Dr Harshinder Kaur

ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ਹੁੰਦੀ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.

ਭਾਰਤ ਵਿਚ ਸਰਦੀਆਂ ਵਿਚ ਇਸ ਬੀਮਾਰੀ ਵਾਲੇ ਹਰ ਸਾਲ ਇੱਕ ਕਰੋੜ ਮਰੀਜ਼ ਲੱਭ ਪੈਂਦੇ ਹਨ। ਠੀਕ ਹੋ ਸਕਣ ਵਾਲੇ ਇਸ ਰੋਗ ਦੀ ਪਛਾਣ ਨਾ ਹੋ ਸਕਣ ਕਰ ਕੇ ਹੀ ਕਈ ਕਿਸਮਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਕੁੱਝ ਤੱਥ :-

1.    ਸਰਦੀਆਂ ਵਿਚ ਥੋੜੀ ਦੇਰ ਧੁੱਪ ਦਾ ਰਹਿਣਾ ਤੇ ਠੰਡ ਕਾਰਨ ਲੇਟ ਉੱਠਣਾ ਹੀ ਇਸ ਬੀਮਾਰੀ ਦਾ ਕਾਰਨ ਬਣ ਜਾਂਦੇ ਹਨ।
2.    ਸਰੀਰ ਅੰਦਰ ਰਾਤ ਵੇਲੇ ਮੈਲਾਟੋਨਿਨ ਨਿਕਲ ਪੈਂਦੀ ਹੈ ਜੋ ਵਧੀਆ ਨੀਂਦਰ ਆਉਣ ਲਈ ਜ਼ਰੂਰੀ ਹੁੰਦੀ ਹੈ। ਰਾਤਾਂ ਲੰਮੀਆਂ ਹੋਣ ਕਾਰਨ ਇਸ ਹਾਰਮੋਨ ਦਾ ਵਾਧਾ ਜ਼ਿਆਦਾ ਦੇਰ ਤਕ ਟਿਕਿਆ ਰਹਿੰਦਾ ਹੈ।
3.    ਸੂਰਜ ਦੀ ਰੌਸ਼ਨੀ ਜਿੱਥੇ ਸਰੀਰ ਲਈ ਚੰਗੀ ਹੁੰਦੀ ਹੈ, ਉੱਥੇ ਦਿਮਾਗ਼ ਨੂੰ ਚੁਸਤ ਰੱਖਣ ਵਿਚ ਵੀ ਸਹਾਈ ਹੁੰਦੀ ਹੈ।
4.    ਔਰਤਾਂ ਨੂੰ ਇਹ ਬੀਮਾਰੀ ਪੁਰਸ਼ਾਂ ਨਾਲੋਂ ਦੁਗਣੀ ਵੱਧ ਹੁੰਦੀ ਹੈ।
5.    ਬੱਚੇ ਛੇਤੀ ਤਣਾਓ ਨਹੀਂ ਸਹੇੜਦੇ, ਪਰ ਨੌਜਵਾਨ ਛੇਤੀ ਫੜੇ ਜਾਂਦੇ ਹਨ।
6.    ਇਹ ਬੀਮਾਰੀ ਹਰ ਸਾਲ ਇੱਕੋ ਹੀ ਮਹੀਨੇ ਸ਼ੁਰੂ ਹੁੰਦੀ ਹੈ। ਕਦੇ ਕਦਾਈਂ ਗਰਮੀਆਂ ਵਿਚ ਵੀ ਹੋ ਸਕਦੀ ਹੈ।


ਲੱਛਣ :-

    ਘੱਟ ਸਰਦੀ ਵਿਚ ਲੱਛਣ ਘੱਟ ਹੁੰਦੇ ਹਨ, ਪਰ ਜਿਉਂ ਹੀ ਠੰਡ ਵਧੇ, ਲੱਛਣ ਵੀ ਵੱਧ ਜਾਂਦੇ ਹਨ।
1.    ਲਗਭਗ ਰੋਜ਼ ਹੀ ਦਿਨ ਵਿਚਲਾ ਜ਼ਿਆਦਾ ਸਮਾਂ ਢਹਿੰਦੀ ਕਲਾ ਮਹਿਸੂਸ ਹੁੰਦੀ ਰਹਿੰਦੀ ਹੈ।
2.    ਰੋਜ਼ ਦੇ ਕਰਨ ਵਾਲੇ ਕੰਮਾਂ ਵਿਚ ਜੀਅ ਨਹੀਂ ਲੱਗਦਾ।
3.    ਕਸਰਤ ਕਰਨ ਨੂੰ ਜੀਅ ਨਹੀਂ ਕਰਦਾ।
4.    ਸੁਸਤੀ ਮਹਿਸੂਸ ਹੁੰਦੀ ਰਹਿੰਦੀ ਹੈ।
5.    ਹਿੱਲਣ ਜੁੱਲਣ ਦੀ ਤਾਕਤ ਘੱਟ ਲੱਗਦੀ ਹੈ।

6.    ਨੀਂਦਰ ਨਹੀਂ ਆਉਂਦੀ (ਗਰਮੀਆਂ ਵਿਚ) ਜਾਂ ਜ਼ਿਆਦਾ ਆਉਣ ਲੱਗ ਪੈਂਦੀ ਹੈ। (ਸਰਦੀਆਂ ਵਿਚ)
7.    ਭੁੱਖ ਵਧ ਜਾਂ ਘਟ ਲੱਗਣ ਲੱਗ ਪਵੇ
8.    ਭਾਰ ਵਧਣ ਜਾਂ ਘਟਣ ਲੱਗ ਪਵੇ
9.    ਧਿਆਨ ਨਾ ਲਾਇਆ ਜਾ ਸਕੇ
10.    ਨਕਾਰਾ ਮਹਿਸੂਸ ਹੋਣਾ
11.    ਮਰਨ ਦਾ ਜੀਅ ਕਰਨਾ
12.    ਵਿਹਲੜ ਜਾਪਣਾ
13.    ਤਲੀ ਹੋਈ ਚੀਜ਼ ਵੱਧ ਖਾਣ ਨੂੰ ਜੀਅ ਕਰਨਾ
14.    ਘਬਰਾਹਟ ਹੋਣੀ ਜਾਂ ਗੁੱਸਾ ਆਉਣਾ, ਆਦਿ।

ਕਾਰਨ :-

1.    ਧੁੱਪ ਦੇ ਘੱਟਣ ਨਾਲ ਸਰੀਰ ਅੰਦਰਲੀ ਘੜੀ ਦੀ ਚਾਲ ਵਿਚ ਗੜਬੜ ਹੋ ਜਾਂਦੀ ਹੈ ਜਿਸ ਨਾਲ ਢਹਿੰਦੀ ਕਲਾ ਆ ਜਾਂਦੀ ਹੈ।
2.    ਸਿਰੋਟੋਨਿਨ (ਇਹ ਹਾਰਮੋਨ ਮੂਡ ਚੰਗਾ ਰੱਖਣ ਲਈ ਸਹਾਈ ਹੁੰਦਾ ਹੈ) ਦਾ ਘਟਣਾ ਵੀ ਧੁੱਪ ਘੱਟ ਹੋਣ ਸਦਕਾ ਹੁੰਦਾ ਹੈ। ਇਹ ਵੀ ਢਹਿੰਦੀ ਕਲਾ ਦਾ ਕਾਰਨ ਬਣ ਜਾਂਦਾ ਹੈ।
3.    ਮੈਲਾਟੋਨਿਨ ਦਾ ਵੱਧ ਦੇਰ ਟਿਕਣਾ ਤੇ ਸਵੇਰੇ ਲੇਟ ਉੱਠਣਾ ਵੀ ਢਹਿੰਦੀ ਕਲਾ ਵੱਲ ਤੋਰ ਦਿੰਦਾ ਹੈ।
4.    ਜੇ ਟੱਬਰ ਵਿਚ ਪਹਿਲਾਂ ਕਿਸੇ ਨੂੰ ਹੋਵੇ ਤਾਂ ਇਸ ਬੀਮਾਰੀ ਦਾ ਖ਼ਤਰਾ ਵੱਧ ਹੁੰਦਾ ਹੈ।
5.    ਪਹਿਲਾਂ ਵੀ ਢਹਿੰਦੀ ਕਲਾ ਰਹਿੰਦੀ ਹੋਵੇ ਤਾਂ ਸਰਦੀਆਂ ਵਿਚ ਬੀਮਾਰੀ ਕਾਫੀ ਵੱਧ ਸਕਦੀ ਹੈ।
6.    ਵਿਟਾਮਿਨ ਡੀ ਦੀ ਘਾਟ ਵੀ ਇਸ ਬੀਮਾਰੀ ਨੂੰ ਵਧਾ ਦਿੰਦੀ ਹੈ।


ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?

1.    ਕਈ ਦਿਨਾਂ ਤਕ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ
2.    ਦੇਰ ਰਾਤ ਤਕ ਨੀਂਦਰ ਨਾ ਆਏ ਜਾਂ ਭੁੱਖ ਬਹੁਤ ਜ਼ਿਆਦਾ ਵੱਧ ਜਾਏ।
3.    ਸਵੇਰੇ ਉੱਠਣ ਨੂੰ ਉੱਕਾ ਹੀ ਜੀਅ ਨਾ ਕਰੇ ਤੇ ਇਕੱਲੇ ਬਹਿਣ ਜਾਂ ਮਰਨ ਨੂੰ ਜੀਅ ਕਰੇ।
4.    ਦੋਸਤਾਂ ਮਿੱਤਰਾਂ ਤੋਂ ਟੁੱਟੇ ਮਹਿਸੂਸ ਹੋਣਾ
5.    ਵਾਧੂ ਸ਼ਰਾਬ ਪੀਣ ਜਾਂ ਨਸ਼ਾ ਕਰਨ ਲੱਗ ਪੈਣਾ
6.    ਪੜ੍ਹਨ ਨੂੰ ਉੱਕਾ ਹੀ ਜੀਅ ਨਾ ਕਰਨਾ
7.    ਖ਼ੁਦਕੁਸ਼ੀ ਦਾ ਖ਼ਿਆਲ ਮਨ ਅੰਦਰ ਆਉਣਾ
8.    ਥਾਇਰਾਈਡ ਹਾਰਮੋਨਾਂ ਵਿਚ ਗੜਬੜੀ


ਇਲਾਜ :-

1.   ਲਾਈਟ ਥੈਰਪੀ :-
    ਇਸ ਵਿਚ ਇਕ ਖ਼ਾਸ ਡੱਬੇ ਤੋਂ ਕੁੱਝ ਫੁੱਟ ਦੂਰ ਸੁੱਤੇ ਉਠਦੇ ਬਿਠਾ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਵਾਧੂ ਰੌਸ਼ਨੀ ਆ ਰਹੀ ਹੋਵੇ। ਇਹ ਬਿਲਕੁਲ ਸੂਰਜੀ ਰੌਸ਼ਨੀ ਵਾਂਗ ਜਾਪਦੀ ਹੈ ਜਿਸ ਨਾਲ ਸਰੀਰ ਅੰਦਰ ਸਿਰੋਟੋਨਿਨ ਬਣਨ ਲੱਗ ਪੈਂਦੀ ਹੈ ਜੋ ਢਹਿੰਦੀ ਕਲਾ ਦੂਰ ਕਰ ਦਿੰਦੀ ਹੈ ਤੇ ਸਰੀਰ ਚੁਸਤ ਹੋ ਜਾਂਦਾ ਹੈ।
    ਇਸ ਇਲਾਜ ਦਾ ਅਸਰ ਕੁੱਝ ਦਿਨਾਂ ਵਿਚ ਜਾਂ ਦੋ ਕੁ ਹਫ਼ਤੇ ਵਿਚ ਸ਼ੁਰੂ ਹੁੰਦਾ ਹੈ।
    ਇਸ ਵਿਚ ਰੌਸ਼ਨੀ ਦੇ ਡੱਬੇ ਅੱਗੇ ਦੋ ਫੁੱਟ ਪਰ੍ਹਾਂ 20-60 ਮਿੰਟ ਤੱਕ ਬੈਠਣਾ ਹੁੰਦਾ ਹੈ। ਡੱਬੇ ਵਿਚਲੀ ਰੌਸ਼ਨੀ ਆਮ ਕਮਰੇ ਵਿਚਲੀ ਰੌਸ਼ਨੀ ਤੋਂ 20 ਗੁਣਾਂ ਵੱਧ ਤੇਜ਼ ਹੁੰਦੀ ਹੈ। ਪਹਿਲੇ ਕੁੱਝ ਦਿਨ ਸਿਰਫ਼ 10 ਤੋਂ 15 ਮਿੰਟ ਹੀ ਬੈਠਣਾ ਚਾਹੀਦਾ ਹੈ।
2.    ਢਹਿੰਦੀ ਕਲਾ ਦੀਆਂ ਦਵਾਈਆਂ :-
    ਇਹ ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ ਹੀ ਲੈਣੀਆਂ ਚਾਹੀਦੀਆਂ ਹਨ, ਖ਼ਾਸ ਕਰ ਬੂਪਰੋਪੀਓਨ। ਕਈ ਮਰੀਜ਼ਾਂ ਵਿਚ ਇਹ ਕੁੱਝ ਸਾਲ ਸਰਦੀਆਂ ਸ਼ੁਰੂ ਹੁੰਦੇ ਸਾਰ ਦੇਣੀਆਂ ਪੈ ਜਾਂਦੀਆਂ ਹਨ।
3.    ਸਾਈਕੋਥੈਰਪੀ :-
    ਮਨੋਵਿਗਿਆਨੀ ਡਾਕਟਰ ਨਾਲ ਗੱਲਬਾਤ ਕਰ ਕੇ ਆਪਣੇ ਆਪ ਨੂੰ ਸਹਿਜ ਕੀਤਾ ਜਾ ਸਕਦਾ ਹੈ।
4.    ਯੋਗ ਜਾਂ ਰੋਜ਼ਾਨਾ ਕਸਰਤ :-
    ਹਫ਼ਤੇ ਵਿਚ ਪੰਜ ਦਿਨ ਰੋਜ਼ ਸਵੇਰੇ 40 ਮਿੰਟ ਦੀ ਕਸਰਤ ਕਰਨ ਨਾਲ ਢਹਿੰਦੀ ਕਲਾ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ।
5.    ਗੀਤ ਸੰਗੀਤ ਵੀ ਇਲਾਜ ਵਜੋਂ ਵਰਤੇ ਜਾ ਚੁੱਕੇ ਹਨ।
6.    ਧਿਆਨ ਲਾਉਣਾ (ਮੈਡੀਟੇਸ਼ਨ) ਵੀ ਕਈਆਂ ਲਈ ਠੀਕ ਰਹਿੰਦਾ ਹੈ।
7.    ਘਰ ਦੇ ਆਲੇ-ਦੁਆਲੇ ਦੇ ਵੱਡੇ ਦਰਖਤ ਛਾਂਗ ਦੇਣੇ ਚਾਹੀਦੇ ਹਨ ਤਾਂ ਜੋ ਧੁੱਪ ਨਾ ਰੁਕੇ।
8.    ਦਿਨ ਵੇਲੇ ਖਿੜਕੀਆਂ ਅੱਗੋਂ ਮੋਟੇ ਪਰਦੇ ਪਰ੍ਹਾਂ ਕਰ ਦੇਣੇ ਚਾਹੀਦੇ ਹਨ।
9.    ਸਵੇਰੇ ਉੱਠਣ ਬਾਅਦ ਦੋ ਕੁ ਘੰਟੇ ਧੁੱਪੇ ਜ਼ਰੂਰ ਬੈਠਣਾ ਚਾਹੀਦਾ ਹੈ, ਜਾਂ ਉਸ ਖਿੜਕੀ ਕੋਲ ਜਿੱਥੋਂ ਪੂਰੀ ਰੌਸ਼ਨੀ ਅੰਦਰ ਆ ਰਹੀ ਹੋਵੇ।
10.    ਬਹੁਤੀਆਂ ਤਲੀਆਂ ਚੀਜ਼ਾਂ ਤੇ ਸ਼ਰਾਬ ਤੋਂ ਪਰਹੇਜ਼ ਜ਼ਰੂਰੀ ਹੈ।
11.    ਦੋਸਤਾਂ ਮਿੱਤਰਾਂ ਜਾਂ ਗਵਾਂਢੀਆਂ ਨਾਲ ਰੋਜ਼ ਗੱਲਬਾਤ ਕਰਨੀ ਜ਼ਰੂਰੀ ਹੈ।
12.    ਜੇ ਹੋ ਸਕੇ ਤਾਂ ਸਰਦੀਆਂ ਦੀਆਂ ਛੁੱਟੀਆਂ ਵਿਚ ਦੋ ਚਾਰ ਦਿਨ ਕਿਸੇ ਗਰਮ ਥਾਂ ਉੱਤੇ ਘੁੰਮ ਆਉਣਾ ਚਾਹੀਦਾ ਹੈ।
13.    ਵਿਟਾਮਿਨ ਡੀ ਜ਼ਰੂਰ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ।
14.    ਦਫ਼ਤਰੀ ਕੰਮ ਕਾਰ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ ਤਾਂ ਜੋ ਰੂਟੀਨ ਬਣਿਆ ਰਹੇ।
15.    ਸੰਤੁਲਿਤ ਖ਼ੁਰਾਕ ਲੈਣੀ ਜ਼ਰੂਰੀ ਹੈ। ਮਿੱਠਾ ਘੱਟ ਖਾਣਾ ਚਾਹੀਦਾ ਹੈ।
16.    ਸੀਲੀਨੀਅਮ ਦੀ ਘਾਟ ਸਦਕਾ ਵੀ ਢਹਿੰਦੀ ਕਲਾ ਮਹਿਸੂਸ ਹੋ ਸਕਦੀ ਹੈ ਸੋ ਖੁੰਭਾਂ, ਸੂਰਜਮੁਖੀ ਦੇ ਬੀਜ, ਕਣਕ, ਰਾਗੀ, ਬਾਜਰਾ, ਗੰਢੇ ਆਦਿ ਖਾਂਦੇ ਰਹਿਣੇ ਚਾਹੀਦੇ ਹਨ।
17.    ਸਭ ਤੋਂ ਵੱਡਾ ਨੁਕਤਾ ਹੈ-ਰੋਜ਼ 10 ਮਿੰਟ ਖਿੜਖਿੜਾ ਕੇ ਹੱਸਣਾ ਜ਼ਰੂਰ ਚਾਹੀਦਾ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.

ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਲੋਕਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿਚ ਆਇਆ ਕਿ ਗਿਆਨ ਭਰਪੂਰ ਸਾਹਿਤਕ ਕਿਤਾਬਾਂ ਪੜ੍ਹਨ ਵੇਲੇ ਦਿਮਾਗ਼ ਦੇ ਕਈ ਹਿੱਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਿਲਜੁਲ ਕਰਦੇ ਹਨ ਜਦ ਕਿ ਹਾਸੇ ਠੱਠੇ ਵਾਲੀਆਂ ਕਿਤਾਬਾਂ ਪੜ੍ਹਨ ਲੱਗਿਆਂ ਬਿਲਕੁਲ ਵੱਖ ਹਿੱਸਿਆਂ ਵਿਚ ਹਰਕਤ ਹੁੰਦੀ ਹੈ।
    ਜਦੋਂ ਕੋਈ ਰੋਮਾਂਚਕ ਨਾਵਲ ਪੜ੍ਹਿਆ ਜਾਵੇ ਤਾਂ ਦਿਮਾਗ਼ ਪੂਰਾ ਚੁਸਤ ਹੋ ਜਾਂਦਾ ਹੈ। ਇਸ ਨਾਲ ਸਾਡੇ ਦਿਮਾਗ਼ ਦਾ ਇਕ ਪਾਸਾ ਆਪਣੇ ਆਪ ਹੀ ਪੜ੍ਹੀ ਜਾ ਰਹੀ ਮਜ਼ੇਦਾਰ ਗੱਲ ਦੇ ਹਿਸਾਬ ਨਾਲ ਤਸਵੀਰਾਂ ਬਣਾਉਣ ਲੱਗ ਪੈਂਦਾ ਹੈ ਤੇ ਪੜ੍ਹਨ ਵਾਲੇ ਨੂੰ ਇਉਂ ਜਾਪਦਾ ਹੈ ਜਿਵੇਂ ਉਹ ਉਸ ਨਾਵਲ ਜਾਂ ਲਿਖਤ ਦਾ ਹੀ ਇਕ ਪਾਤਰ ਹੋਵੇ।
    ਮਿਸਾਲ ਵਜੋਂ, ''ਜਿਉਂ ਹੀ ਨਾਇਕ ਨੇ ਦਰਵਾਜ਼ਾ ਖੋਲ੍ਹਿਆ'', ਪੜ੍ਹਦੇ ਸਾਰ ਪੜ੍ਹਨ ਵਾਲੇ ਨੂੰ ਇੰਜ ਜਾਪਣ ਲੱਗ ਪੈਂਦਾ ਹੈ ਜਿਵੇਂ ਉਹ ਵੀ ਨਾਵਲ ਵਿਚਲੇ ਨਾਇਕ ਨਾਲ ਦਰਵਾਜ਼ੇ ਅੰਦਰ ਝਾਕਣ ਲੱਗਿਆ ਹੈ।
    ਬਿਲਕੁਲ ਇੰਜ ਹੀ ਜਦੋਂ ਕੋਈ ਨਾਵਲ ਵਿੱਚੋਂ ਕਹਾਣੀ ਪੜ੍ਹ ਕੇ ਸੁਣਾਏ ਤਾਂ ਨਾ ਸਿਰਫ਼ ਦਿਮਾਗ਼ ਅੰਦਰ ਚਿੱਤਰ ਬਣਦੇ ਜਾਂਦੇ ਹਨ, ਬਲਕਿ ਦਿਮਾਗ਼ ਦਾ ਉਹ ਹਿੱਸਾ ਜੋ ਜ਼ਬਾਨ ਦੀ ਬਰੀਕੀ ਸਮਝਣ ਲਈ ਬਣਿਆ ਹੋਇਆ ਹੈ, ਉਸ ਵਿਚ ਵੀ ਤਰਥੱਲੀ ਮਚ ਜਾਂਦੀ ਹੈ ਤੇ ਉਹ ਨਵਾਂ ਸੁਣਿਆ ਕੋਈ ਅੱਖਰ ਝਟਪਟ ਡੀਕੋਡਿੰਗ ਕਰਨ ਵਿਚ ਜੁਟ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਵਿਚ ਵੀ ਬਹੁਤ ਹਿਲਜੁਲ ਹੁੰਦੀ ਹੈ। ਨਾਇਕ ਨਾਲ ਹੀ ਹੱਸਣਾ, ਰੋਣਾ, ਭਾਵੁਕ ਹੋਣਾ, ਗੁੱਸੇ ਵਿਚ ਆ ਜਾਣਾ, ਆਈਸਕ੍ਰੀਮ ਜਾਂ ਹੋਰ ਖਾਣ ਵਾਲੀ ਚੀਜ਼ ਨੂੰ ਨਾਇਕ ਦੇ ਨਾਲ ਹੀ ਖਾਣ ਲਈ ਆਪਣਾ ਜੀਅ ਲਲਚਾਉਣਾ, ਆਦਿ ਹੋਣ ਲੱਗ ਪੈਂਦੇ ਹਨ।
    ਰੋਮਾਂਚਕ ਨਾਵਲ ਵਿਚ ਪੜ੍ਹੀ ਜਾ ਰਹੀ ਗੱਲ ਸਾਡੀ ਸੋਚ ਤੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵਿਚ ਵੀ ਵੜ ਜਾਂਦੀ ਹੈ ਕਿਉਂਕਿ ਉਸ ਹਿੱਸੇ ਵੱਲ ਅਨੇਕ ਤਰੰਗਾਂ ਜਾਂਦੀਆਂ ਵੇਖੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਕਿਤਾਬਾਂ ਜਿੱਥੇ ਸਾਡੀ ਸੋਚ ਨੂੰ ਤਬਦੀਲ ਕਰ ਦਿੰਦੀਆਂ ਹਨ, ਉੱਥੇ ਸਾਡੀ ਲੰਮੇ ਸਮੇਂ ਤੱਕ ਟਿਕੀ ਰਹਿਣ ਵਾਲੀ ਯਾਦ ਦਾ ਹਿੱਸਾ ਵੀ ਬਣ ਜਾਂਦੀਆਂ ਹਨ।
    ਸਟੈਨਫੋਰਡ ਯੂਨੀਵਰਸਿਟੀ ਦੀ ਖੋਜ ਵਿਚ ਇਹ ਸਾਬਤ ਹੋਇਆ ਹੈ ਕਿ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਨਾਲ ਦਿਮਾਗ਼ ਦੇ ਵੱਖ ਹਿੱਸੇ ਵਿਚ ਹਲਚਲ ਹੁੰਦੀ ਹੈ ਜਦਕਿ ਹਾਸੇ ਠੱਠੇ ਵਾਲੀ ਨਾਲ ਵੱਖਰੇ ਹਿੱਸੇ ਵਿਚ ਲਹੂ ਦਾ ਵਹਾਓ ਵੱਧਦਾ ਹੈ। ਇੰਜ ਹੀ ਬੁਝਾਰਤਾਂ ਵਾਲੀ ਨਾਲ ਦਿਮਾਗ਼ ਦੇ ਅਲੱਗ ਹਿੱਸੇ ਦੀ ਕਸਰਤ ਹੁੰਦੀ ਹੈ। ਯਾਨੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤਾਬਾਂ ਪੜ੍ਹਨ ਦਾ ਮਤਲਬ ਹੈ ਦਿਮਾਗ਼ ਦੀ ਤਗੜੀ ਕਸਰਤ ਤੇ ਅਨੇਕ ਔਖੀਆਂ ਸਮਝਣ ਵਾਲੀਆਂ ਗੁੰਝਲਾਂ ਨੂੰ ਸੁਲਝਾਉਣ ਦੇ ਨਾਲ ਹੀ ਵਿਚਾਰਾਂ ਦਾ ਉਜਾਗਰ ਹੋਣਾ ਤੇ ਜਜ਼ਬਾਤਾਂ ਸਦਕਾ ਸੈੱਲਾਂ ਦਾ ਤੇਜ਼ੀ ਨਾਲ ਸੁੰਗੜਨਾ-ਫੈਲਣਾ।


ਸਵੀਡਨ ਦੀ ਲੁੰਡ ਯੂਨੀਵਰਸਿਟੀ ਵਿਚਲੀ ਖੋਜ :-
    ਸਵੀਡਨ ਦੇ ਫੌਜੀਆਂ ਨੂੰ ਵੱਖੋ-ਵੱਖ ਜ਼ਬਾਨਾਂ ਸਿਖਾਉਣ ਸਮੇਂ ਉਨ੍ਹਾਂ ਦੇ ਦਿਮਾਗ਼ ਦੇ ਸਕੈਨ ਕੀਤੇ ਗਏ। ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਗਈਆਂ, ਓਨਾ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਹਿੱਪੋਕੈਂਪਸ ਤੇ ਸੈਰੇਬਰਲ ਕੌਰਟੈਕਸ ਹਿੱਸੇ ਵੱਧ ਵਿਕਸਿਤ ਹੋਏ ਲੱਭੇ। ਸਿਰਫ਼ ਤਿੰਨ ਮਹੀਨਿਆਂ ਦੀ ਪੜ੍ਹਾਈ ਨਾਲ ਹੀ ਦਿਮਾਗ਼ ਦੇ ਹਿੱਸਿਆਂ ਦਾ ਏਨਾ ਜ਼ਿਆਦਾ ਵਿਕਾਸ ਹੋਣਾ ਆਪਣੇ ਆਪ ਹੀ ਸਪਸ਼ਟ ਕਰ ਦਿੰਦਾ ਹੈ ਕਿ ਲੰਮੇ ਸਮੇਂ ਤਕ ਦਿਮਾਗ਼ ਚੁਸਤ ਦਰੁਸਤ ਤੇ ਤੰਦਰੁਸਤ ਰੱਖਣ ਲਈ ਕਿਤਾਬਾਂ ਹਰ ਹਾਲ ਪੜ੍ਹਨੀਆਂ ਚਾਹੀਦੀਆਂ ਹਨ।


ਈ-ਕਿਤਾਬਾਂ (ਕਿੰਡਲ) :-
    ਅੱਜ ਕਲ ਬਹੁਤ ਜਣੇ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਪੜ੍ਹਨਾ ਚਾਹੁੰਦੇ ਹਨ। ਜਿਨ੍ਹਾਂ ਨੇ ਕਦੇ ਕੰਪਿਊਟਰ ਉੱਤੇ ਕੰਮ ਨਾ ਕੀਤਾ ਹੋਵੇ, ਉਹ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਸਿਖ ਸਕਦੇ ਹਨ। ਈ-ਕਿਤਾਬਾਂ ਨੂੰ ਪੜ੍ਹਨ ਦਾ ਭਾਵੇਂ ਰਿਵਾਜ਼ ਬਣ ਗਿਆ ਹੋਵੇ ਪਰ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਇਸ ਨਾਲ ਅੱਖਾਂ ਉੱਤੇ ਜ਼ਿਆਦਾ ਜ਼ੋਰ ਪੈਂਦਾ ਹੈ ਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ। ਏਸੇ ਲਈ ਈ-ਕਿਤਾਬਾਂ ਪੜ੍ਹਦਿਆਂ ਅੱਖਾਂ ਦੀ ਛੇਤੀ ਥਕਾਵਟ ਹੋ ਜਾਂਦੀ ਹੈ।
    ਸਿਰਫ਼ ਅੱਖਾਂ ਦੀ ਥਕਾਵਟ ਹੀ ਨਹੀਂ, ਇਸ ਨਾਲ ਦਿਮਾਗ਼ ਅੰਦਰ 'ਸਪੇਸ਼ੀਅਲ ਨੈਵੀਗੇਬਿਲਟੀ' ਵੀ ਨਹੀਂ ਬਣਦੀ। ਇਨਸਾਨੀ ਦਿਮਾਗ਼ ਵਧੀਆ ਨਕਸ਼ੇ ਬਣਾਉਣ ਵਿਚ ਮਾਹਿਰ ਹੁੰਦਾ ਹੈ। ਕਿਤਾਬ ਕਿੰਨੀ ਰਹਿੰਦੀ ਹੈ, ਕਿਵੇਂ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਉੱਠਣ ਸਮੇਂ ਝਟਪਟ ਪੰਨੇ 'ਚ ਨਿਸ਼ਾਨੀ ਟਿਕਾਉਣੀ ਹੈ, ਕਿਹੜਾ ਪੰਨਾ ਵਾਪਸ ਪਲਟਦੇ ਸਾਰ ਉਹੀ ਗੱਲ ਦੁਬਾਰਾ ਪੜ੍ਹਨੀ ਹੈ, ਵਰਗੀ ਗੱਲ ਈ-ਕਿਤਾਬ ਵਿਚ ਹੋ ਨਹੀਂ ਸਕਦੀ ਤੇ ਨਾ ਹੀ ਉਸ ਤੋਂ ਪੜ੍ਹਦਿਆਂ ਉਸਦੇ ਬਚੇ ਹੋਏ ਪੰਨਿਆਂ ਬਾਰੇ ਦਿਮਾਗ਼ ਵਿਚ ਨਕਸ਼ਾ ਬਣਦਾ ਹੈ। ਇਸੇ ਲਈ ਜਿੰਨਾ ਆਨੰਦ ਦਿਮਾਗ਼ ਕਿਤਾਬ ਪੜ੍ਹਦਿਆਂ ਲੈਂਦਾ ਹੈ, ਓਨਾ ਲਹੂ ਦਾ ਵਹਾਓ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵਿਚ ਈ-ਕਿਤਾਬ ਪੜ੍ਹਦਿਆਂ ਨਹੀਂ ਦਿਸਦਾ।
    ਕੁੱਝ ਈ-ਕਿਤਾਬਾਂ ਵਿਚ ਪੰਨਿਆਂ ਦੇ ਨੰਬਰ ਤੇ ਪੰਨੇ ਪਲਟਨ ਦਾ ਇਹਸਾਸ ਉਨ੍ਹਾਂ ਨੂੰ ਅਸਲ ਕਾਗਜ਼ ਦੀਆਂ ਕਿਤਾਬਾਂ ਵਾਂਗ ਹੀ ਮਹਿਸੂਸ ਕਰਵਾ ਦਿੰਦਾ ਹੈ ਪਰ ਫਿਰ ਵੀ ਦਿਮਾਗ਼ ਅੰਦਰ ਓਨੀ ਲਹੂ ਦੀ ਰਵਾਨੀ ਨਹੀਂ ਹੁੰਦੀ ਲੱਭੀ ਜਿੰਨੀ ਕਾਗਜ਼ ਦੀਆਂ ਕਿਤਾਬਾਂ ਨਾਲ ਹੁੰਦੀ ਲੱਭੀ ਗਈ ਹੈ।


ਕਿਤਾਬਾਂ ਪੜ੍ਹਨ ਨਾਲ ਦਿਮਾਗ਼ ਦੀ ਸੋਚਣ ਸਮਝਣ ਦੀ ਤਾਕਤ ਕਿਵੇਂ ਵੱਧਦੀ ਹੈ?
    ਹਰ ਕਹਾਣੀ ਦਾ ਇੱਕ ਸ਼ੁਰੂ, ਇੱਕ ਮੱਧ ਤੇ ਇੱਕ ਅੰਤ ਹੁੰਦਾ ਹੈ। ਏਸੇ ਤਰਜ਼ ਉੱਤੇ ਦਿਮਾਗ਼ ਕਹਾਣੀ ਦੇ ਸ਼ੁਰੂ ਤੋਂ ਹੀ ਆਪਣੇ ਆਪ ਕੁੱਝ ਅੰਦਾਜ਼ੇ ਲਾਉਣ ਲੱਗ ਪੈਂਦਾ ਹੈ। ਇਨ੍ਹਾਂ ਅੰਦਾਜ਼ਿਆਂ ਦੌਰਾਨ ਦਿਮਾਗ਼ ਇਕ ਕ੍ਰਮ ਵਿਚ ਸੋਚਣਾ ਸਿੱਖਦਾ ਹੈ। ਫੇਰ ਦੋ ਸੋਚਾਂ ਨੂੰ ਜੋੜਨਾ ਤੇ ਉਸ ਵਿੱਚੋਂ ਨਿਚੋੜ ਕੱਢਣਾ। ਜਿੰਨਾ ਜ਼ਿਆਦਾ ਪੜ੍ਹਿਆ ਜਾਵੇ, ਓਨਾ ਹੀ ਦਿਮਾਗ਼ ਆਪਣੇ ਜੋੜ ਵਧਾਉਣ ਲੱਗ ਪੈਂਦਾ ਹੈ।
    ਏਸੇ ਲਈ ਬੱਚਿਆਂ ਨੂੰ ਲਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਕਿਤਾਬਾਂ ਵਿੱਚੋਂ ਪੜ੍ਹ ਕੇ ਸੁਣਾਈਆਂ ਜਾਣ। ਇੰਜ ਉਨ੍ਹਾਂ ਦੇ ਦਿਮਾਗ਼ ਦੀ ਲਚਕ ਵਧਦੀ ਹੈ ਤੇ ਯਾਦਾਸ਼ਤ ਦਾ ਸੈਂਟਰ ਵੀ ਵੱਡਾ ਹੋ ਜਾਂਦਾ ਹੈ।
    ਇਹ ਵੀ ਖੋਜਾਂ ਰਾਹੀਂ ਸਿੱਧ ਹੋ ਚੁੱਕਿਆ ਹੈ ਕਿ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦੇ ਧਿਆਨ ਲਾਉਣ ਵਿਚ ਵਾਧਾ ਹੋ ਜਾਂਦਾ ਹੈ ਤੇ ਉਹ ਟਿਕ ਕੇ ਬਹਿਣ ਲੱਗ ਪੈਂਦੇ ਹਨ।


ਕੀ ਦਿਮਾਗ਼ ਦੀ ਬਣਤਰ ਵਿਚ ਵੀ ਫ਼ਰਕ ਪੈਂਦਾ ਹੈ?
    ਕੁੱਝ ਖੋਜਾਂ ਦੌਰਾਨ ਅਜਿਹੇ ਬੰਦੇ ਲੱਭੇ ਗਏ ਜੋ ਬਿਲਕੁਲ ਕਿਤਾਬਾਂ ਨਹੀਂ ਸਨ ਪੜ੍ਹਦੇ। ਉਨ੍ਹਾਂ ਸਾਰਿਆਂ ਨੂੰ ਛੇ ਮਹੀਨੇ ਲਗਾਤਾਰ ਮਿਹਨਤ ਕਰ ਕੇ ਪੜ੍ਹਨ ਦੀ ਆਦਤ ਪਾਈ ਗਈ। ਜਦੋਂ ਸਭ ਦੀ ਪੜ੍ਹਨ ਵਿਚ ਰੁਚੀ ਪੈਦਾ ਹੋ ਗਈ ਤਾਂ ਉਨ੍ਹਾਂ ਦੇ ਪਹਿਲੇ ਦੇ ਅਤੇ ਬਾਅਦ ਦੇ ਦਿਮਾਗ਼ ਦੀ ਕੀਤੀ ਮੈਪਿੰਗ ਵਿਚਲਾ ਫਰਕ ਲੱਭਿਆ ਗਿਆ।
    ਨਤੀਜੇ ਸਨ, ਕਿ 83 ਫੀਸਦੀ ਦੇ ਦਿਮਾਗ਼ਾਂ ਦੇ 'ਵਾਈਟ ਮੈਟਰ' ਵਿਚ ਕਾਫ਼ੀ ਵਾਧਾ ਹੋਇਆ ਲੱਭਿਆ। ਇਸ ਵਿੱਚੋਂ ਵੀ 'ਲੈਂਗੂਏਜ ਜ਼ੋਨ' ਹਿੱਸਾ ਕਾਫ਼ੀ ਫੈਲਿਆ ਹੋਇਆ ਲੱਭਿਆ। ਯਾਨੀ ਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਹੋਰ ਜ਼ਬਾਨਾਂ ਵਿਚ ਸਾਂਝ ਗੰਢਣ ਵਿਚ ਆਸਾਨੀ ਹੋ ਗਈ।
    ਇੰਜ ਸਪਸ਼ਟ ਹੋ ਗਿਆ ਕਿ ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਤਾਂ ਵਧਦੀ ਹੀ ਹੈ, ਜ਼ਬਾਨ ਵਿਚ ਮਹਾਰਤ ਵੀ ਵਧਦੀ ਹੈ ਤੇ ਦਿਮਾਗ਼ ਆਪਣੀਆਂ ਨਵੀਆਂ ਕਾਢਾਂ ਕੱਢਣ ਤੇ ਹੋਰ ਸਿੱਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਤੇ ਤਰੋਤਾਜ਼ਾ ਰਹਿੰਦਾ ਹੈ।


