ਦੋਸੀ ਕੌਣ ? ਮਾਮਲਾ ਕੁਲਵਿੰਦਰ ਅਤੇ ਕੰਗਨਾ ਦਾ - ਬਘੇਲ ਸਿੰਘ ਧਾਲੀਵਾਲ
ਬੀਤੇ ਦਿਨੀ ਚੰਡੀਗੜ ਏਅਰਪੋਰਟ ਤੇ ਹਿਮਾਚਲ ਪਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਚੁਣੀ ਗਈ ਬਹੁ ਚਰਚਿਤ ਫਿਲਮੀ ਅਭਿਨੇਤਰੀ ਕੰਗਨਾ ਰਣੌਤ ਨੂੰ ਲੈ ਕੈ ਚਰਚਾਵਾਂ ਦਾ ਦੌਰ ਤੇਜੀ ਨਾਲ ਚੱਲ ਰਿਹਾ ਹੈ।ਉਹਦੇ ਵੱਲੋਂ ਏਅਰਪੋਰਟ ਤੇ ਤਾਇਨਾਤ ਸੀ ਆਈ ਐਸ ਐਫ ਦੀ ਮੁਲਾਜਮ ਬੀਬਾ ਕੁਲਵਿੰਦਰ ਕੌਰ ਨਾਲ ਜਾਮਾ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਝਗੜਾ ਵੱਡਾ ਤੂਲ ਫੜ ਗਿਆ ਹੈ।ਕੰਗਨਾ ਰਣੌਤ ਵੱਲੋਂ ਇਹ ਵਾ੍ਰ ਵਾਰ ਕਿਹਾ ਗਿਆ ਕਿ ਸੀ ਆਈ ਐਸ ਐਫ ਦੀ ਮੁਲਾਜਮ ਕੁਲਵਿੰਦਰ ਕੌਰ ਨੇ ਉਹਦੇ ਬਿਨਾ ਵਜਾਹ ਤੋ ਮੂੰਹ ਤੇ ਥੱਪੜ ਮਾਰਿਆ ਹੈ। ਜਦੋਕੀ ਕੁਲਵਿੰਦਰ ਵਾਲੇ ਪਾਸੇ ਤੋ ਜੋ ਸਚਾਈ ਨਿਕਲ ਕੇ ਸਾਹਮਣੇ ਆ ਰਹੀ ਹੈ,ਉਹ ਇਸਤਰਾਂ ਹੈ ਕਿ ਕੁਲਵਿੰਦਰ ਕੌਰ ਦਾ ਕੰਗਨਾ ਨਾਲ ਝਗੜਾ ਸਿਕਿਉਰਿਟੀ ਚੈਕ ਨੂੰ ਲੈ ਕੇ ਹੋਇਆ ਹੈ,ਕਿਉਂਕਿ ਜਿਸਤਰਾਂ ਦਾ ਕੰਗਨਾ ਦਾ ਸੁਭਾਅ ਹੈ ਉਹ ਆਪਣੇ ਮੈਂਬਰ ਪਾਰਲੀਮੈਂਟ ਚੁਣੇ ਹੋਣ ਤੇ ਤਲਾਸ਼ੀ ਦੇਣਾ ਆਪਣੀ ਬੇਇਜਤੀ ਸਮਝਦੀ ਹੋਵੇਗੀ।ਉਹ ਨਹੀ ਚਾਹੁੰਦੀ ਹੋਵੇਗੀ ਕਿ ਕੋਈ ਮਾਮੂਲੀ ਮੁਲਾਜਮ ਜਾਂ ਅਧਿਕਾਰੀ,ਉਹ ਵੀ ਕੋਈ ਗੈਰ ਹਿੰਦੂ ਉਹਦੀ ਤਲਾਸ਼ੀ ਲੈਣ ਦੀ ਹਿੰਮਤ ਕਰੇ।ਸੂਤਰਾਂ ਤੋ ਮਿਲੀਆਂ ਖਬਰਾਂ ਮੁਤਾਬਿਕ ਕੰਗਨਾ ਨੇ ਤਲਾਸ਼ੀ ਲੈਣ ਸਮੇ ਕੁਲਵਿੰਦਰ ਨਾਲ ਤਕਰਾਰ ਕਰਦਿਆਂ ਉਹਦੇ ਨਾਮ ਨਾਲ ਕੌਰ ਲੱਗਾ ਹੋਣ ਕਰਕੇ ਉਹਨੂੰ ਨਫਰਤੀ ਭਾਸ਼ਾ ਵਿੱਚ ਖਾਲਿਸਤਾਨੀ ਤੱਕ ਕਹਿ ਦਿੱਤਾ ਜਿਸਤੋ ਗੱਲ ਵੱਧ ਗਈ ਅਤੇ ਸੁਣਿਆ ਜਾ ਰਿਹਾ ਹੈ ਕਿ ਕੁਲਵਿੰਦਰ ਨੇ ਬੀਬੀ ਕੰਗਨਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਸੋ ਇਹ ਤਾਂ ਹੋਇਆ ਉਹ ਮਾਮਲਾ ਜਿਸਦੀ ਚਰਚਾ ਚੱਲ ਰਹੀ ਹੈ,ਪਰ ਅਸਲ ਵਿੱਚ ਇਹ ਘਟਨਾ ਵਾਪਰੀ ਕਿਵੇਂ ਜਾਨਣ ਦੇ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਹੋਵੇਗਾ। ਸੀ ਆਈ ਐਸ ਐਫ ਦੀ ਮੁਲਾਜਮ ਬੀਬੀ ਕੁਲਵਿੰਦਰ ਕੌਰ ਨੇ ਭਾਂਵੇਂ ਕਿਸੇ ਨਸਲੀ ਨਫਰਤ ਵਿੱਚ ਨਹੀ ਬਲਕਿ ਨਸਲੀ ਨਫਰਤ ਦਾ ਸ਼ਿਕਾਰ ਹੁੰਦਿਆਂ ਇਹ ਕਦਮ ਚੁੱਕਿਆ।ਕੁਲਵਿੰਦਰ ਨੂੰ ਗਲਤ ਠਹਿਰਾਉਣਾ ਪੰਜਾਬੀ ਗੈਰਤ ਦੀ ਤੌਹੀਨ ਕਰਨ ਵਰਗਾ ਵਰਤਾਰਾ ਹੋਵੇਗਾ। ਕੁਲਵਿੰਦਰ ਜਿਸ ਪਿਛੋਕੜ ਤੋ ਆਈ ਹੈ,ਉਹ ਪਿਛੋਕੜ ਉਹਨੂੰ ਗੈਰਤ ਲਈ ਮਰ ਮਿਟਣ ਦੀ ਗੁੜਤੀ ਦਿੰਦਾ ਹੈ, ਉਹ ਭਾਵੇਂ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ,ਫਸਲਾਂ ਨਸਲਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਕਿਤੇ ਵੀ ਆਪਣੀ ਡਿਊਟੀ ਦੌਰਾਨ ਫਰਜ ਨਿਭਾਉਣ ਦੀ ਗੱਲ ਹੋਵੇ,ਪੰਜਾਬ ਦੇ ਅਣਖੀ ਖੂਨ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ।ਇਸ ਦੀ ਮਿਸਾਲ ਆਪਣੇ ਧਰਮ ਦੀ ਖਾਤਰ ਸਿਸਟਮ ਨਾਲ ਟਕਰਾ ਜਾਣ ਵਾਲੇ ਹਜਾਰਾਂ ਸਿੱਖ ਸ਼ਹੀਦਾਂ ਤੋ ਵੀ ਮਿਲਦੀ ਹੈ,ਜਿੰਨਾਂ ਨੇ ਜੂਨ 1984 ਵਿੱਚ ਆਪਣੇ ਜਾਨ ਤੋ ਪਿਆਰੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਚੜਕੇ ਆਈਆਂ ਭਾਰਤੀ ਫੌਜਾਂ ਨਾਲ ਆਖਰੀ ਦਮ ਤੱਕ ਲੋਹਾ ਲਿਆ ਅਤੇ ਓਨੀ ਦੇਰ ਟੈਂਕਾਂ ਤੱਕ ਨੂੰ ਅੰਦਰ ਨਹੀ ਆਉਣ ਦਿੱਤਾ ਜਿੰਨੀ ਦੇਰ ਤੱਕ ਇੱਕ ਵੀ ਸਿੰਘ ਦੀ ਸ਼ਾਹ ਰਗ ਵਿੱਚ ਖੂੰਨ ਦਾ ਵਹਾਓ ਚੱਲਦਾ ਰਿਹਾ।ਉਸ ਤੋ ਉਪਰੰਤ ਚੱਲੇ ਸਿੱਖ ਸੰਘਰਸ਼ ਦੌਰਾਨ ਬੰਦੀ ਬਣਾਏ ਗਏ ਸਿੱਖ ਪਿਛਲੇ ਤੀਹ ਤੀਹ ਸਾਲਾਂ ਤੋ ਵੀ ਵੱਧ ਸਮੇ ਤੋ ਜੇਲਾਂ ਵਿੱਚ ਅਣ-ਮਨੁੱਖੀ ਜਿੰਦਗੀ ਵੀ ਚੜਦੀ ਕਲਾ ਵਿੱਚ ਰਹਿ ਕੇ ਜਿਉਂ ਰਹੇ ਹਨ,ਪਰ ਕਿਸੇ ਇੱਕ ਨੇ ਵੀ ਰਿਹਾਈ ਦੀ ਭੀਖ ਨਹੀ ਮੰਗੀ, ਉਹ ਵੱਖਰੀ ਗੱਲ ਹੈ ਕਿ ਸਿੱਖ ਕੌਂਮ ਸਾਂਤਮਈ ਮੋਰਚੇ ਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ। ਜਿਸਤਰਾਂ ਸ਼ੋਸ਼ਲ ਮੀਡੀਏ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਵਾਜ ਚੁੱਕੀ ਜਾ ਰਹੀ ਹੈ,ਉਹਦੇ ਤੋ ਇਹ ਵੀ ਸਪੱਸਟ ਹੁੰਦਾ ਹੈ ਕਿ ਹਰ ਸਿੱਖ ਦੇ ਚੇਤਨ ਅਵਚੇਤਨ ਵਿੱਚ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸੰਪਨ ਸੱਤਾ ਦਾ ਸੰਕਲਪ ਪਿਆ ਹੈ ਅਤੇ ਜਦੋ ਕੋਈ ਅਜਿਹਾ ਵਰਤਾਰਾ ਸੁਤੇ ਸਿਧ ਵਾਪਰਦਾ ਹੈ,ਤਾਂ ਉਹਦੀ ਹਮਾਇਤ ਵੀ ਸੁਤੇ ਸਿਧ ਹੀ ਹੋ ਜਾਂਦੀ ਹੈ। ਕੁਲਵਿੰਦਰ ਪਿਛਲੇ 15 ਸਾਲਾਂ ਤੋ ਸੀ ਆਈ ਐਸ ਐਫ ਵਿੱਚ ਡਿਉਟੀ ਕਰ ਰਹੀ ਹੈ।ਕੁਲਵਿੰਦਰ ਦਾ ਪਤੀ ਵੀ ਸੀ ਆਈ ਐਸ ਐਫ ਵਿੱਚ ਹੀ ਮੁਲਾਜਮ ਹੈ। ਕੁਲਵਿੰਦਰ ਦਾ ਪਰਿਵਾਰਿਕ ਪਿਛੋਕੜ ਫੌਜ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ।ਉਹਦੇ ਤਾਇਆ ਜੀ ਮਿਲਟਰੀ ਵਿੱਚੋਂ ਔਨਰੇਰੀ ਕਪਤਾਨ ਰਿਟਾਇਰ ਹੋਏ ਹਨ।ਜਦੋਕਿ ਉਹਨਾਂ ਦਾ ਪਿਤਾ ਖੇਤੀ ਵਾੜੀ ਕਰਦਾ ਹੈ।ਕੁਲਵਿੰਦਰ ਦਾ ਭਰਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਆਗੂ ਹੈ,ਜਿਸ ਕਰਕੇ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਸਮੁੱਚਾ ਪੰਜਾਬ ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਿਹਾ,ਓਥੇ ਕੁਲਵਿੰਦਰ ਦੇ ਮਾਤਾ ਵੀ ਕਿਸਾਨੀ ਅੰਦੋਲਨ ਵਿੱਚ ਦਿੱਲੀ ਦੀਆਂ ਵਰੂਹਾਂ ਤੇ ਬੈਠ ਕੇ ਸੰਘਰਸ਼ ਕਰਨ ਵਾਲਿਆਂ ਵਿੱਚ ਉਸ ਮੌਕੇ ਸ਼ਾਮਲ ਰਹੇ ਸਨ,ਜਦੋ ਕੰਗਨਾ ਰਣੌਤ ਨੇ ਅੰਦੋਲਨ ਵਿੱਚ ਸਾਮਲ ਪੰਜਾਬੀ ਮਹਿਲਾਵਾਂ ਨੂੰ ਸੌ ਸੌ ਦੋ ਦੋ ਸੌ ਵਿੱਚ ਕਿਰਾਏ ਤੇ ਆਉਣ ਵਾਲੀਆਂ ਜਨਾਨੀਆਂ ਕਹਿ ਕੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਸੀ।ਉਸ ਮੌਕੇ ਵੀ ਕੰਗਨਾ ਨੂੰ ਕਿਸਾਨ ਮਜਦੂਰ ਔਰਤਾਂ ਸਮੇਤ ਪੰਜਾਬੀਆਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ ਸੀ।ਪਰੰਤੂ ਉਸ ਹੰਕਾਰੀ ਲੜਕੀ ਨੇ ਗਲਤੀ ਦੀ ਮੁਆਫੀ ਮੰਗਣ ਦੀ ਬਜਾਏ ਪੰਜਾਬ ‘ਤੇ ਹੋਰ ਵੀ ਨਸਲੀ ਟਿਪਣੀਆਂ ਕਰਨੀਆਂ ਜਾਰੀ ਰੱਖੀਆਂ ਸਨ।ਸਾਇਦ ਇਸ ਦੇ ਇਨਾਮ ਵਜੋਂ ਹੀ ਭਾਰਤੀ ਜਨਤਾ ਪਾਰਟੀ ਨੇ ਕੰਗਨਾ ਨੂੰ ਹਿਮਾਚਲ ਪਰਦੇਸ ਦੇ ਮੰਡੀ ਲੋਕ ਸਭਾ ਹਲਕੇ ਤੋ ਟਿਕਟ ਦੇਕੇ ਨਿਵਾਜਿਆ ਅਤੇ ਹਿਮਾਚਲ ਦੇ ਲੋਕਾਂ ਨੇ ਕੰਗਨਾ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਜੇਕਰ ਗੱਲ ਏਥੇ ਤੱਕ ਹੀ ਸੀਮਤ ਰਹਿੰਦੀ ਫਿਰ ਤਾਂ ਸਮਝਿਆ ਜਾ ਸਕਦਾ ਸੀ ਕਿ ਬੀਬਾ ਜੀ ਨੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਇਹ ਸਾਰਾ ਜਹਿਰ ਸਾਇਦ ਕੁਰਸੀ ਦੀ ਪਰਾਪਤੀ ਲਈ ਕੀਤਾ ਹੋਵੇਗਾ,ਪਰ ਜਿਸਤਰਾਂ ਬੀਬਾ ਕੰਗਨਾ ਰਣੌਤ ਨੇ ਚੰਡੀਗੜ ਏਅਰਪੋਰਟ ਤੇ ਹੰਗਾਮਾ ਕਰਕੇ ਸਿੱਖਾਂ ਪ੍ਰਤੀ ਨਫਰਤੀ ਭਾਸ਼ਾ ਦਾ ਇਸਤੇਮਾਲ ਕੀਤਾ,ਉਹਦੇ ਤੋ ਸਮਝਿਆ ਜਾ ਸਕਦਾ ਹੈ ਕਿ ਬੀਬੀ ਕੰਗਨਾ ਦੇ ਮਨ ਅੰਦਰ ਸਿੱਖਾਂ ਪ੍ਰਤੀ ਕਿੰਨੀ ਕੁ ਜਹਿਰ ਭਰੀ ਹੋਈ ਹੈ,ਜਿਸਨੂੰ ਉਹਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਣ ਤੋ ਤੁਰੰਤ ਬਾਅਦ ਹੀ ਉਜਾਗਰ ਕਰ ਦਿੱਤਾ। ਕੰਗਨਾ ਰਣੌਤ ਹੁਣ ਇੱਕ ਅਭਨੇਤਰੀ ਜਾਂ ਸਿਆਸੀ ਨੇਤਾ ਜਾਂ ਸਾਂਸਦ ਨਹੀ ਬਲਕਿ ਉਹ ਹੁਣ ਅਜਿਹਾ ਕਿਰਦਾਰ ਬਣ ਗਿਆ ਹੈ ਜਿਹੜਾ ਫਿਰਕੂ ਨਫਰਤ ਦੇ ਪਰਚਾਰ ਨਾਲ ਖਿਤੇ,ਸੂਬੇ ਅਤੇ ਉਸ ਤੋ ਬਾਅਦ ਸਮੁੱਚੇ ਮੁਲਕ ਵਿੱਚ ਫਿਰਕੂ ਨਫਰਤ ਦੇ ਭਾਂਬੜ ਬਾਲਣ ਲਈ ਕਾਹਲ਼ਾ ਪਿਆ ਹੋਇਆ ਹੈ। ਸਾਇਦ ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਨੂੰ ਅਜਿਹੇ ਗੈਰ ਇਖਲਾਕੀ,ਗੈਰ ਸਮਾਜੀ ਅਤੇ ਗੈਰ ਜੁੰਮੇਵਾਰਾਨਾ ਹਰਕਤਾਂ ਕਰਨ ਦੀ ਖੁੱਲ ਮਿਲ ਗਈ ਹੈ।ਉਹ ਜਾਣਦੀ ਹੈ ਜਾਂ ਨਹੀ ਪਰ ਇਹ ਸੱਚ ਹੈ ਕਿ ਕੰਗਨਾ ਵੱਲੋਂ ਕੀਤੀ ਨਸਲੀ ਟਿੱਪਣੀ ਦੀ ਬਦੌਲਤ ਜਿਸਤਰਾਂ ਪੰਜਾਬ ਦੇ ਲੋਕ ਕੁਲਵਿੰਦਰ ਅਤੇ ਕੰਗਨਾ ਦੇ ਹੱਕ ਵਿੱਚ ਆਪੋ ਆਪਣੀਆਂ ਟਿੱਪਣੀਆਂ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰ ਰਹੇ ਹਨ,ਉਸ ਤੋ ਸਮਝਣਾ ਕੋਈ ਔਖਾ ਨਹੀ ਕਿ ਕੰਗਨਾ ਦੀ ਟਿੱਪਣੀ ਪੰਜਾਬ ਦੀ ਸਾਂਤ ਫ਼ਿਜਾ ਵਿੱਚ ਅਜਿਹਾ ਜਹਿਰ ਘੋਲ ਸਕਦੀ ਹੈ,ਜਿਸ ਦਾ ਅਸਰ ਪੰਜਾਬ ਤੋ ਪਾਰ ਸਮੁੱਚੇ ਭਾਰਤ ਤੱਕ ਨੂੰ ਅਸਰ ਅੰਦਾਜ ਕਰ ਸਕਦਾ ਹੈ ਅਤੇ ਇਸ ਫਿਰਕੂ ਨਫਰਤ ਦੀ ਅੱਗ ਵਿੱਚ ਹਿੰਦੂ, ਸਿੱਖ ਅਤੇ ਮੁਸਲਮ ਸਾਰੇ ਹੀ ਬੁਰੀ ਤਰਾਂ ਸੁਲਝੇ ਜਾ ਸਕਦੇ ਹਨ। ਇਹ ਅਜਿਹੀ ਚਿੰਗਾਰੀ ਹੈ,ਜਿਹੜੀ ਬਲ਼ਦਿਆਂ ਹੀ ਪਲਾਂ ਵਿੱਚ ਸਾਰਾ ਕੁੱਝ ਸਾੜ ਕੇ ਸੁਆਹ ਕਰ ਸਕਦੀ ਹੈ। ਪੰਜਾਬੀਆਂ ਨੂੰ 1947 ਦੀ ਦੇਸ਼ ਵੰਡ ਅਤੇ 1984 ਦੇ ਕਤਲੇਆਮ ਪਹਿਲਾਂ ਹੀ ਚੈਨ ਨਹੀ ਲੈਣ ਦੇ ਰਿਹਾ,ਉਹ ਨਹੀ ਚਾਹੰਦੇ ਕਿ ਇੱਕ ਵਾਰ ਫਿਰ ਆਪਣੀ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਅਤੇ ਮਾਨਵਤਾ ਨੂੰ ਤੜਫ ਤੜਫ ਕੇ ਦਮ ਤੋੜਦਿਆਂ ਦੇਖਣ।ਸੋ ਸੱਤਾਧਾਰੀ ਭਾਜਪਾ ਨੂੰ ਬੀਤੇ ਤੋ ਸਬਕ ਲੈਂਦਿਆਂ ਕੰਗਨਾ ਰਣੌਤ ਵਰਗੀ ਬੇਲਗਾਮ ਮਹਿਲਾ ਆਗੂ ਨੂੰ ਤੁਰੰਤ ਲਗਾਮ ਦੇਣ ਤਾਂ ਕਿ ਸੂਬੇ ਅਤੇ ਮੁਲਕ ਅੰਦਰ ਆਪਸੀ ਭਾਈਚਾਰਾ ਕਾਇਮ ਰਹਿ ਸਕੇ।
ਲੋਕ ਸਭਾ ਚੋਣਾਂ ਬਨਾਮ ਘੱਲੂਘਾਰੇ ਦੀ ਟੀਸ - ਬਘੇਲ ਸਿੰਘ ਧਾਲੀਵਾਲ
ਦੇਸ਼ ਅੰਦਰ 18ਵੀਂ ਲੋਕ ਸਭਾ ਚੋਣ ਮੁਕੰਮਲ ਹੋ ਚੁੱਕੀ ਹੈ।ਭਾਵ ਸੱਤਵੇਂ ਅਤੇ ਆਖਰੀ ਗੇੜ ਦੀਆਂ ਚੋਣਾਂ ਬੀਤੇ ਕੱਲ 1 ਜੂਨ ਨੂੰ ਪੈ ਚੁੱਕੀਆਂ ਹਨ। ਇਹ ਆਖਰੀ ਦੌਰ ਦੀ ਚੋਣ ਪ੍ਰਕਿਰਿਆ ਵਿੱਚ ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਪੰਜਾਬ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪਈਆਂ।ਪੰਜਾਬ ਨੂੰ ਆਖਰੀ ਦੌਰ ਦੀ ਚੋਣ ਪ੍ਰਕਿਰਿਆ ਵਿੱਚ ਸ਼ੁਮਾਰ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ।ਚੋਣਾਂ ਦੀ ਮਿਤੀ ਇੱਕ ਜੂਨ ਸਿੱਖਾਂ ਲਈ ਇਸ ਕਰਕੇ ਦੁਬਿਧਾ ਪੈਦਾ ਕਰਦੀ ਹੈ,ਕਿਉਂਕਿ ਇਹ ਦਿਨ ਸਿੱਖਾਂ ਦੇ ਜਖਮਾਂ ਨੂੰ ਕੁਰੇਦਣ ਵਾਲਾ ਹੁੰਦਾ ਹੈ। ਇੱਕ ਜੂਨ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਚੜਾਈ ਕੀਤੀ ਗਈ ਸੀ। ਇੱਕ ਜੂਨ ਤੋ 6 ਜੂਨ ਤੱਕ ਫੌਜ ਨੇ ਸਿੱਖਾਂ ਤੇ ਅਜਿਹੇ ਕਹਿਰ ਢਾਹੇ ਸਨ,ਜਿਹੜੇ ਦੁਨੀਆਂ ਭਰ ਦੇ ਜਾਲਮ ਤਾਨਸ਼ਾਹਾਂ ਦੇ ਜੁਲਮਾਂ ਨੂੰ ਵੀ ਬੌਨਾ ਕਰਨ ਵਾਲੇ ਸਨ। ਇਸ ਖੂਨੀ ਹਫਤੇ ਨੇ ਸਿੱਖਾਂ ਦੇ ਸੁਰਖ ਇਤਿਹਾਸ ਵਿੱਚ ਖੂੰਨ ਨਾਲ ਲੱਥ ਪੱਥ ਇੱਕ ਹੋਰ ਅਜਿਹਾ ਨਵਾਂ ਪੰਨਾ ਜੋੜ ਦਿੱਤਾ,ਜਦੋਂ ਭਾਰਤੀ ਫੌਜ ਨੇ ਆਪਣੇ ਹੀ ਲੋਕਾਂ ਨਾਲ ਅਜਿਹਾ ਸਲੂਕ ਕੀਤਾ ਸੀ,ਜਿਹੜਾ ਸੱਭਿਅਕ ਮੁਲਕਾਂ ਵਿੱਚ ਵਗਾਨੇ ਲੋਕਾਂ ਨਾਲ ਵੀ ਨਹੀ ਕੀਤਾ ਜਾਂਦਾ। ਜੂਨ ਮਹੀਨੇ ਦੇ ਪਹਿਲੇ ਇੱਕ ਹਫਤੇ ਵਿੱਚ ਹੀ ਫੌਜਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਕੁੱਝ ਮੁੱਠੀ ਭਰ ਮਰਜੀਵੜਿਆਂ ਸਮੇਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਹਜਾਰਾਂ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਨਿਰਦਾਇਤਾ ਦੇ ਨਾਲ ਸ਼ਹੀਦ ਕਰ ਦਿੱਤਾ ਸੀ,ਜਿੰਨਾਂ ਵਿੱਚ 18 ਦਿਨ ਦੇ ਬੱਚੇ ਤੋਂ ਲੈ ਕੇ 90,95 ਸਾਲ ਤੱਕ ਦੇ ਬਜ਼ੁਰਗ ਮਰਦ ਔਰਤਾਂ ਵੀ ਸ਼ਾਮਲ ਸਨ।ਭਾਰਤੀ ਫੌਜਾਂ ਨੇ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖਾਂ ਨੂੰ ਅਜਿਹੇ ਜਖਮ ਦਿੱਤੇ,ਜਿਹੜੇ ਸਾਇਦ ਰਹਿੰਦੀ ਦੁਨੀਆਂ ਤੱਕ ਰਿਸਦੇ ਰਹਿਣਗੇ।ਜਦੋ ਇੱਕ ਜੂਨ ਦਾ ਦਿਨ ਆਉਂਦਾ ਹੈ,ਤਾਂ ਸਿੱਖਾਂ ਦੇ ਮਨਾਂ ਚ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਮੁੜ ਰੂਪਮਾਨ ਹੋ ਜਾਂਦੀ ਹੈ।ਬੱਚੇ ਬਜੁਰਗ,ਬੀਬੀਆਂ ਅਤੇ ਨੌਜਵਾਨਾਂ ਦੇ ਬੇਰਹਿਮੀ ਨਾਲ ਘਾਣ ਦੀ ਖੌਫਨਾਕ ਤਸਵੀਰ ਨੌਜਵਾਨ ਸਿੱਖ ਜਜ਼ਬਿਆਂ ਨੂੰ ਉਤੇਜਿਤ ਕਰਦੀ ਹੈ।ਜੂਨ ਦੇ ਪਹਿਲੇ ਹਫਤੇ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਕੌਮ ਨਾਲ ਕੀਤੇ ਇਕਰਾਰ ਨਿਭਾਉਂਦਿਆਂ ਦਿੱਤੀਆਂ ਸ਼ਹਾਦਤਾਂ ਦੀ ਗਾਥਾ ਨੂੰ ਬੜੇ ਮਾਣ ਨਾਲ ਸੁਣਦੇ ਅਤੇ ਸੁਣਾਉਂਦੇ ਹਨ।ਸਿੱਖ ਜੁਆਨੀ ਇਸ ਹਫਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ ਨਾਲ ਉਹਨਾਂ ਦੇ ਕਹਿਣੀ ਅਤੇ ਕਰਨੀ ਦੀ ਇੱਕਸੁਰਤਾ ਵਾਲੇ ਸੰਘਰਸ਼ੀ ਜੀਵਨ ਤੋ ਪਰੇਰਨਾ ਵੀ ਲੈਦੀ ਹੈ। ਪਰੰਤੂ ਇਸ ਵਾਰ ਕੇਂਦਰੀ ਤਾਕਤਾਂ ਵੱਲੋਂ ਜਾਣ ਬੁੱਝ ਕੇ ਪੰਜਾਬ ਅੰਦਰ ਵੋਟਾਂ ਦੀ ਤਰੀਕ ਇੱਕ ਜੂਨ ਰੱਖੀ ਗਈ, ਤਾਂ ਕਿ ਸਿੱਖ ਮਨਾਂ ਚੋ ਕੌਂਮੀ ਦੁੱਖ ਦਰਦ ਦੀ ਭਾਵਨਾ ਅਤੇ ਸਿੱਖ ਜਜ਼ਬੇ ਨੂੰ ਚੋਣਾਂ ਦੀਆਂ ਖੁਸ਼ੀਆਂ ਵਿੱਚ ਰਲਗੱਡ ਕਰਕੇ ਠੰਡਾ ਪਾਇਆ ਜਾ ਸਕੇ।ਇਹ ਸੱਚਮੁੱਚ ਬੜਾ ਚਲਾਕੀ ਮਕਾਰੀ ਅਤੇ ਮੰਦ ਭਾਵਨਾ ਵਾਲਾ ਵਰਤਾਰਾ ਹੈ,ਜਿਸ ਵਿੱਚ ਭੋਲ਼ੀ ਭਾਲ਼ੀ ਕੌਂਮ ਦਾ ਉਲਝਣਾ ਸੁਭਾਾਵਿਕ ਹੈ,ਕਿਉਂਕਿ ਚੋਣ ਪਰਕਿਰਿਆ ਨੂੰ ਪੂਰਾ ਕਰਨ ਲਈ ਜਿਸਤਰਾਂ ਦੇ ਹਾਲਾਤ ਹਕੂਮਤਾਂ ਵੱਲੋਂ ਬਣਾਏ ਹੋਏ ਹਨ,ਜਿਸਤਰਾਂ ਦੀਆਂ ਧੜੇਬੰਦੀਆਂ ਪੈਦਾ ਕੀਤੀਆਂ ਹੋਈਆਂ ਹਨ,ਉਹਨਾਂ ਵਿੱਚ ਕੌਮੀ ਜਜ਼ਬੇ ਵੀ ਪਛੜਕੇ ਰਹਿ ਜਾਂਦੇ ਹਨ। ਇੱਕ ਜੂਨ ਸਿੱਖਾਂ ਲਈ ਬੇਹੱਦ ਹੀ ਮਾੜਾ ਦਿਨ ਹੈ ਅਤੇ ਹਮੇਸਾਂ ਰਹੇਗਾ।ਜੂਨ ਦਾ ਇਹ ਪਹਿਲਾ ਹਫਤਾ ਸਿੱਖਾਂ ਲਈ ਜਿੱਥੇ ਆਪਣੇ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਸਮਾ ਹੁੰਦਾ ਹੈ,ਓਥੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਅਹਿਦ ਕਰਨ ਦਾ ਵੀ ਢੁਕਵਾਂ ਸਮਾ ਹੁੰਦਾ ਹੈ ਅਤੇ ਪਿਛਲੇ 40 ਸਾਲਾਂ ਦੌਰਾਨ ਹੋਏ ਕੌੜੇ ਤੁਜੱਰਬਿਆਂ ਨੂੰ ਪੜਚੋਲਣ ਦਾ ਸਮਾ ਵੀ ਹੁੰਦਾ ਹੈ,ਜਦੋ ਸਿੱਖ ਬੁੱਧੀਜੀਵੀ ਹਫਤਾ ਭਰ ਲਹੂ ਦੇ ਅੱਥਰੂ ਡੋਲਵੀਆਂ ਲਿਖਤਾਂ ਨਾਲ ਉਸ ਦੌਰ ਦੀ ਗਾਥਾ ਬਿਆਨ ਕਰਦੇ ਹਨ।