ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ - ਰਵੇਲ ਸਿੰਘ ਇਟਲੀ
ਬੇਸ਼ੱਕ ਸ਼ਰੀਂਹ ਦਾ ਰੁੱਖ ਫਲ਼ਦਾਰ ਰੁੱਖਾਂ ਵਿੱਚ ਗਿਣਿਆ ਨਹੀਂ ਜਾਂਦਾ ਪਰ ਆਪਣੀ ਅਣੋਖੀ ਦਿੱਖ ਅਤੇ ਬਹੁਗੁਣੀ ਰੁੱਖ ਹੋਣ ਕਰਕੇ ਇਸ ਬਾਰੇ ਲਿਖਣ ਤੋਂ ਇਹ ਰੁੱਖ ਅਣਗੌਲਿਆ ਵੀ ਰਹਿਣਾ ਨਹੀਂ ਚਾਹੀਦਾ।
ਪ੍ਰਯਾਵਰਣ ਦੇ ਸ੍ਰੋਤ ਇਸ ਰੁੱਖ ਬਾਰੇ ਜਿੱਨੀ ਕੁ ਜਾਣ ਕਾਰੀ ਇਸ ਲੇਖਕ ਨੂੰ ਹੈ ਉਹ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਜ਼ਰੂਰ ਕਰਨੀ ਚਾਹਾਂਗਾ।
ਕਿਸੇ ਵੇਲੇ ਰੇਲ ਗੱਡੀ ਜੋ ਮੁਕੇਰੀਆਂ ਤੋਂ ਜਲੰਧਰ ਤੱਕ ਆਉਂਦੀ ਸੀ।ਉਸ ਵਿੱਚ ਇੱਕ ਸੁੰਦਰ ਸਿੰਘ ਨਾਂ ਦਾ ਹਕੀਮ ਅੱਖਾਂ ਦਾ ‘ਮੁਮੀਰਾ, ਨਾਮ ਦਾ ਸੁਰਮਾ ਆਪਣੇ ਹੱਥੀਂ ਤਿਆਰ ਕਰਕੇ ਵੇਚਦਾ ਕਿਹਾ ਕਰਦਾ ਸੀ।“ ਜਿਸ ਪਿੰਡ ਵਿੱਚ ਸ਼ਰੀਹ ਦਾ ਰੁੱਖ ਹੋਵੇ ਜਨਾਬ, ਉਸ ਪਿੰਡ ਵਾਲਿਆਂ ਦੀਆਂ ਅੱਖਾਂ ਕਿਉਂ ਹੋਣ ਖਰਾਬ”, ਫਿਰ ਸੁਰਮੇ ਤੇ ਅੱਖਾਂ ਦੀ ਤੰਦਰੁਸਤੀ ਲਈ ਕੁੱਝ ਕੰਮ ਦੀਆਂ ਗੱਲਾਂ ਬਾਤਾਂ ਦਸਦਾ ਉਹ ਆਪਣੇ ਝੋਲ਼ੇ ਵਿੱਚੋਂ ਇਕ ਸੁਰਮੇ ਦੀ ਸ਼ੀਸ਼ੀ ਅਤੇ ਸ਼ੀਸ਼ੇ ਦੀ ਸਲਾਈ ਕੱਢ ਕੇ ਪਾਣੀ ਨਾਲ ਸਾਫ ਕਰੇ ਸਵਾਰੀਆਂ ਨੂੰ ਇਹ ਸੁਰਮਾ ਪਾਉਣ ਲਈ ਕਹਿੰਦਾ, ਸੁਰਮੇ ਵਾਲੀ ਸਲਾਹੀ ਸਾਫ ਕਰਨ ਲਈ ਉਹ ਪਾਣੀ ਦੀ ਭਰੀ ਸ਼ੀਸ਼ੀ ਵੀ ਉਹ ਨਾਲ ਰੱਖਦਾ ਸੀ।ਸੁਰਮਾਂ ਪਾਉਣ ਨਾਲ ਅੱਖਾਂ ਚੋਂ ਪਾਣੀ ਵਗਣ ਕਰਕੇ ਅੱਖਾਂ ਦੇ ਸ਼ੀਸ਼ੇ ਸਾਫ ਹੋਣ ਤੇ ਫਿਰ ਉਹ ਇਹ ਸੁਰਮਾ ਬਣਾਉਣ ਦਾ ਢੰਗ ਵੀ ਦਸਦਾ।
ਉਹ ਕਹਿੰਦਾ ਸੱਭ ਤੋਂ ਪਹਲਾਂ ਜੋ ਚੀਜ਼ਾਂ ਉਹ ਇਸ ਕੰਮ ਲਈ ਦਸਦਾ ਉੱਨ੍ਹਾਂ ਨੂੰ ਪੀਸ ਕੇ ਕਿਸੇ ਸ਼ਰੀਂਹ ਦੇ ਰੁੱਖ ਦੇ ਤਣੇ ਵਿੱਚ ਚੌਰਸ ਛੇਕ ਕਰਕੇ ਉਸ ਬਣੇ ਛੇਕ ਵਿੱਚ ਸਵਾ ਮਹੀਨਾ ਬੰਦ ਰੱਖਣ ਤੋਂ ਬਾਅਦ ਇਹ ਅੱਖਾਂ ਲਈ ਬਹੁਤ ਕਾਰਾਮਦ ਸੁਰਮੇ ਦੇ ਬਣਾਉਣ ਬਾਰੇ ਦਸ ਕੇ ਕਹਿੰਦਾ ਲਓ ਜੀ ਇਹ ਹੁਣ ਮੁਮੀਰਾ ਕੀ ਮੁਮੀਰੇ ਦਾ ਵੀ ਬਾਪ ਬਣ ਗਿਆ। ਫਿਰ ਆਪਣੇ ਬਾਰੇ ਪੂਰਾ ਥਾਂ ਟਿਕਾਣਾ ਦੱਸ ਕੇ ਆਪਣੇ ਹੱਥੀਂ ਤਿਆਰ ਕੀਤਾ ਸੁਰਮੇ ਵਾਲੇ ਝੋਲੇ ਵਿੱਚੋਂ ਲੋੜ ਵੰਦਾਂ ਨੂੰ ਕੀਮਤ ਦੱਸਕੇ ਸੁਰਮਾ ਵੇਚਦਾ,ਬਹੁਤ ਸਾਰੀਆਂ ਸੁਰਮੇ ਸ਼ੀਸ਼ੀਆਂ ਵੇਚਦਾ ਅਗਲੇ ਸਟੇਸ਼ਨ ਤੇ ਉਤਰ ਕੇ ਦੂਸਰੇ ਡੱਬੇ ਵਿੱਚ ਚਲਾ ਜਾਂਦਾ। ਸਿਰਫ ਇਨਾ ਹੀ ਨਹੀਂ ਇਹ ਰੁੱਖ ਸਰੀਰ ਦੀਆਂ ਕਈ ਹੋਰ ਕਈ ਕਿਸਮ ਦੇ ਰੋਗਾਂ ਲਈ ਵੀ ਬਹੁਤ ਲਾਭ ਦਾਇਕ ਹੈ।
ਵੈਸੇ ਵੀ ਸ਼ਰੀਂਹ ਦਾ ਰੁੱਖ ਬੜਾ ਸੰਘਣਾ ਅਤੇ ਛਾਂਦਾਰ ਰੁੱਖ ਹੈ। ਜਦੋਂ ਕਿਸੇ ਘਰ ਕੋਈ ਬਾਲ ਜਨਮ ਲੈਂਦਾ ਹੈ ਘਰ ਵਾਲੇ ਇਸ ਨੂੰ ਆਮ ਕਰਕੇ ਸ਼ੁੱਭ ਜਾਣ ਕੇ ਆਪਣੇ ਦਰਵਾਜ਼ੇ ਤੇ ਸ਼ਰੀਂਹ ਦੇ ਪੱਤੇ ਕਿਸੇ ਧਾਗੇ ਨਾਲ ਬੰਨ੍ਹ ਕੇ ਬੂਹੇ ਤੇ ਲਟਕਾਏ ਜਾਂਦੇ ਇਹ ਆਮ ਵੇਖੇ ਜਾਂਦੇ ਹਨ। ਬਹਾਰ ਆਉਣ ਤੇ ਇਸ ਰੁੱਖ ਨੂੰ ਸੁੰਦਰ ਚਿੱਟੇ ਕਰੀਮ ਰੰਗ ਦੇ ਬੜੇ ਸੁੰਦਰ ਫੁੱਲ ਲਗਦੇ ਹਨ।ਇਸ ਦੇ ਪੱਤੇ ਛੋਟੇ ਛੋਟੇ ਤੇ ਲੜੀ ਦਾਰ ਹੁੰਦੇ ਜੋ ਵੇਖਣ ਨੂੰ ਬਹੁਤ ਸੁਹਣੇ ਲਗਦੇ ਹਨ।
ਫੁੱਲ ਲਗਣ ਤੋਂ ਗਿੱਠ ਡੇੜ੍ਹ ਗਿੱਠ ਲੰਮੀਆਂ ਚਪਟੀਆਂ ਹਰੀਆਂ ਫਲੀਆਂ ਨਾਲ ਜਦੋਂ ਇਹ ਰੁਖ ਭਰ ਕੇ ਸ਼ਿੰਗਾਰਿਆ ਜਾਂਦਾ ਹੈ ਤਾਂ ਇਹ ਨਜ਼ਾਰਾ ਵੀ ਵੇਖਣ ਯੋਗ ਹੁੰਦਾ ਹੈ। ਇਸ ਰੁੱਖ ਦੀ ਲੱਕੜ ਹੌਲੀ ਠੰਡੀ ਤਾਸੀਰ ਦੀ ਅਤੇ ਕਾਫੀ ਹੰਢਣਸਾਰ ਵੀ ਹੁੰਦੀ ਹੈ। ਬਹੁਤ ਸਾਰੇ ਲੱਕੜ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਸਿਆਲ ਦੀ ਠੰਡੀ ਰੁੱਤੇ ਜਦੋ ਕਦੀ ਹਵਾ ਚਲਦੀ ਹੈ ਤਾਂ ਇਸ ਰੁੱਖ ਦੇ ਪੱਤੇ ਝੜ ਜਾਣ ਕਰਕੇ ਜਦੋਂ ਇਸ ਦੀਆਂ ਪੱਕੀਆਂ ਪੀਲੇ ਸੁਨਹਿਰੀ ਰੰਗ ਦੀਆਂ ਬੀਜਾਂ ਵਾਲੀਆਂ ਫਲੀਆਂ ਵੀ ਕੁਦਰਤ ਦੇ ਵਜਦੇ ਸਾਜ਼ ਵਿੱਚ ਇਲੌਕਿਕ ਧੁਨੀ ਵੀ ਪੈਦਾ ਕਰਦੀਆਂ ਹਨ।
ਪਿੱਪਲ ਜਾਂ ਪਿੱਪਲੀ ਪੱਤਿਆਂ ਦੀ ਖੜ ਖੜ ਦੀ ਆਵਾਜ਼ ਹੁੰਦੀ ਸੁਣ ਕੇ ਤਾਂ ਕਈ ਸ਼ਾਇਰਾਂ ਨੇ ਆਪਣੇ ਗੀਤ ਲਿਖ ਕੇ ਤੇ ਕਈ ਗੀਤ ਕਾਰਾ ਨੇ ਕੁਝ ਨਾ ਕੁਝ ਲਿਖਿਆ ਹੈ।ਹਾਲਾਂ ਕਿ ਪਿੱਪਲ ਦਾ ਰੁੱਖ ਕੁੱਝ ਕੁੱਝ ਸਦਾ ਬਹਾਰ ਰੁੱਖ ਵਰਗ ਹੀ ਹੁੰਦਾ ਹੈ। ਪਰ ਸ਼ਰੀਹ ਦੇ ਰੁੱਖ ਪੱਤਝੜੀ ਰੁਖ ਦੇ ਹੋਣ ਕਰਕੇ ਇਸ ਰੁੱਖ ਨਾਲ ਬੜਾ ਧੱਕਾ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨ ਦਾ ਇਹ ਰੁੱਖ ਸ਼ਿਕਾਰ ਵੀ ਹੋਇਆ ਹੈ।
ਮੈਂ ਦੇਸ਼ ਅਤੇ ਵਿਦੇਸ਼ ਰਹਿੰਦਿਆਂ ਇਸ ਕਿਸਮ ਦੇ ਰੁੱਖਾਂ ਦੇ ਕਈ ਜ਼ਖੀਰੇ ਅਤੇ ਪਾਰਕਾਂ ਅਤੇ ਹੋਰ ਥਾਂਵਾਂ ਵੀ ਲਾਏ ਗਏ ਵੇਖੇ ਹਨ। ਪਰ ਸਾਡੇ ਦੇਸੀ ਸ਼ਰੀਂਹ ਦੇ ਇਸ ਰੁੱਖ ਦਾ ਮੁਕਾਬਲਾ ਇਹ ਨਿੱਕੀਆਂ ਨਿੱਕੀਆਂ ਬੇ ਆਵਾਜ਼ ਫਲੀਆਂ ਵਾਲੇ ਲੰਮੇ ਲੰਮੇ ਤੇ ਇਕੈਹਰੇ ਆਕਾਰ ਵਾਲੇ ਰੁੱਖ ਨਹੀਂ ਕਰ ਸਕਦੇ।ਆਓ ਆਪਣੇ ਆਲ਼ੇ ਦੁਆਲੇ ਦਾ ਵਾਤਾ ਵਰਨ ਸਾਫ ਸੁਥਰਾ ਰੱਖਣ ਦੀ ਆਦਤ ਬਣਾਈਏ ਤੇ ਇਨ੍ਹਾਂ ਪ੍ਰਯਾਵਰਣ ਦੇ ਸ੍ਰੋਤ ਰੁੱਖਾਂ ਦੀ ਸਾਂਭ ਸੰਭਾਲ ਵਜੋਂ ਇਨ੍ਹਾਂ ਵੱਲ ਆਪਣਾ ਪੂਰਾ ਧਿਆਨ ਦਈਏ।
ਨਾ ਉਹ ਤੂਤ ਸ਼ਰੀਹਾਂ ਲੱਭਣ,
ਨਾ ਉਹ ਬੇਲੇ ਕਾਹੀਆਂ ਲੱਭਣ,
ਨਾ ਉਹ ਰੁੱਤਾਂ ਛਾਈਆਂ ਲੱਭਣ,
ਨਾਂ ਭਾਈ ਭਰਜਾਈਆਂ ਲੱਭਣ,
ਘੱਟ ਹੀ ਪਕੱਦੇ, ਖੀਰਾਂ ਪੂੜੇ,
ਘੱਟ ਹੀ ਪੀਂਘਾਂ ਪਾਈਆਂ ਲੱਭਣ।
ਲੱਭਦਾ ਬਸ ਪ੍ਰਦੂਸਣ ਸਾਰੇ,
ਨਾ ਉਹ ਸਾਫ ਸਫਾਈਆਂ ਲੱਭਣ,
ਨਾ ਹੀ ਉਹ ਹਲ ਵਾਹੀਆਂ ਲੱਭਣ,
ਮਾਂਵਾਂ ਵਾਂਗੋ ਪਿਆਰ ਕਰਨ ਜੋ,
ਨਾ ਉਹ ਚਾਚੀਆਂ ਤਾਈਆਂ ਲੱਭਣ।
ਨਾ ਉਹ ਖੱਦਰ ਨਾ ਕਪਾਹਾਂ
ਨਾ ਉਹ ਲੇਫ ਤਲਾਈਆਂ ਲੱਭਣ।
ਬੰਦ ਹੋ ਗਾਏ ਛੱਪੜ ਟੋਭੇ,
ਘੱਟ ਹੀ ਖੱਡਾਂ ਖਾਈਆਂ ਲੱਭਣ।
ਸੱਭ ਨੂ ਵੰਡਣ ਮੁਫਤ ਅਸੀਸਾਂ,
ਨਾ ਉਹ ਬੁੱਢੀਆਂ ਮਾਈਆਂ ਲੱਭਣ।
ਖੇਤਾਂ ਦੇ ਵਿੱਚ ਫਿਰਨ ਟ੍ਰੈਕਟਰ,
ਨਾ ਉਹ ਬਲ਼ਦ ਨਾ ਗਾਈਆਂ ਲੱਭਣ,
ਦੇਸ਼ ਵਿਦੇਸ਼ੀ ਤੁਰ ਗਏ ਲੋਕੀਂ,
ਇਹ ਅੱਖਾਂ ਤ੍ਰਿਹਾਈਆਂ ਲੱਭਣ।
ਕਈ ਵਾਰ ਮੈਂ ਇਹ ਵੀ ਸੋਚਦਾ ਹਾਂ ਕਿ ਪੰਜਾਬੀ ਸਭਿਆਚਾਰ ਵਿੱਚ ਜਿੱਥੇ ਕਈ ਫਲਦਾਰ ਅਤੇ ਛਾਂ ਦਾਰ ਰੁੱਖਾਂ ਦਾ ਜਿਵੇਂ ਅੰਬ, ਧਰੇਕ, ਨਿੰਮ ,ਟਾਹਲੀ, ਤੂਤ ,ਕਿੱਕਰ,ਫਲਾਹੀ, ,ਪਿੱਪਲ, ਪਿਪਲੀ ਬੋਹੜ ਦਾ ਜ਼ਿਕਰ ਤਾਂ ਆਮ ਆਉਂਦਾ ਹੈ, ਪਰ ਲੇਖਕਾਂ ਗੀਤਕਾਰਾਂ ਸ਼ਾਇਰਾਂ ਨੇ ਇੱਸ ਗੁਣਕਾਰੀ ਸ਼ਰੀਂਹ ਦੇ ਰੁੱਖ ਨੂੰ ਕਿਉਂ ਅੱਖੋਂ ਪ੍ਰੋਖਿਆਂ ਕੀਤਾ ਹੈ, ਇਸ ਵਿਸ਼ੇ ਤੇ ਹੀ ਕੁਝ ਪੜਚੋਲ ਕਰਦਿਆਂ ਬਿਰਹੋਂ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਪੰਜਾਬੀ ਦਾ ਕੀਟਸ ਵੀ ਕਿਹਾ ਜਾਂਦਾ ਹੈ।ਜਿਸ ਦੀ ਜਨਮ ਸ਼ਤਾਬਦੀ ਹੁਣੇ ਹੁਣੇ ਕਈ ਥਾਂਵਾਂ ਤੇ ਅਤੇ ਕਈਆਂ ਸੰਸਥਾਵਾਂ, ਵੈਬਸਾਈਡਾਂ, ਮੈਗਜ਼ੀਨਾਂ ਆਦਿ ਰਾਹੀ ਉਸ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ.ਦੀ ਇਸ ਨਜ਼ਮ ਨੇ ਮੇਰਾ ਇਸ ਰੁੱਖ ਪ੍ਰਤੀ ਇਹ ਗਿਲਾ ਵੀ ਦੂਰ ਕਰ ਦਿੱਤਾ ਹੈ।
