30 ਮਾਰਚ ਨੂੰ ਏ.ਡੀ.ਸੀ. ਵਿਕਾਸ ਮੁਕਤਸਰ ਸੁਰਿੰਦਰ ਸਿੰਘ ਢਿਲੋਂ ਦੇ ਮਾਤਾ ਦੇ ਭੋਗ ‘ਤੇ ਵਿਸ਼ੇਸ਼ - ਉਜਾਗਰ ਸਿੰਘ
ਸਬਰ, ਸੰਤੋਖ ਤੇ ਹੌਸਲੇ ਦੀ ਮੂਰਤ : ਮਾਤਾ ਮਹਿੰਦਰ ਕੌਰ ਢਿਲੋਂਮਾਤਾ ਮਹਿੰਦਰ ਕੌਰ ਢਿਲੋਂ ਸਬਰ, ਸੰਤੋਖ, ਨਮਰਤਾ, ਹਲੀਮੀ ਅਤੇ ਹੌਸਲੇ ਦਾ ਮੁਜੱਸਮਾ ਸਨ। ਉਹ 20 ਮਾਰਚ 2025 ਨੂੰ 83 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 15 ਮਈ 1990 ਦੀ ਕਾਲੀ ਬੋਲੀ ਰਾਤ ਨੂੰ ਮਾਤਾ ਮਹਿੰਦਰ ਕੌਰ ਦੇ ਪਰਿਵਾਰ ‘ਤੇ ਕਾਲੇ ਦਿਨਾਂ ਦਾ ਕਹਿਰ ਵਾਪਰ ਗਿਆ, ਉਨ੍ਹਾਂ ਦੇ ਪਤੀ ਕਾਮਰੇਡ ਜਸਵੰਤ ਸਿੰਘ ਸਰਪੰਚ ਪਿੰਡ ਢਿਲਵਾਂ ਅਤੇ ਲੜਕੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਮਹਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਏ ਸਨ। ਮਾਤਾ ਮਹਿੰਦਰ ਕੌਰ ਨੇ ਪਤੀ ਅਤੇ ਅਤੇ ਸਪੁੱਤਰੀ ਦੇ ਸਵਰਗਵਾਸ ਹੋਣ ਤੋਂ ਬਾਅਦ ਦਿਲ ਨਹੀਂ ਛੱਡਿਆ, ਸਬਰ, ਸੰਤੋਖ ਤੇ ਹੌਸਲੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ, ਪੜ੍ਹਾਇਆ, ਵਿਆਹ ਕੀਤੇ ਅਤੇ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਰਾਹ ਦਸੇਰਾ ਬਣੀ। ਪਿੰਡ ਵਿੱਚ ਇੱਕ ਵਿਧਵਾ ਔਰਤ ਨੂੰ ਅਜਿਹੇ ਅਸਥਿਰਤਾ ਦੇ ਹਾਲਾਤ ਵਿੱਚ ਜੀਵਨ ਬਸਰ ਕਰਨਾ ਤੇ ਬੱਚਿਆਂ ਨੂੰ ਪਾਲਣਾ ਕਿਤਨਾ ਮੁਸ਼ਕਲ ਹੁੰਦਾ ਹੈ। ਪ੍ਰੰਤੂ ਮਾਤਾ ਮਹਿੰਦਰ ਕੌਰ ਡੋਲੀ ਨਹੀਂ ਜਿਸਦਾ ਸਬੂਤ ਅੱਜ ਪਰਿਵਾਰ ਖ਼ੁਸ਼ਹਾਲੀ ਨਾਲ ਸਮਾਜ ਵਿੱਚ ਮਾਣ ਸਤਿਕਾਰ ਨਾਲ ਵਿਚਰ ਰਿਹਾ ਹੈ। ਇਨਸਾਨ ਦੀ ਕਾਬਲੀਅਤ ਤੇ ਹੌਸਲੇ ਦਾ ਔਖੇ ਸਮੇਂ ਵਿੱਚ ਪਤਾ ਲੱਗਦਾ ਹੈ। ਸੁੱਖਮਈ ਹਾਲਾਤ ਵਿੱਚ ਤਾਂ ਹਰ ਕੋਈ ਜ਼ਿੰਦਗੀ ਆਰਾਮ ਨਾਲ ਬਸਰ ਕਰਦਾ ਹੈ, ਸਮਾਜ ਹਰ ਵਕਤ ਮਦਦ ਲਈ ਨਾਲ ਖੜ੍ਹਦਾ ਹੈ। ਜਦੋਂ ਅਚਾਨਕ ਹਸਦੇ ਵਸਦੇ ਪਰਿਵਾਰ ਤੇ ਕੁਦਰਤ ਦਾ ਕਹਿਰ ਵਰਤਦਾ ਹੈ, ਉਦੋਂ ਮੁਸ਼ਕਲਾਂ ਦਾ ਪਹਾੜ ਟੁੱਟਦਾ ਹੈ, ਉਸ ਸਮੇਂ ਇਨਸਾਨ ਦੀ ਸਖ਼ਸ਼ੀਅਤ ਦੇ ਚੰਗੇ ਮਾੜੇ ਪਹਿਲੂਆਂ ਦੀ ਜਾਣਕਾਰੀ ਮਿਲਦੀ ਹੈ ਕਿ ਉਹ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਦਾ ਹੈ, ਜਿਥੇ ਮਾਤਾ ਮਹਿੰਦਰ ਕੌਰ ਦੇ ਪਤੀ ਦੇ ਸਰਪੰਚ ਹੁੰਦਿਆਂ ਕੰਮਾ ਕਾਰਾਂ ਵਾਲੇ ਲੋਕਾਂ ਦਾ ਜਮਘਟਾ ਰਹਿੰਦਾ ਸੀ ਤੇ ਉਥੇ ਉਸ ਘਰ ਵਿੱਚ ਡਰ ਦਾ ਮਾਰਾ ਕੋਈ ਵੀ ਸਹਾਰਾ ਬਣਨ ਲਈ ਤਿਆਰ ਨਹੀਂ ਸੀ। ਨਮਰਤਾ, ਸਹਿਜਤਾ ਅਤੇ ਸੰਤੁਸ਼ਟਤਾ ਦੀ ਮੂਰਤ ਮਾਤਾ ਮਹਿੰਦਰ ਕੌਰ ਨੇ ਸੰਜਮ ਦਾ ਪੱਲਾ ਫੜ੍ਹਦਿਆਂ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹ ਆਪਣੇ ਪਿੱਛੇ ਸੁਰਿੰਦਰ ਸਿੰਘ ਢਿਲੋਂ ਏ.ਡੀ.ਸੀ.ਵਿਕਾਸ ਮੁਕਤਸਰ ਸਾਹਿਬ ਸਪੁੱਤਰ, ਸਪੁੱਤਰੀ ਕੁਲਦੀਪ ਕੌਰ ਧਾਲੀਵਾਲ ਅਤੇ ਬਲਜੀਤ ਕੌਰ ਢਿਲੋਂ ਬਲਾਕ ਤੇ ਵਿਕਾਸ ਅਧਿਕਾਰੀ ਨਾਭਾ, ਨੂੰਹ ਰੀਤਇੰਦਰ ਕੌਰ, ਪੋਤਰੀ ਜੈਵੀਰ ਕੌਰ ਢਿਲੋਂ ਤੇ ਦੋਹਤੇ ਗੁਰਲਾਲ ਸਿੰਘ ਧਾਲੀਵਾਲ ਨੂੰ ਛੱਡ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ, ਕੀਰਤਨ ਤੇ ਅੰਤਮ ਅਰਦਾਸ 30 ਮਾਰਚ 2025 ਦਿਨ ਐਤਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਢਿਲਵਾਂ ਨੇੜੇ ਤਪਾ (ਜ਼ਿਲ੍ਹਾ ਬਰਨਾਲਾ) ਵਿਖੇ 12.30 ਤੋਂ 1.30 ਵਜੇ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੈਂ ਤੰਦਰੁਸਤ ਕਿਵੇਂ ਹੋਇਆ? ਪੁਸਤਕ : ਸਿਹਤਮੰਦ ਰਹਿਣ ਲਈ ਗੁਣਾਂ ਦੀ ਗੁੱਥਲੀ - ਉਜਾਗਰ ਸਿੰਘ
ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ ਪੰਜਾਬੀ ਦਾ ਜਾਣਿਆਂ ਪਛਾਣਿਆਂ ਕਾਲਮ ਨਵੀਸ ਹੈ। ਉਸਦੇ ਦੇਸ ਅਤੇ ਵਿਦੇਸ ਦੇ ਅਖਬਾਰਾਂ ਵਿੱਚ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੱਖੋ-ਵੱਖ ਵਿਸ਼ਿਆਂ 'ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਸ਼ਿੰਗਾਰਾ ਸਿੰਘ ਢਿਲੋਂ ਦੀ 'ਮੈਂ ਤੰਦਰੁਸਤ ਕਿਵੇਂ ਹੋਇਆ? 'ਸਿਹਤਮੰਦ ਰਹਿਣ ਲਈ ਗੁਰ ਦੱਸਣ ਵਾਲੀ ਮਹੱਤਵਪੂਰਨ ਪੁਸਤਕ ਹੈ। ਸ਼ਖ਼ਸ਼ੀਅਤ ਬਨਾਉਣ ਲਈ ਨਿਯਮਤ ਢੰਗ ਤਰੀਕੇ ਆਪਨਾਉਣੇ ਪੈਂਦੇ ਹਨ। ਇੱਕ ਕਿਸਮ ਨਾਲ ਇਹ ਪੁਸਤਕ ਤੰਦਰੁਸਤ ਜੀਵਨ ਜਿਓਣ ਲਈ ਜੀਵਨ ਸ਼ੈਲੀ ਦੇ ਢੰਗ ਦੱਸਦੀ ਹੈ। ਚੰਗੀ ਸ਼ਖ਼ਸ਼ੀਅਤ ਬਣਾਉਣ ਲਈ ਚੰਗੀ ਸੋਚ ਤੇ ਤੰਦਰੁਸਤੀ ਜ਼ਰੂਰੀ ਹੈ। ਚੰਗੀ ਇਹ ਪੁਸਤਕ ਸ਼ਿੰਗਾਰਾ ਸਿੰਘ ਢਿਲੋਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ 'ਤੇ ਅਧਾਰਤ ਲਿਖੀ ਹੈ ਕਿਉਂਕਿ ਉਸਨੂੰ ਕਈ ਗੰਭੀਰ ਕਿਸਮ ਦੀਆਂ ਬਿਮਾਰੀਆਂ ਨੇ ਆ ਘੇਰਿਆ ਸੀ। ਉਨ੍ਹਾਂ ਬਿਮਾਰੀਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜਿਹੜੇ ਗੁਰ ਤੰਦਰੁਸਤ ਹੋਣ ਲਈ ਉਸਨੇ ਵਰਤੇ, ਉਨ੍ਹਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਤੰਦਰੁਸਤੀ ਦਾ ਸਰੀਰ ਅਤੇ ਮਨ ਦੋਹਾਂ ਨਾਲ ਸੰਬੰਧ ਹੁੰਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ ਕਿ 'ਹੱਸਣ ਖੇਡਣ ਮਨ ਕਾ ਚਾਓ'। ਸਰੀਰ ਦੀ ਮਾਲਸ਼ ਨਾਲ ਵੀ ਬਹੁਤ ਸਾਰੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਤੰਦਰੁਸਤੀ ਲਈ ਖ਼ੁਸ਼ ਰਹਿਣਾ ਤੇ ਹੱਸਣਾ ਰੂਹ ਦੀ ਖੁਰਾਕ ਹੁੰਦਾ ਹੈ। ਤਣਾਓ, ਪ੍ਰੇਸ਼ਾਨੀ ਤੇ ਨਖਿਧ ਸੋਚਾਂ ਬਿਮਾਰੀ ਦਾ ਕਾਰਨ ਬਣਦੇ ਹਨ। ਲੇਖਕ ਨੇ ਬਿਮਾਰੀਆਂ ਆਪਣੀ ਜੀਵਨ ਸ਼ੈਲੀ ਨਾਲ ਆਪ ਸਹੇੜੀਆਂ ਸਨ। ਲੇਖਕ ਨੂੰ ਡਾਕਟਰਾਂ ਨੇ ਕਿਹਾ ਕਿ ਉਹ ਸਿਰਫ 6 ਮਹੀਨੇ ਜੀਵੇਗਾ ਪ੍ਰੰਤੂ ਡਾਕਟਰਾਂ ਦੀ ਸਲਾਹ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀ ਖਾਣ-ਪੀਣ, ਅੱਧ-ਪੱਕੀਆਂ ਸਬਜ਼ੀਆਂ ਖਾਣ, ਸੈਰ, ਹਲਕੀ ਕਸਰਤ ਕਰਨ ਨਾਲ ਉਹ ਜਿੰਦਾ ਹੈ। ਇੱਕ-ਇੱਕ ਕਰਕੇ ਸਾਰੀਆਂ ਦਵਾਈਆਂ ਤੋਂ ਨਿਜਾਤ ਮਿਲ ਗਈ। ਕਈ ਗੱਲਾਂ ਦਾ ਡਾਕਟਰ ਓਹਲਾ ਰੱਖਦੇ ਹਨ। ਲੇਖਕ ਨੇ ਵਿਸਤਾਰ ਨਾਲ ਇਹ ਵੀ ਦੱਸਿਆ ਹੈ ਕਿ ਸਾਡੇ ਸਰੀਰ ਦੇ ਸਾਰੇ ਅੰਗਾਂ ਦੇ ਕੀ ਕੰਮ ਹਨ? ਤੇ ਉਹ ਕਿਵੇਂ ਆਪਣੇ ਕੰਮ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਇਸ ਪੁਸਤਕ ਵਿੱਚ ਉਨ੍ਹਾਂ ਦੇ ਛੋਟੇ-ਛੋਟੇ 72 ਲੇਖ ਹਨ, ਜਿਨ੍ਹਾਂ ਵਿੱਚ ਸਾਰੀ ਜਾਣਕਾਰੀ ਬਾਕਮਾਲ ਢੰਗ ਨਾਲ ਦਿੱਤੀ ਗਈ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ, ਇਕ ਲੇਖ ਤੋਂ ਬਾਅਦ ਅਗਲਾ ਲੇਖ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ। ਇਹ ਪੁਸਤਕ ਤੰਦਰੁਸਤ ਰਹਿਣ ਲਈ ਇੱਕ ਕਿਸਮ ਨਾਲ ਸੁੰਡ ਦੀ ਗੱਠੀ ਹੈ। ਇਸਨੂੰ ਗੁਣਾਂ ਦੀ ਗੁਥਲੀ ਵੀ ਕਿਹਾ ਜਾ ਸਕਦਾ ਹੈ। ਤੰਦਰੁਸਤੀ ਮਨੁੱਖ ਦੇ ਆਪਣੇ ਹੱਥਾਂ ਵਿੱਚ ਹੁੰਦੀ ਹੈ। ਪੁਸਤਕ ਦਾ ਪਹਿਲਾ ਲੇਖ ਵਿਲੱਖਣ ਢੰਗ ਨਾਲ ਢਿਲੋਂ ਦੇ ਸਰੀਰ ਵੱਲੋਂ ਉਸਨੂੰ ਸੰਬੋਧਨ ਕੀਤਾ ਹੋਇਆ ਹੈ ਕਿ 'ਤੂੰ ਮੇਰੀ ਵਰਤੋਂ ਤਾਂ ਹਰ ਕੰਮ ਲਈ ਕਰ ਰਿਹਾ ਹੈਂ ਪ੍ਰੰਤੂ ਮੇਰੀ ਵੇਖ ਭਾਲ ਨਹੀਂ ਕਰਦਾ। ਜੇ ਇਸ ਤਰ੍ਹਾਂ ਕਰਦਾ ਰਿਹਾ ਤਾਂ ਮੈਂ ਤੁਹਾਨੂੰ ਇੱਕ-ਨਾ-ਇੱਕ ਦਿਨ ਜਵਾਬ ਦੇ ਜਾਵਾਂਗਾ'। ਉਦਾਹਰਣਾ ਦੇ ਕੇ ਸਵਾਲ ਜਵਾਬ ਕੀਤੇ ਗਏ ਹਨ। ਜੀਵਨ ਇੱਕ ਅਨਮੋਲ ਗਹਿਣਾ ਹੈ। ਲੇਖਕ ਨੇ ਇਹ ਸਬੂਤਾਂ ਸਮੇਤ ਦੱਸਿਆ ਹੈ ਕਿ ਬਿਮਾਰੀ ਇਨਸਾਨ ਦੀ ਆਪਣੀ ਗ਼ਲਤੀ ਦਾ ਨਤੀਜਾ ਹੁੰਦੀ ਹੈ, ਜੇਕਰ ਮਨੁੱਖ ਇਤਿਹਾਤ ਵਰਤਦਾ ਰਹੇ ਤਾਂ ਕੋਈ ਬਿਮਾਰੀ ਲੱਗ ਹੀ ਨਹੀਂ ਸਕਦੀ। ਇਨਸਾਨ ਦੇ ਸਰੀਰ ਦੇ ਕਈ ਅੰਗ ਹਨ, ਉਨ੍ਹਾਂ ਦੇ ਵੱਖੋ-ਵੱਖਰੇ ਕੰਮ ਹਨ। ਜੇਕਰ ਮਨੁੱਖ ਇਨ੍ਹਾਂ ਦਾ ਧਿਆਨ ਨਾ ਰੱਖੇ ਤਾਂ ਇਨ੍ਹਾਂ ਸਾਰੇ ਅੰਗਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਬਿਮਾਰੀਆਂ ਨਾਲ ਨਿਪਟਣ ਦੇ ਢੰਗ ਤਰੀਕੇ ਵੀ ਦੱਸੇ ਗਏ ਹਨ। ਉਨ੍ਹਾਂ ਅੰਗਾਂ ਦੀ ਜੇਕਰ ਅਸੀਂ ਵੇਖ ਭਾਲ ਕਰਦੇ ਰਹਾਂਗੇ ਤਾਂ ਉਹ ਸਹੀ ਢੰਗ ਨਾਲ ਕੰਮ ਕਰਦੇ ਰਹਿਣਗੇ। ਬਿਮਾਰੀ ਉਦੋਂ ਹੀ ਲੱਗਦੀ ਹੈ, ਜਦੋਂ ਕੋਈ ਅੰਗ ਆਪਣਾ ਕੰਮ ਕਰਨੋ ਜਵਾਬ ਦੇ ਦਿੰਦਾ ਹੈ। ਜਵਾਬ ਵੀ ਉਹ ਰਾਤੋ-ਰਾਤ ਨਹੀਂ ਦਿੰਦਾ । ਕਾਫੀ ਸਮਾਂ ਪਹਿਲਾਂ ਹੀ ਉਹ ਲੱਛਣਾ ਰਾਹੀਂ ਚੇਤਾਵਨੀ ਦਿੰਦਾ ਹੈ, ਮਨੁੱਖ ਅਣਗੌਲਿਆਂ ਕੰਮ ਕਰਦਾ ਰਹਿੰਦਾ ਹੈ। ਦਵਾਈਆਂ ਬਿਮਾਰੀਆਂ ਦਾ ਇਲਾਜ ਨਹੀਂ ਸਿਰਫ ਬਿਮਾਰੀ ਨੂੰ ਆਰਜ਼ੀ ਕੰਟਰੋਲ ਕਰਦੀਆਂ ਹਨ। ਹਰ ਦਵਾਈ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ ਤੇ ਆਪਣੀ ਮਰਜ਼ੀ ਨਾਲ ਬੰਦ ਨਹੀਂ ਕਰਨੀ ਚਾਹੀਦੀ। ਇਲਾਜ਼ ਤਾਂ ਸਰੀਰ ਦੇ ਅੰਦਰੋਂ ਹੀ ਆਪਣੇ ਆਪ ਹੁੰਦਾ ਰਹਿੰਦਾ ਹੈ, ਬਸ਼ਰਤੇ ਕਿ ਮਨੁੱਖ ਸਰੀਰ ਦੀ ਵੇਖ ਭਾਲ ਕਰਦਾ ਰਹੇ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਵੇ, ਕਿਉਂਕਿ ਸਰੀਰ ਤੇ ਮਨ ਦਾ ਗੂੜ੍ਹਾਂ ਸੰਬੰਧ ਹੁੰਦਾ ਹੈ। ਸਰੀਰ ਤੋਂ ਮਸ਼ੀਨ ਦੀ ਤਰ੍ਹਾਂ ਕੰਮ ਨਾ ਲਓ। ਜਿਵੇਂ ਮਨੁੱਖ ਆਪਣੇ ਵਾਹਨ ਦੀ ਸਰਵਿਸ ਕਰਵਾਉਂਦਾ ਹੈ ਤਾਂ ਜੋ ਉਹ ਖ਼ਰਾਬ ਨਾ ਹੋ ਜਾਵੇ। ਬਿਲਕੁਲ ਇਸੇ ਤਰ੍ਹਾਂ ਮਨੁੱਖ ਨੂੰ ਆਪਣੇ ਸਰੀਰ ਦੀ ਵੇਖ ਭਾਲ ਭਾਵ ਸਰਵਿਸ ਕਰਦੇ ਰਹਿਣਾ ਚਾਹੀਦਾ ਹੈ। ਕੁਦਰਤ ਦਾ ਮਕੈਨਿਯਮ ਸਰੀਰ ਵਿੱਚ ਫਿਟ ਹੈ। ਲੋੜ ਤੋਂ ਵੱਧ ਕੋਈ ਚੀਜ਼ ਨਾ ਖਾਉ, ਉਤਨੀ ਚੀਜ਼ ਖਾਧੀ ਜਾਵੇ ਜਿਤਨੀ ਸਰੀਰ ਨੂੰ ਉਸਦੀ ਲੋੜ ਹੈ, ਜਦੋਂ ਮਨੁੱਖ ਸਵਾਦ ਲਈ ਵਧੇਰੇ ਖਾ ਲੈਂਦਾ ਹੈ ਤਾਂ ਬਿਮਾਰੀ ਨੂੰ ਸੱਦਾ ਦੇ ਰਿਹਾ ਹੁੰਦਾ ਹੈ। ਉਦਾਹਰਣ ਲਈ ਮਨੁੱਖ ਦੇ ਸਰੀਰ ਨੂੰ ਹਰ ਰੋਜ਼ 10 ਗ੍ਰਾਮ ਸ਼ੂਗਰ ਤੇ 5 ਗ੍ਰਾਮ ਲੂਣ ਦੀ ਲੋੜ ਹੁੰਦੀ ਹੈ। ਜਿਹੜੀ ਵੀ ਚੀਜ਼ ਮਨੁੱਖ ਖਾਂਦਾ ਹੈ ਹਰ ਚੀਜ਼ ਵਿੱਚ ਸ਼ੂਗਰ ਹੁੰਦੀ ਹੈ। ਅਸੀਂ ਆਈਸ ਕਰੀਮ, ਜਲੇਬੀਆਂ ਅਤੇ ਹੋਰ ਮਿੱਠੀਆਂ ਚੀਜ਼ਾਂ 'ਤੇ ਜ਼ੋਰ ਦਈ ਜਾਂਦੇ ਹਾਂ, ਜੋ ਨੁਕਸਾਨ ਕਰਦੀ ਹੈ, ਸਵਾਦ ਜ਼ਿੰਦਗੀ ਦਾ ਬੇੜਾ ਗਰਕ ਕਰਦਾ ਹੈ। ਮਨੁਖ ਦੇ ਸਰੀਰ ਵਿੱਚ 80 ਫ਼ੀ ਸਦੀ ਪਾਣੀ ਹੈ, ਪਾਣੀ ਦੀ ਘਾਟ ਨੁਕਸਾਨ ਕਰਦੀ ਹੈ, ਪਾਣੀ ਦੀ ਘਾਟ ਕਰਕੇ ਮੌਤ ਹੋ ਜਾਂਦੀ ਹੈ ਪ੍ਰੰਤੂ ਮਨੁੱਖ ਅਲਸੂ-ਪਲਸੂ ਖਾਈ ਜਾਂਦਾ ਹੈ। ਐਲੋਪੈਥਿਕ ਦਵਾਈ ਦੇ ਸਾਈਡ ਅਫ਼ੈਕਟ ਹੁੰਦੇ ਹਨ। 