ਇਹ ਸਮਾ ਭਾਂਵੇਂ ਹਕੂਮਤਾਂ ਵੱਲੋਂ ਕੀਤੇ ਜੁਲਮਾਂ ਦੀ ਦਾਸਤਾਨ ਨੂੰ ਯਾਦ ਦਿਲਾਉਣ ਵਾਲਾ ਹੁੰਦਾ ਹੈ,ਪਰ ਇਸ ਦੇ ਨਾਲ ਹੀ ਇਹ ਸਮਾ ਸਿੱਖ ਕੌਂਮ ਦੀ ਨਵੀ ਪੀੜੀ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਤੋ ਜਾਣੂ ਕਰਵਾਉਣ ਦਾ ਸਮਾ ਵੀ ਹੁੰਦਾ ਹੈ।ਸੁਹਿਰਦ ਸਿੱਖ ਬੁੱਧੀਜੀਵੀਆਂ ਵੱਲੋਂ ਆਏ ਸਾਲ ਜੂਨ ਚੁਰਾਸੀ ਦੇ ਹਕੂਮਤੀ ਜਬਰ ਦੀ ਗਾਥਾ ਸਿੱਖਾਂ ਦੀ ਨਵੀਂ ਨਸਲ ਦੇ ਮਨਾਂ ਵਿੱਚ ਉਤਾਰਨ ਦੇ ਯਤਨ ਹੁੰਦੇ ਹਨ।ਆਪਣੇ ਪੁਰਖਿਆਂ ਦੀਆਂ ਮਹਾਂਨ ਅਤੇ ਅਲੌਕਿਕ ਕਹਾਣੀਆਂ ਖੁਆਰ ਹੋ ਰਹੀ ਕੌਂਮ ਨੂੰ ਨਵਾਂ ਉਤਸ਼ਾਹ ਬਖਸ਼ਦੀਆਂ ਹਨ। ਇਸ ਵਾਰ ਵੋਟਾਂ ਦੇ ਨਸ਼ੇ ਵਿੱਚ ਗਲੇ ਤੱਕ ਲਹਿ ਚੁੱਕੇ ਸਿੱਖਾਂ ਨੂੰ ਇਹ ਕਦੇ ਵੀ ਨਹੀ ਸੀ ਵਿਸਾਰਨਾ ਚਾਹੀਦਾ ਕਿ ਭਾਰਤੀ ਸਿਸਟਮ ਨੇ ਜੂਨ ਦੇ ਇਸ ਹਫਤੇ ਦੌਰਾਨ ਸਿੱਖ ਕੌਂਮ ਨੂੰ ਕਿਹੋ ਜਿਹੇ ਜਖਮ ਦਿੱਤੇ ਸਨ,ਜਿੰਨਾਂ ਦੀ ਟੀਸ ਇੱਕ ਜੂਨ ਨੂੰ ਹਰ ਉਸ ਸਿੱਖ ਹਿਰਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ,ਜਿੰਨਾਂ ਦੇ ਖੂਨ ਵਿੱਚ ਰੱਤੀ ਭਰ ਵੀ ਗੈਰਤ ਦਾ ਮਾਦਾ ਸੰਚਾਰ ਕਰ ਰਿਹਾ ਹੈ। ਇਹ ਸਮਾ ਬਹੁਤ ਸਾਰੀਆਂ ਉਹ ਯਾਦਾਂ ਵੀ ਤਾਜਾ ਕਰ ਦਿੰਦਾ ਹੈ,ਜਦੋਂ ਇਸ ਕਹਿਰ ਦਾ ਬਦਲਾ ਲੈਣ ਲਈ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਦੇ ਅੰਗ ਰੱਖਿਅਕਾਂ ਦੇ ਖੂਨ ਨੇ ਉਬਾਲ਼ਾ ਖਾਧਾ ਤੇ ਇੱਕ ਅਜਿਹਾ ਇਤਿਹਾਸ ਦੁਹਰਾ ਦਿੱਤਾ ਜਿਸ ਨੇ ਸਿੱਖਾਂ ਦੇ ਬਲੂੰਧਰੇ ਹਿਰਦਿਆਂ ਨੂੰ ਕੁੱਝ ਹੱਦ ਤੱਕ ਸਕੂਨ ਦਿੱਤਾ ਸੀ।ਹੁਣ ਜਦੋ ਫਿਰ ਇਹ ਖੂਨੀ ਹਫਤਾ ਆ ਗਿਆ ਹੈ,ਤਾਂ ਇਸ ਵਾਰ ਸਿੱਖ ਮਨਾਂ ਚ ਇਹ ਟੀਸ ਹੋਰ ਵੀ ਸਿੱਦਤ ਨਾਲ ਮਹਿਸੂਸ ਕੀਤੀ ਜਾਣੀ ਬਣਦੀ ਹੈ ਅਤੇ ਸੋਚਿਆ ਜਾਣਾ ਬਣਦਾ ਹੈ ਕਿ ਕਿਵੇਂ ਸਿਸਟਮ ਸਿੱਖ ਹਿਰਦਿਆਂ ਚੋ ਘੱਲੂਘਾਰੇ ਦੀ ਯਾਦ ਨੂੰ ਮਿਟਾਉਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਿਹਾ ਹੈ।
ਬਘੇਲ ਸਿੰਘ ਧਾਲੀਵਾਲ
99142-58142
ਸ੍ਰੋਮਣੀ ਕਮੇਟੀ ਦੇ ਵੋਟ ਫਾਰਮ ਵਿੱਚ ਮਕਾਰੀ ਭਰੀਆਂ ਤਰੁੱਟੀਆਂ,ਸਿੱਖ ਸੰਸਥਾਵਾਂ ਦੀ ਲਾਪਰਵਾਹੀ ਅਤੇ ਆਪਸੀ ਪਾਟੋਧਾੜ ਦਾ ਨਤੀਜਾ - ਬਘੇਲ ਸਿੰਘ ਧਾਲੀਵਾਲ
ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਂਮ ਚੋਣਾਂ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ, 2011 ਤੋ ਬਾਅਦ ਸ੍ਰੋਮਣੀ ਕਮੇਟੀ ਚੋਣਾਂ ਨਹੀ ਕਰਵਾਈਆਂ ਗਈਆਂ,ਜਿਸ ਕਾਰਨ ਸਿੱਖਾਂ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ, ਪ੍ਰੰਤੂ ਸਿੱਖਾਂ ਦੇ ਰੋਸ਼ ਨੂੰ ਮਹਿਸੂਸ ਕੌਣ ਕਰੇ,ਇਹ ਵੀ ਸੋਚਣ ਦਾ ਵਿਸ਼ਾ ਹੈ। ਚੋਣਾਂ ਨਾ ਕਰਵਾਉਣ ਪਿੱਛੇ ਸਿੱਧੇ ਤੌਰ ਤੇ ਉਹ ਧਿਰਾਂ ਹੀ ਜ਼ੁੰਮੇਵਾਰ ਹਨ,ਜਿਹੜੀਆਂ ਪਿਛਲੇ ਲੰਮੇ ਸਮੇਂ ਤੋ ਕੇਂਦਰ ਦੀ ਮਿਹਰਬਾਨੀ ਸਦਕਾ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹਨ।ਪੰਥਕ ਧਿਰਾਂ ਭਾਵੇਂ ਕੇਂਦਰ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ,ਪਰ ਉਹਨਾਂ ਦੀ ਆਪਸੀ ਪਾਟੋਧਾੜ,ਹਾਉਮੈ,ਹੰਕਾਰ ਅਤੇ ਈਰਖਾ ਨੇ ਉਹਨਾਂ ਦੀ ਤਾਕਤ ਨੂੰ ਬੇਹੱਦ ਕਮਜੋਰ ਕਰ ਦਿੱਤਾ ਹੈ,ਜਿਸ ਕਰਕੇ ਕੇਂਦਰ ਉਹਨਾਂ ਦੀ ਕਿਸੇ ਵੀ ਗੱਲ ਨੂੰ ਅਹਿਮੀਅਤ ਨਹੀ ਦਿੰਦਾ।ਜੇਕਰ ਪਿੱਛੇ ਵੱਲ ਝਾਤ ਮਾਰੀਏ,ਸਿੱਖ ਆਪਣੀ ਪਾਟੋ ਧਾੜ ਦੇ ਕਾਰਨ ਮੁੱਢੋਂ ਹੀ ਕੌਂਮੀ ਨੁਕਸਾਨ ਝੱਲਦੇ ਆ ਰਹੇ ਹਨ।ਇਹ ਅਲਾਮਤ ਸਿੱਖਾਂ ਦੇ ਪਿੱਛੇ ਗੁਰੂ ਕਾਲ ਤੋ ਹੀ ਪਈ ਹੋਈ ਹੈ। ਉਹ ਤਾਕਤਾਂ ਜਿਹੜੀਆਂ ਮੁੱਢ ਤੋਂ ਹੀ ਸਿੱਖੀ ਨੂੰ ਵੱਧਦਾ ਫੁੱਲਦਾ ਦੇਖ ਕੇ ਨਹੀ ਸਨ ਸੁਖਾਂਦੀਆਂ ,ਉਹਨਾਂ ਨੇ ਸਿੱਖਾਂ ਨੂੰ ਗੁਰੂ ਤੋ ਬੇਮੁੱਖ ਕਰਨ ਦੇ ਕੋਝੇ ਯਤਨ ਅਤੇ ਹਕੂਮਤਾਂ ਨਾਲ ਮਿਲ ਕੇ ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ,ਫਲ਼ਸਰੂਪ ਗੁਰੂ ਨਾਨਕ ਸਾਹਿਬ ਨੂੰ ਕਰਾਹੀਆ ਕਹਿ ਕੇ ਭੰਡਿਆ,ਉਹਨਾਂ ਨੂੰ ਸੱਚ ਬੋਲਣ ਦੀ ਸਜ਼ਾ ਦੇ ਰੂਪ ਵਿੱਚ ਜੇਲ੍ਹ ਦੀਆਂ ਚੱਕੀਆਂ ਪੀਹਣੀਆਂ ਪਈਆਂ,ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਬੀ ਤੇ ਬੈਠ ਕੇ ਸ਼ਹਾਦਤ ਦੇਣੀ ਪਈ, ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਉਪਰੋਕਤ ਸਾਜਿਸ਼ਾਂ ਅਤੇ ਹਕੂਮਤਾਂ ਦੇ ਜਬਰ ਨੂੰ ਚੈਲੰਜ ਦੇ ਰੂਪ ਵਿੱਚ ਸਵੀਕਾਰਿਆ ਅਤੇ ਸਿੱਖਾਂ ਦੀ ਅਜਾਦ ਪ੍ਰਭੂ ਸੱਤਾ ਦਾ ਐਲਾਨ ਕਰ ਦਿੱਤਾ। ਨੌਂਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਤਿੰਨ ਸਿੱਖਾਂੳਾਤ ਸਮੇਤ ਦਿੱਲੀ ਵਿੱਚ ਸ਼ਹਾਦਤ ਦੇਣੀ ਪਈ,ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਮੌਕੇ ਦੇ ਸਿੱਖਾਂ ਦੀ ਹਾਲਤ ਨੂੰ ਦੇਖਦਿਆਂ,ਖਾਲਸਾ ਸਾਜਨਾ ਦਾ ਨਵਾਂ ਸੰਕਲਪ ਲੈ ਕੇ ਆਂਦਾ। ਲਤਾੜੇ ਨਪੀੜੇ ਲੋਕਾਂ ਨੂੰ ਨਵਾ ਜਨਮ ਦਿੱਤਾ,ਨਵਾਂ ਰੂਪ, ਸਰੂਪ ਦੇ ਕੇ ਸਿਰਦਾਰੀਆਂ ਦੀ ਬਖਸ਼ਿਸ਼ ਕੀਤੀ। “ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ” ਦਾ ਸੰਕਲਪ ਦ੍ਰਿੜ ਕਰਵਾ ਕੇ ਜਬਰ ਜੁਲਮ ਨਾਲ ਟੱਕਰ ਲੈਣ ਦੇ ਸਮਰੱਥ ਬਣਾਇਆ।ਖਾਲਸੇ ਨੂੰ ਅਜਿਹੇ ਨਿੱਗਰ ਸਿਧਾਂਤਾਂ ਦੀ ਬਖਸ਼ਿਸ਼ ਕਰਕੇ ਆਪਣੀ ਹੋਣੀ ਆਪ ਘੜਨ ਦੇ ਜਨਮ ਸਿੱਧ ਅਧਿਕਾਰਾਂ ਦੇ ਨਾਲ ਸਾਰੀ ਦੁਨੀਆਂ ਤੋ ਨਿਆਰਾ, ਨਿਰਾਲਾ ਸਰੂਪ ਦੇ ਕੇ ਸਥਾਪਤੀ ਨੂੰ ਕੰਬਣੀ ਛੇੜ ਦਿੱਤੀ। ਇੱਕ ਦਿਨ ਅਜਿਹਾ ਵੀ ਆਇਆ ਜਦੋਂ ਦੁਨੀਆਂ ਦੀ ਵੱਡੀ ਸਲਤਨਤ ਦਾ ਬਾਦਸ਼ਾਹ ਗੁਰੂ ਸਾਹਿਬ ਨਾਲ ਮੁਲਾਕਾਤ ਲਈ ਸਮਾ ਮੰਗਣ ਲਈ ਮਜਬੂਰ ਹੋ ਗਿਆ।ਇਸ ਦੇ ਬਾਵਜੂਦ ਵੀ ਉਹ ਤਾਕਤਾਂ ਜਿਹੜੀਆਂ ਸਿੱਖੀ ਤੋ ਖਾਰ ਖਾਂਦੀਆਂ ਸਨ,ਸਾਜਿਸ਼ਾਂ ਰਚਣ ਵਿੱਚ ਮਸ਼ਰੂਫ਼ ਰਹੀਆਂ,ਫਲਸਰੂਪ ਨੰਦੇੜ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਵੀ ਜਾਨਲੇਵਾ ਹਮਲਾ ਹੋ ਗਿਆ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਉਹ ਹਮਲਾ ਹੀ ਸੀ।ਇਸ ਤੋ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਸਰਹਿੰਦ ਦੇ ਸੂਬੇਦਾਰ ਸਮੇਤ ਜਾਬਰਾਂ ਤੋ ਜੁਲਮਾਂ ਦਾ ਹਿਸਾਬ ਚੁਕਤਾ ਕਰਨ ਲਈ ਥਾਪੜਾ ਦੇ ਕੇ ਭੇਜਿਆ।ਬਾਬਾ ਜੀ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਬਦਲਾ ਹੀ ਨਹੀ ਲਿਆ,ਬਲਕਿ ਪਹਿਲਾ ਖਾਲਸਾ ਰਾਜ ਸਥਾਪਤ ਕਰਕੇ ਗੁਰੂ ਸਾਹਿਬ ਦੇ ਨਾਮ ਦਾ ਛਿੱਕਾ ਚਲਾ ਦਿੱਤਾ।ਪਰੰਤੂ ਉਹਨਾਂ ਨੂੰ ਵੀ ਉਪਰੋਕਤ ਸਾਜਿਸ਼ਾਂ ਦਾ ਸ਼ਿਕਾਰ ਹੋਣਾ ਪਿਆ, ਫਲਸਰੂਪ ਸਿੱਖਾਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ,ਜਿਹੜਾ ਹਮੇਸਾਂ ਆਪਣੇ ਗੁਰੂ ਨੂੰ ਸਮੱਰਪਿਤ ਰਿਹਾ,ਗੁਰੂ ਦੀ ਚੜ੍ਹਦੀ ਕਲਾ ਦਾ ਸੈਦਾਈ ਬਣ ਕੇ ਜੀਵਿਆ,ਉਹਨੂੰ ਵੀ ਅੰਦਰੂੰਨੀ ਤੇ ਬਾਹਰੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਾਇਮ ਕੀਤਾ ਖਾਲਸਾ ਰਾਜ ਗੁਆ ਕੇ ਆਪਣੇ ਚਾਰ ਸਾਲ ਦੇ ਪੁੱਤਰ ਸਮੇਤ ਸੱਤ ਸੌ ਚਾਲੀ ਸਿੱਖ ਮਰਜੀਵੜਿਆਂ ਦੇ ਨਾਲ ਸ਼ਹਾਦਤ ਦੇਣੀ ਪਈ, 9 ਜੂਨ 1716 ਈਸਵੀ ਵਿੱਚ ਉਸ ਮੌਕੇ ਦੇ ਦਿੱਲੀ ਦੇ ਬਾਦਸ਼ਾਹ ਫਰਖ਼ਸ਼ੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਤੋ ਬਾਅਦ ਭਾਂਵੇਂ ਸਿੱਖ ਆਪਣੇ ਗੁਰੂ ਸਾਹਿਬਾਨ ਦੀ ਕਿਰਪਾ ਦ੍ਰਿਸ਼ਟੀ ਸਦਕਾ ਜੰਗਲਾਂ ਬੇਲਿਆਂ ਚ ਰਹਿਣ ਦੇ ਬਾਵਜੂਦ ਵੀ ਵੱਡੀਆਂ ਤਾਕਤਾਂ ਦੇ ਨੱਕ ਵਿੱਚ ਦਮ ਕਰਨ ਦਾ ਹੌਸਲਾ ਅਤੇ ਹਿੰਮਤ ਰੱਖਦੇ ਸਨ।ਲਿਹਾਜਾ ਸਿੱਖਾਂ ਨੇ ਇੱਕ ਨਹੀ ਅਨੇਕਾਂ ਵਾਰੀ ਖਤਮ ਹੋਣ ਦੀ ਕਾਗਾਰ ਤੋ ਮੁੜ ਕੇ ਵੱਡੇ ਵੱਡੇ ਕੀਰਤੀਮਾਨ ਸਥਾਪਤ ਕੀਤੇ,ਪ੍ਰੰਤੂ ਸਿੱਖ ਵਿਰੋਧੀ ਤਾਕਤਾਂ ਨੇ ਖਹਿੜਾ ਨਹੀ ਛੱਡਿਆ। ਸਮੇ ਦੇ ਨਾਲ ਨਾਲ ਇਹ ਤਾਕਤਾਂ ਹੋਰ ਚਲਾਕ ਅਤੇ ਮਕਾਰ ਹੁੰਦੀਆਂ ਗਈਆਂ,ਜਿਸ ਕਰਕੇ ਸਿੱਖਾਂ ਅੰਦਰ ਸੰਨ ਲਾਉਣ ਵਿੱਚ ਕਾਮਯਾਬ ਹੋ ਗਈਆਂ। 1849 ਵਿੱਚ ਖੁੱਸਿਆ ਸਿੱਖ ਰਾਜ ਵੀ ਅਜਿਹੀਆਂ ਹੀ ਅਣਹੋਣੀਆਂ ਦਾ ਨਤੀਜਾ ਸੀ,ਜਿਸ ਤੋ ਬਾਅਦ ਸਿੱਖ ਬੇਘਰੇ ਹੋ ਕੇ ਜੀਅ ਰਹੇ ਹਨ।ਰਾਜ ਭਾਗ ਖੁੱਸ ਜਾਣ ਤੋ ਬਾਅਦ ਤਾਂ ਸਿੱਖਾਂ ਨੂੰ ਕਦੇ ਆਪਣੇ ਰਾਜ ਭਾਗ ਬਾਰੇ ਸੋਚਣ ਦੀ ਵਿਹਲ ਹੀ ਨਹੀ ਮਿਲ ਸਕੀ। ਇਹ ਕੌੜਾ ਸੱਚ ਹੈ ਕਿ ਖਾਲਸਾ ਰਾਜ ਸਮੇ ਸੌ ਫੀਸਦੀ ਸਾਖਰ ਕੌਂਮ ਰਾਜ ਭਾਗ ਖੁੱਸਦਿਆਂ ਹੀ ਅਨਪੜਾਂ ਦੀ ਕੌਂਮ ਬਣ ਕੇ ਰਹਿ ਗਈ। ਨਿੱਜੀ ਲਾਲਸਾਵਾਂ ਅਤੇ ਖੁਦਗਰਜ਼ੀਆਂ ਐਨੀਆਂ ਕੁ ਭਾਰੀ ਪੈ ਗਈਆਂ ਕਿ ਆਪਣੇ ਘਰ ਦੀ ਯਾਦ ਹੀ ਵਿੱਸਰ ਗਈ। ਦੂਰ ਅੰਦੇਸੀ ਵਰਗੇ ਸਰਲ ਪਰ ਨਿੱਗਰ ਸਬਦ ਸਿੱਖਾਂ ਦੇ ਸਬਦ-ਕੋਸ਼ ਵਿੱਚੋ ਹੀ ਗਾਇਬ ਹੋ ਗਏ। ਐਨਾ ਕੁੱਝ ਗਵਾਉਣ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਸਿੱਖਾਂ ਅੰਦਰੋ ਗੈਰਤ ਦਾ ਕਣ ਕਦੇ ਵੀ ਮਰਨ ਨਹੀ ਦਿੱਤਾ।ਆਪਣੇ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਹੀ ਸੀ,ਜਿਸ ਦੇ ਸਦਕਾ ਸਿੱਖਾਂ ਨੇ ਵੱਡੇ ਵੱਡੇ ਜਾਬਰਾਂ ਨੂੰ ਲੋਹੇ ਦੇ ਚਨੇ ਚਬਾ ਦਿੱਤੇ,ਸੋ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਕੇ ਸਿੱਖਾਂ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ, ਸਤਿਕਾਰ ਨੂੰ ਢਾਹ ਲਾਉਣ ਦੀ ਖਾਤਰ ਸਭ ਤੋ ਪਹਿਲਾਂ ਅੰਗਰੇਜੀ ਹਕੂਮਤ ਨੇ ਸਿੱਖਾਂ ਤੋ ਗੁਰਦੁਆਰਾ ਪ੍ਰਬੰਧ ਖੋਹ ਕੇ ਮਹੰਤ ਕਾਬਜ ਕਰਵਾ ਦਿੱਤੇ, ਜਿੰਨਾਂ ਤੋ ਖਹਿੜਾ ਛੁਡਵਾਉਣ ਲਈ ਸਿੱਖਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਬਿਨਾਂ ਸ਼ੱਕ ਸਿੱਖਾਂ ਨੇ ਆਪਣੇ ਗੁਰੂ ਦੀ ਕਿਰਪਾ ਸਦਕਾ ਅਡੋਲ ਸ਼ਹਾਦਤਾਂ ਦੇ ਕੇ ਗੁਰਦੁਆਰਾ ਪਰਬੰਧ ਲੈਣ ਵਿੱਚ ਕਾਮਯਾਬੀ ਹਾਸਲ ਕਰ ਲਈ। ਉਸ ਤੋ ਬਾਅਦ ਵੀ ਸਿੱਖ ਲਗਾਤਾਰ ਮਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੁੰਦੇ ਰਹੇ।ਸਿੱਖ ਆਗੂਆਂ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ,ਪ੍ਰੰਤੂ ਏਥੇ ਉਹ ਫਿਰ ਇੱਕ ਵਾਰ ਜਿੱਤ ਕੇ ਵਾਜੀ ਹਾਰ ਗਏ,ਜਿਸ ਦਾ ਖਮਿਆਜਾ ਸਿੱਖ ਪਤਾ ਨਹੀ ਕਦੋਂ ਤੱਕ ਭੁਗਤਦੇ ਰਹਿਣਗੇ।ਉਹਨਾਂ ਨੇ ਕਿਸੇ ਮਕਾਰ ਗੈਰ ਸਿੱਖ ਲੀਡਰ ਦੀਆਂ ਗੱਲਾਂ ਵਿੱਚ ਆ ਕੇ ਸਰੋਮਣੀ ਕਮੇਟੀ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਲੈ ਕੇ ਆਉਣਾ ਸਵੀਕਾਰ ਕਰ ਲਿਆ।ਏਥੇ ਆ ਕੇ ਫਿਰ ਸਿੱਖ ਪਾਟੋਧਾੜ ਦਾ ਸ਼ਿਕਾਰ ਹੋ ਗਏ,ਕੁੱਝ ਇੱਸ ਕਨੂੰਨ ਨਾਲ ਸਹਿਮਤ ਹੋ ਕੇ ਜੇਲ ਤੋ ਰਿਹਾਅ ਹੋ ਗਏ ਅਤੇ ਕੁੱਝ ਅਸਹਿਮਤ ਹੋ ਕੇ ਜੇਲ ਅੰਦਰ ਹੀ ਬੈਠੇ ਰਹੇ।ਭਾਂਵੇ ਜੇਲ੍ਹ ਅੰਦਰ ਬੈਠੇ ਸਿੱਖ ਆਗੂਆਂ ਦੀ ਭਾਵਨਾ ਪਾਕ ਪਵਿੱਤਰ ਸੀ,ਪਰ ਦੂਰਦ੍ਰਿਸ਼ਟੀ ਦੀ ਘਾਟ ਕਾਰਨ ਉਹ ਕੁੱਝ ਵੀ ਹਾਸਲ ਨਾ ਕਰ ਸਕੇ,ਲਿਹਾਜ਼ਾ ਹਮੇਸਾਂ ਲਈ ਸਮੁੱਚਾ ਗੁਰਦੁਆਰਾ ਪਰਬੰਧ 1925 ਦੇ ਗੁਰਦੁਆਰਾ ਐਕਟ ਪਾਸ ਹੋਣ ਤੋ ਬਾਅਦ ਕੇਂਦਰ ਦੇ ਅਧੀਨ ਚਲਾ ਗਿਆ। 1947 ਵਿੱਚ ਭਾਰਤ ਦੇਸ਼ ਤਾਂ ਅਜਾਦ ਹੋ ਗਿਆ,ਪਰ ਮੁਲਕ ਨੂੰ ਅਜਾਦ ਕਰਵਾਉਣ ਲਈ ਸਭ ਤੋ ਵੱਧ ਸ਼ਹਾਦਤਾਂ ਦੇਣ ਅਤੇ ਸਜ਼ਾਵਾਂ ਕੱਟਣ ਵਾਲੇ ਹਮੇਸਾਂ ਲਈ ਆਪਣੇ ਗੁਰੂ ਘਰ ਵੀ ਗੁਲਾਮ ਕਰਵਾ ਕੇ ਬੈਠ ਗਏ।ਅੱਜ ਜੋ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮਾੜੇ ਪਰਬੰਧ ਨੂੰ ਲੈ ਕੇ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਂਮ ਚੋਣਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ,ਉਸ ਦਾ ਕਾਰਨ ਇਹ ਹੀ ਹੈ ਕਿ ਸਿੱਖਾਂ ਵਿੱਚ ਏਕਾ ਨਾਮ ਦੀ ਕੋਈ ਗੱਲ ਹੀ ਨਹੀ ਰਹੀ,ਚੌਧਰ ਦੀ ਭੁੱਖ ਸਿੱਖ ਆਗੂਆਂ ਦੇ ਸਿਰ ਚੜ ਕੇ ਬੋਲਦੀ ਹੈ,ਜਿਸ ਲਈ ਉਹ ਆਪਣੀ ਕੌਂਮ ਨਾਲ ਵੱਡੇ ਤੋ ਵੱਡਾ ਧਰੋਹ ਕਮਾਉਣ ਵਿੱਚ ਰੱਤੀ ਮਾਤਰ ਵੀ ਹਿਚਕਚਾਹਟ ਮਹਿਸੂਸ ਨਹੀ ਕਰਦੇ,ਜਿਸ ਦੇ ਫਲਸਰੂਪ ਗੁਰਦੁਆਰਾ ਪਰਬੰਧ ਹਮੇਸਾਂ ਉਹਨਾਂ ਧਿਰਾਂ ਦੇ ਕੋਲ ਰਹਿੰਦਾ ਹੈ,ਜਿਹੜੀਆਂ ਕੇਂਦਰ ਨਾਲ ਵਫਾਦਾਰੀ ਪਾਲਦੀਆਂ ਹਨ।ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟ ਬਨਾਉਣ ਲਈ ਜਾਰੀ ਕੀਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਰਮ ਵਿੱਚ ਊਣਤਾਈਆਂ ਸਾਹਮਣੇ ਆਈਆਂ ਹਨ। ਉਪਰੋਕਤ ਫਾਰਮ ਵਿੱਚ ਕੇਸਧਾਰੀ ਸਿੱਖ ਦੀ ਗੱਲ ਕੀਤੀ ਗਈ ਹੈ,ਪਰ ਉਪਰੋਕਤ ਫਾਰਮ ਵਿੱਚ ਸਿੱਖ ਧਰਮ ਨੂੰ ਮੰਨਣ,ਸ੍ਰੀ ਗੁਰੂ ਗਰੰਥ ਸਾਹਿਬ ਅਤੇ ਗੁਰੂ ਸਹਿਬਾਨਾਂ ਨੂੰ ਮੰਨਣ ਜਾਂ ਸਤਿਕਾਰ ਕਰਨ ਦੇ ਸਬੰਧ ਵਿੱਚ ਕੁੱਝ ਵੀ ਨਹੀ ਸੀ ਲਿਖਿਆ ਗਿਆ,ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰੋਮਣੀ ਗੁਰਦੁਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ,ਸਕੱਤਰ,ਮੈਂਬਰ ਜਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਕੋਈ ਨੋਟਿਸ ਨਹੀ ਲਿਆ।ਉਹ ਤਾਂ ਭਲਾ ਹੋਵੇ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਸ ਨੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਥੇਦਾਰ ਅਤੇ ਕੌਂਮ ਨੂੰ ਜਗਾਉਣ ਦਾ ਕੁੱਝ ਹੌਸਲਾ ਕੀਤਾ। ਉਹਨਾਂ ਦੇ ਬੋਲਣ ਅਤੇ ਸ਼ੋਸ਼ਲ ਮੀਡੀਏ ਤੇ ਹੋਏ ਹੋ ਹੱਲੇ ਤੋ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਉਹ ਪੁਰਾਣਾ ਫਾਰਮ ਵਾਪਸ ਲੈ ਕੇ ਨਵਾਂ ਫਾਰਮ ਜਾਰੀ ਕੀਤਾ ਗਿਆ ਹੈ,ਜਿਸ ਵਿੱਚ ਹੇਠਾਂ ਵਿਸ਼ੇਸ਼ ਤੌਰ ਤੇ ਸਵੈ ਘੋਸ਼ਣਾ ਦੇ ਰੂਪ ਵਿੱਚ ਇਹ ਦਰਜ ਕਰ ਦਿੱਤਾ ਗਿਆ ਹੈ ਕਿ “ਮੈ ਧਰਮ ਨਾਲ ਬਿਆਨ ਕਰਦਾ/ਕਰਦੀ ਹਾਂ ਕਿ ਮੈ ਸਿੱਖ ਹਾਂ,ਮੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਾਂ ਗੁਰੂ ਸਹਿਬਾਨਾਂ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀ ਹੈ” , ਪ੍ਰੰਤੂ ਪੁਰਾਣੇ ਫਾਰਮ ਵਿੱਚ ਅਜਿਹਾ ਕੁੱਝ ਵੀ ਨਹੀ ਸੀ ਲਿਖਿਆ ਗਿਆ।