ਤਿਉਹਾਰ ਤੇ ਸਮਾਜ ਦੇ ਹਵਾਲੇ ਨਾਲ ਦੀਵਾਲੀ - ਕੇਹਰ ਸ਼ਰੀਫ਼
ਹਰ ਸਮਾਜ ਅੰਦਰ ਹੀ ਬਹੁਤ ਸਾਰੇ ਤਿਉਹਾਰ ਹਨ। ਵੱਖੋ ਵੱਖ ਸਮਾਜਾਂ ਅੰਦਰ ਇਨ੍ਹਾਂ ਦੀ ਦਿਸ਼ਾ ਤੇ ਦਸ਼ਾ ਦੋਵੇਂ ਹੀ ਬਦਲਦੇ ਰਹਿੰਦੇ ਹਨ । ਤਿਉਹਾਰਾਂ ਦੇ ਪਿਛੋਕੜ ਬਹੁਤੀ ਵਾਰ ਲੋਕ ਆਪਣੇ ਹਿਸਾਬ ਨਾਲ ਹੀ ਸਿਰਜ ਲੈਂਦੇ ਹਨ। ਕਈ ਵਾਰ ਉਨ੍ਹਾ ਦਾ ਪਿਛੋਕੜ ਧਾਰਮਿਕ ਖੇਤਰ ਨਾਲ ਜੁੜ ਜਾਂਦਾ ਹੈ ਪਰ ਬਹੁਤੇ ਤਿਉਹਾਰ ਸਮਾਜਿਕਤਾ ਦਾ ਬਾਣਾ ਪਹਿਨਦੇ ਹਨ। ਭਾਰਤੀ ਸਮਾਜ ਅੰਦਰ ਦੀਵਾਲੀ ਅਜਿਹਾ ਹੀ ਤਿਉਹਾਰ ਹੈ ਜੋ ਸਮਾਜਿਕ ਵੀ ਹੈ ਅਤੇ ਧਾਰਮਿਕਤਾ ਨਾਲ ਵੀ ਜੁੜਿਆਂ ਹੋਇਆ ਹੈ। ਕਿਹਾ ਜਾਂਦਾ ਹੈ ਅਯੁਧਿਆ ਵਾਲੇ ਰਾਜੇ ਦਸ਼ਰਥ ਦੇ ਪੁੱਤਰ ਰਾਮ ਦਾ 14 ਸਾਲ ਬਾਅਦ ਬਨਵਾਸ ਤੋਂ ਵਾਪਸ ਆਉਣ ਕਰਕੇ ਸ਼ਹਿਰੀਆਂ ਦੇ ਵੱਖੋ ਵੱਖ ਹਿੱਸਿਆਂ ਨੇ ਇਸ ਰਾਤੇ ਹਨੇਰਾ ਹੋਣ ਕਰਕੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। (ਇਸ ਸਮੇਂ ਮਹਾਂਰਿਸ਼ੀ ਸ਼ੰਭੂਕ ਦੀ ਹੋਈ ਹੱਤਿਆ ਦਾ ਜ਼ਿਕਰ ਕਰਨਾ ਕਿਉਂ ਜ਼ਰੂਰੀ ਨਹੀਂ ਸਮਝਿਆ ਜਾਂਦਾ, ਉਸ ਦਾ ਸੋਗ ਮਨਾਉਣਾ ਲੋਕ ਕਿਉਂ ਭੁੱਲ ਜਾਂਦੇ ਹਨ ?) ਇਸ ਦਿਨ ਨਾਲ ਦੂਜੀ ਧਾਰਨਾ ਦਾ ਜੁੜਨਾ ਬਹੁਤਾ ਪੁਰਾਣਾ ਨਹੀਂ। ਕਹਿੰਦੇ ਹਨ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਰਿਹਾਅ ਹੋ ਕੇ ਅਮ੍ਰਿਤਸਰ ਪਹੁੰਚੇ ਸਨ ਅਤੇ ਉਨ੍ਹਾ ਦੇ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਇੱਥੇ ਪਹੁੰਚਣ ਦੀ ਖੁਸ਼ੀ ਵਿਚ ਦੀਪ ਮਾਲਾ ਕੀਤੀ ਸੀ। ਪਰ ਇਸ ਘਟਨਾ ਸਬੰਧੀ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭਣੇ ਇਤਿਹਾਸਕਾਰਾਂ ਦਾ ਕੰਮ ਹੈ ਪਰ ਅਜੇ ਤੱਕ ਤਾਂ ਇਤਿਹਾਸਕਾਰਾਂ ਵਲੋਂ ਕੋਈ ਸਰਬਪ੍ਰਵਾਨਿਤ ਮੰਨਣਯੋਗ ਦਲੀਲ ਸਾਹਮਣੇ ਨਹੀਂ ਆਈ।
ਇਨ੍ਹਾਂ ਦੋਹਾਂ ਹੀ ਘਟਨਾਵਾਂ ਬਾਰੇ ਬਹੁਤ ਸਾਰੇ ਸਵਾਲ ਹਨ ਜਿਨ੍ਹਾ ਦੇ ਜਵਾਬ ਲੱਭਣੇ ਕੋਈ ਸੌਖੇ ਨਹੀਂ। ਜਿਸ ਧਾਰਮਿਕ ਆਸਥਾ ਬਾਰੇ ਕੋਈ ਗੱਲ ਕਰਦਾ ਹੈ ਤਾਂ ਉਸ ਆਸਥਾ ਦੇ ਸ਼ਰਧਾਲੂ ਆਪਣਾ ਤੋਤਾ ਰਟਣ ਪੇਸ਼ ਕਰ ਦਿੰਦੇ ਹਨ। ਕਿਸੇ ਦੂਜੇ ਵਲੋਂ ਕਹੇ ਜਾਂ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਗੌਰ ਕਰਨਾ ਕੋਈ ਬਹੁਤਾ ਜਰੂਰੀ ਨਹੀਂ ਸਮਝਦੇ । ਰਾਮ ਵਲੋਂ 14 ਸਾਲ ਬਾਅਦ ਬਨਵਾਸ ਤੋਂ ਅਯੁਧਿਆ ਮੁੜਨ ਦੀ ਘਟਨਾ ਨੂੰ ਬਹੁਤ ਸਾਰੇ ਲੋਕ ਕਾਲਪਨਿਕ ਵੀ ਦੱਸਦੇ ਹਨ- ਇਸ ਨੂੰ ਮਿਥਿਹਾਸ ਵੀ ਕਿਹਾ ਜਾਂਦਾ ਹੈ। ਪਰ ਉਨ੍ਹਾਂ ਨੂੰ ਮੰਨਣ ਵਾਲਿਆਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਲੱਭਦਾ ਤਾਂ ਉਹ ਇਸ ਕਹੇ ਜਾਂਦੇ ਦੀਵਾਲੀ ਦੇ ਤਿਉਹਾਰ ਦਾ ਕੀ ਕਰਨ ਹੈ ? ਉਸ ਸਮੇਂ ਜਿਸ ਨਾਲ ਇਸ ਰਾਮ ਵਾਲੀ ਘਟਨਾ ਨੂੰ ਜੋੜਿਆ ਜਾਂਦਾ ਹੈ ਉਨ੍ਹਾਂ ਸਮਿਆਂ ਵਿਚ ਰਾਜ ਕੋਈ ਬਹੁਤ ਵੱਡੇ ਨਹੀਂ ਸਨ ਹੁੰਦੇ। ਛੋਟੀਆਂ ਛੋਟੀਆਂ ਰਿਆਸਤਾਂ, ਕਈ ਤਾਂ ਕੁੱਝ ਪਿੰਡਾਂ ਤਕ ਹੀ ਸੀਮਤ ਹੁੰਦੇ ਸਨ । ਇਸ ਕਰਕੇ ਰਾਜਾ ਹੋਣਾ ਵੀ ਕੋਈ ਬਹੁਤਾ ਮਹੱਤਵਪੂਰਨ ਨਹੀਂ ਕਿਹਾ ਜਾ ਸਕਦਾ, ਬਸ! ਛੋਟਾ-ਮੋਟਾ "ਜਗੀਰਦਾਰ"। ਇਨ੍ਹਾਂ ਗੱਲਾਂ ਨੂੰ ਸਮਝਣ ਵਾਸਤੇ ਅੱਜ ਦੇ ਨਹੀਂ ਉਸ ਸਮੇਂ ਦੇ ਸੰਦਰਭ ਅੰਦਰ ਹੀ ਵਿਚਾਰ ਕੀਤੀ ਜਾਣੀ ਚਾਹੀਦਾ ਹੈ।
ਅਗਲੀ ਘਟਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਵਾਲੇ ਕਿਲੇ ਦੀ ਕੈਦ ਤੋਂ ਰਿਹਾ ਹੋ ਕੇ ਅਮ੍ਰਿਤਸਰ ਪਹੁੰਚਣ ਦੀ ਹੈ। ਸਿੱਖ ਧਰਮ ਨਾਲ ਸਬੰਧਤ ਭਾਈ ਮਨੀ ਸਿੰਘ ਵਾਲੀ ਘਟਨਾ ਵੀ ਹੈ ਜਿਸ ਕਰਕੇ ਉਸ ਸਮੇਂ ਉਨ੍ਹਾਂ ਦੀ ਸ਼ਹਾਦਤ ਵੀ ਹੋਈ, ਇਹ ਬਹੁਤੀ ਦੀਵਾਲੀ ਨਾਲ ਜੁੜਦੀ ਹੈ। ਬਹੁਤ ਲੰਬੇ ਸਮੇਂ ਤੱਕ ਸਿੱਖ ਵੀ ਦੀਵਾਲੀ ਮਨਾਉਂਦੇ ਰਹੇ ਹਨ। ਪਰ ਪਿਛਲੇ ਕੁੱਝ ਸਮੇਂ ਤੋਂ ਸਿੱਖਾਂ ਵਲੋਂ ਦੀਵਾਲੀ ਦੀ ਥਾਂ ਗੁਰੂ ਹਰਗੋਬਿੰਦ ਸਾਹਿਬ ਵਾਲੀ ਘਟਨਾ ਨੂੰ ਅੱਗੇ ਰੱਖ ਕੇ ਇਸਦਾ ਨਾਮ ਬੰਦੀ ਛੋੜ ਦਿਵਸ ਰੱਖ ਲਿਆ ਗਿਆ ਅਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਦੀਵਾਲੀ ਹਿੰਦੂਆ ਦਾ ਤਿਉਹਾਰ ਹੈ ਇਸ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂ। ਕਹਿੰਦੇ ਹਨ ਕਿ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਰਿਹਾ ਕਰਨ ਦਾ ਹੁਕਮ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕੈਦ ਕੀਤੇ ਗਏ ਹੋਰ ਰਾਜੇ ਜੋ ਉਸ ਕੈਦ ਵਿਚ ਬੰਦ ਸਨ, ਉਨ੍ਹਾਂ ਦੀ ਰਿਹਾਈ ਵੀ ਕੀਤੀ ਜਾਵੇ। ਹਾਕਮਾਂ ਵਲੋਂ ਕਿਹਾ ਗਿਆ ਦੱਸਿਆ ਜਾਂਦਾ ਹੈ (ਜੋ ਪੜ੍ਹਨ ਨੂੰ ਮਿਲਦਾ ਹੈ) ਕਿ ਉਨ੍ਹਾਂ ਗੁਰੂ ਸਾਹਿਬ ਨੂੰ ਜਵਾਬ ਦਿੱਤਾ ਕਿ ਜਿੰਨੇ ਲੋਕ ਤੁਹਾਡੇ ਚੋਲ਼ੇ ਨੂੰ ਫੜ ਕੇ ਤੁਹਾਡੇ ਨਾਲ ਜਾ ਸਕਦੇ ਹੋਣ ਅਸੀਂ ਉਨ੍ਹਾਂ ਨੂੰ ਰਿਹਾ ਕਰ ਦੇਵਾਂਗੇ। ਇਸ ਕਰਕੇ ਗੁਰੂ ਸਾਹਿਬ ਨੇ 52 ਤਣੀਆਂ ਵਾਲਾ ਇਕ ਚੋਲ਼ਾ ਤਿਆਰ ਕਰਵਾਇਆ ਤੇ 52 ਰਾਜੇ ਜੋ ਉੱਥੇ ਕੈਦ ਸਨ ਕਿਹਾ ਜਾਂਦਾ ਹੈ ਉਹ ਚੋਲ਼ੇ ਦੀਆਂ ਤਣੀਆਂ ਫੜਕੇ ਬਾਹਰ ਆਏ- ਇਸ ਤਰ੍ਹਾਂ ਗੁਰੂ ਸਾਹਿਬ ਨੂੰ ਬੰਦੀ ਛੋੜ ਕਿਹਾ ਗਿਆ- ਇਸ ਦਿਨ ਨੂੰ ਸਿੱਖਾਂ ਨੇ ਬੰਦੀ ਛੋੜ ਦਿਵਸ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ। ਇੱਥੇ ਬੁਨਿਆਦੀ ਸਵਾਲ ਹੀ ਇਹ ਬਣਦਾ ਹੈ ਕਿ ਇਹ ਬੰਦੀ ਕੌਣ ਸਨ? ਬੰਦੀਛੋੜ ਸ਼ਬਦ ਕਦੋਂ ਤੇ ਕਿੱਥੇ ਸਭ ਤੋਂ ਪਹਿਲਾਂ ਲਿਖਿਆ ਮਿਲਦਾ ਹੈ। ਇਸ ਬਾਰੇ ਕਿਸੇ ਕੋਲ ਪ੍ਰਮਾਣਕ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰੇ। ਇਸ ਨਾਲ ਇਤਿਹਾਸਕ ਪ੍ਰਮਾਣ ਵੀ ਮਿਲ ਜਾਵੇਗਾ। ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਰਿਹਾਈ ਫਕੀਰ ਮੀਆਂ ਮੀਰ ਦੇ ਕਹਿਣ ਤੇ ਹੋਈ ਸੀ। ਸੱਚ ਕੀ ਹੈ ਇਸ ਨੂੰ ਨਿਤਾਰਿਆ ਜਾਣਾ ਚਾਹੀਦਾ ਹੈ। ਇਹ ਇਤਿਹਾਸਕਾਰਾਂ ਦਾ ਕੰਮ ਹੈ ਉਹ ਸ੍ਰੋਤਾਂ ਦੇ ਹਵਾਲੇ ਨਾਲ ਦੱਸਣ ਕਿ ਅਸਲ ਵਿਚ ਹੈ ਕੀ ਗੱਲ? ਹੁਣ ਤੱਕ ਇਹ ਹੀ ਸੁਣਦੇ ਰਹੇ ਕਿ "ਦਾਲ ਰੋਟੀ ਘਰ ਦੀ ਦੀਵਾਲੀ ਅਮ੍ਰਿਤਸਰ ਦੀ" ਜਾਂ ਭਾਈ ਗੁਰਦਾਸ ਜੀ ਦੇ ਹਵਾਲੇ ਨਾਲ ਕਿ :
'ਦੀਵਾਲੀ ਦੀ ਰਾਤਿ ਦੀਵੇ ਬਾਲਿਅਨਿ'।।
ਇੱਥੇ ਫੇਰ ਸਵਾਲ ਹਨ ਕਿ ਇਤਿਹਾਸ ਵਿਚ ਅਜੇ ਤੱਕ ਉਨ੍ਹਾਂ 52 ਰਾਜਿਆਂ ਦੇ ਨਾਮ ਨਹੀਂ ਲੱਭਦੇ ਜੋ ਗੁਰੂ ਸਾਹਿਬ ਨਾਲ ਰਿਹਾਅ ਹੋਏ ਦੱਸੇ ਜਾਂਦੇ ਹਨ। ਇਸ ਬਾਰੇ ਵੀ ਇਤਿਹਾਸਕਾਰਾਂ ਨੂੰ ਸਰਗਰਮ ਹੋਣਾ ਪਵੇਗਾ ਕਿਉਂਕਿ ਇਹ ਖੋਜ ਦਾ ਵਿਸ਼ਾ ਹੈ। ਉਹ ਰਾਜੇ ਕੌਣ ਸਨ, ਹਿੰਦੂ, ਮੁਸਲਮਾਨ, ਬੋਧੀ ਜਾਂ ਹੋਰ? ਕਿਹੜੀ ਗੱਲੋਂ ਕੈਦ ਸਨ? ਕਿਹੜੀਆਂ ਰਿਆਸਤਾਂ ਦੇ ਰਾਜੇ ਸਨ? (ਰਿਆਸਤ ਨੂੰ ਹੀ ਉਸ ਸਮੇਂ ਰਾਜ ਕਿਹਾ ਜਾਂਦਾ ਹੋ ਸਕਦਾ ਹੈ) ਕਿਸੇ ਵੀ ਦਿਨ ਨੂੰ ਮਨਾਉਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਬਾਰੇ ਦੱਸਣਯੋਗ / ਮੰਨਣਯੋਗ ਤੱਥਾਂ ਦਾ ਮੌਜੂਦ ਹੋਣਾ ਬਹੁਤ ਜਰੂਰੀ ਹੁੰਦਾ ਹੈ। ਗੁਰੂ ਸਾਹਿਬ ਵਲੋਂ ਗਵਾਲੀਅਰ ਤੋਂ ਚੱਲਣ ਬਾਰੇ ਅਤੇ ਅਮ੍ਰਿਤਸਰ ਪਹੁੰਚਣ ਬਾਰੇ ਵੱਖੋ ਵੱਖ ਤਾਰੀਖਾਂ ਪੜ੍ਹਨ ਨੂੰ ਮਿਲਦੀਆਂ ਹਨ - ਅਜਿਹਾ ਕਿਉਂ ਹੈ? ਕਈ ਅਜਿਹੇ ਦਿਨਾਂ ਨੂੰ ਕਿਸੇ ਹਿੰਦੂ ਜੰਤਰੀ ਨਾਲ ਜੋੜ ਦਿੰਦੇ ਹਨ ਕਈ ਇਸਨੂੰ ਵਦੀ ਤੇ ਸੁਦੀ ਵਾਲੀ ਜੰਤਰੀ ਜਾਂ ਕਹੇ ਜਾਂਦੇ ਹਿੰਦੂ ਕਲੰਡਰਾਂ ਨਾਲ ਜੋੜ ਕੇ ਇੰਜ ਹੋ ਜਾਣ ਨੂੰ ਸੁਭਾਵਕ ਸਮਝਦੇ ਹਨ। ਪਰ ਫੇਰ ਵੀ ਇਸ ਬਾਰੇ ਖੋਜ ਕੀਤੀ ਜਾਵੇ, ਨਿਤਾਰਾ ਕੀਤਾ ਜਾਵੇ ਤਾਂ ਕਈ ਸਾਰੇ ਭਰਮ-ਭੁਲੇਖੇ ਦੂਰ ਕੀਤੇ ਜਾ ਸਕਦੇ ਹਨ। ਇਤਿਹਾਸ ਵਿਚ ਤਾਰੀਖਾਂ ਨੂੰ ਆਮ ਕਰਕੇ ਸੱਚ ਮੰਨਿਆਂ ਜਾਂਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ।
ਦਰਅਸਲ ਤਿਉਹਾਰ ਸਦੀਆਂ ਤੋਂ ਮਨਾਏ ਜਾ ਰਹੇ ਹਨ । ਸ਼ੁਰੂਆਤ ਵੇਲੇ ਹਰ ਥਾਵੇਂ ਬਹੁਤੇ ਤਿਉਹਾਰ ਰੁੱਤ ਬਦਲੀ ਨਾਲ ਹੀ ਸਬੰਧਤ ਹੁੰਦੇ ਸਨ ਅਤੇ ਰੁੱਤ ਬਦਲੀ ਸਮੇਂ ਹੀ ਮਨਾਏ ਜਾਂਦੇ ਸਨ। ਦੂਸਰਾ ਮੁੱਖ ਕਾਰਨ ਫਸਲ ਦਾ ਘਰ ਆਉਣਾ ਹੁੰਦਾ ਸੀ। ਅਜਿਹੇ ਵੇਲੇ ਸਦਾ ਹੀ ਖੁਸ਼ੀ ਦਾ ਸਬੱਬ ਬਣਦੇ ਸਨ।- ਲੋਕਾਂ ਵਲੋਂ ਇਕੱਠੇ ਹੋ ਕੇ ਸਾਂਝ ਭਰੇ ਜੀਵਨ ਦੇ ਪਲ ਇਕੱਠੇ ਗੁਜ਼ਾਰਨਾ ਹੁੰਦੇ ਸਨ। ਸਮਾਜ ਵਿਚ ਵਖਰੇਵਿਆਂ ਦੇ ਬਾਵਜੂਦ ਵੀ ਸਮਾਜ ਦੇ ਵੱਖੋ-ਵੱਖ ਤਬਕਿਆਂ/ਵਰਗਾਂ ਅੰਦਰ ਸੱਭਿਆਚਾਰਕ ਤੰਦਾਂ ਬਹੁਤ ਮਜਬੂਤ ਹੁੰਦੀਆਂ ਸਨ। ਉਸ ਸਮੇਂ ਜੀਵਨ ਦੀ ਨਿਰਭਰਤਾ ਆਮ ਕਰਕੇ ਖੇਤੀ ਬਾੜੀ ਨਾਲ ਹੀ ਬੱਝੀ ਹੋਈ ਸੀ। ਜਿਨ੍ਹਾਂ ਲੋਕਾਂ ਕੋਲ ਖੁਦ ਜ਼ਮੀਨ ਨਹੀਂ ਵੀ ਹੁੰਦੀ ਸੀ ਉਹ ਵੀ ਖੇਤੀਬਾੜੀ ਨਾਲ ਸਬੰਧਤ ਕਿਤਿੱਆਂ ਨਾਲ ਜੁੜੇ ਹੋਏ ਹੁੰਦੇ ਸਨ, ਸਮਾਂ ਬੀਤਣ ਨਾਲ ਇਸ ਨਾਲ ਹੋਰ ਕਾਰਨ ਵੀ ਜੁੜਦੇ ਗਏ। ਸਮਾਜ ਅੰਦਰ ਬਹੁਤ ਸਾਰੀਆਂ ਧਾਰਾਵਾਂ ਤੇ ਧਾਰਨਾਵਾਂ ਚੱਲਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਨਾਲ ਜੀਵਨ ਜਾਚ ਵਿਚ ਬਦਲਾਅ ਵੀ ਆਉਂਦੇ ਹਨ। ਪਰ ਇਕ ਗੱਲ ਜੋ ਨਹੀਂ ਹੋਣੀ ਚਾਹੀਦੀ ਉਹ ਇਹ ਕਿ ਕਿਸੇ ਵੀ ਕਾਰਨ ਨਾਲ ਸਮਾਜ ਅੰਦਰ ਵਸਦੇ ਲੋਕਾਂ ਵਿਚ ਤ੍ਰੇੜ ਪਾਉਣ ਦਾ ਜਤਨ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਦੂਜਾ ਸ਼ੁਰੂ ਤੋਂ ਹੀ ਇਹ ਤਿਉਹਾਰ ਵਪਾਰੀ ਕਿਸਮ ਦੇ ਲੋਕਾਂ ਦੀ ਨਿਗਾਹ ਚੜ੍ਹਦੇ ਰਹੇ ਹਨ। ਅੱਜ ਦੇ ਖਪਤਕਾਰੀ ਯੁੱਗ ਦੇ ਸਮੇਂ ਤਾਂ ਇਨ੍ਹਾਂ ਦਾ ਪੂਰੇ ਤੌਰ ਤੇ ਵਪਾਰੀਕਰਨ ਹੋ ਚੁੱਕਾ ਹੈ। ਵਪਾਰੀਆਂ ਵਾਸਤੇ ਅਜਿਹੇ ਤਿਉਹਾਰ ਸਾਂਝ ਦੇ ਨਹੀਂ ਸਗੋਂ ਮੁਨਾਫੇ ਦਾ ਸਬੱਬ ਪੈਦਾ ਕਰਦੇ ਹਨ। ਹੁਣ ਸਾਰੇ ਹੀ ਤਿਉਹਾਰ ਮੰਡੀ/ਬਜ਼ਾਰ ਦਾ ਪੱਕਾ ਅੰਗ ਬਣ ਗਏ ਹਨ – ਮਜਬੂਰੀ ਵੱਸ ਲੋਕਾਂ ਦੀ ਆਦਤ ਇਸ ਵਿਚ ਸ਼ਾਮਲ ਹੋ ਗਈ ਹੈ।
ਇਸ ਤਿਉਹਾਰ ਨੂੰ ਆਮ ਕਰਕੇ ਰੌਸ਼ਨੀਆਂ ਦਾ ਤਿਉਹਾਰ ਗਿਣਿਆ ਜਾਂਦਾ ਹੈ। ਸਦੀਆਂ ਤੋਂ ਮਨਾਏ ਜਾ ਰਹੇ ਇਨ੍ਹਾਂ ਰੌਸ਼ਨੀਆਂ ਦੇ ਤਿਉਹਾਰਾਂ ਨੂੰ ਮਨਾਉਣ ਤੋਂ ਬਾਅਦ ਫੇਰ ਵੀ ਸਮਾਜ ਵਿਚ ਅਜੇ ਤੱਕ ਇੰਨਾ ਹਨੇਰ ਕਿਉਂ ਹੈ? ਇਸਦਾ ਜਵਾਬ ਕੌਣ ਦੇਵੇਗਾ ? ਦੀਵੇ ਜਗਾਏ ਜਾਂਦੇ ਹਨ ਜੱਗ ਚਾਨਣ ਕਰਨ ਵਾਸਤੇ ਪਰ ਮਨਾਂ ਦਾ ਹਨੇਰਾ ਦੂਰ ਕਰਨ ਵਾਸਤੇ ਤੇਲ ਵਾਲੇ ਦੀਵਿਆਂ ਅਤੇ ਬਿਜਲਈ ਲੜੀਆਂ ਦੀ ਲੋੜ ਨਹੀਂ ਪੈਂਦੀ। ਅੱਜ ਸਮਾਜ ਅੰਦਰ ਅਸਮਾਨਤਾ ਹੈ, ਅੰਧਵਿਸ਼ਵਾਸ ਹੈ, ਅਗਿਆਨੀ ਲੋਕ "ਧਾਰਮਿਕ'' ਹੋਣ ਦੇ ਪਾਖੰਡ ਕਰਦੇ ਹੋਏ (ਏਹੀ ਲੋਕ ਧਰਮ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਉਂਦੇ ਹਨ) ਅਗਿਆਨਤਾ ਵਿਚ ਵਾਧਾ ਕਰ ਰਹੇ ਹਨ। ਧਾਰਮਿਕਤਾ ਦੀ ਬੁੱਕਲ ਮਾਰਨ ਵਾਲਿਆਂ ਵਿਚੋਂ ਬਹੁਤੇ (ਬਾਬੇ ਕਿਸਮ ਦੇ ਲੋਕ -ਝੂਠ ਦੇ ਪੁੱਤਰ) ਆਮ ਜਨਤਾ ਦੀ ਆਸਥਾ (ਕਿਸੇ ਦੇ ਧਾਰਮਕ ਵਿਸ਼ਵਾਸ) ਦੇ ਨਾਮ ਹੇਠ ਲੁੱਟ ਕਰਦੇ ਹਨ। ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਅਤੇ ਲੋੜ ਵੀ ਹੈ ਆਮ ਮਨੁੱਖ ਦੀ ਚੇਤਨਾ ਨੂੰ ਵਿਕਸਤ ਕੀਤਾ ਜਾਵੇ ਜਿਸ ਨਾਲ ਉਹ ਆਪ ਚੰਗੇ ਮਾੜੇ ਨੂੰ ਪਰਖਣ ਅਤੇ ਸਮਝਣ ਦੇ ਯੋਗ ਹੋਵੇ। ਦੀਵੇ ਬਾਲਣੇ ਹਨ ਤਾਂ ਗਿਆਨ ਦੇ, ਸੂਝ ਦੇ ਦੀਵੇ ਬਾਲੇ ਜਾਣ। ਮੁਹੱਬਤਾਂ ਭਰੀ ਸਾਂਝ ਦੇ ਦੀਵੇ ਬਾਲੇ ਜਾਣ। ਫਿਰਕਾਪ੍ਰਸਤੀ ਅਤੇ ਮਨਾਂ ਵਿਚ ਪਲਦੀ ਨਫਰਤ ਦੇ ਖਿਲਾਫ ਮਨੁੱਖ ਨੂੰ ਚੰਗਾ ਮਨੁੱਖ ਬਣਨ ਵੱਲ ਪ੍ਰੇਰਨਾ ਦੇਣ ਵਾਲੇ ਦੀਵੇ ਬਾਲੇ ਜਾਣ ਜਿਸ ਨਾਲ ਜੱਗ ਚਾਨਣ ਹੋ ਸਕਦਾ ਹੈ। ਬਾਹਰੀ ਰੌਸ਼ਨੀ ਦੇ ਨਾਲ ਨਾਲ ਮਨੁੱਖ ਦੇ ਅੰਦਰ ਦਾ ਹਨੇਰਾ ਦੂਰ ਕਰਨਾ ਸਭ ਵਾਸਤੇ ਬਹੁਤ ਜਰੂਰੀ ਹੈ। ਮਨੁੱਖ ਨਾਲ ਮਨੁੱਖ ਦੇ ਮਨ ਵਿਚ ਰੰਗ, ਨਸਲ, ਜਾਤ-ਪਾਤ, ਛੂਤ-ਛਾਤ ਵਰਗੀ ਪਲਦੀ ਨਫਰਤੀ ਸੋਚ ਨੂੰ ਨਕਾਰ ਕੇ ਸਿਰਫ ਮਨੁੱਖਤਾ ਨੂੰ ਆਪਣਾ ਮਾਣਮੱਤਾ ਧਰਮ ਸਮਝਣ ਦਾ ਅਜਿਹੇ ਦਿਹਾੜਿਆਂ / ਤਿਉਹਾਰਾਂ ਦਾ ਸੁਨੇਹਾ ਹੋਣਾ ਚਾਹੀਦਾ ਹੈ। ਇਨ੍ਹਾਂ ਤਿਉਹਾਰਾਂ ਵੇਲੇ ਮੁਨਾਫਾਖੋਰਾਂ ਵਲੋਂ ਚਲਾਈ ਆਤਿਸ਼ਬਾਜ਼ੀ ਦੀ ਭੈੜੀ ਰੀਤ ਵਾਤਾਵਰਨ ਦਾ ਸੱਤਿਆਨਾਸ਼ ਕਰਦੀ ਹੈ ਇਸ ਨੂੰ ਤੱਜਣਾ ਬਹੁਤ ਹੀ ਜਰੂਰੀ ਹੈ। ਔਖੇ ਹੋ ਕੇ ਕਮਾਏ ਪੈਸਿਆਂ ਨੂੰ ਕੁੱਝ ਘੜੀਆਂ ਵਿਚ ਅੱਗ ਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਕਿੱਥੋਂ ਦੀ ਅਕਲਮੰਦੀ ਹੈ? ਵਾਤਾਵਰਨ ਨੂੰ ਗੰਧਲਾ/ ਪ੍ਰਦੂਸ਼ਿਤ ਕਰਦੇ ਅਜਿਹੇ ਆਤਿਸ਼ਬਾਜੀਆਂ/ਪਟਾਕੇਮਾਰਾਂ ਨੂੰ ਸਮਝਾਉਣਾ ਚਾਹੀਦਾ ਹੈ ਉਹ ਅਜਿਹਾ ਨਾ ਕਰਨ, ਇਸਦਾ ਪੂਰੇ ਜੋਰ ਨਾਲ ਵਿਰੋਧ ਕੀਤਾ ਜਾਵੇ। ਬਾਬੇ ਨਾਨਕ ਦਾ ਸੰਦੇਸ਼ ਪੱਲੇ ਬੰਨਦਿਆਂ ਪੌਣ-ਪਾਣੀ ਤੇ ਧਰਤ ਦੀ ਰਾਖੀ ਕਰਦਿਆਂ ਵਾਤਾਵਰਣ ਨੂੰ ਗੰਧਲਾ ਹੋਣੋ ਬਚਾਇਆ ਜਾਣਾ ਚਾਹੀਦਾ ਹੈ।
ਵੱਖੋ ਵੱਖ ਸੱਭਿਆਚਾਰਾਂ ਅੰਦਰ ਤਿਉਹਾਰਾਂ ਨੂੰ ਬਹੁਤ ਮਹਤਵਪੂਰਨ ਸਮਝਿਆ ਜਾਂਦਾ ਹੈ। ਜਤਨ ਕਰਨਾ ਚਾਹੀਦਾ ਹੈ ਕਿ ਇਹ ਤਿਉਹਾਰ ਸਾਡੀ ਜੀਵਨ ਜਾਚ ਨੂੰ ਨਵੀਂ ਸੇਧ ਦੇਣ ਦਾ ਸੁਨੇਹਾ ਬਣਦੇ ਹੋਣ। ਸਮਾਜ ਨੂੰ ਜੋੜਨ ਦਾ, ਆਮ ਮਨੁੱਖ ਦੇ ਅੰਦਰ ਸਭ ਨਾਲ ਪਿਆਰ, ਸਤਿਕਾਰ ਭਰੀ ਸੋਚ ਨਾਲ ਜੱਗ ਰੌਸ਼ਨ ਕਰਨਾ ਹੀ ਹਰ ਇਨਸਾਨ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਸੱਭਿਆਚਾਰਕ ਤੰਦਾਂ ਮਜਬੂਤ ਹੋਣ ਮਨੁੱਖ ਤੋਂ ਮਨੁੱਖ ਦਾ ਪਾੜਾ ਖਤਮ ਹੋਵੇ, ਹਰ ਕਿਸਮ ਦੇ ਹਨੇਰੇ ਤੋਂ ਬਾਹਰ ਨਿਕਲ ਕੇ ਚਾਨਣ ਦੇ ਲੜ ਲੱਗਣ ਦਾ ਜਤਨ ਕਰਨਾ ਚਾਹੀਦਾ ਹੈ।
ਇਹ ਚਾਨਣਾਂ ਦਾ ਦਿਹਾੜਾ ਤਾਂ ਹੀ ਚਾਨਣ ਦਾ ਤਿਉਹਾਰ ਬਣੇਗਾ।
ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ - ਕੇਹਰ ਸ਼ਰੀਫ਼
ਹਰ ਮਨੁੱਖ ਦੀ ਇਹ ਦਿਲੀ ਖਾਹਿਸ਼ ਹੁੰਦੀ ਹੈ ਕਿ ਉਹ ਜਿਸ ਮਾਹੌਲ/ਸਮਾਜ ਵਿਚ ਜੰਮਿਆਂ ਪਲਿਆ ਅਤੇ ਰਹਿ ਰਿਹਾ ਹੋਵੇ ਉਸ ਬਾਰੇ ਜਾਣੇ। ਪਰ ਇਹ ਸਾਧਾਰਨ ਕਾਰਜ ਤੇ ਹੈ ਨਹੀਂ। ਇਹ ਸਭ ਕੁੱਝ ਜਾਨਣ ਵਾਸਤੇ ਉਸਨੂੰ ਅਜਿਹੇ ਸਾਹਿਤ ਦੀ ਭਾਲ ਕਰਨੀ ਪੈਂਦੀ ਹੈ ਜੋ ਉਸ ਦੀਆਂ ਜੜ੍ਹਾਂ, ਉਸਦੇ ਚਲਣ ਤੇ ਉਸਦੇ ਹੁੰਦੇ ਰਹੇ ਵਿਕਾਸ ਬਾਰੇ ਜਾਣਕਾਰੀ ਦਿੰਦਾ ਹੋਵੇ। ਹਰ ਸਮਾਜ ਬਹੁਪਰਤੀ ਹੀ ਹੁੰਦਾ ਹੈ। ਇਸ ਦੇ ਵਰਤਾਰਿਆਂ ਨੂੰ ਧੁਰ ਤੱਕ ਹੰਘਾਲਣਾਂ, ਉਨ੍ਹਾਂ ਬਾਰੇ ਜਾਨਣਾਂ ਅਤੇ ਬਿਆਨ ਕਰਨਾ ਬਹੁਤ ਔਖਾ ਕਾਰਜ ਹੈ। ਅਜਿਹੇ ਕਾਰਜ ਸਿਰੇ ਚੜ੍ਹਾਉਣ ਵਾਲੇ ਕਲਮ ਦੇ ਸੂਰਮੇ ਹੁੰਦੇ ਹਨ।
ਹਰ ਇਕ ਸਮਾਜ ਅੰਦਰ ਜੀਵਨ ਨਾਲ ਸਬੰਧਤ ਅਖਾਣਾਂ/ਕਹਾਵਤਾਂ ਦੀ ਵੀ ਭਰਮਾਰ ਹੁੰਦੀ ਹੈ। ਇਹ ਜੀਵਨ ਦੇ ਸੱਚ ਨੂੰ ਉਜਾਗਰ ਕਰਨ ਦਾ ਗੁੱਝਾ ਰਹੱਸ ਹੁੰਦਾ ਹੈ। ਇਨ੍ਹਾਂ ਦੇ ਪ੍ਰਚੱਲਤ ਰੂਪ ਧਾਰਨ ਵਿਚ ਲੰਮਾਂ ਸਮਾਂ ਲਗਦਾ ਹੈ। ਇਹ ਸਮਾਜਿਕ ਤੇ ਸੱਭਿਆਚਾਰਕ ਵਰਤਾਰਾ ਹੈ, ਪਰ ਜਦੋਂ ਪਾਰਖੂ ਨਜ਼ਰ ਨਾਲ ਦੇਖਦੇ ਹਾਂ ਕਿ ਸਮਾਜਿਕ ਜੀਵਨ ਦੇ ਨਾਲ ਹੀ ਧਾਰਮਕ ਖੇਤਰ ਅੰਦਰ ਵੀ ਇਨ੍ਹਾਂ ਦੇ ਪ੍ਰਵਾਹ ਦੀ ਭਰਮਾਰ ਹੁੰਦੀ ਹੈ। ਇੱਥੇ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਨ੍ਹਾਂ ਦੀ ਵਿਆਖਿਆ ਤਰਕ ਦੇ ਅਧਾਰ `ਤੇ ਨਾ ਕੀਤੀ ਜਾਵੇ।
ਅਜਿਹੀਆਂ ਗੱਲਾਂ ਸੁਣਨ ਦਾ ਮੌਕਾ ਕੁੱਝ ਸਾਲ ਪਹਿਲਾਂ ਪਟਿਆਲਾ ਤੋਂ ਲੋਕਧਾਰਾ/ਲੋਕਯਾਨ ਵਿਸ਼ੇ ਦੇ ਚੰਗੇ ਜਾਣਕਾਰ ਪੱਤਰਕਾਰ ਪ੍ਰਮਿੰਦਰ ਸਿੰਘ ਟਿਵਾਣਾ ਵਲੋਂ ਇਸ ਵਿਸ਼ੇ ਦੇ ਗਿਆਤਾ ਸੂਝਵਾਨ ਸੱਜਣ ਜੋਗਿੰਦਰ ਸਿੰਘ ਸਿਵੀਆਂ ਨਾਲ ਰੇਡੀਉ ‘ਚੰਨ ਪ੍ਰਦੇਸੀ` `ਤੇ ਹੁੰਦੀ ਗੱਲਬਾਤ, ਵਿਚਾਰ-ਚਰਚਾ ਸੁਣਦਾ ਸੀ। ਭਾਵੇਂ ਉਨ੍ਹਾਂ ਦੇ ਅੱਜ ਅਰਥ ਵੀ ਬਦਲ ਗਏ ਹਨ ਤੇ ਇਨ੍ਹਾਂ ਦੀ ਵਰਤੋਂ ਵਿਹਾਰ ਦਾ ਵੀ ਉਹ ਮੁੱਲ ਨਹੀਂ ਜੋ ਕੁੱਝ ਦਹਾਕੇ ਪਹਿਲਾਂ ਹੁੰਦਾ ਸੀ। ਦਰਅਸਲ ਇਹ ਗੁਆਚ ਗਏ ਜਾਂ ਹੋਰ ਗੁਆਚ ਰਹੇ ਪੇਂਡੂ ਵਿਰਸੇ, ਜੀਵਨ ਜਾਚ ਨਾਲ ਅਤੇ ਕਦਰਾਂ-ਕੀਮਤਾਂ ਨਾਲ ਸਬੰਧਤ ਵਿਚਾਰਾਂ ਹੁੰਦੀਆਂ ਸਨ। ਲੋਪ ਹੋ ਗਏ ਤੇ ਹੋ ਰਹੇ ਸ਼ਬਦਾਂ ਦਾ ਵਿਖਿਆਨ ਹੁੰਦਾ। ਖਾਸ ਕਰਕੇ ਕਿਸਾਨੀ ਜੀਵਨ ਨਾਲ ਸਬੰਧਤ ਹਰ ਸ਼ੈਅ (ਸੰਦ-ਸਬੇੜਾ) ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਂਦੀ, ਵਰਤੇ ਜਾਂਦੇ ਅਜਿਹੇ ਬਹੁਤ ਸਾਰੇ ਸੰਦਾਂ ਦੇ ਅੱਜ ਦੀ ਪੀੜ੍ਹੀ ਨੂੰ ਤਾਂ ਨਾਂ ਵੀ ਪਤਾ ਨਹੀਂ ਹੋਣੇ। ਸਮਾਂ ਅੱਗੇ ਹੀ ਨਹੀਂ ਤੁਰਦਾ ਸਗੋਂ ਸਮਾਜ ਦਾ ਸਰੂਪ ਵੀ ਬਦਲਦਾ ਰਹਿੰਦਾ ਹੈ, ਤੌਰ-ਤਰੀਕੇ ਅਤੇ ਸੰਦ-ਸਬੇੜਾ ਵੀ। ਗੁਆਚਦੇ ਜਾ ਰਹੇ ਸ਼ਬਦਾਂ ਬਾਰੇ ਸੁਣਨ ਨੂੰ ਵੀ ਮਿਲਦਾ ਸੀ।
