Gurbaz Singh TarnTaran

ਨਿਰੰਕਾਰ..। - ਗੁਰਬਾਜ ਸਿੰਘ

ਇਲਾਹੀ ਸਰੂਰ ਹੈ
ਮਿਹਨਤਾਂ ਨੂੰ ਬੂਰ ਹੈ,
ਵਿਸ਼ਵਾਸਾਂ ਚ ਭਰਪੂਰ ਹੈ,
ਮੇਰਾ ਹਜ਼ੂਰ ਹੈ,
ਤੇਰਾ ਵੀ ਤਾਂ ਜ਼ਰੂਰ ਹੈ,
ਹਨੇਰਿਆਂ ਤੋਂ ਦੂਰ ਹੈ,
ਨਿਰੰਕਾਰ ਓ ਨਿਰੰਕਾਰ।

ਹਵਾਵਾਂ ਚ ਵਸਦਾ ਹੈ,
ਕੁਦਰਤ ਚ ਰਚਦਾ ਹੈ,
ਫੁੱਲਾਂ ਚ ਹੱਸਦਾ ਹੈ,
ਹਰ ਪਲ ਦੱਸਦਾ ਹੈ,
ਖੁਸ਼ੀਆਂ ਚ ਨੱਚਦਾ ਹੈ,
ਕੋਈ ਤਾਂ ਜ਼ਰੂਰ ਹੈ,
ਨਿਰੰਕਾਰ ਓ ਨਿਰੰਕਾਰ।

ਆਦਿ ਹੈ ਅਕਾਲ ਹੈ,
ਸਰਬੱਤ ਹੈ ਸਮਾਲ ਹੈ,
ਅਪਹੁੰਚ ਹੈ ਅਗਾਧ ਹੈ,
ਇੱਕ ਹੈ ਨਿਰਾਕਾਰ ਹੈ,
ਸਮਿਆਂ ਤੋਂ ਪਾਰ ਹੈ,
ਦਸਵਾਂ ਦੁਆਰ ਹੈ,
ਨਿਰੰਕਾਰ ਓ ਨਿਰੰਕਾਰ।

ਬਹਾਰ ਹੈ ਬਸੰਤ ਹੈ,
ਬਾਲ ਹੈ ਸੰਤ ਹੈ,
ਗੋਪੀ ਹੈ ਕੰਤ ਹੈ,
ਬਿਰਖ ਹੈ ਜੰਤ ਹੈ,
ਰਾਮ ਹੈ ਭਗਵੰਤ ਹੈ,
ਜਲ ਹੈ ਜਲੰਤ ਹੈ,
ਨਿਰੰਕਾਰ ਓ ਨਿਰੰਕਾਰ।

ਗਨੀਮਤ ਹੈ ਗਰੀਬ ਹੈ,
ਦਇਆ ਹੈ ਸਲੀਬ ਹੈ,
ਅਪਹੁੰਚ ਹੈ ਕਰੀਬ ਹੈ,
ਸਖਾ ਹੈ ਰਕੀਬ ਹੈ,
ਰੋਗ ਹੈ ਅਦੀਬ ਹੈ,
ਹਰ ਦਿਲ ਅਜੀਜ ਹੈ,
ਨਿਰੰਕਾਰ ਓ ਨਿਰੰਕਾਰ।

ਹਾਜੀ ਹੈ ਖੁਦਾ ਹੈ,
ਝੋਲ ਹੈ ਦੁਆ ਹੈ,
ਰੋਗ ਹੈ ਦਵਾ ਹੈ,
ਬਖ਼ਸ਼ਿਸ਼ ਹੈ ਸਜ਼ਾ ਹੈ,
ਪਰਬਤ ਹੈ ਜ੍ਹਰਾ ਹੈ,
ਨਿਰੰਕਾਰ ਓ ਨਿਰੰਕਾਰ।

ਅਦਿੱਖ ਹੈ ਨਿਗਾਹ ਹੈ,
ਮੌਜੂਦ ਹਰ ਜਗਾਹ ਹੈ,
ਬੂੰਦ ਹੈ ਅਸਗਾਹ ਹੈ,
ਪਲ-ਪਲ ਗਵਾਹ ਹੈ,
ਖ਼ੈਰ ਹੈ ਖਵਾਹ ਹੈ,
ਕੌਲ ਹੈ ਵਫਾ ਹੈ ।
ਨਿਰੰਕਾਰ ਓ ਨਿਰੰਕਾਰ।

ਆਪੇ ਜਨਮੇ ਆਪ ਖਿਡਾਵੇ,
ਆਪੇ ਖਾਵੇ ਆਪ ਰਜਾਵੇ,
ਆਪੇ ਬੋਲੇ ਆਪ ਕਹਾਵੇ,
ਆਪੇ ਨੱਚੇ ਆਪ ਨਚਾਵੇ,
ਆਪੇ ਹੱਸੇ ਆਪ ਰਵਾਵੇ,
ਮੰਗਤਾ ਕਦੇ ਰਾਜਨ ਬਣ ਜਾਵੇ,
ਕਣ ਕਣ ਦੇ ਵਿੱਚ ਜੋਤ ਜਗਾਵੇ,
ਨਿਰੰਕਾਰ ਓ ਨਿਰੰਕਾਰ।

ਬਹਾਰਾਂ ਚ’ ਸੁਹੱਪਣ ਭਰਦਾ,
ਰੂਹਾਂ ਨੂੰ ਰੌ਼ਸ਼ਨ ਕਰਦਾ,
ਪੱਥਰਾਂ ਚ’ ਜੀਵਨ ਕਰਦਾ,
ਧੜਕਣਾਂ ਚ’ ਵਾਸਾ ਕਰਦਾ,
ਹਨੇਰਆਂ ਨੂੰ ਚਾਨਣ ਕਰਦਾ,
ਨਿਰੰਕਾਰ ਓ ਨਿਰੰਕਾਰ।
ਨਿਰੰਕਾਰ ਓ ਨਿਰੰਕਾਰ।
-ਗੁਰਬਾਜ ਸਿੰਘ

