ਜਿਊਣਾ ਸਿਖਾਉਂਣ ਵਿੱਚ ਰੁੱਝਾ ਹੈ ਹੱਥਾਂ ਅਤੇ ਪੈਰਾਂ ਤੋਂ ਵਿਹੂਣਾ ਇਹ ਸਖਸ਼ - ਯਾਦਵਿੰਦਰ ਸਿੰਘ ਸਤਕੋਹਾ
ਜਿੰਦਗੀ ਨੂੰ ਸਫਲਤਾ ਨਾਲ ਜਿਊਣ ਅਤੇ ਮਾਣਨ ਲਈ ਸਾਨੂੰ ਕਿੰਨੀਆਂ ਕੁ ਸੰਭਾਵਨਾਵਾਂ, ਸ੍ਰੋਤਾਂ, ਸਾਧਨਾਂ, ਦੌਲਤ ਅਤੇ ਤਾਕਤ ਦੀ ਜ਼ਰੂਰਤ ਪੈਂਦੀ ਹੈ, ਇਸ ਤੱਥ ਬਾਰੇ ਸਭ ਦੇ ਵੀਚਾਰ ਵੱਖ ਵੱਖ ਹੋ ਸਕਦੇ ਹਨ। ਕਈ ਵਾਰ ਹਰ ਰੱਜੇ ਪੁੱਜੇ ਅਤੇ ਤਾਕਤਵਰ ਲੋਕ ਵੀ ਜਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਟਕਰਾ ਕੇ ਮੂਧੇ ਮੂੰਹ ਜਾ ਡਿੱਗਦੇ ਹਨ ਅਤੇ ਕਈ ਵਾਰ ਹਰ ਪਾਸਿਉਂ ਥੁੜ੍ਹੇ ਇਨਸਾਨ ਵੀ ਆਪਣੀਆਂ ਕਮਜੋਰ ਸੰਭਾਵਨਵਾਂ ਦੇ ਆਸਰੇ ਹੀ ਜੀਵਨ ਦੇ ਮੋਰਚੇ 'ਤੇ ਐਸੇ ਡਟਦੇ ਹਨ ਕਿ ਮੁਸੀਬਤਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾਂ ਨੂੰ ਆਪਣੀ ਸਹੂਲਤ ਅਨੁਸਾਰ ਢਾਲਣ ਵਿੱਚ ਸਫਲ ਹੋ ਜਾਂਦੇ ਹਨ। ਸਮਾਂ ਬੀਤਦਾ ਹੈ ਅਤੇ ਉਹ ਸਫਲਤਾ ਦੀਆਂ ਉਚਾਈਆਂ ਨੂੰ ਦੌੜ ਕੇ ਚੜ੍ਹਦੇ ਹੋਏ ਆਪਣੇ ਵਰਗੇ ਹੋਰ ਲੱਖਾਂ ਲੋਕਾਂ ਲਈ ਚਾਨਣ ਮੁਨਾਰਾ ਬਣ ਜਾਂਦੇ ਹਨ। ਹਥਲੀ ਗਾਥਾ ਨਿਕ ਵੁਜੀਕਿਕ ਨਾਂਅ ਦੇ ਇੱਕ ਐਸੇ ਇਨਸਾਨ ਦੀ ਹੈ ਜਿਸ ਨੂੰ ਕੁਦਰਤ ਨੇ ਇਸ ਦੁਨੀਆਂ ਵਿੱਚ ਹੱਥਾਂ ਅਤੇ ਪੈਰਾਂ ਤੋਂ ਵਿਹੂਣਾ ਹੀ ਭੇਜਿਆ। ਉਸ ਦੇ ਮਾਂ ਪਿਉ ਨੇ ਉਸਦੇ ਜਨਮ 'ਤੇ ਦੁੱਖ ਦੇ ਹੰਝੂ ਵਹਾਏ ਅਤੇ ਸਮਾਜ ਨੇ ਤਰਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਪਰ ਉਸ ਨੇ ਇਸ ਵੱਡੀ ਸਰੀਰਕ ਕਮੀ ਤੇ ਕਮਾਲ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਨਾਲ ਕਾਬੂ ਪਾ ਲਿਆ ਅਤੇ ਅੱਜ ਉਹ ਕਿਸੇ ਹੀਰੋ ਵਾਂਗ ਮਸ਼ਹੂਰ ਹੋ ਕਿ ਲੱਖਾਂ ਲੋਕਾਂ ਨੂੰ ਜ਼ਿੰਦਗੀ ਨੂੰ ਜਿਉਣ ਦੇ ਭੇਤ ਦੱਸਣ ਵਿੱਚ ਰੁੱਝਾ ਹੋਇਆ ਹੈ। ਅੱਜ ਉਹ ਇੱਕ ਖੂਬਸੂਰਤ ਪਤਨੀ ਦਾ ਪਤੀ ਅਤੇ ਚਾਰ ਪਿਆਰੇ ਜਿਹੇ ਸਿਹਤਮੰਦ ਬੱਚਿਆਂ ਦਾ ਪਿਉ ਹੈ ਅਤੇ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਚੁੱਕੇ ਪ੍ਰੇਰਣਾਂਦਾਇਕ ਲੇਖਕ ਅਤੇ ਸਲਾਹਕਾਰ ਵਜੋਂ ਲੋਕਾਂ ਨੂੰ ਦੱਸ ਰਿਹਾ ਹੈ ਕਿ ਭਾਵੇਂ ਮੇਰੇ ਹੱਥ ਅਤੇ ਪੈਰ ਨਹੀਂ ਹਨ ਪਰ ਮੈਂ ਤੁਹਾਨੂੰ ਇਹ ਦੱਸਣ ਦੇ ਕਾਬਿਲ ਹਾਂ ਕਿ ਤੁਸੀ ਆਪਣੇ ਹੱਥਾਂ ਅਤੇ ਪੈਰਾਂ ਦੀ ਸੁਯੋਗ ਵਰਤੋਂ ਕਰਕੇ ਸਫਲਤਾ ਦੀਆਂ ਪੌੜੀਆਂ ਕਿਵੇਂ ਚੜ੍ਹਨੀਆਂ ਹਨ।
ਨਿਕ ਵੁਜੀਕਿਕ ਦਾ ਜਨਮ 4 ਦਿਸੰਬਰ 1982 ਨੂੰ ਮੈਲਬੋਰਨ, ਆਸਟ੍ਰੇਲੀਆ ਵਿੱਚ ਹੋਇਆ। ਜਦ ਉਸ ਦੇ ਪਿਤਾ ਨੇ ਪਹਿਲੀ ਵਾਰ ਉਸ ਨੂੰ ਤੌਲੀਏ ਵਿੱਚ ਲਵੇਟਿਆ ਹੋਇਆ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਬੱਚੇ ਦੀ ਸੱਜੀ ਬਾਂਹ ਨਹੀਂ ਸੀ। ਉਸ ਦੇ ਪੁੱਛਣ ਤੇ ਨਰਸ ਨੇ ਉੱਤਰ ਦਿੱਤਾ ਕਿ ਮੈਂਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਤੇਰੇ ਬੇਟੇ ਦੀਆਂ ਦੋਵੇਂ ਬਾਹਵਾਂ ਅਤੇ ਪੈਰ ਨਹੀਂ ਹਨ। ਪੈਰ ਦੇ ਨਾਂਅ 'ਤੇ ਉਸ ਦੇ ਸਰੀਰ ਨਾਲ ਬੱਸ ਇੱਕ ਛੋਟਾ ਜਿਹਾ ਪੰਜਾ ਜੁੜਿਆ ਹੋਇਆ ਸੀ। ਵੁਜੀਕਿਕ ਦਾ ਪਿਤਾ ਦੁੱਖ ਦੇ ਸਦਮੇ ਕਾਰਨ ਅਵਾਕ ਹੀ ਰਹਿ ਗਿਆ। ਮਾਂ ਇਸ ਸਦਮੇ ਕਾਰਨ ਏਨੀ ਬੇਹਾਲ ਹੋਈ ਕਿ ਉਹ ਚਾਰ ਮਹੀਨੇ ਤੱਕ ਆਪਣੇ ਬੇਟੇ ਨੂੰ ਗੋਦ ਵਿੱਚ ਹੀ ਨਾਂ ਲੈ ਸਕੀ। ਉਹ ਖੁਦ ਨਰਸ ਸੀ ਅਤੇ ਉਸ ਨੇ ਗਰਭਵਤੀ ਹੋਣ ਦੌਰਾਨ ਆਪਣਾ ਬੇਹੱਦ ਖਿਆਲ ਰੱਖਿਆ ਸੀ ਪਰ ਫਿਰ ਵੀ ਇਹ ਅਣਹੋਣੀ ਵਾਪਰ ਗਈ। ਦੋਵੇਂ ਮਾਂ ਪਿਉ ਜਦ ਬੱਚੇ ਦੇ ਮੁਸਕਰਾਉਂਦੇ ਚਿਹਰੇ ਵੱਲ ਵੇਖਦੇ ਤਾਂ ਇਹ ਸੋਚ ਕਿ ਉਹਨਾ ਦਾ ਰੋਣ ਨਿਕਲ ਜਾਂਦਾ ਕਿ ਇਹ ਪਿਆਰਾ ਜਿਹਾ ਫਰਿਸ਼ਤੇ ਵਰਗਾ ਮਾਸੂਮ ਅਜੇ ਇਹ ਵੀ ਨਹੀਂ ਜਾਣਦਾ ਕਿ ਕੁਦਰਤ ਨੇ ਉਸ ਨਾਲ ਕੀ ਕਹਿਰ ਵਰਤਾਇਆ ਸੀ।
ਵੁਜੀਕਿਕ ਦਿਮਾਗੀ ਤੌਰ ਤੇ ਸਿਹਤਮੰਦ ਸੀ, ਇਸ ਲਈ ਉਸ ਨੂੰ ਸਧਾਰਨ ਸਕੂਲ ਵਿੱਚ ਹੀ ਭੇਜ ਦਿੱਤਾ ਗਿਆ ਪਰ ਉੱਥੇ ਉਹ ਬੱਚਿਆਂ ਦੀਆਂ ਸ਼ਰਾਰਤਾਂ ਦਾ ਸ਼ਿਕਾਰ ਬਣਨ ਲੱਗ ਪਿਆ। ਹੁਣ ਉਸ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਸੀ ਕਿ ਉਹ ਹੱਥਾਂ ਅਤੇ ਪੈਰਾਂ ਤੋਂ ਵਿਹੂਣਾ ਹੈ। ਉਸ ਖੁਦ ਖਾਣ, ਪੀਣ, ਤੁਰਨ ਭਾਵ ਕਿ ਕੋਈ ਵੀ ਸਰੀਰਕ ਕਿਰਿਆ ਕਰਨ ਦੇ ਅਯੋਗ ਸੀ। ਉਸ ਲਈ ਜੀਵਨ ਦੀ ਖਤਰਨਾਕ ਜੱਦੋਜਹਿਦ ਸ਼ੁਰੂ ਹੋ ਗਈ। ਸਕੂਲ ਵਿੱਚ ਉਸ ਨੂੰ ਸ਼ਰਾਰਤੀ ਬੱਚਿਆਂ ਵੱਲੋਂ ਇਸ ਕਦਰ ਤੰਗ ਕੀਤਾ ਜਾਣ ਲੱਗਾ ਕਿ ਆਖਰ ਮਾਂ ਪਿਉ ਨੇ ਉਸ ਦੀ ਪੜ੍ਹਾਈ-ਲਿਖਾਈ ਘਰ ਵਿੱਚ ਹੀ ਕਰਾਉਣ ਦਾ ਫੈਸਲਾ ਲਿਆ। ਉਸ ਦੀ ਮਾਂ ਨੇ ਉਸ ਲਈ ਪਲਾਸਟਿਕ ਦਾ ਇੱਕ ਖਾਸ ਯੰਤਰ ਬਣਵਾਇਆ ਜਿਸ ਨਾਲ ਉਹ ਆਪਣੇ ਪੈਰ ਦੇ ਛੋਟੇ ਜਿਹੇ ਪੰਜੇ ਨਾਲ ਪੈੱਨ ਫੜ੍ਹਨਾ ਸਿੱਖਣ ਲੱਗਿਆ। ਖੇਡਣਾ ਮੱਲਣਾਂ ਤਾਂ ਉਸ ਲਈ ਸਿਰਫ ਇੱਕ ਸੁਫਨਾ ਹੀ ਸੀ। ਆਪਣੀ ਖਿੜਕੀ ਵਿੱਚ ਬੈਠਾ ਉਹ ਗਲੀ ਵਿੱਚ ਨੱਚਦੇ-ਖੇਡਦੇ ਬੱਚਿਆਂ ਵੱਲ ਤੱਕਦਾ ਰਹਿੰਦਾ। ਦਸ ਸਾਲ ਦੀ ਉਮਰ ਵਿੱਚ ਇੱਕ ਦਿਨ ਬਹੁਤ ਨਿਰਾਸ਼ਾ ਵਿੱਚ ਉਸ ਨੇ ਨਹਾਉਣ ਵਾਲੇ ਟੱਬ ਵਿੱਚ ਡੁੱਬ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ। ਉਸ ਦੀ ਕਿਸਮਤ ਵਿੱਚ ਜੀਣਾ ਲਿਖਿਆ ਸੀ।
ਉਨ੍ਹਾਂ ਦਿਨਾ ਵਿੱਚ ਵੁਜਕਿਕ ਦੀ ਮਾਂ ਨੇ ਇੱਕ ਅੰਗਹੀਣ ਇਨਸਾਨ ਬਾਰੇ ਪ੍ਰੇਰਣਾਦਾਇਕ ਲੇਖ ਲਿਖਿਆ ਜਿਸ ਨੇ ਜ਼ਿੰਦਗੀ ਦੀ ਜੱਦੋਜਹਿਦ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਲੇਖ ਅਖਬਾਰ ਵਿੱਚ ਛਪਿਆ। ਮਾਂ ਨੇ ਇਹ ਲੇਖ ਆਪਣੇ ਬੇਟੇ ਨੂੰ ਵੀ ਪੜ੍ਹਨ ਲਈ ਦਿੱਤਾ। ਵੁਜੀਕਿਕ ਨੇ ਜਦ ਇਹ ਲੇਖ ਪੜ੍ਹਿਆ ਤਾਂ ਉਸ ਦੇ ਸੋਚਣ ਦਾ ਢੰਗ ਬਦਲ ਗਿਆ। ਉਸ ਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆਂ ਵਿੱਚ ਉਹ ਇਕੱਲਾ ਹੀ ਵਿਕਲਾਂਗ ਨਹੀਂ ਸੀ ਅਤੇ ਉਹ ਵੀ ਸਫਲ ਹੋ ਕਿ ਲੱਖਾਂ ਲੋਕਾਂ ਲਈ ਰਾਹ ਦਸੇਰਾ ਬਣ ਸਕਦਾ ਹੈ। ਉਹ ਜੀਵਨ ਨੂੰ ਸਾਕਾਰਾਤਮਕ ਨਜ਼ਰੀਏ ਨਾਲ ਵੇਖਣ ਲੱਗ ਪਿਆ। ਆਪਣੇ ਛੋਟੇ ਜਿਹੇ ਧੜ੍ਹ ਅਤੇ ਨਿੱਕੇ ਜਿਹੇ ਪੰਜੇ ਦੀ ਮਦਦ ਨਾਲ ਉਸਨੇ ਤਰਨਾ ਸਿੱਖ ਲਿਆ। ਉਸ ਦੀ ਸੋਚ ਉਸ ਦੀ ਉਮਰ ਤੋਂ ਕਿਧਰੇ ਜਿਆਦਾ ਗੰਭੀਰ ਹੋਣ ਲੱਗੀ। ਵੁਜੀਕਿਕ ਦੇ ਮਾਂ ਪਿਉ ਨਿਯਮਿਤ ਰੂਪ ਨਾਲ ਗਿਰਜਾਘਰ ਦੀਆਂ ਪ੍ਰਾਥਨਾ ਸਭਾਵਾਂ ਵਿੱਚ ਹਾਜ਼ਰੀ ਭਰਦੇ ਸਨ ਅਤੇ ਉਹ ਅਕਸਰ ਹੀ ਉਨ੍ਹਾਂ ਨਾਲ ਗਿਰਜਾਘਰ ਜਾਂਦਾ । ਹੌਲੀ ਹੌਲੀ ਉਸਨੇ ਇਨ੍ਹਾਂ ਸਭਾਵਾਂ ਵਿੱਚ ਬੋਲਣਾਂ ਸ਼ੁਰੂ ਕਰ ਦਿੱਤਾ। ਆਪਣੇ ਪੈਰ ਦੇ ਪੰਜੇ ਦੇ ਸਹਾਰੇ ਉਹ ਮੇਜ਼ 'ਤੇ ਖੜ੍ਹਾ ਹੋ ਜਾਂਦਾ ਅਤੇ ਆਪਣੇ ਖਿਆਲਾਂ ਨੂੰ ਇੱਕ ਭਾਸ਼ਨ ਦੇ ਰੂਪ ਵਿਚ ਬੋਲਦਾ। ਸਿਰਫ ਸਤਾਰਾਂ ਸਾਲ ਦੀ ਉਮਰ ਵਿੱਚ ਹੀ ਉਹ ਪ੍ਰਾਥਨਾ ਸਭਾਵਾਂ ਵਿੱਚ ਪ੍ਰੇਰਣਾ ਦੇਣ ਵਾਲੇ ਭਾਸ਼ਨ ਕਰਨ ਲੱਗ ਪਿਆ। ਇੱਕੀ ਸਾਲ ਦੀ ਉਮਰ ਵਿੱਚ ਉਸਨੇ ਅਕਾਊਟਿੰਗ ਅਤੇ ਫਾਈਨੈਂਸ ਵਿੱਚ ਗਰੈਜੂਏਸ਼ਨ ਹਾਸਲ ਕਰ ਲਈ। ਜ਼ਿੰਦਗੀ ਪ੍ਰਤੀ ਸਿਹਤਮੰਦ ਨਜ਼ਰੀਆ ਰੱਖਣ ਬਾਰੇ ਉਸ ਵੱਲੋਂ ਦਿੱਤੇ ਗਏ ਭਾਸ਼ਨਾਂ ਤੋਂ ਲੋਕ ਬਹੁਤ ਪ੍ਰਭਾਵਿਤ ਹੁੰਦੇ ਸਨ। ਲੋਕਾਂ ਵੱਲੋਂ ਮਿਲਦੇ ਭਰਪੂਰ ਸਹਿਯੋਗ ਕਾਰਨ ਉਸ ਨੇ ਇਸ ਖੇਤਰ ਵਿੱਚ ਹੀ ਕੰਮ ਕਰਨ ਦਾ ਮਨ ਬਣਾ ਲਿਆ ਅਤੇ ਪ੍ਰੇਰਣਾਦਾਇਕ ਭਾਸ਼ਨਕਰਤਾ ਵਜੋਂ ਆਪਣੀ ਪਛਾਣ ਬਣਾਉਣ ਲੱਗ ਪਿਆ। ਉਸ ਨੇ ਆਪਣੀ ਸੋਚ ਨੂੰ ਫੈਲਾਉਣ ਲਈ 'ਲਾਈਫ ਵਿਦਾਊਟ ਲਿੰਬਸ' ਨਾਂਅ ਦੀ ਇੱਕ ਗੈਰ ਸਰਕਾਰੀ ਸੰਸਥਾ ਬਣਾਈ ਅਤੇ ਦੁਨੀਆਂ ਨੂੰ ਜ਼ਿੰਦਗੀ ਦੀ ਅਸਲੀਅਤ ਸਮਝਣ, ਜਾਣਨ ਅਤੇ ਨਿਰਾਸ਼ਾ ਤੋਂ ਬਚਣ ਦੇ ਤਰੀਕਿਆਂ ਤੋਂ ਜਾਣੂ ਕਰਾਉਣ ਵਿੱਚ ਰੁੱਝ ਗਿਆ।
ਅੱਜ ਨਿਕ ਵੁਜੀਕਿਕ ਸਾਰੀ ਦੁਨੀਆਂ ਵਿੱਚ ਉੱਘੀ ਪਛਾਣ ਬਣਾ ਚੁੱਕਾ ਮਸ਼ਹੂਰ ਲੈਕਚਰਾਰ ਹੈ ਅਤੇ ਆਪਣੀ ਭਾਸ਼ਨਕਲਾ ਨਾਲ ਲੱਖਾਂ ਡਾਲਰ ਕਮਾ ਰਿਹਾ ਹੈ। ਵੱਖ ਵੱਖ ਦੇਸ਼ਾਂ ਦੀਆਂ ਨਾਂਮਵਰ ਯੂਨੀਵਰਸਿਟੀਆਂ ਅਤੇ ਨੌਜਆਨ ਸਭਾਵਾਂ ਵਿੱਚ ਵਿੱਚ ਉਸਦੇ ਸੈਮੀਨਾਰ ਆਯੋਜਿਤ ਹੁੰਦੇ ਹਨ ਜਿਨ੍ਹਾਂ ਵਿੱਚ ਉਸ ਵੱਲੋਂ ਕੀਤੇ ਭਾਸ਼ਨਾ ਨੂੰ ਸੁਣਨ ਲਈ ਹਜ਼ਾਰਾਂ ਲੋਕ ਪਹੁੰਚਦੇ ਹਨ। ਉਸ ਦੇ ਭਾਸ਼ਨ ਹਾਸਿਆਂ ਅਤੇ ਠਹਾਕਿਆਂ ਨਾਲ ਭਰੇ ਹੁੰਦੇ ਹਨ। ਆਪਣੇ ਨਿੱਕੇ ਜਿਹੇ ਪੰਜੇ ਨਾਲ ਜਿਸਨੂੰ ਉਹ ਮਜ਼ਾਕ ਨਾਲ 'ਚਿਕਨ ਡਰੰਮਸਟਿਕ' ਕਹਿੰਦਾ ਹੈ, ਉਹ ਫੁੱਟਬਾਲ ਖੇਡਦਾ ਹੈ ਅਤੇ ਤਰਦਾ ਹੈ। ਬਹੁਤ ਆਧੁਨਿਕ ਕਿਸਮ ਦੀ ਖਾਸ ਵੀਲਚੇਅਰ ਨਾਲ ਉਹ ਆਪਣੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਚਲਾਉਂਦਾ ਹੈ। ਉਸ ਕੋਲ ਖਾਸ ਤੌਰ ਤੇ ਉਸ ਲਈ ਹੀ ਬਣੇ ਖਾਣ, ਸੌਣ, ਲਿਖਣ ਆਦਿ ਵਿੱਚ ਮਦਦ ਕਰਨ ਲਈ ਉੱਚ ਤਕਨੀਕੀ ਉਪਕਰਨ ਮੌਜੂਦ ਹਨ । ਉਸ ਦੁਆਰਾ ਹੁਣ ਤੱਕ ਲਿਖੀਆਂ ਗਈਆਂ ਸੱਤ ਪੁਸਤਕਾਂ ਦਾ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਤਰਜ਼ਮਾ ਹੋ ਚੁੱਕਾ ਹੈ। ਉਸ ਦੀ ਜ਼ਿੰਦਗੀ 'ਤੇ ਬਣੀ 'ਲਾਈਫ'ਸ ਗਰੇਟਰ ਪਰਪਜ਼' ਨਾਂਅ ਦੀ ਇੱਕ ਡਾਕੂਮੈਂਟਰੀ ਫਿਲਮ ਸਾਰੀ ਦੁਨੀਆਂ ਵਿੱਚ ਦੇਖੀ ਗਈ। 2007 ਤੋਂ ਉਹ ਪੱਕੇ ਤੌਰ ਤੇ ਅਮਰੀਕਾ ਵਿੱਚ ਰਹਿਣ ਲੱਗ ਪਿਆ ਅਤੇ 2012 ਵਿੱਚ ਉਸਨੇ ਕਾਨਾਅ ਮਿਆਰਾ ਨਾਂਅ ਦੀ ਇੱਕ ਖੂਬਸੂਰਤ ਨੌਜੁਆਨ ਲੜਕੀ ਨਾਲ ਵਿਆਹ ਕਰਵਾ ਲਿਆ। ਮੌਜੂਦਾ ਸਮੇ ਵਿੱਚ ਉਹ ਦੱਖਣੀ ਕੈਲੀਫੋਰਨੀਆਂ ਵਿੱਚ ਆਪਣੀ ਪਤਨੀ ਅਤੇ ਦੋ ਬੇਟਿਆਂ ਨਾਲ ਖੁਸ਼ਨੁਮਾ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਸਾਰੀ ਦੁਨੀਆਂ ਵਿੱਚ ਘੁੰਮ ਕੇ ਆਪਣੇ ਅਸਰਦਾਰ ਭਾਸ਼ਨਾ ਰਾਹੀਂ ਦੁਨੀਆਂ ਨੂੰ ਜਿੰਦਗੀ ਦੇ ਗੁੱਝੇ ਭੇਤ ਸਮਝਾ ਰਿਹਾ ਹੈ। 2009 ਵਿੱਚ ਉਸ ਨੇ ਇੱਕ ਛੋਟੀ ਫਿਲਮ 'ਦ ਬਟਰਫਲਾਈ ਸਰਕਸ' ਵਿੱਚ ਅਦਾਕਾਰੀ ਵੀ ਕੀਤੀ ਜਿਸ ਲਈ ਉਸ ਨੂੰ ਵਧੀਆ ਅਦਾਕਾਰ ਵਜੋਂ ਸਨਮਾਨ ਹਾਸਲ ਹੋਇਆ।
''ਮੇਰੇ ਮਾਤਾ ਪਿਤਾ ਨੇ ਸੋਚਿਆ ਸੀ ਕਿ ਪ੍ਰਮਾਤਮਾ ਨੇ ਮੈਂਨੂੰ ਜਨਮ ਦੇ ਕੇ ਵੱਡੀ ਗਲਤੀ ਕੀਤੀ ਸੀ, ਪਰ ਉਹ ਵਿਚਾਰੇ ਅਣਜਾਣਪੁਣੇ ਵਿੱਚ ਗਲਤ ਸੋਚਦੇ ਸਨ। ਜ਼ਰਾ ਮੇਰੇ ਲਾਈਫ ਸਟਾਈਲ ਵੱਲ ਵੇਖੋ। ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਨੇ ਕੋਈ ਗਲਤੀ ਕੀਤੀ ਹੈ ?'' ਆਪਣੇ ਭਾਸ਼ਨਾ ਦੇ ਦੌਰਾਨ ਉਹ ਖਿੜਖਿੜਾ ਕੇ ਹੱਸਦਾ ਹੋਇਆ ਪੁੱਛਦਾ ਹੈ। ਉਸ ਦੇ ਹਾਸੇ ਵਿੱਚ ਸੱਚੀ ਖੁਸ਼ੀ ਦੀ ਛਣਕਾਰ ਸੁਣਾਈ ਦਿੰਦੀ ਹੈ। ਤਸੱਲੀ ਅਤੇ ਜਿੱਤ ਭਰੀ ਖੁਸ਼ੀ ਦੀ ਛਣਕਾਰ!!!
