ਕੀ ਭਗਤ ਸਿੰਘ ਨੇ ਅਜਿਹਾ ਭਾਰਤ ਸੋਚਿਆ ਸੀ ? - ਨਵਨੀਤ ਅਨਾਇਤਪੁਰੀ
23 ਮਾਰਚ 2020 ਨੂੰ ਪੂਰੇ ਦੇਸ਼ ਦੇ ਨੌਜਵਾਨਾਂ ਦੇ ਨਾਇਕ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 89ਵਾਂ ਸ਼ਹੀਦੀ ਦਿਵਸ ਹੈ । ਜਦੋਂ ਵੀ ਭਗਤ ਸਿੰਘ ਦਾ ਸ਼ਹੀਦੀ ਦਿਵਸ ਆਉਂਦਾ ਹੈ ਤਾਂ ਸਾਡੇ ਸਾਰਿਆਂ ਦੀਆਂ ਨਿਗਾਹਾਂ ਫਿਰ ਤੋਂ ਸ. ਭਗਤ ਸਿੰਘ ਵੱਲ ਮੁੜਦੀਆਂ ਹਨ ।
ਰਾਜਨੀਤਿਕ ਤੌਰ ਤੇ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ । ਪਰ ਪੂਰਨ ਆਜ਼ਾਦੀ ਸਾਨੂੰ ਅੱਜ ਤੱਕ ਵੀ ਨਹੀਂ ਮਿਲੀ । ਜਿਸ ਸਮਾਜਵਾਦੀ ਦੇਸ਼ ਦੀ ਕਾਮਨਾ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਕੀਤੀ ਸੀ, ਉਹ ਭਾਰਤ ਹਾਲੇ ਤੱਕ ਬਣ ਹੀ ਨਹੀਂ ਪਾਇਆ । ਅੰਗਰੇਜ਼ ਚਲੇ ਗਏ ਪਰ ਕੁਝ ਮੁੱਠੀ ਭਰ ਸਾਮਰਾਜਵਾਦੀਆਂ ਨੇ ਹੁਣ ਤੱਕ ਸਾਨੂੰ ਗੁਲਾਮ ਬਣਾਇਆ ਹੋਇਆ ਹੈ । ਇਸ ਸੰਬੰਧੀ ਤਾਂ ਸ. ਭਗਤ ਸਿੰਘ ਨੇ ਆਪਣੀ ਮਾਤਾ ਜੀ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਸੀ," ਮਾਂ ਮੈਨੂੰ ਆਸ ਹੈ ਕਿ ਇੱਕ ਦਿਨ ਮੇਰਾ ਦੇਸ਼ ਆਜ਼ਾਦ ਹੋਵੇਗਾ, ਪਰ ਮੈਨੂੰ ਡਰ ਹੈ ਕਿ ਗੋਰੇ ਸਾਹਬਾਂ ਵੱਲੋਂ ਛੱਡੀ ਗਈ ਕੁਰਸੀ ਉੱਤੇ ਦੇਸੀ ਸਾਹਬ ਆ ਬੈਠਣਗੇ । ਲੋਕਾਂ ਦੇ ਦੁੱਖਾਂ, ਦਰਦਾਂ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ।" ਕਿੰਨਾ ਸੱਚ ਹੈ ਇਨ੍ਹਾਂ ਸਤਰਾਂ ਵਿੱਚ ਜੋ ਭਗਤ ਸਿੰਘ ਨੇ ਉਸ ਸਮੇਂ ਕਹੀਆਂ ਸਨ, ਉਸੇ ਤਰ੍ਹਾਂ ਹੀ ਹੋ ਰਿਹਾ ਹੈ । ਕੀ ਭਗਤ ਸਿੰਘ ਨੇ ਅਜਿਹਾ ਭਾਰਤ ਸੋਚਿਆ ਸੀ, ਜਿਸ ਵਿੱਚ ਸਿਆਸਤਦਾਨ ਆਪਣੀ ਗੰਧਲੀ ਸਿਆਸਤ ਨਾਲ ਭਾਰਤ ਨੂੰ ਪਿਛਾਂਹ ਧੱਕ ਰਹੇ ਹਨ । ਕਿਉਂਕਿ ਅੱਜ, ਵਿੱਦਿਆ ਦੀ ਜਿੰਮੇਵਾਰੀ, ਸਿਹਤ ਸੇਵਾਵਾਂ ਦੀ ਜਿੰਮੇਵਾਰੀ, ਰੁਜ਼ਗਾਰ ਦੀ ਜਿੰਮੇਵਾਰੀ, ਸੁਰੱਖਿਆ ਦੀ ਜਿੰਮੇਵਾਰੀ ਆਦਿ ਤੋਂ ਸਰਕਾਰ ਭੱਜ ਰਹੀ ਹੈ । ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਨੇ ਆਪਣੀਆਂ ਤਨਖਾਹਾਂ ਵਿੱਚ ਆਪਣੇ ਆਪ ਹੀ ਚੋਖਾ ਵਾਧਾ ਕਰ ਲਿਆ ਹੈ, ਪਰ ਇੱਕ ਮਜ਼ਦੂਰ ਦੀ ਘੱਟੋ ਘੱਟ ਉਜਰਤ 'ਚ ਵਾਧੇ ਬਾਰੇ ਉਨ੍ਹਾਂ ਨੂੰ ਕੋਈ ਸੋਚ ਨਹੀਂ ਕਿ ਇਹ ਮਜ਼ਦੂਰ ਅਜੋਕੇ ਸਮੇਂ ਵਿੱਚ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿੰਝ ਕਰੇਗਾ । ਹਰ ਆਮ ਭਾਰਤੀ ਦੀ ' ਕੁੱਲੀ, ਗੁੱਲੀ ਤੇ ਜੁੱਲੀ ' ਦੀ ਮੰਗ ਆਜ਼ਾਦੀ ਵੇਲੇ ਤੋਂ ਹੁਣ ਤੱਕ ਉਸੇ ਤਰ੍ਹਾਂ ਹੀ ਖੜ੍ਹੀ ਹੈ । ਭਾਵੇਂ ਅੱਜ ਭਾਰਤ 10,000 ਅਮੀਰ ਭਾਰਤੀਆਂ ਦਾ ਮੁਲਕ ਅਖਵਾਉਣ ਲੱਗ ਪਿਆ ਹੈ ।
ਉਹ ਭਾਰਤ ਜੋ ਕਿ ਆਉਂਦੇ ਸਾਲਾਂ ਵਿੱਚ ਵਿਸ਼ਵ ਦਾ ਸਭ ਤੋਂ ਵੱਧ ਜਵਾਨਾਂ ਵਾਲਾ ਦੇਸ਼ ਹੋਵੇਗਾ, ਭਾਵ ਨੌਜਵਾਨਾਂ ਦਾ ਦੇਸ਼ ਹੋਵੇਗਾ । ਪਰ ਕਿਹੜੇ ਨੌਜਵਾਨਾਂ ਦਾ, ਜਿਹੜੇ ਕਿ ਇਨ੍ਹਾਂ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਦਾ ਸ਼ਿਕਾਰ ਹੋਣਗੇ । ਜਿਵੇਂ ਕਿ ਹੁਣ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ ਸੜਕਾਂ ਤੇ ਪੁਲਿਸ ਦੀ ਖਿੱਚ ਧੂਹ ਤੇ ਕੁੱਟ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਆਉਂਦੇ ਸਾਲਾਂ ਵਿੱਚ ਭਾਰਤ ਵਿੱਚ ਨੌਜਵਾਨਾਂ ਦੀ ਦਸ਼ਾ ਬਹੁਤ ਮਾੜੀ ਹੋ ਜਾਵੇਗੀ । ਹੋ ਸਕਦਾ ਹੈ ਕਿ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਭਾਰੀ ਰੋਹ ਦਾ ਸਾਹਮਣਾ ਵੀ ਕਰਨਾ ਪਵੇ ।
ਪਰ ਭਗਤ ਸਿੰਘ ਨੇ ਤਾਂ ਸ਼ਾਇਦ ਹਮੇਸ਼ਾਂ ਸਮਾਜਵਾਦੀ ਰਾਸ਼ਟਰ ਦੀ ਗੱਲ ਕਹੀ ਸੀ, ਜਿਸ ਵਿੱਚ ਆਪਣਾ ਰਾਜ ਤੇ ਆਪਣੀ ਪ੍ਰਮੁੱਖਤਾ ਦੀ ਗੱਲ ਕਹੀ ਸੀ, ਸਭ ਦੇ ਬਰਾਬਰ ਹੋਣ ਦੀ ਤੇ ਸਭ ਨੂੰ ਰੁਜ਼ਗਾਰ ਮਿਲਣ ਦੀ ਗੱਲ ਕਹੀ ਸੀ, ਪਰ ਅੱਜ ਦੀ ਸਥਿਤੀਆਂ ਭਗਤ ਸਿੰਘ ਦੀ ਸੋਚ ਤੋਂ ਕੋਹਾਂ ਦੂਰ ਲੈ ਜਾਂਦੀਆਂ ਹਨ । ਕਿਉਂਕਿ 80 ਫੀਸਦੀ ਆਬਾਦੀ ਹਾਲੇ ਵੀ ਅਨਪੜ੍ਹਤਾ ਤੇ ਭੁੱਖਮਰੀ ਦਾ ਸ਼ਿਕਾਰ ਹੈ ।
ਭੇਦਭਾਵ ਉੱਤੇ ਟਿੱਪਣੀ ਕਰਦਿਆਂ ਵੀ ਭਗਤ ਸਿੰਘ ਨੇ ਕਿਹਾ ਸੀ ਕਿ," ਲੋਕ ਉਲਾਂਭਾ ਦਿੰਦੇ ਹਨ ਕਿ ਸਾਡੇ ਨਾਲ ਵਿਦੇਸ਼ਾਂ ਵਿੱਚ ਚੰਗਾ ਸਲੂਕ ਨਹੀਂ ਹੁੰਦਾ, ਪਰ ਉਹ ਆਪਣੇ ਹੀ ਦੇਸ਼ ਵਿੱਚ ਆਪਣੇ ਲੋਕਾਂ ਨਾਲ ਨਫਰਤ ਕਰਦੇ ਹਨ । ਦੋਗਲੀਆਂ ਗੱਲਾਂ ਇਕੱਠੀਆਂ ਕਿਵੇਂ ਚੱਲ ਸਕਦੀਆਂ ਹਨ ।" ਮਹਾਂਰਾਸ਼ਟਰ ਵਿੱਚ ਉੱਤਰ ਭਾਰਤੀਆਂ ਨਾਲ ਹੁੰਦਾ ਸਲੂਕ ਦੇਸ਼ ਵਿੱਚ ਹੀ ਖੇਤਰਵਾਦ ਨੂੰ ਵਧਾਵਾ ਦੇ ਰਿਹਾ ਹੈ । ਇਨ੍ਹਾਂ ਸਭ ਗੱਲਾਂ ਨੇ ਰਾਸ਼ਟਰੀ ਏਕਤਾ ਤੇ ਸਵਾਲੀਆ ਚਿੰਨ ਲਗਾ ਦਿੱਤਾ ਹੈ ।