ਉਸ ਮਹਾਨ ਸ਼ਾਇਰ ਦੀ ਇਹ ਰਚਨਾ ਨੂੰ ਪਾਠਕਾਂ ਨਾਲ ਸਾਂਝੀ ਕਰਨ ਤੋਂ ਬਿਨਾਂ ਮੇਰਾ ਹੱਥਲਾ ਇਹ ਲੇਖ ਅਧੂਰਾ ਹੀ ਰਹੇ ਗਾ। ਉਸ ਨੂੰ ਸ਼ਰਧਾ ਵਜੋਂ ਇਸ ਰੁੱਖ ਦੇ ਸ਼ਰੀਂਹ ਦੇ ਹੀ ਕੁਝ ਨਰਮ ਸਫੇਦ ਫੁੱਲ ਕਰੀਮ ਰੰਗੇ ਕੋਮਲ ਫੁੱਲ ਉਸ ਨੂੰ ਭੇਟ ਕਰਦੇ ਹੋਏ ਇਸ ਲੇਖ ਨੂੰ ਸਮਾਪਤ ਕਰਦਾ ਹੋਇਆ ਮੁੜ ਕਿਤੇ ਕਿਸੇ ਹੋਰ ਲੇਖ ਰਾਹੀਂ ਹਾਜ਼ਿਰ ਹੋਣ ਲਈ ਪਾਠਕਾਂ ਤੋਂ ਆਗਿਆ ਲੈਂਦਾ ਹਾਂ।
ਸ਼ਿਵ ਬਟਾਲਵੀ ਦੀ ਰਚਨਾ ਹੈ:-
ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ,
ਆਖਰੀ ਫੁੱਲ ਵੀ ਸ਼ਰੀਂਹ ਦਾ ਡਿਗ ਪਿਆ,
ਖਾ ਗਿਆ ਸਰ ਸਬਜ਼ ਜੂਹਾਂ,ਸਰਦ ਪੋਹ।
ਪ੍ਰਯਾਵਰਣ ਦੇ ਸ੍ਰੋਤ ਰੁੱਖ : ਤੂਤ - ਰਵੇਲ ਸਿੰਘ ਇਟਲੀ
ਪੰਜਾਬ ਪੰਜਾਂ ਪਾਣੀਆਂ ਦੀ ਧਰਤੀ, ਇਹ ਦੇਸ਼ ਦੀ ਵੰਡ ਕਰਕੇ ਭਾਂਵੇਂ ਦੋ ਹਿੱਸਿਆਂ ਵਿੱਚ ਵੰਡੀ ਤਾਂ ਗਈ ਪਰ, ਸ਼ੁਕਰ ਹੈ ਏਨਾ ਕੁਝ ਹੋਣ ਤੇ ਵੀ ਵੰਡੇ ਗਏ ਦੋਹਵਾਂ ਹਿੱਸਿਆਂ ਵਿੱਚ ਅਜੇ ਇਹ ਧਰਤੀ ਆਪਣਾ ਪੁਰਾਣਾ ਨਾਮ ਸੰਭਾਲੀ ਬੈਠੀ ਹੈ।
ਪੰਜਾਬ ਪੈਗੰਬਰਾਂ, ਰਿਸ਼ੀਆਂ, ਮੁਨੀਆਂ, ਗੁਰੂਆਂ ,ਪੀਰਾਂ, ਫਕੀਰਾਂ, ਦੀ ਸਾਂਝੀ ਮਾਂਝੀ ਧਰਤੀ ਤਾਂ ਹੈ ਈ, ਪਰ ਪ੍ਰਯਾਵਰਣ ਅਤੇ ਸਭਿਆਚਾਰ ਪੱਖੋਂ ਵੀ ਬਹੁਤ ਕੁਝ ਆਪਸ ਵਿੱਚ ਮਿਲਦਾ ਜੁਲਦਾ ਹੈ। ਤੇ ਇਸੇ ਤਰਾਂ ਇਸ ਧਰਤੀ ਦੇ ਰੁੱਖ ਵੀ ਜਿਵੇਂ ਆਪਸ ਵਿਚ ਆਪਣੀਆਂ ਸਾਂਝਾਂ ਦੀ ਕੜਿੰਗੜੀ ਪਈ ਬੈਠੇ ਹਨ। ਸਮੇਂ ਨੇਂ ਭਾਂਵੇ ਅਨੇਕਾਂ ਰੰਗ ਇਸ ਬਹਾਦਰਾ ਯੋਧਿਆਂ ਦੀ ਧਰਤੀ ਨੂੰ ਵਿਖਾਏ ਹਨ, ਪਰ ਇਸ ਬਹੁਰੰਗੀ ਧਰਤੀ ਦੇ ਰੁੱਖਾਂ ਨੇ ਆਪਣੀ ਸਾਖ ਅਤੇ ਚੱਸ ਅਜੇ ਵੀ ਨਹੀਂ ਛੱਡੀ।
ਅਜੇ ਵੀ ਬਹੁਤ ਸਾਰੇ ਪੁਰਾਣੇ ਰੁੱਖ ਦੋਹਾਂ ਪਾਸਿਆਂ ਦੀ ਜ਼ੀਨਤ ਬਣੇ ਹੋਏ ਹਨ ।ਜਿਨ੍ਹਾਂ ਦੇ ਕੁਦਰਤੀ ਗੁਣਾਂ ਅਤੇ ਸਿਫਤਾਂ ਸਮੇਂ ਸਮੇਂ ਸਿਰ ਵਿਸਥਾਰ ਕਰਦੇ ਰਹਿਣਾ ਆਪੋ ਆਪਣੀ ਜਾਣਕਾਰੀ ਅਨੁਸਾਰ ਕਰਦੇ ਰਹਿਣਾ ਹਰ ਲੇਖਕ ਦਾ ਬਣਦਾ ਹੈ।
ਹੁਣ ਕੁਦਰਤ ਨਾਲ ਛੇੜ ਛਾੜ ਕਰਨ ਦਾ ਦੂਸਰਾ ਪਾਸਾ ਕਰੋਨਾ ਨਾਂ ਦੀ ਮਹਾਮਾਰੀ, ਕੁਦਰਤ ਨੇ ਖੌਰੇ ਅਜੋਕੇ ਮਨੁੱਖ ਨੂੰ ਇਸੇ ਕਰਕੇ ਹੀ ਵਿਖਾਇਆ ਹੈ।ਪਰ ਪਤਾ ਨਹੀਂ ਮਨੁੱਖ ਨੂੰ ਕਦੋਂ ਇਸ ਨੂੰ ਸਮਝ ਆਇਗੀ।
ਆਓ ਅੱਜ ਪੰਜਾਬ ਦੀ ਧਰਤੀ ਦੇ ‘ਤੂਤ’ ਦੇ ਰੁੱਖ ਬਾਰੇ ਜੋ ਇਕ ਸੰਘਣੀ ਛਾਂ ਦੇਣ ਵਾਲਾ ਪੱਤਝੜੀ ਰੁੱਖ ਹੋਣ ਦੇ ਨਾਲ ਨਾਲ ਬਹੁਗੁਣੀ ਅਤੇ ਫਲ਼ਦਾਰ ਰੁੱਖ ਵੀ ਹੈ। ਜਿਸ ਦਾ ਵਰਨਣ ਪੰਜਾਬ ਦੇ ਸਭਿਆਚਾਰਕ ਗੀਤਾਂ ਕਹਾਣੀਆਂ ਵਿੱਚ ਵੀ ਥਾਂ ਥਾਂ ਆਉਂਦਾ ਹੈ।
ਕੋਈ ਵੇਲਾ ਸੀ ਜਦੋਂ ਦੋ ਜੋਬਣ- ਮੱਤੇ ਦਿਲਾਂ ਦੀ ਹਵਾੜ ਤੇ ਗਿਲੇ ਸ਼ਿਕਵੇ ਕਰਨ ਬਾਰੇ ਕਿਸੇ ਗੀਤਕਾਰ ਦਾ ਲਿਖਿਆ ਇਹ ਗੀਤ ਵੀ ਕਦੇ ਸੁਣਦੇ ਹੁੰਦੇ ਸਾਂ:-
ਆ ਜਮਾਲੋ ਬੈਠ ਤੂਤਾਂ ਵਾਲੇ ਖੂਹ ਤੇ,
ਗੱਲਾਂ ਹੋਣ ਦਿਲਾਂ ਦੀਆਂ ਇੱਕ ਦੂਸਰੇ ਦੇ ਮੂੰਹ ਤੇ।
ਅਤੇ ਮਸ਼ਹੂਰ ਗਾਇਕ ਕਲਾਕਾਰ ਮਲਕੀਅਤ ਸਿੰਘ ਦਾ ਚੁਲਬੁਲਾ ਜਿਹਾ ਗਾਇਆ ਗੀਤ ‘ਤੂਤਕ ਤੂਤਕ ਤੂਤੀਆਂ’------------
ਤਾਂ ਲਗ ਪਗ ਅਸੀਂ ਸਾਰਿਆਂ ਨੇ ਸੁਣਿਆ ਹੋਣਾ।ਉਸ ਨੂੰ ਕਿਸੇ ਇੰਟਰ ਵੀਊ ਵੇਲੇ ਇਨ੍ਹਾਂ “ਤੂਤਕ ਤੂਤੀਆਂ” ਦੇ ਅਰਥ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਹਸਦੇ ਹੋਇ ਕਿਹਾ ਸੀ ਕੀ ਤੂਤ ਦੇ ਫਲਾਂ ਨੂੰ ਕਈ ਤੂਤਕਾਂ ਵੀ ਕਹਿੰਦੇ ਹਨ ਬਾਕੀ ਮੈਂ ਗੀਤ ਨੂੰ ਹੋਰ ਵਧੀਆ ਧੁਨ ਬਣਾਉਣ ਲਈ ਜੋੜ ਲਿਆ ਸੀ।
ਇਸੇ ਰੁੱਖ ਦੇ ਨਾਂ ਤੇ ਪੰਜਾਬੀ ਦੇ ਨਾਮਵਰ ਨਾਵਲਕਾਰ ਬਹੁਪੱਖੀ ਸ਼ਖਸੀਅਤ ਸਵ. ਸੋਹਣ ਸਿੰਘ ਸੀਤਲ ਦਾ ਨਾਵਲ’ ਤੂਤਾਂ ਵਾਲਾ ਖੂਹ’ ਜਿਸ ਨੂੰ ਸਕੂਲਾਂ ਵਿੱਚ ਦਸਵੀਂ ਕਲਾਸ ਦੇ ਸਲੇਬਸ ਵਿੱਚ ਲੱਗਣ ਦਾ ਮਾਣ ਪ੍ਰਾਪਤ ਹੈ। ਜਿਸ ਨੂੰ ਪੜ੍ਹਨੋਂ ਸ਼ਾਇਦ ਹੀ ਕੋਈ ਪਾਠਕ ਹੀ ਰਹਿ ਗਿਆ ਹੋਵੇ, ਜਿਸ ਨੇ ਨਹੀਂ ਪੜ੍ਹਿਆ ਜ਼ਰੂਰ ਕਿਤੋਂ ਦੇਖ ਭਾਲ ਕਰਕੇ ਆਪਣਾ ਕੀਮਤੀ ਸਮਾ ਕੱਢ ਕੇ ਪੜ੍ਹਨ ਦਾ ਯਤਨ ਕਰੇ।
ਇਸ ਦੇ ਇਲਾਵਾ ਤੂਤ ਦੇ ਪੱਤੇ ਰੇਸ਼ਮ ਦੇ ਕੀੜੇ ਦੀ ਮਨ ਭਾਉਂਦੀ ਖੁਰਾਕ ਹੋਣ ਕਰਕੇ ਰੇਸ਼ਮ ਦੇ ਕੀੜੇ ਪਾਲਣ ਲਈ ਇਹ ਰੁੱਖ ਉਚੇਚੇ ਤੌਰ ਤੇ ਲਾਏ ਜਾਂਦੇ ਹਨ। ਪੱਤ ਝੜ ਦੀ ਰੁੱਤੇ ਜਦੋਂ ਇਸ ਰੁੱਖ ਦੇ ਪੱਤੇ ਝੜ ਜਾਂਦੇ ਹਨ ਤਾਂ ਇਸ ਦੀਆਂ ਪੱਕੀਆਂ ਡਾਲੀਆਂ ਜਿਨ੍ਹਾਂ ਨੂੰ ਛਮਕਾਂ ਕਹਿੰਦੇ ਹਨ ,ਉਨ੍ਹਾਂ ਦੀਆਂ ਆਮ ਵਰਤੋਂ ਲਈ ਟੋਕਰੀਆਂ ਤੇ ਟੋਕਰੇ ਬਣਾਏ ਜਾਂਦੇ ਹਨ।
ਤੂਤ ਦੀ ਲੱਕੜ ਲਚਕਦਾਰ ਤੇ ਸੌਖੀ ਮੁੜ ਜਾਣ ਤੇ ਵੀ ਨਾ ਟੁੱਟਣ ਕਰਕੇ ਖੇਡਾਂ ਦੇ ਸਾਮਾਨ ਉਚੇਚੇ ਤੌਰ ਤੇ ਹਾਕੀਆਂ ਬਣਾਉਣ ਦੇ ਕੰਮ ਵੀ ਆਉਂਦੀ ਹੈ। ਪੰਜਾਬ ਦੇ ਵੱਡੇ ਸਨਅਤੀ ਸ਼ਹਿਰ ਜਲੰਧਰ ਵਿੱਚ ਇਸ ਕੰਮ ਲਈ ਥਾਂ ਥਾਂ ਆਬਾਦੀਆਂ ਜਿਵੇਂ ਬਸਤੀ ਦਾਨਸ਼ ਮੰਦਾਂ, ਬਸਤੀ ਗੁਜ਼ਾਂ ਵਿੱਚ ਇਸ ਦੇ ਛੋਟੇ ਵੱਡੇ ਕਾਰਖਾਨੇ ਅਤੇ ਘਰ ਘਰ ਵੀ ਆਮ ਵੇਖੇ ਜਾ ਸਕਦੇ ਨੇ।
ਤੂਤ ਦੀਆਂ ਦੋ ਕਿਸਮਾਂ ਤੂਤ ਤੇ ਸ਼ਹਿਤੂਤ ਆਮ ਕਰਕੇ ਹੁੰਦੀਆਂ ਹਨ। ਇਨ੍ਹਾਂ ਨੂੰ ਵੱਖ ਵੱਖ ਰੰਗਾਂ ਦੇ ਗੂੜ੍ਹੇ ਜਾਮਣੀ, ਜਾਂ ਚਿੱਟੇ ਰੰਗ ਦੇ ਫਲ਼ ਲਗਦੇ ਹਨ। ਤੂਤ ਦੇ ਗੋਲ ਗੋਲ ਨਿੱਕੇ ਫਲ਼ਾਂ ਨੂੰ ਤੂਤ ਜਾਂ ਗੁਲ੍ਹਾਂ ਕਹਿੰਦੇ ਹਨ। ਜੋ ਖਟ- ਮਿਠੇ ਸੁਆਦ ਵਾਲਾ ਦਾ ਗਰਮੀਆਂ ਦਾ ਫਲ਼ ਹੈ।ਜਿਸ ਦੀ ਤਾਸੀਰ ਗਰਮ ਹੁੰਦੀ ਹੈ। ਇਸੇ ਤਰ੍ਹਾਂ ਸ਼ਹਿਤੂਤ ਦੋ ਦੋਹਾਂ ਰੰਗਾਂ ਦੇ ਉੰਗਲ ਉੰਗਲ ਜਿੱਡੇ ਲੰਮੇ ਸੁਆਦੀ ਮਿੱਠੇ ਫਲ ਹੁੰਦੇ ਹਨ।
ਤੂਤ ਦੇ ਫ਼ਲਾਂ ਦੇ ਰੱਸ ਦਾ ਸ਼ਰਬਤ ਵੀ ਤਿਆਰ ਕੀਤਾ ਜਾਂਦਾ ਹੈ ਜੋ ਵੈਦ ਹਕੀਮ ਗਲੇ ਦੀ ਬੀਮਾਰੀ ਜਿਸ ਨੂੰ ਖੁਨਾਕ ਕਿਹਿੰਦੇ ਹਨ, ਲਈ ਬੜਾ ਲਾਭ ਦਾਇਕ ਹੁੰਦਾ ਹੈ। ਗਰਮੀਆਂ ਦੀ ਰੁੱਤ ਵਿੱਚ ਇਸ ਦੀਆਂ ਸੰਘਣੀਆਂ ਧਰਤੀ ਨੂੰ ਛੋਹੰਦੀਆਂ ਡਾਲੀਆਂ ਨਾਲ ਲੱਗੇ ਮੋਤੀਆਂ ਦੀ ਮਾਲਾ ਵਾਂਗ ਪ੍ਰੋਏ ਗੋਲ ਗੋਲ ਫਲ਼ ਬਹੁਤ ਹੀ ਸੁੰਦਰ ਲਗਦੇ ਹਨ।ਪੰਛੀ ਇਨ੍ਹਾਂ ਰੁੱਖਾਂ ਦੀ ਟਹਿਣੀਆਂ ਤੇ ਬੈਠੇ ਹੋਏ ਕਈ ਤਰ੍ਹਾਂ ਦੀਆਂ ਮਨਮੋਹਣੀਆਂ ਆਵਾਜ਼ਾਂ ਬੋਲਦੇ ਕਲੋਲ ਕਰਦੇ ਵੇਖੀਦੇਹਨ। ਇਧਰ ਓਧਰ ਨੱਚਦੇ ਟੱਪਦੇ ਗਾਲ੍ਹੜ ਇਨ੍ਹਾਂ ਨੂੰ ਖਾਂਦੇ ਹਨ ਤਾਂ ਬੜੇ ਚੰਗੇ ਲੱਗਦੇ ਇਵੇਂ ਲਗਦੇਂ ਹੈ ਜਿਵ ਇਨ੍ਹਾਂ ਨੂੰ ਕੁਦਰਤ ਦੀ ਕੋਈ ਵੱਡੀ ਸੌਗਾਤ ਮਿਲ ਗਈ ਹੋਵੇ।
ਪਰ ਬੰਦਾ ਤਾਂ ਕੁਦਰਤ ਤੋਂ ਏਨਾ ਕੁਝ ਲੈ ਕੇ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਬਜਾਏ ਕੁਦਰਤ ਦਾ ਸ਼ੁਕਰ ਗੁਜ਼ਾਰ ਹੋਣ ਇਸ ਨਾਲ ਕਈ ਤਰਾਂ ਨਾਲ ਛੇੜ ਛਾੜ ਅਤੇ ਧੱਕਾ ਕਰਕੇ ਉਸ ਦੀ ਹੋਂਦ ਮਿਟਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।ਤੇ ਖੌਰੇ ਕੁਦਰਤ ਨਾਲ ਇਸੇ ਵਧੀਕੀ ਕਰਨ ਕਰਕੇ ਹੀ ਹੁਣ ਕਰੋਨਾ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਦੇ ਡਰੋਂ ਮੂੰਹਾਂ ਤੇ ਮਾਸਕ ਲਗਾ ਕੇ ਜਿਵੇਂ ਸ਼ਰਮਸਾਰ ਜਿਹਾ ਹੋ ਰਿਹਾ ਜਾਪਦਾ ਹੈ।
ਮੈਂ ਕੇਨੇਡਾ ਦੀ ਫੇਰੀ ਵੇਲੇ ਇਹ ਰੁੱਖ ਵੇਖਿਆ ਸੀ ਕਿਤੇ ਗੋਰੇ ਲੋਕਾਂ ਦੀ ਆਬਾਦੀ ਵਿੱਚ, ਜਿਸ ਨੂੰ ਉਸ ਦੀ ਡਾਲੀਆਂ ਕੱਟਣ ਦੀ ਬਜਾਏ ਉਨ੍ਹਾਂ ਨੂੰ ਹੇਠਾਂ ਵੱਲ ਨੂੰ ਝੁਕਾ ਜੇ ਇਸ ਰੁੱਖ ਦੀ ਸ਼ਕਲ ਇਵੇਂ ਬਣਾਈ ਹੋਈ ਸੀ ਜਿਵੇ ਕੋਈ ਜੜਾਂਵਾਂ ਵਾਲਾ ਸਾਧੂ ਆਪਣੀਆਂ ਜੜਾਵਾਂ ਖਿਲਾਰੀ ਚੌਕੜਾ ਮਾਰ ਸਮਾਧੀ ਲਾਈ ਧਰਤੀ ਤੇ ਬੈਠਾ ਹੋਵੇ।
