Sukhpal Singh Gill

ਨਿਰੰਤਰ ਵਰਤਾਰਾ — ਪੀੜ੍ਹੀ ਦਰ ਪੀੜ੍ਹੀ ਪਾੜ੍ਹਾ - ਸੁਖਪਾਲ ਸਿੰਘ ਗਿੱਲ

 ਪੀੜ੍ਹੀ ਦਾ ਪਾੜ੍ਹਾ ਭਾਵ ਬਜ਼ੁਰਗਾਂ ਅਤੇ ਬੱਚਿਆ ਵਿਚਕਾਰ ਪਾੜ੍ਹਾ ਸੂਝ , ਸਿਆਣਪ , ਕਦਰਾਂ ਕੀਮਤਾਂ ਅਤੇ ਖਿਆਲਾਂ ਦਾ ਮੇਲ ਨਾ ਹੋਣ ਕਾਰਨ ਹੁੰਦਾ ਹੈ । ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਸਮੇਂ ਦਾ ਵਰਤਾਰਾ ਹੈ । ਇੱਕ ਪਲ ਦੂਜੇ ਪਲ ਨਾਲੋਂ ਵੱਖਰਾ ਆਉਂਦਾ ਹੈ । ਜੀਵਨ ਦੀ ਰਫਤਾਰ ਲਗਾਤਾਰ ਚੱਲਦੀ  ਜੋ ਕੇ ਜ਼ਰੂਰੀ ਵੀ ਹੈ । ਗਤੀਸ਼ੀਲਤਾ ਨਾਲ ਨਵਾਂ ਪਣ ਉਦੇ ਹੁੰਦਾ ਹੈ । ਖੜ੍ਹਾ ਪਾਣੀ ਸੜ੍ਹ ਜਾਂਦਾ ਹੈ ਜਦੋਂ ਕਿ ਦਰਿਆਵਾਂ ਦਾ ਪਾਣੀ ਚੱਲਦੇ ਰਹਿਣ ਕਾਰਨ ਨਵੇਂ ਪਣ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ਇਸੇ ਤਰਜ਼ ਤੇ ਹੀ ਜੀਵਨ ਦੀ ਲੀਲਾ ਸਮੇਂ — ਸਮੇਂ ਦੀ ਹਾਣੀ ਵੀ ਬਣਨੀ ਚਾਹੀਦੀ ਹੈ ਨਹੀਂ ਤਾਂ ਪਛੜਾਪਨ ਹੀ ਲੱਗੇਗਾ । ਇਹ ਵੀ ਨਾ ਹੋਵੇ ਕਿ ਬੱਚੇ ਮਾਪਿਆਂ ਅਤੇ ਬਜ਼ੁਰਗਾਂ ਦੀ ਨੈਤਿਕਤਾ ਅਤੇ ਸੰਸਕਾਰਾਂ ਤੋਂ ਦੂਰ ਚਲੇ ਜਾਣ । ਇਸ ਨਾਲ ਸਮਾਜਿਕ ਸੰਕਟ ਅਤੇ ਵੱਖਰੇਵੇਂ ਬਣੇ ਰਹਿੰਦੇ ਹਨ । ਡੀਜ਼ੀਟਲ ਦੀ ਆੜ੍ਹ ਹੇਠ ਬਜ਼ੁਰਗਾਂ ਨੂੰ ਅਣਜਾਣ ਸਮਝਣ ਨਾਲੋਂ ਉਹਨਾਂ ਦੇ ਗਿਆਨ ਅਤੇ ਤਜ਼ਰਬੇ ਦਾ ਲਾਹਾ ਲੈਣਾ ਚਾਹੀਦਾ ਹੈ । ਉੰਝ ਸਮਾਜਿਕ ਆਰਥਿਕ  ਵਿਦਿਅਕ ਅਤੇ ਹੋਰ ਵੱਖ — ਵੱਖ ਪੱਖਾਂ ਤੋਂ ਪੀੜ੍ਹੀ ਦਾ ਪਾੜ੍ਹਾ ਕਾਇਮ ਹੀ ਰਹੇਗਾ । ਪੀੜ੍ਹੀ ਦੇ ਇਸ ਪਾੜ੍ਹੇ ਦੇ ਹਾਂ ਪੱਖੀ ਪ੍ਰਭਾਵ ਤਾਂ ਹਨ ਪਰ ਨਾ — ਪੱਖੀ ਪ੍ਰਭਾਵਾਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ । ਘਰ ਵਿੱਚ ਬਾਬਾ ਪੁੱਤ ਅਤੇ ਪੋਤਾ ਤਿੰਨੋ ਵੱਖਰਾ ਵੱਖਰਾ ਗਿਆਨ ਅਤੇ ਸਮੇਂ ਦਾ ਰੰਗ ਢੰਗ ਲਈ ਬੈਠੇ ਹਨ ।
                                   ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਸਮਾਜ ਵਿੱਚ ਵੱਖੋਂ ਵੱਖਰੀਆਂ ਸਭਾਵਨਾਮਾ ਅਤੇ ਤੌਰ ਤਰੀਕੇ ਲੈ ਕੇ ਬੈਠਾ ਹੈ । ਸਾਡੀ ਪੀੜ੍ਹੀ ਇਹੀ ਹੈ ਜਿਸ ਨੇ ਹਰ ਪੱਖ ਦੀ ਉੱਨਤੀ ਦੇਖੀ ਪਰ ਅਫਸੋਸ ਇਹ ਵੀ ਹੈ ਕਿ ਸਾਡੀ ਆਖਰੀ ਪੀੜ੍ਹੀ ਹੈ , ਜੋ ਮਾਂ ਪਿਉ ਤੋਂ ਡਰਦੀ , ਝਕਦੀ ਅਤੇ ਸਤਿਕਾਰ ਕਰਦੀ ਸੀ ਪਰ ਹੁਣ ਦੀ ਪੀੜ੍ਹੀ ਅਜਿਹੀ ਪਹਿਲੀ ਪੀੜ੍ਹੀ ਹੈ ਜੋ ਮਾਪਿਆ ਬਜ਼ੁਰਗਾਂ  ਤੋਂ ਡਰਦੀ ਨਹੀਂ ਬਲਕਿ ਡਰਾਉਂਦੀ ਹੈ । ਇਸਦਾ ਵੱਡਾ ਕਾਰਨ ਇਹ ਹੈ ਕਿ ਪਰਿਵਾਰ ਨਾਂ — ਪੱਖੀ ਬੱਚਾ ਇੱਕ ਯਾ ਦੋ ਹੀ ਹਨ । ਇਸ ਕਰਕੇ ਪਹਿਲੀ ਪੀੜ੍ਹੀ ਹੁਕਮ ਚਲਾਉਂਦੀ ਹੈ ਅਤੇ ਇਹ ਪੀੜ੍ਹੀ ਨਾਬਰੀ ਦਾ ਪ੍ਰਤੀਕ ਬਣ ਜਾਂਦੀ ਹੈ । ਸਾਡੀ ਪੀੜ੍ਹੀ ਨੇ ਤੱਪੜਾਂ ਬੋਰੀਆਂ ਉਪਰ ਬੈਠ ਕੇ ਪੜਿ੍ਹਆ ਅਤੇ ਹੁਣ ਦੀ ਪੀੜ੍ਹੀ ਨੂੰ ਵਧੀਆ ਸਕੂਲਾਂ , ਕਾਨਵੈਟਾਂ ਅਤੇ ਸਨਾਵਰਾਂ ਤੱਕ ਪਹੁੰਚਾਉਣ ਦਾ ਹਰ ਹੀਲਾ ਕੀਤਾ ਪਰ ਦੂਜੇ ਬੰਨੇ ਬਿਰਧ  ਆਸ਼ਰਮਾਂ ਦੀ ਗਿਣਤੀ ਵੱਧ ਦੀ ਗਈ । ਪਿੱਛਲੀ ਪੀੜ੍ਹੀ  ਅਜੋਕੀ ਪੀੜ੍ਹੀ ਨੂੰ ਗਿਆਨ ਅਤੇ ਅਕਲ ਦੀ ਚਿਣਗ ਲਗਾਉਣ ਲਈ ਤੱਤਪਰ ਰਹਿੰਦੀ ਹੈ ਪਰ ਇਹ ਪੀੜ੍ਹੀ ਉਲਟਾ ਬਜ਼ੁਰਗਾਂ ਨੂੰ ਹੀ ਗਿਆਲ ਦੇ ਰਹੀ ਹੈ ਇਸ ਲਈ ਇਹ ਖੱਪਾ ਦਿਨੋ ਦਿਨ ਵੱਧ ਦਾ ਜਾ ਰਿਹਾ ਹੈ । ਇਸ ਪਾੜ੍ਹੇ ਨੂੰ ਆਪਸੀ ਪਿਆਰ ਅਤੇ ਇੱਕ ਦੂਜੇ ਨੂੰ ਸਮਝਣ ਨਾਲ ਹੱਲ ਕੀਤਾ ਜਾ ਸਕਦਾ ਹੈ । ਇਸ ਤੋਂ ਬਿਨਾਂ ਖੁਦਕੁਸ਼ੀਆਂ , ਹਿੰਸਾ ਅਤੇ ਮਾਨਸਿਕ ਪਰੇਸ਼ਾਨੀ ਦਾ ਰੂਝਾਨ ਬਣਿਆ ਰਹੇਗਾ ਜੋ ਕਿ ਅੱਜ ਕੱਲ੍ਹ ਭਾਰੂ ਵੀ ਹੈ ।
                        ਆਮ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਹੈ  ਕਿ ਰੱਬ ਨੇ ਸਭ ਨੂੰ ਇੱਕੋ ਜਿਹੀ ਬੁੱਧੀ ਦਿੱਤੀ ਹੈ ਸਾਡਾ ਬੱਚਾ ਘੱਟ ਲਾਇਕ ਕਿਉਂ ੈ ਬੱਚੇ ਇਉਂ ਕਹਿੰਦੇ ਹਨ ਕਿ ਦੂਜੇ ਦਾ ਪਰਿਵਾਰ ਸਾਡੇ ਨਾਲੋਂ ਖੁਸ਼ਹਾਲ ਕਿਉਂ ਹੈ ੈ ਸਿਰਫ ਇਸੇ ਘੁੰਮਣਘੇਰੀ ਵਿੱਚ ਫਸੇ ਰਹਿੰਦੇ ਹਾਂ । ਰੱਬ ਦਾ ਸਿਧਾਂਤ  ਇਹ ਨਹੀਂ ਦੇਖਦੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬਲਕਿ ਇਹਨਾਂ ਦਾ ਕੰਮਕਾਰ ਅਤੇ ਦਿਖ ਵੀ ਵੱਖ — ਵੱਖ  ਹੁੰਦੀ ਹੈ । ਸਹਿਣਸ਼ੀਲਤਾ ਘੱਟਣ ਦਾ ਕਾਰਨ ਇਹ ਹੈ ਕਿ ਲੋੜੋਂ ਵੱਧ ਆਸਾਂ ਲਾਉਣੀਆਂ । ਹਰ ਪੀੜ੍ਹੀ ਦਾ ਆਪਣੀ ਔਲਾਦ ਪ੍ਰਤੀ ਮਨੋਵਿਗਿਆਨ ਅਤੇ ਪਰਵਿਰਤੀ ਨਿਰੰਤਰ ਉਹੀ ਰਹਿੰਦੀ ਹੈ ਜਦਕਿ ਸਮਾਂ ਸਥਿੱਤੀ ਬਦਲ ਚੱੁਕੀ ਹੁੰਦੀ ਹੈ । ਔਲਾਦ ਦਾ ਮਨੋਵਿਗਿਆਨ ਪਿਛਲੀ ਪੀੜ੍ਹੀ ਤੋਂ ਭਿੰਨ ਹੁੰਦਾ ਹੈ । ਅਸਹਿਣਸ਼ੀਲਤਾ , ਗੁੱਸਾ , ਮੁਕਾਬਲਾ  ਅਤੇ ਨਕਲ ਭਾਰੂ ਹੈ । ਇਸਦਾ ਨਤੀਜਾ ਇਹ ਨਿਕਲਦਾ ਹੈ ਕਿ  ਹੁਕਮ ਅਤੇ ਨਾਬਰੀ ਦਾ 36 ਦਾ ਆਂਕੜਾਂ ਬਣਿਆ ਰਹਿੰਦਾ ਹੈ । ਵਿਚਾਰਾ ਪੱਖੋਂ ਤਾਂ ਮਾਪੇ ਬੱਚੇ ਵੱਡਾ ਅੰਤਰ ਸਾਂਭੀ ਬੈਠੇ ।ਅੱਜ ਮਾਪੇ ਬੱਚਿਆਂ ਤੋਂ ਗਿਆਨ ਲੈਂਦੇ ਹਨ ਜਦੋਂਕਿ ਪਹਿਲੇ ਸਿਰਫ ਬੱਚੇ ਮਾਪੇ ਅਤੇ ਅਧਿਆਪਕ ਤੋਂ ਗਿਆਨ ਲੈਂਦੇ ਸਨ ।  ਬੱਚੇ ਦੀ ਤੁਲਨਾ ਕਰਕੇ ਉਸਨੂੰ ਨਿਰਉਤਸ਼ਾਹਿਤ ਨਾ ਕੀਤਾ ਜਾਵੇ