ਇਸ ਗੱਲ ਲਈ ਗੁਰਦੁਆਰਾ ਚੋਣ ਕਮਿਸ਼ਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਸਿੱਖ ਧਿਰਾਂ ਦੇ ਪੂਰੀ ਤਰਾਂ ਕੇਂਦਰ ਅੱਗੇ ਗੋਡੇ ਟੇਕਣ ਦੇ ਬਾਵਜੂਦ ਵੀ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਇਹ ਦੋ ਸਤਰਾਂ ਸਵੈ ਘੋਸ਼ਣਾ ਦੇ ਰੂਪ ਵਿੱਚ ਸ਼ਾਮਲ ਕਰ ਦਿੱਤੀਆਂ ਹਨ,ਨਹੀ ਤਾਂ ਜਿਸਤਰਾਂ ਨਾਮਧਾਰੀ ਮੁਖੀ ਠਾਕਰ ਦਲੀਪ ਸਿੰਘ ਦਾ ਸਿੱਖ ਕੌਂਮ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਆਇਆ ਸੀ,ਜਿਸ ਵਿੱਚ ਉਹਨਾਂ ਕਿਹਾ ਹੈ ਕਿ “ਸਿੱਖ ਬਨਣ ਵਾਸਤੇ ਅਮ੍ਰਿਤ ਛਕਣਾ ਅਤੇ ਕੇਸ ਰੱਖਣੇ ਜਰੂਰੀ ਨਹੀ,ਸ਼ਰਧਾ ਹੀ ਜਰੂਰੀ ਹੈ” ਉਹਨਾਂ ਨੇ ਸਿੱਖ ਇਤਿਹਾਸ ਤੋ ਉਦਾਹਰਣਾਂ ਦੇ ਕੇ ਆਪਣੀ ਬੇਹੱਦ ਹਲਕੀ ਗੱਲ ਨੂੰ ਵਜ਼ਨਦਾਰ ਬਣਾਉਣ ਦੀ ਉਸ ਮੌਕੇ ਕੋਸ਼ਿਸ਼ ਕੀਤੀ ਹੈ,ਜਦੋਂ ਸਿੱਖ ਆਪਣੀ ਹੋਂਦ ਹਸਤੀ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਭਾਂਵੇਂ ਇਸ ਬਿਆਨ ਦੀ ਕੋਈ ਅਹਿਮੀਅਤ ਨਹੀ ਸਮਝੀ ਜਾ ਰਹੀ,ਪ੍ਰੰਤੂ ਫਿਰ ਵੀ ਇਹ ਬਿਆਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਵਾਉਣ ਲਈ ਚੱਲ ਰਹੀਆਂ ਸਾਜਿਸ਼ਾਂ ਦੀ ਕੜੀ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਨ ਵੱਲ ਇਸ਼ਾਰਾ ਜਰੂਰ ਕਰਦਾ ਹੈ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਿੱਖ ਵਿਰੋਧੀ ਸੋਚ ਸੌਖਿਆਂ ਹੀ ਗੁਰਦੁਆਰਾ ਪਰਬੰਧ ਤੇ ਕਾਬਜ ਹੋਣ ਵਿੱਚ ਸਫਲ ਹੋ ਸਕਦੀ ਸੀ।ਭਾਂਵੇ ਸਿੱਖ ਵਿਰੋਧੀ ਸੋਚ ਨੂੰ ਦਾਖਲ ਹੋਣ ਤੋ ਰੋਕਣ ਲਈ ਅਜੇ ਵੀ ਕੋਈ ਤਸੱਲੀਬਖਸ਼ ਹੱਲ ਨਹੀ ਕਰਵਾਇਆ ਜਾ ਸਕਿਆ,ਅਜੇ ਵੀ ਖਤਰੇ ਦਰਪੇਸ਼ ਹਨ, ਪਰ ਕੁੱਝ ਨਾ ਕੁੱਝ ਰਾਹਤ ਜਰੂਰ ਮਹਿਸੂਸ ਕੀਤੀ ਜਾ ਰਹੀ ਹੈ,ਇਸ ਦਾ ਕਾਰਨ ਇਹ ਹੈ ਕਿ ਸਿੱਖ ਆਪਣੇ ਬਲਬੂਤੇ ਤੇ ਕੇਂਦਰ ਤੋ ਕੋਈ ਵੀ ਮੰਗ ਮਨਵਾਉਣ ਦੇ ਸਮਰੱਥ ਨਹੀ ਰਹੇ,ਜਿਸ ਕਰਕੇ ਕੇਂਦਰ ਵੱਲੋਂ ਆਪਣੇ ਰਹਿਮੋ ਕਰਮ ਤੇ ਦਿੱਤੀ ਤੁੱਛ ਜਿਹੀ ਰਾਹਤ ਹੀ ਸਿੱਖਾਂ ਨੂੰ ਵੱਡੀ ਪਰਾਪਤੀ ਜਾਪਦੀ ਹੈ। ਸੋ ਕੁੱਝ ਵੀ ਹੋਵੇ,ਪਰ ਆਮ ਸਿੱਖ ਵੋਟਰ ਨੂੰ ਸੁਚੇਤ ਹੋ ਕੇ ਜ਼ੁੰਮੇਵਾਰੀ ਸੰਭਾਲਣੀ ਪਵੇਗੀ,ਉਪਰੋਕਤ ਸਮੱਸਿਆਵਾਂ ਪ੍ਰਤੀ ਗੰਭੀਰਤਾ ਅਤੇ ਦੂਰਅੰਦੇਸੀ ਨਾਲ ਸੋਚਣਾ ਹੋਵੇਗਾ,ਫਿਰ ਹੀ ਗੁਰਦੁਆਰਾ ਪ੍ਰਬੰਧ ਦੇ ਸਹੀ ਹੱਥਾਂ ਵਿੱਚ ਜਾਣ ਦੀ ਆਸ ਕੀਤੀ ਜਾ ਸਕਦੀ ਹੈ।ਜਦੋ ਪਰਬੰਧ ਸਹੀ ਹੱਥਾਂ ਵਿੱਚ ਹੋਵੇਗਾ,ਫਿਰ ਸਿੱਖੀ ਸਿਧਾਂਤ ਵੀ ਰਲਗੱਡ ਨਹੀ ਹੋਣਗੇ,ਫਲ਼ਸ਼ਰੂਪ ਸਿੱਖੀ ਦੇ ਬੋਲਬਾਲੇ ਦੀ ਅਰਦਾਸ ਵੀ ਸੁਣੀ ਜਾਵੇਗੀ।
ਬਘੇਲ ਸਿੰਘ ਧਾਲੀਵਾਲ
99142-58142
ਮਾਮਲਾ ਧਾਰਮਿਕ ਅਕੀਦਤ ਵਿੱਚ ਦਖ਼ਲ ਅੰਦਾਜ਼ੀ ਦਾ, - ਬਘੇਲ ਸਿੰਘ ਧਾਲੀਵਾਲ
ਸਭਨਾਂ ਧਰਮਾਂ ਦੀ ਆਪਣੀ ਮਰਿਯਾਦਾ,ਆਪਣੇ ਅਸੂਲ ਅਤੇ ਆਪਣੀ ਵਿਲੱਖਣਤਾ ਹੁੰਦੀ ਹੈ। ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਜਾਂ ਬੇਅਦਬ ਕਰਨ ਦੀ ਕੋਈ ਵੀ ਧਰਮ ਆਗਿਆ ਨਹੀ ਦਿੰਦਾ।ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੀ ਵੰਨ ਸੁਵੰਨਤਾ ਨੂੰ ਬਣਾਈ ਰੱਖਣ ਵਿੱਚ ਸਹਾਈ ਹੋ ਸਕਦਾ ਹੈ।ਸਿੱਖ ਧਰਮ ਦੁਨੀਆਂ ਦਾ ਅਜਿਹਾ ਨਵੀਨਤਮ ਧਰਮ ਹੈ,ਜਿਸ ਨੇ ਸਰਬਤ ਦੇ ਭਲੇ ਦਾ ਸੰਕਲਪ ਦੁਨੀਆਂ ਸਾਹਮਣੇ ਲੈ ਕੇ ਆਉਣ ਦਾ ਮਾਣ ਪਰਾਪਤ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਅਮੁੱਕ ਭੰਡਾਰ ਤਾਂ ਹੈ ਹੀ,ਬਲਕਿ ਬਰਾਬਰਤਾ ਅਤੇ ਸਰਬ ਸਾਂਝੀਵਾਲਤਾ ਦਾ ਠਾਠਾਂ ਮਾਰਦਾ ਅਜਿਹਾ ਸਮੁੰਦਰ ਹੈ,ਜਿਸ ਵਿੱਚ ਗੋਤਾ ਲਾਉਣ ਵਾਲਾ ਹਾਉਮੈ,ਹੰਕਾਰ ਅਤੇ ਭਿੰਨ ਭੇਦ ਤੋ ਮੁਕਤ ਹੋ ਜਾਂਦਾ ਹੈ। ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ,ਜਿਹੜਾ ਨਿੱਜਵਾਦ ਤੋ ਹੱਟ ਕੇ ਸਰਬ ਸਾਂਝੀਵਾਲਤਾ ਤੇ ਡਟ ਕੇ ਪਹਿਰਾ ਦਿੰਦਾ ਹੈ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਸਾਰੇ ਹੀ ਗੁਰੂ ਸਹਿਬਾਨ ਨੇ ਜਿੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ ਦ੍ਰਿੜ ਕਰਵਾਇਆ,ਓਥੇ ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਤੋ ਲੈ ਕੇ ਟਾਕਰਾ ਕਰਨ ਤੱਕ ਦੀ ਤਾਕੀਦ ਵੀ ਕੀਤੀ ਹੈ।ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਜੁਲਮਾਂ ਖਿਲਾਫ ਅਵਾਜ ਬੁਲੰਦ ਕਰਦਿਆਂ
ਪਾਪੁ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ,
ਕਹਿ ਕੇ ਜਾਬਰ ਹਾਕਮ ਨੂੰ ਵੰਗਾਰਿਆ,ਅਤੇ ਲੋਕਾਈ ਨੂੰ ਵੀ ਜਬਰ ਜੁਲਮ ਦੇ ਖਿਲਾਫ ਉੱਠਣ ਦਾ ਹੋਕਾ ਦਿੱਤਾ। ਅਸੂਲ ਦੀ ਗੱਲ ਕਰਨ ਤੋ ਪਾਸਾ ਨਹੀ ਵੱਟਿਆ,ਬਲਕਿ ਖੂਨ ਦੇ ਸੋਹਿਲੇ ਗਾ ਕੇ ਉਹਨਾਂ ਜਾਬਰ ਹਾਕਮਾਂ ਨੂੰ ਸੁਚੇਤ ਕਰਦਿਆ
ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ ।।
ਕਹਿ ਕੇ ਯਾਦ ਕਰਵਾਇਆ ਸੀ ਕਿ ਇੱਥੇ ਬਹੁਤ ਸਾਰੇ ਆਏ ਤੇ ਬਹੁਤ ਆ ਕੇ ਚਲੇ ਜਾਣਗੇ ,ਕੋਈ ਹੋਰ ਸੂਰਮਾ ਉੱਠ ਖੜਾ ਹੋਵੇਗਾ। ਇਹ ਸੱਤਾ ਦਾ ਹੰਕਾਰ ਕਰਨਾ ਤਾਂ ਨਰਕਾਂ ਦੇ ਭਾਗੀ ਬਨਣ ਵਰਗਾ ਵਰਤਾਰਾ ਹੈ। ਜਦੋ ਔਰੰਗਜੇਬ ਨੇ ਕਸ਼ਮੀਰੀ ਪੰਡਤਾਂ ਦਾ ਜਬਰੀ ਧਰਮ ਪਰਿਵਰਤਨ ਸ਼ੁਰੂ ਕੀਤਾ,ਤਾਂ ਉਸ ਮੌਕੇ ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਸਿੱਖਾਂ ਦੇ ਨੌਂਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਸਨ ਤੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਬਚਾਇਆ ਜਾਵੇ।ਉਸ ਮੌਕੇ ਗੁਰੂ ਸਾਹਿਬ ਨੇ ਇਹ ਨਹੀ ਸੋਚਿਆ ਸੀ ਕਿ ਇਹ ਜੁਲਮ ਸਹਿਣ ਵਾਲੇ ਲੋਕ ਕਿਹੜੇ ਧਰਮ ਨਾਲ ਸਬੰਧ ਰੱਖਦੇ ਹਨ,ਬਲਕਿ ਉਹਨਾਂ ਹਿੰਦੂਆਂ ਤੇ ਹੋ ਰਹੇ ਜੁਲਮਾਂ ਨੂੰ ਮਾਨਵੀ ਅਸੂਲਾਂ ਦੇ ਖਿਲਾਫ ਸਮਝਦਿਆਂ ਐਲਾਨੀਆਂ ਕਿਹਾ ਸੀ ਕਿ ਜਾਓ ਜਾ ਕੇ ਕਹਿ ਦਿਓ ਔਰੰਗਜੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਦੇਖ ਲੈਣ,ਫਿਰ ਅਸੀ ਸਾਰੇ ਆਪ ਹੀ ਮੁਸਲਮਾਨ ਬਣ ਜਾਵਾਂਗੇ।ਲਿਹਾਜਾ ਗੁਰੂ ਸਾਹਿਬ ਨੂੰ ਮਜਲੂਮਾਂ ਹਿੰਦੂ ਬ੍ਰਾਹਮਣਾਂ ਦੇ ਧਰਮ ਬਚਾਉਣ ਖਾਤਰ ਆਪਣਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਕਟਵਾਉਣਾ ਪਿਆ ਸੀ। ਏਥੇ ਹੀ ਬੱਸ ਨਹੀ ਜਦੋ ਅਫਗਾਨੀ ਧਾੜਵੀ ਭਾਰਤ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਉਹ ਹਿੰਦੂ ਬਹੂ ਬੇਟੀਆਂ ਨੂੰ ਵੀ ਲੁੱਟ ਦਾ ਮਾਲ ਸਮਝ ਕੇ ਨਾਲ ਲੈ ਜਾਂਦੇ ਸਨ ਤੇ ਗਜਨੀ ਦੇ ਬਜਾਰਾਂ ਵਿੱਚ ਹਿੰਦੂ ਬਹੂ ਬੇਟੀਆਂ ਦੀ ਕੀਮਤ ਲਗਾਈ ਜਾਂਦੀ ਸੀ,ਪ੍ਰੰਤੂ ਇਹ ਗੈਰ ਮਨੁੱਖੀ ਵਰਤਾਰੇ ਨੂੰ ਵੀ ਸਿੱਖ ਸੂਰਮਿਆਂ ਨੇ ਠੱਲ੍ਹ ਪਾਈ ਸੀ,ਪਰ ਬੇਹੱਦ ਅਫਸੋਸ ਹੁੰਦਾ ਹੈ,ਜਦੋ ਮੌਜੂਦਾ ਸਮੇ ਦੇ ਹਾਕਮ ਸਿੱਖਾਂ ਦੇ ਅਹਿਸਾਨ ਮੰਦ ਰਹਿਣ ਦੀ ਬਜਾਏ ਅਹਿਸਾਨ ਫਰਾਮੋਸ਼ ਬਣਦੇ ਦਿਖਾਈ ਦਿੰਦੇ ਹਨ।ਸਿੱਖਾਂ ਦੇ ਸਰਬ ਉੱਚ ਤਖਤ ਸਹਿਬਾਨਾਂ ਦੇ ਪ੍ਰਬੰਧਕ ਉਹ ਗੈਰ ਸਿੱਖ ਮਾਮੂਲੀ ਅਧਿਕਾਰੀਆਂ ਨੂੰ ਲਾਇਆ ਜਾ ਰਿਹਾ ਹੈ,ਜਿੰਨਾਂ ਨੂੰ ਸਿੱਖ ਰਹਿਤ ਮਰਿਯਾਦਾ,ਸਿੱਖੀ ਸਿਧਾਂਤ ਅਤੇ ਸਰਬ ਉੱਚ ਸਿੱਖ ਅਸਥਾਨਾਂ ਦੀ ਨਾ ਸਮਝ ਹੈ ਅਤੇ ਨਾ ਉਹਨਾਂ ਦਾ ਕੋਈ ਸਿੱਖੀ ਨਾਲ ਸਰੋਕਾਰ ਹੈ। ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕ ਹਮੇਸਾਂ ਪੂਰਨ ਗੁਰਸਿੱਖ ਹੀ ਹੋ ਸਕਦੇ ਹਨ,ਪਤਿਤ ਸਿੱਖ ਨੂੰ ਵੀ ਇਸ ਸੇਵਾ ਦੇ ਯੋਗ ਨਹੀ ਮੰਨਿਆ ਜਾਂਦਾ, ਫਿਰ ਇੱਕ ਗੈਰ ਸਿੱਖ ਜਿਹੜਾ ਹੋਰ ਕਿਸੇ ਧਰਮ ਵਿੱਚ ਆਸਥਾ ਰੱਖਦਾ ਹੈ, ਉਹ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਿਵੇਂ ਕਰ ਸਕਦਾ ਹੈ। ਇਹੋ ਜਿਹਾ ਵਰਤਾਰਾ ਜਿੱਥੇ ਧਰਮ ਨਿਰਪੱਖ ਦੇਸ਼ ਦੇ ਲੋਕ ਤੰਤਰਿਕ ਸਿਸਟਮ ਨੂੰ ਕਟਿਹਰੇ ਵਿੱਚ ਖੜਾ ਕਰਦਾ ਹੈ।ਉਥੇ ਘੱਟ ਗਿਣਤੀ ਲੋਕਾਂ ਦੇ ਮਨਾਂ ਅੰਦਰ ਬੇਚੈਨੀ,ਬੇਗਾਨਗੀ ਅਤੇ ਬੇ-ਭਰੋਸ਼ਗੀ ਵੀ ਪੈਦਾ ਕਰਦਾ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਦਾਖਲ ਅੰਦਾਜੀ ਵਾਲਾ ਮਸਲਾ ਤਾਂ ਕਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਨਹੀਂ ਸੁਣਿਆ ਗਿਆ,ਪਰ ਸਿੱਖਾਂ ਨਾਲ ਆਪਣੇ ਆਜ਼ਾਦ ਮੁਲਕ ਭਾਰਤ ਅੰਦਰ ਅਜਿਹਾ ਵਾਰ ਵਾਰ ਹੋ ਰਿਹਾ ਹੈ, ਇਸਤਰਾਂ ਕਰਕੇ ਸਿੱਖਾਂ ਦੇ ਮਨਾਂ ਅੰਦਰ ਵਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਸਿੱਖ ਆਪਣੇ ਧਾਰਮਿਕ ਮਾਮਲਿਆਂ ਚ ਸਿੱਧੀ ਦਖ਼ਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਕੌਂਮ ਸਾਂਤੀ ਪਸੰਦ ਕੌਂਮ ਤਾਂ ਹੈ,ਪਰ ਨਾਲ ਹੀ ਉਹਨਾਂ ਨੂੰ ਗੁਰੂ ਸਿਧਾਂਤ “ਭੈ ਕਾਹੂ ਕੋ ਦੈਤ ਨਹਿ ਨਹਿ ਭੈ ਮਾਨਤ ਆਨ” ਦੀ ਸਿੱਖਿਆ ਵੀ ਦਿੰਦਾ ਹੈ,ਸਿੱਖ ਆਪਣੇ ਉੱਚੇ ਸੁੱਚੇ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਜਿੰਦਗੀ ਵਿੱਚ ਅੱਗੇ ਵਧ ਰਹੇ ਹਨ,ਪ੍ਰੰਤੂ ਪੈਰ ਪੈਰ ਤੇ ਧੋਖਾ, ਪੈਰ ਪੈਰ ਤੇ ਬੇਗਾਨਗੀ ਦਾ ਅਹਿਸਾਸ ਅਤੇ ਜਬਰ ਜੁਲਮ ਦਾ ਖੌਫ਼ ਦੇ ਕੇ ਸਿੱਖ ਕੌਂਮ ਨੂੰ ਬਿਖੜੇ ਰਾਹਾਂ ਵੱਲ ਤੋਰਨ ਦੇ ਕੋਝੇ ਯਤਨ ਹੋ ਰਹੇ ਹਨ। ਜਿੱਥੇ ਅਜਿਹੇ ਕੋਝੇ ਹਥਕੰਡੇ ਸਿੱਖਾਂ ਲਈ ਘਾਤਕ ਹੋਣਗੇ, ਓਥੇ ਇਹ ਵਰਤਾਰਾ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।
ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਿੱਖ ਕੌਮ ਨੂੰ ਇਸ ਕਦਰ ਕਮਜ਼ੋਰ ਕਰਨ ਲਈ ਸਿੱਧੇ ਤੌਰ ਤੇ ਉਹ ਸਿੱਖ ਆਗੂ ਮੁੱਖ ਤੌਰ ਤੇ ਜੁੰਮੇਵਾਰ ਹਨ,ਜਿੰਨਾਂ ਨੇ ਆਪਣੇ ਨਿੱਜੀ ਮੁਫਾਦਾਂ ਖਾਤਰ ਕੌਮ ਦੇ ਹਿਤਾਂ ਨੂੰ ਵੇਚਿਆਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਵਾਇਆ, ਪੰਥਕ ਰਹੁ ਰੀਤਾਂ ਦੇ ਘਾਣ ਬਦਲੇ ਸੱਤਾ ਦੇ ਸੌਦੇ ਕੀਤੇ।ਮੌਜੂਦਾ ਦੌਰ ਵਿੱਚ ਸਿੱਖਾਂ ਦੀ ਹਾਲਤ ਤਰਸਯੋਗ ਬਨਾਉਣ ਵਿੱਚ ਸਿੱਖ ਆਗੂਆਂ ਦੀ ਕੁਰਸੀ ਦੀ ਭੁੱਖ ਜਿੰਮੇਵਾਰ ਰਹੀ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੁਦ ਤਾਂ ਨਹੀਂ ਰਹੇ,ਪਰ ਕੌਮ ਨੂੰ ਜਿਹੜੇ ਘੁੱਪ ਹਨੇਰੇ ਚ ਸੁੱਟ ਕੇ ਚਲੇ ਗਏ,ਉਥੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਹੀ ਬੇਹੱਦ ਮੁਸ਼ਕਲ ਬਣ ਚੁੱਕਿਆ ਹੈ। ਸਿੱਖ ਵਿਰੋਧੀ ਤਾਕਤਾਂ ਦੀ ਗੁਰਦੁਆਰਾ ਪ੍ਰਬੰਧ ਵਿੱਚ ਸਿੱਧੀ ਦਾਖਲ ਅੰਦਾਜੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਢਾਹ ਲਾਉਣ ਦਾ ਮੁੱਢਲਾ ਕਦਮ ਹੈ,ਜਿਸ ਨੂੰ ਹਲਕੇ ਵਿੱਚ ਨਹੀ ਲਿਆ ਜਾਣਾ ਚਾਹੀਦਾ।ਇਸ ਕੌੜੇ ਸੱਚ ਨੂੰ ਕੋਈ ਮੰਨੇ ਜਾਂ ਨਾਂ ਮੰਨੇ,ਪਰ ਇਹ ਸਚਾਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਅਸਿੱਧੇ ਢੰਗ ਨਾਲ ਪਹਿਲਾਂ ਹੀ ਸਮੁੱਚੇ ਗੁਰਦੁਆਰਾ ਪ੍ਰਬੰਧ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ,ਪਟਨਾ ਸਾਹਿਬ ਬੋਰਡ ਅਤੇ ਹਜੂਰ ਸਾਹਿਬ ਨੰਦੇੜ ਦੇ ਗੁਰਦੁਆਰਾ ਬੋਰਡ ਤੇ ਕਾਬਜ ਹੋ ਚੁੱਕੀਆਂ ਸਨ,ਪਰੰਤੂ ਹੁਣ ਪਰਤੱਖ ਰੂਪ ਚ ਸਾਹਮਣੇ ਆ ਗਈਆਂ ਹਨ।ਸਿਆਸੀ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਭਾਵੇਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਮਗਰਮੱਛ ਦੇ ਹੰਝੂ ਬਹਾ ਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ,ਪਰ ਸੱਚ ਇਹ ਹੈ ਕਿ ਇਹ ਸਾਰਾ ਕੁੱਝ ਅੱਜ ਵੀ ਅਕਾਲੀ ਦਲ ਬਾਦਲ ਦੀ ਲੁਕਵੀਂ ਸਹਿਮਤੀ ਨਾਲ ਹੀ ਹੋ ਰਿਹਾ ਹੈ।ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਹੁਣ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਨਹੀ ਹੈ,ਤਾਂ ਵੀ ਅਕਾਲੀ ਦਲ ਬਾਦਲ ਨੂੰ ਦੋਸ਼ਾਂ ਤੋ ਮੁਕਤ ਨਹੀ ਕੀਤਾ ਜਾ ਸਕਦਾ,ਕਿਉਂਕਿ ਸਰੋਮਣੀ ਅਕਾਲੀ ਦਲ ਦੀ ਜੋ ਦੁਰਦਸ਼ਾ ਮੌਜੂਦਾ ਸਮੇ ਵਿੱਚ ਹੋਈ ਹੈ,ਉਹਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਤੇ ਕਾਬਜ ਲੋਕ ਹੀ ਜਿੰਮੇਵਾਰ ਮੰਨੇ ਜਾਣਗੇ। ਜੇਕਰ ਅਕਾਲੀ ਦਲ ਮਜਬੂਤ ਹੁੰਦਾ ਤਾਂ ਕਿਸੇ ਦੀ ਵੀ ਸਿੱਖ ਮਾਮਲਿਆਂ ਵਿੱਚ ਦਾਖਲ ਅੰਦਾਜੀ ਕਰਨ ਦੀ ਹਿੰਮਤ ਨਹੀ ਸੀ ਹੋ ਸਕਦੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਧੜੇਬੰਦੀ ਪੈਦਾ ਕਰਕੇ ਉਹਨਾਂ ਨੂੰ ਕਮਜੋਰ ਕੀਤਾ,ਫਿਰ ਅਕਾਲੀ ਦਲ ਨੂੰ ਪੰਥਕ ਪਾਰਟੀ ਤੋ ਪੰਜਾਬੀ ਪਾਰਟੀ ਬਣਾ ਕੇ ਕੁਰਬਾਨੀਆਂ ਵਾਲੀ ਜਥੇਬੰਦੀ ਦੇ ਅਕਸ਼ ਨੂੰ ਵੱਡੀ ਢਾਹ ਲਾਈ,ਉਹਦੇ ਬਦਲੇ ਭਾਵੇ ਪਰਕਾਸ਼ ਸਿੰਘ ਬਾਦਲ ਖੁਦ ਤਾਂ ਲੰਮਾ ਸਮਾ ਰਾਜ ਸੱਤਾ ਭੋਗਦੇ ਰਹੇ, ਪਰ ਕੌਂਮ ਵਿੱਚ ਆਪਸੀ ਵੰਡੀਆਂ ਅਤੇ ਦੂਰੀਆਂ ਐਨੀਆਂ ਪਾ ਗਏ ,ਜਿੰਨਾਂ ਨੂੰ ਦੂਰ ਕਰਨਾ ਸੁਪਨੇ ਵਾਂਗ ਜਾਪਦਾ ਹੈ। ਪਰਕਾਸ਼ ਸਿੰਘ ਬਾਦਲ ਦੀਆਂ ਦਿੱਤੀਆਂ ਗੰਢਾਂ ਪੰਥ ਤੋ ਦੰਦਾਂ ਨਾਲ ਵੀ ਨਹੀ ਖੁੱਲਣੀਆਂ। ਭਾਂਵੇਂ ਸ੍ਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਤੋ ਜਾਂਦੇ ਸਮੇ ਪੰਥ ਕੌਂਮ ਨਾਲ ਧਰੋਹ ਕਮਾਉਣ ਅਤੇ ਬੇਅਦਬੀ ਦਾ ਵੱਡਾ ਕਲੰਕ ਮੱਥੇ ਤੇ ਲਗਵਾ ਕੇ ਅਖੀਰ ਜਾਂਦੀ ਵਾਰੀ ਦੁਨੀਆਂ ਤੋ ਹਾਰ ਕੇ ਤੁਰ ਗਏ ਹਨ,ਪਰ ਇਸ ਦੇ ਬਾਵਜੂਦ ਵੀ ਪਿਛਲਿਆਂ ਨੇ ਕੋਈ ਸਬਕ ਨਹੀ ਸਿੱਖਿਆ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸੱਤਾ ਚ ਹੁੰਦਿਆਂ ਹੀ ਅਕਾਲੀ ਦਲ ਦੀ ਅਗਵਾਈ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ,ਜਿਸ ਕਰਕੇ ਅਕਾਲੀ ਦਲ ਵਿੱਚ ਵੀ ਧੜੇਬੰਦੀ ਪੈਦਾ ਹੋ ਗਈ,ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਿਆਸਤ ਤੇ ਸਰਦਾਰੀ ਕਰਨ ਵਾਲਾ ਅਕਾਲੀ ਦਲ ਹਾਸੀਏ ਤੇ ਚਲਾ ਗਿਆ।ਗੁਰਦੁਆਰਾ ਪ੍ਰਬੰਧ ‘ਤੇ ਸਿੱਖ ਵਿਰੋਧੀ ਤਾਕਤਾਂ ਭਾਰੂ ਹੋ ਗਈਆਂ। ਲਿਹਾਜਾ ਅੱਜ ਸਿੱਖ ਪੰਥ ਲਾਵਾਰਸ ਹੋਇਆ ਮਹਿਸੂਸ ਕਰਦਾ ਹੈ। ਇਸ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਕਹਿਣਾ ਪਵੇਗਾ ਕਿ ਅਜੇ ਵੀ ਭਲਾ ਹੋਵੇ ਜੇਕਰ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਦੇਰੀ ਕੀਤਿਆਂ ਇਸ ਕੌਂਮ ਵਿਰੋਧੀ ਵਰਤਾਰੇ ਲਈ ਆਪਣੇ ਆਪ ਨੂੰ ਜੁੰਮੇਵਾਰ ਮੰਨਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਪਾਸੇ ਹਟ ਜਾਣ, ਤਾਂਕਿ ਸਿੱਖ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਕੇ ਆਪਣੀ ਹੋਣੀ ਦੇ ਨਾਲ ਨਜਿੱਠਣ ਦੇ ਕਾਬਲ ਹੋ ਸਕਣ। ਦੂਜੇ ਪਾਸੇ ਹਾਕਮ ਧਿਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਬਚਨ :-“ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ”।। ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰਬਾਣੀ ਦੇ ਇਸ ਗੁੱਝੇ ਭੇਦ ਦੇ ਅਰਥ ਦ੍ਰਿੜ ਕਰ ਲੈਣੇ ਚਾਹੀਦੇ ਹਨ।
