇਸ਼ ਕਰ ਰਹੀ ਹੈ ਕਿ ਸਮੂਹ ਪੰਜਾਬੀਅਤ ਦੇ ਦੁੱਖ-ਦਰਦ ਸਾਂਝੇ ਹਨ ਅਤੇ ਹਮੇਸ਼ਾ ਵਾਂਗ ਉਨ੍ਹਾਂ ਦੇ ਗੀਤਾਂ ਦਾ ਵਿਰਸਾ ਵੀ ਸਾਂਝਾ ਹੈ। ਪੰਜਾਬ ਸੱਚਮੁੱਚ ਹਰ ਤਰ੍ਹਾਂ ਦੀ ਵੰਡਪਾਊ ਫ਼ਿਰਕੂ ਵਿਚਾਰਧਾਰਾ ਲਈ ਸ਼ੇਰ ਹੀ ਰਿਹਾ ਸੀ ਜੋ ਹੁਣ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਇਤਿਹਾਸਕ ਵਿਰਸੇ ਦੀ ਊਰਜਾ ਨਾਲ ਹਰ ਤਰ੍ਹਾਂ ਦੀ ਗ਼ੁਲਾਮੀ ਖਿਲਾਫ਼ ਫਿਰ ਦਹਾੜ ਰਿਹਾ ਹੈ। ਧਰਨੇ ਵਿਚ ਸ਼ਾਮਿਲ ਬਾਬਿਆਂ ਦੀ ਦਹਾੜ ਸੁਣਨ ਵਾਲੀ ਹੈ। ਉਨ੍ਹਾਂ ਦੇ ਚਿਹਰਿਆਂ ਦਾ ਨੂਰ ਏਕੇ ਦੀ ਬਰਕਤ ਨੂੰ ਸਿੰਜ ਰਿਹਾ ਹੈ। ਬਾਬਾ ਗੁਰੂ ਨਾਨਕ ਨੇ ਪੰਜਾਬ ਦੇ ਇਤਿਹਾਸਕ ਵਿਰਸੇ ਨੂੰ ਸਮੂਹ ਮਾਨਵਤਾ ਤੱਕ ਪਹੁੰਚਾਉਣ ਲਈ ਅਖੌਤੀ ਨੀਵਿਆਂ ਨਾਲ ਖੜ੍ਹ ਕੇ ਅਖੌਤੀ ਉੱਚੀ ਜਾਤ ਦੇ ਅਭਿਮਾਨ ਨੂੰ ਲਲਕਾਰਿਆ ਸੀ ਜੋ ਮਨੁੱਖਤਾ ਦੀ ਵੰਡ ਕਰਦਾ, ਨਾਬਰਾਬਰੀ ਦੇ ਜ਼ਹਿਰ ਨੂੰ ਬੰਦੇ ਦੀਆਂ ਨਸਾਂ ਅੰਦਰ ਭਰ ਦਿੰਦਾ ਹੈ। ਫਿਰ ਹੌਲੀ ਹੌਲੀ ਨਿਜ਼ਾਮਾਂ ਨੇ ਸਾਨੂੰ ਸੱਤਾ/ਧਨ ਰਾਹੀਂ ਹਉਮੈ ਦਾ ਸਬਕ ਪੜ੍ਹਾਇਆ ਅਤੇ ਅਸੀਂ ਬਾਬਾ ਨਾਨਕ ਦੇ ਕਿਰਤੀ ਲਾਲੋਆਂ ਨੂੰ ਦੁੱਕੀ-ਤਿੱਕੀ ਦੇ ਲਕਬ ਦੇਣ ਲੱਗੇ। ਇਸ ਰਾਹੀਂ ਫ਼ਿਰਕੂ ਦੈਂਤ ਸਾਡਾ ਸ਼ਿਕਾਰ ਕਰਨ ਲਈ ਦੌੜਿਆ। ਇਸ ਦੈਂਤ ਤੋਂ ਪੰਜਾਬ ਦੇ ਨਾਥ, ਜੋਗੀ, ਸਿੱਧ, ਸੂਫ਼ੀ ਅਤੇ ਬਾਬਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਵਿਚਾਰ ਹੀ ਬਚਾ ਸਕਦੇ ਹਨ ਜੋ ਸਮੁੱਚੀ ਮਾਨਵਤਾ ਨੂੰ ਹੀ ਨਹੀਂ ਸਗੋਂ ਕੁਦਰਤ ਨੂੰ ਵੀ ਇਕ ਵਿਚਾਰ ਦੀ ਉਪਜ ਮੰਨਦੇ ਹਨ। ਊਚ ਨੀਚ, ਅਮੀਰ ਗ਼ਰੀਬ ਤਾਂ ਲੁਟੇਰਿਆਂ ਦਾ ਸ਼ਬਦਕੋਸ਼ ਹਨ।
ਪੰਜਾਲੀਆਂ ਤੇ ਬਲਦਾਂ ਨਾ’ ਹੋਇਆ ਜੋ ਜਵਾਨ
ਅੱਜ ਆਖਦੇ ਕਿਸਾਨ ਅਤਿਵਾਦੀ ਹੋ ਗਿਆ
ਆਪਣੇ ਖੇਤਾਂ ਦੇ ਵਿਚ ਸੋਚ ਕੇ ਗ਼ੁਲਾਮੀ
ਅੱਜ ਸਾਡਾ ਇਹ ਕਿਸਾਨ ਜਜ਼ਬਾਤੀ ਹੋ ਗਿਆ
ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਤੇ ਹੋਰ ਸੂਬਿਆਂ ਦੇ ਆਪਣੇ ਹੱਕਾਂ ਦੇ ਅੰਦੋਲਨ ਲਈ ਦਿੱਲੀ ਦੇ ਬਾਰਡਰਾਂ ਉੱਪਰ ਤਣੇ ਹੋਏ ਕਿਸਾਨ ਹੁਣ ਅਤਿਵਾਦੀ, ਖਾਲਿਸਤਾਨੀ, ਨਕਸਲੀ, ਕਮਿਊਨਿਸਟ, ਖੱਬੇ ਆਦਿ ਵਿਸ਼ੇਸ਼ਣਾਂ ਵਿਚ ਢਾਲ ਦਿੱਤੇ ਗਏ ਹਨ। ਗੋਦੀ ਮੀਡੀਆ ਇਨ੍ਹਾਂ ਸੱਚ ਦੇ ਪਾਂਧੀਆਂ ਨੂੰ ਬਦਨਾਮ ਕਰਨ ਵਿਚ ਸਰਗਰਮ ਹੈ। ਇਸ ਦੇ ਉਲਟ ਬਾਬਾ ਗੁਰੂ ਨਾਨਕ ਦਾ ਵਿਹਾਰਕ ਦਰਸ਼ਨ ਲੰਗਰ ਇਸ ਅੰਦੋਲਨ ਦੀ ਰੀੜ੍ਹ ਹੈ ਜੋ ਬਰਾਬਰੀ ਦੇ ਵਿਹਾਰਕ ਇਨਸਾਨੀ ਫਲਸਫ਼ੇ ਰਾਹੀਂ ਫ਼ਿਰਕੂ ਸੱਤਾ ਦੀ ਰੀੜ੍ਹ ਤੋੜ ਦਿੰਦਾ ਹੈ। ਪੰਜਾਬ ਬਾਬਾ ਗੁਰੂ ਨਾਨਕ ਦੇ ਵਿਹਾਰਕ ਫਲਸਫ਼ੇ ਨਾਲ ਲਬਾਲਬ ਹੈ ਤਾਂ ਲਹਿੰਦਾ ਪੰਜਾਬ ਚੜ੍ਹਦੇ ਨਾਲੋਂ ਵੱਖ ਕਿਵੇਂ ਰਹਿ ਸਕਦਾ ਹੈ? ਹਾਂ, ਰਾਜਨੀਤਕ ਮੋਹਰਾ ਬਣ ਖੁਆਰ ਜ਼ਰੂਰ ਹੋ ਸਕਦਾ, ਤੇ ਹੁੰਦਾ ਰਿਹਾ। ਡੇਰੀਵਾਲਾ ਇਸੇ ਇਤਿਹਾਸ ਨੂੰ ‘ਪੰਜਾਬ’ ਗੀਤ ਵਿਚ ਦੁਹਰਾਉਂਦਾ ਹੈ :
ਖੂਨ ਖੰਨੇ ਦਾ ਵੀ ਉਹੀ, ਖੂਨ ਲਹੌਰ ਦਾ ਵੀ ਉਹੀ
ਖੂਨ ਲਾਇਲਪੁਰ ਵਾਲੇ ਲੁਧਿਆਣੇ ਬੋਲਦੇ
ਸਾਡੀ ਇਕੋ ਏ ਜ਼ਬਾਨ, ਸਾਡੇ ਵਿਰਸੇ ਵੀ ਇਕੋ
ਕਿੱਥੋਂ ਵੱਖ ਨੇ ਪੰਜਾਬ ਇਹ ਸਿਆਣੇ ਬੋਲਦੇ
ਸਭ ਖੇਡ ਹੈ ਸਿਆਸੀ ਤੇ ਖਿਡੌਣੇ ਅਸੀਂ ਆਂ
ਸਿਆਣਿਆਂ ਦਾ ਮਾਈਂਡ ਏਹੀ ਕਹਿੰਦਾ ਵੀਰਿਆ
ਸਾਡੇ ਖੂਨ ਵਿਚ ਵੱਸਦਾ ਪੰਜਾਬ ਬੋਲਦਾ
ਕੀ ਚੜ੍ਹਦਾ ਪੰਜਾਬ ਕੀ ਆ ਲਹਿੰਦਾ ਵੀਰਿਆ
ਪੰਜਾਬ ਨੂੰ ਲੰਬਾ ਸਮਾਂ ਖੁਆਰ ਹੋਣ ਤੋਂ ਬਾਅਦ ਇਹ ਸਮਝ ਪਈ ਹੈ ਕਿ ਪੰਜਾਬੀ ਧਰਮਾਂ ਅਤੇ ਜਾਤਾਂ ਦੀ ਸਿਆਸੀ ਖੇਡ ਦੇ ਮਾਤਰ ਖਿਡੌਣੇ ਬਣ ਗਏ ਹਨ। ਪੰਜਾਬੀ ਬੰਦੇ ਨੂੰ ਧਰਮ ਅਤੇ ਜਾਤ ਆਧਾਰਿਤ ਸਿਆਸੀ ਖੇਡ ਦੀ ਪਿਆਦਾਗਿਰੀ ਤੋਂ ਮੁਕਤ ਹੋ ਕੇ ਹੀ ਖੁੱਸਿਆ ਹੋਇਆ ਆਪਣਾ ਵਿਰਸਾ ਪ੍ਰਾਪਤ ਹੋ ਸਕਦਾ ਹੈ। ਪੰਜਾਬ ਕੋਲ ਆਪਣੇ ਵਿਰਸੇ ਦਾ ਤਾਕਤਵਰ ਇਤਿਹਾਸ ਹੈ ਜੋ ਹਰ ਤਰ੍ਹਾਂ ਦੀ ਨਾਬਰਾਬਰੀ ਤੋਂ ਮੁਕਤ ਕਰਵਾ ਸਕਦਾ ਹੈ। ਫ਼ਿਰਕੂਪੁਣੇ ਦੇ ਕਾਰਪੋਰੇਟ ਨਾਲ ਗੱਠਜੋੜ ਦੀ ਸਿਆਸੀ ਖੇਡ ਦੇ ਖਿਡੌਣੇ ਬਣਨ ਤੋਂ ਇਨਕਾਰੀ ਪੰਜਾਬੀ ਸਾਰੇ ਹਿੰਦੋਸਤਾਨ ਨੂੰ ਇਸ ਨਾਪਾਕ ਗੱਠਜੋੜ ’ਚੋਂ ਬਾਹਰ ਕੱਢਣ ਦੀ ਚੇਤਨਾ ਲਈ ਕੜਾਕੇ ਦੀਆਂ ਠੰਢੀਆਂ ਰਾਤਾਂ ਨਾਲ ਦਸਤਪੰਜਾ ਲੈਂਦੇ ਇਲਮ ਨੂੰ ਅਮਲ ਵਿੱਚ ਢਾਲ ਰਹੇ ਹਨ। ਜਦੋਂ ਇਲਮ ਅਮਲ ਬਣ ਜਾਵੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਉਸ ਨੂੰ ਨਿਸ਼ਾਨੇ ਤੱਕ ਪਹੁੰਚਣ ਤੋਂ ਰੋਕ ਸਕੇ। ਇੱਥੇ ਥੋੜ੍ਹੇ ਸਮੇਂ ਲਈ ਇਤਿਹਾਸ ’ਚ ਜਾਣਾ ਜ਼ਰੂਰੀ ਹੈ।
