Iqbal Singh Lalpura

ਕਲਿਆਣਕਾਰੀ ਰਾਜ ਸਿਰਜਣ ਵਾਲਾ ਸ਼ੇਰੇ ਪੰਜਾਬ ਜੇਕਰ ਅੱਜ ਫੇਰੀ ਪਾਵੇ.........  -   ਇਕਬਾਲ ਸਿੰਘ ਲਾਲਪੁਰਾ

ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ  ਮਹਾਰਾਜਾ ਰਣਜੀਤ ਸਿੰਘ ਜੋ   ਸ਼ੇਰ-ਏ-ਪੰਜਾਬ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਪੰਜਾਬ ਦੇ ਇਤਿਹਾਸ ਵਿੱਚ ਇਕ ਬਹਾਦਰ ਜੰਗਜੂ, ਦਲੇਰ ਤੇ ਮਹਾਨ ਸ਼ਖ਼ਸੀਅਤ ਦਾ ਮਾਲਕ ਸੀ , ਜਿਸਨੇ ਪੰਜਾਬ ਤੇ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ   ਦਿਲਾਂ ਤੇ ਵੀ ਰਾਜ ਕੀਤਾ ।ਉਹਦੀ ਸ਼ੇਰ ਵਾਲੀ ਭਬਕ ਨੇ ਜਿੱਥੇ ਅਫ਼ਗਾਨਾਂ ਦੇ ਸਾਹ ਸੂਤੇ ਉੱਥੇ ਈਸਟ ਇੰਡੀਆ ਕੰਪਨੀ ਦੇ ਯੂਰਪੀਆਂ ਨੂੰ ਉਹਦੇ ਜਿਉਂਦੇ ਜੀਅ ਇਸ ਭੂਖੰਡ ’ਤੇ ਕਬਜ਼ਾ ਕਰਨ ਦਾ ਹੀਆ ਨਾ ਪਿਆ। ਪਰ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਬਾਅਦ ਅੰਗਰੇਜ਼ਾਂ ਦੀਆਂ ਚਾਲਾਂ, ਸਾਜ਼ਿਸ਼ਾਂ ਤੇ ਬਦਨੀਤੀਆਂ ਕਰਕੇ ਇਕ ਵਿਸ਼ਾਲ ਖ਼ਾਲਸਾ ਰਾਜ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਗਿਆ। ਇਸ ਮਹਾਨ ਸ਼ਾਸ਼ਕ ਬਾਰੇ ਮੁਸਲਮਾਨ ਲਿਖਾਰੀ ਸ਼ਾਹ ਮੁਹੰਮਦ ਲਿਖਦੇ ਹਨ-
  “ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ 
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ 
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ 
ਜੰਮੂ, ਕਾਂਗੜਾ, ਕੋਟ ਨਿਵਾਇ ਗਿਆ 
ਹੋਰ ਦੇਸ ਲੱਦਾਖ ਤੇ ਚੀਨ ਤੋੜੀ 
ਸਿੱਕਾ ਆਪਣੇ ਨਾਮ ਚਲਾਇ ਗਿਆ 
ਸ਼ਾਹ ਮੁਹੰਮਦਾ ਜਾਣ ਪਾਚਨ ਬਰਸਾਂ 
ਅੱਛਾ ਰੱਜ ਕੇ ਰਾਜ ਕਮਾਇ ਗਿਆ
ਇਸ ਵਿਸ਼ਾਲ ,ਖੁਸ਼ਹਾਲ ਰਾਜ ਦੀ ਸਥਾਪਨਾ ਕਰਨ ਵਾਲੇ
ਮਹਾਬਲੀ ਰਣਜੀਤ ਸਿੰਘ ਜੀ ਨੂੰ ਭਾਵੇਂ ਅੱਖਰ ਗਿਆਨ ਬਹੁਤ ਨਹੀ ਸੀ ਪਰ ਬਚਪਨ ਦਾ ਬੁੱਧ ਸਿੰਘ ਤੀਖਣ ਬੁੱਧੀ ਦਾ ਮਾਲਕ ਸੀ , ਸਮੇਂ ਤੇ ਵਿਅਕਤੀ ਦੀ ਪਹਿਚਾਨ ਕਰਨ ਤੋਂ ਇਲਾਵਾ ਉਹ ਇਕ ਪੂਰਨ ਗੁਰਸਿੱਖ , ਨਿਮਰਤਾ ਵਾਲਾ ,ਦਿਆਵਾਨ , ਦਿਆਲੂ ਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਸੀ । ਮਹਾਰਾਜੇ ਰਣਜੀਤ ਸਿੰਘ ਵਿਚ ਪ੍ਰਬੰਧਕੀ ਯੋਗਤਾ ਅਤੇ ਜਰਨੈਲਾਂ ਵਾਲੇ ਸਾਰੇ ਗੁਣ ਸਨ।
 ਗਣੇਸ਼ ਦਾਸ ਬਡਹੇਰਾ ਲਿਖਦਾ ਹੈ ਕਿ “ਅਜਿਹੇ ਗੁਣ ਇੱਕੋ ਵਿਅਕਤੀ ਵਿਚ ਮਿਲਣੇ ਮੁਸ਼ਕਲ ਹਨ”। ਉਹ ਆਪਣੇ ਦਰਬਾਰੀ ਮਸਲਿਆਂ ਪ੍ਰਤੀ ਬੜਾ ਸੰਜੀਦਾ ਅਤੇ ਗੰਭੀਰ ਸੀ। ਉਸ ਦੇ ਦਰਬਾਰ ਵਿਚ ਬਿਨਾਂ ਉਸ ਦੀ ਆਗਿਆ ਕਿਸੇ ਨੂੰ ਗੱਲ ਕਹਿਣ ਦਾ ਅਧਿਕਾਰ ਨਹੀਂ ਸੀ। ਉਹ ਸਮਕਾਲੀ ਹਾਕਮਾਂ ਵਾਂਗ ਸ਼ਾਹੀ ਠਾਠ ਨਾਲ ਦਰਬਾਰ ਨਹੀਂ ਸਜਾਉਂਦਾ ਸੀ। ਉਸ ਦਾ ਦਰਬਾਰ ਬੜਾ ਸਾਦਾ ਹੁੰਦਾ ਅਤੇ ਉਹ ਪਹਿਰਾਵਾ ਵੀ ਸਾਦਾ ਹੀ ਪਹਿਨਣਾ ਪਸੰਦ ਕਰਦਾ ਸੀ। ਪਰ ਉਸ ਦੀ ਇੱਛਾ ਹੁੰਦੀ ਕਿ ਉਸ ਦੇ ਦਰਬਾਰੀ ਸੋਹਣੇ ਵਸਤਰਾਂ ਅਤੇ ਗਹਿਣਿਆਂ ਨਾਲ ਸਜੇ ਹੋਣ । ਕੋਈ ਵੀ ਬਾਹਰੀ ਪੰਜਾਬ ਆਉਂਦਾ ਤਾਂ ਰਣਜੀਤ ਸਿੰਘ ਨੂੰ ਜ਼ਰੂਰ ਮਿਲਦਾ। ਮਹਾਰਾਜੇ ਨੂੰ ਮਿਲੇ ਬਿਨ੍ਹਾਂ ਆਪਣੀ ਯਾਤਰਾ ਅਧੂਰੀ ਸਮਝਦਾ। ਮਹਾਰਾਜਾ ਬਹੁਤ ਕਮਾਲ ਦੀ ਖਾਤਰਦਾਰੀ ਕਰਦਾ। ਉਹ ਕਿਸੇ ਵੀ ਬਾਹਰੋਂ ਆਉਣ ਵਾਲੇ ਨਾਲ ਪੂਰੇ ਸਤਿਕਾਰ ਨਾਲ ਪੇਸ਼ ਆਉਂਦਾ ਅਤੇ ਹੋਰਨਾਂ ਨੂੰ ਵੀ ਕਿਸੇ ਤਰਾਂ ਦੀ ਬਦਸਲੂਕੀ ਕਰਨ ਦੀ ਇਜਾਜ਼ਤ ਨਹੀਂ ਸੀ। 1837 ਈਸਵੀ ਵਿਚ ਈਸਟ ਇੰਡੀਆ ਕੰਪਨੀ ਦਾ ਕਮਾਂਡਰ-ਇਨ-ਚੀਫ਼ ਪੰਜਾਬ ਆਉਂਦਾ ਹੈ ਉਹ ਮਹਾਰਾਜੇ ਪ੍ਰਤੀ ਇਹ ਸ਼ਬਦ ਲਿਖਦਾ ਹੈ ਕਿ “ਪੰਜਾਬ ਦੀ ਸਾਡੀ ਸਾਰੀ ਯਾਤਰਾ ਸਮੇਂ ਰਣਜੀਤ ਸਿੰਘ ਦੇ ਅਤਿ ਮਿਹਰਬਾਨ ਸੁਭਾਅ ਅਤੇ ਉਸ ਦੀ ਅਤਿ ਦਿਆਲਤਾ ਤੋਂ ਸਾਨੂੰ ਨਿਸ਼ਚਾ ਹੋ ਗਿਆ ਕਿ ਇਹ ਉਸ ਦਾ ਅਸਲ ਚਰਿੱਤਰ ਹੈ ਸਭ ਮੌਕਿਆਂ ਤੇ ਬਿਨਾਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀਆਂ ਇਸ ਹਾਕਮ ਦੀ ਅੱਖੜ ਪਰਜਾ ਇਸ ਦੀ ਪੂਰਨ ਅਧੀਨਗੀ ਵਿਚ ਰਹਿੰਦੀ ਹੈ”।