ਜੋਗਿੰਦਰ ਸਿੰਘ ਸਿਵੀਆਂ ਹੋਰੀਂ ਅਧਿਆਪਕ ਰਹੇ ਅਤੇ ਕਿਸਾਨ ਵੀ, ਉਹ ਪਹਿਲਾਂ ਵੀ ਕਈ ਕਿਤਾਬਾਂ ਲਿਖ ਚੁੱਕੇ ਹਨ। ਹਥਲੀ ਕਿਤਾਬ “ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ" ਹੈ। ਇਹ ਕਿਤਾਬ ਅਖਾਣਾਂ ਤੇ ਮੁਹਾਵਰਿਆਂ ਤੱਕ ਸੀਮਤ ਨਹੀਂ ਇਸ ਤੋਂ ਬਹੁਤ ਜਿ਼ਆਦਾ ਹੈ। ਇਸ ਕਿਤਾਬ ਰਾਹੀਂ ਲੇਖਕ ਨੇ ਸਮਾਜ ਅੰਦਰ ਲੋਕ ਧਾਰਾ ਦੀਆਂ ਬਹੁਤ ਸਾਰੀਆਂ ਪਰਤਾਂ ਫਰੋਲੀਆਂ ਹਨ, ਇਸ ਰਾਹੀਂ ਜੀਵਨ ਦੇ ਰੰਗਾਂ, ਪੇਂਡੂ ਜੀਵਨ ਜਾਚ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਕਿਤਾਬ ਇਸ ਕਰਕੇ ਬਹੁਤ ਮੁੱਲਵਾਨ ਹੈ ਕਿ ਲੋਕ ਇਤਿਹਾਸ ਨੂੰ ਸਾਡੇ ਸਾਹਮਣੇ ਪੇਸ਼ ਕਰਨ ਦਾ ਜਤਨ ਕਰਦੀ ਹੈ, ਜਿਸਦੀ ਪੰਜਾਬੀ ਵਿਚ ਅਸਲੋਂ ਘਾਟ ਹੈ। ਇਸ ਵੱਲ ਅਜੇ ਤੱਕ ਬਹੁਤਾ ਧਿਆਨ ਨਹੀਂ ਦਿੱਤਾ ਗਿਆ (ਜੇ ਦਿੱਤਾ ਗਿਆ ਹੋਵੇ ਤਾਂ ਮੈਂ ਮਾਫੀ ਸਹਿਤ ਕਹਾਂਗਾ ਕਿ ਮੈਨੂੰ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ)।
ਪੇਂਡੂ ਜੀਵਨ ਬਾਰੇ ਲਿਖਣ ਵਾਲੇ ਆਮ ਕਰਕੇ ਸੱਭਿਆਚਾਰਕ ਪੱਖ ਤੋਂ ਹੀ ਲਿਖਦੇ ਹਨ, ਲੋਕਾਂ ਦੇ ਰੀਤੀ-ਰਿਵਾਜ, ਲੋਕ ਗੀਤ, ਲੋਕ ਨਾਚ, ਪੇਂਡੂ ਖੇਡਾਂ, ਪਹਿਰਾਵਾ, ਖਾਣ-ਪੀਣ, ਮੇਲੇ, ਤਿਉਹਾਰ, ਧਾਰਮਕ ਦਿਨ-ਦਿਹਾੜ ਜਾਂ ਫੇਰ ਪ੍ਰਾਹੁਣਚਾਰੀ ਆਦਿ। ਪਰ ਸਾਡੇ ਸਮਾਜ ਦਾ ਸਮੁੱਚਾ ਵਿਕਾਸ ਕਿਵੇਂ ਹੋਇਆ। ਇਸ ਬਾਰੇ ਬਹੁਤ ਕੁੱਝ ਨਹੀਂ ਦੱਸਿਆ ਜਾਂਦਾ। ਇਤਿਹਾਸ ਅੰਦਰ ਰਾਜੇ-ਰਾਣੀਆਂ, ਜੰਗਾਂ ਤੇ ਰਾਜਾਂ ਦੀ ਬਣਨ ਤੇ ਟੁੱਟਣ ਵਾਲੀ ਘਾਟ ਵਾਧ ਅਤੇ ਵੱਖੋ ਵੱਖ ਘਰਾਣਿਆਂ ਦਾ ਸੱਤਾ 'ਤੇ ਕਾਬਜ ਹੋਣ ਦਾ ਵਿਖਿਆਨ ਹੁੰਦਾ ਹੈ। ਕੁੱਝ ਤੱਥ, ਕੁੱਝ ਤਾਰੀਖਾਂ, ਕਿਹੜੇ ਮੈਦਾਨੇ ਲੜਾਈ ਹੋਈ, ਕੌਣ ਕਿਸਦੇ ਹੱਥੋਂ ਮਾਰਿਆ ਗਿਆ, ਕੌਣ ਜਿੱਤਿਆ - ਕੌਣ ਹਾਰਿਆ। ਕਿਹੜਾ ਰਾਜਾ ਜਾਂ ਰਾਜ ਚੰਗਾ ਸੀ ਕਿਹੜਾ ਮਾੜਾ ਤੇ ਕਿਉਂ ਆਦਿ।
ਸਾਡੇ ਕੋਲ ਲੋਕ ਇਤਿਹਾਸ ਦੀ ਬਹੁਤ ਘਾਟ ਹੈ। ਇਹ ਹਥਲੀ ਕਿਤਾਬ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਇਕ ਖਿੱਤੇ (ਮਾਲਵੇ ਦਾ ਵੱਡਾ ਹਿੱਸਾ ਬਠਿੰਡੇ ਦਾ ਖੇਤਰ) ਦੇ ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦਹੀ ਜਰੂਰ ਕਰਦੀ ਹੈ। ਲੋਕ ਇਤਿਹਾਸ ਅੰਦਰ ਦੱਸਿਆ ਜਾਂਦਾ ਹੈ ਕਿ ਸਮਾਜ ਦਾ ਵਿਕਾਸ ਕਿਵੇਂ ਹੋਇਆ, ਖੇਤੀ ਬਾੜੀ ਕਿਵੇਂ ਵਿਕਸਤ ਹੋਈ। ਇਸ ਵਿਕਾਸ ਅੰਦਰ ਕਿਹੜੀਆਂ ਤਕਨੀਕਾਂ, ਕਿਹੜੇ ਸੰਦ ਅਤੇ ਸਾਧਨ ਵਰਤੇ ਜਾਂਦੇ ਸਨ। ਵਪਾਰ ਹੋਵੇ ਜਾਂ ਹੋਰ ਖੇਤਰ ਹੋਣ ਉਨ੍ਹਾਂ ਦਾ ਕੀ ਚਲਣ ਸੀ। ਹੁੰਡੀ ਰਾਹੀਂ ਬੈਂਕ ਵਾਲਾ ਪਰਬੰਧ ਕੀ ਸੀ। ਕਿਰਤ ਦਾ ਕੀ ਮਹੱਤਵ ਸੀ। ਸਮਾਜ ਦੇ ਵਿਕਾਸ ਵਿਚ ਔਰਤਾਂ ਦਾ ਕਿੰਨਾ ਵੱਡਾ ਹਿੱਸਾ (ਰੋਲ) ਰਿਹਾ ਹੈ। ਪੇਂਡੂ ਸਮਾਜ ਅੰਦਰ (ਖਾਸ ਕਰਕੇ ਖੇਤੀਬਾੜੀ) ਪਸ਼ੂ-ਧੰਨ ਕਿੰਨਾਂ ਕੀਮਤੀ ਅਤੇ ਮਹੱਤਵਪੂਰਨ ਸਰਮਾਇਆ ਹੋਇਆ ਕਰਦਾ ਸੀ। ਜ਼ਮੀਨ ਵਿਹੂਣੇ ਲੋਕ ਖੇਤੀਬਾੜੀ ਲਈ ਕਿਵੇਂ ਸਹਾਈ ਹੁੰਦੇ ਸਨ। ਖੇਤੀਬਾੜੀ ਨਾਲ ਬਾਕੀ ਕਿੱਤੇ ਅੰਤਰ ਸਬੰਧਤ ਹੋਣ ਕਰਕੇ ਕਿਵੇਂ ਖੇਤੀਬਾੜੀ 'ਤੇ ਨਿਰਭਰ ਸਨ। ਲੋਕਾਂ ਦੀਆਂ ਕੀ ਮਾਨਤਾਵਾਂ ਸਨ। ਬੋਲੀ ਤੇ ਭਾਸ਼ਾ ਦੇ ਵਿਕਾਸ ਲਈ ਕਿਹੜੇ ਜਤਨ ਹੋਏ। ਖੇਤੀ ਬਾੜੀ ਦੇ ਕਿੱਤੇ ਤੋਂ ਬਾਹਰਲੀਆਂ ਔਰਤਾਂ (ਜ਼ਮੀਨ ਵਿਹੂਣੀਆਂ) ਦੀ ਕਿਰਤ ਸ਼ਕਤੀ ਦਾ ਜੀਵਨ ਨਿਰਬਾਹ ਵਾਸਤੇ ਕਿਵੇਂ ਸਦ-ਉਪਯੋਗ ਹੁੰਦਾ ਸੀ ਤੇ ਹੋਰ ਕਾਫੀ ਕੁੱਝ।
ਸਮਾਜ ਸਾਰੇ ਲੋਕਾਂ ਦੀ ਸਾਂਝੀ ਵਿਰਾਸਤ ਹੁੰਦਾ ਹੈ। ਪੇਂਡੂ ਅਰਥਚਾਰਾ ਕਿਸਾਨੀ ਦੇ ਆਸਰੇ ਹੀ ਅੱਗੇ ਚੱਲਦਾ ਹੈ। ਕਿਸਾਨ ਨੂੰ ਵੀ ਬਾਕੀਆਂ ਦੀ ਲੋੜ ਰਹਿੰਦੀ ਹੈ। ਉਹ ਖੇਤ ਮਜ਼ਦੂਰ (ਸੀਰੀ) ਤੋਂ ਬਿਨਾਂ ਅਧੂਰਾ ਹੈ (ਖੇਤ ਮਜ਼ਦੂਰ ਔਰਤਾਂ ਦਾ ਵੀ ਇਸ ਵਿਚ ਚੋਖਾ ਹਿੱਸਾ ਹੁੰਦਾ ਹੈ), ਖੇਤੀ ਦੇ ਸੰਦਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਵਾਸਤੇ ਮਿਸਤਰੀ (ਜਿਸਨੂੰ ਤਰਖਾਣਾਂ ਕੰਮ ਕਿਹਾ ਜਾਂਦਾ ਹੈ), ਉਦੋਂ ਲੱਕੜ ਦੇ ਗੱਡੇ ਸਨ, ਹਲ ਵੀ ਲੱਕੜ ਦਾ ਹੀ ਹੁੰਦਾ ਸੀ। ਲੁਹਾਰ- ਹਲ਼ ਦੇ ਫਾਲੇ ਤੋਂ ਲੈ ਕੇ ਰੰਬੇ, ਦਾਤਰੀਆਂ, ਕਹੀਆਂ ਆਦਿ ਵਾਸਤੇ, ਘੁਮਿਆਰ ਭਾਂਡੇ -ਟੀਂਡੇ ਵਾਸਤੇ, ਮੋਚੀ ਜੁੱਤੀਆਂ ਵਾਸਤੇ, ਜੁਲਾਹਾ- ਕੱਪੜੇ ਵਾਸਤੇ ( ਉਦੋਂ ਕੱਪੜਾ ਵੀ ਖੱਡੀ ਤੋਂ ਹੀ ਬੁਣਿਆਂ ਜਾਂਦਾ ਸੀ। ਇਸੇ ਤਰਾਂ ਹੋਰ ਲੋਕ ਵੀ ਕਿਸਾਨੀ ਵਿਚ ਸਹਾਈ ਹੁੰਦੇ ਸਨ। ਇਹ ਖੇਤੀਬਾੜੀ ਅੰਦਰ ਮਸ਼ੀਨੀਕਰਨ ਤੋਂ ਪਹਿਲਾਂ ਵਾਲੇ ਦੌਰ ਦੇ ਸਮੇਂ ਦੀ ਵਾਰਤਾ ਹੈ।
ਹੁਣ ਦੀ ਪੀੜ੍ਹੀ ਦੇ ਕਿੰਨੇ ਕੁ ਲੋਕ ਜਾਣਦੇ ਹਨ ਕਿ ਕਣਕ ਫਲ਼ਿਆਂ ਨਾਲ ਗਾਹੀ ਜਾਂਦੀ ਸੀ। ਫਲ਼੍ਹੇ, ਫਲਾਹੀ ਦੇ ਕੰਡੇਦਾਰ ਛਾਪਿਆਂ ਨੂੰ ਜੋੜ ਕੇ ਬਣਾਏ ਜਾਂਦੇ ਸਨ। ਬਾਅਦ 'ਚ ਧੜਾਂ ਲਾ ਕੇ ਤੰਗਲੀਆਂ ਨਾਲ ਦਾਣੇ ਤੇ ਤੂੜੀ ਵੱਖ ਕੀਤੇ ਜਾਂਦੇ ਸਨ। ਕਿੰਨਾ ਸਮਾਂ ਉਡੀਕਿਆਂ ਜਾਂਦਾ ਸੀ ਕਿ ਰੁਖ ਸਿਰ ਹਵਾ ਵਗੇ ਤਾਂ ਤੰਗਲੀਆਂ ਲੈ ਕੇ ਇਹ ਕੰਮ ਕੀਤਾ ਜਾਵੇ। ਕਿੰਨਿੰਆ ਕੁ ਨੂੰ ਪਤਾ ਹੋਵੇਗਾ ਛੱਜ ਤੇ ਛਜਲੀ ਦਾ ਫਰਕ ਕੀ ਹੁੰਦਾ ਹੈ। ਹੁਣ ਵਾਲੀ ਪੀੜ੍ਹੀ ਤਾਂ ਵਿਆਹ ਮੌਕੇ ਕੱਢੀ ਜਾਣ ਵਾਲੀ ਜਾਗੋ ਵਾਲੇ ਛੱਜ ਨੂੰ (ਭੰਨਣਾ) ਹੀ ਜਾਣਦੀ ਹੈ।
ਬੇਜ਼ਮੀਨੇ ਪਰਿਵਾਰਾਂ ਦੀਆਂ ਔਰਤਾਂ ਬਹੁਤਾ ਕਰਕੇ ਪਸ਼ੂਆਂ ਨੂੰ ਪਾਲਣ ਵੱਲ ਧਿਆਨ ਦਿੰਦੀਆਂ ਸਨ। ਪਹਿਲਾਂ ਇਹ ਆਮ ਹੁੰਦਾ ਸੀ ਕਿ ਕੋਈ ਕਿਸਾਨ ਵੀ ਆਪਣੀ ਮੱਝ/ਮੱਝਾਂ ਅਧਿਆਰੇ ਦੇ ਦਿੰਦੇ ਉਸ ਵਿਚ ਤੈਅ ਕਰ ਲਿਆ ਜਾਂਦਾ ਕਿ ਮੱਝ ਦੇ ਸੂਣ ਸਮੇਂ ਕਿਸ ਤਰ੍ਹਾਂ ਮੁੱਲ ਮਿੱਥਿਆ ਜਾਵੇਗਾ, ਅੱਧੋ-ਅੱਧ ਜਾਂ ਪੰਜ-ਦਵੰਦੀ। ਇਸ ਤਰ੍ਹਾਂ ਉਹ ਪਰਿਵਾਰ ਆਪਣੀ ਆਰਥਕ ਹਾਲਤ ਨੂੰ ਸਾਵਾਂ ਕਰਨ ਲਈ ਆਪਣੀ ਮਿਹਨਤ ਨਾਲ ਹੀ ਆਪਣੀ ਬੇੜੀ ਬੰਨੇ ਲਾਉਂਦੇ। ਬੇ-ਜ਼ਮੀਨਿਆਂ ਲਈ ਖੇਤ ਹਾਲ਼ੇ/ਠੇਕੇ 'ਤੇ ਲੈ ਕੇ ਸਬਜ਼ੀਆਂ ਦਾ ਧੰਦਾ ਵੀ ਉਪਜੀਵਕਾ ਦਾ ਸਾਧਨ ਬਣਦਾ ਰਿਹਾ ਹੈ। ਸਾਰਾ ਪਰਿਵਾਰ ਰਲ-ਮਿਲ ਕੇ ਇਹ ਕੰਮ ਕਰਦਾ ਸੀ।
ਕਿਸੇ ਘਰ ਮੱਝ ਦੇ ਸੂਣ ਸਮੇਂ ਦੀਆਂ ਕੁੱਝ ਗੱਲਾਂ ਅੱਜ ਦੀ ਪੀੜੀ ਨੂੰ ਖਾਸ ਕਰਕੇ ਦੱਸਣ ਵਾਲੀਆਂ ਹਨ। ਸੱਜਰ ਸੂਈ ਮੱਝ ਦੇ ਪਹਿਲੇ ਦੁੱਧ ਨੂੰ ਬੌਹਲ਼ੀ ਕਹਿੰਦੇ ਸਨ (ਹੁਣ ਵੀ), ਅਤੇ ਅਗਲੇ 5-7 ਦਿਨ ਦੇ ਦੁੱਧ ਨੂੰ ਛੇਲੜਾ (ਛੇਰੜਾ) ਕਿਹਾ ਜਾਂਦਾ ਸੀ। ਇਹ ਦੁੱਧ ਸਾਰਾ ਪਰਿਵਾਰ ਦੋਵੇਂ ਵੇਲੇ ਪੀਂਦਾ ਸੀ। ਇਹ ਦੁੱਧ ਬਹੁਤ ਹੀ ਤਾਕਤਵਰ ਹੁੰਦਾ ਹੈ- ਪੀਣ ਵਿਚ ਬਹੁਤ ਸੁਆਦ। ਇਸ ਨੂੰ ਗਰਮ ਕਰੀਏ ਤਾਂ ਇਸ ਦੀਆਂ ਫੁੱਟੀਆਂ ਬਣ ਜਾਂਦੀਆਂ ਹਨ। ਹਫਤੇ ਕੁ ਬਾਅਦ ਹੀ ਇਸ ਨੂੰ ਕਾੜ੍ਹ ਕੇ ਮੱਖਣ ਤੇ ਲੱਸੀ ਵਾਸਤੇ ਵਰਤਣਾ ਸ਼ੁਰੂ ਕੀਤਾ ਜਾਂਦਾ ਹੈ। ਪਹਿਲੇ ਘਿਉ ਨਾਲ ਵੀ ਕਈ ਤਰ੍ਹਾਂ ਦੀਆਂ ਮਾਨਤਾਵਾਂ ਜੁੜੀਆਂ ਹੋਈਆਂ ਹਨ। ਕੁੱਝ ਲੋਕ ਸੱਜਰ ਸੂਈ ਮੱਝ ਦਾ ਪਹਿਲਾ ਦੁੱਧ ਕਿਸੇ ਵਿਸ਼ੇਸ਼ ਬਰਾਦਰੀ ਦੇ ਲੋਕਾਂ ਨੂੰ ਹੀ ਪਿਆਂਉਂਦੇ ਹਨ। ਕਾਰਨ ਉਹ ਹੀ ਜਾਣਦੇ ਹੋਣਗੇ।
ਇਸ ਕਿਤਾਬ ਅੰਦਰ ਸਥਾਨਕ ਭਾਸ਼ਾ (ਬਠਿੰਡੇ ਦੀ) ਨੂੰ ਹੀ ਵਰਤਿਆ ਗਿਆ ਹੈ। ਇਸ ਨੂੰ ਪੜ੍ਹਦਿਆਂ ਬਹੁਤ ਸਾਰੇ ਸ਼ਬਦ ਅਜਿਹੇ ਮਿਲਦੇ ਹਨ ਜੋ ਦੁਆਬੇ ਤੇ ਮਾਝੇ ਵਿਚ ਨਹੀਂ ਵਰਤੇ ਜਾਂਦੇ। ਇਹ ਚੰਗੀ ਰਵਾਇਤ ਵੀ ਹੈ ਇਸ ਨਾਲ ਸਥਾਨਕਤਾ ਦੀ ਆਤਮਾ ਦੇ ਦਰਸ਼ਣ ਹੁੰਦੇ ਹਨ। ਇਸ ਤਰ੍ਹਾਂ ਹੀ ਕਿਸਾਨ ਲਈ ਸ਼ਬਦ ਜੱਟ ਹੀ ਵਰਤਿਆ ਗਿਆ ਹੈ ਭਾਵੇਂ ਕਿ ਹੋਰ ਜਾਤਾਂ/ਬਰਾਦਰੀਆਂ ਦੇ ਲੋਕ ਵੀ ਖੇਤੀਬਾੜੀ ਕਰਦੇ ਹਨ। ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ।
ਕਿਤਾਬ ਦੇ ਹਰ ਅਧਿਆਏ ਦੇ ਸਿਰਲੇਖ ਵਜੋਂ ਅਖਾਣਾਂ ਨੂੰ ਹੀ ਵਰਤਿਆ ਗਿਆ ਹੈ। ਇਨ੍ਹਾਂ ਦੀ ਵਿਆਖਿਆ ਵੀ ਕੀਤੀ ਗਈ ਹੈ- ਅਖਾਣਾਂ ਦੇ ਪਹਿਲਾਂ ਹੋਏ ਗਲਤ ਅਰਥਾਂ ਨੂੰ ਸੋਧਿਆ ਵੀ ਗਿਆ ਹੈ। ਬਹੁਤ ਸਾਰੇ ਅਖਾਣ ਖੇਤੀਬਾੜੀ ਨਾਲ ਸਬੰਧਤ ਹਨ। ਉਸ ਵੇਲੇ ਲੋਕ ਬਹੁਤ ਭੋਲ਼ੇ ਹੁੰਦੇ ਸਨ। ਚੁਸਤ-ਚਲਾਕੀਆਂ ਘੱਟ ਕਰਦੇ ਸਨ। ਦੂਜੇ ਦੀ ਮੱਦਦ ਕਰਕੇ ਖੁਸ਼ ਹੁੰਦੇ ਸਨ। ਇੱਥੇ ਜੱਟਾਂ ਦੇ ਇਸ ਭੋਲੇਪਣ ਦੀ ਮਿਸਾਲ ਦੇਣ ਵਾਸਤੇ ਇਕ ਅਖਾਣ ‘ਜੱਟ ਕੀ ਜਾਣੇ ਲੌਂਗਾਂ ਦਾ ਭਾਅ` ਵਰਤਿਆ ਗਿਆ ਹੈ ਉਹ ਸ਼ਹਿਰ ਲੌਂਗ ਲੈਣ ਗਿਆ ਖੇਸ ਵਿਛਾ ਕੇ ਬਹਿ ਗਿਆ, ਪਤਾ ਹੀ ਨਹੀਂ ਸੀ ਕਿੰਨੇ ਕੁ ਆਉਣਗੇ। ਇਹ ਸੀ ਉਸ ਸਮੇਂ ਦੀ ਮਾਸੂਮੀਅਤ।
ਜਦੋਂ ਅਸੀਂ ਲੋਕ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਕਿਤਾਬ ਲੋਕ ਵਿਰਸੇ ਦਾ ਬੜੀ ਡੂੰਘਾਈ ਤੇ ਵਿਸਥਾਰ ਨਾਲ ਵਿਚਾਰ ਕਰਦੀ ਹੈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਖੇਤੀਬਾੜੀ ਵਿਚ ਅਜੇ ਆਧੁਨਿਕ ਤਕਨੀਕ ਸ਼ਾਮਲ ਨਹੀਂ ਸੀ ਹੋਈ। ਪਰਿਵਾਰ ਕਾਫੀ ਵੱਡੇ ਹੁੰਦੇ ਸਨ, ‘ਖੇਤੀ ਖਸਮਾਂ ਸੇਤੀ' ਦਾ ਅਖਾਣ ਇਸੇ ਦੀ ਗਵਾਹੀ ਭਰਦਾ ਹੈ। ਹਰ ਪਰਿਵਾਰ ਅੰਦਰ 8-10 ਬੱਚੇ ਆਮ ਜਹੀ ਗੱਲ ਸੀ। ਖੇਤੀ ਦੇ ਕੰਮਾਂ ਵਿਚ ਬਹੁਤੇ ਜੀਆਂ ਦੀ ਲੋੜ ਪੈਂਦੀ ਸੀ। ਉਸ ਵੇਲੇ ਜੰਮਣ ਵਾਲੇ ਬੱਚਿਆਂ ਵਿਚੋਂ ਕਾਫੀ ਸਾਰਿਆਂ ਦੀ ਜਨਮ ਤੋਂ ਛੇਤੀ ਬਾਅਦ ਮੌਤ ਵੀ ਹੋ ਜਾਂਦੀ ਸੀ। ਜਨਮ ਵੇਲੇ ਬੱਚਿਆਂ ਦੀ ਗੁਣਵੱਤਾ ਤਾਂ ਸ਼ਾਇਦ ਮਾੜੀ ਨਹੀਂ ਸੀ ਹੁੰਦੀ ਪਰ, ਕਿਸੇ ਬੀਮਾਰੀ ਨੂੰ ਜਾਂਚ ਲੈਣ ਦੀਆਂ ਸਿਹਤ ਸੇਵਾਵਾਂ ਦਾ ਨਾਂ-ਪਤਾ ਹੀ ਕਿਧਰੇ ਨਹੀਂ ਸੀ। ਬੀਮਾਰੀ ਵੇਲੇ ਇਲਾਜ ਤੀਰ-ਤੁੱਕੇ ਵਾਲੇ ਹਕੀਮਾਂ ਦੇ ਹੱਥੀਂ ਹੀ ਹੁੰਦਾ ਸੀ। ਇਹ ਗੱਲਾਂ ਛੇ ਸੱਤ ਦਹਾਕੇ ਪਹਿਲਾਂ ਦੀਆਂ ਹਨ, ਜਦੋਂ ਖੇਤੀਬਾੜੀ ਅਧਾਰਤ ਉਦਯੋਗ ਸੁਣਨ ਵਿਚ ਵੀ ਨਹੀਂ ਆਉਂਦੇ ਸਨ।
ਖੇਤੀ ਵਾਸਤੇ ਲੱਕੜ ਦੇ ਹਲ ਵਰਤੇ ਜਾਂਦੇ ਸਨ। ਜਿਸ ਹਲ ਨੂੰ ਲੋਹੇ ਦਾ ਫਾਲਾ ਹੁੰਦਾ ਸੀ। ਹਲ ਨੂੰ ਜੋੜਨ ਵਾਸਤੇ ਬਲਦਾਂ ਅਤੇ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬਜਾਈ ਸਮੇਂ ਇਕੱਲਾ ਬੰਦਾ ਲੱਕੜ ਦੇ ਹਲ਼ ਦੇ ਮੁੰਨੇ ਨਾਲ ਪੋਰ ਬੰਨਕੇ ਆਪ ਹੀ ਉਸ ਵਿਚ ਬੀਜ ਪਾਉਂਦਾ ਸੀ ਜੋ ਸਿੱਧਾ ਸਿਆੜ ਵਿਚ ਪੈ ਜਾਂਦਾ ਸੀ। ਲੋਹੇ ਦੇ ਹਲ਼, ਉਲਟਾਵੇਂ ਹਲ਼ (ਹੋਰ ਮਸ਼ੀਨਰੀ) ਇਹ ਬਹੁਤ ਦੇਰ ਬਾਅਦ ਆਏ। ਚੀਜ਼ ਵਸਤ ਦੀ ਢੋਅ-ਢੁਆਈ ਲਈ ਗੱਡਾ ਵਰਤਿਆ ਜਾਂਦਾ ਸੀ ਜਿਸਦੇ ਪਹੀਏ ਲੱਕੜ ਦੇ ਹੁੰਦੇ ਸਨ। ਬਾਅਦ ਵਿਚ ਤਕਨੀਕ ਬਦਲੀ ਤੇ ਲੱਕੜ ਦੇ ਪਹੀਏ ਰਬੜ ਵਾਲੇ ਟਾਇਰਾਂ ਵਿਚ ਬਦਲ ਗਏ ਤਾਂ ਉਸਨੂ ਰੇਹੜਾ ਕਹਿਣ ਲੱਗ ਪਏ। ਇਨ੍ਹਾਂ ਨੂੰ ਖਿੱਚਣ ਵਾਸਤੇ ਊਠਾਂ ਤੇ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਯਾਦ ਰਹੇ ਭਾੜਾ ਢੋਣ ਵਾਲੇ ਬਲਦ ਬਗੈਰਾ ਪੰਜਾਲੀ ਨਹੀਂ ਜੋੜੇ ਜਾਂਦੇ ਸਨ (ਜਾਂ ਘੱਟ ਜੋੜੇ ਜਾਂਦੇ ਸਨ)। ਇਹ ਵੀ ਯਾਦ ਰਹੇ ਗਰਮੀਆਂ ਦੀ ਰੁੱਤੇ ਹਾਲ਼ੀ ਬਲਦਾਂ ਤੇ ਊਠਾਂ ਨੂੰ ਸੱਤੂ ਅਤੇ ਜੌਂਆਂ ਦੀਆਂ ਪਿੰਨੀਆਂ ਵੀ ਦਿੱਤੀਆਂ ਜਾਂਦੀਆਂ ਸਨ।
ਕੁੱਝ ਗੱਲਾਂ ਦਾ ਸ਼ਾਇਦ ਬਹੁਤ ਸਾਰਿਆਂ ਨੂੰ ਨਾ ਹੀ ਪਤਾ ਹੋਵੇ। ਊਠਣੀ ਗਰਭ ਧਾਰਨ ਕਰਨ ਤੋਂ ਇਕ ਸਾਲ ਬਾਅਦ ਸੂੰਦੀ ਹੈ। ਉਸ ਦੇ ਸੂਣ ਵੇਲੇ ਆਮ ਔਰ 'ਤੇ ਰੇਤਲੇ ਜਹੇ ਥਾਵੇਂ ਜਣੇਪਾ ਕਰਵਾਇਆ ਜਾਂਦਾ ਹੈ। ਊਠਣੀ ਦੇ ਨਵ ਜੰਮੇ ਬੱਚਿਆਂ ਨੂੰ ਬਤਾਰੂ ਤੇ ਬਤਾਰਨ ਕਿਹਾ ਜਾਂਦਾ ਹੈ। ਊਠਾਂ ਬਾਰੇ ਸੱਭਿਆਚਾਰ ਵਿਚ ਬਹੁਤ ਕੁੱਝ ਸੁਣਨ ਨੂੰ ਮਿਲਦਾ ਹੈ – ਇਸ ਬਾਰੇ ਕਿਸੇ ਮੁਟਿਆਰ ਦੀ ਖਾਹਿਸ਼ :
“ਤੇਰੇ ਕੈਂਠੇ ਦੀ ਮੁਹਾਰ ਬਣ ਜਾਵਾਂ, ਵੇ ਕੈਂਠੇ ਵਾਲਿਆ ਸ਼ੌਕੀਨ ਮੁੰਡਿਆ"
ਪਹਿਲੇ ਸਮਿਆਂ ਵਿਚ ਬਹੁਤੀ ਖੇਤੀ ਬਰਾਨੀ ਹੀ ਹੁੰਦੀ ਸੀ (ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ) । ਇਸ ਕਰਕੇ ਬਹੁਤੀ ਭੋਇੰ ਵਿਚ ਇਕ ਹੀ ਫਸਲ ਹੁੰਦੀ ਉਥੇ ਵੀ ਬੇਰੜਾ ਹੀ ਬੀਜਿਆ ਜਾਂਦਾ, ਛੋਲੇ ਤੇ ਜੌਂ (ਹਾਲਾਂ ਕਿ ਦੁਆਬੇ ਵਿਚ ਕਣਕ+ਛੋਲਿਆਂ ਦੀ ਫਸਲ ਨੂੰ ਬੇਰੜਾ ਕਿਹਾ ਜਾਂਦਾ ਸੀ)। ਖੇਤੀ ਦਾ ਨਕਸ਼ਾ ਅੰਗਰੇਜ਼ਾਂ ਵਲੋਂ 135 ਸਾਲ ਪਹਿਲਾਂ ਕਢਾਈ ਸਰਹਿੰਦ ਨਹਿਰ ਨੇ ਹੀ ਬਦਲਿਆ ਸੀ। ਸਰਹਿੰਦ ਨਹਿਰ 'ਤੇ 1884 ਵਿਚ ਘਰਾਟਾਂ ਦਾ ਨਿਰਮਾਣ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਘਰਾਟ ਦਾ ਆਟਾ ਸਿਹਤ ਵਾਸਤੇ ਵੱਧੇਰੇ ਚੰਗਾ ਹੁੰਦਾ ਹੈ।
ਨਹਿਰਾਂ ਦੇ ਆਉਣ ਤੋਂ ਪਹਿਲਾਂ ਆਟਾ ਪੀਹਣ ਦਾ ਕੰਮ ਘਰੇਲੂ ਚੱਕੀਆਂ ਰਾਹੀਂ ਹੁੰਦਾ ਸੀ, ਇਕੱਲਾ ਆਟਾ ਹੀ ਨਹੀਂ ਪਸ਼ੂਆਂ ਖਾਸ ਕਰਕੇ ਬਲਦਾਂ ਵਾਸਤੇ ਦਾਣਾ ਵੀ ਹੱਥ ਚੱਕੀ ਨਾਲ ਹੀ ਦਲਿਆ ਜਾਂਦਾ ਸੀ। ਪਰਵਾਰ ਵੀ ਵੱਡੇ ਹੁੰਦੇ ਸਨ। (ਉਦੋਂ ਦੀ ਨੂੰਹ ਦਾ ਦੁੱਖ ਇਸ ਬੋਲੀ ਵਿਚ ਹੈ ਕਿ “ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰਾ ਸੱਸ ਨਾਲ ਬਣਾ ਕੇ ਰੱਖਦੀ") ਜਾਂ ਫੇਰ ਖਰਾਸ ਰਾਹੀਂ । ਖਰਾਸ ਵੀ ਬਲਦਾਂ ਜਾਂ ਊਠਾਂ ਨਾਲ ਹੀ ਚਲਾਇਆ ਜਾਂਦਾ ਸੀ। ਨਹਿਰਾਂ ਦੇ ਆਉਣ 'ਤੇ ਪਾਣੀ ਨਾਲ ਚੱਲਣ ਵਾਲੇ ਘਰਾਟ ਆਏ ਇਸ ਤੋਂ ਬਾਅਦ ਇੰਜਣ ਨਾਲ ਚੱਲਣ ਵਾਲੀਆਂ ਚੱਕੀਆ। ਜੀਵਨ ਕਿੰਨਾ ਔਖਾ ਸੀ - “ਤੜਕੇ ਉੱਠ ਚੱਕੀ ਝੋਅ, ਮਧਾਣੀ ਪਾ, ਪਾਣੀ ਭਰ, ਗੋਹਾ ਸੁੱਟਣ ਜਾਹ"।
ਬੜੀ ਕਮਾਲ ਦੀ ਗੱਲ ਕਿ ਊਠ 'ਤੇ ਅਸਵਾਰੀ ਕਰਨ ਦੇ ਮਿੱਥੇ ਹੋਏ ਅਸੂ਼ਲ ਸਨ। ਇਹਦੇ ਵਾਸਤੇ ਸੂੰਡਕਾ, ਪਾਖੜਾ ਤੇ ਕਾਠੀ ਵਰਤੇ ਜਾਂਦੇ ਹਨ। ਅਸਵਾਰਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ‘ਜੇ ਪਿਊ ਤੇ ਧੀ ਨੇ ਅਸਵਾਰੀ ਕਰਨੀ ਹੋਵੇ ਤਾਂ ਧੀ ਅੱਗੇ ਬੈਠੇਗੀ ਅਤੇ ਪਿਉ ਪਿੱਛੇ। ਪਰ, ਜੇ ਪਤੀ ਪਤਨੀ ਜਾਣ ਤਾਂ ਪਤੀ ਅੱਗੇ ਬੈਠੇਗਾ ਅਤੇ ਪਤਨੀ ਪਿਛਲੇ ਆਸਣ ਉੱਤੇ। ਇਹਨੂੰ ਲੋਕ ਰਿਸ਼ਤੇ ਦੀ ਪਾਕੀਜ਼ਗੀ ਵੀ ਆਖਦੇ ਸਨ। ਹਲ਼ ਵਾਹੁਣ ਵੇਲੇ ਬਲਦ ਪੰਜਾਲੀ ਜੁੜਦੇ ਹਨ ਪਰ ਊਠ ਦੇ ਕੁਹਾਠ 'ਤੇ ਤੰਗੜ ਪਾਇਆ ਜਾਂਦਾ ਹੈ। ਇਸੇ ਤਰਾਂ ਪਸ਼ੂਆਂ ਵਾਸਤੇ ਨਸਲ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਪੰਜਾਬੀ ਸੱਭਿਆਚਾਰ ਵਿਚ ਇਸਨੂੰ ‘ਧੀ ਲਾਣੇ ਦੀ ਮੱਝ/ਗਾਂ ਰਵੇ ਦੀ` ਕਿਹਾ ਜਾਂਦਾ ਹੈ। ਪਸ਼ੂਆਂ ਵਾਸਤੇ ਸ਼ਬਦ ਰਵਾ ਵਰਤਿਆ ਜਾਂਦਾ ਹੈ। ਕਿਤਾਬ ਪੜ੍ਹਦਿਆਂ ਬੰਦਾ ਹੈਰਾਨ ਵੀ ਹੋਵੇਗਾ ਜਦੋਂ ਪੜ੍ਹੇਗਾ ਕਿ “ਦੋ ਰੁਪਏ ਖਲ਼ ਦੀ ਬੋਰੀ ਤੇ ਪੰਜ ਰੁਪਏ ਦੀ ਬੜੇਂਵਿਆਂ ਦੀ ਬੋਰੀ" - ਹੈਰਾਨ ਹੋਣ ਦੀ ਲੋੜ ਨਹੀਂ ਇਹ 6-7 ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਕਣਕ ਵੀ ਤਾਂ ਇਕ ਰੁਪੱਈਏ ਦੀ ਮਣ ਹੁੰਦੀ ਸੀ। ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਲੋਕਾਂ ਦੀ ਸਾਂਝ ਇੰਨੀ ਗੂੜ੍ਹੀ ਹੁੰਦੀ ਸੀ ਕਿ ਲੋਕ ਪੱਗ-ਵਟ ਭਰਾ ਬਣਕੇ ਇਕ ਦੂਜੇ ਵਾਸਤੇ ਜਾਨਾਂ ਤੱਕ ਵਾਰ ਦਿੰਦੇ ਸਨ ਅਤੇ ਬੀਬੀਆਂ ਚੁੰਨੀਆਂ ਵਟਾ ਕੇ ਆਪਣੇ ਵਚਨ ਪਾਲਦੀਆਂ ਸਨ। ਸਾਂਝਾਂ ਦਾ ਆਲਮ ਇਹ ਸੀ ਕਿ ਲੋਕ ਖੁਸ਼ੀ, ਗਮੀ ਦੇ ਮੌਕੇ ਜਰੂਰ ਇਕ ਦੂਜੇ ਨਾਲ ਮਿਲਦੇ, ਦੁੱਖ-ਸੁੱਖ ਸਾਂਝਾ ਕਰਦੇ। ਹੁਣ ਉਹ ਵੇਲੇ ਨਹੀਂ ਰਹੇ।
ਲੋਕ ਸਮਾਜ ਦੇ ਭਲੇ ਵਾਸਤੇ ਚੰਗੇ ਢੱਟੇ (ਝੋਟੇ- ਮਾਲੀ) ਆਪ ਹੀ ਸਰਕਾਰ ਵਲੋਂ ਠੱਪਾ ਲੁਆ ਕੇ ਖੁੱਲ੍ਹਾ ਛੱਡ ਦਿੰਦੇ ਸਨ ਤਾਂ ਜੋ ਪਸ਼ੂਆਂ ਦੀ ਚੰਗੀ ਤੇ ਨਰੋਈ ਨਸਲ ਵਾਸਤੇ ਸਿਹਤਮੰਦ ਜੁਗਾੜ ਬਣਿਆ ਰਹੇ। ਇਹ ਸਭ ਮੁਫਤ ਖਾਤੇ ਹੀ ਹੁੰਦੇ ਸਨ। ਇਸ ਦੇ ਨਾਲ ਹੀ ਲੇਖਕ ਲਿਖਦਾ ਹੈ ਕਿ ਪਸ਼ੂਆਂ ਅੰਦਰ ਵੀ ‘ਕਾਮ ਦਾ ਨਸ਼ਾ ਸਭ ਤੋਂ ਭੈੜਾ ਹੁੰਦਾ ਹੈ'। ਇਸ ਦੀ ਸਚਾਈ ਦੇ ਸਬੰਧ ਵਿਚ ਮੱਝਾਂ, ਗਾਵਾਂ ਤੇ ਊਠਾਂ ਦੀਆਂ ਕਾਫੀ ਮਿਸਾਲਾਂ ਪੇਸ਼ ਕਰਦਾ ਹੈ।
ਇਕ ਹੋਰ ਬੜੀ ਪਤੇ ਦੀ ਗੱਲ ਦਰਜ ਹੈ ਕਿ ਸਾਰੇ ਪਸ਼ੂ ਗੋਹਾ ਨਹੀਂ ਕਰਦੇ ਬਲਦ, ਮੱਝ, ਗਾਂ, ਗੋਹਾ ਕਰਦੇ ਹਨ, ਘੋੜਾ, ਖੋਤਾ ਲਿੱਦ ਕਰਦੇ ਹਨ, ਬੱਕਰੀ ਮੀਂਙਣਾਂ ਕਰਦੀ ਹੈ, ਭੇਡ ਸੰਗੋਹ ਤੇ ਊਠ ਲੇਡਣੇ ਕਰਦਾ ਹੈ। ਗੋਹੇ ਦੀਆਂ ਪਾਥੀਆਂ ਬਣ ਜਾਂਦੀਆਂ ਹਨ, ਬਾਕੀਆਂ ਦੀਆਂ ਨਹੀਂ। ਕਈ ਲੋਕ ਉਨ੍ਹਾਂ ਨੂੰ ਸੁਕਾ ਕੇ ਬਾਲਣ ਵਜੋਂ ਵਰਤ ਲੈਂਦੇ ਸਨ।
ਪਸ਼ੂ ਵਿਗਿਆਨ ਦੇ ਜਾਣਕਾਰਾਂ ਨੇ ਬਲਦਾਂ ਦੇ ਸਿੰਙਾਂ ਦੀ ਬਣਤਰ ਅਨੁਸਾਰ ਨਾਰਾ, ਬੱਗਾ, ਚੱਪਾ, ਖੜਪਾੜਾ, ਮੀਣਾ, ਢਾਲ ਤਲਵਾਰਾ ਅਤੇ ਮੱਝਾਂ ਬਾਰੇ ਕੁੰਢੀ, ਦਾਤੀ ਸਿੰਙੀਂ, ਮੀਣੀ, ਘੋਨੀ ਆਦਿ ਦੀ ਵੰਡ ਕੀਤੀ ਹੋਈ ਸੀ। ਆਮ ਕਹਾਵਤ ਵੀ ਹੈ ਕਿ ‘ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ`। ਹੁਣ ਸਮਾਂ ਬਦਲ ਗਿਆ ਹੈ – ਖੇਤੀ ਦੇ ਮਸ਼ੀਨੀਕਰਨ ਦੇ ਸਿੱਟੇ ਵਜੋਂ ਪਿੰਡਾਂ ਦੇ ਬਹੁਤ ਘਰਾਂ ਵਿਚੋਂ ਵੀ ਪਸ਼ੂ ਮੁੱਕਦੇ ਜਾਂਦੇ ਹਨ ਤੇ ਫੇਰ ਨਵੀਂ ਪੀੜੀ ਖਲ਼ ਤੇ ਵੜੇਵਿਆਂ ਬਾਰੇ ਕਿੱਥੋਂ ਜਾਣੂ ?