ਬਰਤਾਨਵੀ ਇਤਿਹਾਸਕਾਰ ਹਿੰਦੋਤਸਾਨ ਦੇ ਇਤਿਹਾਸ ਦੀ ਕਾਲ ਵੰਡ ਪੁਰਾਤਨ ਭਾਰਤ (ਹਿੰਦੂ ਕਾਲ), ਮੁਸਲਿਮ ਕਾਲ ਅਤੇ ਆਧੁਨਿਕ ਕਾਲ (ਭਾਵ ਬਰਤਾਨਵੀ ਬਸਤੀਵਾਦ) ਵਿਚ ਕਰਦਿਆਂ ਮੁਸਲਿਮ ਕਾਲ ਉੱਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਆਪਣੇ ਬਸਤੀਵਾਦੀ ਉਥਾਨ ਨੂੰ ਨਿਆਂਇਕ ਸਿੱਧ ਕਰਦੇ ਹਨ। ਇਸ ਤੋਂ ਇਲਾਵਾ ਵੰਡ ਮਗਰੋਂ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਲਹਿੰਦੇ ਪੰਜਾਬ ਨਾਲੋਂ ਸੰਚਾਰਕ ਦੂਰੀ ਨੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਭਰਮਤ ਕਰ ਰੱਖਿਆ ਸੀ ਜੋ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨੂੰ ਚੰਗਾ ਨਹੀਂ ਸਨ ਸਮਝਦੇ।
ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਸੰਚਾਰਕ ਨੇੜਤਾ ਨਾਲ ਦੋਵਾਂ ਪੰਜਾਬਾਂ ਦੇ ਲੋਕਾਂ ਅੰਦਰੋਂ ਦਵੇਸ਼ ਦੀ ਭਾਵਨਾ ਮੁੱਕਣ ਵੱਲ ਹੋ ਤੁਰੀ ਹੈ ਅਤੇ ਸਭਨਾਂ ਨੂੰ ਪੰਜਾਬੀ ਹੋਣ ਦੇ ਅਹਿਸਾਸ ਨੇ ਟੁੰਬ ਲਿਆ ਹੈ। ਸੰਤਾਲੀ ਦੇ ਉਜਾੜੇ ਦੀਆਂ ਬਜ਼ੁਰਗਾਂ ਨਾਲ ਮੁਲਾਕਾਤਾਂ ਨੇ ਇਕ ਨਵਾਂ ਇਤਿਹਾਸ ਸਿਰਜਣ ਦਾ ਰਾਹ ਆਰੰਭਿਆ ਹੈ। ਇਨ੍ਹਾਂ ਸੂਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਮੁਸਲਮਾਨ ਪੰਜਾਬ ਦੇ ਬਹੁਤ ਸਾਰੇ ਉਹੀ ਕਬੀਲੇ ਹਨ, ਜੋ ਸਿੱਖ ਵੀ ਹਨ ਅਤੇ ਹਿੰਦੂ ਵੀ। ਪਹਿਲੇ ਵੇਲਿਆਂ ’ਚ ਮੁਸਲਿਮ ਆਪਣੇ ਨਾਲ ਗੋਤਰ ਨਹੀਂ ਲਾਉਂਦੇ ਸਨ ਅਤੇ ਸਿੱਖ ਵੀ ਨਹੀਂ। ਚੜ੍ਹਦੇ ਪੰਜਾਬ ’ਚ ਗੋਤਰ ਲਾਉਣ ਦੀ ਆਲੋਚਨਾ ਜਾਤਾਂ ਨੂੰ ਪੱਕਿਆਂ ਕਰਨ ਵਜੋਂ ਕੀਤੀ ਗਈ ਜਦੋਂਕਿ ਗੋਤਰ ਕਬੀਲਾਈ ਵਿਰਸੇ ਦੀ ਪਛਾਣ ਹਨ। ਲਹਿੰਦੇ ਪੰਜਾਬ ਵਿਚ ਗੋਤ ਲਾਉਣ ਨਾਲ ਪਤਾ ਲੱਗਦਾ ਹੈ ਕਿ ਮੁਸਲਮਾਨਾਂ ਦੀ ਵੱਡੀ ਗਿਣਤੀ ਜੱਟ ਹੈ ਜੋ ਖੇਤੀ ਕਰਦੀ ਹੈ। ਜੱਟਾਂ ਦੇ ਸੁਭਾਅ, ਸੱਭਿਆਚਾਰ, ਵਿਰਸਾ ਹਿੰਦੂ, ਮੁਸਲਿਮ ਜਾਂ ਸਿੱਖ ਹੋਣ ਦੇ ਬਾਵਜੂਦ ਇਕੋ ਜਿਹੇ ਹਨ ਕਿਉਂਕਿ ਇਹ ਇਕੋ ਕਬੀਲੇ ਦੇ ਵਿਰਸੇ ਨੂੰ ਪ੍ਰਣਾਏ ਹੋਏ ਹਨ। ਇਸੇ ਤਰ੍ਹਾਂ ਰਾਜਪੂਤ, ਗੁੱਜਰ, ਲਬਾਣੇ, ਕੰਬੋਅ, ਮੁਸੱਲੀ, ਖੋਖਰ ਵੱਖ-ਵੱਖ ਕਬੀਲਾਈ ਲੋਕ ਸਨ ਜਿਨ੍ਹਾਂ ਨੂੰ ਤੁਰਕ ਅਤੇ ਮੁਗ਼ਲ ਹਾਕਮਾਂ ਨੇ ਪਿੰਡਾਂ ਵਿਚ ਵਸਾਇਆ। ਆਮ ਮੁਸਲਮਾਨ ਵੀ ਪਿੰਡਾਂ ਵਿਚ ਮੁਸਲਿਮ ਹਾਕਮਾਂ ਦਾ ਉਸੇ ਤਰ੍ਹਾਂ ਦਮਨ ਸਹਿੰਦੇ ਸਨ, ਜਿਵੇਂ ਸਿੱਖ ਜਾਂ ਹਿੰਦੂ। ਹੁਣ ਬਾਜਵੇ, ਚੀਮੇ, ਚੱਠੇ, ਸਿੱਧੂ ਆਦਿ ਗੋਤਰਾਂ ਦੀ ਪਛਾਣ ਨਾਲ ਇਹ ਸਮਝਣ ਵਿਚ ਸਹਾਇਤਾ ਮਿਲਦੀ ਹੈ ਕਿ ਕੌਣ ਕਿਸ ਕਬੀਲੇ ਦਾ ਹੈ। ਕਬੀਲਿਆਂ ਦੇ ਲੋਕ ਕਿਉਂਕਿ ਖ਼ੁਦਦਾਰੀ, ਬਰਾਬਰੀ, ਦਲੇਰੀ, ਜ਼ੁਅਰਤ ਨਾਲ ਨੱਕੋ ਨੱਕ ਭਰੇ ਹੁੰਦੇ ਹਨ, ਬਾਬਾ ਨਾਨਕ ਦੀ ਭਾਸ਼ਾ ਵਿਚ ਜਿਸਨੂੰ ‘ਪਤਿ’ ਕਿਹਾ ਗਿਆ ਹੈ ਜਦੋਂਕਿ ਜਾਤਪਾਤੀ ਪ੍ਰਬੰਧ ਮਨੁੱਖ ਦੀ ਖ਼ੁਦਦਾਰੀ ’ਤੇ ਸੱਟ ਮਾਰਦਾ ਉਸ ਨੂੰ ਚਕਨਾਚੂਰ ਕਰ ਦਿੰਦਾ ਹੈ।
ਪਾਰ ਬਾਡਰਾਂ ਦੀ ਹਾਕ ਹੁਣ ਪਹੁੰਚ ਗਈ ਏ ਜੱਟਾ
ਜੱਟ ਲਹਿੰਦੇ ਵੱਲ ਦੇ ਵੀ ਵੀਰੇ ਕੱਬੇ ਬੜੇ ਆ
ਵਰਤੇ ਕੋਈ ਭਾਣਾ ਕਿਤੇ ਖੁੱਲ੍ਹ ਜਾਣ ਹੱਦਾਂ
ਅਸੀਂ ਧਰਨੇ ਦੇ ਬਹਿਣ ਨੂੰ ਤਿਆਰ ਖੜ੍ਹੇ ਆਂ
ਡੇਰੇਆਲਿਆਂ ਨੇ ਲਿਖਿਆ ਕਿਸਾਨਾਂ ਵਾਸਤੇ
ਤੋੜ ਕੇ ਕਲਮ ਫਿਰ ਘਰੇ ਬਹਿ ਜਾਵੀਂ
ਪੂਰਾ ਬਣਦਾ ਪੰਜਾਬ ਚੜ੍ਹਦੇ ਤੇ ਲਹਿੰਦੇ ਨਾ
ਜਾਂਦਾ ਜਾਂਦਾ ਵੀਰਿਆ ਸੁਨੇਹਾ ਲੈ ਜਾਵੀਂ
ਇਨ੍ਹਾਂ ਸਤਰਾਂ ਵਿਚ ਜੱਟ ਸ਼ਬਦ ਨੂੰ ਕਿਸਾਨ ਵਜੋਂ ਸੰਬੋਧਨ ਕਬੀਲਾਈ ਸਾਂਝ ਦੇ ਪ੍ਰਤੀਕ ਵਜੋਂ ਹਾਜ਼ਰ ਹੈ। ਖੇਤੀ ਨਾਲ ਸਬੰਧਿਤ ਕਾਰੀਗਰ ਜਮਾਤਾਂ ਵੀ ਇਨ੍ਹਾਂ ਕਬੀਲਿਆਂ ਦਾ ਹੀ ਹਿੱਸਾ ਹਨ ਜਿਨ੍ਹਾਂ ਅੰਦਰ ਸਾਂਝਾ ਖ਼ੂਨ ਦੌੜਦਾ ਹੈ। ਅੰਗਰੇਜ਼ਾਂ ਨੇ ਪੰਜਾਬ ਦੀਆਂ ਜਾਤਾਂ ਦਾ ਵਰਗੀਕਰਨ ਕਰਕੇ ਪੰਜਾਬ ਨੂੰ ਜਾਤ ਅਤੇ ਧਰਮ ਦੀ ਅਜਿਹੀ ਪੁੱਠ ਚਾੜ੍ਹੀ ਕਿ ਪੰਜਾਬੀਅਤ ਦੇ ਨਕਸ਼ ਧੁੰਦਲੇ ਹੋ ਕੇ ਰਹਿ ਗਏ। ਪੰਜਾਬੀਅਤ ਨੂੰ ਆ ਰਹੀ ਅੱਜ ਵਾਲੀ ਸਮਝ ਜੇ ਵੀਹਵੀਂ ਸਦੀ ਦੇ ਆਰੰਭ ਵਿਚ ਪ੍ਰਾਪਤ ਹੋ ਜਾਂਦੀ ਤਾਂ ਪੰਜਾਬ ਵੰਡ ਤਾਂ ਕੀ, ਹਿੰਦੋਸਤਾਨ ਦੇ ਨਕਸ਼ ਵੀ ਕੁਝ ਹੋਰ ਹੀ ਹੁੰਦੇ। ਅੱਜ ਵੀ ਧਰਮਾਂ ਤੇ ਜਾਤਾਂ ਦੇ ਆਧਾਰ ’ਤੇ ਕਿਸਾਨਾਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਇਸ ਤੋਂ ਅਭਿੱਜ ਮਸਤ ਹਾਥੀ ਦੀ ਚਾਲ ਚੱਲਦੇ ਜਾਣ। ਅੱਜ ਹਿੰਦੋਸਤਾਨ ਦੇ ਕਿਸਾਨਾਂ ਨੂੰ ਆਪਣੀ ਚੇਤਨਾ ’ਚ ਧੱਕੇ ਜਾ ਰਹੇ ਹਰ ਕਿਸਮ ਦੇ ਵਖਰੇਵਿਆਂ ਨੂੰ ਵਗਾਹ ਮਾਰਨਾ ਲਾਜ਼ਮੀ ਹੋਵੇਗਾ।
