ਬਾਬਾ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਨਰਪਾਲ ਸਿੰਘ ਸ਼ੇਰਗਿੱਲ ਦੀ ਹਵਾਲਾ ਪੁਸਤਕ - ਉਜਾਗਰ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸੰਸਾਰ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਨਵੰਬਰ ਮਹੀਨੇ ਤੋਂ ਹੀ ਸਮਾਗਮ ਲਗਾਤਾਰ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਲੋਕਾਂ ਵੱਲੋਂ ਸ਼ੁਰੂ ਕਰ ਦਿੱਤੇ ਗਏ ਹਨ। ਸਾਲ ਭਰ ਚਲਣ ਵਾਲੇ ਪ੍ਰੋਗਰਾਮ ਕੇਂਦਰ, ਪੰਜਾਬ, ਬਿਹਾਰ ਅਤੇ ਕਰਨਾਟਕ ਸਰਕਾਰਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਦਿੱਲੀ, ਵੱਖ-ਵੱਖ ਗੁਰੂ ਘਰ, ਚੀਫ ਖਾਲਸਾ ਦੀਵਾਨ, ਖਾਲਸਾ ਦੀਵਾਨ ਸੋਸਾਇਟੀ ਅਤੇ ਹੋਰ ਨਿੱਜੀ ਅਦਾਰਿਆਂ ਵੱਲੋਂ ਉਲੀਕੇ ਗਏ ਹਨ। ਇਕ ਕਿਸਮ ਨਾਲ ਪ੍ਰਕਾਸ਼ ਉਤਸਵ ਮਨਾਉਣ ਦੀ ਹੋੜ੍ਹ ਜਿਹੀ ਲੱਗੀ ਹੋਈ ਹੈ। ਪਾਕਿਸਤਾਨ ਅਤੇ ਭਾਰਤ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਆਪੋ ਆਪਣੇ ਸਿਰਾਂ ਤੇ ਬੰਨ੍ਹਣ ਦੇ ਸੋਹਲੇ ਗਾ ਰਹੀਆਂ ਹਨ। ਪਾਕਿਸਤਾਨ ਸਰਕਾਰ ਤਾਂ ਸਿੱਖਾਂ ਦਾ ਦਿਲ ਜਿੱਤਣ ਲਈ ਪੱਬਾਂ ਭਾਰ ਹੋਈ ਪਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਯੂਨਵਰਸਿਟੀ ਬਣਾਉਣ ਦਾ ਐਲਾਨ ਹੋ ਚੁੱਕਾ ਹੈ। ਇਨ੍ਹਾਂ ਸਾਰੇ ਪ੍ਰੋਗਰਾਮਾ ਪਿੱਛੇ ਸਿਆਸਤ ਭਾਰੂ ਹੈ, ਸ਼ਰਧਾ ਘੱਟ ਲੱਗਦੀ ਹੈ। ਇਨ੍ਹਾਂ ਸੰਸਥਾਵਾਂ ਅਤੇ ਸਰਕਾਰਾਂ ਦਾ ਕੋਈ ਅਜਿਹੇ ਸਾਰਥਕ ਪ੍ਰੋਗਰਾਮ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ, ਜਿਹੜੀ ਚਿਰ ਸਥਾਈ ਬਣ ਸਕੇ। ਨਰਪਾਲ ਸਿੰਘ ਸ਼ੇਰਗਿੱਲ ਨੇ ਇਕ ਅਜਿਹਾ ਉਦਮ ਕੀਤਾ ਹੈ, ਜਿਹੜਾ ਚਿਰ ਸਥਾਈ ਹੋਵੇਗਾ ਜਿਸ ਤੋਂ ਆਉਣ ਵਾਲੀ ਨੌਜਵਾਨ ਪੀੜ੍ਹੀ ਪ੍ਰੇਰਨਾ ਲੈ ਸਕੇਗੀ। ਸੰਸਾਰ ਵਿਚ ਅਨੇਕਾਂ ਇਨਸਾਨ ਆਉਂਦੇ ਹਨ ਪ੍ਰੰਤੂ ਉਹ ਆਪੋ ਆਪਣੇ ਪਰਿਵਾਰਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਨਿਭਾ ਕੇ ਰੁਖਸਤ ਹੋ ਜਾਂਦੇ ਹਨ। ਬਹੁਤੇ ਉਸ ਜ਼ਿੰਮੇਵਾਰੀ ਦੇ ਚਕਰ ਵਿਚ ਹੀ ਉਲਝੇ ਰਹਿੰਦੇ ਹਨ। ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਹੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੁੰਦੇ ਹਨ। ਆਪਣੇ ਲਈ ਤਾਂ ਹਰ ਵਿਅਕਤੀ ਕਾਰਜ ਕਰਦਾ ਹੈ ਪ੍ਰੰਤੂ ਦੂਜਿਆਂ ਖਾਸ ਤੌਰ ਤੇ ਸਮੁਚੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲਾ ਕੋਈ ਕੱਲਾ ਕਾਰਾ ਵਿਅਕਤੀ ਹੀ ਹੁੰਦਾ ਹੈ, ਅਜਿਹੇ ਵਿਅਕਤੀਆਂ ਵਿਚ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਜਿਹੜਾ ਹਰ ਚੰਗੇ ਕੰਮ ਲਈ ਪਹਿਲ ਕਰਨ ਦਾ ਆਦੀ ਹੈ। ਸੰਸਾਰ ਵਿਚ ਲੱਖਾਂ ਸਿੰਘ ਰਹਿੰਦੇ ਹਨ ਪ੍ਰੰਤੂ ਕਦੀਂ ਵੀ ਕਿਸੇ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਦੀ ਸੰਜੀਦਗੀ ਨਾਲ ਪਰਕਰਮਾ ਕਰਨ ਦੀ ਖੇਚਲ ਨਹੀਂ ਕੀਤੀ। ਹੁਣ ਤਾਂ 550ਵੇਂ ਪ੍ਰਕਾਸ਼ ਉਤਸਵ ਮੌਕੇ ਤੇ ਇਕ ਦੂਜੇ ਤੋਂ ਮੂਹਰੇ ਹੋ ਕੇ ਆਪਣਾ ਨਾਂ ਚਮਕਾਉਣ ਵਿਚ ਲੱਗੇ ਹੋਏ ਹਨ। ਸ਼ਰਧਾ ਨਾਲੋਂ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਦੌੜ ਵਿਚ ਹਨ। ਨਾਨਕ ਨਾਮਲੇਵਾ ਨਰਪਾਲ ਸਿੰਘ ਸ਼ੇਰਗਿਲ ਇੱਕ ਅਜਿਹਾ ਵਿਅਕਤੀ ਹੈ ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਜਿਹੀ ਪਰਕਰਮਾ ਕੀਤੀ ਹੈ, ਜਿਹੜੀ ਗੁਰੂ ਸਾਹਿਬ ਦੀ ਸੋਚ ਦੀ ਧਾਰਨੀ ਬਣਕੇ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣਦੀ ਰਹੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪਣੀ ਪੁਸਤਕ '' ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ-2019 '' ਦਾ ਵਡਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਸਿੱਖ ਧਰਮ ਦੇ ਖੋਜੀ ਵਿਦਵਾਨਾ ਦੇ ਸ੍ਰੀ ਗੁਰੂ ਨਾਨਕ ਜੀ ਦੀ ਸੰਸਾਰ ਦੀ ਪਰਕਰਮਾ ਬਾਰੇ ਲੇਖ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਵਿਚ 52 ਪੰਨੇ ਅਜਿਹੇ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਸਿੱਖ ਧਰਮ ਦੀ ਵਿਚਾਰਧਾਰਾ ਦਾ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਹੈ। ਇਸ ਤੋਂ ਅੱਗੇ 72 ਪੰਨਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਵੱਖ ਵੱਖ ਬੁੱਧੀਜੀਵੀ ਲੇਖਕਾਂ ਦੇ ਖੋਜ ਭਰਪੂਰ ਲੇਖ ਹਨ। ਇਸ ਤੋਂ ਇਲਾਵਾ ਸੰਸਾਰ ਭਰ ਵਿਚ ਮਹੱਤਵਪੂਰਨ ਗੁਰੂ ਨਾਨਕ ਨਾਮਲੇਵਾ ਸਿੱਖ ਭਾਈਚਾਰੇ ਦੇ ਉਨ੍ਹਾਂ ਉਦਮੀਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੇ ਵਿਓਪਾਰ, ਸਿਆਸਤ, ਸਿੱਖ ਧਰਮ, ਕਲਾ, ਸਾਹਿਤ, ਨਿਆਂਪਾਲਿਕਾ, ਪ੍ਰਬੰਧ, ਮੈਡੀਕਲ, ਵਿਦਿਅਕ, ਵਾਤਵਰਨ, ਪੱਤਰਕਾਰਿਤਾ, ਗਾਇਕੀ, ਸੰਗੀਤ ਅਤੇ ਸਮਾਜ ਦੇ ਹਰ ਖੇਤਰ ਵਿਚ ਮਾਅਰਕੇ ਦੇ ਕੰਮ ਕਰਕੇ ਦੁਨੀਆਂ ਵਿਚ ਸਿੱਖੀ ਦੀ ਸ਼ੋਭਾ ਵਧਾਈ ਹੈ। ਸਿੱਖਾਂ ਦੀ ਪਛਾਣ ਨੂੰ ਸੰਸਾਰ ਵਿਚ ਸਥਾਪਤ ਕੀਤਾ ਹੈ। ਉਨ੍ਹਾਂ ਸਿੱਖਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਹੈ, ਜਿਨ੍ਹਾਂ ਨੇ ਪਹਿਲੀ ਵਾਰ ਪਰਵਾਸ ਵਿਚ ਜਾ ਕੇ ਨਾਮ ਕਮਾਇਆ ਹੈ। ਖਾਸ ਤੌਰ ਤੇ ਜਿਨ੍ਹਾਂ ਨੇ ਇਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਉਹ ਸਿੱਖ ਜਿਹੜੇ ਪਰਵਾਸ ਵਿਚ ਜਾ ਕੇ ਮੁੱਖ ਮੰਤਰੀ, ਮੰਤਰੀ, ਵਿਧਾਨਕਾਰ, ਐਮ ਪੀ ਅਤੇ ਰਾਜਦੂਤ ਬਣੇ ਹਨ। ਇਕ ਕਿਸਮ ਨਾਲ ਨਰਪਾਲ ਸਿੰਘ ਸ਼ੇਰਗਿਲ ਦਾ ਇਹ ਉਦਮ ਸਿੱਖੀ ਦੇ ਪਾਸਾਰ ਅਤੇ ਪ੍ਰਚਾਰ ਲਈ ਸਿੱਖ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ। ਇਸ ਪੁਸਤਕ ਦੇ ਪੜ੍ਹਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਮਤਿ ਸਿਧਾਂਤਾਂ ਦੇ ਰਾਹੀਂ ਸਿੱਖ ਧਰਮ ਦੀ ਦਾਰਸ਼ਨਿਕਤਾ ਵਾਲੇ ਫਲਸਫੇ ਦੀ ਡੂੰਘਾਈ ਦਾ ਪਤਾ ਚਲਦਾ ਹੈ। ਮੈਂ ਆਪਣੇ ਜੀਵਨ ਵਿਚ ਨਰਪਾਲ ਸਿੰਘ ਸ਼ੇਰਗਿਲ ਜਿਤਨਾ ਦ੍ਰਿੜ੍ਹ ਇਰਾਦੇ ਵਾਲਾ ਸਿਰੜੀ ਇਨਸਾਨ ਨਹੀਂ ਵੇਖਿਆ, ਜਿਹੜਾ ਆਪਣੇ ਕੋਲੋਂ ਖ਼ਰਚਾ ਕਰਕੇ ਹਰ ਸਾਲ ਪਿਛਲੇ 53 ਸਾਲਾਂ ਤੋਂ ਲਗਾਤਾਰ ਇਕ ਵੱਡ ਆਕਾਰੀ ਪੁਸਤਕ ਪ੍ਰਕਾਸ਼ਤ ਕਰਕੇ ਸਿੱਖੀ ਸੋਚ ਨੂੰ ਸਮਰਪਤ ਕਰਦਾ ਹੋਵੇ। ਭਾਵ ਇਕੱਲਾ ਵਿਅਕਤੀ ਇਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ। ਧਾਰਮਿਕ ਸੰਸਥਾਵਾਂ ਵਿਚ ਤਾਂ ਸਿਆਸਤ ਹੀ ਭਾਰੂ ਹੋਈ ਪਈ ਹੈ। ਇਤਨੀ ਉਮਰ ਵਿਚ ਵੀ ਉਹ ਨੌਜਵਾਨਾਂ ਦੀ ਤਰ੍ਹਾਂ ਖੋਜ ਭਰਪੂਰ ਕੰਮ ਕਰਦਾ ਹੋਇਆ ਸੰਸਾਰ ਦੇ ਅਨੇਕਾਂ ਦੇਸ਼ਾਂ ਵਿਚ ਜਾ ਕੇ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਇਕੱਠੀ ਕਰਦਾ ਰਹਿੰਦਾ ਹੈ। ਨਾਨਕ ਨਾਮਲੇਵਾ ਨੌਜਵਾਨਾ ਨੂੰ ਨਰਪਾਲ ਸਿੰਘ ਸ਼ੇਰਗਿਲ ਦੀ ਸਿਦਕਦਿਲੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਪੁਸਤਕ ਦਾ ਰੰਗਦਾਰ ਸਚਿਤਰ ਮੁੱਖ ਪੰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਪੂਰਬ ਤੋਂ ਪੱਛਮ ਤੱਕ ਦੇ ਮਹੱਤਵਪੂਰਨ ਗੁਰੂ ਘਰਾਂ ਦੀਆਂ ਤਸਵੀਰਾਂ ਨਾਲ ਸ਼ੋਭਾ ਵਧਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੀ ਚਰਨ ਛੂਹ ਪ੍ਰਾਪਤ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ, ਥੱਲੇ ਖੱਬੇ ਪਾਸੇ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਡੈਲਟਾ ਟਾਪੂ ਦੇ ਧੁਰ ਪੱਛਮ ਵਿਚ ਸਥਿਤ ਗੁਰੂ ਘਰ ਜਿਸ ਤੋਂ ਅੱਗੇ ਕੋਈ ਵੱਸੋਂ ਨਹੀਂ ਹੈ ਅਤੇ ਸੱਜੇ ਪਾਸੇ ਆਸਟਰੇਲੀਆ ਦਾ ਪਹਿਲਾ ਗੁਰੂ ਘਰ ਵੂਲਗੂਲਰਮ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਕਰਵਾ ਦਿੱਤੇ ਜਿਥੇ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਜਿਤਨੇ ਵੀ ਸੰਸਾਰ ਵਿਚ ਗੁਰਦੁਆਰੇ ਹਨ, ਉਨ੍ਹਾਂ ਸਾਰਿਆਂ ਦੇ ਪਤੇ ਅਤੇ ਟੈਲੀਫੋਨ ਨੰਬਰ ਵੀ ਦਿੱਤੇ ਹੋਏ ਹਨ। ਇਸ ਪੁਸਤਕ ਦਾ ਇਕ ਹੋਰ ਵਿਲੱਖਣ ਅਤੇ ਰੌਚਿਕ ਪਹਿਲੂ ਇਹ ਹੈ ਕਿ ਨਰਪਾਲ ਸਿੰਘ ਸ਼ੇਰਗਿਲ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਯਾਤਰਾ ਕਰਕੇ ਉਥੋਂ ਦੇ ਉਨ੍ਹਾਂ ਸਿੱਖਾਂ ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ 550 ਇਸਤਰੀਆਂ ਅਤੇ ਮਰਦਾਂ ਦੀਆਂ ਤਸਵੀਰਾਂ ਇਕੱਤਰ ਕਰਕੇ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਇਹ ਪੁਸਤਕ ਫਗਵਾੜਾ ਵਿਖੇ ਪੰਜਾਬੀ ਵਿਰਸਾ ਟਰੱਸਟ ਫਗਵਾੜਾ ਅਤੇ ਸੰਗੀਤ ਦਰਪਣ ਫਗਵਾੜਾ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਬਾਦ ਕਰਕੇ ਸੰਸਾਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੋਈ ਵੀ ਮਸਲਾ ਸ਼ਾਂਤੀਪੂਰਬਕ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਸੀ ਕਿ ਸਿੱਧਾਂ ਦੇ ਚਮਤਕਾਰੀ ਪ੍ਰਚਾਰ ਨੂੰ ਰੋਕਣ ਲਈ ਸਹੀ ਢੰਗ ਸੰਬਾਦ ਕਰਨਾ ਸਾਬਤ ਹੋਵੇਗਾ, ਹੋਇਆ ਵੀ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ਤੇ ਚਲਦੇ ਹੋਏ ਨਰਪਾਲ ਸਿੰਘ ਸ਼ੇਰਗਿਲ ਨੇ ਜਦੋਂ ਦਸਤਾਰ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਇਆ ਤਾਂ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਆਪਣੀ ਪੁਸਤਕ ਵਿਚ ਦਸਤਾਰ ਦੀ ਮਹੱਤਤਾ ਅਤੇ ਉਸਨੂੰ ਆਉਣ ਵਾਲੇ ਸਮੇਂ ਵਿਚ ਖ਼ਤਰੇ ਅਤੇ ਚੁਣੌਤੀਆਂ ਤੋਂ ਸੁਚੇਤ ਕਰਵਾਕੇ ਸੰਬਾਦ ਰਚਾਇਆ। ਉਨ੍ਹਾਂ ਦੀ ਪਹਿਲਕਦਮੀ ਤੋਂ ਬਾਅਦ ਦਸਤਾਰ ਨੂੰ ਹੋਣ ਵਾਲੇ ਖ਼ਤਰੇ ਨੂੰ ਰੋਕਣ ਲਈ ਇਕ ਲਹਿਰ ਬਣ ਗਈ ਸੀ। ਉਸ ਪੁਸਤਕ ਵਿਚ ਖੋਜੀ ਸਿੱਖਾਂ ਤੋਂ ਲੇਖ ਲਿਖਵਾਏ। ਸ਼ਾਲਾ ਨਰਪਾਲ ਸਿੰਘ ਸ਼ੇਰਗਿੱਲ ਇਸੇ ਤਰ੍ਹਾਂ ਉਤਸ਼ਾਹ ਅਤੇ ਦਲੇਰੀ ਨਾਲ ਸਿੱਖੀ ਸੋਚ ਤੇ ਪਹਿਰਾ ਦਿੰਦਾ ਰਹੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
ਸਿਆਸਤਦਾਨੋ ਭੜਕਾਊ ਬਿਆਨਬਾਜ਼ੀ ਕਰਕੇ ਦੇਸ ਨੂੰ ਅੱਗ ਦੀ ਭੱਠੀ ਵਿਚ ਨਾ ਸੁੱਟੋ - ਉਜਾਗਰ ਸਿੰਘ
ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ਝੰਜੋੜਕੇ ਰੱਖ ਦਿੱਤਾ ਹੈ। ਹਰ ਭਾਰਤੀ ਦੀਆਂ ਅੱਖਾਂ ਨਮ ਹੋਈਆਂ ਹਨ ਕਿਉਂਕਿ 1947 ਤੋਂ ਲਗਾਤਾਰ ਕਦੀ ਆਸਾਮ, ਝਾਰਖੰਡ, ਦਿੱਲੀ, ਮਹਾਰਾਸ਼ਟਰ, ਪੰਜਾਬ, ਝਾਰਖੰਡ, ਛੱਤੀਸਗੜ੍ਹ, ਗੁਜਰਾਤ, ਜੰਮੂ ਕਸ਼ਮੀਰ ਵਿਚ ਚਿੱਟੀਸਿੰਘਪੋਰਾ, ਉੜੀ, ਅਨੰਤਨਾਗ, ਪੁਣਛ ਅਤੇ ਪਠਾਨਕੋਟ ਵਿਖੇ ਹੋਈਆਂ ਘਟਨਾਵਾਂ ਨੇ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਂਦਿਆਂ ਸਦਭਾਵਨਾ ਖੰਡਤ ਕੀਤੀ ਹੈ। ਧਰਮ ਦੇ ਨਾਂ ਤੇ ਹੋਈਆਂ ਕੁੜੱਤਣ ਭਰੀਆਂ ਘਟਨਾਵਾਂ ਨੇ ਤਾਂ ਘਿਰਣਾ ਦੀ ਲਹਿਰ ਪੈਦਾ ਕੀਤੀ ਹੈ। ਭਰਾ ਮਾਰੂ ਜੰਗ ਦੇ ਨਤੀਜੇ ਕਦੀਂ ਵੀ ਚੰਗੇ ਨਹੀਂ ਹੁੰਦੇ। ਭਾਰਤ ਨਾਲ ਪਾਕਿਸਤਾਨ ਦੀਆਂ ਤਿੰਨ ਅਤੇ ਇਕ ਚੀਨ ਦੀ ਜੰਗ ਨੇ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ, ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਸੱਟ ਵੱਜੀ ਹੈ। ਪੁਲਵਾਮਾ ਦੀ ਘਟਨਾ ਨੂੰ ਜੈਸ਼-ਏ-ਮੁਹੰਮਦ ਦੇ ਆਦਿਲ ਅਹਿਮਦ ਦਾਰ ਨੇ ਅੰਜਾਮ ਦਿੱਤਾ ਜਿਸ ਵਿਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ। ਭਾਰਤੀਆਂ ਵਿਚ ਗੁੱਸੇ ਅਤੇ ਸ਼ੋਕ ਦੀ ਲਹਿਰ ਦੌੜ ਗਈ ਹੈ ਜੋ ਕਿ ਕੁਦਰਤੀ ਵੀ ਹੈ। ਇਸ ਘਟਨਾ ਦੇ ਵਿਰੁਧ ਗਰਮ ਬਿਆਨਬਾਜ਼ੀ ਸਿਆਸੀ ਨੇਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਭਗਤ ਕਰ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ। ਬਦਲਾ ਲੈਣ ਸਮੇਂ ਵੀ ਖ਼ੂਨ ਖ਼ਰਾਬਾ ਹੁੰਦਾ ਹੈ। ਇਸ ਗਰਮ ਬਿਆਨਬਾਜ਼ੀ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਸਮਾਂ ਬਿਆਨਬਾਜ਼ੀ ਕਰਨ ਦਾ ਨਹੀਂ ਸਗੋਂ ਅੰਤਰਝਾਤ ਮਾਰਨ ਦਾ ਹੈ ਕਿ ਇਹ ਘਟਨਾ ਕਿਨ੍ਹਾਂ ਕਾਰਨਾਂ ਦੀ ਅਣਵੇਖੀ ਕਰਕੇ ਵਾਪਰੀ ਹੈ। ਉਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੈ। ਭੜਕਾਊ ਬਿਆਨਬਾਜ਼ੀ ਵਿਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਬਸ਼ਰਤੇ ਕਿ ਦੋ ਫਿਰਕਿਆਂ ਵਿਚ ਘਿਰਣਾ ਪੈਦਾ ਹੋਵੇਗੀ। ਕਿਸੇ ਵੀ ਫਿਰਕੇ ਦੇ ਸਾਰੇ ਲੋਕ ਚੰਗੇ ਜਾਂ ਮਾੜੇ ਨਹੀਂ ਹੁੰਦੇ। ਲੜਾਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਨਫਰਤ ਹਮੇਸ਼ਾ ਸਰੀਰਕ ਅਤੇ ਮਾਨਸਿਕ ਅਸੰਤੁਲਨ ਪੈਦਾ ਕਰਦੀ ਹੈ। ਇਹ ਬਿਆਨਬਾਜ਼ੀ ਸਥਿਤੀ ਨੂੰ ਹੋਰ ਵਿਸਫੋਟਕ ਕਰੇਗੀ। ਆਖ਼ਰਕਾਰ ਸਮਝੌਤਿਆਂ ਤੇ ਦਸਤਖ਼ਤ ਕਰਨੇ ਪੈਂਦੇ ਹਨ। ਪਿਛਲੇ ਘਟਨਾਕਰਮ ਤੇ ਨਿਗਾਹ ਮਾਰਨ ਦੀ ਲੋੜ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ 1999 ਵਿਚ ਮਸੂਦ ਅਜਹਰ ਜਿਸਨੂੰ ਇਸ ਘਟਨਾ ਦੀ ਸ਼ਾਜਸ਼ ਦਾ ਮੁੱਖ ਦੋਸ਼ੀ ਮੰਨਿਆਂ ਜਾ ਰਿਹਾ ਹੈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਮਸੂਦ ਅਜਹਰ ਦੀ ਇੰਟੈਰੋਗੇਸ਼ਨ ਅਜੀਤ ਡੋਵਲ ਨੇ ਕੀਤੀ ਸੀ ਜੋ ਇਸ ਸਮੇਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਹਨ। ਇਸਨੂੰ ਛੁਡਵਾਉਣ ਲਈ ਇੰਡੀਅਨ ਏਅਰ ਲਾਈਨਜ਼ ਦਾ ਆਈ ਸੀ 814 ਜਹਾਜ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ। ਭਾਰਤ ਸਰਕਾਰ ਦਾ ਇਕ ਮੰਤਰੀ ਮਸੂਦ ਅਜਹਰ ਅਤੇ ਉਸਦੇ ਸਾਥੀਆਂ ਨੂੰ ਆਪ ਕੰਧਾਰ ਛੱਡਕੇ ਆਇਆ ਸੀ। ਇਸ ਤੋਂ ਬਾਅਦ ਮਸੂਦ ਅਜਹਰ ਨੇ ਜੈਸ਼-ਏ-ਮੁਹੰਮਦ ਨਾਂ ਦੀ ਸੰਸਥਾ ਬਣਾਈ ਸੀ, ਜਿਸਦਾ ਮੁੱਖੀ ਉਹ ਆਪ ਬਣਿਆਂ ਸੀ। ਉਸਤੋਂ ਬਾਅਦ ਉਸਨੇ ਆਪਣੀ ਸੰਸਥਾ ਰਾਹੀਂ ਭਾਰਤ ਵਿਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਧਰਮ ਦੇ ਨਾਂ ਤੇ ਨੌਜਵਾਨਾ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਪੁਲਵਾਮਾ ਵਰਗੀ ਕਾਰਵਾਈ ਮਸੂਦ ਅਜਹਰ ਨੇ ਸ੍ਰੀ ਨਗਰ ਵਿਧਾਨ ਸਭਾ ਤੇ ਹਮਲਾ ਕਰਕੇ 2001-2 ਵਿਚ ਕਰਵਾਈ ਸੀ, ਜਿਸ ਵਿਚ 38 ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ ਦਿੱਲੀ ਵਿਚ ਭਾਰਤੀ ਸੰਸਦ ਤੇ ਅਜਿਹਾ ਹੀ ਹਮਲਾ 2001 ਵਿਚ ਕੀਤਾ ਗਿਆ। ਉਸ ਸਮੇਂ ਭਾਰਤ ਨੇ ਕੰਟਰੋਲ ਰੇਖਾ ਦੇ ਨਾਲ ਹੀ ਆਪਣੀਆਂ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਸਨ। ਭਾਰਤ ਨੇ ਪਾਕਿਸਤਾਨ ਤੋਂ ਮਸੂਦ ਅਜਹਰ ਸਮੇਤ 20 ਅਤਵਾਦੀ ਭਾਰਤ ਨੂੰ ਦੇਣ ਦੀ ਮੰਗ ਰੱਖੀ। ਪਾਕਿਸਤਾਨ ਨੇ ਭਾਰਤ ਦੀ ਮੰਗ ਨਹੀਂ ਮੰਨੀ। ਲੜਾਈ ਦਾ ਮਾਹੌਲ ਬਣ ਗਿਆ ਸੀ। ਫਿਰ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ। ਖ਼ੂਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਡੁਲ੍ਹਿਆ। ਉਸ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਭਾਰਤ ਦੇ ਕਹਿਣ ਤੇ ਜੈਸ਼-ਏ-ਮੁਹੰਮਦ ਤੇ ਪਾਬੰਦੀ ਲਾ ਦਿੱਤੀ ਸੀ। ਪਾਕਿਸਤਾਨ ਵਿਚ ਸਰਕਾਰਾਂ ਬਦਲਣ ਨਾਲ ਇਹ ਪਾਬੰਦੀ ਵੀ ਹਟਾ ਲਈ ਗਈ। ਮਸੂਦ ਅਜਹਰ ਦੀ ਜੈਸ਼-ਏ-ਮੁਹੰਮਦ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਜਿਸ ਦੇ ਸਿੱਟੇ ਵਜੋਂ 2008 ਵਿਚ ਮੁੰਬਈ ਵਿਚ ਅਤਵਾਦੀ ਹਮਲੇ ਹੋਏ, ਜਿਨ੍ਹਾਂ ਨੂੰ 26-11 ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਪਾਕਿਸਤਾਨ ਵਿਚ ਆਰਮੀ ਮਨਮਰਜੀ ਕਰਦੀ ਹੈ। ਸਰਕਾਰਾਂ ਬੇਬਸ ਹੁੰਦੀਆਂ ਹਨ। ਭਾਰਤ ਵਿਚ ਫ਼ੌਜ ਸਰਕਾਰ ਤੋਂ ਹੁਕਮ ਲੈਂਦੀ ਹੈ। ਭਾਰਤ ਦੀਆਂ ਫ਼ੌਜਾਂ ਡਾ ਮਨਮੋਹਨ ਸਿੰਘ ਦੇ ਰਾਜ ਵਿਚ ਸਰਜੀਕਲ ਸਟਰਾਈਕ ਕਰਦੀ ਰਹੀ ਪ੍ਰੰਤੂ ਇਹ ਫ਼ੌਜ ਦਾ ਗੁਪਤ ਅਪ੍ਰੇਸ਼ਨ ਹੁੰਦਾ ਹੈ। ਇਸ ਬਾਰੇ ਬਾਹਰ ਜਾਣਕਾਰੀ ਨਹੀਂ ਦੇਣੀ ਹੁੰਦੀ। ਪ੍ਰੰਤੂ ਵਰਤਮਾਨ ਸਰਕਾਰ ਨੇ 2016 ਵਿਚ ਸਰਜੀਕਲ ਸਟਰਾਈਕ ਕਰਕੇ ਉਸਦਾ ਪ੍ਰਚਾਰ ਰਾਜਨੀਤਕ ਲਾਹਾ ਲੈਣ ਲਈ ਕੀਤਾ। ਅਜਿਹੇ ਖ਼ੂਨ ਖ਼ਰਾਬੇ ਦਾ ਪ੍ਰਚਾਰ ਕਰਨਾ ਵਾਜਬ ਨਹੀਂ ਹੁੰਦਾ। ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਕੀਤੀ। ਇਸਦਾ ਨੁਕਸਾਨ ਭਾਰਤੀਆਂ ਦੀਆਂ ਸ਼ਹੀਦੀਆਂ ਨਾਲ ਹੋਇਆ। ਇਸੇ ਖੁੰਦਕ ਵਿਚ ਜੈਸ਼-ਏ-ਮੁਹੰਮਦ ਨੇ ਕਾਰਵਾਈਆਂ ਤੇਜ ਕਰ ਦਿੱਤੀਆਂ। ਪਹਿਲਾਂ ਉੜੀ ਵਿਚ ਹਮਲਾ ਕੀਤਾ। ਉਸਤੋਂ ਬਾਅਦ ਪਠਾਨਕੋਟ, ਅਨੰਤਨਾਗ ਅਤੇ ਪੁਣਛ ਵਿਚ ਹਮਲੇ ਹੋਏ। ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਭਾਰਤ ਸਰਕਾਰ ਆਪਣੀਆਂ ਗ਼ਲਤੀਆਂ ਦਾ ਆਪ ਇਵਜ਼ਾਨਾ ਭੁਗਤ ਰਹੀ ਹੈ। ਜੇਕਰ ਮਸੂਦ ਅਜਹਰ ਨੂੰ ਜਹਾਜ ਵਿਚ ਵਾਪਸ ਛੱਡ ਕੇ ਨਾ ਆਉਂਦੇ ਤਾਂ ਅੱਜ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ। ਜਿਹੜੇ ਕੰਡੇ ਭਾਰਤੀ ਜਨਤਾ ਪਾਰਟੀ ਨੇ ਬੀਜੇ ਹਨ, ਉਹ ਹੁਣ ਉਨ੍ਹਾਂ ਨੂੰ ਆਪ ਹੀ ਚੁਗਣੇ ਪੈ ਰਹੇ ਹਨ। ਆਪੇ ਫਾਥੜੀਏ ਤੈਨੂੰ ਕੌਣ ਬਚਾਵੇ? ਭਾਰਤੀ ਜਨਤਾ ਪਾਰਟੀ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਭੜਕਾਊ ਬਿਆਨ ਦੇ ਰਹੇ ਹਨ। ਕੱਟੜ ਹਿੰਦੂ ਧਿਰਾਂ ਵੱਲੋਂ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿਚ ਫ਼ੌਜ ਨੂੰ ਖੁਲ੍ਹੀ ਛੁਟੀ ਦਿੱਤੀ ਜਾ ਰਹੀ ਹੈ। ਜੇਕਰ ਹਿੰਸਾ ਹੋਵੇਗੀ ਤਾਂ ਵੀ ਭਾਰਤੀਆਂ ਦਾ ਹੀ ਖ਼ੂਨ ਡੁਲ੍ਹੇਗਾ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਹੀ ਖੇਡ ਹੁਣ ਖੇਡੀ ਜਾ ਰਹੀ ਹੈ। ਨਤੀਜੇ ਖ਼ਤਰਨਾਕ ਹੋਣਗੇ। ਜਦੋਂ ਗੁਜਰਾਤ ਵਿਚ ਹੋਇਆ ਸੀ ਤਾਂ ਕਿਉਂ ਇਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ? ਅਜਿਹੀਆਂ ਘਟਨਾਵਾਂ ਤੋਂ ਵੀ ਉਹ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਅਸਲ ਵਿਚ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਆਪੋ ਆਪਣੇ ਸਿਆਸੀ ਲਾਹੇ ਲਈ ਰਾਜਨੀਤੀ ਕਰ ਰਹੀਆਂ ਹਨ ਜਦੋਂ ਕਿ ਦੋਹਾਂ ਦੇਸਾਂ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਂਘੇ ਬਾਰੇ ਗਲਬਾਤ ਚਲ ਰਹੀ ਹੈ। ਲਗਪਗ ਦੋਹਾਂ ਪਾਸੇ ਕੰਮ ਜੋਰ ਸ਼ੋਰ ਨਾਲ ਚਲ ਰਿਹਾ ਹੈ ਤਾਂ ਪੁਲਵਾਮਾਂ ਘਟਨਾ ਦੇ ਰਾਹ ਵਿਚ ਅੜਿਕਾ ਬਣ ਜਾਣ ਦੇ ਆਸਾਰ ਬਣ ਰਹੇ ਹਨ। ਇੰਜ ਹਮੇਸ਼ਾ ਹੁੰਦਾ ਹੈ ਜਦੋਂ ਦੋਹਾਂ ਦੇਸਾਂ ਦੇ ਸੰਬੰਧ ਸਾਜਗਾਰ ਹੋਣ ਲਗਦੇ ਹਨ ਤਾਂ ਦੋਹਾਂ ਦੇਸਾਂ ਦੀਆਂ ਗੁਪਤਚਰ ਏਜੰਸੀਆਂ ਸਰਗਰਮ ਹੋ ਜਾਂਦੀਆਂ ਹਨ। ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਇਸ ਘਟਨਾ ਵਿਚ ਵੀ ਗੁਪਤਚਰ ਏਜੰਸੀਆਂ ਦਾ ਯੋਗਦਾਨ ਹੋਵੇ। ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਹੋਏ ਅਤੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਟ੍ਰੇਨ ਵਿਚ ਸਾੜ ਦਿੱਤਾ ਗਿਆ। ਉਦੋਂ ਤਾਂ ਭਾਰਤ ਸਰਕਾਰ ਨੇ ਸੁਚਾਰੂ ਕਦਮ ਨਹੀ ਚੁੱਕੇ। ਭਾਰਤ ਸਰਕਾਰ ਦਾ ਰੋਲ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ। ਇਸ ਸਾਰੇ ਕੁਝ ਦੇ ਬਾਵਜੂਦ ਪੁਲਵਾਮਾ ਦੀ ਘਟਨਾ ਨਿੰਦਣਯੋਗ ਹੈ। ਦੇਸ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਕਮੁੱਠ ਹੋ ਕੇ ਦੁੱਖ ਦੀ ਘੜੀ ਵਿਚ ਸਰਕਾਰ ਦਾ ਸਾਥ ਦਿੱਤਾ ਹੈ ਪ੍ਰੰਤੂ ਸਰਕਾਰ ਨੂੰ ਹੁਣ ਸੰਜੀਦਗੀ ਨਾਲ ਫੈਸਲੇ ਕਰਕਨੇ ਚਾਹੀਦੇ ਹਨ। ਵੋਟ ਦੀ ਰਾਜਨੀਤੀ ਕਰਨ ਲਈ ਹੋਰ ਬਹੁਤ ਮੌਕੇ ਆਉਣਗੇ। ਇਸ ਸਮੇਂ ਦੇਸ਼ ਦੀ ਆਨ ਅਤੇ ਸ਼ਾਨ ਦਾ ਮਸਲਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
17 Feb. 2019
ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ ਪੁਸਤਕ ਟਰੇਡ ਯੂਨੀਅਨ ਵਰਤਾਰੇ ਦੀ ਕਹਾਣੀ - ਉਜਾਗਰ ਸਿੰਘ
ਡਾ ਲਕਸ਼ਮੀ ਨਰਾਇਣ ਭੀਖੀ ਦੀ ਪੁਸਤਕ ਟਰੇਡ ਯੂਨੀਅਨ ਦੇ ਵਰਤਾਰੇ ਦੀ ਕਹਾਣੀ ਹੈ, ਜਿਸ ਵਿਚ ਕਿਰਤੀ ਵਰਗ ਦੀ ਤ੍ਰਾਸਦੀ ਨੂੰ ਦਰਸਾਇਆ ਗਿਆ ਹੈ। ਇਸ ਪੁਸਤਕ ਵਿਚ ਕਿਰਤੀ ਵਰਗ ਦੇ ਸਰਮਾਏਦਾਰੀ ਅਤੇ ਕਾਰਪੋਰੇਟ ਜਗਤ ਵੱਲੋਂ ਕੀਤੇ ਸ਼ੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲਕਸ਼ਮੀ ਨਰਾਇਣ ਦੀ ਇਹ ਪੁਸਤਕ ਟਰੇਡ ਯੂਨੀਅਨ ਲਹਿਰ ਵਿਚ ਆਈ ਗਿਰਾਵਟ ਦਾ ਵੀ ਪਰਦਾ ਫਾਸ਼ ਕਰਦੀ ਹੈ। ਲਕਸ਼ਮੀ ਨਰਾਇਣ ਭੀਖੀ ਨੇ ਸਾਰੀ ਉਮਰ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ ਉਥੇ ਕਿਰਤੀ ਵਰਗ ਨਾਲ ਹੋ ਰਹੇ ਵਿਵਹਾਰ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ। ਉਹ ਟਰੇਡ ਯੂਨੀਅਨ ਅਤੇ ਖੱਬੇ ਪੱਖੀ ਜਥੇਬੰਦੀਆਂ ਵਿਚ ਕਾਰਜਸ਼ੀਲ ਵੀ ਰਿਹਾ ਹੈ। ਇਕ ਕਿਸਮ ਨਾਲ ਇਹ ਪੁਸਤਕ ਉਸਦੀ ਕਿਰਤੀ ਜ਼ਿੰਦਗੀ ਦੇ ਜ਼ਮੀਨੀ ਪੱਧਰ ਦੇ ਤਜਰਬੇ ਤੇ ਅਧਾਰਤ ਹੈ। ਉਸਦੀ ਕਮਾਲ ਇਹ ਹੈ ਕਿ ਉਸਨੇ ਟਰੇਡ ਯੂਨੀਅਨ ਲਹਿਰ ਬਾਰੇ ਪੁਸਤਕ ਲਿਖਕੇ ਸਾਹਿਤ ਦਾ ਇਕ ਨਵਾਂ ਰੂਪ ਦਿੱਤਾ ਹੈ। 221 ਪੰਨਿਆਂ ਦੀ ਇਹ ਪੁਸਤਕ ਗੁਸਈਆਂ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸਦੀ ਕੀਮਤ 300 ਰੁਪਏ ਹੈ। ਲੇਖਕ ਨੇ ਇਸ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਇਨ੍ਹਾਂ ਪੰਜਾਂ ਭਾਗਾਂ ਵਿਚ ਲੇਖਕ ਨੇ ਬੜੇ ਹੀ ਸੰਜੀਦਾ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਹੈ, ਜਿਹੜੀ ਕਿਰਤੀ ਵਰਗ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਪ੍ਰੇਰਦੀ ਹੈ। ਪਹਿਲਾ ਭਾਗ 'ਸਮਕਾਲੀ ਜਥੇਬੰਦਕ ਵਰਤਾਰਾ' ਹੈ ਜਿਸ ਵਿਚ ਟਰੇਡ ਯੂਨੀਅਨ ਦੀ ਸੌੜੀ ਸਿਆਸਤ, ਧੜੇਬੰਦੀ, ਜਾਤ ਪਾਤ, ਧਰਮ ਅਤੇ ਕਿੱਤਿਆਂ ਤੇ ਅਧਾਰਤ ਪਈਆਂ ਵੰਡੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਸਾਰ ਵਿਚ ਪ੍ਰਮੁੱਖ ਦੇਸ਼ਾਂ ਅਮਰੀਕਾ, ਰੂਸ ਅਤੇ ਇੰਗਲੈਂਡ ਵਿਚ ਟਰੇਡ ਯੂਨੀਅਨਾਂ ਦੀ ਭੂਮਿਕਾ ਬਾਰੇ ਵੀ ਦੱਸਿਆ ਗਿਆ ਹੈ। ਅਮਰੀਕਾ ਵਿਚ ਟਰੇਡ ਯੂਨੀਅਨਾਂ ਸਿਰਫ ਆਰਥਿਕ ਸੁਧਾਰਾਂ ਰਾਹੀਂ ਸਮਾਜਿਕ ਕ੍ਰਾਂਤੀ ਲਿਆਉਣ ਤੱਕ ਸੀਮਤ ਸਨ। ਭਾਰਤ ਵਿਚ ਟਰੇਡ ਯੂਨੀਅਨਾਂ ਆਪਣੇ ਮਕਸਦ ਤੋਂ ਕਿਨਾਰਾ ਕਰਕੇ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਦੇ ਰਾਹ ਪੈ ਗਈਆਂ। ਇਨ੍ਹਾਂ ਦਾ ਮੁਕਾਬਲਾ ਕਰਨ ਲਈ ਅਧਿਕਾਰੀਆਂ ਨੇ ਆਪਣੀ ਜਥੇਬੰਦੀਆਂ ਬਣਾਕੇ ਜਮਾਤੀ ਹਿੱਤਾਂ ਤੇ ਪਹਿਰਾ ਦੇਣ ਲੱਗ ਪਏ। ਰਾਜਨੀਤਕ ਲੋਕ ਇਨ੍ਹਾਂ ਯੂਨੀਅਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਲੱਗ ਪਏ। ਇਨ੍ਹਾਂ ਦੇ ਨੇਤਾ ਮੌਕਾ ਪ੍ਰਸਤ ਬਣਕੇ ਯੂਨੀਅਨਾਂ ਨੂੰ ਨਿੱਜੀ ਮੁਫ਼ਾਦਾਂ ਲਈ ਵਰਤਣ ਲੱਗ ਪਏ। ਰਹਿੰਦੀ ਕਸਰ ਤਕਨੀਕੀ ਯੁਗ ਨੇ ਕੱਢ ਦਿੱਤੀ। ਪੂੰਜੀਪਤੀ ਆਪਣਾ ਉਲੂ ਇਨ੍ਹਾਂ ਰਾਹੀਂ ਸਿੱਧਾ ਕਰਦੇ ਹਨ। ਲੇਖਕ ਨੇ ਸੁਝਾਅ ਦਿੱਤਾ ਹੈ ਕਿ ਇਕ ਅਦਾਰੇ ਵਿਚ ਇਕ ਯੂਨੀਅਨ ਹੋਣੀ ਚਾਹੀਦੀ ਹੈ। ਟਰੇਡ ਯੂਨੀਅਨ ਲਹਿਰ ਦਾ ਵਰਤਮਾਨ ਖ਼ਤਰੇ ਵਿਚ ਹੈ ਕਿਉਂਕਿ ਇਸ ਵਿਚ ਫੁੱਟ ਪਾ ਕੇ ਪੂੰਜੀਪਤੀ ਕਿਰਤੀਆਂ ਦਾ ਸ਼ੋਸ਼ਣ ਕਰ ਰਹੇ ਹਨ। ਸਿਆਸੀ ਪਾਰਟੀਆਂ ਨੇ ਆਪਣੇ ਮਜ਼ਦੂਰ ਵਿੰਗ ਬਣਾ ਲਏ ਹਨ। ਉਹ ਆਪਸ ਵਿਚ ਹੀ ਉਲਝੇ ਰਹਿੰਦੇ ਹਨ। ਕੁਝ ਯੂਨੀਅਨ ਜ਼ਾਤ ਪਾਤ ਤੇ ਅਧਾਰਤ ਹਨ। ਉਹ ਆਪੋ ਆਪਣੀਆਂ ਜ਼ਾਤਾਂ ਦੇ ਹਿੱਤਾਂ ਦੀ ਗੱਲ ਕਰਦੀਆਂ ਹਨ। ਧਰਮ ਅਤੇ ਕਿੱਤਿਆਂ ਤੇ ਅਧਾਰਤ ਵੀ ਯੂਨੀਅਨ ਹਨ। ਕੁਝ ਜਥੇਬੰਦੀਆਂ ਤਾਂ ਬਿਰਧ ਆਸ਼ਰਮ ਬਣ ਚੁੱਕੀਆਂ ਹਨ ਕਿਉਂਕਿ ਉਨ੍ਹਾਂ ਦੇ ਨੇਤਾ ਸੇਵਾ ਮੁਕਤ ਹੋਣਾ ਹੀ ਨਹੀਂ ਚਾਹੁੰਦੇ, ਜਿਸ ਕਰਕੇ ਨੌਜਵਾਨ ਵਰਗ ਨਿਰਾਸ਼ ਹੋ ਜਾਂਦਾ ਹੈ। ਇਸਤੋਂ ਸਾਫ ਸੰਕੇਤ ਮਿਲਦੇ ਹਨ ਕਿ ਮਜ਼ਦੂਰ ਜਥੇਬੰਦੀਆਂ ਵਿਚ ਏਕਤਾ ਨਹੀਂ, ਜਿਸ ਕਰਕੇ ਉਹ ਆਪਣੇ ਹਿੱਤਾਂ ਦੀ ਰਖਵਾਲੀ ਨਹੀਂ ਕਰ ਸਕਦੇ। ਮਈ ਦਿਵਸ ਜੋ ਮਜ਼ਦੂਰ ਏਕਤਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ ਪ੍ਰੰਤੂ ਹੋ ਇਸਦੇ ਉਲਟ ਰਿਹਾ ਹੈ ਕਿਉਂਕਿ ਮਜ਼ਦੂਰ ਸੰਗਠਤ ਨਹੀਂ ਹਨ। ਲੇਖਕ ਨੇ ਇਨ੍ਹਾਂ ਜਨਤਕ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦੇ ਸੁਝਾਅ ਵੀ ਦਿੱਤੇ ਹਨ। ਲੇਖਕ ਅਨੁਸਾਰ ਜਥੇਬੰਦੀਆਂ ਦੀ ਬੌਧਿਕਤਾ ਵਿਚ ਖੜੋਤ ਆ ਗਈ ਹੈ। ਬੌਧਿਕਤਾ ਦੇ ਵਿਕਾਸ ਦੀ ਅਤਿਅੰਤ ਲੋੜ ਹੈ। ਮਜ਼ਬੂਤ ਲੀਡਰਸ਼ਿਪ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ। ਟਰੇਡ ਯੂਨੀਅਨਾਂ ਦੀ ਭੂਮਿਕਾ ਲੋਕ ਪੱਖੀ ਨਹੀਂ ਹੈ। ਦੂਜਾ ਭਾਗ 'ਕਰਮਚਾਰੀ ਵਰਗ ਦੀ ਦਸ਼ਾ ਅਤੇ ਦਿਸ਼ਾ' ਹੈ ਜਿਸ ਵਿਚ ਕਰਮਚਾਰੀਆਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਵਿਵਹਾਰ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਅਨੁਸਾਰ ਕਰਮਚਾਰੀਆਂ ਦੀ ਦਫਤਰੀ ਕਾਰਜ਼ਸ਼ੈਲੀ ਲੋਕ ਵਿਰੋਧੀ ਹੋ ਗਈ ਹੈ। ਅਧਿਕਾਰੀ ਵੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹਨ ਪ੍ਰੰਤੂ ਫਰਜਾਂ ਤੋਂ ਕਿਨਾਰਾਕਸ਼ੀ ਕਰਦੇ ਹਨ। ਬਾਬੂ, ਅਧਿਕਾਰੀ ਅਤੇ ਸਿਆਸਤਦਾਨਾ ਦੀ ਮਿਲੀ ਭੁਗਤ ਹੈ। ਇਹ ਸਾਰੇ ਰਲਮਿਲਕੇ ਲੋਕਾਂ ਨੂੰ ਲੁਟਦੇ ਹਨ। ਇਹ ਲੋਕ ਆਪਣੇ ਆਪ ਨੂੰ ਹਾਕਮ ਸਮਝਦੇ ਹਨ, ਸੇਵਕ ਨਹੀਂ, ਇਸ ਕਰਕੇ ਇਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਮੁਲਾਜ਼ਮ ਲਹਿਰ ਦੀ ਜੁਗਲਬੰਦੀ ਸਿਰਲੇਖ ਹੇਠ ਲੇਖਕ ਦਸਦਾ ਹੈ ਕਿ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਕੰਮ ਦੇਣਾ ਚਾਹੀਦਾ ਹੈ। ਕਈ ਆਗੂ ਸਾਰੇ ਕੰਮ ਨੂੰ ਆਪ ਹੀ ਜੱਫਾ ਮਾਰ ਲੈਂਦੇ ਹਨ, ਜਿਸ ਕਰਕੇ ਮੁਲਾਜ਼ਮਾ ਦੇ ਹਿਤ ਸੁਰੱਖਿਅਤ ਨਹੀ ਰਹਿੰਦੇ। ਕੱਚੀ ਨੌਕਰੀ ਦੇ ਡਰ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ। ਮੁਲਾਜ਼ਮ ਵਰਗ ਦਾ ਵਰਤਾਰਾ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਕਰਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਕਿਰਤ ਸਭਿਆਚਾਰ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਤੀਜਾ ਭਾਗ ' ਬੋਰਡਾਂ ਦਾ ਅਤੀਤ ਅਤੇ ਵਰਤਮਾਨ' ਬਾਰੇ ਜਿਸ ਵਿਚ ਬਿਜਲੀ ਬੋਰਡਾਂ ਵਿਚ ਹੋ ਰਹੇ ਭਰਿਸ਼ਟਾਚਾਰ, ਲੁੱਟ ਅਤੇ ਬੋਰਡ ਦਾ ਨਿਗਮੀਕਰਨ ਕਰਕੇ ਦੁਰਵਰਤੋਂ ਕੀਤੀ ਗਈ ਹੈ, ਜਿਸਦੇ ਨਤੀਜੇ ਚੰਗੇ ਨਹੀਂ ਰਹੇ। ਬੋਰਡਾਂ ਦਾ ਨਿਗਮੀਕਰਨ ਪੂੰਜੀਵਾਦੀ ਪ੍ਰਬੰਧ ਦੀ ਉਪਜ ਹੈ, ਜਿਸ ਕਰਕੇ ਸਰਕਾਰਾਂ ਬਹੁ ਕਰੋੜੀ ਕੰਪਨੀਆਂ ਤੇ ਨਿਰਭਰ ਹੋ ਜਾਂਦੀਆਂ ਹਨ। ਨਿਗਮੀਕਰਨ ਕੁਦਰਤੀ ਸੋਮਿਆਂ ਅਤੇ ਮਨੁੱਖੀ ਵਸੀਲਿਆਂ ਨੂੰ ਪ੍ਰਭਾਵਤ ਕਰਦਾ ਹੈ। ਇਸਦਾ ਮੁੱਖ ਮੰਤਵ ਮੁਨਾਫਾ ਕਮਾਉਣਾ ਹੁੰਦਾ ਹੈ। ਬਿਜਲੀ ਨਿਗਮਾ ਦੇ ਸੁਧਾਰਾਂ ਦੀ ਪ੍ਰਕਿਰਿਆ ਦੇ ਸਿਰਲੇਖ ਹੇਠ ਦੱਸਿਆ ਗਿਆ ਹੈ ਕਿ ਇਨ੍ਹਾਂ ਸੁਧਾਰਾਂ ਦਾ ਬਹਾਨਾ ਬਣਾਕੇ ਸੰਸਾਰ ਵਿਚ ਫੇਲ੍ਹ ਹੋਏ ਤਜਰਬੇ ਅਪਣਾਏ ਜਾਂਦੇ ਹਨ। ਨਿਜੀਕਰਨ ਅਤੇ ਬਿਜਲੀ ਨਿਗਮਾ ਦੀ ਸਥਿਤੀ ਵਿਚ ਵਿਚ ਲਿਖਿਆ ਗਿਆ ਹੈ ਕਿ ਵੋਟ ਬੈਂਕ ਦੀ ਰਾਜਨੀਤੀ ਲਈ ਬਿਜਲੀ ਬੋਰਡਾਂ ਨੂੰ ਵਰਤਿਆ ਜਾ ਰਿਹਾ ਹੈ। ਕਈ ਰਾਜਾਂ ਵਿਚ ਬਿਜਲੀ ਬੋਰਡਾਂ ਨੂੰ ਨਿੱਜੀ ਹੱਥਾਂ ਵਿਚ ਦੇ ਦਿੱਤਾ ਗਿਆ ਹੈ, ਜਿਸਦੇ ਨਤੀਜੇ ਸਾਰਥਿਕ ਨਹੀਂ ਰਹੇ। ਨਿਗਮੀਕਰਨ ਵਿਰੁਧ ਸਾਂਝੇ ਸੰਘਰਸ਼ ਸਿਰਲੇਖ ਵਿਚ ਲੇਖਕ ਨੇ ਦੱਸਿਆ ਹੈ ਕਿ ਪਾਣੀ ਨਾਲ ਬਿਜਲੀ ਤਿਆਰ ਕਰਨ ਦੇ ਸੋਮਿਆਂ ਦੀ ਵਰਤੋਂ ਦੀ ਥਾਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਬਿਜਲੀ ਖ਼ਪਤਕਾਰਾਂ ਨੂੰ ਮਹਿੰਗੀ ਮਿਲਦੀ ਹੈ। ਇਸਨੂੰ ਰੋਕਣ ਲਈ ਸਾਂਝੇ ਤੌਰ ਤੇ ਸੰਗਠਤ ਹੋਣ ਦੀ ਲੋੜ ਹੈ। ਸਾਮਰਾਜੀ ਤਾਕਤਾਂ ਪਛੜੇ ਅਤੇ ਵਿਕਾਸਸ਼ੀਲ ਦੇਸਾਂ ਵਿਚ ਬਹੁ ਕਰੋੜੀ ਕੰਪਨੀਆਂ ਭੇਜਕੇ ਮਕੜਜਾਲ ਬੁਣਿਆਂ ਜਾ ਰਿਹਾ ਹੈ। ਬਿਜਲੀ ਦੀ ਮੰਗ ਅਤੇ ਚੋਰੀ ਸੰਬੰਧੀ ਅਧਿਅਏ ਵਿਚ ਲਿਖਿਆ ਹੈ ਕਿ ਬਿਜਲੀ ਦੀ ਚੋਰੀ ਮਨੁੱਖ ਦੀ ਚੋਰੀ ਵਾਲੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਇਸ ਲਈ ਚੋਰੀ ਵਾਲੀ ਮਾਨਸਿਕਤਾ ਦਾ ਇਲਾਜ ਜ਼ਰੂਰੀ ਹੈ। ਲੋਕ ਸਰਕਾਰੀ ਚੋਰੀ ਨੂੰ ਚੋਰੀ ਹੀ ਨਹੀਂ ਸਮਝਦੇ। ਸੂਰਜੀ ਸ਼ਕਤੀ ਦੀ ਵਰਤੋਂ ਜ਼ਰੂਰੀ ਹੈ। ਪ੍ਰਮਾਣੂ ਬਿਜਲੀ ਸਸਤੀ ਹੈ ਪ੍ਰੰਤੂ ਖ਼ਤਰਨਾਕ ਨਤੀਜਿਆਂ ਤੋਂ ਲੋਕ ਡਰਦੇ ਹਨ। ਬਿਜਲੀ ਬੋਰਡਾਂ ਦੀ ਪ੍ਰਬੰਧਕੀ ਪ੍ਰਣਾਲੀ ਵਿਚ ਸੁਧਾਰਾਂ ਦੀ ਲੋੜ ਹੈ। ਗਰਿਡਾਂ ਅਤੇ ਸਬ ਸਟੇਸ਼ਨਾ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਹੂਲਤਾਂ ਦੀ ਘਾਟ ਹੁੰਦੀ ਹੈ। ਚੌਥਾ ਭਾਗ 'ਸਮਾਜਵਾਦੀ ਸਿਧਾਂਤ ਅਤੇ ਅਮਲ' ਹੈ ਜਿਸ ਵਿਚ ਸਮਾਜਵਾਦੀ ਸਿਧਾਂਤ ਉਪਰ ਕਿਸ ਤਰ੍ਹਾਂ ਪਹਿਰਾ ਦਿੱਤਾ ਜਾ ਸਕਦਾ ਹੈ ਤੇ ਇਸ ਸਮੇਂ ਕੀ ਵਾਪਰ ਰਿਹਾ ਹੈ? %ਖੱਬੇ ਪੱਖੀ ਲਹਿਰ ਦੇ ਖ਼ਾਤਮੇ ਨੂੰ ਕਿਵੇਂ ਰੋਕਿਆ ਜਾਵੇ। ਕਮਿਊਨਿਸਟਾਂ ਨੇ ਮੈਨੀਫੈਸਟੋ ਤੋਂ ਸਹੀ ਸੇਧ ਨਹੀਂ ਲਈ ਜਿਸ ਕਰਕੇ ਮਜ਼ਦੂਰ ਜਮਾਤ ਨੂੰ ਮੁਕਤੀ ਨਹੀਂ ਮਿਲੀ। ਮਜ਼ਦੂਰ ਜਮਾਤ ਦੀ ਰਣਨੀਤੀ ਵੀ ਸਹੀ ਨਹੀਂ। ਮਾਰਕਸਵਾਦੀ ਸਿਧਾਂਤ ਤੇ ਅਮਲ ਨਹੀਂ ਹੋਇਆ। ਮਜ਼ਦੂਰ ਵਰਗ ਪੜ੍ਹਿਆ ਲਿਖਿਆ ਨਾ ਹੋਣ ਕਰਕੇ ਖ਼ਪਤਕਾਰ ਕਲਚਰ ਦਾ ਸ਼ਿਕਾਰ ਹੋ ਗਿਆ। ਇਸ ਚੈਪਟਰ ਵਿਚ ਅਮਰ ਸ਼ਹੀਦ ਸੁਖਦੇਵ, ਚੰਦਰ ਸ਼ੇਖ਼ਰ ਅਜ਼ਾਦ, ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਗ਼ਦਰ ਲਹਿਰ ਦੇ ਸੈਨਾਪਤੀ ਕਰਤਾਰ ਸਿੰਘ ਸਰਾਭਾ ਦੇ ਯੋਗਦਾਨ ਬਾਰੇ ਵੀ ਲਿਖਿਆ ਗਿਆ ਹੈ। ਪੰਜਵੇਂ ਭਾਗ 'ਸੰਸਾਰੀਕਰਨ ਦੇ ਪ੍ਰਭਾਵ' ਬਾਰੇ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕਾਰਪੋਰੇਟ ਜਗਤ ਸੰਸਾਰੀਕਰਨ ਦੇ ਨਾਂ ਤੇ ਕਿਰਤੀ ਵਰਗ ਦਾ ਸ਼ੋਸ਼ਣ ਕਰ ਰਿਹਾ ਹੈ। ਮਾਨਵਵਾਦ ਕਿਰਤੀ ਕਾਮਿਆਂ ਦੇ ਹੱਕਾਂ ਲਈ ਯਤਨਸ਼ੀਲ ਹੈ। ਹੁਣ ਮਾਨਵਵਾਦੀ ਵਿਚਾਰਾਂ ਦਾ ਉਭਾਰ ਹੋਇਆ ਹੈ। ਦੇਸ਼ ਭਗਤਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਪੋਰੇਟ ਸੈਕਟਰ ਭਾਰੂ ਹੋ ਗਿਆ। ਭਾਰਤ ਵਿਚ ਆਰਥਕ ਵਿਕਾਸ ਸਮਤੁਲ ਨਹੀਂ। ਪੂੰਜੀਵਾਦ ਕਰਕੇ ਮਸ਼ੀਨੀਕਰਨ ਹੋ ਗਿਆ ਜਿਸ ਕਰਕੇ ਬੇਰੋਜ਼ਗਾਰੀ ਵੱਧ ਗਈ। ਅੰਬੇਦਕਰ ਦੀਆਂ ਨੀਤੀਆਂ ਤੇ ਅਮਲ ਨਹੀਂ ਹੋ ਰਿਹਾ। ਅਖੀਰ ਵਿਚ ਇੱਕ ਨਾਟਕ ਨਿੱਜੀਕਰਨ ਨਹੀਂ ਚਾਹੀਦਾ ਪ੍ਰਕਾਸ਼ਤ ਕੀਤਾ ਗਿਆ ਹੈ। ਲਕਸ਼ਮੀ ਨਰਾਇਣ ਭੀਖੀ ਨੇ ਹੁਣ ਤੱਕ ਪੰਜਾਬੀ ਭਾਸ਼ਾ ਦੀ ਝੋਲੀ ਵਿਚ 6 ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚ ਤਿੰਨ ਮੌਲਿਕ ਅਤੇ 3 ਸੰਪਾਦਨਾ ਦੀਆਂ ਹਨ। ਉਸਦੀਆਂ 6 ਹੋਰ ਪੁਸਤਕਾਂ ਪ੍ਰਕਾਸ਼ਨਾ ਦੇ ਵੱਖ-ਵੱਖ ਪੱਧਰਾਂ ਤੇ ਹਨ। ਉਸਦੀ ਇਹ ਪੁਸਤਕ ਆਮ ਪੁਸਤਕਾਂ ਤੋਂ ਵੱਖਰੀ ਕਿਸਮ ਦੀ ਹੈ। ਇਸ ਪੁਸਤਕ ਵਿਚ ਕਿਰਤੀ ਸਮਾਜ ਦੀ ਮਿਹਨਤੀ ਪ੍ਰਵਿਰਤੀ ਦੇ ਬਾਵਜੂਦ ਉਸਦੀ ਸਮਾਜਿਕ ਲੁੱਟ ਖਸੁੱਟ ਨੂੰ ਨੰਗਿਆਂ ਕੀਤਾ ਹੈ। ਭੀਖੀ ਲੋਕ ਪੱਖੀ ਵਿਚਾਰਧਾਰਾ ਦਾ ਸਮਰਥਕ ਬਣਕੇ ਉਭਰਿਆ ਹੈ। ਜੇਕਰ ਉਸਨੂੰ ਸਮਾਜਕ ਚਿੰਤਕ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਕਿਉਂਕਿ ਉਸਨੇ ਕਿਰਤੀ ਵਰਗ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਹ ਸਮਾਜਿਕ ਸਰੋਕਾਰਾਂ ਪ੍ਰਤੀ ਜਾਗਰੂਕ ਹੈ, ਜਿਸ ਕਰਕੇ ਉਸਨੇ ਬਿਜਲੀ ਬੋਰਡਾਂ ਵਿਚ ਸਿਆਸੀ, ਸਮਾਜਿਕ ਅਤੇ ਆਰਥਿਕ ਭਰਿਸ਼ਟਾਚਾਰ ਦਾ ਭਾਂਡਾ ਫੋੜਿਆ ਹੈ। ਲੇਖਕ ਨੇ ਕਰਮਚਾਰੀਆਂ ਸਮੇਤ ਸਾਰੇ ਵਰਗਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਕ ਕਿਸਮ ਨਾਲ ਉਸਨੇ ਸਮੁੰਦਰ ਵਿਚ ਰਹਿੰਦਿਆਂ ਮਗਰਮੱਛਾਂ ਨਾਲ ਵੈਰ ਪਾਇਆ ਹੈ। ਟਰੇਡ ਯੂਨੀਅਨ ਦੇ ਨੇਤਾਵਾਂ ਦੀਆਂ ਪਿਛਾਂਹਖਿਚੂ ਦ੍ਰਿਸ਼ਟੀਆਂ ਹੀ ਇਸ ਲਹਿਰ ਦੇ ਖ਼ਾਤਮੇ ਦਾ ਕਾਰਨ ਬਣਦੀਆਂ ਹਨ। ਇਸ ਕਰਕੇ ਹੀ ਕੰਮ ਸਭਿਆਚਾਰ ਖ਼ਤਮ ਹੋ ਗਿਆ ਹੈ। ਬਿਜਲੀ ਬੋਰਡਾਂ ਵਿਚ ਆਪੋ ਧਾਪੀ ਪਈ ਹੋਈ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਡਾ ਲਕਸ਼ਮੀ ਨਰਾਇਣ ਭੀਖੀ ਦਾ ਉਪਰਾਲਾ ਸਲਾਹਣਯੋਗ ਹੈ ਪ੍ਰੰਤੂ ਸਾਰੀ ਪੁਸਤਕ ਵਿਚ ਹੀ ਦੁਹਰਾਓ ਬਹੁਤ ਹੈ। ਉਨ੍ਹਾਂ ਗੱਲਾਂ ਅਤੇ ਵਿਚਾਰਾਂ ਨੂੰ ਵਾਰ ਵਾਰ ਹਰ ਚੈਪਟਰ ਵਿਚ ਲਿਖਿਆ ਗਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
14 Feb. 2019
ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ : ਬਾਦਲ ਪਰਿਵਾਰ ਲਈ ਨਮੋਸ਼ੀ - ਉਜਾਗਰ ਸਿੰਘ
ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ ਮਿਲਣ ਤੇ ਬਾਦਲ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ਪ੍ਰਧਾਨ ਤੋਂ ਇਲਾਵਾ ਸਾਰੇ ਅਕਾਲੀ ਨੇਤਾਵਾਂ ਨੇ ਇਹ ਪੁਰਸਕਾਰ ਮਿਲਣ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਵਧਾਈ ਦਿੱਤੀ ਹੈ। ਵਧਾਈ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਪੱਬਾਂ ਭਾਰ ਹੋਏ ਪਏ ਹਨ। ਰ{ੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਦੀ ਕਹਾਵਤ ਸਾਊ ਸਿਆਸਤਦਾਨ ਅਤੇ ਖੇਡ ਪ੍ਰੇਮੀ ਸੁਖਦੇਵ ਸਿੰਘ ਢੀਂਡਸਾ ਨੂੰ ਕੇਂਦਰ ਸਰਕਾਰ ਵੱਲੋਂ ਪਦਮ ਭੂਸ਼ਣ ਪੁਰਸਕਾਰ ਦਾ ਐਲਾਨ ਕਰਨ ਨਾਲ ਸਹੀ ਸਾਬਤ ਹੋ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਭਾਵੇਂ ਅਕਾਲੀ ਦਲ ਅਤੇ ਭਾਰਤੀ ਪਾਰਟੀ ਦਾ ਕੇਂਦਰ ਅਤੇ ਪੰਜਾਬ ਵਿਚ ਭਾਈਵਾਲ ਹੈ ਪ੍ਰੰਤੂ ਭਾਰਤੀ ਜਨਤਾ ਪਾਰਟੀ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਦਿੱਤੇ ਇਨ੍ਹਾਂ ਪੁਰਸਕਾਰਾਂ ਬਾਰੇ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਨੇਤਾ ਪਰਕਾਸ਼ ਸਿੰਘ ਬਾਦਲ ਦੀ ਸਲਾਹ ਲੈਣਾ ਤਾਂ ਦੂਰ ਦੀ ਗੱਲ ਰਹੀ ਪ੍ਰੰਤੂ ਉਨ੍ਹਾਂ ਨੂੰ ਭਿਣਕ ਵੀ ਨਹੀਂ ਪੈਣ ਦਿੱਤੀ। ਜੇਕਰ ਪਰਕਾਸ਼ ਸਿੰਘ ਬਾਦਲ ਨੂੰ ਭਰੋਸੇ ਵਿਚ ਲੈਂਦੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਆਪ ਨੂੰ ਇਹ ਪੁਰਸਕਾਰ ਲੈਣ ਲਈ ਕਹਿਣਾ ਸੀ। ਸੁਖਦੇਵ ਸਿੰਘ ਢੀਂਡਸਾ ਨੂੰ ਇਹ ਪੁਰਸਕਾਰ ਦੇਣ ਦਾ ਭਾਵ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਰਮਦਲੀਏ ਅਕਾਲੀਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਪਦਮ ਸ੍ਰੀ ਪੁਰਸਕਾਰ ਤਾਂ ਪਹਿਲਾਂ ਵੀ ਪੰਜਾਬੀਆਂ ਅਤੇ ਸਿੱਖਾਂ ਨੂੰ ਦਿੱਤੇ ਗਏ ਹਨ ਪ੍ਰੰਤੂ ਪਦਮ ਭੂਸ਼ਣ ਪੁਰਸਕਾਰ ਪਹਿਲੀ ਵਾਰ ਕਿਸੇ ਸਿੱਖ ਅਤੇ ਖਾਸ ਤੌਰ ਤੇ ਅਕਾਲੀ ਦਲ ਦੇ ਨੇਤਾ ਨੂੰ ਦਿੱਤਾ ਗਿਆ ਹੈ। ਇਸ ਪੁਰਸਕਾਰ ਤੋਂ ਇਹ ਵੀ ਕਨਸੋਅ ਮਿਲਦੀ ਹੈ ਕਿ ਦੋਹਾਂ ਪਾਰਟੀਆਂ ਵਿਚ ਵਿਚਾਰਧਾਰਾ ਦੇ ਵਖਰੇਵੇਂ ਦੀ ਕੋਈ ਖਿਚੜੀ ਪੱਕ ਰਹੀ ਹੈ। ਪੁਰਸਕਾਰਾਂ ਵਿਚ ਵੋਟਾਂ ਦੀ ਰਾਜਨੀਤੀ ਭਾਰੂ ਹੋ ਗਈ ਹੈ। ਤਿੰਨ ਭਾਰਤ ਰਤਨ ਦੇ ਪੁਰਸਕਾਰਾਂ ਵਿਚੋਂ ਦੋ ਵਿਅਕਤੀ ਭੁਪੇਨ ਹਜ਼ਾਰਿਕਾ ਅਤੇ ਨਾਨਾਜੀ ਦੇਸ਼ਮੁਖ ਭਾਵੇਂ ਆਪੋ ਆਪਣੇ ਖੇਤਰਾਂ ਦੇ ਮਾਹਿਰ ਹਨ ਪ੍ਰੰਤੂ ਸਭ ਤੋਂ ਪਹਿਲਾਂ ਉਹ ਆਰ ਐਸੇ ਐਸ ਦੇ ਕਾਰਜਕਰਤਾ ਹਨ। ਪ੍ਰਣਾਬ ਮੁਕਰਜੀ ਨੂੰ ਭਾਰਤ ਦਾ ਸਭ ਤੋਂ ਸਰਵੋਤਮ ਪੁਰਸਕਾਰ ਭਾਰਤ ਰਤਨ ਦੇਣਾ ਵੀ ਪੱਛਵੀਂ ਬੰਗਾਲ ਵਿਚੋਂ ਭਾਰਤੀ ਜਨਤਾ ਪਾਰਟੀ ਦੀ ਵੋਟਾਂ ਲੈਣ ਦੀ ਚਾਲ ਕਹੀ ਜਾ ਸਕਦੀ ਹੈ। ਅਜੇ ਤੱਕ ਕਿਸੇ ਵੀ ਸਿੱਖ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ ਜਦੋਂ ਕਿ ਡਾ ਮਨਮੋਹਨ ਸਿੰਘ ਹੱਕਦਾਰ ਹਨ। ਭਾਰਤ ਰਤਨ ਪੁਰਸਕਾਰਾਂ ਦਾ ਸਿਆਸੀਕਰਨ ਕਰ ਦਿੱਤਾ ਗਿਆ ਹੈ। ਤਾਜਾ ਘਟਨਾਕਰਮ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਦੀ ਬਿਹਤਰੀ ਅਤੇ ਹੋਂਦ ਕਾਇਮ ਰੱਖਣ ਲਈ ਆਪਣੇ ਅਹੁਦੇ ਤੋਂ ਲਾਂਭੇ ਹੋਣ ਦਾ ਬਿਆਨ ਦੇ ਕੇ ਇਕ ਵਾਰ ਫਿਰ ਅਕਾਲੀ ਦਲ ਵਿਚ ਬਗਾਬਤ ਦਾ ਰਾਹ ਸਾਫ ਕਰ ਦਿੱਤਾ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕਦਮ ਦੀ ਪੁਸ਼ਟੀ ਕਰਦਾ ਹੈ। ਦੂਜੇ ਪਾਸੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਪੁਰਸਕਾਰ ਦੇ ਕੇ 1984 ਦੀਆਂ ਘਟਨਾਵਾਂ ਤੋਂ ਪ੍ਰਭਾਵਤ ਸਿੱਖਾਂ ਨੂੰ ਵੀ ਖ਼ੁਸ਼ ਕਰਨਾ ਚਾਹੁੰਦੀ ਹੈ। ਸੁਖਦੇਵ ਸਿੰਘ ਢੀਂਡਸਾ, ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਅਤੇ ਰੋਜ਼ਾਨਾ ਅਜੀਤ ਸਮੂਹ ਅਖ਼ਬਾਰਾਂ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਦੋਸਤੀ ਵੀ ਰੰਗ ਲਿਆਈ ਹੈ ਕਿਉਂਕਿ ਇਸ ਤਿਕੜੀ ਦੀ ਅਕਾਲੀ ਦਲ ਦੇ ਪ੍ਰਧਾਨ ਨਾਲ ਸੁਰ ਨਹੀਂ ਮਿਲਦੀ। ਤਰਲੋਚਨ ਸਿੰਘ ਦਿੱਲੀ ਵਿਚ ਬੈਠਾ ਹਰ ਸਿਆਸੀ ਘਟਨਾ ਤੇ ਤਿੱਖੀ ਨਜ਼ਰ ਰੱਖਦਾ ਹੈ।
ਸਿਆਸਤ ਇਕ ਅਜੇਹਾ ਖੇਤਰ ਹੈ, ਜਿਸ ਵਿਚ ਸਫਲ ਹੋਣ ਲਈ ਕਿਸੇ ਵੀ ਸਾਥੀ ਸਿਆਸਤਦਾਨ ਨੂੰ ਬਖ਼ਸ਼ਿਆ ਨਹੀਂ ਜਾਂਦਾ। ਆਪਣੇ ਆਪ ਨੂੰ ਸਿਆਸਤ ਵਿਚ ਸਥਾਪਤ ਕਰਨ ਲਈ ਹਰ ਜਾਇਜ਼ ਨਜ਼ਾਇਜ਼ ਵਸੀਲਾ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਵਿਅਕਤੀ ਬਾਰੇ ਅੱਜ ਦੇ ਤਿਗੜਮਬਾਜ਼ੀ ਦੇ ਜ਼ਮਾਨੇ ਵਿਚ ਸਾਊ ਸ਼ਬਦ ਵਰਤਣਾ ਅਜੀਬ ਜਿਹਾ ਲੱਗਦਾ ਹੈ ਕਿਉਂਕਿ ਅਜੋਕੇ ਸਿਆਸਤਦਾਨਾ ਦੇ ਕਿਰਦਾਰ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿਆਸਤ ਵਿਚ ਜੁਮਲੇਬਾਜ਼ੀ ਭਾਰੂ ਹੋ ਰਹੀ ਹੈ। ਚੋਣਾਂ ਜਿੱਤਣ ਅਤੇ ਆਪਣੀਆਂ ਹੀ ਪਾਰਟੀਆਂ ਵਿਚ ਆਪਣੀ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਜਿਹੜਾ ਸਿਆਸਤਦਾਨ ਸਾਥੀਆਂ ਨੂੰ ਠਿੱਬੀ ਲਾਉਣ ਦਾ ਮਾਹਰ ਹੁੰਦਾ ਹੈ, ਉਸਨੂੰ ਸਫਲ ਸਿਆਸਤਦਾਨ ਗਿਣਿਆਂ ਜਾਂਦਾ ਹੈ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਇਕ ਪ੍ਰਬੁੱਧ, ਸ਼ਰੀਫ, ਸੁਲਝਿਆ ਹੋਇਆ, ਸਿਆਣਾ, ਸ਼ਹਿਣਸ਼ੀਲ, ਸਹਿਯੋਗੀ, ਨਮਰਤਾ ਤੇ ਸਬਰ ਸੰਤੋਖ਼ ਵਾਲਾ, ਮਿਠਬੋਲੜਾ ਅਤੇ ਸਾਧਾਰਣਤਾ ਦਾ ਪ੍ਰਤੀਕ ਦਰਵੇਸ਼ ਸਿਆਤਦਾਨ ਹੈ। ਉਸਦੇ ਵਿਅਕਤਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾ ਲਏ ਜਾਣ ਉਤਨੇ ਹੀ ਥੋੜ੍ਹੇ ਹਨ। ਸਿਆਸਤ ਵਿਚ ਆਪਣਾ ਸਥਾਨ ਆਪਣੀ ਹਿੰਮਤ, ਦਲੇਰੀ ਅਤੇ ਹਲੀਮੀ ਨਾਲ ਬਣਾਇਆ ਹੈ। ਇਕ ਆਮ ਦਿਹਾਤੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿਚੋਂ ਉਠਕੇ ਭਾਰਤ ਦੀ ਸਿਆਸਤ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਉਹ ਪਹਿਲੀ ਵਾਰ ਆਪਣੇ ਦਮ ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਫਲ ਹੋਇਆ ਸੀ ਕਿਉਂਕਿ ਅਕਾਲੀ ਦਲ ਉਸਨੂੰ ਟਿਕਟ ਦੇਣ ਤੋਂ ਕੰਨੀ ਕਤਰਾਊਂਦਾ ਸੀ। ਇਸ ਲਈ ਉਸਨੇ ਆਪਣੀ ਕਾਬਲੀਅਤ ਦਾ ਸਬੂਤ ਦੇਣ ਲਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਅਕਾਲੀ ਦਲ ਨੇ ਉਦੋਂ ਉਸਨੂੰ ਆਪਣੀ ਲੋੜ ਕਰਕੇ ਸ਼ਾਮਲ ਕੀਤਾ ਸੀ। ਅਕਾਲੀ ਦਲ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਵਰਗੇ ਦਿਗਜ ਨੇਤਾਵਾਂ ਦੇ ਜਿਲ੍ਹੇ ਵਿਚ ਸਥਾਪਤ ਹੋਣਾ ਬਹੁਤ ਮੁਸ਼ਕਲ ਸੀ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਨੇ ਹੌਸਲਾ ਨਹੀਂ ਹਾਰਿਆ। ਚੁੱਪ ਚੁਪੀਤੇ ਆਪਣਾ ਕੰਮ ਕਰਦਾ ਰਿਹਾ। ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੇ ਸਿਧਾਂਤ ਤੇ ਪਹਿਰਾ ਦਿੰਦਾ ਰਿਹਾ। ਅਕਾਲੀ ਦਲ ਧਾਰਮਿਕ ਪਾਰਟੀ ਹੈ, ਅਜਿਹੀ ਪਾਰਟੀ ਵਿਚ ਧਰਮ ਨਿਰਪੱਖ ਰਹਿਣਾ ਅਤੇ ਪਾਰਟੀ ਦੀ ਸਿਖਰਲੀ ਪੌੜੀ ਦੇ ਨਜ਼ਦੀਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਉਸਦੀ ਹਲੀਮੀ ਅਤੇ ਸਭੇ ਸਾਂਝੀਵਾਲ ਸਦਾਇਨ ਵਿਚ ਵਿਸ਼ਵਾਸ਼ ਰੱਖਣ ਦੀ ਪ੍ਰਵਿਰਤੀ ਨੇ ਪਾਰਟੀ ਦੇ ਸਕੱਤਰ ਜਨਰਲ ਦੇ ਅਹੁਦੇ ਤੇ ਪਹੁੰਚਾਇਆ। ਇਹ ਅਹੁਦਾ ਵੀ ਸੁਖਦੇਵ ਸਿੰਘ ਢੀਂਡਸਾ ਲਈ ਬਣਾਇਆ ਗਿਆ ਸੀ। ਅਹੁਦੇ ਪ੍ਰਾਪਤ ਕਰਨੇ ਔਖੇ ਨਹੀਂ ਹੁੰਦੇ ਪ੍ਰੰਤੂ ਇਨ੍ਹਾਂ ਅਹੁਦਿਆਂ ਦੀ ਸ਼ਾਲੀਨਤਾ ਨੂੰ ਬਣਾਈ ਰੱਖਣਾ ਅਸੰਭਵ ਹੁੰਦਾ ਹੈ। ਉਨ੍ਹਾਂ ਇਸ ਅਹੁਦੇ ਦੀ ਮਾਣਤਾ ਵਧਾਈ। ਸਾਰੀ ਉਮਰ ਕਿਸੇ ਵਾਦਵਿਵਾਦ ਵਿਚ ਨਹੀਂ ਪਏ। ਆਪ ਦੀ ਵਿਲੱਖਣਤਾ ਇਹ ਹੈ ਕਿ ਇਤਨੇ ਲੰਮੇ ਸਿਆਸੀ ਕੈਰੀਅਰ ਵਿਚ ਜਦੋਂ ਕਿ ਆਪ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ ਅਤੇ ਮਹੱਤਵਪੂਰਨ ਖੇਡ ਸੰਸਥਾਵਾਂ ਦੇ ਮੁਖੀ ਰਹੇ ਪ੍ਰੰਤੂ ਅੱਜ ਤੱਕ ਭਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਲੱਗਿਆ। ਇਸ ਲਈ ਆਪਨੂੰ ਇਮਾਨਦਾਰੀ ਅਤੇ ਹਲੀਮੀ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਆਪਨੇ ਆਪਣੀ ਸਿਆਸੀ ਚਿੱਟੀ ਚਾਦਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ। ਸ੍ਰ ਸੁਖਦੇਵ ਸਿੰਘ ਢੀਂਡਸਾ ਦਾ ਜਨਮ ਸੰਗਰੂਰ ਜਿਲ੍ਹੇ ਦੇ ਪਿੰਡ ਉਭਾਵਾਲ ਵਿਖੇ ਇਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਸ੍ਰ ਰਤਨ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ 9 ਅਪ੍ਰੈਲ 1936 ਨੂੰ ਹੋਇਆ ਸੀ। ਆਪ ਨੇ ਮੁੱਢਲੀ ਸਿੱਖਿਆ ਗੁਰੂ ਨਾਨਕ ਹਾਈ ਸਕੂਲ ਸੰਗਰੂਰ ਅਤੇ ਬੀ ਏ ਦੀ ਡਿਗਰੀ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਉਭਾ ਪਿੰਡ ਦੇ ਕਾਲਜ ਵਿੱਚ ਦਾਖਲਾ ਲੈਣ ਵਾਲੇ ਆਪ ਪਹਿਲੇ ਵਿਦਿਆਰਥੀ ਸਨ। ਕਾਲਜ ਦੀ ਪੜ੍ਹਾਈ ਦੌਰਾਨ ਹੀ ਆਪ ਨੇ ਸਿਆਸਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤੇ ਆਪ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਹੇ। ਬੀ ਏ ਕਰਨ ਤੋਂ ਬਾਅਦ ਥੋੜ੍ਹੀ ਦੇਰ ਲਈ ਇਸੇ ਕਾਲਜ ਦੀ ਲਾਇਬਰੇਰੀ ਵਿੱਚ ਕੰਮ ਕੀਤਾ। ਆਪ ਦਾ ਵਿਆਹ 1962 ਵਿੱਚ ਸ੍ਰੀਮਤੀ ਹਰਜੀਤ ਕੌਰ ਨਾਲ ਹੋ ਗਿਆ। ਆਪ ਦੇ ਇੱਕ ਲੜਕਾ ਪ੍ਰਮਿੰਦਰ ਸਿੰਘ ਅਤੇ ਦੋ ਲੜਕੀਆਂ ਹਨ। ਆਪ ਦਾ ਲੜਕਾ ਪ੍ਰਮਿੰਦਰ ਸਿੰਘ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿਤ ਮੰਤਰੀ ਰਿਹਾ ਹੈ ਅਤੇ ਹੁਣ ਸੰਗਰੂਰ ਜਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਨਕਾਰ ਹੈ। ਆਪਦਾ ਇਕ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਆਈ ਏ ਐਸ ਅਧਿਕਾਰੀ ਸੇਵਾ ਮੁਕਤ ਹੋਇਆ ਹੈ। ਸਿਆਸਤ ਦੀ ਪਹਿਲੀ ਪੌੜੀ ਆਪ ਨੇ ਪਿੰਡ ਉਭਾਵਾਲ ਦੇ 1962 ਵਿੱਚ ਸਰਪੰਚ ਬਣਕੇ ਸਰ ਕੀਤੀ। ਇਸ ਤੋਂ ਬਾਅਦ ਬਾਕਾਇਦਾ ਆਪ ਦਾ ਸਿਆਸੀ ਕੈਰੀਅਰ ਸ਼ੁਰੂ ਹੋ ਗਿਆ। ਆਪ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਹਨ। ਪਹਿਲੀ ਵਾਰ 1972 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇ ਅਤੇ ਐਮ ਐਲ ਏ ਬਣ ਗਏ। ਇਸ ਤੋਂ ਬਾਦ ਆਪ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿੱਚ ਚੋਣ ਲੜੇ ਅਤੇ ਐਮ ਐਲ ਏ ਬਣ ਗਏ। ਆਪ ਨੂੰ 1973 ਵਿੱਚ ਸ਼ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ ਕਿਉਂਕਿ ਆਪ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਦੁਖ ਸੁਖ ਦੇ ਸਾਥੀ ਰਹੇ ਹਨ। ਆਪ 1977 ਤੋਂ 80 ਤੱਕ ਪੰਜਾਬ ਮੰਤਰੀ ਮੰਡਲ ਵਿੱਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਅਕਾਲੀ ਦਲ ਦੀ ਸਿਆਸਤ ਵਿਚ ਕਈ ਵਾਰ ਉਤਰਾਅ ਚੜ੍ਹਾਅ ਆਏ, ਜਿਸ ਕਰਕੇ ਫਿਰ ਆਪਨੂੰ 1997 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ, ਜਿਸ ਅਹੁਦੇ ਤੇ ਆਪ 1998 ਤੱਕ ਰਹੇ। 