ਸਹਿਨਸ਼ੀਲਤਾ ਤੇ ਕਿਸੇ ਦੀ ਖਿੱਚ ਦਾ ਕਾਰਨ ਬਣਨਾ :-
    ਜਿੰਨੀਆਂ ਵੱਧ ਕਿਤਾਬਾਂ ਪੜ੍ਹਦੇ ਰਹੋ ਓਨਾ ਹੀ ਦਿਮਾਗ਼ ਹੌਲੀ-ਹੌਲੀ ਸਹਿਨਸ਼ੀਲ ਹੁੰਦਾ ਜਾਂਦਾ ਹੈ ਤੇ ਆਪਣੇ ਗਿਆਨ ਦੇ ਆਧਾਰ ਉੱਤੇ ਦੂਜੇ ਨੂੰ ਕੀਲ ਲੈਣ ਦੀ ਸਮਰੱਥਾ ਵੱਧ ਜਾਂਦੀ ਹੈ।
    ਕਹਾਣੀ ਵਿਚਲੇ ਕਿਰਦਾਰ ਨਾਲ ਜੁੜਨਾ ਤੇ ਉਸ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਣੀ ਜਾਂ ਉਸ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੁੱਧ ਆਵਾਜ਼ ਚੁੱਕਣ ਦਾ ਹੀਆ ਕਰਨਾ ਤੇ ਜੁਰਮ ਕਰਨ ਵਾਲੇ ਦਾ ਵਿਰੋਧ ਕਰਨ ਦੀ ਚਿੰਗਾਰੀ ਪੈਦਾ ਹੋਣੀ ਜਾਂ ਲੀਡਰ ਬਣ ਕੇ ਸਮਾਜ ਸੁਧਾਰਨ ਦਾ ਜ਼ਿੰਮਾ ਚੁੱਕਣਾ ਵਰਗੇ ਵਿਚਾਰ ਕਿਤਾਬਾਂ ਪੜ੍ਹਨ ਤੋਂ ਬਾਅਦ ਬੜੇ ਤਰਤੀਬਵਾਰ ਤਰੀਕੇ ਨਾਲ ਸ਼ੁਰੂ ਹੁੰਦੇ ਹਨ।
    ਗਿਆਨਵਾਨ, ਸੂਝਵਾਨ, ਚਿੰਤਕ ਜਾਂ ਖੋਜੀ ਸੁਭਾਓ, ਇਹ ਸਾਰੇ ਹੀ ਕਿਤਾਬਾਂ ਪੜ੍ਹਨ ਨਾਲ ਕਿਸੇ ਦੀ ਸ਼ਖ਼ਸੀਅਤ ਵਿਚ ਦਿਸ ਸਕਦੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਵਾਲੇ ਦੇ ਦਿਮਾਗ਼ ਦੇ ਸ਼ਬਦਕੋਸ਼ ਵਿੱਚੋਂ ਢੁਕਵੇਂ ਤੇ ਲੋੜੀਂਦੇ ਸ਼ਬਦ ਲੋੜ ਪੈਣ ਉੱਤੇ ਸੌਖਿਆਂ ਹੀ ਉਘਾੜੇ ਜਾ ਸਕਦੇ ਹਨ।
    ਅੱਜ ਦੀ ਪੀੜ੍ਹੀ ਕਿਤਾਬਾਂ ਤੋਂ ਦੂਰੀ ਵਧਾ ਰਹੀ ਹੈ। ਮੋਬਾਈਲ ਤੇ ਇੰਟਰਨੈੱਟ ਵੱਲ ਵਧਦਾ ਝੁਕਾਓ ਦਿਮਾਗ਼ ਨੂੰ ਸਹਿਜ ਕਰਨ ਦੀ ਥਾਂ ਭੜਕਾਊ ਵਿਚਾਰ ਤੇ ਘਬਰਾਹਟ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਸਹਿਨਸ਼ੀਲਤਾ ਘੱਟਦੀ ਜਾ ਰਹੀ ਹੈ ਤੇ ਜੁਰਮ ਵਧਦਾ ਜਾ ਰਿਹਾ ਹੈ।
    ਜੇ ਸਮਾਜ ਬਿਹਤਰ ਬਣਾਉਣਾ ਹੈ ਤਾਂ ਬੱਚਿਆਂ ਤੇ ਨੌਜਵਾਨਾਂ ਵਿਚ ਪੜ੍ਹਨ ਦੀ ਰੁਚੀ ਵਧਾਉਣੀ ਪੈਣੀ ਹੈ।


ਉਸ ਵਾਸਤੇ ਕੀ ਕੀਤਾ ਜਾਵੇ?
1.    ਹਰ ਛੋਟੇ ਬੱਚੇ ਨੂੰ ਖਿਡੌਣਿਆਂ ਦੇ ਨਾਲ ਕਹਾਣੀਆਂ ਦੀਆਂ ਕਿਤਾਬਾਂ ਵੀ ਦੇਣੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਹਨ।
2.    ਬੱਚੇ ਨੂੰ ਇਨਾਮ ਦੇਣ ਸਮੇਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ।
3.    ਸਕੂਲਾਂ ਵਿਚ ਬੱਚਿਆਂ ਨੂੰ ਹਰ ਹਫ਼ਤੇ ਵਿਚ ਦੋ ਵਾਰ ਲਾਇਬਰੇਰੀ ਦੇ ਪੀਰੀਅਡ ਦੌਰਾਨ ਨਾਵਲ ਜਾਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਦਾ ਸਾਰ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
4.    ਸਕੂਲ ਵਿੱਚੋਂ ਘਰ ਦੇ ਲਈ ਦਿੱਤੇ ਕੰਮ ਵਿਚ ਕੋਈ ਨਾ ਕੋਈ ਕਿਤਾਬ ਦੇ ਕਿਸੇ ਚੈਪਟਰ ਨੂੰ ਪੜ੍ਹ ਕੇ ਆਉਣ ਅਤੇ ਉਸ ਬਾਰੇ ਅਗਲੇ ਦਿਨ ਕਲਾਸ ਵਿਚ ਸਵਾਲ ਜਵਾਬ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
5.    ਬਸਾਂ, ਗੱਡੀਆਂ ਵਿਚ ਇਕ ਖ਼ਾਨਾ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਸਫ਼ਰ ਦੌਰਾਨ ਕਿਤਾਬਾਂ ਪੜ੍ਹੀਆਂ ਜਾ ਸਕਣ।
6.    ਪਬਲਿਕ ਥਾਵਾਂ ਉੱਤੇ ਛੋਟੀਆਂ ਅਲਮਾਰੀਆਂ ਵਿਚ ਕਿਤਾਬਾਂ ਰਖਣੀਆਂ ਚਾਹੀਦੀਆਂ ਹਨ ਤਾਂ ਜੋ ਚਲਦੀਆਂ ਫਿਰਦੀਆਂ ਲਾਇਬਰੇਰੀਆਂ ਹੋਂਦ ਵਿਚ ਆ ਸਕਣ।
7.    ਜਨਮ ਦਿਨ ਤੇ ਵਿਆਹਾਂ ਦੇ ਸਮਾਗ਼ਮਾਂ ਵਿਚ ਵੀ ਵਧੀਆ ਕਿਤਾਬਾਂ ਹੀ ਸੁਗ਼ਾਤ ਵਜੋਂ ਦੇਣੀਆਂ ਚਾਹੀਦੀਆਂ ਹਨ।
8.    ਨਿੱਕੇ ਬੱਚਿਆਂ ਲਈ ਖ਼ੂਬਸੂਰਤ ਚਿਤਰਾਂ ਵਾਲੀਆਂ ਪਲਾਸਟਿਕ ਦੇ ਪੰਨਿਆਂ ਵਾਲੀਆਂ ਕਿਤਾਬਾਂ ਬਜ਼ਾਰ ਵਿਚ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਾ ਹਰ ਸਮੇਂ ਖਿਡੌਣੇ ਵਾਂਗ ਉਨ੍ਹਾਂ ਨੂੰ ਜੱਫੀ ਵਿਚ ਲੈ ਕੇ ਫਿਰਦਾ ਰਹੇ।
9.    ਬੱਚਿਆਂ ਦੇ ਕਮਰੇ ਵਿਚ ਛੋਟੀ ਅਲਮਾਰੀ ਵਿਚ ਕਿਤਾਬਾਂ ਦੀ ਲਾਇਬਰੇਰੀ ਬਣਾ ਦੇਣੀ ਚਾਹੀਦੀ ਹੈ।
    ਜੇ ਕਿਤਾਬਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ਆਪਣੀ ਆਦਤ ਬਦਲ ਲੈਣੀ ਚਾਹੀਦੀ ਹੈ ਤੇ ਟੀ.ਵੀ., ਇੰਟਰਨੈੱਟ, ਮੋਬਾਈਲ ਦੀ ਵਰਤੋਂ ਘਟਾ ਕੇ ਕੁੱਝ ਸਮਾਂ ਕਿਤਾਬਾਂ ਪੜ੍ਹਨ ਵੱਲ ਵੀ ਲਾਉਣਾ ਚਾਹੀਦਾ ਹੈ। ਇਕ ਵਿਦਵਾਨ ਨੇ ਕਿਹਾ ਸੀ ਕਿ ''ਲਿਟਰੇਸੀ ਇਜ਼ ਏ ਬਰਿੱਜ ਫਰੌਮ ਮਿਜ਼ਰੀ ਟੂ ਹੋਪ''। ਸਚਮੁਚ ਉਮੀਦ ਦੀ ਕਿਰਨ ਜਗਾਉਣ ਵਾਲੀ ਕਿਤਾਬ ਨਾ ਸਿਰਫ਼ ਦਿਮਾਗ਼ ਅੰਦਰਲੇ ਹਨ੍ਹੇਰੇ ਨੂੰ ਦੂਰ ਕਰ ਕੇ ਚਾਨਣ ਕਰ ਦਿੰਦੀ ਹੈ, ਬਲਕਿ ਸਮਾਜ ਨੂੰ ਬਿਹਤਰ ਬਣਾਉਣ ਵਿਚ ਵੀ ਮਦਦ ਕਰਦੀ ਹੈ।
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

21 Jan. 2019

ਪਲਾਸਟਿਕ ਦਾ ਕਹਿਰ - ਡਾ. ਹਰਸ਼ਿੰਦਰ ਕੌਰ, ਐਮ. ਡੀ.

  
ਇਨ੍ਹਾਂ ਤੱਥਾਂ ਵੱਲ ਧਿਆਨ ਕਰੀਏ :-
1.    ਪੂਰੀ ਦੁਨੀਆ ਵਿਚ ਹਰ ਮਿੰਟ ਵਿਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ।
2.    ਪੂਰੀ ਦੁਨੀਆ ਵਿਚ ਬਣ ਰਹੇ ਤੇ ਵਿਕ ਰਹੇ ਪਲਾਸਟਿਕ ਵਿੱਚੋਂ ਲਗਭਗ ਅੱਧੇ ਤੋਂ ਰਤਾ ਕੁ ਵੱਧ ਇਕ ਵਾਰ ਵਰਤ ਕੇ ਸੁੱਟਣ ਵਾਲਾ ਹੁੰਦਾ ਹੈ।
3.    ਇਕੱਲੇ ਭਾਰਤ ਵਿਚ ਲਗਭਗ 4000 ਕਰੋੜ ਪਾਣੀ ਕੋਕ ਜਾਂ ਜੂਸ ਪੀਣ ਵਾਲੇ ਸਟਰਾਅ ਹਰ ਸਾਲ ਵਰਤੇ ਜਾਂਦੇ ਹਨ।
4.    ਦੁਨੀਆ ਭਰ ਵਿਚ ਹਰ ਮਿੰਟ ਵਿਚ 10 ਲੱਖ ਤੋਂ ਵੱਧ ਪਲਾਸਟਿਕ ਦੇ ਲਿਫ਼ਾਫੇ ਵਿਕ ਰਹੇ ਹਨ।
5.    ਲਗਭਗ 80 ਫੀਸਦੀ ਤੋਂ ਵੱਧ ਟੂਟੀਆਂ ਵਿਚ ਆਉਂਦੇ ਪਾਣੀ ਵਿਚ ਵੀ ਮਾਈਕਰੋਪਲਾਸਟਿਕ ਲੱਭਿਆ ਗਿਆ ਹੈ। ਭਾਰਤ ਇਸ ਲਿਸਟ ਵਿਚ ਤੀਜੇ ਨੰਬਰ ਉੱਤੇ ਹੈ। ਇਸ ਨੂੰ ਕੈਂਸਰ ਤੇ ਮੋਟਾਪੇ ਦਾ ਇਕ ਕਾਰਣ ਮੰਨ ਲਿਆ ਗਿਆ ਹੈ।
6.    ਲਗਭਗ 380 ਮਿਲੀਅਨ ਟਨ ਪਲਾਸਟਿਕ ਹਰ ਸਾਲ ਪੂਰੀ ਦੁਨੀਆ ਵਿਚ ਬਣਾਇਆ ਜਾ ਰਿਹਾ ਹੈ।
7.    ਪੂਰੀ ਦੁਨੀਆ ਵਿਚ ਸੰਨ 1950 ਤੋਂ 2018 ਤੱਕ 6.3 ਬਿਲੀਅਨ ਟਨ ਪਲਾਸਟਿਕ ਬਣਾਇਆ ਜਾ ਚੁੱਕਿਆ ਹੈ ਜਿਸ ਵਿੱਚੋਂ 9 ਫੀਸਦੀ ਦੁਬਾਰਾ ਵਰਤਿਆ ਜਾ ਰਿਹਾ ਹੈ ਤੇ 12 ਫੀਸਦੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
8.    ਇਕੱਲੇ ਇੰਗਲੈਂਡ ਵਿਚ 5 ਮਿਲੀਅਨ ਟਨ ਪਲਾਸਟਿਕ ਹਰ ਸਾਲ ਵਰਤਿਆ ਜਾਂਦਾ ਹੈ ਜਿਸ ਵਿੱਚੋਂ ਇਕ ਚੌਥਾਈ ਦੁਬਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਦੇ ਨਾਲ ਧਰਤੀ ਵਿਚਲੀ ਡੂੰਘੀ ਥਾਂ ਭਰ ਦਿੱਤੀ ਜਾਂਦੀ ਹੈ।
9.    ਸਮੁੰਦਰੀ ਜੀਵਾਂ ਵਿੱਚੋਂ 90 ਫੀਸਦੀ ਦੇ ਨੇੜੇ ਤੇੜੇ ਦੇ ਸਰੀਰਾਂ ਵਿਚ ਪਲਾਸਟਿਕ ਦੇ ਅੰਸ਼ ਲੱਭ ਚੁੱਕੇ ਹਨ।
10.    ਬੰਗਲਾਦੇਸ ਵਿਚ ਹੋਈ ਖੋਜ ਰਾਹੀਂ ਸਾਬਤ ਹੋਇਆ ਹੈ ਕਿ ਪਲਾਸਟਿਕ ਵਿਚ ਬਿਸਫਿਨੋਲ
ਏ, ਐਂਟੀਮਿਨੀ ਟਰਾਈਓਕਸਾਈਡ, ਬਰੋਮੀਨੇਟਿਡ ਫਲੇਮ ਰਿਟਾਰਡੈਂਟ, ਪੌਲੀ ਫਲੋਰੀਨੇਟਿਡ ਕੈਮੀਕਲ ਤੱਤ, ਆਦਿ ਜੋ ਅੱਖਾਂ ਵਿਚ ਰੜਕ, ਨਜ਼ਰ ਦਾ ਘਟਣਾ, ਸਾਹ ਦੀਆਂ ਤਕਲੀਫ਼ਾਂ, ਜਿਗਰ ਵਿਚ ਨੁਕਸ, ਕੈਂਸਰ, ਚਮੜੀ ਦੇ ਰੋਗ, ਸਿਰ ਪੀੜ, ਚੱਕਰ, ਜਮਾਂਦਰੂ ਨੁਕਸ, ਸ਼ਕਰਾਣੂਆਂ ਵਿਚ ਕਮੀ, ਦਿਲ ਦੇ ਰੋਗ, ਜੀਨ ਵਿਚ ਨੁਕਸ, ਅੰਤੜੀਆਂ ਵਿਚ ਨੁਕਸ, ਆਦਿ ਕਰ ਸਕਦੇ ਹਨ।
11.    ਸਾਬਤ ਹੋ ਚੁੱਕਿਆ ਹੈ ਕਿ ਇਕ ਛੋਟਾ ਪਲਾਸਟਿਕ ਦਾ ਕੱਪ 50 ਸਾਲਾਂ ਵਿਚ ਗਲਦਾ ਹੈ, ਇਕ ਪਲਾਸਟਿਕ ਦੀ ਠੰਡੇ ਦੀ ਬੋਤਲ ਨੂੰ 400 ਸਾਲ ਲੱਗਦੇ ਹਨ ਤੇ ਪਲਾਸਟਿਕ ਦੇ ਇਕ ਵਾਰ ਵਰਤੇ ਜਾਣ ਵਾਲੇ ਬੱਚੇ ਦੇ ਨੈਪੀ 450 ਸਾਲਾਂ ਵਿਚ ਖੁਰਦੇ ਹਨ ਜਦਕਿ ਮੱਛੀ ਫੜਨ ਵਾਲੀ ਪਲਾਸਟਿਕ ਦੀ ਤਾਰ ਨੂੰ ਮਿੱਟੀ ਵਿਚ ਘੁਲ ਕੇ ਖ਼ਤਮ ਹੋਣ ਵਿਚ 600 ਸਾਲ ਲੱਗ ਜਾਂਦੇ ਹਨ।
12.    ਧਰਤੀ ਵਿਚ ਰਲਦੇ ਪਲਾਸਟਿਕ ਵਿੱਚੋਂ ਨਿਕਲੇ ਕੈਮੀਕਲ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਕੇ ਉਸ ਨੂੰ ਹਾਣੀਕਾਰਕ ਬਣਾ ਦਿੰਦੇ ਹਨ ਜੋ ਕਿਸੇ ਇਕ ਮੁਲਕ ਵਿਚਲੀ ਸੀਮਾ ਤੱਕ ਸੀਮਤ ਨਾ ਰਹਿ ਕੇ ਪੂਰੀ ਧਰਤੀ ਉੱਤੇ ਵੱਸਦੇ ਹਰ ਜੀਵ ਨੂੰ ਸ਼ਿਕਾਰ ਬਣਾ ਸਕਦੇ ਹਨ।
13.    ਮਿੱਟੀ ਵਿਚ ਪਲਾਸਟਿਕ ਨੂੰ ਖੋਰਨ ਲਈ ਸੂਡੋਮੋਨਾਜ਼ ਕੀਟਾਣੂ, ਫਲੇਵੋਬੈਕਟੀਰੀਆ, ਨਾਈਲੋਨੇਜ਼ ਕੱਢਦੇ ਕੀਟਾਣੂ, ਆਦਿ ਇਸ ਦੀ ਤੋੜ ਭੰਨ ਕਰਦਿਆਂ ਮੀਥੇਨ ਗੈਸ ਬਣਾ ਦਿੰਦੇ ਹਨ, ਜੋ ਪੂਰੇ ਵਾਤਾਵਰਣ ਨੂੰ ਗੰਧਲਾ ਕਰ ਸਕਦੀ ਹੈ।
14.    ਸੰਨ 2012 ਵਿਚ 165 ਮਿਲੀਅਨ ਟਨ ਪਲਾਸਟਿਕ ਦੁਨੀਆ ਭਰ ਦੇ ਸਮੁੰਦਰਾਂ ਵਿਚ ਫੈਲ ਚੁੱਕਿਆ ਸੀ। ਪਲਾਸਟਿਕ ਦੀ ਇਕ ਕਿਸਮ 'ਨਰਡਲ' ਜੋ ਨਿੱਕੇ ਪਲਾਸਟਿਕ ਦੇ ਟੋਟਿਆਂ ਦੀ ਸ਼ਕਲ ਵਿਚ ਸਮੁੰਦਰੀ ਜਹਾਜ਼ਾਂ ਰਾਹੀਂ ਵੱਖੋ-ਵੱਖ ਮੁਲਕਾਂ ਵਿਚ ਪਹੁੰਚਦੀ ਹੈ, ਦੇ ਕਈ ਬਿਲੀਅਨ ਟੋਟੇ ਸਮੁੰਦਰ ਵਿਚ ਡਿੱਗ ਚੁੱਕੇ ਹਨ। ਇਹ ਟੋਟੇ ਸਾਲ ਕੁ ਦੇ ਵਿਚ ਗਲ ਜਾਂਦੇ ਹਨ ਤੇ ਇਸ ਵਿੱਚੋਂ ਪੌਲੀਸਟਾਈਰੀਨ ਤੇ ਬਿਸਫਿਰੋਲ ਏ ਸਮੁੰਦਰੀ ਪਾਣੀ ਵਿਚ ਘੁਲ ਜਾਂਦੇ ਹਨ।
15.    ਤਾਜ਼ਾ ਖੋਜ ਅਨੁਸਾਰ ਪੰਜ ਟਰੀਲੀਅਨ ਪਲਾਸਟਿਕ ਦੇ ਛੋਟੇ ਵੱਡੇ ਟੋਟੇ, ਡੱਬੇ, ਬੋਤਲਾਂ, ਲਿਫਾਫੇ ਇਸ ਸਮੇਂ ਸਮੁੰਦਰ ਉੱਤੇ ਤੈਰ ਰਹੇ ਹਨ ਜਿਸ ਨਾਲ ਡਾਈਈਥਾਈਲ ਹੈਕਸਾਈਲ ਥੈਲੇਟ, ਸਿੱਕੇ, ਕੈਡਮੀਅਮ ਤੇ ਪਾਰੇ ਦੀ ਮਾਤਰਾ ਵਿਚ ਭਾਰੀ ਵਾਧਾ ਹੋ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਸਦਕਾ ਕੈਂਸਰ ਦੇ ਮਰੀਜ਼ਾਂ ਵਿਚ ਲਗਭਗ 38 ਫੀਸਦੀ ਵਾਧਾ ਹੋ ਚੁੱਕਿਆ ਹੈ।
16.    ਪਲੈਂਕਟਨ, ਮੱਛੀ ਤੇ ਮਨੁੱਖ ਕਿਸੇ ਨਾ ਕਿਸੇ ਤਰੀਕੇ ਭਾਵੇਂ ਸਬਜ਼ੀਆਂ ਰਾਹੀਂ (ਧਰਤੀ ਵਿੱਚੋਂ), ਸਮੁੰਦਰੀ ਜੀਵਾਂ ਰਾਹੀਂ ਜਾਂ ਪਾਣੀ ਰਾਹੀਂ ਇਹ ਹਾਣੀਕਾਰਕ ਤੱਤ ਆਪਣੇ ਅੰਦਰ ਲੰਘਾ ਰਹੇ ਹਨ ਜੋ ਛੇਤੀ ਤੇ ਦਰਦਨਾਕ ਮੌਤ ਦਾ ਕਾਰਨ ਬਣ ਚੁੱਕੇ ਹਨ।
17.    ਅਮਰੀਕਾ ਦੇ ਆਲੇ ਦੁਆਲੇ ਦੇ ਸਮੁੰਦਰ ਵਿਚ, ਖ਼ਾਸ ਕਰ 'ਹਵਾਈ' ਲਾਗੇ ਪਲਾਸਟਿਕ ਦੇ ਢੇਰ ਨੂੰ 'ਗਰੇਟ ਗਾਰਬੇਜ ਪੈਚ' ਦਾ ਨਾਂ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੱਛੀਆਂ ਫੜਨ ਵਾਲੇ ਜਾਲ ਤੇ ਕੁੰਡੀਆਂ ਦੀ ਵੀ ਭਰਮਾਰ ਹੈ ਜੋ ਸਮੁੰਦਰੀ ਜੀਵਾਂ ਨੂੰ ਸਾਹ ਘੁੱਟ ਕੇ ਮਰਨ ਉੱਤੇ ਮਜਬੂਰ ਕਰ ਸਕਦੀ ਹੈ। ਇਸੇ ਲਈ ਸੰਨ 2013 ਵਿਚ ਦੋ ਲੱਖ 60,000 ਟਨ ਪਲਾਸਟਿਕ ਦੇ ਗੰਦ ਦੇ ਢੇਰ ਨੂੰ ਵੇਖਦਿਆਂ ਪਲਾਸਟਿਕ ਦੀ ਘੱਟ ਵਰਤੋਂ ਉੱਤੇ ਜ਼ੋਰ ਪਾਇਆ ਗਿਆ।
18.    ਧਰਤੀ ਉੱਤੇ ਸੁੱਟਿਆ ਜਾ ਰਿਹਾ ਪਲਾਸਟਿਕ ਵੀ ਟਨਾਂ ਦੇ ਹਿਸਾਬ ਨਾਲ ਧਰਤੀ ਨੂੰ ਜ਼ਹਿਰੀਲੀ ਬਣਾ ਰਿਹਾ ਹੈ। ਸੰਨ 2015 ਵਿਚ ਖੋਜ ਰਾਹੀਂ ਤੱਥ ਸਾਹਮਣੇ ਆਏ ਕਿ 275 ਮਿਲੀਅਨ ਟਨ ਪਲਾਸਟਿਕ ਵਰਤ ਕੇ ਸੁੱਟਿਆ ਗਿਆ ਜੋ ਸਮੁੰਦਰ ਲਾਗਲੇ 192 ਮੁਲਕਾਂ ਵਿਚਲੀ ਗੰਦਗੀ ਸੀ।
'ਸਾਇੰਸ' ਰਸਾਲੇ ਵਿਚ ਛਪੀ ਖੋਜ ਅਨੁਸਾਰ ਸੰਨ 2015 ਵਿਚ 10 ਮੁਲਕਾਂ ਵੱਲੋਂ ਸਭ ਤੋਂ ਵੱਧ ਪਲਾਸਟਿਕ ਧਰਤੀ ਉੱਤੇ ਸੁੱਟਿਆ ਗਿਆ ਜੋ ਸਮੁੰਦਰ ਵਿਚ ਪਹੁੰਚਿਆ। ਇਹ ਮੁਲਕ ਸਨ-ਚੀਨ, ਇੰਡੋਨੇਸ਼ੀਆ, ਫਿਲੀਪੀਨ, ਵਿਅਤਨਾਮ, ਸਿਰੀ ਲੰਕਾ, ਥਾਈਲੈਂਡ, ਈਜਿਪਟ, ਮਲੇਸ਼ੀਆ, ਨਾਈਜੀਰੀਆ ਤੇ ਬੰਗਲਾਦੇਸ।
ਧਰਤੀ ਉੱਪਰਲਾ ਪਲਾਸਟਿਕ, ਗਾਵਾਂ, ਕੁੱਤਿਆਂ, ਆਦਿ ਦੇ ਢਿੱਡ ਅੰਦਰ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ।
ਜਾਪਾਨ, ਹਵਾਈ ਤੇ ਕੈਲੀਫੋਰਨੀਆ ਪਲਾਸਟਿਕ ਸਦਕਾ ਹੁੰਦੇ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨੇੜੇ ਦੇ ਸਮੁੰਦਰ ਵਿਚ 100 ਮਿਲੀਅਨ ਟਨ ਪਲਾਸਟਿਕ ਇਕੱਠਾ ਹੋਇਆ ਪਿਆ ਹੈ ਜੋ 100 ਫੁੱਟ ਡੂੰਘਾ ਪਹੁੰਚ ਚੁੱਕਿਆ ਹੋਇਆ ਹੈ।
19.    ਹੈਂਡਰਸਨ ਟਾਪੂ ਦੇ ਦੁਆਲੇ 17.6 ਮਿਲੀਅਨ ਟਨ ਪਲਾਸਟਿਕ ਲੱਭਿਆ ਗਿਆ ਤੇ ਇਸ ਵਿਚ 37.7 ਮਿਲੀਅਨ ਵੱਖੋ-ਵੱਖਰੇ ਪਲਾਸਟਿਕ ਦੇ ਟੋਟੇ, ਤਾਰਾਂ, ਜਾਲ, ਲਿਫਾਫੇ, ਬੋਤਲਾਂ ਆਦਿ ਲੱਭੇ।
ਦਸ ਮੀਟਰ ਤੱਕ ਫੈਲੇ ਇਸ ਵਿਸ਼ਾਲ ਗੰਦ ਦੇ ਢੇਰ ਵਿੱਚੋਂ ਸੀਨੋਬੀਟਾ ਜਾਮਨੀ ਕੇਕੜੇ ਲੁਕੇ ਹੋਏ ਲੱਭੇ।
20.    ਸੰਨ 2017 ਵਿਚ ਦੁਨੀਆ ਭਰ ਦੀਆਂ ਟੂਟੀਆਂ ਵਿੱਚੋਂ ਪਾਣੀ ਇਕੱਠਾ ਕਰ ਕੇ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ 83 ਫੀਸਦੀ ਸੈਂਪਲਾਂ ਵਿਚ ਪਲਾਸਟਿਕ ਦੇ ਅੰਸ਼ ਹਨ। ਅਮਰੀਕਾ ਦੇ 94 ਫੀਸਦੀ ਪੀਣ ਵਾਲੇ ਪਾਣੀ ਦੇ ਸੈਂਪਲਾਂ ਵਿਚ ਪਲਾਸਟਿਕ ਲੱਭਿਆ ਜਦਕਿ ਦੂਜੇ ਨੰਬਰ ਉੱਤੇ ਲੈਬਨਾਨ ਤੇ ਤੀਜੇ ਉੱਤੇ ਭਾਰਤ ਸੀ। ਉਸ ਤੋਂ ਅੱਗੇ ਯੂਰਪ, ਜਿਸ ਵਿਚ ਜਰਮਨੀ, ਇੰਗਲੈਂਡ ਤੇ ਫਰਾਂਸ ਵਿਚ 72 ਫੀਸਦੀ ਟੂਟੀਆਂ ਵਿਚ ਪਲਾਸਟਿਕ ਦੇ ਅੰਸ਼ ਲੱਭੇ।
ਇਸ ਦਾ ਮਤਲਬ ਸਪਸ਼ਟ ਹੈ ਕਿ ਲੋਕ ਲਗਭਗ 3000 ਤੋਂ 4000 ਪਲਾਸਟਿਕ ਦੇ ਮਹੀਨ ਅੰਸ਼ ਹਰ ਸਾਲ ਪਾਣੀ ਰਾਹੀਂ ਆਪਣੇ ਅੰਦਰ ਲੰਘਾ ਰਹੇ ਹਨ।
21.    ਪਲਾਸਟਿਕ ਸਮੁੰਦਰੀ ਜੀਵਾਂ ਦੇ ਢਿੱਡ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਮਾਰ ਦਿੰਦਾ ਹੈ। ਅਨੇਕ ਮੱਛੀਆਂ, ਕੱਛੂ ਤੇ ਚਿੜੀਆਂ ਭੁੱਖ ਨਾਲ ਮਰ ਚੁੱਕੀਆਂ ਹਨ ਕਿਉਂਕਿ ਢਿੱਡ ਅੰਦਰ ਫਸਿਆ ਪਲਾਸਟਿਕ ਉਨ੍ਹਾਂ ਨੂੰ ਕੁੱਝ ਖਾਣ ਜੋਗਾ ਛੱਡਦਾ ਹੀ ਨਹੀਂ।
ਅਜਿਹੇ ਲਗਭਗ 4 ਲੱਖ ਸਮੁੰਦਰੀ ਜੀਵ ਹਰ ਸਾਲ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਮਰ ਰਹੇ ਹਨ।
ਵਹੇਲ ਮੱਛੀਆਂ ਵੀ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਬੜੀ ਦਰਦਨਾਕ ਮੌਤ ਮਰ ਰਹੀਆਂ ਹਨ।
ਮੌਜੂਦਾ ਖੋਜ ਰਾਹੀਂ ਪਤਾ ਲੱਗਿਆ ਹੈ ਕਿ ਕਈ ਥਾਵਾਂ ਵਿਚ 200 ਤੋਂ 1000 ਮੀਟਰ ਤੱਕ ਸਮੁੰਦਰ ਤਲ ਤੱਕ ਪਹੁੰਚੇ ਇਸ ਪਲਾਸਟਿਕ ਨੇ ਉੱਥੇ ਹਨ੍ਹੇਰੇ ਵਿਚ ਤੇ ਡੂੰਘਾਈ ਵਿਚ ਰਹਿੰਦੀਆਂ ਬਰੀਕ ਮੱਛੀਆਂ ਨੂੰ ਵੀ ਨਹੀਂ ਛੱਡਿਆ ਜਿਨ੍ਹਾਂ ਨੇ ਇਹ ਪਲਾਸਟਿਕ ਆਪਣੇ ਅੰਦਰ ਲੰਘਾਇਆ ਹੋਇਆ ਹੈ।
ਸਮੁੰਦਰਾਂ ਉੱਤੇ ਖੋਜ ਕਰਨ ਵਾਲਿਆਂ ਨੇ ਤੱਥਾਂ ਦੇ ਆਧਾਰ ਉੱਤੇ ਮੱਛੀਆਂ ਦੇ ਢਿੱਡਾਂ 'ਚੋਂ ਕੱਢੇ ਪਲਾਸਟਿਕ ਤੇ ਸਮੁੰਦਰ ਦੀ ਡੂੰਘਾਈ 'ਚੋਂ ਕੱਢੇ ਪਲਾਸਟਿਕ ਦੇ ਹਿਸਾਬ ਨਾਲ ਦੱਸਿਆ ਹੈ ਕਿ 12000 ਤੋਂ 24000 ਟਨ ਪਲਾਸਟਿਕ ਹਰ ਸਾਲ ਸਮੁੰਦਰੀ ਜੀਵ, ਖ਼ਾਸ ਕਰ ਮੱਛੀਆਂ ਆਪਣੇ ਸਰੀਰਾਂ ਅੰਦਰ ਲੰਘਾਈ ਜਾ ਰਹੀਆਂ ਹਨ ਜੋ ਅੱਗੋਂ ਮਨੁੱਖੀ ਖ਼ੁਰਾਕ ਦਾ ਹਿੱਸਾ ਬਣਦੇ ਹਨ।
22.    ਸਮੁੰਦਰ ਲਾਗੇ ਰਹਿੰਦੇ ਪੰਛੀ ਵੀ ਇਸ ਦੇ ਅਸਰ ਤੋਂ ਬਚੇ ਨਹੀਂ।
ਸੰਨ 2004 ਵਿਚ ਵੱਡੇ ਪੰਛੀਆਂ ਦੇ ਢਿੱਡਾਂ ਵਿੱਚੋਂ ਔਸਤਨ 30 ਪਲਾਸਟਿਕ ਦੇ ਲਿਫਾਫੇ ਅਤੇ ਹੋਰ ਟੋਟਿਆਂ ਦੇ ਹਿੱਸੇ ਲੱਭੇ ਜਿਸ ਸਦਕਾ ਉਹ ਮੌਤ ਦੇ ਮੂੰਹ ਵਿਚ ਚਲੇ ਗਏ। ਉਨ੍ਹਾਂ ਦੇ ਨਿੱਕੇ ਬੱਚੇ ਜੋ ਉਲਟੀ ਕਰ ਹੀ ਨਹੀਂ ਸਕਦੇ ਵੀ ਅਣਚਾਹੇ ਇਹ ਪਲਾਸਟਿਕ ਅੰਦਰ ਲੰਘਾ ਕੇ ਮਰ ਗਏ।
ਇਨ੍ਹਾਂ ਵਿੱਚੋਂ ਅਨੇਕ ਕਿਸਮਾਂ ਲਗਭਗ ਲੋਪ ਹੋਣ ਦੇ ਨੇੜੇ ਪਹੁੰਚ ਗਈਆਂ ਹਨ। ਜੀਨ ਤੇ ਹਾਰਮੋਨਾਂ ਉੱਤੇ ਅਸਰ ਪੈਣ ਸਦਕਾ ਮੱਛੀਆਂ ਤੇ ਪੰਛੀਆਂ ਦੀਆਂ ਪੂਛਾਂ, ਬੱਚੇ ਜੰਮਣ ਦੀ ਸਮਰਥਾ, ਲੰਬਾਈ, ਉਚਾਈ ਆਦਿ ਉੱਤੇ ਸਦੀਵੀ ਅਸਰ ਪੈ ਚੁੱਕਿਆ ਹੈ।
23.    ਪਲਾਸਟਿਕ ਦੇ ਅਸਰ ਹੇਠ ਆਈਆਂ ਸਬਜ਼ੀਆਂ, ਪਾਣੀ ਜਾਂ ਮਾਸ ਮੱਛੀ ਖਾਣ ਵਾਲੇ ਮਨੁੱਖਾਂ ਉੱਤੇ ਪਲਾਸਟਿਕ ਦੇ ਅਸਰ ਜੋ ਦਿਸ ਰਹੇ ਹਨ, ਉਹ ਹਨ-ਹਾਰਮੋਨਾਂ ਵਿਚ ਗੜਬੜੀ, ਕੈਂਸਰ, ਚਮੜੀ ਦੇ ਰੋਗ, ਐਲਰਜ਼ੀ, ਦਮਾ ਅਤੇ ਗੁਰਦੇ ਉੱਤੇ ਅਸਰ।
ਇਸ ਸਮੇਂ ਅਮਰੀਕਾ ਦੇ 95 ਫੀਸਦੀ ਬਾਲਗਾਂ ਦੇ ਪਿਸ਼ਾਬ ਵਿਚ 'ਬੀ.ਪੀ.ਏ.' ਲੱਭਿਆ ਜਾ ਚੁੱਕਿਆ ਹੈ ਜੋ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਰੀਰ ਪਲਾਸਟਿਕ ਦੇ ਮਾੜੇ ਅਸਰਾਂ ਹੇਠ ਆ ਚੁੱਕਿਆ ਹੈ। ਬੀ.ਪੀ.ਏ. ਬੱਚੇ ਜੰਮਣ ਦੀ ਸਮਰਥਾ ਬਹੁਤ ਘਟਾ ਦਿੰਦਾ ਹੈ, ਲੰਬਾਈ ਘੱਟ ਕਰ ਦਿੰਦਾ ਹੈ ਤੇ ਹੋਰ ਵੀ ਅਨੇਕ ਪਹਿਲਾਂ ਦੱਸੇ ਜਾ ਚੁੱਕੇ ਮਾੜੇ ਅਸਰ ਵਿਖਾਉਂਦਾ ਹੈ, ਜਿਨ੍ਹਾਂ ਵਿੱਚੋਂ ਥਾਇਰਾਇਡ ਹਾਰਮੋਨਾਂ ਦੀ ਕਮੀ ਤੇ ਸੈਕਸ ਹਾਰਮੋਨਾਂ ਦੀ ਕਮੀ ਬਹੁਤ ਜ਼ਿਆਦਾ ਵੇਖਣ ਵਿਚ ਆ ਰਹੀ ਹੈ।
24.    ਚਾਹ ਦੀਆਂ ਥੈਲੀਆਂ ਤੇ ਟੀ-ਬੈਗਜ਼ :-
    ਕਿਸੇ ਵਿਰਲੇ ਹੀ ਮੁਲਕ ਵਿਚ ਚਾਹ ਦੀ ਵਰਤੋਂ ਨਹੀਂ ਹੁੰਦੀ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਚਾਹ ਅੱਜ ਕੱਲ ਟੀ-ਬੈਗਜ਼ ਵਿਚ ਮਿਲਣ ਲੱਗ ਪਈ ਹੈ। ਵੱਡੇ ਅਹੁਦੇ ਵਾਲੇ ਇਸ ਤਰ੍ਹਾਂ ਦੀ ਚਾਹ ਪੀਣ ਨੂੰ ਉੱਚਾ ਰੁਤਬਾ ਮੰਨਣ ਲੱਗ ਪਏ ਹਨ। ਇਨ੍ਹਾਂ ਨਿੱਕੀਆਂ ਥੈਲੀਆਂ ਵਿਚ 70 ਤੋਂ 80 ਫੀਸਦੀ ਕਾਗਜ਼ ਤੇ ਬਾਕੀ ਉਸ ਨੂੰ ਖੁਰਨ ਤੋਂ ਬਚਾਉਣ ਲਈ ਪਲਾਸਟਿਕ ਦਾ ਹਿੱਸਾ ਪੌਲੀਪਰੋਪਾਈਲੀਨ ਜੋ ਬਹੁਤੀ ਗਰਮੀ ਨੂੰ ਝਲ ਜਾਂਦਾ ਹੈ, ਪਾਇਆ ਗਿਆ ਹੈ। ਜਿਸ ਮਰਜ਼ੀ ਤਰ੍ਹਾਂ ਦੇ ਟੀ-ਬੈਗਜ਼ ਵਰਤ ਲਵੋ, ਹਰ ਕਿਸੇ ਵਿਚ ਵੱਧ ਜਾਂ ਘੱਟ ਪਲਾਸਟਿਕ ਦੇ ਟੋਟੇ ਹਨ ਜੋ ਚਾਹ ਦੇ ਉਬਲਣ ਸਮੇਂ ਜਾਂ ਉਬਲਦੇ ਗਰਮ ਪਾਣੀ ਵਿਚ ਡੁਬਾਉਣ ਨਾਲ ਚਾਹ ਦੇ ਵਿਚ ਰਲ ਜਾਂਦੇ ਹਨ ਤੇ ਚਾਹ ਪੀਣ ਨਾਲ ਹੀ ਸਾਡੇ ਢਿੱਡਾਂ ਅੰਦਰ ਲੰਘ ਜਾਂਦੇ ਹਨ।
    ਜਿਨ੍ਹਾਂ ਟੀ-ਬੈਗਜ਼ ਨੂੰ ਚੁਫ਼ੇਰਿਓਂ ਵੱਟ ਪਾ ਕੇ ਬੰਦ ਕੀਤਾ ਜਾਵੇ, ਉਸ ਵਿਚ ਵੱਧ ਪਲਾਸਟਿਕ ਪਾਇਆ ਹੁੰਦਾ ਹੈ। ਕਾਗਜ਼ ਨੂੰ ਫਟਣ ਤੋਂ ਬਚਾਉਣ ਲਈ ਉਸ ਵਿਚ 'ਐਪੀਕਲੋਰੋਹਾਈਡਰਿਨ' ਪਾਇਆ ਜਾਂਦਾ ਹੈ ਜਿਸ ਬਾਰੇ ਸਾਬਤ ਹੋ ਚੁੱਕਿਆ ਹੈ ਕਿ ਇਸ ਦੀ ਵਾਧੂ ਵਰਤੋਂ ਕੈਂਸਰ ਕਰਦੀ ਹੈ। ਐਪੀਕਲੋਰੋਹਾਈਡਰਿਨ ਪਾਣੀ ਵਿਚ ਰਲ ਕੇ 'ਤਿੰਨ-ਐਮ.ਸੀ.ਪੀ.ਡੀ.' ਵਿਚ ਤਬਦੀਲ ਹੋ ਜਾਂਦਾ ਹੈ। ਇਹ ਵੀ ਕੈਂਸਰ ਕਰਦਾ ਹੈ।
    ਸਟਾਰਚ ਨੂੰ ਐਨਜ਼ਾਈਮ ਰਸ ਵਿਚ ਮਿਲਾ ਕੇ ਪਲਾਸਟਿਕ ਦੇ ਧਾਗੇ ਬਣਾ ਕੇ ਟੀ-ਬੈਗ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ।
    ਜਦੋਂ ਇਹ ਚਾਹ ਦੀਆਂ ਨਿੱਕੀਆਂ ਥੈਲੀਆਂ ਸੁੱਟ ਦਿੱਤੀਆਂ ਜਾਂਦੀਆਂ ਹਨ ਤਾਂ ਧਰਤੀ ਵਿਚ ਸਿੰਮ ਕੇ ਇਹ ਪਲਾਸਟਿਕ ਜ਼ਮੀਨ ਵਿਚ ਰਚ ਜਾਂਦਾ ਹੈ। ਬਥੇਰੇ ਟੀ-ਬੈਗਜ਼ ਉੱਤੇ ਲਿਖਿਆ ਮਿਲਦਾ ਹੈ ਕਿ ਇਹ ਪੂਰੀ ਤਰ੍ਹਾਂ ਘੁਲਣ ਵਾਲਾ ਹੈ ਪਰ ਅਜਿਹੇ ਬੈਗਜ਼ ਵੀ ਨਾਈਲਾਨ ਦੀਆਂ ਤਾਰਾਂ ਤੋਂ ਬਣਦੇ ਹਨ ਜੋ ਸੈਂਕੜੇ ਸਾਲ ਵੀ ਧਰਤੀ ਵਿਚ ਗਲਦੇ ਨਹੀਂ।
    ਕਈ ਲੋਕ ਚਾਹ ਦੀਆਂ ਥੈਲੀਆਂ ਨੂੰ ਕੱਪ ਵਿਚ ਨੱਪ ਕੇ ਨਿਚੋੜ ਲੈਂਦੇ ਹਨ। ਇੰਜ ਥੈਲੀ ਵਿਚਲੇ 'ਥੈਲੇਟ' ਵੀ ਬਾਹਰ ਨਿਕਲ ਆਉਂਦੇ ਹਨ ਜੋ ਹੋਰ ਵੀ ਹਾਣੀਕਾਰਕ ਹੁੰਦੇ ਹਨ।
    ਏਸੇ ਲਈ ਅੱਗੋਂ ਤੋਂ ਪਹਿਲਾਂ ਵਾਲੇ ਤਰੀਕੇ ਹੀ ਸਿੱਧੀ ਚਾਹ ਪੱਤੀ ਉਬਾਲ ਕੇ ਪੀਣੀ ਹੀ ਠੀਕ ਰਹਿਣੀ ਹੈ। ਰੁਤਬਾ ਵਧਾਉਣ ਦੇ ਚੱਕਰ ਵਿਚ ਵੇਖਿਓ ਕਿਤੇ ਜ਼ਿੰਦਗੀ ਦੇ ਵੀਹ ਸਾਲ ਛੋਟੇ ਨਾ ਹੋ ਜਾਣ। ਇਸ ਪਲਾਸਟਿਕ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ।
ਨਿਚੋੜ :-
    ਇਹ ਸਾਰਾ ਕੁੱਝ ਵੇਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਲਾਸਟਿਕ ਨੇ ਨਾ ਹਰਿਆਲੀ ਛੱਡਣੀ ਹੈ, ਨਾ ਜਾਨਵਰ, ਪੰਛੀ ਤੇ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲੱਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਣੀ ਹੈ।
    ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਲਿੰਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
    ਕਿਸੇ ਇਕ ਮੁਲਕ ਵਿਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇੱਕੋ ਰਾਹ ਬਚਿਆ ਹੈ।
    ਭਾਰਤ ਵਿਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਓ ਹੋ ਗਿਆ। ਜੁਲਾਈ 2018 ਵਿਚ ਐਲਬੇਨੀਆ ਨੇ ਪਲਾਸਟਿਕ ਉੱਤੇ ਸੰਪੂਰਨ ਰੋਕ ਲਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਫਾਈਨ (7900 ਤੋਂ 11800 ਡਾਲਰ) ਲਾ ਦਿੱਤਾ ਹੈ।
    ਜੇ ਅਸੀਂ ਆਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ ਦੇ ਨਾਲ ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਵੋ!


