ਨਵਾਂ ਵਰ੍ਹਾ - ਸੁਖਪਾਲ ਸਿੰਘ ਗਿੱਲ
ਨਵੇਂ ਵਰ੍ਹੇ ਤੂੰ ਫੇਰ ਆ ਗਿਆ ?
ਹੁਣ ਵੀ ਖ਼ਸ਼ਆਮਦੀਦ ! ਤੈਨੂੰ ਸਾਡੀ ।
ਤੂੰ ਵੀ ਪੱਕਾ ਅਸੀਂ ਵੀ ਪੱਕੇ ,
ਮੱਥੇ ਰਗੜ ਘਸਾਈ ਥੱਕੇ ਨਵੇਂ ਵਰ੍ਹੇ ਤੇ ।
ਅੰਨਦਾਤਾ ਨਾ ਦਾਤਾ ਛੱਡਿਆ ,
ਹਾਕਮ ਬਣੇ ਕਸਾਈ ਨਵੇਂ ਵਰ੍ਹੇ ਤੇ ।
ਹੱਕ ਸੱਚ ਜੋ ਮੰਗਦੇ ਲੋਕੀਂ ,
ਦੇਸ਼ ਧਰੋਹੀ ਕਹਾਉਂਦੇ ਨਵੇਂ ਵਰ੍ਹੇ ਤੇ ।
ਵੋਟਾਂ ਲੈ ਕੇ ਜਿੰਮੇਵਾਰ ਨਾ ਬਣਦੇ ਜਿਹੜੇ ,
ਗਲ ਤੋਂ ਪਰੇ ਹਟਾਈਂ ਨਵੇਂ ਵਰ੍ਹੇ ਤੇ ।
ਜੈ ਜਵਾਨ , ਜੈ ਕਿਸਾਨ ਦੀ ਤੂੰ ,
ਅਵਾਜ਼ ਬੁਲੰਦ ਕਰਾਈਂ ਨਵੇਂ ਵਰ੍ਹੇ ਤੇ ,
ਮੁਬਾਰਕ ਤੈਨੂੰ ਫਿਰ ਮੈਂ ਆਖਾਂ ,
ਸੋਝੀ ਹਾਕਮ ਪੱਲੇ ਪਾਈਂ ਨਵੇਂ ਵਰ੍ਹੇ ਤੇ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਇਤਿਹਾਸ - ਸੁਖਪਾਲ ਸਿੰਘ ਗਿੱਲ
ਇੱਕ ਵਾਰ ਤੂੰ ਇਤਿਹਾਸ ਤਾਂ ਫਰੋਲਦੀ ,
ਹੁਣ ਪਹਿਲੇ ਜਖਮਾਂ ਨੂੰ ਕਿਉਂ ਫਰੋਲਦੀ ?
ਮਹਿਜ ਹੱਕ ਹੀ ਮੰਗਦੇ ਹਾਂ , ਨਾ ਕੇ ਮੱਤ ,
ਤਾਕਤ ਦੇ ਨਸ਼ੇ ਚ ਨਾ ਤੁਰ ਹਕੂਮਤ ।
ਅਸਮਾਨੀ ਛੱਤਾਂ ਸੜਕਾਂ ਵੀ ਲੱਭ ਲੈਂਦੇ ,
ਇਹਨਾਂ ਨੂੰ ਹੰਭਾਉਣ ਵਾਲੇ ਖੁਦ ਹੀ ਹੰਭ ਲੈਂਦੇ ।
ਸਿੱਧੇ — ਸਾਧੇ ਕੰਡਿਆਂ ਤੇ ਵੀ ਕਰ ਲੈਂਦੇ ਭਰੋਸਾ ,
ਅਣਖੀਲੇ ਇੱਕੀ ਵਟੇ ਇਕਵੰਜਾ ਦਾ ਦਿੰਦੇ ਪਰੋਸਾ ।
ਬਰੂਹਾਂ ਉੱਤੇ ਬਿਠਾ ਕੇ ਦਿੱਲੀਏ , ਹੰਝੂਆਂ ਦਾ ਕੇਰਾ ,
ਪੋਹ ਚ ਹੀ ਮਿਲਿਆ ਸਾਹਿਬਜ਼ਾਦਿਆ ਬਿਨਾਂ ਹਨੇ੍ਹਰਾ ,
ਖੁਸ਼ੀ — ਖੁਸ਼ੀ ਪਰਤ ਆਉਣ , ਮਾਰ ਨਾ ਮਿਹਣੇ — ਤਾਅਨੇ ।
ਦੱਸ ਭਲਾਂ ਇਹਨਾਂ ਤੋਂ ਵੱਡੇ ਕੌਣ ਹਨ ਕੌਮੀ ਪਰਵਾਨੇ ?
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਧੀ ਧੰਨ ਬੇਗਾਨਾ - ਸੁਖਪਾਲ ਸਿੰਘ ਗਿੱਲ
ਮਨੁੱਖੀ ਜਾਤ ਦੀਆਂ ਦੋ ਕਿਸਮਾਂ ਹਨ ਮਰਦ ਅਤੇ ਔਰਤ। ਔਰਤ ਜਦੋਂ ਮਾਪਿਆਂ ਕੋਲ ਹੁੰਦੀ ਹੈ ਤਾਂ ਉਹ ਉਹ ਲਾਡਲੀ ਧੀ ਹੁੰਦੀ ਹੈ। ਵਿਆਹ ਤੋਂ ਬਾਅਦ ਉਹ ਬੇਗਾਨੀ ਹੋ ਕੇ ਨਵੇਂ ਸਿਰਿਓ ਘਰ ਵਸਾਉਂਦੀ ਹੈ। ਧੀ ਧੰਨ ਬੇਗਾਨਾ ਦੋ ਤਰ੍ਹਾਂ ਦੇ ਸੁਨੇਹੇ ਦਿੰਦੀ ਹੈ। ਇੱਕ ਧੰਨ ਬਹੁਤ ਵੱਡਾ ਹੌਂਸਲਾ ਅਤੇ ਮਹਾਨਤਾ ਹੁੰਦੀ ਹੈ ਕਿ ਜਨਮ ਹੀ ਦੂਜੇ ਘਰ ਜਾਣ ਨੂੰ ਹੋਇਆ ਇੱਕ ਧੰਨ ਧੀ ਦੋਲਤ ਹੁੰਦੀ ਹੈ। ਮੋਹ ਦੀਆਂ ਤੰਦਾਂ ਸਭ ਤੋਂ ਵੱਧ ਧੀ ਜੋੜਦੀ ਹੈ। ਜਿਆਦਾ ਮਹਾਨਤਾ ਲਿੰਗ ਪੱਖੋਂ ਹੁੰਦੀ ਹੈ ਕਿਉਂਕਿ ਜਗਤ ਜਨਨੀ ਹੈ। ਮਹਾਨ ਗੁਰਬਾਣੀ ਵਿੱਚ ਵੀ ਧੀ ਨੂੰ ਉੱਚਾ ਦਰਜਾ ਪ੍ਰਾਪਤ ਹੈ। ਧੀ ਬਿਨ੍ਹਾਂ ਸੱਭਿਆਚਾਰ ਬੇਜਾਨ ਹੁੰਦਾ ਹੈ।
ਇੱਕ ਸਮਾਂ ਸੀ ਜਦੋਂ ਕੁੜੀ ਨੂੰ ਜੰਮਦੀ ਸਾਰ ਗਲ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ। ਹੁਣ ਇਸ ਤਰ੍ਹਾਂ ਦਾ ਬਦਲ ਛੁਰੀਆਂ-ਕਟਾਰੀਆਂ ਨੇ ਲੈ ਲਿਆ ਹੈ। ਅਜਿਹੇ ਮੋਕਿਆਂ ਤੇ ਧੀ ਲਾਹਨਤ ਪਾਉਂਦੀ ਹੈ ਕਿ “ਬਾਬਲਾ ਤੂੰ ਡੋਲੀ ਵਿੱਚ ਤਾਂ ਕੀ ਬਿਠਾਉਣਾ, ਅਰਥੀ ਦਾ ਵੀ ਸਰਫਾ ਕੀਤਾ”। ਮਾਂ ਦੀ ਗੋਦ ਦਾ ਆਨੰਦ ਮਾਣਦੀ ਧੀ ਤੋਤਲੀ ਆਵਾਜ਼ ਤੋਂ ਸ਼ੁਰੂ ਹੋ ਕੇ ਪੜ੍ਹਾਈ ਦੇ ਸ਼ਿਖਰ ਵੱਲ ਜਾਂਦੀ ਹੈ। ਮਾਂ ਦਾ ਧੀ ਦੇ ਸਮਾਜੀਕਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਹਰੇਕ ਮਾਂ ਬਾਪ ਆਪਣੀ ਦੀ ਨੂੰ ਸਰਬਕਲਾ ਸੰਪੂਰਨ ਹੋਣਾ ਲੋਚਦਾ ਹੈ। ਦਾਗ, ਦਾਜ ਅਤੇ ਦਰਿੰਦਗੀ ਦੇ ਦੈਂਤ ਨੇ ਕੁੜੀਆਂ ਦੇ ਲਾਡਲੇ ਚਾਵਾਂ ਨੂੰ ਹਾਸ਼ੀਏ ਵੱਲ ਕੀਤਾ ਹੈ। ਅਵਿਕਸਿਤ ਸੋਚਾਂ ਦੇ ਮਾਲਕ ਅਜਿਹੇ ਕਾਰਨਾਮੇ ਕਰਨ ਦੇ ਨਾਲ –ਨਾਲ ਆਪਣੇ ਘਰ ਜੰਮੀ ਧੀ ਨਾਲ ਵੀ ਵਿਕਾਸ ਕਰਵਾਉਣ ਦੀ ਜਗ੍ਹਾਂ ਦਬਾਦਬ ਵਿਆਹ ਦਿੰਦੇ ਹਨ। ਮਨ ਵਿੱਚ ਸੋਚ ਪਾਲ ਲੈਂਦੇ ਹਨ “ ਛੱਡੋ ਜੀ, ਇਹ ਤਾਂ ਬੇਗਾਨਾ ਧੰਨ ਹੈ”। ਕੁੜੀ ਦੇ ਜੰਮਣ ਸਾਰ ਕਈ ਪਰਿਵਾਰ ਜ਼ਹਿਰ ਦਾ ਘੁੱਟ ਪੀਤੇ ਵਰਗਾ ਆਪਣਾ ਮੂੰਹ ਬਣਾ ਲੈਂਦੇ ਹਨ। ਸੱਭਿਅਤ ਪਰਿਵਾਰਾਂ ਵਿੱਚ ਜਿਓਂ-ਜਿਉਂ ਧੀ ਵੱਡੀ ਹੁੰਦੀ ਹੈ ਆਪਣੇ ਮੋਹ-ਭਿੱਜੀ ਨਿਵੇਕਲੀ ਹੋਂਦ ਬਣਾ ਲੈਂਦੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਧੀ ਦਾ ਪਹਿਰਾਵਾ ਸਹੀ ਹੋਣਾ ਚਾਹੀਦਾ ਹੈ।