1998 ਵਿੱਚ ਹੀ ਆਪ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਆਪ 1999 ਤੋਂ 2004 ਤੱਕ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਆਪਨੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ। ਆਪ ਨੂੰ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਹੈ ਅਤੇ ਆਪ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਹਨ, ਜਿਹਨਾਂ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਪੰਜਾਬ ਬਾਕਸਿੰਗ ਅਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ। ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਹਲੀਮੀ ਦਾ ਪੁਜਾਰੀ ਹੋਣ ਕਰਕੇ ਸਤਿਕਾਰ ਦਿੰਦੇ ਹਨ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਆਪ ਨੂੰ ਖੇਡ ਸੰਸਥਾਵਾਂ ਦੇ ਮੁੱਖੀ ਚੁਣਿਆਂ ਜਾਂਦਾ ਰਿਹਾ ਹੈ। ਆਪ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਸਰਪ੍ਰਸਤੀ ਦਿੱਤੀ। 2014 ਦੀ ਲੋਕ ਸਭਾ ਚੋਣ ਵਿਚ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਪ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਇਤਨੇ ਸੀਨੀਅਰ ਮੈਂਬਰ ਨੂੰ ਅਕਾਲੀ ਦਲ ਨੇ ਅਣਡਿਠ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਸਕੱਤਰ ਜਨਰਲ ਹੁੰਦੇ ਹੋਏ ਆਪਨੇ ਕਈ ਮਹੱਤਵਪੂਰਨ ਫ਼ੈਸਲਿਆਂ ਤੇ ਪਾਰਟੀ ਦੀਆਂ ਮੀਟਿੰਗਾਂ ਵਿਚ ਕਿੰਤੂ ਪ੍ਰੰਤੂ ਵੀ ਕੀਤਾ ਪ੍ਰੰਤੂ ਆਪਦੀ ਇਕ ਵੀ ਨਹੀਂ ਸੁਣੀ ਗਈ। ਬਰਗਾੜੀ ਕਾਂਢ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਜਦੋਂ ਇਹ ਸਾਫ ਹੋ ਗਿਆ ਕਿ ਇਸ ਕਾਂਢ ਵਿਚ ਸਰਕਾਰ ਦੀ ਅਣਗਹਿਲੀ ਹੋਈ ਹੈ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਸੱਟ ਵੱਜੀ ਹੈ ਤਾਂ ਆਪਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਵਡੇਰੀ ਉਮਰ ਦਾ ਬਹਾਨਾ ਬਣਾਕੇ ਅਸਤੀਫਾ ਦੇ ਦਿੱਤਾ। ਅਕਾਲੀ ਦਲ ਨੂੰ ਬਚਾਉਣ ਲਈ ਪਾਰਟੀ ਦੇ ਪ੍ਰਧਾਨ ਦੀ ਕਾਰਗੁਜ਼ਾਰੀ ਤੇ ਵੀ ਕਿੰਤੂ ਪ੍ਰੰਤੂ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਬਰਗਾੜੀ ਕਾਂਢ ਵਿਚ ਉਦੋਂ ਦੀ ਸਰਕਾਰ ਅਤੇ ਪਾਰਟੀ ਦੀ ਅਣਗਹਿਲੀ ਦੇ ਇਲਜ਼ਾਮ ਲਗਾਕੇ ਅਕਾਲੀ ਦਲ ਦੇ ਸੀਨੀਅਰ ਮਾਝੇ ਦੇ ਨੇਤਾਵਾਂ ਨੇ ਅਸਤੀਫੇ ਦਿੱਤੇ ਸਨ। ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੋਫ਼ਾੜ ਹੋ ਗਿਆ ਹੈ। ਤਾਜਾ ਘਟਨਾਕਰਮ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਦੀ ਬਿਹਤਰੀ ਅਤੇ ਹੋਂਦ ਕਾਇਮ ਰੱਖਣ ਲਈ ਆਪਣੇ ਅਹੁਦੇ ਤੋਂ ਲਾਂਭੇ ਹੋਣ ਦਾ ਬਿਆਨ ਦੇ ਕੇ ਇਕ ਵਾਰ ਫਿਰ ਅਕਾਲੀ ਦਲ ਵਿਚ ਬਗਾਬਤ ਦਾ ਰਾਹ ਸਾਫ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਭੂਸ਼ਣ ਦਾ ਪੁਰਸਕਾਰ ਦੇਣਾ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖ ਜਗਤ ਲਈ ਮਾਣ ਦੀ ਗੱਲ ਹੈ। ਹੁਣ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
30 Jan. 2019
ਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ? - ਉਜਾਗਰ ਸਿੰਘ
ਅਨੇਕਾਂ ਅੰਦੋਲਨਾਂ, ਧਰਨਿਆਂ, ਮੁਜ਼ਾਹਰਿਆਂ, ਜਦੋਜਹਿਦਾਂ ਅਤੇ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਖਾਲੀ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਚਾਬੀਆਂ, ਜੈਤੋ ਅਤੇ ਗੁਰੂ ਕੇ ਬਾਗ ਦਾ ਮੋਰਚਾ ਲਗਾਉਣਾ ਪਿਆ। ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਗੁਰਦਵਾਰਿਆਂ ਦੇ ਪ੍ਰਬੰਧਾਂ ਬਾਰੇ ਵੀ ਜਦੋਜਹਿਦ ਕਰਨੀ ਪਈ ਤਾਂ ਕਿਤੇ ਜਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਥਕ ਸੰਸਥਾਵਾਂ ਜਿਹੜੀਆਂ ਸਿੱਖਾਂ ਦੇ ਹਿੱਤਾਂ ਅਤੇ ਸਿੱਖ ਪਰੰਪਰਾਵਾਂ ਨੂੰ ਅਮਲੀ ਰੂਪ ਦੇਣ ਵਿਚ ਸਹਾਈ ਹੁੰਦੀਆਂ ਹੋਣ ਹੋਂਦ ਵਿਚ ਆਈਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਦਾਗ਼ ਸਰਵੋਤਮ ਸਿੱਖ ਬਣਦੇ ਰਹੇ। 1920 ਵਿਚ ਅਕਾਲੀ ਦਲ ਬਣਿਆਂ ਹੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਸੀ। ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਅਕਾਲੀ ਦਲ ਦਾ ਕੰਮ ਸਿਆਸੀ ਹੋ ਗਿਆ। ਅਕਾਲੀ ਦਲ ਦੋ ਵਾਰ 1947 ਅਤੇ 1957 ਵਿਚ ਚੋਣਾਂ ਲੜਨ ਲਈ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਪਰਕਾਸ਼ ਸਿੰਘ ਬਾਦਲ 1957 ਵਿਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਦੇ ਟਿਕਟ ਤੇ ਲੜਿਆ ਸੀ। ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਹੁੰਦਿਆਂ ਤੱਕ ਅਕਾਲੀ ਦਲ ਨੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ। ਸਿਆਸੀ ਦਖ਼ਅੰਦਾਜ਼ੀ ਨਾ ਹੋਣ ਕਰਕੇ ਆਲ੍ਹਾ ਦਰਜੇ ਦੇ ਗੁਰਮੁਖ ਤਖ਼ਤਾਂ ਦੇ ਜਥੇਦਾਰ ਬਣਦੇ ਰਹੇ। ਆਜ਼ਾਦੀ ਤੋਂ ਪਹਿਲਾਂ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖ਼ਤ ਉਪਰ ਬੁਲਾਕੇ ਸਜਾ ਦਿੱਤੀ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਸਾਰ ਦੇ ਸਿੱਖ ਆਪਣੀ ਪਾਰਲੀਮੈਂਟ ਕਹਿਣ ਤੇ ਫ਼ਖ਼ਰ ਮਹਿਸੂਸ ਕਰਦੇ ਹਨ। ਕਈ ਵਾਰੀ ਸਾਡੀਆਂ ਪੰਥਕ ਸੰਸਥਾਵਾਂ ਦੇ ਮੁਖੀਆਂ ਦੀ ਤੁਲਨਾ ਪੋਪ ਨਾਲ ਵੀ ਕੀਤੀ ਜਾਂਦੀ ਹੈ। ਪ੍ਰੰਤੂ ਅਸੀਂ ਕਦੀਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ ਕਿ ਕੀ ਅਸੀਂ ਪੋਪ ਦੇ ਅਹੁਦੇ ਵਰਗੀ ਨੈਤਿਕਤਾ ਕਾਇਮ ਰੱਖਦੇ ਹਾਂ? ਸਿੱਖਾਂ ਦੀ ਪਾਰਲੀਮੈਂਟ ਦਾ ਕੰਮ ਧਾਰਮਿਕ ਮਸਲਿਆਂ ਅਤੇ ਫ਼ੈਸਲਿਆਂ ਉਪਰ ਵਿਚਾਰ ਵਟਾਂਦਰਾ ਅਰਥਾਤ ਸੰਬਾਦ ਕਰਕੇ ਆਪਸੀ ਸਹਿਮਤੀ ਨਾਲ ਫ਼ੈਸਲੇ ਕਰਨਾ ਹੁੰਦਾ ਹੈ। ਪ੍ਰੰਤੂ 1967 ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿਆਸਤ ਦੀ ਦਖ਼ਅੰਦਾਜ਼ੀ ਹੋਈ ਹੈ, ਉਦੋਂ ਤੋਂ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਕੁਦਰਤੀ ਹੈ ਜਦੋਂ ਕਿਸੇ ਵੀ ਖੇਤਰ ਵਿਚ ਸਿਆਸੀ ਦਖ਼ਲਅੰਦਾਜ਼ੀ ਹੋ ਜਾਵੇ ਤਾਂ ਕਾਬਲੀਅਤ ਦੀ ਮੈਰਿਟ ਖ਼ਤਮ ਹੋ ਜਾਂਦੀ ਹੈ। ਇਸ ਕਰਕੇ ਸ਼ਰੋਮਣੀ ਪ੍ਰਬੰਧਕ ਕਮੇਟੀ ਇੱਕ ਕਿਸਮ ਨਾਲ ਅਕਾਲੀ ਦਲ ਦੀ ਹੱਥਠੋਕਾ ਬਣ ਗਈ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੰਮ ਵਿਚ ਵੀ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। ਜਥੇਦਾਰਾਂ ਨੂੰ ਸਿਆਸੀ ਲੋਕ ਆਪਣੇ ਕੋਲ ਬੁਲਾਕੇ ਹੁਕਮ ਦਿੰਦੇ ਹਨ, ਜਿਸ ਨਾਲ ਤਖ਼ਤਾਂ ਦੀ ਮਾਣ ਮਰਿਆਦਾ ਉਪਰ ਪ੍ਰਭਾਵ ਪੈਣ ਲੱਗ ਪਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ, ਉਹ ਸਾਲ ਵਿਚ ਦੋ ਵਾਰੀ ਇਕੱਠੀ ਹੁੰਦੀ ਹੈ। ਇਕ ਵਾਰ ਨਵੰਬਰ ਮਹੀਨੇ ਵਿਚ ਨਵਾਂ ਪ੍ਰਧਾਨ ਅਤੇ ਕਾਰਜਕਾਰਨੀ ਚੁਣਨ ਲਈ। ਦੂਜੀ ਵਾਰ ਬਜਟ ਪਾਸ ਕਰਨ ਲਈ। ਚੋਣ ਦੀ ਪ੍ਰਣਾਲੀ ਵੀ ਅਜ਼ੀਬ ਕਿਸਮ ਦੀ ਅਤੇ ਇਕ ਪਾਸੜ ਹੈ। ਚੋਣ ਵਿਚ ਕੋਈ ਕਿਸੇ ਮੈਂਬਰ ਦੀ ਪੁਛ ਪ੍ਰਤੀਤ ਨਹੀਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਕੋਈ ਵੁਕਤ ਨਹੀਂ। ਅਕਾਲੀ ਦਲ ਦਾ ਪ੍ਰਧਾਨ ਅਹੁਦੇਦਾਰਾਂ ਦੀਆਂ ਪਰਚੀਆਂ ਲਿਖ ਦਿੰਦਾ ਹੈ। ਮੈਂਬਰ ਜੈਕਾਰੇ ਛੱਡ ਕੇ ਚੋਣ ਕਰ ਲੈਂਦੇ ਹਨ। ਧਾਰਮਿਕ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਹੋ ਰਹੀ ਹੁੰਦੀ ਹੈ, ਇਹ ਕੋਈ ਸਿਆਸੀ ਅਖਾੜਾ ਨਹੀਂ, ਜਿਥੇ ਰਾਜਨੀਤੀ ਚਲੇ। ਸ਼ਰੋਮਣੀ ਕਮੇਟੀ ਦੀ ਚੋਣ ਵਿਚ ਸਿਆਸਤ ਛਾਈ ਰਹਿੰਦੀ ਹੈ। ਕਿਸੇ ਧਾਰਮਿਕ ਮਸਲੇ ਤੇ ਵਿਚਾਰ ਚਰਚਾ ਨਹੀਂ ਹੁੰਦੀ, ਇਹ ਕਿਹੋ ਜਹੀ ਸਿੱਖਾਂ ਦੀ ਪਾਰਲੀਮੈਂਟ ਹੈ, ਜਿਹੜੀ ਸਿੱਖ ਮਸਲਿਆਂ ਤੇ ਚਰਚਾ ਹੀ ਨਹੀਂ ਕਰਦੀ। । ਜਨਰਲ ਹਾਊਸ ਦੀ ਮੀਟਿੰਗ ਹਰ ਭਖਦੇ ਮਸਲੇ ਤੇ ਹੋਣੀ ਚਾਹੀਦੀ ਹੈ। ਫਿਰ ਕੋਈ ਭਰਮ ਭੁਲੇਖਾ ਨਹੀਂ ਰਹੇਗਾ। ਫੈਸਲੇ ਵੀ ਸਹੀ ਹੋਣਗੇ। ਹੁਣ ਤਾਂ ਡਿਕਟੇਟਰਸ਼ਿਪ ਵਾਲੀ ਗੱਲ ਹੈ। ਪਰਜਾਤੰਤਰਿਕ ਢਾਂਚਾ ਖ਼ਤਮ ਹੋ ਚੁੱਕਾ ਹੈ। ਇਸ ਕਰਕੇ ਹੀ ਧਰਮ ਖ਼ਤਰੇ ਵਿਚ ਹੈ। ਦੂਜੀ ਵਾਰ 1000 ਕਰੋੜ ਰੁਪਏ ਤੋਂ ਉਪਰ ਦਾ ਬਜਟ ਪਾਸ ਕਰਨ ਲਈ ਇਜਲਾਸ ਹੁੰਦਾ ਹੈ। ਉਹ ਵੀ ਬਿਨਾ ਬਹਿਸ ਪਾਸ ਕਰ ਦਿੱਤਾ ਜਾਂਦਾ ਹੈ। ਇਹ ਕਿਹੋ ਜਹੀ ਪਾਰਲੀਮੈਂਟ ਹੈ ਜਿਸ ਵਿਚ ਕੋਈ ਸਵਾਲ ਜਵਾਬ ਨਹੀਂ। ਕਿਸੇ ਮਦ ਤੇ ਬਹਿਸ ਨਹੀਂ। ਜੋ ਰੂਲਿੰਗ ਗਰੁਪ ਚਾਹੇ ਉਹੀ ਹੋ ਜਾਂਦਾ ਹੈ। ਸਿੱਖ ਧਰਮ ਦੇ ਵਾਰਸੋ ਭਲੇ ਮਾਣਸ ਗੁਰਮੁਖੋ ਸਿੱਖ ਧਰਮ ਵਿਚ ਗਿਰਾਵਟ ਦੇ ਬੱਦਲ ਛਾਏ ਹੋਏ ਹਨ, ਤੁਸੀਂ ਜੈਕਾਰੇ ਛੱਡ ਕੇ ਚੋਣ ਕਰਕੇ ਅਤੇ ਬਜਟ ਪਾਸ ਕਰਕੇ ਉਠ ਜਾਂਦੇ ਹੋ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਿਆਂ ਦੀ ਪ੍ਰਫੁਲਤਾ, ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਵਿਚ ਗੁਰੂ ਸਾਹਿਬਾਨ ਬਾਰੇ ਲਿਖੀ ਗਈ ਗ਼ਲਤ ਸ਼ਬਦਾਵਲੀ, ਸਿਖਿਆ ਪ੍ਰਣਾਲੀ ਤਹਿਸ ਨਹਿਸ ਹੋਈ ਪਈ ਹੈ, ਬੇਰੋਜ਼ਗਾਰੀ, ਨਸ਼ੇ, ਨੌਜਵਾਨ ਕਿਰਤ ਕਰਨ ਤੋਂ ਮੁਨਕਰ ਹੋ ਰਹੇ ਹਨ, ਸਿੱਖ ਜਵਾਨੀ ਪਰਵਾਸ ਵਿਚ ਜਾ ਰਹੀ ਹੈ ਅਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਰਗੇ ਦੇ ਵੱਡੇ ਮਸਲੇ ਹਨ। ਸਿੱਖਾਂ ਦੀ ਨੌਜਵਾਨ ਪਨੀਰੀ ਪਤਿਤ ਹੋ ਰਹੀ ਹੈ। ਸਿੱਖਾਂ ਦੀ ਪਾਰਲੀਮੈਂਟ ਦਾ ਇਜਲਾਸ ਹੁੰਦਾ ਹੈ। ਇਨ੍ਹਾਂ ਮਸਲਿਆਂ ਬਾਰੇ ਇਕ ਸ਼ਬਦ ਵੀ ਬੋਲਿਆ ਨਹੀਂ ਜਾਂਦਾ। ਭਖਦੇ ਮਸਲਿਆਂ ਅਤੇ ਸਿੱਖ ਵਿਚਾਰਧਾਰਾ ਨੂੰ ਅਣਡਿਠ ਕਰਨ ਦਾ ਨਤੀਜਾ ਸਿੱਖ ਜਗਤ ਭੁਗਤ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸੰਬਾਦ ਵਿਚ ਵਿਸ਼ਵਾਸ਼ ਰੱਖਦੇ ਸਨ। ਤੁਸੀਂ ਗੁਰੂ ਦੇ ਪਰਣਾਏ ਸਿੱਖ ਭਰਾਵੋ ਅਤੇ ਭੈਣੋ ਗੁਰੂ ਦੀ ਸਿਖਿਆ ਤੇ ਹੀ ਅਮਲ ਕਰ ਲਵੋ। ਜੇਕਰ ਤੁਹਾਡੀ ਇਕ ਮੈਂਬਰ ਬੀਬੀ ਕਿਰਨਜੀਤ ਕੌਰ ਜਿਸਦੀ ਵਿਰਾਸਤ ਹੀ ਸਿੱਖ ਵਿਚਾਰਧਾਰਾ 'ਤੇ ਅਧਾਰਤ ਹੈ, ਉਹ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ, ਤੁਸੀਂ ਉਸਨੂੰ ਬੋਲਣ ਹੀ ਨਹੀਂ ਦਿੱਤਾ। ਏਥੇ ਹੀ ਬਸ ਨਹੀਂ, ਉਸਤੋਂ ਮਾਇਕ ਹੀ ਖੋਹ ਲਿਆ। ਸੁਣ ਤਾਂ ਲਓ ਉਹ ਕੀ ਕਹਿਣਾ ਚਾਹੁੰਦੇ ਹਨ। ਫ਼ੈਸਲਾ ਬਹੁਮਤ ਨੇ ਕਰਨਾ ਹੁੰਦਾ ਹੈ। ਉਨ੍ਹਾਂ ਨੇ ਤਾਂ ਜਿਹੜਾ ਫ਼ੈਸਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਸਿੱਖ ਵਿਦਵਾਨ ਇਤਿਹਾਸਕਾਰ ਡਾ ਕਿਰਪਾਲ ਸਿੰਘ ਨੂੰ ਸ਼ਰੋਮਣੀ ਕਮੇਟੀ ਦੇ ਕੰਮ ਤੋਂ ਹਟਾਉਣ ਬਾਰੇ ਕੀਤਾ ਸੀ, ਉਸਤੇ ਨਜ਼ਰਸਾਨੀ ਕਰਨ ਲਈ ਬੇਨਤੀ ਕਰਨੀ ਸੀ। ਸ਼ਰੋਮਣੀ ਕਮੇਟੀ ਨੇ ਖ਼ੁਦ ਡਾ ਕਿਰਪਾਲ ਸਿੰਘ ਨੂੰ ਅਕਾਲ ਤਖ਼ਤ ਤੋਂ ਪ੍ਰੋਫੈਸਰ ਆਫ ਸਿਖਿਜ਼ਮ ਦਾ ਖ਼ਿਤਾਬ ਦਿੱਤਾ ਸੀ। ਉਸਨੂੰ ਹੀ ਤੁਸੀਂ ਲਾਂਭੇ ਕਰ ਦਿੱਤਾ। ਕਿਸੇ ਵੀ ਫੈਸਲੇ ਤੋਂ ਪਹਿਲਾਂ ਵਿਚਾਰ ਕਰਨਾ ਅਤੇ ਡਾ ਕਿਰਪਾਲ ਸਿੰਘ ਦਾ ਪੱਖ ਸੁਣਨਾ ਬਣਦਾ ਸੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਾਇਦਾਦ ਹੈ। ਇਹ ਕੋਈ ਨਿੱਜੀ ਸੰਸਥਾ ਨਹੀਂ। ਕਿਰਪਾ ਕਰਕੇ ਸਿੱਖੀ ਨੂੰ ਫੈਲਾਉਣ ਦੀ ਥਾਂ ਸੰਕੋੜਨ ਤੋਂ ਸੰਕਚ ਕਰੋ। ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮੁਆਫ ਨਹੀਂ ਕਰਨਗੀਆਂ। ਇਤਿਹਾਸ ਨੂੰ ਵਿਗਾੜਨ ਤੋਂ ਪਰਹੇਜ ਕਰੋ। ਸ਼ਰੋਮਣੀ ਕਮੇਟੀ ਦਾ ਇਜਲਾਸ ਹੋ ਰਿਹਾ ਜਾਂ ਭਲਵਾਨੀ ਹੋ ਰਹੀ ਹੈ। ਅੱਧੇ ਘੰਟੇ ਵਿਚ ਸਿੱਖਾਂ ਦੀ ਪਾਰਲੀਮੈਂਟ ਅਹੁਦਿਆਂ ਦੀ ਚੋਣ ਕਰਕੇ ਚਲਦੀ ਬਣਦੀ ਹੈ। ਆਪਣੇ ਅੰਦਰ ਝਾਤੀ ਮਾਰੋ ਸਿੱਖ ਜਗਤ ਕਿਧਰ ਨੂੰ ਜਾ ਰਿਹਾ ਹੈ। ਇਹ ਸਾਰਾ ਕੁਝ ਟੀ ਵੀ ਚੈਨਲਾਂ ਤੇ ਲਾਈਵ ਟੈਲੀਕਾਸਟ ਹੋ ਰਿਹਾ ਹੈ। ਸਿੱਖਾਂ ਦਾ ਅਕਸ ਬਣਾਉਣ ਦੀ ਥਾਂ ਵਿਗਾੜਿਆ ਦਰਸਾਇਆ ਜਾ ਰਿਹਾ ਹੈ। ਸਿੱਖ ਸੰਸਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇਸਤਰੀ ਜਾਤੀ ਦੀ ਗੁਰਬਾਣੀ ਵਿਚ ਪ੍ਰਸੰਸਾ ਕਰਦੇ ਹਨ। ਤੁਸੀਂ ਸੰਸਾਰ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਸਿੱਖ ਧਰਮ ਦੇ ਅਨੁਆਈ ਇਸਤਰੀਆਂ ਦੇ ਵਿਰੋਧੀ ਹਨ? ਇੱਕ ਸਿੱਖ ਹੋਣ ਦੇ ਨਾਤੇ ਬੜਾ ਦੁੱਖ ਹੋਇਆ ਕਿ ਸਾਡੀ ਪਾਰਲੀਮੈਂਟ ਦਾ ਜੇ ਇਹ ਹਾਲ ਹੈ ਤਾਂ ਪਰਜਾ ਦਾ ਕੀ ਹਾਲ ਹੋਵੇਗਾ। ਸਿੱਖ ਨੌਜਵਾਨੀ ਤੁਹਾਡੇ ਕੋਲੋਂ ਕੀ ਪ੍ਰੇਰਨਾ ਲਵੇਗੀ? ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਰਥ ਤਨਖਾਹਾਂ ਬੋਝਿਆਂ ਵਿਚ ਪਾਉਣਾ ਹੀ ਨਹੀਂ ਧਰਮ ਪ੍ਰਚਾਰ ਕਰਨਾ ਵੀ ਹੈ। ਕਦੀਂ ਸਿੱਖ ਪਾਰਲੀਮੈਂਟ ਨੇ ਵਿਚਾਰ ਚਰਚਾ ਕੀਤੀ ਹੈ ਕਿ ਸਾਡੇ ਨੌਜਵਾਨ ਸਿੱਖੀ ਤੋਂ ਮੁਨਕਰ ਹੋਕੇ ਪਤਿਤ ਕਿਉਂ ਹੋ ਰਹੇ ਹਨ? ਏਥੇ ਹੀ ਬਸ ਨਹੀਂ ਸਾਡੀ ਨੌਜਵਾਨੀ ਪਰਵਾਸ ਕਰ ਰਹੀ ਹੈ। ਅਸੀਂ ਆਪਣੀ ਵਿਦਿਅਕ ਪ੍ਰਣਾਲੀ ਵਿਚ ਸੋਧ ਨਹੀਂ ਕਰ ਰਹੇ। ਰੋਜ਼ਗਾਰ ਨਹੀਂ ਦੇ ਰਹੇ, ਜਿਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਹੇ ਹਨ। ਏਅਰਪੋਰਟ ਤੇ ਉਤਰਦਿਆਂ ਹੀ ਪਤਿਤ ਹੋ ਜਾਂਦੇ ਹਨ। ਸ਼ਰੋਮਣੀ ਕਮੇਟੀ ਕੀ ਆਪਣੀ ਨੌਜਵਾਨੀ ਨੂੰ ਅਣਡਿਠ ਕਰ ਰਹੀ ਹੈ? ਪਿਛਲੇ ਲੰਮੇ ਸਮੇਂ ਤੋਂ ਕੋਈ ਸਿੱਖ ਆਈ ਏ ਐਸ ਅਤੇ ਆਈ ਪੀ ਐਸ ਚੁਣਿਆਂ ਨਹੀਂ ਗਿਆ। ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੌਜਵਾਨਾ ਲਈ ਕੋਚਿੰਗ ਦਾ ਪ੍ਰਬੰਧ ਨਹੀਂ ਕਰ ਸਕਦੀ? ਗੁਰੂ ਘਰਾਂ ਵਿਚ ਮਾਰਬਲ ਲਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਡੇਰਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੇਕਰ ਸਾਡਾ ਪ੍ਰਚਾਰ ਸਹੀ ਹੋਵੇਗਾ ਤਾਂ ਡੇਰੇ ਨਹੀ ਬਣਨਗੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋ ਰਹੀ ਹੈ। ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਜੇਰਾ ਕਰਨਾ ਪਵੇਗਾ ਤਾਂ ਹੀ ਸਾਡੀ ਕੌਮ ਸਿੱਧੇ ਰਸਤੇ ਤੇ ਆ ਸਕੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
17 Jan. 2019
ਸੱਜਣ ਕੁਮਾਰ ਨੂੰ ਸਜਾ ਦਿਵਾਉਣ ਵਿਚ ਭਾਰਤੀ ਜਨਤਾ ਪਾਰਟੀ ਦਾ ਕੋਈ ਯੋਗਦਾਨ ਨਹੀਂ - ਉਜਾਗਰ ਸਿੰਘ