ਬਘੇਲ ਸਿੰਘ ਧਾਲੀਵਾਲ
99142-58142
ਮਣੀਪੁਰ ਦਾ ਮੰਜਰ ਬਹਿਸੀਪੁਣੇ ਦੀ ਸਿਖ਼ਰ, ਔਰਤ ਦੀ ਹੋਣੀ,ਤਾਨਸ਼ਾਹੀ ਵੱਲ ਵਧਦੇ ਕਦਮਾਂ ਦੀ ਆਹਟ - ਬਘੇਲ ਸਿੰਘ ਧਾਲੀਵਾਲ
ਬਦਚਲਣਾਂ ਦੇ ਟੋਲੇ ਚ ਨਿਰਬਸਤਰ ਹੋਕੇ ਅੰਗ ਨੁਚਵਾ ਰਹੀਆਂ ਬਾਲੜੀਆਂ ਸਾਇਦ ਸਾਨੂੰ ਤੇ ਸਾਡੇ ਅਖੌਤੀ ਸਭਿਅਕ ਸਮਾਜ ਨੂੰ ਕੋਸ ਵੀ ਰਹੀਆਂ ਹੋਣਗੀਆਂ ਕਿ ਐ ਭਾਰਤ ਦੇ ਬੇ ਗੈਰਤ ਲੋਕੋ ਜੇ ਤੁਸੀ ਆਪਣੀਆਂ ਬੱਚੀਆਂ ਦਾ ਮਾਸ ਸਾਡੀ ਤਰਾਂ ਆਪਣੀਆਂ ਅੱਖਾ ਦੇ ਸਾਹਮਣੇ ਨੁਚਵਾਇਆ ਹੁੰਦਾ ਤਾਂ ਕਿਤੇ ਜਾਕੇ ਤੁਹਾਨੂੰ ਵੀ ਇਹ ਦਰਦ ਜਰੂਰ ਮਹਿਸੂਸ ਹੁੰਦਾ,ਜਿਹੜਾ ਸਾਡੇ ਮਾਪਿਆਂ ਨੇ ਆਪਣੀਆਂ ਅੱਖਾਂ ਸਾਹਮਣੇ ਝੱਲਿਆ ਤੇ ਸਾਨੂੰ ਇਜਤਾਂ ਲੁਟਵਾ ਕੇ ਕਹਿਰ ਦੀ ਮੌਤ ਮਰਦੇ ਤੱਕਿਆ।
ਮਣੀਪੁਰ ਵਿੱਚ ਤਕਰੀਬਨ ਢਾਈ ਮਹੀਨੇ ਪਹਿਲਾਂ ਵਾਪਰੇ ਹੌਲਨਾਕ ਅਮਾਨਵੀ ਵਰਤਾਰੇ ਦੀ ਪਿਛਲੇ ਕੁੱਝ ਦਿਨ ਪਹਿਲਾਂ ਜਨਤਕ ਹੋਈ ਵੀਡੀਓ ਨੇ ਜਿੱਥੇ ਹਰ ਮਨੁੱਖੀ ਹਿਰਦੇ ਨੂੰ ਲਹੂ ਲੁਹਾਣ ਕਰਕੇ ਰੱਖ ਦਿੱਤਾ ਹੈ,ਓਥੇ ਇੱਕੀਵੀਂ ਸਦੀ ਦੇ ਵਿਕਾਸ਼ਸ਼ੀਲ ਭਾਰਤ ਦੀ ਤਸਵੀਰ ਬਹਿਸੀ,ਆਦਮਖੋਰ,ਬਲਾਤਕਾਰੀ ਦੇ ਰੂਪ ਚ ਦੁਨੀਆਂ ਸਾਹਮਣੇ ਪੇਸ਼ ਕੀਤੀ ਹੈ। ਬੇਟੀ ਬਚਾਉਣ ਅਤੇ ਬੇਟੀ ਪੜਾਉਣ ਦੇ ਦਮਗਜੇ ਮਾਰਨ ਵਾਲੀ ਕਪਟੀ ਰਾਜਨੀਤੀ ਦਾ ਔਰਤ ਵਰਗ ਪ੍ਰਤੀ ਨਜਰੀਆ ਵੀ ਬੇਪਰਦ ਕੀਤਾ ਹੈ। ਮੁੱਕਦੀ ਗੱਲ ਕਿ ਇਸ ਦਰਿੰਦਗੀ ਭਰੇ ਕਾਰਨਾਮੇ ਨੇ ਭਾਰਤੀ ਲੋਕਤੰਤਰ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਭਾਰਤ ਅੰਦਰ ਘੱਟ ਗਿਣਤੀਆਂ ਖਿਲਾਫ ਇਹ ਕੋਈ ਪਹਿਲੀ ਘਟਨਾ ਨਹੀ ਹੈ,ਇਸ ਤੋ ਚਾਰ ਦਹਾਕੇ ਪਹਿਲਾਂ ਦਿੱਲੀ,ਕਾਨਪੁਰ,ਬੁਕਾਰੋ ਆਦਿ ਵੱਡੇ ਸਹਿਰਾਂ ਵਿੱਚ ਸਿੱਖ ਇਹ ਮੰਜਰ ਆਪਣੇ ਤਨ ਅਤੇ ਮਨ ਤੇ ਹੰਢਾਅ ਚੁੱਕੇ ਹਨ,ਜਿਸ ਦੇ ਜਖ਼ਮਾਂ ਨੂੰ ਅਜਿਹੀਆਂ ਘਟਨਾਵਾਂ ਫਿਰ ਤਾਜਾ ਕਰ ਜਾਂਦੀਆਂ ਹਨ। ਬਿਗੜੇ ਹੋਏ ਬਹੁ ਗਿਣਤੀ ਹਜੂਮ ਵੱਲੋਂ ਆਏ ਦਿਨ ਘੱਟ ਗਿਣਤੀ ਲੋਕਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ,ਜਿਸ ਦਾ ਸ਼ਿਕਾਰ ਸਭ ਤੋ ਪਹਿਲਾਂ ਔਰਤ ਹੁੰਦੀ ਹੈ।ਆਏ ਦਿਨ ਹੁੰਦੇ ਅਜਿਹੇ ਦਰਿੰਦਗੀ ਦੇ ਨੰਗੇ ਨਾਚ ਤੇ ਹਾਕਮਾਂ ਦੀ ਚੁੱਪੀ ਬਹੁਤ ਸਾਰੇ ਖਦਸ਼ਿਆਂ ਨੂੰ ਜਨਮ ਦਿੰਦੀ ਹੈ। ਘੱਟ ਗਿਣਤੀ ਬਹੂ ਬੇਟੀਆਂ ਨਾਲ ਸਮੂਹਿਕ ਬਲਾਤਕਾਰ ਹੋ ਰਹੇ ਹਨ,ਘੱਟ ਗਿਣਤੀ ਮਰਦਾਂ ਨੂੰ ਸਰੇਆਮ ਕੁੱਟ ਕੁੱਟ ਕੇ ਜਾਨੋ ਮਾਰਨ ਦੀਆਂ ਕਿੰਨੀਆਂ ਹੀ ਵੀਡੀਓ ਇਸ ਤੋ ਪਹਿਲਾਂ ਜਨਤਕ ਹੋ ਚੁੱਕੀਆਂ ਹਨ। ਆਏ ਦਿਨ ਦਲਿਤ ਸਮਾਜ ਦੇ ਲੋਕਾਂ ਤੇ ਕਹਿਰ ਢਾਹੁਣਾ ਇੱਥੋਂ ਦੀ ਅਖੌਤੀ ਉੱਚ ਜਾਤੀ ਚੰਡਾਲ ਚੌਕੜੀ ਦਾ ਸੌਕ ਬਣ ਚੁੱਕਾ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਇੱਕ ਘਟਨਾ ਜਨਤਕ ਹੋਈ ਸੀ,ਜਦੋ ਇੱਕ ਬ੍ਰਾਹਮਣ ਜਾਤੀ ਦਾ ਵਿਅਕਤੀ ਇੱਕ ਦਲਿਤ ਵਿਅਕਤੀ ਦੇ ਸਿਰ ਵਿੱਚ ਪਿਸ਼ਾਬ ਕਰਕੇ ਆਪਣੇ ਅੰਦਰਲੀ ਉੱਚ ਜਾਤੀ ਦੀ ਹਾਉਮੈ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਅਜੇ ਤੱਕ ਭਾਰਤ ਦੇ ਸੰਵੇਦਨਸੀਲ ਲੋਕਾਂ ਦੇ ਚੇਤਿਆਂ ਵਿੱਚੋਂ 2002 ਦਾ ਗੁਜਰਾਤ ਕਾਂਡ ਵੀ ਨਹੀ ਵਿਸਰਿਆ,ਕਿ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਮਣੀਪੁਰ ਤੋ ਸਾਹਮਣੇ ਆ ਗਈ ਹੈ।ਇਸ ਮੰਦਭਾਗੀ ਘਟਨਾ ਦੇ ਪ੍ਰਤੀਕਰਮ ਵਿੱਚ ਭਾਰਤ ਦੇ ਬਹੁਤ ਸਾਰੇ ਫਿਕਰਮੰਦ ਲੋਕਾਂ ਵੱਲੋਂ ਸ਼ੋਸ਼ਲ ਮੀਡੀਏ ਤੇ 2002 ਦੇ ਗੁਜਰਾਤ ਅਤੇ 2023 ਦੇ ਮਨੀਪੁਰ ਦੀ ਘਟਨਾ ਨੂੰ ਸਾਂਝਾ ਕਰਕੇ ਇਹ ਸਵਾਲ ਚੀਕ ਚੀਕ ਕੇ ਪੁੱਛਿਆ ਜਾ ਰਿਹਾ ਹੈ,ਕਿ ਪਿਛਲੇ 21 ਸਾਲਾਂ ਵਿੱਚ ਕੀ ਬਦਲਿਆ ਹੈ ? ਹੈਰਾਨੀ ਦੀ ਗੱਲ ਇਹ ਹੈ ਕਿ ਮਨੀਪੁਰ ਉੱਜੜ ਰਿਹਾ ਹੈ,ਉੱਥੋ ਦੇ ਕੂਕੀ ਕਬੀਲੇ ‘ਤੇ ਬਹੁ ਗਿਣਤੀ ਕੱਟੜਵਾਦੀ ਮਿਤਾਈਆਂ ਦੇ ਜੁਲਮਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।150 ਤੋ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ,ਬਹੂ ਬੇਟੀਆਂ,ਬਾਲੜੀਆਂ ਨਾਲ ਬਲਾਤਕਾਰ ਸਮੇਤ ਹਰ ਗੈਰ ਮਨੁੱਖੀ ਜੁਲਮ ਨੂੰ ਹਿੰਦੂ ਰਾਸ਼ਟਰ ਦੇ ਅਨੁਯਾਈਆਂ ਵੱਲੋਂ ਘੱਟ ਗਿਣਤੀ ਤਬਕੇ ‘ਤੇ ਅਜਮਾਇਆ ਜਾ ਰਿਹਾ ਹੈ। ਮਨੁੱਖ ਦੇ ਭੇਸ ਵਿੱਚ ਗੈਰ ਇਖਲਾਕੀ ਨਸਲ ਦੇ ਆਦਮਖੋਰਾਂ ਨੇ ਭੇੜੀਏ, ਬਘਿਆੜਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।ਮਣੀਪੁਰ ਦੇ 60,000 ਤੋ ਵੱਧ ਲੋਕਾਂ ਦਾ ਉਜਾੜਾ ਕਰਕੇ ਨਵੰਬਰ 1984 ਦਿੱਲੀ ਅਤੇ ਗੁਜਰਾਤ 2002 ਦੇ ਕਹਿਰ ਨੂੰ ਤਾਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਪਰ ਭਾਰਤੀ ਲੋਕਤੰਤਰ ਆਪਣੀ ਮੌਜ ਵਿੱਚ ਇਸਤਰਾਂ ਬੇਫਿਕਰੀ ਵਿੱਚ ਮਸਤ ਹੈ,ਜਿਵੇਂ ਕਿਧਰੇ ਕੁੱਝ ਵਾਪਰਿਆ ਹੀ ਨਾ ਹੋਵੇ,ਜਿਵੇਂ ਇਹ ਸਾਰਾ ਕੁੱਝ ਮਾਨਵ ਰਾਜ ਵਿੱਚ ਨਾ ਹੋਕੇ ਜੰਗਲਾਂ ਵਿੱਚ ਵਾਪਰ ਰਿਹਾ ਹੋਵੇ।ਕੋਈ ਵੀ ਧੀ,ਭੈਣ,ਵਾਲਾ ਪਿਉ,ਭਰਾ ਆਪਣੀ ਸੋਚ ਵਿੱਚ ਉਸ ਮੰਜਰ ਨੂੰ ਲੈ ਕੇ ਸੋਚਣ ਦੀ ਕੋਸ਼ਿਸ਼ ਕਰਕੇ ਦੇਖੇ ਕਿ ਜਿਹੜੇ ਬਦਕਿਸਮਤ ਲੋਕਾਂ ਨਾਲ ਅਜਿਹਾ ਗੈਰ ਮਾਨਵੀ ਵਰਤਾਰਾ ਵਾਪਰਿਆ ਹੈ,ਉਹ ਪਿਛਲੇ ਢਾਈ ਮਹੀਨੇ ਤੋ ਅਜਿਹਾ ਹੋਰ ਕਿੰਨਾ ਕੁ ਦਰਦ,ਸੰਤਾਪ ਹੰਢਾਅ ਚੁੱਕੇ ਹੋਣਗੇ,ਕਿੰਨੀਆਂ ਨਭਾਗੀਆਂ ਬਾਲੜੀਆਂ ਇਸ ਗੈਰ ਇਖਲਾਕੀ ਨਸਲ ਵੱਲੋਂ ਨੋਚੀਆਂ ਜਾ ਚੁੱਕੀਆਂ ਹੋਣਗੀਆਂ,ਇਹ ਸਵਾਲ ਬਹੁਤ ਗੰਭੀਰ ਹੈ,ਕਿਉਂਕਿ ਸਾਡੇ ਤੱਕ ਜੋ ਵੀਡੀਓ ਪਹੁੰਚੀ ਹੈ,ਉਹ ਤਕਰੀਬਨ ਢਾਈ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ,ਫਿਰ ਸੋਚੋ ਕਿ ਉਸ ਦਿਨ ਤੋ ਲੈ ਕੇ ਉਦੋਂ ਤੱਕ, ਜਦੋ ਇਹ ਵੀਡੀਓ ਲੋਕਾਂ ਵਿੱਚ ਆਈ ਹੈ,ਉਹਨਾਂ ਲੋਕਾਂ ਨਾਲ ਕੀ ਕੀ ਬੀਤਦਾ ਰਿਹਾ ਹੋਵੇਗਾ।ਅਜਿਹੀ ਘਟਨਾ ਨੂੰ ਮਹਿਜ਼ ਸ਼ਰਮਨਾਕ ਕਾਰਾ ਕਹਿ ਕੇ ਪੱਲਾ ਝਾੜ ਲੈਣਾ ਮਸਲੇ ਦਾ ਹੱਲ ਨਹੀ,ਬਲਕਿ ਇਸ ਫਿਰਕੂ ਨਸਲਵਾਦ ਦੇ ਦੈਂਤ ਨੂੰ ਮੂਲ਼ੋਂ ਹੀ ਖਤਮ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।ਭਾਰਤ ਦੇ ਹਰ ਇਨਸਾਫ ਪਸੰਦ ਸ਼ਹਿਰੀ ਨੂੰ ਇਹ ਫਿਕਰਮੰਦੀ ਹਰ ਸਮੇ ਆਪਣੇ ਚੇਤਿਆਂ ਚ ਰੱਖਣੀ ਹੋਵੇਗੀ ਕਿ ਅਖੌਤੀ ਹਿੰਦੂ ਰਾਸ਼ਟਰ ਦੇ ਇਹ ਅਗਾਊਂ ਦ੍ਰਿਸ਼ ਭਵਿੱਖ ਚ ਹੋਰ ਮਾਰੂ ਰੂਪ ਅਖਤਿਆਰ ਕਰਕੇ ਆਪਣੇ ਤਨ,ਮਨ ਦੀ ਹਬਸ ਪੂਰਤੀ ਲਈ ਉਹ ਸਾਰੀਆਂ ਹੱਦਾਂ ਪਾਰ ਵੀ ਕਰ ਸਕਦੇ ਹਨ,ਜਿਸ ਦਾ ਆਮ ਸਹਿਰੀ ਨੂੰ ਚਿੱਤ ਚੇਤਾ ਵੀ ਨਹੀ।ਇਸ ਭਿਆਨਕ ਵਰਤਾਰੇ ਨੂੰ ਰੂਪਮਾਨ ਕਰ ਰਹੇ ਅਗਾਊਂ ਦ੍ਰਿਸ਼ਾਂ ਨੂੰ ਪਰਦੇ ਤੋ ਹਮੇਸਾਂ ਲਈ ਹਟਾਉਣ ਖਾਤਰ ਅਜਿਹੇ ਮਾਰੂ ਦ੍ਰਿਸ਼ਾਂ ਦੇ ਖਲਨਾਇਕਾਂ ਦੀ ਭੀੜ ਤਿਆਰ ਕਰਨ ਵਾਲਿਆਂ ਦੀ ਪਛਾਣ ਕਰਨੀ ਪਵੇਗੀ,ਜਿਹੜੇ ਫਿਰਕੂ ਨਫਰਤ ਦੀ ਗੈਰ ਮਨੁੱਖੀ ਖੇਡ,ਖੇਡ ਕੇ ਰਾਜਨੀਤੀ ਨੂੰ ਗੈਰ ਇਖਲਾਕੀ ਜੰਗ ਦਾ ਅਖਾੜਾ ਬਨਾਉਣ ਵਿੱਚ ਸਫਲ ਹੋ ਰਹੇ ਹਨ।ਇਹ ਘੱਟ ਗਿਣਤੀ ਵਿਰੋਧੀ ਵਰਤਾਰਾ ਜਿੱਥੇ ਭਾਰਤ ਦੀ ਵੰਨ ਸੁਵੰਨਤਾ ਲਈ ਵੱਡਾ ਖਤਰਾ ਹੈ,ਭਾਰਤ ਦੀ ਅਖੰਡਤਾ ਨੂੰ ਖੰਡਿਤ ਕਰਨ ਵਾਲਾ ਹੈ,ਓਥੇ ਇਹ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਢਹਿ ਢੇਰੀ ਕਰਕੇ ਤਾਨਾਸ਼ਾਹੀ ਦਾ ਮੁੱਢ ਬੰਨਣ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲਾ ਕਪਟੀ ਵਰਤਾਰਾ ਵੀ ਹੈ, ਜਿਸ ਤੋ ਹਰ ਇਨਸਾਫ-ਪਸੰਦ ਸਹਿਰੀ ਨੂੰ ਜਿੱਥੇ ਸੁਚੇਤ ਹੋਣ ਦੀ ਜਰੂਰਤ ਹੈ, ਓਥੇ ਸੱਤਾ ਦੀ ਸ਼ਹਿ ਪਰਾਪਤ ਇਸ ਆਦਮਖੋਰ ਨਸਲ ਨੂੰ ਪਛਾੜਨ ਅਤੇ ਅਜਿਹੇ ਲੋਕ ਮਾਰੂ ਮਨਸੂਬਿਆਂ ਖਿਲਾਫ ਲੋਕ ਲਹਿਰ ਪੈਦਾ ਕਰਨ ਦੀ ਵੱਡੀ ਲੋੜ ਹੈ,ਤਾਂ ਕਿ ਅਮਨ ਪਸੰਦ ਸਹਿਰੀਆਂ ਨੂੰ ਦੁਨੀਆਂ ਸਾਹਮਣੇ ਸ਼ਰਮਸਾਰ ਨਾ ਹੋਣਾ ਪਵੇ ਅਤੇ ਇੱਥੋਂ ਦੀਆਂ ਬਹੂ ਬੇਟੀਆਂ ਭਵਿੱਖ ਚ ਮਣੀਪੁਰ ਵਰਗੇ ਦਰਿੰਦਿਆਂ ਦੇ ਬਹਿਸੀ ਕਹਿਰ ਦਾ ਸ਼ਿਕਾਰ ਹੋਣ ਤੋ ਮਹਿਫੂਜ਼ ਰਹਿ ਸਕਣ
ਬਘੇਲ ਸਿੰਘ ਧਾਲੀਵਾਲ
99142-58142
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦਾ ਵਿਧੀ ਵਿਧਾਨ - ਬਘੇਲ ਸਿੰਘ ਧਾਲੀਵਾਲ
ਬੀਤੇ ਦਿਨੀਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਹੁਦੇ ਤੋ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ। ਸਰੋਮਣੀ ਕਮੇਟੀ ਦੇ ਇਸ ਫੈਸਲੇ ਨੇ ਜਥੇਦਾਰ ਦੀ ਨਿਯੁਕਤੀ ਸਬੰਧੀ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਕੋਈ ਸਮਾ ਸੀ ਜਦੋ ਜਥੇਦਾਰ ਸਰਬ ਪ੍ਰਮਾਣਿਤ ਹੁੰਦਾ ਸੀ,ਅਤੇ ਜਥੇਦਾਰ ਦਾ ਹੁਕਮ ਸਿੱਖ ਮਹਾਰਾਜਾ ਵੀ ਨਿਮਾਣਾ ਹੋਕੇ ਮੰਨਦਾ ਰਿਹਾ ਹੈ। ਸਿੱਖ ਕੌਮ ਲਈ ਉਹ ਦੌਰ ਕਿੰਨਾ ਸੁਨਿਹਰੀ ਹੋਵੇਗਾ,ਜਦੋ 12 ਮਿਸਲਾਂ ਵਿੱਚ ਵੰਡੇ ਪੰਥ ਖਾਲਸੇ ਵਿੱਚੋਂ ਇੱਕ ਮਿਸਲ ਦੇ ਜਰਨੈਲ ਰਣਜੀਤ ਸਿੰਘ ਦੀ ਕਾਬਲੀਅਤ ਨੂੰ ਦੇਖਦਿਆਂ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਗਾ ਕੇ ਕੌਂਮ ਨੂੰ ਅਜਿਹਾ ਪ੍ਰਭਾਵੀ ਮਹਾਰਾਜਾ ਦਿੱਤਾ,ਜਿਹੜਾ ਦੁਨੀਆਂ ਦੇ ਅਜੇਤੂ ਬਾਦਸਾਹਾਂ ਨੂੰ ਕਦਮਾਂ ਵਿੱਚ ਬੈਠਣ ਲਈ ਮਜਬੂਰ ਕਰ ਦੇਵੇਗਾ। ਸਿੱਖ ਜਰਨੈਲਾਂ ਨੇ ਜਿੱਥੇ ਮਹਾਰਾਜੇ ਦੀ ਤਾਕਤ ਅੱਗੇ ਸਮੱਰਪਣ ਕੀਤਾ,ਓਥੇ ਸ੍ਰੀ ਗੁਰੂ ਨਾਨਕ ਸਾਹਬ ਜੀ ਦੀ ਅੰਸ ਬੰਸ ਦੇ ਹੁਕਮਾਂ ਨੂੰ ਵੀ ਖਿੜੇ ਮੱਥੇ ਪਰਵਾਂਨ ਕਰਕੇ ਹਲੇਮੀ ਸਿੱਖ ਬਾਦਸ਼ਾਹਤ ਦੀ ਸਥਾਪਤੀ ਤੇ ਮੋਹਰ ਲਾਈ। ਸਿੱਖ ਕੌਂਮ ਦੇ ਉਸ ਸਰਬ ਪਰਮਾਣਤ ਮਹਾਰਾਜੇ ਨੇ ਆਪਣੇ ਗੁਰੂ ਨੂੰ ਹਾਜਰ ਨਾਜਰ ਸਮਝ ਕੇ ਸਿੱਖ ਜਰਨੈਲਾਂ ਦੀ ਮਦਦ ਨਾਲ ਅਜਿਹਾ ਮਿਸਾਲੀ ਰਾਜ ਪ੍ਰਬੰਧ ਕਾਇਮ ਕੀਤਾ,ਜਿਸ ਦੀ ਦੁਨੀਆਂ ਚ ਤੂਤੀ ਬੋਲਦੀ ਰਹੀ।ਦੁਨੀਆਂ ਨੂੰ ਲੱਟਣ ਕੁੱਟਣ ਵਾਲੇ ਅਫਗਾਨੀ ਧਾੜਵੀ ਬਾਦਸ਼ਾਹ ਵੀ ਝੁਕ ਕੇ ਸਲਾਮਾਂ ਕਰਨ ਲਈ ਮਜਬੂਰ ਹੋ ਗਏ। ਦੁਨੀਆਂ ਦਾ ਵੇਸਕੀਮਤੀ ਕੋਹਿਨੂਰ ਹੀਰਾ ਵੀ ਅਫਗਾਨਸਿਤਾਨ ਦੇ ਬਾਦਸ਼ਾਹਾਂ ਤੋ ਖੁੱਸ ਗਿਆ ਤੇ ਉਹ ਹੀਰਾ ਦਹਾਕਿਆਂ ਵੱਧੀ ਸ਼ੇਰੇ ਪੰਜਾਬ ਦੇ ਡੌਲ਼ਿਆਂ ਦਾ ਸਿੰਗਾਰ ਬਣਿਆ ਰਿਹਾ। ਉਹ ਅਜਿਹਾ ਸੁਨਿਹਰੀ ਦੌਰ ਸੀ,ਜਦੋ ਸਿੱਖ ਮਹਾਰਾਜੇ ਦਾ ਨਾਮ ਸੁਣਕੇ ਵੱਡੇ ਵੱਡੇ ਹੰਕਾਰੀਆਂ ਦਾ ਗੁਮਾਨ ਕਾਫੂਰ ਹੋ ਜਾਂਦਾ ਸੀ,ਪਰੰਤੂ ਮਹਾਰਾਜਾ ਵੀ ਜੇਕਰ ਕਿਸੇ ਤੋ ਖੌਫ਼ ਖਾਂਦਾ ਸੀ।ਉਹ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਤੋ,ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਖ ਕੌਂਮ ਨੂੰ ਜਨਮ ਸਿੱਧ ਅਜਾਦੀ ਦਾ ਅਧਿਕਾਰ ਦੇਣ ਵਾਲੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਅਜਾਦ ਪ੍ਰਭੂਸੱਤਾ ਦੇ ਪਰਤੀਕ ਉਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚ ਸੰਸਥਾ ਦੇ ਸੇਵਾਦਾਰ ਸਨ,ਜਿੰਨਾਂ ਦੇ ਹੁਕਮਾਂ ਨੂੰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੂੰ ਝੁਕਾਉਣ ਵਾਲਾ ਮਹਾਰਾਜਾ ਵੀ ਇਲਾਹੀ ਹੁਕਮ ਸਮਝਕੇ ਖਿੜੇ ਮੱਥੇ ਪਰਵਾਂਨ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਅਜੋਕੇ ਸਿੱਖ ਆਗੂਆਂ ਵਾਂਗ ਨਿੱਜ ਲੋਭੀ ਨਹੀ,ਬਲਕਿ ਗੁਰੂ ਦੇ ਭੈਅ ਚ ਰਹਿਣ ਵਾਲਾ ਕੌਂਮ ਪ੍ਰਸਤ ਮਹਾਰਾਜਾ ਸੀ। ਜੇਕਰ ਉਹਨਾਂ ਨੇ ਅਫਗਾਨਾਂ ਤੋ ਸੁਨਿਹਰੀ ਦਰਵਾਜ਼ੇ ਲੈ ਕੇ ਆਂਦੇ,ਉਹ ਆਪਣੇ ਨਿੱਜੀ ਮਹਿਲ ਲਈ ਨਹੀ ਬਲਕਿ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਵਿੱਚ ਲਗਵਾ ਦਿੱਤੇ ਗਏ।