18 ਸਾਲ ਦੀ ਉਮਰ ਹੁੰਦੇ ਸਾਰ ਮਾਂ-ਪਿਉ ਵਰ ਲੱਭਣ ਦੀ ਸੋਚ ਲੈਂਦੇ ਹਨ, ਅਜੇ ਧੀ ਖੁਦ ਵਰ ਲੱਭਣ ਲਈ ਅਜਾਦ ਨਹੀਂ ਹੋਈ।ਇਸ ਪਿੱਛੇ ਵੀ ਅਵਿਕਸਤ ਮਾਨਸਿਕਤਾ ਕੰਮ ਕਰਦੀ ਹੈ। ਮਾਂ-ਬਾਪ ਡੋਲੀ ਦੌਰਾਨ ਤੌਰਨ ਵੇਲੇ ਕੁੜੀ ਦਾ ਪੱਖ ਇਸ ਤਰ੍ਹਾਂ ਰੱਖਦੇ ਹਨ, “ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ, ਮੁੰਡਾ ਤਾਂ ਲੱਗਦਾ ਕੋਈ ਘੁਮਿਆਰ ਏ” ਬਹੁਤੀ ਜਗ੍ਹਾਂ ਔਰਤ ਇਹ ਗੱਲ ਭੁੱਲ ਜਾਂਦੀ ਹੈ ਕਿ, “ ਮੈਂ ਸੱਸ ਵੀ ਕਦੇ ਬਹੂ ਸੀ”। ਅਜਿਹੇ ਹਾਲਤਾਂ ਵਿੱਚ ਇਉਂ ਉਚਾਰਿਆ ਜਾਂਦਾ ਹੈ “ਅੱਗੇ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ”। ਇੱਕ ਧੀ ਹੀ ਹੁੰਦੀ ਹੈ ਜਿਸ ਦੇ ਦੋ ਘਰ ਪੇਕੇ ਅਤੇ ਸਹੁਰੇ ਹੁੰਦੇ ਹਨ। ਜੇ ਦੋਵਾਂ ਘਰਾਂ ਵਿੱਚ ਸਤਿਕਾਰ ਮਿਲ ਜਾਵੇ ਫਿਰ ਸੋਨੇ ਤੇ ਸੁਹਾਗਾ ਜੇ ਨਾ ਮਿਲੇ ਤਾਂ ਆਖ ਦਿੱਤਾ ਜਾਂਦਾ ਹੈ, “ਧੀ ਤੋਂ ਨਹੀਂ ਧੀ ਦੇ ਕਰਮਾਂ ਤੋਂ ਡਰ ਲੱਗਦਾ ਹੈ”। ਧੀ ਨੂੰ ਕੰਜਕਾਂ ਦੇ ਰੂਪ ਵਿੱਚ ਦੇਵੀ ਵਾਂਗ ਪੂਜਿਆ ਜਾਂਦਾ ਹੈ। ਸਮਾਜ ਵਿੱਚ ਆਮ ਮਿਹਣਾ-ਤਾਅਨਾ ਵੀ ਹੈ ਕਿ ਜਿਸ ਦੇ ਧੀ ਨਹੀਂ ਜੰਮੀ ਉਹ ਨੂੰ ਅਕਲ ਹੀ ਨਹੀਂ ਆਉਂਦੀ।
“ਕਿੰਨਾਂ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ, ਹਾਏ ਉਏ ਮੇਰਿਆ ਡਾਢਿਆ” ਰੱਬਾ ਡੋਲੀ ਤੁਰਨ ਤੋਂ ਬਾਅਦ ਵੀ ਧੀ ਦਾ ਸੱਭਿਆਚਾਰਕ ਪੱਖ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, “ਬਾਬਲ ਦੀਆਂ ਗਲੀਆਂ ਸੁੰਨੀਆਂ ਨੇ ਹੋਈਆਂ, ਵੀਰੇ ਵੀ ਰੋਏ, ਭੈਣਾਂ ਵੀ ਰੋਈਆਂ, ਵੀਰਾਂ ਨੇ ਭੈਣਾਂ ਦੀ ਡੋਲੀ ਨੂੰ ਚੁੱਕ ਚੁੱਕ ਅੱਖੀਆਂ ਚੋਂ ਹੰਝੂ ਕੇਰੇ ਨੇ ਬੁੱਕ-ਬੁੱਕ, ਖੁਸ਼ੀ ਵਸੇ ਭੈਣ ਹੁਣ ਕਰਦੇ ਅਰਜੋਈਆਂ, ਵੀਰੇ ਵੀ ਰੋਏ ਭੈਣਾਂ ਵੀ ਰੋਈਆਂ “ਉਧਰ ਧੀ ਚਾਵਲਾਂ ਦਾ ਛੱਟਾ ਪਿੱਛੇ ਮਾਰਦੀ ਆਖਦੀ ਹੈ, “ਆ ਲੈ ਮਾਂਏ ਸਾਂਭ ਕੁੰਜੀਆਂ ਧੀਆਂ ਛੱਡ ਚੱਲੀਆਂ ਸਰਦਾਰੀ, ਸਾਡਾ ਚਿੜੀਆਂ ਦਾ ਚੰਬਾ ਸਾਡੀ ਲੰਬੀ ਉਡਾਰੀ” ਆਖਰ ਆਪਣੀ ਮੰਜਲ ਦੂਜੇ ਘਰ ਪਹੁੰਚ ਕੇ ਭਵਿੱਖੀ ਸੁਪਨੇ ਸਿਰਜਦੀ ਹੈ “ਧੀਆਂ ਕੀ ਬਣਾਈਆਂ ਬਣਾਉਣ ਵਾਲੇ, ਪਾਲ ਪਲੋਸ ਕੇ ਹੱਥੀਂ ਵਿਛੋੜ ਦੇਣਾ, ਹੱਥੀ ਕੱਟ ਟੁੱਕੜਾ ਜਿਗਰ ਨਾਲੋਂ, ਖੂਨ ਅੱਖੀਆਂ ਦੇ ਰਾਂਹੀ ਰੋੜ੍ਹ ਦੇਣਾ”
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਸਦਾਬਹਾਰ ਗਾਇਕਾ-ਸੁਰਿੰਦਰ ਕੌਰ - ਸੁਖਪਾਲ ਸਿੰਘ ਗਿੱਲ
ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਤੱਕ ਜੋ ਆਪਣੀ ਗਾਇਕੀ ਦੌਰਾਨ ਲੋਕ ਦਿਲਾਂ ਵਿੱਚ ਗੂੰਜਦਾ ਰਹਿੰਦਾ ਹੈ,ਉਸ ਨੂੰ ਸਦਾਬਹਾਰ ਗਾਇਕ ਕਿਹਾ ਜਾਂਦਾ ਹੈ। ਜਿਵੇਂ ਕਿ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੈ ਠੀਕ ਇਸੇ ਤਰ੍ਹਾਂ ਬੰਦੇ ਦੀ ਕੀਮਤ ਵੀ ਉਸਦੀ ਸਖਸ਼ੀਅਤ ਲਈ ਹੈ। ਅੱਜ ਦੀ ਲੱਚਰ ਅਤੇ ਦਿਖਾਵੇ ਦੀ ਗਾਇਕੀ ਇਕ ਤਰ੍ਹਾਂ ਨਾਲ ਫੁੱਸ-ਪਟਾਕਾ ਹੋ ਕੇ ਰਹਿ ਜਾਂਦੀ ਹੈ। ਕੁੱਝ ਸਮੇਂ ਤੋਂ ਬਾਅਦ ਅਜਿਹੀ ਗਾਇਕੀ ਚੱਲਿਆ ਹੋਇਆ ਕਾਰਤੂਸ ਸਾਬਿਤ ਹੁੰਦੀ ਹੈ। ਅੱਜ ਦੀ ਗਾਇਕੀ ਤੋਂ ਬਿਲਕੁਲ ਉੱਲਟ ਸੁਰਿੰਦਰ ਕੌਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਅਤੇ ਆਪਣੀ ਸਖਸ਼ੀਅਤ ਨੂੰ ਅੱਜ ਵੀ ਤਰੋ-ਤਾਜਾ ਰੱਖਿਆ ਹੋਇਆ ਹੈ।