ਆਪਣੀ ਮੌਤ ਅਤੇ ਬੇਹੋਸ਼ੀ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਜ਼ਦੀਕੀ, ਰਿਸ਼ਤੇਦਾਰੀਆਂ ਅਤੇ ਦਰਬਾਰੀਆਂ ਨੂੰ ਬੰਬੋਧਿਤ ਕਰਦੇ ਹੋਏ ਆਖਿਆ ਸੀ “ ਬਹਾਦਰ ਖ਼ਾਲਸਾ ਜੀ,ਆਪ ਨੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਜੋ ਅਣਥੱਕ ਘਾਲਣਾਵਾਂ ਘਾਲੀਆਂ ਹਨ, ਅਤੇ ਆਪਣੇ ਲਹੂ ਦੀਆਂ ਜੋ ਨਦੀਆਂ ਵਹਾਈਆਂ ਹਨ ,ਉਹ ਨਿਸਫ਼ਲ ਨਹੀਂ ਗਈਆਂ । ਇਸ ਸਮੇਂ ਅਪਣੇ ਆਲੇ - ਦੁਆਲੇ ਜੋ ਕੁੱਝ ਦੇਖ ਰਹੇ ਹੋ , ਸਭ ਕੁੱਝ ਆਪ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਦਾ ਫਲ ਹੈ । ਮੈੰ ਗੁਰੂ ਤੇ ਆਪ ਦੇ ਭਰੋਸੇ ਇਕ ਸਾਧਾਰਨ ਪਿੰਡ ਤੋਂ ਉੱਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ,ਸਿੰਧ ਦੀਆਂ ਕੰਧਾਂ ਤਕ ਖ਼ਾਲਸੇ ਦਾ ਰਾਜ ਸਥਾਪਤ ਕਰ ਦਿੱਤਾ ਹੈ। ਹੁਣ ਕੁੱਝ ਹੀ ਦਿਨਾਂ ਦਾ ਮੇਲਾ ਹੈ , ਥੋੜ੍ਹੇ ਸਮੇ ਤਕ ਮੈੰ ਆਪ ਤੋਂ ਸਦਾ ਵਾਸਤੇ ਵਿਦਾ ਹੋ ਜਾਵਾਂਗਾ ।  ਮੈਥੋਂ ਜੋ ਕੁੱਝ ਸਰ ਆਈ ਏ, ਤੁਹਾਡੀ ਸੇਵਾ ਕਰ ਚੱਲਿਆ, ਹੰਨੇ - ਹੰਨੇ ਦੀ ਸਰਦਾਰੀ ਦੇ ਮਣਕੇ ਭੰਨ ਕੇ ਇਕ ਕੈਂਠਾ ਬਣਾ ਦਿਤਾ ਹੈ । ਇਕ ਲੜੀ ਵਿਚ ਪਰੁੱਚੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ, ਨਿਖੜ ਜਾਓਗੇ ਤਾਂ ਮਾਰੇ ਜਾਓਗੇ ਪਿਆਰੇ ਖ਼ਾਲਸਾ ਜੀ ਤੁਹਾਡੀ ਤੇਗ਼ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ । ਡਰ ਹੈ ਤਾਂ ਇਸ ਗੱਲ ਦਾ ,ਕਿ ਕਿਤੇ ਇਹ ਤੇਗ਼ ਤੁਹਾਡੇ ਆਪਣੇ ਘਰ ਨਾ ਖੜਕਣ ਲੱਗ ਪਵੇ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ , ਜਿਸ ਵਿੱਚ ਜ਼ਮਾਨੇ ਦੀ ਨੀਤੀ ਛੁਪੀ ਹੋਈ ਹੈ, ਸਦਾ ਪਤਾਸਿਆਂ ਵਾਂਗ ਘੁਲ ਮਿਲ ਕੇ ਰਹਿਣਾ, ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖਤ ਤੇ ਤੇਜ਼ ਵੀ ਹੋ ਜਾਇਓ , ਗਰੀਬ ਦੁਖੀਆਂ ਦੀ ਢਾਲ ਅਤੇ ਜ਼ਾਲਮ ਦੇ ਸਿਰ ਤੇ ਤਲਵਾਰ ਬਣ ਕੇ ਚਮਕਿਓ,  ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ, ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ , ਸਿੱਖਾਂ ਦੇ ਝੰਡੇ ਸਦਾ ਉੱਚੇ ਰਹਿਣ,  ਮੇਰੀ ਅੰਤਿਮ ਇੱਛਾ ਹੈ । ਓਪਰੇ ਜੇ ਪੰਜਾਬ ਦੀ ਧਰਤੀ ਤੇ' ‘ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ,  ਗੈਰਾਂ ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ , ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ, ਹੁਣ ਹੋਰ ਵਧੇਰੇ ਕਹਿਣ ਦਾ ਸਮਾਂ ਨਹੀਂ ਹੈ। ਇਸ ਤੋਂ ਬਾਦ ਸ਼ੇਰੇ ਪੰਜਾਬ ਬੇਹੋਸ਼ ਹੋ ਗਏ ।ਸ਼ੇਰੇ ਪੰਜਾਬ ਦੇ ਅੱਖਾਂ ਮੀਟ ਦਿਆਂ ਹੀ ਅੰਗਰੇਜ਼ ਨੇ ਦਸ ਸਾਲ ਤੋਂ ਵੀ ਘੱਟ ਸਮੇਂ ਵਿੱਚ ਖਾਲਸਾ ਰਾਜ ਤਬਾਹ ਕਰਨ , ਮਹਾਰਾਜਾ ਸਾਹਿਬ ਦੇ ਪਰਿਵਾਰ ਦਾ ਕਤਲ ਕਰਵਾਉਣ , ਕੈਦ ਕਰਨ ਜਾਂ ਧਰਮ ਪਰਿਵਰਤਨ ਤੱਕ ਹੀ , ਸੀਮਿਤ ਨਾ ਰਹਿ ਕੇ , ਹਲੇਮੀ ਰਾਜ ਦੇ ‘’ਸਭੈ ਸਾਂਝੀਵਾਲ ਸਦਾਇਣ’’  ਦੇ ਸੁਨਹਿਰੀ ਅਸੂਲ ਸਮਾਪਤ ਕਰ “ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ “ ਵਾਲੇ ਰਾਜ ਨੂੰ ਫਿਰਕੂ ਤੌਰ ਤੇ ਵੰਡਣ ਦਾ ਕੰਮ ਕੀਤਾ । ਖਾਸ ਤੌਰ ਤੇ ਅੰਗਰੇਜ ਦਾ ਜ਼ੋਰ ਹਿੰਦੂ ਤੇ ਸਿੱਖਾਂ ਵਿਚ ਦਰਾਰ ਪਾਉਣ ਵੱਲ ਸੀ ਤਾਂ ਜੋ ਭਾਰਤੀ ਫੇਰ ਇਕੱਠੇ ਹੋ ਉਸ ਲਈ ਚਣੋਤੀ ਖੜੀ ਨਾ ਕਰਨ , ਇਸ ਦੀ ਗਵਾਹੀ ਅੰਗਰੇਜ ਅਧਿਕਾਰੀਆਂ ਦੀਆਂ ਲਿਖਤਾਂ ਭਰਦੀਆਂ ਹਨ ।
   1849 ਈ ਤੋਂ ਬਾਅਦ ਬਹੁਤੇ ਸਿੱਖ ਸਰਦਾਰਾਂ ਨੇ, ਆਪਣੇ ਆਪ ਨੂੰ ਸ਼ਰੀਰਕ ਤੇ ਮਾਨਸਿਕ ਰੂਪ ਵਿਚ ਅੰਗਰੇਜ਼ ਦੇ ਗੁਲਾਮ ਮੰਨ ਲਿਆ । ਹੈਰਾਨੀ ਦੀ ਗੱਲ ਹੈ ਕਿ ਪਿੰਡ ਦੇ ਸਿੱਖ ਜਿੰਮੀਦਾਰ, ਆਪਣੇ ਪਿੰਡ ਦੇ ਮੈਜਿਸਟ੍ਰੇਟ ਤੇ ਰਾਜੇ ਦੇ ਖ਼ਿਤਾਬ ਪ੍ਰਾਪਤ  ਕਰ ਆਪਣੀ ਤੁਲਨਾ ਰਾਜਿਆਂ ਨਾਲ ਕਰਨ ਲੱਗ ਪਏ ਤੇ ਅੱਜ ਵੀ ਰਾਜਕੁਮਾਰ ਨੂੰ ਕਲੱਬ ਦੇ ਮੈਂਬਰ ਹੋਣ ਦਾ ਦਾਅਵਾ ਕਰ,  “ਏਕ ਪਿਤਾ ਏਕਸ ਕੇ ਹਮ ਬਾਰਿਕ “ ਦਾ ਸਿਧਾਂਤ ਛੱਡ ,ਆਪਣੇ ਆਪ ਨੂੰ ਦੂਜਿਆਂ ਸਿੱਖਾਂ ਦੇ ਬਰਾਬਰ ਨਹੀਂ ਸਮਝਦੇ, ਨਾ ਹੀ ਆਪਣੇ ਬਜ਼ੁਰਗਾਂ ਵੱਲੋਂ, ਕੌਮ ਨਾਲ ਕੀਤੀ ਗਦਾਰੀ ਤੇ ਅੰਗਰੇਜ਼ ਦੀ ਬੇਲੋੜੀ ਗ਼ੁਲਾਮੀ ਲਈ , ਸ਼ਰਮਿੰਦਾ ਹੋਣ ਦੀ ਹੀ ਹਿੰਮਤ ਹੀਂ ਰੱਖਦੇ ਹਨ, ਬਲਿਕ ਆਪਣੇ ਰਜਵਾੜੇ ਪਣੇ ਦੀ ਧੋਂਸ ਲੋਕਤੰਤਰ ਵਿੱਚ ਵੀ ਬਣਾਈ ਰੱਖਣਾ ਚਾਹੁੰਦੇ ਹਨ । ਸਭ ਤੋਂ ਵੱਡੀ ਸਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ , ਉਸ ਦੀ ਨਿਮਰਤਾ , ਬਹਾਦੁਰੀ , ਖੁਸ਼ਹਾਲੀ ਤੇ ਧਰਮ ਨਿਰਪੇਖਤਾ ਦੀ ਗੱਲ ਤਾਂ ਸਿੱਖ ਹਰ ਸਮੇਂ ਕਰਦੇ ਹਨ , ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ,ਮਹਾਰਾਣੀ ਜਿੰਦ ਕੌਰ ਤੇ ਮਹਾਰਾਜ ਦਲੀਪ ਸਿੰਘ ਦੀ ਸਹਾਇਤਾ ਲਈ ਕੋਈ ਸਿੱਖ ਅੱਗੇ ਨਹੀਂ ਆਇਆ । ਕੇਵਲ ਇਹ ਹੀ ਨਹੀਂ , ਰਾਜਕੁਮਾਰੀ ਬੰਬਾਂ ਤੇ ਰਾਜ ਕੁਮਾਰੀ ਸੋਫੀਆ ਜੋ ਭਾਰਤ ਆਈਆਂ ਸਨ, ਨਾਲ ਕਿਸੇ ਸਿੱਖ ਸਰਦਾਰ ਨੇ ਵਿਆਹ ਕਰਨ ਦੀ ਹਿੰਮਤ ਵੀ ਨਹੀਂ ਕੀਤੀ । ਰਾਜ ਕੁਮਾਰੀ ਬੰਬਾ ਜੋ 1957 ਤੱਕ ਲਾਹੌਰ ਰਹੀ ਨੂੰ ਕਿਸੇ ਕੌਮ ਨੂੰ ਸੇਧ  ਦੇਣ ਜਾ ਅਗਵਾਈ ਕਰਨ ਲਈ ਬੇਨਤੀ ਨਹੀਂ ਕੀਤੀ , ਜਦੋਂ ਕਿ ਉਹ ਭਾਰਤ ਦੇ ਆਜ਼ਾਦੀ ਘੁਲਾਟੀਅੇ ਲਾਲਾ ਲਾਜਪਤ ਰਾਏ ਸਮੇਤ ਅਨੇਕਾਂ ਆਗੂਆਂ ਨੂੰ ਮਿਲਦੀ ਤੇ ਸਹਾਇਤਾ ਕਰਦੀ ਰਹੀ ਸੀ । ਸਿੱਖ ਧਾਰਮਿਕ ਆਗੂਆਂ ਨੇ  ਉਸਨੂੰ ਮੁੜ ਸਿੱਖ ਧਰਮ ਵਿੱਚ ਪਰਤਣ ਲਈ ਵੀ ਬੇਨਤੀ ਨਹੀਂ ਕੀਤੀ । ਰਾਜ ਕੁਮਾਰੀ ਸੋਫੀਆ ਤਾਂ ਆਪਣਾ ਧਰਮ ਸਿੱਖ ਹੀ ਲਿਖਦੀ ਸੀ ਤੇ ਔਰਤਾਂ ਦੇ ਅਧਿਕਾਰਾਂ ਨਈ ਬਰਤਾਨੀਆ ਵਿੱਚ ਸੰਘਰਸ਼ ਕਰਦੀ ਰਹੀ ਸੀ । ਸੱਚ ਤਾਂ ਇਹ ਹੈ ਕਿ ਕਿਸੇ ਵੀ ਸਿੱਖ ਆਗੂ ਤੇ ਸੰਸਥਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਦ ਉਸ ਦੇ ਪਰਿਵਾਰ ਨੂੰ ਨਾ ਹੀ ਕਬੂਲਿਆ ਤੇ ਨਾ ਹੀ ਸਹਾਇਤਾ ਕੀਤੀ । 1849 ਈ ਤੋਂ 1920 ਈ ਦਰਮਿਆਨ ਬਾਬਾ ਬਿਕਰਮ ਸਿੰਘ ਬੇਦੀ , ਬਾਬਾ ਮਹਾਰਾਜ ਸਿੰਘ , ਠਾਕੁਰ ਸਿੰਘ ਸੰਧਾਵਾਲੀਆ ਆਦਿ ਨੇ ਕੁਝ ਵਿਅਕਤੀਗਤ ਯਤਨ ਕੀਤੇ , ਪਰ ਅੰਗਰੇਜ਼ ਤੇ ਉਸਦੇ ਖੁਫੀਆ ਤੰਤਰ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ । ਗੁਰਦੁਆਰਾ ਸੁਧਾਰ ਲਹਿਰ ਦੇ ਸਿੱਖ ਆਗੂ ਕਾਂਗਰਸ ਨਾਲ ਇਕਮਿਕ ਸਨ ਤੇ ਅੰਗਰੇਜ ਨੇ ਵੀ ਆਪਣੇ ਹਮਾਇਤੀ ਸਿੱਖ ਆਗੂਆਂ ਦੀ ਵੱਡੀ ਜਮਾਤ ਤਿਆਰ ਕਰ ਲਈ ਸੀ , ਜਿੰਨਾ ਰਾਜਨੀਤੀ ਵਿੱਚ ਦੂਜੇ ਸਿੱਖਾਂ ਨੂੰ ਅਗੇ ਨਹੀ ਆਉਣ ਦਿੱਤਾ । ਅਜ਼ਾਦੀ ਤੋਂ ਬਾਦ ਵੀ ਉਹੀ ਅੰਗਰੇਜ ਪ੍ਰਸਤ ਫੇਰ ਅੱਗੇ ਹੋ ਗਏ , ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬਹੁਤਾ ਸਮਾਂ ਇਕ ਹੀ ਰਾਜਨੀਤਿਕ ਪਾਰਟੀ ਦੇ ਪ੍ਰਭਾਵ ਹੇਠ ਪਿਛਲੇ ਸੋ ਸਾਲ ਤੋਂ ਵੱਧ ਸਮੇਂ ਤੋਂ ਹੈ , ਕੇਵਲ ਉਸ ਧੜੇ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਤੱਕ ਹੀ ਸੀਮਿਤ ਲੱਗਦੀ ਹੈ । ਹੋਰ ਮੁਕਾਮੀ ਤੇ ਉਸਦਾ ਖੇਤਰ ਵੀ ਪੁਰਾਨੇ ਪੰਜਾਬ ਤੱਕ ਹੀ ਸੀਮਿਤ ਰਿਹਾ ਹੈ । ਪ੍ਰਬੰਧਕ ਹੇਠ ਗੁਰਦੁਆਰਿਆਂ ਦੀ ਗਿਣਤੀ ਵੀ ਬਹੁਤ ਘੱਟ ਹੈ ,  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਭਾਵੇਂਂ ਕਿਸੇ ਸੂਬੇ ਵਿਚ ਹੀ ਹਨ ਕੇਵਲ ਆਪਣੇ  ਗੁਰਦੁਆਰੇ  ਤੱਕ ਹੀ ਸੀਮਿਤ ਹਨ ਇਸਤਰ੍ਹਾਂ ਇੱਕ ਪਿੰਡ ਤੇ ਸ਼ਹਿਰ ਵਿਚ ਹੀ ਗੁਰਦੁਆਰਿਆਂ ਦੇ ਪ੍ਰਬੰਧ ਕਾਰਨ ਸਿੱਖ ਵੰਡੇ ਨਜ਼ਰ ਆਉਂਦੇ ਹਨ ਅਤੇ ਇੱਕ ਮਰਿਯਾਦਾ ਜਾਂ ਨੀਤੀ ਨਾਲ ਬੱਝੇ ਨਾ ਹੋਣ ਕਾਰਨ, ਨਿੱਤਨੇਮ ਦਾ ਪ੍ਰਬੰਧ ਕਰਨ ਤੱਕ ਹੀ ਸੀਮਿਤ ਹਨ । ਮਨੁੱਖਤਾ ਦੀ ਸੇਵਾ ਦੇ ਧਾਰਨੀ ਹੋਣ ਕਾਰਨ ਉਹ ਸਮਾਜ ਵਿੱਚ ਇੱਜ਼ਤ ਤਾਂ ਕਮਾਉਂਦੇ ਹਨ , ਪਰ ਆਪਣੇ ਧਰਮ ਦੇ ਬੱਚਿਆਂ ਨੂੰ ਉੱਤਮ ਸਿੱਖਿਆ ਤੇ ਆਪਣੇ ਧਰਮ ਉਪਰ ਦਿ੍ੜ ਪੁਰਖਿਆਂ ਵਾਲੀ ਜੀਵਨ ਜਾਚ ਸਥਾਪਿਤ ਕਰਨ ਵਿੱਚ ਅਸਮਰਥ ਨਜ਼ਰ ਆਉਂਦੇ ਹਨ । ਪੰਜਾਬ ਤੋਂ ਬਾਹਰ ਤਾਂ ਸਿੱਖ ਰਾਜਨੀਤੀ ਵਿਚ ਬਹੁਤ  ਕਮਜੋਰ ਹਨ ,ਇਨ੍ਹਾਂ ਕਾਰਨਾਂ ਕਰਕੇ ਸਿੱਖ ਧਰਮ ਦਿਸ਼ਾ ਹੀਨ ਹੋ ਗਿਆ ਹੈ । 
 ਮਹਾਰਾਜਾ ਰਣਜੀਤ ਸਿੰਘ ਜੇ ਕਰ ਅੱਜ ਫੇਰੀ ਪਾਵੇ ਤਾਂ ਉਸਦੀ ਤੜਫਦੀ ਆਤਮਾ ਸਾਨੂੰ ਕੋਸੇਗੀ , ਪਰ ਅੱਜ ਉਸ ਦੀ ਲੋੜ ਕੌਮ ਨੂੰ ਹੈ ,ਕਿਉਕਿ ਉਹ ਆਵੇ ਤੇ ਵੇਖੇ ਕਿ, ਜੋ  ਹੰਨੇ ਹੰਨੇ ਦੇ ਮਣਕੇ ਜੋੜ ਕੇ ਉਸ ਨੇ ਮਾਲਾ ਪਰੋਈ ਸੀ , ਉਹ ਟੁੱਟ ਕੇ ਖਿਲਰ ਗਈ ਹੈ । ਸਿੱਖ, ਖੰਡੇ ਬਾਟੇ ਦੇ ਪਾਹੁਲ  ਪਿੱਛੇ ਛੁਪੀ ਗੁਰੂ  ਫਿਲਾਸਫੀ ਭੁੱਲ, ਆਪਸ ਵਿੱਚ ਹੀ ਖੰਡਾ ਖੜਕਾ ਰਹੇ ਹਨ । ਦੁਨੀਆ ਭਰ ਵਿੱਚ ਅੱਜ ਲੋਕ ਰਾਜ ਪ੍ਰਧਾਨ ਹੈ , ਮੁੜ ਸਰਕਾਰ ਖਾਲਸਾ ਵਰਗਾ ਪ੍ਰਭਾਵ ਲੋਕ ਰਾਜ ਵਿੱਚ , ਕਿਵੇ ਬਣੇ ਇਸ ਬਾਰੇ ਵੀ ਰਾਹ ਦੱਸੇ । ਅਤੇ ਨਿਮਾਣੇ ਸਿੱਖ ਵਾਂਗ ਜੀਵਨ ਜਿਉਣ ਦੀ ਜਾਚ ਫੇਰ ਪ੍ਰਗਟ ਕਰੇ । ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੋਂ ਸੇਧ ਲਈਏ ਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਯਤਨ  ਕਰੀਏ ।
ਚੈਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ 