0048-516732105
yadsatkoha@yahoo.com
-ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
25 Feb. 2019
'ਐਮਾਜ਼ੋਨ ਵਰਖਾ ਵਣ' : ਜਿੱਥੇ ਹਜ਼ਾਰਾਂ ਮੀਲਾਂ ਵਿੱਚ ਸਿਰਫ ਕੁਦਰਤ ਹੀ ਧੜਕਦੀ ਹੈ - ਯਾਦਵਿੰਦਰ ਸਿੰਘ ਸਤਕੋਹਾ
ਧਰਤੀ ਦੇ ਪੁੱਤਰ ਮਨੁੱਖ ਨੇ ਤਰੱਕੀ ਅਤੇ ਸ਼ਹਿਰੀਕਰਨ ਦੇ ਆਧੁਨਿਕ ਨਜ਼ਰੀਏ ਅਧੀਨ ਜਿਉਂਦਿਆਂ ਸ਼ਾਂਤ ਕੁਦਰਤ ਨਾਲ ਬੇਹਿਸਾਬੀ ਛੇੜਛਾੜ ਕੀਤੀ ਹੈ। ਜਿੱਥੇ ਭਾਰਤ ਅਤੇ ਹੋਰ ਸੰਘਣੀ ਆਬਾਦੀ ਵਾਲੇ ਦੇਸ਼ਾਂ ਅੰਦਰ ਮਨੁੱਖ ਦੁਆਰਾ ਨਿਰੰਤਰ ਤਿਆਰ ਕੀਤੇ ਜਾਂਦੇ ਕੰਕਰੀਟ ਦੇ ਜੰਗਲਾਂ ਕਾਰਨ ਕੁਦਰਤ ਆਪਣਾ ਸੰਤੁਲਨ ਗਵਾਉਂਦੀ ਜਾ ਰਹੀ ਹੈ, ਉੱਥੇ ਇਸ ਧਰਤੀ ਉੱਪਰ ਕੁਝ ਇੱਕ ਐਸੇ ਖਿੱਤੇ ਵੀ ਮੌਜੂਦ ਹਨ ਜਿੱਥੇ ਕੁਦਰਤ ਸੁਤੰਤਰਤਾ ਨਾਲ ਆਪਣੀ ਅਣਛੋਹ ਖੂਬਸੂਰਤੀ ਅਤੇ ਤਾਜ਼ਗੀ ਸਮੇਤ ਜੀਅ ਰਹੀ ਹੈ। ਕੁਦਰਤ ਦੀ ਐਸੀ ਹੀ ਇੱਕ ਵਿਸ਼ਾਲ ਰਿਆਸਤ ਦਾ ਨਾਂਅ ਹੈ 'ਐਮਾਜ਼ੋਨ' ਵਰਖਾ-ਵਣ। ਦੱਖਣੀ ਅਮਰੀਕੀ ਮਹਾਂਦੀਪ ਵਿੱਚ ਫੈਲਿਆ ਹੋਇਆ ਇਹ ਮਹਾਂਜੰਗਲ ਆਪਣੇ ਆਪ ਵਿੱਚ ਕੁਦਰਤ ਦੇ ਅਨੰਤ ਰਹੱਸਾਂ ਨੂੰ ਲੁਕਾਈ ਬੈਠਾ ਹੈ। ਇਹ ਜੰਗਲ ਏਨਾ ਵਿਸ਼ਾਲ ਅਤੇ ਅਥਾਹ ਹੈ ਕਿ ਇਸ ਦਾ ਰਕਬਾ ਬ੍ਰਾਜ਼ੀਲ, ਪੇਰੂ, ਕੋਲੰਬੀਆ, ਐਕੁਆਡੋਰ, ਵੈਨੇਜ਼ੁਲਾ, ਬੋਲਿਵੀਆ, ਗੁਆਨਾ ਅਤੇ ਸਰਨਾਮ ਆਦਿ ਦੇਸ਼ਾਂ ਵਿੱਚ ਸਾਂਝੇ ਤੌਰ ਤੇ ਫੈਲਿਆ ਹੋਇਆ ਹੈ ਅਤੇ ਲਗਭੱਗ 1.4 ਬਿਲੀਅਨ ਵਰਗ ਏਕੜ ਦਾ ਖੇਤਰ ਇਸ ਦੇ ਹੇਠ ਆਉਂਦਾ ਹੈ। ਇਹ ਰਕਬਾ ਸਾਰੇ ਭਾਰਤ ਦੇ ਦੁਗਣੇ ਖੇਤਰ ਤੋਂ ਵੀ ਜਿਆਦਾ ਹੈ। ਇਸਦਾ ਅੱਧੇ ਤੋਂ ਜਿਆਦਾ ਖੇਤਰ ਬ੍ਰਾਜੀਲ ਦੇ ਅੰਦਰ ਆਉਂਦਾ ਹੈ। ਇਸ ਨੂੰ ਵਰਖਾ-ਵਣਾਂ ਦੀ ਵੰਨਗੀ ਵਿੱਚ ਗਿਣਿਆ ਜਾਂਦਾ ਹੈ ਅਤੇ ਧਰਤੀ ਉੱਪਰ ਇਸ ਸ਼੍ਰੇਣੀ ਦਾ ਇਹ ਸਭ ਤੋਂ ਵਿਸ਼ਾਲ ਜੰਗਲ ਹੈ। ਨਿਰਸੰਦੇਹ ਇਹ ਵਣ ਇਸ ਧਰਤੀ ਉੱਤੇ ਕੁਦਰਤ ਦੀ ਸਭ ਤੋਂ ਵੱਡੀ ਵਿਰਾਸਤ ਹੈ।
ਵਿਸ਼ਾਲ ਐਮਾਜ਼ੋਨ ਖਿੱਤੇ ਵਿੱਚ ਘੁੰਮਣ ਵਾਲਾ ਇਨਸਾਨ ਇੱਕ ਵਾਰ ਇਹ ਭੁੱਲ ਜਾਂਦਾ ਹੈ ਕਿ ਉਹ ਵਿਗਿਆਨ ਅਤੇ ਤਕਨੀਕ ਦੀ ਤਰੱਕੀ ਦੇ ਸਿਖਰ ਤੇ ਖੜੀ ਇੱਕੀਵੀਂ ਸਦੀ ਵਿੱਚ ਜੀਅ ਰਿਹਾ ਹੈ। ਸੰਘਣੇ ਵਣਾਂ ਵਿੱਚ ਵੱਸਦੇ ਜੰਗਲੀ ਜੀਵ ਆਪਣੇ ਜਾਂਗਲੀ ਹੁਸਨ ਨਾਲ ਭਰੇ ਹੋਏ ਬੇਪਰਵਾਹ ਜੀਵਨ ਜਿਉਂਦੇ ਹਨ। ਸੰਘਣੇ ਰੁੱਖਾਂ ਨਾਲ ਭਰੇ ਜੰਗਲਾਂ ਦੇ ਕਈ ਵਿਸ਼ਾਲ ਹਿੱਸੇ ਐਸੇ ਵੀ ਹਨ ਜਿੱਥੇ ਸਿਖਰ ਦੁਪਹਿਰੇ ਵੀ ਹਨੇਰਾ ਹੀ ਰਹਿੰਦਾ ਹੈ। ਇਹਨਾ ਸੰਘਣੇ ਜੰਗਲਾਂ ਉੱਤੇ ਬਹੁਤ ਤੇਜ਼ ਮੀਂਹ ਪੈਣ ਦੀ ਸੂਰਤ ਵਿੱਚ ਵੀ ਪਾਣੀ ਜ਼ਮੀਨ ਤੱਕ ਪਹੁੰਚਦਿਆਂ ਦਸ ਤੋਂ ਪੰਦਰਾਂ ਮਿੰਟ ਤੱਕ ਦਾ ਸਮਾਂ ਲੈ ਲੈਂਦਾ ਹੈ। ਇੱਥੇ ਲਗਭੱਗ 40,000 ਕਿਸਮ ਦੀ ਬਨਸਪਤੀ, ਦਰਿਆਵਾਂ, ਨਦੀਆਂ ਅਤੇ ਝੀਲਾਂ ਵਿੱਚ 3000 ਕਿਸਮਾ ਦੇ ਕਰੀਬ ਜਲ-ਜੰਤੂ, 1300 ਕਿਸਮਾ ਦੇ ਕਰੀਬ ਪੰਛੀ ਅਤੇ ਸੈਂਕੜੇ ਕਿਸਮਾ ਦੇ ਜੰਗਲੀ ਜਾਨਵਰ ਮਿਲਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਜੀਵ ਦੁਨੀਆਂ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਨਹੀਂ ਪਾਏ ਜਾਂਦੇ। ਜੀਵ ਵਿਗਿਆਨੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਉਹਨਾ ਨੂੰ ਅੱਜ ਵੀ ਐਮਾਜ਼ੋਨ ਵਿੱਚੋਂ ਜੰਗਲੀ ਅਤੇ ਜਲ ਜੀਵਾਂ ਦੀਆਂ ਨਵੀਆਂ ਕਿਸਮਾ ਲੱਭ ਰਹੀਆਂ ਹਨ। ਭਾਵੇਂ ਕਿ ਦੱਖਣੀ ਅਮਰੀਕੀ ਮਹਾਂਦੀਪ ਦੇ ਦੇਸ਼ ਵੀ ਆਧੁਨਿਕਤਾ ਦੇ ਨਾਂਅ ਹੇਠ ਨਿਰੰਤਰ ਜੰਗਲਾਂ ਨੂੰ ਸ਼ਹਿਰੀ ਰਕਬੇ ਹੇਠ ਲਿਆ ਰਹੇ ਹਨ ਪਰ ਫਿਰ ਵੀ ਇਹ ਜੰਗਲ ਆਪਣੀ ਅਸੀਮ ਵਿਸ਼ਾਲਤਾ ਕਾਰਨ ਬਹੁਤ ਹੱਦ ਤੱਕ ਮਨੁੱਖੀ ਛੇੜਛਾੜ ਤੋਂ ਬਚਿਆ ਹੋਇਆ ਹੈ। ਇਸ ਦੇ ਬਹੁਤ ਸਾਰੇ ਹਿੱਸਿਆਂ ਤੱਕ ਤਾਂ ਅੱਜ ਤੱਕ ਮਨੁੱਖ ਪਹੁੰਚਿਆ ਹੀ ਨਹੀਂ ਹੈ। ਇਸ ਤਰਾਂ ਇੱਥੇ ਪਾਏ ਜਾਂਦੇ ਪੌਦਿਆਂ, ਵੱਸਣ ਵਾਲੇ ਪਛੂ-ਪੰਛੀਆਂ ਅਤੇ ਜਲ ਜੀਵਾਂ ਦੀਆਂ ਹਜ਼ਾਰਾਂ ਕਿਸਮਾ ਅਜ਼ਾਦ ਫਿਜ਼ਾਵਾਂ ਵਿੱਚ ਸਾਹ ਲੈਂਦੀਆਂ ਹਨ।
ਇਸ ਜੰਗਲ ਨੂੰ ਧਰਤੀ ਉੱਪਰ ਆਕਸੀਜਨ ਉਪਲਭਧ ਕਰਾਉਣ ਅਤੇ ਕਾਰਬਨਡਾਈਕਸਾਈਡ ਸੋਖਣ ਵਾਲੇ ਸਭ ਤੋਂ ਵੱਡੇ ਕੁਦਰਤੀ ਸ੍ਰੋਤ ਵਜੋਂ ਵੀ ਜਾਣਿਆ ਜਾਂਦਾ ਹੈ। ਵਿਗਿਆਨ ਦੀ ਦੁਨੀਆਂ ਵਿੱਚ ਤਾਂ ਐਮਾਜ਼ੋਨ ਨੂੰ ਧਰਤੀ ਦੇ ਫੇਫੜਿਆਂ ਦੀ ਤੁਲਨਾ ਦਿੱਤੀ ਜਾਂਦੀ ਹੈ। ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਵੱਸਦਾ ਸ਼ਖਸ਼ ਖੁਦ ਨੂੰ ਐਮਾਜ਼ੋਨ ਨਾਲ ਸੰਪਰਕ ਵਿੱਚ ਮਹਿਸੂਸ ਕਰੇਗਾ ਜਦ ਉਹ ਜਾਣੇਗਾ ਕਿ ਸਾਰੀ ਧਰਤੀ ਦੀ ਬਨਾਸਪਤੀ ਵੱਲੋਂ ਪੈਦਾ ਕੀਤੀ ਜਾਂਦੀ ਆਕਸੀਜਨ ਵਿੱਚ ਐਮਾਜ਼ੋਨ ਵੀਹ ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ। ਸੂਰਜ ਦੀ ਤਪਸ਼ ਨੂੰ ਸੋਖਣ ਵਾਲੇ ਇਹ ਜੰਗਲ ਗਲੋਬਲ ਵਾਰਮਿੰਗ ਨਾਲ ਲੜਨ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ।
'ਐਮਾਜ਼ੋਨ' ਨਾਂਅ ਵੀ ਦਿਲਚਸਪੀ ਦਾ ਵਿਸ਼ਾ ਹੈ। ਖੇਤਰੀ ਤੌਰ ਤੇ ਇਹ ਰਕਬਾ ਕਈ ਦੇਸ਼ਾਂ ਨਾਲ ਸਬੰਧ ਰੱਖਦਾ ਹੈ ਪਰ ਹਰ ਖੇਤਰ ਵਿੱਚ ਇਸ ਨੂੰ ਇਸੇ ਨਾਂਅ ਨਾਲ ਹੀ ਸੰਬੋਧਤ ਕੀਤਾ ਜਾਂਦਾ ਹੈ। ਇਹ ਨਾਂਅ ਫਰਾਂਸਿਸਕੋ ਡੀ ਓਰਲੈਨਾ ਨਾਂਅ ਦੇ ਪਹਿਲੇ ਯੂਰਪੀਅਨ ਯਾਤਰੀ ਵੱਲੋਂ ਦਿੱਤਾ ਗਿਆ ਸੀ ਜਿਸ ਨੇ ਸੋਹਲਵੀਂ ਸਦੀ ਦੌਰਾਨ ਇਹਨਾ ਜੰਗਲਾਂ ਵਿੱਚ ਮਹੀਨਿਆਂ ਬੱਧੀ ਸਫਰ ਕੀਤਾ ਅਤੇ ਆਪਣੇ ਸਫਰਨਾਮਿਆਂ ਵਿੱਚ ਇੱਥੋਂ ਦੀ ਸੱਭਿਅਤਾ ਅਤੇ ਕੁਦਰਤੀ ਖੂਬਸੂਰਤੀ ਨੂੰ ਪਹਿਲੀ ਵਾਰ ਪੂਰੀ ਦੁਨੀਆਂ ਦੇ ਸਾਹਮਣੇ ਰੱਖਿਆ ਸੀ। ਫਰਾਂਸਿਸਕੋ ਦਲੇਰ ਸੁਭਾਅ ਦਾ ਯਾਤਰੀ ਸੀ। ਉਸ ਨੇ ਆਪਣੀ ਜਾਂਨ ਜੋਖਮ ਵਿੱਚ ਪਾ ਕੇ ਇਹਨਾ ਵਿਸ਼ਾਲ ਜੰਗਲਾਂ ਵਿੱਚ ਮਹੀਨਿਆਂ ਬੱਧੀ ਸਫਰ ਕੀਤਾ। ਉਸ ਨੇ ਜਿਆਦਾਤਰ ਸਫਰ ਨਦੀਆਂ ਅਤੇ ਦਰਿਆਵਾਂ ਦੇ ਰਸਤੇ ਤਹਿ ਕੀਤਾ। ਆਪਣੀ ਲੰਮੀ ਯਾਤਰਾ ਦੌਰਾਨ ਉਸ ਨੇ ਬਹੁਤ ਸਾਰੇ ਕਬੀਲਿਆਂ ਵਿੱਚ ਹੁੰਦੀਆਂ ਆਪਸੀ ਲੜਾਈਆਂ ਨੂੰ ਤੱਕਿਆ। ਉੇਸ ਨੂੰ ਹੈਰਾਨੀ ਹੋਈ ਜਦ ਉਸਨੇ ਇਹਨਾ ਲੜਾਈਆਂ ਦੌਰਾਨ ਔਰਤਾਂ ਨੂੰ ਵੀ ਆਦਮੀਆਂ ਦੇ ਬਰਾਬਰ ਲੜਦਿਆਂ ਵੇਖਿਆ। ਇਹਨਾ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਉਸਨੇ ਇਸ ਵਿਸ਼ਾਲ ਖੇਤਰ ਨੂੰ ਗਰੀਕ ਮਿਥਿਹਾਸ ਦੀ ਲੜਾਕੂ ਔਰਤ-ਸ਼੍ਰੇਣੀ 'ਐਮਾਜ਼ੋਨ' ਦੇ ਨਾਂਅ ਨਾਲ ਜੋੜ ਲਿਆ ਜੋ ਕਿ ਜੰਗ ਦੇ ਮੈਦਾਨ ਵਿੱਚ ਮਰਦਾਂ ਦੇ ਬਰਾਬਰ ਹੋ ਕੇ ਲੜਦੀਆਂ ਸਨ। ਜਦ ਫਰਾਂਸਿਸਕੋ ਦੀਆਂ ਲਿਖਤਾਂ ਯੂਰਪੀ ਦੁਨੀਆਂ ਦੇ ਸਾਹਮਣੇ ਆਈਆਂ ਤਾਂ ਇਸ ਖੇਤਰ ਦਾ ਇਹੀ ਨਾਂਅ ਮਸ਼ਹੂਰ ਹੋ ਗਿਆ।
ਐਮਾਜ਼ੋਨ ਚਾਰ ਸੌ ਦੇ ਕਰੀਬ ਮਨੁੱਖੀ ਕਬੀਲਿਆਂ ਦੇ ਰਹਿਣ ਦੀ ਧਰਤੀ ਵੀ ਹੈ ਜਿਨ੍ਹਾਂ ਵਿੱਚੋਂ ਪੰਜਾਹ ਦੇ ਕਰੀਬ ਅੱਜ ਤੱਕ ਵੀ ਬਾਹਰੀ ਦੁਨੀਆਂ ਦੇ ਸੰਪਰਕ ਵਿੱਚ ਨਹੀਂ ਹਨ। ਇਹਨਾ ਦਾ ਜੀਵਨ ਪੂਰੀ ਤਰਾਂ ਕੁਦਰਤ ਤੇ ਆਧਾਰਤ ਹੈ। ਉਹ ਅੱਜ ਵੀ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਹੋਏ ਆਪੋ ਆਪਣੇ ਕਬੀਲੇ ਵੱਲੋਂ ਨਿਰਧਾਰਤ ਕਾਨੂੰਨਾ ਅਨੁਸਾਰ ਜਿਉਂਦੇ ਹਨ ਅਤੇ ਸ਼ਿਕਾਰ ਖੇਡ ਕੇ, ਮੱਛੀਆਂ ਫੜ ਕੇ ਜਾਂ ਕਿਧਰੇ ਥੋੜੀ ਬਹੁਤ ਖੇਤੀ ਕਰ ਕੇ ਜੀਵਨ ਨਿਰਬਾਹ ਕਰਦੇ ਹਨ। ਨਦੀਆਂ ਜਾਂ ਦਰਿਆਵਾਂ ਦੇ ਕੰਢੇ ਵੱਸਦੇ ਕਬੀਲੇ ਤਾਂ ਥੋੜੇ ਬਹੁਤ ਬਾਹਰੀ ਦੁਨੀਆਂ ਦੇ ਸੰਪਰਕ ਵਿੱਚ ਆ ਚੁੱਕੇ ਹਨ ਅਤੇ ਪਛਾਣੇ ਜਾ ਚੁੱਕੇ ਹਨ ਪਰ ਧੁਰ ਅੰਦਰ ਜੰਗਲਾਂ ਵਿੱਚ ਵੱਸਦੇ ਕਬੀਲੇ ਦੁਨੀਆਂ ਦੀ ਪਹੁੰਚ ਤੋਂ ਪੂਰੀ ਤਰਾਂ ਬਾਹਰ ਹਨ। ਪੇਰੂ ਅਤੇ ਬ੍ਰਾਜੀਲ ਦੀਆਂ ਸਰਕਾਰਾਂ ਅੱਜ ਵੀ ਇਹਨਾ ਕਬੀਲਿਆਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ ਅਤੇ ਬੇਰਾਬਤਾ ਕਬੀਲਿਆਂ ਦਾ ਪਤਾ ਕਰਕੇ ਉਹਨਾ ਦਾ ਸਬੰਧ ਬਾਹਰੀ ਦੁਨੀਆਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਵੈਸੇ ਇਹ ਇੱਕ ਮੁਸ਼ਕਿਲ ਜਿਹਾ ਕੰਮ ਹੈ ਕਿਉਂਕਿ ਦੁਨੀਆਂ ਤੋਂ ਬੇਰਾਬਤਾ ਕਬੀਲੇ ਬਾਹਰੀ ਦੁਨੀਆਂ ਨਾਲ ਸਬੰਧ ਰੱਖ ਕੇ ਖੁਸ਼ ਨਹੀਂ ਹੁੰਦੇ। ਉਹ ਆਪਣੀ ਜਾਂਗਲੀ ਅਤੇ ਅਜ਼ਾਦ ਜ਼ਿੰਦਗੀ ਜਿਉਣ ਵਿੱਚ ਮਸਤ ਹਨ ਅਤੇ ਇਸ ਤਰਾਂ ਦੀਆਂ ਕੋਸ਼ਿਸ਼ਾਂ ਨੂੰ ਆਪਣੇ ਕੁਦਰਤੀ ਜੀਵਨ ਵਿੱਚ ਪੈਦਾ ਕੀਤੀ ਜਾ ਰਹੀ ਪ੍ਰੇਸ਼ਾਨੀ ਵਜੋਂ ਵੇਖਦੇ ਹਨ। ਅਕਸਰ ਹੀ ਸੰਘਣੇ ਜੰਗਲਾ ਵਿੱਚ ਫਿਰਦੇ ਸਰਕਾਰੀ ਵਲੰਟੀਅਰ ਇਹਨਾ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਜਾਂਦੇ ਹਨ ਅਤੇ ਕਦੇ ਕਦਾਈਂ ਜਾਂਨ ਤੋਂ ਵੀ ਹੱਥ ਧੋ ਬਹਿੰਦੇ ਹਨ।
ਇਨ੍ਹਾਂ ਵਿਸ਼ਾਲ ਜੰਗਲਾਂ ਨੂੰ ਆਪਣਾ ਘਰ ਸਮਝਣ ਵਾਲੇ ਕਬੀਲੇ ਵਣ ਸੁਰੱਖਿਆ ਪ੍ਰਤੀ ਬਹੁਤ ਚੇਤੰਨ ਹਨ। ਸਤੰਬਰ 2015 ਨੂੰ 'ਦ ਗਾਰਡੀਅਨ' ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਉੱਤਰੀ ਬ੍ਰਾਜੀਲ ਵਿੱਚ ਕਾਪੋਰ ਨਾਂਅ ਦਾ ਇੱਕ ਕਬੀਲਾ ਵਣਾਂ ਵਿੱਚੋਂ ਲੱਕੜਾਂ ਦੀ ਤਸਕਰੀ ਕਰਨ ਵਾਲੇ ਵੱਡੇ ਤਸਕਰਾਂ ਦੇ ਖਿਲਾਫ ਆਪਣੇ ਹੀ ਦਮ ਤੇ ਹਥਿਆਰਬੰਦ ਸੰਘਰਸ਼ ਕਰ ਰਿਹਾ ਹੈ। ਇਹਨਾ ਤਸਕਰਾਂ ਖਿਲਾਫ ਸਰਕਾਰੀ ਤੰਤਰ ਵੀ ਫੇਲ ਹੋ ਚੁੱਕਾ ਸੀ। ਆਖਰ ਜੰਗਲ ਦੇ ਪੁੱਤਰਾਂ ਨੇ ਆਪਣੇ ਰਵਾਇਤੀ ਅਤੇ ਜਾਂਗਲੀ ਹਥਿਆਰਾਂ ਨਾਲ ਹੀ 2011 ਵਿੱਚ ਤਸਕਰਾਂ ਦੇ ਖਿਲਾਫ ਹਥਿਆਰਬੰਦ ਕਾਰਵਾਈ ਸ਼ੁਰੂ ਕੀਤੀ ਜਿਸ ਨਾਲ 530,000 ਹੈਕਟੇਅਰ ਵਾਲੇ ਆਲਟੋ ਇੰਡੀਗਨਸ ਰਕਬੇ ਵਿੱਚ ਭਾਰੀ ਮਾਤਰਾ ਵਿੱਚ ਹੁੰਦੀ ਜੰਗਲੀ ਲੱਕੜ ਦੀ ਤਸਕਰੀ ਨੂੰ ਠੱਲ ਪੈ ਗਈ। ਇਸ ਸੰਘਰਸ਼ ਵਿੱਚ ਬਹੁਤ ਸਾਰੇ ਕਬੀਲਾ ਮੈਂਬਰਾਂ ਨੂੰ ਜਾਂਨ ਤੋਂ ਵੀ ਹੱਥ ਧੋਣੇ ਪਏ। ਇਸੇ ਤਰਾਂ ਮੱਧ ਬ੍ਰਾਜੀਲ ਵਿੱਚ ਮੁੰਡੂਰੁਕੂ, ਅਪਿਆਕਾ, ਕਾਯਾਬੀ ਅਤੇ ਰਿਕਬਾਕਤਸਾ ਨਾਂਮੀ ਕਬੀਲੇ ਇਕੱਠੇ ਹੋ ਕੇ ਬ੍ਰਾਜ਼ੀਲ ਸਰਕਾਰ ਵੱਲੋਂ ਹਾਇਡਰੋਇਲੈਕਟ੍ਰਿਕ ਡੈਮ ਬਣਾਉਣ ਦੇ ਵਿਰੋਧ ਵਿੱਚ ਖੜੇ ਹੋ ਗਏ ਹਨ। ਉਹਨਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਜੰਗਲਾਂ ਅਤੇ ਨਦੀਆਂ ਨੂੰ ਤਬਾਹ ਨਹੀਂ ਹੋਣ ਦੇਣਗੇ।
ਐਮਾਜ਼ੋਨ ਦੇ ਅਥਾਹ ਜੰਗਲਾਂ ਦੀ ਹਰਿਆਲੀ ਅਤੇ ਖੂਬਸੂਰਤੀ ਦੇ ਪਿੱਛੇ ਕੁਦਰਤ ਦਾ ਇੱਕ ਰਹੱਸਪਈ ਅਤੇ ਦਿਲਚਸਪ ਤੱਥ ਜੁੜਿਆ ਹੋਇਆ ਹੈ ਜਿਸ ਨੂੰ ਜਾਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੁਦਰਤ ਕਿਵੇਂ ਆਤਮਨਿਰਭਰ ਢੰਗ ਨਾਲ ਆਪਣੀ ਹੋਂਦ ਨੂੰ ਬਰਕਰਾਰ ਰੱਖਦੀ ਹੈ। ਸਹਾਰਾ ਮਾਰੂਥਲ ਤੋਂ ਉੱਠਦੀਆਂ ਤੇਜ਼ ਹਵਾਵਾਂ ਧੂੜ-ਮਿੱਟੀ ਦੇ ਕਣ ਆਪਣੇ ਨਾਲ ਲੈ ਕੇ ਐਟਲਾਂਟਿਕ ਸਾਗਰ ਦੇ ਉੱਤੋਂ ਦੀ ਉੱਡਦੀਆਂ ਹੋਈਆਂ ਐਮਾਜ਼ੋਨ ਪਹੁੰਚਦੀਆਂ ਹਨ। ਇਹਨਾਂ ਧੂੜ-ਮਿੱਟੀ ਦੇ ਕਣਾਂ ਵਿੱਚ ਫਾਸਫੋਰਸ ਦੀ ਕਾਫੀ ਮਿਕਦਾਰ ਹੁੰਦੀ ਹੈ ਜੋ ਕਿ ਰੁੱਖਾਂ ਲਈ ਬਹੁਤ ਵਧੀਆ ਖੁਰਾਕ ਦਾ ਕੰਮ ਕਰਦੀ ਹੈ। ਫਾਸਫੋਰਸ ਦਾ ਤੱਤ ਜੰਗਲਾਂ ਵੱਲੋਂ ਸੋਖ ਲਿਆ ਜਾਂਦਾ ਹੈ ਅਤੇ ਭਾਰੀ ਮੀਂਹ ਨਾਲ ਧੂੜ-ਮਿੱਟੀ ਦੇ ਕਣ ਨਦੀਆਂ ਰਾਹੀਂ ਵਹਿੰਦੇ ਹੋਏ ਸਾਗਰ ਵਿੱਚ ਸਮਾ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 50 ਮਿਲੀਅਨ ਟਨ ਦੇ ਕਰੀਬ ਮਿੱਟੀ ਸਹਾਰਾ ਮਾਰੂਥਲ ਤੋਂ ਹਵਾ ਦੇ ਰਸਤੇ ਉੱਡ ਕੇ ਐਮਾਜ਼ੋਨ ਦੇ ਜੰਗਲਾਂ ਉੱਤੇ ਆ ਡਿੱਗਦੀ ਹੈ। ਨਾਸਾ ਵੱਲੋਂ ਜਾਰੀ ਬਹੁਤ ਸਾਰੇ ਅਕਾਸ਼-ਚਿੱਤਰਾਂ ਵਿੱਚ ਇਹਨਾ ਧੂੜ ਭਰੀਆਂ ਹਨੇਰੀਆਂ ਨੂੰ ਸਾਫ ਵੇਖਿਆ ਜਾ ਸਕਦਾ ਹੈ।
ਧਰਤੀ ਦੇ ਇਸ ਖਿੱਤੇ ਦਾ ਜਿਕਰ ਅਧੂਰਾ ਹੀ ਰਹੇਗਾ ਜੇਕਰ ਇਸ ਦਰਮਿਆਨ ਵਹਿੰਦੇ ਖੂਬਸੂਰਤ ਐਮਾਜ਼ੋਨ ਦਰਿਆ ਦਾ ਜ਼ਿਕਰ ਨਾਂ ਕੀਤਾ ਜਾਵੇ। ਧਰਤੀ ਦੇ ਵਿਸ਼ਾਲ ਦਰਿਆਵਾਂ ਵਿੱਚ ਸ਼ੁਮਾਰ ਐਮਾਜ਼ੋਨ ਦਰਿਆ ਪੈਰੁਵਿਅਨ ਐਂਡੇਨ ਪਹਾੜਾਂ ਤੋਂ ਉੱਤਰ ਕੇ ਲਗਭੱਗ ਸਾਢੇ ਛੇ ਹਜ਼ਾਰ ਕਿਲੋਮੀਟਰ ਦਾ ਸਫਰ ਕਰਦਾ ਹੋਇਆ ਐਟਲਾਂਟਿਕ ਸਾਗਰ ਵਿੱਚ ਸਮਾ ਜਾਂਦਾ ਹੈ। ਇਸ ਦੇ ਲੰਮੇ ਸਫਰ ਦੌਰਾਨ ਮਹਾਂਦੀਪ ਦੀਆਂ ਦਰਜ਼ਨਾ ਨਦੀਆਂ ਇਸ ਵਿੱਚ ਸਮਾਉਂਦੀਆਂ ਜਾਂਦੀਆਂ ਹਨ ਅਤੇ ਇਹ ਅੱਗੇ ਵਧਦਾ ਜਾਂਦਾ ਹੈ। ਸਾਗਰ ਵਿੱਚ ਵਿਲੀਨ ਹੋਣ ਤੋਂ ਪਹਿਲਾਂ ਇਸ ਦੀ ਚੌੜਾਈ 240 ਕਿਲੋਮੀਟਰ ਦੇ ਕਰੀਬ ਹੋ ਜਾਂਦੀ ਹੈ। ਦਿਲਚਸਪ ਹੈ ਕਿ ਏਨੇ ਲੰਮੇ ਦਰਿਆ ਉੱਪਰ ਪੁਲ ਵਗੈਰਾ ਨਹੀਂ ਬਣੇ ਹੋਏ। ਦਰਅਸਲ ਇਹ ਦਰਿਆ ਆਪਣਾ ਸਾਰਾ ਸਫਰ ਜੰਗਲੀ ਇਲਾਕੇ ਵਿਚਦੀ ਗੁਜ਼ਰ ਕੇ ਪੂਰਾ ਕਰ ਲੈਂਦਾ ਹੈ ਅਤੇ ਸ਼ਹਿਰੀ ਰਕਬੇ ਦੇ ਸੰਪਰਕ ਵਿੱਚ ਨਾਂ ਆਉਂਦਾ ਹੋਣ ਕਾਰਨ ਇਸ ਤੇ ਪੁਲਾਂ ਦੀ ਉਸਾਰੀ ਦੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ। ਕਿਹਾ ਜਾਂਦਾ ਹੈ ਕਿ ਲੱਖਾਂ ਸਾਲ ਪਹਿਲਾਂ ਇਹ ਦਰਿਆ ਪੂਰਬ ਤੋਂ ਪੱਛਮ ਵੱਲ ਨੂੰ ਵਹਿੰਦਾ ਹੋਇਆ ਪੈਸੇਫਿਕ ਸਾਗਰ ਵਿੱਚ ਡਿੱਗਦਾ ਸੀ। ਕਰੀਬ ਵੀਹ ਮਿਲੀਅਨ ਸਾਲ ਪਹਿਲਾਂ ਵਕਤ ਦੀ ਮਹੀਨ ਗਤੀ ਨਾਲ ਧਰਤੀ ਹੇਠਲੀਆਂ ਟੈਕਟੋਨਿਸ ਪਲੇਟਾਂ ਦੀ ਹਲਚਲ ਕਾਰਨ ਦੱਖਣੀ ਅਮਰੀਕੀ ਮਹਾਦੀਪ ਦੀ ਪੂਰਬੀ ਬਾਹੀ ਵਿੱਚ ਐਂਡਸ ਪਰਬਤ ਉੱਠਣੇ ਸ਼ੁਰੂ ਹੋ ਗਏ ਤਾਂ ਇਸ ਦਰਿਆ ਦਾ ਰਾਹ ਬੰਦ ਹੋਣਾ ਸ਼ੁਰੂ ਹੋ ਗਿਆ। ਕੁਦਰਤੀ ਨਿਯਮ ਤਹਿਤ ਇਸ ਦਰਿਆ ਨੇ ਕਈ ਬਦਲਵੇਂ ਰੁਖ ਅਖਤਿਆਰ ਕੀਤੇ ਅਤੇ ਲੱਖਾਂ ਸਾਲਾਂ ਦੇ ਸਮੇ ਵਿੱਚ ਹੌਲੀ ਹੌਲੀ ਮੌਜੂਦਾ ਰੂਪ ਧਾਰਨ ਕਰ ਲਿਆ।