                      ਜਿੱਥੇ ਬੱਚਿਆਂ ਨੂੰ ਵੱਡਿਆਂ ਦਾ ਆਦਰ ਅਤੇ ਹੁਕਮ ਮੰਨਣ ਦਾ ਸਬਕ ਸਿਖਾਇਆ ਜਾਂਦਾ ਹੈ ਉੱਥੇ ਹੀ ਬੱਚਿਆਂ ਦੇ ਸੁਪਨੇ ਮਾਰਨ ਨਾਲੋਂ ਮਾਪਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ੌ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰਜਾਣਾ ੌ  ਅੱਜ ਦੀ ਪੀੜ੍ਹੀ ਵੱਡਿਆ ਦੇ ਹੁਕਮ ਚ ਬੱਝੀ ਨਹੀਂ ਰਹਿ ਸਕਦੀ ਬਲਕਿ ਮਰਜ਼ੀ ਦੀ ਮਾਲਕ ਹੈ । ਇਸ ਲਈ  ਇਹਨਾਂ ਦੀਆਂ ਭਾਵਨਾਵਾਂ ਅਤੇ ਖਿਆਲਾਤ ਸਮਝ ਕੇ ਸੰਵਾਦ ਰਚਾਉਣ ਦੀ ਲੋੜ ਹੁੰਦੀ ਹੈ ।ਜਿਸ ਤੋਂ ਅਸੀਂ ਅਣਜਾਣ ਹੁੰਦੇ ਹਾਂ । ਸੰਵਾਦ ਅਜੋਕੀ ਪੀੜ੍ਹੀ ਨਹੀਂ ਬਲਕਿ ਮਾਪਿਆਂ ਬਜ਼ੁਰਗਾਂ ਵਲੋਂ ਰਚਾਇਆ ਜਾਣਾ ਜ਼ਰੂਰੀ ਹੈੈ । ਇਸ ਨਾਲ ਬੱਚਿਆਂ ਦੀ ਕੋਰੀ ਸਲੇਟ ਉੱਤੇ ਸਮਝ ਅਤੇ ਸਹਿਣਸ਼ੀਲਤਾ ਉੱਕਰ ਸਕਦੀ ਹੈ । ਸੰਵਾਦ ਨਹੀਂ ਤਾਂ ਬਰਬਾਦ ਹੈ । ਬਜ਼ੁਰਗ ਕਚੀਚੀਆਂ ਲੈਣ ਜੋਗੇ ਅਤੇ ਬੱਚੇ ਦੰਦ ਕੱਢ ਕੇ ਲਾਪਰਵਾਹੀ ਜੋਗੇ ਰਹਿ ਜਾਂਦੇ ਹਨ । ਇਹ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਕਿ ਸ਼ੋਸ਼ਲ ਮੀਡੀਆ ਦੇ ਗਿਆਨ ਕਰਕੇ ਬੱਚਿਆਂ ਨੂੰ ਗਿਆਨ ਵੱਧ ਹੈ ਬਜ਼ੁਰਗ ਆਪਣੇ ਜ਼ਮਾਨੇ ਦੀ ਸੋਚਦੇ ਰਹਿੰਦੇ ਹਨ । ਮਾਪੇ ਨਵੀਂ ਪੀੜ੍ਹੀ ਦੀਆਂ ਭਾਵਨਾਵਾਂ ਅਤੇ ਰਚਨਾਵਾਂ ਤੋਂ ਕੋਹਾਂ ਦੂਰ ਹੁੰਦੇ ਹਨ  । ਬੱਚੇ ਕੋਲ ਵੀ ਬਜ਼ੁਰਗਾਂ ਦੀਆਂ ਭਾਵਨਾਂਵਾਂ ਸਮਝਣ ਲਈ ਨਾ ਗਿਆਨ ਹੁੰਦਾ ਹੈ ਨਾ ਹੀ ਤਜ਼ਰਬਾ ਹੁੰਦਾ ਹੈ । ਇਸ ਲਈ ਹਲੀਮੀ ਨਾਲ ਪਹਿਲ ਵੱਡਿਆ ਵੱਲੋਂ ਹੋਣੀ ਚਾਹੀਦੀ ਹੈ । ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ  ਸਮਝਣ ਲਈ ਪ੍ਰੀਤ , ਪੇ੍ਰਮ ਅਤੇ ਹੁਕਮ ਵਿੱਚ ਬੱਝਣ ਦਾ ਸਬਕ ਸਿੱਖ ਲੈਣ ਤਾਂ ਪਾੜੇ ਨੂੰ ਘੱਟ ਕੀਤਾ ਜਾ ਸਕਦਾ ਹੈ ।
                             ਪਾੜ੍ਹ ਇੱਥੋਂ ਤੱਕ ਹੈ ਕਿ ਵੱਡੇ ਦੇ ਕਹੇ ਦੀ ਬੱਚੇ ਪਰਵਾਹ ਹੀ ਨਹੀਂ ਕਰਦੇ  ।ਫਟਾ ਫੱਟ ਮੂੰਹ ਤੋੜ ਜਵਾਬ ਦੇਣ ਤੋਂ ਵੀ ਪਰਹੇਜ਼ ਨਹੀਂ ਕਰਦੇ ਜੇ ਜਵਾਬ ਦੇਣ ਦਾ ਮਨ ਵੀ ਹੋਵੇ   ਤਾਂ ਜ਼ੁਬਾਨ ਦੀ ਜਗਾਹ ਹੱਥ ਜਾ ਸਿਰ ਹਿਲਾ ਦਿੱਤਾ ਜਾਂਦਾ ਹੈ । ਗੱਲ ਸੁਣ ਕੇ ਦੂਜੇ ਕੰਨ ਕੱਢਣ ਦਾ ਰੀਤੀ ਰਿਵਾਜ਼ ਹੀ ਚੱਲ ਪਿਆ ਹੈ । ਬੱਚੇ ਤੋਂ ਪੜ੍ਹਾਈ ਦੀ ਆਸ ਇੰਨੀ ਰੱਖੀ ਜਾਂਦੀ ਹੈ ਕਿ ਬੱਚਾ  ਕਿਸੇ ਤੋਂ ਘੱਟ ਨਾ ਹੋਵੇ । ਬੱਚੇ ਦੇ ਅੰਦਰੂਨੀ ਹੁਨਰ ਨੂੰ ਪਛਾਨਣ ਨਾਲੋਂ ਪੜ੍ਹਨ ਦਾ ਬੋਝ ਪਾਈ ਰੱਖਦੇ ਹਨ  । ਜੋ ਕੇ ਸਹਿਜ ਸੁਭਾਅ ਹੀ ਤਲਖੀ ਦਾ ਕਾਰਨ ਬਣਦਾ ਹੈ  । ਕਦੇ ਮੰਨ ਲਈ ਅਤੇ ਕਦੇ ਮਨਾ ਲਈ ਦੇ ਸਿਧਾਂਤ ਤੇ ਮਾਪਿਆ ਬਜ਼ੁਰਗਾਂ ਨੂੰ ਪਹਿਰਾ ਦੇਣ ਦੀ ਸਖਤ ਲੋੜ ਹੈ  । ਬੱਚੇਂ ਤੋਂ ਪਿਛਲੀ ਪੀੜ੍ਹੀ ਦੇ ਸਿਰੜ ਸਿਦਕ ਦੀ ਆਸ ਰੱਖੀ ਜਾਂਦੀ ਹੈ । ਜਦੋਂ ਕਿ ਮਸ਼ੀਨੀ ਯੁੱਗ ਕਰਕੇ ਸਭ ਬਦਲ ਚੁੱਕਾ ਹੈ । ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਇੱਕ ਵਰਤਾਰਾ ਹੈ ਇਸ ਤੋਂ ਵਾਕਿਫ ਹੋਣ ਦੀ ਲੋੜ ਹੈ ।  ੌ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਹਾਂ ਦਾ ਲਾਭ ਦੋਹੇ ਗਿਆਨੀ ੌ ਵਾਲੀ ਪਰਵਿਰਤੀ ਧਾਰਨੀ ਚਾਹੀਦੀ ਹੈ । ਇਸਦੀ ਪਹਿਲ ਵੱਡਿਆਂ ਵੱਲੋਂ  ਅਤੇ ਦੂਜ ਬੱਚਿਆਂ ਵਲੋਂ ਹੋਣੀ ਚਾਹੀਦੀ ਹੈ । ਮਨੋਵਿਗਿਆਨ ਸਮਝਣ ਨਾਲ ਸੁਣਨ ਅਤੇ ਸਹਿਣ ਸ਼ਕਤੀ  ਵੱਧਦੀ ਹੈ । ਸਿਆਣੇ ਨਿਆਣੇ ਦੀ ਇੱਕ ਮੱਤ ਹੁੰਦੀ ਹੈ ਬਹੁਤ ਘੱਟ ਮਾਪਿਆ ਨੂੰ ਬੱਚਿਆ ਦੀ ਖੁਸ਼ੀ ਅਤੇ ਆਤਮ ਵਿਸ਼ਵਾਸ਼ ਵਧਾਉਣ ਦਾ ਮਾਣ ਮਿਲਦਾ ਹੈ । ਮਨੋਵਿਗਿਆਨ ਕਹਿੰਦਾ ਹੈ ਕਿ ਹਰ ਵਰਗ ਦੇ ਮਨੁੱਖ ਦੀਆਂ ਲੋੜਾਂ ਭਾਵਨਾਂਵਾ ਅਤੇ ਚਿੰਤਾਵਾਂ ਹੁੰਦੀਆਂ ਹਨ । ਇਸ ਲਈ ਗਿਆਨ ਸੂਝ ਅਤੇ ਚਿੰਤਨ ਤੇ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ । ਇਸ ਨਾਲ ਪੀੜੀ ਤੇ ਪਾੜੇ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ । ਅੰਗਰੇਜ਼ੀ ਕਵੀ ਅਗਿਆਤ ਦੀ ਕਵਿਤਾ ਬੱਚੇ ਦੀ ਹੂਕ ਨੂੰ ਬਜ਼ੁਰਗਾਂ ਦੀ ਕਚਿਹਰੀ ਵਿੱਚ ਇਉਂ ਪੇਸ਼ ਕਰਦੀ ਹੈ —
ਮੈਂ ਬੱਚਾਂ ਹਾਂ
ਸਾਰਾ ਜਗ ਮੇਰੀ ਆਮਦ ਦੀ ਉਡੀਕ ਵਿਚ ਹੈ
ਸਾਰੀ ਕਾਇਨਾਤ ਇਸ ਗੱਲ ਵਿੱਚ ਦਿਲਚਸਪੀ ਲੈ ਰਹੀ ਹੈ ਕਿ ਮੈਂ ਕੀ ਬਣਾਂਗਾ
ਸੱਭਿਅਤਾ ਇਕ ਤੱਕੜੀ ਵਾਂਗ ਲਟਕ ਰਹੀ ਹੈ
ਕਿ ਮੈਂ ਕੱਲ੍ਹ ਦੀ ਦੁਨੀਆਂ ਦਾ ਕੀ ਹੋਵਾਂਗਾ
ਮੈਂ ਬੱਚਾ ਹਾਂ ।
ਮੈਂ ਤੁਹਾਡੇ ਜਹਾਨ ਵਿੱਚ ਆਇਆ ਹਾਂ
ਜਿਸ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ
ਮੈਂ ਕਿਉਂ ਆਇਆ ਹਾਂ , ਮੈਂ ਇਹ ਵੀ ਨਹੀਂ ਜਾਣਦਾ
ਮੈਂ ਜਗਿਆਸੂ ਹਾਂ , ਮੈਂ ਇੱਛੁਕ ਹਾਂ
ਮੈਂ ਬੱਚਾ ਹਾਂ ।
ਤੁਹਾਡੇ ਹੱਥਾਂ ਵਿੱਚ ਹੀ ਮੇਰੇ ਹੱਥਾਂ ਦੀਆਂ ਲਕੀਰਾਂ ਨੇ
ਤੁਹਾਡੇ ਤੇ ਹੀ ਬਹੁਤਾ ਨਿਰਭਰ ਕਰਦਾ ਹੈ
ਕਿ ਮੈਂ ਸਫਲ ਹੋਵਾਂਗਾ ਜਾਂ ਅਸਫਲ
ਮੈਂ ਗੁਜ਼ਾਰਿਸ਼ ਕਰਦਾ , ਮੈਨੂੰ ਉਹ ਵਸੀਲੇ ਦਿਉ ਜੋ ਖੁਸ਼ੀ ਲਈ ਹਨ
ਮੈਂ ਹੱਥ ਬੰਨ੍ਹਦਾਂ ,
ਮੈਨੂੰ ਸਿੱਖਿਅਤ ਕਰੋ ਕਿ ਮੈਂ ਦੁਨੀਆਂ ਲਈ
ਇੱਕ ਸੌਗਾਤ ਹੋ ਸਕਦਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