ਭਾਰਤ ਸਰਕਾਰ 
9780003333

 

ਪੰਜਾਬ ਬਾਰੇ ਸਿਖ ਭਾਈਚਾਰਾ ਕੀ ਪਹੁੰਚ ਅਪਨਾਵੇ? - ਇਕਬਾਲ ਸਿੰਘ ਲਾਲਪੁਰਾ

ਕਿਸੇ ਵੀ ਸਮਾਜ ਵਿੱਚ ਪਿੰਡ ਪੱਧਰ ਤੋਂ ਪਾਰਲੀਮੈਂਟ ਤੱਕ ਦੀਆਂ ਚੋਣਾਂ ਜਿੱਤਣ , ਸਮਾਜ ਵਿੱਚ ਬਦਲਾਓ ਲਿਆਉਣ ਲਈ ਨੀਤੀ ਬਣਾਉਣ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾ ਤਾਂ ਕੰਮ ਆਤਮ- ਨਿਰਨੇ ਦਾ ਹੁੰਦਾ ਹੈ । ਮਕਸਦ ਜਾਂ ਮੰਤਵ ਚੋਣ ਜਿੱਤਣ ਦਾ ਹੈ, ਫੇਰ ਲੋਕਾਂ ਦੀ ਦੁਖਦੀ ਰੱਗ ਪਛਾਣਣ ਤੋਂ ਆਪਣੇ ਪਿਛਲੇ ਕੀਤੇ ਕੰਮ ਤੇ ਵਾਇਦਿਆਂ ਦੀ ਸੂਚੀ ਬਣਦੀ ਹੈ ।
ਫੇਰ ਚੋਣ ਜਿੱਤਣ ਲਈ ਤਾਂ ਰਾਜਨੀਤਿਕ ਪਾਰਟੀਆਂ ਤੇ ਹੋਰ ਉਮੀਦਵਾਰ , ਆਪਣਾ ਦ੍ਰਿਸ਼ਟੀਕੋਣ , ਮਨੋਰਥ ਪੱਤਰ ਤੇ ਲੰਮੇ ਚੌੜੇ ਵਾਇਦੇ ਕਰਦੇ ਹਨ । ਵੋਟਰ ਇਨ੍ਹਾਂ ਦੀ ਸਮੀਖਿਆ ਕਰਕੇ ਨਿਰਣਾ ਕਰਦਾ ਹੈ । ਫੇਰ ਉਮੀਦਵਾਰ ਤੇ ਪਾਰਟੀ ਦੀ ਚੋਣ ਕਰਕੇ ਜਿੱਤ-ਹਾਰ ਤੇ ਮੋਹਰ ਲਾ ਦਿੰਦਾ ਹੈ । ਕੀਤੇ ਵਾਇਦੇ ਪੂਰੇ ਹੋਣ ਜਾਂ ਨਾ ਹੋਣ ਦਾ ਫੈਸਲਾ ਅਗਲੀਆਂ ਵੋਟਾਂ ਸਮੇਂ ਪਤਾ ਲਗਦਾ ਹੈ ।
 ਨੀਅਤ ਚੋਣ ਜਿੱਤਣਾ ਹੈ, ਨੀਤੀ ਮਨੋਰਥ ਪੱਤਰ ਤੇ ਪੁਰਾਣੇ ਕੰਮਾਂ ਦੀ ਸੂਚੀ ਹੈ , ਪਰ ਲੋਕਾਂ ਨਾਲ ਵਾਇਦੇ ਕਰਨ ਵਾਲਾ ਆਗੂ ਬੇਦਾਗ਼ ਤੇ ਜ਼ੁਬਾਨ ਦਾ ਪੱਕਾ ਹੈ , ਅਜੇ  ਪਰਖਣ ਦਾ ਮੌਕਾ ਮਿਲਿਆ ਹੈ ਜਾਂ ਨਹੀਂ ਇਹ ਵੀ ਵੋਟਰ ਨੂੰ ਪ੍ਰਭਾਵਿਤ ਕਰਦਾ ਹੈ ।
  ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੈ ਤੇ ਕਾਬਲ ਦੇ ਜੰਮਿਆਂ ਨਿੱਤ ਮੁਹਿੰਮਾਂ ਵਾਲੀ ਗੱਲ ਕਾਰਨ ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਹਮਲਾਵਰਾਂ ਨਾਲ ਲੜਦਿਆਂ ਉੱਜੜਿਆ ਵੀ ਹੈ ਤੇ ਲਹੂ ਲੁਹਾਨ ਵੀ ਹੋਇਆ ਹੈ । ਪਰ ਦੋ ਸੋ ਸਾਲ ਤੋਂ ਵੱਧ ਸਿੱਖ ਗੁਰੂ ਸਾਹਿਬਾਨ ਦੀ ਅਣਖ ਨਾਲ ਜੀਉਣ ਦੀ ਗੁੜਤੀ ਕਾਰਨ 1799 ਤੋਂ 1839 ਈ ਤੱਕ ਗੁਰੂ ਸਾਹਿਬਾਨ ਦੇ ਸੰਕਲਪ ਹਲੇਮੀ ਰਾਜ ਤੇ ਬੇਗਮਪੁਰੇ ਨੂੰ ਪ੍ਰਗਟ ਕੀਤਾ ਜਿੱਥੇ ਸਿੱਖ ਹੀ ਨਹੀਂ ਹਿੰਦੂ ਤੇ ਮੁਸਲਮਾਨ ਆਦਿ ਹਰੇਕ ਭਾਈਚਾਰਾ ਵ ਖ਼ੁਸ਼ੀ ਖ਼ੁਸ਼ੀ ਵੱਸਦਾ ਸੀ । "ਰਾਜੇ ਚੁਲੀ ਨਿਆਵ ਕੀ" ਦੇ ਹੁਕਮ ਦੀ ਪਾਲਨਾ ਕਰਦੀਆਂ ਮਹਾਰਾਜਾ ਰਣਜੀਤ ਸਿੰਘ ਬਹਾਦੁਰ ਅੱਜ ਤੱਕ ਦੇ ਇਤਿਹਾਸ ਵਿੱਚ ਦੁਨੀਆ ਦਾ ਸਭ ਤੋਂ ਨਿਆਂਕਾਰੀ ਰਾਜਾ ਬਣਿਆ। ਰੋਜ਼ਗਾਰ ਲਈ ਦੁਨੀਆ ਭਰ ਤੋਂ ਲੋਕ ਇਸ ਰਾਜ ਵਿੱਚ ਨੌਕਰੀ ਕਰਨ ਆਉਂਦੇ ਸਨ । ਖੁਸ਼ਹਾਲੀ ਦਾ ਮਿਆਰ ਅੱਜ ਵੀ ਉਸਦਾ ਕੋਹੇਨੂਰ ਹੀਰਾ ਅੰਗਰੇਜ ਦੇ ਤਾਜ ਦਾ ਨੂਰ ਹੈ ।
 ਮਹਾਰਾਜਾ ਰਣਜੀਤ ਸਿੰਘ ਦਿੱਲੀ ਤੇ ਕਬਜ਼ਾ ਨਾ ਕਰੇ ਇਸ ਲਈ ਅੰਗਰੇਜ ਦੇ ਕੁਹਾੜੇ ਦਾ ਹੱਥਾ ਵੀ ਉਸ ਸਮੇਂ ਦੇ ਕੁਝ ਸਿੱਖ ਹੀ ਬਣੇ ਸਨ । ਫੇਰ ਤਾਂ ਅੰਗਰੇਜ਼ ਨੇ ਮਹਾਰਾਜਾ ਦੇ ਪਰਿਵਾਰ ਦਾ ਸਫਾਇਆ ਤੇ ਨਿਸ਼ਾਨ ਵੀ ਵੀ ਨਹੀ ਰਹਿਣ ਦਿੱਤਾ । ਅੰਗਰੇਜ਼ ਨੇ ਆਪਣੀ ਹੀ ਸਿੱਖ ਲੀਡਰਸ਼ਿਪ ਪੈਦਾ ਕਰ ਲਈ। ਸਿੰਘ ਸਭਾ ਲਹਿਰ ਜਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੇ ਬਰਾਬਰ ਅੰਗਰੇਜ ਕੋਲ ਸਿੱਖ ਰਾਜੇ ਰਜਵਾੜਿਆਂ ਤੇ ਵਿਕਾਊ ਜ਼ਮੀਰਾਂ ਵਾਲੇ ਅਹਿਲਕਾਰਾਂ ਦੀ ਵੱਡੀ ਗਿਣਤੀ ਸੀ । ਕਰੀਬ ਦਸ ਫੀਸਦੀ ਸਿੱਖ ਫ਼ੌਜ ਤੇ ਸਰਕਾਰੀ ਨੌਕਰੀ ਵਿੱਚ ਅੰਗਰੇਜ਼ ਲਈ ਲੜਨ ਮਰਨ ਲਈ ਤਿਆਰ ਸਨ ।
1920-25 ਵਿੱਚ ਅੱਗੇ ਆਏ ਸਿੱਖ ਆਗੂ ਆਰਥਿਕ ਤੇ ਕੂਟਨੀਤੀ ਵਿੱਚ ਪ੍ਰਪੱਕ ਨਾ ਹੋਣ ਕਾਰਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਛੱਡ ਕਾਂਗਰਸ ਦੀ ਕੁੱਛੜ ਵਿੱਚ ਜਾ ਬੈਠੇ। ਸਿੱਖ ਕਲਮਾਂ ਤਾਂ ਅੰਗਰੇਜ਼ ਦੇ ਹਵਾਲੇ ਸਨ । ਆਗੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀਆਂ ਨੂੰ ਪਿੱਛੇ ਕਰ ਹੋਰ ਧਨਾਢ ਸਿੱਖ ਆਗੂ ਅੱਗੇ ਕਰ ਲਏ । ਗੱਲ ਕੀ ਖੂਹ ਵਿੱਚੋਂ ਨਿਕਲ ਖਾਹੀ ਵਿੱਚ ਡਿਗ ਪਏ । ਅੰਗਰੇਜ਼ ਨੇ ਹਿੰਦੂ ਸਿੱਖ ਨੂੰ ਨਿਖੇੜ ਪੰਜਾਬ ਵਿੱਚ ਮਜਬੂਤ ਹੋਣ ਦਾ ਮਾਰਗ ਚੁਣਿਆ ਸੀ , ਸਿੱਖ ਆਗੂਆਂ ਨੇ  ਇਨ੍ਹਾਂ ਰਵਾਇਤੀ ਹਮਾਇਤੀਆਂ ਨਾਲ ਹੀ ਪੰਜਾਬ , ਪੰਜਾਬੀ ਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਦੀ ਥਾਂ ਦੁਫੇੜ ਪਾ ਲਿਆ । ਸਵਾਮੀ ਓੰਕਾਰਾਨੰਦ ਨੂੰ ਗੁਰਦਵਾਰਾ ਸੁਧਾਰ ਦੀ ਹਮਾਇਤ ਕਰਨ ਲਈ ਦੋ ਸਾਲ ਦੀ ਕੈਦ ਹੋਈ ਸੀ, ਉਸ ਦੇ ਹੋਰ ਕਿੰਨੇ ਸਾਥੀ ਨਾਲ ਸਨ, ਕੀ ਕਿਸੇ ਨੂੰ ਯਾਦ ਹਨ ?