40 ਸਾਲ ਦੀ ਉਮਰ ਤੋਂ ਬਾਅਦ ਸਰੀਰ ਦਾ ਧਿਆਨ ਰੱਖਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਅਮਿਊਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਸੰਤੁਲਤ ਖ਼ੁਰਾਕ ਬਿਮਾਰੀਆਂ ਤੋਂ ਦੂਰ ਰੱਖੇਗੀ। ਵਿਟਾਮਿਨ ਸਰੀਰ ਲਈ ਜ਼ਰੂਰੀ ਹਨ, ਵਿਟਾਮਿਨ ਕੁਦਰਤ ਵਿੱਚੋਂ ਮਿਲਦੇ ਹਨ, ਜੇ ਘਾਟ ਰਹੇ ਤਾਂ ਬਜ਼ਾਰੋਂ ਲੈ ਕੇ ਖਾ ਲਓ ਪ੍ਰੰਤੂ ਟੈਸਟ ਕਰਵਾਉਂਦੇ ਰਹੋ ਤਾਂ ਜੋ ਤੁਹਾਨੂੰ ਹਰ ਘਾਟ ਦਾ ਪਤਾ ਲੱਗ ਸਕੇ। ਲੇਖਕ ਨੇ ਵਿਟਾਮਿਨ ਕਿਹੜੀ ਵਸਤਾਂ ਵਿੱਚੋਂ ਮਿਲਦੇ ਹਨ ਦੀ ਜਾਣਕਾਰੀ ਵੀ ਦਿੱਤੀ ਹੈ। ਸਲਾਹਾਂ ਦੇਣ ਵਾਲੇ ਬਜ਼ੁਰਗ ਛੋਟੇ ਪਰਿਵਾਰਾਂ ਕਰਕੇ ਰਹੇ ਨਹੀਂ, ਨੌਜਵਾਨ ਬੇਪ੍ਰਵਾਹ ਹੋ ਗਏ। ਇਹ ਗੱਲਾਂ ਲੇਖਕ ਨੂੰ ਬਿਮਾਰੀਆਂ ਨੇ ਹੀ ਸਮਝਾਈਆਂ ਹਨ। ਮਨੁੱਖ ਬਿਮਾਰੀ ਲੱਗਣ ਤੋਂ ਬਾਅਦ ਹੀ ਅਹਿਸਾਸ ਕਰਦਾ ਹੈ। ਮੋਟਾਪਾ ਮੁੱਖ ਤੌਰ 'ਤੇ ਦਿਲ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਸਹੇੜਦਾ ਹੈ। ਹਰ ਵਸਤੂ ਦੀ ਵਰਤੋਂ ਨਿਸਚਤ ਮਾਤਰਾ ਵਿੱਚ ਕਰਨੀ ਲਾਭਦਾਇਕ ਰਹਿੰਦੀ ਹੈ, ਬਹੁਤਾਤ ਨੁਕਸਾਨ ਕਰਦੀ ਹੈ। ਦੰਦਾਂ ਦੀ ਸਫ਼ਾਈ ਜ਼ਰੂਰੀ ਹੈ ਪ੍ਰੰਤੂ ਕੰਨਾਂ ਦੀ ਸਫ਼ਾਈ ਖੁਦ ਨਹੀਂ ਕਰਨੀ ਚਾਹੀਦੀ ਕਿਉਂਕਿ ਕੰਨਾਂ ਵਿੱਚੋਂ ਵੈਕਸ ਆਪਣੇ ਆਪ ਬਾਹਰ ਨਿਕਲ ਜਾਂਦੀ ਹੈ। ਕੰਨਾ ਵਿੱਚ ਪਾਣੀ ਨਹੀਂ ਪੈਣ ਦੇਣਾ ਚਾਹੀਦਾ ਅਤੇ ਨਾ ਹੀ ਕੋਈ ਤੇਲ ਆਦਿ ਪਾਉਣਾ ਚਾਹੀਦਾ ਹੈ। ਨਸ਼ੇ ਅਤੇ ਮਾੜੀਆਂ ਆਦਤਾਂ ਮਨੁੱਖ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਸ਼ੋਸ਼ਲ ਮੀਡੀਆ ਵੀ ਇੱਕ ਬਿਮਾਰੀ ਬਣ ਗਿਆ ਹੈ, ਇਸ ਤੋਂ ਬਚਣ ਲਈ ਸੰਜਮ ਨਾਲ ਵਰਤੋਂ ਕੀਤੀ ਜਾਵੇ। ਮਨੁੱਖ ਗ਼ਲਤੀਆਂ ਦਾ ਪੁਤਲਾ ਹੈ, ਇਨ੍ਹਾਂ ਨੂੰ ਸੁਧਾਰਕੇ ਤੰਦਰੁਸਤ ਬਣ ਸਕਦਾ ਹੈ। ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਦੁੱਖਾਂ ਤੋਂ ਘਬਰਾਕੇ ਕੋਈ ਰੋਗ ਲਗਵਾਉਣ ਤੋਂ ਬਚਣਾ ਚਾਹੀਦਾ ਹੈ। ਦੁੱਖ-ਸੁੱਖ ਹਮੇਸ਼ਾ ਨਹੀਂ ਰਹਿੰਦੇ। ਉਨੀਂਦਰਾ ਕਿਸੇ ਸਮੱਸਿਆ ਦੇ ਹੱਲ ਨਾ ਹੋਣ ਕਰਕੇ ਬਹੁਤਾ ਸੋਚਣ ਨਾਲ ਹੋ ਜਾਂਦਾ ਹੈ। ਇਸ ਲਈ ਬਹੁਤਾ ਸੋਚਣਾ ਨਹੀਂ ਚਾਹੀਦਾ। ਮਨੁੱਖ ਪਦਾਰਥਵਾਦੀ ਹੋ ਗਿਆ, ਪਦਾਰਥਕ ਚੀਜ਼ਾਂ ਦੀਆਂ ਇਛਾਵਾਂ ਵਧਾ ਲੈਂਦਾ ਹੈ, ਉਨ੍ਹਾਂ ਦੇ ਨਾ ਪੂਰਾ ਹੋਣ ਨਾਲ ਕਈ ਰੋਗ ਲੱਗ ਜਾਂਦੇ ਹਨ। ਰੋਗੀ ਨੂੰ ਬਹੁਤ ਲੋਕ ਸਲਾਹਾਂ ਦਿੰਦੇ ਹਨ, ਹਰ ਸਲਾਹ ਮੰਨਣਯੋਗ ਨਹੀਂ ਹੁੰਦੀ, ਸੋਚ ਸਮਝਕੇ ਫ਼ੈਸਲਾ ਕਰਨਾ ਚਾਹੀਦਾ ਹੈ। ਮਨੁੱਖ ਨੂੰ ਆਪਣੇ ਅੰਤਰਝਾਤ ਮਾਰਕੇ ਸਵੈ-ਮੁਲਾਂਕਣ ਕਰਨਾ ਚਾਹੀਦਾ ਹੈ। ਬਾਕੀ ਬਿਮਾਰੀਆਂ ਦੀ ਤਰ੍ਹਾਂ ਲਿਵਰ ਦੀ ਬਿਮਾਰੀ ਵੀ ਬਹੁਤ ਖ਼ਰਨਾਕ ਹੁੰਦੀ ਹੈ। ਇਸ ਲਈ ਜੰਕ ਫੂਡ ਅਤੇ ਲਿਵਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ। 65 ਨੰਬਰ ਲੇਖ ਵਿੱਚ ਸੰਸਾਰ ਦੇ ਵਿਦਵਾਨਾ ਦੀ ਤੰਦਰੁਸਤ ਸਿਹਤ ਲਈ ਦਿੱਤੇ ਸੁਝਆ ਦੱਸੇ ਗਏ ਹਨ। 67 ਨੰਬਰ ਲੇਖ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਮਾਪ ਦੰਡ ਲਿਖੇ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਰ ਲੇਖ ਦੇ ਅਖ਼ੀਰ ਵਿੱਚ ਇੱਕ ਡੱਬੀ ਵਿੱਚ ਸਿਹਤਮੰਦ ਰਹਿਣ ਲਈ ਨੁਕਤੇ ਦੱਸੇ ਗਏ ਹਨ, ਉਨ੍ਹਾਂ 'ਤੇ ਅਮਲ ਕਰਨ ਨਾਲ ਸਰੀਰ ਤੰਦਰੁਸਤ ਰਹਿ ਸਕਦਾ ਹੈ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਰਥਿਕ ਜੀਵਨ ਸ਼ੈਲੀ ਮਨੁੱਖ ਨੂੰ ਤੰਦਰੁਸਤ ਬਣਾ ਸਕਦੀ ਹੈ। ਪੁਸਤਕ ਵਿੱਚ ਦੁਹਰਾਓ ਬਹੁਤ ਹੈ, ਸ਼ਾਇਦ ਇਸ ਕਰਕੇ ਕਿ ਸਾਰੀਆਂ ਬਿਮਾਰੀਆਂ ਕਿਸੇ ਨਾ ਕਿਸੇ ਗੱਲ ਕਰਕੇ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਹਨ। ਇਹ ਵੀ ਹੋ ਸਕਦਾ ਹੈ ਕਿ ਲੇਖਕ ਪਾਠਕਾਂ ਨੂੰ ਸੁਚੇਤ ਕਰਨ ਲਈ ਵਾਰ-ਵਾਰ ਉਨ੍ਹਾਂ ਗੱਲਾਂ ਦਾ ਜ਼ਿਕਰ ਕਰਦਾ ਹੋਵੇ ਜੋ ਮਨੁੱਖਤਾ ਲਈ ਵਧੇਰੇ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ।
271 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਸਾਹਿਬਦੀਪ ਪਬਲੀਕੇਸ਼ਨ, ਡਾਕਖਾਨਾ:ਭੀਖੀ, ਜ਼ਿਲ੍ਹਾ ਮਾਨਸਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ: ਪਬਲਿਸ਼ਰ : 09988913155
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗੁਰਪਿਆਰ ਹਰੀ ਨੌ ਦਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਸਮਾਜਿਕਤਾ ਤੇ ਮੁਹੱਬਤ ਦਾ ਪ੍ਰਤੀਨਿਧ - ਉਜਾਗਰ ਸਿੰਘ
ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਮੁੱਖ ਤੌਰ ‘ਤੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਾਹਿਤਕ ਮਾਰਕੀਟ ਵਿੱਚ ਆਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਲੋਕਾਈ ਦੇ ਬਰਾਬਰਤਾ ਦੇ ਹਿੱਤਾਂ ‘ਤੇ ਪਹਿਰਾ ਦੇ ਕੇ ਉਨ੍ਹਾਂ ਦਾ ਪ੍ਰਤੀਨਿਧ ਸ਼ਾਇਰ ਬਣ ਗਿਆ ਹੈ। ਭਾਵੇਂ ਉਸਦੀਆਂ ਕੁਝ ਨਜ਼ਮਾ ਪਿਆਰ ਮੁਹੱਬਤ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਪਿਆਰਿਆਂ ਨੂੰ ਨਿਹੋਰੇ ਤੇ ਚੋਭਾਂ ਵੀ ਮਾਰਦੀਆਂ ਹਨ। ਪ੍ਰੰਤੂ ਉਨ੍ਹਾਂ ਨਜ਼ਮਾ ਵਿੱਚੋਂ ਵੀ ਸਮਾਜਿਕਤਾ ਦੀ ਖ਼ੁਸ਼ਬੂ ਆਉਂਦੀ ਹੈ। ਕਵੀ ਦਾ ਖ਼ਲਾਅ ਤੋਂ ਭਾਵ ਸਮਾਜ ਵਿੱਚ ਗ਼ਰੀਬ ਤੇ ਅਮੀਰ ਵਿੱਚ ਆਰਥਿਕ ਪਾੜੇ ਤੋਂ ਲੱਗਦਾ ਹੈ। ਲਗਪਗ ਉਸਦੀ ਹਰ ਨਜ਼ਮ ਵਿੱਚ ਸਮਾਜਿਕ ਬੇਇਨਸਾਫ਼ੀ ‘ਤੇ ਕਿੰਤੂ-ਪ੍ਰੰਤੂ ਕੀਤਾ ਜਾਂਦਾ ਹੈ। ਗੁਰਪਿਆਰ ਹਰੀ ਨੌ ਨੇ ਇਹ ਨਜ਼ਮਾ ਭਾਵੇਂ ਆਪਣੇ ਨਿੱਜੀ ਤਰਜ਼ਬੇ ‘ਤੇ ਅਧਾਰਤ ਫਸਟ ਪਰਸਨ ਵਿੱਚ ਲਿਖੀਆਂ ਹਨ, ਪ੍ਰੰਤੂ ਇਨ੍ਹਾਂ ਵਿੱਚੋਂ ਲੋਕਾਈ ਦਾ ਦਰਦ ਨਿਖ਼ਰਕੇ ਸਾਹਮਣੇ ਆ ਰਿਹਾ ਹੈ, ਇਹੋ ਉਸਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਕਵੀ ਦੀ ਇੱਕ ਹੋਰ ਖ਼ੂਬੀ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜ ਨੂੰ ਤਿੱਖੇ ਵਿਅੰਗਾਂ ਦੇ ਤੀਰ ਮਾਰਕੇ ਲੋਕਾਈ ਦੇ ਹਿਤਾਂ ਦੀ ਪੂਰਤੀ ਲਈ ਉਸਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ। ਕਾਵਿ ਸੰਗ੍ਰਹਿ ਦੀਆਂ 52 ਨਿੱਕੀਆਂ/ਵੱਡੀਆਂ ਨਜ਼ਮਾ ਵਿੱਚੋਂ 44 ਨਜ਼ਮਾ ਸਮਾਜ ਵਿੱਚ ਲੋਕਾਈ ਨਾਲ ਹੋ ਰਹੀਆਂ ਸਮਾਜਿਕ ਤੇ ਆਰਥਿਕ ਬੇਇਨਸਾਫ਼ੀਆਂ ਨਾਲ ਸੰਬੰਧਤ ਹਨ, ਜਦੋਂ ਕਿ 8 ਨਜ਼ਮਾ ਪਿਆਰ ਮੁਹੱਬਤ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਨਜ਼ਮਾ ਵਿੱਚੋਂ ਖੇਤਾਂ ਵਿੱਚ ਕੰਮ ਕਰਦੇ ਕਿਸਾਨ/ਮਜ਼ਦੂਰ, ਲੋੜਬੰਦਾਂ ਦੀ ਚੀਸ, ਜ਼ੋਰ ਜ਼ਬਰਦਸਤੀ, ਮਿਹਨਤ ਦਾ ਮੁੱਲ ਨਾ ਮਿਲਣਾ, ਭੁੱਖ ਨਾਲ ਵਿਲਕ ਰਹੇ ਲੋਕਾਂ ਅਤੇ ਦਾਜ਼ ਦੀਆਂ ਪੀੜਤ ਬੇਕਸੂਰ ਅਣਭੋਲ ਲੜਕੀਆਂ ਦੇ ਦਰਦਾਂ ਦੇ ਹਟਕੋਰਿਆਂ ਦੀਆਂ ਚੀਕਾਂ/ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਇੱਕ ਕਿਸਮ ਨਾਲ ਕਵੀ ਆਪਣੀਆਂ ਨਜ਼ਮਾ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਾ ਲਗਦਾ ਹੈ ਕਿ ਸੁਧਰ ਜਾਓ ਨਹੀਂ ਤਾਂ ਤੁਹਾਨੂੰ ਗ਼ਰੀਬਾਂ ਦੀਆਂ ਦੁਰਅਸੀੋਸਾਂ ਅਤੇ ਰੋਹ ਦਾ ਸਹਮਣਾ ਕਰਨਾ ਪੈ ਸਕਦਾ ਹੈ। ‘ਕੈਂਡਲ ਲਾਈਟ ਡਿਨਰ’ ਨਜ਼ਮ ਵਿੱਚ ਉਹ ਕਹਿੰਦਾ ਹੈ ਕਿ ਜਿਹੜੇ ਸ਼ੁਗਲ ਲਈ ਤੁਸੀਂ ਇਹ ਡਿਨਰ ਕਰਦੇ ਹੋ, ਜੇਕਰ ਗ਼ਰੀਬ ਆਪਣੀ ਆਈ ‘ਤੇ ਆ ਗਏ ਤਾਂ ਫਿਰ ਇਹ ਕੱਖ-ਕਾਨਿਆਂ ਦੀ ਛੱਤ ਹੇਠ ਜੀਵਨ ਗੁਜ਼ਾਰਨ ਵਾਲੇ ਲੋਕਾਂ ਦੇ ਰੋਹ/ਦਰਦ ਅੱਗੇ ਤੁਸੀਂ ਟਿਕ ਨਹੀਂ ਸਕਣਾ। ਨਜ਼ਮ ਦੇ ਸ਼ਬਦ ਹਨ:
ਕੈਂਡਲ ਲਾਈਟ ਡਿਨਰ, ਸਿਰਫ਼ ਸ਼ੁਗਲ ਲਈ!
ਤੁਸੀਂ ਕੀ ਜਾਣਂੋ ਕਿ, ਕਿੰਨੀ ਭਿਆਨਕ ਹੁੰਦੀ ਹੈ।
ਮੋਮਬੱਤੀਆਂ ਵਾਲ਼ੀ ਜ਼ਿੰਦਗੀ, ਕੱਖ-.ਕਾਨਿਆਂ ਦੀ ਛੱਤ ਤੇ।
ਸੁਰਾਖ਼ਾਂ ਭਰੀ ਚਾਰਦੀਵਾਰੀ, ਵਾਲ਼ੇ ਘਰਾਂ ਵਿੱਚ
ਮੂੰਹ-ਜ਼ੋਰ ਹਵਾਵਾਂ ਅੱਗੇ!
ਕਵੀ ਲਿਖਦਾ ਹੈ ਕਿ ਮਿਹਨਤ ਨਾਲ ਕੋਈ ਅਜਿਹਾ ਕੰਮ ਨਹੀਂ ਜਿਸ ਨੂੰ ਸਰ ਨਹੀਂ ਕੀਤਾ ਜਾ ਸਕਦਾ। ਇਸ ਲਈ ਕਵੀ ਲੋਕਾਂ ਨੂੰ ਹਰ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਹਿੰਦਾ ਹੈ। ਜਿਵੇਂ ਕਿਸਾਨ/ਮਜ਼ਦੂਰ ਖੇਤਾਂ ਵਿੱਚ ਭੱਖੜੇ ਦੇ ਕੰਡਿਆਂ ਨੂੰ ਆਪਣੇ ਪੈਰਾਂ ਨਾਲ ਮਿੱਧ ਲੰਘ ਸਕਦੇ ਹਨ, ਤਾਂ ਹੋਰ ਇਸ ਤੋਂ ਕਿਹੜਾ ਔਖਾ ਕੰਮ ਹੋ ਸਕਦਾ ਹੈ, ਜਿਸ ਨੂੰ ਉਹ ਕਰ ਨਹੀਂ ਸਕਦੇ। ਪ੍ਰੰਤੂ ਮਨੁੱਖ ਨੂੰ ਨਿਸ਼ਾਨਾ ਨਿਸਚਤ ਕਰਕੇ ਕਦਮ ਪੁੱਟਣੇ ਚਾਹੀਦੇ ਹਨ। ਭਾਵੇਂ ਮਿਥਿਹਾਸ ਮਿਹਨਤੀ ਲੋਕਾਂ ਨੂੰ ਸ਼ੂਦਰ ਕਹਿੰਦਾ ਹੈ ਪ੍ਰੰਤੂ ਸਫ਼ਲਤਾ ਦੀਆਂ ਪੁਲਾਂਘਾਂ ਉਨ੍ਹਾਂ ਹੀ ਪੁੱਟੀਆਂ ਹਨ, ਕਿਉਂਕਿ ਮਿਹਨਤੀ ਲੋਕ ਹੀ ਅਮੀਰਾਂ/ਵਿਓਪਾਰੀਆਂ ਲਈ ਖ਼ੁਸ਼ਹਾਲੀ ਲਿਆਉਣ ਦੇ ਸਮਰੱਥ ਹੁੰਦੇ ਹਨ। ਅਮੀਰ ਲੋਕ ਖਾਸ ਤੌਰ ‘ਤੇ ਵਿਓਪਾਰੀ ਸ਼ਰਾਰਤੀ ਦਿਮਾਗ਼ਾਂ ਦੀਆਂ ਚਾਲਾਂ ਨਾਲ ਗ਼ਰੀਬਾਂ ਦੇ ਖ਼ੂਨ ਪਸੀਨੇ ਨਾਲ ਕੀਤੀ ਮਿਹਨਤ ਦਾ ਮੁੱਲ ਧੋਖ਼ੇ, ਫ਼ਰੇਬ ਅਤੇ ਝੂਠ ਦੀ ਪੰਡ ਨਾਲ ਹਜ਼ਮ ਕਰ ਜਾਂਦੇ ਹਨ। ‘ਆਪਣੀ ਧਰਤੀ’ ਨਜ਼ਮ ਬਹੁਤ ਹੀ ਸੰਵੇਦਨਸ਼ੀਲ ਹੈ, ਜਿਸ ਵਿੱਚ ਕਵੀ ਗੱਲ ਫਸਟ ਪਰਸਨ ਵਿੱਚ ਕਰਦਾ ਹੈ ਪ੍ਰੰਤੂ ਇਹ ਸਮੁੱਚੇ ਸਮਾਜ ਲਈ ਹੈ। ਕਿਸਾਨ/ਮਜ਼ਦੂਰ ਗਰਮੀ ਤੇ ਸਰਦੀ ਵਿੱਚ ਦ੍ਰਿੜ੍ਹਤਾ ਨਾਲ ਮਿਹਨਤ ਕਰਦਾ ਰਿਹਾ ਹੈ, ਭਾਵੇਂ ਉਸਦੇ ਪੈਰਾਂ ਵਿੱਚੋਂ ਖ਼ੂਨ ਰਿਸਦਾ ਰਿਹਾ, ਉਹ ਪਿੱਛੇ ਨਹੀਂ ਹੱਟਿਆ, ਹੋ ਸਕਦਾ ਕਿ ਉਹ ਧੋਖੇਬਾਜ਼ਾਂ ਨੂੰ ਲਿਤਾੜ ਕੇ ਅੱਗੇ ਲੰਘ ਜਾਵੇ। ਉਨ੍ਹਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪੁੱਠੇ ਕੰਮ ਕਰਨ ਤੋਂ ਬਾਜ਼ ਆਉਣਾ ਹੀ ਬਿਹਤਰ ਹੋਵੇਗਾ। ‘ਆਪਣੀ ਧਰਤੀ’ ਨਜ਼ਮ ਵਿੱਚ ਕਵੀ ਲਿਖਦਾ ਹੈ:
ਮੈਨੂੰ ਆਪਣੀ ਧਰਤੀ ਚਾਹੀਦੀ ਸੀ, ਜ਼ਰਾ ਸੋਚ. . .
ਐ! ਮੁਨਸਿਫ਼ ਜੇ ਮੈਂ
ਅਸਮਾਨ ਵੱਲ ਨੂੰ, ਤੁਰ ਪਿਆ ਤਾਂ!
ਇਹੀ ਪੈਰ ਕਿਸ-ਕਿਸ ਦੇ ਸਿਰ ‘ਤੇ
ਰੱਖ ਕੇ ਜਾਵਾਂਗਾ ਤੂੰ, ਸੋਚ ਕੇ ਵੇਖੀਂ!