ਕੀ ਕਰੋਨਾ ਜੈਵਿਕ ਹਥਿਆਰ ਸੀ ?  - ਸੁਖਪਾਲ ਸਿੰਘ ਗਿੱਲ

ਕਰੋਨਾ ਬਾਰੇ ਬਹੁਤ ਸੱਚ ਝੂਠ ਚੱਲਦਾ ਰਿਹਾ ।  ਵੱਖ — ਵੱਖ ਖਿੱਤਿਆ ਦੀ ਅਲੱਗ — ਅਲੱਗ ਅਵਾਜ਼  ਰਹੀ , ਜਦੋਂ ਇਸ਼ਾਰੇ ਚੀਨ ਵੱਲ ਹੋਣ ਲੱਗੇ ਸਨ ਤਾਂ ਆਲਮੀ ਬਹਿਸ ਛਿੜ ਗਈ ਪਰ ਪੁਖਤਾ ਨਤੀਜਾ ਆਪਣੀ ਰਾਹ  ਆਪ ਹੀ ਮਰ ਗਿਆ । ਇਸ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਮੁਲਕਾਂ ਦੀ ਪਰਮਾਣੂ ਦੌੜ ਕਾਰਨ  ਅਜਿਹਾ ਹੋ ਸਕਦਾ ਹੈ । ਪਿੱਛਲੇ ਸਮਿਆਂ ਦੌਰਾਨ ਅਂੈਨਥਰੈਕਸ ਪਾਊਡਰ ਵੀ ਇਸੇ ਤਰਜ਼ ਤੇ ਮਨੁੱਖਤਾ ਨੂੰ ਡਰਾ ਚੁੱਕਿਆ ਹੈ ।ਜੈਵਿਕ ਹਥਿਆਰ ਮਲਟੀਪਲਾਈ ਹੋ ਕੇ ਛੇਤੀ ਅਤੇ ਵੱਧ ਤਬਾਹੀ ਕਰ ਦਿੰੰਦਾ ਹੈ । ਇਸ ਲਈ ਡਰ ਵੀ ਸੱਚ ਸੀ । 2019 ਵਿੱਚ  ਚੀਨ ਦੇ ਸ਼ਹਿਰ ਵੂਹਾਨ ਤੋਂ ਉੱਠੀ ਕਰੋਨਾ ਦੀ ਚਿਣਗ ਆਲਮੀ ਪੱਧਰ ਤੇ  ਭਾਂਬੜ ਬਣ ਕੇ ਮਚੀ ਸੀ । ਇਸ ਸਮੇਂ ਦਹਿਸ਼ਤ ਹਊਆ  ਅਤੇ ਡਰ ਪੈਦਾ ਹੋ ਕੇ ਮਨੁੱਖੀ ਜੀਵਨ ਘਸਮੰਡਿਆ ਗਿਆ ਸੀ । ਮਨੁੱਖਤਾ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਈ ਸੀ । ਇਸ ਛੂਤ ਦੀ ਬਿਮਾਰੀ ਨੇ 2020 ਮਾਰਚ ਤੱਕ ਮੌਤ ਦਰ 4.1 ਤੈਅ ਕੀਤੀ ਸੀ  । 2 ਤੋਂ 14 ਦਿਨਾਂ ਵਿੱਚ ਇਸ ਬਿਮਾਰੀ ਦੇ ਲੱਛਣ ਦਿਖੇ  ਸਨ । ਇੱਕਲਾਪਣ ਅਤੇ ਮਾਨਸਿਕ ਪਰੇਸ਼ਾਨੀ ਉੱਭਰੀ ਸੀ । ਵਿਸ਼ਵ ਸਿਹਤ ਸੰਸਥਾ ਨੇ ਵੀ 2019—2020 ਦੇ ਕਰੋਨਾ ਵਾਇਰਸ ਦੇ ਫੈਲਣ ਨੂੰ ਮਹਾਂਮਾਰੀ ਅਤੇ ਜਨਤਕ ਸਿਹਤ ਐਮਰਜੈਂਸੀ ਵਜੋਂ ਅੰਤਰਰਾਸ਼ਟਰੀ ਚਿੰਤਾ ਘੋਸ਼ਿਤ ਕੀਤੀ ਸੀ । ਇਸਦੀ ਪਹਿਲੀ ਇਨਫੈਕਸ਼ਨ 17 ਨੰਵਬਰ 2019 ਨੂੰ ਵੂਹਾਨ ਵਿੱਚੋਂ ਹੀ ਪੈਦਾ ਹੋਈ । ਦਸੰਬਰ 2020 ਤੱਕ ਇਹ ਮਹਾਂਮਾਰੀ 222 ਦੇਸ਼ਾਂ ਤੱਕ ਫੈਲ ਗਈ ਸੀ  ।ਪੰਜਾਬ ਵਿੱਚ 9 ਮਾਰਚ 2020 ਨੂੰ ਕਰੋਨਾ ਦਾ ਪਹਿਲਾ ਕੇਸ ਇਟਲੀ ਤੋਂ ਦਾਖਲ ਹੋਇਆ ਸੀ । ਸ਼ੁਰੂ ਵਿੱਚ ਚੰਮਗਿੱਦੜ ਤੋਂ ਮਨੁੱਖ ਤੱਕ ਪੁੱਜਿਆ ਇਹ ਵਾਇਰਸ ਅੱਜ ਵੀ ਅਤੀਤ ਦੇ ਪਰਛਾਵੇਂ ਨਾਲ — ਨਾਲ ਤੌਰ ਕੇ ਆਪਣੇ ਪੈਰ ਪਸਾਰ ਸਕਦਾ ਹੈ । ਅੱਜ ਵੀ ਇਸ ਬਾਰੇ ਮੈਡੀਕਲ ਤੌਰ ਤੇ ਇਹ ਭੈਭੀਤ ਹੀ ਹੈ ।
                    ਪਿੱਛੇ ਜਹੇ ਵਰਲਡ ਹੈਲਥ ਅੋਰਗਨਾਇਜ਼ੇਸ਼ਨ ਨੇ ਇਸਨੂੰ ਖਤਰਨਾਕ ਰੂਝਾਨਾਂ ਤੋਂ ਬਾਹਰ ਕਰ ਦਿੱਤੇ ਸੀ ਭਾਵ ਐਂਮਰਜੈਂਸੀ ਹਲਾਤ ਤੋਂ ਬਾਹਰ ਕਰ ਦਿੱਤਾ ਸੀ  ।ਇਸ ਨਾਲ ਸੁੱਖ ਦਾ ਸਾਹ ਆ ਕੇ ਇਸ ਦੇ ਪਰਛਾਵੇਂ ਵੀ ਮੱਧਮ ਪੈ ਗਏ ਸਨ ।  ਕਰੋਨਾ ਨਾਲ ਮਨੁੱਖੀ ਸਿਹਤ ਆਰਥਿਕਤਾ ਅਤੇ ਸਮਾਜ ਲਈ ਵੱਡੇ ਪੱਧਰ ਤੇ ਖਤਰੇ ਦੇ ਸ਼ੰਕੇ ਬਣੇ ਰਹੇ । ਭਾਵੇਂ ਸਰਕਾਰ ਵੱਲੋਂ ਬੰਦੋਬਸਤ ਕੀਤਾ ਹੋਇਆ ਸੀ ਜੋ ਹੁਣ ਵੀ ਹੈ। ਸਹੂਲਤਾਂ ਦੀ ਘਾਟ ਅਤੇ ਮਹਿੰਗਾਈ ਕਾਰਨ ਇਸਦਾ ਦੋਹਰਾ ਸੰਤਾਪ ਪਿੱਛੇ ਹੰਢਾ ਚੁਕੇ ਹਾਂ । ਬਾਕੀ ਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ 29 ਦਸੰਬਰ 2020 ਤੱਕ ਕਰੋਨਾ ਦੇ ਕੁੱਲ 10224303 ਕੇਸਾਂ ਦੀ  ਪੁਸ਼ਟੀ ਹੋਈ ਸੀ  । ਜਦਕਿ ਇਸਦੀ ਮੌਤ ਦਰ 1H45 ਵਿਸ਼ਵ ਅੰਕੜੇ ਤੋਂ ਘੱਟ ਸੀ । ਫੇਰ ਵੀ ਇਸੇ ਲੜੀ ਵਿੱਚ ਫੈਸਲਾ ਲੈ ਕੇ  11 ਮਾਰਚ 2020 ਨੂੰ ਕਰੋਨਾ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਸੀ । ਕੇਦਰ ਨੇ ਕੋਵਿਡ 19 ਨੂੰ ਆਫਤ ਐਲਾਨ ਕੇ ਇਸ ਦੀ ਆਫਤ ਪ੍ਰਬੰਧਨ ਕਨੂੰਨ 2005 ਦੀ ਧਾਰਾ 12(1) ਤਹਿਤ ਹਰ ਪਰਿਵਾਰ ਨੂੰ ਮੁਆਵਜ਼ੇ ਦਾ ਹੱਕਦਾਰ ਬਣਾਇਆ ਸੀ । ਉਸ ਸਮੇਂ   ਤੱਕ 3H85 ਲੱਖ ਭਾਰਤੀ ਇਸ ਨੇ ਨਿਗਲ ਲਏ ਸਨ ।  ਮੈਡੀਕਲ , ਜਨਤੱਕ ਵੰਡ ਪ੍ਰਣਾਲੀ , ਸਿੱਖਿਆ ਅਤੇ ਆਰਥਿਕ ਖੇਤਰ ਨੂੰ ਬਹੁਤ ਨੁਕਸਾਨ ਹੋਇਆ ਸੀ  । ਸਿੱਖਿਆ ਖੇਤਰ ਸਾਨੂੰ ਪੱਛੜੇਪਨ ਵੱਲ ਧੱਕ ਗਿਆ  । ਆਨਲਾਇਨ ਪੜ੍ਹਾਈ ਨੇ ਜਵਾਨੀ ਲਈ ਨਾਂ — ਪੱਖੀ ਪ੍ਰਭਾਵ ਵੱਧ ਪਾਏ । ਇਸ ਤੋਂ ਬਾਅਦ ਮਜ਼ਦੂਰ ਵਰਗ ਵੀ ਝੰਬਿਆ ਗਿਆ ।
                             ਕਰੋਨਾ ਅਤੇ ਵੂਹਾਨ ਸ਼ਹਿਰ ਆਮ ਚਰਚਾ ਵਿੱਚ ਰਹੇ  ।  ਇਸ ਆਫਤ ਨੂੰ ਮੈਡੀਕਲ ਮਾਫੀਏ  ਅਤੇ ਸਰਮਾਏਦਾਰੀ ਨੇ ਵੀ ਫਾਇਦੇ ਲਈ ਵਰਤਿਆ । ਇਸ ਆਫਤ ਨੇ ਇੱਕ ਦੂਜੇ ਤੋਂ ਮੂੰਹ ਲੁਕੋਇਆ ਸੀ ਪਰ ਕਿਸਾਨ ਅੰਦੋਲਨ ਨੇ ਇਸ ਗੈਰਕੁਦਰਤੀ ਮਾਹੌਲ ਨੂੰ ਵੰਗਾਰ ਕੇ ਕਰੋਨਾ ਦਾ ਨੱਕਾ ਮੋੜਨ ਦੀ ਪੂਰੀ ਕੋਸ਼ਿਸ਼ ਕੀਤੀ ਸੀ । ਇਸ ਦੌਰਾਨ ਕਿਸਾਨ "   ਨਿਸਚੈ ਕਰਿ ਅਪੁਨੀ ਜੀਤ ਕਰੋ  " ਤੇ ਅਮਲ ਕਰਦੇ ਰਹੇ ਆਖਰ ਜਿੱਤ ਵੀ ਹੋਈ ਸੀ । ਕਰੋਨਾ ਜਦੋਂ ਪੂਰਾ ਸ਼ਿਖਰ ਤੇ ਸੀ ਤਾਂ ਇੱਕ ਬਾਰ ਲੋਕ ਮਾਹੌਲ , ਟੈਸਟ ਅਤੇ ਦਵਾਈਆਂ ਤੋਂ ਘਬਰਾਉਣ ਲੱਗੇ ਸਨ  । ਟੀਕਾਕਰਨ ਸ਼ੁਰੂ  ਤਾਂ ਹੋਇਆ ਇਸ ਸਬੰਧੀ ਆਮ ਬੰਦੇ ਨੂੰ ਇਸਦੀਆਂ ਅਫਵਾਹਾਂ ਨੇ ਹਿਲਾ ਦਿੱਤਾ ਸੀ । ਉਸ ਸਮੇਂ ਦਾ ਡਰ ਭੈਅ ਅੱਜ ਤੱਕ ਵੀ ਕਰੋਨਾ ਦਾ ਕੇਸ ਨਿਕਲਣ ਸਮੇਂ ਤਰੋਤਾਜ਼ਾ  ਹੋ ਸਕਦਾ  । ਅੱਜ ਪਣਪ ਰਹੇ ਕਰੋਨਾ ਦੇ ਕੇਸ ਦੁਖਦੀ ਰਗ ਉੱਤੇ ਹੱਥ ਰੱਖਣ ਦੇ ਬਰਾਬਰ ਹੋ ਜਾਂਦੇ ਹਨ । ਇਸ ਮਹਾਂਮਾਰੀ ਵਿੱਚੋਂ ਸਿਹਤ ਪ੍ਰਤੀ ਜਾਗਰੂਕ ਹੋਣ ਦੇ  ਪ੍ਰਭਾਵ ਜ਼ਰੂਰ ਮਿਲੇ ਜਿਵੇਂ ਕਿ ਬੰਦ ਥਾਵਾਂ ਤੇ ਨਾ  ਜਾਣਾ  , ਮਾਸਕ ਅਤੇ ਹੱਥ ਧੋਣਾ ਇੱਕ ਰੀਤ ਹੀ ਬਣ ਗਈ ਹੈ । ਸਮਾਜਿਕ ਅਤੇ ਵਿਗਿਆਨਕ ਪਹਿਲੂ ਵੀ ਜੁੜੇ । ਵੱਧਦੇ ਕੇਸਾਂ ਨੇ ਅਫਵਾਹਾਂ ਦਾ ਬਜ਼ਾਰ ਗਰਮ ਤਾਂ ਕੀਤਾ ਹੈ , ਪਰ ਇਸ ਪ੍ਰਤੀ ਗੁਜ਼ਰੇ ਸਮੇਂ ਸਿੱਖੇ  ਪਹਿਲੂਆ ਕਾਰਨ  ਮਨੁੱਖਤਾ ਨੇ ਸੁੱਖ ਦਾ ਸਾਹ ਜ਼ਰੂਰ ਲਿਆ ਸੀ । ਹੁਣ ਤਾਜ਼ਾ ਰਿਪੋਰਟਾਂ ਛਪੀਆਂ ਹਨ ਕਿ ਇਹ  ਇੱਕ ਜੈਵਿਕ ਹਥਿਆਰ ਸੀ ਇਸਦੀ ਚੰਗੀਆੜੀ ਵੀ ਤਾਜ਼ਾ ਤਾਜ਼ਾ ਚੀਨ ਵੱਲੋਂ ਉੱਠੀ ਹੈ , ਕਿ ਕਰੋਨਾ ਵਾਇਰਸ ਸੱਚੀ ਹੀ ਤਿਆਰ ਕੀਤਾ ਗਿਆ ਸੀ । ਇਸ ਸਬੰਧੀ ਰਿਸਰਚਰ  ਚਾਓ ਸ਼ਾਓ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ  ਇਸਦੀ ਟੈਸਟਿੰਗ ਲਈ ਇਹ ਵਾਇਰਸ ਇਸ ਲਈ ਦਿੱਤਾ ਗਿਆ ਕਿ ਇਹ ਵਾਕਿਆ ਹੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ  ? ਇਹ ਉਸ ਸਮੇਂ  ਅਮਰੀਕੀ ਰਿਪੋਰਟ ਨਾਲ ਵੀ ਮੇਲ ਖਾਂਦਾ ਹੈ ਜੋ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇਹ ਵਾਇਰਸ ਵੂਹਾਨ ਦੀ ਲੈਬ ਤੋਂ ਲੀਕ ਹੋਇਆ ਸੀ ।  ਜੈਵਿਕ ਹਥਿਆਰ ਸੀ ਜਾ ਨਹੀਂ ਇਹ ਮਾਮਲਾ ਕੂਟਨੀਤਕ ਅਤੇ ਵਿਗਿਆਨਕਾਂ ਦੀ ਕਚਹੈਰੀ ਵਿੱਚ ਲੰਬਤ ਹੈ । ਇਸ ਲਈ ਦੁਨੀਆਂ ਵਿੱਚ ਪਹਿਲੀ ਵਾਰ ਮੰਗੋਲੀਆ ਸੈਨਾ ਨੇ 1397 ਵਿੱਚ   ਜੈਵਿਕ ਹਥਿਆਰ ਦੀ ਕੀਤੀ ਵਰਤੋ ਕਰਕੇ ਅੱਜ ਵੀ ਜੈਵਿਕ ਹਥਿਆਰ ਡਰਾਉਂਦਾ ਰਹੇਗਾ ।   ਆਲਮੀ ਪੱਧਰ ਤੇ  ਜੇ ਅਜਿਹਾ ਕੁਝ ਹੈ ਤਾਂ ਇਸ ਬਾਰੇ ਸੰਭਲਣ ਦੀ ਬੇਹੱਦ ਲੋੜ ਹੈ ਤਾਂ ਮਨੁੱਖਤਾ ਤਬਾਹੀ ਤੋਂ ਬੱਚ ਜਾਵੇਗੀ
 ਸੁਖਪਾਲ ਸਿੰਘ ਗਿੱਲ
9878111445   (ਸੋਧ ਕੇ )
ਅਬਿਆਣਾ ਕਲਾਂ                                         