ਕਿਰਤੀ ਲੋਕਾਂ ਵਿਚ ਪਾੜ ਪੈਦਾ ਕਰਨਾ ਬਸਤੀਵਾਦੀ ਅਤੇ ਸਾਮਰਾਜਵਾਦੀ ਵਿਚਾਰਧਾਰਾ ਦਾ ਆਲਮੀ ਵਰਤਾਰਾ ਹੈ। ਜਦੋਂ ਮਨੁੱਖ ‘ਸਰਬੱਤ ਦੇ ਭਲੇ’ ਦੀ ਅਰਦਾਸ ’ਚੋਂ ਰੌਸ਼ਨੀ ਲੈਂਦਾ ਹੈ ਤਾਂ ਕੂੜ ਦੀ ਕੰਧ ਢਹਿਣ ਲੱਗਦੀ ਹੈ।
ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਇਹ ਪ੍ਰਾਪਤੀ ਹੈ ਕਿ ਇਸ ਨੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਅੰਦਰ ਨਿੱਘ ਦੀ ਊਰਜਾ ਭਰ ਦਿੱਤੀ ਹੈ। ਕਾਸ਼! ਅਸੀਂ ਸਮੂਹ ਪੰਜਾਬੀ ਇਸ ਬਰੇ-ਸਗੀਰ ਨੂੰ ਮਨੁੱਖੀ ਏਕਤਾ ਦੇ ਸੂਤਰ ਵਿਚ ਬੰਨ੍ਹ ਸਕੀਏ। ਜੇ ਅਜਿਹਾ ਹੁੰਦਾ ਹੈ ਤਾਂ ਕਾਰਪੋਰੇਟ ਅਤੇ ਉਸ ਦੀ ਸਰਕਾਰੀ ਜੁੰਡਲੀ ਕਿਸਾਨਾਂ/ਆਵਾਮ ਦੇ ਰੋਹ ਤੋਂ ਨਹੀਂ ਬਚ ਸਕੇਗੀ। ਸਾਡਾ ਏਕਾ ਹੀ ਸਾਡੀ ਤਾਕਤ ਹੈ। ਪੰਜਾਬ ਦੀ ਪੁਨਰ ਸਿਰਜਣਾ ਵਕਤ ਦੀ ਆਵਾਜ਼ ਹੈ, ਜੇ ਅਸੀਂ ਇਹ ਆਵਾਜ਼ ਲਗਾਤਾਰ ਸੁਣਦੇ ਰਹਿ ਸਕੀਏ।
ਸੰਪਰਕ : 98140-99426
ਆਪਣਾ ਮੂਲ ਪਛਾਣਨ ਦਾ ਵੇਲਾ - ਤਸਕੀਨ
ਦੇਸ਼ ਸਿਆਸੀ ਅਫਰਾ ਤਫਰੀ ਅਤੇ ਹਾਕਮਾਨਾ ਬੁਰਛਾਗਰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਵਿਦਿਆਰਥੀਆਂ ਦੇ ਸ਼ਾਂਤਮਈ ਘੋਲ ਨੇ ਦਿਖਾ ਦਿੱਤਾ ਹੈ ਕਿ ਉਹ ਸੱਚੇ ਦੇਸ਼ ਭਗਤ ਹਨ। ਜਿਸ ਵੇਲੇ ਦੇਸ਼ ਦੇ ਸੰਵਿਧਾਨ ਨੂੰ ਦਾਅ ਤੇ ਲਾ ਦਿੱਤਾ ਗਿਆ ਹੋਵੇ, ਵਿਦਿਆਰਥੀ, ਬੁੱਧੀਵਾਨ/ਲੇਖਕ ਆਵਾਮ ਦੀ ਰਹਿਨੁਮਾਈ ਕਰਦਿਆਂ ਮੈਦਾਨ ਵਿਚ ਕੁੱਦ ਪਏ ਹੋਣ ਤਾਂ ਹਾਕਮਾਂ ਦਾ ਖੌਫ਼ ਬਰਬਰਤਾ ਵਿਚ ਤਾਂ ਤਬਦੀਲ ਹੋਣਾ ਹੀ ਹੈ, ਰਿਆਸਤ ਵੀ ਇਨ੍ਹਾਂ ਖਿਲਾਫ਼ ਅੱਗ ਉੱਗਲਣ ਲੱਗ ਪੈਂਦੀ ਹੈ। ਲਿਹਾਜ਼ਾ ਸੜਕਾਂ, ਘਰਾਂ, ਲਾਇਬ੍ਰੇਰੀਆਂ, ਯੂਨੀਵਰਸਿਟੀਆਂ ਤੇ ਹੋ ਰਿਹਾ ਕਹਿਰ 'ਮੀਡੀਆ ਪੁਰਾਣ' ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦਾ ਹੈ। ਜੇ ਸਰਕਾਰ ਅੰਦਰ ਬੇਚੈਨ ਆਵਾਮ ਦਾ ਖੌਫ਼ ਨਾ ਹੋਵੇ ਤਾਂ ਉਹ ਆਪਣੇ ਕਾਰਕੁਨਾਂ ਤੋਂ ਐੱਨਆਰਸੀ, ਐੱਨਏਏ ਅਤੇ ਐੱਨਪੀਆਰ ਦੇ ਹੱਕ ਵਿਚ ਗਾਲਾਂ ਅਤੇ ਅਹਿੰਸਾ ਨਾਲ ਭਰੇ 'ਰੋਸ' ਮੁਜ਼ਾਹਰੇ ਨਾ ਕਰਵਾਏ।
ਅਕਸਰ ਲੋਕ ਮੁੱਖਧਾਰਾ ਦੇ ਮੀਡੀਏ ਨੂੰ ਕੋਸਦਿਆਂ ਇਸ ਨੂੰ ਅਵਾਮ ਵਿਰੋਧੀ ਕਹਿੰਦੇ ਹਨ। ਉਹ ਇਸ ਮੁਗ਼ਾਲਤੇ ਵਿਚ ਹਨ ਕਿ ਦੇਸ਼ ਅੰਦਰ ਜਮਹੂਰੀਅਤ ਹੈ ਅਤੇ ਉਹ ਇਸ ਤੋਂ ਚੌਥੇ ਥੰਮ੍ਹ ਦੇ ਫ਼ਰਜ਼ਾਂ ਦੀ ਮੰਗ ਕਰ ਰਹੇ ਹਨ। ਅੱਜ ਜਮਹੂਰੀਅਤ ਅਤੇ ਸੰਵਿਧਾਨ ਬਚਾਉਣ ਲਈ ਹੀ ਤਾਂ ਅਵਾਮ ਸੜਕਾਂ ਉੱਤੇ ਹੈ। ਫਿਰ ਅਸੀਂ ਕਿਉਂ ਹਾਕਮ ਮੀਡੀਆ ਕੋਲੋਂ ਭਾਈ ਘਨੱਈਆ ਬਣਨ ਦੀ ਮੰਗ ਕਰਦੇ ਪਾਣੀ ਅਤੇ ਮਰਹਮ ਪੱਟੀ ਦਾ ਭਰੋਸੇ ਦਾ ਵਹਿਮ ਪਾਲ ਰਹੇ ਹਾਂ? ਇਤਿਹਾਸ ਇੱਕੋ ਵਾਰ ਨਹੀਂ, ਵਾਰ ਵਾਰ ਲਿਖਿਆ ਜਾਂਦਾ ਹੈ। ਅੱਜ ਇਸ ਨੂੰ ਵਿਦਿਆਰਥੀ, ਬੁੱਧੀਜੀਵੀ ਅਤੇ ਲੋਕ ਲਿਖ ਰਹੇ ਹਨ। ਹਾਕਮ ਇਸ ਨੂੰ ਟੁਕੜੇ ਟੁਕੜੇ ਗੈਂਗ, ਅਰਬਨ ਨਕਸਲ ਆਦਿ ਨਕਸ਼ਾਂ ਵਿਚ ਢਾਲ ਕੇ ਪਛਾਨਣ ਦੀ ਕੋਸ਼ਿਸ਼ ਵਿਚ ਚੂਰ ਹੈ। ਉਹ ਇਨ੍ਹਾਂ ਦੇ ਕੱਪੜਿਆਂ ਤੋਂ ਵੀ ਇਨ੍ਹਾਂ ਦੇ ਨਕਸ਼ ਪਛਾਣਨ ਦੀ ਕੋਸ਼ਿਸ਼ ਵਿਚ ਹਨ। ਇਨਸਾਨ ਦੇ ਲਹੂ ਦਾ ਰੰਗ ਜੇ ਇਕ ਨਾ ਹੁੰਦਾ ਤਾਂ ਇਹ ਪਛਾਣ ਕਿੰਨੀ ਸੌਖੀ ਹੁੰਦੀ? ਇਤਿਹਾਸ ਹਰ ਵੇਲੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸਿਰ ਦੀ ਮੰਗ ਕਰਦਾ ਹੈ।