ਪਹਿਲੀ ਕਿਲਕਾਰੀ ਨਾਲ 25 ਨਵੰਬਰ 1929 ਨੂੰ ਜਨਮ ਤੋਂ 15 ਜੂਨ 2006 ਤੱਕ 77 ਵਰ੍ਹੇ ਇਹ ਸੁਰੀਲੀ “ਕੋਇਲ” ਸੱਭਿਆਚਾਰ ਦੇ ਬਾਗਾਂ ਵਿੱਚ ਅਮਿੱਟ ਛਾਪ ਛ਼ੱਡਦੀ ਰਹੀ।ਇਸ ਗਾਇਕਾ ਨੇ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅਲੋਪ ਹੋਣ ਤੋਂ ਅੱਜ ਤੱਕ ਵੀ ਬਚਾਇਆ ਹੋਇਆ ਹੈ। ਉਸ ਦੀ ਗਾਇਕੀ ਵਿੱਚ ਢੋਲਾ,ਮਾਹੀਆ,ਭਾਬੋ, ਡੋਲੀ,ਅਤੇ ਸ਼ਿੰਗਾਰ ਪ੍ਰਤੀ ਦਿਲ ਟੁੰਬਵੇਂ ਸੁਨੇਹੇ ਮਿਲਦੇ ਹਨ। ਧੀ ਨੂੰ ਦਰਵਾਜੇ ਤੋਂ ਤੋਰਨ ਸਮੇਂ ਪੱਥਰ ਦਿਲਾਂ ਨੂੰ ਰੁਆਉਣ ਵਾਲਾ ਨਕਸ਼ਾ ਨਜ਼ਰੀਆ ਅੱਜ ਦੇ ਜ਼ਮਾਨੇ ਵੀ ਪਿਛਲੇ ਜ਼ਮਾਨੇ ਵਰਗਾ ਲੱਗਦਾ ਹੈ। ਇਹ ਸੁਨੇਹਾ ਹੰਝੂ ਪੂੰਝਣ ਲਈ ਮਜਬੂਰ ਕਰ ਦਿੰਦਾ ਹੈ:-
“ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏ,
ਮੈਨੂੰ ਵਿਦਾ ਕਰਨ ਸਕੇ ਵੀਰ ਨੀ ਮਾਏ “
ਅਦਿ ਕਾਲ ਤੋਂ ਵਰਤਮਾਨ ਤੱਕ ਸੱਸ ਦੇ ਰਿਸ਼ਤੇ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਪਰ ਸੁਰਿੰਦਰ ਕੌਰ ਨੇ ਇਸ ਰਿਸ਼ਤੇ ਵਿੱਚ ਨਵੀਂ ਰੂਹ ਫੂਕੀ ਹੈ।ਇਸ ਰਿਸ਼ਤੇ ਨੂੰ ਮਾਂ ਧੀ ਦੇ ਬਰਾਬਰ ਖੜ੍ਹਾ ਕੀਤਾ ਹੈ:-
“ਮਾਵਾਂ ਲਾਡ ਲਡਾਵਣ ਧੀਆਂ ਤਾੜਨ ਲਈ,
“ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ “
ਕਿੱਸਾ ਕਾਵਿ ਨੂੰ ਦੀ ਸੁਰਿੰਦਰ ਕੌਰ ਨੇ ਵਰਤਮਾਨ ਤੱਕ ਜੋੜ ਕੇ ਰੱਖਿਆ। ਨਵੀਂ ਪੀੜ੍ਹੀ ਨੂੰ ਭੁੱਲੇ ਹੋਏ ਸੱਭਿਆਚਾਰ ਦੀ ਯਾਦ ਇਉਂ ਤਾਜਾ ਕਰਵਾਉਂਦੀ ਹੈ:-
“ਡਾਚੀ ਵਾਲਿਆ ਮੋੜ ਮੁਹਾਰ ਵੇ,
“ਸੋਹਣੀ ਵਾਲਿਆ ਲੈ ਚੱਲ ਨਾਲ ਵੇ”
ਅੱਜ ਦੇ ਗਾਇਕਾਂ ਲਈ ਵੀ ਰਾਹ ਦਸੇਰਾ ਬਣਦੀ ਸੁਰਿੰਦਰ ਕੌਰ ਪਾਣੀ ਦੇ ਬੁੱਲਬੁਲਿਆਂ ਤੋਂ ਕੋਹਾਂ ਦੂਰ ਹੈ। ਪੰਜਾਬੀ ਦੀ ਕੋਇਲ ਦੇ ਨਾਲ ਪੰਜਾਬੀ ਸੱਭਿਆਚਾਰ ਦੀ ਰਾਣੀ ਦਾ ਖਿਤਾਬ ਵੀ ਸੁਰਿੰਦਰ ਕੌਰ ਨੂੰ ਹੀ ਜਾਂਦਾ ਹੈ। ਸੱਭਿਆਚਾਰ ਦੀ ਮਲਿਕਾ ਆਪਣੇ ਸੱਭਿਅਤ ਅਤੇ ਪਰਿਵਾਰਿਕ ਗੀਤਾਂ ਦੇ ਜ਼ਰੀਏ ਅੱਜ ਵੀ ਜੀਉਂਦੀ ਹੈ। ਗੀਤਾਂ ਰਾਹੀਂ ਸੱਭਿਆਚਾਰ ਦੀ ਛਹਿਬਰ ਲਾਉਂਦੀ ਇਹ ਗਾਇਕਾ ਹਮੇਸ਼ਾਂ ਲੋਕ ਦਿਲਾਂ ਵਿੱਚ ਵੱਸਦੀ ਰਹੇਗੀ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਪਿੰਡਾਂ ਦਾ ਸਿਰਨਾਵਾਂ - ਦੁੱਧ ਦੀ ਡੇਅਰੀ - ਸੁਖਪਾਲ ਸਿੰਘ ਗਿੱਲ
ਸਰਕਾਰ ਵੱਲੋਂ ਕਿਸਾਨੀ ਦਸ਼ਾ ਅਤੇ ਦਿਸ਼ਾ ਸੁਧਾਰਨ ਦੇ ਉਪਰਾਲਿਆਂ ਵਿੱਚ ਦੁੱਧ ਕੇਂਦਰ ਦੁੱਧ ਦੀ ਡੇਅਰੀ ਵੀ ਇਕ ਮਾਤਮੱਤਾ ਉਪਰਾਲਾ ਹੈ । ਰੋਜ਼ਾਨਾ ਦੁੱਧ ਪਾਉਣ ਨਾਲ ਵਪਾਰੀ ਵਾਂਗ ਪਿੰਡਾਂ ਦੇ ਲੋਕਾਂ ਦੀ ਜੇਬ ਹਰੀ ਰਹਿੰਦੀ ਹੈ । ਸਵੇਰੇ ਸ਼ਾਮ ਪਸ਼ੂਆਂ ਤੋਂ ਦੁੱਧ ਪੈਦਾ ਕਰਨ ਲਈ ਸਾਰਾ ਪਰਿਵਾਰ ਕੰਮ ਤੇ ਲੱਗਾ ਰਹਿੰਦਾ ਹੈ । ਵਿਅੰਗਆਤਮਿਕ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਦੁੱਧ ਦੀ ਡੇਅਰੀ ਤੇ ਦੁੱਧ ਪਾਉਣ ਨਾਲ " ਊਂ ਤਾਂ ਭੈਣੇ ਮੈਨੂੰ ਚੁਗਲੀ ਕਰਨ ਦੀ ਆਦਤ ਨਾ , ਪਰ ਸੱਚ ਦੇਖ ਕੇ ਹੁੰਦਾ ਵੀ ਬਰਦਾਸ਼ਤ ਨਾ " ਵਾਲੀ ਗੁਰਦਾਸ ਮਾਨ ਦੀ ਸਤਰ ਸਦਾ ਬਹਾਰ ਰਹਿੰਦੀ ਹੈ । ਸਾਰੇ ਪਿੰਡ ਦੀ ਤਾਜ਼ਾ ਤਰੀਨ ਖਬਰ ਵੀ ਦੁੱਧ ਦੀ ਡੇਅਰੀ ਤੋਂ ਮਿਲਦੀ ਰਹਿੰਦੀ ਹੈ ।
ਪਿੰਡਾਂ ਦੀ ਡੇਅਰੀ ਵਿੱਚ ਦੁੱਧ ਪਾਉਣ ਨਾਲ ਨਜ਼ਾਰਾ ਅਤੇ ਹੌਂਸਲਾਂ ਜਿਹਾ ਬਣਿਆ ਰਹਿੰਦਾ ਹੈ । ਕਾਰਨ ਸਪਸ਼ਟ ਹੈ ਕਿ ਹਰ 10 ਦਿਨਾਂ ਬਾਅਦ ਦੁੱਧ ਦੀ ਫਸਲ ਤੋਂ ਜੇਬ ਹਰੀ ਹੋ ਜਾਂਦੀ ਹੈ । ਬਾਕੀ ਫਸਲਾਂ 6 ਮਹੀਨੇ ਬਾਅਦ ਮੌਸਮ ਤੇ ਨਿਰਭਰ ਕਰਦੀਆਂ ਹਨ । ਪਿੰਡ ਦੀ ਡੇਅਰੀ ਨੇ ਰੂੜੀਵਾਦੀ ਵਿਚਾਰ ਕਿ ਦੁੱਧ , ਪੁੱਤ ਵੇਚਣ ਵਾਂਗ ਹੈ , ਨੂੰ ਪਰੇ ਧੱਕ ਕੇ ਨਵੀਂ ਆਸ ਵੀ ਜਗਾਈ ਹੈ । ਦਾਰੂ ਦੇ ਸ਼ੌਕੀਨਾ ਲਈ ਦੁੱਧ ਦੀ ਡੇਅਰੀ ਅੰਦਰੂਨੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ । ਸ਼ਾਮ ਨੂੰ ਰੰਗੀਲੀ ਬਣਾਉਣ ਲਈ ਡੇਅਰੀ ਤੋਂ ਪੈਸੇ ਲੈ ਕੇ ਠੇਕੇ ਵੱਲ ਚਾਲੇ ਪਾ ਦਿੱਤੇ ਜਾਂਦੇ ਹਨ । 10 ਦਿਨਾਂ ਬਾਅਦ ਰੋਜ਼ਾਨਾ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ । ਜੀਵਨ ਨਿਰਵਾਹ ਸੁਖਾਲਾ ਹੋ ਜਾਂਦਾ ਹੈ । ਪੁਰਾਣੇ ਸਮੇਂ ਖੂਹਾਂ ਜ਼ਰੀਏ ਸੱਭਿਆਚਾਰ ਦੀ ਤਸਵੀਰ ਝਲਕਦੀ ਸੀ , ਅੱਜ ਉਸ ਨਜ਼ਾਰੇ ਨੂੰ ਦੁੱਧ ਦੀ ਡੇਅਰੀ ਤਰੋ - ਤਾਜ਼ਾ ਰੱਖਦੀ ਹੈ ।
