ਤੂੜੀ ਗਿੱਲੀ ਸੀ,.... ਕਹਾਣੀ - ਅਵਤਾਰ ਐਸ. ਸੰਘਾ
ਨੈਸ਼ਨਲ ਕਾਲਜ ਕੰਧਾਲਾ ਪੋਠੋਹਾਰੀਆਂ ਭਾਰਤ ਦੀ ਅਜ਼ਾਦੀ ਦੀ ਪੱਚੀਵੀਂ ਵਰੇਗੰਡ ਮੌਕੇ 1972 ਵਿੱਚ ਖੁੱਲਿਆ ਸੀ। ਛੋਟਾ ਜਿਹਾ ਕਾਲਜ ਸੀ ਤੇ ਸਟਾਫ ਮੈਂਬਰ ਸਿਰਫ 12 ਕੁ। ਮਜਮੂਨ ਵੀ ਸਿਰਫ ਆਰਟਸ ਦੇ ਜਿਵੇਂ ਅੰਗਰੇਜੀ ਤੋਂ ਇਲਾਵਾ ਇਤਿਹਾਸ, ਰਾਜਨਿਤੀ ਸ਼ਾਸ਼ਤਰ, ਅਰਥ ਸ਼ਾਸ਼ਤਰ, ਪੰਜਾਬੀ ਤੇ ਹਿੰਦੀ। ਪ੍ਰਬੰਧਕ ਕਮੇਟੀ ਸਥਾਨਕ ਸੀ। ਨਿਯੁਕਤੀਆਂ ਸ਼ਿਫਾਰਸ਼ ਨਾਲ ਹੋਈਆਂ ਕਿਉਂਕਿ ਕਾਲਜ ਅਜੇ ਮਾਨਤਾ ਪ੍ਰਾਪਤ ਨਹੀ ਸੀ। ਵੈਸੇ ਵੀ ਉਦੋਂ ਸ਼ਰਤਾਂ ਬਹੁਤੀਆਂ ਸਖਤ ਨਹੀਂ ਸੀ ਹੁੰਦੀਆਂ। ਅਰਥ ਸ਼ਾਸ਼ਤਰ ਵਾਲਾ ਪ੍ਰੋਫੈਸਰ ਬਜਾਜ ਬਿਜਲੀ ਦੇ ਕੁਨੈਕਸ਼ਨ ਵੱਟੇ ਰੱਖਿਆ ਗਿਆ ਸੀ। ਹੁਸ਼ਿਆਰਪੁਰ ਦਾ ਪ੍ਰਬੋਧ ਮਹਾਜਨ ਕੰਧਾਲਾ ਪੋਠੋਹਾਰੀਆਂ ਦੇ ਬਿਜਲੀ ਘਰ ਵਿੱਚ ਐਸ. ਡੀ. ਓ ਸੀ। ਕਮੇਟੀ ਨੂੰ ਕਾਲਜ ਵਿੱਚ ਬਿਜਲੀ ਦੇ ਕੁਨੈਕਸ਼ਨ ਦੀ ਸਖਤ ਜਰੂਰਤ ਸੀ। ਭਰ ਗਰਮੀ ਦਾ ਮੌਸਮ ਸੀ । ਅਗਸਤ ਵਿੱਚ ਜਮਾਤਾ ਸ਼ੂਰੂ ਹੋਈਆਂ। ਦਾਖਲੇ ਤਾਂ ਜੁਲਾਈ ਵਿੱਚ ਔਖੇ ਸੌਖੇ ਬਿਨਾ਼ ਬਿਜਲੀ ਤੋਂ ਕਰ ਲਏ। ਜਮਾਤਾ ਬਿਜਲੀ ਤੋਂ ਵਗੈਰ ਲਗਾਉਣੀਆ ਬਹੁਤ ਮੁਸ਼ਕਲ ਸਨ। ਮਹਾਜਨ ਨੂੰ ਕਮੇਟੀ ਦੇ ਮੈਨੇਜਰ ਨੇ ਕਨੈਕਸ਼ਨ ਲਈ ਪਹੁੰਚ ਕੀਤੀ। ਉਹ ਕਹਿਣ ਲੱਗਾ, "ਜੇ ਬਿਜਲੀ ਦਾ ਕੁਨੈਕਸ਼ਨ ਤੁਰੰਤ ਚਾਹੁੰਦੇ ਹੋ ਤਾਂ ਮੇਰਾ ਬੰਦਾ ਅਰਥ ਸ਼ਾਸ਼ਤਰ ਦਾ ਲੈਕਚਰਾਰ ਰੱਖ ਲਓ।" ਇਸ ਪ੍ਰਕਾਰ ਬਜਾਜ ਤਾਂ ਚਾਰ ਪੰਜ ਦਿਨਾਂ ਵਿੱਚ ਹੀ ਰੱਖਿਆ ਗਿਆ। ਨੇੜਲੇ ਪਿੰਡ ਗਾਜੀਪੁਰ ਦੇ ਦੋ ਕਮੇਟੀ ਮੈਂਬਰ ਸਨ--- ਮਲਕੀਤ ਸਿੰਘ ਤੇ ਅਵਤਾਰ ਸਿੰਘ। ਉਹਨਾਂ ਨੇ ਕਾਲਜ ਨੂੰ ਚਾਰ ਕਨਾਲ ਥਾਂ ਦਾਨ ਦਿੱਤੀ ਸੀ। ਇਸ ਪ੍ਰਕਾਰ ਉਹਨਾਂ ਦਾ ਕਮੇਟੀ ਵਿੱਚ ਪੂਰਾ ਅਸਰ ਰਸੂਖ ਸੀ। ਮਲਕੀਤ ਸਿੰਘ ਦੀ ਭਾਣਜੀ ਜਸਲੀਨ ਨੇ ਨਵੀਂ ਨਵੀਂ ਇਤਿਹਾਸ ਦੀ ਜਲੰਧਰ ਕਿਸੇ ਕਾਲਜ ਤੋਂ ਐਮ. ਏ ਕੀਤੀ ਸੀ। ਨੰਬਰ ਵੀ ਸਾਂਵੀ ਜਿਹੀ ਸੈਂਕਡ ਡਿਵੀਜ਼ਨ ਸੀ। ਉਸਦੀ ਚੋਣ ਇਤਿਹਾਸ ਪੜ੍ਹਾਉਣ ਲਈ ਹੋ ਗਈ ਸੀ। ਪਿੰਸੀਪਲ ਰਿਆਸਤੀ ਸਾਹਿਬ ਰੱਖੇ ਗਏ। ਉਹ ਅੰਗਰੇਜ਼ੀ ਪੜਾਉਂਦੇ ਹੁੰਦੇ ਸਨ ਤੇ ਕਿਸੇ ਕਾਲਜ ਵਿੱਚ ਉੱਥੋਂ ਦੀ ਕਮੇਟੀ ਦੇ ਪ੍ਰਧਾਨ ਬ੍ਰਗੇਡੀਅਰ ਸੇਖੋਂ ਨਾਲ ਝਗੜਾ ਹੋ ਜਾਣ ਕਾਰਨ ਅਹੁਦੇ ਤੋਂ ਬਰਖਾਸਤ ਕੀਤੇ ਹੋਏ ਸਨ। ਸੇਖੋ ਸਾਹਿਬ ਨੇ ਦੌੜ ਭੱਜ ਕਰਕੇ ਕਾਲਜ ਦੇ ਪ੍ਰਧਾਨ ਬੁੱਟਰ ਸਾਹਿਬ ਨਾਲ ਤੇ ਮੈਨੇਜਰ ਸਰਦਾਰੀ ਲਾਲ ਨਾਲ ਰਾਬਤਾ ਕਾਇਮ ਕਰ ਲਿਆ ਸੀ ਤੇ ਪ੍ਰਿੰਸੀਪਲੀ ਪ੍ਰਾਪਤ ਕਰ ਲਈ ਸੀ। ਇੱਕ ਅੰਗਰੇਜ਼ੀ ਦਾ ਕਿਤਿਓ਼ ਕੱਢਿਆ ਹੋਇਆ ਪ੍ਰੋਫੈਸਰ ਜਸਮੇਰ ਸਿੰਘ ਤੀਜੇ ਦਰਜੇ ਵਿੱਚ ਐਮ. ਏ ਪਾਸ ਵੀ ਕਾਲਜ ਵਿੱਚ ਨਿਯੁਕਤ ਹੋਣ ਵਿੱਚ ਕਾਮਜਾਬ ਹੋ ਗਿਆ ਸੀ। ਉਸਦੀ ਸ਼ਿਫਾਰਸ਼ ਇੱਕ ਡੇਰੇ ਦੇ ਸਾਧ ਨੇ ਕੀਤੀ ਸੀ। ਉਸ ਦੀ ਨਿਯੁਕਤੀ ਦਾ ਕਾਰਨ ਇੱਕ ਇਹ ਵੀ ਸੀ ਕਿ ਉਸ ਸਮੇਂ ਯੂਨੀਵਰਸਿਟੀ ਨੇ ਤੀਸਰੇ ਦਰਜੇ ਵਿੱਚ ਐਮ. ਏ ਪਾਸ ਉਮੀਦਵਾਰ ਨੂੰ ਪ੍ਰੈਪ ਤੇ ਬੀ ਏ ਭਾਗ ਪਹਿਲਾ ਨੂੰ ਪੜ੍ਹਾਉਣ ਲਈ ਮਨਜ਼ੂਰੀ ਦਿੱਤੀ ਹੋਈ ਸੀ।ਜਸਮੇਰ ਪਹਿਲਾਂ ਕਿਤੇ ਪੁਲਿਸ ਵਿਚ ਸਿਪਾਹੀ ਭਰਤੀ ਹੋਇਆ ਸੀ। ਫਿਰ ਹੈੱਡ ਕਾਂਸਟੇਬਲ ਬਣ ਗਿਆ ਸੀ। ਨਾਲ ਨਾਲ ਉਹ ਪ੍ਰਈਵੇਟ ਤੌਰ ਤੇ ਬੀ. ਏ ਕਰਦਾ ਰਿਹਾ ਸੀ। ਫਿਰ ਉਹ ਕੋਆਪ੍ਰੇਟਿਵ ਸੋਸਾਇਟੀਆਂ ਵਿੱਚ ਇੰਸਪੈਕਟਰ ਬਣ ਗਿਆ ਸੀ। ਨਾਲ ਨਾਲ ਐਮ ਏ ਅੰਗਰੇਜੀ ਤੀਸਰੇ ਦਰਜੇ ਵਿੱਚ ਕਰ ਗਿਆ ਸੀ। ਉਸਨੂੰ ਪਹਿਲਾਂ ਛੇ ਕੁ ਮਹੀਨੇ ਸ਼ਹਿਰ ਵਿੱਚ ਇੱਕ ਕੁੜੀਆਂ ਦੇ ਕਾਲਜ ਨੇ ਪੜ੍ਹਾਉਣ ਲਈ ਰੱਖਿਆ ਸੀ। ਹੁਣ ਉਹ ਇੱਕ ਐਸੇ ਕਾਲਜ ਵਿੱਚ ਆ ਲੱਗਿਆ ਸੀ ਜਿਸ ਦਾ ਭਵਿੱਖ ਸੁਹਣਾ ਨਜ਼ਰ ਆ ਰਿਹਾ ਸੀ। ਨਾਲੇ ਸਾਲ ਦੋ ਸਾਲਾਂ ਵਿੱਚ ਇਸਨੇ ਆਪਣੀ ਐਮ. ਏ ਦੀ ਡਿਵੀਜਨ ਸੁਧਾਰਨ ਦੀ ਸਕੀਮ ਬਣਾ ਰੱਖੀ ਸੀ। ਕਾਲਜ ਦਾ ਬਹੁਤਾ ਸਟਾਫ ਭੁੱਖੀ ਮੱਝ ਵਾਂਗ ਸੀ ਤੇ ਸੋਮੇ ਗਿੱਲੀ ਤੂੜੀ ਵਾਂਗ। ਚੰਗੇ ਸਥਾਪਤ ਹੋ ਚੁੱਕੇ ਮਾਨਤਾ ਪ੍ਰਾਪਤ ਕਾਲਜਾਂ ਦੀਆਂ ਸ਼ਰਤਾਂ ਪੂਰੀਆ ਨਾ ਕਰਨ ਕਰਕੇ ਇਹ ਬਹੁਤੇ ਲੈਕਚਰਾਰ ਅੱਧ ਵਿਚਕਾਰ ਹੀ ਲਟਕ ਰਹੇ ਸਨ। ਕਿਸੇ ਨੇ ਅਜੇ ਆਪਣੀ ਯੋਗਤਾ ਸੁਧਾਰਨੀ ਸੀ, ਕੋਈ ਕਿਤਿਓ ਕੱਢਿਆ ਹੋਇਆ ਚੰਗੀ ਸ਼ਿਫਾਰਸ਼ ਲੜਾ ਕੇ ਏਥੇ ਆ ਕੇ ਲੱਗ ਗਿਆ ਸੀ ਤੇ ਕੋਈ ਚੌਥਾ ਦਰਜਾ ਕਰਮਚਾਰੀ ਪਹਿਲਾਂ ਕਿਸੇ ਕਮੇਟੀ ਮੈਂਬਰ ਦੇ ਕਾਰੋਬਾਰ ਵਿੱਚ ਕਰਿੰਦਾ ਸੀ । ਉਹ ਕਾਰੋਬਾਰੀ ਉਸ ਤੋਂ ਕਾਲਜ ਦੇ ਕੰਮ ਦੇ ਨਾਲ ਨਾਲ ਆਪਣੇ ਘਰ ਦੀਆਂ ਵਗਾਰਾਂ ਵੀ ਕਰਵਾਉਂਦਾ ਰਹਿਣਾ ਲੋਚਦਾ ਸੀ। ਕਾਲਜ ਦੇ ਸਾਧਨ ਮਾਨਤਾ ਮਿਲਣ ਨਾਲ ਚੰਗੇ ਬਣਨੇ ਸਨ। ਇਹ ਇੱਕ ਕਾਰੋਬਾਰੀ ਦੀ ਇਮਾਰਤ ਵਿੱਚ ਖੁੱਲ੍ਹਿਆ ਸੀ, ਜਿਸਦਾ ਨਾਮ ਕਿਸੇ ਸਮੇਂ ਤਾਬਿਆਦਾਰ ਕੋਲਡ ਸਟੋਰੇਜ ਹੋਇਆ ਕਰਦਾ ਸੀ। ਕੁੱਝ ਸਮੇ ਬਾਅਦ ਕਾਲਜ ਇੱਥੋਂ ਸ਼ਿਫਟ ਹੋ ਕਿ ਨਾਲ ਲਗਦੇ ਇੱਕ ਨਵੇਂ ਥਾਂ ਚਲੇ ਜਾਣਾ ਸੀ ਜਿਥੇ ਲੋਕਾਂ ਦੀ ਡੋਨੇਸ਼ਨ ਨਾਲ ਇਸ ਲਈ ਲੋੜੀਂਦਾ ਥਾਂ ਖਰੀਦ ਲਿਆ ਗਿਆ ਸੀ। ਇਸ ਇਮਾਰਤ ਵਿੱਚੋ ਬਿਜਲੀ ਦਾ ਕੁਨੈਕਸ਼ਨ ਦੋ ਤਿੰਨ ਸਾਲ ਪਹਿਲਾਂ ਹੀ ਕੱਟਿਆ ਗਿਆ ਸੀ । ਪ੍ਰਿੰਸੀਪਲ ਦਾ ਦਫਤਰ ਛੋਟਾ ਜਿਹਾ ਸੀ। ਇਸਦੇ ਇੱਕ ਪਾਸੇ ਖੂੰਜੇ ਬਾਹਰ ਨੂੰ ਇੱਕ ਖਿੜਕੀ ਸੀ ਜਿੱਥੇ ਫੀਸ ਕਲਰਕ ਬੈਠਦਾ ਸੀ। ਕਮਰਿਆ ਵਿੱਚੋ ਇੱਕ ਵਿੱਚ ਸਟਾਫ ਰੂਮ, ਇੱਕ ਵਿੱਚ ਸੀਮਤ ਜਿਹੀ ਲਾਇਬ੍ਰੇਰੀ ਤੇ ਬਾਕੀ ਦੋ ਵਿੱਚ ਪ੍ਰੈਪ ਤੇ ਬੀ. ਏ ਭਾਗ ਪਹਿਲਾ ਦੀਆਂ ਜਮਾਤਾਂ ਲੱਗਦੀਆ ਸਨ। ਪੰਜਾਬੀ ਪੜ੍ਹਾਉਣ ਵਾਲਾ ਪਹਿਲਾਂ ਕਿਸੇ ਕਾਲਜ ਵਿੱਚ ਐਨ. ਸੀ. ਸੀ. ਅਫਸਰ ਵੀ ਹੁੰਦਾ ਸੀ। ਉਹ ਸ਼ਿਫਾਰਸ਼ ਲੜਾ ਕੇ ਇਸ ਕਾਲਜ ਵਿੱਚ ਆ ਲੱਗਾ ਸੀ। ਉਸ ਦੀ ਘਰਵਾਲੀ ਲਾਇਬ੍ਰੇਰੀਅਨ ਲੱਗ ਗਈ ਸੀ। ਉਸ ਦੇ ਇੱਕ ਦਮ ਇੱਥੇ ਆ ਜਾਣ ਨਾਲ ਕਾਲਜ ਵਿੱਚ ਐਨ. ਸੀ. ਸੀ. ਵੀ ਚਲਾਈ ਜਾ ਸਕਦੀ ਸੀ। ਇਸ ਨਵੇਂ ਸ਼ੁਰੂ ਹੋਏ ਕਾਲਜ ਵਿੱਚ ਉਸ ਸਮੇਂ ਮੇਰਾ ਇੱਕ ਦੋਸਤ ਹਰਬੰਸ ਬੀ. ਏ ਭਾਗ ਪਹਿਲਾ ਵਿੱਚ ਦਾਖਲ ਹੋਇਆ ਸੀ। ਹੁਣ ਉਹ ਮੁਹਾਲੀ ਇੱਕ ਨੌਕਰੀ ਕਰਦਾ ਹੈ। ਉਸ ਨੇ ਮੈਨੂੰ ਉਸ ਸਮੇਂ ਦੀ ਇੱਕ ਅਜਬ ਕਹਾਣੀ ਸੁਣਾਈ।
"ਕੀ ਤੁਸੀ ਮੇਰੇ ਕਾਲਜ ਦੀ ਮੈਡਮ ਜਸਲੀਨ ਨੂੰ ਜਾਣਦੇ ਹੋ?" ਸ਼ਾਮ ਦੇ ਸੈਰ ਸਮੇਂ ਉਸ ਨੇ ਮੈਨੂੰ ਸਵਾਲ ਪਾਇਆ।
" ਹਾਂ , ਮੈੰ ਦੇਖੀ ਹੋਈ ਵੀ ਹੈ । ਨਾਮ ਤਾਂ ਸੁਣਿਆ ਹੋਇਆ ਹੀ ਹੈ । ਮੈਂ ਤਾਂ ਉਦੋਂ ਕੁ ਨਾਲ਼ਦੇ ਸ਼ਹਿਰੀ ਕਾਲਜ ਵਿੱਚ ਬੀ. ਐਸ ਸੀ ਕਰਦਾ ਹੁੰਦਾ ਸੀ । ਜੇ ਮੈਂ ਸਾਈਂਸ ਨਾ ਰੱਖੀ ਹੁੰਦੀ ਤਾਂ ਮੈਂ ਵੀ ਤੁਹਾਡੇ ਨਾਲ ਹੀ ਹੋਣਾ ਸੀ। ਜਸਲੀਨ ਸੁਹਣੀ ਸੀ," ਮੈਂ ਕਿਹਾ।
"ਸੁਹਣੀ ਹੀ ਨਹੀ, ਉਹ ਮਹਾਨ ਹਸਤੀ ਵੀ ਸੀ।" ਇੰਝ ਕਹਿ ਕੇ ਉਹ ਮੁਸਕੁਰਾ ਪਿਆ ।
"ਕੀ ਭਾਵ?"
"ਮੈਡਮ ਦਾ ਕਿੱਸਾ ਬੜਾ ਨਿਰਾਲਾ ਏ।"
"ਅੱਜ ਫਿਰ ਇਸ ਕਿੱਸੇ ਦੀ ਤਫਸੀਲ ਹੋ ਜਾਵੇ?"
"ਉਸ ਨੇ ਉਸੇ ਹੀ ਸਾਲ ਜਲੰਧਰ ਦੇ ਕਿਸੇ ਕਾਲਜ ਤੋਂ ਹਿਸਟਰੀ ਦੀ ਐਮ. ਏ ਕੀਤੀ ਸੀ। ਐਮ. ਏ ਕਰਦੀ ਸਮੇਂ ਉਸਦਾ ਕਾਲਜ ਫੈਲੋ ਪੌਲ ਸਾਈਂਸ ਵਾਲਾ ਸਤਵੀਰ ਹੋਇਆ ਕਰਦਾ ਸੀ। ਉਹ ਵਜੀਦਪੁਰ ਦਾ ਰਹਿਣ ਵਾਲਾ ਸੀ। ਐਮ. ਏ ਦੌਰਾਨ ਦੋਹਾਂ ਦੀ ਦੋਸਤੀ ਹੋ ਗਈ ਸੀ। ਸਤਵੀਰ ਘਰੋਂ ਕਾਫੀ ਅਮੀਰ ਸੀ ਤੇ ਸੀ ਵੀ ਘਰ ਦਿਆਂ ਦਾ ਇਕਲੌਤਾ ਪੁੱਤਰ। ਜਸਲੀਨ ਐਮ. ਏ ਵਿੱਚ ਸਾਂਵੀ ਸਿੱਕੀ ਸੈਕੰਡ ਡਿਵੀਜ਼ਨ ਲੈ ਗਈ ਸੀ । ਸਤਬੀਰ ਵੀ ਰਾਜਨੀਤੀ ਸ਼ਾਸ਼ਤਰ ਵਿੱਚ ਸੈਕੰਡ ਡਿਵੀਜ਼ਨ ਲੈ ਗਿਆ ਸੀ । ਜਸਲੀਨ ਤਾਂ ਆ ਕੇ ਲੈਕਚਰਾਰ ਲੱਗ ਗਈ ਸੀ ਤੇ ਸਤਬੀਰ ਕਾਨੂੰਨ ਦੀ ਪੜਾਈ ਕਰਨ ਲਈ ਯੂਨੀਵਰਿਸਟੀ ਚੰਡੀਗੜ੍ਹ ਚਲਾ ਗਿਆ ਸੀ। ਵੱਡੇ ਘਰਾਂ ਦੇ ਕਾਕਿਆਂ ਦਾ ਅਕਸਰ ਇਹ ਸ਼ੌਂਕ ਹੁੰਦਾ ਹੈ ਕਿ ਯੂਨੀਵਰਸਿਟੀ ਵਿੱਚ 2-3 ਸਾਲ ਵੱਧ ਲਗਾ ਕੇ ਕੋਈ ਹੋਰ ਪੜ੍ਹਾਈ ਕਰ ਲਈ ਜਾਵੇ ਤੇ ਨਾਲ ਨਾਲ ਮਜ਼ੇ ਕੀਤੇ ਜਾਣ।"
"ਕੀ ਫਿਰ ਦੋਹਾਂ ਦਾ ਲਿੰਕ ਟੁੱਟ ਗਿਆ ਸੀ?" ਮੈਂ ਉਤਸੁਕਤਾ ਨਾਲ ਪੁੱਛਿਆ।
"ਕਮਾਲ ਐ ਯਾਰ! ਲਿੰਕ ਵੀ ਕਦੀ ਟੁੱਟਦੇ ਹੁੰਦੇ ਐ? ਫਿਰ ਤਾਂ ਲਿੰਕ ਜਿਆਦਾ ਵਧੀਆ ਬਣ ਗਿਆ ਸੀ। ਲਿੰਕ ਬਰਕਰਾਰ ਰੱਖਣ ਲਈ ਚੰਡੀਗੜ੍ਹ ਨਾਲੋਂ ਵਧੀਆ ਹੋਰ ਕਿਹੜੀ ਥਾਂ ਹੋ ਸਕਦੀ ਸੀ?"
"ਉਹ ਕਿਵੇ?"
"ਮੈਂ ਕਾਲਜ ਵਿੱਚ ਮੈਡਮ ਪਾਸ ਇਤਿਹਾਸ ਪੜ੍ਹਿਆ ਕਰਦਾ ਸਾਂ। ਸਾਡੇ ਬੀ. ਏ ਭਾਗ ਪਹਿਲਾ ਦੇ ਇੱਕ ਸੈਸ਼ਨ ਵਿੱਚ ਸਤਬੀਰ ਤਿੰਨ ਕੁ ਵਾਰ ਸਾਡੇ ਕਾਲਜ ਆਇਆ ਸੀ। ਭਰਵਾਂ ਸ਼ਰੀਰ, ਕੱਦ ਛੇ ਫੁੱਟ ਤੋਂ ਇੱਕ ਇੰਚ ਵੱਧ , ਸਾਂਵਲਾ ਰੰਗ, ਬਦਾਮੀ ਜਿਹੀ ਨੋਕ ਦਾਰ ਪੱਗ, ਬੈੱਲ ਬਾਟਮ ਪੈਂਟ, ਸਾਬਰ ਦੀ ਗੁਰਗਾਬੀ, ਪੂਰੀ ਟੌਹਰ! ਜਦ ਕਾਲਜ ਆਉਣਾ, ਇੱਕ ਦਮ ਮੈਡਮ ਦੀ ਛੁੱਟੀ ਕਰਵਾਉਣੀ ਤੇ ਬੁਲੱਟ ਮੋਟਰਸਾਇਕਲ ਤੇ ਬਿਠਾ ਕੇ ਲੈ ਜਾਣੀ। ਉਹਦੀ ਰਿਹਾਇਸ਼ ਪੰਦਰਾਂ ਸੈਕਟਰ ਯੂਨੀਵਰਸਿਟੀ ਦੇ ਨੇੜੇ ਹੁੰਦੀ ਸੀ । ਵਿਦਿਆਰਥੀਆਂ ਵਿੱਚ ਆਮ ਚਰਚਾ ਸੀ ਕਿ ਮੈਡਮ ਦੀ ਸ਼ਾਦੀ ਹੋਈ ਕਿ ਹੋਈ।"
"ਕੀ ਹੋ ਗਈ ਫਿਰ?"
"ਕਿੱਥੇ ਯਾਰ? ਪਾਸਾ ਹੀ ਪਲਟ ਗਿਐ।
"ਉਹ ਕਿਵੇਂ ?"
"ਜਦ ਅਸੀ ਬੀ. ਏ ਭਾਗ ਦੂਜਾ ਵਿੱਚ ਹੋਏ ਤਾਂ ਦੇਖਿਆ ਮੈਡਮ ਤਾਂ ਅੱਧੀ ਰਹਿ ਗਈ ਸੀ। ਟੁੱਟੀ ਹੋਈ ਲਗਦੀ ਸੀ ਪੂਰੀ ਪਰੇਸ਼ਾਨ ਸਤਵੀਰ ਕਾਲਜ ਆਉਣੋ ਹਟ ਗਿਆ ਸੀ। ਦੂਜੇ ਸਾਲ ਕਾਲਜ ਵਿੱਚ ਚਾਰ ਕੁ ਲੈਕਚਰਾਰ ਹੋਰ ਰੱਖ ਹੋ ਗਏ। ਇਹ ਸਾਰੇ ਨਵੇਂ ਨਵੇਂ ਐਮ. ਏ ਕਰ ਕੇ ਆਏ ਸਨ। ਡੀ. ਪੀ. ਈ. ਗੁਰਦਿਆਲ ਤੇ ਅੰਗਰੇਜ਼ੀ ਵਾਲਾ ਸੰਧੂ ਅਮੀਰਜ਼ਾਦੇ ਸਨ। ਇੱਕ ਅੰਗਰੇਜੀ ਵਾਲਾ ਕੁਲਵਰਨ ਤੇ ਪੰਜਾਬੀ ਵਾਲਾ ਅਮਰਜੀਤ ਸਧਾਰਨ ਪਿਛੋਕੜ ਵਾਲੇ ਸਨ। ਕੁਲਵਰਨ ਆਪਣੇ ਆਪ ਨੂੰ ਅਗਾਂਹਵਧੂ ਦਰਸਾਉਂਦਾ ਹੁੰਦਾ ਸੀ ਤੇ ਖੱਬੀ ਵਿਚਾਰਧਾਰਾ ਰੱਖਦਾ ਸੀ। ਘਰੋਂ ਸਾਧਾਰਨ ਸੀ ਤੇ ਐਮ. ਏ ਮੁਸ਼ਕਿਲ ਨਾਲ ਕਰ ਕੇ ਆਇਆ ਸੀ। ਵੈਸੇ ਸਟੇਜ ਤੇ ਸੁਹਣਾ ਬੋਲ ਲੈਂਦਾ ਸੀ। ਐਮ. ਏ ਕਰਦੇ ਸਮੇਂ ਵਿਦਿਆਰਥੀ ਯੂਨੀਅਨ ਦੇ ਕਿਸੇ ਜਿਲ੍ਹੇ ਪੱਧਰ ਦੇ ਅਹੁਦੇ ਤੇ ਵੀ ਰਿਹਾ ਸੀ। ਇਸ ਲਈ ਉਸ ਕਾਲਜ ਦੇ ਪ੍ਰਿੰਸੀਪਲ ਦੱਤ ਦੇ ਵੀ ਕੁੱਝ ਨੇੜੇ ਹੁੰਦਾ ਸੀ। ਇਸ ਨਵੇਂ ਕਾਲਜ ਵਿੱਚ ਵੀ ਉਹ ਵਿਦਿਆਰਥੀਆਂ ਦੀ ਖੱਬੇ ਪੱਖੀ ਯੂਨੀਅਨ ਦੇ ਨੇੜੇ ਤੇੜੇ ਰਹਿੰਦਾ ਸੀ। ਉਸ ਸਮੇਂ ਵਿਦਿਆਰਥੀਆਂ ਦੀ ਖੱਬੇ ਪੱਖੀਆਂ ਯੂਨੀਅਨਾਂ ਹੀ ਕਾਲਜਾਂ ਵਿੱਚ ਵਾਧੂ ਪ੍ਰਭਾਵਸ਼ਾਲੀ ਸਨ। ਪੰਜਾਬੀ ਵਾਲਾ ਅਮਰਜੀਤ ਕੁਝ ਪੱਕੜ ਉਮਰ ਦਾ ਸੀ। ਉਹ ਸ਼ਾਇਦ ਕਈ ਸਾਲ ਕਿਸੇ ਸਕੂਲ ਵਿੱਚ ਅਧਿਅਪਕ ਰਿਹਾ ਸੀ। ਪ੍ਰਾਈਵੇਟ ਤੌਰ ਤੇ ਪੰਜਾਬੀ ਦੀ ਐਮ. ਏ ਕਰਦਾ ਰਿਹਾ। ਹੁਣ ਜਦ ਉਸ ਦੀ ਸੈਂਕੰਡ ਡਵੀਜ਼ਨ ਬਣ ਗਈ ਤਾਂ ਉਸ ਨੇ ਇਸ ਕਾਲਜ ਵਿੱਚ ਕੋਸ਼ਿਸ਼ ਕਰ ਕੇ ਲੈਕਚਰਾਰ ਦੀ ਅਸਾਮੀ ਪ੍ਰਾਪਤ ਕਰ ਲਈ ਸੀ।"
"ਕੋਈ ਦਿਲਚਸਪ ਗੱਲ ਵੀ ਕਰ ਤੂੰ ਤਾਂ ਏਵੇ ਲੰਬੀਆਂ ਲੰਬੀਆਂ ਨਿਰਮੂਲ ਗੱਲਾਂ ਕਰਨ ਲੱਗ ਪਿਆ।" ਮੈਂ ਤਨਜ ਕੱਸੀ।
"ਤੂੰ ਕੀ ਚਾਹੁੰਦਾ ਏਂ? ਲਗਦਾ ਏ ਤੂੰ ਚਾਹੁੰਦਾ ਏਂ ਕਿ ਮੈਂ ਮੈਡਮ ਜਸਲੀਨ ਬਾਰੇ ਕੁੱਝ ਕਹਾਂ?"
"ਤੂੰ ਸਹੀ ਬੁੱਝਿਆ। ਹਰ ਵੇਲੇ ਹਸੂੰ ਹਸੂੰ ਕਰਦੀ ਮੈਡਮ ਹੁਣ ਇੱਕ ਬੁੱਤ ਜਿਹੀ ਬਣ ਗਈ ਸੀ । ਚਿਹਰੇ ਤੇ ਉਦਾਸੀ ਛਾਈ ਰਹਿੰਦੀ ਸੀ। ਸਿਹਤ ਤੋਂ ਕਮਜ਼ੋਰ ਹੋ ਗਈ ਸੀ। ਇਵੇਂ ਲੱਗਦਾ ਸੀ ਜਿਵੇਂ ਉਸ ਨੂੰ ਕੋਈ ਸਦਮਾਂ ਪੇਸ਼ ਆਇਆ ਹੋਵੇ। ਸਤਬੀਰ ਹੁਣ ਕਾਲਜ ਨਹੀਂ ਆਉਂਦਾ ਸੀ। ਸਤੰਬਰ ਦੀਆਂ ਛੁੱਟੀਆਂ ਤੋਂ ਬਾਅਦ ਪ੍ਰਿੰਸੀਪਲ ਨੇ ਵਿਦਿਆਰਥੀਆਂ ਦਾ ਪ੍ਰਤੀਭਾ ਟੋਹ ਮੁਕਾਬਲਾ ਰੱਖ ਲਿਆ। ਇਸ ਮੁਕਾਬਲੇ ਚੋਂ ਪਾਸ ਵਿਦਿਆਰਥੀਆਂ ਨੂੰ ਯੁਵਕ ਮੇਲੇ ਵਿੱਚ ਹਿੱਸਾ ਲੈਣ ਲਈ ਰਾਮਗੜ੍ਹੀਆ ਕਾਲਜ ਫਗਵਾੜੇ ਲੈ ਕੇ ਜਾਣਾ ਸੀ। ਕੁਲਵਰਨ ਦੀ ਡਿਉਟੀ ਨਾਟਕ ਤਿਆਰ ਕਰਵਾਉਣ ਤੇ ਲੱਗੀ। ਮੈਡਮ ਨੇ ਗਿੱਧਾ ਤਿਆਰ ਕਰਵਾਉਣਾ ਸੀ। ਸੱਭਿਆਚਾਰਕ ਗਤੀਵਿਧੀ ਦਾ ਓਵਰਆਲ ਇਨਚਾਰਜ (ਡੀਨ) ਅੰਗਰੇਜੀ ਵਾਲਾ ਸੰਧੂ ਸੀ। ਪ੍ਰਿੰਸੀਪਲ ਦਾ ਇਸ ਗੱਲ ਤੇ ਜੋਰ ਸੀ ਕਿ ਨਵੇਂ ਨਵੇਂ ਕਾਲਜ ਦਾ ਨਾਮ ਕੁੱਝ ਸੱਭਿਆਚਾਰਕ ਆਈਟਮਾਂ ਵਿੱਚ ਜਰੂਰ ਜਾਹਰ ਹੋਵੇ। ਤਿਆਰੀਆਂ ਪੂਰੇ ਜੋਸ਼ੋਖਰੋਸ਼ ਨਾਲ ਸ਼ੂਰੂ ਹੋ ਗਈਆਂ। ਮੈਡਮ ਉਦਾਸ ਸੀ ਪਰ ਗਿੱਧਾ ਹੱਸਣ ਖੇਡਣ ਵਾਲੀ ਐਕਟੀਵਿਟੀ ਸੀ। ਹੁਕਮ ਦੀ ਪਾਲਣਾ ਤਾਂ ਕਰਨੀ ਹੀ ਪੈਣੀ ਸੀ। ਉਹ ਕਾਲਜ ਨੂੰ ਆਉਂਦੀ ਵੀ ਆਦਮਪੁਰ ਤੋਂ ਸੀ। ਯੁਵਕ ਮੇਲੇ ਦਾ ਥਾਂ ਫਗਵਾੜਾ ਸੀ। ਕੁਲਵਰਨ ਜਲੰਧਰ ਨੇੜੇ ਇੱਕ ਪਿੰਡ ਤੋਂ ਆਉਂਦਾ ਸੀ। ਉਸ ਸਮੇਂ ਸਟਾਫ ਪਾਸ ਆਪਣੀਆਂ ਕਾਰਾਂ ਬਹੁਤ ਘੱਟ ਹੁੰਦੀਆਂ ਸਨ। ਹਾਂ, ਟਾਵੇਂ ਟਾਵੇਂ ਲੈਕਚਰਾਰਾਂ ਪਾਸ ਸਕੂਟਰ ਜਾਂ ਮੋਟਰਸਾਇਕਲ ਜਰੂਰ ਹੋਇਆ ਕਰਦੇ ਸਨ । ਹਾਂ ਡੀਨ ਸੰਧੂ ਪਾਸ ਕਾਰ ਜਰੂਰ ਸੀ ਕਿਉਂਕਿ ਉਸ ਦੀ ਘਰ ਵਾਲੀ ਹੁਸ਼ਿਆਰਪੁਰ ਇੱਕ ਕਾਲਜ ਵਿੱਚ ਪੰਜਾਬੀ ਦੀ ਲੈਕਚਰਾਰ ਸੀ। ਪ੍ਰਿੰਸੀਪਲ ਰਿਆਸਤੀ ਪ੍ਰੋ. ਸੰਧੂ ਨੂੰ ਸਭਿਆਚਾਰਕ ਗਤੀਵਿਧੀ ਦਾ ਡੀਨ ਬਣਾ ਕੇ ਆਪਣੇ ਨਾਲ ਜੋੜ ਕੇ ਵੀ ਰੱਖਦਾ ਸੀ ਤਾਂ ਕਿ ਉਸ ਦੀ ਕਾਰ ਦਾ ਪ੍ਰਯੋਗ ਕੀਤਾ ਜਾ ਸਕੇ। ਰਿਆਸਤੀ ਪਾਸ ਆਪਣੀ ਕਾਰ ਨਹੀ ਸੀ। ਤਿਆਰੀ ਖੂਬ ਚਲਦੀ ਗਈ। ਮੇਲਾ ਨੇੜੇ ਆਉਂਦਾ ਗਿਆ। ਛੋਟੇ ਜਹੇ ਕਾਲਜ ਦੀ ਫਿਜ਼ਾ ਸੱਭਿਆਚਾਰਕ ਰੰਗਤ ਵਿੱਚ ਰੰਗੀ ਗਈ। ਜਿਸ ਦਿਨ ਮੇਲਾ ਸ਼ੂਰੂ ਹੋਇਆ ਉਸ ਦਿਨ ਇੱਕ ਵੈਨ ਕੀਤੀ ਗਈ ਤਾਂ ਕਿ ਹਿੱਸੇ ਲੈਣ ਵਾਲੀਆਂ ਲੜਕੀਆਂ ਤੇ ਮੈਡਮ ਨੂੰ ਫਗਵਾੜੇ ਪਹੁੰਚਾਇਆ ਜਾ ਸਕੇ। ਇਹਨਾਂ ਨਾਲ ਨਾਟਕ ਵਿੱਚ ਹਿੱਸਾ ਲੈਣ ਵਾਲੀਆਂ ਦੋ ਲੜਕੀਆਂ ਵੀ ਸਨ ਤੇ ਪ੍ਰੋ. ਕੁਲਵਰਨ ਵੀ।"
"ਕਿਵੇਂ, ਕੋਈ ਇਨਾਮ ਵੀ ਪ੍ਰਾਪਤ ਕੀਤਾ ਜਾਂ ਨਹੀਂ? ਨਵੇਂ ਨਵੇਂ ਕਾਲਜ ਨੂੰ ਕੌਣ ਪੁੱਛਦਾ ਏਡੇ ਵੱਡੇ ਜਾਹੋ ਜਲੌਅ ਵਿੱਚ?" ਮੈਥੋਂ ਕਹਿ ਹੋ ਗਿਆ, "ਤੁਹਾਡੀ ਹਾਲਤ ਤਾਂ ਮੇਲੇ ਵਿੱਚ ਚੱਕੀ ਰਾਹੇ ਜਿਹੀ ਹੋਈ ਹੋਣੀ ਏਂ? ਖਾਲੀ ਹੱਥ ਆ ਗਏ ਹੁਣੇ?"
"ਨਹੀਂ, ਐਸੀ ਤਾਂ ਕੋਈ ਗੱਲ ਨਹੀ ਸੀ ਪ੍ਰੋ. ਕੁਲਵਰਨ ਦੀ ਮਿਹਨਤ ਰੰਗ ਲਿਆਈ। ਨਾਟਕ ਦੂਜੇ ਨੰਬਰ ਤੇ ਰਿਹਾ। ਇੱਕ ਕਿਰਦਾਰ ਨੂੰ ਅਭਿਨੈ ਦਾ ਨਿੱਜੀ ਇਨਾਮ ਵੀ ਮਿਲਿਆ ।"
"ਕਿਹਦਾ ਲਿਖਿਆ ਹੋਇਆ ਸੀ ?"
"ਸਫਦਰ ਹਾਸ਼ਮੀ ਦਾ ਹੱਲਾ ਬੋਲ।"
"ਕੋਈ ਹੋਰ ਪ੍ਰਾਪਤੀ?"
"ਇੱਕ ਹੋਰ ਇਨਾਮ ਕਵਿਤਾ ਉਚਾਰਣ ਵਿੱਚ ਇੱਕ ਲੜਕੀ ਨੀਰੂ ਦਾ ਆ ਗਿਆ ਸੀ। ਹੋਰ ਕੁੱਝ ਨਹੀਂ ਮਿਲਿਆ।"
"ਇੱਕ ਹੋਰ ਮਸਲਾ ਇਹ ਬਣਦਾ ਹੁੰਦਾ ਸੀ ਕਿ ਮੇਲਾ ਸਵੇਰੇ ਲੇਟ ਸ਼ੁਰੂ ਕਰਦੇ ਸਨ ਤੇ ਸ਼ਾਮ ਨੂੰ ਰੋਜ਼ ਹਨੇਰਾ ਹੋ ਜਾਂਦਾ ਸੀ। ਜਿਸ ਦਿਨ ਤਾਂ ਮੁੰਡੇ ਮੁੰਡੇ ਹਿੱਸੇ ਲੈਂਦੇ ਸਨ ਉਸ ਦਿਨ ਤਾਂ ਉਹ ਹਨੇਰੇ ਹੋਏ ਵੀ ਆਣੇ ਘਰੀਂ ਪੁਹੰਚ ਜਾਦੇ ਸਨ । ਜਿਸ ਦਿਨ ਗਿੱਧੇ ਵਾਲੀਆਂ ਤੇ ਡਰਾਮੇ ਵਾਲੀਆਂ ਕੁੜੀਆਂ ਹੁੰਦੀਆਂ ਸਨ ਉਸ ਦਿਨ ਉਹਨਾਂ ਨੂੰ ਲੇਟ ਰਾਤ ਨੂੰ ਲਿਜਾ ਕੇ ਉਹਨਾਂ ਦੇ ਪਿੰਡਾ ਵਿੱਚ ਪਹੁੰਚਾਉਣਾ ਔਖਾ ਹੁੰਦਾ ਸੀ। ਆਖਰ ਕੁਲਵਰਨ ਨੇ ਸਲਾਹ ਦਿੱਤੀ ਕਿ ਗਿੱਧੇ ਵਾਲੇ ਦਿਨ ਮੈਡਮ ਜਸਲੀਨ ਤੇ ਲੜਕੀਆਂ ਉਸ ਪਾਸ ਰਾਤ ਰਹਿ ਲੈਣ ਤੇ ਸਵੇਰੇ ਉਹਨਾਂ ਨੂੰ ਵੈਨ ਉਹਨਾਂ ਦੇ ਘਰ ਛੱਡ ਆਵੇਗੀ। ਕਾਲਜ ਦੀ ਟੀਮ ਦੀ ਹਿੱਸਾ ਲੈਣ ਦੀ ਵਾਰੀ ਆਖਰ ਵਿੱਚ ਸੀ।"
"ਹਰਬੰਸ , ਇਸ ਦਾ ਮਤਲਬ ਇਹ ਕਿ ਗਿੱਧੇ ਵਾਲੀਆਂ ਤੇ ਨਾਟਕ ਵਾਲੀਆਂ ਸਭ ਮੈਡਮ ਦੇ ਨਾਲ ਕੁਲਵਰਨ ਪਾਸ ਰਾਤ ਠਹਿਰ ਗਈਆਂ?"
"ਨਹੀ, ਨਾਟਕ ਵਾਲੀਆਂ ਦੀ ਆਈਟਮ ਇੱਕ ਦਿਨ ਪਹਿਲਾਂ ਸੀ ਉਹ ਉਸ ਰਾਤ ਨਾਲ ਨਹੀ ਸਨ। ਮੈਡਮ ਪੂਰੀ ਪਰੇਸ਼ਾਨ ਸੀ। ਕੁਲਵਰਨ ਛੜਾ ਸੀ। ਉਸ ਦੇ ਘਰ ਉਸ ਦੀ ਮਾਂ ਤੇ ਭੈਣ ਸਨ। ਉਹਨਾਂ ਨੇ ਮੈਡਮ ਤੇ ਲੜਕੀਆਂ ਨੂੰ ਇੱਕ ਕਮਰਾ ਦੇ ਦਿੱਤਾ। ਜਿਵੇਂ ਸੁਣਨ ਵਿੱਚ ਆਇਆ ਸੀ ਕੁਲਵਰਨ ਆਪਣੇ ਕਮਰੇ ਵਿੱਚ ਦੇਰ ਰਾਤ ਤੱਕ ਬੈਠਾ ਕੁੱਝ ਪੜ੍ਹ ਰਿਹਾ ਸੀ। ਜਸਲੀਨ ਉਸ ਦੇ ਕਮਰੇ ਵਿੱਚ ਕੋਈ ਸਵੇਰ ਲਈ ਮਸ਼ਵਰਾ ਕਰਨ ਦੇ ਰੌਅ ਵਿੱਚ ਗਈ। ਜਾ ਕੇ ਕਹਿੰਦੀ , 'ਹੁਣ ਪੜ੍ਹੀ ਜਾਣਾ ਸੌਂ ਵੀ ਜਾਓ।' ਨਾਲੇ ਉਸ ਨੇ ਕੁਲਵਰਨ ਦੀ ਪਿੱਠ ਤੇ ਹਲਕੀ ਜਿਹੀ ਥਪਕੀ ਮਾਰ ਦਿੱਤੀ। ਇਸ ਹਲਕੀ ਸ਼ਰਾਰਤ ਨੇ ਚੁੱਕ ਦਿਤਾ ਘੜੇ ਤੋਂ ਕੌਲਾ।"
"ਵਾਹ ਜੀ ਵਾਹ! ਕੁਲਵਰ ਦੇ ਤਾਂ ਫੇਰ ਵਾਰੇ ਨਿਆਰੇ ਹੋ ਗਏ।"
"ਹਾਂ, ਬਸ ਉਸੇ ਘੜੀ ਤੋਂ ਦਿਲਾਂ ਵਿੱਚ ਖਲਬਲੀ ਮਚ ਗਈ। ਮੈਡਮ ਫਿਰ ਲੜਕੀਆਂ ਪਾਸ ਕਮਰੇ ਵਿੱਚ ਆ ਕੇ ਲੇਟ ਗਈ। ਨੀਂਦ ਦੋਹਾਂ ਨੂੰ ਨਹੀਂ ਆਈ। ਸਵੇਰੇ ਦੋਹਾਂ ਦੇ ਚਿਹਰਿਆਂ ਤੇ ਇੱਕ ਦੂਜੇ ਪ੍ਰਤੀ ਚਾਹਤ ਝਲਕ ਰਹੀ ਸੀ। ਦੂਸਰੇ ਦਿਨ ਤੋਂ ਹੀ ਇਹ ਜੋੜੀ ਇੱਕ ਦੂਜੇ ਦੇ ਨੇੜੇ ਨੇੜੇ ਆਉਣ ਲੱਗ ਪਈ। ਵਾਕਫੀਅਤ ਦੋਸਤੀ ਵਿੱਚ ਬਦਲਦੀ ਗਈ ਤੇ ਦੋਸਤੀ ਗੱਲਵਕੜੀ ਵੱਲ ਵਧਣ ਲੱਗ ਪਈ। ਕੰਟੀਨ ਤੇ ਵੀ ਇੱਕਠੇ ਚਾਹ ਪੀਣੀ। ਅਕਸਰ ਬੱਸ ਵੀ ਇਕੱਠਿਆ ਫੜਨੀਂ, ਰੂਟ ਭਾਵੇਂ ਅਲੱਗ ਅਲੱਗ ਸਨ। ਇੱਕ ਨੇ ਜਲੰਧਰ ਜਾਣਾ ਹੁੰਦਾ ਸੀ ਦੂਜੀ ਨੇ ਆਦਮਪੁਰ। ਅਗਲੇ ਦੋ ਕੁ ਮਹੀਨਿਆਂ 'ਚ ਸਾਰੇ ਕਾਲਜ ਨੂੰ ਇਵੇਂ ਲੱਗਣ ਲੱਗ ਪਿਆ ਕਿ ਕੋਈ ਧਮਾਕਾ ਹੋਣ ਵਾਲਾ ਸੀ।"
"ਕੀ ਭਾਵ?"