ਫਸਲਾਂ ਦੇ ਹਾਈਬਰਿਡ ਬੀਜਾਂ ਨੇ ਫਸਲਾਂ ਦੇ ਝਾੜ ਵਧਾ ਦਿੱਤੇ ਹਨ ਪਰ ਲੋਕਾਂ ਦੀ ਸਿਹਤ ਵਾਸਤੇ ਜੱਭ੍ਹ ਪੈਦਾ ਕਰ ਦਿੱਤਾ ਹੈ। ਲੋਕਾਂ ਦੀ ਸਿਹਤਮੰਦੀ ਲਈ ਕੁਦਰਤੀ ਖੇਤੀ ਚੰਗੀ ਹੁੰਦੀ ਸੀ। ਫਸਲਾਂ ਵਿਚ ਬੂਟੀਆਂ ਉਦੋਂ ਵੀ ਉੱਗਦੀਆਂ ਸਨ, ਤਾਂਦਲਾ, ਪੋਹਲ਼ਾ, ਪੋਹਲ਼ੀ, ਬਾਥੂ, ਮੁਰਕ, ਪਿਆਜੀ, ਭੁਕਣਾ, ਤੋਤਾਮੈਨਾ, ਇੱਟਸਿੱਟ, ਝੱਲ, ਬਰੂ, ਧਾਮਣ, ਮਧਾਣਾਂ, ਅਲੇਹਾਂ, ਦੁੱਧਤਲ, ਭਗਤਲ, ਖਿੱਪ, ਬੂਈਆਂ, ਭੱਸਰਾ ਆਦਿ। ਇਨ੍ਹਾਂ ਨੂੰ ਦੂਰ ਕਰਨ ਵਾਸਤੇ ਫਸਲਾਂ ਦੀ ਗੋਡੀ ਹੁੰਦੀ, (ਇੱਥੇ ਕਹਾਵਤ ਵੀ ਸੀ- ਜਿੰਨੀ ਗੋਡੀ, ਉੱਨੀ ਡੋਡੀ) ਕਾਮੇ ਵੀ ਇਸ ਨਾਲ ਤੰਦਰੁਸਤ ਰਹਿੰਦੇ ਸਨ। ਹੁਣ ਵੱਧ ਝਾੜ ਦੀ ਹੋੜ ਨੇ ਕੈਮੀਕਲਾਂ ਤੇ ਸਪਰੇਆਂ ਦੀ ਭਰਮਾਰ ਨੇ ਵਾਤਾਵਰਣ ਹੀ ਖਰਾਬ ਨਹੀਂ ਕੀਤਾ ਧਰਤੀ ਨੂੰ ਨਸ਼ੇ ਤੇ ਲਾ ਦਿੱਤਾ ਹੈ। ਬੇ-ਥਾਹ ਖਾਦਾਂ ਤੇ ਕੀੜੇਮਾਰ ਦਵਾਈਆਂ ਪਾਣੀ ਰਾਹੀਂ ਧਰਤੀ ਵਿਚ ਜਜ਼ਬ ਹੋ ਰਹੀਆਂ ਹਨ – ਜੋ ਧਰਤੀ ਹੇਠਲੇ ਪਾਣੀ ਨੂੰ ਗੰਦਾ ਹੀ ਨਹੀਂ ਕਰਦੇ ਜ਼ਹਿਰੀ ਵੀ ਕਰਦੇ ਹਨ। ਸੋਚਣ ਤੇ ਪਤਾ ਲੱਗੇਗਾ ਕਿ ਕੈਂਸਰ ਬੈਲਟ ਐਵੇਂ ਤੇ ਨਹੀਂ ਬਣ ਜਾਂਦੀ, ਇਸ ਵਿਚ ਸਮਾਜ ਦਾ ਆਪਣਾ ਵੀ ਕੁੱਝ ਦੋਸ਼ ਤਾਂ ਹੈ।
ਸਮਾਜ ਅੰਦਰ ਰੁੱਖਾਂ ਦੀ ਬਹੁਤ ਮਹਾਨਤਾ ਸੀ, ਪਿੰਡਾਂ ਵਿਚ ਇਸਦੇ ਆਮ ਹੀ ਸਬੂਤ ਮਿਲਦੇ ਹਨ। ਤਪਦੀਆਂ ਦੁਪੈਹਰਾਂ ਨੂੰ ਲੋਕ ਇੱਥੇ ਇਕੱਠੇ ਹੁੰਦੇ। ਸੱਥਾਂ ਜੁੜਦੀਆਂ, ਤਾਸ਼ਾਂ ਖੇਡਦੇ, ਅਰਾਮ ਕਰਦੇ। ਬੱਚੇ ਆਪਣੀਆਂ ਖੇਡਾਂ ਵਿਚ ਮਸਤ ਰਹਿੰਦੇ। ਹਵਾ ਸਾਫ ਰਹਿੰਦੀ।
ਪਹਿਲਾਂ ਸਾਡੇ ਸਮਾਜ ਅੰਦਰ ਲੜਕੀਆਂ ਦੇ ਦਾਜ ਵਿਚ ਮੱਝ, ਗਊ, ਬਲਦ, ਗੱਡੇ, ਊਠ, ਘੋੜੀਆਂ ਆਦਿ ਦਿੱਤੇ ਜਾਂਦੇ ਸਨ। ਕਿਸਾਨੀ ਪਰਵਾਰਾਂ ਦੀਆਂ ਕੁੜੀਆਂ ਆਪਣੇ ਲਈ ਦਾਜ ਬਣਾਉਂਦੀਆਂ ਤਾਂ ਉਸ ਵਿਚ ਮੁਹਾਰਾਂ, ਘੁੰਗਰਾਲਾਂ, ਗਾਨੀਆਂ, ਖੋਪੇ, ਝੁੱਲ, ਛਿੱਕਲੇ ਅਤੇ ਲੋਗੜੀ ਦੇ ਫੁੱਲ ਆਦਿ ਵੀ ਹੁੰਦੇ ਸਨ। ਪਿੰਡ ਵਿਚ ਆਈ ਨਵੀਂ ਬਹੂ ਦਾ ਦਾਜ ਦੇਖਣ ਲਈ ਅਣ-ਵਿਆਹੀਆਂ ਕੁੜੀਆਂ ਜ਼ਰੂਰ ਆਉਂਦੀਆਂ ਉਹ ਕਢਾਈ ਬਗੈਰਾ ਵਾਸਤੇ ਨਮੂਨੇ ਮਿਲ ਜਾਣ ਵਿਚ ਦਿਲਚਸਪੀ ਲੈਂਦੀਆਂ।
ਜੁਲਾਹਿਆਂ ਤੋਂ ਵੀ ਪਹਿਲਾਂ ਪਿੰਜਣਾ ਤੇ ਤੁੰਬਣਾਂ ਘਰਾਂ ਵਿਚ ਹੀ ਕਰ ਲਿਆ ਜਾਂਦਾ ਸੀ। ਇਹ ਵੀ ਸੱਤ ਕੁ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਇੱਥੇ ਰੂੰਅ ਦੇ ਨਾਲ ਹੀ ਭੇਡਾਂ ਦੀ ਉੱਨ ਵੀ ਹੁੰਦੀ ਸੀ ਜੋ ਪਿੰਜ, ਤੁੰਬ ਕੇ ਕੱਤੀ ਜਾਂਦੀ ਸੀ ਜਿਸਦੇ ਸਵੈਟਰ, ਕੋਟੀਆਂ ਬੁਣੀਆਂ ਜਾਂਦੀਆਂ ਸਨ। । ਇਹ ਸਾਰਾ ਕਾਰਜ ਪਿੰਜਣਾ, ਤੁੰਬਣਾ, ਕੱਤਣਾਂ, ਅਟੇਰਨਾਂ ਔਰਤਾਂ ਦੇ ਹੱਥੀਂ ਹੀ ਹੁੰਦੇ ਸਨ।
ਕਈ ਵੱਡੇ ਬਜ਼ੁਰਗ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਸੱਜਣ ਬੇਲੀਆਂ ਨੂੰ ਸੱਦ ਕੇ ‘ਜਿਉਣ ਜੱਗ` ਕਰਿਆ ਕਰਦੇ ਸਨ। ਖਾਂਦੇ-ਪੀਂਦੇ ਲਾਣੇ ਆਪਣੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਮੌਤ ਹੋ ਜਾਣ `ਤੇ ਖੁਸ਼ੀ ਨਾਲ ਵੱਡਾ ਕਰਕੇ ਵਿਦਾ ਕਰਦੇ ਸਨ। ਅਜਿਹੀ ਰਸਮ ਨੂੰ ਗਦੌੜਾ ਫੇਰਨਾ ਕਿਹਾ ਜਾਂਦਾ ਸੀ। ਅਜਿਹੇ ਬਜ਼ੁਰਗਾਂ ਦੀ ਅਰਥੀ ਤੋਂ ਫੁੱਲੀਆਂ, ਪਤਾਸੇ ਅਤੇ ਪੈਸੇ ਸੁੱਟੇ ਜਾਂਦੇ। ਜਿਸ ਕਿਸੇ ਦੇ ਹੱਥ ਮੋਰੀ ਵਾਲਾ ਪੈਸਾ ਲਗਦਾ ਉਹ ਸੰਭਾਲ ਕੇ ਰੱਖਦਾ। ਇਹ ਪੈਸਾ ਛੋਟੇ ਬੱਚੇ ਦੇ ਗਲ਼ ਪਾਈ ਗਾਨੀ ਜਾਂ ਲੱਕ ਨੂੰ ਬੰਨੀ ਤੜਾਗੀ ਵਿਚ ਪਾ ਦਿੱਤਾ ਜਾਂਦਾ ਸੀ - ਉਹ ਸੋਚਦੇ ਸਨ ਕਿ ਇਸ ਤਰ੍ਹਾਂ ਬੱਚਾ ਕਿਸੇ ਵੀ ਬੁਰੀ ਨਜ਼ਰ ਤੋਂ ਬਚਿਆ ਰਹੇਗਾ। ਉਦੋਂ ਸਮਾਜ ਵਿਚ ਇਸ ਤਰ੍ਹਾਂ ਦੇ ਕਾਫੀ ਸਾਰੇ ਵਹਿਮ ਵੀ ਪ੍ਰਚੱਲਤ ਸਨ।
ਇਸ ਕਿਤਾਬ ਨੂੰ ਪੜ੍ਹਨਾ ਹਰ ਪਾਠਕ ਲਈ ਲਾਹੇਵੰਦ ਹੋਵੇਗਾ- ਜਦੋਂ ਉਹ ਪੜ੍ਹੇਗਾ ਕਿ ਕਪਾਹਾਂ ਦੀ ਰੁੱਤੇ ਔਰਤਾਂ ਮਹੀਨਾ ਮਹੀਨਾ ਕੇਸੀ ਇਸ਼ਨਾਨ ਨਹੀਂ ਕਰਦੀਆਂ ਸਨ। ਬਹੁਤੀਆਂ ਦੇ ਉਸ ਸਮੇਂ ਜੂਆਂ ਵੀ ਪੈ ਜਾਂਦੀਆਂ ਸਨ।
ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਪਹਿਲੇ ਸਮਿਆਂ ਵਿਚ ਜਦੋਂ ਕਿਸੇ ਔਰਤ ਨੂੰ ਕੋਈ ਉਧਾਲ ਕੇ ਲੈ ਜਾਂਦਾ ਸੀ ਤਾਂ ਮੁਕੱਦਮਾ ਚੋਰੀ ਦਾ ਦਰਜ ਹੁੰਦਾ ਸੀ, ਕਿਸੇ ਚੀਜ਼-ਵਸਤ ਵਾਂਗ, ਉਧਾਲੇ ਦਾ ਕੇਸ ਨਹੀਂ ਸੀ ਦਰਜ ਹੁੰਦਾ।
ਤੇਰਵੇਂ ਮਹੀਨੇ ਦਾਣੇ ਮੁੱਕ ਜਾਣ ਵਾਲੇ ਪਰਿਵਾਰਾਂ ਬਾਰੇ ਵੀ ਪਤਾ ਲੱਗੇਗਾ। ਉਹ ਕਿਵੇਂ ਡੇਢ੍ਹੇ, ਸਵਾਏ ਕਰਕੇ ਵਾਪਸ ਕਰਦੇ ਸਨ। ਪਰ ਇਹ ਔਖੇ ਵੇਲੇ ਦੂਸਰੇ ਦੇ ਕੰਮ ਆਉਣ ਦਾ ਸਾਂਝ ਭਰਿਆ ਕਾਰਜ ਸੀ।
ਸਾਡੇ ਸਮਾਜ ਵਿਚ ਪ੍ਰੌਹਣਚਾਰੀ ਦਾ ਖਾਸ ਮਹੱਤਵ ਹੁੰਦਾ ਸੀ ਪਰ ਲੇਖਕ ਹੁਣ ਦੇ ਚਲਣ ਨੂੰ ਦੇਖ ਕੇ ਉਦਾਸ ਹੋ ਕੇ ਲਿਖਦਾ ਹੈ “ਸਾਡੇ ਸੱਭਿਆਚਾਰ ਦੀ ਮਹਿਮਾਨਨਿਵਾਜ਼ੀ ਦੀ ਵਿਸ਼ੇਸ਼ਤਾਈ ਵੀ ਬੀਤੇ ਸਮੇਂ ਦੀ ਬਾਤ ਬਣ ਗਈ ਹੈ।"
ਇਸ ਕਿਤਾਬ ਨੂੰ ਪੜ੍ਹਦਿਆਂ ਵਿਰਸੇ ਨੂੰ ਜਾਨਣ ਦੀ ਤਾਂਘ ਰੱਖਣ ਵਾਲੇ ਜਗਿਆਸੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਪੱਲੇ ਪੈਣਗੀਆਂ। ਪਰ, ਇਹ ਕਿਤਾਬ ਧੀਰਜ ਨਾਲ ਪੜ੍ਹਨ ਵਾਲੀ ਹੈ। ਜਿਵੇਂ ਜਿਵੇਂ ਪੜ੍ਹਦੇ ਜਾਵੋਗੇ ਹੈਰਾਨ ਹੁੰਦੇ ਜਾਵੋਗੇ, ਕਿਉਂਕਿ ਤੁਹਾਨੂੰ ਆਪਣੇ ਵਡੇਰਿਆਂ ਦੀ ਔਖ ਭਰੀ ਜ਼ਿੰਦਗੀ ਦੇ ਸਫਰ ਦੀਆਂ ਪਾਈਆਂ ਪੈੜਾਂ ਵਿਚੋਂ ਆਪਣੀਆਂ ਅੱਖਾਂ ਨਾਲ ਝਾਕਣਾ ਪਵੇਗਾ।
ਇਹ ਕੁੱਝ ਸ਼ਬਦ ਦਾਲ਼ ਵਿਚੋਂ ਦਾਣਾ ਟੋਹਣ ਬਰਾਬਰ ਹਨ, ਬਾਕੀ ਕੰਮ ਤੁਹਾਨੂੰ ਆਪ ਕਰਨਾ ਪਵੇਗਾ॥
ਇਹ ਸਭ ਕੁੱਝ ਦੱਸਣ ਵਾਸਤੇ ਜੋਗਿੰਦਰ ਸਿੰਘ ਸਿਵੀਆ ਦਾ ਧੰਨਵਾਦ ਕਰਨਾ ਪਵੇਗਾ, ਜਿਸ ਨੇ ਬੀਤ ਗਏ ਜੁੱਗ ਦੀ ਵਾਰਤਾ ਅੱਜ ਦੇ ਜੁੱਗ ਨਾਲ ਸਾਂਝੀ ਕੀਤੀ ਹੈ। ਇਹ ਕਿਤਾਬ “ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ" ਅਖਾਣਾਂ ਤੋਂ ਅੱਗੇ ਸੱਚ ਦੀ ਵਾਰਤਾ ਹੈ।
ਅੰਤ ਵਿਚ ਇਹ ਹੀ ਕਹਿਣਾ ਬਣਦਾ ਹੈ ਕਿ ਯੂਨੀਵਰਸਿਟੀਆਂ ਵਿਚ ਬੈਠੇ “ਵਿਦਵਾਨਾਂ" ਦੀ ਆਪਣੇ ਵਿਰਸੇ ਪ੍ਰਤੀ ਜੁੰਮੇਵਾਰੀ ਤਾਂ ਹੈ ਪਰ ਸ਼ਾਇਦ ਉਹ ਇਹ ਕੰਮ ਨਾ ਕਰ ਸਕਣ। ਪੰਜਾਬ ਸਰਕਾਰ, ਕਿਸੇ ਯੂਨੀਵਰਸਿਟੀ ਜਾਂ ਆਪਣੇ ਵਿਰਸੇ ਨੂੰ ਸੰਭਾਲਣ ਵਾਲੀ ਕਿਸੇ ਹੋਰ ਸੰਸਥਾ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦਾ ਲੋਕ ਇਤਿਹਾਸ ਲਿਖਵਾਇਆ ਜਾਵੇ। ਜੋਗਿੰਦਰ ਸਿੰਘ ਸਿਵੀਆ ਵਰਗੇ ਅਨੁਭਵੀ ਵਿਦਵਾਨ ਨੇ ਇਸ ਕਿਤਾਬ ਰਾਹੀਂ ਆਪਣਾ ਜੀਵਨ ਅਨੁਭਵ ਤੇ ਸਾਡਾ ਵਿਰਸਾ ਸਾਡੇ ਸਨਮੁੱਖ ਪੇਸ਼ ਕੀਤਾ ਹੈ, ਨਵੀਆਂ ਪੈੜਾਂ ਪਾਈਆਂ ਹਨ – ਇਸ ਵਿਸ਼ੇ ਦੇ ਜਾਣਕਾਰਾਂ ਲਿਖਾਰੀਆਂ ਨੂੰ ਇਨ੍ਹਾਂ ਪੈੜਾਂ ਦਾ ਲੜ ਫੜ ਕੇ ਇਸ ਰਾਹੇ ਹੋਰ ਅੱਗੇ ਤੁਰਨ ਦੀ ਲੋੜ ਹੈ।
15 ਅਗਸਤ ਦੇ ਨਾਂ, ਦਰਦ ਦੀਆਂ ਚੀਸਾਂ - ਕੇਹਰ ਸ਼ਰੀਫ਼
ਸੰਨ ਸੰਤਾਲੀ ਚੰਦਰਾ ਸੀ ਖੁਸ਼ੀਆਂ ਲੈ ਗਿਆ ਖੋਹ ਕੇ ਨਾਲ
ਹੁਣ ਤਾਂ ਨਿੱਤ ਸੰਤਾਲੀ ਚੜ੍ਹਦਾ ਧਰਤੀ ਕਰਦਾ ਲਾਲੋ-ਲਾਲ।
----
ਘੁੱਗ ਵਸਦੇ ਮੁਹੱਬਤੀ ਲੋਕਾਂ ਦੇ ਖਿੱਤੇ 'ਚ
ਸ਼ਰਾਰਤੀ ਲੋਭੀਆਂ ਨੇ ਪਾਟਕ ਪਾਏ
ਦੁੱਧ ਵਿਚ ਚੋਰੀ ਕਾਂਜੀ ਘੋਲ਼ਣ ਵਾਂਗ
ਵਾਤਾਵਰਣ ਜ਼ਹਿਰੀ ਕਰ ਦਿੱਤਾ ਗਿਆ
ਅਜਿਹਾ ਨਫਰਤੀ ਮਹੌਲ ਬਣਾਇਆ
ਕਿ ਲਹੂ ਆਪਣਾ ਰੰਗ ਹੀ ਵਟਾ ਗਿਆ
ਜਦੋਂ ਲੋਕ ਵੰਡੇ ਗਏ, ਤਾਂ ਗੁਲਾਮ ਹੋ ਗਏ।
ਨੇਕ ਰੂਹਾਂ ਦਰਦਾਂ ਦੀ ਦਵਾ ਬਣਨ ਤੁਰੀਆਂ
ਕਾਲ ਕੋਠੜੀਆਂ, ਫਾਂਸੀਆਂ ਹੋਈਆਂ, ਘਰ ਉੱਜੜੇ
ਜਲਾਵਤਨੀਆਂ, ਘਰ ਪਰਿਵਾਰਾਂ ਦੀ ਤਬਾਹੀ
ਕਾਲੇ ਪਾਣੀਆਂ ਦੇ ਅਣਮਨੁੱਖੀ ਤਸੀਹਿਆਂ ਅਤੇ
'ਹਵਾ' ਵਲੋਂ ਆਪਣੇ ਖਿਲਾਫ਼ ਹੋਈ ਸਾਜ਼ਿਸ਼ ਤੋਂ ਵੀ
ਸਿਦਕਵਾਨਾ, ਸਿਰੜੀਆਂ ਨੇ ਹੌਸਲਾ ਨਾ ਹਾਰਿਆ
ਫੇਰ, ਜਿਹੜੀ ਆਜ਼ਾਦੀ ਆਈ, ਉਹ --
ਉਹਦੀ ਮਟਕ, ਰੰਗ-ਰੂਪ ਤੇ ਉਹਦੀ ਰੂਹ ਵੀ,
ਅਪਣੱਤ ਭਰੇ, ਸੁਰਖ ਗੁਲਾਬਾਂ ਵਰਗੇ ਨਾ ਹੋ ਸਕੇ,
ਲੋਕ ਦਿਲਾਂ 'ਚ ਪਲਦੀਆਂ ਸਾਂਝੀਆਂ ਰੀਝਾਂ,
'ਤੇ ਸੁਖੀ ਵਸਣ ਵਾਲੇ ਸੁਪਨੇ, ਆਸਾਂ, ਉਮੰਗਾਂ
ਆਉਂਦੇ-ਜਾਂਦੇ ਸਾਹਾਂ 'ਚ ਦਫਣ ਹੋ ਗਈਆਂ
ਪਿਆਰ ਮੁਹੱਬਤ ਦੇ ਸੁਰਾਂ ਵਾਲੀ ਸੋਹਣੀ ਧਰਤੀ ਦੀ
ਵੰਝਲੀ ਤੋਂ ਉਸਦੀ ਤਾਨ ਖੋਹ ਲਈ ਗਈ
ਪੰਜ-ਆਬਾਂ ਦਾ ਬੇਲਾ ਵੀਰਾਨ ਕਰ ਦਿੱਤਾ ਗਿਆ
ਵਕਤ, ਵਾਪਰਦੀ ਇਸ ਅਨਹੋਣੀ ਨੂੰ ਦੇਖਦਾ ਰਿਹਾ
ਵਕਤ, ਉਦਾਸ ਹੋ ਗਿਆ, ਜੋ ਅਜੇ ਵੀ ਉਦਾਸ ਹੈ
ਸਵਾਲ ਅਜੇ ਵੀ ਜਵਾਬ ਦੀ ਉਡੀਕ ਕਰ ਰਿਹਾ
ਚਾਹਤ ਅਜੇ ਵੀ ਉਡੀਕ ਦੇ ਬੂਹੇ ਹੀ ਬੈਠੀ ਹੈ
ਸਮੇਂ ਨੂੰ ਸਾਰਥਕ ਕਰਨ ਦਾ ਵੇਲਾ ਕਦੋਂ ਆਵੇਗਾ?
ਕਹਿੰਦੇ ਪਾਣੀਆਂ 'ਤੇ ਲੀਕ ਨਹੀਂ ਵਹਿੰਦੀ
ਸਿਆਹ ਸਿਆਸਤ ਨੇ ਪਾਣੀਆਂ 'ਤੇ ਵੀ ਲੀਕ ਵਾਹ ਦਿੱਤੀ
ਝੂਠੇ ਨਾਅਰਿਆਂ ਨਾਲ ਵਰਗਲਾਏ ਸਿਰੋਂ ਵਿਹੂਣੇ ਜਨੂੰਨੀ
ਦੁਸ਼ਮਣਾਂ ਵਰਗੇ "ਆਪਣਿਆਂ" ਦੀ ਚੁੱਕ ਵਿਚ ਆ
ਇੱਕੋ ਮੁਹੱਲੇ, ਇੱਕੋ ਪਿੰਡ, ਵਿਚ ਜੰਮੇ-ਪਲੇ ਤੇ ਵੱਡੇ ਹੋਏ
ਆਪਣੇ ਹੀ ਬੇ-ਕਸੂਰ, ਬੇਦੋਸ਼ੇ, ਭੈਣਾਂ-ਭਰਾਵਾਂ ਨੂੰ
ਬੇ-ਰਹਿਮੀ ਭਰੀ ਉਜੱਡਤਾ ਨਾਲ ਵੱਢਦੇ-ਟੁੱਕਦੇ ਰਹੇ
ਪਾਗਲ ਹੋ ਮਾਵਾਂ-ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਰਹੇ
ਭਲਾਂ ਇਹ ਧਾੜਵੀ, ਕਾਤਲ, ਦਰਿੰਦੇ ਕੌਣ ਸਨ ?
"ਆਪਣੇ" ਹੀ ਸਨ, ਕੋਈ ਗੈਰ ਤਾਂ ਨਹੀਂ ਸਨ?
ਬੀਬੇ ਚਿਹਰੇ, ਮੱਕਾਰੀ ਵਸ ਝੂਠਾ ਲਿਬਾਸ ਪਹਿਨ
ਸਾਰੀ ਮਨੁੱਖਤਾ ਨੂੰ ਇਕੋ ਸਮਝਣ ਦਾ ਸੰਦੇਸ਼ ਭੁੱਲ
"ਸਭੈ ਸਾਂਝੀਵਾਲ ਸਦਾਇਣ" ਦੀ ਰੀਤ ਵੱਲ ਪਿੱਠ ਕਰ
ਇਨਸਾਨ ਹੋਣ ਤੋਂ ਹੀ ਮੁਨਕਰ ਹੋ ਕੇ ਵਹਿਸ਼ੀ ਬਣ ਗਏ
ਲੱਖਾਂ ਹੀ ਬੇ-ਕਸੂਰ ਜਾਨਾਂ ਤੇ ਪੰਜਾਂ ਪਾਣੀਆਂ ਦੇ ਕਾਤਲ
ਪਤਾ ਨਹੀਂ ਮੁੜ ਕਦੇ ਸੁਖ ਦੀ ਨੀਂਦੇ ਸੁੱਤੇ ਵੀ ਹੋਣ?
ਹੱਸਦੇ, ਖੇਡਦੇ, ਢੋਲੇ ਦੀਆਂ ਲਾਉਂਦੇ
ਨਹੁੰ ਮਾਸ ਦਾ ਰਿਸ਼ਤਾ ਬਣਕੇ ਜੀਊਂਦੇ
ਵਟਾਈਆਂ ਪੱਗਾਂ ਤੇ ਵਟਾਈਆਂ ਚੁੰਨੀਆਂ ਨੂੰ
ਲੀਰੋ-ਲੀਰ ਕਰਨ ਵਾਲੇ, ਪੱਥਰ ਦਿਲ
ਮੁਹੱਬਤੀ ਰਿਸ਼ਤਿਆਂ ਤੇ ਭਲੇ ਇਨਸਾਨਾਂ ਨੂੰ
ਵੱਢਣ-ਟੁੱਕਣ ਵਾਲੇ ਬੇਰਹਿਮ ਦਰਿੰਦੇ
ਪੰਜਾਂ ਪਾਣੀਆਂ ਦੀ ਭਾਈਚਾਰਕ ਸਾਂਝ, ਅਤੇ
ਪਿਆਰ-ਮੁਹੱਬਤ ਦੇ ਫਲਸਫੇ ਨੂੰ ਨਾ ਸਮਝ ਸਕੇ
ਅਪਣੱਤ ਭਰੀ ਇਨਸਾਨੀਅਤ ਦੇ ਗੁਨਾਹਗਾਰ
ਇਨਸਾਨ ਹੋਣ ਤੋਂ ਹੀ ਮੁਨਕਰ ਹੋ ਗਏ,
ਅਣਗਿਣਤ ਲੋਕਾਂ ਨੂੰ ਘਰੋਂ, ਬੇ-ਘਰੇ ਕਰਕੇ
ਇਤਿਹਾਸ ਨੂੰ ਦਾਗੀ ਕਰਨ ਦੇ ਦੋਸ਼ੀ
ਇਸ ਵੱਢ-ਟੁੱਕ ਦਾ ਸੁਆਦ ਲੈਣ ਵਾਲੇ
ਕੋਈ ਬਾਹਰਲੇ ਨਹੀਂ, ਇਸੇ ਧਰਤੀ ਦੇ ਜਾਏ ਸਨ
ਜਿਨ੍ਹਾਂ ਦਾ ਖੂਨ ਅਸਲੋਂ ਹੀ ਚਿੱਟਾ ਹੋ ਗਿਆ ਸੀ
ਅੱਖਾਂ ਚ ਨਫ਼ਰਤ ਦਾ ਮੋਤੀਆ ਉਤਰ ਆਇਆ
ਜਿਨ੍ਹਾਂ ਨੇ ਇਕ ਦੂਜੇ ਦੇ ਸਾਹੀਂ ਜੀਊਣ ਵਾਲੇ
ਮੁਹੱਬਤੀ, ਜ਼ਿੰਦਾਦਿਲ, ਮਾਸੂਮ ਤੇ ਨੇਕ ਇਨਸਾਨਾਂ ਨੂੰ
ਢੋਲੇ ਦੀਆਂ ਲਾਉਂਦਿਆਂ ਨੂੰ ਵੈਣਾਂ ਦੇ ਵਸ ਪਾ ਕੇ
ਦਿਸ਼ਾਹੀਣ, ਉੱਜੜਦੇ, ਜੁੱਗੋਂ ਲੰਬੇ ਕਾਫਲੇ ਬਣਾ ਦਿੱਤਾ
ਚੜ੍ਹਦੇ, ਲਹਿੰਦੇ , ਖੂਨੀ ਨਫਰਤਾਂ ਦੇ ਤੂਫਾਨ ਆਏ
ਆਦਿ-ਜੁਗਾਦੋਂ ਜੰਮਣ ਭੋਇੰ ਨਾਲ਼ ਬੱਝਿਆ
ਉਨ੍ਹਾਂ ਦੇ ਜੀਵਨ ਦਾ ਨਾੜੂਆ ਤੋੜ ਦਿੱਤਾ,
ਸਭ ਕੁੱਝ ਹਨੇਰੀ ਸੁਰੰਗ ਬਣਾ ਦਿੱਤਾ ਗਿਆ
ਸਦੀਆਂ ਤੋਂ ਬੁਣੀਆਂ, ਮੋਹ ਤੇ ਅਪਣੱਤ ਦੀਆਂ ਬਰੀਕ ਤੰਦਾਂ
ਸਾਂਝਾ ਵਿਰਸਾ, ਸਾਂਝੀ ਵਿਰਾਸਤ, ਸਾਂਝਾ ਜੀਣ-ਥੀਣ
ਕਿਉਂ ਤੇ ਕਿਵੇਂ ਲਹੂ 'ਚ ਲੱਥ-ਪਥ ਹੋ ਗਏ?