ਮੈਂ ਜਿੱਥੇ ਰਹਿ ਰਿਹਾ ਹਾਂ ਵੇਖ ਕੇ ਹੈਰਾਨ ਹੁੰਦਾ ਅਤੇ ਇਨ੍ਹਾਂ ਲੋਕਾਂ ਦੀ ਪ੍ਰਯਾਵਰਨ ਨੂੰ ਸੰਭਾਲ ਵੇਖ ਕੇ ਇੱਥੇ ਕਾਫੀ ਲੰਮੇ ਚੌੜੇ ਜੰਗਲ ਨੁਮਾ ਇਨ੍ਹਾਂ ਸੈਰ ਗਾਹਾਂ ਤੇ ਰਸਤੇ ਬੜੀ ਵਿਉਂਤ ਨਾਲ ਬਣਾਏ ਹੋਏ ਹਨ।ਜਿਨ੍ਹਾਂ ਵਿੱਚ ਨਿਰੇ ਜੰਗਲੀ ਰੁੱਖ ਹੀ ਨਹੀਂ ਸਗੋਂ ਕਈ ਅਲੂਚਿਆਂ ਦੇ ਤੇ ਕਈ ਹੋਰ ਕਿਸਮਾਂ ਦੇ ਫਲਦਾਰ ਰੁੱਖ ਵੀ ਲਾਏ ਹੋਏ ਹਨ।ਜਿਨਾਂ ਦੀ ਸਾਫ ਸਫਾਈ ਵੀ ਸਮੇਂ ਸਿਰ ਹੁੰਦੀ ਰਹਿੰਦੀ ਹੈ। ਅਤੇ ਕਿਸੇ ਨੂੰ ਇਹ ਫਲ਼ ਖਾਣ ਦੀ ਕੋਈ ਮਨਾਹੀ ਨਹੀਂ।
ਮੈਂ ਸੈਰ ਵੇਲੇ ਬੜੀ ਨੀਝ ਨਾਲ ਇੱਥੇ ਲੱਗੇ ਰੁਖਾਂ ਵਿੱਚ ਇਸ ਪਿਆਰੇ ਜਿਹੇ ਰੁੱਖਾਂ ਵਿਚੋਂ ਵੀ ਤੂਤ ਦੀ ਦੀ ਭਾਲ ਕਰਦਾ ਰਹਿਦਾਂ ਹਾਂ । ਇਸੇ ਤਰ੍ਹਾਂ ਵੇਖਦੇ ਹੋਏ ਇੱਕ ਦਿਨ ਏਥੇਵੀ ਇਸ ਰੁੱਖ ਦੇ ਕੁੱਝ ਛੋਟੇ ਛੋਟੇ ਰੁੱਖ ਵੇਖ ਕੇ ਮੈਨੂੰ ਆਪਣੇ ਪਿਆਰੇ ਪੰਜਾਬ ਦੀ ਯਾਦ ਆਏ ਬਿਣਾਂ ਨਹੀਂ ਰਹਿ ਸਕੀ ਤੇ ਨਾਲਹੀ ਇਨ੍ਹਾਂ ਰੁੱਖਾਂ ਦੇ ਫਲਾਂ ਨਾਲ ਭਰੀਆਂ ਡਾਲੀਆ ਦਾ ਨਜ਼ਾਰਾ ਤਾਂ ਇਕ ਵਾਰ ਤਾਂ ਮੇਰੀਆਂ ਯਾਦਾਂ ਦੀਆਂ ਕੋਮਲ ਪਲਕਾਂ ਅੱਗਿਉਂ ਲੰਘ ਤੁਰਿਆ।ਇਸ ਸੈਗਾਹ ਵਿੱਚ ਬਹੁਤ ਸਾਰੇ ਝਾੜੀਆਂ ਨਾਲ ਤੂਤ ਦੀਆਂ ਗੁਲ੍ਹਾਂ ਵਰਗੇ ਫਲ ਲਗੇ ਹੋਏ ਤੋੜ ਕੇ ਇਨ੍ਹਾਂ ਦਾ ਸੁਆਦ ਚਖਿਆ।ਪਰ ਤੂਤ ਦੇ ਰੁਖਾਂ ਨਾਲ ਇਨ੍ਹਾਂ ਕੰਡਿਆਲੀਆਂ ਝਾੜੀਆਂ ਦਾ ਮੁਕਾਬਲਾ ਕਰਨਾ ਕਿੱਥੇ’ ਰਾਮ ਰਾਮ ,ਕਿੱਥੇ ਟੈਂ, ਟੈਂ’ ਵਾਲੀ ਗੱਲ ਹੀ ਹੋਵੇ ਗੀ।
ਮੈ ਪੰਜਾਬ ਤੋਂ ਵਾਪਸੀ ਵੇਲੇ ਤੂਤ ਵਰਗੇ ਅਤੇ ਕੁਝ ਹੋਰ ਰੁੱਖ ਆਪਣੇ ਖੇਤ ਦੇ ਇਕ ਪਾਸੇ ਹੱਥੀਂ ਲਾ ਕੇ ਆਇਆ ਸਾਂ ਜਿਨ੍ਹਾਂ ਬਾਰੇ ਉਨ੍ਹਾਂ ਦਾ ਹਾਲ ਚਾਲ ਮੈਂ ਉਥੇ ਰਹਿੰਦੇ ਆਪਣੇ ਭਤੀਜੇ ਨੂੰ ਗਾਹੇ ਬਗਾਹੇ ਪੁੱਛਦਾ ਵੀ ਰਹਿੰਦਾ ਹਾਂ।ਤੂਤ ਦੇ ਵੱਡੇ ਵੱਡੇ ਰੁੱਖ ਤਾਂ ਸਾਡੇ ਖੇਤਾਂ ਦੀ ਇੱਕ ਵੱਟ ਤੇ ਬਾਪੂ ਦੇ ਆਪਣੇ ਹੱਥੀਂ ਲਾਏ ਰੁੱਖ ਅਜੇ ਵੀ ਹਨ।ਜਿਨ੍ਹਾਂ ਨੂੰ ਬਾਪੂ ਦੀ ਪਰਾਣੀ ਯਾਦ ਵਜੋਂ ਅਸਾਂ ਅਜੇ ਵੀ ਸੰਭਾਲਿਆ ਹੋਇਆ ਹੈ।
ਰੱਬ ਕਰੇ ਕੋਵਿਡ-19 ਨਾਂ ਦੀ ਇਸ ਮਹਾਂਮਾਰੀ ਤੋਂ ਸੰਸਾਰ ਦਾ ਖਹਿੜਾ ਸਦਾ ਵਾਸਤੇ ਛੇਤੀ ਤੋਂ ਤੇ ਮੈਂ ਮੁੜ ਆਪਣੇ ਪਿਆਰੇ ਪੰਜਾਬ ਵਿੱਚ ਪੁੱਜ ਕੇ ਉਨ੍ਹਾਂ ਨੂੰ ਜੀਅ ਭਰਕੇ ਵੇਖ ਸਕਾਂ।
ਵੀਰ ਮੇਰਿਆ ਜੁਗਨੀ ਕਹਿੰਦੀ ਏ - ਰਵੇਲ ਸਿੰਘ ਇਟਲੀ
ਪੰਜਾਬੀ ਸਭਿਆਚਾਰ ਗੀਤਾਂ ਦੀਆਂ ਅਨੇਕ ਕਿਸਮਾਂ ਦੇ ਅਨਮੁੱਲੇ ਭੰਡਾਰ ਨਾਲ ਮਾਲਾ ਮਾਲ ਹੈ। ਜਿਸ ਵਿਚ ਬੈਂਤ , ਮਾਹੀਆ, ਢੋਲਾ,ਟੱਪੇ, ਛੱਲਾ, ਬੋਲੀਆਂ, ਮਿਰਜ਼ਾ, ਵਾਰ,ਜਿੰਦੂਆ,ਦੋਹੜੇ, ਜੁਗਨੀ, ਅਤੇ ਹੋਰ ਵੀ ਕਈ ਕਿਸਮ ਦੇ ਗੀਤਾਂ ਦੇ ਰੰਗ ਵੇਖਣ ਸੁਣਨ ਨੂੰ ਮਿਲਦੇ ਹਨ। ਆਓ ਅੱਜ ਇਨ੍ਹਾਂ ਵਿੱਚੋਂ ਜੁਗਨੀ ਬਾਰੇ ਕੋਈ ਗੱਲ ਕਰਦੇ ਹਾਂ।ਕਈ ਕਿਹੰਦੇ ਹਨ ਕਿ ਜੁਗਨੀ ਗਾਉਣ ਦਾ ਆਰੰਭ ਅੰਗਰੇਜ਼ ਰਾਜ ਵੇਲੇ ਹੋਇਆ ਸੀ।
ਇੱਕ ਨਮੂਨਾ ਮਾਤ੍ਰ ਜੁਗਨੀ ਦਾ ਰੰਗ ਵੇਖੋ,
ਜੁਗਨੀ ਜਾ ਵੜੀ ਮੁਲਤਾਨ.
ਜਿੱਥੇ ਬੜੇ ਬੜੇ ਭਲਾਵਾਨ.
ਖਾਂਦੇ ਗਿਰੀਆਂ ਤੇ ਬਦਾਮ
ਮਾਰਦੇ ਮੁਕੀ ਤੇ ਕੱਢਦੇ ਜਾਨ
ਓ ਵੀਰ ਮੇਰਿਆ ਜੁਗਨੀ ਕਹਿੰਦੀ ਏ , ਜਿਹੜੀ ਨਾਮ ਸਾਈਂ ਦਾ ਲੈਂਦੀ ਏ, ਜਿਹੜੀ ਨਾਮ ਰੱਬ ਦਾ ਲੈਂਦੀ ਏ ਜਿਹੜੀ ਨਾਮ ਅੱਲਾ ਦਾ ਲੈਂਦੀ ਏ।
ਪੱਛਮੀ ਪੰਜਾਬ ਦੇ ਗੀਤਾਂ ਦੀ ਰੂਹ, ਆਲਮ ਲੁਹਾਰ-ਲੰਮੀ ਹੇਕ ਨਾਲ ਚਿਮਟੇ ਢੋਲਕੀ ਨਾਲ ਗਾਈ ਜੁਗਨੀ ਬਾਰੇ ਉਨ੍ਹਾਂ ਨੂੰ ਕੌਣ ਨਹੀਂ ਜਾਣਦਾ, ਲੰਮੀ ਹੇਕ ਵਾਲੀ ਗੁਰਮੀਤ ਬਾਵਾ ਭਾਂਵੇਂ ਅੱਜ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਚੁਕੀ ਦੀ, ਗਾਈ ਜੁਗਣੀ ਨੂੰ ਅਜੇ ਵੀ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ। ਗੁਰਦਾਸ ਮਾਨ ਦੀ ਡਫਲੀ ਨਾਲ ਗਾਈ ਜੁਗਨੀ ਕਈ ਵਾਰ ਸਟੇਜਾਂ ਦੀ ਸ਼ਾਨ ਬਣ ਚੁਕੀ ਹੈ।
ਜੁਗਨੀ ਪਿਆਰ,ਪ੍ਰੇਮ ,ਹਿਜਰ ਵਸਲ, ਹੁਸਨ, ਦੀਆਂ ਗੱਲਾਂ ਦਾ ਸੁਮੇਲ ਤਾਂ ਹੈ ਈ, ਪਰ ਇਹ ਸਮੇਂ ਸਮੇਂ ਸਿਰ ਨਵੇਂ ਨਵੇਂ ਰੂਪ ਅਤੇ ਭਾਵ ਵੀ ਬਦਲਦੀ ਆ ਰਹੀ ਹੈ।ਜੁਗਨੀ ਨਿਰੇ ਪਿੰਡਾਂ ਵਿੱਚ ਹੀ ਨਹੀਂ ਗਈ ਇਹ ਮੁਲਤਾਨ ਗਈ, ਬੰਬਈ ਗਈ, ਬੰਗਾਲ ਗਈ, ਕਲਕੱਤੇ ਗਈ ਦੇਸ਼ ਵਿਦੇਸ਼ੀਂ ਗਈ ਇਸ ਦੇ ਗਾਉਣ ਵਾਲੇ ਜਿੱਥੇ ਗਏ ਇਸ ਨੂੰ ਨਾਲ ਹੀ ਲੈ ਕੇ ਗਏ ਕਿਉਂ ਜੋ ਇਹ ਜੁਗਨੀ ਬਿਨਾਂ ਅਧੂਰੇ ਹਨ ਤੇ ਜੁਗਨੀ ਵੀ ਇਨ੍ਹਾਂ ਬਿਨਾਂ ਵੀ ਰਹਿ ਨਹੀਂ ਸਕਦੀ।
ਆਓ ਇਸ਼ਕ ਬਾਰੇ ਜੁਗਨੀ ਦੇ ਦੁਖ ਦਰਦ ਦੀ ਇੱਕ ਹੋਰ ਵੰਨਗੀ ਪਾਠਕਾਂ ਨਾਲ ਸਾਂਝਾਂ ਕਰੀਏ,
ਮੇਰੀ ਜੁਗਨੀ ਦੇ ਧਾਗੇ ਬੱਗੇ ,
ਜੁਗਨੀ ਉਹਦੇ ਮੂਹੋਂ ਸੱਜੇ ,
ਜੀਹਨੂੰ ਸੱਟ ਇਸ਼ਕ ਦੀ ਲੱਗੇ,
ਵੀਰ ਮੇਰਿਆ ਜੁਗਨੀ ਕਹਿੰਦੀ ਏ,ਤੇ ਨਾਮ ਸਾਈਂ ਦਾ ਲੈਂਦੀ ਏ, ਨਾਮ ਰੱਬ ਦਾ ਲੈਂਦੀ ਏ,
ਕਿਸਾਨੀ ਅੰਦੋਲਣ ਵਿੱਚ ਜਿਥੇ ਹਰ ਮਾਈ, ਭਾਈ, ਭੈਣ, ਹਰ ਉਮਰ ਦੇ ਕਿਸਾਨ ਖੇਤੀ ਮਜ਼ਦੂਰ, ਕਲਾਕਾਰ, ਫਨਕਾਰ, ਬੁੱਧੀ ਜੀਵੀ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਓਥੇ ਜੁਗਨੀ ਪਿੱਛੇ ਕਿਉਂ ਰਹੇ।
ਜੁਗਨੀ ਪਹੁੰਚੀ ਵਿੱਚ ਅੰਦੋਣਲਣ,
ਲਗ ਪਈ ਗੀਤ ਕਿਸਾਨੀ ਬੋਲਣ।
ਲੱਗ ਪਈ ਭੇਦ ਦਿਲਾਂ ਦੇ ਖੋਲ੍ਹਣ,
ਲੱਗੀ ਪਈ ਜੋਸ਼ ਹੋਸ਼ ਨੂੰ ਟੋਲਣ,
ਵੀਰ ਮੇਰਿਆ ਜੁਗਣੀ, ਕਹਿੰਦੀ ਏ
ਤੇ ਨਾਮ ਗੁਰਾਂ ਦਾ ਲੈਂਦੀ ਏ।
ਜੁਗਨੀ ਡਾਢੀ ਹੋ ਬੇਫਿਕਰੀ,
ਜਾ ਕੇ ਵਿੱਚ ਅੰਦੋਲ ਨਿੱਤਰੀ,
ਸੱਚੋ ਸੱਚ ਕਹਿਨ ਨੂੰ ਨਿਕਲੀ
ਪੁੱਜੀ ਸਿੰਘੂ ਬਾਰਡਰ ਟਿੱਕਰੀ,
ਵੀਰ ਮੇਰਿਆ ਜੁਗਨੀ ਕਹਿੰਦੀ ਏ ਤੇ ਨਾਮ ਗੁਰਾਂ ਦਾ ਲੈਂਦੀ ਏ
ਜੁਗਨੀ ਜਾ ਪਹੁੰਚੀ ਵਿੱਚ ਦਿੱਲੀ,
ਹੋ ਗਈ ਵੇਖ ਕੇ ਕੇਂਦਰ ਢਿੱਲੀ,
ਜਿਉਂਕਰ ਹੁੰਦੀ ਭਿੱਜੀ ਬਿੱਲੀ,
ਸਾਰੇ ਖੂਬ ਉਡਾਵਣ ਖਿੱਲੀ,
ਵੀਰ ਮੇਰਿਆ ਜੁਗਨੀ ਕਹਿੰਦੀ ਏ ,ਪਈ ਨਾਮ ਗੁਰਾਂ ਦਾ ਲੈਂਦੀ ਏ,
ਜੁਗਨੀ ਕਹੇ ਕਿਸਾਨੋ ਜੁੜੋ,
ਲੈ ਕੇ ਜਿੱਤ ਘਰਾਂ ਨੂੰ ਮੁੜੋ,
ਰੱਖੋ ਸਿਦਕ ਕਦੇ ਨਾ ਥੁੜੋ,
ਰੱਖੋ ਜੋਸ਼ ਹੋਸ਼ ਤੇ ਤੁਰੋ
ਵੀਰ ਮੇਰਿਆ ਜੁਗਨੀ ਕਹਿੰਦੀ ਏ,ਪਈ ਨਾਮ ਗੁਰਾਂ ਦਾ ਲੈਂਦੀ ਏ।
ਪਰ ਇਸ ਕਿਸਾਨੀ ਮਸਲੇ ਦੇ ਨਾਲ ਜੁਗਨੀ ਨੂੰ ਵੀ ਦੇਸ਼ ਵਿਦੇਸ਼ ਦੇ ਕੋਵਿੱਡ- ਉਨੀ ਦੇ ਕਰੋਨਾ ਰੋਗ ਦੀ ਮਹ੍ਹਾਂ ਮਾਰੀ ਦੇ ਰੋਗ ਦਾ ਵੀ ਸਾਮ੍ਹਨਾ ਕਰਨਾ ਪੈ ਰਿਹਾ ਹੈ,ਉਹ ਵੀ ਆਪਣੇ ਹੱਕਾਂ ਲਈ ਲੋਕਾਂ ਨੂੰ ਵੀ ਇਸ ਮਹਾਮਾਰੀ ਬਾਰੇ ਸੁਚੇਤ ਵੀ ਕਰਦੀ ਜਾਪਦੀ ਹੈ।
ਜੁਗਨੀ ਫਿਰਦੀ ਮਾਸਕ ਲਾਈ,
ਜਾਂਦੀ ਦੂਰੋਂ ਫਤਿਹ ਗਜਾਈ,
ਕਹਿੰਦੀ ਦੂਰੀ ਰਹਿਓ ਬਣਾਈ,
ਹਰ ਥਾਂ ਰੱਖੋ ਸਾਫ ਸਫਾਈ,
ਕਹਿੰਦੀ ਜੱਟ ਬੀਜ ਕੇ ਝੋਨਾ,
ਮਿੱਟੀ ਫੋਲ ਕੇ ਕੱਢਣ ਸੋਨਾ,
ਉੱਤੋਂ ਕਰਦਾ ਕਹਿਰ ਕਰੋਨਾ,
ਕਹਿੰਦੀ ਉਹੀ ਹੈ ਜੋ ਕੁਝ ਹੋਣਾ,
ਹੱਕਾਂ ਲਈ ਜੂਝਦੀ ਰਹਿੰਦੀ ਏ ,ਤੇ ਨਾਮ ਗੁਰਾਂ ਦਾ ਲੈਂਦੀ ਏ,ਪਈ ਨਾਮ ਸਾਈਂ ਦਾ ਲੈਂਦੀ ਏ ,ਤੇ ਨਾਮ ਅੱਲਾ ਦਾ ਲੈਂਦੀ ਏ..