"ਪ੍ਰੇਮ ਵਿਆਹ।"
"ਮਾਪੇ ਮੰਨ ਗਏ?"
"ਕੁਲਵਰਨ ਤਾਂ ਚਾਹੁੰਦਾ ਹੀ ਸੀ ਕਿ ਡਬਲ ਤਨਖਾਹ ਘਰ ਆਉਣ ਲੱਗ ਜਾਵੇ। ਉਸ ਦਾ ਪਿਤਾ ਪੂਰਾ ਹੋ ਚੁੱਕਾ ਸੀ। ਜਸਲੀਨ ਦੇ ਘਰ ਵਾਲੇ ਵੈਸੇ ਹੀ ਇਸਤਰੀ ਅਜ਼ਾਦੀ ਦੇ ਹੱਕ ਵਿੱਚ ਸਨ।"
"ਯਾਰ, ਕੁਲਵਰਨ ਨੂੰ ਮੈਡਮ ਦੇ ਪੁਰਾਣੇ ਚੱਕਰ ਦਾ ਪਤਾ ਨੀ ਲੱਗਾ?"
"ਮਾੜਾ ਮੋਟਾ ਸ਼ੱਕ ਹੋਊ। ਮੈਡਮ ਨੇ ਮੌਕਾ ਸਾਂਭ ਲਿਆ
। ਕਹਿਣ ਲੱਗੀ, 'ਵਾਕਫੀਅਤ ਸੀ ਪਰ ਲੜਕੇ ਵਾਲੇ ਦਾਜ ਵਿੱਚ ਕਾਰ ਮੰਗਦੇ ਸਨ। ਵੈਸੇ ਵੀ ਕੁਲਵਰਨ ਰੂੜ੍ਹਵਾਦੀ ਨਹੀਂ ਸੀ। ਘਰੋਂ ਵੀ ਹਲਕਾ ਹੀ ਸੀ। ਇੱਕ ਥਾਂ ਨੌਕਰੀ ਹੋਣੀ ਬਹੁਤ ਲਾਭਦਾਇਕ ਸੀ। ਭੈਣ ਅਜੇ ਵਿਆਹੁਣ ਵਾਲੀ ਸੀ। ਵੈਸੇ ਵੀ ਤੋਹਫੇ ਵਿੱਚ ਮਿਲਦੀ ਗਰਮ ਕੋਟੀ ਗਰਮੀਆਂ ਵਿੱਚ ਵੀ ਪ੍ਰਵਾਨ ਹੁੰਦੀ ਹੈ। ਲੋਕਾਂ ਤੋਂ ਇਸ ਗੱਲ ਦਾ ਪਤਾ ਲੱਗਾ ਸੀ ਕਿ ਸਤਵੀਰ ਦਾ ਪਿਉ ਆਕੜ ਗਿਆ ਸੀ। ਉਹ ਆਪਣਾ ਅਮੀਰਜ਼ਾਦਾ ਐਨੇ ਹਲਕੇ ਘਰ ਨਹੀ ਸੀ ਵਿਆਹੁਣਾ ਚਾਹੁੰਦਾ। ਸਤਵੀਰ ਨੇ ਪਿਉ ਨੂੰ ਮਨਾਇਆ। ਉਲਟਾ ਪਿਊ ਕਹਿੰਦਾ ,'ਕੁੜੀ ਦੇ ਚਾਚਿਆਂ ਤਾਇਆਂ ਚੋ ਦਲਵੀਰਾ ਦੱਸ ਨੰਬਰ ਦਾ ਬਦਮਾਸ਼ ਏ। ਚਾਰ ਪੰਜ ਕਤਲ ਕਰ ਚੁੱਕਾ ਏ। ਪੈਸੇ ਦੇ ਕੇ ਛੁੱਟ ਜਾਂਦਾ ਏ। ਜੇ ਉਸ ਟੱਬਰ ਵਿੱਚ ਵਿਆਹ ਕਰਵਾਇਆ ਤਾਂ ਜਾਂ ਤੂੰ ਘਰ ਰਹੇਂਗਾ ਜਾਂ ਮੈ!' ਫਿਰ ਸਤਵੀਰ ਪਿੱਛੇ ਹਟ ਗਿਆ ਸੀ।"
"ਹੁਣ ਜੋੜੀ ਕਿਵੇਂ ਏ? "
"ਕਈ ਸਾਲ ਹੋ ਗਏ, ਇੱਕ ਮੁੰਡਾ ਵੀ ਹੋ ਗਿਆ ਸੀ। ਹੁਣ ਤਾਂ ਤਕੜਾ ਹੋ ਗਿਆ ਹੋਊ। ਮੇਰੇ ਹੁਣ ਖਾਸ ਲਿੰਕ ਵੀ ਨਹੀ ਹਨ। ਮੈਂ ਤਾਂ ਕਈ ਸਾਲਾਂ ਤੋਂ ਮੁਹਾਲੀ ਹੀ ਨੌਕਰੀ ਕਰਦਾ ਹਾਂ । ਹਾਂ, ਇੱਕ ਵਾਰ ਕਾਲਜ ਦਾ ਸ਼ੁਗਲੀ ਕਲਰਕ ਗਿੰਦਾ ਮਿਲਿਆ ਸੀ। ਮੈਂ ਜੋੜੀ ਦਾ ਹਾਲ ਚਾਲ ਪੁੱਛ ਬੈਠਾ ਕਹਿੰਦਾ: 'ਸਭ ਸਮੇਂ ਨਾਲ ਠੀਕ ਹੋ ਗਿਆ ਸੀ ਵੈਸੇ ਸਹੀ ਮਾਨਿਆ ਵਿੱਚ ਰਿਸ਼ਤਾ ਸਿਰੇ ਚੜ੍ਹਨ ਵੇਲੇ ਤੂੜੀ ਗਿੱਲੀ ਸੀ, ਮੱਝ ਭੁੱਖੀ ਸੀ।' ਇਸ ਤੋਂ ਬਾਅਦ ਮੈਂ ਗਿੰਦੇ ਤੋਂ ਬਹੁਤੀ ਪੜਚੋਲ ਨਹੀ ਕੀਤੀ।"
ਓਵਰਟਾਈਮ ਲਘੂ ਨਾਟਕ - ਨਾਟਕਕਾਰ ਅਵਤਾਰ ਐਸ. ਸੰਘਾ
ਸੂਤਰਧਾਰ: ਪੰਜ ਕੁ ਸਾਲ ਪਹਿਲਾਂ 20 ਕੁ ਸਾਲ ਦਾ ਲੜਕਾ ਮੈਂਡੀ ਪੰਜਾਬ ਤੋਂ ਮੈਲਬੌਰਨ ਪੜ੍ਹਨ ਵਾਸਤੇ ਆਇਆ ਸੀ। ਪਹਿਲਾਂ ਅਕਾਊਂਟਿੰਗ (Accounting) ਦੀ ਡਿਗਰੀ ਕਰਦਾ ਹੋਇਆ ਉਹ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਬਾਅਦ ਵਿੱਚ ਜਦ ਉਹਨੂੰ ਅਕਾਊਂਟਿੰਗ ਦੇ ਖੇਤਰ ਵਿੱਚ ਨੋਕਰੀ ਨਾ ਮਿਲੀ ਤਾ ਉਹ ਪੂਰਾ ਸਮਾਂ ਟੈਕਸੀ ਚਲਾਉਣ ਲੱਗ ਪਿਆ। ਦੋ ਕੁ ਸਾਲ ਤਾਂ ਉਸਨੇ ਪੈਸੇ ਜੋੜਨ ਲਈ ਦੌੜ ਲਗਾ ਛੱਡੀ ਤਾਂ ਕਿ ਪੰਜਾਬ ਵਾਪਿਸ ਜਾ ਕੇ ਵਿਆਹ ਕਰਵਾਇਆ ਜਾ ਸਕੇ। ਪੰਜਾਬ ਵਿੱਚ ਉਸ ਦੀ ਮਾਸੀ ਨੇ ਉਸ ਵਾਸਤੇ ਇੱਕ ਲੜਕੀ ਲੱਭ ਰੱਖੀ ਸੀ। ਇੱਕ ਪ੍ਰਿੰਸ ਨਾਮ ਦਾ ਲੜਕਾ ਉਸ ਦਾ ਮਿੱਤਰ ਬਣ ਗਿਆ ਸੀ। ਪ੍ਰਿੰਸ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਨੇ ਆਪਣੀ ਰਿਸ਼ਤੇਦਾਰੀ ਵਿੱਚ ਦੋਰਾਹੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਜਾਣਾ ਸੀ। ਉਸ ਨੇ ਮੈਂਡੀ ਨੂੰ ਵੀ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ। ਮੈਂਡੀ ਨੇ ਸੋਚਿਆਂ ਕਿ ਇੱਕ ਪੰਥ ਦੋ ਕਾਜ ਹੋ ਜਾਣਗੇ। ਉਹ ਵਿਆਹ ਵਿੱਚ ਸ਼ਾਮਲ ਹੋ ਲਵੇਗਾ ਤੇ ਆਪਣੀ ਮਾਸੀ ਦੁਆਰਾ ਲੱਭੀ ਲੜਕੀ ਵੀ ਦੇਖ ਆਵੇਗਾ।ਇਸ ਪ੍ਰਕਾਰ ਇਹ ਦੋਵੇਂ ਆੜੀ ਦੋਰਾਹੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ।ਇਸ ਵਿਆਹ ਵਿੱਚ ਮੈਂਡੀ ਦੀ ਨਜ਼ਰ ਇੱਕ ਲੜਕੀ ਤੇ ਪੈਂਦੀ ਏ।ਉਹ ਉਸ ਲੜਕੀ ਦੀ ਖੁਬਸੂਰਤੀ ਤੇ ਫਿਦਾ ਹੋ ਜਾਂਦਾ ਹੈ।
(ਸਟੇਜ ਤੇ ਚਾਰ ਕੁਰਸੀਆਂ, ਇੱਕ ਮੇਜ, ਇੱਕ ਕਾਫੀ ਮਸ਼ੀਨ ਅਤੇ ਇੱਕ ਮਾਈਕਰੋ ਪਏ ਹਨ)
ਅੱਗੇ ਕੀ ਹੁੰਦਾ ਹੈ ਦੇਖੋ ਇੱਕ ਲਘੂ ਨਾਟਕ ਦੇ ਰੂਪ ਵਿੱਚ। ਸੋ ਪੇਸ਼ ਹੈ ਨਾਟਕ ਓਵਰਟਾਈਮ! -ਓਵਰਟਾਈਮ!!
(ਪਰਦਾ ਉੱਠਦਾ ਹੈ। ਸਟੇਜ ਤੇ ਖੜ੍ਹੇ ਮੈਂਡੀ ਤੇ ਪ੍ਰਿੰਸ ਗੱਲਾਂ ਕਰਦੇ ਹਨ। ਪੰਡਾਲ਼ ਵਲ ਨੂੰ ਤਿਰਛੀ ਜਿਹੀ ਨਜ਼ਰ ਨਾਲ਼ ਝਾਕਦਾ ਹੋਇਆ।)
ਮੈਂਡੀ - ਔਹ ਸਾਹਮਣੇ ਖੜ੍ਹੀ ਲੜਕੀ ਕੋਣ ਏ? ਕੀ ਤੂੰ ਉਸਨੂੰ ਜਾਣਦਾ ਏ?
ਪ੍ਰਿੰਸ - ਨਹੀਂ ਮੈਂਡੀ ਨਹੀ। ਮੈਂ ਤੈਨੂੰ ਆਪਣੀ ਭੈਣ ਤੋਂ ਪੁੱਛ ਕੇ ਦੱਸ ਦਿੰਦਾ ਹਾਂ। ਕੀ ਗੱਲ? ਪਸੰਦ ਆ ਗਈ ਏ?
ਮੈਂਡੀ - (ਇੱਕ ਸ਼ੇਅਰ ਯਾਦ ਕਰਦਾ ਹੋਇਆ)
ਵੋਹ ਹੁਸਨ ਖੁਲ੍ਹ ਰਹਾ ਹੈ ਗਿਰਹ ਦਰ ਗਿਰਹ
ਯੇਹ ਤੀਰ ਚੂਕ ਜਾਏਗਾ, ਢੀਲੀ ਕਮਾਨ ਨਾ ਰੱਖ।
ਪ੍ਰਿੰਸ - ਓਏ ਪਾਗਲਾ, ਮੈਂ ਪਤਾ ਕਰ ਲਿਆ। ਉਸ ਦਾ ਨਾਮ ਦੀਪਤੀ ਏ।ਉਹ ਵਿਆਹ ਵਿੱਚ ਨਾਨਕਾ ਮੇਲ਼ ਨਾਲ ਆਈ ਹੋਈ ਏ।
ਮੈਂਡੀ - ਇਸਨੂੰ ਤਾਂ ਹਾਸਲ ਕਰਨਾ ਹੀ ਪਊ!
ਪ੍ਰਿੰਸ - ਮਾਸੀ ਦੁਆਰਾ ਲੱਭੀ ਲੜਕੀ ਦਾ ਕੀ ਬਣੂ?
ਮੈਂਡੀ - ਤੂੰ ਫਿਕਰ ਨਾ ਕਰ। ਉਹਦੇ ਬਾਰੇ ਵੀ ਸੋਚ ਲਵਾਂਗੇ।
(ਦੋਨੋ ਬਾਹਰ ਚਲੇ ਜਾਂਦੇ ਹਨ। ਮੈਂਡੀ ਦੂਜੇ ਪਾਸਿਓਂ ਅੰਦਰ ਆਉਂਦਾ ਹੈ ਤੇ ਆਪਣੇ ਪਿੰਡ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਮਹਿਸੂਸ ਹੁੰਦਾ ਹੈ। ਪਿੱਛਿਓਂ ਮਾਸੀ ਵੀ ਆ ਜਾਂਦੀ ਏ।)
ਮੈਂਡੀ - (ਖੜ੍ਹਾ ਹੋ ਕੇ ਦੋਵੇਂ ਹੱਥ ਜੋੜ ਕੇ) -- ਮਾਸੀ ਜੀ, ਸਤਿ ਸ਼੍ਰੀ ਅਕਾਲ।
ਮਾਸੀ - ਸਤਿ ਸ਼੍ਰੀ ਅਕਾਲ,ਬੇਟਾ ਖੁਸ਼ੀਆਂ ਭਰਿਆ ਦਿਨ ਆ ਗਿਆ ਕਿਵੇਂ ਰਿਹਾ ਸਫਰ, ਪੁੱਤ?
ਮੈਂਡੀ - ਬਹੁਤ ਵਧੀਆ ਰਿਹਾ । ਵਿਆਹ ਵਧੀਆ ਰਿਹਾ। ਹੋਰ ਤੁਸੀ ਸੁਣਾਓ ?
ਮਾਸੀ - ਅਸੀ ਸਭ ਠੀਕ ਹਾਂ, ਬੇਟੇ। ਕਦੋ ਕੁੜੀ ਦੇਖੀਏ ?
ਮੈਂਡੀ - ਜਦ ਤੁਸੀਂ ਚਾਹੋ।
ਮਾਸੀ - ਮੈਂ ਪਰਸੋਂ ਨੂੰ ਲੜਕੀ ਨੂੰ ਤੇ ਉਸ ਦੇ ਘਰ ਵਾਲਿਆਂ ਨੂੰ ਆਪਣੇ ਘਰ ਸੱਦ ਲਿਆ ਹੈ।
ਮੈਂਡੀ - ਲੁਧਿਆਣੇ?
ਮਾਸੀ - ਤੈਨੂੰ ਪਤਾ ਈ ਏ, ਤੇਰੀ ਮਾਸੀ ਕਿੱਥੇ ਰਹਿੰਦੀ ਏ।
ਮੈਂਡੀ - ਮੈਂ ਤੇ ਮੰਮੀ ਪਰਸਂੋ ਲੁਧਿਆਣੇ ਆ ਜਾਵਾਂਗੇ। ਕਾਰ ਮੈਂ ਖੁਦ ਹੀ ਚਲਾ ਲਿਆਵਾਂਗਾ। ਆਸਟਰੇਲੀਆ ਵਿੱਚ ਵੀ ਤਾਂ ਖੱਬੇ ਹੱਥ ਹੀ ਚਲਾਉਂਦੇ ਹਾਂ। ਇਸ ਲਈ ਪੰਜਾਬ ਵਿੱਚ ਚਲਾਉਣੀ ਔਖੀ ਨਹੀਂ।
ਮਾਸੀ - ਚੰਗਾ ਪੁੱਤ ਧਿਆਨ ਨਾਲ ਚਲਾਇਓ। ਤੈਨੂੰ ਪਤਾ ਹੀ ਏ ਇੱਥੇ ਦੀ ਟਰੈਫਿਕ ਦਾ। ਪਰਸੋਂ ਦੁਪਿਹਰ ਇੱਕ ਵਜੇ ਆ ਜਾਇਓ।
ਮੈਂਡੀ - ਚੰਗਾ ਮਾਸੀ ਜੀ।
(ਦੋਨੋ ਬਾਹਰ ਚਲੇ ਜਾਂਦੇ ਹਨ।ਦੂਜੇ ਪਾਸਿਓਂ ਮੈਂਡੀ ਦੀ ਮਾਂ ਤੇ ਮੈਂਡੀ ਆ ਕੇ ਕੁਰਸੀਆਂ ਤੇ ਬੈਠ ਜਾਂਦੇ ਹਨ। ਲੜਕੀ ਤੇ ਉਸਦੀ ਮਾਂ ਅੰਦਰ ਆਉਂਦੇ ਹਨ।)
ਲੜਕੀ ਰੋਜ਼ੀ ਦੀ ਮਾਂ - ਬੇਟੇ ਕਦੋਂ ਆਏ ਸੀ?
ਮੈਂਡੀ - ਆਂਟੀ ਜੀ, ਹਫਤਾ ਕੁ ਹੋ ਗਿਆ। ਆ ਕੇ ਬਸ ਇੱਕ ਵਿਆਹ ਹੀ ਅਟੈਂਡ ਕੀਤਾ ਏ।
ਮਾਂ - ਬੇਟੇ ਛੁੱਟੀ ਕਿੰਨੀ ਕੁ ਏ?
ਮੈਂਡੀ - ਬਸ ਇੱਕ ਮਹੀਨੇ ਦੀ।
ਮਾਸੀ - ਬੇਟੇ, ਇਹ ਹੈ ਇਹਨਾਂ ਦੀ ਲੜਕੀ ਰੋਜ਼ੀ। ਇਹਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਲਓ।
ਮੈਂਡੀ (ਲੜਕੀ ਨੂੰ) - ਸੁਣਿਆ ਤੁਸੀਂ ਬੀ. ਖਾਮ. ਕੀਤੀ ਹੋਈ ਏ।
ਰੋਜ਼ੀ - ਜੀ ਹਾਂ। ਮੈਂ ਹੁਣੇ ਹੁਣੇ ਬੀ-ਕਾਮ ਕੰਪਲੀਟ ਕੀਤੀ ਏ ।
ਮੈਂਡੀ - ਕੀ ਤੁਸੀਂ ਜਾਣਦੇ ਹੋ ਕਿ ਮੈਲਬੌਰਨ ਜਾ ਕੇ ਤੁਹਾਨੂੰ ਇਸ ਡਿਗਰੀ ਦੇ ਅਧਾਰ ਤੇ ਨੌਕਰੀ ਨਹੀ ਮਿਲਣੀ?
ਰੋਜ਼ੀ - ਮੈਨੂੰ ਪਤਾ ਹੈ ਕਿ ਇੱਧਰ ਦੀਆਂ ਡਿਗਰੀਆਂ ਨੂੰ ਉੱਥੇ ਜਾਬ ਵਾਸਤੇ ਮਾਨਤਾ ਨਹੀਂ ਮਿਲਦੀ। ਇਹਨਾ ਦੇ ਅਧਾਰ ਤੇ ਅੱਗੇ ਪੜ੍ਹਾਈ ਵਿੱਚ ਦਾਖਲਾ ਲਿਆ ਜਾ ਸਕਦਾ ਏ। ਬਾਕੀ ਜੋ ਕੰਮ ਆਮ ਲੋਕ ਕਰਦੇ ਹਨ ਉਹ ਮੈਂ ਵੀ ਕਰ ਸਕਦੀ ਹਾਂ।
ਮੈਂਡੀ - ਕੀ ਝਾੜੂ ਵੀ ਮਾਰ ਸਕਦੇ ਹੋ?
ਰੋਜ਼ੀ - ਜੀ ਹਾਂ। ਮੈਨੂੰ ਪਤਾ ਹੈ ਕਿ ਉਥੇ ਝਾੜੂ ਦਾ ਵੀ ਸਟੈਂਡਰਡ ਏ। ਹੈ ਉੱਥੇ ਵੀ ਸਭ ਕੁੱਝ ਭਾਰਤ ਜਿਹਾ ਪਰ ਇਸ ਸਭ ਕੁੱਝ ਦਾ ਉੱਥੇ ਸਟੈਂਡਰਡ ਉੱਚਾ ਏ।
ਮੈਂਡੀ - ਪੈਸੇ?
ਰੋਜ਼ੀ - ਪੈਸੇ ਤਾਂ ਜਿਆਦਾ ਹੀ ਹਨ।ਵੈਸੇ ਵੀ ਰੁਪਏ ਤੇ ਡਾਲਰ ਦਾ ਬਹੁਤ ਫਰਕ ਏ।
ਮੈਂਡੀ - ਜੇ ਕੱਲ ਨੂੰ ਮੇਰੇ ਮਾਪੇ ਗੇੜਾ ਮਾਰਨ? ਇਹਨਾਂ ਨੂੰ ਝੱਲ ਲਓਗੇ?
ਰੋਜ਼ੀ - ਬਿਲਕੁੱਲ ਝੱਲਾਂਗੀ। ਇੱਥੇ ਵੀ ਵੱਡੇ ਪਰਿਵਾਰ ਵਿੱਚ ਰਹੀ ਹਾਂ।
ਮੈਂਡੀ - ਕੀ ਸ਼ੁਰੂ ਸ਼ੁਰੂ ਵਿੱਚ ਛੋਟੇ ਘਰ ਵਿੱਚ ਰਹਿ ਲਓਗੇ? ਉੱਥੇ ਛੋਟੇ ਘਰਾਂ ਨੂੰ ਯੂਨਿਟਸ ਕਹਿੰਦੇ ਨੇ।
ਰੋਜ਼ੀ - ਕਿਉਂ ਨਹੀ? ਛੋਟੇ ਘਰਾਂ ਵਿੱਚ ਰਹਿਣਾ ਅੋਖਾ ਨਹੀ। ਆਪਦਾ ਸਹਿਯੋਗ ਤੇ ਮਿਲਵਰਤੋਂ ਜ਼ਿਆਦਾ ਜਰੂਰੀ ਹਨ।
(ਮੈਂਡੀ ਦੀ ਮਾਸੀ ਤੇ ਰੋਜ਼ੀ ਦੀ ਮਾਂ ਚਲੇ ਜਾਂਦੇ ਹਨ)
ਮੈਂਡੀ - (ਸੋਚਾਂ ਵਿੱਚ ਇਕੱਲਾ ਹੀ ਸਟੇਜ ਤੇ) ਰੋਜ਼ੀ? ਨਹੀਂ, ਨਹੀਂ! ਦੀਪਤੀ! ਦੀਪਤੀ!! ਠੀਕ ਹੈ। ਸ਼ਾਦੀ ਤਾਂ ਦੀਪਤੀ ਨਾਲ ਹੀ ਕਰਨੀ ਚਾਹੀਦੀ ਏ। ਮਾਸੀ ਨੂੰ ਕਿਵੇਂ ਜਵਾਬ ਦਿਆਂ? ਰੋਜ਼ੀ ਤਾਂ ਨਿਰ੍ਹੀ ਪੇਂਡੂ ਏ! ਦੀਪਤੀ ਪੂਰੀ ਸ਼ਹਿਰਨ! ਕਿੱਥੇ ਦੀਪਤੀ ਤੇ ਕਿੱਥੇ ਰੋਜ਼ੀ !! ਸ਼ਹਿਰੀ ਬੰਦੇ ਉੱਥੇ ਜਲਦੀ ਸੈੱਟ ਹੁੰਦੇ ਨੇ ।----ਜਾਂ ਜ਼ਿਆਦਾ ਪੜ੍ਹੇ ਲਿਖੇ ਕੁਝ ਚੰਗੇ ਕੰਮਾਂ ਵਿੱਚ ਛੇਤੀਂ ਚਲੇ ਜਾਂਦੇ ਨੇ----ਦੀਪਤੀ ਬੀ. ਐਸ. ਸੀ. ਏ, ਉਹ ਸਾਈਂਸ ਟੀਚਰ ਵੀ ਬਣ ਸਕਦੀ ਏ।ਦੀਪਤੀ ਹੀ ਠੀਕ ਏ!!---ਦੋ ਤਿੰਨ ਦਿਨਾਂ ਚ ਅਦਾਲਤੀ ਸ਼ਾਦੀ ਦੀਪਤੀ ਨਾਲ ਕਰ ਲੈਂਦੇ ਹਾਂ--ਆਪਾਂ ਵਾਪਸ ਚਲੇ ਜਾਵਾਂਗੇ--ਉਹ ਛੇ ਕੁ ਮਹੀਨਿਆ ਵਿੱਚ ਮੈਲਬੌਰਨ ਪਹੁੰਚ ਜਾਵੇਗੀ।
(ਮੈਂਡੀ ਦਾ ਦੀਪਤੀ ਨਾਲ ਅਦਾਲਤੀ ਵਿਆਹ ਹੋ ਜਾਂਦਾ ਏ। ਮੈਂਡੀ ਤੇ ਪ੍ਰਿੰਸ ਵਾਪਿਸ ਮੈਲਬੌਰਨ ਚਲੇ ਜਾਂਦੇ ਹਨ। ਮੈਂਡੀ ਅਖਬਾਰ ਤੇ ਨਜ਼ਰ ਮਾਰਦਾ ਹੋਇਆ ਅੰਦਰ ਆਉਂਦਾ ਹੈ)
ਮੈਂਡੀ - (ਆਪਣੇ ਆਪ ਨਾਲ਼) ਰੱਬ ਨੇ ਗੁਣਾ ਤਾਂ ਚੰਗਾ ਪਾ ਦਿੱਤਾ---ਕਾਗਜ਼ੀ ਵਿਆਹ ਵੀ ਚੰਗਾ ਹੋ ਗਿਆ ਸੀ---ਦੇਖੋ ਹੁਣ ਇੱਥੇ ਪਹੁੰਚਣ ਨੂੰ ਕਿੰਨਾ ਸਮਾਂ ਲਗਦਾ ਏ--- ਆਉਂਦੀ ਨੂੰ ਕੀ ਕੰਮ ਦਵਾਇਆ ਜਾ ਸਕਦਾ ਏ--- (ਅਖਬਾਰ ਮੂਹਰੇ ਕਰਕੇ) ਹਾਊਸਕੀਪਿੰਗ (housekeeping)? ਫਾਈਵ ਸਟਾਰ ਹੋਟਲ ਵਿੱਚ ਹਾਊਸਕੀਪਿੰਗ ? ਨਹੀਂ ਨਹੀਂ, ਇਹ ਔਖੀ ਜਾਬ ਏ--ਨਿਰੀ ਨੌਕਰਾਣੀਆਂ ਜਿਹੀ--- ਸਕਿਊਰਿਟੀ, ਨਹੀਂ ਇਹ ਰਾਤਾਂ ਦੀ ਬੇਅਰਾਮੀ ਵਾਲੀ ਜਾਬ ਏ---Woolworth ਜਾਂ Coles ਵਿੱਚ ਫਿਲਿੰਗ---ਹਾਂ ਇਹ ਕੁੱਝ ਠੀਕ ਹਨ----ਦੀਪਤੀ ਕੰਪਿਉਟਰ ਵਿੱਚ ਠੀਕ ਹੈ ਉਹ ਇਹਨਾਂ ਸਟੋਰਾਂ ਵਿੱਚ ਕਾਂਉਟਰ ਤੇ ਸੇਲਜ਼ਪਰਸਨ ਵੀ ਬਣ ਸਕਦੀ ਏ---ਚੰਗੀਆਂ ਵੱਡੀਆਂ ਜਾਬਾਂ ਲਈ ਤਾਂ ਕੋਰਸ ਕਰਨਾ ਪਵੇਗਾ--ਰੇਲਵੇ ਵਿੱਚ ਇੱਕ ਦਮ ਜਾਣਾ ਅੋਖਾ ਏ-----ਰੇਲਵੇ ਵੈਸੇ ਸ਼ਿਫਟ ਵਰਕ ਏ----ਇਹ ਵੀ ਤਾਂ ਔਖਾ ਹੀ ਏ--- ਬਾਅਦ ਵਿੱਚ ਭਾਵੇਂ ਨਰਸ ਬਣ ਜਾਵੇ----- ਓਹ , ਇੱਕ ਹੋਰ ਜਾਬ ਚਾਈਲਡ ਕੇਅਰ---ਇਹ ਠੀਕ ਰਹੂ।
(ਅਖਬਾਰ ਤੇ ਨਜ਼ਰ ਮਾਰਦਾ ਮਾਰਦਾ ਬਾਹਰ ਚਲਾ ਜਾਂਦਾ ਹੈ)
ਮੈਂਡੀ - (ਦੂਜੇ ਦਿਨ ਟੈਕਸੀ ਰੈਂਕ ਤੇ) ---- How are you, Emmenual? Oh, many cabs!! Very quiet today?
ਇਮੈਨੂਅਲ - Fine bro. When did you come from Punjab?
ਮੈਂਡੀ - Last week. Will you please tell me one thing?
ਇਮੈਨੂਅਲ - What do you mean?
ਮੈਂਡੀ - There is a childcare center near your house. Who is the owner?
ਇਮੈਨੂਅਲ - That is private child care center. The owner is Emaad. He is from Lebanon.
ਮੈਂਡੀ - O.K. Do you know him?
ਇਮੈਨੂਅਲ - A little bit. He is a good guy.
ਮੈਂਡੀ - His family? Is he married?
ਇਮੈਨੂਅਲ - Yes, he is married. He has two children.
(ਇਮੈਨੂਅਲ ਤੇ ਮੈਂਡੀ ਬਾਹਰ ਚੱਲੇ ਜਾਂਦੇ ਹਨ।ਮੈਂਡੀ ਦੂਜੇ ਪਾਸਿਓ ਦੀਪਤੀ ਨਾਲ ਗੱਲਾਂ ਕਰਦਾ ਹੋਇਆ ਦਾਖਲ ਹੁੰਦਾ ਏ)
ਮੈਂਡੀ - Deepti dear, I am so serious. ਤੇਰੇ ਪਹੁੰਚਦੇ ਸਾਰ ਹੀ ਮੈਂ ਤੇਰੇ ਲਈ ਚੰਗੇ ਫੀਲਡ ਵਿੱਚ ਚੰਗੀ ਨੋਕਰੀ ਲੱਭ ਦਿੱਤੀ। ਤੂੰ ਕਿੰਨੀ ਖੁਸ਼ਨਸੀਬ ਏਂ ਬਹੁਤਿਆਂ ਨੂੰ ਤਾਂ ਕਿੰਨਾਂ ਸਮਾਂ ਪਤਾ ਹੀ ਨੀ ਲੱਗਦਾ ਕਿ ਕਿਸ ਫੀਲਡ ਵਿੱਚ ਕੰਮ ਮਿਲੂ।
ਦੀਪਤੀ - ਓਹ, ਰੀਅਲੀ?
ਮੈਂਡੀ - ਯੈੱਸ, ਮੈਨੂੰ ਪਤਾ ਸੀ ਕਿ ਤੂੰ ਕੁੱਝ ਦਿਨਾਂ ਵਿੱਚ ਮੈਲਬੌਰਨ ਪਹੁੰਚ ਹੀ ਜਾਵੇਂਗੀ।
ਪਹਿਲਾਂ ਚਾਈਲਡ ਕੇਅਰ ਦਾ ਕੋਰਸ ਕਰ ਲੈ।ਇਹ ਸਿਰਫ 12 ਕੁ ਹਫਤਿਆਂ ਦਾ ਏ।ਨਾਲ਼ੇ ਇੰਨੇ ਚਿਰ ਵਿੱਚ ਤੈਨੂੰ ਕਾਰ ਚਲਾਉਣੀ ਵੀ ਆ ਜਾਊ।ਇਸ ਦੇਸ਼ ਵਿੱਚ ਤਿੰਨ ਸੀਆਂ (Three c's) ਜਰੂਰੀ ਹਨ।
ਦੀਪਤੀ - Three c's? ਇਸ ਦਾ ਕੀ ਮਤਲਬ?
ਮੈਂਡੀ - Car, Computer and Communication ਇੱਥੇ ਇਹਨਾਂ ਤਿੰਨਾਂ ਬਗੈਰ ਗੁਜ਼ਾਰਾ ਨਹੀ।ਕੰਪਿਊਟਰ ਤੈਨੂੰ ਕੁੱਝ ਆਉਂਦਾ ਹੀ ਏ।ਕਾਰ ਸਿੱਖਣੀ ਪਊ ਤੇ ਗੱਲਬਾਤ ਇੱਥੋਂ ਦੇ ਲਹਿਜੇ ਮੁਤਾਬਕ ਢਾਲਣੀ ਵੀ ਪਊ ਤੇ ਸਮਝਣੀ ਵੀ ਪਊ। ਕਾਰ ਸਿੱਖਣ ਦੇ 10 ਕੁ ਲੈਸਨ ਲੈ ਲਵੇਂ ਤਾਂ ਚੰਗਾ ਏ।
ਦੀਪਤੀ - ਓਕੇ ਡਾਰਲਿੰਗ।
(ਦੋਨੋ ਬਾਹਰ ਚਲੇ ਜਾਂਦੇ ਹਨ। ਮੈਂਡੀ ਦੂਜੇ ਪਾਸਿਓ ਇਕ ਦਮ ਕੰਨ ਨੂੰ ਫੋਨ ਲਗਾਉਦੇ ਹੋਏ ਅੰਦਰ ਆਉਂਦਾ ਏ)
ਪ੍ਰਿੰਸ - (ਸਟੇਜ ਦੇ ਪਿੱਛਿਓ) ਹੈਲੋ?
ਮੈਂਡੀ - ਹੈਲੋ, ਪ੍ਰਿੰਸ?
ਪ੍ਰਿੰਸ - ਕੀ ਹਾਲ ਏ, ਦੋਸਤਾ ਹੁਣ ਫੂਨ ਕਰਨਾ ਹੀ ਬੰਦ ਕਰਤਾ। ਨਵੇਂ ਨਵੇਂ ਵਿਆਹ ਦੇ ਚਾਅ ਵਿੱਚ ਹੀ ਗੁਆਚ ਗਿਆ।ਹੋਰ ਭਰਜਾਈ ਕਿਵੇਂ ਹੈ? ਲ਼ਗਦਾ, ਖੂਬ ਸੈਰ ਸਪਾਟੇ ਕਰਦੇ ਹੋਵੋਗੇ। ਟੈਕਸੀ ਤਾਂ ਤੂੰ ਹੁਣ ਕੁੱਝ ਦਿਨਾਂ ਲਈ ਛੱਡੀ ਹੋਈ ਏ।ਕਿੱਥੇ ਕਿੱਥੇ ਗਏ ?
ਮੈਂਡੀ - ਟੈਕਸੀ ਹਫਤੇ ਕੁ ਲਈ ਹੀ ਛੱਡੀ ਏ। ਕੰਮ ਕੀਤੇ ਬਗੈਰ ਕਿੱਥੇ ਸਰਦਾ? ਪਹਿਲਾਂ ਪੰਜਾਬ ਜਾਣ ਤੇ ਖਰਚਾ ਆ ਗਿਆ ਸੀ। ਫਿਰ ਪੰਜਾਬ ਮਹੀਨਾਂ ਫਿਰਨ ਤੁਰਨ ਤੇ ਖਰਚਾ ਆ ਗਿਆ। ਸਾਰੇ ਰਿਸ਼ਤੇਦਾਰ ਵੀ ਕੁੱਝ ਨਾ ਕੁੱਝ ਆਸ ਰੱਖਦੇ ਹੀ ਹੁੰਦੇ ਨੇ।ਫਿਰ ਦੀਪਤੀ ਦੇ ਮੈਲਬੌਰਨ ਆਉਣ ਦਾ ਖਰਚਾ ਵੀ ਮੈਨੂੰ ਕਰਨਾ ਪਿਆ। ਪੈਸੇ ਵਲੋਂ ਤਾਂ ਯਾਰ ਟੁੱਟੇ ਪਏ ਹਾਂ।
ਪ੍ਰਿੰਸ - ਮਿੱਤਰਾ ਸੋਹਣੀ ਚੀਜ ਨੂੰ ਵੀ ਤੂੰ ਹੀ ਟੁੱਟ ਕੇ ਪਿਆ ਏ। ਜੇ ਕਿਸੇ ਲੋੜ ਬੰਦ ਥਾਂ ਤੇ ਵਿਆਹ ਕਰ ਲੈਂਦਾ ਤਾਂ ਕੁੜੀ ਵਾਲਿਆ ਨੇ ਵੀ ਕੁੱਝ ਪੈਸੇ ਖਰਚ ਕਰਨ ਲਈ ਅਰਾਮ ਨਾਲ ਮੰਨ ਜਾਣਾ ਸੀ। ਹੁਣ ਤੂੰ ਟੁੱਟ ਕੇ ਪਿਆ ਏ। ਅਗਲੇ ਖਰਚ ਤੋਂ ਹੱਥ ਖਿੱਚਣ ਲੱਗ ਪਏ। ਉਖਲੀ 'ਚ ਸਿਰ ਤਾਂ ਦੇ ਹੀ ਦਿੱਤਾ, ਹੁਣ ਮੋਹਲ਼ਿਆਂ ਤੋਂ ਨਹੀ ਡਰਨਾ ਚਾਹੀਦਾ ।ਚਾਰ ਦਿਨ ਘੁੰਮ ਫਿਰ ਕੇ ਕੰਮ ਤੇ ਜੁਟ ਜਾਹ। ਘਰਵਾਲੀ ਨੂੰ ਡਰਾਈਵਿੰਗ ਦੇ ਕੁੱਝ ਲੈਸਨ ਦੁਆ ਦੇਹ ਤੇ ਫਿਰ ਚਾਈਲਡ ਕੇਅਰ ਦਾ ਛੋਟਾ ਜਿਹਾ ਕੋਰਸ ਕਰਵਾ ਦੇਹ। ਸਭ ਠੀਕ ਹੋ ਜੂ।
ਮੈਂਡੀ - ਡਰਾਇਵਿੰਗ ਦਾ ਲਾਇਸੈਂਸ ਤਾਂ ਉਹਨੇ ਲੈ ਵੀ ਲਿਆ। ਉਹ ਬੜੀ ਤੇਜ ਏ। ਚਾਈਲਡ ਕੇਅਰ ਦਾ ਕੋਰਸ ਕਰ ਰਹੀ ਏ। ਮੈਂ ਚਾਈਲਡ ਕੇਅਰ ਸੈਂਟਰ ਵੀ ਲੱਭ ਲਿਆ ਏ। ਬੱਸ ਦੋ ਮਹੀਨੇ ਤੱਕ ਉਸ ਦੀ ਨਿਯੁਕਤੀ ਉੱਥੇ ਹੋ ਜਾਵੇਗੀ।
ਪ੍ਰਿੰਸ (ਪਿੱਛਿਓਂ ਹੀ) - ਕਮਾਲ ਕਰਤੀ ਯਾਰ। ਐਨੀ ਜਲਦੀ ਇੱਥੇ ਚੰਗੇ ਕੰਮ ਕਿੱਥੇ ਮਿਲਦੇ ਨੇ। ਤੇਰੀ ਵਾਈਫ ਸੱਚ ਮੁੱਚ ਬੜੀ ਤੇਜ਼ ਤਰਾਰ ਏ।
(ਪ੍ਰਿੰਸ ਫੋਨ ਤੇ ਚੁੱਪ ਕਰ ਜਾਂਦਾ ਏ ਮੈਂਡੀ ਇੱਕਲਾ ਹੀ ਬੋਲੀ ਜਾਂਦਾ ਏ। ਇਨੇ ਚਿਰ ਵਿੱਚ ਦੀਪਤੀ ਦਾਖਲ ਹੋ ਜਾਂਦੀ ਏ)
ਦੀਪਤੀ - ਫੋਨ ਵਿੱਚ ਗੁਆਚੇ ਹੋਏ ਹੋ। ਹੁਣ ਫੋਨ ਕਾਹਦੇ ?ਕੰਮ ਤਾਂ ਬਣ ਹੀ ਗਿਆ ਏ।ਮੇਰਾ ਤਾਂ ਚਾਈਲਡ ਕੇਅਰ ਵਿੱਚ ਪਹਿਲਾ ਦਿਨ ਬੜਾ ਚੰਗਾ ਰਿਹਾ।
ਮੈਂਡੀ - ਮੈਂ ਪ੍ਰਿੰਸ ਨੂੰ ਦੱਸ ਰਿਹਾ ਸੀ ਕਿ ਤੂੰ ਡਰਾਈਵਰਜ਼ ਲਾਈਸੰਸ ਵੀ ਲੈ ਲਿਆ ਤੇ ਕੋਰਸ ਕਰਕੇ ਚਾਈਲਡ ਕੇਅਰ ਵੀ ਜਾਇਨ ਕਰ ਲਿਆ। ਕਿਵੇਂ ਰਿਹਾ? ਕੋਈ ਹੋਰ ਗੱਲ? ਕਿੰਨੀਆ ਕੁ ਵਰਕਰਜ਼ ਹਨ?
ਦੀਪਤੀ - ਸੈਂਟਰ ਬਹੁਤਾ ਵੱਡਾ ਨਹੀ। ਫਿਰ ਵੀ ਅਸੀ 12 ਕੁ ਵਰਕਰ ਤਾਂ ਹਾਂ ਹੀ।ਪ੍ਰਾਈਵੇਟ ਏ। ਮਾਲਕ ਈਮਾਦ ਬੜਾ ਚੰਗਾ ਏ।ਆਓ ਹੁਣ ਚਾਹ ਪੀਂਦੇ ਹਾਂ
(ਦੋਨੋ ਬਾਹਰ ਚਲੇ ਜਾਂਦੇ ਹਨ)
(ਚਾਈਲਡ ਕੇਅਰ ਸੈਂਟਰ ਦਾ ਇੱਕ ਦ੍ਰਿਸ਼। ਈਮਾਦ ਕੁਰਸੀ ਤੇ ਬੈਠਾ ਹੈ। ਚਾਈਲਡ ਕੇਅਰ ਦਰਸਾਉਂਦਾ ਕੋਈ ਹੋਰ ਨਿਸ਼ਾਨ ਦਿਖਾਉਣਾ ਹੈ ਤਾਂ ਨਿਰਦੇਸ਼ਕ ਆਪਣੀ ਸਮਝ ਮੁਤਾਬਕ ਦਿਖਾ ਸਕਦਾ ਹੈ।)
ਈਮਾਦ - (ਦਫਤਰ ਵਿੱਚੋਂ ਬਾਹਰ ਆ ਕੇ ਦੀਪਤੀ ਨੂੰ ਬੁਲਾਉਂਦਾ ਹੋਇਆ) ਦੀਪਤੀ, You are really good. I am satisfied with your work. Your behaviour with children is really nice. Keep it up. Your work shows that you will surely get promotion very soon.
ਦੀਪਤੀ - Thanks, Emaad! May I go now?
ਈਮਾਦ - Oh, no. I will share a cup of coffee with you.
(ਈਮਾਦ ਖੁਦ ਹੀ ਉੱਠ ਕੇ ਕਾਫੀ ਮਸ਼ੀਨ ਚੋਂ ਕਾਫੀ ਬਣਾ ਕੇ ਮੇਜ ਤੇ ਰੱਖ ਦਿੰਦਾ ਏ)
Have it. Please.
ਦੀਪਤੀ - Thanks, Emaad. You are taking extra pains for me.
ਈਮਾਦ - Oh, no. It is my pleasure Now you can go and look after your room. (ਦੀਪਤੀ ਚਲੀ ਜਾਂਦੀ ਏ)
(ਈਮਾਦ ਇੱਕਲਾ ਹੀ)
Really beautiful! Indian beauty!! How can I capture her? She is newly married! They say her hubby is a cab driver. She needs time but he remains over busy in cab driving. He hankers after money---------
(ਇਵੇਂ ਬੋਲਦਾ ਬਾਹਰ ਚਲਾ ਜਾਂਦਾ ਏ)
(ਦੁਜੇ ਪਾਸਿਓ ਮੈਂਡੀ ਦਾਖਲ ਹੁੰਦਾ ਏ)
ਮੈਂਡੀ - ਦੀਪਤੀ! ਦੀਪਤੀ!! ਦੀਪਤੀ!!! ਕੁੱਝ ਖਾਣ ਲਈ ਹੈ? ਮੈਂ ਤਾਂ ਅੱਜ ਬਾਹਰ ਵੀ ਕੁੱਝ ਨੀ ਖਾ ਸਕਿਆ। ਤੜਕਾ ਹੋ ਗਿਆ। ਲੰਬੀਆ ਜਾਬਾਂ ਮਿਲ਼ ਗਈਆਂ। ਉੱਠ ਵੀ। ਕੁੱਝ ਖਾਣ ਨੂੰ ਦੇਹ! ਕੁੱਝ ਖਾਣ ਨੂੰ ਦੇਹ!! ਮਰ ਗਏ ਭੁੱਖੇ!!!