ਇਹ ਕੀ ਹੋਇਆ, ਕਿਸੇ ਨੂੰ ਸਮਝ ਹੀ ਨਾ ਆਇਆ।
ਸੋਹਣੀ ਧਰਤੀ ਅਤੇ ਸਾਂਝੇ ਪਾਣੀਆਂ ਦੀ ਹਿੱਕ 'ਤੇ,
ਨਫ਼ਰਤਾਂ ਤੇ ਬੇਗਾਨਗੀ ਦੀ ਲੰਮੀ ਲੀਕ ਖਿੱਚੀ ਗਈ
ਚੀਕਾਂ, ਹੌਕੇ-ਹਾਵੇ, ਵਕਤ ਦੀਆਂ ਧੂੜਾਂ 'ਚ ਗੁਆਚ ਗਏ
ਵਿਛੋੜੇ ਦੀ ਧੁੱਦਲ਼ ਅਜੇ ਵੀ ਉਡੀ ਜਾਂਦੀ ਐ
ਵਕਤ ਦੇ ਮਾਰਿਆਂ ਲਈ ਉਡੀਕ ਦਾ ਅੰਤ ਨਹੀਂ ਹੋਇਆ।
ਸਾਡੇ ਹਾਸੇ ਫੇਰ ਕਦੇ ਇਕ-ਮਿਕ ਅਤੇ ਸਾਂਝੇ ਹੋ ਜਾਣ
ਇਕ ਦਾ ਦਰਦ, ਦੂਜੇ ਦੀ ਸਹਿਣਯੋਗ ਪੀੜ ਬਣ ਜਾਵੇ
ਇਨ੍ਹਾਂ ਦਰਦਾਂ 'ਤੇ ਰੱਖੇ ਮੋਹ ਦੇ ਫਹੇ, ਫੇਰ ਬਿਸਮਿੱਲਾ ਕਹਿਣ
ਤੜਪਦੀਆਂ ਸਾਂਝਾਂ ਮੁੜ ਗਲਵਕੜੀਆਂ ਬਣ ਜਾਣ
ਇਹੋ ਸਾਡਾ ਆਉਣ ਵਾਲੇ ਕੱਲ੍ਹ ਦਾ ਮਕਸਦ ਹੋਵੇ
ਕਾਸ਼! ਕਿ ਸਾਨੂੰ ਫੇਰ ਕਦੇ ਸਾਡਾ ਗੁਆਚਿਆ ਹੋਇਆ
ਮੁਹੱਬਤਾਂ ਦਾ ਸਾਂਝਾ ਸਿਰਨਾਵਾਂ ਲੱਭ ਜਾਵੇ
ਸਾਨੂੰ ਵੀ ਆਜ਼ਾਦੀ ਦੇ ਅਰਥ ਸਮਝ ਪੈ ਜਾਣ
ਅਸੀਂ ਆਪਣੀਆਂ ਮਨਹੂਸੀਆਂ ਤੋਂ ਮੁਕਤ ਹੋਈਏ
ਵੰਡ ਵਾਲੇ ਦਰਦ ਦੀਆਂ ਮੁੜ ਮੁੜ ਪੈਂਦੀਆਂ ਚੀਸਾਂ ਨੂੰ
ਆਪਣੇ ਸਾਂਝੇ ਮੁਹੱਬਤੀ ਬੋਲਾਂ ਨਾਲ ਵਰਾਅ ਸਕੀਏ
ਫਰੀਦ, ਨਾਨਕ ਤੇ ਬੁੱਲੇ ਨੂੰ ਚਿੱਤ-ਚੇਤੇ ਰੱਖਦਿਆਂ
ਫਿਰ ਤੋਂ ਓਨ੍ਹਾਂ ਪੰਜਾਂ ਪਾਣੀਆਂ ਦੀ ਮਿਠਾਸ ਬਣ ਕੇ
ਆਪਣੇ ਸਾਂਝੇ ਵਿਰਸੇ ਦੇ ਸਾਂਝੇ ਵਾਰਿਸ ਬਣ ਸਕੀਏ ।
ਹੁਣ - ਕੇਹਰ ਸ਼ਰੀਫ਼
ਹੁਣ -
ਬਨੇਰੇ 'ਤੇ ਅੱਵਲ ਤਾਂ ਕਾਂ ਬੋਲਦਾ ਹੀ ਨਹੀਂ
ਭੁੱਲ-ਭੁਲੇਖੇ ਜੇ ਕਦੇ ਬੋਲੇ ਵੀ
ਤਾਂ ਇਹ ਜਰੂਰੀ ਨਹੀਂ ਕਿ ਕੋਈ
ਭਾਗਾਂ ਭਰਿਆ ਸੱਜਣ ਹੀ ਆਵੇ
ਥੱਕ-ਹਾਰ ਕੇ, ਰੁਜ਼ਗਾਰ ਦਫਤਰੋਂ
ਡਿਗਰੀਆਂ ਦਾ ਦਰਦਮਈ ਬੋਝ ਚੁੱਕੀ
ਬੇਰੁਜ਼ਗਾਰ ਪੁੱਤਰ ਵੀ ਘਰ ਮੁੜਦਾ ਹੈ।
ਸਮਾਂ ਬਹੁਤ ਜ਼ਾਲਮ ਹੋ ਗਿਆ ਹੈ
ਤਿੱਖੀਆਂ ਸੂਲ਼ਾਂ ਵਰਗਾ, ਨਿਰਦਈ
ਤੇ ਅਸਲੋਂ ਅਵਾਰਾ ਹੋਈ ਸਿਆਸਤ
ਡੈਣ ਬਣ ਗਈ ਹੈ, ਬੱਚੇ ਖਾਣੀ ਡੈਣ।
ਨਿੱਤ ਹੀ ਬੇਦਰਦੀ ਨਾਲ ਖਾ ਰਹੀ ਹੈ
ਨਵੀਂ ਪੀੜੀ ਦੇ ਸੁਹਜ ਭਰੇ, ਰੰਗੀਨ ਸੁਪਨੇ
ਉਗਲ਼ ਰਹੀ ਹੈ - ਅੰਨ੍ਹੀ ਬੇਰੁਜ਼ਗਾਰੀ
ਪਰ, ਸਿਆਸੀ ਰਾਸਧਾਰੀਆਂ ਨੇ
ਭਗਤ ਸਿੰਘ ਤੇ ਪਤਾ ਨਹੀਂ ਕਿਸ ਕਿਸ ਦਾ
ਸਾਂਗ ਬਣਾ ਲਿਆ ਹੈ, ਚਤਰਾਈ ਨਾਲ
ਐਵੇਂ ਹੀ ਆਪਣਾ ਚਿੱਤ ਪ੍ਰਚਾਉਣ ਲਈ
ਲੋਕਾਈ ਦੇ ਅੱਖੀਂ ਘੱਟਾ ਪਾਉਣ ਲਈ
ਭਗਤ ਸਿੰਘ ਦੀ ਸੋਚ ਨੂੰ ਚਿੜਾਉਣ ਲਈ ।
ਸੌੜੀ, ਲੋਭੀ ਸਿਆਸਤ ਦੇ ਪਸਾਰ ਲਈ
ਸ਼ਹੀਦ ਭਗਤ ਸਿੰਘ ਦਾ ਨਾਂ ਵਰਤਣਾ
ਬੌਣੀ ਸੋਚ ਤੇ ਅਤਿ ਘਿਨਾਉਣਾ ਕਰਮ ਹੈ
ਸੱਚੇ-ਸੁੱਚੇ ਸੰਗਰਾਮ ਨੂੰ ਦਾਗੀ ਕਰਨਾ ਵੀ,
ਪਰਾਏ ਹਾਸਲਾਂ ਦਾ ਮੁੱਲ ਵੱਟਣ ਵਾਲਿਓ
ਬੇਗਰਜ ਕੁਰਬਾਨੀਆਂ ਦਾ ਇਤਿਹਾਸ
ਸ਼ਾਨਾਮੱਤਾ ਹੀ ਰਹਿਣ ਦਿਓ,"ਮਿਹਰਬਾਨੋਂ"
ਆਪਣਾ ਬੌਨਾ "ਕੱਦ" ਵਾਧਾਉਣ ਖਾਤਰ
ਇਨਕਲਾਬੀ ਵਿਰਸੇ ਨੂੰ ਲੀਕ ਨਾ ਲਾਉ।
ਭਗਤ ਸਿੰਘ ਦਾ ਇਨਕਲਾਬ ਤਾਂ
ਹੇਠਲੀ ਉੱਤੇ ਕਰਨ ਵਾਲਾ ਕਰਮ ਹੈ
ਗਰੀਬ-ਗੁਰਬੇ ਤੇ ਮਿਹਨਤਕਸ਼ ਵਾਸਤੇ
ਮਿਹਨਤ ਦਾ ਜਾਇਜ਼ ਮੁੱਲ ਲੈਣਾ ਹੈ
ਇੱਜਤ, ਅਣਖ, ਆਜ਼ਾਦੀ ਨਾਲ ਜੀਊਣਾ ਹੈ
ਭਗਤ ਸਿੰਘ – ਬਹੁਤ ਸੋਚ, ਸਮਝ ਕੇ
ਇਨਕਲਾਬ-ਜ਼ਿੰਦਾਬਾਦ ਹੀ ਨਹੀਂ ਸੀ ਕਹਿੰਦਾ
ਸਾਮਰਾਜ - ਮੁਰਦਾਬਾਦ ਵੀ ਕਹਿੰਦਾ ਸੀ
ਲੁੱਟ ਦਾ ਖਾਤਮਾ, ਬਰਾਬਰੀ ਦਾ ਸਮਾਜ
ਇਨਸਾਨ ਨੂੰ ਇਨਸਾਨ ਹੀ ਸਮਝਣਾ
ਇਹੀ ਚਾਹੁੰਦਾ ਸੀ ਸੂਰਬੀਰ ਭਗਤ ਸਿੰਘ ।
ਨਿੱਘਰੀ ਸਿਆਸਤ ਦਾ ਚਲਣ ਅਜੀਬ ਹੈ
ਹੁਣ ਤਾਂ ਗੱਦੀ 'ਤੇ ਬਹਿਣ ਦੀ ਦੇਰ -
ਕਿ ਬਾਹਰਲੀਆਂ ਵੱਡੀਆਂ ਕੰਪਨੀਆਂ ਨੂੰ
ਉੱਚੀ ਉੱਚੀ ਵਾਜਾਂ ਮਾਰੀਆਂ ਜਾਂਦੀਆ ਹਨ
ਬਹੁਕੌਮੀਉਂ ! ਆਉ, ਸਾਡੇ ਵਿਹੜੇ ਪੈਰ ਪਾਉ
ਅਸੀਂ ਤੁਹਾਡੇ ਵਾਸਤੇ "ਸ਼ਗਨਾਂ" ਦਾ ਤੇਲ ਚੋਈਏ
ਆਉ ਤੇ, ਸਾਨੂੰ ਲੁੱਟਣ ਦਾ "ਕਸ਼ਟ" ਸਹਾਰੋ
ਅਸੀਂ ਤੁਹਾਡੇ ਭਾਈਵਾਲ ਤੇ ਖ਼ੈਰ-ਖੁਆਹ
ਇਸ ਤਰ੍ਹਾਂ ਆਪਣੀ ਧੁਆਂਖੀ ਸੋਚ ਨਾਲ
ਤੁਸੀਂ ਭਗਤ ਸਿੰਘ ਨੂੰ ਹੀਣਾ, ਨਾ ਕਰੋ
ਸੂਰਜ 'ਤੇ ਥੁੱਕਣ ਦਾ ਬੇਸ਼ਰਮ ਜਤਨ
ਕਦੇ ਵੀ ਕਾਮਯਾਬ ਨਹੀਂ ਹੋ ਸਕਣਾ ।
ਪਰ, ਸੁਣੋ - "ਲੋਕਤੰਤਰੀ ਰਹਿਬਰੋ", ਸੁਣੋਂ
ਲੁਟੇਰਿਆਂ ਦੀ ਦਲਾਲੀ ਕਰਨ ਵਾਲਿਉ
ਇਹ ਹੋਣਾ ਕਦਾਚਿਤ ਸੰਭਵ ਨਹੀਂ
ਉਹ ਭਾਵੇਂ ਥੋੜ੍ਹੇ ਹੀ ਸਹੀ --
ਭਗਤ ਸਿੰਘ ਦੇ ਵਾਰਿਸ ਅਜੇ ਜੀਊਂਦੇ ਹਨ
ਉਹ ਲੜਨਗੇ, ਆਪਣੇ ਹੱਕਾਂ ਲਈ
ਉਹ ਹਰ ਹਾਲ, ਹਰ ਸੂਰਤ ਭਿੜਨਗੇ
ਜਬਰ, ਜ਼ੁਲਮ ਦੀ ਕਾਲ਼ੀ ਹਨੇਰੀ ਨਾਲ
ਜਿੱਤਣ ਜਾਂ ਨਾਂ ਜਿੱਤਣ, ਪਤਾ ਨਹੀਂ
ਉਹ ਸਾਹਸੀ ਨੇ - ਸਿਰੜੀ ਨੇ, ਸਿਦਕੀ ਨੇ
ਹਾਰ ਨਹੀਂ ਮੰਨਣ ਲੱਗੇ - ਇਹ ਪੱਕਾ ਪਤਾ ਹੈ,
ਇਸ ਦਾ ਅਟੁੱਟ ਵਿਸ਼ਵਾਸ ਹੈ ।
ਭਗਤ ਸਿੰਘ ਦਾ ਸੁਪਨਾ, ਹਮੇਸ਼ਾ ਹੀ
ਸੰਘਰਸ਼ ਦੀ ਪ੍ਰੇਰਨਾ ਬਣਿਆਂ ਰਹੇਗਾ
ਜਾਗਦਾ ਰਹੇਗਾ, ਜਗਾਉਂਦਾ ਰਹੇਗਾ
ਭਗਤ ਸਿੰਘ ਸੰਘਰਸ਼ 'ਚ ਹਮੇਸ਼ਾ ਕਹਿੰਦਾ ਰਹੇਗਾ
ਇਨਕਲਾਬ -ਜ਼ਿੰਦਾਬਾਦ, ਸਾਮਰਾਜ -ਮੁਰਦਾਬਾਦ ।
ਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ ? ਰਵੀਸ਼ ਕੁਮਾਰ
- ਅਨੁਵਾਦ – ਕੇਹਰ ਸ਼ਰੀਫ਼
ਅੱਜ ਦੇ ਯੁੱਗ ਵਿੱਚ ਦਯਾਨੰਦ ਸਰਸਵਤੀ ਕੀ ਇਹ ਕਹਿ ਸਕਦੇ ਕਿ ਉਹ ਮੂਰਤੀ ਪੂਜਾ ਦੇ ਵਿਰੋਧੀ ਹਨ? ਦਯਾਨੰਦ ਸਰਸਵਤੀ ਨੇ ਕਾਸ਼ੀ ਵਿੱਚ ਇਸ਼ਤਿਹਾਰ ਬਗੈਰਾ ਵੀ ਲਗਵਾਇਆ ਸੀ ਕਿ ਉਹ ਮੂਰਤੀ ਪੂਜਾ ਦੇ ਖਿਲਾਫ ਬਹਿਸ ਕਰਨਾ ਚਾਹੁੰਦੇ ਹਨ। ਜੇਕਰ ਕਿਸੇ ਕੋਲ ਸਬੂਤ ਹਨ ਤਾਂ ਉਨ੍ਹਾਂ ਨਾਲ ਬਹਿਸ ਕਰੇ। ਕਾਸ਼ੀ ਵਿੱਚ ਬਹਿਸ ਹੋਈ ਅਤੇ ਬਹਿਸ ਤੋਂ ਬਾਅਦ ਦਯਾਨੰਦ ਸਰਸਵਤੀ ਕਈ ਦਿਨਾਂ ਤੱਕ ਕਾਸ਼ੀ ਵਿੱਚ ਰਹੇ। ਉਥੋਂ ਦੇ ਲੋਕ ਉਸ ਨੂੰ ਮਾਰਨ ਲਈ ਕਾਹਲੇ ਨਹੀਂ ਪਏ ਅਤੇ ਨਾ ਹੀ ਦਯਾਨੰਦ ਸਰਸਵਤੀ ਨੂੰ ਲੱਗਦਾ ਸੀ ਕਿ ਕਾਸ਼ੀ ਹੁਣ ਸੁਰੱਖਿਅਤ ਥਾਂ ਨਹੀਂ ਰਹੀ। ਸੋਚੋ ਕਿ ਭਾਰਤ ਅੰਦਰ ਸਮਾਜ ਦਾ ਉਹ ਰੂਪ ਵੀ ਰਿਹਾ ਜੋ "ਸ਼੍ਰੇਸ਼ਟ ਭਾਰਤ" ਦੀ ਡੌਂਡੀ ਪਿੱਟੇ ਬਿਨਾ ਵੀ ਗਿਆਨ, ਤਰਕ ਅਤੇ ਵਿਚਾਰਾਂ ਦੇ ਵਖਰੇਵੇਂ ਅਨੁਸਾਰ ਵਿਹਾਰ ਕਰਨ ਦੇ ਯੋਗ ਸੀ।
ਜਿਹੜਾ ਸਮਾਜ ਮੂਰਤੀ ਪੂਜਾ ਦੇ ਸਬੰਧ ਵਿਚ ਕਿਸੇ ਕਿਸਮ ਦਾ ਸਵਾਲ ਸਵੀਕਾਰ ਨਹੀਂ ਕਰ ਸਕਦਾ, ਉਸੇ ਸਮਾਜ ਅੰਦਰ ਦਯਾਨੰਦ ਸਰਸਵਤੀ ਨੇ ਮੂਰਤੀ ਪੂਜਾ ਨੂੰ ਚੁਣੌਤੀ ਦਿੱਤੀ। ਕੀ ਅੱਜ ਦੇ ਸਮੇਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਕੋਈ ਵਿਅਕਤੀ ਇਸ ਤਰ੍ਹਾਂ ਦਾ ਪਰਚਾ ਛਪਵਾ ਕੇ ਵੰਡ ਦੇਵੇ ਕਿ ਮੂਰਤੀ ਪੂਜਾ ਨੂੰ ਚੁਣੌਤੀ ਦਿੰਦਾ ਹਾਂ? ਅੱਜ ਦਾ ਗੋਦੀ ਮੀਡੀਆ ਦਇਆਨੰਦ ਸਰਸਵਤੀ ਦੇ ਸਾਹਮਣੇ ਕਿਸ ਤਰ੍ਹਾਂ ਦੇ ਬੇਸ਼ਰਮੀ ਵਾਲੇ ਸਵਾਲ ਪੁੱਛ ਰਿਹਾ ਹੁੰਦਾ? ਕੀ ਉਨ੍ਹਾਂ ਦਾ ਸਤਿਕਾਰ ਕਰਦਾ? ਉਨ੍ਹਾਂ ਨੂੰ ਧਰਮਧ੍ਰੋਹੀ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਅਤੇ ਉਮਰ ਭਰ ਲਈ ਜੇਲ ਵਿਚ ਭੇਜ ਦਿੱਤਾ ਜਾਂਦਾ। ਉਨ੍ਹਾਂ ਦੇ ਬਾਰੇ ਵਟਸਐਪ ਰਾਹੀਂ ਮੁਹਿੰਮ ਚਲਾਈ ਜਾਂਦੀ।
ਦਯਾਨੰਦ ਸਰਸਵਤੀ ਨੇ ਹਿੰਦੂ ਸਮਾਜ ਨੂੰ ਚੁਣੌਤੀ ਦੇ ਕੇ ਇਸ ਨੂੰ ਬਿਹਤਰ ਹੀ ਬਣਾਇਆ। ਭਾਵੇਂ ਅੱਜ ਦਾ ਆਰੀਆ ਸਮਾਜ ਬਦਲ ਗਿਆ ਹੈ, ਕਈ ਮੌਕਿਆਂ 'ਤੇ ਸੰਘ ਦਾ ਸੰਗੀ-ਸਾਥੀ ਨਜ਼ਰ ਆਉਂਦਾ ਹੈ, ਪਰ ਉਸ ਦਾ ਇਤਿਹਾਸ ਦੱਸਦਾ ਹੈ ਕਿ ਉਨ੍ਹਾਂ ਨੇ ਕਰਮ-ਕਾਂਡਾਂ ਨੂੰ ਚੁਣੌਤੀ ਦਿੱਤੀ।
ਇਸੇ ਤਰ੍ਹਾਂ ਫੂਲੇ ਤੋਂ ਪੇਰੀਆਰ ਤੱਕ ਅਤੇ ਅੰਬੇਡਕਰ ਤੋਂ ਲੈ ਕੇ ਕਾਂਸ਼ੀ ਰਾਮ ਤੱਕ ਉਨ੍ਹਾਂ ਨੇ ਧਰਮ ਦੀਆਂ ਸਾਰੀਆਂ ਮਾਨਤਾਵਾਂ ਨੂੰ ਚੁਣੌਤੀ ਦਿੱਤੀ। ਦੱਸਿਆ ਕਿ ਇੱਜਤ-ਮਾਣ ਦੇ ਪਰਦੇ ਪਿੱਛੇ ਸ਼ਰਮ ਦਾ ਕਿੰਨਾ ਵੱਡਾ ਭੰਡਾਰ ਹੈ। ਜਿੱਥੇ ਲੋਕ ਇਕ ਦਲਿਤ ਨੂੰ ਪਾਣੀ ਨਹੀਂ ਦਿੰਦੇ, ਰਸਤਾ ਨਹੀਂ ਦਿੰਦੇ। ਉਸ ਨਾਲ ਖਾਣਾ ਸਾਂਝਾ ਨਹੀਂ ਕਰਦੇ। ਜੇਕਰ ਉਹ ਭੋਜਨ ਨੂੰ ਛੂੰਹਦਾ ਹੈ, ਤਾਂ ਉਹ ਅਸ਼ੁੱਧ ਮੰਨਿਆ ਜਾਂਦਾ ਹੈ। ਅਜਿਹਾ ਸਮਾਂ ਵੀ ਆਇਆ ਕਿ ਇਸੇ ਸਮਾਜ ਵਿਚ ਛੂਤ-ਛਾਤ ਵਿਰੁੱਧ ਮੁਹਿੰਮ ਚਲਾਈ ਗਈ। ਇਹ ਬਹੁਤ ਮਾੜੀ ਗੱਲ ਹੈ, ਇਸ ਦੀ ਪਛਾਣ ਤਾਂ ਇਨ੍ਹਾਂ ਰਹਿਬਰਾਂ ਨੇ ਹੀ ਕਰਵਾਈ, ਜਿਨ੍ਹਾਂ ਦੇ ਨਾਂ ਅਸੀਂ ਉੱਪਰ ਦੱਸ ਚੁੱਕੇ ਹਾਂ। ਜਿਨ੍ਹਾਂ ਦੇ ਜਤਨਾਂ ਨਾਲ ਸਮਾਜ ਅੰਦਰ ਸੁਧਾਰ ਹੋਏ ਅਤੇ ਉਨ੍ਹਾਂ ਸੁਧਾਰਾਂ ਨੂੰ ਸੰਵਿਧਾਨ ਨੇ ਗਰੰਟੀ ਦਿੱਤੀ। ਹੁਣ ਸਰਕਾਰ ਵੀ ਉਨ੍ਹਾਂ ਸੁਧਾਰਕਾਂ ਦਾ ਜਨਮ ਦਿਨ ਮਨਾਉਂਦੀ ਹੈ। ਸਮਾਜ ਉਨ੍ਹਾਂ ਨੂੰ ਨਾਇਕ (ਰਹਿਬਰ) ਮੰਨਦਾ ਹੈ।
ਪੇਰੀਆਰ ਅਤੇ ਅੰਬੇਡਕਰ ਲਈ ਇਹ ਨਾ ਉਦੋਂ ਸੌਖਾ ਸੀ ਅਤੇ ਨਾ ਹੀ ਹੁਣ ਸੁਖਾਲਾ ਹੈ। ਸੌਖਾ ਹੈ ਤਾਂ ਕਿਸੇ ਦਲਿਤ ਨੂੰ ਪਾਣੀ ਨਾ ਦੇਣਾ, ਬਰਾਤ ਵੇਲੇ ਘੋੜੀ ਉੱਤੇ ਸਵਾਰ ਹੋਣ 'ਤੇ ਉਸ ਨੂੰ ਮਾਰ ਦੇਣਾ। ਜਾਤ-ਪਾਤ ਦੇ ਕਲੰਕ ਤੋਂ ਦੁਖੀ ਹੋ ਕੇ ਰੋਹਿਤ ਵੇਮੁਲਾ ਵਰਗੀ ਪ੍ਰਤਿਭਾ ਦਾ ਅੰਤ ਹੋ ਜਾਣਾ। ਇਨ੍ਹੀਂ ਦਿਨੀਂ ਚਾਰੇ ਪਾਸਿਉਂ ਅਜਿਹੀ ਕੋਸ਼ਿਸ਼ ਹੋ ਰਹੀ ਹੈ ਬੇਰਹਿਮੀ ਨੂੰ ਮੁੜ ਸਰਵ ਵਿਆਪਕ ਅਤੇ ਨਿਰਵਿਘਨ ਸਥਾਪਿਤ ਕਰ ਦਿੱਤਾ ਜਾਵੇ। ਜਦੋਂ ਕਾਸ਼ੀ ਕਾਰੀਡੋਰ ਬਣ ਰਿਹਾ ਸੀ, ਤਾਂ ਉਸੇ ਬਨਾਰਸ ਵਿੱਚ ਲੋਕ ਅੰਦੋਲਨ ਕਰ ਰਹੇ ਸਨ ਕਿ ਸਦੀਆਂ ਪੁਰਾਣੇ ਘਰ ਢਾਹੇ ਜਾ ਰਹੇ ਹਨ, ਉਨ੍ਹਾਂ ਘਰਾਂ ਵਿੱਚ ਨਿੱਜੀ ਮੰਦਰ ਹਨ, ਜਿਨ੍ਹਾਂ ਦੀ ਇਤਿਹਾਸਕ ਮਹੱਤਤਾ ਹੈ, ਉਨ੍ਹਾਂ ਨੂੰ ਤੋੜਿਆ ਜਾ ਰਿਹਾ ਹੈ। ਉਦੋਂ ਤਾਂ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਲੱਗੀ?
ਧਰਮ ਅਤੇ ਜਾਤ ਦੀ ਵਿਵਸਥਾ ਇੱਕ ਦੂਜੇ ਨਾਲ ਜੁੜੀਆਂ ਹਨ। ਜੋ ਵੀ ਜਾਤ-ਪਾਤ ਵਿਰੁੱਧ ਲੜੇਗਾ, ਉਹ ਧਰਮ ਨਾਲ ਹੀ ਟਕਰਾਏਗਾ। ਅੱਜ ਵਾਰ-ਵਾਰ ਗੁਲਾਮੀ ਦੀ ਯਾਦ ਦਿਵਾਈ ਜਾਂਦੀ ਹੈ, ਮੇਰਾ ਮੰਨਣਾ ਹੈ ਕਿ ਭਾਰਤ ਵਿੱਚ ਜਾਤ-ਪਾਤ ਤੋਂ ਵੱਡਾ ਗੁਲਾਮੀ ਦਾ ਦੌਰ ਕੋਈ ਹੋਰ ਨਹੀਂ ਸੀ। ਜਾਤੀ ਨਾਲ ਜੁੜੀ ਗੁਲਾਮੀ ਦਾ ਇਹ ਦੌਰ ਅੱਜ ਵੀ ਚੱਲ ਰਿਹਾ ਹੈ। ਜਾਤ-ਪਾਤ ਦੇ ਨਾਂ ’ਤੇ ਪਤਾ ਨਹੀਂ ਇਸ ਹਫ਼ਤੇ ਦੇ ਅਖ਼ਬਾਰਾਂ ਵਿੱਚ ਹੀ ਜ਼ੁਲਮ ਦੀਆਂ ਕਿੰਨੀਆਂ ਘਟਨਾਵਾਂ ਛਪੀਆਂ ਹੋਣਗੀਆਂ। ਸਾਬਿਤਰੀ ਬਾਈ ਫੂਲੇ ਤੋਂ ਲੈ ਕੇ ਪੇਰੀਆਰ ਅਤੇ ਅੰਬੇਡਕਰ ਤੱਕ ਨੇ ਜੇਕਰ ਇਸ ਸਮਾਜ ਨੂੰ ਨਾ ਝੰਜੋੜਿਆ ਹੁੰਦਾ ਤਾਂ ਕੀ ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਮਨੁੱਖ ਅਖਵਾਉਣ ਦੇ ਯੋਗ ਵੀ ਹੁੰਦੇ? ਕੀ ਮਾਣ ਕਰ ਸਕਦੇ ? ਇਹਨਾਂ ਰਹਿਬਰਾਂ ਨੇ ਤੁਹਾਨੂੰ, ਸਮਾਜ ਅਤੇ ਸੱਭਿਆਚਾਰ ਨੂੰ ਮਾਣ ਕਰਨ ਯੋਗ ਬਣਾਇਆ । ਚੰਗੀ ਭਾਰਤੀ ਪਛਾਣ ਦਿੱਤੀ ਹੈ, ਜਿਸ 'ਤੇ ਤੁਸੀਂ ਮਾਣ ਕਰਦੇ ਹੋ, ਯਾਦ ਰੱਖਣਾ ਜਦੋਂ ਵੀ ਤੁਸੀਂ ਕਹਿੰਦੇ ਹੋ, ਭਾਵੇਂ ਕਿ ਤੁਸੀਂ ਝੂਠ ਬੋਲਦੇ ਹੋ ਕਿ ਤੁਸੀਂ ਜਾਤ-ਪਾਤ ਨੂੰ ਨਹੀਂ ਮੰਨਦੇ, ਤਾਂ ਤੁਸੀਂ ਸਿਰਫ ਅਤੇ ਸਿਰਫ ਅੰਬੇਡਕਰ ਅਤੇ ਪੇਰੀਆਰ ਵਰਗੇ ਰਹਿਬਰਾਂ ਦੀ ਗੱਲ ਕਹਿ ਰਹੇ ਹੁੰਦੇ ਹੋ। ਆਪਣੇ ਅੰਦਰਲੇ ਅੰਬੇਡਕਰ ਨੂੰ ਪਹਿਚਾਣੋ । ਭਾਰਤ ਮਾਣ ਕਰਨ ਯੋਗ ਹੈ, ਇਸ 'ਤੇ ਮਾਣ ਕਰੋ।
ਜਰੂਰ ਹੀ ਕੋਈ ਵੱਡੀ ਗਲਤੀ ਹੋ ਗਈ ਹੈ। ਇਨ੍ਹਾਂ ਮਹਾਨ ਨਾਇਕਾਂ ਦੇ ਜਨਮ ਦਿਨ / ਸ਼ਤਾਬਦੀਆਂ ਤਾਂ ਬਹੁਤ ਮਨਾਏ ਜਾ ਰਹੇ ਹਨ ਪਰ ਉਨ੍ਹਾਂ ਦੀਆਂ ਫੋਟੋਆਂ ਨੂੰ ਅੱਗੇ ਕਰਕੇ ਕੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਪਿੱਛੇ ਕਰ ਦਿੱਤਾ ਗਿਆ ਹੈ। ਪੇਰੀਆਰ ਤੋਂ ਅੰਬੇਡਕਰ ਤੱਕ ਦੀਆਂ ਕਹੀਆਂ ਗੱਲਾਂ ਨੂੰ ਜੇ ਦਿਨ-ਰਾਤ ਲਿਖਿਆ ਤੇ ਬੋਲਿਆ ਜਾਂਦਾ ਤਾਂ ਆਸਥਾ ਦੀ ਦੁਹਾਈ ਪਾਉਣ ਵਾਲਿਆਂ ਦੀ ਦਰਿਆਦਿਲੀ ਵੀ ਪਰਖੀ ਜਾਂਦੀ। ਪਤਾ ਲੱਗ ਜਾਂਦਾ ਕਿ ਉਹ ਅੰਬੇਦਕਰ ਦੇ ਜਨਮ ਦਿਹਾੜੇ 'ਤੇ ਮੀਮਜ਼ ਤਾਂ ਫਾਰਵਰਡ ਕਰ ਰਹੇ ਹਨ ਪਰ ਜਨਮ ਦਿਨ ਨਹੀਂ ਮਨਾ ਰਹੇ।
ਅਜਿਹਾ ਜਾਪਦਾ ਹੈ ਕਿ ਧਰਮ ਅਤੇ ਸੱਭਿਆਚਾਰ ਦੇ ਰਾਖੇ ਉਹ ਹੀ ਲੋਕ ਹਨ ਜੋ ਆਸਥਾ ਦੇ ਨਾਂ 'ਤੇ ਖਾਹਮਖਾਹ ਦੁਖੀ ਹੁੰਦੇ ਰਹਿੰਦੇ ਹਨ। ਅਜਿਹੇ ਅਖੌਤੀ ਧਰਮ ਰੱਖਿਅਕ ਹਰ ਧਰਮ ਵਿਚ ਹਨ ਜੋ ਕਿਧਰਿਉਂ ਵੀ ਹੰਗਾਮਾ ਕਰਨ ਵਾਸਤੇ ਆ ਪਹੁੰਚਦੇ ਹਨ। ਪਰ, ਧਰਮਾਂ ਦੇ ਮੰਨਣ ਵਾਲੇ ਤਾਂ ਉਹ ਅਣਗਿਣਤ ਲੋਕ ਹਨ ਜੋ ਚੁੱਪਚਾਪ ਆਪਣੇ ਵਿਸ਼ਵਾਸ / ਆਸਥਾ ਨੂੰ ਮਾਣਦੇ ਹਨ। ਉਨ੍ਹਾਂ ਨੂੰ ਆਪਣੇ ਇਸ਼ਟ ਨਾਲ ਗੱਲਾਂ ਕਰਨ ਤੋਂ ਹੀ ਵਕਤ ਨਹੀਂ ਮਿਲਦਾ। ਪਰ ਹੁਣ ਇੱਕ ਨਵਾਂ ਗੈਂਗ ਬਣ ਗਿਆ ਹੈ। ਜੋ ਹਰ ਰੋਜ਼ ਇਹ ਫੈਸਲਾ ਕਰਦਾ ਹੈ ਕਿ ਕੀ ਬੋਲਣਾ ਚਾਹੀਦਾ ਹੈ, ਕੀ ਨਹੀਂ ਬੋਲਣਾ ਚਾਹੀਦਾ। ਇਸ ਦਾ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਹੈ ਕਿ ਬੋਲਣ ਲਈ ਥਾਂ ਨਹੀਂ ਬਚੀ। ਇਹ ਕਿਵੇਂ ਸੰਭਵ ਹੈ ਕਿ ਤੁਸੀਂ ਬੋਲੋ ਹੀ ਨਾ ਅਤੇ ਜੇ ਤੁਸੀਂ ਬੋਲੋ ਤਾਂ ਕੀ ਹਰ ਗੱਲ ਲਈ ਤੁਹਾਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ?
ਰਤਨ ਲਾਲ 'ਤੇ ਕੇਸ ਕਰਨ ਵਾਲੇ ਅਤੇ ਉਸ ਦੀ ਗ੍ਰਿਫਤਾਰੀ ਤੋਂ ਖੁਸ਼ ਹੋਣ ਵਾਲਿਆਂ ਨੂੰ ਇਕ ਵਾਰ ਸੋਚਣਾ ਚਾਹੀਦਾ ਹੈ। ਰਤਨ ਦੀਆਂ ਕਈ ਸਾਰੀਆਂ ਦਲੀਲਾਂ ਦਾ ਜੇ ਜਵਾਬ ਨਹੀਂ ਹੈ, ਤਾਂ ਆਸਥਾ ਦੇ ਨਾਂ 'ਤੇ ਉਸ ਉੱਤੇ ਹਮਲਾ ਕਰਨ ਦੀ ਕੋਈ ਲੋੜ ਨਹੀਂ ਹੈ। ਰਤਨ ਲਾਲ ਵਰਗੇ ਦਲਿਤਾਂ ਨੂੰ ਬੋਲਣ ਦਿਓ। ਉਸ ਦੀਆਂ ਕੁਝ ਗੱਲਾਂ ਮਾੜੀਆਂ ਲਗਦੀਆਂ ਹਨ, ਤਾਂ ਉਨ੍ਹਾਂ ਨੂੰ ਸਹਿਣ ਕਰੋ ਕਿਉਂਕਿ ਉਹ ਸਿਰਫ਼ ਗੱਲਾਂ ਹਨ। ਜੋ ਕਿ ਦਲੀਲ ਅਤੇ ਬਹਿਸ ਦੇ ਖੇਤਰ ਵਿੱਚ ਕਹੀਆਂ ਜਾਂਦੀਆਂ ਹਨ। ਜਿਸ ਕਿਸੇ ਵਿਅਕਤੀ ਨੇ ਰਤਨ 'ਤੇ ਕੇਸ ਕੀਤਾ ਹੈ, ਕੀ ਉਹ ਨਹੀਂ ਜਾਣਦਾ ਕਿ ਧਰਮ ਦੇ ਨਾਂ 'ਤੇ ਇਸ ਦੇਸ਼ ਅੰਦਰ ਕਿੰਨੀ ਠੱਗੀ ਹੁੰਦੀ ਹੈ। ਜਾਂ ਫੇਰ ਹੁਣ ਇਹ ਕਹਿਣਾ ਗੁਨਾਹ ਹੋ ਗਿਆ ਹੈ?
ਲਖਨਊ ਯੂਨੀਵਰਸਿਟੀ ਦੇ ਪ੍ਰੋ: ਰਵੀਕਾਂਤ ਦੀ ਕੁੱਟਮਾਰ ਹੋਈ, ਕੀ ਅਜਿਹਾ ਕਰਨ ਵਾਲਿਆਂ ਦਾ ਹੌਸਲਾ ਨਹੀਂ ਵਧਾਇਆ ਗਿਆ? ਕਿਸ ਕਾਨੂੰਨ ਨੇ ਰਵੀਕਾਂਤ ਨੂੰ ਕੁੱਟਣ-ਮਾਰਨ ਦੀ ਇਜਾਜ਼ਤ ਦਿੱਤੀ ਹੈ? ਧਰਮ ਦਾ ਨਾਂ ਆਉਂਦੇ ਹੀ ਧੜਾ-ਧੜ ਫੈਸਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਕੀ ਅਸੀਂ ਸਾਰੇ ਇਹ ਨਹੀਂ ਦੇਖ ਰਹੇ ਕਿ ਇਹ ਫੈਸਲੇ ਕਿਨ੍ਹਾਂ ਦੇ ਹੱਕ ਵਿੱਚ ਦਿੱਤੇ ਜਾ ਰਹੇ ਹਨ, ਕੀ ਹਿੰਸਾ ਵਿੱਚ ਸ਼ਾਮਲ ਕਿਸੇ ਵਿਦਿਆਰਥੀ ਨੂੰ ਕੱਢਿਆ ਗਿਆ? ਪ੍ਰੋ: ਰਵੀਕਾਂਤ ਨੇ ਤਾਂ ਮੁਆਫੀ ਵੀ ਮੰਗ ਲਈ, ਕੀ ਇਹ ਕਾਫੀ ਨਹੀਂ ਸੀ? ਫਿਰ ਵੀ ਉਹਨੂੰ ਡਰਾਇਆ ਜਾ ਰਿਹਾ ਹੈ।
ਰਤਨ ਲਾਲ ਦੇ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਗਈਆਂ/ ਬਦਸਲੂਕੀ ਕੀਤੀ ਗਈ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਉਨ੍ਹਾਂ ਦੇ ਖਿਲਾਫ ਪੁਲੀਸ ਨੇ ਕੀ ਕੀਤਾ? ਅੱਜ ਹੀ ਨਹੀਂ, ਰਤਨ ਲਾਲ ਨੂੰ ਕਈਆਂ ਸਾਲਾਂ ਤੋਂ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਜਾਤ ਅਧਾਰਤ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਅਪਮਾਨਤ ਕੀਤਾ ਜਾਂਦਾ ਹੈ। ਵਿਦਿਆਰਥੀ ਜੀਵਨ ਤੋਂ ਹੀ ਉਹਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਰਹੀਆਂ ਹਨ। ਉਹ ਗਾਲ੍ਹਾਂ ਨੂੰ ਸਹਿੰਦਾ ਰਿਹਾ ਹੈ। ਉਹਨੂੰ, ਉਨ੍ਹਾਂ ਗੱਲਾਂ ਲਈ ਗਾਲ੍ਹਾਂ ਕੱਢੀਆਂ ਗਈਆਂ ਜਿਸ ਲਈ ਉਹ ਦੋਸ਼ੀ ਹੀ ਨਹੀਂ ਸੀ। ਜੇ ਤੁਸੀਂ ਉਨ੍ਹਾਂ ਕੱਢੀਆਂ ਗਾਲ੍ਹਾਂ, ਕੀਤੇ ਦੁਰਵਿਵਹਾਰ ਲਈ ਪਛਤਾਵਾ ਵੀ ਕਰਦੇ ਹੋ, ਤਾਂ ਇਸ ਵਿੱਚ ਹੀ ਇੱਕ ਪੀੜ੍ਹੀ ਲੰਘ ਜਾਵੇਗੀ।
ਭਾਰਤ ਦੀ ਆਜ਼ਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ - ਕੇਹਰ ਸ਼ਰੀਫ਼
ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਨ ਵਾਲਾ ਦਿਹਾੜਾ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ ਅਤੇ ਵਿਚਾਰਵਾਨ ਲੋਕਾਂ ਨਾਲ ਸਾਂਝਾ ਕਰਨ ਦਾ ਜਤਨ ਕਰ ਰਹੇ ਹਾਂ। ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਹੋਰ ਹਜਾਰਾਂ ਹੀ ਨੌਜਵਾਨਾਂ ਨੇ ਜਿਨ੍ਹਾਂ ਆਪਣੀ ਜੁਆਨੀ ਦੇਸ਼ ਵਿਚ ਚੱਲਦੀ ਆਜ਼ਾਦੀ ਲਹਿਰ ਦੇ ਲੇਖੇ ਲਾਈ। ਆਪਣਾ ਹਰ ਸੁਪਨਾ, ਆਪਣੀ ਹਰ ਖਾਹਿਸ਼, ਹੋਸ਼ ਸੰਭਾਲਣ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਵਤਨ ਅਤੇ ਆਪਣੇ ਲੋਕਾਂ ਤੋਂ ਕੁਰਬਾਨ ਕਰ ਦਿੱਤਾ। ਸਿਰ ਦਿੱਤੇ ਪਰ ਸਿਦਕ ਨਾ ਹਾਰਿਆ। ਆਜ਼ਾਦੀ ਦੀ ਲਹਿਰ ਨੂੰ ਹੋਸ਼ ਦਿੱਤਾ ਅਤੇ ਜੋਸ਼ ਦਿੱਤਾ, ਲੋਕਾਂ ਦੇ ਮਨਾਂ ਅੰਦਰ ਗੁਲਾਮੀ ਪ੍ਰਤੀ ਨਫਰਤ ਪੈਦਾ ਕਰਨ ਵਾਸਤੇ ਆਪਣੀ ਤਰਕਸ਼ੀਲ ਸੋਚ, ਆਪਣੇ ਦਲੀਲਾਂ ਭਰਪੂਰ ਤਿੱਖੇ ਵਿਚਾਰਾਂ ਦਾ ਪ੍ਰਯੋਗ ਕੀਤਾ। ਆਜ਼ਾਦੀ ਲਹਿਰ ਵਾਸਤੇ ਚੱਲਦੀ ਲਹਿਰ ਦੀ ਤੋਰ ਤੇ ਧੜਕਣ ਦੋਹਾਂ ਨੂੰ ਤਿੱਖਿਆਂ ਕਰ ਦਿੱਤਾ। ਲੋਕ ਮਨਾਂ ਅੰਦਰ ਆਜ਼ਾਦੀ ਵਾਸਤੇ ਆਸ ਪੈਦਾ ਕਰਨ ਵਿੱਚ ਸਹਾਈ ਹੋਏ।
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾ ਜਿਲਾ ਲਾਇਲਪੁਰ (ਹੁਣ ਪਾਕਸਿਤਾਨ) ਵਿਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆ ਵਤੀ ਦੇ ਘਰ ਹੋਇਆ। ਦੇਸ਼ ਭਗਤ ਬਾਬੇ ਅਰਜਨ ਸਿੰਘ ਨੇ ਨਵ ਜੰਮੇ ਬਾਲਕ ਦਾ ਨਾਂ ਭਗਤ ਸਿੰਘ ਰੱਖਿਆ। ਭਗਤ ਸਿੰਘ ਦੇ ਬਾਬਾ ਜੀ ਅਰਜਣ ਸਿੰਘ ਸੂਝਵਾਨ ਮਨੁੱਖ ਸਨ, ਜੋ ਆਰੀਆ ਸਮਾਜ ਦੇ ਪ੍ਰਭਾਵ ਹੇਠ ਅੰਧਵਿਸ਼ਵਾਸ, ਅਤੇ ਛੂਤ-ਛਾਤ ਤੋਂ ਮੁਕਤ ਹੋ ਗਏ ਸਨ।
ਤੇਈ ਮਾਰਚ ਨੂੰ ਹਿੰਦੁਸਤਾਨ ਦੇ ਵਾਸੀ ਸੂਰਮਤਾਈ ਦੇ ਦਿਹਾੜੇ ਵਜੋਂ ਚੇਤੇ ਕਰਦੇ ਹਨ। ਜਦੋਂ ਭਾਰਤ ਦੇ ਸੂਰਮੇ ਸਪੂਤਾਂ ਨੇ ਆਪਣੇ ਜੋਸ਼ ਨੂੰ ਹੋਸ਼ ਨਾਲ ਰਲਾ ਕੇ ਮੁਲਕ ਦੇ ਪੈਰੀਂ ਪਈਆਂ ਗੁਲਾਮੀ ਦਆਂ ਜੰਜੀਰਾਂ ਕੱਟਣ ਲਈ ਆਪਣੇ ਜੀਵਨ ਨੂੰ ਕੌਮੀ ਅਣਖ ਦੀ ਰਾਖੀ ਕਰਦਿਆਂ ਨਿਸ਼ਾਵਰ ਕਰ ਦਿੱਤਾ ਸੀ।
ਅਪਰੈਲ 1929 ਨੂੰ ਅਸੰਬਲੀ ਹਾਲ ਵਿਚ ਬੰਬ ਸੁੱਟਣ ਵੇਲੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਨਾਅਰਾ ਲਾਇਆ ਸੀ “ਇਨਕਲਾਬ- ਜ਼ਿੰਦਾਬਾਦ” ਤੇ ਇਸਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਸੀ “ਇਨਕਲਾਬ ਤੋਂ ਸਾਡਾ ਭਾਵ ਮੌਜੂਦਾ ਪ੍ਰਬੰਧ ਤੇ ਸਮਾਜ ਨੂੰ ਜੜੋਂ ਉਖਾੜ ਸੁੱਟਣਾ ਹੈ। ਇਸ ਕਰਕੇ ਰਾਜ ਸ਼ਕਤੀ ਉੱਤੇ ਕਬਜ਼ਾ ਕਰਨਾ ਜ਼ਰੂਰੀ ਹੈ। ਇਸ ਵੇਲੇ ਰਾਜ ਪ੍ਰਬੰਧ ਦੀ ਮਸ਼ੀਨ ਵਿਸ਼ੇਸ਼ ਹਿਤਾਂ ਦੇ ਹੱਥ ਵਿਚ ਹੈ। ਜਨਤਾ ਦੇ ਹਿਤਾਂ ਦੀ ਰੱਖਿਆ ਵਾਸਤੇ ਅਰਥਾਤ ਸਮਾਜ ਨੂੰ ਨਵੇਂ ਸਿਰੇ ਤੋਂ ਕਾਰਲ ਮਾਰਕਸ ਦੇ ਸਿਧਾਂਤਾਂ ਅਨੁਸਾਰ ਜਥੇਬੰਦ ਕਰਨ ਲਈ ਸਾਨੂੰ ਸਰਕਾਰ ਦੀ ਮਸ਼ੀਨ ਨੂੰ ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਅਸੀਂ ਇਸ ਉਦੇਸ਼ ਵਾਸਤੇ ਲੜ ਰਹੇ ਹਾਂ।” ਉਹ ਆਪਣੇ ਸੱਚੇ-ਸੁੱਚੇ ਭਾਵਾਂ ਨੂੰ ਪ੍ਰਚਾਰਦੇ ਹੋਏ ਆਖਦੇ ਕਿ “ਇਨਕਲਾਬ ਤੋਂ ਸਾਡਾ ਭਾਵ ਸਿਰਫ ਇਹ ਹੈ ਕਿ ਮੌਜੂਦਾ ਨਿਜ਼ਾਮ ਜਿਹੜਾ ਅਸਲੋਂ ਹੀ ਬੇਇਨਸਾਫੀ ਤੇ ਅਧਾਰਤ ਹੈ ਨੂੰ ਬਦਲ ਦਿੱਤਾ ਜਾਵੇ, ਲੁੱਟ-ਖਸੁੱਟ ਖਤਮ ਕਰ ਦਿੱਤੀ ਜਾਵੇ, ਕਾਸ਼ਤਕਾਰ ਤੇ ਮਜ਼ਦੂਰ ਭੁੱਖੇ ਨਾ ਮਰਨ ....... ਇਨ੍ਹਾਂ ਖਰਾਬੀਆਂ ਕਾਰਨ ਹੀ ਇਨਸਾਨੀਅਤ ਤਬਾਹ ਹੋ ਰਹੀ ਹੈ ਇਨ੍ਹਾਂ ਨੂੰ ਖਤਮ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ। ਇਨਕਲਾਬ ਦਾ ਮਤਲਬ ਇਹ ਹੈ ਕਿ ਸੁਸਾਇਟੀ ਦੇ ਪ੍ਰਬੰਧ ਨੂੰ ਇਸ ਮਜਬੂਤੀ ਨਾਲ ਕਾਇਮ ਕਰੀਏ ਕਿ ਇਸ ਵਿਚ ਸਭ ਕਿਸਮ ਦੇ ਵਿਤਕਰੇ ਖਤਮ ਹੋ ਜਾਣ ਅਤੇ ਹਰ ਕਿਸੇ ਨੂੰ ਪੂਰੀ ਆਜ਼ਾਦੀ ਤੇ ਲੋੜ ਅਨੁਸਾਰ ਚੀਜ਼ ਮਿਲੇ, ਇਹ ਸਾਡਾ ਰਾਹ ਹੈ।”
ਕਲਕੱਤਾ ਤੋਂ ਛਪਦੇ ‘ਮਾਡਰਨ ਰੀਵੀਊ’ ਦੇ ਐਡੀਟਰ ਰਾਮਾਨੰਦ ਚੈਟਰਜੀ ਨੇ ਦਸੰਬਰ 1929 ਦੇ ਪਰਚੇ ਵਿਚ “ਇਨਕਲਾਬ-ਜ਼ਿੰਦਾਬਾਦ” ਦੇ ਨਾਅਰੇ ਦਾ ਮਖੌਲ ਉਡਾਂਦਿਆਂ ਇਸ ਨੂੰ ਅਰਥਹੀਣ ਕਿਹਾ ਅਤੇ ਇਨਕਲਾਬੀਆਂ ਨੂੰ ਉਸਨੇ ਸਿਰਫਿਰੇ ਬੰਬ ਬਾਜ਼ ਆਖਿਆ ਸੀ। ਫੇਰ 22 ਦਸੰਬਰ ਨੂੰ ਭਗਤ ਸਿੰਘ ਅਤੇ ਦੱਤ ਨੇ “ਮਾਡਰਨ ਰੀਵੀਊ” ਦੇ ਨਾਂ ਖ਼ਤ ਲਿਖ ਕੇ ਉਹਦੇ ਇਤਰਾਜ਼ਾਂ ਦਾ ਜਵਾਬ ਦਿੱਤਾ ਸੀ। ਉਨ੍ਹਾਂ ਲਿਖਿਆ “ਬੰਬ ਕੇਸ ਵਿਚ ਸਾਡਾ ਬਿਆਨ ਪੜ੍ਹੋ ਤੇ ਫੇਰ ਵੇਖੋ ਅਸੀਂ ਕੀ ਆਖਿਆ ਸੀ। ਅਸੀਂ ਇਨਕਲਾਬ ਨੂੰ ਹਰ ਮੌਕੇ ਹਥਿਆਰਬੰਦ ਇਨਕਲਾਬ ਦੇ ਅਰਥਾਂ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ ਬੰਬਾਂ ਤੇ ਪਸਤੌਲਾਂ ਨਾਲ ਪਿਆਰ ਰੱਖਣਾ ਨਹੀਂ, ਸਗੋਂ ਬੰਬ ਤੇ ਪਸਤੌਲ ਕਦੀ ਕਦਾਈਂ ਇਸ ਦੇ ਵੱਖੋ ਵੱਖ ਪੜਾਵਾਂ ’ਤੇ ਪਹੁੰਚਣ ਦਾ ਵਸੀਲਾ ਬਣ ਜਾਂਦੇ ਹਨ, ਪਰ ਇਹ ਆਪ ਇਨਕਲਾਬ ਨਹੀਂ ਅਖਵਾ ਸਕਦੇ”।
ਭਗਤ ਸਿੰਘ ਦਾ ਸਾਰਾ ਪਰਿਵਾਰ ਹੀ ਦੇਸ਼ ਭਗਤ ਸੀ। ਉਹਦਾ ਪਿਤਾ ਸ੍ਰ: ਕਿਸ਼ਨ ਸਿੰਘ ਆਜ਼ਾਦੀ ਘੁਲਾਟੀਆਂ ਸੀ। ਉਹਦਾ ਚਾਚਾ ਸ੍ਰ: ਅਜੀਤ ਸਿੰਘ 1906-07 ਦੀ ਕਿਸਾਨ ਲਹਿਰ ਦੇ ਆਗੂਆਂ ਵਿਚੋਂ ਸੀ। ਜਿਹੜੀ ਲਹਿਰ ਨੇ ਕਲੋਨੀ (ਕਲੋਨਾਈਜੇਸ਼ਨ) ਐਕਟ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਸੀ। ਇਹ ਐਕਟ ਅਬਾਦਕਾਰ ਕਿਸਾਨਾਂ ਦੇ ਵਿਰੁੱਧ ਬੇਹੂਦਾ ਕਿਸਮ ਦੀਆਂ ਪਾਬੰਦੀਆਂ ਲਾਉਂਦਾ ਸੀ। ਇਸੇ ਲਹਿਰ ਅਧੀਨ ਕਿਸਾਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਸੀ। ਪਗੜੀ ਸੰਭਾਲ ਜੱਟਾ....... ਦੀ ਲਹਿਰ ਨੇ ਸਾਰੇ ਦੇਸ਼ ’ਚ ਤਰਥੱਲੀ ਮਚਾ ਦਿੱਤੀ ਸੀ। ਜਿਸ ਦੇ ਕਾਰਨ ਸ੍ਰ: ਅਜੀਤ ਸਿੰਘ ਨੂੰ ਹੋਰ ਆਗੂਆਂ ਦੇ ਨਾਲ ਜਲਾਵਤਨ ਕਰਕੇ ਮਾਂਡਲੇ ਭੇਜ ਦਿੱਤਾ ਗਿਆ ਸੀ। ਭਗਤ ਸਿੰਘ ਆਪਣੇ ਚਾਚੇ ਦੀ ਆਪਾ ਵਾਰੂ ਕੁਰਬਾਨੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਉਹਦੇ ਵਾਸਤੇ ਡੂੰਘੇ ਦਿਲੋਂ ਸਨੇਹ ਰੱਖਦਾ ਸੀ। ਉਹ ਬਚਪਨ ਤੋਂ ਹੀ ਬਾਗੀ ਸੁਭਾਅ ਕਬੂ਼ਲ ਕਰ ਗਿਆ ਸੀ। ਇਸੇ ਲਗਨ ਨੂੰ ਉਸਨੇ ਆਪਣੀ ਛੋਟੀ ਜਹੀ ਜਿ਼ੰਦਗੀ ਦੇ ਵੱਡੇ ਕਾਰਨਾਮਿਆਂ ਵਿਚ ਬਦਲਿਆ ਤੇ ਆਪਣੇ ਦੁਆਲੇ ਦੇ ਲੋਕਾਂ ਦੀ ਸੁਸਤ ਜ਼ਿੰਦਗੀ ’ਚ ਚਮਕ ਤੇ ਲਿਸ਼ਕ ਪੈਦਾ ਕਰ ਦਿੱਤੀ ਸੀ। ਉਸਨੇ ਆਪਣੇ ਪਰਿਵਾਰਕ ਵਿਰਸੇ ਵਿਚੋਂ ਦੇਸ਼ ਭਗਤੀ ਦਾ ਜਾਮ ਪੀਤਾ। ਇਸ ਕਰਕੇ ਹੀ ਭਗਤ ਸਿੰਘ ਨੇ ਆਪਣੇ ਪਿਤਾ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਬਾਰੇ ਲਿਖਿਆ ਸੀ “ਉਨ੍ਹਾਂ ਦੀਆਂ ਸਿਖਿਆਵਾਂ ਕਰਕੇ ਹੀ ਮੈਂ ਆਪਣੀ ਜਿ਼ੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪਣ ਕੀਤੀ”।
ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਅੰਗਰੇਜ ਸਾਮਰਾਜੀ ਤੇ ਉਨ੍ਹਾਂ ਦੇ ਜੋਟੀਦਾਰ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਬਦਨਾਮ ਕਰਨ ਦਾ ਜਤਨ ਕਰਦੇ ਸਨ। ਜਿਵੇਂ ਕਿ ਇਹ ਗੱਲ ਮਸ਼ਹੂਰ ਹੈ ਕਿ ਅੰਗਰੇਜ ਭਗਤ ਸਿੰਘ ਬਾਰੇ ਹੀ ਨਹੀਂ ਉਸਤੋਂ ਪਹਿਲਾਂ ਵਾਲੇ ਦੇਸ਼ ਭਗਤਾਂ ਬਾਰੇ ਵੀ ਇੰਜ ਹੀ ਕਹਿੰਦੇ ਸਨ। ਇੱਥੇ ਯਾਦ ਕਰਨਾ ਚਾਹੀਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀਹਦੇ ਬਾਰੇ ਭਗਤ ਸਿੰਘ ਅਕਸਰ ਕਹਿੰਦਾ ਹੁੰਦਾ ਸੀ ਕਿ “ਉਹ ਇਨਕਲਾਬ ਵਾਸਤੇ ਜੀਵਿਆ ਅਤੇ ਇਸੇ ਵਾਸਤੇ ਮਰਿਆ।” ਪਰ ਅੰਗਰੇਜ਼ ਜੱਜ ਨੇ ਕਰਤਾਰ ਸਿੰਘ ਸਰਾਭਾ ਦੇ ਕੇਸ ਦੌਰਾਨ ਉਹਦੇ ਬਾਰੇ ਟਿੱਪਣੀ ਕਰਦਿਆਂ ਉਹਦੇ ਵਾਸਤੇ “ਪੂਰੀ ਤਰ੍ਹਾਂ ਬੇਕਿਰਕ ਬਦਮਾਸ਼” ਦੇ ਸ਼ਬਦ ਵਰਤੇ ਸਨ। ਦੇਸ਼ ਭਗਤਾਂ ਨੂੰ ਬਦਨਾਮ ਕਰਨ ਦਾ ਗੋਰੀ ਸਰਕਾਰ ਦਾ ਇਹ ਵੀ ਇਕ ਤਰੀਕਾ ਸੀ। ਇਸੇ ਤਰਜ਼ ’ਤੇ ਭਗਤ ਸਿੰਘ ਨੂੰ ਦਹਿਸ਼ਤ ਪਸੰਦ ਆਖਿਆ ਜਾਂਦਾ ਸੀ। ਜਿਸ ਦਾ ਖੂਨ-ਖਰਾਬੇ ਵਿਚ ਹੀ ਯਕੀਨ ਹੋਵੇ। ਭਗਤ ਸਿੰਘ ਨੇ ਇਸ ਇਲਜ਼ਾਮ ਦਾ ਜਵਾਬ ਦਿੰਦਿਆਂ ਕਿਹਾ “ਇਹ ਗੱਲ ਪ੍ਰਸਿੱਧ ਹੈ ਕਿ ਮੈਂ ਦਹਿਸ਼ਤਪਸੰਦ ਰਿਹਾਂ, ਪਰ ਮੈਂ ਦਹਿਸ਼ਤਪਸੰਦ ਨਹੀਂ ਹਾਂ। ਮੈਂ ਇਕ ਇਨਕਲਾਬੀ ਹਾਂ ਜਿਸ ਦੇ ਕੁੱਝ ਨਿਸਚਤ ਵਿਚਾਰ ਤੇ ਆਦਰਸ਼ ਹਨ ਅਤੇ ਜਿਸ ਦੇ ਸਾਹਮਣੇ ਲੰਬਾ ਪ੍ਰੋਗਰਾਮ ਹੈ ........ ਮੇਰਾ ਪੱਕਾ ਵਿਸ਼ਵਾਸ ਹੈ ਕਿ ਅਸੀਂ ਬੰਬਾਂ ਤੇ ਪਸਤੌਲਾਂ ਨਾਲ ਲਾਭ ਪ੍ਰਾਪਤ ਨਹੀਂ ਕਰਾਂਗੇ। ਇਹ ਗੱਲ ਹਿੰਦੁਸਤਾਨ ਰੀਪਬਲਿਕ ਆਰਮੀ ਦੇ ਇਤਿਹਾਸ ਤੋਂ ਸਪਸ਼ਟ ਹੈ। ਨਿਰਾ ਬੰਬ ਸੁੱਟਣਾ ਨਾ ਸਿਰਫ ਬੇ ਫਾਇਦਾ ਹੈ ਸਗੋਂ ਕਈ ਵਾਰ ਨੁਕਸਾਨਦੇਹ ਵੀ ਹੈ। ਇਸਦੀ ਜ਼ਰੂਰਤ ਕਿਸੇ ਖਾਸ ਹਾਲਤ ਵਿੱਚ ਪੈ ਸਕਦੀ ਹੈ ਤੇ ਸਾਡਾ ਮੁੱਖ ਮਕਸਦ ਮਜਦੂਰਾਂ ਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੋਣਾ ਚਾਹੀਦਾ ਹੈ.......।
ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਕਦੇ ਵੀ ਗੈਰਜ਼ਰੂਰੀ ਸਾਧਨ ਨਹੀਂ ਵਰਤੇ । ਉਨ੍ਹਾਂ ਨੇ ਜਰੂਰ ਹੀ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਆਪਣਾ ਅਗਵਾਨੂੰ ਮੰਨਿਆਂ ਹੋਵੇਗਾ, ਮਾਰਕਸ ਨੇ ਲਿਖਿਆ ਸੀ “ਜਿਸ ਉਦੇਸ਼ ਵਾਸਤੇ ਅਣਉਚਿੱਤ ਸਾਧਨਾਂ ਦੀ ਲੋੜ ਹੈ ਉਹ ਉਚਿੱਤ ਉਦੇਸ਼ ਨਹੀਂ”।
ਭਗਤ ਸਿੰਘ ਤੇ ਉਸਦੇ ਸਾਥੀ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਸਨ। ਉਹ ਤਾਂ ਦੇਸ਼ਵਾਸੀਆਂ ਨੂੰ ਗਲਵੱਕੜੀ ਪਾ ਕੇ ਹੱਸਦਾ ਖੇਡਦਾ ਦੇਖਣਾ ਚਾਹੁੰਦੇ ਸਨ। ਪਰ ਸਾਮਰਾਜੀ ਸ਼ੈਤਾਨ ਭਾਰਤ ਦੇ ਲੋਕਾਂ ਦੇ ਹਾੱਸੇ, ਖੇੜੇ ਤੇ ਖੁਸ਼ੀਆਂ ਸਮੁੰਦਰੋਂ ਪਾਰ ਲੈ ਜਾਂਦਾ ਸੀ। ਅੰਗਰੇਜ਼ ਭਾਰਤ ਦੇ ਲੋਕਾਂ ਦੀ ਕਿਸੇ ਗੱਲ ਨੂੰ ਸੁਣਨ ਤੋਂ ਇਨਕਾਰੀ ਸਨ। ਜਦੋਂ ਇਸ ਦੈਂਤਸ਼ਾਹੀ ਨੇ ਕੁੱਝ ਹੋਰ ਦਬਾਊ ਕਦਮਾਂ ਨੂੰ ਅੱਗੇ ਵਧਾਉਣ ਲਈ ਪਬਲਿਕ ਸੇਫਟੀ ਬਿੱਲ ਅਤੇ ਉਦਯੋਗਿਕ ਵਿਵਾਦ ਬਿੱਲ (ਟਰੇਡ ਡਿਸਪਿਊਟਸ ਬਿੱਲ) ਅਸੰਬਲੀ ਵਿੱਚ ਲਿਆਉਣ ਦਾ ਜਤਨ ਆਰੰਭਿਆ ਤਾਂ 8 ਅਪਰੈਲ 1929 ਵਿਚ ਭਗਤ ਸਿੰਘ ਅਤੇ ਬੁਕਟੇਸ਼ਵਰ ਦੱਤ ਨੇ ਪਹਿਲਾਂ ਹੀ ਬਣਾਏ ਪ੍ਰੋਗਰਾਮ ਅਨੁਸਾਰ ਸੈਂਟਰਲ ਅਸੰਬਲੀ ਵਿਚ ਬੰਬ ਸੁੱਟਿਆ। ਉਨ੍ਹਾਂ ਨੇ ਕਿਹਾ ‘ਬੋਲ਼ੇ ਨੂੰ ਸੁਣਾਉਣ ਵਾਸਤੇ ਉੱਚੀ ਅਵਾਜ਼ ਦੀ ਲੋੜ ਪੈਂਦੀ ਹੈ। ਬੰਬ ਸੁੱਟਦੇ ਸਮੇਂ ਵੀ ਜਿੱਥੇ ਉਨ੍ਹਾਂ ਨੇ “ਇਨਕਲਾਬ –ਜ਼ਿੰਦਾਬਾਦ”, “ਸਾਮਰਾਜ- ਮੁਰਦਾਬਾਦ” ਦੇ ਨਾਅਰੇ ਲਾਏ ਨਾਲ ਹੀ ਉੱਥੇ ਸੁੱਟੇ ਗਏ ਪੈਂਫਲਿਟਾਂ ਵਿਚ ਕਿਹਾ “ਅਸੀਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਪਵਿੱਤਰ ਸਮਝਦੇ ਹਾਂ। ਅਸੀਂ ਅਜਿਹੇ ਸੁਨਿਹਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ ਜਿਸ ਵਿਚ ਮਨੁੱਖ ਪੂਰੇ ਤੌਰ ’ਤੇ ਅਮਨ ਅਤੇ ਅਸਲੋਂ ਅਜਾਦੀ ਮਾਣ ਰਿਹਾ ਹੋਵਗਾ..... ”
ਭਗਤ ਸਿੰਘ ਅਮਨ ਦਾ ਆਸ਼ਕ ਸੀ ਉਹ ਤੇ ਉਸਦੇ ਸਾਥੀ ਜਾਣਦੇ ਸਨ ਕਿ ਅਮਨ ਤੋਂ ਬਿਨਾਂ ਜ਼ਿੰਦਗੀ ਦਾ ਵਿਕਾਸ ਬਹੁਤ ਔਖਾ ਹੈ। ਜੰਗ ਬਹੁਤ ਹੀ ਤਬਾਹਕੁੰਨ ਹੁੰਦੀ ਹੈ।
ਭਗਤ ਸਿੰਘ ਨੇ ਦੂਸਰੀ ਸੰਸਾਰ ਜੰਗ ਤੋਂ ਬਹੁਤ ਪਹਿਲਾਂ ਆਪਣੇ ਦੋਸਤ ਲਾਲਾ ਰਾਮ ਸਰਨ ਦਾਸ ਦੀ ਕਿਤਾਬ ‘ਡਰੀਮਲੈਂਡ’ (ਸੁਪਨਦੇਸ਼) ਦੀ ਭੂਮਿਕਾ ਵਿੱਚ ਲਿਖਿਆ ਸੀ ‘ਕਮਿਊਸਿਟ ਸਮਾਜ ਵਿਚ ਸੰਸਥਾਈ ਰੂਪ ਵਾਲੀ ਜੰਗ ਦੀ ਥਾਂ ਵਿਸ਼ਵਕੋਸ਼ ਦੇ ਕੁੱਝ ਪੰਨਿਆਂ ਵਿਚ ਹੀ ਰਹਿ ਜਾਵੇਗੀ ਅਤੇ ਉਦੋਂ ਜੰਗੀ ਸਮਾਨ ਅਜਾਇਬਘਰਾਂ ਦੀ ਸ਼ਾਨ ਹੋਵੇਗਾ ਕਿਉਂਕਿ ਉਸ ਸਮਾਜ ਵਿਚ ਵਿਰੋਧੀ ਜਾਂ ਟਕਰਾਵੇਂ ਹਿੱਤ ਹੋਣਗੇ ਹੀ ਨਹੀਂ ਜਿਹੜੇ ਕਿ ਜੰਗ ਦੀ ਬੁਨਿਆਦ ਹੁੰਦੇ ਹਨ।”