ਵੀਰ ਮੇਰਿਆ ਜੁਗਨੀ ਕਹਿੰਦੀ ਏ, ਤੇ ਨਾਮ ਗੁਰਾਂ ਦਾ ਲੈਂਦੀ ਏ, ਪਈ ਨਾਮ ਰੱਬ ਦਾ ਲੈਂਦੀ ਏ, ਤੇ ਨਾਮ ਸਾਈਂ ਦਾ ਲੈਂਦੀ ਏ ,ਜਦ ਪਿੰਡੀਂ ਸ਼ਹਿਰੀਂ ਜਾਂਦੀ ਏ,ਪਈ ਸਭ ਦੀ ਖੈਰ ਮਨਾਂਦੀ ਏ ਤੇ ਕੇਂਦਰ ਨੂੰ ਸਮਝਾਂਦੀ ਏ।
ਰੱਬ ਕਰੇ ਜੁਗਨੀ ਦੀ ਸੁਣੀ ਜਾਏ ਤੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਇਹ ਹੱਠੀ ਵਤੀਰਾ ਬਦਲੇ ਅਤੇ ਉਹ ਕਿਸਾਨ ਜਿਸ ਨੂੰ ਹਰ ਕੋਈ ਬੜੇ ਮਾਣ ਨਾਲ ਦੇਸ਼ ਦਾ ਅੰਨ ਦਾਤਾ ਕਹਿੰਦਾ ਹੈ ।ਕਾਸ਼ ਕਿਤੇ ਕਿਸਾਨੀ ਦੇ ਵਿਕਾਸ ਦੇ ਨਾਂ ਤੇ ਕਿਸਾਨ ਮਾਰੂ ਬਣਾਏ ਕਾਲੇ ਤੇ ਕੋਝੇ ਕਾਨੂੰਨ ਨੂੰ ਰੱਦ ਕਰਕੇ ਕੇ ਕਿਸਾਨੀ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਸਾਰੇ ਗੁੱਸੇ ਗਿਲੇ ਮਿਟਾ ਕੇ ਇਨ੍ਹਾਂ ਨੂੰ ਆਪਣੇ ਗਲ਼ ਲਾ ਕੇ ਇਸ ਲੰਮੇ ਸਮੇਂ ਚਲ ਰਹੇ ਕਿਸਾਨੀ ਅੰਦੋਲਣ ਦੀ ਸਮਾਪਤੀ ਕਰੇ।
ਅਤੇ ਫਿਰ ਜੁਗਨੀ ਵੀ ਖੁਸ਼ੀ ਹੋਕੇ ਨਿੱਤ ਨਵੇਂ ਨਵੇਂ ਅੰਦਾਜ਼ ਲੈਕੇ ਲੋਕਾਂ ਸਾਮ੍ਹਨੇ ਆਵੇ ਤੇ ਹਰ ਕੋਈ ਇਸ ਦੇ ਨਵੇਂ ਤੋਂ ਨਵੇਂ ਰੰਗ ਰੂਪਾਂ ਦਾ ਅਨੰਦ ਮਾਣੇ।
ਬਾਪੂ ਦੀ ਫੋਟੋ ਦੇ ਸਾਂਹਵੇਂ - ਰਵੇਲ ਸਿੰਘ ਇਟਲੀ
ਮੈਂ ਬਾਪੂ ਦੀ ਫੋਟੋ ਦੇ ਸਾਂਹਵੇਂ ਜਦ ਵੀ ਕਿਤੇ ਖਲੋਂਦਾ ਹਾਂ।
ਉਸ ਦੀਆਂ ਯਾਦਾਂ ਦੇ ਹੰਝੂ ਉਸ ਗਲ਼ ਹਾਰ ਪ੍ਰੋਂਦਾ ਹਾਂ।
ਵਾਰ ਵਾਰ ਹੈ ਚੇਤਾ ਆਉਂਦਾ,ਬਾਪੂ ਦੀਆਂ ਗੱਲਾਂ ਦਾ,
ਕੀਤੇ ਉਪਕਾਰਾਂ ਦੀਆਂ ਪੰਡਾਂ ਰਹਿੰਦਾ ਹੀ ਮੈਂ ਢੋਂਦਾ ਹਾਂ।
ਉਸ ਦੇ ਤਲਖ ਤਜੁਰਬੇ, ਮੇਹਣਤ ਦੇ ਡੂੰਗੇ ਪਾਣੀ ਵਿੱਚ,
ਮਨ ਨੂੰ ਲੱਗੀ ਰੋਜ਼ ਰੋਜ਼ ਦੀ ਕਾਲਖ ਨੂੰ ਮੈਂ ਧੋਂਦਾ ਹਾਂ।
ਫੌਜ ਚੋਂ ਆ ਕੇ ਬਾਪੂ ਨੇ, ਫਿਰ ਕਿਰਸਾਣੀ ਸੀ ਕੀਤੀ ,
ਨਾਮ ਜਪਨ ਤੇ ਕ੍ਰਿਤ ਕਰਨ ਦੀ ਅਪਣਾਈ ਸੀ ਨੀਤੀ,
ਜਾਂ ਬਾਰਡਰ ਤੇ ਰਾਖੀ ਕਰਨੀ ਜਾਂ ਖੇਤਾਂ ਨੂੰ ਪਾਣੀ ਲਾਣਾ,
ਚੇਤੇ ਕਰ ਕਰ ਝੱਲੇ ਮਨ ਨੂੰ ਐਵੇਂ ਲਾਰੇ ਲਾਉਂਦਾ ਹਾਂ।
ਜੇ ਮਾਂ ਹੁੰਦੀ ਧਰਤੀ ਮਾਤਾ, ਬਾਪੂ ਵੀ ਹੁੰਦਾ ਹੈ ਸਾਗਰ,
ਬਾਪੂ ਦੇ ਹਨ ਪੈਰ ਸਰੋਵਰ ਵਾਰ ਵਾਰ ਹੱਥ ਧੋਂਦਾ ਹਾਂ।
ਜੇ ਮਾਂ ਦੀ ਗੋਦੀ ਹੈ ਜੰਨਤ,ਬਾਪੂ ਦਾ ਵੀ ਉੱਚਾ ਆਦਰ,
ਬੈਠਾਂ ਵਿੱਚ ਇਕਾਂਤਾਂ ਕਿਧਰੇ ,ਸੋਚ ਦੀ ਚੱਕੀ ਝੋਂਦਾ ਹਾਂ।
ਅੱਜ ਮੈਂ ਜਿੱਥੇ ਜਾ ਪਹੁੰਚਾ ਹਾਂ, ਜੋ ਵੀ ਹਾਂ ਬਾਪੂ ਦੇ ਕਰਕੇ, ,
ਬਾਪੂ ਦੀ ਹਿੰਮਤ ਦੇ ਅੱਗੇ,ਮੈਂ ਲਗਦਾ ਬੌਣਾ ਬੰਦਾ ਹਾਂ,
ਵੇਖਣ ਜਾਣਾ ਛਿੰਝ ਅਖਾੜੇ,ਬਾਪੂ ਦੇ ਚੜ੍ਹ ਜਦੋਂ ਕੰਧਾੜੇ,
ਖਾਣ ਪੀਣ ਦੀ ਰੀਝ ਪੁਗਾਣੀ, ਬਾਪੂ ਦੇ ਗੁਣ ਗਾਉਂਦਾ ਹਾਂ।
ਜੋ ਮੰਗਿਆ ਉਸ ਲੈ ਕੇ ਦਿੱਤਾ,ਬਾਪੂ ਸੀ ਅਣਖਾਂ ਦਾ ਪੂਰਾ,
ਕਦੇ ਨਾ ਮੰਨੀ ਈਨ ਕਿਸੇ, ਤੈਥੋਂ ਸਿੱਖਿਆ ਪਾਉਂਦਾਂ ਹਾਂ।
ਜੀਂਦਿਆਂ ਤੇਰੀ ਕਦਰ ਨਾ ਕੀਤੀ,ਬੀਤੇ ਤੇ ਹੁਣ ਪੱਛੋਤਾਵਾਂ
ਮੈਂ ਕੀ ਕੀਤਾ ਤੇਰੀ ਖਾਤਰ, ਵੇਖ ਵੇਖ ਸ਼ਰਮਾਉਂਦਾ ਹਾਂ।
ਬਾਪੂ ਦੀ ਫੋਟੋ ਦੇ ਅੱਗੇ ਜਦ ਮੈਂ ਕਿਤੇ ਖਲੋਂਦਾ ਹਾਂ।
ਉਸ ਦੀਆਂ ਦੇ ਕੁਝ ਹੰਝੂ ਉਸ ਗਲ ਹਾਰ ਪ੍ਰੋਂਦਾ ਹਾਂ।
( ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ) ਕਿੱਕਰ - ਰਵੇਲ ਸਿੰਘ ਇਟਲੀ
ਜਿਵੇਂ ਪੰਜਾਬ ਦੀ ਧਰਤੀ ਇਸ ਵਿੱਚ ਵਹਿੰਦੇ ਪੰਜ ਦਰਿਆਵਾਂ ਕਰਕੇ ਇਹ ਪੰਜਾਬ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇਸ਼ ਦੀ ਵੰਡ ਕਰਕੇ ਹੁਣ ਦੋ ਹਿੱਸਿਆਂ ਵਾਲੇ ਢਾਈ ਢਾਈ ਦਰਿਆਵਾਂ ਵਿੱਚ ਵੰਡੀ ਜਾਣ ਬਾਵਜੂਦ ਵੀ ਪੰਜਾਬ ਭਾਵ ਪੰਜਾਬ ਭਾਵ ਪੰਜ ਪਾਣੀਆਂ ਵਾਲੀ ਧਰਤੀ ਕਰਕੇ ਹੀ ਜਾਣੀ ਜਾਣੀ ਜਾਂਦੀ ਜਾਂਦੀ ਹੈ।ਪੰਜਾਬ ਪੰਜ ਬਾਣੀਆਂ, ਪੰਜ ਨਮਾਜ਼ਾਂ,ਪੰਜ ਪਿਆਰੇ, ਪੰਚਾਂ, ਸਰਪੰਚਾਂ,ਪੰਜਾਂ ਵਿੱਚ ਪ੍ਰਮੇਸ਼ਵਰ ਕਰਕੇ ਅਤੇ ਹੋਰ ਵੀ ਕਈ ਕਈ ਪੱਖੋਂ ਪੰਚ ਪ੍ਰਧਾਨੀ ਧਰਤੀ ਰਹੀ ਹੈ । ਵਾਤਾ ਵਰਣ ਪੱਖੋਂ ਮਾਲਾ ਮਾਲ ਇਸ ਖਿੱਤੇ ਵਿਚ,ਕਿੱਕਰ,ਟਾਹਲੀ, ਧਰੇਕ ਤੂਤ, ਅੰਬ,ਤਾਂ ਇਹ ਪੰਜੇ ਤਾਂ ਰੁੱਖਾਂ ਥਾਂ ਥਾਂ ਹੁੰਦੇ ਹਨ।
ਬੇਸ਼ੱਕ ਇਨ੍ਹਾਂ ਰੁੱਖਾਂ ਦੇ ਇਲਾਵਾ ਹੋਰ ਵੀ ਵੱਡੇ ਛਾਂ ਦਾਰ ਪਿੱਪਲ ਬੋੜ੍ਹ ਤੇ ਹੋਰ ਕਈ ਅਣਗਿਣਤ ਧਾਰਮਕ ਇਤਹਾਸਕ ਰੁੱਖਾਂ ਨਾਲ ਪੰਜਾਬ ਦੀ ਸਰਸਬਜ਼ ਧਰਤੀ ਨੂੰ ਕੁਦਰਤ ਨੇ ਸ਼ਿੰਗਾਰਿਆ ਹੈ।ਜਿਸ ਦੀ ਵਿਆਖਿਆ ਕਰਨ ਲਈ ਬਹੁਤ ਸਮਾ ਚਾਹੀਦਾ ਹੈ।ਜਿਨ੍ਹਾਂ ਬਾਰੇ ਸਮੇਂ ਸਮੇਂ ਸਿਰ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦਾ ਯਤਨ ਕਰਦਾ ਰਹਾਂਗਾ।
ਹਾਲ ਦੀ ਘੜੀ ਸਭ ਤੋਂ ਪਹਿਲਾਂ ਅੱਜ ਕਿੱਕਰ ਦੇ ਰੁੱਖ ਬਾਰੇ ਕੁੱਝ ਤੁੱਛ ਜਿਹੀ ਜਾਣਕਾਰੀ ਦੀ ਗੱਲ ਕਰਾਂਗੇ।ਕਿੱਕਰ ਦਾ ਰੁੱਖ ਭਾਂਵੇਂ ਬੜੀਆਂ ਤਿੱਖੀਆਂ ਸੂਲ਼ਾਂ ਵਾਲਾ ਛਾਂਦਾਰ ਰੁੱਖ ਹੈ, ਪਰ ਇਸ ਦੇ ਗੁਣਾਂ ਕਰਕੇ ਇਹ ਬਹੁਤ ਹੀ ਗੁਣ ਕਾਰੀ ਰੁੱਖ ਹੈ।ਗਰਮੀਆਂ ਦੀ ਰੁੱਤੇ ਜਦ ਇਹ ਰੁੱਖ ਰੇਸ਼ਮੀ ਸ਼ਨੀਲ ਵਰਗੇ ਪੀਲੇ ਬਸੰਤੀ ਗੋਲ ਗੋਲ ਫੁੱਲਾਂ ਨਾਲ ਲੱਦਿਆ ਹੁੰਦਾ ਹੈ ਤਾਂ ਇਸ ਦੀ ਸੁੰਦਰਤਾ ਤੇ ਬਹਾਰ ਵੇਖਣ ਵਾਲੀ ਹੁੰਦੀ ਹੈ।ਇਹ ਆਮ ਤੌਰ ਤੇ ਰੇਤਲੀ ਜਾਂ ਮੈਰਾ ਜ਼ਮੀਨ ਵਿੱਚ ਆਮ ਹੁੰਦਾ ਹੈ।ਪਹਿਲੇ ਸਮਿਆਂ ਵਿੱਚ ਇਸ ਦੀ ਗਿਣਤੀ ਧਰੇਕ ਦੇ ਤੂਤ ਵਾਂਗੋਂ ਪਿੰਡਾਂ ਥਾਂਵਾਂ ਵਿੱਚ ਬਹੁਤ ਹੁੰਦੀ ਸੀ। ਪਿੰਡਾਂ ਦੁਆਲੇ ਪਾਣੀ ਦੇ ਛੱਪੜਾਂ ਕੰਡੇ ਕੱਚੇ ਰਾਹਵਾਂ ਅਤੇ ਖੇਤਾਂ ਦੀਆਂ ਵੱਟਾਂ ਅਤੇ ਖੂਹਾਂ ਤੇ ਇਹ ਆਮ ਵੀ ਵੇਖਣ ਨੂੰ ਮਿਲਦਾ ਸੀ।ਪਰ ਇਸ ਦੀ ਘਾਟ ਹੁਣ ਦਿਨੋਂ ਹੁੰਦੀ ਜਾ ਰਹੀ ਹੈ।
ਇਸ ਦੇ ਛੋਟੇ ਛੋਟੇ ਨੁਕੀਲੇ ਪੱਤਿਆਂ ਨੂੰ ਲੁੰਗ ਕਿਹਾ ਜਾਂਦਾ ਸੀ। ਜੋ ਭੇਡਾਂ ਬੱਕਰੀਆਂ ਦੀ ਮਨ ਭਾਂਉਦੀ ਖੁਰਾਕ ਹੈ ਆਜੜੀ ਲੋਕ ਢਾਂਗੀਆਂ ਨਾਲ ਇਸ ਦੀਆਂ ਟਹਿਣੀਆਂ ਕੱਟ ਕੇ ਹੇਠਾਂ ਉਲਾਰ ਕੇ ਇਨ੍ਹਾਂ ਨੂੰ ਆਪਣੇ ਇੱਜੜਾਂ ਨੂੰ ਖੁਆਉਂਦੇ ਸਨ। ਸੁੱਕੀਆਂ ਕੰਡਿਆਲੀਆਂ ਢੀਂਗਰੀਆਂ ਖੇਤਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਵਾੜ ਦੇਣ ਦੇ ਕੰਮ ਵੀ ਆਉਂਦੀਆਂ ਹਨ।
ਕਿੱਕਰ ਦੀ ਹਰੀਆਂ ਟਹਿਣੀਆਂ ਦੀ ਦਾਤਨ ਦੰਦਾ ਨੂੰ ਸਾਫ ਅਤੇ ਪੀਡੇ ਰੱਖਣ ਲਈ ਜਾਣੀ ਜਾਂਦੀ ਸੀ। ਇੱਕ ਗੱਲ ਦਾਤਨ ਕਰਨ ਬਾਰੇ ਕਰਦਿਆਂ ਯਾਦ ਆ ਗਈ ਜੋ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹਵਾਂ ਗਾ , ਅੰਗ੍ਰੇਜ਼ ਰਾਜ ਵੇਲੇ ਜਦੋਂ ਇਕ ਪੰਜਾਬੀ ਫੌਜੀ ਰੈਜਮੈਂਟ ਬਾਹਰ ਕਿਸੇ ਮੁਲਕ ਵਿੱਚ ਗਈ ਤਾਂ ਫੌਜੀਆਂ ਨੂੰ ਲੋਕ ਦਰਖਤਾਂ ਦੇ ਰੁੱਖਾਂ ਦੀਆਂ ਟਾਹਣੀਆਂ ਦੰਦਾਂ ਨਾਲ ਚਿੱਥਦੇ ਵੇਖਦੇ ਲੋਕ ਹੈਰਾਨ ਹੀ ਨਹੀਂ ਸਗੋਂ ਡਰ ਵੀ ਗਏ ਕਿ ਇਹ ਫੌਜੀ ਤਾਂ ਬੜੇ ਖਤਰਨਾਕ ਤੇ ਬਹਾਦਰ ਹਨ, ਜੋ ਲੱਕੜੀ ਨੂੰ ਵੀ ਖਾ ਜਾਂਦੇ ਹਨ, ਇਨ੍ਹਾਂ ਕੋਲੋਂ ਬਚਣ ਦੀ ਲੋੜ ਹੈ।
ਕਿੱਕਰ ਦੀ ਗੂੰਦ ਅਤੇ ਲੱਕੜ ਬਹੁਤ ਕਾਰਾਮਦ ਚੀਜ਼ ਹੈ ਜੋ ਕਈ ਤਾਕਤ ਦੀਆਂ ਦੁਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਪਹਿਲੇ ਸਮੇਂ ਵਿੱਚ ਕਾਲੀ ਸਿਆਹੀ ਚਮਕਦਾਰ ਬਣਾਉਣ ਲਈ ਵੀ ਕੰਮ ਆਉਂਦੀ ਸੀ। ਦੇਸੀ ਸ਼ਰਾਬ ਬਣਾਉਣ ਲਈ ਤੇ ਚਮੜਾ ਰੰਗਣ ਦੇ ਕੰਮ ਵੀ ਇਸ ਦੇ ਸੱਕ ਅਤੇ ਛਾਲ ਕੰਮ ਆਉਂਦੇ ਸਨ। ਇਵੇਂ ਹੀ ਇੱਕ ਸੁਹਾਗਾ ਜੋ ਕਿ ਚਿੱਟੇ ਰੰਗ ਦਾ ਠੋਸ ਪਦਾਰਥ ਹੁੰਦਾ ਹੈ ਜਿਸ ਨੂੰ ਸੁਨਿਆਰੇ ਕਾਰੀਗਰ ਸੋਨਾ ਸਾਫ ਕਰਨ ਲਈ ਵਰਤਦੇ ਹਨ, ਪਰ ਦੂਸਰਾ ਕਿੱਕਰ ਦੀ ਲੱਕੜ ਦਾ ਲੰਮਾ ਭਾਰਾ ਫੱਟੇ ਵਰਗੀ ਸ਼ਕਲ ਦਾ ਟੋਟਾ ਵੀ ਜਿਸ ਨੂੰ ਸੁਹਾਗਾ ਕਿਹਾ ਜਾਂਦਾ ਹੈ ਪੱਕਾ ਭਾਰੀ ਹੋਣ ਕਰੇ ਕਿਸਾਨ ਇਸ ਨੂੰ ਵਾਹੀ ਜ਼ਮੀਨ ਨੂੰ ਪੱਧਰ ਕਰਨ ਲਈ ਅਜੇ ਵੀ ਵਰਤਦੇ ਹਨ।
ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ,ਤੇ ਹੋਰ ਕਈ ਘਰ ਦੀ ਚੀਜ਼ਾਂ ਵਸਤਾਂ, ਮੰਜੇ ਦੀਆਂ ਬਾਹੀਆਂ ਅਲਮਾਰੀਆਂ ਆਦ ਬਣਦੀਆਂ ਸਨ।ਕਿੱਕਰ ਗਾੜ੍ਹੇ ਕਾਲੇ ਰਘ ਦੀ ਪੱਕੀ ਬਹੁਤੀ ਹੰਢਣ ਸਾਰ ਹੁੰਦੀ ਹੈ।
ਇਸ ਦੇ ਰੁੱਖ ਦੇ ਰੁੱਖ ਨੂੰ ਫ਼ਲੀਆਂ ਵਰਗੇ ਫ਼ਲ ਲਗਦੇ ਹਨ ਇਨ੍ਹਾਂ ਨੂੰ ਤੁਕਲੇ ਵੀ ਕਿਹਾ ਜਾਂਦਾ ਹੈ।ਇਨ੍ਹਾਂ ਦੇ ਇਨਾਂ ਕੱਚੇ ਕੂਲੇ ਫਲਾਂ ਦਾ ਆਚਾਰ ਵੀ ਬਣਾਇਆ ਜਾਂਦਾ ਹੈ।ਕਿੱਕਰ ਦਾ ਰੁਖ ਕੰਡੇ ਦਾਰ ਰੁਖ ਹੋਣ ਤੇ ਵੀ ਠੰਡੀ ਛਾਂ ਦੇਣ ਵਾਲਾ ਰੁੱਖ ਹੈ।ਇਸ ਦੇ ਬੀਜ ਨਿਕੇ ਨਿਕੇ ਗੋਲ ਗੋਲ ਸਖਤ ਅਤੇ ਅੱਖਾਂ ਵਰਗੇ ਕਾਲੇ ਅਤੇ ਕੌੜੇ ਸੁਆਦ ਦੇ ਹੁੰਦੇ ਹਨ।ਤਾਂਹੀਉਂ ਤਾਂ ਅਸੀਂ ਨਿੱਕੇ ਹੁੰਦੇ ਕਿਸੇ ਨੂੰ ਕੋਈ ਗੱਲ ਸਮਝ ਨਾ ਆਉਂਦੀ “ਕੀ” ਕਹਿਣ ਤੇ ਉਸ ਨੂੰ ਹਾਸੇ ਨਾਲ ਕਹਿੰਦਾ ਕਿੱਕਰਾਂ ਦੇ ਬੀਅ ਕੌੜੇ ਲੱਗਣ ਮਿੱਠੇ ਲਗਣ ਮੇਰੇ ਵੱਸ ਕੀ।ਪੁਰਾਣੀਆਂ ਗੱਲਾਂ ਪੁਰਾਣੇ ਕਿੱਸੇ ਪੁਰਾਣੇ ਬੰਦੇ ਪੁਰਾਣੇ ਰਿਸ਼ਤੇ,ਪੁਰਾਣੀਆਂ ਸਾਂਝਾਂ ਪੁਰਾਣੇ ਗੀਤ, ਪੁਰਾਣੀਆਂ ਫਸਲਾਂ,ਪੁਰਾਣੇ ਫਲ਼,ਪੁਰਾਣਾ ਸੱਭਿਆ ਚਾਰ। ਹੌਲੀ ਹੌਲੀ ਹੁਣ ਪੁਰਾਣੀਆਂ ਯਾਦਾਂ ਬਣਦਾ ਜਾ ਰਿਹਾ ਹੈ। ਜਿਸ ਦੀ ਸਾਂਭ ਸੰਭਾਲ ਦੇ ਉਪਰਾਲੇ ਤਾਂ ਕੀਤੇ ਜਾ ਰਹੇ ਹਨ। ਪਰ ਸਮੇਂ ਦੀ ਇਸ ਤੇਜ਼ ਰਫਤਾਰੀ ਨੂੰ ਕੌਣ ਰੋਕ ਸਕਦਾ ਹੈ।
ਪੁਰਾਣੇ ਰੁਖਾਂ ਦੀ ਥਾਂ ਹੁਣ ਸਫੈਦੇ ,ਪਾਪੂਲਰ ਦੇ ਕਮਰਸ਼ੀਅਲ ਵਿਦੇਸ਼ ਰੁੱਖਾਂ ਨੇ ਲੈ ਲਈ ਹੈ। ਜੋ ਹੌਲੀ ਹੌਲੀ ਸਮੇਂ ਦੀ ਜ਼ਰੂਰਤ ਤੇ ਮਜਬੂਰੀ ਵੀ ਬਣਦਾ ਜਾ ਰਿਹਾ ਹੈ।ਜਿਸ ਦਾ ਅਸਰ ਕਿਸੇ ਇੱਕ ਦੇਸ਼ ਜਾਂ ਥਾਂ ਨਹੀਂ ਸਗੋਂ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ।
ਇਹ ਲੇਖ ਲਿਖਦਿਆਂ ਪਦਮ ਭੂਸ਼ਣ ਭਾਈ ਸਾਹਿਬ ਭਾਰੀ ਵੀਰ ਸਿੰਘ ਜੀ ਦੀਆਂ ਲਿੱਖੀ ਕਵਿਤਾ ਦੀਆਂ ਇਹ ਸੱਤਰਾਂ ਨਾਲ ਲੇਖ ਦੀ ਸਮਾਪਤੀ ਕਰਦਾ ਹਾਂ।
‘ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ,
ਜਿਉਂ ਜਿਉਂ ਫੜਿਆ ਘੁੱਟ ਸਮੇਂ ਖਿਸਕਾਈ ਕੰਨੀ’।
ਅਤੇ ਕਿੱਕਰਾਂ ਦੇ ਸੁਹਣੇ ਫੁੱਲਾਂ ਵਰਗਾ ਗਾਇਆ ਪ੍ਰਸਿੱਧ ਗਾਇਕਾ ਸਵ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਗਾਇਆ ਅਤਿ ਸੁੰਦਰ ਗੀਤ ਦੀਆਂ ਕੁੱਝ ਸਤਰਾਂ :-
‘ਮੇਰਿਆਂ ਵੇ ਮਾਹੀਆ ਫ਼ੁੱਲ ਕਿੱਕਰਾਂ ਦੇ,
ਕਿੱਕਰਾਂ ਲਾਈ ਬਹਾਰ ਮੇਲੇ ਮਿਤਰਾਂ ਦੇ।‘
ਰਵੇਲ ਸਿੰਘ ਇਟਲੀ
ਕਹਾਣੀ : ਲਹਿੰਬਰ ਲੰਬੜ - ਰਵੇਲ ਸਿੰਘ ਇਟਲੀ
ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਡੇ ਪਿੰਡ ਦਾ ਲੰਬੜਦਾਰ ਲਹਿੰਬਰ ਸਿੰਘ ਹੁੰਦਾ ਸੀ।ਜੋ ਪਿੰਡ ਵਿੱਚ ਲਹਿੰਬੜ ਲੰਬੜ ਕਰਕੇ ਜਾਣਿਆ ਜਾਂਦਾ ਸੀ।ਉਹ ਮਸਾਂ ਉਰਦੂ ਵਿੱਚ ਦਸਤਖਤ ਕਰਨ ਜੋਗੀਆਂ ਦੋ ਕੁ ਜਮਾਤਾਂ ਪਾਸ ਕਰ ਕੇ ਹੀ ਸਕੂਲ ਨੂੰ ਆਖਰੀ ਫਤਹਿ ਬੁਲਾ ਆਇਆ ਸੀ।ਉਰਦੂ ਜ਼ੁਬਾਨ ਵਿੱਚ ਉਸ ਦੇ ਕੀਤੇ ਹੋਏ ਦਸਤਖਤ ਵੀ ਲਿਖੇ ਮੂਸਾ ਪੜ੍ਹੇ ਖੁਦਾ ਵਾਲੀ ਗੱਲ ਹੀ ਹੁੰਦੀ।ਕਈ ਵਾਰ ਤਾਂ ਉਸਦੇ ਕੀਤੇ ਦਸਤਖਤ ਲਹਿੰਬਰ ਸਿੰਘ ਦੀ ਥਾਂ ਦੀ ਲੂੰਬੜ ਸਿੰਘ ਵੀ ਪੜ੍ਹੇ ਜਾ ਸਕਦੇ ਸਨ।ਫਿਰ ਵੀ ਉਸ ਵਰਗੇ ਹਸਤਾਖਰ ਕਰਨੇ ਕੋਈ ਸੌਖਾ ਕੰਮ ਨਹੀਂ ਸੀ।
ਉਸ ਦੀ ਹਵੇਲੀ ਦੇ ਇੱਕ ਕਮਰੇ ਵੋੱਚ ਪਟਵਾਰੀ ਦਾ ਦਫਤਰ ਹੁੰਦਾ ਸੀ।ਜਿਸ ਦੇ ਬਾਹਰ ਸੰਘਣੇ ਛਾਂ ਦਾਰ ਟਾਹਲੀ ਦੇ ਰੁੱਖ ਹੇਠਾ ਇੱਕ ਦੋ ਮੰਜੇ ਡੱਠੇ ਹੀ ਰਹਿੰਦੇ ਸਨ,ਜਿੱਥੇ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਸੀ। ਪਟਵਾਰੀ ਵੱਲੋਂ ਮਾਮਲਾ ਉਗ੍ਰਾਹਉਣ ਵਾਲੀ ਢਾਲ ਬਾਛ ਮਿਲਣ ਤੇ ਉਹ ਪਟਵਾਰੀ ਕੋਲੋਂ ਸਾਰੇ ਮਾਲਕਾਂ ਦੀਆਂ ਰਸੀਦਾਂ ਉਹ ਇੱਕੋ ਵਾਰ ਹੀ ਲਿਖਵਾ ਲੈਂਦਾ ਸੀ।ਤੇ ਸਾਰੇ ਪਿੰਡ ਦਾ ਮੁਆਮਲਾ ਵੀ ਉਹ ਉਗ੍ਰਾਹੁਣ ਤੋਂ ਪਹਿਲਾਂ ਹੀ ਮਿਥੇ ਹੋਏ ਸਮੇਂ ਸਿਰ ਆਪਣੇ ਕੋਲੋਂ ਤਾਰ ਦਿਆ ਕਰਦਾ ਸੀ।ਪਟਵਾਰੀ ਨੇ ਉਸ ਕੋਲ ਆਉਣ ਲਈ ਕੁਝ ਦਿਨ ਨੀਯਤ ਕੀਤੇ ਹੋਏ ਸਨ। ਜਦੋਂ ਲੋਕੀਂ ਪਟਵਾਰੀ ਕੋਲ ਜਦੋਂ ਕਿਸੇ ਜ਼ਮੀਨ ਦੇ ਕੰਮ ਕਰਾਉਣ ਲਈ ਆਉਂਦੇ ਤਾਂ ਮੁਆਮਲਾ ਵੀ ਨਾਲ ਹੀ ਦੇ ਜਾਂਦੇ।ਉਹ ਔਖਾ ਸੌਖਾ ਹੋ ਕੇ ਰਸੀਦਾਂ ਤੇ ਨਾਂ ਪੜ੍ਹ ਕੇ ਆਪਣੇ ਵਿੰਗ ਤੜਿੰਗੇ ਮਰੇ ਹੋਏ ਕਾਢੇ ਵਰਗੇ ਦਸਤਖਤ ਕਰ ਕੇ ਦੇ ਆਪਣੀਆਂ ਅਸਾਮੀਆਂ ਨੂੰ ਫੜਾ ਛਡਦਾ।
ਕਈ ਵਾਰ ਕਈਆਂ ਦੀ ਰਸੀਦਾਂ ਇਧਰ ਉਧਰ ਵਿੱਚ ਵੱਟ ਜਾਂਦੀਆਂ,ਜਿਨ੍ਹਾਂ ਨੂੰ ਲੋਕ ਆਪ ਹੀ ਇਧਰੋਂ ਉਧਰੋਂ ਕੋਲੋਂ ਪੁੱਛ ਪੁਛਾ ਕੇ ਵਟਾ ਲੈਂਦੇ। ਨਿਤ ਪਟਵਾਰੀ ਨਾਲ ਵਾਹ ਪੈਣ ਕਰਕੇ ਗਿਰਦਾਵਰੀ ਵੇਲੇ ਪਟਵਾਰੀ ਦੇ ਨਾਲ ਬਾਹਰ ਖੇਤਾਂ ਵਿੱਚ ਜਾਣ ਕਰਕੇ ਉਸ ਨੂੰ ਖੇਤਾਂ ਦੇ ਬਹੁਤ ਸਾਰੇ ਨੰਬਰ ਖਸਰਾ ਜ਼ਬਾਨੀ ਯਾਦ ਹੋ ਗਏ ਸਨ।
ਏਨਾ ਕੁਝ ਹੋਣ ਦੇ ਬਾਵਜੂਦ ਉਸਦੀ ਯਾਦ ਸ਼ਕਤੀ ਕਮਾਲ ਦੀ ਸੀ।ਖੇਤਾਂ ਦੀ ਗਿਦਾਵਰੀ ਕਰਨ ਵੇਲੇ ਪਟਵਾਰੀ ਦੀ ਉਸ ਨੂੰ ਖਾਸ ਲੋੜ ਪਿਆ ਕਰਦੀ ਸੀ। ਮੌਕੇ ਤੇ ਕੀਤੀ ਹੋਈ ਗਿਰਦਾਵਰੀ ਗਲਤ ਹੋ ਸਕਦੀ ਸੀ, ਪਰ ਹਵੇਲੀ ਵਿੱਚ ਬੈਠ ਕੇ ਸ਼ਜਰੇ ਤੇ ਉੰਗਲਾਂ ਰੱਖ ਰੱਖ ਕੇ ਕੀਤੀ ਗਈ ਉਸ ਦੀ ਲਿਖਾਈ ਗਿਰਦਾਵਰੀ ਕਦੇ ਗਲਤ ਨਹੀਂ ਹੁੰਦੀ ਸੀ।ਅੱਧ ਪਚੱਧੀ ਗਿਰਦਾਵਰੀ ਤਾਂ ਉਹ ਪਟਵਾਰੀ ਨੂੰ ਹਵੇਲੀ ਬੈਠਿਆਂ ਹੀ ਕਰਵਾ ਛਡਦਾ ਸੀ।
ਇਕ ਵਾਰ ਪਿੰਡ ਵਿੱਚ ਸ਼ਰਾਬ ਦਾ ਛਾਪਾ ਪਿਆ।ਜਿਸ ਦੀ ਭੱਠੀ ਫੜੀ ਗਈ, ਲੰਬੜ ਦਾ ਮੂੰਹ ਮੁਲਾਹਜ਼ੇ ਵਾਲਾ ਬੰਦਾ ਸੀ ਜੋ ਕਦੇ ਕਦੇ ਲੰਬੜ ਦੀ ਹਵੇਲੀ ਜਦੋਂ ਪਟਵਾਰੀ ਜਾਂ ਪੁਲਿਸ ਵਾਲੇ ਆਉਂਦੇ ਤਾਂ ਘਰ ਦੀ ਮੁਰਗੀ ਦਾਲ ਬਰੋਬਰ ਸਮਝ ਕੇ ਉਸ ਦੇ ਇਸ਼ਾਰੇ ਤੇ ਹੀ ਦੇਸੀ ਦਾਰੂ ਦੀਆਂ ਦੋ ਕੰਗਣੀ ਦਾਰ ਬੋਤਲਾਂ ਤੇ ਦੇਸੀ ਕੁੱਕੜ ਚੁੱਪ ਚੁਪੀਤੇ ਕਿਤੋਂ ਨਾ ਕਿਤੋਂ ਪਹੁੰਚ ਜਾਂਦੇ।
ਇੱਕ ਵੇਰਾਂ ਕੀ ਹੋਇਆ ਕਿ ਮੌਕੇ ਤੇ ਫੜੀ ਗਈ ਚਲਦੀ ਭੱਠੀ ਬਾਰੇ ਨੰਬਰਦਾਰ ਅਤੇ ਇਕ ਹੋਰ ਮੁਅਤਬਰ ਦੇ ਦਸਤਖਤ ਗਵਾਹਾਂ ਵਜੋਂ ਪੁਲਸ ਨੇ ਕਰਵਾ ਲਏ,ਇਕ ਗੁਆਹ ਤਾਂ ਅੰਗੂਠਾ ਟੇਕ ਸੀ ,ਦੂਜਾ ਲਹਿੰਬਰ ਲੰਬੜ ਸੀ ਉਹ ਕਹਿਣ ਲੱਗਾ ਇਹ ਦਸਤਖਤ ਤਾਂ ਮੇਰੇ ਹੈ ਈ ਨਹੀਂ ਹਨ, ਜੱਜ ਨੇ ਸਾਮ੍ਹਣੇ ਉਸ ਦੇ ਚਾਰ ਵਾਰ ਦਸਤਖਤ ਕਰਵਾਏ ਜੋ ਚਾਰੇ ਹੀ ਰਲ਼ਦੇ ਨਹੀਂ ਸਨ।
ਆਖਰ ਛੋਟੀ ਮੋਟੀ ਬਹਿਸ ਤੇ ਤਾਰੀਖਾਂ ਪੈਣ ਤੋਂ ਬਾਅਦ ਸ਼ਰਾਬ ਦੀ ਭੱਠੀ ਵਾਲਾ ਬੰਦਾ ਬਰੀ ਹੋ ਗਿਆ। ਪਿੱਛੋਂ ਇੱਕ ਦਿਨ ਉਹ ਬੰਦਾ ਮਿਲਿਆ ਲਹਿੰਬਰ ਲੰਬੜ ਉਸ ਨੂੰ ਕਹਿਣ ਲੱਗਾ, ਓਏ ਬਚ ਬਚਾ ਕੇ ਇਹ ਕੰਮ ਕਰਿਆ ਕਰੋ ਨਾਲੇ ਭੱਠੀ ਫੜਾਉਣ ਵਾਲਿਆਂ ਨੂੰ ਕਦੇ ਕਦੇ ਕਾਣਾ ਵੀ ਕਰ ਛੱਡਿਆ ਕਰੋ। ਠਾਣੇ ਵਾਲੇ ਬੰਦਿਆਂ ਦਾ ਆਪਣੇ ਨਾਲ ਰੋਜ਼ ਵਾਹ ਪੈਣ ਕਰਕੇ ਉਹ ਉਨ੍ਹਾਂ ਨੂੰ ਆਪਣੇ ਬੰਦੇ ਹੀ ਸਮਝਿਆ ਕਰਦਾ ਸੀ।
ਦੇਸ਼ ਦੀ ਵੰਡ ਹੋ ਗਈ ਕੋਈ ਕਿਤੇ ਲੋਈ ਜਿੱਥੇ ਜਿਥੇ ਸਿੰਗ ਸਮਾੲ ਲੋਕ ਚਲੇ ਗਏ । ਇਹ ਸਭ ਗੱਲਾਂ ਯਾਦਾਂ ਦੀ ਭੜੋਲੀ ਵਿੱਚ ਪੈ ਕੇ ਜਿਵੇਂ ਗੁਆਚ ਗਈਆਂ।ਪਰ ਵਿਦੇਸ਼ ਰਹਿੰਦਿਆਂ ਇਕ ਦਿਨ ਮੈਨੂੰ ਉਹ ਪਾਰਕ ਵਿੱਚ ਬੈਠਾ ਮਿਲਿਆ ਇਕ ਦਿਨ ਉਹ ਮੈਨੂੰ ਮਿਲਿਆ। ਪਹਿਲਾਂ ਵਾਲਾ ਲਹਿੰਬੜ ਲੰਬੜ ਉਸ ਵਿੱਚੋਂ ਉਡਾਰੀ ਮਾਰ ਚੁਕਾ ਸੀ। ਰੰਗ ਵਿਦੇਸ਼ ਵਿੱਚ ਲੰਮਾ ਸਮਾਂ ਰਹਿਣ ਕਰਕੇ ਹੁਣ ਬੱਗਾ ਚਿੱਟਾ ਹੋ ਚੁਕਾ ਸੀ।ਆਵਾਜ਼ ਵਿੱਚ ਕੁਝ ਕੰਬਣੀ ਜਿਹੀ ਸੀ ਫਿਰ ਬੋਲਾਂ ਵਿੱਚ ਕੁਝ ਪਛਾਣ ਅਜੇ ਬਾਕੀ ਸੀ।ਘਰ ਵਿਚ ਹੀ ਰਹਿਣ ਕਰਕੇ ਢੀਚਕ ਮਾਰ ਕੇ ਚਲਦਾ ਸੀ । ਰਹਿੰਦੀ ਖੁਹੰਦੀ ਕਸਰ ਸ਼ੂਗਰ ਦੇ ਰੋਗ ਨੇ ਪੂਰੀ ਕਰ ਛੱਡੀ ਸੀ।ਮੈਂ ਉਸ ਨੂੰ ਪਾਰਕ ਵਿੱਚ ਬੈਠੇ ਹੋਏ ਨੂੰਪਛਾਣ ਲਿਆ ਤਾਂ ਉਹ ਬੜੀ ਖੜਕਵੀ ਆਵਾਜ਼ ਵਿੱਚ ਬੋਲਿਆ ਓਏ ਤੂੰ ਝੰਡਾ ਪਟਵਾਰੀ ਤਾਂ ਨਹੀਂ ਮੈਂ ਆਹੋ ਕਹਕਿ ਉਸ ਨਾਲ ਹੱਥ ਮਿਲਾਇਆ ਤੇ ਉਹ ਕਹਿਣ ਲੱਗਾ ਸ਼ੁਕਰ ਹੈ ਯਾਰ ਇੱਥੇ ਕੋਈ ਆਪਣਾ ਤਾਂ ਮਿਲਿਆ।