ਕੁਝ ਇੱਕ ਦੁਰਲੱਭ ਜਲਜੀਵ ਸਿਰਫ ਐਮਾਜ਼ੋਨ ਦਰਿਆ ਦੀ ਹੀ ਵਿਰਾਸਤ ਹਨ। ਇਹਨਾ ਵਿੱਚ ਦੁਨੀਆਂ ਦਾ ਸਭ ਤੋਂ ਲੰਮਾ ਸੱਪ ਨੀਲਾ ਐਨਾਕੋਂਡਾ ਖਾਸ ਤੌਰ ਤੇ ਜਿਕਰਯੋਗ ਹੈ। ਲਗਭੱਗ ਨੌਂ ਮੀਟਰ ਲੰਬਾਈ ਵਾਲਾ ਇਹ ਜੀਵ ਜ਼ਮੀਨ ਨਾਲੋਂ ਪਾਣੀ ਵਿੱਚ ਰਹਿਣਾ ਜਿਆਦਾ ਪਸੰਦ ਕਰਦਾ ਹੈ ਕਿਉਂਕਿ ਪਾਣੀ ਵਿੱਚ ਇਸ ਦੇ 250 ਕਿਲੋਗ੍ਰਾਮ ਤੱਕ ਭਾਰੇ ਸਰੀਰ ਦੀ ਹਲਚਲ ਸੌਖੇ ਢੰਗ ਨਾਲ ਹੋ ਸਕਦੀ ਹੈ। ਇਹ ਖਤਰਨਾਕ ਜੈਗੁਆਰ ਅਤੇ ਜੰਗਲੀ ਸੂਰਾਂ ਤੱਕ ਨੂੰ ਸਾਬਤ ਨਿਗਲ ਜਾਂਦਾ ਹੈ ਅਤੇ ਇੱਕ ਵਾਰ ਭੋਜਨ ਕਰਨ ਤੋਂ ਬਾਅਦ ਕਈ ਮਹੀਨੇ ਮਸਤੀ ਵਿੱਚ ਪਿਆ ਰਹਿੰਦਾ ਹੈ। ਬਹੁਤ ਵੱਡੇ ਆਕਾਰ ਦਾ ਕਾਲਾ ਮਗਰਮੱਛ ਇੱਕ ਦੂਸਰਾ ਖਤਰਨਾਕ ਜੀਵ ਹੈ ਜੋ ਕਦੇ ਮੌਕਾ ਬਣੇ ਤੇ ਨੀਲੇ ਐਨਾਕੋਂਡਾ ਨੂੰ ਵੀ ਨਹੀਂ ਬਖਸ਼ਦਾ। ਬਹੁਤ ਤਾਕਤਵਰ ਜਬਾੜੇ ਦੀ ਮਦਦ ਨਾਲ ਇਹ ਵੱਡੇ ਵੱਡੇ ਜਾਨਵਰਾਂ ਨੂੰ ਬੇਦਮ ਕਰ ਦਿੰਦਾ ਹੈ। ਇਸ ਤੋਂ ਇਲਾਵਾ ਸਾਗਰਾਂ ਵਿੱਚ ਬਹੁਤ ਹੀ ਘੱਟ ਪਾਈ ਜਾਂਦੀ ਗੁਲਾਬੀ ਡਾਲਫਿਨ ਵੀ ਐਨਾਜ਼ੋਨ ਦਰਿਆ ਦੀ ਹੀ ਧੀ ਹੈ।
ਭਾਵੇਂ ਕਿ ਇਹਨਾਂ ਜੰਗਲਾਂ ਵਿੱਚ ਮਨੁੱਖੀ ਜੀਵਨ ਨਿਰਵਾਹ ਬੇਹੱਦ ਔਖਾ ਕੰਮ ਹੈ ਪਰ ਕੁਝ ਦਲੇਰ ਸੁਭਾਅ ਵਾਲੇ ਮਨਮੌਜੀ ਐਮਾਜ਼ੋਨ ਨੂੰ ਸੈਰਗਾਹ ਵਜੋਂ ਵੀ ਵਰਤਦੇ ਹਨ। ਜੰਗਲ ਦੇ ਖਤਰਨਾਕ ਜੀਵਨ ਨੂੰ ਨੇੜਿਉਂ ਵੇਖਣ ਅਤੇ ਮਹਿਸੂਸ ਕਰਨ ਦੇ ਚਾਹਵਾਨ ਪੂਰੀ ਦੁਨੀਆਂ ਤੋਂ ਇੱਥੇ ਪਹੁੰਚਦੇ ਹਨ। ਐਮਾਜ਼ੋਨ ਜੰਗਲੀ ਜਾਨਵਰਾਂ ਵਿੱਚ ਖਤਰਨਾਕ ਜੈਗੁਆਰ ਵਰਗੇ ਜਾਨਵਰਾਂ ਅਤੇ ਅਤਿਅੰਤ ਜ਼ਹਿਰੀਲੇ ਡੱਡੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਕਿਸੇ ਸਿੱਖਿਅਤ ਗਾਈਡ ਦੀ ਸਹਾਇਤਾ ਤੋਂ ਬਿਨਾ ਇਹਨਾ ਜੰਗਲਾਂ ਵਿੱਚ ਪ੍ਰਵੇਸ਼ ਕਰਨ ਦੀ ਮਨਾਹੀ ਹੈ। ਆਮ ਤੌਰ ਤੇ ਨਦੀਆਂ ਰਾਹੀਂ ਜੰਗਲਾਂ ਵਿੱਚ ਸਫਰ ਕਰਨ ਨੂੰ ਸੁਰੱਖਿਅਤ ਮੰਨਿਆਂ ਜਾਂਦਾ ਹੈ। ਐਮਾਜ਼ੋਨ ਨਦੀ ਇਸ ਕੰਮ ਲਈ ਸਭ ਤੋਂ ਵੱਧ ਪਸੰਦੀਦਾ ਮੰਨੀ ਜਾਂਦੀ ਹੈ। ਇਸ ਵਿੱਚ ਹਜ਼ਾਰਾਂ ਹੋਟਲਨੁਮਾ ਕਿਸ਼ਤੀਆਂ ਚੱਲਦੀਆਂ ਹਨ ਜਿਨ੍ਹਾਂ ਵਿੱਚ ਸੈਲਾਨੀ ਕਈ ਕਈ ਦਿਨ ਬਿਤਾ ਕੇ ਇਸ ਧਰਤੀ ਅਤੇ ਜੰਗਲਾਂ ਨੂੰ ਨੇੜਿਉਂ ਵੇਖਦੇ ਹਨ। ਜੰਗਲੀ ਜੀਵਨ ਨੂੰ ਪਿੰਡੇ ਤੇ ਹੰਢਾਉਣ ਦੇ ਸ਼ੌਕੀਨ ਸੈਲਾਨੀ ਖਾਸ ਗਾਈਡਾਂ ਨੂੰ ਨਾਲ ਲੈ ਕੇ ਜੰਗਲ ਅੰਦਰ ਰਾਤਾਂ ਕੱਟਣ ਦੀ ਦਲੇਰੀ ਵੀ ਵਿਖਾਉਂਦੇ ਹਨ। ਜੰਗਲ ਅੰਦਰ ਰਾਤ ਕੱਟਣ ਲਈ ਜ਼ਮੀਨ ਤੇ ਸੌਣਾ ਖਤਰਨਾਕ ਹੈ। ਇਸ ਕੰਮ ਲਈ ਖਾਸ ਤੌਰ ਤੇ ਬਣੇ ਜਾਲਨੁਮਾ ਪੰਘੂੜੇ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਜਿਨ੍ਹਾਂ ਦੇ ਦੋਹਾਂ ਸਿਰਿਆਂ ਨੂੰ ਰੁੱਖਾਂ ਦੇ ਤਣਿਆਂ ਨਾਲ ਬੰਨ੍ਹ ਕੇ ਸੈਲਾਨੀ ਜ਼ਮੀਨ ਤੋਂ ਉੱਪਰ ਹਵਾ ਵਿੱਚ ਹੀ ਸੌਂਦੇ ਹਨ। ਰਾਤ ਸਮੇ ਕੋਲ ਅੱਗ ਬਾਲ ਕੇ ਰੱਖਣੀ ਵੀ ਜ਼ਰੂਰੀ ਹੈ। ਡੈਰੀਅਨ ਨੈਸ਼ਨਲ ਪਾਰਕ, ਮਨੂ ਵਰਖਾ ਜੰਗਲ (ਪੇਰੂ), ਮਦੀਦੀ ਨੈਸ਼ਨਲ ਪਾਰਕ (ਬੋਲਿਵੀਆ), ਮੰਕੀ ਆਈਸਲੈਂਡ (ਐਕੁਆਡੋਰ) ਆਦਿ ਐਮਾਜ਼ੋਨ ਦੀਆਂ ਚਰਚਿਤ ਸੈਰਗਾਹਾਂ ਹਨ। ਸੈਰਸਪਾਟਾ ਇੱਥੋਂ ਦਾ ਇੱਕ ਬਹੁਤ ਵੱਡਾ ਕਾਰੋਬਾਰ ਹੈ।
ਅੱਜ ਜਦ ਸ਼ਹਿਰੀਕਰਨ ਦੀ ਹਵਾ ਇਹਨਾ ਵਿਸ਼ਾਲ ਜੰਗਲਾਂ ਉੱਤੇ ਵੀ ਮੰਡਰਾ ਰਹੀ ਹੈ ਅਤੇ ਇਸ ਵਰਤਾਰੇ ਦੇ ਨਤੀਜਿਆਂ ਤੋਂ ਸਾਰੀ ਦੁਨੀਆਂ ਦੇ ਵਾਤਾਵਰਣ ਪ੍ਰੇਮੀ ਚਿੰਤਤ ਹਨ। ਵਾਤਾਵਰਣ ਦੀ ਰਖਵਾਲੀ ਲਈ ਕੰਮ ਕਰ ਰਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਇਹਨਾ ਜੰਗਲਾਂ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਕਾਫੀ ਕੰਮ ਕਰ ਰਹੀਆਂ ਹਨ। ਧਰਤੀ ਤੇ ਜੀਵਨ ਦੀ ਸੁਰੱਖਿਅਤਾ ਲਈ ਇਹਨਾ ਦੀ ਦੇਣ ਅਤੇ ਯੋਗਦਾਨ ਇਹਨਾ ਦੇ ਵਜੂਦ ਨੂੰ ਬਹੁਤ ਕੀਮਤੀ ਬਣਾ ਦਿੰਦਾ ਹੈ। ਇਹਨਾ ਵਿਸ਼ਾਲ ਵਰਖਾ ਵਣਾ ਦੀ ਸਲਾਮਤੀ ਨਾਲ ਹੀ ਮਨੁੱਖੀ ਨਸਲ ਦਾ ਭਵਿੱਖ ਜੁੜਿਆ ਹੋਇਆ ਹੈ। ਬਹੁਤ ਜ਼ਰੂਰੀ ਹੈ ਕਿ ਸਬੰਧਿਤ ਸਰਕਾਰਾਂ ਜੰਗਲਾਂ ਦੀ ਕਟਾਈ ਖਿਲਾਫ ਸਖਤ ਕਾਨੂੰਨ ਬਣਾ ਕੇ ਇਹਨਾ ਜੰਗਲਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਤਾਂ ਕਿ ਇਸ ਧਰਤੀ ਤੇ ਜੀਵਨ ਦਾ ਵਹਾਅ ਨਿਰਵਿਘਨ ਤੁਰਿਆ ਰਹੇ।
ਵਾਰਸਾ, ਪੋਲੈਂਡ
0048-516732105
yadsatkoha@yahoo.com
29 Jan. 2019
ਸਾਗਰ ਵਿਚ ਤਰਦੇ ਸ਼ਹਿਰਾਂ ਅਤੇ ਅਸਮਾਂਨੀ ਉੱਡਦੀਆਂ ਇਮਾਰਤਾਂ ਵੱਲ ਵਧ ਰਹੀ ਹੈ ਮਨੁੱਖੀ ਸੱਭਿਅਤਾ - ਯਾਦਵਿੰਦਰ ਸਿੰਘ ਸਤਕੋਹਾ
ਇਨਸਾਨ ਆਪਣੇ ਜੀਵਨ ਨੂੰ ਵਿਗਿਆਂਨ ਅਤੇ ਤਕਨੀਕ ਰਾਹੀਂ ਜਿੱਥੇ ਬੇਹੱਦ ਸੁਖਾਲਾ ਅਤੇ ਮਾਣਨਯੋਗ ਬਣਾ ਰਿਹਾ ਹੈ ਉੱਥੇ ਹੀ ਖੁਦ ਦੇ ਦਿਮਾਗ ਦੀਆਂ ਡੂੰਘੀਆਂ ਤਹਿਆਂ ਵਿਚ ਵੱਸਦੀ ਸਨਕ ਅਤੇ ਉਸ ਤੋਂ ਪੈਦਾ ਹੋਏ ਅਜੀਬੋ ਗਰੀਬ ਸ਼ੌੰਕਾਂ ਦੀ ਪੂਰਤੀ ਕਰਨ ਲਈ ਅਜੀਬ ਅਤੇ ਹੈਰਾਂਨਕੁੰਨ ਪ੍ਰਯੋਗ ਕਰਨ ਵਿਚ ਵੀ ਰੁੱਝਾ ਹੋਇਆ ਹੈ। ਐਸੇ ਪ੍ਰਯੋਗਾਂ ਦੇ ਚੱਲਦਿਆਂ ਇਸ ਯੁੱਗ ਵਿੱਚ ਵੱਸ ਰਹੀ ਦੁਨੀਆਂ ਨੇੜ ਭਵਿੱਖ ਵਿਚ ਹੀ ਸ਼ਹਿਰੀਕਰਨ ਅਤੇ ਇਮਾਰਤਸਾਜ਼ੀ ਦੇ ਦਿਲਚਸਪ ਅਤੇ ਆਧੁਨਿਕ ਰੂਪ ਦੇ ਰੂਬਰੂ ਹੋਣ ਜਾ ਰਹੀ ਹੈ। ਦੁਨੀਆਂ ਦੇ ਤਰੱਕੀਸ਼ੁਦਾ ਮੁਲਕ ਖਾਸ ਕਰ ਪੱਛਮੀ ਦੇਸ਼ ਜ਼ਮੀਨਦੋਜ਼ ਸ਼ਹਿਰਾਂ, ਬਾਜ਼ਾਰਾਂ, ਹੋਟਲਾਂ, ਸੜਕਾਂ ਅਤੇ ਟਰਾਂਸਪੋਰਟ ਪ੍ਰਬੰਧ ਦਾ ਨਿਰਮਾਣ ਤਾਂ ਪਹਿਲਾਂ ਹੀ ਕਰ ਚੁੱਕੇ ਹਨ। ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਨੇ ਸਮੁੰਦਰ ਵਿੱਚ ਬਣਾਉਟੀ ਟਾਪੂ ਬਣਾਉਣ ਦੇ ਪ੍ਰਯੋਗ ਵੀ ਸਫਲਤਾ ਨਾਲ ਨਿਭਾ ਲਏ ਹਨ। ਇਸ ਤੋਂ ਅਗਲਾ ਕਦਮ ਸਾਗਰ ਵਿੱਚ ਨਿਰੰਤਰ ਤਰਦੇ ਅਤੇ ਸਮੇਂ ਸਮੇਂ ਆਪਣੀ ਸਥਿਤੀ ਨੂੰ ਬਦਲ ਸਕਣ ਵਾਲੇ ਸ਼ਹਿਰਾਂ ਅਤੇ ਅੰਬਰ ਵਿਚ ਨਿਰੰਤਰ ਉੱਡਦੀਆਂ ਇਮਾਰਤਾਂ ਦੇ ਰੂਪ ਵਿਚ ਸਾਹਮਣੇ ਆਉਣ ਜਾ ਰਿਹਾ ਹੈ।
ਬਿਜ਼ਨਸ ਇਨਸਾਈਡਰ ਵਿਚ ਛਪੀ ਇਕ ਰਿਪੋਰਟ ਮੁਤਾਬਿਕ ਨਿਊਯਾਰਕ ਸਥਿਤ ਆਧੁਨਿਕ ਇਮਾਰਤਸਾਜ਼ੀ ਲਈ ਜਾਣੀ ਜਾਂਦੀ ਮਸ਼ਹੂਰ ਡੀਜਾਈਨ ਕੰਪਨੀ 'ਕਲਾਊਡਸ ਆਰਕੀਟੈਕਚਰ ਆਫਿਸ' ਵੱਲੋਂ ਇਕ ਐਸੀ ਟਾਵਰਨੁਮਾਂ ਇਮਾਰਤ ਤਿਆਰ ਕਰਨ ਦੀ ਯੋਜਨਾਂ ਬਣਾਈ ਜਾ ਰਹੀ ਹੈ ਜਿਸ ਦੀਆਂ ਨੀਹਾਂ ਧਰਤੀ ਵਿਚ ਨਹੀਂ ਹੋਣਗੀਆਂ ਬਲਕਿ ਇਹ ਨਿਰੰਤਰ ਹਵਾ ਵਿਚ ਉੱਡਦੀ ਰਹੇਗੀ। ਇਹ ਸੋਚ ਕੇ ਦਿਮਾਗ ਦਾ ਚਕਰਾ ਜਾਣਾ ਸੁਭਾਵਿਕ ਹੈ ਏਨੇ ਵੱਡੇ ਟਾਵਰ ਦਾ ਲਗਾਤਾਰ ਹਵਾ ਵਿਚ ਉੱਡਣਾਂ ਸੰਭਵ ਕਿਵੇਂ ਹੋਵੇਗਾ ? ਦਰਅਸਲ ਇਹ ਇਮਾਰਤ ਧਰਤੀ ਤੋਂ ਕਰੀਬ ਤੀਹ ਹਜ਼ਾਰ ਮੀਲ ਉੱਚੇ ਖਲਾਅ ਵਿਚ ਤਰ ਰਹੇ ਇਕ ਉਪਗ੍ਰਹਿ ਨਾਲ ਇਕ ਬਹੁਤ ਮਜ਼ਬੂਤ ਅਤੇ ਹਜ਼ਾਰਾਂ ਮੀਲਾਂ ਲੰਬੀ ਕੇਬਲ ਤਾਰ ਨਾਲ ਟੰਗੀ ਹੋਵੇਗੀ। ਧਰਤੀ ਤੋਂ ਕੁਝ ਮੀਲ ਉੱਚੀ ਉੱਡਦੀ ਇਹ ਇਮਾਰਤ ਹੁਣ ਤੱਕ ਦਾ ਤਾਮੀਰ ਹੋਇਆ ਸਭ ਤੋਂ ਲੰਮਾਂ ਟਾਵਰ ਹੋਵੇਗਾ। ਕਿਉਂਕਿ ਇਹ ਇਮਾਰਤ ਧਰਤੀ ਤੋਂ ਉੱਪਰ ਉੱਡੇਗੀ ਸੋ ਇਸ ਨੂੰ ਧਰਤੀ ਦੇ ਉੱਤਰੀ ਅਤੇ ਦੱਖਣੀ ਗੋਲਾਅਰਧ ਹਵਾਈ ਰਸਤੇ ਤੇ ਨਿਰੰਤਰ ਗਤੀਸ਼ੀਲ ਰੱਖਿਆ ਜਾਵੇਗਾ। ਅਸਮਾਨ ਵਿਚ ਤਰਦੀ ਇਹ ਇਮਾਰਤ ਰੋਜ਼ ਹਜ਼ਾਰਾਂ ਮੀਲਾਂ ਦਾ ਸਫਰ ਕਰੇਗੀ ਇਸ ਦੇ ਅੰਦਰ ਵੱਸਦੇ ਲੋਕ ਹਰ ਪਲ ਨਵੇਂ ਅਤੇ ਬਦਲਦੇ ਜਾ ਰਹੇ ਭੂ-ਦ੍ਰਿਸ਼ਾਂ ਨੂੰ ਮਾਣਨਗੇ। ਇਸ ਨੂੰ ਸੌਰ-ਊਰਜਾ ਨਾਲ ਹੀ ਚਲਾਇਆ ਜਾਵੇਗਾ ਸੋ ਇਸ ਦਾ ਸਾਰੀ ਕਾਰਜ ਪ੍ਰਣਾਲੀ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਹੋਵੇਗੀ। ਆਰਕੀਟੈਕਚਰ ਆਫਿਸ ਵੱਲੋਂ ਇਸ ਇਮਾਰਤ ਨੂੰ ਦੁਬਈ ਵਿਚ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਕਿਉਂਕਿ ਦੁਬਈ ਵਿਚ ਪਹਿਲਾਂ ਤੋਂ ਹੀ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦਾ ਨਿਰਮਾਣ ਕਰਨ ਲਈ ਢੁਕਵਾਂ ਪ੍ਰਬੰਧ ਮੌਜੂਦ ਹੈ। ਦੂਸਰਾ ਕਾਰਨ ਇਹ ਵੀ ਹੈ ਕਿ ਦੁਬਈ ਵਿਚ ਏਨੇਂ ਉੱਚੇ ਅਤੇ ਆਧੁਨਿਕ ਟਾਵਰ ਦਾ ਨਿਰਮਾਣ ਕਰਨਾ ਅਮਰੀਕਾ ਦੀ ਨਿਸਬਤ ਚਾਰ ਗੁਣਾਂ ਸਸਤਾ ਹੈ। ਵੈਸੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਇਮਾਰਤ ਦੁਨੀਆਂ ਦੇ ਕਿਸ ਹਿੱਸੇ ਵਿਚ ਤਿਆਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਨੂੰ ਕਿਸੇ ਸਥਾਂਨ ਤੋਂ ਵੀ ਉਪਗ੍ਰਹਿ ਨਾਲ ਜੋੜ ਕੇ ਹਵਾ ਵਿਚ ਚੁੱਕ ਲਿਆ ਜਾਵੇਗਾ ਅਤੇ ਇਹ ਆਪਣੀ ਅੰਤਹੀਣ ਉਡਾਣ ਤੇ ਰਵਾਨਾਂ ਹੋ ਜਾਵੇਗੀ।
ਇਹ ਇਮਾਰਤ ਆਪਣੇ ਆਪ ਵਿਚ ਇਕ ਅਜੂਬਾ ਹੋਵੇਗੀ। ਵੱਖ ਵੱਖ ਭਾਗਾਂ ਵਿਚ ਵੰਡੇ ਇਸ ਵਿਸ਼ਾਲ ਟਾਵਰ ਵਿਚ ਜ਼ਿੰਦਗੀ ਲਈ ਲੋੜੀਂਦੀਆਂ ਸਭ ਸੁੱਖ ਸਹੂਲਤਾਂ ਮੌਜੂਦ ਹੋਣਗੀਆਂ। ਇਹ ਇਕ ਕਿਸਮ ਦੀ ਆਤਮਨਿਰਭਰ ਇਕਾਈ ਦੇ ਰੂਪ ਵਿਚ ਹੋਵੇਗਾ ਜਿਸ ਅੰਦਰ ਸ਼ਾਪਿੰਗ ਮਾਲਜ਼, ਰੇਸਤਰਾਂ, ਦਫਤਰ, ਘਰ, ਕਲੱਬ, ਸਵੀਮਿੰਗ ਪੂਲ, ਖੇਡ-ਘਰ ਇੱਥੋਂ ਤੱਕ ਕੇ ਧਾਰਮਿਕ ਸਥਾਂਨ ਵੀ ਮੌਜੂਦ ਹੋਣਗੇ। ਕਿਉਂਕਿ ਇਹ ਇਮਾਰਤ ਹਮੇਸ਼ਾਂ ਹਵਾ ਵਿਚ ਹੀ ਰਹੇਗੀ ਸੋ ਇਸ ਵਿਚ ਖਾਸ ਤੌਰ ਤੇ ਤਿਆਰ ਉਪ-ਉਡਾਣਾਂ ਰਾਹੀਂ ਹੀ ਦਾਖਲ ਹੋਇਆ ਜਾ ਸਕੇਗਾ ਅਤੇ ਮੁੜ ਧਰਤੀ ਤੇ ਉਤਰਨ ਲਈ ਖਾਸ ਪੈਰਾਸ਼ੂਟ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੇ ਵਸਨੀਕਾਂ ਲਈ ਪਾਣੀ ਦੀ ਪੂਰਤੀ ਕਰਨ ਲਈ ਨਮੀਂ ਭਰਪੂਰ ਬੱਦਲਾਂ ਤੋਂ ਪਾਣੀ ਸੋਖਣ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੀ ਕੁੱਲ ਉਚਾਈ ਜਾਂ ਕਹਿ ਲਉ ਲੰਬਾਈ ਬਾਰੇ ਅਜੇ ਸਟੀਕ ਫੈਸਲਾ ਨਹੀਂ ਲਿਆ ਗਿਆ ਪਰ ਇੱਕ ਅੰਦਾਜ਼ੇ ਮੁਤਾਬਿਕ ਇਹ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ, ਜਿਸ ਦੀ ਉਚਾਈ 868 ਮੀਟਰ ਹੈ ਤੋਂ ਵੀ ਕਈ ਗੁਣਾਂ ਉੱਚੀ ਹੋਵੇਗੀ।
ਭਾਵੇਂ ਕਿ ਮੌਜੂਦਾ ਸਮੇਂ ਵਿਚ ਇਸ ਸਾਰੀ ਵਿਉਂਤਬੰਦੀ ਨੂੰ ਵਿਗਿਆਨ ਦੀ ਇਕ ਸਨਕ ਅਤੇ ਗੈਰ-ਸੰਭਾਵਿਤ ਪ੍ਰੋਜੈਕਟ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ ਪਰ ਨਾਸਾ ਨੇਂ ਇਸ ਮਿਸ਼ਨ ਵਿਚ ਵਰਤੇ ਜਾਣ ਵਾਲੇ ਉਪਗ੍ਰਹਿ ਦੀ ਸਥਿਤੀ ਅਤੇ ਵਿਉਂਤ ਤੈਅ ਕਰਨ ਲਈ 2021 ਤੱਕ ਦੀ ਸਮਾਂ ਹੱਦ ਨਿਸ਼ਚਿਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਲਾਉਡਸ ਆਰਕੀਟੈਕਚਰ ਆਫਿਸ ਨੇਂ ਆਪਣੀ ਨਿੱਜੀ ਵੈਬਸਾਈਟ ਉੱਤੇ ਇਕ ਖਾਸ ਕਾਲਮ ਬਣਾ ਕੇ ਇਸ ਸਾਰੇ ਪ੍ਰੋਜੈਕਟ ਬਾਰੇ ਐਨੀਮੇਸ਼ਨ ਵੀਡੀਉ ਰਾਹੀਂ ਕਾਫੀ ਬਾਰੀਕ ਜਾਣਕਾਰੀ ਮੁਹੱਈਆ ਕਰਵਾਈ ਹੈ, ਜੋ ਕਿ ਵੇਖਣ ਅਤੇ ਜਾਣਨਯੋਗ ਹੈ। ਅਫਿਸ ਵੱਲੋਂ ਤਾਂ ਇਸ ਟਾਵਰ ਦਾ ਨਾਂਅ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਨਾਂਅ ' ਐਨਾਲੇਮਾਂ' ਰੱਖਿਆ ਗਿਆ ਹੈ। ਇਹ ਸ਼ਬਦ ਖਗੋਲ ਵਿਚ ਘੁੰਮਦੇ ਗ੍ਰਹਿ-ਨਛੱਤਰਾਂ ਦੀ ਚਾਲ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ।
ਇਸ ਵਿਸ਼ਾਲ ਪ੍ਰੋਜੈਕਟ ਨਾਲ ਕਈ ਕਿਸਮ ਦੀਆਂ ਹੋਰ ਉਲਝਣਾਂ ਵੀ ਹਨ ਜਿਵੇਂ ਕਿ ਇਸ ਦੇ ਹਵਾਈ ਰਸਤੇ ਵਿਚ ਆਉਣ ਵਾਲੇ ਸਭ ਦੇਸ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਇਸ ਨੂੰ ਉਡਾਣ ਤੇ ਰਵਾਨਾਂ ਨਹੀਂ ਕੀਤਾ ਜਾ ਸਕੇਗਾ, ਵਗੈਰਾ। ਸੋ ਇਸ ਅਜੂਬੇ ਨੂੰ ਪੂਰੀ ਤਰਾਂ ਸਾਕਾਰ ਹੋਇਆ ਵੇਖਣ ਲਈ ਅਜੇ ਲੰਮੀਂ ਉਡੀਕ ਕਰਨੀਂ ਪਵੇਗੀ ਅਤੇ ਇਹ ਪ੍ਰੋਜੈਕਟ ਬਹੁਤ ਸਾਰੇ ਤਕਨੀਕੀ ਪੜਾਵਾਂ ਅਤੇ ਅਧਿਕਾਰਤ ਮਨਜ਼ੂਰੀਆਂ ਦੀ ਲੰਮੀਂ ਸੂਚੀ ਰਾਹੀਂ ਗੁਜ਼ਰਦਾ ਹੋਇਆ ਪ੍ਰਵਾਨ ਚੜ੍ਹੇਗਾ।
ਅੰਬਰੀਂ ਉੱਡਦੀ ਇਮਾਰਤ ਦੀ ਚਰਚਾ ਤੋਂ ਬਾਅਦ ਸਾਗਰ ਦੇ ਸੀਨੇਂ ਤੇ ਨਿਰੰਤਰ ਤੈਰ ਰਹੇ ਦੁਨੀਆਂ ਦੇ ਸਭ ਤੋਂ ਪਹਿਲੇ ਸ਼ਹਿਰ ਦੇ ਨਿਰਮਾਣ ਦੀ ਯੋਜਨਾ ਬਾਰੇ ਜਾਣਨਾਂ ਵੀ ਘੱਟ ਦਿਲਚਸਪ ਨਹੀਂ ਹੈ। ਇਸ ਸ਼ਹਿਰ ਨੂੰ ਸਮੁੰਦਰ ਵਿਚ ਨਿਰਮਾਣ ਕਰਨ ਲਈ ਜਾਣੀ ਜਾਂਦੀ ਮਸ਼ਹੂਰ ਅਮਰੀਕਨ ਕੰਪਨੀ 'ਸੀਅ ਸਟੀਡਿੰਗ' ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀਂ ਦੇ ਮੁਖੀ ਮਿ. ਜੋਏ ਕੁਇਰਕ ਵੱਲੋਂ 2020 ਤੱਕ ਇਸ ਸ਼ਹਿਰ ਨੂੰ ਤਿਆਰ ਕਰਨ ਦੀ ਸਮਾਂ ਹੱਦ ਨਿਸ਼ਚਿਤ ਕਰਨ ਦਾ ਅਧਿਕਾਰਤ ਐਲਾਂਨ ਕਰ ਦਿੱਤਾ ਗਿਆ ਹੈ ਅਤੇ ਨਿਊਯਾਰਕ ਟਾਈਮਜ਼ ਵਿਚ ਦਿੱਤੀ ਇਕ ਇੰਟਰਵਿਊ ਰਾਹੀਂ ਇਸ ਪੋਜੈਕਟ ਦੇ ਵੇਰਵਿਆਂ ਨੂੰ ਵੀ ਬਿਆਨ ਕੀਤਾ ਹੈ। ਇਹ ਸ਼ਹਿਰ ਪੈਸੇਫਿਕ ਸਾਗਰ ਅੰਦਰ ਫਰੈਂਚ ਪੋਲੈਂਸੀਆ ਦੇ ਤਾਹਿਤੀ ਨਾਂਅ ਦੇ ਸਮੁੰਦਰੀ ਟਾਪੂ ਦੇ ਨੇੜੇ ਤੈਰੇਗਾ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਫਰੈਂਚ ਪੋਲੈਂਸੀਆ ਸਰਕਾਰ ਅਤੇ ਸੀਅ ਸਟੀਡਿੰਗ ਦਰਮਿਆਂਨ ਮਨਜ਼ੂਰੀ ਅਤੇ ਸਮਝੌਤਾ ਹੋ ਚੁੱਕਾ ਹੈ।