ਦੀਪਤੀ (ਘੂਕ ਸੁੱਤੀ ਪਈ) - ਕਿਉਂ ਡਿਸਟਰਬ ਕਰੀ ਜਾਂਦੇ ਹੋ? ਨਾ ਆਪ ਸੌਣਾ ਨਾ ਕਿਸੇ ਨੂੰ ਸੌਣ ਦੇਣਾ। ਕਿਚਨ 'ਚ ਜਾਓ। ਜੋ ਮਿਲਦਾ ਏ ਖਾ ਲਓ। ਮੈਨੂੰ ਤੰਗ ਨਾ ਕਰੋ। ਕੀ ਖੱਟਿਆ ਅਸਟਰੇਲੀਆ ਵਿਆਹ ਕਰਵਾ ਕੇ। ਕੰਮ ਹੀ ਕੰਮ। ਕੰਮ ਹੀ ਕੰਮ। ਹਰ ਵੇਲੇ ਕੰਮ ਹੀ ਕੰਮ।
(ਕਹਿੰਦੀ ਬਾਹਰ ਚਲੀ ਜਾਂਦੀ ਹੈ)
(ਮੈਂਡੀ ਦੁਖੀ ਹੋ ਕੇ ------- ਫਰਿੱਜ ਖੋਲਣ ਦਾ ਅਭਿਨੈ ਕਰਦਾ ਹੈ। ਫਰਿੱਜ ਵਿੱਚ ਨੂੰ ਦੇਖੀ ਜਾਂਦਾ ਹੈ। ਮੂੰਹੋਂ ਸ਼ਬਦ 'ਬਰੈੱਡ' ਬੋਲਦਾ ਹੈ। ਫਿਰ 'ਬਰੈਡ' ਨੂੰ ਮਾਈਕਰੋ 'ਚ ਸੇਕਣ ਦਾ ਅਭਿਨੈ ਕਰਦਾ ਹੈ। ਸਲਾਦ ਕੱਟ ਕੇ ਜੈਮ ਲਗਾਉਣ ਦਾ ਅਭਿਨੈ ਕਰਦਾ ਹੈ।)
(ਪਿੱਛਿਓਂ ਬਿੱਟੂ ਤਲਵੰਡੀ ਵਾਲ਼ੇ ਦੀਆਂ ਇਹ ਸਤਰਾਂ ਧੀਵੀਂ ਗਾਇਕੀ ਦੇ ਰੂਪ ਵਿੱਚ ਗੂੰਜਦੀਆਂ ਹਨ:-
ਐਵੇਂ ਸ਼ਿਫਟਾਂ ਡਬਲ ਰਿਹਾ ਮੈਂ ਲਾਉਂਦਾ
ਜਿਹਦੇ ਲਈ ਰਾਤਾਂ ਝਾਕ ਝਾਕ ਕੇ!
ਦਿਲ ਤੋੜ ਗਈ, ਹਾਏ, ਉਹ ਪਲਾਂ ਵਿੱਚ ਮੇਰਾ
'ਨਹੀਂ ਰਹਿਣਾ ਤੇਰੇ ਨਾਲ਼' ਆਖ ਕੇ!
ਬੜੀ ਰੀਝ ਨਾ, ਹਾਏ, ਬਣਾਇਆ ਸੀ ਜੋ ਆਲ੍ਹਣਾ,
ਉੱਡ ਗਿਆ ਉਹ ਤੀਲਾ ਤੀਲਾ ਕਰਕੇ!
ਮੰਝਧਾਰ ਵਿੱਚ ਛੱਡ ਮੈਨੂੰ ਕੱਲਾ, ਛੱਡ ਡੁੱਬਦੇ ਨੂੰ ਲਗ ਗਈ ਕਿਨਾਰੇ
ਕਿਸ਼ਤੀ ਗੈਰਾਂ ਦੀ ਚੜ੍ਹ ਕੇ, ਹਾਏ, ਕਿਸ਼ਤੀ ਗੈਰਾਂ ਦੀ ਚੜ੍ਹ ਕੇ!
ਰਹਿਣਾ ਪਏ ਭਾਵੇਂ ਕੱਲਮ ਕੱਲਾ, ਮਾੜਾ ਜੋਟੀਦਾਰ ਨਾ ਮਿਲ਼ੇ!
ਰੋਟੀ ਮਿਲ਼ੇ ਨਾ ਮਿਲ਼ੇ ਕਿਸੇ ਨੂੰ ਰੱਜਵੀਂ
ਧੋਖੇਬਾਜ ਯਾਰ ਨਾ ਮਿਲ਼ੇ, ਹਾਏ, ਥੋਖੇਬਾਜ ਯਾਰ ਨਾ ਮਿਲ਼ੇ!!
ਜਨਾਨੀਆਂ ਵੀ ਬੜੀਆ ਘਟੀਆ ਹੁੰਦੀਆ ਨੇ----ਥੋੜ੍ਹੀ ਵੀ ਤਕਲੀਫ ਵੀ ਨਹੀ ਝੱਲਦੀਆ----ਇਹ ਤਾਂ ਪੰਜਾਬ ਤੋਂ ਆਉਂਦੀ ਦੁਖੀ ਰਹਿਣ ਲੱਗ ਪਈ---ਅੱਗੇ ਕੀ ਬਣੂ?
(ਇਵੇਂ ਕਹਿੰਦਾ ਹੋਇਆ ਮੈਂਡੀ ਬਾਹਰ ਚਲਾ ਜਾਂਦਾ ਏ)
(ਚਾਈਲਡ ਕੇਅਰ ਸੈਂਟਰ ਦਾ ਦ੍ਰਿਸ਼)
(ਈਮਾਦ ਆ ਕੇ ਦਫਤਰ ਵਿੱਚ ਬੈਠਦਾ ਏ ਦੀਪਤੀ ਈਮਾਦ ਦਾ ਚੈਨ ਲੁੱਟ ਚੁੱਕੀ ਏ। ਉਹ ਆਪਣੀ ਘਰਵਾਲ਼ੀ ਤੋਂ ਤਲਾਕ ਲੈ ਚੁੱਕਾ ਏ ਇਕੱਲਾ ਹੀ ਨਾਲ ਲਗਦੇ ਕੁਆਟਰ ਵਿੱਚ ਰਹਿੰਦਾ ਏ)
ਈਮਾਦ- (ਦੀਪਤੀ ਦੇ ਕਮਰੇ ਦਾ ਬਟਨ ਦਬਾਉਂਦਾ ਹੋਇਆ। ਦੀਪਤੀ ਹਾਜ਼ਰ ਹੋ ਜਾਂਦੀ ਹੈ) Come on please, be comfortable.
(ਦੀਪਤੀ ਬੈਠ ਜਾਂਦੀ ਏ)
How do you feel here? Any complaint from my workers? I came to know you need extra hours. Do you?
ਦੀਪਤੀ - Yes, I can work extra hours, Emaad. We need money for buying house.
ਈਮਾਦ - No worries. I will give you extra hours. I will prepare coffee for you. You are so much regular. You are nice too.
ਦੀਪਤੀ - Why you take trouble for me? If you do prepare then why only for me? Do it for yourself too.
ਈਮਾਦ - Not for me because I have taken little bit wine. Would you like to taste wine? If yes, then you are welcome to my adjoining quarter. It is almost the closing time of child care centre.
ਦੀਪਤੀ - Oh sure.
(ਦੋਨੋ ਉੱਠ ਕੇ ਸਟੇਜ ਤੋਂ ਬਾਹਰ ਜਾ ਕੇ ਪਿਛਲੇ ਪਾਸਿਓਂ ਘੁੰਮ ਕੇ ਆ ਕੇ ਫੇਰ ਬੈਠ ਜਾਂਦੇ ਹਨ।)
(ਪਿੱਛਿਓਂ ਆਉਂਦਾ ਹੋਇਆ ਈਮਾਦ ਵਾਈਨ ਦੀਆਂ ਦੋ ਗਲਾਸੀਆਂ ਲੈ ਆਉਂਦਾ ਹੈ।)
ਇੱਕ ਗਲਾਸੀ ਦੀਪਤੀ ਨੂੰ ਦਿੰਦਾ ਏ। ਦੋਨੋ ਗਲਾਸੀਆਂ ਟਕਰਾਉਂਦੇ ਹਨ।ਦੀਪਤੀ ਘੁੱਟ ਭਰਦੀ ਏ)
ਦੀਪਤੀ - Very tasty, Emaad. Wonderful!
ਈਮਾਦ - Drink it. One scooner more?
ਦੀਪਤੀ - ਓ.ਕੇ
ਈਮਾਦ - You are really very nice
ਦੀਪਤੀ - Thanks, Emaad
ਈਮਾਦ - I really like you, Deepti, how is your husband?
ਦੀਪਤੀ - He is bullshit. Drives taxi all night. He has no understanding of married life. Money! Money!! Money!!!
ਈਮਾਦ - Come on baby.
(ਦੀਪਤੀ ਈਮਾਦ ਤੇ ਪਾਣੀ ਵਾਂਗ ਡੁੱਲ ਪੈਂਦੀ ਏ। ਦੋਨਾ ਦੀ ਥੋੜ੍ਹੀ ਜਿਹੀ ਜੱਫੀ ਦਿਖਾਈ ਜਾ ਸਕਦੀ ਹੈ।)
ਦੀਪਤੀ (ਸੋਚਾਂ ਵਿੱਚ) - ਭਲਾ ਘਰ ਹੋਵੇ ਵਸਣ ਨੂੰ ਤੇ ਮਰਦ ਹੋਵੇ ਹੱਸਣ ਨੂੰ - ਸੁਆਣੀ ਨੂੰ ਹੋਰ ਕੀ ਚਾਹੀਦਾ ਏ? ਕੁੱਝ ਸਮੇਂ ਬਾਅਦ ਉਸ ਦਾ ਨਸ਼ਾ ਉੱਤਰਦਾ ਏ। ਫਿਰ ਉਹ ਈਮਾਦ ਤੋਂ ਛੁੱਟੀ ਲੈ ਕੇ ਘਰ ਚੱਲੀ ਜਾਂਦੀ ਏ ਭਾਵ ਸਟੇਜ ਦੇ ਪਿੱਛੇ ਜਾ ਕੇ ਦੂਜੇ ਪਾਸਿਓਂ ਫਿਰ ਅੰਦਰ ਆਉਂਦੀ ਏ। ਉਸੇ ਸਮੇਂ ਦੂਜੇ ਪਾਸਿਓਂ ਮੈਂਡੀ ਅੰਦਰ ਆਉਂਦਾ ਹੈ।)
ਮੈਂਡੀ - (ਰਾਤ ਨੂੰ ਦੋ ਵਜੇ ਪਹੁੰਚ ਕੇ) ਦੀਪਤੀ।ਦੀਪਤੀ।ਅੱਜ ਬੜੀ ਜਲਦੀ ਸਂੌ ਗਈ? ਮੈਂ ਤਾਂ ਅੱਗੇ ਨਾਲੋਂ ਪਹਿਲਾਂ ਆ ਗਿਆ ਹਾਂ। ਅੱਗੇ ਤਾਂ ਮੈਂਨੂੰ ਤੜਕੇ ਦੇ ਤਿੰਨ ਵੱਜ ਜਾਇਆ ਕਰਦੇ ਸਨ।ਉੱਠ! ਕੁੱਝ ਖਾਣ ਨੂੰ ਹੀ ਦੇ ਦੇਹ।
ਦੀਪਤੀ (ਅੰਗੜਾਈ ਲੈਂਦੀ ਹੋਈ) - ਅਰਾਮ ਨਾਲ ਸੌਂ ਜਾਓ। ਮੈਨੂੰ ਨਾ ਜਗਾਓ! ਮੈਂ ਕੰੰਮ ਤੋਂ ਥੱਕੀ ਹੋਈ ਆਈ ਸੀ। ਬੱਚੇ ਮੱਤ ਮਾਰ ਲੈਂਦੇ ਨੇ।
(ਮੈਂਡੀ ਦੁਖੀ ਹਾਲਤ ਵਿੱਚ ਸੌਂ ਜਾਂਦਾ ਏ। ਪਰਦਾ ਬੰਦ ਹੋ ਕੇ ਖੁੱਲਦਾ ਏ। ਮੈਂਡੀ ਤੇ ਦੀਪਤੀ ਸਵੇਰ ਵੇਲੇ ਇੱਕਠੇ ਦਿੱਖਦੇ ਹਨ)
ਮੈਂਡੀ - ਮੈਂ ਰਾਤੀ ਭੁੱਖਣ ਭਾਣਾ ਸੌਂ ਗਿਆ। ਤੈਨੂੰ ਕੀ ਹੋ ਗਿਆ? ਤੂੰ ਮੇਰੇ ਵੱਲ ਜ਼ਰ੍ਹਾ ਵੀ ਧਿਆਨ ਨਹੀਂ ਦਿੰਦੀ। ਤੈਨੂੰ ਪਤਾ ਏ ਸਾਡੇ ਸਿਰ ਘਰ ਦਾ ਕਿੰਨਾਂ ਕਰਜ਼ਾ ਏ। ਜੇ ਵਾਧੂ ਕੰਮ ਕਰਾਂਗੇ ਤਾਂ ਹੀ ਉਹ ਕਰਜ਼ਾ ਸਿਰੋਂ ਲੱਥੂਗਾ। ਤੈਨੂੰ ਹੋ ਕੀ ਗਿਆ ਏ? ਤੂੰ ਚੰਗੀ ਭਲੀ ਹੁੰਦੀ ਸੀ?
(ਦੀਪਤੀ ਵਿੱਚ ਹੀ ਕੜਕ ਕੇ ਬੋਲ ਪੈਂਦੀ ਹੈ)
ਦੀਪਤੀ - ਮੈਨੂੰ ਘਰ ਦੇ ਅੱਧੇ ਪੈਸੇ ਦੇ ਦੇਹ। ਮੈਂ ਅਲੱਗ ਰਹਿਣਾ ਚਾਹੁੰਦੀ ਹਾਂ।ਜੇ ਨਹੀਂ ਦਿੰਦਾ ਤਾਂ ਮੈਂ ਅਦਾਲਤ ਵਿੱਚ ਜਾ ਕੇ ਅੱਧੇ ਤੋਂ ਵੀ ਵੱਧ ਲੈ ਲਵਾਂਗੀ ਕਿਉਂਕਿ ਮੈਂ ਪਰੈਗਨੈਂਟ ਹਾਂ। ਮੈਂ ਘਰ ਵੇਚ ਦੇਵਾਂਗੀ ਤੇ ਅੱਧੀ ਇਕੂਇਟੀ ਤੁਹਾਨੂੰ ਦੇ ਦੇਵਾਂਗੀ।ਜਿੱਥੇ ਮਰਜੀ ਦਫਾ ਹੋ ਜਾਹ।
(ਮੈਂਡੀ ਦੇ ਪੈਰਾਂ ਥੱਲਿਓ ਜਮੀਨ ਨਿੱਕਲ ਜਾਂਦੀ ਹੈ। ਪੂਰਾ ਭੇਤ ਉਦੋਂ ਖੁੱਲ ਜਾਂਦਾ ਹੈ ਜਦ ਦੀਪਤੀ ਚਾਈਲਡ ਕੇਅਰ ਸੈਂਟਰ ਤੋਂ ਘਰ ਆਉਣਾ ਹੀ ਬੰਦ ਕਰ ਦਿੰਦੀ ਹੈ)
(ਦੋਨੋ ਬਾਹਰ ਚਲੇ ਜਾਂਦੇ ਹਨ)
(ਦੂਜੇ ਪਾਸਿਓ ਈਮਾਦ ਤੇ ਦੀਪਤੀ ਦੋਨੋ ਦਾਖਲ ਹੁੰਦੇ ਹਨ)
ਦੀਪਤੀ - Now we are free, Emaad! We can live the way we like.
ਈਮਾਦ - What a wonderful life! We will live together and run the child care more comfortably.
ਦੀਪਤੀ - Hell with Mandy I have at last got a husband of my liking! I have got husband of my liking!!
(ਪਰਦਾ ਗਿਰਦਾ ਹੈ)
ਮੰਗਵੇਂ ਕੋਟ ਦਾ ਨਿੱਘ : ਕਹਾਣੀ - ਅਵਤਾਰ ਐਸ.ਸੰਘਾ
ਰਿੰਪੀ ਦੇ ਪਿਓ ਦੀ ਹੁਣ ਤੱਕ ਮੌਤ ਹੋ ਗਈ ਸੀ। ਇਸ ਮੌਤ ਤੋਂ ਬਾਅਦ ਮਾਂ ਧੀ ਹੋਰ ਵੀ ਜ਼ਿਆਦਾ ਆਜ਼ਾਦ ਮਹਿਸੂਸ ਕਰਨ ਲੱਗ ਗਈਆਂ ਸਨ। ਇੱਕ ਦਿਨ ਉਸ ਨੇ ਉਸੇ ਮਾਈ ਨੂੰ ਫੋਨ ਕੀਤਾ, ਜਿਹੜੀ ਕੈਨੇਡਾ ਤੋਂ ਆਉਂਦੀ ਹੋਈ ਨੂੰ ਉਸ ਨੂੰ ਰਸਤੇ ਵਿੱਚ ਮਿਲੀ ਸੀ ਤੇ ਉਸ ਨੇ ਉਸ ਨਾਲ ਦਿੱਲੀ ਤੱਕ ਆਉਂਦੇ ਬੜੀਆਂ ਗੱਲਾਂ ਮਾਰੀਆਂ ਸਨ।
—ਮਾਂ ਜੀ, ਮੈਂ ਰਿੰਪੀ ਬੋਲ ਰਹੀ ਹਾਂ।
—ਰਿੰਪੀ?
— ਹਾਂ ਰਿੰਪੀ, ਤੁਸੀਂ ਮੈਨੂੰ ਭੁੱਲ ਵੀ ਗਏ? ਮੈਂ ਤੁਹਾਡੇ ਨਾਲ ਸਿੰਗਾਪੁਰ ਤੋਂ ਜਹਾਜ਼ ਵਿੱਚ ਗੱਲਾਂ ਮਾਰਦੀ ਆਈ ਸੀ।
— ਕੁੜੇ, ਸਤਿ ਸ੍ਰੀ ਅਕਾਲ। ਮੈਂ ਹੁਣ ਤੇਰੀ ਆਵਾਜ਼ ਪਹਿਚਾਣੀ ਏ। ਕੁੜੇ ਤੂੰ ਤਾਂ ਆਪਣੀ ਹੀ ਕੁੜੀ ਏਂ। ਹੋਰ ਭੈਣ ਜੀ ਦਾ ਕੀ ਹਾਲ ਏ?
— ਉਹ ਠੀਕ ਨੇ।
— ਕੁੜੇ, ਤੂੰ ਵਾਪਿਸ ਆਸਟ੍ਰੇਲੀਆ ਨਹੀਂ ਗਈ?
— ਮੈਂ ਇੱਕ ਵਾਰ ਜਾ ਆਈ ਹਾਂ। ਛੇਆਂ ਮਹੀਨਿਆਂ ਵਿੱਚ ਹੀ ਮੈਨੂੰ ਵਾਪਿਸ ਆਉਣਾ ਪੈ ਗਿਆ।
— ਕੁੜੇ, ਤੂੰ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਸੀ ਜਾਂ ਨਹੀਂ?
— ਮਾਂ ਜੀ, ਅਸੀਂ ਤਾਂ ਇੱਕ ਮਹੀਨੇ ਵਿੱਚ ਹੀ ਤਲਾਕ ਲੈ ਲਿਆ ਸੀ। ਉਹਦੇ ਚਾਲੇ ਚੰਗੇ ਨਹੀਂ ਸਨ। ਮੈਂ ਤੁਹਾਨੂੰ ਜਹਾਜ਼ ਵਿੱਚ ਸਾਰਾ ਕੁੱਝ ਦੱਸਿਆ ਹੀ ਸੀ। ਉਹ ਖ਼ੁਦ ਵੀ ਮੈਥੋਂ ਪਰ੍ਹੇ ਹੋ ਜਾਣਾ ਚਾਹੁੰਦਾ ਸੀ। ਮੈਨੂੰ ਇਹ ਲਾਭ ਹੋ ਗਿਆ ਕਿ ਮੈਂ ਉਸ ਦੇ ਸਿਰ ‘ਤੇ ਪੱਕੀ ਹੋ ਗਈ।
— ਕੁੜੇ, ਹੁਣ ਫਿਰ ਸਾਡਾ ਕੰਮ ਹੀ ਕਰ ਦੇਹ। ਹੁਣ ਤਾਂ ਤੂੰ ਵਿਹਲੀ ਏਂ। ਮੇਰੀ ਭੈਣ ਦਾ ਲੜਕਾ ਕਰਮਜੀਤ ਆਸਟ੍ਰੇਲੀਆ ਜਾਣ ਲਈ ਤੜਫਿਆ ਪਿਆ ਏ। ਪੁੱਤ, ਉਹਨੂੰ ਕਿਸੇ ਤਰ੍ਹਾਂ ਸੈੱਟ ਕਰ ਦੇਹ। ਅਸੀਂ ਤੈਨੂੰ ਮੂੰਹ ਮੰਗੇ ਪੈਸੇ ਦੇਵਾਂਗੇ।
— ਚੰਗਾ ਮਾਂ ਜੀ, ਮੈਂ ਤੁਹਾਨੂੰ ਸੋਚ ਵਿਚਾਰ ਕਰਕੇ ਇੱਕ ਦੋ ਦਿਨ ਵਿੱਚ ਫੋਨ ਕਰਾਂਗੀ।
— ਚੰਗਾ ਬੇਟਾ, ਤੂੰ ਸਾਡਾ ਕੰਮ ਕਰਨਾ ਹੀ ਕਰਨਾ ਏ। ਮੈਨੂੰ ਪਤਾ ਏ, ਤੂੰ ਸਾਡਾ ਕੰਮ ਆਰਾਮ ਨਾਲ ਕਰ ਸਕਦੀ ਏਂ।
ਰਿੰਪੀ ਨੇ ਫੋਨ ਬੰਦ ਕਰ ਦਿੱਤਾ। ਬਾਹਰ ਅੰਤਾਂ ਦੀ ਬਾਰਿਸ਼ ਪੈ ਰਹੀ ਸੀ। ਝੱਖੜ ਝੁੱਲਿਆ ਹੋਇਆ ਸੀ ਤੇ ਬਿਜਲੀ ਗ਼ਰਜ਼ ਰਹੀ ਸੀ। ਮੁਹਾਲੀ ਦੀਆਂ ਸੜਕਾਂ ‘ਤੇ ਪਾਣੀ ਘੁੰਮ ਰਿਹਾ ਸੀ। ਰਿੰਪੀ ਦੀ ਮਾਂ ਨੇੜਲੀ ਦੁਕਾਨ ਤੋਂ ਕੁੱਝ ਸੌਦਾ ਲੈ ਕੇ ਵਾਪਿਸ ਪਰਤੀ। ਬਾਰਿਸ਼ ਇੰਨੀ ਤੇਜ਼ ਸੀ ਕਿ ਛਤਰੀ ਪਾਸ ਹੋਣ ਦੇ ਬਾਵਜੂਦ ਵੀ ਉਹ ਅੱਧ-ਪਚੱਧੀ ਭਿੱਜ ਗਈ ਸੀ।
— ਮਾਂ, ਪਹਿਲਾਂ ਕੱਪੜੇ ਬਦਲ ਲੈ। ਫਿਰ ਮੈਂ ਤੈਨੂੰ ਇੱਕ ਖ਼ਸ਼ਖਬਰੀ ਦੱਸਦੀ ਹਾਂ।
— ਕੀ ਹੋ ਗਿਆ ਧੀਏ? ਕੋਈ ਹੋਰ ਮੁਰਗਾ ਫਸਾ ਲਿਆ? ਤੇਰੇ ਮੂਹਰੇ ਤਾਂ ਲੋਕ ਨੋਟ ਖਿਲਾਰੀ ਜਾ ਰਹੇ ਨੇ। ਕੁੜੇ, ਨੋਟ ਤਾਂ ਤੂੰ ਬਥੇਰੇ ਬਣਾ ਲਏ, ਪਰ ਤੇਰੀ ਜ਼ਿੰਦਗੀ ‘ਤੇ ਮੈਨੂੰ ਤਰਸ਼ ਆਈ ਜਾ ਰਿਹਾ ਏ। ਅਸਲੀ ਜ਼ਿੰਦਗੀ ਉਹ ਹੁੰਦੀ ਏ,ਜੋ ਬੰਦਾ ਕਿਤੇ ਪੱਕੀ ਤਰ੍ਹਾਂ ਸੈੱਟ ਹੋ ਕੇ ਬਿਤਾਵੇ। ਅਗਰ ਕਿਤੇ ਪੱਕੇ ਸੈੱਟ ਨਾ ਹੋਵੇ ਤਾਂ ਜ਼ਿੰਦਗੀ ਨਿਰਾ ਝੱਖੜ ਬਣੀ ਰਹਿੰਦੀ ਹੈ। ਆਹ, ਮੇਰੇ ਹੱਥ ਵਿੱਚ ਛਤਰੀ ਦੇਖ। ਤੂੰ ਲੋਕਾਂ ਲਈ ਛਤਰੀ ਬਣੀ ਜਾਂਦੀ ਏਂ, ਪਰ ਤੂੰ ਆਪ ਨੰਗੀ ਏਂ। ਲੜਕੀਆਂ ਤਾਂ ਹੀ ਚੰਗੀਆਂ ਲੱਗਦੀਆਂ ਨੇ ਜੇ ਉਹ ਕਿਤੇ ਟਿਕ ਕੇ ਇੱਕ ਮਰਦ ਨਾਲ ਸੈੱਟ ਹੋ ਕੇ ਰਹਿਣ। ਮੰਗਵੇਂ ਕੋਟ ਦਾ ਨਿੱਘ ਥੋੜ੍ਹ-ਚਿਰਾ ਹੁੰਦਾ ਏ।
— ਮਾਂ, ਜਦ ਹੁਣ ਅਸੀਂ ਉਸ ਸਟੇਜ ਤੋਂ ਖੁੰਝ ਗਏ ਤਾਂ ਪਛਤਾਉਣ ਦੀ ਬਹੁਤੀ ਜ਼ਰੂਰਤ ਨਹੀਂ। ਅਗਰ ਆਪਣਿਆਂ ਨਾਲ ਪੱਕੇ ਤੌਰ ਤੇ ਰਹਿਣਾ ਔਖਾ ਲੱਗਦਾ ਏ ਤਾਂ ਕਿਹੜੀ ਦੁਨੀਆਂ ਮੁੱਕ ਗਈ? ਸਿਡਨੀ ਵਿੱਚ ਬਥੇਰੇ ਗੋਰੇ ਕਈ ਕਈ ਸ਼ਾਦੀਆਂ ਕਰਕੇ ਬਾਅਦ ਵਿੱਚ ਕਿਸੇ ਇੱਕ ਨਾਲ ਰਹਿਣ ਲੱਗਦੇ ਹਨ। ਉੱਥੇ ਤਾਂ ਜਿਹੜੀ ਟਾਵੀਂ ਟਾਵੀਂ ਸ਼ਾਦੀ ੨੫-੩੦ ਸਾਲ ਲਗਾਤਾਰ ਚੱਲਦੀ ਰਹੇ, ਉਹ ਅਖ਼ਬਾਰ ਦੀ ਖ਼ਬਰ ਬਣ ਜਾਂਦੀ ਏ। ਪਹਿਲਾਂ ਆਪਣਿਆਂ ਨੂੰ ਬੁੱਧੂ ਬਣਾ ਕੇ ਪੈਸੇ ਇਕੱਠੇ ਕਰ ਲਈਏ, ਫਿਰ ਆਖ਼ਰ ਵਿੱਚ ਕਿਸੇ ਗੋਰੇ ਦੇ ਲੜ ਲੱਗ ਕੇ ਪੱਕੇ ਤੌਰ ਤੇ ਰਹਿਣ ਲੱਗ ਪਵਾਂਗੇ। ਆਹ, ਹੁਣੇ ਹੁਣੇ ਇੱਕ ਹੋਰ ਫੋਨ ਆਇਆ ਸੀ।
— ਉਹ ਕੀਹਦਾ?
— ਉਸੇ ਮਾਈ ਦਾ, ਜਿਹੜੀ ਮੇਰੇ ਨਾਲ ਜਹਾਜ਼ ਵਿੱਚ ਸਿੰਗਾਪੁਰ ਤੋਂ ਦਿੱਲੀ ਤੱਕ ਆਈ ਸੀ। ਬੜੀ ਗਲਾਕੜੋ ਸੀ।
— ਕੀ ਕਹਿੰਦੀ?
— ਮੈਨੂੰ ਉਦੋਂ ਵੀ ਕਹਿੰਦੀ ਸੀ। ਅੱਜ ਤਾਂ ਪੱਕਾ ਹੀ ਕਹਿ ਦਿੱਤਾ ਕਿ ਉਸਦੀ ਭੈਣ ਦਾ ਲੜਕਾ ਆਸਟ੍ਰੇਲੀਆ ਜਾਣ ਲਈ ਕੋਈ ਕੁੜੀ ਲੱਭ ਰਿਹਾ ਏ। ਮੂੰਹ ਮੰਗੇ ਪੈਸੇ ਦੇਣ ਲਈ ਵੀ ਤਿਆਰ ਹਨ।
— ਜਿਹੜਾ ਤੂੰ ਪਹਿਲਾਂ ਛੱਡ ਕੇ ਆਈ ਏਂ, ਉਹ ਤਾਂ ਕੁੱਝ ਪੜ੍ਹਿਆ-ਲਿਖਿਆ ਵੀ ਸੀ। ਉਹਨੇ ਖ਼ੁਦ ਉੱਧਰ ਛੇ ਮਹੀਨਿਆਂ ਵਿੱਚ ਹੀ ਹੋਰ ਰਿਸ਼ਤਾ ਲੱਭ ਲਿਆ। ਤੇਰਾ ਉਸ ਤੋਂ ਪਿੱਛਾ ਛੁੱਟ ਗਿਆ। ਅਗਰ ਕੋਈ ਐਸਾ ਮਿਲ ਗਿਆ, ਜਿਹੜਾ ਤੇਰੇ ਨਾਲ ਦੋ ਤਿੰਨ ਸਾਲ ਲਸੂੜੀ ਵਾਂਗ ਚਿਮਟਿਆ ਰਹੇ, ਫਿਰ ਤੂੰ ਤੰਗ ਹੋ ਜਾਵੇਂਗੀ। ਅਗਰ ਵਿੱਚ ਛੱਡੇਂਗੀ ਤਾਂ ਤੇਰੇ ਨਾਲ ਝਗੜਾ ਵੀ ਕਰ ਸਕਦਾ ਏ। ਤੇਰੇ ‘ਤੇ ਉਲਟਾ ਕੇਸ ਵੀ ਠੋਕ ਸਕਦਾ ਏ। ਸੋਚ ਸਮਝ ਕੇ ਹਾਂ ਕਰੀਂ। ਜ਼ਿਆਦਾ ਝਾਕਾ ਖੁੱਲ੍ਹਣ ‘ਤੇ ਕਈ ਵਾਰ ਨੁਕਸਾਨ ਵੀ ਹੋ ਜਾਇਆ ਕਰਦੇ ਨੇ। ਦੁਨੀਆਂ ਬੜੀ ਚਲਾਕ ਏ। ਆਸਟ੍ਰੇਲੀਆ ਵਿੱਚ ਹੋ ਰਹੀਆਂ ਵਾਰਦਾਤਾਂ ਦੀਆਂ ਕਨਸੋਆਂ ਆਈ ਹੀ ਜਾਂਦੀਆਂ ਨੇ। ਲੱਗਦਾ ਇੰਞ ਏ ਜਿਵੇਂ ਆਪਣੇ ਬੰਦੇ ਹੀ ਆਪਸ ਵਿੱਚ ਲੜ-ਝਗੜ ਕੇ ਦੋਸ਼ ਗੋਰਿਆਂ ਸਿਰ ਮੜ੍ਹੀ ਜਾ ਰਹੇ ਆ। ਕੁੜੇ, ਤੇਰਾ ਕੀ ਖ਼ਿਆਲ ਏ?
— ਮਾਂ, ਅਸੀਂ ਕੀ ਲੈਣਾ ਇਸ ਪ੍ਰਕਾਰ ਦੀਆਂ ਵਾਰਦਾਤਾਂ ਤੋਂ? ਮੈਨੂੰ ਚੰਗੀ ਤਰ੍ਹਾਂ ਪਤਾ ਏ ਕਿ ਆਪਣੇ ਹੀ ਆਪਣਿਆਂ ਨੂੰ ਬਦਨਾਮ ਕਰੀ ਜਾ ਰਹੇ ਨੇ। ਸਾਰੀ ਲੜਾਈ ਪੈਸੇ ਤੇ ਪੱਕੀ ਰਿਹਾਇਸ਼ ਲਈ ਏ। ਤੀਵੀਂ ਨੂੰ ਪੱਕੀ ਰਿਹਾਇਸ਼ ਲਈ ਜ਼ਰੀਆ ਬਣਾਇਆ ਜਾਂਦਾ ਏ। ਦੇਖਣ ਵਿੱਚ ਇੱਥੋਂ ਤੱਕ ਆਉਣ ਲੱਗ ਪਿਆ ਏ ਕਿ ਹੁਣ ਤਾਂ ਕਈ ਕੁੜੀਆਂ ਵੀ ਉੱਥੇ ਪੱਕੇ ਮਰਦਾਂ ਨੂੰ ਪੱਕੀ ਰਿਹਾਇਸ਼ ਲਈ ਜ਼ਰੀਆ ਬਣਾਉਣ ਲੱਗ ਪਈਆਂ ਹਨ। ਉਸ ਸਮਾਜ ਵਿੱਚ ਤੀਵੀਂ ਮਰਦ ਬਰਾਬਰ ਏ। ਸਾਡੇ ਇੱਥੇ ਬਰਾਬਰਤਾ ਦੇ ਐਵੇਂ ਨਾਅਰੇ ਮਾਰੇ ਜਾਂਦੇ ਹਨ, ਬਰਾਬਰਤਾ ਹੈ ਕੋਈ ਨਹੀਂ। ਅਗਰ ਮਰਦ ਉੱਥੇ ਨਿੱਕਰਾਂ ਪਾ ਕੇ ਸ਼ਾਪਿੰਗ ਸੈਂਟਰਾਂ ਵਿੱਚ ਘੁੰਮ ਸਕਦੇ ਹਨ ਤਾਂ ਤੀਵੀਆਂ ਤੇ ਵੀ ਕਿਸੇ ਕਿਸਮ ਦੀ ਪਾਬੰਦੀ ਨਹੀਂ। ਨਾਲੇ ਤੂੰ ਦੇਖ ਪੰਜਾਬੀ ਉੱਥੇ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਪਹਿਲਾਂ ਤਾਂ ਇਸ ਪ੍ਰਕਾਰ ਦੀਆਂ ਵਾਰਦਾਤਾਂ ਕਦੀ ਨਹੀਂ ਹੋਈਆਂ। ਜਦ ਉੱਥੇ ਨੂੰ ਜਣਾ-ਖਣਾ ਗ਼ਲਤ ਮਲਤ ਤਰੀਕਿਆਂ ਨਾਲ ਤੁਰ ਪਿਆ ਤਾਂ ਇਹ ਵਾਰਦਾਤਾਂ ਹੋਣੀਆਂ ਸ਼ੁਰੂ ਹੋਈਆਂ ਹਨ। ਅਨਪੜ੍ਹ, ਘੱਟ ਪੜ੍ਹੇ-ਲਿਖੇ ਤੇ ਪਿਛਾਂਹ-ਖਿੱਚੂ ਲੋਕਾਂ ਦਾ ਅਗਾਂਹ-ਵਧੂ ਸਮਾਜ ਵਿੱਚ ਪਹੁੰਚਣਾ ਵੀ ਇੱਕ ਸਰਾਪ ਏ।
— ਕੁੜੇ, ਉਹ ਅਗਾਂਹ-ਵਧੂ ਸਮਾਜ ਕਿਵੇਂ ਹੋਇਆ?
— ਸੁਣਿਆ, ਉੱਥੇ ਤਾਂ ਜਿਹੜਾ ਮਰਜ਼ੀ ਜੀਹਦੇ ਨਾਲ ਮਰਜ਼ੀ ਤੁਰਿਆ ਫਿਰਦਾ। ਲੋਕਾਂ ਵਿੱਚ ਕਿਸੇ ਕਿਸਮ ਦੀ ਮਰਿਆਦਾ ਤੇ ਸ਼ਰਮ ਹਿਆ ਵੀ ਤਾਂ ਹੋਣੀ ਚਾਹੀਦੀ ਏ।
— ਮਾਂ, ਇਹ ਤੇਰਾ ਭੁਲੇਖਾ ਏ ਕਿ ਉੱਥੇ ਸ਼ਰਮ ਹਿਆ ਖ਼ਤਮ ਹੋ ਗਈ ਏ। ਕਿਸੇ ਦੀ ਰਜ਼ਾਮੰਦੀ ਤੋਂ ਬਗੈਰ ਉੱਥੇ ਕਿਸੇ ਨੂੰ ਕੋਈ ਕੁੱਝ ਨਹੀਂ ਕਹਿ ਸਕਦਾ।। ਸਾਡੇ ਇੱਥੇ ਰਜ਼ਾਮੰਦੀ ਤੋਂ ਬਗੈਰ ਹੀ ਅਨੇਕਾਂ ਵਾਰਦਾਤਾਂ ਹੋ ਜਾਂਦੀਆਂ ਹਨ। ਇਸ ਲਈ ਇਹ ਸਮਾਜ ਉਸਤੋਂ ਜ਼ਿਆਦਾ ਘਟੀਆ ਏ। ਸਾਡੇ ਤਾਂ ਇੱਥੇ ਕਾਨੂੰਨ ਦੇ ਰਾਖੇ ਹੀ ਅਪਰਾਧੀ ਹਨ। ਇਸ ਸਮਾਜ ਵਿੱਚ ਕੋਈ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਏ? ਅੱਜ ਅਸੀਂ ਜੋ ਕੁੱਝ ਮੋਹਾਲੀ ਬੈਠ ਕੇ ਕਰੀ ਜਾ ਰਹੇ ਹਾਂ, ਅਗਰ ਮੈਂ ਇਹੀ ਕੁੱਝ ਪਿੰਡ ਬੈਠ ਕੇ ਕਰਦੀ ਤਾਂ ਹੁਣ ਤੱਕ ਪਤਾ ਨਹੀਂ ਕੀ ਹੋ ਜਾਂਦਾ। ਜੋ ਕੁੱਝ ਦਿੱਲੀ, ਬੰਬਈ ਤੇ ਕਲਕੱਤੇ ਜਿਹੇ ਸ਼ਹਿਰਾਂ ਵਿੱਚ ਬੈਠ ਕੇ ਕੀਤਾ ਜਾ ਸਕਦਾ ਏ ਉਹ ਤਾਂ ਇੱਥੇ ਮੋਹਾਲੀ ਜਾਂ ਚੰਡੀਗੜ੍ਹ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਪਿੰਡਾਂ ਵਿੱਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
— ਰਿੰਪੀ, ਪਿੰਡ ਤਾਂ ਅਸਲ ਵਿੱਚ ਬਣੇ ਹੀ ਸ਼ਰੀਫ ਬੰਦਿਆਂ ਲਈ ਹਨ। ਉੱਥੇ ਜਿਹੜੀ ਤੀਵੀਂ ਕਿਸੇ ਹੋਰ ਨਾਲ ਇੱਕ-ਅੱਧੀ ਵਾਰੀ ਤੁਰੀ ਦਿਸ ਪਵੇ, ਉਸ ਨੂੰ ਲੋਕ ਬਦਮਾਸ਼ ਤੀਵੀਂ ਕਹਿਣ ਲੱਗ ਪੈਂਦੇ ਹਨ। ਅਗਰ ਵੱਡੇ ਸ਼ਹਿਰਾਂ ਦੇ ਪਰਦੇ ਫੋਲੇ ਜਾਣ ਤਾਂ ਅਜਿਹੀਆਂ ਤੀਵੀਆਂ ਤੇ ਮਰਦਾਂ ਦੀ ਪਤਾ ਨਹੀਂ ਕਿੰਨੇ ਹਜ਼ਾਰਾਂ ਵਿੱਚ ਗਿਣਤੀ ਹੋਣੀ ਏ। ਭਾਰਤੀ ਸੱਭਿਆਚਾਰ ਦੀ ਕਸੌਟੀ ਅਨੁਸਾਰ ਇਹ ਵਿਗੜੇ ਹੋਏ ਮਰਦ ਤੀਵੀਆਂ ਵੀ ਸ਼ਹਿਰੀ ਸਮਾਜ ਵਿੱਚ ਇੰਞ ਵਿਚਰਦੇ ਹਨ, ਜਿਵੇਂ ਸਮਾਜ ਦੇ ਰਹਿਬਰ ਹੋਣ।
— ਮਾਂ, ਛੋਟੀਆਂ ਮੋਟੀਆਂ ਵਾਰਦਾਤਾਂ ਹਰ ਸਮਾਜ ਵਿੱਚ ਹੀ ਹੁੰਦੀਆਂ ਰਹਿੰਦੀਆਂ ਹਨ। ਚੋਰ-ਉਚੱਕੇ ਹਰ ਸਮਾਜ ਵਿੱਚ ਹੀ ਹਨ। ਆਸਟ੍ਰੇਲੀਆ ਵਿੱਚ ਬਥੇਰੇ ਨਸ਼ਈ ਘੁੰਮਦੇ ਹਨ। ਇਹ ਕਈ ਵਾਰ ਕਿਸੇ ਨੂੰ ਵੀ ਲੁੱਟ ਸਕਦੇ ਹਨ। ਸਿਰਫ਼ ਪੰਜਾਬੀ ਜਾਂ ਭਾਰਤੀ ਇਕੱਲੇ ਹੀ ਇਨ੍ਹਾਂ ਦੀਆਂ ਲੁੱਟਾਂ-ਖੋਹਾਂ ਦਾ ਸ਼ਿਕਾਰ ਨਹੀਂ ਹੁੰਦੇ। ਨਾਲੇ ਇਹ ਲੁਟੇਰੇ ਸਾਰੇ ਗੋਰੇ ਨਹੀਂ ਹਨ। ਇਹ ਕਿਸੇ ਵੀ ਦੇਸ਼ ਦੇ ਉਸ ਦੇਸ਼ ਵਿੱਚ ਵਸੇ ਲੋਕ ਹੋ ਸਕਦੇ ਹਨ। ਉਸ ਦੇਸ਼ ਵਿੱਚ ਸਾਰੇ ਮੁਲਕਾਂ ਦੇ ਲੋਕ ਰਹਿੰਦੇ ਹਨ। ਲੋਕ ਕਈ ਵਾਰ ਉੱਥੇ ਆਦਿ-ਵਾਸੀਆਂ ਤੋਂ ਡਰਦੇ ਰਹਿਣਗੇ, ਕਿਉਂਕਿ ਆਈਲੈਂਡਰ ਸਰੀਰ ਦੇ ਮੋਟੇ ਹਨ ਤੇ ਸ਼ਕਲ ਤੋਂ ਕੁੱਝ ਕਰੂਪ। ਅਸਲ ਵਿੱਚ ਮੈਂ ਦੇਖਿਆ ਹੈ ਕਿ ਆਦਿ-ਵਾਸੀ ਤੇ ਆਈਲੈਂਡਰ ਕਈ ਵਾਰ ਬੜਾ ਹੀ ਵਧੀਆ ਵਰਤਾਓ ਕਰਦੇ ਹਨ। ਇੱਕ ਆਦਿ-ਵਾਸੀ ਜਸਦੀਪ ਨੂੰ ਅਕਸਰ ਮਿਲਣ ਆਇਆ ਕਰਦਾ ਸੀ। ਹਮੇਸ਼ਾਂ ਬ੍ਰਦਰ ਬ੍ਰਦਰ ਕਹਿ ਕੇ ਬੁਲਾਇਆ ਕਰਦਾ ਸੀ। ਮਾੜੇ ਬੰਦੇ ਕਿਸੇ ਵੀ ਫਿਰਕੇ ਵਿੱਚ ਹੋ ਸਕਦੇ ਹਨ। ਜਿਹੜੇ ਬੰਦੇ ਅਸਲ ਵਿੱਚ ਨਿਕੰਮੇ ਹਨ, ਭਾਵ ਕੰਮ ਨਹੀਂ ਕਰਦੇ ਤੇ ਨਸ਼ੇ ਕਰਦੇ ਹਨ, ਉਹ ਹੀ ਲੁੱਟਣ-ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਪ੍ਰਕਾਰ ਦੇ ਬੰਦੇ ਹਰ ਫਿਰਕੇ ਵਿੱਚ ਹਨ।
ਮਾਵਾਂ ਧੀਆਂ ਇਸ ਪ੍ਰਕਾਰ ਦੀਆਂ ਗੱਲਾਂ ਕਰ ਰਹੀਆਂ ਸਨ ਕਿ ਫਿਰ ਉਸੇ ਮਾਈ ਦਾ ਫੋਨ ਆ ਗਿਆ।
— ਧੀਏ, ਕੀ ਸੋਚਿਆ ਫਿਰ? ਸਾਡਾ ਮੁੰਡਾ ਤਾਂ ਬੜਾ ਕਾਹਲ਼ਾ ਪਿਆ ਹੋਇਆ ਏ। ਨੋਟ ਹੱਥ ਵਿੱਚ ਫੜੀ ਫਿਰਦਾ ਏ।
— ਮਾਂ ਜੀ, ਉਸ ਨੂੰ ਨਾਲ ਲੈ ਕੇ ਕੱਲ੍ਹ ੧੨ ਵਜੇ ਦੁਪਹਿਰ ਮੋਹਾਲੀ ਮੇਰੇ ਪਾਸ ਆ ਜਾਵੋ। ਬੈਠ ਕੇ ਗੱਲ ਕਰ ਲਵਾਂਗੇ। ਤੁਹਾਡੇ ਪਾਸ ਮੇਰੀ ਰਿਹਾਇਸ਼-ਗਾਹ ਦਾ ਸਿਰਨਾਵਾਂ ਹੈ?
— ਹਾਂ, ਧੀਏ ਤੂੰ ਦੱਸਿਆ ਤਾਂ ਸੀ, ਪਰ ਮੈਨੂੰ ਘਰ ਦਾ ਅਸਲੀ ਨੰਬਰ ਪਤਾ ਨਹੀਂ।
— ਮੈਂ ਅੱਠ ਫੇਜ਼ ਵਿੱਚ ਰਹਿੰਦੀ ਹਾਂ। ਮੈਂ ਘਰ ਦਾ ਨੰਬਰ ਕਿਸੇ ਨੂੰ ਵੀ ਨਹੀਂ ਦਿੰਦੀ। ਤੁਸੀਂ ਇੰਜ ਕਰਿਓ, ਅੱਠ ਫੇਜ਼ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੜੀ ਵੱਡੀ ਇਮਾਰਤ ਏ, ਤੁਸੀਂ ਉਸ ਇਮਾਰਤ ਦੇ ਸਾਹਮਣੇ ਆ ਜਾਇਓ। ਮੈਂ ਤੇ ਮੇਰੀ ਮਾਂ ਜੀ ਤੁਹਾਨੂੰ ਉੱਥੇ ਮਿਲਾਂਗੇ। ਉੱਥੇ ਬੈਠ ਕੇ ਹੀ ਗੱਲਬਾਤ ਪੱਕੀ ਕਰ ਲਈ ਜਾਵੇਗੀ। ਕੀ ਲੜਕੇ ਪਾਸ ਪਾਸਪੋਰਟ ਤਿਆਰ ਹੈ?