ਇਸੇਤਰਾਂ ਹੈਦਰਾਬਾਦ ਦੇ ਨਿਜਾਮ ਨੇ ਸੋਨੇ ਦੀ ਚਾਨਣੀ ਭੇਟਾ ਕੀਤੀ ਤਾਂ ਮਹਾਰਾਜੇ ਨੇ ਕਿਹਾ ਕਿ ਮੈਂ ਮਿੱਟੀ ਦਾ ਪੁਤਲਾ ਜੋ ਕੁੱਝ ਵੀ ਹਾਂ ਆਪਣੇ ਗੁਰੂ ਦੀ ਬਦੌਲਤ ਹਾਂ,ਇਸ ਲਈ ਇਹ ਸੋਨੇ ਦੀ ਚਾਨਣੀ ਮੇਰੇ ਸਤਿਗੁਰੂ ਜੀ ਦੇ ਦਰਬਾਰ ਸੱਚਖੰਡ ਵਿਖੇ ਹੀ ਸੋਭਦੀ ਹੈ,ਜੋ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਭੇਟਾ ਕਰ ਦਿੱਤੀ। ਸੰਨ੍ਹ 1849 ਤੋਂ ਬਾਅਦ ਇਨ੍ਹਾਂ ਸਭ ਕੀਮਤੀ ਵਸਤੂਆਂ 'ਚੋਂ ਬਹੁਤਾ ਕੁਝ ਤਾਂ ਸਿੱਖ ਰਾਜ ਦੇ ਦੋਖੀ ਲੁਟੇਰੇ ਫਿਰੰਗੀ ਲੁੱਟ ਕੇ ਇੰਗਲੈਂਡ ਲੈ ਪਹੁੰਚੇ, ਬਾਕੀ ਬਹੁਤ ਅਨਮੋਲ ਖਜ਼ਾਨਾ 1984 ਦੇ ਘੱਲੂਘਾਰੇ ਵਿਚ ਤਬਾਹ ਹੋ ਗਿਆ। ਅੱਜ ਦੇ ਸੰਦਰਭ ਵਿੱਚ ਸਿੱਖ ਕੌਂਮ ਲਈ ਇਹ ਕਿੰਨਾ ਹੈਰਾਨੀਜਨਕ ਜਾਪਦਾ ਹੈ,ਕਿਉਕਿ ਮੌਜੂਦਾ ਸਮੇ ਦੇ ਸਿੱਖ ਆਗੂਆਂ ਨੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਵੀ ਖੁਦ ਕਰਵਾਏ ਅਤੇ ਜਦੋ ਹਾਕਮ ਬਣੇ ਤਾਂ ਸਿੱਖ ਨੌਜਵਾਨਾਂ ਦੇ ਕਾਤਲ ਬਣੇ।ਉਹਨਾਂ ਨੇ ਤਾਂ ਗੁਆਂਢੀ ਮੁਲਕ ਦੇ ਹਾਕਮਾਂ ਵੱਲੋਂ ਭੇਂਟ ਕੀਤੇ ਭੇਡੂ ਤੱਕ ਵੀ ਨਹੀ ਛੱਡੇ,ਉਹ ਵੀ ਘਰ ਲੈ ਆਏ,ਤੇ ਹੋਰ ਪਤਾ ਨਹੀ ਕਿੰਨਾ ਕੁੱਝ।ਕਿੰਨਾ ਅੰਤਰ ਹੈ ਮੌਜੂਦਾ ਅਤੇ ਪੁਰਾਤਨ ਸਮਿਆਂ ਦੀ ਸਿੱਖ ਲੀਡਰਸ਼ਿੱਪ ਵਿੱਚ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਲਈ ਜਗੀਰਾਂ ਲਾਈਆਂ,ਇਤਿਹਾਸ ਮੁਤਾਬਿਕ 64 ਲੱਖ ਰੁਪਏ ਦਰਬਾਰ ਸਾਹਿਬ ਦੀ ਸ਼ਾਨੋ ਸ਼ੌਕਤ ਲਈ ਮਹਾਰਾਜੇ ਦੇ ਪਰਿਵਾਰ ਨੇ ਦਾਨ ਦਿੱਤਾ,ਪਰੰਤੂ ਮੌਜੂਦਾ ਸਮੇ ਚ ਗੁਰਦੁਆਰਿਆਂ ਦੀਆਂ ਜਮੀਨਾਂ ਤੇ ਖੁਦ ਜਾਂ ਆਪਣੇ ਚਹੇਤਿਆਂ ਨੂੰ ਕਬਜੇ ਕਰਵਾ ਦਿੱਤੇ ਹਨ ਤੇ ਦਾਨ ਦੇਣ ਦੀ ਬਜਾਏ ਗੁਰੂ ਕੀ ਗੋਲਕ ਤੱਕ ਨੂੰ ਲੁੱਟਿਆ ਜਾ ਰਿਹਾ ਹੈ। ਪੁਰਾਤਨ ਸਿੱਖਾਂ ਨੇ ਆਪਣੀ ਰਾਜਸੀ ਤਾਕਤ ਨੂੰ ਆਪਣੇ ਗੁਰੂ ਦੀ ਬਖਸ਼ਿਸ਼ ਸਮਝਿਆ,ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚ ਮੰਨਦੇ ਰਹੇ ਹਨ।ਇਸ ਦੀ ਇੱਕ ਮਿਸਾਲ ਇਹ ਵੀ ਹੈ ਕਿ ਜਿਹੜਾ ਵੱਡੇ ਤਪਤੇਜ ਵਾਲਾ ਮਹਾਰਾਜਾ ਵੱਡੇ ਤੋ ਵੱਡੇ ਗੁਨਾਹ ਲਈ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀ ਸੀ ਦਿੰਦਾ,ਉਹ ਸਿੱਖ ਮਹਾਰਾਜੇ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ ਨੇ ਕੋਈ ਅਵੱਗਿਆ ਕਰਨ ਬਦਲੇ ਬਸਤਰ ਉਤਾਰਕੇ ਦਰਖਤ ਨਾਲ ਬੰਨ੍ਹਕੇ ਕੋੜੇ ਮਾਰਨ ਦੀ ਸਜਾ ਸੁਣਾ ਦਿੱਤੀ ਸੀ,ਜਿਸ ਨੂੰ ਉਸ ਹਲੇਮੀ ਬਾਦਸਾਹਤ ਦੇ ਤਾਜਦਾਰ ਨੇ ਖਿੜੇ ਮੱਥੇ ਪਰਵਾਨ ਕੀਤਾ ਸੀ,ਭਾਂਵੇਂ ਮੋਹਤਵਰ ਸਿੱਖ ਆਗੂਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਤੇ ਮਹਾਰਾਜੇ ਨੂੰ ਕੋੜੇ ਮਾਰਨ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਸੀ,ਪਰ ਰਾਜਨੀਤੀ ਤੇ ਧਰਮ ਦੇ ਕੁੰਡੇ ਦੀ ਇਹ ਅਮਲੀ ਮਿਸਾਲ ਇਤਿਹਾਸ ਦੇ ਸੁਨਿਹਰੇ ਪੰਨਿਆਂ ਵਿੱਚ ਦਰਜ ਹੋ ਗਈ।ਹੁਣ ਜਦੋ ਮੌਜੂਦਾ ਦੌਰ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਹੋ ਰਹੀ ਤੌਹੀਨ ਦੇਖੀ ਸੁਣੀ ਤੇ ਪੜੀ ਜਾਂਦੀ ਹੈ,ਤਾਂ ਸਿੱਖ ਕੌਂਮ ਕੋਲ ਅਕਾਲ ਪੁਰਖ ਅੱਗੇ ਅਰਜੋਈ ਕਰਨ ਤੋ ਇਲਾਵਾ ਹੋਰ ਕੋਈ ਚਾਰਾ ਨਹੀ ਹੁੰਦਾ। ਇਸ ਸਾਰੇ ਵਰਤਾਰੇ ਲਈ ਉਹ ਸਿੱਖ ਆਗੂ ਜੁੰਮੇਵਾਰ ਹਨ,ਜਿੰਨਾਂ ਨੇ ਆਪਣੀ ਕੁਰਸੀ ਦੀ ਭੁੱਖ ਨੂੰ ਪੂਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਾਮੂਲੀ ਮੁਲਾਜਮ ਬਣਾ ਕੇ ਰੱਖ ਦਿੱਤਾ ਹੈ,ਜਿਸ ਨੂੰ ਜਦੋ ਜੀਅ ਚਾਹੇ ਜਿਵੇਂ ਚਾਹੇ ਆਪਣੇ ਹਿਤ ਚ ਵਰਤਿਆ ਜਾ ਸਕਦਾ ਹੈ ਅਤੇ ਜੇਕਰ ਉਹ ਰੱਤੀ ਭਰ ਵੀ ਵਫਾਦਾਰੀ ਵਿੱਚ ਕੁਤਾਹੀ ਕਰਦਾ ਹੈ ਤਾਂ ਬਗੈਰ ਕੌਂਮ ਦੀ ਰਾਇ ਲਏ,ਬਗੈਰ ਪ੍ਰਵਾਹ ਕੀਤਿਆਂ ਆਹੁਦੇ ਤੋ ਹਟਾਇਆ ਜਾ ਸਕਦਾ ਹੈ ਅਤੇ ਮੁੜ ਮਨਮਰਜੀ ਦਾ ਜਥੇਦਾਰ ਲਾਇਆ ਜਾ ਸਕਦਾ ਹੈ।ਇਹਦੇ ਲਈ ਪੰਥਕ ਧਿਰਾਂ ਲੰਮੇ ਸਮੇ ਤੋ ਰੌਲਾ ਪਾਉਂਦੀਆਂ ਆ ਰਹੀਆਂ ਹਨ ਕਿ ਜਥੇਦਾਰ ਨੂੰ ਹਟਾਉਣ ਅਤੇ ਨਿਯੁਕਤੀ ਦਾ ਬਾਕਾਇਦਾ ਸਰਬ ਪ੍ਰਮਾਣਤ ਵਿਧੀ ਵਿਧਾਨ ਬਨਾਉਣਾ ਚਾਹੀਦਾ ਹੈ,ਅਤੇ ਸਮਾ ਸੀਮਾ ਤਹਿ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਜਥੇਦਾਰ ਮੁਕੰਮਲ ਅਜ਼ਾਦਾਨਾ ਤੌਰ ਤੇ ਕੌਂਮ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਸਕਣ।ਅੱਜ ਸਿੱਖਾਂ ਦੇ ਹਾਲਾਤ ਇਹ ਬਣ ਗਏ ਹਨ ਕਿ ਸਰੋਮਣੀ ਅਕਾਲੀ ਦਲ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਬਾਦਲ ਪਰਿਵਾਰ ਦੀ ਨਿੱਜੀ ਮਾਲਕੀ ਬਣਕੇ ਰਹਿ ਗਈ ਹੈ।ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਢੰਗ ਨਾਲ ਆਹੁਦੇ ਤੋ ਹਟਾਇਆ ਗਿਆ ਹੈ,ਇਹਦੇ ਤੋ ਸਪੱਸਟ ਹੁੰਦਾ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਿਤਾ ਮਰਹੂਮ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਿਆ ਨੂੰ ਪੱਲੇ ਬੰਨ ਕੇ ਰਾਜਨੀਤੀ ਵਿੱਚ ਅੱਗੇ ਵਧਣ ਦਾ ਫੈਸਲਾ ਕਰ ਲਿਆ ਹੈ।ਉਹਨਾਂ ਨੂੰ ਇਹ ਕਦੇ ਵੀ ਮਨਜੂਰ ਨਹੀ ਕਿ ਉਹਨਾਂ ਦਾ ਲਾਇਆ ਜਥੇਦਾਰ ਕੋਈ ਕੌਂਮ ਦੇ ਵਡੇਰੇ ਹਿਤਾਂ ਦੇ ਬਦਲੇ ਬਾਦਲ ਪਰਿਵਾਰ ਦੇ ਨਿੱਜੀ ਹਿਤਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਕਰੇ। ਬਹਾਨਾ ਭਾਂਵੇਂ ਕੋਈ ਵੀ ਬਣਾਇਆ ਗਿਆ ਹੋਵੇ,ਪਰੰਤੂ ਸਚਾਈ ਇਹ ਹੈ ਕਿ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਰੋਮਣੀ ਕਮੇਟੀ ਦਾ ਆਪਣਾ ਚੈਨਲ ਚਲਾਉਣ ਵਾਲਾ ਜਥੇਦਾਰ ਦਾ ਹੁਕਮ,ਸਰੋਮਣੀ ਅਕਾਲੀ ਦਲ ਨੂੰ ਸਰਮਾਏਦਾਰਾਂ ਦੇ ਚੁੰਗਲ ਚੋ ਕੱਢਣ ਵਾਲਾ ਬਿਆਨ ਅਤੇ ਪੱਤਰਕਾਰਾਂ ਦੀ ਇਕੱਤਰਤਾ ਵਿੱਚ ਸਟੇਜ ਤੋਂ ਜਨਤਕ ਤੌਰ ਜਥੇਦਾਰ ਸਾਹਿਬ ਵੱਲੋਂ ਖਾਲਸਾ ਰਾਜ ਦੇ ਝੰਡਿਆਂ ਦੇ ਮਾਮਲੇ ਵਿੱਚ ਕੌਂਮ ਦੇ ਅਕਸ਼ ਨੂੰ ਢਾਹ ਲਾਉਣ ਵਾਲੇ ਟੀਵੀ ਚੈਨਲਾਂ ਅਤੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕਰਨ ਬਦਲੇ ਸਰੋਮਣੀ ਕਮੇਟੀ ਨੂੰ ਪਾਈ ਝਾੜ ਉਹਨਾਂ ਤੇ ਭਾਰੀ ਪੈ ਗਈ ਹੈ। ਬਿਨਾ ਸ਼ੱਕ ਸਰੋਮਣੀ ਅਕਾਲੀ ਦਲ ਤੇ ਉਹ ਲੋਕ ਕਾਬਜ ਹਨ,ਜਿਹੜੇ ਪਹਿਲਾਂ ਹੀ ਨਿੱਜੀ ਹਿਤਾਂ ਖਾਤਰ ਕੌਂਮ ਦਾ ਐਨਾ ਵੱਡਾ ਨੁਕਸਾਨ ਕਰ ਚੁੱਕੇ ਹਨ,ਜਿਸ ਦੀ ਭਰਪਾਈ ਸੰਭਵ ਹੀ ਨਹੀ ਹੈ। ਸੋ ਜਥੇਦਾਰ ਨੂੰ ਬਦਲਣ ਦਾ ਫੈਸਲਾ ਅਤੇ ਢੰਗ ਦੋਨੋ ਹੀ ਅਤਿ ਨਿੰਦਣਯੋਗ ਹਨ,ਭਵਿੱਖ ਵਿੱਚ ਅਜਿਹੀਆਂ ਕੌਂਮ ਵਿਰੋਧੀ ਮਨਮਾਨੀਆਂ ਨੂੰ ਰੋਕਣ ਲਈ ਜਥੇਦਾਰ ਦੀ ਨਿਯੁਕਤੀ ਦਾ ਸਰਬ ਪਰਮਾਣਿਤ ਵਿਧੀ ਵਿਧਾਨ ਸਰਬਤ ਖਾਲਸੇ ਰਾਹੀ ਹੀ ਸੰਭਵ ਹੋ ਸਕਦਾ ਹੈ,ਇਸ ਲਈ ਸਰਬਤ ਖਾਲਸਾ ਵਰਗੀ ਮਹਾਂਨ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਲਈ ਪਹਿਲਾਂ ਕੌਂਮ ਨੂੰ ਗੁਰੂ ਆਸ਼ੇ ਅਨੁਸਾਰ ਸਫਾਂ ਵਿਛਾ ਕੇ ਬੈਠਣ ਦੀ ਜਰੂਰਤ ਹੈ।
ਬਘੇਲ ਸਿੰਘ ਧਾਲੀਵਾਲ
99142-58142
ਛੇ ਜੂਨ ਦਾ ਦਿਨ ਸਿੱਖਾਂ ਲਈ ਮਾਣ ਕਰਨ ਵਾਲਾ ਵੀ ਤੇ ਅਫਸੋਸਨਾਕ ਵੀ - ਬਘੇਲ ਸਿੰਘ ਧਾਲੀਵਾਲ
ਮੇਰੇ ਜਿਉਦੇ ਜੀਅ ਫੌਜ ਦਰਬਾਰ ਸਾਹਿਬ ਦਾਖਲ ਅੰਦਰ ਨਹੀ ਹੋ ਸਕਦੀ- ਸੱਚਮੁੱਚ ਹੀ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋ ਬਾਅਦ ਹੀ ਅੰਦਰ ਦਾਖਲ ਹੋ ਸਕੀ ਫੌਜ
ਜੂਨ 1984 ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ ਸਮੇਤ ਪੰਜਾਬ ਦੇ ਤਿੰਨ ਦਰਜਨ ਤੋ ਵੱਧ ਹੋਰ ਗੁਰਦੁਆਰਾ ਸਹਿਬਾਨਾਂ ਤੇ ਤਤਕਾਲੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਹਿੰਦੂ ਕੱਟੜਵਾਦ ਦੀ ਸਹਿ ਤੇ ਕੀਤੇ ਗਏ ਫੌਜੀ ਹਮਲੇ ਨੇ ਸਿੱਖ ਮਨਾਂ ਵਿੱਚ ਅਜਿਹਾ ਰੋਸ ਪੈਦਾ ਕਰ ਦਿੱਤਾ ਜਿਹੜਾ ਘਟਣ ਦੀ ਵਜਾਏ ਦਿਨੋ ਦਿਨ ਹੋਰ ਵੱਧਦਾ ਜਾ ਰਿਹਾ ਹੈ। ਸਭ ਤੋ ਪਹਿਲਾਂ ਛੇ ਜੂਨ ਦੇ ਫੌਜੀ ਹਮਲੇ ਦੀ ਯਾਦ ਮਨਾਏ ਜਾਣ ਸਬੰਧੀ ਗੱਲ ਕੀਤੀ ਜਾਣੀ ਬਣਦੀ ਹੈ,ਜਦੋ ਸਵਾ ਕੁ ਸੌ ਸਿੱਖ ਜੁਝਾਰੂਆਂ ਦੇ ਨਾਲ ਬਾਬਾ ਏ ਕੌਂਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਖਤਮ ਕਰਨ ਕਈ ਭਾਰਤੀ ਫੌਜਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਦਹਿ ਹਜਾਰਾਂ ਸਿੱਖ ਸੰਗਤ ਤੇ ਹਮਲਾ ਕਰਕੇ ਕਤਲੇਆਮ ਕੀਤਾ ਸੀ ਅਤੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ।ਛੇ ਜੂਨ ਨੂੰ ਸੰਤ ਜਰਨੈਲ ਸਿੰਘ,ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਹੋ ਜਾਣ ਤੋ ਬਾਅਦ ਫੌਜ ਦਰਬਾਰ ਸਾਹਿਬ ਵਿੱਚ ਕਾਬਜ ਹੋ ਗਈ ਸੀ।ਸੰਤਾਂ ਦਾ ਕਥਨ ਸੀ ਕਿ “ਮੇਰੇ ਜਿਉਂਦੇ ਜੀਅ ਫੌਜ ਦਰਬਾਰ ਸਾਹਿਬ ਵਿੱਚ ਦਾਖਲ ਨਹੀ ਹੋ ਸਕਦੀ”, ਸੋ ਉਹਨਾਂ ਨੇ ਅਪਣੇ ਬਚਨਾਂ ਤੇ ਪਹਿਰਾ ਦਿੱਤਾ,ਫੌਜ ਉਹਨਾਂ ਦੇ ਜਿਉਂਦੇ ਜੀਅ ਦਰਬਾਰ ਸਾਹਿਵ ਅੰਦਰ ਦਾਖਲ ਨਹੀ ਹੋ ਸਕੀ।ਇਸ ਕਰਕੇ ਛੇ ਜੂਨ ਦਾ ਦਿਨ ਸੰਗਤਾਂ ਉਹਨਾਂ ਮਹਾਂਨ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ ਮਨਾਉਂਦੀਆਂ ਹਨ,ਇਹ ਦੇ ਵਿੱਚ ਕੁੱਝ ਵੀ ਗਲਤ ਨਹੀ ਹੈ,ਕਿਉਕਿ ਜਾਗਦੀ ਜਮੀਰ ਵਾਲੀਆਂ ਕੌਮਾਂ ਕਦੇ ਵੀ ਅਪਣੇ ਵਿਰਸੇ,ਅਪਣੇ ਇਤਿਹਾਸ ਅਤੇ ਅਪਣੇ ਸ਼ਹੀਦਾਂ ਨੂੰ ਭੁੱਲ ਕੇ ਬਹੁਤਾ ਸਮਾ ਦੁਨੀਆਂ ਦੇ ਨਕਸ਼ੇ ਤੇ ਅਪਣਾ ਵਜੂਦ ਅਤੇ ਅਪਣੀ ਪਛਾਣ ਕਾਇਮ ਨਹੀ ਰੱਖ ਸਕਦੀਆਂ।ਗੈਰਤਮੰਦ ਕੌਂਮਾਂ ਹਮੇਸਾਂ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਨੂੰ ਅਪਣਾ ਰਾਹ ਦਿਸੇਰਾ ਸਮਝਦੀਆਂ ਹੋਈਆਂ ਭਵਿੱਖ ਦੀ ਹੋਣੀ ਤਹਿ ਕਰਦੀਆਂ ਹਨ।ਉਹਨਾਂ ਗੈਰਤਮੰਦ ਕੌਮਾਂ ਦੀ ਪਹਿਲੀ ਕਤਾਰ ਦੇ ਪਹਲੇ ਨੰਬਰ ਤੇ ਗਿਣੀ ਜਾਣ ਵਾਲੀ ਸਿੱਖ ਕੌਂਮ ਹੈ ਜਿਹੜੀ ਉਮਰ ਵਿੱਚ ਭਾਵੇਂ ਤਕਰੀਬਨ ਸਾਰੀਆਂ ਹੀ ਕੌਮਾਂ ਤੋ ਬਹੁਤ ਛੋਟੀ ਹੈ,ਪਰੰਤੂ ਇਸ ਦਾ ਸ਼ਾਨਾਮੱਤਾ ਲਾਲ ਸੁਰਖ ਇਤਿਹਾਸ ਇਹਨੂੰ ਗੈਰਤਮੰਦ ਕੌਮਾਂ ਚੋ ਸਭ ਤੋ ਮੋਹਰੀ ਬਣਾ ਦਿੰਦਾ ਹੈ।ਸਾਢੇ ਪੰਜ ਸੌ ਸਾਲ ਦੇ ਸਿੱਖ ਇਤਿਹਾਸ ਦਾ ਜਿਸਤਰਾਂ ਮਿਥਿਹਾਸਿਕ ਮੁਹਾਂਦਰਾ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉਹ ਵੀ ਸੰਭਵ ਨਹੀ ਹੈ,ਕਿਉਕਿ ਇਤਿਹਾਸ ਬਹੁਤਾ ਪੁਰਾਣਾ ਨਹੀ ਹੈ।ਸਿੱਖ ਕੌਂਮ ਦੀ ਵਿਲੱਖਣਤਾ ਇਹ ਹੈ ਕਿ ਇਹ ਦੇ ਪੁਰਖਿਆਂ ਨੇ ਪਖੰਡਵਾਦ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ ਸਿਰਫ ਅਵਾਜ ਹੀ ਬੁਲੰਦ ਹੀ ਨਹੀ ਕੀਤੀ,ਬਲਕਿ ਪਖੰਡਵਾਦ ਨੂੰ ਖਤਮ ਕਰਕੇ ਸਮਾਜਿਕ ਬਰਾਬਰਤਾ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਕੀਤੀ,ਜਿਸ ਨੂੰ ਦੁਨੀਆਂ ਅੱਜ ਸਿੱਖ ਸਮਾਜ ਦਾ ਨਾਮ ਤੋ ਜਾਨਣ ਲੱਗੀ ਹੈ।ਇਸ ਤੋ ਵੀ ਅੱਗੇ ਜਾ ਕੇ ਇਹਨਾਂ ਦੇ ਪੁਰਖਿਆਂ ਨੇ ਸਿੱਖਾਂ ਸਮੇਤ ਪੂਰੀ ਲੁਕਾਈ ਨੂੰ ਗੁਰਬਾਣੀ ਦੇ ਰੂਪ ਵਿੱਚ ਅਜਿਹਾ ਫਲਸਫਾ ਦਿੱਤਾ,ਜਿਹੜਾ ਹਰ ਆਉਖੀ ਘੜੀ ਵਿੱਚ ਦੇਸ਼ ਦੁਨੀਆਂ ਦਾ ਰਾਹ ਦਿਸੇਰਾ ਹੈ ਅਤੇ ਹਮੇਸਾਂ ਰਹੇਗਾ,ਇਹੋ ਕਾਰਨ ਹੈ ਕਿ ਹੁਣ ਅਮਰੀਕਨ,ਚੀਨੀ,ਜਪਾਨੀ ਲੋਕਾਂ ਤੋ ਇਲਾਵਾ ਹੋਰ ਬਹੁਤ ਸਾਰੇ ਮੁਲਕਾਂ ਦੇ ਲੋਕ ਸਿੱਖ ਧਰਮ ਦੀ ਸਿੱਖਿਆ ਲੈਣ ਨੂੰ ਤਰਜੀਹ ਦੇਣ ਲੱਗੇ ਹਨ।ਇਹ ਬੜੇ ਦੁੱਖ ਨਾਲ ਲਿਖਣਾ ਪਵੇਗਾ ਕਿ ਸਿੱਖ ਕੌਂਮ ਦੇ ਪੁਰਖਿਆਂ ਨੇ ਜਿਹੜੀ ਧਰਾਤਲ ਤੇ ਇਸ ਕੌਂਮ ਦੀ ਸਿਰਜਣਾ ਕੀਤੀ ਅਤੇ ਜਿੰਨਾਂ ਲੋਕਾਂ ਦੀ ਧਾਰਮਿਕ ਹੋਂਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਅਪਣੇ ਬਲੀਦਾਨ ਦਿੱਤੇ,ਉਹ ਧਰਾਤਲ ਅੱਜ ਦੇ ਸੰਦਰਭ ਵਿੱਚ ਸਿੱਖ ਅਤੇ ਸਿੱਖੀ ਲਈ ਖਤਰਾ ਬਣਦੀ ਜਾ ਰਹੀ ਹੈ।ਭਾਰਤ ਭਾਂਵੇ ਸਿੱਖਾਂ ਲਈ ਅਪਣਾ ਦੇਸ਼ ਹੈ ਕਿਉਕਿ ਗੁਰੂ ਨਾਨਕ ਸਾਹਿਬ ਤੋ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਸ ਦੇਸ਼ ਦੇ ਤਖਤ ਤੇ ਬੈਠ ਕੇ ਰਾਜ ਕਰਨ ਵਾਲਿਆਂ ਦੇ ਖਿਲਾਫ ਸਿੱਖ ਗੁਰੂ ਸਹਿਬਾਨਾਂ ਨੇ ਅਵਾਜ ਬੁਲੰਦ ਕੀਤੀ ਅਤੇ ਅਪਣੀ ਕਹਿਣੀ ਤੇ ਕਰਨੀ ਨੂੰ ਇੱਕ ਰੂਪ ਦੇਣ ਲਈ ਅਪਣੇ ਅਕੀਦੇ ਤੇ ਦ੍ਰਿੜ ਰਹਿਕੇ ਭਾਰੀ ਤਸ਼ੱਦਦ ਝੱਲੇ ਅਤੇ ਸ਼ਹਾਦਤਾਂ ਦਾ ਅਮ੍ਰਿਤ ਪੀਤਾ,ਪਰੰਤੂ ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਮੇ ਦੀ ਹਕੂਮਤ ਦੇ ਖਿਲਾਫ ਜੰਗ ਦਾ ਐਲਾਨ ਹੀ ਨਹੀ ਕੀਤਾ,ਸਗੋਂ ਇੱਕ ਬਰਾਬਰ ਦੀ ਤਾਕਤ ਹੋਣ ਦਾ ਸਪੱਸਟ ਐਲਾਨ ਕੀਤਾ।ਇਹ ਸਾਰਾ ਕੁੱਝ ਲੁਕ ਛਿਪ ਕੇ ਨਹੀ ਸਗੋਂ ਨਗਾਰੇ ਦੀ ਚੋਟ ਤੇ ਕੀਤਾ ਗਿਆ।ਸੋ ਇਸਤਰਾਂ ਗੁਰੂਕਾਲ ਤੱਕ ਸਿੱਖਾਂ ਦੀ ਸਮਾਨਅੰਤਰ ਸਰਕਾਰ ਕਾਇਮ ਰਹੀ,ਜਿਸਨੇ ਬਾਅਦ ਵਿੱਚ ਸਿੱਖਾਂ ਨੂੰ ਦੁਨਿਆਵੀ ਰਾਜਭਾਗ ਦੀ ਪਰਾਪਤੀ ਦੇ ਰਾਹ ਤੋਰਿਆ ਤੇ ਸਿੱਖਾਂ ਨੇ ਦੁਨੀਆਂ ਨੂੰ ਅਜਿਹਾ ਮਿਸ਼ਾਲੀ ਰਾਜ ਪ੍ਰਬੰਧ (ਖਾਲਸਾ ਰਾਜ) ਦਿੱਤਾ,ਜਿਸਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਇੱਥੇ ਇਤਿਹਾਸਿਕ ਤੱਥ ਲਿਖਣ ਤੋ ਭਾਵ ਇਹ ਹੈ ਕਿ ਸਿੱਖ ਕਦੇ ਵੀ ਭਾਰਤ ਦੇ ਗੁਲਾਮ ਨਹੀ ਰਹੇ,ਪਰੰਤੂ ਇਸ ਦੇ ਬਿਲਕੁਲ ਉਲਟ ਅਜਾਦ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਅਜਾਦ ਜਿੰਦਗੀ ਜਿਉਣ ਦੇ ਅਧਿਕਾਰ ਨਹੀ ਦਿੱਤੇ ਗਏ,ਬਲਕਿ ਸਿੱਖਾਂ ਦੀ ਪਛਾਣ ਖਤਮ ਕਰਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਲਈ ਬਹੁਤ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।ਜਿਹੜੀ ਕੌਂਮ ਮਾਰਿਆਂ ਨਹੀ ਮੁੱਕਣੀ ਸੀ,ਉਹਦੇ ਇਤਿਹਾਸ ਅਤੇ ਸਿਧਾਂਤ ਨੂੰ ਬਿਗਾੜ ਕੇ ਉਹਨੂੰ ਮੁੜ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀਆਂ ਸਾਜਿਸ਼ਾਂ ਅੰਜਾਮ ਦੇ ਨੇੜੇ ਪਹੁੰਚ ਚੁੱਕੀਆਂ ਹਨ।ਕੁੱਝ ਅਜਿਹੀਆਂ ਸਾਜਿਸ਼ਾਂ ਦੀ ਤਰਜਮਾਨੀ ਕਰਦਾ ਹੈ ਜੂਨ 1984 ਦਾ ਫੌਜੀ ਹਮਲਾ,ਜਿਸਨੇ ਸਿੱਖ ਕੌਮ ਦੀ ਇੱਕ ਪੀਹੜੀ ਦਾ ਮੁਕੰਮਲ ਖਾਤਮਾ ਸਿਰਫ ਇਸ ਕਰਕੇ ਕਰ ਦਿੱਤਾ,ਤਾਂ ਕਿ ਸਿੱਖਾਂ ਅੰਦਰੋ ਅਪਣੇ ਪੁਰਖਿਆਂ ਨੂੰ ਯਾਦ ਰੱਖਣ ਦੀ ਭਾਵਨਾ ਨੂੰ ਡਰ ਅਤੇ ਦਹਿਸਤ ਨਾਲ ਮਾਰਿਆ ਜਾ ਸਕੇ,ਪਰੰਤੂ ਉਪਰ ਲਿਖਿਆ ਜਾ ਚੁੱਕਾ ਹੈ ਕਿ ਗੈਰਤਮੰਦ ਕੌਮਾਂ ਕਦੇ ਵੀ ਅਪਣੇ ਇਤਿਹਾਸ ਅਤੇ ਪੁਰਖਿਆਂ ਨੂੰ ਭੁੱਲ ਕੇ ਜਿੰਦਾ ਨਹੀ ਰਹਿ ਸਕਦੀਆਂ।ਜੂਨ 1984 ਦੇ ਫੌਜੀ ਹਮਲੇ ਤੋ ਬਾਅਦ ਜਿਸਤਰਾਂ ਸਿੱਖਾਂ ਦੀ ਚੁਣ ਚੁਣ ਕੇ ਨਸਲਕੁਸ਼ੀ ਕੀਤੀ ਗਈ,ਉਹਦਾ ਦਰਦ ਜਖਮੀ ਹੋਈ ਸਿੱਖ ਮਾਨਸਿਕਤਾ ਨੇ ਅਪਣੇ ਅੰਦਰੋ ਮਰਨ ਨਹੀ ਦਿੱਤਾ।ਉਸ ਦਰਦ ਦੀ ਚੀਸ ਉਹਨਾਂ ਦੇ ਕਾਲਜੇ ਵਿੱਚ ਹਰ ਸਾਲ ਜੂਨ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਅਜਿਹੀ ਪੈਂਦੀ ਹੈ ਕਿ ਜਖਮ ਤਾਜਾ ਹੋ ਜਾਂਦੇ ਹਨ। ਛੇ ਜੂਨ ਦੇ ਸਵੇਰੇ ਦਸ ਕੁ ਵਜੇ ਤੱਕ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੀਰੀ ਪੀਰੀ ਨਿਸਾਨ ਸਾਹਿਬ ਕੋਲ ਪਹੁੰਚ ਕੇ ਸ਼ਹਾਦਤ ਦੇ ਦਿੱਤੀ ਸੀ,ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਅਤੇ ਕੁੱਝ ਹੋਰ ਸਿੰਘਾਂ ਨੇ ਵੀ ਸ਼ਹਾਦਤ ਦਿੱਤੀ,ਜਦੋਕਿ ਜਰਨਲ ਸੁਬੇਗ ਸਿੰਘ ਨੇ ਪਿਛਲੀ ਰਾਤ ਨੂੰ ਜਖਮੀ ਹੋਣ ਤੋ ਬਾਅਦ ਸੰਤਾਂ ਦੇ ਨਾਲ ਗੱਲਬਾਤ ਕਰਦਿਆਂ ਹੀ ਸ਼ਹਾਦਤ ਦਾ ਅਮ੍ਰਿਤ ਪੀ ਲਿਆ ਸੀ।ਸੋ ਇਹ ਕਹਿਣਾ ਕੋਈ ਗਲਤ ਨਹੀ ਕਿ ਸੰਤਾਂ ਨੇ ਅਪਣੇ ਮਿਉਂਦੇ ਜੀਅ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਤੇ ਕਾਬਜ ਨਹੀ ਸੀ ਹੋਣ ਦਿੱਤਾ, ਛੇ ਜੂਨ ਨੂੰ ਸੰਤਾਂ ਦੀ ਸ਼ਹਾਦਤ ਤੋ ਬਾਅਦ ਹੀ