ਇਸ ਦੇ ਬਾਅਦ ਪਾਰਕ ਵਿੱਚ ਆ ਕੇ ਉਹ ਉਹੀ ਪਰਾਣੀਆਂ ਗੱਲਾਂ ਦਾ ਛਿੱਕੂ ਖਲਾਰ ਬਹਿੰਦਾ। ਜਾਂ ਆਪਣੀ ਘਰ ਵਾਲੀ ਜੋ ਇੱਥੋਂ ਪੰਜਾਬ ਪਰਤਣ ਤੇ ਰੱਬ ਨੂੰ ਪਿਆਰੀ ਹੋ ਗਈ ਦੀਆਂ ਗੱਲਾਂ ਛੇੜ ਕੇ ਅਥਰੂ ਵਹਾਉਂਦਾ ਮਨ ਨੂੰ ਧਰਵਾਸ ਦੇਣ ਦੀ ਕੋਸ਼ਸ਼ ਕਰਦਾ।ਤੇ ਇਸ ਤਰਾਂ ਇਕ ਦੂਜੇ ਨੂੰ ਦਿਲਾਸੇ ਦੇਂਦਿਆਂ ਫਿਰ ਮਿਲਣ ਲਈ ਆਪੋ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ।
ਉਸ ਨੂੰ ਵੇਖ ਕੁ ਹੁ ਇਵੇਂ ਲਗਦਾ ਸੀ ਜਿਵੇ ਉਹ ਪਹਿਲਾ ਲਹਿੰਬੜ ਲੰਬੜ ਨਹੀਂ ਸਗੋਂ ਕੋਈ ਦੇਸ਼ੋਂ ਵਿਦੇਸ਼ੀ ਹੋਇਆ ਪਰ ਕੱਟਿਆ ਪੰਛੀ ਹੋਵੇ।
ਰਵੇਲ ਸਿੰਘ ਇਟਲੀ
ਵਿਸਾਖੀ - ਰਵੇਲ ਸਿੰਘ ਇਟਲੀ
ਫਸਲਾਂ ਦਾ ਤਿਉਹਾਰ ਵਿਸਾਖੀ।
ਖੁਸ਼ੀਆਂ ਦਾ ਤਿਉਹਾਰ ਵਿਸਾਖੀ।
ਕਣਕਾਂ ਪੱਕੀਆਂ,ਸੁੱਖਾਂ ਸੁੱਖਦੇ,
ਹੋਈਆਂ ਨੇ ਤਯਾਰ ਵਿਸਾਖੀ।
ਦਸਮ ਪਿਤਾ ਨੇ ਸਾਜ ਖਾਲਸਾ,
ਕੀਤਾ ਸੀ ਤਯਾਰ, ਵਿਸਾਖੀ।
ਹੱਕ ਸੱਚ ਲਈ ਜੂਝਣ ਲਈ,
ਚੁਕੀ ਸੀ ਤਲਵਾਰ ਵਿਸਾਖੀ।
ਵੇਖੋ ਹੁਣ ਇਹ ਬੰਦੇ ਖਾਣੀ,
ਕੇਂਦਰ ਦੀ ਸਰਕਾਰ ਵੈਸਾਖੀ।
ਸੜਕਾਂ ਉੱਤੇ ਰੋਲ ਕਿਸਾਨੀ।
ਰਹੀ ਕਿਸਾਨੀ ਮਾਰ ਵੈਸਾਖੀ।
ਇਸ ਵੇਰਾਂ ਆ ਗਿਆ ਕਰੋਨਾ,
ਖੁਸ਼ੀਆਂ ਗਈ ਵਿਸਾਰ ਵਿਸਾਖੀ।
ਪਰ ਸਰਕਾਰ ਕਰੋਨਾ ਤੋਂ ਵੱਧ,
ਕਰਦੀ ਪੁੱਠੀ ਕਾਰ ਵਿਸਾਖੀ।
ਲੋਕ ਰਾਜ ਨੂੰ ਛਿੱਕੇ ਟੰਗਿਆ,
ਕਰਦੀ ਹੈ ਹੰਕਾਰ ਵਿਸਾਖੀ।
ਕਿਰਸਾਣੀ ਨੂੰ ਮਾਰਣ ਲੱਗੀ,
ਕੇਂਦਰ ਦੀ ਸਰਕਾਰ ਵੈਸਾਖੀ।
ਖੇਤੀ ਦਿਆਂ ਕਾਲੇ ਕਾਨੂਨਾਂ ਨੇ,
ਕਰ ਦਿੱਤੀ ਬੀਮਾਰ ਵਿਸਾਖੀ।
ਨਾ ਏਧਰ ਨਾ ਓਧਰ ਲਗਦੀ,
ਜਾਪ ਰਹੀ ਵਿੱਚਕਾਰ ਵਿਸਾਖੀ।
ਰਹਿ ਗਏ ਵਿੱਚੇ, ਗਿੱਧੇ ਭੰਗੜੇ,
ਰੋਂਦੀ ਹੈ ਮੁਟਿਆਰ ਵਿਸਾਖੀ।
ਕੋਵਿਡ-ਉਨੀ ਤੋਂ ਵਧ ਕੇਂਦਰ ਨੂੰ,
ਪਾਉਂਦੀ ਹੈ ਫਟਕਾਰ ਵਿਸਾਖੀ।
ਇਸ ਵਾਰੀ ਜੋ ਆਈ ਵਿਸਾਖੀ,
ਆਏ ਨਾ ਦੂਜੀ ਵਾਰ ਵਿਸਾਖੀ।
ਆਪਣੇ ਹੱਕਾਂ ਦੀ ਰਾਖੀ ਲਈ,
ਹੁੰਦੀ ਸਦਾ ਵੰਗਾਰ ਵਿਸਾਖੀ।
ਫਸਲਾਂ ਦਾ ਤਿਉਹਾਰ ਵਿਸਾਖੀ,
ਖੁਸ਼ੀਆਂ ਦਾ ਤਿਉਹਾਰ ਵਿਸਾਖੀ।
ਚਲਦਾ ਹੈ ਕਿਰਸਾਨ ਅੰਦੋਲਣ,
ਮੰਨੇ ਗਾ ਨਹੀਂ ਹਾਰ ਵਿਸਾਖੀ।
ਫਸਲਾਂ ਦਾ ਤਿਉਹਾਰ ਵਿਸਾਖੀ।
ਖੁਸ਼ੀਆਂ ਦਾ ਤਿਉਹਾਰ ਵਿਸਾਖੀ।
ਰਵੇਲ ਸਿੰਘ ਇਟਲੀ
ਮੇਰਾ ਫੱਟੀ ਤੋਂ ਯੂਨੀ ਕੋਡ ਤੱਕ ਦਾ ਸਫਰ - ਰਵੇਲ ਸਿੰਘ ਇਟਲੀ
ਮੇਰਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਹੁਣ ਪੱਛਮੀ ਪੰਜਾਬ ਦੇ ਪਿੰਡ ਵਿੱਚ ਸਾਲ 1938 ਵਿੱਚ ਹੋਇਆ। ਦੇਸ਼ ਦੀ ਵੰਡ ਵੇਲੇ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸਾਂ। ਉਨ੍ਹਾਂ ਦਿਨਾਂ ਵਿੱਚ ਕਲਾਸ ਜਾਂ ਸ਼੍ਰੇਣੀ ਨੂੰ ਜਮਾਤ ਕਿਹਾ ਜਾਂਦਾ ਸੀ।ਪਹਿਲਾ ਦਾਖਲਾ ਕੱਚੀ ਪਹਿਲੀ ਵਿੱਚ ਹੀ ਹੁੰਦਾ ਸੀ।ਇੱਕ ਸਾਲ ਤੋਂ ਬਾਅਦ ਹੀ ਪੱਕੀ ਪਹਿਲੀ ਵਿੱਚ ਦਾਖਲ ਕੀਤਾ ਜਾਂਦਾ ਸੀ।ਅੰਗਰੇਜ਼ ਰਾਜ ਦੇ ਹੁੰਦਿਆਂ ਵੀ ਸਕੂਲ ਦੀ ਮੁਢਲੀ ਪੜ੍ਹਾਈ ਉਰਦੂ ਤੋਂ ਹੀ ਸ਼ੁਰੂ ਹੁੰਦੀ ਸੀ।ਅਗ੍ਰੇਜ਼ੀ ਭਾਸ਼ਾ ਪੰਜਵੀਂ ਕਲਾਸ ਤੋਂ ਸ਼ੁਰੂ ਹੁੰਦੀ ਸੀ।ਬੇਬੇ ਨੇ ਸਵੇਰੇ ਨੁਹਾ ਧੁਆ ਕੇ, ਗਲ ਖੱਦਰ ਦਾ ਝੱਗਾ,ਤੇੜ ਖੱਦਰ ਦਾ ਲੰਮ ਕੱਛਾ,ਸਿਰ ਵਾਹ ਕੇ ਜੂੜੇ ਤੇ ਚਿੱਟਾ ਰੁਮਾਲ ਬਨ੍ਹਿਆ ਪੈਰੀਂ ਨੰਗਾ ਬੜੇ ਚਾਆ ਨਾਲ ਸਕੂਲ ਜਾਣ ਲਈ ਤਿਆਰ ਕੀਤਾ।ਇੱਕ ਸੇਰ ਪਤਾਸੇ ਵੀ ਜਮਾਤ ਵਿੱਚ ਵੰਡਣ ਲਈ ਨਾਲ ਲੈ ਲਏ।
ਇਕ ਬੋਰੀ ਦਾ ਟੋਟਾ , ਫੱਟੀ, ਗਾਚਣੀ, ਗੱਤੇ ਦਾ ਚੌਰਸ ਟੁੱਕੜਾ, ਟੀਨ ਦੀ ਬਣੀ ਦਵਾਤ, ਰਵੇਦਾਰ ਕਾਲੀ ਸਿਆਹੀ ਤੇ ਕਾਨੇ ਦੀ ਕਲਮ, ਜੋ ਘੜਾਈ ਘੜਾਈ ਹੀ ਦੁਕਾਨ ਤੋਂ ਮਿਲ ਜਾਂਦੀ ਸੀ।ਇਹ ਸਭ ਕੁਝ ਨਾਲ ਲੈ ਕੇ ਮੈਨੂੰ ਸਕੂਲ ਦਾਖਲ ਕਰਾਉਣ ਲਈ ਮੈਨੂੰ ਸਕੂਲ ਦਾਖਲ ਕਰਾਉਣ ਮੈਨੂੰ ਨਾਲ ਲੈ ਕੇ ਗਈ।
ਉਨ੍ਹੀਂ ਦਿਨੀ ਅਧਿਆਪਕ ਨੂੰ ਮੁਨਸ਼ੀ ਜੀ ਕਿਹਾ ਜਾਂਦਾ ਸੀ। ਕੱਚੀ ਪਹਿਲੀ ਦੇ ਮੁਨਸ਼ੀ ਸਯਦ ਗੁਲਾਮ ਅਲੀ ਜੀ ਸਨ। ਉਚੇ ਲੰਮੇ ਕਦ ਦੇ ਲੰਮਾ ਕਮੀਜ਼ ਸਲਵਾਰ, ਕੁੱਲੇ ਵਾਲੀ ਪੱਗ, ਲੰਮੀ ਨੋਕ ਵਾਲੀ ਤਿੱਲੇ ਵਾਲੀ ਜੁੱਤੀ ਉਨ੍ਹਾਂ ਨੂੰ ਖੂਬ ਸਜਦੀ ਸੀ।ਬੜੇ ਹੀ ਨਰਮ ਸੁਭਾ ਅਤੇ ਮਿੱਠ ਬੋਲੜੇ ਸਨ।ਮੈਨੂੰ ਵੇਖ ਕੇ ਬੋਲੇ ਨਿੱਕਾ ਸਰਦਾਰ ਪਹਿਲੇ ਦਿਨ ਸਕੂਲ ਆਇਆ ਹੈ।ਬੇਬੇ ਦੇ ਲਿਆਦੇ ਹੋਏ ਪਤਾਸੇ,ਜਮਾਤ ਵਿੱਚ ਵੰਡੇ ਗਏ।ਮੈਨੂੰ ਵੀ ਤੱਪੜਾਂ ਬੋਰੀਆਂ ਤੇ ਭੁਇਂ ਤੇ ਬੈਠੇ ਬਚਿਆਂ ਦੀ ਪਾਲ ਵਿੱਚ ਬਿਠਾ ਦਿੱਤਾ ਗਿਆ। ਸ਼ਾਂਮਾਂ ਨੂੰ ਆਪਣੇ ਗੁਆਂਢੀਆਂ ਦੋ ਮੁੰਡੇ ਕੈਲੇ ਨਾਲ ਨਾਲੋਂ ਜੋ ਮੈਥੋਂ ਜ਼ਰਾ ਵੱਡਾ ਸੀ ਉਸ ਨਾਲ ਘਰ ਆ ਗਿਆ।
ਮੁਨਸ਼ੀ ਜੀ ਨੇ ਆਪਣੇ ਕੋਲ ਬੁਲਾ ਕੇ ਮਨੂੰ ਮੇਰੇ ਗੱਤੇ ਇੱਕ ਪਾਸੇ ਉਰਦੂ ਦੇ ਮੋਟੇ ਮੋਟੇ ਬੜੇ ਖੁਸ਼ਖਤ ਉਰਦੂ ਹਰਫ ਅਤੇ ਦੂਜੇ ਪਾਸੇ ਉਰਦੂ ਦੇ ਸੌ ਤੱਕ ਉਰਦੂ ਦੇ ਹਿੰਦਸੇ ਲਿਖ ਕੇ ਯਾਦ ਕਰਨ ਲਈ ਕਿਹਾ।
ਕੱਚੀ ਪਹਿਲੀ ਦੇ ਬੱਚਿਆ ਵਿੱਚੋਂ ਵਾਰੀ ਵਾਰੀ ਇੱਕ ਬੱਚਾ ਉਰਦੂ ਦੇ ਅਖਰਾਂ ਦੀ ਗਿਣਤੀ ਜਿਨ੍ਹਾ ਨੂੰ ਪਹਾੜੇ ਕਿਹਾ ਜਾਂਦਾ ਸੀ ਉੱਚੀ ਉੱਚੀ ਬੋਲਦਾ ਬਾਕੀ ਸਭ ਉਸ ਦੇ ਪਿੱਛੇ ਬੋਲਦੇ ਇਸ ਨੂੰ ਮੁਹਾਰਨੀ ਕਿਹਾ ਕਰਦੇ ਸਨ।ਫਿਰ ਕਦੇ ਕਦੇ ਮੁਨਸ਼ੀ ਜੀ ਵੀ ਕਿਸੇ ਨਾ ਕਿਸੇ ਬੱਚੇ ਨੂੰ ਯਾਦ ਕੀਤੇ ਅੱਖਰਾਂ ਜਾਂ ਹਿੰਦਸਿਆਂ ਬਾਰੇ ਪੁੱਛਦੇ।ਇਸ ਤਰ੍ਹਾਂ ਬਹੁਤ ਛੇਤੀ ਇਹ ਸਭ ਕੁਝ ਯਾਦ ਹੋ ਜਾਂਦਾ।
ਅਗਲੇ ਸਾਲ ਮੈਨੂੰ ਪੱਕੀ ਪਹਿਲੀ ਵਿੱਚ ਦਾਖਲ ਕਰ ਲਿਆ ਗਿਆ।ਹੁਣ ਗੱਤੇ ਦੀ ਥਾਂ ਫੱਟੀ ਕਲਮ ਦੁਵਾਤ ਤੇ ਕਾਇਦੇ ਨੇ ਲੈ ਲਈ।ਫੱਟੀ ਸਕੂਲ ਲਾਗਲੇ ਛੱਪੜ ਦੇ ਪਾਣੀ ਨਾਲ ਧੋ ਕੇ ਫਿਰ ਗਾਚਣੀ ਮਲ਼ ਕੇ ਧੁੱਪੇ ਫੱਟੀ ਨਾ ਫੱਟੀ ਜੋੜ ਕੇ ਸੁਕਾ ਕੇ ਤੱਪੜਾਂ ਤੇ ਬੈਠੇ ਮੁਡਿਆਂ ਵਿੱਚ ਬੈਠ ਜਾਣਾ। ਤੇ ਇੱਕਠਿਆਂ ਬੈਠ ਕੇ ਫੱਟੀ ਸੁਕਾਉਣ ਵੇਲੇ ਗਾਏ ਜਾਣ ਬੋਲ ਵੀ ਬੜੇ ਯਾਦ ਆਉਂਦੇ ਜਦੋਂ ਫੱਟੀ ਪੋਚ ਕੇ ਹਵਾ ਵਿੱਚ ਲਹਿਰਾਉਂਦੇ ਗੀਤਾਂ ਵਾਂਗ ਬੋਲਣ ਦੇ ਇਹ ਬੋਲ਼ ਅਜੇ ਵੀ ਬੜੇ ਯਾਦ ਆਉਂਦੇ ਹਨ।
‘ਸੂਰਜਾ ਸੂਰਜਾ ਫੱਟੀ ਸੁਕਾ, ਛੇਤੀ ਛੇਤੀ ਲਿਖਣਾ ਸਿਖਣਾ।ਅਤੇ ਇਸੇ ਤਰ੍ਹਾਂ ਦੁਆਤ ਵਿੱਚ ਕਲਮ ਨੂੰ ਮਧਾਣੀ ਵਾਂਗ ਫੇਰ ਕੇ ਸਿਆਹੀ ਗੂੜ੍ਹੀ ਕਰਨ ਲਈ ਬੋਲਣਾ” ਆਲ਼ੇ ਵਿੱਚ ਧਮੂੜੀ ਮੇਰੀ ਸ਼ਾਹੀ ਗੂੜ੍ਹੀ,’ਕੋਠੇ ਉੱਤੇ ਮੱਛਰ ਮੇਰੀ ਸ਼ਾਹੀ ਗੱਚਲ’, ਹੁਣ ਕਦੇ ਬੜੇ ਯਾਦ ਆਉਂਦੇ ਹਨ।ਨਿਰਾ ਏਨਾ ਹੀ ਨਹੀਂ ਕਦੇ ਕਦੇ ਜਦੋਂ ਕਿਤੇ ਸਕੂਲ ਜਾਂਦਿਆਂ ਰਾਹ ਵਿੱਚ ਕਿਸੇ ਖੇਤ ਵਿੱਚ ਲੱਗੀ ਵਾੜ ਨੂੰ ਹਟਾਉਣ ਲਈ ਵੀ ਫੱਟੀ ਤੋਂ ਹੀ ਕੰਮ ਹੀ ਲਿਆ ਜਾਂਦਾ ਸੀ। ਅਤੇ ਜੇ ਕਿਤੇ ਆਪਸ ਵਿੱਚ ਮਾੜੀ ਮੋਟੀ ਗੱਲੇ ਛੁੱਟੀ ਤੋਂ ਘਰ ਪਰਤਦਿਆਂ ਆਪਸ ਵਿੱਚ ਜ਼ਰਾ ਕੋਈ ਉੱਚੀ ਨੀਵੀਂ ਹੋ ਜਾਂਦੀ ਤਾਂ ਫੱਟੀ ਨੂੰ ਹੱਥਿਆਰ ਵਜੋਂ ਵੀ ਵਰਤ ਲਿਆ ਜਾਂਦਾ ਸੀ।ਲਿਖਾਈ ਕਰਨ ਨੂੰ ਇਮਲਾ ਜੋ ਮੁਨਸ਼ੀ ਜੀ ਜਾਂ ਜਮਾਤ ਦੇ ਮਨੀਟਰ ਦੇ ਬੋਲਣ ਤੇ ਲਿਖੀ ਜਾਂਦੀ ਸੀ, ਲਿਖਤ ਨੂੰ ਇਬਾਰਤ ਕਿਹਾ ਜਾਂਦਾ ਸੀ।