‘ ਜਿਸ ਦੇਸ਼ ਲਈ’ ਸਿਰਲੇਖ ਵਾਲੀ ਕਵਿਤਾ ਵੀ ਸਿੰਬਾਲਿਕ ਹੈ, ਕਵੀ ਕਹਿੰਦਾ ਹੈ ਸਾਡੀ ਨਾਗਿਰਿਕਤਾ ‘ਤੇ ਸਵਾਲੀਆ ਨਿਸ਼ਾਨ ਲਗਾਇਆ ਜਾ ਰਿਹਾ ਹੈ। ਜਿਸ ਦੇਸ਼ ਦੀ ਮਹਿਮਾ ਬਚਪਨ ਤੋਂ ਕਰਦੇ ਆ ਰਹੇ ਹਾਂ, ਦੇਸ਼ ਲਈ ਮਰ ਮਿਟਨ ਦੇ ਸੋਹਲੇ ਗਾਉਂਦੇ ਹੋਏ ਦੁਸ਼ਮਣਾ ਨੂੰ ਚਨੇ ਚਬਾਉਣ ਦੀ ਗੱਲ ਕਰਦੇ ਸੀ, ਕੀ ਹੁਣ ਉਸ ਦੇਸ਼ ਦੀ ਨਾਗਰਿਕਤਾ ਦਾ ਸਬੂਤ ਦੇਣਾ ਪਵੇਗਾ? ਸਾਡੀ ਰਗ-ਰਗ ਵਿੱਚ ਭਾਰਤੀ ਹੋਣ ਦਾ ਖ਼ੂਨ ਦੌੜ ਰਿਹਾ ਹੈ। ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕਵੀ, ਝੂਠ, ਦਾਜ਼ ਦਹੇਜ, ਵਾਤਵਰਨ, ਬਲਾਤਕਾਰ, ਭਰੂਣ ਹੱਤਿਆ, ਭਾਈਚਾਰਕ ਸੰਬੰਧਾਂ ਅਤੇ ਭਰਿਸ਼ਟਾਚਾਰ ਵਰਗੇ ਮਹੱਤਵਪੂਰਨ ਸਮਾਜਿਕ ਸਰੋਕਾਰਾਂ ਵਾਲੇ ਮੁੱਦਿਆਂ ਨੂੰ ਵੀ ਆਪਣੀਆਂ ਨਜ਼ਮਾ ਦਾ ਵਿਸ਼ਾ ਬਣਾਉਦਾ ਹੈ। ਸਰਕਾਰਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵਿਕਾਸ ਦੀ ਡੌਂਡੀ ਪਿੱਟਦੀਆਂ ਹਨ, ਪ੍ਰੰਤੂ ਅਖ਼ਬਾਰਾਂ ਦੇ ਇਸ਼ਤਿਹਾਰ ਗ਼ਰੀਬਾਂ ਨੂੰ ਖਾਣ ਲਈ ਰੋਟੀ ਨਹੀਂ ਦੇ ਸਕਦੇ। ਅਮਲੀ ਰੂਪ ਵਿੱਚ ਵਿਕਾਸ ਸਾਹਮਣੇ ਦਿਸਣਾ ਚਾਹੀਦਾ ਹੈ। ਹਰ ਸਵਾਲ ਦਾ ਜਵਾਬ ਇੰਟਰਨੈਟ/ਗੂੂਗਲ/ਮੀਡੀਆ/ਸ਼ੋਸ਼ਲ ਮੀਡੀਆ ਰਾਹੀਂ ਦਿੱਤਾ ਜਾਂਦਾ ਹੈ। ਇਹ ਕੋਈ ਜਵਾਬ ਨਹੀਂ ਬਣਦਾ। ਲੱਖਾਂ ਰੁਪਏ ਅਦਕਾਰਾਂ/ਖਿਡਾਰੀਆਂ/ਗਾਇਕਾਂ ਨੂੰ ਦਿੱਤੇ ਜਾ ਰਹੇ ਹਨ। ਜਦੋਂ ਵੋਟ ਸਾਰਿਆਂ ਤੋਂ ਲਈ ਜਾਂਦੀ ਹੈ ਤਾਂ ਬਾਕੀ ਸਾਰੇ ਲੋਕਾਂ ਨੇ ਕੀ ਸਰਕਾਰ ਦੇ ਮਾਂਹ ਮਾਰੇ ਹਨ? ਸਰਕਾਰ ਵੱਲੋਂ ਸੁੱਟੀਆਂ ਇਨ੍ਹਾਂ ਰੋਟੀਆਂ ਲਈ ਲੋਕ ਕੁੱਤਿਆਂ ਦੀ ਤਰ੍ਹਾਂ ਨਹੀਂ ਲੜਨਗੇ, ਤਾਂ ਜੋ ਤੁਸੀਂ ਬਾਂਦਰ ਦੀ ਤਰ੍ਹਾਂ ਸਾਰੀ ਰੋਟੀ ਹੀ ਵੰਡਦੇ ਖਾ ਜਾਵੋ। ਚੌਕੀਦਾਰ ਕਹਿਣਾ ਸੌਖਾ ਹੈ, ਤੁਸੀਂ ਚੌਕੀਦਾਰਾਂ ਦਾ ਬੰਗਲਿਆਂ ਵਿੱਚ ਰਹਿਕੇ ਅਪਮਾਨ ਕਰ ਸਕਦੇ ਹੋ, ਪ੍ਰੰਤੂ ਚੌਕੀਦਾਰ ਬਣਨਾ ਬਹੁਤ ਔਖਾ ਹੈ। ਬਹੁਤ ਸਾਰੀਆਂ ਅਜਿਹੀਆਂ ਨਜ਼ਮਾ ਹਨ, ਜਿਹੜੀਆਂ ਪਾਠਕਾਂ ਨੂੰ ਧੁਰ ਅੰਦਰ ਤੱਕ ਕੁਰੇਦਦੀਆਂ ਹਨ। ਇਸ਼ਕ-ਮੁਹੱਬਤ ਦੀਆਂ ਨਜ਼ਮਾ ਵਿੱਚ ‘ਪੁਲ ਤੇ ਦਰਿਆ’ ਸਿਰਲੇਖ ਵਾਲੀ ਨਜ਼ਮ ਬਹੁਤ ਭਾਵ ਪੂਰਤ ਹੈ, ਜਿਸ ਵਿੱਚ ਜਦੋਂ ਮਹਿਬੂਬ ਆਪਣੇ ਪਿਆਰੇ ਨੂੰ ਕਹਿੰਦੀ ਹੈ ਕਿ ‘ਤੂੰ ਇੱਕ ਪੁਲ ਏ ਤੇ ਮੈਂ ਇੱਕ ਦਰਿਆ, ਤੇ ਤੇਰੇ ਪਿਆਰ ਨੇ ਮਾਂ ਬਾਪ ਤੋਂ ਦੂਰ ਕਰਕੇ ਉਹ ਪੁਲ ਤੋੜ ਦਿੱਤਾ। ਕਹਿਣ ਤੋਂ ਭਾਵ ਕਵੀ ਨੇ ਇਸ ਕਵਿਤਾ ਵਿੱਚ ਵੀ ਦੱਸ ਦਿੱਤਾ ਕਿ ਪਿਆਰ ਦੇ ਨਾਮ ਤੇ ਮਾਪਿਆਂ ਅਤੇ ਭਰਾਵਾਂ ਵਿੱਚ ਫ਼ਰਕ ਪਾ ਦਿੱਤਾ ਜਾਂਦਾ ਹੈ। ਪਿਆਰ ਇੱਕ ਛਲਾਵਾ ਹੈ। ਗੁਰਪਿਆਰ ਹਰੀ ਨੌ ਤੋਂ ਭਵਿਖ ਵਿੱਚ ਹੋਰ ਬਿਹਤਰੀਨ ਨਜ਼ਮਾ ਦੀ ਉਮੀਦ ਕੀਤੀ ਜਾ ਸਕਦੀ ਹੈ।
80 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ: ਗੁਰਪਿਆਰ ਹਰੀ ਨੌ: 959243199
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
ਹੌਸਲੇ ਤੇ ਹਿੰਮਤ ਦੀ ਮਿਸਾਲ : ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ - ਉਜਾਗਰ ਸਿੰਘ
ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ 9 ਮਹੀਨੇ 14 ਦਿਨ ਅਰਥਾਤ 287 ਦਿਨ ਪੁਲਾੜ ਵਿਚ ਬਿਤਾਉਣ ਤੋਂ ਬਾਅਦ ਬੁੱਧਵਾਰ ਨੂੰ ਧਰਤੀ ‘ਤੇ ਆ ਗਏ ਹਨ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3.27 ਵਜੇ ਪਾਣੀ ਵਿੱਚ ਫਲੋਰੀਡਾ ਦੇ ਸਮੁੰਦਰੀ ਤੱਟ ‘ਤੇ ਡੇਲਾਹਾਸੇ ਜਲ ਖੇਤਰ ਵਿੱਚ ਉਤਾਰਿਆ ਗਿਆ। ਉਹ ਮੰਗਲਵਾਰ 18 ਮਾਰਚ ਨੂੰ 08.35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਸੀ ਪ੍ਰੰਤੂ ਕੈਪਸੂਲ ਦੇ ਪੁਲਾੜ ਨਾਲੋਂ ਵੱਖ ਹੋਣ ਸਮੇਂ ਡਰੈਗਨ ਦੀ ਪਲਾਜ਼ਮਾ ਸ਼ੀਲਡ ਦਾ ਤਾਪਮਾਨ ਵੱਧਕੇ 1927 ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਕਰਕੇ 7 ਮਿੰਟ ਕੈਪਸੂਲ ਨਾਲੋਂ ਸੰਪਰਕ ਟੁੱਟਿਆ ਰਿਹਾ ਸੀ। ਤੁਰੰਤ ਗੋਤਾਖੋਰਾਂ ਨੇ ਕੈਪਸੂਲ ਨੂੰ ਰਿਕਵਰੀ ਸ਼ਿਪ ਤੇ ਚੜ੍ਹਾ ਲਿਆ। ਇੱਕ ਘੰਟੇ ਬਾਅਦ ਪੁਲਾੜ ਯਾਤਰੀਆਂ ਨੂੰ ਬਾਹਰ ਨਿਕਾਲਿਆ ਗਿਆ ਤੇ ਸਟਰੇਚਰ ਤੇ ਪਾ ਕੇ ਲਿਜਾਇਆ ਗਿਆ। ਵਾਪਸ ਆਉਣ ਲਈ ਉਨ੍ਹਾਂ ਨੂੰ 17 ਘੰਟੇ ਸਮਾਂ ਲੱਗਿਆ। ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ ਨੂੰ ਵਾਪਸ ਲਿਆਉਣ ਲਈ ਕਰੂ-9 ਵਿੱਚ ਅਮਰੀਕਾ ਦੇ ਨਿੱਗ ਹੇਗ ਅਤੇ ਰੂਸ ਦੇ ਐਲਗਜ਼ੈਂਡਰ ਗੋਰਬੁਨੋਟ ਗਏ ਸਨ। ਪੁਲਾੜ 27359 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਆਇਆ ਹੈ ਤੇ ਉਸਨੇ 12 ਕਰੋੜ 10 ਲੱਖ ਮੀਲ ਦਾ ਸਫ਼ਰ ਤਹਿ ਕੀਤਾ ਹੈ। ਉਨ੍ਹਾਂ ਦੇ ਸਫਲਤਾ ਪੂਰਬਕ ਜ਼ਮੀਨੀ ਸਤਹ ‘ਤੇ ਆਉਣ ਨਾਲ ਸਮੁਚੇ ਸੰਸਾਰ ਅਤੇ ਨਾਸਾ ਦੇ ਵਿਗਿਆਨੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇੱਕ ਵਾਰ ਪਹਿਲਾਂ ਵੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਨੁਕਸ ਪੈ ਜਾਣ ਕਰਕੇ ਅੱਗੇ ਪਾਉਣੀ ਪਈ ਸੀ। ਲੋਕਾਂ ਵਿੱਚ ਉਨ੍ਹਾਂ ਦੀ ਵਾਪਸੀ ਲਈ ਬਹੁਤ ਉਤਸ਼ਾਹ ਅਤੇ ਅਸਥਿਰਤਾ ਬਣੀ ਹੋਈ ਸੀ।
ਬੈਰੀ ਬੁੱਚ ਵਿਲਮੋਰ ਅਤੇ ਸੁਨੀਤਾ ਲੀਨਾ ਪਾਂਡਿਆ ਵਿਲੀਅਮਜ਼ 6 ਜੂਨ 2024 ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਸਿਰਫ 8 ਦਿਨ ਠਹਿਰਨ ਵਾਸਤੇ ਗਏ ਸਨ ਅਤੇ ਉਸੇ ਪੁਲਾੜ ਵਿੱਚ ਵਾਪਸ ਆਉਣਾ ਸੀ ਪ੍ਰੰਤੂ ਪੁਲਾੜ ਜ਼ਹਾਜ ਵਿੱਚ ਨੁਕਸ ਪੈਣ ਕਰਕੇ ਉਨ੍ਹਾਂ ਨੂੰ ਉਥੇ ਲੰਬਾ ਸਮਾਂ ਰਹਿਣਾ ਪਿਆ। ਇਕ ਬੋਰਡ ਸਪੇਸ ਕਰਾਫਟ ਐਲਨ ਮਸਕ ਦੇ ਸਪੇਸ ਐਕਸ ਦਾ ਸੀ। ਰਾਸ਼ਟਰਪਤੀ ਟਰੰਪ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਅਤੇ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਦੋਹਾਂ ਪੁਲਾੜ ਯਾਤਰੀਆਂ ਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ। ਸਪੇਸ ਐਕਸ ਅਤੇ ਨਾਸਾ ਵਧਾਈ ਦੇ ਪਾਤਰ ਹਨ। ਉਨ੍ਹਾਂ ਨੂੰ ਟੈਕਸਾਸ ਰਾਜ ਦੇ ਹੂਸਟਨ ਵਿੱਚ ਸਥਿਤ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਲਿਜਾਇਆ ਗਿਆ ਹੈ। ਇਥੇ ਉਨ੍ਹਾਂ ਦੇ ਵਾਈਟਲ ਅੰਗਾਂ ਦਾ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਨੂੰ 45 ਦਿਨ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਵੇਖ-ਰੇਖ ਵਿੱਚ ਰੱਖਿਆ ਜਾਵੇਗਾ ਕਿਉਂਕਿ ਲੰਬਾ ਸਮਾਂ ਪੁਲਾੜ ਵਿੱਚ ਰਹਿਣ ਕਰਕੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆ ਗਈ ਹੋਵੇਗੀ। ਪੂਰੇ ਤੰਦਰੁਸਤ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਓਵਲ ਹਾਊਸ ਵਿੱਚ ਮਿਲਣ ਜਾਣਗੇ। ਚਾਰ ਵਾਰ ਸਫ਼ਲਤਾ ਪੂਰਬਕ ਪੁਲਾੜ ਦੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਅਮਰੀਕੀ ਸੁਨੀਤਾ ਵਿਲੀਅਮਜ਼ ਸੰਸਾਰ ਦੀ ਪਹਿਲੀ ਇਸਤਰ ਸਭ ਤੋਂ ਲੰਬਾ ਸਮਾਂ ਪੁਲਾੜ ਵਿੱਚ ਸਮਾਂ ਬਿਤਾਉਣ ਵਾਲਾ ਵਿਅਕਤੀ ਬਣ ਗਈ ਹੈ। ਸੁਨੀਤਾ ਵਿਲੀਅਮਜ਼ ਨੇ ਚਾਰ ਵਾਰੀ ਪੁਲਾੜ ਦੀ ਯਾਤਰਾ ਸਮੇਂ ਕੁਲ 606 ਦਿਨ ਦਾ ਸਮਾਂ ਬਿਤਾਇਆ ਹੈ। ਇਸਦੇ ਨਾਲ ਹੀ ਉਹ ਭਾਰਤੀ ਮੂਲ ਦੀ ਦੂਜੀ ਪੁਲਾੜ ਯਾਤਰੀ ਹੈ। ਇਹ ਯਾਤਰਾਵਾਂ ਉਸਨੇ 31 ਜਨਵਰੀ, 4 ਫਰਵਰੀ, 9 ਫਰਵਰੀ 2007 ਅਤੇ 18 ਮਾਰਚ 2025 ਵਿੱਚ ਕੀਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਕਲਪਨਾ ਚਾਵਲਾ ਪੁਲਾੜ ਵਿੱਚ ਗਈ ਸੀ, ਜਿਸਦੀ ਵਾਪਸੀ ਸਮੇਂ ਪੁਲਾੜ ਜਹਾਜ ਵਿੱਚ ਤਕਨੀਕੀ ਖ਼ਰਾਬੀ ਕਰਕੇ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਕਲਪਨਾ ਚਾਵਲਾ ਭਾਰਤ ਦੇ ਹਰਿਆਣਾ ਅਤੇ ਸੁਨੀਤਾ ਵਿਲੀਅਮਜ਼ ਪੱਛਵੀਂ ਗੁਜਰਾਤ ਸੂਬੇ ਨਾਲ ਸੰਬੰਧ ਰੱਖਦੀ ਹੈ। ਨਾਸਾ ਦੀ ਜਾਣਕਾਰੀ ਅਨੁਸਾਰ ਇਸਦੇ ਨਾਲ ਹੀ ਸੁਨੀਤਾ ਵਿਲੀਅਮਜ਼ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਲਗਾਤਾਰ 286 ਦਿਨ ਬਿਤਾ ਕੇ ਇਤਿਹਾਸ ਸਿਰਜ ਦਿੱਤਾ ਹੈ। ਪੁਲਾੜ ਵਿੱਚ ਰਹਿੰਦਿਆਂ ਉਸਨੇ 4576 ਵਾਰ ਧਰਤੀ ਦੀ ਪਰਕਰਮਾ ਕੀਤੀ। ਸੁਨੀਤਾ ਵਿਲੀਅਮਜ਼ ਨੂੰ ਭਾਰਤ ਸਰਕਾਰ ਨੇ ਪੁਲਾੜ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ 2007 ਵਿੱਚ ਪਦਮ ਭੂਸ਼ਣ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਉਹ 2007 ਅਤੇ 2013 ਵਿੱਚ ਭਾਰਤ ਆਈ ਸੀ। ਉਸ ਸਮੇਂ ਉਸਨੇ ਆਪਣੇ ਪਿੰਡ ਝੂਲਾਸਨ ਦੇ ਡੋਲਾ ਮਾਤਾ ਮੰਦਰ ਵਿੱਚ ਪੂਜਾ ਕੀਤੀ ਸੀ। ਜਦੋਂ 2024 ਵਿੱਚ ਪੁਲਾੜ ਯਾਤਰਾ ‘ਤੇ ਗਈ ਸੀ, ਉਦੋਂ ਦੀ ਹੀ ਇਸ ਮੰਦਰ ਵਿੱਚ ਅਖੰਡ ਜਯੋਤੀ ਲਗਾਤਾਰ ਜਲ ਰਹੀ ਹੈ। ਪਿੰਡ ਦੀਆਂ ਇਸਤਰੀਆਂ ਉਸਦੇ ਸੁਰੱਖਿਅਤ ਆਉਣ ਦੀਆਂ ਪ੍ਰਾਰਥਨਾਵਾਂ ਕਰਦੀਆਂ ਸਨ। ਸੁਨੀਤਾ ਦੇ ਵਾਪਸ ਸੁਰੱਖਿਅਤ ਆਉਣ ‘ਤੇ ਪਿੰਡ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ, ਪਟਾਕ ਚਲਾਏ ਤੇ ਮਠਿਆਈਆਂ ਵੰਡੀਆਂ ਗਈਆਂ।
ਮਹਿਜ 22 ਸਾਲ ਦੀ ਉਮਰ ਵਿੱਚ 1987 ਵਿੱਚ ਸੁਨੀਤਾ ਵਿਲੀਅਮਜ਼ ਨੇ ਨੇਵਲ ਅਕਾਡਮੀ ਤੋਂ ਸਰੀਰਕ ਵਿਗਿਆਨ ਵਿੱਚ ਬੈਚੂਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕਰਕੇ ਸਟੇਟ ਨੇਵੀ ਵਿੱਚ ਭਰਤੀ ਹੋ ਗਈ ਸੀ। ਉੋਸਨੂੰ ਨਵਲ ਕੋਸਟਲ ਸਿਸਟਮ ਕਮਾਂਡ ਵਿੱਚ ਛੇ ਮਹੀਨੇ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਬੇਸਿਕ ਡਾਈਵਿੰਗ ਅਧਿਕਾਰੀ ਨਿਯੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ 1989 ਵਿੱਚ ਸੁਨੀਤਾ ਵਿਲੀਅਮਜ਼ ਨੂੰ ਏਵੀਏਟਰ ਨਾਮਜ਼ਦ ਕਰ ਦਿੱਤਾ ਸੀ। ਉਸਨੇ ਹੈਲੀਕਾਪਟਰ ਲੜਾਈ ਸਪੋਰਟ ਸਕੁਐਡਰਨ-3 (ਐਚ.ਸੀ-3) ਵਿੱਚ ਸ਼ੁਰੂਆਤੀ ਐਚ-46 ਸਾਗਰ ਨਾਈਟ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਫਿਰ ਉਸਨੂੰ ਹੈਲੀਕਾਪਟਰ ਲੜਾਈ ਸਪੋਰਟਸ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਸੁਨੀਤਾ ਵਿਲੀਅਮਜ਼ ਦੀ ਨਾਰਫੋਕ, ਵਰਜੀਨੀਆ ਵਿੱਚ ਸਕੁਐਡਰਨ 8 (ਐਚ.ਸੀ-8) ਜਿਸ ਨਾਲ ਉਸਨੇ ਮੈਡੀਟੇਰੀਅਨ, ਲਾਲ ਸਾਗਰ ਅਤੇ ਫਾਰਸ ਦੀ ਖਾੜੀ ਅਪ੍ਰੇਸ਼ਨ ਪ੍ਰੋਵਾਈਡ ਕੰਫਰਟ ਲਈ ਵਿਦੇਸ਼ ਤਾਇਨਾਤੀ ਸਮੇਂ ਕੰਮ ਕੀਤਾ। ਸਤੰਬਰ 1992 ਵਿੱਚ ਉਹ ਯੂ.ਐਸ.ਐਸ.ਸਿਲਵਾਨੀਆਂ ਵਿੱਚ ਤੂਫ਼ਾਨ ਐਂਡਿਰ ਰੀਲੀਫ਼ ਤਹਿਤ ਕਾਰਜ਼ਾਂ ਲਈ ਸਿਖਲਾਈ ਵਾਸਤੇ ਫਲੋਰੀਡਾ ਭੇਜੀ ਗਈ, ਜੋ ਐਚ.46 ਦੀ ਟੁਕੜੀ ਦੀ ਅਧਿਕਾਰੀ ਸੀ। 1993 ਵਿੱਚ ਸੰਯੁਕਤ ਰਾਜ ਦੇ ਨੇਵਲ ਟੈਸਟ ਪਾਇਲਟ ਸਕੂਲ ਵਿੱਚ ਸਿਖਲਾਈ ਲਈ ਅਤੇ ਦਸੰਬਰ ਗ੍ਰੈਜੂਏਸ਼ਨ ਕੀਤੀ। ਉਸਨੂੰ ਰੋਟਰੀ ਵਿੰਗ ਏਅਰ ਕਰਾਫਟ ਟੈਸਟ ਡਾਇਰੈਕਟੋਰੇ ਐਚ.46 ਪ੍ਰੋਜੈਕਟ ਅਧਿਕਾਰੀ ਅਤੇ ਟੀ.2 ਵਿੱਚ ਵੀ 22 ਚੇਜ਼ ਪਾਇਲਟ ਵੱਜੋਂ ਨਿਯੁਕਤ ਕੀਤਾ। ਉਸਤੋਂ ਬਾਅਦ ਸਕੁਐਡਰਨ ਸੇਫਟੀ ਅਫ਼ਸਰ ਨਿਯੁਕਤ ਕਰ ਦਿੱਤਾ। 1995 ਵਿੱਚ ਫਲੋਰੀਡਾ ਇਨਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਜਿੰਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। 1998 ਵਿੱਚ ਉਹ ਨਾਸਾ ਵਿੱਚ ਭਰਤੀ ਹੋ ਗਈ ਸੀ। ਸੁਨੀਤਾ ਲਿਵਅਮਜ਼ 17 ਸਤੰਬਰ 2012 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਕਮਾਂਡਰ ਬਣੀ ਸੀ। ਸੰਸਾਰ ਦੇ ਤਜ਼ਰਬੇਕਾਰ ਪੁਲਾੜ ਯਾਤਰੀਆਂ ਵਿੱਚ ਨੌਵੇਂ ਸਥਾਨ ‘ਤੇ ਆਉਂਦੀ ਹੈ। 16 ਅਪ੍ਰੈਲ 2007 ਨੂੰ ਪੁਲਾੜ ਸਟੇਸ਼ਨ ਤੋਂ ਮੈਰਾਥਨ ਦੌੜਨ ਵਾਲਾ ਪਹਿਲਾ ਵਿਅਕਤੀ ਹੈ। ਸ਼ਟਲ ਡਿਸਕਵਰੀ ‘ਤੇ ਸਵਾਰ ਹੋਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਆਪਣੇ ਟੱਟੂ ਦੀ ਪੂਛ ਨੂੰ ਲੋਕਮ ਆਫ਼ ਲਵ ਨੂੰ ਦਾਨ ਕਰਨ ਦਾ ਪ੍ਰਬੰਧ ਵੀ ਕੀਤਾ। ਉਸਨੇ ਚਾਰ ਸਪੇਸਵਾਕਾਂ ਵਿੱਚ 9 ਵਾਰ 62 ਘੰਟੇ ਸੈਰ ਕੀਤੀ। ਉਹ ਜੌਹਨ ਹਿਗਿਨ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਮੰਜ਼ਲ ਪ੍ਰਯੋਗਸ਼ਾਲਾ ਵਿੱਚ ਕਨੇਡਾਰਮ 2 ਦੇ ਨਿਯੰਤਰਣ ਦਾ ਕੰਮ ਕਰਦੇ ਰਹੇ ਹਨ। ਉਸਨੇ ਅਲੱਗ ਅਲੱਗ ਪੁਲਾੜ ਯੰਤਰਾਂ ਵਿੱਚ ਲਗਪਗ 3000 ਉਡਾਣਾ ਭਰੀਆਂ। ਸੁਨੀਤਾ ਵਿਲੀਅਮਜ਼ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹਨ, ਜਿਨ੍ਹਾਂ ਵਿੱਚ ਨੇਵ ਕਮਾਂਡੇਸ਼ਨ ਮੈਡਲ, ਨੇਵੀ ਐਂਡ ਮੈਰੀਨ ਸ਼ਾਰਪ ਅਚੀਵਮੈਂਟ ਮੈਡਲ ਅਤੇ ਹਿਊਮੈਨੇਟੇਰੀ ਸਰਵਿਸ ਮੈਡਲ ਸ਼ਾਮਲ ਹਨ। ਉਹ ਸੋਸਾਇਟੀ ਆਫ਼ ਐਕਸਪੈਰੀਮੈਂਟਲ, ਟੈਸਟ ਪਾਇਲਟਸ ਇਜਿੰਨੀਅਰਿੰਗ ਅਤੇ ਅਮਰੀਕੀ ਹੈਲੀਕਾਪਟਰ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ। ਉਹ ਅਮਲੀ ਤੌਰ ‘ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ। ਸੁਨੀਤਾ ਵਿਲੀਅਮਜ਼ ਟਿਕ ਕੇ ਵਿਹਲੀ ਨਹੀਂ ਬੈਠ ਸਕਦੀ, ਉਹ ਲਗਾਤਾਰ ਕੁਝ ਨਾ ਕੁਝ ਕਰਨ ਵਿੱਚ ਰੁੱਝੀ ਰਹਿੰਦੀ ਹੈ। ਇਸ ਸਮੇਂ ਉਸਦਾ ਪਰਿਵਾਰ ਜੋ ਮੈਸੇਚਿਊਸੇਟਸ ਵਿੱਚ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਦੇ ਸੁਰੱਖਿਅਤ ਵਾਪਸ ਆਉਣ ‘ਤੇ ਪਿੰਡ ਵਿੱਚ ਉਸਦੇ ਪਰਿਵਾਰ ਦੇ ਨਜ਼ਦੀਕੀਆਂ ਨੇ ਖ਼ੁਸ਼ੀਆਂ ਮਨਾਈਆਂ ਹਨ ਅਤੇ ਉਥੇ ਵਿਆਹ ਵਰਗਾ ਮਾਹੌਲ ਹੈ।