ਸ਼ਹਿਰ ਦਾ ਨਿਰਮਾਣ ਕਰਨ ਲਈ ਸਭ ਤੋਂ ਪਹਿਲਾਂ ਸਮੁੰਦਰ ਵਿਚ ਤਰ ਰਹੇ ਗਿਆਰਾਂ ਵੱਖ ਵੱਖ ਪਲੇਟਫਾਰਮ ਬਣਾਏ ਜਾਣਗੇ ਜਿਨ੍ਹਾਂ ਦੀ ਲੰਬਾਈ ਅਤੇ ਚੌੜਾਈ ਪੰਜਾਹ ਮੀਟਰ ਹੋਵੇਗੀ ਅਤੇ। ਇਨ੍ਹਾਂ ਵਿੱਚੋਂ ਕੁਝ ਆਇਤਾਕਾਰ ਅਤੇ ਕੁਝ ਪੰਜ ਨੁਕਾਤੀ ਅਕਾਰ ਦੇ ਹੋਣਗੇ। ਇਨ੍ਹਾਂ ਉੱਪਰਲੀ ਸਤਾਹ ਮਜ਼ਬੂਤ ਕੰਕਰੀਟ ਦੀ ਬਣਾਈ ਜਾਵੇਗੀ ਜਿਸ ਉੱਤੇ ਤਿੰਨ ਮੰਜਿਲਾ ਅਪਾਰਟਮੈਂਟ, ਹੋਟਲ, ਹਸਪਤਾਲ, ਸ਼ਾਪਿੰਗ ਮਾਲ ਅਤੇ ਦਫਤਰਾਂ ਦਾ ਨਿਰਮਾਣ ਕੀਤਾ ਜਾ ਸਕੇਗਾ। ਸ਼ਹਿਰ ਦੀ ਦਿਲਚਸਪ ਖੂਬੀ ਇਹ ਹੋਵੇਗੀ ਸਾਗਰ ਤੇ ਨਿਰੰਤਰ ਤਰ ਰਹੇ ਪਲੇਟਫਾਰਮਾਂ ਦੀ ਸਥਿਤੀ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਅਨੁਸਾਰ ਕਦੇ ਵੀ ਅੱਗੇ ਪਿੱਛੇ ਕਰ ਲੈਣਾਂ ਜਾਂ ਬਦਲ ਲੈਣਾ ਮੁਨਾਸਿਬ ਹੋਵੇਗਾ। ਮਿਸਾਲ ਦੇ ਤੌਰ ਤੇ ਜੇਕਰ ਸ਼ਾਪਿੰਗ ਮਾਲ ਹਸਪਤਾਲ ਦੇ ਨੇੜੇ ਹੈ ਤਾਂ ਹਫਤੇ ਦੇ ਆਖਰੀ ਦਿਨਾਂ ਵਿਚ ਸ਼ਾਪਿੰਗ ਮਾਲ ਦੀ ਗਹਿਮਾਂ ਗਹਿਮੀ ਅਤੇ ਰੌਲੇ ਰੱਪੇ ਤੋਂ ਬਚਣ ਲਈ ਹਸਪਤਾਲ ਨੂੰ ਸ਼ਹਿਰ ਦੇ ਕਿਸੇ ਹੋਰ ਕੋਨੇਂ ਵੱਲ ਭੇਜ ਦੇਣਾਂ ਸੰਭਵ ਹੋਵੇਗਾ। ਹਰ ਪਲੇਟਫਾਰਮ ਦੇ ਨਿਰਮਾਣ ਵਿਚ 15 ਮਿਲੀਅਨ ਅਮਰੀਕਨ ਡਾਲਰ ਦਾ ਖਰਚਾ ਆਵੇਗਾ। ਵੇਸੇ ਸੀਅ ਸਟੀਡਿੰਗ ਦਾ ਕਹਿਣਾਂ ਹੈ ਕਿ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ ਕਿਉਂਕਿ ਲੰਦਨ ਜਾਂ ਨਿਊਯਾਰਕ ਸ਼ਹਿਰਾਂ ਵਿਚ ਵੀ ਜੇਕਰ ਪੰਜਾਹ ਮੀਟਰ ਦਾ ਆਇਤਾਕਾਰ ਪਲਾਟ ਖਰੀਦਣਾਂ ਹੋਵੇ ਤਾਂ ਏਨਾਂ ਕੁ ਖਰਚਾ ਆ ਹੀ ਜਾਂਦਾ ਹੈ। ਸ਼ਹਿਰ ਬਿਜਲੀ ਊਰਜਾ ਦੇ ਉਤਪਾਦਨ ਦੇ ਮਾਮਲੇ ਵਿਚ ਵੀ ਪੂਰੀ ਤਰਾਂ ਆਤਮਨਿਰਭਰ ਹੋਵੇਗਾ। ਪਾਣੀ ਦੀ ਪੂਰਤੀ ਲਈ ਸਮੁੰਦਰੀ ਪਾਣੀ ਨੂੰ ਫਿਲਟਰ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਸ਼ੁਰੂਆਤੀ ਦੌਰ ਵਿਚ ਇਸ ਸ਼ਹਿਰ ਅੰਦਰ ਤਿੰਨ ਸੌ ਲੋਕਾਂ ਨੂੰ ਵਸਾਉਣ ਦੀ ਯੋਜਨਾਂ ਹੈ ਪਰ ਸੀਅ ਸਟੀਡਿੰਗ ਦਾ ਦਾਅਵਾ ਹੈ ਕਿ ਇਸ ਸ਼ਹਿਰ ਦੀ ਉਸਾਰੀ ਅਤੇ ਵਾਧਾ ਨਿਰੰਤਰ ਜਾਰੀ ਰਹੇਗਾ ਅਤੇ 2050 ਤੱਕ ਇਸ ਦੀ ਆਬਾਦੀ ਦਸ ਲੱਖ ਤੋਂ ਵੀ ਜਿਆਦਾ ਹੋਵੇਗੀ। ਇਸ ਦੇ ਨਾਲ ਨਾਲ ਹੀ ਐਸੇ ਦਰਜ਼ਨਾਂ ਹੋਰ ਸ਼ਹਿਰਾਂ ਦਾ ਨਿਰਮਾਣ ਕੀਤਾ ਜਾਵੇਗਾ। ਕੰਪਨੀਂ ਵੱਲੋਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਇਸ ਦਿਸ਼ਾ ਵਿਚ ਖੋਜ ਅਤੇ ਪ੍ਰਯੋਗ ਕੀਤੇ ਜਾ ਰਹੇ ਸਨ। ਕੰਪਨੀ ਦਾ ਦਾਅਵਾ ਹੈ ਕਿ ਇਸ ਸ਼ਹਿਰ ਅੰਦਰ ਵੱਸਣ ਲਈ ਹਜ਼ਾਰਾਂ ਲੋਕਾਂ ਵੱਲੋਂ ਵੈਬਸਾਈਟ ਰਾਹੀਂ ਅਰਜ਼ੀਆਂ ਭੇਜੀਆਂ ਜਾ ਰਹੀਆਂ ਹਨ।
ਮਿ. ਜੋਏ ਕੁਇਰਕ ਦਾ ਕਹਿਣਾਂ ਹੈ ਕਿ ਸਾਗਰ ਉੱਤੇ ਤਰਦੇ ਸ਼ਹਿਰਾਂ ਦੇ ਰੂਪ ਨਾਲ ਅਸੀਂ ਭਵਿੱਖ ਅੰਦਰ ਦੁਨੀਆਂ ਨੂੰ ਇਕ ਨਵਾਂ ਜੀਵਨ ਢੰਗ ਦੇਣ ਜਾ ਰਹੇ ਹਾਂ ਜਿਸ ਨਾਲ ਰਾਜਨੀਤੀ ਅਤੇ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਵਿਚ ਬਦਲਾਹਟ ਅਤੇ ਨਵੀਨਤਾ ਵਾਪਰੇਗੀ। ਇਹ ਸ਼ਹਿਰ ਸੁਤੰਤਰ ਸਰਕਾਰਾਂ ਦੇ ਅਧੀਨ ਚੱਲਣਗੇ ਅਤੇ ਸ਼ਹਿਰੀ ਲੋਕਤੰਤਰੀ ਢੰਗ ਨਾਲ ਆਪਣੀ ਸਰਕਾਰ ਚੁਣ ਸਕਣਗੇ। ਮੰਨ ਲਉ ਕਿ ਸ਼ਹਿਰ ਦੀ ਇਕ ਕਾਲੋਨੀ ਜਾਂ ਭਾਈਚਾਰਾ ਸ਼ਹਿਰ ਦੀ ਸਰਕਾਰ ਦੀ ਕਿਸੇ ਨੀਤੀ ਨਾਲ ਸਹਿਮਤ ਨਹੀਂ ਹੈ ਜਾਂ ਉਨ੍ਹਾਂ ਦੀ ਕੋਈ ਜਾਇਜ਼ ਮੰਗ ਨਹੀਂ ਮੰਨੀ ਜਾ ਰਹੀ ਤਾਂ ਉਨ੍ਹਾਂ ਕੋਲ ਆਪਣੀ ਕਾਲੋਨੀਂ ਨੂੰ ਸ਼ਹਿਰ ਤੋਂ ਵੱਖ ਕਰਕੇ ਕਿਸੇ ਦੂਸਰੇ ਸ਼ਹਿਰ ਨਾਲ ਜੋੜ ਸਕਣ ਦਾ ਬਦਲ ਮੌਜੂਦ ਰਹੇਗਾ ਜੋ ਕਿ ਜ਼ਮੀਨ ਤੇ ਵੱਸਦੇ ਸ਼ਹਿਰੀਆਂ ਕੋਲ ਕਦੇ ਵੀ ਨਹੀਂ ਹੁੰਦਾ। ਸੋ, ਇਸ ਤਰਾਂ ਦਾ ਰਾਜਨੀਤਕ ਪ੍ਰਬੰਧ ਮਨੁੱਖੀ ਹੱਕਾਂ ਅਤੇ ਆਜ਼ਾਦੀ ਲਈ ਨਵੀਆਂ ਸੰਭਾਵਨਾਵਾਂ ਦੀ ਤਾਮੀਰ ਕਰੇਗਾ।
ਫਰੈਂਚ ਪੋਲੈਂਸੀਆ ਸਰਕਾਰ ਇਸ ਪ੍ਰੋਜੈਕਟ ਨੂੰ ਨਿੱਜੀ ਦਿਲਚਸਪੀ ਨਾਲ ਤਾਮੀਰ ਕਰਵਾ ਰਹੀ ਹੈ ਜਿਸ ਦਾ ਇਕ ਖਾਸ ਕਾਰਨ ਆਲਮੀ ਤਪਸ਼ ਕਾਰਨ ਵਧ ਰਹੇ ਸਮੁੰਦਰੀ ਪਾਣੀ ਦੇ ਪੱਧਰ ਦੇ ਖਤਰੇ ਤੋਂ ਬਚਣਾਂ ਵੀ ਹੈ। ਫਰੈਂਚ ਪੋਲੈਂਸੀਆ ਪੈਸੇਫਿਕ ਸਾਗਰ ਅੰਦਰ 118 ਛੋਟੇ ਛੋਟੇ ਟਾਪੂਆਂ ਦਾ ਸਮੂਹ ਹੈ ਅਤੇ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਪ੍ਰਤੀ ਚਿੰਤਤ ਹੈ। ਬਿਨਾਂ ਸ਼ੱਕ ਸਾਗਰ 'ਤੇ ਤੈਰਦੇ ਸ਼ਹਿਰ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦੇ ਖਤਰੇ ਦਾ ਬਹੁਤ ਹੀ ਸੁਯੋਗ ਹੱਲ ਬਣ ਸਕਦੇ ਹਨ। ਮਾਹਿਰਾਂ ਦਾ ਕਹਿਣਾਂ ਹੈ ਕਿ ਜੇਕਰ ਇਹ ਵਿਉਂਤਬੰਦੀ ਸਫਲ ਹੋ ਗਈ ਤਾਂ ਸਾਰੀ ਦੁਨੀਆਂ ਦੇ ਦੇਸ਼ ਇਸ ਖੇਤਰ ਵਿਚ ਭਾਰੀ ਨਿਵੇਸ਼ ਕਰਨਗੇ ਕਿਉਂਕਿ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦਾ ਖਤਰਾ ਸਾਰੇ ਵਿਸ਼ਵ ਦੇ ਸਿਰ ਤੇ ਮੰਡਰਾ ਰਿਹਾ ਹੈ।
ਸ਼ੋ, ਜ਼ਾਹਰ ਹੈ ਕਿ ਅਸੀਂ ਮਨੁੱਖੀ ਸੱਭਿਅਤਾ ਦੇ ਜੀਵਨ ਢੰਗ ਦੀ ਪਹਿਲਾਂ ਤੋਂ ਵੀ ਜਿਆਦਾ ਆਧੁਨਿਕ, ਤਕਨੀਕੀ ਅਤੇ ਵਿਗਿਆਨਕ ਬਦਲਾਹਟ ਦੇ ਕੰਢੇ ਖੜੇ ਹਾਂ। ਸਮਾਂ ਹੀ ਦੱਸੇਗਾ ਕਿ ਮਨੁੱਖ ਦੁਆਰਾ ਵਿਗਿਆਨ ਰਾਹੀਂ ਸਿਰਜੇ ਜਾ ਰਹੇ ਖੁਦ ਦੇ ਭਵਿੱਖ ਅੰਦਰ ਕੀ ਕੀ ਕ੍ਰਿਸ਼ਮੇਂ ਲੁਕੇ ਪਏ ਹਨ। ਮਹਿਸੂਸ ਹੁੰਦਾ ਹੈ ਕਿ ਅੱਜ ਤੱਕ ਧਰਤੀ ਦਾ ਪੁੱਤਰ ਅਖਵਾਉਂਦਾ ਇਨਸਾਨ ਹੁਣ ਅੰਬਰ ਦਾ ਬੇਟਾ ਜਾਂ ਸਾਗਰ ਦੀ ਔਲਾਦ ਵਰਗੇ ਲਕਬਾਂ ਨਾਲ ਵੀ ਜਾਣਿਆ ਜਾਇਆ ਕਰੇਗਾ।
ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
0048-516732105
yadsatkoha@yahoo.com
27 Jan. 2019
ਵਿਦੇਸ਼ਾਂ ਵਿੱਚ ਵੀ ਜ਼ਜ਼ਬਾਤੀ ਸਾਂਝ ਰੱਖਦੇ ਹਨ ਚੜਦੇ ਅਤੇ ਲਹਿੰਦੇ ਪੰਜਾਬੀ - ਯਾਦਵਿੰਦਰ ਸਿੰਘ ਸਤਕੋਹਾ
ਭਾਰਤ ਅਤੇ ਪਾਕਿਸਤਾਨ ਦਰਮਿਆਨ ਖਿੱਚੀ ਵੰਡ ਦੀ ਲਕੀਰ ਨੂੰ ਲਗਭੱਗ ਸੱਤ ਦਹਾਕੇ ਗੁਜ਼ਰ ਚੁੱਕੇ ਹਨ। ਵੰਡ ਤੋਂ ਬਾਅਦ ਅੱਜ ਤੱਕ ਦੇ ਗੁਜ਼ਰ ਚੁੱਕੇ ਸਮੇ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਅਸੁਖਾਵਾਂ ਅਤੇ ਕੁੜੱਤਣ ਭਰਿਆ ਵਾਤਾਵਰਣ ਹੀ ਬਣਿਆ ਰਿਹਾ ਹੈ। ਕਦੇ ਇਹ ਕੁੜੱਤਣ ਜੰਗਾਂ ਰਾਹੀਂ ਪ੍ਰਗਟ ਹੁੰਦੀ ਹੈ ਅਤੇ ਕਦੇ ਸਮੇ ਸਮੇ ਵਾਪਰਦੀਆਂ ਕਈ ਦੁਰਘਟਨਾਵਾਂ ਨਾਲ ਮੁੜ ਮੁੜ ਨਵਿਆਈ ਜਾਂਦੀ ਹੈ। ਖੇਤਰ ਭਾਵੇਂ ਰਾਜਨੀਤਕ ਹੋਵੇ, ਆਰਥਿਕ ਹੋਵੇ ਜਾਂ ਖੇਡਾਂ ਦਾ ਹੋਵੇ, ਅੰਤਰਰਾਸ਼ਟਰੀ ਪੱਧਰ ਤੇ ਦੋਵਾਂ ਮੁਲਖਾਂ ਨੂੰ ਰਵਾਇਤੀ ਵਿਰੋਧੀਆਂ ਵਜੋਂ ਹੀ ਜਾਣਿਆ ਜਾਂਦਾ ਹੈ। ਮੀਡੀਆ ਇਸ ਵਾਤਾਵਰਣ ਨੂੰ ਹੋਰ ਹਵਾ ਦੇਣ ਦਾ ਕੰਮ ਕਰਦਾ ਰਹਿੰਦਾ ਹੈ। ਭਾਵੇਂ ਦੁਵੱਲੀ ਕਸ਼ਮਕਸ਼ ਅਤੇ ਤਲਖੀ ਲਗਾਤਾਰ ਗਤੀਸ਼ੀਲ ਹੈ ਪਰ ਇਸ ਸਭ ਦੇ ਬਾਵਜੂਦ ਦੋਵੇਂ ਪਾਸਿਆਂ ਦੇ ਪੰਜਾਬੀ ਭਾਈਚਾਰੇ ਵਿਚਾਲੇ ਪਿਆਰ ਅਤੇ ਸਤਿਕਾਰ ਦੀ ਸਾਂਝ ਅਜੇ ਵੀ ਕਾਇਮ ਹੈ। ਨਾਂ ਤਾਂ ਇਸ ਸਾਂਝ ਉੱਤੇ ਨਾਂਹਪੱਖੀ ਸਿਆਸੀ ਸਮੀਕਰਨ ਹੀ ਅਸਰਅੰਦਾਜ਼ ਹੋ ਸਕੇ ਹਨ ਅਤੇ ਨਾਂ ਹੀ ਨਫਰਤ ਦੀਆਂ ਹਨੇਰੀਆਂ ਇਸ ਨੂੰ ਹਿਲਾ ਸਕੀਆਂ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੁੱਤਰ ਦੁਨੀਆਂ ਵਿੱਚ ਕਿਧਰੇ ਵੀ ਰਹਿੰਦੇ ਹੋਣ, ਸਾਂਝੀ ਭਾਸ਼ਾ, ਸਾਂਝੀ ਮਿੱਟੀ ਅਤੇ ਸਾਂਝੇ ਜੀਵਨ ਢੰਗ ਦੇ ਅਹਿਸਾਸਾਂ ਨਾਲ ਉਸਰੇ ਇਸ ਜ਼ਜ਼ਬਾਤੀ ਰਿਸ਼ਤੇ ਨੂੰ ਮਾਣ ਨਾਲ ਹੰਢਾਉਂਦੇ ਆ ਰਹੇ ਹਨ। ਭਾਰਤੀ ਅਤੇ ਪਾਕਿਸਤਾਨੀ ਲੋਕਾਂ ਵਿੱਚ ਜੇਕਰ ਕੋਈ ਭਾਈਚਾਰਾ ਬਿਨਾ ਕਿਸੇ ਲੋਭ ਲਾਲਚ ਦੇ ਇੱਕ ਦੂਸਰੇ ਨੂੰ ਦਿਲੋਂ ਮੁਹੱਬਤ ਨਾਲ ਬੁਲਾਉਂਦਾ ਅਤੇ ਗਲਵੱਕੜੀ ਵਿੱਚ ਲੈਂਦਾ ਹੈ ਤਾਂ ਉਹ ਦੋਵਾਂ ਪਾਸਿਆਂ ਦੇ ਪੰਜਾਬੀ ਹੀ ਹਨ। ਇੱਥੋਂ ਤੱਕ ਬੰਗਾਲੀ ਅਤੇ ਪਾਕਿਸਤਾਨੀ ਮੁਸਲਮਾਨ ਵੀ ਕਈ ਇਤਿਹਾਸਕ ਅਤੇ ਰਾਜਨੀਤਿਕ ਕਾਰਨਾ ਦੀ ਵਜ੍ਹਾ ਨਾਲ ਪੰਜਾਬੀਆਂ ਵਰਗੀ ਆਪਸੀ ਮਜ਼ਬੂਤ ਸਾਂਝ ਕਾਇਮ ਨਹੀਂ ਕਰ ਸਕੇ ਭਾਵੇਂ ਕਿ ਉਹਨਾ ਦਰਮਿਆਨ ਸਾਂਝੇ ਧਰਮ ਦਾ ਤੱਤ ਵੀ ਮੌਜੂਦ ਹੈ।
ਸ਼ਾਇਦ ਇਹ ਸਾਂਝੇ ਜੀਵਨ ਢੰਗ ਦਾ ਹੀ ਅਸਰ ਹੈ ਕਿ ਦੋਵਾਂ ਹੀ ਪਾਸਿਆਂ ਦੇ ਪੰਜਾਬ ਵਿੱਚ ਪ੍ਰਵਾਸ ਦੀ ਰੁਚੀ ਬੇਹੱਦ ਤੇਜ਼ ਹੈ। ਮੁੱਖ ਤੌਰ ਤੇ ਇਹ ਪ੍ਰਵਾਸ ਬਰਤਾਨੀਆਂ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀ ਦੇਸ਼ਾਂ ਵਿੱਚ ਹੋਇਆ ਹੈ ਅਤੇ ਅਜੇ ਵੀ ਚੱਲ ਰਿਹਾ ਹੈ। ਜੇਕਰ ਇਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਤਾਂ ਇੱਥੇ ਵੱਸਦੇ ਪਾਕਿਸਤਾਨੀ ਭਾਈਚਾਰੇ ਵਿੱਚ ਵੀ ਲਹਿੰਦੇ ਪੰਜਾਬੀਆਂ ਦੀ ਗਿਣਤੀ ਅੱਧ ਤੋਂ ਵੀ ਕਿਧਰੇ ਜਿਆਦਾ ਹੈ। ਲਹਿੰਦੇ ਪੰਜਾਬੀਆਂ ਦਾ ਪੰਜਾਬੀ ਬੋਲਣ ਦਾ ਬਹੁਤ ਹੀ ਠੇਠ ਅਤੇ ਪਿਆਰਾ ਲਹਿਜ਼ਾ ਉਹਨਾ ਨੂੰ ਬਾਕੀ ਪਾਕਿਸਤਾਨੀਆਂ ਨਾਲੋਂ ਇੱਕਦਮ ਨਿਖੇੜ ਦਿੰਦਾ ਹੈ। ਠੁੱਕਦਾਰ ਅਤੇ ਖੜਕਵੀਂ ਪੰਜਾਬੀ ਬੋਲਣ ਦਾ ਉਹਨਾ ਦਾ ਢੰਗ ਤਾਂ ਕਈ ਵਾਰ ਚੜ੍ਹਦੇ ਪੰਜਾਬੀਆਂ ਦੀ ਬੋਲਣਸ਼ੈਲੀ ਨੂੰ ਵੀ ਮਾਤ ਪਾ ਦਿੰਦਾ ਹੈ। ਦਰਅਸਲ ਦੋਵਾਂ ਭਾਈਚਾਰਿਆਂ ਦਰਮਿਆਨ ਆਪਸੀ ਸਾਂਝ ਦੀ ਸਭ ਤੋਂ ਮਜ਼ਬੂਤ ਤੰਦ ਸਾਂਝੀ ਭਾਸ਼ਾ ਦੀ ਹੀ ਹੈ। ਜਦ ਕਿਧਰੇ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਜਾਏ ਆਪਸ ਵਿੱਚ ਮਿਲਦੇ ਹਨ ਤਾਂ ਇੱਕ ਹੀ ਭਾਸ਼ਾ ਬੋਲਣ ਦਾ ਵਰਤਾਰਾ ਕਿਸੇ ਵੀ ਪ੍ਰਕਾਰ ਦੀ ਬੇਗਾਨਗੀ ਦੀ ਭਾਵਨਾ ਦਾ ਜਨਮ ਹੀ ਨਹੀਂ ਹੋਣ ਦਿੰਦਾ। ਭਾਰਤੀ ਪੰਜਾਬੀ ਬਾਸ਼ਿੰਦਾ ਕਿਸੇ ਭਾਰਤੀ ਨਾਲ ਟੁੱਟੀ-ਫੁੱਟੀ ਹਿੰਦੀ ਬੋਲਣ ਦੀ ਨਿਸਬਤ ਜਦ ਕਿਧਰੇ ਕਿਸੇ ਲਹਿੰਦੇ ਪੰਜਾਬੀ ਨਾਲ ਠੁੱਕਦਾਰ ਪੰਜਾਬੀ ਵਿੱਚ ਗੱਲ ਕਰ ਰਿਹਾ ਹੂੰਦਾ ਹੈ ਤਾਂ ਉਸ ਦੇ ਚਿਹਰੇ ਦੇ ਅਰਥਭਾਵ ਹੋਰ ਵੀ ਨਿੱਖਰ ਜਾਂਦੇ ਹਨ।
ਦੋਹਾਂ ਪੰਜਾਬਾਂ ਦੀ ਉਹ ਪੀੜ੍ਹੀ ਜਿਸ ਨੇ ਵੰਡ ਦੇ ਜ਼ਖਮ ਆਪਣੀ ਆਤਮਾ ਅਤੇ ਸਰੀਰ ਦੋਹਾਂ ਤੇ ਹੀ ਹੰਢਾਏ ਸਨ, ਆਪਣੀ ਉਮਰ ਵਿਹਾ ਕੇ ਹੁਣ ਹੌਲੀ ਹੌਲੀ ਲੁਪਤ ਹੁੰਦੀ ਜਾ ਰਹੀ ਹੈ। ਪੰਜਾਬੀਆਂ ਦੀ ਮੌਜੂਦਾ ਪੀੜ੍ਹੀ ਕੋਲ ਵੰਡ ਤੋਂ ਪਹਿਲਾਂ ਦੇ ਪੰਜਾਬ ਬਾਰੇ ਜੋ ਤਸੱਵਰ ਮੌਜੂਦ ਹੈ ਉਹ ਇਤਿਹਾਸਕ ਜਾਂ ਸਾਹਿਤਕ ਸ੍ਰੋਤਾਂ ਤੋਂ ਇਲਾਵਾ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਅਤੇ ਅਣਵੰਡੇ ਪੰਜਾਬ ਬਾਰੇ ਉਹਨਾ ਦੁਆਰਾ ਸੁਣਾਈਆਂ ਜਾਂਦੀਆਂ ਕਹਾਣੀਆਂ, ਘਟਨਾਵਾਂ ਅਤੇ ਗੱਲਾਂਬਾਤਾਂ ਤੇ ਆਧਾਰਿਤ ਹੈ। ਵਿਦੇਸ਼ਾਂ ਵਿੱਚ ਜਦ ਦੋਹਾਂ ਪੰਜਾਬਾਂ ਦੇ ਵਾਸੀ ਕਿਧਰੇ ਆਪਸ ਵਿੱਚ ਮਿਲਦੇ ਹਨ ਤਾਂ ਉਹਨਾ ਵਿੱਚ ਆਪਣੇ ਬਜੁਰਗਾਂ ਦੁਆਰਾ ਉਹਨਾ ਦੀ ਜਨਮ ਭੁਇਂ ਬਾਰੇ ਸੁਣਾਈਆਂ ਯਾਦਾਂ ਤੋਂ ਗੱਲਬਾਤ ਦਾ ਸਿਲਸਿਲਾ ਤੁਰ ਪੈਂਦਾ ਹੈ। ਚੜ੍ਹਦੇ ਪੰਜਾਬ ਵਾਲੇ ਦੱਸਦੇ ਹਨ ਕਿ ਉਹਨਾ ਦੇ ਬਜ਼ੁਰਗ ਰਾਵਲਪਿੰਡੀ, ਲਾਹੌਰ, ਸ਼ੇਖੂਪੁਰਾ, ਗੁੱਜਰਾਂਵਾਲਾ ਜਾਂ ਲਾਇਲਪੁਰ (ਫੈਸਲਾਬਾਦ) ਦੇ ਨੇੜੇ ਤੇੜੇ ਕਿਧਰੇ ਵੱਸਦੇ ਸਨ। ਲਹਿੰਦੇ ਵਾਲੇ ਕਹਿੰਦੇ ਹਨ ਕਿ ਉਹਨਾ ਦੇ ਬਜੁਰਗਾਂ ਦਾ ਜਨਮ ਫਰੀਦਕੋਟ, ਅੰਮ੍ਰਿਤਸਰ, ਜਲੰਧਰ ਜਾਂ ਪਟਿਆਲੇ ਆਦਿ ਦੇ ਕਿਸੇ ਇਲਾਕੇ ਦਾ ਹੈ। ਉਹਨਾ ਦੀਆਂ ਗੱਲਾਂਬਾਤਾਂ ਵਿੱਚ ਉਹਨਾ ਪਲਾਂ ਦਾ ਜ਼ਿਕਰ ਵੀ ਆਉਂਦਾ ਹੈ ਜਦ ਕਿਧਰੇ ਉਹਨਾ ਦੇ ਬਜ਼ੁਰਗ ਦਹਾਕਿਆਂ ਬਾਅਦ ਆਪਣੀ ਜਨਮ ਭੁਇਂ ਨੂੰ ਵੇਖਣ ਲਈ ਵਾਪਸ ਗਏ ਸਨ ਅਤੇ ਆਪਣੇ ਬਚਪਨ ਦੇ ਦੋਸਤਾਂ ਅਤੇ ਸੰਗੀ ਸਾਥੀਆਂ ਨੂੰ ਮੁੱਦਤਾਂ ਬਾਅਦ ਮਿਲ ਕੇ ਗਲਵੱਕੜੀ ਪਾ ਕੇ ਜ਼ਾਰੋ ਜ਼ਾਰ ਰੋਏ ਸਨ। ਇਸ ਤਰਾਂ ਗੱਲਬਾਤ ਕਰਦਿਆਂ ਮੌਜੂਦਾ ਪੀੜ੍ਹੀ ਵਿੱਚ ਵੀ ਮਿੱਟੀ ਦੀ ਸਾਂਝ ਦਾ ਅਹਿਸਾਸ ਜਨਮ ਲੈ ਲੈਂਦਾ ਹੈ ਭਾਵੇਂ ਕਿ ਨਵੀਂ ਪੀੜ੍ਹੀ ਦੇ ਲੋਕਾਂ ਵਿੱਚ ਬਹੁਤ ਘੱਟ ਐਸੇ ਹਨ ਜਿਹੜੇ ਭਾਰਤ ਜਾਂ ਪਾਕਿਸਤਾਨ ਦੀ ਸਰਹੱਦ ਤੋਂ ਪਾਰ ਜਾ ਕੇ ਆਏ ਹਨ। ਗੈਰਪੰਜਾਬੀ ਭਾਰਤੀਆਂ ਜਾਂ ਗੈਰਪੰਜਾਬੀ ਪਾਕਿਸਤਾਨੀਆਂ ਨੂੰ ਦੋਵਾਂ ਪੰਜਾਬਾਂ ਦੇ ਵਾਸੀਆਂ ਦੀ ਇਸ ਆਪਸੀ ਸਾਂਝ ਵਾਲੀ ਭਾਵਨਾ ਦੀ ਜਿਆਦਾ ਸਮਝ ਨਹੀਂ ਆਉਂਦੀ। ਕਦੇ ਕਦੇ ਉਹ ਇਸ ਰਿਸ਼ਤੇ ਨੂੰ ਬੇਗਾਨੇ ਜਹੇ ਨਜ਼ਰੀਏ ਨਾਲ ਵੀ ਵੇਖਦੇ ਹਨ। ਵੈਸੇ ਇਸ ਵਿੱਚ ਉਹਨਾ ਦਾ ਜਿਆਦਾ ਦੋਸ਼ ਵੀ ਨਹੀਂ ਹੈ ਕਿਉਂਕਿ ਉਹਨਾ ਕੋਲ ਇਸ ਸਾਂਝ ਨੂੰ ਸਮਝਣ ਵਾਲੀ ਜ਼ਮੀਨ ਅਤੇ ਅਹਿਸਾਸ ਮੌਜੂਦ ਨਹੀਂ ਹਨ।
ਜਿਲਾ ਸ਼ੇਖੂਪੁਰਾ ਨਾਲ ਸਬੰਧਿਤ ਪਾਕਿਸਤਾਨੀ ਪੰਜਾਬੀ ਚੜ੍ਹਦੇ ਪੰਜਾਬੀਆਂ ਨੂੰ ਬੜੇ ਮਾਣ ਨਾਲ ਇਹ ਦੱਸਦੇ ਹਨ ਕਿ ਉਹ ਨਨਕਾਣਾ ਸਾਹਿਬ ਦੇ ਇਲਾਕੇ ਨਾਲ ਸਬੰਧ ਰੱਖਦੇ ਹਨ। ਗੁਰੁ ਨਾਨਕ ਦੇਵ ਜੀ ਨੂੰ ਉਹ ਬਾਬਾ ਨਾਨਕ ਕਹਿ ਕੇ ਸੰਬੋਧਨ ਕਰਦੇ ਹਨ। ਵਿਦੇਸ਼ਾਂ ਵਿੱਚੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਨੀਂ ਭਾਰਤ ਦੀ ਨਿਸਬਤ ਜਿਆਦਾ ਸੁਖਾਲੀ ਹੈ। ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਪੰਜਾਬੀ ਸਿੱਖ ਜਦ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਨ ਲਈ ਵੀਜ਼ਾ ਹਾਸਲ ਕਰਨ ਲਈ ਅਰਜ਼ੀ ਦਿੰਦੇ ਹਨ ਤਾਂ ਕਿਸੇ ਵੀ ਦੇਸ਼ ਵਿੱਚ ਸਥਾਪਤ ਪਾਕਿਸਤਾਨੀ ਅੰਬੈਸੀ ਐਵੇਂ ਖੱਜਲ ਖੁਆਰ ਨਹੀਂ ਕਰਦੀ ਅਤੇ ਵੀਜ਼ਾ ਜਾਰੀ ਕਰ ਦਿੰਦੀ ਹੈ। ਅਜਿਹੇ ਮੌਕੇ ਜਦ ਵਿਦੇਸ਼ਾਂ ਵਿੱਚੋਂ ਸਿੱਖ ਪਾਕਿਸਤਾਨ ਦੀ ਯਾਤਰਾ ਕਰਦੇ ਹਨ ਤਾਂ ਵਿਦੇਸ਼ਾਂ ਵਿੱਚ ਵੱਸਦੇ ਉਹਨਾ ਦੇ ਵਾਕਿਫ ਲਹਿੰਦੇ ਪੰਜਾਬੀ ਖਾਸ ਤੌਰ ਤੇ ਨਨਕਾਣਾ ਸਾਹਿਬ ਅਤੇ ਲਾਹੌਰ ਇਲਾਕਿਆਂ ਨਾਲ ਸਬੰਧ ਰੱਖਣ ਵਾਲੇ ਬਾਸ਼ਿੰਦੇ ਪਾਕਿਸਤਾਨ ਵੱਸਦੇ ਆਪਣੇ ਪਰਿਵਾਰਾਂ ਜਾਂ ਸੱਜਣਾਂ ਮਿੱਤਰਾਂ ਨੂੰ ਵਤਨ ਆਉਣ ਵਾਲੇ ਸਿੱਖ ਭਰਾਵਾਂ ਦਾ ਖਾਸ ਖਿਆਲ ਰੱਖਣ ਅਤੇ ਆਉ ਭਗਤ ਕਰਨ ਦੇ ਸੁਨੇਹੇ ਭੇਜ ਦਿੰਦੇ ਹਨ। ਠੀਕ ਇਹੀ ਵਰਤਾਰਾ ਉਦੋਂ ਵੀ ਵਾਪਰਦਾ ਹੈ ਜਦ ਵਿਦੇਸ਼ਾਂ ਵਿੱਚ ਵੱਸਦੇ ਲਹਿੰਦੇ ਪੰਜਾਬ ਦੇ ਵਾਸੀ ਭਾਰਤੀ ਪੰਜਾਬ ਦੀ ਯਾਤਰਾ ਕਰਦੇ ਹਨ।