ਭਾਈਚਾਰਕ ਏਕਤਾ ਅਤੇ ਅਨੁਸ਼ਾਸ਼ਤ ਜਿੰਦਗੀ ਦੀ ਗਵਾਹੀ ਵੀ ਪਿੰਡ ਦੀ ਡੇਅਰੀ ਭਰਦੀ ਹੈ । ਸ਼ਾਂਤਮਈ ਤਰੀਕੇ ਨਾਲ ਵਾਰੀ ਸਿਰ ਦੁੱਧ ਪਾਉਣ ਦੀ ਉਡੀਕ ਲਾਈਨਾਂ ਵਿੱਚ ਲੱਗ ਕੇ ਕੀਤੀ ਜਾਂਦੀ ਹੈ । ਕੁਝ ਸਮੇਂ ਪਹਿਲਾਂ ਚੱਕਰ ਜਿਹਾ ਘੁੰਮਾ ਕੇ ਫੈਂਟ ਕੱਢੀ ਜਾਂਦੀ ਸੀ , ਜਿਸਤੇ ਕਿੰਤੂ - ਪਰੰਤੂ ਹੁੰਦਾ ਰਹਿੰਦਾ ਸੀ । ਹੁਣ ਕੰਪਿਊਟਰ ਲੱਗਣ ਨਾਲ ਇਹ ਝੰਜਟ ਵੀ ਖਤਮ ਹੈ । ਹਰ ਸਾਲ ਬੋਨਸ ਵੀ ਮਿਲਦਾ ਹੈ । ਘਰ ਦਾ ਕੋਈ ਵੀ ਮੈਂਬਰ ਨਿਆਣਾ ਸਿਆਣਾ ਆ ਕੇ ਦੁੱਧ ਪਾ ਸਕਦਾ ਹੈ ।
ਸਰਕਾਰ ਵੱਲੋਂ ਸਹਾਇਕ ਧੰਦਿਆਂ ਦੀ ਹੱਲਾਸ਼ੇਰੀ ਦਾ ਰੂਝਾਨ ਦੁੱਧ ਦੀ ਡੇਅਰੀ ਵਿੱਚ ਸਪੱਸ਼ਟ ਝਲਕਦਾ ਹੈ । 2012 ਦੀ ਪਸ਼ੂ ਜਨਗਣਨਾ ਅਨੁਸਾਰ 51 ਲੱਖ 60 ਹਜ਼ਾਰ ਮੱਝਾਂ ਅਤੇ 24 ਲੱਖ 28 ਹਜ਼ਾਰ ਗਾਵਾਂ ਸਨ । ਇਹਨਾਂ ਲਈ 1367 ਪਸ਼ੂ ਹਸਪਤਾਲ ਅਤੇ 1485 ਪਸ਼ੂ ਡਿਸਪੈਂਸਰੀਆਂ ਸਨ । ਪਸ਼ੂਆਂ ਨੂੰ ਪਸ਼ੂ ਧੰਨ ਕਹਿਣਾ ਵੀ ਡੇਅਰੀ ਦੀ ਕਿਤਾਬ ਦਾ ਇੱਕ ਵਰਕਾ ਹੈ । ਪਸ਼ੂਆਂ ਦੇ ਸਿਰ ਤੇ ਨਿੱਤ ਦਿਨ ਦੀਆਂ ਗਰਜ਼ਾਂ ਪੂਰੀਆਂ ਹੋਣ ਨਾਲ ਰੁਜ਼ਗਾਰ ਵੀ ਬਣਿਆ ਰਹਿੰਦਾ ਹੈ । ਪਰਿਵਾਰ ਨੂੰ ਡੇਅਰੀ ਵਿੱਚ ਦੁੱਧ ਪਾਉਣ ਦੀ ਇਕ ਆਦਤ ਜਿਹੀ ਬਣ ਜਾਂਦੀ ਹੈ । ਵੰਨ ਸੁਵੰਨੀਆਂ , ਪੈਸਾ ਧੇਲਾ ਅਤੇ ਮਨੋਰੰਜਨ ਦਾ ਨਕਸ਼ਾ ਮੱਲੋ ਮੱਲੀ ਪੇਸ਼ ਹੁੰਦਾ ਰਹਿੰਦਾ ਹੈ ।
ਹਾਂ , ਇਕ ਗੱਲ ਪੱਕੀ ਹੈ , ਜੇ ਕਿਸਾਨ ਦੁੱਧ ਦੀ ਡੇਅਰੀ ਤੇ ਨਜ਼ਾਰੇ ਵਾਂਗ ਬਾਕੀ ਫਸਲਾਂ ਵੇਚਣ ਦਾ ਨਜ਼ਾਰਾ ਵੀ ਮਨ ਵਿੱਚ ਵਸਾ ਲੈਣ ਤਾਂ ਦਸ਼ਾ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ । ਜਦੋਂ ਖੁਦ ਦੁੱਧ ਵੇਚਣ ਵਿੱਚ ਸ਼ਰਮ ਮਹਿਸੂਸ ਨਹੀਂ ਕੀਤੀ ਜਾਂਦੀ ਤਾਂ ਬਾਕੀ ਕਿਸਾਨੀ ਉਪਜਾਂ ਵਿੱਚ ਕਿਉਂ ? ਦੁੱਧ ਦੀ ਡੇਅਰੀ ਪਿੰਡ ਦੇ ਲੋਕਾਂ ਲਈ ਆਰਥਿਕ , ਸੱਭਿਆਚਾਰ ਅਤੇ ਰੁਜ਼ਗਾਰ ਦਾ ਮਾਣ ਮੱਤਾ ਸੁਮੇਲ ਹੈ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਕਰਤਾਰਪੁਰ ਲਾਘਾਂ - ਸੁਖਪਾਲ ਸਿੰਘ ਗਿੱਲ
ਪੰਜਾਬ ਅਤੇ ਕੇਂਦਰੀ ਸਰਕਾਰ ਦੀ ਸੁਵੱਲੀ ਨਜ਼ਰ ਕਰਕੇ ਕਰਤਾਰਪੁਰ ਲਾਘਾਂ ਮੰਨਜ਼ੂਰ ਹੋਇਆ ਹੈ । ਦੋਵੇਂ ਸਰਕਾਰਾਂ ਸੰਗਤਾਂ ਵਿੱਚ ਪ੍ਰਸ਼ੰਸਾ ਦੀਆਂ ਪਾਤਰ ਵੀ ਬਣੀਆਂ । ਇਸ ਲਾਘੇਂ ਵਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਸ਼ੰਕੇ ਆਪਣੇ ਭਾਸ਼ਨ ਵਿੱਚ ਦੂਰ ਕੀਤੇ ਸਨ । ਹੁਣ ਸਰਵਿਸ ਸੇਵਾ ਟੈਕਸ ਦਾ ਨਵਾਂ ਸੰਸਾ ਪੈਦਾ ਹੋਇਆ ਹੈ । ਇਸ ਪ੍ਰਤੀ ਵੀ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਲੋਕਾਂ ਦੀ ਆਸ ਵੀ ਹੈ ਕਿ ਕੇਂਦਰ ਸਰਕਾਰ ਇਸਦਾ ਸਾਜਗਰ ਹੱਲ ਲੋਕਾਂ ਦੀ ਝੋਲੀ ਪਾਵੇਗੀ । ਕੂਟਨੀਤਕ ਸੰਬੰਧਾਂ ਕਰਕੇ ਜੇ ਫਿਰ ਵੀ ਕੋਈ ਅੜਚਨ ਆਉਂਦੀ ਹੈ , ਤਾਂ ਇਸ ਸੇਵਾ ਟੈਕਸ ਨੂੰ ਚੁਕਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਖੁਦ ਅੱਗੇ ਆਵੇ । ਇਸ ਨਾਲ ਸੰਗਤਾਂ ਤੇ ਬੋਝ ਘਟੇਗਾ । ਸੇਵਾ ਟੈਕਸ ਦੇ ਸੰਸੇ ਨੇ ਉਪਰਾਲਿਆ ਨੂੰ ਫਿੱਕਾ ਕੀਤਾ ਹੈ । ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰਾਂ ਮਿਲਜੁਲ ਕੇ ਸਾਜਗਰ ਹੱਲ ਦਾ ਤੋਹਫਾ ਸੰਗਤ ਦੀ ਝੋਲੀ ਪਾਵੇ ।