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਬੀਬੀ ਸੁਭਾਗੀ

    ਮੀਰ ਮੰਨੂੰ ਨੂੰ ਕੌਣ ਭੁਲਾ ਸਕਦਾ ਹੈ? ਕਹਿਰ ਵਰਤਾਉਂਦਾ ਵਾ ਵਰੋਲਾ ਸੀ। ਉਸ ਦੇ ਸੈਨਿਕ ਘਰ-ਘਰ ਆਦਮ-ਬੋ, ਆਦਮ-ਬੋ ਕਰਦੇ ਸਿੱਖਾਂ ਨੂੰ ਸੁੰਘਦੇ ਫਿਰਦੇ ਸਨ। ਜਿਹੜੇ ਜੱਥੇ ਬਣਾ ਕੇ ਜੰਗਲਾਂ ਵੱਲ ਨਿਕਲ ਗਏ, ਉਹ ਤਾਂ ਬਚ ਗਏ, ਪਰ ਜਿਹੜੇ ਸਿੱਖ ਸ਼ਹਿਰਾਂ 'ਚ ਰਹਿ ਗਏ, ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਲਾਹੌਰ ਦੀਆਂ ਜੇਲ੍ਹਾਂ ਵਿਚ ਡਕ ਦਿੱਤਾ ਗਿਆ।
    ਬਜ਼ੁਰਗ ਔਰਤਾਂ ਤਾਂ ਲੰਮੇ ਪੈਂਡੇ 'ਚ ਭੁੱਖੀਆਂ ਭਾਣੀਆਂ ਤੁਰਦੀਆਂ ਹੀ ਦਮ ਤੋੜ ਗਈਆਂ। ਬਾਕੀਆਂ ਨੂੰ ਭੁੱਖੀਆਂ ਰਖ ਕੇ ਰੋਜ਼ ਤਾਅਨੇ ਮਿਹਣੇ ਕੱਸੇ ਜਾਂਦੇ। ਉਨ੍ਹਾਂ ਦੇ ਪਤੀਆਂ ਨੂੰ ਵੱਢ ਦਿੱਤਾ ਗਿਆ ਸੀ। ਨਿੱਕੇ ਬੱਚੇ ਗੋਦੀ ਚੁੱਕੇ ਹੋਏ ਸਨ। ਰੋਜ਼ ਜੇਲ੍ਹਾਂ ਵਿਚ ਮੁਗ਼ਲ ਉਨ੍ਹਾਂ ਨੂੰ ਪੁੱਛਦੇ, ''ਹੁਣ ਬੋਲੋ ਕਿੱਥੇ ਐ ਤੁਹਾਡਾ ਖ਼ਾਲਸਾ? ਕੌਣ ਤੁਹਾਨੂੰ ਬਚਾਏਗਾ? ਸਿਰਫ਼ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਓ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ।''
    ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿੱਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ। ਭੁੱਖੀਆਂ ਭਾਣੀਆਂ ਜੇਲ੍ਹਾਂ ਵਿਚ ਡੱਕੀਆਂ। ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਨਾਲ ਹਨ੍ਹੇਰੇ ਵਿਚ ਮੁਗ਼ਲਾਂ ਦੀ ਜੇਲ ਵਿਚ ਕੈਦ! ਉੱਤੋਂ ਰੋਜ਼ ਤਾਅਨੇ ਮਿਹਣੇ। ਧੰਨ ਉਨ੍ਹਾਂ ਸਿੱਖ ਔਰਤਾਂ ਦੇ ਜਿਗਰੇ। ਇਕ ਵਾਰ ਵੀ ਕਿਸੇ ਦਾ ਮਨ ਨਹੀਂ ਡੋਲਿਆ। ਸਿਰਫ਼ 'ਧੰਨ ਵਾਹਿਗੁਰੂ, ਤੇਰਾ ਹੀ ਆਸਰਾ' ਉਚਾਰਦੀਆਂ ਰਹੀਆਂ।
    ਮੀਰ ਮੰਨੂ ਇਹ ਸਭ ਕੁੱਝ ਸੁਣ ਕੇ ਭੜਕ ਗਿਆ। ਕਿੰਨਾ ਕੁ ਜਿਗਰਾ ਹੋ ਸਕਦਾ ਹੈ ਔਰਤ ਵਿਚ। ਉਸਨੂੰ ਪੱਕਾ ਯਕੀਨ ਸੀ ਕਿ ਇਨ੍ਹਾਂ ਵਿੱਚੋਂ ਸਿਰਫ਼ ਇਕ ਵੀ ਡੋਲ ਗਈ ਤਾਂ ਸਭ ਯਰਕ ਜਾਣਗੀਆਂ ਤੇ ਸਿੱਖ ਧਰਮ ਖਿੰਡ ਪੁੰਡ ਜਾਏਗਾ। ਮੀਰ ਮੰਨੂ ਜਾਣਦਾ ਸੀ ਕਿ ਸਿਰਫ਼ ਔਰਤਾਂ ਹੀ ਕਿਸੇ ਧਰਮ ਨੂੰ ਅੱਗੇ ਪੂਰਨ ਰੂਪ ਵਿਚ ਤੋਰ ਸਕਣ ਤੇ ਸਮਰੱਥ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਬੱਚੇ ਨੂੰ ਸਖ਼ਤ ਜਾਨ ਬਣਾਉਣ ਦੀ ਤਾਕਤ ਰੱਖਦੀਆਂ ਹਨ।
    ਮੀਰ ਮੰਨੂ ਨੇ ਭੁੱਖੀਆਂ ਭਾਣੀਆਂ ਮਾਵਾਂ, ਕੁੱਛੜ ਵਿਲਕਦੀਆਂ ਨਿੱਕੀਆਂ ਜਾਨਾਂ ਨੂੰ ਲਈ ਬੈਠੀਆਂ ਅੱਗੇ ਭਾਰੀਆਂ ਪੱਥਰ ਦੀਆਂ ਚੱਕੀਆਂ ਰੱਖਵਾ ਦਿੱਤੀਆਂ ਤੇ ਨਾਲ ਸਵਾ ਮਣ ਸਖ਼ਤ ਅਨਾਜ ਧਰ ਦਿੱਤਾ ਕਿ ਇਹ ਰੋਜ਼ ਹਰ ਕਿਸੇ ਨੂੰ ਪੀਸਣਾ ਪਵੇਗਾ।
    ਬੀਬੀ ਸੁਭਾਗੀ ਨੇ ਆਪਣੀਆਂ ਸਾਰੀਆਂ ਸਾਥਣਾਂ ਨਾਲ ਬਿਨਾ ਮੱਥੇ ਉੱਤੇ ਰਤਾ ਵੀ ਸ਼ਿਕਨ ਵਿਖਾਇਆਂ 'ਤੇਰਾ ਕੀਆ ਮੀਠਾ ਲਾਗੈ'ਸ਼ਬਦ ਉਚਾਰਦਿਆਂ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਮੋਟਾ ਅਨਾਜ ਹੋਰ ਵਧਾਇਆ ਜਾਂਦਾ, ਓਨੀ ਹੀ ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਜਾਂਦੀ। 'ਵਾਹਿਗੁਰੂ', 'ਵਾਹਿਗੁਰੂ', 'ਧੰਨ ਸਤਿਗੁਰ ਤੇਰਾ ਹੀ ਆਸਰਾ' ਨਾਲ ਜੇਲਾਂ ਦੀਆਂ ਕੰਧਾਂ ਗੂੰਜਣ ਲੱਗ ਪਈਆਂ। ਮੁਗ਼ਲ ਪਹਿਰੇਦਾਰਾਂ ਦੇ ਸਿਰ ਪੀੜ ਨਾਲ ਫੱਟਣ ਲੱਗ ਪਏ।
    ਸ਼ਿਕਾਇਤ ਫੇਰ ਮੀਰ ਮੰਨੂ ਕੋਲ ਪਹੁੰਚੀ। ਦੱਸਿਆ ਗਿਆ ਕਿ ਸਿੰਘਣੀਆਂ ਤਾਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਹਨ। ਇਹ ਡੋਲ ਨਹੀਂ ਰਹੀਆਂ। ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਅਨੰਦਿਤ ਹੋ ਜਾਂਦੀਆਂ ਹਨ। ਮੀਰ ਮੰਨੂ ਦੇ ਸੱਤੀਂ ਕਪੜੀਂ ਅੱਗ ਲੱਗ ਗਈ। ਕੀ ਉਹ ਏਨਾ ਗਿਆ ਗੁਜ਼ਰਿਆ ਹੈ ਕਿ ਇਕ ਸਿੱਖ ਔਰਤ ਨੂੰ ਆਪਣਾ ਧਰਮ ਛੱਡਣ ਲਈ ਤਿਆਰ ਨਾ ਕਰ ਸਕੇ?
    ਉਸਨੇ ਜ਼ੁਲਮ ਦਾ ਅਤਿ ਕਰਨ ਦੀ ਸੋਚੀ। ਮਨ ਵਿਚ ਡਰ ਸੀ ਕਿ ਇਹ ਔਰਤਾਂ ਅੱਗੋਂ ਆਪਣੇ ਬੱਚਿਆਂ ਨੂੰ ਬਹੁਤ ਪੱਕਾ ਸਿੱਖ ਬਣਾ ਦੇਣਗੀਆਂ। ਇਸੇ ਲਈ ਉਸਨੇ ਅਨਾਜ ਦੀ ਮਾਤਰਾ ਵਧਾ ਦਿੱਤੀ ਤੇ ਸਾਰੇ ਦਿਨ ਵਿਚ ਸਿਰਫ਼ ਇਕ ਨਿੱਕੀ ਕੌਲੀ ਪਾਣੀ ਤੇ ਚੱਪਾ ਰੋਟੀ ਹੀ ਦੇਣੀ ਸ਼ੁਰੂ ਕਰ ਦਿੱਤੀ। ਜਿਹੜੀਆਂ ਔਰਤਾਂ ਥੱਕ ਕੇ ਬੇਹਾਲ ਹੋ ਜਾਂਦੀਆਂ, ਉਨ੍ਹਾਂ ਦੀ ਛਾਤੀ ਉੱਤੇ ਚੱਕੀ ਦਾ ਭਾਰਾ ਪਟ ਰੱਖ ਦਿੱਤਾ ਜਾਂਦਾ। ਬਥੇਰੀਆਂ ਇਸੇ ਤਰ੍ਹਾਂ ਭੁੱਖੀਆਂ ਭਾਣੀਆਂ ਸ਼ਹੀਦ ਹੋ ਗਈਆਂ।
    ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ, ਉਨ੍ਹਾਂ ਦੇ ਮਨ ਅੰਦਰਲੀ ਤਾਕਤ ਤੇ ਵਾਹਿਗੁਰੂ ਵਿਚ ਅਥਾਹ ਵਿਸ਼ਵਾਸ਼ ਨੇ ਮੀਰ ਮੰਨੂ ਦੀਆਂ ਰਾਤਾਂ ਦੀ ਨੀਂਦਰ ਹਰਾਮ ਕਰ ਦਿੱਤੀ।
    ਇਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ।
    ਅਗਲੇ ਦਿਨ ਉਸਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲੋਂ ਉਸਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ। ਉਸ ਕੋਲੋਂ ਪੁੱਛਿਆ ਗਿਆ, ''ਆਖ਼ਰੀ ਵਾਰ ਪੁੱਛ ਰਹੇ ਹਾਂ। ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ। ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿੱਤਾ ਜਾਵੇਗਾ!'' ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ''ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ। ਆਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੂੰ ਤਿਆਰ ਹਾਂ। ਪਰ, ਕਿਸੇ ਵੀ ਹਾਲ ਵਿਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।''
    ਏਨਾ ਸੁਣਦੇ ਸਾਰ ਇਕ ਮੁਗ਼ਲ ਸੈਨਿਕ ਨੇ ਨੇਜ਼ਾ ਸਿੱਧਾ ਕੀਤਾ ਤੇ ਦੂਜੇ ਨੇ ਸੁਭਾਗੀ ਦਾ ਕੋਮਲ ਮਲੂਕ ਫੁੱਲ ਜਿਹਾ ਬਾਲ ਉਤਾਂਹ ਉਛਾਲ ਦਿੱਤਾ। ਬੀਬ ਸੁਭਾਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਬੱਚੇ ਨੂੰ ਨੇਜ਼ੇ ਨਾਲ ਵਿੰਨ੍ਹ ਦਿੱਤਾ ਗਿਆ ਤੇ ਫੇਰ ਹੇਠਾਂ ਜ਼ਮੀਨ ਉੱਤੇ ਸੁੱਟ ਕੇ ਤਲਵਾਰ ਨਾਲ ਟੋਟੇ-ਟੋਟੇ ਕਰ ਦਿੱਤਾ ਗਿਆ। ਲਹੂ ਦੀਆ ਧਤੀਰੀਆਂ ਵਹਿ ਤੁਰੀਆਂ।
    ਕਿਸੇ ਵੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੁਕੜੇ ਨਾਲ ਅਜਿਹਾ ਹੁੰਦਾ ਵੇਖ ਕੇ ਪਿਘਲ ਜਾਏ। ਧੰਨ ਸੁਭਾਗੀ ਵਰਗੀਆਂ ਸੈਂਕੜੇ ਬੀਬੀਆਂ ਦਾ, ਜਿਨ੍ਹਾਂ ਨੇ ਸਹੀ ਮਾਅਣਿਆਂ ਵਿਚ ਗੁਰੂ ਸਾਹਿਬ ਦੀ ਸਿੱਖਿਆ ਨੂੰ ਚੰਮ ਨਾਲ ਹੰਢਾਇਆ। ਬੀਬੀ ਸੁਭਾਗੀ ਨੇ 'ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ' ਉਚਾਰਨ ਸ਼ੁਰੂ ਕਰ ਦਿੱਤਾ ਜਿਸ ਉੱਤੇ ਮੀਰ ਮੰਨੂ ਹੋਰ ਭੜਕ ਗਿਆ ਤੇ ਉਸ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਬੱਚੇ ਦੇ ਮਾਸ ਨੂੰ ਸੁਭਾਗੀ ਦੇ ਮੂੰਹ ਵਿਚ ਤੁੰਨਿਆ ਜਾਵੇ ਤੇ ਬਾਕੀ ਟੋਟਿਆਂ ਨੂੰ ਬੰਨ੍ਹ ਕੇ ਬੀਬੀ ਸੁਭਾਗੀ ਦੇ ਗਲ ਵਿਚ ਪਾ ਦਿੱਤਾ ਜਾਵੇ।
    ਧੰਨ ਗੁਰੂ ਨਾਨਕ ਵੱਲੋਂ ਅਣਖ ਨਾਲ ਭਰਪੂਰ ਤੇ ਬੇਖ਼ੌਫ਼ ਕੌਮ ਦਾ ਨੀਂਹ ਪੱਥਰ ਰੱਖੇ ਜਾਣ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਸਿੰਜੇ ਜਾਣ ਨਾਲ ਤਿਆਰ ਹੋਈ ਦਲੇਰਾਨਾ ਕੌਮ ਦੀਆਂ ਬੀਬੀਆਂ, ਜਿਨ੍ਹਾਂ ਨੇ ਉਸ ਦਿਨ ਇਤਿਹਾਸਿਕ ਮਿਸਾਲ ਕਾਇਮ ਕੀਤੀ, ਜਿਸ ਦਾ ਅੱਜ ਤੱਕ ਕੋਈ ਹੋਰ ਸਾਨੀ ਨਹੀਂ।
    ਇਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ! ਦੁਨੀਆਂ ਵਾਸਤੇ ਇਕ ਅਜਿਹੀ ਦਿਲ ਟੁੰਬਵੀਂ ਘਟਨਾ ਜਿੱਥੇ ਬੀਬੀ ਸੁਭਾਗੀ ਦੇ ਨਾਲ ਦੀਆਂ ਸਾਰੀਆਂ ਸਿੱਖ ਔਰਤਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਆਪੋ ਆਪਣੇ ਬੱਚੇ ਨੇਜ਼ਿਆਂ ਨਾਲ ਫੁੰਡਵਾ ਕੇ ਟੋਟੇ-ਟੋਟੇ ਕਰਵਾ ਕੇ, ਗਲੇ ਦੁਆਲੇ ਬੰਨਵਾ ਲਏ। ਉਸ ਬੇਰਹਿਮ ਮੰਨੂ ਵੱਲੋਂ ਇੱਕੋ ਦਿਨ 300 ਮਾਸੂਮ ਸਿੱਖ ਬੱਚਿਆਂ ਦੇ ਟੋਟੇ ਕੀਤੇ ਗਏ ਪਰ ਕੀ ਮਜਾਲ ਕਿ ਇੱਕ ਵੀ ਸਿੱਖ ਬੀਬੀ ਨੇ ਗੁਰੂ ਦਾ ਲੜ ਛੱਡਿਆ ਹੋਵੇ ਜਾਂ ਹੰਝੂ ਵਹਾਇਆ ਹੋਵੇ!
    ਇਨ੍ਹਾਂ ਵਿੱਚੋਂ ਇਕ ਬੀਬੀ ਲੱਛੀ ਅਤਿ ਦੀ ਖ਼ੂਬਸੂਰਤ ਸੀ। ਕਾਜ਼ੀ ਦਾ ਉਸ ਉੱਤੇ ਦਿਲ ਆ ਗਿਆ ਤੇ ਉਹ ਰੋਜ਼ ਉਸਨੂੰ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣ ਲੱਗ ਪਿਆ। ਉਸ ਦਾ ਪੌਣੇ ਦੋ ਸਾਲ ਦਾ ਬੱਚਾ ਸੀ। ਬੀਬੀ ਲੱਛੀ ਨੇ ਕਿਸੇ ਵੀ ਹਾਲ ਵਿਚ ਆਪਣਾ ਧਰਮ ਛੱਡਣ ਤੋਂ ਨਾ ਕਰ ਦਿੱਤੀ।
    ਅਖ਼ੀਰ ਇਕ ਦਿਨ ਕਾਜ਼ੀ ਹੁਕਮ ਦੇ ਗਿਆ ਕਿ ਅਗਲੇ ਦਿਨ ਸਵੇਰ ਤਕ ਲੱਛੀ ਦੇ ਬੱਚੇ ਉੱਤੇ ਰੱਜ ਕੇ ਤਸ਼ੱਦਦ ਕਰੋ ਜਦ ਤਕ ਲੱਛੀ ਦਾ ਆਪਣੇ ਧਰਮ ਉੱਤੇ ਵਿਸ਼ਵਾਸ਼ ਡੋਲ ਨਾ ਜਾਏ। ਉਸ ਰਾਤ ਬੀਬੀ ਲੱਛੀ ਨੂੰ ਬੰਨ੍ਹ ਦਿੱਤਾ ਗਿਆ ਤੇ ਉਸ ਦੇ ਬੱਚੇ ਨੂੰ ਪੁੱਠਾ ਟੰਗ ਦਿੱਤਾ ਗਿਆ। ਫੇਰ ਚੀਕਦੇ ਕੁਰਲਾਉਂਦੇ ਬੱਚੇ ਦੀ ਗਰਦਨ ਤੋਂ ਢਿੱਡ ਤਕ ਮਾਸ ਚੀਰ ਦਿੱਤਾ ਗਿਆ। ਲਹੂ ਦੀਆਂ ਧਾਰਾਂ ਵਹਿ ਤੁਰੀਆਂ। ਬੱਚਾ 'ਮਾਂ' 'ਮਾਂ' ਚੀਕਦਾ, ਹਾੜ੍ਹੇ ਕੱਢਦਾ ਰਿਹਾ ਪਰ ਬੇਰਹਿਮਾਂ ਨੂੰ ਤਰਸ ਨਹੀਂ ਆਇਆ। ਫੇਰ ਬੱਚੇ ਦੇ ਟੋਟੇ ਟੋਟੇ ਕਰ ਕੇ, ਤੜਫਾ ਤੜਫਾ ਕੇ ਸ਼ਹੀਦ ਕਰ ਦਿੱਤਾ ਗਿਆ।
    ਬੀਬੀ ਲੱਛੀ ਅਡੋਲ, ਸ਼ਾਂਤ ਚਿਤ ਅਰਦਾਸ ਕਰਦੀ ਰਹੀ, ''ਗੁਰੂ ਜੀ, ਜਾਨ ਭਾਵੇਂ ਚਲੀ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ। ਬਸ ਏਨੀ ਹਿੰਮਤ ਬਖ਼ਸ਼ ਦੇਣਾ।''
    ਇਹ ਸ਼ਾਂਤ ਚਿੱਤ ਰਹਿਣਾ ਵੀ ਸੈਨਿਕਾਂ ਤੋਂ ਜਰਿਆ ਨਹੀਂ ਗਿਆ ਤੇ ਉਨ੍ਹਾਂ ਬੀਬੀ ਲੱਛੀ ਨੂੰ ਪੁੱਠਿਆਂ ਟੰਗ ਦਿੱਤਾ। ਫੇਰ ਚਾਬੁਕ ਮਾਰ ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ। ਅਠਾਰਾਂ ਘੰਟਿਆਂ ਬਾਅਦ ਉਸ ਨੂੰ ਕੁੱਟ ਕੁੱਟ ਕੇ ਲਹੂ ਲੁਹਾਨ ਕਰਨ ਬਾਅਦ ਹੇਠਾਂ ਲਾਹਿਆ ਗਿਆ। ਫੇਰ ਉਸ ਨੂੰ ਕਾਜ਼ੀ ਨਾਲ ਵਿਆਹ ਕਰਨ ਲਈ ਜ਼ੋਰ ਦਿੱਤਾ ਗਿਆ ਪਰ ਬੀਬੀ ਲੱਛੀ ਉਸ ਸਮੇਂ ਖੜ੍ਹੇ ਹੋ ਸਕਣ ਜਾਂ ਤੁਰਨ ਯੋਗ ਵੀ ਨਹੀਂ ਸੀ ਰਹੀ। ਉਸ ਹਾਲਤ ਵਿਚ ਵੀ ਉਸਨੇ ਨਾ ਵਿਚ ਸਿਰ ਹਿਲਾ ਕੇ ਜਿੰਨੀ ਕੁ ਹਿੰਮਤ ਬਚੀ ਸੀ, ਹੱਥ ਜੋੜ ਨਿਤਨੇਮ ਪੂਰਾ ਕੀਤਾ ਤੇ ਅਖ਼ੀਰ ਅਰਦਾਸ ਕੀਤੀ, ''ਸੱਚੇ ਪਾਤਸ਼ਾਹ ਸਾਰੀ ਰਾਤ ਆਪ ਜੀ ਦੇ ਭਾਣੇ ਨੂੰ ਮੰਨ ਕੇ ਸੁਖ ਨਾਲ ਬਤੀਤ ਕੀਤੀ ਹੈ। ਆਪ ਜੀ ਨੇ ਆਪਣੀ ਅਮਾਨਤ ਵਾਪਸ ਲੈ ਲਈ ਹੈ, ਉਸ ਲਈ ਆਪ ਜੀ ਦਾ ਕੋਟਣ ਕੋਟ ਧੰਨਵਾਦ। ਅੱਗੇ ਵਾਸਤੇ ਵੀ ਭਾਣਾ ਮੰਨਣ ਦਾ ਬਲ ਬਖ਼ਸ਼ਣਾ ਤੇ ਉੱਦਮ ਕਰਨ ਦੀ ਬਖ਼ਸ਼ੀਸ਼ ਦੇਣੀ। ਪ੍ਰਾਣ ਜਾਏ ਪਰ ਸਿੱਖੀ ਨਾ ਜਾਏ। ਬਸ ਏਨੀ ਮਿਹਰ ਕਰਨੀ। ਇਹ ਭੁੱਲੀਆਂ ਹੋਈਆਂ ਰੂਹਾਂ ਹਨ, ਜੋ ਜ਼ੁਲਮ ਕਰ ਰਹੀਆਂ ਹਨ। ਇਨ੍ਹਾਂ ਨੂੰ ਮੁਆਫ਼ ਕਰਨਾ।''
    ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਇਹ ਚੰਗੀਆਂ ਰੂਹਾਂ ਹਨ। ਅਸੀਂ ਇਨ੍ਹਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਦੇ। ਇਹ ਏਨੀਆਂ ਸਖ਼ਤ ਜਾਨ ਹਨ ਕਿ ਕਿਸੇ ਦਿਨ ਇਨ੍ਹਾਂ ਦੀ ਕੌਮ ਪੂਰੀ ਦੁਨੀਆ ਵਿਚ ਰਾਜ ਕਰਨ ਵਾਲੀ ਹੈ।
    ਬਾਕੀ ਸੈਨਿਕ ਹੋਰ ਵੀ ਚਿੜ੍ਹ ਗਏ ਤੇ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਲੱਛੀ ਉੱਤੇ ਚੱਕੀ ਦੇ ਦੋ ਪਟ ਧਰ ਦਿੱਤੇ ਤੇ ਸਿਰ ਅਤੇ ਲੱਤਾਂ ਉੱਤੇ ਸੋਟੀਆਂ ਮਾਰ-ਮਾਰ ਕੇ ਸਾਰੀਆਂ ਹੱਡੀਆਂ ਤੋੜ ਦਿੱਤੀਆਂ। ਆਖ਼ਰੀ ਸਾਹ ਤਿਆਗਣ ਤੱਕ ਕਿਸੇ ਇਕ ਨੇ ਵੀ ਲੱਛੀ ਦੀ ਚੀਕ ਨਹੀਂ ਸੁਣੀ। ਸਿਰਫ਼ 'ਵਾਹਿਗੁਰੂ' ਦਾ ਉਚਾਰਣ ਹੀ ਸੁਣਿਆ।
    ਸਿੱਖ ਔਰਤਾਂ ਦੀ ਇਸ ਹਿੰਮਤ ਅੱਗੇ ਪੂਰੀ ਸਿੱਖ ਕੌਮ ਨਤਮਸਤਕ ਹੋਈ ਤੇ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਨੂੰ ਵੀ ਇਹ ਕੁਰਬਾਨੀ ਯਾਦ ਦਵਾਉਂਦੇ ਰਹਿਣ ਲਈ ਸੰਨ 1760 ਵਿਚ ਹਰ ਰੋਜ਼ ਕਰਨ ਵਾਲੀ ਅਰਦਾਸ ਵਿਚ ਇਸ ਕੁਰਬਾਨੀ ਦਾ ਜ਼ਿਕਰ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਹਰ ਸਿੰਘਣੀ ਇਸ ਸ਼ਹਾਦਤ ਨੂੰ ਯਾਦ ਕਰ ਕੇ ਆਪਣੇ ਅੰਦਰਲੀ ਹਿੰਮਤ ਬਰਕਰਾਰ ਰੱਖ ਸਕੇ ਤੇ ਧਰਮ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹੇ।
    ਅਫ਼ਸੋਸ ਸਿਰਫ਼ ਇਹ ਹੈ ਕਿ ਸਿੱਖ ਇਤਿਹਾਸਕਾਰਾਂ ਨੇ ਬੀਬੀ ਸੁਭਾਗੀ ਤੇ ਬੀਬੀ ਲੱਛੀ ਦੇ ਨਾਲ ਦੀਆਂ 500 ਔਰਤਾਂ ਦੇ ਨਾਵਾਂ ਨੂੰ ਉਜਾਗਰ ਨਹੀਂ ਕੀਤਾ ਤੇ ਉਨ੍ਹਾਂ ਸਾਰੀਆਂ ਦੇ ਨਾਂ ਇਤਿਹਾਸ ਵਿਚ ਹੀ ਦਫ਼ਨ ਹੋ ਚੁੱਕੇ ਹਨ। ਪਰ, ਜੋ ਵੀ ਹੋਵੇ, ਇਹ ਲਾਸਾਨੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੇ ਕੌਮ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ।
    ਇਨ੍ਹਾਂ ਸਿੱਖ ਬੀਬੀਆਂ ਨੇ ਗੁਰਬਾਣੀ ਨੂੰ ਪਿੰਡੇ ਉੱਤੇ ਹੰਢਾ ਕੇ ਸਾਬਤ ਕੀਤਾ-ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।
    ਬੀਬੀ ਲੱਛੀ ਤੇ ਬੀਬੀ ਸੁਭਾਗੀ ਵਾਸਤੇ ਤਾਂ ਦਿਲੋਂ ਹੂਕ ਉੱਠਦੀ ਹੈ ਤੇ ਇਹੀ ਸ਼ਬਦ ਉਚਾਰਨ ਕੀਤਾ ਜਾ ਸਕਦਾ ਹੈ, ''ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।''

26 Dec. 2018

ਕੀ '84 ਸੱਚੀਂ ਮੁੱਚੀਂ ਭੁਲਾ ਦੇਣੀ ਚਾਹੀਦੀ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.