ਹੌਲੀ ਹੌਲੀ ਹੁਣ ਅਗਲੀਆਂ ਜਮਾਤਾਂ ਵਿੱਚ ਸਲੇਟ, ਸਲੇਟੀ ਦਾ ਵਾਧਾ ਵੀ ਹੋ ਗਿਆ ਸੀ।ਸਲੇਟ ਕਾਲੇ ਪੱਥਰ ਜਾਂ ਟੀਨ ਤੇ ਕਾਲੇ ਪੇਂਟ ਵਾਲੀ ਫੁੱਟ ਡੇੜ੍ਹ ਫੁੱਟ ਦੀ ਚੌਰਸ ਲੱਕੜ ਦੇ ਚੌਖਟੇ ਵਾਲੀ ਹੁੰਦੀ ਸੀ।ਉਰਦੂ ,ਹਿਸਾਬ,ਜੁਗਰਾਫੀਆ, ਬੱਸ ਇਹ ਹੀ ਮੋਟੇ ਮਜ਼ਮੂਨ ਪੜ੍ਹਾਏ ਜਾਂਦੇ ਸਨ।ਪਰ ਉਦੋਂ ਜਿਨਾ ਵੀ ਪੜ੍ਹਾਇਆ ਜਾਂਦਾ ਸੀ, ਬੜਾ ਹੀ ਮੇਹਣਤ ਅਤੇ ਲਗਨ ਨਾਲ ਸਿਖਾਇਆ ਜਾਂਦਾ ਸੀ।ਅੰਗਰੇਜ਼ੀ ਭਾਸ਼ਾ ਪੰਜਵੀਂ ਜਮਾਤ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਸੀ।
ਉਥੇ ਹੀ ਉਘੇ ਸਮਾਜ ਸੇਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਉਦਮ ਸਦਕਾ ਉਰਦੂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਣ ਲੱਗੀ, ਜਿਸ ਦਾ ਲਾਭ ਮੈਂ ਉਥੋਂ ਵੀ ਬੜਾ ਉਠਾਇਆ। ਬਾਕੀ ਸਕੂਲ ਦੀ ਪੜ੍ਹਾਈ ਮੈਂ ਦੇਸ਼ ਦੀ ਵੰਡ ਦੇ ਉਜਾੜੇ ਤੋਂ ਬਾਅਦ ਏਧਰ ਆਕੇ ਕੀਤੀ। ਦਸਵੀਂ ਦੇਸ਼ ਦੀ ਵੰਡ ਤੋਂ ਬਾਅਦ ਏਧਰ ਆਕ ਕੀਤੀ,ਪਰ ਪਹਿਲਾਂ ਦੀਆਂ ਚਾਰ ਜਮਾਤਾਂ ਦਾ ਪੜ੍ਹਿਆ ਉਰਦੂ ਮੈਨੂੰ ਚੰਗੀ ਤਰ੍ਹਾ ਯਾਦ ਸੀ ਜਿਸੇ ਸਿੱਟੇ ਵਜੋਂ ਮੈਂ ਦਸਵੀਂ ਜਮਾਤ ਕਰਕੇ ਪਟਵਾਰੀ ਦਾ ਇਮਤਹਾਨ ਉਰਦੂ ਵਿੱਚ ਦਿੱਤਾ ਤੇ 1965-66, ਤੱਕ ਉਰਦੂ ਵਿੱਚ ਵੀ ਪਟਵਾਰ ਦਾ ਕੰਮ ਹੁੰਦਾ ਰਿਹਾ।ਇਸ ਤੋਂ ਅੱਗੇ ਦਫਤਰੀ ਕੰਮ ਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋ ਗਿਆ।
ਲਗ ਪਗ ਚੌਂਤੀ ਸਾਲ ਦੀ ਸਰਕਾਰੀ ਨੌਕਰੀ ਕਰਨ ਉਪ੍ਰੰਤ ਸੇਵਾ ਮੁਕਤ ਹੋਕੇ 2008 ਵਿੱਚ ਆਪਣੇ ਬਚਿਆਂ ਕੋਲ ਯੌਰੋਪ ਆ ਗਿਆ।ਬੇਸ਼ਕ ਫੱਟੀ ਤੋਂ ਕਾਪੀ, ਦਵਾਤ, ਕਲਮ, ਪੈਨਸਲ, ਪੈੱਨ ਤੱਕ ਦਾ ਸਫਰ ਤਾਂ ਮੈਂ ਪੂਰਾ ਕਰ ਲਿਆ ਸੀ।ਪਰ ਕੰਪਿਊਟਰ ਯੁੱਗ ਦੇ ਕਾਫਿਲੇ ਵਿੱਚ ਰਲਣ ਦੀ ਰੀਝ ਅਜੇ ਬਾਕੀ ਸੀ।
ਅਖੀਰ ਇਕ ਵੇਰਾਂ ਮੇਰੇ ਇੱਕ ਵਿਦੇਸ਼ ਰਹਿੰਦੇ ਨੇੜਲੇ ਰਿਸ਼ਤੇ ਦਾਰ ਕੋਲੋਂ ਮੈਂ ਥੋੜ੍ਹੀ ਜੇਹੀ ਰਕਮ ਦੇ ਕੇ ਇਕ ਸੈਕੰਡ- ਹੈਂਡ ਕੰਪਿਊਟਰ ਲੈ ਲਿਆ ਤੇ ਇਸ ਤੇ ਇਧਰੋਂ ਉਧਰੋਂ ਪੁਛ ਪੁਛਾ ਕੇ ਕੁਝ ਅੱਖਰ ਪੁੱਠੀਆਂ ਸਿੱਧੀਆਂ ਉੰਗਲਾਂ ਮਾਰ ਕੇ ਲਿਖਣੇ ਸਿੱਖ ਹੀ ਲਏ।ਕਵਿਤਾ ਲਿਖਣ ਦਾ ਮਸ ਤਾਂ ਮੈਨੂੰ ਸ਼ੁਰੂ ਤੋਂ ਹੀ ਸੀ।ਇਥੇ ਆਕੇ ਕੁਝ ਲੇਖਕਾਂ ਦੇ ਉਦਮ ਸਦਕਾ ਨਾਲ “ਸਾਹਿਤ ਸਾਂਝ ਸੁਰ ਸੰਗਮ ਮੰਚ ਇਟਲੀ” ਦਾ ਗਠਨ ਕੀਤਾ ਗਿਆ।ਪਰ ਅਜੇ ਪੰਜਾਬੀ ਲਿਖਣ ਦਾ ਮਸਲਾ ਬਣਿਆ ਹੋਇਆ ਸੀ। ਜੋ ਬਹਤ ਛੇਤੀ ਹੱਲ ਵੀ ਹੋ ਗਿਆ।
ਇਸੇ ਸਾਹਿਤ ਸਭਾ ਮੈਂਬਰ ਤੇ ਫੋਟੋ ਗ੍ਰਾਫਰ ਸਵਰਨਜੀਤ ਸਿੰਘ ‘ਘੋਤੜਾ’ ਜੀ ਨੇ ਮੈਨੂੰ ਮੇਰੇ ਕੰਪੂਟਰ ਵਿੱਚ ਗੁਰਮੁਖੀ. ਅਮ੍ਰਿਤ ਫੋਂਟ ਡਾਉਣ ਲੋਡ ਕਰਕੇ ਇਨਸਟਾਲ ਵੀ ਕਰ ਦਿੱਤੇ।ਜਿਨ੍ਹਾਂ ਤੇ ਹੌਲੀ ਹੌਲੀ ਟਾਈਪ ਕਰਨਾ ਸਿੱਖ ਲਿਆ। ਮੈਨੂੰ ਯਾਦ ਹੈ ਮੈਨੂੰ ਕਿੰਨੀ ਖੁਸ਼ੀ ਹੋਈ ਸੀ ਜਦੋਂ ਮੇਰੀ ਪਹਿਲੀ ਰਚਨਾ ਮਿਡੀਆ ਪੰਜਾਬ ਜਰਮਨ ਵਿੱਚ ਛਪੀ ਸੀ।ਇਸ ਤੋਂ ਬਾਅਦ ਇਹ ਫੱਟੀ ਤੋਂ ਫੋਂਟ ਤੱਕ ਦਾ ਸਫਰ ਅਜੇ ਲਗਾਤਰ ਜਾਰੀ ਹੈ,ਜਿਸ ਨੂੰ ਹੋਰ ਸੌਖਾ ਕਰਨ ਲਈ ਹੁਣ ਪੁਰਾਰਾਣੇ ਫੋਂਟਾਂ ਦੀ ਥਾਂ ਪੰਜਾਬੀ ਯੂਨੀ ਕੋਡ ਨੇ ਲੈ ਲਿਆ ਹੈ।
ਸਿਖਣ ਲਈ ਜ਼ਿੰਦਗੀ ਥੋੜੀ ਹੈ, ਜਿੰਨੀ ਵੀ ਹੈ ਮੈਂ ਇਸ ਦਾ ਅਤੇ ਮੈਨੂੰ ਮੇਰੇ ਫੱਟੀ ਫੋਂਟ ਤੱਕ ਦੇ ਇਸ ਸਫਰ ਵਿੱਚ ਜੋ ਵੀ ਮੇਰੇ ਸੁਹਿਰਦ ਮਿੱਤਰ, ਸੇਧਕ ਅਤੇ ਨੇਕ ਸਲਾਹਕਾਰ ਵਿੱਚ ਸਹਾਈ ਹੋਏ ਹਨ ਉਨ੍ਹਾਂ ਦਾ ਮੈਂ ਹਰ ਦਮ ਸ਼ੁਕਰ ਗੁਜ਼ਾਰ ਹਾਂ।
ਜੀਵਣ ਦਾ ਸਫਰ ਮੁਸ਼ਕਲ, ਸੌਖਾ ਹੈ ਨਾਲ ਕਾਫਿਲੇ।
ਇਸ ਕਾਫਿਲੇ ਚ, ਚਲਦਿਆਂ ਵਧਦੇ ਸਦਾ ਨੇ ਹੌਸਲੇ।
ਕਦਮਾਂ ਦੇ ਤਾਲ ਦੇ ਇਹ, ਛੱਡੀਏ ਕਦੇ ਨਾ ਸਿਲਸਲੇ,
ਹਰ ਆਦਮੀ ਦੇ ਕੋਲ ਹੁੰਦੇ , ਕਈ ਤਲਖ ਤਜੁਰਬੇ।
ਰਵੇਲ ਸਿੰਘ ਇਟਲੀ
ਸ਼ੇਰੇ ਪੰਜਾਬ ਮਾਹਰਾਜਾ ਰਣਜੀਤ ਸਿੰਘ ਦੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਦੀ ਇੱਕ ਕਹਾਣੀ - ਰਵੇਲ ਸਿੰਘ ਇਟਲੀ
ਇਹ ਕਹਾਣੀ ਅੱਜ ਤੋਂ ਬਹੁਤ ਸਮਾ ਪਹਿਲਾਂ ਮੈਂ ਕਿਸੇ ਲੇਖਕ ਦੀ ਲਿਖੀ ਪੁਸਤਕ “ਰਣਜੀਤ ਕਹਾਣੀਆਂ “ ਵਿੱਚ ਪੜ੍ਹੀ ਸੀ ਜਿਸ ਨੂੰ ਅਜੋਕੇ ਕਿਸਾਨ ਅੰਦੋਲਣ ਵੱਲ ਵੇਖ ਕੇ ਪਾਠਕਾਂ ਨਾਲ ਸਾਂਝੀ ਕਰਨ ਨੂੰ ਮਨ ਕਰ ਆਇਆ।
ਇਹ ਕਹਾਣੀ ਇਸ ਤਰ੍ਹਾਂ ਸੀ ਕਿ ਇੱਕ ਵੇਰਾਂ ਜਦੋਂ ਸ਼ੇਰੇ ਪੰਜਾਬ ਮਾਹਾਰਾਜ ਰਣਜੀਤ ਸਿੰਘ ਜੀ ਜਦੋਂ ਕਿਸੇ ਮੁਹਿੰਮ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਕਿਸਾਨਾਂ ਦੀ ਹਾਲਤ ਵੇਖਣ ਦਾ ਖਿਆਲ ਆਇਆ ਅਤੇ ਉਹ ਇੱਕ ਆਮ ਆਦਮੀ ਦੇ ਭੇਸ ਵਿੱਚ ਇੱਕ ਕਿਸਾਨ ਤੇ ਡੇਰੇ ਤੇ ਚਲੇ ਗਏ। ਖੂਹ ਤੇ ਰੁੱਖ ਦੀ ਛਾਵੇਂ ਬੈਠੇ ਬਜ਼ੁਰਗ ਕਿਸਾਨ ਨੇ ਉਨ੍ਹਾਂ ਨੂੰ ਜੀ ਆਇਆਂ ਕਹਿ ਕੇ, ਆਪਣੇ ਪੰਜਾਬੀ ਸੁਭਾਆ ਅਨੁਸਾਰ ਜਦ ਕੋਈ ਜਲ਼ ਪਾਣੀ ਦੀ ਸੇਵਾ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ, ਬਜ਼ੁਰਗਾ ਪਿਆਸ ਬਹੁਤ ਲੱਗੀ ਹੈ, ਜੇ ਜਲ਼ ਪਿਲਾ ਦਏਂ ਤਾਂ ਮਿਹਰ ਬਾਨੀ ਹੋਵੇ ਗੀ, ਇਹ ਸੁਣਕੇ, ਕਿਸਾਨ ਬੋਲਿਆ ਜੁਵਾਨਾ ਜੇ ਕਹੇਂ ਤਾਂ ਤੈਨੂੰ ਰਹੁ, (ਗੰਨੇ ਦਾ ਰੱਸ) ਪਿਲਾਂਵਾਂ। ਇਹ ਸੁਣ ਕੇ ਮਾਹਰਾਜਾ ਸਾਹਿਬ ਬੜੇ ਖੁਸ਼ ਹੋਏ, ਤੇ ਜਿਵੇਂ ਆਪ ਦੀ ਮਰਜ਼ੀ ਕਹਿ ਕੇ ਉਸ ਕੋਲ ਬੈਠ ਗਏ। ਕਿਸਾਨ ਦਾਤੀ ਲੈ ਕੇ ਨਾਲ ਦੇ ਖੇਤ ਵਿੱਚੋਂ ਦੋ ਚੋਣਵੇਂ ਗੰਨੇ ਲੈ ਆਇਆ ਅਤੇ ਕਹਿਣ ਲੱਗਾ ਕਿ ਇਨ੍ਹਾਂ ਦੋ ਗੰਨਿਆਂ ਪਿੱਛੇ ਐਵੇਂ ਬਲਦ ਜੋੜ ਕੇ ਵੇਲਣਾ ਕੀ ਚਲਾਉਣਾ, ਮੈਂ ਆਪ ਹੀ ਗਾਢੀ ਗੇੜ ਕੇ ਵੇਲਣਾ ਚਲਾਉਂਦਾ ਹਾਂ ਤੂੰ ਪਾੜਛੇ ਕੋਲ ਗਿਲਾਸ ਲੈ ਕੇ ਬੈਠ ਜਾ।
ਵੇਖਦੇ ਵੇਖਦੇ ਦੋ ਗੰਨਿਆਂ ਵਿਚੋਂ ਵੱਡਾ ਗਿਲਾਸ ਰੱਸ ਦਾ ਭਰ ਗਿਆ, ਜਦ ਉਨ੍ਹਾਂ ਇਹ ਰੱਸ ਦਾ ਪੀ ਕੇ ਗਲਾਸ ਖਾਲੀ ਕੀਤਾ ਤਾਂ ਬਜ਼ੁਰਗ ਕਿਸਾਨ ਪੁੱਛਣ ਲੱਗਾ ਕਿ ਜਵਾਨਾ ਹੋਰ ਪੀਵੇਂਗਾ ਤਾਂ ਉਨ੍ਹਾਂ ਦੇ ਹਾਂ ਕਹਿਣ ਤੇ ਉਹ ਕਿਸਾਨ ਫਿਰ ਦਾਤੀ ਲੈ ਕੇ ਓਸੇ ਤਰ੍ਹਾਂ ਦੋ ਹੋਰ ਗੰਨੇ ਲੈਣ ਖੇਤ ਵਿੱਚ ਚਲਾ ਗਿਆ, ਮਗਰੋਂ ਮਾਰਾਜਾ ਸਾਹਿਬ ਸੋਚਣ ਲੱਗ ਪਏ ਕਿ ਵੇਖੋ ਦੋ ਗੰਨਿਆਂ ਵਿੱਚੋਂ ਵੱਡਾ ਰੱਸ ਦਾ ਗਿਲਾਸ ਨਿਕਲ ਆਇਆ, ਇਸ ਦਾ ਮਤਲਬ ਸਾਫ ਹੈ ਕਿ ਕਿਸਾਨਾਂ ਦੀ ਖੇਤਾਂ ਦੀ ਪੈਦਾਵਾਰ ਚੰਗੀ ਹੈ ਇਸ ਲਈ ਜਾ ਕੇ ਦੀਵਾਨ ਨੂੰ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁਆਮਲੇ ਵਿੱਚ ਵਾਧਾ ਕਰ ਦੇਵੇ।
ਏਨੇ ਨੂੰ ਉਹ ਬੁਜ਼ੁਰਗ ਕਿਸਾਨ ਦੋ ਗੰਨੇ ਹੋਰ ਲੈ ਕੇ ਆ ਗਿਆ ਪਰ ਜਦੋਂ ਉਨ੍ਹਾਂ ਵਿੱਚੋਂ ਰੱਸ ਦਾ ਪੂਰਾ ਗਿਲਾਸ ਭਰਨ ਦੀ ਬਜਾਏ ਮਸਾਂ ਪੌਣਾ ਹੀ ਨਿਕਿਲਿਆ ਤਾਂ, ਮਹਰਾਜਾ ਸਾਹਿਬ ਉਸ ਕਹਿਣ ਲੱਗੇ ਕਿ ਬਜ਼ੁਰਗਾ ਵੇਖ ਤੇਰਾ ਖੇਤ ਵੀ ੳਹ ਹੀ, ਦਾਤੀ ਵੀ ਉਹ ਹੀ, ਵੱਢ ਕੇ ਲਿਆਂਦੇ ਤੂੰ ਆਪ ਹੀ,ਪਰ ਪਤਾ ਨਹੀਂ ਕਿਉਂ ਪਹਿਲਾਂ ਤਾਂ ਵਾਲੇ ਦੋ ਗੰਨਿਆਂ ਨਾਲ ਗਿਲਾਸ ਭਰ ਗਿਆ ਪਰ ਹੁਣ ਗਿਲਾਸ ਊਣਾ ਕਿਉਂ ਰਹਿ ਗਿਆ।
ਮਾਹਰਾਜ ਦੀ ਇਹ ਗੱਲ ਸੁਣ ਕੇ ਬਜ਼ੁਰਗ ਕਿਸਾਨ ਸਹਿਜ ਸੁਭਾਅ ਬੋਲਿਆ ਕਿ ਰਾਜੇ ਦੇ ਮਨ ਵਿਚ ਕੋਈ ਬਦਨੀਯਤ ਆ ਗਈ ਹੋਵੇਗੀ।ਬਜ਼ੁਰਗ ਕਿਸਾਨ ਦੀ ਇਹ ਗੱਲ ਸੁਣਕੇ ਉਹ ਕਿਸਾਨ ਨੂੰ ਪੁੱਛਣ ਲੱਗੇ ਕਿ ਬਾਬਾ ਤੇਰੀ ਗੱਲ ਦੀ ਮੈਨੂੰ ਸਮਝ ਨਹੀਂ ਆਈ, ਮੈਨੂੰ ਇਹ ਗੱਲ ਜ਼ਰਾ ਖੋਲ਼੍ਹ ਕੇ ਸਮਝਾ,ਕਿਸਾਨ ਨੂੰ ਕੀ ਪਤਾ ਸੀ ਕਿ ਇਹ ਨੌਜੁਵਾਨ ਆਪ ਹੀ ਪੰਜਾਬ ਦਾ ਰਾਜਾ ਹੈ , ਉਹ ਕਹਿਣ ਲੱਗਾ ਵੇਖ ਜਵਾਨਾਂ ਹੈਂ ਤਾਂ ਤੂੰ ਬੜਾ ਹੱਟਾ ਕੱਟਾ ਪਰ ਤੇਰੀ ਬੁੱਧ ਬੜੀ ਮੋਟੀ ਜਾਪਦੀ ਹੈ ਜੋ ਤੈਨੂੰ ਮੇਰੀ ਇਸ ਸਿੱਧੀ ਸਾਦੀ ਗੱਲ ਦੀ ਸਮਝ ਨਹੀਂ ਪਈ, ਕਿਸਾਨ ਦੀ ਇਹ ਗੱਲ ਸੁਣ ਕੇ ਮਾਹਰਾਜਾ ਸਾਹਿਬ ਹੋਰ ਭੋਲ਼ੇ ਜਿਹੇ ਹੋ ਕੇ ਕਹਿਣ ਲਗੇ, ਹਾਂ ਬਜ਼ੁਰਗਾਂ ਮੇਰੀ ਬੁੱਧ ਵਾਕਿਆ ਹੀ ਬਹੁਤ ਮੋਟੀ ਹੈ, ਤੂੰ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ।