ਸੁਨੀਤਾ ਲਿਨ ਪਾਂਡਿਆ ਦਾ ਜਨਮ 19 ਸਤੰਬਰ 1965 ਨੂੰ ਓਹਾਈਓ ਰਾਜ ਦੇ ਯੂਕਲਿਡ ਨਗਰ (ਕਲੀਵਲੈਂਡ) ਵਿੱਚ ਪਿਤਾ ਦੀਪਕ ਪਾਂਡਿਆ ਅਤੇ ਮਾਤਾ ਉਰਸੁਲਾਈਨ ਬੋਨੀ (ਜ਼ਾਲੋਕਰ) ਪਾਂਡਿਆ ਦੀ ਕੁਖੋਂ ਹੋਇਆ। ਉਨ੍ਹਾਂ ਦੇ ਪਿਤਾ ਡਾ. ਦੀਪਕ ਪਾਂਡਿਆ ਨਿਊਰੋਆਟੋਮਿਸਟ ਸਨ। ਦੀਪਕ ਪਾਂਡਿਆ ਦੀ 2020 ਵਿੱਚ ਮੌਤ ਹੋ ਗਈ ਸੀ। ਸੁਨੀਤਾ ਦੀ ਮਾਤਾ ਸੋਲਵਾਨੀਆਂ ਤੋਂ ਹਨ। ਸੁਨੀਤਾ ਆਪਣੇ ਭਰਾ ਜੈ ਥਾਮਸ ਪਾਂਡਿਆ ਅਤੇ ਭੈਣ ਦੀਨਾ ਅਨਾਦਜ਼ ਤੋਂ ਛੋਟੀ ਹੈ। ਸੁਨੀਤਾ ਦੇ ਪਿਤਾ ਡਾਕਟਰੀ ਦੀ ਪੜ੍ਹਾਈ ਕਰਨ ਲਈ 1958 ਵਿੱਚ ਅਮਰੀਕਾ ਗਏ ਸਨ। ਸੁਨੀਤਾ ਵਿਲੀਅਮਜ਼ ਦੇ ਚਾਚੇ ਤਾਇਆਂ ਦਾ ਵੱਡਾ ਪਰਿਵਾਰ ਹੈ। ਝੂਲਾਸਨ ਪਿੰਡ ਵਿੱਚ ਸੁਨੀਤਾ ਵਿਲੀਅਮ ਦੀ ਦਾਦੀ ਰਾਮ ਬਹਿਨ ਨਰਮਦਾ ਸ਼ੰਕਰ ਪਾਂਡਿਆ ਦੀ ਯਾਦ ਵਿੱਚ ਲਾਇਬਰੇਰੀ ਸਥਾਪਤ ਕੀਤੀ ਹੋਈ ਹੈ। ਉਨ੍ਹਾਂ ਦਾ ਪਿੰਡ ਗੁਜਰਾਤ ਸੂਬੇ ਦੇ ਮਹਿਸਾਨਾ ਜ਼ਿਲ੍ਹੇ ਵਿੱਚ ਝੂਲਾਸਨ ਹੈ, ਜੋ ਗਾਂਧੀਨਗਰ ਤੋਂ 40 ਕਿਲੋਮੀਟਰ ਹੈ। ਸੁਨੀਤਾ ਨੇ 1983 ਵਿੱਚ ਨੀਡਹੋਮ ਮੈਸੇਚਿਊਸੇਟਸ ਦੇ ਸਕੂਲ ਵਿੱਚੋਂ ਗ੍ਰੈਜੂਏਸ਼ਨ ਕੀਤੀ ਸੀ। ਸੁਨੀਤਾ ਲੀਨਾ ਪਾਂਡਿਆ ਦਾ ਵਿਆਹ ਆਪਣੇ ਕਲਾਸ ਫੈਲੋ ਮਾਈਕਲ.ਜੇ.ਵਿਲੀਅਮਜ਼ ਨਾਲ ਹੋਇਆ ਹੈ। ਸੁਨੀਤਾ ਮਿਹਨਤੀ, ਆਤਮ ਵਿਸ਼ਵਾਸੀ, ਦਲੇਰ, ਹੈਲੀਕਾਪਟਰ ਪਾਇਲਟ, ਜਲ ਸੈਨਿਕ, ਗੋਤਾਖੋਰ, ਤੈਰਾਕ, ਜਲਸੈਨਾ ਪੌਡ ਚਾਲਕ ਤੇ ਪਸ਼ੂ ਪ੍ਰੇਮੀ ਇਸਤਰੀ ਹੈ। ਉਹ ਹਰ ਕੰਮ ਨੂੰ ਵੰਗਾਰ ਸਮਝਕੇ ਕਰਦੀ ਹੈ। ਇਸ ਕਰਕੇ ਇੱਕ ਸਾਧਾਰਨ ਪਰਿਵਾਰ ਵਿੱਚੋਂ ਉਠਕੇ ਇਤਨੇ ਵੱਡੇ ਕਾਰਜ ਕੀਤੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ : ਦੇਸ਼ ਭਗਤਾਂ ਦੀ ਜਦੋਜਹਿਦ ਦੀ ਕਹਾਣੀ - ਉਜਾਗਰ ਸਿੰਘ
ਕੁਲਵੰਤ ਸਿੰਘ ਪੱਤਰਕਾਰ ਖੋਜੀ ਕਿਸਮ ਦਾ ਵਿਅਕਤੀ ਸੀ। ਭਾਵੇਂ ਉਹ ਨੌਕਰੀ ਕਰਦਾ ਰਿਹਾ ਪ੍ਰੰਤੂ ਉਸਦਾ ਝੁਕਾਅ ਖੋਜੀ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸ ਵੱਲ ਰਿਹਾ। ਇਸ ਕਰਕੇ ਉਹ ਆਪਣੇ ਵਿਹਲੇ ਸਮੇਂ ਵਿੱਚ ਅਖ਼ਬਾਰਾਂ ਲਈ ਲੇਖ ਲਿਖਦਾ ਅਤੇ ਸਾਹਿਤਕ ਰਚਨਾਵਾਂ ਲਿਖਦਾ ਰਹਿੰਦਾ ਸੀ। ‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ ਵਿੱਚ ਉਸਨੇ 14 ਅਜਿਹੇ ਸਾਹਿਤਕਾਰਾਂ-ਪੱਤਰਕਾਰ ਦੇਸ਼ ਭਗਤਾਂ ਦੀ ਜ਼ਿੰਦਗੀ ਦੀਆਂ ਸਰਗਰਮੀਆਂ ਨੂੰ ਬੜੀ ਨੀਝ ਨਾਲ ਵਿਸਤਾਰ ਪੂਰਬਕ ਲਿਖਿਆ ਹੈ, ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਨਿਰਬਾਹ ਦੀ ਪ੍ਰਵਾਹ ਨਾ ਕਰਦਿਆਂ ਸਿੱਖੀ ਸੋਚ ਤੇ ਸਿੱਦਕ ਨਾਲ ਪਹਿਰਾ ਦਿੰਦੇ ਹੋਏ ਅੰਗਰੇਜ਼ ਸਰਕਾਰ ਦੀਆਂ ਅਣਮਨੁਖੀ ਕਾਰਵਾਈਆਂ ਨੂੰ ਲੋਕ ਕਚਹਿਰੀ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਅਤੇ ਪੱਤਰਕਾਰਤਾ ਰਾਹੀਂ ਪੇਸ਼ ਕਰਕੇ ਦੇਸ਼ ਵਾਸੀਆਂ ਵਿੱਚ ਆਜ਼ਾਦੀ ਦੇ ਸੰਗਰਾਮ ਲਈ ਜੋਸ਼ ਪੈਦਾ ਕੀਤਾ, ਪ੍ਰੰਤੂ ਉਨ੍ਹਾਂ ਆਪਣੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾਉਂਦਿਆਂ ਆਪਣੇ ਫ਼ਰਜ਼ ਨਿਭਾਉਣ ਨੂੰ ਪਹਿਲ ਦਿੱਤੀ। ਇਹ ਪੁਸਤਕ ਸਿੱਖੀ ਸੋਚ ਨੂੰ ਪ੍ਰਣਾਏ ਹੋਏ, ਖੋਜੀ ਸਾਹਿਤਕਾਰਾਂ, ਇਤਿਹਾਸ ਅਤੇ ਪੱਤਰਕਾਰੀ ਦੇ ਖੋਜੀ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ। ਉਨ੍ਹਾਂ ਲਈ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇਗੀ ਕਿਉਂਕਿ ਇਸ ਪੁਸਤਕ ਨੂੰ ਕੁਲਵੰਤ ਸਿੰਘ ਪੱਤਰਕਾਰ ਨੇ ਇਤਿਹਾਸਕ ਤੱਥਾਂ ਸਮੇਤ ਪੁਰਤੱਤਵ ਵਿਭਾਗ ਦੇ ਰਿਕਾਰਡ ਵਿੱਚੋਂ ਲੱਭਕੇ ਲਿਖਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਆਜ਼ਾਦੀ ਸੰਗਰਾਮ ਅਤੇ ਅਕਾਲੀ ਦਲ ਦੀਆਂ ਸਰਗਰਮੀਆਂ ਦਾ ਇਤਿਹਾਸ ਹੈ, ਕਿਉਂਕਿ ਲੇਖਕ ਨੇ ਇਹ ਸਾਰਾ ਕੁਝ ਇਨ੍ਹਾਂ 14 ਵਿਅਕਤੀਆਂ ਦੀਆਂ ਪ੍ਰਾਪਤੀਆਂ ਵਿੱਚ ਵਰਣਨ ਕਰ ਦਿੱਤਾ ਹੈ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਬਾਰੇ ਲਿਖਦਿਆਂ ਲੇਖਕ ਨੇ ਉਸਦੇ ਜਨਮ, ਪਰਿਵਾਰਿਕ ਪਿਛੋਕੜ, ਅਧਿਆਪਕ, ਗੁਰਦੁਆਰਾ ਸੁਧਾਰ ਲਹਿਰ, ਸਾਹਿਤਕਾਰ, ਪੱਤਰਕਾਰ, ਅਕਾਲੀ ਦਲ, ਕਾਂਗਰਸ ਅਤੇ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਜਿਹੜੇ ਸ਼ਲਾਘਾਯੋਗ ਕੰਮ ਕੀਤੇ, ਉਨ੍ਹਾਂ ਦੀ ਜਾਣਕਾਰੀ ਦਿੱਤੀ ਹੈ। ਉਹ ਇੱਕੋ-ਇੱਕ ਅਜਿਹਾ ਵਿਅਕਤੀ ਹੈ, ਜਿਹੜਾ ਇੱਕੋ ਸਮੇਂ ਅਕਾਲੀ ਦਲ ਦਾ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਰਿਹਾ ਹੈ। ਪੁਨਰਗਠਤ ਪੰਜਾਬ ਦਾ ਪਹਿਲਾ ਮੁੱਖ ਮੰਤਰੀ, ਵਿਧਾਨਕਾਰ, ਸੰਸਦ ਮੈਂਬਰ, ਮੰਤਰੀ ਅਤੇ ਸਰਗਰਮ ਵਿਅੰਗਕਾਰ ਲੇਖਕ ਸੀ। ਗਿਆਨੀ ਹੀਰਾ ਸਿੰਘ ਦਰਦ ਦਾ ਜੀਵਨ ਵੀ ਜਦੋਜਹਿਦ ਵਾਲਾ ਅਕਾਲੀ ਸਰਗਰਮੀਆਂ ਵਿੱਚ ਵਿਚਰਿਆ ਹੈ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਵੀ ਉਸਨੂੰ ਬਹੁਤ ਸਾਰੇ ਵੇਲਣ ਵੇਲਣੇ ਪਏ। ਧਾਰਮਿਕ ਵਿਅਕਤੀ ਹੋਣ ਕਰਕੇ ਉਹ ਸਿੱਖ ਧਰਮ ਅਤੇ ਦੇਸ਼ ਭਗਤੀ ਦੇ ਪ੍ਰੋਗਾਰਮਾ ਵਿੱਚ ਹਿੱਸਾ ਲੈਂਦਾ ਰਿਹਾ, ਜਿਸ ਕਰਕੇ ਵੱਖ-ਵੱਖ ਮੌਕਿਆਂ ‘ਤੇ ਲਗਪਗ 7 ਸਾਲ ਉਸਨੂੰ ਜੇਲ੍ਹ ਵਿੱਚ ਗੁਜਾਰਨੇ ਪਏ। ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣ ਕਰਕੇ ਆਜ਼ਾਦੀ ਦੇ ਜਲਸਿਆਂ ਵਿੱਚ ਕਵਿਤਾਵਾਂ ਪੜ੍ਹਨ ਲਈ ਜਾਂਦਾ ਸੀ। ਇਸ ਤੋਂ ਇਲਾਵਾ ਉਹ ਕਈ ਅਖ਼ਬਾਰਾਂ ਦਾ ਸੰਪਾਦਕ ਰਿਹਾ। ਅਖ਼ਬਾਰਾਂ ਵਿੱਚ ਅੰਗਰੇਜ਼ ਸਰਕਾਰ ਦੇ ਵਿਰੁੱਧ ਲੇਖ ਲਿਖਣ ਅਤੇ ਖ਼ਬਰਾਂ ਛਾਪਣ ਕਰਕੇ ਵੀ ਜੇਲ੍ਹ ਯਾਤਰਾ ਕਰਨੀ ਪਈ। ਪਹਿਲਾਂ ਉਹ ਅਖ਼ਬਾਰਾਂ ਦੇ ਸੰਪਾਦਕ ਰਹੇ ਫਿਰ ਉਸਨੇ ਆਪਣਾ ਅਖ਼ਬਾਰ ‘ਫੁਲਵਾੜੀ’ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਅਤੇ ਪੁਸਤਕਾਂ ਦੀ ਪ੍ਰਕਾਸ਼ਨਾ ਵੀ ਕਰਦਾ ਰਿਹਾ। ਪਰਿਵਾਰ ਦਾ ਗੁਜ਼ਾਰਾ ਫੁਲਵਾੜੀ ਅਤੇ ਪੁਸਤਕਾਂ ਦੀ ਵਿਕਰੀ ਕਰਕੇ ਹੁੰਦਾ ਰਿਹਾ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਸਿਰਮੌਰ ਨੇਤਾ ਹੋਇਆ ਹੈ। ਲਗਪਗ 50 ਸਾਲ ਸਿੱਖ ਕੌਮ ਦੀ ਸੇਵਾ ਕਰਦਾ ਰਿਹਾ ਹੈ। ਨੌਵੀਂ ਜਮਾਤ ਵਿੱਚ ਬ੍ਰਾਹਮਣ ਪਰਿਵਾਰ ਵਿੱਚੋਂ ਹੁੰਦਾ ਹੋਇਆ ਅੰਮ੍ਰਿਤਧਾਰੀ ਬਣਕੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਿਆ। ਉਸ ਦਿਨ ਤੋਂ ਹੀ ਸਿੱਖੀ ਸੋਚ ਨੂੰ ਸਮਰਪਤ ਹੋ ਕੇ ਸ਼੍ਰੋਮਣੀ ਅਕਾਲੀ ਦੇ ਆਜ਼ਾਦੀ ਅਤੇ ਗੁਰਦੁਆਰਾ ਸਾਹਿਬਾਨ ਦੇ ਸੁਧਾਰਾਂ ਲਈ ਹੋਣ ਵਾਲੇ ਹਰ ਅੰਦੋਲਨ ਵਿੱਚ ਸ਼ਾਮਲ ਹੀ ਨਹੀਂ ਹੁੰਦਾ ਰਿਹਾ ਸਗੋਂ ਮੋਢੀ ਦੀ ਭੂਮਿਕਾ ਨਿਭਾਉਂਦਾ ਰਿਹਾ। ਸਕੂਲ ਮਾਸਟਰ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਿਆ। ਜਦੋਂ ਦੇਸ਼ ਦੀ ਵੰਡ ਦਾ ਮਸਲਾ ਖੜ੍ਹਾ ਹੋਇਆ ਤਾਂ ਡੱਟਕੇ ਵਿਰੋਧ ਕੀਤਾ ਅਤੇ ਅਖ਼ੀਰ ਜਦੋਂ ਕਾਂਗਰਸ ਨੇ ਇਹ ਧਰਮ ਦੇ ਆਧਾਰ ‘ਤੇ ਵੰਡ ਪ੍ਰਵਾਨ ਕਰ ਲਈ ਤਾਂ ਵੰਡ ਸਮੇਂ ਪਾਕਿਸਤਾਨ ਵਿੱਚ ਜਾਣ ਦੀ ਥਾਂ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਾਂਗਰਸ ਤੋਂ ਸ਼ਰਤਾਂ ਮਨਾ ਕੇ ਲਿਆ, ਪ੍ਰੰਤੂ ਉਹੀ ਕਾਂਗਰਸ ਆਜ਼ਾਦੀ ਤੋਂ ਬਾਅਦ ਮੁਕਰ ਗਈ ਤੇ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਆਜ਼ਾਦੀ ਅੰਦੋਲਨ ਵਿੱਚ ਵੀ ਗ੍ਰਿਫ਼ਤਾਰ ਅਤੇ ਆਜ਼ਾਦੀ ਤੋਂ ਬਾਅਦ ਵੀ ਪੰਜਾਬੀ ਸੂਬੇ ਦੀ ਮੰਗ ਲਈ 14 ਸਾਲ ਡੱਟਿਆ ਰਿਹਾ। ਕਈ ਅਖ਼ਬਾਰਾਂ ਦੇ ਸੰਪਾਦਕ ਵੀ ਰਹੇ। ਉਸ ਦੀਆਂ 11 ਪੁਸਤਕਾਂ ਅਤੇ 6 ਟ੍ਰੈਕਟ ਸਿੱਖ ਮਸਲਿਆਂ ਤੇ ਪ੍ਰਕਾਸ਼ਤ ਹੋਏ ਸਨ। ਵਿਧਾਤਾ ਸਿੰਘ ਤੀਰ ਸਟੇਜੀ ਕਵੀ ਸੀ। ਉਸਨੇ ਕਈ ਰੰਗਾਂ, ਧਾਰਮਿਕ, ਸਮਾਜਿਕ, ਇਨਕਲਾਬੀ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ, ਜਿਹੜੀਆਂ ਸਰੋਤਿਆਂ ਦੇ ਦਿਲਾਂ ‘ਤੇ ਸਿੱਧਾ ਤੀਰ ਚਲਾਉਂਦੀਆਂ ਸਨ। ਉਸਦਾ ਜੀਵਨ ਵੀ ਜਦੋਜਹਿਦ ਵਾਲਾ ਰਿਹਾ ਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਉਹ ਬਹੁਤਾ ਸਮਾਂ ਗ੍ਰੰਥੀ ਦੀ ਸੇਵਾ ਨਿਭਾਉਂਦਾ ਰਿਹਾ। ਉਹ ਵੀ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ। ਉਸਨੇ 15 ਸਾਲ ਦੀ ਉਮਰ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਜ਼ਜ਼ਬਾਤੀ ਕਵੀ ਸੀ, ਸਰੋਤਿਆਂ ਨੂੰ ਵੀ ਜ਼ਜ਼ਬਾਤਾਂ ਦੇ ਵਹਿਣ ਵਿੱਚ ਵਹਾ ਲੈਂਦਾ ਸੀ। ਉਸਨੇ 15 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਬਹੁਤਾ ਸਮਾਂ ਉਹ ਸਟੇਜਾਂ ਤੇ ਕਵਿਤਾਵਾਂ ਸੁਣਾਉਂਦਾ ਰਿਹਾ ਕਿਉਂਕਿ ਉਹ ਅਕਾਲੀ ਦਲ ਅਤੇ ਬਾਅਦ ਵਿੱਚ 18 ਸਾਲ ਕਾਂਗਰਸ ਪਾਰਟੀ ਵਿੱਚ ਕੰਮ ਕਰਦਾ ਰਿਹਾ ਪ੍ਰੰਤੂ ਸਿਆਸਤਦਾਨਾ ਦੀਆਂ ਤਿਗੜਮਬਾਜ਼ੀਆਂ ਕਰਕੇ ਸਿਆਸਤ ਤੋਂ ਕਿਨਾਰਾ ਕਰ ਗਿਆ ਸੀ। ਪ੍ਰਿੰਸੀਪਲ ਤੇਜਾ ਸਿੰਘ ਉਚ ਕੋਟੀ ਦੇ ਸਾਹਿਤਕਾਰ, ਇਤਿਹਾਸ ਦੇ ਖੋਜੀ ਤੇ ਸਿੱਖ ਧਰਮ ਦੇ ਉਘੇ ਵਿਦਵਾਨ ਸਨ। ਉਨ੍ਹਾਂ ਨੇ ਆਪਣਾ ਸਾਰਾ ਕੈਰੀਅਰ ਆਪਣੀ ਵਿਦਵਤਾ ਅਤੇ ਮਿਹਨਤ ਨਾਲ ਬਣਾਇਆ। ਇਸ ਮੰਤਵ ਲਈ ਉਸਨੂੰ ਕਈ ਵਾਰੀ ਜੇਲ੍ਹ ਯਾਤਰਾ ਕਰਨੀ ਪਈ। ਉਸਨੂੰ ਆਪਣੀ ਪੜ੍ਹਾਈ ਕਰਨ ਲਈ ਵੀ ਕਈ ਸਕੂਲਾਂ ਵਿੱਚ ਜਾਣਾ ਪਿਆ। ਉਸਦੀ ਵਿਦਵਾਨੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਸਨੇ 11 ਪੰਜਾਬੀ ਅਤੇ 5 ਅੰਗਰੇਜ਼ੀ ਦੀਆਂ ਸਿੱਖ ਧਰਮ ਬਾਰੇ ਖੋਜੀ ਪੁਸਤਕਾਂ ਲਿਖੀਆਂ। ਅਵਤਾਰ ਸਿੰਘ ਆਜ਼ਾਦ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਪ੍ਰਣਾਇਆ ਹੋਇਆ ਵਿਦਵਾਨ ਪੱਤਰਕਾਰ ਸੀ, ਜਿਹੜਾ 7 ਅਖ਼ਬਾਰਾਂ ਦਾ ਸੰਪਾਦਕ ਰਿਹਾ ਅਤੇ ਆਪਣੀਆਂ ਸੰਪਾਦਕੀਆਂ ਤੇ ਲੇਖਾਂ ਵਿੱਚ ਵਿੱਖ ਧਰਮ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਦਿੰਦਾ। ਉਸਨੂੰ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਵਿੱਚ ਜੇਲ੍ਹ ਵੀ ਜਾਣਾ ਪਿਆ। ਸੋਹਣ ਸਿੰਘ ਜੋਸ਼ ਅਕਾਲੀ ਲਹਿਰ ਦੀ ਪੈਦਾਇਸ਼ ਸੀ। ਅਕਾਲੀ ਲਹਿਰ ਸਮੇਂ ਗਰੂ ਕਾ ਬਾਗ ਦਾ ਮੋਰਚਾ, ਗੁਰਦੁਆਰਾ ਰਕਾਬ ਗੰਜ, ਚਾਬੀਆਂ ਦਾ ਮੋਰਚਾ ਅਤੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਰਗਰਮ ਰਿਹਾ। ਉਸਨੇ ਪਿੰਡਾਂ ਵਿੱਚ ਜਾ ਕੇ ਜੋਸ਼ੀਲੇ ਭਾਸ਼ਣ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ। ਇਨ੍ਹਾਂ ਮੋਰਚਿਆਂ ਵਿੱਚ ਉਸਨੂੰ14 ਸਾਲ ਦੀ ਜੇਲ੍ਹ ਵਿੱਚ ਗੁਜ਼ਾਰਨੇ ਪਏ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਅਕਾਲੀ ਦਲ, ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਵਿੱਚ ਸੀਨੀਅਰ ਅਹੁਦਿਆਂ ਤੇ ਕੰਮ ਕਰਦਾ ਰਿਹਾ। ਉਸਨੂੰ ਆਜ਼ਾਦੀ ਤੋਂ ਬਾਅਦ ਵੀ ਤਿੰਨ ਸਾਲ ਦੀ ਜੇਲ੍ਹ ਕੱਟਣੀ ਪਈ। ਉਹ 7 ਅਖ਼ਬਾਰਾਂ ਦਾ ਸੰਪਾਦਕ ਰਿਹਾ ਅਤੇ 6 ਪੁਸਤਕਾਂ ਵੀ ਲਿਖੀਆਂ। ਭਗਵਾਨ ਸਿੰਘ ਪ੍ਰੀਤਮ ਗ਼ਦਰ ਪਾਰਟੀ ਦੇ ਉਘੇ ਲੀਡਰ ਸਨ, ਉਹ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ 6 ਸਾਲ 1914 ਤੋਂ 1920 ਤੱਕ ਪ੍ਰਧਾਨ, ਸਿੱਖ ਧਰਮ ਦੇ ਪ੍ਰਚਾਰਕ ਅਤੇ ਕਈ ਗੁਰਦੁਆਰਿਆਂ ਦੇ ਗ੍ਰੰਥੀ ਵੀ ਰਹੇ। ਉਸਨੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀਆਂ ਸਰਗਰਮੀਆਂ, ਚੀਨ, ਹਾਂਗਕਾਂਗ, ਜਰਮਨ, ਜਾਪਾਨ, ਕੈਨੇਡਾ ਅਤੇ ਅਮਰੀਕਾ ਵਿੱਚ ਲਗਾਤਾਰ ਜ਼ਾਰੀ ਰੱਖੀਆਂ ਅਤੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਆਜ਼ਾਦੀ ਦੀ ਜਦੋਜਹਿਦ ਨੂੰ ਹੋਰ ਤੇਜ ਕੀਤਾ। ਉਸਨੇ ‘ਜੰਗ ਔਰ ਆਜ਼ਾਦੀ’ ਪੁਸਤਕ ਲਿਖੀ ਜਿਸ ਦੀਆਂ 2 ਲੱਖ ਕਾਪੀਆਂ ਪ੍ਰਕਾਸ਼ਤ ਹੋਈਆਂ ਸਨ। ਇਸ ਤੋਂ ਇਲਾਵਾ ਉਸਨੇ 12 ਪੁਸਤਕਾਂ ਅੰਗਰੇਜ਼ੀ ਵਿੱਚ ਲਿਖੀਆਂ ਸਨ। ਉਸ ਦੀਆਂ ਕਵਿਤਾਵਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੀਆਂ ਸਨ। 