— ਹਾਂ ਪੁੱਤ, ਪਾਸਪੋਰਟ ਤਾਂ ਉਹਨੇ ਕਈ ਦੇਰ ਦਾ ਬਣਾ ਕੇ ਰੱਖਿਆ ਹੋਇਆ ਏ।
— ਹਾਈ ਕਮਿਸ਼ਨ ਨੂੰ ਵਿਆਹ ਦੇ ਕੁੱਝ ਸਬੂਤ ਚਾਹੀਦੇ ਹੁੰਦੇ ਹਨ। ਉਨ੍ਹਾਂ ਬਾਰੇ ਬੈਠ ਵਿਚਾਰ ਕਰ ਲਵਾਂਗੇ। ਚੰਗਾ, ਮਾਂ ਜੀ, ਕੱਲ੍ਹ ਮਿਲਾਂਗੇ।
— ਚੰਗਾ ਧੀਏ।
ਫਿਰ ਰਿੰਪੀ ਆਪਣੀ ਮਾਂ ਨਾਲ ਹੋਰ ਵਿਚਾਰ-ਵਟਾਂਦਰਾ ਕਰਨ ਲੱਗ ਪਈ।
— ਮਾਂ, ਕਿਵੇਂ ਕਰਨਾ ਏ? ਉਹ ਕੱਲ੍ਹ ਮੋਹਾਲੀ ਆ ਰਹੇ ਹਨ। ਪਤਾ ਨਹੀਂ ਕਿੰਨੇ ਜਣੇ ਹੋਣਗੇ।
— ਧੀਏ, ਤੈਨੂੰ ਜ਼ਿਆਦਾ ਪਤਾ ਏ। ਤੂੰ ਫਿਰ ਵਾਪਿਸ ਚਲੀ ਜਾਵੇਂਗੀ। ਮੈਂ ਇਕੱਲੀ ਰਹਿ ਜਾਵਾਂਗੀ। ਹੁਣ ਮੈਂ ਉਂਞ ਵੀ ਕਾਫ਼ੀ ਸਿਆਣੀ ਹੋ ਗਈ ਹਾਂ। ਮੇਰੀ ਦੇਖ-ਭਾਲ ਲਈ ਵੀ ਕੋਈ ਚਾਹੀਦਾ ਏ।
— ਮਾਂ, ਮੈਂ ਇਸ ਵਾਰ ਜਾ ਕੇ ਤੈਨੂੰ ਵੀ ਉੱਧਰ ਹੀ ਬੁਲਾ ਲਵਾਂਗੀ। ਕਾਨੂੰਨ ਅਨੁਸਾਰ ਤੂੰ ਵੀ ਉੱਧਰ ਮੇਰੇ ਪਾਸ ਜਾ ਹੀ ਸਕਦੀ ਏਂ, ਕਿਉਂਕਿ ਇੱਧਰ ਤੇਰੀ ਦੇਖ-ਭਾਲ ਲਈ ਹੋਰ ਕੋਈ ਹੈ ਹੀ ਨਹੀਂ।
— ਚੰਗਾ ਪੁੱਤਾ, ਜਿਵੇਂ ਮਰਜ਼ੀ ਕਰ ਲੈ। ਮੈਂ ਤਾਂ ਚਾਹੁੰਦੀ ਸੀ ਕਿ ਤੂੰ ਕਿਤੇ ਪੱਕੀ ਵਸ ਜਾਂਦੀ। ਹੁਣ ਅਗਰ ਤੂੰ ਇਸ ਮੁੰਡੇ ਦੇ ਪੱਕੇ ਹੋਣ ਤੱਕ ਉਡੀਕਦੀ ਰਹੀ ਤਾਂ ਕਈ ਸਾਲ ਬੀਤ ਜਾਣਗੇ। ਕੀ ਇਹ ਤੇਰੇ ਨਾਲ ਪੱਕਾ ਵਿਆਹ ਕਰਨ ਲਈ ਰਾਜ਼ੀ ਨਹੀਂ ਹੋ ਸਕਦਾ?
ਇੰਞ ਵੀ ਪੁੱਛ ਲਵਾਂਗੇ। ਮੈਨੂੰ ਲੱਗਦਾ ਏ ਕਿ ਇੰਞ ਉਹ ਨਹੀਂ ਮੰਨਣਗੇ। ਅਗਰ ਉਨ੍ਹਾਂ ਇੰਞ ਕਰਨਾ ਹੁੰਦਾ ਤਾਂ ਉਨ੍ਹਾਂ ਪੈਸਿਆਂ ਦੀ ਗੱਲ ਨਹੀਂ ਸੀ ਕਰਨੀ। ਪੰਜਾਬ ਵਿੱਚ ਤਾਂ ਹਰ ਮੁੰਡਾ ਉੱਧਰ ਨੂੰ ਜਾਣਾ ਚਾਹੁੰਦਾ ਏ। ਸਾਰਾ ਜ਼ੋਰ ਸਿਰਫ਼ ਪੱਕਾ ਹੋਣ ਤੇ ਹੀ ਲੱਗਾ ਹੋਇਆ ਏ। ਵਿਆਹ ਤਾਂ ਬਾਅਦ ਵਿੱਚ ਆ ਕੇ ਦੁਆਰਾ ਹੀ ਕਰਵਾ ਕੇ ਲੈ ਜਾਂਦੇ ਹਨ। ਆਹ ਜਿਹੜੇ ਪੜ੍ਹਨ ਲਈ ਜਾਂਦੇ ਹਨ, ਇਨ੍ਹਾਂ ਦਾ ਮਕਸਦ ਪੱਕਾ ਹੋਣਾ ਜ਼ਿਆਦਾ ਏ, ਪੜ੍ਹਾਈ ਤਾਂ ਬਹਾਨਾ ਹੁੰਦਾ ਏ। ਕਿੰਨੀ ਹਾਸੋ-ਹੀਣੀ ਗੱਲ ਏ, ਜਿਹੜੇ ਇੱਧਰ ਚੱਜ ਨਾਲ ਨਹੀਂ ਪੜ੍ਹਦੇ, ਉਹ ਉਹ ਉੱਧਰ ਨੂੰ ਪੜ੍ਹਾਈ ਕਰਨ ਤੁਰੇ ਹੋਏ ਨੇ। ਉੱਧਰ ਪੜ੍ਹ ਕੇ ਵੀ ਬਹੁਤਿਆਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ। ਦਿਨ-ਰਾਤ ਪੈਸੇ ਕਮਾਉਣ ਲਈ ਦੌੜੇ-ਭੱਜੇ ਫਿਰਦੇ ਰਹਿੰਦੇ ਹਨ। ਫਿਰ ਉਨੀਂਦਰੇ ਕਲਾਸ ਲਾਉਣ ਜਾਂਦੇ ਹਨ। ਅੱਧੇ ਕੁ ਤਾਂ ਏਧਰੋਂ ਓਧਰੋਂ ਸਾਮੱਗਰੀ ਚੋਰੀ ਕਰਕੇ ਅਸਾਈਨਮੈਂਟਾਂ ਤਿਆਰ ਕਰਦੇ ਹਨ। ਔਖੇ-ਸੌਖੇ ਕੋਈ ਡਿਗਰੀ ਜਾਂ ਸਰਟੀਫੀਕੇਟ ਤਾਂ ਪ੍ਰਾਪਤ ਕਰ ਲੈਂਦੇ ਹਨ, ਪ੍ਰੰਤੂ ਪੱਲੇ ਕੁੱਝ ਵੀ ਨਹੀਂ ਹੁੰਦਾ। ਬਾਅਦ ਵਿੱਚ ਜਦ ਨੌਕਰੀ ਲੈਣ ਲਈ ਟੈੱਸਟ ਦਿੰਦੇ ਹਨ ਤਾਂ ਬਹੁਤੇ ਫੇਲ੍ਹ ਹੋ ਜਾਂਦੇ ਹਨ। ਆਖ਼ਰ ਅੱਕ-ਥੱਕ ਕੇ ਜਾਂ ਤਾਂ ਸਕਿਊਰਿਟੀ ਦੀਆਂ ਜਾਬਾਂ ਕਰਦੇ ਹਨ ਤੇ ਜਾਂ ਫਿਰ ਟੈਕਸੀਆਂ ਚਲਾਉਂਦੇ ਹਨ। ਇਹ ਦੋਨੋਂ ਕੰਮ ਤਾਂ ਉੱਥੇ ਏਧਰੋਂ ਘੱਟ ਪੜ੍ਹੇ ਲਿਖੇ ਗਏ ਹੋਏ ਲੋਕ ਵੀ ਕਰੀ ਜਾ ਰਹੇ ਹਨ। ਕਈਆਂ ਨੇ ਇੱਧਰ ਡਾਕਟਰ, ਇੰਜੀਨੀਅਰ, ਵਕੀਲ ਤੇ ਪ੍ਰੋਫੈਸਰ ਬਣਨਾ ਸੀ। ਉੱਧਰ ਜਾ ਕੇ ਉਹ ਨਿਰੇ ਚੌਕੀਦਾਰ ਤੇ ਡਰਾਈਵਰ ਬਣ ਗਏ। ਦੂਜੇ ਨੰਬਰ ਤੇ ਜਿਹੜੇ ਇੱਧਰੋਂ ਕੱਚੇ ਜਾਂਦੇ ਹਨ, ਉਨ੍ਹਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਮਿਲਦੀਆਂ। ਉੱਧਰ ਦੇ ਪੱਕੇ ਬਾਸ਼ਿੰਦੇ ਦਾ ਡਾਕਟਰੀ ਇਲਾਜ ਮੁਫ਼ਤ ਏ। ਇੱਧਰੋਂ ਗਏ ਕੱਚੇ ਬੰਦੇ ਨੂੰ ਇਲਾਜ ਕਰਵਾਉਣ ਲਈ ਅੰਤਾਂ ਦੇ ਡਾਲਰ ਖਰਚਣੇ ਪੈਂਦੇ ਹਨ। ਉਧਰਲੇ ਪੱਕੇ ਵਿਦਿਆਰਥੀਆਂ ਨੂੰ ਬੜੀਆਂ ਘੱਟ ਫੀਸਾਂ ਦੇਣੀਆਂ ਪੈਂਦੀਆਂ ਨੇ। ਇੱਧਰ ਦੇ ਕੱਚੇ ਵਿਦਿਆਰਥੀਆਂ ਨੂੰ ਕਈ ਗੁਣਾ ਜ਼ਿਆਦਾ ਫੀਸਾਂ ਭਰਨੀਆਂ ਪੈਂਦੀਆਂ ਹਨ। ਅਗਰ ਉਹ ਇੱਧਰੋਂ ਪੈਸੇ ਮੰਗਵਾਉਣ ਤਾਂ ਉਹ ਪੈਸੇ ਡਾਲਰ ਵਿੱਚ ਤਬਦੀਲ ਹੋ ਕੇ ਬੜੇ ਘੱਟ ਰਹਿ ਜਾਂਦੇ ਹਨ। ਜਿਹੜਾ ਕੱਚਾ ਬੰਦਾ ਸਾਰੇ ਖ਼ਰਚੇ ਉੱਧਰੋਂ ਕੱਢੇਗਾ, ਤੂੰ ਆਪ ਹੀ ਦੇਖ ਲੈ ਕਿ ਉਸ ਨੂੰ ਪੜ੍ਹਨ ਦਾ ਕਿੰਨਾ ਕੁ ਸਮਾਂ ਮਿਲ ਸਕਦਾ ਏ। ਡਾਲਰ ਦੀ ਚਮਕ ਤੇ ਢਾਂਚੇ ਦੇ ਉੱਚੇ ਮਿਆਰ ਨੇ ਲੋਕਾਂ ਦੀ ਉੱਧਰ ਨੂੰ ਦੌੜ ਲਗਾ ਦਿੱਤੀ ਏ। ਬਾਕੀ ਸਾਡੇ ਇੱਧਰ ਸਭ ਕਾਸੇ ਦਾ ਬੇੜਾ ਬੈਠ ਗਿਆ ਏ।
ਇੱਕ ਹੋਰ ਹਾਸੋਹੀਣੀ ਗੱਲ ਇਹ ਹੈ ਕਿ ਜਿਹੜਾ ਬੰਦਾ ਆਪਣੇ ਦੇਸ਼ ਦੇ ਹੋਰ ਹਿੱਸਿਆਂ ਤੱਕ ਵੀ ਨਹੀਂ ਗਿਆ, ਉਹ ਕਹਿ ਦਿੰਦਾ ਏ ਕਿ ਮੈਂ ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਦੀ ਸੈਰ ਕਰਨ ਜਾ ਰਿਹਾ ਹਾਂ। ਸੈਰ ਕਰਨ ਜਾਣ ਦਾ ਮਕਸਦ ਵੀ ਪੱਕੇ ਹੋਣ ਲਈ ਕੋਈ ਤਰੀਕਾ ਲੱਭਣਾ ਹੁੰਦਾ ਏ। ਸਾਡੇ ਦੇਸ਼ ਦੇ ਲੋਕਾਂ ਦੀਆਂ ਕਈ ਗੱਲਾਂ ਤੇ ਸੱਚਮੁੱਚ ਹੀ ਹਾਸਾ ਆਉਂਦਾ ਰਹਿੰਦਾ ਏ।
— ਕੁੜੇ ਸੁਣਿਆ, ਆਸਟ੍ਰੇਲੀਆ ਵਿੱਚ ਵੀ ਜ਼ਾਤ-ਪਾਤ ਬਹੁਤ ਏ। ਆਹ ਜਿੰਨੇ ਵੀ ਮੁੰਡੇ ਕੁੜੀਆਂ ਪਿੱਛੇ ਜਿਹੇ ਪੜ੍ਹਨ ਗਏ ਸੀ, ਉਨ੍ਹਾਂ ਸਾਰਿਆਂ ਦੇ ਮਾਪੇ ਇਹੀ ਕਹੀ ਜਾਂਦੇ ਨੇ ਕਿ ਉੱਥੇ ਰੰਗ ਅਤੇ ਨਸਲ ਦੇ ਨਾਂ ਤੇ ਬੜਾ ਵਿਤਕਰਾ ਏ। ਤੂੰ ਤਾਂ ਸਾਰਾ ਕੁੱਝ ਦੇਖਿਆ ਏ। ਤੈਨੂੰ ਕਿਵੇਂ ਲੱਗਾ?
— ਮਾਂ, ਸਾਡੇ ਲੋਕ ਉਸਨੂੰ ਜ਼ਾਤ-ਪਾਤ ਨਹੀਂ, ਨਸਲਵਾਦ ਕਹਿੰਦੇ ਨੇ। ਸਾਡੇ ਦੇਸ਼ ਵਾਂਗ ਉੱਥੇ ਜ਼ਾਤ-ਪਾਤ ਤਾਂ ਹੈ ਹੀ ਨਹੀਂ। ਗੋਰਿਆਂ ਵਿੱਚ ਜ਼ਾਤਾਂ ਨਹੀਂ ਹਨ। ਸਾਡੇ ਤਾਂ ਇੱਥੇ ਜ਼ਾਤਾਂ ਹਨ, ਜਿਵੇਂ ਬ੍ਰਾਹਮਣ, ਖੱਤਰੀ, ਝਿਓਰ, ਹਰੀਜਨ, ਬਾਲਮੀਕੀ, ਨਾਈ, ਲੋਹਾਰ, ਤਰਖਾਣ ਆਦਿ। ਉੱਥੇ ਇਹ ਬਿਲਕੁਲ ਵੀ ਨਹੀਂ ਏ। ਬਾਕੀ ਰਹੀ ਨਸਲਵਾਦ ਦੀ ਗੱਲ, ਥੋੜ੍ਹਾ ਬਹੁਤ ਨਸਲਵਾਦ ਹਰ ਸਮਾਜ ਵਿੱਚ ਹੁੰਦਾ ਹੀ ਏ। ਭਾਰਤ ਵਿੱਚ ਇਹ ਕਿਹੜਾ ਘੱਟ ਏ। ਹੁਣ ਜਦ ਨੌਕਰੀਆਂ ਅਨੁਸੂਚਿਤ ਜ਼ਾਤਾਂ ਨੂੰ ਵੱਧ ਮਿਲੀ ਜਾ ਰਹੀਆਂ ਹਨ, ਤਾਂ ਜਨਰਲ ਕੈਟਾਗਰੀ ਵਾਲੇ ਬਥੇਰੀ ਖੱਪ ਪਾਈ ਜਾਂਦੇ ਨੇ। ਤੂੰ ਹੁਣ ਤੱਕ ਵੀ ਬਾਲਮੀਕੀਆਂ ਤੇ ਹਰੀਜਨਾਂ ਦੇ ਘਰ ਜਾ ਕੇ ਚਾਹ ਪੀਣ ਤੋਂ ਝਿਜਕਦੀ ਰਹਿੰਦੀ ਏਂ। ਪਿਛਲੀ ਵਾਰੀ ਜਦ ਤੈਨੂੰ ਵੋਟਾਂ ਲਈ ਘਰੋਂ ਘਰ ਫਿਰਨ ਵਾਲੇ ਆਪਣੇ ਨਾਲ ਲੈ ਗਏ ਸੀ ਤੇ ਤੈਨੂੰ ਕਈ ਹਰੀਜਨਾਂ ਦੇ ਘਰ ਚਾਹ ਪੀਣੀ ਪਈ ਸੀ ਤਾਂ ਘਰ ਆ ਕੇ ਐਵੇਂ ਕੁਰਲੀਆਂ ਕਰੀ ਜਾਂਦੀ ਸੀ। ਨਾਲੇ ਕਹੀ ਜਾਂਦੀ ਸੀ ਕਿ ਤੇਰਾ ਮੂੰਹ ਖ਼ਰਾਬ ਹੋ ਗਿਆ। ਫਿਰ ਤੂੰ ਬਾਲਮੀਕੀਆਂ ਦੇ ਘਰ ਚਾਹ ਪੀਣ ਤੋਂ ਇਨਕਾਰ ਹੀ ਕਰ ਦਿੱਤਾ ਸੀ। ਤੂੰ ਕਿਹਾ ਸੀ ਕਿ ਪਹਿਲਾਂ ਹੀ ਕਈ ਵਾਰ ਪੀ ਚੁੱਕੇ ਹਾਂ। ਤੈਨੂੰ ਆਪਣੀ ਹਾਲਤ ਦਾ ਪਤਾ ਹੀ ਏ। ਜਿਹੜੀ ਚਾਹ ਤੂੰ ਪੀਤੀ ਸੀ, ਉਹ ਤੈਨੂੰ ਇਸ ਕਰਕੇ ਪੀਣੀ ਪਈ ਸੀ ਕਿਉਂਕਿ ਤੁਹਾਨੂੰ ਉਨ੍ਹਾਂ ਤੱਕ ਲੋੜ ਸੀ। ਤੁਸੀਂ ਉਨ੍ਹਾਂ ਦਾ ਮਨ ਜਿੱਤ ਕੇ ਉਨ੍ਹਾਂ ਤੋਂ ਵੋਟਾਂ ਲੈਣੀਆਂ ਸਨ।। ਤੂੰ ਹੁਣ ਵੀ ਕਈ ਲੀਡਰ ਦੇਖੇ ਹੋਣੇ ਆ ਟੈਲੀਵੀਜ਼ਨ ਤੇ। ਆਮ ਜਨਤਾ ਵਿੱਚ ਜਾ ਕੇ ਕਈ ਵਾਰ ਐਵੇਂ ਉਨ੍ਹਾਂ ਦੇ ਬੱਚਿਆਂ ਨੂੰ ਪਿਆਰ ਕਰੀ ਜਾਣਗੇ। ਕਈ ਪਛੜੀਆਂ ਜ਼ਾਤਾਂ ਦੇ ਬੱਚਿਆਂ ਨੂੰ ਘੜੀ ਕੁ ਲਈ ਕੁੱਛੜ ਚੁੱਕ ਲੈਣਗੇ। ਲੀਡਰਾਂ ਦਾਆਂ ਇਹ ਸਭ ਚੁਸਤੀਆਂ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਆਉਣ ਵਾਲੀ ਚੋਣ ਵਿੱਚ ਵੋਟਾਂ ਲੈਣ ਲਈ ਲੋਕਾਂ ਦੇ ਦਿਲ ਜਿੱਤਣੇ ਹੁੰਦੇ ਹਨ। ਇੰਞ ਉਨ੍ਹਾਂ ਨੂੰ ਮਖੌਟੇ ਪਹਿਨਣੇ ਹੀ ਪੈਂਦੇ ਹਨ।
ਹਾਂ, ਉਨ੍ਹਾਂ ਦੇਸ਼ਾਂ ਵਿੱਚ ਇੱਕ ਚੀਜ਼ ਮੈਨੂੰ ਕਦੀ-ਕਦੀ ਅਕਸਰ ਨਜ਼ਰ ਆਉਂਦੀ ਰਹਿੰਦੀ ਏ। ਗੋਰੇ ਕਿਸੇ ਨੂੰ ਵੱਡੀ ਨੌਕਰੀ ਲਈ ਤਰੱਕੀ ਦੇਣ ਲੱਗੇ ਜ਼ਰੂਰ ਸੋਚਦੇ ਹਨ। ਆਮ ਨੌਕਰੀਆਂ ਲਈ ਆਮ ਜਨਤਾ ਦੀ ਚੋਣ ਹੁੰਦੀ ਰਹਿੰਦੀ ਏ। ਬਹੁਤੀਆਂ ਨੌਕਰੀਆਂ ਲਈ ਛੋਟੇ-ਮੋਟੇ ਟੈੱਸਟ ਹੁੰਦੇ ਹਨ। ਕਈਆਂ ਲਈ ਔਖੇ ਟੈੱਸਟ ਵੀ ਹੁੰਦੇ ਹਨ। ਜੋ ਪਾਸ ਕਰ ਲੈਂਦੇ ਹਨ, ਉਹ ਇਨ੍ਹਾਂ ਨੌਕਰੀਆਂ ਲਈ ਚੁਣ ਲਏ ਜਾਂਦੇ ਹਨ। ਜਦ ਵੱਡੀਆਂ ਨੌਕਰੀਆਂ ਲਈ ਤਰੱਕੀ ਦੇਣੀ ਹੁੰਦੀ ਹੈ ਤਾਂ ਵੱਧ ਸੋਚਿਆਂ ਜਾਂਦਾ ਏ। ਸਖ਼ਤ ਇਮਤਿਹਾਨ ‘ਚੋਂ ਕੱਢਿਆ ਜਾਂਦਾ ਏ। ਵੈਸੇ ਉੱਥੇ ਸਾਰੇ ਦੇਸ਼ਾਂ ਦੇ ਲੋਕ ਸਭ ਪ੍ਰਕਾਰ ਦੀਆਂ ਨੌਕਰੀਆਂ ਤੇ ਕਿੱਤਿਆਂ ਵਿੱਚ ਹਨ। ਸਭ ਪ੍ਰਕਾਰ ਦੇ ਧਰਮਾਂ ਦਾ ਬਰਾਬਰ ਸਤਿਕਾਰ ਏ। ਅਗਰ ਕੋਈ ਉੱਥੇ ਜਾ ਕੇ ਪੂਰੀ ਪੂਰੀ ਪੜ੍ਹਾਈ ਕਰ ਲਵੇ ਤੇ ਯੂਨੀਵਰਸਿਟੀ ਦੀ ਡਿਗਰੀ ਵੀ ਕਰ ਲਵੇ ਤਾਂ ਨੌਕਰੀ ਪ੍ਰਾਪਤ ਕਰਨ ਵਿੱਚ ਕਿਸੇ ਪ੍ਰਕਾਰ ਦਾ ਭੇਦ-ਭਾਵ ਨਹੀਂ ਏ।
ਦੂਜੇ ਦਿਨ ੧੨ ਵਜੇ ਮਾਂ-ਧੀ ਉਸੇ ਥਾਂ ੮ ਫੇਜ਼ ਵਿੱਚ ਪਹੁੰਚ ਗਈਆਂ। ਜਦ ਉਨ੍ਹਾਂ ਦੇਖਿਆ ਤਾਂ ਦੂਜੀ ਮਾਈ ਲੜਕੇ ਅਤੇ ਇੱਕ ਹੋਰ ਇਸਤਰੀ ਤੇ ਮਰਦ ਨੂੰ ਨਾਲ ਲੈ ਕੇ ਉੱਥੇ ਪਹੁੰਚੀ ਹੋਈ ਸੀ।
— ਮਾਂ ਜੀ, ਸਤਿ ਸ੍ਰੀ ਅਕਾਲ।
— ਸਤਿ ਸ੍ਰੀ ਅਕਾਲ ਧੀਏ। ਕਿਤੇ ਨੇੜੇ ਹੀ ਰਹਿੰਦੇ ਹੋ?
— ਹਾਂ, ਅਸੀਂ ਇੱਥੋਂ ਜ਼ਿਆਦਾ ਦੂਰ ਨਹੀਂ ਰਹਿੰਦੇ। ਫਿਰ ਵੀ ਆਉਣ ਨੂੰ ੨੦ ਕੁ ਮਿੰਟ ਤਾਂ ਲੱਗ ਹੀ ਗਏ।
— ਅੱਛਾ। ਇਹ ਕਰਮਜੀਤ ਏ ਜਿਹੜਾ ਬਾਹਰ ਜਾਣ ਲਈ ਕਾਹਲ਼ਾ ਏ?
— ਹਾਂ, ਇਹ ਕਰਮਜੀਤ ਏ ਤੇ ਨਾਲ ਇਹਦੇ ਮਾਂ-ਪਿਉ ਜਾਨੀ ਕਿ ਮੇਰੀ ਭੈਣ ਤੇ ਮੇਰਾ ਭਣਵੱਈਆ।
— ਮੁੰਡਾ ਤਾਂ ਸਮਾਰਟ ਲੱਗਦਾ ਏ। ਕਰਮਜੀਤ ਦੀ ਕਿੰਨੀ ਪੜ੍ਹਾਈ ਏ। ਪਿੰਡ ਹੀ ਪੜ੍ਹਿਆ ਸੀ ਜਾਂ ਕਿਸੇ ਸ਼ਹਿਰ ਵਿੱਚ? ਕਿੰਨੀ ਉਮਰ ਏ ਤੇਰੀ? ਬਾਹਰ ਕਿਉਂ ਜਾਣਾ ਚਾਹੁੰਦਾ ਏਂ?
— ਜੀ, ਮੈਂ ੧੨ਵੀਂ ‘ਚੋਂ ਫੇਲ੍ਹ ਹੋ ਗਿਆ ਸੀ। ਪਿੰਡ ਦੇ ਸਕੂਲ ਵਿੱਚ ਪੰਜਵੀਂ ਕੀਤੀ ਤੇ ਫਿਰ ਨੇੜੇ ਦੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਅਗਲੀ ਪੜ੍ਹਾਈ ਕੀਤੀ। ਫੇਲ੍ਹ ਹੋਣ ਤੋਂ ਬਾਅਦ ਬਸ ਪੜ੍ਹਾਈ ਕਰਨ ਨੂੰ ਦਿਲ ਹੀ ਨਹੀਂ ਕੀਤਾ। ਫਿਰ ਸੋਚਿਆ ਕਿ ਬਾਹਰ ਹੀ ਜਾਣਾ ਏ। ਤੁਹਾਨੂੰ ਪਤਾ ਹੀ ਏ ਇੱਥੇ ਕਿੰਨਾ ਮਾੜਾ ਹਾਲ ਏ। ਜਦ ਪੜ੍ਹਿਆਂ-ਲਿਖਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਸਾਨੂੰ ਘੱਟ ਪੜ੍ਹਿਆਂ-ਲਿਖਿਆਂ ਨੂੰ ਕੀ ਮਿਲਣਾ ਏ? ਜਿਹੜੇ ਵੀ ਬਾਹਰ ਸੈੱਟ ਹੋ ਗਏ, ਬੱਸ ਮਾਲਾ-ਮਾਲ ਹੋ ਗਏ। ਹੁਣ ਜਦ ਛੁੱਟੀ ਆਉਂਦੇ ਨੇ, ਤਾਂ ਬਸ ਪੈਸੇ ਹੀ ਖਿਲਾਰਦੇ ਫਿਰਦੇ ਰਹਿੰਦੇ ਨੇ। ਪਰਸੋਂ ਪੰਡੋਰੀ ਵਾਲਾ ਸੁੱਖਾ ਮਿਲਿਆ। ਇੱਕ ਰੈੱਸਟੋਰੈਂਟ ਤੇ ਨੂੰ ਖਿੱਚ ਕੇ ਲੈ ਗਿਆ। ਮਸਾਂ ਦੋ ਕੁ ਘੰਟੇ ਹੀ ਬੈਠੇ। ਬਿੱਲ ਬਣਿਆ ਦੋ ਹਜ਼ਾਰ ਰੁਪਿਆ। ਦੁਕਾਨਦਾਰ ਮੂਹਰੇ ਪੰਝੀ ਸੌ ਸੁੱਟ ਕੇ ਔਹ ਗਿਆ, ਔਹ ਗਿਆ। ਗਲ਼ ਵਿੱਚ ਸੋਨੇ ਦੀ ਮੋਟੀ ਸਾਰੀ ਚੈਨੀ ਪਾਈ ਹੋਈ ਸੀ। ਬਾਂਹ ‘ਚ ਪੰਜ ਕੁ ਤੋਲੇ ਦਾ ਕੜਾ। ਉਂਗਲਾਂ ਵਿੱਚ ਦੋ ਮੁੰਦੀਆਂ ਤੇ ਕੰਨ ਵਿੱਚ ਇੱਕ ਨੱਤੀ ਜਿਹੀ। ਬਸ ਕਾਰ ‘ਤੇ ਆਇਆ ਤੇ ਮੇਰੇ ਕੋਲ ਦੋ ਕੁ ਘੰਟੇ ਹੀ ਰਿਹਾ। ਕਹਿੰਦਾ ਹੋਰ ਦੋਸਤਾਂ ਨੂੰ ਵੀ ਮਿਲਣਾ ਏ। ਛੁੱਟੀ ਬੜੀ ਘੱਟ ਏ। ਮੈਂ ਬਥੇਰਾ ਜ਼ੋਰ ਲਾਇਆ ਪਾਰਟੀ ਦੇਣ ਨੂੰ। ਕਹਿੰਦਾ ਅਗਰ ਮੇਰੇ ਪਾਸ ਸਮਾਂ ਹੋਇਆ ਤਾਂ ਦੱਸਾਂਗਾ, ਨਹੀਂ ਤਾਂ ਅਗਲੀ ਵਾਰ ਸਹੀ।
ਮੁੰਡੇ ਵਾਲੇ ਇੰਨੇ ਕਾਹਲ਼ੇ ਪਏ ਹੋਏ ਸੀ ਕਿ ਉਪਰੋਕਤ ਗੱਲਾਂ ਦੋਹਾਂ ਪਾਰਟੀਆਂ ਨੇ ਖੜ੍ਹੇ-ਖੜ੍ਹੇ ਹੀ ਕਰ ਲਈਆਂ। ਦੋਹਾਂ ਪਾਰਟੀਆਂ ਨੂੰ ਪਤਾ ਵੀ ਨਾ ਲੱਗਾ ਕਿ ਇੱਕ ਦੂਜੇ ਨੂੰ ਕਿਸੇ ਦੁਕਾਨ ‘ਤੇ ਬੈਠਣ ਲਈ ਕਹਿਣ। ਫਿਰ ਰਿੰਪੀ ਨੇ ਕਰਮਜੀਤ ਤੇ ਉਸ ਦੇ ਨਾਲ ਆਏ ਮਾਂ, ਮਾਸੀ ਤੇ ਮਾਸੜ ਨੂੰ ਨੇੜੇ ਲੱਗਦੀ ਚਾਹ ਦੀ ਦੁਕਾਨ ‘ਤੇ ਬੈਠਣ ਨੂੰ ਕਿਹਾ। ਇਸਤੋਂ ਬਾਅਦ ਆਪਸੀ ਵਿਚਾਰਾਂ ਸ਼ੁਰੂ ਹੋਈਆਂ।
—ਅੱਛਾ, ਮਾਂ ਜੀ, ਤੁਸੀਂ ਦੱਸੋ ਕਿ ਤੁਸੀਂ ਕਿਸ ਕਿਸਮ ਦਾ ਵਿਆਹ ਚਾਹੁੰਦੇ ਹੋ?
—ਰਿੰਪੀ, ਮੇਰੀ ਭੈਣ ਤੇ ਭਣਵੱਈਆ ਤਾਂ ਇਹੀ ਚਾਹੁੰਦੇ ਹਨ ਕਿ ਤੂੰ ਮੁੰਡੇ ਦੇ ਪੱਕਾ ਹੋਣ ਤੱਕ ਨਾਲ ਹੀ ਰਹੇਂ।
— ਮਾਂ ਜੀ, ਪੱਕਾ ਹੋਣ ਨੂੰ ਤਾਂ ਕਾਫ਼ੀ ਸਮਾਂ ਲੱਗ ਜਾਂਦਾ ਏ। ਇੰਨਾ ਜ਼ਿਆਦਾ ਸਮਾਂ ਉਡੀਕਣਾ ਔਖਾ ਹੋ ਜਾਂਦਾ ਏ। ਬਿਹਤਰ ਇਹ ਹੈ ਕਿ ਲੜਕਾ ਛੇ ਕੁ ਮਹੀਨਿਆਂ ਵਿੱਚ ਉੱਧਰ ਕੋਈ ਹੋਰ ਲੜਕੀ ਲੱਭ ਲਵੇ ਤੇ ਉਸ ਨਾਲ ਪੱਕੇ ਤੌਰ ਤੇ ਵਿਆਹ ਕਰਵਾ ਲਵੇ।
— ਧੀਏ, ਅਗਰ ਉੱਧਰ ਲੜਕੀ ਲੱਭੇਗਾ ਵੀ ਤਾਂ ਉਸਨੂੰ ਵੀ ਪੈਸੇ ਦੇਣੇ ਪੈਣਗੇ। ਅਸੀਂ ਦੋ ਪਾਸੇ ਪੈਸੇ ਖ਼ਰਚ ਨਹੀਂ ਕਰ ਸਕਦੇ। ਸਾਨੂੰ ਤਾਂ ਇੰਞ ਵੀ ਲੱਗ ਰਿਹਾ ਏ ਕਿ ਲੜਕੇ ਨੂੰ ਹੋਰ ਕੋਈ ਲੜਕੀ ਲੱਭਣੀ ਔਖੀ ਏ। ਲੜਕਾ ਇੰਨਾ ਤੇਜ਼ ਨਹੀਂ ਕਿ ਉੱਧਰ ਜਾ ਕੇ ਜਲਦੀ ਕੋਈ ਪੂਰੀ ਪਾ ਸਕੇ। (ਵਿੱਚ ਹੀ ਕਰਮਜੀਤ ਬੋਲ ਪਿਆ) ਕਹਿੰਦੇ ਨੇ ਉੱਧਰ ਸਾਰੇ ਅੰਗਰੇਜ਼ੀ ਹੀ ਬੋਲਦੇ ਨੇ। ਅਸੀਂ ਪਿੰਡਾਂ ਵਿੱਚ ਰਹੇ ਤੇ ਪਿੰਡਾਂ ਵਿੱਚ ਹੀ ਪੜ੍ਹੇ। ਅਸੀਂ ਇੱਕਦਮ ਕਿਵੇਂ ਅੰਗਰੇਜ਼ੀ ਬੋਲਣ ਲੱਗ ਸਕਦੇ ਹਾਂ? ਪੰਜਾਬੀ ਕੁੜੀਆਂ ਤਾਂ ਵਿਆਹ ਵਾਸਤੇ ਇਕ ਦਮ ਹੱਥ ਨਹੀਂ ਆ ਸਕਦੀਆਂ। ਪੰਜਾਬੀ ਪੰਜਾਬੀਆਂ ਦੇ ਸਾਰੇ ਭੇਤ ਜਾਣਦੇ ਨੇ। ਗੋਰੀਆਂ ਜਾਂ ਕੋਈ ਹੋਰ ਕੁੜੀਆਂ ਨਾਲ ਤਾਂ ਹੀ ਗੱਲਬਾਤ ਕੀਤੀ ਜਾ ਸਕਦੀ ਏ, ਜੇਕਰ ਬੰਦੇ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਹੋਵੇ। ਕੀ ਉੱਧਰ ਕੋਈ ਹੋਰ ਲੋਕ ਵੀ ਹਨ, ਜੋ ਕਿਸੇ ਨੂੰ ਸੈੱਟ ਕਰ ਸਕਦੇ ਨੇ?
— ਹਾਂ ਉਸ ਦੇਸ਼ ਵਿੱਚ ੧੩੫ ਤੋਂ ਵੀ ਵੱਧ ਦੇਸ਼ਾਂ ਦੇ ਲੋਕ ਰਹਿੰਦੇ ਹਨ। ਬਹੁਤ ਸਾਰੇ ਪੰਜਾਬੀਆਂ ਨੂੰ ਸਮੋਆ ਤੇ ਟੌਂਗਾ ਟਾਪੂਆਂ ਦੀਆਂ ਤੀਵੀਆਂ ਨੇ ਪੱਕੇ ਕਰਵਾਇਆ ਸੀ। ਹੁਣੇ ਹੁਣੇ ਮੇਰੇ ਉੱਥੇ ਨੇੜੇ ਰਹਿੰਦੀ ਇੱਕ ਤੀਵੀਂ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਇੱਕ ਵਿਆਹ ‘ਤੇ ਆਈ ਸੀ। ਉਸ ਦਾ ਘਰ ਵਾਲਾ ਉਸ ਨੂੰ ਬੰਗਾ ਤੇ ਨਵਾਂ ਸ਼ਹਿਰ ਵਿੱਚਕਾਰ ਮੋਟਰ ਸਾਈਕਲ ‘ਤੇ ਘੁਮਾਉਂਦਾ ਰਿਹਾ। ਉਹ ਮੋਟਰ ਸਾਈਕਲ ਦੀ ਸਵਾਰੀ ਤੋਂ ਬੜੀ ਹੈਰਾਨ ਹੋਈ। ਰਾਹ ਵਿੱਚ ਮੱਝਾਂ ਨੇ ਜਦ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਇੱਕ ਦੋ ਵਾਰ ਕੱਟਿਆ ਤਾਂ ਉਹ ਬੜੀ ਡਰੀ। ਉਹ ਉੱਧਰ ਜਾ ਕੇ ਸਾਰੀਆਂ ਗੱਲਾਂ ਦੱਸਦੀ ਸੀ। ਉੱਧਰ ਆਸਟ੍ਰੇਲੀਆ ਵਿੱਚ ਮੋਟਰ ਸਾਈਕਲ ਬਹੁਤ ਘੱਟ ਹਨ। ਬਸ ਕਾਰਾਂ ਹੀ ਕਾਰਾਂ ਹਨ। ਉਂਝ ਪੰਜਾਬ ਵਿੱਚ ਆ ਕੇ ਉਸ ਨੇ ਬਹੁਤ ਵਧੀਆ ਮਹਿਸੂਸ ਕੀਤਾ ਸੀ। ਸਾਰਾ ਕੁੱਝ ਆਪਣੀ ਕੋਸ਼ਿਸ਼ ‘ਤੇ ਨਿਰਭਰ ਕਰਦਾ ਏ। ਅਗਰ ਤੂੰ ਉੱਧਰ ਜਾ ਕੇ ਕੋਸ਼ਿਸ਼ ਕਰੇਂ ਤਾਂ ਕੋਈ ਕੁੜੀ ਲੱਭ ਸਕਦਾ ਏਂ। ਤੈਨੂੰ ਉੱਧਰ ਜਾ ਕੇ ਕਲੱਬਾਂ ਪੱਬਾਂ ਵਿੱਚ ਜਾਣਾ ਪਿਆ ਕਰੇਗਾ। ਉੱਥੇ ਕਿਸੇ ਨਾਲ ਵਾਕਫ਼ੀਅਤ ਪਾਈ ਜਾ ਸਕਦੀ ਏ।
— ਭਾਸ਼ਾ ਤੋਂ ਬਗੈਰ ਵਾਕਫੀਅਤ ਕਿਵੇਂ ਪਾਈ ਜਾ ਸਕਦੀ ਏ?
— ਉੱਧਰ ਜਾ ਕੇ ਤੇਰਾ ਅੰਗਰੇਜ਼ੀ ਦਾ ਝਾਕਾ ਕਾਫ਼ੀ ਘੱਟ ਜਾਵੇਗਾ। ਵੱਡੀ ਗੱਲ ਭਾਸ਼ਾ ਦੀ ਨਹੀਂ ਹੁੰਦੀ।
— ਹੋਰ ਵੱਡੀ ਗੱਲ ਕੀ ਹੁੰਦੀ ਏ?
— ਤੂੰ ਆਪ ਹੀ ਸਮਝ। ਮੈਨੂੰ ਤਾਂ ਦੱਸਦੀ ਨੂੰ ਸ਼ਰਮ ਆਉਂਦੀ ਏ।
— ਚੱਲ ਛੱਡ ਧੀਏ, ਤੂੰ ਐਂ ਦੱਸ ਪਈ ਸਾਡੇ ਪੈਸੇ ਕਿੰਨੇ ਲੱਗਣਗੇ?
— ਮਾਂ ਜੀ, ਤੁਹਾਨੂੰ ੨੦ ਲੱਖ ਦੇਣਾ ਪਵੇਗਾ, ਅਗਰ ਮੈਂ ਕਰਮਜੀਤ ਨਾਲ ਛੇ ਮਹੀਨੇ ਰਹਿਣਾ ਏ। ਇਸ ਤੋਂ ਇਲਾਵਾ ਇਹਦੀ ਰਿਹਾਇਸ਼ ਦਾ ਤੇ ਸਾਡੇ ਦੋਹਾਂ ਦੇ ਕਿਰਾਏ ਦਾ ਪ੍ਰਬੰਧ ਵੀ ਤੁਸੀਂ ਹੀ ਕਰਨਾ ਏ। ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਇਹਦੇ ਨਾਲ ਵੀ ਰਹਿ ਸਕਦੀ ਹਾਂ। ਵੈਸੇ ਮੈਂ ਇਸ ਤੋਂ ਪਰ੍ਹੇ ਰਹਿਣਾ ਜ਼ਿਆਦਾ ਪਸੰਦ ਕਰਾਂਗੀ। ਅਗਰ ਇਹ ਮੇਰੇ ਨਾਲ ਮੇਰੀ ਮਰਜ਼ੀ ਤੋਂ ਬਗ਼ੈਰ ਕੁੱਝ ਵੀ ਕਰੇਗਾ ਤਾਂ ਉਸ ਲਈ ਇਹ ਖ਼ੁਦ ਜ਼ਿੰਮੇਵਾਰ ਹੋਵੇਗਾ। ਉਸ ਦੇਸ਼ ਵਿੱਚ ਮਰਜ਼ੀ ਤੋਂ ਬਗ਼ੈਰ ਕੁੱਝ ਵੀ ਕਰਨ ਦੀ ਇਜ਼ਾਜਤ ਨਹੀਂ। ਮਰਜ਼ੀ ਨਾਲ ਹੀ ਸੱਭ ਕੁੱਝ ਕਰਨ ਦੀ ਇਜ਼ਾਜਤ ਏ।
— ਕੁੜੇ, ਸੁਣਿਆ, ਉੱਥੇ ਮੁੰਡੇ ਕੁੜੀਆਂ ਬਾਹਾਂ ‘ਚ ਬਾਹਾਂ ਪਾਈ ਇਕੱਠੇ ਤੁਰੇ ਫਿਰਦੇ ਨੇ। ਇਹ ਵੀ ਸੁਣਿਆਂ ਕਿ ਉੱਥੇ ਮੁੰਡੇ ਕੁੜੀਆਂ ਇਕੱਠੇ ਹੀ ਇੱਕ ਹੀ ਮਕਾਨ ਵਿੱਚ ਰਹਿੰਦੇ ਨੇ। ਪਿੱਛੇ ਜਿਹੇ ਇੱਥੇ ਉੱਧਰ ਨੂੰ ਗਈ ਇੱਕ ਡਾਕਟਰ ਤੀਵੀਂ ਨੇ ਤਾਂ ਇਹ ਬਿਆਨ ਵੀ ਦਿੱਤਾ ਸੀ ਕਿ ਉੱਥੇ ਗਈਆਂ ਕੁੜੀਆਂ ਪੂਰੀਆਂ ਵਿਗੜ ਚੁੱਕੀਆਂ ਨੇ।
— ਤੁਹਾਨੂੰ ਸਾਰਿਆਂ ਨੂੰ ਇੱਕ ਰੱਸੇ ਨਾਲ ਨਹੀਂ ਬੰਨ੍ਹਣਾ ਚਾਹੀਦਾ। ਬਥੇਰੀਆਂ ਕੁੜੀਆਂ ਉੱਥੇ ਵੀ ਚੰਗੀਆਂ ਹਨ। ਜਿਹੜੇ ਇਸ ਪ੍ਰਕਾਰ ਦੇ ਬਿਆਨ ਦਿੰਦੇ ਹਨ, ਉਹ ਬੇਵਕੂਫ ਹਨ। ਕਦੀ ਵੀ ਕਿਸੇ ਨੂੰ ਅੰਕੜੇ ਦੱਸ ਕੇ ਬਿਆਨ ਨਹੀਂ ਦੇਣਾ ਚਾਹੀਦਾ। ਹਰ ਜਗ੍ਹਾ ਚੰਗੇ ਬੰਦੇ ਵੀ ਹੁੰਦੇ ਹਨ ਤੇ ਮੰਦੇ ਵੀ। ਬਥੇਰੀਆਂ ਲੜਕੀਆਂ ਹਰ ਜਗ੍ਹਾ ਹੀ ਅਣਖੀ ਤੇ ਇੱਜ਼ਤ ਬਚਾਊ ਹਨ। ਮੇਰੀ ਗੱਲ ਛੱਡੋ, ਮੈਂ ਹਰ ਕੁੱਝ ਕਰਨ ਲਈ ਤਿਆਰ ਹਾਂ। ਮੈਨੂੰ ਤਾਂ ਪੈਸੇ ਚਾਹੀਦੇ ਹਨ। ਅਗਰ ਤੁਸੀਂ ਪੰਜ ਲੱਖ ਹੋਰ ਦੇ ਦਿਓ ਤਾਂ ਮੈਂ ਕਰਮਜੀਤ ਨਾਲ ਉਸ ਤਰੀਕੇ ਨਾਲ ਰਹਿ ਸਕਦੀ ਹਾਂ, ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਮੈਂ ਰਹਾਂ। ਮੇਰਾ ਤਾਂ ਮੁੰਡਿਆਂ ਨੂੰ ਇੱਧਰੋਂ ਲਿਜਾ ਕੇ ਉੱਧਰ ਸੈੱਟ ਕਰਨਾ ਕਿੱਤਾ ਏ। ਮੈਂ ਉਹੀ ਕੁੱਝ ਕਰ ਸਕਦੀ ਹਾਂ, ਜੋ ਮੈਨੂੰ ਕੋਈ ਪਾਰਟੀ ਕਹੇ।
— ਤੂੰ ਸਾਡੀ ਵਾਕਫ਼ ਏਂ। ਮੈਂ ਤੇਰੇ ਨਾਲ ਜਹਾਜ਼ ਵਿੱਚ ਅੰਤਾਂ ਦੀਆਂ ਗੱਲਾਂ ਕਰਦੀ ਆਈ ਸੀ। ਵਾਕਫ਼ੀਅਤ ਦੇ ਨਾਂ ਤੇ ਤੂੰ ਸਾਡੇ ਨਾਲ ਕੋਈ ਵੀ ਰਿਆਇਤ ਨਹੀਂ ਕਰੇਂਗੀ?