ਸੰਪਾਦਕ ਦੀ ਡਾਕ
ਸੁਖਪਾਲ ਸਿੰਘ ਗਿੱਲ
9878111445
ਦੁਰਵਰਤੋਂ ਦੀ ਵਰਤੋਂ ਆਦਤ ਬਣ ਗਈ - ਸੁਖਪਾਲ ਸਿੰਘ ਗਿੱਲ
ਦੁਰਵਰਤੋਂ ਸ਼ਬਦ ਤੋਂ ਹੀ ਸਪਸ਼ਟ ਹੈ ਕਿ ਵਰਤਣ ਲਈ ਬਣਾਏ ਕਨੂੰਨ ਕਾਇਦੇ ਦੀ ਗਲਤ ਵਰਤੋਂ ਕਰਨਾ । ਅਜਿਹੇ ਹਾਲਾਤਾਂ ਵਿੱਚ ਆਜ਼ਾਦੀ ਦੇ ਕੋਈ ਮਾਅਨੇ ਨਹੀਂ ਰਹਿੰਦੇ । ਦੁਰਵਰਤੋਂ ਕਿਸੇ ਵੀ ਖੇਤਰ ਵਿੱਚ ਹੋਵੇ ਇਸਦੇ ਦੂਰਰਸ਼ੀ ਨਤੀਜੇ ਘਾਤਕ ਹੁੰਦੇ ਹਨ। ਉੰਝ ਵਰਤੋਂ ਦੀ ਦੁਰਵਰਤੋਂ ਗਿਆਨ ਦਾ ਅੰਨਾ ਅਤੇ ਕੰਨਾਂ ਦਾ ਕੱਚਾ ਹੀ ਕਰਦਾ ਹੈ । ਦਲੀਲਬਾਜ਼ੀ ਤੋਂ ਕੋਹਾਂ ਦੂਰ ਹੋ ਕੇ ਆਖਰ ਦੁਰਵਰਤੋਂ ਵਾਲਾ ਦੁਰਕਾਰਿਆ ਜਾਂਦਾ ਹੈ ।
ਨਿੱਜੀ ਖੇਤਰ ਵਿੱਚ ਕੀਤੀ ਦੁਰਵਰਤੋਂ ਭਾਵੇਂ ਸਰੀਰ ਰੂਪੀ ਹੋਵੇ ਜਾਂ ਪਰਿਵਾਰ ਵਿੱਚ ਇਸਦਾ ਅਸਰ ਸੀਮਤ ਹੁੰਦਾ ਹੈ । ਰੁਤਬੇ ਦੀ ਦੁਰਵਰਤੋਂ ਸਮਾਜਿਕ ਤਾਣਾ ਬਾਣਾ ਖਰਾਬ ਕਰਕੇ ਤਣਾਵ ਪੈਦਾ ਕਰਦੀ ਹੈ । ਵਰਤੋਂ ਵਿੱਚ ਆਉਂਦੀਆਂ ਚੀਜਾਂ ਖ਼ਾਦ ਪਦਾਰਥ ਅਤੇ ਸਮਾਜਿਕ ਰਿਸ਼ਤੇ ਜੇ ਦੁਰਵਰਤੋਂ ਹੋਣ ਲੱਗਣ ਤਾ ਜੀਵਨ ਦੇ ਹਰ ਪੱਖ ਨੂੰ ਮਸਲ ਕੇ ਰੱਖ ਦਿੰਦਾ ਹੈ । ਅਜਿਹੀ ਵਰਤੋਂ ਲਈ ਸਮਾਜਿਕ ਚੇਤਨਾ ਪੈਦਾ ਕਰਨ ਦੀ ਲੋੜ ਰਹਿੰਦੀ ਹੈ । ਇਸ ਨਾਲ ਸੁਧਾਰ ਦੀ ਆਸ ਬਣੀ ਰਹਿੰਦੀ ਹੈ । ਇਸ ਖੇਤਰ ਦੀ ਦੁਰਵਰਤੋਂ ਹਊਮੈਂ ਕਾਰਨ ਨਹੀਂ ਹੁੰਦੀ ਬਲਕਿ ਕਿਤੇ ਨਾ ਕਿਤੇ ਗਿਆਨ ਦੀ ਕਮੀ ਕਾਰਨ ਹੁੰਦੀ ਹੈ ।
ਅਹੁਦੇ ਅਤੇ ਸੱਤਾ ਦੀ ਦੁਰਵਰਤੋਂ ਆਮ ਹੁੰਦੀ ਰਹਿੰਦੀ ਹੈ । ਇਸਦੀ ਦੀ ਵੱਡੀ ਕਮੀ ਜਨਤਾ ਦੀ ਘੱਟ ਸਮਝੀ ਹੁੰਦੀ ਹੈ । ਜੇ ਜਨਤਾ ਇਹਨਾਂ ਦੀ ਦੁਰਵਰਤੋਂ ਰੋਕਣ ਵਿੱਚ ਸਫ਼ਲ ਹੋ ਜਾਵੇ ਤਾਂ ਇਹ ਅਹੁਦੇ " ਲੋਕ ਸੇਵਕ " " ਰਾਜ ਨਹੀਂ ਸੇਵਾ " ਦਾ ਸਹੀ ਸੁਨੇਹਾ ਦੇ ਸਕਦੇ ਹਨ । ਸਾਡੀ ਕਮੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਇਹ ਵਰਗ ਆਮ ਚਰਚਾ ਵਿੱਚ ਰਹਿੰਦੇ ਹਨ । ਇਹਨਾਂ ਦੀ ਦੁਰਵਰਤੋਂ ਨੂੰ ਲੋਕਾਂ ਲਈ ਬਹੁਤ ਵੱਡਾ ਨਹੀਂ ਸਮਝਿਆ ਜਾਂਦਾ ਬਲਕਿ ਹਊਆ ਬਣਾਕੇ ਪੇਸ਼ ਕੀਤਾ ਜਾਂਦਾ ਹੈ । ਸਾਡੀ ਸੰਸਕ੍ਰਿਤੀ ਸੱਭਿਆਚਾਰ ਹਮੇਸ਼ਾ ਸੱਤਾ ਦੁਰਵਰਤੋਂ ਦੇ ਖਿਲਾਫ ਰਹੀ । ਮਹਾਰਾਜਾ ਰਣਜੀਤ ਸਿੰਘ ਰਾਜ ਦੀ ੳਦਾਹਰਨ ਤੋਂ ਇਲਾਵਾ ਹੋਰ ਉਦਾਹਰਨਾਂ ਵੀ ਹਨ । ਅੱਜ ਸਮੇਂ ਦੀ ਲੋੜ ਹੈ ਸੱਤਾ ਦੀ ਦੁਰਵਰਤੋਂ ਵਾਲੇ ਸਖਤ ਕਨੂੰਨੀ ਮਾਪਦੰਡਾਂ ਵਿੱਚ ਆਉਣ ਇਸ ਨਾਲ ਇਹਨਾਂ ਦਾ ਉਦੇਸ ਸੇਵਾ ਅਤੇ ਇਨਸਾਫ ਹੀ ਬਣੇਗਾ । ਇਸ ਖੇਤਰ ਵਿੱਚ ਮਿਸਾਲੀ ਸਜਾ ਦਾ ਪ੍ਰਬੰਧ ਹੋਵੇ ਤਾ ਜਨਤਾ ਦਾ ਭਲਾ ਅਤੇ ਵਿਕਾਸ ਸੰਭਵ ਹੈ । ਰਾਜਨੀਤੀ ਦੀ ਦੁਰਵਰਤੋਂ ਦੇ ਝੰਬੇ ਲੋਕਾਂ ਨੂੰ ਆਜ਼ਾਦੀ ਸੁਪਨਾ ਹੀ ਲੱਗਦੀ ਹੈ।
ਜਨਤਾ ਅਪਣੇ ਹੱਕਾਂ ਅਤੇ ਫਰਜਾਂ ਲਈ ਵੀ ਦੁਰਵਰਤੋਂ ਪੇਸ਼ ਕਰਦੀ ਹੈ । ਇਸ ਨਾਲ ਸੰਤੁਲਨ ਵਿਗੜਦਾ ਹੈ । ਇਹ ਪੱਖ ਲੋਕਤੰਤਰ ਦੇ ਨਾਂਹ ਪੱਖੀ ਪ੍ਰਭਾਵ ਦੀ ਭੇਟ ਚੜ੍ਹ ਜਾਂਦਾ ਹੈ । ਜਨਤਾ ਨੂੰ ਵੋਟਾਂ ਖਾਤਰ ਵਰਤ ਕੇ ਉਹਨਾਂ ਨੂੰ ਲੁਭਾਊ ਅਤੇ ਡੰਗ ਟਪਾਊ ਬਣਾਇਆ ਜਾਂਦਾ ਹੈ । ਇਸ ਨਾਲ ਅਹੁਦੇ ਦੀ ਦੁਰਵਰਤੋਂ ਹੰਢਾਉਣ ਲਈ ਚੁੱਪ ਰਹਿਣਾ ਮਜ਼ਬੂਰੀ ਬਣ ਜਾਦੀ ਹੈ । ਇਕ ਦੂਜੇ ਤੋਂ ਮੂਹਰੇ ਹੋ ਕੇ ਅਹੁਦੇਦਾਰ ਦੇ ਮੂਹਰੇ ਬੈਠਣਾ ਫਿਤਰਤ ਬਣ ਗਈ ਹੈ । ਜੇ ਵਰਤੋਂ ਹੈ ਤਾਂ ਦੁਰਵਰਤੋਂ ਹੈ ਸਮਝ ਕੇ ਮਨ ਨੂੱ ਥੋੜਾ ਚਿਰ ਤਾਂ ਸ਼ਾਂਤੀ ਮਿਲ ਸਕਦੀ ਹੈ ਪਰ ਯੂਰਪੀਨ ਮੁਲਕਾਂ ਦੀ ਬਰਾਬਰਤਾ ਸੁਪਨਾ ਹੀ ਰਹੇਗੀ । ਕਈ ਮੁਲਕਾਂ ਵਿੱਚ ਸੱਤਾ ਦੀ ਦੁਰਵਰਤੋਂ ਵਾਲਿਆ ਦਾ ਹਸ਼ਰ ਬਹੁਤ ਮਾੜਾ ਹੋਇਆ ਪਰ ਉਦੋਂ ਜਦੋਂ ਜਨਤਾ ਜਾਗੀ । ਲੋਕਤੰਤਰ ਵਿੱਚ ਵੋਟ ਵੱਡਾ ਹਥਿਆਰ ਹੁੰਦਾ ਹੈ । ਇਸ ਵਿੱਚ ਦੁਰਵਰਤੋਂ ਨੂੰ ਪੰਜ ਸਾਲ ਬਾਅਦ ਨਕਾਰ ਦਿੱਤਾ ਜਾਂਦਾ ਹੈ । ਜੇ ਦੁਰਵਰਤੋਂ ਵਾਲੇ ਨੂੰ ਮਿਸਾਲੀ ਸਜ਼ਾ ਦਾ ਉਪਬੰਧ ਹੋ ਜਾਵੇ ਤਾਂ ਅੱਜ ਦੇ ਸਮੇਂ ਜਨਤਾ ਨਾਲ ਇਨਸਾਫ ਇਸ ਤੋਂ ਵੱਡਾ ਹੋਰ ਕੋਈ ਨਹੀਂ ਹੋ ਸਕਦਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਔਰਤ ਮਹਾਨ ਸੀ , ਮਹਾਨ ਰਹੇਗੀ - ਸੁਖਪਾਲ ਸਿੰਘ ਗਿੱਲ