ਹਾੜ੍ਹ ਮਹੀਨਾ ਸਿਖ਼ਰ ਦੁਪਿਹਰਾ ਤੇਜ਼ ਹਵਾ - ਸੁਖਪਾਲ ਸਿੰਘ ਗਿੱਲ

ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ  ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹੇਗਾ ਹੀ। ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਦੇ ਸਿਰੜ ਦਾ ਪ੍ਰਤੀਕ ਹੈ। ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ ਸ਼੍ਰੀ ਗੁਰਭਜਨ ਗਿੱਲ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
       
ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
     “ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”

ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”

ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ।  ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ।
    
                            ਸੁਖਪਾਲ ਸਿੰਘ ਗਿੱਲ
                            ਅਬਿਆਣਾ ਕਲਾਂ
                            82649-61445

ਵਿਕਾਸ ਅਤੇ ਭਾਈਚਾਰਕ ਏਕਤਾ ਦਾ ਧੁਰਾ - ਸ਼ਾਮਲਾਤ ਜ਼ਮੀਨਾਂ - ਸੁੁਖਪਾਲ ਸਿੰਘ ਗਿੱਲ


ਸ਼ਾਮਲਾਤ ਸਾਰੇ ਪਿੰਡ ਦੀ ਸਾਂਝੀ ਜ਼ਮੀਨ ਹੁੰਦੀ ਹੈ ਜਿਸਨੂੰ ਜਿਸਨੂੰ ਸਾਰੇ ਪਿੰਡ ਵਾਸੀ ਸਾਂਝੇ ਮੰਤਵ ਲਈ ਵਰਤ ਸਕਦੇ ਹਨ , ਜਿਵੇਂ ਸਕੂਲ , ਹਸਪਤਾਲ , ਜੰਝਘਰ ਅਤੇ ਖੁੱਲੀ ਚਰਾਂਦ ਲਈ ਪਿੰਡ ਵਾਸੀਆਂ ਵੱਲੋਂ ਵਰਤੀ ਜਾ ਸਕਦੀ ਹੈ ਇਸ ਉੱਤੇ ਇੱਕਲੇ ਮਾਲਿਕ ਦਾ ਕਬਜਫ ਨਹੀਂ ਹੁੰਦਾ ।  ਪੰਜਾਬ  ਸਰਕਾਰ ਨੇ ਪੰਚਾਇਤੀ ਰਕਬੇ ਤੋਂ ਨਜ਼ਾਇਜ ਕਬਜੇ ਹਟਾਉਣ ਸੰਬੰਧੀ ਉਪਰਾਲੇ ਸ਼ੁੁਰੂ ਕੀਤੇ ਹੋਏ ਹਨ ।ਪਰ ਸੋਚ ਸੋਚ ਕੇ ਪੈਰ ਧਰਿਆ ਜਾ ਰਿਹਾ ਹੈ ।  ਸਰਕਾਰ ਦਾ ਇਹ ਫੈਸਲਾ ਪੰਚਾਇਤਾਂ ਦੀ ਕਿਤਾਬ ਵਿੱਚ ਸੁੁਨਹਿਰੀ ਪੰਨਾ ਲਿਖ ਰਿਹਾ ਹੈ। ਪਿੱਛਲੇ ਸਾਲ  ਸਰਕਾਰ ਨੇ ਨਜ਼ਾਇਜ ਕਬਜ਼ੇ ਵਾਲੀ 36 ਹਜਾਰ ਏਕੜ ਸ਼ਾਮਲਾਤ ਅਤੇ ਸਾਂਝੀ  ਜ਼ਮੀਨ ਦੀ ਸ਼ਨਾਖਤ ਕੀਤੀ ਸੀ ।  ਜਿਸ ਦੀ ਕੀਮਤ 8 ਹਜ਼ਾਰ ਕਰੋੜ ਰੁੁਪਏ ਬਣਦੀ ਹੈ।
ਪਿੰਡਾਂ ਦੇ ਵਿਕਾਸ ਵਿੱਚ ਸ਼ਾਮਲਾਤ ਜ਼ਮੀਨਾਂ ਦਾ ਵੱਡਾ ਰੋਲ ਹੁੰਦਾਂ ਹੈ ਪਰ ਕਈ ਵਾਰ ਇਹਨਾਂ ਜ਼ਮੀਨਾਂ ਨੂੰ ਇੱਕਲੇ ਪਰਿਵਾਰ ਵੱਲੋਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਮਲਕੀਅਤ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਹੁੰਦੀ ਹੈ  । ਇਸ ਵਰਤਾਰੇ ਨਾਲ ਭਾਈਚਾਰਕ ਏਕਤਾ ਨੂੰ ਢਾਅ ਲੱਗਦੀ ਹੈ ।      ਪੰਜਾਬ ਵਿੱਚ 6.68 ਲੱਖ ਏਕੜ ਪੰਚਾਇਤੀ ਜ਼ਮੀਨ ਹੈ ।ਇਸ ਵਿੱਚੋ 1.73 ਲੱਖ ਏਕੜ ਵਾਹੀ ਯੋਗ ਜ਼ਮੀਨ ਹੈ ।ਇਹ ਜ਼ਮੀਨ ਹਰ ਸਾਲ ਠੇਕੇ ਤੇ ਦੇ ਕੇ ਪੰਚਾਇਤਾਂ ਆਰਥਿਕ ਪਖੋਂ ਬਲਵਾਨ ਹੁੰਦੀਆਂ ਹਨ ਇਸ ਦਾ 30% ਦੇ ਲੱਗ -ਭੱਗ ਪੰਚਾਇਤ ਸੰਮਤੀ ਨੂੰ ਜਾਂਦਾ ਹੈ । ਇਸ ਨਾਲ ਪੰਚਾਇਤੀ ਰਾਜ ਸਵੈ ਸਰਕਾਰ ਚਲਾਉਣ ਦੇ ਸਮਰੱਥ ਹੁੰਦਾ ਹੈ ।ਪੰਚਾਇਤੀ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਪੰਜਾਬ ਵਿਲੇਜ਼ ਕਾਮਨਲੈਡ ਐਕਟ ਹੈ।ਪਰ ਨਜ਼ਾਇਜ ਕਬਜ਼ੇ ਛੁੁਡਾਉਣ ਲਈ ਪਿਛਲੇ ਸਮੇਂ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ ।ਹੁੁਣ ਮੌਜੂਦਾ ਪੰਜਾਬ ਸਰਕਾਰ ਹੋਲੀ - ਹੋਲੀ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਦਿਲਚਸਪੀ ਲੈ ਰਹੀ ਹੈ । ਸਰਕਾਰ ਲੋਕਾਂ ਨੂੰ ਸਵੈ ਇੱਛਾ ਨਾਲ ਨਜ਼ਾਇਜ ਕਬਜ਼ੇ ਛੱਡਣ ਦੀ ਅਪੀਲ ਕਰ ਰਹੀ ਹੈ ।
ਪਿੱਛਲੇ ਆਂਕੜੇ ਅਨੁਸਾਰ   ਵੱਖ-ਵੱਖ ਅਦਾਲਤਾਂ ਵਿੱਚ 14230 ਏਕੜ ਜ਼ਮੀਨ ਦੇ ਕੇਸ ਚੱਲ ਰਹੇ ਹਨ ।ਜਿਸਦੀ ਮੌਜ਼ੂਦਾ ਸਮੇਂ ਸਥਿਤੀ ਹੋ ਵੀ ਵੱਧ ਹੈ ।  ਕਈ ਕੇਸ ਪੁੁਰਾਣੇ ਸਮੇਂ ਤੋਂ  ਲੰਬਿਤ ਪਏ ਹਨ  ।ਕਾਨੂੰਨ ਅਨੁੁਸਾਰ 26 ਜਨਵਰੀ1950 ਤੋਂ ਪਹਿਲਾਂ ਕਾਬਜ਼ਾ ਨੂੰ ਛੋਟ ਦਿੱਤੀ ਗਈ ਹੈ ।ਹੁੁਣ ਪੰਜਾਬ ਸਰਕਾਰ ਨਜ਼ਾਇਜ਼ ਕਬਜ਼ੇ ਛੁੁਡਾਉਣ ਲਈ ਪਰਮ ਅਗੇਤ ਧਨਾਢਾਂ ਹੇਠਲੀ ਜ਼ਮੀਨ ਨੂੰ ਦੇ ਰਹੀ ਹੈ ।ਇਸ ਨਾਲ ਭਾਵੇਂ ਹੱਲ ਚਲ ਮਚੀ ਹੈ ਪਰ ਸਰਕਾਰ ਦਾ ਇਹ ਮਾਣ ਮੱਤਾ ਫੈਸਲਾ ਪਿੰਡਾਂ ਦੀ ਭਲਾਈ ਲਈ  ਹੈ। ਜੇ ਨਜ਼ਾਇਜ਼ ਕਬਜ਼ੇ ਹਟਾਉਣ ਦੀ ਮੁੁਹਿੰਮ ਸਾਰਥਿਕ ਤਰੀਕੇ ਨਾਲ ਚਲਦੀ ਰਹੇ ਤਾਂ ਪੰਚਾਇਤਾਂ ਖੁੁਸ਼ਹਾਲ ਹੋ ਜਾਣਗੀਆਂ।ਹੁਣ ਸਰਕਾਰ ਵੱਲੋਂ ਸ਼ਾਮਲਾਤਾਂ ਵਿੱਚ ਵਸੇ ਘਰਾਂ ਨੂੰ ਨਾ ਉਜਾੜਨ ਲਈ ਉਤਸੁਕਤਾ ਦਿਖਾਈ ਜਾ ਰਹੀ ਹੈ । ਸਰਕਾਰ ਨੇ ਸਾਲ 2007 ਵਿੱਚ ਪੰਜਾਬ ਮੁਰੱਬਾਬੰਦੀ  ਐਕਟ ਵਿੱਚ ਸੋਧ ਕਰਦਿਆਂ ਧਾਰਾ 42 ਏ ਜੋੜ ਦਿੱਤੀ ਸੀ । ਜਿਸ ਤੋਂ ਬਾਅਦ ਪਿੰਡਾਂ ਦੀਆਂ ਸਾਂਝੀ ਜ਼ਮੀਨਾਂ ਖੇਵਟਦਾਰ ਵੰਡ ਨਹੀਂ ਸਕਦੇ ਹਨ ।
ਦੂਜੇ ਪਾਸੇ ਜਿੱਥੇ ਫੁੱਲ ਉੱਥੇ ਕੰਡੇ ਦੀ ਉਦਾਹਰਣ ਵੀ ਹੈ । ਖੇਤ ਮਜਦੂਰ, ਗਰੀਬ ਅਤੇ ਕਮਜ਼ੋਰ ਵਰਗ ਵੀ ਇਸ ਦੀ ਭੇਂਟ ਚੜ੍ਹ।
ਰਹੇ ਹਨ।ਨਜ਼ਾਇਜ਼ ਕਬਜ਼ੇ ਹਟਾਉਣ ਦੀ ਮੁੁਹਿੰਮ ਲਈ ਕੋਈ ਨਵੀਂ ਨੀਤੀ ਨਿਰਧਾਰਿਤ ਹੋਣੀ ਚਾਹੀਦੀ ਹੈ ਜਿਸ ਨਾਲ ਲੋੜਵੰਦਾਂ ਨੂੰ ਮਾਲਕੀ ਹੱਕ ਵੀ ਮਿਲਣੇ ਚਾਹੀਦੇ ਹਨ ।ਬਹੁੁਤੇ ਪਿੰਡਾਂ ਵਿੱਚ ਰਿਹਾਇਸ਼ੀ ਬਸਤੀਆਂ /ਘਰ ਵੀ ਸ਼ਾਮਲਾਤ ਜ਼ਮੀਨਾਂ ਤੇ ਬਣੇ ਹਨ ।ਇਹਨਾਂ ਨੂੰ ਨੀਤੀ ਤਹਿਤ ਤਬਾਦਲੇ ਅਧੀਨ ਜਾਂ  ਮਾਲਕੀ ਹੱਕ ਅਧੀਨ ਲਿਆ ਜਾਣਾ ਚਾਹੀਦਾ ਹੈ । ਹੋ ਸਕੇ 26 ਜਨਵਰੀ 1950 ਵਾਲੀ ਸ਼ਰਤ ਵੀ ਨਰਮ ਕਰਕੇ ਲੋੜਵੰਦਾਂ ਅਤੇ ਛੋਟੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਰੁੁਜ਼ਗਾਰ ਰੋਜ਼ੀ ਰੋਟੀ ਨੂੰ ਸੱਟ ਨਾ ਵੱਜੇ । ਪਿੰਡਾਂ ਦੀ ਭਾਈਚਾਰਕ ਏਕਤਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ।ਸ਼ਾਮਲਾਤ ਜ਼ਮੀਨਾਂ ਸਬੰਧੀ  ਪਿੰਡ ਵਾਸੀ ਖੁੱਦ ਜਾਗਰੂਕ ਹੋਕੇ ਇਸਦਾ ਸਹੀ ਇਸਤੇਮਾਲ ਕਰਨ ।
ਸ਼ਾਮਲਾਤ ਜ਼ਮੀਨਾਂ ਛੋਟੇ ਕਿਸਾਨਾਂ  ਅਤੇ ਖੇਤ ਮਜ਼ਦੂਰਾਂ ਦੀ ਆਰਥਿਕਤਾ ਦਾ ਧੁਰਾ ਹੁੰਦੇ ਹਨ । ਇਹ ਵਰਗ ਪਿੰਡ ਦੀ ਸ਼ਾਮਲਾਤ ਠੇਕੇ ਚਕੋਤੇ ਤੇ ਲੈ ਕੇ ਆਪਣਾ ਜੀਵਨ ਨਿਰਵਾਹ ਕਰ ਸਕਦੇ ਹਨ । ਪੰਜਾਬ ਵਿੱਚ ਇਹ ਹੋ ਵੀ ਰਿਹਾ ਹੈ ।   ਸਰਕਾਰ ਦੀ ਨਜ਼ਾਇਜ਼ ਕਬਜ਼ੇ ਛਡਾਉਣ ਦੀ  ਮੁੁਹਿੰਮ ਦਾ ਪੰਜਾਬ ਵਾਸੀਆ ਨੂੰ ਸਮਰੱਥਨ ਕਰਕੇ ਆਪ ਹੀ ਨਜ਼ਾਇਜ਼ ਕਬਜ਼ੇ ਛੱਡ ਦੇਣੇ ਚਾਹੀਦੇ ਹਨ । ਇਸ ਨਾਲ ਸਰਕਾਰ ਦੀ ਹੌਸਲਾ ਅਫਜ਼ਾਈ ਹੋਵੇਗੀ ਆਮ ਲੋਕ ਵੀ ਰਾਜ਼ੀ  ਰਹਿਣਗੇ ।  ਪੰਚਾਇਤਾਂ ਆਤਮ ਨਿਰਭਰ ਹੋਣਗੀਆਂ । ਇਸ ਲਈ ਸਰਕਾਰ ਨੂੰ ਲੋਕ , ਪੰਚਾਇਤ ,ਮਜਦੂਰ ਅਤੇ ਛੋਟੇ ਕਿਸਾਨਾਂ ਦੇ ਹਿੱਤਾਂ ਲਈ  ਨੀਤੀ ਨਿਰਧਾਰਿਤ ਕਰਨੀ ਚਾਹੀਦੀ ਹੈ ।ਇਸ ਨਾਲ ਪੰਜਾਬ ਸਰਕਾਰ ਹੋਰ ਵੀ ਸੁੁਨਹਿਰੀ ਪੰਨਾ ਲਿਖ ਸਕਦੀ ਹੈ।ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ਾਮਲਾਤ ਸਾਂਝੀਆਂ ਜ਼ਮੀਨਾਂ ਪਿੰਡਾਂ ਦੇ ਲੋਕਾਂ ਦੇ ਵਿਕਾਸ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੀਆਂ ਹਨ ।