ਸਿਆਸਤਦਾਨ ਭੈਣੋ ਤੇ ਭਰਾਵੋ ਪ੍ਰਭਾਵਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, 34 ਸਾਲ ਉਨ੍ਹਾਂ ਦੇ ਜ਼ਖ਼ਮਾਂ ਵਿਚੋਂ ਖ਼ੂਨ ਰਿਸਦਾ ਰਿਹਾ ਹੈ, ਉਦੋਂ ਤੁਸੀਂ ਕੋਈ ਸਾਰ ਨਹੀਂ ਪੁੱਛੀ। ਸਿਰਫ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਦੇ ਅਤੇ ਆਪਣੀਆਂ ਸਿਆਸੀ ਕੁਰਸੀਆਂ ਦਾ ਆਨੰਦ ਮਾਣਦੇ ਰਹੇ ਹੋ। ਹੁਣ ਜਦੋਂ ਮਾੜਾ ਮੋਟਾ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ ਤਾਂ ਤੁਸੀਂ ਖੰਭ ਖਿਲਾਰਕੇ ਮਗਰਮੱਛ ਦੇ ਹੰਝੂ ਵਹਾ ਰਹੇ ਹੋ ਅਤੇ ਫਿਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਗਏ ਹੋ। ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹਨ। 1984 ਦੇ ਕਤਲੇਆਮ ਤੋਂ ਪ੍ਰਭਾਵਤ ਪਰਿਵਾਰਾਂ ਤੇ ਰਹਿਮ ਕਰੋ। ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਬਾਦਲ ਅਤੇ ਖਾਸ ਤੌਰ ਸਿੱਖ ਸਿਆਸਤਦਾਨ 1984 ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਦੌੜ ਵਿਚ ਲੱਗੇ ਹੋਏ ਹਨ। ਹੁਣ ਤੱਕ ਇਹ ਸਜਾ ਦਿਵਾਉਣ ਵਿਚ ਦੇਰੀ ਵੀ ਸਿਆਸਤਦਾਨਾ ਦੀਆਂ ਕੋਝੀਆਂ ਹਰਕਤਾਂ ਕਰਕੇ ਹੀ ਹੋਈ ਸੀ, ਜਿਨ੍ਹਾਂ ਵਿਚ ਸਿੱਖ ਸਿਆਸਤਦਾਨ ਵੀ ਸ਼ਾਮਲ ਸਨ। ਸਿਆਸੀ ਪਾਰਟੀਆਂ ਵਿਚੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਜਨਤਾ ਪਾਰਟੀ, ਸੱਜਣ ਕੁਮਾਰ ਨੂੰ ਹੋਈ ਸਜਾ ਦਾ ਸਿਹਰਾ ਆਪਣੇ ਸਿਰ ਆਪ ਹੀ ਬੰਨ੍ਹੀ ਜਾ ਰਹੀਆਂ ਹਨ। ਆਪਣੇ ਮੂੰਹ ਮੀਆਂ ਮਿੱਠੂ ਬਣ ਰਹੀਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਕੋ ਤੱਕੜੀ ਦੇ ਚੱਟੇ ਵੱਟੇ ਹਨ। ਇਕ ਕਿਸਮ ਨਾਲ ਇਕ ਸਿੱਕੇ ਦੇ ਦੋਵੇਂ ਪਾਸੇ ਹਨ। ਇਹ ਪਾਰਟੀਆਂ 34 ਸਾਲ ਸਜਾ ਕਿਉਂ ਨਹੀਂ ਦਿਵਾ ਸਕੀਆਂ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਸਰਕਾਰਾਂ ਬਣਾਉਂਦੀਆਂ ਰਹੀਆਂ ਹਨ। ਸਵਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸਭ ਤੋਂ ਸਿਆਣਾ ਅਤੇ ਸੁਲਝਿਆ ਹੋਇਆ ਸਿਆਸਤਦਾਨ ਮੰਨਿਆਂ ਜਾਂਦਾ ਰਿਹਾ ਹੈ, ਉਸਦੀ ਅਗਵਾਈ ਵਿਚ ਵੀ ਕੇਂਦਰ ਵਿਚ ਸਰਕਾਰ ਬਣੀ ਰਹੀ। ਉਦੋਂ ਕਿਉਂ ਨਹੀਂ ਕੁਝ ਕਰ ਸਕੇ? ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਇਹ ਸ਼ਰਮਨਾਕ ਘਟਨਾਵਾਂ ਹੋਈਆਂ। ਇਸ ਕਰਕੇ ਉਨ੍ਹਾਂ ਕਾਂਗਰਸੀਆਂ ਨੂੰ ਕਿਸੇ ਕੀਮਤ ਤੇ ਵੀ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਇਹ ਘਿਨਾਉਣੀਆਂ ਹਰਕਤਾਂ ਕੀਤੀਆਂ ਸਨ। ਪ੍ਰੰਤੂ ਇਕ ਗੱਲ ਧਿਆਨ ਨਾਲ ਸੋਚਣੀ ਹੋਵੇਗੀ ਕਿ ਹਰ ਸਿਆਸੀ ਪਾਰਟੀ ਵਿਚ ਫਿਰਕੂ ਸੋਚ ਵਾਲੇ ਨੇਤਾ ਅਤੇ ਵਰਕਰ ਹੁੰਦੇ ਹਨ। ਇਸੇ ਤਰ੍ਹਾਂ ਕਾਂਗਰਸ ਵਿਚ ਵੀ ਅਜਿਹੀਆਂ ਕਾਲੀਆਂ ਭੇਡਾਂ ਸਨ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਮਿਲਕੇ ਇਹ ਘਿਨਾਉਣੀਆਂ ਕਰਤੂਤਾਂ ਕੀਤੀਆਂ। ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆਂ ਜਾ ਸਕਦਾ। ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਦੋਹਾਂ ਪਾਰਟੀਆਂ ਦੇ ਚੋਣਵੇਂ ਨੇਤਾਵਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਸੀ। ਵੱਡੇ ਨੇਤਾਵਾਂ ਦੇ ਨਾਮ ਸਾਹਮਣੇ ਆ ਗਏ ਖਾਸ ਤੌਰ ਕਾਂਗਰਸ ਪਾਰਟੀ ਦੇ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਕੇਂਦਰ ਵਿਚ ਸਰਕਾਰ ਸੀ। ਤੁਗਲਕ ਰੋਡ ਪੁਲਿਸ ਸਟੇਸ਼ਨ ਵਿਚ ਐਫ ਆਈ ਆਰ ਦਰਜ ਹੈ, ਜਿਸ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਦੇ 22 ਵਰਕਰਾਂ ਦੇ ਨਾਮ ਦਰਜ ਹਨ। ਭਾਰਤੀ ਜਨਤਾ ਪਾਰਟੀ ਕਿਸੇ ਗੱਲੋਂ ਵੀ ਪਿੱਛੇ ਨਹੀਂ ਰਹੀ। ਸ੍ਰੀ ਹਰਿਮੰਦਰ ਸਾਹਿਬ ਉਪਰ ਫ਼ੌਜਾਂ ਦੇ ਹਮਲੇ ਸੰਬੰਧੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਅੰਮ੍ਰਿਤਸਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿਚ ਕਿਹਾ ਸੀ ਕਿ ਦੇਰੀ ਨਾਲ ਕੀਤਾ ਗਿਆ ਇਹ ਹਮਲਾ ਸਹੀ ਹੈ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਪੁਸਤਕ ''ਮਾਈ ਇੰਡੀਆ'' ਵਿਚ ਲਿਖਿਆ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ਹਰਿਮੰਦਰ ਸਾਹਿਬ ਵਿਚ ਫ਼ੌਜਾਂ ਨਹੀਂ ਭੇਜਣਾ ਚਾਹੁੰਦੀ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਇਹ ਕਾਰਵਾਈ ਕੀਤੀ ਗਈ ਸੀ। ਹੁਣ ਕਿਹੜੇ ਮੂੰਹ ਇਹ ਸਜਾ ਦਾ ਸਿਹਰਾ ਆਪ ਲੈ ਰਹੇ ਹਨ। ਇਹ ਦਰੁੱਸਤ ਹੈ ਕਿ ਨਰਿੰਦਰ ਮੋਦੀ ਨੇ ਐਸ ਆਈ ਟੀ 2015 ਵਿਚ ਬਣਾਈ ਸੀ ਪ੍ਰੰਤੂ ਉਸਨੇ ਅਜੇ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ। ਸੱਜਣ ਕੁਮਾਰ ਦਾ ਕੇਸ ਵੱਖਰਾ ਹੈ। ਭਾਵੇਂ ਸੱਜਣ ਕੁਮਾਰ ਉਪਰ ਕੇਸ 2005 ਵਿਚ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ ਸੀ ਪ੍ਰੰਤੂ ਸੱਜਣ ਕੁਮਾਰ ਉਪਰ ਕੇਸ ਚਲਾਉਣ ਦੀ ਪ੍ਰਵਾਨਗੀ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ 30 ਦਸੰਬਰ 2009 ਨੂੰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੀ ਕਾਲ ਅਟੈਨਸ਼ਨ ਮੋਸ਼ਨ ਤੋਂ ਬਾਅਦ ਦਿੱਤੀ ਸੀ। ਇਹ ਜਾਣਕਾਰੀ ਰਾਜ ਸਭਾ ਦੇ ਰਿਕਾਰਡ ਵਿਚ ਦਰਜ ਹੈ। ਸੱਜਣ ਕੁਮਾਰ ਉਪਰ ਪ੍ਰਵਾਨਗੀ ਤੋਂ ਬਾਅਦ ਕਚਹਿਰੀ ਵਿਚ ਚਾਰਜਸ਼ੀਟ 10 ਜਨਵਰੀ 2010 ਵਿਚ ਦਾਖ਼ਲ ਕੀਤੀ ਸੀ। 2013 ਵਿਚ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਸ਼ੈਸ਼ਨਜ਼ ਜੱਜ ਵੱਲੋਂ ਬਰੀ ਕਰਨ ਤੋਂ ਬਾਅਦ ਹਾਈ ਕੋਰਟ ਵਿਚ ਅਪੀਲ ਵੀ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਈ ਸੀ, ਜਿਸ ਤੇ ਹੁਣ ਫੈਸਲਾ ਆਇਆ ਹੈ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾ ਰਹੇ ਹਨ। ਕੁਝ ਦੋਸ਼ੀਆਂ ਨੂੰ 1996 ਵਿਚ 5-5 ਸਾਲ ਦੀ ਸਜਾ ਹੋਈ ਸੀ। 20 ਦਸੰਬਰ ਨੂੰ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਕੇਸ ਵਿਚ ਯਸ਼ਪਾਲ ਨੂੰ ਮੌਤ ਦੀ ਸਜਾ ਅਤੇ ਨਰੇਸ਼ ਸਹਿਵਤ ਨੂੰ ਉਮਰ ਕੈਦ ਹੋਈ ਹੈ। ਰੰਗਾਨਾਥ ਮਿਸ਼ਰ ਕਮਿਸ਼ਨ ਅਤੇ ਜਸਟਿਸ ਜੀ ਟੀ ਨਾਨਾਵਤੀ ਕਮਿਸ਼ਨ ਨੇ ਵੀ ਆਪਣੀਆਂ ਰਿਪੋਰਟਾਂ ਦਿੱਤੀਆਂ ਜਿਨ੍ਹਾਂ ਕਰਕੇ 100 ਦੇ ਲਗਪਗ ਦੋਸ਼ੀਆਂ ਨੂੰ ਸਜਾ ਹੋ ਚੁੱਕੀ ਹੈ। ਕੁਝ ਕੇਸ ਚਲ ਰਹੇ ਹਨ। ਸਿੱਖ ਭਾਵਨਾਤਮਕ ਹਨ, ਥੋੜ੍ਹੇ ਸਮੇਂ ਲਈ ਭਾਵਕ ਹੋ ਜਾਂਦੇ ਹਨ, ਫਿਰ ਸਿਆਸੀ ਤਾਕਤ ਦੇ ਨਸ਼ੇ ਵਿਚ ਸਭ ਕੁਝ ਭੁੱਲ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ ਤੇ ਹਮੇਸ਼ਾ ਜ਼ੁਲਮ ਹੁੰਦੇ ਆਏ ਹਨ ਪ੍ਰੰਤੂ ਸਿੱਖ ਹਰ ਸਮੇਂ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਫਿਰ ਖੜ੍ਹੇ ਹੋ ਜਾਂਦੇ ਹਨ। ਅਜ਼ਾਦ ਭਾਰਤ ਵਿਚ ਸਿੱਖਾਂ ਨਾਲ ਦੋ ਅਜਿਹੀਆਂ ਘ੍ਰਿਣਾਤਮਿਕ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਜਗਤ ਭੁਲਾ ਨਹੀਂ ਸਕਦਾ। ਉਹ ਦੋਵੇਂ ਘਟਨਾਵਾਂ ਸ੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜਾਂ ਦਾ ਹਮਲਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਸਮੁੱਚੇ ਦੇਸ਼ ਵਿਚ ਹੋਈਆਂ ਸਿੱਖ ਵਿਰੋਧੀ ਘਟਨਾਵਾਂ ਜਿਨ੍ਹਾਂ ਵਿਚ 3000 ਤੋਂ 5000 ਤੱਕ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਦੋਹਾਂ ਘਟਨਾਵਾਂ ਦਾ ਇਨਸਾਫ ਸਿੱਖ ਜਗਤ ਨੂੰ ਨਹੀਂ ਮਿਲ ਸਕਿਆ। ਇਕ ਵਿਅਕਤੀ ਸੱਜਣ ਕੁਮਾਰ ਨੂੰ ਉਮਰ ਉਮਰ ਕੈਦ ਹੋਣਾ ਭਾਵੇਂ ਸ਼ੁਭ ਸੰਕੇਤ ਹੈ ਪ੍ਰੰਤੂ ਇਹ ਕੋਈ ਜਸ਼ਨ ਮਨਾਉਣ ਵਾਲੀ ਗੱਲ ਨਹੀਂ। ਅਜੇ ਤਾਂ ਸੱਜਣ ਕੁਮਾਰ ਲਈ ਸੁਪਰੀਮ ਕੋਰਟ ਵਿਚ ਅਪੀਲ ਕਰੇਗਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਕਾਲੀ ਦਲ ਬਾਦਲ ਦੀ ਹੱਥਠੋਕਾ ਬਣੀ ਹੋਈ ਹੈ, ਹੁਣ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਦਾ ਸਨਮਾਨ ਕਰਨ ਦੀ ਗੱਲ ਕਰ ਰਹੀ ਹੈ, ਜਦੋਂ ਹਰਵਿੰਦਰ ਸਿੰਘ ਪਹਿਲਾਂ 2014 ਵਿਚ ਲੋਕ ਸਭਾ ਅਤੇ ਫਿਰ 2017 ਵਿਚ ਵਿਧਾਨ ਸਭਾ ਦੀ ਚੋਣ ਲੜਿਆ ਸੀ, ਉਦੋਂ ਸ਼ਰੋਮਣੀ ਅਕਾਲੀ ਦਲ ਉਸ ਉਪਰ ਅਨੇਕਾਂ ਇਲਜ਼ਾਮ ਲਾ ਰਿਹਾ ਸੀ। ਉਦੋਂ ਅਕਾਲੀ ਹੀ ਨਹੀਂ ਸਾਰੀਆਂ ਪਾਰਟੀਆਂ ਨੂੰ ਫੂਲਕਾ ਨੂੰ ਨਿਰਵਿਰੋਧ ਚੁਣਨਾ ਚਾਹੀਦਾ ਸੀ। ਕੀ ਫੂਲਕਾ ਅਪਮਾਨਤ ਹੈ? ਹਰਵਿੰਦਰ ਸਿੰਘ ਫੂਲਕਾ ਸਨਮਾਨਤ ਵਿਅਕਤੀ ਹੈ, ਉਸਨੂੰ ਸਿੱਖ ਜਗਤ ਨੇ ਸਨਮਾਨ ਦਿੱਤਾ ਹੋਇਆ ਹੈ, ਉਸਨੂੰ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨ ਦੀ ਲੋੜ ਨਹੀਂ। ਅਸਲ ਵਿਚ ਭਾਰਤੀ ਨਿਆਂ ਪ੍ਰਣਾਲੀ ਹੀ ਇਤਨੀ ਲੰਮੀ ਅਤੇ ਗੁੰਝਲਦਾਰ ਹੈ, ਜਿਸ ਰਾਹੀਂ ਇਨਸਾਫ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਹੁਣ ਤੱਕ ਦੋਸ਼ੀਆਂ ਨੂੰ ਸਜਾ ਨਾ ਮਿਲਣ ਦੇ ਬਹੁਤ ਸਾਰੇ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਦੋਂ ਦੇ ਸਿਆਸੀ ਦਖ਼ਲ ਕਾਰਨ ਪੁਲਿਸ ਨੇ ਸਹੀ ਕਾਰਵਾਈ ਨਹੀਂ ਕੀਤੀ। ਦੂਜੇ ਪ੍ਰਭਾਵਤ ਲੋਕਾਂ ਵਿਚ ਡਰ ਪੈਦਾ ਹੋਣ ਕਾਰਨ ਉਹ ਸਾਹਮਣੇ ਨਹੀਂ ਆਏ। ਤੀਜੇ ਪੁਲਿਸ ਨੇ ਸਿਆਸਤਦਾਨਾ ਦੀ ਸ਼ਹਿ ਤੇ ਸਬੂਤ ਨਾ ਰਹਿਣ ਦਿੱਤੇ ਜਿਸ ਕਰਕੇ ਨਿਆਂ ਨਹੀਂ ਮਿਲ ਸਕਿਆ।
ਸੱਜਣ ਕੁਮਾਰ ਸਬੂਤਾਂ ਦੀ ਘਾਟ ਕਰਕੇ ਜਿਲ੍ਹਾ ਸ਼ੈਸ਼ਨਜ਼ ਜੱਜ ਦੀ ਕਚਹਿਰੀ ਵਿਚੋਂ ਬਰੀ ਹੋ ਗਿਆ ਸੀ। ਸੁਪਰੀਮ ਕੋਰਟ ਨੇ ਰਾਜਿੰਦਰ ਸਿੰਘ ਚੀਮਾ ਨੂੰ ਸੀ ਬੀ ਆਈ ਵੱਲੋਂ ਕੇਸ ਲੜਨ ਲਈ ਨਿਯੁਕਤ ਕੀਤਾ ਸੀ। ਹਰਵਿੰਦਰ ਸਿੰਘ ਫੂਲਕਾ ਸਮੇਤ ਹੋਰ ਬਹੁਤ ਸਾਰੇ ਵਕੀਲਾਂ ਨੇ ਵੀ ਇਸ ਕੇਸ ਦੀ ਵਕਾਲਤ ਕੀਤੀ ਹੈ ਪ੍ਰੰਤੂ ਰਾਜਿੰਦਰ ਸਿੰਘ ਚੀਮਾ ਜੋ ਕਿ ਇਸ ਤੋਂ ਪਹਿਲਾਂ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਦਾ ਐਡਵੋਕੇਟ ਜਨਰਲ ਰਿਹਾ ਹੈ ਨੇ ਆਪਣੀ ਬਹਿਸ ਦੌਰਾਨ ਇਹ ਸਾਬਤ ਕਰ ਦਿੱਤਾ ਕਿ ਭਾਵੇਂ ਸੱਜਣ ਕੁਮਾਰ ਮੌਕੇ ਤੇ ਹਾਜ਼ਰ ਸੀ ਜਾਂ ਨਹੀਂ ਪ੍ਰੰਤੂ ਬੀਬੀ ਜਗਦੀਸ਼ ਕੌਰ ਦੇ ਹਲਫਨਾਮੇ ਅਤੇ ਬਿਆਨਾ ਵਿਚ ਉਸਨੇ ਕਿਹਾ ਸੀ ਕਿ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ। ਅਗਵਾਈ ਦਾ ਭਾਵ ਹਜ਼ੂਮ ਨੂੰ ਦਿਸ਼ਾ ਨਿਰਦੇਸ਼ ਦੇਣਾ ਹੁੰਦਾ ਹੈ, ਹਾਜ਼ਰ ਹੋਣਾ ਜ਼ਰੂਰੀ ਨਹੀਂ । ਇਸ ਤੋਂ ਪਹਿਲਾਂ ਸੱਜਣ ਕੁਮਾਰ ਇਸ ਗੱਲ ਕਰਕੇ ਬਰੀ ਹੋਇਆ ਸੀ ਕਿ ਉਹ ਸਰੀਰਕ ਤੌਰ ਤੇ ਮੌਜੂਦ ਨਹੀਂ ਸੀ। ਇਸ ਲਈ ਇਸ ਕੇਸ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਦਿਵਾਉਣ ਵਿਚ ਰਾਜਿੰਦਰ ਸਿੰਘ ਚੀਮਾ ਦਾ ਅਹਿਮ ਯੋਗਦਾਨ ਹੈ। ਰਾਜਿੰਦਰ ਸਿੰਘ ਚੀਮਾ ਖਬਰਾਂ ਵਿਚ ਆਉਣਾ ਪਸੰਦ ਨਹੀਂ ਕਰਦਾ ਅਤੇ ਨਾ ਹੀ ਫੋਕੀ ਸ਼ੁਹਰਤ ਵਿਚ ਯਕੀਨ ਰੱਖਦਾ ਹੈ ਪ੍ਰੰਤੂ ਉਹ ਅਮਲੀ ਤੌਰ ਤੇ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਸਿਆਸਤਦਾਨਾ ਨੂੰ ਸਲਾਹ ਹੈ ਕਿ ਉਹ ਰਾਜਿੰਦਰ ਸਿੰਘ ਚੀਮਾ ਤੋਂ ਹੀ ਕੁਝ ਸਿੱਖ ਲੈਣ ਜਿਨ੍ਹਾਂ ਅੱਜ ਤੱਕ ਇਹ ਕੇਸ ਜਿੱਤਣ ਦਾ ਦਾਅਵਾ ਹੀ ਨਹੀਂ ਪੇਸ਼ ਕੀਤਾ। ਕਾਂਗਰਸ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਇਕੋ ਇਕ ਅਜਿਹਾ ਵੱਡਾ ਨੇਤਾ ਹੈ ਜਿਸਨੇ ਸੱਜਣ ਕੁਮਾਰ ਨੂੰ ਹੋਈ ਸਜਾ ਦਾ ਸਵਾਗਤ ਕੀਤਾ ਹੈ। ਬਾਕੀ ਕਾਂਗਰਸੀ ਨੇਤਾ ਨੇਤਾ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
01 Jan. 2019
ਬੀ ਜੇ ਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ - ਉਜਾਗਰ ਸਿੰਘ
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਗਲੀ ਨੀਤੀ ਅਪਨਾਉਣ ਤੋਂ ਬਾਜ ਨਹੀਂ ਆਉਂਦੇ। ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਕ ਪਾਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀਆਂ ਕਹਾਉਂਦੇ ਹਨ ਪ੍ਰੰਤੂ ਅਮਲੀ ਰੂਪ ਵਿਚ ਧਾਰਮਿਕ ਕੱਟੜਵਾਦ ਵਿਚ ਵਿਸ਼ਵਾਸ ਰੱਖਦੇ ਹਨ। ਅਕਾਲੀ ਦਲ ਬਾਦਲ ਤਾਂ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਸਿੱਖੀ ਵਿਚਾਰਧਾਰਾ ਦੇ ਸਾਰੇ ਅਸੂਲਾਂ ਨੂੰ ਛਿੱਕੇ ਤੇ ਟੰਗ ਦਿੰਦਾ ਹੈ। ਭਾਰਤੀ ਜਨਤਾ ਪਾਰਟੀ ਦਾ ਪਿਛਲੱਗ ਬਣਕੇ ਸਿਆਸਤ ਕਰ ਰਿਹਾ ਹੈ ਜਦੋਂ ਕਿ ਅਕਾਲੀ ਦਲ ਜੰਗੇ ਅਜ਼ਾਦੀ ਦੇ ਸਿਰਮੌਰ ਸ਼ਹੀਦਾਂ ਦੀ ਪਾਰਟੀ ਹੈ। ਬਾਦਲ ਅਕਾਲੀ ਦਲ ਕੇਂਦਰ ਵਿਚ ਭਾਈਵਾਲ ਪਾਰਟੀ ਹੈ ਪ੍ਰੰਤੂ ਕੇਂਦਰ ਸਰਕਾਰ ਫ਼ੈਸਲੇ ਸਿੱਖ ਵਿਰੋਧੀ ਕਰ ਰਹੀ ਹੈ। ਕੇਂਦਰ ਮੰਤਰੀ ਮੰਡਲ ਵਿਚ ਅਕਾਲੀ ਦਲ ਦੀ ਨੁਮਾਂਇੰਦਗੀ ਕਰ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਦਮਗਜ਼ੇ ਸਿੱਖਾਂ ਦੇ ਹਿੱਤਾਂ ਦੇ ਮਾਰਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੈ। ਇਕ ਉਦਾਹਰਣ ਹੀ ਬਹੁਤ ਹੈ। ਕੇਂਦਰ ਸਰਕਾਰ ਦੇ ਮਨੁਖੀ ਵਸੀਲਿਆਂ ਬਾਰੇ ਵਿਭਾਗ ਨੇ ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਸੰਬੰਧੀ ਬੇਰੁੱਖੀ ਕਾਰਨ ਪੰਜਾਬ ਵਿਚ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸਮੇਂ 2016 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਥਾਪਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ ਹੈ। ਉਦੋਂ ਦੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਨੇ ਇਸਤੇ ਕੋਈ ਇਤਰਾਜ ਨਹੀਂ ਕੀਤਾ ਜਦੋਂ ਕਿ ਅਕਾਲੀ ਦਲ ਆਪਣੇ ਆਪਨੂੰ ਸਿੱਖਾਂ ਦੀ ਨੁਮਾਇੰਦਾ ਪ੍ਰਤੀਨਿਧ ਪਾਰਟੀ ਆਖਦਾ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ ਤਾਂ ਪੰਜਾਬ ਖਾਸ ਤੌਰ ਤੇ ਸਿੱਖਾਂ ਨਾਲ ਘੱਟ ਗਿਣਤੀ ਹੋਣ ਦੇ ਬਾਵਜੂਦ ਵਧੀਕੀਆਂ ਕਰਦੀ ਆ ਰਹੀ ਹੈ। ਜਦੋਂ ਕਿ ਅਕਾਲੀ ਦਲ ਦੀ ਨੁਮਾਇੰਦਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜਾਰਤ ਵਿਚ ਮੰਤਰੀ ਹਨ। ਮਨੁੱਖੀ ਵਸੀਲਿਆਂ ਵਾਲੇ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਵਰ੍ਹੇ ਵਿਚ ਗੁ{ਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਸਾਰ ਵਿਚਲਾ ਇੱਕੋ ਇੱਕ ''ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ'', ਜਿਹੜਾ ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ 'ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪਾਸਾਰ ਲਈ ਬਣਾਇਆ ਗਿਆ ਸੀ, ਉਸ ਖੋਜ ਕੇਂਦਰ ਨੂੰ ਬੰਦ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਇਹ ਉਨ੍ਹਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਸਾਲ ਵਿਚ ਅਜੀਬ ਕਿਸਮ ਦੀ ਕੋਝੀ ਸ਼ਰਧਾਂਜਲੀ ਹੋਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਦੀ ਸਿੱਖ ਧਰਮ ਬਾਰੇ ਸੰਕੀਰਨ ਸੋਚ ਦਾ ਪਤਾ ਲੱਗਦਾ ਹੈ। ਇਹ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਪਹੁੰਚਾਉਣ ਦੇ ਇਰਾਦੇ ਨਾਲ ਸਥਾਪਤ ਕੀਤਾ ਗਿਆ ਸੀ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਸੰਸਾਰ ਵਿਚ ਜੋ ਭੁਲੇਖੇ ਹਨ ਉਹ ਦੂਰ ਕੀਤੇ ਜਾ ਸਕਣ। ਡਾ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਪਹਿਲੀ ਸਤੰਬਰ 2004 ਨੂੰ ਐਲਾਨ ਕੀਤਾ ਸੀ ਕਿ ਅੰਮ੍ਰਿਤਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਹ ਆਧੁਨਿਕ ਤਕਨੀਕਾਂ ਨਾਲ ਲੈਸ 100 ਕਰੋੜ ਰੁਪਏ ਦੀ ਲਾਗਤ ਨਾਲ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ। ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕੇਂਦਰ ਦੀ ਤਜਵੀਜ ਤਿਆਰ ਕਰਨ ਲਈ ਕਿਹਾ ਸੀ। ਯੂਨੀਵਰਸਿਟੀ ਨੇ ਤਜਵੀਜ ਤਿਆਰ ਕਰਕੇ ਕੇਂਦਰੀ ਵਿਭਾਗ ਨੂੰ ਭੇਜ ਦਿੱਤੀ। ਇਸ ਤਜਵੀਜ ਨੂੰ ਮੁਕੰਮਲ ਹੋਣ ਵਿਚ 7 ਸਾਲ ਲੱਗ ਗਏ ਕਿਉਂਕਿ ਯੂ ਜੀ ਸੀ ਅਤੇ ਵਿਭਾਗ ਨੇ ਖਾਮਖਾਹ ਦੇ ਚਕਰਾਂ ਵਿਚ ਪਾਈ ਰੱਖਿਆ। ਰਾਜ ਸਭਾ ਵਿਚ ਇਹ ਮੁੱਦਾ ਵਾਰ-ਵਾਰ ਤਰਲੋਚਨ ਸਿੰਘ ਉਠਾਉਂਦੇ ਰਹੇ। ਅਖ਼ੀਰ ਪਹਿਲੀ ਅਪ੍ਰੈਲ 2011ਨੂੰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ 47 ਕਰੋੜ 84 ਲੱਖ ਦੀ ਰਾਸ਼ੀ ਵਿਚੋਂ ਸਿਰਫ 17 ਕਰੋੜ 42 ਲੱਖ ਰੁਪਏ ਜਾਰੀ ਕਰਕੇ ਇਹ ਕੇਂਦਰ ਸ਼ੁਰੂ ਕਰਵਾ ਦਿੱਤਾ ਸੀ। ਇਸ ਗ੍ਰਾਂਟ ਤੋਂ ਬਾਅਦ ਵਰਤਮਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਤਾਂ ਹੋਰ ਆਰਥਿਕ ਮਦਦ ਕੀ ਕਰਨੀ ਸੀ, ਡਾਕਟਰ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ ਬਕਾਇਆ 30 ਕਰੋੜ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ। ਇਸ ਖੋਜ ਕੇਂਦਰ ਨੂੰ ਚਲਾਉਣ ਲਈ ਇਕ ਗਵਰਨਿੰਗ ਬਾਡੀ ਬਣਾਈ ਗਈ, ਜਿਸਦੇ ਚੇਅਰਮੈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਬਣਾਇਆ ਗਿਆ। ਯੂਨੀਵਰਸਿਟੀ ਵਿਚ ਇਕ ਅਲੀਸ਼ਾਨ ਦੋ ਮੰਜ਼ਲਾ ਇਮਾਰਤ ਬਣਾਈ ਗਈ , ਜਿਸ ਵਿਚ ਇਕ ਸ੍ਰੀ ਗੁਰੂ ਗ੍ਰੰਥ ਭਵਨ, ਆਡੀਟੋਰੀਅਮ, ਅਜਾਇਬਘਰ, ਡਿਜਿਟਲ ਲਾਇਬਰੇਰੀ, ਮੀਡੀਆ ਸੈਂਟਰ, ਸੈਮੀਨਾਰ ਰੂਮ ਆਦਿ ਬਣਾਏ ਗਏ। ਇਸ ਖੋਜ ਕੇਂਦਰ ਦੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਫਰਵਰੀ 2015 ਵਿਚ ਕੀਤਾ ਸੀ ਪ੍ਰੰਤੂ ਜਦੋਂ ਇਸ ਕੇਂਦਰ ਦੀ ਗ੍ਰਾਂਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੰਦ ਕੀਤੀ ਤਾਂ ਸਰਦਾਰ ਬਾਦਲ ਚੁੱਪੀ ਧਾਰ ਗਏ। ਖੋਜ ਕਰਨ ਲਈ 4 ਪ੍ਰੋਫੈਸਰ, 5 ਵਿਜਿਟਿੰਗ ਪ੍ਰੋਫੈਸਰ, 4 ਆਨਰੇਰੀ ਵਿਜਿਟਿੰਗ ਪ੍ਰੋਫੈਸਰ ਅਤੇ 17 ਜੂਨੀਅਰ ਖੋਜ ਫੈਲੋ ਨਿਯੁਕਤ ਕੀਤੇ ਗਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਕਲਿਆਣਕਾਰੀ ਸੰਕਲਪ ਦੇ ਵੱਖ-ਵੱਖ ਖੇਤਰਾਂ ਦੀ ਖੋਜ ਕੀਤੀ ਜਾ ਸਕੇ। ਪਿਛਲੇ ਪੰਜ ਸਾਲਾਂ ਵਿਚ 20 ਪ੍ਰਾਜੈਕਟ ਪੂਰੇ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ ਦੇ ਖੋਜ ਕਾਰਜਾਂ ਦੀਆਂ 12 ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਬਾਕੀ ਰਹਿੰਦੀਆਂ 4 ਪੁਸਤਕਾਂ ਪ੍ਰਕਾਸ਼ਨਾ ਅਧੀਨ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ 6 ਸੈਮੀਨਾਰ 5 ਕਾਨਫਰੰਸਾਂ ਅਤੇ 36 ਲੈਕਚਰ ਕਰਵਾਏ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕਰਕੇ ਪ੍ਰਮਾਣੀਕ ਜਾਣਕਾਰੀ ਦੇਣ ਲਈ ''ਗਿਆਨਅੰਜਨ'' ਨਾਂ ਦੀ ਵੈਬ-ਸਾਈਟ ਬਣਾਈ ਗਈ ਹੈ। ਇਸੇ ਤਰ੍ਹਾਂ ਹੋਰ 20 ਪ੍ਰਾਜੈਕਟ ਬਣਾਏ ਗਏ ਹਨ। ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਬਾਰੇ ਪਹੁੰਚ ਸਾਰਥਿਕ ਨਾ ਹੋਣ ਕਰਕੇ ਇਸ ਖੋਜ ਕੇਂਦਰ ਦੀ ਬਾਕੀ ਰਹਿੰਦੀ ਗ੍ਰਾਂਟ 2016 ਤੋਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਅਤੇ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਇਸ ਸਾਲ ਮਨਾਉਣ ਜਾ ਰਹੀ ਹੈ। 2016 ਤੋਂ ਖੋਜਾਰਥੀਆਂ ਵਿਚ ਵੀ ਕਟੌਤੀ ਕਰ ਦਿੱਤੀ ਹੈ। ਇਸ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰਕੇ ਕੇਂਦਰ ਸਰਕਾਰ ਧਾਰਮਿਕ ਤੰਗ ਦਿਲੀ ਦਾ ਸਬੂਤ ਦੇ ਰਹੀ ਹੈ। ਆਮ ਤੌਰ ਤੇ ਅਜਿਹੇ ਪ੍ਰਾਜੈਕਟਾਂ ਨੂੰ ਜੇਕਰ ਕੇਂਦਰ ਸਰਕਾਰ ਗ੍ਰਾਂਟ ਬੰਦ ਕਰ ਦੇਵੇ ਤਾਂ ਯੂਨੀਵਰਸਿਟੀ ਅਪਣਾ ਲੈਂਦੀ ਹੈ। ਇਸ ਸਿਲਸਿਲੇ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿੰਡੀਕੇਟ ਵਿਚ ਫੈਸਲਾ ਕਰਕੇ ਜਾਰੀ ਰੱਖਣ ਦਾ ਫੈਸਲਾ ਅਜਾਇਬ ਸਿੰਘ ਬਰਾੜ ਉਪਕੁਲਪਤੀ ਨੇ ਕਰਵਾ ਲਿਆ ਸੀ। ਪ੍ਰੰਤੂ ਹੁਣ ਹਲਾਤ ਇਹ ਹਨ ਕਿ ਇਸ ਖੋਜ ਕੇਂਦਰ ਦੀ ਇਮਾਰਤ ਦੇ 80 ਫੀਸਦੀ ਹਿੱਸੇ ਵਿਚ ਯੂਨੀਵਰਸਿਟੀ ਦੇ ਹੋਰ ਦਫਤਰ ਖੋਲ੍ਹ ਦਿੱਤੇ ਗਏ ਹਨ। ਖੋਜ ਕੇਂਦਰ ਕੋਲ ਸਿਰਫ 20 ਫੀਸਦੀ ਇਮਾਰਤ ਰਹਿ ਗਈ ਹੈ। ਖੋਜ ਦੇ ਕੰਮ ਨੂੰ ਬੰਦ ਕਰਨ ਦੇ ਕਿਨਾਰੇ ਲੈ ਆਂਦਾ ਹੈ। ਡਾ ਮਨਮੋਹਨ ਸਿੰਘ ਨੇ ਇਹ ਪਹਿਲੀ ਵਾਰ ਫ਼ੈਸਲਾ ਕੀਤਾ ਸੀ ਕਿ ਮੁਨੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਇਸ ਕੇਂਦਰ ਨੂੰ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ ਕਿਉਂਕਿ ਆਮ ਤੌਰ ਤੇ ਅਜਿਹੇ ਕੇਂਦਰਾਂ ਨੂੰ 5 ਸਾਲ ਬਾਅਦ ਕੇਂਦਰ ਸਰਕਾਰ ਗ੍ਰਾਂਟ ਬੰਦ ਕਰ ਦਿੰਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਵਿਚ ਹੋਰ ਯੂਨੀਵਰਸਿਟੀਆਂ ਵਿਚ ਹਿੰਦੂ, ਬੁੱਧ ਅਤੇ ਹੋਰ ਧਰਮਾਂ ਬਾਰੇ ਅਜਿਹੇ ਕੇਂਦਰ ਬਾਕਾਇਦਾ ਚਲ ਰਹੇ ਹਨ। ਉਨ੍ਹਾਂ ਕੇਂਦਰਾਂ ਨੂੰ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਸਹਾਇਤਾ ਲਗਾਤਾਰ ਜਾਰੀ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਕਰ ਰਿਹਾ ਹੈ। ਸਿੱਖ ਧਰਮ ਸਰਬੱਤ ਦੇ ਭਲੇ ਵਾਲਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਤੋਂ ਇਲਾਵਾ ਬਾਕੀ, ਭਗਤਾਂ ਅਤੇ ਹੋਰ ਮਹਾਨ ਹਸਤੀਆਂ ਦੀ ਬਾਣੀ ਦਰਜ ਹੈ। ਇਸ ਲਈ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਨਾਲ ਬੇਰੁਖੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਕ ਪਾਸੇ ਉਹ 1984 ਦੇ ਕਤਲੇਆਮ ਦੀ ਦੁਆਰਾ ਜਾਂਚ ਕਰਵਾਕੇ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਲੈ ਰਹੀ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਵੀ ਆਪਣੇ ਸਿਰ ਫਖਰ ਨਾਲ ਬੰਨ੍ਹ ਰਹੀ ਹੈ। ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਵਰ੍ਹੇ ਵਿਚ ਇਹ ਗ੍ਰਾਂਟ ਬੰਦ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਦੋਹਰੇ ਮਾਪ ਦੰਡ ਅਪਨਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
1-ਇਮਾਰਤ ਤਸਵੀਰ- ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ
2-ਇਮਾਰਤ ਤਸਵੀਰ- ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ
ਸਾਬਕਾ ਜਿਲ੍ਹਾਲੋਕਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
21 Dec. 2018
ਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ - ਉਜਾਗਰ ਸਿੰਘ
'ਨਾਨਕ ਸਿੰਘ ਇਕ ਪੁਨਰ-ਮੁਲਾਂਕਣ' ਪੁਸਤਕ ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ ਹੈ। ਇਸ 168 ਪੰਨਿਆਂ ਦੀ 250 ਰੁਪਏ ਕੀਮਤ ਵਾਲੀ ਪੁਸਤਕ ਦੀ ਸੰਪਾਦਨਾ ਤਿੰਨ ਸਾਹਿਤਕਾਰਾਂ ਕਰਮਵੀਰ ਸਿੰਘ ਸੂਰੀ, ਹਰਪ੍ਰੀਤ ਸਿੰਘ ਰਾਣਾ ਅਤੇ ਡਾ ਗੁਰਮੁਖ ਸਿੰਘ ਨੇ ਕੀਤੀ ਹੈ। ਸੰਪਾਦਕੀ ਮੰਡਲ ਨੇ ਇਸ ਪੁਸਤਕ ਨੂੰ 4 ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਨਾਨਕ ਸਿੰਘ ਦੀ ਸਮੁੱਚੀ ਸਾਹਿਤਕ ਦੇਣ ਦੇ ਵੱਖ-ਵੱਖ ਰੂਪਾਂ, ਜਿਨ੍ਹਾਂ ਵਿਚ ਕਵਿਸ਼ਰੀ, ਨਾਵਲਕਾਰੀ, ਕਹਾਣੀਕਾਰੀ, ਨਾਟਕਕਾਰੀ, ਵਾਰਤਕਕਾਰੀ ਅਤੇ ਪੱਤਰਕਾਰੀ ਦੇ ਤੌਰ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ ਹੈ। ਉਨ੍ਹਾਂ ਦੀਆਂ ਵੰਨਗੀਆਂ ਪੜ੍ਹਕੇ ਪਾਠਕ ਨੂੰ ਨਾਨਕ ਸਿੰਘ ਦੇ ਇਕ ਸਾਹਿਤਕਾਰ ਦੇ ਤੌਰ ਵਿਅਕਤਿਵ ਦੇ ਸਾਕਾਰ ਰੂਪ ਵਿਚ ਦਰਸ਼ਨ ਹੋ ਜਾਂਦੇ ਹਨ। ਲੇਖਕ ਦਾ ਵਿਅਕਤਿਵ, ਜਿਸ ਵਿਚ ਉਸਦਾ ਵਿਵਹਾਰ, ਰਹਿਣ ਸਹਿਣ, ਬੋਲ ਚਾਲ, ਕਿਰਦਾਰ ਅਤੇ ਸਲੀਕਾ ਸ਼ਾਮਲ ਹੁੰਦੇ ਹਨ। ਲੇਖਕ ਦੀ ਰਚਨਾ ਵਿਚ ਇਹ ਸਾਰੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ। ਸੰਪਾਦਕਾਂ ਦੇ ਇਸ ਉਦਮ ਨੂੰ ਪੜ੍ਹਕੇ ਨਾਨਕ ਸਿੰਘ ਦੀ ਸਮੁਚੀ ਸਾਹਿਤਕ ਦੇਣ ਦਾ ਖੁਲਾਸਾ ਹੋ ਜਾਂਦਾ ਹੈ। ਇਸ ਪੁਸਤਕ ਦੇ ਸ਼ੁਰੂ ਵਿਚ ਡਾ ਕਰਤਾਰ ਸਿੰਘ ਸੂਰੀ ਵੱਲੋਂ ਨਾਨਕ ਸਿੰਘ ਦੇ ਅਣਪ੍ਰਕਾਸ਼ਤ ਅਧੂਰੇ ਨਾਵਲ ਦਾ ਇਕ ਚੈਪਟਰ ਦਿੱਤਾ ਗਿਆ ਹੈ ਜਿਸਤੋਂ ਉਨ੍ਹਾਂ ਦੇ ਨਾਵਲਾਂ ਦਾ ਮੰਤਵ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕੱਲੋ ਕਹਾਣੀ ਵੀ ਇਕ ਸੁਘੜ ਕਹਾਣੀਕਾਰ ਦੀ ਸਿਅਣਪ ਦਾ ਪ੍ਰਗਟਾਵਾ ਕਰਦੀ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਰੁਮਾਂਵਾਦ ਤੋਂ ਬਿਨਾ ਵੀ ਕਹਾਣੀ ਦਿਲਚਸਪ ਹੋ ਸਕਦੀ ਹੈ। ਪਿਆਰ ਸਿਰਫ ਆਸ਼ਕ ਮਸ਼ੂਕ ਦਾ ਹੀ ਨਹੀਂ ਹੁੰਦਾ ਸਗੋਂ ਹਰ ਇਨਸਾਨ ਨਾਲ ਪਿਆਰ ਕੀਤਾ ਜਾ ਸਕਦਾ ਹੈ। ਕਿਟਾਸ ਰਾਜ ਦੀ ਵਿਸਾਖੀ ਅਤੇ ਵਪਾਰ ਦਾ ਝਮੇਲਾ ਵਾਰਤਕ ਦਾ ਵਿਲੱਖਣ ਨਮੂਨਾ ਹਨ, ਜਿਨ੍ਹਾਂ ਨੂੰ ਪੜ੍ਹਕੇ ਕਿਹਾ ਜਾ ਸਕਦਾ ਹੈ ਕਿ ਵਾਰਤਕ ਵੀ ਕਹਾਣੀ ਤੋਂ ਵੱਧ ਰੌਚਿਕ ਹੋ ਸਕਦੀ ਹੈ। ਨਾਨਕ ਸਿੰਘ ਦੀ ਕਵੀਸ਼ਰੀ ਦੇ ਨਮੂਨੇ ਵੀ ਬਿਹਤਰੀਨ ਹਨ। ਨਾਨਕ ਸਿੰਘ ਦੇ ਵਿਚਾਰ ਵਾਲਾ ਚੈਪਟਰ ਵੀ ਕਮਾਲ ਦਾ ਹੈ, ਜਿਸ ਵਿਚ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਸਾਰਥਿਕ ਤੇ ਲਾਹੇਬੰਦ ਵਿਚਾਰ ਹਨ। ਉਦਾਹਰਣ ਲਈ '' ਖਿਮਾ ਗ੍ਰਹਿਸਥ ਸੰਬੰਧੀ ਇਕੋਤਰ ਸੌ ਬਿਮਾਰੀਆਂ ਦਾ ਇਲਾਜ ਹੈ।'' ਦੂਜਾ '' ਜੇ ਕਦੀ ਪਰਿਵਾਰ ਵਿਚ ਹਰ ਮੈਂਬਰ ਵਿਰੋਧੀ ਸਮੱਸਿਆ ਵੇਲੇ ਇਕ ਦੂਸਰੇ ਦਾ ਕਸੂਰ ਮਾਫ ਕਰਨ ਦੀ ਧਾਰਨਾ ਧਾਰ ਲੈਣ ਤਾਂ ਦਿਨਾ ਵਿਚ ਹੀ ਘਰ ਨਰਕ ਤੋਂ ਸਵਰਗ ਬਣ ਜਾਵੇ।'' ਆਦਿ। ਪੱਤਰਕਾਰ ਦੇ ਤੌਰ ਤੇ ਨਵੀਂ ਪੀੜ੍ਹੀ ਦੇ ਸਾਹਿਤਕਾਰਾਂ ਦੇ ਨਾਂ ਵਾਲੇ ਚੈਪਟਰ ਵਿਚ ਸਾਹਿਤਕਾਰਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਸਾਹਿਤ ਲਿਖਣ ਦੀ ਪ੍ਰੇਰਨਾ ਦਿੱਤੀ ਗਈ ਹੈ। ਨਾਟਕਕਾਰ ਦੇ ਤੌਰ ਤੇ ਚੌੜ ਚਾਨਣ ਨਾਟਕ ਦੇ ਦੂਜੇ ਭਾਗ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸੰਸਾਰ ਫੋਕੀਆਂ ਗੱਲਾਂ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਧੋਖਾ ਦਿੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਜ਼ਮੀਨੀ ਹਕੀਕਤਾਂ ਬਾਰੇ ਨਾਟਕ ਲਿਖਣ ਵਾਲਾ ਨਾਟਕਕਾਰ ਸੀ। ਰਚਨਾ ਵੰਨਗੀ ਵਾਲਾ ਭਾਗ ਨਾਨਕ ਦੀ ਸਮੁੱਚੀ ਸਾਹਿਤਕ ਦੇਣ ਦਾ ਪ੍ਰਗਟਾਵਾ ਕਰਦਾ ਹੈ। ਦੂਜਾ ਭਾਗ ਨਾਨਕ ਸਿੰਘ ਦੇ ਵਿਅਕਤਿਵ ਬਾਰੇ ਹੈ, ਜਿਸ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਨੇੜਲੇ ਸੰਬੰਧੀਆਂ, ਦੋਸਤਾਂ ਮਿੱਤਰਾਂ ਅਤੇ ਸਾਹਿਤਕਾਰਾਂ ਦੇ ਵਿਚਾਰ ਹਨ, ਜਿਨ੍ਹਾਂ ਨਾਨਕ ਸਿੰਘ ਨੂੰ ਬਹੁਤ ਨੇੜਿਓਂ ਵੇਖਿਆ ਹੈ। ਇਸ ਭਾਗ ਵਿਚਲੇ ਲੇਖ ਪੜ੍ਹਕੇ ਨਾਨਕ ਸਿੰਘ ਦਾ ਵਿਅਕਤਿਵ ਦ੍ਹਿਸ਼ਟਾਂਤਮਿਕ ਤੌਰ ਤੇ ਸਾਹਮਣੇ ਆ ਖੜ੍ਹਦਾ ਹੈ। ਇਕ ਕਿਸਮ ਨਾਲ ਉਹ ਗੁਣਾਂ ਦੀ ਗੁਥਲੀ ਸਨ। ਜੇਕਰ ਦੋਸਤੀ ਨਿਭਾਉਣੀ, ਸਮਾਜਿਕ ਤਾਣੇ ਬਾਣੇ ਵਿਚ ਵਿਚਰਦਿਆਂ ਸਫਲ ਜ਼ਿੰਦਗੀ ਬਤੀਤ ਕਰਨੀ ਹੋਵੇ ਤਾਂ ਇਹ ਪੁਸਤਕ ਅਤਿਅੰਤ ਲਾਭਦਾਇਕ ਸਾਬਤ ਹੋਵੇਗੀ। ਪੁਸਤਕ ਵਿਚਲੇ ਲੇਖ ਦਸਦੇ ਹਨ ਕਿ ਉਨ੍ਹਾਂ ਕਦੀਂ ਆਰਥਿਕ ਤੰਗੀਆਂ ਤਰੁਸ਼ੀਆਂ ਹੁੰਦਿਆਂ ਵੀ ਹਾਰ ਨਹੀਂ ਮੰਨੀ। ਬੱਚਿਆਂ ਨਾਲ ਪਿਆਰ, ਮਨੁਖਤਾਵਾਦੀ ਸੁਭਾਅ, ਹਲੀਮੀ, ਜ਼ਾਤ ਪਾਤ ਤੋਂ ਦੂਰ, ਗ਼ਰੀਬ ਗੁਰਬੇ ਦੇ ਦੁੱਖ ਸੁੱਖ ਦੇ ਸਾਥੀ ਆਦਿ ਅਜਿਹੇ ਵਿਲੱਖਣ ਗੁਣ ਸਨ, ਜਿਨ੍ਹਾਂ ਨੇ ਇਕ ਸੁਹਿਰਦ ਲੇਖਕ ਬਣਨ ਵਿਚ ਸਾਥ ਦਿੱਤਾ। ਨਰਮ ਦਿਲ ਇਤਨੇ ਸਨ ਕਿ ਉਸ ਵਿਅਕਤੀ ਨੂੰ ਪਰਿਵਾਰ ਅਤੇ ਵਕੀਲ ਦੇ ਵਿਰੋਧ ਦੇ ਬਾਵਜੂਦ ਵੀ ਮੁਆਫ ਕਰ ਦਿੱਤਾ ਜਿਸਨੇ ਉਨ੍ਹਾਂ ਦੇ ਨਾਵਲ ਦਾ ਹਿੰਦੀ ਵਿਚ ਅਨੁਵਾਦ ਕਰਕੇ ਆਪਣੇ ਨਾਂ ਨਾਲ ਪ੍ਰਕਾਸ਼ਤ ਕਰਕੇ ਵੱਡੀ ਰਕਮ ਵਟੋਰੀ ਸੀ। ਤਿਆਗ ਦੀ ਭਾਵਨਾ ਵਾਲੇ ਬਿਹਤਰੀਨ ਇਨਸਾਨ ਸਨ। ਇਸ ਭਾਗ ਵਿਚ ਪਿਆਰਾ ਸਿੰਘ ਸਹਿਰਾਈ, ਸੁਖਬੀਰ, ਡਾ ਕਰਤਰ ਸਿੰਘ ਸੂਰੀ, ਮੋਹਨਜੀਤ, ਕਰਮਵੀਰ ਸਿੰਘ ਸੂਰੀ, ਬਰਜਿੰਦਰ ਸਿੰਘ ਹਮਦਰਦ, ਡਾ ਸੁਤਿੰਦਰ ਸਿੰਘ ਨੂਰ, ਡਾ ਜਸਵੰਤ ਵਿੱਲ, ਹਰਬੰਸ ਸਿੰਘ ਘਈ, ਮੁੱਖਤਾਰ ਗਿੱਲ, ਅਮਰਜੀਤ ਸਿੰਘ ਕਾਂਗ ਅਤੇ ਸ਼ੰਗਾਰਾ ਸਿੰਘ ਭੁੱਲਰ ਦੀਆਂ ਯਾਦਾਂ ਨਾਨਕ ਸਿੰਘ ਦੇ ਵਿਅਕਤਿਵ ਦਾ ਪ੍ਰਗਟਾਵਾ ਕਰਦੀਆਂ ਹਨ। ਪੁਸਤਕ ਦਾ ਨਾਨਕ ਸਿੰਘ ਪੁਨਰ-ਮੁਲਾਂਕਣ ਭਾਗ, ਜਿਸ ਦੇ ਨਾਂ ਤੇ ਪੁਸਤਕ ਦਾ ਨਾਂ ਰੱਖਿਆ ਗਿਆ ਹੈ, ਹਾਲਾਂਕਿ ਇਹ ਇਕ ਭਾਗ ਹੀ ਹੈ। ਪ੍ਰੋ ਸ ਸੋਜ ਨੇ ਪਵਿਤਰ ਪਾਪੀ ਨਾਵਲ ਨੂੰ 'ਨਗਮਾ ਇਕ ਮੁਹੱਬਤ ਦਾ' ਸਿਰਲੇਖ ਦੇ ਕੇ ਸਾਬਤ ਕੀਤਾ ਹੈ ਕਿ ਇਨਸਾਨ ਦੇ ਜੀਵਨ ਵਿਚ ਉਸਾਰੂ ਅਤੇ ਨਕਾਰੂ ਦੋਵੇਂ ਪੱਖਾਂ ਬਾਰੇ ਨਾਨਕ ਸਿੰਘ ਨੇ ਚਾਨਣਾ ਪਾਇਆ ਹੈ। ਇਸ ਨਾਵਲ ਦੇ ਪਾਤਰ ਸੁਧਾਰਵਾਦੀ, ਆਦਰਸ਼ਵਾਦੀ ਅਤੇ ਮਾਨਵਤਾਵਾਦੀ ਪਿਆਰ ਵਿਚ ਪਰੁਚੇ ਹੋਏ ਹਨ। ਡਾ ਕੁਲਦੀਪ ਸਿੰਘ ਧੀਰ ਨੇ ਨਾਨਕ ਸਿੰਘ ਦੇ ਨਾਵਲਾਂ ਵਿਚ ਮਾਨਵਵਾਦੀ ਪਹੁੰਚ ਦੀ ਪ੍ਰੋੜ੍ਹਤਾ ਕੀਤੀ ਹੈ। ਉਹ ਕਿਸੇ ਵਾਦ ਜਾਂ ਧਾਰਾ ਨਾਲ ਨਹੀਂ ਜੁੜਿਆ ਸਗੋਂ ਸਿਰਫ ਤੇ ਸਿਰਫ ਮਨੁੱਖਤਾ ਦੇ ਹਿਤਾਂ ਤੇ ਪਹਿਰਾ ਦਿੱਤਾ ਹੈ। ਇਨਸਾਨੀਅਤ ਦਾ ਦਰਦ ਉਸਦੇ ਨਾਵਲਾਂ ਦਾ ਮੁੱਖ ਵਿਸ਼ਾ ਹੈ ਪ੍ਰੰਤੂ ਉਹ ਇਨਕਲਾਬੀ ਨਾਵਲਕਾਰ ਵੀ ਨਹੀਂ। ਇਸਤਰੀਆਂ ਦੇ ਹੱਕਾਂ ਦੀ ਅਗਵਾਈ ਵੀ ਕਰਦਾ ਹੈ। ਪ੍ਰੋ ਗੁਰਮੁੱਖ ਸਿੰਘ ਸਹਿਗਲ ਨੇ '1947 ਦੀ ਵੰਡ ਅਤੇ ਨਾਨਕ ਸਿੰਘ' ਸਿਰਲੇਖ ਅਧੀਨ ਲਿਖਿਆ ਹੈ ਕਿ ਦੇਸ਼ ਵੀ ਵੰਡ ਦਾ ਦਰਦ ਦਰਸਾਉਂਦੇ ਨਾਨਕ ਸਿੰਘ ਨੇ 5 ਨਾਵਲ ਅੱਗ ਦੀ ਖੇਡ, ਖ਼ੂਨ ਦੇ ਸੋਹਿਲੇ, ਨਾਸੂਰ, ਮੰਝਧਾਰ ਅਤੇ ਬੰਜਰ ਲਿਖੇ ਹਨ ਜੋ ਕਿ ਮਜ਼ਹਬੀ ਜਨੂੰਨ ਨਾਲ ਪੈਦਾ ਹੋਈ ਘ੍ਰਿਣਾ ਬਾਰੇ ਦੱਸਦੇ ਹਨ। ਸਤੀਸ਼ ਵਰਮਾ ਨੇ 'ਨਾਨਕ ਸਿੰਘ ਦਾ ਇਤਿਹਾਸਕ ਗੌਰਵ' ਸਿਰਲੇਖ ਵਿਚ ਬੜੀ ਬਾਖ਼ੂਬੀ ਨਾਲ ਲਿਖਿਆ ਹੈ ਕਿ ਉਹ ਅਜਿਹਾ ਪਹਿਲਾ ਸਾਹਿਤਕਾਰ ਹੈ, ਜਿਸਨੇ ਲੇਖਣੀ ਨੂੰ ਪੇਸ਼ੇ ਦੇ ਤੌਰ ਅਪਣਾਕੇ ਸਫਲਤਾ ਪ੍ਰਾਪਤ ਕੀਤੀ ਹੈ। ਆਪਣਾ ਪਾਠਕ ਵਰਗ ਆਪ ਪੈਦਾ ਕੀਤਾ, ਜਿਹੜਾ ਨਾਨਕ ਸਿੰਘ ਦੇ ਨਾਵਲ ਦੀ ਉਡੀਕ ਕਰਦਾ ਰਹਿੰਦਾ ਸੀ। ਆਪਣੇ ਜੀਵਨ ਦੇ 74 ਸਾਲਾਂ ਵਿਚ 37 ਨਾਵਲ ਲਿਖੇ ਪ੍ਰੰਤੂ ਕਿਸੇ ਨਾਵਲ ਵਿਚ ਕੋਈ ਰੋਮਾਂਸ ਪੈਦਾ ਕਰਕੇ ਪਾਠਕਾਂ ਦੀ ਲੋੜ ਅਨੁਸਾਰ ਨਹੀਂ ਸਗੋਂ ਸਾਰਥਿਕ ਪਹੁੰਚ ਨਾਲ ਲਿਖਿਆ ਹੈ। ਸਸਤੀ ਸ਼ੋਹਰਤ ਖੱਟਣ ਲਈ ਨਹੀਂ ਲਿਖਿਆ। ਏਸੇ ਤਰ੍ਹਾਂ ਡਾ ਜਗਦੀਸ਼ ਕੌਰ ਵਾਡੀਆ ਨੇ 'ਅੱਧ ਖਿੜਿਆ ਫੁੱਲ ਦੀ ਨਾਇਕਾ-ਸਰੋਜ' ਸਿਰਲੇਖ ਵਾਲੇ ਲੇਖ ਵਿਚ ਲਿਖਿਆ ਹੈ ਕਿ ਉਨ੍ਹਾਂ ਦੇ ਪਾਤਰ ਜਿਉਂਦੇ ਜਾਗਦੇ ਹੁੰਦੇ ਸਨ। ਸਰੋਜ ਨੂੰ ਇਕ ਆਦਰਸ਼ਕ ਇਸਤਰੀ ਦੇ ਰੂਪ ਵਿਚ ਪੇਸ਼ ਕੀਤਾ ਹੈ ਪ੍ਰੰਤੂ ਨਾਲ ਹੀ ਇਹ ਵੀ ਦਰਸਾਇਆ ਹੈ ਕਿ ਇਸਤਰੀ ਪਹਿਲੇ ਪਿਆਰ ਵਿਚ ਅਸਫਲ ਹੋ ਕੇ ਵਾਰ ਵਾਰ ਫਿਰ ਆਦਮੀ ਦੇ ਪਿਆਰ ਵਿਚ ਪਰੁਚਦੀ ਰਹਿੰਦੀ ਹੈ। ਉਸਨੇ ਅੱਗੋਂ ਲਿਖਿਆ ਹੈ ਕਿ ਮਰਦ ਸਵਾਰਥੀ ਹੁੰਦਾ ਹੈ ਪ੍ਰੰਤੂ ਇਸਤਰੀ ਸਵਾਰਥੀ ਨਹੀਂ ਹੁੰਦੀ, ਉਹ ਭਾਵਕ ਜ਼ਰੂਰ ਹੁੰਦੀ ਹੈ। ਉਹ ਇਹ ਵੀ ਲਿਖਦੀ ਹੈ ਕਿ ਨਾਨਕ ਸਿੰਘ ਦੀ ਸਰੋਜ ਪਾਤਰ ਤੋਂ ਜ਼ਾਹਰ ਹੁੰਦਾ ਹੈ ਕਿ ਇਸਤਰੀ ਜੇਕਰ ਦ੍ਰਿੜ੍ਹ ਇਰਾਦੇ ਅਤੇ ਉਚੇ ਮਨੋਬਲ ਵਾਲੀ ਰਹੇ ਤਾਂ ਹਰ ਸਮੱਸਿਆ ਦਾ ਮੁਕਾਬਲਾ ਕਰਨ ਦੇ ਸਮਰੱਥ ਹੁੰਦੀ ਹੈ। ਡਾ ਨਸੀਬ ਸਿੰਘ ਬਵੇਜਾ 'ਮੱਧ ਸ਼੍ਰੇਣਿਕ ਜ਼ਬਤ ਦਾ ਪ੍ਰਤੀਨਿਧ-ਕਿਦਾਰ' ਲੇਖ ਵਿਚ ਲਿਖਦਾ ਹੈ ਕਿ ਨਾਨਕ ਸਿੰਘ ਦੀ ਖ਼ੂਬੀ ਹੈ ਕਿ ਉਹ ਮੱਧ ਸ਼੍ਰੇਣੀ ਦੇ ਪਾਤਰਾਂ ਨੂੰ ਬਾਖ਼ੂਬੀ ਚਿਤਰਦਾ ਹੈ। ਡਾ ਸੁਰਜੀਤ ਖ਼ੁਰਮਾ ਨੇ ਆਪਣੇ ਲੇਖ 'ਨਾਨਕ ਸਿੰਘ ਦੇ ਨਾਟਕਾਂ ਵਿਚ ਸਮਾਜ ਸੁਧਾਰਕਤਾ ਦੇ ਲੱਛਣ' ਵਿਚ ਲਿਖਿਆ ਹੈ ਕਿ ਉਸਦੇ ਨਾਟਕਾਂ ਦੇ ਪਾਤਰ ਹਮੇਸ਼ਾ ਸਮਾਜਿਕ ਤਾਣੇ ਬਾਣੇ ਵਿਚ ਸੁਧਾਰ ਕਰਨ ਦਾ ਸੁਨੇਹਾ ਦਿੰਦੇ ਹਨ। ਡਾ ਹਰਬੰਸ ਸਿੰਘ ਧੀਮਾਨ ਨੇ ਗਲਪਕਾਰ ਨਾਨਕ ਸਿੰਘ ਲੇਖ ਵਿਚ ਲਿਖਿਆ ਹੈ ਕਿ ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿਚ ਅਹਿੰਸਾਵਾਦ ਦੇ ਸਿਧਾਂਤ ਦੀ ਪ੍ਰੋੜ੍ਹਤਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਨਕ ਸਿੰਘ ਦੇ ਨਾਵਲਾਂ ਵਿਚ ਇਹ ਸਿਧਾਂਤ ਵੀ ਲਿਖਿਆ ਗਿਆ ਹੈ ਕਿ ਬੁਰੇ ਕੰਮਾਂ ਦੇ ਬੁਰੇ ਨਤੀਜੇ ਅਤੇ ਭਲੇ ਕੰਮਾਂ ਦੇ ਭਲੇ ਨਤੀਜੇ ਨਿਕਲਦੇ ਹਨ। ਹਰਪ੍ਰੀਤ ਸਿੰਘ ਰਾਣਾ ਨੇ ਨਾਨਕ ਸਿੰਘ ਦੇ ਪਲੇਠੇ ਨਾਵਲ ਮਤਰੇਈ ਮਾਂ ਦੇ ਸਾਹਿਤਕ ਵਿਸ਼ਲੇਸ਼ਣ ਵਿਚ ਲਿਖਿਆ ਹੈ ਕਿ ਉਨ੍ਹਾਂ ਨਾਵਲ ਨੂੰ ਧਾਰਮਿਕ ਘੇਰੇ ਵਿਚੋਂ ਬਾਹਰ ਕੱਢਕੇ ਸਮਾਜਿਕ ਵਿਸ਼ਿਆਂ ਨੂੰ ਆਧਾਰ ਬਣਕੇ ਨਵੀਂ ਪ੍ਰਿਤ ਪਾਈ ਹੈ। ਅਸਲ ਵਿਚ ਨਾਨਕ ਸਿੰਘ ਯਥਾਰਥਵਾਦੀ ਨਾਵਲਕਾਰ ਸਨ ਜਿਨ੍ਹਾਂ ਮੱਧ ਸ਼੍ਰੇਣੀ ਦੀਆਂ ਸਮੱਸਿਆਵਾਂ ਦੇ ਹਲ ਕਰਨ ਦੀ ਪਹਿਲ ਕੀਤੀ। ਇਸ ਕਰਕੇ ਮਤਰੇਈ ਮਾਂ ਨਾਵਲ ਇਕ ਇਤਿਹਾਸਕ ਨਾਵਲ ਹੋ ਨਿਬੜਿਆ ਕਿਉਂਕਿ ਮਤਰੇਈ ਮਾਵਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਨੂੰ ਵਿਸ਼ਾ ਬਣਾਕੇ ਰੱਬ ਤੋਂ ਡਰਕੇ ਆਦਰਸ਼ਵਾਦੀ ਤੇ ਸੱਚਾ ਸੁੱਚਾ ਜੀਵਨ ਜਿਓਣ ਦੀ ਪ੍ਰੇਰਨਾ ਦਿੱਤੀ ਹੈ। ਭੁਪਿੰਦਰ ਸਿੰਘ ਨੇ ਨਾਨਕ ਸਿੰਘ ਨੂੰ ਪ੍ਰਗਤੀਵਾਦੀ, ਸੁਧੀਰ ਕੁਮਾਰ ਸੁਧੀਰ ਨੇ ਫਿਰਕਾ ਪ੍ਰਸਤੀ ਵਿਰੁਧ ਅਵਾਜ਼ ਬੁਲੰਦ ਕਰਨ ਵਾਲਾ, ਬੰਸਬੀਰ ਕੌਰ ਨੇ ਤਕਨੀਕੀ ਸਿੱਖਿਆ ਦੇਣ ਬਾਰੇ, ਡਾ ਗੁਰਮੁੱਖ ਸਿੰਘ ਨੇ ਕਵੀਸ਼ਰੀ ਦਾ ਮੁੱਖ ਗ਼ਰੀਬਾਂ ਦੀ ਦੁਰਦਸ਼ਾ ਵਲ ਕਰਨ ਅਤੇ ਵਰਿੰਦਰ ਸਿੰਘ ਵਾਲੀਆ ਨੇ ਇਤਿਹਾਸਕ ਅਤੇ ਧਾਰਮਿਕ ਘਟਨਾਵਾਂ ਬਾਰੇ ਕਵੀਸ਼ਰੀ ਲਿਖਣ ਬਾਰੇ ਲਿਖਿਆ। ਇਸ ਪੁਸਤਕ ਦਾ ਆਖ਼ਰੀ ਭਾਗ ਅਦੀਬਾਂ ਦੀ ਨਜ਼ਰ ਵਿਚ ਅਤੇ ਸ਼ਰਧਾਂਜਲੀਆਂ ਦੇ ਰੂਪ ਵਿਚ ਹੈ, ਜਿਸ ਵਿਚ ਪੰਜਾਬੀ ਦੇ ਚੋਟੀ ਦੇ ਸਾਹਿਤਕਾਰਾਂ ਦੇ ਨਾਨਕ ਸਿੰਘ ਬਾਰੇ ਵਿਚਾਰ ਸ਼ਰਧਾਂਜਲੀ ਦੇ ਰੂਪ ਵਿਚ ਦਿੱਤੇ ਗਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ ਨਾਨਕ ਸਿੰਘ ਦੀ ਵਿਚਾਰਧਾਰਾ ਦੀ ਪ੍ਰਤੀਕ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
11 Dec. 2018
ਸਿਆਸਤਦਾਨੋ ਬਾਬਾ ਨਾਨਕ ਦੀ ਕਰਮ ਭੂਮੀ ਦੇ ਦਰਸ਼ਨੇ ਦੀਦਾਰੇ ਦੇ ਰੰਗ ਵਿਚ ਭੰਗ ਨਾ ਪਾਓ - ਉਜਾਗਰ ਸਿੰਘ
ਸਿਆਸਤਦਾਨ ਭਰਾਵੋ ਤੇ ਭੈਣੋ ਬਾਬੇ ਨਾਨਕ ਦੀ ਕਰਮ ਭੂਮੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਸਦਕੇ ਮਿਲਣ ਜਾ ਰਿਹਾ ਹੈ। ਕ੍ਰਿਪਾ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਨ ਤੋਂ ਪ੍ਰਹੇਜ ਕਰੋ ਤਾਂ ਜੋ ਇਸ ਬਣਨ ਜਾ ਰਹੇ ਕਰਤਾਰਪੁਰ ਲਾਂਘੇ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਪਵੇ। ਦੋਹਾਂ ਦੇਸ਼ਾਂ ਵਿਚ ਸਦਭਾਵਨਾ ਦੇ ਬਣੇ ਮਾਹੌਲ ਨੂੰ ਵਿਗਾੜਨ ਵਿਚ ਆਪਣਾ ਯੋਗਦਾਨ ਨਾ ਪਾਓ। ਸਿਆਸਤਦਾਨਾ ਦੀ ਰਾਜਨੀਤੀ ਕਰਕੇ ਪਿਛਲੇ 71 ਸਾਲਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹੀਆਂ ਹਨ। ਕਿਤੇ ਇਹ ਨਾ ਹੋਵੇ ਕਿ ਤੁਹਾਡੀ ਆਪਸੀ ਖਹਿਬਾਜੀ ਕਰਕੇ ਦੋਹਾਂ ਦੇਸ਼ਾਂ ਨੂੰ ਲਾਂਘਾ ਬਣਾਉਣ ਦੇ ਰਸਤੇ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਜਾਣ ਕਿਉਂਕਿ ਪਹਿਲਾਂ ਵੀ ਅਜਿਹੇ ਫੈਸਲੇ ਤਿੰਨ ਵਾਰ ਹੋ ਚੁੱਕੇ ਸਨ ਪ੍ਰੰਤੂ ਸਿਰੇ ਨਹੀਂ ਚੜ੍ਹ ਸਕੇ। ਜੇ ਹੋ ਸਕੇ ਤਾਂ ਦੋਹਾਂ ਦੇਸ਼ਾਂ ਦੇ ਕੂਟਨੀਤਕ ਸੰਬੰਧ ਸਾਜਗਾਰ ਬਣਾਉਣ ਵਿਚ ਸਹਾਈ ਹੋਣ ਦੀ ਕੋਸ਼ਿਸ਼ ਕਰੋ। ਬਿਆਨਬਾਜ਼ੀ ਹਮੇਸ਼ਾ ਕੁੜੱਤਣ ਪੈਦਾ ਕਰਦੀ ਹੈ। ਇਸ ਲਈ ਅਜਿਹੇ ਬਿਆਨ ਨਾ ਦਾਗੋ ਜਿਹੜੇ ਸਦਭਾਵਨਾ ਦੀ ਪ੍ਰਵਿਰਤੀ ਵਿਚ ਘਿਰਣਾ ਪੈਦਾ ਕਰਨ ਵਿਚ ਸਹਾਈ ਹੋਣ। ਕਰਤਾਪੁਰ ਲਾਂਘੇ ਦਾ ਸੰਬੰਧ 12 ਕਰੋੜ ਲੋਕਾਂ ਦੀ ਧਾਰਮਿਕ ਅਕੀਦਤ ਨਾਲ ਸੰਬੰਧਤ ਹੈ। ਇਸ ਉਪਰ ਰਾਜਨੀਤੀ ਨਾ ਖੇਡੀ ਜਾਵੇ। ਰਾਜਨੀਤੀ ਕਰਨ ਦੇ ਹੋਰ ਬਥੇਰੇ ਮੌਕੇ ਮਿਲਣਗੇ। ਇਸ ਲਾਂਘੇ ਲਈ ਪਹਿਲਾਂ ਵੀ 1988 ਵਿਚ ਰਾਜੀਵ ਗਾਂਧੀ ਅਤੇ ਬੇਨਜ਼ੀਰ ਭੁੱਟੋ ਸਹਿਮਤ ਹੋ ਗਏ ਸਨ। ਫਿਰ 2000 ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਵੀ ਦੋਵੇਂ ਸਰਕਾਰਾਂ ਰਾਜੀ ਹੋ ਗਈਆਂ ਸਨ ਪ੍ਰੰਤੂ ਕਾਰਗਿਲ ਦੀ ਲੜਾਈ ਰਸਤੇ ਵਿਚ ਰੋੜਾ ਬਣ ਗਈ ਸੀ। 2004 ਤੋਂ 2014 ਦਰਮਿਆਨ ਇਸ ਲਾਂਘੇ ਦੀ ਮੰਗ ਜ਼ੋਰ ਫੜਦੀ ਰਹੀ ਪ੍ਰੰਤੂ ਕਿਸੇ ਤਨ ਪੱਤਣ ਨਹੀਂ ਲੱਗੀ। ਡਾਕਟਰ ਮਨਮੋਹਨ ਸਿੰਘ ਸਮੇਂ ਵੀ ਕੋਸ਼ਿਸ਼ਾਂ ਹੋਈਆਂ ਪ੍ਰੰਤੂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਿਆ। ਨਰਿੰਦਰ ਮੋਦੀ ਦੀ ਸਰਕਾਰ ਵਿਚ 2017 ਵਿਚ ਸੰਸਦੀ ਕਮੇਟੀ ਨੇ ਪਾਕਿਸਤਾਨ ਸਰਕਾਰ ਨਾਲ ਸਾਜਗਾਰ ਸੰਬੰਧ ਨਾ ਹੋਣ ਦਾ ਬਹਾਨਾ ਬਣਾਕੇ ਤਜ਼ਵੀਜ਼ ਰੱਦ ਕਰ ਦਿੱਤੀ। ਹੁਣ ਇਸ ਲਾਂਘੇ ਦੀ ਸ਼ੁਰੂਆਤ ਕਰਵਾਉਣ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਇਕ ਕ੍ਰਿਕਟਰ ਦੇਸਤ ਦੇ ਤੌਰ ਤੇ ਬੁਲਾਇਆ ਤਾਂ ਉਥੋਂ ਦੀ ਫ਼ੌਜ ਦੇ ਮੁੱਖੀ ਨੇ ਪਾਕਿਸਤਾਨ ਸਰਕਾਰ ਦੀ ਕਰਤਾਰਪੁਰ ਲਾਂਘਾ ਖੁੋਲ੍ਹਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਰਤ ਆ ਕੇ ਇਸ ਲਾਂਘੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਉਸਨੂੰ ਦੁਸ਼ਮਣ ਦੇਸ਼ ਵਿਚ ਜਾਣ ਅਤੇ ਫ਼ੌਜ ਮੁੱਖੀ ਨਾਲ ਜੱਫੀ ਪਾਉਣ ਕਰਕੇ ਦੇਸ਼ ਧਰੋਹੀ ਅਤੇ ਗ਼ਦਾਰ ਤੱਕ ਆਖ ਦਿੱਤਾ। ਫਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚ ਗਏ। ਸਿਆਸਤਦਾਨ ਥੁੱਕ ਕੇ ਚੱਟਣ ਵਿਚ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ ਅਤੇ ਪਰਕਾਸ਼ ਸਿੰਘ ਬਾਦਲ ਵੀ ਪਾਕਿਸਤਾਨ ਗਏ ਸਨ ਉਦੋਂ ਤਾਂ ਕਿਸੇ ਨੇਤਾ ਨੂੰ ਤਕਲੀਫ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਦੀ ਇਸ ਭੂਮਿਕਾ ਨੂੰ ਇਤਿਹਾਸ ਅਣਡਿਠ ਨਹੀਂ ਕਰ ਸਕਦਾ ਪ੍ਰੰਤੂ ਜੇਕਰ ਭਾਰਤ ਸਰਕਾਰ ਇਮਰਾਨ ਖ਼ਾਨ ਦੀ ਪਹਿਲ ਦਾ ਹੁੰਘਾਰਾ ਨਾ ਭਰਦੀ ਤਾਂ ਵੀ ਕਰਤਾਰਪੁਰ ਲਾਂਘੇ ਦਾ ਸੁਪਨਾ ਸਾਕਾਰ ਨਹੀਂ ਹੋ ਸਕਣਾ ਸੀ। ਕਈ ਵਾਰ ਹਾਲਾਤ ਐਸੇ ਬਣ ਜਾਂਦੇ ਹਨ ਕਿ ਸਰਕਾਰਾਂ ਵੀ ਬੇਬਸ ਹੋ ਜਾਂਦੀਆਂ ਹਨ, ਜਿਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਮੌਕੇ ਲਾਂਘੇ ਦੀ ਗੱਲ ਲਗਪਗ ਸਿਰੇ ਚੜ੍ਹ ਗਈ ਸੀ ਪ੍ਰੰਤੂ ਕਾਰਗਿਲ ਦੀ ਲੜਾਈ ਨੇ ਸਾਰਾ ਕੁਝ ਹੀ ਉਲਟਾ ਪੁਲਟਾ ਕਰ ਦਿੱਤਾ ਸੀ। ਇਸ ਲਈ ਸਾਜਗਾਰ ਮਾਹੌਲ ਦਾ ਹੋਣਾ ਦੋਹਾਂ ਦੇਸ਼ਾਂ ਲਈ ਕਰਤਾਰਪੁਰ ਲਾਂਘੇ ਦੇ ਮੁਕੰਮਲ ਕਰਨ ਲਈ ਜ਼ਰੂਰੀ ਹੈ। ਸਿਆਸਤਦਾਨਾ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਕੋਈ ਅੜਿਕਾ ਪੈਦਾ ਹੋਵੇ। ਇਸ ਲਾਂਘੇ ਦਾ ਸਿਹਰਾ ਲੈਣ ਦੀ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ। ਨਵਜੋਤ ਸਿੰਘ ਸਿੱਧੂ ਤਾਂ ਆਪਣੇ ਦੋਸਤ ਦੇ ਸੱਦੇ ਤੇ ਉਸਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ। ਜੇਕਰ ਉਹ ਇਸ ਲਾਂਘੇ ਲਈ ਮਦਦਗਾਰ ਸਾਬਤ ਹੋਇਆ ਹੈ ਤਾਂ ਸਾਨੂੰ ਉਸਦੇ ਉਦਮ ਦੀ ਸ਼ਲਾਘਾ ਕਰਨੀ ਬਣਦੀ ਹੈ ਪ੍ਰੰਤੂ ਸਾਡੇ ਸਿਆਸਤਦਾਨ ਇਸ ਧਾਰਮਿਕ ਕੰਮ ਉਪਰ ਵੀ ਸਿਆਸਤ ਕਰਨ ਲੱਗ ਪਏ। ਸ੍ਰੀ ਗੁਰੂ ਨਾਨਕ ਦੇਵ ਦੀ ਸਾਰੀ ਬਾਣੀ ਹੀ ਧਾਰਮਿਕ ਸ਼ਹਿਨਸ਼ੀਲਤਾ, ਸ਼ਾਂਤੀ, ਆਪਸੀ ਸਹਿਯੋਗ, ਸਰਬਤ ਦਾ ਭਲਾ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ ਪ੍ਰੰਤੂ ਸਾਡੇ ਸਿਆਸਤਦਾਨ ਲਾਂਘੇ ਦਾ ਸਿਹਰਾ ਲੈਣ ਲਈ ਗੁਰੂ ਦੀ ਕਰਮਭੂਮੀ ਦੇ ਦਰਸ਼ਨਾ ਉਪਰ ਹੀ ਬਿੱਲੀਆਂ ਦੀ ਤਰ੍ਹਾਂ ਲੜਨ ਲੱਗ ਪਏ। ਨਵਜੋਤ ਸਿੰਘ ਸਿੱਧੂ ਨੇ ਤਾਂ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਾਲੇ ਤਾਂ ਉਸਨੂੰ ਪਾਕਿਸਤਾਨ ਜਾਣ ਕਰਕੇ ਗਦਾਰ ਅਤੇ ਦੇਸ਼ ਧਰੋਹੀ ਤੱਕ ਆਖ ਗਏ। ਬਾਅਦ ਵਿਚ ਆਪ ਵੀ ਉਥੇ ਚਲੇ ਗਏ। ਉਨ੍ਹਾਂ ਦੇ ਕੁਝ ਨੇਤਾ ਅਜੇ ਵੀ ਉਸਨੂੰ ਦੇਸ਼ ਧਰੋਹੀ ਕਹੀ ਜਾਂਦੇ ਹਨ। ਵਿਰੋਧੀ ਪਾਰਟੀ ਦੇ ਨੇਤਾ ਤਾਂ ਸਿੱਧੂ ਵਿਰੁਧ ਬਿਆਨਬਾਜ਼ੀ ਕਰਨ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਵਿਚੋਂ ਅਸਤੀਫ਼ਾ ਦੇ ਕੇ ਆਇਆ ਹੋਇਆ ਹੈ। ਉਨ੍ਹਾਂ ਨੂੰ ਇਸ ਗੱਲ ਦੀ ਨਰਾਜ਼ਗੀ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਨੇਤਾ ਵੀ ਨਵਜੋਤ ਸਿੰਘ ਸਿੱਧੂ ਦੀ ਵੱਧ ਰਹੀ ਸ਼ਾਖ ਤੋਂ ਖਾਰ ਖਾਣ ਲੱਗ ਪਏ। ਇਸ ਲਾਂਘੇ ਦੇ ਦੋਹਾਂ ਦੇਸ਼ਾਂ ਵੱਲੋਂ ਨੀਂਹ ਪੱਥਰ ਰੱਖਣ ਤੋਂ ਬਾਅਦ ਸਿੱਧੂ ਦਾ ਸਿਆਸੀ ਕੱਦ ਉਚਾ ਹੋ ਗਿਆ ਹੈ। ਇਸ ਲਈ ਕਾਂਗਰਸ ਪਾਰਟੀ ਦੇ ਪੁਰਾਣੇ ਨੇਤਾ ਉਸਦੇ ਪਰ ਕੁਤਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮੈਂ ਆਪਣੇ ਲੇਖਾਂ ਵਿਚ ਲਿਖਦਾ ਰਹਿੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਮਰਿਆਦਾ ਵਿਚ ਰਹਿਕੇ ਹੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਬਹੁਤੇ ਛੜੱਪੇ ਨਹੀਂ ਮਾਰਨੇ ਚਾਹੀਦੇ। ਹੁਣ ਉਹ ਕਿਸੇ ਸ਼ੋ ਦਾ ਕੋਈ ਕਲਾਕਾਰ ਨਹੀਂ ਇੱਕ ਜ਼ਿੰਮੇਵਾਰ ਮੰਤਰੀ ਹੈ। ਆਪਣੇ ਮੁੱਖ ਮੰਤਰੀ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਟੋਭੇ ਵਿਚ ਰਹਿੰਦਿਆਂ ਮਗਰਮੱਛ ਨਾਲ ਵੈਰ ਰੱਖਣਾ ਖ਼ਤਰਨਾਕ ਹੋ ਸਕਦਾ ਹੈ। ਮੀਡੀਆ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕੋਤਾਹੀ ਕਰ ਰਿਹਾ ਹੈ। ਜੇਕਰ ਉਨ੍ਹਾਂ ਸਿੱਧੂ ਦੀ ਪੂਰੀ ਵੀਡੀਓ ਕਲਿਪ ਵਿਖਾਈ ਹੁੰਦੀ ਤਾਂ ਇਹ ਵਾਦਵਿਵਾਦ ਪੈਦਾ ਹੀ ਨਹੀਂ ਹੋਣਾ ਸੀ। ਉਸਨੇ ਤਾਂ ਮੁੱਖ ਮੰਤਰੀ ਨੂੰ ਆਪਣੇ ਪਿਤਾ ਸਮਾਨ ਕਿਹਾ ਸੀ ਪ੍ਰੰਤੂ ਵੀਡੀਓ ਕਲਿਪ ਵਿਚੋਂ ਇਹ ਕੱਢਕੇ ਬਾਕੀ ਵੀਡੀਓ ਵਾਇਰਲ ਕਰ ਦਿੱਤੀ। ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਪ੍ਰੰਤੂ ਪੰਜਾਬ ਦੇ ਮੰਤਰੀ ਸਹਿਬਾਨ ਨੂੰ ਵੀ ਕਿਸੇ ਕਿਸਮ ਦੀ ਬਿਆਨਬਾਜ਼ੀ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਜੇਕਰ ਕੋਈ ਮਸਲਾ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਹੋ ਸਕਦਾ ਹੋਵੇ ਤਾਂ ਹਲ ਕਰਨਾ ਚਾਹੀਦਾ ਹੈ। ਕਾਂਗਰਸੀ ਨੇਤਾਵਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਹੈ। ਇਸ ਕਾਟੋ ਕਲੇਸ਼ ਨਾਲ ਸਰਕਾਰ ਦੇ ਅਕਸ ਤੇ ਅਸਰ ਪੈਂਦਾ ਹੈ। ਵਿਰੋਧੀ ਪਾਰਟੀ ਤਾਂ ਚਾਹੁੰਦੀ ਹੀ ਹੈ ਕਿ ਪੰਜਾਬ ਵਿਚ ਅਸਥਿਰਤਾ ਦਾ ਵਾਤਾਵਰਨ ਬਣੇ ਕਿਉਂਕਿ ਦਸ ਸਾਲ ਦੇ ਰਾਜ ਤੋਂ ਬਾਅਦ ਉਹ ਰਾਜ ਭਾਗ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਜੇ ਇਸ ਸਰਕਾਰ ਨੂੰ ਹੋਂਦ ਵਿਚ ਆਇਆਂ ਥੋੜ੍ਹਾ ਸਮਾਂ ਹੀ ਹੋਇਆ ਸਾਢੇ ਤਿੰਨ ਸਾਲ ਕਾਂਗਰਸ ਪਾਰਟੀ ਨੇ ਰਾਜ ਕਰਨਾ ਹੈ। ਇਸ ਲਈ ਕਾਂਗਰਸੀ ਨੇਤਾਵਾਂ ਨੂੰ ਪੰਜਾਬ ਦੇ ਵਿਕਾਸ, ਬੇਰੋਜ਼ਗਾਰੀ, ਕਿਸਾਨ ਖ਼ੁਦਕਸ਼ੀਆਂ ਵਰਗੇ ਮਹੱਤਵਪੂਰਨ ਕੰਮਾ ਵਲ ਧਿਆਨ ਦੇਣਾ ਚਾਹੀਦਾ ਹੈ। ਉਹ ਬੇਵਜਾਹ ਹੀ ਵਾਦਵਿਵਾਦ ਵਿਚ ਉਲਝੇ ਪਏ ਹਨ। ਅਜੇ ਵੀ ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੰਜਮ ਤੋਂ ਕੰਮ ਲੈਣ ਵਿਚ ਹੀ ਪੰਜਾਬ ਦਾ ਭਲਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
03 Nov. 2018
ਕਰਤਾਰਪੁਰ ਲਾਂਘਾ:ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ - ਉਜਾਗਰ ਸਿੰਘ
ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੋਹਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵੱਲੋਂ ਨੀਂਹ ਪੱਥਰ ਰੱਖਣ ਨਾਲ ਨਵੀਆਂ ਸੰਭਾਵਨਾਵਾਂ ਦੇ ਰਸਤੇ ਵੀ ਖੁਲ੍ਹਣ ਲੱਗ ਪਏ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਇਕ ਬਿਆਨ ਵਿਚ ਦੱਸਿਆ ਹੈ ਕਿ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀਜਾ ਲੈਣ ਦੀ ਲੋੜ ਨਹੀਂ ਹੋਵੇਗੀ। ਪਾਕਿਸਤਾਨ ਦੇ ਰੇਲਵੇ ਵਿਭਾਗ ਦੇ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਹਾ ਹੈ ਕਿ ਕਰਤਾਰਪੁਰ ਵਿਚ ਆਧੁਨਿਕ ਰੇਲਵੇ ਸ਼ਟੇਸ਼ਨ ਬਣਾਇਆ ਜਾਵੇਗਾ। ਨਨਕਾਣਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾ ਲਈ ਰੇਲ ਗੱਡੀ ਰਾਹੀਂ ਲਿਜਾਇਆ ਜਾਵੇਗਾ। ਸਰਕਾਰ 10-10 ਏਕੜ ਜ਼ਮੀਨ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਵਿਖੇ ਹੋਟਲ ਬਣਾਉਣ ਲਈ ਦੇਵੇਗੀ ਤਾਂ ਜੋ ਸ਼ਰਧਾਲੂਆਂ ਨੂੰ ਉਥੇ ਠਹਿਰਨ ਦੀ ਦਿਕਤ ਨਾ ਆਵੇ। ਕੋਈ ਵੀ ਸਿੱਖ ਇਸ ਜ਼ਮੀਨ ਉਪਰ ਹੋਟਲ ਬਣਾ ਸਕਦਾ ਹੈ। ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਵੀ ਆਪਣੇ ਸੰਬੰਧੀਆਂ ਦੇ ਵਾਪਸ ਆਉਣ ਦੀ ਉਮੀਦ ਬੱਝ ਗਈ ਹੈ। ਦੋਹਾਂ ਦੇਸ਼ਾਂ ਦੇ ਸਿਆਸਤਦਾਨ ਭਾਵੇਂ ਖ਼ੁਸ਼ ਹੋਣ ਚਾਹੇ ਨਾ ਹੋਣ ਪ੍ਰੰਤੂ ਦੋਹਾਂ ਦੇਸ਼ਾਂ ਦੀ ਜਨਤਾ ਪੂਰੀ ਬਾਗੋ ਬਾਗ ਹੋ ਗਈ ਹੈ ਕਿਉਂਕਿ ਸਰਹੱਦ ਉਪਰ ਸ਼ਾਂਤੀ ਸਥਾਪਤ ਹੋਣ ਦੀ ਆਸ ਪੈਦਾ ਹੋ ਗਈ ਹੈ। ਇਥੋਂ ਤੱਕ ਕਿ ਭਾਰਤੀ ਕਸ਼ਮੀਰ ਦੇ ਲੋਕ ਵੀ ਅਜਿਹੇ ਲਾਂਘੇ ਦੀ ਮੰਗ ਕਰਨ ਲੱਗ ਪਏ ਹਨ। ਦੋਹਾਂ ਦੇਸ਼ਾਂ ਦੇ ਲੋਕ ਖ਼ੁਸ਼ ਹਨ ਪ੍ਰੰਤੂ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦੋਹਾਂ ਦੇਸ਼ਾਂ ਦੀ ਸਹਿਮਤੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਦੌੜ ਲੱਗੀ ਹੋਈ ਹੈ। ਡਾ ਮਨਮੋਹਨ ਸਿੰਘਨੇ ਵੀ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਤ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਨ। ਪਿਛਲੇ 70 ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਪਾਕਿਸਤਾਨ ਸਰਕਾਰ ਨੇ ਕਦੀਂ ਹੁੰਗਾਰਾ ਹੀ ਨਹੀਂ ਭਰਿਆ ਸੀ। ਹੁਣ ਚਾਹੇ ਸਾਰੇ ਨੇਤਾ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਣ ਪ੍ਰੰਤੂ ਇਸਦੀ ਪਹਿਲਕਦਮੀ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯਤਨਾ ਦਾ ਸਿੱਟਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਦੋ ਕ੍ਰਿਕਟ ਦੇ ਖਿਡਾਰੀਆਂ ਦੀ ਦੋਸਤੀ ਦਾ ਸਿੱਟਾ ਹੈ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪ੍ਰਕਾਸ਼ ਦਿਵਸ ਮੌਕੇ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਰੋਵਾਲ ਜਿਲ੍ਹੇ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂਘਰ ਦੇ ਦਰਸ਼ਨਾ ਲਈ ਜਾਣ ਵਾਸਤੇ ਪ੍ਰਵਾਨਗੀ ਦੇਣਾ ਸ਼ੁਭ ਸ਼ਗਨ ਹੈ। ਦੇਸ਼ ਦੀ ਵੰਡ ਸਮੇਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਪਿੰਡ ਕਰਤਾਰਪੁਰ ਵਿਚ ਗੁਜ਼ਾਰੇ ਸਨ ਅਤੇ ਉਥੇ ਹੀ ਜੋਤੀ ਜੋਤਿ ਸਮਾਏ ਸਨ, ਉਹ ਪਾਕਿਸਤਾਨ ਵਿਚ ਰਹਿ ਗਿਆ ਸੀ। ਸਿੱਖ ਪਿਛਲੇ 70 ਸਾਲਾਂ ਤੋਂ ਹੀ ਅਰਦਾਸ ਕਰਦੇ ਆ ਰਹੇ ਸਨ ਕਿ ਉਨ੍ਹਾਂ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਮਿਲੇ। ਹੁਣ ਦੋਹਾਂ ਦੇਸ਼ਾਂ ਵੱਲੋਂ ਆਪਸੀ ਸਹਿਮਤੀ ਨਾਲ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸਦਾ ਸੰਸਾਰ ਵਿਚ ਰਹਿੰਦੇ ਸਿੱਖਾਂ ਨੇ ਸਵਾਗਤ ਕੀਤਾ ਹੈ। ਇਕ ਕਿਸਮ ਨਾਲ ਸਿੱਖ ਜਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਲਾਂਘਾ ਬਣਾਉਣ ਲਈ ਮੰਗ ਅਕਾਲੀ ਦਲ ਦੇ ਸਾਬਕਾ ਮਰਹੂਮ ਵਿਧਾਇਕ ਕੁਲਦੀਪ ਸਿੰਘ ਵਡਾਲਾ ਨੇ 18 ਸਾਲ ਪਹਿਲਾਂ ਸਰਹੱਦ ਤੇ ਪਹੁੰਚਕੇ ਅਰਦਾਸ ਕੀਤੀ ਸੀ। ਹੁਣ ਜਦੋਂ ਦੋਹਾਂ ਦੇਸ਼ਾਂ ਨੇ ਲਾਂਘੇ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਹਰ ਸਿਆਸੀ ਲੀਡਰ ਇਸਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸਲ ਵਿਚ ਤਾਜ਼ਾ ਘਟਨਾਕਰਮ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਣ ਸਮੇਂ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਦੀ ਮੰਗ ਰੱਖੀ ਸੀ, ਜਿਸਦੀ ਪਾਕਿਸਤਾਨ ਸਰਕਾਰ ਨੇ ਸਹਿਮਤੀ ਦੇ ਦਿੱਤੀ ਸੀ। ਉਦੋਂ ਤਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਕਹਿ ਦਿੱਤਾ ਸੀ। ਅਜੇ ਵੀ ਆਰ ਐਸ ਐਸ ਦੇ ਨੇਤਾਵਾਂ ਦੇ ਤਲੂੰਏ ਲੜਦੇ ਹਨ, ਉਨ੍ਹਾਂ ਦੇ ਨੇਤਾ ਇੰਦਰੇਸ਼ ਕੁਮਾਰ ਨੇ ਚੰਡੀਗੜ੍ਹ ਵਿਖੇ ਇਕ ਸਮਾਗਮ ਵਿਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਕਹਿ ਦਿੱਤਾ। ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਤੋਂ ਤਿੰਨ ਮਹੀਨੇ ਬਾਅਦ ਜਦੋਂ ਭਾਰਤ ਸਰਕਾਰ ਨੇ ਲਾਂਘੇ ਸੰਬੰਧੀ ਕੋਈ ਪ੍ਰਤੀਕ੍ਰਿਆ ਹੀ ਨਹੀਂ ਦਿੱਤੀ ਤਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਿਚ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ 28 ਨਵੰਬਰ ਨਿਸਚਤ ਕਰ ਦਿੱਤੀ ਸੀ। ਜਦੋਂ ਇਸਦੀ ਭਿਣਕ ਭਾਰਤ ਸਰਕਾਰ ਨੂੰ ਪਈ ਤਾਂ ਤੁਰੰਤ ਭਾਰਤ ਸਰਕਾਰ ਨੇ ਵੀ ਲਾਂਘਾ ਦੇਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਜੇਕਰ ਉਹ ਇਹ ਪ੍ਰਵਾਨਗੀ ਨਾ ਦਿੰਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਵਿਰੋਧੀ ਹੋਣ ਦਾ ਲੱਗਿਆ ਇਲਜ਼ਾਮ ਸਾਬਤ ਹੋ ਜਾਣਾ ਸੀ। ਹੁਣ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਇਸਦਾ ਸਿਹਰਾ ਉਹ ਆਪਣੇ ਸਿਰ ਬੰਨ੍ਹ ਰਹੇ ਹਨ। ਇਥੇ ਹੀ ਬੱਸ ਨਹੀਂ ਸਗੋਂ ਉਹ 28 ਨਵੰਬਰ ਨੂੰ ਪਾਕਿਸਤਾਨ ਵਿਚ ਇਸ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਉਪਰ ਇਹ ਕਹਾਵਤ ਢੁਕਦੀ ਹੈ ਕਿ ''ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ'' ਕਿਉਂਕਿ ਸੱਦਾ ਪੱਤਰ ਤਾਂ ਸ਼ੁਸ਼ਮਾ ਸਵਰਾਜ ਨੂੰ ਸੀ ਪ੍ਰੰਤੂ ਉਨ੍ਹਾਂ ਨੇ ਇਨ੍ਹਾਂ ਨੂੰ ਭੇਜ ਦਿੱਤਾ। ਉਹ ਕਿਹੜੇ ਮੂੰਹ ਨਾਲ ਪਾਕਿਸਤਾਨ ਗਏ ਹਨ, ਜਦੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਉਥੇ ਜਾਣ ਲਈ ਗ਼ਦਾਰ ਤੱਕ ਕਹਿ ਦਿੱਤਾ ਸੀ। ਅਕਾਲੀ ਦਲ ਲਈ ਇਹ ਥੁੱਕ ਕੇ ਚੱਟਣ ਵਾਲੀ ਗੱਲ ਹੋ ਗਈ ਹੈ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਇਆ ਸੀ ਤਾਂ ਸਾਰੇ ਅਕਾਲੀ ਨੇਤਾਵਾਂ ਨੇ ਇਕ ਦੂਜੇ ਤੋਂ ਪਹਿਲਾਂ ਬਿਆਨ ਦੇ ਕੇ ਉਸਦੀ ਨਿੰਦਿਆ ਕੀਤੀ ਸੀ। ਸਿਆਸਤਦਾਨ ਦੂਸ਼ਣਬਾਜੀ ਲਾਉਣ ਸਮੇਂ ਸ਼ਿਸ਼ਟਾਚਾਰ ਵੀ ਨਹੀਂ ਰੱਖਦੇ। ਦੇਸ਼ ਦੀ ਵੰਡ ਤੋਂ ਬਾਅਦ ਹੀ ਲਗਾਤਾਰ ਦੋਹਾਂ ਦੇਸ਼ਾਂ ਵਿਚ ਤਣਾਆ ਬਣਿਆਂ ਰਹਿੰਦਾ ਹੈ। ਇਹ ਫੈਸਲਾ ਦੋਹਾਂ ਦੇਸ਼ਾਂ ਵਿਚ ਪੁਲ ਦਾ ਕੰਮ ਕਰਦਾ ਹੋਇਆ ਅਮਨ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ। ਪੰਜਾਬ ਭਾਰਤ ਦੀ ਖੜਗਭੁਜਾ ਹੈ। ਜੇਕਰ ਪਾਕਿਸਤਾਨ ਵੱਲੋਂ ਠੰਡੀ ਹਵਾ ਦਾ ਬੁਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ। ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ ਹੀ ਪ੍ਰੰਤੂ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਦਾ ਹੋਵੇਗਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਦੋਸਤ ਦੇ ਤੌਰ ਤੇ ਸ਼ਾਮਲ ਹੋਣਾ, ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਦੀ ਪਿਛਲੇ 50 ਸਾਲਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਵਿਚ ਸਹਾਈ ਹੋਈ ਹੈ। ਮੁੱਦਤ ਤੋਂ ਬਾਅਦ ਪਾਕਿਸਤਾਨ ਵੱਲੋਂ ਠੰਡੀ ਹਵਾ ਦੇ ਬੁਲੇ ਆਉਣ ਦੀ ਉਮੀਦ ਬੱਝੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਜਿਹੜਾ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਿੰਦਾ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਵਕਾਲਤ ਦਾ ਵਿਰੋਧ ਕਰ ਰਹੇ ਸਨ। ਹੁਣ ਜਦੋਂ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ ਤਾਂ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਹਨ। ਇਹ ਗੱਲ ਬਿਲਕੁਲ ਵਾਜਬ ਹੈ ਕਿ ਤਾਲੀ ਹਮੇਸ਼ਾ ਦੋਹਾਂ ਹੱਥਾਂ ਨਾਲ ਵਜਦੀ ਹੈ। ਭਾਵ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾ ਇਹ ਲਾਂਘਾ ਖੁਲ੍ਹਣਾ ਅਸੰਭਵ ਸੀ। ਇਹ ਹੈ ਵੀ ਕੁਦਰਤੀ ਕਿ ਜਦੋਂ ਪਿਛਲੇ ਲੰਮੇ ਸਮੇਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੋਵੇ ਤਾਂ ਇਕ ਸਿੱਖ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਸਿਆਸੀ ਪਾਰਟੀਆਂ ਨੂੰ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਿਆਸੀ ਲੋਕਾਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੌਕੇ ਹੁੰਦੇ ਹਨ। ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸਿਆਸਤਦਾਨਾ ਨੇ ਕਿਰਕਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਜਿਹੜੇ ਲੋਕ ਸਿੱਧੂ ਬਾਰੇ ਵਾਵਰੋਲਾ ਖੜ੍ਹਾ ਕਰਕੇ ਨਿੰਦਿਆ ਕਰ ਰਹੇ ਸਨ, ਉਹੀ ਲੋਕ ਹੁਣ ਖ਼ੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਪੰਜਾਬ ਕਾਂਗਰਸ ਦੇ ਨੇਤਾ ਉਦੋਂ ਦੱਬੀ ਜ਼ਬਾਨ ਨਾਲ ਸਿੱਧੂ ਦਾ ਵਿਰੋਧ ਕਰ ਰਹੇ ਸਨ ਪ੍ਰੰਤੂ ਹੁਣ ਉਹੀ ਨੇਤਾ ਸਿੱਧੂ ਦੀ ਪਹਿਲਕਦਮੀ ਦੀ ਖੁਲ੍ਹਕੇ ਸਪੋਰਟ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਬਾਤ ਦਾ ਬਤੰਗੜ ਬਣਾ ਲੈਂਦੇ ਹਨ। ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਭਾਰਤੀਆਂ, ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਵਿਚ ਵਾਅਵਾ ਸ਼ਾਹਵਾ ਹੋ ਗਈ। ਇਹ ਪ੍ਰਸੰਸਾ ਭਾਰਤੀ ਜਨਤਾ ਪਾਰਟੀ ਨੂੰ ਪਚਦੀ ਨਹੀਂ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਬੈਠਾ, ਜਿਸ ਕਰਕੇ ਉਹ ਬੁਖਲਾਏ ਹੋਏ ਹਨ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਿੱਖ ਸੰਗਤਾਂ ਲਈ ਸਭ ਤੋਂ ਮੁਕੱਦਸ ਅਤੇ ਪਵਿਤਰ ਸਥਾਨ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 18 ਸਾਲ ਰਹੇ, ਖੇਤੀ ਕੀਤੀ, ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦਾ ਸਿਧਾਂਤ ਦਿੱਤਾ ਅਤੇ ਉਥੇ ਹੀ ਜੋਤੀ ਜੋਤ ਸਮਾਏ। ਇਹ ਗੁਰੂ ਘਰ ਗੁਰਦਾਸਪੁਰ ਜਿਲ੍ਹੇ ਵਿਚ ਬਾਬਾ ਬਕਾਲਾ ਦੇ ਕੋਲ ਰਾਵੀ ਦਰਿਆ ਦੇ ਕੰਢੇ ਤੇ ਭਾਰਤ ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ 3 ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਹਿੰਦ ਪਾਕਿ ਸਰਹੱਦ ਤੋਂ ਖੜ੍ਹਕੇ ਇਸ ਗੁਰੂ ਘਰ ਦੇ ਦਰਸ਼ਨ ਕਰਦੀਆਂ ਸਨ। ਇਸ ਦੀ ਮਹੱਤਤਾ ਨੂੰ ਵੇਖਕੇ ਬਾਰਡਰ ਸਕਿਉਰਿਟੀ ਫੋਰਸ ਨੇ 6 ਮਈ 2001ਨੂੰ ਬਾਬਾ ਨਾਨਕ ਸੈਕਟਰ ਵਿਚ ਕੰਡਿਆਲੀ ਤਾਰ ਦੇ ਨਜ਼ਦੀਕ ''ਕਰਤਾਰਪਰ ਦਰਸ਼ਨ ਅਸਥਾਨ '' ਬਣਾ ਦਿੱਤਾ ਸੀ, ਜਿਥੋਂ ਖੜ੍ਹਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਹੋ ਸਕਣ।
ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਦੇ ਕਰਿਕਟ ਸਟੇਡੀਅਮ ਵਿਚ ਪ੍ਰੈਕਟਿਸ ਕਰਦਾ ਹੁੰਦਾ ਸੀ। ਉਹ ਭਾਵਨਾਵਾਂ ਵਿਚ ਵਹਿਣ ਵਾਲਾ, ਦਿਲ ਦਾ ਸੱਚਾ ਸੁੱਚਾ, ਪਟਿਆਲਵੀਆਂ ਦਾ ਸ਼ੈਰੀ ਅਤੇ ਖਿਡਾਰੀ ਸਪਿਰਟ ਨਾਲ ਹਰ ਕੰਮ ਕਰਨ ਵਾਲਾ ਹੈ। ਭਾਰਤੀਓ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਸਹਿਮਤ ਹੋਵੋ ਭਾਵੇਂ ਨਾ ਹੋਵੋ ਪ੍ਰੰਤੂ ਜਿਹੜਾ ਸੁਖਦ ਸੁਨੇਹਾ ਉਹ ਸਿੱਖ ਜਗਤ ਲਈ ਪਾਕਿਸਤਾਨ ਤੋਂ ਲੈ ਕੇ ਆਇਆ ਹੈ, ਘੱਟੋ ਘੱਟ ਉਸਦਾ ਸਵਾਗਤ ਕਰਨਾ ਹਰ ਭਾਰਤੀ, ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦਾ ਬਣਦਾ ਹੈ। ਉਸਨੇ ਭਾਵੇਂ ਹੁਣ ਤੱਕ ਸਿਆਸਤ ਵਿਚ ਜਿਤਨੀਆਂ ਵੀ ਗਲਤੀਆਂ ਕੀਤੀਆਂ ਹੋਣ ਪ੍ਰੰਤੂ ਉਸਦੇ ਇਸ ਕਦਮ ਨੇ ਉਹ ਸਾਰੀਆਂ ਧੋ ਦਿੱਤੀਆਂ ਹਨ ਅਤੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਜੇਕਰ ਸਰਹੱਦ ਤੇ ਸ਼ਾਂਤੀ ਰਹੇਗੀ ਤਾਂ ਫੌਜੀ ਪਰਿਵਾਰ ਸੁਖ ਦਾ ਸਾਹ ਲੈਂਦੇ ਰਹਿਣਗੇ। ਜੇ ਉਹ ਪਰਿਵਾਰ ਸੁਖੀ ਰਹਿਣਗੇ ਤਾਂ ਦੇਸ਼ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਚਲਦਾ ਰਹੇਗਾ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸ ਦੇ ਬਹੁਤੇ ਵਿਧਾਨਕਾਰਾਂ ਨੇ ਸਿੱਧੂ ਦੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਕਿਸਤਾਨ ਸਰਕਾਰ ਨੇ 28 ਨਵੰਬਰ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਸੀ ਪ੍ਰੰਤੂ ਉਨ੍ਹਾਂ ਉਥੇ ਨਾ ਜਾਣ ਦਾ ਫੈਸਲਾ ਕੀਤਾ ਹੈ। ਉਹ ਸਾਬਕਾ ਫ਼ੌਜੀ ਅਧਿਕਾਰੀ ਹਨ, ਦੇਸ਼ ਭਗਤੀ ਦਾ ਜ਼ਜ਼ਬਾ ਉਨ੍ਹਾਂ ਤੇ ਭਾਰੂ ਹੈ। ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਪ੍ਰੰਤੂ ਇਥੇ ਇਹ ਦੱਸਣਾ ਬਣਦਾ ਹੈ ਕਿ ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਨੇ 1923 ਵਿਚ ਜਦੋਂ ਰਾਵੀ ਦਰਿਆ ਵਿਚ ਹੜ੍ਹ ਆਉਣ ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋ ਗਿਆ ਸੀ, ਉਸਦੀ ਕਾਰ ਸੇਵਾ ਲਈ 1 ਲੱਖ 35 ਹਜ਼ਾਰ 600 ਰੁਪਏ ਦੇ ਕੇ ਮੁਰੰਮਤ ਕਰਵਾਈ ਸੀ। ਕਰਤਾਰਪੁਰ ਗੁਰਦੁਆਰਾ ਸਾਹਿਬ ਵਿਚ ਅਜੇ ਵੀ ਮਹਾਰਾਜਾ ਭੁਪਿੰਦਰ ਸਿੰਘ ਦੇ ਦਾਨ ਦੇਣ ਦਾ ਪੱਥਰ ਲੱਗਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਾਮਲ ਹੋ ਗਏ ਹਨ। ਉਮੀਦ ਕੀਤੀ ਜਾਂਦੀ ਹੈ ਕਿ ਉਸਦੇ ਦੂਜੀ ਵਾਰ ਪਾਕਿਸਤਾਨ ਜਾਣ ਤੋਂ ਬਾਅਦ ਸਰਹੱਦ ਉਪਰ ਸ਼ਾਂਤੀ ਹੋਣ ਦੀ ਆਸ ਬੱਝੇਗੀ ਕਿਉਂਕਿ ਪਹਿਲੀ ਵਾਰ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਕਰਤਾਰਪੁਰ ਲਾਂਘੇ ਬਾਰੇ ਸਹਿਮਤੀ ਹੋ ਗਈ ਹੈ। ਉਮੀਦ ਹੈ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਸਾਜਗਾਰ ਹੋਣਗੇ ਕਿਉਂਕਿ ਧਾਰਮਿਕ ਪ੍ਰੋਗਰਾਮ ਦਾ ਅਸਰ ਜ਼ਰੂਰ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com