ਆਮ ਹੀ ਇਹ ਗੱਲ ਉਛਾਲੀ ਜਾਣ ਲੱਗ ਪਈ ਹੈ ਕਿ '84 ਬਾਰੇ ਗੱਲ ਕਰਨੀ ਦੇਸਧ੍ਰੋਹ ਹੈ। ਇਸੇ ਲਈ ਹਥਲੇ ਲੇਖ ਨੂੰ ਲਿਖਣ ਦੀ ਲੋੜ ਪਈ।
    ਅੱਜ ਕੱਲ ਮੁੰਬਈ ਵਿਚ 26 ਨਵੰਬਰ ਦੀ ਯਾਦ ਉਸਾਰਣ ਬਾਰੇ ਜ਼ੋਰ ਸ਼ੋਰ ਦੀ ਆਵਾਜ਼ ਚੁੱਕੀ ਜਾਣ ਲੱਗ ਪਈ ਹੈ, ਜੋ ਕਿ ਜਾਇਜ਼ ਹੈ। ਕਾਰਨ ਜੋ ਦੱਸੇ ਜਾ ਰਹੇ ਹਨ, ਉਹ ਹਨ :-
1.    ਯਾਦਾਂ ਸਾਂਭ ਕੇ ਰੱਖਣ ਸਦਕਾ ਹੀ ਅਸੀਂ ਇਨਸਾਨ ਮੰਨੇ ਜਾਂਦੇ ਹਾਂ।
2.    ਪੁਰਾਣੀਆਂ ਯਾਦਾਂ ਤੋਂ ਸੇਧ ਅਤੇ ਸਿੱਖਿਆ ਲੈਣੀ ਤੇ ਅੱਗੇ ਤੋਂ ਅਜਿਹਾ ਹੋਣ ਤੋਂ ਰੋਕਣ ਲਈ ਸਮੂਹਿਕ ਜਤਨ ਆਰੰਭਣੇ।
3.    ਮਨੁੱਖੀ ਹੱਕਾਂ ਦੇ ਘਾਣ ਤੇ ਮਨੁੱਖੀ ਅੱਤਿਆਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਡੂੰਘਾ ਜ਼ਖ਼ਮ ਜੋ ਜੰਗਾਂ ਜਾਂ ਮੰਦਭਾਗੀਆਂ ਘਟਨਾਵਾਂ ਵਿਚ ਨਾਸੂਰ ਬਣ ਕੇ ਮਨਾਂ ਵਿਚ ਖੁੱਭ ਜਾਂਦਾ ਹੈ, ਉਸ ਵੇਦਨਾ ਨੂੰ ਅਜਿਹੀਆਂ ਉਸਾਰੀਆਂ ਯਾਦਾਂ ਨੂੰ ਵੇਖ ਕੇ ਅੱਖਾਂ ਰਾਹੀਂ ਵਹਿ ਜਾਣ ਨਾਲ ਜ਼ਖ਼ਮਾਂ ਦੀ ਪੀੜ ਘੱਟ ਜਾਂਦੀ ਹੈ।
4.    ਆਪਣੇ ਬੱਚਿਆਂ ਦੇ ਮਨਾਂ ਵਿਚ ਯਾਦਾਂ ਦਾ ਵਸਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਰਹਿਣ ਤੇ ਆਪਸੀ ਸਾਂਝ ਗੰਢ ਕੇ ਰੱਖਣ ਅਤੇ ਇਕਜੁੱਟਤਾ ਦਾ ਸੰਦੇਸ਼ ਸਿੱਖਣ।
5.    ਕਿਸੇ ਖਾਸ ਕੌਮ ਜਾਂ ਮੁਲਕ ਉੱਤੇ ਹੋਏ ਅੱਤਿਆਚਾਰ ਨੂੰ ਜੇ ਯਾਦ ਨਾ ਰੱਖਿਆ ਜਾਵੇ ਤਾਂ ਅੱਗੋਂ ਉਹ ਆਪਣੀ ਰੱਖਿਆ ਕਰਨ ਯੋਗ ਨਹੀਂ ਰਹਿੰਦੇ ਤੇ ਸੌਖੇ ਸ਼ਿਕਾਰ ਬਣ ਜਾਂਦੇ ਹਨ।
6.    ਮੁਲਕ ਦੇ ਰਾਖੇ ਵੀ ਤਾਂ ਹੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਕਾਗਰਤਾ ਨਾਲ ਨਿਭਾਉਣਗੇ ਜੇ ਉਨ੍ਹਾਂ ਨੂੰ ਆਪਣੇ ਤੋਂ ਪਹਿਲਾਂ ਸ਼ਹੀਦ ਹੋਇਆਂ ਦੀ ਯਾਦ ਹਰ ਸਾਲ ਕਰਵਾਈ ਜਾਏ ਤੇ ਸ਼ਹੀਦਾਂ ਦੀ ਯਾਦ ਅੱਗੇ ਨਤਮਸਤਕ ਹੋਣ ਲਈ ਉਤਸਾਹਿਤ ਕੀਤਾ ਜਾਏ। ਇੰਜ ਹੀ ਕਿਸੇ ਇਕ ਇਲਾਕੇ ਜਾਂ ਕੌਮ ਉੱਤੇ ਹਮਲਿਆਂ ਦੀ ਯਾਦ ਉਸਾਰਨ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਦੁਬਾਰਾ ਅਜਿਹੇ ਹਮਲੇ ਤੋਂ ਬਚਾਓ ਲਈ ਅਗਲੀ ਪੁਸ਼ਤ ਪੂਰਨ ਰੂਪ ਵਿਚ ਤਿਆਰ ਰਹੇ।
7.    ਜ਼ੁਲਮਾਂ ਦੀਆਂ ਯਾਦਾਂ ਬਣਾਉਣ ਨਾਲ ਭਾਈਚਾਰਕ ਨੇੜਤਾ ਵਧਦੀ ਹੈ ਅਤੇ ਚੰਗੀ ਸੋਚ ਵਾਲੇ ਲੋਕ ਦੁਖ ਵਿਚ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਂਦੇ ਹਨ।
8.    ਮੈਮੋਰੀਅਲ ਬਣਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਜਿੱਥੇ ਇਕ ਪਾਸੇ ਜ਼ੁਲਮਾਂ ਦੀ ਦਾਸਤਾਨ ਤੇ ਜਾਨ ਗੁਆਇਆਂ ਦੀ ਯਾਦ ਤਾਜ਼ਾ ਹੁੰਦੀ ਰਹਿੰਦੀ ਹੈ, ਉੱਥੇ ਵੱਖੋ-ਵੱਖ ਲੋਕਾਂ ਦੀ ਚੰਗੀ ਰਾਇ ਮਿਲਣ ਨਾਲ ਮਨਾਂ ਵਿਚਲੀ ਕੌੜ ਘਟਣ ਲੱਗ ਜਾਂਦੀ ਹੈ। ਸਾਰੇ ਰਲ ਕੇ ਅਜਿਹਾ ਜ਼ੁਲਮ ਅੱਗੇ ਤੋਂ ਨਾ ਹੋਣ ਬਾਰੇ ਸੋਚ ਵਿਚਾਰ ਕਰਨ ਲੱਗ ਪੈਂਦੇ ਹਨ।
9.    ਮੈਮੋਰੀਅਲ ਵਿਚ ਸੱਚਾਈ ਵਿਖਾ ਕੇ, ਅਖ਼ੀਰ ਵਿਚ ਅੱਲ੍ਹੇ ਜ਼ਖ਼ਮਾਂ ਨੂੰ ਭਰਨ ਅਤੇ ਪਿਆਰ ਮੁਹੱਬਤ ਫੈਲਾਉਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਜ਼ਰੂਰੀ ਹੁੰਦਾ ਹੈ।
10.    ਮੈਮੋਰੀਅਲ ਨਾ ਉਸਾਰ ਕੇ ਇਕ ਕੌਮ ਜਾਂ ਮੁਲਕ ਦੇ ਲੋਕਾਂ ਦੇ ਮਨਾਂ ਵਿਚਲਾ ਰੋਸ ਡੂੰਘਾ ਘਰ ਕਰ ਜਾਂਦਾ ਹੈ ਜੋ ਅਗਲੀ ਪੁਸ਼ਤ ਨੂੰ ਨਫ਼ਰਤ ਦਾ ਸੰਦੇਸ਼ ਦਿੰਦਾ ਰਹਿੰਦਾ ਹੈ ਤੇ ਜ਼ਖ਼ਮ ਭਰਨ ਹੀ ਨਹੀਂ ਦਿੰਦਾ।
11.    ਮੈਮੋਰੀਅਲ ਬਣਾਉਣ ਨਾਲ ਸਰਕਾਰ ਦੀ ਨੀਅਤ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਹ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ ਜਾਂ ਪਾੜ ਪਾਉਣਾ ਚਾਹੁੰਦੀ ਹੈ। ਜੇ ਮੈਮੋਰੀਅਲ ਬਣਦਾ ਹੈ ਤਾਂ ਸਰਕਾਰ ਦੀ ਨੀਅਤ ਸਾਫ਼ ਹੈ ਪਰ ਜੇ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਉਹ ਭਾਈਚਾਰਕ ਸਾਂਝ ਪਾਉਣ ਨਹੀਂ ਦੇਣਾ ਚਾਹੁੰਦੀ ਤੇ ਲੋਕਾਂ ਦੇ ਮਨਾਂ ਵਿਚ ਇਕ ਲਕੀਰ ਖਿੱਚੀ ਰਹਿਣ ਦੇਣਾ ਚਾਹੁੰਦੀ ਹੈ।
    ਇਹ ਲਕੀਰ ਦੋ ਮੁਲਕਾਂ ਵਿਚ ਵੀ ਹੋ ਸਕਦੀ ਹੈ ਜਾਂ ਕਿਸੇ ਘਟਨਾ ਨਾਲ ਸਬੰਧਤ, ਕਿਸੇ ਖ਼ਾਸ ਧਰਮ ਨਾਲ ਜਾਂ ਜਾਤ-ਪਾਤ ਵਿਚਲਾ ਵਿਤਕਰਾ।
12.    ਜਿਹੜਾ ਮੈਮੋਰੀਅਲ ਬਣਾਇਆ ਜਾਵੇ, ਉਸ ਦੇ ਆਲੇ-ਦੁਆਲੇ ਦੀ ਥਾਂ ਵਿਚ ਸਭ ਧਰਮਾਂ ਦੇ ਲੋਕਾਂ ਲਈ ਬੈਠਣ ਦੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ ਸਭਨਾਂ ਦੇ ਮਨਾਂ ਵਿਚ ਤਰਕ ਉਪਜੇ ਤੇ ਉਹ ਮਾੜੇ ਚੰਗੇ ਵਿਚਲਾ ਫਰਕ ਪਛਾਣ ਸਕਣ।
13.    ਸਾਂਝੀਵਾਲਤਾ ਦਾ ਇਹਸਾਸ ਉਦੋਂ ਹੀ ਜਾਗਦਾ ਹੈ ਜਦੋਂ ਕਈ ਲੋਕ ਇਕੱਲੇ ਹੋ ਕੇ ਦੁਖ ਸਾਂਝਾ ਕਰਨ ਤੇ ਆਪਣਿਆਂ ਦੀਆਂ ਜਾਨਾਂ ਚਲੀਆਂ ਜਾਣ ਲਈ ਇਕ ਦੂਜੇ ਨੂੰ ਦਿਲਾਸਾ ਦੇਣ! ਅਜਿਹਾ ਸਭ ਕੁੱਝ ਸਿਰਫ਼ ਕਿਸੇ ਯਾਦਗਾਰ ਵਾਲੀ ਥਾਂ ਉੱਤੇ ਹੀ ਹੋ ਸਕਦਾ ਹੈ। ਇੰਜ ਮਾਨਸਿਕ ਨਿਤਾਣਾਪਨ ਵੀ ਘੱਟ ਹੋ ਜਾਂਦਾ ਹੈ ਜੋ ਨਿਰੋਗ ਸਮਾਜ ਨੂੰ ਉਸਾਰਨ ਵਿਚ ਮਦਦ ਕਰਦਾ ਹੈ।
14.    ਕਿਸੇ ਤ੍ਰਾਸਦੀ ਵਾਲੀ ਥਾਂ ਨੂੰ ਜਦੋਂ ਸੈਲਾਨੀਆਂ ਦੀ ਆਵਾਜਾਈ ਵਾਲੀ ਥਾਂ ਬਣਾ ਦਿੱਤੀ ਜਾਵੇ ਤਾਂ ਮਨੋਵਿਗਿਆਨੀ ਮੰਨਦੇ ਹਨ ਕਿ ਉਸ ਥਾਂ ਉੱਤੇ ਸ਼ਾਂਤੀ ਦਾ ਵਰਤਾਰਾ ਪਸਰ ਜਾਂਦਾ ਹੈ । ਜਿਨ੍ਹਾਂ ਘਰਾਂ ਦੀਆਂ ਜਾਨਾਂ ਗਈਆਂ ਹੁੰਦੀਆਂ ਹਨ, ਉਹ ਵੀ ਉੱਥੇ ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕਰ ਕੇ ਅਜਿਹੀ ਥਾਂ ਪਹੁੰਚ ਕੇ ਸ਼ਾਂਤ ਹੋ ਜਾਂਦੇ ਹਨ।
15.    ਅਜਿਹੀ ਥਾਂ ਉੱਤੇ ਅਰਦਾਸ ਕਰਨ ਦੀ ਥਾਂ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਮੈਡੀਟੇਸ਼ਨ ਦੀ ਵੀ।
16.    ਨਿਊਯਾਰਕ ਵਿਚ ਵੀ 9/11 ਦੀ ਯਾਦ ਬਣਾ ਕੇ ਉਸ ਦੀਆਂ ਕੰਧਾਂ ਉੱਤੇ ਅਲੱਗ-ਅਲੱਗ ਧਰਮਾਂ ਵਿਚਲੀਆਂ ਸ਼ਾਂਤੀ ਦੀਆਂ ਸਤਰਾਂ ਲਿਖ ਦਿੱਤੀਆਂ ਗਈਆਂ ਹਨ।
17.    ਦੰਗੇ, ਬਲਾਤਕਾਰ, ਦਹਿਸ਼ਤਗਰਦੀ, ਨਸਲਕੁਸ਼ੀ, ਆਦਿ ਵਰਗੇ ਸੰਗੀਨ ਜੁਰਮਾਂ ਨੂੰ ਅੱਗੇ ਤੋਂ ਰੋਕਣ ਲਈ ਲੋਕਾਂ ਨੂੰ ਹਲੂਣਾ ਦੇਣਾ ਜ਼ਰੂਰੀ ਹੈ ਜਿਸ ਵਾਸਤੇ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜਿਵੇਂ ਹਿਟਲਰ ਦੇ ਜ਼ੁਲਮਾਂ ਦੀਆਂ ਹੁਣ ਤਕ ਸਾਂਭੀਆਂ ਹੋਈਆਂ ਹਨ।
18.    ਜਿਵੇਂ 'ਹੈਰੀਟੇਜ ਬਿਲਡਿੰਗਾਂ' ਪੂਰੀ ਦੁਨੀਆ ਵਿਚ ਬਣੀਆਂ ਹੋਈਆਂ ਹਨ, ਉਸੇ ਤਰ੍ਹਾਂ ਜ਼ੁਲਮ ਦੌਰਾਨ ਢਾਹੀਆਂ ਇਮਾਰਤਾਂ ਭਾਰਤ ਵਿਚ ਵੀ ਉਂਜ ਹੀ ਢਠੀਆਂ ਹੋਈਆਂ ਸਾਂਭੀਆਂ ਜਾਣੀਆਂ ਚਾਹੀਦੀਆਂ ਹਨ।
    ਇਹ ਸਾਰੇ 18 ਨੁਕਤੇ ਪੂਰੇ ਜ਼ੋਰ ਸ਼ੋਰ ਨਾਲ ਮੁੰਬਈ ਵਿਚਲੇ ਤਾਜ ਹੋਟਲ ਵਿਚ ਹੋਏ ਦਹਿਸ਼ਤਗਰਦ ਹਮਲੇ ਲਈ ਚੁੱਕੇ ਜਾ ਰਹੇ ਹਨ ਤਾਂ ਜੋ ਉੱਥੇ ਮੈਮੋਰੀਅਲ ਦੀ ਉਸਾਰੀ ਹੋ ਸਕੇ।
    ਸਵਾਲ ਇਹ ਉੱਠਦਾ ਹੈ ਕਿ ਨਿੱਕੀਆਂ ਵੱਡੀਆਂ ਹਰ ਤ੍ਰਾਸਦੀਆਂ ਦੀਆਂ ਯਾਦਾਂ ਤੇ ਯਾਦਗਾਰਾਂ ਸਾਂਭੀਆਂ ਜਾ ਰਹੀਆਂ ਹਨ, ਤਾਂ ਕੀ 1984 ਵਿਚ ਕੋਈ ਤ੍ਰਾਸਦੀ ਵਾਪਰੀ ਹੀ ਨਹੀਂ?
    ਸੈਂਕੜੇ ਸਿੱਖ ਔਰਤਾਂ ਦੀ ਪੱਤ ਕੀ ਅਰਸ਼ੋਂ ਉੱਤਰੇ ਹੈਵਾਨ ਲੁੱਟ ਗਏ ਸਨ? ਕੀ ਸਿੱਖਾਂ ਨੇ ਬਲਦੇ ਟਾਇਰ ਆਪੇ ਹੀ ਆਪਣੇ ਗਲੇ ਵਿਚ ਪਾ ਕੇ ਲੋਹੇ ਦੀਆਂ ਰਾਡਾਂ ਨਾਲ ਆਪਣੇ ਆਪ ਨੂੰ ਮਾਰ ਲਿਆ? ਬੇਕਾਬੂ ਹੋਈ ਭੀੜ ਜਦੋਂ ਮਾਲ ਅਸਬਾਬ ਲੁੱਟ ਕੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਰਹੀ ਸੀ ਤਾਂ ਕੀ ਉਸ ਭੀੜ ਵਿਚ ਕੋਈ ਵੀ ਇਨਸਾਨ ਨਹੀਂ, ਸਭ ਆਦਮਖੋਰ ਹੀ ਸਨ?
    ਆਖ਼ਰ ਕੋਈ ਤਾਂ ਕਾਰਨ ਹੋਵੇ ਕਿ ਸੈਂਕੜੇ ਕਤਲ ਹੋਏ ਹੋਣ ਦੇ ਸਬੂਤ ਹੋਣ ਤੇ ਕਾਤਲ ਕੋਈ ਹੋਵੇ ਹੀ ਨਾ? ਇਮਾਰਤਾਂ ਢਹਿ ਚੁੱਕੀਆਂ ਹੋਣ ਤੇ ਨਿਸ਼ਾਨੀ ਕੋਈ ਛੱਡੀ ਨਾ ਗਈ ਹੋਵੇ?
    ਜੇ ਉੱਪਰ ਦੱਸੇ ਨੁਕਤੇ ਲਾਗੂ ਕੀਤੇ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅੱਲ੍ਹੇ ਜ਼ਖ਼ਮਾਂ ਨੂੰ ਲਗਾਤਾਰ ਦੱਬੀ ਜਾਣ ਸਦਕਾ 34 ਸਾਲਾਂ ਬਾਅਦ ਤੱਕ ਮਨ ਅੰਦਰਲੀ ਅੱਗ ਹਾਲੇ ਵੀ ਧੁਖਦੀ ਪਈ ਹੈ।
    ਜੇ ਦੁਨੀਆ ਭਰ ਦੇ ਚੋਟੀ ਦੇ ਮਨੋਵਿਗਿਆਨੀਆਂ ਦੇ ਸੁਝਾਓ ਮੰਨ ਲਏ ਜਾਣ, ਤਾਂ ਮੁਬੰਈ ਹਮਲੇ ਲਈ ਉਸਾਰੀ ਜਾਣ ਵਾਲੀ ਯਾਦਗਾਰ ਲਈ ਸੁਝਾਏ ਨੁਕਤਿਆਂ ਅਨੁਸਾਰ 1984 ਦੀ ਯਾਦਗਾਰ ਵੀ ਤੁਰੰਤ ਬਣਾਉਣ ਦੀ ਲੋੜ ਹੈ।
    ਹੁਣ ਤਾਂ ਫੈਸਲਾ ਪਾਠਕ ਹੀ ਕਰਨ ਕਿ 1984 ਦੀ ਯਾਦਗਾਰ ਬਣਾਉਣ ਦੀ ਗੱਲ ਕਰਨ ਵਾਲਾ ਦੇਸਧ੍ਰੋਹੀ ਹੈ ਜਾਂ 1984 ਦੇ ਜ਼ਖ਼ਮਾਂ ਵਿਚ ਲੂਣ ਪਾ ਕੇ ਉਸ ਗੱਲ ਨੂੰ ਦੱਬੀ ਰੱਖ ਕੇ ਸਿਰਫ਼ ਚੋਣਾਂ ਦੌਰਾਨ ਮੁੱਦਾ ਬਣਾ ਕੇ ਉਛਾਲਣ ਵਾਲਾ ਦੇਸਧ੍ਰੋਹੀ ਅਖਵਾਉਣਾ ਚਾਹੀਦਾ ਹੈ।
    ਅੰਤ ਵਿਚ ਇਹ ਦਸ ਦਿਆਂ ਕਿ ਹਾਅ ਦਾ ਨਾਅਰਾ ਮਾਰਨ ਵਾਲੇ ਹਿੰਦੂ ਧਰਮ ਦੇ ਵੀਰ ਭੈਣ, ਜਿਨ੍ਹਾਂ ਨੇ ਪੂਰੀ ਹਿੰਮਤ ਨਾਲ ਕਈ ਸਿਖ ਵੀਰਾਂ ਭੈਣਾਂ ਨੂੰ ਬਚਾਇਆ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਦੀ ਵੀ ਸ਼ਮੂਲੀਅਤ ਅਜਿਹੀ ਯਾਦਗਾਰ ਵਿਚ ਵਧੀਆ ਤਰੀਕੇ ਹੋਣੀ ਚਾਹੀਦੀ ਹੈ ਜੋ ਸਾਂਝੀਵਾਲਤਾ ਦਾ ਸੁਣੇਹਾ ਦੇਵੇਗੀ।
    ਪਰ, ਇਹ ਵੀ ਦੱਸੋ ਕਿ ਉਨ੍ਹਾਂ 12 ਔਰਤਾਂ ਦਾ ਕਿਵੇਂ ਜ਼ਿਕਰ ਕੀਤਾ ਜਾਵੇਗਾ ਜਿਨ੍ਹਾਂ ਦੀ ਪੱਤ ਲੁੱਟੀ ਗਈ, ਸਾਰੇ ਘਰ ਦੇ ਜੀਅ ਮਾਰ ਜਾਂ ਸਾੜ ਦਿੱਤੇ ਗਏ, ਘਰ ਬਾਰ ਲੁੱਟ ਲਿਆ ਗਿਆ ਤੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ!
    ਇਨ੍ਹਾਂ ਬਾਰਾਂ ਔਰਤਾਂ ਦਾ ਜ਼ਿਕਰ ਮੇਰੇ ਕੋਲ ਇਕ ਮੁਸਲਮਾਨ ਵੀਰ ਨੇ ਕੀਤਾ, ਜੋ ਯੂਨਾਈਟਿਡ ਨੇਸ਼ਨਜ਼ ਵੱਲੋਂ ਭੇਜੇ ਵਫ਼ਦ ਵਿਚ ਸ਼ਾਮਲ ਸੀ ਤੇ ਉਸ ਨੇ ਲਾਅਨਤ ਪਾਉਂਦਿਆਂ ਮੈਨੂੰ ਪੁੱਛਿਆ ਸੀ, ''ਭੈਣ ਜੀ, ਤੁਹਾਡੀ ਕੌਮ ਵਿਖਾਵੇ ਵਿਚ ਰੁੱਝੀ ਪਈ ਹੈ। ਖ਼ਬਰਾਂ ਵਿਚ ਆਉਣ ਲਈ, ਇਮਾਰਤਾਂ ਉੱਤੇ ਸੋਨਾ ਚੜ੍ਹਾਉਣ ਲਈ, ਰੌਲਾ ਪਾਉਣ ਲਈ ਜਾਂ ਲੰਗਰ ਲਾਉਣ ਲਈ ਤਾਂ ਕਾਹਲੇ ਹਨ ਪਰ ਇਹ 12 ਔਰਤਾਂ ਸਾਂਭ ਸਕਣ ਯੋਗ ਨਹੀਂ ਜੋ ਅੱਜ ਵੀ ਆਪਣੀ ਪੱਤ ਲੁੱਟਣ ਵਾਲੇ ਹੈਵਾਨਾਂ ਦੇ ਘਰਾਂ ਵਿਚ, ਦਿੱਲੀ ਵਿਚ ਹੀ ਭਾਂਡੇ ਮਾਂਜ ਕੇ, ਕਪੜੇ ਧੋ ਕੇ ਤੇ ਸਫ਼ਾਈਆਂ ਕਰ ਕੇ ਆਪਣੀ ਜੂਨ ਮੁੱਕ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ! ਕੀ ਉਨ੍ਹਾਂ ਦੇ ਮਨਾਂ ਦੀ ਪੀੜ ਉੱਤੇ ਕੋਈ ਮਲ੍ਹਮ ਕੰਮ ਕਰ ਸਕਦੀ ਹੈ?''
    ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਸ਼ਰਮ ਨਾਲ ਸਿਰ ਝੁਕਾਉਣ ਦੇ! ਮੈਨੂੰ ਇਸ ਗੱਲ ਦਾ ਪਤਾ ਹੀ 34 ਸਾਲਾਂ ਬਾਅਦ ਲੱਗਿਆ ਸੀ। ਇਹ ਵੀ ਨਹੀਂ ਪਤਾ ਅੱਜ ਉਹ  ਜਿਉਂਦੀਆਂ ਵੀ ਹਨ ਜਾਂ ਨਹੀਂ। ਜੇ ਹਨ, ਤਾਂ ਮੇਰੀ ਬੇਨਤੀ ਹੈ ਕਿ ਜਿਸ ਪਾਠਕ ਨੂੰ ਪਤਾ ਹੋਵੇ, ਇਨ੍ਹਾਂ ਬਾਰੇ ਦੱਸੇ ਤਾਂ ਜੋ ਪੰਥ ਵਿਚਲੇ ਦਰਦਵੰਦ ਇਨ੍ਹਾਂ ਨੂੰ ਮਦਦ ਪਹੁੰਚਾ ਸਕਣ! ਜੇ ਹੋਰ ਕੋਈ ਅਗਾਂਹ ਆਉਣ ਨੂੰ ਤਿਆਰ ਨਹੀਂ, ਤਾਂ ਮੈਂ ਹਾਜ਼ਰ ਹਾਂ।
    ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਕਹੀ ਗ਼ੱਲ ਦਾ ਕਿਸੇ ਸਿਆਸਤਦਾਨ ਉੱਤੇ ਉੱਕਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਉਨ੍ਹਾਂ ਦਾ ਕੰਮ ਹੁੰਦਾ ਹੈ ਧਰਮ ਦੇ ਨਾਂ ਉੱਤੇ ਪਾੜ ਪਾ ਕੇ ਆਮ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦਾ ਲਹੂ ਵਹਾ ਦੇਣਾ ਤੇ ਆਪ ਰਾਜ ਪਾਟ ਸਾਂਭ ਲੈਣਾ।
    ਜੇ ਹਾਲੇ ਵੀ ਕਿਸੇ ਨੂੰ ਬੇਯਕੀਨੀ ਹੋਵੇ ਤਾਂ ਕਰਤਾਰਪੁਰ ਲਾਂਘੇ ਦੇ ਜਸ਼ਨਾਂ ਨੂੰ ਸਿਆਸੀ ਅਖਾੜੇ ਵਿਚ ਤਬਦੀਲ ਕਰ ਕੇ ਗੁਰੂ ਸਾਹਿਬ ਦੀ 'ਤੇਰਾ ਤੇਰਾ' ਵਾਲੀ ਸੋਚ ਨੂੰ ਛਿੱਕੇ ਟੰਗ ਕੇ 'ਮੇਰਾ ਮੇਰਾ' ਕਰਨ ਵਾਲੇ ਸਿਆਸੀ ਆਗੂਆਂ ਵੱਲ ਝਾਤ ਮਾਰ ਕੇ ਆਪਣੀ ਬੇਯਕੀਨੀ ਦੂਰ ਕਰ ਸਕਦਾ ਹੈ।
    ਇਸੇ ਲਈ ਆਓ ਰਲ ਕੇ ਹੰਭਲਾ ਮਾਰੀਏ ਤੇ ਆਪਣੀ ਤਾਕਤ ਪਛਾਣ ਕੇ ਇਕਜੁੱਟ ਹੋ ਜਾਈਏ ਅਤੇ 1984 ਦੀ ਯਾਦਗਾਰ ਬਣਾਉਣ ਦੀ ਨੀਂਹ ਧਰੀਏ!
   