ਫਿਰਕਾਪ੍ਰਸਤੀ ਉੱਤੇ ਭਗਤ ਸਿੰਘ ਨੇ ਕਿਹਾ ਸੀ ਕਿ," ਫਿਰਕੂ ਦੰਗਿਆਂ ਦੀ ਖਬਰ ਜਦੋਂ ਕੰਨਾਂ ਵਿੱਚ ਪੈਂਦੀ ਹੈ ਤਾਂ ਮਨ ਦੁੱਖੀ ਹੋ ਜਾਂਦਾ ਹੈ , ਪਤਾ ਨਹੀਂ, ਇਹ ਧਾਰਮਿਕ ਦੰਗੇ ਕਦੋਂ ਭਾਰਤ ਦਾ ਪਿੱਛਾ ਛੱਡਣਗੇ ?" ਇਹ ਸਤਰਾਂ ਲਿਖਦਿਆਂ ਮੈਨੂੰ ਨਿਰਾਸ਼ਾ ਹੋ ਰਹੀ ਹੈ ਕਿ ਅੱਜ ਵੀ ਭਾਰਤ ਵਿੱਚ ਫਿਰਕੂ ਦੰਗਿਆਂ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ।
ਭਾਰਤ ਦੇ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ 65 ਫੀਸਦੀ ਲੋਕਾਂ ਦਾ ਰੁਜ਼ਗਾਰ ਖੇਤੀ ਤੇ ਨਿਰਭਰ ਹੈ । ਪਰ ਕਿਸਾਨ ਕਰਜ਼ਿਆਂ ਥੱਲੇ ਦੱਬਕੇ ਖੁਦਕੁਸ਼ੀਆਂ ਕਰ ਰਿਹਾ ਹੈ । ਉਸ ਦੀ ਜ਼ਮੀਨ ਉਸਤੋਂ ਖੁੱਸਦੀ ਜਾ ਰਹੀ ਹੈ । ਉਹ ਦਿਨੋ ਦਿਨ ਵਪਾਰੀਕਰਨ ਦੇ ਦੈਂਤ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ । ਭਾਰਤ ਵਿੱਚ ਕਿਸਾਨੀ ਦੀ ਏਨੀ ਡਾਵਾਂਡੋਲ ਸਥਿਤੀ ਬਣ ਗਈ ਹੈ ਕਿ ਮਹਿੰਗਾਈ ਨੇ ਸਭਨਾਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ । ਇਸ ਵਿੱਚ ਮੌਜੂਦਾ ਸਰਕਾਰਾਂ ਦਾ ਅਹਿਮ ਰੋਲ ਹੈ । ਸ਼ਾਇਦ ਭਗਤ ਸਿੰਘ ਨੇ ਅਜਿਹਾ ਭਾਰਤ ਕਦੇ ਵੀ ਨਹੀਂ ਸੋਚਿਆ ਸੀ ।
ਭਗਤ ਸਿੰਘ ਦੇ ਸਮੇਂ ਤੋਂ ਹੁਣ ਤੱਕ ਕਹਿਣ ਨੂੰ ਤਰੱਕੀ ਬਹੁਤ ਹੋਈ ਹੈ ਪਰ ਭਗਤ ਸਿੰਘ ਕਹਿੰਦਾ ਸੀ ਕਿ ਸਵਰਾਜ 95 ਫੀਸਦੀ ਲੋਕਾਂ ਲਈ ਹੋਵੇਗਾ ਕਿਉਂਕਿ ਭਾਰਤ ਦੇ ਅੰਗਰੇਜ਼ ਰਾਜ ਵਿੱਚ 5 ਫੀਸਦੀ ਲੋਕਾਂ ਦਾ ਵਿਕਾਸ ਹੁੰਦਾ ਹੈ । ਪਰ ਮੌਜੂਦਾ ਸਮੇਂ ਦੇ ਭਾਰਤ ਵਿੱਚ ਲਗਭਗ 20 ਫੀਸਦੀ ਲੋਕਾਂ ਦੇ ਹਿੱਤਾਂ ਦਾ ਵਿਕਾਸ ਹੋ ਰਿਹਾ ਹੈ ਅਤੇ 80 ਫੀਸਦੀ ਵਿਨਾਸ਼ ਵੱਲ ਧੱਕੇ ਜਾ ਰਹੇ ਹਨ ।
ਅੱਜ ਲੋੜ ਹੈ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਦੀ, ਨਾ ਕਿ ਉਸ ਵਾਂਗ ਕੱਪੜੇ ਪਹਿਨ ਕੇ, ਪੱਗ ਬੰਨ੍ਹ ਕੇ ਜਾਂ ਮੁੱਛਾਂ ਤੇ ਹੱਥ ਧਰ ਕੇ ਤਸਵੀਰਾਂ ਖਿਚਵਾ ਕੇ ਉਸਦਾ ਜਨਮ ਦਿਵਸ ਮਨਾਉਣ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਪਾ ਕੇ ਵਾਹ ਵਾਹ ਅਖਵਾਉਣ ਦੀ ।
ਸੋ ਆਓ ਆਪਾਂ ਸਾਰੇ ਮਿਲ ਕੇ ਸ਼ਹੀਦ-ਏ-ਆਜ਼ਮ ਦੇ ਸੋਚੇ ਹੋਏ ਆਜ਼ਾਦ ਮੁਲਕ ਭਾਰਤ ਨੂੰ ਬਣਾਉਣ ਵਿੱਚ ਆਪੋ ਆਪਣਾ ਯੋਗਦਾਨ ਪਾਈਏ । ਨਿਮਨ ਸਤਰਾਂ ਨਾਲ ਆਗਿਆ ਲੈਂਦਾ ਹਾਂ -
" ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਹੈ ।"
- ਨਵਨੀਤ ਅਨਾਇਤਪੁਰੀ
98145-09900
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ 'ਤੇ ਵਿਸ਼ੇਸ਼ - ਨਵਨੀਤ ਅਨਾਇਤਪੁਰੀ
ਖੁਦਕੁਸ਼ੀਆਂ ਨੂੰ ਕਰੋ ਨਾਂਹ, ਜ਼ਿੰਦਗੀ ਦੀ ਫੜ੍ਹੋ ਬਾਂਹ
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹਰ ਸਾਲ 10 ਸਤੰਬਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਨਸ਼ਨ (IFSP) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ । ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਲੈ ਕੇ ਆਉਣਾ ਹੈ ਕਿ ਕਿਵੇਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ । ਖੁਦਕੁਸ਼ੀਆਂ ਨੂੰ ਰੋਕਣਾ ਪੂਰੇ ਸੰਸਾਰ ਲਈ ਇੱਕ ਬਹੁਤ ਵੱਡਾ ਚੈਲੇਂਜ਼ ਹੈ । ਕਿਉਂਕਿ ਖੁਦਕੁਸ਼ੀ ਸੰਸਾਰ ਦੇ ਸਾਰੀ ਉਮਰ ਦੇ ਮੌਤਾਂ ਦੇ ਸਭ ਤੋਂ ਵੀਹ ਵੱਡੇ ਕਾਰਨਾਂ ਵਿੱਚ ਸ਼ਾਮਿਲ ਹੈ । ਹਰ 40 ਸੈਕਿੰਡ ਵਿੱਚ ਇੱਕ ਮੌਤ ਖੁਦਕੁਸ਼ੀ ਰਾਹੀਂ ਹੋ ਰਹੀ ਹੈ । ਖੁਦਕੁਸ਼ੀ ਕਰਨ ਵਾਲੇ ਇਨਸਾਨ ਦੇ ਪਰਿਵਾਰ ਦੇ ਜੀਅ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਇਕ ਅੰਦਾਜ਼ੇ ਮੁਤਾਬਿਕ ਇੱਕ ਖੁਦਕੁਸ਼ੀ ਨਾਲ 135 ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ ।