ਸਮਾਜਿਕ ਪਾੜੇ ਵਿੱਚ ਮਰਦ ਔਰਤ ਬਾਰੇ ਬਹੁਤ ਕੁਝ ਲਿਖਿਆ , ਪੜ੍ਹਿਆ ਅਤੇ ਸੁਣਿਆ ਜਾਦਾ ਹੈ । ਔਰਤ ਨੂੰ ਧਾਰਮਿਕ , ਸਮਾਜਿਕ ਅਤੇ ਸੱਭਿਅਤ ਤੌਰ ਤੇ ਵੱਖਰੀ ਮਾਨਤਾ ਹੈ । ਰਾਜਨੀਤਕ ਅਤੇ ਕਾਨੂੰਨੀ ਤੌਰ ਤੇ ਔਰਤ ਸਮੇਂ - ਸਮੇਂ ਤੇ ਹੋਰ ਵੀ ਮਹਾਨ ਬਣਦੀ ਰਹਿੰਦੀ ਹੈ । ਮਰਦ ਦੀ ਪ੍ਰਵਿਰਤੀ ਰਹੀ ਹੈ ਕਿ ਔਰਤ ਨੂੰ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਸਮਝਦਾ ਹੈ । ਆਪਣੀ ਔਰਤ ਦੇਵੀ ਦੂਜੇ ਦੀ ਚੰਡਾਲ ਲੱਗਦੀ ਹੈ । ਸਮਾਜਿਕ ਵਿਚਾਰਾਂ ਅੰਦਰ ਝਾਤੀ ਮਾਰ ਕੇ ਦੇਖੋ ਕਿ ਕਦੇ ਸਹੁਰਾ - ਜਵਾਈ , ਭਣੋਈਆ - ਸਾਲੇ ਅਤੇ ਪਿਓ - ਪੁੱਤ ਆਦਿ ਦੀ ਰਿਸ਼ਤਿਆਂ ਵਿੱਚ ਕਿੰਨੀ ਕੁ ਲੜਾਈ ਹੋਈ ਹੈ ? ਕਾਵਿ ਕਿਸੇ ਸੱਭ ਕੁਝ ਨੂੰਹ , ਸੱਸ , ਨਣਦ , ਭਰਜਾਈ , ਦੇਰਾਣੀ , ਜੇਠਾਣੀ ਵਿਚਾਲੇ ਹੀ ਘੁੰਮਦੇ ਹਨ । ਮਰਦ ਚੁੱਪ ਰਹਿ ਕੇ ਕਬੀਲਦਾਰੀ ਹੰਢਾਉਂਦਾ ਹੈ ।ਇਸਦਾ ਕਾਰਨ ਇਹ ਕਿ ਸਮਾਜ ਵਿੱਚ ਸ਼ੁਰੂ ਤੋਂ ਹੀ ਔਰਤ ਆਪਣੀ ਹੋਂਦ ਦਾ ਚਮਕਦਾ ਸਿਤਾਰਾ ਰਹੀ । ਮਰਦ ਦੀ ਮਾਨਸਿਕਤਾ ਔਰਤ ਪ੍ਰਤੀ ਸ਼ੁਰੂ ਤੋਂ ਇੱਕ ਜਗਾ ਹੀ ਟਿਕੀ ਹੋਈ ਹੈ । ਇਸ ਤੋਂ ਝਲਕਦਾ ਹੈ ਕਿ ਔਰਤ ਦਾ ਹਰ ਪੱਖੋਂ ਵਿਕਾਸ ਲਗਾਤਾਰ ਜਾਰੀ ਰਿਹਾ ।
ਔਰਤ ਜਗਤ ਜਨਨੀ ਦੇ ਰੂਪ ਵਿੱਚ ਬੇਹੱਦ ਮਹਾਨ ਹੈ ਇਹ ਰੁਤਬਾ ਇਸ ਤੋਂ ਕਦੇ ਵੀ ਖੁਸ ਨਹੀਂ ਸਕਦਾ । ਔਰਤ ਜਦੋਂ ਘਰ ਵਾਲੀ ਦੇ ਰੂਪ ਵਿੱਚ ਆਉਂਦੀ ਹੈ ਤਾਂ ਸਮਾਜਿਕ ਵਿਕਾਸ ਦਾ ਦੂਜਾ ਅਧਿਆਏ ਸ਼ੁਰੂ ਹੁੰਦਾ ਹੈ । ਔਰਤ ਹਰੇਕ ਰੂਪ ਵਿੱਚ ਪਿਆਰ ਦਾ ਵਗਦਾ ਚਸ਼ਮਾ ਹੈ । ਔਰਤ ਨੂੰ ਗ੍ਰਹਿ ਵਿਭਾਗ ਸ਼ੁਰੂ ਤੋਂ ਹੀ ਮਿਲਦਾ ਹੈ । ਔਰਤ ਔਰਤ ਦੀ ਹੀ ਦੁਸ਼ਮਣ ਵੀ ਹੁੰਦੀ ਹੈ ਵੱਡੀ ਮਿੱਤਰ ਵੀ ਹੁੰਦੀ ਹੈ। ਜੇ ਕਿਤੇ ਸੱਸ , ਨੂੰਹ , ਨਣਦ , ਭਰਜਾਈ , ਮਾਂ , ਧੀ ਦੀ ਸੁਰ ਇੱਕ ਹੋ ਜਾਵੇ ਤਾਂ ਮਰਦ ਸਮਾਜਿਕ ਹਾਸ਼ੀਏ ਵੱਲ ਚੱਲਾ ਜਾਂਦਾ ਹੈ । ਹੁਣ ਰਿਸ਼ਤਿਆ ਦੀ ਨੋਕ ਝੋਕ ਨੇ ਪਾਸਾ ਪਲਟ ਕੇ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਦਾ , ਰੁਝਾਨ ਸ਼ੁਰੂ ਕੀਤਾ ਹੈ । ਨਣਦ - ਭਰਜਾਈ ਅਤੇ ਨੂੰਹ - ਸੱਸ ਭੈਣਾਂ ਵਰਗਾ ਸਲੀਕਾ ਪੇਸ਼ ਕਰਦੀਆਂ ਹਨ । ਸਮਾਜ ਵਿੱਚ ਵਿਚੋਲੇ ਦੀ ਭੂਮ੍ਹਿਕਾ ਸਮੇਂ ਵਿਚੋਲੇ ਨੂੰ ਕੋਈ ਨਹੀਂ ਪੁੱਛਦਾ ਵਿਚੋਲਣ ਵਿਚੋਲਣ ਹੁੰਦੀ ਹੈ । ਜੇ ਔਰਤ ਹੈ ਤਾਂ ਘਰ ਚੰਗਾ ਲੱਗਦਾ ਹੈ ਨਹੀਂ ਤਾਂ ਬਾੜਾ ਹੀ ਲੱਗਦਾ ਹੈ ।
ਔਰਤ ਸ਼ੁਰੂ ਤੋਂ ਹੀ ਮਹਾਨ ਹੈ ਅਤੇ ਰਹਿੰਦੀ ਦੁਨੀਆਂ ਤੱਕ ਮਹਾਨ ਹੀ ਰਹੇਗੀ । ਔਰਤ ਬਿਨਾਂ ਸੱਭਿਆਚਾਰ , ਸਮਾਜ , ਖੁਸ਼ੀਆਂ ਖੇੜੇ ਸਭ ਅਧੂਰੇ ਹਨ । ਭੱਠ ਪੈਣ ਉਹ ਕਲਮਾਂ , ਉਹ ਗੀਤ , ਉਹ ਸੋਚ ਜੋ ਜਾਣਦੇ ਹੋਏ ਵੀ ਔਰਤ ਨੂੰ ਮਾੜਾ ਦਿਖਾਉਂਦੇ ਰਹੇ । ਇਹਨਾਂ ਨੇ ਇਹ ਸੋਚਿਆ ਹੀ ਨਹੀਂ ਕਿ ਆਪਣੇ ਘਰ ਪਰਿਵਾਰ ਵੀ ਹਨ ਅਤੇ ਖੁਦ ਕਿੱਥੋਂ ਆਏ ? ਜਦੋਂ ਇਹਨਾਂ ਲੋਕਾਂ ਦੀ ਸਮਝ ਸੋਚ ਦਾ ਮੁੰਲਕਣ ਹੁੰਦਾ ਹੈ ਤਾਂ ਕਲਮਾਂ ਦਾ ਰੁੱਖ ਇਹਨਾਂ ਵੱਲ ਹੀ ਮੁੜ ਜਾਂਦਾ ਹੈ । ਮਰਦ ਲਈ ਧੀ ਦਾ ਰੂਪ , ਪਤੀ ਲਈ ਪਤਨੀ ਦਾ ਰੂਪ ਤੇ ਪੁੱਤਰਾਂ ਲਈ ਮਾਂ ਦਾ ਰੂਪ ਮਹਾਨ ਹੁੰਦਾ ਹੈ ਇਸ ਲਈ ਔਰਤ ਵਾਕਿਆ ਹੀ ਮਹਾਨ ਸੀ ਅਤੇ ਮਹਾਨ ਹੀ ਰਹੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਮਾਂ ਬੋਲੀ ਦਾ ਰੁਤਬਾ - ਸੁਖਪਾਲ ਸਿੰਘ ਗਿੱਲ