10 ਨਵੰਬਰ 1958 ਵਿੱਚ ਭਾਰਤ ਆਇਆ ਪ੍ਰੰਤੂ ਭਾਰਤ ਸਰਕਾਰ ਨੇ ਉਸਦਾ ਮੁੱਲ ਨਹੀਂ ਪਾਇਆ। ਉਹ 8 ਸਤੰਬਰ 1962 ਨੂੰ ਸਵਰਗ ਸਿਧਾਰ ਗਿਆ। ਮੁਨਸ਼ਾ ਸਿੰਘ ਦੁਖੀ ਉਚ ਕੋਟੀ ਦੇ ਕਵੀ ਤੇ ਵਿਦਵਾਨ ਸਨ। ਅਫਰੀਕਾ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿੱਚ ਗ਼ਦਰ ਪਾਰਟੀ ਦਾ ਪ੍ਰਚਾਰ ਕਵਿਤਾਵਾਂ ਅਤੇ ਲੇਖਾਂ ਨਾਲ ਕਰਦੇ ਰਹੇ, ਕੁਝ ਸਮਾਂ ਅਖ਼ਬਾਰਾਂ ਦੀ ਸੰਪਾਦਕੀ ਵੀ ਕੀਤੀ। ਅਫ਼ਰੀਕਾ ਵਿੱਚ ਗ੍ਰੰਥੀ ਵੀ ਰਹੇ। ਭਾਰਤ ਆ ਕੇ ਗ੍ਰਿਫ਼ਤਾਰ ਹੋਏ ਤੇ 5 ਸਾਲ 2 ਮਹੀਨੇ ਜੇਲ੍ਹ ਵਿੱਚ ਬੰਦ ਰਹੇ। 15 ਪੁਸਤਕਾਂ ਪੰਜਾਬੀ ਵਿੱਚ ਲਿਖੀਆਂ। 26 ਜਨਵਰੀ 1971 ਨੂੰ ਸਵਰਗਵਾਸ ਹੋ ਗਏ। ਸਰਦੂਲ ਸਿੰਘ ਕਵੀਸ਼ਰ ਸਿੱਖ ਵਿਦਵਾਨ, ਕਵੀਸ਼ਰ, ਲੇਖਕ, ਸਿਆਸਤਦਾਨ ਦੇਸ਼ ਭਗਤ ਸਨ, ਜਿਨ੍ਹਾਂ ਨੇ 1913 ਤੋਂ 1947 ਤੱਕ 34 ਸਾਲ ਅਕਾਲੀ ਦਲ ਦੇ ਸਾਰੇ ਮੋਰਚਿਆਂ ਅਤੇ ਆਜ਼ਾਦੀ ਦੀ ਜਦੋਜਹਿਦ ਦੇ ਪ੍ਰੋਗਰਾਮਾ ਵਿੱਚ ਹਿੱਸਾ ਲਿਆ। ਉਹ ਸ਼੍ਰੋਮਣੀ ਕਮੇਟੀ ਦੀ ਪਬਲਿਸਿਟੀ ਕਮੇਟੀ ਦੇ ਇਨਚਾਰਜ ਵੀ ਰਹੇ। ਉਨ੍ਹਾਂ ਨੇ 11 ਸਾਲ ਜੇਲ੍ਹ ਕੱਟੀ ਅਤੇ ਅੰਗਰੇਜ਼ੀ ਦੇ ਦੋ ਅਖ਼ਬਾਰ ਪ੍ਰਕਾਸ਼ਤ ਕਰਕੇ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਸ ਦੀਆਂ ਜੋਸ਼ੀਲੀਆਂ ਕਵੀਸ਼ਰੀਆਂ ਨੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਸਿੱਖੀ ਸੋਚ ਨਾਲ ਸੰਬੰਧਤ 15 ਪੁਸਤਕਾਂ ਅੰਗਰੇਜ਼ੀ ਵਿੱਚ ਲਿਖੀਆਂ। ਉਹ 26 ਮਾਰਚ 1963 ਨੂੰ ਸਵਰਗਵਾਸ ਹੋ ਗਏ। ਡਾ.ਦੀਵਾਨ ਸਿੰਘ ਕਾਲੇਪਾਣੀ ਸਚਾਈ ਦਾ ਪਹਿਰੇਦਾਰ ਕਵੀ ਸੀ। ਮੈਡੀਕਲ ਕਾਲਜ ਆਗਰਾ ਤੋਂ 1919 ਵਿੱਚ ਡਾਕਟਰੀ ਦਾ ਕੋਰਸ ਕਰਕੇ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਫ਼ੌਜ ਵਿੱਚ ਉਸਨੂੰ ਭਾਰਤੀ ਆਜ਼ਾਦੀ ਦੇ ਪ੍ਰਵਾਨਿਆਂ ਸਿਆਸਤਦਾਨਾ ਦੇ ਵਿਰੁੱਧ ਭਾਸ਼ਣ ਦੇਣ ਲਈ ਲਿਖ ਕੇ ਦਿੱਤਾ ਗਿਆ, ਉਸਨੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ। ਇਮਾਨਦਾਰੀ ਨਾਲ ਨੌਕਰੀ ਕਰਦੇ ਨੂੰ ਆਜ਼ਾਦੀ ਦਾ ਸਮਰਥੱਕ ਹੋਣ ਕਰਕੇ ਦੂਰ ਦੁਰਾਡੇ ਇਲਾਕਿਆਂ ਵਿੱਚ ਤਬਦੀਲ ਕੀਤਾ ਜਾਂਦਾ ਰਿਹਾ। ਅਖ਼ੀਰ ਬਗ਼ਾਬਤ ਦਾ ਇਲਜ਼ਾਮ ਲਗਾਕੇ ਕਾਲੇ ਪਾਣੀ ਦੀ ਜੇਲ੍ਹ ਵਿੱਚ ਤਸੀਹੇ ਦੇ ਸ਼ਹੀਦ ਕਰ ਦਿੱਤਾ ਗਿਆ। ਨਾਨਕ ਸਿੰਘ ਆਧੁਨਿਕ ਨਾਵਲ ਦਾ ਪਿਤਾਮਾ ਸੀ। ਕੀਰਤਨ ਕਰਨ ਜਾਣਦਾ, ਕਵੀ ਦਰਬਾਰਾਂ ਵਿੱਚ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹਦਾ ਸੀ। ਗੁਰਦੁਆਰਾ ਸੁਧਾਰ ਮੋਰਚਿਆਂ ਵਿੱਚ ਹਿੱਸਾ ਲੈਣ ਕਰਕੇ ਜੇਲ੍ਹ ਯਾਤਰਾ ਵੀ ਕਰਨੀ ਪਈ। ਉਸਨੇ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ 43 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ 27 ਨਾਵਲ, 9 ਕਾਵਿ ਸੰਗ੍ਰਹਿ, 6 ਕਹਾਣੀ ਸੰਗ੍ਰਹਿ, ਇੱਕ ਨਾਟਕ ਸੰਗ੍ਰਹਿ ਸ਼ਾਮਲ ਹਨ। ਪ੍ਰੋ.ਸਾਹਿਬ ਸਿੰਘ ਗੁਰਮਤਿ-ਗੁਰਬਾਣੀ ਵਿਆਕਰਣ ਦੇ ਉਚ ਕੋਟੀ ਦੇ ਵਿਦਵਾਨ, ਵਿਆਖਿਆਕਾਰ, ਲੇਖਕ ਤੇ ਸਿੱਖ ਧਰਮ ਦੇ ਚਿੰਤਕ ਸਨ। ਉਨ੍ਹਾਂ ਨੇ ਗੁਰਬਾਣੀ ਦੇ ਵਿਆਕਰਣ ਦੀ ਰਚਨਾ ਕੀਤੀ। ਉਨ੍ਹਾਂ ਆਪਣਾ ਸਾਰਾ ਜੀਵਨ ਗੁਰਬਾਣੀ ਦੀ ਖੋਜ ਤੇ ਟੀਕਾਕਰਣ ਤੇ ਲਗਾ ਦਿੱਤੀ। ਉਹ ਪੰਜਾਬੀ, ਸੰਸਕ੍ਰਿਤ, ਉਰਦੂ, ਫਾਰਸੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਪ੍ਰਮੁੱਖ ਵਿਦਵਾਨ ਅਤੇ ਸਿੱਖ ਧਰਮ ਇਤਿਹਾਸ, ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਅਧਿਆਪਕ ਸਨ। ਉਹ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ। ਗੁਰਦੁਆਰਾ ਸੁਧਾਰ ਲਹਿਰ ਵਿੱਚ ਜੇਲ੍ਹ ਦੀ ਯਾਤਰਾ ਵੀ ਕੀਤੀ। ਪੜ੍ਹਾਈ ਵਿੱਚ ਹਮੇਸ਼ਾ ਫਸਟ ਆਉਂਦੇ ਅਤੇ ਵਜ਼ੀਫਾ ਪ੍ਰਾਪਤ ਕਰਦੇ ਰਹੇ। ਗੁਰਬਾਣੀ-ਵਿਆਕਰਣ ਆਧਾਰ ‘ਤੇ ਉਨ੍ਹਾਂ 15 ਟੀਕੇ ਲਿਖਕੇ ਪ੍ਰਕਾਸ਼ਤ ਕਰਵਾਏ। ਭਾਈ ਰਣਧੀਰ ਸਿੰਘ ਗੁਰਬਾਣੀ ਦੇ ਵਿਦਵਾਨ, ਵਿਆਖਿਆਕਾਰ, ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਨਿਵੇਕਲੇ ਲੇਖਕ ਸਨ। 1905 ਵਿੱਚ ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ। ਕਾਮਾਗਾਟਾ ਮਾਰੂ ਜ਼ਹਾਜ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਅੰਗਰੇਜ਼ ਸਰਕਾਰ ਵਿਰੁੱਧ ਯੋਜਨਾਬੱਧ ਢੰਗ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੀਰੋਜ਼ਪੁਰ ਛਾਉਣੀ ਵਿੱਚ ਬਗ਼ਾਬਤ ਕਰਵਾਉਣ ਲਈ ਆਪਣੇ ਜੱਥੇ ਨਾਲ ਕੀਰਤਨ ਕਰਦੇ ਗਏ ਪ੍ਰੰਤੂ ਗਦਾਰਾਂ ਕਰਕੇ ਉਹ ਪ੍ਰੋਗਰਾਮ ਸਫਲ ਨਹੀਂ ਹੋਇਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਮਰ ਕੈਦ ਦੀ ਸਜਾ ਦੂਜੇ ਲਾਹੌਰ ਸ਼ਾਜ਼ਸ਼ ਕੇਸ ਵਿੱਚ ਦਿੱਤੀ ਗਈ ਅਤੇ ਜਾਇਦਾਦ ਜ਼ਬਤ ਕਰ ਲਈ। ਜੇਲ੍ਹ ਵਿੱਚ ਵੀ ਗੁਰਮਤਿ ਸਿਧਾਂਤਾਂ ਅਨੁਸਾਰ ਜੇਲ੍ਹ ਮੈਨੂਅਲ ਬਦਲਵਾਏ। ਜੇਲ੍ਹ ਪੂਰੀ ਕਰਨ ਤੋਂ ਬਾਅਦ ਉੁਹ 30 ਸਾਲ ਗੁਰਬਾਣੀ, ਗੁਰਮਤਿ ਦਾ ਪ੍ਰਚਾਰ ਕੀਰਤਨ ਸਮਾਗਮ ਤੇ ਅੰਮ੍ਰਿਤ ਸੰਚਾਰ ਰਾਹੀਂ ਸਿੱਖਾਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਬਣਾਇਆ।
209 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਕੇ.ਜੇ.ਐਸ.ਪਬਲੀਕੇਸ਼ਨਜ਼ ਪਟਿਆਲਾ ਨੇ ਆਜ਼ਾਦੀ ਸੰਗਰਾਮੀਏ ਫ਼ਾਊਂਡੇਸ਼ਨ ਇੰਡੀਆ ਵੱਲੋਂ ਪ੍ਰਕਾਸ਼ਤ ਕੀਤੀ ਹੈ।
ਸੰਪਰਕ:ਕੇ.ਜੇ.ਐਸ.ਪਬਲੀਕੇਸ਼ਨ:9888441617
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਦਲੀਪ ਸਿੰਘ ਉਪਲ ਦੀ ‘ਸੰਵੇਦਨਾ ਦੇ ਰੰਗ’ ਪਾਠਕ ਨੂੰ ਕਰਦੇ ਨੇ ਦੰਗ - ਉਜਾਗਰ ਸਿੰਘ
ਦਲੀਪ ਸਿੰਘ ਉਪਲ ਵਿਲੱਖਣ ਬਿਰਤੀ ਵਾਲਾ ਬਹੁ-ਰੰਗੀ ਤੇ ਬਹੁ-ਮੰਤਵੀ ਵਿਦਵਾਨ ਹੈ। ਉਸਦੀ ਜ਼ਿੰਦਗੀ ਤੇ ਬਿਰਤੀ ਦੇ ਰੰਗਾਂ ਦੀਆਂ ਪਰਤਾਂ ਦੀ ਜਾਣਕਾਰੀ ਲੈਣ ਲਈ, ਉਸਦੀਆਂ ਮੌਲਿਕ ਅਤੇ ਅਨੁਵਾਦਿਤ ਪੁਸਤਕਾਂ ਪੜ੍ਹਨੀਆਂ ਪੈਣਗੀਆਂ। ਉਨ੍ਹਾਂ ਪੁਸਤਕਾਂ ਵਿੱਚੋਂ ਦਲੀਪ ਸਿੰਘ ਉਪਲ ਦਾ ਵਿਅਕਤਿਤਵ ਨਿਖਰਕੇ ਸਾਹਮਣੇ ਆਉਂਦਾ ਹੈ। ‘ਸੰਵੇਦਨਾ ਦੇ ਰੰਗ’ ਪੁਸਤਕ ਪੜ੍ਹਨ ਤੋਂ ਬਾਅਦ ਉਸਦੀ ਬਿਰਤੀ ਦੇ ਕਈ ਪੱਖਾਂ ਦਾ ਖੁਲਾਸਾ ਹੁੰਦਾ ਹੈ। ਉਹ ਟਾਈਪਿਸਟ, ਸਟੈਨੋਗ੍ਰਾਫ਼ਰ, ਨਿੱਜੀ ਸਹਾਇਕ, ਡਿਪਟੀ ਰਜਿਸਟਰਾਰ ਪ੍ਰਬੰਧਕ ਅਤੇ ਵਿਤ ਅਧਿਕਾਰੀ ਰਿਹਾ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਉਹ ਪੰਜਾਬੀ ਦਾ ਵਿਦਵਾਨ ਹੈ, ਪੰਜਾਬੀ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕਰਵਾ ਚੁੱਕਿਆ ਹੈ, ਰਾਜਨੀਤੀ ਵਿਗਿਆਨ ਦਾ ਗਿਆਤਾ, ਕਾਨੂੰਨੀ ਦਾਅ ਪੇਚਾਂ ਦਾ ਮਾਹਿਰ ਅਤੇ ਵਿਤ ਅਧਿਕਾਰੀ। ‘ਸੰਵੇਦਨਾ ਦੇ ਰੰਗ’ ਪੁਸਤਕ ਪੰਜ ਭਾਗਾਂ ਵਿੱਚ ਵੰਡੀ ਹੋਈ ਹੈ। ਪਹਿਲੇ ਭਾਗ ਵਿੱਚ ਮੁਲਾਕਾਤਾਂ, ਦੂਜਾ ਸਮਕਾਲੀ ਸਰੋਕਾਰ ਚਿੰਤਨ ਅਤੇ ਚੁਣੌਤੀਆਂ, ਤੀਜਾ ਭਾਗ ਹਿੰਮਤ ਦੇ ਹਾਸਲ ਬਾਰੇ ਰਾਵਾਂ ਤੇ ਲੇਖ, ਚੌਥਾ ਭਾਗ ਮੋਹ ਦਾ ਇਜ਼ਹਾਰ ਚਿੱਠੀਆਂ ਅਤੇ ਪੰਜਵੇਂ ਵਿੱਚ ਤਿੰਨ ਅੰਤਿਕਾ ਹਨ। ਚਰਚਾ ਅਧੀਨ ਪੁਸਤਕ ਵਿੱਚ ਪੜ੍ਹਦਿਆਂ ਇਹ ਵੀ ਪਤਾ ਲੱਗਾ ਕਿ ਪਹਿਲੇ ਭਾਗ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਜਿਨ੍ਹਾਂ ਵਿੱਚ ਚਾਰ ਧੁਰੰਦਰ ਵਿਦਵਾਨਾਂ ਡਾ.ਮਲਕੀਅਤ ਸਿੰਘ, ਡਾ.ਦਲੀਪ ਕੌਰ ਟਿਵਾਣਾ, ਬੀਬੀ ਉਰਮਿਲਾ ਕੁਮਾਰੀ ਅਤੇ ਪ੍ਰਗਟ ਸਿੰਘ ਸਤੌਜ ਦੀਆਂ ਮੁਲਕਾਤਾਂ ਸ਼ਾਮਲ ਹਨ। ਚਾਰੇ ਮੁਲਾਕਾਤਾਂ ਵੱਖਰੇ-ਵੱਖਰੇ ਵਿਸ਼ਿਆਂ/ਖੇਤਰਾਂ ਦੇ ਮਾਹਿਰਾਂ ਨਾਲ ਕੀਤੀਆਂ ਹਨ। ਮੁਲਕਾਤਾਂ ਕਰਨ ਵਾਲੇ ਵਿਅਕਤੀ ਨੂੰ ਉਸ ਖੇਤਰ ਦੀ ਜਾਣਕਾਰੀ ਜ਼ਰੂਰੀ ਹੁੰਦੀ ਹੈ। ਦਲੀਪ ਸਿੰਘ ਉਪਲ ਦੀ ਕਮਾਲ ਹੈ ਕਿ ਉਸਨੂੰ ਜੀਵ ਵਿਗਿਆਨ, ਸਮਾਜ ਸੇਵਾ ਅਤੇ ਸਾਹਿਤ ਬਾਰੇ ਬਾਖ਼ੂਬੀ ਜਾਣਕਾਰੀ ਹੈ ਕਿਉਂਕਿ ਜਦੋਂ ਤੁਸੀਂ ਉਸ ਖੇਤਰ ਦੇ ਵਿਦਵਾਨ ਨੂੰ ਸਵਾਲ ਕਰਦੇ ਹੋ ਤਾਂ ਤੁਹਾਨੂੰ ਉਸ ਵਿਸ਼ੇ ਦੀ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ। ਦਲੀਪ ਸਿੰਘ ਉਪਲ ਨੇ ਬਹੁਤ ਵਧੀਆ ਢੰਗ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਲਿਖਦਿਆਂ ਦਿਲਚਸਪ ਬਣਾਈ ਰੱਖਿਆ ਹੈ ਤਾਂ ਜੋ ਪਾਠਕ ਪੜ੍ਹਦਿਆਂ ਅਕੇਵਾਂ ਮਹਿਸੂਸ ਨਾ ਕਰੇ, ਸਗੋਂ ਅੱਗੇ ਪੜ੍ਹਨ ਦੀ ਉਤਸੁਕਤਾ ਪੈਦਾ ਹੁੰਦੀ ਰਹੇ। ਮੈਂ ਚਾਰੇ ਮੁਲਾਕਾਤਾਂ ਇੱਕੋ ਬੈਠਕ ਵਿੱਚ ਪੜ੍ਹ ਲਈਆਂ। ਇਨ੍ਹਾਂ ਮੁਲਾਕਾਤਾਂ ਵਿੱਚੋਂ ਵਿਦਵਾਨਾ ਦੀ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ ਵੇਖਣ ਨੂੰ ਮਿਲੇ, ਜਿਨ੍ਹਾਂ ਨੂੰ ਪੜ੍ਹਕੇ ਪਾਠਕਾਂ ਦੀ ਇਨ੍ਹਾਂ ਖੇਤਰਾਂ/ਵਿਸ਼ਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਨੌਜਵਾਨ ਵਿਦਿਆਰਥੀਆਂ ਲਈ ਇਹ ਮੁਲਾਕਾਤਾਂ ਪ੍ਰੇਰਨਾ ਸਰੋਤ ਹੋਣਗੀਆਂ ਕਿੳਂੁਕ ਇਨ੍ਹਾਂ ਵਿਦਵਾਨਾ ਨੂੰ ਉਚੇਰਾ ਮੁਕਾਮ ਹਾਸਲ ਕਰਨ ਲਈ ਬੜੀ ਜਦੋਜਹਿਦ ਅਤੇ ਮਿਹਨਤ ਕਰਨੀ ਪਈ ਸੀ। ਡਾ.ਮਲਕੀਅਤ ਸਿੰਘ, ਡਾ.ਦਲੀਪ ਕੌਰ ਟਿਵਾਣਾ ਅਤੇ ਪ੍ਰਗਟ ਸਿੰਘ ਸਤੌਜ ਦੀਆਂ ਮੁਲਾਕਾਤਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਵਿਦਿਅਕ ਪ੍ਰਣਾਲੀ ਵਿੱਚ ਕਈ ਤਰ੍ਹਾਂ ਦੀਆਂ ਤਰੁਟੀਆਂ ਹਨ। ਅੱਖਰੀ ਪੜ੍ਹਾਈ ਜੀਵਨ ਵਿੱਚ ਵਿਚਰਣ ਲਈ ਲਾਭਦਾਇਕ ਨਹੀਂ ਹੁੰਦੀ, ਨਾ ਗਿਆਨ ਅਤੇ ਨਾ ਸਿਆਣਪ ਦਿੰਦੀ ਹੈ। ਵਿਦਿਆਰਥੀਆਂ ਵਿੱਚ ਖੋਜ ਦੀ ਰੁਚੀ ਨਹੀਂ ਰਹੀ। ਇਸ ਵਿੱਚ ਅਧਿਆਪਕਾਂ ਦੀ ਵੀ ਅਣਗਹਿਲੀ ਮੰਨੀ ਗਈ ਹੈ। ਅੰਦਰੂਨੀ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਲਈ ਲਾਹੇਬੰਦ ਨਹੀਂ। ਵਿਗਿਆਨ ਪੰਜਾਬੀ ਵਿੱਚ ਵੀ ਪੜ੍ਹਾਇਆ ਜਾ ਸਕਦਾ ਹੈ, ਬਸ਼ਰਤੇ ਅਧਿਆਪਕ ਦਾ ਮਨ ਸਾਫ਼ ਹੋਵੇ। ਪ੍ਰਾਈਵੇਟ ਯੂਨੀਵਰਸਿਟੀਆਂ ਮਹਿੰਗੀਆਂ ਦੁਕਾਨਾ ਬਣ ਗਈਆਂ। ਯੂਨੀਵਰਸਿਟੀਆਂ ਰਾਜਨੀਤੀ ਦੇ ਅਖਾੜੇ ਬਣ ਗਏ। ਵਿਦਿਆਰਥੀਆਂ ਨੂੰ ਇੱਕ ਵਿਸ਼ੇ ਤੇ ਹੀ ਕੰਮ ਕਰਨਾ ਚਾਹੀਦਾ। ਉਰਮਿਲ ਕੁਮਾਰੀ ਦੀ ਮੁਲਾਕਾਤ ਤੋਂ ਸਾਫ਼ ਹੋ ਗਿਆ ਕਿ ਸਾਡਾ ਆਧੁਨਿਕ ਸਮਾਜ ਬਜ਼ੁਰਗਾਂ ਨੂੰ ਅਣਡਿਠ ਕਰ ਰਿਹਾ ਹੈ, ਜਿਸ ਕਰਕੇ ਬਿਰਧ ਆਸ਼ਰਮਾ ਦੀ ਲੋੜ ਪੈਂਦੀ ਹੈ। ਪ੍ਰਗਟ ਸਿੰਘ ਸਤੌਜ ਦੇ ਲੇਖ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਹਾਲਾਤ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਪ੍ਰੰਤੂ ਸਾਰਾ ਕੁਝ ਵਿਅਕਤੀ ਦੀ ਭਾਵਨਾ ਤੇ ਨਿਰਭਰ ਕਰਦਾ ਹੁੰਦਾ ਹੈ।
ਦੂਜੇ ਭਾਵ ‘ਸਮਕਾਲੀ ਸਰੋਕਾਰ ਚਿੰਤਨ ਤੇ ਚੁਣੌਤੀਆਂ’ ਵਿੱਚ ਦਸ ਲੇਖ ਹਨ। ਇਨ੍ਹਾਂ ਸਾਰੇ ਲੇਖਾਂ ਦੇ ਵਿਸ਼ੇ ਬਹੁਤ ਹੀ ਮਹੱਤਵਪੂਰਨ ਹਨ। ਇਨ੍ਹਾਂ ਸਾਰੇ ਲੇਖਾਂ ਵਿੱਚ ਤੱਥਾਂ ਤੇ ਉਦਾਹਰਨਾ ਦੇ ਕੇ ਸਮਝਾਇਆ ਗਿਆ ਹੈ। ਇਨ੍ਹਾਂ ਲੇਖਾਂ ਤੋਂ ਨੌਜਵਾਨੀ ਨੂੰ ਪ੍ਰੇਰਨਾ ਮਿਲੇਗੀ ਕਿਉਂਕਿ ਇਨ੍ਹਾਂ ਵਿੱਚ ਦਰਸ਼ਨ ਸਿੰਘ ਫੇਰੂਮਾਨ ਬਾਰੇ ਲੇਖ ਬਹੁਤ ਹੀ ਪ੍ਰੇਰਨਾ ਦੇਣ ਵਾਲਾ ਹੈ, ਕਿਸ ਪ੍ਰਕਾਰ ਸਾਡੇ ਧਾਰਮਿਕ ਆਗੂਆਂ ਦੀ ਆਪਣੀ ਬਦਨੀਤੀ ਵਾਲੀ ਧਾਰਮਿਕ ਸੋਚ ਕਰਕੇ ਲੋਕਾਂ ਦਾ ਉਨ੍ਹਾਂ ਵਿੱਚੋਂ ਵਿਸ਼ਵਾਸ਼ ਉਠ ਗਿਆ ਸੀ, ਜਿਸਨੂੰ ਦਰਸ਼ਨ ਸਿੰਘ ਫੇਰੂਮਾਨ ਨੇ ਸਿੱਖ ਧਰਮ ਅਤੇ ਸਮਾਜਿਕ ਜ਼ਿੰਮੇਵਾਰੀ ਸੰਬੰਧੀ ਆਪਣੀ ਕੁਰਬਾਨੀ ਦੇ ਕੇ ਮੁੜ ਸਥਾਪਤ ਕੀਤਾ। ਰਾਜਨੀਤੀ ਸ਼ਾਸਤਰ ਦੇ ਮਹੱਤਵਪੂਰਨ ਤੱਤਾਂ ਬਾਰੇ ਵਿਆਖਿਆ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਜਨੀਤੀਵਾਨਾ ਅਤੇ ਸਰਕਾਰਾਂ ਦੀ ਅਣਗਹਿਲੀ ਕਰਕੇ ਰਾਜ ਅਤੇ ਕੇਂਦਰੀ ਸਰਕਾਰ ਦੇ ਕੰਮ ਕਾਰ ਵਿੱਚ ਵਿਘਨ ਪੈ ਰਿਹਾ ਹੈ। ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ ਤਾਂ ਵਿਕਾਸ ਸੁਚੱਜੇ ਢੰਗ ਨਾਲ ਹੋ ਸਕਦਾ ਹੈ। ਸਭ ਤੋਂ ਮਹੱਤਵਪੂਰਨ ਲੇਖ ਬਜ਼ੁਰਗਾਂ ਨੂੰ ਕਿਸ ਪ੍ਰਕਾਰ ਆਪਣਾ ਬੁਢਾਪਾ ਗੁਜ਼ਾਰਨਾ ਅਤੇ ਅਡਜਸਟਮੈਂਟ ਕਰਨੀ ਚਾਹੀਦੀ ਹੈ, ਉਸ ਸੰਬੰਧੀ ਨੁਕਤੇ ਦੱਸੇ ਗਏ ਹਨ। ਵਰਤਮਾਨ ਸਮਾਜ ਵਿੱਚ ਨੌਜਵਾਨ ਆਪਣੇ ਮਾਪਿਆਂ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਹੋ ਰਹੇ ਹਨ। ਅਜਿਹੇ ਮੌਕੇ ‘ਤੇ ਬਜ਼ੁਰਗ ਉਨ੍ਹਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਕੇ ਆਪਣਾ ਜੀਵਨ ਸੁਖਾਲਾ ਬਣਾਉਣ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ‘ਜਰਾ ਵਿਗਿਆਨ ਕੀ ਹੈ?’ ਲੇਖ ਵੀ ਬਾਕਮਾਲ ਹੈ, ਆਮ ਲੋਕਾਂ ਨੂੰ ਜਰਾ ਵਿਗਿਆਨ ਦੀ ਜਾਣਕਾਰੀ ਹੀ ਨਹੀਂ ਹੈ। ਡਾ.