ਸੁੁਖਪਾਲ ਸਿੰਘ ਗਿੱਲ
ਅਬਿਆਣਾਂ ਕਲਾਂ,
ਰੋਪੜ।
ਮੋਬਾ ਨੌ:-8264961445

ਭਾਰਤ ਵਿੱਚ ਦਵਾਈਆਂ ਦਾ ਕੱਚ ਸੱਚ - ਸੁਖਪਾਲ ਸਿੰਘ ਗਿੱਲ

ਅਪ੍ਰੈਲ ਫੂਲ ਪਰੰਪਰਾ ਕਿ ਇਤਿਹਾਸ - ਸੁਖਪਾਲ ਸਿੰਘ ਗਿੱਲ

ਹਰ ਦਿਨ ਮਹੀਨਾ ਅਤੇ ਸਾਲ ਆਪਣੀ ਬੁੱਕਲ ਦੇ ਵਿੱਚ ਬਹੁਤ ਕੁਝ ਸਾਂਭ ਲੈਂਦਾ ਹੈ । ਅਪੈ੍ਰਲ ਫੂਲ ਵੀ  ਇਸੇ ਲੜੀ ਤਹਿਤ ਆਉਂਦਾ ਹੈ ਪਰ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਜਿਹਾ ਲੱਗਦਾ ਹੈ  ਕਿ ਇਹ ਪਰੰਪਰਾ ਬਣੀ ਕਿ ਇਤਿਹਾਸ ਦੀ ਲੜੀ ਹੈ । ਇਤਿਹਾਸ ਮਨੁੱਖਾ ਦੇ ਭੂਤਕਾਲ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ  ਜਦੋਂ ਕਿ ਪਰੰਪਰਾ ਇੱਕ ਵਿਸ਼ਵਾਸ਼ ਹੁੰਦਾ ਹੈ  ਜੋ ਸਮਾਜ ਵਿੱਚ  ਬੀਤੇ ਸਮੇਂ ਵਿਸ਼ੇਸ਼ ਮਹੱਤਵ ਨਾਲ ਚੱਲਿਆ ਹੁੰਦਾ ਹੈ । ਹਾਂ ਇੱਕ ਗੱਲ ਜ਼ਰੂਰ ਹੈ ਕਿ ਅਪੈ੍ਰਲ ਫੂਲ ਦੇ ਪਿਛੋਕੜ ਨੇ ਮੂਰਖ ਦੀ ਪਰਿਭਾਸ਼ਾ ਉਜ਼ਾਗਰ ਕਰ ਦਿੱਤੀ ਸੀ  ।  ਪਰ ਵਿਸ਼ਵਵਿਆਪੀ  ਅਤੇ ਸਦੀਵੀ ਸੱਚ ਇਹ ਹੈ  :-
 "   ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਣਾ ।।
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ।।    "
                              ਪਹਿਲੀ ਅਪੈ੍ਰਲ  ਨੂੰ  ਵੱਖ ਵੱਖ ਖੇਤਰਾਂ ਖਿਤਿਆਂ ਵਿੱਚ ਆਪਣੀ ਆਪਣੀ ਪਛਾਣ ਨਾਲ ਮਨਾਇਆ ਜਾਂਦਾ ਹੈ ।  ਇਸ ਦਿਨ ਨੂੰ ਆਲਮੀ ਪੱਧਰ  ਤੇ  ਅਪੈ੍ਰਲ ਫੂਲ ਡੇ ਵਜੋਂ ਮਨਾਇਆ ਜਾਂਦਾ ਹੈ । ਇਸ ਤੋਂ ਸਪਸ਼ਟ ਹੈ ਕਿ ਇਸਦਾ ਪਿਛੋਕੜ ਪੱਛਮੀ ਸਮਾਜ ਵਿੱਚ ਹੈ । ਪੰਜਾਬੀ ਵਿੱਚ ਮੂਰਖ ਦਿਨ ਕਹਿਣਾ ਸ਼ਰਮ ਦਾ ਵਿਸ਼ਾ ਬਣ ਜਾਂਦਾ ਹੈ । ਕੁਝ ਕੁ ਦੇਸ਼ਾਂ ਵਿੱਚ  ਇਸ ਦਿਨ ਛੁੱਟੀ ਵੀ ਹੁੰਦੀ ਹੈ । ਇੱਕ ਰੀਤੀ ਰਿਵਾਜ਼ ਅਨੁਸਾਰ ਆਲੇ ਦੁਆਲੇ ਦੇ ਲੋਕਾਂ ਨੂੰ ਮਜ਼ਾਕ ਕਰ ਸਕਦੇ ਹਾਂ ਜਾਂ ਮੂਰਖ ਬਣਾ ਸਕਦੇ ਹਾਂ । ਪਰ ਇਹ ਸਹਿਣਸ਼ੀਲਤਾ ਦੇ ਅਧੀਨ ਹੈ । ਮਜ਼ਾਕ ਕਰਨਾ ਸਮਾਜਿਕ ਅਤੇ ਆਰਥਿਕ ਨੁਕਸਾਨ ਰਹਿਤ ਹੁੰਦਾ ਹੈ ।  ਇਸ ਨੂੰ ਸਮਾਜਿਕ ਮਾਨਤਾ ਤਾਂ ਹੈ ਪਰ ਅੱਜ ਦੇ ਅਸ਼ਹਿਣਸ਼ੀਲ  ਯੁੱਗ ਵਿੱਚ ਇਹ ਕਲੇਸ਼ ਦੀ ਜੜ੍ਹ ਵੀ ਹੋ ਨਿਬੜਦਾ ਹੈ ।  ਮੂਰਖ ਨੂੰ ਉਸਦੀ ਮੂਰਖਤਾ ਤੋਂ ਜਾਣੂ ਕਰਾਉਣ ਲਈ ਪ੍ਰਤੀਕਰਮ ਚੰਗਾ ਮਾਹੌਲ ਨਹੀਂ ਸਿਰਜਦਾ  ।  
            ਇਸਦੀ ਸ਼ੁਰੂਆਤ ਕਿਹਾ ਜਾਂਦਾ ਹੈ  ਕਿ ਇੱਕ ਦਿਨ ਇੰਗਲੈਂਡ ਦੇ ਰਾਜਾ ਨੇ ਇੱਕ ਮਹਾਰਾਣੀ ਐਨੀ ਨਾਲ ਮੰਗਣੀ ਦਾ ਸੁਝਾਅ ਰੱਖਿਆ ਉਹਨਾਂ ਵੱਲੋਂ ਪਰਚਾਰਿਆ ਗਿਆ ਕਿ ਇਹ ਮੰਗਣੀ 32 ਮਾਰਚ 1381 ਨੂੰ ਹੋਵੇਗੀ । ਲੋਕਾਂ ਵੱਲੋਂ ਜਸ਼ਨ ਮਨਾਏ ਗਏ ਪਰ ਬਾਅਦ ਵਿੱਚ ਸੁਝਿਆ ਕਿ 32 ਮਾਰਚ ਨਹੀਂ ਹੁੰਦੀ । ਇਸ ਬਾਰੇ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਧਾਰਨਾਵਾਂ , ਖੋਜਾਂ ਹੋਈਆਂ । ਪਰ  ਹਰੇਕ ਆਪਣੇ ਸੁਭਾਅ ਅਨੁਸਾਰ ਮਨਾਉਂਦਾ ਹੈ । ਵਿੱਤੀ ਅਦਾਰੇ ਇਸ ਦਿਨ  ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ । ਇਸ ਤੋਂ ਇਲਾਵਾ  ਹੋਰ ਕਈ ਕੰਮਾ ਤੋਂ ਇਲਾਵਾ ਸਕੂਲਾਂ ਵਿੱਚ ਦਾਖਲਿਆ ਦਾ ਦੌਰ ਚੱਲਦਾ ਹੈ ।
         ਮੂਰਖ ਦਿਵਸ ਪਿੱਛੇ ਮੂਰਖ ਬਣਾਉਣਾ ਇੱਕ ਕਲਾ ਹੈ ਜਦ ਕੇ ਮੂਰਖ ਬਣਨਾ ਅਣਸੋਝੀ ਹੈ ।  ਹਰੇਕ ਸਾਲ ਇਹ ਵਰਤਾਰਾ ਚੱਲਦਾ ਰਹਿੰਦਾ ਹੈ । ਕਹਾਵਤ ਹੈ  ਇੱਕ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਚਾਰ ਮੂਰਖ ਲੱਭੋ  । ਬੀਰਬਲ  ਆਪਣੇ ਨਾਲ ਇੱਕ ਮੂਰਖ ਲੈ ਕੇ ਆਇਆ ਰਾਜੇ ਨੂੰ ਦੱਸਿਆ ਕਿ ਇਹ ਵਿਅਕਤੀ  ਘੋੜੇ ਉੱਤੇ ਬਹਿ ਕੇ ਪੱਠਿਆਂ ਦੀ ਪੰਡ ਲਈ ਜਾ ਰਿਹਾ ਸੀ ।  ਮੈਂ ਪੁੱਛਿਆ ਉੱਤਰ ਮਿਲਿਆ , " ਕਿ ਘੋੜਾ ਬਿਮਾਰ  ਹੈ ਇਸ ਤੇ ਭਾਰ ਨਹੀਂ ਪਾਉਣਾ " ਅਕਬਰ ਨੇ ਪੁੱਛਿਆ ਦੂਜਾ ਮੂਰਖ < ਉੱਤਰ ਮਿਲਿਆ  " ਮਹਾਰਾਜ ਮੈਂ ਹਾਂ ਜੋ ਮੂਰਖ ਲੱਭਣ ਤੁਰਿਆ ਹਾਂ " ਤੀਜੇ ਮੂਰਖ ਬਾਰੇ ਬੀਰਬਲ ਨੇ ਕਿਹਾ ਬਾਦਸ਼ਾਹ ਤੁਸੀਂ ਹੋਂ  । ਜੋ ਰੂਝੇਂਵਿਆਂ ਦੇ ਬਾਵਯੂਦ ਵੀ  ਸਿਆਣਿਆਂ ਦੀ ਥਾਂ ਮੂਰਖ ਲੱਭਦੇ ਹੋ । ਚੌਥਾ ਮੂਰਖ ਬਾਦਸ਼ਾਹ ਸਲਾਮ ਜੋ ਇਹ  ਕਹਾਣੀ ਪੜ੍ਹ ਰਿਹਾ ਹੈ । ਅਪੈ੍ਰਲ ਫੂਲ ਜਾ ਮੂਰਖ ਦਿਵਸ ਹੋਵੇ ਪਰ ਇਸ ਦਿਨ ਤੇ ਮੂਰਖ ਬਣਨ ਤੋਂ ਸਬਕ ਲੈਣਾ ਚਾਹੀਦਾ ਹੈ ।                                                                    