 ਜੇਕਰ ਨੀਅਤ ਧਰਮ ਦੇ ਪ੍ਰਚਾਰ ਦੀ ਹੁੰਦੀ ਤਾਂ ਦੁਨੀਆ ਭਰ ਵਿੱਚ ਮੰਜੀਆਂ ਦੀ ਤਰਜ ਤੇ ਪ੍ਰਚਾਰਕ ਨਿਯੁਕਤ ਹੁੰਦੇ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਿਤ ਆਨੰਦ ਮਈ ਫਲਸਫੇ ਤੇ ਸਿੱਖ ਇਤਿਹਾਸ ਦੀ ਖੋਜ ਲਈ ਯੂਨੀਵਰਸਟੀਆਂ ਬਣਦੀਆਂ ।  ਬਦਲਾਓ ਕੇਵਲ ਇਹ ਆਇਆ ਕਿ ਗੁਰਦਵਾਰਾ ਪ੍ਰਬੰਧ  ਮਸੰਦਾਂ , ਮਹੰਤਾਂ ਤੋਂ ਬਾਦ ਇੱਕ ਰਾਜਸੀ ਧੜੇ ਹੱਥ ਆ ਗਿਆ ਜੋ ਪਹਿਲਾਂ ਅੰਗਰੇਜ਼ ਫੇਰ ਹੋਰ ਰਾਜਨੀਤਿਕ ਪਾਰਟੀਆਂ ਇਸ ਵਿਚ ਆਪਣੇ ਧੜੇ ਦੀ ਜਿੱਤ ਲਈ, ਸਿੱਧੇ ਤੇ ਅਸਿੱਧੇ ਢੰਗ ਨਾਲ ਦਖਲ ਦੇਣ ਲੱਗ ਪਈਆਂ ।
 ਧਰਮ  ਤੇ ਰਾਜਨੀਤੀ ਦਾ ਸੁਮੇਲ ਵੀ ਵਿਚਾਰ ਮੰਗਦਾ ਹੈ , ਖਾਲਸਾ ਅਕਾਲ ਪੁਰਖ ਦੀ ਫੌਜ ਹੈ , ਸੰਤ ਤੇ ਸਿਪਾਹੀ ਦਾ ਸੁਮੇਲ ਦੇਵਤਾ ਰੂਪ ਹੈ । 239 ਸਾਲ ਦੇ ਗੁਰੂ ਕਾਲ ਵਿਚ 21 ਲੜਾਈਆਂ ਜਿੱਤਣ ਉਪਰੰਤ ਵੀ ਗੁਰੂ ਸਾਹਿਬਾਨ ਨੇ ਸੰਸਾਰਿਕ ਰਾਜ ਹੋਂਦ ਵਿਚ ਨਹੀ ਲੈ ਕੇ ਆਉਂਦਾ, ਇਹ ਯੁੱਧ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਤੱਕ ਸੀਮਿਤ ਸਨ । ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਲੜਾਈਆਂ ਰਾਜ ਕਰਨ ਤੇ ਹਲੇਮੀ ਰਾਜ ਦਾ ਸੰਕਲਪ ਪ੍ਰਗਟ ਕਰਨ ਲਈ ਸਨ । ਨਿਰਮਲੇ , ਉਦਾਸੀ , ਖਾਲਸਾ ਚਰਿਤਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਖਾਲਸਾ ਬਨਣ ਲਈ ਪ੍ਰੇਰਿਤ ਕਰਦਾ ਸੀ ਭਾਵ ਪਾਰਸ ਤੋਂ ਪਾਰਸ ਬਨਣ ਦੀ ਗੁਰੂ ਮਰਿਯਾਦਾ ਲਾਗੂ ਸੀ ।
1849 ਤੋਂ 1947 ਈ ਤੱਕ ਅੰਗਰੇਜ ਨੇ ਧਰਮ ਪ੍ਰਚਾਰ ਦੀ ਸਿੱਖਾਂ ਨੂੰ ਵਿਉਂਤਬੰਦੀ ਨਹੀਂ ਕਰਨ ਦਿੱਤੀ , ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਧਰਮ ਪ੍ਰਚਾਰ ਲਈ ਨਹੀ ਗੁਰਦਵਾਰਾ ਪ੍ਰਬੰਧ ਲਈ ਬਣਾਈ ਗਈ ਸੀ। ਨਿਰਮਲੇ ਤੇ ਉਦਾਸੀ ਮਹੰਤ ਬਣ ਭ੍ਰਿਸ਼ਟਾਚਾਰ ਵਿਚ ਲਿਪਤ ਨਜ਼ਰ ਆਉਂਦੇ ਸਨ । ਜੋ ਪ੍ਰਥਾ ਅਜ਼ਾਦੀ ਤੋਂ ਬਾਦ ਵੀ ਨਜ਼ਰ ਆਉੰਦੀ ਹੈ ।
 ਗੱਲ ਨੀਅਤ , ਨੀਤੀ ਤੇ ਨੇਤਾ ਦੀ ਹੈ , ਜੇਕਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਨੀਅਤ ਹੈ , ਫੇਰ ਤਾਂ ਅਮਨ ਤੇ ਪੰਜਾਬੀਆਂ ਦਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਦੀ ਨੀਤੀ ਬਣਾਉਣੀ ਚਾਹੀਦੀ ਹੈ, ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਸਹਾਇਕ ਤੇ ਮਾਰਗ ਦਰਸ਼ਕ ਹੋ ਸਕਦੇ ਹਨ , ਦੂਜੇ ਸੂਬਿਆਂ ਵਿੱਚ ਰੋਜ਼ਗਾਰ ਲੱਭਿਆ ਜਾ ਸਕਦਾ ਹੈ। ਗਲਤੀਆਂ ਜਾਣੇ ਅਣਜਾਣੇ ਵਿੱਚ ਸਭ ਤੋਂ ਹੋਈਆਂ ਹਨ । ਜੇਕਰ ਨੀਅਤ ਰਾਜ ਕਰਨ ਦੀ ਸੀ ਤਾਂ ਹੀ  ਅੰਗਰੇਜ਼ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਪੰਜਾਬੀਆਂ ਨੂੰ ਮਾਂ ਬੋਲੀ ਤੇ ਹੀ ਵੰਡ ਦਿੱਤਾ ਸੀ , ਕਿਧਰੇ ਅਸੀਂ ਅੱਜ ਵੀ ਉੱਥੇ ਤਾਂ ਨਹੀਂ ਅਟਕੇ ਹੋਏ ? ਸਾਂਝਾ ਸਭਿਆਚਾਰ ਤੇ ਭਾਈਚਾਰਾ ਮਜ਼ਬੂਤ ਕਰਨ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਪਵੇਗਾ ।
◦  ਵਿਕਾਸ ਦੀ ਨੀਤੀ ਪੰਜਾਬੀ ਏਕਤਾ ਤੇ ਆਧਾਰਿਤ ਹੋਵੇ ਜਿਸ ਲਈ "ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ" ਤੇ "ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ" ਤੇ ਪ੍ਰੇਮ ਦਾ ਮਾਰਗ ਲੱਭ ਸਭ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਨੀਤੀ ਬਣਾਈਏ । ਕੇਂਦਰ ਸਰਕਾਰ ਨਾਲ ਟਕਰਾਅ ਛੱਡ , ਪਿਛਲੇ ਜ਼ਖ਼ਮਾਂ ਨੂੰ ਮਲਮ ਲਾਈਏ । ਪਿਛਲੀਆਂ ਹੋਈਆਂ ਗਲਤੀਆਂ ਤੇ ਦੁਫੇੜ ਤੇ ਪੜਦਾ ਪਾਈਏ ।
◦  ਗੱਲ ਹੁਣ ਨੇਤਾ ਦੀ ਹੈ , ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਨੂੰ ਇੱਕ ਮਜ਼ਬੂਤ ਦੇਸ਼ ਬਣਾ ਦਿੱਤਾ ਹੈ ਜੋ ਆਰਥਿਕ ਰੂਪ ਵਿੱਚ ਵਿਸ਼ਵ ਸ਼ਕਤੀ ਹੈ । ਦੁਨੀਆ ਰਾਜਨੀਤੀ ਲਈ ਵੀ ਭਾਰਤ ਦਾ ਪ੍ਰਭਾਵ ਮੰਨਦੀ ਹੈ , ਵੱਡੀ ਗੱਲ ਇਹ ਹੈ ਕਿ ਉਹ ਸਿੱਖ ਧਰਮ ਵਿੱਚ ਆਸਥਾ ਰੱਖਦੇ ਹਨ ਜੋ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਧਰਮ ਹੈ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਤੇ 1984 ਦੇ ਦਿੱਲੀ ਸਮੇਤ ਹੋਰ ਰਾਜਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਕਰਾਉਣ ਤੇ ਪੀੜਤਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਅਨੇਕ ਕੰਮ ਕੀਤੇ ਹਨ ਤੇ ਕਰਨਾ ਚਾਹੁੰਦੇ ਹਨ । ਯੋਜਨਾ ਤਾਂ ਗਲਬਾਤ ਰਾਹੀਂ "ਸੰਤਾ ਮਾਨਉ ਦੂਤਾ ਡਾਨਉ" ਦੀ ਗੁਰਮਤਿ ਦੀ ਨੀਤੀ ਰਾਹੀਂ ਪੰਜਾਬ ਵਿੱਚੋਂ ਨਸ਼ਾ, ਮਾਫੀਆ ਤੇ ਅਪਰਾਧੀਆਂ ਨੂੰ ਨੱਥ ਪਾ ਮੁੜ ਪੰਜਾਬ ਨੂੰ ਦੇਸ਼ ਦਾ ਇੱਕ ਨੰਬਰ ਸੂਬਾ ਬਣਾਈਏ , ਪੰਜਾਬ ਵਿੱਚ ਇਮਾਨਦਾਰ ਤੇ ਦੂਰ ਅੰਦੇਸ਼ ਆਗੂਆਂ ਦੀ ਕਮੀ ਨਹੀ  ਹੈ ।
ਚੇਅਰਮੈਨ, ਕੌਮੀ ਘਟਗਿਣਤੀ ਕਮਿਸ਼ਨ, ਭਾਰਤ ਸਰਕਾਰ
+91 97800 03333

ਅਮਨ ਸ਼ਾਂਤੀ ਤੇ ਵਿਕਾਸ ਚਾਹੁੰਦੇ ਹਨ ਪੰਜਾਬੀ । - ਇਕਬਾਲ ਸਿੰਘ ਲਾਲਪੁਰਾ