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

18 Dec. 2018

ਜਬਰ ਤੇ ਜ਼ੁਲਮ ਦਾ ਵਿਰੋਧ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਪੰਜਾਬ ਨੇ ਬੜਾ ਜਬਰ ਤੇ ਜ਼ੁਲਮ ਵੇਖਿਆ ਹੈ। ਇਸੇ ਜਬਰ ਵਿੱਚੋਂ ਉਪਜੇ ਸੂਰਮੇ ਤੇ ਸੂਰਬੀਰ ਦੁਨੀਆ ਵਾਸਤੇ ਮਿਸਾਲ ਬਣ ਗਏ ਅਤੇ ਪੁਸ਼ਤ ਦਰ ਪੁਸ਼ਤ ਆਪਣੀ ਵੀਰਤਾ ਦੀਆਂ ਧੁੰਮਾਂ ਪਾਉਂਦੇ ਰਹੇ। ਇਸੇ ਪਹਿਚਾਣ ਸਦਕਾ ਪੂਰੇ ਵਿਸ਼ਵ ਵਿਚ ਪੰਜਾਬੀਆਂ ਦਾ ਅੱਜ ਡੰਕਾ ਵੱਜਦਾ ਪਿਆ ਹੈ।
ਜਿੱਥੇ ਕਿਤੇ ਬਹਾਦਰ ਕੌਮਾਂ ਦੀ ਗੱਲ ਚੱਲੇ ਉੱਥੇ ਸਿੱਖਾਂ ਦਾ ਨਾਂ ਜ਼ਰੂਰ ਆਉਂਦਾ ਹੈ। ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਤੇ ਦੇਸ ਲਈ ਜਾਨ ਵਾਰਨ ਦਾ ਕੰਮ ਸਿੱਖਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ। ਇਹ ਜੰਗ ਭਾਵੇਂ ਆਪਣੇ ਮੁਲਕ ਦੀ ਹੋਵੇ ਜਾਂ ਵਿਸ਼ਵ ਜੰਗ, ਦਸਤਾਰਾਂ ਵਾਲੇ, ਲੰਮੇ ਜੁੱਸੇ ਵਾਲੇ ਤੇ ਮਜ਼ਬੂਤ ਇਰਾਦੇ ਵਾਲੇ ਸਿੰਘ ਹਮੇਸ਼ਾ ਮੂਹਰਲੀ ਕਤਾਰ ਵਿਚ ਦਿਸਦੇ ਰਹੇ ਹਨ।
ਅੱਜ ਵੀ ਇਤਿਹਾਸ ਵਿਚ ਪੰਜਾਬੀਆਂ ਬਾਰੇ ਇਹੀ ਜ਼ਿਕਰ ਮਿਲਦਾ ਹੈ-''ਬਦੇਸੀ ਜਰਵਾਣਿਆਂ ਨਾਲ ਲੋਹਾ ਲੈਣ ਵਾਲੇ'', ''ਮੌਤ ਨੂੰ ਮਖੌਲਾਂ ਕਰਨ ਵਾਲੇ'', ''ਸਿਰ ਵਾਰ ਦੇਣ ਵਾਲੇ'', ''ਚਰਖੜੀਆਂ ਉੱਤੇ ਹੱਸ ਕੇ ਚੜ੍ਹਨ ਵਾਲੇ'', ''ਤੱਤੀਆਂ ਤਵੀਆਂ ਨੂੰ ਜਰਨ ਵਾਲੇ'' ਆਦਿ!
ਰਤਾ ਕੁ ਇਤਿਹਾਸ ਵਿਚ ਹੋਰ ਝਾਤ ਮਾਰੀਏ। ਉੱਥੇ ਲੱਭਣਗੇ ਆਪਣਾ ਲੋਹਾ ਮੰਨਵਾਉਣ ਵਾਲੇ ਰੋਮਨ, ਇਟੈਲੀਅਨ, ਜਰਮਨ ਤੇ ਜਪਾਨੀ ਵੀ।
ਮੰਗੋਲੀਆ ਦੇ ਚੰਗੇਜ਼ ਖ਼ਾਨ ਸਦਕਾ ਮੰਗੋਲੀਆ ਨੇ ਪੂਰੇ ਏਸ਼ੀਆ ਤੇ ਯੂਰਪ ਉੱਤੇ ਆਪਣਾ ਰਾਜ ਸਥਾਪਤ ਕਰ ਲਿਆ।
ਐਲਗਜ਼ਾਂਡਰ, ਜੋ ਪੁਰਾਤਨ ਸਮੇਂ ਦਾ ਸਭ ਤੋਂ ਬਹਾਦਰ ਯੋਧਾ ਮੰਨਿਆ ਗਿਆ, ਨੇ ਵੀਹ ਸਾਲ ਦੀ ਉਮਰ ਵਿਚ ਹੀ ਗਰੀਸ ਦੇ ਮੈਸੇਡੋਨੀਆ ਤੋਂ ਸ਼ੁਰੂ ਹੋ ਕੇ ਅਫਰੀਕਾ, ਏਸ਼ੀਆ ਤੇ ਭਾਰਤ ਵਿਚ ਜਿੱਤ ਪ੍ਰਾਪਤ ਕਰ ਕੇ ਸਾਬਤ ਕਰ ਦਿੱਤਾ ਕਿ ਪੂਰੀ ਕੌਮ ਨੂੰ ਅਗਾਂਹ ਤੋਰਨ ਤੇ ਇਤਿਹਾਸ ਸਿਰਜਨ ਲਈ ਇੱਕੋ ਦੂਰਅੰਦੇਸ਼ੀ ਲੀਡਰ ਬਥੇਰਾ ਹੁੰਦਾ ਹੈ।
ਉਜ਼ਬੇਕਿਸਤਾਨ ਵਿਚ ਜੰਮੇ ਤੈਮੂਰ ਨੇ ਲੰਗੜੇ ਹੋਣ ਦੇ ਬਾਵਜੂਦ ਕਹਿਰ ਢਾਅ ਕੇ ਭਾਰਤ, ਰੂਸ ਤੋਂ ਮੈਡੀਟਰੇਨੀਅਨ ਸਮੁੰਦਰ ਤੱਕ ਆਪਣਾ ਝੰਡਾ ਫਹਿਰਾ ਦਿੱਤਾ। ਇਸੇ ਦੇ ਵੰਸ਼ਜ ਬਾਬਰ ਨੇ ਮੁਗਲ ਸਲਤਨਤ ਦਾ ਬੀਜ ਬੋਇਆ ਜਿਸ ਨੇ 300 ਸਾਲ ਤਕ ਭਾਰਤ ਉੱਤੇ ਰਾਜ ਕੀਤਾ।
ਇਸ ਜਬਰ ਤੇ ਜ਼ੁਲਮ ਦੇ ਬੂਟੇ ਨੂੰ ਜੜ੍ਹੋਂ ਪੁੱਟਣ ਲਈ ਇਕ ਲਹਿਰ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ। ਇਸ ਪ੍ਰਕਾਸ਼ਮਾਨ ਹੋਈ ਜੋਤ ਦੇ ਚਾਨਣ ਨੇ ਅਨੇਕ ਦੱਬੇ ਕੁਚਲੇ ਲੋਕਾਂ ਵਿਚ ਜਾਗ੍ਰਤੀ ਪੈਦਾ ਕੀਤੀ ਤੇ ਬਾਬਰ ਦੇ ਜਬਰ ਵਿਰੁੱਧ ਬਿਨਾਂ ਹਥਿਆਰਾਂ ਦੇ ਚੁੱਕੀ ਆਵਾਜ਼ ਨੇ ਇਕ ਲਹਿਰ ਪੈਦਾ ਕਰ ਦਿੱਤੀ।
ਅਸੀਂ ਵੇਖ ਚੁੱਕੇ ਹਾਂ ਕਿ ਆਮ ਤੌਰ ਉੱਤੇ ਅਜਿਹੀ ਪੈਦਾ ਕੀਤੀ ਲਹਿਰ ਜਾਂ ਤਾਂ ਉਸੇ ਇਕ ਸ਼ਖ਼ਸੀਅਤ ਤਕ ਸੀਮਤ ਰਹਿ ਜਾਂਦੀ ਹੈ ਜਾਂ ਦੋ ਤਿੰਨ ਪੁਸ਼ਤਾਂ ਤਕ ਜਾ ਕੇ ਸਮਾਪਤ ਹੁੰਦੀ ਰਹੀ ਹੈ।
ਬਾਬਰ, ਹੁਮਾਊਂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਤੋਂ ਬਹਾਦਰਸ਼ਾਹ ਜ਼ਫ਼ਰ ਤਕ ਜਿੰਨਾ ਕੁਫ਼ਰ ਤੋਲਿਆ ਗਿਆ, ਉਸ ਨਾਲ ਟੱਕਰ ਲੈਣ ਲਈ ਇੱਕ ਤੋਂ ਬਾਅਦ ਇਕ ਗੁਰੂ ਸਾਹਿਬਾਨ ਨੇ ਅਹਿੰਸਾ ਨੂੰ ਪਹਿਲ ਦਿੰਦਿਆਂ ਹੋਇਆ ਜਬਰ ਵਿਰੁੱਧ ਆਵਾਜ਼ ਚੁੱਕਣੀ ਜਾਰੀ ਰੱਖੀ। ਇਸ ਦੇ ਨਾਲੋ ਨਾਲ ਲੋਕਾਂ ਦੀ ਭਲਾਈ, ਸੋਚ ਵਿਚ ਵਿਕਾਸ, ਕੁਦਰਤ ਨੂੰ ਸੰਭਾਲਣ, ਪਾਖੰਡਾਂ ਤੋਂ ਬਚਾਓ, ਰਬ ਨਾਲ ਜੁੜਨ ਦਾ ਤਰੀਕਾ ਤੇ ਰਾਜਿਆਂ ਮਹਾਰਾਜਿਆਂ ਅੱਗੇ ਗੋਡੇ ਨਾ ਟੇਕਣ ਦਾ ਸਬਕ ਵੀ ਦਿੱਤਾ।
''ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਜਿਥੈ ਜੀਆਂ ਹੋਸੀ ਸਾਰ॥
ਨਕੀਂ ਵਢੀਂ ਲਾਇਤਬਾਰ॥''
        (ਗੁਰੂ ਨਾਨਕ ਦੇਵ ਜੀ-ਅੰਗ 1288)
ਇਹ ਸ਼ਬਦ ਉਚਾਰ ਕੇ ਗੁਰੂ ਸਾਹਿਬ ਨੇ ਆਉਣ ਵਾਲਿਆਂ ਲਈ ਰਾਹ ਦਸੇਰੇ ਦਾ ਕੰਮ ਕੀਤਾ ਕਿ ਉਨ੍ਹਾਂ ਦੇ ਚਲਾਏ ਪੂਰਨਿਆਂ ਉੱਤੇ ਚੱਲਣ ਵਾਲੇ ਪੁਸ਼ਤ ਦਰ ਪੁਸ਼ਤ ਇਹੀ ਸੁਣੇਹਾ ਅੱਗੋਂ ਦਿੰਦੇ ਰਹਿਣਗੇ ਕਿ ਭਾਵੇਂ ਨਿਹੱਥੇ ਹੋਵੋ ਪਰ ਆਪਣੀ ਅਣਖ ਨਾ ਮਰਨ ਦਿਓ ਤੇ ਮਨ ਅੰਦਰਲੀ ਹਿੰਮਤ ਜਾਗ੍ਰਿਤ ਰੱਖੋ। ਜ਼ੁਲਮ ਭਾਵੇਂ ਆਪਣੇ ਉੱਤੇ ਹੋਵੇ ਤੇ ਭਾਵੇਂ ਆਪਣੇ ਆਲੇ ਦੁਆਲੇ, ਉਸ ਨੂੰ ਵੇਖ ਕੇ ਚੁੱਪ ਕਰ ਕੇ ਬਹਿਣ ਵਾਲੇ ਮੁਰਦਾ ਹੁੰਦੇ ਹਨ।
ਜ਼ੁਲਮ ਕਰਨ ਵਾਲੇ ਕੋਲ ਭਾਵੇਂ ਪੂਰੀ ਤਾਕਤ ਹੋਵੇ, ਪੂਰੀ ਸਰਕਾਰ ਦਾ ਮਾਲਕ ਹੋਵੇ ਤੇ ਭਾਵੇਂ ਇਕ ਗੁੱਟ ਦਾ ਸਰਗਨਾ ਹੋਵੇ, ਨਿਹੱਥੇ ਹੁੰਦੇ ਹੋਇਆਂ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਤਾਕਤ ਹਰ ਕਿਸੇ ਅੰਦਰ ਭਾਵੇਂ ਨਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਹਰ ਧਰਮ ਦੇ ਬਾਸ਼ਿੰਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ।
ਉਨ੍ਹਾਂ ਸਮਿਆਂ ਵਿਚ ਸਰਕਾਰਾਂ ਤੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਤਸ਼ਦਦ ਸਹਿ ਰਹੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਖ਼ੂਬੀ ਸਮਝਾ ਦਿੱਤਾ-
''ਅਹਿਲਕਾਰ ਤਾਂ ਆਪਣੇ ਹੀ ਜਾਤਿ ਭਰਾਵਾਂ ਨੂੰ ਫਸਾ ਦਿੰਦੇ ਹਨ ਕਿਉਂਕਿ ਉਹ ਰਾਜੇ ਪ੍ਰਤੀ ਵਫ਼ਾਦਾਰੀ ਦਿਖਾਉਣ ਬਦਲੇ ਆਪਣੀ ਸੁਰੱਖਿਆ ਤੇ ਕੁੱਝ ਮਾਲੀ ਲਾਲਚ ਤੱਕ ਹੀ ਆਪਣੀ  ਸੋਚ ਨੂੰ ਸੀਮਤ ਕਰ ਲੈਂਦੇ ਹਨ। ਏਸੇ ਲਈ ਅੱਖਾਂ, ਕੰਨ, ਨੱਕ ਤੇ ਦਿਮਾਗ਼ ਬੰਦ ਕਰ ਕੇ ਗ਼ਲਤ ਹੁਕਮਾਂ ਨੂੰ ਵੀ ਲਾਗੂ ਕਰਨ ਵਾਸਤੇ ਗ਼ਰੀਬਾਂ ਦੇ ਹੱਕਾਂ ਦਾ ਘਾਣ ਕਰ ਕੇ ਉਨ੍ਹਾਂ ਨੂੰ ਪੀਹ ਦਿੰਦੇ ਹਨ। ਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਕੇ ਫਸਾ ਦਿੰਦਾ ਹੈ, ਉਵੇਂ ਹੀ ਰਾਜੇ ਦੇ ਅਹਿਲਕਾਰ ਆਪਣੇ ਹੀ ਹਮ ਜਿਨਸ ਮਨੁੱਖਾਂ ਦਾ ਲਹੂ ਪੀਂਦੇ ਹਨ।
ਸਖ਼ਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ ਅਜਿਹੇ ਰਾਜਿਆਂ ਨੂੰ ਸ਼ਿਕਾਰੀ ਸ਼ੇਰ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਮੰਨ ਕੇ ਸਮਝਾਇਆ ਹੈ ਕਿ ਜ਼ੁਲਮ ਸਹਿਣ ਵਾਲਿਓ, ਉੱਠੋ, ਜਾਗੋ ਤੇ ਮਨ ਦੀਆਂ ਅੱਖਾਂ ਖੋਲ੍ਹੋ!
ਹਰ ਸਦੀ ਵਿਚ ਜ਼ੁਲਮ ਹੁੰਦਾ ਰਿਹਾ ਹੈ ਤੇ ਜਬਰ ਕਰਨ ਵਾਲੇ ਵੀ ਪੈਦਾ ਹੁੰਦੇ ਰਹੇ ਹਨ। ਅੱਗੋਂ ਵੀ ਇਹੋ ਕੁੱਝ ਚੱਲਦਾ ਰਹਿਣਾ ਹੈ ਕਿਉਂਕਿ ਰਾਜ ਭਾਗ ਤੇ ਕੁਰਸੀ ਬੰਦੇ ਦੀ 'ਮਤ ਥੋਰੀ' ਕਰ ਦਿੰਦੀ ਹੈ। ਤਾਕਤ ਦਾ ਨਸ਼ਾ ਸੋਚਣ ਸਮਝਣ ਦੀ ਸਮਰਥਾ ਘਟਾ ਕੇ ਰਾਜ ਭਾਗ ਵਾਲੇ ਨੂੰ ਆਪਣੇ ਹੀ ਬਣਾਏ ਇਕ ਦਾਇਰੇ ਤਕ ਸੀਮਤ ਕਰ ਦਿੰਦਾ ਹੈ ਜਿੱਥੇ ਬਾਕੀ ਪਰਜਾ ਸਿਰਫ਼ ਕੀੜੇ ਮਕੌੜੇ ਜਾਪਣ ਲੱਗ ਪੈਂਦੀ ਹੈ।
ਇਸੇ ਕਰਕੇ ਆਪਣੀ ਗੱਦੀ ਪੱਕੀ ਕਰਨ ਪਿੱਛੇ ਹਰ ਬਗ਼ਾਵਤ ਕਰਨ ਵਾਲੇ ਨੂੰ ਕੁਚਲ ਦੇਣ, ਖ਼ਤਮ ਕਰ ਦੇਣ, ਜੇਲ੍ਹਾਂ ਵਿਚ ਡੱਕ ਦੇਣ ਜਾਂ ਭੁੱਖੇ ਭਾਣੇ ਤ੍ਰਾਹ-ਤ੍ਰਾਹ ਕਰ ਕੇ ਮਰ ਮੁੱਕ ਜਾਣ ਲਈ ਛੱਡ ਦਿੱਤਾ ਜਾਂਦਾ ਹੈ। ਕਮਾਲ ਤਾਂ ਇਹ ਹੈ ਕਿ ਹਰ ਸਦੀ ਵਿਚ ਜ਼ਾਲਮ ਹੋਏ ਸਨ ਅਤੇ ਉਨ੍ਹਾਂ ਪ੍ਰਤੀ ਬਗ਼ਾਵਤੀ ਸੁਰ ਕੱਢਣ ਵਾਲੇ ਆਮ ਲੋਕ ਵੀ ਉੱਠੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਤਖ਼ਤੋ ਤਾਜ ਤੋਂ ਮਹਿਰੂਮ ਕਰ ਦਿੱਤਾ।
ਰਾਜਿਆਂ ਦੇ ਅਹਿਲਕਾਰ ਬਿਲਕੁਲ ਉਂਜ ਹੀ ਮੰਨਣੇ ਚਾਹੀਦੇ ਹਨ ਜਿਵੇਂ ਸ਼ੇਰਾਂ ਦੇ ਨਹੁੰ ਹੋਣ। ਇਹ ਹਮੇਸ਼ਾ ਸ਼ੇਰਾਂ ਦੇ ਹੁਕਮਾਂ ਦੇ ਬੰਨੇ ਬਕਸੂਰ ਤੇ ਸੁੱਤੇ ਪਏ ਲੋਕਾਂ ਦਾ ਘਾਤ ਕਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ।
ਬੇਇਤਬਾਰੇ ਤੇ ਨਕ ਵੱਢੇ ਨਾਂ ਦੇ ਕੇ ਹਰ ਜਣੇ ਨੂੰ ਸਮਝਾਇਆ ਕਿ ਇਨ੍ਹਾਂ ਲੋਕਾਂ ਦੀ ਪਰਖ ਕਰ ਦੇ ਇਕਜੁੱਟ ਹੋ ਕੇ ਹਰ ਆਮ ਬੰਦੇ ਨੂੰ ਇਕੱਠੇ ਹੋ ਕੇ ਆਪਣੀ ਤਾਕਤ ਸਮਝਣੀ ਚਾਹੀਦੀ ਹੈ।
ਨੇਕ ਤੇ ਗ਼ਰੀਬ ਮਨੁੱਖ ਤਾਂ ਰੁਖ ਵਾਂਗ ਹੁੰਦਾ ਹੈ। ਜੇ ਉਹ ਆਪਣੀ ਟੇਕ ਰਬ ਉੱਤੇ ਛੱਡ ਕੇ ਇਕਜੁੱਟ ਹੋ ਜਾਵੇ ਤਾਂ ਉਹ ਡੂੰਘੀਆਂ ਜੜ੍ਹਾਂ ਵਾਲਾ ਰੁਖ ਬਣ ਜਾਂਦਾ ਹੈ ਜਿਸ ਨੂੰ ਕੋਈ ਹਨ੍ਹੇਰੀ ਸੌਖਿਆਂ ਸੁੱਟ ਨਹੀਂ ਸਕਦੀ।
ਇਹੋ ਕਾਰਨ ਹੈ ਕਿ ਲੋਕ ਰੋਹ ਅੱਗੇ ਜਾਬਰ ਰਾਜਿਆਂ ਦੇ ਤਖ਼ਤੇ ਪਲਟੇ ਗਏ ਤੇ ਉਨ੍ਹਾਂ ਦੇ ਖ਼ਾਨਦਾਨ ਨੇਸਤੋ-ਨਾਬੂਦ ਹੋ ਗਏ।
ਦੂਜਿਆਂ ਲਈ ਜਾਨ ਵਾਰ ਦੇਣ ਵਾਲੇ ਗੁਰੂ ਸਾਹਿਬ ਦਾ ਵੰਸ਼ ਸਰੀਰਕ ਤੌਰ ਉੱਤੇ ਭਾਵੇਂ ਖ਼ਤਮ ਕੀਤਾ ਗਿਆ ਹੋਵੇ ਪਰ ਬਗ਼ਾਵਤੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਜ਼ਾਲਮ ਨੂੰ ਮੂੰਹ-ਤੋੜ ਜਵਾਬ ਸੀ। ਸਾਢੇ 500 ਸਾਲ ਬਾਅਦ ਵੀ ਉਨ੍ਹਾਂ ਦੇ ਨਾਂ ਨੂੰ ਸਿਜਦਾ ਕਰਨ ਵਾਲੇ ਤੇ ਉਨ੍ਹਾਂ ਦੀ ਉਚਾਰੀ ਬਾਣੀ ਲਈ ਜਾਨਾਂ ਵਾਰ ਦੇਣ ਵਾਲੇ ਧਰਤੀ ਦੇ ਹਰ ਕੋਨੇ ਉੱਤੇ ਮੌਜੂਦ ਹਨ। ਪਰ ਕੀ ਜ਼ੁਲਮ ਕਰਨ ਵਾਲਿਆਂ ਦਾ ਖ਼ਾਨਦਾਨ ਕਿਤੇ ਦਿਸਦਾ ਹੈ?
ਸੰਨ 1947 ਵਿਚ ਵੀ ਰਾਜ ਕਰਨ ਵਾਲਿਆਂ ਦਾ ਕੁੱਝ ਨਹੀਂ ਖੁੱਸਿਆ ਪਰ ਰਾਜ ਹਾਸਲ ਕਰਨ ਲਈ ਆਮ ਲੋਕਾਂ ਨੂੰ ਵੱਢ ਘੱਤਿਆ ਗਿਆ। ਉਨ੍ਹਾਂ ਦਾ ਘਰ ਬਾਰ, ਰਿਸ਼ਤੇਦਾਰ, ਮਾਲ ਅਸਬਾਬ ਕੁੱਝ ਨਹੀਂ ਬਚਿਆ।
ਲਾਅਨਤ ਤਾਂ ਇਹ ਹੈ ਕਿ ਅੱਜ ਵੀ ਉਸੇ ਜ਼ਖ਼ਮ ਨੂੰ ਕੁਰੇਦ ਕੇ ਆਮ ਲੋਕਾਂ ਦੇ ਮਨਾਂ ਵਿਚ ਪਾੜ ਪਾ ਕੇ ਦੁਹਾਂ ਪਾਸੇ ਹਾਕਮ ਰਾਜ ਕਰਦੇ ਪਏ ਹਨ।
ਸੰਨ 1984 ਵਿਚਲੇ ਮਨੁੱਖੀ ਹੱਕਾਂ ਦੇ ਘਾਣ ਨੂੰ ਵੀ ਸਿਆਸਤਦਾਨਾਂ ਨੇ ਸਿਆਸਤ ਦੀ ਜੰਗ ਭਖਾਉਣ ਤੇ ਆਮ ਲੋਕਾਂ ਦੇ ਮਨਾਂ ਵਿਚਲੇ ਡੂੰਘੇ ਲੁਕੇ ਜ਼ਖ਼ਮਾਂ ਨੂੰ ਵਾਰ ਵਾਰ ਕੁਰੇਦ ਕੇ ਸਿੰਘਾਸਨ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ ਹੋਇਆ ਹੈ।
ਬਹਿਬਲ ਕਲਾਂ ਵਿਚ ਜਿਸ ਬਾਣੀ ਦੇ ਨਿਰਾਦਰ ਲਈ ਲੋਕ ਰੋਹ ਸ਼ਾਂਤ ਮਹਾਂਸਾਗਰ ਵਾਂਗ ਜਮਾਂ ਹੋਇਆ ਸੀ, ਉਸ ਬਾਣੀ ਵਿਚ ਮੁਸਲਮਾਨ ਫ਼ਕੀਰ ਤੇ ਹਿੰਦੂ ਜਾਤੀ ਨਾਲ ਸੰਬੰਧਿਤ ਸੰਤਾਂ ਦੀ ਬਾਣੀ ਵੀ ਦਰਜ ਹੈ। ਯਾਨੀ ਸਮੂਹ ਧਰਮਾਂ ਦੇ ਲੋਕਾਂ ਦੀ ਇੱਜ਼ਤ ਕਰਨ ਵਾਲਾ ਤੇ ਇਨਸਾਨੀਅਤ ਨੂੰ ਤਰਜੀਹ ਦੇਣ ਵਾਲਾ ਇਲਾਹੀ ਹੁਕਮ ਜਿਸ ਵਿਚ ਜ਼ਿੰਦਗੀ ਨੂੰ ਸਹੀ ਤਰੀਕੇ ਜੀਉਣ ਦਾ ਢੰਗ ਤੇ ਲੋਕ ਭਲਾਈ ਦਾ ਸੁਣੇਹਾ ਦਰਜ ਹੋਵੇ, ਉਸ ਦੀ ਬੇਕਦਰੀ ਕਰਨ ਵਾਲੇ ਇਨਸਾਨੀਅਤ ਦੇ ਦੁਸ਼ਮਨ ਤਾਂ ਆਪੇ ਹੀ ਸਾਬਤ ਹੋ ਜਾਂਦੇ ਹਨ। ਜਿਸ ਬਾਣੀ ਵਿਚ ਸਭ ਨੂੰ ਕੁਦਰਤ ਦੇ ਬੰਦੇ ਕਿਹਾ ਹੋਵੇ, ਉਸ ਨੂੰ ਰਾਜੇ ਦੇ ਮੁਕੱਦਮ ਕੁੱਤੇ ਸ਼ਿਕਾਰ ਕਰ ਕੇ ਰਾਜੇ ਅੱਗੇ ਪਰੋਸਣ ਤਾਂ ਕੀ ਲੋਕ ਇਸ ਨੂੰ ਸਹਿ ਜਾਣਗੇ? ਆਖਰ ਦੱਸੋ ਤਾਂ ਸਹੀ ਕਿ ਕਿਸੇ ਵੀ ਧਰਮ ਦਾ ਬੰਦਾ ਲੋਕ ਭਲਾਈ ਲਈ ਕਹੀ ਗੱਲ ਨੂੰ ਸਾੜੇ ਤੇ ਪਾੜੇ ਜਾਣ ਦਾ ਕੀ ਮਤਲਬ ਕੱਢੇ?
ਲੋਕ ਰੋਹ ਕਿਸੇ ਇਕ ਸਿਆਸਤਦਾਨ ਦੇ ਵਿਰੁੱਧ ਨਹੀਂ ਹੁੰਦਾ ਬਲਕਿ ਲੋਕ-ਪੱਖੀ ਸੋਚ ਨੂੰ ਮਿੱਧਣ ਵਾਲੇ ਹਰ ਰਾਜੇ ਤੇ ਉਸ ਦੇ ਸ਼ਿਕਾਰੀ ਅਹਿਲਕਾਰਾਂ ਵਿਰੁੱਧ ਉਜਾਗਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਇਹ ਵਿਦਰੋਹ ਦਬਾਇਆ ਨਹੀਂ ਜਾ ਸਕਦਾ। ਸਿੱਖ ਪੰਥ ਵਿਚ ਤਾਂ ਇਸ ਗੱਲ ਦੀ ਵੀ ਪੱਕੀ ਨੀਂਹ ਰੱਖੀ ਗਈ ਹੈ ਕਿ ਰਹਿਨੁਮਾਈ ਵਾਸਤੇ ਹਮੇਸ਼ਾ ਕੋਈ ਮਰਜੀਵੜਾ ਗੁਰੂ ਦੀ ਬਾਣੀ ਤੋਂ ਸੇਧ ਲੈ ਕੇ ਜਬਰ ਦੇ ਵਿਰੋਧ ਲਈ ਆਮ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣ ਕੇ ਅਗਾਂਹ ਆਉਂਦਾ ਰਿਹਾ ਹੈ। ਜਿੱਥੇ ਕੋਈ ਭਾਈ ਵੀਰ ਨਾ ਵੀ ਹੋਵੇ ਤਾਂ ਕਿਸੇ ਧੀ ਜਾਂ ਮਾਂ ਵਿੱਚੋਂ ਮਾਈ ਭਾਗੋ ਦੀ ਵੰਗਾਰ ਜ਼ਰੂਰ ਗਰਜਦੀ ਹੈ।
ਇਕ ਸਵਾਲ ਸੂਝਵਾਨ ਪਾਠਕਾਂ ਤੇ ਸੁਣਨ ਵਾਲਿਆਂ ਲਈ ਜ਼ਰੂਰ ਹੈ! ਕੀ ਇਹ ਕਿਤੇ ਲਿਖਿਆ ਮਿਲਦਾ ਹੈ ਕਿ ਰਾਜੇ ਜ਼ੁਲਮ ਕਰਨ ਤਾਂ ਧਾਰਮਿਕ ਥਾਵਾਂ ਉੱਤੇ ਪਹੁੰਚ ਕੇ ਮੱਥੇ ਰਗੜਨ ਦਾ ਡਰਾਮਾ ਕਰ ਕੇ ਸੁਰਖ਼ਰੂ ਹੋ ਸਕਦੇ ਹਨ ਪਰ ਪਰਜਾ ਵਿੱਚੋਂ ਜੇ ਕੋਈ ਰਾਜੇ ਨੂੰ ਜਾਂ ਉਸ ਦੇ ਅਹਿਲਕਾਰਾਂ ਵਿੱਚੋਂ ਕਿਸੇ ਦੀ 'ਮੈਂ' ਨੂੰ ਝਰੀਟ ਵੀ ਮਾਰ ਦੇਵੇ ਤਾਂ ਮਰਨ ਤੱਕ ਜੇਲ੍ਹ ਵਿਚ ਡੱਕੇ ਜਾਣ ਬਾਅਦ ਵੀ ਆਪਣਾ ਜੁਰਮ ਬਖ਼ਸਵਾ ਨਹੀਂ ਸਕਦਾ?
ਕੀ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ, ਜਿਹੜੇ ਲੋਕਾਂ ਦਾ ਲਹੂ ਪੀ ਰਹੇ ਹੋਣ ਤੇ ਗੁਰੂ ਦੀ ਬਾਣੀ ਦੀਆਂ ਧੱਜੀਆਂ ਉਡਾ ਰਹੇ ਹੋਣ ਤੇ ਜਿਸ ਬਾਣੀ ਵਿਚ ਰਾਜਿਆਂ ਤੇ ਉਨ੍ਹਾਂ ਦੇ ਜ਼ੁਲਮ ਕਰ ਰਹੇ ਅਹਿਲਕਾਰਾਂ ਨੂੰ ਲਾਅਨਤਾਂ ਪਾਈਆਂ ਹੋਣ ਤੇ ਜੋ ਬਾਣੀ ਸਪਸ਼ਟ ਕਰ ਰਹੀ ਹੋਵੇ ਕਿ ਲੋਕਾਂ ਦਾ ਲਹੂ ਪੀ ਕੇ ਪਲੀਤ ਹੋ ਚੁੱਕਿਆ ਤੋਂ ਮੂੰਹ ਮੋੜ ਲਵੋ ਤੇ ਉਨ੍ਹਾਂ ਦਾ ਦਬ ਕੇ ਵਿਰੋਧ ਕਰੋ, ਕੀ ਉਸੇ ਗੁਰੂ ਦੀ ਬਾਣੀ ਅੱਗੇ ਮੱਥਾ ਟੇਕ ਕੇ ਉਨ੍ਹਾਂ ਹੀ ਮੁਕੱਦਮ ਕੁੱਤਿਆਂ ਨੂੰ ਸਭ ਕੁੱਝ ਦੁਬਾਰਾ ਕਰਨ ਦਾ ਹੱਕ ਮਿਲ ਜਾਂਦਾ ਹੈ?
ਜੇ ਇਹੀ ਮੁਆਫ਼ੀ ਹੈ ਤਾਂ ਫੇਰ ਹਰ ਗ਼ਰੀਬ ਨੂੰ, ਹਰ ਅਣਖੀ ਨੂੰ ਤੇ ਹਰ ਗੁਰੂ ਦੇ ਪਿਆਰੇ ਨੂੰ ਵੀ ਅਜਿਹੇ ਰਾਜਿਆਂ ਤੇ ਅਹਿਲਕਾਰਾਂ ਨੂੰ ਰਾਜ ਪਾਟ ਤੋਂ ਧੂਅ ਕੇ ਲਾਹ ਦੇਣ ਬਾਅਦ ਵੀ ਮੱਥਾ ਟੇਕ ਕੇ ਮੁਆਫ਼ੀ ਮਿਲ ਜਾਣੀ ਚਾਹੀਦੀ ਹੈ!
ਇਸ ਸਵਾਲ ਦਾ ਜਵਾਬ ਸਿਰਫ਼ ਅਣਖ ਵਾਲਿਆਂ ਕੋਲ ਹੀ ਹੋ ਸਕਦਾ ਹੈ। ਜੁੱਤੀ-ਚੱਟਾਂ ਤੇ ਮਖ਼ਮਲੀ ਝੂਟਿਆਂ ਦੇ ਹੁਲਾਰੇ ਲੈਣ ਵਾਲਿਆਂ ਕੋਲ ਨਹੀਂ।
ਹੁਕਮਰਾਨਾਂ ਨੇ ਤਾਂ 47 ਦੇ ਜ਼ਖ਼ਮਾਂ ਨੂੰ ਵੀ ਵਕਤੀ ਮਲ੍ਹਮ ਲਾਉਣ ਵਾਸਤੇ ਕਦੇ ਅਫਸੋਸ ਦਾ ਦੀਵਾ ਬਾਲਣ ਹੀ ਨਹੀਂ ਦਿੱਤਾ। ਸਿਰਫ਼ ਆਜ਼ਾਦੀ ਦਾ ਜਸ਼ਨ ਮਨਾਉਣ ਤੱਕ ਹੀ ਸੀਮਤ ਕਰ ਦਿੱਤਾ ਹੈ। ਬਿਲਕੁਲ ਇੰਜ ਹੀ 84 ਬਾਰੇ ਗੱਲ ਕਰਨ ਵਾਲਾ ਵੀ ਦੇਸਧ੍ਰੋਹੀ ਬਣ ਜਾਂਦਾ ਹੈ ਤੇ ਉਹ ਜ਼ਖ਼ਮ ਵੀ ਉਂਜ ਹੀ ਦੱਬ ਦਿੱਤੇ ਗਏ ਹਨ।
ਇਨ੍ਹਾਂ ਦਾ ਜ਼ਿਕਰ ਤਾਂ ਕਰੀਏ ਜੇ ਕਿਸੇ ਸਿਖ ਧਰਮ ਨਾਲ ਜੁੜੇ ਬੱਚੇ ਨੂੰ ਤੱਤੀਆਂ ਤਵੀਆਂ ਦੀ ਪੀੜ ਮਹਿਸੂਸ ਹੋ ਰਹੀ ਹੋਵੇ। ਉਹ ਦਿਨ ਵੀ ਸਿਰਫ਼ ਗੁਰਦੁਆਰਿਆਂ ਵਿਚ ਲੰਗਰ ਛਕਣ ਤੇ ਛਬੀਲਾਂ ਲਾਉਣ ਦੇ ਜਸ਼ਨ ਵਿਚ ਤਬਦੀਲ ਹੋ ਚੁੱਕਿਆ ਹੈ। ਇੱਥੇ ਤਾਂ ਸੀਸ ਕਟਵਾਉਣ ਵਾਲੇ ਗੁਰੂ ਜੀ, ਜੋ ਪੂਰੇ ਹਿੰਦ ਦੀ ਚਾਦਰ ਸਾਬਤ ਹੋਏ ਸਨ, ਦਾ ਜ਼ਿਕਰ ਵੀ ਕਰਨ ਵਾਲੇ ਨੂੰ ਕੁਰਾਹਾ ਮੰਨ ਲਿਆ ਜਾਂਦਾ ਹੈ।
ਹੋਰ ਤਾਂ ਹੋਰ, ਚਰਖੜੀਆਂ ਉੱਤੇ ਚਿਰਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ ਤੇ ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਨੂੰ ਅੱਜ ਸਿਰਫ਼ ਚੁਟਕਲਿਆਂ ਤੇ ਮਜ਼ਾਕ ਦਾ ਪਾਤਰ ਬਣਾਉਣ ਉੱਤੇ ਜ਼ੋਰ ਲਾਇਆ ਜਾ ਰਿਹਾ ਹੈ।
ਫਿਟਕਾਰ ਦੀ ਗੱਲ ਤਾਂ ਇਹ ਹੈ ਕਿ ਨੀਹਾਂ ਵਿਚ ਚਿਣੇ ਗਏ ਦੁੱਧ ਦੇ ਦੰਦਾਂ ਵਾਲੇ ਬਾਲਾਂ ਦੇ ਸ਼ਹੀਦੀ ਦਿਹਾੜੇ ਨੂੰ ਵੀ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਹਾਲ ਵਿਚ ਇਸ ਕੌਮ ਦੇ ਨੌਜਵਾਨ ਆਪਣੇ ਲਹੂ ਅੰਦਰ ਕਿਤੇ ਉਬਾਲ ਨਾ ਲੈ ਆਉਣ!
ਜਿਹੜਾ ਜ਼ੁਲਮ ਨਾਲ ਟੱਕਰ ਲੈਣ ਦੀ ਜੁਅਰਤ ਕਰੇ, ਉਹ ਭਾਵੇਂ ਕਿਸਾਨ ਹੋਵੇ, ਅਧਿਆਪਕ ਹੋਵੇ, ਦਿਹਾੜੀਦਾਰ ਮਜ਼ਦੂਰ ਹੋਵੇ, ਸਫ਼ਾਈ ਕਰਮਚਾਰੀ ਹੋਵੇ, ਪੱਤਰਕਾਰ ਹੋਵੇ, ਸਿਰਫ਼ ਇਸ ਲਈ ਦੱਬ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬੀ ਇਕਜੁੱਟ ਹੋਣਾ ਭੁੱਲ ਗਏ ਹਨ। ਉਹ ਹਿੰਦੂ, ਸਿਖ, ਮੁਸਲਮਾਨ, ਈਸਾਈ ਜਾਂ ਕਿਸੇ ਸਿਆਸੀ ਪਾਰਟੀ ਦੇ ਨੁਮਾਇੰਦੇ ਹੀ ਬਣ ਕੇ ਰਹਿ ਗਏ ਹਨ।
ਇਜ਼ਰਾਈਲ ਵਿਚ ਅੱਜ ਦੇ ਦਿਨ ਵੀ ਸਾਲ ਵਿਚ ਇਕ ਵਾਰ ਦੋ ਮਿੰਟਾਂ ਲਈ ਪੂਰਾ ਮੁਲਕ ਇਕ ਹੂਟਰ ਵੱਜਣ ਉੱਤੇ ਖਲੋ ਜਾਂਦਾ ਹੈ। ਭਾਵੇਂ ਬਸ ਹੋਵੇ ਤੇ ਭਾਵੇਂ ਪੁਲਿਸ ਦੀਆਂ ਕਾਰਾਂ ਜਾਂ ਟੈਕਸੀਆਂ ਜਾਂ ਕੋਈ ਪੈਦਲ ਹੋਵੇ, ਹਰ ਜਣਾ ਇਸ ਹੂਟਰ ਉੱਤੇ ਰੁੱਕਦਾ ਹੈ। ਕਾਰਨ? ਸੱਠ ਲੱਖ ਯਹੂਦੀਆਂ ਦਾ ਨਾਜ਼ੀਆਂ ਵੱਲੋਂ ਨਸਲਕੁਸ਼ੀ ਕਰਨਾ! ਇਸੇ ਦੀ ਯਾਦ ਵਿਚ ਹਰ ਸਾਲ ਅਜਿਹਾ 12 ਅਪਰੈਲ ਨੂੰ ਕੀਤਾ ਜਾਂਦਾ ਹੈ। ਕਾਰਾਂ ਬਸਾਂ ਵਿੱਚੋਂ ਸਭ ਸਵਾਰੀਆਂ ਉਤਰ ਕੇ ਮੌਨ ਧਾਰਨ ਕਰ ਕੇ ਜਿੱਥੇ ਵਿਛੜੀਆਂ ਰੂਹਾਂ ਲਈ ਅਰਦਾਸ ਕਰਦੇ ਹਨ ਉੱਥੇ ਸਾਰੇ ਹੋਟਲ, ਰੈਸਤੋਰਾਂ ਤੇ ਸਾਰੀਆਂ ਮੌਜ ਮਸਤੀ ਦੀਆਂ ਥਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਹਰ ਸਕੂਲ ਵਿਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ ਕਿ ਕਿਤੇ ਉਹ ਆਪਣਾ ਪਿਛੋਕੜ ਭੁੱਲ ਨਾ ਜਾਣ।
ਸਿਖ ਪੰਥ ਕੀ 365 ਦਿਨਾਂ ਵਿੱਚੋਂ ਕਿਸੇ ਇਕ ਦਿਨ ਵਿਚਲੇ 2 ਮਿੰਟ ਵੀ ਆਪਣੇ ਪਿਛੋਕੜ ਲਈ ਕੱਢ ਸਕਿਆ ਹੈ?
ਕੋਈ ਅਜਿਹਾ ਦਿਨ ਜਿੱਥੇ ਸਾਡੇ ਬੱਚੇ ਮੌਜ ਮਸਤੀ ਤੇ ਮੇਲਿਆਂ ਦੀ ਥਾਂ ਪੰਜ ਮਿੰਟ ਤੱਤੀਆਂ ਤਵੀਆਂ ਨੂੰ ਯਾਦ ਕਰਦੇ ਹੋਣ? ਚਰਖੜੀਆਂ ਤੇ ਚੜ੍ਹਿਆਂ ਲਈ, ਆਰਿਆਂ ਉੱਤੇ ਚਿਰਵਾਏ ਗਇਆਂ ਲਈ, ਨੇਜ਼ਿਆਂ ਨਾਲ ਵਿੰਨ੍ਹਿਆਂ ਗਇਆਂ ਲਈ, ਕਸ਼ਮੀਰੀ ਪੰਡਤਾਂ ਲਈ ਸੀਸ ਵਾਰਨ ਵਾਲੇ ਲਈ, ਚਮਕੌਰ ਦੀ ਜੰਗ ਵਿਚ ਸ਼ਹਾਦਤ ਪਾਉਣ ਵਾਲਿਆਂ ਲਈ, ਨੀਹਾਂ ਵਿਚ ਚਿਣੇ ਜਾਣ ਵਾਲਿਆਂ ਲਈ, 47 ਵਿਚ ਇੱਜ਼ਤਾਂ ਗੁਆਉਣ ਵਾਲਿਆਂ ਲਈ, ਅਜ਼ਾਦੀ ਲਈ ਸ਼ਹਾਦਤਾਂ ਪਾਉਣ ਵਾਲਿਆਂ ਲਈ, 84 ਵਿਚ ਗਲਾਂ ਵਿਚ ਬਲਦੇ ਟਾਇਰ ਪੁਆਉਣ ਵਾਲਿਆਂ ਲਈ, ਅਕਾਲ ਤਖ਼ਤ ਦੇ ਢਾਹੇ ਜਾਣ ਲਈ, ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਲਈ, ਜੰਗੀ ਕੈਦੀਆਂ ਲਈ, ਧਰਮੀ ਫੌਜੀਆਂ ਲਈ ਤੇ ਅਨੇਕ ਹੋਰ ਕੁਰਬਾਨ ਹੋ ਚੁੱਕਿਆਂ ਲਈ ਕਦੇ ਕਿਸੇ ਨੇ ਸੋਚਿਆ ਹੈ ਕਿ ਅਜਿਹੀ ਪੀੜ ਨੂੰ ਪੀੜੀ ਦਰ ਪੀੜੀ ਜ਼ਿੰਦਾ ਰੱਖਣ ਲਈ ਅਸੀਂ ਵੀ ਮੌਨ ਵਰਤ ਰੱਖੀਏ, ਬੱਚਿਆਂ ਨੂੰ ਸਾਲ ਵਿਚ ਇਕ ਵਾਰ ਇਸ ਬਾਰੇ ਜਾਣਕਾਰੀ ਦੇਈਏ ਤੇ ਹਰ ਸਿੱਖ ਜਿਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਵੇ, ਇਸ ਇਕ ਦਿਨ ਲਈ ਅੱਧਾ ਘੰਟਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਿੱਖਾਂ ਦੇ ਪਿਛੋਕੜ ਨਾਲ ਜੋੜ ਕੇ ਆਤਮ ਪੜਚੋਲ ਕਰ ਲਵੇ?
ਕਿਸ ਸਦੀ ਵਿਚ ਸਮਝਾਂਗੇ ਕਿ ਸਿਆਸਤਦਾਨ ਲੋਕਾਂ ਨਾਲ ਦਗ਼ਾ ਕਰ ਕੇ ਸਿਰਫ਼ ਵਾਰੀਆਂ ਹੀ ਵੰਡਿਆਂ ਕਰਦੇ ਹਨ। ਉਨ੍ਹਾਂ ਦਾ ਸਿੰਘਾਸਨ ਗ਼ਰੀਬਾਂ ਦੀਆਂ ਹੱਡੀਆਂ ਨਾਲ ਹੀ ਉਸਰਦਾ ਹੈ। ਜਦ ਤਕ ਪਿੰਡ ਆਪਣੀ ਪੱਧਰ ਉੱਤੇ ਕੋਆਪਰੇਟਿਵ ਸਿਸਟਮ ਦੇ ਸ਼ਕਤੀਕਰਨ ਨਾਲ ਮਜ਼ਬੂਤ ਨਹੀਂ ਹੁੰਦੇ ਤੇ ਲੋਕ ਸਰਕਾਰਾਂ ਅੱਗੇ ਹੱਥ ਅੱਡ ਕੇ ਮੁਫ਼ਤ ਚੀਜ਼ਾਂ ਹਾਸਲ ਕਰਨ ਨੂੰ ਨਾ ਨਹੀਂ ਕਰਦੇ, ਇਹ ਕਾਲਾ ਦੌਰ ਕਦੇ ਨਹੀਂ ਮੁੱਕਣਾ। ਮੁਫ਼ਤ ਆਟਾ-ਦਾਲ ਤੋਂ ਅਗਾਂਹ ਤੁਰ ਕੇ ਆਪਣੀ ਸੋਚ ਮੁਫ਼ਤ ਵਿਦਿਆ ਤੇ ਮੁਫ਼ਤ ਸਿਹਤ ਸਹੂਲਤਾਂ ਵਲ ਕਰੀਏ। ਆਪਣੀ ਕਿਰਤ ਕਰ ਕੇ ਆਪਣੀ ਤਾਕਤ ਜਿਸ ਦਿਨ ਲੋਕ ਪਛਾਣ ਲੈਣਗੇ, ਉਦੋਂ ਹੀ ਇਹ ਚੱਕਰ ਉਲਟੇਗਾ। ਪਰ ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ ਹੈ, ਜਦੋਂ ਦੱਬੇ ਜਾਣ ਵਾਲੇ ਲੋਕ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਣ।
ਇਕ ਗੱਲ ਦਿਮਾਗ਼ ਵਿੱਚੋਂ ਨਾ ਵਿਸਾਰਿਓ। ਜਦੋਂ ਸਿਆਸਦਾਨਾਂ ਕੋਲ ਕੋਈ ਰਾਹ ਨਾ ਬਚੇ ਤਾਂ ਰਾਜਿਆਂ ਦੇ ਮੁਕੱਦਮ ਕੁੱਤੇ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਪਰ੍ਹਾਂ ਕਰ ਕੇ ਧਰਮ ਦੇ ਆਧਾਰ ਉੱਤੇ ਪਾੜ ਦਿੰਦੇ ਹਨ। ਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਅਸੀਂ ਸਮਝੇ ਨਹੀਂ।
ਕਦੇ ਮੁਸਲਮਾਨ ਅੱਤਵਾਦੀ ਤੇ ਕਦੇ ਸਿਖ ਅੱਤਵਾਦੀ ਕਹਿ ਕੇ ਪੰਜਾਬੀਆਂ ਨੂੰ ਪਾੜਿਆ ਜਾਂਦਾ ਰਿਹਾ ਹੈ। ਮਾਤਾ ਕੌਲਾਂ ਸਿਖ ਧਰਮ ਵਿਚ ਪਵਿੱਤਰ ਨਾਂ ਗਿਣਿਆ ਜਾਂਦਾ ਹੈ ਜਿਸ ਦਾ ਪਿਛੋਕੜ ਮੁਸਲਮਾਨ ਸੀ। ਆਜ਼ਾਦੀ ਦੀ ਜੰਗ ਵਿਚ ਪੰਜਾਬ ਦੀ ਆਮ ਵਸੋਂ ਵਿਚਲੇ ਹਿੰਦੂ ਸਿਖ ਤੇ ਮੁਸਲਮਾਨਾਂ ਨੇ ਇੱਕੋ ਜਿੰਨੀ ਮਾਰ ਝੱਲੀ।
ਖੇਮਕਰਨ ਦੇ ਸੱਤ ਟੈਂਕਰ ਤੋੜ ਕੇ ਮੁਲਕ ਵਾਸਤੇ ਜਾਨ ਵਾਰ ਕੇ ਪਰਮਵੀਰ ਚੱਕਰ ਹਾਸਲ ਕਰਨ ਵਾਲਾ ਵੀਰ ਅਬਦੁਲ ਹਮੀਦ ਮੁਸਲਮਾਨ ਹੋਣ ਕਰ ਕੇ ਨਹੀਂ ਬਲਕਿ ਭਾਰਤੀ ਹੋਣ ਕਰਕੇ ਲੜਿਆ ਸੀ। ਵੀਰ ਚੱਕਰ ਹਾਸਲ ਬ੍ਰਿਗੇਡੀਅਰ ਉਸਮਾਨ ਅਲੀ ਵੀ ਮੁਸਲਮਾਨ ਹੋਣ ਸਦਕਾ ਨਹੀਂ ਭਾਰਤੀ ਹੋਣ ਕਾਰਨ ਦੇਸ ਲਈ ਜਾਨ ਵਾਰ ਗਿਆ। ਸ਼ਹੀਦ ਵੀਰ ਮੇਜਰ ਸੋਮਨਾਥ ਸ਼ਰਮਾ ਪਰਮ ਵੀਰ ਚੱਕਰ ਵਿਜੇਤਾ ਜਾਂ ਸ਼ਹੀਦ ਵੀਰ ਵਿਕਰਮ ਬਤਰਾ ਪਰਮ ਵੀਰ ਚੱਕਰ ਜੇਤੂ ਨੇ ਹਿੰਦੂ ਹੋਣ ਕਰ ਕੇ ਨਹੀਂ ਭਾਰਤੀ ਹੋਣ ਕਰ ਕੇ ਜਾਨ ਵਾਰੀ। ਕੌਣ ਭੁਲਾ ਸਕਦਾ ਹੈ ਜਨਰਲ ਹਰਬਖਸ਼ ਸਿੰਘ ਦੀ ਵੀਰਤਾ? %ਪੂਰੀ ਸਿਖ ਕੌਮ ਉਸ ਦੀ ਰਿਣੀ ਹੈ। ਪਰਮ ਵੀਰ ਵਿਜੇਤਾ ਵੀਰ ਨਿਰਮਲ ਜੀਤ ਸਿੰਘ ਸੇਖੋਂ ਨੇ ਵੀ ਸਿੱਖ ਹੋਣ ਸਦਕਾ ਨਹੀਂ, ਭਾਰਤੀ ਹੋਣ ਸਦਕਾ ਹੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਪਰ ਗ਼ੌਰ ਕਰਿਓ, ਸਿਆਸਤਦਾਨਾਂ ਦੇ ਲਾਡਲਿਆਂ ਨੇ ਕਦੇ ਆਪਣੀ ਜਾਨ ਨਹੀਂ ਵਾਰੀ।
ਇਸ ਨੁਕਤੇ ਨੂੰ ਸਮਝਦਿਆਂ ਕਦੇ ਤਾਂ ਅਸੀਂ ਧਰਮ ਦੇ ਨਾਂ ਉੱਤੇ ਪਾੜੇ ਜਾਣ ਤੋਂ ਬਚ ਕੇ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਤੋਂ ਖ਼ਬਰਦਾਰ ਹੋ ਕੇ ਸਿਰਫ਼ ਪੰਜਾਬੀਪੁਣਾ ਸਾਂਭ ਕੇ ਇਕਜੁੱਟ ਹੋਵਾਂਗੇ!
ਜੇ ਹਾਲੇ ਵੀ ਨਾ ਨਿੱਤਰੇ ਤਾਂ ਇਤਿਹਾਸ ਗਵਾਹ ਹੈ ਕਿ ਜ਼ੁਲਮ ਤੇ ਜ਼ਾਲਮ ਹਰ ਸਦੀ ਆਉਂਦੇ ਰਹੇ ਹਨ ਤੇ ਵਿਦਰੋਹ ਵੀ ਹਮੇਸ਼ਾ ਹੁੰਦਾ ਰਿਹਾ ਹੈ। ਜੇ ਰੱਜੇ ਪੁੱਜੇ ਨਾ ਨਿੱਤਰੇ ਤਾਂ ਕੰਮੀਆਂ ਦੇ ਵਿਹੜੇ ਵਿਦਰੋਹ ਦਾ ਬੀਜ ਜ਼ਰੂਰ ਪੁੰਗਰੇਗਾ ਤੇ ਉਹੀ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ। ਉੱਥੋਂ ਹੀ ਫਿਰ ਆਵਾਜ਼ ਗੂੰਜੇਗੀ-ਸਾਡੇ ਹੱਕ, ਏਥੇ ਰੱਖ! ਇਨਕਲਾਬ ਜ਼ਿੰਦਾਬਾਦ!!
ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤਕ ਰਾਤ ਬਾਕੀ ਹੈ
ਹਨ੍ਹੇਰੀ ਕਾਲੀ ਆਏਗੀ
ਗਰਦਿਸ਼ ਉਡਦੀ ਜਾਏਗੀ
ਘਟਾਵਾਂ ਨੇ ਵੀ ਆਉਣਾ ਹੈ
ਝਖੜਾਂ ਸ਼ੋਰ ਮਚਾਉਣਾ ਹੈ
ਬਿਜਲੀ ਹੋਰ ਵੀ ਕੜਕੇਗੀ
ਕੰਡਿਆਂ ਦੀ ਚੋਭ ਰੜਕੇਗੀ
ਵੇ ਵੀਰਾ ਥੱਕ ਨਾ ਜਾਣਾ
ਨੀ ਭੈਣਾ ਅੱਕ ਨਾ ਜਾਣਾ
ਚੰਗੇਜ਼ਾਂ ਫਿਰ ਵੀ ਆਉਣਾ ਹੈ
ਤੈਮੂਰਾਂ ਕਹਿਰ ਢਾਹੁਣਾ ਹੈ।
ਅੰਗਾਰਾਂ ਤੇ ਕਦਮ ਰੱਖਣਾ
ਜਦੋਂ ਤਕ ਵਾਟ ਬਾਕੀ ਹੈ
ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤਕ ਰਾਤ ਬਾਕੀ ਹੈ
ਨਹੀਂ ਫਰਿਆਦ ਦਾ ਫ਼ਾਇਦਾ
ਹਨ੍ਹੇਰੇ ਦੀ ਅਦਾਲਤ ਵਿਚ
ਬਗ਼ਾਵਤ ਕਰ ਮੇਰੇ ਸਜਣਾ
ਜਦੋਂ ਤਕ ਰਾਤ ਬਾਕੀ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