ਮੀਡੀਆ ਪੁਰਾਣ ਇਸ 'ਟੁਕੜੇ ਟੁਕੜੇ ਗੈਂਗ' ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ। ਪੁਰਾਣਾਂ ਦੀ ਵੀ ਆਪਣੇ ਸਮੇਂ ਵਿਚ ਇਹੋ ਭੂਮਿਕਾ ਰਹੀ ਹੈ। ਯਾਦ ਕਰੋ, ਅਸੁਰ ਕੌਣ ਸਨ? ਮੁੱਖਧਾਰਾ ਦੀ ਭਗਤੀ ਸਿਆਸਤ ਦੇ ਵਿਰੋਧੀ। ਪੁਰਾਣ ਦੱਸਦੇ ਹਨ ਕਿ ਅਸੁਰ/ਰਾਖਸ਼ ਭਗਤੀ/ਬ੍ਰਾਹਮਣੀ ਵਿਚਾਰਧਾਰਾ ਤੋਂ ਕਿਤੇ ਬਲਵਾਨ ਅਤੇ ਤਾਕਤਵਰ ਸਨ। ਮੀਡੀਆ ਵੀ ਇਹ ਗਵਾਹੀ ਦੇ ਰਿਹਾ ਹੈ ਕਿ 'ਟੁਕੜੇ ਟੁਕੜੇ ਗੈਂਗ' ਕਿੰਨੇ ਬਲਵਾਨ ਹਨ। ਹਾਕਮੀ ਰਿਆਸਤੀ ਤਾਕਤ, ਮੀਡੀਆ ਪੁਰਾਣ ਦੇ ਬਾਵਜੂਦ ਲੋਕ ਵਿਰੋਧੀ ਕਾਨੂੰਨ ਦੇ ਹੱਕ ਵਿਚ ਭਾੜੇ ਦੇ ਮੁਜ਼ਾਹਰੇ ਕਰਵਾਏ ਜਾ ਰਹੇ ਹਨ। ਇਹ ਮੁਜ਼ਾਹਰਾਕਾਰੀ ਸੁਰਾਂ ਦੀ ਹਾਕਮੀ ਭਗਤੀ ਵਿਚ ਪ੍ਰਹਿਲਾਦ ਵਾਂਗ ਹਰਨਾਕਸ਼ਪ/ਹਰਨਾਖਸ਼ ਦੇ ਵਧ ਲਈ ਨਰਸਿੰਘ ਅਵਤਾਰ ਦੀ ਸ਼ਰਨ ਵਿਚ ਹਨ।
ਹਰਨਾਕਸ਼ਪ ਦੀ ਮਿੱਥ ਨਾਲ ਅੱਜ ਦਾ ਕੀ ਸਬੰਧ ਬਣਦਾ ਹੈ? ਵਰਤਮਾਨ ਨੂੰ ਕਿਉਂਕਿ ਬੀਂਡੀ ਪਾ ਕੇ 'ਮਨੂ ਸਮਰਿਤੀ' ਕਾਲ ਵਿਚ ਖਿੱਚਣ ਦਾ ਪੂਰਾ ਤਾਣ ਲਾਇਆ ਜਾ ਰਿਹਾ ਹੈ, ਇਸ ਲਈ ਹਰਨਾਕਸ਼ਪ ਦੀ ਮਿੱਥ ਦੁਹਰਾਉਂਦੇ ਹਾਂ। ਹਰਨਾਕਸ਼ਪ ਤਾਕਤਵਰ ਅਸੁਰ ਰਾਜਾ ਸੀ ਜਿਸ ਨੂੰ ਸ਼ਿਵਾ ਤੋਂ ਵਰਦਾਨ ਮਿਲਿਆ ਹੋਇਆ ਸੀ (ਕਿਉਂਕਿ ਅਸੁਰ ਸ਼ੈਵ ਸਨ) ਕਿ ਨਾ ਉਹ ਦਿਨੇ ਮਰੇਗਾ ਨਾ ਰਾਤ ਨੂੰ, ਨਾ ਅੰਦਰ ਮਰੇਗਾ ਨਾ ਬਾਹਰ, ਨਾ ਧਰਤੀ ਉੱਤੇ ਮਰੇਗਾ ਨਾ ਅਸਮਾਨ ਵਿਚ, ਨਾ ਸਰਦੀ ਵਿਚ ਮਰੇਗਾ ਨਾ ਗਰਮੀ ਵਿਚ, ਨਾ ਆਦਮੀ ਤੋਂ ਮਰੇਗਾ ਨਾ ਜਾਨਵਰ ਤੋਂ। ਇਸੇ ਵਰਦਾਨ ਸਦਕਾ ਉਸ ਨੇ ਸੁਰਾਂ ਦੀ ਵਿਚਾਰਧਾਰਕ ਰਾਮ ਭਗਤੀ ਦੀ ਬਜਾਏ ਅਸੁਰਾਂ ਦੇ ਰਾਜ ਨੂੰ ਵੱਧ ਤਾਕਤਵਰ ਬਣਾ ਲਿਆ ਅਤੇ ਰਾਮ ਭਗਤੀ ਦਾ ਵਿਚਾਰ ਰੱਦ ਕਰ ਦਿੱਤਾ। ਪ੍ਰਹਿਲਾਦ ਹਰਨਾਕਸ਼ਪ ਦਾ ਛੋਟਾ ਪੁੱਤਰ ਸੀ। ਉਸ ਨੇ ਅਸੁਰ ਹਰਨਾਕਸ਼ਪ ਦੀ ਡੰਡੌਤ ਕਰਨ ਦੀ ਬਜਾਏ ਸੁਰਾਂ ਦੇ ਰਾਮ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਹਰਨਾਕਸ਼ਪ ਨੇ ਪ੍ਰਹਿਲਾਦ ਨੂੰ ਦਰਬਾਰ ਵਿਚ ਬੁਲਾਇਆ ਅਤੇ ਕਿਹਾ ਕਿ ਮੇਰੀ ਬਜਾਏ ਰਾਮ ਦੀ ਭਗਤੀ ਕਿਉਂ ਕਰਦਾ ਹੈਂ। ਪ੍ਰਹਿਲਾਦ ਨੇ ਕਿਹਾ ਮੈਨੂੰ ਮਾਂ ਨੇ ਹਮੇਸ਼ਾਂ ਰਾਮ ਦੀ ਭਗਤੀ ਹੀ ਸਿਖਾਈ ਹੈ। ਹਰਨਾਕਸ਼ਪ ਇਸ ਉੱਪਰ ਕਹਿਰਵਾਨ ਹੋ ਗਿਆ। ਉਸ ਨੇ ਪ੍ਰਹਿਲਾਦ ਨੂੰ ਤਪਦੇ ਥੰਮ੍ਹ ਨਾਲ ਜੱਫ਼ੀ ਪਾਉਣ ਦਾ ਹੁਕਮ ਦਿੱਤਾ। ਪ੍ਰਹਿਲਾਦ ਛੋਟਾ ਸੀ ਅਤੇ ਡਰ ਗਿਆ। ਉਸ ਨੇ ਕਿਹਾ- 'ਓ ਰਾਮ ਤੂੰ ਮੇਰਾ ਪਾਲਕ ਹੈਂ, ਮੈਨੂੰ ਬਚਾ। ਮੈਂ ਤੈਨੂੰ ਪਿਆਰਦਾ ਹਾਂ। ਮੈਂ ਤੇਰੇ ਅੱਗੇ ਅਰਦਾਸ ਕਰਦਾਂ, ਮੈਨੂੰ ਬਚਾ।' ਇਹ ਅਰਦਾਸ ਤੋਂ ਬਾਅਦ ਪ੍ਰਹਿਲਾਦ ਨੂੰ ਤਪਦੇ ਥੰਮ੍ਹ ਉੱਤੇ ਨਿੱਕੀ ਜਿਹੀ ਕੀੜੀ ਤੁਰਦੀ ਨਜ਼ਰ ਆਈ। ਪ੍ਰਹਿਲਾਦ ਨੇ ਦੌੜ ਕੇ ਥੰਮ੍ਹ ਨੂੰ ਜੱਫ਼ੀ ਪਾ ਲਈ। ਥੰਮ੍ਹ ਐਨ ਠੰਢਾ ਸੀ। ਥੰਮ੍ਹ ਪਾਟ ਗਿਆ ਅਤੇ ਉਸ ਵਿਚੋਂ ਨਰ ਸਿੰਘ ਅਵਤਾਰ ਪਰਗਟ ਹੋਏ। ਉਸ ਦਾ ਅੱਧਾ ਉਪਰਲਾ ਧੜ ਸ਼ੇਰ ਦਾ ਅਤੇ ਹੇਠਲਾ ਅੱਧਾ ਧੜ ਆਦਮੀ ਦਾ ਸੀ। ਉਸ ਨੇ ਸਰਦਲਾਂ ਵਿਚ ਹਰਨਾਕਸ਼ਪ ਨੂੰ ਪੱਟਾਂ ਉੱਤੇ ਲੰਮਾ ਪਾ ਲਿਆ। ਇਹ ਨਾ ਧਰਤੀ ਸੀ ਨਾ ਅਸਮਾਨ। ਗਰਮੀ ਅਤੇ ਸਰਦੀ ਦੀ ਵਿਚਕਾਰਲੀ ਰੁੱਤ ਦਾ ਸਮਾਂ ਸੀ। ਉਹ ਨਾ ਨਰ ਸੀ ਨਾ ਆਦਮੀ। ਨਰ ਸਿੰਘ। ਉਸ ਨੇ ਆਪਣੇ ਪੰਜੇ ਉਸ ਦੀ ਹਿੱਕ ਵਿਚ ਗੱਡ ਦਿੱਤੇ ਅਤੇ ਅਸੁਰ ਹਰਨਾਕਸ਼ਪ ਦਾ ਰਾਜ ਸਮਾਪਤ ਕਰਕੇ ਰਾਮ ਭਗਤੀ ਦਾ ਆਰੀਅਨ ਰਾਜ ਪੱਕਿਆਂ ਕੀਤਾ ਜਿਸ ਵਿਚ ਪ੍ਰਹਿਲਾਦ ਸੰਤੁਸ਼ਟ ਹੋ ਕੇ ਰਾਮ ਭਗਤੀ ਵਿਚ ਰੁੱਝ ਗਿਆ।
ਇਹ ਪੁਰਾਣ ਕਥਾ ਅਸੁਰਾਂ ਦਾ ਇਤਿਹਾਸ ਦੱਸਦੀ ਹੈ ਕਿ ਉਹ ਕਿੰਨੇ ਬਲਵਾਨ ਸਨ। ਅਸੁਰ ਦਾ ਅਰਥ ਉਹ ਸਾਰੇ ਲੋਕ ਜੋ ਮੁੱਖਧਾਰਾ ਦੀ ਭਗਤੀ ਵਿਚਾਰਧਾਰਾ ਤੋਂ ਆਕੀ ਸਨ। ਇਸ 'ਅਸੁਰ' ਜਨਤਾ 'ਚੋਂ ਪ੍ਰਹਿਲਾਦ ਉਧਾਲ ਕੇ ਉਨ੍ਹਾਂ ਦੀ ਤਾਕਤ ਨੂੰ ਖੋਰਾ ਲਾਇਆ ਜਾਂਦਾ ਹੈ, ਜਿਵੇਂ ਐੱਨਏਏ, ਐੱਨਆਰਸੀ, ਐੱਨਪੀਆਰ ਦੇ ਹੱਕ 'ਚ ਜਲੂਸ ਕੱਢਦੇ ਸਪਾਂਸਰ/ਭਗਤ ਕਾਰਕੁਨ, ਜਿਨ੍ਹਾਂ ਨੂੰ ਵੀ ਨਾਗਰਿਕਤਾ ਸਾਬਿਤ ਕਰਨੀ ਪੈਣੀ ਹੈ ਕਿ ਉਹ ਇਸ ਦੇਸ਼ ਦੇ ਨਾਗਰਿਕ ਹਨ ਜਾਂ ਨਹੀਂ। ਕੀ ਅੱਜ ਦੇ ਹਾਕਮ ਤੇ ਮੀਡੀਆ ਪੁਰਾਣ ਪੁਰਾਣਿਕ ਵਿਆਖਿਆ ਨਹੀਂ ਕਰ ਰਹੇ? ਜਿੱਥੇ ਪੜ੍ਹੇ ਲਿਖੇ ਲੋਕਾਂ ਦੀ ਤਾਕਤ ਨੂੰ 'ਟੁਕੜੇ ਟੁਕੜੇ ਗੈਂਗ'/ਅਸੁਰ ਦੱਸਿਆ ਜਾ ਰਿਹਾ ਹੈ (ਜਮਹੂਰੀਅਤ ਤਾਂ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਵਾਸਤੇ ਕਹੀ ਜਾਂਦੀ ਹੈ)। ੳਵਾਮ/ਟੁਕੜੇ ਟੁਕੜੇ ਗੈਂਗ ਦੀ ਦੇਸ਼ ਭਗਤੀ ਤੋਂ ਤ੍ਰਭਕਿਆ ਨਰ ਸਿੰਘ ਰਾਮ ਲੀਲ੍ਹਾ ਮੈਦਾਨ 'ਚ ਫਾਊਲ ਖੇਡਦਿਆਂ ਭਗਵਾਨ ਕ੍ਰਿਸ਼ਨ ਵਾਂਗ ਦਿਨ ਨੂੰ ਰਾਤ ਵਿਚ ਤਬਦੀਲ ਕਰ ਦਿੰਦਾ ਹੈ। ਬਾਬਰ ਤਾਂ ਜਰਵਾਣਾ ਸੀ ਜਿਹੜਾ ਬਾਬਾ ਨਾਨਕ ਦੇ ਸ਼ਬਦਾਂ ਵਿਚ 'ਪਾਪ ਕੀ ਜੰਞ ਲੈ ਕਾਬਲਹੁ ਧਾਇਆ' ਸੀ ਪਰ ਅੱਜ ਦਾ ਹਾਕਮ ਕਾਇਰ ਹੈ। 'ਅੰਧੀ ਰਯਤਿ ਗਿਆਨ ਵਿਹੂਣੀ' ਜੇ ਗਿਆਨਵਾਨ ਹੋ ਕੇ ਆਪਣੇ ਹੱਕਾਂ ਦਾ ਮੁਜ਼ਾਹਰਾ ਕਰੇ ਤਾਂ ਜਨਤਾ ਨੂੰ ਹੀ ਪਾਪ ਕੀ ਜੰਞ/ਟੁਕੜੇ ਟੁਕੜੇ ਗੈਂਗ ਦੇ ਲਕਬ 'ਚ ਬੰਨ੍ਹ ਦੇਣਾ ਸਾਡੇ ਸਮੇਂ ਦੀ ਕਰੂਰ ਹਕੀਕਤ ਹੈ।