ਹੁਣ ਸਾਨੂੰ ਵਰਤਮਾਨ ਅਵਸਥਾ ਵੱਲ ਭਗਤ ਸਿੰਘ ਤੇ ਉਹਦੇ ਸਾਥੀਆਂ ਦੇ ਵਿਚਾਰਾਂ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਕਈ ਵਾਰ ਧਰਮ ਨੂੰ ਵਿਕਾਸ ਤੇ ਦਲੀਲ ਦੇ ਰਾਹ ਵਿਚ ਰੋੜਾ ਬਣਾ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਭਗਤ ਸਿੰਘ ਨੇ ਆਪਣੇ ਵਿਚਾਰ ਬਹੁਤ ਹੀ ਸਪਸ਼ਟ ਰੂਪ ਵਿਚ ‘ਮੈਂ ਨਾਸਤਿਕ ਕਿਉਂ ਹਾਂ?’ ਨਾਂ ਦੇ ਛੋਟੇ ਜਹੇ ਪੈਂਫਲਿਟ ਵਿਚ ਲਿਖੇ ਹਨ। ਬੜੀ ਦੇਰ ਪਹਿਲਾਂ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਵੀ ਲਿਖਿਆ ਸੀ। “ਧਰਮ ਪੀੜਤ ਜੀਵ ਦਾ ਹਓਕਾ ਹੈ, ਬੇਦਿਲ ਦੁਨੀਆ ਦਾ ਦਿਲ ਹੈ ਜਿਵੇਂ ਕਿ ਇਹ ਬੇਜਾਨ ਹਾਲਤ ਦੀ ਜਾਨ ਵੀ ਹੁੰਦਾ ਹੈ.......... ” ਤੇ ਅੱਗੇ ਕਿਹਾ ‘ਧਾਰਮਕ ਫਲਸਫਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ’ ਧਰਮ ਅਤੇ ਧਰਮ ਦੇ ਅਮਲ ਬਾਰੇ ਭਗਤ ਸਿੰਘ ਨੇ ਲਿਖਿਆ ਸੀ ਕਿ ‘ਹੁਣ ਤੱਕ ਸਾਰੇ ਧਰਮਾਂ ਨੇ ਮਨੁੱਖਾਂ ਨੂੰ ਇੱਕ-ਦੂਜੇ ਕੋਲੋਂ ਜੁਦਾ ਕੀਤਾ ਤੇ ਲੜਾਇਆ ਹੈ। ਦੁਨੀਆਂ ਵਿਚ ਜਿੰਨਾ ਖੂਨ-ਖਰਾਬਾ ਧਰਮ ਦੇ ਠੇਕੇਦਾਰਾਂ ਨੇ ਕੀਤਾ ਹੈ ਸ਼ਾਇਦ ਹੀ ਹੋਰ ਕਿਸੇ ਨੇ ਕੀਤਾ ਹੋਵੇ। ਸੱਚਾਈ ਤਾਂ ਇਹ ਹੈ ਕਿ ਧਰਤੀ ਦੇ ਸਵਰਗ ਨੂੰ ਧਰਮ ਦੀ ਓਟ ਲੈ ਕੇ ਉਜਾੜਿਆ ਗਿਆ ਹੈ। ਜਿਹੜਾ ਧਰਮ ਮਨੁੱਖ ਤੋਂ ਮਨੁੱਖ ਨੂੰ ਜੁਦਾ ਕਰੇ , ਮੁਹੱਬਤ ਦੀ ਥਾਂ ਨਫਰਤ ਵਧਾਵੇ, ਅੰਧ ਵਿਸ਼ਵਾਸ ਦਾ ਹੌਸਲਾ ਵਧਾ ਕੇ ਬੌਧਿਕ ਵਿਕਾਸ ਵਿਚ ਰੁਕਾਵਟ ਬਣੇ, ਦਿਮਾਗਾਂ ਨੂੰ ਖੁੰਢ੍ਹਾ ਕਰ ਦੇਵੇ, ਉਹ ਮੇਰਾ ਧਰਮ ਕਦੀਂ ਵੀ ਨਹੀਂ ਹੋ ਸਕਦਾ। ਹਰ ਉਹ ਕਦਮ ਜੋ ਮਨੁੱਖਤਾ ਨੂੰ ਸੁਖਦਾਈ ਬਣਾ ਸਕੇ, ਬਰਾਬਰੀ, ਭਾਈਚਾਰੇ ਦੇ ਰਾਹ ’ਤੇ ਇਕ ਪੁਲਾਂਘ ਹੋਰ ਪੁੱਟ ਸਕੇ, ਮੇਰਾ ਧਰਮ ਹੈ। ਮੇਰੇ ਲਈ ਇਹ ਧਰਤੀ ਮੇਰਾ ਭਾਰਤ ਮੇਰੇ ਲਈ ਸਵਰਗ ਹੈ ......... ਮੇਰੇ ਸਵਰਗ ਨੂੰ ਨਰਕ ਬਣਾਉਣ ਵਾਲੀ ਹਰ ਤਾਕਤ ਦਾ ਸਫਾਇਆ ਕਰਕੇ ਮਨੁੱਖ ਨੂੰ ਜਮਾਤ ਰਹਿਤ ਸਮਾਜ ਵੱਲ ਵਧਾਉਣ ਵਾਲਾ ਹਰ ਕਦਮ ਮੇਰਾ ਧਰਮ ਹੈ। ਭਗਤ ਸਿੰਘ ਨੇ ਨਾਸਤਿਕਤਾ ਦੇ ਸਵਾਲ ਨੂੰ ਦਲੀਲ ਨਾਲ ਪੇਸ਼ ਕੀਤਾ “ਮੈਂ ਨਾਸਤਿਕ ਕਿਉਂ ਹਾਂ?” ਵਾਲੇ ਪੈਂਫਲਿਟ ਦਾ ਆਪਣਾ ਪਿਛੋਕੜ ਹੈ ਇਸ ਨੂੰ ਲਿਖਣ ਲਈ ਕਿਸੇ ਜੇਲ ਸਾਥੀ ਨੇ ਹੀ ਉਕਸਾਇਆ ਸੀ। ਜਦੋਂ ਗਦਰ ਪਾਰਟੀ ਵਲੋਂ ਜੇਲ ਭੁਗਤਦਿਆਂ ਉਨ੍ਹਾਂ ਭਗਤ ਸਿੰਘ ਨੂੰ ਇਸ ਕਰਕੇ ਮਿਲਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਸਨੇ ਕੇਸ ਕੱਟੇ ਹੋਏ ਹਨ ਪਰ ਬਾਅਦ ਵਿਚ ਇਹ ਮੁਲਾਕਾਤ ਹੋ ਗਈ ਇਸ ਮੁਲਾਕਾਤ ਤੋਂ ਬਾਅਦ ਭਗਤ ਸਿੰਘ ਨੇ ‘ਮੈਂ ਨਾਸਤਿਕ ਕਿਉਂ ਹਾਂ’ ਨਾਂ ਦਾ ਪੈਂਫਲਿਟ ਲਿਖਿਆ ਸੀ। ਇਸ ਤਰਾਂ ਦੇ ਵਿਚਾਰ ਵੱਲ ਵਧਣ ਵਾਸਤੇ ਉਹਨੂੰ ਬਾਕੂਨਿਨ ਦੀ ਕਿਤਾਬ "ਗੌਡ ਐਂਡ ਸਟੇਟ" (ਰੱਬ ਤੇ ਰਿਆਸਤ) ਅਤੇ ਨਿਰਲੰਭ ਸਵਾਮੀ ਦੀ ਪੁਸਤਕ "ਦ ਕੌਮਨ ਸੈਂਸ"(ਸਾਧਾਰਨ ਗਿਆਨ) ਨੇ ਵੀ ਪ੍ਰਭਾਵਿਤ ਕੀਤਾ।
ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਆਪਣੇ ਲੋਕਾਂ ਖਾਤਰ ਬੇਗਰਜੀ ਨਾਲ ਸੌੜੀਆਂ ਸੋਚਾਂ ਤੋਂ ਉੱਪਰ ਉੱਠ ਕੇ ਜਮਾਤਾਂ ਅਤੇ ਪਾੜਿਆ ਵਾਲੇ ਲੁੱਟ-ਖਸੁੱਟ ਤੇ ਅਧਾਰਤ ਰਾਜ ਨੂੰ ਖਤਮ ਕਰਕੇ ਜਮਾਤ ਰਹਿਤ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਸੁਪਨਾ ਲਿਆ ਸੀ। ਭਗਤ ਸਿੰਘ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਇਹ ਵੀ ਚੇਤੇ ਰੱਖਣਾ ਪਵੇਗਾ ਕਿ ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਸੀ “ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਕਾਰਖਾਨਿਆਂ ਵਿਚ ਕੰਮ ਕਰਦੇ ਲੱਖਾਂ ਮਜਦੂਰਾਂ ਕੋਲ ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਅਥਵਾ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾਉਣਾ ਹੈ। ਇਹ ਇਨਕਲਾਬ ਆਜ਼ਾਦੀ ਲਿਆਵੇਗਾ। ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਅਸੰਭਵ ਬਣਾ ਦੇਵੇਗਾ।”
ਸ਼ਹੀਦ-ਏ- ਆਜ਼ਮ ਤੇ ਉਸਦੇ ਸਾਥੀਆਂ ਨੇ ਗੋਰਾ ਸ਼ਾਹੀ ਵਲੋਂ ਹਿੰਦ ਦੀ ਅਣਖ ਨੂੰ ਪਾਈ ਭਾਜੀ ਕਬੂਲ ਕੀਤੀ ਸੀ। ਤਦ ਹੀ ਤਾਂ ਉਨ੍ਹਾਂ ਨੇ ਸਾਂਡਰਸ ਨੂੰ ਉਹਦੇ ਘੁਰਨੇ ਤੇ ਜਾ ਕੇ ਮਾਰਿਆ ਸੀ। ਭਾਵੇਂ ਕਿ ਪੁਆੜੇ ਦੀ ਅਸਲੀ ਜੜ੍ਹ ਪੁਲਿਸ ਅਫਸਰ ਸਕਾਟ ਸੀ, ਪਰ ਅੰਦਰੋਂ ਬਾਹਰ ਸਾਂਡਰਸ ਆਇਆ ਤੇ ਮਾਰਿਆ ਗਿਆ।
ਜਦੋਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਮੌਤ ਦੀਆਂ ਸਜਾਵਾਂ ਹੋਈਆਂ ਤਾਂ ਮੁਲਕ ਅੰਦਰ ਫਿਕਰ ਤੇ ਚਿੰਤਾ ਦੀ ਲਹਿਰ ਦੌੜ ਗਈ। ਇਹ ਇਨਕਲਾਬੀ ਆਪਣੇ ਕੰਮਾਂ ਕਰਕੇ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਏ ਸਨ। ਉਹ ਕਾਂਗਰਸ ਤੇ ਉਸਦੀ ਸਮਝੌਤਾਵਾਦੀ ਨੀਤੀ ਦੇ ਵਿਰੋਧੀ ਸਨ । ਇਹ ਵੀ ਇਕ ਇਤਿਹਾਸਕ ਸਚਾਈ ਹੈ ਕਿ ਮਹਾਤਮਾਂ ਗਾਂਧੀ ਇਨਕਲਾਬੀਆਂ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਰੱਖਦਾ ਸੀ। ਇਸ ਕਰਕੇ ਹੀ ਉਸਨੇ ਇਨ੍ਹਾਂ ਇਨਕਲਾਬੀਆਂ ਦੀਆਂ ਜਾਨਾਂ ਬਚਾਉਣ ਦਾ ਕੋਈ ਹੀਲਾ ਨਾ ਕੀਤਾ। ਸੋਹਣ ਸਿੰਘ ਜੋਸ਼ ਨੇ ਆਪਣੀ ਪੁਸਤਕ ‘ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ’ ਵਿਚ ਲਿਖਿਆ ਹੈ ਕਿ “ਇਹ ਆਸ ਸੀ ਕਿ ਮਹਾਤਮਾਂ ਗਾਂਧੀ ਉਨ੍ਹਾਂ ਦੀਆਂ ਮੌਤ ਦੀਆਂ ਸਜਾਵਾਂ ਨੂੰ ਘਟਾਉਣ ਬਾਰੇ ਇਰਵਨ ਨਾਲ ਗੱਲ-ਬਾਤ ਕਰਨਗੇ, ਪਰ ਗਾਂਧੀ-ਇਰਵਨ ਗੱਲਬਾਤ ਵਿਚ ਮਹਾਤਮਾਂ ਗਾਂਧੀ ਨੇ ਇਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਇੱਕ ਲਫ਼ਜ਼ ਤੱਕ ਵੀ ਮੂੰਹੋਂ ਨਾ ਕੱਢਿਆ” ਇਸੇ ਤਰ੍ਹਾਂ ਦੇ ਵਿਚਾਰ ਭਗਤ ਸਿੰਘ ਨੇ ਆਪਣੇ ਪਿਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਗਾਂਧੀ ਦਾ ਅਹਿੰਸਕ ਢੰਗ ਆਜ਼ਾਦੀ ਪ੍ਰਾਪਤੀ ਲਈ ਕਾਰਜ ਨਾ ਕਰਨ ਦਾ ਇਕ ਬਹਾਨਾ ਮਾਤਰ ਹੈ, ਇਹ ਕਾਇਰਤਾ ਨੂੰ ਲੁਕਾਉਣ ਦਾ ਇਕ ਮਖੌਟਾ ਹੈ”। ਉਸ ਸਮੇਂ ਇਹੋ ਜਿਹਾ ਸੀ ਸ਼ਹੀਦਾ ਪ੍ਰਤੀ ਕਾਂਗਰਸ ਦੇ ਮੁਖੀ ਲੀਡਰਾਂ ਦਾ ਵਤੀਰਾ।
ਹਰ ਸਾਲ ਵਾਂਗ ਹੀ ਅਸੀਂ ਫੇਰ ਭਗਤ ਸਿੰਘ ਨੂੰ ਯਾਦ ਕਰ ਰਹੇ ਹਾਂ। ਉਹਦੀ ਤੇ ਉਹਦੇ ਸਾਥੀਆਂ ਦੀ ਸ਼ਹਾਦਤ ਨੂੰ ਨੌਂ ਦਹਾਕਿਆਂ ਤੋਂ ਵੱਧ ਸਾਲ ਬੀਤ ਗਏ ਹਨ ਪਰ ਸੋਚਣ-ਵਿਚਾਰਨ ਦੀ ਗੱਲ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਲੈ ਕੇ ਕਿੱਥੇ ਕੁ ਪਹੁੰਚੇ ਹਾਂ। ਕੀ ਅਸੀਂ ਏਨੇ ਲੰਘੇ ਸਾਲਾਂ ਦੀ ਵਾਟ ਵਿਚ ਉਹ ਰਾਹ, ਉਹ ਸਮਾਜਿਕ ਆਰਥਿਕ ਪ੍ਰਬੰਧ ਕਾਇਮ ਕਰ ਸਕੇ ਜਿਸ ਖਾਤਰ ਸਾਡੇ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ। ਦੁਨੀਆਂ ਐਟਮ ਦੇ ਢੇਰ ’ਤੇ ਬੈਠੀ ਹੈ। ਜ਼ਿੰਦਗੀ ਦਾਅ ਤੇ ਲੱਗੀ ਪਈ ਐ। ਸਾਮਰਾਜੀ ਲੁਟੇਰੇ ਆਪਣੇ ਹੱਥਠੋਕੇ ਪੈਦਾ ਕਰਕੇ ਆਪਣੀ ਤੂਤੀ ਬੁਲਵਾਈ ਚਾਹੁੰਦੇ ਹਨ। ਅੱਜ ਵਿਸ਼ਵੀਕਰਨ ਦੇ ਨਾਂ ਹੇਠ ਨਵ-ਬਸਤੀਵਾਦ ਉਨ੍ਹਾਂ ਦੀ ਨੀਤੀ ਦਾ ਅਸਲ ਹੈ। ਕੌਮਾਂਤਰੀ ਸਰਮਾਇਆ ਇਕੱਠਾ ਹੋ ਕੇ ਗਰੀਬ, ਅਣਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਹਰ ਪੱਖੋਂ ਲੁੱਟ ਕਰ ਰਹੇ ਹਨ। ਇਹ ਵਰਤਾਰਾ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਗਰੀਬ ਤੇ ਸਾਧਨਹੀਣ ਮਨੁੱਖ ਇਸ ਵਿਚ ਨਪੀੜਿਆ ਜਾ ਰਿਹਾ ਹੈ। ਮਨੁੱਖ ਦੀ ਹੋਂਦ ਤੇ ਹੋਣੀ ਵਾਸਤੇ ਖਤਰੇ ਪੈਦਾ ਕੀਤੇ ਜਾ ਰਹੇ ਹਨ। ਮਨੁੱਖਤਾ ਵੰਡੀ ਜਾ ਰਹੀ ਹੈ। ਦੁਨੀਆਂ ਦੇ ਧਨਾਢ ਦਿਨੋਂ ਦਿਨ ਵਧ ਰਹੇ ਵੱਧੋ ਵੱਧ ਮੁਨਾਫਿਆਂ ਨਾਲ ਖੁਸ਼ ਹੋ ਰਹੇ ਹਨ।
ਭਾਰਤ ਅੱਜ ਵੀ ਅਜਿਹੀ ਸਥਿਤੀ ਵਿਚੋਂ ਲੰਘ ਰਿਹਾ ਹੈ ਜਿੱਥੇ ਧਾਰਮਿਕ ਨਵ-ਸੁਰਜੀਤੀ ਦੀਆਂ ਲਹਿਰਾਂ ਮਿਹਨਤੀ ਲੋਕਾਂ ਨੂੰ ਇਕਮੁੱਠ ਹੋਣ ਵਿਚ ਰੋੜਾਂ ਅਟਕਾ ਦਿੰਦੀਆਂ ਹਨ। ਬਹੁਤ ਸਾਰੀਆਂ ਸ਼ਹੀਦੀਆਂ ਨਾਲ ਮਿਲੀ ਆਜ਼ਾਦੀ ਦੀਆਂ ਬਰਕਤਾਂ ਵੱਡਿਆਂ ਦੇ ਹਿੱਸੇ ਹੀ ਆਈਆਂ ਹਨ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਠੀਕ ਹੀ ਕਿਹਾ ਸੀ ਕਿ ‘ਲਾਰਡ ਹਾਰਡਿੰਗ ਜਾਂ ਇਰਵਨ ਦੀ ਥਾਂ ਤੇਜ ਬਹਾਦਰ ਜਾਂ ਪ੍ਰਸ਼ੋਤਮ ਦਾਸ ਦੇ ਹੱਥ ਰਾਜ ਆ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ।’ ਬਹੁਤ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਇਹ ਭਵਿੱਖਬਾਣੀ ਹੋਰ ਵੀ ਘਿਨਾਉਣੀ ਸ਼ਕਲ ਧਾਰਨ ਕਰ ਗਈ ਹੈ। ਇਨ੍ਹਾਂ ਦੇਸੀ ‘ਤੇਜ ਬਹਾਦਰਾਂ ਦੇ ਲਾਣੇ’ ਨੇ ਮੁਲਕ ਦੇ ਲੋਕਾਂ ਨੂੰ ਨੂੜ ਕੇ ਮੁਲਕ ਦੇ ਸਰਮਾਏਦਾਰਾਂ ਮੂਹਰੇ ਸੁੱਟ ਦਿੱਤਾ ਹੈ। ਇਸ ਪ੍ਰਬੰਧ ਨੇ ਸਰਮਾਏਦਾਰਾਂ ਵਲੋਂ ਮਿਹਨਤਕਸ਼ਾਂ ਨੂੰ ਹਲਾਲ ਕਰਨ ਜਾਂ ਝਟਕਾਉਣ ਦੇ ਕਾਨੂਨੀ ਹੱਕ ਦਿੱਤੇ ਹੋਏ ਹਨ।
ਮਜ਼ਦੂਰਾਂ, ਕਿਰਤੀ ਕਾਮਿਆਂ ਦੀਆਂ ਜਥੇਬੰਦਕ ਲਹਿਰਾਂ ਨੇ ਜਦੋਂ ਵੀ ਕੀਤੀਆ ਜਾਂਦੀਆਂ ਬੇਇਨਸਾਫੀਆਂ ਦਾ ਵਿਰੋਧ ਕੀਤਾ ਤਾਂ ਸਰਕਾਰੀ ਤੰਤਰ ਨੇ ਗੋਲੀ, ਲਾਠੀ ਦੀ ਜਬਰੀ ਵਰਤੋਂ ਕੀਤੀ ਅਤੇ ਹਰ ਘਿਨਾਉਣਾ ਹੀਲਾ ਵਰਤਿਆ। ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਲੋਕਾਂ ਨੂੰ ਦਿੱਤੇ ਸੰਵਿਧਾਨਕ ਹੱਕਾਂ ਦੇ ਚੀਥੜੇ ਉਡਾਏ ਗਏ। ‘ਦੇਸੀ ਤੇਜ ਬਹਾਦਰਾਂ’ ਦੇ ਲਾਣੇ ਵਲੋਂ ਸੰਵਿਧਾਨ ਨੂੰ ਹਮੇਸ਼ਾਂ ਹੀ ਟਿੱਚ ਜਾਣਿਆ ਗਿਆ। ਹਾਕਮ ਜਮਾਤ ਵਲੋਂ ਗਰੀਬਾਂ ਦੇ ਢਾਰਿਆਂ ਨੂੰ ਢਾਹੁਣ ਤੇ ਅਮੀਰਾਂ ਦੇ ਮਹਿਲਾਂ ਨੂੰ ਲਿਸ਼ਕਾਉਣ ਦਾ ਹੀ ਸਦਾ ਕੰਮ ਕੀਤਾ ਗਿਆ। ਆਜ਼ਾਦੀ ਤੋਂ ਬਾਅਦ ਲੁੱਟ ਵਾਲੇ ਕਾਇਮ ਹੋਏ ਢਾਂਚੇ 'ਤੇ ਸੱਟ ਨਾ ਵੱਜੀ। ਲੋਕ ਆਜ਼ਾਦ ਹੁੰਦਿਆਂ ਹੋਇਆਂ ਵੀ ਭਗਤ ਸਿੰਘ ਤੇ ਹੋਰ ਇਨਕਲਾਬੀਆਂ ਦੀ ਸੋਚ ਵਾਲੀ ਆਜ਼ਾਦੀ ਦਾ ਪੂਰਾ ਨਿੱਘ ਨਾ ਮਾਣ ਸਕੇ, ਲੋਕ ਸੁੱਖ ਦਾ ਸਾਹ ਨਾ ਲੈ ਸਕੇ। ਰਾਜ ਕਰਨ ਵਾਲਿਆਂ ਦੀ ਚਮੜੀ ਹੀ ਬਦਲੀ ਮਾਨਸਿਕਤਾ ਉਹੋ ਹੀ ਰਹੀ, ਜਿਸ ਤੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਪਹਿਲਾਂ ਹੀ ਖਬਰਦਾਰ / ਤਾੜਨਾ ਕੀਤੀ ਸੀ।
ਇਹ ਦੇਸੀ ਸਰਕਾਰ ਹੀ ਹੈ ਜਿਸਨੇ ਮੁਲਕ ਦੇ ਅਸਲੀ ਨਿਰਮਾਤਾਵਾਂ ਨੂੰ ਭੁੱਖ, ਕੰਗਾਲੀ ਅਤੇ ਭਿਆਨਕਤਾ ਨਾਲ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਕੀਤਾ। ਅਜਾਦੀ ਖਾਤਰ ਆਪਾ ਵਾਰਨ ਵਾਲੇ, ਜੇਲਾਂ, ਕਾਲਕੋਠੜੀਆਂ ਤੇ ਜਲਾਵਤਨੀਆਂ ਦੇ ਤਸੀਹੇ ਝੱਲਣ ਵਾਲੇ ਵੇਖਦੇ ਹੀ ਰਹਿ ਗਏ ਕਿ ਕਿੰਨੇ ਹੀ ਮੁਲਕ ਨਾਲ ਗੱਦਾਰੀਆਂ ਕਰਨ ਵਾਲੇ, ਅੰਗਰੇਜ਼ਾਂ ਦੇ ਬੂਟ ਚੱਟਣ ਵਾਲੇ, ਦੇਸ਼ ਭਗਤਾਂ ਨੂੰ ਫਾਹੇ ਲੁਆਉਣ ਵਾਲੇ, ਆਜ਼ਾਦੀ ਤੋਂ ਫੌਰਨ ਬਾਅਦ ‘ਦੇਸ਼ ਭਗਤੀ ਦੇ ਤੁਰਲੇ’ ਛੱਡਕੇ ਰਾਜ ਗੱਦੀਆਂ ’ਤੇ ਬਿਰਾਜਮਾਨ ਹੋ ਗਏ। ਅੱਜ ਦੇ ਹਾਕਮਾਂ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿੰਨਿਆਂ ਕੁ ਦਾ ਜਾਂ ਉਨ੍ਹਾਂ ਦੀਆਂ ਔਲਾਦਾਂ ਦਾ ਆਜ਼ਾਦੀ ਦੀ ਲਹਿਰ ਨਾਲ ਵਾਹ ਪਿਆ ਸੀ? ਕਿੰਨਿਆਂ ਦੇ ਬਾਪ-ਦਾਦੇ ਲਾਲਚ ਵੱਸ ਦੇਸ਼ ਭਗਤਾਂ ਦੇ ਵੈਰੀ ਸਨ। ਇਨ੍ਹਾਂ ਦੀ ਲਾਲਚੀ ਬਿਰਤੀ ਨਾ ਬਦਲੀ ਜਿਸ ਨਾਲ ਘਾਟਾ ਮੁਲਕ ਨੂੰ ਪਿਆ। ਆਜ਼ਾਦੀ ਖਾਤਰ ਲੜਨ ਵਾਲਿਆਂ ਨੂੰ ਬਹੁਤ ਦੁੱਖ ਝੱਲਣੇ ਪਏ ਅਤੇ ਸ਼ਹੀਦੀਆਂ ਦੇਣੀਆਂ ਪਈਆਂ।
ਜਿਹੜੇ ਵੀ ਸੂਰਬੀਰ ਲੋਕ ਆਜ਼ਾਦੀ ਦੇ ਘੋਲ ਵਿਚ ਸ਼ਾਮਲ ਹੋਏ ਹਰ ਕਿਸੇ ਨੇ ਹੀ ਸਿਰ ਤਲੀ ਤੇ ਧਰਕੇ ਮੈਦਾਨੇ ਪੈਰ ਧਰਿਆ, ਇਕ ਮਿਸਾਲ ਹੈ ਦੇਸ਼ ਭਗਤ ਰਾਮ ਪ੍ਰਸਾਦ ਬਿਸਮਿਲ ਦੀ ਜਦੋਂ ਉਹਨੂੰ ਫਾਂਸੀ ਦੇ ਤਖਤੇ ਵੱਲ ਲੈ ਕੇ ਗਏ ਤਾਂ ਉਸਨੇ ‘ਬੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਅਤੇ ਫਾਂਸੀ ਦੇ ਤਖਤੇ ਤੇ ਖੜ੍ਹ ਕੇ ਉਸਨੇ ਕਿਹਾ :
“ I wish the down fall of the British Empire”
“ਮੈਂ ਬ੍ਰਿਟਿਸ਼ ਸਾਮਰਾਜ ਦੇ ਤਬਾਹ ਹੋਣ ਦੀ ਖਾਹਸ਼ ਕਰਦਾ ਹਾਂ।”
ਫੇਰ ਇਕ ਸ਼ੇਅਰ ਪੜ੍ਹਿਆ :
ਅਬ ਨਾ ਅਗਲੇ ਵਲਵਲੇ ਹੈ
ਔਰ ਨਾ ਅਰਮਾਨੋਂ ਕੀ ਭੀੜ
ਏਕ ਮਿਟ ਜਾਨੇ ਕੀ ਹਸਰਤ
ਅਬ ਦਿਲੇ ਬਿਸਮਿਲ ਮੇਂ ਹੈ।
ਭਗਤ ਸਿੰਘ ਵਿਚਾਰਵਾਨ ਮਨੁੱਖ ਸੀ ਆਪਣੇ ਵਿਦਿਆਰਥੀ ਜੀਵਨ ਵਿਚ ਉਹਨੇ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਸਬੰਧੀ ਮਸਲੇ ਬਾਰੇ ਮਜਮੂਨ ਲਿਖਦਿਆਂ ਲਿਖਿਆ ਸੀ “ਕਿਸੇ ਸਮਾਜ ਤੇ ਦੇਸ਼ ਨੂੰ ਪਹਿਚਾਨਣ ਦੇ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਨਾਲ ਜਾਣ ਪਛਾਣ ਹੋਣ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਿਉਂਕਿ ਸਮਾਜ ਦੇ ਪ੍ਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿਚ ਹੀ ਜ਼ਾਹਿਰ ਹੋਇਆ ਕਰਦੀ ਹੈ”। ਕਿਤਾਬਾਂ ਪੜ੍ਹਨ ਦਾ ਉਸਨੂੰ ਬਹੁਤ ਸ਼ੌਕ ਸੀ। ਭਗਤ ਸਿੰਘ ਨੇ ਆਪਣੇ ਜੇਲ ਜੀਵਨ ਸਮੇਂ “ ਭਾਰਤ ਵਿੱਚ ਇਨਕਲਾਬੀ ਲਹਿਰ ਦਾ ਇਤਿਹਾਸ”, “ਸਮਾਜਵਾਦ ਦਾ ਆਦਰਸ਼” , “ਆਤਮ ਕਥਾ” ਤੇ “ਮੌਤ ਦੇ ਬੂਹੇ ’ਤੇ’ ਚਾਰ ਪੁਸਤਕਾਂ ਵੀ ਲਿਖੀਆਂ। ਇਸ ਤੋਂ ਬਿਨਾਂ ਜੇਲ ਵਿਚ ਲਿਖੀ ਡਾਇਰੀ ਵੀ ਹੈ। (ਭਗਤ ਸਿੰਘ ਦੀ ਇਹ ਜੇਲ ਡਾਇਰੀ ਇੰਟਰਨੈਟ ’ਤੇ ਅੰਗਰੇਜ਼ੀ ਤੇ ਪੰਜਾਬੀ ਵਿਚ ਪੜ੍ਹੀ ਜਾ ਸਕਦੀ ਹੈ)।
ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਬਹਾਦਰ ਲੋਕ ਸਦਾ ਹੀ ਦਿਲ ਵਿਚ ਜਾਨਾਂ ਵਾਰਨ ਦੀ ਤਾਂਘ ਰੱਖਦੇ ਸਨ। ਇਸਦਾ ਇਕ ਸਬੂਤ ਹੈ ਕਿ ਜੇਲ ਵਿਚ ਆਖਰੀ ਵਾਰ ਜਦੋਂ ਬੀ. ਕੇ. ਦੱਤ ਭਗਤ ਸਿੰਘ ਨੂੰ ਮਿਲਿਆ ਤਾਂ ਕਹਿਣ ਲੱਗਾ “ਅੱਜ ਮੇਰੇ ਲਈ ਮੰਦਭਾਗਾ ਦਿਨ ਹੈ ਜਦ ਕਿ ਭਾਰਤ ਮਾਤਾ ਦੀਆਂ ਜੰਜ਼ੀਰਾਂ ਤੋੜਨ ਅਰਥਾਤ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਜੁਰਮ ਵਿੱਚ ਭਗਤ ਸਿੰਘ ਨੂੰ ਤਾਂ ਫਾਂਸੀ ਦਾ ਹੁਕਮ ਮਿਲ ਗਿਆ, ਪਰ ਮੈਨੂੰ ਉਮਰ ਕੈਦ ਹੀ ਕੀਤੀ ਗਈ” ਇਹ ਜਜ਼ਬਾ ਦੇਸ਼ ਭਗਤੀ ਨਾਲ ਰੰਗੇ ਹੋਏ ਦਿਲਾਂ ਵਿਚ ਹੀ ਹੋ ਸਕਦਾ ਹੈ। ਆਪਣੀ ਜਾਨ ਨਾਲੋਂ ਵੱਧ ਆਪਣੇ ਦੇਸ਼ ਅਤੇ ਆਪਣੇ ਲੋਕਾਂ ਨਾਲ ਪਿਆਰ ਕਰਨ ਵਾਲਿਆਂ ਦੇ ਦਰਦ ਭਰੇ ਦਿਲ ਵਿੱਚ ਹੀ ਪੈਦਾ ਹੋ ਸਕਦਾ ਹੈ।
ਬੀ. ਕੇ. ਦੱਤ ਦੀ ਇਹ ਗੱਲ ਸੁਣ ਕੇ ਭਗਤ ਸਿੰਘ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਹ ਬੋਲਿਆ, “ਮੈਨੂੰ ਇਸ ਗੱਲ ਦਾ ਉੱਕਾ ਹੀ ਡਰ ਨਹੀਂ ਕਿ ਹੁਣ ਮੈਂ ਜੀਊਂਦਾ ਨਹੀਂ ਰਹਾਂਗਾ, ਪਰ ਮੈਨੂੰ ਮਾਣ ਪ੍ਰਪਤ ਹੈ ਕਿ ਮੈਂ ਵੀ ਉਸ ਦੇਸ਼ ਦੀ ਖਾਤਰ ਫਾਂਸੀ ’ਤੇ ਲਟਕਾਂਗਾ ਜਿਸ ਦੇਸ਼ (ਹਿੰਦੁਸਤਾਨ) ਦੀ ਖਾਤਰ 1907 ਵਿਚ ਖੁਦੀ ਰਾਮ ਬੋਸ, 1914-15 ਵਿਚ ਗਦਰ ਪਾਰਟੀ ਦੇ ਹੀਰੋ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਹੋਰ ਸਾਥੀ, 1926 ਵਿਚ ਬਬਰ ਅਕਾਲੀ ਵੀਰ ਅਤੇ 1929 ਵਿਚ ਕਾਕੋਰੀ ਕੇਸ ਦੇ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਠਾਕਰ ਰੌਸ਼ਨ ਸਿੰਘ, ਅਸ਼ਫਾਕ ਉੱਲਾ ਤੇ ਰਾਜਿੰਦਰ ਲਹਿਰੀ ਜਿਹੇ ਫਾਂਸੀ ਦੇ ਤਖਤੇ ’ਤੇ ਝੂਲ ਗਏ ....”