ਵੱਖ-ਵੱਖ ਦੇਸ਼ਾਂ ਵਿਚ ਖੁਦਕੁਸ਼ੀਆਂ ਦੇ ਵੱਖੋ ਵੱਖਰੇ ਕਾਰਨ ਹਨ ਪਰ ਭਾਰਤ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ ਹਰ ਰੋਜ਼ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀਆਂ ਮਾੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਭਾਂਵੇਂ ਪੰਜਾਬ ਵਿੱਚ ਖੁਦਕੁਸ਼ੀਆਂ ਦੇ ਕਈ ਕਾਰਨ ਨਸ਼ਾ, ਕਰਜ਼ਾ, ਮਾਨਸਿਕ ਤਣਾਅ, ਬਿਮਾਰੀਆਂ ਆਦਿ ਵੀ ਹਨ । ਪਰ ਹੁਣ ਇਹ ਵਰਤਾਰਾ ਕਿਸਾਨ ਦੀ ਆਰਥਿਕ ਤੰਗੀ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਵੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਪਿਛਲੇ 10 ਸਾਲਾਂ ਦੌਰਾਨ ਤਕਰੀਬਨ 75000 ਵਿਦਿਆਰਥੀਆਂ ਵਲੋਂ ਆਪਣਾ ਜੀਵਨ ਆਪਣੇ ਹੱਥੀਂ ਹੀ ਖਤਮ ਕੀਤਾ ਗਿਆ । ਭਾਵ ਕਿ ਉਹ ਮਾਨਸਿਕ ਪੀੜ੍ਹਾ ਸਹਿਣ ਨਹੀਂ ਕਰ ਸਕੇ । ਸੋ ਖੁਦਕੁਸ਼ੀ ਦਾ ਇਕ ਮੁੱਖ ਕਾਰਨ ਮਾਨਸਿਕ ਤਣਾਅ ਨਾ ਝੱਲ ਸਕਣਾ ਹੀ ਹੈ । ਮਾਨਸਿਕ ਤਣਾਅ ਹੀ ਖੁਦਕੁਸ਼ੀ ਦੇ ਇਰਾਦੇ ਨੂੰ ਦ੍ਰਿੜ ਕਰਦਾ ਹੈ । ਖੁਦਕੁਸ਼ੀ ਕਰਨ ਵਾਲੇ ਵੀ ਆਪਣੀ ਜਾਨ ਲੈਣ ਦੀ ਕਈ ਵਾਰ ਕੋਸ਼ਿਸ਼ ਕਰਦੇ ਹਨ ਤੇ ਜਦੋਂ ਕੋਈ ਰਾਹ ਨੀ ਲੱਭਦਾ ਤਾਂ ਜੀਵਨ ਸਮਾਪਤ ਕਰ ਲੈਂਦੇ ਹਨ । ਵਿਸ਼ਵ ਸਿਹਤ ਸੰਗਠਨ ਅਨੁਸਾਰ ਖੁਦਕੁਸ਼ੀ ਰਾਹੀਂ ਇੱਕ ਮੌਤ ਪਿੱਛੇ 25 ਲੋਕਾਂ ਨੇ ਕੋਸ਼ਿਸ਼ ਕੀਤੀ ਸੀ । ਇਹ ਅਤਿਅੰਤ ਦਿਲ ਕੰਬਾਊ ਰੁਝਾਨ ਹੈ ।
ਖੁਦਕੁਸ਼ੀਆਂ ਦੀ ਰੋਕਥਾਮ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਆਪਣੀ ਮਾਨਸਿਕ ਸਿਹਤ ਠੀਕ ਰੱਖੀਏ । ਜੇਕਰ ਸਾਨੂੰ ਕੋਈ ਚਿੰਤਾ ਹੈ ਤਾਂ ਅਸੀਂ ਆਪਣੇ ਸਨੇਹੀਆਂ ਨਾਲ ਉਸਨੂੰ ਸਾਂਝਾ ਕਰੀਏ ਤੇ ਫੇਰ ਉਸਦਾ ਹੱਲ ਲੱਭੀਏ । ਇੱਥੇ ਇਹ ਵੀ ਧਿਆਨਯੋਗ ਹੈ ਕਿ ਜੇਕਰ ਕੋਈ ਸਾਡਾ ਦੋਸਤ, ਮਿੱਤਰ ਆਪਣਾ ਦੁੱਖ,ਪ੍ਰੇਸ਼ਾਨੀ,ਚਿੰਤਾ ਸਾਡੇ ਨਾਲ ਸਾਂਝੀ ਕਰਦਾ ਹੈ ਤਾਂ ਅਸੀਂ ਉਸਦੀ ਗੱਲ ਧਿਆਨ ਨਾਲ ਸੁਣੀਏ ਤੇ ਹੱਲ ਕੱਢਣ ਵਿਚ ਉਸਦੀ ਪੂਰਨ ਮਦਦ ਕਰੀਏ । ਕਿਉਂਕਿ ਕਿਸੇ ਦਾ ਦਰਦ ਸੁਣਨਾ ਅਤੇ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ । ਇਸਤੋਂ ਇਲਾਵਾ ਸਾਨੂੰ ਆਪਣੇ ਪਰਿਵਾਰ ਨਾਲ ਵੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਰਲ ਕੇ ਵੱਡੇ ਤੋਂ ਵੱਡੇ ਮਸਲੇ ਹੱਲ ਕਰ ਸਕੇ । ਸਾਨੂੰ ਕਦੇ ਵੀ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਮੁਸ਼ਕਿਲਾਂ ਥੋੜ੍ਹੇ ਸਮੇਂ ਲਈ ਹੀ ਆਉਂਦੀਆਂ ਹਨ ਤੇ ਨਾਲ ਹੀ ਇਹ ਸਾਡੀ ਸਹਿਣ ਅਤੇ ਲੜ੍ਹਨ ਦੀ ਸਮਰੱਥਾ ਨੂੰ ਵਧਾਕੇ ਸਾਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਹਨ । ਅੱਜ ਦੇ ਮਹਿੰਗਾਈ ਦੇ ਦੌਰ ਵਿਚ ਸਾਨੂੰ ਵਿਖਾਵੇ ਤਿਆਗ ਕੇ ਸਾਦਗੀ ਅਪਣਾਉਣੀ ਚਾਹੀਦੀ ਹੈ ਤੇ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ । ਸਾਨੂੰ ਵਿਆਹਾਂ, ਭੋਗਾਂ ਆਦਿ ਤੇ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ । ਕਿਉਂਕਿ ਕਰਜ਼ ਵੀ ਮਾਨਸਿਕ ਤਣਾਅ ਦਾ ਵੱਡਾ ਕਾਰਨ ਹੈ । ਇਸ ਨਾਲ ਹੀ ਨਰੋਏ ਸਮਾਜ ਦੀ ਸਥਾਪਨਾ ਦੀ ਸ਼ੁਰੂਆਤ ਹੋ ਸਕਦੀ ਹੈ । ਇਹ ਸਾਡੇ ਸਮਾਜ ਅਤੇ ਪਰਿਵਾਰ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ । ਰਲ ਮਿਲ ਕੇ ਹੰਭਲਾ ਮਾਰਨ ਨਾਲ ਹੀ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਠਲ੍ਹ ਪਾਈ ਜਾ ਸਕਦੀ ਹੈ ।ਪੰਜਾਬ ਨੂੰ ਇਸ ਖੁਦਕੁਸ਼ੀਆਂ ਦੇ ਚੱਕਰਵਿਊ 'ਚੋਂ ਕੱਢਣ ਲਈ ਸਮਾਜ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੀ ਪਵੇਗਾ ।ਆਓ ਫਿਰ ਤੋਂ ਉਸ ਹੱਸਦੇ ਵੱਸਦੇ ਪੰਜਾਬ ਦੀ ਨੀਂਹ ਰੱਖੀਏ ਤੇ ਉਮੀਦ ਜਗਾਈਏ, ਭਾਈਚਾਰਾ ਵਧਾਈਏ ।
'' ਖੁਦਕੁਸ਼ੀਆਂ ਨਹੀਂ ਕੋਈ ਰਾਹ, ਏਹਦਾ ਦਿੰਦਾਂ ਹਾਂ ਹੋਕਾ
ਇੰਝ ਨਾ ਹੋਵੇ, ਪੰਜ-ਆਬ 'ਚ ਸਾਹਾਂ ਦਾ ਪੈ ਜਾਵੇ ਸੋਕਾ
ਰਲ ਮਿਲ ਕੇ ਅਨਾਇਤਪੁਰੀ ਮਾਰੋ ਸਾਰੇ ਹੰਭਲਾ
ਦਰਦ ਵੰਡਣ ਤੇ ਹੱਲਾਸ਼ੇਰੀ ਦਾ ਇਹੀ ਹੈ ਮੌਕਾ ''
- ਨਵਨੀਤ ਅਨਾਇਤਪੁਰੀ
9814509900
ਸੁਨੇਹਾ - ਨਵਨੀਤ ਅਨਾਇਤਪੁਰੀ
ਸਾਨੂੰ ਕਿੰਝ ਸੁੱਝ ਸਕਦੀ ਰੋਟੀ
ਜਦ ਸਾਥੀ ਮਰਨ ਵਰਤ ਤੇ ਹੋਣ !
ਪਰ ਕਈ ਕਰਦੇ ਫਿਰਦੇ ਪਾਰਟੀਆਂ
ਤੇ ਕਈਆਂ ਦੇ ਅੱਖਾਂ ਵਿੱਚ ਰੋਣ !
ਕੀ ਏਨੇ ਬੇ-ਗੈਰਤ ਅਸੀਂ ਪੰਜਾਬੀ
ਕੀ ਅਸੀਂ ਹੀ ਹੋ ਗਏ ਕੌਣ ?
ਅਗਲੀ ਪੀੜ੍ਹੀ ਲਈ ਸੰਘਰਸ਼ ਹੈ ਸਾਡਾ
ਤਾਂ ਜੋ ਮਾਣਨ ਠੰਡੀ ਪੌਣ !