— ਮਾਂ ਜੀ, ਕਾਰੋਬਾਰ ਵਿੱਚ ਵਾਕਫ਼ੀਅਤ ਦਾ ਕੋਈ ਅਰਥ ਨਹੀਂ ਹੁੰਦਾ। ਕਈ ਵਾਰੀ ਵਾਕਫ਼ੀਅਤ ਕਾਰੋਬਾਰ ਨੂੰ ਵਧਾਉਣ ਲਈ ਵੀ ਕੀਤੀ ਜਾਂਦੀ ਏ। ਤੁਹਾਨੂੰ ਸਿੰਗਾਪੁਰ ਏਅਰਪੋਰਟ ਤੇ ਮੇਰੇ ਪਾਸੋਂ ਫ਼ਾਰਮ ਭਰਾਉਣ ਦੀ ਜ਼ਰੂਰਤ ਪਈ। ਮੈਂ ਤੁਹਾਡਾ ਕੰਮ ਕਰ ਦਿੱਤਾ। ਇੱਕੋ ਭਾਸ਼ਾ ਦੇ ਹੋਣ ਕਰਕੇ ਤੁਸੀਂ ਮੇਰੇ ਨਾਲ ਵੱਧ ਗੱਲਾਂ ਕਰਨ ਲੱਗ ਪਏ। ਗੱਲਾਂ ਗੱਲਾਂ ਵਿੱਚ ਸਫ਼ਰ ਵੀ ਹੁੰਦਾ ਗਿਆ ਤੇ ਵਾਕਫ਼ੀਅਤ ਵੀ ਵੱਧਦੀ ਗਈ। ਹੁਣ ਤੁਹਾਨੂੰ ਮੇਰੇ ਤੱਕ ਲੋੜ ਪੈ ਗਈ। ਮੈਂ ਤੁਹਾਡੀ ਲੋੜ ਪੂਰੀ ਕਰਨ ਲਈ ਤਿਆਰ ਹਾਂ। ਤੁਹਾਨੂੰ ਇਸ ਕੰਮ ਲਈ ਪੈਸਾ ਤਾਂ ਖਰਚਣਾ ਹੀ ਪਵੇਗਾ। (ਵਿੱਚ ਹੀ ਕਰਮਜੀਤ ਬੋਲ ਪਿਆ)।
— ਉੱਥੇ ਕੰਮ ਕਿਸ ਤਰ੍ਹਾਂ ਦੇ ਮਿਲਦੇ ਨੇ? ਅਗਰ ਮੈਂ ਉੱਥੇ ਜਾ ਕੇ ਕੁੱਝ ਕੰਮ ਹੀ ਨਾ ਕਰ ਸਕਿਆ ਤਾਂ ਅਸੀਂ ਪੈਸੇ ਕਿਵੇਂ ਪੂਰੇ ਕਰਾਂਗੇ? ਮੈਨੂੰ ਤਾਂ ਉਸ ਦੇਸ਼ ਬਾਰੇ ਬਹੁਤਾ ਪਤਾ ਨਹੀਂ। ਸਿਰਫ਼ ਸੱਤਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਵਿੱਚ ਇੱਕ ਲੇਖ ਹੁੰਦਾ ਸੀ। ਉਸ ਲੇਖ ਦਾ ਨਾਂ ਹੁੰਦਾ ਸੀ ‘ਦੁੱਧ ਘਿਓ ਦਾ ਦੇਸ਼ ਆਸਟ੍ਰੇਲੀਆ’। ਕੀ ਉਹ ਸੱਚਮੁੱਚ ਹੀ ਦੁੱਧ ਘਿਓ ਦਾ ਦੇਸ਼ ਏ? ਕੀ ਉਹ ਸੱਚਮੁੱਚ ਹੀ ਬਹੁਤ ਵੱਡਾ ਦੇਸ਼ ਏ? ਕੀ ਉੱਥੇ ਲੁਕਣਾ ਸੌਖਾ ਏ? ਵਾਤਾਵਰਣ ਕਿਹੋ ਜਿਹਾ ਏ? ਭਾਵੇਂ ਮੇਰੇ ਵਾਕਫ਼ ਮੁੰਡੇ ਉੱਥੇ ਬਾਰੇ ਕਾਫ਼ੀ ਕੁੱਝ ਕਹਿੰਦੇ ਰਹਿੰਦੇ ਹਨ, ਪਰ ਤੂੰ ਵੀ ਸਾਨੂੰ ਦੱਸ ਕਿ ਉਹ ਦੇਸ਼ ਕਿਸ ਪ੍ਰਕਾਰ ਦਾ ਏ?
—ਸਾਡੀ ਇਹ ਮਿਲਣੀ ਬਹੁਤੀ ਲੰਬੀ ਮਿਲਣੀ ਨਹੀਂ ਏ। ਤੁਹਾਡੇ ਸਵਾਲ ਬੜਾ ਲੰਬਾ ਚੌੜਾ ਜਵਾਬ ਮੰਗਦੇ ਨੇ। ਬਾਕੀ ਮੈਂ ਕਿਹੜੀ ਉਸ ਦੇਸ਼ ਬਾਰੇ ਪੜ੍ਹਾਈ ਕੀਤੀ ਹੋਈ ਏ। ਫਿਰ ਵੀ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸ ਸਕਦੀ ਹਾਂ। ਮੇਰੇ ਖ਼ਿਆਲ ਅਨੁਸਾਰ ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਰਹਿਣ- ਸਹਿਣ ਲਈ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਏ। ਸੱਭ ਤੋਂ ਵੱਡੀ ਗੱਲ ਵਾਤਾਵਰਣ ਦੀ ਏ। ਸਿਡਨੀ ਜਿਹੇ ਸ਼ਹਿਰਾਂ ਵਿੱਚ ਮੌਸਮ ਸਾਰਾ ਸਾਲ ਹੀ ਬਹੁਤ ਵਧੀਆ ਰਹਿੰਦਾ ਹੈ। ਉੱਥੇ ਸਰਦੀ ਤਾਂ ਪੰਜਾਬ ਜਿਹੀ ਹੀ ਪੈਂਦੀ ਹੈ। ਪੰਜਾਬ ਵਿੱਚ ਸਰਦੀ ਵਿੱਚ ਧੁੰਦ ਬੜੀ ਪੈਂਦੀ ਹੈ, ਪਰ ਉੱਥੇ ਧੁੰਦ ਘੱਟ ਪੈਂਦੀ ਹੈ। ਕਦੀ ਕਦੀ ਅੱਧੀ ਰਾਤ ਨੂੰ ਪਾਣੀ ਦੇ ਖਾਲ਼ਿਆਂ ਦੇ ਲਾਗੇ ਹੀ ਧੁੰਦ ਦੇਖੀ ਜਾ ਸਕਦੀ ਏ। ਉੱਥੇ ਗਰਮੀ ਸਿਰਫ਼ ਜਨਵਰੀ ਵਿੱਚ ਹੀ ਪੈਂਦੀ ਏ। ਕਦੀ ਕਦੀ ਹੀ ਪਾਰਾ ੩੦ ਡਿਗਰੀ ਤੋਂ ਉੱਪਰ ਜਾਂਦਾ ਏ। ਸਿਰਫ਼ ਚੰਦ ਕੁ ਦਿਨ ਹਨ, ਜਦ ਗਰਮੀ ਜ਼ਿਆਦਾ ਲੱਗਦੀ ਏ। ਉੱਥੇ ਦੇ ਮੁਕਾਬਲੇ ਪੰਜਾਬ ਵਿੱਚ ਤਾਂ ਅੰਤਾਂ ਦੀ ਗਰਮੀ ਪੈਂਦੀ ਹੈ। ਬਹੁਤ ਵੱਡਾ ਦੇਸ਼ ਏ। ਭਾਰਤ ਨਾਲੋਂ ਤਾਂ ਸ਼ਾਇਦ ਉਹ ਢਾਈ ਕੁ ਗੁਣਾ ਵੱਡਾ ਹੋਵੇ। ਇੱਕ ਵੱਖਰਾ ਮਹਾਂਦੀਪ ਤਾਂ ਹੈ ਉਹ। ਸ਼ਾਇਦ ਉਹ ਦੁਨੀਆਂ ਦਾ ਪੰਜਵਾਂ ਜਾਂ ਛੇਵਾਂ ਸੱਭ ਤੋਂ ਵੱਡਾ ਦੇਸ਼ ਏ। ਜਨ-ਸੰਖਿਆ ਬੜੀ ਹੀ ਘੱਟ ਏ, ਢਾਈ ਕਰੋੜ ਦੇ ਕਰੀਬ।
— (ਕਰਮਜੀਤ ਵਿੱਚ ਹੀ ਬੋਲ ਪਿਆ) ਸਿਰਫ਼ ਢਾਈ ਕਰੋੜ? ਭਾਰਤ ਤਾਂ ਸਵਾ ਸੌ ਕਰੋੜ ਤੋਂ ਵੀ ਵੱਧ ਏ।
— ਉੱਥੇ ਤਾਂ ਜੀਹਦੇ ਵੱਧ ਬੱਚੇ ਹੋਣ, ਉਹਨੂੰ ਭਾਗਾਂ ਵਾਲਾ ਮੰਨਿਆ ਜਾਂਦਾ ਏ। ਬੱਚਿਆਂ ਨੂੰ ਸਰਕਾਰ ਪੈਸੇ ਦਿੰਦੀ ਏ। ਉੱਥੇ ਦੇ ਕਈ ਲੋਕ ਤਾਂ ਕੰਮ ਹੀ ਨਹੀਂ ਕਰਦੇ। ਆਪ ਨੂੰ ਤੇ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਮਿਲਣ ਨਾਲ ਹੀ ਗੁਜ਼ਾਰਾ ਕਰੀ ਜਾ ਰਹੇ ਹਨ। ਜਿਹੜੇ ਕੰਮ ਕਰਦੇ ਹਨ, ਉਨ੍ਹਾਂ ਨੂੰ ਘੰਟੇ ਦੇ ਤਕਰੀਬਨ ੨੪ ਕੁ ਡਾਲਰ ਮਿਲਦੇ ਹਨ। ਕੈਨੇਡਾ ਤੇ ਅਮਰੀਕਾ ਵਿੱਚ ਇਹ ਰੇਟ ੧੩-੧੪ ਡਾਲਰ ਏ। ਭਾਵੇਂ ਆਸਟ੍ਰੇਲੀਆ ਦਾ ਡਾਲਰ ਅਮਰੀਕਾ ਦੇ ਡਾਲਰ ਤੋਂ ਥੋੜ੍ਹਾ ਜਿਹਾ ਘੱਟ ਹੈ, ਪਰ ਘੰਟੇ ਦੇ ਪੈਸੇ ਵੱਧ ਮਿਲਣ ਕਰਕੇ ਉੱਥੇ ਸਮੁੱਚੀ ਕਮਾਈ ਜ਼ਿਆਦਾ ਹੋ ਜਾਂਦੀ ਏ। ਖਾਣ-ਪੀਣ ਦੀਆਂ ਚੀਜ਼ਾਂ ਦੀ ਭਰਮਾਰ ਏ। ਇਹ ਚੀਜ਼ਾਂ ਸਸਤੀਆਂ ਵੀ ਹਨ। ਦੁੱਧ ਘਿਓ ਦਾ ਅੰਤ ਕੋਈ ਨਹੀਂ। ਡਰਾਈ ਫਰੂਟ, ਜੂਸ ਤੇ ਆਈਸਕ੍ਰੀਮ ਜਿੰਨੇ ਮਰਜ਼ੀ ਖਾਵੋ ਪੀਵੋ। ਬਹੁਤ ਵੱਡੇ ਵੱਡੇ ਸ਼ਾਪਿੰਗ ਸੈਂਟਰ ਹਨ। ਸਭ ਏਅਰ ਕੰਡੀਸ਼ਨਡ ਹਨ। ਪਿੰਡ ਸ਼ਹਿਰਾਂ ਜਿਹੇ ਹਨ ਤੇ ਸ਼ਹਿਰ ਪਿੰਡਾਂ ਜਿਹੇ।
ਉਹ ਦੇਸ਼ ਕਾਰਾਂ ਤੇ ਕੰਪਿਊਟਰਾਂ ਦਾ ਦੇਸ਼ ਏ। ਮੋਟਰ ਸਾਈਕਲ ਤਾਂ ਕੋਈ ਟਾਵਾਂ-ਟਾਵਾਂ ਹੀ ਏ। ਉੱਥੇ ਦੀਆਂ ਸੜਕਾਂ ਦੀ ਸਪੀਡ ਨਿਸ਼ਚਿਤ ਹੈ। ਨਿਸ਼ਚਿਤ ਸਪੀਡ ਵਿੱਚ ਕਾਰਾਂ ਹੀ ਸਹੀ ਚੱਲ ਸਕਦੀਆਂ ਹਨ, ਸਕੂਟਰ ਆਦਿ ਨਹੀਂ। ਸੜਕਾਂ ਬੜੀਆਂ ਤੇਜ਼ ਹਨ। ਵੱਡੇ ਵੱਡੇ ਮੋਟਰਵੇਅ ਵੀ ਹਨ, ਜਿੰਨ੍ਹਾਂ ਦੀ ਸਪੀਡ ੧੧੦ ਕਿਲੋਮੀਟਰ ਜਾਂ ਇਸ ਤੋਂ ਵੱਧ ਦੀ ਵੀ ਏ। ਲੁੱਟਾਂ ਖੋਹਾਂ ਹਨ, ਪਰ ਬਹੁਤ ਘੱਟ।
—(ਕਰਮਜੀਤ ਵਿੱਚ ਫਿਰ ਬੋਲ ਪਿਆ) ਖ਼ਬਰਾਂ ਤਾਂ ਬੜੀਆਂ ਅਜੀਬ ਕਿਸਮ ਦੀਆਂ ਛਪ ਰਹੀਆਂ ਹਨ?
— ਕਰਮਜੀਤ, ਜ਼ਰਾ ਕੈਨੇਡਾ ਬਾਰੇ ਸੇਚ ਕੇ ਦੇਖ। ਵੈਨਕੂਵਰ ਦੇ ਇਲਾਕੇ ‘ਚ ਆਏ ਮਹੀਨੇ ਕੋਈ ਨਾ ਕੋਈ ਪੰਜਾਬੀ ਮਾਰਿਆ ਜਾਂਦਾ ਏ। ਉੱਥੇ ਅਸਲ ਵਿੱਚ ਨਸ਼ਿਆਂ ਦੀ ਤਸ਼ਕਰੀ ਦਾ ਕੰਮ ਬਹੁਤ ਚੱਲਦਾ ਏ। ਬਰੈਂਪਟਨ ਦੇ ਇਲਾਕੇ ਵਿੱਚ ਕਦੀ ਪੰਜਾਬੀ ਮੁੰਡੇ-ਕੁੜੀਆਂ ਦਾ ਹਾਲ ਸੁਣਿਐ? ਤੈਨੂੰ ਪਤੈ, ਉੱਥੇ ਪਿੱਛੇ ਜਿਹੇ ਇੱਕ ਰਾਤ ਵਿੱਚ ਕਿੰਨੇ ਹਜ਼ਾਰ ਕਾਰਾਂ ਚੋਰੀ ਹੋਈਆਂ ਸਨ? ਆਸਟ੍ਰੇਲੀਆ ਬਾਰੇ ਜਿਹੜੀਆਂ ਵੀ ਮਾੜੀਆਂ-ਮੋਟੀਆਂ ਖ਼ਬਰਾਂ ਛਪ ਰਹੀਆਂ ਹਨ, ਉਨ੍ਹਾਂ ਪਿੱਛੇ ਸਾਡੇ ਆਪਣਿਆਂ ਦਾ ਹੱਥ ਜ਼ਿਆਦਾ ਏ। ਮੈਂ ਮੰਨਦੀ ਹਾਂ ਕਿ ਉੱਥੇ ਵੀ ਥੋੜ੍ਹੀਆਂ-ਬਹੁਤੀਆਂ ਲੁੱਟਾਂ ਖੋਹਾਂ ਹਨ। ਇਸ ਪ੍ਰਕਾਰ ਦੀਆਂ ਲੁੱਟਾਂ ਖੋਹਾਂ ਹਰ ਜਗ੍ਹਾ ਹੁੰਦੀਆਂ ਹਨ। ਜਿਹੜੀਆਂ ਲੜਾਈਆਂ ਹੋ ਰਹੀਆਂ ਹਨ, ਉਹ ਜ਼ਿਆਦਾ ਇੱਧਰੋਂ ਗਏ ਪੰਜਾਬੀਆਂ ਦੀਆਂ ਆਪਸ ਵਿੱਚ ਹੁੰਦੀਆਂ ਹਨ।
— (ਕਰਮਜੀਤ ਫਿਰ ਬੋਲ ਪਿਆ) ਨਾਲੇ ਕਹਿੰਦੇ ਉੱਥੇ ਨਸਲਵਾਦ ਬਹੁਤ ਏ?
— ਸਭ ਬਕਵਾਸ ਏ। ਥੋੜ੍ਹਾ ਬਹੁਤਾ ਨਸਲਵਾਦ ਹਰ ਜਗ੍ਹਾ ਹੁੰਦਾ ਏ। ਕੀ ਤੂੰ ਗੱਡੀਆਂ ਵਾਲਿਆਂ ਤੇ ਗਧੀਲਿਆਂ ਨਾਲ ਬੈਠ ਕੇ ਖਾਣਾ ਖਾਵੇਂਗਾ? ਉਹ ਤਾਂ ਬਿੱਲੇ ਮਾਰ ਕੇ ਵੀ ਖਾ ਲੈਂਦੇ ਹਨ। ਕੀ ਤੂੰ ਕਦੀ ਬਿੱਲੇ ਦਾ ਮੀਟ ਖਾਧਾ ਏ? ਕੀ ਤੁਹਾਡੇ ਪਿੰਡ ਵਿੱਚ ਨਸਲਵਾਦ ਨਹੀਂ ਏ? ਤੁਸੀਂ ਹਰੀਜਨਾਂ ਨੂੰ ਵੱਖਰਾ ਗੁਰਦੁਆਰਾ ਬਣਾਉਣ ਲਈ ਕਿਉਂ ਮਜ਼ਬੂਰ ਕੀਤਾ, ਜਦ ਕਿ ਗੁਰੂ ਸਾਹਿਬਾਨ ਨੇ ਜ਼ਾਤ-ਪਾਤ ਖ਼ਤਮ ਕੀਤੀ ਸੀ? ਆਹ ਬੈਠੀ ਤੇਰੀ ਮਾਂ, ਇਹਨੂੰ ਪੁੱਛ ਲੈ। ਅਜੇ ਹੁਣੇ ਜਿਹੇ ਦੀ ਗੱਲ ਏ ਕਿ ਪਿੰਡਾਂ ਵਿੱਚ ਹਰੀਜਨਾਂ ਨੂੰ ਜੱਟ ਜ਼ਿਮੀਂਦਾਰ ਆਪਣੇ ਗੁਰਦੁਆਰੇ ਦੇ ਅੰਦਰ ਵੀ ਨਹੀਂ ਬੈਠਣ ਦਿਆ ਕਰਦੇ ਸਨ। ਭਾਰਤ ਵਿੱਚ ਅਜੇ ਵੀ ਅੰਤਾਂ ਦਾ ਨਸਲਵਾਦ ਏ। ਯੂ.ਪੀ., ਬਿਹਾਰ ਦੇ ਗ਼ਰੀਬ ਇਲਾਕਿਆਂ ਵਿੱਚ ਜਾ ਕੇ ਦੇਖੀਂ। ਫਿਰ ਤੈਨੂੰ ਪਤਾ ਲੱਗੂ ਕਿ ਅਸਲੀ ਭਾਰਤ ਕਿੱਥੇ ਵੱਸਦਾ ਏ। ਪੰਜਾਬ ਤੋਂ ਟਰੱਕਾਂ ਵਾਲੇ ਬਿਹਾਰ ਰਾਹੀਂ ਕਲਕੱਤੇ ਵੱਲ ਜਾਂਦੇ ਹੀ ਰਹਿੰਦੇ ਹਨ। ਲੁਟੇਰੇ ਟਰੱਕ ਲੁੱਟ ਲੈਂਦੇ ਹਨ ਤੇ ਬੰਦਿਆਂ ਨੂੰ ਮਾਰ ਦਿੰਦੇ ਹਨ। ਸਾਡੇ ਲੋਕਾਂ ਨੇ ਐਵੇਂ ਖੌਰੂ ਪਾਇਆ ਹੋਇਆ ਏ ਕਿ ਉੱਥੇ ਮੁੰਡੇ ਕੁੜੀਆਂ ਨੂੰ ਮਿਲਣ ਦੀ ਆਜ਼ਾਦੀ ਬਹੁਤ ਏ। ਮੈਂ ਮੰਨਦੀ ਹਾਂ ਕਿ ਉੱਥੇ ਇਸ ਪ੍ਰਕਾਰ ਦੇ ਮਿਲਣ ਨੂੰ ਅਵਾਰਾਗਰਦੀ ਨਹੀਂ ਮੰਨਿਆ ਜਾਂਦਾ।
ਭਾਰਤ ਵਿੱਚ ਅਵਾਰਾਗਰਦੀ ਗੈਰ-ਕਾਨੂੰਨੀ ਮੰਨੀ ਜਾਂਦੀ ਏ। ਭਾਵੇਂ ਉੱਥੇ ਅੰਤਾਂ ਦੀ ਆਜ਼ਾਦੀ ਏ, ਫਿਰ ਵੀ ਜੋ ਕੁੱਝ ਇੱਥੇ ਭਾਰਤ ਵਿੱਚ ਹੋ ਰਿਹਾ ਏ, ਉਹ ਉਸ ਤੋਂ ਕਿਤੇ ਜ਼ਿਆਦਾ ਮਾੜਾ ਤੇ ਕੋਝਾ ਏ। ਭਾਰਤ ਵਿੱਚ ਅਵਾਰਾ-ਗਰਦੀ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਵੀ ਅੰਦਰੋ-ਗਤੀ ਸਭ ਕੁੱਝ ਹੋ ਰਿਹਾ ਏ। ਗੋਰੇ ਅੰਦਰੋਗਤੀ ਬਹੁਤਾ ਕੁੱਝ ਨਹੀਂ ਕਰਦੇ। ਉਨ੍ਹਾਂ ਦੀਆਂ ਨੀਤਾਂ ਸਾਫ਼ ਹਨ, ਸਾਡੇ ਇੱਥੇ ਨੀਤਾਂ ਸਾਫ਼ ਨਹੀਂ ਹਨ। ਉੱਥੇ ਘੁੰਮਣ-ਫਿਰਨ ਤੇ ਮਿਲਣ-ਗਿਲਣ ਦੀ ਖੁੱਲ੍ਹ ਹੈ, ਪਰ ਮੈਂ ਮੰਨਦੀ ਹਾਂ, ਇੱਕ ਦੂਜੇ ਦੀ ਮਰਜ਼ੀ ਤੋਂ ਬਗ਼ੈਰ ਬਿਲਕੁੱਲ ਵੀ ਨਹੀਂ। ਜਦ ਸਾਡੇ ਲੋਕ ਇੱਧਰੋਂ ਬੰਦ ਸੱਭਿਆਚਾਰ ਵਿੱਚੋਂ ਉੱਧਰਲੇ ਖੁੱਲ੍ਹੇ ਸੱਭਿਆਚਾਰ ਵਿੱਚ ਦਾਖ਼ਲ ਹੁੰਦੇ ਹਨ, ਤਾਂ ਭਮੱਤਰ ਜਾਂਦੇ ਹਨ। ਉਹ ਸੋਚਣ ਲੱਗ ਪੈਂਦੇ ਹਨ ਕਿ ਉੱਥੇ ਜਿਹਨੂੰ ਮਰਜ਼ੀ ਜੋ ਕੁੱਝ ਮਰਜ਼ੀ ਕਹਿ ਦੇਵੋ। ਪ੍ਰਤੀਕ੍ਰਿਆ ਬੜੀ ਹੀ ਤਿੱਖੀ ਹੁੰਦੀ ਏ। ਇੰਝ ਇਹ ਆਪਣੇ ਵਿਛਾਏ ਜਾਲ ਵਿੱਚ ਆਪ ਹੀ ਫਸ ਜਾਂਦੇ ਹਨ। ਇਸੇ ਨੂੰ ਹੀ ਬਹੁਤੀ ਵਾਰ ਨਸਲਵਾਦ ਦਾ ਨਾਂ ਦੇ ਦਿੱਤਾ ਜਾਂਦਾ ਏ। ਮੇਰਾ ਖ਼ਿਆਲ ਏ ਕਿ ਤੁਹਾਡੀ ਇਨ੍ਹਾਂ ਗੱਲਾਂ ਨਾਲ ਤਸੱਲੀ ਹੋ ਗਈ ਹੋਵੇਗੀ। ਹੋਰ ਕੁੱਝ?
ਕਰਮਜੀਤ ਬੋਲਿਆ, “ਬਾਕੀ ਠੀਕ ਏ। ਆਓ ਕੋਈ ਕੰਮ ਦੀ ਗੱਲ ਕਰੀਏ।”
— ਮੈਂ ਤਾਂ ਤੁਹਾਨੂੰ ਸੱਭ ਕੁੱਝ ਦੱਸ ਦਿੱਤਾ ਏ। ਅਗਰ ਤੁਹਾਡਾ ਮਨ ਬਣਦਾ ਹੈ ਤਾਂ ਹੁਣ ਦੱਸ ਦਿਓ। ਅਗਰ ਹੁਣ ਨਹੀਂ ਦੱਸਣਾ ਤਾਂ ਘਰ ਜਾ ਕੇ ਸਲਾਹ ਕਰ ਲਿਓ ਤੇ ਫਿਰ ਫੋਨ ਤੇ ਦੱਸ ਦਿਓ। ਮੇਰੇ ਪਾਸ ਬਹੁਤਾ ਸਮਾਂ ਨਹੀਂ। ਮੈਂ ਜਲਦੀ ਹੀ ਵਾਪਿਸ ਜਾਣ ਬਾਰੇ ਸੋਚ ਰਹੀ ਹਾਂ।
—(ਕਰਮਜੀਤ ਆਪਣੀ ਮਾਂ, ਮਾਸੀ ਤੇ ਮਾਸੜ ਨੂੰ) ਇਸ ਦਾ ਮਤਲਬ ਇਹ ਕਿ ੨੨-੨੩ ਲੱਖ ਰੁਪਿਆ ਤਾਂ ਲੱਗੂਗਾ ਹੀ। ਅਗਰ ਮੈਨੂੰ ਉੱਥੇ ਕੱਚੇ ਨੂੰ ਕੋਈ ਕੰਮ ਨਾ ਮਿਲਿਆ, ਫਿਰ ਕਿਵੇਂ ਹੋਊ? ਮੇਰਾ ਇੱਕ ਦੋਸਤ ਕਹਿੰਦਾ ਸੀ ਕਿ ਉੱਥੇ ਕੰਮ ਤੇ ਜਾਣ ਲਈ ਬੰਦੇ ਪਾਸ ਕਾਰ ਹੋਣੀ ਬੜੀ ਜ਼ਰੂਰੀ ਏ। ਸੁਣਿਐ, ਉੱਥੇ ਤਾਂ ਕੱਚੇ ਨੂੰ ਕਾਰ ਚਲਾਉਣ ਦਾ ਲਸੰਸ ਵੀ ਨਹੀਂ ਮਿਲਦਾ।
— ਦੇਖ ਕਰਮਜੀਤ, ਮੈਂ ਤੈਨੂੰ ਇੱਕ ਸੰਤਰਿਆਂ ਦੇ ਫਾਰਮ ਤੱਕ ਪਹੁੰਚਾ ਦੇਵਾਂਗੀ। ਫਾਰਮ ਵਾਲੇ ਕਈ ਵਾਰ ਰਿਹਾਇਸ਼ ਫਾਰਮ ਦੇ ਵਿੱਚ ਹੀ ਦੇ ਦਿੰਦੇ ਹਨ। ਬਹੁਤੀ ਵਾਰੀ ਲਗਾਤਾਰ ਕੰਮ ਨਹੀਂ ਮਿਲਦਾ। ਸੁਣਨ ਵਿੱਚ ਆਇਆ ਏ ਕਿ ਕੰਮ ਮਿਲਦਾ ਵੀ ਰਹਿੰਦਾ ਏ। ਤੈਨੂੰ ਫਾਰਮ ਦੇ ਮਾਲਕ ਨਾਲ ਆਪ ਵਧੀਆ ਸੰਬੰਧ ਬਣਾਉਣੇ ਹੋਣਗੇ। ਕਈ ਮਾਲਕ ਬੰਦਿਆਂ ਦੀ ਮਦਦ ਵੀ ਕਰ ਦਿੰਦੇ ਹਨ।
—ਰਿੰਪੀ, ਅਸੀਂ ਪਹਿਲਾਂ ਤੇਰੇ ਨਾਲ ਛੇ ਮਹੀਨੇ ਵਾਸਤੇ ਗੱਲ ਕਰਾਂਗੇ। ਅਗਰ ਤੂੰ ਮੇਰੇ ਪੱਕੇ ਹੋਣ ਤੱਕ ਮੇਰੇ ਨਾਲ ਰਹਿਣਾ ਹੋਵੇ ਤਾਂ ?
—ਇਸ ਤਰ੍ਹਾਂ ਦਾ ਸੌਦਾ ਮੈਂ ਕਰਦੀ ਹੀ ਨਹੀਂ। ਹਾਂ ਮੈਂ ਛੇ ਮਹੀਨੇ ਹੋਰ ਲੰਘਾ ਸਕਦੀ ਹਾਂ। ਸ਼ਰਤ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ।
— ਚੰਗਾ, ਅਸੀਂ ਘਰ ਜਾ ਕੇ ਹੋਰ ਸੋਚ ਲੈਂਦੇ ਹਾਂ। ਅਗਰ ਸਾਡਾ ਮਨ ਬਣਿਆ ਤਾਂ ਅਸੀਂ ਬੜੀ ਛੇਤੀ ਤੈਨੂੰ ਦੱਸਾਂਗੇ।
— ਚੰਗਾ, ਸਤਿ ਸ੍ਰੀ ਅਕਾਲ।
—————————————0————————————————
ਲੇਖਕ:— ਡਾ: ਅਵਤਾਰ ਸਿੰਘ ਸੰਘਾ,
ਵਾਸੀ ਸਿਡਨੀ (ਆਸਟ੍ਰੇਲੀਆ)।
ਫੋਨ ਨੰ: +61437641033.
ਕਹਾਣੀ
ਵਿਚਾਰੇ ਅਬਦੁਲ ਤੇ ਅਮੈਂਡਾ - ਅਵਤਾਰ ਐਸ. ਸੰਘਾ
ਪੰਜਾਬ ਤੋਂ ਸਿਡਨੀ ਆ ਕੇ ਮੇਰੀ ਪਹਿਲੀ ਨੌਕਰੀ ਸਿਡਨੀ ਦੀਆਂ ਰੇਲ ਗੱਡੀਆਂ ਵਿੱਚ ਸਕਿਉਰਿਟੀ ਅਫ਼ਸਰ ਦੀ ਸੀ। ਹਰ ਗੱਡੀ ਵਿੱਚ ਦੋ ਦੋ ਸਕਿਉਰਿਟੀ ਅਫ਼ਸਰ ਹੋਇਆ ਕਰਦੇ ਸਨ ਤੇ ਉਹ ਤਕਰੀਬਨ ਛੇ ਸੱਤ ਘੰਟੇ ਇੱਕਠੇ ਕੰਮ ਕਰਿਆ ਕਰਦੇ ਸਨ। ਕਈ ਵਾਰ ਦੋ ਅਫਸਰਾਂ ਨੂੰ ਦੋ ਤਿੰਨ ਹਫ਼ਤੇ ਦਾ ਲੰਬਾ ਰੋਸਟਰ ਵੀ ਮਿਲਿਆ ਹੁੰਦਾ ਸੀ। ਇਸ ਪ੍ਰਕਾਰ ਦੋਂਨੋਂ ਅਫਸਰ ਇੱਕ ਦੂਜੇ ਦੇ ਕਾਫੀ ਨੇੜੇ ਆ ਜਾਇਆ ਕਰਦੇ ਸਨ। ਕਈ ਆਪਣੇ ਦੁੱਖ ਸੁੱਖ ਵੀ ਆਪਸ ਵਿੱਚ ਸਾਂਝੇ ਕਰ ਲਿਆ ਕਰਦੇ ਸਨ।
ਇੱਕ ਵਾਰ ਇੰਝ ਹੋਇਆ ਕਿ ਮੈਨੂੰ ਇਕ ਅਬਦੁਲ ਨਾਂ ਦਾ ਬੰਗਲਾਦੇਸ਼ੀ ਇਸ ਡਿਊਟੀ 'ਤੇ ਸਾਥੀ ਮਿਲ ਗਿਆ। ਪਹਿਲੇ ਦੋ ਕੁ ਦਿਨ ਕੁਝ ਬੇਗਾਨਾਪਨ ਰਿਹਾ। ਫਿਰ ਅਸੀਂ ਆਪਸ ਵਿੱਚ ਘੁਲਣ ਮਿਲਣ ਲੱਗ ਪਏ। ਉਹ ਹਿੰਦੀ ਵੀ ਬੋਲ ਤੇ ਸਮਝ ਸਕਦਾ ਸੀ। ਇਸ ਨਾਲ ਗੱਲਬਾਤ ਕਰਨੀ ਤੇ ਸਮਝਣੀ ਹੋਰ ਵੀ ਆਸਾਨ ਹੋ ਗਈ। ਇਕ ਦਿਨ ਜਦ ਉਹ ਡਿਊਟੀ 'ਤੇ ਆਇਆ ਤਾਂ ਬੜਾ ਉਦਾਸ ਲੱਗ ਰਿਹਾ ਸੀ।
"ਅਬਦੁਲ, ਅੱਜ ਉਦਾਸ ਹੋ। ਕੀ ਗੱਲ ਹੋਈ ਹੈ।" ਮੈਂ ਹਿੰਦੀ ਵਿੱਚ ਪੁੱਛਿਆ।
"ਮੇਰੀ ਇੱਕ ਮਾਨਸਿਕ ਗੁੰਝਲ ਏ। ਇਹ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਏ।"
"ਯਾਰ, ਦੱਸ ਤਾਂ ਸਹੀ। ਸ਼ਾਇਦ ਮੈਂ ਤੈਨੂੰ ਕੋਈ ਐਸੀ ਸਲਾਹ ਦੇ ਸਕਾਂ, ਜਿਸ ਨਾਲ ਤੇਰਾ ਮਨ ਹੌਲਾ ਹੋ ਜਾਏ।"
"ਇਸ ਗੁੰਝਲ ਦਾ ਹੱਲ ਲੱਭਣਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਏ। ਮੈਨੂੰ ਮੇਰੇ ਹਾਲ 'ਤੇ ਹੀ ਰਹਿਣ ਦੇ, ਦੋਸਤ।"
"ਨਹੀਂ ਅਬਦੁਲ! ਇਵੇਂ ਨਹੀਂ ਹੋ ਸਕਦਾ। ਆਪਾਂ ਹੁਣ ਹਰ ਰੋਜ਼ ਇੱਕਠੇ ਡਿਊਟੀ ਕਰਦੇ ਹਾਂ। ਸਾਨੂੰ ਹੁਣ ਦੋ ਹਫ਼ਤਿਆਂ ਦਾ ਇੱਕਠਾ ਰੋਸਟਰ ਮਿਲਿਆ ਹੋਇਆ ਹੈ। ਹੋ ਸਕਦਾ ਏ, ਇਹ ਰੋਸਟਰ ਹੋਰ ਵੱਧ ਜਾਵੇ। ਕਈ ਅਫਸਰ ਛੇ ਛੇ ਮਹੀਨਿਆਂ ਤੋਂ ਇੱਕਠੇ ਕੰਮ ਕਰਦੇ ਆ ਰਹੇ ਹਨ। ਤੁਹਾਡਾ ਹਰ ਰੋਜ਼ ਇਸ ਪ੍ਰਕਾਰ ਵੱਟਿਆ-ਵੱਟਿਆ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ। ਪਲੀਜ਼ ਆਪਣੀ ਪ੍ਰੇਸ਼ਾਨੀ ਮੇਰੇ ਨਾਲ ਸਾਂਝੀ ਜ਼ਰੂਰ ਕਰੋ। ਮੈਂ ਤੁਹਾਡੀ ਮਾਨਸਿਕ ਗੁੰਝਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਾਂਗਾ।"
"ਦੇਖ ਦੋਸਤ, ਮਸਲਾ ਮੇਰਾ ਵਿਅਕਤੀਗਤ ਹੈ। ਮੈਂ ਪਹਿਲਾਂ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ। ਜੇ ਤੂੰ ਕਿਸੇ ਨੂੰ ਨਾ ਦੱਸੇਂ, ਤਾਂ ਮੈਂ ਤੇਰੇ ਨਾਲ ਸਾਂਝਾ ਕਰ ਸਕਦਾ ਹਾਂ। ਜੇ ਬਾਕੀ ਸਾਥੀਆਂ, ਖ਼ਾਸ ਕਰਕੇ ਮੇਰੇ ਦੇਸ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਤਾਂ ਉਹ ਮੇਰਾ ਮਜ਼ਾਕ ਉਡਾਉਣਗੇ।"
"ਅਬਦੁਲ, ਤੂੰ ਮਾਸਾ ਵੀ ਫ਼ਿਕਰ ਨਾ ਕਰ। ਬੱਸ ਦੱਸ ਦੇ, ਕਿ ਤੇਰੀ ਸਮੱਸਿਆ ਕੀ ਏ।"
"ਲੈ ਸੁਣ ਫਿਰ। ਮੈਂ ਇੱਕ ਗੋਰੀ ਨਾਲ ਵਿਆਹ ਕਰਵਾ ਬੈਠਾਂ। ਉਸ ਦਾ ਨਾਮ ਕੈਥਰੀਨ ਏ। ਮੈਂ ਚਿੱਟੀ ਚਮੜੀ 'ਤੇ ਮਰ ਗਿਆ। ਹੁਣ ਉਸ ਨੇ ਮੇਰਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਮੈਂ ਉਸ ਤੋਂ ਚੋਰੀ ਇੱਕ ਛੋਟਾ ਘਰ (One bedroom unit) ਵੀ ਖਰੀਦ ਰੱਖਿਆ ਏ। ਉਸ ਦੀ ਕਿਸ਼ਤ ਵੀ ਦੇਂਦਾ ਹਾਂ। ਕਾਰਨ ਇਹ ਹੈ ਕਿ ਜੇ ਝਗੜਾ ਵੱਧ ਗਿਆ ਅਤੇ ਉਹ ਅਦਾਲਤ ਵਿੱਚ ਚਲੀ ਗਈ, ਤਾਂ ਅਦਾਲਤ ਨੇ ਮੈਨੂੰ ਉਸ ਘਰ ਵਿੱਚੋਂ ਕੱਢ ਦੇਣਾ ਏ। ਅਦਾਲਤ ਨੇ ਉਹ ਘਰ ਉਹਨੂੰ ਅਤੇ ਸਾਡੇ ਬੱਚੇ ਨੂੰ ਦੇ ਦੇਣਾ ਏ ਤੇ ਮੈਨੂੰ ਸੜਕ 'ਤੇ ਜਾਣਾ ਪੈਣਾ ਹੈ।
ਦੂਜਾ ਮਸਲਾ ਇਹ ਹੈ ਕਿ ਕੈਥਰੀਨ ਕੰਮ ਕਰਦੀ ਹੀ ਨਹੀਂ। ਘਰ ਖਾਣਾ ਵੀ ਨਹੀਂ ਬਣਾਉਂਦੀ। ਹਰ ਰੋਜ਼ ਬਾਹਰ ਰੈਸਟੋਰੈਂਟ 'ਤੇ ਖਾਣਾ ਖਾਣ ਜਾਂਦੀ ਏ। ਮੈਂ ਇਸ ਵਕਤ ਦੋ ਜਾਬਾਂ ਕਰਦਾ ਹਾਂ। ਇੱਧਰ ਇਹ ਗੱਡੀ 'ਤੇ ਸਕਿਉਰਿਟੀ ਜਾਬ ਤੇ ਉੱਧਰ ਇੱਕ ਕਲੀਨੀਕਲ ਲੈਬੋਰਟਰੀ ਦੀ ਜਾਬ ਏ। ਕੈਥਰੀਨ ਐਨੀ ਖਰਚੀਲੀ ਹੈ ਕਿ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਏ। ਦੋ ਬੈੱਡਰੂਮ ਯੂਨਿਟ ਵਿੱਚ ਰਹਿੰਦੇ ਹਾਂ ਤੇ ਉਸ ਦੀ ਕਿਸ਼ਤ ਅਕਸਰ ਥੁੜੀ ਰਹਿੰਦੀ ਏ। ਹਾਊਸਿੰਗ ਕਮਿਸ਼ਨ ਦੇ ਸਸਤੇ ਘਰ ਲਈ ਅਰਜ਼ੀ ਨਹੀਂ ਦੇ ਸਕਦਾ ਕਿਉਂਕਿ ਉੱਧਰ ਮੇਰੇ ਨਾਮ 'ਤੇ ਇਕ ਯੂਨਿਟ ਹੈ। ਜੇ ਮੈਂ ਖਾਣਾ ਘਰ ਤਿਆਰ ਕਰਨ ਨੂੰ ਕਹਿੰਦਾ ਹਾਂ ਤਾਂ ਉਹ ਲੜਾਈ ਕਰਦੀ ਏ। ਘਰੇਲੂ ਲੜਾਈ ਥੋੜ੍ਹੀ-ਥੋੜ੍ਹੀ ਚਲਦੀ ਹੀ ਰਹਿੰਦੀ ਏ। ਮੈਂ ਚੁੱਪ ਰਹਿ ਕੇ ਮਸਲਾ ਪੁਲਿਸ ਪਾਸ ਜਾਣ ਤੋਂ ਬਚਾਈ ਜਾਂਦਾ ਹਾਂ। ਥੱਕ ਟੁੱਟ ਕੇ ਚੂਰ ਹੋ ਜਾਂਦਾ ਹਾਂ। ਇਕ ਤਾਂ ਮੇਰਾ ਮਸਲਾ ਇਹ ਹੈ, ਜਿਸ ਦਾ ਮੈਂ ਆਦੀ ਹੋ ਚੁੱਕਾ ਹਾਂ।"
"ਕੋਈ ਹੋਰ ਮਸਲਾ ਵੀ ਏ?" ਮੈਂ ਉਤਸੁਕਤਾ ਜ਼ਾਹਿਰ ਕੀਤੀ।
"ਹਾਂ, ਦੂਸਰੇ ਨੇ ਹੀ ਤਾਂ ਮੈਨੂੰ ਅੱਜ ਅੱਧਾ ਪਾਗਲ ਕਰ ਦਿੱਤਾ ਏ।"
"ਅੱਧਾ ਪਾਗਲ?"
"ਹਾਂ। ਜਦ ਮੈਂ ਲੈਬੋਰਟਰੀ ਦੀ ਜਾਬ ਤੋਂ ਘਰ ਪਹੁੰਚਿਆ ਤਾਂ ਦੋ ਤਿੰਨ ਵਾਰ ਇੰਝ ਹੋਇਆ ਕਿ ਘਰ ਵਿੱਚ ਇੱਕ ਗੋਰਾ ਮੁੰਡਾ ਬੈਠਾ ਹੁੰਦਾ ਸੀ। ਜਦ ਮੈਂ ਕੈਥਰੀਨ ਨੂੰ ਪੁੱਛਿਆ ਕਿ ਉਹ ਕੌਣ ਸੀ ਤਾਂ ਉਹ ਚੁੱਪ ਹੋ ਜਾਂਦੀ। ਕੱਲ੍ਹ ਮੈਂ ਜ਼ੋਰ ਦੇ ਕੇ ਪੁੱਛਿਆ ਤਾਂ ਕਹਿੰਦੀ -'ਇਹ ਸਾਈਮਨ ਏ। ਮੇਰਾ ਪਹਿਲਾ ਬੁਆਏਫਰੈਂਡ। ਜਦ ਮੈਂ ਰੋਸ ਪ੍ਰਗਟ ਕੀਤਾ ਕਿ ਉਸ ਨੂੰ ਘਰ ਕਿਉਂ ਬੁਲਾਇਆ? ਤਾਂ ਕਹਿਣ ਲੱਗੀ - "ਮੈਂ ਆਪਣੇ ਬੁਆਏਫਰੈਂਡ ਨੂੰ ਘਰ ਕਿਉਂ ਨਹੀਂ ਬੁਲਾ ਸਕਦੀ? ਅਸੀਂ ਤਾਂ ਮਿਲਦੇ ਹੀ ਰਹਿੰਦੇ ਹਾਂ।" ਜਦ ਮੈਂ ਇਹ ਸੁਣਿਆ ਤਾਂ ਮੈਂ ਸੋਚਿਆ ਕਿ ਮੈਂ ਉਸ ਕਮਜਾਤ ਨਾਲ ਵਿਆਹ ਕਰਵਾ ਕੇ ਬੱਜਰ ਗਲਤੀ ਕਰ ਬੈਠਾਂ। ਕਿਤੇ ਗੁਪਤ ਦੋਸਤੀ ਹੋਵੇ ਤਾਂ ਅਲੱਗ ਗੱਲ ਏ। ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ। ਮੈਂ ਪੈਸੇ ਪੱਖੋਂ ਵੀ ਮਾਰ ਖਾਧੀ ਤੇ ਪਿਆਰ ਪੱਖੋਂ ਵੀ। ਦੋਸਤ, ਮੈਂ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਸਾਡੇ ਜਿਹੇ ਸਭਿਆਚਾਰ ਅਤੇ ਸੰਸਕਾਰਾਂ ਵਾਲੇ ਕਦੇ ਵੀ ਗੋਰਿਆਂ ਨਾਲ ਵਿਆਹ ਨਾ ਕਰਵਾਉਣ। ਗੋਰੇ ਟੁੱਟ ਭੱਜ ਸਹਿਣ ਦੇ ਆਦੀ ਹਨ। ਇਹਨਾਂ ਦੇ ਕਈ ਕਈ ਬੁਆਏਫਰੈਂਡ ਅਤੇ ਗਰਲਫਰੈਂਡਾਂ ਹੁੰਦੀਆਂ ਹਨ। ਇਹਨਾਂ ਵਿੱਚੋਂ ਬੱਚੇ ਕੋਈ ਅੱਧਾ ਭਰਾ ਏ ਤੇ ਕੋਈ ਅੱਧੀ ਭੈਣ। ਸਾਡੇ ਸਭਿਆਚਾਰ ਵਿੱਚ ਇੰਝ ਬਿਲਕੁਲ ਵੀ ਨਹੀਂ ਪੁੱਗਦਾ। ਦੋਸਤ, ਮੈਂ ਇੰਨੀਂ ਨਮੋਸ਼ੀ ਸਹਿ ਰਿਹਾ ਹਾਂ ਕਿ ਮੈਂ ਕੈਥਰੀਨ ਨੂੰ ਕਦੀ ਆਪਣੇ ਦੇਸ਼ ਲੈ ਕੇ ਨਹੀਂ ਜਾ ਸਕਦਾ। ਬੰਦਾ ਬਾਕੀ ਜਰ ਸਕਦਾ ਏ ਪ੍ਰੰਤੂ ਆਪਣੀ ਬੀਵੀ ਪਾਸ ਬੈਠੇ ਉਸ ਦੇ ਬੁਆਏ ਫਰੈਂਡ ਨੂੰ ਨਹੀਂ ਜਰ ਸਕਦਾ। ਮੈਂ ਕੀ ਕਰਾਂ? ਕਿੱਥੇ ਮਰਾਂ?"