Gurbaj singh
distt Tarn Taran, Punjab
Mob 09872334944

ਆਪਣੇ - ਪਰਾਏ (ਕਹਾਣੀ) - ਗੁਰਬਾਜ ਸਿੰਘ

ਮੁਖਤਾਰ ਸਿੰਘ ਦਾ ਮੁੰਡਾ ਜਗਜੀਤ ਸਿੰਘ ਤੇ ਨੂੰਹ, ਸਿਮਰਨ ਕੌਰ ਪਿਛਲੇ ਦਸ ਸਾਲ ਤੋਂ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਸਨ। ਉਹਨਾਂ ਦਾ ਇਕ ਜੁਆਕ ਸੀ ਛੇ ਕੁ ਸਾਲ ਦਾ, ਪ੍ਰਿੰਸ। ਮੁਖਤਾਰ ਸਿੰਘ ਆਪ ਭਾਵੇਂ ਆਪਣੇ ਜਮਾਨੇ ਦੀਆਂ ਦਸ ਜਮਾਤਾਂ ਹੀ ਪਾਸ ਸੀ ਪਰ ਅਜੋਕੀ ਲਿਆਕਤ ਤੇ ਡੂੰਘੀ ਸੂਝ-ਬੂਝ ਦਾ ਵੀ ਹਾਣੀ ਸੀ। ਉਸ ਦੀ ਪਤਨੀ ਸੁਖਜੀਤ ਕੌਰ ਪੰਜ ਕੁ ਸਾਲ ਪਹਿਲਾਂ ਗੁਜਰ ਚੁੱਕੀ ਸੀ। ਉਸ ਕੋਲ ਦਸ ਘੁਮਾਂ ਜਮੀਨ ਸੀ ਤੇ ਖੇਤਾਂ ਵਿਚਲੀ ਮਿੱਟੀ ਨਾਲ ਮਿੱਟੀ ਹੋ, ਪੈਸੇ ਜੋੜ-ਜੱਬ ਕੇ ਉਸਨੇ ਆਪਣੇ ਪੁੱਤਰ ਨੂੰ ਪੜਨ ਲਈ ਵਿਦੇਸ਼ ਭੇਜਿਆ ਸੀ। ਉਸ ਦੇ ਪੁੱਤਰ-ਨੂੰਹ ਉਸ ਨੂੰ ਮਿਲਣ ਲਈ ਵਰਿਆਂ ਬਾਦ ਪੰਜਾਬ ਆਉਂਦੇ ਸਨ ਪਰ ਇਸ ਵਾਰ ਪੁੱਤ ਦੇ ਕਹਿਣ ਤੇ ਜੋਰ ਦੇਣ ਕਾਰਨ ਉਹ ਕਨੇਡਾ ਆਉਣ ਲਈ ਰਾਜੀ ਹੋ ਗਿਆ ਸੀ। ਉਹ ਬੜੇ ਚਾਵਾਂ ਨਾਲ ਵਿਦੇਸ਼ ਆਪਣੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਲਈ ਪਹਿਲੀ ਵਾਰ ਆਇਆ ਸੀ। ਉਸ ਦੇ ਪੁੱਤਰ ਨੇ ਕਨੇਡਾ ਦਾ ਵੀਜਾ ਤੇ ਟਿਕਟ ਭੇਜ ਕੇ ਉਸ ਨੂੰ ਬੁਲਾਇਆ ਸੀ ਆਪਣੇ ਕੋਲ ਕੁਝ ਦਿਨ ਰਹਿਣ ਲਈ।
 ਮੁਖਤਾਰ ਸਿੰਘ ਦਿੱਲੀ ਏਅਰਪੋਟ ਤੋਂ ਜਹਾਜ ਵਿਚ ਬਹਿਣ ਤੋਂ ਹੀ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਤੇ ਕਨੇਡਾ ਵਰਗੇ ਖੂਬਸੂਰਤ ਦੇਸ਼ ਘੁੰਮਣ ਨੂੰ ਲੈ ਕੇ ਮਨ ਵਿਚ ਵੰਨ-ਸੁਵੰਨੇ ਚਾਅ ਤੇ ਖੂਬਸੂਰਤੀ ਨਾਲ ਭਰੇ ਕਲਪਨਾਮਈ ਦ੍ਰਿਸ਼ਾਂ ਨਾਲ ਮਨ ਹੀ ਮਨ ਖੁਸ਼ੀ ਨਾਲ ਗਲ ਤੱਕ ਭਰਿਆ ਪਿਆ ਸੀ। ਕਾਫੀ ਘੰਟਿਆਂ ਦੇ ਲੰਮੇ ਸਫਰ ਅਤੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਨਾਲ ਗੜੁੱਚ ਹੋਇਆ ਅੰਤ ਨੂੰ ਉਹ ਕਨੇਡਾ ਦੇ ਏਅਰਪੋਰਟ ਤੇ ਪਹੁੰਚ ਗਿਆ। ਏਅਰਪੋਰਟ ਤੋਂ ਬਾਹਰ ਆਇਆ ਤਾਂ ਪੁੱਤਰ- ਨੂੰਹ ਨੂੰ ਏਅਰਪੋਰਟ ਤੇ ਲੈਣ ਆਏ ਦੇਖ ਕੇ ਮਨ ਖੁਸ਼ੀ ਨਾਲ ਭਰ ਗਿਆ। ਦੋਹਾਂ ਨੂੰ ਧਾਹ ਗਲਵਕੜੀ ਪਾਈ। ਗਲੇ ਮਿਲ ਕੇ ਉਸ ਨੂੰ ਅੰਤਾਂ ਦਾ ਸਕੂਨ ਮਿਲਿਆ। ਏਅਰਪੋਰਟ ਤੋਂ ਨਾਲ ਲੈ ਕੇ ਉਸ ਦਾ ਪੁੱਤ ਘਰ ਨੂੰ ਤੁਰ ਪਿਆ। ਘਰ ਨੂੰ ਜਾਂਦਿਆਂ ਸੜਕੀ ਮਾਰਗ ਤੇ ਤੇਜ ਤਰਾਰ ਚੱਲਦੀਆਂ ਗੱਡੀਆਂ, ਹਰਿਆਲੀ ਨਾਲ ਭਰੇ ਪਾਰਕ, ਖੂਬਸੂਰਤ ਲੋਕ, ਉੱਚੀਆਂ ਗਗਨਚੁੰਬੀ ਇਮਾਰਤਾਂ ਤੇ ਰੰਗੀਨ ਦੁਨੀਆਂ ਉਸਦੇ ਦਿਲੋ ਦਿਮਾਗ ਵਿੱਚ ਇਕ ਵੱਖਰਾ ਹੀ ਸੰਸਾਰ ਸਿਰਜ ਰਹੇ ਸਨ। ਉਸ ਕੋਲੋ ਰਿਹਾ ਨਾ ਗਿਆ ਤੇ ਉਹ ਬੋਲ ਉੱਠਿਆ, "ਪੁੱਤਰਾ, ਆਨੰਦ ਆ ਗਿਆ, ਬੱਲੇ, ਬੱਲੇ ਏਨੀਆਂ ਉੱਚੀਆਂ ਅਸਮਾਨੀ ਸਿਰ ਲਾਉਂਦੀਆਂ ਬਿਲਡਿੰਗਾਂ, ਹਰੇ-ਹਰੇ ਰੁੱਖ ਤੇ ਘਾਹ ਦੇ ਮੈਦਾਨ, ਵਈ.. ਏਹ ਤਾਂ ਸੁਰਗ ਹੈ ਸੁਰਗ।" ਉਸ ਦਾ ਪੁੱਤਰ ਹੱਸਿਆ, " ਹਾਹਾ.. ਹਾਂਜੀ ਡੈਡੀ ਜੀ, ਤੁਸੀਂ ਵੇਖਿਓ ਕਿਤੇ ਏਥੇ ਹੀ ਸੜਕ ਨੇੜੇ ਹੀ ਡੰਗਰ ਨਾ ਚਰਾਉਣ ਬੈਠ ਜਾਇਓ... ਹਾ..ਹਾ..ਸਾਰੇ ਖੂਬ ਹੱਸਦੇ ਨੇ।" ਚਲੋ ਖੈਰ, ਘਰ ਪਹੁੰਚਦੇ ਨੇ, ਆਪਣੇ ਪੁੱਤ ਦਾ ਘਰ ਵੇਖ ਉਸਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ। ਆਲੀਸ਼ਾਨ ਘਰ ਦੇ ਗੇਟ ਦੇ ਸਾਮਣੇ ਪਹੁੰਚ ਉਸ ਸਭ ਤੋਂ ਪਹਿਲਾ ਸਵਾਲ ਕੀਤਾ, “ ਜੱਗੇ ਪੁੱਤ, ਇਹ ਘਰ ਤੇਰਾ ਆਪਣਾ ਹੈ ਨਾ? “  "ਹਾਂਜੀ..ਹਾਂਜੀ ਡੈਡੀ ਜੀ, ਮੇਰਾ ਹੀ ਹੈ ਜੀ..ਤੁਹਾਡੇ ਪੁੱਤ ਦਾ।" ਉਸ ਦਾ ਪੁੱਤ ਬੋਲਿਆ। ਇਹ ਸੁਣ ਉਸ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ।
ਹਵਾਈ ਸਫਰ ਤੋਂ ਥੱਕੇ ਆ, ਓਸ ਪੁੱਤ ਘਰ ਆ ਚਾਹ-ਪਾਣੀ ਪੀਤਾ। ਛੇਤੀ ਹੀ ਵੰਨ-ਸਵੰਨੇ ਖਾਣੇ ਤੇ ਮਹਿੰਗੀ ਸ਼ਰਾਬ ਮੇਜ ਉਪਰ ਸੱਜ ਗਏ। ਨੂੰਹ-ਪੁੱਤ ਨੇ ਖੂਬ ਸੇਵਾ ਕੀਤੀ। ਉਸ ਨੂੰ ਬੜਾ ਵਧਿਆ ਲੱਗਿਆ। ਪੋਤਰਾ ਉਸ ਕੋਲੋ ਸੰਗਣ ਕਾਰਨ ਅਜੇ ਭੇਤੀ ਨਹੀ ਹੋ ਰਿਹਾ ਸੀ। ਪਹਿਲੇ ਹੀ ਦਿਨ ਉਸ ਦੇ ਪੁੱਤ ਨੇ ਉਸ ਨੂੰ ਰਾਤ ਨੂੰ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਘੁਮਾਇਆ ਤੇ ਫੇਰ ਐਤਵਾਰ ਨੂੰ ਘੁਮਾਉਣ ਲਈ ਮਿੱਥ ਲਿਆ। ਉਸ ਨੇ ਆਪਣੇ ਨੂੰਹ-ਪੁੱਤ ਦੇ ਇਕ ਦੂਜੇ ਨੂੰ ਸੰਬੋਧਨ ਕਰਦੇ ਨਾਵਾਂ ਤੋਂ ਭਾਂਪ ਲਿਆ ਸੀ ਕਿ ਵਿਦੇਸ਼ੀ ਧਰਤੀ ਤੇ ਇੱਥੋਂ ਦੇ ਸਭਿਆਚਾਰ ਵਿੱਚ ਉਸਦਾ ਪੁੱਤ ਹੁਣ ਜਗਜੀਤ ਸਿੰਘ ਤੋਂ ਜੈਗ, ਤੇ ਨੂੰਹ ਸਿਮਰਨ ਕੌਰ ਤੋਂ ਸਿੰਮ ਬਣਰ ਗਏ ਸਨ। ਉਸ ਦਾ ਪੁੱਤ ਇਕ ਪਰਾਈਵੇਟ ਕੰਪਨੀ ਵਿੱਚ ਡਿਸਪੈਚਰ ਦਾ ਕੰਮ ਕਰਦਾ ਸੀ ਤੇ ਨੂੰਹ ਸਿਮਰਨ ਕਿਸੇ ਫੈਕਟਰੀ ਵਿੱਚ ਸੁਪਰਵਾਇਜਰ ਲੱਗੀ ਸੀ ਜਿਸਦਾ ਉਪਰਾ ਜਿਹਾ ਅੰਗਰੇਜੀ ਵਿੱਚ ਨਾਮ ਸੀ ਕੋਈ।
ਨੂੰਹ-ਪੱਤ ਕੋਲ ਰਹਿੰਦੇ ਉਸਦਾ ਦਿਲ ਤੇ ਦਿਮਾਗ ਸ਼ਾਇਦ ਵਿਦੇਸ਼ੀ ਧਰਤ ਨੂੰ ਸਵੀਕਾਰ ਜਿਹਾ ਨਹੀ ਕਰ ਰਿਹਾ ਸੀ। ਉਸ ਨੂੰ ਇਕ ਹਫਤਾ ਹੋਣ ਜਾ ਰਿਹਾ ਸੀ,  ਦੋਵੇਂ ਪਤੀ ਪਤਨੀ ਸਵੇਰੇ ਜਲਦੀ ਜਾਗਦੇ ਤੇ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ। ਮੁਖਤਾਰ ਸਿੰਘ ਉਡੀਕਦਾ ਹੀ ਰਹਿ ਜਾਂਦਾ ਸੀ ਕਿ ਸ਼ਾਇਦ ਅੱਜ ਉਸਦਾ ਪੱਤਰ ਨੂੰਹ ਉਸਨੂੰ ਫਤਿਹ ਬੁਲਾਉਣ ਲਈ ਸ਼ਾਇਦ ਉਸਦੇ ਕਮਰੇ ਵਿੱਚ ਵੀ ਆਉਣਗੇ। ਕਈ ਵਾਰ ਤਾਂ ਉਹ ਠਾਣ ਕੇ ਬਥੇਰਾ ਸਵੇਰੇ ਉੱਠਣ ਦੀ ਕੋਸ਼ਿਸ਼ ਵਿਚ ਰਹਿੰਦਾ ਪਰ ਸ਼ਿਫਟਾਂ ਦੀ ਨੌਕਰੀ ਹੋਣ ਕਾਰਨ ਉਸਦਾ ਪੁੱਤ ਨੂੰਹ ਜਲਦੀ ਰਵਾਨਾ ਹੋ ਜਾਂਦੇ। ਉਸਦੀ ਨੂੰਹ ਦੀ ਸ਼ਿਫਟ ਦੁਪਹਿਰ ਤੋਂ ਬਾਦ ਖਤਮ ਹੋ ਜਾਂਦੀ ਸੀ। ਜਿਸ ਤੋਂ ਬਾਦ ਉਹ ਰਸਤੇ ਦੇ ਸਕੂਲ ਤੋਂ ਪੋਤਰੇ ਪ੍ਰਿੰਸ ਨੂੰ ਨਾਲ ਘਰੇ ਲੈ ਆਉਂਦੀ ਸੀ।
        ਪੁੱਤਰ ਨੂੰਹ ਦੇ ਆਪਣੇ ਕੰਮ ਤੇ ਜਾਣ ਉਪਰੰਤ ਮੁਖਤਾਰ ਸਿੰਘ ਦੇ ਚੇਹਰੇ ਦੇ ਭਾਵ ਤੇ ਮਨ ਚ ’ ਉੱਠਦੇ ਸਵਾਲ ਜਿਉਂ ਦੇ ਤਿਉਂ ਧਰੇ ਧਰਾਏ ਰਹਿ ਜਾਂਦੇ ਸਨ। ਉਹ ਬਥੇਰਾ ਆਪਣੇ ਪੋਤਰੇ ਪ੍ਰਿੰਸ ਨਾਲ ਤੇ ਵਿਦੇਸ਼ੀ ਧਰਤ ਦੀ ਖੂਬਸੂਰਤੀ, ਆਬੋ-ਹਵਾ ਨਾਲ ਘੁਲਣ-ਮਿਲਣ ਤੇ ਗਲੇ ਲਾਉਣ ਦੀ ਕੋਂਸ਼ਿਸ਼ ਕਰ ਰਿਹਾ ਸੀ। ਪਰ ਉਸ ਨੂੰ ਪਤਾ ਨਹੀ ਕਿਹੜੀ ਖਿੱਚ -ਚਿੰਤਾ ਅੰਦਰੋਂ ਹੀ ਅੰਦਰ ਪਰੇਸ਼ਾਨ ਕਰ ਰਹੀ ਸੀ ਜਿਸਦੀ ਉਸ ਨੂੰ ਖੁਦ ਨੂੰ ਕੋਈ ਖਬਰ ਨਹੀ ਸੀ।
        ਮੁਖਤਾਰ ਸਿੰਘ ਨੇ ਅੱਜ ਦਿਲ ਵੱਡਾ ਕਰਕੇ ਦਫਤਰ ਜਾਣ ਲੱਗੇ ਆਪਣੇ ਪੁੱਤ ਨੂੰ ਕਹਿ ਹੀ ਦਿੱਤਾ ਸੀ, “ ਜੱਗੇ, ਪੁੱਤ ਮੇਰਾ ਦਿਲ ਨਹੀ ਲੱਗ ਰਿਹਾ। ” ਜਗਜੀਤ ਸਿੰਘ ਦਾ ਚੇਹਰੇ ਦਾ ਰੰਗ ਫੱਕ ਹੋ ਗਿਆ, ''ਕਿਊਂ..?? ਕੀ ਹੋਇਆ ਡੈਡੀ ਜੀ, ਦਿਲ ਨਹੀ ਲੱਗ ਰਿਹਾ। ਕੀ ਹੋ ਗਿਆ ? ਸਿਮ ਨੇ ਕੁਝ ਕਿਹਾ ਜਾਂ ਪ੍ਰਿੰਸ ਨੇ ਸਤਾਇਆ ! ''  '' ਨਹੀ, ਨਹੀ ਕਿਸੇ ਨੇ ਕੁਝ ਨਹੀ ਕਿਹਾ, ਬਸ..। '' ਅਜੇ ਕੁਝ ਦੇਰ ਚੁੱਪ ਰਹਿ ਕੇ ਮੁਖਤਾਰ ਸਿੰਘ ਕੁਝ ਹੋਰ ਬੋਲਣ ਹੀ ਲੱਗਾ ਸੀ ਕਿ ਜਗਜੀਤ ਸਿੰਘ ਨੇ ਕਿਹਾ, “ ਪਿਤਾ ਜੀ ਬਾਕੀ ਗੱਲ ਸ਼ਾਮ ਨੂੰ ਕਰਦੇ ਹਾਂ, ਮੈਂ ਲੇਟ ਹੋ ਰਿਹਾ ਹਾਂ।“  ਇਹ ਕਹਿ ਕੇ ਉਹ ਗੱਡੀ ਲੈ ਕੇ ਦਫਤਰ ਨੂੰ ਹਨੇਰੀ ਹੋ ਗਿਆ। ਇੰਨੇ ਨੂੰ ਨੂੰਹ ਸਿਮਰਨ ਆਈ ਤੇ ਬੋਲੀ, "ਡੈਡੀ ਜੀ, ਮੈਂ ਦਫਤਰ ਲਈ ਨਿਕਲ ਰਹੀ ਹਾਂ, ਪ੍ਰਿੰਸ ਦੇ ਖਿਆਲ ਰੱਖਣ ਲਈ ਅੱਜ ਨੈਨੀ ਨਹੀਂ ਆਏਗੀ, ਕੁਝ ਦਿਨ ਛੁੱਟੀ ਤੇ ਹੈ ਆਪਣੇ ਪਰਿਵਾਰ ਕੋਲ ਜਾ ਰਹੀ ਹੈ। ਉਸ ਦੇ ਪਿਤਾ ਜੀ ਠੀਕ ਨਹੀ। ਸੋ ਡੈਡੀ ਜੀ ਹੁਣ ਤੁਸੀਂ ਖਿਆਲ ਰੱਖਣਾ ਪ੍ਰਿੰਸ ਦਾ ਤੇ ਖਾਣਾ ਫਰਿਜ ਵਿਚ ਰੱਖ ਦਿੱਤਾ ਹੈ, ਗਰਮ ਕਰਕੇ ਖਾ ਲੈਣਾ। "ਇੰਨਾ ਕੁਝ ਕਹਿਣ ਉਪਰੰਤ ਉਸਦੀ ਨੂੰਹ ਵੀ ਆਪਣੀ ਗੱਡੀ ਲੈ ਆਪਣੀ ਰੋਜਾਨਾ ਡਿਊਟੀ ਲਈ ਫੈਕਟਰੀ ਨੂੰ ਨਿਕਲ ਗਈ। ਹੁਣ ਸਿਰਫ ਘਰ, ਪ੍ਰਿੰਸ ਤੇ ਮੁਖਤਾਰ ਸਿੰਘ ਇਕੱਲੇ ਰਹਿ ਗਏ ਸਨ। ਕਹਿਣ ਨੂੰ ਤਾਂ ਉਹ ਤਿੰਨ ਸਨ ਪਰ ਮੁਖਤਾਰ ਨੂੰ ਆਪਣਾ ਆਪ ਕੱਲਮ ਕੱਲੀ ਕੋਈ ਪੱਥਰ ਦੀ ਮੂਰਤੀ ਜਿਹਾ ਲੱਗ ਰਿਹਾ ਸੀ, ਜੋ ਨਾ ਤਾਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੀ ਸੀ ਤੇ ਨਾ ਹੀ ਚੁੱਪ ਰਹਿ ਸਕਦੀ ਸੀ, ਬਸ ਵੇਖੀ ਜਾ ਰਹੀ ਸੀ। ਉਹ ਉਦਾਸ ਸੋਚ ਰਿਹਾ ਸੀ ਕਿ ਨੈਨੀ ਦਾ ਪਿਤਾ ਠੀਕ ਨਹੀਂ ਉਹ ਉਸ ਦਾ ਪਤਾ ਲੈਣ ਜਾ ਰਹੀ ਹੈ ਆਪਣੇ ਪਿਤਾ ਕੋਲ...ਪਰ ਮੇਰੇ ਪੁੱਤ- ਨੂੰਹ ਕੋਲ ਤਾਂ ਮੇਰੇ ਕੋਲ ਬੈਠਣ ਦਾ ਸਮਾਂ ਹੀ ਨਹੀਂ, ਦੁੱਖ ਸੁੱਖ ਦੀ ਗੱਲ ਸਾਂਝੀ ਕਰਨੀ ਤਾਂ ਦੂਰ ਸੀ। ਉੱਤੋਂ ਨਾ ਤਾਂ ਇੱਥੇ ਕੋਈ ਪਿੰਡੋਂ ਉਸਦਾ ਹਮ-ਉਮਰੀ ਆੜੀ ਹੀ ਸੀ... ਪਿੰਡ ਆਲਾ ਜੀਤਾ ਦੋਧੀ, ਮਹਿੰਦਰ ਨੰਬਰਦਾਰ, ਗੁਆਂਢੀ ਕਸ਼ਮੀਰਾ ਤੇ ਸ਼ਿੰਦਾ ਦਫਤਰ ਦਾ ਸਾਥੀ, ਜਿਨਾਂ ਨਾਲ ਆਪਣੇ ਪਿੰਡ ਉਹ ਆਪਣੇ ਸਾਥੀਆਂ ਨਾਲ ਘੜੀ ਹੱਸ ਲੈਂਦਾ ਜਾਂ ਗੱਪ-ਸ਼ੱਪ ਮਾਰਦਾ ਸੀ। ਏਥੇ ਉਹ ਨਾ ਤਾਂ ਘਰ ਰੁੱਕ ਸਕਦਾ ਸੀ ਨਾ ਤਾਂ ਬਾਹਰ ਘੁੰਮ ਸਕਦਾ ਸੀ। ਨਾਂ ਤਾਂ ਇੱਥੇ ਸੱਥਾਂ ਤੇ ਨਾ ਸੱਥਾਂ ਦੀ ਖੁੰਢ-ਚਰਚਾ ਲੱਭਦੀ ਸੀ, ਨਾ ਉਸਨੂੰ ਖੂਹ-ਬੰਬੀਆਂ, ਖਾਲਾਂ ਜਾਂ ਵਾਹਣ, ਸਰੋਂ-ਚਰੀ ਦੇ ਲਹਿਰਾਉਂਦੇ, ਹਵਾ ਨਾਲ ਗੱਲਾਂ ਕਰਦੇ ਖੇਤ, ਨਾ ਉੱਚੇ ਕੱਦ ਦੇ ਕਮਾਦ ਨਜਰੀ ਪੈਂਦੇ ਸਨ। ਇੰਨਾਂ ਸਭ ਚੀਜਾਂ ਨੂੰ ਉਹ ਬਹੁਤ ਯਾਦ ਕਰਦਾ ਸੀ। ਇੰਨਾਂ ਤੋਂ ਬਿਨਾਂ ਉਹ ਲੱਗਦਾ ਸੀ ਜਿਵੇਂ ਦਿਨੋਂ-ਦਿਨੀਂ ਬੁੱਢਾ ਜਾਂ ਬਿਮਾਰ ਹੋ ਰਿਹਾ ਸੀ। ਘਰ ਤੋਂ ਬਾਹਰ ਜਾਂਦਾ ਸੀ ਤਾਂ ਬਾਹਰ ਉਪਰੀ ਦੁਨੀਆਂ ਸੀ, ਉਪਰੇ ਦੇਸ਼ ਦੇ ਉਪਰੇ ਕਾਨੂੰਨ, ਅਸੂਲ ਸਨ। ਏਥੇ ਤਾਂ ਹਰ ਕੋਈ ਬਿਜੀ ਸੀ ਆਪਣੇ ਹੀ ਕੰਮ-ਕਾਰ ਵਿੱਚ ਜਿਵੇਂ ਕੋਈ ਅਨੋਖੀ ਭੱਜ-ਦੌੜ ਲੱਗੀ ਹੋਵੇ ਤੇ ਕਾਰਨ ਵੀ ਪਤਾ ਨਾ ਹੋਵੇ ਕਿਉਂ ਲੋਕ ਭੱਜੇ ਜਾ ਰਹੇ ਹੋਣ, ਕੋਈ ਕਿਸੇ ਲਈ ਨਹੀ ਰੁੱਕਦਾ ਸੀ। ਸਿਰਫ ਪੈਦਲ ਹੀ ਨਹੀਂ ਸਗੋਂ ਗੱਡੀਆਂ ਵਾਲੇ ਵੀ ਨਹੀ ਰੁੱਕਦੇ ਸਨ। ਸਭ ਇੱਕ ਦੂਜੇ ਤੋਂ ਅਨਜਾਣ ਬਿਲਕੁਲ ਬੇਪਛਾਨੇ ਚਿਹਰੇ ਸਨ। ਉਸ ਦਾ ਆਪਣਾ ਆਪ ਉਸ ਨੂੰ ਕਿਸੇ ਛੱਪੜ ਦੇ ਪਾਣੀ ਦੀ ਤਰਾਂ ਬੇਹਾ ਤੋ ਦਿਨੋਂ ਦਿਨ  ਬੋ-ਮਾਰਦਾ ਹੁੰਦਾ ਭਾਸ ਰਿਹਾ ਸੀ। ਉਸ ਦਾ ਮਨ ਉੱਪਰ ਤੱਕ ਭਰਿਆ ਪਿਆ ਸੀ। ਉਸ ਦੀ ਰੂਹ ਕਿਸੇ ਨਾਲ ਗੱਲਾਂ ਸਾਂਝੀਆਂ ਕਰਨ ਨੂੰ ਤਰਸ ਰਹੀ ਸੀ। ਘਰ ਦਾ ਸੰਨਾਟਾ, ਉਪਰੀ ਹਵਾ ਤੇ ਸਭਿਆਚਾਰ ਉਸ ਨੂੰ ਕਿਸੇ ਮੋਟੇ ਰੱਸੇ ਵਿਚ ਬੰਨ ਕੇ ਨੂੜ ਰਹੇ ਪ੍ਰਤੀਤ ਹੋ ਰਹੇ ਸਨ। ਜੇ ਸੌਣਾ ਚਾਹੁੰਦਾ ਸੀ ਤਾਂ ਨੀਂਦ ਨਹੀ ਆਉਂਦੀ ਸੀ ਜੇ ਜਾਗਿਆ ਫਿਰਦਾ ਤਾਂ ਮਨ ਨਹੀ ਲੱਗ ਰਿਹਾ ਸੀ। ਟੀ.