18 Nov. 2018

ਝੂਟਿਆਂ ਦਾ ਬੱਚੇ ਉੱਤੇ ਅਸਰ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਬੱਚੇ ਦੇ ਦਿਮਾਗ਼ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਕੁੱਝ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ। ਇਨ੍ਹਾਂ ਵਿਚ ਸ਼ਾਮਲ ਹਨ-ਛੋਹ, ਆਵਾਜ਼, ਦੇਖਣਾ, ਸਰੀਰ ਦੀ ਹਿਲਜੁਲ, ਆਲੇ-ਦੁਆਲੇ ਬਾਰੇ ਘੋਖਣਾ, ਆਦਿ। ਇਨ੍ਹਾਂ ਸਾਰੀਆਂ ਗੱਲਾਂ ਦਾ ਬੱਚੇ ਦੇ ਦਿਮਾਗ਼ ਦੀ ਹਾਰਡ ਡਿਸਕ ਉੱਤੇ ਛਪਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਆਪਣੇ ਤਜਰਬਿਆਂ ਦੇ ਨਾਲ ਮਾਪਿਆਂ ਤੇ ਹੋਰ ਮਿਲਣ ਵਾਲਿਆਂ ਦੇ ਹੁੰਗਾਰੇ ਅਨੁਸਾਰ ਚੰਗਾ-ਮੰਦਾ, ਸਹੀ-ਗ਼ਲਤ ਦੀ ਪਛਾਣ ਕਰ ਸਕੇ।
ਕੁੱਝ ਅਲੱਗ ਤਰ੍ਹਾਂ ਦਾ ਅਸਰ ਪੈਂਦਾ ਹੈ ਸੰਵੇਦਨਾ ਉੱਤੇ। ਕੰਨਾਂ ਦੇ ਅੰਦਰਲੇ ਹਿੱਸੇ ਦਾ ਕੰਮ ਹੁੰਦਾ ਹੈ ਸਰੀਰ ਨੂੰ ਸਿੱਧਾ ਰੱਖਣਾ ਤੇ ਹਿਲਜੁਲ ਦੇ ਬਾਵਜੂਦ ਆਲੇ-ਦੁਆਲੇ ਬਾਰੇ ਪੂਰੀ ਸਮਝ ਹੋਣਾ। ਤੁਰਨ ਜਾਂ ਰਿੜ੍ਹਨ ਨਾਲ ਕੰਨਾਂ ਤੇ ਸਿਰ ਦੀ ਏਨੀ ਹਿਲਜੁਲ ਨਹੀਂ ਹੁੰਦੀ ਜਿੰਨੀ ਪੰਘੂੜੇ ਵਿਚ ਜਾਂ ਪੀਂਘ ਉੱਤੇ ਝੂਟੇ ਲੈਣ ਨਾਲ ਜਾਂ ਫੇਰ ਗੋਦ ਵਿਚ ਹਿਲਾ ਹਿਲਾ ਕੇ ਸਵਾਉਣ ਨਾਲ।
ਗੋਦ ਵਿਚ ਸਵਾਉਣ ਲੱਗਿਆਂ ਬੱਚੇ ਨੂੰ ਹਿਲਾ ਹਿਲਾ ਕੇ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਜ ਬੱਚੇ ਦਾ ਸਿਰ ਤੇ ਕੰਨਾਂ ਦਾ ਅੰਦਰਲਾ ਹਿੱਸਾ ਪੂਰਾ ਗੋਲ ਮੋਲ ਹਿਲ ਜਾਂਦਾ ਹੈ। ਇਸ ਤਰ੍ਹਾਂ ਕੰਨਾਂ ਦੇ ਅੰਦਰਲੇ ਹਿੱਸੇ ਨੂੰ ਛੇਤੀ ਛੇਤੀ ਕੰਮ ਕਰਨ ਤੇ ਸਰੀਰ ਨੂੰ ਕਿਸੇ ਵੀ ਹਾਲ ਵਿਚ ਸਿੱਧਾ ਰੱਖਣ ਦੀ ਕੋਸ਼ਿਸ਼ ਨੂੰ ਹੁਲਾਰਾ ਮਿਲਦਾ ਹੈ। ਇਸ ਦੇ ਨਾਲ-ਨਾਲ ਮਾਂ ਦੇ ਹੱਥਾਂ ਦੀ ਛੋਹ, ਘੁੱਟ ਕੇ ਪਾਈ ਜੱਫੀ ਤੇ ਮਾਂ ਦੇ ਢਿੱਡ ਨਾਲ ਜੁੜਿਆ ਬੱਚੇ ਦਾ ਢਿੱਡ ਬੱਚੇ ਨੂੰ ਸੁਰੱਖਿਅਤ ਹੋਣ ਦਾ ਇਹਸਾਸ ਦਵਾਉਂਦਾ ਹੈ।
ਏਨੇ ਸਾਰੇ ਸੁਣੇਹੇ ਬੱਚੇ ਦੀ ਸੋਚਣ ਸਮਝਣ ਦੀ ਸ਼ਕਤੀ ਵਧਾਉਣ ਵਿਚ ਮਦਦ ਵੀ ਕਰਦੇ ਹਨ ਕਿਉਂਕਿ ਬਹੁਤ ਸਾਰੇ ਸੈੱਲ ਵਾਰ-ਵਾਰ ਪਹੁੰਚੇ ਸੁਣੇਹਿਆਂ ਸਦਕਾ ਤੇਜ਼ੀ ਨਾਲ ਕੰਮ ਕਰਨ ਵਿਚ ਜੁਟ ਜਾਂਦੇ ਹਨ ਤੇ ਰਵਾਂ ਹੁੰਦੇ ਰਹਿੰਦੇ ਹਨ। ਲਗਾਤਾਰ ਆਉਂਦੇ ਸੁਣੇਹੇ ਬੱਚੇ ਨੂੰ ਸੰਵੇਦਨਸ਼ੀਲ ਬਣਾਉਣ ਵਾਲੇ ਸੈਂਟਰ ਅਤੇ ਛੋਹ ਤੋਂ ਉਤਪੰਨ ਹੋਇਆ ਸੁਖਦ ਇਹਸਾਸ ਵਧਾਉਣ ਵਿਚ ਵੀ ਮਦਦ ਕਰਦੇ ਹਨ।
ਜੇ ਇਹੀ ਝੂਟਾ ਬਹੁਤ ਤੇਜ਼ ਹੋਵੇ ਜਾਂ ਬੱਚੇ ਵਿਚ ਪੀੜ ਦਾ ਇਹਸਾਸ ਕਰਵਾਏ ਜਾਂ ਬੱਚਾ ਬਹੁਤ ਜ਼ੋਰ ਦੀ ਝਟਕਿਆ ਗਿਆ ਹੋਵੇ ਤਾਂ ਨੁਕਸਾਨ ਕਰ ਸਕਦਾ ਹੈ।
ਯਾਦ ਕਰਨ ਦੀ ਸ਼ਕਤੀ ਘਟਣੀ, ਚਿੜਚਿੜਾਪਨ, ਖਿੱਝ, ਰੋਂਦੂ, ਦਿਮਾਗ਼ ਅੰਦਰ ਲਹੂ ਦਾ ਚੱਲਣਾ, ਓਟਿਜ਼ਮ, ਟਿਕ ਕੇ ਨਾ ਬੈਠ ਸਕਣਾ, ਲੜਾਕਾ ਹੋਣਾ, ਇਕਦਮ ਗੁੱਸੇ ਵਿਚ ਆ ਕੇ ਚੀਜ਼ਾਂ ਭੰਨਣੀਆਂ, ਆਦਿ ਵੇਖਣ ਵਿਚ ਆ ਸਕਦੀਆਂ ਹਨ।
ਡਾ. ਜੀਨ ਆਇਰਸ ਤੇ ਹੋਰ ਫਿਜ਼ੀਕਲ ਥੈਰਾਪਿਸਟ ਅਤੇ ਨਿਊਰੋਲੋਜੀ, ਨਿਊਰੋਸਾਈਕੋਲੋਜੀ, ਫਿਜ਼ਿਓਲੋਜੀ ਦੇ ਅਨੇਕ ਖੋਜੀਆਂ ਨੇ ਰਲ ਕੇ ਹਲਕੇ ਝੂਟੇ ਜਾਂ ਹੁਲਾਰੇ ਉੱਤੇ ਵੱਡੀ ਖੋਜ ਕੀਤੀ ਹੈ। ਇਸ ਨੂੰ 'ਸੈਂਸਰੀ ਇਨਟੈਗਰੇਸ਼ਨ' ਦੇ ਅਧੀਨ ਬੱਚੇ ਦੇ ਸਿੱਖਣ, ਸੋਚਣ, ਸਮਝਣ ਤੇ ਸੰਵੇਦਨਸ਼ੀਲ ਹੋਣ ਉੱਤੇ ਅਸਰ ਘੋਖਿਆ ਗਿਆ। ਬਾਹਰੋਂ ਆਏ ਸਾਰੇ ਤਰ੍ਹਾਂ ਦੇ ਛੋਹ ਦੇ ਸੁਣੇਹੇ ਅਤੇ ਉਨ੍ਹਾਂ ਨਾਲ ਵੱਖੋ-ਵੱਖ ਦਿਮਾਗ਼ ਦੇ ਹਿੱਸਿਆਂ ਦੀ ਹਿਲਜੁਲ ਰਿਕਾਰਡ ਕੀਤੀ ਗਈ।
ਇਸ ਖੋਜ ਵਿੱਚੋਂ ਹੀ ਸਮਝ ਆਈ ਕਿ ਜਿਹੜੇ ਬੱਚੇ ਅੱਗੋਂ ਓਟਿਜ਼ਮ ਦੇ ਸ਼ਿਕਾਰ ਹੋਏ, ਉਹ ਉਹੀ ਸਨ ਜਿਨ੍ਹਾਂ ਦੇ ਬਚਪਨ ਵੇਲੇ ਉਨ੍ਹਾਂ ਨੂੰ ਸੁਖਾਵੇਂ ਇਹਸਾਸ ਘੱਟ ਹੋਏ ਸਨ। ਚੀਕਣ ਜਾਂ ਝਗੜਨ ਦੀਆਂ ਆਵਾਜ਼ਾਂ, ਗੁੱਸਾ, ਮਾਰ-ਕੁਟਾਈ, ਖੁਰਦਰੀ ਛੋਹ ਵਰਗੇ ਸੁਣੇਹੇ ਜਦੋਂ ਨਿੱਕੇ ਬੱਚੇ ਦੇ ਦਿਮਾਗ਼ ਵੱਲ ਵੱਧ ਹੋਣ ਜਾਂ ਰੋਜ਼ ਜਾ ਰਹੇ ਹੋਣ, ਤਾਂ ਅਜਿਹੇ ਬੱਚਿਆਂ ਦੇ 'ਸੈਂਸਰੀ ਸੈਂਟਰ' ਵਿਚਲੇ ਸੈੱਲ ਨਾਰਮਲ ਨਹੀਂ ਰਹਿੰਦੇ। ਉਨ੍ਹਾਂ ਸੈੱਲਾਂ ਦੇ ਜੋੜ ਵੀ ਸਹੀ ਕੰਮ ਨਹੀਂ ਕਰਦੇ ਜਿਸ ਨਾਲ ਉੱਥੇ ਪਹੁੰਚਦੀਆਂ ਤਰੰਗਾਂ ਕਈ ਵਾਰ ਤਿੰਨ ਜਾਂ ਚਾਰ ਗੁਣਾ ਵੱਧ ਤੇਜ਼ ਹੋ ਜਾਂਦੀਆਂ ਹਨ ਤੇ ਕਦੇ ਉੱਕਾ ਹੀ ਕੋਈ ਸੁਣੇਹਾ ਨਹੀਂ ਭੇਜਦੀਆਂ। ਇੰਜ ਬੱਚੇ ਦੇ ਦਿਮਾਗ਼ ਦੀ ਬਣਤਰ ਵਿਚ ਹੌਲੀ-ਹੌਲੀ ਸਦੀਵੀ ਵਿਗਾੜ ਪੈ ਜਾਂਦਾ ਹੈ। ਘਬਰਾਹਟ, ਡਰ, ਹਲਕੀ ਆਵਾਜ਼ ਉੱਤੇ ਤ੍ਰਭਕਣਾ, ਕਿਸੇ ਵੱਲੋਂ ਪਿੱਠ ਉੱਤੇ ਪਿਆਰ ਨਾਲ ਥਾਪੜਨ ਉੱਤੇ ਹੀ ਘਬਰਾ ਕੇ ਭੱਜਣਾ ਜਾਂ ਘੂਰਨ ਲੱਗ ਪੈਣਾ, ਆਦਿ ਦਿਸਣ ਲਗ ਪੈਂਦੇ ਹਨ।
ਵੱਡੇ ਹੋ ਜਾਣ ਉੱਤੇ ਅਜਿਹੇ ਮਾਹੌਲ ਵਿਚ ਪਲੇ ਕੁੱਝ ਬੱਚਿਆਂ ਦਾ ਦਿਮਾਗ਼ ਸਿਰ ਉੱਤੇ ਕਿਸੇ ਵੱਲੋਂ ਪਿਆਰ ਨਾਲ ਪਲੋਸੇ ਜਾਣ ਨੂੰ ਵੀ ਜੂੰਡੇ ਪੁੱਟਣ ਦਾ ਇਹਸਾਸ ਕਰਵਾ ਦਿੰਦਾ ਹੈ ਤੇ ਪਿਆਰ ਨਾਲ ਬੁਲਾਉਣ ਨੂੰ ਬੰਬ ਸੁੱਟੇ ਜਾਣ ਵਾਂਗ ਮਹਿਸੂਸ ਕਰਵਾਉਂਦਾ ਹੈ। ਏਸੇ ਲਈ ਕੁੱਝ ਬੱਚੇ ਬਹੁਤ ਜ਼ਿਆਦਾ ਪ੍ਰਤੀਕਿਰਿਆ ਦੇਣ ਲੱਗ ਪੈਂਦੇ ਹਨ ਜੋ ਉਨ੍ਹਾਂ ਦੇ ਆਪਣੇ ਵਸ ਵਿਚ ਨਹੀਂ ਹੁੰਦੀ।
ਕਿਸੇ ਵੱਲੋਂ ਆਵਾਜ਼ ਦਿੱਤੇ ਜਾਣ ਉੱਤੇ ਕੰਬਣ ਲੱਗ ਪੈਣਾ ਜਾਂ ਥਥਲਾਉਣ ਲੱਗ ਪੈਣਾ, ਆਦਿ ਵੀ ਵੇਖਿਆ ਗਿਆ ਹੈ।
ਇੱਕ ਹੋਰ ਮਜ਼ੇਦਾਰ ਤੱਥ ਸਾਹਮਣੇ ਆਇਆ ਕਿ ਸੁਣਨ ਜਾਂ ਵੇਖਣ ਨਾਲੋਂ ਸਾਡਾ ਦਿਮਾਗ਼ ਛੋਹ, ਭਾਰ, ਸੰਤੁਲਨ, ਪੱਠਿਆਂ ਤੇ ਜੋੜਾਂ ਦੀ ਖਿੱਚ ਅਤੇ ਪਿੱਠ ਵਿਚਲੀਆਂ ਨਸਾਂ ਵੱਲੋਂ ਪਹੁੰਚੇ ਸੁਣੇਹੇ ਜ਼ਿਆਦਾ ਮਾਤਰਾ ਵਿਚ ਸੰਭਾਲਦਾ ਹੈ ਤੇ ਲੰਮੇ ਸਮੇਂ ਦੀ ਯਾਦ ਵਿਚ ਸਮੋ ਲੈਂਦਾ ਹੈ। ਇਹੀ ਯਾਦਾਂ ਅੱਗੋਂ ਵੇਖੀਆਂ, ਸੁਣੀਆਂ, ਸੁੰਘੀਆਂ ਜਾਂ ਚੱਖੀਆਂ ਚੀਜ਼ਾਂ ਵੱਲੋਂ ਗਏ ਸੁਣੇਹਿਆਂ ਨੂੰ ਤਰਤੀਬਵਾਰ ਸਾਂਭਣ ਤੇ ਉਨ੍ਹਾਂ ਨੂੰ ਲੋੜ ਪੈਣ ਉੱਤੇ ਉਘੇੜਣ ਲਈ ਤਿਆਰ ਕਰਦੀਆਂ ਹਨ। ਮਿਸਾਲ ਵਜੋਂ, ਪਿਤਾ ਵੱਲੋਂ ਮਿਲਿਆ ਮੱਥੇ ਉੱਤੇ ਚੁੰਮਣ, ਮਾਂ ਵੱਲੋਂ ਘੁੱਟ ਕੇ ਛਾਤੀ ਨਾਲ ਲਾ ਕੇ ਪਾਈ ਜੱਫੀ, ਗੋਦੀ ਵਿਚ ਬਿਠਾ ਕੇ ਪਿਆਰ ਨਾਲ ਖਵਾਈ ਚੂਰੀ, ਆਦਿ ਵਰਗੇ ਪਿਆਰ ਦੇ ਹਿਲੌਰੇ ਦੇਣ ਵਾਲੇ ਪਲ ਦਿਮਾਗ਼ ਪੂਰੀ ਤਰ੍ਹਾਂ ਸਾਂਭ ਕੇ ਰੱਖਦਾ ਹੈ। ਯਾਨੀ, ਜਿਨ੍ਹਾਂ ਯਾਦਾਂ ਵਿਚ ਛੋਹ ਸ਼ਾਮਲ ਹੋਵੇ, ਉਹ ਪੱਕੀਆਂ ਯਾਦਾਂ ਬਣਦੀਆਂ ਹਨ।
ਏਸੇ ਲਈ ਭੱਜਣ, ਦੌੜਨ, ਛਾਲਾਂ ਮਾਰਨ ਨਾਲੋਂ ਕੰਡਾ ਚੁੱਭਣ, ਗੋਡਾ ਛਿੱਲੇ ਜਾਣ ਵਰਗੀਆਂ ਯਾਦਾਂ ਵੱਡੀ ਉਮਰ ਤੱਕ ਛਪੀਆਂ ਰਹਿੰਦੀਆਂ ਹਨ ਕਿਉਂਕਿ ਇਨ੍ਹਾਂ ਵਿਚ ਛੋਹ ਸ਼ਾਮਲ ਹੁੰਦੀ ਹੈ।
ਇਹ ਸਭ ਦਿਮਾਗ਼ ਦੀ 'ਨਿਊਰਲ ਪਲਾਸਟੀਸਿਟੀ' ਉੱਤੇ ਨਿਰਭਰ ਕਰਦਾ ਹੈ ਜਿਸ ਉੱਤੇ ਆਧਾਰਿਤ ਓਟਿਜ਼ਮ ਜਾਂ ਹੋਰ ਮਾਨਸਿਕ ਰੋਗਾਂ ਦੇ ਇਲਾਜ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਨਸਿਕ ਰੋਗੀ ਬੱਚਿਆਂ ਉੱਤੇ ਵੱਖੋ-ਵੱਖ ਖੇਡਾਂ, ਚਿੱਤਰਕਾਰੀ, ਪੜ੍ਹਾਈ ਆਦਿ ਦੇ ਨਾਲ ਛੋਹ ਉੱਤੇ ਆਧਾਰਿਤ ਤਜਰਬੇ ਕਰ ਕੇ ਸਮਝ ਆਈ ਕਿ ਪਿਆਰ ਨੂੰ ਮਾਨਸਿਕ ਰੋਗੀ ਬੱਚਾ ਵੱਧ ਹੁੰਗਾਰਾ ਭਰਦਾ ਹੈ।
ਆਈ.ਸੀ.ਯੂ. ਵਿਚ ਵੀ ਪਏ ਸਤਮਾਾਹੇ ਬੱਚੇ ਮਾਂ ਦੀ ਗੋਦ ਵਿਚ ਪੈ ਕੇ, ਹਲਕੇ ਝੂਟੇ ਲੈਂਦਿਆਂ ਛੇਤੀ ਵਧਣ ਫੁੱਲਣ ਲੱਗ ਪੈਂਦੇ ਹਨ ਤੇ ਛੇਤੀ ਵੈਂਟੀਲੇਟਰ ਤੋਂ ਬਾਹਰ ਕੱਢ ਲਏ ਜਾਂਦੇ ਹਨ।
ਸਾਰ :-
    ਕੰਨ ਅੰਦਰਲਾ ਵੈਸਟੀਬੂਲਰ ਸਿਸਟਮ ਜੋ ਸਰੀਰ ਨੂੰ ਸਿੱਧਾ ਰੱਖਣ ਵਿਚ ਮਦਦ ਕਰਦਾ ਹੈ, ਉਹ ਹਲਕੇ ਝੂਟਿਆਂ ਨਾਲ ਰਵਾਂ ਹੋ ਜਾਂਦਾ ਹੈ। ਇਸੇ ਲਈ ਹਲਕੇ ਝੂਟੇ, ਜੋ ਭਾਵੇਂ ਪੰਘੂੜੇ ਵਿਚ ਹੋਣ, ਬੱਚੇ ਦੇ ਮਾਨਸਿਕ ਵਿਕਾਸ ਲਈ ਚੰਗੇ ਹਨ। ਪਰ, ਸਭ ਤੋਂ ਉੱਤਮ ਹਨ ਗੋਦ ਵਿਚ ਲੈ ਕੇ ਪਿਆਰ ਨਾਲ ਭਿਉਂ ਕੇ ਦਿੱਤੇ ਝੂਟੇ। ਪਿਆਰ ਨਾਲ ਕੀਤੀ ਹਲਕੀ ਮਾਲਿਸ਼ ਜਿਸ ਵਿਚ ਜੋੜ ਤੇ ਪੱਠੇ ਵੀ ਪੋਲੇ-ਪੋਲੇ ਖਿੱਚੇ ਗਏ ਹੋਣ ਤੇ ਹਲਕਾ ਪਿੱਠ ਤੇ ਬਾਹਵਾਂ ਲੱਤਾਂ ਨੂੰ ਘੁੱਟਣਾ ਬੱਚੇ ਦੇ ਮਾਨਸਿਕ ਵਿਕਾਸ ਉੱਤੇ ਕਮਾਲ ਦਾ ਅਸਰ ਵਿਖਾਉਂਦਾ ਹੈ।
    ਥੋੜੇ ਵੱਡੇ ਬੱਚੇ ਨੂੰ ਟਪੂਸੀਆਂ, ਪੁੱਠੀਆਂ ਸਿੱਧੀਆਂ ਛਾਲਾਂ, ਟੇਡੇ ਮੇਢੇ ਲਟਕਣਾ ਆਦਿ ਜ਼ਰੂਰ ਕਰ ਲੈਣ ਦੇਣਾ ਚਾਹੀਦਾ ਹੈ ਤਾਂ ਜੋ ਉਸ ਦਾ ਵੈਸਟੀਬੂਲਰ ਸਿਸਟਮ ਰਵਾਂ ਹੁੰਦਾ ਰਹੇ।
    ਸੱਟ ਦੇ ਡਰ ਖੁਣੋਂ ਬੱਚੇ ਦੀ ਖੇਡ ਉੱਤੇ ਰੋਕ ਲਾਉਣ ਦਾ ਮਤਲਬ ਹੈ ਮਾਨਸਿਕ ਵਿਕਾਸ ਉੱਤੇ ਵੀ ਰੋਕ।
    ਸਕੂਲਾਂ ਵਿਚ ਝੂਟੇ ਲਾਜ਼ਮੀ ਹੋਣੇ ਚਾਹੀਦੇ ਹਨ। ਕੰਧਾਂ ਉੱਤੇ ਤੁਰਨਾ, ਸਕੇਟਿੰਗ ਕਰਨੀ, ਟੇਢਾ ਮੇਢਾ ਸਾਈਕਲ ਚਲਾਉਣਾ ਵੀ 'ਵੈਸਟੀਬੂਲਰ ਸਟਿਮੂਲੇਸ਼ਨ ਕਸਰਤਾਂ' ਮੰਨੀਆਂ ਗਈਆਂ ਹਨ। ਇਸੇ ਲਈ ਓਟਿਜ਼ਮ ਦੇ ਮਰੀਜ਼ ਬੱਚੇ ਲਈ ਹਰ ਹਾਲ ਝੂਟੇ ਲਾਉਣੇ ਚਾਹੀਦੇ ਹਨ। ਝੂਟੇ ਉਨ੍ਹਾਂ ਨੂੰ ਸ਼ਾਂਤ ਕਰਦੇ ਹਨ ਤੇ ਖੇਡਣ ਵਿਚ ਸਮਾਂ ਬਿਤਾਉਣ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
    ਬੱਚਿਆਂ ਨੂੰ ਊਟ ਪਟਾਂਗ ਝੂਟਿਆਂ ਨਾਲ ਚੱਕਰ ਨਹੀਂ ਆਉਂਦੇ ਕਿਉਂਕਿ ਦਿਮਾਗ਼ ਆਪਣੇ ਅੰਦਰਲੇ ਜੋੜ ਰਵਾਂ ਕਰਨ ਵਿਚ ਜੁਟਿਆ ਹੁੰਦਾ ਹੈ। ਇਸੇ ਲਈ ਉਹ ਔਖੇ ਤੋਂ ਔਖੇ ਤੇ ਖ਼ਤਰਨਾਕ ਝੂਟੇ ਬਹੁਤ ਸੌਖੇ ਤਰੀਕੇ ਤੇ ਸ਼ੌਕ ਨਾਲ ਲੈਂਦੇ ਹਨ।
    ਜੇ ਹੋਰ ਕੁੱਝ ਵੀ ਸੰਭਵ ਨਾ ਹੋਵੇ ਤਾਂ 'ਰੌਕਿੰਗ ਚੇਅਰ' ਜ਼ਰੂਰ ਬੱਚੇ ਦੇ ਕਮਰੇ ਵਿਚ ਰੱਖ ਦੇਣੀ ਚਾਹੀਦੀ ਹੈ ਤਾਂ ਜੋ ਉਹ ਕੁਰਸੀ ਉੱਤੇ ਬੈਠਾ ਹੀ ਝੂਟਿਆਂ ਦੇ ਮਜ਼ੇ ਲੈ ਸਕੇ।
    ਅੰਤ ਵਿਚ ਸਿਰਫ਼ ਏਨਾ ਹੀ ਕਹਿਣਾ ਰਹਿ ਗਿਆ ਹੈ ਕਿ ਤੀਆਂ ਦੇ ਤਿਉਹਾਰ ਦੀ ਮਹੱਤਾ ਜੇ ਸਮਝ ਆ ਗਈ ਹੋਵੇ ਤਾਂ ਅਜਿਹੇ ਸੱਭਿਆਚਾਰਕ ਮੇਲੇ ਜਿੱਥੇ ਸਾਡੇ ਸੱਭਿਆਚਾਰ ਨੂੰ ਬਚਾਉਣ ਵਿਚ ਸਹਾਈ ਹੋਣਗੇ, ਉੱਥੇ ਝੂਟੇ ਸਾਡੇ ਬੱਚਿਆਂ ਨੂੰ ਲਾਇਕ ਤੇ ਸਿਹਤਮੰਦ ਵੀ ਬਣਾ ਦੇਣਗੇ!


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

11 Nov. 2018

ਸੁਆਰਥ ਦਿਮਾਗ਼ ਉੱਤੇ ਕੀ ਅਸਰ ਪਾਉਂਦਾ ਹੈ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਕਿਸੇ ਵਿਰਲੇ ਟਾਵੇਂ ਨੂੰ ਛੱਡ ਕੇ ਬਾਕੀ ਸਭ ਕਿਸੇ ਨਾ ਕਿਸੇ ਮੌਕੇ ਸੁਆਰਥੀ ਜ਼ਰੂਰ ਹੋ ਜਾਂਦੇ ਹਨ। ਬਥੇਰੇ ਜਣੇ ਤਾਂ ਪੂਰੀ ਉਮਰ ਹੀ ਸੁਆਰਥ ਅਧੀਨ ਗੁਜ਼ਾਰਦੇ ਹਨ। ਆਪਣੇ ਤੇ ਆਪਣੇ ਟੱਬਰ ਬਾਰੇ ਕੁੱਝ ਜਣੇ ਫਿਕਰਮੰਦ ਹੁੰਦੇ ਹਨ। ਪਰ, ਕੁੱਝ ਲੋਕ ਤਾਂ ਸਿਰਫ਼ ਆਪਣੇ ਆਪ ਤੱਕ ਹੀ ਸੀਮਤ ਹੋ ਜਾਂਦੇ ਹਨ ਤੇ ਟੱਬਰ ਜਾਂ ਰਿਸ਼ਤੇਦਾਰੀ ਵੀ ਪਿਛਾਂਹ ਛੱਡ ਦਿੰਦੇ ਹਨ।
ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਜਦੋਂ ਤੋਂ ਮਨੁੱਖ ਹੋਂਦ ਵਿਚ ਆਇਆ ਹੈ, ਸੁਆਰਥ ਨਾਲੋ ਨਾਲ ਉਸ ਦੇ ਮਨ ਅੰਦਰ ਉਪਜ ਪਿਆ। ਸੁਆਰਥ ਦੇ ਤਾਣੇ ਬਾਣੇ ਵਿੱਚੋਂ ਨਿਕਲਣਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਕਈ ਜਣੇ ਨਿਜ ਤੋਂ ਬਾਹਰ ਆ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ।
ਅਜਿਹੀ ਮਦਦ ਵਿੱਚੋਂ ਵੀ ਸੁਆਰਥ ਪੂਰੀ ਤਰ੍ਹਾਂ ਮਨਫ਼ੀ ਨਹੀਂ ਹੁੰਦਾ। ਇਸ ਵਿੱਚੋਂ ਵੀ ਆਪਣੇ ਮਨ ਦੀ ਸ਼ਾਂਤੀ ਤੇ ਸੁਖਦ ਇਹਸਾਸ ਦੀ ਭਾਲ ਕਰਦਿਆਂ ਮਨੁੱਖ ਆਪਣਾ ਸੁਆਰਥ ਪੂਰਾ ਕਰ ਲੈਂਦਾ ਹੈ।
ਜਿਉਂ ਹੀ ਕੋਈ ਜਣਾ ਅਗਾਂਹ ਲੰਘਣ ਦੀ ਕੋਸ਼ਿਸ਼ ਕਰੇ ਤਾਂ ਦੋ ਗੱਲਾਂ ਹੁੰਦੀਆਂ ਹਨ :- ਦੂਜੇ ਨੂੰ ਮਿੱਧ ਕੇ ਅਗਾਂਹ ਲੰਘਣਾ ਜਾਂ ਵੱਖਰਾ ਰਾਹ ਚੁਣ ਕੇ ਇਕੱਲਿਆਂ ਹੀ ਤੁਰਨ ਦੀ ਕੋਸ਼ਿਸ਼ ਕਰਨੀ।
ਹੰਗਰੀ ਦੀ ਯੂਨੀਵਰਸਿਟੀ ਵਿਚ ਉਹ ਲੋਕ ਲੱਭੇ ਗਏ ਜੋ ਹੰਕਾਰੀ ਸਨ ਜਾਂ ਨਿਜ ਨੂੰ ਪਹਿਲ ਦਿੰਦੇ ਸਨ ਜਾਂ ਸੁਆਰਥੀ ਸਨ। ਇਨ੍ਹਾਂ ਵਿੱਚੋਂ ਕੁੱਝ ਸ਼ੱਕੀ ਸੁਭਾਅ ਦੇ ਸਨ, ਕੁੱਝ ਮੌਕਾਪ੍ਰਸਤ ਸਨ ਤੇ ਕੁਝ ਸ਼ੋਸ਼ਣ ਕਰਨ ਵਾਲੇ।
ਇਹ ਪੱਕਾ ਸੀ ਕਿ ਸਾਰੇ ਦੇ ਸਾਰੇ ਹੀ ਲੋੜ ਪੈਣ ਉੱਤੇ ਦੂਜੇ ਨੂੰ ਖ਼ਤਮ ਕਰਨ ਤਕ ਵੀ ਜਾ ਸਕਦੇ ਸਨ। ਇਨ੍ਹਾਂ ਨੂੰ 'ਧੋਖੇਬਾਜ਼' ਨਾਂ ਦੇ ਕੇ ਖੋਜ ਆਰੰਭੀ ਗਈ।
ਕੰਪਿਊਟਰ ਵਿਚ ਇਨ੍ਹਾਂ ਦੇ ਦਿਮਾਗ਼ ਦੀ ਮੈਪਿੰਗ ਕੀਤੀ ਗਈ ਪਰ ਇਹ ਦੱਸੇ ਬਗ਼ੈਰ ਕਿ ਉਨ੍ਹਾਂ ਨੂੰ 'ਮੈਕੀਆਵੈਲੀਅਨ' ਨਾਂ ਦੇ ਕੇ ਖੋਜ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਇਕ ਕੰਪਿਊਟਰ ਗੇਮ ਖੇਡਣ ਲਈ ਕਿਹਾ ਗਿਆ। ਕੰਪਿਊਟਰ ਵਿਚ ਪਹਿਲਾਂ ਹੀ ਇਹ ਜਾਣਕਾਰੀ ਭਰ ਦਿੱਤੀ ਗਈ ਸੀ ਕਿ ਕਦੇ ਸਹੀ ਚਾਲ ਚੱਲਣੀ ਹੈ ਤੇ ਕਦੇ ਜਾਣ ਬੁੱਝ ਕੇ ਗ਼ਲਤ। ਖੇਡ ਖੇਡਦਿਆਂ ਦਿਮਾਗ਼ ਦੀ ਮੈਪਿੰਗ ਕਰਦਿਆਂ ਇਹ ਪਤਾ ਲੱਗਿਆ ਕਿ ਜਦੋਂ ਕੰਪਿਊਟਰ ਸਹੀ ਚਾਲ ਚੱਲਦਾ ਸੀ ਤਾਂ ਇਨ੍ਹਾਂ ਦੇ ਦਿਮਾਗ਼ ਦੇ ਖ਼ਾਸ ਹਿੱਸਿਆਂ ਵਿਚ ਹਰਕਤ ਹੁੰਦੀ ਸੀ। ਤੀਜੀ ਜਾਂ ਚੌਥੀ ਚਾਲ ਉੱਤੇ ਸਾਰਾ ਕੁੱਝ ਸਮਝਦਿਆਂ ਇਨ੍ਹਾਂ ਦੇ ਦਿਮਾਗ਼ ਦੇ ਕਈ ਹਿੱਸਿਆਂ ਵਿਚ ਹਰਕਤ ਹੋਣੀ ਸ਼ੁਰੂ ਹੋ ਗਈ ਅਤੇ ਉਹ ਸਾਰੇ ਕੰਪਿਊਟਰ ਨਾਲ ਵੀ ਧੋਖਾ ਕਰਨ ਦੀ ਕੋਸ਼ਿਸ਼ ਕਰਦੇ ਲੱਭੇ ਗਏ। ਯਾਨੀ, ਇਹ ਵੇਖਣ ਵਿਚ ਆਇਆ ਕਿ ਧੋਖੇਬਾਜ਼ ਲੋਕ ਏਨੇ ਜ਼ਿਆਦਾ ਚਾਲੂ ਹੁੰਦੇ ਹਨ ਕਿ ਦੂਜੇ ਵੱਲੋਂ ਕਹੀ ਗੱਲ ਤੇ ਉਸ ਦੀ ਵਿਚਾਰਗੀ ਜਾਂ ਲੋੜ ਨੂੰ ਕਿਸ ਤਰੀਕੇ ਆਪਣੇ ਹਿਤ ਵਲ ਘੁਮਾਉਣਾ ਹੈ, ਬਾਰੇ ਉਨ੍ਹਾਂ ਦਾ ਦਿਮਾਗ਼ ਪੂਰਾ ਟਰੇਂਡ ਹੁੰਦਾ ਹੈ।
ਜੇ ਕਿਤੇ ਜਾਣਦੇ ਬੁੱਝਦੇ ਵੀ ਸਾਹਮਣੇ ਖੜਾ ਬੰਦਾ ਹਲੀਮੀ ਨਾਲ ਪੇਸ਼ ਆਉਂਦਾ ਰਹੇ ਤਾਂ ਵੀ ਸੁਆਰਥੀ ਬੰਦੇ ਦੇ ਦਿਮਾਗ਼ ਅੰਦਰਲੇ 'ਸੈਲਫਿਸ਼ ਜਰਕਸ ਜਾਂ ਝਟਕੇ' ਉਸ ਨੂੰ ਦੂਜੇ ਦਾ ਫ਼ਾਇਦਾ ਲੈਣ ਲਈ ਉਕਸਾਉਂਦੇ ਹਨ। ਇੰਜ ਸੁਆਰਥੀ ਬੰਦਾ ਨਾ ਚਾਹੁੰਦੇ ਹੋਏ ਵੀ ਦਿਮਾਗ਼ ਅੰਦਰਲੇ ਸੁਣੇਹਿਆਂ ਦੇ ਭੰਡਾਰ ਹੇਠ ਦੂਜੇ ਦਾ ਮਾੜਾ ਕਰ ਜਾਂਦਾ ਹੈ।
ਇੰਗਲੈਂਡ ਦੇ ਵਿਚ ਹੋਈ ਖੋਜ ਦੌਰਾਨ ਅਜਿਹੇ ਸਵਾਰਥੀ ਲੋਕਾਂ ਦੇ ਦਿਮਾਗ਼ ਦੇ 'ਡੋਰਸੋਲੇਟਰਲ ਪ੍ਰੀ ਫਰੰਟਲ ਕੌਰਟੈਕਸ' ਹਿੱਸੇ ਵਿਚ ਪੱਕੀ ਤਬਦੀਲੀ ਹੋਈ ਲੱਭੀ। ਉੱਥੇ ਲਗਾਤਾਰ ਹਲਕਾ ਚੁੰਬਕੀ ਦਾਇਰਾ ਪੈਦਾ ਕਰ ਕੇ ਜਦੋਂ ਇਸ ਹਿੱਸੇ ਨੂੰ ਕੁੱਝ ਚਿਰ ਲਈ ਸੁੰਨ ਕਰ ਦਿੱਤਾ ਗਿਆ ਤਾਂ ਨਾਲੋ ਨਾਲ ਸਕੈਨ ਜਾਰੀ ਰੱਖਿਆ ਗਿਆ।
ਉਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇਕ ਖੇਡ ਖੇਡਣ ਲਈ ਦਿੱਤੀ ਗਈ ਜਿਸ ਵਿਚ ਪੈਸੇ ਦਾ ਅਦਾਨ ਪ੍ਰਦਾਨ ਕੀਤਾ ਜਾਣਾ ਸੀ।
ਇਸ ਖੇਡ ਵਿਚ ਇਕ ਜਣੇ ਨੇ ਪੈਸੇ ਦੇਣੇ ਸਨ ਤੇ ਦੂਜੇ ਨੇ ਵੰਡ ਕੇ ਲੈਣੇ ਸਨ ਜਾਂ ਲੈਣ ਤੋਂ ਇਨਕਾਰ ਕਰਨਾ ਸੀ। ਜੇ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ ਤਾਂ ਕੰਪਿਊਟਰ ਦੀ ਖੇਡ ਬੰਦ ਹੋ ਜਾਂਦੀ ਸੀ ਤੇ ਕਿਸੇ ਨੂੰ ਵੀ ਪੈਸੇ ਨਹੀਂ ਸੀ ਮਿਲਦੇ। ਯਾਨੀ ਕਿਸੇ ਵੀ ਹਾਲ, ਭਾਵੇਂ ਕਾਣੀ ਵੰਡ ਹੋਵੇ ਜਾਂ ਬਰਾਬਰ ਦੀ ਵੰਡ, ਪੈਸੇ ਤਾਂ ਹਰ ਹਾਲ ਲੈਣੇ ਹੀ ਪੈਣੇ ਸੀ।
ਇਹ ਵੇਖਣ ਵਿਚ ਆਇਆ ਕਿ ਹਰ ਕਿਸੇ ਨੇ ਕਾਣੀ ਵੰਡ ਲੈਣ ਵਿਚ ਹੀ ਬਿਹਤਰੀ ਸਮਝੀ। ਕਿਸੇ ਇੱਕ ਨੇ ਵੀ ਘੱਟ ਪੈਸੇ ਜਾਂ ਕਾਣੀ ਵੰਡ ਦਾ ਵਿਰੋਧ ਨਹੀਂ ਕੀਤਾ ਤੇ ਚੁੱਪ ਚਾਪ ਜੋ ਮਿਲਿਆ ਰੱਖ ਲਿਆ। ਸਭ ਨੂੰ ਪਤਾ ਸੀ ਕਿ ਇਹ ਗਲਤ ਹੈ ਪਰ ਬੋਲਿਆ ਕੋਈ ਨਹੀਂ।
ਦਿਮਾਗ਼ ਦੇ ਸੱਜੇ ਪਾਸੇ ਵਾਲਾ ਪ੍ਰੀਫਰੰਟਲ ਹਿੱਸਾ ਪ੍ਰੋ. ਫੈਹਰ ਅਨੁਸਾਰ ਸਵਾਰਥ ਉੱਤੇ ਕਾਬੂ ਪਾਉਣ ਵਿਚ ਮਦਦ ਕਰਦਾ ਹੈ ਜਦ ਕਿ ਖੱਬਾ ਪਾਸਾ ਸਹੀ ਫੈਸਲੇ ਉੱਤੇ ਭਾਰੂ ਪੈ ਜਾਂਦਾ ਹੈ।
ਜ਼ੂਰਿਕ ਯੂਨੀਵਰਸਿਟੀ ਤੇ ਹਾਵਰਡ ਯੂਨੀਵਰਸਿਟੀ ਵਿਚ ਹੋਈ ਸਾਂਝੀ ਖੋਜ ਅਨੁਸਾਰ ਚੁੰਬਕੀ ਦਾਇਰੇ ਦਾ ਅਸਰ ਥੁੜ ਚਿਰੀ ਸੀ ਤੇ ਟੈਸਟ ਕੀਤੇ ਜਾਣ ਵਾਲਿਆਂ ਨੂੰ ਟੈਸਟ ਦਾ ਮਕਸਦ ਵੀ ਨਹੀਂ ਸੀ ਦੱਸਿਆ ਗਿਆ, ਇਸ ਵਾਸਤੇ ਖੋਜ ਉੱਤੇ ਕਿੰਤੂ ਪਰੰਤੂ ਹੋ ਸਕਦਾ ਸੀ। ਪੁਰਾਣੀਆਂ ਖੋਜਾਂ ਵਿਚ ਸਾਬਤ ਹੋ ਚੁੱਕਿਆ ਨੁਕਤਾ ਹੈ ਕਿ ਦਿਮਾਗ਼ ਦਾ ਇਹ ਹਿੱਸਾ ਕਾਫੀ ਬਾਅਦ ਵਿਚ ਪੂਰਾ ਤਿਆਰ ਹੁੰਦਾ ਹੈ, ਜਦੋਂ ਬਾਕੀ ਦਾ ਦਿਮਾਗ਼ ਪੂਰੀ ਤਰ੍ਹਾਂ ਬਣ ਚੁੱਕਿਆ ਹੋਵੇ।
ਯਾਨੀ, ਜਦ ਤਕ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਨਾ ਧਰਿਆ ਗਿਆ ਹੋਵੇ, ਇਸ ਸੈਂਟਰ ਵਿਚਲੇ ਸੈੱਲ ਤੇ ਉਸਦੇ ਜੋੜ ਪੂਰੇ ਬਣਦੇ ਨਹੀਂ। ਇਸੇ ਲਈ ਬੱਚੇ ਵੱਡਿਆਂ ਨਾਲੋਂ ਕਿਤੇ ਘੱਟ ਨਾਜਾਇਜ਼ ਕੰਮ ਕਰਦੇ ਹਨ, ਵਕਤ ਦੇ ਪਾਬੰਦ ਰਹਿੰਦੇ ਹਨ, ਹਲੀਮੀ ਵੀ ਰੱਖਦੇ ਹਨ ਤੇ ਈਮਾਨਦਾਰ ਵੀ ਵੱਡਿਆਂ ਨਾਲੋਂ ਵੱਧ ਹੁੰਦੇ ਹਨ।