ਦਲੀਪ ਸਿੰਘ ਉਪਲ ਨੇ ਇਸ ਪੱਖ ਦੀ ਵਿਲੱਖਣ ਜਾਣਕਾਰੀ ਦਿੱਤੀ ਹੈ। ਗੁਰਬਾਣੀ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ‘ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥’ ਰਾਹੀ ਦੱਸਿਆ ਕਿ ਜੀਵਨ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ, ਇਨ੍ਹਾਂ ਨੂੰ ਕਿਵੇਂ ਜੀਵਿਆ ਜਾ ਸਕਦਾ ਹੈ। ਜਰਾ ਵਿਗਿਆਨ ਦੇ ਵਿਸ਼ੇ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ‘ਜਰਾ ਸਵਾਸਥ ਵਿਗਿਆਨ’ ਜਿਸ ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਬਜ਼ੁਰਗਾਂ ਦੀਆਂ ਬਿਮਾਰੀਆਂ ਦੇ ਇਲਾਜ਼ ਲਈ ਵੱਖਰਾ ਵਿਭਾਗ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ‘ਜਰਾ ਅਰਥ ਵਿਗਿਆਨ’ ਵਿੱਚ ਦੱਸਿਆ ਗਿਆ ਹੈ ਕਿ ਸਮਾਜ ਵਿੱਚ ਚਾਰ ਪ੍ਰਕਾਰ ਦੇ ਲੋਕ ਅਮੀਰ : ਲੋੜ ਤੋਂ ਵੱਧ ਧਨ, ਸਾਧਾਰਨ : ਲੋੜਾਂ ਸੌਖੀਆਂ ਹੀ ਪੂਰੀਆਂ ਕਰਨਯੋਗ, ਨਿਮਨ : ਲੋੜਾਂ ਔਖਿਆਈ ਨਾਲ ਪੂਰੀਆਂ ਕਰਨਯੋਗ ਅਤੇ ਗ਼ਰੀਬ : ਲੋੜਾਂ ਪੂਰੀਆਂ ਕਰਨ ਤੋਂ ਅਸਮਰਥ। ਇਸ ਲਈ ਇਨ੍ਹਾਂ ਚਾਰੇ ਵਰਗਾਂ ਦੇ ਬਜ਼ੁਰਗਾਂ ਦੇ ਰਹਿਣ ਸਹਿਣ ਅਤੇ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ‘ਜਰਾ ਮਨੋਵਿਗਿਆਨ’ ਵਿੱਚ ਦੱਸਿਆ ਹੈ ਕਿ ਬਜ਼ੁਰਗਾਂ ਦੇ ਸੁਭਾਅ ਬੱਚਿਆਂ ਵਰਗੇ ਹੋ ਜਾਂਦੇ ਹਨ, ਉਨ੍ਹਾਂ ਲਈ ਅਧਿਆਤਮਿਕ ਅਤੇ ਭੌਤਿਕ ਉਪਾਅ ਜ਼ਰੂਰੀ ਹੈ ਹਨ। ਭੌਤਿਕ ਤਤਕਾਲੀ ਪ੍ਰੰਤੂ ਅਧਿਆਤਮਿਕ ਸਥਾਈ ਹੁੰਦੇ ਹਨ। ਸਮਾਜ ਸੇਵਾ ਦੇ ਕਾਰਜ ਕਰਕੇ ਸਮਾਂ ਬਿਤਾਇਆ ਜਾ ਸਕਦਾ ਹੈ। ‘ਜਰਾ ਸਮਾਜ ਵਿਗਿਆਨ’ ਦੇ ਦੋ ਅੰਗ ਹਨ। ਬਿਰਧਾਂ ਦਾ ਸਮਾਜ ਅਤੇ ਬਿਰਧਾਂ ਦੀ ਸਮਾਜ ਵਿੱਚ ਥਾਂ। ਸੀਨੀਅਰ ਸ਼ਹਿਰੀਆਂ ਦੀਆਂ ਸੰਸਥਾਵਾਂ ਬਿਰਧ ਸਮਾਜ ਨੂੰ ਸੰਗਠਤ ਕਰਨ ਦਾ ਯਤਨ ਹੈ। ਆਸ਼ਰਮ ਧਾਰਮਿਕ ਸੰਸਥਾ, ਪਰ ਬਿਰਧ ਘਰ ਧਰਮ ਨਿਰਪੇਖ ਸੰਸਥਾ। ‘ਸਮਾਜਵਾਦ ਆਖ਼ਰ ਕੀ ਹੈ’ ਸੰਬੰਧਂੀ ਦੱਸਿਆ ਗਿਆ ਹੈ, ਇਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰ ਅਤੇ ਹੱਕ ਬਰਾਬਰ ਹੁੰਦੇ ਹਨ। ਸਾਰੇ ਲੋਕ ਬਰਾਬਰ ਗਿਣੇ ਜਾਂਦੇ ਹਨ। ਗੁਰਪ੍ਰੀਤ ਸਿੰਘ ਤੂਰ ਦੀਆਂ ਦੋ ਪੁਸਤਕਾਂ ਸੰਭਲੋ ਪੰਜਾਬ ਅਤੇ ਜੀਵੇ ਜਵਾਨਂੀ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਤੂਰ ਨੇ ਕਿਤਨੀ ਸੰਜੀਦਗੀ ਨਾਲ ਪੁਰਾਣੇ ਪੰਜਾਬ ਜਿਸ ਵਿੱਚ ਖ਼ੁਸ਼ਹਾਲੀ ਤੇ ਹੁਣ ਦੇ ਪੰਜਾਬ ਵਿੱਚ ਨਸ਼ੇ, ਪ੍ਰਦੂਸ਼ਣ, ਬੇਰੋਜ਼ਗਾਰੀ, ਭਰਿਸ਼ਟਾਚਾਰ ਕਰਕੇ ਨੌਜਵਾਨੀ ਦੀ ਹਾਲਤ ਬਾਰੇ ਬਾਖ਼ੂਬੀ ਚਾਨਣਾ ਪਾਇਆ ਹੈ। ‘ਜੀਵੇ ਜਵਾਨੀ’ ਪੁਸਤਕ ਵਿੱਚ ਨੌਜਵਾਨਾਂ ਨੂੰ ਜਿਲਤ ਵਿੱਚੋਂ ਕੱਢਣ ਲਈ ਪੰਜ ਨੁਕਤੇ : ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗ੍ਰਤ ਕਰਨਾ, ਅਪਰਾਧਕ ਬਿਰਤੀਆਂ ਬਾਰੇ ਸੁਚੇਤ ਕਰਨਾ, ਜਵਾਨੀ ਨੂੰ ਖੇਡਾਂ ਅਤੇ ਕਿਤਾਬਾਂ ਨਾਲ ਜੋੜਨਾ, ਸੱਚੀ ਸੁੱਚੀ ਕਿਰਤ ਦੀ ਚੇਤਨਾ ਪੈਦਾ ਕਰਨਾ ਅਤੇ ਸੁਚੱਜੀ ਜੀਵਨ ਜਾਚ ਦੇ ਪੂਰਨੇ ਪਾਉਣੇ ਬਾਰੇ ਸਹੀ ਢੰਗ ਨਾਲ ਪ੍ਰੇਰਿਤ ਕੀਤਾ ਜਾਵੇ। ਪੁਲਿਸ ਅਧਿਕਾਰੀ ਹੋਣ ਕਰਕੇ ਗੁਰਪ੍ਰੀਤ ਸਿੰਘ ਤੂਰ ਨੇ ਜ਼ਮੀਨੀ ਪੱਧਰ ਤੇ ਖੋਜ ਕਰਕੇ ਸੁਝਾਅ ਦਿੱਤੇ ਹਨ। ਇਸ ਤੋਂ ਇਲਾਵਾ ਵਿਸ਼ਵੀਕਰਨ ਤੇ ਉਦਾਰੀ ਕਰਨ ਦੇ ਲਾਭ ਹਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੀਜੇ ਭਾਗ ਵਿੱਚ ਦਲੀਪ ਸਿੰਘ ਉਪਲ ਦੀਆਂ ਪੁਸਤਕਾਂ ਦੀ 9 ਵਿਦਵਾਨਾ ਵੱਲੋਂ ਕੀਤੀ ਗਈ ਪੜਚੋਲ ਪ੍ਰਕਾਸ਼ਤ ਕੀਤੀ ਗਈ ਹੈ। ਚੌਥੇ ਭਾਗ ਵਿੱਚ ਵੀ ਉਪਲ ਸਾਹਿਬ ਨੂੰ 8 ਵੱਖ-ਵੱਖ ਉਚ ਕੋਟੀ ਦੇ ਵਿਦਿਆ ਸਾਸਤਰੀਆਂ ਅਤੇ ਸਾਹਿਤਕਾਰਾਂ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਵਿੱਚ ਲਿਖੀਆਂ ਗਈਆਂ ਚਿੱਠੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਦਲੀਪ ਸਿੰਘ ਉਪਲ ਨੇ ਇਸ ਪੁਸਤਕ ਵਿੱਚ ਸਮਾਜ ਦੇ ਅਤੇ ਖਾਸ ਤੌਰ ‘ਤੇ ਨੌਜਵਾਨੀ ਦੇ ਪੜ੍ਹਨ ਲਈ ਇਹ ਇੱਕ ਬਿਹਤਰੀਨ ਪੁਸਤਕ ਦਿੱਤੀ ਹੈ, ਜਿਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਸ਼ਾਲਾ ਪਰਮਾਤਮਾ ਉਪਲ ਸਾਹਿਬ ਨੂੰ ਲੰਬੀ ਤੇ ਤੰਦਰੁਸਤ ਜ਼ਿੰਦਗੀ ਬਖ਼ਸੇ ਤਾਂ ਜੋ ਸਮਾਜ ਦੀ ਹੋਰ ਸੇਵਾ ਕਰ ਸਕਣ।
192 ਪੰਨਿਆਂ, 295 ਰੁਪਏ ਕੀਮਤ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੇਘਾ ਸਿੰਘ (ਡਾ.)ਦੀ ਸੰਪਾਦਿਤ 'ਵਿਦਰੋਹੀ ਬੋਲ' ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ - ਉਜਾਗਰ ਸਿੰਘ
ਮੇਘਾ ਸਿੰਘ (ਡਾ.) ਦੀ ਸੰਪਾਦਿਤ 'ਵਿਦਰੋਹੀ ਬੋਲ' (ਨਕਸਲਬਾੜੀ ਲਹਿਰ ਦੇ ਦੌਰ ਦੀ ਚੋਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ) ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ ਹੈ। ਸਮਾਜ ਵਿੱਚ ਵੱਖ-ਵੱਖ ਸਮੇਂ ਲਹਿਰਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਲਗਪਗ ਸਾਰੀਆਂ ਹੀ ਲਹਿਰਾਂ ਸਮਾਜਕ ਢਾਂਚੇ ਵਿੱਚ ਸੁਧਾਰ ਲਿਆਕੇ ਤਬਦੀਲੀ ਲਿਆਉਣ ਲਈ ਸ਼ੁਰੂ ਕੀਤੀਆਂ ਜਾਂਦੀਆਂ ਹਨ। ਇਹ ਲਹਿਰਾਂ ਮੁੱਖ ਤੌਰ 'ਤੇ ਲੋਕਾਈ ਵਿੱਚ ਜੋਸ਼ ਪੈਦਾ ਕਰਕੇ ਸਮਾਜਿਕ ਤਾਣੇ-ਬਾਣੇ ਨੂੰ ਸੰਗਠਿਤ ਕਰਨ ਵਿੱਚ ਕਾਰਗਰ ਸਾਬਤ ਹੁੰਦੀਆਂ ਹਨ। ਦੇਸ਼ ਖਾਸ ਤੌਰ 'ਤੇ ਪੰਜਾਬ ਵਿੱਚ ਭਗਤੀ ਲਹਿਰ, ਗੁਰਮਤਿ ਲਹਿਰ, ਗ਼ਦਰ ਲਹਿਰ, ਨਾਮਧਾਰੀ ਲਹਿਰ, ਇਨਕਲਾਬੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ, ਖਾਲਿਸਤਾਨੀ ਲਹਿਰ ਅਤੇ ਨਕਸਲਵਾੜੀ ਲਹਿਰ ਵਰਣਨਯੋਗ ਹਨ। ਇਨ੍ਹਾਂ ਲਹਿਰਾਂ ਦੌਰਾਨ ਬਹੁਤ ਸਾਰਾ ਸਾਹਿਤ ਰਚਿਆ ਗਿਆ, ਜਿਹੜਾ ਸਾਹਿਤਕ ਖੇਤਰ ਵਿੱਚ ਮੀਲ-ਪੱਥਰ ਸਾਬਤ ਹੋਇਆ ਹੈ। ਇਸ਼ਕ-ਮੁਸ਼ਕ ਦਾ ਸਾਹਿਤ ਆਮ ਤੌਰ 'ਤੇ ਕਾਲਪਨਿਕ ਹੁੰਦਾ ਹੈ ਪ੍ਰੰਤੂ ਲਹਿਰਾਂ ਦਾ ਸਾਹਿਤ ਸਮਾਜਿਕ ਸਰੋਕਾਰਾਂ ਵਾਲਾ ਇਨਕਲਾਬੀ, ਪਦਾਰਥਵਾਦੀ ਤੇ ਯੁਗਪਲਟਾਊ ਹੁੰਦਾ ਹੈ। ਨਕਸਲਵਾੜੀ ਲਹਿਰ ਭਾਵੇਂ ਦੇਸ਼ ਦੇ ਹੋਰ ਹਿੱਸਿਆਂ ਤੋਂ ਸ਼ੁਰੂ ਹੋਈ ਪ੍ਰੰਤੂ ਪੰਜਾਬ ਵਿੱਚ ਇਹ ਲਹਿਰ ਬਹੁਤ ਹੀ ਵੱਡੇ ਰੂਪ ਵਿੱਚ ਸਾਹਮਣੇ ਆਈ। ਪੰਜਾਬੀ ਕਿਉਂਕਿ ਦਲੇਰ, ਬਹਾਦਰ ਅਤੇ ਮਨੁੱਖੀ ਹੱਕਾਂ 'ਤੇ ਪਹਿਰਾ ਦੇਣ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਮਿਲੀ ਹੋਈ ਹੈ। ਨਕਸਲਵਾੜੀ ਲਹਿਰ ਵਿੱਚ ਪੰਜਾਬ ਦਾ ਯੋਗਦਾਨ ਜ਼ਬਰਦਸਤ ਹੈ, ਇਸ ਲਈ ਕੁਦਰਤੀ ਹੈ ਕਿ ਪੰਜਾਬ ਵਿੱਚ ਇਸ ਲਹਿਰ ਤੋਂ ਪ੍ਰਭਾਵਤ ਹੋ ਕੇ ਜੁਝਾਰੂ ਸਾਹਿਤ ਰਚਿਆ ਗਿਆ। ਵੈਸੇ ਤਾਂ ਬਹੁਤ ਸਾਰੇ ਜੁਝਾਰੂ ਕਵੀ ਸਾਹਿਤਕ ਖੇਤਰ ਵਿੱਚ ਜਾਣੇ ਜਾਂਦੇ ਹਨ ਪ੍ਰੰਤੂ ਇਨ੍ਹਾਂ ਤੋਂ ਜ਼ਿਆਦਾ ਅਣਗੌਲੇ ਰਹਿ ਗਏ।
ਮੇਘਾ ਸਿੰਘ (ਡਾ.) ਨੇ ਉਨ੍ਹਾਂ ਅਣਗੌਲੇ ਕਵੀਆਂ ਨੂੰ ਆਪਣੀ ਖੋਜ ਰਾਹੀਂ ਉਨ੍ਹਾਂ ਦੇ ਸਾਹਿਤ ਨੂੰ ਵਿਸ਼ਾ ਬਣਾਇਆ ਹੈ। ਡਾ.ਮੇਘਾ ਸਿੰਘ ਖੱਬੇ-ਪੱਖੀ ਸੋਚ ਵਾਲਾ ਵਿਦਵਾਨ, ਜੁਝਾਰੂ ਸਾਹਿਤਕਾਰ,ਅਧਿਆਪਕ, ਲੇਖਕ, ਪੱਤਰਕਾਰ ਅਤੇ ਸੰਪਾਦਕ ਹੈ। ਉਸ ਦੀਆਂ ਹੁਣ ਤੱਕ ਤੇਰਾਂ ਮੌਲਿਕ ਅਤੇ ਚੌਧਵੀਂ ਚਰਚਾ ਅਧੀਨ 'ਵਿਦਰੋਹੀ ਬੋਲ' (ਨਕਸਲਬਾੜੀ ਲਹਿਰ ਦੇ ਦੌਰ ਦੀ ਚੋਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ) ਸੰਪਾਦਿਤ ਪੁਸਤਕ ਹੈ। ਡਾ.ਮੇਘਾ ਸਿੰਘ ਆਮ ਪਰੰਪਰਾਵਾਦੀ ਕੰਮ ਨਹੀਂ ਕਰਦੇ, ਹੁਣ ਤੱਕ ਉਸਨੇ ਜਿਤਨੀਆਂ ਵੀ ਪੁਸਤਕਾਂ ਲਿਖੀਆਂ ਹਨ, ਸਾਰੀਆਂ ਹੀ ਨਿਵੇਕਲੀਆਂ ਤੇ ਵਿਲੱਖਣ ਹਨ, ਜਿਨ੍ਹਾਂ ਤੋਂ ਸਮਾਜ ਦੇ ਵੱਡੇ ਤਬਕੇ ਨੂੰ ਲਾਭ ਹੋ ਸਕੇ। ਡਾ.ਮੇਘਾ ਸਿੰਘ ਪਰੰਪਰਾਤਮਿਕ ਸਾਹਿਤਕ ਪਗਡੰੀਡੀਆਂ 'ਤੇ ਚਲਣ ਵਾਲਾ ਵਿਦਵਾਨ ਸਾਹਿਤਕਾਰ ਨਹੀਂ ਸਗੋਂ ਉਹ ਆਪਣੀ ਖੋਜੀ ਪ੍ਰਵਿਰਤੀ ਨਾਲ ਨਵੇਂ ਕੀਰਤੀਮਾਨ ਸਿਰਜਕੇ ਮੋਕਲੇ ਤੇ ਖੁਲ੍ਹੇ ਰਸਤੇ ਬਣਾਉਂਦਾ ਹੈ। ਉਸ ਦੀਆਂ ਪੁਸਤਕਾਂ ਨੌਜਵਾਨ ਪੀੜ੍ਹੀ ਖਾਸ ਤੌਰ 'ਤੇ ਖੋਜੀ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਦੀਆਂ ਹਨ। ਉਸ ਦੀਆਂ ਪੰਜਾਬੀ ਪੱਤਰਕਾਰੀ ਬਾਰੇ ਵਿਦਿਆਰਥੀਆਂ ਲਈ ਚਾਰ, ਕਾਨੂੰਨ ਦੇ ਵਿਦਿਆਰਥੀਆਂ ਲਈ ਦੋ, ਪੰਜਾਬੀ ਟ੍ਰਿਬਿਊਨ ਦੀਆਂ ਸੰਪਾਦਕੀਆਂ ਦੀਆਂ 6, ਕਿਸਾਨ ਅੰਦੋਲਨ ਸੰਬੰਧੀ ਇੱਕ ਅਤੇ ਦੋ ਕਵਿਤਾ ਦੀਆਂ ਪੁਸਤਕਾਂ ਹਨ। ਮੇਘਾ ਸਿੰਘ (ਡਾ.) ਖੋਜੀ ਵਿਦਵਾਨ ਹੈ, ਇਹ ਪੁਸਤਕ ਵੀ ਉਸਨੇ ਖੋਜ ਕਰਕੇ ਸੰਪਾਦਿਤ ਕੀਤੀ ਹੈ। ਜੁਝਾਰੂ ਸਾਹਿਤ ਨਾਲ ਸੰਬੰਧਤ ਪੁਸਤਕਾਂ ਦੀ ਛਾਣ-ਬੀਣ ਕਰਕੇ ਸਥਾਪਤ ਅਤੇ ਅਣਗੌਲੇ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਲ ਕਰਕੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਪੰਜਾਬੀ ਬੋਲੀ ਦੀ ਸਾਹਿਤਕ ਜੁਝਾਰੂ ਵਿਰਾਸਤ ਨੂੰ ਜਾਨਣ ਅਤੇ ਉਸਤੋਂ ਪ੍ਰੇਰਨਾ ਲੈ ਕੇ ਭਵਿਖ ਵਿੱਚ ਸਮਾਜ ਦੇ ਮਨੁੱਖੀ ਹੱਕਾਂ 'ਤੇ ਪਹਿਰਾ ਦੇਣ ਦੇ ਮਕਸਦ ਨਾਲ ਸੰਪਾਦਿਤ ਕੀਤੀ ਗਈ ਮਹਿਸੂਸ ਹੁੰਦੀ ਹੈ। ਉਸਨੇ ਇਹ ਪੁਸਤਕ ਨਿੱਠ ਕੇ ਲਿਖੀ ਹੈ। ਇਹ ਉਸਦਾ ਸੁਭਾਅ ਹੈ ਕਿ ਉਹ ਜਿਹੜਾ ਵੀ ਕੰਮ ਕਰਦਾ ਹੈ, ਪਹਿਲਾਂ ਟੀਚਾ ਨਿਸਚਤ ਕਰਦਾ ਹੈ, ਫਿਰ ਉਸਨੂੰ ਤੱਥਾਂ 'ਤੇ ਅਧਾਰਤ ਜਾਣਕਾਰੀ ਪ੍ਰਾਪਤ ਕਰਕੇ ਨੇਪਰੇ ਚਾੜ੍ਹਦਾ ਹੈ। ਆਮ ਤੌਰ ਤੇ ਅਜਿਹੇ ਕਾਰਜ ਨੂੰ ਰੁੱਖਾ ਸਮਝਕੇ ਬਹੁਤੇ ਵਿਦਵਾਨ ਪਾਸਾ ਵੱਟ ਜਾਂਦੇ ਹਨ। ਉਹ ਸਿਰੜ੍ਹੀ ਵਿਦਵਾਨ ਹੈ, ਉਹ ਅੱਕਦਾ, ਥੱਕਦਾ ਤੇ ਰੁਕਦਾ ਨਹੀਂ ਸਗੋਂ ਹੋਰ ਉਤਸ਼ਾਹ, ਲਗਨ ਤੇ ਦ੍ਰਿੜ੍ਹਤਾ ਨਾਲ ਜੁੱਟਿਆ ਰਹਿੰਦਾ ਹੈ। ਇਸ ਪੁਸਤਕ ਵਿੱਚ ਉਸਨੇ 1968 ਤੋਂ 82 ਤੱਕ ਲਿਖੀਆਂ ਗਈਆਂ ਜੁਝਾਰੂ ਲਹਿਰ ਤੋਂ ਪ੍ਰਭਾਵਤ 112 ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਮੇਘਾ ਸਿੰਘ (ਡਾ.) ਨੇ ਇਹ ਵਿਲੱਖਣ ਕਾਰਜ਼ ਕਰਕੇ ਇਤਿਹਾਸ ਸਿਰਜ ਦਿੱਤਾ ਹੈ, ਕਿਉਂਕਿ ਆਮ ਤੌਰ 'ਤੇ ਵੇਖਣ ਵਿੱਚ ਆਇਆ ਹੈ ਕਿ ਬਹੁਤੇ ਸਾਹਿਤਕਾਰ ਤੇ ਖੋਜੀ ਵਿਦਵਾਨ ਸਥਾਪਤ ਕਵੀਆਂ ਦੇ ਯੋਗਦਾਨ ਨੂੰ ਹੀ ਪ੍ਰਮੁੱਖਤਾ ਦਿੰਦੇ ਹਨ, ਪ੍ਰੰਤੂ ਮੇਘਾ ਸਿੰਘ (ਡਾ.) ਦੀ ਇਸ ਪੁਸਤਕ ਦੀ ਖਾਸੀਅਤ ਹੈ ਕਿ ਉਸਨੇ ਉਨ੍ਹਾਂ ਜੁਝਾਰੂ ਕਵੀਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ, ਜਿਨ੍ਹਾਂ ਦਾ ਯੋਗਦਾਨ ਤਾਂ ਵੱਡਾ ਹੈ ਪ੍ਰੰਤੂ ਖੋਜੀਆਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਆਲੋਚਕਾਂ ਨੇ ਇਨ੍ਹਾਂ ਦੇ ਕਾਰਜ ਨੂੰ ਅਣਡਿਠ ਹੀ ਕੀਤਾ ਹੈ। ਅਸਲ ਵਿੱਚ ਸਾਡੇ ਵਿਦਵਾਨ ਮਿਹਨਤ ਕਰਨ ਤੋਂ ਕੰਨ੍ਹੀ ਕਤਰਾਉਂਦੇ ਹਨ, ਜਿਹੜਾ ਮੈਟਰ ਸੌਖਿਆਂ ਹੀ ਮਿਲ ਜਾਂਦਾ ਹੈ, ਉਸਨੂੰ ਹੀ ਪ੍ਰਮੁੱਖਤਾ ਦਿੰਦੇ ਹਨ। ਜਿਸ ਸਮੇਂ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਦੋਂ ਆਈ. ਟੀ. ਦਾ ਜ਼ਮਾਨਾ ਨਹੀਂ ਸੀ, ਬਹੁਤੇ ਅਖ਼ਬਾਰ ਤੇ ਰਸਾਲੇ ਵੀ ਨਹੀਂ ਸਨ, ਇਸ ਲਈ ਇਨ੍ਹਾਂ ਜੁਝਾਰੂ ਕਵੀਆਂ ਦੀਆਂ ਰਚਨਾਵਾਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਸਾਂਭੀਆਂ ਨਹੀਂ ਗਈਆਂ ਅਤੇ ਆਮ ਲੋਕਾਂ ਦੇ ਧਿਆਨ ਵਿੱਚ ਵੀ ਨਹੀਂ ਆਈਆਂ। ਇਹ ਜੁਝਾਰੂ ਕਵੀ ਥੋੜ੍ਹੇ ਅਵੇਸਲੇ ਵੀ ਰਹੇ ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਪ੍ਰਚਾਰ ਵਿੱਚ ਵਿਸ਼ਵਾਸ਼ ਵੀ ਨਹੀਂ ਰੱਖਦੇ ਸਨ, ਉਹ ਤਾਂ ਸਿਰੜ੍ਹ ਨਾਲ ਆਪਣੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਆਪਣੀਆਂ ਕਵਿਤਾਵਾਂ ਲਿਖਦੇ ਸਨ। ਡਾ.ਮੇਘਾ ਸਿੰਘ ਨੇ ਕਈ ਸਾਲਾਂ ਦੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਮਸਤ ਹਾਥੀ ਦੀ ਚਾਲ ਚਲਦਿਆਂ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ, ਹਰ ਸਾਧਨ ਰਾਹੀਂ ਇਕੱਤਰ ਕਰਕੇ ਪ੍ਰਕਾਸ਼ਤ ਕਰਵਾਈਆਂ ਹਨ। ਇਨ੍ਹਾਂ ਕਵੀਆਂ ਵਿੱਚੋਂ ਬਹੁਤੇ ਕਵੀ ਤਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਮਿਤਰਾਂ ਕੋਲੋਂ ਇਕੱਤਰ ਕੀਤੀਆਂ ਹਨ। ਅਜਿਹਾ ਕਾਰਜ਼ ਸਿਰੜ੍ਹੀ ਤੇ ਖੋਜੀ ਰੁੱਚੀ ਵਾਲਾ ਵਿਦਵਾਨ ਹੀ ਕਰ ਸਕਦਾ ਹੈ। ਇਸ ਲਈ ਇਹ ਕੋਈ ਸੌਖਾ ਕਾਰਜ਼ ਨਹੀਂ ਸੀ, ਮੇਘਾ ਸਿੰਘ (ਡਾ.) ਦੀ ਖੱਬੇ-ਪੱਖੀ ਸੋਚ ਨੇ ਇਸ ਨੂੰ ਨੇਪਰੇ ਚਾੜ੍ਹਕੇ ਬਾਕਮਾਲ ਕੰਮ ਕੀਤਾ ਹੈ। ਕ੍ਰਿਸ਼ਨ ਕੋਰਪਾਲ ਦੀ ਕਵਿਤਾ 'ਮੈਂ ਇੱਕ ਮਜ਼ਦੂਰ ਹਾਂ' ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਮੈਂ ਇੱਕ ਮਜ਼ਦੂਰ ਹਾਂ. . . . .!
ਥੋਡੇ ਕੁੱਤੇ ਕੇਕ ਨੀਂ ਖਾਂਦੇ, ਮੇਰੇ ਜੁਆਕ ਭੁੱਖੇ ਸੌਂ ਜਾਂਦੇ।
ਨਿੱਕੇ ਨਿੱਕੇ ਬਲੂਰ, ਓ ਮਹਿਲਾਂ ਵਾਲਿਓ।
ਮੈਂ ਇੱਕ ਮਜ਼ਦੂਰ ਹਾਂ. . . . .!