ਵੀ ਅੱਗੇ ਬੈਠਦੇ ਨੂੰ ਪੋਤਰੇ ਨਾਲ ਜਬਰੀ ਕਾਰਟੂਨ ਦੇਖਣੇ ਪੈਂਦੇ ਸਨ, ਪੋਤਰਾ ਹੱਸਦਾ ਸੀ ਤੇ ਉਸ ਨਾਲ ਸਾਥ ਦੇਣ ਲਈ ਨਕਲੀ ਹਾਸਾ ਉਸ ਨੂੰ ਆਉਂਦਾ ਨਹੀ ਸੀ। ਦੁਪਹਿਰ ਨੂੰ ਭੁੱਖ ਲੱਗਦੀ ਤਾਂ ਉਹ ਠੰਡਾ ਖਾਣਾ ਹੀ ਖਾ ਲੈਂਦਾ ਸੀ। ਗਰਮ ਕਰਨ ਦੀ ਉਸਦੀ ਇੱਛਾ ਹੀ ਖਤਮ ਹੋ ਗਈ ਸੀ ਉਪਰੋਂ ਏਧਰ ਦੀਆਂ ਖਾਣਾ ਗਰਮ, ਪਾਣੀ ਗਰਮ, ਏਸੀ, ਕੂਲਰ ਤੇ ਗੀਜਰ ਜਿਹੀਆਂ ਆਧੁਨਿਕ ਮਸ਼ੀਨਾਂ ਨੂੰ ਚਲਾਉਣ ਤੋਂ ਉਸ ਨੂੰ ਡਰ ਜਿਹਾ ਲੱਗਦਾ ਸੀ ਕਿ ਕਿਤੇ ਕੋਈ ਚੀਜ ਖਰਾਬ ਨਾ ਹੋ ਜਾਵੇ। ਉਸ ਨੂੰ ਤਾਂ ਪਿੰਡ ਹੀ ਚੰਗਾ ਲੱਗਦਾ ਸੀ ਜੋ ਉਸ ਨੂੰ ਆਪਣਾ ਲੱਗਦਾ ਸੀ ਹਰ ਕੋਈ ਸਕਿਆਂ ਵਰਗਾ। ਹਰ ਚੀਜ ਬੰਬੀ ਦੀ ਤਰਾਂ ਖੁੱਲਮ-ਖੁੱਲ਼ੀ ਸੀ ਏਥੋਂ ਤੱਕ ਕਿ ਹਵਾ ਤੇ ਚੱਲਣ ਵਾਲੇ ਸਾਹ ਤੇ  ਲੋਕਾਂ ਦੇ ਹਾਸੇ-ਦੋਸਤੀਆਂ। ਸ਼ਾਮ ਨੂੰ ਨੂੰਹ-ਪੁੱਤਰ ਆਉਂਦੇ ਤਾਂ ਉਹ ਕੰਮ ਤੋਂ ਥੱਕੇ ਆਉਂਦੇ ਤੇ ਖਾਣਾ ਖਾ ਕੇ ਸੌਂ ਜਾਂਦੇ, ਉਸ ਦਾ ਵੀ ਉਨਾਂ ਨੂੰ ਪਰੇਸ਼ਾਨ ਕਰਨ ਨੂੰ ਦਿਲ ਨਹੀ ਕਰਦਾ ਸੀ। ਉਹ ਉਨਾਂ ਦਾ ਬੂਹਾ ਖੜਕਾਉਣ ਤੋਂ ਬਿਨਾਂ ਹੀ ਮੁੜ ਆਪਣੇ ਕਮਰੇ ਵਿਚ ਆ ਕੇ ਲੰਮੇ ਪੈ ਜਾਂਦਾ ਸੀ। ਨੂੰਹ ਦੁਪਹਿਰ ਨੂੰ ਆ ਕੇ ਆਪਣੇ ਕਮਰੇ ਵਿੱਚ ਪ੍ਰਿੰਸ ਨੂੰ ਲੈ ਕੇ ਚਲੇ ਜਾਂਦੀ ਸੀ। ਜੇ ਕੁਝ ਦੇਂਦੀ ਤਾਂ ਖਾ ਲੈਂਦਾ ਸੀ। ਔਰਤ ਹੋਣ ਕਰਕੇ ਤੇ ਉਪਰੋਂ ਵਿਦੇਸ਼ੀ ਸਭਿਆਚਾਰ ਦੀ ਹੋਣ ਕਾਰਨ ਉਸਦਾ ਨੂੰਹ ਨਾਲ ਜਿਆਂਦਾ ਖੁੱਲਣ ਨੂੰ ਵੀ ਦਿਲ ਨਹੀ ਸੀ ਕਰਦਾ। ਪੁੱਤ ਲੇਟ ਰਾਤ ਨੂੰ ਘਰ ਆਉਂਦਾ ਸੀ ਖਰਚੇ ਪੁਗਾਉਣ ਲਈ ਡਬਲ ਸ਼ਿਫਟਾਂ ਵਿੱਚ ਵੀ ਕੰਮ ਕਰਦਾ ਸੀ। ਉਹ ਦੋਵੇਂ ਤਾਂ ਕਦੇ ਕਦਾਈ ਸਵੇਰੇ ਫਤਹਿ ਬੁਲਾਉਣ ਲਈ ਹੀ ਇਕੱਠੇ ਹੁੰਦੇ ਸਨ। ਘਰ ਆ ਕੇ ਪੁੱਤ-ਨੂੰਹ ਪਾਸ ਉਸ ਕੋਲ ਬੈਠਣ ਦੀ ਵੇਹਲ ਨਹੀ ਹੁੰਦੀ ਸੀ ਤੇ ਸਵੇਰੇ ਉਹਨਾਂ ਨੂੰ ਕੰਮ ਤੇ ਭੱਜਣ ਦੀ ਕਾਹਲੀ ਹੁੰਦੀ ਸੀ। ਉਹ ਘਰ ਵਿਚ ਪਏ ਕਿਸੇ ਵਾਧੂ ਸਮਾਨ ਵਾਂਗਰ ਮਹਿਸੂਸ ਕਰ ਰਿਹਾ ਸੀ। ਜਿਸ ਦੀ ਕਿਸੇ ਨੂੰ ਕੋਈ ਜਰੂਰਤ ਜਾਂ ਚਾਹਤ ਨਹੀ ਸੀ। ਪੰਜਾਬ ਤੋਂ ਆਉਣ ਤੋਂ ਪਹਿਲਾਂ ਉਸ ਦੇ ਮਨ ਵਿੱਚ ਜੋ ਚਾਅ-ਮਲਾਰ ਸਨ ਉਹ ਸਭ ਦਿਲ ਦੇ ਕਿਸੇ ਪੁਰਾਣੇ ਸੰਦੂਕ ਨੁਮਾ ਕੋਨੇ ਵਿੱਚ ਦੱਬ ਕੇ ਰਹਿ ਗਏ ਸਨ।
        ਅੱਜ ਐਤਵਾਰ ਦਾ ਦਿਨ ਸੀ ਨੂੰਹ-ਪੁੱਤ ਨੂੰ ਕੰਮ ਤੋਂ ਛੁੱਟੀ ਸੀ, ਉਹ ਸਵੇਰੇ ਕਾਫੀ ਦੇਰ ਤੱਕ ਉਨਾਂ ਦੀ ਉੱਠਣ ਦੀ ਉਡੀਕ ਕਰਦਾ ਰਿਹਾ ਕਿ ਸ਼ਾਇਦ ਉਹ ਆਉਣਗੇ ਪਰ ਦਿਨ ਕਾਫੀ ਚੜ ਚੁੱਕਾ ਸੀ ਤੇ ਉਹ ਆਪ ਹੀ ਉਹਨਾਂ ਦੇ ਕਮਰੇ ਵੱਲ਼ ਨੂੰ ਗਿਆ ਪਰ ਫੇਰ ਉਸਦੇ ਪੈਰ ਭੌਉਂਦੇ ਮੁੜ ਆਏ..ਉਸ ਸੋਚਿਆ ਕਿ ਛੱਡ ਮਨਾਂ ਕੰਮ ਤੋਂ ਵਿਚਾਰੇ ਕਾਫੀ ਥੱਕੇ ਹੋਣਗੇ, ਏਸ ਵੇਲੇ ਉਠਾਉਣਾ ਠੀਕ ਹੈ। ਕਾਫੀ ਦੇਰ ਉਡੀਕ ਤੋਂ ਬਾਅਦ ਉਹ ਘਰ ਤੋਂ ਸੈਰ ਕਰਨ ਨੂੰ ਨਿਕਲ ਪਿਆ ਤੇ ਨਾਲ ਬਿਸਕੁਟ ਦਾ ਪੈਕਟ ਤੇ ਪਾਣੀ ਦੀ ਬੋਤਲ ਲੈ ਤੁਰ ਪਿਆ। ਤੁਰਦਾ-ਤੁਰਦਾ ਕਾਫੀ ਅੱਗੇ ਆ ਗਿਆ। ਅੱਗੇ ਇੱਕ ਪਾਰਕ ਉਸਦੇ ਨਜਰੀਂ ਪਿਆ। ਪਾਰਕ ਵਿੱਚ ਕਾਫੀ ਚਹਿਲ-ਪਹਿਲ ਤੇ ਰੌਣਕ ਭਰਿਆ ਮਾਹੌਲ ਸੀ। ਉਸ ਦਾ ਉਦਾਸਿਆ ਤੇ ਕੁਮਲਾਇਆ ਚੇਹਰਾ ਅਚਾਨਕ ਖੁਸ਼ੀ ਨਾਲ ਭਰ ਗਿਆ। ਕਾਈ ਪਰਿਵਾਰ ਵੱਖ-ਵੱਖ ਗਰੁੱਪਾਂ ਵਿੱਚ ਬੈਠੇ ਸਨ। ਕਾਹਲੇ ਕਾਹਲੇ ਕਦਮਾਂ ਨਾਲ ਪਾਰਕ ਵਿਚ ਵੜ ਗਿਆ। ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਪਾਰਕ ਵਿਚ ਬਹੁਤ ਸਾਰੇ ਗੋਰੇ ਲੋਕ, ਮਰਦ-ਤੀਵੀਆਂ, ਬਜੁਰਗ ਮਰਦ-ਔਰਤਾਂ, ਬੱਚੇ ਆਏ ਸਨ। ਪਰ ਪੰਜਾਬੀ ਨਾ-ਮਾਤਰ ਹੀ ਸਨ ਜੋ ਆਪਣੇ ਪਰਿਵਾਰਾਂ ਦੇ ਕੋਲ ਬੈਠੇ ਸਨ, ਇਹ ਦੇਖ ਕੇ ਉਹ ਫਿਰ ਉਦਾਸ ਹੋ ਗਿਆ। ਉਸ ਵਾਂਗ ਕੋਈ ਕੱਲਾ-ਕਾਰਾ ਨਹੀਂ ਸੀ ਸਿਰਫ ਉਹੀ ਸੀ ਇਸ ਚਹਿਲ-ਪਹਿਲ ਭਰੇ ਮਾਹੌਲ ਵਿੱਚ ਓਹ ਫੇਰ ਉਦਾਸ ਹੋ ਗਿਆ। ਫੇਰ ਉਹ ਪਾਰਕ ਦੇ ਦੂਜੇ ਪਾਸੇ ਇੱਕ ਖਾਲੀ ਪਏ ਬੈਂਚ ਤੇ ਜਾ ਬੈਠ ਗਿਆ ਤੇ ਨਾਲ ਲਿਆਂਦੇ ਸਲਿੰਗ-ਬੈਗ ਵਿਚ ਰੱਖੇ ਬਿਸਕੁਟ ਤੇ ਪਾਣੀ ਦੀ ਬੋਤਲ ਬਾਹਰ ਕੱਢ ਕੇ ਰੱਖ ਲਈ ਤੇ ਇੱਧਰ-ਉੱਧਰ ਧਿਆਨ ਮਾਰਿਆ ਕਿ ਸ਼ਾਇਦ ਕੋਈ ਉਸ ਨੂੰ ਕੋਈ ਆਪਣੇ ਮੁਲਕ ਦਾ ਪੰਜਾਬੀ ਬਾਸ਼ਿੰਦਾ ਮਿਲ ਜਾਵੇ ਜਿਸ ਕੋਲ ਉਹ ਘੜੀ ਪਲ ਬੈਠ ਸਕੇ ਤੇ ਦਿਲ ਦਿਆਂ ਸਾਂਝੀਆਂ ਕਰ ਸਕੇ।
ਅਚਾਨਕ ਥੋੜੀ ਦੂਰ ਲੋਕਾਂ ਦੇ ਇਕੱਠ ਦੇ ਓਹਲੇ ਪਾਰਕ ਦੀ ਦੂਜੀ ਹਟਵੀਂ ਜਿਹੀ ਨੁੱਕਰ ਵਿੱਚ ਘਾਹ ਤੇ ਬੈਠੀ ਇੱਕ ਔਰਤ ਦਿਸੀ ਜਿਸ ਦੇ ਕੋਲ ਇੱਕ ਛੋਟੀ ਜਿਹੀ ਬੱਚੀ ਖੇਡ ਰਹੀ ਸੀ ਜੋ ਉਸਦੀ ਹਮ-ਉਮਰ ਹੀ ਸੀ। ਭਾਵੇਂ ਥੋੜੇ ਪੱਛਮੀ ਪਹਿਰਾਵੇ ਕਾਰਨ ਉਹ ਔਰਤ ਆਪਣੀ ਉਮਰ ਤੋਂ ਥੋੜੀ ਜਵਾਨ ਲੱਗਦੀ ਸੀ। ਉਹ ਹੌਲੀ-ਹੌਲੀ ਥੋੜੀ ਆਸ ਨਾਲ ਉਸ ਔਰਤ ਦੇ ਨਜਦੀਕ ਕਦੋਂ ਪਹੁੰਚ ਗਿਆ ਪਤਾ ਹੀ ਨਾ ਲੱਗਾ। ਉਹ ਪਹਿਲਾਂ ਤਾਂ ਝੱਕਿਆ ਕਿ ਉਹ ਉਸ ਨਾਲ ਕੀ ਗੱਲ ਕਰੇਗਾ ? ਅੱਗੋਂ ਉਹ ਕੀ ਸੋਚੇਗੀ ? ਅਜੇ ਉਹ ਏਸੇ ਸਵਾਲਾਂ ਜਵਾਬਾਂ ਦੇ ਘੇਰੇ ਵਿਚ ਗੋਤੇ ਖਾ ਹੀ ਰਿਹਾ ਸੀ ਕਿ ਉਹ ਔਰਤ ਖੁਦ ਬੋਲ ਪਈ "ਸਤਿ ਸ੍ਰੀ ਅਕਾਲ ਜੀ।" ਉਸਦਾ ਚੇਹਰਾ ਖਿੜ ਉੱਠਿਆ। ਉਹ ਖੁਸ਼ੀ-ਖੁਸ਼ੀ ਬੋਲਿਆ, "ਸਾ..ਸਾ.. ਸਾਸਰੀ ਕਾਲ ਜੀ, ਸਾਸਰੀ ਕਾਲ ਜੀ"। ਅੰਦਰੋਂ-ਅੰਦਰੀਂ ਉਸ ਦਾ ਮਨ ਖੁਸ਼ ਹੋ ਰਿਹਾ ਸੀ ਕਿ ਚਲੋ ਕੋਈ ਤਾਂ ਪੰਜਾਬੀ ਬੋਲਦਾ ਮਿਲਿਆ-ਸੁਣਿਆ ਏਸ ਅਣਜਾਣੇ ਮੁਲਕ ਵਿੱਚ। ਉਸ ਨੂੰ ਕਾਫੀ ਸਕੂਨ ਮਿਲਿਆ। ਫੇਰ ਹੋਰ ਹੌਸਲਾ ਜਿਹਾ ਕਰਦਿਆਂ ਉਹ ਬੇਝਿਜਕ ਬੋਲਿਆ, "ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਇਥੇ ਬੈਠ ਜਾਵਾਂ ਜੀ?, ਮੈਂ ਪਾਰਕ ਵਿਚ ਬੜੀ ਦੇਰ ਤੋਂ ਇਧਰ-ਉਧਰ ਦੇਖ ਰਿਹਾ ਸੀ ਪਰ ਮੈਨੂੰ ਆਪਣਾ ਕੋਈ ਦਿਸ ਨਹੀ ਰਿਹਾ ਸੀ, ਸੋ ਮੈਂ ਤੁਹਾਡੇ ਕੋਲ ਆ ਗਿਆ।" ਉਹ ਬੋਲੀ, "ਹਾਂਜੀ ਹਾਂਜੀ..ਬੈਠੋ..ਬੈਠੋ ਜੀ।" ਉਹ ਬੜਾ ਖੁਸ਼ ਹੋਇਆ ਤੇ ਬੈਠਦਿਆਂ-ਬੈਠਦਿਆਂ ਹੀ ਕਿੰਨੇ ਸਵਾਲ ਕੱਢ ਮਾਰੇ, "ਏਹ ਬੱਚੀ ਬੜੀ ਪਿਆਰੀ ਹੈ, ਪੋਤੀ ਹੈ ਤੁਹਾਡੀ?, ਤੁਸੀ ਕਿੱਥੋਂ ਹੋ ? ਕੀ ਪੰਜਾਬੋਂ ਤੋਂ ਹੋ?," ਉਸਨੇ ਉਤਰ ਦਿੱਤਾ, "ਏਹ ਮੇਰੀ ਦੋਹਤੀ ਹੈ, ਰਾਬੀਆ, ਮੈਨੂੰ ਮਸਾਂ ਪੰਜ ਦਿਨ ਹੀ ਹੋਏ ਨੇ ਏਥੇ ਆਇਆਂ ਨੂੰ, ਅਸੀਂ ਜਲੰਧਰ ਤੋਂ ਹਾਂ।" ਕੁਝ ਦੇਰ ਚੁੱਪ ਰਹਿਣ ਤੋਂ ਬਾਦ ਉਹ ਫੇਰ ਧੀਮੀ ਜਿਹੀ ਆਵਾਜ ਵਿੱਚ ਬੋਲੀ , "ਬੇਟਾ ਮੇਰਾ ਪੰਜ ਸਾਲ ਪਹਿਲਾਂ ਏਧਰ ਸਟੱਡੀ ਬੇਸ ਤੇ ਆਇਆ ਸੀ, ਫੇਰ ਏਧਰ ਹੀ ਉਸ ਨੇ ਵਿਆਹ ਕਰ ਲਿਆ ਤੇ ਏਧਰ ਦਾ ਹੀ ਹੋ ਕੇ ਰਹਿ ਗਿਆ। "ਉਸ ਹੋਰ ਅੱਗੇ ਪੁੱਛਣਾ ਸ਼ੁਰੂ ਕੀਤਾ, "ਫੇਰ ਕਿਵੇਂ ਦਾ ਲੱਗਿਆ ਏਧਰ ਆ ਕੇ, ਪੁੱਤ-ਨੂੰਹ ਕੋਲ?" ਉਹ ਥੋੜੀ ਉਦਾਸ ਜਿਹੇ ਲਹਿਜੇ ਵਿੱਚ ਬੋਲੀ, "ਲੱਗਣਾ ਕਾਹਦਾ, ਨੂੰਹ-ਪੁੱਤ ਨੂੰ ਦੋਹਤੀ ਨੂੰ ਮਿਲ ਕੇ ਖੁਸ਼ ਹੋ ਜਾਣੀ ਹਾਂ, ਪਰ ਜਦੋਂ ਉਹ ਕੰਮ-ਧੰਦੇ ਨੂੰ ਚਲੇ ਜਾਂਦੇ ਨੇ, ਫੇਰ ਮੈਂ ਇਕੱਲੀ ਰਹਿ ਜਾਣੀ ਹਾਂ ਤੇ ਬੋਰ ਹੋਣ ਲੱਗ ਜਾਂਦੀ ਹਾਂ ਤੇ ਕੁਝ ਦਿਨ ਤੋਂ ਪਾਰਕ ਵਿੱਚ ਆ ਰਹੀ ਹਾਂ ਪਰ ਇੱਥੇ ਵੀ ਕੋਈ ਆਪਣਾ ਦਿਸਦਾ ਨਹੀਂ ਸੋ ਇੱਥੇ ਵੀ ਉਹੋ ਬੋਰੀਅਤ ਤੇ ਕੱਲਾਪਣ ਸਤਾਉਣ ਲੱਗ ਜਾਂਦਾ ਹੈ, ਏਥੋਂ ਨਾਲੋਂ ਤਾਂ ਆਪਣਾ ਪਿੰਡ ਹੀ ਸਹੀ ਸੀ, ਪਤੀ ਦੇ ਸਵਰਗਵਾਸ ਤੋਂ ਬਾਦ ਤਾਂ ਬਸ ਪੁੱਤ ਹੀ ਕੋਲ ਸੀ, ਸਭ ਖੁਸ਼ੀਆਂ ਕੋਲ ਸਨ, ਹੁਣ ਤਾਂ ਪੁੱਤ ਵੀ ਕੋਲ ਨਹੀ ਤੇ ਖੁਸ਼ੀ ਵੀ ਨਹੀ, ਨੂੰਹ-ਪੱਤ ਕੰਮਾਂ-ਧੰਦਿਆਂ ਵਿੱਚ ਬਿਜੀ ਰਹਿੰਦੇ ਨੇ ਤੇ ਮੈਂ ਦੋਹਤੀ ਨੂੰ ਸੰਭਾਲਦੀਂ ਰਹਿੰਦੀ ਹਾਂ, ਮਨ ਪਿੱਛੇ ਪਿੰਡ ਵੱਲੇ ਭੱਜਿਆ ਰਹਿੰਦੈਂ ।" ਮੁਖਤਾਰ ਸਿੰਘ ਹੱਸ ਪਿਆ...(ਹਾ..ਹਾਹਾ)..। ਉਹ ਵੀ ਮੁਸਕਰਾਈ ਤੇ ਬੋਲੀ , "ਤੁਸੀਂ ਹੱਸੇ ਕਿਉਂ ?" ਮੁਖਤਾਰ ਸਿੰਘ ਬੋਲਿਆ, "ਹੱਸਿਆ, ਮੈਂ ਏਸ ਕਰਕੇ ਹਾਂ ਕਿ ਤੁਹਾਡਾ ਵੀ ਹਾਲ ਮੇਰੇ ਵਾਲਾ ਹੀ ਐ....ਮੈਂ ਵੀ ਏਹੋ ਜਿਏ ਹਾਲਾਤਾਂ ਵਿੱਚੋਂ ਲੰਘ ਰਿਹਾ ਹਾਂ।" ਹੁਣ ਦੋਵੇਂ ਉੱਚੀ-ਉੱਚੀ ਹੱਸਦੇ ਨੇ.." ..ਹਾਹਾ..।" ਉਸ ਔਰਤ ਨੇ ਘਰੋਂ ਲਿਆਂਦੀ ਚਾਹ ਦੀ ਥਰਮੋਸ ਅੱਗੇ ਵਧਾਈ ਤੇ ਮੁਖਤਾਰ ਸਿੰਘ ਨੇ ਬਿਸਕੁਟਾਂ ਦਾ ਪੈਕਟ ਅੱਗੇ ਵਧਾਇਆ। ਦੋਵੇਂ ਰਲ ਚਾਈਂ-ਚਾਈ ਚਾਹ ਪੀਤੀ ਤੇ ਬਿਸਕੁਟ ਖਾਦੇ। ਲੰਮਾ ਸਮਾਂ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਨੇ। ਦੋਵਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸ਼ਾਮ ਤੋਂ ਬਾਦ ਹਨੇਰਾ ਪਸਰਨਾ ਸ਼ੁਰੂ ਹੋ ਗਿਆ। ਦੋਵਾਂ ਨੂੰ ਇੱਕ ਦੂਜੇ ਦਾ ਸਾਥ ਬੜਾ ਚੰਗਾ ਲੱਗਾ। ਅਗਲੇ ਦਿਨ ਫੇਰ ਸ਼ਾਮ ਨੂੰ ਮਿਲਣ ਦਾ ਤੈਅ ਕਰਕੇ ਉਹ ਚਲੇ ਜਾਂਦੇ ਨੇ।
ਮੁਖਤਾਰ ਸਿੰਘ ਅੱਜ ਬੜਾ ਖੁਸ਼ ਸੀ ਜਿਵੇਂ ਸਿਰੋਂ ਕੋਈ ਵੱਡਾ ਭਾਰ ਲੱਥ ਗਿਆ ਹੋਵੇ। ਇਨਸਾਨੀ ਹਮਦਰਦੀ ਦੀ ਸਾਂਝ ਕਿੰਨਾ ਸਕੂਨ ਤੇ ਸ਼ਾਂਤੀ ਦਿੰਦੀ ਹੈ ਇਹ ਉਸਦੇ ਚੇਹਰੇ ਦੀ ਖੁਸ਼ੀ ਤੋਂ ਸਾਫ ਝਲਕ ਰਹੀ ਸੀ। ਉਹ ਖੁਸ਼ੀ-ਖੁਸ਼ੀ ਕਦਮ ਪੁੱਟਦਾ ਵਾਪਸ ਘਰ ਨੂੰ ਤੁਰ ਪੈਂਦਾ ਹੈ। ਘਰ ਨੂੰ ਵਾਪਸ ਜਾਂਦਿਆਂ ਉਸ ਨੂੰ ਲੰਮਾ ਪੈਂਡਾ ਵੀ ਬੜਾ ਛੋਟਾ ਲੱਗਾ। ਘਰ ਆ ਕੇ ਕੀ ਵੇਖਦਾ ਹੈ ਕਿ ਉਸਦੇ ਨੂੰਹ-ਪੁੱਤ ਬੜੀ ਹੈਰਾਨੀ ਤੇ ਪਰੇਸ਼ਾਨੀ ਭਰੇ ਭਾਵਾਂ ਨਾਲ ਘਰ ਦੇ ਗੇਟ ਤੇ ਖੜੇ ਉਡੀਕ ਰਹੇ ਸਨ।" ਡੈਡੀ ਜੀ, ਤੁਸੀਂ ਕਿੱਥੇ ਚਲੇ ਗਏ ਸੀ ? ਤੁਹਾਨੂੰ ਪਤਾ ਹੈ ਅਸੀਂ ਕਿੰਨੇ ਪਰੇਸ਼ਾਨ ਸੀ ? ਤੁਹਾਨੂੰ ਘਰ ਵਿੱਚ ਨਾ ਲੱਭ ਕੇ।" ਉਸ ਨੇ ਕੋਲ ਖੜੇ ਪੋਤੇ ਨੂੰ ਚੁੱਕਿਆ, ਘੁੱਟ ਕੇ ਗਲੇ ਲਾ ਕੇ ਬੜੇ ਆਤਮ ਵਿਸ਼ਵਾਸ਼ ਨਾਲ ਬੋਲਿਆ, "ਮੈਨੂੰ ਕੋਈ ਆਪਣਾ ਮਿਲ ਗਿਆ ਸੀ।" ਉਹ ਪੋਤੇ ਨਾਲ ਲਾਡ ਲਡਾਉਂਦਾ ਸਿੱਧਾ ਘਰ ਦੇ ਅੰਦਰ ਚਲਾ ਗਿਆ ਤੇ ਉਸਦੇ ਨੂੰਹ-ਪੁੱਤ ਪਰਾਇਆਂ ਵਾਂਗ ਬੁੱਤ-ਬਣੀ ਖੜੇ ਕਦੇ ਇੱਕ-ਦੂਜੇ ਵੱਲ ਤੇ ਕਦੇ ਮੁਖਤਾਰ ਸਿੰਘ ਨੂੰ ਜਾਂਦਿਆਂ ਵੇਖੀ ਜਾ ਰਹੇ ਸਨ।