ਤੁਸੀਂ ਸਰਕਾਰ ਕਿ ਅਧਿਆਪਕਾਂ ਵੱਲ
ਕਰਨੀ ਪੈਣੀ ਹੈ ਚੋਣ !
ਪੰਡਾਲ ‘ਚ ਬੈਠੇ ਨੇ ਉਨੀਂਦਰੇ
ਤੁਹਾਨੂੰ ਕਿੰਝ ਆਉਂਦਾ ਸੌਣ !
ਆਓ ਸਾਥੀਓ ਰਲ ਹੰਭਲਾ ਮਾਰੀਏ
ਦੱਬੀਏ ਸਰਕਾਰ ਦੀ ਧੌਣ !
‘ਅਨਾਇਤਪੁਰੀ’ ਹੈ ਇਹੀ ਵੇਲਾ
ਕਿਤੇ ਹੱਕ ਨਾ ਜਾਣ ਖ੍ਹੋਣ !!
- ਨਵਨੀਤ ਅਨਾਇਤਪੁਰੀ
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ 'ਤੇ ਵਿਸ਼ੇਸ਼ - ਨਵਨੀਤ ਅਨਾਇਤਪੁਰੀ
ਖੁਦਕੁਸ਼ੀਆਂ ਨੂੰ ਕਰੋ ਨਾਂਹ, ਜ਼ਿੰਦਗੀ ਦੀ ਫੜ੍ਹੋ ਬਾਂਹ
ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹਰ ਸਾਲ 10 ਸਤੰਬਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਨਸ਼ਨ (IFSP) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ । ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਲੈ ਕੇ ਆਉਣਾ ਹੈ ਕਿ ਕਿਵੇਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ । ਖੁਦਕੁਸ਼ੀਆਂ ਨੂੰ ਰੋਕਣਾ ਪੂਰੇ ਸੰਸਾਰ ਲਈ ਇੱਕ ਬਹੁਤ ਵੱਡਾ ਚੈਲੇਂਜ਼ ਹੈ । ਕਿਉਂਕਿ ਖੁਦਕੁਸ਼ੀ ਸੰਸਾਰ ਦੇ ਸਾਰੀ ਉਮਰ ਦੇ ਮੌਤਾਂ ਦੇ ਸਭ ਤੋਂ ਵੀਹ ਵੱਡੇ ਕਾਰਨਾਂ ਵਿੱਚ ਸ਼ਾਮਿਲ ਹੈ । ਹਰ 40 ਸੈਕਿੰਡ ਵਿੱਚ ਇੱਕ ਮੌਤ ਖੁਦਕੁਸ਼ੀ ਰਾਹੀਂ ਹੋ ਰਹੀ ਹੈ । ਖੁਦਕੁਸ਼ੀ ਕਰਨ ਵਾਲੇ ਇਨਸਾਨ ਦੇ ਪਰਿਵਾਰ ਦੇ ਜੀਅ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਇਕ ਅੰਦਾਜ਼ੇ ਮੁਤਾਬਿਕ ਇੱਕ ਖੁਦਕੁਸ਼ੀ ਨਾਲ 135 ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ ।
ਵੱਖ-ਵੱਖ ਦੇਸ਼ਾਂ ਵਿਚ ਖੁਦਕੁਸ਼ੀਆਂ ਦੇ ਵੱਖੋ ਵੱਖਰੇ ਕਾਰਨ ਹਨ ਪਰ ਭਾਰਤ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ ਹਰ ਰੋਜ਼ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀਆਂ ਮਾੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਭਾਂਵੇਂ ਪੰਜਾਬ ਵਿੱਚ ਖੁਦਕੁਸ਼ੀਆਂ ਦੇ ਕਈ ਕਾਰਨ ਨਸ਼ਾ, ਕਰਜ਼ਾ, ਮਾਨਸਿਕ ਤਣਾਅ, ਬਿਮਾਰੀਆਂ ਆਦਿ ਵੀ ਹਨ । ਪਰ ਹੁਣ ਇਹ ਵਰਤਾਰਾ ਕਿਸਾਨ ਦੀ ਆਰਥਿਕ ਤੰਗੀ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਵੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਪਿਛਲੇ 10 ਸਾਲਾਂ ਦੌਰਾਨ ਤਕਰੀਬਨ 75000 ਵਿਦਿਆਰਥੀਆਂ ਵਲੋਂ ਆਪਣਾ ਜੀਵਨ ਆਪਣੇ ਹੱਥੀਂ ਹੀ ਖਤਮ ਕੀਤਾ ਗਿਆ । ਭਾਵ ਕਿ ਉਹ ਮਾਨਸਿਕ ਪੀੜ੍ਹਾ ਸਹਿਣ ਨਹੀਂ ਕਰ ਸਕੇ । ਸੋ ਖੁਦਕੁਸ਼ੀ ਦਾ ਇਕ ਮੁੱਖ ਕਾਰਨ ਮਾਨਸਿਕ ਤਣਾਅ ਨਾ ਝੱਲ ਸਕਣਾ ਹੀ ਹੈ । ਮਾਨਸਿਕ ਤਣਾਅ ਹੀ ਖੁਦਕੁਸ਼ੀ ਦੇ ਇਰਾਦੇ ਨੂੰ ਦ੍ਰਿੜ ਕਰਦਾ ਹੈ । ਖੁਦਕੁਸ਼ੀ ਕਰਨ ਵਾਲੇ ਵੀ ਆਪਣੀ ਜਾਨ ਲੈਣ ਦੀ ਕਈ ਵਾਰ ਕੋਸ਼ਿਸ਼ ਕਰਦੇ ਹਨ ਤੇ ਜਦੋਂ ਕੋਈ ਰਾਹ ਨੀ ਲੱਭਦਾ ਤਾਂ ਜੀਵਨ ਸਮਾਪਤ ਕਰ ਲੈਂਦੇ ਹਨ । ਵਿਸ਼ਵ ਸਿਹਤ ਸੰਗਠਨ ਅਨੁਸਾਰ ਖੁਦਕੁਸ਼ੀ ਰਾਹੀਂ ਇੱਕ ਮੌਤ ਪਿੱਛੇ 25 ਲੋਕਾਂ ਨੇ ਕੋਸ਼ਿਸ਼ ਕੀਤੀ ਸੀ । ਇਹ ਅਤਿਅੰਤ ਦਿਲ ਕੰਬਾਊ ਰੁਝਾਨ ਹੈ ।
ਖੁਦਕੁਸ਼ੀਆਂ ਦੀ ਰੋਕਥਾਮ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਆਪਣੀ ਮਾਨਸਿਕ ਸਿਹਤ ਠੀਕ ਰੱਖੀਏ । ਜੇਕਰ ਸਾਨੂੰ ਕੋਈ ਚਿੰਤਾ ਹੈ ਤਾਂ ਅਸੀਂ ਆਪਣੇ ਸਨੇਹੀਆਂ ਨਾਲ ਉਸਨੂੰ ਸਾਂਝਾ ਕਰੀਏ ਤੇ ਫੇਰ ਉਸਦਾ ਹੱਲ ਲੱਭੀਏ । ਇੱਥੇ ਇਹ ਵੀ ਧਿਆਨਯੋਗ ਹੈ ਕਿ ਜੇਕਰ ਕੋਈ ਸਾਡਾ ਦੋਸਤ, ਮਿੱਤਰ ਆਪਣਾ ਦੁੱਖ,ਪ੍ਰੇਸ਼ਾਨੀ,ਚਿੰਤਾ ਸਾਡੇ ਨਾਲ ਸਾਂਝੀ ਕਰਦਾ ਹੈ ਤਾਂ ਅਸੀਂ ਉਸਦੀ ਗੱਲ ਧਿਆਨ ਨਾਲ ਸੁਣੀਏ ਤੇ ਹੱਲ ਕੱਢਣ ਵਿਚ ਉਸਦੀ ਪੂਰਨ ਮਦਦ ਕਰੀਏ । ਕਿਉਂਕਿ ਕਿਸੇ ਦਾ ਦਰਦ ਸੁਣਨਾ ਅਤੇ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ । ਇਸਤੋਂ ਇਲਾਵਾ ਸਾਨੂੰ ਆਪਣੇ ਪਰਿਵਾਰ ਨਾਲ ਵੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਰਲ ਕੇ ਵੱਡੇ ਤੋਂ ਵੱਡੇ ਮਸਲੇ ਹੱਲ ਕਰ ਸਕੇ । ਸਾਨੂੰ ਕਦੇ ਵੀ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਮੁਸ਼ਕਿਲਾਂ ਥੋੜ੍ਹੇ ਸਮੇਂ ਲਈ ਹੀ ਆਉਂਦੀਆਂ ਹਨ ਤੇ ਨਾਲ ਹੀ ਇਹ ਸਾਡੀ ਸਹਿਣ ਅਤੇ ਲੜ੍ਹਨ ਦੀ ਸਮਰੱਥਾ ਨੂੰ ਵਧਾਕੇ ਸਾਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਹਨ । ਅੱਜ ਦੇ ਮਹਿੰਗਾਈ ਦੇ ਦੌਰ ਵਿਚ ਸਾਨੂੰ ਵਿਖਾਵੇ ਤਿਆਗ ਕੇ ਸਾਦਗੀ ਅਪਣਾਉਣੀ ਚਾਹੀਦੀ ਹੈ ਤੇ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ । ਸਾਨੂੰ ਵਿਆਹਾਂ, ਭੋਗਾਂ ਆਦਿ ਤੇ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ । ਕਿਉਂਕਿ ਕਰਜ਼ ਵੀ ਮਾਨਸਿਕ ਤਣਾਅ ਦਾ ਵੱਡਾ ਕਾਰਨ ਹੈ । ਇਸ ਨਾਲ ਹੀ ਨਰੋਏ ਸਮਾਜ ਦੀ ਸਥਾਪਨਾ ਦੀ ਸ਼ੁਰੂਆਤ ਹੋ ਸਕਦੀ ਹੈ । ਇਹ ਸਾਡੇ ਸਮਾਜ ਅਤੇ ਪਰਿਵਾਰ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ । ਰਲ ਮਿਲ ਕੇ ਹੰਭਲਾ ਮਾਰਨ ਨਾਲ ਹੀ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਠਲ੍ਹ ਪਾਈ ਜਾ ਸਕਦੀ ਹੈ ।ਪੰਜਾਬ ਨੂੰ ਇਸ ਖੁਦਕੁਸ਼ੀਆਂ ਦੇ ਚੱਕਰਵਿਊ 'ਚੋਂ ਕੱਢਣ ਲਈ ਸਮਾਜ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੀ ਪਵੇਗਾ ।ਆਓ ਫਿਰ ਤੋਂ ਉਸ ਹੱਸਦੇ ਵੱਸਦੇ ਪੰਜਾਬ ਦੀ ਨੀਂਹ ਰੱਖੀਏ ਤੇ ਉਮੀਦ ਜਗਾਈਏ, ਭਾਈਚਾਰਾ ਵਧਾਈਏ ।
'' ਖੁਦਕੁਸ਼ੀਆਂ ਨਹੀਂ ਕੋਈ ਰਾਹ, ਏਹਦਾ ਦਿੰਦਾਂ ਹਾਂ ਹੋਕਾ
ਇੰਝ ਨਾ ਹੋਵੇ, ਪੰਜ-ਆਬ 'ਚ ਸਾਹਾਂ ਦਾ ਪੈ ਜਾਵੇ ਸੋਕਾ
ਰਲ ਮਿਲ ਕੇ ਅਨਾਇਤਪੁਰੀ ਮਾਰੋ ਸਾਰੇ ਹੰਭਲਾ
ਦਰਦ ਵੰਡਣ ਤੇ ਹੱਲਾਸ਼ੇਰੀ ਦਾ ਇਹੀ ਹੈ ਮੌਕਾ ''
- ਨਵਨੀਤ ਅਨਾਇਤਪੁਰੀ
9814509900
ਪਾਸ਼ ਦੇ ਜਨਮ ਦਿਵਸ ‘ਤੇ ..... - ਨਵਨੀਤ ਅਨਾਇਤਪੁਰੀ
ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਹਮਣੇ ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ
ਹੀਰ ਦੇ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਕੈਦੋਂ ਦੀ ਵੱਖੀਆਂ ਤੋੜਨ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ....