ਫੌਜ ਸ੍ਰੀ ਦਰਬਾਰ ਸਾਹਿਬ ਤੇ ਕਾਬਜ ਹੋ ਸਕੀ ਸੀ,ਇਸ ਲਈ ਸਿੱਖ ਸੰਗਤਾਂ ਛੇ ਜੂਨ ਦੇ ਦਿਹਾੜੇ ਨੂੰ ਤੀਜੇ ਘੱਲੂਘਾਰੇ ਦੀ ਅਰਦਾਸ ਦਿਹਾੜੇ ਵਜੋਂ ਮਨਾਉਂਦੀ ਹੈ,ਜਦੋ ਉਹ ਅਪਣੀ ਕੌਂਮ ਦੇ ਉਹਨਾਂ ਜਾਂਬਾਜਾਂ ਨੂੰ ਯਾਦ ਕਰਦੀ ਹੋਈ ਉਹਨਾਂ ਦੇ ਰਾਹਾਂ ਤੇ ਚੱਲਣ ਦੇ ਅਹਿਦ ਕਰਦੀ ਹੈ,ਜਿੰਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਅਜਾਦ ਭਾਰਤ ਦੀਆਂ ਫੌਜਾਂ ਨਾਲ ਲੋਹਾ ਲਿਆ। ਇਹ ਵੀ ਕਿਸੇ ਤੋ ਹੁਣ ਲੁਕੀ ਛਿਪੀ ਬੁਝਾਰਤ ਨਹੀ ਰਹੀ ਕਿ ਉਹ ਫੌਜੀ ਹਮਲਾ ਕੁੱਝ ਅਪਣਿਆਂ ਦੀ ਸਹਿ ਨਾਲ ਹੀ ਹੋਇਆ ਸੀ।ਉਸ ਮੌਕੇ ਬਹੁਤ ਸਾਰਿਆਂ ਨੇ ਪਾਰਟੀਆਂ ਤੋ ਅਸਤੀਫੇ ਦਿੱਤੇ,ਅਹੁਦਿਆਂ ਤੋ ਅਸਤੀਫੇ ਦਿੱਤੇ,ਸਰਕਾਰੀ ਸਨਮਾਨ ਵਾਪਸ ਕੀਤੇ।ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਮੈਬਰ ਪਾਰਲੀਮੈਟ ਅਤੇ ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋ ਅਸਤੀਫਾ ਦਿੱਤਾ ਗਿਆ ਸੀ,ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ ਕਦੇ ਵੀ ਛੇ ਜੂਨ ਤੇ ਨਾ ਹੀ ਕਿਸੇ ਨੇ ਇਸ ਮੰਦਭਾਗੀ ਘਟਨਾ ਤੇ ਅਫਸੋਸ ਜਾਹਰ ਕੀਤਾ ਹੈ ਅਤੇ ਨਾ ਹੀ ਕਿਸੇ ਨੇ ਸ੍ਰੀ ਦਰਬਾਰ ਸਾਹਿਬ ਆਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਪਾਰਟੀ ਹੈ,ਉਹਨੇ ਵੀ ਸਿਰਫ ਤੇ ਸਿਰਫ ਸਿਆਸਤ ਕਰਕੇ ਸਿਆਸੀ ਰੋਟੀਆਂ ਹੀ ਛੇਕੀਆ ਹਨ,ਤੇ ਸ੍ਰ ਪਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੀ ਸੱਤਾ ਦਾ ਅਨੰਦ ਸਿਰਫ ਸਿੱਖ ਮਸਲਿਆਂ ਤੇ ਸਿਆਸਤ ਕਰਕੇ ਲੈ ਚੁੱਕੇ ਹਨ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਹੜੀ ਸਿੱਖ ਨੁਮਾਇੰਦਾ ਘੱਟ ਅਤੇ ਦਿੱਲੀ ਦੀ ਪਹਿਰੇਦਾਰ ਜਿਆਦਾ ਜਾਪਦੀ ਹੈ,ਹਮੇਸਾਂ ਸਿੱਖ ਨੌਜੁਆਨਾਂ ਦੀਆਂ ਭਾਵਨਾਵਾਂ ਦਵਾਉਣ ਵਿੱਚ ਹੀ ਅਪਣੀ ਸਿੱਖੀ ਸੇਵਕੀ ਸਮਝ ਬੈਠੀ ਹੈ।ਹਰ ਵਾਰ ਉੱਥੇ ਹੁੱਲੜਵਾਜੀ ਹੋਣ ਦਾ ਵੀ ਇਹੋ ਕਾਰਨ ਹੈ ਕਿ ਸਰੋਮਣੀ ਕਮੇਟੀ ਜਜ਼ਬਾਤੀ ਹੋਏ ਨੌਜਵਾਨਾਂ ਦੀ ਜੁਬਾਨ ਚੋ ਖਾਲਿਸਤਾਨ ਦਾ ਨਾਮ ਨਹੀ ਸੁਨਣਾ ਚਾਹੁੰਦੀ,ਇਸ ਨਾਲ ਉਹਨਾਂ ਨੂੰ ਦਿੱਲੀ ਦਰਬਾਰ ਅਤੇ ਨਾਗਪੁਰੀ ਸੰਸਥਾ ਦੀ ਨਰਾਜਗੀ ਝੱਲਣੀ ਪੈਂਦੀ ਹੈ।ਸਿੱਖ ਕੌਂਮ ਪਵੇ ਢੱਠੇ ਖੂਹ ਵਿੱਚ,ਇਸ ਦੀ ਕੋਈ ਪਰਵਾਹ ਨਹੀ ਹੈ। ਪਿਛਲੇ ਕੁੱਝ ਸਾਲਾਂ ਤੋ ਕੁੱਝ ਹੁਣਲੜਵਾਜਾਂ ਵੱਲੋਂ ਛੇ ਜੂਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੁਤਲੇ ਫੂਕਣ ਅਤੇ ਫੌਜੀ ਹਮਲੇ ਦੇ ਹੱਕ ਵਿੱਚ ਪ੍ਰਦਰਸ਼ਣ ਕਰਨ ਦੀ ਕਿਰਿਆ ਨੂੰ ਇੱਕ ਰਵਾਇਤ ਵਜੋਂ ਪਰਫੁੱਲਿਤ ਕੀਤਾ ਜਾ ਰਿਹਾ ਹੈ,ਜਿਸਨੂੰ ਸਿੱਖ ਸਮਾਜ ਬਰਦਾਸ਼ਤ ਨਹੀ ਕਰਦਾ,ਖਾਸ ਕਰਕੇ ਸਿੱਖ ਨੌਜੁਆਨ ਕਿਸੇ ਵੀ ਕੀਮਤ ਤੇ ਅਪਣੇ ਕੌਮੀ ਸ਼ਹੀਦਾਂ ਦਾ ਅਪਮਾਨ ਹੋਇਆ ਬਰਦਾਸਤ ਨਹੀ ਕਰ ਸਕਦੇ।ਇਹ ਵਰਤਾਰਾ ਜੂਨ ਦੇ ਪਹਿਲੇ ਹਫਤੇ ਲਗਾਤਾਰ ਵਾਪਰਦਾ ਆ ਰਿਹਾ ਹੈ।ਬੀਤੇ ਦਿਨੀ ਰਾਜਪੁਰਾ ਵਿੱਚ ਵੀ ਇਸਤਰਾਂ ਦੇ ਵੱਡੇ ਫਲੈਕਸ ਬੋਰਡ ਲਾਏ ਗਏ ਸਨ,ਜਿੰਨਾਂ ਦਾ ਸਿੱਖ ਨੌਜਵਾਨਾਂ ਨੇ ਗੰਭੀਰ ਨੋਟਿਸ ਲਿਆ ਹੈ। ਇਸਤਰਾਂ ਦੀਆਂ ਹਰਕਤਾਂ ਨਾਲ ਪੰਜਾਬ ਦੇ ਮਹੌਲ ਵਿੱਚ ਤਣਾਅ ਪੈਦਾ ਹੁੰਦਾ ਹੈ,ਜਿਹੜਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਖਤਰੇ ਦੀ ਘੰਟੀ ਹੈ।ਇਹ ਸਾਰਾ ਕੁੱਝ ਸਹਿਰਾਂ ਵਿੱਚ ਹੀ ਹੋ ਰਿਹਾ ਹੈ,ਪੰਜਾਬ ਦੀ ਸਾਂਤੀ ਨੂੰ ਲਾਂਬੂ ਲਾਉਣ ਦੀਆਂ ਇਹ ਸਾਜਿਸ਼ਾਂ ਨੂੰ ਸਮਝਣ ਦੀ ਲੋੜ ਹੈ।।ਅਜੇ ਤੱਕ ਪੰਜਾਬ ਦੇ ਪਿੰਡਾਂ ਵਿੱਚ ਅਜਿਹਾ ਕੁੱਝ ਵੀ ਨਹੀ ਹੈ।ਲੋਕਾਂ ਵਿੱਚ ਭਾਈਚਾਰਕ ਸਾਂਝਾਂ ਕਾਇਮ ਹਨ। ਹਿੰਦੂ, ਸਿੱਖ ਮੁਸਲਮਾਨ ਅਤੇ ਇਸਾਈ ਸਾਰੇ ਹੀ ਪਿੰਡਾਂ ਵਿੱਚ ਅਮਨ ਅਮਾਨ ਨਾਲ ਰਹਿਣਾ ਪਸੰਦ ਕਰਦੇ ਹਨ,ਪਰੰਤੂ ਜਦੋ ਬਾਰ ਬਾਰ ਅਜਿਹਾ ਮਹੌਲ ਸਿਰਜਿਆ ਜਾਵੇਗਾ ਤਾਂ ਇਹਨਾਂ ਸਾਂਝਾਂ ਦਾ ਤਿੜਕਣਾ ਸੁਭਾਵਿਕ ਹੈ, ਇੱਕ ਨਾ ਇੱਕ ਦਿਨ ਇਹ ਫਿਰਕੂ ਨਫਰਤ ਦਾ ਸੇਕ ਪਿੰਡਾਂ ਤੱਕ ਵੀ ਜਰੂਰ ਪੁੱਜ ਜਾਵੇਗਾ।ਇੱਕ ਹੋਰ ਵੀ ਗੱਲ ਸੋਚਣ ਸਮਝਣ ਵਾਲੀ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ,ਇਹਨਾਂ ਹੁੱਲੜਵਾਜਾਂ ਨੂੰ ਹਮੇਸਾਂ ਪੂਰੀ ਖੁੱਲ ਦਿੱਤੀ ਜਾਂਦੀ ਹੈ,ਜਿਸ ਤੋ ਇਹ ਅੰਦਾਜਾ ਲਾਉਣਾ ਕੋਈ ਮੁਸਕਲ ਨਹੀ ਕਿ ਇਹ ਸਾਜਿਸ਼ਾਂ ਪਿੱਛੇ ਉਹ ਤਾਕਤਾਂ ਕੰਮ ਕਰਦੀਆਂ ਹਨ,ਜਿਹੜੀਆਂ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਨਾਮ ਤੇ ਬਹੁ ਕੌਮੀਅਤ ਖਤਮ ਕਰਕੇ ਸਿਰਫ ਮਜਹਬੀ ਰਾਜ ਸਥਾਪਤ ਕਰਨਾ ਚਾਹੁੰਦੀਆਂ ਹਨ। ਜਿਸ ਗੁਰੂ ਦੇ ਸੱਚੇ ਸਿੱਖ ਨੇ ਲੱਖਾਂ ਦੀ ਗਿਣਤੀ ਵਿੱਚ ਚੜ੍ਹਕੇ ਆਈ ਫੌਜ ਨਾਲ ਲਗਾਤਾਰ 72 ਘੰਟੇ ਘਮਸ਼ਾਣ ਦਾ ਯੁੱਧ ਲੜਿਆ ਅਤੇ ਫੌਜ ਨੂੰ ਅਪਣੇ ਜਿਉਂਦੇ ਜੀਅ ਸ੍ਰੀ ਦਰਬਾ੍ਰ ਸਾਹਿਬ ਦੀ ਹਦੂਦ ਅੰਦਰ ਪੈ੍ਰ ਤੱਕ ਨਹੀ ਸੀ ਪਾਉਣ ਦਿੱਤਾ,ਅੱਜ ਉਹਨਾਂ ਦੀ ਯਾਦ ਵਿੱਚ ਮਨਾਏ ਜਾਂਦੇ ਦਿਹਾੜੇ ਮੌਕੇ ਕੱਟੜਵਾਦੀ ਤਾਕਤਾਂ ਵੱਲੋਂ ਮੁੜ ਤੋ ਸਿੱਖਾਂ ਦੇ ਜਖਮਾਂ ਨੂੰ ਕੁਦੇੜਨ ਦੇ ਯਤਨ ਹੋ ਰਹੇ ਹਨ, ਜਦੋਂਕਿ ਚਾਹੀਦਾ ਤਾਂ ਇਹ ਸੀ ਕਿ ਭਾਰਤ ਸਰਕਾਰ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਤੇ ਅਫਸੋਸ ਜਾਹਰ ਕਰਕੇ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ,ਪਰ ਅਜਿਹਾ ਨਹੀ ਹੋ ਸਕੇਗਾ,ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਮਹਿਜ ਇੰਦਰਾ ਗਾਂਧੀ ਦੀ ਸਰਕਾਰ ਦਾ ਹੀ ਫੈਸਲਾ ਨਹੀ ਸੀ,ਇਹ ਫੈਸਲਾ ਸਮੁੱਚੀਆਂ ਕੱਟੜਵਾਦੀ ਤਾਕਤਾਂ ਦਾ ਸਾਝਾ ਫੈਸਲਾ ਸੀ। ਸੋ ਅੱਜ ਦੇ ਦਿਨ ਤੇ ਜਿੱਥੇ ਸਿੱਖ ਕੌਂਮ ਉਹਨਾਂ ਮਹਾਂਨ ਕੌਂਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਮਾਣ ਮਹਿਸੂਸ ਕਰਦੀ ਹੈ,ਓਥੇ ਅਪਣੇ ਹੀ ਮੁਲਕ ਵਿੱਚ ਅਪਣੇ ਹੀ ਦੇਸ਼ ਦੀਆਂ ਫੌਜਾਂ ਵੱਲੋਂ ਸਿੱਖਾਂ ਨਾਲ ਕੀਤੇ ਦੁਸ਼ਮਣ ਵਾਲੇ ਵਰਤਾਰੇ ਤੇ ਅਫਸੋਸ ਵੀ ਪ੍ਰਗਟ ਕਰਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142
ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਭਾਰਤੀ ਫੌਜਾਂ ਦਾ ਹਮਲਾ,ਜਿਸਨੇ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕੀਤਾ - ਬਘੇਲ ਸਿੰਘ ਧਾਲੀਵਾਲ
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਕੀਤਾ ਗਿਆ ਫੌਜੀ ਹਮਲਾ ਸਿੱਖਾਂ ਤੇ ਹੋਏ ਪਹਿਲੇ ਦੋ ਵੱਡੇ ਹਮਲਿਆਂ ਤੋ ਵੀ ਵੱਡਾ ਹਮਲਾ ਹੈ,ਜਿੰਨਾਂ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ।ਤੀਜੇ ਘੱਲੂਘਾਰੇ ਵਿੱਚ ਜੋ ਸਿੱਖ ਮਹਿਲਾਵਾਂ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ,ਉਸ ਨੇ ਜਿੱਥੇ ਭਾਰਤ ਦੇ ਅਖੌਤੀ ਲੋਕਤੰਤਰ ਦਾ ਪਰਦਾਫਾਸ ਕੀਤਾ ਹੈ,ਓਥੇ ਭਾਰਤੀ ਫੌਜ ਦੇ ਇਸ ਘਿਨਾਉਣੇ ਜੁਲਮਾਂ ਨੇ ਮੁਗਲਾਂ ਦੇ ਜੁਲਮਾਂ ਨੂੰ ਬਹੁਤ ਛੋਟਾ ਕਰ ਦਿੱਤਾ ਹੈ।ਪਹਿਲਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ ਮਈ 1746 ਈ: ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ 'ਚ ਵਾਪਰਿਆ।ਜਿੱਥੇ ਦਿਵਾਨ ਲਖਪਤ ਰਾਏ ਨੇ ਅਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਹੌਰ ਦੇ ਸ਼ਾਹੀ ਲਗਵਰਨਰ ਯਾਹੀਆ ਖਾਨ ਤੋ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ ਸੀ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਇਹ ਸਾਕਾ ਛੋਟੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੱਡਾ ਘੱਲੂਘਾਰਾ ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਇਸ ਘਲੂਘਾਰੇ ਵਿਚ ਸਿੱਖਾਂ ਦੀ ਫੌਜ 50,000 ਤੇ ਅਬਦਾਲੀ ਦੀ 2 ਲੱਖ ਤੋ ਵੱਧ ਸੀ। ਸਿੱਖਾਂ ਦੇ 16-18 ਹਜ਼ਾਰ ਬਾਲ ਬੱਚੇ ਤੇ ਔਰਤਾਂ ਤੇ 10-12 ਹਜ਼ਾਰ ਸਿੱਖ ਫੌਜ ਸਮੇਤ ਕੁੱਲ ਕਰੀਬ 30-35 ਹਜ਼ਾਰ ਸਿੱਖ ਸ਼ਹੀਦ ਹੋਏ ਸਨ।ਪ੍ਰੰਤੂ ਵੀਹਵੀਂ ਸਦੀ ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਨੇ ਇਤਿਹਾਸ ਦੇ ਵਰਕਿਆਂ ਵਿੱਚ ਦਰਜ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕਰ ਦਿੱਤਾ ਹੈ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਚ ਹੋਏ ਇਸ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਸ਼ਰਧਾਲੂ ਬੱਚੇ,ਬੱਚੀਆਂ,ਬੁੱਢੇ, ਬੁੱਢੀਆਂ,ਨੌਜੁਆਨ,ਮੁੰਡੇ ਕੁੜੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ਵਿੱਚ ਬੇਰਹਿਮੀ ਨਾਲ ਸਰੀਰਕ,ਮਾਨਸਿਕ ਅਤੇ ਜਿਣਸੀ ਕਸਟ ਦੇਣ ਤੋ ਬਾਅਦ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਅਤੇ ਬਾਕੀਆਂ ਨੂੰ ਗਿਰਫਤਾਰ ਕਰਕੇ ਅੰਨਾ ਜੁਲਮ ਕਰਨ ਤੋਂ ਬਾਅਦ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਸੀ।ਜੂਨ 84 ਦੇ ਇਸ ਹਮਲੇ ਦਾ ਅਤੇ ਮੁਗਲਾਂ ਦੇ ਹਮਲਿਆਂ ਵਿੱਚ ਇਹ ਅੰਤਰ ਸੀ ਕਿ ਉਸ ਮੌਕੇ ਹੋਏ ਜੁਲਮਾਂ ਵਿੱਚ ਸਿੱਖ ਬੀਬੀਆਂ ਕਦੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਨਹੀ ਸਨ ਹੋਈਆਂ,ਪਰ ਜੂਨ 1984 ਦੇ ਹਮਲੇ ਦੌਰਾਨ ਮਹਿਲਾਵਾਂ ਨੂੰ ਜਾਣਬੁੱਝ ਕੇ ਨਿਸਾਨਾ ਬਣਾਇਆ ਗਿਆ।ਸਿੱਖ ਜੂਨ ਦੇ ਇਸ ਹਫਤੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 1 ਜੂਨ 1984 ਦਾ ਪਹਿਲਾ ਦਿਨ ਪੰਜਾਬ ਲਈ ਤੇ ਖਾਸ ਕਰਕੇ ਸਿੱਖਾਂ ਲਈ ਉਹ ਮਨਹੂਸ ਦਿਨ ਸੀ, ਜਿਸ ਦਿਨ ਭਾਰਤੀ ਫੌਜਾਂ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਫਿਰਕੇ ਨੂੰ ਸਬਕ ਸਿਖਾਉਣ ਲਈ ਚੜ੍ਹਾਈ ਕੀਤੀ ਸੀ, ਜਿਸ ਨੇ ਭਾਰਤ ਦੇ ਗਲੋਂ ਵਿਦੇਸ਼ੀ ਗੁਲਾਮੀ ਦਾ ਜੂਲਾ ਲਾਹੁਣ ਲਈ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਅੰਗੇਰਜ ਸਾਮਰਾਜ ਦੀ ਦੋ ਸਦੀਆਂ ਪੁਰਾਣੀ ਗੁਲਾਮੀ ਤੋਂ ਮੁਕੰਮਲ ਅਜਾਦੀ ਦਿਵਾਈ ਸੀ। ਜੂਨ 1984 ਦਾ ਸ੍ਰੀ ਹਰਮੰਦਿਰ ਸਾਹਿਬ ਤੇ ਫੌਜੀ ਹਮਾਲ ਭਾਰਤ ਦੇ ਹਿੰਦੂ ਕੱਟੜਵਾਦ ਵੱਲੋਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਕੀਤੇ ਜਵਰ ਜੁਲਮ ਦਾ ਸਿਖਰ ਕਿਹਾ ਜਾ ਸਕਦਾ ਹੈ। ਇਸ ਹਮਲੇ ਦੌਰਾਨ ਫੋਜ ਦੀ ਹਾਈਕਮਾਂਡ ਵੱਲੋਂ ਫੌਜੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਜੁੜੀਆਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸਬਕ ਸਿਖਾਉਣ ਲਈ ਜੋ ਹਦਾਇਤਾਂ ਦਿੱਤੀਆਂ ਗਈਆਂ, ਉਹ ਬਹੁਤ ਹੀ ਦਿਲ ਕੰਬਾਊ ਸਨ। ਫੌਜ ਦੀ ਹਾਈਕਮਾਂਡ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਦਰਵਾਰ ਸਾਹਿਬ ਕੰਪਲੈਕਸ ਵਿੱਚ ਘਿਰ ਚੁੱਕੀਆਂ ਸਿੱਖ ਬੀਬੀਆਂ ਨਾਲ ਬਲਾਤਕਾਰ ਤੱਕ ਕਰਨ ਦੀ ਖੁੱਲ ਦਿੱਤੀ ਗਈ ਤੇ ਫੌਜੀ ਹਮਲੇ ਦੀ ਕਮਾਂਡ ਸਾਂਭ ਰਹੇ ਜਰਨੈਲਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜੇਕਰ ਕੋਈ ਫੌਜੀ ਜਵਾਨ ਸਿੱਖ ਔਰਤ ਨਾਲ ਬਲਾਤਕਾਰ ਕਰਦਾ ਹੈ ਤਾਂ ਉਸ ਨੂੰ ਕੋਈ ਵੀ ਸਜਾ ਨਾ ਦਿੱਤੀ ਜਾਵੇ ਭਾਵ ਕਿਸੇ ਵੀ ਜੁਰਮ ਬਦਲੇ ਕਿਸੇ ਵੀ ਫੋਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ। ਭਾਰਤੀ ਫੌਜ ਦੇ ਇਹ ਰਾਜ ਦਰਵਾਰ ਸਾਹਿਬ ਤੇ ਫੌਜੀ ਹਮਲੇ ਦੇ ਕਮਾਂਡਰ ਰਹੇ ਜਰਨੈਲ ਕੁਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਉਜਾਗਰ ਕੀਤੇ ਹਨ। ਫੌਜੀ ਜਰਨੈਲ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਵਿੱਚ ਭਾਰਤੀ ਫੌਜ ਨੂੰ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਤੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ। ਉਪਰੋਕਤ ਤੱਥਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਆਪਣਿਆਂ ਵਾਲੀ ਨਹੀਂ ਬਲਕਿ ਦੁਸ਼ਮਣਾਂ ਵਾਲੀ ਰਹੀ।