ਨਰਕੀ ਜ਼ਿੰਦਗੀ ਜੀਵਣ ਨਾਲੋਂ, ਘੁੱਟ ਜ਼ਹਿਰ ਦੇ ਪੀਵਣ ਨਾਲੋਂ।
ਲੜਨਾ ਮਰਨਾ ਮਨਜ਼ੂਰ, ਓ ਮਹਿਲਾਂ ਵਾਲਿਓ।
ਕ੍ਰਿਸ਼ਨ ਕੋਰਪਾਲ ਦੀ ਕਵਿਤਾ ਵਿੱਚ ਖ਼ੁਦਦਾਰੀ ਅਤੇ ਇਨਕਲਾਬੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਉਹ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਜਦੋਜਹਿਦ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਇਸ ਤਰ੍ਹਾਂ ਹੀ ਜਗਰੂਪ ਝੁਨੀਰ ਦੀ ਆਪਣੀ ਕਵਿਤਾ 'ਕੈਦੀ ਦੀ ਭੈਣ' ਵਿੱਚ ਲਿਖਦਾ ਹੈ:
ਹੱਥਕੜੀਆਂ ਦੇ ਸਾਜ਼ ਵਜਾਉਂਦਾ, ਬੇੜੀ ਦਾ ਛਣਕਾਟਾ ਪਾਉਂਦਾ।
ਮੇਰਾ ਵੀਰ ਗਰਜਦਾ ਆਉਂਦਾ, ਜਕੜਿਆ ਵਿੱਚ ਜ਼ੰਜ਼ੀਰਾਂ ਦੇ।
ਜ਼ੁਲਮ ਸੰਗ ਟਕਰਾਉਂਦਾ ਕਾਫ਼ਲੇ ਚਲੇ ਵੀਰਾਂ ਦੇ।
ਜਗਰੂਪ ਝੁਨੀਰ ਦੀ ਕਵਿਤਾ ਇਨਕਲਾਬੀ ਪਰਿਵਾਰ ਦੀ ਲੜਕੀ ਦੇ ਜੋਸ਼ੀਲੇ ਜ਼ਜ਼ਬਾਤਾਂ ਰਾਹੀਂ ਪੰਜਾਬੀ ਇਸਤਰੀਆਂ ਦੀ ਮਾਨਸਿਕਤਾ ਬਾਰੇ ਜਾਣਕਾਰੀ ਦਿੰਦੀ ਹੈ।
ਜੁਗਰਾਜ ਧੌਲਾ ਦੀ ਗ਼ਜ਼ਲ ਪੰਜਾਬੀਆਂ ਦੇ ਬੁਲੰਦ ਹੌਸਲਿਆਂ ਦੀ ਗਵਾਹੀ ਭਰਦੀ ਹੈ, ਜਿਸ ਵਿੱਚ ਉਹ ਲਿਖਦਾ ਹੈ:
ਤੂਫ਼ਾਨਾ ਦੇ ਵਹਿਣਾਂ ਤਾਈਂ ਰੋਕਾਂਗੇ।
ਹੌਸਲੇ ਕਰ ਫੌਲਾਦੀ, ਹਿੱਕਾਂ ਠੋਕਾਂਗੇ।
ਦਰਿਆ ਅੱਗ ਦੇ ਅੰਦਰ ਤਾਰੀ ਲਾਵਾਂਗੇ। ਹੱਸ ਹੱਸ ਲਹਿਰਾਂ ਅੰਦਰ ਹਿੱਕਾਂ ਝੋਕਾਂਗੇ।
ਜਸਵੰਤ ਕੈਲਵੀ ਆਪਣੀ ਕਵਿਤਾ 'ਜਦ ਦਿਲ ਵਿੱਚ ਰੋਹ ਦਾ ਜੇਠ ਤਪੇ' ਵਿੱਚ ਇਨਕਲਾਬੀਆਂ ਦੀ ਜੁਝਾਰੂ ਸੋਚ ਬਾਰੇ ਲਿਖਦਾ ਹੈ:
ਜਦ ਦਿਲ ਵਿੱਚ ਰੋਹ ਦਾ ਜੇਠ ਤਪੇ, ਨੈਣਾਂ 'ਚੋਂ ਹੰਝੂ ਸੁੱਕ ਜਾਂਦੇ।
ਜਦ ਚੜ੍ਹਦਾ ਸੂਰਜ ਪੂਰਬ 'ਚੋਂ, ਹਨ ਘੋਰ ਹਨੇਰੇ ਲੁਕ ਜਾਂਦੇ।
ਸਾਰੇ ਜੱਗ 'ਚਾਨਣ ਹੁੰਦਾ ਹੈ, ਜਦ ਚਿਤਾ ਸ਼ਹੀਦਾਂ ਦੀ ਬਲਦੀ।
ਜਦ ਡੁਲ੍ਹਦਾ ਲਹੂ ਜੁਝਾਰਾਂ ਦਾ, ਜੜ੍ਹ ਜ਼ੁਲਮ ਦੀ ਉਦੋਂ ਹੀ ਗਲਦੀ।
ਮੇਘਾ ਸਿੰਘ (ਡਾ.)ਨੇ ਅਣਗੌਲੇ ਦੇਸ਼ ਭਗਤ ਜੁਝਾਰੂ ਕਵੀਆਂ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਨਜ਼ਮਾ ਨੂੰ ਪ੍ਰਕਾਸ਼ਤ ਕਰਵਾਕੇ ਉਨ੍ਹਾਂ ਮਹਾਨ ਸਾਹਿਤਕਾਰਾਂ ਦੇ ਯੋਗਦਾਨ ਨੂੰ ਇਤਿਹਾਸ ਦਾ ਹਿੱਸਾ ਬਣਾਕੇ ਬਿਹਤਰੀਨ ਕਾਰਜ ਕੀਤਾ ਹੈ। ਉਮੀਦ ਕਰਦਾ ਹਾਂ ਕਿ ਭਵਿਖ ਵਿੱਚ ਵੀ ਮੇਘਾ ਸਿੰਘ (ਡਾ.) ਅਜਿਹੇ ਵਿਲੱਖਣ ਉਦਮ ਕਰਕੇ ਪੰਜਾਬੀ ਦੀ ਸਾਹਿਤਕ ਵਿਰਾਸਤ ਵਿੱਚ ਵੱਡਮੁਲਾ ਯੋਗਦਾਨ ਪਾਵੇਗਾ।
464 ਪੰਨਿਆਂ, 599 ਰੁਪਏ ਕੀਮਤ ਵਾਲੀ ਇਹ ਪੁਸਤਕ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਮੇਘਾ ਸਿੰਘ (ਡਾ.) : 9780036137
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
9 ਮਾਰਚ 2025 ਨੂੰ ਭੋਗ ‘ਤੇ ਵਿਸ਼ੇਸ਼ - ਅਲਵਿਦਾ! ਸਿੱਖ ਵਿਦਵਾਨ ਪ੍ਰੋ.ਹਰਬੰਸ ਸਿੰਘ ਕੋਹਲੀ (ਡਾ.) - ਉਜਾਗਰ ਸਿੰਘ
ਪ੍ਰੋ.ਹਰਬੰਸ ਸਿੰਘ ਕੋਹਲੀ (ਡਾ.) ਸਿੱਖੀ ਸੋਚ ਨੂੰ ਪ੍ਰਣਾਇਆ ਹੋਇਆ ਪ੍ਰਬੁੱਧ ਵਿਦਵਾਨ ਸੀ। ਉਹ 82 ਸਾਲ ਦੀ ਉਮਰ ਵਿੱਚ 3 ਮਾਰਚ 2025 ਨੂੰ ਨੀਂਦ ਵਿੱਚ ਹੀ ਸਦਾ ਲਈ ਅਲਵਿਦਾ ਕਹਿ ਗਏ। ਸਾਇੰਸ ਦੇ ਅਧਿਆਪਕ ਹੁੰਦੇ ਹੋਏ ਵਿਦਿਆਰਥੀਆਂ ਨੂੰ ਵਿਗਿਆਨ ਦੀ ਸਿੱਖਿਆ ਦਿੰਦੇ ਸਨ ਪ੍ਰੰਤੂ ਸਿੱਖੀ ਵਿਚਾਰਧਾਰਾ ਦੇ ਪਹਿਰੇਦਾਰ ਬਣਕੇ ਪੰਜਾਬੀ ਯੂਨੀਵਰਸਿਟੀ ਵਿੱਚ ਵਿਚਰਦੇ ਰਹਿੰਦੇ ਸਨ। ਜਦੋਂ ਵੀ ਉਨ੍ਹਾਂ ਦਾ ਕੋਈ ਪੀਰੀਅਡ ਖਾਲ੍ਹੀ ਹੁੰਦਾ ਤਾਂ ਉਨ੍ਹਾਂ ਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸਿੱਖੀ ਸੋੋਚ ਬਾਰੇ ਧਰਮ ਅਧਿਐਨ ਵਿਭਾਗ ਦੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਵੇਖਿਆ ਜਾ ਸਕਦਾ ਸੀ। ਪ੍ਰੋ.ਤਾਰਨ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੁਰਦੁਆਰਾ ਸਾਹਿਬ ਬਣਵਾਇਆ ਸੀ। ਗੁਰਦੁਆਰਾ ਸਾਹਿਬ ਬਣਾਉਣ ਦਾ ਸਪਨਾ ਡਾ.ਇੰਦਰਜੀਤ ਕੌਰ ਉਪ ਕੁਲਪਤੀ ਦੇ ਸਮੇਂ ਸਿਰਜਿਆ ਗਿਆ, ਜਿਹੜਾ ਡਾ.ਅਮਰੀਕ ਸਿੰਘ ਉਪ ਕੁਲਪਤੀ ਦੇ ਸਮੇਂ ਸਿਰੇ ਚੜ੍ਹਿਆ। ਹਰਬੰਸ ਸਿੰਘ ਕੋਹਲੀ ਖਾਲਸਾ ਕਾਲਜ ਪਟਿਆਲਾ, ਸਰਕਾਰੀ ਕਾਲਜ ਬਠਿੰਡਾ ਅਤੇ ਸਰਕਾਰੀ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਾਰ ਰਹੇ। ਫਿਰ ਉਹ 1973 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆ ਗਏ। ਉਹ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਕੰਮ ਕਰਦੇ ਰਹੇ, ਜਿਨ੍ਹਾਂ ਵਿੱਚ ਢੁਡਿਆਲ ਖਾਲਸਾ ਹਾਇਰ ਸੈਕੰਡਰੀ ਸਕੂਲ ਪਟਿਆਲਾ ਸ਼ਾਮਲ ਹੈ। ਉਹ ਢੁਡਿਆਲ ਖਾਲਸਾ ਹਾਇਰ ਸੈਕੰਡਰੀ ਸਕੂਲ ਦੇ ਸਕੱਤਰ ਸਨ। ਇਹ ਸਕੂਲ ਉਨ੍ਹਾਂ ਦੇ ਪਿੰਡ ਢੁਡਿਆਲ ਦੇ ਨਾਮ ‘ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਨੇ ਸਥਾਪਤ ਕੀਤਾ ਸੀ। ਪ੍ਰੋ.ਹਰਬੰਸ ਸਿੰਘ ਕੋਹਲੀ ਪੰਜਾਬੀ ਯੂਨੀਵਰਸਿਟੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਬੜੂ ਸਾਹਿਬ ਅਕੈਡਮੀ ਨਾਲ ਜੁੜ ਗਏ ਸਨ। ਉਹ ਨੌਜਵਾਨਾ ਨੂੰ ਸਿੱਖੀ ਸੋਚ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਉਂਦੇ ਰਹਿੰਦੇ ਸਨ। ਉਨ੍ਹਾਂ ਨੇ ਹਿਮਾਚਲ ਵਿੱਚ ਬੜੂ ਸਾਹਿਬ ਅਤੇ ਮਹਾਰਾਸ਼ਟਰ ਵਿੱਚ ਨਾਦੇੜ ਸਮੀ ਹਜ਼ੂਰ ਸਾਹਿਬ ਵਿਖੇ ਗੁਰਮਤਿ ਕੈਂਪ ਵੀ ਲਗਵਾਏ ਸਨ। ਪ੍ਰੋ. ਹਰਬੰਸ ਸਿੰਘ ਚੁੱਪ ਚੁਪੀਤੇ ਗ਼ਰੀਬ ਲੜਕੀਆਂ ਦੀ ਪੜ੍ਹਾਈ ਵਿੱਚ ਸਹਾਈ ਹੁੰਦੇ ਰਹਿੰਦੇ ਸਨ। ਹਰਬੰਸ ਸਿੰਘ ਨਮਰ ਸੁਭਾਅ ਦੇ ਮਾਲਕ ਘੱਟ ਬੋਲਦੇ ਪ੍ਰੰਤੂ ਆਪਣੇ ਕੰਮ ਵਿੱਚ ਮਗਨ ਰਹਿੰਦੇ ਸਨ। ਉਹ ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਅਤੇ ਹਰਿਆਣਾ ਤੋਂ ਸਾਬਕਾ ਰਾਜ ਸਭਾ ਮੈਂਬਰ ਦੇ ਛੋਟੇ ਭਰਾ ਸਨ।
ਹਰਬੰਸ ਸਿੰਘ ਕੋਹਲੀ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਪਿੰਡ ਢੁਡਿਆਲ ਵਿਖੇ ਬਲਵੰਤ ਸਿੰਘ ਦੇ ਘਰ 1943 ਵਿੱਚ ਹੋਇਆ। 1947 ਵਿੱਚ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਟਿਆਲਾ ਆ ਕੇ ਵਸ ਗਿਆ। ਹਰਬੰਸ ਸਿੰਘ ਕੋਹਲੀ ਨੇ ਆਪਣੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਬੀ.ਐਨ.ਖਾਲਸਾ ਸਕੂਲ ਪਟਿਆਲਾ ਵਿੱਚੋਂ ਪ੍ਰਾਪਤ ਕੀਤੀ। ਫਿਰ ਦਸਵੀਂ ਢੁਡਿਆਲ ਖਾਲਸਾ ਹਾਈ ਸਕੂਲ ਤੋਂ ਪਾਸ ਕੀਤੀ। ਬੀ.ਐਸ.ਸੀ ਉਨ੍ਹਾਂ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਹਰਬੰਸ ਸਿੰਘ ਕੋਹਲੀ ਨੇ ਐਮ.ਐਸ.ਸੀ ਕੈਮਿਸਟਰੀ ਕੁਰਕਸ਼ੇਤਰਾ ਯੂਨੀਵਰਸਿਟੀ ਤੋਂ ਪਾਸ ਕੀਤੀ। 1963 ਵਿੱਚ ਉਨ੍ਹਾਂ ਸ੍ਰੀ.ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੈਮਿਸਟਰੀ ਵਿੱਚ ਪੀ.ਐਚ.ਡੀ.ਕੀਤੀ। ਉਹ ਆਪਣੇ ਪਿੱਛੇ ਪਤਨੀ ਡਾ.ਇੰਦਰਜੀਤ ਕੌਰ, ਲੜਕੀ ਗੁਨੀਤ ਕੌਰ ਕੋਹਲੀ ਜੋ ਅਮਰੀਕਾ ਵਿੱਚ ਸੈਟਲ ਹੈ ਤੇ ਲੜਕਾ ਤਾਰਿਕਦੀਪ ਸਿੰਘ ਕੋਹਲੀ ਮੋਹਾਲੀ ਵਿਖੇ ਆਈ.ਟੀ ਕੰਪਨੀ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ, ਅੰਤਮ ਅਰਦਾਸ ਅਤੇ ਕੀਰਤਨ ਐਤਵਾਰ 9 ਮਾਰਚ 2025 ਨੂੰ ਦੁਪਹਿਰ 1.30 ਤੋਂ 2.30 ਵਜੇ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲ ਰੋਡ ਪਟਿਆਲਾ ਵਿਖੇ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਭਾਰਤੀ ਮੂਲ ਦੀ ਨਾਰੀ ਅਮਰੀਕਾ ਵਿੱਚ ਸਰਦਾਰੀ : ਤੁਲਸੀ ਗਵਾਰਡ - ਉਜਾਗਰ ਸਿੰਘ
ਭਾਰਤ ਵਿੱਚ ਇਸਤਰੀਆਂ ਨੇ ਸਿਆਸਤ ਵਿੱਚ ਨਾਮਣਾ ਖੱਟਿਆ ਹੈ, ਆਜ਼ਾਦੀ ਦੇ ਸੰਗਰਾਮ ਤੋਂ ਸ਼ੁਰੂ ਕਰਕੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿਕਾਸ ਵਿੱਚ ਵੀ ਇਸਤਰੀਆਂ ਨੇ ਵੱਡਮੁਲਾ ਯੋਗਦਾਨ ਪਾਇਆ ਹੈ। ਦੇਸ਼ ਵਿੱਚ ਨਾਮ ਚਮਕਾਉਣ ਤੋਂ ਬਾਅਦ ਹੁਣ ਭਾਰਤੀ ਮੂਲ ਦੀਆਂ ਇਸਤਰੀਆਂ ਨੇ ਸੰਸਾਰ ਵਿੱਚ ਉਚ ਅਹੁਦਿਆਂ ਤੱਕ ਪਹੁੰਚਕੇ ਭਾਰਤ ਦਾ ਮਾਣ ਵਧਾਇਆ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਤੁਲਸੀ ਗਵਾਰਡ ਨੂੰ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਅਹੁਦੇ 'ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ' 'ਤੇ ਨਿਯੁਕਤ ਕੀਤਾ ਹੈ। ਸੈਨੇਟ ਨੇ ਵੀ ਉਸਦੀ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਹੈ। ਤੁਲਸੀ ਗਵਾਰਡ ਦੀ ਨਾਮਜ਼ਦਗੀ ਦੀ ਸੈਨਟ ਤੋਂ ਪ੍ਰਵਾਨਗੀ ਲੈਣ ਦੀ ਪ੍ਰਕ੍ਰਿਆ ਬੇਹੱਦ ਔਖੀ ਸੀ, ਕਿਉਂਕਿ ਰਿਪਬਲਿਕਨ ਪਾਰਟੀ ਦੇ ਕੁਝ ਸੈਨੇਟਰ ਵੀ ਉਸਦੀ ਨਿਯੁਕਤੀ 'ਤੇ ਕਿੰਤੂ ਪ੍ਰੰਤੂ ਕਰਦੇ ਸਨ। ਅਮਰੀਕਾ ਦੇ ਸੈਨੇਟਰਾਂ ਨੂੰ ਉਸਨੇ ਬੇਬਾਕੀ ਨਾਲ ਸਵਾਲਾਂ ਦੇ ਜਵਾਬ ਦਿੱਤੇ ਹਨ। ਡੋਨਾਲਡ ਟਰੰਪ ਦੀ ਨਿਗਾਹ ਵਿੱਚ ਉਸਦੀ ਦੀ ਫ਼ੌਜੀ ਵਿਰਾਸਤ ਤੇ ਨਿਡਰ ਜ਼ਜ਼ਬਾ ਬਾਕਮਾਲ ਹੈ, ਜਿਸ ਕਰਕੇ ਉਸਦੀ ਅਜਿਹੇ ਸੰਵੇਦਨਸ਼ੀਲ ਕਾਰਜ਼ ਲਈ ਚੋਣ ਕੀਤੀ ਗਈ ਹੈ। ਤੁਲਸੀ ਗਵਾਰਡ ਨੇ ਸੈਨਟ ਦੀ ਪ੍ਰਵਾਨਗੀ ਤੋਂ ਬਾਅਦ 12 ਫ਼ਰਵਰੀ 2025 ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮਹੱਤਵਪੂਰਨ ਅਹੁਦੇ 'ਤੇ ਰਹਿੰਦਿਆਂ ਉਹ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਮੁੱਖੀ ਦੇ ਤੌਰ 'ਤੇ ਫ਼ਰਜ਼ ਨਿਭਾਉਣਗੇ। ਉਹ 18 ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ਕਰਨਗੇ ਜਿਨ੍ਹਾਂ ਵਿੱਚ ਸੀ.ਆਈ.ਏ., ਐਫ਼ ਬੀ.ਆਈ. ਅਤੇ ਨੈਸ਼ਨਲ ਸਕਿਉਰਿਟੀ ਏਜੰਸੀ ਅਤਿਅੰਤ ਮਹੱਤਵਪੂਰਨ ਹਨ। ਉਹ 70 ਆਰਬ ਡਾਲਰ ਤੋਂ ਵੱਧ ਦੇ ਬਜਟ ਨੂੰ ਵੀ ਸੰਭਾਲੇਗੀ। ਅਮਰੀਕਾ ਵਿੱਚ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਇਸਤਰੀ ਹੈ। ਭਾਰਤੀ ਮੂਲ ਦੀ ਵੀ ਤੁਲਸੀ ਗਵਾਰਡ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਇਸਤਰੀ ਹੈ। 43 ਸਾਲ ਦੀ ਇਤਨੀ ਛੋਟੀ ਉਮਰ ਵਿੱਚ ਵੱਡੀ ਜ਼ਿੰਮੇਵਾਰੀ ਮਿਲਣਾ ਉਸਦੀ ਕਾਬਲੀਅਤ ਦਾ ਪ੍ਰਤੀਕ ਹੈ। ਭਾਰਤ ਵਿੱਚ ਵੀ ਅਜੇ ਤੱਕ ਸੁਰੱਖਿਆ ਵਰਗੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਅਹੁਦੇ 'ਤੇ ਕੋਈ ਇਸਤਰੀ ਨਹੀਂ ਪਹੁੰਚ ਸਕੀ। ਤੁਲਸੀ ਗਵਾਰਡ ਦਲੇਰ, ਬਹਾਦਰ, ਬੇਬਾਕ ਅਤੇ ਦਬੰਗ ਸਿਆਸਤਦਾਨ ਹੈ। ਉਹ ਅੰਤਰਰਾਸ਼ਟਰੀ ਮਾਮਲਿਆਂ 'ਤੇ ਵੀ ਖੁਲ੍ਹਕੇ ਟਿੱਪਣੀਆਂ ਕਰਨ ਕਰਕੇ ਜਾਣੀ ਜਾਂਦੀ ਹੈ। ਮਨੁੱਖੀ ਹੱਕਾਂ ਦੀ ਹਮਾਇਤ ਕਰਨ ਵਾਲੀ ਤੁਲਸੀ ਗਵਾਰਡ ਬਰਾਬਰਤਾ ਅਤੇ ਬੋਲਣ ਦੀ ਆਜ਼ਾਦੀ ਵਰਗੇ ਵਿਸ਼ਿਆਂ 'ਤੇ ਨਿਧੱੜਕ ਹੋ ਕੇ ਖੁਲ੍ਹਕੇ ਬੇਬਾਕੀ ਨਾਲ ਬੋਲਣ ਵਾਲੀ ਸਿਆਸਤਦਾਨ ਦੇ ਤੌਰ 'ਤੇ ਜਾਣੀ ਜਾਂਦੀ ਹੈ। ਰਿਪਬਲਿਕਨ ਪਾਰਟੀ ਦੇ ਸੈਨੇਟਰ ਵੀ ਤੁਲਸੀ ਗਵਾਰਡ ਦੇ ਇਸ ਅਹੁਦੇ 'ਤੇ ਨਿਯੁਕਤ ਹੋਣ 'ਤੇ ਹੈਰਾਨ ਤੇ ਪ੍ਰੇਸ਼ਾਨ ਹਨ, ਕਿਉਂਕਿ ਵ੍ਹਿਸਲਬਲੋਅਰ ਐਡਵਰਡ ਸਨੋਡਨ ਬਾਰੇ ਉਸ ਦੀਆਂ ਕੀਤੀਆਂ ਟਿੱਪਣੀਆਂ, ਸਰਕਾਰ ਦੇ ਨਿਗਰਾਨੀ ਅਥਾਰਟੀ ਬਾਰੇ ਉਸ ਦੇ ਵਿਚਾਰਾਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸੀਰੀਆ ਦੇ ਤਾਨਸ਼ਾਹ ਬਸ਼ਰ ਅਲ-ਅਸਦ ਨਾਲ ਉਸਦੇ ਸੰਬੰਧਾਂ ਤੇ ਰੀਪਬਲਿਕਨਾਂ ਨੂੰ ਗਹਿਰਾ ਇਤਰਾਜ਼ ਸੀ। ਉਹ ਇੱਕ ਦ੍ਰਿੜ੍ਹ ਇਰਾਦੇ ਵਾਲੀ ਸਟਰੌਂਗ ਔਰਤ ਸਿਆਸਤਦਾਨ ਹੈ।
2004 ਵਿੱਚ ਉਸਦੀ ਨੈਸ਼ਨਲ ਗਾਰਡ ਯੁਨਿਟ ਦੀ ਇਰਾਕ ਵਿੱਚ ਤਾਇਨਤੀ ਹੋ ਗਈ ਜਿਥੇ ਉਹ 2005 ਤੱਕ ਉਥੇ ਰਹੀ। 2007 ਵਿੱਚ ਉਸਨੇ ਆਰਮੀ ਦੀ ਟ੍ਰੇਨਿੰਗ ਅਲਬਾਮਾ ਮਿਲਟਰੀ ਅਕਾਦਮੀ ਤੋਂ ਪ੍ਰਾਪਤ ਕੀਤੀ। 2008 ਵਿੱਚ ਉਹ ਕੁਵੈਤ ਵਿਖੇ ਬਤੌਰ ਆਰਮੀ ਮਿਲਟਰੀ ਪੋਲੀਸ ਆਫ਼ੀਸਰ ਗਈ। ਤੁਲਸੀ ਗਵਾਰਡ ਦਾ ਪਿਛੋਕੜ ਆਰਮੀ ਦਾ ਹੋਣ ਕਰਕੇ ਅਮਰੀਕਾ ਵਿੱਚ 9/11 ਦੇ ਹੋਏ ਹਮਲੇ ਨੇ ਉਸਦੇ ਦਿਲ ਨੂੰ ਵੱਡੀ ਸੱਟ ਮਾਰੀ ਸੀ। 2015 ਵਿੱਚ ਹਵਾਈ ਆਰਮੀ ਨੈਸ਼ਨਲ ਗਾਰਡ ਵਿੱਚ ਉਸਦੀ ਤਰੱਕੀ ਮੇਜਰ ਦੀ ਹੋ ਗਈ। 2020 ਵਿੱਚ ਉਸਦੀ ਬਦਲੀ ਯੁਨਾਈਟਡ ਸਟੇਟ ਆਰਮੀ ਰਿਜ਼ਰਵ ਵਿੱਚ ਹੋ ਗਈ। ਉਥੇ ਹੀ ਉਸਦੀ ਤਰੱਕੀ ਲੈਫ਼ਟੀਨੈਂਟ ਕਰਨਲ ਦੀ ਤਰੱਕੀ ਹੋ ਗਈ। ਉਹ ਪਲਾਟੂਨ ਲੀਡਰ ਵਜੋਂ ਮੱਧ ਪੂਰਵ ਵਿੱਚ ਤਾਇਨਾਤ ਰਹੀ ਹੈ। ਉਹ ਇਰਾਕ ਵਿੱਚ ਇੱਕ ਮੈਡੀਕਲ ਯੁਨਿਟ ਵਿੱਚ ਸੇਵਾ ਕਰਨ ਵਾਲੀ ਇੱਕ ਸਾਬਕਾ ਫ਼ੌਜੀ ਹੈ, ਜਿਸਨੇ ਆਪਣੇ ਸਿਆਸੀ ਕੈਰੀਅਰ ਵਿੱਚ ਕਈ ਕਰਵਟਾਂ ਲਈਆਂ। ਉਸਨੇ 2006 ਵਿੱਚ ਸੈਨੇਟਰ ਵੈਟਰਨ ਅਫ਼ੇਅਰ ਕਮੇਟੀ ਦੇ ਉਸ ਸਮੇਂ ਦੇ ਚੇਅਰਮੈਨ ਸੈਨੇਟਰ ਡੇਨੀਅਲ ਅਕਾਕਾ ਲਈ ਇੱਕ ਵਿਧਾਨਿਕ ਸਹਾਇਕ ਵਜੋਂ ਕੰਮ ਕਰਦਿਆਂ ਸ਼ੁਰੂ ਕੀਤਾ ਸੀ।
ਤੁਲਸੀ ਗਵਾਰਡ ਪਹਿਲੀ ਵਾਰ 2002 ਵਿੱਚ ਮਹਿਜ 21 ਸਾਲ ਦੀ ਉਮਰ ਵਿੱਚ ਹਵਾਈ ਹਾਊਸ ਆਫ਼ ਰਿਪ੍ਰਜੈਂਟੇਟਿਵ (ਪ੍ਰਤੀਨਿਧੀ ਸਭਾ) ਲਈ ਚੁਣੀ ਗਈ ਸੀ। ਉਹ 2013 ਤੋਂ 2021 ਤੱਕ ਹਵਾਈ ਦੇ ਦੂਜੇ ਜ਼ਿਲ੍ਹੇ ਦੀ ਕਾਂਗਰਸ ਮੈਂਬਰ ਰਹੀ ਹੈ। 2012 ਵਿੱਚ ਪ੍ਰਤੀਨਿਧੀ ਸਭਾ ਦੀ ਮੈਂਬਰ ਹੋਣ ਸਮੇਂ ਉਹ ਹਾਊਸ ਦੀਆਂ ਕਈਆਂ ਮਹੱਤਵਪੂਰਨ ਕਮੇਟੀਆਂ ਜਿਨ੍ਹਾਂ ਵਿੱਚ ਹਾਊਸ ਆਰਮਡ ਸਰਵਿਸ ਕਮੇਟੀ, ਹਾਊਸ ਫਾਰਨ ਅਫ਼ੇਅਰਜ਼ ਕਮੇਟੀ ਅਤੇ ਹਾਊਸ ਆਰਮਡ ਸਰਵਿਸ ਸਬ ਕਮੇਟੀ ਆਨ ਇੰਟੈਲੀਜੈਂਸ ਦੀ ਮੈਂਬਰ ਰਹੀ। ਉਸ ਸਮੇਂ ਦੌਰਾਨ ਕਈ ਲੋਕ ਹਿਤਾਂ ਦੇ ਮਸਲੇ ਪ੍ਰੀਤਨਿਧੀ ਸਭਾ ਵਿੱਚ ਉਠਾਏ। ਤੁਲਸੀ ਗਵਾਡ ਦੀਆਂ ਵਿਲੱਖਣ ਸੇਵਾਵਾਂ ਕਰਕੇ ਉਸਨੂੰ ਕਈ ਮਾਨ ਸਨਮਾਨ ਮਿਲੇ ਜਿਨ੍ਹਾਂ ਵਿੱਚ ਕੁਝ ਮਹੱਤਵਪੂਰਨ ਸਨਮਾਨ, ਕੰਬਾਟ ਮੈਡੀਕਲ ਬੈਜ, ਮੈਰੀਟਸਰੀਅਸ ਸਰਵਿਸ ਮੈਡਲ ਅਤੇ ਜਰਮਨ ਆਰਮਡ ਫ਼ੋਰਸਜ਼ ਬੈਜ ਫਾਰ ਮਿਲਟਰੀ ਪ੍ਰਾਫ਼ੀਸੈਂਸੀ ਇਨ ਗੋਲਡ ਆਦਿ ਹਨ।