ਇਨ੍ਹਾਂ ਸਤਰਾਂ ਨਾਲ ਨੌਜਵਾਨਾਂ ਨੂੰ ਸੰਘਰਸ਼ੀ ਪਿੜ੍ਹ ਵਿੱਚ ਕੁੱਦਣ ਦਾ ਸੁਨੇਹਾ ਦੇਣ ਵਾਲੇ ਇਨਕਲਾਬੀ ਕਵੀ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦਾ ਅੱਜ ਮਿਤੀ 9 ਸਤੰਬਰ ਨੂੰ ਜਨਮ ਦਿਵਸ ਹੈ ।
ਉਸਦੀਆਂ ਲਿਖੀਆਂ ਸਤਰਾਂ ਅੱਜ ਵੀ ਪ੍ਰਸੰਗਿਕ ਹਨ ਤੇ ‘ਅਸੀਂ ਲੜ੍ਹਾਂਗੇ ਸਾਥੀ’ ਵਰਗੇ ਸ਼ਬਦ ਅੱਜ ਵੀ ਕਿਰਤੀ ਲਹਿਰ ਨੂੰ ਜ਼ਿੰਦਾ ਰੱਖ ਰਹੇ ਹਨ । ਆਓ ਉਸ ਸਖਸ਼ ਦੇ ਨਾਲ ਉੱਡਦੇ ਬਾਜ਼ਾਂ ਮਗਰ ਚੱਲੀਏ ਜੋ ਕਿ ਸਾਡਾ ਅੱਜ ਵੀ ਹਾਣੀ ਹੈ ।
ਸੋ ਸਾਥੀਓ ਪਾਸ਼ ਨੂੰ ਯਾਦ ਕਰਦੇ
“ਪੜ੍ਹੋ, ਲਿਖੋ ਤੇ ਸੰਘਰਸ਼ ਕਰੋ”
ਦਾ ਅਹਿਦ ਲਵੋ
ਕਿਉਂਕਿ
ਤੂਫ਼ਾਨਾਂ ਨੇ ਕਦੀ ਵੀ ਮਾਤ ਨਹੀਂ ਖਾਧੀ
- ਨਵਨੀਤ ਅਨਾਇਤਪੁਰੀ
ਅੱਜ ਜਨਮ ਦਿਹਾੜੇ 'ਤੇ ਵਿਸ਼ੇਸ਼ : ਗਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ - ਨਵਨੀਤ ਅਨਾਇਤਪੁਰੀ
ਦੁਨੀਆਂ 'ਤੇ ਉਹੀ ਕੌਮਾਂ ਅਣਖੀ ਜੀਵਨ ਜਿਊਂਦੀਆਂ ਅਤੇ ਮਾਣ ਪਾਉਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ । ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਜ਼ਿਕਰ ਕਰਦਿਆਂ ਸ਼ਹੀਦ ਭਗਤ ਸਿੰਘ ਦਾ ਨਾਮ ਆਪ ਮੁਹਾਰੇ ਜ਼ੁਬਾਨ ਤੇ ਆਉਂਦਾ ਹੈ ਪਰ ਭਗਤ ਸਿੰਘ ਜਿਸਨੂੰ ਆਪਣਾ ਗੁਰੂ ਮੰਨਦਾ ਸੀ ਤੇ ਜਿਸਦੀ ਫੋਟੋ ਵੀ ਆਪਣੀ ਜੇਬ ਵਿੱਚ ਰੱਖਦਾ ਰਿਹਾ, ਉਹ ਨਾਂ ਸੀ ਕਰਤਾਰ ਸਿੰਘ ਸਰਾਭਾ । ਆਓ ਅੱਜ ਉਸ ਦੇ ਜਨਮ ਦਿਵਸ 24 ਮਈ ਮੌਕੇ ਗਦਰ ਲਹਿਰ ਦੇ ਸਭ ਤੋਂ ਘੱਟ ਉਮਰ ਦੇ ਸਰਗਰਮ ਕਾਰਕੁੰਨ ਨੂੰ ਯਾਦ ਕਰਦੇ ਹਾਂ । ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਸਰਾਭਾ ਵਿਖੇ 24 ਮਈ 1896 ਨੂੰ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿਤਾ ਮੰਗਲ ਸਿੰਘ ਦੇ ਘਰ ਹੋਇਆ । ਛੋਟੀ ਉਮਰੇ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਉਸੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਦਾਦਾ ਸਰਦਾਰ ਬਦਨ ਸਿੰਘ ਨੇ ਨਿਭਾਈ । ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਪਿੰਡ ਸਰਾਭਾ ਦੇ ਸਕੂਲ 'ਚੋਂ ਪ੍ਰਾਪਤ ਕੀਤੀ । ਫੇਰ ਮਾਲਵਾ ਖਾਲਸਾ ਸਕੂਲ ਲੁਧਿਆਣਾ ਵਿਖੇ ਦਾਖਲਾ ਲੈ ਲਿਆ ਅਤੇ ਅੱਠਵੀਂ ਜਮਾਤ ਪਾਸ ਕੀਤੀ ਅਤੇ ਫਿਰ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ । ਇਸਤੋਂ ਬਾਅਦ ਉਹ ਉੜੀਸਾ, ਕਟਕ ਸ਼ਹਿਰ ਆਪਣੇ ਚਾਚਾ ਵੀਰ ਸਿੰਘ ਕੋਲ ਚਲੇ ਗਏ ਜੋ ਉੱਥੇ ਡਾਕਟਰ ਸਨ । ਕਰਤਾਰ ਸਿੰਘ ਸਰਾਭਾ ਨੇ ਇੱਥੋਂ ਗਿਆਰਵੀਂ ਜਮਾਤ ਪਾਸ ਕੀਤੀ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਦਾਦਾ ਬਦਨ ਸਿੰਘ ਨੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਤੇ ਜਨਵਰੀ 1912 ਵਿਚ ਉਹ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਦੀ ਬੰਦਰਗਾਹ ਤੇ ਉੱਤਰੇ ਜਿੱਥੇ ਉਸ ਨੂੰ ਰੋਕਿਆ ਗਿਆ ਤੇ ਕਈ ਗੰਭੀਰ ਸਵਾਲ ਪੁੱਛੇ ਗਏ ਪਰ ਸਰਾਭਾ ਦੇ ਤਰਕਪੂਰਨ ਜੁਆਬਾਂ ਕਾਰਨ ਉਸ ਨੂੰ ਅਮਰੀਕਾ 'ਚ ਦਾਖਲਾ ਮਿਲ ਗਿਆ । ਉਸ ਨੂੰ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਵਿਚ ਦਾਖਲਾ ਮਿਲਣ ਉਪਰੰਤ ਉਸ ਨੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਮਾੜਾ ਸਲੂਕ ਹੁੰਦਾ ਹੈ ਤੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਤਾਨੇ ਸੁਣਨੇ ਪੈਂਦੇ ਹਨ । ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਵੱਜੀ । ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੇਖਣ ਲੱਗਿਆ । ਫੇਰ ਉਹ ਲਾਲਾ ਹਰਦਿਆਲਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਸੰਪਰਕ ਵਿਚ ਆਇਆ ਜਿਨ੍ਹਾਂ ਨੇ ਹੋਰਨਾਂ ਭਾਰਤੀਆਂ ਨਾਲ ਮਿਲਕੇ ਉੱਥੇ ਗਦਰ ਨਾਂਅ ਦੀ ਪਾਰਟੀ ਬਣਾਈ ਸੀ , ਕਰਤਾਰ ਸਿੰਘ ਸਰਾਭਾ ਨੇ ਇਸ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਸਾਰੇ ਦੇਸ਼ ਭਗਤਾਂ ਨਾਲ ਮਿਲਕੇ ਗਦਰ ਦੀ ਗੂੰਜ ਅਖਬਾਰ ਸ਼ੁਰੂ ਕੀਤਾ । ਜਿਸਦਾ ਪਹਿਲਾ ਪਰਚਾ 1 ਨਵੰਬਰ 1913 ਨੂੰ ਉਰਦੂ ਵਿਚ ਪ੍ਰਕਾਸ਼ਿਤ ਹੋਇਆ । 1 ਜਨਵਰੀ 1914 ਤੋਂ ਇਹ ਅਖਬਾਰ ਗੁਰਮੁਖੀ, ਹਿੰਦੀ, ਗੁਜਰਾਤੀ ਵਿੱਚ ਵੀ ਛਪਣ ਲੱਗਿਆ । ਕਰਤਾਰ ਸਿੰਘ ਸਰਾਭਾ ਦੀ ਮਿਹਨਤ ਸਦਕਾ ਇਹ ਅਖਬਾਰ ਬਹੁਤ ਜਲਦ ਹਰਮਨਪਿਆਰਾ ਹੋ ਗਿਆ । ਇਸ ਅਖਬਾਰ 'ਚ ਛਪਦੀਆਂ ਰਚਨਾਵਾਂ ਦਾ ਮੁੱਖ ਮਕਸਦ ਹਥਿਆਰਬੰਦ ਇਨਕਲਾਬ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ ।