-ਗੁਰਬਾਜ ਸਿੰਘ, ਜਿਲਾ ਤਰਨ ਤਾਰਨ।
ਮੋਬ.ਨੰ. 98723-34944

ਦੁੱਖ ਦੇ ਰਿਸ਼ਤੇ - (ਕਹਾਣੀ) - ਗੁਰਬਾਜ ਸਿੰਘ ਤਰਨ ਤਾਰਨ।

       ਨਵੰਬਰ ਦਾ ਮਹੀਨਾ ਤੇ ਨਿੱਕੇ ਦਿਨ ਹੋਣ ਕਾਰਨ ਸੱਤ ਵਜੇ ਹੀ ਕਾਲਾ ਘੁੱਪ ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ। ਚੰਡੀਗੜੋਂ ਦਫਤਰ ਦਾ ਕੰਮ ਨਿਬੇੜ ਮੈਂ ਦੁਪਹਿਰ ਦੀ ਬੱਸ ਫੜ ਤੁਰ ਪਿਆ ਸੀ ਸਵਾ ਕੁ ਸੱਤ ਦਾ ਸਮਾਂ ਸੀ ਜਦੋਂ ਮੈਂ ਅੰਮ੍ਰਿਤਸਰ ਬੱਸ ਅੱਡੇ ਤੇ ਉਤਰਿਆ। ਬੱਸਾਂ ਟਾਵੀਆਂ-ਟਾਵੀਆਂ ਖੜੀਆਂ ਸਨ। ਬੱਸ ਅੱਡਾ ਵੀਰਾਨ ਜਿਹਾ ਹੋਣ ਸੁਰੂ ਹੋ ਗਿਆ ਸੀ। ਸੱਤ ਵਜੇ ਤੋਂ ਬਾਦ ਕਸਬੇ ਝਬਾਲ ਵੱਲ ਨੂੰ ਕੋਈ ਬੱਸ ਨਹੀ ਜਾਂਦੀ ਸੀ। ਮੈਂ ਇੱਧਰ-ਉੱਧਰ ਵੇਖਿਆ, ਕਈ ਥ੍ਰੀਵੀਲਰ ਕਾਹਲੀ-ਕਾਹਲੀ ਗੇੜੀਆਂ ਲਾ ਰਹੇ ਸਨ, ਹਨੇਰੇ ਕਾਰਨ ਉਹ ਵੀ ਸਵਾਰੀਆਂ ਨੂੰ ਥਾਓਂ-ਥਾਈਂ ਪਹੁੰਚਾ ਘਰਾਂ ਨੂੰ ਪਰਤਣਾ ਚਾਹੁੰਦੇ ਸਨ ਪਰ ਮੇਰੇ ਪਿੰਡ ਨੂੰ ਜਾਣ ਦਾ ਪੁੱਛ ਕੇ ਸਭ ਪਰੇ ਭੱਜ ਜਾਂਦੇ ਸਨ। ਤਿੰਨ-ਚਾਰ ਮੇਰਾ ਪਿੰਡ ਸ਼ਹਿਰੋਂ ਦੂਰ ਹੋਣ ਕਾਰਨ ਪੁੱਛ ਕੇ ਮੁੜ ਗਏ। ਅਸਲ ਵਿੱਚ ਰਾਤ ਨੂੰ ਇਹ ਸ਼ਹਿਰ ਦੀਆਂ ਲੋਕਲ ਸਵਾਰੀਆਂ ਨੂੰ ਹੀ ਚੁੱਕ ਰਹੇ ਸਨ, ਹਨੇਰਾ ਹੋਣ ਕਾਰਨ ਸ਼ਹਿਰ ਤੋਂ ਬਾਹਰ ਨਹੀਂ ਜਾਂਦੇ ਸਨ। ਇਕ ਥ੍ਰੀਵੀਲਰ ਰੁਕਿਆ, ਮੈਂ ਪਿੰਡ ਦੱਸਿਆ ਤਾਂ ਉਹ ਵੀ ਅੱਗੋਂ ਝਬਾਲ ਕਸਬੇ ਨੂੰ ਜਾਣ ਵਾਲਾ ਹੀ ਨਿਕਲਿਆ ਇਹ ਉਸ ਅਲੂਏਂ ਜਿਹੇ ਮੁੰਡੇ ਦਾ ਆਖਰੀ ਫੇਰਾ ਸੀ, ਮੇਰਾ ਪਿੰਡ ਸ਼ਹਿਰ ਤੋਂ ਦਸ-ਗਿਆਰਾਂ ਕਿਲੋਮੀਟਰ ਦੂਰ ਤੇ ਝਬਾਲ ਤੋਂ ਸੱਤ –ਅੱਠ ਕਿਲੋਮੀਟਰ ਦੂਰ ਸੀ ਜਾਂ ਇੰਝ ਕਹਿ ਲਵੋ ਕਿ ਮੈਂ ਦੋਵਾਂ ਦੇ ਵਿਚਕਾਰ ਸੀ। ਥ੍ਰੀਵੀਲਰ ਵਾਲਾ ਝਬਾਲ ਤੱਕ ਦੇ ਰਸਤੇ ਦੇ ਪਿੰਡਾਂ ਦੀਆਂ ਸਵਾਰੀਆਂ ਨੂੰ ਉਡੀਕਣ ਵਾਸਤੇ ਰੁਕ ਗਿਆ। ਕੁਝ ਦੇਰ ਮੈਂ ਵੀ ਸਹਿਮਤੀ ਦੇ ਕੇ ਚੁੱਪ ਰਿਹਾ, ਫੇਰ ਮੈਂ ਕਿਹਾ, “ ਛੋਟੇ ਵੀਰ, ਏਦਾਂ ਕਰ ਹਨੇਰਾ ਬਹੁਤ ਹੋ ਰਿਹਾ ਹੈ, ਉਤੋਂ ਰਾਹ ਵੀ ਵੀਰਾਨ ਨੇ ਅੱਗੇ, ਤੂੰ ਮੈਨੂੰ ਸਾਲਮ ਹੀ ਲੈ ਚੱਲ, ਪੈਸੇ ਦੱਸ ਕਿੰਨੇ ਲਵੇਂਗਾ। “ ਓਸ ਜੁਆਬ ਦਿੱਤਾ ਬਾਊ ਜੀ, ਤੁਹਾਡੇ ਵਾਂਗ ਹੋਰ ਵੀ ਕਈ ਕੰਮ ਕਾਰ ਵਾਲੇ ਰਾਹ ਦੇ ਪਿੰਡਾਂ ਦੇ ਮਿਲ ਜਾਂਦੇ ਨੇ, ਬਸ ਦੋ-ਚਾਰ ਸਵਾਰੀਆਂ ਡੀਕ ਲਈਏ, ਫੇਰ ਚਲਦੇ ਆਂ, ਜੀ। “
ਫੇਰ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਉਹ ਥ੍ਰੀ ਵੀਲਰ ਵਾਲਾ ਚੱਲਣ ਲਈ ਤਿਆਰ ਹੋ ਗਿਆ।
“ ਠੀਕ ਐ, ਬਾਉ ਜੀ, ਤੁਸੀਂ ਮੈਨੂੰ ਸੱਠ ਰੁਪਈਏ ਦੇ ਦਿਓ, ਮੈਂ ਤੁਹਾਨੂੰ ਲੈ ਚੱਲਦਾ ਆਂ ਜੀ।”
“ ਸੱਠ ? ਓ ਕਾਕਾ ? ਏਹ ਕੀ ? ਇਹ ਤਾਂ ਬਹੁਤ ਜਿਆਦਾ ਨੇ, ਵੀਹ ਮੇਰੇ ਪਿੰਡ ਦਾ ਕਿਰਾਇਆ ਹੈ, ਤੂੰ ਵੱਡੀ ਗੱਲ ਤੀਹ ਨਹੀ ਚਾਲੀ ਲੈ ਲਾ, ਸੱਠ ਤਾਂ  ਬੜੇ ਜਿਆਦਾ ਨੇ।”
ਫੇਰ ਉਹ ਸਫਾਈਆਂ ਦੇਣ ਲੱਗਾ, “  ਵੇਖੋ ਬਾਊ ਜੀ, ਜੇ ਝਬਾਲ ਜਾਂਵਾਂ, ਸਵਾਰੀਆਂ ਉਡੀਕ ਕੇ ਭਰਾਂ ਤਾਂ ਮੈਨੂੰ ਡੇਢ ਦੋ ਸੌ ਦੀ ਕਮਾਈ ਹੋ ਜਾਣੀ ਸੀ, ਤੁਸੀ ਸਾਲਮ ਸਵਾਰੀ ਓ, ਹੋਰ ਕਿਸੇ ਨੂੰ ਬਿਠਾ ਵੀ ਨਹੀ ਸਕਦਾ। ”
 “ ਓ ਭਰਾਵਾ, ਚਾਲੀ ਦੇ ਤੈਨੂੰ ਪੰਜਾਹ ਮਿਲ ਜਾਣਗੇ, ਹੁਣ ਤੂੰ ਚੱਲਣ ਵਾਲਾ ਬਣ ” , ਮੈਂ ਕਿਹਾ।
ਉਹ ਮੰਨਦਾ ਹੋਇਆ ਇੱਕ ਹੋਰ ਬੇਨਤੀ ਮੰਨਵਾ ਬੈਠਾ, “ ਬਾਊਜੀ, ਜੇ ਤੁਸੀ ਗੁੱਸਾ ਨਾ ਕਰੋ ਤਾਂ ਮੈਂ ਰਸਤੇ ਵਿੱਚੋਂ ਮਿਲਣ ਵਾਲੀ ਕੋਈ ਸਵਾਰੀ ਵੀ ਬਿਠਾ ਲਵਾਂ। ”
ਮੈਨੂੰ ਤਰਸ ਵੀ ਆਇਆ ਤੇ ਗੁੱਸਾ ਵੀ, ਤਰਸ ਏਸ ਕਰਕੇ ਕਿ ਗਰੀਬ ਮੁੰਡਾ ਮੇਹਨਤਕਸ਼ ਹੈ ਚਲੋ ਕੋਈ ਨਾ ਹੋਰ ਸਵਾਰੀਆਂ ਬਿਠਾ ਕਮਾਈ ਕਰਲੂ ਪਰ ਗੁੱਸਾ ਏਸ ਕਰਕੇ ਕਿ ਮੇਰੇ ਕੋਲੋਂ ਪੈਸੇ ਵੀ ਵੱਧ ਲੈਣੇ ਮਿੱਥ ਲਏ ਤੇ ਸਾਲਮ ਹੋਣ ਦੇ ਬਾਵਜੂਦ ਹੋਰ ਸਵਾਰੀਆਂ ਬਿਠਾਉਣ ਦਾ ਵੀ ਲਾਲਚ ਜਗਾ ਲਿਆ ਸੀ।  ਫੇਰ ਥ੍ਰੀਵਿਲਰ ਚੱਲ ਪਿਆ।
ਉਹ ਮੁੰਡਾ ਥ੍ਰੀਵੀਲਰ ਦੌੜਾਉਂਦਾ ਤੇਜ ਨਜਰਾਂ ਨਾਲ ਹਰ ਚੌਕ-ਚੁਰਾਹਾ ਚੈੱਕ ਕਰਦਾ ਖਲੋਤੀਆਂ ਸਵਾਰੀਆਂ ਨੂੰ ਕਾਹਲੀ-ਕਾਹਲੀ ਅਵਾਜ ਦੇ ਕੇ ਝਬਾਲ ਦਾ ਪੁੱਛ ਪੁੱਛ ਕੇ ਅੱਗੇ ਵਧਦਾ ਜਾ ਰਿਹਾ ਸੀ। ਸ਼ਹਿਰ ਦਾ ਆਖਰੀ ਚੌਕ ਖਜਾਨਾ ਗੇਟ ਪਹੁੰਚੇ। ਚੌਂਕ ਵਿੱਚ ਇੱਕ ਸਵਾਰੀ ਦਿਖੀ। ਹਨੇਰੇ ਵਿੱਚ ਕੋਈ ਲੰਬਾ ਜਿਹਾ ਬੰਦਾ ਦਿਖਿਆਂ, ਥ੍ਰੀਵਿਲਰ ਨੇੜੇ ਹੋਇਆ ਤਾਂ ਵੇਖਿਆ ਤੇ ਉਹ ਬੰਦਾ ਹੱਥ ਕੱਪੜਿਆਂ ਦੀ ਗੁੱਥਲੀ ਜਿਹੀ ਫੜੀ ਖੜਾ ਸੀ, ਉਸਦੇ ਸਿਰ ਪੁਰਾਣਾ ਮੈਲਾ ਕੁਚੈਲਾ, ਟੁੱਟਾ-ਭੱਜਾ ਪਰਨਾ ਸੀ ਜਿਸਦੇ ਬੇਤਰਤੀਬੇ ਵਲ ਮਾਰੇ ਸੀ, ਪੈਰੀ ਪੁਰਾਣੀ ਮਿੱਟੀ ਨਾਲ ਭਰੀ, ਮਿੱਧੀ-ਫਿੱਸੀ ਮੋਕਲੀ ਜਿਹੀ ਲੱਕੀ ਜੁੱਤੀ ਪਾਈ ਹੋਈ ਸੀ, ਦਾੜੀ ਉਸਦੀ ਬਿਨਾਂ ਵਾਹੀ ਸਵਾਰੀ ਖਿਲਰੀ-ਪੁਲਰੀ ਜਿਹੀ ਸੀ, ਲੋਈ ਦੀ ਬੁੱਕਲ ਵੀ ਪੁੱਠੇ ਦਾਅ ਦੀ ਮਾਰੀ ਹੋਈ ਸੀ, ਪੂਰਾ ਸ਼ਰਾਬੀ-ਕਬਾਬੀ ਲੱਗ ਰਿਹਾ ਸੀ।