"ਅਬਦੁਲ, ਤੇਰੀ ਮਾਨਸਿਕ ਗੁੰਝਲ ਸੱਚ ਮੁੱਚ ਹੀ ਸੁਲਝਣ ਯੋਗ ਨਹੀਂ। ਇਹ ਇੰਜ ਏ- ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ! ਐ ਔਰਤ ਕਮਜਾਤ ਪੁਣਾ, ਤੇਰਾ ਦੂਜਾ ਨਾਂ ਏ। (Frailty, thy name is woman) ਸ਼ੈਕਸਪੀਅਰ ਨੇ ਸੱਚ ਕਿਹਾ ਏ। ਅਬਦੁਲ, ਵਿਆਹ ਤਾਂ ਦੂਜੇ ਫਿਰਕਿਆਂ ਵਿੱਚ ਹੋ ਸਕਦਾ ਏ, ਪਰੰਤੂ ਵਿਆਹ ਤੋਂ ਬਾਹਰ ਸਰੀਰਕ ਸਬੰਧ ਸਹਿਣ ਨਹੀਂ ਕੀਤੇ ਜਾ ਸਕਦੇ। ਇਸ ਦਾ ਹੱਲ ਤਾਂ ਇਹੀ ਹੈ ਕਿ ਤੂੰ ਇਸ ਸ਼ਾਦੀ 'ਚੋਂ ਨਿਕਲ ਜਾਵੇਂ। ਉਸ ਨੇ ਇੰਝ ਕਰਨ ਤੋਂ ਹੱਟਣਾ ਨਹੀਂ। ਡੰਗਰ ਦੀ ਰੱਸੇ ਚੱਟਣ ਦੀ ਆਦਤ ਕਦੀ ਨਹੀਂ ਜਾਂਦੀ ਹੁੰਦੀ। ਹੁਣੇ ਹੁਣੇ ਮੌਕਾ ਏ। ਜਿਵੇਂ ਜਿਵੇਂ ਤੇਰੀ ਉਮਰ ਜ਼ਿਆਦਾ ਹੁੰਦੀ ਜਾਊ, ਤਿਵੇਂ ਤਿਵੇਂ ਹੋਰ ਮੁਸ਼ਕਿਲ ਹੁੰਦਾ ਜਾਊ। ਇਸ ਦੇਸ਼ ਦੇ ਕਾਨੂੰਨ ਮੁਤਾਬਕ ਤੈਨੂੰ ਜਾਇਦਾਦ ਤੋਂ ਤਾਂ ਹੱਥ ਧੋਣੇ ਹੀ ਪੈਣਗੇ। ਤੈਨੂੰ ਪਤਾ ਏ ਕਿ ਇੱਥੇ ਇਸਤਰੀ ਦੀ ਪੁੱਛ ਪ੍ਰਤੀਤ ਜ਼ਿਆਦਾ ਏ। ਜੇ ਤੂੰ ਇੱਕ ਵਾਰ ਦਲੇਰ ਹੋ ਕੇ ਇਸ ਕਲੇਸ਼ ਵਿੱਚੋਂ ਨਿਕਲ ਜਾਵੇਂ, ਫਿਰ ਤੂੰ ਹੋਰ ਸ਼ਾਦੀ ਵੀ ਆਰਾਮ ਨਾਲ ਕਰ ਸਕਦਾ ਏਂ। ਨਾਲੇ ਤੁਹਾਡੇ ਮਜ਼ਹਬ ਵਿੱਚ ਤਾਂ ਚਾਰ ਸ਼ਾਦੀਆਂ ਕਰਨ ਦੀ ਇਜਾਜ਼ਤ ਏ। ਅਬਦੁਲ, ਵੈਸੇ ਮੈਂ ਹੈਰਾਨ ਹਾਂ ਕਿ ਮਨੁੱਖ ਚਾਰ ਸ਼ਾਦੀਆਂ ਦਾ ਭਾਰ ਕਿਵੇਂ ਸਹਿੰਦਾ ਹੋਊ?"
"ਦੋਸਤ, ਇਸਲਾਮ ਵਿੱਚ ਚਾਰ ਸ਼ਾਦੀਆਂ ਦੀ ਇਜਾਜ਼ਤ ਜ਼ਰੂਰ ਏ, ਪਰ ਲੋਕ ਕਰਦੇ ਬਹੁਤ ਘੱਟ ਹਨ। ਕੁਝ ਰਸਮਾਂ ਪੁਰਾਤਨ ਵੀ ਹੁੰਦੀਆਂ ਹਨ। ਅੱਜ ਕੱਲ੍ਹ ਤਾਂ ਇਕ ਸ਼ਾਦੀ ਦਾ ਖਰਚਾ ਵੀ ਮੁਸ਼ਕਲ ਨਾਲ ਸਹਾਰਿਆ ਜਾਂਦਾ ਏ।"
"ਚੱਜ ਨਾਲ ਇਕ ਹੀ ਕਰ ਲਵੀਂ। ਪਹਿਲਾਂ ਮੌਜੂਦਾ ਕੰਜਰਖਾਨੇ ਤੋਂ ਨਿਜਾਤ ਤਾਂ ਪ੍ਰਾਪਤ ਕਰ। ਮੈਂ ਅੰਤਰਜਾਤੀ, ਅੰਤਰ-ਧਰਮ, ਅੰਤਰ-ਦੇਸੀ, ਅੰਤਰ-ਸਭਿਆਚਾਰ- ਸਭ ਪ੍ਰਕਾਰ ਦੀਆਂ ਸ਼ਾਦੀਆਂ ਦੇ ਖਿਲਾਫ ਨਹੀਂ ਹਾਂ, ਪਰ ਮੈਂ ਸ਼ਾਦੀ ਤੋਂ ਬਾਅਦ ਲਿੰਗੀ ਧੋਖੇ ਦੇ ਸਖਤ ਖਿਲਾਫ਼ ਹਾਂ। ਕੋਸ਼ਿਸ਼ ਕਰਕੇ ਜਲਦੀ ਜਲਦੀ ਇਸ ਕੰਜਰਖਾਨੇ 'ਚੋਂ ਨਿਕਲੋ। ਮੈਂ ਤੇਰੀ ਪੂਰੀ ਮਦਦ ਕਰਾਂਗਾ। ਹਿੰਮਤੇ ਮਰਦਾਂ, ਮਦਦੇ ਖ਼ੁਦਾ।"
"ਤੇਰਾ ਬਹੁਤ ਬਹੁਤ ਧੰਨਵਾਦ।"
ਇੰਨੀ ਦੇਰ ਨੂੰ ਸਾਡੀ ਗੱਡੀ ਮਿੰਟੋ ਸਟੇਸ਼ਨ 'ਤੇ ਜਾ ਰੁਕੀ।
ਬਾਹਰੋਂ ਬੜੀ ਤੇਜ਼ੀ ਨਾਲ ਇੱਕ ਗੋਰਾ ਆਦਮੀ ਅਤੇ ਗੋਰੀ ਤੀਵੀਂ ਉਸੇ ਡੱਬੇ ਵਿੱਚ ਆ ਚੜ੍ਹੇ, ਜਿਸ ਵਿੱਚ ਮੈਂ ਅਤੇ ਅਬਦੁਲ ਖੜ੍ਹੇ ਸਾਂ। ਅਸੀਂ ਸੁਰੱਖਿਆ ਕਰਮਚਾਰੀ ਹੁੰਦੇ ਹੋਏ ਥੋੜੇ ਵੱਧ ਚੌਕਸ ਹੋ ਗਏ। ਗੱਡੀ ਤਾਂ ਫਿਰ ਚੱਲ ਪਈ, ਪਰੰਤੂ ਉਸ ਜੋੜੇ ਦਾ ਕਾਟੋ ਕਲੇਸ਼ ਮੁੱਕਣ ਵਿਚ ਹੀ ਨਾ ਆਵੇ। ਜੋੜਾ ਮੁਸਾਫ਼ਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ। ਮੁਸਾਫ਼ਿਰ ਸਕਿਉਰਿਟੀ ਵਾਲਿਆਂ ਤੋਂ ਆਸ ਰੱਖ ਰਹੇ ਸਨ ਕਿ ਜੋੜੇ ਦੀ ਤੂੰ ਤੂੰ, ਮੈਂ ਮੈਂ ਬੰਦ ਕਰਵਾਈ ਜਾਵੇ। ਅਸੀਂ ਉਸ ਜੋੜੇ ਨੂੰ ਚੁੱਪ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਉੱਤੇ ਕੁਝ ਕੁ ਅਸਰ ਤਾਂ ਪਿਆ, ਪਰ ਉਹ ਪੂਰੀ ਤਰ੍ਹਾਂ ਸ਼ਾਂਤ ਨਾ ਹੋਏ। ਅਸੀਂ ਉਨ੍ਹਾਂ ਨੂੰ ਡੱਬੇ ਦੇ ਪਿੱਛੇ ਨੂੰ ਲੈ ਗਏ।
"ਆਪਣੇ ਨਾਂ ਦੱਸੋ?" ਮੈਂ ਉਹਨਾਂ ਨੂੰ ਅੰਗਰੇਜ਼ੀ ਵਿੱਚ ਕਿਹਾ।
"ਮੇਰਾ ਨਾਂ ਅਮੈਂਡਾ ਏ ਤੇ ਇਹ ਮੇਰਾ ਪਾਰਟਨਰ ਰੌਡਨੀ ਏ।"
"ਤੁਸੀਂ ਕਿੱਧਰ ਜਾ ਰਹੇ ਹੋ?" ਮੈਂ ਪੁੱਛਿਆ।
"ਕੈਂਬਲਟਾਊਨ", ਅਮੈਂਡਾ ਬੋਲੀ।
"ਮਸਲਾ ਕੀ ਏ? ਵਾਈ ਡੂ ਯੂ ਫਾਈਟ?"
"ਹੀ ਚੀਟਸ ਮੀ।"
"ਵੱਟ ਡੂ ਯੂ ਮੀਨ?" ਅਬਦੁਲ ਨੇ ਪੁੱਛਿਆ।
ਇਸ ਨੇ ਸ਼ਾਦੀ ਮੇਰੇ ਨਾਲ ਕੀਤੀ ਸੀ, ਪਰੰਤੂ ਆਪਣੀ ਪੁਰਾਣੀ ਗਰਲ ਫਰੈਂਡ ਨੂੰ ਅਜੇ ਤੱਕ ਵੀ ਮਿਲਦਾ ਆ ਰਿਹਾ ਏ। ਅੱਜ ਉਦੋਂ ਹੱਦ ਹੀ ਹੋ ਗਈ, ਜਦੋਂ ਮੇਰੇ ਕੰਮ ਤੋਂ ਘਰ ਪਹੁੰਚਣ 'ਤੇ ਮੈਂ ਅੱਖੀਂ ਵੇਖਿਆ ਕਿ ਇਸ ਦੀ ਪੁਰਾਣੀ ਗਰਲ ਫਰੈਂਡ ਬਣ ਠਣ ਕੇ ਸਾਡੇ ਘਰ ਸ਼ੱਕੀ ਹਾਲਾਤ ਵਿੱਚ ਬੈਠੀ ਸੀ। ਪਹਿਲਾਂ ਤਾਂ ਮੈਂ ਉਸ ਨੂੰ ਕੁਟਾਪਾ ਚਾੜ੍ਹਿਆ। ਜਦ ਇਹ ਛੁਡਾਉਣ ਲਈ ਅੱਗੇ ਵੱਧਿਆ, ਤਾਂ ਮੈਂ ਇਹਦੇ ਵੈਕਿਊਮ ਕਲੀਨਰ ਦਾ ਦਸਤਾ ਘੁੰਮਾ ਕੇ, ਮਾਰ ਕੇ ਬਾਹਰ ਨੂੰ ਦੌੜ ਆਈ। ਉਹ ਘਰੋਂ ਭੱਜ ਗਈ ਤੇ ਇਹ ਮੇਰੇ ਮਗਰ ਮੈਨੂੰ ਫੜਨ ਲਈ ਦੌੜਿਆ। ਸਾਡਾ ਘਰ ਸਟੇਸ਼ਨ ਦੇ ਨੇੜੇ ਹੀ ਹੈ। ਮੈਂ ਭੱਜ ਕੇ ਗੱਡੀ 'ਚ ਵੜਨਾ ਠੀਕ ਸਮਝਿਆ, ਕਿਉਂਕਿ ਗੱਡੀ ਬਿਲਕੁਲ ਨੇੜੇ ਆ ਰਹੀ ਸੀ। ਮੈਂ ਸੋਚਿਆ ਮੇਰੇ ਗੱਡੀ 'ਚ ਵੜਦੇ ਸਾਰ ਦਰਵਾਜ਼ੇ ਬੰਦ ਹੋ ਜਾਣਗੇ, ਪਰ ਗਾਰਡ ਨੇ ਇਹਨੂੰ ਦੌੜਦੇ ਆਉਂਦੇ ਨੂੰ ਦੇਖ ਕੇ, ਦਸ ਕੁ ਸਕਿੰਟ ਦਰਵਾਜ਼ੇ ਖੁੱਲੇ ਰੱਖੇ। ਇਹ ਗਾਰਡ ਦੇ 'ਸਟੈਂਡ ਕਲੀਅਰ, ਡੋਰਜ਼ ਕਲੋਜਿੰਗ' (Stand Clear, Doors Closing) ਕਹਿਣ ਤੋਂ ਕੁੱਝ ਸਕਿੰਟ ਪਹਿਲਾਂ ਡੱਬੇ ਅੰਦਰ ਆ ਵੜਿਆ। ਮੈਂ ਗੱਡੀ ਦਾ ਆਸਰਾ ਲੈ ਕੇ ਇਸ ਤੋਂ ਬਚਣਾ ਚਾਹੁੰਦੀ ਸੀ। ਮੈਨੂੰ ਇਹਤੋਂ ਬਚਾਉ।"
"ਤੁਸੀਂ ਟਿਕਟਾਂ ਲਏ ਬਗੈਰ ਬੈਰੀਅਰ ਕਿਵੇਂ ਟੱਪਿਆ?" ਮੈਂ ਪੁੱਛਿਆ।
"ਤੁਸੀਂ ਸਕਿਉਰਿਟੀ ਗਾਰਡ ਹੋ, ਅਤੇ ਏਨਾ ਵੀ ਨਹੀਂ ਪਤਾ ਕਿ ਮਿੰਟੋ ਜਹੇ ਨਿੱਕੇ ਨਿੱਕੇ ਸਟੇਸ਼ਨਾਂ 'ਤੇ ਤਾਂ ਬੈਰੀਅਰ ਹੈ ਹੀ ਨਹੀਂ।"
"ਮਸ਼ੀਨ ਤਾਂ ਹਰ ਥਾਂ ਪਈ ਏ। ਤੁਸੀਂ ਮਸ਼ੀਨ 'ਚੋਂ ਟਿਕਟ ਕੱਢਦੇ।"
"ਕਾਹਲੀ 'ਚ ਇਹ ਨਹੀਂ ਹੋ ਸਕਦਾ ਸੀ।"
"ਫਿਰ ਵੀ ਟਿਕਟਾਂ ਤਾਂ ਤੁਹਾਨੂੰ ਲੈਣੀਆਂ ਹੀ ਪੈਣਗੀਆਂ। ਤੁਸੀਂ ਕੈਂਬਲਟਾਊਨ ਸਾਡੇ ਨਾਲ ਉਤਰੋਗੇ। ਪਹਿਲਾਂ ਤੁਸੀਂ ਉੱਥੇ ਟਿਕਟਾਂ ਲਉਗੇ। ਸ਼ਾਇਦ ਸਟੇਸ਼ਨ ਸਟਾਫ਼ ਤੁਹਾਨੂੰ ਜੁਰਮਾਨਾ ਵੀ ਕਰੇ। ਹੁਣ ਤੁਹਾਨੂੰ ਦਸ ਮਿੰਟ ਸ਼ਾਂਤੀ ਨਾਲ ਸਫਰ ਕਰਨਾ ਪਊ।" ਮੈਂ ਉਹਨਾਂ ਨੂੰ ਚੇਤਾਵਨੀ ਦਿੱਤੀ ਅਤੇ ਨਾਲੇ ਥੋੜਾ ਜਿਹਾ ਪਰ੍ਹੇ ਹੋ ਕੇ ਵਾਇਰਲੈੱਸ 'ਤੇ ਰੇਲਵੇ ਪੁਲਿਸ ਨੂੰ ਫੂਕ ਮਾਰ ਦਿੱਤੀ ਕਿ ਕੈਂਬਲਟਾਊਨ ਸਟੇਸ਼ਨ 'ਤੇ ਪਹੁੰਚ ਕੇ ਇਕ ਝਗੜਾਲੂ ਗੋਰੇ ਦੰਪਤੀ ਦੀ ਸਾਰ ਲਉ। ਜਦ ਗੱਡੀ ਕੈਂਬਲਟਾਊਨ ਪਹੁੰਚੀ ਤਾਂ ਪੁਲਿਸ ਇਸ ਜੋੜੇ ਦਾ ਸੁਆਗਤ ਕਰਨ ਲਈ ਉਸੇ ਡੱਬੇ ਮੂਹਰੇ ਖੜ੍ਹੀ ਸੀ, ਜਿਸ ਵਿੱਚੋਂ ਇਹਨਾਂ ਨੇ ਅਤੇ ਅਸੀਂ ਬਾਹਰ ਨਿਕਲਣਾ ਸੀ। ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੈਂ ਤੇ ਅਬਦੁਲ ਨੇ ਆਪਸ ਵਿੱਚ ਅੱਖਾਂ ਮਿਲਾਈਆਂ। ਅਬਦੁਲ ਨੂੰ ਇੰਜ ਲੱਗ ਰਿਹਾ ਸੀ, ਜਿਵੇਂ ਮੇਰੀ ਖਾਮੋਸ਼ੀ ਉਸ ਨੂੰ ਕਹਿ ਰਹੀ ਹੋਵੇ, 'ਇਹ ਕਹਾਣੀ ਤੇਰੇ ਇੱਕਲੇ ਦੀ ਨਹੀਂ। ਇਸ ਸਭਿਆਚਾਰ ਵਿੱਚ ਇਹ ਘਰ ਘਰ ਦੀ ਕਹਾਣੀ ਏ। ਕੀ ਇਹ ਮਨੁੱਖੀ ਕਦਰਾਂ ਕੀਮਤਾਂ ਦਾ ਜਨਾਜ਼ਾ ਨਹੀਂ।" ਨਾਲ ਹੀ ਮੈਨੂੰ ਪੰਜਾਬੀ ਦੇ ਮਸ਼ਹੂਰ ਕਵੀ ਦੀਆਂ ਇਹ ਸਤਰਾਂ ਯਾਦ ਆ ਗਈਆਂ, ਜਿਹੜੀਆਂ ਭਾਵੇਂ ਅਬਦੁਲ ਨੂੰ ਮਾੜੀਆਂ ਮੋਟੀਆਂ ਹੀ ਸਮਝ ਆਈਆਂ, ਪਰ ਮੈਂ ਬੋਲ ਜ਼ਰੂਰ ਦਿੱਤੀਆਂ:
ਇਹਨਾਂ ਮਰਦਾਂ ਦੀ ਜਾਤ ਦੀ
ਭਲੀ ਪੁੱਛੀ,
ਏਸ ਜਾਤ ਤੋਂ ਰਾਣੀਏਂ
ਭਲੇ ਕੁੱਤੇ
ਬੇਹੀਆਂ ਖਾਏ ਕੇ ਰਾਖੀਆਂ ਕਰਨ ਜਿਹੜੇ
ਛੱਡਣ ਦਰ ਨਾ
ਖਾਏ ਕੇ ਰੋਜ਼ ਜੁੱਤੇ
ਖਾ ਜਾਣ ਨੀ ਕੂਲੀਆਂ,
ਲਗਰ ਦੇਹੀਆਂ
ਪਰ ਇਹ ਮਰਦ,
ਮੁਹੱਬਤ ਦੇ ਨਾਮ ਉੱਤੇ
ਸੁੰਘਦੇ ਫਿਰਣ,
ਇਹ ਦਰਾਂ ਪਰਾਇਆਂ ਉੱਤੇ
ਮਰਦ ਰਹਿਣ ਪਰਾਈਆਂ ਦੇ ਸਦਾ ਭੁੱਖੇ
ਨੀ, ਇਹ ਉਹ ਕੁੱਤੇ,
ਜੋ ਨਾ ਕਰਨ ਰਾਖੀ,
ਸੰਨ੍ਹ ਮਾਰਦੇ,
ਵਫ਼ਾ ਦੇ ਨਾਮ ਉੱਤੇ
ਦਿਨੇ ਹੋਰ ਦੇ ਦਰਾਂ 'ਤੇ,
ਟੁੱਕ ਖਾਂਦੇ
ਰਾਤੀਂ ਹੋਰ ਦੇ ਦਰਾਂ 'ਤੇ
ਜਾ ਸੁੱਤੇ।
ਵਿਚਾਰਾ ਵਿਲੀਅਮ : ਨਵੇਂ ਨਵੇਂ ਪ੍ਰਵਾਸੀਆਂ ਨੂੰ ਅਕਸਰ ਪੇਸ਼ ਆਉਂਦੀ ਬੋਲੀ ਦੀ ਸਮੱਸਿਆ ਤੇ ਅਧਾਰਿਤ ਲਘੂ ਨਾਟਕ)
(A mini play based on the language problem quite often faced by the new migrants)
ਅਵਤਾਰ ਐਸ. ਸੰਘਾ
ਸਮਾਂ:- ਵਰਤਮਾਨ
ਸਥਾਨ:- ਪੱਛਮੀ ਸਿਡਨੀ ਵਿੱਚ ਹੰਟਿੰਗਵੁੱਡ (Huntingwood) ਵਿਖੇ ਇੱਕ ਵਰਕਪਲੇਸ (Workplace) ਅਤੇ ਪੰਜਾਬ ਦਾ ਇੱਕ ਪਿੰਡ
ਪਾਤਰ
1. ਸੂਤਰਧਾਰ- ਜੋ ਸਟੇਜ ਦੇ ਪਿੱਛਿਓਂ ਹੀ ਬੋਲਦਾ ਏ
2. ਵਿਲੀਅਮ- 35 ਕੁ ਸਾਲ ਦਾ ਇੱਕ ਗੋਰਾ
3. ਰਿੱਕੀ- 30 ਕੁ ਸਾਲ ਦਾ ਇੱਕ ਪੰਜਾਬੀ ਮੁੰਡਾ
4. ਜੱਟ- 65 ਕੁ ਸਾਲ ਦਾ ਇੱਕ ਪੰਜਾਬੀ ਅਨਪੜ੍ਹ ਕਿਸਾਨ
5. ਘੁੰਨਾ- 60 ਕੁ ਸਾਲ ਦਾ ਇੱਕ ਪੰਜਾਬੀ ਪੇਂਡੂ ਅਮਲੀ
6. ਬੁੱਢੀ- 70 ਕੁ ਸਾਲ ਦੀ ਰਿੱਕੀ ਦੀ ਪੇਂਡੂ ਅਨਪੜ੍ਹ ਮਾਂ
7. ਪਾਲਾ- 30 ਕੁ ਸਾਲ ਦਾ ਸਿਡਨੀ ਵਿੱਚ ਰਿੱਕੀ ਦਾ ਦੋਸਤ
8. ਬੱਚਾ (ਦੋਹਰੇ ਕਿਰਦਾਰ ਵਿੱਚ) - (ੳ) ਕੁੱਤੇ ਦਾ ਮੁਖੌਟਾ ਪਹਿਨੇ ਹੋਏ (ਅ) ਰੋਂਦੇ ਹੋਏ ਬੱਚੇ ਦੇ ਰੋਲ ਵਿੱਚ।
ਕੁੱਝ ਹਦਾਇਤਾਂ
1. ਸੂਤਰਧਾਰ ਪ੍ਰਭਾਵਸ਼ਾਲੀ ਆਵਾਜ਼ ਵਾਲ਼ਾ ਹੋਵੇ
2. ਕੋਈ ਗੋਰੇ ਰੰਗ ਵਾਲ਼ਾ ਪੰਜਾਬੀ ਲੜਕਾ ਵਿਲੀਅਮ ਦਾ ਕਿਰਦਾਰ ਕਰੇ ਤਾਂ ਚੰਗੀ ਗੱਲ ਏ। ਉਸਦਾ ਮੇਕਅੱਪ ਗੋਰਿਆਂ ਜਿਹਾ ਹੋਣਾ ਚਾਹੀਦਾ ਏ।
3. ਘੁੰਨੇ ਅਮਲੀ ਦਾ ਪਹਿਰਾਵਾ ਮੈਲ਼ਾ ਕੁਚੈਲ਼ਾ ਹੋਣਾ ਚਾਹੀਦਾ ਏ।
4. ਪਹਿਲੇ ਕਿਰਦਾਰ ਵਿੱਚ ਬੱਚੇ ਨੇ ਕੁੱਤੇ ਦੇ ਰੂਪ ਵਿੱਚ ਅਮਲੀ ਨੂੰ ਸਿਰਫ ਸੁੰਘਣਾ ਹੀ ਏ, ਉਸਨੂੰ ਭੌਂਕਣ ਦੀ ਜਰੂਰਤ ਨਹੀਂ। ਦੂਜੇ ਰੋਲ ਵਿੱਚ ਉਸਨੇ ਮਖੌਟਾ ਲਾਹ ਕੇ ਪੇਸ਼ ਹੋਣਾ ਏ।
5. ਰਿੱਕੀ ਦੀ ਮਾਂ ਸਟੇਜ ਦੇ ਪਿੱਛਿਓਂ ਵੀ ਆਪਣੇ ਡਾਇਲਾਗ ਬੋਲ ਸਕਦੀ ਏ। ਨਿਰਦੇਸ਼ਕ ਚਾਹੇ ਤਾਂ ਉਹ ਉਸਨੂੰ ਸਟੇਜ ਤੇ ਪੀੜ੍ਹੀ ਡਾਹ ਕੇ ਬੈਠੀ ਨੂੰ ਅਟੇਰਨੇ ਨਾਲ਼ ਸੂਤ ਅਟੇਰਦੀ ਹੋਈ ਵੀ ਦਿਖਾ ਸਕਦਾ ਏ।
6. ਪਾਲਾ ਸਟੇਜ ਦੇ ਪਿੱਛਿਓਂ ਹੀ ਬੋਲ ਸਕਦਾ ਏ।
ਸੂਤਰਧਾਰ- ਮੈਂ ਪੱਛਮੀ ਸਿਡਨੀ ਦੇ ਹੰਟਿੰਗਵੁੱਡ (Huntingwood) ਦੇ ਇੱਕ ਵਰਕਪਲੇਸ ਤੋਂ ਬੋਲ ਰਿਹਾ ਹਾਂ। ਮੇਰੇ ਨਾਲ਼ ਇਸ ਸਮੇਂ ਮੇਰਾ ਇੱਕ ਗੋਰਾ ਵਰਕਮੇਟ (workmate) ਵਿਲੀਅਮ ਵੀ ਮੌਜੂਦ ਏ। ਸਾਡੇ ਨਾਲ਼ ਕੰਮ ਕਰਦਾ ਹੋਇਆ ਵਿਲੀਅਮ ਸਾਥੋਂ ਕਈ ਪੰਜਾਬੀ ਸ਼ਬਦ ਸਿੱਖਦਾ ਰਿਹਾ ਹੈ। ਉਹਨੂੰ ਪੰਜਾਬੀ ਦੇ ਇਹ ਸ਼ਬਦ ਬੋਲ ਬੋਲ ਕੇ ਬੜੀ ਖੁਸ਼ੀ ਹੁੰਦੀ ਏ। ਜਦ ਵੀ ਉਹਨੂੰ ਕੋਈ ਪੰਜਾਬੀ ਮਿਲਦਾ ਏ ਤਾਂ ਉਹ ਲਾਚੜ ਲਾਚੜ ਕੇ ਆਪਣੇ ਸਿੱਖੇ ਹੋਏ ਪੰਜਾਬੀ ਦੇ ਸ਼ਬਦ ਬੋਲ ਬੋਲ ਕੇ ਦੱਸਦਾ ਰਹਿੰਦਾ ਸੀ। ਉਹ 'ਨਮਸਤੇ' ਨੂੰ 'ਨਮਸਟੇ' ਤੇ 'ਸਤਿ ਸ੍ਰੀ ਅਕਾਲ' ਨੂੰ ' ਸਟ ਸੀ ਕਾਲ' ਕਹਿੰਦਾ ਸੀ। ਕਈ ਵਾਰ ਉਹ ਮੈਨੂੰ 'ਅੱਛਾ ਅੱਛਾ' ਦਾ ਮਤਲਬ ਪੁੱਛਦਾ ਹੁੰਦਾ ਸੀ। ਹੁਣ ਤਾਂ ਉਸਨੇ ਪੰਜਾਬੀ ਦੀਆਂ ਕਈ ਗੰਦੀਆਂ ਗਾਲ਼ਾਂ ਵੀ ਸਿੱਖ ਲਈਆਂ ਹਨ। ਇਹ ਗਾਲ਼ਾਂ ਮੈਂ ਤੁਹਾਨੂੰ ਇੱਥੇ ਬੋਲ ਕੇ ਨਹੀਂ ਦੱਸ ਸਕਦਾ। ਇਨ੍ਹਾਂ ਗਾਲ਼ਾਂ ਦੀ ਤੁਸੀਂ ਖੁਦ ਹੀ ਕਲਪਨਾ ਕਰ ਸਕਦੇ ਹੋ। ਆਪਣੇ ਸਿੱਖੇ ਹੋਏ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ ਵਿਲੀਅਮ ਨੇ ਪੰਜਾਬੀ ਭਾਸ਼ਾ ਸਿੱਖਣ ਦਾ ਮਨ ਬਣਾ ਲਿਆ ਸੀ। ੳਸਨੇ ਇੱਕ ਪੰਜਾਬੀ ਦੇ ਸਕੂਲ ਵਿੱਚ ਦਾਖਲਾ ਲੈ ਲਿਆ ਸੀ। ਫਿਰ ਉਸਨੇ ਇੱਕ ਸੰਸਥਾ ਤੋਂ ਪੰਜਾਬੀ ਵਿੱਚ ਡਿਪਲੋਮਾ ਕਰ ਲਿਆ ਸੀ। ਹੁਣ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਇੱਕ ਡਿਗਰੀ ਵੀ ਪਾਸ ਕਰ ਰਿਹਾ ਏ।
ਉਸਦਾ ਇੱਕ ਵਰਕਮੇਟ ਰਿੱਕੀ ਉਸਦਾ ਦੋਸਤ ਬਣ ਗਿਆ ਏ। ਪਿਛਲੇ ਮਹੀਨੇ ਵਿਲੀਅਮ ਰਿੱਕੀ ਨਾਲ਼ ਪੰਜਾਬ ਚਲਾ ਗਿਆ। ਪਿੰਡ ਦੇ ਪੰਜਾਬੀ ਮਾਹੌਲ ਵਿੱਚ ਵਿਚਰਦੇ ਹੋਏ ਵਿਲੀਅਮ ਨੂੰ ਕਿਵੇਂ ਮਹਿਸੂਸ ਹੋਇਆ ਆਓ ਦੇਖੀਏ ਇੱਕ ਲਘੂ ਨਾਟਕ ਦੇ ਰੂਪ ਵਿੱਚ।
(ਪਰਦਾ ਉੱਠਦਾ ਹੈ)
(ਸਭ ਤੋਂ ਪਹਿਲਾਂ ਵਿਲੀਅਮ ਪਿੰਡ ਵਿੱਚ ਇੱਕ ਅਨਪੜ੍ਹ ਜੱਟ ਨੂੰ ਮਿਲਦਾ ਏ। ਰਿੱਕੀ ਵੀ ਜੱਟ ਪਾਸ ਹੀ ਖੜ੍ਹਾ ਏ)
ਜੱਟ:- ਕਿੱਦਾਂ ਬੱਲਿਆ? ਕੀ ਹਾਲ ਏ?
ਵਿਲੀਅਮ:- (ਸੋਚ ਵਿੱਚ ਡੁੱਬਿਆ ਹੋਇਆ) ਕਿੱਡਾਂ, ਬੱ-ਲਿ-ਆ? ਰਿੱਕੀ ਇਹ 'ਕਿੱਡਾ ਬੱ-ਲਿ-ਆ' ਕੀ ਹੁੰਡਾ ਏ?
ਰਿੱਕੀ:- ਉਦਾਂ ਤਾਂ ਤੂੰ ਲਾਚੜ ਲਾਚੜ ਕੇ ਕਹਿੰਦਾ ਰਹਿੰਦਾ ਏਂ ਕਿ ਤੈਨੂੰ ਪੰਜਾਬੀ ਬਹੁਤ ਆਉਣ ਲੱਗ ਪਈ ਏ, ਤੈਨੂੰ 'ਕਿੱਦਾਂ ਬੱਲਿਆ' ਦੇ ਮਤਲਬ ਦਾ ਪਤਾ ਹੀ ਨਹੀਂ। 'ਕਿੱਦਾਂ' ਦਾ ਮਤਲਬ ਹੁੰਦਾ ਏ 'ਕਿਸ ਤਰ੍ਹਾਂ' ਜਾਂ 'ਕਿਵੇਂ' ਤੇ 'ਬੱਲਿਆ' ਦਾ ਭਾਵ ਏ 'ਮੱਲ' ਜਾਣੀ ਮੈਨ ਜਾਂ ਬਲੋਕ (bloke)। ਇਵੇਂ ਹੀ 'ਉਦਾਂ' ਨੂੰ ਲਿਖਤੀ ਭਾਸ਼ਾ ਵਿੱਚ 'ਉਸ ਤਰ੍ਹਾਂ' ਵੀ ਲਿਖਿਆ ਜਾਂਦਾ ਏ। ਵਿਲੀਅਮ, ਤੂੰ ਤਾਂ ਏਨਾ ਵੀ ਨਹੀਂ ਸਮਝ ਸਕਿਆ। 'ਕਿੱਦਾਂ' ਨੂੰ ਤਾਂ ਅਕਸਰ 'ਕਿੱਤਰਾਂ' ਵੀ ਕਹਿ ਦਿੱਤਾ ਜਾਂਦਾ ਏ। ਇਵੇਂ ਹੀ 'ਜਿਸ ਤਰ੍ਹਾਂ' ਨੂੰ 'ਜਿੱਦਾਂ' ਜਾਂ 'ਜਿਤਰਾਂ' ਵੀ ਕਹਿ ਦਿੱਤਾ ਜਾਂਦਾ ਏ। 'ਇੱਕ ਵਾਰ' ਨੂੰ 'ਕੇਰਾਂ' ਕਹਿ ਲਿਆ ਜਾਂਦਾ ਏ। ਤੁਸੀਂ ਵੀ ਤਾਂ 'ਨੀਗਰੋ' ਨੂੰ 'ਨਿੱਗਰ' ਤੇ do not ਨੂੰ dont ਕਹਿ ਹੀ ਦਿੰਦੇ ਹੋ, brother ਨੂੰ bro ਕਹਿ ਦਿੰਦੇ ਹੋ ਤੇ fresh on boat ਨੂੰ FOB ਕਹਿ ਦਿੰਦੇ ਹੋ।
ਜੱਟ:- ਮੇਰੇ ਪਾਸ ਤੈਨੂੰ ਬਿਠਾਉਣ ਲਈ ਮੰਜਾ ਤਾਂ ਹੈ ਨਹੀਂ, ਆਹ ਏਥੇ ਭੁੰਜੇ ਹੀ ਬੈਠ ਜਾਹ।
ਵਿਲੀਅਮ:- ਰਿੱਕੀ ਡੀਅਰ, ਸ਼ਬਡ 'ਮੰਜਾ' ਟਾਂ ਮੈਂ ਸੁਣਿਆ ਏ। ਆਹ 'ਭੁੰਜੇ' ਕੀ ਹੋਇਆ?
ਰਿੱਕੀ:- ਵਿਲੀਅਮ, ਤੂੰ ਕਹਿੰਦਾ ਏ ਕਿ ਤੈਨੂੰ ਪੰਜਾਬੀ ਬਹੁਤ ਆਉਣੀ ਸ਼ੁਰੂ ਹੋ ਗਈ ਏ। ਤੈਨੂੰ 'ਭੁੰਜੇ' ਸ਼ਬਦ ਦਾ ਮਤਲਬ ਤਾਂ ਪਤਾ ਹੀ ਨਹੀਂ। 'ਭੁੰਜੇ' ਦਾ ਅਰਥ ਹੁੰਦਾ ਏ 'ਥੱਲੇ' ਜਾਣੀ 'ਜਮੀਨ ਤੇ'।
ਜੱਟ:- ਇਸ ਗੋਰੇ ਨੂੰ ਭੁੰਜੇ ਬਿਠਾ, ਦੇਖ ਕਿੰਨਾ ਵਧੀਆ ਰੜਾ ਪੱਟਕ ਥਾਂ ਏ...... ਇੱਟ ਭੜਿੱਟ ਤੇ ਵੱਖੀਆਂ ਫਿੱਟ।
ਵਿਲੀਅਮ:- ਇਹ 'ਸਾਲੇ' ਕੀ ਹੁੰਦਾ ਏ? ਇਹ 'ਰ-ੜਾ ਪਟੱਕ' ਕੀ ਹੁੰਡਾ ਏ? ਵਹੱਟ ਇੱਟ ਭ-ਡਿ-ਟ?
ਰਿੱਕੀ:- ਵਿਲੀਅਮ, ਤੂੰ ਪੰਜਾਬੀ ਦੇ ਥੋੜੇ ਜਿਹੇ ਸ਼ਬਦ ਸਿੱਖ ਕੇ ਚਾਮਲ ਗਿਆ ਸੀ। ਨਾ ਤੂੰ 'ਸਾਲੇ' ਸ਼ਬਦ ਦਾ ਮਤਲਬ ਸਮਝਦਾ ਏ ਤੇ ਨਾ ਹੀ 'ਰੜਾ ਪਟੱਕ' ਦਾ। ਵੈਸੇ ਤਾਂ 'ਸਾਲੇ' ਸ਼ਬਦ ਦਾ ਅਰਥ ਹੁੰਦਾ ਏ brother in law ਪਰ ਜਿਸ ਪ੍ਰਕਾਰ ਇਸ ਸ਼ਬਦ ਨੂੰ ਇਸ ਜ਼ਿੰਮੀਦਾਰ ਨੇ ਵਰਤਿਆ ਏ ਉਸ ਪ੍ਰਕਾਰ ਇਹ ਇੱਕ ਗਾਲ਼ ਬਣ ਜਾਂਦੀ ਏ ਤੇ ਇਸਦਾ ਭਾਵ ਬਣ ਜਾਂਦਾ ਏ - ਡਿੱਕਹੈੱਡ (dickhead), 'ਰੜਾ ਪੱਟਕ' ਦਾ ਮਤਲਬ ਏ 'ਸਾਫ ਸੁਥਰਾ ਥਾਂ'।
ਵਿਲੀਅਮ:- (ਸੋਚਾਂ ਵਿੱਚ ਪਿਆ ਹੋਇਆ)-- ਇਹ ਸ਼ਬਦ ਟਾਂ ਮੈਂ ਨਾ ਕਡੀ ਪੜ੍ਹੇ ਹਨ ਤੇ ਨਾ ਹੀ ਸੁਣੇ ਹਨ। ਬੜੀ ਅਜੀਬ ਕਿਸਮ ਦੀ ਬੋਲੀ ਏ।
ਰਿੱਕੀ:- ਵਿਲੀਅਮ ਹਰ ਬੋਲੀ ਹੀ ਅਜੀਬ ਕਿਸਮ ਦੀ ਹੁੰਦੀ ਏ। ਤੁਹਾਡੀ ਅੰਗਰੇਜ਼ੀ ਵੀ ਸਾਡੇ ਵਾਸਤੇ ਅਜੀਬ ਕਿਸਮ ਦੀ ਹੀ ਬਣ ਜਾਂਦੀ ਏ। ਜਦ ਮੈਂ ਪਹਿਲਾਂ ਪਹਿਲਾਂ ਸਿਡਨੀ ਵਿੱਚ ਗਿਆ ਸੀ ਤਾਂ ਮੈਂ ਵੀ ਅਨੇਕਾਂ ਸ਼ਬਦ ਐਸੇ ਸੁਣੇ ਸਨ ਜਿਹੜੇ ਮੇਰੇ ਵਾਸਤੇ ਨਵੇਂ ਸਨ ਜਿਵੇਂ bloke, dickhead, koori, gouls, possie, wonnable, caboodie, pollie waffle, boogie-woogie, cabernet, sauvingnon, smorgasboard, jeckeroo, jillaroo, pyrography
ਵਿਲੀਅਮ:- (ਮੱਥੇ ਤੇ ਹੱਥ ਮਾਰਦਾ ਹੋਇਆ)-- ਬੱਸ, ਬੱਸ, ਬੱਸ, ਰਿੱਕੀ ਡੀਅਰ, ਤੂੰ ਤਾਂ ਬੜੇ ਨਵੇਂ ਨਵੇਂ ਸ਼ਬਡ ਯਾਡ ਕੀਟੇ ਹੋਏ ਨੇ।
ਰਿੱਕੀ:- ਵਿਲੀਅਮ, ਤੂੰ ਤਾਂ ਅਜੇ ਇੱਕ ਅਨਪੜ੍ਹ ਜੱਟ ਨੂੰ ਹੀ ਮਿਲਿਆ ਏਂ। ਜੇ ਮੈਂ ਤੈਨੂੰ ਕੱਲ ਨੂੰ ਇੱਕ ਨਿਹੰਗ ਸਿੰਘ ਪਾਸ ਲੈ ਗਿਆ ਫਿਰ ਤੂੰ ਕੀ ਕਰੇਂਗਾ? ਉਹਨੂੰ ਕਿਵੇਂ ਸਮਝਾਏਂਗਾ? ਉਹਦੇ ਬੋਲੇ ਤਾਂ ਤੇਰੇ ਸਿਰ ੳੱਪਰਦੀ ਲੰਘ ਜਾਣਗੇ।
ਵਿਲੀਅਮ:- (ਦਿਮਾਗ ਤੇ ਬੋਝ ਪਾਉਂਦਾ ਹੋਇਆ)-- ਇਹ ਨਿ-ਹੰ-ਗ ਸਿੰਘ ਕੀ ਹੁੰਡਾ ਏ?
ਰਿੱਕੀ:- (ਸਮਝਾਉਂਦਾ ਹੋਇਆ)-- ਜਦ ਤੂੰ 'ਨਿਹੰਗ ਸਿੰਘ' ਦਾ ਮਤਲਬ ਹੀ ਨਹੀਂ ਸਮਝਦਾ ਤੂੰ ਉਹਦੇ ਬੋਲੇ ਕਿਵੇਂ ਸਮਝੇਂਗਾ?
ਵਿਲੀਅਮ:- (ਫਿਰ ਸੋਚਾਂ ਵਿੱਚ ਪਿਆ ਹੋਇਆ)-- ਬੋਲੀ ਤਾਂ ਹੋਈ, ਇਹ 'ਬੋਲੇ' ਕੀ ਹੋਏ?
ਰਿੱਕੀ:- ਫਿੱਟੇ ਮੂੰਹ ਤੇਰੇ। ਮੈਨੂੰ ਤਾਂ ਇੰਝ ਲਗਦਾ ਏ ਕਿ ਤੂੰ ਪੰਜਾਬੀ ਦਾ ਡਿਪਲੋਮਾ ਪਾਸ ਕਰਕੇ ਵੀ ਅਜੇ ਬੋਲੀ ਸਮਝਣ ਦੀ ਪੌੜੀ ਦੇ ਪਹਿਲੇ ਪੌਡੇ ਤੇ ਹੀ ਖੜ੍ਹਾ ਏਂ।
ਵਿਲੀਅਮ:- Do not abuse me, my dear friend ਮੈਂ ਤਾਂ ਯਾਰ 'ਪੌਡੇ' ਸ਼ਬਡ ਵੀ ਪਹਿਲੀ ਵਾਰ ਹੀ ਸੁਣਿਆ ਏ। ਬੋਲੇ! ਪੌਡੇ! ਨਿਹੰਗ!!
ਜੱਟ:- ਰਿੱਕੀ ਬੱਲਿਆ, ਆ, ਇਹਨੂੰ ਮੱਕੀ ਦਾ ਟੁੱਕ ਖੁਆਈਏ ਜਾਂ ਫਿਰ ਘਲਾੜੀ ਤੋਂ ਬਾਟੀ ਵਿੱਚ ਰਸ ਲਿਆ ਕੇ ਇਹਨੂੰ ਪੀਣ ਨੂੰ ਦੇਂਦੇ ਹਾਂ। ਇੱਟ ਭੜਿੱਟ ਤੇ ਵਖੀਆ ਫਿੱਟ। (ਹਾਸੋਹੀਣੀ ਸਥਿਤੀ ਵਿੱਚ ਜਾਟ ਉੱਚੀ ਉੱਚੀ ਹੱਸਦਾ ਹੋਇਆ ਉਹਦੀ ਸਾਂਗ ਲਾਉਂਦਾ ਏ ਤੇ ਨਾਲ਼ੇ ਇੰਝ ਬੋਲਦਾ ਏ)
ਵਿਲੀਅਮ:- (ਡੂੰਘੀ ਸੋਚ ਵਿੱਚ)-- ਮੱ-ਕੀ ਡਾ-ਟੁ-ਕ! ਘੁ-ਲਾ-ਡੀ! ਰਸ! ਬਾ-ਟੀ!! ਇੱਟ ਭ-ੜਿੱ-ਟ!!
ਰਿੱਕੀ:- ਵਿਲੀਅਮ, ਮੱਕੀ ਦਾ ਟੁੱਕ Means golden bread made from maize flour ਘਲਾੜੀ ਨੂੰ ਸ਼ਾਇਦ ਅੰਗਰੇਜ਼ੀ ਵਿੱਚ cider press ਕਹਿੰਦੇ ਨੇ, ਰਸ means sugarcane juice। ਬਾਟੀ is a coarse rustic container.
ਵਿਲੀਅਮ:- ਕੀ ਇਹ ਸ਼ਬਡ ਡਿਕਸ਼ਨਰੀ ਵਿੱਚ ਹੋਣਗੇ? ਬਾਟੀ?