ਪਹਿਲੀ ਵਿਸ਼ਵ ਜੰਗ ਸ਼ੁਰੂ ਹੁੰਦਿਆਂ ਹੀ ਗਦਰ ਪਾਰਟੀ ਦੇ ਲੀਡਰ ਅਤੇ ਵਰਕਰ ਦੇਸ਼ ਵਾਪਸ ਆਉਣ ਲੱਗੇ ਤਾਂ ਜੋ ਹਥਿਆਰਬੰਦ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਜਾ ਸਕੇ । ਬਹੁਤ ਸਾਰੇ ਵਰਕਰਾਂ ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਆਉਂਦਿਆਂ ਹੀ ਡਿਫੈਂਸ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਪਰ ਸਰਾਭਾ ਪੁਲਿਸ ਨੂੰ ਝਕਾਨੀ ਦੇਣ 'ਚ ਸਫਲ ਰਿਹਾ ਤੇ ਪੰਜਾਬ ਪਹੁੰਚ ਗਿਆ । ਉਸਨੇ ਬਹੁਤ ਥਾਵਾਂ ਤੇ ਜਾ ਕੇ ਫੌਜ਼ੀਆਂ ਨੂੰ ਵੀ ਸੰਘਰਸ਼ ਲਈ ਪ੍ਰੇਰਿਤ ਕੀਤਾ ਤੇ ਫੇਰ ਸਾਰੀਆਂ ਤਿਆਰੀਆਂ ਮਗਰੋਂ ਗਦਰ ਦਾ ਦਿਨ 21 ਫਰਵਰੀ 1915 ਨੀਯਤ ਕਰ ਦਿੱਤਾ । ਪਰ ਕਿਰਪਾਲ ਸਿੰਘ ਦੀ ਮੁਖਬਰੀ ਕਾਰਨ ਇਹ ਯੋਜਨਾ ਫੇਲ ਹੋ ਗਈ । 2 ਮਾਰਚ 1915 ਨੂੰ ਸਰਗੋਧਾ ਦੇ ਚੱਕ ਨੰਬਰ ਪੰਜ ਵਿਚ ਰਸਾਲਦਾਰ ਗੰਢਾ ਸਿੰਘ ਦੇ ਘਰੋਂ ਧੋਖੇ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ । ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਕਈ ਮਹੀਨੇ ਮੁਕੱਦਮਾ ਚਲਣ ਮਗਰੋਂ ਸਰਾਭਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ 16 ਨਵੰਬਰ 1915 ਨੂੰ ਛੇ ਸਾਥੀਆਂ ਸਮੇਤ ਫਾਂਸੀ ਦੇ ਦਿੱਤੀ ਗਈ ।
ਬਾਬਾ ਮੁਣਸ਼ਾ ਸਿੰਘ ਦੁਖੀ , ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖਦੇ ਹਨ ਕਿ
'' ਬੇ-ਫਿਕਰ, ਬੇ-ਧੜਕ ਚਲੇ ਆਉਣਾ
ਘਰ ਸਮਝ, ਆਪਣਾ ਨਾ ਘਬਰਾਉਣਾ
ਯਾਦ ਹੈ ਤੇਰਾ ਪਿਆਰਿਆ ਕਰਤਾਰ
ਫਾਂਸੀਏ ਲਟਕਣਾ 'ਦੁਖੀ' ਗਾਉਣਾ ।''
- ਨਵਨੀਤ ਅਨਾਇਤਪੁਰੀ, 98145-09900
ਕੱਚੇ ਅਧਿਆਪਕਾਂ ਤੇ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਹੋਵੇ ? - ਨਵਨੀਤ ਅਨਾਇਤਪੁਰੀ
ਪੰਜਾਬ ਵਿੱਚ ਦਿਨੋ ਦਿਨ ਬੇਰੁਜ਼ਗਾਰੀ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਅਤੇ ਸਰਕਾਰੀ ਨੌਕਰੀਆਂ ਆਟੇ 'ਚ ਲੂਣ ਬਰਾਬਰ ਹੀ ਨਿਕਲਦੀਆਂ ਹਨ । ਪੰਜਾਬ ਵਿੱਚ ਜਿਹੜੀਆਂ ਭਰਤੀਆਂ 2003 ਤੋਂ ਬਾਅਦ ਵੱਖੋ ਵੱਖ ਵਿਭਾਗਾਂ ਵਿੱਚ ਹੋਈਆਂ ਹਨ ਉਨ੍ਹਾਂ ਵਿੱਚੋਂ ਬਹੁਤੀਆਂ ਠੇਕੇ 'ਤੇ ਭਾਵ ਕੱਚੇ ਕਾਮੇ ਦੇ ਰੂਪ ਵਿੱਚ ਹੋਈਆਂ ਹਨ । ਸਿੱਖਿਆ ਵਿਭਾਗ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤੇ ਸਕੂਲਾਂ ਵਿੱਚ ਰੈਗੂਲਰ ਅਧਿਆਪਕਾਂ ਦੀ ਭਾਰੀ ਕਮੀ ਹੈ ਤੇ ਕੱਚੇ ਅਧਿਆਪਕ ਵੱਡੀ ਗਿਣਤੀ ਵਿੱਚ ਪਿਛਲੇ 10-12 ਸਾਲਾਂ ਤੋਂ ਸਿੱਖਿਆ ਪ੍ਰਦਾਨ ਕਰ ਰਹੇ ਹਨ ਤੇ ਅਜਿਹੇ ਹੀ ਕੱਚੇ ਦਫਤਰੀ ਕਰਮਚਾਰੀ ਆਪਣੀ ਸੇਵਾ ਨਿਭਾਅ ਰਹੇ ਹਨ । ਜਿਨ੍ਹਾਂ ਵਿੱਚ ਐਸ.ਐਸ.ਏ/ਰਮਸਾ ਅਧੀਨ 14000-15000 ਦੇ ਲਗਭਗ ਅਧਿਆਪਕ ਅਤੇ ਦਫਤਰੀ ਕਰਮਚਾਰੀ/ਲੈਬ ਅਟੈਂਡੈਂਟ/ਹੈੱਡ ਮਾਸਟਰ , 6000 ਰੁ: ਪ੍ਰਤੀ ਮਹੀਨਾ ਤੇ ਕੰਮ ਕਰ ਰਹੇ 5178 ਅਧਿਆਪਕ, ਪਿਕਟਸ ਅਧੀਨ ਕੰਪਿਊਟਰ ਅਧਿਆਪਕ, ਐਸ.ਐਸ.ਏ. ਅਧੀਨ ਕੰਮ ਕਰਦੇ 6000-7000 ਦੇ ਲਗਭਗ ਸਿੱਖਿਆ ਪ੍ਰੋਵਾਈਡਰ, 6000-7000 ਦੇ ਲਗਭਗ ਈ.ਜੀ.ਐਸ/ਏ.ਆਈ.ਈ/ਐਸ.ਟੀ.ਆਰ. ਵਲੰਟੀਅਰ ਆਦਿ ਆਉਂਦੇ ਹਨ ।
ਅਧਿਆਪਕ ਨੂੰ ਗੁਰੂ ਵੀ ਕਿਹਾ ਜਾਂਦਾ ਹੈ । 'ਗੁ' ਦਾ ਅਰਥ ਹੈ ਹਨੇਰਾ ਤੇ 'ਰੂ' ਦਾ ਅਰਥ ਹੈ ਦੂਰ ਕਰਨ ਵਾਲਾ ਭਾਵ ਗੁਰੂ ਦਾ ਅਰਥ ਹੈ ਹਨੇਰੇ ਨੂੰ ਦੂਰ ਕਰਨ ਵਾਲਾ । ਪਰੰਤੂ ਅੱਜ ਦੀ ਮੌਜੂਦਾ ਸਰਕਾਰ ਇਨ੍ਹਾਂ ਗੁਰੂਆਂ ਨੂੰ ਹਨੇਰੇ ਦੇ ਬੀਆਬਾਨ ਵਿੱਚ ਸੁੱਟਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕੱਚੇ ਅਧਿਆਪਕ ਤੇ ਦਫਤਰੀ ਕਰਮਚਾਰੀ ਜੋ ਕਿ ਹੁਣ ਚਾਲੀ ਹਜ਼ਾਰ ਦੇ ਲਗਭਗ ਤਨਖਾਹ ਲੈ ਰਹੇ ਹਨ ਉਨ੍ਹਾਂ ਦੀ ਪੇਅ ਪ੍ਰੋਟੈਕਟ ਕਰਨ ਦੀ ਥਾਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ 3 ਸਾਲ 10300/- ਰੁ: ਯਸ਼ਮੁਕਤ ਤਨਖਾਹ ਤੇ ਕੰਮ ਕਰਨਾ ਪਵੇਗਾ । ਇਹ ਖਬਰ ਸੁਣਦੇ ਸਾਰ ਸਮੂਹ ਕਰਮਚਾਰੀਆਂ ਨੂੰ ਆਪਣਾ ਭਵਿੱਖ ਹਨੇਰੇ ਵਿੱਚ ਲੱਗ ਰਿਹਾ ਹੈ ਭਾਵੇਂ ਇਨ੍ਹਾਂ ਨੂੰ ਦੇਸ਼ ਦੇ ਭਵਿੱਖ ਨੂੰ ਸੰਵਾਰਣ ਲਈ ਭਰਤੀ ਕੀਤਾ ਗਿਆ ਸੀ ।