ਹਾਰਵਾਰਡ ਦੇ ਪ੍ਰੋ. ਅਲਵਾਰੋ ਅਨੁਸਾਰ ਇਸ ਹਿੱਸੇ ਦੇ ਵਧਣ ਫੁੱਲਣ ਉੱਤੇ ਅਸਰ ਪੈਂਦਾ ਹੈ :-
*    ਗੈਂਗਸਟਰ ਵੱਲੋਂ ਸਿਰਜੇ ਭੈਅ ਦੇ ਮਾਹੌਲ ਦਾ
*    ਮੀਡੀਆ ਰਾਹੀਂ ਮਾੜੇ ਬੰਦੇ ਨੂੰ ਵਾਰ-ਵਾਰ ਉਜਾਗਰ ਕਰਨ ਦਾ
*    ਅਮੀਰ ਬੰਦੇ ਅੱਗੇ ਗੋਡੇ ਟੇਕਦੇ ਲੋਕਾਂ ਦਾ
*    ਸਿਆਸਤਦਾਨਾਂ ਅੱਗੇ ਗਿੜਗਿੜਾਉਂਦੇ ਲੋਕਾਂ ਦਾ
*    ਅਮੀਰੀ ਦੇ ਵਿਖਾਵੇ ਦਾ
*    ਹਉਮੈ ਦਾ
*    ਮਾਪਿਆਂ ਦੇ ਪਾਲਣ ਪੋਸ਼ਣ ਦਾ
*    ਅਤਿ ਦੇ ਧੱਕੇ ਦਾ ਸ਼ਿਕਾਰ ਹੋ ਜਾਣ ਦਾ


ਆਮ ਲੋਕਾਂ ਵਿੱਚੋਂ ਸੁਆਰਥੀ ਕਿਵੇਂ ਲਭੀਏ :-
*    ਇਹ ਧੋਖਾ ਮਿਲ ਜਾਣ ਉੱਤੇ ਕਦੇ ਵੀ ਦੂਜੇ ਨੂੰ ਛੱਡਦੇ ਨਹੀਂ।
*    ਹਮੇਸ਼ਾ ਬਦਲਾਲਊ ਭਾਵਨਾ ਮਨ ਅੰਦਰ ਵਸਾਈ ਰੱਖਦੇ ਹਨ।
*    ਲੋੜਵੰਦ ਨੂੰ ਵੇਖ ਕੇ ਉਨ੍ਹਾਂ ਦੀ ਅੱਖਾਂ ਵਿਚਲੀ ਚਮਕ ਤੇ ਟਪਕਦੀ ਲਾਰ ਲੁਕਾਏ ਨਹੀਂ ਲੁਕਦੀ (ਸਮਝਦਾਰ ਬੰਦੇ ਕੋਲੋਂ)।
*    ਆਵਾਜ਼ ਵਿਚਲੀ ਨਰਮੀ ਉਦੋਂ ਹੀ ਦਿਸਦੀ ਹੈ ਜਦੋਂ ਸ਼ਿਕਾਰ ਕਰਨ ਦੀ ਨੀਅਤ ਸਿਖਰ ਉੱਤੇ ਹੋਵੇ।
*    ਜਦੋਂ ਸ਼ਿਕਾਰ ਕਰਨਾ ਅਸੰਭਵ ਹੋਵੇ ਤਾਂ ਲੋੜਵੰਦ ਉੱਤੇ ਲੋੜੋਂ ਵਧ ਭੜਕਣਾ ਜਾਂ ਹੋਰਨਾਂ ਅੱਗੇ ਉਸ ਬਾਰੇ ਭੜਾਸ ਕੱਢਣੀ।
*    ਜਿੱਥੋਂ ਮਾੜਾ ਮੋਟਾ ਵੀ ਆਪਣਾ ਫ਼ਾਇਦਾ ਹੁੰਦਾ ਦਿਸੇ, ਉਸ ਗੱਲ ਨੂੰ ਪਹਿਲ ਦੇਣੀ।
*    ਲੋਕਾਂ ਅੱਗੇ ਆਪਣੇ ਦਿਆਨਤਦਾਰੀ ਦਰਸਾਉਂਦੇ ਰਹਿਣਾ ਤੇ ਆਪਣੀ ਵਡਿਆਈ ਸੁਣਦੇ ਰਹਿਣਾ।
*    ਕਿਸੇ ਵੱਲੋਂ ਕੀਤੇ ਕਿੰਤੂ ਪਰੰਤੂ ਨੂੰ ਉੱਕਾ ਹੀ ਸਹਿਨ ਨਾ ਕਰਨਾ ਤੇ ਮੌਕਾ ਮਿਲਦੇ ਸਾਰ ਪੂਰਾ ਬਦਲਾ ਲੈਣਾ ਤੇ ਦੂਜੇ ਨੂੰ ਹੱਦੋਂ ਵੱਧ ਜ਼ਲੀਲ ਕਰਨਾ।
*    ਆਪਣੇ ਫ਼ਾਇਦੇ ਲਈ ਕਿਸੇ ਨੂੰ ਮਾਰਨ ਤੱਕ ਤੋਂ ਨਾ ਹਿਚਕਿਚਾਉਣਾ
*    ਉੱਚਾ ਅਹੁਦਾ ਹਾਸਲ ਕਰਨ ਲਈ ਆਪਣੇ ਤੋਂ ਨੀਵੇਂ ਦੇ ਵੀ ਪੈਰੀਂ ਪੈ ਜਾਣਾ ਪਰ ਅਹੁਦਾ ਹਾਸਲ ਕਰਨ ਬਾਅਦ ਪਛਾਣਨ ਤੋਂ ਇਨਕਾਰੀ ਹੋ ਜਾਣਾ।
*    ਮਜ਼ਲੂਮ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਕਰਨਾ।
*    ਝੂਠ ਬੋਲਣ ਵਿਚ ਮਾਹਿਰ ਹੋਣਾ।
ਅੰਤ ਵਿਚ ਸਿਰਫ਼ ਏਨਾ ਹੀ ਦੱਸਣਾ ਰਹਿ ਗਿਆ ਕਿ ਖੋਜ ਵਿਚ ਸ਼ਾਮਲ ਕੀਤੇ ਗਏ ਲੋਕ ਸਨ-ਸਿਆਸਤਦਾਨ ਤੇ ਵੱਡੇ ਬਿਜ਼ਨਸਮੈਨ !
ਲੰਡਨ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਅਨੇਕ ਵਿਦਿਆਰਥੀਆਂ, ਛੋਟੇ ਦੁਕਾਨਦਾਰਾਂ, ਪੇਸ਼ੇਵਰ ਚੋਰਾਂ, ਡਾਕਟਰ ਵਿਦਿਆਰਥੀਆਂ, ਵਕਾਲਤ ਪੜ੍ਹ ਰਹੇ ਵਿਦਿਆਰਥੀਆਂ, ਡਰਾਈਵਰਾਂ, ਟੈਕਸੀ ਚਾਲਕਾਂ, ਆਦਿ ਅਨੇਕ ਵੰਨਗੀਆਂ ਵਿੱਚੋਂ ਸ਼ਾਮਲ ਕੀਤੇ ਲੋਕਾਂ ਵਿੱਚੋਂ ਕਿਸੇ ਦੇ ਵੀ ਦਿਮਾਗ਼ ਵਿਚ ਓਨੀ ਤਬਦੀਲੀ ਨਹੀਂ ਲੱਭੀ ਜਿੰਨੀ ਸਿਆਸਤਦਾਨਾਂ ਤੇ ਵੱਡੇ ਵਪਾਰੀਆਂ ਦੇ ਦਿਮਾਗ਼ਾਂ ਵਿਚ ਲੱਭੀ।
ਇਨ੍ਹਾਂ ਸਾਰਿਆਂ ਦੇ ਮਨਾਂ ਵਿਚ ਕਿਸੇ ਗੱਲ ਉੱਤੇ ਸੁਆਰਥ ਜਾਗਿਆ ਤਾਂ ਉਹ ਜ਼ਿਆਦਾ ਦੇਰ ਟਿਕਿਆ ਨਾ ਰਹਿ ਸਕਿਆ ਕਿ ਲੰਮੀ ਖੋਜ ਕੀਤੀ ਜਾ ਸਕਦੀ। ਇਸੇ ਲਈ ਇਨ੍ਹਾਂ ਸਾਰਿਆਂ ਨੂੰ ਖੋਜ ਵਿੱਚੋਂ ਬਾਹਰ ਕਰ ਕੇ ਸਿਰਫ਼ ਸਿਆਸਤਦਾਨ ਤੇ ਵੱਡੇ ਵਪਾਰੀ ਸ਼ਾਮਲ ਕੀਤੇ ਗਏ ਜੋ ਹਰ ਵੇਲੇ ਕਮਾਈ ਕਰਨ ਦੇ ਚੱਕਰ ਵਿਚ ਉਲਝੇ ਸਨ। ਉਹ ਹੀ ਖੋਜ ਪੂਰੀ ਕਰਨ ਵਿਚ ਸਹਾਈ ਹੋ ਸਕੇ!
ਇਹ ਸਾਰੀ ਖੋਜ ਵਿਕਸਿਤ ਮੁਲਕਾਂ ਵਿਚ ਹੋਈ ਹੈ। ਸਾਡੇ ਮੁਲਕ ਵਿਚ ਅਨੇਕ ਪੀਰ, ਪੈਗੰਬਰ, ਦੇਵੀ ਦੇਵਤੇ ਤੇ ਗੁਰੂ ਹੋਏ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਵੀ ਅਨੇਕ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸਮਝਾ ਗਏ ਸਨ :-
''ਕਿਸੈ ਨ ਬਦੈ ਆਪਿ ਅਹੰਕਾਰੀ॥
ਧਰਮਰਾਇ ਤਿਸੁ ਕਰੇ ਖੁਆਰੀ॥
ਗੁਰਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥
ਸੋ ਜਨੁ ਨਾਨਕ ਦਰਗਹ ਪਰਵਾਨੁ॥''
(ਅੰਗ 278)
ਪਰ, ਕੀ ਕਿਸੇ ਵੀ ਬਾਣੀ ਜਾਂ ਸਿੱਖਿਆ ਜਾਂ ਕਿਸੇ ਸਾਰ ਨੂੰ ਅਸੀਂ ਆਪਣੇ ਹਿਰਦੇ ਅੰਦਰ ਵਸਣ ਦੀ ਥਾਂ ਦਿੰਦੇ ਹਾਂ? ਜੇ ਹਾਂ, ਤਾਂ ਫਿਰ ਇੱਥੇ ਸੁਆਰਥੀ ਲੋਕਾਂ ਦੀ ਭਰਮਾਰ ਕਿਉਂ ਹੈ? ਜੇ ਨਹੀਂ, ਤਾਂ ਕੀ ਧਰਮ ਨੂੰ ਅਸੀਂ ਆਪਣੇ ਫ਼ਾਇਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਇਸ ਤੋਂ ਵਧ ਉਸ ਨੂੰ ਕੋਈ ਮਾਨਤਾ ਨਹੀਂ ਦੇ ਰਹੇ?
ਸਾਡੇ ਸਿਆਸਤਦਾਨਾਂ ਦੇ ਸੁਆਰਥ ਦੀ ਹੱਦ ਤਾਂ ਇਹ ਹੋ ਚੁੱਕੀ ਹੈ ਕਿ ਧਰਮ ਨੂੰ ਵੀ ਉਨ੍ਹਾਂ ਆਪਣੇ ਅੱਗੇ ਮੱਥੇ ਟੇਕਣ ਉੱਤੇ ਮਜਬੂਰ ਕਰ ਦਿੱਤਾ ਹੋਇਆ ਹੈ। ਹੁਣ ਤਾਂ ਰਬ ਹੀ ਰਾਖਾ ਜਾਂ ਫੇਰ ਧਰਮਰਾਜ ਹੀ ਵੇਖੇ ਉਸ ਕੀ ਕਰਨਾ ਹੈ!
   
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

14 Oct. 2018

'ਜੇ' ਅਤੇ 'ਕਿਉਂ' ਵਿਚ ਉਲਝੀਆਂ ਜ਼ਿੰਦਗੀਆਂ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਜਦੋਂ ਅਸੀਂ ਕਿਸੇ ਮਨਮੋਹਕ ਕੁਦਰਤੀ ਦ੍ਰਿਸ਼ ਨੂੂੰ ਵੇਖਦੇ ਹਾਂ ਤਾਂ ਅਵਾਕ ਹੋ ਕੇ ਉਸੇ ਵਿਚ ਖੁੱਭ ਕੇ ਰਹਿ ਜਾਂਦੇ ਹਾਂ। ਉਸ ਦੀ ਤਾਰੀਫ਼ ਕਰਦਿਆਂ ਅਸੀਂ ਥੱਕਦੇ ਨਹੀਂ। ਅਜਿਹੇ ਕਈ ਦ੍ਰਿਸ਼ ਅਸੀਂ ਤਸਵੀਰਾਂ ਖਿੱਚ ਕੇ ਸਾਂਭ ਕੇ ਰੱਖਦੇ ਹਾਂ ਤੇ ਹੋਰਨਾਂ ਨੂੰ ਵਿਖਾ ਕੇ ਉੱਥੇ ਜਾਣ ਲਈ ਪ੍ਰੇਰਦੇ ਹਾਂ। ਕਈ ਦ੍ਰਿਸ਼ ਤਾਂ ਸਾਡੇ ਲਈ ਉਮਰ ਭਰ ਦੀ ਯਾਦ ਬਣ ਜਾਂਦੇ ਹਨ।
ਇਨ੍ਹਾਂ ਕੁਦਰਤੀ ਦ੍ਰਿਸ਼ਾਂ ਵਿਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀ ਨਹੀਂ ਕਰ ਸਕਦੇ, ਯਾਨੀ ਨਾ ਬੱਦਲਾਂ ਦੀ ਸ਼ਕਲ ਬਦਲ ਸਕਦੇ ਹੁੰਦੇ ਹਾਂ, ਨਾ ਹੀ ਡੁੱਬਦੇ ਸੂਰਜ ਦਾ ਸਮੁੰਦਰ ਵਿਚ ਪੈਂਦਾ ਅਕਸ ਤੇ ਨਾ ਹੀ ਬਰਫ਼ ਨਾਲ ਕੱਜੇ ਪਹਾੜ ਜਾਂ ਡਿੱਗਦੇ ਝਰਨੇ ਦੀਆਂ ਉੱਡਦੀਆਂ ਛਿੱਟਾਂ! ਅਜਿਹਾ ਦ੍ਰਿਸ਼ ਜਿਉਂ ਦਾ ਤਿਉਂ ਤਸਵੀਰਾਂ ਵਿਚ ਜਾਂ ਅੱਖਾਂ ਵਿਚ ਵਸਾ ਲੈਂਦੇ ਹਾਂ।
ਸੋਚ ਕੇ ਵੇਖੀਏ ਕਿ ਕੀ ਅਸੀਂ ਕਦੇ ਕਹਿੰਦੇ ਹਾਂ-ਜੇ ਦਰਖਤ ਪਹਾੜ ਦੇ ਪਰਲੇ ਕੋਨੇ ਉੱਤੇ ਹੁੰਦਾ ਤਾਂ ਹੀ ਨਜ਼ਾਰਾ ਸੋਹਣਾ ਹੁੰਦਾ। ਜੇ ਕਿਤੇ ਡੁੱਬਦੇ ਸੂਰਜ ਦਾ ਪਰਛਾਵਾਂ ਸਮੁੰਦਰ ਦੇ ਪਰਲੇ ਕੋਨੇ ਉੱਤੇ ਪੈਂਦਾ, ਤਾਂ ਹੀ ਮੈਂ ਤਸਵੀਰ ਖਿੱਚਦਾ! ਇਹ ਦ੍ਰਿਸ਼ ਬਿਨਾਂ ਤਬਦੀਲੀ ਸਦਕਾ ਹੀ ਮਨਮੋਹਕ ਲੱਗਦੇ ਹਨ। ਜਿਉਂ ਹੀ ਅਸੀਂ ਆਪ ਕਿਸੇ ਥਾਂ ਜਾਂ ਮਨੁੱਖ ਵਿਚ ਤਬਦੀਲੀ ਭਾਲਦੇ ਹਾਂ ਤਾਂ ਸਾਡੇ ਮਨ ਅੰਦਰਲੀ ਅਤ੍ਰਿਪਤ ਉਮੰਗ ਸਾਹਮਣੇ ਆ ਖੜੀ ਹੁੰਦੀ ਹੈ। ਇਹੀ ਸਾਰੇ ਪੁਆੜੇ ਦੀ ਜੜ੍ਹ ਹੁੰਦੀ ਹੈ।
ਜ਼ਿੰਦਗੀ ਵਿਚਲੀਆਂ ਅਤ੍ਰਿਪਤ ਉਮੰਗਾਂ ਹੀ ਸਾਨੂੰ ਸੰਤੁਸ਼ਟ ਨਹੀਂ ਹੋਣ ਦਿੰਦੀਆਂ। 'ਜੇ' ਮੇਰੇ ਕੋਲ ਵੱਡੀ ਕਾਰ ਹੁੰਦੀ, 'ਜੇ' ਮੇਰੀ ਵਹੁਟੀ ਉਸ ਵਰਗੀ ਸੋਹਣੀ ਹੁੰਦੀ, 'ਜੇ' ਮੇਰਾ ਬੱਚਾ ਵੀ ਡਾਕਟਰ ਬਣ ਜਾਂਦਾ, 'ਜੇ' ਮੇਰੀ ਨੌਕਰੀ ਅਮਰੀਕਾ ਵਿਚ ਹੁੰਦੀ, 'ਜੇ' ਮੈਂ ਪ੍ਰਧਾਨ ਮੰਤਰੀ ਹੁੰਦਾ, ਮੇਰੇ ਨਾਲ ਹੀ ਸਭ ਕੁੱਝ ਮਾੜਾ 'ਕਿਉਂ' ਹੁੰਦਾ ਹੈ, ਆਦਿ ਸਾਨੂੰ ਆਪਣੇ ਅੱਜ ਤੋਂ ਖੁਸ਼ੀ ਮਹਿਸੂਸ ਕਰਨ ਜੋਗਾ ਛੱਡਦੇ ਹੀ ਨਹੀਂ। ਜੋ ਕੁੱਝ ਹਾਸਲ ਹੈ, ਉਹ ਇੱਕ ਪਾਸੇ ਛੱਡ ਕੇ, ਪੂਰਾ ਜ਼ੋਰ ਤਬਦੀਲੀ ਉੱਤੇ ਲਾਉਣ ਸਦਕਾ ਅਸੀਂ ਪਤੀ-ਪਤਨੀ ਜਾਂ ਹੋਰ ਘਰੇਲੂ ਰਿਸ਼ਤਿਆਂ ਵਿਚ ਤਰੇੜ ਪਾ ਲੈਂਦੇ ਹਾਂ।
ਇਕ ਸਾਈਕਲ ਵਾਲਾ ਸਕੂਟਰ ਲੈਣ ਦਾ ਸੁਫ਼ਨਾ ਵੇਖਦਾ ਹੈ ਤੇ ਸਕੂਟਰ ਵਾਲਾ ਕਾਰ, ਕਾਰ ਵਾਲਾ ਜਹਾਜ਼ ਤੇ ਜਹਾਜ਼ ਵਾਲਾ ਚੰਨ ਉੱਤੇ ਪਹੁੰਚਣ ਨੂੰ ਜ਼ੋਰ ਲਾਉਂਦਾ ਹੀ ਪੂਰੀ ਜ਼ਿੰਦਗੀ ਖ਼ਤਮ ਕਰ ਲੈਂਦਾ ਹੈ। ਜੋ ਅੱਜ ਹੈ ਤੇ ਜੋ ਚੰਗੀਆਂ ਗੱਲਾਂ ਅੱਜ ਮਾਣ ਰਹੇ ਹਾਂ ਉਹ ਸਾਡੀ 'ਜੇ' ਤੇ 'ਕਿਉਂ' ਵਿਚ ਰੁਲ ਜਾਂਦੀਆਂ ਹਨ ਤੇ ਅਸੀਂ ਉਸ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹੀ ਕਾਰਨ ਹੈ ਕਿ

ਜਿੰਨੇ ਵੀ ਕੈਂਸਰ ਨਾਲ ਜੂਝ ਰਹੇ ਬੰਦੇ ਆਖ਼ਰੀ ਘੜੀਆਂ ਗਿਣ ਰਹੇ ਹੋਣ, ਉਹ ਸਾਰੇ ਇੱਕੋ ਹੀ ਸ਼ਿਕਾਇਤ ਕਰਦੇ ਵੇਖੇ ਗਏ ਹਨ-'ਜ਼ਿੰਦਗੀ ਮਾਨਣ ਦਾ ਵਕਤ ਹੀ ਨਹੀਂ ਮਿਲਿਆ। ਪਤਾ ਹੀ ਨਹੀਂ ਲੱਗਿਆ ਕਦੋਂ ਕੰਮਾਂ ਕਾਰਾਂ ਵਿਚ ਲੰਘ ਗਈ।'
ਬਿਲਕੁਲ ਇੰਜ ਹੀ, ਜਿਸ ਦੀ ਨਜ਼ਰ ਅਚਾਨਕ ਚਲੀ ਜਾਏ, ਉਦੋਂ ਹੀ ਉਸ ਨੂੰ ਕਹਿੰਦੇ ਸੁਣਦੇ ਹਾਂ-'ਹਾਏ, ਹੁਣ ਪਤਾ ਲੱਗਿਆ, ਅੱਖਾਂ ਕੀ ਨੇਅਮਤ ਨੇ!'' ਜਦੋਂ ਸੁਜਾਖਾ ਸੀ, ਉਦੋਂ ਅੱਖਾਂ ਦੀ ਅਹਿਮੀਅਤ ਸਮਝੀ ਹੀ ਨਹੀਂ। ਬਿਲਕੁਲ ਏਸੇ ਤਰ੍ਹਾਂ ਤੁਰਦੇ ਫਿਰਦੇ ਇਹਸਾਸ ਹੀ ਨਹੀਂ ਹੁੰਦਾ ਕਿ ਕਰੋੜਾਂ ਬੰਦੇ ਤੁਰ ਫਿਰ ਨਹੀਂ ਸਕਦੇ, ਅਨੇਕ ਮੰਜਿਆਂ ਉੱਤੇ ਅਪਾਹਜ ਬਣ ਕੇ ਅੱਡੀਆਂ ਰਗੜ ਰਹੇ ਹਨ, ਉਨ੍ਹਾਂ ਬਾਰੇ ਖ਼ਿਆਲ ਕਰ ਕੇ ਸ਼ੁਕਰਾਨਾ ਕਰਦਿਆਂ ਆਨੰਦਿਤ ਮਹਿਸੂਸ ਕਰਨ ਦੀ ਥਾਂ ਬੇਲੋੜੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਚੱਕਰ ਵਿਚ ਤਣਾਓ ਸਹੇੜ ਕੇ ਜਾਨ ਗੁਆ ਬਹਿੰਦੇ ਹਾਂ ਜਾਂ ਸਰੀਰ ਰੋਗਾਂ ਦੀ ਪੰਡ ਬਣ ਕੇ ਰਹਿ ਜਾਂਦਾ ਹੈ।
ਸੰਤੁਸ਼ਟੀ ਸਿਰਫ਼ ਤਾਂ ਆਉਂਦੀ ਹੈ ਜਦੋਂ ਅਸੀਂ ਆਪਣੇ ਹਾਲਾਤ ਨੂੰ ਜਿਉਂ ਦਾ ਤਿਉਂ ਮੰਨ ਕੇ ਉਸ ਵਿੱਚੋਂ ਖ਼ੁਸ਼ੀ ਦਾ ਇਹਸਾਸ ਭਾਲੀਏ। ਉਸ ਵਿਚ ਹੋਰ ਤਬਦੀਲੀ ਲੱਭਦੇ ਲੱਭਦੇ ਜ਼ਿੰਦਗੀ ਦਾ ਅਨਮੋਲ ਸਮਾਂ ਅਜਾਈਂ ਗੁਆ ਲੈਂਦੇ ਹਾਂ।
ਮਿਸਾਲ ਦੇ ਕੇ ਗੱਲ ਕਰਨੀ ਚਾਹਾਂਗੀ। ਸਵੇਰੇ ਉੱਠਦੇ ਸਾਰ ਇਕ ਬੰਦਾ ਝੁੰਝਲਾਹਟ ਨਾਲ ਚੀਕਦਾ ਹੈ-''ਅੱਜ ਫੇਰ ਰੌਲਾ ਰੱਪਾ ਪਾ ਕੇ ਜਗਾ 'ਤਾ। ਇਨ੍ਹਾਂ ਨਿਆਣਿਆਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਅੱਗੋਂ ਸਾਰਾ ਦਿਨ ਬੌਸ ਦੀ ਚੱਕ ਚੱਕ! ਜ਼ਿੰਦਗੀ ਨਰਕ ਬਣੀ ਪਈ ਹੈ!''
ਹੁਣ ਦੂਜਾ ਪਾਸਾ ਵੇਖੀਏ!
1.    ਸਵੇਰੇ ਉੱਠਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਲੱਖ ਲੋਕਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੇ ਅੱਜ ਦੀ ਸਵੇਰ ਨਹੀਂ ਵੇਖਣੀ ਤੇ ਮੌਤ ਦੇ ਮੂੰਹ ਵਿਚ ਚਲੇ ਜਾਣਾ ਹੈ!
2.    ਨਿਆਣਿਆਂ ਦੇ ਰੌਲੇ ਰੱਪੇ ਦਾ ਮਤਲਬ ਹੈ ਕਿ ਸਾਨੂੰ ਕੁਦਰਤ ਨੇ ਪਿਆਰੇ ਬੱਚੇ ਦਿੱਤੇ ਹਨ ਤੇ ਅਸੀਂ ਉਨ੍ਹਾਂ ਲੱਖਾਂ ਲੋਕਾਂ ਤੋਂ ਕਿਤੇ ਚੰਗੇ ਹਾਂ ਜਿਹੜੇ ਬੱਚਾ ਪੈਦਾ ਨਾ ਕਰ ਸਕਣ ਸਦਕਾ ਦੁਖੀ ਹਨ ਜਾਂ ਗੋਦ ਲੈਣ ਲਈ ਤਰਲੇ ਕਰਦੇ ਫ਼ਿਰਦੇ ਹਨ। ਅਸੀਂ ਨਿਆਣਿਆਂ ਵੱਲੋਂ ਬਿਰਧ ਆਸ਼ਰਮ ਵਿਚ ਵੀ ਨਹੀਂ ਧੱਕੇ ਹੋਏ!
3.    ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਮੂੰਹ ਨਾਲ ਬੋਲ ਰਹੇ ਹਾਂ ਤੇ ਤੁਰ ਵੀ ਸਕਦੇ ਪਏ ਹਾਂ। ਯਾਨੀ ਲਕਵਾ ਨਹੀਂ ਮਾਰਿਆ ਹੋਇਆ ਤੇ ਕਰੋੜਾਂ ਉਨ੍ਹਾਂ ਲੋਕਾਂ ਤੋਂ ਵੱਧ ਸੁਖੀ ਹਾਂ ਜੋ ਵੇਖ ਸੁਣ ਜਾਂ ਬੋਲ ਨਹੀਂ ਸਕਦੇ ਜਾਂ ਤੁਰਨ ਫਿਰਨ ਤੋਂ ਅਸਮਰੱਥ ਹਨ।
4.    ਬੌਸ ਦੀ ਚੱਕ ਚੱਕ ਦਾ ਮਤਲਬ ਹੈ ਕਿ ਸਾਨੂੰ ਨੌਕਰੀ ਵੀ ਮਿਲੀ ਹੋਈ ਹੈ ਤੇ ਅਸੀਂ ਕਰੋੜਾਂ

ਤੋਂ ਚੰਗੇ ਹਾਂ ਜਿਹੜੇ ਬੇਰੁਜ਼ਗਾਰ ਹਨ ਜਾਂ ਭਾਰ ਢੋ ਕੇ ਮਸਾਂ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਰਹੇ ਹਨ।
5.    ਘਰ ਅੰਦਰ ਜਾਗ ਖੁੱਲੀ ਹੈ ਤਾਂ ਮਤਲਬ ਹੈ ਸਿਰ ਉੱਤੇ ਛੱਤ ਵੀ ਹੈ ਜੋ ਕਰੋੜਾਂ ਨੂੰ ਨਸੀਬ ਨਹੀਂ ਹੈ!
6.    ਕੀ ਇਹ ਸਭ ਕੁੱਝ ਹੁੰਦਿਆਂ ਹਾਲੇ ਵੀ ਨਿਰਾ ਅਫਸੋਸ ਹੀ ਕਰਨਾ ਹੈ? ਇਸ ਦੀ ਬਜਾਏ ਜੇ ਇਹ ਸੋਚਿਆ ਜਾਏ-ਜਿਨ੍ਹਾਂ ਦੇ ਸਿਰਾਂ ਉੱਤੇ ਛੱਤ ਹੈ, ਚਲਾਉਣ ਨੂੰ ਕਾਰ ਸਕੂਟਰ ਹੈ, ਤਿੰਨ ਵੇਲੇ ਦੀ ਰੋਟੀ ਮਿਲ ਰਹੀ ਹੈ, ਜੇਬ ਵਿਚ ਪੈਸੇ ਹਨ, ਨੌਕਰੀ ਹੈ, ਬੈਂਕ ਬੈਲੈਂਸ ਹੈ, ਅੱਖਾਂ, ਕੰਨ, ਨੱਕ ਤੇ ਲੱਤਾਂ ਸਲਾਮਤ ਹਨ ਤੇ ਜੇਲ੍ਹ ਅੰਦਰ ਬੰਦ ਵੀ ਨਹੀਂ ਹਾਂ, ਤਾਂ ਅਸੀਂ ਦੁਨੀਆਂ ਭਰ ਦੇ ਲੋਕਾਂ ਵਿੱਚੋਂ ਚੋਟੀ ਦੇ 2 ਫੀਸਦੀ ਲੋਕਾਂ ਵਿਚ ਸ਼ਾਮਲ ਹਾਂ। ਕੀ ਇਹ ਸ਼ੁਕਰ ਤੇ ਖ਼ੁਸ਼ੀ ਮਨਾਉਣ ਵਾਲੀ ਗ਼ੱਲ ਨਹੀਂ ਹੈ?
    ਜੇ ਖਿੱਝ ਕੇ ਉੱਠਣ ਨਾਲੋਂ ਸਵੇਰੇ ਉੱਠ ਕੇ ਆਪਣੇ ਜ਼ਿੰਦਾ ਹੋਣ ਦਾ ਸ਼ੁਕਰ ਮਨਾ ਕੇ, ਆਪਣੇ ਬੱਚਿਆਂ ਨਾਲ ਹੱਸ ਖੇਡ ਕੇ ਉਸ ਦਿਨ ਦਾ ਭਰਪੂਰ ਆਨੰਦ ਮਾਣੀਏ ਤਾਂ ਜ਼ਿੰਦਗੀ ਬਹੁਤ ਖ਼ੂਬਸੂਰਤ ਜਾਪੇਗੀ। ਇਹ ਜਸ਼ਨ ਦਾ ਮਾਹੌਲ ਸਭ ਨੂੰ ਖ਼ੁਸ਼ੀ ਨਾਲ ਭਰ ਦੇਵੇਗਾ ਤੇ ਚੁਫ਼ੇਰਾ ਚੰਗਾ ਜਾਪਣ ਲੱਗ ਪਵੇਗਾ।
    ਯਾਨੀ, ਅਸੀਂ ਆਪਣੇ ਆਲੇ-ਦੁਆਲੇ ਨੂੰ ਵੀ ਕੁਦਰਤੀ ਦ੍ਰਿਸ਼ ਮੰਨ ਕੇ ਤਬਦੀਲੀ ਮੰਗਣ ਦੀ ਥਾਂ ਉਸ ਨੂੰ ਖ਼ੁਸ਼ੀ ਨਾਲ ਮਾਨਣ ਦਾ ਤਰੀਕਾ ਸਿੱਖ ਲਈਏ ਤਾਂ ਇੱਕ ਪਾਸੇ ਚੁਗਿਰਦਾ ਰੁਸ਼ਨਾ ਜਾਂਦਾ ਹੈ ਤੇ ਦੂਜੇ ਪਾਸੇ ਮਨ ਵੀ ਖੇੜੇ ਨਾਲ ਭਰ ਜਾਂਦਾ ਹੈ।
    ਜੀਵਨ ਸਾਥੀ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਨ ਨਾਲੋਂ ਉਸ ਦੀਆਂ ਚੰਗੀਆਂ ਆਦਤਾਂ ਤੇ ਕੋਈ ਚੰਗੀ ਗੱਲ ਦੀ ਸਰਾਹਣਾ ਕਰਦੇ ਸਾਰ ਰਿਸ਼ਤਿਆਂ ਵਿਚਲੀ ਕੁੜੱਤਣ ਖੁਰ ਖਾਂਦੀ ਹੈ! ਜੋ ਹੈ, ਉਸ ਵਿਚ ਸੰਤੁਸ਼ਟ ਹੋਣਾ ਸਿੱਖਣ ਦੀ ਲੋੜ ਹੈ। ਨਹੀਂ ਤਾਂ ਸਾਰੀ ਉਮਰ ਕੁੜ੍ਹਦੇ ਹੋਏ ਹੀ ਲੰਘ ਜਾਣੀ ਹੈ ਤੇ ਕਦੋਂ ਅੰਤ ਹੋ ਜਾਣਾ ਹੈ ਪਤਾ ਹੀ ਨਹੀਂ ਲੱਗਣਾ।
    ਅਸੀਂ ਆਮ ਹੀ ਆਪਣੇ ਆਲੇ-ਦੁਆਲੇ ਅਗਾਂਹ ਵਧ ਰਹੇ ਲੋਕਾਂ, ਰਿਸ਼ਤੇਦਾਰਾਂ ਤੇ ਆਪਣਿਆਂ ਤੋਂ ਖ਼ਾਰ ਖਾਂਦੇ ਰਹਿੰਦੇ ਹਾਂ। ਜਿਨ੍ਹਾਂ ਨੂੰ ਜਾਣਦੇ ਨਹੀਂ, ਉਨ੍ਹਾਂ ਦੇ ਅਗਾਂਹ ਵਧਣ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ।
    ਜੇ ਕਿਸੇ ਹੋਰ ਮੁਲਕ ਦਾ ਇੰਜੀਨੀਅਰ ਸਾਡੇ ਤੋਂ ਵੱਡੀ ਕੋਠੀ ਤੇ ਕਾਰ ਖ਼ਰੀਦ ਚੁੱਕਿਆ ਹੈ ਤਾਂ ਕੋਈ ਗੱਲ ਨਹੀਂ, ਪਰ ਜੇ ਗਲੀ ਵਿਚ ਰਹਿੰਦਾ ਇੰਜੀਨੀਅਰ ਜਾਂ ਟੱਬਰ ਵਿਚਲੇ ਕਿਸੇ ਇੰਜੀਨੀਅਰ ਨੇ ਖਰੀਦੇ ਹਨ ਤਾਂ ਸਾਡੀਆਂ ਅੱਖਾਂ ਵਿਚ ਰੜਕ ਪੈਦਾ ਹੋ ਜਾਂਦੀ ਹੈ।
    ਇਸੇ ਨੁਕਤੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹੋਰਨਾਂ ਦੀ ਖ਼ੁਸ਼ੀ ਤੋਂ ਅਸੀਂ ਵਧ ਦੁਖੀ ਹੁੰਦੇ ਹਾਂ