ਪੰਜਾਬ ਦੇ ਇਤਿਹਾਸਿਕ ਦੌਰ ਵਿੱਚ ਵਿਚਰਦਿਆਂ ਹੋਇਆਂ ਇਹ ਗੱਲ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਗੁਰੂ- ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (1839 ਈ.) ਤੱਕ ਕਦੇ ਵੀ ਹਿੰਦੂ-ਸਿੱਖ ਵੰਡ ਨਜ਼ਰ ਨਹੀਂ ਆਈ ਸੀ। ਮਹਾਰਾਜਾ ਸਾਰੇ ਪੰਜਾਬੀਆਂ ਦਾ ਸਾਂਝਾ ਸੀ। ਹਿੰਦੂ ਪਰਿਵਾਰ ਆਮ ਤੌਰ 'ਤੇ ਵੱਡੇ ਪੁੱਤਰ ਨੂੰ ਗੁਰੂ ਦੇ ਅਰਪਣ ਕਰ, ਖ਼ਾਲਸਾ ਸਾਜ, ਵੱਡਭਾਗੀ ਬਣਦੇ ਸਨ। ਸਿੱਖ ਧਰਮ ਇੱਕ ਨਿਵੇਕਲਾ ਨਿਰਮਲ ਧਰਮ\ ਪੰਥ ਹੈ, ਜਿਸ ਵਿੱਚ “ਮਾਨਵ ਕੀ ਜਾਤਿ ਸਭੈ ਏਕੋ ਪਹਿਚਾਨਬੋ” ਦੇ ਮਾਰਗ ‘ਤੇ ਚਲਦਿਆਂ, ਕਰਮਕਾਂਡਾਂ ਤੋਂ ਦੂਰ ਰਹਿ ਕੇ ਵੀ ਪ੍ਰਭੂ ਦੇ ਲੜ ਲੱਗਿਆ ਜਾ ਸਕਦਾ ਹੈ। ਗੁਰਬਾਣੀ ਆਪਣਾ ਸੰਦੇਸ਼ ਸੰਚਾਰਿਤ ਕਰਦਿਆਂ ਗੀਤਾ, ਵੇਦਾਂ ਅਤੇ ਪੁਰਾਣਾਂ ਵਿਚਲੇ ਕਈ ਵਿਚਾਰਾਂ ਦੀ ਪ੍ਰੋੜ੍ਹਤਾ ਵੀ ਕਰਦੀ ਹੈ ਅਤੇ ਉਸ ਨੂੰ ਜੀਵਨ ਵਿੱਚ ਅਪਣਾਉਣ ਦਾ ਆਦੇਸ਼ ਕਰਦੀ ਹੈ। ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ, ਮਨੁੱਖਤਾ ਦਾ ਪਹਿਰੇਦਾਰ/ਸੇਵਾਦਾਰ ਹੈ ਤੇ ਸੰਤ-ਰੂਪ ਹੈ।
1839 ਈ. ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬੀਆਂ ਵਿੱਚ ਵੰਡ ਪਾਉਣ ਦਾ ਕੰਮ ਸ਼ੁਰੂ ਕੀਤਾ। ਮੁਸਲਮਾਨ ਜੋ ਖ਼ਾਲਸਾ ਰਾਜ ਦਾ ਹਿੱਸਾ ਤੇ ਵੱਡੇ ਅਹਿਲਕਾਰ ਵੀ ਸਨ, ਉਹ ਤਾਂ ਜਲਦੀ ਵੱਖਰੇ ਹੋਣਾ ਮੰਨ ਗਏ ਪਰ ਹਿੰਦੂ-ਸਿੱਖਾਂ, ਤੇ ਸਿੱਖਾਂ ਦੀ ਆਪਸ ਵਿੱਚ ਲੜਾਈ ਪਾਉਣ ਤੇ ਵੰਡਣ ਲਈ ਅੰਗਰੇਜ਼ ਨੂੰ ਮਿਹਨਤ ਕਰਨੀ ਤੇ ਨਵੀਂ ਨੀਤੀ ਅਪਣਾਉਣੀ ਪਈ। ਮਸਜਿਦਾਂ ਉਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਸੀ ਪਰ ਸਿੱਖ ਗੁਰਧਾਮਾਂ ਦਾ ਪ੍ਰਬੰਧ ਅੰਗਰੇਜ਼ਾਂ ਨੇ ਅਪਰੋਖ ਰੂਪ ਵਿਚ ਜ਼ਰੂਰ ਆਪਣੇ ਕੋਲ ਲੈ ਲਿਆ। ਨਿਰਮਲ ਪੰਥ ਵਿੱਚ ਅਨੇਕ ਡੇਰੇ ਤੇ ਬਾਬੇ ਨਜ਼ਰ ਆਉਣੇ ਸ਼ੁਰੂ ਹੋ ਗਏ। ਪਿੰਡ ਦੀ ਧਰਮਸਾਲ ਕੇਵਲ ਧਾਰਮਿਕ ਰੀਤੀ-ਰਿਵਾਜਾਂ ਤੱਕ ਸੀਮਿਤ ਹੋ ਗਈ। ਸ਼ੁਧੀਕਰਨ ਆਦਿ ਮੁਹਿੰਮਾਂ ਮੁਸਲਮਾਨ ਤੇ ਹਿੰਦੂਆਂ ਵਿਚ ਘਰ ਵਾਪਸੀ ਦੀ ਗੱਲ ਕਰਨ ਲੱਗੀਆਂ, ਜਿਸ ਨਾਲ ਸਿੱਖਾਂ ਤੇ ਵੀ ਵੱਡਾ ਅਸਰ ਹੋਇਆ। ਮਹਾਰਾਜਾ ਦਲੀਪ ਸਿੰਘ ਦੇ ਈਸਾਈ ਧਰਮ ਅਪਣਾਉਣ ਦੇ ਨਾਲ-ਨਾਲ ਤੇ ਸ. ਹਰਨਾਮ ਸਿੰਘ ਆਹਲੂਵਾਲੀਆ ਦਾ ਵੀ ਧਰਮ ਪਰਿਵਰਤਨ ਹੋਇਆ। ਧਾਰਮਿਕ ਰੂਪ ਵਿੱਚ ਅੰਗਰੇਜ਼ ਦਾ ਵਿਰੋਧ ਕਰਨ ਵਾਲਾ ਕੋਈ ਸਿੱਖ ਆਗੂ ਨਾ ਰਿਹਾ।
ਗੁਰਦੁਆਰਾ ਸੁਧਾਰ ਲਹਿਰ (1920-25 ਈ:) ਨੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਵਿੱਚ ਜਾਗ੍ਰਿਤੀ ਪੈਦਾ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਵੇਲੇ ਕਾਂਗਰਸ ਨਾਲ ਮਿਲਣ ਕਾਰਨ ਧਰਮ ’ਤੇ ਰਾਜਨੀਤੀ ਭਾਰੂ ਹੁੰਦੀ ਗਈ। ਆਜ਼ਾਦੀ ਤੋਂ ਬਾਅਦ ਪੰਜਾਬੀ ਬੋਲੀ ਤੇ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਦੋ ਪ੍ਰਮੁੱਖ ਧਰਮਾਂ/ਫ਼ਿਰਕਿਆਂ ਵਿੱਚ ਵੰਡ ਪਾਉਣ ਦਾ ਕਾਰਣ ਬਣੇ। ਮਹਾਂ-ਪੰਜਾਬ ਦੀ ਗੱਲ ਕਰਕੇ ਸ. ਪ੍ਰਤਾਪ ਸਿੰਘ ਕੈਰੋਂ ਕੇਂਦਰ ਦੀ ਕਾਂਗਰਸ ਸਰਕਾਰ ਦਾ ਵੱਡਾ ਆਗੂ ਬਣ ਗਿਆ। ਮਾਸਟਰ ਤਾਰਾ ਸਿੰਘ ਉਸ ਸਮੇਂ ਤੱਕ ਬੇਤਾਜ ਬਾਦਸ਼ਾਹ ਸੀ। ਉਹ ਪੰਜਾਬੀ ਭਾਸ਼ਾ ਤੇ ਪੰਜਾਬੀ ਸੂਬੇ ਦੀ ਮੰਗ ਨੂੰ ਛੱਡਣ ਲਈ ਤਿਆਰ ਨਹੀਂ ਸੀ, ਜਿਸ ਲਈ ਉਸ ਨੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਰਲੇਵਾਂ ਕਾਂਗਰਸ ਵਿੱਚ ਕਰ ਦਿੱਤਾ, ਪਰ ਪ੍ਰਾਪਤ ਕੁਝ ਨਹੀਂ ਹੋਇਆ।
ਕਾਂਗਰਸ ਸਭਿਆਚਾਰ ਵਿੱਚ ਪੱਲੇ ਤੇ ਵੱਡੇ ਹੋਏ ਬਹੁਤੇ ਅਕਾਲੀ ਆਗੂਆਂ ਨੇ ਕੌਮ ਦੀ ਥਾਂ ਨਿੱਜੀ ਸਵਾਰਥ ਅਤੇ ਪਰਿਵਾਰ ਨੂੰ ਹੀ ਅੱਗੇ ਰੱਖਿਆ। ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਅੰਦੋਲਨ ਦੇ ਰਾਹ ਪਾਇਆ ਤੇ ਜਿੱਤ ਪ੍ਰਾਪਤ ਕਰ ਨਿੱਜੀ, ਜਾਤੀ ਲਾਭ ਤੱਕ ਹੀ ਸੀਮਿਤ ਰਹੇ। ਕੁਝ ਸਰਕਾਰੀ ਸਿਵਲ ਅਧਿਕਾਰੀ ਜੋ ਨੌਕਰੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਬਰਖ਼ਾਸਤ ਕਰ ਦਿੱਤੇ ਗਏ ਸਨ, ਨੇ ਵੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਵੱਡਾ ਰੋਲ ਅਦਾ ਕੀਤਾ। ਮਸਲੇ ਅੱਜ ਵੀ ਉਸੇ ਤਰ੍ਹਾਂ ਹੀ ਹਨ ਭਾਵੇਂ ਕਈ ਆਗੂ ਸਰਕਾਰ ਦਾ ਹਿੱਸਾ ਰਹੇ ਜਾਂ ਬਾਹਰ। ਮਸਲੇ ਖੜੇ ਕਰਨੇ ਪਰ ਹੱਲ ਕਰਨ ਵੱਲ ਪਹਿਲ ਨਾ ਕਰਨੀ ਸ਼ਾਇਦ ਸਿੱਖ ਰਾਜਨੀਤਿਕ ਆਗੂਆਂ ਵੱਲੋਂ ਸੱਤਾ ਪ੍ਰਾਪਤ ਕਰਨ ਦੀ ਨੀਤੀ ਰਹੀ। ਪੰਜਾਬ ਸਮਾਜਿਕ ਰੂਪ ਵਿੱਚ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ (1) ਸਿੱਖ ਕੌਮ ਨੂੰ ਮੰਨਣ ਵਾਲੇ ਵੱਡੀ ਗਿਣਤੀ ਵਿੱਚ ਹਨ (2) ਦੂਜਾ ਵੱਡਾ ਧਰਮ ਸਨਾਤਨੀਆਂ ਦਾ ਹੈ ਤੇ (3) ਤੀਜਾ ਰਵਿਦਾਸੀਆ ਤੇ ਮਜ੍ਹਬੀ ਸਿੱਖ ਭਾਈਚਾਰਾ ਵੀ ਆਪਸ ਵਿੱਚ ਵੰਡਿਆ ਹੋਇਆ ਹੈ। ਈਸਾਈ ਭਾਈਚਾਰੇ ਦੇ ਕੁਝ ਲੋਕਾਂ ‘ਤੇ ਧਰਮ ਪਰਿਵਰਤਨ ਕਰਾਉਣ ਦੇ ਦੋਸ਼ ਲਗਦੇ ਹਨ ਪਰ ਉਹ ਚੋਣ ਨਤੀਜੇ ਪ੍ਰਭਾਵਿਤ ਕਰਨ ਦੇ ਸਮਰੱਥ ਨਹੀਂ।