ਵਿਦੇਸ਼ਾਂ ਵਿੱਚ ਵੱਸਦੇ ਦੋਹਾਂ ਪੰਜਾਬਾਂ ਦੇ ਵਾਸੀਆਂ ਦੀ ਆਪਸੀ ਕਾਰੋਬਾਰੀ ਅਤੇ ਸਮਾਜਿਕ ਸਾਂਝ ਵੀ ਮਜਬੂਤ ਹੈ। ਦੋਹਾਂ ਭਾਈਚਾਰਿਆਂ ਨੇ ਸਖਤ ਮਿਹਨਤ ਨਾਲ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ ਅਤੇ ਬੇਗਾਨੀ ਧਰਤੀ ਤੇ ਵੀ ਉੱਚੇ ਮੁਕਾਮ ਹਾਸਲ ਕੀਤੇ ਹਨ। ਦੋਹਾਂ ਪਾਸਿਆਂ ਨਾਲ ਸਬੰਧ ਰੱਖਣ ਵਾਲਾ ਬੁੱਧੀਜੀਵੀ ਵਰਗ, ਖਾਸ ਤੌਰ ਤੇ ਸਾਹਿਤ ਪ੍ਰੇਮੀ ਆਪਸੀ ਸਾਂਝ ਨੂੰ ਪ੍ਰਗਟ ਕਰਦੀਆਂ ਮਿਲਣੀਆਂ ਦਾ ਪ੍ਰਬੰਧ ਵੀ ਕਰਦੇ ਰਹਿੰਦੇ ਹਨ। ਸਾਹਿਤ ਦੇ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫਰੀਦ ਜੀ ਦੀ ਮਹਾਨ ਬਾਣੀ ਤੋਂ ਇਲਾਵਾ ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਵਰਗੇ ਸੂਫੀਆਂ ਦੇ ਬਾਕਮਾਲ ਕਲਾਮਾਂ ਅਤੇ ਕਿਰਤਾਂ ਦੇ ਰੂਪ ਵਿੱਚ ਬਹੁਕੀਮਤੀ ਵੰਨਗੀਆਂ ਮੌਜੂਦ ਹਨ ਜੋ ਦੁਵੱਲੀ ਸਾਂਝ ਨੂੰ ਪੀਢਾ ਕਰਦੀਆਂ ਹਨ ਅਤੇ ਸਥਿਰਤਾ ਬਖਸ਼ਦੀਆਂ ਆ ਰਹੀਆਂ ਹਨ। ਇਸੇ ਤਰਾਂ ਸੰਗੀਤ ਦੇ ਖੇਤਰ ਵਿੱਚ ਮਰਹੂਮ ਨੁਸਰਤ ਫਤਿਹ ਅਲੀ ਖਾਨ ਜਾਂ ਰਾਹਤ ਅਲੀ ਖਾਂਨ, ਆਲਮ ਲੁਹਾਰ, ਗੁਲਾਮ ਅਲੀ ਅਤੇ ਏਧਰੋਂ ਗੁਰਦਾਸ ਮਾਨ, ਹੰਸ ਰਾਜ ਹੰਸ, ਸੁਖਵਿੰਦਰ ਅਤੇ ਪੂਰਨ ਚੰਦ ਪਿਆਰੇ ਲਾਲ ਵਡਾਲੀ ਭਰਾ ਆਦਿ ਗਾਇਕੀ ਦੇ ਖੇਤਰ ਦੇ ਸਾਂਝੇ ਅਤੇ ਚਰਚਿਤ ਨਾਂਅ ਹਨ। ਇਹਨਾ ਗਾਇਕਾਂ ਦੇ ਵਿਦੇਸ਼ਾਂ ਵਿੱਚ ਹੁੰਦੇ ਪ੍ਰੋਗਰਾਮਾਂ ਅਤੇ ਅਖਾੜਿਆਂ ਵਿੱਚ ਦੋਹਾਂ ਪਾਸਿਆਂ ਦੇ ਪੰਜਾਬੀ ਹੁੰਮ-ਹੁੰਮਾ ਕੇ ਸ਼ਿਰਕਤ ਕਰਦੇ ਹਨ।
ਸਾਂਝੀ ਮਿੱਟੀ, ਸਾਂਝੀ ਭਾਸ਼ਾ ਅਤੇ ਸਾਂਝੇ ਜੀਵਨ ਢੰਗ ਨਾਲ ਸ਼ਿੰਗਾਰੀ ਇਹ ਸਾਂਝ ਦਹਾਕਿਆਂ ਤੋਂ ਨਿਭਦੀ ਆ ਰਹੀ ਹੈ। ਇਸ ਵਿੱਚ ਨਾਂ ਤਾਂ ਕੋਈ ਗਰਜ਼ ਲੁਕੀ ਹੈ ਅਤੇ ਨਾਂ ਕੋਈ ਲੁਕਵਾਂ ਮਕਸਦ। ਦੁਆ ਹੈ ਕਿ ਦੋਹਾਂ ਪੰਜਾਬਾਂ ਦੇ ਵਿਚਾਲੇ ਮੁਹੱਬਤ ਅਤੇ ਖਲੂਸ ਦਾ ਇਹ ਅਹਿਸਾਸ ਪੀੜ੍ਹੀ ਦਰ ਪੀੜ੍ਹੀ ਇਸੇ ਤਰਾਂ ਹੀ ਅੱਗੇ ਵਧਦਾ ਜਾਵੇ ਅਤੇ ਸਾਂਝ ਦੀ ਇਸ ਤੰਦ ਨੂੰ ਕਿਸੇ ਕਿਸਮ ਦੀ ਕੋਈ ਸਾਜਿਸ਼ ਕਦੇ ਵੀ ਤੋੜ ਨਾਂ ਸਕੇ।
ਵਾਰਸਾ, ਪੋਲੈਂਡ
0048-516732105
13 Jan. 2019
ਪਿਆਰ ਅਤੇ ਸਦਭਾਵਨਾਂ ਦੇ ਮਾਹੌਲ ਵਿਚ ਹੋਣੀਂ ਚਾਹੀਦੀ ਹੈ ਵਾਹਗਾ ਪਰੇਡ - ਯਾਦਵਿੰਦਰ ਸਿੰਘ ਸਤਕੋਹਾ
ਵਾਹਗਾ ਸਰਹੱਦ ਤੇ ਹਰ ਸ਼ਾਂਮ ਨੂੰ ਝੰਡਾ ਉਤਾਰਨ ਦੀ ਰਸਮ ਸਿਰਫ ਪੰਜਾਬੀਆਂ ਲਈ ਹੀ ਦਿਲਚਸਪੀ ਦਾ ਕੇਂਦਰ ਨਹੀਂ ਹੈ ਸਗੋਂ ਪੰਜਾਬ ਵਿਚ ਖਾਸਕਰ ਸਿਫਤੀ ਦੇ ਘਰ ਅੰਮ੍ਰਿਤਸਰ ਵਿਚ ਘੁੰਮਣ ਆਇਆ ਹਰ ਸੈਲਾਂਨੀ ਇਸ ਦਾ ਹਿੱਸਾ ਬਣਨ ਦੀ ਖਾਹਸ਼ ਰੱਖਦਾ ਹੈ। ਪਿਛਲੇ ਕੁਝ ਸਾਲਾਂ ਦੌਰਾਂਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੀ ਆਮਦ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿਚ ਵੱਡੀ ਗਿਣਤੀ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਵੀ ਹੁੰਦੀ ਹੈ ਜੋ ਸ਼ਾਂਮ ਦੇ ਸਮੇਂ ਵਾਹਗਾ ਪਰੇਡ ਦੀ ਹਾਜ਼ਰੀ ਵੀ ਜ਼ਰੂਰ ਭਰਦੇ ਹਨ। ਕੁੱਲ ਮਿਲਾ ਕੇ ਇਹ ਰਸਮ ਉੱਤਰੀ ਭਾਰਤ ਦੀਆਂ ਸੈਰ-ਸਪਾਟਾ ਸਰਗਰਮੀਆਂ ਵਿਚ ਉੱਘਾ ਨਾਂਅ ਬਣਾ ਚੁੱਕੀ ਹੈ।
ਗੁਜ਼ਰੇ ਦਿਨੀਂ ਯੂਨੀਵਰਸਿਟੀ ਆਫ ਵਾਰਸਾ ਦੇ ਕੁਝ ਪੌੋਲਿਸ਼ ਵਿਦਿਆਰਥੀ ਮੇਰੇ ਮਹਿਮਾਨ ਬਣੇ। ਇਨ੍ਹਾਂ ਵਿੱਚੋਂ ਐਗਨੀਸ਼ਕਾ ਨਾਂ ਦੀ ਇਕ ਵਿਦਿਆਰਥਣ ਕੁਝ ਸਾਲ ਪਹਿਲਾਂ ਭਾਰਤ ਘੁੰਮ ਕੇ ਆਈ ਸੀ ਅਤੇ ਪੰਜਾਬ ਦੀ ਫੇਰੀ ਦੌਰਾਂਨ ਵਾਹਗਾ ਪਰੇਡ ਨੂੰ ਵਾਚ ਚੁੱਕੀ ਸੀ। ਇਹ ਸਾਰੇ ਵਿਦਿਆਰਥੀ ਦੁਨੀਆਂ ਦੀਆਂ ਸਭ ਤੋਂ ਪ੍ਰਚਲਤ ਬੋਲੀਆਂ ਤੇ ਅਧਿਐਨ ਕਰ ਰਹੇ ਸਨ ਸੋ, ਪੰਜਾਬੀ ਬੋਲੀ ( ਜੋ ਦੁਨੀਆਂ ਦੀਆਂ ਪਹਿਲੀਆਂ ਦਸ ਬੋਲੀਆਂ ਵਿਚ ਥਾਂ ਰੱਖਦੀ ਹੈ) ਬਾਰੇ ਵਿਸਥਾਰਤ ਚਰਚਾ ਕਰਨ ਲਈ ਉਨ੍ਹਾਂ ਮੇਰੇ ਕੋਲੋਂ ਅਗਾਊਂ ਸਮਾਂ ਲੈ ਰੱਖਿਆ ਸੀ। ਹੁਣ, ਜਦ ਵੀ ਪੰਜਾਬੀ ਬੋਲੀ ਦੀ ਗੱਲ ਹੁੰਦੀ ਹੈ ਤਾਂ ਇਹ ਚਰਚਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਜ਼ਿਕਰ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਉਨਾ੍ਹਂ ਲਈ ਇਹ ਜਾਣਨਾਂ ਬਹੁਤ ਦਿਲਚਸਪ ਸੀ ਕਿ ਪੰਜਾਬੀ ਬੋਲੀ ਦੋ ਲਿਪੀਆਂ ਭਾਵ ਗੁਰਮੁਖੀ ਅਤੇ ਸ਼ਾਹਮੁਖੀ ਵਿਚ ਲਿਖੀ ਜਾਂਦੀ ਹੈ ਅਤੇ ਭਾਰਤ ਤੋਂ ਇਲਾਵਾ ਪਾਕਿਸਤਾਂਨ, ਯੂਰਪ, ਅਮਰੀਕਾ, ਆਸਟ੍ਰੇਲੀਆ, ਅਤੇ ਕੈਨੇਡਾ ਆਦਿ ਮੁਲਖਾਂ ਅੰਦਰ ਵੱਡੀ ਗਿਣਤੀ ਨਾਲ ਵੱਸਦੇ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਹੈ।
ਤੁਰਦੀ ਹੋਈ ਗੱਲ ਦੋਵਾਂ ਪੰਜਾਬਾਂ ਦੇ ਸਾਂਝੇ ਸੱਭਿਆਚਾਰਕ ਤੱਤਾਂ ਅਤੇ ਭਾਈਚਾਰਕ ਸਾਂਝ-ਪਿਆਰ ਤੱਕ ਪਹੁੰਚ ਗਈ। ਪਰ ਇਥੇ ਆ ਕੇ ਐਗਨੀਸ਼ਕਾ ਵੱਲੋਂ ਕੀਤੇ ਇਕ ਸਵਾਲ ਨੇਂ ਚਰਚਾ ਨੂੰ ਇਕ ਨਵਾਂ ਕੋਣ ਦੇ ਦਿੱਤਾ। ਉਸ ਕਿਹਾ ਕਿ ਜੇਕਰ ਦੋਹਾਂ ਪੰਜਾਬਾਂ ਦੀ ਸੱਭਿਆਚਾਰਕ ਸਾਂਝ ਏਨੀਂ ਪੀਢੀ ਅਤੇ ਪਿਆਰ ਭਰੀ ਹੈ ਤਾਂ ਇਨ੍ਹਾਂ ਦੀ ਹਿੱਕ ਤੇ ਸਥਿਤ ਵਾਹਗਾ ਸਰਹੱਦ ਤੇ ਹਰ ਸ਼ਾਂਮ ਨੂੰ ਅਦਾ ਕੀਤੀ ਜਾਂਦੀ ਝੰਡਾ ਉਤਾਰਨ ਦੀ ਰਸਮ ਗੁੱਸੇ ਅਤੇ ਤਣਾਅ ਵੱਲੇ ਮਾਹੌਲ ਵਿਚ ਕਿਉਂ ਹੁੰਦੀ ਹੈ ? ਦੁਵੱਲੀ ਫੌਜੀਆਂ ਵੱਲੋਂ ਇਕ ਦੂਸਰੇ ਦੇ ਸਿਰ ਤੋਂ ਉੱਚੇ ਬੂਟ ਕਰਕੇ ਸਖਤ ਚਿਹਰਿਆਂ ਨਾਲ ਸੈਲਊਟ ਕਰਨੇ, ਗੇਟਾਂ ਨੂੰ ਖੋਲ੍ਹਣ ਦਾ ਢੰਗ ਐਸਾ ਕਿ ਉਸ ਨੂੰ ਖੋਲ੍ਹਣ ਨਾਲੋਂ ਤੋੜਨਾਂ ਕਹਿਣਾ ਜਿਆਦਾ ਸਟੀਕ ਰਹੇਗਾ, ਫੌਜੀਆਂ ਵੱਲੋਂ ਸਖਤ ਮੁੱਠੀਆਂ ਕੱਸ ਕੇ ਇਕ ਦੂਸਰੇ ਨੂੰ ਬਾਹਾਂ ਉਲਾਰ ਕੇ ਵਿਖਾਉਣੀਆਂ ਅਤੇ ਇਸ ਸਭ ਦਰਮਿਆਂਨ ਦੋਹਾਂ ਪਾਸਿਆਂ ਦੀ ਜਨਤਾ ਵੱਲੋਂ ਤੋਂ ਆਪੋ-ਆਪਣੇ ਦੇਸ਼ ਦੇ ਨਾਵਾਂ ਨਾਲ ਹੁੰਦੀ ਜ਼ੋਰਦਾਰ ਨਾਹਰੇਬਾਜ਼ੀ ਆਦਿ। ਵਿਦਿਆਰਥਣ ਦਾ ਇਹ ਕਹਿਣਾਂ ਬਿਲਕੁਲ ਸਹੀ ਸੀ ਕਿ ਉਥੋਂ ਦਾ ਮਾਹੌਲ ਤਲਖ ਹੁੰਦਾ ਹੈ ਅਤੇ ਦੋਹਾਂ ਪੰਜਾਬਾਂ ਦੀ ਆਪਸੀ ਪਿਆਰ ਵਾਲੀ ਸਾਂਝ ਦਾ ਜੋ ਨਕਸ਼ਾ ਮੈਂ ਬਿਆਨ ਕਰ ਰਿਹਾ ਸੀ ਉਹ ਉਸ ਪਰੇਡ ਨਾਲ ਕਿਧਰੇ ਵੀ ਮੇਲ ਨਹੀਂ ਸੀ ਖਾ ਰਿਹਾ। ਅਤੇ ਸੱਚ ਇਹੀ ਸੀ ਕਿ ਉਹ ਗਲਤ ਨਹੀਂ ਸੀ ਬੋਲ ਰਹੀ। ਉਸਦਾ ਨਜ਼ਰੀਆ ਬਿਲਕੁਲ ਨਿਰਪੱਖ ਸੀ ਅਤੇ ਸੱਚਮੁਚ ਇਹ ਵਿਸ਼ਾ ਚਰਚਾ ਦੀ ਮੰਗ ਕਰਦਾ ਹੈ।
ਦਰਅਸਲ ਦੋਹਾਂ ਪੰਜਾਬਾਂ ਦੀ ਫਿਤਰਤ ਅਤੇ ਭਾਰਤ ਪਾਕਿਸਤਾਂਨ ਦੇ ਇਕ ਦੂਸਰੇ ਬਾਰੇ ਰਵੱਈਏ ਵਿਚ ਢੇਰ ਅੰਤਰ ਹੈ ਅਤੇ ਵਾਹਗਾ ਪਰੇਡ ਦਾ ਪ੍ਰਬੰਧ ਅਤੇ ਸੁਭਾਅ ਰਾਜ ਪੱਧਰੀ ਨਹੀਂ ਬਲਕਿ ਕੌਮਾਂਤਰੀ ਪੱਧਰ ਦਾ ਹੈ। ਇਹ ਤੱਥ ਤਾਂ ਜੱਗ ਜ਼ਾਹਰ ਹੈ ਕਿ ਭਾਰਤ-ਪਾਕਿਸਤਾਂਨ ਦੇ ਆਪਸੀ ਰਿਸ਼ਤੇ ਕਦੇ ਵੀ ਸੁਖਾਵੇਂ ਨਹੀਂ ਰਹੇ ਸੋ, ਇਸ ਪਰੇਡ ਦੀ ਸਾਰੀ ਵਿਉਂਤਬੰਦੀ ਨੂੰ ਉਸੇ ਹੀ ਪਿੱਠਭੂਮੀ ਵਿਚ ਰੱਖ ਕੇ ਨਿਭਾਹਿਆ ਜਾਂਦਾ ਹੈ। ਤਣਾਅ ਭਰੇ ਚਿਹਰਿਆਂ ਨੂੰ ਲੈ ਕੇ ਪਰੇਡ ਕਰ ਰਹੇ ਫੌਜੀ ਆਪਸ ਵਿਚ ਦੁਸ਼ਮਣ ਨਹੀਂ ਹੁੰਦੇ ਅਤੇ ਨਾਂ ਹੀ ਉਨ੍ਹਾਂ ਦੀ ਕੋਈ ਆਪਸੀ ਨਾਰਾਜ਼ਗੀ ਹੁੰਦੀ ਹੈ। ਉਹ ਸਾਰਾ ਦਿਨ ਸਰਹੱਦ ਤੇ ਹੀ ਮੌਜੂਦ ਰਹਿੰਦੇ ਹਨ ਅਤੇ ਹਰ ਰੋਜ਼ ਮੁਸਕਰਾ ਕੇ ਸਹਿਕਰਮੀਆਂ ਵਾਲੀ ਆਪਸੀ ਦੁਆ ਸਲਾਮ ਨਾਲ ਹੀ ਇਕ ਦੂਜੇ ਨਾਲ ਪੇਸ਼ ਆਉਂਦੇ ਹਨ। ਪਰ ਸ਼ਾਂਮ ਹੁੰਦਿਆਂ ਜਿਵੇਂ ਹੀ ਪਰੇਡ ਸ਼ੁਰੂ ਹੁੰਦੀ ਹੈ ਤਾਂ ਉਹ ਫੌਜੀ ਨਹੀਂ ਬਲਕਿ ਅਦਾਕਾਰ ਬਣ ਜਾਂਦੇ ਹਨ ਜਿਨ੍ਹਾਂ ਨੇ ਝੰਡਾ ਉਤਾਰਨ ਦੀ ਰਸਮ ਦੇ ਨਾਲ ਨਾਲ ਦੁਵੱਲੀ ਬੈਠੀ ਜਨਤਾ ਦਾ ਮਨੋਰੰਜਨ ਵੀ ਕਰਨਾਂ ਹੁੰਦਾ ਹੈ। ਹੁਣ ਸਾਫ ਹੈ ਕਿ ਜਿੱਥੇ ਭਾਰਤੀ ਅਤੇ ਪਾਕਿਸਤਾਂਨੀ ਦਰਸ਼ਕ ਬੈਠੇ ਹੋਣਗੇ ਉੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਦੇ ਆਪਸੀ ਨਿੱਘੇ ਰਿਸ਼ਤਿਆਂ ਦੀ ਪ੍ਰਵਾਹ ਕੌਣ ਕਰੇਗਾ ? ਸੋ, ਗੇਟ ਟੁੱਟਦੇ ਹਨ, ਨਾਅਰੇ ਲੱਗਦੇ ਹਨ, ਗੁੱਸੇ ਭਰੇ ਹਾਵ ਭਾਵਾਂ ਨਾਲ ਸੈਲਿਊਟ ਵੱਜਦੇ ਹਨ ਅਤੇ ਇਸ ਪਰੇਡ ਨੂੰ ਮਾਣ ਰਹੇ ਦਰਸ਼ਕ 'ਦੇਸ਼ਭਗਤੀ' ਦੇ ਜ਼ਜ਼ਬੇ ਨਾਲ ਸਰਾਬੋਰ ਹੁੰਦੇ ਰਹਿੰਦੇ ਹਨ। ਸ਼ੁਕਰ ਹੈ ਕਿ 2010 ਤੋਂ ਬਾਅਦ ਇਨ੍ਹਾਂ ਸਿਪਾਹੀਆਂ ਨੂੰ ਰਸਮ ਦੇ ਅੰਤ ਵਿਚ ਦੁਵੱਲੀ ਹੱਥ ਮਿਲਾਉਣ ਦੀ ਇਜ਼ਾਜ਼ਤ ਮਿਲੀ ਹੋਈ ਹੈ। ਆਖਰ ਇਸ ਨਾਲ ਜ਼ਿੰਮੇਵਾਰੀ ਦਾ ਅਹਿਸਾਸ ਤਾਂ ਝਲਕ ਪੈਂਦਾ ਹੈ।
ਕਿੰਨਾ ਚੰਗਾ ਹੋਵੇ ਕਿ ਇਸ ਪਰੇਡ ਨੂੰ ਸ਼ਾਂਤ ਫੌਜੀ ਜ਼ਾਬਤੇ, ਅਪਣੱਤ, ਬਿਨਾਂ ਨਾਹਰੇਬਾਜ਼ੀ ਅਤੇ ਪਿਆਰ ਵਾਲੇ ਮਾਹੌਲ ਨਾਲ ਨਿਭਾਹਿਆ ਜਾਵੇ। ਫੌਜੀ ਪਰੇਡ ਦੇ ਸਭ ਤੋਂ ਖਾਸ ਤੱਤ ਅਨੁਸ਼ਾਸਨ ਅਤੇ ਜਿੰਮੇਵਾਰੀ ਆਦਿ ਹੁੰਦੇ ਹਨ, ਨਾਂ ਕਿ ਗੁੱਸਾ ਜਾਂ ਤਣਾਅ। ਜੇਕਰ ਇਸ ਪਰੇਡ ਵਿਚ ਜਨਤਾ ਦੇ ਮਨੋਰੰਜਨ ਦੇ ਪੱਖ ਨੂੰ ਵੀ ਧਿਆਨ ਵਿਚ ਰੱਖਣਾਂ ਹੈ ਤਾਂ ਉਸ ਦੇ ਹੋਰ ਵੀ ਬਹੁਤ ਢੰਗ ਤਰੀਕੇ ਹਨ। ਐਸਾ ਮਨੋਰੰਜਨ ਬੀਮਾਰ ਹੈ ,ਜਿਸ ਦਾ ਆਧਾਰ ਤਲਖੀ, ਗੁੱਸਾ ਜਾਂ ਨਫਰਤ ਹੋਵੇ। ਛੱਬੀ ਜਨਵਰੀ ਨੂੰ ਰਾਜ ਪਥ ਤੇ ਫੌਜ ਵੱਲੋਂ ਹੁੰਦੀਆਂ ਖੂਬਸੂਰਤ ਪੇਸ਼ਕਾਰੀਆਂ ਵਿਚ ਤਣਾਅ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਲੋਕ ਉਸ ਨੂੰ ਦਿਲ ਖੋਲ੍ਹ ਕੇ ਮਾਣਦੇ ਹਨ। ਦੁਨੀਆਂ ਦੇ ਕਈ ਹੋਰ ਦੇਸ਼ਾਂ ਦੀਆਂ ਸਰਹੱਦਾਂ ਤੇ ਵੀ ਇਸ ਢੰਗ ਦੀਆਂ ਰਸਮਾਂ ਹੁੰਦੀਆਂ ਹਨ ਜੋ ਸ਼ਾਂਤ ਮਾਹੌਲ ਨਾਲ ਨਿਭਦੀਆਂ ਹਨ।
ਮੈਨੂੰ ਇਸ ਗੱਲ ਦੀ ਤਸੱਲੀ ਰਹੀ ਕਿ ਵਿਦਿਆਥੀਆਂ ਨਾਲ ਹੋਈ ਇਸ ਚਰਚਾ ਦੌਰਾਂਨ ਮੈਂ ਹਿੰਦ-ਪਾਕਿ ਦੋਸਤੀ ਮੰਚ (ਜਿਸ ਦਾ ਫੇਸਬੁੱਕ ਪੇਜ਼ ਮੇਰੇ ਕੋਲ ਉਪਲਬਧ ਸੀ) ਅਤੇ ਹੋਰ ਕਈ ਦੋਸਤਾਨਾ ਢੰਗ ਦੀਆਂ ਸਾਂਝੀਆਂ ਸਾਹਿਤਕ ਅਤੇ ਸੱਭਿਆਚਰਕ ਸੰਸਥਾਵਾਂ ਦੇ ਜਿਕਰ ਨਾਲ ਦੁਵੱਲੀ ਵੱਸਦੇ ਪੰਜਾਬੀਆਂ ਦੇ ਸੁਭਾਅ ਦੀ ਸਹੀ ਵਿਆਖਿਆ ਕਰਨ ਅਤੇ ਆਪਣੀ ਗੱਲ ਨੂੰ ਤੱਥਾਂ ਸਮੇਤ ਤਸਦੀਕ ਕਰਨ ਦੀ ਕੋਸ਼ਿਸ਼ ਵਿਚ ਸਫਲ ਹੋ ਗਿਆ। ਨਿਰੰਤਰ ਤਬਦੀਲੀ ਕੁਦਰਤ ਦਾ ਸੁਭਾਅ ਹੈ ਅਤੇ ਬੀਮਾਰ ਤੱਥਾਂ ਨੂੰ ਬਦਲ ਦੇਣਾਂ ਸਮੇਂ ਦੀ ਸਾਰਥਕ ਮੰਗ ਹੈ। ਅੱਜ ਭਾਰਤ ਅਤੇ ਪਾਕਿਸਤਾਂਨ ਸਰਕਾਰਾਂ ਦਰਮਿਆਨ ਵਾਹਗਾ ਬਾਰਡਰ ਤੋਂ ਕੁਝ ਦਰਜ਼ਨ ਕਿਲੋਮੀਟਰ ਦੀ ਦੂਰੀ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਣ ਤੇ ਸਹਿਮਤੀ ਬਣ ਚੁੱਕੀ ਹੈ ਜਿਸ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਨੇਂ ਇਕ ਸੁਖਾਵਾਂ ਮੋੜ ਮੁੜਿਆ ਹੈ। ਜਿਸ ਦਿਨ ਵੀ ਇਹ ਲਾਂਘਾ ਖੁੱਲ੍ਹਿਆ, ਏਥੋਂ ਦੇ ਸਾਰੇ ਪ੍ਰਬੰਧ ਦੇ ਪਿੱਛੇ ਪਿਆਰ, ਸ਼ਰਧਾ ਅਤੇ ਜਿੰਮੇਵਾਰੀ ਵਾਲੇ ਤੱਤ ਹੀ ਕਾਰਜਸ਼ੀਲ ਹੋਣਗੇ। ਸਦਭਾਵਨਾਂ ਦੀ ਇਸ ਲਹਿਰ ਨੂੰ ਵਾਹਗਾ ਸਰਹੱਦ ਤੇ ਹਰ ਸ਼ਾਂਮ ਨੂੰ ਨਿਭਾਹੀ ਜਾਂਦੀ ਇਸ ਰਸਮ ਤੇ ਵੀ ਤਾਰੀ ਹੋਣਾਂ ਚਾਹੀਦਾ ਹੈ। ਜੇਕਰ ਇਸ ਰਸਮ ਸੁਖਾਵੇਂ, ਸਤਿਕਾਰ ਭਰੇ ਅਨੁਸ਼ਾਸ਼ਨ ਵਾਲੇ ਮਾਹੌਲ ਵਿਚ ਹੁੰਦੀ ਹੈ ਤਾਂ ਦੇਸ਼ ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਨੂੰ ਦੋਹਾਂ ਪੰਜਾਬਾਂ ਦੇ ਸਾਂਝ ਅਤੇ ਸਦਭਾਵਨਾਂ ਵਾਲੇ ਰਿਸ਼ਤੇ ਦੀ ਜਾਣਕਾਰੀ ਤਾਂ ਮਿਲੇਗੀ ਹੀ, ਨਾਲ ਦੀ ਨਾਲ ਉਨ੍ਹਾਂ ਤੇ ਦੋਹਾਂ ਦੇਸ਼ਾਂ ਦੇ ਸੁਧਰ ਰਹੇ ਸਬੰਧਾਂ ਦਾ ਪ੍ਰਭਾਵ ਵੀ ਪਏਗਾ। (ਸਮਾਪਤ)
yadsatkoha@yahoo.com
0048516732105
ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
10 Jan. 2019
ਸੰਗ-ਏ-ਮਰਮਰ ਨਾਲ ਬਣਿਆਂ ਵਿਸ਼ਵਪੱਧਰੀ ਵਿਰਾਸਤਾਂ ਵਾਲਾ ਇੱਕ ਮਹਾਂਨਗਰ - ਯਾਦਵਿੰਦਰ ਸਿੰਘ ਸਤਕੋਹਾ
ਸੰਗ-ਏ-ਮਰਮਰ! ਮਿਕਨਾਤੀਸੀ ਖਿੱਚ ਅਤੇ ਕੋਮਲ ਛੂਹ ਵਾਲਾ ਖੂਬਸੂਰਤ ਸਫੈਦ ਪੱਥਰ । ਇਨਸਾਨ ਨੂੰ ਇਹ ਪੱਥਰ ਏਨਾਂ ਪਸੰਦ ਆਇਆ ਕਿ ਉਸਨੇਂ ਇਸ ਦੀ ਮੌਲਿਕ ਖੂਬਸੂਰਤੀ ਨੂੰ ਇਮਾਰਤਾਂ ਦੀ ਸ਼ਾਂਨ ਨੂੰ ਚਾਰ ਚੰਨ ਲਾਉਣ ਵਰਤਣਾਂ ਸ਼ੁਰੂ ਕਰ ਦਿੱਤਾ। ਇਸ ਪੱਥਰ ਨਾਲ ਸਿਰਜੀਆਂ ਗਈਆਂ ਸੁੰਦਰ ਇਮਾਰਤਾਂ ਵਿੱਚੋਂ ਆਗਰਾ ਸਥਿਤ ਤਾਜਮਹਿਲ ਇਸ ਦੀ ਸਭ ਤੋਂ ਢੁਕਵੀਂ ਉਦਾਹਰਣ ਹੈ। ਪੂਰੀ ਦੁਨੀਆਂ ਅੰਦਰ ਹੋਰ ਵੀ ਕਈ ਇਮਾਰਤਾਂ ਹਨ ਜੋ ਇਸ ਪੱਥਰ ਦੀ ਸਜਾਵਟ ਕਾਰਨ ਮਕਬੂਲ ਹੋਈਆਂ। ਅੰਦਾਜ਼ਾ ਲਾਉ ਕਿ ਜੇਕਰ ਸੰਗਮਰਮਰ ਦੀ ਖੂਬਸੂਰਤੀ ਕਿਸੇ ਇਕ ਇਮਾਰਤ ਨੂੰ ਵਿਸ਼ਵ ਪੱਧਰ ਦਾ ਦਰਜ਼ਾ ਦਿਵਾ ਸਕਦੀ ਹੈ ਤਾਂ ਕਿਸ ਤਰਾਂ ਲੱਗੇਗਾ ਜਦ ਇਕ ਇਮਾਰਤ ਹੀ ਨਹੀਂ ਬਲਕਿ ਅੱਧੇ ਤੋਂ ਜਿਆਦਾ ਸ਼ਹਿਰ ਦੀ ਤਾਮੀਰ ਹੀ ਇਸ ਪੱਥਰ ਨਾਲ ਹੋਈ ਹੋਵੇ। ਭਾਵ ਸੰਗਮਰਮਰ ਦਾ ਸ਼ਹਿਰ ! ਜੀ ਹਾਂ। ਦੁਨੀਆਂ ਵਿੱਚ ਇਕ ਐਸਾ ਸ਼ਹਿਰ, ਸ਼ਹਿਰ ਨਹੀਂ ਬਲਕਿ ਮਹਾਂਨਗਰ ਮੌਜੂਦ ਹੈ ਜਿਸ ਦੀ ਤਾਮੀਰ ਸੰਗਮਰਮਰ ਨਾਲ ਹੋਈ ਹੈ। ਇਸ ਮਹਾਂਨਗਰ ਦਾ ਨਾਂਅ ਹੈ ' ਅਸ਼ਬਾਗਾਤ'।
ਤੁਰਕਮੇਨਿਸਤਾਂਨ ਦੀ ਰਾਜਧਾਨੀ ਵਜੋਂ ਜਾਣੇਂ ਜਾਂਦੇ ਇਸ ਸ਼ਹਿਰ ਦੀ ਆਪਣੀ ਇਹ ਮੌਲਿਕ ਖੂਬੀ ਹੈ ਕਿ ਇਸ ਮਹਾਂਨਗਰ ਦੀਆਂ ਇਕ, ਦੋ ਜਾਂ ਚਾਰ ਨਹੀਂ ਬਲਕਿ ਸੱਠ ਪ੍ਰਤੀਸ਼ਤ ਇਮਾਰਤਾਂ ਦੁਨੀਆਂ ਦੇ ਲਾਜਵਾਬ ਅਤੇ ਮਹਿੰਗੇ ਸਫੈਦ ਪੱਥਰ ਸੰਗ-ਏ-ਮਰਮਰ ਨਾਲ ਤਾਮੀਰ ਕੀਤੀਆਂ ਗਈਆਂ ਹਨ! ਚਾਰੇ ਪਾਸਿਉਂ ਰੇਗਿਸਤਾਂਨ ਵਿੱਚ ਘਿਰਿਆ ਸਫੈਦ ਇਮਾਰਤਾਂ ਵਾਲਾ ਇਹ ਸ਼ਹਿਰ ਕਿਸੇ ਪਰੀ ਦੇਸ ਦਾ ਭੁਲੇਖਾ ਪਾਉਂਦਾ ਹੈ। ਸ਼ਹਿਰ ਅੰਦਰ ਆਧੁਨਿਕ ਇਮਾਰਸਾਜ਼ੀ ਦੇ ਨਮੂਨੇ ਵਾਲੀਆਂ ਸੰਗਮਰਮਰ ਨਾਲ ਤਾਮੀਰ ਹੋਈਆਂ ਕਰੀਬ ਪੰਜ ਸੌ ਤੋਂ ਵੱਧ ਵਿਸ਼ਾਲ ਇਮਾਰਤਾਂ ਮੌਜੂਦ ਹਨ ਜਿਨ੍ਹਾਂ ਵਿਚ ਸਰਕਾਰੀ ਅਦਾਰੇ, ਵੱਖ ਵੱਖ ਏਜੰਸੀਆਂ ਦੇ ਦਫਤਰ, ਇਤਿਹਾਸਕ ਧਰੋਹਰਾਂ, ਅਜਾਇਬ ਘਰ, ਮਸਜਿਦਾਂ ਅਤੇ ਯਾਦਗਾਰਾਂ ਮੌਜੂਦ ਹਨ। ਇਹ ਤਾਮੀਰ ਏਨੇ ਵਿਸ਼ਾਲ ਪੱਧਰ ਤੇ ਹੋਈ ਹੈ ਕਿ ਸ਼ਹਿਰ ਅੰਦਰ ਸਿਰਫ ਸੰਗਮਰਮਰ ਪੱਥਰ ਨਾਲ ਸੱਜੇ ਹੋਏ ਖੇਤਰ ਦਾ ਰਕਬਾ 4.5 ਮਿਲੀਅਨ ਵਰਗ ਮੀਟਰ ਦਾ ਹੈ ! ਇਸ ਵਿਲੱਖਣ ਤੱਥ ਕਾਰਨ ਸ਼ਹਿਰ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਅੰਦਰ ਵੀ ਦਰਜ਼ ਹੈ।