ਸੁਖਪਾਲ ਸਿੰਘ ਗਿੱਲ
(ਅਬਿਆਣਾ ਕਲਾਂ)
98781—11445   

ਚੇਤ ਤੇ ਝਾਤੀ ਪਾਉਂਦਿਆਂ - ਸੁਖਪਾਲ ਸਿੰਘ ਗਿੱਲ


    
ਨਾਨਕ ਸ਼ਾਹੀ ਬਿਕਰਮੀ ਸੰਮਤ ਦਾ ਪਹਿਲਾ ਮਹੀਨਾ ਚੇਤ ਹੁੰਦਾ ਹੈ। ਅੰਗਰ੍ਰੇਜ਼ੀ ਮਹੀਨਿਆਂ ਵਿੱਚ ਮਾਰਚ ਦੇ ਦੂਜੇ ਪੰਦਰਵਾੜੇ ਤੋਂ ਸੁਰੂ ਹੋਕੇ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਦੇ ਆਖੀਰ ਤੱਕ ਹੁੰਦਾ ਹੈ। ਇਸ ਮਹੀਨੇ ਨਾਲ ਵੱਖਰੀ ਲੋਅ, ਵੱਖਰੀ ਖੁਸ਼ਬੂ ਅਤੇ ਵੱਖਰੀ ਰੌਣਕ ਹੁੰਦੀ ਹੈ। ਪ੍ਰਕ੍ਰਿਤੀ ਦੀ ਪਰਤੀ ਰੌਣਕ ਨਾਲ ਇਹ ਮਹੀਨਾ ਸੁਹਾਵਣਾ ਲੱਗਦਾ ਹੈ। ਚੇਤ ਮਹੀਨਾ ‘ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਏ’ ਦਾ ਸੁਨੇਹਾ ਦਿੰਦਾ ਹੈ। ਨਿਤ ਦਿਨ ਨਵੇਂ ਰੰਗ ਬਦਲਦੇ ਹਨ। ਸਾਹਿਤਕਾਰਾਂ ਨੂੰ ਵੀ ਸਾਹਿਤ ਰਚਨ ਦਾ ਇਸ ਮਹੀਨੇ ਹੁੰਗਾਰਾ ਤੇ ਹੁਲਾਰਾ ਮਿਲਦਾ ਹੈ। ਸਾਹਿਤ ਦਾ ਪ੍ਰਕ੍ਰਿਤੀ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਇਹ ਮਹੀਨਾ ਇਹਨਾਂ ਸਤਰਾਂ ਦੀ ਤਰਜ਼ਮਾਨੀ ਕਰਦਾ ਹੈ:-
“ਫੱਗਣ ਖੰਭ ਲਪੇਟ ਕੇ, ਗੁੰਮਿਆ ਵਿੱਚ ਅਨੰਤ,
ਚੇਤ ਤੇ ਝਾਤੀ ਪਾਉਂਦਿਆਂ, ਚਾਮਲ ਗਈ ਬਸੰਤ”  
    ਰੁੱਤਾਂ, ਤਿੱਥਾਂ, ਦਿਨ, ਤਰੀਕਾ ਅਤੇ ਮੌਸਮ ਦੇ ਹੇਰ-ਫੇਰ ਨਾਲ ਵੀ ਇਹ ਮਹੀਨਾ ਬਹੁਤਾ ਨਹੀਂ ਬਦਲਿਆ। ਸਰਦੀ, ਗਰਮੀ, ਬਰਸਾਤ, ਪੱਤਝੜ ਤਕਰੀਬਨ ਆਪਣੇ ਟਿਕਾਣੇ ਤੇ ਕਾਇਮ ਰਹਿੰਦੀ ਹੈ। ਇਸ ਰੁੱਤੇ ਸਰਦੀ ਦੇ ਝੰਬਿਆਂ ਨੂੰ ਗਰਮੀ ਦਾ ਅਹਿਸਾਸ ਹੋਣ ਲੱਗਦਾ ਹੈ। ਚੇਤ ਦਾ ਧਾਰਮਿਕ ਅਤੇ ਪ੍ਰਕ੍ਰਿਤਿਕ ਪੱਖ ਬਹੁਤ ਸੋਹਣਾ ਹੈ। ਧਰਤੀ ਵੰਨ ਸੁਵੰਨੀ ਹੋਣ ਦਾ ਸੰਕੇਤ ਦਿੰਦੀ ਹੈ। ਹਿੰਦੂ ਧਰਮ ਨਾਲ ਇਸ ਮਹੀਨੇ ਦਾ ਵਿਸੇਸ ਸਬੰਧ ਹੈ। ਵਰਤ ਅਤੇ ਨਰਾਤੇ ਇਸ ਮਹੀਨੇ ਆਉਂਦੇ ਹਨ। ਨਰਾਤਿਆਂ ਵਿੱਚ ਦੁਰਗਾ ਪੂਜਾ ਕੀਤੀ ਜਾਂਦੀ ਹੈ। ਮਹਾਨ ਗੁਰਬਾਣੀ ਵਿੱਚ ਬਾਰਹਾ ਮਾਹਾ ਵਿੱਚ ਚੇਤ ਨੂੰ ਇਉਂ ਸਿਰਜਿਆ ਗਿਆ ਹੈ :-
            “ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ”
    ਵਿਸਾਖੀ ਤੇ ਕਣਕ ਦੀ ਆਸ ਉਡੀਕ ਵੀ ਇਸ ਮਹੀਨੇ ਤੇਜ ਹੋ ਜਾਂਦੀ ਹੈ। ਪੁੰਗਰਦੀ ਪ੍ਰਕ੍ਰਿਤੀ ਜ਼ਮਾਨੇ ਅਤੇ ਸਾਹਿਤ ਦਾ ਇਸ ਮਹੀਨੇ ਜਰੀਏ ਕਾਫੀ ਮੇਲ-ਜੋਲ ਹੈ। ਆਰਥਿਕ ਤੌਰ ਤੇ ਮਜਬੂਤ ਤਾਂ ਹੋਏ ਹਾਂ ਪਰ ਰੁੱਤਾਂ ਮਹੀਨਿਆਂ ਨੂੰ ਛੇੜ-ਛਾੜ ਨਾਲ ਵੀ ਬਦਲ ਨਹੀਂ ਸਕਦੇ। ਜੇ ਪ੍ਰਕ੍ਰਿਤੀ ਨੂੰ ਬਦਲਣ ਦੀ ਕੋਸ਼ਿਸ ਕਰਦੇ ਹਾਂ ਤਾਂ ਵੀ ਨਾਂਹ ਪੱਖੀ ਪ੍ਰਭਾਵ ਪਲੇ ਪੈਂਦੇ ਹਨ। ਇਸ ਲਈ ਤਬਦੀਲੀ ਕੁਦਰਤ ਦਾ ਨਿਯਮ ਹੈ ਵਾਲੇ ਤੱਥ ਨੂੰ ਠਹਰਾਇਆ ਜਾਂਦਾ ਹੈ। ਤੂਤਾਂ, ਨਿੰਬੂ ਜਾਤੀ, ਅੰਬ, ਬੇਰ, ਪਾਪੂਲਰ ਅਤੇ ਹੋਰ ਬੂਟਿਆਂ ਦੇ ਦਰੱਖਤ ਫੁੱਲਾਂ ਹੇਠੋਂ ਨਿਕਲਦੇ ਫਲਾਂ ਨਾਲ ਸਵਰਗ ਦਾ ਭੁਲੇਖਾ ਪਾਉਂਦੇ ਹਨ:-
    “ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ”

    ਇਹ ਮਹੀਨਾ ਅਤੇ ਰੁੱਤਾਂ ਸੱਭਿਆਚਾਰ, ਧਾਰਮਿਕ ਅਤੇ ਆਰਥਿਕਤਾ ਦਾ ਮੇਲ ਕਰਾਉਂਦੀ ਹੈ, ਲੋਕਾਂ ਕੋਲ ਇਸ ਰੁੱਤ ਦਾ ਲੁਤਫ਼ ਲੈਣ ਲਈ ਚੋਖਾ ਸਮਾਂ ਵੀ ਹੁੰਦਾ ਹੈ। ਮੌਸਮ ਠੰਡ ਤੋਂ ਉੱਭਰਕੇ ਗਰਮੀ ਵੱਲ ਸਫਰ ਤਹਿ ਕਰਦਾ ਹੋਇਆ ਵਿਸਾਖੀ ਅਤੇ ਕਣਕ ਦੀ ਦਹਿਲੀਜ਼ ਵੱਲ ਪੈਰ ਪੁੱਟਦਾ ਹੈ। ਪ੍ਰਕ੍ਰਿਤੀ ਦਿਨੋਂ ਦਿਨ ਸੁਹਾਗਮਈ ਅਤੇ ਧਰਤੀ ਫਸਲ ਵਿਹੂਣੀ ਹੁੰਦੀ ਜਾਂਦੀ ਹੈ। ਮਾਹੀ ਨੂੰ ਮੁਖਾਤਿਬ ਹੋ ਕੇ ਫਿਰੋਜ਼ਦੀਨ ਸ਼ਰਫ਼ ਨੇ ਇਹ ਮਹੀਨਾ ਇਉਂ ਚਿਤਰਿਆ :-
    “ਚੇਤਰ ਚੈਨ ਨਾ ਆਵੈ ਦਿਲ ਨੂੰ, ਤੇਰੇ ਵਾਜੋ ਪਿਆਰੇ ਜੀ ਹਾਂ ਮੈਂ ਤੇਰੇ ਦਰ ਦੀ ਬਰਦੀ
ਮਲੇ ਤੇਰੇ ਦੁਆਰੇ ਹੈ ਜੀ, ਤੇਰੇ ਬਾਝੋਂ ਡੁੱਬਦੀ ਬੇੜੀ ਕਿਹੜਾ ਮੇਰੀ ਤਾਰੇ ਜੀ,
ਸ਼ਰਫ਼ ਬੰਦੀ ਦੀ ਆਸ ਪੁਜਾਈ, ਦੇਵੀਂ ਝੱਬ ਦੀਦਾਰੇ ਜੀ”

    ਚੇਤ ਮਹੀਨਾ ਆਪਣੇ ਪਰਛਾਵੇਂ ਛੱਡ ਕੇ ਵਿਸਾਖੀ ਦੇ ਮੇਲੇ ਅਤੇ ਕਣਕ ਦੀ ਆਮਦ ਵੱਲ ਪੈਂਡਾ ਤੈਅ ਕਰਦਾ ਹੋਇਆ ਸਮਾਜਿਕ ਖੁਸ਼ਹਾਲੀ ਦੀ ਆਸ ਜਰੂਰ ਪੈਦਾ ਕਰਦਾ ਹੈ।



                                ਸੁਖਪਾਲ ਸਿੰਘ ਗਿੱਲ
                                ਅਬਿਆਣਾ ਕਲਾਂ
                                ਮੋ: 98781-11445