ਪਿਛਲੇ 45 ਸਾਲਾਂ ਤੋਂ ਸਿੱਖ ਧਰਮ ਤੇ ਹੋ ਰਹੇ ਹਮਲੇ ਜਾਂ ਦਖਲਅੰਦਾਜ਼ੀ ਦੀ ਗੱਲ ਬੜੇ ਜ਼ੋਰ ਸ਼ੋਰ ਨਾਲ ਹੁੰਦੀ ਆ ਰਹੀ ਹੈ ਪਰ ਸਿੱਖ ਧਾਰਮਿਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਧਰਮ ਪ੍ਰਚਾਰ ਦੀ ਵਿਉਂਤਬੰਦੀ ਕਿਧਰੇ ਨਜ਼ਰ ਨਹੀਂ ਆਉਂਦੀ। ਗੁਰੂ ਨਾਨਕ ਦਾ ਨਿਰਮਲ ਪੰਥ ਜਿੱਥੇ “ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆਂ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ” ਦੀ ਪੂਰਤੀ ਲਈ “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥” ਦਾ ਫਲਸਫਾ ਆਨੰਦ, ਇੱਜ਼ਤ, ਸੇਵਾ ਤੇ ਬਹਾਦੁਰੀ ਦਾ ਮਾਰਗ ਹੈ ਜਿਸ ਤੋਂ ਦੂਰ ਹੋ ਕੇ ਕੇਵਲ ਕਰਮਕਾਂਡੀ ਬਣੇ ਸਿੱਖ ਆਪਣੀ ਵਡਮੁੱਲੀ ਨਿਰਮਲ ਪਛਾਣ ਧੁੰਦਲੀ ਕਰ ਰਹੇ ਹਨ। ਜੇਕਰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖ਼ਾਲਸੇ ਦਾ ਸੁਮੇਲ ਹੋਏ ਤਾਂ ਪੰਜਾਬ ਦੀ ਧਰਤੀ ਸੋਨਾ ਉਗਲਦੀ, ਪਿਆਰ ਤੇ ਸੇਵਾ ਨਾਲ ਸਭ ਨੂੰ ਜੱਫੀ ਵਿੱਚ ਲੈਂਦੀ ਹੈ, ਫੇਰ ਕਿਸੇ ਹੋਰ ਨੂੰ ਕੋਈ ਵੱਖਰੀ ਗੱਲ ਕਰਕੇ ਬਿਖਰੇਵੇਂ ਖੜ੍ਹੇ ਕਰਨ ਦਾ ਮੌਕਾ ਨਹੀਂ ਮਿਲ ਸਕਦਾ।
ਜੁਲਾਈ 1982 ਵਿੱਚ ਪੰਜਾਬ ਵਿਚ ਇੱਕ ਵੱਡਾ ਅੰਦੋਲਨ ਖੜ੍ਹਾ ਹੋਇਆ ਜੋ ਭਾਈ ਅਮਰੀਕ ਸਿੰਘ ਤੇ ਠਾਰਾ ਸਿੰਘ, ਜੋ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀ ਸਨ, ਦੀ ਰਿਹਾਈ ਲਈ ਸੀ, ਪਰ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਰਾਜਸੀ ਰੰਗਤ ਦੇ ਕੇ ਧਰਮਯੁੱਧ ਮੋਰਚੇ ਵਿੱਚ ਤਬਦੀਲ ਕਰ ਦਿੱਤਾ। ਜਿਸ ਨਾਲ ਪੰਜਾਬ ਦੀਆਂ ਰਾਜਨੀਤਿਕ ਮੰਗਾਂ ਦੇ ਨਾਲ ਸਿੱਖ ਧਰਮ ਨਾਲ ਸੰਬੰਧਿਤ ਕੁਝ ਗੱਲਾਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਵਿੱਚ ਕੁਝ ਵੀ ਦੇਸ਼ ਵਿਰੋਧੀ ਨਹੀਂ ਸੀ, ਪਰ ਸਮਾਜ ਵਿਰੋਧੀ ਤੱਤਾ ਨੇ ਇਸ ਨੂੰ ਅਮਨ ਕਾਨੂੰਨ ਦੀ ਸਥਿਤੀ ਬਣਾ ਦਿੱਤਾ ਤੇ ਬਾਕੀ ਰਹਿੰਦੀ ਗੱਲ ਪਾਕਿਸਤਾਨ ਨੇ ਹਥਿਆਰ ਭੇਜ ਕੇ ਪੂਰੀ ਕਰ ਦਿੱਤੀ। ਜਿਸ ਵਿੱਚ ਪੰਜਾਬ ਅੱਜ ਤੱਕ ਸੜ ਰਿਹਾ ਹੈ। ਪਰ ਇਸ ਤੋਂ ਵੀ ਵੱਡਾ ਮੁੱਦਾ 10 ਅਕਤੂਬਰ 1983 ਨੂੰ ਸ. ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਦੇ ਅਮਨ ਕਾਨੂੰਨ ਨੂੰ ਕਾਬੂ ਨਾ ਰੱਖਣ ਕਾਰਨ ਡਿਸਮਿਸ ਕਰਨ ਨਾਲ ਸ਼ੁਰੂ ਹੁੰਦਾ ਹੈ, ਉਹ ਹੈ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਾਜ। ਪੰਜਾਬ ਦੇ ਚੰਗੇ ਅਫ਼ਸਰਾਂ ਨੂੰ ਪਿੱਛੇ ਹਟਾ ਕੇ ਬਾਹਰਲੇ ਰਾਜਾਂ ਤੇ ਕੇਂਦਰ ਤੋਂ ਲਿਆ ਕੇ ਅਫ਼ਸਰਾਂ ਦੇ ਹੱਥ ਕਮਾਨ ਸੌਂਪਣੀ ਜੋ ਪੰਜਾਬ ਦੇ ਸਭਿਆਚਾਰ ਤੇ ਬਿਲਕੁਲ ਅਣਜਾਣ ਸਨ।
ਪੰਜਾਬ ਨਾਲ ਲਗਦੇ 550 ਕਿੱਲੋਮੀਟਰ ਦੇ ਬਾਰਡਰ ਤੇ ਕੋਈ ਵੀ ਵੱਡਾ ਕਾਰਖ਼ਾਨਾ, ਕਾਰੋਬਾਰ ਤੇ ਰੁਜ਼ਗਾਰ ਦਾ ਸਾਧਨ ਨਹੀਂ ਹੈ। ਆਜ਼ਾਦੀ ਤੋਂ ਤੁਰੰਤ ਬਾਅਦ ਹੀ ਇੱਥੇ ਪਾਕਿਸਤਾਨ ਨਾਲ ਤਸਕਰੀ ਕਰਨ ਦਾ ਇੱਕ ਵੱਡਾ ਕਾਰੋਬਾਰ ਰਿਹਾ ਹੈ। ਡੰਗਰ, ਕੱਪੜਾ, ਅਫ਼ੀਮ, ਸੋਨਾ, ਚਾਂਦੀ, ਹਥਿਆਰ, ਹੈਰੋਈਨ, ਜਿਸ ਰਾਹੀਂ ਵੀ ਪੈਸੇ ਕਮਾਏ ਜਾ ਸਕਦੇ ਹਨ, ਉਹ ਕੰਮ ਬਾਰਡਰ ਤੇ ਬੈਠੇ ਲੋਕ ਕਰਦੇ ਹਨ। 1988 ਤੋਂ ਬਾਅਦ ਭਾਵੇਂ ਇੱਥੇ ਕੰਡਿਆਲੀ ਤਾਰ ਲਗਾਈ ਗਈ ਪਰ ਸਮਗਲਿੰਗ ਬੰਦ ਨਹੀਂ ਹੋਈ। ਪਹਿਲਾਂ ਇਹ ਸਮਗਲਰ ਅੱਤਵਾਦੀਆਂ ਨੂੰ ਹਥਿਆਰ ਲਿਆ ਕੇ ਦਿੰਦੇ ਸਨ ਤੇ ਆਪਣੇ ਲਾਭ ਲਈ ਨਸ਼ੇ ਦੀ ਤਸਕਰੀ ਵੀ ਕਰਦੇ ਸਨ। ਅੱਤਵਾਦ ਕਮਜ਼ੋਰ ਹੋਣ ਨਾਲ ਇਹ ਵੱਡੇ ਸਮਗਲਰ ਪੁਲਿਸ ਦੇ ਮੁਖ਼ਬਰ ਬਣ ਗਏ ਤੇ ਹੌਲੀ ਹੌਲੀ ਸਮਾਜ ਸੇਵੀ ਤੇ ਰਾਜਨੀਤੀ ਆਗੂਆਂ ਦੇ ਵੀ ਚਹੇਤੇ ਹੋ ਗਏ।
1992 ਤੱਕ ਲੱਗੇ ਰਾਸ਼ਟਰਪਤੀ ਰਾਜ ਤੇ ਕਮਜ਼ੋਰ ਸਰਕਾਰਾਂ ਕਾਰਨ ਲੈਂਡ ਮਾਫ਼ੀਆ, ਸੈਂਡ ਮਾਫ਼ੀਆ, ਨਸ਼ਾ ਮਾਫ਼ੀਆ, ਸ਼ਰਾਬ ਮਾਫ਼ੀਆ ਤੇ ਹਰ ਅਪਰਾਧ ਲਈ ਇਹ ਲੋਕ ਹੀ ਜ਼ਿੰਮੇਵਾਰ ਹਨ। ਇਹ ਗੱਠਜੋੜ ਪੁਲਿਸ ਤੇ ਰਾਜਨੀਤਿਕ ਆਗੂਆਂ ਨੂੰ ਵੀ ਲਪੇਟ ਵਿੱਚ ਲੈ ਕੇ ਬੈਠਾ ਹੈ ਤੇ ਇਸ ਦਾ ਸਬੂਤ ਪੰਜਾਬ, ਹਰਿਆਣਾ ਤੇ ਸੁਪਰੀਮ ਕੋਰਟ ਵਿੱਚ ਅਫ਼ਸਰਾਂ ਤੇ ਰਾਜਨੀਤਿਕ ਆਗੂਆਂ ਦੀਆਂ ਇੱਕ ਦੂਜੇ ਵਿਰੁੱਧ ਚੱਲਦੀਆਂ ਪਟੀਸ਼ਨਾਂ ਹਨ। ਜੇਕਰ ਪੜਚੋਲ ਕੀਤੀ ਜਾਵੇ ਤਾਂ ਪਿਛਲੇ 25-30 ਸਾਲ ਤੋਂ ਇਹਨਾਂ ਲੋਕਾਂ ਨੇ ਹੀ ਪੰਜਾਬ ਦੇ ਸਰਕਾਰੀ ਤੰਤਰ ਨੂੰ ਜਕੜਿਆ ਹੋਇਆ ਹੈ, ਜਿਸ ਕਾਰਨ ਆਮ ਆਦਮੀ ਦਾ ਵਿਸ਼ਵਾਸ ਸਰਕਾਰੀ ਤੰਤਰ ਤੋਂ ਉੱਠਦਾ ਜਾ ਰਿਹਾ ਹੈ। ਵੱਧ ਰਹੀ ਕਤਲੋਗਾਰਤ, ਲੁੱਟ ਖਸੁੱਟ ਤੋਂ ਨਿਜਾਤ ਪਾਉਣ ਲਈ ਪੰਜਾਬੀ ਤਾਂ ਬੁਲਡੋਜ਼ਰ ਰਾਜ ਦੀ ਮੰਗ ਕਰਦੇ ਨਜ਼ਰ ਆਉਂਦੇ ਹਨ। ਇੱਕ ਹੋਰ ਪੱਖ ਹੈ ਡੇਰਿਆਂ ਤੇ ਬਾਬਿਆਂ ਦੀ ਭਰਮਾਰ। ਰਾਜਸੀ ਆਗੂ ਤੇ ਸਮਾਜਸੇਵੀ ਵੀ ਲੋਕਾਂ ਤੋਂ ਪਿੱਛੇ ਹਟ ਕੇ ਆਪਣੀ ਗਤੀਵਿਧੀਆਂ ਇਹਨਾਂ ਨੂੰ ਖ਼ੁਸ਼ ਕਰਨ ਤੱਕ ਹੀ ਸੀਮਿਤ ਰੱਖਦੇ ਹਨ ਇਸ ਲਈ ਲੋਕਾਂ ਦੇ ਵਿਸ਼ਵਾਸ ਦੇ ਪਾਤਰ ਨਹੀਂ ਬਣ ਰਹੇ।