ਪਰ ਸੋਚਣ ਵਾਲੀ ਗੱਲ ਇਹ ਹੈ ਦੇਸ਼ ਦੇ ਨਿਰਮਾਤਾ ਕਹਾਉਣ ਵਾਲੇ ਅਧਿਆਪਕਾਂ ਦਾ ਏਨਾ ਸ਼ੋਸ਼ਣ ਕਿਉਂ ? ਮੌਜੂਦਾ ਪੰਜਾਬ ਸਰਕਾਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਤੇ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਤਨਖਾਹ ਗਰੇਡ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਹੈ ਤੇ ਹੁਣ ਸਰਕਾਰ ਬਣਨ ਦੇ ਇੱਕ ਸਾਲ ਬੀਤਣ ਉਪਰੰਤ ਵੀ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਉਲਟਾ ਇਨ੍ਹਾਂ ਕੱਚੇ ਅਧਿਆਪਕਾਂ ਦੀਆਂ ਮਿਲਦੀਆਂ ਤਨਖਾਹਾਂ ਤੇ 75 ਫੀਸਦੀ ਦੇ ਲਗਭਗ ਕੱਟ ਲਾਉਣ ਦੀ ਤਿਆਰੀ ਰਾਹੀਂ ਆਪਣਾ ਖਜ਼ਾਨਾ ਭਰਨ ਦਾ ਰਾਹ ਲੱਭ ਰਹੀ ਹੈ । ਜੇਕਰ ਏਦਾਂ ਹੁੰਦਾ ਹੈ ਤਾਂ ਇਹ ਪੰਜਾਬ ਦੇ ਅਧਿਆਪਕ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੋਵੇਗਾ ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਇਨ੍ਹਾਂ ਅਧਿਆਪਕਾਂ/ਕਰਮਚਾਰੀਆਂ ਦੀਆਂ ਤਨਖਾਹਾਂ ਤੇ 75 ਫੀਸਦੀ ਦੇ ਲਗਭਗ ਕੱਟ ਲੱਗਦਾ ਹੈ ਤਾਂ ਸਿਰਫ 10300/- ਰੁ: ਨਾਲ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ । ਕਿਉਂਕਿ ਬਹੁਤੇ ਅਧਿਆਪਕਾਂ/ਕਰਮਚਾਰੀਆਂ ਨੇ ਹੋਮ ਲੋਨ, ਕਾਰ ਲੋਨ ਆਦਿ ਲੈ ਰੱਖੇ ਹਨ ਤੇ ਬੱਚਿਆਂ ਦੀ ਪੜ੍ਹਾਈ ਵੀ ਦਿਨੋ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ । ਭਾਵ ਕਹਿ ਲਈਏ ਕਿ ਹਰ ਬੰਦੇ ਨੇ ਆਪਣੀ ਆਮਦਨ ਦੇ ਹਿਸਾਬ ਨਾਲ ਆਪਣੇ ਮਹੀਨੇ ਦਾ ਖਰਚ ਦਾ ਹਿਸਾਬ ਕਿਤਾਬ ਬਣਾਇਆ ਹੁੰਦਾ ਹੈ । ਹੁਣ ਬੈਕਾਂ ਦੀਆਂ ਕਿਸ਼ਤਾਂ ਟੁੱਟਣਗੀਆਂ, ਆਰਥਿਕ ਵਿਗਾੜ ਪੈਦਾ ਹੋਵੇਗਾ ਅਤੇ ਅਧਿਆਪਕ ਵੀ ਮੰਦਹਾਲ ਕਿਸਾਨਾਂ ਵਾਂਗ ਖੁਦਕੁਸ਼ੀਆਂ ਦੇ ਰਾਹ ਪੈਣਗੇ ।
ਸਰਕਾਰ ਵੱਲੋਂ ਤਨਖਾਹ 'ਚ ਬਣਾਈ ਕਟੌਤੀ ਦੀ ਨੀਤੀ ਦੇ ਵਿਰੋਧ ਵਿੱਚ ਕੱਚੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਯੂਨੀਅਨਾਂ ਨੇ ਸਾਂਝੇ ਸੰਘਰਸ਼ ਦਾ ਐਲਾਨ ਕਰਦਿਆਂ 6 ਮਾਰਚ ਨੂੰ ਸਿੱਖਿਆ ਭਵਨ ਮੋਹਾਲੀ ਦੇ ਘਿਰਾਓ ਦਾ ਐਲਾਨ ਕੀਤਾ ਹੈ । ਜਿਸਨੂੰ ਰੈਗੂਲਰ ਅਧਿਆਪਕਾਂ ਦੀਆਂ ਤਕਰੀਬਨ ਸਮੂਹ ਜੱਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ । ਇਸ ਘਿਰਾਓ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰੰਤੂ ਅੱਜ ਪੰਜਾਬ ਦੇ ਹਰ ਸਰਕਾਰੀ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਕੱਚੇ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਸੰਘਰਸ਼ ਦਾ ਹਰ ਰੂਪ ਵਿੱਚ ਸਾਥ ਦੇਣ ਤਾਂ ਜੋ ਇਸ ਤੁਗਲਕੀ ਫੁਰਮਾਨ ਨੂੰ ਰੱਦ ਕਰਵਾਇਆ ਜਾ ਸਕੇ ਅਤੇ ਇਨ੍ਹਾਂ ਦਾ ਜੋ ਰਿਹਾ ਸ਼ੋਸ਼ਣ ਰੋਕਿਆ ਜਾ ਸਕੇ । ਜੇਕਰ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਇਹ ਤਹੱਈਆ ਕਰ ਲੈਣ ਤਾਂ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਜੱਥੇਬੰਦੀ ਬਣਾਉਣ ਦਾ ਦੁਬਾਰਾ ਮੁੱਢ ਬੰਨ੍ਹਿਆ ਜਾ ਸਕਦਾ ਹੈ । ਕਿਸੇ ਸ਼ਾਇਰ ਨੇ ਕਿਹਾ ਹੈ ਕਿ -
'' ਕਿਸੇ ਵੀ ਮੰਜ਼ਿਲ ਨੂੰ ਸਰ ਕਰਨਾ, ਕਦੇ ਮੁਸ਼ਕਲ ਨਹੀਂ ਹੁੰਦਾ
ਹੈ ਲਾਜ਼ਿਮ ਸ਼ਰਤ ਇਹ, ਪੈਰੀਂ ਸੁਲਘਦਾ ਇੱਕ ਸਫਰ ਹੋਵੇ "
- ਨਵਨੀਤ ਅਨਾਇਤਪੁਰੀ
98145-09900
ਹੋਲੀ ਤੇ ਵਿਸ਼ੇਸ਼ - ਹੋਲੀ ਦਾ ਤਿਉਹਾਰ ਸਾਵਧਾਨੀ ਨਾਲ ਮਨਾਈਏ ! - ਨਵਨੀਤ ਅਨਾਇਤਪੁਰੀ
ਹੋਲੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ । ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਤਿਉਹਾਰ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਕਈ ਥਾਂਵਾਂ ਤੇ ਇਹ 'ਹੋਲਿਕਾ ਦਹਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇੱਕ ਦੂਜੇ ਦੇ ਰੰਗ ਲਗਾ ਕੇ ਮਨਾਉਂਦੇ ਹਨ । ਲੋਕ ਢੋਲ ਦੀ ਤਾਲ 'ਤੇ ਨੱਚਦੇ ਹੋਏ ਘਰ-ਘਰ ਜਾ ਕੇ ਆਪਣੇ ਦੋਸਤਾਂ/ਰਿਸ਼ਤੇਦਾਰਾਂ ਨੂੰ ਰੰਗ ਲਗਾਉਂਦੇ ਹਨ । ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੀ ਨਫਰਤ ਭੁੱਲ ਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਮਿੱਤਰਤਾ ਦੀ ਸ਼ੁਰੂਆਤ ਕਰਦੇ ਹਨ ।