ਰੁਤਬੇ ਨਾਲ ਕਿਸੇ ਵੀ ਚੀਜ਼ ਦੀ ਪਹਿਚਾਣ ਬਰਕਰਾਰ ਰਹਿੰਦੀ ਹੈ । ਰੁਤਬਾ ਉੱਚਾ - ਸੁੱਚਾ ਰੱਖਣਾ ਹੰਢਾਉਣ ਵਾਲਿਆ ਦਾ ਫਰਜ਼ ਹੁੰਦਾ ਹੈ । ਮਾਂ ਬੋਲੀ ਪੰਜਾਬੀ ਦਾ ਰੁਤਬਾ ਕਾਇਮ ਰੱਖਣ ਲਈ ਲੱਖਾਂ ਮਣ ਕਾਗਜ਼ ਤੇ ਸਿਹਾਈ ਖਰਚ ਕੀਤੀ ਜਾ ਚੁਕੀ ਹੈ । ਧਰਨੇ , ਮੁਜ਼ਹਾਰੇ, ਡਰਾਮੇ ਤੇ ਲਾਮਬੰਦੀਆਂ ਵੀ ਕੀਤੀਆਂ ਗਈਆਂ । ਸਭ ਕੁੱਝ ਰਾਜਨੀਤੀ ਵਿੱਚ ਜ਼ਜ਼ਬ ਹੋ ਕੇ ਪਰਨਾਲਾ ਉੱਥੇ ਹੀ ਰਿਹਾ । ਮਾਂ ਬੋਲੀ ਨੇ ਅਤੀਤ ਲੱਭਣ ਲਈ ਜਿੱਥੋਂ ਪੈਂਡਾ ਤਹਿ ਕੀਤਾ ਸੀ ਉੱਥੇ ਹੀ ਵਾਪਸ ਜਾਂਦੀ ਰਹੀ । ਜਿਹਨਾਂ ਤੋਂ ਉਸ ਦੇ ਰੁਤਬੇ ਨੂੰ ਉੱਚੇ ਕਰਨ ਦੀ ਆਸ ਸੀ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਰਹੇ। ਫਿਰ ਰੁਤਬੇ ਦੀ ਆਸ ਕਿੱਥੋਂ ? ਖੁਦ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਤਾਂ ਸਾਨੂੰ ਪੰਜਾਬੀ ਦੀ ਪੂਰੀ ਪੈਂਤੀ ਵੀ ਨਹੀਂ ਆਉਂਦੀ । ਇਸ ਸਵਾਲ ਦੇ ਜਵਾਬ ਵਿੱਚ ਮਾਂ ਬੋਲੀ ਪ੍ਰਤੀ ਸਾਰਾ ਨਕਸ਼ਾ ਹੀ ਸਾਫ ਹੋ ਜਾਂਦਾ ਹੈ । ਜ਼ਿੰਮੇਵਾਰ ਅਸੀ ਖੁਦ ਵੀ ਬਣ ਜਾਂਦੇ ਹਾਂ ।
ਸਰਕਾਰ ਨੇ ਮਾਂ ਬੋਲੀ ਪ੍ਰਤੀ ਕੁਝ ਨਿਯਮ ਵੀ ਬਣਾਏ ਹਨ , ਪਰ ਫਾਇਲਾਂ ਵਿੱਚ ਦਬ ਜਾਂਦੇ ਹਨ । ਵਾਰਿਸ ਸ਼ਾਹ , ਬੁੱਲੇ ਸ਼ਾਹ , ਸ਼ਿਵ , ਪਾਤਰ ਤੇ ਸਰਫ਼ ਨੇ ਮਾਂ ਬੋਲੀ ਸੰਭਾਲਣ ਲਈ ਬਣਦਾ ਯੋਗਦਾਨ ਪਾਇਆ । ਇਸੇ ਲਈ ਪੰਜਾਬੀ ਮਾਣਮੱਤੇ ਗਾਇਕ ਗੁਰਦਾਸ ਮਾਨ ਨੇ ਗਾਇਆ ਸੀ " ਮਾਂ ਬੋਲੀ ਦਾ ਰੁਤਬਾ ਇਸਦੇ ਸ਼ਾਇਰਾ ਕਰਕੇ ਹੈ " । ਇਸ ਤੋ ਇਲਾਵਾ ਇਸ ਮਾਣ ਮੱਤੇ ਗਾਇਕ ਨੇ ਕਦੇ ਯਾਰ ਪੰਜਾਬੀੇ , ਕਦੇ ਪਿਆਰ ਪੰਜਾਬੀ ਤੇ ਕਦੇ ਜ਼ੁਲਮ ਨੂੰ ਰੋਕਣ ਵਾਲੀ ਤਲਵਾਰ ਪੰਜਾਬੀ ਦਾ ਹੋਕਾ ਦਿੱਤਾ । ਮਾਂ ਬੋਲੀ ਦੇ ਸਿਰ ਤੇ ਰਾਜ ਭਾਗ ਸੰਭਾਲੇ ਗਏ । ਬਣਦਾ ਇਕ ਟੁੱਕ ਰੁਤਬਾ ਨਹੀਂ ਮਿਲ ਸਕਿਆ । ਪੰਜਾਬੀਆਂ ਦੇ ਜਿੰਮੇ ਮਾਂ ਬੋਲੀ ਤੋਂ ਇਲਾਵਾ ਮਾਂ ਨੂੰ ਵਿਸਾਰਨ ਦੇ ਵੀ ਦੋਸ਼ ਲਗ ਰਹੇ ਹਨ । ਇਹ ਸਾਡੀ ਸੱਭਿਅਤਾ ਨੂੰ ਵੀ ਦਾਗਦਾਰ ਕਰ ਰਿਹਾ ਹੈ ।ਅੱਜ ਮਿਲ ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ ਕਿ ਮਾਂ ਬੋਲੀ ਨੂੰ ਉੱਚਾ ਰੁਤਬਾ ਦੇਣ ਦਾ ਉਪ ਬੰਦ ਕਰੀਏ ਤਾਂ ਜੋ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਉਹਨਾਂ ਦੀ ਹਾਣੀ ਬਣ ਸਕੇ ।
1948 ਭਾਸ਼ਾ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ । ਜਨਵਰੀ 1968 ਵਿੱਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨ ਦੀ ਅਧਿਸੂਚਨਾ ਜਾਰੀ ਹੋਈ । ਪਰ ਅੰਗਰੇਜੀ ਵਿੱਚ ਪੱਤਰ ਵਿਹਾਰ ਅੱਜ ਵੀ ਬੇਰੁੱਖੀ ਜ਼ਾਹਰ ਕਰਦਾ ਹੈ । ਪੰਜਾਬੀ ਦੇ ਮਾਣ ਮੱਤੇ ਸ਼ਾਇਰ ਸੁਰਜੀਤ ਪਾਤਰ ਨੇ ਸਿਰੇ ਦੀ ਕਵਿਤਾ ਜਿਸ ਦਾ ਅੰਤਰੀਵ ਭਾਵ ਜਿੱਥੇ ਮਾਂ ਬੋਲੀ ਬੋਲਣ ਤੇ ਜ਼ੁਰਮਾਨਾ ਹੁੰਦਾ ਹੈ ਲਿਖ ਕੇ ਸਿਰੇ ਤੇ ਗੰਢ ਮਾਰ ਦਿੱਤੀ ।ਇਹ ਕਵਿਤਾ ਸਾਨੂੰ ਚਿੜਨ ਲਈ ਮਜ਼ਬੂਰ ਕਰਦੀ ਹੈ । ਪੰਜਾਬੀ ਜਦੋਂ ਹੋਰ ਕੋਈ ਭਾਸ਼ਾ ਬੋਲਦਾ ਹੈ ਤਾਂ ਝੂਠਾ ਜਿਹਾ ਲੱਗਦਾ ਹੈ । ਆਓ ਲਿਖਤਾਂ ਅਤੇ ਕਲਮਾਂ ਦਾ ਰੁੱਖ ਮੋੜ ਕੇ ਮਾਂ ਬੋਲੀ ਦਾ ਰੁਤਬਾ ਉੱਚਾ ਕਰਨ ਲਈ ਯਤਨ ਆਰੰਭੀਏ । ਸ਼ਾਇਰਾਂ ਦਾ ਸਾਥ ਦੇਣ ਲਈ ਸਰਕਾਰਾਂ ਨਾਲ ਮਿਲ ਕੇ ਮਾਂ ਬੋਲੀ ਦਾ ਰੁਤਬਾ ਉੱਚਾ ਰੱਖੀਏ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਭਰੋਸੇਯੋਗਤਾ ਖੋ ਰਿਹਾ ਸ਼ੋਸ਼ਲ ਮੀਡੀਆ -ਸੁਖਪਾਲ ਸਿੰਘ ਗਿੱਲ