ਬ੍ਰਾਹਮਣਵਾਦ, ਹਿੰਦੂਤਵ, ਧੱਕੜਸ਼ਾਹ ਨਿਜ਼ਾਮ ਅਤੇ ਫਾਸ਼ੀਵਾਦ ਗਿਆਨ ਦੇ ਪੱਕੇ ਦੁਸ਼ਮਣ ਹੁੰਦੇ ਹਨ। ਉਹ ਸਿਰਾਂ ਨਾਲ ਸੋਚਣ ਵਾਲਿਆਂ ਦੇ ਹਮੇਸ਼ਾ ਸਿਰਾਂ ਤੇ ਵਾਰ ਕਰਦੇ ਹਨ, ਭਾਵੇਂ ਉਹ ਹਿਟਲਰ ਹੋਵੇ, ਮਸੋਲਿਨੀ, ਸਟਾਲਿਨ ਜਾਂ ਜਾਰਜ ਬੁਸ਼। ਅੱਜ ਹਾਕਮਾਨਾ ਤਾਕਤ ਬੁਸ਼ ਵਾਂਗ ਇਹ ਦੁਹਰਾ ਰਹੀ ਹੈ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਹੋ ਤਾਂ ਤੁਸੀਂ ਵਿਦਵਾਨ ਸਿਰਾਂ, ਭਾਵ ਟੁਕੜੇ ਟੁਕੜੇ ਗੈਂਗ/ਅਰਬਨ ਨਕਸਲ/ਮਾਓਵਾਦੀਆਂ ਦੇ ਨਾਲ ਹੋ। ਲਾਇਬ੍ਰੇਰੀਆਂ ਤੇ ਹਮਲੇ, ਔਰਤਾਂ ਤੇ ਹਮਲੇ, ਅਰੁੰਧਤੀ ਰਾਏ ਖ਼ਿਲਾਫ਼ ਸ਼ਿਕਾਇਤ ਇਸ ਗੱਲ ਦੇ ਸੂਚਕ ਹਨ ਕਿ ਹਾਕਮ, ਸਿਰਾਂ ਵਾਲਿਆਂ/ਸੋਚਣ ਵਾਲਿਆਂ ਗਿਆਨਵਾਨ ਲੋਕਾਂ ਤੋਂ ਡਰੇ ਹੋਏ ਉਨ੍ਹਾਂ ਦੇ ਸਿਰ ਫਿਹਣ ਲਈ ਕਾਹਲ਼ੇ ਹਨ। ਪੁਲੀਸ ਉਨ੍ਹਾਂ ਦੇ ਸਿਰ ਫਿਹਣ ਲਈ ਉਨ੍ਹਾਂ ਦੇ ਘਰ ਘਰ ਪਹੁੰਚ ਰਹੀ ਹੈ। ਸਾਡੇ ਦੇਸ਼ ਦਾ ਫੌਜੀ ਜਰਨੈਲ ਵੀ ਪਿੱਛੇ ਨਹੀਂ ਰਿਹਾ। ਉਹ ਦੇਸ਼ ਦੇ ਦੁਸ਼ਮਣਾਂ ਨਾਲ ਆਢਾ ਲੈਣ ਦੀ ਬਜਾਇ ਵਿਖਾਵਾਕਾਰੀ ਨਿਹੱਥੇ ਅਵਾਮ ਦਾ ਸਿਰ ਫਿਹਣ ਦਾ ਫਤਵਾ ਜਾਰੀ ਕਰਦਾ ਹੈ। ਸਭ ਸੰਸਥਾਵਾਂ 'ਅਸੁਰਾਂ' ਦੇ ਸਿਰ ਫਿਹਣ ਲਈ 'ਨਰ ਸਿੰਘ' ਦੀ ਭਗਤੀ ਵਿਚ ਲੀਨ ਹਨ।
ਵਿਦਿਆਰਥੀ/ਨੌਜੁਆਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਅੱਜ ਜੋ ਸਲੂਕ ਉਨ੍ਹਾਂ ਨਾਲ ਕੀਤਾ ਜਾ ਰਿਹਾ, ਅਜਿਹਾ ਦੁਸ਼ਮਣ ਨਾਲ ਵੀ ਨਹੀਂ ਕੀਤਾ ਜਾ ਸਕਦਾ। ਬਾਬਰ ਜਰਵਾਣਾ ਸੀ। ਪਾਣੀਪਤ ਦੀ ਲੜਾਈ ਹਾਰਨ ਵਾਲੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੇ ਲਾਪਤਾ ਹੋ ਜਾਣ ਤੇ ਬਾਬਰ ਨੇ ਹੁਕਮ ਦਿੱਤਾ ਕਿ ਸੁਲਤਾਨ ਦੀ ਭਾਲ ਕੀਤੀ ਜਾਵੇ। ਜੇ ਉਹ ਭੱਜ ਗਿਆ ਹੋਵੇ ਤਾਂ ਉਸ ਨੂੰ ਇੱਥੇ ਲਿਆ ਕੇ ਫਾਹੇ ਲਾਇਆ ਜਾਵੇ। ਇੰਨੇ ਚਿਰ ਨੂੰ ਇਕ ਫੌਜੀ ਜਰਨੈਲ ਸੁਲਤਾਨ ਦਾ ਸਿਰ ਵੱਢ ਕੇ ਲੈ ਆਇਆ ਅਤੇ ਕਿਹਾ ਕਿ ਉਹ ਇਸ ਜੰਗ ਵਿਚ ਹੀ ਮਾਰਿਆ ਗਿਆ ਤਾਂ ਬਾਬਰ ਨੇ ਹੁਕਮ ਦਿਤਾ ਕਿ ਇਸ ਨੂੰ ਇਥੇ ਹੀ ਸਪੁਰਦੇ-ਖ਼ਾਕ ਕਰਕੇ ਮਕਬਰਾ ਬਣਾ ਦਿੱਤਾ ਜਾਵੇ। ਉਹ ਬਹਾਦਰ ਸੀ ਅਤੇ ਬਹਾਦਰਾਂ ਵਾਂਗ ਲੜ ਕੇ ਮਰਿਆ ਹੈ। ਇਸ ਦੀ ਇੱਜ਼ਤ ਕਰਨੀ ਬਣਦੀ ਹੈ।
ਬਾਬਰ ਦੇ ਪੜਦਾਦੇ ਤੈਮੂਰ ਲੰਗ ਨੇ ਆਪਣੇ ਮੰਤਰੀਆਂ ਨੂੰ ਕਿਹਾ - ਮੈਂ ਤੁਹਾਨੂੰ ਬਰਾਬਰ ਬਿਠਾਉਣ ਦੀ ਬਜਾਏ ਵਿਦਵਾਨਾਂ/ਲੇਖਕਾਂ ਨੂੰ ਕਿਉਂ ਬਰਾਬਰ ਬਿਠਾਉਂਦਾ ਹਾਂ। ਦਰਬਾਰੀਆਂ ਨੇ ਪੁਛਿਆ- ਕਿਉਂ? ਤੈਮੂਰ ਨੇ ਕਿਹਾ ਕਿ ਖਵੀਸੋ! ਤੁਸੀਂ ਤਾਂ ਆਪਣੇ ਫਾਇਦਿਆਂ ਲਈ ਮੈਨੂੰ ਖੁਸ਼ ਕਰਨ ਦਾ ਯਤਨ ਕਰਦੇ ਹੋ ਅਤੇ ਮੇਰੀ ਮੱਤ ਤੇ ਹਓਮੈ/ਗ਼ਰੂਰ ਦਾ ਪਰਦਾ ਪਾ ਦਿੰਦੇ ਹੋ ਪਰ ਇਹ ਵਿਦਵਾਨ/ਲੇਖਕ ਮੇਰੀ ਅਲੋਚਨਾ/ਤਨਕੀਦ ਰਾਹੀਂ ਮੇਰੀ ਮੱਤ ਵਿਚ ਜੰਮੇ ਜਾਲ਼ੇ ਲਾਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਮੇਰੇ ਕੋਲੋਂ ਕੋਈ ਲਾਲਚ ਨਹੀਂ ਹੈ। ਇਨ੍ਹਾਂ ਦੁਆਰਾ ਕੀਤੀ ਅਲੋਚਨਾ ਮੇਰਾ ਰਾਹ ਰੌਸ਼ਨ ਕਰਦੀ ਹੈ।
ਛੇ ਸੱਤ ਸਦੀਆਂ ਬਾਅਦ ਮੇਰੇ ਦੇਸ਼ ਦਾ ਲੇਖਕ/ਵਿਦਵਾਨ ਜੇਲ੍ਹਾਂ, ਕਚਹਿਰੀਆਂ ਵਿਚ ਰੁਲਣ ਲਈ ਮਜਬੂਰ ਹੈ, ਕਿਉਂਕਿ ਉਹ ਪੀੜਤ ਵਿਦਿਆਰਥੀਆਂ, ਨੌਜੁਆਨਾਂ ਅਤੇ ਅਵਾਮ ਦਾ ਰਾਹ ਰੌਸ਼ਨ ਕਰਨ ਦਾ ਜੋਖ਼ਿਮ ਮੁੱਲ ਲੈ ਰਿਹਾ ਹੈ। ਉਹ ਅਰਬਨ ਨਕਸਲ, ਟੁਕੜੇ ਟੁਕੜੇ ਗੈਂਗ ਦੇ ਹਿੱਸੇ ਵਜੋਂ ਦੁਰਕਾਰਿਆ ਜਾ ਰਿਹਾ ਹੈ। ਬਾਬਾ ਨਾਨਕ ਆਖਦੇ ਨੇ- 'ਦੁਖੁ ਦਾਰੂ ਸੁਖੁ ਰੋਗ ਭਇਆ।' ਇਹ ਦੁੱਖ ਹੀ ਇਨ੍ਹਾਂ ਵਿਦਵਾਨਾਂ/ਲੇਖਕਾਂ/ ਵਿਦਿਆਰਥੀਆਂ/ਅਵਾਮ ਲਈ ਗਿਆਨ ਦਾ ਦਾਰੂ ਬਣਨਾ ਹੈ। ਇਹ ਕੌੜੀ ਦਵਾਈ ਪੀਤੇ ਬਿਨਾਂ ਦੁੱਖਾਂ ਤੋਂ ਮੁਕਤੀ ਅਸੰਭਵ ਹੈ। ਅਸੀਂ ਆਪਣਾ ਮੂਲ ਪਛਾਣਨ ਵੱਲ ਮਰ ਮਰ ਜਿਉਂਦੇ ਹੋਏ ਹੀ ਪੁਲਾਂਘ ਪੁੱਟ ਸਕਾਂਗੇ। ਜਮਹੂਰੀਅਤ ਅਤੇ ਸੰਵਿਧਾਨ ਸਾਡੇ ਪੁਰਖਿਆਂ ਨੇ ਜਨਤਾ ਦੇ ਸੁੱਖ ਲਈ ਸਾਡੀ ਝੋਲੀ ਪਾਇਆ ਹੈ। ਜੇ ਅੱਜ ਇਸ ਦੀ ਰਾਖੀ ਦੀ ਜ਼ਰੂਰਤ ਹੈ, ਕੋਈ ਤਾਂ ਕੀਮਤ ਸਾਨੂੰ ਵੀ ਦੇਣੀ ਪਵੇਗੀ।