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ   - ਸੁਖਪਾਲ ਸਿੰਘ ਗਿੱਲ



ਕੁਦਰਤ ਦੀ ਨਿਆਮਤ ਹੈ ਕਿ ਮੌਸਮ ਅਤੇ ਰੁੱਤਾਂ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਇਨ੍ਹਾਂ ਦਾ ਆਪਣਾ ਹੀ ਮਿਜ਼ਾਜ ਹੁੰਦਾ ਹੈ। ਕਿਸਾਨਾਂ, ਪਿੰਡਾਂ ਦੇ ਲੋਕਾਂ, ਰੁੱਤਾਂ, ਤਿੱਥਾਂ ਅਤੇ ਦੇਸੀ ਮਹੀਨਿਆਂ ਦਾ ਆਪਸ ਵਿੱਚ ਰੂਹਾਨੀ ਅਤੇ ਕੁਦਰਤ ਮੇਲ ਹੁੰਦਾ ਹੈ। ਹਰ ਦੇਸੀ ਮਹੀਨਾ, ਹਰ ਰੁੱਤ, ਫਸਲਾਂ, ਮੇਲੇ ਖੁਸ਼ਹਾਲੀ ਲਈ ਇਕ-ਦੂਜੇ ਨਾਲ ਜੁੜੇ ਹੋਏ ਹਨ। ਫਸਲਾਂ ਦੀ ਆਮਦ ਦੀ ਖੁਸ਼ੀ ਜਿਮੀਦਾਰ ਦੇ ਮੂੰਹੋ ਝੱਲਕਦੀ ਹੈ ਜਿਉਂ-ਜਿਉਂ ਕਣਕ ਹਰੀ ਤੋਂ ਸੁਨਹਿਰੀ ਹੁੰਦੀ ਹੈ ਤਿਉਂ-ਤਿਉਂ ਕਿਸਾਨ ਦੀ ਖੁਸ਼ੀ ਦੂਣੀ ਹੁੰਦੀ ਜਾਂਦੀ ਹੈ। ਭਾਵੇਂ ਮੰਡੀਆਂ ਵਿੱਚ ਰੁਲਣਾ ਵੀ ਪੈਦਾ ਹੈ। ਅੱਜ ਦੀ ਚੇਤਰ ਅਤੇ ਵਿਸਾਖ ਮੁੱਖੀ ਰੁੱਤ ਬਾਗਾਂ ਵਿੱਚ ਬਹਾਰਾ ਦਾ ਰੰਗ ਫੈਰਨ ਲਈ ਤਿਆਰ ਹੋ ਗਈ ਹੈ। ਫਸਲ ਵੀ ਬੂਹੇ ਤੇ ਦਸਤਕ ਦੇਣ ਲਈ ਤਿਆਰ ਹੈ।
    ਫਸਲਾਂ ਰੰਗ ਫੇਰਨ ਦੇ ਨਾਲ-ਨਾਲ ਬਾਗ ਵੀ ਬਹਾਰ ਰੁੱਤ ਵੱਲ ਤੁਰੇ ਹੋਏ ਹਨ। ਇਸ ਉੱਤੇ ਕਣਕ, ਵਿਸਾਖੀ, ਕੋਇਲ ਅਤੇ ਅੰਬਾਂ ਨੂੰ ਪਿਆ ਬੂਰ ਪ੍ਰਕ੍ਰਿਤੀ ਨੂੰ ਰੌਣਕਮਈ ਅਤੇ ਖੁਸਬੂਦਾਰ ਬਣਾਉਂਦਾ ਹੈ। ਫਸਲਾਂ ਬਾਗਾਂ ਨਾਲ ਬਹੁਤ ਸਾਰਾ ਸਾਹਿਤ ਵੀ ਜੁੜਿਆ ਹੋਇਆ ਹੈ। ਹਾੜ੍ਹੀ ਦੀ ਰਾਣੀ ਕਣਕ ਗੁਰਬਤ ਦੇ ਝੰਬੇ ਨੂੰ ਖੁਸ਼ੀਆਂ ਅਤੇ ਆਰਥਿਕ ਖੁਸ਼ਹਾਲੀ ਦੇਣ ਲਈ ਤਿਆਰ ਹੈ। ਲਾਲਾ ਧਨੀ ਰਾਮ ਚਾਤਰਿਕ ਨੇ ਮੇਲਿਆਂ ਬਾਰੇ ਦਿੱਤਾ ਸੁਨੇਹਾ ਅੱਜ ਭਾਵੇ ਸਮੇਂ ਦਾ ਹਾਣੀ ਤਾਂ ਨਹੀ ਲੱਗਦਾ ਪਰ ਫਸਲਾਂ, ਰੁੱਤਾਂ, ਮੇਲੇ ਅਤੇ ਮੌਸਮ ਉਸੇ ਤਰ੍ਹਾਂ ਦਸਤਕ ਦੇ ਰਹੇ ਹਨ:
“ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟਕੇ, ਲੰਬੜਾ ਅਤੇ ਸ਼ਾਹਾਂ ਦਾ ਹਿਸਾਬ ਕੱਟਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢਕੇ, ਮਾਲ ਟਾਂਡਾ ਸਾਭਣੇ ਨੂੰ ਕਾਮਾ ਛੱਡਕੇ,
ਪੱਗ ਝੱਗਾ ਚਾਦਰ ਨਵਾਂ ਸਿਵਾਇਕੇ, ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”
    ਇਸ ਉੱਤੇ ਪੁਗਰਦੀ ਪ੍ਰਕ੍ਰਿਤੀ ਦਾ ਮੁੱਖ ਅੰਗ ਅੰਬ ਅਤੇ ਹੋਰ ਬੂਟਿਆਂ ਨੂੰ ਪੁਗਾਰਾ ਫੁਟਨਾ ਹੈ। ਕਣਕ ਅਤੇ ਅੰਬ ਨੂੰ ਬੂਰ ਵੀ ਪਿਆ ਹੈ। ਇਸ ਬਾਰੇ ਸਾਹਿਤਕ ਪੰਕਤੀ ਇਉਂ ਸੁਨੇਹਾ ਦਿੰਦੀ ਹੈ।
“ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਇਆ ਅੰਬਾਂ ਨੂੰ ਗੁਲਾਬ ਹੱਸਿਆ ”
        ਲੋਹੜੀ ਤੋਂ ਲੈਕੇ ਵਿਸਾਖੀ ਤੱਕ ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਉਤਰਾਅ-ਚੜਾਅ ਲਿਆਂਦੀ ਹੈ। ਇਹ ਸਮਾਂ ਆਪਣੀ ਬੁੱਕਲ ਵਿੱਚ ਕਾਫੀ ਕੁੱਝ ਸਮਾਈ ਬੈਠਾ ਹੈ। ਅੰਬ ਪੰਜਾਬ ਖਾਸ ਕਰਕੇ ਦੁਆਬਾ ਖੇਤਰ ਵਿੱਚ ਕਾਫੀ ਪਰਚਲਿਤ ਰਹੇ ਹਨ। ਇਸ ਬਾਰੇ ਇਕ ਸੱਭਿਆਚਾਰਕ ਪੰਗਤੀ ਧੀਆਂ ਨੂੰ ਮੁਖਾਤਿਬ ਹੋਕੇ ਇਉਂ ਖੁਸਬੂ ਬਿਖੇਰਦੀ ਹੈ।
“ਬੂਰ ਪਿਆਂ ਕਣਕਾਂ ਨੂੰ ਮਾਏ, ਵਿੱਚ ਬਾਗੀ ਅੰਬੀਆਂ ਪੱਕੀਆਂ,
ਅੱਗ ਦੇ ਭਾਬੜ ਵਰਗੀਆਂ ਧੀਆਂ, ਸਾਂਭ ਜਿਹਨਾਂ ਨੇ ਰੱਖਿਆ”
        “ਅੰਬੀਆਂ ਨੂੰ ਤਰਸੇਗਾ, ਛੱਡਕੇ ਦੇਸ ਦੁਆਬਾ”

    ਪ੍ਰਕ੍ਰਿਤੀ ਦੀ ਪਰਤੀ ਰੌਣਕ ਅੱਜ ‘ਰੁੱਤ ਨਵਿਆਂ ਦੀ ਆਈ’ ਦਾ ਸੁਨੇਹਾ ਦਿੰਦੀ ਹੈ। ਖੁਸਬੂਆਂ ਪ੍ਰਕ੍ਰਿਤੀ ਫੁੱਲ ਅਤੇ ਸਾਹਿਤ ਜਰੀਏ ਅਤੀਤ ਦਾ ਵਰਤਮਾਨ ਨਾਲ ਮੇਲ ਵੀ ਹੁੰਦਾ ਹੈ। ਅੱਜ ਫਸਲਾਂ, ਵੇਲਾਂ, ਬੂੱਟੇ ਅਤੇ ਪੰਛੀਆਂ ਦਾ ਸੁਮੇਲ ਧਰਤੀ ਨੂੰ ਨਿਹਾਰਦਾ ਹੈ। ਸੁਸਤੀ ਦੇ ਦਿਨਾਂ ਵਿੱਚ ਰੂਹਾਂ ਨੂੰ ਖੁਸ਼ ਰੱਖਦਾ ਹੈ।
“ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁਖੀਂ ਚੜ੍ਹੀਆ, ਫੁੱਲਾਂ ਹੇਠੋਂ ਫਲਾਂ ਨੇ ਪੁਰੋਈਆਂ ਲੜੀਆਂ”

    ਇਸ ਰੁੱਤੇ ਸੁਰੀਲੀ ਕੋਇਲ ਦੀ ਆਮਦ ਵੀ ਕੰਨੀ ਪੈਂਦੀ ਹੈ ਇਹ ਪੰਛੀ ਸੁਣਿਆ ਵੱਧ ਅਤੇ ਦੇਖਿਆ ਘੱਟ ਜਾਂਦਾ ਹੈ। ਲੁੱਕ ਕੇ ਆਵਾਜਾਂ ਮਾਰਦੀ ਕੋਇਲ ਨੂੰ ਭਾਈ ਵੀਰ ਸਿੰਘ ਨੇ ਇਉਂ ਰੂਪਮਾਨ  ਕੀਤਾ ਸੀ:-
“ਕੋਇਲ ਕੂਕੇਂਦੀ ਆ ਗਈ, ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ, ਉਚੜ ਓ ਚਿਤੀ ਲਾ ਗਈ”

    ਅੱਜ ਅੰਬਾਂ ਨੂੰ ਪਿਆ ਬੂਰ, ਫਸਲਾਂ ਦਾ ਜੋਬਨ ਅਤੇ ਹੱਸਦਾ ਗੁਲਾਬ ਰੁੱਤ ਬਦਲਣ ਨਾਲ ਉਦਾਸੀ ਨੂੰ ਖੁਸ਼ੀ ਦੇ ਖੇੜਿਆਂ ਵਿੱਚ ਬਦਲਕੇ  ਮਾਨਸਿਕ ਅਤੇ ਸਮਾਜਿਕ ਅਤੇ ਆਰਥਿਕ ਸੰਤੁਲਨ ਬਣਾ ਰਿਹਾ ਹੈ। 

 ਸੁਖਪਾਲ ਸਿੰਘ ਗਿੱਲ
 ਅਬਿਆਣਾ ਕਲਾਂ
 ਮੋ: 98781-11445

ਖੇਤੀਬਾੜੀ ਦੇ ਰਵਾਇਤੀ ਸੰਦਾਂ ਦਾ ਆਖਰੀ ਪੰਧ - ਸੁਖਪਾਲ ਸਿੰਘ ਗਿੱਲ

ਖੇਤੀਬਾੜੀ ਦੇ ਸਦੀਆਂ ਤੋਂ ਵਰਤ ਹੋ ਰਹੇ ਸੰਦ ਭਾਵੇਂ ਵਰਤੋ ਵਿੱਚ ਘਟੇ ਹਨ , ਪਰ ਇਹਨਾਂ ਬਿਨ੍ਹਾਂ ਸਰਨਾ ਮੁਸ਼ਕਿਲ ਹੈ । ਪੁਰਾਤਨ ਸੰਦਾਂ ਬਿਨ੍ਹਾਂ ਖੇਤੀ ਅਧੂਰੀ ਲੱਗਦੀ ਹੈ । ਹਰ ਖੇਤਰ ਵਾਂਗ ਖੇਤੀਬਾੜੀ ਦੀ ਵੀ ਬੁਨਿਆਦ ਅਤੇ ਸ਼ਿਖਰ ਹੈ । ਹਰੀਕ੍ਰਾਂਤੀ  ਤੋਂ ਬਾਅਦ  ਨਵੀਂ ਤਕਨੀਕ ਨੇ ਕੁਝ ਸੰਦਾਂ ਦੀ ਜਗ੍ਹਾ ਸਾਂਭੀ  । ਖੇਤੀ ਨੂੰ ਕਿਰਤੀ ਜਾਮਾ ਪਹਿਨਾਉਂਦੇ  ਰਵਾਇਤੀ ਸੰਦ  ਤੰਗਲੀ, ਦਾਤੀ , ਖੁਰਪੀ ਅਤੇ ਕਹੀ ਦੀ ਵਰਤਂੋ ਘਟੀ ਹੈ ਪਰ  ਇਹ ਸੰਦ ਖੇਤੀ ਦੇ ਬੁਨਿਆਦੀ ਅੰਗ ਹਨ । ਇਹਨਾਂ ਸੰਦਾਂ ਨਾਲ ਕਈ ਕਿਸਮ ਦਾ ਸੱਭਿਆਚਾਰ ਅਤੇ ਸਾਹਿਤ ਵੀ ਜੁੜਿਆ ਹੋਇਆ ਹੈ ।
                                          ਕਹਾਵਤ ਹੈ " ਰੱਬ ਨੇ ਦਿੱਤੀਆਂ ਗਾਜ਼ਰਾਂ ਵਿੱਚੇ ਰੰਬਾ ਰੱਖ  "  ਇਸ ਨਾਲ ਬੰਦੇ ਦੇ ਨਸੀਬਾਂ ਨੂੰ ਜੋੜ ਕੇ ਵੇਖਿਆ ਗਿਆ ਹੈ । ਰੰਬਾ ( ਖੁਰਪਾ ) ਫਸਲ ਦੀ ਗੋਡੀ ਕਰਨ , ਘਾਹ ਖੋਤਣ ਅਤੇ ਨਦੀਨਾਂ ਦਾ ਨਾਸ਼ ਕਰਨ ਲਈ ਵਰਤਿਆਂ ਜਾਂਦਾ ਹੈ । ਇਸ ਨਾਲ  ਜੈਵਿਕ ਖੇਤੀ ਨੂੰ ਹੁਲਾਰਾ ਮਿਲਦਾ  ਸੀ  । ਕੁਝ ਸਮੇਂ ਵਰਤ ਕੇ ਇਸ ਨੂੰ ਲੌਹਾਰ ਤੋਂ ਚੰਢਾ ਕੇ ਤੇਜ਼ ਕੀਤਾ ਜਾਂਦਾ ਸੀ  । ਇਸ ਫਲਸਫੇ ਵਿੱਚੋਂ " ਮੁੰਡਾ ਅਤੇ ਰੰਬਾ ਜਿੰਨਾਂ ਚੰਡੋ ਉੱਨਾਂ ਚੰਗਾ " ਦੀ ਕਹਾਵਤ  ਫੁਰੀ ਸੀ । ਅੱਜ ਨਾ ਰੰਬੇ ਨੂੰ ਚੰਡਾਇਆ ਜਾਂਦਾ ਹੈ । ਨਾ ਹੀ ਮੁੰਡੇ ਨੂੰ ਚੰਡਿਆਂ ਜਾਂਦਾ ਹੈ ।
             ਰੰਬੇ ਤੋਂ ਬਾਅਦ ਦਾਤਰੀ ਦਾ ਕੰਮ ਆਉਂਦਾ  ਸੀ ਇਹ ਫਸਲ ਅਤੇ ਪੱਠੇ ਕੱਟਣ ਲਈ ਵਰਤੀ ਜਾਂਦੀ ਹੈ । ਦਾਤੀ ਦੋ ਕਿਸਮਾਂ ਦੀ ਹੁੰਦੀ ਹੈ । ਪੱਠੀ ਅਤੇ ਦੰਦਿਆ ਵਾਲੀ  ,  ਇਹਨਾਂ ਨੂੰ ਵੀ ਲੋਹਾਰ ਤੋਂ ਚੰਡਾਇਆ  ਅਤੇ ਦੰਦੇ ਲਗਵਾਏ ਜਾਂਦੇ ਹਨ । ਹਾੜ੍ਹੀ ਬਾਰੇ  ਤਾਂ ਦਾਤਰੀ ਦਾ ਨੇੜਿਓ ਸਬੰਧ ਹੈ , " ਦਾਤੀ ਨੂੰ ਲਗਾਦੇ ਘੁੰਗਰੂ ,  ਹਾੜ੍ਹੀ ਵੱਢੂਗੀ ਬਰਾਬਰ ਤੇਰੇ  "  ਪਸ਼ੂਆਂ ਦਾ ਚਾਰਾ ਕੱਟਣ ਲਈ  ਦਾਤੀ ਨਿੱਤ ਵਰਤੋਂ ਦੀ ਚੀਜ਼  ਹੈ ।  
                                      ਫਸਲ ਕੱਟਣ ਤੋਂ ਬਾਅਦ ਤੂੜੀ , ਤੰਦ ਸਾਂਭਣ ਲਈ ਤੰਗਲੀ ਦੀ ਵਰਤੋ ਕੀਤੀ ਜਾਂਦੀ ਸੀ  । ਇਸ ਨਾਲ  ਤੂੜੀ ਦੇ ਢੇਰਾਂ ਨੂੰ  ਬਰੂਦ ਵਾਂਗ ਉੱਡਾ ਕੇ ਸਾਲ ਛਿਮਾਹੀ ਲਈ ਸਾਂਭ ਲਿਆ ਜਾਂਦਾ ਸੀ । ਇਸ ਨਾਲ ਕਾਵਿਕ ਪ੍ਰਸੰਗ ਵੀ ਹੈ  । " ਲੈ ਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ  " ਕਹੀ ਦੀ ਵਰਤੋਂ ਇਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ ।  ਕਿਉਂਕਿ ਖੇਤੀ ਤੋਂ ਇਲਾਵਾ ਉਸਾਰੀ ਦੇ ਕੰਮਾਂ ਵਿੱਚ ਵੀ ਵਰਤੀ ਜਾਂਦੀ ਹੈ ।  ਇਸ ਨੂੰ ਚਲਾਉਣ ਲਈ ਜਾਨ ਚਾਹੀਦੀ ਹੈ । ਪਰ ਅੱਜ ਦੀ ਜਵਾਨੀ ਬੇਵੱਸ ਹੋ ਕੇ ਰਹਿ ਗਈ ਹੈ । ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਾਡੇ ਖੇਤੀ ਬਾੜੀ ਦੇ ਇਹ ਸੰਦ ਜੋ ਸਦੀਆਂ ਤੋਂ ਵਰਤੇ ਜਾਂਦੇ ਹਨ ਇਹ ਆਪਣਾ ਪੰਧ ਮੁਕਾ ਕੇ ਤਕਨੀਕੀ ਯੁੱਗ ਦੀ ਚਾਲੇ ਪੈ ਗਏ ਹਨ । ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਸੰਦਾਂ ਦਾ ਕਿਰਤ ਅਤੇ ਕਿਰਸ ਨਾਲ  ਗੂੜ੍ਹਾ ਸਬੰਧ ਹੈ  । ਇਹਨਾਂ ਨਾਲ ਹੀ  ਕਿਸਾਨ ਅਤੇ ਮਜ਼ਦੂਰਾਂ  ਦੀ ਏਕਤਾ ਅਤੇ ਭਾਈਚਾਰਾ ਬਣਿਆ ਰਹਿੰਦਾ ਸੀ  ।