ਥ੍ਰੀਵੀਲਰ ਵਾਲਾ ਕਹਿੰਦਾ ਬਾਉ ਜੀ, ਇਸ ਨੇ ਕੁਝ ਨੀ ਦੇਣਾ, ਸ਼ਰਾਬੀ ਲੱਗਦੈ। ਆਪਾ ਚੱਲੀਏ, ਮੈਂ ਕਿਹਾ, “ ਨਹੀ, ਪੁੱਛ ਲਾ ਕੋਈ ਮੁਸ਼ਕਿਲ ਦਾ ਮਾਰਿਆ ਲੋੜਵੰਦ ਵੀ ਹੋ ਸਕਦੈ।“
ਪੁੱਛਣ ਤੇ ਪਤਾ ਲੱਗਾ ਕਿ ਉਹ ਹਸਪਤਾਲ ਤੋਂ ਆਇਆ ਸੀ ਤੇ ਹੁਣ ਪਿੰਡ ਨੂੰ ਜਾ ਰਿਹਾ ਸੀ, ਉਸਦਾ ਪਿੰਡ ਮੇਰੇ ਤੋਂ ਦੋ ਪਿੰਡ ਪਹਿਲਾਂ ਪੈਂਦਾ ਸੀ।
ਮੁੰਡੇ ਨੇ ਥ੍ਰੀਵੀਲਰ ਤੋਰ ਲਿਆ ਅਸੀ ਤਿੰਨੋ ਸ਼ਹਿਰੋਂ ਬਾਹਰ ਆ ਗਏ, ਉਸ ਥ੍ਰੀਵੀਲਰ ਵਾਲੇ ਮੁੰਡੇ ਨੇ ਗੱਲਬਾਤ ਦਾ ਦੌਰ ਸ਼ੁਰੂ ਕੀਤਾ। ਮੈਂ ਮਨ ਨਾ ਹੁੰਦਿਆਂ ਵੀ ਹੰਗਾਰਾ ਦੇਣਾ ਸ਼ੁਰੂ ਕੀਤਾ ਕਿ ਚਲੋ ਗੱਲਬਾਤ ਨਾਲ ਹਨੇਰੇ ਦੇ ਦੌਰ ਤੇ ਰਸਤੇ ਦੀ ਵਿਰਾਨਗੀ ਦਾ ਸਫਰ ਛੇਤੀ ਗੁਜਰ ਜਾਵੇਗਾ। ਇਹ ਗੱਲਾਂ ਮੇਰੀ ਨੌਕਰੀ, ਅਜੋਕੇ ਹਾਲਾਤਾਂ, ਉਸਦੇ ਕੰਮ ਕਾਰ ਤੇ ਹੋਰ ਕਈ ਵਿਸ਼ਿਆਂ ਦੀਆਂ ਗੱਲਾਂ ਸਨ, ਪਰ ਸਾਡੀ ਗੱਲਬਾਤ ਦਾ ਉਸ ਬੰਦੇ ਤੇ ਕੋਈ ਅਸਰ ਨਹੀ ਹੋ ਰਿਹਾ ਸੀ। ਉਹ ਸ਼ਾਂਤ ਚਿੱਤ, ਕਿਸੇ ਗਹਿਰੀ ਸੋਚ ਚ ਡੁੱਬਾ ਗੁੰਮ-ਸੁੰਮ ਬੈਠਾ ਸੀ, ਜਿਵੇ ਕੋਈ ਸਾਧੂ ਮੌਨ ਸਾਧਨਾ ਵਿੱਚ ਮਸਤ ਹੋਵੇ।
    ਫੇਰ ਮੁੰਡੇ ਨੇ ਮੇਲੇ ਦੀ ਗੱਲ ਸ਼ੁਰੂ ਕਰ ਲਈ, “ ਬਾਉ ਜੀ, ਸੱਚ.. ਕੱਲ ਤੋਂ ਤਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਮੇਲੇ ਵੀ ਸ਼ੁਰੂ ਹੋਣਾ ਹੈ, ਤੁਹਾਨੂੰ ਤਾਂ ਸਰਕਾਰੀ ਛੁੱਟੀ ਹੋਵੇਗੀ ।“ ਮੈਂ ਹਾਂ ਵਿੱਚ ਜੁਆਬ ਦੇ ਕੇ ਚੁੱਪ ਕਰ ਗਿਆ।
    ਫੇਰ ਅਚਾਨਕ ਮੈਂ ਨੋਟ ਕੀਤਾ, ਉਸ ਆਦਮੀ ਦੀਆਂ ਵਿੱਚੋਂ ਹੰਝੂਆਂ ਦੀਆਂ ਘਰਮਾਲਾਂ ਬੇਰੋਕ ਸ਼ੁਰੂ ਹੋ ਗਈਆਂ, ਉਸ ਆਪਣੇ ਵੱਡੇ-ਵੱਡੇ ਹੱਥਾਂ ਨਾਲ ਅੱਖਾਂ ਪੂੰਝੀਆਂ, ਲੋਈ ਨਾ ਗੱਲਾਂ ਵੀ ਪੂੰਝੀਆਂ ਪਰ ਹੰਝੂ ਵਹਿਣੋਂ ਨਾ ਰੁਕੇ, ਉਸ ਦੀਆਂ ਗਲੇਡੂ ਭਰੀਆਂ ਅੱਖਾਂ ਵਿਚਲੀ ਪੀੜ ਤੇ ਦੁੱਖ ਦਾ ਸਾਗਰ ਸਾਫ ਦਿਖ ਰਿਹਾ ਸੀ। ਥ੍ਰੀਵੀਲਰ ਵਾਲਾ ਮੁੰਡਾ ਵੀ ਸਿਰ ਉਪਰਲੇ ਸਾਹਮਣੇ ਸ਼ੀਸੇ ਵਿਚੋਂ ਇਹ ਸਭ ਦੇਖ ਰਿਹਾ ਸੀ ਤੇ ਮੈਂ ਵੀ। ਪਰ ਪੁੱਛ ਕੋਈ ਨਾ ਰਿਹਾ ਸੀ।
    ਏਨੇ ਨੂੰ ਉਸਦਾ ਪਿੰਡ ਆ ਗਿਆ, ਓਹ ਡੁੱਸਕਦੀ ਅਵਾਜ ਚ ਬੋਲਿਆ, “  ਛੋਟੇ ਵਵ..ਵੀਰ, ਮੈਨੂੰ ਏਸੇ ਪਿੰਡ ਲਾਹ ਦੇ। ”
    ਮੈਂ ਹਿੰਮਤ ਕੀਤੀ, “ ਬਾਈ ਜੀ, ਕੀ ਗੱਲ ਹੈ, ਰੋ ਕਿਉਂ ਰਹੇ ਹੋ”, “ ਮੇਰਾ ਪੁੱਤ,,,ਮੇਰਾ ਪੁੱਤ ??” ਉਹ ਭੁੱਬੀ ਮਾਰ ਰੋ ਪਿਆ। ਮੈਂ ਉਸਦਾ ਮੋਢਾ ਘੁੱਟਦੇ ਹਿੰਮਤ ਦਿੱਤੀ, “ ਤੁਸੀ ਗੱਲ ਦੱਸੋ, ਬਾਈ ਕੀ ਹੋਇਆ ਤੁਹਾਡੇ ਪੁੱਤ ਨੂੰ ? “
    ਥ੍ਰੀਵੀਲਰ ਤੋਂ ਉਤਰਦਿਆਂ ਹੀ ਉਸ ਇਕੇ ਸਾਹੀ ਸਭ ਰੋਂਦਿਆਂ ਦੱਸਿਆ, “ ਮੇਰਾ ਛੋਟਾ ਜਿਹਾ ਇੱਕੋ-ਇੱਕ ਪੁੱਤ ਵਾ, ਉਹ ਸ਼ਹਿਰ, ਸਰਕਾਰੀ ਹਸਪਤਾਲ ਦਾਖਲ ਆ, ਮੇਰੇ ਪੁੱਤ ਕੱਲ ਦਾ ਨੀਮ ਬੇਹੋਸ਼ੀ ਵਿੱਚ ਹੈ, ਡਕਟਰ ਕਹਿੰਦੈ ਟੈਸਟਾਂ ਵਿੱਚ ਇੰਨਫੈਕਸ਼ਨ ਬਹੁਤ ਆਈ ਹੈ, ਕਹਿੰਦੇ ਰਿਪੋਰਟ ਖਤਰੇ ਵਾਲੀ ਹੈ, ਅਸੀ ਪੂਰੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਰੱਬ ਅੱਗੇ,, ਨਾ ਸੁਧਾਰ ਹੋਇਆ ਤਾਂ ਚੰਡੀਗੜ ਭੇਜਣਾ ਪੈਣਾ। “ ਤੇ ਫੇਰ ਉਸਦਾ ਗੱਚ ਭਰ ਆਇਆ ਤੇ ਓਹ ਉਚੀ ਉਚੀ ਰੋਣ ਲੱਗ ਪਿਆ।
    ਮੈਂ ਉਸਨੂੰ ਧਰਵਾਸ ਦਿੰਦਿਆਂ ਕਿਹਾ ਕਿ ਪਰਮਾਤਮਾ ਬੜਾ ਬਲਵਾਨ ਹੈ, ਤੁਸੀਂ ਚਿੰਤਾ ਨਾ ਕਰੋ, ਬਾਬਾ ਬੁੱਢਾ ਸਾਹਿਬ ਜੀ ਉਸ ਨੂੰ ਤੰਦਰੁਸਤੀ ਬਖਸ਼ਣਗੇ। ਥ੍ਰੀਵੀਲਰ ਵਾਲੇ ਨੇ ਵੀ ਬਾਹਰ ਨਿਕਲ ਕੇ ਉਸ ਨੂੰ ਗਲ ਵਿਚ ਲੈ ਕੇ ਹਿੰਮਤ ਦਿੱਤੀ ਮੈਂ ਵੀ ਉਸਦਾ ਮੋਢਾ ਘੁੱਟ ਕੇ ਹੌਸਲਾ ਦਿੱਤਾ।
    ਉਸ ਬੰਦੇ ਨੇ ਕਿਰਾਏ ਵਜੋਂ ਦਸ ਰੁਪਏ ਦਾ ਨੋਟ ਅਗੇ ਵਧਾਇਆ ਪਰ ਥ੍ਰੀਵੀਲਰ ਵਾਲੇ ਮੁੰਡੇ ਨੇ ਕਿਹਾ, “ ਨਈਂ ਵੱਡੇ ਬਾਈ, ਤੁਸੀਂ ਦੁੱਖੀ ਵਿਚ ਹੋ, ਤੁਹਾਡਾ ਪੁੱਤ ਬਿਮਾਰ ਆ, ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ, ਤੁਸੀ ਪੈਸੇ ਕੋਲ ਰੱਖੋ ਸਾਨੂੰ ਦੱਸੋ ਕੋਈ ਮੱਦਦ ਕਰੀਏ ਅਸੀਂ ਤੁਹਾਡੀ, ਮੈਂ ਕੱਲ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਜਾਣਾ ਹੈ, ਮੈਂ ਤੁਹਾਡੇ ਪੁੱਤ ਦੀ ਸੇਹਤਯਾਬੀ ਦੀ ਅਰਦਾਸ ਕਰਾਗਾਂ, ਉਹ ਜਲਦੀ ਹੋ ਠੀਕ ਹੋ ਜਾਵੇਗਾ, ਰੋਵੋ ਨਾ, ਤੁਸੀਂ ਹੌਸਲਾ ਰੱਖੋ, ਬਾਬਾ ਜੀ ਸਭ ਠੀਕ ਕਰਨਗੇ। ”
    ਮੈਨੂੰ ਉਹ ਥ੍ਰੀਵੀਲਰ ਵਾਲਾ ਮੁੰਡੇ ਦੀ ਇਨਸਾਨੀਅਤ ਤੇ ਭਲੇ ਵਤੀਰੇ ਤੇ ਮਾਣ ਮਹਿਸੂਸ ਹੋਇਆ। ਮੈਨੂੰ ਲੱਗਾ ਜਿਵੇਂ ਕੁਦਰਤ ਨੇ ਸ਼ਾਇਦ ਸਾਨੂੰ ਦੋਹਾਂ ਨੂੰ ਅੱਜ ਉਸ ਦੁਖੀ ਇਨਸਾਨ ਦੀ ਮਦਦ ਕਰਨ ਲਈ ਹੀ ਮਿਲਾਇਆ ਹੈ, ਓਸ ਨਾਲ।
    ਫੇਰ ਉਸ ਬੰਦੇ ਨੇ ਕਿਹਾ, “ ਛੋਟੇ ਵੀਰ, ਤੁਹਾਡਾ ਬਹੁਤ- ਬਹੁਤ ਧੰਨਵਾਦ, ਤੁਸੀਂ ਬੱਸ ਇਹ ਪੈਸੇ ਰੱਖ ਲਵੋਂ ਕਿਰਾਇਆ ਨਾ ਸਹੀ, ਪਰ ਮੇਰੇ ਪੁੱਤ ਵਲੋਂ ਗੁਰੂ ਮਹਾਰਾਜ ਦੇ ਮੱਥਾ ਟੇਕ ਦੇਣਾ ਤੇ ਅਰਦਾਸ ਕਰਨਾ ਕਿ ਉਹ ਜਲੀਦ ਤੰਦਰੁਸਤ ਹੋ ਜਾਵੇ।”
    ਮੈਂ ਵੀ ਉਸ ਦੀ ਮਦਦ ਲਈ ਪਿਛਲੀ ਜੇਬ ਵਿੱਚੋਂ ਅਜੇ ਪਰਸ ਕੱਢਿਆ ਹੀ ਸੀ ਕਿ ਉਹ ਮਨਾ ਕਰਦਿਆਂ ਬੋਲਿਆ, “ ਬਾਊ ਜੀ, ਨਾ,ਨਾ ਇੰਝ ਨਾ ਕਰੋ, ਤੁਸੀ ਬਸ ਮੇਰੇ ਛੋਟੇ ਜਿਹੇ ਪੁੱਤ ਲਈ ਅਰਦਾਸ ਕਰਿਓ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ, ਤੁਹਾਡੇ ਵਲੋਂ ਏਹੋ ਮੇਰੀ ਮਦਦ ਹੋਵੇਗੀ ਜੀ । ”
    ਫੇਰ ਉਹ ਆਪਣੇ ਪਿੰਡ ਦੀ ਗਲੀ ਫੜ ਹਨੇਰੇ ਵਿੱਚ ਪਤਾ ਨਹੀਂ ਕਿਧਰੇ ਗੁੰਮ ਹੋ ਗਿਆ। ਥ੍ਰੀਵੀਲਰ ਵਾਲਾ ਮੁੰਡਾ ਤੇ ਮੈਂ ਕਿੰਨੀ ਦੇਰ ਉਸ ਬੰਦੇ ਦੇ ਦੁੱਖ ਬਾਰੇ ਸੋਚਦੇ, ਗੁੰਮ-ਸੁੰਮ ਰਹੇ। ਫੇਰ ਮੇਰਾ ਪਿੰਡ ਆ ਗਿਆ ਤੇ ਮੈਂ ਉਤਰ ਗਿਆ। ਮੁੰਡੇ ਨੇ ਮੈਨੂੰ ਫਤਹਿ ਬੁਲਾਈ ਤੇ ਪੈਸੇ ਲੈ ਅੱਗੇ ਚਲਾ ਗਿਆ।
    ਘਰ ਪੁੱਜਣ ਤੇ ਅਮਨ (ਮੇਰੀ ਪਤਨੀ)ਨੇ ਬੂਹਾ ਖੋਲਿਆ, “ ਆ ਗਏ ਤੁਸੀਂ, ਕੀ ਗੱਲ ਤੁਸੀਂ ਬੜੇ ਉਦਾਸ ਹੋ ? ਚੰਡੀਗੜ ਵਾਲਾ ਕੰਮ ਨਿਬੜਿਆ ਜਾਂ ਨਹੀਂ, ਥੱਕੇ ਤਾਂ ਨੀ ਜਿਆਦਾ। ”
    “ ਨਹੀ, ਨਹੀ, ਬਸ ਉਦਾਸ ਹਾਂ ਜਿੰਦਗੀ ਦੇ ਬੜੇ ਰੰਗ ਨੇ. ਮਾੜੇ ਵੀ ਤੇ ਚੰਗੇ ਵੀ, ਬੰਦੇ ਦੀ ਜਿੰਦਗੀ ਵਿੱਚ ਸੁੱਖ ਦੇ ਦਿਨ ਵੀ ਆਉਂਦੇ ਰਹਿੰਦੇ ਨੇ ਤੇ ਦੁੱਖ ਦੇ ਵੀ। ”
    “  ਬੁਝਾਰਤਾਂ ਨਾ ਪਾਓ, ਆ ਲਓ ਪਾਣੀ ਪੀਓ ਤੇ ਹੁਣ ਦੱਸੋ ਕਿ ਹੋਇਆ ? ”
ਸੋਫੇ ਤੇ ਬੈਠਦਿਆਂ ਲੰਮਾ ਸਾਹ ਲਿਆ ਤੇ ਦੱਸਿਆ, “ ਇੱਕ ਬੰਦਾ ਮਿਲਿਆ ਸੀ ਬੜਾ ਗਰੀਬ, ਦੁਖੀ ਤੇ ਪੀੜਾਂ ਨਾਲ ਵਿੰਨਿਆ ਹੋਇਆ, ਉਸਦਾ ਇਕਲੌਤਾ ਛੋਟਾ ਜਿਆ ਪੁੱਤਰ ਹਸਪਤਾਲ ਚ ਇੰਨਫੈਕਸ਼ਨ ਨਾਲ ਜੂਝ ਰਿਹਾ ਹੈ, ਓਹ ਵਿਚਾਰਾ ਬੜਾ ਰੋ ਰਿਹਾ ਸੀ, ਮੇਰੀਆਂ ਅੱਖਾਂ ਸਾਹਵੇਂ ਆਪਣੇ ਅੰਬਰ ਦਾ ਚੇਹਰਾ ਆ ਗਿਆ ਸੀ, ਬੜਾ ਮਨ ਦੁਖੀ ਹੋਇਆ ਮੇਰਾ, ਦਿਲ ਕਰਦਾ ਉਸਦੀ ਕੋਈ ਮਦਦ ਕਰਾਂ। ”
    ਅਮਨ ਬੋਲੀ, “ ਜਰੂਰ ਜੀ, ਜਰੂਰ ਕਰਨੀ ਚਾਹੀਦੀ ਹੈ ਮਦਦ, ਗਰੀਬ-ਗੁਰਬੇ ਦੇ, ਔਲਾਦ ਤਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਬੱਚੇ ਰੱਬ ਦਾ ਰੂਪ ਹੁੰਦੇ ਨੇ, ਆਪਣੇ ਅੰਬਰ ਨੂੰ ਜੁਕਾਮ ਵੀ ਲੱਗ ਜਾਵੇ ਤਾਂ ਤੁਸੀਂ ਪਰੇਸ਼ਾਨ ਹੋ ਜਾਂਨੈ ਹੋ, ਸੋਚੋ ਉਸ ਗਰੀਬ ਤੇ ਕੀ ਬੀਤਦੀ ਹੋਊ, ਨਾਲੇ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਹੈ, ਗਰੀਬਾਂ ਦੀ ਦੁਆਵਾਂ ਤੇ ਅਸੀਸਾਂ ਧੁਰ ਦਰਗਾਹੇ ਸੁਣੀਆਂ ਜਾਂਦੀਆਂ ਨਾ, ਤੁਸੀਂ ਜਰੂਰ ਮਦਦ ਕਰੋ ਉਸ ਗਰੀਬ ਦੀ, ਨਾਲੇ ਕੱਲ ਤੁਹਾਨੂੰ ਛੁੱਟੀ ਹੀ ਤਾਂ ਹੈ, ਤੁਸੀਂ ਫਰੀ ਵੀ ਹੋ। ”
    ਪਰ ਮੈਂ ਉਨੂੰ ਲੱਭਾਂਗਾ ਕਿਵੇ ? ਅਮਨ ਬੋਲੀ, “ ਤੁਸੀ ਹਸਪਤਾਲ ਪਹੁੰਚੋ ਤੇ ਜਿਸ ਪਿੰਡ ਉਹ ਉਤਰਿਆ ਸੀ ਉਸ ਪਿੰਡ ਦਾ ਨਾਮ ਦੱਸ ਕੇ ਮਰੀਜ ਬਾਰੇ ਰਿਸ਼ੈਪਸ਼ਨ ਤੋ ਪੁੱਛੋ, ਫੇਰ ਬੱਚਿਆਂ ਵਾਲੇ ਵਾਰਡ ਵਿੱਚ ਚੈੱਕ ਕਰੋ, ਸਮਝੋ ਮੁਸ਼ਕਲ ਹੱਲ। ਅਮਨ ਦਾ ਤਰੀਕਾ ਮੈਨੂੰ ਸਹੀ ਲੱਗਾ।   
ਮੈਂ ਸਵੇਰੇ ਨਹਾ ਕੇ ਤਿਆਰ ਹੋ ਗਿਆ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਸਾਹਿਬ ਵਿਖੇ ਮੱਥਾ ਟੇਕਿਆ, ਉਸ ਗਰੀਬ ਬੰਦੇ ਦੇ ਪੁੱਤ ਦੀ ਤੰਦਰੁਸਤੀ ਲਈ ਅਰਦਾਸ ਬੰਦਨਾ ਕੀਤੀ ਤੇ ਫਿਰ ਤਿਆਰ ਹੋ ਕਾਰ ਲੈ ਸ਼ਹਿਰ ਨੂੰ ਤੁਰ ਪਿਆ। ਸ਼ਹਿਰੋਂ ਬੱਚੇ ਲਈ ਫਲ ਲਏ ਤੇ ਹਸਪਤਾਲ ਪਹੁੰਚ ਮੈਂ ਰਿਸੈਪਸ਼ਨ ਤੋਂ ਪਿੰਡ ਦਾ ਨਾਮ ਤੇ ਬੱਚੇ ਦੇ ਮਰੀਜ ਦੇ ਦਾਖਲ ਹੋਣ ਬਾਰੇ ਅਜੇ ਪੁੱਛ-ਗਿੱਛ ਕਰ ਹੀ ਰਿਹਾ ਸੀ ਕਿ ਉਹੀ ਬੰਦਾ ਨੇੜਲੇ ਬੱਚਾ ਵਾਰਡ ਵਿੱਚੋਂ ਬਾਹਰ ਨੂੰ ਰਿਹਾ ਸੀ। ਮੈਂ ਉਸ ਨੂੰ ਵੇਖਦੇ ਹੀ ਪਛਾਣ ਲਿਆ ਕਿਉਕਿ ਉਸ ਨੇ ਕੱਲ ਵਾਲੇ ਹੀ ਕਪੜੇ ਪਾਏ ਹੋਏ ਸਨ। ਮੈਨੂੰ ਵੇਖ ਉਸ ਭਲੇਮਾਣਸ ਦੇ ਚੇਹਰੇ ਤੇ ਹੈਰਾਨੀ ਤੇ ਖੁਸ਼ੀ ਜਿਹੇ ਭਾਵਾਂ ਨਾਲ ਭਰੀ ਇਕ ਚਮਕ ਜਿਹੀ ਉਮੜ ਆਈ। ਸ਼ਾਇਦ ਉਸ ਨੇ ਸੋਚਿਆ ਵੀ ਨਹੀ ਹੋਣਾ ਕਿ ਮੈਂ ਆਵਾਂਗਾ। ਮੈਂ ਫਤਿਹ ਦੀ ਸ਼ਾਂਝ ਪਾਈ ਤੇ ਉਸ ਨਾਲ ਮਰੀਜ ਵਾਲੇ ਕਮਰੇ ਵਿੱਚ ਆ ਗਿਆ। ਉਸਦੀ ਪਤਨੀ ਨੇ ਫਤਿਹ ਬੁਲਾਈ ਜੋ ਬੈੱਡ ਤੇ ਛੇ-ਸੱਤ ਸਾਲ ਦੇ ਮਾੜੂਏ ਜਿਹੇ ਲੜਕੇ ਨੂੰ ਗੋਦ ਵਿੱਚ ਸੁਆਂ ਰਹੀ ਸੀ। ਬੱਚਾ ਹੋਸ਼ ਵਿੱਚ ਲੱਗ ਰਿਹਾ ਸੀ ਪਰ ਸੁਸਤ ਜਿਹਾ ਸੀ।
ਉਸ ਨੇ ਬੱਚੇ ਬਾਰੇ ਦੱਸਿਆ, “  ਬਾਊ ਜੀ, ਏਹ ਮੇਰਾ ਪੁੱਤ ਸਤਨਾਮ ਆ ਜੀ, ਤੁਹਾਡੇ ਪੈਰਾ ਪਿੱਛੇ ਹੀ ਮਾਲਕ ਦੀ ਕਿਰਪਾ ਹੋਈ ਹੈ ਕੱਲ ਦਾ ਹੋਸ਼ ਵਿਚ ਹੈ, ਹੱਸਦਾ ਹੈ, ਗੱਲਾਂ ਕਰਦਾ ਹੈ, ਪਰ ਪਹਿਲਾਂ ਬੜੀ ਮੰਦੀ ਹਾਲਤ ਸੀ ਏਦੀ ਜੀ, ਡਾਕਟਰ ਕਹਿੰਦਾ ਕੱਲ ਰਾਤ ਦੇ ਟੈਸਟ ਵਿੱਚ ਇੰਨਫੈਕਸ਼ਨ ਘੱਟ ਆਈ ਹੈ, ਅੱਜ ਫੇਰ ਟੈਸਟ ਹੋਣੇ ਨੇ, ਬਾਊ ਜੀ ਤੁਸੀਂ ਬੈਠੋ, ਮੈਂ ਹੁਣੇ ਤੁਹਾਡੇ ਲਈ ਚਾਹ ਲੈ ਕੇ ਆਉਣੈ, ਤੁਸੀਂ ਆਏ ਮੈਨੂੰ ਬੜੀ ਖੁਸ਼ੀ ਹੋਈ।” ਉਸਦਾ ਬਾਊ ਜੀ ਕਹਿਣਾ ਮੈਨੂੰ ਬੜਾ ਵਧੀਆ ਲੱਗਦਾ ਸੀ, ਸ਼ਾਇਦ ਮੇਰੀ ਡਰੈੱਸ, ਸੂਟ-ਬੂਟ ਤੇ ਦਿੱਖ ਨੇ ਉਸ ਨੂੰ ਮੇਰੀ ਚੰਗੀ ਪਹਿਚਾਣ ਕਰਾ ਦਿੱਤੀ ਹੋਵੇਗੀ।
ਮੈਂ ਫਲਾਂ ਵਾਲਾ ਲਿਫਾਫਾ ਦੇ ਕੇ ਚਾਹ ਤੋਂ ਰੋਕਦਿਆਂ ਕਿਹਾ, “  ਨਹੀ, ਨਹੀ, ਚਾਹ ਦੀ ਕੋਈ ਜਰੂਰਤ ਨਹੀ ਜੀ, ਮੈਂ ਘਰ ਤੋਂ ਚਾਹ-ਪ੍ਰਸ਼ਾਦੇ ਸ਼ਕ ਕੇ ਤੁਰਿਆ ਸੀ। ਬਾਕੀ, ਬੱਚਾ ਠੀਕ ਹੋ ਰਿਹਾ ਹੈ, ਬਸ ਏਹੀ ਸਭ ਤੋਂ ਖੁਸ਼ੀ ਦੀ ਗੱਲ ਹੈ, ਮੈ ਬੈਂਚ ਤੇ ਪਈ ਰਿਪੋਰਟ ਤੇ ਝਾਤ ਮਾਰੀ ਟੈਸਟ ਰਿਪੋਰਟ ਵਾਕਿਆ ਹੀ ਗੰਭੀਰਤਾ ਵਾਲੀ ਸੀ ਪਰ ਬੱਚੇ ਵਿਚ ਸੁਧਾਰ ਵੀ ਨਜਰ ਆ ਰਿਹਾ ਸੀ, ਚਲੋ ਅੱਗੇ ਹੋਣ ਵਾਲੇ ਟੈਸਟਾਂ ਵਿੱਚ ਹੋਰ ਸੁਧਾਰ ਆ ਜਾਵੇਗਾ। ”
“ ਤੁਸੀਂ ਕੀ ਕੰਮ ਕਰਦੇ ਹੋਂ ?”  ਫੇਰ ਮੈਂ ਸੁਆਲ ਕੀਤਾ।
ਉਹ ਬੋਲਿਆ, “  ਬਾਊ ਜੀ,ਗਰੀਬ ਬੰਦੇ ਆਂ ਜੀ, ਲੱਕੜਾਂ ਵਾਲਿਆਂ ਨਾਲ ਦਿਹਾੜੀ ਜਾਨਾਂ ਆਂ ਜੀ, ਜੇ ਲੱਗ ਗਈ ਤਾਂ ਠੀਕ ਨਹੀ ਤਾਂ ਮਿਸਤਰੀਂਆਂ ਮਗਰ ਚਲੇ ਜਾਈਦੈ, ਇਕ ਡੰਗਰ ਹੈ ਪੱਥਾ-ਡੱਥਾ ਪਾ ਕੇ ਗੁਜਾਰਾ ਕਰ ਲਈਦਾ ਹੈ। ”
“ਏਥੇ ਕਿੰਨੇ ਦਿਨ ਹੋ ਗਏ ਨੇ ? ”
“ਹਫਤਾ ਕੁ ਹੋ ਗਿਆ ਹੈ, ਏਹ ਆਪਣੀ ਮਾਂ ਬਿਨਾਂ ਨੀ ਰਹਿਦਾ, ਜਦੋਂ ਕਦੇ ਲੋੜ ਪੈਂਦੀ ਆ, ਮੈਂ ਘਰੋਂ ਜਰੂਰਤ ਦੀਆਂ ਚੀਜਾਂ ਲੈ ਆਉਣੈ ਜਾ ਕੇ, ਪੁੱਤ ਦੀ ਬਿਮਾਰੀ ਨੇ ਕੰਮ ਵੀ ਛੁਡਾ ਦਿੱਤਾ, ਜਾਊਗਾਂ ਵੀ ਤਾਂ ਕੰਮ ਚ ਮਨ ਕਿੱਥੇ ਲੱਗਣੈ। ”
ਉਸਦਾ ਮੇਰੇ ਨਾਲ ਬੜੀਆਂ ਗੱਲਾਂ ਸਾਂਝੀਆਂ ਕਰਨ ਨੂੰ ਬੜਾ ਜੀ ਕਰ ਰਿਹਾ ਸੀ, ਮੈਂ ਇਕ ਗੱਲ ਪੁਛਦਾ ਸੀ, ਉਹ ਕਿੰਨੀਆਂ ਦੁੱਖ-ਸੁੱਖ ਦੀਆਂ ਸਾਂਝੀਆ ਕਰੀ ਜਾਂਦਾ ਸੀ। ਮੇਰੇ ਹੋਰ ਗੱਲ ਪੁੱਛਣ ਤੋਂ ਪਹਿਲਾਂ ਉਹ ਆਪ ਹੀ ਦੱਸਣ ਲੱਗ ਜਾਂਦਾ, ਅੱਜ ਉਸਨੂੰ ਸਾਰਾ ਦੁੱਖ ਵੀ ਸਾਂਝਾ ਕਰਨ ਲਈ ਕੋਈ ਜਾਣਨ ਵਾਲਾ ਮਿਲਿਆ ਸੀ, ਆਪਣੇ ਮਨ ਦਾ ਬੋਝ ਹਲਕਾ ਕਰਨ ਵਾਲਾ, ਸ਼ਾਇਦ।
    “ ਕੋਈ ਭੈਣ-ਭਾਈ, ਸਾਕ ਸਬੰਧੀ ?? ”
    “ ਨਈਂ ਬਾਊ ਜੀ, ਕੋਈ ਨੀਂ, ਜੇ ਹੁੰਦੈ ਤਾਂ ਵੀ ਕਿਸੇ ਕਿਹੜਾ......??। ”
ਹੁਣ ਉਸਦੀ ਅਵਾਜ ਜਰਾ ਕੁ ਬੈਠਵੀਂ ਤੇ ਗੰਭੀਰ ਜਿਹੀ ਹੋ ਗਈ।
    “ ਬਾਊ ਜੀ, ਜਦੋਂ ਅਸੀਂ ਏਨੂੰ ਨੂੰ ਲੈ ਕੇ ਹਸਪਤਾਲ ਆਏ ਸੀ, ਮਨ ਬੜਾ ਦੁਖੀ ਤੇ ਪਰੇਸ਼ਾਨ ਸੀ, ਸਮਝ ਨਾ ਆਵੇ ਕੀ ਕਰਾਂ ਕਿੱਧਰ ਜਾਵਾਂ, ਪਿੰਡ ਦਾ ਡਕਟਰ ਕੈਂਦਾ, ਬੱਚੇ ਨੂੰ ਹੁਣੇ ਹਸਪਤਾਲ ਲੈਜੋ-ਜਿਆਦਾ ਢਿੱਲਾ ਹੋ ਰਿਹੈ, ਜੇਬ ਵਿੱਚ ਕੋਈ ਪੈਸਾ ਨਈ ਸੀ, ਮੇਰੇ ਨਾਲਦਿਆਂ ਨੇ ਕਿਸੇ ਨੇ ਪੰਜਾਹ, ਕਿਸੇ ਨੇ ਸੌ ਰੁਪਏ, ਜੋ ਸਰਿਆ ਬਣਿਆ, ਮੇਰੇ ਹੱਥ ਤੇ ਲਿਆ ਧਰੇ, ਠੇਕੇਦਾਰ ਨੂੰ ਪਤਾ ਲੱਗਾ ਉਸਨੇ ਵੀ ਦੌ ਸੌ ਰੁਪਹੈ ਘੱਲੇ, ਰੱਬ ਸਭ ਦੀ ਭਲੀਂ ਕਰੇ, ਜਿਊਂਦੇ ਵਸਦੇ ਰਹਿਣ ਸਾਰੇ, ਰੱਬ ਜਿਆਦਾ ਦਵੈ ਸ਼ਬ ਨੂੰ (ਉਪਰ ਰੱਬ ਵੱਲ ਕੇ ਹੱਥ ਜੋੜ ਸ਼ੁਕਰ ਗੁਜਾਰ ਕਰਦਾ ਹੈ)।  ”
    ਸਾਫ ਦਿਖਣ ਲੱਗਾ, ਹੁਣ ਉਸਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ ਸਨ। ਮੈਂ ਉਸਦਾ ਮੋਢਾ ਘੁੱਟ, ਹੌਂਸਲਾ ਦਿੱਤਾ, ਫਿਕਰ ਨਾ ਕਰੋ, ਹੁਣ ਪਰਮਾਤਮਾ ਨੇ ਸਭ ਠੀਕ ਕਰ ਦੇਣੈ।
    ਉਸਦੇ ਚੇਹਰੇ ਤੇ ਅੱਜ ਇੱਕ ਅਲੱਗ ਹੀ ਬੇਫਿਕਰੀ ਦੇ ਭਾਵ ਸਨ। ਜਾਂ ਤਾਂ ਇਹ ਮੇਰੇ ਆਉਣ ਕਰਕੇ ਸੀ ਕਿ ਕੋਈ ਉਸ ਗਰੀਬ ਦਾ ਪਤਾ ਲੈਣ ਆਇਆ ਸੀ, ਉਸਨੂੰ ਮੇਰੇ ਨਾਲ ਬੜਾ ਅਪਣਾਪਣ ਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਉਸਦਾ ਆਪਣਾ ਵੀ ਸੀ ਇਸ ਸਮਾਜ ਵਿੱਚ, ਇਸ ਔਖੀ ਘੜੀ ਵਿੱਚ।
ਉਹ ਅਨਪੜ, ਭਲਾਮਾਣਸ ਬੰਦਾ ਸਾਦਾ ਰਹਿਣੀ ਵਾਲਾ ਦਿਹਾੜੀਦਾਰ, ਮਜਦੂਰ ਬੰਦਾ ਸੀ। ਉਹ ਵਿੱਚ ਅੰਤਾਂ ਦੀ ਨਿਮਰਤਾ ਸੀ ਤੇ  ਹਰ ਗੱਲ ਹੱਥ ਜੋੜ-ਜੋੜ ਕਰਦਾ ਸੀ। ਮੈਂ ਵੇਖ ਰਿਹਾ ਸੀ, ਉਸਦੇ ਸਿਰ ਦੇ ਪਰਨੇ ਦੇ ਵਿੰਗੇ-ਟੇਢੇ ਵੱਲ ਵੀ ਉਸਦੀ ਜਿੰਦਗੀ ਵਿੱਚ ਪਈਆਂ ਤੰਗੀਆਂ, ਫਿਕਰਾਂ ਜਿਹੇ ਲੱਗ ਰਹੇ ਸਨ, ਜੋ ਉਸਦੇ ਵਾਰ-ਵਾਰ ਸਿੱਧੇ ਕਰਨ ਤੇ ਵੀ ਸਿੱਧੇ ਨਹੀ ਹੋ ਰਹੇ ਸਨ ਸ਼ਾਇਦ ਇਹ ਵੀ ਉਸਦੇ ਬੇਪਰਵਾਹੀ, ਹਿੰਮਤ, ਨਿਮਰਤਾ ਤੇ ਰੂਹੀ ਰੱਜ ਜਿਹੇ ਗੁਣਾਂ ਮੂਹਰੇ ਰੋਜ ਹੀ ਹਾਰਦੇ ਹੋਣ । ਪਰ ਔਲਾਦ ਦੇ ਦੁੱਖ ਨੇ ਉਸਨੂੰ ਬੇਵੱਸ ਵੀ ਬੜਾ ਕਰ ਛੱਡਿਆ ਸੀ।   
ਉਹ ਮੇਰੇ ਨਾਲੋਂ ਕੋਈ ਚਾਰ-ਪੁੰਜ ਕੁ ਸਾਲ ਵੱਡਾ ਹੀ ਸੀ, ਕੱਦ ਕਾਠੀ ਵੀ ਮੇਰੇ ਨਾਲੋਂ ਉੱਚੀ ਸੀ ਪਰ ਮਜਦੂਰੀ, ਫਿਕਰਾਂ ਤੇ ਗੁਰਬਤ ਦੇ ਬੋਝ ਨੇ ਉਸਨੂੰ ਕਮਜੋਰ ਤੇ ਕੁੱਬਾ ਕਰਨਾ ਸ਼ੁਰੂ ਕਰ ਦਿੱਤਾ ਸੀ ਉੱਤੋਂ ਧੋਲਿਆਂ ਨੇ ਵੀ ਸਮੇਂ ਤੋਂ ਪਹਿਲਾਂ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ ਜੋ ਉਸਦੀ ਕਦੇ ਨਾ ਸਵਾਰੀ-ਵਾਹੀ ਕਰੜੀ-ਬਰੜੀ ਦਾਹੜੀ ਵਿੱਚੋਂ ਸਾਫ ਝਲਕ ਰਹੀ ਸੀ।
ਕਿੰਨੀ ਹੀ ਦੇਰ ਅਸੀ ਗੱਲਾਂ ਕਰਦੇ ਰਹੇ ਕਿ ਪਤਾ ਹੀ ਨਾ ਲੱਗਾ ਕਿ ਸਮਾਂ ਕਿੰਨੀ ਛੇਤੀ ਵੱਡੀਆਂ ਲਾਂਘਾਂ ਪੁੱਟ ਗਿਆ, ਫੇਰ ਮੈਂ ਉੱਠਿਆ ਤੇ ਉਹ ਵੀ ਮੇਰੇ ਨਾਲ ਹੀ ਗੱਲਾਂ ਕਰਦਾ ਕਮਰੇ ਤੋਂ ਬਾਹਰ ਆ ਗਿਆ।
ਹੁਣ ਮੈਂ ਵਿਦਾ ਲੈਣ ਤੋਂ ਪਹਿਲਾਂ ਉਸਦੇ ਦੋਵੇਂ ਹੱਥਾਂ ਚ ਹਜਾਰ ਰੁਪਇਆ ਥਮਾ ਕੇ ਘੁੱਟਿਆ ਤਾਂ ਕਿ ਉਹ ਨਾਂਹ ਨਾ ਕਰ ਸਕੇ।
(ਇਕਦਮ ਹੈਰਾਨ ਹੋ ਕੇ) “ ਏਹ ਕੀ ਬਾਊ ਜੀ ?? ”.. “ ਨਾ, ਬਾਊ, ਜੀ ਨਾ “ ਮੇਰੇ ਨਾ ਛੱਡਣ ਕਰਕੇ, ਉਹ ਡੁਸਕਣ ਲੱਗਾ, ਉਸ ਬੜੀ ਨਾਂਹ ਕੀਤੀ, ਪੈਸੇ ਲੈਣ ਤੋਂ, ਫੇਰ ਉਸਨੇ ਮੇਰੇ ਘੁੱਟੇ ਹੋਏ ਹੱਥ ਆਪਣੇ ਮੱਥੇ ਨੂੰ ਜੋੜ ਲਏ ਤੇ ਇੰਨਕਾਰ ਦੀਆਂ ਮਿੰਨਤਾਂ-ਵਾਸਤੇ ਪਾਉਣ ਲੱਗਾ, ”ਨਾ ਬਾਊ ਜੀ, ਨਾ, ਏਦਾਂ ਨਾ ਕਰੋ, ਤੁਸੀਂ ਮੇਰੇ ਗਰੀਬ, ਮਾਤੜ ਬੰਦੇ ਦਾ ਪਤਾ ਲਿਆ, ਮੈਨੂੰ ਤਾਂ ਏਨੇ ਨਾਲ ਹੀ ਅੰਤਾਂ ਦੀ ਖੁਸੀ, ਹੌਸਲਾ ਹੋਇਆ ਹੈ, ਕੋਈ ਮੇਰਾ ਵੀ ਹੈ, ਮੇਰਾ ਵੀ ਫਿਕਰ ਕਰਨ ਵਾਲਾ, ਮੇਰੀ ਮੁਸ਼ਕਿਲ ਚ ਮਦਦ ਕਰਨ ਵਾਲਾ, ਮੇਰੇ ਨਾਲ ਮੋਹ ਕਰਨ ਵਾਲਾ, ਬਾਊ ਜੀ, ਏਦਾਂ ਨਾ ਕਰੋ, ਮੇਰੇ ਸਿਰ ਭਾਰ ਚੜੂਗਾ, ਤੁਸੀਂ ਪੈਸੇ ਨਾ ਦਿਓ, ਏਨੇ ਪੈਸੇ ਮੈਂ ਕਿਵੇਂ ਮੋੜੂਗਾ, ਮੈਂ..ਮੈਂ.. ਥੋਡਾ ਹਸਾਨ ਕਿਵੇ ਲਾਊਗਾਂ ਜੀ।” ।ਪਰ ਮੈਂ ਬਧੋ-ਬਦੀ ਉਸ ਦੇ ਦੋਨਾਂ ਹੱਥਾਂ ਵਿੱਚ ਪੈਸੇ ਥਮਾ ਛੱਡੇ ਤੇ ਕਿਹਾ, “ਓ ਵੱਡੇ ਬਾਈ, ਕੋਈ ਹਸਾਨ-ਸੂਨ ਨੀ ਤੇ ਮੋੜਨ ਦੀ ਵੀ ਲੋੜ ਨੀ ਕੋਈ, ਤੂੰ ਮੇਰੇ ਭਰਾਵਾਂ ਵਰਗਾ ਏ, ਇਨਸਾਨ ਹੀ ਇਨਸਾਨ ਦੇ ਕੰਮ ਆਊਦਾਂ ਹੈ, ਤੇਰੇ ਪੁੱਤਰ ਵੀ ਤਾਂ ਮੇਰੇ ਪੁੱਤਰ ਵਰਗਾ ਹੀ ਹੈ, ਰੱਖ ਲਾ, ਰੱਖ ਲਾ ਬਾਈ,”
ਓਹ ਫੇਰ ਬੋਲਿਆ, “ ਤੁਸੀਂ ਤਾਂ ਰੱਬ ਬਣ ਬਹੁੜੇ ਓ, ਮੇਰੇ ਗਰੀਬ ਲਈ, ਸੱਚੀਂ ਕੋਈ ਫਰਿਸ਼ਤਾ ਓ ਬਾਊ ਜੀ, ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ, ਮੈ ਤੁਹਾਡਾ ਪੈਸੇ ਜਰੂਰ ਮੋੜੂ, ਜਦ ਮੇਰਾ ਪੁੱਤ ਰਾਜੀ ਹੋਜੂ। ”
“ ਨਹੀ, ਨਹੀ, ਬਾਈ ਮੈਂ ਰੱਬ ਫਰਿਸ਼ਤਾ ਨੀ ਕੋਈ, ਮੈਂ ਤਾਂ ਇਨਸਾਨ ਹਾਂ ਤੇ ਇਨਸਾਨੀਅਤ ਹੀ ਸਹੀ ਮਾਅਨੇ ਚ ਰੱਬ ਹੁੰਦੀ ਐ, ਤੇ ਨਾਲੇ ਕੁਝ ਵੀ ਮੋੜਨ ਦੀ ਲੋੜ ਨਹੀ, ਏਹ ਮੇਰਾ ਵੀ ਪੁੱਤ ਐ, ਮੇਰੇ ਅੰਬਰ ਵਰਗਾ, ਸਮਝੀਂ ਮੈਂ ਆਪਣੇ ਪੱਤ ਨੂੰ ਦਿੱਤੇ ਨੇ।”
ਏਹ ਸੁਣ ਹੁਣ ਓਹ ਮੇਰੇ ਚੇਹਰੇ ਵੱਲ ਟਿਕ ਟਿਕੀ ਲਗਾ ਭਰੀਆਂ ਅੱਖਾਂ ਨਾਲ ਭਲਗਾਤਾਰ ਦੇਖੀ ਜਾ ਰਿਹਾ ਸੀ ਮੰਨੋ ਕੋਈ ਚਿਰੋਕਣੀ ਪਛਾਣ ਕੱਢ ਰਿਹਾ ਹੋਵੇ।
ਫੇਰ ਅਚਾਨਕ ਧੰਨਵਾਦ ਵਿੱਚ ਉਹ ਝੁਕ ਮੇਰੇ ਗੋਡੇ ਹੱਥ ਲਾਉਣ ਲੱਗਾ ਪਰ ਮੈਂ ਪਹਿਲਾਂ ਹੀ ਰੋਕ ਕੇ ਗੱਲ ਲਾ ਲਿਆ।
“ ਨਾ, ਭਰਾਵਾ ਨਾ, ਮੈਂ ਤੇਰੇ ਨਾਲੋ ਕਿੰਨਾ ਈ ਛੋਟਾ ਹਾਂ, ਨਾਲੇ ਵੱਡੇ ਬਾਈ ਪੈਂਰੀ ਨੀ ਪੈਂਦੇ ਗੱਲ ਲੱਗਦੇ ਨੇ”