ਸੰਪਰਕ : 98140-99426
ਪੰਜਾਬੀਆਂ ਨੂੰ ਜੋਸ਼ ਨਾਲ ਹੋਸ਼ ਦੀ ਵੀ ਲੋੜ - ਤਸਕੀਨ
ਅੱਜ ਪੰਜਾਬ ਆਪਣਾ ਇਤਿਹਾਸ ਦੁਹਰਾਉਂਦਿਆਂ ਆਪਣੇ ਆਪ ਨਾਲ ਤੇ ਹਾਕਮ ਹਿੰਦੂਤਵੀ ਵਿਚਾਰਧਾਰਾ ਦੇ ਪੈਂਤੜਿਆਂ ਨਾਲ ਜੂਝ ਰਿਹਾ ਹੈ। ਭਾਰਤ ਨੂੰ ਹਰ ਪਾਸੇ ਇਕਹਿਰੇ ਰੰਗ ਵਿਚ ਰੰਗਣ ਵਾਲੀ ਇਸ ਵਿਚਾਰਧਾਰਾ ਨੂੰ ਪੰਜਾਬ ਚੁਣੌਤੀ ਦੇ ਰਿਹਾ ਹੈ। ਮਜ਼ਲੂਮ ਬਣਾ ਦਿੱਤੀ ਗਈ ਕਸ਼ਮੀਰੀ ਕੌਮ ਦੇ ਹੱਕਾਂ ਲਈ ਡਟਿਆ ਖੜ੍ਹਾ ਹੈ। ਆਪਣੀ ਵਿਰਾਸਤ ਦੇ ਵਿਸਥਾਰ ਲਈ ਇਸ ਵੇਲੇ ਪੰਜਾਬੀਆਂ ਅੰਦਰ ਪੂਰਾ ਜੋਸ਼ ਹੈ। ਜੋਸ਼ ਨਾਲ ਹੋਸ਼ ਜਾਂ ਬੌਧਿਕ ਅਗਵਾਈ ਦੀ ਵੱਧ ਲੋੜ ਹੁੰਦੀ ਹੈ। ਇਸ ਲਈ ਜੋਸ਼ ਦੇ ਨਾਲ ਨਾਲ ਹੋਸ਼/ਚਿੰਤਨ ਦੇ ਵਿਰਸੇ ਨੂੰ ਫਰੋਲਣਾ ਵੀ ਜ਼ਰੂਰੀ ਹੈ, ਕਿਉਂਕਿ ਹੋਸ਼ ਤੋਂ ਬਿਨਾ ਜੋਸ਼ ਨੇ ਪੰਜਾਬ ਨੂੰ ਲੰਮਾ ਸਮਾਂ ਸੰਕਟ ਭੋਗਣ ਦੇ ਰਾਹ ਪਾਇਆ ਅਤੇ ਉਹ ਹੱਕੀ ਸਿਆਸੀ ਲੜਾਈ ਨੂੰ ਵੀ ਬਹਿਕਦੇ ਰੋਹ ਵਿਚ ਰੋੜ੍ਹਦਾ ਗਿਆ।
ਪੰਜਾਬੀ ਸਦੀਆਂ ਤੋਂ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਟੱਕਰ ਦੇਣ ਵਾਲੀ ਕੌਮ ਹਨ, ਇਸੇ ਲਈ ਮਨੂ ਸਮਰਿਤੀ ਇਸ ਨੂੰ 'ਮਲੇਸ਼ ਦੇਸ਼' ਵਜੋਂ ਸੰਬੋਧਿਤ ਹੁੰਦੀ ਹੈ। ਬਾਬਾ ਨਾਨਕ ਨੇ ਇਸ ਵਿਚਾਰਾਧਾਰਾ ਨਾਲ ਟੱਕਰਨ ਵਾਲੀ ਬਾਣੀ ਦੀ ਰਚਨਾ ਕੀਤੀ ਅਤੇ ਸਥਾਪਤੀ ਵਿਰੁੱਧ ਨੀਚਾਂ ਨਾਲ ਖੜ੍ਹੇ ਹੋਣ ਦਾ ਚਿੰਤਨ ਪੰਜਾਬੀਅਤ ਦੀਆਂ ਰਗਾਂ ਵਿਚ ਖੂਨ ਬਣ ਕੇ ਦੌੜਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਮਣੇ ਅਜਿਹੀ ਹਾਲਤ ਆ ਗਈ ਕਿ ਸਥਾਪਤੀ ਵਿਰੁੱਧ ਕੇਵਲ ਕਲਮ ਹੀ ਨਹੀਂ ਸਗੋਂ ਹਥਿਆਰਾਂ ਦੀ ਲੋੜ ਵੀ ਮਹਿਸੂਸ ਹੋਈ। ਹੋਸ਼ ਪਹਿਲਾਂ ਅਤੇ ਉਸ ਦੀ ਰਾਖੀ ਲਈ ਜੋਸ਼ ਦੀ ਲੋੜ ਨੇ ਪੰਜਾਬੀਅਤ ਨੂੰ ਨਵਾਂ ਹੁਲਾਰਾ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਿਸ ਸ਼ਾਹ ਸਭ ਪੰਜਾਬੀਅਤ ਨੂੰ ਜੋਸ਼ ਨਾਲ ਹੋਸ਼ ਰਾਹੀਂ ਸਿੰਜਦੇ ਰਹੇ ਅਤੇ ਮੁੱਖਧਾਰਾ ਤੋਂ ਬੇਖੌਫ਼ ਉਸ ਖ਼ਿਲਾਫ਼ ਦਰਸ਼ਨ ਦਾ ਵਿਸਥਾਰ ਕਰਦੇ ਰਹੇ। ਉਨ੍ਹਾਂ ਦਾ ਚਿੰਤਨ ਸੰਸਾਰ ਨੂੰ ਸੰਬੋਧਨ ਕਰਦਾ ਹੈ, ਇਸੇ ਲਈ ਉਹ ਭਾਸ਼ਾਈ ਵਲਗਣਾਂ ਤੋਂ ਪਾਰ ਸਥਾਪਤੀ ਵਿਰੁੱਧ ਮਨੁੱਖ ਦੇ ਹੋਣ ਦੀ ਲੜਾਈ ਲੜਦੇ ਹਨ। ਭਗਤ ਸਿੰਘ ਨੇ ਬਸਤੀਵਾਦੀ+ਬੁਰਜੂਆ ਵਿਚਾਰਧਾਰਾ ਦੇ ਖਿਲਾਫ਼ ਜੋਸ਼ ਰਾਹੀਂ ਸਮਾਜਵਾਦੀ ਹੋਸ਼ (ਚਿੰਤਨ) ਨੂੰ ਅਗਲਾ ਵਿਸਥਾਰ ਦਿੱਤਾ, ਭਾਵ ਪੰਜਾਬੀਆਂ ਦਾ ਇਤਿਹਾਸ ਹਾਕਮ ਵਿਚਾਰਧਾਰਾ ਖ਼ਿਲਾਫ਼ ਜੋਸ਼ ਅਤੇ ਹੋਸ਼ ਨਾਲ ਟੱਕਰਨ ਦਾ ਇਤਿਹਾਸ ਬਣ ਕੇ ਮਜ਼ਲੂਮ ਨੂੰ ਤਾਕਤ ਦੇਣ ਦਾ ਇਤਿਹਾਸ ਹੈ ਅਤੇ ਅੱਜ ਨਵੇਂ ਮੋੜ 'ਤੇ ਪਹੁੰਚਦਿਆਂ ਹਿੰਦੂਤਵ ਦੇ ਵਿਕਰਾਲ ਸੰਸਾਰ ਨਾਲ ਟੱਕਰਨ ਦੇ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਬ ਇਸ ਨੂੰ ਹਰ ਪੱਧਰ ਤੇ ਟੱਕਰ ਦੇਣ ਦੀ ਕੋਸ਼ਿਸ਼ 'ਚ ਹੈ।
ਰੌਲਾ ਇਹ ਪੈ ਰਿਹਾ ਹੈ ਕਿ 'ਪੰਜਾਬੀ ਗਾਇਕ ਗੁਰਦਾਸ ਮਾਨ ਨੇ ਰੇਡੀਓ ਇੰਟਰਵਿਊ ਵਿਚ ਹਿੰਦੀ ਬਾਰੇ ਕਿਹਾ ਕਿ ਇਹ ਸਾਰਿਆਂ ਨੂੰ ਬੋਲਣੀ ਚਾਹੀਦੀ ਹੈ। ਜੇ ਹਿੰਦੀ ਪੜ੍ਹਦੇ ਜਾਂ ਫਿਲਮਾਂ ਦੇਖਦੇ ਹਾਂ ਤਾਂ ਬੋਲਣ ਵਿਚ ਕੀ ਹਰਜ ਹੈ। ਜਦੋਂ ਜਰਮਨੀ ਵਿਚ ਸਾਰੇ ਜਰਮਨ ਬੋਲਦੇ ਹਨ ਅਤੇ ਫ਼ਰਾਂਸ ਵਿਚ ਸਾਰੇ ਫ਼ਰਾਂਸੀਸੀ ਤਾਂ ਹਿੰਦੋਸਤਾਨ ਵਿਚ ਹਿੰਦੀ ਕਿਉਂ ਨਹੀਂ।' ਬਦਕਿਸਮਤੀ ਨੂੰ ਇਹ ਬਿਆਨ ਉਦੋਂ ਆਇਆ ਹੈ ਜਦੋਂ 'ਹਿੰਦੂ-ਹਿੰਦੀ-ਹਿੰਦੋਸਤਾਨ' ਰਾਹੀਂ ਭਾਰਤ ਨੂੰ ਇਕਹਿਰੇ ਰੰਗ ਵਿਚ ਰੰਗਣ ਦਾ ਬੁਲਡੋਜ਼ਰ ਚੱਲ ਰਿਹਾ ਹੈ। ਅਮਿਤ ਸ਼ਾਹ ਨੇ ਹਿੰਦੀ ਨੂੰ ਸਾਰੇ ਭਾਰਤੀਆਂ ਨੂੰ ਪਹਿਲੀ ਭਾਸ਼ਾ ਵਜੋਂ ਵਰਤਣ ਦੀ ਤਾਕੀਦ ਕਰ ਦਿੱਤੀ (ਹਾਲਾਂਕਿ ਬਾਅਦ ਵਿਚ ਉਸ ਨੇ ਇਹ ਬਿਆਨ ਵਾਪਿਸ ਲੈ ਲਿਆ) ਅਤੇ ਪੰਜਾਬ ਵਿਚ ਇਕ ਹੋਰ ਲਿਖਾਰੀ ਇਸ ਦੀ ਤਾਕੀਦ ਕਰਦਾ ਫ਼ਤਵਾ, ਪੰਜਾਬੀ ਲੇਖਕ ਤੇਜਵੰਤ ਮਾਨ ਨੂੰ ਧਮਕੀ ਰਾਹੀਂ ਦਿੰਦਾ ਹੈ ਕਿ 'ਦੋ ਸਾਲ ਠਹਿਰੋ, ਫਿਰ ਦੱਸਾਂਗੇ।'