ਰਿੱਕੀ:- 'ਰਸ' ਤਾਂ ਸ਼ਾਇਦ ਹੋਵੇ, 'ਟੁੱਕ' ਬਾਰੇ ਮੈਂ ਕਹਿ ਨਹੀਂ ਸਕਦਾ, ਘਲਾੜੀ ਵੀ ਸ਼ਾਇਦ ਹੋਵੇਗਾ ਹੀ, ਹੋ ਸਕਦਾ ਏ 'ਰਸ' ਦੇ ਵੀ ਕਈ ਅਰਥ ਹੋਣ। ਇੱਟ ਭੜਿੱਟ ਤਾਂ ਜੱਟ ਦਾ ਤਕੀਆ ਕਲਾਮ ਏ।
ਵਿਲੀਅਮ:- ਇਹ ਬਾਟੀ ਕਿਸ ਤਰ੍ਹਾਂ ਡਾ ਬਰਟਨ ਹੁੰਦਾ ਏ? ਟਕੀਆ ਕਲਾਮ।
ਰਿੱਕੀ:- ਹਰਾਮੀਆ, ਬਾਟੀ ਬਾਟੀ ਹੀ ਹੁੰਦੀ ਏ। ਜਦ ਤੂੰ ਉਸਨੂੰ ਦੇਖੇਂਗਾ ਤਾਂ ਹੀ ਤੈਨੂੰ ਉਸਦੀ ਸ਼ਕਲ ਦਾ ਪਤਾ ਲੱਗੂ, 'ਤਕੀਆ ਕਲਾਮ' means pillow word.
ਵਿਲੀਅਮ:- Oh, I see ਬਾਟੀ ਟਾਂ ਹੋਈ, ਇਹ 'ਹ-ਡਾ-ਮੀਂ-ਆਂ' ਕੀ ਹੁੰਡਾ ਏ?
ਰਿੱਕੀ:- ਵਿਲੀਅਮ, ਇਸ ਸ਼ਬਦ ਦਾ ਮਤਲਬ ਹੁੰਦਾ ਏ bastard, ਮੈਂ ਤੈਨੂੰ ਐਵੇਂ ਟਾਂਚ ਕਰਦੇ ਨੇ ਤੇਰੇ ਵਾਸਤੇ ਇਹ ਸ਼ਬਦ ਵਰਤ ਦਿੱਤਾ। Please dont mind.
ਵਿਲੀਅਮ:- ਭਾਜੀ, ਮੈਂ ਤਾਂ ਸ਼ਬਡ 'ਹਰਾਮਦਾ' ਤੇ ਹਰਾਮਜਾਦਾ' ਸੁਣੇ ਸਨ। ਇਹ, 'ਹ-ਡਾ-ਮੀ-ਆਂ' ਟਾਂ ਇਸਦਾ ਛੋਟਾ ਰੂਪ ਲਗਦਾ ਏ। ਟਾਂਚ? ਟਾਂਚ ਕੀ ਹੁੰਡਾ ਏ?
ਰਿੱਕੀ:- (ਖਿਝ ਕੇ ਬੋਲਿਆ)-- ਭੈਣ ਦਿਆ ਦੀਨਿਆ, 'ਟਾਂਚ' ਸ਼ਬਦ 'ਟਿੱਚਰ ਜਾਂ ਟੌਂਟ (taunt)' ਵਾਸਤੇ ਵਰਤਿਆ ਜਾਂਦਾ ਏ। ਤੂੰ............. ਦੀ ਪੰਜਾਬੀ ਸਿੱਖੀ ਏ, ਕੁੱਤੇ ਦਿਆ ਪੁੱਤਾ?
ਵਿਲੀਅਮ:- ਪੈਨ ਡਿਆ ਡੀਨਿਆ, ਕੁੱਟੇ ਦਿਆ ਪੁੱਟਾ!!
ਰਿੱਕੀ:- ਵਿਲੀਅਮ, ਕਈ ਅੱਖਰ ਤੁਸੀਂ ਖਾ ਜਾਂਦੇ ਹੋ ਤੇ ਕਈ ਪੂਰੇ ਘੋਟ ਘੋਟ ਕੇ ਬੋਲਦੇ ਹੋ।
ਵਿਲੀਅਮ:- For example?
ਰਿੱਕੀ:- ਤੁਸੀਂ ਨਰੇਲਨ (Narellan) ਅਤੇ ਢਿੱਲਨ (Dhillon) ਕਹਿੰਦੇ ਹੋ, ਅਸੀਂ ਇਨ੍ਹਾਂ ਨੂੰ ਨਰੇਲਾ ਅਤੇ ਢਿੱਲੋਂ ਕਹਿੰਦੇ ਹਾਂ।
(ਇੰਨੇ ਨੂੰ ਉੱਥੇ ਘੁੰਨਾ ਅਮਲੀ ਆ ਢੁੱਕਦਾ ਏ)
ਰਿੱਕੀ:- (ਅਮਲੀ ਨੂੰ)-- ਆ ਬਾਈ ਘੁੰਨਿਆਂ, ਅੱਜ ਤਾਂ ਸਵੇਰੇ ਸਵੇਰੇ ਹੀ ਟੱਲੀ ਹੋਇਆ ਫਿਰਦਾ ਏਂ। ਦੇਖੀਂ ਕਿਤੇ ਝੋਕ ਹੀ ਨਾ ਲੱਗ ਜਾਵੇ। ਆਹ ਖੇਸੀ ਕਦੇ ਧੋ ਵੀ ਲਿਆ ਕਰ। ਰਾਤ ਘੁਸਮੁਸੇ ਵਿੱਚ ਚਮਰੋੜੀ ਵਾਲ਼ੇ ਖੂਹ ਵਲ ਨੂੰ ਦੌੜਾ ਜਾ ਰਿਹਾ ਸੀ। ਜੰਗਲ ਪਾਣੀ ਜਾ ਰਿਹਾ ਸੀ ਜਾਂ ਡੋਡੇ ਲੈਣ ਜਾ ਰਿਹਾ ਸੀ? ਕਿੰਨੇ ਛਿੱਲੜ ਖਰਚੇ?
ਵਿਲੀਅਮ:- (ਭੰਬਲਭੂਸੇ ਵਿੱਚ ਪਿਆ ਹੋਇਆ ਤੇ ਰੁਕ ਰੁਕ ਕੇ ਬੋਲਦਾ ਹੋਇਆ
ਟੱ-ਲੀ! ਝੋ-ਕ!! ਖੇ-ਸੀ! ਚ-ਮ-ਰੋ-ੜੀ!! ਘੁਸਮੁਸ!! ਜੰ-ਗ-ਲ ਪਾਣੀ!! ਚਿੱ-ਲ-ਰ!! ਮੈਂ ਪੰਜਾਬੀ ਦਾ ਜਿੰਨਾ ਵੀ ਕੋਰਸ ਕੀਤਾ ਏ ਉਸ ਵਿੱਚ ਇਹ ਸ਼ਬਡ ਟਾਂ ਮੈਂ ਕਡੀ ਪੜ੍ਹੇ ਹੀ ਨਹੀਂ। ਹਾਂ, 'ਖੇ-ਸੀ' ਇੱਕ ਵਾਰ ਜਰੂਰ ਪੜ੍ਹਿਆ ਸੀ। ਮੈਨੂੰ ਪਟਾ ਏ 'ਖੇਸੀ' ਦੀ ਬੁੱਕਲ ਮਾਰਨ ਨਾਲ ਟੰਢ ਨਹੀਂ ਲਗਦੀ।
ਰਿੱਕੀ:- ਤੂੰ ਸ਼ਬਦ 'ਬੁੱਕਲ਼' ਬੜਾ ਵਧੀਆ ਬੋਲਿਆ ਏ। ਮੈਂ ਹੈਰਾਨ ਹਾਂ ਕਿ ਤੈਨੂੰ ਇਸ ਸ਼ਬਦ ਦਾ ਪਤਾ ਏ। ਕੀ ਤੂੰ ਕਦੀ 'ਝੁੰਬ' ਸ਼ਬਦ ਸੁਣਿਆ ਏ?
ਵਿਲੀਅਮ:- ਨਾਹੀ, ਰਿੱਕੀ, ਨੈਵਰ? What is jumb?
ਰਿੱਕੀ:- (ਅਮਲੀ ਵੱਲ ਇਸ਼ਾਰਾ ਕਰਦਾ ਹੋਇਆ)-- ਵਿਲੀਅਮ, ਆਹ ਅਮਲੀ ਘੁੰਨੇ ਨੇ ਝੁੰਬ ਹੀ ਤਾਂ ਮਾਰਿਆ ਹੋਇਆ ਏ। 'ਝੁੰਬ' ਦਾ ਮਤਲਬ ਹੁੰਦਾ ਏ ਖੇਸੀ ਨੂੰ ਸਿਰ ਦੁਆਲ਼ੇ ਨਾਗਵਲ਼ ਵਾਂਗ ਨੁੜਨਾ।
(ਅਮਲੀ ਝੁੰਬ ਨੂੰ ਥੋੜ੍ਹਾ ਹੋਰ ਸੁਆਰ ਲੈਂਦਾ ਏ)
ਵਿਲੀਅਮ:- ਨਾਗਵਲ਼! ਨੂਰਨਾ!! What a beautiful alliteration.
(ਘੁੰਨਾ ਅਮਲੀ ਬੀੜੀ ਸੁਲ਼ਗਾ ਲੈਂਦਾ ਏ)
ਜੱਟ:- ਘੁੰਨਿਆ, ਖੋਤੀ ਚੁੰਘਣੀ ਸ਼ੁਰੂ ਕਰ ਦਿੱਤੀ?
ਵਿਲੀਅਮ:- ਖੋਟੀ ਚੁੰ-ਘ-ਨੀ?
ਜੱਟ:- ਇੱਟ ਭੜਿੱਟ ਤੇ ਵਖੀਆ ਫਿੱਟ! ਇੱਟ ਭੜਿੱਟ ਤੇ ਵਖੀਆ ਫਿੱਟ!! ਮੈਂ ਦੇਖ ਲਿਆ, ਤੈਨੂੰ ਇੱਥੇ ਕੁਝ ਸਮਝ ਨਹੀਂ ਆਉਣਾ। (ਹੱਸਦਾ ਹੋਇਆ ਤੇ ਉੱਚੀ ਦੇਣੀ ਬੋਲਦਾ ਹੋਇਆ ਬਾਹਰ ਚਲਾ ਜਾਂਦਾ ਏ)
ਰਿੱਕੀ:- (ਵਿਲੀਅਮ ਦੇ ਦਿਮਾਗ ਦੀ ਖੜੋਤ ਨੂੰ ਤੋੜਦਾ ਹੋਇਆ) ਭੈਣ ਦਿਆ ....... ਕੁਝ ਪਤਾ ਵੀ ਲੱਗਾ ਕਿ ਐਵੇਂ ਹੀ ਗੂੰਗੀ ਵਾਂਗ ਦੰਦ ਕੱਢੀ ਜਾਨੈਂ?
ਵਿਲੀਅਮ:- What gongi?
ਰਿੱਕੀ:- 'ਗੂੰਗੀ' ਦਾ ਮਤਲਬ ਹੁੰਦਾ ਏ dumb
ਵਿਲੀਅਮ:- ਰਿੱਕੀ ਮੈਂ ਸ਼ਬਡ 'ਗੁੰਗਾ' ਤਾਂ ਇੱਕ ਵਾਰ ਪਰਿਆ ਸੀ ਪਰ 'ਗੁੰਗੀ' ਮੈਂ ਪਹਿਲੀ ਵਾਰ ਸਣਿਆ ਏ।
ਰਿੱਕੀ:- ਵਿਲੀਅਮ, ਛੱਡ ਯਾਰ ਇਸ ਸ਼ਬਦ ਨੂੰ। ਔਹ ਸਾਹਮਣੇ ਗੱਡਾ ਖੜ੍ਹਾ ਦਿਸਦਾ ਏ? ਜਾਹ ਗੱਡੇ ਦਾ ਜਾਤੂ ਧੂਹ ਕੇ ਲਿਆ। ਜੇ ਤੈਥੋਂ ਨਹੀਂ ਧੂਹ ਹੂੰਦਾ ਤਾਂ ਭਾਈਏ ਨੂੰ ਕਹਿ ਕਿ ਤੈਨੂੰ ਜਾਤੂ ਕੱਢ ਕੇ ਦੇਵੇ। ਨਾਲ਼ੇ ਇਹ ਦੱਸ ਕਿ ਗੱਡੇ ਦਾ 'ਊਠਣਾ' ਕੀ ਹੁੰਦਾ ਏ?
ਵਿਲੀਅਮ ਨੇ ਗੱਡਾ ਪਹਿਲੀ ਵਾਰ ਦੇਖਿਆ ਏ ਨੀਵੀਂ ਪਾਉਂਦਾ ਹੋਇਆ:- ਬਾਈ ਏ-ਨੂੂੰੰ। ਧੂ-ਅ ਕੇ,ਜਾਟੂ! ਊ-ਟ-ਨਾ!! ਮੈਂ ਤਾਂ ਇਹ ਸ਼ਬਦ ਵੀ ਪਹਿਲੀ ਵਾਰ ਸੁਨੇ ਹਨ। ਇਹ ਵਹੀਕਲ ਵੀ ਮੈਂ ਪਹਿਲੀ ਵਾਰ ਹੀ ਦੇਖਿਆ ਏ।
ਰਿੱਕੀ:- (ਗਾਲ੍ਹ ਕੱਢ ਕੇ)-- ਸਾਲਿਆ, ਉੱਥੇ ਸਿਡਨੀ ਵਿੱਚ ਮੈਨੂੰ ਕਹਿੰਦਾ ਹੁੰਦਾ ਸੀ ਤੈਨੂੰ scaffolding ਦਾ ਅਰਥ ਨਹੀਂ ਪਤਾ, ਤੈਨੂੰ orthodontist ਦਾ ਅਰਥ ਨਹੀਂ ਪਤਾ, ਤੈਨੂੰ awnings ਦਾ ਅਰਥ ਨਹੀਂ ਪਤਾ, ਤੈਨੂੰ podiatrist ਦਾ ਅਰਥ ਨਹੀਂ ਪਤਾ। ਫਿਰ ਤੂੰ ਨੱਕ ਜਿਹਾ ਚੜ੍ਹਾ ਕੇ ਕਹਿੰਦਾ ਹੁੰਦਾ ਸੀ unbelievable! Must be Asian!! ਤੂੰ ਹੁਣ ਦੱਸ, ਤੈਨੂੰ ਪੰਜਾਬੀ ਸਿੱਖ ਕੇ ਵੀ ਕਿੰਨੀਆਂ ਚੀਜ਼ਾਂ ਦੇ ਅਰਥ ਪਤਾ ਨੇ?
(ਵਿਲੀਅਮ ਬੁੱਤ ਬਣਿਆ ਖੜ੍ਹਾ ਹੈ।) (ਇੰਨੇ ਚਿਰ ਵਿੱਚ ਇੱਕ ਅਵਾਰਾ ਕੁੱਤਾ ਆ ਕੇ ਘੁੰਨੇ ਅਮਲੀ ਨੂੰ ਸੁੰਘਣ ਲੱਗ ਜਾਂਦਾ ਏ ਕਿਉਂਕਿ ਉਸਦੀ ਖੇਸੀ ਤੋਂ ਗੰਦੀ ਬਦਬੂ ਆ ਰਹੀ ਏ)
ਘੁੰਨਾ:- (ਕੁੱਤੇ ਨੂੰ ਤਿੱਖੀ ਝਿੜਕ ਮਾਰਦਾ ਹੋਇਆ)--- ਤੇਰੇ ਕੁਤੀਹੜ ਦੀ...........!
(ਕੁੱਤਾ ਬਾਹਰ ਨੂੰ ਦੌੜ ਜਾਂਦਾ ਏ)
ਵਿਲੀਅਮ:- (ਹੈਰਾਨ ਹੋ ਕੇ)--- ਕੁ-ਤੀ-ਰ!
ਰਿੱਕੀ:- ਕੁਤੀਰ ਨਹੀਂ, ਕੁਤੀਹੜ!
ਵਿਲੀਅਮ:- New word for me!
(ਵਿੱਚ ਹੀ ਰਿੱਕੀ ਦੀ ਬੁੱਢੀ ਮਾਂ ਸਟੇਜ ਅੰਦਰ ਆਉਂਦੀ ਹੋਈ ਜਾਂ ਸਟੇਜ ਦੇ ਪਿੱਛੋਂ ਹੀ ਘਰ ਦੀਆਂ ਕੁੜੀਆਂ ਨੂੰ ਆਵਾਜ਼ ਮਾਰਦੀ ਏ। ਜੇ ਮਾਂ ਅੰਦਰ ਆ ਜਾਵੇ ਤਾਂ ਗੇੜਾ ਕੱਢ ਕੇ ਬਾਹਰ ਚਲੀ ਜਾਵੇ)।
ਮਾਂ:- ਕੁੜੇ ਕੁੜੀਓ! ਕੁੜੇ ਕੁੜੀਓ! ਬਾਹਰੋਂ ਗੋਰਾ ਆਇਆ ਏ। ਦਧੂਨੇ ਚੋਂ ਦੁੱਧ ਕੱਢ ਕੇ ਲਿਆਉ ਇਹਨੂੰ ਪਿਆਣ ਲਈ। ਸਵੇਰੇ ਅਧਰਿੜਕਾ ਵੀ ਪਿਆਵਾਂਗੇ।
ਵਿਲੀਅਮ:- (ਸ਼ਬਦ ਵਿਲੀਅਮ ਦੇ ਸੰਘ ਵਿੱਚ ਹੀ ਅੜ੍ਹ ਜਾਂਦੇ ਹਨ)
ਡ-ਡੂ-ਨਾ! ਅ-ਡ-ਰਿ-ਡ-ਕਾ!!
ਘੁੰਨਾ:- ਬਾਹਰੋਂ ਗਰੇਜ਼ ਆਇਆ ਏ, ਦੁੱਧ ਪਿਆਓ ਗਰੇਜ਼ ਦੇ ਬੱਚੇ ਨੂੰ!! (ਇੰਝ ਉੱਚੀ ਉੱਚੀ ਬੋਲਦਾ ਹੋਇਆ ਬਾਹਰ ਚਲਾ ਜਾਂਦਾ ਏ)
ਬੱਚਾ:- (ਓਹੀ ਜਿਹੜਾ ਪਹਿਲਾਂ ਕੁੱਤੇ ਦਾ ਮਖੌਟਾ ਪਹਿਨ ਕੇ ਆਇਆ ਸੀ, ਹੁਣ ਰੋਂਦਾ ਹੋਇਆ ਆਉਂਦਾ ਏ)
ਉ...ਹੂੰ....ਊਂ.....ਊਂ.! ਬੇਬੇ, ਕਾਵਾਂ ਦੇ ਘੋਲੇ ਨੇ ਮੇਰੀ ਖੁੱਦੋ ਪਾੜ ਤੀ।ਉ...ਹੂੰ....ਊਂ। ਮੇਰੀ ਖੂੰਡੀ ਲੈ ਕੇ ਆਪਣੇ ਵਾੜੇ ਨੂੰ ਦੌੜ ਗਿਐ। ਉ...ਹੂੰ ਮੈਨੂੰ ਨਵੀ ਖੁੱਦੋ ਚਾਹੀਦੀ ਏ..।
ਮਾਂ:- (ਦਿਲਾਸਾ ਦਿੰਦੀ ਤੇ ਗਲ਼ ਨਾਲ਼ ਲਾਉਂਦੀ ਹੋਈ)--- ਆ ਜਾਹ ਮੇਰਾ ਰਾਜਾ ਪੁੱਤ। ਘੋਲੇ ਦਾ ਤਾਂ ਮੈਂ ਖੜਗੰਤਰ ਕਰਨਾ ਹੀ ਕਰਨਾ ਏ। ਪੁੱਤ ਤੂੰ ਪਹਿਲਾਂ ਆਪਣੇ ਲੀੜੇ ਬਦਲ ਲੈ, ਫਿਰ ਰੋਟੀ ਖਾਹ, ਆਥਣ ਨੂੰ ਮੈਂ ਕਾਵਾਂ ਦੇ ਉਲਾਂਬਾ ਦੇਣ ਜਾਊਂ।
(ਮਾਂ ਤੇ ਬੱਚਾ ਬਾਹਰ ਚਲੇ ਜਾਂਦੇ ਹਨ)
ਵਿਲੀਅਮ:- (ਮਨ ਹੀ ਮਨ ਵਿੱਚ ਬੜਬੜਾਉਂਦਾ ਹੋਇਆ)--- ਕਾਵਾਂ ਡੇ ਘੋਲੇ ਨੇ! ਆਠਣ! ਖਿੱਡੋ ਪਾਰ ਟੀ! ਖੁੰਡੀ! ਖਡਗੰਟਰ! ਲੀਡੇ!
(ਰਿੱਕੀ ਦੇ ਮੋਬਾਇਲ ਫੋਨ ਦੀ ਘੰਟੀ ਵੱਜ ਜਾਂਦੀ ਏ। ਸਿਡਨੀ ਤੋਂ ਉਸਦੇ ਦੋਸਤ ਪਾਲੇ ਦਾ ਫੋਨ ਏ। ਰਿੱਕੀ ਫੋਨ ਉੱਚਾ ਕਰ ਦੇਂਦਾ ਏ।)
ਪਾਲਾ:- ਓਏ ਰਿੱਕੀ, ਕਿਵੇਂ ਐਂ ਅੰਗਰੇਜ਼ ਦਾ ਬੱਚਾ। ਮਾਰਦਾ ਪੰਜਾਬੀ ਨੂੰ ਮੂੰਹ? ਬੋਲਣ ਦਾ ਨਵਾਂ ਨਵਾਂ ਚਾਅ ਹੋਣਾ?
ਰਿੱਕੀ:- ਪਾਲਿਆ, ਚਾਅ ਤਾਂ ਇਹਨੂੰ ਬੜਾ ਏ ਪਰ ਇਹ ਕੁਝ ਸਮਝਦਾ ਹੀ ਨਹੀਂ। ਮੈਂ ਇਹਨੂੰ ਇੱਕ ਜੱਟ ਤੇ ਇੱਕ ਅਮਲੀ ਟਕਰਾਤੇ। ਨਿਹੰਗ ਸਿੰਘਾਂ ਬਾਰੇ ਮੈਂ ਇਹਦੇ ਨਾਲ਼ ਕੁਝ ਗੱਲਾਂ ਕੀਤੀਆਂ। ਇਹ ਤਾਂ ਬੋਲੀ ਨੂੰ ਅੱਧੀ ਪਚੱਧੀ ਹੀ ਸਮਝਦਾ ਏ। ਐਵੇਂ ਖੜ੍ਹਾ ਡੈਂਬਰਿਆਂ ਵਾਂਗ ਝਾਕਦਾ ਰਹਿੰਦਾ ਏ....। (ਪਾਲਾ ਫੋਨ ਵਿੱਚਹੀ ਹੱਸਦਾ ਏ)
ਵਿਲੀਅਮ:- (ਵਿੱਚ ਹੀ ਬੋਲਦਾ ਹੋਇਆ)--- ਇਹ 'ਡੈਂ...ਬ...ਡਿ...ਆ' ਕੀ ਹੁੰਦਾ ਏ, ਰਿੱਕੀ?
ਰਿੱਕੀ:- ਛੱਡ ਯਾਰ। ਮੈਂ ਤੈਨੂੰ ਹਰ ਸ਼ਬਦ ਦੇ ਅਰਥ ਨਹੀਂ ਸਮਝਾ ਸਕਦਾ। ਵਿਲੀਅਮ, ਤੈਨੂੰ ਤਾਂ ਠੇਠ ਪੰਜਾਬੀ ਦੇ ਸਾਰੇ ਸ਼ਬਦ ਨਵੇਂ ਹੀ ਲੱਗ ਰਹੇ ਨੇ, ਤੂੰ ਠੇਠ ਪੰਜਾਬੀ ਦੇ ਮੁਹਾਵਰੇ ਤੇ ਕਹਾਵਤਾਂ ਕਿਵੇਂ ਸਮਝਣੀਆਂ ਸ਼ੁਰੂ ਕਰੇਂਗਾ?
ਪਾਲਾ:- (ਮੋਬਾਇਲ ਫੋਨ ਤੇ ਹੀ)--- ਰਿੱਕੀ ਮੈਂ ਇੱਕ ਬੋਲੀ ਪਾਵਾਂ? ਦੇਖੀਏ ਤਾਂ ਇਹ ਸਮਝ ਲਊ?
ਰਿੱਕੀ:- ਜਦ ਇਹ ਹੋਰ ਬਹੁਤ ਸਾਰੇ ਠੇਠ ਸ਼ਬਦ ਨਹੀਂ ਸਮਝਦਾ ਤਾਂ ਇਹ ਪੰਜਾਬੀ ਦੀ ਬੋਲੀ ਕਿਵੇਂ ਸਮਝ ਲਊ?
ਪਾਲਾ:- ਜਰਾ ਟਰਾਈ ਕਰਕੇ ਤਾਂ ਦੇਖੀਏ। ਜੇ ਨਾ ਵੀ ਸਮਝੂ, ਥੋੜ੍ਹੀ entertainment ਤਾਂ ਹੋ ਹੀ ਜਾਊ। ਕਈ ਵਾਈ ਕੱਲੀ ਤਰਜ਼ ਵੀ ਮਨ ਪਰਚਾਵਾ ਕਰ ਦਿੰਦੀ ਏ। ਨਾਲ਼ੇ ਇਹਨੂੰ ਪੰਜਾਬੀ ਬੋਲੀਆਂ ਦੀ ਵੰਨਗੀ ਪਤਾ ਲੱਗਜੂ।
(ਪਾਲਾ ਬੋਲੀ ਪਾਉਂਦਾ ਏ)
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜ੍ਹਿਆਂ ਦਾ ਢਹਿ ਗਿਆ ਕੋਠਾ
ਛੜਿਓ ਨਾ ਰੋਵੋ ਥੋਡਾ ਭਰਿਆ ਜਹਾਜ ਖਲੋਤਾ
ਪਤਲੋ ਐਂ ਤੁਰਦੀ ਜਿਵੇਂ ਤੁਰਦਾ ਸੜਕ ਤੇ ਬੋਤਾ
ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ
(ਪਹਿਲਾਂ ਬੋਲੀ ਦੀ ਤਰਜ਼ ਨੂੰ ਗੁਣਗਣਾਉਂਦਾ ਹੈ ਫਿਰ ਬੋਲਦਾ ਹੈ)
ਵਿਲੀਅਮ:- What a beautiful rhyme. Thanks, Pala dear!
ਰਿੱਕੀ:- Song ਤਾਂ beautiful ਹੋਇਆ। ਇਹਦਾ ਮਤਲਬ ਵੀ ਸਮਝਿਆ ਕਿ ਨਹੀਂ?
ਵਿਲੀਅਮ:- Little bit. I must listen it time and again.
ਰਿੱਕੀ:- ਜਦ ਮੈਂ ਤੈਨੂੰ ਸਿਡਨੀ ਵਿੱਚ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਦੋ ਵਾਰ ਬੋਲ ਤਾਂ ਤੂੰ ਮੈਨੂੰ ਅੰਗਰੇਜ਼ੀ ਬੋਲੀ ਵਿੱਚ ਮਾੜਾ ਸਮਝ ਕੇ ਮੇਰਾ ਮਜ਼ਾਕ ਉਡਾਉਂਦਾ ਹੁੰਦਾ ਸੀ।
ਵਿਲੀਅਮ:- My dear Ricky, Now I will never make mockery of any migrant. Please leave this topic now. ਹੁਣ ਟੂੰ ਛੇ ਸੱਟ ਮੁਹਾਵਡੇ ਤੇ ਕਹਾਵਟਾਂ ਬੋਲ। ਮੈਂ ਅੰਦਾਜਾ ਲਗਾਉਣਾ ਚਾਹੁੰਦਾ ਹਾਂ ਕਿ ਮੈਨੂੰ ਇਨ੍ਹਾਂ ਡਾ ਕਿੰਨਾ ਕੁ ਗਿਆਨ ਏ।
ਰਿੱਕੀ:-(ਪੈਂਦੇ ਸੱਟੇ ਕਹਾਵਤਾਂ ਬੋਲਦਾ ਹੈ)
1. ਜਿਹੋ ਜਿਹੀ ਨੰਦੋ ਬਾਮ੍ਹਣੀ ਉਹੋ ਜਿਹਾ ਘੁੱਦੂ ਜੇਠ।
2. ਬਾਬੇ ਦੇ ਯਾਰ ਗਿੱਦੜ ਤੇ ਬਘਿਆੜ।
3. ਜੇ ਹਲਵਾਈ ਕਰੀਏ ਤਾਂ ਖੁਸ਼ਕੀ ਨਾਲ਼ ਨਾ ਮਰੀਏ।
4. ਕੀੜੀ ਨੂੰ ਕੁੰਡਾ ਹੀ ਦਰਿਆ ਏ।
5. ਚੱਲ ਨੂੰਹੇ ਤੂੰ ਥੱਕੀ, ਮੈਂ ਚਰਖੇ ਨੂੰ ਚੱਕੀ।
6. ਪੁਲਿਸ ਦੇ ਕੁੱਟਿਓ ਦਾ, ਤਿਲਕ ਕੇ ਡਿਗਿਓ ਦਾ ਤੇ ਤੀਵੀਂ ਦੇ ਝਿੜਕਿਓ ਦਾ ਗੁੱਸਾ ਨਹੀਂ ਕਰੀਦਾ।
7. ਘੋੜਾ ਲਗਾਮ ਬਿਨ੍ਹਾਂ ਗਿਆ ਤੇ ਰਾਜ ਗੁਲਾਮ ਬਿਨ੍ਹਾਂ।
8. ਇੱਕੋ ਹੱਟੀ ਉਹੀ ਕੁਪੱਤੀ।
9. ਪੁੱਠਾ ਪੰਗਾ ਲੈ ਲਿਆ ਜੱਟੀਏ ਐਵੇਂ ਬੋਕ....।
ਵਿਲੀਅਮ:- (ਹੈਰਾਨ ਹੋ ਕੇ ਵਿੱਚ ਹੀ ਬੋਲ ਪਿਆ)--- ਬੱਸ, ਰਿੱਕੀ, ਬੱਸ। Stop it. ਮੈਂ ਤਾਂ ਇਨ੍ਹਾਂ ਵਿੱਚੋਂ ਪਹਿਲਾਂ ਕੋਈ ਵੀ ਨਹੀਂ ਪਰੀ।
(ਵਿਲੀਅਮ ਦੇ ਕੰਨਾਂ ਵਿੱਚ ਵਿੱਡੇ ਟਿਆਂਕਣ ਲੱਗ ਪੈਂਦੇ ਹਨ ਤੇ ਉਹ ਸੋਚਾਂ ਦੇ ਖੂਹ ਵਿੱਚ ਗੋਤੇ ਲਗਾਉਣ ਲੱਗ ਜਾਂਦਾ ਏ)
ਰਿੱਕੀ, ਕੀ ਇਨ੍ਹਾਂ ਕਹਾਵਟਾਂ ਦਾ ਅੰਗਰੇਜ਼ੀ ਵਿੱਚ ਅਨੁਵਾਡ ਨਹੀਂ ਕੀਤਾ ਜਾ ਸਕਡਾ?
ਰਿੱਕੀ:- ਕੀਤਾ ਜਾ ਸਕਦਾ ਏ। ਤੈਨੂੰ ਪਤਾ ਏ ਅਨੁਵਾਦ ਕਰਨੇ ਕਿੰਨੇ ਔਖੇ ਹਨ? ਤੈਨੂੰ ਪਤਾ ਏ ਤੁਹਾਡੇ ਹੀ ਕਿਸੇ ਭਰਾ ਨੇ ਇੱਕ ਵਾਰ ਕਿਹਾ ਸੀ?
ਵਿਲੀਅਮ:- ਕੀ ਕਿਹਾ ਸੀ?
ਰਿੱਕੀ:- ਇੱਕ ਅੰਗਰੇਜ਼ ਨੇ ਇੱਕ ਵਾਰ ਕਿਹਾ ਸੀ ਕਿ Translators are the traitors of a language. (ਅਨੁਵਾਦਕ ਭਾਸ਼ਾ ਦੇ ਗਦਾਰ ਹਨ)
ਵਿਲੀਅਮ:- ਫਿਰ ਅਸੀਂ ਟਰਾਂਸਲੇਸ਼ਨ ਕਰਦੇ ਕਿਓ ਹਾਂ? What is the use of translators and interpreters ?
ਰਿੱਕੀ:- ਸਿਰਫ ਬੁੱਤਾ ਸਾਰਨ ਲਈ।
ਵਿਲੀਅਮ:- ਬੁੱਟਾ? ਇਹ ਕੀ ਹੁੰਡਾ ਏ?
ਰਿੱਕੀ:- ਵਿਲੀਅਮ ਡੀਅਰ, ਲੋਕਾਂ ਨੇ ਆਪਣਾ ਕੰਮ ਤਾਂ ਸਾਰਨਾ ਹੀ ਏ। ਅਗਰ ਦੁਨੀਆ ਦੇ ਲੋਕ ਚਲੰਤ ਭਾਸ਼ਾਵਾਂ ਤੇ ਬੋਲੀਆਂ ਦਾ ਅਨੁਵਾਦ ਕਰਨਗੇ ਤਾਂ ਹੀ ਉਹ ਇੱਕ ਦੂਜੇ ਨੂੰ ਸਮਝ ਸਕਣਗੇ। ਚਲੰਤ ਬੋਲੀ ਤੇ ਠੇਠ ਬੋਲੀ ਵਿੱਚ ਬੜਾ ਫਰਕ ਹੁੰਦਾ ਏ।
ਵਿਲੀਅਮ:- ਕੀ ਮਟਲਬ?
ਰਿੱਕੀ:- ਜੇ ਕੋਈ ਠੇਠ ਬੋਲੀ ਦਾ ਢੁੱਕਵਾਂ ਅਨੁਵਾਦ ਕਰ ਦੇਵੇ ਤਾਂ ਉਹ ਸੱਚਮੁੱਚ ਹੀ ਭਾਸ਼ਾ ਦਾ ਮਹਿਰ ਹੁੰਦਾ ਏ।
ਵਿਲੀਅਮ:- for example?
ਰਿੱਕੀ:- ਪੰਜਾਬੀ ਦਾ ਇੱਕ ਗੀਤ ਤੇ। ਤੂੰ ਜਾਣਦਾ ਹੀ ਏਂ ਕਿ ਗੀਤ ਦਾ ਮਤਲਬ song ਹੁੰਦਾ ਏ।
ਵਿਲੀਅਮ:- ਹਾਂ, ਮੈਂ ਜਾਣਦਾ ਹਾਂ।
ਰਿੱਕੀ:- ਗੀਤ ਦੇ ਬੋਲ ਹਨ-
ਸਾਡੀ ਲਗਦੀ ਕਿਸੇ ਨਾ ਦੇਖੀ
ਟੁੱਟਦੀ ਨੂੰ ਜੱਗ ਜਾਣਦਾ।
ਤੈਨੂੰ ਪਤਾ ਏ ਇਹਦਾ ਕਿਸੇ ਨੇ ਕੀ ਅਨੁਵਾਦ ਕੀਤਾ ਸੀ।
ਵਿਲੀਅਮ:- (ਸੋਚਦਾ ਹੋਇਆ)--- ਮੈਨੂੰ ਟਾਂ ਸਿਰਫ ਇਹ ਪਟਾ ਏ ਕਿ ਇਹ ਪਿਆਰ ਬਾਰੇ ਕਹੀ ਕੋਈ ਗੱਲ ਲਗਡੀ ਏ। ਪਿਆਰ ਚੋਰੀ ਚੋਰੀ ਸ਼ੁਰੂ ਹੋਨਾ ਤੇ ਫਿਰ ਅਚਾਨਕ ਟੁੱਟ ਜਾਨਾ ਤੇ ਜੱਗ ਜਾਹਰ ਹੋ ਜਾਨਾ।
ਰਿੱਕੀ:- ਵਿਲੀਅਮ, ਤੂੰ 'ਜੱਗ ਜਾਹਰ ਹੋ ਜਾਣਾ' ਸ਼ਬਦ ਬੜੇ ਵਧੀਆ ਬੋਲੇ ਹਨ। ਮਤਲਬ ਤਾਂ ਤੂੰ ਠੀਕ ਸਮਝਿਆ ਏ। ਇਸਦਾ ਟਰਾਂਸਲੇਸ਼ਨ ਕਿਵੇਂ ਕਰੇਂਗਾ?
ਵਿਲੀਅਮ:- ਤੂੰ ਹੀ ਦੱਸ ਦੇਹ, ਰਿੱਕੀ, ਮੈਂ ਐਨਾ ਐਕਸਪਰਟ (expert) ਕਿੱਥੇ ਹਾਂ ਅਜੇ।
ਰਿੱਕੀ:- ਇਸਦਾ ਅਨੁਵਾਦ ਕਿਸੇ ਨੇ ਇਵੇਂ ਕੀਤਾ ਏ--- Love comes through a chink and goes out of a door.
ਵਿਲੀਅਮ:- (ਖੁਸ਼ੀ ਵਿੱਚ ਝੂਮਦਾ ਹੋਇਆ)--- Beautiful! Fantastic!! ਪਰ ਇਹ ਪੋਇਟਰੀ ਨਹੀਂ ਬਣੀ।
ਰਿੱਕੀ:- ਮੈਂ ਮੰਨਦਾ ਹਾਂ ਕਿ ਇਹ ਕਵਿਤਾ ਨਹੀਂ ਬਣੀ। ਪਰ ਕਵਿਤਾ ਦਾ ਕਵਿਤਾ ਵਿੱਚ ਹੀ ਅਨੁਵਾਦ ਕਰਨਾ ਹੋਰ ਵੀ ਔਖਾ ਕੰਮ ਏ।
ਵਿਲੀਅਮ:- You are perfectly correct.
ਰਿੱਕੀ:- ਵਿਲੀਅਮ, ਤੂੰ ਹੁਣ ਟਰਾਂਸਲੇਸ਼ਨ (Translation) ਦੀ ਗੱਲ ਛੱਡ। ਤੂੰ ਹੁਣ ਇਹ ਦੱਸ ਕਿ ਤੂੰ ਪੰਜਾਬੀ ਦੀਆਂ ਕਿਹੜੀਆਂ-ਕਿਹੜੀਆਂ ਕਹਾਵਤਾਂ ਜਾਣਦਾ ਏਂ?
ਵਿਲੀਅਮ:- (ਸੋਚਦਾ ਹੋਇਆ)--- ਅੱਖਾਂ ਡਾ ਟਾਰਾ, ਅੰਗੂਰ ਖੱਟੇ ਹਨ,..... ਆਪਨਾ ਆਪਨਾ, ਪਰਾਇਆ ਪਰਾਇਆ.....
ਰਿੱਕੀ:- ਬੱਸ ਕਰ ਵਿਲੀਅਮ, ਇਹ ਤਾਂ ਕਿਤਾਬੀ ਕਹਾਵਤਾਂ ਹਨ। ਜਦ ਤੁਸੀਂ ਕਿਸੇ ਸਮਾਜ ਦੇ ਪੇਂਡੂ ਮਾਹੌਲ ਵਿੱਚ ਵਿਚਰਦੇ ਹੋ ਤਾਂ ਤੁਸੀਂ ਬੋਲੀ ਦੀਆਂ ਅਸਲੀ ਪਰਤਾਂ ਦੇ ਪੇਸ਼ ਆਉਂਦੇ ਹੋ। ਇਹ ਪਰਤਾਂ ਕਿਤਾਬੀ ਭਾਸ਼ਾ ਵਿੱਚ ਪੂਰਨ ਰੂਪ ਵਿੱਚ ਮੌਜੂਦ ਨਹੀਂ ਹੁੰਦੀਆਂ। ਅਜੇ ਤਾਂ ਤੂੰ ਕੁੱਝ ਗੰਦੀਆਂ ਕਹਾਵਤਾਂ ਨਹੀਂ ਸੁਣੀਆਂ।
ਵਿਲੀਅਮ:- ਗੰ-ਡੀ-ਆਂ,ਕ-ਹਾ-ਵ-ਟਾਂ? ਉਹ ਕੀ ਹੁੰਡੀਆਂ ਹਨ?
ਰਿੱਕੀ:- ਔਹ ਸਾਹਮਣੇ ਲੇਡੀਜ਼ ਬੈਠੀਆਂ ਹਨ। ਮੈਂ ਇਹ ਕਹਾਵਤਾਂ ਇਨ੍ਹਾਂ ਦੇ ਸਾਹਮਣੇ ਨਹੀਂ ਬੋਲ ਸਕਦਾ ਅਗਰ ਮੈਂ ਪਰਦੇ ਨਾਲ਼ ਬੋਲਾਂ ਵੀ ਤਾਂ ਤੂੰ ਪਤਾ ਨਹੀਂ ਕੋਈ ਉਨ੍ਹਾਂ ਦਾ ਉੱਚੀ ਦੇਣੀ ਕੀ ਉਚਾਰਣ ਕਰ ਦੇਵੇਂ। ਵਿਲੀਅਮ, ਤੂੰ ਕਹਿੰਦਾ ਏਂ ਕਿ ਤੈਨੂੰ ਪੰਜਾਬੀ ਬੋਲੀ ਬਹੁਤ ਆਉਣੀ ਸ਼ੁਰੂ ਹੋ ਗਈ ਏ। ਜੇ ਤੂੰ ਮੈਥੋਂ ਬਗੈਰ ਇੱਥੇ ਪਿੰਡ ਵਿੱਚ ਕੁੱਝ ਦਿਨ ਰਹਿ ਜਾਵੇਂ ਤਾਂ ਪਿੰਡ ਦੇ ਨਿਆਣੇ ਤਾਂ ਤੇਰੀ ਭੂਤਨੀ ਭੁਲਾ ਦੇਣਗੇ।
ਵਿਲੀਅਮ:- ਭੂਟਨੀ! ਉਹ ਕੀ ਹੁੰਡਾ ਏ?
ਰਿੱਕੀ:- ਵਿਲੀਅਮ, ਮੈਂ ਤੇਰੇ ਨਾਲ਼ ਜਿਆਦਾ ਮੱਥਾ ਨਹੀਂ ਮਾਰ ਸਕਦਾ। ਤੂੰ ਵਾਪਸ ਸਿਡਨੀ ਨੂੰ ਹੀ ਚੱਲ। ਏਥੇ ਪੰਜਾਬ ਵਿੱਚ ਤੇਰਾ ਗੁਜ਼ਾਰਾ ਨਹੀਂ ਹੈ, ਇੱਕ ਗੱਲ ਜਰੂਰ ਏ।
ਵਿਲੀਅਮ:- ਉਹ ਕੀ?
ਰਿੱਕੀ:- ਤੂੰ ਪੰਜਾਬ ਦੇ ਸ਼ਹਿਰਾਂ ਵਿੱਚ ਰਹਿ ਸਕਦਾ ਏ। ਉੱਥੇ ਲੋਕ ਤੇਰੀ ਅੰਗਰੇਜ਼ੀ ਰਲ਼ੀ ਪੰਜਾਬੀ ਨੂੰ ਸਮਝ ਸਕਦੇ ਹਨ। ਉੱਥੇ ਤਾਂ ਤੂੰ ਲੋਕਾਂ ਦੀ ਬੋਲੀ ਵੀ ਵੱਧ ਸਮਝ ਸਕਦਾ ਏਂ। ਉਹ ਲੋਕ ਕਿਤਾਬੀ ਬੋਲੀ ਜਿਆਦਾ ਬੋਲਦੇ ਹਨ ਤੇ ਠੇਠ ਪੇਂਡੂ ਮੁਹਾਵਰਾ ਘੱਟ ਵਰਤਦੇ ਹਨ।
ਵਿਲੀਅਮ:- ਰਿੱਕੀ ਡੀਅਰ, ਮੈਂ ਹੈਰਾਨ ਹਾਂ ਕਿ ਟੁਸੀਂ ਸਿਡਨੀ ਵਿੱਚ ਸਾਡੀ ਅੰਗਰੇਜ਼ੀ ਬੋਲਦੇ ਹੋ ਤਾਂ ਕਾਫੀ ਠੀਕ ਲਗਡੇ ਰਹਿੰਦੇ ਹੋ। I am cutting sorry figure here at every step.
ਰਿੱਕੀ:- ਮਾਈ ਡੀਅਰ ਫਰੈਂਡ, The Punjabis are very flexible, they mould themselves very easily and quickly to the new environments. They can speak four languages easily.
ਵਿਲੀਅਮ:- Four languages?
ਰਿੱਕੀ:- Yes.
ਵਿਲੀਅਮ:- ਕਿਹਰੀਆਂ, ਕਿਹਰੀਆਂ?
ਰਿੱਕੀ:- ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ।
ਵਿਲੀਅਮ:- They are really genius ਮੈਨੂੰ ਟਾਂ ਚਾਰ ਬੋਲੀਆਂ ਸਿੱਖਨ ਲਈ ਸਾਰੀ ਉਮਰ ਪਰਨਾ ਪਊ। It means I have to spend many years in Punjab.
ਰਿੱਕੀ:- ਵਿਲੀਅਮ, ਤੂੰ ਸੱਚ ਆਂਹਦਾ ਤੇਂ।
ਵਿਲੀਅਮ:- ਵਹੱਟ 'ਆਂਡਾ'? ਇਹ 'ਆਂਡਾਂ' ਕੀ ਹੁੰਡਾ ਏ?
ਰਿੱਕੀ:- ਇਹੀ ਕੁਝ ਜਾਨਣ ਲਈ ਤਾਂ ਤੈਨੂੰ ਇੱਥੇ ਕਈ ਸਾਲ ਰਹਿਣਾ ਪਵੇਗਾ। ਅਗਰ ਤੂੰ ਛੋਟੀ ਉਮਰ ਵਿੱਚ ਇੱਥੇ ਆ ਜਾਂਦਾ ਤਾਂ ਤੈਨੂੰ ਬੋਲੀ ਜਲਦੀ ਸਮਝ ਆਉਣ ਲੱਗ ਪੈਣੀ ਸੀ। ਫਿਰ ਤੂੰ ਬੋਲੀ ਬੋਲਣ ਵੀ ਵਧੀਆ ਲਗ ਜਾਣਾ ਸੀ। ਜਿਉਂ ਜਿਉਂ ਮਨੁੱਖ ਵੱਡਾ ਹੋ ਕੇ ਕਿਸੇ ਹਾਲਾਤ ਵਿੱਚੋਂ ਵਿਚਰਦਾ ਏ ਉਹਦੀ ਉਸ ਹਾਲਤ ਮੁਤਾਬਕ ਢਲਣ ਦੀ ਸਮਰਥਾ ਘਟਦੀ ਜਾਂਦੀ ਏ। ਤੂੰ ਦੱਸ, ਮੈਨੂੰ ਪੂਰੀ ਤਰ੍ਹਾਂ ਤੁਹਾਡੀ ਅੰਗਰੇਜੀ ਕਿਵੇਂ ਸਮਝ ਆਵੇਗੀ?
ਵਿਲੀਅਮ:- ਤੁਸੀਂ ਹੀ ਡੱਸੋ ਇਹ ਕਿਵੇਂ ਹੋ ਸਕਡਾ ਏ?