ਪਰ ਅੱਜ ਕੱਲ੍ਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਲੋਕ ਕੈਮੀਕਲ ਰੰਗਾਂ ਅਤੇ ਪੱਕੇ ਰੰਗਾਂ ਦੀ ਵਰਤੋਂ ਇੱਕ ਦੂਜੇ ਨੂੰ ਲਗਾਉਣ ਮੌਕੇ ਕਰਦੇ ਹਨ । ਪੱਕੇ ਰੰਗਾਂ ਨਾਲ ਇੱਕ ਦੂਜੇ ਦੇ ਮੂੰਹ ਦਿੱਤੇ ਜਾਂਦੇ ਹਨ ਤੇ ਇਹ ਰੰਗ ਕਈ ਦਿਨਾਂ ਤੱਕ ਨਹੀਂ ਉੱਤਰਦਾ ਅਤੇ ਇਹ ਰੰਗ ਅੱਖਾਂ ਵਿੱਚ ਪੈ ਜਾਣ ਨਾਲ ਨਿਗ੍ਹਾ ਲਈ ਵੀ ਹਾਨੀਕਾਰਕ ਸਿੱਧ ਹੋ ਸਕਦਾ ਹੈ । ਇਸਤੋਂ ਇਲਾਵਾ ਕੈਮੀਕਲ ਰੰਗਾਂ ਕਾਰਨ ਸਿਰ ਦੇ ਵਾਲ ਝੜ੍ਹਨ ਅਤੇ ਚਮੜੀ ਦੀਆਂ ਕਈ ਬਿਮਾਰੀਆਂ ਦੀ ਸ਼ਿਕਾਇਤ ਵੀ ਅਕਸਰ ਹੋ ਜਾਂਦੀ ਹੈ । ਇਸ ਲਈ ਕੈਮੀਕਲ ਰੰਗਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਰੰਗਾਂ ਦੀ ਥਾਂ ਆਂਡਿਆਂ, ਟਮਾਟਰਾਂ, ਗਰੀਸ, ਮਕੈਨੀਕਲ ਤੇਲ ਆਦਿ ਦੀ ਵਰਤੋਂ ਵੀ ਇੱਕ ਦੂਜੇ ਤੇ ਸੁੱਟਣ ਲਈ ਕਰਦੇ ਹਨ ਜੋ ਕਿ ਇਸ ਤਿਉਹਾਰ ਨੂੰ ਮਨਾਉਣ ਦੇ ਉਦੇਸ਼ ਤੋਂ ਭਟਕਣਾ ਹੈ । ਇਸ ਦਿਨ ਅਜਿਹੀਆਂ ਚੀਜ਼ਾਂ ਦੀ ਵਰਤੋਂ ਦੀ ਥਾਂ ਹੋਲੀ ਦੇ ਕੁਦਰਤੀ ਰੰਗਾਂ ਦਾ ਨਿਰਮਾਣ ਆਪਣੇ ਘਰਾਂ ਵਿੱਚ ਹਲਦੀ, ਚੰਦਨ ਦੀ ਲੱਕੜ, ਮਹਿੰਦੀ ਆਦਿ ਤੋਂ ਹੋ ਸਕਦਾ ਹੈ ਤੇ ਇਹ ਬਾਜ਼ਾਰ ਨਾਲੋਂ ਸਸਤੇ ਵੀ ਪੈਂਦੇ ਹਨ ।
ਹੋਲੀ ਵਾਲੇ ਦਿਨ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਮੋਟਰਸਾਈਕਲਾਂ/ਕਾਰਾਂ ਤੇ ਸਵਾਰ ਹੋ ਕੇ ਸੜਕਾਂ ਤੇ ਹੋਲੀ ਮਨਾਉਂਦੇ ਅਣਜਾਣ ਬੰਦਿਆਂ 'ਤੇ ਰੰਗ ਪਾਉਂਦੇ ਹਨ । ਜਿਸ ਨਾਲ ਇੱਕ ਪਾਸੇ ਤਾਂ ਪੈਟਰੋਲ ਦੀ ਬਰਬਾਦੀ ਹੋਣ ਦੇ ਨਾਲ ਪ੍ਰਦੂਸ਼ਣ ਵੀ ਵੱਧਦਾ ਹੈ ਤੇ ਦੂਜੇ ਪਾਸੇ ਅਣਜਾਣ ਬੰਦਿਆਂ ਤੇ ਰੰਗ ਪਾਉਣ ਨਾਲ ਝਗੜਾ ਵੀ ਹੋ ਜਾਂਦਾ ਹੈ ਜੋ ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ । ਇਸਤੋਂ ਬਚਣਾ ਚਾਹੀਦਾ ਹੈ ਤੇ ਨਾਲ ਹੀ ਇਸ ਸਮੇਂ ਅਲਕੋਹਲ ਦਾ ਜ਼ਿਆਦਾ ਸੇਵਨ ਕਰਨਾ ਵੀ ਹਾਦਸਿਆਂ ਨੂੰ ਸੱਦਾ ਦੇਣ ਵਾਲਾ ਸਾਬਿਤ ਹੋ ਸਕਦਾ ਹੈ । ਸੋ ਇਹ ਤਿਉਹਾਰ ਸੰਕੋਚ ਨਾਲ ਆਪਣੇ ਭਾਈਚਾਰੇ ਨਾਲ ਹੀ ਮਨਾਓ ।
ਇਸ ਸਮੇਂ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਵਿਦਿਆਰਥੀਆਂ ਨੂੰ ਹੋਲੀ ਮਨਾਉਣ ਵੇਲੇ ਬਹੁਤ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਘਰ ਤੋਂ ਬਾਹਰ ਹੋਲੀ ਮਨਾਉਣ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਕੈਮੀਕਲ ਰੰਗਾਂ, ਆਂਡਿਆਂ, ਮਕੈਨੀਕਲ ਤੇਲ, ਗਰੀਸ ਆਦਿ ਦੀ ਰੰਗਾਂ ਨਾਲ ਮਿਲਾ ਕੇ ਕੀਤੀ ਜਾਂਦੀ ਵਰਤੋਂ ਕਾਰਨ ਚਮੜੀ ਦੇ ਰੋਗਾਂ ਦੀ ਸਮੱਸਿਆ ਵੀ ਆ ਸਕਦੀ ਹੈ ਤੇ ਉਨ੍ਹਾਂ ਦੇ ਪ੍ਰੀਖਿਆਵਾਂ ਠੀਕ ਢੰਗ ਨਾਲ ਦੇਣ ਵਿੱਚ ਵਿਘਨ ਪੈ ਸਕਦਾ ਹੈ । ਸੋ ਬਚਾਓ ਵਿੱਚ ਹੀ ਬਚਾਓ ਹੈ ।
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਇਹ ਤਿਉਹਾਰ ਮਨੁੱਖ ਦੇ ਦਿਲ ਵਿੱਚ ਖੁਸ਼ੀ ਦਾ ਰੰਗ ਭਰ ਦਿੰਦਾ ਹੈ । ਇਸਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ । ਧੂਮਧਾਮ ਨਾਲ ਹੋਲੀ ਮਨਾਓ, ਪਰ ਸਾਵਧਾਨੀ ਵਰਤਣੀ ਅਤਿ ਲਾਜ਼ਮੀ ਹੈ ।
ਹੋਲੀ ਸਬੰਧੀ ਲੋਕ ਗੀਤ ਦੇ ਬੋਲ ਹਨ ...
''ਫੱਗਣ ਦੇ ਮਹੀਨੇ ਸਰ੍ਹੋਂ ਖੇਤੀਂ ਫੁੱਲੀ ਏ,
ਹੋਲੀ ਦੀ ਬਹਾਰ ਧਰਤੀ 'ਤੇ ਡੁੱਲ੍ਹੀ ਏ । ''
ਨਵਨੀਤ ਅਨਾਇਤਪੁਰੀ
98145-09900
ਘਰ ਤੋਂ ਦੂਰ - ਨਵਨੀਤ ਅਨਾਇਤਪੁਰੀ
ਘਰ ਤੋਂ ਦੂਰ
ਵਿੱਚ ਪਰਦੇਸ
ਨਵਾਂ ਪੰਛੀ
ਪਿੰਜਰੇ ਵਿੱਚ ਫਸਿਆ
ਵੀਜ਼ਾ ਲਵਾ ਕੇ ਪੜਾਈ ਦਾ |
ਡਾਲਰ , ਯੂਰੋ , ਪੋਂਡ ਕਮਾਉਣੇ
ਬਾਪੂ ਦੇ ਸਾਰੇ ਕਰਜ਼ੇ ਲਾਹੁਣੇ |
ਉਠ ਜਵਾਨਾ ਲਗ ਜਾ ਦਿਹਾੜੀ
ਆਲਸ ਹੁੰਦੀ ਬਹੁਤੀ ਮਾੜੀ |
ਠਾਰਾਂ - ਠਾਰਾਂ ਘੰਟੇ ਕੰਮ
ਲੂਸਿਆ ਜਾਂਦਾ ਸਾਰਾ ਚੰਮ |
ਰੋਟੀ ਵੀ ਫੇਰ ਆਪ ਬਣਾਉਣੀ
ਆਟੇ ਦੀ ਚਿੜੀ ਦੀ ਟੇਪ ਨਾਲ ਵਜਾਉਣੀ |
ਚਾਰ ਘੰਟੇ ਫੇਰ ਸੌਣਾ ਸੱਜ ਕੇ
ਕਦੇ ਕਦਾਈਂ ਰੋਣਾ ਰੱਜ ਕੇ |
ਹਾਲ ਪਰਦੇਸੀਆਂ ਦੇ ਤੂੰ ਕੀ ਜਾਣੇ ਓਏ
ਮੰਨਣੇ ਪੈਂਦੇ ਕਹਿੰਦੇ ਰੱਬ ਦੇ ਭਾਣੇ ਓਏ |