ਅਜਿਹੇ ਮਾਹੌਲ ਵਿਚ ਪੰਜਾਬੀ ਅਤੇ ਪੰਜਾਬੀਅਤ ਨੂੰ ਮਿਲ ਰਹੀ ਚੁਣੌਤੀ ਦੇ ਐਨ ਮੌਕੇ ਗੁਰਦਾਸ ਮਾਨ ਦਾ ਬਿਆਨ ਪੰਜਾਬੀ ਦੇ ਪਰਵਾਨਿਆਂ ਲਈ ਰੋਹ ਦਾ ਕਾਰਨ ਬਣਿਆ ਹੋਇਆ ਹੈ। ਇਹ ਮੌਕਾ ਮੇਲ ਹੀ ਇਸ ਰੋਹ ਦਾ ਮੁੱਖ ਕਾਰਨ ਹੈ। ਦੁਨੀਆ ਵਿਚ ਥਾਂ ਥਾਂ ਉਸ ਖ਼ਿਲਾਫ਼ ਵਿਖਾਵੇ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ਉੱਪਰ ਵੀ ਉਸ ਵਿਰੁੱਧ ਹਨੇਰੀ ਝੁੱਲ ਰਹੀ ਹੈ। ਉਸ ਖ਼ਿਲਾਫ਼ ਅਜਿਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜੋ ਸੱਭਿਅਕ ਸਮਾਜ ਨੂੰ ਸੋਭਾ ਨਹੀਂ ਦਿੰਦੀ। ਉਸ ਦੇ ਵਿਚਾਰਾਂ ਨਾਲ ਸੰਵਾਦ ਰਾਹੀਂ ਵਿਰੋਧ ਜਿਤਾਇਆ ਜਾ ਸਕਦਾ ਹੈ, ਕਿਉਂਕਿ ਉਸ ਦੀਆਂ ਹਿੰਦੀ ਦੇ ਹੱਕ ਵਿਚ ਦਲੀਲਾਂ ਬਹੁਤ ਕਮਜ਼ੋਰ ਅਤੇ ਇਤਿਹਾਸ ਵਿਰੋਧੀ ਹਨ, ਹਾਲਾਂਕਿ ਉਸ ਨੇ ਹਿੰਦੀ ਦੀ ਬਜਾਏ ਹਿੰਦੋਸਤਾਨੀ ਭਾਸ਼ਾ ਦੀ ਵਕਾਲਤ ਕੀਤੀ ਜੋ ਪਹਿਲਾਂ ਬੌਲੀਵੁੱਡ ਦੀ ਭਾਸ਼ਾ ਹੈ ਅਤੇ ਉਹ ਵੀ ਦੱਖਣ ਦੇ ਪ੍ਰਸੰਗ ਵਿਚ। ਉਸ ਨੇ ਹਿੰਦੋਸਤਾਨੀ ਨੂੰ ਮਾਂ ਨਹੀਂ, ਮਾਸੀ ਕਿਹਾ ਹੈ ਅਤੇ ਕਦੇ ਪੰਜਾਬੀਆਂ ਦੀ ਇਹ ਮਾਸੀ ਫ਼ਾਰਸੀ ਅਤੇ ਉਰਦੂ ਵੀ ਰਹੀਆਂ ਹਨ। ਗੁਰਦਾਸ ਮਾਨ ਦੀ ਸਮੁੱਚੀ ਹੋਂਦ ਅਤੇ ਪੰਜਾਬੀ ਜ਼ਬਾਨ, ਸੱਭਿਆਚਾਰ ਅਤੇ ਸਮਾਜ 'ਚ ਪਾਏ ਉਸ ਦੇ ਯੋਗਦਾਨ ਨੂੰ ਇੱਕ ਵਾਢਿਉਂ ਰੱਦ ਕਰਨਾ ਅਕ੍ਰਿਤਘਣਤਾ ਹੋਏਗੀ। ਪੰਜਾਬੀ ਸਮਾਜ ਅਜਿਹਾ ਨਹੀਂ ਕਰ ਸਕਦਾ। ਪੰਜਾਬੀਆਂ ਦਾ ਅਜਿਹੇ ਬਿਆਨ 'ਤੇ ਗੁੱਸਾ ਕਰਨਾ ਜਾਇਜ਼ ਹੋ ਸਕਦਾ ਹੈ ਅਤੇ ਜੋਸ਼ 'ਚ ਆਉਣਾ ਵੀ ਜਾਇਜ਼ ਹੈ, ਮਗਰ ਹੋਸ਼ ਦੇ ਮੰਤਰ ਤੋਂ ਬਿਨਾ ਜੋਸ਼ ਗਲਤ ਲੀਹੇ ਚੜ੍ਹ ਜਾਂਦਾ ਹੈ।
ਗੁਰਦਾਸ ਮਾਨ ਨਾਲ ਸੰਵਾਦ ਰਚਾਉਣ ਲਈ ਥੋੜ੍ਹਾ ਇਤਿਹਾਸ ਵੱਲ ਮੁੜਨਾ ਪਵੇਗਾ। ਪੰਜਾਬੀਆਂ ਕੋਲ ਹਮੇਸ਼ਾ ਇਕ ਸੰਪਰਕ ਭਾਸ਼ਾ ਰਹੀ ਹੈ ਜੋ ਉਸ ਨੂੰ ਪੂਰੇ ਭਾਰਤ ਜਾਂ ਸੰਸਾਰ ਨਾਲ ਜੋੜਦੀ ਰਹੀ ਹੈ। ਮਾਨ ਖੁਦ ਕਹਿੰਦਾ ਹੈ, ''ਹਰ ਭਾਸ਼ਾ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ।" ਉਹ ਪੰਜਾਬੀ ਨੂੰ ਦੇਸ਼ ਦੀ 'ਰਕਾਨ' ਕਹਿਣ ਵਾਲਾ ਲੇਖਕ ਹੈ। ਜਿਸ ਨੂੰ ਰਕਾਨ ਦੇ ਅਰਥ ਨਹੀਂ ਪਤਾ, ਉਹ ਮਾਨ ਨੂੰ ਨਹੀਂ ਸਮਝ ਸਕਦਾ। ਭਾਰਤ ਵਿਚ ਲਿਖੀ ਜਾਣ ਵਾਲੀ ਕਿਤਾਬੀ ਹਿੰਦੀ ਹਿੰਦੋਸਤਾਨ ਦੇ ਕਿਸੇ ਵੀ ਖਿੱਤੇ ਦੀ ਭਾਸ਼ਾ ਨਹੀਂ। ਇਹ ਹਿੰਦੂਤਵ ਦੀ ਸਿਆਸਤ ਵਿਚੋਂ ਕੱਲ੍ਹ ਜੰਮੀ ਭਾਸ਼ਾ ਹੈ। ਫ਼ਿਲਮਾਂ ਦੀ ਭਾਸ਼ਾ ਹਿੰਦੀ ਨਹੀਂ, ਉਹ ਹਿੰਦੋਸਤਾਨੀ ਜਾਂ ਹਿੰਦਵੀ ਹੈ ਜੋ ਕਈ ਸਦੀਆਂ ਤੋਂ ਮੌਜੂਦ ਸੀ ਤੇ ਅੱਜ ਵੀ ਭਾਰਤ ਦੇ ਬਹੁਤ ਸਾਰੇ ਲੋਕ ਇਸ ਨੂੰ ਬੋਲ ਜਾਂ ਸਮਝ ਲੈਂਦੇ ਹਨ ਪਰ ਲਿਖੀ ਜਾਂ ਪੜ੍ਹੀ ਜਾਣ ਵਾਲੀ ਹਿੰਦੀ ਨੂੰ ਹਿੰਦੀ ਖੇਤਰ ਦੇ ਪੜ੍ਹੇ ਲੋਕ ਹੀ ਲਿਖ ਪੜ੍ਹ ਸਮਝ ਸਕਦੇ ਹਨ। ਮਾਨ ਦਾ ਜਰਮਨ ਦੀ ਭਾਸ਼ਾ ਜਰਮਨੀ ਅਤੇ ਫ਼ਰਾਂਸ ਦੀ ਭਾਸ਼ਾ ਫ਼ਰਾਂਸੀਸੀ ਵਾਲਾ ਨੁਕਤਾ ਯੂਰੋਪੀਅਨ ਇਤਿਹਾਸ ਬਾਰੇ ਨਾਸਮਝੀ ਵਿਚੋਂ ਪੈਦਾ ਹੋਇਆ ਹੈ। ਆਧੁਨਿਕ ਯੂਰੋਪ ਵਿਚ ਪੈਦਾ ਹੋਏ ਕੌਮੀਅਤ ਦੇ ਸਿਧਾਂਤ 'ਤੇ ਲੰਮੀ ਚੌੜੀ ਚਰਚਾ ਯੂਰੋਪ ਦੀਆਂ ਲਾਇਬਰੇਰੀਆਂ ਦੀ ਜ਼ੀਨਤ ਹੈ।
ਜੂਲੀਅਸ ਸੀਜ਼ਰ ਨੇ ਲੋਅਰ ਜਰਮਨ ਦੇ ਕਬੀਲਿਆਂ ਨੂੰ ਹਰਾ ਕੇ ਇਸ ਨੂੰ ਰੋਮਨ ਸਾਮਰਾਜ ਦਾ ਹਿੱਸਾ ਬਣਾ ਲਿਆ। ਇਹ ਚਾਰ ਕਬੀਲਿਆਂ ਜਰਮਨ, ਗਾਲ, ਇੰਗਲਿਸ਼ ਅਤੇ ਬੈਲਜੀਅਸ ਦਾ ਸਮੂਹ ਸੀ ਜਿਨ੍ਹਾਂ ਦੀ ਵੱਖ ਵੱਖ ਭਾਸ਼ਾ ਸੀ। ਰੋਮਨ ਸਾਮਰਾਜ ਦਾ ਉਪਰਲਾ ਵਰਗ ਲੈਟਿਨ ਬੋਲਦਾ ਸੀ, ਜਿਵੇਂ ਸਾਡੇ ਫ਼ਾਰਸੀ ਬੋਲੀ ਜਾਂਦੀ ਸੀ। ਇਨ੍ਹਾਂ ਕਬੀਲਿਆਂ ਦੀ ਜਨਤਾ ਆਪੋ-ਆਪਣੀ ਭਾਸ਼ਾ ਬੋਲਦੀ ਸੀ। ਇਸ ਆਮ ਜਨਤਾ ਨਾਲ ਉਪਰਲੇ ਵਰਗ ਨੂੰ ਸਥਾਨਕ ਸੰਪਰਕ ਭਾਸ਼ਾ ਸਿੱਖਣੀ ਪੈਂਦੀ, ਜਿਵੇਂ ਫ਼ਾਰਸੀਦਾਨਾਂ ਨੂੰ ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ ਆਦਿ। ਜਿਵੇਂ ਜਰਮਨੀ, ਫ਼ਰਾਂਸੀਸੀ, ਇੰਗਲਿਸ਼ ਕੌਮਾਂ ਆਧੁਨਿਕ ਯੁੱਗ ਦੀ ਦੇਣ ਹਨ ਅਤੇ ਉਨ੍ਹਾਂ ਦੀ ਇਕ ਕੌਮੀ ਭਾਸ਼ਾ ਹੈ, ਹਿੰਦੋਸਤਾਨ ਉਸ ਤਰ੍ਹਾਂ ਦਾ ਇਕ ਕੌਮੀ ਦੇਸ਼ ਨਹੀਂ। ਇਹ ਅਜਿਹੇ ਭੂਗੋਲਿਕ ਖਿੱਤੇ ਵਿਚ ਬੱਝਾ ਬਹੁਕੌਮੀ ਦੇਸ਼ ਹੈ ਜਿੱਥੇ ਪੰਜਾਬੀ, ਬੰਗਾਲੀ, ਮਰਾਠੀ, ਕਸ਼ਮੀਰੀ, ਤਮਿਲ, ਗੁਜਰਾਤੀ ਆਦਿ ਵੱਖ ਵੱਖ ਕੌਮਾਂ ਹਨ ਅਤੇ ਵੱਖ ਵੱਖ ਉਨ੍ਹਾਂ ਦੀ ਬੋਲੀ ਹੈ। ਸੰਪਰਕ ਭਾਸ਼ਾ ਹੋਣੀ ਚਾਹੀਦੀ ਪਰ ਹਿੰਦੀ ਹੀ ਕਿਉਂ? ਕਿਉਂਕਿ ਰਾਜ ਹਿੰਦੂਵਾਦੀ ਵਿਚਾਰਾਂ ਦੇ ਹੱਥ ਵਿਚ ਹੈ ਅਤੇ ਉਹ ਭਾਰਤ ਦੇ ਸੰਘੀ ਢਾਂਚੇ ਦੀ ਬਹੁਕੌਮੀ ਸੱਭਿਆਚਾਰਕ ਖੂਬਸੂਰਤੀ ਨੂੰ ਇਕੋ ਹਿਦੂਤਵੀ ਰੰਗ ਵਿਚ ਡੋਬਣ ਲਈ ਦ੍ਰਿੜ ਹਨ।