ਇਹੋ ਗੱਲ ਮਿਉਂਦੇ ਜੀਅ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਰਹੇ ਹਨ ਕਿ ਸਾਡੀ ਅਲੱਗ ਹੋਣ ਦੀ ਕੋਈ ਮੰਗ ਨਹੀ,ਪਰ ਰਹਿਣਾ ਅਸੀ ਇੱਕ ਨੰਬਰ ਦੇ ਸਹਿਰੀ ਬਣ ਕੇ ਹੈ,ਦੂਜੇ ਦਰਜੇ ਦੇ ਸਹਿਰੀ ਬਣ ਕੇ ਰਹਿਣਾ ਮਨਜੂਰ ਨਹੀ। ਇਹ ਸਮਝ ਵੀ ਪੈਂਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਫੌਜੀ ਹਮਲਾ ਮਹਿਜ ਦੇਸ਼ ਦੇ ਅਮਨ ਕਾਨੂੰਨ ਨੂੰ ਬਣਾਈ ਰੱਖਣ ਲਈ ਨਹੀ ਬਲਕਿ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦੁਸ਼ਮਣ ਸਮਝਕੇ ਦੂਸਰੇ ਮੁਲਕ ਤੇ ਕੀਤੇ ਜਾਣ ਵਾਲੇ ਹਮਲੇ ਦੀ ਤਰਜ ਤੇ ਬਕਾਇਦਾ ਓਪਰੇਸ਼ਨ ਬਲਿਊ ਸਟਾਰ ਦਾ ਨਾਮ ਦੇ ਕੇ ਕੀਤਾ ਗਿਆ ਸੀ। ਸਿੱਖ ਕੌਮ ਦੀ ਆਣ ਸ਼ਾਨ ਦੇ ਪ੍ਰਤੀਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੇਂਦਰ ਦੀ ਇਸ ਬਦਨੀਤੀ ਤੋਂ ਚੰਗੀ ਤਰਾਂ ਵਾਕਫ ਸਨ ਇਸੇ ਲਈ ਉਨਾਂ ਨੂੰ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੌਜੀ ਹਮਲੇ ਦੇ ਪ੍ਰਤੀਕਰਮ ਵਜੋਂ ਇਹ ਐਲਾਨ ਕੀਤੀ ਗਿਆ ਸੀ ਕਿ ਜੇਕਰ ਭਾਰਤ ਸਰਕਾਰ ਸ੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕਰਦੀ ਹੈ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਟਿੱਕ ਜਾਵੇਗੀ। ਇਹ ਕਿਹਾ ਜਾਣਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਆਸ ਨਹੀਂ ਸੀ ਕਿ ਕੇਦਰ ਸਰਕਾਰ ਐਨਾ ਵੱਡਾ ਹਮਲਾ ਦਰਬਾਰ ਸਾਹਿਬ ਤੇ ਕਰ ਸਕਦੀ ਹੈ, ਉਸ ਦੂਰਅੰਦੇਸ਼ ਸੰਤ ਸਿਪਾਹੀ ਦੀ ਤੌਹੀਨ ਕਰਨ ਦੇ ਸਮਾਨ ਹੈ।, ਜਿਹੜਾ ਚਲਾਕ ਦੁਸ਼ਮਣ ਦੇ ਅੰਦਰਲੀ ਹਰੇਕ ਮੰਦ ਭਾਵਨਾ ਨੂੰ ਚੰਗੀ ਤਰਾਂ ਸਮਝਦਾ ਤੇ ਜਾਣਦਾ ਸੀ। ਜਰਨਲ ਸੁਬੇਗ ਸਿੰਘ ਵੱਲੋਂ ਦਰਬਾਰ ਸਾਹਿਬ ਵਿੱਚ ਕੀਤੀ ਮੋਰਚਾਬੰਦੀ ਅਤੇ ਸੰਤਾਂ ਵੱਲੋਂ ਫੌਜੀ ਹਮਲੇ ਦੇ ਡਟਵੇਂ ਮੁਕਾਬਲੇ ਲਈ ਪਹਿਲਾਂ ਹੀ ਕੀਤਾ ਗਿਆ ਅਸਲਾ ਅਤੇ ਗੋਲੀ ਸਿੱਕੇ ਦਾ ਪ੍ਰਬੰਧ ਕਿਸੇ ਵੀ ਅਜਿਹੀ ਦੰਦਕਥਾ ਦੀ ਗੁੰਜਾਇਸ਼ ਨਹੀਂ ਛੱਡਦਾ ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮਲੇ ਤੋਂ ਅਣਜਾਣ ਸਨ। ਅਜਿਹਾ ਕਹਿ ਕੇ ਉਨਾਂ ਦੀ ਸਿੱਖ ਇਤਿਹਾਸ ਵਿੱਚ ਦਰਜ ਵੱਡੀ ਸੂਰਮਗਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਚਾਈ ਤਾਂ ਇਹ ਹੈ ਕਿ ਕੇਂਦਰ ਦੀ ਬਦਨੀਤੀ ਤੇ ਬੇਗਾਨੇਪਣ ਵਾਲੀ ਮੰਦ ਭਾਵਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸਿੱਖ ਕੌਮ ਨੂੰ ਸੁਚੇਤ ਕਰ ਰਹੇ ਸਨ। ਜਿਸ ਤੋਂ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਖੌਫਜਦਾ ਸਨ, ਕਿਉਕਿ ਕੇਂਦਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪੰਜਾਬ ਦੇ ਰਾਜ ਭਾਗ ਸਮੇਤ ਹਰ ਤਰਾਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਨਿਸ਼ਾਨੇ ਤੋਂ ਭਟਕਾਇਆ ਨਹੀਂ ਸੀ ਜਾ ਸਕਿਆ। ਅਖੀਰ ਕੇਂਦਰ ਨੇ ਇਸ ਫੌਜੀ ਹਮਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਮਨ ਬਣਾ ਲਿਆ, ਇੱਕ ਤਾਂ ਸਿੱਖ ਮੰਗਾਂ ਮਨਵਾਉਣ ਲਈ ਕੇਂਦਰ ਨਾਲ ਟੱਕਰ ਲੈ ਕੇ ਪੂਰੀ ਦੂਨੀਆਂ ਦਾ ਧਿਆਨ ਖਿੱਚਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨਾ ਅਤੇ ਦੂਜਾ ਫੌਜੀ ਹਮਲੇ ਅਤੇ ਪੁਲਿਸ ਸਮੇਤ ਨੀਮ ਫੋਰਸਾਂ ਦੀ ਮੱਦਦ ਨਾਲ ਕੇਂਦਰ ਲਈ ਖਤਰੇ ਪੈਦਾ ਕਰਨ ਵਾਲੀ ਨੌਜਵਾਨ ਸਿੱਖ ਪੀਹੜੀ ਦਾ ਖਾਤਮਾ ਕਰਕੇ ਅਜਿਹੀ ਦਹਿਸ਼ਤ ਪੈਦਾ ਕਰਨੀ ਤਾਂ ਕਿ ਭਵਿੱਖ ਵਿੱਚ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਿੱਖ ਸੌ ਵਾਰ ਸੋਚਣ। ਇਹ ਵੀ ਕੌੜਾ ਸੱਚ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਿ ਦਰਵਾਰ ਸਾਹਿਬ ਤੇ ਕੀਤੇ ਗਏ ਫੌਜੀ ਹਮੇਲ ਲਈ ਸਿੱਖ ਵਿਰੋਧੀ ਭਾਜਪਾ,ਕੌਮਨਿਸਟਾਂ ਸਮੇਤ ਰਵਾਇਤੀ ਅਕਾਲੀ ਲੀਡਰਸ਼ਿੱਪ ਪੂਰੀ ਤਰਾਂ ਕੇਂਦਰ ਦੇ ਨਾਲ ਸੀ, ਜਿਸ ਨਾਲ ਕੇਂਦਰ ਨੂੰ ਸਿੱਖ ਨਸਲਕੁਸ਼ੀ ਕਰਨ ਲਈ ਹੌਂਸਲਾ ਮਿਲਿਆ ਤੇ ਉਨਾਂ ਨੇ ਬੇ-ਫਿਕਰ ਤੇ ਬੇ-ਕਿਰਕ ਹੋ ਕੇ ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ। ਰਹਿੰਦੀ ਦੁਨੀਆਂ ਤੱਕ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫਤੇ ਸਿੱਖਾਂ ਦੇ ਹਿਰਦਿਆਂ ਵਿਚਲੇ ਜਖਮ ਤਾਜਾ ਹੁੰਦੇ ਰਹਿਣਗੇ। ਜੂਨ ਮਹੀਨੇ ਦਾ ਇਹ ਪਹਿਲਾ ਹਫਤਾ ਜਿੱਥੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਆਪਣੇ ਪੁਰਖਿਆਂ ਦੀਆਂ ਲਾਮਿਸ਼ਾਲ ਕੁਰਬਾਨੀਆਂ ਕਰਕੇ ਪ੍ਰੇ੍ਰਰਨਾ ਸਰੋਤ ਹੋਵੇਗਾ, ਉਥੇ ਸਿੱਖ ਕੌਂਮੀ ਜਜ਼ਬੇ ਨੂੰ ਖਤਮ ਕਰਨ ਲਈ ਕੇਂਦਰੀ ਤਾਕਤਾਂ ਦੇ ਮਦਦਗਾਰ ਬਣੇ ਅਕਾਲੀ ਆਗੂਆਂ ਦੇ ਦੋਗਲੇ ਕਿਰਦਾਰ ਨੂੰ ਨੰਗਾ ਕਰਦਾ ਰਹੇਗਾ,ਜਿਸ ਨਾਲ ਉਹਨਾਂ ਦੀਆਂ ਨਸਲਾਂ ਸ਼ਰਮਸਾਰ ਹੁੰਦੀਆਂ ਰਹਿਣਗੀਆਂ।
ਬਘੇਲ ਸਿੰਘ ਧਾਲੀਵਾਲ
99142-58142
ਜੂਨ 1984 ਦਾ ਤੀਜਾ ਘੱਲੂਘਾਰਾ - ਬਘੇਲ ਸਿੰਘ ਧਾਲੀਵਾਲ
ਜੂਨ 84 ਤੋ ਪਹਿਲਾਂ ਸਿੱਖਾਂ ਖਿਲਾਫ ਸਿਰਜੇ ਗਏ ਵਿਰਤਾਂਤ
ਜੂਨ ਦੇ ਪਹਿਲੇ ਹਫਤੇ ਨੂੰ ਸਿੱਖ ਕੌਂਮ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ।ਹਰ ਸਾਲ ਹੀ ਜੂਨ ਦੇ ਪਹਿਲੇ ਹਫਤੇ 1984 ਦਾ ਉਹ ਮੰਜਰ ਸਿੱਖ ਚੇਤਿਆਂ ਵਿੱਚ ਰਿਸਦੇ ਨਸੂਰ ਦੀ ਤਰਾਂ ਤਾਜਾ ਹੋ ਜਾਂਦਾ ਹੈ,ਜਦੋ ਭਾਰਤੀ ਫੌਜਾਂ ਵੱਲੋਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋ ਵੱਧ ਗੁਰਦੁਆਰਾ ਸਹਿਬਾਨਾਂ ਤੇ ਇੱਕੋ ਸਮੇ ਹਮਲਾ ਕਰਕੇ ਜਿੱਥੇ ਹਜਾਰਾਂ ਨਿਰਦੋਸ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਫੌਜੀ ਕੈਂਪਾਂ ਵਿੱਚ ਕੈਦ ਕਰ ਲਿਆ, ਓਥੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਧਹਿ ਢੇਰੀ ਕਰ ਦਿੱਤਾ ਗਿਆ ਅਤੇ ਸਿੱਖ ਮਰਿਯਾਦਾ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ ਕੀਤਾ ਗਿਆ। ਸਿੱਖ ਮਨਾਂ ਚ ਤੀਜੇ ਘੱਲੂਘਾਰੇ ਵਜੋਂ ਡੂੰਘੇ ਉੱਤਰੇ ਅਤੇ ਨਾ ਭਰਨਯੋਗ ਜਖਮ ਦੇਣ ਵਾਲੇ ਜੂਨ ਮਹੀਨੇ ਦੇ ਪਹਿਲੇ ਹਫਤੇ ਨੂੰ ਚੇਤੇ ਕਰਨ ਤੋ ਪਹਿਲਾਂ ਇਸ ਦੇ ਸੰਖੇਪ ਇਤਿਹਾਸ ਤੇ ਜਰੂਰ ਨਜਰਸਾਨੀ ਕਰਨੀ ਬਣਦੀ ਹੈ। ਸਿੱਖਾਂ ਦੀ ਕੇਂਦਰ ਨਾਲ ਲੜਾਈ ਦਾ ਮੁੱਢ ਤਾਂ ਭਾਂਵੇ ਅਜਾਦੀ ਤੋ ਬਾਅਦ ਉਸ ਸਮੇ ਹੀ ਬੱਝ ਗਿਆ ਸੀ,ਜਦੋ ਗਾਂਧੀ,ਨਹਿਰੂ ਅਤੇ ਪਟੇਲ ਦੀ ਤਿੱਕੜੀ ਸਿੱਖਾਂ ਦੀਆਂ 93 ਫੀਸਦੀ ਕੁਰਬਾਨੀਆਂ ਮਿੱਟੀ ਘੱਟੇ ਚ ਰੋਲ ਕੇ ਉਹਨਾਂ ਨੂੰ ਅਜਾਦੀ ਦਾ ਨਿੱਘ ਮਾਨਣ ਲਈ ਅਜਾਦ ਖਿੱਤਾ ਦੇਣ ਦੇ ਵਾਅਦੇ ਤੋ ਅਸਲੋਂ ਹੀ ਮੁਨਕਰ ਹੋ ਗਈ। ਏਥੇ ਹੀ ਬੱਸ ਨਹੀ,ਸਗੋਂ ਪੰਜਾਬ ਅੰਦਰ ਡੇਰਾਵਾਦ ਦਾ ਪਾਸਾਰ ਵੀ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਦੀ ਨੀਅਤ ਨਾਲ ਕੀਤਾ ਗਿਆ।ਨਿਰੰਕਾਰੀਆਂ ਦੇ ਸਿੱਖੀ ਤੇ ਵਾਰ ਵਾਰ ਹਮਲੇ ਵੀ ਕੇਂਦਰ ਦੀ ਕਾਂਗਰਸ ਜਮਾਤ ਅਤੇ ਜਨਸੰਘ ਦੀ ਮਿਲੀਭੁਗਤ ਦਾ ਨਤੀਜਾ ਸਨ।ਇਹਨਾਂ ਹਮਲਿਆਂ ਦੀ ਸਿਖਰ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਦੇਖੀ ਗਈ,ਜਦੋਂ ਤਤਕਾਲੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸ੍ਰੀ ਅਮ੍ਰਿਤਸਰ ਵਿੱਚ ਮਾਨਵ ਏਕਤਾ ਦੇ ਨਾਮ ਹੇਠ ਨਿਰੰਕਾਰੀ ਸਮਾਗਮ ਕਰਨ ਲਈ ਪਹੁੰਚ ਗਿਆ।ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਨਿਰੰਕਾਰੀਆਂ ਦੇ ਇਸ ਕੁਫਰ ਦੇ ਸਮਾਗਮ ਨੂੰ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਪੰਜ ਪੰਜ ਸਿੰਘਾਂ ਦੇ ਪੰਜ ਜਥੇ ਭੇਜੇ ਗਏ,ਪ੍ਰੰਤੂ ਨਿਰੰਕਾਰੀ ਮੁਖੀ ਵੱਲੋਂ ਬਣਾਏ ਗਏ ਹਥਿਆਰਬੰਦ ਸੰਗਠਨ ‘ਨਿਰੰਕਾਰੀ ਸੇਵਾ ਦਲ’ਦੇ ਕਾਰਕੁਨਾਂ ਅਤੇ ਪੁਲਿਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ 13 ਸਿੰਘ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਗੰਭੀਰ ਜਖਮੀ ਹੋ ਗਏ ਸਨ।ਇਹ 13 ਸਿੰਘ ਇਸ ਦੌਰ ਦੇ ਪਹਿਲੇ ਸਿੱਖ ਸ਼ਹੀਦ ਮੰਨੇ ਜਾਂਦੇ ਹਨ,ਜਿਸਤੋਂ ਬਾਅਦ ਹਕੂਮਤ ਅਤੇ ਭਾਰਤੀ ਮੀਡੀਏ ਦੀ ਬਦੌਲਤ ਸਿੱਖਾਂ ਨੂੰ ਮੱਲੋ ਮੱਲੀ ਟਕਰਾਅ ਵਾਲੇ ਰਾਹ ਤੋਰਨ ਦੇ ਲਗਾਤਾਰ ਵਿਰਤਾਂਤ ਸਿਰਜੇ ਜਾਣ ਲੱਗੇ। ਹਿੰਦੂ ਸਿੱਖਾਂ ਵਿੱਚ ਪਾੜਾ ਵਧਾਉਣ ਲਈ ਜਲੰਧਰ ਦੀ ਪ੍ਰੈਸ ਮੁੱਖ ਤੌਰ ਤੇ ਜਿੰਮੇਵਾਰ ਮੰਨੀ ਜਾਂਦੀ ਹੈ।ਇਹ ਭਾਂਵੇਂ ਸਿੱਖਾਂ ਦਾ ਧਾਰਮਿਕ ਮਸਲਾ ਸੀ,ਪਰ ਜਲੰਧਰ ਦੀ ਪ੍ਰੈਸ ਨੇ ਇਸ ਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾ ਕੇ ਪੇਸ ਕੀਤਾ।1981 ਵਿੱਚ ਕੀਤਾ ਗਿਆ ਲਾਲਾ ਜਗਤ ਨਰਾਇਣ ਦਾ ਕਤਲ ਵੀ ਇਸੇ ਸਦੰਰਭ ਵਿੱਚ ਦੇਖਿਆ ਜਾਂਦਾ ਹੈ।ਇਹ ਸਿਲਸਿਲਾ ਅੱਗੇ ਵੱਧਦਾ ਗਿਆ।ਇਸ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਭ ਤੋ ਕਰੀਬੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਦੀ ਹੋਈ ਗਿਰਫਤਾਰੀ ਦੇ ਵਿਰੋਧ ਵਿੱਚ ਅਤੇ ਉਹਨਾ ਦੀ ਬਿਨਾ ਸ਼ਰਤ ਰਿਹਾਈ ਲਈ 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੋਰਚਾ ਅਰੰਭ ਦਿੱਤਾ।ਉਹਨਾਂ ਵੱਲੋਂ ਹਰ ਰੋਜ 51 ਸਿੱਖਾਂ ਦਾ ਜਥਾ ਗਿਰਫਤਾਰੀ ਦੇਣ ਲਈ ਭੇਜਿਆ ਜਾਂਦਾ ਸੀ।ਬਾਅਦ ਵਿੱਚ ਇਸ ਮੋਰਚੇ ਨੂੰ ਸਰੋਮਣੀ ਅਕਾਲੀ ਦਲ ਨੇ ਅਪਣਾਅ ਲਿਆ।ਸ਼ਰੋਮਣੀ ਅਕਾਲੀ ਦਲ ਵੱਲੋ ਇਹ ਮੋਰਚਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਲਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਧਰਮਯੁੱਧ ਮੋਰਚੇ ਦੇ ਨਾਮ ਹੇਠ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਅਰੰਭਿਆ ਗਿਆ ਇਹ ਧਰਮਯੁੱਧ ਮੋਰਚਾ ਕੇਂਦਰ ਸਰਕਾ੍ਰ ਤੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲਾਇਆ ਗਿਆ ਸੀ।ਮੋਰਚੇ ਦੀ ਅਰੰਭਤਾ ਸਮੇ,ਜਿਸ ਦਿਨ ਅਰਦਾਸ ਕਰਕੇ ਸਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਸੁਰੂ ਗਿਆ ਸੀ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤਾਂ ਉਸ ਦਿਨ ਤੋ ਹੀ ਇਸ ਗੱਲ ਤੇ ਦ੍ਰਿੜ ਹੋ ਗਏ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ, ਪ੍ਰੰਤੂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਵੱਲੋਂ ਇਹਨਾਂ ਬਚਨਾਂ ਤੇ ਪਹਿਰਾ ਨਹੀ ਦਿੱਤਾ ਜਾ ਸਕਿਆ। ਉਸ ਮੌਕੇ ਉਹਨਾਂ ਵੱਲੋ ਵੀ ਇਹ ਗੱਲਾਂ ਬੜੀ ਸ਼ਿੱਦਤ ਨਾਲ ਕਹੀਆਂ ਤੇ ਪਰਚਾਰੀਆਂ ਜਾਂਦੀਆਂ ਰਹੀਆਂ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ। ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।ਉਹਨਾਂ ਇਹ ਵੀ ਬੜੀ ਦ੍ਰਿੜਤਾ ਨਾਲ ਕਿਹਾ ਸੀ ਕਿ ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਵਿੱਚ ਹੋਵੇਗੀ ਅਤੇ ਸਭ ਤੋ ਵੱਡੀ ਗੱਲ ਕਿ ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਮੋਰਚੇ ਦੌਰਾਨ ਸਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਭਾਵਨਾਤਮਕ ਤੌਰ ਤੇ ਵੱਡੀ ਪੱਧਰ ਤੇ ਜਜਬਾਤੀ ਕਰ ਦਿੱਤਾ ਸੀ। 1983 ਦੀ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਵਾਏ ਗਏ ਸਨ। ਨਤੀਜੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪ੍ਰਣ ਪੱਤਰ ਭਰਨ ਵਾਲੇ ਮਰਜੀਵੜਿਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ। ਇਸ ਦੌਰਾਨ ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਸੈਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ ‘ਤੇ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ 34 ਸਿੰਘ ਅਪਣੀਆਂ ਜਾਨਾਂ ਤੋ ਹੱਥ ਧੋ ਬੈਠੇ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ।ਅਜਿਹੀਆਂ ਦਰਦਨਾਕ ਮੌਤਾਂ ਅਤੇ ਸਰਕਾਰੀ ਜਬਰ ਦੇ ਕਿੱਸੇ ਸਿੱਖਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਅਤੇ ਰੋਹ ਨੂੰ ਹੋਰ ਪਰਚੰਡ ਕਰ ਰਹੇ ਸਨ। ਇਹ ਉਹ ਸਮਾ ਸੀ ਜਦੋ ਮੋਰਚਾ ਅਪਣੇ ਪੂਰੇ ਜੋਬਨ ਤੇ ਪਹੁੰਚ ਚੁੱਕਾ ਸੀ।ਕੋਈ ਵੀ ਧਿਰ ਮੋਰਚੇ ਤੋ ਬਾਹਰ ਨਹੀ ਸੀ ਰਹੀ।ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ। ਦਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਸਰ ਹੀ ਅਪਣੀਆਂ ਤਕਰੀਰਾਂ ਵਿੱਚ ਕਿਹਾ ਕਰਦੇ ਸਨ ਕਿ ਇਸ ਵਾਰ ਜਾਂ ਤਾ ਮੋਰਚਾ ਫਤਿਹ ਹੋਵੇਗਾ ਜਾਂ ਫਿਰ ਸ਼ਹੀਦੀਆਂ ਹੋਣਗੀਆਂ,ਵਿੱਚ ਵਿਚਾਲੇ ਕੁੱਝ ਨਹੀ ਹੋ ਸਕੇਗਾ।ਪਿੰਡਾਂ,ਸਹਿਰਾਂ,ਕਸਬਿਆਂ ਤੋ ਸਿੱਖਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਘੱਤ ਕੇ ਪਹੁੰਚ ਰਹੇ ਸਨ।ਧਰਮਯੁੱਧ ਮੋਰਚੇ ਦੀ ਧਾਂਕ ਪੂਰੇ ਭਾਰਤ ਵਿੱਚ ਹੀ ਨਹੀ,ਬਲਕਿ ਪੂਰੀ ਦੁਨੀਆਂ ਵਿੱਚ ਪੈ ਰਹੀ ਸੀ । ਦੂਜੇ ਪਾਸੇ ਮੀਡੀਏ ਦੀ ਭੂਮਿਕਾ ਧਰਮਯੁੱਧ ਮੋਰਚੇ ਦੌਰਾਨ ਸਿੱਖਾਂ ਪ੍ਰਤੀ ਹਾਂਅ ਪੱਖੀ ਨਹੀ ਬਲਕਿ ਭੇਦਭਾਵ ਵਾਲੀ ਹੀ ਰਹੀ ਹੈ। ਇੱਕ ਪਾਸੇ ਸਰਕਾਰ ਦੇ ਡੰਡਾਤੰਤਰ ਦੀ ਦਹਿਸਤ ਅਤੇ ਦੂਜੇ ਪਾਸੇ ਰਾਸ਼ਟਰਵਾਦ ਦਾ ਭੂਤ ਅਮ੍ਰਿਤਸਰ ਦੇ ਬਹੁ ਗਿਣਤੀ ਪੱਤਰਕਾਰਾਂ ਨੂੰ ਸੱਚ ਲਿਖਣ ਤੋ ਸਖਤੀ ਨਾਲ ਵਰਜ ਰਿਹਾ ਸੀ। ਦੂਰ ਦੁਰਾਡੇ ਤੋ ਅਮ੍ਰਿਤਸਰ ਵਿੱਚ ਡੇਰੇ ਜਮਾ ਕੇ ਬੈਠਣ ਵਾਲੇ ਗੈਰ ਸਿੱਖ ਪੱਤਰਕਾਰਾਂ ਦੀ ਮਾਨਸਿਕਤਾ ਵਿੱਚ ਪਹਿਲਾਂ ਹੀ ਸਿੱਖਾਂ ਪ੍ਰਤੀ ਕੋਈ ਬਹੁਤੀ ਸਕਾਰਾਤਮਕ ਸੋਚ ਨਹੀ ਸੀ,ਜਿਸ ਕਰਕੇ ਉਹ ਸ੍ਰੀ ਦਰਬਾਰ ਸਾਹਿਬ ਤੋ ਚੱਲ ਰਹੀਆਂ ਗਤੀਵਿਧੀਆਂ ਨੂੰ ਅਲੱਗਵਾਦ ਦੇ ਨਜਰੀਏ ਤੋ ਹੀ ਦੇਖਦੇ,ਸੋਚਦੇ ਅਤੇ ਲਿਖਦੇ ਰਹੇ ਹਨ,ਮੀਡੀਏ ਦੀ ਸਰਕਾਰ ਪੱਖੀ ਅਤੇ ਰਾਸ਼ਟਰਵਾਦੀ ਸੋਚ ਕਾਰਨ ਪੂਰੇ ਭਾਰਤ ਵਿੱਚ ਸਿੱਖਾਂ ਪ੍ਰਤੀ ਦੇਸ ਦੇ ਲੋਕਾਂ ਦੀ ਸੋਚ ਸਕਾਰਾਤਮਕ ਨਹੀ ਰਹੀ ਸੀ।