ਤੁਰਕੇਮਿਨਸਤਾਂਨ ਮੱਧ ਏਸ਼ੀਅਨ ਦੇਸ਼ ਹੈ ਜੋ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 1991 ਨੂੰ ਸੁਤੰਤਰ ਹੋਂਦ ਵਿੱਚ ਆਇਆ। ਇਸ ਦੀਆਂ ਸਰਹੱਦਾਂ ਉਜ਼ਬੇਕਿਸਤਾਂਨ, ਅਫਗਾਨਿਸਤਾਂਨ ਅਤੇ ਈਰਾਂਨ ਨਾਲ ਸਾਂਝੀਆਂ ਹਨ ਅਤੇ ਪੱਛਮ ਵੱਲੇ ਪਾਸੇ ਕੈਸਪੀਅਨ ਸਾਗਰ ਫੈਲਿਆ ਹੈ। ਆਸਗਾਬਾਤ ਦਾ ਇਤਿਹਾਸ ਕੋਈ ਬਹੁਤ ਜਿਆਦਾ ਪੁਰਾਣਾਂ ਨਹੀਂ ਹੈ। ਇਸ ਦੀ ਸਥਾਪਤੀ 1881 ਵਿਚ ਕੀਤੀ ਗਈ। ਸ਼ਹਿਰ ਨੂੰ ਆਪਣੇ ਅਤੀਤ ਵਿਚ ਇਕ ਵੱਡੇ ਹਾਦਸੇ ਵਿੱਚੋਂ ਗੁਜ਼ਰਨਾਂ ਪਿਆ ਜਦ 1948 ਵਿਚ ਆਏ ਇਕ ਭਿਅੰਕਰ ਭੂਚਾਲ ਕਾਰਨ ਲਗਭਗ ਸਾਰਾ ਸ਼ਹਿਰ ਤਬਾਹ ਹੋ ਗਿਆ। ਰਿਕਟਰ ਸਕੇਲ ਤੇ ਇਸ ਭੂਚਾਲ ਦੀ ਤੀਬਰਤਾ 9 ਸੀ। ਇਸ ਤੋਂ ਬਾਅਦ ਗੁਜ਼ਰੀ ਸਦੀ ਦੇ ਪਿਛਲੇ ਅੱਧ ਵਿਚ ਇਸ ਸ਼ਹਿਰ ਦਾ ਨਵ ਨਿਰਮਾਣ ਹੋਇਆ ਜਿਸ ਵਿਚ ਤੁਰਕਮੇਨਿਸਤਾਂਨ ਸਰਕਾਰ ਨੇ ਦਿਲ ਖੋਲ੍ਹ ਕੇ ਪੈਸਾ ਖਰਚਿਆ। ਏਥੋਂ ਤੱਕ ਕਿ ਸ਼ਹਿਰ ਵਿਚਲੇ ਟੈਲੀਫੂਨ ਬੂਥ ਅਤੇ ਪਾਰਕਾਂ ਵਿਚ ਰੱਖੇ ਗਏ ਬੈਂਚ ਤੱਕ ਵੀ ਸੰਗਮਰਮਰ ਨਾਲ ਬਣਾਏ ਗਏ। ਵੈਸੇ ਗਿੰਨੀਜ਼ ਬੁੱਕ ਵਿਚ ਇਸ ਸ਼ਹਿਰ ਦਾ ਜ਼ਿਕਰ ਸਿਰਫ ਸੰਗਮਰਮਰ ਦੀ ਵਿਸ਼ਾਲ ਇਮਾਰਤਸਾਜ਼ੀ ਕਾਰਨ ਹੀ ਨਹੀਂ ਹੈ ਬਲਕਿ ਕਈ ਹੋਰ ਅੰਤਰਰਾਸ਼ਟਰੀ ਪੱਧਰ ਦੀਆਂ ਇਕ ਤੋਂ ਵੱਧ ਵਿਰਾਸਤੀ ਧਰੋਹਰਾਂ ਨੂੰ ਵੀ ਗਿੰਨੀਜ਼ ਬੁੱਕ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ।
ਗਲੀਚਾ ਅਜਾਇਬ ਘਰ-
ਆਸਬਾਗਾਤ ਸਥਿਤ ਗਲੀਚਿਆਂ ਦਾ ਅਜਾਇਬਘਰ ਆਪਣੇ ਆਪ ਵਿੱਚ ਵਿਲੱਖਣ ਅਜਾਇਬਘਰ ਹੈ ਜਿੱਥੇ ਤੁਕਮੇਨਿਸਤਾਂਨ ਵਿਚ ਬਣੇ ਮੱਧ ਯੁੱਗ ਤੋਂ ਲੈ ਕੇ ਅੱਜ ਤੀਕ ਦੇ ਖੂਬਸੂਰਤ ਅਤੇ ਮਹਿੰਗੇ ਗਲੀਚੇ ਸਾਂਭੇ ਪਏ ਹਨ। ਇਨ੍ਹਾਂ ਗਲੀਚਿਆਂ ਵਿੱਚ ਦੁਨੀਆਂ ਦਾ ਸਭ ਤੋਂ ਵਿਸ਼ਾਲ ਗਲੀਚਾ ਵੀ ਮੌਜੂਦ ਹੈ। 301 ਵਰਗ ਮੀਟਰ ਦੇ ਇਸ ਗਲੀਚੇ ਨੂੰ ਤੁਰਕਮੇਨਿਸਤਾਂਨ ਦੀ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦੀ ਦਸਵੀਂ ਵਰ੍ਹੇਗੰਢ ਮਨਾਉਣ ਸਮੇਂ ਸੈਂਕੜੇ ਕਾਰੀਗਰਾਂ ਨੇ ਮਿਲ ਕੇ ਹੱਥਾਂ ਨਾਲ ਤਿਆਰ ਕੀਤਾ। ਦਸਤਕਾਰੀ ਦੇ ਏਨੇ ਵਿਸ਼ਾਲ ਅਤੇ ਖੂਬਸੂਰਤ ਨਮੂਨੇ ਨੂੰ ਗਿੰਨੀਜ਼ ਬੁੱਕ ਵਿਚ ਦਰਜ਼ ਹੋਣ ਦਾ ਮਾਣ ਹਾਸਲ ਹੈ।
ਆਗੁਜ਼ ਖਾਂਨ ਫੁਹਾਰਾ ਪਾਰਕ-
ਪੰਦਰਾਂ ਹੈਕਟੇਅਰ ਵਿਚ ਬਣੀਂ ਇਸ ਫੁਹਾਰਾ ਪਾਰਕ ਨੂੰ ਵਿਸ਼ਵ ਦੀ ਸਭ ਤੋਂ ਵਿਸ਼ਾਲ ਫੁਹਾਰਾ ਪਾਰਕ ਹੋਣ ਦਾ ਮਾਣ ਹਾਸਲ ਹੈ। ਇਸ ਦਾ ਨਿਰਮਾਣ 2008 ਵਿਚ ਕੀਤਾ ਗਿਆ। 2010 ਵਿਚ ਇਸ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਗ ਰਿਕਾਰਡ ਵਿਚ ਸ਼ਾਮਲ ਹੋਇਆ। ਇਸ ਦਾ ਸਾਰਾ ਬਿਜਲਈ ਪ੍ਰਬੰਧ ਸੂਰਜੀ ਊਰਜਾ ਨਾਲ ਸੰਚਾਲਿਤ ਹੈ। ਬਿਨਾ ਸ਼ੱਕ ਇਹ ਸ਼ਹਿਰ ਦੀਆਂ ਮੁੱਖ ਧਰੋਹਰਾਂ ਵਿੱਚੋਂ ਇਕ ਹੈ।
ਸਿਹਤਯਾਬੀ ਲਈ ਬਣਿਆਂ ਪੈਦਲ-ਰਾਹ-
ਅਸ਼ਬਾਗਾਤ ਸ਼ਹਿਰ ਦੇ ਬਾਹਰਵਾਰ ਨੀਂਮ ਪਹਾੜੀਆਂ ਵਿਚ ਬਣਾਇਆ ਗਿਆ ਸੈਂਤੀ ਕਿਲੋਮੀਟਰ ਲੰਮਾਂ ਕੰਕਰੀਟ ਦਾ ਪੈਦਲ-ਰਾਹ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਰਸਤੇ ਨੂੰ ਤੁਰਕਮੇਨਿਸਤਾਂਨ ਦੇ ਪ੍ਰਸਿੱਧ ਸਿਆਸਤਦਾਨ ਨਿਆਜ਼ੋਵ ਨੇਂ ਸ਼ਹਿਰੀਆਂ ਦੀ ਸਿਹਤ ਨੂੰ ਠੀਕ ਰੱਖਣ ਤਾਮੀਰ ਕਰਵਾਇਆ ਸੀ। ਇਸ ਪੈਦਲ ਯਾਤਰਾ ਲਈ ਸਰਕਾਰ ਵੱਲੋਂ ਸਾਲ ਵਿਚ ਇਕ ਦਿਨ ਨਿਯਤ ਕੀਤਾ ਜਾਂਦਾ ਹੈ। ਇਸ ਦਿਨ ਸਰੀਰਕ ਤੌਰ ਤੇ ਸਿਹਤਮੰਦ ਨਾਗਰਿਕ ਇਸ ਲੰਮੇਂ ਰਾਹ ਤੇ ਪੈਦਲ ਤੁਰਦੇ ਹਨ। ਅਸ਼ਬਾਗਾਤ ਦਾ ਮੌਸਮ ਕਾਫੀ ਗਰਮ ਹੈ ਅਤੇ ਇਹ ਪੈਦਲ ਯਾਤਰਾ ਸ਼ਹਿਰੀਆਂ ਲਈ ਇਕ ਚੁਣੌਤੀ ਵਰਗੀ ਮੰਨੀਂ ਜਾਂਦੀ ਹੈ। ਆਪਣੇ ਜੀਵਨ ਕਾਲ ਵਿਚ ਰਾਸ਼ਟਰਪਤੀ ਨਿਆਜ਼ੋਵ ਖੁਦ ਨਿੱਜੀ ਦਿਲਚਸਪੀ ਕੈ ਕੇ ਸਭ ਸਰਕਾਰੀ ਅਹੁਦੇਦਾਰਾਂ ਅਤੇ ਮੰਤਰੀਆਂ ਦੀ ਪੈਦਲ ਯਾਤਰਾ ਦਾ ਇੰਤਜ਼ਾਮ ਕਰਵਾਉਂਦਾ ਸੀ।
ਰਾਸ਼ਟਰਪਤੀ ਨਿਆਜ਼ੋਵ ਦਾ ਵਿਸ਼ਾਲ ਸੋਨੇਂ ਦਾ ਬੁੱਤ-
ਸ਼ਹਿਰ ਅੰਦਰ ਸਥਿਤ ਤੁਰਮੇਨਿਸਤਾਂਨ ਦੇ ਮਰਹੂਮ ਰਾਸ਼ਟਰਪਤੀ ਨਿਆਜ਼ੋਵ ਦਾ 39 ਫੂੱਟ ਉੱਚਾ ਸੋਨੇਂ ਦਾ ਬੁੱਤ ਵੀ ਸੈਲਾਨੀਆਂ ਲਈ ਖਾਸ ਕਿੱਚ ਦਾ ਕੇਂਦਰ ਹੈ। ਇਸ ਬੁੱਤ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਸੂਰਜ ਦੀ ਦਿਸ਼ਾ ਦੇ ਅਨੁਸਾਰ ਘੁੰਮਦਾ ਰਹਿੰਦਾ ਹੈ ਅਤੇ ਇਸ ਦਾ ਚਿਹਰਾ ਸਦਾ ਹੀ ਸੂਰਜ ਵੱਲ ਰਹਿੰਦਾ ਹੈ। ਸ਼ਹਿਰ ਅੰਦਰ ਨਿਆਜ਼ੋਵ ਦੀਆਂ ਹੋਰ ਵੀ ਬਹੁਤ ਸਾਰੀਆਂ ਸੋਨੇਂ ਅਤੇ ਸੰਗਮਰਮਰ ਦੀਆਂ ਮੂਰਤੀਆਂ ਮੌਜੂਦ ਹਨ।
ਇਸ ਤੋਂ ਇਲਾਵਾ ਤੁਰਮੇਨਿਸਤਾਂਨ ਬਰਾਡਕਾਸਟਿੰਗ ਸੈਂਟਰ ਦੀ ਸਜਾਵਟ ਲਈ ਬਣਿਆ ਆਗੁਜ਼ ਖਾਂਨ ਨਾਂਅ ਦਾ ਵਿਸ਼ਾਲ ਸਿਤਾਰਾ, ਖੇਡ ਸਟੇਡੀਅਮ ਵਿਚ ਬਣਿਆਂ ਦੁਨੀਆਂ ਦਾ ਸਭ ਤੋਂ ਵਿਸ਼ਾਲ ਤਾਰੀ-ਤਲਾਅ, ਵਿਸ਼ਾਲ ਮਸਜਿਦਾਂ, ਬਹਾਈ ਫਿਰਕੇ ਦਾ ਸਭ ਤੋਂ ਪਹਿਲਾ ਮੰਦਰ ਅਤੇ ਆਤੇਮ ਸੱਭਿਆਚਾਰਕ ਸੈਂਟਰ ਸਥਿਤ 57 ਮੀਟਰ ਵਿਆਸ ਦਾ ਜ਼ਹਾਜ਼ੀ ਪਹੀਆ ਆਦਿ ਵੀ ਵਿਸ਼ਵ ਪੱਧਰੀ ਧਰੋਹਰਾਂ ਵਿਚ ਜਾਣੇ ਜਾਂਦੇ ਹਨ।
ਏਨਾਂ ਖੂਬਸੂਰਤ ਅਤੇ ਵਿਲੱਖਣ ਸ਼ਹਿਰ ਹੋਣ ਦੇ ਬਾਵਜੂਦ ਵੀ ਵਿਸ਼ਵ ਪੱਧਰ ਤੇ ਇਸ ਦੀ ਪਛਾਣ ਲੁਕੀ ਹੋਈ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਤੁਰਕਮੇਨਿਸਤਾਂਨ ਸਰਕਾਰ ਅਜੇ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਬਾਰੇ ਜਿਆਦਾ ਹਾਂ-ਪੱਖੀ ਨਹੀਂ ਹੈ। ਸ਼ਹਿਰ ਨੂੰ ਵੇਖਣ ਆਏ ਸੈਲਾਨੀ ਸਰਕਾਰ ਵੱਲੋਂ ਕੀਤੇ ਗਏ ਬਹੁਤ ਭਾਰੇ ਸੁਰੱਖਿਆ ਪ੍ਰਬੰਧਾਂ ਕਾਰਨ ਅਸਹਿਜ ਮਹਿਸੂਸ ਕਰਦੇ ਹਨ। ਸ਼ਹਿਰ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਕੈਮਰਾ ਵਰਤਣ ਦੀ ਮਨਾਹੀ ਹੋਣ ਕਾਰਨ ਸੈਲਾਨੀ ਖੂਬਸੂਰਤ ਇਮਾਰਤਾਂ ਦੀਆਂ ਤਸਵੀਰਾਂ ਵੀ ਨਹੀਂ ਲੈ ਸਕਦੇ। ਸ਼ਹਿਰ ਦੀ ਆਬਾਦੀ ਘੱਟ ਹੋਣ ਕਾਰਨ ਇਸ ਦੀਆਂ ਸੜਕਾਂ ਭੀੜ ਭੜੱਕੇ ਤੋਂ ਤਾਂ ਮੁਕਤ ਹਨ ਪਰ ਸਫੈਦ ਇਮਾਰਤਾਂ ਅਤੇ ਬਹੁਤ ਘੱਟ ਆਵਾਜਾਈ ਵਾਲੀਆਂ ਖੁੱਲ੍ਹੀਆਂ ਸੜਕਾਂ ਕਾਰਨ ਇਹ ਸ਼ਹਿਰ ਭੇਦ ਭਰਿਆ ਜਿਹਾ ਮਹਿਸੂਸ ਹੁੰਦਾ ਹੈ। ਸੰਗਮਰਮਰ ਦੇ ਬੈਂਚਾਂ ਨਾਲ ਸੱਜੀਆਂ ਖੂਬਸੂਰਤ ਪਾਰਕਾਂ ਖਾਲੀ ਖਾਲੀ ਲੱਗਦੀਆਂ ਹਨ। ਅਸ਼ਬਾਗਾਤ ਦੇ ਸ਼ਹਿਰੀ ਆਸਵੰਦ ਹਨ ਕਿ ਕਿਸੇ ਨਾਂ ਕਿਸੇ ਦਿਨ ਇਹ ਖੂਬਸੂਰਤ ਸ਼ਹਿਰ ਵੀ ਪੈਰਿਸ, ਲੰਡਨ ਜਾਂ ਦੁਬਈ ਦੀ ਤਰਾਂ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਹੋ ਕੇ ਦੁਨੀਆਂ ਦਾ ਸਾਹਮਣੇਂ ਆਵੇਗਾ।
yadsatkoha@yahoo.com
0048-516732105
-ਯਾਦਵਿੰਦਰ ਸਿੰਘ ਸਤਕੋਹਾ,
ਵਾਰਸਾ, ਪੋਲੈਂਡ।
02 Dec. 2019
ਸਿਰਫ ਖੂਬਸੂਰਤੀ ਨਾਲ ਨਹੀਂ, ਖੂਬਸੀਰਤੀ ਨਾਲ ਬਣਦੀ ਹੈ ਜ਼ਿੰਦਗੀ ਖੂਬਸੂਰਤ - ਯਾਦਵਿੰਦਰ ਸਿੰਘ ਸਤਕੋਹਾ
ਸਾਰੀ ਦੁਨੀਆਂ ਵਿੱਚ 'ਖੂਬਸੂਰਤ' ਸ਼ਬਦ ਦਾ ਸਭ ਤੋਂ ਪਹਿਲਾ ਅਰਥ ਕਿਸੇ ਦੇ ਚਿਹਰੇ, ਰੰਗ ਅਤੇ ਸਰੀਰ ਦੀ ਸੁਹਣੀ ਦਿੱਖ ਤੋਂ ਲਿਆ ਜਾਂਦਾ ਹੈ। 'ਖੂਬਸੀਰਤ' ਸ਼ਬਦ ਤੋਂ ਭਾਵ ਕਿਸੇ ਦੀ ਬਹੁਤ ਚੰਗੀ ਸੀਰਤ ਜਾਂ ਸੁਭਾਅ ਅਤੇ ਸ਼ਖਸ਼ੀ ਗੁਣਾਂ ਤੋਂ ਹੈ। ਇਸ ਤਰਾਂ ਇਹ ਦੋਵੇਂ ਸੰਕਲਪ ਮਾਨਵ ਜੀਵਨ ਨਾਲ ਡੂੰਘੀ ਤਰਾਂ ਜੁੜੇ ਹੋਏ ਹਨ। ਅਸਾਡੀ ਸ਼ਕਲ ਸੂਰਤ ਬਿਲਕੁਲ ਪ੍ਰਗਟ ਅਤੇ ਪ੍ਰਤੱਖ ਵਿਸ਼ਾ ਹੈ ਅਤੇ ਪਹਿਲੀ ਨਜ਼ਰ ਨਾਲ ਹੀ ਉੱਘੜ ਕੇ ਸਾਹਮਣੇ ਆ ਜਾਂਦਾ ਹੈ। ਸੁਭਾਅ ਜਾਂ ਸੀਰਤ ਇਨਸਾਨ ਦਾ ਅਪ੍ਰਤੱਖ ਪਾਸਾ ਹੈ ਜਿਸ ਬਾਰੇ ਸਿਆਣਿਆਂ ਕਿਹਾ ਹੈ ਕਿ 'ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ'। ਇਹ ਆਮ ਵਰਤਾਰਾ ਹੈ ਕਿ ਲੋਕ ਕਿਸੇ ਦੀ ਖੂਬਸੂਰਤੀ ਨੂੰ ਵੇਖ ਕੇ ਉਸੇ ਅਨੁਪਾਤ ਵਿੱਚ ਹੀ ਉਸ ਦੀ ਖੂਬਸੀਰਤੀ ਦਾ ਅੰਦਾਜਾ ਵੀ ਲਾਉਣਾ ਸ਼ੁਰੂ ਕਰ ਦਿੰਦੇ ਹਨ। ਭਾਵ ਇਹ ਖਿਆਲ ਕਰ ਲਿਆ ਜਾਂਦਾ ਹੈ ਕਿ ਜਿੰਨਾ ਕੋਈ ਸੁਨੱਖਾ ਹੈ ਉਸਦਾ ਸੁਭਾਵ ਵੀ ਓਨਾਂ ਹੀ ਵਧੀਆ ਹੋਵੇਗਾ। ਪਰ ਕਈ ਵਾਰ ਸਮਾਂ ਬੀਤਣ ਤੇ ਹਕੀਕਤ ਅਤੇ ਅੰਦਾਜੇ ਦਰਮਿਆਨ ਭਾਰੀ ਅੰਤਰ ਸਾਬਿਤ ਹੋ ਜਾਂਦਾ ਹੈ ਅਤੇ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਵਧੀਆ ਦਿੱਖ ਅਤੇ ਵਧੀਆ ਸੁਭਾਅ ਦਾ ਆਪਸ ਵਿੱਚ ਕੋਈ ਸ਼ਰਤੀਆ ਸਬੰਧ ਨਹੀਂ ਹੈ।
ਮਜੇ ਦੀ ਗੱਲ ਹੈ ਕਿ ਦੁਨੀਆਂ ਦੀਆਂ ਵੱਖ-ਵੱਖ ਸੱਭਿਆਤਾਵਾਂ ਵਿੱਚ ਖੂਬਸੂਰਤੀ ਦੇ ਮਾਪਦੰਡ ਅਤੇ ਕਸੌਟੀਆਂ ਵੱਖੋ-ਵੱਖਰੀਆਂ ਹਨ। ਚੀਨ ਵਿੱਚ ਸਥਾਪਿਤ ਨੱਕ, ਕੰਨ, ਦੰਦ, ਬੁੱਲ੍ਹ ਅਤੇ ਰੰਗ ਨਾਲ ਸਬੰਧਤ ਸੁਹਣੇਪਨ ਦੇ ਮਾਪਦੰਡ ਯੂਰਪ ਵਿੱਚ ਰੱਦ ਹੋ ਜਾਂਦੇ ਹਨ ਅਤੇ ਯੂਰਪ ਦੀ ਖੂਬਸੁਰਤੀ ਦੇ ਮਾਪਦੰਡ ਅਫਰੀਕਨ ਮੁਲਖਾਂ ਵਿੱਚ ਨਕਾਰ ਦਿੱਤੇ ਜਾਂਦੇ ਹਨ। ਭਾਰਤ ਵਿੱਚ ਗੋਰੇ ਰੰਗ ਨੂੰ ਸੁਹਣਾ ਰੰਗ ਮੰਨਿਆਂ ਜਾਂਦਾ ਹੈ ਪਰ ਪੱਛਮ ਵਿੱਚ ਸਾਂਵਲਾ ਰੰਗ ਸੁੰਦਰਤਾ ਦਾ ਪੈਮਾਨਾ ਹੈ। ਜਿਆਦਾ ਬਾਰੀਕੀ ਵਿੱਚ ਜਾਣ ਨਾਲ ਇਸ ਢੰਗ ਦੇ ਹੋਰ ਵਖਰੇਵੇਂ ਉੱਘੜਦੇ ਜਾਂਦੇ ਹਨ। ਦੂਸਰੇ ਪਾਸੇ ਮਨੁੱਖੀ ਖੂਬਸੀਰਤੀ ਦੇ ਮਾਪਦੰਡ ਸਾਰੀ ਦੁਨੀਆਂ ਵਿੱਚ ਕਰੀਬ-ਕਰੀਬ ਇੱਕੋ ਜਿਹੇ ਹਨ।ਸ਼ਖਸ਼ੀਅਤ ਦੇ ਚੰਗੇ ਗੁਣ ਜਿਵੇਂ, ਸਮਝਦਾਰੀ, ਬੋਲਚਾਲ ਦੀ ਕਲਾ, ਠਰੰਮਾ, ਮੁਸਕਰਾਹਟ, ਜੁਝਾਰੂਪਣ, ਸਿਦਕ, ਈਮਾਨਦਾਰੀ, ਸਹਿਯੋਗ, ਜਿੰਮੇਵਾਰੀ, ਮਿਹਨਤ, ਵਫਾਦਾਰੀ, ਸਮੇ ਦੀ ਪਾਬੰਦੀ ਅਤੇ ਦਲੇਰੀ ਆਦਿ ਨੂੰ ਸਾਰੀ ਦੁਨੀਆਂ ਵਿੱਚ ਇੱਕੋ ਜਿਹੀ ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ। ਇਸ ਵਰਤਾਰੇ ਤੋਂ ਪਤਾ ਲੱਗਦਾ ਹੈ ਕਿ ਵੱਖ-ਵੱਖ ਮਨੁੱਖੀ ਸੱਭਿਆਤਾਵਾਂ ਦੇ ਜੀਵਨ ਮੁੱਲਾਂ ਨੂੰ ਘੜਨ ਵਾਲੇ ਸਿਆਣਿਆਂ ਨੇ ਜਿੰਦਗੀ ਨੂੰ ਮਾਣਨਯੋਗ ਅਤੇ ਸਫਲ ਬਣਾਉਣ ਵਾਲੇ ਤੱਤਾਂ ਵਿੱਚ ਸਰੀਰਕ ਸੁਹਣੇਪਣ ਨਾਲੋਂ ਸੁਭਾਅ ਦੇ ਸੁਹਣੇਪਨ ਨੂੰ ਜਿਆਦਾ ਤਰਜੀਹ ਦਿੱਤੀ ਹੈ ਅਤੇ ਇਸੇ ਕਾਰਨ ਇਸ ਨਾਲ ਸਬੰਧਤ ਮਾਪਦੰਡ ਸਾਰੀ ਦੁਨੀਆਂ ਵਿੱਚ ਇੱਕੋ ਜਹੇ ਢੰਗ ਨਾਲ ਸਰਵਪ੍ਰਵਾਨਿਤ ਹਨ।
ਕਿਸੇ ਦੀ ਖੂਬਸੂਰਤੀ ਦਾ ਅਸਰ ਵੇਖਣ ਵਾਲਿਆਂ ਉੱਪਰ ਤੁਰੰਤ ਨਜ਼ਰ ਆ ਜਾਂਦਾ ਹੈ, ਇਸ ਲਈ ਹਰ ਖੇਤਰ ਵਿੱਚ ਸਰੀਰਕ ਸੁੰਦਰਤਾ ਦੁਸਰਿਆਂ ਨੂੰ ਪ੍ਰਭਾਵਿਤ ਕਰਨ ਦਾ ਜ਼ਰੀਆ ਬਣਦੀ ਜਾ ਰਹੀ ਹੈ। ਇਸੇ ਵਰਤਾਰੇ ਅਧੀਨ ਸਰੀਰਕ ਸੁੰਦਰਤਾ ਅਤੇ ਇਸ ਨਾਲ ਸਬੰਧਤ ਉਤਪਾਦਾਂ ਦਾ ਵਿਸ਼ਵ ਪੱਧਰ ਤੇ ਬਾਜ਼ਾਰੀਕਰਨ ਹੋ ਗਿਆ ਹੈ। ਕਦੇ ਚਿਹਰੇ ਅਤੇ ਸਰੀਰ ਦਾ ਸੁੰਦਰ ਹੋਣਾ ਪ੍ਰਮਾਤਮਾ ਦੀ ਦੇਣ ਮੰਨਿਆ ਗਿਆ ਸੀ। ਅੱਜ ਦੇ ਵਿਗਿਆਨਕ ਯੁੱਗ ਵਿੱਚ ਸਰੀਰ-ਵਿਗਿਆਨ ਨੇ ਸਰਜਰੀ ਦੀਆਂ ਐਸੀਆਂ ਆਧੁਨਿਕ ਤਕਨੀਕਾਂ ਵਿਕਸਤ ਕਰ ਲਈਆਂ ਹਨ ਕਿ ਸਰੀਰਕ ਸੁੰਦਰਤਾ ਵਿੱਚ ਕੁਦਰਤ ਦੀ ਦਾਅਵੇਦਾਰੀ ਸੀਮਿਤ ਜਿਹੀ ਹੁੰਦੀ ਜਾ ਰਹੀ ਹੈ।ਮਹਿੰਗੀਆਂ ਕਰੀਮਾਂ ਨਾਲ ਵਕਤੀ ਤੌਰ ਤੇ ਰੰਗ ਗੋਰਾ ਕੀਤਾ ਜਾ ਸਕਦਾ ਹੈ, ਪਲਾਸਟਿਕ ਸਰਜਰੀ ਨਾਲ ਨੱਕ ਤਿੱਖਾ ਹੋ ਸਕਦਾ ਹੈ ਅਤੇ ਹੋਠਾਂ ਦੀ ਆਕ੍ਰਿਤੀ ਬਦਲੀ ਜਾ ਸਕਦੀ ਹੈ, ਮੋਟਾਪਾ ਖਤਮ ਕੀਤਾ ਜਾ ਸਕਦਾ ਹੈ, ਭਾਵ ਕਿ ਸਰੀਰਕ ਬਣਤਰ ਵਿੱਚ ਮਨਚਾਹੀ ਤਬਦੀਲੀ ਕਰਨ ਦੀ ਤਕਨੀਕ ਲੱਭ ਲਈ ਗਈ ਹੈ ਅਤੇ ਦਿਨੋ-ਦਿਨ ਹੋਰ ਵਿਕਸਤ ਹੋ ਰਹੀ ਹੈ। ਪ੍ਰਸ਼ਨ ਉੱਠਦਾ ਹੈ ਕਿ ਸਿਰਫ ਚਿਹਰੇ ਨੂੰ ਸੁੰਦਰ ਬਣਾ ਕੇ ਕੀ ਜ਼ਿੰਦਗੀ ਨੂੰ ਵੀ ਖੂਬਸੂਰਤ ਅਤੇ ਬਿਹਤਰ ਬਣਾਇਆ ਜਾ ਸਕਦਾ ਹੈ? ਇੱਕ ਦੂਸਰਾ ਪ੍ਰਸ਼ਨ ਵੀ ਬਹੁਤ ਮਹੱਤਵਪੂਰਨ ਹੈ ਕਿ ਦੁਨੀਆਂ ਵਿੱਚ ਸੁਭਾਅ ਅਤੇ ਸ਼ਕਲ ਦੋਹਾਂ ਦੇ ਧਨੀ ਲੋਕ ਬਹੁਤ ਥੋੜ੍ਹੇ ਹਨ।ਫਰਜ਼ ਕਰੋ, ਜੇਕਰ ਸਾਨੂੰ ਬਹੁਤ ਚੰਗੇ ਅਤੇ ਮਿਹਨਤੀ ਸੁਭਾਅ ਜਾਂ ਖੂਬਸੂਰਤ ਚਿਹਰੇ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇ ਤਾਂ ਅਸੀਂ ਕਿਸ ਨੂੰ ਚੁਣਾਂਗੇ ? ਸਵਾਲ ਬਹੁਤ ਦਿਲਚਸਪ ਹਨ ਕਿਉਂਕਿ ਇਹ ਸਾਡੇ ਜੀਵਨ ਨਾਲ ਬਹੁਤ ਹੀ ਨੇੜੇ ਤੋਂ ਸਬੰਧ ਰੱਖਦੇ ਹਨ।