ਇਹ ਸੁਣ ਕੇ ਉਹ ਬਜ਼ੁਰਗ ਕਿਸਾਨ ਬੋਲਿਆ , ਸੁਣ ਜਵਾਨਾਂ ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਜੇ ਰਾਜੇ ਦੀ ਪਰਜਾ ਪ੍ਰਤੀ ਨੀਯਤ ਸਾਫ ਨਾ ਹੋਵੇ ਤਾਂ ਉਸ ਦੀ ਪਰਜਾ ਨੂੰ ਹਮੇਸ਼ਾਂ ਘਾਟਾ ਹੀ ਹੋਵੇਗਾ।ਇਸੇ ਤਰ੍ਹਾਂ ਜੇ ਪਰਜਾ ਦੀ ਨੀਯਤ ਆਪਣੇ ਰਾਜੇ ਪ੍ਰਤੀ ਸਾਫ ਨਾਂ ਹੋਵੇ ਤਾਂ ਉਸ ਨੂੰ ਹਮੇਸ਼ਾਂ ਨੁਕਸਾਨ ਤੇ ਹਾਨੀ ਹੀ ਹੋਵੇਗੀ। ਕਿਸਾਨ ਫਿਰ ਬੋਲਿਆ ਕਿਉਂ ਹੁਣ ਸਮਝ ਆ ਗਈ।ਉਹ ਕਹਿਣ ਲੱਗੇ ਬਾਬਾ ਤੇਰੀ ਬਹੁਮੁੱਲੀ ਗੱਲ ਦੀ ਸਮਝ ਮੈਨੂੰ ਚੰਗੀ ਤਰ੍ਹਾਂ ਆ ਗਈ ਅਤੇ ਉਹ ਉਸ ਕਿਸਾਨ ਦਾ ਨਾਮ ਅਤੇ ਪੂਰਾ ਪਤਾ ਆਦਿ ਪੁੱਛ ਕੇ ਚਲੇ ਗਏ।
ਥੋੜ੍ਹੇ ਹੀ ਦਿਨਾਂ ਪਿੱਛੋਂ ਸ਼ਾਹੀ ਦਰਬਾਰ ਦਾ ਇੱਕ ਪਿਆਦਾ ਉਸ ਬਜ਼ੁਰਗ ਕਿਸਾਨ ਦੇ ਡੇਰੇ ਆਇਆ ਅਤੇ ਉਸ ਬਜ਼ੁਰਗ ਕਿਸਾਨ ਦਾ ਨਾਂ ਪਤਾ ਪੁੱਛ ਪੁਛਾ ਕੇ ਆਕੇ ਕਹਿਣ ਲੱਗ ਕਿ ਬਾਬਾ ਤੈਨੂੰ ਫਲਾਂਣੀ ਤਾਰੀਖ ਨੂੰ ਮਾਹਰਾਜਾ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਆਉਣ ਦਾ ਇਹ ਪਰਵਾਨਾ ਆਇਆ ਹੈ, ਇਹ ਵੇਖਦੇ ਸਾਰ ਹੀ ਉਸ ਬਜ਼ੁਰਗ ਕਿਸਾਨ ਦੀ ਤਾਂ ਜਿਵੇਂ ਖਾਨਿਉਂ ਹੀ ਗਈ ਤੇ ਉਹ ਸੋਚਣ ਲੱਗਾ ਮੈਨੂੰ ਤਾਂ ਕੀ ਸਾਡੇ ਪ੍ਰਿਵਾਰ ਨੇ ਥਾਣਾ ਤਾਂ ਕਿਤੇ ਰਿਹਾ, ਕਦੀ ਸਿਪਾਹੀ ਵੀ ਆਪਣੇ ਡੇਰੇ ਆਇਆ ਕਦੀ ਨਹੀਂ ਵੇਖਿਆ ਹੋਣਾ, ਹੋ ਸਕਦਾ ਹੈ ਕਿਸੇ ਨੇ ਸਾਡੀ ਕੋਈ ਝੂਠੀ ਸ਼ਿਕਾਇਤ ਹੀ ਨਾ ਕਿਤੇ ਜਾ ਕੀਤੀ ਹੋਵੇ।ਫਿਰ ਉਸ ਨੂੰ ਜਦੋਂ ਇਹ ਚੇਤਾ ਆਇਆ ਕਿ ਇਕ ਦਿਨ ਇਕ ਜਵਾਨ ਸਿੱਖ ਘੋੜੇ ਤੇ ਸਵਾਰ ਉਸ ਦੇ ਡੇਰੇ ਆਇਆ ਸੀ ਜਿਸ ਨੂੰ ਉਸ ਨੇ ਗੰਨੇ ਦਾ ਰੱਸ ਪਿਲਾਇਆ ਸੀ ਅਤੇ ਅਤੇ ਨਾਲ ਉਸ ਨਾਲ ਕੀਤੀ ਹੋਈ ਗੱਲ ਬਾਤ ਦਾ ਚੇਤਾ ਵੀ ਆਇਆ.ਤੇ ਉਸ ਨੇਂ ਸੋਚਿਆ ਕਿ ਉਸੇ ਨੌਜਵਾਨ ਨੇ ਮਾਹਰਜੇ ਪਾਸ ਮੇਰੇ ਖਿਲਾਫ ਕੁਝ ਵਧਾ ਚੜ੍ਹਾ ਕੋਈ ਸ਼ਕਾਇਤ ਜਾ ਕੀਤੀ ਹੋਵੇ।
ਜਦ ਮਿਥੀ ਤਾਰੀਖ ਤੇ ਜਦੋਂ ਉਹ ਬਜ਼ੁਰਗ ਕਿਸਾਨ ਸ਼ਾਹੀ ਦਰਬਾਰ ਹਾਜ਼ਿਰ ਹੋਇਆ ਤਾਂ ਇਹ ਵੇਖ ਕੇ ਉਸ ਦੇ ਸਾਹ ਜਿਵੇਂ ਉੱਤੇ ਦੇ ਉੱਤੇ ਹੀ ਰਹਿ ਗਏ ਕਿ ਉਸ ਦਿਨ ਜਿਸ ਨੌਜਵਾਨ ਨੂੰ ਇਸ ਬਜ਼ੁਰਗ ਕਿਸਾਨ ਨੇ ਗੰਨੇ ਦਾ ਰੱਸ ਪਿਲਾਇਆ ਸੀ ਉਹ ਤਾਂ ਸ਼ੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਆਪ ਹੀ ਸੀ। ਹੁਣ ਪਤਾ ਨਹੀਂ ਉਹ ਉਸ ਨੂੰ ਇਸ ਕੀਤੀ ਗਈ ਗੁਸਤਾਖੀ ਬਦਲੇ ਕੀ ਸਜ਼ਾ ਦੇਵੇ। ਉਸ ਨੂੰ ਵੇਖ ਕੇ ਮਾਹਰਾਜਾ ਸਾਹਿਬ ਬੋਲੇ ਬਜ਼ੁਰਗਾ ਤੈਨੂੰ ਪਤਾ ਹੈ ਕਿ ਮੈਂ ਤੇਰੇ ਪਾਸ ਇੱਕ ਦਿਨ ਤੇਰੇ ਖੂਹ ਤੇ ਆਇਆ ਸਾਂ ਤੇ ਤੂ ਮੈਨੂੰ ਆਪਣੇ ਹੱਥੀਂ ਵੇਲ਼ਣਾ ਗੇੜ ਕੇ ਆਪਣੇ ਖੇਤ ਦੇ ਗੰਨੇ ਦਾ ਰੱਸ ਪਿਲਾਇਆ ਸੀ।ਬਜ਼ੁਰਗ ਕਿਸਾਨ ਨੀਵੀਂ ਪਾਈ ਹੱਥ ਜੋੜੀ ਖੜਾ ਲਾਜੁਵਾਬ ਹੋਇਆ ਜਿਵੇਂ ਧਰਤੀ ਵਿੱਚ ਗੱਡਿਆ ਹੋਵੇ ਚੁੱਪ ਚਾਪ ਖੜਾ ਸੀ। ਫਿਰ ਮਾਹਾਰਾਜਾ ਸਾਹਿਬ ਨੇ ਉਸ ਨੂੰ ਬੜੇ ਆਦਰ ਨਾਲ ਬਿਠਾ ਕੇ ਦਰਬਾਰ ਆਮ ਬੁਲਾਇਆ,ਅਤੇ ਉਸ ਬਜ਼ੁਰਗ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਕਿ ਉਸ ਦਿਨ ਦੀ ਦੀ ਹੋਈ ਸਾਰੀ ਗੱਲ ਬਿਨਾਂ ਕਿਸੇ ਡਰ ਦੇ ਆਮ ਲੋਕਾਂ ਸਾਮ੍ਹਣੇ ਸੁਣਾ,ਅਤੇ ਨਾਲ ਹੀ ਇਹ ਵੀ ਕਿਹਾ ਜੇ ਤੂੰ ਕੁਝ ਲਕੋਇਆ ਤਾਂ ਫਿਰ ਸਖਤੀ ਵੀ ਹੋਵੇਗੀ।
ਉਸ ਬਜ਼ੁਰਗ ਕਿਸਾਨ ਨੇ ਉਸ ਦਿਨ ਦੀ ਸਾਰੀ ਹੋਈ ਵਾਰਤਾ ਜਦ ਸੰਗਦੇ ਸੰਗਦੇ ਨੇ ਆਮ ਲੋਕਾਂ ਸਾਮ੍ਹਣੇ ਸੁਣਾਈ ਤਾਂ ਇਹ ਸਭ ਕੁਝ ਸੁਣ ਕੇ ਮਾਹਰਾਜਾ ਸਾਹਿਬ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬੋਲੇ, ਐ ਲੋਕੋ ਮੈਂ ਇਸ ਬਜ਼ੁਰਗ ਪਾਸੋਂ ਉਸ ਦਿਨ ਮੈਂ ਬਹੁਤ ਕੁਝ ਸਿਖਿਆ ਹੈ ਵੇਖੇ ਸੜਦੀ ਧੁੱਪ ਵਿੱਚ ਜਦੋਂ ਇਸ ਬਜ਼ੁਰਗ ਕਿਸਾਨ ਨੇ ਆਪਣੇ ਖੇਤ ਦੇ ਮੁੜਕਾ ਪਸੀਨਾ ਵਹਾ ਕੇ ਤਿਆਰ ਕੀਤੇ ਗੰਨੇ ਦਾ ਰੱਸ ਮੈਨੂੰ ਪਿਲਾਇਆ ਤਾਂ ਇਸ ਦੇ ਬਦਲੇ ਮੈਂ ਕਿਸਾਨਾਂ ਦੀ ਚੰਗੀ ਪੈਦਾ ਵਾਰ ਬਦਲੇ ਤਾਂ ਉਸ ਦੇ ਖੇਤਾਂ ਦਾ ਮੁਆਮਲਾ ਵਧਾਉਣ ਬਾਰੇ ਸੋਚ ਰਿਹਾ ਸਾਂ।ਮੈਨੂੰ ਇਸ ਦੀ ਕਹੀ ਸਾਦੀ ਮੁਰਾਦੀ ਗੱਲ ਨੇ ਝੰਜੋੜ ਕੇ ਰੱਖ ਦਿੱਤਾ ਅਤੇ ਮੈਂ ਸੋਚਿਆ ਕਿ ਰਾਜੇ ਅਤੇ ਪਰਜਾ ਦੀਆਂ ਇੱਕ ਦੂਸਰੇ ਪ੍ਰਤੀ ਨੀਯਤਾਂ ਠੀਕ ਹੋਣ ਤਾਂ ਰਾਜੇ ਅਤੇ ਪਰਜਾ ਦੋਵੇਂ ਸੁਖੀ ਰਹਿ ਸਕਦੇ ।ਆਓ ਦੋਵੇਂ ਧਿਰਾਂ ਇਸ ਬਜ਼ੁਰਗ ਕਿਸਾਨ ਤੋਂ ਸਬਕ ਸਿਖੀਏ, ਅਤੇ ਨਾਲ ਹੀ ਉਸ ਬਜ਼ੁਰਗ ਕਿਸਾਨ ਨੂੰ ਕਹਿਣ ਲੱਗੇ , ਬਜ਼ੁਰਗਾ ਤੇਰੇ ਖੇਤ ਦਾ ਜੋ ਮੁਆਮਲਾ ਵਧਾਉਣ ਬਾਰੇ ਮੈਂ ਸੋਚਿਆ ਸੀ ਉਸ ਦੀ ਬਜਾਏ ਤੇਰੇ ਸਾਰੇ ਚੱਕ ਦਾ ਅੱਜ ਤੋਂ ਮੁਆਮਲਾ ਮੁਆਫ ਕੀਤਾ ਜਾਂਦਾ ਹੈ।ਇਹ “ਚਾਹ ਸਰਕਾਰ ਵਾਲਾ” ਜੋ ਮੁਆਫੀ ਦਾ ਚਾਹ ਅਰਥਾਤ ਮੁਆਫੀ ਵਾਲਾ ਖੂਹ ਪੱਛਮੀ ਪਾਕਿਸਤਾਨ ਵਿਚ ਕਿਤੇ ਲਾਹੌਰ ਦੇ ਨੇੜੇ ਦੱਸੀਦਾ ਹੈ।
ਇਹ ਕਹਾਣੀ ਪਾਠਕਾਂ ਨਾਲ ਸਾਂਝੇ ਕਰਦੇ ਹੋਏ ਮੈਨੂੰ ਅਜੋਕੇ ਲੋਕ ਰਾਜ ਵਾਲੇ ਇਸ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੜਕਾਂ ਕੰਢੇ ਆਪਣੇ ਹੱਕ ਇਨਸਾਫ ਲਈ ਸ਼ਾਂਤ ਮਈ ਢੰਗ ਨਾਲ ਝੂਝਦੇ ਕਿਸਾਨਾਂ ਦਾ ਸ਼ਾਂਤ ਮਈ ਅੰਦੋਲਣ ਵੇਖ ਕੇ ਅਤੇ ਇਨ੍ਹਾਂ ਪ੍ਰਤੀ ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਵੇਖ ਕੇ ਹੈਰਾਨੀ ਅਤੇ ਦੁੱਖ ਦਰਦ ਵੀ ਹੁੰਦਾ ਹੈ ।
ਜੋ ਸਰਕਾਰ ਕਿਸਾਨ ਦੀ ਹੋਏ ਵੈਰੀ, ਸਮਝੋ ਅੱਜ ਹੈ ਨਹੀਂ, ਜਾਂ ਫਿਰ ਕੱਲ ਹੈ ਨਹੀਂ।
ਲੋਟੂ ਢਾਣੀਆਂ ਨਾਲ ਜੋ ਸਾਂਝ ਰੱਖੇ , ਉਸ ਸਰਕਾਰ ਦਾ ਧਰਤ ਤੇ ਤੱਲ ਹੈ ਨਹੀਂ ।
ਦਿੱਲੀ ਦੀਆਂ ਚੋਣਾਂ ਤੇ - ਰਵੇਲ ਸਿੰਘ ਇਟਲੀ
ਕਿਸਮਤ ਜਾਣੀ ਫਿਰ ਅਜ਼ਮਾਈ ਦਿੱਲੀ ਦੀ।
ਛਿੜ ਪਈ ਫਿਰ ਤੋਂ ਨਵੀਂ ਲੜਾਈ ਦਿੱਲੀ ਦੀ।
ਦਿੱਲੀ ਦਾ ਫਿਰ ਚੋਣ ਅਖਾੜਾ ਭਖਿਆ ਹੈ,
ਜੰਤਾ ਜਾਣੀ, ਫਿਰ ਅਜ਼ਮਾਈ ਦਿੱਲੀ ਦੀ।
ਦਿੱਲੀ ਹੈ ਦਿਲ ਵਾਲੀ, ਲਗਦਾ ਝੂਠ ਨਿਰਾ,
ਦਿੱਲੀ ਬਣ ਗਈ ਨਿਰੀ ਲੜਾਈ ਦਿੱਲੀ ਦੀ।
ਜ਼ਾਤ ਪਾਤ ਤੇ ਕੌਮ ਧਰਮ ਦੇ ਨਾਂ ਉੱਤੇ,
ਜੰਤਾ ਜਾਣੀ ਫਿਰ ਭੜਕਾਈ ਦਿੱਲੀ ਦੀ।
ਜਿਹੜਾ ਕਰਦਾ ਗੱਲ ਗਰੀਬੀ ਦਿੱਲੀ ਦੀ,
ਖੋਹਵੇ ਉਸ ਤੋਂ ਵਾਗ ਫੜਾਈ ਦਿੱਲੀ ਦੀ।
ਸਾਰੀ ਦਿੱਲੀ ਮਿਲ ਕੇ ਉਸਦਾ ਸਾਥ ਦਿਓ,
ਜਿਹੜੇ ਸੋਚੇ ਸਾਫ ਸਫਾਈ ਦਿੱਲੀ ਦੀ।
ਜੋ ਵੀ ਸੋਚੇ ਵਧੀਆ, ਕਰੇ ਵਿਖਾ ਦੇਵੇ,
ਉਸ ਨੂੰ ਜਾਵੇ ਵਾਗ ਫੜਾਈ ਦਿੱਲੀ ਦੀ।
ਝੱਲੇ ਜ਼ੁਲਮ ਬਥੇਰੇ ਨੇ ਇਸ ਦਿੱਲੀ ਨੇ,
ਲੋਕ ਰਾਜ ਦੀ ਵਾਰੀ ਆਈ ਦਿੱਲੀ ਦੀ।
ਸਮਿਆਂ ਦਾ ਇਤਹਾਸ ਲਕੋਈ ਬੈਠੀ ਹੈ,
ਬੜੀ ਪਰਾਣੀ ਬੁੱਢੜੀ ਮਾਈ ਦਿੱਲੀ ਦੀ।
ਦਿੱਲੀ ਦੇ ਵਿੱਚ ਬਹੁਤੇ ਨੇਤਾ ਐਸ਼ ਕਰਣ,
ਤਾਂਹੀਉਂ ਰਹਿੰਦੀ ਸ਼ਾਮਤ ਆਈ ਦਿੱਲੀ ਦੀ।
ਉੱਡੇ ਧੂੜ ਸਿਆਸਤ ਦੀ, ਹਰ ਕੋਣੇ ਵਿੱਚ,
ਤਾਂ ਵੀ ਲੋਕੀਂ ਕਰਦੇ ਨੇ ਵਡਿਆਈ ਦਿੱਲੀ ਦੀ।
ਚੁਣੀਏ ਚੰਗੇ ਨੇਤਾ, ਨੇ ਜੋ ਸੇਵਕ ਪਰਜਾ ਦੇ,
ਖੁੰਝੇ ਨਾ ਇਹ ਮੌਕਾ ਹੁਣ ਚਤਰਾਈ ਦਿੱਲੀ ਦੀ।
ਲੋਕ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰੋ,
ਰਲ਼ ਕੇ ਸਾਰੇ ਜਾਵੇ ਸ਼ਾਨ ਵਧਾਈ ਦਿੱਲੀ ਦੀ।