ਇਹ ਸਾਰੀ ਵਿੱਥਿਆ ਪੜ੍ਹਨ ਲਈ ਕਾਮਰੇਡ ਅਰਜਨ ਸਿੰਘ ਗੜਗੱਜ ਦੀ ਪੁਸਤਕ ‘ਮੇਰੀ ਸਮੁੱਚੀ ਰਚਨਾ’ ਪੜ੍ਹਨੀ ਪਵੇਗੀ। ਜੋ ਉਸ ਸਮੇਂ ਜੇਲ ਵਿਚ ਸਨ ਅਤੇ ਭਗਤ ਸਿੰਘ ਦੇ ਸੱਦੇ ਤੇ ਉਸਨੂੰ ਜਾ ਕੇ ਮਿਲੇ।
23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਾ ਦਿੱਤੀ ਗਈ। “ਇਨਕਲਾਬ ਜ਼ਿੰਦਾਬਾਦ” ਦਾ ਅਮਰ ਪੈਗਾਮ ਛਡਦੇ ਹੋਏ ਆਪਣੀਆਂ ਜੁਆਨੀਆਂ ਲੋਕਾਂ ਦੇ ਲੇਖੇ ਲਾ ਗਏ । ਉਦੋਂ ਅੰਗਰੇਜ਼ ਸ਼ਾਹੀ ਦੇ ਖਿਲਾਫ ਲੋਕਾਂ ਦੇ ਮਨਾਂ ਵਿਚ ਗੁੱਸਾ ਤੇ ਨਫਰਤ ਆਪਣੀ ਸਿਖਰ ਵੱਲ ਵਧਿਆ ਸੀ। ਲੋਕਾਂ ਦੇ ਜਜ਼ਬਾਤ ਭੜਕ ਪਏ ਸਨ। ਇਨ੍ਹਾਂ ਜਜ਼ਬਾਤਾਂ ਦੀ ਤਰਜ਼ਮਾਨੀ ਦੇਖਣ ਲਈ ਉਸ ਬਿਆਨ ’ਤੇ ਗੌਰ ਕਰਨਾ ਚਾਹੀਦਾ ਹੈ ਜੋ ਮੇਰਠ ਸਾਜਿਸ਼ ਦੇ ਕੈਦੀਆਂ ਵਲੋਂ ਕਾਮਰੇਡ ਸੋਹਣ ਸਿੰਘ ਜੋਸ਼ ਨੇ 24 ਮਾਰਚ 1931 ਨੂੰ ਦਿੱਤਾ ਸੀ :
ਮੇਰਠ ਸਾਜਿਸ਼ ਦੇ ਕੈਦੀਆਂ ਨੇ ਇਹ ਹਿਰਦੇਵੇਦਕ ਖਬਰ ਪੜ੍ਹੀ, (ਸੋਹਣ ਸਿੰਘ ਜੋਸ਼ ਦੀ ਕਿਤਾਬ ‘ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ’ ਵਿਚ ਇਹ ਦਰਜ ਹੈ) ਮੈਂ ਉਨ੍ਹਾਂ ਸਭਨਾਂ ਵੱਲੋਂ 24 ਮਾਰਚ 1931 ਨੂੰ ਅਦਾਲਤ ਵਿੱਚ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਫਾਂਸੀ ਲਾਏ ਜਾਣ ਦੀ ਨਿਖੇਧੀ ਕੀਤੀ। ਭਾਵੇਂ ਜੱਜ ਮੈਨੂੰ ਧਮਕੀਆਂ ਦਿੰਦਾ ਰਿਹਾ ਕਿ ਮੇਰੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਮੈਂ ਉੱਥੇ ਇਹ ਬਿਆਨ ਦਿੱਤਾ :
“ਅਸੀਂ ਅੱਜ ਵਹਿਸ਼ੀਆਨਾ ਫਾਂਸੀ ਦੇ ਸੋਗੀ ਪ੍ਰਛਾਵੇਂ ਹੇਠ ਅਦਾਲਤ ਵਿਚ ਹਾਜ਼ਰ ਹੋਏ ਹਾਂ – ਸਾਥੀ ਭਗਤ ਸਿੰਘ, ਸਾਥੀ ਰਾਜਗੁਰੂ ਅਤੇ ਸਾਥੀ ਸੁਖਦੇਵ ਨੂੰ ਫਾਂਸੀ ਅਸਲ ਵਿਚ ਬੇਰਹਿਮੀ ਨਾਲ ਕੀਤਾ ਗਿਆ ਕਤਲ ਹੈ। ਇਹ ਸਾਮਰਾਜਵਾਦੀ ਇਨਸਾਫ ਦਾ ਇਕ ਅਤਿਅੰਤ ਵਹਿਸ਼ੀਆਨਾ ਨਮੂਨਾ ਹੈ। ਇਹ ਚਿੱਟੀ ਦਹਿਸ਼ਤ ਦੀ ਇਕ ਬੁਜ਼ਦਿਲਾਨਾ ਕਾਰਵਾਈ ਹੈ ਜੀਹਦੇ ਵਿਰੁੱਧ ਬਗਾਵਤ ਕਰਨ ਦਾ ਇਨ੍ਹਾਂ ਨੇ ਜੇਰਾ ਤੇ ਹੌਸਲਾ ਵਿਖਾਇਆ।
“ਅਸੀਂ ਉਨ੍ਹਾਂ ਦਾ ਭਾਰਤ ਦੇ ਕੌਮੀ ਇਨਕਲਾਬ ਦੇ ਕਾਜ਼ ਦੇ ਸ਼ਹੀਦਾਂ ਵਜੋਂ ਸਤਿਕਾਰ ਕਰਦੇ ਹਾਂ”
“ਅਸੀਂ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਸ਼ਲਾਘਾ ਕਰਦੇ ਹਾਂ।”
ਉਪਰੋਕਤ ਸ਼ਰਧਾਂਜਲੀ ਸ਼ਹੀਦਾਂ ਅਤੇ ਉਨ੍ਹਾਂ ਦੇ ਸਿਰੜ ਨੂੰ ਪ੍ਰਣਾਮ ਸੀ। ਅੱਜ ਲੋੜ ਹੈ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ ਘਰ ਪਹੁੰਚਾਇਆ ਜਾਵੇ। ਕੁੱਝ ਵਿਕੇ ਹੋਏ ਇਖਲਾਕ ਵਿਹੂਣੇ ਸਿਆਸੀ ਲੀਡਰ ਚੌਧਰ ਦੀ ਭਾਲ਼ ’ਚ ਸਾਡੇ ਸ਼ਹੀਦਾਂ ਵਲੋਂ ਸਿਰਜੇ ਲੋਕਾਂ ਦੇ ਏਕੇ ਨੂੰ ਤੋੜਨਾ ਚਾਹੁੰਦੇ ਹਨ। ਉਹ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੀ ਸਾਂਝ ਤੋੜਨ ਦੇ ਜਤਨ ਕਰਦੇ ਹਨ। ਹੱਕ ਮੰਗਦੇ ਲੋਕਾਂ ਤੇ ਗੋਲੀਆਂ ਦਾਗ ਕੇ ਸ਼ਹੀਦਾਂ ਦਾ ਨਿੱਤ ਦਿਨ ਅਪਮਾਨ ਕਰਦੇ ਹਨ। ਅੱਜ ਵਿਚਾਰਧਾਰਕ ਤੇ ਜਨਤਕ ਘੋਲਾਂ ਦੀ ਲੋੜ ਹੈ। ਸਾਂਝ ਤੋੜਨ ਦੀਆਂ ਸਾਜਿਸ਼ਾਂ ਕਰਨ ਵਾਲੇ ਗੱਦਾਰਾਂ ਨੂੰ ਨੰਗਿਆਂ ਕਰਨਾ, ਉਨ੍ਹਾਂ ਦੇ ਝੂਠ ਨੂੰ ਵੰਗਾਰਨਾ, ਸਦਾ ਹੀ ਸੱਚ ਤੇ ਪਹਿਰਾ ਦੇਣਾ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੇ ਵਾਰਸਾਂ ਦਾ ਕੰਮ ਹੈ। ਇਹਦੇ ਵਾਸਤੇ ਆਪਣਾ ਕਾਰਜ ਖੇਤਰ ਮੱਲ ਕੇ ਡਟਣਾ, ਅਤੇ ਆਪਣੇ ਲੋਕਾਂ ਨੂੰ ਜਾਗ੍ਰਤਿ ਕਰਨਾ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ ਰਾਹੀ ਸਭ ਦੀ ਬਰਾਬਰੀ ਵਾਲੇ ਸਮਾਜ ਵੱਲ ਵਧਣਾ ਸਾਡਾ ਨਿਸ਼ਾਨਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਾਰਸ ਮਨੁੱਖਵਾਦ ਦੇ ਝੰਡੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਹੋਏ ਬਦੀ ਨੂੰ ਹਾਰ ਦੇਣਗੇ। ਜਦੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ , ਕਿਰਤ ਅਤੇ ਕਿਰਤੀ ਦੀ ਸਰਦਾਰੀ ਹੋਈ - ਫੇਰ ਸਭ ਪਾੜੇ ਤੇ ਵੰਡੀਆਂ ਮੁੱਕ ਜਾਣਗੀਆਂ। ਨੇਰ੍ਹਿਆਂ ਨੂੰ ਹਾਰ ਦੇਣੀ ਪਵੇਗੀ ਫੇਰ ਹਰ ਪਾਸੇ ਚਾਨਣ ਹੋਵੇਗਾ। ਇਸ ਚਾਨਣ ਦੀ ਪ੍ਰਾਪਤੀ ਤੱਕ ਲੜਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਦੋਂ
ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ - ਕੇਹਰ ਸ਼ਰੀਫ਼
ਚੋਣਾਂ ਦੇ ਮਾਹੌਲ ਅੰਦਰ ਹਰ ਕਿਸੇ ਦਾ ਆਪਣਾ ਹੀ ਨਗਾਰਾ ਹੈ ਤੇ ਹਰ ਕਿਸੇ ਦੀ ਆਪਣੀ ਹੀ ਤੂਤੀ ਵੱਜ ਰਹੀ ਹੈ, ਉਹ ਵੀ ਮਨ ਨੂੰ ਖੁਸ਼ ਕਰਨ ਵਾਲੀ। ਅੱਗੇ ਸੱਤਾ ਦੇ ਭਾੜਚੀ ਮਨ ਭਾਉਂਦੇ ਚੋਣ ਨਤੀਜਿਆਂ ਦੇ ਅਗਾਊਂ "ਐਗਜ਼ਿਟ ਪੋਲ" ਵਿਖਾ ਕੇ ਲਏ ਭਾੜੇ ਦਾ ਮੁੱਲ ਤਾਰ ਰਹੇ ਹਨ। ਇਹ ਹੋ ਕੀ ਰਿਹਾ ਹੈ ? ਚੋਣਾਂ ਲੜਨ ਵਾਲੀਆਂ ਸਾਰੀਆਂ ਧਿਰਾਂ ਆਪੋ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਸਰਕਾਰ ਬਨਾਉਣ ਬਾਰੇ ਵੀ ਐਲਾਨ ਕਰੀ ਜਾ ਰਹੀਆਂ ਹਨ, ਅਣਜੰਮੀ ਸਰਕਾਰ ਅੰਦਰਲੇ ਅਹੁਦੇ ਵੀ ਵੰਡੀ ਜਾ ਰਹੇ ਹਨ। ਜਦੋਂ ਤੱਕ ਨਤੀਜੇ ਨਹੀਂ ਆਉਂਦੇ ਉਹ ਅਜਿਹਾ ਕਰ ਸਕਦੇ ਹਨ, ਕਾਰਨ ਮਿਰਜ਼ਾ ਗਾਲਿਬ ਦੇਰ ਪਹਿਲਾਂ ਦੱਸ ਗਿਆ ਹੈ :
ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ
ਦਿਲ ਕੇ ਖੁਸ਼ ਰਖਨੇ ਕੋ ਗਾਲਿਬ ਯਹ ਖਯਾਲ ਅੱਛਾ ਹੈ।
ਇਨ੍ਹਾਂ "ਐਗਜ਼ਿਟ ਪੋਲ" ਦੇ ਡਮਰੂ ਬਜਾ ਰਿਹਾਂ ਨੂੰ ਵੀ ਪਤਾ ਹੈ ਕਿ ਉਹ ਝੂਠ ਦੀ ਕੜ੍ਹੀ ਘੋਲ਼ ਰਹੇ ਹਨ। ਸਭ ਕੁੱਝ ਜਿਸਨੂੰ ਚੋਣ ਵਾਲੇ ਦਿਨ ਖੁੱਲਿਆਂ ਹੀ ਪਤਾ ਲੱਗੇਗਾ ਉਹ ਤਾਂ ਈ ਵੀ ਐੱਮ ਮਸ਼ੀਨਾਂ ਵਿਚ ਬੰਦ ਹੈ, ਨਿਕਲੇਗਾ ਕੀ, ਇਹ ਤਾਂ ਈ ਵੀ ਐੱਮ ਮਸ਼ੀਨਾਂ ਦੇ "ਮਾਲਕਾਂ" ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਪਤਾ। ਜੋ ਉਹ ਚਾਹੁਣਗੇ ਉਹ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਤਕਨੀਕ ਨੂੰ ਜਾਨਣ ਵਾਲੇ ਇਸ ਤੋਂ ਵਾਕਿਫ ਹਨ। ਚੇਤੇ ਰੱਖਿਉ, ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਛੁਪਣ ਨਹੀਂ ਹੋ ਜਾਂਦੀ। ਭਰਮ ਹਕੀਕਤ ਨਹੀਂ ਬਣ ਸਕਦਾ।
ਇਨ੍ਹਾਂ ਚੋਣਾਂ ਵਿਚ ਈ ਵੀ ਐੱਮ ਮਸ਼ੀਨਾਂ ਦਾ ਕੋਈ ਰੌਲ਼ਾ ਨਹੀਂ ਪਿਆ, ਖੌਰੇ ਲੋਕਾਂ ਨੇ ਇਸ ਨੂੰ ਆਪਣੀ "ਕਿਸਮਤ" ਹੀ ਸਮਝ ਲਿਆ ਹੈ। ਇਹ ਮਸ਼ੀਨਾਂ ਨਵੀਂ ਤਕਨੀਕ ਦਾ ਹੀ ਹਿੱਸਾ ਹਨ, ਮਨੁੱਖਾਂ ਵਲੋਂ ਤਿਆਰ ਕੀਤੀਆਂ ਗਈਆਂ ਹਨ। ਵਿਕਸਤ ਮੁਲਕਾਂ ਨੇ ਇਨ੍ਹਾਂ ਮਸ਼ੀਨਾਂ ਨੂੰ ਸ਼ੱਕ ਦੇ ਘੇਰੇ ਵਿਚ ਰੱਖਿਆ ਹੋਇਆ ਹੈ, ਇਸ ਕਰਕੇ ਆਪਣੀਆਂ ਵੋਟਾਂ ਪਰਚੀ ਨਾਲ ਹੀ ਕਰਵਾਉਂਦੇ ਹਨ। ਕੀ ਵੋਟ ਪਾਉਣ ਵਾਲੇ ਵੋਟਰ ਨੂੰ ਪਤਾ ਹੈ ਕਿ ਇਹ ਮਸ਼ੀਨ ਕਿਵੇਂ ਕਾਰਜ ਕਰਦੀ ਹੈ? ਯਕੀਨਨ ਨਹੀਂ ਪਤਾ ਹੋਣਾ - ਉਹ ਫੇਰ ਵੀ ਵੋਟ ਪਾ ਕੇ ਸਮਝਦੇ ਹਨ ਕਿ ਜਿਸ ਨੂੰ ਵੋਟ ਪਾਈ ਹੈ ਉਸੇ ਨੂੰ ਹੀ ਗਈ ਹੋਵੇਗੀ, ਜਾਂਦੀ ਕਿੱਥੇ ਹੈ, ਇਸ ਬਾਰੇ ਬਹੁਤ ਕੁੱਝ ਕਿਹਾ ਜਾਂਦਾ ਹੈ। ਇਹ ਮਾਮਲਾ ਇੰਨਾ ਸੌਖਾ ਨਹੀਂ, ਹਾਂ, ਮਸ਼ੀਨ ਦੀ ਟੀਂਅਅਅ ਦੇ ਭਰਮ ਨਾਲ ਲੋਕਾਂ ਨੂੰ ਜ਼ਰੂਰ ਮੂਰਖ ਬਣਾਇਆ ਜਾ ਸਕਦਾ ਹੈ, ਅਤੇ ਬਣਾਇਆ ਜਾ ਰਿਹਾ ਹੈ।
ਹੁਣ ਨਤੀਜੇ ਕਿਵੇਂ ਦੇ ਆਉਣਗੇ, ਇਹਦੇ ਬਾਰੇ ਆਪਣੇ ਆਪ ਨੂੰ ਮਾਹਿਰ ਸਮਝਣ ਵਾਲੇ ਕਈ ਸਾਰੇ ਇਹ ਵੀ ਕਹਿ ਰਹੇ ਹਨ ਕਿ ਲਟਕਵੀਂ (ਹੰਗ ਅਸੰਬਲੀ– ਬਿਨਾਂ ਕਿਸੇ ਧਿਰ ਨੂੰ ਲੋੜੀਦੀਂ ਬਹੁਸੰਮਤੀ ਮਿਲਣ ਦੇ) ਅਸੰਬਲੀ ਵੀ ਹੋ ਸਕਦੀ ਹੈ। ਇਹ ਵੀ ਲੋਕਤੰਤਰੀ ਅਸੂਲ ਹੈ ਕਿ ਲੋਕ ਜੋ ਫੈਸਲਾ ਕਰਨ ਚੋਣ ਲੜਨ ਵਾਲੀਆਂ ਧਿਰਾਂ ਨੂੰ ਕਬੂਲ ਕਰਨਾ ਹੀ ਪਵੇਗਾ/ ਚਾਹੀਦਾ ਵੀ ਹੈ। ਮਸਲਾ ਜੇ ਅਜਿਹਾ ਬਣੇ ਤਾਂ ਲੋਕਤੰਤਰੀ ਰਵਾਇਤਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਕਾਰਜ ਵੀ ਇੱਥੋਂ ਹੀ ਸ਼ੁਰੂ ਹੋਵੇਗਾ। ਨਾਲ ਇਹ ਵੀ ਜਰੂਰੀ ਹੈ ਕਿ ਵਿਕਣ ਵਾਲਿਆਂ ਨੂੰ ਖਰੀਦਦਾਰ ਨਹੀਂ ਮਿਲਣਾ ਚਾਹੀਦਾ, ਜਿਹੜੇ ਅਜਿਹਾ ਕਰਦੇ ਹਨ ਉਨ੍ਹਾਂ ਧਿਰਾਂ/ਪਾਰਟੀਆਂ ਨੂੰ ਇਮਾਨਸਾਰ ਅਤੇ ਲੋਕਤੰਤਰੀ ਨਹੀਂ ਕਿਹਾ ਜਾ ਸਕਦਾ। ਵਿਕਣ ਵਾਲੇ ਵੀ ਇਨਸਾਨ ਤਾਂ ਨਹੀਂ ਹੋ ਸਕਦੇ, ਲਾਅਣਤੀਏ ਹੀ ਹੋ ਸਕਦੇ ਹਨ, ਜਿਹੜੇ ਕੋਈ "ਚੀਜ਼-ਵਸਤ" ਬਣਕੇ ਆਪਣਾ ਮੁੱਲ ਵੱਟਦੇ ਹਨ, ਅਤੇ ਇੱਜ਼ਤ ਵੇਚਦੇ ਹਨ।
ਨਤੀਜੇ ਆਉਣ ਤੋਂ ਬਾਅਦ, ਜੋ ਵੱਧ ਸੀਟਾਂ ਜਿੱਤਣ ਵਾਲੀ ਧਿਰ ਹੋਵੇਗੀ ਸੂਬੇ ਦੇ ਰਾਜਪਾਲ ਵਲੋਂ ਉਸਨੂੰ ਸਰਕਾਰ ਬਨਾਉਣ ਦਾ ਸੱਦਾ ਮਿਲ ਜਾਵੇਗਾ। ਉਸ ਵੱਡੀ ਧਿਰ ਦੀ ਜੁੰਮੇਵਾਰੀ ਬਣਦੀ ਹੈ ਕਿ ਬਾਕੀ ਧਿਰਾਂ ਨਾਲ ਮਸਲਿਆਂ / ਮੁੱਦਿਆਂ ਦੇ ਅਧਾਰ 'ਤੇ ਗੱਲਬਾਤ ਕਰੇ। ਮੁੱਦੇ ਹਨ ਕਿਹੜੇ, ਉਨ੍ਹਾਂ ਨੂੰ ਹੱਲ ਕਿਵੇਂ ਕੀਤਾ ਜਾਵੇਗਾ, ਅਜਿਹੇ ਸਮੇਂ ਲੋਕਾਂ ਵਾਸਤੇ ਆਪਣਾ ਫ਼ਰਜ਼ ਸਮਝਦੇ ਹੋਏ ਸਰਕਾਰ ਬਨਾਉਣ ਵਾਲੀਆਂ ਧਿਰਾਂ ਨੂੰ ਚੰਗੇ ਮਨ ਨਾਲ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨਾ ਪਵੇਗਾ, ਤਾਂ ਜੋ ਉਹ ਲੋਕਾਂ ਨਾਲ ਚੋਣਾਂ ਵੇਲੇ ਕੀਤੇ ਵਾਅਦੇ ਪੁਗਾ ਸਕਣ।
ਹੁਣ ਤੱਕ ਜਿਹੜਾ ਚਲਣ ਵੇਖਿਆ ਗਿਆ ਹੈ ਉਹ ਸ਼ਰਮਨਾਕ ਹੀ ਨਹੀਂ ਨਿੰਦਣਯੋਗ ਵੀ ਹੈ। ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ ਹਨ, ਸਿਆਸੀ ਪਾਰਟੀਆਂ ਸਰਕਾਰ ਬਣਨ ਤੱਕ ਉਨ੍ਹਾਂ ਨੂੰ ਮਹਿੰਗੇ ਹੋਟਲਾਂ ਵਿਚ ਲਕੋ ਲੈਂਦੀਆਂ ਹਨ ਕਿ ਵਿਕ ਨਾ ਜਾਣ। ਸਵਾਲ ਇਹ ਵੀ ਸੋਚਣ ਵਾਲਾ ਹੈ ਕਿ ਜਿਨ੍ਹਾਂ ਦੇ ਵਿਕਣ ਦਾ ਡਰ ਹੁੰਦਾ ਹੈ ਅਜਿਹੇ ਗੈਰ-ਇਮਾਨਦਾਰ ਲੋਕਾਂ ਨੂੰ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਹੀ ਕਿਉਂ ਬਣਾਉਂਦੀਆਂ ਹਨ ? ਧਨਾਢ ਸਿਆਸੀ ਪਾਰਟੀਆਂ ਕਾਲੇ ਧਨ (ਹਰਾਮਦੇ ਪੈਸੇ) ਦੇ ਆਸਰੇ ਲੋਕਾਂ ਦੇ ਪ੍ਰਤੀਨਿਧਾਂ ਦੀ ਬੋਲੀ ਲਾਉਂਦੀਆਂ ਹਨ, 21ਵੀਂ ਸਦੀ ਵਿਚ ਮਧਯੁਗੀ ਰੀਤਾਂ ਕਿੱਥੋਂ ਜੰਮ ਪੈਂਦੀਆਂ ਹਨ, ਉਦੋਂ ਗੁਲਾਮ ਖਰੀਦੇ ਜਾਂਦੇ ਸਨ ਹੁਣ ਆਪਣੇ ਆਪ ਨੂੰ “ਇੱਜ਼ਤਦਾਰ“, "ਲੋਕ ਸੇਵਕ" ਕਹਾਉਣ ਵਾਲੇ ਵਿਕਦੇ ਹਨ, ਖਰੀਦਦਾਰ ਵੀ ਸਿਆਸੀ ਪਾਰਟੀਆਂ ਹੀ ਹੁੰਦੀਆਂ ਹਨ। ਪਰ ਇਹ "ਇੱਜਤਦਾਰ" ਕਹਾਉਣ ਵਾਲੇ ਲੋਕਤੰਤਰੀ ਰਵਾਇਤਾਂ ਦੀ ਚਿੱਟੀ ਚਾਦਰ 'ਤੇ ਦਾਗ ਬਣ ਜਾਂਦੇ ਹਨ। ਇੱਥੇ ਲੋਕਾਂ ਅੰਦਰ ਨਵੀਂ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਸਿਆਸਤਦਾਨ ਕਹਾਉਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।
ਸਾਡੀਆਂ ਸਿਆਸੀ ਧਿਰਾਂ ਇਕ ਦੂਜੇ ਨੂੰ ਠਿੱਬੀ ਲਾਉਣ ਦਾ ਹੀ ਸੋਚਦੀਆਂ ਹਨ। ਘੱਟ ਗਿਣਤੀ ਵਿਚ ਹੁੰਦਿਆਂ ਵੀ "ਭਾਨਮਤੀ ਦੇ ਕੁਨਬੇ" ਨੂੰ ਜੋੜ ਕੇ ਸੱਤਾ 'ਤੇ ਕਬਜ਼ਾ ਕਰ ਲੈਂਦੀਆਂ ਹਨ। ਜੋ ਅਸੂਲੀ ਪੱਖੋਂ ਬਿਲਕੁੱਲ ਗਲਤ ਹੈ। ਪਿਛਲੇ ਸਮੇਂ ਚੰਡੀਗੜ੍ਹ ਵਿਚ ਜੋ ਹੋਇਆ ਕੀ ਉਹ ਲੋਕਤੰਤਰੀ ਸੀ? ਬਹੁਸੰਮਤੀ ਵਾਲਿਆਂ ਦੀ ਥਾਵੇਂ ਘੱਟ-ਗਿਣਤੀ ਆਪਣੀ "ਸਰਕਾਰ" ਬਣਾ ਕੇ ਬਹਿ ਗਈ। ਇੱਥੇ ਆਮ ਆਦਮੀ ਪਾਰਟੀ ਦੇ ਗੈਰ ਜਮਹੂਰੀ ਸੋਚਣ ਢੰਗ ਦੀ ਨਾਲਾਇਕੀ ਦਾ ਪਰਦਾ ਫਟਿਆ। ਉਹ ਵੱਧ ਸੀਟਾਂ ਲੈ ਕੇ ਜਿੱਤੇ, ਪਰ ਉਨ੍ਹਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਚੰਡੀਗੜ੍ਹ ਦੇ ਲੋਕਾਂ ਵਲੋਂ ਮਿਲੇ ਵਿਸ਼ਵਾਸ ਨੂੰ ਨਿਭਾਅ ਸਕਦੇ। ਵਹਿਮ ਦੇ ਮਾਰੇ ਆਪ ਵਾਲੇ ਕਿਉਂ ਜਿੱਤ ਕੇ ਵੀ ਹਾਰੇ। ਉਹ ਨਹੀਂ ਹਾਰੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਉਹ ਲੋਕਾਂ ਦੀਆਂ ਆਸਾਂ 'ਤੇ ਪੂਰੇ ਨਾ ਉੱਤਰ ਸਕੇ। ਵੱਡੀ ਧਿਰ ਨੇ ਦੂਜੀਆਂ ਧਿਰਾਂ ਨਾਲ ਬੈਠ ਕੇ ਲੋਕਾਂ ਦੇ ਮਸਲੇ-ਮੁੱਦੇ ਵਿਚਾਰਨੇ ਹੁੰਦੇ ਹਨ। ਉਹ ਤਾਂ ਜਸ਼ਨ ਮਨਾਉਣ ਵਿਚ ਰੁੱਝੇ ਰਹੇ ਮਸਲਿਆਂ ਨੂੰ ਦੂਜਿਆਂ ਨਾਲ ਵਿਚਾਰਨ ਵੱਲ ਮੂੰਹ ਵੀ ਨਾ ਕੀਤਾ। ਹੱਥ 'ਤੇ ਪਿਆ "ਟੁੱਕ" ਇੱਲ੍ਹ ਚੁੱਕ ਕੇ ਲੈ ਗਈ। ਤ੍ਰਾਸਦੀ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਭਰਮ ਹੈ ਕਿ ਸਾਥੋਂ ਬਿਨਾਂ ਕੋਈ ਇਮਾਨਦਾਰ ਹੈ ਹੀ ਨਹੀਂ, ਭਰਮ ਤਾਂ ਭਰਮ ਹੀ ਹੁੰਦਾ ਹੈ, ਇਸ ਤੋਂ ਛੁਟਕਾਰਾ ਪਾਏ ਬਿਨਾਂ ਕੋਈ ਹਕੀਕਤ ਦੇ ਨੇੜੇ ਨਹੀਂ ਪਹੁੰਚ ਸਕਦਾ। ਉਹ ਕਿੰਨੇ ਕੁ ਇਮਾਨਦਾਰ ਨੇ ਸਾਰੇ ਜਾਣਦੇ ਹੀ ਹਨ।
ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਵਾਲੇ ਹਨ। ਸਿਆਸੀ ਧਿਰਾਂ ਨੂੰ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਨਾ ਜ਼ਰੂਰੀ ਹੈ। ਜੇ ਤਾਂ ਕੋਈ ਧਿਰ ਬਹੁਸੰਮਤੀ ਲੈ ਜਾਂਦੀ ਹੈ ਤਾਂ ਖਰੀ ਵਾਹਵਾ, ਉਹ ਸਰਕਾਰ ਬਣਾਵੇ। ਕਿਸੇ ਨੂੰ ਵੀ ਸਰਕਾਰ ਬਨਾਉਣ ਜੋਗੀ ਗਿਣਤੀ ਨਹੀਂ ਮਿਲਦੀ ਤਾਂ ਸਾਂਝੀ ਸਰਕਾਰ ਬਣਾਈ ਜਾਣੀ ਚਾਹੀਦੀ ਹੈ, ਕਿਉਂਕਿ ਇਹ ਲੋਕਾਂ ਦਾ ਫੈਸਲਾ ਹੈ । ਇੱਥੇ ਹੀ ਸਿਆਸੀ ਧਿਰਾਂ ਦੀ ਸਭ ਤੋਂ ਵੱਡੀ ਪ੍ਰੀਖਿਆ ਸ਼ੁਰੂ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਪ੍ਰਤੀ ਇਮਾਨਦਾਰ ਹਨ ਜਾਂ ਨਹੀਂ, ਉਹ ਲੋਕਤੰਤਰੀ ਰਵਾਇਤਾਂ ਦੇ ਪੂਰਕ ਹਨ ਜਾਂ ਨਹੀਂ ? ਸਿਆਸੀ ਧਿਰਾਂ ਇਕ ਦੁਜੇ ਦੀਆਂ ਵਿਰੋਧੀ ਤਾਂ ਹੁੰਦੀਆਂ ਹਨ ਪਰ ਦੁਸ਼ਮਣ ਨਹੀਂ ਹੁੰਦੀਆਂ। ਚੋਣਾਂ ਬੀਤ ਜਾਣ ਤੋਂ ਬਾਅਦ ਵੀ (ਹਾਰਨ ਦੀ ਸੂਰਤ ਵਿਚ ਵੀ) ਉਨ੍ਹਾਂ ਨੂੰ ਚੋਣਾਂ ਵਿਚ ਕੀਤੇ ਆਪਣੇ ਵਾਅਦੇ ਚੇਤੇ ਰੱਖਣੇ ਚਾਹੀਦੇ ਹਨ – ਲੋਕਾਂ ਦਾ ਸਾਥ ਦੇਣ ਦੇ ਵਾਅਦੇ। ਇਕ ਦੂਜੇ ਨਾਲ ਬੈਠ ਕੇ ਆਪਣੇ ਲੋਕਾਂ ਦੇ ਭਲੇ ਵਾਸਤੇ ਸੋਚਣਾ ਹੀ ਉਨ੍ਹਾਂ ਦੀ ਸਿਆਸੀ, ਰਾਜਨੀਤਕ ਪ੍ਰਪੱਕਤਾ ਪਰਖੀ ਜਾ ਸਕਦੀ ਹੈ।
ਬਹੁਤ ਥਾਵ੍ਹੀਂ ਸਾਂਝੀਆਂ ਸਰਕਾਰਾਂ ਬਣਦੀਆਂ ਹਨ, ਸਿਆਸੀ ਧਿਰਾਂ ਦੇ ਆਗੂ ਸੂਬੇ ਜਾਂ ਦੇਸ਼ ਅੰਦਰਲੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਕੀਤੇ ਜਾਣ ਨੂੰ ਵਿਚਾਰ ਵਟਾਂਦਰੇ ਰਾਹੀਂ ਰਾਹ ਤੈਅ ਕਰਦੇ ਹਨ, ਇਸ ਤਰ੍ਹਾਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਸਾਂਝਾ ਪ੍ਰੋਗਰਾਮ ਤਿਆਰ ਕਰਦੇ ਹਨ। ਜਿੱਥੇ ਜਮਹੂਰੀਅਤ ਕੰਮ ਕਰਦੀ ਹੈ ਅਜਿਹੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਬਾਰੇ ਪਾਰਟੀ ਮੈਂਬਰਾਂ ਤੋਂ ਵੀ ਪੁੱਛਿਆ ਜਾਂਦਾ ਹੈ (ਡਿਜ਼ੀਟਲ ਦੌਰ 'ਚ ਇਹ ਔਖਾ ਵੀ ਨਹੀ, ਲੋੜ ਇਮਾਨਦਾਰੀ ਨਾਲ ਕੁੱਝ ਵੀ ਨਾ ਲੁਕਾਉਣ ਦੀ ਹੁੰਦੀ ਹੈ)। ਅਜਿਹਾ ਕਰਨ ਨਾਲ ਪਾਰਟੀ ਮੈਂਬਰਾ ਅੰਦਰ ਜਮਹੂਰੀਅਤ ਦੀ ਭਾਵਨਾ ਤਕੜੀ ਹੁੰਦੀ ਹੈ। ਉਹ ਪਹਿਲਾਂ ਵਜਾਰਤਾਂ ਨਹੀਂ ਵੰਡਦੇ (ਇਹ ਉਜੱਡਪੁਣਾ ਕਿਹਾ ਜਾ ਸਕਦਾ ਹੈ) ਸਗੋਂ ਲੋਕਾਂ ਬਾਰੇ ਸੋਚਦੇ ਹਨ, ਵਜਾਰਤਾਂ ਵੰਡਣ ਦਾ ਕਾਰਜ ਸਭ ਤੋਂ ਅਖ਼ੀਰ 'ਤੇ ਕੀਤਾ ਜਾਂਦਾ ਹੈ।
ਲੋਕਾਂ ਨੂੰ ਜਾਗ੍ਰਤਿ ਹੋਣਾ ਪੈਣਾ ਹੈ ਤਾਂ ਜੋ ਜਮਹੂਰੀ ਰਵਾਇਤਾਂ ਦੀ ਰਾਖੀ ਕੀਤੀ ਜਾ ਸਕੇ, ਜਿਹੜੀ ਵੀ ਸਿਆਸੀ ਧਿਰ ਸਰਕਾਰ ਬਣਾਵੇ ਉਸ ਨੂੰ ਉਸ ਦੇ ਵਾਅਦਿਆਂ ਤੋਂ ਮੁਕਰਨ ਨਾ ਦਿੱਤਾ ਜਾਵੇ, ਇਹ ਲੋਕ ਚੇਤਨਾ 'ਤੇ ਨਿਰਭਰ ਕਰਦਾ ਹੈ। ਹੁਣ ਤੱਕ ਲੋਕਾਂ ਨਾਲ ਧੋਖਾ ਹੀ ਹੁੰਦਾ ਰਿਹਾ ਹੈ। ਜਿਹੜੇ ਆਪਣੇ ਆਪ ਨੂੰ ਲੋਕ ਸੇਵਕ ਆਖਦੇ ਹਨ, ਜਿੱਤ ਜਾਣ ਤੋਂ ਬਾਅਦ ਮਹਾਰਾਜਿਆਂ ਵਰਗੇ ਬਣਨ ਦੇ ਰਾਹੇ ਤੁਰ ਪੈਂਦੇ ਹਨ। ਲੋਕਾਂ ਦੇ ਹਿੱਸੇ ਸਿਰਫ ਦੁੱਖ ਭੋਗਣੇ ਹੀ ਨਹੀਂ ਹੋਣੇ ਚਾਹੀਦੇ। ਲੋਕ ਜਾਗਣਗੇ ਤਾਂ ਦੁੱਖਾਂ ਤੋਂ ਛੁਟਕਾਰਾ ਮਿਲੇਗਾ, ਨਾਲ ਹੀ ਲੋਕਤੰਤਰੀ ਰਵਾਇਤਾਂ ਦੀ ਰਾਖੀ ਵੀ ਹੋਵੇਗੀ।
ਸਿਆਸਤਦਾਨ, ਨੈਤਿਕਤਾ ਅਤੇ ਸਿਆਸੀ ਧੰਦੇਬਾਜ਼ੀ - ਕੇਹਰ ਸ਼ਰੀਫ਼
ਆਮ ਹੀ ਕਿਹਾ ਜਾਂਦਾ ਹੈ ਕਿ ਪਾਰਲੀਮੈਂਟਰੀ ਜਮਹੂਰੀਅਤ ਦਾ ਰਾਮ-ਰੌਲਾ ਬੜਾ ਦਿਲਲਭਾਊ/ਖਿੱਚਪਾਊ ਜਿਹਾ ਸੁਪਨਾ ਜਾਪਦਾ ਹੈ। ਜਿਸ ਅੰਦਰ ਲੋਕਾਂ ਦੀ ਸ਼ਮੂਲੀਅਤ ਦਾ ਬੜਾ ਢੰਡੋਰਾ ਪਿੱਟਿਆ ਜਾਂਦਾ ਹੈ। ਪਰ ਇਹ ਢੰਡੋਰਾ ਚੋਣਾਂ ਦੇ ਦਿਨਾਂ ਤੱਕ ਹੀ ਸੀਮਤ ਹੁੰਦਾ ਹੈ। ਜਦੋਂ ਲੋਕਾਂ ਦੇ ਕਹੇ ਜਾਂਦੇ ਨੁਮਾਂਇਦੇ ਚਾਰ ਕੁ ਦਿਨ ਲੋਕਾਂ ਅੱਗੇ ਹੱਥ ਜੋੜਦੇ ਹਨ, ਵੋਟਾਂ ਵਟੋਰਨ ਵਾਸਤੇ ਮਿੰਨਤ-ਤਰਲਾ ਵੀ ਕਰਦੇ ਹਨ, ਧੱਕਾ-ਧੌਂਸ ਅਤੇ ਕਈ ਹੋਰ ਢੰਗ ਵਰਤਣ ਦੀ ਚਰਚਾ ਵੀ ਨਾਲ ਹੀ ਤੁਰੀ ਰਹਿੰਦੀ ਹੈ। ਪਰ, ਚੁਣੇ ਜਾਣ ਤੋਂ ਬਾਅਦ ਇਹ ਲੋਕ ਸੂਬਾਈ ਅਸੰਬਲੀਆਂ ਜਾਂ ਪਾਰਲੀਮੈਂਟ ਅੰਦਰ ਪਹੁੰਚ ਜਾਂਦੇ ਹਨ ਤਾਂ ਫੌਰਨ ਤੋਂ ਪਹਿਲਾਂ ਰੰਗ ਬਦਲ ਲੈਂਦੇ ਹਨ। ਇਨ੍ਹਾਂ ਦੇ ਝੂਠ ਦਾ ਮੁਲੰਮਾ ਬੜੀ ਛੇਤੀ ਉਤਰ ਜਾਂਦਾ ਹੈ।
ਸੇਵਾ ਦਾ ਸਬੰਧ ਨੈਤਿਕਤਾ ਨਾਲ ਹੁੰਦਾ ਹੈ, ਪਰ ਸਿਆਸਤਦਾਨ ਸੇਵਾ ਦੇ ਨਾਮ 'ਤੇ ਹੀ ਧੰਦਾ ਕਰਦੇ ਹਨ। ਧਨਾਢ ਲੋਕਾਂ ਵਾਸਤੇ ਸਿਆਸਤ ਧੰਦਾ (ਨਿਵੇਸ਼) ਹੈ, ਵੱਧ ਮੁਨਾਫਾ ਕਮਾਉਣ ਦਾ ਸਾਧਨ, ਜਿਸਨੂੰ ਉਹ ਸੇਵਾ ਕਹਿੰਦੇ ਹਨ ਪਰ, ਸੇਵਾ ਕਰਦੇ ਹਨ ਆਪਣੀ ਤੇ ਆਪਣਿਆਂ ਦੀ। ਸ਼ਾਇਦ ਅਜਿਹੇ ਨੂੰ ਦੇਖਦਿਆਂ ਹੀ ਇੰਗਲੈਂਡ ਦੇ ਜਾਰਜ ਚੌਥੇ ਨੇ ਕਈ ਸਦੀਆਂ ਪਹਿਲਾਂ ਕਿਹਾ ਸੀ ਕਿ "ਸਿਆਸਤ ਲੁੱਚਿਆਂ ਦੀ ਖੇਡ ਹੈ", ਹੁਣ ਇਹ ਸਭ ਦੇ ਸਾਹਮਣੇ ਖੇਡੀ ਜਾ ਰਹੀ ਹੈ, ਲੋਕ ਦੇਖ ਰਹੇ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਸਿਆਸੀ ਆਗੂ ਸੰਵਿਧਾਨਕ ਅਹੁਦਿਆਂ 'ਤੇ ਪਹੁੰਚਦਿਆਂ ਹੀ ਆਪਣੇ ਫਰਜ਼ਾਂ ਦੀ ਇਮਾਨਦਾਰੀ ਨਾਲ ਪੂਰਤੀ ਕਰਨ ਦੀ ਸਹੁੰ ਖਾ ਕੇ ਵੀ ਤੁਰੰਤ ਨੈਤਿਕਤਾ ਦਾ ਪੱਲਾ ਛੱਡ ਦੇਣ। ਇਹ ਤਾਂ ਅਵਾਰਾ ਹੋ ਜਾਣ ਦੀ ਕਵਾਇਦ ਹੀ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਹੀ ਲੋਕਰਾਜੀ ਰਵਾਇਤਾਂ ਦਾ ਘਾਣ ਹੁੰਦਾ ਹੈ। ਇਸ ਨਾਲ ਲੋਕਾਂ ਦਾ ਸਿਆਸਦਾਨਾਂ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹੈ।