ਇਹ ਸਾਰਾ ਵਿਰਤਾਂਤ ਬਾਕਾਇਦਾ ਸਿਰਜਿਆ ਗਿਆ,ਜਿਸ ਲਈ ਭਾਰਤੀ ਖੂਫੀਆ ਏਜੰਸੀਆਂ ਪੂਰੀ ਤਰਾਂ ਚੌਕਸ ਰਹਿ ਕੇ ਕੰਮ ਕਰਦੀਆਂ ਰਹੀਆਂ,ਏਜੰਸੀਆਂ ਲਈ ਸ੍ਰੀ ਦਰਬਾਰ ਸਾਹਿਬ ਦੀਆਂ ਖੁਫੀਆਂ ਰਿਪੋਰਟਾਂ ਲੈਣ ਲਈ ਬਹੁਤ ਸਾਰੇ ਪੱਤਰਕਾਰ ਉਹਨਾਂ ਲਈ ਭੁਗਤਾਨ ਵਰਕਰ ਦੇ ਤੌਰ ਤੇ ਕੰਮ ਕਰਦੇ ਸਨ,ਜਿਹੜੇ ਅਖਬਾਰਾਂ ਅਤੇ ਨਿਊਜ ਏਜੰਸੀਅਸ਼ ਲਈ ਰਿਪੋਰਟਿੰਗ ਕਰਨ ਦੀ ਘੱਟ ਅਤੇ ਖੁਫੀਆ ਏਜੰਸੀਆਂ ਲਈ ਜਿਆਦਾ ਜੁੰਮੇਵਾਰ ਵਜੋਂ ਕੰਮ ਕਰਦੇ ਸਨ। ਏਜੰਸੀਆਂ ਵੱਲੋਂ ਇਸ ਕੰਮ ਲਈ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਬਹੁਤ ਸਾਰੇ ਨਾਮਵਰ ਪੱਤਰਕਾਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਚ ਰਹੀ।ਬਹੁਤ ਸਾਰਿਆਂ ਨੇ ਸਰੋਮਣੀ ਅਕਾਲੀ ਦਲ ਅਤੇ ਸੰਤ ਹਰਚੰਦ ਸਿੰਘ ਨਾਲ ਨੇੜਤਾ ਬਣਾ ਲਈ ਅਤੇ ਕੁੱਝ ਗਿਣੇ ਚੁਣੇ ਪੱਤਰਕਾਰ ਸੰਤ ਭਿੰਡਰਾਂ ਵਾਲਿਆਂ ਦੇ ਖੇਮੇ ਚ ਰਹਿ ਗਏ। (ਇਹ ਕੌੜਾ ਸੱਚ ਸ੍ਰ ਜਸਪਾਲ ਸਿੰਘ ਸਿੱਧੂ ਨੇ ਅਪਣੀ ਪੁਸਤਕ ‘ਸੰਤ ਭਿਡਰਾਂ ਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’ ਵਿੱਚ ਬੜੀ ਬੇਬਾਕੀ ਨਾਲ ਦਰਜ ਕੀਤਾ ਹੈ)ਇਸ ਸਮੇ ਦੌਰਾਨ ਭਾਰਤੀ ਫੋਰਸਾਂ ਅਤੇ ਏਜੰਸੀਆਂ ਨੇ,ਜਿੰਨਾਂ ਵਿੱਚ ਆਈ ਬੀ ਅਤੇ ਰਾਅ ਸਮੇਤ ਅੱਧੀ ਦਰਜਨ ਏਜੰਸੀਆਂ ਨੇ ਪੰਜਾਬ ਤੇ ਤਿੱਖੀ ਨਜਰ ਰੱਖੀ ਅਤੇ ਹਾਲਾਤਾਂ ਨੂੰ ਭਾਪ ਲਿਆ। ਫੌਜੀ ਹਮਲਾ ਇੱਕ ਸੋਚੀ ਸਮਝੀ ਸਕੀਮ ਤਹਿਤ ਕੀਤਾ ਗਿਆ ਸੀ,ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੌ ਵੱਧ ਗੁਦੁਆਰਾ ਸਾਹਿਬਾਨ ਫੌਜੀ ਕਹਿਰ ਦਾ ਸ਼ਿਕਾਰ ਹੋਏ ਸਨ। ਇਸ ਸਮੇ ਦੌਰਾਨ ਪੱਤਰਕਾਰੀ ਦੇ ਖੇਤਰ ਚ ਕੰਮ ਕਰਦੇ ਬਹੁਤ ਸਾਰੇ ਵਿਅਕਤੀਆਂ ਨੇ ਅਪਣੀਆਂ ਕਲਮਾਂ ਨੂੰ ਖੁੰਡਾ ਕਰ ਲਿਆ ਸੀ ਤੇ ਗੈਰਤ ਚੰਦ ਛਿਲੜਾਂ ਬਦਲੇ ਗਿਰਵੀ ਕਰ ਦਿੱਤੀ ਸੀ।ਇਹ ਸਰਕਾਰੀ ਦਹਿਸਤ ਅਤੇ ਰਾਸ਼ਟਰਵਾਦ ਦੇ ਸਾਂਝੇ ਪਰਭਾਵ ਦਾ ਕਮਾਲ਼ ਸੀ ਕਿ ਪੱਤਰਕਾਰਾਂ ਦੀਆਂ ਖਬਰਾਂ ਪੰਜਾਬ ਦਾ ਅਸਲ ਸੱਚ ਦਿਖਾਉਣ ਦੀ ਬਜਾਏ ਭਾਰਤੀ ਸਿਸਟਮ ਅਨੁਸਾਰ ਲਿਖ ਕੇ ਅਜਿਹਾ ਮਹੌਲ ਸਿਰਜਣ ਵਿੱਚ ਅਪਣਾ ਯੋਗਦਾਨ ਪਾ ਰਹੀਆਂ ਸਨ,ਜਿਹੜਾ ਕੁੱਝ ਦਿਨਾਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਣ ਵਾਲੀ ਫੌਜੀ ਕਾਰਵਾਈ ਲਈ ਸਾਜਗਾਰ ਸਿੱਧ ਹੋਇਆ।
ਬਘੇਲ ਸਿੰਘ ਧਾਲੀਵਾਲ
99142-58142
ਸ੍ਰ ਪ੍ਰਕਾਸ਼ ਸਿੰਘ ਬਾਦਲ ਬਨਾਮ ਪਰਿਵਾਰਵਾਦ,ਗ੍ਰੰਥ,ਪੰਥ ਅਤੇ ਪੰਜਾਬ - ਬਘੇਲ ਸਿੰਘ ਧਾਲੀਵਾਲ
ਸ੍ਰ ਪ੍ਰਕਾਸ਼ ਸਿੰਘ ਬਾਦਲ 95 ਸਾਲ ਤੋ ਵੱਧ ਉਮਰ ਭੋਗ ਕੇ ਬੀਤੇ ਦਿਨੀ 25 ਅਪ੍ਰੈਲ ਦਿਨ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।ਉਹਨਾਂ ਦੀ ਸ਼ਖਸ਼ੀਅਤ ਬਾਰੇ ਆਂਮ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਤਲ਼ਖੀ ਵਿੱਚ ਨਹੀ ਦੇਖੇ ਗਏ।ਇਹ ਉਹਨਾਂ ਦੀ ਸਿਆਸਤ ਦੇ ਦਾਅ ਪੇਚ ਹੀ ਸਨ ਕਿ ਉਹਨਾਂ ਦਾ ਰਵੱਈਆ ਵਿਰੋਧੀਆਂ ਨਾਲ ਵੀ ਦੋਸਤਾਨਾ ਹੀ ਰਿਹਾ ਹੈ।ਉਹ ਲੱਗਭੱਗ 40 ਸਾਲ ਤੋ ਵੱਧ ਸਮਾ ਸਿੱਖ ਸਿਆਸਤ ਤੇ ਭਾਰੂ ਰਹੇ ਹਨ।ਜਿਸਤਰਾਂ ਦਾ ਉਹਨਾਂ ਦਾ ਰਾਜਨੀਤਕ ਜੀਵਨ ਰਿਹਾ ਹੈ,ਉਹਦੇ ਤੇ ਝਾਤ ਮਾਰਦਿਆਂ ਇਹ ਕਹਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਸਾਇਦ ਸ੍ਰ ਬਾਦਲ ਨੇ ਪਿਛਲੇ ਜਨਮ ਚ ਹੀ ਕੋਈ ਮੋਤੀ ਪੁੰਨ ਕੀਤੇ ਹੋਏ ਸਨ,ਜਿਸਦਾ ਫਲ ਉਹਨਾਂ ਨੂੰ ਇਸ ਜੀਵਨ ਵਿੱਚ ਮਿਲਿਆ ਹੈ।ਜਿਹੜਾ ਜੀਵਨ ਉਹ ਹੁਣ ਭੋਗ ਕੇ ਗਏ ਹਨ,ਇਹਦੇ ਵਿੱਚ ਉਹ ਕੀ ਬੀਜ ਕੇ ਗਏ ਹਨ, ਇਹ ਸਾਰਾ ਲੇਖਾ ਜੋਖਾ ਹੁਣ ਰਾਜਨੀਤਕ,ਧਾਰਮਿਕ ਅਤੇ ਸਮਾਜਿਕ ਨਜਰੀਏ ਤੋ ਮਾਹਰ ਵਿਸ਼ਲੇਸ਼ਕਾਂ ਵੱਲੋਂ ਕੀਤਾ ਜਾਵੇਗਾ। ਸ੍ਰ ਬਾਦਲ ਸਬੰਧੀ ਬਰੀਕੀ ਨਾਲ ਛਾਣਬੀਣ ਕਰਨੀ ਇੱਥੇ ਮਨਾਸਿਬ ਨਹੀ,ਪ੍ਰੰਤੂ ਮੋਟੇ ਤੌਰ ਤੇ ਪੰਜਾਬ ਦੇ ਸੰਦਰਭ ਵਿੱਚ ਉਹਨਾਂ ਦੇ ਚੰਗੇ ਅਤੇ ਮਾੜੇ ਪੱਖਾਂ ਤੇ ਚਰਚਾ ਕਰਨੀ ਬਣਦੀ ਹੈ।ਪਿੰਡ ਦੀ ਸਰਪੰਚੀ ਤੋ ਸ਼ੁਰੂ ਕਰਕੇ ਕੇਂਦਰੀ ਕੈਬਨਿਟ ਮੰਤਰੀ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਣ ਦਾ ਰਿਕਾਰਡ ਆਪਣੇ ਨਾਮ ਕਰਕੇ ਜਾਣ ਵਾਲੇ ਸ੍ਰ ਪਰਕਾਸ ਸਿੰਘ ਬਾਦਲ ਭਾਂਵੇਂ ਇਸ ਜੀਵਨ ਵਿੱਚ ਬਹੁਤ ਵਧੀਆ ਜੀਵਨ ਭੋਗ ਕੇ ਗਏ ਹਨ,ਸਾਇਦ ਇਹ ਉਹਨਾਂ ਦੇ ਪਿਛਲੇ ਚੰਗੇ ਕਰਮਾਂ ਦਾ ਫਲ ਹੀ ਸਮਝਿਆ ਜਾ ਰਿਹਾ ਹੈ,ਪਰੰਤੂ ਇਸ ਜੀਵਨ ਵਿੱਚ ਉਹਨਾਂ ‘ਤੇ ਚੰਗੇ ਨਾਲੋਂ ਮਾੜੇ ਕਰਮ ਕਰਨ ਦੇ ਦੋਸ਼ ਜਿਆਦਾ ਲੱਗਦੇ ਰਹੇ ਹਨ,ਬਲਕਿ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਅਤੇ ਪੰਥ ਦਾ ਨੁਕਸਾਨ ਕਰਨ ਦੇ ਕਾਰਜ ਸਭ ਤੋ ਵੱਧ ਉਹਨਾਂ ਦੇ ਹਿੱਸੇ ਹੀ ਆਏ ਹਨ। ਜੇਕਰ ਇਹਨਾਂ ਦੇ ਸੱਤਾ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ,ਤਾਂ ਪ੍ਰਕਾਸ ਸਿੰਘ ਬਾਦਲ ਹੀ ਸਨ,ਜਿੰਨਾਂ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ।ਕਿਸਾਨਾਂ ਨੂੰ ਵੱਡੀ ਪੱਧਰ ਤੇ ਟਿਉਬਵੈਲ ਕੁਨੈਕਸਨ ਵੀ ਉਹਨਾਂ ਦੀਆਂ ਸਰਕਾਰਾਂ ਸਮੇ ਦਿੱਤੇ ਗਏ,ਇਹੋ ਕਾਰਨ ਸੀ ਕਿਸਾਨੀ ਦਾ ਵੱਡਾ ਹਿੱਸਾ ਉਹਨਾਂ ਦੀ ਪਾਰਟੀ ਨਾਲ ਜੁੜਿਆ ਰਿਹਾ ਹੈ।ਗਰੀਬਾਂ ਨੂੰ ਆਟਾ ਦਾਲ ਸਕੀਮਾਂ ਅਤੇ ਟੁੱਟੇ ਛਿੱਤਰਾਂ,ਚੱਪਲਾਂ ਬਦਲੇ ਚੀਨੀ, ਇਸ ਦੇ ਇਵਜ ਵਿੱਚ ਖੂਬ ਚਰਚਾ ਬਦਲੇ ਲੋਕ ਹਮਦਰਦੀ ਖੱਟਣ ਵਾਲੀ ਸਰਕਾਰ ਵੀ ਸ੍ਰ ਬਾਦਲ ਦੀ ਹੀ ਸੀ।ਉਹਨਾਂ ਨੇ ਕਦੇ ਵੀ ਅਫਸਰਸ਼ਾਹੀ ਨੂੰ ਆਪਣੀ ਸਰਕਾਰ ਤੇ ਭਾਰੀ ਨਹੀ ਪੈਣ ਦਿੱਤਾ,ਬਲਕਿ ਉਹਨਾਂ ਦੇ ਜਿਲਾ ਪੱਧਰੀ ਆਗੂਆਂ ਤੇ ਵਰਕਰਾਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਤੇ ਦਬਦਬਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਜੇਕਰ ਉਹਨਾਂ ਦੇ ਕਾਰਜਕਾਲ ਦੇ ਨਾਕਾਰਾਤਮਿਕ ਪੱਖ ਦੀ ਗੱਲ ਕੀਤੀ ਜਾਵੇ,ਤਾਂ ਸਬਸਿਡੀਆਂ ਦੇ ਦੇ ਕੇ ਟਿਉਬਵੈਲ ਕੁਨੈਕਸਨ ਦੇ ਕੇ ਸ੍ਰ ਬਾਦਲ ਨੇ ਪੰਜਾਬੀ ਕਿਸਾਨਾਂ ਦੇ ਅੰਦਰੋਂ ਨਹਿਰੀ ਪਾਣੀ ਦੀ ਲੋੜ ਦਾ ਅਹਿਸਾਸ ਮਾਰ ਦੇਣ ਦਾ ਦੋਸ਼ ਵੀ ਉਹਨਾਂ ਤੇ ਲੱਗਦਾ ਹੈ। ਉਹਨਾਂ ਵੱਲੋਂ ਉਪਰੋਕਤ ਨਿਗੂਣੀਆਂ ਸਹੂਲਤਾਂ ਦੇਕੇ ਭਾਖੜਾ ਡੈਮ ਦਾ ਪਰਬੰਧ ਅਤੇ ਖੋਹੇ ਗਏ ਨਹਿਰੀ ਪਾਣੀ ਵਰਗੇ ਬੇਹੱਦ ਗੰਭੀਰ ਮੁੱਦਿਆਂ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਸੁਹਿਰਦਤਾ ਨਾਲ ਸੋਚਣ ਦਾ ਮੌਕਾ ਹੀ ਨਹੀ ਦਿੱਤਾ ਗਿਆ।ਹਜਾਰਾਂ ਨੌਜਵਾਨਾਂ ਦਾ ਘਾਣ ਕਰਵਾਉਣ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਿਲਾਂਜਲੀ ਦੇ ਕੇ ਸਿੱਖ ਹਿਤਾਂ ਤੋ ਮੂਲ਼ੋਂ ਹੀ ਪਾਸਾ ਵੱਟਣ ਦਾ ਵੱਡਾ ਦੋਸ਼ ਵੀ ਸ੍ਰ ਬਾਦਲ ਤੇ ਲੱਗਦਾ ਹੈ।ਇਹ ਧਾਰਨਾ ਆਮ ਪ੍ਰਚੱਲਿਤ ਹੈ ਕਿ ਸ੍ਰ ਬਾਦਲ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਪੰਥ ਲੁੱਟਿਆ ਪੁੱਟਿਆ ਗਿਆ,ਪਰ ਬਾਦਲ ਪਰਿਵਾਰ ਦੇ ਕਾਰੋਵਾਰ ਲਗਾਤਾਰ ਤੇਜੀ ਨਾਲ ਵੱਧਦੇ ਰਹੇ।ਪਹਿਲੀ ਵਾਰ ਮੁੱਖ ਮੰਤਰੀ ਬਣਦਿਆਂ ਪੰਜਾਬ ਚ ਚੱਲ ਰਹੀ ਉਸ ਮੌਕੇ ਦੀ ਨਕਸਲਵਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਮੁਕਾਬਲਿਆਂ ਦੀ ਪਿਰਤ ਵੀ 1971 ਵਿੱਚ ਉਹਨਾਂ ਵੱਲੋਂ ਪਾਈ ਗਈ ਸੀ,ਜਦੋ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਨਾਉਣ ਦਾ ਸਫਲ ਤੁਜੱਰਬਾ 82 ਸਾਲਾ ਨਕਸਲਵਾੜੀਏ ਬਾਬਾ ਬੂਝਾ ਸਿੰਘ ਤੇ ਕੀਤਾ ਗਿਆ ਸੀ,ਉਸ ਤੋਂ ਬਾਅਦ ਇਹ ਪਿਰਤ ਲਗਾਤਾਰ ਚੱਲਦੀ ਰਹੀ ਅਤੇ ਸੈਕੜੇ ਦੇ ਕਰੀਬ ਨਕਸਲਵਾੜੀ ਲਹਿਰ ਨਾਲ ਸਬੰਧਤ ਨੌਜਵਾਨਾਂ ਦਾ ਅਕਿਹ ਅਤੇ ਅਸਿਹ ਤਸੀਹੇ ਦੇ ਕੇ ਕਤਲ ਕੀਤਾ ਗਿਆ। ਉਸ ਮੌਕੇ ਇੱਕ ਗੀਤ ਵੀ ਪਰਚੱਲਿਤ ਹੋਇਆ ਸੀ,ਜਿਸ ਵਿੱਚ ਮੌਤ ਕਿਸੇ ਸਿਰੜੀ ਨੌਜਵਾਨ ਨਾਲ ਗੱਲਾਂ ਕਰਦੀ ਚਿਤਵੀ ਹੈ,ਜਿਸ ਦੇ ਬੋਲ ਸਨ:-
‘ਚੁੱਕ ਤੱਤੇ ਸਰੀਏ ਨੂੰ ਲਾਲ ਸੂਹੀ ਹੋਕੇ ਮੌਤ ਕਹਿੰਦੀ ਇੰਜ ਆਉਂਦਾ ਨਹੀ ਤੂੰ ਲੋਟ ਵੇ,
ਕਿੱਥੇ ਤੇਰੀ ਜਨਤਾ ਤੂੰ ਕੀਹਦੇ ਗੁਣ ਗਾਈ ਜਾਵੇਂ ਕਿੱਥੇ ਨੇ ਉਹ ਅੱਜ ਤੇਰੇ ਲੋਕ ਵੇ”
‘ਪਿੰਡ ਮੇਰੇ ਸਾਰੇ ਪਿੰਡ, ਲੋਕ ਮੇਰੇ ਸਾਰੇ ਲੋਕ,ਘਰ ਮੇਰਾ ਜਨਤਾ ਦੀ ਝੋਲ’
‘ਨਹਿਰ ਕਿਨਾਰੇ ਮੌਤ ਜਿੰਦਗੀ ਵਿਚਾਲੇ ਸਾਰੀ ਰਾਤ ਇੰਜ ਹੁੰਦਾ ਰਿਹਾ ਘੋਲ’….
ਸੋ ਉਪਰੋਕਤ ਗੀਤ ਦੀਆਂ ਸਤਰਾਂ ਸਪੱਸਟ ਕਰਦੀਆਂ ਹਨ,ਕਿ ਉਸ ਮੌਕੇ ਦੇ ਨੌਜਵਾਨਾਂ ਨਾਲ ਕਿਸਤਰਾਂ ਦਾ ਵਿਹਾਰ ਕੀਤਾ ਜਾਂਦਾ ਰਿਹਾ,ਤੇ ਕਿਸਤਰਾਂ ਅੱਗ ਵਿੱਚ ਲਾਲ ਕੀਤੇ ਹੋਏ ਸਰੀਏ ਨੌਜਵਾਨਾਂ ਦੇ ਸਰੀਰ ਵਿੱਚਦੀ ਕੱਢੇ ਜਾਂਦੇ ਸਨ। ਸ੍ਰ ਬਾਦਲ ਵੱਲੋਂ ਪਾਈ ਇਸ ਪਿਰਤ ਨੇ ਉਸ ਤੋ ਬਾਅਦ 1984 ਤੋ 1994 ਦੇ ਦਹਾਕੇ ਦੌਰਾਨ ਤਾਂ ਸਾਰੇ ਪੁਰਾਣੇ ਰਿਕਾਰਡ ਹੀ ਮਾਤ ਪਾ ਦਿੱਤੇ ਸਨ। ਹੁਣ ਜਦੋ ਸ੍ਰ ਬਾਦਲ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਹਨ,ਤਾਂ ਇਸ ਪੜਾ ਤੇ ਆਕੇ ਉਹਨਾਂ ਦੀ ਜਿੰਦਗੀ ਦਾ ਸਾਰਾ ਚਿੱਠਾ ਨੰਗਾ ਹੋਣਾ ਸੁਭਾਵਿਕ ਹੈ।ਸ੍ਰ ਬਾਦਲ ਜਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਹਨਾਂ ਦੀ ਪਾਰੀ ਸਿੱਖ ਕੌਂਮ ਲਈ ਸ਼ੁਭ ਨਹੀ ਰਹੀ। ਦੂਜੀ ਵਾਰ ਮੁੱਖ ਮੰਤਰੀ ਰਹੇ 1977-1980, ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਐਸ ਵਾਈ ਐਲ ਨਹਿਰ ਕੱਢਣ ਦਾ ਨੋਟੀਫਿਕੇਸਨ ਵੀ 1978 ਵਿੱਚ ਸ੍ਰ ਬਾਦਲ ਦੀ ਸਰਕਾ੍ਰ ਸਮੇ ਜਾਰੀ ਕੀਤਾ ਗਿਆ। ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿੱਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿੱਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿੱਚ ਮਦਦ ਕਰਨ ਅਤੇ ਆਰ ਐਸ ਐਸ ਦੀ ਫਰਬਰੀ 1994 ਵਿੱਚ ਪੱਕੀ ਮੈਂਬਰਸ਼ਿੱਪ ਲੈਣ ਦੇ ਇਨਾਮ ਵਿੱਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋ ਸੈਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ,ਚੌਥੀ ਵਾਰ 2007-2012 ਵਿੱਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿੱਚ ਵੀ ਸੈਕੜੇ ਝੂਠੇ ਕੇਸ ਸਿੱਖਾਂ ਤੇ ਪਾਏ,ਤਸੱਦਦ ਢਾਹਿਆ,ਸਿੱਖ ਨੌਜਆਨ ਸ਼ਹੀਦ ਕੀਤੇ ਅਤੇ ਡੇਰੇਦਾਰ ਨੂੰ ਸੁਰਖਿਆ ਦਿੱਤੀ, ਪੰਜਵੀਂ ਤੇ ਆਖਰੀ ਵਾਰ 2012 -2017 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋ ਜੂਨ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ ਬੁਛਾੜਾਂ ਛੱਡੀਆਂ, ਅੱਥਰੂ ਗੈਸ ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਕੜੇ ਸਿੱਖ ਗੰਭੀਰ ਰੂਪ ਵਿੱਚ ਜਖਮੀ ਕੀਤੇ,ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ। ਸ੍ਰ ਬਾਦਲ ਨੇ ਭਾਂਵੇ ਆਪਣੇ ਪਰਿਵਾਰ ਲਈ ਬਹੁਤ ਵੱਡੇ ਕਾਰੋਬਾਰ ਖੜੇ ਕਰ ਦਿੱਤੇ ਹੋਣ,ਆਪਣੇ ਇਕਲੌਤੇ ਪੁੱਤਰ ਨੂੰ ਉੱਪ ਮੁੱਖ ਮੰਤਰੀ ਅਤੇ ਸਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਾ ਦਿੱਤਾ,ਪਰੰਤੂ ਇਹ ਕੌੜਾ ਸੱਚ ਹੈ ਕਿ ਸ੍ਰ ਬਾਦਲ ਨੇ ਕੋਈ ਵੀ ਸਿੱਖ ਸੰਸਥਾ ਇੱਕ ਜੁੱਟ ਨਹੀ ਰਹਿਣ ਦਿੱਤੀ,ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਖ ਵਿਰੋਧੀ ਜਮਾਤ ਦੀ ਘੁਸਪੈਹਠ ਕਰਵਾ ਕੇ ਜੋ ਪੰਥ,ਪੰਜਾਬ ਅਤੇ ਸਿੱਖੀ ਸਿਧਾਂਤਾਂ ਦਾ ਨੁਕਸਾਨ ਕੀਤਾ ਹੈ,ਉਹਦੇ ਲਈ ਸਿੱਖ ਹਮੇਸਾਂ ਸ੍ਰ ਬਾਦਲ ਨੂੰ ਕੋਸਦੇ ਰਹਿਣਗੇ। ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਸਭ ਤੋ ਵੱਧ ਢਾਹ ਵੀ ਇਸ ਸਮੇ ਦੌਰਾਨ ਹੀ ਲੱਗੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਪੰਜ ਵਾਰੀ ਮੁੱਖ ਮੰਤਰੀ ਬਨਣਾ ਕਈ ਮਹਾਨਤਾ ਜਾਂ ਮਹੱਤਵਪੂਰਨ ਨਹੀ,ਬਲਕਿ ਮਹੱਤਵਪੂਰਨ ਤਾਂ ਇਹ ਹੈ ਕਿ ਉਹ ਪੰਜ ਵਾਰ ਮੁੱਖ ਮੰਤਰੀ ਬਣਕੇ ਆਪਣੇ ਲੋਕਾਂ ਲਈ ਕਿਹੜੇ ਵੱਡੇ ਕਾਰਜ ਕਰਕੇ ਗਏ। ਇਹ ਵੀ ਅਕਾਲ ਪੁਰਖ ਦਾ ਕੋਈ ਕੌਤਿਕ ਹੀ ਸਮਝਿਆ ਜਾਣਾ ਬਣਦਾ ਹੈ ਕਿ ਉਮਰ ਭਰ ਰਾਜਨੀਤੀ ਵਿੱਚ ਵਿਰੋਧੀਆਂ ਨੂ ਚਿੱਤ ਕਰਨ ਵਿੱਚ ਸਫਲ ਰਹਿਣ ਵਾਲਾ ਸ੍ਰ ਬਾਦਲ ਜਿੱਥੇ ਆਪਣੇ ਪਰਿਵਾਰ ਨੂੰ ਲੋਕਾਂ ਚ ਬਿਲਕੁਲ ਕੱਖੋਂ ਹੌਲਾ ਹੋਇਆ ਆਪਣੀਆਂ ਅੱਖਾਂ ਨਾਲ ਜਿਉਂਦੇ ਜੀਅ ਦੇਖ ਕੇ ਗਿਆ ਹੈ,ਓਥੇ ਹਮੇਸਾਂ ਜੇਤੂ ਰਹਿਣ ਵਾਲਾ ਸ੍ਰ ਬਾਦਲ ਜਿੰਦਗੀ ਦੀ ਆਖਰੀ ਚੋਣ ਹਾਰ ਕੇ ਦੁਨੀਆਂ ਤੋ ਗਿਆ ਹੈ।ਗ੍ਰੰਥ,ਪੰਥ ਦਾ ਮਿਹਣਾ ਬਾਦਲ ਪਰਿਵਾਰ ਦੀਆਂ ਪੁਸਤਾਂ ਦੇ ਨਾਮ ਜੁੜ ਗਿਆ ਹੈ,ਕਿਉਂਕਿ ਸ੍ਰ ਬਾਦਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਦੇ ਦੋਸ਼ੀ ਹੋਣ ਦਾ ਕਲੰਕ ਵੀ ਨਾਲ ਲੈ ਕੇ ਹੀ ਸੰਸਾਰ ਤੋਂ ਕੂਚ ਕਰ ਗਿਆ ਹੈ। ਸੋ ਮਰਨ ਉਪਰੰਤ ਕੋਈ ਵਿਅਕਤੀ ਕਿੰਨੀਆਂ ਦੁਆਵਾਂ ਜਾਂ ਬਦ-ਦੁਆਵਾਂ ਲੈ ਕੇ ਜਾਂਦਾ ਹੈ,ਇਹ ਉਹਦੇ ਜਿੰਦਗੀ ਵਿੱਚ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ। ਇਸੇਤਰਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਚ ਕੀ ਖੱਟਿਆ ਅਤੇ ਕੀ ਗਵਾਇਆ,ਇਹ ਪਾਠਕ ਖੁਦ ਉਹਨਾਂ ਵੱਲੋਂ ਸਰੀਰਕ ਰੂਪ ਚ ਵਿਚਰਦਿਆਂ ਕੀਤੇ ਗਏ ਉਹਨਾਂ ਦੇ ਕਰਮਾਂ ਤੋਂ ਅੰਦਾਜਾ ਖੁਦ ਲਾ ਲੈਣਗੇ।
ਬਘੇਲ ਸਿੰਘ ਧਾਲੀਵਾਲ
99142-58142