ਵਿਚਾਰਾ ਮੇਰੇ ਗੱਲ ਲੱਗ ਛੋਟਾ ਭਰਾਵਾਂ ਵਾਂਗਰਾਂ ਉੱਚੀ-ਉੱਚੀ ਰੋਣ ਲੱਗਾ। ਉਸਦੇ ਹੰਝੂ ਮੇਰੇ ਮੋਢਿਆਂ ਤੇ ਉਸਦੀ ਦਾਹੜੀ ਨੂੰ ਭਿਓਂ ਰਹੇ ਸਨ। ਉਸਦੇ ਕਲਾਵੇ ਦੀ ਕੱਸ ਨੇ ਮੈਨੂੰ ਲੱਕੜਾਂ ਦੀਆਂ ਗੇਲੀਆਂ ਜਿਹੀ ਮਜਬੂਤੀ ਮਹਿਸੂਸ ਕਰਾਈ। ਉਸਨੂੰ ਵੇਖ ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਵੱਡਾ ਪਰਬਤ ਅੱਜ ਸਮੇਂ ਦੇ ਕਰੂਰ ਤੂਫਾਨ ਨੇ ਤੋੜ ਕੇ ਚੂਰ-ਚੂਰ ਕਰ ਛੱਡਿਆ ਸੀ। ਇਸ ਦੁੱਖ ਦੀ ਘੜੀ ਵਿੱਚ ਆਪਣੀ ਘਰਵਾਲੀ ਤੇ ਪੁੱਤਰ ਨੂੰ ਦਿਲਾਸੇ ਤੇ ਹੌਸਲੇ ਬੰਨਾਉਣ ਵਾਲੇ ਦਾ ਸਬਰ ਦਾ ਬੰਨ ਬੁਰੀ ਤਰਾਂ ਟੁੱਟ ਚੁੱਕਾ ਸੀ ਤੇ ਸ਼ਾਇਦ ਉਸਦੀ ਪੀੜ ਤੇ ਹੁੰਝੂ ਦੱਸ ਰਹੇ ਸੀ ਕਿ ਦੁੱਖ ਦੀ ਘੜੀ ਵਿੱਚ ਉਹ ਇਕੱਲਾ ਸੀ ਬਿਨਾ ਕਿਸੇ ਭੈਣ-ਭਾਈ ਤੋਂ, ਤੇ ਏਹੋ ਅਪਣਤ ਉਸਨੂੰ ਮੇਰੇ ਵਿੱਚੋਂ ਲੱਭੀ ਸੀ। ਕੁਝ ਦੇਰ ਹੋਰ ਮੈਨੂੰ ਕਲਾਵੇ ਚ ਬੰਨੀ ਰੱਖਦਾ ਤਾਂ ਮੈਂ ਵੀ ਸ਼ਾਇਦ ਰੋ ਹੀ ਪੈਣਾ ਸੀ।
 ਉਸਨੂੰ ਪਤਾ ਨਾ ਲੱਗੇ ਮੈਂ ਧਿਆਨ ਪਾਸੇ ਕਰਕੇ ਆਪਣੀਆਂ ਅੱਖਾਂ ਦੀ ਦਹਿਲੀਜ ਤੇ ਆਏ ਹੰਝੂ ਪੂੰਝੇ।