" ਲੋੜ ਕਾਂਢ ਦੀ ਮਾਂ " ਦੇ ਕਥਨ ਅਨੁਸਾਰ ਸ਼ੋਸ਼ਲ ਮੀਡੀਆ ਹੋਂਦ ਵਿੱਚ ਆਇਆ ਸੀ । ਲੋਕਾਂ ਨੂੰ ਸਹੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਇਸਦਾ ਮੁੱਖ ਮੰਤਵ ਹੈ । ਜਿਹੜੀਆਂ ਗੱਲਾਂ ਅਸੀਂ ਸਟੇਜ ਤੇ ਜਾਂ ਭਰੀ ਸਭਾ ਵਿੱਚ ਨਹੀਂ ਕਹਿ ਸਕਦੇ ਉਹ ਸ਼ੋਸ਼ਲ ਮੀਡੀਏ ਰਾਹੀਂ ਦੱਸ ਸਕਦੇ ਹਾਂ । ਜਿੰਨੀ ਤੇਜ਼ੀ ਨਾਲ ਇਸ ਨੇ ਮਾਨਤਾ ਪ੍ਰਾਪਤ ਕੀਤੀ ਸੀ , ਉਨੀਂ ਹੀ ਤੇਜ਼ੀ ਨਾਲ ਇਸ ਵਿੱਚ ਗਿਰਾਵਟ ਵੀ ਆਈ । ਇਸਦੀ ਸਹੀ ਵਰਤੋਂ ਤਰੱਕੀ ਨੂੰ ਸਿਖਰ ਤੇ ਪਹੁੰਚਾਉਂਦੀ ਹੈ ਪਰ ਕੁਵਰਤੋਂ ਸਭ ਪੱਖਾਂ ਦਾ ਸੰਤੁਲਨ ਵਿਗਾੜਦੀ ਹੈ ।
ਅਜੋਕੇ ਸਮੇਂ ਪ੍ਰਿੰਟ ਮੀਡੀਏ ਤੇ ਕੁਝ ਦੋਸ਼ ਵੀ ਲੱਗ ਰਹੇ ਹਨ , ਜਿਸ ਦੇ ਬਦਲ ਵਜੋਂ ਸ਼ੋਸ਼ਲ ਮੀਡੀਏ ਨੇ ਲੋਕਾਂ ਦਾ ਪੱਖ ਪੂਰਿਆ ਸੀ । ਪ੍ਰਿੰਟ ਮੀਡੀਏ ਨੂੰ ਗਲਤੀ ਦਾ ਅਹਿਸਾਸ ਅਤੇ ਮੁਆਫੀ ਮੰਗਣਾ ਵੱਡਾ ਗੁਣ ਹੈ ਪਰ ਸ਼ੋਸ਼ਲ ਮੀਡੀਏ ਤੋਂ ਜਵਾਬ ਮੰਗਣਾ ਔਖਾ ਹੈ । ਇਸ ਵੱਲੋਂ ਅਫਵਾਹਾਂ , ਗਲਤ ਜਾਣਕਾਰੀ ਅਤੇ ਕਿਸੇ ਦੇ ਆਚਰਣ ਖਿਲਾਫ ਪ੍ਰਚਾਰ ਕਰਕੇ ਆਪਣੀ ਭਰੋਸੇਯੋਗਤਾ ਦਾਅ ਤੇ ਲਾ ਦਿੱਤੀ । ਇਸ ਨਾਲ ਹੁਣ ਇਹ ਕਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਇਸ ਤੋਂ ਬਿਨਾ ਚੰਗੇ ਸੀ । ਇਸਦੀ ਸਹੀ ਵਰਤੋਂ ਅਤੇ ਅਜੋਕੀ ਲੋੜ ਨੂੰ ਇਸਦੇ ਨਾਂਹ ਪੱਖੀ ਪ੍ਰਭਾਵਾਂ ਨੇ ਪੂਰੀ ਤਰਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ ।
ਸ਼ੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਔਰਤ ਜਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ । ਕਿਸੇ ਦੀ ਧੀ ਭੈਣ ਇਥੋਂ ਤੱਕ ਕਿ ਔਰਤਾਂ ਦੀਆਂ ਨਾਮਵਰ ਹਸਤੀਆਂ ਨੂੰ ਵੀ ਨਹੀਂ ਬਖਸ਼ਿਆ । ਬਿਨਾ ਸੋਚੇ ਸਮਝੇ ਕਿਸੇ ਵੀ ਔਰਤ ਤੇ ਕਮੈਂਟ ਕਰਨਾ ਸ਼ੋਸ਼ਲ ਮੀਡੀਏ ਵਿੱਚ ਆਮ ਜਿਹਾ ਹੋ ਗਿਆ ਹੈ । ਇਸ ਦੇ ਵਿਰੋਧ ਵਿੱਚ ਲਾਮਬੰਦੀ ਵੀ ਹੋਈ । ਜਿਸ ਕਰਕੇ ਸਰਕਾਰ ਅਤੇ ਸੂਚਨਾ ਮੰਤਰਾਲਾ ਹਰਕਤ ਵਿੱਚ ਆਇਆ । ਸ਼ੋਸ਼ਲ ਮੀਡੀਏ ਤੇ ਘਸਮੰਡੀ ਮਾਨਵਤਾ ਨੂੰ ਆਪਣਾ ਵਕਾਰ ਸਹੀ ਸਾਬਤ ਕਰਨ ਲਈ ਕਾਫੀ ਸਮਾਂ ਲੱਗਦਾ ਹੈ । ਇੱਕ ਵਾਰ ਕਿਸੇ ਬੇਵਕੂਫ ਵੱਲੋਂ ਦੋਸ਼ ਲਗਾ ਕੇ ਆਪਣੀ ਸੂਝ ਦਾ ਸਬੂਤ ਦੇ ਦਿੱਤਾ ਜਾਂਦਾ ਹੈ ਪਰ ਇਸ ਨੂੰ ਗਲਤ ਸਾਬਤ ਕਰਨ ਲਈ ਮਕੜੀ ਜਾਲ ਵਿੱਚ ਫਸਣ ਤੋਂ ਹਰ ਕੋਈ ਕੰਨ੍ਹੀ ਕਤਰਾਉਂਦਾ ਹੈ । ਝੂਠੀ ਅਤੇ ਗਲਤ ਵਰਤੋਂ ਦੰਗਿਆ ਅਤੇ ਕਤਲਾ ਨੂੰ ਸੁਨੇਹਾ ਵੀ ਦਿੰਦੀ ਹੈ । ਇਸ ਬਕਵਾਸ ਨਾਲ ਸਮਾਜਿਕ ਤਾਣਾ ਬਾਣਾ ਨਸ਼ਟ ਹੁੰਦਾ ਹੈ ।
ਸ਼ੋਸ਼ਲ ਮੀਡੀਏ ਨੇ ਨੌਜਵਾਨ ਵਰਗ ਨੂੰ ਪੜ੍ਹਾਈ ਅਤੇ ਰੁਜ਼ਗਾਰ ਮੁੱਖੀ ਬਣਾਉਣ ਦੀ ਨਾਂਹ ਪੱਖੀ ਭੂਮਿਕਾ ਨਿਭਾਈ , ਜਦੋਂ ਕੇ ਇਸਦੀ ਸੁਚੱਜੀ ਵਰਤੋਂ ਦੀ ਲੋੜ ਹੈ । ਸਮਾਜਿਕ ਕਿਰਦਾਰ ਅਤੇ ਰਿਸ਼ਤੇ ਨਾਤੇ ਫਿੱਕੇ ਪਏ । ਆਮ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਵੇ । ਅੱਜ ਤਰੱਕੀ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਏ ਦੀ ਜੋ ਭੂਮਿਕਾ ਹੈ ਉਸ ਨੂੰ ਸਾਡੀ ਘੱਟ ਸੂਝ ਨੇ ਹਾਸ਼ੀਏ ਵੱਲ ਕਰਨ ਦਾ ਯਤਨ ਕੀਤਾ ਹੈ । ਸਮੇਂ ਤੋਂ ਪਹਿਲਾਂ ਕਿਸੇ ਵੀ ਚੀਜ਼ ਦੇ ਨਾਂਹ ਪੱਖੀ ਪ੍ਰਭਾਵ ਘੋਖਣੇ ਸਾਡੀ ਪਹੁੰਚ ਤੋਂ ਦੂਰ ਹੀ ਰਹੇ । ਜਿਸਦਾ ਅਸੀਂ ਖਮਿਆਜਾ ਵੀ ਭੁਗਤਦੇ ਰਹੇ । ਇਸੇ ਪ੍ਰਸੰਗ ਵਿੱਚ ਸ਼ੋਸ਼ਲ ਮੀਡੀਆ ਵੀ ਆਇਆ ਜਿਸ ਕਾਰਨ ਇਸਦਾ ਪ੍ਰਭਾਵ ਭਰੋਸੇ ਯੋਗਤਾ ਤੋਂ ਗੈਰ ਭਰੋਸੇ ਯੋਗਤਾ ਵੱਲ ਵੀ ਗਿਆ । ਇਹ ਅਜੋਕੇ ਸਮੇਂ ਦਾ ਵਰਦਾਨ ਹੈ । ਪਰ ਇਸ ਨੂੰ ਹੰਢਾਉਣ ਤੋਂ ਪਹਿਲਾਂ ਮਾੜੀ ਸੋਚ ਅਤੇ ਨਾਂਹ ਪੱਖੀ ਪ੍ਰਭਾਵ ਸਬੰਧੀ ਚੇਤਨਾ ਪੈਦਾ ਕਰਨ ਦੀ ਬੇਹੱਦ ਲੋੜ ਸੀ । ਅੱਜ ਸ਼ੋਸ਼ਲ ਮੀਡੀਏ ਦੀ ਵਰਤੋਂ ਲਈ ਸਖਤ ਕਾਨੂੰਨੀ ਸੀਮਾਵਾਂ ਦੀ ਲੋੜ ਹੈ , ਤਾਂ ਜੋ ਇਸ ਦੀ ਖੁਰ ਰਹੀ ਭਰੋਸੇ ਯੋਗਤਾ ਬਹਾਲ ਹੋ ਸਕੇ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445