ਉਹ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ, ਜੋ ਚਾਰ ਵਾਰ ਵਿਮੈਨ ਕਾਂਗਰਸ ਰਹੀ ਹੈ। ਪਹਿਲੀ ਵਾਰ ਇਹ ਭੂਮਿਕਾ ਇੱਕ ਹਿੰਦੂ ਔਰਤ ਨਿਭਾ ਰਹੀ ਸੀ। ਉਹ ਡੈਮੋਕਰੈਟਿਕ ਪਾਰਟੀ ਦੀ ਸਿਆਸਤ ਵਿੱਚ ਬਹੁਤ ਸਰਗਰਮ ਰਹੀ ਹੈ। ਉਸਨੇ 2020 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਡੈਮੋਕਰੈਟਿਕ ਪਾਰਟੀ ਵੱਲੋਂ ਦਾਖ਼ਲ ਕੀਤੀ ਸੀ। ਉਸਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ, ਮੁਫ਼ਤ ਕਾਲਜ ਟਿਊਸ਼ਨ ਅਤੇ ਹਥਿਆਰ ਨਿਯੰਤਰਣ ਵਰਗੇ ਉਦਾਰਵਾਦੀ ਮੁੱਦਿਆਂ ਦੀ ਹਿਮਾਇਤ ਕੀਤੀ ਸੀ। ਇਹ ਮੁੱਦੇ ਉਸਨੇ ਡੈਮੋਕਰੈਟਿਕ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਸਮੇਂ ਕੀਤੇ ਸਨ। ਉਦੋਂ ਰੂਸੀ ਮੀਡੀਆ ਵੱਲੋਂ ਉਸਦੀ ਚੋਣ ਮੁਹਿੰਮ ਦਾ ਪ੍ਰਚਾਰ ਕਰਨ ਕਰਕੇ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਵੱਲੋਂ ਕਥਿਤ ਸਮਰਥਨ ਹਾਸਲ ਕਰਨ ਲਈ ਵੀ ਉਸਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਬਸ਼ਰ ਅਲ-ਅਸਦ ਨੂੰ ਰੂਸੀ ਸਹਿਯੋਗੀ ਕਿਹਾ ਜਾਂਦਾ ਹੈ। ਡੈਮੋਕਰੈਟਿਕ ਪਾਰਟੀ ਵੱਲੋਂ ਸਪੋਰਟ ਨਾ ਮਿਲਣ ਤੋਂ ਬਾਅਦ ਉਹ ਰਾਸ਼ਟਰਪਤੀ ਦੀ ਉਮੀਦਵਾਰੀ 'ਚੋਂ ਬਾਹਰ ਹੋ ਗਈ ਸੀ। ਫਿਰ ਉਸਨੇ ਜੋ ਬਾਇਡਨ ਦੀ ਸਪੋਰਟ ਕਰ ਦਿੱਤੀ ਸੀ। ਸਾਲ 2022 ਵਿੱਚ ਉਹ ਡੈਮੋਕਰੈਟਿਕ ਪਾਰਟੀ ਤੋਂ ਅਸਤੀਫ਼ਾ ਦੇ ਕੇ ਇੱਕ ਆਜ਼ਾਦ ਸਿਆਸੀ ਅਗੂ ਵਜੋਂ ਰਜਿਸਟਰ ਹੋਈ ਸੀ। ਫਿਰ ਉਹ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋ ਗਈ ਸੀ। ਅਕਤੂਬਰ 2024 ਵਿੱਚ ਉਹ ਫਾਰਮਲ ਤੌਰ 'ਤੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ।
ਤੁਲਸੀ ਗਵਾਰਡ ਦਾ ਜਨਮ ਅਮਰੀਕੀ ਸਮੋਆ ਵਿੱਚ 12 ਅਪ੍ਰੈਲ 1981 ਨੂੰ ਮਾਤਾ ਕਰੋਲ ਪੋਰਟਰ ਗਵਾਰਡ ਤੇ ਪਿਤਾ ਗਰਲਡ ਮਾਈਕ ਲਗਵਾਰਡ (ਮਾਈਕ ਗਵਾਰਡ) ਦੇ ਘਰ ਹੋਇਆ। ਉਹ ਪੰਜ ਭੈਣ ਭਰਾ ਹਨ, ਉਨ੍ਹਾਂ ਦੇ ਨਾਮ ਹਿੰਦੂਆਂ ਵਾਲੇ ਭਕਤੀ, ਜੈ, ਆਰੀਅਨ ਅਤੇ ਵਰਿੰਦਾਵਨ ਹਨ। ਉਹ ਦੋ ਸਾਲ ਦੀ ਸੀ, ਜਦੋਂ ਉਸਦੇ ਮਾਪੇ ਹਵਾਈ ਆ ਗਏ। ਉਸਦਾ ਪਾਲਣ ਪੋਸ਼ਣ ਬਹੁ ਭਾਸ਼ੀ ਸਭਿਆਚਾਰ ਵਿੱਚ ਹਵਾਈ ਵਿਖੇ ਹੋਇਆ ਪ੍ਰੰਤੂ ਉਸਨੇ ਆਪਣਾ ਬਚਪਨ ਫਿਲਪੀਨ ਵਿੱਚ ਬਿਤਾਇਆ। ਉਸਦੀ ਮਾਂ ਜਰਮਨ ਤੇ ਯੂਰਪੀਅਨ ਪਿਛੋਕੜ ਵਾਲੀ ਹੈ। ਉਸਦਾ ਪਿਤਾ ਭਾਰਤ ਤੋਂ ਫਿਲਪੀਨ ਗਏ ਸਨ, ਜਿਥੋਂ ਉਹ ਅਮਰੀਕਾ ਆ ਗਏ ਸਨ। ਤੁਲਸੀ ਗਵਾਰਡ ਭਾਰਤੀ ਸਭਿਆਚਾਰ ਨਾਲ ਬਾਵਾਸਤਾ ਹੈ ਕਿਉਂਕਿ ਉਸਦੀ ਮਾਂ ਨੇ ਵੀ ਹਿੰਦੂ ਧਰਮ ਤੁਲਸੀ ਦੇ ਜਨਮ ਤੋਂ ਪਹਿਲਾਂ ਹੀ ਅਪਣਾ ਲਿਆ ਸੀ। ਉਸਨੇ 2013 ਵਿੱਚ ਭਗਵਦ ਗੀਤਾ ਗ੍ਰੰਥ 'ਤੇ ਹੱਥ ਰੱਖਕੇ ਸਹੁੰ ਚੁੱਕੀ ਸੀ। ਉਹ ਧਾਰਮਿਕ ਵਾਤਾਵਰਨ ਵਿੱਚ ਪਲੀ ਹੈ। ਤੁਲਸੀ ਗਵਾਰਡ ਕ੍ਰਿਸ਼ਨ ਭਗਤ ਹੈ, ਜੋ ਭਗਵਦ ਗੀਤਾ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਦੀ ਹੈ। 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹ ਅਮਰੀਕਾ ਦੇ ਦੌਰੇ 'ਤੇ ਗਏ ਸਨ, ਉਨ੍ਹਾਂ ਨੂੰ ਭਗਵਦ ਗੀਤਾ ਭੇਂਟ ਕੀਤੀ ਸੀ। ਤੁਲਸੀ ਗਵਾਰਡ ਮਾਰਸ਼ਲ ਆਰਟ ਤੇ ਸਪੋਰਟਸ ਲਵਰ, ਯੋਗਾ ਤੇ ਮੈਡੀਟੇਸ਼ਨ ਕਰਦੀ ਹੈ।
2009 ਵਿੱਚ ਉਸਨੇ ਹਵਾਈ ਪੈਸੇਫਿਕ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਤੁਲਸੀ ਗਵਾਰਡ ਦਾ ਪਹਿਲਾ ਵਿਆਹ 2002 ਵਿੱਚ ਬਚਪਨ ਦੇ ਦੋਸਤ ਐਡੂਰਾਡੋ ਟਮਾਇਓ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਫ਼ੌਜ ਵਿੱਚ ਪੋਸਟਿੰਗ ਇਰਾਕ ਦੀ ਲੜਾਈ ਵਿੱਚ ਹੋ ਗਈ, ਜਿਥੇ ਪਰਿਵਾਰ ਨਹੀਂ ਰਹਿ ਸਕਦਾ ਸੀ, ਇਸ ਕਰਕੇ 2006 ਵਿੱਚ ਉਸਦਾ ਤਲਾਕ ਹੋ ਗਿਆ। 2015 ਵਿੱਚ ਉਸਦਾ ਦੂਜਾ ਵਿਆਹ ਅਬਰਾਹਿਮ ਵਿਲੀਅਮਜ਼ ਨਾਲ ਹੋ ਗਿਆ। ਉਸਦਾ ਪਤੀ ਫ਼ਿਲਮ ਮੇਕਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸੰਸਾਰ-2024 ਵਿਲੱਖਣ ਦਸਤਾਵੇਜ਼ - ਉਜਾਗਰ ਸਿੰਘ
ਕੀ ਇਹ ਸੋਚਿਆ ਜਾ ਸਕਦਾ ਹੈ ਕਿ ਇਕੱਲਾ-ਇਕੱਹਿਰਾ ਵਿਅਕਤੀ ਹਰ ਸਾਲ ਸੰਸਾਰ ਦੇ ਸਾਰੇ ਗੁਰੂ ਘਰਾਂ ਦੀ ਯਾਤਰਾ ਆਪ ਤਾਂ ਕਰਦਾ ਹੀ ਹੋਵੇ ਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਹਰ ਪੰਜਾਬੀ/ਸਿੱਖ ਨੂੰ ਕਰਵਾ ਸਕਦਾ ਹੈ? ਹਾਂ ਅਜਿਹਾ ਇੱਕ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਹਰ ਸਾਲ ਸਚਿਤਰ, ਰੰਗਦਾਰ, ਵੱਡ ਆਕਾਰੀ, ਬਿਹਤਰੀਨ ਅਤੇ ਆਰਟ ਪੇਪਰ ‘ਤੇ ਪ੍ਰਕਾਸ਼ਤ ਪੁਸਤਕ ਰਾਹੀਂ ਸੰਸਾਰ ਦੇ ਹਰ ਗੁਰੂ ਘਰ ਦੇ ਦਰਸ਼ਨ ਕਰਵਾ ਦਿੰਦਾ ਹੈ। 80 ਸਾਲ ਤੋਂ ਵੀ ਵੱੱਧ ਉਮਰ ਹੋਣ ਦੇ ਬਾਵਜੂਦ ਉਹ ਇਤਨਾ ਵੱਡਾ ਕਾਰਜ ਕਰ ਰਿਹਾ ਹੈ, ਜਿਹੜਾ ਇੱਕ ਸੰਸਥਾ ਲਈ ਵੀ ਕਰਨਾ ਮੁਸ਼ਕਲ ਹੈ ਪ੍ਰੰਤੂ ਉਹ ਸਾਰਾ ਸਾਲ ਸਿਰਫ਼ ਤੇ ਸਿਰਫ਼ ਗੁਰੂ ਦੀ ਅਕੀਦਤ ਵਿੱਚ ਰਹਿੰਦਾ ਹੋਇਆ ਸੰਸਾਰ ਦੀ ਪਰਕਰਮਾ ਕਰਦਾ ਰਹਿੰਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਸਿੱਖ ਧਰਮ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਅੰਤਰਰਾਸ਼ਟਰੀ ਮਾਣਤਾ ਪ੍ਰਾਪਤ ਖੋਜੀ ਪੱਤਰਾਕਾਰ, ਉਦਮੀ ਅਤੇ ਲੇਖਕ ਹੈ। ਪੱਤਰਕਾਰੀ ਦੇ ਖੇਤਰ ਵਿੱਚ ਤਾਂ ਉਹ ਆਪਣਾ ਬੇਸ਼ਕੀਮਤੀ ਯੋਗਦਾਨ ਪਾ ਹੀ ਰਿਹਾ ਹੈ ਪ੍ਰੰਤੂ ਇਸ ਵਿੱਚ ਵੀ ਉਹ ਪੰਜਾਬੀਆਂ ਦੇ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਜਿਥੇ ਕਿਤੇ ਸਿੱਖਾਂ/ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਹੱਕ ਵਿੱਚ ਕਲਮ ਦੀ ਤਲਵਾਰ ਲੈ ਕੇ ਨਿਧੱੜਕ ਹੋ ਕੇ ਖੜ੍ਹ ਜਾਂਦਾ ਹੈ। ਉਹ 1966 ਵਿੱਚ ਇੰਗਲੈਂਡ ਵਿੱਚ ਚਲਾ ਗਿਆ ਸੀ ਪ੍ਰੰਤੂ ਉਸ ਦਾ ਦਿਲ ਪੰਜਾਬ ਲਈ ਧੜਕਦਾ ਰਹਿੰਦਾ ਹੈ, ਉਸਨੇ ਬਰਤਾਨੀਆਂ ਦੀ ਨਾਗਰਿਕਤਾ ਨਹੀਂ ਲਈ ਕਿਉਂਕਿ ਉਹ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਪਿੱਛਲੇ 59 ਸਾਲ ਤੋਂ ਸਿੱਖ ਧਰਮ ਅਤੇ ਪੰਜਾਬੀਅਤ ਦਾ ਪਰਚਮ ਸੰਸਾਰ ਵਿੱਚ ਬਾਖ਼ੂਬੀ ਝੁਲਾ ਰਿਹਾ ਹੈ। ਪਰਵਾਸ ਵਿੱਚ ਜਾ ਕੇ ਵੀ ਉਹ ਆਪਣੀ ਜਨਮ ਭੂਮੀ ਨੂੰ ਭੁੱਲਿਆ ਨਹੀਂ, ਸਗੋਂ ਆਪਣੀ ਜਨਮ ਭੂਮੀ ਦੀ ਖ਼ੁਸ਼ਬੋ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਇੱਕ ਅਜਿਹਾ ਵਿਲੱਖਣ ਕਾਰਜ ਕਰ ਰਿਹਾ ਹੈ, ਜਿਹੜਾ ਸਿੱਖ ਸੰਸਥਾਵਾਂ ਵੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਸਿੱਖ ਧਰਮ ਦੇ ਮੁੱਦਈ ਪੰਜਾਬੀ, ਸੰਸਾਰ ਵਿੱਚ ਅਜਿਹੇ ਬਾਕਮਾਲ ਤੇ ਲਾਜਵਾਬ ਕਾਰੋਬਾਰ ਤੇ ਕਾਰਜ ਕਰ ਰਹੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਵੱਖਰੀ ਪਛਾਣ ਬਣੀ ਹੋਈ ਹੈ, ਕਈ ਖੇਤਰਾਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਨਰਪਾਲ ਸਿੰਘ ਸ਼ੇਰਗਿੱਲ ਉਨ੍ਹਾਂ ਦੀ ਉਸ ਵੱਖਰੀ ਪਹਿਚਾਣ ਨੂੰ ਬਰਕਰਾਰ ਰੱਖਣ ਅਤੇ ਸੰਸਾਰ ਵਿੱਚ ਫ਼ੈਲਾਉਣ ਦਾ ਕਾਰਜ ਕਰਕੇ ਪੰਜਾਬੀਆਂ ਦਾ ਮਾਣ ਵਧਾ ਰਹੇ ਹਨ। ਉਹ ਪਿੱਛਲੇ 26 ਸਾਲ ਤੋਂ ਲਗਾਤਾਰ ਸੰਸਾਰ ਵਿੱਚ ਜਿਨ੍ਹਾਂ ਸਿੱਖਾਂ/ਪੰਜਾਬੀਆਂ ਨੇ ਪੰਜਾਬ ਦਾ ਨਾਮ ਆਪਣੀਆਂ ਵਿਲੱਖਣ ਕਾਰਗੁਜ਼ਾਰੀਆਂ ਕਰਕੇ ਚਮਕਾਇਆ ਹੈ, ਉਨ੍ਹਾਂ ਦੀ ਜਾਣਕਾਰੀ ਇੱਕ ਵੱਡ ਆਕਾਰੀ ਪੁਸਤਕ ‘ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ’ ਦੇ ਵਿੱਚ ਹਰ ਸਾਲ ਸੰਕਲਿਤ ਕਰਕੇ ਪ੍ਰਕਾਸ਼ਤ ਕਰ ਰਹੇ ਹਨ ਤਾਂ ਜੋ ਸੰਸਾਰ ਨੂੰ ਸਿੱਖਾਂ/ਪੰਜਾਬੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਮਿਲ ਸਕੇ। ਇਹ ਪੁਸਤਕ ਇੱਕ ਕੀਮਤੀ, ਵਿਲੱਖਣ ਤੇ ਬੇਸ਼ਕੀਮਤੀ ਦਸਤਾਵੇਜ਼ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਮਹਾਨ ਵਿਅਕਤੀਆਂ/ਸੰਸਥਾਵਾਂ /ਹਾਈ ਕਮਿਸ਼ਨ/ਦੂਤ ਘਰਾਂ ਅਤੇ ਸੰਸਾਰ ਦੇ ਗੁਰੂ ਘਰਾਂ ਦੇ ਪੋਸਟਲ ਐਡਰੈਸ, ਈ.ਮੇਲ ਅਤੇ ਟੈਲੀਫ਼ੋਨ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਮਾਣ ਨਾਲ ਆਪਣਾ ਸਿਰ ਉਚਾ ਕਰ ਸਕਣ ਤੇ ਪੰਜਾਬੀ/ਸਿੱਖ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਣ ਅਤੇ ਸਮਾਜ ਸੇਵਾ ਦੀ ਭਾਵਨਾ ਉਨ੍ਹਾਂ ਵਿੱਚ ਪ੍ਰਜਵਲਤ ਹੋ ਸਕੇ। ਇਸ ਪੁਸਤਕ ਦੇ ਮੁੱਖ ਕਵਰ ‘ਤੇ ਸਾਲ 2024 ਵਿੱਚ ਦੁਨੀਆਂ ਵਿੱਚ ਵਿਲੱਖਣ ਕਾਰਜ ਕਰਕੇ ਆਪਣਾ ਸਿੱਕਾ ਜਮਾਉਣ ਵਾਲੇ ਪੰਜਾਬੀਆਂ/ਸਿੱਖਾਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਇਹ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਉਪਲਭਧ ਹੈ। 248 ਪੰਨਿਆਂ ਦੀ ਰੰਗਦਾਰ ਤਸਵੀਰਾਂ ਵਾਲੀ ਇਹ ਪੁਸਤਕ ਆਰਟ ਪੇਪਰ ‘ਤੇ ਪ੍ਰਕਾਸ਼ਤ ਹੋਈ ਹੈ। ਇਤਨਾ ਵੱਡਾ ਕੰਮ ਸੰਸਥਾਵਾਂ ਵੀ ਕਰ ਨਹੀਂ ਸਕੀਆਂ। 81 ਸਾਲ ਦੀ ਵਡੇਰੀ ਉਮਰ ਹੋਣ ਦੇ ਬਾਵਜੂਦ ਉਹ ਨੌਜਵਾਨਾ ਤੋਂ ਵੱਧ ਉਤਸ਼ਾਹ ਅਤੇ ਜ਼ਜ਼ਬੇ ਨਾਲ ਇੱਕ ਸੰਸਥਾ ਤੋਂ ਵੱਧ ਇਤਿਹਾਸਕ ਕੰਮ ਕਰ ਰਿਹਾ ਹੈ। ਮੈਨੂੰ ਕਈ ਵਾਰੀ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਕੇ ਇਹ ਪੁਸਤਕ ਪ੍ਰਕਾਸ਼ਤ ਕਿਉਂ ਕਰ ਰਿਹਾ? ਸ਼ਾਇਦ ਉਸਨੂੰ ਇਸਦਾ ਕੋਈ ਆਰਥਿਕ ਲਾਭ ਹੋਵੇਗਾ ਪ੍ਰੰਤੂ ਮੇਰਾ ਇਹ ਸੋਚਣਾ ਗ਼ਲਤ ਸਾਬਤ ਹੋਇਆ ਹੈ, ਉਹ ਸਿਰਫ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਲਈ ਚਿੰਤਾਤੁਰ ਹੋਣ ਕਰਕੇ ਪੰਜਾਬੀਆਂ/ਸਿੱਖਾਂ ਦੇ ਸੁਨਹਿਰੇ ਭਵਿਖ ਨੂੰ ਮੁੱਖ ਰੱਖਕੇ ਨਮੂਨੇ ਦਾ ਕੰਮ ਕਰ ਰਿਹਾ ਹੈ। ਹਰ ਵਿਅਕਤੀ ਆਪਣੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਦਾ ਹੈ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਸਮੁੱਚੇ ਪੰਜਾਬੀਆਂ ਲਈ ਕੰਮ ਕਰ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ, ਉਹ ਪੰਜਾਬੀਆਂ/ਸਿੱਖਾਂ ਨੂੰ ਭਵਿਖ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਵੀ ਵਾਪਰਨ ਤੋਂ ਪਹਿਲਾਂ ਅਨੁਭਵ ਕਰ ਲੈਂਦਾ ਹੈ। ਉਹ ਦੂਰਅੰਦੇਸ਼ ਤੇ ਤੇਜ ਬੁੱਧੀ ਵਾਲਾ ਅਨੁਭਵੀ ਇਨਸਾਨ ਹੈ। ਫਰਾਂਸ ਵਿੱਚ ਦਸਤਾਰ ਅਤੇ ਸਿੱਖਾਂ ਦੀ ਵੱਖਰੀ ਪਛਾਣ ਵਰਗੇ ਮਹੱਤਵਪੂਰਨ
ਮਸਲਿਆਂ ਨੂੰ ਉਸਨੇ ਪਹਿਲਾਂ ਹੀ ਭਾਂਪ ਲਿਆ ਸੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਅਤੇ ਪੰਜਾਬ ਸਰਕਾਰ ਵਰਗੇ ਵੱਡੇ ਅਦਾਰੇ, ਜਿਨ੍ਹਾਂ ਕੋਲ ਕਰੋੜਾਂ/ਅਰਬਾਂ/ਖ਼ਰਬਾਂ ਰੁਪਏ ਦਾ ਬਜਟ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀਆਂ ਹਨ, ਇਹ ਜ਼ਿੰਮੇਵਾਰੀ ਨਰਪਾਲ ਸਿੰਘ ਸ਼ੇਰਗਿੱਲ ਬਾਖ਼ੂਬੀ ਨਿਭਾ ਰਿਹਾ ਹੈ। ਉਸ ਦੀ ਪੰਜਾਬੀਆਂ/ਸਿੱਖਾਂ ਦੇ ਸੁਨਰਿਹੀ ਭਵਿਖ ਲਈ ਸੋਚਣ ਲਈ ਤੀਖਣ ਬੁੱਧੀ ਹੈ, ਜਿਸਦਾ ਉਹ ਉਪਯੋਗ ਕਰਕੇ ਸਮਾਜ ਦੀ ਅਗਵਾਈ ਕਰ ਰਿਹਾ ਹੈ। ਪੰਜਾਬ ਵਿੱਚੋਂ ਵਹੀਰਾਂ ਘੱਤ ਕੇ ਸਾਡੀ ਨੌਜਵਾਨੀ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਰੋਜ਼ਗਾਰ ਲਈ ਆਪਣੇ ਮਾਪਿਆਂ ਦੇ ਗਲਾਂ ਵਿੱਚ ਗੂਠੇ ਦੇ ਕੇ ਜਾ ਰਹੀ ਹੈ, ਨਰਪਾਲ ਸਿੰਘ ਸ਼ੇਰਗਿੱਲ ਦੀ ਇਹ ਪੁਸਤਕ ਉਨ੍ਹਾਂ ਨੂੰ ਜਾਣਕਾਰੀ ਦੇ ਕੇ ਪ੍ਰੇਰਨਾ ਦੇ ਰਹੀ ਹੈ ਕਿ ਉਹ ਮਿਹਨਤ ਕਰਕੇ ਇਸ ਪੁਸਤਕ ਵਿੱਚ ਦਿੱਤੇ ਗਏ ਪ੍ਰਵਾਸੀਆਂ ਦੀਆਂ ਜੀਵਨੀਆਂ ਪੜ੍ਹਕੇ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਉਹ ਗ਼ੈਰਕਾਨੂੰਨੀ ਢੰਗ ਦੀ ਵਰਤੋਂ ਕਰਕੇ ਪਰਵਾਸ ਨਾ ਜਾਣ। ਸੰਸਾਰ ਵਿੱਚ ਪੰਜਾਬੀਆਂ/ਸਿੱਖਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਨਣ ਲਈ ਨਰਪਾਲ ਸਿੰਘ ਸ਼ੇਰਗਿੱਲ ਸੰਸਾਰ ਦਾ ਭਰਮਣ ਕਰਦਾ ਰਹਿੰਦਾ ਹੈ, ਨਿੱਜੀ ਦਿਲਚਸਪੀ ਨਾਲ ਆਪਣੇ ਖ਼ਰਚੇ ‘ਤੇ ਉਨ੍ਹਾਂ ਕੋਲ ਪਹੁੰਚਕੇ ਜਾਣਕਾਰੀ ਇਕੱਤਰ ਕਰਦਾ ਹੈ। ਇਹ ਉਸਦਾ ਕੋਈ ਨਿੱਜੀ ਕੰਮ ਨਹੀਂ ਸਗੋਂ ਉਹ ਪੰਜਾਬੀ/ਸਿੱਖ ਸਮਾਜ ਦੇ ਨੌਜਵਾਨਾ ਦੇ ਚੰਗੇਰੇ ਭਵਿਖ ਲਈ ਉਦਮ ਕਰ ਰਿਹਾ ਹੈ। ਵਿਕਾਸ ਦਾ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਪੰਜਾਬੀਆਂ/ਸਿੱਖਾਂ ਨੇ ਝੰਡੇ ਨਾ ਗੱਡੇ ਹੋਣ, ਭਾਵੇਂ ਸਿਆਸਤਦਾਨ, ਤਕਨੀਕੀ ਮਾਹਿਰ, ਹੋਟਲ ਕਾਰੋਬਾਰੀ, ਖੇਤੀਬਾੜੀ ਦੇ ਖੇਤਰ ਵਿੱਚ, ਦਾਖਾਂ, ਆੜੂਆਂ, ਬਦਾਮਾ ਅਤੇ ਚੈਰੀ ਦੇ ਬਾਦਸ਼ਾਹ, ਟਰਾਂਸਪੋਰਟ, ਰੀਅਲ ਅਸਟੇਟ, ਆਰਟਿਸਟ, ਜੁਡੀਸ਼ਰੀ, ਸਮਾਜਿਕ, ਆਰਥਿਕ, ਸਾਹਿਤਕ ਆਦਿ, ਪ੍ਰੰਤੂ ਜਦੋਂ ਨਰਪਾਲ ਸਿੰਘ ਸ਼ੇਰਗਿੱਲ ਦੀ ਨਿਗਾਹ ਵਿੱਚ ਆ ਜਾਂਦਾ ਹੈ ਤਾਂ ਤੁਰੰਤ ਉਹ ਉਸ ਦੀ ਸਫਲਤਾ ਦੀ ਜਦੋਜਹਿਦ ਦੀ ਕਹਾਣੀ ਨੌਜਵਾਨੀ ਅੱਗੇ ਪ੍ਰੋਸਕੇ ਰੱਖ ਦਿੰਦਾ ਹੈ। ਸਾਡੀ ਨੌਜਵਾਨੀ ਅਜਿਹੇ ਵੱਡੇ ਉਦਮੀਆਂ ਤੋਂ ਪ੍ਰੇਰਨਾ ਲੈ ਕੇ ਦਫ਼ਤਰੀ ਬਾਬੂ ਬਣਨ ਦੀ ਥਾਂ ਉਦਮੀ ਬਣਨ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਨਗੇ। ਪੰਜਾਬੀਆਂ/ਸਿੱਖਾਂ ਨਾਲ ਸੰਬੰਧਤ ਸੰਸਾਰ ਵਿੱਚ ਕੋਈ ਵੀ ਧਾਰਮਿਕ, ਇਤਿਹਾਸਕ ਜਾਂ ਹੋਰ ਕਿਸੇ ਖੇਤਰ ਦੀ ਮਹੱਤਤਾ ਵਾਲਾ ਸਥਾਨ ਹੋਵੇ, ਹਰ ਉਸ ਸਥਾਨ ‘ਤੇ ਨਰਪਾਲ ਸਿੰਘ ਸ਼ੇਰਗਿੱਲ ਨੇ ਪਹੁੰਚਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ ਅਤੇ ਸਹੀ ਜਾਣਕਾਰੀ ਇਕੱਤਰ ਕਰਕੇ ਉਸਨੂੰ ਇਤਿਹਾਸ ਦਾ ਹਿੱਸਾ ਬਣਾਇਆ ਹੈ। ਇਹ ਪੁਸਤਕ ਪੜ੍ਹਦਿਆਂ ਮੈਨੂੰ ਬਹੁਤ ਸਾਰੀਆਂ ਨਵੀਂਆਂ ਗੱਲਾਂ ਬਾਰੇ ਜਾਣਕਾਰੀ ਮਿਲੀ ਹੈ। ਪੰਜਾਬੀ/ਸਿੱਖ ਔਰਤਾਂ ਨੇ ਵੀ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਸ਼ੇਰਗਿੱਲ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਇਸ ਪੁਸਤਕ ਵਿੱਚ ਵਰਣਨ ਕੀਤੀ ਹੈ।
ਸੰਪਰਕ ਨਰਪਾਲ ਸਿੰਘ ਸ਼ੇਰਗਿੱਲ: 9417104002
ਤਸਵੀਰ: ਨਰਪਾਲ ਸਿੰਘ ਸ਼ੇਰਗਿੱਲ ਸ੍ਰ ਬਰਜਿੰਦਰ ਸਿੰਘ ਨੂੰ ਪੁਸਤਕ ਭੇਂਟ ਕਰਦੇ ਹੋਏ। ਉਨ੍ਹਾਂ ਨਾ ਗੁਰਮੀਤ ਪਲਾਹੀ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com