ਮੇਰਾ ਦਿਲ ਕਹਿ ਰਿਹਾ ਸੀ ਕਿ ਦੁੱਖ ਦੀ ਘੜੀ ਵਿੱਚ ਪਾਈ ਸਾਂਝ ਦੇ ਰਿਸ਼ਤੇ ਤੇ ਮੋਹ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਗਾੜੇ ਤੇ ਪਿਆਰੇ ਹੋ ਨਿੱਬੜਦੇ ਨੇ ਜੋ ਸਦਾ ਜਿੰਦਗੀ ਤੇ ਮਨੁੱਖਤਾ ਦੀ ਰਹਿਤਲ ਨੂੰ ਮੁਹੱਬਤਾਂ ਤੇ ਅਸੀਸਾਂ ਨਾਲ ਭਿਓਂਈ ਰੱਖਦੇ ਨੇ ਤਾਂ ਜੋ ਇਸ ਵਿੱਚੋ ਇੱਕ ਨਵੀਂ-ਨਰੋਈ ਪੀੜੀ ਦਾ ਜਨਮ ਹੋ ਸਕੇ ਜੋ ਸਦਾਥਿਰ ਸੰਸਕਾਰਾਂ, ਸਦਭਾਵਨਾ ਤੇ ਭਾਈਚਾਰਕ ਸਾਂਝਾਂ ਨਾ ਲਬਰੇਜ ਰਹੇ।
ਜੇਕਰ ਸਭ ਲੋਕ ਏਦਾਂ ਦੀਆਂ ਭਾਵਨਾਵਾਂ ਰੱਖਣ ਤਾਂ ਸਾਡੇ ਸਮਾਜ, ਦੇਸ਼ ਦਾ ਕੋਈ ਵੀ ਬਾਸ਼ਿੰਦਾ ਇਕੱਲਾ, ਦੁੱਖੀ ਤੇ ਸੰਤਾਪਿਆ ਨਾ ਮਹਿਸੂਸੇ, ਸਭੇ ਪਾਸੇ ਮੁਹੱਬਤ, ਇਨਸਾਨੀਅਤ ਤੇ ਭਾਈਚਾਰਾ ਵਧੇ-ਫੁੱਲੇ।
    ਮੇਰਾ ਦਿਲ ਵੀ ਉਸ ਕੋਲ ਬੈਠਣ ਨੂੰ ਕਰ ਰਿਹਾ ਸੀ ਪਰ ਜਿੰਦਗੀ ਨੂੰ ਚਲਾਏਮਾਨ ਰੱਖਣ ਲਈ ਇਸ ਨਾਲ ਜੁੜੇ ਕਈ ਕੰਮ ਵੀ ਬਾਹਰੀ ਦੁਨੀਆਂ ਵਿੱਚ ਮੈਨੂੰ ਉਡੀਕ ਰਹੇ ਸਨ। ਅਗਲੇ ਦਿਨ ਆਪਣੀ ਪਤਨੀ ਨਾਲ ਫੇਰ ਆਉਣ ਦਾ ਵਾਦਾ ਕਰ ਮੈਂ ਉਸ ਕੋਲੋਂ ਵਿਦਾ ਲਈ।
    ਹਸਪਤਾਲ ਦੇ ਬਾਹਰੀ ਗੇਟ ਵੱਲ ਨੂੰ ਜਾਂਦਿਆਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਅਜੇ ਵੀ ਹਸਪਤਾਲ ਦੇ ਵੇਹੜੇ ਵਿੱਚ ਖੜਾ ਉਹ ਬੁੱਤ ਬਣ ਮੇਰੇ ਵੱਲ ਹੀ ਵੇਖੀ ਜਾ ਰਿਹਾ ਸੀ। ਉਸਦੀਆਂ ਹੰਝੂ ਵਹਾਉਂਦੀਆਂ ਅੱਖਾਂ ਮੈਨੂੰ ਅਜੇ ਵੀ ਮਣਾਂ-ਮੂੰਹੀਂ ਅਸੀਸਾਂ ਦਿੰਦੀਆਂ ਧੰਨਵਾਦ ਕਰ ਰਹੀਆਂ ਸਨ ਤੇ ਮੇਰੇ ਸਰੀਰ ਨੂੰ ਅਜੇ ਵੀ ਉਸਦੇ ਗਲੇ ਮਿਲਣੀ ਦਾ ਨਿੱਘ ਮਹਿਸੂਸ ਹੋ ਰਿਹਾ ਸੀ।