ਪਰ ਆਪਣੇ ਸੁਖ ਨੂੰ ਮਾਨਣ ਲਈ ਸਮਾਂ ਨਹੀਂ ਕੱਢਦੇ। ਸਾਡੇ ਦੁੱਖਾਂ ਦੀ ਜੜ੍ਹ ਸਾਡੇ ਹੀ ਮਨ ਅੰਦਰ ਹੈ। ਲੰਘ ਚੁੱਕੇ ਸਮੇਂ ਨੂੰ ਤੇ ਪੁਰਾਣੀਆਂ ਮਾੜੀਆਂ ਚੰਗੀਆਂ ਯਾਦਾਂ ਅਸੀਂ ਛੰਡਦੇ ਨਹੀਂ ਤੇ ਨਾਲੋ ਨਾਲ ਤੋਰੀ ਰੱਖਦੇ ਹਾਂ। ਆਉਣ ਵਾਲੇ ਸਮੇਂ ਨੂੰ ਵਧੀਆ ਬਣਾਉਣ ਲਈ ਅਸੀਂ ਹਰ ਰੋਜ਼ ਦੀ ਨਿੱਕੀ ਖ਼ੁਸ਼ੀ ਮਾਣਨ ਦਾ ਸਮਾਂ ਨਹੀਂ ਕੱਢ ਰਹੇ! ਫੇਰ ਭਲਾ ਜ਼ਿੰਦਗੀ ਨੂੰ ਜੀਣਾ ਕਦੋਂ ਹੈ? ਖ਼ੁਸ਼ੀਆਂ ਕਦੇ ਵੱਡੇ ਪੈੱਕੈਜ ਵਾਂਗ ਨਹੀਂ ਆਉਂਦੀਆਂ।
    ਆਪਣੇ ਬੱਚੇ ਦੀ ਪਹਿਲੀ ਨਿਕਲੀ ਦੰਦੀ,  ਪਹਿਲਾ ਪੁੱਟਿਆ ਕਦਮ, ਪਹਿਲੀ ਵਾਰ ਦਾ 'ਪਾਪਾ' ਕਹਿਣਾ, ਪਹਿਲੀ ਵਾਰ ਸਕੂਲ ਛੱਡ ਕੇ ਆਉਣਾ, ਪਹਿਲੀ ਜੱਫੀ, ਪਹਿਲਾ ਚੁੰਮਣ, ਰਾਤ ਭਰ ਰੋਂਦੇ ਨੂੰ ਚੁੱਕ ਕੇ ਘੁੰਮਣਾ ਤੇ ਸੁਆਉਣਾ, ਉਸ ਨੂੰ ਪਹਿਲਾ ਟੀਕਾ ਲੱਗਣ ਸਮੇਂ ਉਸ ਤੋਂ ਵੱਧ ਆਪ ਰੋਣਾ, ਆਦਿ ਕਿੰਨੀਆਂ ਪਿਆਰੀਆਂ ਯਾਦਾਂ ਨੇ ਜੋ ਧੜਕਦੀ ਜ਼ਿੰਦਗੀ ਦਾ ਸਬੂਤ ਹੁੰਦੀਆਂ ਹਨ ਤੇ ਇਸੇ ਨੂੰ ਜ਼ਿੰਦਗੀ ਮਾਨਣਾ ਕਿਹਾ ਜਾਂਦਾ ਹੈ।
    ਜਦੋਂ ਕਮਾਈ ਦਾ ਸਮਾਂ ਹੁੰਦਾ ਹੈ, ਉਦੋਂ ਇਹੀ ਪਲਾਂ ਨੂੰ ਜੀਣ ਲਈ ਮਿਹਨਤ ਕੀਤੀ ਜਾਂਦੀ ਹੈ। ਚੇਤੇ ਸਿਰਫ਼ ਇਹ ਰੱਖਣਾ ਹੈ ਕਿ ਕਿਤੇ ਮਿਹਨਤ ਦਾ ਸਮਾਂ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਹੜੱਪ ਨਾ ਜਾਏ। ਬੱਚਿਆਂ ਨਾਲ ਬੱਚੇ ਬਣ ਕੇ ਖੇਡਣਾ, ਰੱਜ ਕੇ ਹੱਸਣਾ, ਨੱਚਣਾ, ਟੱਪਣਾ, ਘੁੰਮਣਾ ਹੀ ਅਸਲ ਜ਼ਿੰਦਗੀ ਦੇ ਪਲ ਹੁੰਦੇ ਹਨ। ਆਪਣੀ 'ਮੈਂ', 'ਮੇਰਾ', 'ਜੇ', 'ਮੇਰੇ ਨਾਲ ਹੀ ਕਿਉਂ', ਆਦਿ ਛੱਡ ਕੇ ਅੱਜ ਦੀ ਧੜਕਦੀ ਜ਼ਿੰਦਗੀ ਜੇ ਅਸੀਂ ਜੀਅ ਸਕੇ ਹਾਂ, ਤਾਂ ਯਕੀਨਨ ਇਸ ਸਫਰ ਦੇ ਅੰਤ ਵਿਚ ਕੋਈ ਗਿਲਾ ਸ਼ਿਕਵਾ ਨਹੀਂ ਰਹੇਗਾ।
    ਹਾਲੇ ਵੀ ਵੇਲਾ ਹੈ! ਰੋਜ਼ ਦੋਸਤਾਂ ਮਿੱਤਰਾਂ ਨਾਲ ਖ਼ੁਸ਼ੀਆਂ ਵੰਡੀਏ। ਪਤਾ ਨਹੀਂ ਕਿਸ ਨੇ ਕਦੋਂ ਵਿਛੜ ਜਾਣਾ ਹੈ! ਰੋਜ਼ ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ। ਪਤਾ ਹੀ ਨਹੀਂ ਲੱਗਣਾ ਕਦੋਂ ਉਨ੍ਹਾਂ ਝਟਪਟ ਜਵਾਨ ਹੋ ਕੇ ਘਰੋਂ ਬਾਹਰ ਆਪਣੇ ਕੰਮਾਂ ਵਿਚ ਰੁੱਝ ਕੇ ਦੂਰ ਤੁਰ ਜਾਣਾ ਹੈ। ਬੇਰਹਿਮ ਮੌਤ ਨੇ ਕਦੋਂ ਜੀਵਨ ਸਾਥੀ ਖੋਹ ਲੈਣਾ ਹੈ, ਇਸ ਤੋਂ ਵੀ ਅਸੀਂ ਬੇਖ਼ਬਰ ਹਾਂ। ਇਸੇ ਲਈ ਆਪਣਿਆਂ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਦਿਆਂ ਮਨ ਵਿਚ ਕੌੜ ਭਰਨ ਦੀ ਥਾਂ ਉਨ੍ਹਾਂ ਨੂੰ ਕੁਦਰਤੀ ਦ੍ਰਿਸ਼ਾਂ ਵਾਂਗ ਇੰਜ ਹੀ ਅਪਨਾ ਲਈਏ ਤਾਂ ਜ਼ਿੰਦਗੀ ਵਾਕਈ ਬਹੁਤ ਖ਼ੂਬਸੂਰਤ ਜਾਪਣ ਲੱਗ ਪੈਣੀ ਹੈ ਤੇ ਬੇਰੰਗ ਰਿਸ਼ਤਿਆਂ ਵਿਚ ਵਾਪਸ ਰੌਣਕ ਪਰਤ ਆਵੇਗੀ।
    ਸੰਪੂਰਨ ਸੰਤੁਸ਼ਟੀ ਕਿਸੇ ਨੂੰ ਹਾਸਲ ਨਹੀਂ ਹੁੰਦੀ। ਇਸੇ ਲਈ ਉਸ ਦੀ ਉਡੀਕ ਕਰਨੀ ਫਜ਼ੂਲ ਹੈ। ਸੂਟਾਂ ਵਾਲੀ ਦੁਕਾਨ ਬਦਲਣੀ, ਦਰਜੀ ਬਦਲਣਾ, ਡਾਕਟਰ ਬਦਲਣਾ, ਸਕੂਟਰ ਬਦਲਣਾ, ਸਬਜ਼ੀ ਵਾਲਾ ਭਾਈ ਬਦਲਣਾ, ਟੀ.ਵੀ. ਬਦਲਣਾ, ਸੋਫਾ ਬਦਲਣਾ, ਘਰ ਬਦਲਣਾ, ਆਦਿ ਸਾਡੀ ਰਗ ਰਗ ਵਿਚ ਵਸ ਚੁੱਕਿਆ ਹੈ।
    ਪਰ, ਫਿਰ ਵੀ ਮੇਰਾ ਸੁਣੇਹਾ ਤਾਂ ਹਰ ਕੋਸ਼ਿਸ਼ ਕਰਨ ਵਿਚ ਜੁਟੇ ਲਈ ਇਹੋ ਰਹਿਣਾ ਹੈ :-
    ''ਮੰਜ਼ਿਲਾਂ ਬੜੀਆਂ ਜ਼ਿੱਦੀ ਹੁੰਦੀਆਂ ਨੇ,
    ਹਾਸਲ ਕਿੱਥੇ ਸਾਰੀਆਂ ਹੁੰਦੀਆਂ ਨੇ।
    ਪਰ, ਤੂਫ਼ਾਨ ਵੀ ਉੱਥੇ ਹਾਰ ਮੰਨ ਲੈਂਦੇ ਨੇ,
    ਜਿੱਥੇ ਕਿਸ਼ਤੀਆਂ ਮੱਲਾਹ ਦੀ ਹਾਣੀ ਹੁੰਦੀਆਂ ਨੇ।''
   
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 28,
ਪ੍ਰੀਤ ਨਗਰ, ਲੋਅਰ ਮਾਲ,
 ਪਟਿਆਲਾ। ਫੋਨ ਨੰ: 0175-2216783

08 Oct. 2018

ਗਰਭ ਅਤੇ ਸ਼ੱਕਰ ਰੋਗ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਾਂ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਾਂ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।
ਕਿਸੇ ਵੀ ਆਮ ਬੰਦੇ ਵਿਚ ਦੋ ਖਾਣਿਆਂ ਵਿਚਕਾਰ ਜਾਂ ਨੀਂਦਰ ਦੌਰਾਨ ਲਹੂ ਵਿਚ ਸ਼ੱਕਰ ਦੀ ਮਾਤਰਾ ਘਟਦੀ ਨਹੀਂ। ਪਰ, ਗਰਭ ਠਹਿਰਦੇ ਸਾਰ ਭਰੂਣ ਮਾਂ ਦੇ ਸਰੀਰ ਅੰਦਰੋਂ ਗਲੂਕੋਜ਼ ਖਿੱਚ ਕੇ ਪਲਾਸੈਂਟਾ ਵਿਚ ਜਮਾਂ ਕਰਨ ਲੱਗ ਪੈਂਦਾ ਹੈ ਤਾਂ ਜੋ ਉਸ ਦੇ ਵਧਣ ਫੁੱਲਣ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਜੇ ਮਾਂ ਬਿਲਕੁਲ ਭੁੱਖੀ ਵੀ ਹੋਵੇ, ਤਾਂ ਵੀ ਭਰੂਣ ਆਪਣੀ ਪੂਰੀ ਖ਼ੁਰਾਕ ਮਾਂ ਦੇ ਲਹੂ ਵਿੱਚੋਂ ਖਿੱਚ ਲੈਂਦਾ ਹੈ। ਜਿਵੇਂ-ਜਿਵੇਂ ਗਰਭ ਦੇ ਮਹੀਨੇ ਵਧਦੇ ਹਨ, ਭਰੂਣ ਦੀ ਖ਼ੁਰਾਕ ਵਧਦੀ ਜਾਂਦੀ ਹੈ ਤੇ ਉਹ ਵੱਧ ਗਲੂਕੋਜ਼ ਖਿੱਚਣ ਲੱਗ ਪੈਂਦਾ ਹੈ ਜਿਸ ਨਾਲ ਮਾਂ ਦੀ ਸਰੀਰ ਦੀ ਸ਼ਕਰ ਦੀ ਮਾਤਰਾ ਹੋਰ ਘੱਟ ਜਾਂਦੀ ਹੈ।
ਅੱਠਵੇਂ ਮਹੀਨੇ ਦੇ ਗਰਭ ਦੌਰਾਨ ਆਮ ਹਾਲਤ ਨਾਲੋਂ 24 ਘੰਟਿਆਂ ਦੀ ਸਰੀਰ ਵਿੱਚੋਂ ਨਿਕਲਦੀ ਇਨਸੂਲਿਨ ਦੀ ਮਾਤਰਾ 50 ਫੀਸਦੀ ਵੱਧ ਹੋ ਜਾਂਦੀ ਹੈ।
ਲਗਭਗ 3 ਤੋਂ 10 ਫੀਸਦੀ ਗਰਭਵਤੀ ਔਰਤਾਂ ਦੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਨੂੰ ਨਾਰਮਲ ਰੱਖਣ ਦੇ ਚੱਕਰ ਵਿਚ ਕੁੱਝ ਨਾ ਕੁੱਝ ਗੜਬੜ ਹੋ ਜਾਂਦੀ ਹੈ। ਇਸ ਨੂੰ 'ਗਲੂਕੋਜ਼ ਇਨਟੌਲਰੈਂਸ' ਕਹਿੰਦੇ ਹਨ। ਅਜਿਹੀ ਗਲੂਕੋਜ਼ ਦੀ ਗੜਬੜੀ ਹੀ ਗਰਭ ਦੌਰਾਨ ਸ਼ੱਕਰ ਦੀ ਵਕਤੀ ਬਿਮਾਰੀ ਸ਼ੁਰੂ ਕਰ ਦਿੰਦੀ ਹੈ ਜੋ ਬੱਚਾ ਜੰਮਣ ਤੋਂ ਤਿੰਨ ਸਾਲ ਦੇ ਵਿਚ ਵਿਚ ਠੀਕ ਵੀ ਹੋ ਜਾਂਦੀ ਹੈ।
ਜਿਨ੍ਹਾਂ ਔਰਤਾਂ ਨੂੰ ਗਰਭ ਠਹਿਰਨ ਤੋਂ ਪਹਿਲਾਂ ਦਾ ਸ਼ੱਕਰ ਰੋਗ ਹੋਵੇ, ਇਹੋ ਜਿਹੀਆਂ ਔਰਤਾਂ ਨੂੰ ਵਾਧੂ ਖ਼ਿਆਲ ਰੱਖਣ ਦੀ ਲੋੜ ਹੈ। ਖੋਜਾਂ ਰਾਹੀਂ ਇਹ ਸਾਬਤ ਹੋ ਚੁੱਕਿਆ ਹੈ ਕਿ ਛਾਤੀ ਦਾ ਦੁੱਧ ਪਿਆਉਂਦੇ ਰਹਿਣ ਨਾਲ ਸ਼ੱਕਰ ਰੋਗ ਉੱਤੇ ਕਾਫੀ ਹਦ ਤਕ ਕਾਬੂ ਪਾਇਆ ਜਾ ਸਕਦਾ ਹੈ।
ਕੁੱਝ ਖੋਜਾਂ ਨੇ ਇਹ ਸਾਬਤ ਕੀਤਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੋਵੇ, ਉਨ੍ਹਾਂ ਵਿਚ 40 ਸਾਲਾਂ ਦੀ ਉਮਰ ਪੂਰੀ ਕਰਨ ਬਾਅਦ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਆਮ ਔਰਤਾਂ ਨਾਲੋਂ 27 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਵੱਧ ਹੁੰਦੀ ਹੈ।
ਗੋਰੀਆਂ ਔਰਤਾਂ ਨਾਲੋਂ ਕਾਲੇ ਰੰਗ ਵਾਲੀਆਂ ਔਰਤਾਂ ਵਿਚ ਇਹ ਖ਼ਤਰਾ ਵੱਧ ਹੁੰਦਾ ਹੈ।
ਇਹ ਵੀ ਪੱਕੀ ਗੱਲ ਹੈ ਕਿ ਵਾਧੂ ਦਵਾਈਆਂ ਖਾਣ ਵਾਲੀਆਂ ਗਰਭਵਤੀ ਔਰਤਾਂ ਆਪਣਾ ਨੁਕਸਾਨ ਹੀ ਕਰਦੀਆਂ ਹਨ। ਵਕਤ ਤੋਂ ਪਹਿਲਾਂ ਬੱਚੇ ਦੇ ਜਨਮ ਨੂੰ ਰੋਕਣ ਵਾਸਤੇ ਜਿਹੜੀ 17 ਐਲਫਾ ਹਾਈਡਰੌਕਸੀ ਪਰੋਜੈਸਟਰੋਨ ਦਵਾਈ ਵਰਤੀ ਜਾਂਦੀ ਹੈ, ਉਸ ਨਾਲ ਗਰਭ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਭਾਰਤੀ ਤੇ ਚੀਨੀ ਮੂਲ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਵਿਚਲੀਆਂ ਗਰਭਵਤੀ ਔਰਤਾਂ ਵਿਚ ਗਰਭ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ (5 ਤੋਂ 15 ਫੀਸਦੀ ਵੱਧ)। ਇਨ੍ਹਾਂ ਵਿੱਚੋਂ ਅੱਗੋਂ 68 ਫੀਸਦੀ ਨੂੰ ਦੂਜੀ ਵਾਰ ਗਰਭਵਤੀ ਹੋਣ ਉੱਤੇ ਸ਼ੱਕਰ ਰੋਗ ਫਿਰ ਹੋ ਜਾਂਦਾ ਹੈ।
ਅੱਗੋਂ ਇਨ੍ਹਾਂ ਵਿੱਚੋਂ ਇਕ ਤਿਹਾਈ ਨੂੰ ਬੱਚਾ ਜੰਮਣ ਦੇ ਪੰਜ ਸਾਲ ਦੇ ਅੰਦਰ-ਅੰਦਰ ਸ਼ੱਕਰ ਰੋਗ ਹੋਣ ਦਾ ਖ਼ਤਰਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਦਾ ਰੋਗ ਬਣ ਜਾਂਦਾ ਹੈ।
ਜੇ ਇਲਾਜ ਸਹੀ ਨਾ ਕੀਤਾ ਜਾਵੇ ਤਾਂ ਵਧੀ ਹੋਈ ਸ਼ੱਕਰ ਦੀ ਮਾਤਰਾ ਭਰੂਣ ਉੱਤੇ ਬਹੁਤ ਮਾੜੇ ਅਸਰ ਪਾ ਦਿੰਦੀ ਹੈ। ਇਹ ਹਨ :-

*    ਪਲਾਸੈਂਟਾ ਰਾਹੀਂ ਵਾਧੂ ਸ਼ੱਕਰ ਜਦੋਂ ਭਰੂਣ ਅੰਦਰ ਲੰਘੇ ਤਾਂ ਉਸਦਾ ਸਰੀਰ ਲੋੜੋਂ ਵੱਧ ਇਲਸੂਲਿਨ ਬਣਾਉਣ ਲੱਗ ਪੈਂਦਾ ਹੈ। ਭਰੂਣ ਅੰਦਰ ਉਹੀ ਮਿੱਠਾ ਥਿੰਦੇ ਦੇ ਰੂਪ ਵਿਚ ਜਮਾਂ ਹੋਣ ਲੱਗ ਪੈਂਦਾ ਹੈ ਜਿਸ ਕਰਕੇ ਉਸ ਦਾ ਭਾਰ ਨਾਰਮਲ ਨਾਲੋਂ ਵੱਧ ਹੋ ਜਾਂਦਾ ਹੈ।
*    ਵਾਧੂ ਭਾਰ ਕਰਕੇ ਭਰੂਣ ਨੂੰ ਜਨਮ ਸਮੇਂ ਜ਼ਿਆਦਾ ਸੱਟਾਂ ਲੱਗ ਸਕਦੀਆਂ ਹਨ ਜਾਂ ਦਿਮਾਗ਼ ਅੰਦਰ ਲਹੂ ਚੱਲ ਸਕਦਾ ਹੈ ਜਾਂ ਆਕਸੀਜਨ ਦੀ ਕਮੀ ਨਾਲ ਜੂਝਣਾ ਪੈ ਸਕਦਾ ਹੈ।
*    ਜੰਮਣ ਬਾਅਦ ਬੱਚੇ ਵਿਚ ਸ਼ੱਕਰ ਦੀ ਕਮੀ ਤੇ ਮਿਨਰਲ ਤੱਤਾਂ ਦੀ ਕਮੀ ਹੋ ਸਕਦੀ ਹੈ।
*    ਪੀਲੀਆ ਹੋ ਸਕਦਾ ਹੈ।
*    ਵਕਤ ਤੋਂ ਪਹਿਲਾਂ ਬੱਚਾ ਪੈਦਾ ਹੋ ਸਕਦਾ ਹੈ।
*    ਸਾਹ ਦੀ ਤਕਲੀਫ਼ ਹੋ ਸਕਦੀ ਹੈ।
*    ਵੱਡੇ ਹੋਣ ਉੱਤੇ ਬੱਚਾ ਮੋਟਾਪੇ ਦਾ ਜਾਂ ਸ਼ੱਕਰ ਰੋਗ ਦਾ ਸ਼ਿਕਾਰ ਹੋ ਸਕਦਾ ਹੈ।


ਜੱਚਾ ਨੂੰ ਖ਼ਤਰੇ :-
*    ਵੱਡਾ ਅਪਰੇਸ਼ਨ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਹੋ ਜਾਂਦਾ ਹੈ।
*    ਬੱਚਾ ਢਿੱਡ ਅੰਦਰ ਹੀ ਮਰ ਸਕਦਾ ਹੈ।
*    ਬਲੱਡ ਪ੍ਰੈੱਸ਼ਰ ਦਾ ਰੋਗ ਹੋ ਸਕਦਾ ਹੈ।
*    ਬੱਚਾ ਜੰਮਣ ਤੋਂ ਕੁੱਝ ਸਾਲ ਬਾਅਦ ਮਾਂ ਨੂੰ ਸ਼ੱਕਰ ਰੋਗ ਹੋ ਸਕਦਾ ਹੈ।

ਇਨ੍ਹਾਂ ਤੋਂ ਬਚਣ ਲਈ :-

1.    ਖ਼ੁਰਾਕ :- ਖ਼ੁਰਾਕ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਕਾਰਬੋਹਾਈਡਰੇਟ ਘੱਟ ਤੇ ਗੁੜ, ਖੰਡ, ਸ਼ੱਕਰ, ਸ਼ਹਿਦ ਆਦਿ ਬਿਲਕੁਲ ਨਾ ਬਰਾਬਰ!

2.    ਕਸਰਤ :- ਰੋਜ਼ 30 ਮਿੰਟ ਤੇਜ਼ ਤੁਰਨਾ ਜ਼ਰੂਰੀ ਹੈ। ਜੇ ਭਰੂਣ ਨੂੰ ਕੋਈ ਖ਼ਤਰਾ ਹੋਵੇ ਤਾਂ 30 ਮਿੰਟ ਹੌਲੀ ਤੁਰਨਾ ਜਾਂ ਤੈਰਨਾ ਜਾਰੀ ਰੱਖਿਆ ਜਾ ਸਕਦਾ ਹੈ।

3.    ਲਹੂ ਦਾ ਟੈਸਟ :- ਰੋਜ਼ ਇੱਕ ਵਾਰ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਜ਼ਰੂਰ ਚੈੱਕ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਵਧੀ ਹੋਈ ਸ਼ੱਕਰ ਦੀ ਮਾਤਰਾ ਤੁਰੰਤ ਠੀਕ ਕੀਤੀ ਜਾ ਸਕੇ ਤੇ ਭਰੂਣ ਉੱਤੇ ਕੋਈ ਮਾੜਾ ਅਸਰ ਨਾ ਪਵੇ।

4.    ਬਲੱਡ ਪ੍ਰੈੱਸ਼ਰ ਹਫ਼ਤੇ ਵਿਚ ਇਕ ਵਾਰ ਜ਼ਰੂਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।

5.    ਅਲਟਰਾਸਾਊਂਡ ਰਾਹੀਂ ਬੱਚੇ ਦੇ ਵਧਣ ਫੁੱਲਣ ਬਾਰੇ ਰੈਗੂਲਰ ਪਤਾ ਲਾਉਂਦੇ ਰਹਿਣਾ ਚਾਹੀਦਾ ਹੈ।


ਕਦੋਂ ਇਕਦਮ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ :-
*    ਬੁਖ਼ਾਰ ਹੋ ਜਾਏ ਜਾਂ ਰੋਟੀ ਨਾ ਖਾਧੀ ਜਾ ਰਹੀ ਹੋਵੇ
*    ਵਧੀ ਹੋਈ ਸ਼ੱਕਰ ਦੀ ਮਾਤਰਾ ਸਦਕਾ ਤਿੱਖੀ ਸਿਰ ਪੀੜ ਹੋਣ ਲੱਗ ਪਵੇ, ਧਿਆਨ ਨਾ ਲਾਇਆ ਜਾ ਸਕੇ, ਪਿਆਸ ਵਧ ਜਾਵੇ, ਨਜ਼ਰ ਘਟ ਜਾਵੇ ਜਾਂ ਭਾਰ ਘਟਣ ਲੱਗ ਪਵੇ
*    ਸ਼ੱਕਰ ਦੀ ਮਾਤਰਾ ਘਟਣ ਦੇ ਲੱਛਣ ਦਿੱਸਣ ਲੱਗ ਪੈਣ, ਯਾਨੀ ਘਬਰਾਹਟ, ਪੂਰੀ ਗੱਲ ਸਮਝ ਨਾ ਆ ਰਹੀ ਹੋਵੇ, ਚੱਕਰ ਆਉਣੇ, ਭੁੱਖ ਵੱਧਣੀ, ਸਿਰ ਪੀੜ, ਧੜਕਣ ਵੱਧਣੀ, ਹੱਥ ਪੈਰ ਕੰਬਣੇ, ਚਿਹਰਾ ਪੀਲਾ ਪੈ ਜਾਣਾ, ਪਸੀਨਾ ਆਉਣਾ, ਕਮਜ਼ੋਰੀ ਮਹਿਸੂਸ ਹੋਣੀ, ਆਦਿ।


ਖੋਜਾਂ ਰਾਹੀਂ ਸਾਬਤ ਹੋਏ ਤੱਥ :-
*    ਗਰਭ ਠਹਿਰਨ ਤੋਂ ਪਹਿਲਾਂ ਵਾਧੂ ਕੋਲੈਸਟਰੋਲ ਤੇ ਅੰਡੇ ਖਾਣ ਨਾਲ ਗਰਭ ਠਹਿਰਨ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
*    ਜੇ ਮਹਾਵਾਰੀ 9 ਤੋਂ 11 ਸਾਲ ਦੀ ਉਮਰ ਵਿਚ ਆਉਣੀ ਸ਼ੁਰੂ ਹੋਈ ਹੋਵੇ ਤਾਂ ਵੀ ਗਰਭ ਠਹਿਰਨ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਜਿਹੜੀਆਂ ਗਰਭਵਤੀ ਔਰਤਾਂ ਨੂੰ ਸ਼ੱਕਰ ਰੋਗ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ, ਉਹ ਹਨ :-
*    ਬਹੁਤ ਜ਼ਿਆਦਾ ਮੋਟਾਪਾ
*    ਪਿਛਲੇ ਗਰਭ ਦੌਰਾਨ ਵੀ ਸ਼ੱਕਰ ਰੋਗ ਹੋਇਆ ਹੋਵੇ
*    ਟੱਬਰ ਵਿਚ ਕਿਸੇ ਨੂੰ ਪਹਿਲਾਂ ਸ਼ੱਕਰ ਰੋਗ ਹੋਵੇ
*    ਪੋਲੀਮਿਸਰਿਕ ਅੰਡਕੋਸ਼ ਦਾ ਰੋਗ ਪਹਿਲਾਂ ਹੋਵੇ
*    ਪਿਸ਼ਾਬ ਵਿਚ ਸ਼ੂਗਰ ਆ ਰਹੀ ਹੋਵੇ


ਜਿਨ੍ਹਾਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਨਹੀਂ ਹੁੰਦਾ, ਉਹ ਹਨ :-
*    25 ਸਾਲ ਤੋਂ ਘੱਟ ਦੀ ਉਮਰ
*    ਗਰਭ ਠਹਿਰਨ ਤੋਂ ਪਹਿਲਾਂ ਨਾਰਮਲ ਭਾਰ ਹੋਣਾ
*    ਘਰ ਵਿਚ ਕਿਸੇ ਨੂੰ ਸ਼ੱਕਰ ਰੋਗ ਦਾ ਨਾ ਹੋਣਾ
*    ਪਹਿਲਾਂ ਕਦੇ ਲਹੂ ਵਿਚ ਸ਼ੱਕਰ ਦੀ ਮਾਤਰਾ ਨਾ ਵਧੀ ਹੋਣੀ
*    ਪਹਿਲਾਂ ਗਰਭਪਾਤ ਨਾ ਹੋਇਆ ਹੋਣਾ

ਵਿਸ਼ਵ ਪੱਧਰ ਉੱਤੇ ਸ਼ੱਕਰ ਰੋਗ ਦੀਆਂ ਸ਼ਿਕਾਰ ਗਰਭਵਤੀ ਔਰਤਾਂ ਲਈ ਜਾਰੀ ਹੋਈਆਂ ਹਦਾਇਤਾਂ :-
*    ਗਰਭ ਠਹਿਰਨ ਦਾ ਪਤਾ ਲੱਗਦੇ ਸਾਰ ਐਚ.ਬੀ.ਏ.ਇਕ.ਸੀ ਟੈਸਟ ਕਰਵਾਉਣਾ ਲਾਜ਼ਮੀ ਹੈ।
*    ਨਿਰਣੇ ਪੇਟ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਵੱਧ ਤੇ ਰੈਂਡਮ (ਕੁੱਝ ਖਾਧੇ ਬਾਅਦ) ਮਾਤਰਾ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਵਧ ਅਤੇ ਐਚ.ਬੀ.ਏ.ਇਕ.ਸੀ. 6.5 ਫੀਸਦੀ ਜਾਂ ਵੱਧ ਦਾ ਮਤਲਬ ਹੈ ਕਿ ਮਾਂ ਨੂੰ ਸ਼ੱਕਰ ਰੋਗ ਗਰਭ ਠਹਿਰਨ ਤੋਂ ਪਹਿਲਾਂ ਹੀ ਹੈ। ਜੇ ਨਿਰਣੇ ਪੇਟ ਸ਼ੱਕਰ ਦੀ ਮਾਤਰਾ 92 ਤੋਂ 125 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਹੈ ਤਾਂ ਇਸਦਾ ਮਤਲਬ ਹੈ ਕਿ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੈ।
*    ਜੇ ਨਿਰਣੇ ਪੇਟ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਆ ਚੁੱਕੀ ਹੈ ਤਾਂ ਓ.ਜੀ.ਟੀ.ਟੀ. ਟੈਸਟ (ਖਾਣਾ ਖਾਣ ਬਾਅਦ ਗਲੂਕੋਜ਼ ਖੁਆ ਕੇ ਕੀਤਾ ਟੈਸਟ) ਕਰਨਾ ਜ਼ਰੂਰੀ ਹੁੰਦਾ ਹੈ।
*    ਜੇ 24 ਤੋਂ 28 ਹਫ਼ਤਿਆਂ ਦੇ ਗਰਭ ਦੌਰਾਨ ਓ.ਜੀ.ਟੀ.ਟੀ. ਟੈਸਟ 153 ਤੋਂ 199 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਆਉਂਦਾ ਹੈ ਤਾਂ ਇਸਦਾ ਮਤਲਬ ਹੈ ਕਿ ਸ਼ੱਕਰ ਰੋਗ ਗਰਭ ਦੌਰਾਨ ਹੋਇਆ ਹੈ। ਜੇ 200 ਤੋਂ ਉੱਤੇ ਰਿਪੋਰਟ ਹੈ ਤਾਂ ਮਤਲਬ ਸ਼ੱਕਰ ਰੋਗ ਦੀਆਂ ਜੜ੍ਹਾਂ ਪੁਰਾਣੀਆਂ ਹਨ।
*    ਗਰਭ ਦੌਰਾਨ ਹੋਏ ਸ਼ੱਕਰ ਰੋਗ ਦਾ ਪਹਿਲਾ ਇਲਾਜ ਕਸਰਤ ਤੇ ਸੰਤੁਲਿਤ (ਬਿਨਾਂ ਮਿੱਠੇ ਵਾਲੀ) ਖ਼ੁਰਾਕ ਹੀ ਹੈ। ਜੇ ਇਨ੍ਹਾਂ ਨਾਲ ਕਾਬੂ ਵਿਚ ਨਾ ਆਵੇ ਤਾਂ ਦਵਾਈਆਂ ਲੈਣੀਆਂ ਪੈਂਦੀਆਂ ਹਨ।
*    ਗਰਭ ਦੌਰਾਨ ਹੋਏ ਸ਼ੱਕਰ ਰੋਗ ਵਾਲੀ ਹਰ ਔਰਤ ਨੂੰ ਬੱਚਾ ਜੰਮਣ ਤੋਂ ਡੇਢ ਮਹੀਨੇ ਬਾਅਦ ਦੁਬਾਰਾ ਓ.ਜੀ.ਟੀ.ਟੀ. ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੀ ਵਧੀ ਹੋਈ ਸ਼ੂਗਰ ਠੀਕ ਹੋ ਚੁੱਕੀ ਹੈ ਜਾਂ ਨਹੀਂ।
*    ਅਗਲੀ ਵਾਰ ਗਰਭ ਠਹਿਰਨ ਤੋਂ ਪਹਿਲਾਂ ਹਰ ਹਾਲ ਸ਼ੱਕਰ ਰੋਗ ਦੇ ਸਾਰੇ ਟੈਸਟ ਹੋਣੇ ਜ਼ਰੂਰੀ ਹਨ।
*    ਹਰ ਸ਼ੱਕਰ ਰੋਗੀ ਗਰਭਵਤੀ ਦੇ ਅੱਖ ਵਿਚਲੀ ਪਰਤ (ਰੈਟੀਨਾ) ਦਾ ਟੈਸਟ ਕਰਵਾਉਣਾ ਜ਼ਰੂਰੀ ਹੈ ਕਿ ਉਸ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ! ਜੇ ਹੋਇਆ ਹੈ ਤਾਂ ਹਰ ਹਾਲ ਉਸੇ ਵੇਲੇ ਇਲਾਜ ਕਰਵਾਉਣ ਦੀ ਲੋੜ ਹੈ।
*    ਜੇ ਗਰਭ ਹਾਲੇ ਨਹੀਂ ਠਹਿਰਿਆ ਤਾਂ ਹਰ ਸ਼ੱਕਰ ਰੋਗੀ ਔਰਤ ਦੇ ਅੱਖ ਦਾ ਮੁਆਇਨਾ ਕਰਨਾ ਜ਼ਰੂਰੀ ਹੈ ਤਾਂ ਜੋ ਰੈਟੀਨਾ ਪਰਤ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਗਰਭ ਠਹਿਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕੇ।


ਖ਼ੁਰਾਕ :-
1.    ਗਰਭ ਦੌਰਾਨ ਹੋਈਆਂ ਸ਼ੱਕਰ ਰੋਗੀ ਔਰਤਾਂ ਨੂੰ ਇੱਕੋ ਵੇਲੇ ਰੱਜ ਕੇ ਨਹੀਂ ਖਾਣਾ ਚਾਹੀਦਾ। ਇਸ ਦੀ ਬਜਾਏ ਦਿਨ ਵਿਚ ਛੇ ਵਾਰ ਥੋੜਾ ਥੋੜਾ ਵੰਡ ਕੇ ਖਾ ਲੈਣਾ ਚਾਹੀਦਾ ਹੈ। ਇਸ ਵਿਚ ਨਾਸ਼ਤਾ, ਦੁਪਿਹਰ ਦਾ ਖਾਣਾ, ਰਾਤ ਦਾ ਖਾਣਾ ਤੇ ਵਿਚ ਤਿੰਨ ਵਾਰ ਹਲਕਾ ਖਾਣਾ ਸ਼ਾਮਲ ਹਨ।
2.    ਕਾਰਬੋਹਾਈਡਰੇਟ ਦੀ ਮਾਤਰਾ ਵੱਧੋ ਵੱਧ 50 ਫੀਸਦੀ, ਥਿੰਦਾ 25 ਫੀਸਦੀ ਤੇ ਪ੍ਰੋਟੀਨ ਵੀ 25 ਫੀਸਦੀ ਹੋਣੇ ਚਾਹੀਦੇ ਹਨ।
3.    ਜੇ ਕਾਰਬੋਹਾਈਡਰੇਟ ਦੀ ਮਾਤਰਾ 35 ਤੋਂ 40 ਫੀਸਦੀ ਰੱਖ ਲਈ ਜਾਵੇ ਤਾਂ ਜੱਚਾ ਤੇ ਬੱਚਾ ਵੱਧ ਸਿਹਤਮੰਦ ਰਹਿੰਦੇ ਹਨ।
4.    ਕਾਰਬੋਹਾਈਡਰੇਟ ਲਈ ਛਾਣਬੂਰੇ ਵਾਲਾ ਆਟਾ, ਦਾਲਾਂ, ਆਲੂ, ਸ਼ਕਰਕੰਦੀ ਲੈਣੀਆਂ ਚਾਹੀਦੀਆਂ ਹਨ।
5.    ਰੋਜ਼ਾਨਾ ਛੇ ਹਫ਼ਤਿਆਂ ਲਈ ਕੈਲਸ਼ੀਅਮ (1000 ਮਿਲੀਗ੍ਰਾਮ) ਤੇ ਵਿਟਾਮਿਨ ਡੀ 50,000 ਯੂਨਿਟ ਸਿਰਫ਼ ਦੋ ਖ਼ੁਰਾਕਾਂ ਛੇ ਹਫ਼ਤਿਆਂ ਦੇ ਫਰਕ ਨਾਲ ਲੈਣ ਨਾਲ ਸ਼ੱਕਰ ਰੋਗ ਵਿਚ ਫ਼ਾਇਦਾ ਹੁੰਦਾ ਵੇਖਿਆ ਗਿਆ ਹੈ। ਇੰਜ ਨਿਰਣੇ ਕਾਲਜੇ ਸ਼ੱਕਰ ਦੀ ਮਾਤਰਾ ਘੱਟ ਹੋਈ ਲੱਭੀ ਗਈ ਹੈ।


ਓ.ਜੀ.ਟੀ.ਟੀ. ਟੈਸਟ :-
    ਇਹ ਟੈਸਟ ਕਰਨ ਤੋਂ ਪਹਿਲਾਂ ਗਰਭਵਤੀ ਔਰਤ ਨੂੰ ਤਿੰਨ ਦਿਨ ਰੱਜ ਕੇ ਕਾਰਬੋਹਾਈਡਰੇਟ ਲੈਣੇ ਚਾਹੀਦੇ ਹਨ। ਫੇਰ ਸ਼ਾਮ ਨੂੰ ਰੋਟੀ ਖਾਣ ਬਾਅਦ 8 ਤੋਂ 14 ਘੰਟੇ ਬਿਨਾਂ ਕੁੱਝ ਖਾਧੇ ਪੀਤੇ, ਸੁੱਤੇ ਉੱਠਦੇ ਸਾਰ ਟੈਸਟ ਕਰਵਾਉਣਾ ਚਾਹੀਦਾ ਹੈ।
    ਨਿਰਣੇ ਕਾਲਜੇ ਲਹੂ ਵਿਚ 95 ਮਿਲੀਗ੍ਰਾਮ ਸ਼ੂਗਰ, ਫੇਰ ਗਲੂਕੋਜ਼ ਖਾਣ ਦੇ ਇਕ ਘੰਟੇ ਬਾਅਦ 180, ਦੋ ਘੰਟੇ ਬਾਅਦ 155 ਤੇ ਤਿੰਨ ਘੰਟੇ ਬਾਅਦ 140 ਦਾ ਮਤਲਬ ਹੈ ਕਿ ਔਰਤ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋ ਚੁੱਕਿਆ ਹੈ। ਜੇ ਤੁਰੰਤ ਇਲਾਜ ਨਾ ਸ਼ੁਰੂ ਕੀਤਾ ਜਾਏ (ਮਿੱਠਾ ਬੰਦ ਤੇ ਕਸਰਤ ਸ਼ੁਰੂ) ਤਾਂ ਭਰੂਣ ਵਾਧੂ ਭਾਰ ਵਾਲਾ ਵੀ ਹੋ ਸਕਦਾ ਹੈ, ਸੁੱਜ ਸਕਦਾ ਹੈ ਤੇ ਉਸ ਦੀ ਮੌਤ ਵੀ ਹੋ ਸਕਦੀ ਹੈ।

ਗਰਭ ਠਹਿਰਨ ਤੋਂ ਪਹਿਲਾਂ ਦੇ ਸ਼ੱਕਰ ਰੋਗ ਬਾਰੇ ਕਿਵੇਂ ਪਤਾ ਲਾਇਆ ਜਾਵੇ ?
    ਆਮ ਤੌਰ ਉੱਤੇ ਕਈ ਮਾਵਾਂ ਗਰਭ ਠਹਿਰਨ ਤੋਂ ਪਹਿਲਾਂ ਕੋਈ ਟੈਸਟ ਕਰਵਾਉਂਦੀਆਂ ਹੀ ਨਹੀਂ ਤੇ ਕਈ ਵਾਰ ਇਹ ਲੱਭਣ ਵਿਚ ਦਿੱਕਤ ਆਉਂਦੀ ਹੈ ਕਿ ਮਾਂ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੈ ਜਾਂ ਪਹਿਲਾਂ ਤੋਂ ਹੀ ਸੀ।
    ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਵੱਲੋਂ ਕੁੱਝ ਟੈਸਟ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ ਦੇ ਆਧਾਰ ਉੱਤੇ ਜੱਚਾ ਨੂੰ ਗਰਭ ਠਹਿਰਨ ਤੋਂ ਪਹਿਲਾਂ ਦੇ ਸ਼ੱਕਰ ਰੋਗ ਨਾਲ ਪੀੜਤ ਮੰਨ ਲਿਆ ਜਾਂਦਾ ਹੈ। ਇਹ ਹਨ :-
1.    ਐਚ.ਬੀ.ਏ.ਇਕ.ਸੀ = 6.5 ਫੀਸਦੀ ਜਾਂ ਵੱਧ
2.    ਅੱਠ ਘੰਟੇ ਦੇ ਨਿਰਣੇ ਪੇਟ ਬਾਅਦ ਦੀ ਲਹੂ ਵਿਚਲੀ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਵੱਧ।
3.    ਜੱਚਾ ਨੂੰ 75 ਗ੍ਰਾਮ ਗਲੂਕੋਜ਼ ਖੁਆ ਕੇ ਦੋ ਘੰਟਿਆਂ ਬਾਅਦ ਓ.ਜੀ.ਟੀ.ਟੀ. ਟੈਸਟ ਵਿਚਲੀ ਲਹੂ ਦੀ ਮਾਤਰਾ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਵੱਧ ਹੋਵੇ।
4.    ਦਿਨ ਵਿਚ ਕਿਸੇ ਵੇਲੇ ਦੀ ਸ਼ੱਕਰ ਦੀ ਮਾਤਰਾ (ਰੈਂਡਮ) 200 ਮਿਲੀਗ੍ਰਾਮ ਜਾਂ ਇਸ ਤੋਂ ਵੱਧ ਹੋਵੇ ਅਤੇ ਜੱਚਾ ਨੂੰ ਲੋੜੋਂ ਵੱਧ ਭੁੱਖ ਤੇ ਪਿਆਸ ਲੱਗ ਰਹੀ ਹੋਵੇ। ਪੱਕਾ ਕਰਨ ਲਈ ਇਹ ਸਾਰੇ ਟੈਸਟ ਇਕ ਤੋਂ ਵੱਧ ਵਾਰ ਜ਼ਰੂਰੀ ਕਰ ਲੈਣੇ ਚਾਹੀਦੇ ਹਨ।


ਇਲਾਜ :-
    ਮੈਟਫਾਰਮਿਨ ਗੋਲੀਆਂ ਜਾਂ ਇਨਸੂਲਿਨ ਦੇ ਟੀਕੇ ਸਿਰਫ਼ ਸਪੈਸ਼ਲਿਸਟ ਡਾਕਟਰ ਦੀ ਦੇਖ-ਰੇਖ ਹੇਠਾਂ ਹੀ ਸ਼ੁਰੂ ਕਰਨੇ ਚਾਹੀਦੇ ਹਨ। ਪਰ, ਇਲਾਜ ਨਾ ਕਰਵਾਉਣ ਉੱਤੇ ਜੱਚਾ ਤੇ ਬੱਚਾ, ਦੋਨਾਂ ਲਈ ਹੀ ਖ਼ਤਰਨਾਕ ਸਿੱਟੇ ਨਿਕਲ ਸਕਦੇ ਹਨ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

23 Sep. 2018