ਸੁਖਪਾਲ ਸਿੰਘ ਗਿੱਲ
 9878111445
ਅਬਿਆਣਾ ਕਲਾਂ

ਦਹਿਲੀਜ਼ ਅਤੇ ਡਿਊਢੀ - ਸੁਖਪਾਲ ਸਿੰਘ ਗਿੱਲ

 ਪੰਜਾਬੀ ਪੁਰਾਤਨ ਘਰਾਂ ਵਿੱਚ ਡਿਊਢੀ ਅਤੇ ਦਹਿਲੀਜ਼ ਅੰਗ ਅਤੇ ਸ਼ਿੰਗਾਰ ਹੁੰਦੇ ਸਨ। ਸੱਭਿਆਚਾਰ ਵਿੱਚ ਵੀ ਇਨ੍ਹਾਂ ਨੂੰ ਬਣਦਾ ਰੁਤਬਾ ਹਾਸਿਲ ਸੀ। ਜਿਉਂ-ਜਿਉਂ ਤਰੱਕੀ ਨੇ ਰਫਤਾਰ ਫੜੀ ਸੱਭਿਆਚਾਰ ਦੇ ਇਹ ਦੋਵੇਂ ਅੰਗ ਸਮੇਂ ਦਾ ਹਾਣੀ ਬਣਨ ਦੀ ਬਜਾਏ ਘਸਮੈਲੇ ਹੁੰਦੇ ਗਏ। ਰਹਿਣ ਸਹਿਣ ਵੀ ਬਦਲ ਕੇ ਰੱਖ ਦਿੱਤਾ ਗਿਆ। ਦਹਿਲੀਜ਼ ਪੰਜਾਬੀ ਸ਼ਬਦਕੋਸ਼ ਅਨੁਸਾਰ ਬਰੂੰਹ ਨੂੰ ਕਹਿੰਦੇ ਹਨ। ਦਰਵਾਜ਼ੇ ਦੀ ਚੁਗਾਠ ਦੀ ਹੇਠਲੀ ਲੱਕੜ ਸਰਦਲ ਜਾਂ ਪ੍ਰਵੇਸ਼ ਰਾਹੀਂ ਉੱਪਰ ਨੂੰ ਉੱਚੀ ਕਰਕੇ ਲਗਾਈ ਜਾਂਦੀ ਹੈ। ਡਿਊਢੀ ਨੂੰ ਸ਼ਬਦਕੋਸ਼ ਅਨੁਸਾਰ ਡੇਢ ਗੁਣੀ ਅਤੇ ਘਰ ਵਿੱਚ ਦਾਖਲ ਹੋਣ ਦਾ ਦਰਵਾਜ਼ਾ ਕਿਹਾ ਜਾਂਦਾ ਹੈ।
    ਸਮੇਂ ਦੀ ਲੋੜ ਅਤੇ ਮੰਗ ਅਨੁਸਾਰ ਪੰਜਾਬੀ ਪੁਰਾਤਨ ਘਰਾਂ ਵਿੱਚ ਦਹਿਲੀਜ਼ ਤਾਂ ਆਮ ਘਰਾਂ ਵਿੱਚ ਹੁੰਦੀ ਸੀ ਪਰ ਪਹਿਲੇ ਪਹਿਲ ਡਿਊਢੀ ਰਈਸ ਪਰਿਵਾਰਾਂ ਦੇ ਹੀ ਹੁੰਦੀ ਸੀ। ਹੋਲੇ-ਹੋਲੇ ਵਿਕਸਿਤ ਹੋਣ ਨਾਲ ਡਿਊਢੀ ਵੀ ਆਮ ਜਿਹੀ ਹੋ ਗਈ। ਦਹਿਲੀਜ਼ ਕਈ ਪੱਖਾਂ ਤੋਂ ਸੁਨੇਹਾ ਦਿੰਦੀ ਸੀ। ਵਿਗਿਆਨਿਕ ਤੌਰ ਤੇ ਇਸ ਦਾ ਕਾਰਨ ਇਹ ਸੀ ਕਿ ਉੱਚੀ ਹੋਣ ਕਰਕੇ ਬਾਹਰ ਤੋਂ ਕੋਈ ਜੀਵ ਜੰਤੂ ਕਮਰੇ ਅੰਦਰ ਨਹੀਂ ਵੜ ਸਕਦਾ ਸੀ। ਕਈ ਲੋਕ ਇਸ ਨੂੰ ਧਾਰਮਿਕ ਤੌਰ ਤੇ ਮੱਥੇ ਵੀ ਟੇਕਦੇ ਹੁੰਦੇ ਸਨ। ਇਨ੍ਹਾਂ ਪਿੱਛੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਪਰ ਮੱਥਾ ਟੇਕਣ ਦਾ ਭਾਵ ਘਰ ਦੀ ਖੁਸ਼ਹਾਲੀ ਸਮਝਿਆ ਜਾਂਦਾ ਸੀ। ਹੁਣ ਦਹਿਲੀਜ਼ ਦਾ ਤਾਂ ਰੌਲਾ ਹੀ ਮੁੱਕਾ ਦਿੱਤਾ। ਹੁਣ ਕਮਰੇ ਵਿੱਚ ਸਿੱਧਮ ਸਿੱਧੇ ਜੀਵ ਜੰਤੂਆਂ ਨੂੰ ਜਾਣ ਤੋਂ ਰੋਕਣ ਲਈ ਦਰਵਾਜ਼ੇ ਦੇ ਥੱਲੇ ਹੀ ਜੁਗਾੜ ਫਿੱਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਦਰਵਾਜ਼ਾ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ।
    ਜਿੱਥੇ ਦਹਿਲੀਜ਼ ਜੀਵ ਜੰਤੂਆਂ ਅਤੇ ਧਾਰਮਿਕ ਤੌਰ ਤੇ ਤਰਜਮਾਨ ਸੀ ਉੱਥੇ ਡਿਊਢੀ ਵੀ ਘਰ ਦੇ ਮੁੱਖ ਦੁਆਰ ਵਿੱਚ ਹੁੰਦੀ ਸੀ। ਇਸ ਵਿੱਚੋਂ ਅੱਗੇ ਲੰਘਣ ਲਈ ਬਜ਼ੁਰਗ ਦੀ ਤਫਤੀਸ਼ ਵਿੱਚ ਸ਼ਾਮਿਲ ਹੋਣਾ ਪੈਂਦਾ ਸੀ। ਜਿੱਥੇ ਬਜ਼ੁਰਗ ਘਰ ਦਾ ਜਿੰਦਰਾ ਸੀ ਉੱਥੇ ਡਿਊਢੀ ਘਰ ਦੀ ਚਾਬੀ ਵੀ ਕਹੀ ਜਾਂਦੀ ਸੀ। ਡਿਊਢੀ ਬਾਰੇ ਇੱਕ ਹੋਰ ਵੀ ਦੰਦ ਕਥਾ ਹੈ ਕਿ ਇੱਥੇ ਸਮਾਜਿਕ ਚਹਿਲ ਪਹਿਲ ਰਹਿੰਦੀ ਸੀ। ਚਾਹ ਪਾਣੀ ਅਤੇ ਹੁੱਕਾ ਪਾਣੀ ਚੱਲਦਾ ਰਹਿੰਦਾ ਸੀ। ਰੱਜਦੇ ਪੁੱਜਦੇ ਘਰਾਂ ਦੀ ਨਿਸ਼ਾਨੀ ਵੀ ਸੀ। ਡਿਊਢੀ ਨਾਲ ਸੱਭਿਅਤਾ ਅਤੇ ਸੱਭਿਆਚਾਰ ਕਈ ਪੱਖਾਂ ਤੋਂ ਜੁੜੇ ਹੋਏ ਹਨ। ਬਜ਼ੁਰਗ ਡਿਊਢੀ ਦੀ ਸ਼ਾਨ ਨੂੰ ਦੁੱਗਣੀ ਕਰਕੇ ਰੱਖਦੇ ਸਨ। ਡਿਊਢੀ ਸਮਾਜਿਕ ਸੁਰੱਖਿਆ ਦਾ ਇੱਕ ਫੋਡਾ ਵੀ ਸੀ। ਬਜ਼ੁਰਗਾਂ ਦੀਆਂ ਅਹਿਮੀਅਤ ਅਤੇ ਡਿਊਢੀ ਮੱਧਮ ਪੈ ਚੁੱਕੀ ਹੈ। ਕਿਹਾ ਵੀ ਜਾਂਦਾ ਸੀ ''ਘਰ ਦੇ ਭਾਗ ਡਿਊਢੀ ਤੋਂ ਦਿੱਖ ਜਾਂਦੇ ਹਨ।'' ਨਜ਼ਰ ਟਪਕਾਰ ਲਈ ਅਤੇ ਅੰਧ-ਵਿਸ਼ਵਾਸ ਲਈ ਵੱਖੋ-ਵੱਖਰੇ ਪਹਿਲੂਆਂ ਦੀ ਤਰਜ਼ਮਾਨੀ ਕਰਦੀ ਹੈ। ਇਸ ਲਈ ਡਿਊਢੀ ਦੇ ਬਾਹਰ ਨਿੰਬੂ ਵੀ ਟੰਗੇ ਜਾਂਦੇ ਹੁੰਦੇ ਸਨ। ਜਿਸ ਦਾ ਆਪਣਾ ਅਧਿਆਤਮਿਕ ਪੱਖ ਸੀ।
    ਪੰਜਾਬੀ ਘਰਾਂ ਵਿੱਚ ਦਹਿਲੀਜ਼ ਅਤੇ ਡਿਊਢੀਆਂ ਉਸ ਘਰ ਦਾ ਉਘੜਵਾਂ ਰੂਪ ਹੁੰਦੀਆਂ ਸਨ। ਇਹ ਦੋਵੇਂ ਪੁਰਾਤਨ ਬਜ਼ੁਰਗਾਂ ਦੀ ਸੱਭਿਅਤਾ ਅਤੇ ਸੱਭਿਆਚਾਰਕ ਸੂਝ-ਬੂਝ ਨੂੰ ਪਰਗਟ ਕਰਦੀ ਹੈ। ਇਹ ਨਿਪੁੰਨ ਸਮਾਜਿਕ ਕਲਾਕਾਰੀ ਦਾ ਨਕਸ਼ਾ ਵੀ ਪੇਸ਼ ਕਰਦੀਆਂ ਸਨ। ਅੱਜ ਕੱਲ ਸੱਭਿਆਚਾਰ ਦੇ ਦੋਨੋਂ ਅੰਗ ''ਕਿਤਾਬੋਂ ਕੇ ਜ਼ਰੀਏ'' ਆਪਣਾ ਪ੍ਰਭਾਵ ਛੱਡਦੇ ਹਨ ਪਰ ਹਕੀਕਤ ਵਿੱਚ ਨਹੀਂ। ਡਿਊਢੀ ਨੂੰ ਨਵੇਂ ਰੂਪ ਵਿੱਚ ਦਿੱਖ ਮਿਲਣ ਦੀ ਗੁੰਜਾਇਸ਼ ਹੈ। ਅਜਿਹੀ ਗੁੰਜ਼ਾਇਸ਼ ਦਹਿਲੀਜ਼ ਦੇ ਦੁਬਾਰਾ ਉੱਕਰਨ ਦੀ ਨਹੀਂ ਲੱਗਦੀ। ਇਹ ਦੋਵੇਂ ਅੰਗ ਪੁਰਾਤਨ ਸੱਭਿਆਚਾਰ ਦੀ ਝਲਕ ਕਿਤਾਬਾਂ ਵਿੱਚ ਅੱਜ ਵੀ ਮਾਰਦੇ ਹਨ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781-11445