ਆਜ਼ਾਦੀ ਦਾ ਸੰਘਰਸ਼ ਆਜ਼ਾਦੀ ਦੇ ਨਾਲ ਨਾਲ ਫ਼ਿਰਕੂ ਰੰਗ ਗੂੜ੍ਹਾ ਕਰਨ ਦਾ ਇਤਿਹਾਸ ਵੀ ਹੈ। ਸਾਵਰਕਰ ਦੇ ਦੋ ਕੌਮਾਂ ਦੇ ਸਿਧਾਂਤ ਵਿਚੋਂ ਪਾਕਿਸਤਾਨ ਨੇ ਜਨਮ ਲਿਆ ਪਰ ਮਸਲਾ ਉੱਥੇ ਦਾ ਉੱਥੇ ਹੈ, ਭਾਵ ਧਰਮ ਕਦੇ ਕੌਮ ਨਹੀਂ ਹੋ ਸਕਦਾ। ਇਸ ਹਿਸਾਬ ਨਾਲ ਸਿੱਖ, ਬੋਧੀ, ਜੈਨ, ਪਾਰਸੀ, ਇਸਾਈ ਆਦਿ ਵੀ ਸਭ ਕੌਮਾਂ ਹਨ ਪਰ ਕੌਮ ਕਿਸੇ ਭਾਸ਼ਾ ਤੇ ਉਸ ਦੇ ਸੱਭਿਆਚਾਰ ਵਿਚੋਂ ਹੋਂਦ ਵਿਚ ਆਉਂਦੀ ਹੈ। ਧਰਮ ਨੂੰ ਕੌਮ ਮੰਨਿਆ ਜਾਵੇ ਤਾਂ ਇਸਾਈਆਂ, ਬੋਧੀਆਂ, ਮੁਸਲਮਾਨਾਂ ਦਾ ਇਕ ਇਕ ਦੇਸ਼ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਕੌਮ ਨੂੰ ਕੌਮ ਬਣਾਉਣ ਲਈ ਭਾਸ਼ਾ ਅਤੇ ਉਸ ਦਾ ਸੱਭਿਆਚਾਰ ਲਾਜ਼ਮੀ ਹੈ। ਪੰਜਾਬੀ ਨੂੰ ਹਿੰਦੀ ਦੇ ਰੰਗ ਵਿਚ ਨਹੀਂ ਰੰਗਿਆ ਜਾ ਸਕਦਾ। ਇਹ ਉਸੇ ਤਰ੍ਹਾਂ ਦਾ ਯਤਨ ਹੈ, ਜਿਵੇਂ ਲਹਿੰਦੇ ਪੰਜਾਬ ਵਿਚ ਜਗੀਰੂ ਇਲੀਤ (elite) ਨੇ ਉਰਦੂ ਦਾ ਜੂਲ਼ਾ ਪੰਜਾਬੀ ਦੇ ਗਲ ਵਿਚ ਪਾ ਰੱਖਿਆ ਹੈ ਅਤੇ ਆਮ ਲੋਕਾਂ ਕੋਲੋਂ ਉਨ੍ਹਾਂ ਦੀ ਭਾਸ਼ਾ ਖੋਹਣ ਦਾ ਯਤਨ ਹੁੰਦਾ ਆ ਰਿਹਾ ਹੈ।
ਪੰਜਾਬੀ ਜ਼ਬਾਨ ਨਾਲ ਪਿਆਰ ਕਰਨ ਵਾਲੇ ਗੁਰਦਾਸ ਮਾਨ ਨੂੰ ਕਈ ਲੋਕ ਭੱਦੇ ਵਿਸ਼ੇਸ਼ਣਾਂ ਨਾਲ ਨਵਾਜ ਰਹੇ ਹਨ। ਇਸ ਬਿਆਨ ਨਾਲੋਂ ਵੱਧ ਮਾਰੂ ਕਾਰਜ ਉਸ ਨੇ ਡੇਰਾਵਾਦੀ ਬਣ ਕੇ ਡੇਰਿਆਂ ਦੀ ਤਰੱਕੀ ਵਿਚ ਚੋਖਾ 'ਯੋਗਦਾਨ' ਪਾਉਂਦਿਆਂ ਕੀਤਾ। ਉਸ ਵੇਲੇ ਉਸ ਦੇ ਖ਼ਿਲਾਫ਼ ਕੋਈ ਨਹੀਂ ਬੋਲਿਆ ਕਿਉਂਕਿ ਉਹ ਇਹ ਕੌੜੀ ਦਵਾਈ ਪੀਰਵਾਦੀ ਜਗੀਰੂ ਵਿਚਾਰਧਾਰਾ ਦੀ ਚਾਸ਼ਨੀ ਵਿਚ ਡੋਬ ਕੇ ਖੁਆ ਰਿਹਾ ਸੀ। ਗੁਰਦਾਸ ਮਾਨ ਨੇ ਸ਼ਬਦ ਦੇ ਪੱਧਰ ਤੇ ਜਗੀਰੂ ਵੈਲੀਪੁਣੇ ਅਤੇ ਫ਼ਿਰਕੂ ਜ਼ਹਿਰ ਖ਼ਿਲਾਫ਼ ਲਗਾਤਾਰ ਚਾਰ ਦਹਾਕੇ ਕੰਮ ਕੀਤਾ ਹੈ ਅਤੇ ਆਪਣੇ ਨਿਵੇਕਲੇ ਵਿਚਾਰਾਂ ਨਾਲ ਪੰਜਾਬੀਅਤ ਦੀ ਫ਼ਸਲ ਨੂੰ ਸਿੰਜਿਆ ਹੈ। ਵੈਲੀ ਸੱਭਿਆਚਾਰ ਪੰਜਾਬ ਨੂੰ ਘੁਣ ਵਾਂਗ ਖਾ ਰਿਹਾ ਹੈ। ਗੁਰਦਾਸ ਮਾਨ ਦਾ ਲਿਖਣ ਅਤੇ ਗਾਉਣ ਦਾ ਨਿਵੇਕਲਾ ਤਰੀਕਾ ਜੈਵਿਕ ਬੁੱਧੀਵਾਨਾਂ ਵਾਲਾ ਹੈ ਜਿਸ ਨੂੰ ਕਦੇ ਵੀ ਖਾਰਿਜ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ।
ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਸਿੱਧੂ ਮੂਸੇਵਾਲਾ ਤੇ ਗੁਰਦਾਸ ਮਾਨ ਲਈ ਇਕੋ ਜਿਹੀ ਭਾਸ਼ਾ ਨਾਲ ਅਸੀਂ ਆਪਣਾ ਹੋਸ਼ ਨਾ ਗਵਾਈਏ। ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਪੰਜਾਬੀਆਂ ਦੇ ਜੋਸ਼ ਨੂੰ ਸਲਾਮ ਪਰ ਹੋਸ਼/ਚਿੰਤਨ ਜੱਦੋ-ਜਹਿਦ ਵਿਚ ਬਹੁਤ ਜ਼ਰੂਰੀ ਹੁੰਦੇ ਹਨ। ਗੁਰਦਾਸ ਮਾਨ ਨੂੰ ਪੰਜਾਬੀ ਦੁਸ਼ਮਣ ਕਰਾਰ ਦੇ ਕੇ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਸਲੀ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰ ਰਹੇ ਹੋਵਾਂਗੇ ਕਿਉਂਕਿ ਮਾਨ ਕਿਸੇ ਵੀ ਤਰ੍ਹਾਂ ਉਸ ਪਾਲੇ ਦਾ ਹਮਸਫ਼ਰ ਨਹੀਂ ਹੈ। ਉਹ ਸੋਸ਼ਲ ਮੀਡੀਆ ਨੂੰ ਵਿਅੰਗ ਨਾਲ ਸੰਬੋਧਿਤ ਸੀ ਪਰ ਮਾਨ ਲਈ ਅੱਜ ਦੇ ਟਰੌਲਿੰਗ ਯੁੱਗ ਵਿਚ ਨਜਿੱਠਣਾ ਸੌਖਾ ਨਹੀਂ ਜਿੱਥੇ ਸਾਰੇ ਹੀ ਮੁਨਸਿਫ਼ ਹਨ। ਇਸ ਮਾਧਿਅਮ ਨਾਲ ਜੁੜੇ ਲੋਕਾਂ ਦਾ ਆਪ ਭਾਵੇਂ ਸਮਾਜਿਕ ਸਰੋਕਾਰਾਂ ਵਿਚ ਕੋਈ ਯੋਗਦਾਨ ਹੋਵੇ ਜਾਂ ਨਾ ਹੋਵੇ ਪਰ ਉਹ ਰੋਮਿਲਾ ਥਾਪਰ ਨੂੰ ਫ਼ਿਕਸਨ ਲੇਖਕ ਲਿਖ ਕੇ ਉਸ ਨੂੰ ਡਿਗਰੀਆਂ ਪੁੱਛਣ ਦੀ ਆਦਤ ਜ਼ਰੂਰ ਰੱਖਦੇ ਹਨ। ਸਾਡੀ ਨਾਰਾਜ਼ਗੀ ਦੀ ਭਾਸ਼ਾ ਨੇ ਮਾਨ ਨੂੰ ਵੀ ਉਸੇ ਭਾਸ਼ਾ ਦੇ ਰਾਹੇ ਤੋਰ ਦਿੱਤਾ ਹੈ। ਗੁਰਦਾਸ ਮਾਨ ਨੂੰ ਵੀ ਗੁੱਸੇ ਤੋਂ ਨਹੀਂ, ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਦਲੀਲ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ। ਮਾਨ ਮਾਨਵੀ ਸਮਾਜਿਕ ਸਰੋਕਾਰਾਂ ਨੂੰ ਪ੍ਰਨਾਇਆ ਬੰਦਾ ਅਤੇ ਗੁਣਾਂ ਦੀ ਗੁਥਲੀ ਹੈ। ਪੰਜਾਬੀਆਂ ਦਾ ਉਸ ਲਈ ਇੰਨਾ ਗੁੱਸਾ ਜਾਇਜ਼ ਨਹੀਂ।
ਸੰਪਰਕ : 98140-99426