ਐਸਾ ਨਹੀਂ ਹੈ ਖੂਬਸੀਰਤੀ ਦੇ ਮੁੱਲ ਨੂੰ ਬਿਆਨ ਕਰਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਸੁਹਣੀ ਸੂਰਤ ਜਿੰਦਗੀ ਦੇ ਵਿਹਾਰਕ ਤਲ ਉੱਤੇ ਮੁੱਲਵਾਨ ਨਹੀਂ ਹੈ। ਨਿਰਸੰਦੇਹ ਵਧੀਆ ਸ਼ਕਲ ਸੂਰਤ ਦਾ ਮਾਲਕ ਹੋਣਾ ਇੱਕ ਬਹੁਤ ਵਧੀਆ ਪੱਖ ਹੈ ਪਰ ਜ਼ਿੰਦਗੀ ਇੱਕ ਬਹੁਨੁਕਾਤੀ ਵਿਸ਼ਾ ਹੈ। ਸੁਹੱਪਣ ਪਹਿਲੀ ਨਜ਼ਰੇ ਪ੍ਰਭਾਵਿਤ ਤਾਂ ਕਰਦਾ ਹੈ ਪਰ ਜ਼ਿੰਦਗੀ ਇੱਕ ਵਿਹਾਰਕ ਸੱਚ ਹੈ ਜਿਸ ਨੂੰ ਹਕੀਕਤ ਦੇ ਤਲ ਤੇ ਜਿਊਣਾ ਪੈਂਦਾ ਹੈ। ਮੰਨ ਲਵੋ ਕਿ ਪੱਛਮੀ ਸਾਹਿਤ ਦੇ ਮਸ਼ਹੂਰ ਕਾਲਪਨਿਕ ਨਾਇਕ ਰਾਬਿਨਸਨ ਕਰੂਸੋ ਵਾਂਗ ਸਾਨੂੰ ਵੀ ਕਿਸੇ ਮਨੁੱਖੀ ਆਬਾਦੀ ਤੋਂ ਹੀਣੇ ਅਤੇ ਸੁੰਨਸਾਂਨ ਸਮੁੰਦਰੀ ਟਾਪੂ ਉੱਪਰ ਕਈ ਸਾਲ ਜ਼ਿੰਦਗੀ ਬਿਤਾਉਣੀ ਪਵੇ ਤਾਂ ਕੀ ਹੋਵੇਗਾ? ਇੱਕ ਐਸੀ ਜਗ੍ਹਾ ਜਿੱਥੇ ਜੀਵਨ ਦੀਆਂ ਮੁੱਢਲੀਆਂ ਜਰੂਰਤਾਂ ਦੀ ਅਣਹੋਂਦ ਹੋਵੇ ਅਤੇ ਕੋਈ ਮਦਦਗਾਰ ਵੀ ਮੌਜੂਦ ਨਾਂ ਹੋਵੇ। ਨਿਰਸੰਦੇਹ ਐਸੇ ਹਲਾਤਾਂ ਵਿੱਚ ਅਸੀਂ ਸੁੰਦਰਤਾ ਤੋਂ ਬਿਨਾ ਵੀ ਕੰਮ ਚਲਾ ਲਵਾਂਗੇ ਪਰ ਜੇਕਰ ਅਸੀਂ ਮਿਹਨਤੀ, ਕਾਬਿਲ, ਸਿਦਕੀ, ਜੁਝਾਰੂ ਅਤੇ ਦਲੇਰ ਨਾ ਹੋਏ ਤਾਂ ਜ਼ਿੰਦਗੀ ਖਤਰੇ ਵਿੱਚ ਪੈ ਜਾਵੇਗੀ। ਸਮਾਜ ਦੀ ਅਣਹੋਂਦ ਵਿੱਚ ਇਕੱਲੇ ਮਨੁੱਖ ਲਈ ਸਰੀਰਕ ਸੁੰਦਰਤਾ ਦੀਆਂ ਸਭ ਧਾਰਨਾਵਾਂ ਵਿਅਰਥ ਹੋ ਜਾਂਦੀਆਂ ਹਨ। ਸਾਡੇ ਬਿਲਕੁਲ ਇਕੱਲੇ ਹੋਣ ਦੀ ਹਾਲਤ ਵਿੱਚ ਸਾਡਾ ਰੰਗ, ਚਿਹਰੇ ਦੀ ਬਣਤਰ, ਕੱਦ ਆਦਿ ਸਭ ਵਿਸ਼ੇ ਫਜੂਲ ਹੋ ਜਾਂਦੇ ਹਨ। ਸੁੰਦਰਤਾ ਦੂਸਰਿਆਂ ਦੀ ਨਜ਼ਰ ਵਿੱਚ ਪ੍ਰਵਾਨ ਚੜਦੀ ਹੈ ਪਰ ਸਾਡੇ ਸ਼ਖਸ਼ੀ ਗੁਣ ਸਾਡੇ ਖੁਦ ਦੇ ਜੀਵਨ ਨੂੰ ਸਾਰਥਿਕ, ਸੁਰੱਖਿਅਤ ਅਤੇ ਸੁਖਾਲਾ ਬਣਾਉਂਦੇ ਹਨ।ਜੇਕਰ ਅਸੀਂ ਸਮੇ ਦੇ ਪਾਬੰਦ ਹਾਂ ਤਾਂ ਜੀਵਨ ਦੀਆਂ ਪ੍ਰੀਖਿਆਵਾਂ ਵਿੱਚ ਸਾਡੀ ਸਫਲਤਾ ਦੀ ਦਰ ਵਧ ਜਾਂਦੀ ਹੈ। ਦਲੇਰ ਅਤੇ ਮਿਹਨਤੀ ਹਾਂ ਤਾਂ ਸਾਨੂੰ ਦੂਸਰਿਆਂ ਤੋਂ ਮਦਦ ਲੈਣ ਦੀ ਬਹੁਤ ਘੱਟ ਲੋੜ ਪਵੇਗੀ।ਸਿਦਕ ਅਤੇ ਠਰੰਮਾ ਰੱਖਦੇ ਹਾਂ ਤਾਂ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਭਰਪੂਰ ਜੀਵਨ ਮਾਣ ਸਕਣ ਦੇ ਕਾਬਲ ਹੋਵਾਂਗੇ। ਬੋਲਚਾਲ ਦੀ ਕਲਾ ਅਤੇ ਜਿੰਮੇਵਾਰ ਵਿਵਹਾਰ ਦੇ ਧਾਰਨੀ ਹਾਂ ਤਾਂ ਦੂਸਰਿਆਂ ਦਾ ਜਿਆਦਾ ਵਿਸ਼ਵਾਸ਼ ਪ੍ਰਾਪਤ ਕਰ ਕੇ ਜੀਵਨ ਵਿੱਚ ਤਰੱਕੀ ਦੇ ਜਿਆਦਾ ਮੌਕੇ ਹਾਸਿਲ ਕਰਾਂਗੇ।
ਖੂਬਸੂਰਤੀ ਪਹਿਲਾ ਅਤੇ ਵਧੀਆ ਪ੍ਰਭਾਵ ਜ਼ਰੂਰ ਪਾਉਂਦੀ ਹੈ ਪਰ ਕਿਸੇ ਬਾਰੇ ਦੂਸਰਿਆਂ ਦੀ ਸਿੱਕੇਮੰਦ ਅਤੇ ਟਿਕਾਊ ਰਾਏ ਉਸ ਦੇ ਸੁਭਾਅ ਅਤੇ ਸੀਰਤ ਨੂੰ ਜਾਣਨ ਤੋਂ ਬਾਅਦ ਹੀ ਬਣਦੀ ਹੈ।ਵਿਗਿਆਨ ਨੇ ਮਨੁੱਖੀ ਸੁੰਦਰਤਾ ਦੇ ਉਤਪਾਦਾਂ ਦੀ ਖੋਜ ਤਾਂ ਕਰ ਲਈ ਹੈ ਪਰ ਈਮਾਨਦਾਰੀ, ਸੰਜੀਦਗੀ, ਮਿਹਨਤ ਅਤੇ ਠਰੰਮਾ ਆਦਿ ਗੁਣ ਪੈਦਾ ਕਰਨ ਲਈ ਬਹੁਤ ਵੱਡੇ ਉੱਦਮ ਜਾਂ ਖੋਜ ਕਾਰਜ ਨਹੀਂ ਕੀਤੇ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਇਹ ਗੁਣ ਮਨੁੱਖੀ ਮਨੋਵਿਗਿਆਨ ਨਾਲ ਸਬੰਧਿਤ ਡੂੰਘੇ ਵਿਸ਼ੇ ਹਨ ਅਤੇ ਇਹਨਾ ਦੀ ਖੋਜ ਕਰਨ ਨਾਲ ਜੋ ਨਤੀਜੇ ਅਤੇ ਹੱਲ ਸਾਹਮਣੇ ਆਉਣਗੇ ਉਹਨਾ ਨੂੰ ਬਜ਼ਾਰ ਵਿੱਚ ਸਰੀਰਕ ਸੁੰਦਰਤਾ ਦੇ ਉਤਪਾਦਾਂ ਦੇ ਬਰਾਬਰ ਰੱਖ ਕੇ ਨਹੀਂ ਵੇਚਿਆ ਜਾ ਸਕਦਾ। ਨਿਰਸੰਦੇਹ ਹੀ ਗੁਣ ਬਾਜਾਰਾਂ ਵਿੱਚ ਰੱਖ ਕੇ ਖਰੀਦੇ ਜਾਂ ਵੇਚੇ ਨਹੀਂ ਜਾ ਸਕਦੇ।ਅੱਜ ਦੇ ਯੁੱਗ ਵਿੱਚ ਜੋ ਚੀਜ਼ ਬਾਜ਼ਾਰ ਵਿੱਚ ਵੇਚੀ ਨਹੀਂ ਜਾ ਸਕਦੀ ਉਸ ਦੇ ਸਬੰਧ ਵਿੱਚ ਜਿਆਦਾ ਮਿਹਨਤ ਜਾਂ ਖੋਜ ਵੀ ਨਹੀਂ ਹੁੰਦੀ। ਇੱਥੇ ਤਾਂ ਜੋ ਵਿਕਦਾ ਹੈ, ਉਹੀ ਦਿਖਦਾ ਹੈ। ਗੁਣਾਂ ਨੂੰ ਹਾਸਲ ਕਰਨ ਦਾ ਤਰੀਕਾ ਉਹੀ ਸਦੀਆਂ ਪੁਰਾਣਾ ਹੈ ਕਿ ਇਹ ਚੰਗੇ ਅਤੇ ਬਿਹਤਰ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਜਾਂ ਜੀਵਨ ਦੇ ਤਲਖ ਤਜ਼ਰਬਿਆਂ ਵਿੱਚੋਂ ਲੰਘ ਕੇ ਪ੍ਰਾਪਤ ਹੁੰਦੇ ਹਨ।
ਸੂਰਤ, ਮਨੁੱਖੀ ਜਿੰਦਗੀ ਵਿੱਚ ਨਿਰੰਤਰ ਤਬਦੀਲ ਹੁੰਦਾ ਰਹਿਣ ਵਾਲਾ ਲੱਛਣ ਹੈ। ਬਚਪਨ ਅਤੇ ਜਵਾਨੀ ਦਾ ਸਮਾ ਗੁਜ਼ਰ ਜਾਣ ਤੋਂ ਬਾਅਦ ਜਦ ਸੂਰਤ ਦੀ ਚਮਕ ਫਿੱਕੀ ਪੈਣ ਲੱਗਦੀ ਹੈ ਤਾਂ ਸਮਾਜ ਸਾਡੇ ਚੰਗੇ ਜਾਂ ਮਾੜੇ ਸੁਭਾਅ ਤੋਂ ਹੀ ਸਾਡੀ ਕਰੂਪਤਾ ਜਾਂ ਸੁੰਦਰਤਾ ਬਾਰੇ ਫੈਸਲਾ ਲੈਣਾ ਸ਼ੁਰੂ ਕਰ ਦਿੰਦਾ ਹੈ। ਅੱਧਖੜ੍ਹ ਜਾਂ ਬਜ਼ੁਰਗ ਉਮਰ ਵਿੱਚ ਸਾਨੂੰ ਸਾਡੀ ਵਧੀਆ ਸੂਰਤ ਨਹੀ, ਵਧੀਆ ਸੀਰਤ ਸਿੱਧ ਕਰਨੀ ਪੈਂਦੀ ਹੈ। ਜੇਕਰ ਬਚਪਨ ਜਾਂ ਜੁਆਨੀ ਵਿੱਚ ਵੀ ਕੋਈ ਆਪਣੇ ਕੰਮਾਂ ਜਾਂ ਬੋਲਚਾਲ ਰਾਹੀਂ ਸਮਝਦਾਰੀ ਅਤੇ ਸਿਆਣਪ ਸਿੱਧ ਕਰੇ ਤਾਂ ਸਮਾਜ ਪ੍ਰਵਾਨਗੀ ਦੇ ਦਿੰਦਾ ਹੈ ਪਰ ਦੂਜੇ ਪਾਸੇ ਬਜ਼ੁਰਗ ਅਵਸਥਾ ਵਿੱਚ ਵੀ ਜੇ ਕੋਈ ਖੁਦ ਦੇ ਚਿਹਰੇ ਦੀ ਸੁੰਦਰਤਾ ਨੂੰ ਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਹੇ ਤਾਂ ਸਮਾਜ ਪ੍ਰਵਾਨ ਨਹੀਂ ਕਰਦਾ। ਅਜਿਹੇ ਲੋਕ ਮਜ਼ਾਕ ਦੇ ਪਾਤਰ ਬਣਦੇ ਰਹਿੰਦੇ ਹਨ ਅਤੇ ਭੁਲੇਖੇ ਵਿੱਚ ਜ਼ਿੰਦਗੀ ਜਿਉਂਦੇ ਰਹਿੰਦੇ ਹਨ। ਇਸ ਢੰਗ ਨਾਲ ਖੂਬਸੀਰਤੀ ਐਸਾ ਲੱਛਣ ਹੈ ਜੋ ਉਮਰ ਦੇ ਹਰ ਪੜਾਅ ਨਾਲ ਨਿਭਣ ਦੇ ਸਮਰੱਥ ਹੈ।
ਜੀਵਨ ਵਿੱਚ ਜੋ ਜੋੜ-ਮੇਲ ਸਿਰਫ ਸ਼ਕਲ-ਸੂਰਤ ਵੇਖ ਕੇ ਬਣਾ ਲਏ ਜਾਂਦੇ ਹਨ ਉਹ ਅਕਸਰ ਹੀ ਹਕੀਕਤ ਨਾਲ ਟਕਰਾ ਕੇ ਖਿੱਲਰਨ ਲੱਗ ਪੈਂਦੇ ਹਨ। ਰਿਸਤਿਆਂ ਦੀ ਹੰਢਣਸਾਰਤਾ ਸਮਝਦਾਰੀ ਭਰੇ ਸੁਭਾਅ ਉੱਪਰ ਹੀ ਨਿਰਭਰ ਕਰਦੀ ਹੈ। ਜੇਕਰ ਨਿਭਣ ਦੀ ਸੰਭਾਵਨਾ ਹੋਵੇ ਤਾਂ ਨਿਭ ਜਾਂਦੇ ਹਨ, ਵਰਨਾ ਟੁੱਟ ਜਾਂਦੇ ਹਨ। ਉਹ ਮਨੁੱਖ ਬਹੁਤ ਹੀ ਕਿਸਮਤ ਵਾਲਾ ਹੈ ਜਿਸ ਕੋਲ ਸਰੀਰ ਅਤੇ ਸੁਭਾਅ ਦੋਵੇਂ ਹੀ ਸੁੰਦਰ ਹਨ। ਅਜਿਹੇ ਵਿਅਕਤੀ ਵਿਰਲੇ ਹਨ ਅਤੇ ਸਮਾਜ ਦੀ ਸਧਾਰਨ ਅਨੁਪਾਤ ਦੇ ਪੱਧਰ ਤੋਂ ਉੱਪਰ ਹੁੰਦੇ ਹਨ। ਸਮਾਜ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।
ਸਾਡਾ ਹੰਢਿਆ-ਵਰਤਿਆ, ਰੈਲਾ ਅਤੇ ਸਹਿਯੋਗੀ ਸੁਭਾਅ ਸਾਡੀ ਅਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੰਗੀ ਸੀਰਤ ਨੂੰ ਮਜ਼ਬੂਤ ਇੱਛਾ-ਸ਼ਕਤੀ ਨਾਲ ਹਾਸਲ ਕੀਤਾ ਜਾ ਸਕਦਾ ਹੈ।
yadsatkoha@yahoo.com
0048-516732105
- ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
23 Dec. 2018
ਆਪਸ ਵਿਚ ਮਿਲਣ ਦਾ ਵਿਸ਼ਵ-ਵਿਆਪੀ ਢੰਗ ਹੈ ਹੱਥ ਮਿਲਾਉਣੇ - ਯਾਦਵਿੰਦਰ ਸਿੰਘ ਸਤਕੋਹਾ
ਅਸਾਡੇ ਸੁਭਾਅ ਦੀ ਸ਼ਾਲੀਨਤਾ ਦਾ ਸਭ ਤੋਂ ਖਾਸ ਪੱਖ ਹੁੰਦਾ ਹੈ ਕਿ ਕਿਸੇ ਨੂੰ ਮਿਲਣ ਸਮੇਂ ਅਸੀਂ ਕਿਵੇਂ ਦਾ ਵਿਹਾਰ ਕਰਦੇ ਹਾਂ। ਕਿਸੇ ਨੂੰ ਮਿਲਣ ਮੌਕੇ ਜੁਬਾਨ ਤੋਂ ਬੋਲੇ ਗਏ ਪਹਿਲੇ ਸ਼ਬਦਾਂ ਅਤੇ ਸਰੀਰ ਨਾਲ ਕੀਤੇ ਪਹਿਲੇ ਵਿਹਾਰ ਦੇ ਰਲੇਵੇਂ ਨੂੰ 'ਮਿਲਣ-ਢੰਗ' ਕਿਹਾ ਜਾਂਦਾ ਹੈ। ਭਾਵੇਂ ਕੋਈ ਆਪਣਾ ਹੋਵੇ ਜਾਂ ਬਿਗਾਨਾਂ, ਦੋਸਤ ਹੋਵੇ ਜਾਂ ਦੁਸ਼ਮਣ, ਉਮਰ ਵਿਚ ਵਡੇਰਾ ਹੋਵੇ ਜਾਂ ਛੋਟਾ, ਕਿਸੇ ਨੂੰ ਵੀ ਮਿਲਣ ਦਾ ਢੰਗ ਸਾਡੀ ਸ਼ਖਸ਼ੀਅਤ ਦੀ ਪਹਿਲੀ ਝਲਕ ਦਿੰਦਾ ਹੈ। ਸੋ, ਇਸ ਧਰਤੀ ਤੇ ਵੱਸਦੀਆਂ ਵੱਖ ਵੱਖ ਸੱਭਿਅਤਾਵਾਂ ਵਿਚ ਇਕ ਦੂਸਰੇ ਨੂੰ ਮਿਲਣ ਦੇ ਅਨੇਕਾਂ ਖੂਬਸੂਰਤ ਢੰਗ ਅਤੇ ਰਸਮੋ-ਰਿਵਾਜ ਵਿਕਸਤ ਹੋਏ ਜੋ ਸਬੰਧਿਤ ਦੇਸ਼ ਜਾਂ ਭਾਈਚਾਰੇ ਦੇ ਲੋਕਾਂ ਦੇ ਵਰਤੋਂ ਵਿਹਾਰ ਦਾ ਅਨਿਖੜਵਾਂ ਅੰਗ ਬਣੇਂ।
ਆਪਸ ਵਿਚ ਮਿਲਦੇ ਸਮੇਂ ਸੱਜੇ ਹੱਥਾਂ ਨੂੰ ਮਿਲਾਉਣਾਂ ਦੁਨੀਆਂ ਵਿਚ ਸਭ ਤੋਂ ਜਿਆਦਾ ਵਰਤਿਆ ਜਾਣ ਵਾਲਾ ਅਤੇ ਪ੍ਰਚਲਤ ਮਿਲਣ-ਢੰਗ ਹੈ। ਦੁਨੀਆਂ ਦੀਆਂ ਬਹੁਗਿਣਤੀ ਕੌਮਾਂ ਭਾਵੇਂ ਦੁਆ-ਸਲਾਮ ਦੇ ਸ਼ਬਦਾਂ ਨੂੰ ਆਪੋ ਆਪਣੀ ਬੋਲੀ 'ਚ ਹੀ ਬੋਲਣ ਪਰ ਸਰੀਰਕ ਵਿਹਾਰ ਦੇ ਤੌਰ ਤੇ ਸੱਜੇ ਹੱਥਾਂ ਨੂੰ ਮਿਲਾਉਣ ਦਾ ਰਿਵਾਜ ਵਿਸ਼ਵ ਵਿਆਪੀ ਬਣ ਚੁੱਕਾ ਹੈ। ਮਿਲਣੀ-ਮੌਕਾ ਭਾਵੇਂ ਸਮਾਜਕ ਹੋਵੇ ਜਾਂ ਰਾਜਨੀਤਕ, ਕਾਰੋਬਾਰੀ ਹੋਵੇ ਜਾਂ ਮਹਿਜ਼ ਦੋਸਤਾਨਾ, ਖੁਸ਼ੀ ਭਰਿਆ ਹੋਵੇ ਜਾਂ ਉਦਾਸ, ਪਰ ਇਹ ਰਸਮ ਸੁਤੇ ਸਿਤ ਹੀ ਨਿਭਾਹੀ ਜਾ ਰਹੀ ਹੈ। ਹੱਥ ਮਿਲਾਉਣਾਂ ਆਪਸੀ ਸਾਂਝ, ਸਤਿਕਾਰ, ਦੋਸਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਕਿਸੇ ਮਿਲਣੀ ਦੀ ਸ਼ੁਰੂਆਤ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਅਸੀਂ ਦੋਸਤੀ ਅਤੇ ਵਿਸ਼ਵਾਸ਼ ਵਾਲੇ ਮਾਹੌਲ ਵਿਚ ਗੱਲਬਾਤ ਕਰਨ ਜਾ ਰਹੇ ਹਾਂ। ਮਿਲਣੀ ਦੇ ਅਖੀਰ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਗੱਲਬਾਤ ਸਦਭਾਵਨਾਂ ਅਤੇ ਦੋਸਤੀ ਭਰਪੂਰ ਰਹੀ ਹੈ।
ਭਾਵੇਂ ਕਿ ਇਸ ਮਿਲਣ-ਢੰਗ ਨੂੰ ਆਧੁਨਿਕ ਸੱਭਿਅਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਪਰ ਸੱਚ ਇਹ ਹੈ ਕਿ ਇਸ ਰਿਵਾਜ ਦੀ ਵਰਤੋਂ ਦੇ ਸਬੂਤ ਪੰਜਵੀਂ ਈ. ਪੂ. ਸਦੀ ਤੱਕ ਜੁੜੇ ਹੋਏ ਹਨ। ਇਸ ਤੱਥ ਦੇ ਸਟੀਕ ਪ੍ਰਮਾਣ ਮੌਜੂਦ ਹਨ ਕਿ ਯੂਨਾਨੀ ਲੋਕਾਂ ਵਿਚ ਮਿਲਣੀਆਂ ਸਮੇਂ ਹੱਥ ਮਿਲਾਉਣ ਦੀ ਰਸਮ ਮੌਜੂਦ ਸੀ। ਗਰੀਸ ਦੀ ਰਾਜਧਾਨੀ ਏਥਨਜ਼ ਦੇ ਮਸ਼ਹੂਰ ਐਕਰੋਪੋਲਿਸ ਅਜਾਇਬਘਰ ਵਿਚ ਗਰੀਕ ਦੇਵੀਆਂ ਹੇਰਾ ਅਤੇ ਐਥੀਨਾ ਦੀ ਪੱਥਰ ਵਿਚ ਖੁਦੀ ਪੰਜਵੀਂ ਈ.ਪੂ. ਦੀ ਮੂਰਤੀ ਇਸ ਰਸਮ ਦੀ ਇਤਿਹਾਸ ਵਿਚ ਮੌਜੂਦਗੀ ਦਾ ਕਰੀਬ ਸਭ ਤੋਂ ਪੁਰਾਣਾਂ ਸਬੂਤ ਮੰਨੀ ਜਾਂਦੀ ਹੈ। ਇਸ ਮੂਰਤੀ ਵਿਚ ਦੋਵੇਂ ਦੇਵੀਆਂ ਅਹਮੋ ਸਾਹਮਣੇ ਖੜੀਆਂ ਹੋ ਕੇ ਸੱਜੇ ਹੱਥਾਂ ਨੂੰ ਆਪਸ ਵਿਚ ਮਿਲਾ ਰਹੀਆਂ ਹਨ। ਇਸ ਤੋਂ ਇਲਾਵਾ ਬਰਲਿਨ ਦੇ ਪੈਰਗਾਮੋਨ ਅਜਾਇਬਘਰ ਵਿਚ ਚੌਥੀ ਈ.ਪੂ. ਸਦੀ ਨਾਲ ਸਬੰਧਿਤ ਇਕ ਪ੍ਰਤੀਕ ਵਿਚ ਵੀ ਦੋ ਸਿਪਾਹੀਆਂ ਦੇ ਆਪਸ ਵਿਚ ਹੱਥ ਮਿਲਾਉਣ ਦਾ ਦ੍ਰਿਸ਼ ਅੰਕਤ ਹੈ। ਦਰਅਸਲ ਉਸ ਸਮੇਂ ਹੱਥ ਮਿਲਾਉਣ ਦੀ ਰਸਮ ਦਾ ਸਿੱਧਾ ਭਾਵ ਇਹ ਤਸੱਲੀ ਕਰਨਾਂ ਸੀ ਕਿ ਮਿਲਣ ਵਾਲਿਆਂ ਦੇ ਦੁਵੱਲੀ ਸੱਜੇ ਹੱਥ ਖਾਲੀ ਹਨ, ਭਾਵ ਹੱਥਾਂ ਵਿਚ ਕਿਸੇ ਕਿਸਮ ਦਾ ਪ੍ਰਗਟ ਜਾਂ ਲੁਕਵਾਂ ਹਥਿਆਰ ਮੌਜੂਦ ਨਹੀਂ ਸੋ, ਉਨ੍ਹਾਂ ਨੂੰ ਇਕ ਦੂਸਰੇ ਤੋਂ ਕੋਈ ਖਤਰਾ ਨਹੀਂ ਹੈ। ਯੂਨਾਨੀ ਸੱਭਿਅਤਾ ਨੂੰ ਉਸ ਸਮੇਂ ਦੁਨੀਆਂ ਦੀ ਅਮੀਰ ਅਤੇ ਸ਼ਾਂਨਾਮੱਤੀ ਸੱਭਿਅਤਾ ਸਮਝਿਆ ਜਾਂਦਾ ਸੀ ਅਤੇ ਇਸ ਦੇ ਰਸਮੋ ਰਿਵਾਜ ਦੂਜੀਆਂ ਕੌਮਾਂ ਵੱਲੋਂ ਸੁਤੇ-ਸਿਧ ਅਪਣਾਏ ਜਾਂਦੇ ਸਨ ਸੋ, ਇਹ ਰਸਮ ਹੌਲੀ ਹੌਲੀ ਬਾਕੀ ਯੂਰਪੀਨ ਦੇਸ਼ਾਂ ਵਿਚ ਫੈਲਣੀ ਸ਼ੁਰੂ ਹੋਈ। ਖਾਸ ਕਰ ਜਦ ਰੋਮਨਾਂ ਨੇਂ ਇਸ ਮਿਲਣ ਢੰਗ ਨੂੰ ਅਪਣਾਇਆ ਤਾਂ ਇਹ ਪੂਰੇ ਯੂਰਪ ਵਿਚ ਫੈਲ ਗਈ। ਵੈਸੇ ਰੋਮਨ ਯੋਧਿਆਂ ਦਾ ਹੱਥ ਮਿਲਾਉਣ ਦਾ ਢੰਗ ਥੋੜ੍ਹਾ ਜਿਹਾ ਵੱਖਰਾ ਸੀ। ਉਹ ਇਕ ਦੂਸਰੇ ਦੀ ਕੂਹਣੀ ਤੱਕ ਹੱਥ ਵਧਾ ਕੇ ਸਖਤ ਪਕੜ ਨਾਲ ਹੱਥ ਮਿਲਾਉਂਦੇ ਸਨ। ਬਾਅਦ ਵਿਚ ਇਹ ਰਿਵਾਜ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿੱਚ ਮਿਲਾ ਕੇ ਅਤੇ ਉੰਗਲਾਂ ਦੀ ਪਕੜ ਨੂੰ ਕੱਸਣ ਦੇ ਰਿਵਾਜ ਵਿਚ ਬਦਲ ਗਿਆ।
ਇਹ ਮਿਲਣ ਵਾਲਿਆਂ ਦੇ ਆਪਸੀ ਰਿਸ਼ਤੇ, ਨਜ਼ਦੀਕੀ, ਉਮਰ ਅਤੇ ਮੌਕੇ ਦੀ ਸਥਿਤੀ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਮਿਲਣੀ ਵਿਚ ਕਿੰਨੀ ਕੁ ਉਪਚਾਰਕਤਾ, ਸਤਿਕਾਰ, ਸੰਜਮ, ਗਰਮਜੋਸ਼ੀ ਜਾਂ ਕੂਲਾਪਣ ਮੌਜੂਦ ਹੈ। ਵੱਖ ਵੱਖ ਕੌਮਾਂ ਨੇ ਇਸ ਢੰਗ ਨੂੰ ਅਪਣਾਉਂਦਿਆਂ ਹੋਇਆਂ ਇਸ ਵਿਚ ਆਪਣੇ ਨਿੱਜੀ ਸੱਭਿਆਚਾਰਕ ਤੱਤ ਵੀ ਸ਼ਾਮਲ ਕੀਤੇ ਹਨ ਜਿਸ ਕਾਰਨ ਇਸ ਰਸਮ ਦੀਆਂ ਦਰਜ਼ਨਾਂ ਵੰਨਗੀਆਂ ਮੌਜੂਦ ਹਨ। ਮਿਸਾਲ ਦੇ ਤੌਰ ਤੇ ਅਫਰੀਕਨ ਮੁਲਖਾਂ ਵਿਚ ਹੱਥ ਮਜ਼ਬੂਤੀ ਨਾਲ ਮਿਲਾਏ ਜਾਂਦੇ ਹਨ ਅਤੇ ਇਕਦਮ ਨਹੀਂ ਛੱਡੇ ਜਾਂਦੇ। ਨੈਂਬੀਆ ਵਿਚ ਹੱਥ ਮਿਲਾਉਣ ਤੋਂ ਬਾਅਦ ਦੋਹਾਂ ਅੰਗੂਠਿਆਂ ਨੂੰ ਵੀ ਆਪਸ ਵਿਚ ਜੋੜਿਆ ਜਾਂਦਾ ਹੈ। ਪੂਰਬੀ ਅਤੇ ਦੱਖਣੀ ਅਫਰੀਕਨ ਮੁਲਖਾਂ ਵਿਚ ਸੱਜੇ ਹੱਥ ਨੂੰ ਮਿਲਾਉਂਦੇ ਸਮੇਂ ਖੱਬੇ ਹੱਥ ਨਾਲ ਸੱਜੇ ਹੱਥ ਦੀ ਕੂਹਣੀਂ ਨੂੰ ਸਹਾਰਾ ਦੇਣਾਂ ਦੂਸਰੇ ਨੂੰ ਜਿਆਦਾ ਸਤਿਕਾਰ ਦੇਣ ਦਾ ਪ੍ਰਤੀਕ ਹੈ।
ਭਾਰਤ ਵਿਚ ਵੀ ਸਤਿਕਾਰ ਦੇਣ ਦੀ ਭਾਵਨਾ ਨਾਲ ਥੋੜ੍ਹਾ ਜਿਹਾ ਝੁਕ ਕੇ ਅਤੇ ਸਾਹਮਣੇ ਵਾਲੇ ਸਖਸ਼ ਦੇ ਹੱਥ ਨੂੰ ਦੋਵੇਂ ਹੱਥ ਹੀ ਅੱਗੇ ਵਧਾ ਕੇ ਮਿਲਾਉਣ ਦਾ ਢੰਗ ਪ੍ਰਚਲਿਤ ਹੈ। ਕਈ ਵਾਰ ਭਾਰਤੀ ਢੰਗ ਨਾਲ ਪਹਿਲਾਂ ਦੋਹਾਂ ਹੱਥਾਂ ਨੂੰ ਜੋੜ ਕੇ ਨਮਸਕਾਰ ਕਰ ਕੇ ਬਾਅਦ ਵਿਚ ਹੱਥ ਮਿਲਾਏ ਜਾਂਦੇ ਹਨ। ਪੱਛਮੀ ਸਮਾਜ ਵਿਚ ਹੱਥ ਮਿਲਾਉਂਦੇ ਸਮੇਂ ਦੋਹਾਂ ਗੱਲ੍ਹਾਂ ਨੂੰ ਆਪਸ ਵਿਚ ਮਿਲਾਉਣ ਦਾ ਦਿਲਚਸਪ ਢੰਗ ਮੌਜੂਦ ਹੈ। ਪੱਛਮ ਵਿਚ ਅੱਖਾਂ ਵਿਚ ਅੱਖਾਂ ਪਾ ਕੇ ਅਤੇ ਮੁਸਕਰਾ ਕੇ ਹੱਥ ਮਿਲਾਉਣਾਂ ਸੱਭਿਅਕ ਮੰਨਿਆਂ ਜਾਂਦਾ ਹੈ ਪਰ ਦੂਜੇ ਪਾਸੇ ਜਾਪਾਨ ਵਿਚ ਹੱਥ ਮਿਲਾਉਂਦੇ ਸਮੇਂ ਅੱਖਾਂ ਨਾ ਮਿਲਾਉਣਾਂ ਸ਼ਾਲੀਨਤਾ ਵਾਲਾ ਵਿਹਾਰ ਮੰਨਿਆਂ ਗਿਆ ਹੈ। ਇਕ ਤੱਥ ਸਾਰੀ ਦੁਨੀਆਂ ਵਿਚ ਸਾਂਝਾ ਹੈ ਕਿ ਖੱਬੇ ਹੱਥਾਂ ਨੂੰ ਮਿਲਾਉਣਾਂ ਠੀਕ ਨਹੀਂ ਸਮਝਿਆ ਜਾਂਦਾ। ਜੇਕਰ ਕੋਈ ਖੱਬੇ ਹੱਥ ਨਾਲ ਕੰਮ ਕਰਨ ਦਾ ਵੀ ਆਦੀ ਹੈ ਤਾਂ ਵੀ ਉਸਨੂੰ ਮਿਲਣ-ਗਿਲਣ ਲਈ ਸੱਜਾ ਹੱਥ ਹੀ ਵਰਤਣਾਂ ਪੈਂਦਾ ਹੈ। ਕੁਝ ਲੋਕ ਹੱਥ ਦੀ ਥਾਵੇਂ ਸਿਰਫ ਉੰਗਲਾਂ ਜਿਹੀਆਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਚੀਜ਼ ਬੇਹੂਦਾ ਪ੍ਰਭਾਵ ਪਾਉਂਦੀ ਹੈ।
ਆਸਟ੍ਰੇਲੀਅਨ ਸੱਭਿਆਚਾਰ ਦੀਆਂ ਰਵਾਇਤਾਂ ਵਿਚ ਔਰਤ ਅਤੇ ਆਦਮੀ ਦੇ ਹੱਥ ਮਿਲਾਉਣ ਸਮੇਂ ਪਹਿਲ ਕਰਨ ਦਾ ਅਧਿਕਾਰ ਔਰਤ ਕੋਲ ਹੈ, ਭਾਵ ਜੇ ਔਰਤ ਨੇ ਖੁਦ ਆਪਣਾਂ ਹੱਥ ਅੱਗੇ ਵਧਾਇਆ ਹੈ ਤਾਂ ਹੀ ਆਦਮੀਂ ਔਰਤ ਨਾਲ ਮਿਲਾਏਗਾ। ਭਾਰਤ ਵਿਚ ਮੱਧ ਵਰਗੀ ਸਮਾਜ ਵਿਚ ਔਰਤ ਅਤੇ ਮਰਦ ਦੇ ਹੱਥ ਮਿਲਾਉਣ ਦਾ ਰਿਵਾਜ ਨਾਂਹ ਦੇ ਬਰਾਬਰ ਹੈ। ਹਾਂ, ਕਾਲਜ ਜਾਂ ਯੂਨੀਵਰਸਿਟੀਆਂ ਵਿਚ ਨਵੀਂ ਪੀੜ੍ਹੀ ਇਸ ਫਰਕ ਨੂੰ ਮਿਟਾ ਰਹੀ ਹੈ। ਵੈਸੇ ਜਦ ਆਦਮੀ ਅਤੇ ਔਰਤ ਜਦ ਆਪਸ ਵਿਚ ਹੱਥ ਮਿਲਾਉਂਦੇ ਹਨ ਤਾਂ ਹੱਥਾਂ ਦੀ ਪਕੜ ਨਰਮ ਹੋਣੀ ਚਾਹੀਦੀ ਹੈ। ਜਦ ਕੋਈ ਹੇਠਲੇ ਰੁਤਬੇ ਦਾ ਅਹੁਦੇਦਾਰ ਆਪਣੇ ਤੋਂ ਉਚੇਰੇ ਪਦ ਵਾਲੇ ਸਖਸ਼ ਨਾਲ ਜਾਂ ਛੋਟੀ ਉਮਰ ਵਾਲਾ ਵਡੇਰੀ ਉਮਰ ਦੇ ਬੰਦੇ ਨਾਲ ਹੱਥ ਮਿਲਾਉਂਦਾ ਹੈ ਤਾਂ ਉੱਠ ਕੇ ਖੜ੍ਹਾ ਹੁੰਦਾ ਹੋਇਆ ਸਤਿਕਾਰ ਵਜੋਂ ਖੁਦ ਥੋੜ੍ਹਾ ਝੁਕ ਜਾਂਦਾ ਹੈ। ਜਦ ਕਰੀਬੀ ਦੋਸਤ ਹੱਥ ਮਿਲਾਉਂਦੇ ਹਨ ਤਾਂ ਹੱਥਾਂ ਦੀ ਪਕੜ ਅਕਸਰ ਸਖਤ ਹੁੰਦੀ ਹੈ। ਕਈ ਤਾਂ ਹੱਥ ਮਿਲਾਉਣ ਦੀ ਥਾਵੇਂ ਆਪਸ ਵਿਚ ਦਸਤ-ਪੰਜਾ ਹੀ ਲੈਣਾਂ ਸ਼ੁਰੂ ਕਰ ਦਿੰਦੇ ਹਨ। ਕਈਆਂ ਨੂੰ ਦੂਸਰੇ ਦੇ ਹੱਥ ਦੀਆਂ ਹੱਡੀਆਂ ਕੜਕਾਉਣਾਂ ਸ਼ੁਗਲ-ਮੇਲਾ ਲੱਗਦਾ ਹੈ ਅਤੇ ਵਾਕਫ ਸੱਜਣ ਏਹੋ ਜਿਹੇ ਮਿੱਤਰਾਂ ਨਾਲ ਹੱਥ ਮਿਲਾਉਣ ਤੋਂ ਪਾਸਾ ਵੱਟਦੇ ਹਨ।ਖੇਡ-ਜਗਤ ਵਿਚ ਦੋਵਾਂ ਹੱਥਾਂ ਦੀਆਂ ਮੁੱਕੀਆਂ ਬਣਾਂ ਕੇ ਹਲਕੇ ਢੰਗ ਨਾਲ ਆਪਸ ਵਿਚ ਟਕਰਾਉਣ ਦਾ ਰਿਵਾਜ ਹੈ ਜਿਸ ਤੋਂ ਅਰਥ ਤਾਕਤ ਅਤੇ ਮਜ਼ਬੂਤੀ ਦਾ ਪ੍ਰਭਾਵ ਦੇਣਾਂ ਹੁੰਦਾ ਹੈ। ਖੇਡਾਂ ਵਿਚ ਕਿਸੇ ਉਤਸ਼ਾਹ ਭਰੇ ਪਲ ਵਿਚ ਕਿਸੇ ਇਕ ਟੀਮ ਦੇ ਮੈਂਬਰ ਹੱਥ ਉੱਚੇ ਕਰਕੇ ਇੱਕ ਜਾਂ ਦੋਹਾਂ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿਚ ਟਕਰਾਉਂਦੇ ਵੇਖੇ ਜਾ ਸਕਦੇ ਹਨ ਜਿਸ ਦਾ ਭਾਵ ਪਰਸਪਰ ਸਹਿਯੋਗ ਨਾਲ ਮਿਲੀ ਸਫਲਤਾ ਨੂੰ ਪ੍ਰਗਟ ਕਰਨਾਂ ਹੁੰਦਾ ਹੈ। ਕਿਸੇ ਰਾਜਨੀਤਕ ਜਾਂ ਕਾਰੋਬਾਰੀ ਸਮਝੌਤੇ ਤੋਂ ਬਾਅਦ ਜਦ ਦੋਵੇਂ ਧਿਰਾਂ ਹੱਥ ਮਿਲਾਉਂਦੀਆਂ ਹਨ ਤਾਂ ਹੱਥ ਮਿਲਾ ਕਿ ਕੁਝ ਸਮਾਂ ਜੁੜੇ ਹੱਥਾਂ ਨੂੰ ਗਰਮਜੋਸ਼ੀ ਨਾਲ ਤਿੰਨ ਵਾਰ ਹਲਕੇ ਝਟਕੇ ਦਿੱਤੇ ਜਾਂਦੇ ਹਨ ਜਿਸ ਦਾ ਭਾਵ ਕੀਤੇ ਗਏ ਸਮਝੌਤੇ ਦੀ ਪਕਿਆਈ ਜ਼ਾਹਰ ਕਰਨਾਂ ਹੁੰਦਾ ਹੈ।