ਰਾਜੀਵ-ਲੌਂਗੋਵਾਲ ਸਮਝੌਤੇ ਤੋਂ ਬਾਅਦ ਲੋਕ ਪੰਜਾਬ ਵਿੱਚ ਇਨਸਾਫ਼, ਖ਼ੁਸ਼ਹਾਲੀ ਤੇ ਆਪਣੀ ਸਮੱਸਿਆਵਾਂ ਦੇ ਹੱਲ  ਲਈ ਕਦੇ ਖਾੜਕੂਆਂ ਵੱਲ ਦੇਖਦੇ ਰਹੇ, ਕਦੇ ਪੰਥਕ ਆਗੂਆਂ ਵੱਲ।  ਫਿਰ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖ਼ਾਤਮੇ ਲਈ ਕਾਂਗਰਸ ਦਾ ਖੂੰਡਾ ਤੇ ਹੱਥ ਵਿੱਚ ਗੁਟਕਾ ਸਾਹਿਬ ਉਨ੍ਹਾਂ ਨੂੰ  ਚੰਗਾ ਲੱਗਾ। ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਲੋਕਾਂ ਨੂੰ ਭਰਮਾਉਣ ਦਾ ਕੰਮ ਹੋ ਰਿਹਾ ਹੈ। ਰਾਜਨੀਤਿਕ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਜਿਸ ਵਿੱਚ ਬਹੁਤੇ ਲੋਕ ਜਿਨ੍ਹਾਂ ਨੇ ਪਿਛਲੇ 30-32 ਸਾਲਾਂ ਵਿੱਚ ਸਰਕਾਰੀ ਤੰਤਰ ਦਾ ਆਨੰਦ ਮਾਣਿਆ ਹੈ, ਫਸੇ ਲੱਗਦੇ ਹਨ, ਜੋ ਉਨ੍ਹਾਂ ਨੂੰ ਮਜਬੂਰ ਕਰਦਾ ਹੈ ਕਿ ਉਹ ਮੌਜੂਦਾ ਪੁਲਿਸ ਤੇ ਚੌਕਸੀ ਤੰਤਰ ਅੱਗੇ ਗੋਡੇ ਟੇਕ ਦੇਣ ਤੇ ਬਚਣ ਲਈ ਰਾਜ਼ੀਨਾਮਾ ਕਰਨ ਤੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰਨ। ਵਕਤ ਦੀ ਸਰਕਾਰ ਨੇ ਹਰ ਆਗੂ ਦੀ ਦੁਖਦੀ ਰਗਾਂ ਦੀ ਪਹਿਚਾਣ ਕੀਤੀ ਹੈ। ਜਦੋਂ ਉਸ ਵੱਲ ਇਸ਼ਾਰਾ ਹੁੰਦਾ ਹੈ ਤਾਂ ਆਗੂਆਂ ਦੀ ਆਵਾਜ਼ ਧੀਮੀ ਪੈ ਜਾਂਦੀ ਹੈ।
1920-25 ਈ: ਦੀ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸਿੱਖ ਆਗੂਆਂ ‘ਤੇ ਸਿੱਖਾਂ ਤੇ ਹੀ ਗੋਲੀ ਚਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹੋਣ। ਇਸੇ ਤਰ੍ਹਾਂ ਹੀ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਤੇ ਵਿਭਚਾਰ ਦੇ ਦੋਸ਼ ਵੀ ਮਹੰਤਾਂ ਵਾਂਗ ਹੀ ਪ੍ਰਬੰਧਕਾਂ ਤੇ ਲੱਗ ਰਹੇ ਹਨ। ਇਸ ਕਾਰਨ ਉਹ ਸਿੱਖ ਧਰਮ ਨੂੰ ਮੰਨਣ ਵਾਲਿਆਂ ਦਾ ਵਿਸ਼ਵਾਸ ਗੁਆ ਚੁੱਕੇ ਹਨ। ਖਾੜਕੂਵਾਦ ਤੇ ਖ਼ਾਲਿਸਤਾਨ ਦੀ ਗੱਲ ਕਰਨ ਵਾਲੇ ਮੁੱਠੀਭਰ ਲੋਕ ਹਨ। ਪੰਜਾਬੀ ਅਮਨ-ਅਮਾਨ ਅਤੇ ਖ਼ੁਸ਼ਹਾਲੀ ਦੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਅਜਿਹੇ ਮਾਹੌਲ ਨੂੰ ਸਿਰਜਣ ਲਈ ਪੰਜਾਬ ਦਾ ਰਾਜਸੀ ਪਿੜ ਗ਼ੈਰਹਾਜ਼ਰ ਹੈ।
ਪੰਜਾਬ ਦੀਆਂ ਆਰਥਿਕ ਸਮੱਸਿਆਵਾਂ ਸਭ ਦੀਆਂ ਸਾਂਝੀਆਂ ਹਨ। ਖੇਤੀ ਕਿਵੇਂ ਲਾਹੇਵੰਦ ਹੋਵੇ, ਕਾਰਖ਼ਾਨੇ ਕਿਵੇਂ ਆਉਣ, ਖੇਤੀ ਨਾਲ ਸੰਬੰਧਿਤ ਉਦਯੋਗ ਕਿਵੇਂ ਲੱਗਣ, ਇਸ ਲਈ ਰਾਜ ਤੇ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਹੈ। ਸਿੱਖ ਧਰਮ ਦੇ ਉਹ ਕੰਮ ਜਿਸ ਨਾਲ ਭਾਵਨਾਵਾਂ ਉਤਸ਼ਾਹਿਤ ਹੁੰਦੀਆਂ ਹੋਣ, ਉਸ ਬਾਰੇ ਸੰਬੰਧਿਤ ਰਾਜਾਂ ਨਾਲ ਤੇ ਵਿਅਕਤੀਆਂ ਨਾਲ ਵਿਚਾਰ ਵਟਾਂਦਰੇ ਰਾਹੀਂ ਹੱਲ ਹੋਣੇ ਚਾਹੀਦੇ ਹਨ। ਪਰ ਅਜੇ ਤੱਕ ਹੱਲ ਕਰਨ ਦੀ ਥਾਂ ਭਾਵਨਾਵਾਂ ਨੂੰ ਭੜਕਾਉਣ ਦਾ ਹੀ ਯਤਨ ਹੁੰਦਾ ਰਿਹਾ ਹੈ। ਪਰ ਇਹ ਕਦੇ ਸਫਲ ਨਹੀਂ ਹੋਇਆ ਕਿਉਂਕਿ ਸਮਾਜਿਕ ਰੂਪ ਵਿੱਚ ਪੰਜਾਬੀ ਇੱਕ ਦੂਜੇ ਦੇ ਨਾਲ ਰਿਸ਼ਤੇਦਾਰ ਵਾਂਗੂ ਵਿਚਰਦੇ ਹਨ, ਨਾ ਵਖਰੇਵਾਂ ਹੈ ਤੇ ਨਾ ਹੀ ਹੋ ਸਕਦਾ ਹੈ।ਪਿਛਲੇ 45 ਸਾਲਾਂ ਵਿੱਚ ਭਟਕਾਏ ਗਏ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ। ਇਸ ਲਈ ਸਭ ਨੂੰ ਉੱਦਮ ਕਰਨਾ ਚਾਹੀਦਾ ਹੈ। ਧਰਮ ਪ੍ਰਚਾਰ ਕਰਨਾ ਅਤੇ ਧਰਮ ਨੂੰ ਹਿਰਦੇ ਵਿੱਚ ਵਸਾਉਣਾ ਪਰਿਵਾਰਾਂ ਤੇ ਧਰਮ ਆਗੂਆਂ ਦਾ ਕੰਮ ਹੁੰਦਾ ਹੈ। ਪੰਜਾਬੀ ਨੌਜਵਾਨ ਕਿਉਂ ਧਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ, ਇਸ ਬਾਰੇ ਚਿੰਤਨ ਕਰਨ ਦੀ ਲੋੜ ਹੈ। ਇਸ ਬਾਰੇ ਗੁਰਬਾਣੀ ਦੇ ਸਿਧਾਂਤ ਪਾਰਸ ਰਾਹੀਂ ਪਾਰਸ ਬਣਨ ਦਾ ਹੈ, ਨਾ ਕਿ ਪੁਜਾਰੀਵਾਦ ਖੜ੍ਹਾ ਕਰਨ ਦਾ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਤੇ ਪੰਜਾਬੀਆਂ ਦੇ ਹਿਤਾਂ ਲਈ ਅਨੇਕਾਂ ਕੰਮ ਕੀਤੇ ਹਨ।ਸਹੀ ਸੋਚ ਵਾਲੇ ਉਨ੍ਹਾਂ ਨੂੰ ਸਿੱਖ ਕੌਮ ਦਾ ਮਸੀਹਾ ਵੀ ਮੰਨਦੇ ਹਨ। ਸਿੱਖਾਂ ਪ੍ਰਤੀ ਪ੍ਰਧਾਨ ਮੰਤਰੀ ਜੀ ਦੇ ਦਿਆਲਤਾ ਦੀ ਇੱਕ ਲੰਬੀ ਸੂਚੀ ਹੈ ਜੋ ਸ਼ਾਇਦ ਹੀ ਆਜ਼ਾਦੀ ਤੋਂ ਬਾਅਦ ਕਿਸੇ ਰਾਜਸੀ ਆਗੂ ਨੇ ਨਿਰਸਵਾਰਥ ਰੂਪ ਵਿੱਚ ਕੀਤੇ ਹੋਣ। ਬਾਕੀ ਰਹਿੰਦੇ ਕੰਮ ਉਨ੍ਹਾਂ ਦਾ ਧੰਨਵਾਦ, ਪ੍ਰਸ਼ੰਸਾ ਤੇ ਬੇਨਤੀ ਕਰਕੇ ਕਿਵੇਂ ਕਰਵਾਏ ਜਾਣ? ਇਹ ਸੁਨੇਹਾ ਆਮ ਪੰਜਾਬੀ ਦੇ ਕੋਲ ਕਿਵੇਂ ਪੁੱਜੇ ਤੇ ਪਿੰਡ ਦੀ ਸੱਥ ਵਿੱਚ ਚਰਚਾ ਕੌਣ ਕਰੇ? ਇਹ ਇੱਕ ਸਵਾਲ ਹੈ, ਜਿਹੜਾ ਲੋਕਾਂ ਦੇ ਮਨ ਨੂੰ ਟੁੰਬਦਾ ਹੈ। ਉਹ ਵਿਅਕਤੀ ਕਿਥੋਂ ਆਉਣ? ਜਿਹੜੇ ਪੰਜਾਬੀਅਤ ਦੀ ਗੱਲ ਕਰਦੇ ਹੋਣ, ਨਸ਼ਿਆਂ ਦੇ ਵਪਾਰੀਆਂ ਦੇ ਵਿਰੋਧੀ ਹੋਣ ਤੇ ਆਮ ਲੋਕਾਂ ਦੇ ਸੇਵਾਦਾਰ। ਲੋਕ ਇਨਸਾਫ਼ ਤੇ ਤਰੱਕੀ ਚਾਹੁੰਦੇ ਹਨ ਅਤੇ ਵਿਕਾਸ ਦਾ ਮਾਰਗ ਹੀ ਪੰਜਾਬੀਆਂ ਨੂੰ ਆਪਣੇ ਵੱਲ ਖਿੱਚੇਗਾ। ਪੰਜਾਬ ਵਿੱਚ ਨਾ ਚੰਗੇ ਲੋਕਾਂ ਦੀ ਕਮੀ ਹੈ, ਨਾ ਪਰਿਵਾਰਾਂ ਦੀ ਜੋ ਸਹੀ ਸੋਚ ਵਾਲੇ ਸੁਹਿਰਦ 117 ਐਮ.ਐਲ.ਏ. ਅਤੇ 13 ਮੈਂਬਰ ਪਾਰਲੀਮੈਂਟ ਦੀ ਚੋਣ ਕਰ ਸਕਣ। ਕੇਵਲ ਉਸ ਪਾਸੇ ਧਿਆਨ ਦੇਣ ਤੇ ਪੰਜਾਬੀਆਂ ਨੂੰ ਤਰੱਕੀ ਤੇ ਅਸਰ ਦਾ ਮਾਰਗ ਵਿਖਾਉਣ ਦੀ ਲੋੜ ਹੈ।

ਚੇਅਰਮੈਨ,
ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ
iqbalsingh_73@yahoo.co.in
ਮੋਬਾ: 9780003333