--ਗੁਰਬਾਜ ਸਿੰਘ ਤਰਨ ਤਾਰਨ।
09872334944

ਤੇਰੀ ਯਾਦ - ਗੁਰਬਾਜ ਸਿੰਘ

ਇੱਕ ਵੀਰਾਨ ਮੁਹੱਬਤੀਂ ਖੰਡਰ,

ਆ ਕਿਸੇ ਅਲਖ ਜਗਾਈ।

           ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ,

           ਕਿਸੇ ਧੂੜ ਹਟਾਈ।

ਪੈੜ ਸੀ ਸੁੱਤੀ, ਹਵਾ ਵੀ ਰੁੱਠੀ,

ਨੀਮ-ਬੇਹੋਸ਼ੀ ਰਾਤ ਸੀ ਛਾਈ।

           ਅੱਜ ਦੱਬੇ ਪੈਰੀਂ ਚੱਲਕੇ,

           ਤੇਰੀ ਯਾਦ ਸੀ ਆਈ।

ਅੱਜ ਦੱਬੇ ਪੈਰੀਂ ਚੱਲਕੇ,

ਤੇਰੀ ਯਾਦ ਸੀ ਆਈ।

-ਗੁਰਬਾਜ ਸਿੰਘ
8837644027

ਕਰਮ-ਯੋਗੀ

ਕਬੀਲਦਾਰੀ ਦੀ ਪੰਡ,

ਤੇ ਬਾਲਿਆਂ ਦੀ ਛੱਤ ਥੱਲੇ,

ਪਹਾੜ ਵਰਗਾ ਮੋਢਾ ਧਰਦਿਆਂ।


ਸੁਨਹਿਰੀ ਸੁਪਨੇ,

ਅੱਧ-ਵੱਢੇ, ਮੂੰਹ-ਅੱਡੇ,

ਕੱਕੇ ਬੁੱਥਿਆਂ ਚੋਂ ਫੜਦਿਆਂ।


ਪੁੱਤ ਦੀ ਫ਼ੀਸਾਂ ਲਈ,

ਉਠਦੀਆਂ ਚੀਸਾਂ ਲਈ,

ਪੱਥਰ ਹੋ ਆਥੜੀਆਂ ਕਰਦਿਆਂ।


ਧੀ ਦੇ ਕਾਜ ਲਈ,

ਵਧਦੇ ਵਿਆਜ ਲਈ,

ਪਾਪੀ ਕਰਜ਼ੇ ਥੱਲੇ ਮਰਦਿਆਂ।


ਭੁੱਖੇ ਡੰਗਰਾਂ ਲਈ,

ਖੁੱਸੇ ਅੰਬਰਾਂ ਲਈ,

ਘਾਹ ਦੀ ਪੰਡ ਲਈ ਵੱਟਾਂ ਤੇ ਚੜਦਿਆਂ।


ਆਪਣੀ ਭੁੱਖ ਨੂੰ ਮਾਰ,

ਕੁਝ ਰੀਝਾਂ ਨੂੰ ਸਾੜ,

ਪੈਰੀਂ ਛਾਲੇ ਜਰਦਿਆਂ,


ਕਦੇ ਥੱਕਿਆ ਨਹੀਂ ਸੀ...

ਕਦੇ ਹਾਰਿਆ ਨਹੀਂ ਸੀ...

ਆਪਣੀ ਕਿਸਮਤ ਤੋ...

ਤੇ...

ਅੱਜ ਵੀ ਇਸ ਨੂੰ ਬਦਲਣ ਲਈ...

ਉਹ ਦਿ੍ਰੜ ਸੀ...

ਕਰਮ-ਯੋਗੀ ਸੀ...।

-ਗੁਰਬਾਜ ਸਿੰਘ

8837644027

ਸ਼ਬਦਾਂ ਨੂੰ.. - ਗੁਰਬਾਜ ਸਿੰਘ

ਮੈਂ ਨਤਮਸਤਕ ਹਾਂ...

ਤੁਹਾਡੇ ਕੋਲ ਅਸੀਮ ਕੁਵਤ ਹੈ...

ਪਵਿੱਤਰਤਾ ਦੀ ਗਹਿਰਾਈ ਰੱਖਣ ਦੀ..

ਨਿਰਮਾਣਤਾ ਦੀ ਡੂੰਘਾਈ ਨਾਪਣ ਦੀ...

ਨਾਨਕ ਦੀ ਬਾਣੀ ਬਨਣ ਦੀ...

ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ...

ਵਾਰਿਸ ਦੀ ਹੀਰ ਬਨਣ ਦੀ...

ਸ਼ਿਵ ਦੀ ਪੀੜ ਹਰਨ ਦੀ...

ਸ਼ੀਤ ਹਵਾਵਾਂ ਨੂੰ ਕਲਾਵੇ ਭਰਨ ਦੀ...

ਬੇਪਨਾਹ ਮੁਹੱਬਤ ਨੂੰ ਬਿਆਨਣ ਦੀ...

ਦਿਲੀ ਭਾਵਾਂ ਨੂੰ ਸਿਆਨਣ ਦੀ...

ਨੀਲੇ ਅਰਸ਼ਾਂ ਨੂੰ ਗਲ ਲਾਵਣ ਦੀ...

ਜੋਸ਼ਾਂ ਨੂੰ ਤੂਫ਼ਾਨ ਬਨਾਵਣ ਦੀ...

ਤੇ ਰੂਹੀ-ਮੁਹੱਬਤਾਂ ਨੂੰ...

ਅਮਰ ਕਰਨ ਦੀ...



ਤੁਸੀਂ ਜੁੱਗ-ਜੁੱਗ ਜੀਓ...

ਤੁਸੀਂ ਅਮਰ ਹੋ...।

-ਗੁਰਬਾਜ ਸਿੰਘ
8837644027

ਕਵੀ.. - ਗੁਰਬਾਜ ਸਿੰਘ

ਕਵੀ ਹੋਣਾ ਕੋਈ ਘਟਨਾ ਨਹੀਂ,

ਇਕ ਨੇਮਤ ਹੈ...

ਬਰਕਤ ਹੈ...

...

ਇਹ ਰੂਹ..

ਲੋਕਾਈ..

ਤੇ...

ਤੇਰਾ ਚੇਹਰਾ...

ਬੱਸ...

ਉਸੇ ਦੇ ਸਿਰਨਾਵੇਂ ਨੇ..।

-ਗੁਰਬਾਜ ਸਿੰਘ

8837644027

ਇੰਤਜ਼ਾਰ - ਗੁਰਬਾਜ ਸਿੰਘ

ਤੂੰ ਆਖਿਆ ਸੀ,

ਮੁੜ ਆਵਾਗੀ ਮੈਂ,

ਤੂੰ ਮੇਰਾ ਇੰਤਜਾਰ ਕਰੀਂ।

ਤੇ....

ਵੇਖ ਅੱਜ ਵੀ....

ਧੜਕਨ, ਸਾਹ ਤੇ ਨਜ਼ਰ ਉੱਥੇ ਈ ਖੜੇ ਨੇ..।


-ਗੁਰਬਾਜ ਸਿੰਘ

8837644027

ਪੱਥਰ-ਲੀਕ - ਗੁਰਬਾਜ ਸਿੰਘ

...ਦੋ ਸਾਲ ਹੋ ਗਏ,

...ਖੌਰੇ ਕਿੱਥੇ ਖੋ ਗਏ,

ਨਾ ਸੋਚ ਨੇ ਗੱਲ ਕੋਈ ਬੁੱਝੀ।




...ਨੈਣਾਂ ਭਾਲਿਆ,

...ਬੜਾ ਖੰਗਾਲਿਆ,

ਨਾ ਦਿਲ ਨੂੰ ਰਾਹ ਕੋਈ ਸੁੱਝੀ।




...ਕਹਾਂ ਕੀ ਏਨੂੰ,

..ਕੁਝ ਸਮਝ ਨਾ ਆਵੇ ਮੈਨੂੰ,

ਨਾ ਗੱਲ ਹੁਣ ਰਹੀ ਕੋਈ ਗੁੱਝੀ।




...ਉਮਰਾਂ ਦੇ ਗੇੜੇ,

...ਇਹ ਸਫਰ ਲੰਮੇਰੇ,

ਜਿੰਦ ਨਿਮਾਣੀ ਗਮਾਂ ਵਿੱਚ ਰੁੱਝੀ।




...ਪੈੜਾਂ ਮਿਟੀਆਂ,

...ਵਫਾਵਾਂ ਲੁੱਟੀਆਂ,

ਸੀਨੇ ਕੋਈ ਕਟਾਰੀ ਚੁਭੀ।




...ਸਿਵੇ ਉਡੀਕਣ,

...ਮੌਤ ਉਲੀਕਣ,

ਪੱਥਰ-ਲੀਕ ਇੱਕ ਮੱਥੇ ਖੁੱਭੀ।

ਪੱਥਰ-ਲੀਕ ਇੱਕ ਮੱਥੇ ਖੁੱਭੀ।

-ਗੁਰਬਾਜ ਸਿੰਘ

088376-44027

ਪੀੜਾਂ  - ਗੁਰਬਾਜ ਸਿੰਘ ਤਰਨ ਤਾਰਨ

ਤੂੰ ਚੰਨ ਸੀ,,

ਮੇਰੀ ਜ਼ਿੰਦਗੀ ਦਾ,,

ਤੇਰੀ ਮੌਜੂਦਗੀ ਨਾਲ,,

ਜਿੰਦੜੀ ਦਾ ਹਰ ਕੋਨਾ ਰੋਸ਼ਨ ਸੀ,,

ਤੇਰੇ ਬਿਨ,,

ਦਿਲ ਦੇ ਵੇਹੜੇ ਪੀੜਾਂ ਉੱਗੀਆਂ ਨੇ,,

ਰੋਜ਼ ਸਿੰਜਦਾ ਹਾਂ ਇੰਨਾਂ ਨੂੰ,,

ਖਾਰੇ ਹੰਝੂਆਂ ਦੇ ਨਾਲ,,

ਪਰ ਵੇਖ,,

ਨਾ ਹੀ ਇਹ ਰੱਜਦੀਆਂ ਨੇ,,

ਤੇ ਨਾ ਹੀ ਮੇਰੀ ਉਡੀਕ।


-ਗੁਰਬਾਜ ਸਿੰਘ ਤਰਨ ਤਾਰਨ
8837644027