ਚੋਣਾਂ ਲੜਨੀਆਂ ਹਰ ਨਾਗਰਿਕ ਦਾ ਅਧਿਕਾਰ ਹੈ, ਪਰ ਚੋਣਾਂ ਲੜਨ ਵਾਲੇ ਵਿਅਕਤੀ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਜਿੱਤ ਕੇ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਦਾ ਵਚਨ ਦਿੰਦੇ ਹਾਂ। ਪੰਜ ਸਾਲ ਦੀ ਮਿਆਦ ਵਾਸਤੇ ਚੋਣ ਹੁੰਦੀ ਹੈ। ਇਸ ਵੇਲੇ ਪੰਜਾਬ ਦੇ ਚੋਣ ਦ੍ਰਿਸ਼ ਅੰਦਰ ਦੋ ਵਿਅਕਤੀ ਅਜਿਹੇ ਚੋਣ ਲੜ ਰਹੇ ਹਨ ਜਿਨ੍ਹਾਂ ਨੇ 2019 'ਚ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਤੇ ਜਿੱਤ ਕੇ ਵਾਅਦਾ ਕੀਤਾ ਕਿ ਅਸੀਂ ਪੰਜ ਸਾਲ ਵਾਸਤੇ (2019 ਤੋਂ 2024 ਤੱਕ) ਪਾਰਲੀਮੈਂਟ ਅੰਦਰ ਤਹਾਡੇ ਹੱਕਾਂ ਦੀ ਰਾਖੀ ਕਰਾਂਗੇ। ਪਰ ਹੁਣ ਦੋਵੇਂ ਪਾਰਲੀਮੈਂਟ ਵਿਚ ਪਹੁੰਚੇ ਹੋਏ ਮੈਂਬਰ ਵੱਧ ਮੁਨਾਫੇ ਵਾਲੀ ਹੱਟੀ (ਮੁੱਖ ਮੰਤਰੀ ਦਾ ਅਹੁਦਾ) ਖਾਤਰ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਤੋੜ ਰਹੇ ਹਨ। ਇੱਥੇ ਹੋ ਸਕਦਾ ਕਾਨੂੰਨੀ ਪੱਖੋਂ ਉਹ ਠੀਕ ਵੀ ਹੋਣ ਪਰ ਨੈਤਿਕ ਪੱਖੋਂ ਸਰਾਸਰ ਗਲਤ ਹੀ ਨਹੀਂ, ਇਹ ਤਾਂ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੈ। ਕਿਉਂਕਿ ਜੇ ਉਹ ਜਿੱਤ ਜਾਣ ਤਾਂ ਪਾਰਲੀਮੈਂਟ ਵਾਲੀ ਸੀਟ ਛੱਡਣਗੇ, ਜਿਸ ਨਾਲ ਦੁਬਾਰਾ ਉਸ ਸੀਟ 'ਤੇ ਜਿਮਨੀ ਚੋਣ ਹੋਵੇਗੀ। ਉਨ੍ਹਾਂ ਦੀ ਵੱਧ ਇਸ ਮੁਨਾਫੇ ਵਾਲੀ ਸਿਆਸੀ ਹਵਸ (ਵੱਧ ਮੁਨਾਫੇ ਵਾਲੀ ਹੱਟੀ, ਲੋਕਾਂ ਨੂੰ ਮੂਰਖ ਸਮਝਦਿਆਂ ਇਸ ਨੂੰ ਹੀ ਉਹ "ਸੇਵਾ" ਕਹਿੰਦੇ ਹਨ) ਦਾ ਲੋਕ ਕਿਉਂ ਮੁੱਲ ਤਾਰਨ ? ਪੰਜਾ ਸਾਲ ਵਾਸਤੇ (ਅਜੇ ਦੋ ਸਾਲ ਹੋਰ ਰਹਿੰਦੇ ਹਨ) ਦਿੱਤੇ ਹੋਏ ਉਨ੍ਹਾਂ ਦੇ ਵਚਨ ਦਾ ਕੀ ਬਣੇਗਾ ? ਕੀ ਉਹ ਆਪਣੇ ਆਪ ਨੂੰ ਨੈਤਿਕਤਾਵਾਦੀ ਅਖਵਾ ਸਕਣਗੇ ? ਸਾਡੇ ਸਮਾਜਿਕ ਅਤੇ ਧਾਰਮਿਕ ਜੀਵਨ ਦਾ ਅਧਾਰ ਹੀ ਤਕੜੀ ਨੈਤਿਕਤਾ ਹੈ, ਇਸੇ ਨੂੰ ਹੀ ਮਨੁੱਖ ਦਾ ਚਰਿਤ੍ਰ ਵੀ ਕਿਹਾ ਜਾਂਦਾ ਹੈ । ਨੈਤਿਕਤਾ ਨੂੰ ਤਿਲਾਂਜਲੀ ਦੇਣ ਵਾਲੇ ਇਨਸਾਨ ਕੋਲ ਬਚਦਾ ਹੀ ਕੀ ਹੈ ? ਇਹ ਇਨਸਾਨੀ ਕਦਰਾਂ-ਕੀਮਤਾਂ ਤੋਂ ਮੁਨਕਰ ਹੋਣਾ ਵੀ ਹੈ।
ਪੰਜਾ ਸਾਲ ਪਹਿਲਾਂ ਹੋਈਆਂ ਚੋਣਾਂ ਅੰਦਰ ਲੋਕਾਂ ਦੇ ਟੈਕਸਾਂ ਦਾ ਪੈਸਾ ਖਰਚ ਹੋਇਆ, ਹੁਣ ਦੁਬਾਰਾ ਫੇਰ ਸੀਟ ਖਾਲੀ ਹੋਣ ਦੀ ਸੂਰਤ ਵਿਚ ਲੋਕਾਂ ਦੇ ਟੈਕਸਾਂ ਦਾ ਪੈਸਾ ਹੀ 'ਫੂਕਿਆ' ਜਾਵੇਗਾ, ਬਿਨਾ ਕਿਸੇ ਕਾਰਨ। ਸਿਰਫ ਕਿਸੇ ਨੂੰ ਵੱਧ ਮੁਨਾਫਾ ਕਮਾਉਣ ਦਾ ਲੋਭ ਹੈ ਇਸ ਕਰਕੇ ? ਅਜਿਹੇ ਸਮੇਂ ਉਨ੍ਹਾਂ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਇਖ਼ਲਾਕੀ ਜ਼ੁੰਮੇਵਾਰੀ ਸਮਝਦਿਆਂ ਹੋਇਆਂ ਪਹਿਲਾਂ ਆਪਣੀ ਪਾਰਲੀਮੈਂਟ ਦੀ ਸੀਟ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਦੋ ਵਾਰ ਚੋਣਾਂ ਦਾ ਸਰਕਾਰੀ ਖਰਚ ਹੋਇਆ ਪੈਸਾ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਣਾ ਚਾਹੀਦਾ ਹੈ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਸਬੰਧਤ ਵਿਅਕਤੀ ਮਾੜੇ-ਮੋਟੇ ਇਖ਼ਲਾਕ ਦਾ ਮਾਲਕ ਹੈ, ਅਤੇ ਨੈਤਿਕਤਾ ਦੀ ਸ਼ਰਮ ਖਾਂਦਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਅਤੇ ਅਜਿਹੇ ਵੱਧ ਮੁਨਾਫਾ ਕਮਾਉਣ ਦੀ ਬਿਰਤੀ ਵਾਲੇ ਸਿਆਸੀ ਧੰਦੇਬਾਜਾਂ ਨੂੰ ਹਰ ਹੀਲੇ ਨਕਾਰਨ ਦਾ ਜਤਨ ਕਰਨ, ਨਹੀਂ ਤਾਂ ਲੋਕ ਵੀ ਇਸ ਇਖ਼ਲਾਕਹੀਣਤਾ ਦੀ ਸਹਾਇਤਾ ਕਰਨ ਵਾਲਿਆਂ ਵਿਚ ਸ਼ਾਮਲ ਹੋ ਜਾਣਗੇ । ਲੋਕਰਾਜੀ ਰਵਾਇਤਾਂ ਦੀ ਰਾਖੀ ਕਰਨੀ, ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣਾ ਅਤੇ ਉਸ ਉੱਤੇ ਅਮਲ ਕਰਨਾ ਹਰ (ਚੰਗੇ ਇਨਸਾਨ) ਨਾਗਰਿਕ ਦਾ ਫ਼ਰਜ਼ ਹੁੰਦਾ ਹੈ। ਧਰਮ ਅਤੇ ਸਮਾਜਿਕ ਰਵਾਇਤਾਂ ਦਾ ਵੀ ਇਹੋ ਸੁਨੇਹਾ ਹੈ।
ਅਜਿਹਾ ਹੀ ਕਿੱਸਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਇੱਕੋ ਸਮੇਂ ਦੋ ਅਸੰਬਲੀ ਹਲਕਿਆਂ ਅੰਦਰ ਚੋਣ ਲੜ ਰਿਹਾ ਹੋਵੇ, ਦੋਵੇਂ ਥਾਹੀਂ ਜਿੱਤ ਜਾਣ ਤੋਂ ਬਾਅਦ ਉਸ ਨੇ ਵੀ ਇਕ ਸੀਟ ਖਾਲੀ ਕਰਨੀ ਹੁੰਦੀ ਹੈ । ਅਜਿਹੇ ਵਿਅਕਤੀ ਤੋਂ ਵੀ ਉਸ ਅਸੰਬਲੀ ਸੀਟ 'ਤੇ ਦੋ ਵਾਰ ਬਿਨਾਂ ਕਿਸੇ ਕਾਰਨ ਹੋਇਆ ਸਰਕਾਰੀ ਖਰਚਾ (ਲੋਕਾਂ ਦੈ ਟੈਕਸਾਂ ਦਾ ਪੈਸਾ) ਵਸੂਲ ਕੀਤਾ ਜਾਣਾ ਚਾਹੀਦਾ ਹੈ। ਤਾਂ ਹੀ ਇਸ ਗਲਤ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਇਹ ਕਹੀ ਜਾਣਾ ਕਿ ਕਾਨੂੰਨ ਇਜ਼ਾਜਤ ਦਿੰਦਾ ਹੈ, ਕਿਸੇ ਬੁਰਾਈ ਦੀ ਹਮਾਇਤ ਕਰਨ ਦੇ ਬਰਾਬਰ ਹੈ। ਜੋ ਕਾਨੂੰਨ ਬੁਰਾਈ ਨੂੰ ਵਧਾਉਂਦਾ ਹੋਵੇ ਉਸ ਨੂੰ ਬਦਲਿਆ ਜਾਣਾ ਚਾਹੀਦਾ ਹੈ।
ਕਿਉਂਕਿ ਸਿਆਸਤ ਬਾਕੀ ਧੰਦਿਆ ਵਾਂਗ ਨਿਰੋਲ ਧੰਦਾ (ਬਿਜ਼ਨਸ) ਹੀ ਹੋ ਗਿਆ ਹੈ। ਸ਼ਾਇਦ ਇਸ ਕਰਕੇ ਹੀ ਭਾਰਤ ਦੇ ਉੱਘੇ ਲੇਖਕ ਅਤੇ ਚਿੰਤਕ ਰਾਹੀ ਮਾਸੂਮ ਰਜ਼ਾ ਨੇ ਕਈ ਸਾਲ ਪਹਿਲਾਂ ਇਸ ਬਾਰੇ ਲਿਖਿਆ ਸੀ ਕਿ “ਆਧੁਨਿਕ ਭਾਰਤ ਅੰਦਰ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਧਰਮ ਵੱਡਾ ਵਿਉਪਾਰ ਹੈ ਜਾਂ ਰਾਜਨੀਤੀ, ਪਰੰਤੂ ਦੋਹਾਂ ਵਿਉਪਾਰਾਂ ਵਿਚ ਪੈਸਾ ਸਮਗਲਿੰਗ ਤੋ ਵੀ ਜ਼ਿਆਦਾ ਹੈ। ਇਸ ਕਰਕੇ ਹੀ ਜਿਸ ਨੂੰ ਵੀ ਦੇਖੋ ਉਹ ਹੀ ਰਾਜਨੀਤੀ ਅਤੇ ਧਰਮ ਦੇ ਧੰਦੇ ਵਿਚ ਜਾਣ ਵਾਸਤੇ ਕਾਹਲ਼ਾ ਹੈ”)। ਅਜੋਕੀ ਸਥਿਤੀ ਵੱਲ ਨਿਗਾਹ ਮਾਰਦਿਆਂ ਕਿਹਾ ਜਾ ਸਕਦਾ ਕਿ ਰਾਹੀ ਦਾ ਕਿਹਾ ਬਿਲਕੁੱਲ ਸੱਚ ਹੈ।
ਆਪ ਵਿਕਣ ਵਾਲੇ ਸਿਆਸੀ ਨੇਤਾ ਲੋਕਾਂ ਨੂੰ ਵੋਟ ਨਾ ਵੇਚਣ ਦਾ ਵੀ ਹੋਕਾ ਦੇ ਰਹੇ ਹਨ। ਵਿਕਾਊ ਲੀਡਰੋ!"ਸ਼ਾਬਾਸ਼ੇ" ਤੁਹਾਡੀ ਨੈਤਿਕਤਾ ਅਤੇ "ਅਣਖ" ਦੇ, ਜਿਹੜੀ ਤੁਹਾਡੇ ਕੋਲ ਹੈ ਹੀ ਨਹੀਂ। ਆਪ ਦੂਸਰਿਆਂ ਨੂੰ ਮੱਤਾ ਦੇ ਰਹੇ ਹਨ। ਜੇ ਇਸਦਾ ਸਬੂਤ ਭਾਲਦੇ ਹੋ ਤਾਂ ਵੱਖੋ-ਵੱਖ ਸਿਆਸੀ ਦਲਾਂ ਵਿਚ ਹੁਣੇ ਸ਼ਾਮਲ ਹੋਏ (ਟਿਕਟਾਂ ਦੇ ਚਾਹਵਾਨ) ਅਤੇ ਪਾਰਟੀ ਦੇ ਐਲਾਨੇ ਉਮੀਦਵਾਰਾਂ ਦੀ ਲਿਸਟ 'ਤੇ ਇਕ ਵਾਰ ਨਿਗਾਹ ਜਰੂਰ ਮਾਰ ਲਿਉ, "ਦਰਸ਼ਣ" ਕਰਿਉ "ਮਹਾਂਪੁਰਸ਼ਾਂ" ਦੇ।
ਅਗਲਾ ਸੱਚ ਇਹ ਵੀ ਹੈ ਕਿ ਇਨ੍ਹਾਂ ਨਕਲੀ "ਸੇਵਾਦਾਰਾਂ" ਦੀਆਂ ਜਾਇਦਾਦਾਂ ਵੱਲ ਨਿਗਾਹ ਮਾਰੋ ਤਾਂ ਹੈਰਾਨੀ ਹੁੰਦੀ ਹੈ। ਕਰੋੜਾਂ ਤੋਂ ਅਰਬਾਂਪਤੀ ਬਣ ਰਹੇ ਹਨ। ਚੋਣਾਂ 'ਤੇ ਬੇਹਿਸਾਬਾ ਖਰਚ ਕਰਦੇ ਹਨ। (ਚੋਣ ਕਮਿਸ਼ਨ ਨੂੰ ਖਰਚ ਦੇ ਦਿੱਤੇ ਅੰਕੜੇ ਸ਼ੱਕੀ ਹੁੰਦੇ ਹਨ) ਚੋਣ ਲੜਨ ਸਮੇਂ ਹਰ ਉਮੀਦਵਾਰ ਵਲੋਂ ਜਾਇਦਾਦ ਦਾ ਵੇਰਵਾ ਦਿੱਤਾ ਜਾਂਦਾ ਹੈ। ਪਹਿਲੀ ਗੱਲ ਕਿ ਕਿੰਨੇ ਕੁ ਹਨ ਜਿਹੜੇ ਜਾਇਦਾਦ ਬਾਰੇ ਸੱਚ ਬੋਲਦੇ ਹਨ ? ਚੋਣ ਕਮਿਸ਼ਨ ਵੇਰਵੇ ਵਾਲਾ ਹਲਫਨਾਮਾ ਫੜ ਕੇ ਰੱਖ ਲੈਂਦਾ ਹੈ। ਇਹ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਇਹ ਮਾਲ-ਮੱਤਾ ਆਇਆ ਕਿੱਥੋਂ ? ਚੋਣ ਲੜ ਰਹੇ ਉਮੀਦਵਾਰਾਂ ਦੇ ਹਲਫਨਾਮੇ ਦੇਖੋਗੇ ਤਾਂ ਹੈਰਾਨ ਰਹਿ ਜਾਵੋਗੇ ਕਿ ਗਰੀਬ ਸੂਬੇ ਦੇ ਇੰਨੇ ਅਮੀਰ ਸਿਆਸਤਦਾਨ। ਜੇ ਇਹ ਇਮਾਨਦਾਰ ਹਨ ਤਾਂ ਇਨ੍ਹਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦੀਆਂ ਅਵਾਗੌਣ ਜਾਇਦਾਦਾਂ ਵਧਾਉਣ ਵਾਲੀ "ਟਕਸਾਲ" ਕਿੱਥੇ ਲੱਗੀ ਹੈ ? ਇਨ੍ਹਾਂ ਦੀ ਆਮਦਨ ਦੇ ਸਾਰੇ ਸ੍ਰੋਤ ਪੁੱਛੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਘੋਖਵੀਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ, ਦਿੱਤੇ ਤੱਥਾਂ ਵਾਲਾ ਹਲਫਨਾਮਾ ਝੂਠਾ ਸਾਬਤ ਹੋਣ ਵਾਲੇ ਵਾਸਤੇ ਕਿਸੇ ਨਾ ਕਿਸੇ ਬਣਦੀ ਸਜ਼ਾ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।
ਸਿਆਸਤਦਾਨ ਜਿਸ ਸੂਬੇ ਦੀ "ਸੇਵਾ" ਕਰਨ ਦਾ ਦੰਭ ਕਰ ਰਹੇ ਹਨ ਉੱਥੇ ਹਰ ਪਾਸੇ ਮੰਦਹਾਲੀ / ਬਦਹਾਲੀ ਵਧ ਰਹੀ ਹੋਵੇ। ਨਾ ਚੱਜ ਦੀ ਸਿੱਖਿਆ, ਨਾ ਸਿਹਤ ਸਹੂਲਤਾਂ, ਸੂਬੇ ਦੇ ਸਿਰ ਕਰਜ਼ਾ ਛਾਲਾਂ ਮਾਰ ਕੇ ਵਧ ਰਿਹਾ ਹੋਵੇ ਅਤੇ ਉਹ ਖਰਚਿਆ ਕਿੱਥੇ ਜਾ ਰਿਹਾ ਹੈ ਲੋਕਾਂ ਨੂੰ ਪਤਾ ਤਾਂ ਲੱਗੇ, ਕਿ ਸੂਬੇ ਦੇ "ਵਿਕਾਸ ਕਾਰਜ" ਕਰਨ 'ਤੇ ਕਿੰਨਾ ਖਰਚ ਹੋਇਆ ਅਤੇ ਸਿਆਸਤਦਾਨਾਂ ਦੇ ਆਪਣੇ ਘਰੀਂ ਕਿੰਨਾ ਗਿਆ? ਪੰਜਾਬ ਦੇ ਸਿਰ 1980 ਤੱਕ1009 ਕਰੋੜ ਰੁਪਏ ਦਾ ਕਰਜ਼ਾ ਸੀ ਜੋ ਹੁਣ ਵਧ ਕੇ ਕਰੀਬਨ 3 ਲੱਖ ਕਰੋੜ ਰੁਪਏ ਹੋ ਗਿਆ ਹੈ, ਕਿਵੇਂ ਹੋਇਆ ਇਹ? ਇਹ ਵੀ ਆਮ ਸੁਣਨ ਵਿਚ ਆਉਂਦਾ ਹੈ ਕਿ ਪੰਜਾਬ ਸਿਰ ਕੁੱਲ ਕਰਜ਼ਾ 5 ਲੱਖ ਕਰੋੜ ਰੁਪਏ ਦੇ ਲੱਗਪਗ ਹੈ। ਆਮ ਵਿਅਕਤੀ ਦੀ ਆਮਦਨ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਲੋਕਾਂ ਦੀ ਖਰੀਦ ਸ਼ਕਤੀ ਲਗਾਤਾਰ ਘਟ ਰਹੀ ਹੋਵੇ ਅਤੇ ਧਨਾਢਾਂ ਅਤੇ ਸਿਆਸਤਦਾਨਾਂ ਦੇ ਅਸਾਸੇ ਲਗਾਤਾਰ ਬਿਨਾਂ ਰੋਕ-ਟੋਕ ਵਧ ਰਹੇ ਹੋਣ। ਸਰਕਾਰੀ ਸਹੂਲਤਾਂ ਨਾਲ ਇਨ੍ਹਾਂ ਲੋਕ ਸੇਵਕਾਂ ਦੇ ਵਾਰੇ-ਨਿਆਰੇ ਹੋ ਰਹੇ ਹੋਣ। ਸਰਮਾਏ ਦਾ ਚਲਣ ਉਵੇਂ ਨਹੀਂ ਹੋ ਰਿਹਾ ਜਿਵੇਂ ਹੋਣਾ ਚਾਹੀਦਾ ਹੈ, ਇਹ ਕੁੱਝ ਹੱਥਾਂ ਵਿਚ ਸੀਮਤ ਹੋ ਰਿਹਾ ਹੈ, ਇਸ ਦੇ ਸਿੱਟੇ ਵਜੋਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਧਨਾਢਾਂ ਦੇ ਧੜੱਲੇ ਨਾਲ ਨਿੱਤ ਵਾਰੇ-ਨਿਆਰੇ ਹੋ ਰਹੇ ਹਨ।
ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਟੇਜਾਂ ਤੋਂ ਆਮ ਹੀ ਬਾਬੇ ਨਾਨਕ ਦੇ ਕਹੇ "ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ" ਦਾ ਗੁਣ-ਗਾਣ ਕਰਦੇ ਰਹਿੰਦੇ ਹਨ। ਚੋਣਾਂ ਵੇਲੇ ਬਾਬੇ ਦਾ ਆਦੇਸ਼ ਕਿਉਂ ਯਾਦ ਨਹੀਂ ਰਹਿੰਦਾ? ਟਿਕਟਾਂ ਵੰਡਣ ਵੇਲੇ ਸਾਰੀਆਂ ਸਿਆਸੀ ਧਿਰਾਂ ਨੇ ਗੁਰੂ ਸਾਹਿਬ ਦੇ ਇਸ ਸੰਦੇਸ਼ ਵੱਲ ਪਿੱਠ ਕਰਕੇ ਆਪਣੇ ਉਮੀਦਵਾਰ ਤੈਅ ਕੀਤੇ ਹਨ। ਕੋਈ ਵੀ ਸਿਆਸੀ ਧਿਰ ਇਸ ਦਾ ਜਵਾਬ ਨਹੀਂ ਦਿੰਦੀ ਕਿ ਉਨ੍ਹਾਂ ਨੇ ਅੱਧੀ ਆਬਾਦੀ ਨੂੰ ਅਣਗੌਲਿਆਂ ਕਿਉਂ ਕੀਤਾ ? ਕਿਸਾਨ ਸਮਾਜ ਮੋਰਚੇ ਦੇ ਆਗੂਆਂ ਨੂੰ ਹੋਰ ਵੀ ਸਖਤੀ ਨਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਸਾਨ ਸੰਘਰਸ਼ ਵੇਲੇ ਬੀਬੀਆਂ ਦਾ ਯੋਗਦਾਨ ਤੁਹਾਨੂੰ ਕਿਉਂ ਚੇਤੇ ਨਹੀਂ ਰਿਹਾ ? ਇਹ ਬੀਬੀਆਂ ਦੀ ਕਦਰ ਘਟਾਈ ਕਰਨਾ ਨਹੀਂ ਹੈ ਤਾਂ ਹੋਰ ਕੀ ਹੈ? ਸਦੀਆਂ ਤੋਂ ਤੁਰੀ ਆਉਂਦੀ ਪੰਜਾਬੀ ਰੀਤ-ਰਵਾਇਤ ਸਰਬੱਤ ਦਾ ਭਲਾ ਚਾਹੁਣ ਵਾਲੇ, ਮਰਦ-ਮੌਰਤ ਦੀ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਚਾਹਵਾਨ ਹਰ ਵਿਅਕਤੀ ਨੂੰ ਇਸ ਮਰਦਾਵੀ ਧੌਂਸ ਵਾਲੇ ਵਰਤਾਰੇ ਦਾ ਵਿਰੋਧ ਕਰਨਾ ਚਾਹੀਦਾ ਹੈ।
ਆਪੇ ਹੀ ਸਿਆਸਤ ਦੇ "ਪੌਂਗਾ ਪੰਡਿਤ" ਬਣਕੇ ਘੁੰਮਣ ਵਾਲੇ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਵੀ ਪੰਜਾਬ ਦੀ ਬਿਹਤਰੀ ਵਾਸਤੇ ਆਪੋ ਆਪਣੇ ਲੀਡਰਾਂ ਅੱਗੇ ਪੰਜਾਬ ਦੇ ਮਸਲਿਆਂ ਪ੍ਰਤੀ ਆਵਾਜ਼ ਚੁੱਕਣ । ਇਹ ਵੀ ਭੁੱਲੋ ਨਾ ਕਿ ਤੁਸੀਂ ਸਿਆਸੀ ਕਾਮੇ/ਕਾਰਕੁੰਨ ਹੋ, ਪਰ ਜਿਨ੍ਹਾਂ ਨੂੰ ਤੁਸੀਂ ਆਪਣੇ ਲੀਡਰ ਸਮਝਦੇ ਹੋ ਉਹ ਤੁਹਾਨੂੰ ਆਪਣੇ ਸਿਆਸੀ ਢੱਗੇ ਬਣਾ ਕੇ ਵਰਤ ਰਹੇ ਹਨ। ਅਜਿਹੇ ਲੋਕ ਦੁਸ਼ਮਣ ਵਰਤਾਰਿਆਂ ਨੂੰ ਨਾਂਹ ਕਹਿਣੀ ਸਿੱਖੋ, ਤੁਸੀਂ ਸਿਆਸੀ ਢੱਗੇ ਨਾ ਬਣੋ ਆਪਣੇ ਪੰਜਾਬ ਨੂੰ ਬਚਾਉ, ਇਹੀ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਬਚਾਉਣ ਦਾ ਵੇਲਾ ਤੇ ਰਾਹ ਹੈ, ਜੇ ਖੁੰਝ੍ਹ ਗਏ ਤਾਂ ਭੁੱਲਿਉ ਨਾ ਕਿ ਰਾਹੋਂ ਭਟਕਿਆਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ।
ਪੰਜਾਬੀਆਂ ਦਾ ਮਾਣ ਰਾਜਾ ਪੋਰਸ ਦੁਨੀਆਂ ਦੀ ਮਹਾਨ ਸਲਤਨਤ ਦੇ ਮਾਲਕ ਕਹੇ ਜਾਂਦੇ ਸਿਕੰਦਰ ਮਹਾਨ ਅੱਗੇ ਵੀ ਨਹੀਂ ਸੀ ਝੁਕਿਆ, ਪਰ ਹੁਣ ਦੇ ਪੰਜਾਬੀ ਖਾਸ ਕਰਕੇ ਸਿਆਸਤ ਪਿੜ ਵਿਚਲੇ ਲਾਲਚੀ, ਛੋਟੇ-ਮੋਟੇ ਸਿਆਸੀ ਅਹੁਦੇ ਦੀ ਉਡੀਕ ਵਿਚ ਹੀ ਕਿਸੇ ਵੀ "ਅਲੀ ਬਾਬਾ" ਦੀ ਲੱਤ ਹੇਠ ਲੰਘਣ ਵਾਸਤੇ ਲਾਲਚ ਵੱਸ ਆਪ ਹੀ ਤਿਆਰ ਹੋ ਜਾਂਦੇ ਹਨ। ਪਹਿਲਾਂ ਪੰਜਾਬ ਵਿਚ ਇਕ "ਅਲੀ ਬਾਬਾ" ਦੀ ਤੇ ਉਹਦੇ ਚਾਲ਼ੀ ਚੋਰਾਂ ਦੀ ਚਰਚਾ ਹੁੰਦੀ ਸੀ, ਪਰ ਹੁਣ ਦੂਸਰੇ ਹੋਰ "ਅਲੀ ਬਾਬਿਆਂ" ਤੇ ਉਨ੍ਹਾਂ ਦੇ ਪੰਜਤਾਲੀ ਤੇ ਪਚਵੰਜਾ ਚੋਰਾਂ ਦਾ ਰੌਲ਼ਾ ਪੈ ਰਿਹਾ। ਪੰਜਾਬ ਅਣਖ ਗੁਆ ਕੇ ਜਾਊ ਕਿੱਧਰ ਨੂੰ ? ਇਨ੍ਹਾਂ ਚੋਣਾਂ ਵੇਲੇ ਵੀ ਸੋਚਣਾ ਪੈਣਾ ਹੈ ਕਿ ਅਸੀਂ ਕਿਸ ਸੋਚ ਦੇ ਵਾਰਿਸ ਹਾਂ? ਪੰਜਾਬੀਅਤ ਗੁਆਚ ਗਈ ਤਾਂ ਤੁਹਾਡਾ ਬਚੇਗਾ ਕੀ ?
ਪੰਜਾਬੀਉ ! ਸਵਾਲ ਅਣਖ ਦਾ ਹੈ, ਇਸ ਨਿਘਾਰ ਬਾਰੇ ਸੋਚਿਉ, ਗੱਲ ਸਹੇ ਦੀ ਨਹੀਂ ਪਹੇ ਦੀ ਕਰਨੀ ਪਵੇਗੀ।
ਯਾਦ ਰੱਖਿਉ, ਧੁੱਪ ਦਾ ਰੰਗ ਕਾਲਾ ਦੱਸਣ ਵਾਲੇ ਨਕਲੀ ਸੁਪਨਸਾਜ਼ ਤੁਹਾਡੀ ਅਣਗਹਿਲੀ ਕਰਕੇ, ਆਪਣੀਆਂ ਸਿਆਸੀ ਗਰਜਾਂ ਦੀ ਪੂਰਤੀ ਵਾਸਤੇ ਤੁਹਾਡੇ ਧੁੱਪ ਵਰਗੇ ਭਵਿੱਖ ਨੂੰ ਕਾਲਾ ਕਰ ਦੇਣਗੇ। ਹਰ ਕਿਸੇ ਨੂੰ ਆਪਣੀ ਜੁੰਮੇਵਾਰੀ ਸਮਝਣੀ ਅਤੇ ਦੂਜਿਆਂ ਨੂੰ ਸਮਝਾਉਣੀ ਪਵੇਗੀ।
ਸੰਪਰਕ : +491733546050
ਸੱਚ ਦਾ ਗੀਤ - ਕੇਹਰ ਸ਼ਰੀਫ਼
ਧਰਤੀ ਦੀ ਅੱਖ ਜਦ ਰੋਈ ਸੀ
ਤੂੰ ਸੱਚ ਦਾ ਦੀਵਾ ਬਾਲ ਦਿੱਤਾ
ਪਾਇਆ ’ਨੇਰ ਪਾਖੰਡੀਆਂ ਸੀ ਏਥੇ
ਤੂੰ ਤਰਕ ਦਾ ਰਾਹ ਸੀ ਭਾਲ਼ ਦਿੱਤਾ
ਤੇਰੀ ਬੇਗਮਪੁਰਾ ਹੀ ਮੰਜ਼ਿਲ ਸੀ
ਤਾਹੀਉਂ ਉਸਤਤ ਕਰੇ ਜਹਾਨ ਸਾਰਾ
ਤੇਰੀ ਬਾਣੀ ਨੂੰ ਜਿਸ ਲੜ ਬੰਨ੍ਹਿਆਂ
’ਨ੍ਹੇਰੇ ਦਾ ਕੱਟ ਜੰਜਾਲ ਦਿੱਤਾ।
ਜੱਗ ਵਿੱਚ ਆਇਆ ਜਦੋਂ ਸੱਚ ਦਾ ਪੁਜਾਰੀ
ਉਦੋਂ ਝੂਠ ਨੂੰ ਤਾਂ ਫਿਕਰ ਪਿਆ
ਇੱਕੋ ਨੂਰ, ਇੱਕੋ ਰੂਪ ਸਭ ਦੀ ਹੈ ਤੰਦ ਸਾਂਝੀ
ਵੱਖੋ ਵੱਖ ਕੀਹਨੇ ਐ ਕਿਹਾ
ਚਾਨਣੇ ਦੀ ਲੀਕ ਜਦੋਂ ਜੱਗ ਵਿੱਚ ਖਿਲਰੀ ਤਾਂ
’ਨ੍ਹੇਰਾ ਉਦੋਂ ਤਿੜਕ ਗਿਆ
ਕਿਰਤਾਂ ਦੇ ਸੱਚੇ-ਸੁੱਚੇ ਥੜ੍ਹੇ ਉੱਤੇ ਬਹਿ ਕੇ
ਆਪ ਅਕਲਾਂ ਨੂੰ ਰਿੜਕ ਗਿਆ
ਜੱਗ ਵਿੱਚ ਆਇਆ ਜਦੋਂ ..........
0
ਧਰਮਾਂ ਦਾ ਨਾਂ ਲੈਂਦੇ ਕੰਮ ਨੇ ਕਸਾਈਆਂ ਵਾਲੇ
ਬੁੱਤ, ਬੰਦਿਆਂ ਦੇ ਵਿੱਚੋਂ ਹੋਰ ਨੇ
ਪੱਖਪਾਤ, ਜਾਤਪਾਤ ਵਾਲਾ ਜੋ ਨੇ ਰੌਲ਼ਾ ਪਾਉਂਦੇ
ਕੰਮ ਮੰਦੇ ਉੱਚੀ ਪਾਉਂਦੇ ਸ਼ੋਰ ਨੇ
ਮਾਸ ਵਾਲੇ ਲੋਥੜੇ ਹਾਂ ਇੱਕੋ ਲਹੂ ਨਾੜਾਂ ਵਿੱਚ
ਵੰਡੀਆਂ ਜੋ ਪਾਉਂਦੇ ਉਹੋ ਚੋਰ ਨੇ
ਜਿੰਦ-ਜਾਨ ਜਿਹੜੀ ਐ ਮਨੁੱਖਤਾ ਦੇ ਲੇਖੇ ਲੱਗੇ
ਉੱਚੇ ਥੜ੍ਹੇ ਖੜ੍ਹ ਕੇ ਕਿਹਾ
ਜੱਗ ਵਿੱਚ ਆਇਆ ਜਦੋਂ ........
ਕੌਣ ਕਰੇ ਫੈਸਲਾ ਇਹ ਕੌਣ ਛੋਟਾ, ਕੌਣ ਵੱਡਾ
ਸ਼ਕਲਾਂ ਦੇ ਪੱਖੋਂ ਸਭ ਇਕ ਨੇ
ਹਰ ਕਿਸੇ ਮਨ ਵਿੱਚ ਪਿਆਰ ਦੀ ਚਿਣਗ ਲਾਉਣੀ
ਫੇਰ ਹੋਣੇ ਸਭ ਇੱਕ ਮਿੱਕ ਨੇ
ਕਦੇ ਵੀ ਨਾ ਰਾਗ ਦੂਜ-ਤੀਜ ਵਾਲਾ ਗਾਉਣ ਦੇਣਾ
ਏਦਾਂ ਹੀ ਤਾਂ ਪੈਂਦੇ ਸਾਰੇ ਫਿੱਕ ਨੇ
ਜੱਗ ਵਿੱਚ ਦੇ ਕੇ ਹੋਕਾ ਤੂੰ ਬਰਾਬਰੀ ਦਾ
ਸਾਰਿਆਂ ਨੂੰ ਬਾਹਾਂ ’ਚ ਲਿਆ
ਜੱਗ ਵਿੱਚ ਆਇਆ ਜਦੋਂ ........
ਅੰਧਕਾਰ ਸਮਿਆਂ ’ਚ ਹੌਸਲੇ ਦਾ ਰੂਪ ਸੀ ਤੂੰ
ਪੂਰਾ ਅਖਵਾਇਆ ਵਿੱਚ ਜੱਗ ਦੇ
ਸਾਰੀਆਂ ਸੁਗੰਧੀਆਂ ਨੂੰ ਹਵਾ ਵਿੱਚ ਘੋਲ ਦਿੱਤਾ
ਬੇਗਮਪੁਰੇ ਵਾਲੇ ਉੱਚੇ ਸੁਰ ਬੱਜਦੇ
ਬੰਦੇ ਤੋਂ ਬੰਦੇ ਨਾਲ ਵਿਤਕਰਾ ਨਾ ਹੋਵੇ ਕੋਈ
ਰਹਿਣ ਇਹੋ ਨਾਅਰੇ ਸਦਾ ਗੱਜਦੇ
ਛੱਡ ਬੁੱਤ ਪੂਜਣੇ ਤੂੰ ਝੂਠੇ ਧਰਵਾਸ ਇਹੋ
ਕੀ ਐ ਧਰਵਾਸਾਂ ’ਚ ਪਿਆ
ਜੱਗ ਵਿੱਚ ਆਇਆ ਜਦੋਂ ਸੱਚ ਦਾ ਪੁਜਾਰੀ
ਉਦੋਂ ਝੂਠ ਨੂੰ ਤਾਂ ਫਿਕਰ ਪਿਆ।
ਦਿਲ ਦੀ ਘੁੰਡੀ - ਕੇਹਰ ਸ਼ਰੀਫ਼
ਖਿੜਕੀਆਂ ਬੂਹੇ ਖੋਲ੍ਹ ਨੀ ਜਿੰਦੇ
ਕੁੱਝ ਤਾਂ ਮੂੰਹੋਂ ਬੋਲ ਨੀਂ ਜਿੰਦੇ
ਬੇ-ਦਿਲਿਆਂ ਦਾ ਕਾਹਦਾ ਜੀਣਾ
ਜੀਣ ਲਈ ਪਰ ਤੋਲ ਨੀ ਜਿੰਦੇ।
ਅੱਜ, ਜਦੋਂ ਇਤਿਹਾਸ ਹੋ ਗਿਆ
ਤੇ ਇਸਦਾ ਅਹਿਸਾਸ ਹੋ ਗਿਆ
ਇਹ ਪਛਤਾਵਾ ਬਣਨ ਤੋਂ ਪਹਿਲਾਂ
ਆਪਣਾ ਆਪ ਫਰੋਲ ਨੀ ਜਿੰਦੇ।
ਵਗਦੀ ਹਵਾ ਕੁਲੈਹਣੀ ਹੋਵੇ
ਗੱਲ ਕੋਈ ਸੱਚੀ ਕਹਿਣੀ ਹੋਵੇ
ਪੱਥਰ ਵਰਗੇ ਜਿਗਰੇ ਅੰਦਰ
ਪੁੱਗਦੀ ਨਾ ਕੋਈ ਝੋਲ ਨੀ ਜਿੰਦੇ।
ਲੋਕ ਰਾਜ 'ਚ ਤੇਰਾ ਵਾਸਾ ਹੋਵੇ
ਤੇਰਾ ਹੀ ਰੱਤ ਕਿਉਂ ਨਿੱਤ ਚੋਵੇ
ਸੋਚ-ਵਿਚਾਰ ਕਰਨ ਦਾ ਵੇਲਾ
ਪਾ ਕੇ ਗਲ਼ ਪਿੱਟ ਢੋਲ ਨੀ ਜਿੰਦੇ।
ਨੇਰ੍ਹਿਆਂ ਨੂੰ ਕਬਰੀਂ ਦਫਣਾ ਕੇ
ਚਾਨਣੀਆਂ ਦਾ ਸ਼ਹਿਰ ਵਸਾ ਕੇ
ਕਿਰਤ ਦਾ ਰੁਤਬਾ ਸਭ ਤੋਂ ਉੱਚਾ
ਹਰ ਥਾਵੇਂ ਸੱਚ ਬੋਲ ਨੀਂ ਜਿੰਦੇ।
ਲਫ਼ਜ਼ਾਂ ਨਾਲ ਮੁਹੱਬਤਾਂ ਪਾ ਕੇ
ਚਿੰਤਨ ਦਾ ਕੋਈ ਵੇਗ ਹੰਢਾ ਕੇ
ਆਪਣਿਆਂ ਦੇ ਗਲ਼ ਲੀਰਾਂ ਦੇਖੇਂ
ਕਰ ਕੋਈ ਅੱਥਰਾ ਘੋਲ਼ ਨੀ ਜਿੰਦੇ।
ਉਹ ਤੈਨੂੰ ਸਾਊ ਢੱਗਾ ਈ ਕਹਿੰਦੇ
ਆਪ ਸਦਾ ਸੁਖ ਵਿਚ ਹੀ ਰਹਿੰਦੇ
ਸੀਸ ਤਲੀ ਧਰ ਤੇ ਕੁੱਦ ਮੈਦਾਨੇ
ਸਹਿ ਸਾਰੇ ਬੋਲ-ਕੁਬੋਲ ਨੀ ਜਿੰਦੇ।
ਤਖ਼ਤ-ਤਾਜ ਮਨ ਆਈਆਂ ਕਰਦੇ
ਕਿਰਤੀ ਦੇ ਘਰ ਸੁਪਨੇ ਮਰਦੇ
ਮਸਲੇ ਪਰਬਤੋਂ ਭਾਰੇ ਹੋ ਗਏ
ਕੋਈ ਤਾਂ ਹੱਲ ਟੋਲ਼ ਨੀ ਜਿੰਦੇ।
ਇਨਸਾਨਾਂ ਵਾਲੀ ਬਸਤੀ ਅੰਦਰ
ਹਰ ਪਾਸੇ ਕਿਉਂ ਲਿਸ਼ਕਣ ਖੰਜਰ
ਇਸ ਖ਼ਤਰੇ ਨੂੰ ਡੱਕਣ ਦੇ ਲਈ
ਬੈਠ ਤੂੰ ਆਪਣੇ ਕੋਲ਼ ਨੀ ਜਿੰਦੇ।
ਹਾਕਮ ਦੀ ਹੈ ਸੋਚ ਕੁਲੈਹਣੀ
ਸਮਿਆਂ ਕਰਵਟ ਬਦਲ ਹੀ ਲੈਣੀ
ਭਗਤ, ਸਰਾਭੇ ਸਦਾ ਹੀ ਲੜਦੇ
ਦੇਖ ਇਤਿਹਾਸ ਫਰੋਲ ਨੀ ਜਿੰਦੇ।
ਵਕਤ ਨੇ ਉਨ੍ਹਾਂ ਨੂੰ ਚੇਤੇ ਰੱਖਿਆ
ਜਿਨ੍ਹਾਂ ਨੇ ਹੜ੍ਹ ਜਬਰ ਦਾ ਡੱਕਿਆ
ਸੰਘਰਸ਼ਾਂ ਵਾਲੇ 'ਕੱਠ 'ਚ ਬਹਿ ਕੇ
ਜਾਬਰ ਨੂੰ ਤੂੰ ਦੇਵੇਂ ਰੋਲ਼ ਨੀ ਜਿੰਦੇ।
ਖਿੜਕੀਆਂ ਬੂਹੇ ਖੋਲ੍ਹ ਨੀ ਜਿੰਦੇ
ਕੱਝ ਤਾਂ ਮੂੰਹੋਂ ਬੋਲ ਨੀਂ ਜਿੰਦੇ।