ਇਹ ਜਾਣਨਾਂ ਵੀ ਦਿਲਚਸਪ ਹੈ ਕਿ ਸਿਹਤ ਵਿਗਿਆਨ ਦੇ ਹਿਸਾਬ ਨਾਲ ਹੱਥ ਮਿਲਾਉਣ ਦੇ ਕੁਝ ਨਾਕਾਰਾਤਮਿਕ ਪੱਖ ਵੀ ਹਨ। ਡਾਕਟਰੀ ਨਜ਼ਰੀਏ ਮੁਤਾਬਕ ਹਰ ਆਦਮੀ ਆਪਣੇ ਸਰੀਰ ਨਾਲ ਚੰਗੇ ਮਾੜੇ ਬੈਕਟੀਰੀਆ ਲਈ ਫਿਰਦਾ ਹੈ ਅਤੇ ਹੱਥ ਮਿਲਾਉਣ ਨਾਲ ਬੈਕਟੀਰੀਆ ਦਾ ਆਦਾਨ-ਪ੍ਰਦਾਨ ਹੋ ਜਾਂਦਾ ਹੈ। ਮੌਸਮੀ ਜਾਂ ਛੂਤ ਦੇ ਰੋਗ ਤਾਂ ਅਕਸਰ ਇਸੇ ਤਰਾਂ ਹੀ ਫੈਲਦੇ ਹਨ। ਪਰ ਅੱਜ ਤੱਕ ਇਹ ਪੱਖ ਲੋਕਾਂ ਨੂੰ ਆਪਸ ਵਿੱਚ ਹੱਥ ਮਿਲਾਉਣ ਤੋਂ ਨਹੀਂ ਰੋਕ ਸਕਿਆ ਅਤੇ ਲੋਕ ਇਸ ਦੀ ਬਹੁਤੀ ਪਰਵਾਹ ਨਹੀਂ ਕਰਦੇ।
ਨਜ਼ਰਾਂ ਮਿਲਾ ਕੇ ਅਤੇ ਚਿਹਰੇ ਤੇ ਥੋੜ੍ਹੀ ਜਹੀ ਮੁਸਕਰਾਹਟ ਲਿਆ ਕੇ ਮਜ਼ਬੂਤੀ ਨਾਲ ਹੱਥ ਮਿਲਾਉਣਾਂ ਇਸ ਰਸਮ ਦੀ ਸਭ ਤੋਂ ਪ੍ਰਵਾਨਤ ਵੰਨਗੀ ਹੈ। ਇਸ ਢੰਗ ਨਾਲ ਦੁਵੱਲੀ ਧਿਰਾਂ ਦੇ ਮਨਾਂ ਵਿਚ ਆਤਮਵਿਸ਼ਵਾਸ਼ ਅਤੇ ਭਰੋਸਾ ਪੈਦਾ ਹੁੰਦਾ ਹੈ। ਸਿਹਤਮੰਦ ਸਮਾਜ ਲਈ ਇਹ ਤੱਤ ਬਹੁਤ ਜ਼ਰੂਰੀ ਹੈ ਕਿ ਅਸਾਡੇ ਮਨਾਂ ਵਿਚ ਇਕ ਦੂਜੇ ਪ੍ਰਤੀ ਭਰੋਸਾ ਸਦਾ ਬਣਿਆ ਰਹੇ ਅਤੇ ਅਸੀਂ ਇਕ ਦੁਸਰੇ ਦਾ ਸਤਿਕਾਰ ਕਰਨ ਵਾਲੀਆਂ ਰਵਾਇਤਾਂ ਨੂੰ ਨਿਭਾਹੁੰਦੇ ਰਹੀਏ। (ਸਮਾਪਤ)
0048516732105
yadsatkoha@yahoo.com
-ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
23 Dec. 2018
'ਸ੍ਰੀ ਕਰਤਾਰਪੁਰ ਸਾਹਿਬ ਲਾਂਘਾ' : ਖੁਸ਼ੀ ਦੀ ਲਹਿਰ ਹੈ ਪਰਵਾਸੀ ਸਿੱਖ ਭਾਈਚਾਰੇ ਅੰਦਰ - ਯਾਦਵਿੰਦਰ ਸਿੰਘ ਸਤਕੋਹਾ
ਕਰਤਾਰਪੁਰ ਸਾਹਿਬ ਲਾਂਘੇ ਦੇ ਦੁਵੱਲੀ ਰੱਖੇ ਗਏ ਨੀਂਹ ਪੱਥਰਾਂ ਦੀ ਇਤਿਹਾਸਕ ਘਟਨਾਂ ਨਾਲ ਜਿੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਉਤਸ਼ਾਹ ਦਾ ਮਾਹੌਲ ਬਣਿਆ ਹੈ ਉੱਥੇ ਹੀ ਸਾਰੀ ਦੁਨੀਆਂ ਵਿਚ ਵੱਸਦੇ ਪਰਵਾਸੀ ਸਿੱਖ ਭਾਈਚਾਰੇ ਅੰਦਰ ਖੁਸ਼ੀ ਅਤੇ ਤਸੱਲੀ ਦੀ ਲਹਿਰ ਫੈਲ ਗਈ ਹੈ। ਕੌਮੀ ਪੱਧਰ ਦੀ ਇਸ ਖੁਸ਼ੀ ਦੇ ਚਲਦਿਆਂ ਭਾਈਚਾਰੇ ਅੰਦਰ ਆਪਸ ਵਿਚ ਮੁਬਾਰਕਾਂ ਦੇਣ ਦਾ ਸਿਲਸਿਲਾ ਜਾਰੀ ਹੈ। ਖਾਸ ਤੌਰ ਤੇ ਜਦ ਇਸ ਸਮੇਂ ਸਾਰੀ ਕੌਮ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਦੀ ਖਬਰ ਨੇਂ ਇਸ ਮਹਾਂਨ ਸਮਾਰੋਹ ਦੀਆਂ ਤਿਆਰੀਆਂ ਵਿਚ ਹੁਲਾਸ ਭਰੀ ਨਵੀਂ ਤਰੰਗ ਛੇੜ ਦਿਤੀ ਹੈ। ਪਰਵਾਸੀ ਸਿੱਖ ਭਾਈਚਾਰਾ ਸਿਰਫ ਆਪਸ ਵਿਚ ਹੀ ਇਸ ਨੂੰ ਨਹੀਂ ਮਨਾ ਰਿਹਾ ਸਗੋਂ ਲਹਿੰਦੇ ਪੰਜਾਬ ਦੇ ਮੁਸਲਮਾਨ ਪੰਜਾਬੀ ਪਰਵਾਸੀ ਭਾਈਚਾਰੇ ਨੂੰ ਵੀ ਆਪਣੀ ਖੁਸ਼ੀ ਵਿਚ ਸ਼ਾਮਲ ਕਰ ਰਿਹਾ ਹੈ। ਬਿਨਾਂਸ਼ੱਕ ਲਹਿੰਦੇ ਪੰਜਾਬ ਦਾ ਪਰਵਾਸੀ ਭਾਈਚਾਰਾ ਇਸ ਵਿਚ ਸ਼ਾਮਲ ਹੋਣ ਦਾ ਪੂਰੀ ਤਰਾਂ ਹੱਕਦਾਰ ਵੀ ਹੈ ਕਿਉਂਕਿ ਆਖਰਕਾਰ ਉਹ ਮੇਜ਼ਬਾਨ ਹੋਣ ਦਾ ਹੱਕ ਰੱਖਦੇ ਹਨ। ਵੈਸੇ ਵੀ ਵਿਦੇਸ਼ਾਂ ਵਿਚ ਵੱਸਦੇ ਲਹਿੰਦੇ ਅਤੇ ਚੜ੍ਹਦੇ ਪੰਜਾਬੀਆਂ ਦੀ ਆਪਸੀ ਸਾਂਝ ਪੀਢੀ ਹੈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀ ਖਬਰ ਨੇਂ ਇਸ ਨੂੰ ਹੋਰ ਪਕੇਰਾ ਕੀਤਾ ਹੈ।
ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਬਣੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਸਰਕਾਰ ਸਿੱਖ ਕੌਮ ਦੇ ਸੱਤ ਦਹਾਕਿਆਂ ਤੋਂ ਠੰਢੇ ਬਸਤੇ ਵਿਚ ਪਏ ਇਸ ਮਸਲੇ ਵੱਲ ਏਨੀਂ ਛੇਤੀ ਧਿਆਨ ਦੇਵੇਗੀ। ਪਾਕਿਸਤਾਂਨ ਇਸ ਸਮੇਂ ਭਾਰੀ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਪਾਕਿਸਤਾਨੀ ਸਰਕਾਰ ਨੂੰ ਹੋਰ ਵੀ ਕਈ ਵੱਡੀਆਂ ਅੰਤਰਰਾਸ਼ਟਰੀ ਰਾਜਨੀਤਕ ਚੁਣੌਤੀਆਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ। ਇਸ ਸਭ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਲੈਣ ਨਾਲ ਪਾਕਿਸਤਾਨੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇਂ ਸਾਰੀ ਦੁਨੀਆਂ ਵਿਚ ਵੱਸਦੇ ਸਿੱਖ ਭਾਈਚਾਰੇ ਵਿਚ ਆਪਣਾਂ ਕੱਦ ਬਹੁਤ ਉੱਚਾ ਕਰ ਲਿਆ ਹੈ। ਪਰਵਾਸੀ ਸਿੱਖ ਤਾਂ ਇਮਰਾਂਨ ਖਾਨ ਦੀ ਤੁਲਨਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕਰਦੇ ਸੁਣਾਈ ਦੇ ਰਹੇ ਹਨ ਕਿਉਕਿ ਅੰਤਰਰਾਸ਼ਟਰੀ ਪੱਧਰ ਦੇ ਇਨ੍ਹਾਂ ਦੋਵਾਂ ਵੱਡੇ ਆਗੂਆਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਵਿਹਾਰਕ ਪੱਧਰ ਤੇ ਕੰਮ ਕਰਨ ਵਿਚ ਨਿੱਜੀ ਦਿਲਚਸਪੀ ਲਈ ਹੈ ਅਤੇ ਸਫਲਤਾ ਵੀ ਹਾਸਲ ਕੀਤੀ ਹੈ। ਪਾਕਿਸਤਾਂਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਮੌਕੇ ਰੱਖੇ ਗਏ ਸਮਾਗਮ ਦੌਰਾਂਨ ਇਮਰਾਂਨ ਖਾਂਨ ਦੇ ਬੇਹੱਦ ਸੰਜੀਦਾ ਅਤੇ ਹਾਂ-ਵਾਚਕ ਭਾਸ਼ਨ ਦੀ ਦੋਵਾਂ ਪੰਜਾਬਾਂ ਦੇ ਪਰਵਾਸੀ ਭਾਈਚਾਰੇ ਵਿਚ ਸੁਖਾਂਵੀਂ ਚਰਚਾ ਹੋਈ ਹੈ। ਵਿਦੇਸ਼ੀ ਸਿੱਖਾਂ ਦੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਸਰਕਾਰ ਦੇ ਹਾਂ-ਪੱਖੀ ਵਿਹਾਰ ਦੀ ਵੀ ਸਿਫਤ ਕਰਦਿਆਂ ਦਿਲੀ ਧੰਨਵਾਦ ਕੀਤਾ ਹੈ। ਬਿਨਾ ਸ਼ੱਕ ਭਾਰਤ ਸਰਕਾਰ ਦੇ ਹੁੰਗਾਰੇ ਤੋਂ ਬਿਨਾ ਇਸ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸੀ ਸਕਦਾ।
ਇਸ ਇਤਿਹਾਸਕ ਘਟਨਾਕ੍ਰਮ ਵਿਚ ਨਵਜੋਤ ਸਿੰਘ ਸਿੱਧੂ ਇਕ ਵੱਡਾ ਪਾਤਰ ਕੇ ਉੱਭਰੇ ਹਨ ਅਤੇ ਪਰਵਾਸੀ ਸਿੱਖ ਭਾਈਚਾਰੇ ਵਿਚ ਵੀ ਉਨ੍ਹਾਂ ਦੀ ਚੰਗੇਰੀ ਅਤੇ ਪਕੇਰੀ ਸਾਖ ਬਣੀ ਹੈ। ਸਿੱਧੂ ਨੇ ਜਦ ਇਸ ਮਸਲੇ ਨੂੰ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਗਮ ਵਾਲੇ ਦੌਰੇ ਦੌਰਾਂਨ ਚੁੱਕਿਆ ਸੀ ਤਾਂ ਭਾਰਤੀ ਮੀਡੀਆ ਵੱਲੋਂ ਉਨ੍ਹਾਂ ਦੀ ਰੱਜ ਕੇ ਨੁਕਤਾਚੀਨੀ ਕੀਤੀ ਗਈ । ਇਸ ਮੰਗ ਨੂੰ ਰਾਜਨੀਤਕ ਰੰਗ ਦੇਣ ਦੀ ਕੋਸ਼ਿਸ਼ ਕਰਦਿਆਂ ਆਪਣਿਆਂ ਵੱਲੋਂ ਵੀ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਸਮੇਂ ਦੀ ਕਸਵੱਟੀ ਤੇ ਸਿੱਧੂ ਦਾ ਅਕਸ ਨਿੱਖਰ ਕੇ ਹੀ ਸਾਹਮਣੇਂ ਆਇਆ। ਅਮਰੀਕਨ ਸਿੱਖ ਭਾਈਚਾਰੇ ਵੱਲੋਂ ਸਿੱਧੂ ਦਾ ਸੋਨ-ਤਮਗੇ ਨਾਲ ਸਨਮਾਨ ਕਰਨ ਬਾਰੇ ਬਿਆਨ ਜਾਰੀ ਕੀਤਾ ਗਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਸ਼੍ਰੋਮਣੀ ਅਕਾਲੀ ਦਲ ਇਸ ਸਾਰੇ ਘਟਨਾਕ੍ਰਮ ਵਿਚ ਆਪਣੀ ਭੂਮਿਕਾ ਸਟੀਕ ਢੰਗ ਨਾਲ ਨਹੀਂ ਨਿਭਾ ਸਕਿਆ ਅਤੇ ਵਿਦੇਸ਼ੀ ਸਿੱਖ ਭਾਈਚਾਰੇ ਵਿਚ ਇਸ ਬਾਰੇ ਸਰਗੋਸ਼ੀਆਂ ਚੱਲ ਰਹੀਆਂ ਹਨ। ਭਾਵੇਂ ਪਾਕਿਸਤਾਨ ਸਰਕਾਰ ਵੱਲੋਂ ਰੱਖੇ ਨੀਂਹ-ਪੱਥਰ ਸਮਾਗਮ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਿਰਕਤ ਕੀਤੀ ਗਈ ਹੈ ਪਰ ਇਸ ਸਭ ਵਰਤਾਰੇ ਦੀ ਸ਼ੁਰੂਆਤ ਵਿਚ ਉਨ੍ਹਾਂ ਵੱਲੋਂ ਸਿੱਧੂ ਪ੍ਰਤੀ ਨਾਂਹਵਾਚਕ ਬਿਆਨਬਾਜ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਤੋਂ ਹੀ ਡਿੱਗੇ ਪੰਥਕ ਵੱਕਾਰ ਨੂੰ ਹੋਰ ਧੁੰਧਲਾ ਕੀਤਾ ਹੈ। ਜਿਆਦਾ ਵਧੀਆ ਹੁੰਦਾ ਜੇਕਰ ਇਸ ਮਾਮਲੇ ਵਿਚ ਸਭ ਪੰਜਾਬੀ ਰਾਜਨੀਤਕ ਪਾਰਟੀਆਂ ਮਿਲ ਕੇ ਸਿੱਧੂ ਦੀ ਹਮਾਇਤ ਕਰਦੀਆਂ ਜਿਸ ਨਾਲ ਪੰਜਾਬੀਅਤ ਦੀ ਭਾਵਨਾਂ ਨੂੰ ਬਲ ਮਿਲਦਾ ਪਰ ਸਿਆਸਤ ਦੇ ਡਿੱਗੇ ਪੱਧਰ ਨੇ ਇਸ ਖੂਬਸੂਰਤ ਮੌਕੇ ਨੂੰ ਆਪਸੀ ਤੁਹਮਤਬਾਜ਼ੀ ਦਾ ਰੰਗ ਦੇ ਦਿੱਤਾ ਹੈ। ਇਸ ਮਸਲੇ ਦੀ ਸ਼ੁਰੂਆਤ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਦਾ ਸਾਥ ਦੇਣਾਂ ਜਿਆਦਾ ਵਧੀਆ ਹੋਣਾਂ ਸੀ ਕਿਉਂਕਿ ਸਿੱਖ ਕੌਮ ਲਈ ਇਹ ਮਾਮਲਾ ਰਾਜਨੀਤਕ ਨਹੀਂ ਹੈ, ਪਰ ਬਦਕਿਸਮਤੀ ਨਾਲ ਇਸ ਤਰਾਂ ਨਹੀਂ ਹੋ ਸਕਿਆ।
ਭਾਰਤੀ ਖਬਰੀ ਮੀਡੀਆ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬਹੁਤ ਅਜੀਬ ਅਤੇ ਨੁਕਤਾਚੀਨੀ ਭਰੇ ਰੁਖ ਪ੍ਰਤੀ ਵਿਦੇਸ਼ੀ ਸਿੱਖ ਭਾਈਚਾਰੇ ਵਿਚ ਨਰਾਜ਼ਗੀ ਹੈ। ਹੁਣ ਜਦ ਕਿ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਤਾਂ ਵੀ ਭਾਰਤੀ ਮੀਡੀਆ ਇਸ ਸਭ ਨੂੰ ਪਾਕਿਸਤਾਨ ਸਰਕਾਰ ਦੇ ਕਿਸੇ ਲੁਕਵੇਂ ਮਕਸਦ ਦਾ ਨਾਂਅ ਦੇ ਕੇ ਮਿਆਰ ਤੋਂ ਡਿੱਗੀ ਹੋਈ ਰਿਪੋਰਟਿੰਗ ਕਰੀ ਜਾ ਰਿਹਾ ਹੈ ਜਿਸ ਦਾ ਵਿਦੇਸ਼ਾਂ ਵਿਚ ਚਲਦੇ ਪੰਜਾਬੀ ਟੀ.ਵੀ. ਚੈਨਲਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪਾਕਿਸਤਾਨੀ ਮੀਡੀਆ ਵੱਲੋਂ ਲਗਾਤਾਰ ਉਸਾਰੂ ਢੰਗ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ। ਸਿੱਖ ਧਰਮ ਦੀ ਅਕੀਦਤ ਨਾਲ ਡੂੰਘੀ ਤਰਾਂ ਜੁੜੇ ਹੋਏ ਇਸ ਮਸਲੇ ਨੂੰ ਰਾਜਨੀਤਕ ਜਾਂ ਫਿਰਕੂ ਰੰਗਤ ਦੇ ਕੇ ਪੇਸ਼ ਕਰਨਾਂ ਸਰਾਸਰ ਗਲਤ ਹੈ।
ਨਵਜੋਤ ਸਿੰਘ ਸਿੱਧੂ ਦੇ ਬਾਰੇ ਵੀ ਤਰਾਂ ਤਰਾਂ ਦੀ ਨੁਕਤਾਚੀਨੀ ਭਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨਾਲ ਵਿਦੇਸ਼ੀ ਸਿੱਖ ਬਿਲਕੁਲ ਸਹਿਮਤ ਨਹੀਂ ਹਨ। ਸਿੱਧੂ ਨਾਲ ਜੇਕਰ ਉਸਦੀ ਆਪਣੀ ਪਾਰਟੀ ਦੇ ਜਾਂ ਵਿਰੋਧੀ ਪਾਰਟੀਆਂ ਦੇ ਵਿਰੋਧ ਵਾਲੇ ਕੁਝ ਸਰੋਕਾਰ ਹਨ ਤਾਂ ਉਨ੍ਹਾਂ ਨੂੰ ਉਸ ਦੀ ਪਾਕਿਸਤਾਂਨ ਫੇਰੀ ਨਾਲ ਜੋੜ ਕੇ ਵੇਖਣਾਂ ਨੀਵੀਂ ਸਿਆਸਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ ਦੇ ਵਿਰੋਧ ਵਿੱਚ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਵਿੱਚੋਂ ਵੀ ਸਿਆਸਤ ਦੇ ਘਟੀਆ ਪੱਧਰ ਦੀ ਬਦਬੋ ਆ ਰਹੀ ਹੈ। ਚਾਹੀਦਾ ਤਾਂ ਸੀ ਕਿ ਕਈ ਦਹਾਕਿਆਂ ਬਾਅਦ ਸਿੱਖ ਕੌਮ ਦੀ ਦੋਵਾਂ ਸਰਕਾਰਾਂ ਵੱਲੋਂ ਮੰਗੀ ਗਈ ਮੰਗ ਤੇ ਸਾਰੀ ਕੌਮ ਇਕਜੁੱਟ ਹੋ ਕੇ ਖੁਸ਼ੀ ਮਨਾਉਂਦੀ ਪਰ ਸਿਆਸਤ ਦੇ ਇਸ ਨੀਵੇਂ ਤਲ ਨੇਂ ਇਸ ਖੁਸ਼ੀ ਵਿਚ ਵਿਘਨ ਪਾਇਆ ਹੈ ਅਤੇ ਜਾਗਰੂਕ ਪਰਵਾਸੀ ਭਾਈਚਾਰਾ ਇਸ ਨੂੰ ਸਾਫ ਵੇਖ ਰਿਹਾ ਹੈ।
ਹੁਣ ਵਿਦੇਸ਼ੀ ਸਿੱਖ ਸੰਗਤਾਂ ਵੀ ਇਸ ਇੰਤਜ਼ਾਰ ਵਿਚ ਹਨ ਕਿ ਉਸਾਰੀ ਤੋਂ ਬਾਅਦ ਛੇਤੀ ਤੋਂ ਛੇਤੀ ਇਹ ਲਾਂਘਾ ਖੁੱਲ੍ਹੇ ਅਤੇ ਸੰਗਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੇ। ਇਸ ਲਾਂਘੇ ਬਾਰੇ ਇਕ ਤਕਨੀਕੀ ਪੱਖ ਦੀ ਜਾਣਕਾਰੀ ਵਿਦੇਸ਼ੀ ਸਿੱਖਾਂ ਨੂੰ ਅਜੇ ਵੀ ਦਰਕਾਰ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਉਹ ਸਿੱਖ ਜੋ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ, ਵੀ ਭਾਰਤ ਤੋਂ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਜਾਂ ਇਹ ਸਹੂਲਤ ਸਿਰਫ ਭਾਰਤੀ ਨਾਗਰਿਕਾਂ ਲਈ ਹੀ ਰਹੇਗੀ ? ਵੈਸੇ ਪਰਵਾਸੀ ਪੰਜਾਬੀ ਭਾਈਚਾਰੇ ਲਈ ਪਾਕਿਸਤਾਂਨ ਦੇ ਗੁਰਧਾਮਾਂ ਦੀ ਯਾਤਰਾ ਭਾਰਤੀਆਂ ਦੀ ਨਿਸਬਤ ਸੌਖੀ ਹੈ ਅਤੇ ਅਮਰੀਕਾ, ਕੈਨੇਡਾ, ਅਸਟਰੇਲੀਆ ਜਾਂ ਯੂਰਪ ਆਦਿ ਦੇਸ਼ਾਂ ਦੇ ਪਾਕਿਸਤਾਨੀ ਸਫਾਰਤਖਾਨੇ ਸਿੱਖਾਂ ਨੂੰ ਸੌਖਿਆਂ ਹੀ ਪਾਕਿਸਤਾਨੀ ਵੀਜ਼ਾ ਜਾਰੀ ਕਰ ਦਿੰਦੇ ਹਨ ਪਰ ਆਪਣੀ ਧਰਤੀ ਤੋਂ ਬਿਨਾ ਵੀਜ਼ਾ ਪਾਕਿਸਤਾਂਨ ਜਾ ਕੇ ' ਖੁੱਲ੍ਹੇ ਦਰਸ਼ਨ ਦੀਦਾਰ' ਦੇ ਸੁਪਨੇ ਨੂੰ ਹਕੀਕਤ ਵਿਚ ਬਦਲਿਆ ਹੋਇਆ ਵੇਖਣ ਦਾ ਸੁਪਨਾਂ ਹਰ ਸਿੱਖ ਦਾ ਹੈ ਅਤੇ ਇਹ ਸੁਪਨਾਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਅੰਦਰ ਬਿਨਾ ਵੀਜ਼ਾ ਕਦਮ ਰੱਖਣ ਨਾਲ ਹੀ ਪੂਰਾ ਹੋ ਸਕਦਾ ਹੈ। ਆਸ ਹੈ ਕਿ ਇਸ ਸਬੰਧ ਵਿਚ ਵੀ ਛੇਤੀ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਸਾਰੇ ਵਿਦੇਸ਼ੀ ਸਿੱਖ ਭਾਈਚਾਰੇ ਦੀ ਇਹੀ ਆਰਦਾਸ ਹੈ ਕਿ ਇਹ ਲਾਂਘੇ ਦੀ ਉਸਾਰੀ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਵਧੇ ਅਤੇ ਦੋਵਾਂ ਦੇਸ਼ਾਂ ਦਰਮਿਆਂਨ ਅਕਸਰ ਪੈਦਾ ਹੁੰਦੀ ਰਹਿੰਦੀ ਕਸ਼ਮਕਸ਼ ਦਾ ਅਸਰ ਇਸ ਤੇ ਨਾਂ ਪਏ। ਵਤਨੋਂ ਦੂਰ ਬੈਠਾ ਪਰਵਾਸੀ ਪੰਜਾਬੀ ਭਾਈਚਾਰਾ ਖੁਦ ਵੀ ਇਸ ਲਾਂਘੇ ਰਾਹੀਂ ਜਾ ਕੇ ਉਸ ਪਾਵਨ ਧਰਤੀ ਦੇ ਦਰਸ਼ਨ ਕਰਨਾਂ ਚਾਹੁੰਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਖੇਤੀ ਕਰਦਿਆਂ ਕਿਰਤ ਕਰਨ, ਨਾਂਮ ਜਮਣ ਅਤੇ ਵੰਡ ਛਕਣ ਦੇ ਸਿਧਾਤਾਂ ਨੂੰ ਇਕੱਠਿਆਂ ਵਿਹਾਰ ਵਿਚ ਲਿਆਂਦਾ ਸੀ।
(ਸਮਾਪਤ)
ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ,ਪੋਲੈਂਡ।
0048516732105
yadsatkoha@yahoo.com