ਰਿੱਕੀ:- ਵਿਲੀਅਮ, ਜਦ ਮੈਂ ਤੁਹਾਡੇ ਦੇਸ਼ ਦੇ ਨਸ਼ਈਆਂ (druggies) ਦੀ ਤੇ ਤੁਹਾਡੇ ਬੱਚਿਆਂ ਦੀ ਬੋਲੀ ਸਮਝਣ ਲੱਗ ਜਾਵਾਂਗਾ ਤਾਂ ਮੈਂ ਸਮਝਾਂਗਾ ਕਿ ਮੈਨੂੰ ਤੁਹਾਡੀ ਬੋਲੀ ਸਮਝ ਆਉਣ ਲੱਗ ਪਈ ਏ। ਕਿਸੇ ਵੀ ਬੋਲੀ ਨੂੰ ਸਮਝਣ ਲਈ ਜਰੂਰੀ ਏ ਕਿ ਤੁਸੀਂ ਉਸ ਬੋਲੀ ਵਿੱਚ ਸੁਪਨੇ ਲੈ ਸਕੋ, ਉਸ ਬੋਲੀ ਵਿੱਚ ਖੁੱਲ੍ਹ ਕੇ ਗਾਲ਼ਾਂ ਕੱਢ ਸਕੋ, ਉਸ ਬੋਲੀ ਵਿੱਚ ਲੜ ਭਿੜ ਸਕੋ, ਛੋਟੇ ਬੱਚਿਆਂ ਨੂੰ ਬੋਲਦੇ ਸਮਝ ਸਕੋ, ਉਸ ਬੋਲੀ ਦੇ ਗੀਤ ਤੇ ਕਵਿਤਾਵਾਂ ਸਮਝ ਸਕੋ, ਉੱਥੋਂ ਦਾ ਸੰਗੀਤ ਸਮਝ ਸਕੋ।
ਵਿਲੀਅਮ:- ਕੀ ਭਾਸ਼ਾ ਡੀਆਂ ਡਿਗਰੀਆਂ ਪਾਸ ਕੜਨ ਨਾਲ਼ ਬੋਲੀ ਨਹੀਂ ਸਿੱਖੀ ਜਾ ਸਕਦੀ?
ਰਿੱਕੀ:- ਸਿੱਖੀ ਜਾ ਸਕਦੀ ਏ, ਜਰੂਰ ਸਿੱਖੀ ਜਾ ਸਕਦੀ ਏ ਪਰ ਪੇਂਡੂ ਮੁਹਾਵਰਾ ਤਾਂ ਲੋਕਾਂ ਵਿੱਚ ਵਿਚਰਨ ਨਾਲ਼ ਹੀ ਸਮਝ ਆ ਸਕਦਾ ਏ। ਜਦ ਤੱਕ ਪੇਂਡੂ ਮੁਹਾਵਰਾ ਨਹੀਂ ਆਉਂਦਾ ਉਦੋਂ ਤੱਕ ਬੋਲੀ ਦਾ ਗਿਆਨ ਹਮੇਸ਼ਾ ਹੀ ਅਧੂਰਾ ਹੁੰਦਾ ਏ।
ਵਿਲੀਅਮ:- I agree with you. ਮੈਂ ਹੁਣ ਹਰ ਸਾਲ ਤੇਰੇ ਨਾਲ਼ ਪੰਜਾਬ ਆਇਆ ਕਡਾਂਗਾ। ਪੇਂਡੂ ਲੋਕਾਂ ਨੂੰ ਮਿਲਿਆ ਕਡਾਂਗਾ। ਮੈਂ ਇਹ ਬੋਲੀ ਵੱਧ ਤੋਂ ਵੱਧ ਸਿੱਖਾਂਗਾ। I have passion for this language. Will you keep on guiding me?
ਰਿੱਕੀ:- O Sure, Dont worry at all.
(ਪਰਦਾ ਗਿਰਦਾ ਹੈ)
ਸੂਤਰਧਾਰ:- ਇਸ ਪ੍ਰਕਾਰ ਵਿਲੀਅਮ ਇੱਕ ਮਹੀਨਾ ਪੰਜਾਬ ਵਿੱਚ ਬਿਤਾ ਕੇ ਵਾਪਸ ਸਿਡਨੀ ਆ ਗਿਆ। ਉਹ ਹੁਣ ਹਰ ਵਾਰੀ ਰਿੱਕੀ ਨਾਲ਼ ਪੰਜਾਬ ਗੇੜਾ ਮਾਰਨ ਜਾਇਆ ਕਰੇਗਾ। ਸ਼ਾਇਦ ਉਹ ਕੱਲ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਣੇ ਨਾਲ਼ ਲੈ ਕੇ ਜਾਇਆ ਕਰੇ ਤਾਂ ਕਿ ਉਹ ਬੋਲੀ ਦੇ ਪੇਂਡੂ ਮੁਹਾਵਰੇ ਨੂੰ ਬਚਪਨ ਤੋਂ ਹੀ ਫੜ੍ਹਨਾ ਸ਼ੁਰੂ ਕਰ ਦੇਣ।
ਮੈਂ ਵਿਰਾਸਤ ਅਤੇ ਚੌਗਿਰਦੇ ਤੋਂ ਵੀ ਬਹੁਤ ਕੁੱਝ ਸਿੱਖਿਆ - ਅਵਤਾਰ ਐਸ. ਸੰਘਾ
(ਮੇਰੀ ਅਣਛਪੀ ਸਵੈਜੀਵਨੀ 'ਡੱਬਰੀ ਤੋਂ ਡਾਰਲਿੰਗ ਹਾਰਬਰ ਤੱਕ' ਵਿੱਚੋਂ)
ਮੈਂ ਪੰਜਾਬ ਦੇ ਇੱਕ ਪਿੰਡ ਵਿੱਚ ਐਸੀ ਅਨਪੜ੍ਹ ਪਿਛੋਕੜ ਤੋਂ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜੇ ਨੰਬਰ ਤੇ ਰਹਿ ਕੇ 1972 ਵਿੱਚ ਬੀ.ਏ. ਆਨਰਜ ਅੰਗਰੇਜ਼ੀ ਪਾਸ ਕੀਤੀ ਕਿ ਜਦ ਮੈਂ ਚੰਡੀਗੜ੍ਹ ਜਾ ਕੇ ਐਮ.ਏ. ਅੰਗਰੇਜ਼ੀ ਵਿੱਚ ਦਾਖਲ ਹੋਇਆ ਤਾਂ ਚੰਦ ਮਹੀਨਿਆਂ ਵਿੱਚ ਹੀ ਮੇਰੀ ਬੋਲਚਾਲ ਵਿੱਚ ਇਨਕਲਾਬੀ ਤਬਦੀਲੀ ਆਉਣੀ ਸ਼ੁਰੂ ਹੋ ਗਈ। ਮੈਂ ਛੇ ਕੁ ਮਹੀਨੇ ਚੰਡੀਗੜ੍ਹ ਹੋਸਟਲ ਵਿੱਚ ਰਹਿ ਕੇ ਵਾਪਿਸ ਪਿੰਡ ਆਇਆ। ਮੈਂ ਇੰਨਾ ਸਮਾਂ ਇਸ ਲਈ ਲਗਾ ਦਿੱਤਾ ਕਿਉਂਕਿ ਨਾ ਤਾਂ ਪਿੰਡ ਵਿੱਚ ਬਿਜਲੀ ਸੀ, ਪਿੰਡ ਤੋਂ ਨਾਲ਼ ਦੇ ਸ਼ਹਿਰ ਦੀ ਸੜਕ (5 ਕਿ:ਮੀ:) ਵੀ ਕੱਚੀ ਸੀ ਤੇ ਉੱਥੇ ਬਸ ਸਰਵਿਸ ਵੀ ਨਹੀਂ ਸੀ। ਜਦ ਮੈਂ ਘਰ ਆਇਆ ਤਾਂ ਆਮ ਬੋਲ ਚਾਲ ਵਿੱਚ ਮੈਂ 'ਥੱਲੇ' ਨੂੰ 'ਨੀਚੇ', 'ਢੂਹੀ' ਨੂੰ 'ਪਿੱਠ', 'ਟੋਭੇ' ਨੂੰ 'ਛੱਪੜ', 'ਵਾਲ਼ ਕਟਾਉਣ' ਨੂੰ 'ਹੇਅਰ ਕੱਟ ਲੈਣਾ', 'ਜੰਗਲ ਪਾਣੀ ਜਾਣ' ਨੂੰ 'ਟਾਇਲਟ ਜਾਣਾ', 'ਪਰ' ਨੂੰ 'ਲੇਕਿਨ', ਲੌਢੇ ਵੇਲ਼ੇ' ਨੂੰ 'ਬਾਅਦ ਦੁਪਹਿਰ', 'ਸ਼ਾਹਵੇਲੇ' ਨੂੰ 'ਬਰੇਕਫਾਸਟ', 'ਭਾਈਆ' ਨੂੰ 'ਫਾਦਰ', 'ਬੇਬੇ' ਨੂੰ 'ਮਦਰ', 'ਲੀੜਿਆਂ' ਨੂੰ 'ਕੱਪੜੇ', 'ਕੋਟੀ' ਨੂੰ 'ਜਰਸੀ', 'ਰੁਆਹਾਂ' ਨੂੰ 'ਰਾਜਮਾਂਹ', 'ਮੀਟ ਦੀ ਤਰੀ' ਨੂੰ 'ਗਰੇਵੀ', 'ਮੈਂਸ' ਨੂੰ 'ਮੱਝ', 'ਬਜ਼ਾਰ ਜਾਣ' ਨੂੰ 'ਮਾਰਕੀਟ ਜਾਣਾ', 'ਫਿਲਮ ਦੇਖਣਾ' ਨੂੰ 'ਮੂਵੀ ਦੇਖਣਾ', 'ਮੰਜੇ' ਨੂੰ 'ਚਾਰਪਾਈ', 'ਮੀਂਹ' ਨੂੰ 'ਬਾਰਿਸ਼', 'ਹੁੱਟ' ਨੂੰ 'ਗਰਮੀ', 'ਸਿਆਲ਼' ਨੂੰ 'ਸਰਦੀ' ਤੇ 'ਗੱਠਿਆਂ' ਨੂੰ 'ਪਿਆਜ਼' ਕਹਾਂ।
ਇਸ ਪ੍ਰਕਾਰ ਮੈਂ ਹੋਰ ਕਿੰਨੇ ਸਾਰੇ ਪੇਂਡੂ ਸ਼ਬਦਾਂ ਨੂੰ ਸ਼ਹਿਰੀ ਰੰਗਤ ਦੇ ਕੇ ਬੋਲਾਂ। ਮੇਰੀ ਮਾਂ ਮੇਰੇ ਵਿੱਚ ਇਹ ਫਰਕ ਦੇਖ ਕੇ ਮੁਸਕਰਾਈ ਜਾਵੇ, ਕਹੇ ਕੁੱਝ ਨਾ। ਥੋੜ੍ਹਾ ਜਿਹਾ ਇਹੋ ਕੁੱਝ ਮੇਰੇ ਨਾਲ਼ ਮੇਰੇ ਵਿਆਹ ਤੋਂ ਬਾਅਦ ਵੀ ਹੋਇਆ ਸੀ। ਮੇਰੀ ਘਰਵਾਲ਼ੀ ਦੀ ਐਮ. ਏ. ਤੇ ਬੀ. ਐਡ. ਤੱਕ ਦੀ ਸਾਰੀ ਪੜ੍ਹਾਈ ਚੰਡੀਗੜ੍ਹ ਦੀ ਸੀ। ਵੈਸੇ ਉਹ ਪਿੱਛਿਓਂ ਲੁਧਿਆਣਾ ਨੇੜੇ ਇੱਕ ਪਿੰਡ ਦੀ ਹੈ।ਬਾਪ ਪਿੰਜੌਰ ਨੇੜੇ ਨੌਕਰੀ ਕਰਦਾ ਹੋਣ ਕਰਕੇ ਉਹ ਚੰਡੀਗੜ੍ਹ ਹੀ ਪੜ੍ਹੀ ਏ। ਜਦ ਮੇਰਾ ਵਿਆਹ ਹੋਇਆ ਤਾਂ ਉਹ ਦਾਜ ਵਿੱਚ ਕੁੱਝ ਅਜਿਹੀਆਂ ਚੀਜ਼ਾਂ ਲੈ ਆਈ ਜਿਨ੍ਹਾਂ ਦਾ ਨਾਮ ਮੈਂ ਪਹਿਲੀ ਵਾਰ ਸੁਣਿਆ ਸੀ। ਹੋਰ ਦੋ ਕੁ ਬਾਰੇ ਤਾਂ ਮੈਂ ਭੁੱਲ ਚੁੱਕਾ ਹਾਂ। ਹਾਂ ਇੱਕ ਚੀਜ਼ ਸੀ ਜਿਸਨੂੰ ਉਹ 'ਟਕੋਜ਼ੀ' ਕਹਿ ਕੇ ਬੋਲਦੀ ਸੀ। ਇਹ ਕੇਤਲੀ ਵਿੱਚ ਚਾਹ ਨੂੰ ਗਰਮ ਰੱਖਣ ਲਈ ਕੇਤਲੀ ਦੇ ਪਹਿਰਾਵੇ ਦੇ ਤੌਰ ਤੇ ਵਰਤਣ ਲਈ ਥੋੜ੍ਹੇ ਫੁੱਲਵੇਂ ਕੱਪੜੇ ਦੀ ਬਣੀ ਹੋਈ ਹੁੰਦੀ ਏ। ਕਈ ਵਾਰ ਇਸ ਤੇ ਖੂਬਸੂਰਤ ਕਢਾਈ ਵੀ ਕੀਤੀ ਗਈ ਹੁੰਦੀ ਏ। ਇਸ ਪ੍ਰਕਾਰ ਦੀਆਂ ਦੋ ਕੁ ਹੋਰ ਕਰੋਸ਼ੀਆ ਦੀਆਂ ਬਣਾਈਆਂ ਹੋਈਆਂ ਆਈਟਮਾਂ ਵੀ ਸਨ। ਕੁੱਝ ਪਹਿਰਾਵੇ (ਸਾੜੀ, ਮੈਕਸੀ ਆਦਿ) ਵੀ ਫੈਸ਼ਨੇਬਲ ਤੇ ਮਾਡਰਨ ਸਨ। ਘਰ ਵਿੱਚ ਦੋ ਸੱਭਿਆਚਾਰ ਇਕੱਠੇ ਹੋ ਗਏ, ਇੱਕ ਪੂਰਾ ਪੇਂਡੂ ਤੇ ਦੂਜਾ ਪੂਰਾ ਸ਼ਹਿਰੀ। ਮੈਂ ਸੋਚਾਂ ਕਿ ਇਹ ਦੋਵੇਂ ਭਿੜ ਨਾ ਜਾਣ। ਮੇਰੀ ਮਾਂ ਇੰਨੀ ਸਮਝਦਾਰ ਸੀ ਕਿ ਉਹ ਮੇਰੀ ਘਰਵਾਲ਼ੀ ਦੇ ਬਹੁਤੇ ਸ਼ਬਦ ਸੁਣਦੀ ਰਹਿੰਦੀ ਸੀ ਪਰ ਬੋਲਦੀ ਘੱਟ ਸੀ। ਜੇ ਬੋਲਦੀ ਤਾਂ ਉਹ ਸਹਿਮਤੀ ਤੇ ਪ੍ਰਸ਼ੰਸਾ ਦੇ ਸ਼ਬਦ ਹੀ ਬੋਲਦੀ ਸੀ। ਇਸੇ ਕਰਕੇ ਮੇਰੀ ਮਾਂ ਤੇ ਘਰਵਾਲ਼ੀ ਦਰਮਿਆਨ ਕਦੀ ਵੀ ਕੋਈ ਝਗੜਾ ਨਹੀਂ ਸੀ ਹੋਇਆ। ਮੇਰੀ ਘਰਵਾਲ਼ੀ ਨਿਰਸੰਦੇਹ ਅਗਾਂਹਵਧੂ ਅਤੇ ਆਧੁਨਿਕ (modern) ਵਾਲ਼ੀ ਸੀ ਤੇ ਮੇਰੀ ਮਾਂ ਪਰੰਪਰਾਵਾਦੀ ਤੇ ਪੱਛੜੀ ਹੁੰਦੀ ਹੋਈ ਵੀ ਆਧੁਨਿਕ ਅਤੇ ਉਸਾਰੂ ਸੋਚ (forwardly backward and backwardly forward) ਵਾਲ਼ੀ ਸੀ। ਮੇਰੀ ਮਾਂ ਨੇ ਮੇਰੀ ਘਰਵਾਲ਼ੀ ਦੇ ਫੈਸ਼ਨ ਤੋਂ ਕਦੀ ਈਰਖਾ ਤਾਂ ਕੀ ਕਰਨੀ, ਸਗੋਂ ਖੁਸ਼ ਹੁੰਦੀ ਸੀ। ਮੇਰੀ ਮਾਂ ਸਬਜੀਆਂ ਨੂੰ ਵੀ ਦਾਲਾਂ ਹੀ ਕਿਹਾ ਕਰਦੀ ਸੀ। ਜਦ ਪੁੱਛਣਾ -- ਅੱਜ ਕੀ ਚਾੜ੍ਹਿਆ ਏ ਤਾਂ ਉਸਦੇ ਮੂੰਹ ਚੋਂ ਸਹਿਜ ਸੁਭਾਅ ਨਿਕਲ ਜਾਣਾ -- ਗੋਭੀ ਦੀ ਦਾਲ਼, ਆਲੂ ਮਟਰਾਂ ਦੀ ਦਾਲ਼, ਅਰਬੀ ਦੀ ਦਾਲ਼ ਆਦਿ। ਮੇਰੀ ਘਰਵਾਲ਼ੀ ਨੇ ਮੇਰੀ ਮਾਂ ਦੇ ਇੰਝ ਕਹਿਣ ਤੇ ਬਸ ਮੁਸਕਰਾ ਦੇਣਾ, ਕਹਿਣਾ ਕੁੱਝ ਨਾ। ਮੈਨੂੰ ਇਹ ਵੀ ਡਰ ਰਹਿਣਾ ਕਿ ਮੇਰੀ ਮਾਂ ਕਿਤੇ ਮੀਟ ਨੂੰ ਮੀਟ ਦੀ ਦਾਲ਼ ਹੀ ਨਾ ਕਹਿ ਦੇਵੇ।ਮੈਂ ਖੁੱਦ ਪਿੰਡ ਵਿੱਚੋਂ ਜਾ ਕੇੇ ਤਿੰਨ ਕੁ ਸਾਲ ਚੰਡੀਗੜ੍ਹ ਬਿਤਾ ਆਇਆ ਸੀ। ਇਸ ਲਈ ਮੈਂ ਥੋੜ੍ਹਾ ਸੋਚ ਸਮਝ ਕੇ ਬੋਲਦਾ ਸਾਂ। ਜਦ ਮੇਰੀ ਨਵੀਂ ਨਵੀਂ ਆਈ ਘਰਵਾਲ਼ੀ ਨੇ ਮੀਟ ਦੀ ਤਰੀ ਨੂੰ ਗਰੇਵੀ ਕਿਹਾ ਤੇ 'ਆਲੂ ਗੁੰਨ੍ਹਣ' ਨੂੰ 'ਆਲੂ ਮੈਸ਼ ਕਰਨਾ' ਕਿਹਾ ਤਾਂ ਮੇਰੀ ਮਾਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਖੁੱਦ ਕਾਫੀ ਪਛੜੀ ਹੋਈ ਹੋਵੇ। ਜਦ ਮੇਰਾ ਬਾਪ ਬਲਦਾਂ ਨੂੰ 'ਢੱਗੇ' ਕਹਿੰਦਾ ਜਾਂ ਉਨ੍ਹਾਂ ਨੂੰ 'ਨਾਰਿਆ' ਤੇ 'ਸਾਵਿਆ' ਕਹਿ ਕੇ ਬੁਲਾਉਂਦਾ ਤੇ ਚਿਟਕਾਰੀ ਮਾਰਦਾ ਤੇ ਘਰ ਵਿੱਚ ਖੜ੍ਹੇ ਗੱਡੇ ਦੇ ਹਿੱਸਿਆਂ ਨੂੰ 'ਊਠਣਾ','ਜਾਤੂ','ਜੁੰਗਲਾ' ਆਦਿ ਕਹਿ ਕੇ ਬੁਲਾਉਂਦਾ ਤਾਂ ਵੀ ਮੇਰੀ ਘਰਵਾਲ਼ੀ ਨੂੰ ਉਹ ਅਜੀਬ ਅਜੀਬ ਲਗਦਾ। ਉਦੋਂ ਟਰੈਕਟਰ ਅਜੇ ਨਹੀਂ ਆਏ ਸਨ ਤੇ ਟਿਊਬਵੈੱਲ ਵੀ ਨਹੀਂ ਸਨ। ਜਦ ਅਸੀਂ ਹਲਟ ਚਲਦੇ ਨੂੰ ਦੇਖ ਕੇ ਇਸਦੇ ਹਿੱਸਿਆਂ ਦੇ ਨਾਮ ਜਿਵੇਂ 'ਕੁੱਤਾ', 'ਬੂੜੀਆ', 'ਚੱਠਾ/ਪਾੜਛਾ', 'ਚਲ੍ਹਾ', 'ਗਾਧੀ', 'ਜੁੰਗਲਾ', 'ਮੌਣ', 'ਟਿੰਡਾਂ', 'ਮਾਲ੍ਹ', ਆਦਿ ਲੈਣੇ ਤਾਂ ਮੇਰੀ ਘਰਵਾਲ਼ੀ ਨੇ ਨਵੇਂ ਨਾਮੇਨਕਲੇਚਰ ਤੇ ਹੱਸਣਾ ਵੀ ਤੇ ਮਜ਼ਾ ਵੀ ਲੈਣਾ। ਸੀਰੀ ਨੇ ਬਲਦਾਂ ਪਿੱਛੇ ਗਾਧੀ ਤੇ ਥੱਕ ਟੁੱਟ ਕੇ ਬੈਠਾ ਹੋਣਾ, ਮੇਰੀ ਘਰਵਾਲ਼ੀ ਨੇ ਕਹਿਣਾ-ਦੇਖੋ, ਕਿੰਨੇ ਮਜ਼ੇ ਨਾਲ਼ ਹੂਟੇ ਲੈ ਰਿਹਾ ਏ। ਉਸਨੇ ਇਹ ਕੁਝ ਆਪਣੇ ਬਚਪਨ ਵਿੱਚ ਪੰਚਕੂਲੇ ਪਾਸ ਕਦੀ ਦੇਖਿਆ ਹੀ ਨਹੀਂ ਸੀ। ਅਸੀਂ ਤਾਂ ਆਪਣੇ ਬਚਪਨ ਵਿੱਚ ਸੰਨ 60 ਦੇ ਕਰੀਬ ਕਣਕ ਗਾਹੁਣ ਲਈ ਫਲ੍ਹੇ ਵੀ ਹੱਕੇ ਸਨ। ਚਲਦੇ ਫਲ੍ਹਿਆਂ ਵਿੱਚ ਜੇ ਬਲਦ ਗੋਹਾ ਕਰ ਦੇਵੇ ਤਾਂ ਭੱਜ ਕੇ ਉਸਦਾ ਗੋਹਾ ਇੱਕ ਖੁੱਲ੍ਹੇ ਮੂੰਹ ਵਾਲ਼ੇ ਡੱਬੇ ਵਿੱਚ ਕਰਵਾਈਦਾ ਸੀ ਤਾਂ ਕਿ ਇਹ ਕਣਕ ਦੇ ਲਾਣ੍ਹ ਵਿੱਚ ਨਾ ਡਿੱਗੇ। ਜੇਕਰ ਅੱਜ ਦੇ ਕਿਸੇ ਸ਼ਹਿਰੀ ਮੁੰਡੇ ਕੁੜੀ ਨੂੰ ਕਣਕ ਦੇ ਲਾਣ੍ਹ ਬਾਰੇ ਪੁੱਛੋ ਤਾਂ ਉਹ ਨਹੀਂ ਦੱਸ ਸਕਦੇ। ਉਹ ਇਸਦੀ ਉਲਟੀ ਘੱਗਰੇ ਦੀ ਲੌਣ ਨਾਲ਼ ਤਸ਼ਰੀਹ ਦੇ ਦੇਣਗੇ। ਕਣਕ ਦੇ ਬੋਹਲ ਨੂੰ ਵੀ ਸ਼ਾਇਦ ਅੱਜ ਦੀ ਪਨੀਰੀ ਨਾ ਸਮਝੇ। ਜਦ ਬੋਹਲ ਹੱਥ ਵਾਲ਼ੀ ਤੱਕੜੀ ਨਾਲ਼ ਤੋਲਣ ਲੱਗਣਾ ਤਾਂ ਗਿਣਤੀ ਕਰਦੇ ਤੀਜੀ ਵਾਰ ਭਰ ਕੇ ਛਾਬੇ ਨੂੰ ਸੁੱਟਣ ਨੂੰ 'ਬਹੁਤੇ' ਕਹਿਣਾ ਤਾਂ ਕਿ ਤੋਲਣ ਨੂੰ ਨਜ਼ਰ ਨਾ ਲੱਗੇ। ਤਿੰਨ ਦਾ ਹਿਣਸਾ ਮੂੂਹੋਂ ਬੋਲਣਾ ਬਦਸ਼ਗਨਾ ਸਮਝਿਆ ਜਾਂਦਾ ਸੀ। ਕਮਾਦ ਨਾਲ਼ ਸੰਬੰਧਤ ਸ਼ਬਦਾਵਲੀ ਵੀ ਆਪਣੀ ਕਿਸਮ ਦੀ ਹੀ ਹਇਆ ਕਰਦੀ ਸੀ ਜਿਵੇਂ ਚੁੱਬ੍ਹਾ, ਗੰਡ, ਖੋਰੀ, ਖੜ, ਰਸ, ਪੀੜ, ਪਤਾਸ਼ਾ ਕਮਾਦ, ਆਰਾ, ਲਾਵਾ ਜਾਂ ਸੀਰੀ (ਝੋਕਣ ਲਈ ਰੱਖਿਆ ਹੋਇਆ ਚਮਾਰਾਂ ਦਾ ਮੁੰਡਾ) ਆਦਿ। ਲਾਵਾ ਤੜਕੇ ਚਾਰ ਵਜੇ ਆ ਜਾਂਦਾ ਸੀ ਤੇ ਰਾਤ ਨੂੰ ਨੌਂ ਵਜੇ ਆਪਣੇ ਘਰ ਜਾਇਆ ਕਰਦਾ ਸੀ। ਇਸ ਬਦਲੇ ਜ਼ਮੀਂਦਾਰ ਉਸਨੂੰ ਬਸ 4-5 ਕਿੱਲੋ ਗੁੜ੍ਹ ਹੀ ਦਿੰਦਾ ਹੁੰਦਾ ਸੀ। ਰੋਟੀ ਉਸਦੀ ਜ਼ਮੀਂਦਾਰ ਦੇ ਘਰ ਹੀ ਹੋਇਆ ਕਰਦੀ ਸੀ। ਇਸੀ ਪ੍ਰਕਾਰ ਮੱਝਾਂ ਚਾਰਨ ਦੀ ਸ਼ਬਦਾਵਲੀ ਸੀ ਜਿਵੇਂ ਮੱਝਾਂ ਦਾ ਭੇੜ, ਮੱਝ ਦਾ ਡਾਹਾ, ਮੱਝ ਲੁਆਣੀ, ਝੋਟੇ ਨੂੰ ਮਾਲੀ ਕਹਿਣਾ, ਖੁੰਢੀ ਮੱਝ, ਖੁੰਢੀਆਂ ਦੇ ਸਿੰਗ ਫਸ ਗਏ, ਝੋਟੇ ਨੂੰ ਮੈਹਾਂ ਕਹਿਣਾ, ਸੁਰਗਾ ਸੁਰਗੀ ਖੇਡ ਖੇਡਣੀ ਆਦਿ।
ਮੈਂ ਸੰਨ 64 ਤੋਂ 67 ਤੱਕ ਬੜਾ ਕਮਾਦ ਵੱਢਿਆ, ਗੰਨੇ ਘੜੇ, ਵੇਲਣਾ ਹੱਕਿਆ, ਰਸ ਪੀਤੀ, ਚੁੱਭਾ ਝੋਕਿਆ, ਕੜਾਹੇ ਚੋਂ ਰਸ ਵਿੱਚੋਂ ਮੈਲ਼ ਚੁੱਕੀ, ਗੁੜ ਬਣਾਇਆ, ਸ਼ੱਕਰ ਬਣਾਈ, ਗੰਨਾ ਮਿੱਲ ਨੂੰ ਬਲਦਾਂ ਵਾਲ਼ੇ ਗੱਡੇ ਤੇ ਗੰਨੇ ਢੋਏ, ਕਾਫੀ ਕਾਫੀ ਸਮਾਂ ਗੰਨਾਂ ਮਿੱਲ ਤੇ ਗੁਜ਼ਾਰਿਆ ਆਦਿ। ਗੁੱਗਾ ਨੌਵੀਂ ਦੇ ਸਮੇਂ ਪਿੰਡਾਂ ਵਿੱਚ ਵਿੱਚ ਛਿੰਝਾਂ ਹੋਇਆ ਕਰਦੀਆਂ ਸਨ। ਇਸ ਵਰਤਾਰੇ ਦੇ ਸ਼ਬਦ ਵੀ ਆਪਣੀ ਹੀ ਕਿਸਮ ਦੇ ਹੋਇਆ ਕਰਦੇ ਸਨ ਜਿਵੇਂ 'ਪਹਿਲਵਾਨ' ਨੂੰ 'ਮੱਲ','ਆਖਰੀ ਵੱਡੀ ਕੁਸ਼ਤੀ' ਨੂੰ 'ਪਟਕੇ ਦੀ ਕੁਸ਼ਤੀ', 'ਕਿਸੇ ਨੂੰ ਹਰਾਉਣ' ਨੂੰ 'ਚਿੱਤ ਕਰਨਾ', 'ਇੱਕ ਦਾਅ ਨੂੰ' 'ਧੋਬੀਪਟੜਾ' ਆਦਿ।
ਉਨ੍ਹਾਂ ਸਮਿਆਂ ਵਿੱਚ ਬੋਲੀ ਵਿੱਚ ਜ਼ਿਆਦਾ ਠੇਠਪੁਣਾ ਵੀ ਹੋਇਆ ਕਰਦਾ ਸੀ। ਇਹ ਠੇਠਪੁਣਾ ਕੁੱਝ ਪਿੰਡਾਂ ਦੇ ਕੁਝ ਬਸ਼ਿੰਦਿਆਂ ਵਿੱਚ ਅਜੇ ਵੀ ਮੌਜੂਦ ਹੈ। ਇਹ ਬਾਸ਼ਿੰਦੇ ਜਿਆਦਾਤਰ ਅਨਪੜ੍ਹ ਹਨ। ਪੜ੍ਹਾਈ ਬੋਲੀ ਵਿੱਚ ਕਾਫੀ ਤਬਦੀਲੀ ਲਿਆ ਦਿੰਦੀ ਏ। ਪੰਜਾਬ ਵਿੱਚ ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਆ ਜਾਣ ਨਾਲ਼ ਬਹੁਤ ਸਾਰੇ ਲੋਕਾਂ ਦੀ ਬੋਲਚਾਲ ਦੀ ਬੋਲੀ ਵਿੱਚ ਬਹੁਤ ਫਰਕ ਪੈ ਗਿਆ ਸੀ। ਸੰਨ 47 ਤੋਂ ਪਹਿਲਾਂ ਕਚਹਿਰੀਆਂ ਦਾ ਬਹੁਤਾ ਕੰਮ ਉਰਦੂੂ ਵਿੱਚ ਹੀ ਹੁੰਦਾ ਸੀ। ਹੁਣ ਤੱਕ ਵੀ ਉਹੀ ਉਰਦੂ ਦੇ ਸ਼ਬਦ ਗੁਰਮੁਖੀ ਲਿੱਪੀ ਵਿੱਚ ਲਿਖੇ ਜਾਂਦੇ ਹਨ ਜਿਵੇਂ 'ਫਰਦ', 'ਨਿਸ਼ਾਨਦੇਹੀ','ਅਰਜ਼ੀਨਵੀਸ', 'ਅਹਿਲਕਾਰ', 'ਨਕਸ਼ਾਨਵੀਸ਼', 'ਮੁਣਸ਼ੀ', 'ਇਕਰਾਰਨਾਮਾ' ਆਦਿ। ਇੱਕ ਨਾਵਲਕਾਰ ਤੇ ਕਹਾਣੀਕਾਰ ਨੇ ਹੇਠ ਲਿਖੇ ਪ੍ਰਗਟਾਵੇ ਆਪਣੇ ਬਿਰਤਾਂਤ ਵਿੱਚ ਵਰਤੇ ਹਨ-- ਡੰਡਾ ਲੈ ਕੇ ਉਸਨੇ ਫੌਜਣ ਦੀ ਤਹਿ ਲਗਾ ਦਿੱਤੀ, ਮੇਰੇ ਤਾਂ ਔਸਾਣ ਮਾਰੇ ਗਏ, ਧੂੰਆਂ ਰੋਲ ਹੋ ਗਿਐ (ਸਭ ਨੂੰ ਪਤਾ ਲੱਗ ਗਿਆ), ਦੇਬੋ ਨੇ ਘਰਾਟ ਰਾਗ ਸ਼ੁਰੂ ਕਰ ਦਿੱਤਾ, ਬੁੜੀ ਨੇ ਭਕਾਟ ਪਾ ਦਿੱਤਾ, ਬੁੜੀ ਦਾ ਗੁੱਗਾ ਪੂਜਿਆ ਗਿਆ, ਉਹ ਨਿੱਤ ਮੇਰੀ ਹਿੱਕ ਤੇ ਮੂੰਗ ਦਲ਼ਦਾ ਸੀ, ਉਸਦਾ ਸਿਰ ਖਰਬੂਜੇ ਵਾਂਗ ਖਿੱਲਰ ਗਿਆ, ਬਿੱਲੀ ਦੇ ਭਾਗੀਂ ਮਸਾਂ ਛਿੱਕਾ ਟੁੱਟਿਆ, ਭਾਬੋ ਦਾ ਸੂਤ ਦਿਓਰ ਦਲਾਲ, ਉਹ ਤੋਕੜ ਮੱਝ ਵਾਂਗ ਲੱਤ ਚੁੱਕ ਗਈ, ਗਲ਼ ਥਾਣੀ ਪਜਾਮਾ ਲਾਹੁਣਾ, ਕੋਠਾ ਉਸਰਿਆ ਤਖਾਣ ਵਿਸਰਿਆ, ਇਸ਼ਕ ਨਾ ਦੇਖੇ ਜਾਤ ਕੁਜਾਤ ਭੁੱਖ ਨਾ ਦੇਖੇ ਮਾਸ, ਲੀਡਰ ਵੋਟਾਂ ਵੇਲ਼ੇ ਗਧੇ ਨੂੰ ਬਾਪ ਆਖਦੇ ਨੇ ਤੇ ਜਿੱਤ ਜਾਣ ਤੋਂ ਬਾਅਦ ਬਾਪ ਨੂੰ ਗਧਾ, ਜਿਹੋ ਜਿਹੀ ਨੰਦੋ ਬਾਹਮਣੀ ਉਹੋ ਜਿਹਾ ਘੁੱਦੂ ਜੇਠ, ਪਾਉਣਾ ਦੂਜੇ ਦੇ ਸਿਰ ਤੇ ਮਧਾਣੀ ਚੀਰਾ ਤੇ ਦੱਸਣੀਆਂ ਝਰੀਟਾਂ, ਘੋੜਾ ਲਗਾਮ ਬਿਨ੍ਹਾਂ ਗਿਆ ਤੇ ਰਾਜ ਗੁਲਾਮ ਬਿਨਾਂ, ਟਾਟ ਦੀਆਂ ਜੁੱਲੀਆਂ ਨੂੰ ਰੇਸ਼ਮ ਦੇ ਬਖੀਏ, ਪਰਾਲ਼ੀ ਤੋਂ ਹੀ ਧਾਨਾਂ ਵਾਲ਼ੇ ਪਿੰਡ ਦੀ ਤਸਵੀਰ ਦਿਖਣ ਲੱਗ ਪੈਂਦੀ ਏ, ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ, ਕਪਾਹ ਦੀ ਫੁੱਟੀ, ਜਿੱਥੇ ਪਈ ਉੱਥੇ ਲੁੱਟੀ, ਦਿਲ ਚੰਗਾ ਤੇ ਕਟੋਰੇ ਵਿੱਚ ਗੰਗਾ, ਗਿਰਝਾਂ ਗਾਲੜ੍ਹ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ, ਕੀੜੀ ਨੂੰ ਕੂੰਡਾ ਹੀ ਦਰਿਆ ਏ, ਦੱਸੀ ਕਸਤੂਰੀ ਵੇਚੀ ਹਿੰਗ, ਜੇ ਫੱਟਾ ਸਾਹ ਦਊ ਤਾਂ ਹੀ ਬਾਜੀਗਰ ਛਾਲ ਮਾਰੂ, 20 ਗਜ ਦਾ ਘੱਗਰਾ 40 ਗਜ ਦੀ ਗੇੜੀ ਦੇਣ ਲੱਗ ਪਿਆ, ਬੁੱਢੀਆਂ ਗਾਈਆਂ ਦੇ ਵਗ 'ਚ ਤੁਰੀ ਜਾਂਦੀ ਵਹਿੜੀ ਵੀ ਮੌਲੀ ਦਿਖਣ ਲੱਗ ਪੈਂਦੀ ਏ, ਆਪਣੀਆਂ ਕੱਛ 'ਚ ਦੂਜੇ ਦੀਆਂ ਹੱਥ 'ਚ, ਤਿਲਕ ਕੇ ਡਿੱਗੇ ਦਾ, ਤੀਵੀਂ ਦੇ ਝਿੜਕੇ ਦਾ ਤੇ ਸਰਕਾਰ (ਪੁਲਿਸ) ਦੇ ਘੂਰੇ ਦਾ ਮਸੋਸ ਨਹੀਂ ਕਰਨਾ ਚਾਹੀਦਾ, ਚੱਲ ਨੂੰਹੇ ਤੂੰ ਥੱਕੀ ਮੈਂ ਚਰਖੇ ਤੂੰ ਚੱਕੀ, ਬੁੱਢੀ ਬੋਤੇ ਵਾਂਗ ਬੁੱਲ੍ਹ ਸੁੱਟੀ ਬੈਠੀ ਸੀ, ਲੰਡੇ ਨੂੰ ਮੀਣਾ ਸੌ ਕੋਹ ਦਾ ਵਲ ਪਾ ਕੇ ਵੀ ਮਿਲ ਹੀ ਪੈਂਦਾ ਏ, ਤੇਰੇ ਕੋਲ ਨਾ ਤੀਰ ਏ, ਨਾ ਕਮਾਨ, ਤੂੰ ਕਾਹਦਾ ਪਠਾਣ, ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜਾ ਪਾਈ, ਇਸ ਹਲ ਦ੍ਹੇ ਜੰਦਰੇ ਢਿੱਲੋਂ ਨੇ, ਪਿੱਦੀਆਂ ਵੀ ਹੁਣ ਪੀਂਘਾਂ ਪਾਉਣ ਲੱਗੀਆਂ ਨੇ, ਜੇ ਮੇਖ ਕਮਜ਼ੋਰ ਹੋਵੇਗੀ ਤਾਂ ਉਹ ਮੱਖਣ 'ਚ ਵੀ ਮੋਰੀ ਨਹੀਂ ਕਰੇਗੀ, ਬੁੱਢਾ ਚੋਰ ਮਸੀਤੇ ਡੇਰਾ, ਨੱਚਣ ਵਾਲੇ ਦਾ ਡਿਗਣਾ ਵੀ ਕਲਾਬਾਜ਼ੀ ਹੁੰਦਾ ਏ, ਅੱਖੀਆਂ ਵੀ ਮਾੜੇ ਮੋਟੇ ਨੂੰ ਹੀ ਤੰਗ ਕਰਦੀਆਂ ਹਨ, ਚੁੱਪ ਚੁਪੀਤਾ ਕੁੱਤਾ ਤੇ ਸ਼ਾਂਤ ਪਾਣੀ ਦੋਵੇਂ ਹੀ ਖਤਰਨਾਕ ਹੁੰਦੇ ਹਨ, ਸੰਗੀਤਕਾਰ, ਕਵੀ ਤੇ ਚਿੱਤਰਕਾਰ ਅੱਧੇ ਪਾਗਲ ਹੁੰਦੇ ਹਨ (ਸਪੇਨ) ਆਦਿ।
ਮੈਂ ਅੱਤ ਦੇ ਪੇਂਡੂ ਚੌਗਿਰਦੇ ਚੋਂ ਤੁਰ ਕੇ ਆਖਰ ਕਾਰ ਅੱਤ ਦੇ ਸ਼ਹਿਰੀ ਤੇ ਵਿਦੇਸ਼ੀ ਚੌਗਿਰਦੇ ਵਿੱਚ ਆਪਣਾ ਜੀਵਨ ਬਿਤਾ ਰਿਹਾ ਹਾਂ। ਮੈਂ ਕਦੀ ਪੇਂਡੂ ਤੇ ਕਦੀ ਸ਼ਹਿਰੀ ਵਾਤਾਵਰਣ ਵਿੱਚ ਵੀ ਗੁਜਰਦਾ ਰਿਹਾ ਹਾਂ। ਮੇਰਾ ਪਰਿਵਾਰ ਅਨਪੜ੍ਹ ਜਿਹਾ ਹੈ ਜਾਂ ਥੋੜ੍ਹਾ ਪੜ੍ਹਿਆ ਹੋਇਆ ਏ। ਉਸੇ ਨਾਲ਼ ਪੇਸ਼ ਆਉਂਦਾ ਹੋਇਆ ਮੈਂ ਓਹੀ ਪੇਂਡੂ ਸ਼ਬਦ ਵਰਤਦਾ ਆਇਆ ਹਾਂ।ਅਸੀਂ ਪਹਿਲਾਂ ਪਹਿਲ ਸਿਡਨੀ ਤੋਂ ਪੰਜਾਬ ਗਏ। ਇੱਕ ਛੋਟੇ ਜਿਹੇ ਸ਼ਹਿਰ ਤੋਂ ਕਿੱਲੋ ਲੱਡੂ ਲੈਣ ਲੱਗੇ। ਮੇਰੀ ਘਰਵਾਲ਼ੀ ਦੁਕਾਨਦਾਰ ਨੂੰ ਕਹਿੰਦੀ -- ਵੱਨ ਕੇ ਜੀ (One kg), ਉਹ ਮੂਹਰਿਓਂ ਕਹਿਣ ਲੱਗਾ ਬੰਨ੍ਹ ਕੇ ਹੀ ਦਿਆਂਗੇ ਜੀ। ਉਹ ਕਿੱਲੋ ਦੇ ਡੱਬੇ ਨੂੰ ਉੱਪਰੋਂ ਡੋਰ ਨਾਲ਼ ਬੰਨ੍ਹਣਾ ਇਸ ਦਾ ਮਤਲਬ ਕੱਢ ਗਿਆ। ਮੈਂ ਅਪਣੀ ਇੱਕ ਅਨਪੜ੍ਹ ਚਚੇਰੀ ਭੈਣ ਨੂੰ ਕਿਹਾ--ਇਸ ਪੁਸਤਕ ਦੀਆਂ 500 ਕਾਪੀਆਂ ਛਪਵਾਈਆਂ ਹਨ। ਉਹ ਕਾਪੀਆਂ ਦਾ ਅਰਥ ਉਹ ਕਾਪੀ (notebook) ਲਈ ਜਾਵੇ ਜਿਹਦੇ ਤੇ ਆਪਾਂ ਲਿਖਦੇ ਹਾਂ। ਉਹਨੂੰ ਇਹ ਪਤਾ ਹੀ ਨਾ ਲੱਗੇ ਕਿ ਕਾਪੀ ਦਾ ਮਤਲਬ ਪਰਤ ਵੀ ਹੁੰਦਾ ਏ। ਗੱਲ੍ਹ ਕਰਦੇ ਕਰਦੇ ਮੇਰੇ ਮੂੰਹ ਚੋਂ ਕਵਿਤਾ ਦੇ ਸੰਧਰਵ ਵਿੱਚ ਪ੍ਰਗਟਾਵਾ ਸਕੂਲ ਆਫ ਥੌਟ (school of thought) ਨਿਕਲ ਗਿਆ। ਮਾਂ ਕਹਿੰਦੀ ਸਕੂਲ ਤਾਂ ਤੂੰ ਛੋਟਾ ਹੁੰਦਾ ਜਾਂਦਾ ਹੁੰਦਾ ਸੀ। ਕਈ ਲੋਕ ਇਤਨੇ ਜਿਆਦਾ ਅਨਪੜ੍ਹ ਤੇ ਪਛੜੇ ਹੋਏ ਹੁੰਦੇ ਹਨ ਕਿ ਉਹ ਤੁਹਾਡੇ ਕਿਸੇ ਥੋੜ੍ਹੇ ਜਿਹੇ ਨਵੀਨ ਸ਼ਬਦ ਦਾ ਅਰਥ ਤੱਕ ਨਹੀਂ ਸਮਝਦੇ। ਮੈਂ ਪਿੱਛੇ ਜਿਹੇ ਆਰ.ਬੀ. ਬਰਨਜ਼ (R.B. Barns) ਦਾ ਅੰਗਰੇਜ਼ੀ ਦਾ ਲੇਖ ਵਿਰਾਸਤ ਤੇ ਚੌਗਿਰਦਾ (Heredity and Environment) ਪੜ੍ਹ ਰਿਹਾ ਸੀ। ਉਸ ਵਿੱਚ ਕੁੱਝ ਹਵਾਲੇ ਸਨ। ਸਮਾਜ ਸ਼ਾਸਤਰੀ MacIver ਲਿਖਦਾ ਹੈ :-- "Every phenomenon of life is the product of both heredity and environment, each is as necessary to the result as the other, neither can ever be eliminated and' neither can be isolated." Lumbley ਨੇ ਕਿਹਾ ਹੈ --"It is not heredity or environment, but heredity and environment."
ਆਪਣੀ ਸਾਰੀ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਇਹ ਵਿਚਾਰ ਬੜਾ ਨਿਧੜਕ ਹੋ ਕੇ ਦੇ ਸਕਦਾ ਹਾਂ ਕਿ ਵਿਰਾਸਤ ਤੇ ਚੌਗਿਰਦਾ ਸ਼ਾਇਦ ਮਨੁੱਖ ਨੂੰ ਸੰਵਰਨ ਵਿੱਚ ਉਸਦੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਵੀ ਵੱਧ ਯੋਗਦਾਨ ਪਾਉਂਦੇ ਹਨ। ਪਛੜਿਆ ਹੋਇਆ ਪਿਛੋਕੜ ਮਨੁੱਖ ਨਾਲ਼ ਉਸਦੇ ਮਰਨ ਤੱਕ ਜੁੜਿਆ ਰਹਿੰਦਾ ਏ। ਚੰਗਾ ਪਿਛੋਕੜ ਮਨੁੱਖ ਨੂੰ ਮਾਨਸਿਕ ਗੁੰਝਲਾਂ ਤੋਂ ਮੁਕਤ ਕਰਦਾ ਹੈ ਤੇ ਮਾੜਾ ਪਿਛੋਕੜ ਮਨੁੱਖ ਵਿੱਚ ਇਹ ਗੁੰਝਲਾਂ ਉਸਦੇ ਅੰਤ ਤੱਕ ਬਰਕਰਾਰ ਰੱਖਦਾ ਹੈ। ਡਿਗਰੀਆਂ ਪਾਸ ਕਰਨੀਆਂ ਹੋਰ ਗੱਲ ਏ ਤੇ ਮਾਨਸਿਕ ਗੁੰਝਲਾਂ ਤੋਂ ਨਿਜਾਤ ਪ੍ਰਾਪਤ ਕਰਨੀ ਹੋਰ। ਭਾਰਤ ਤੋਂ ਉੱਚ ਡਿਗਰੀਆਂ ਪ੍ਰਾਪਤ ਲੋਕ ਵਿਕਸਿਤ ਦੇਸਾਂ ਨੂੰ ਆਉਂਦੇ ਹਨ।ਬਹੁਤਿਆਂ ਨੂੰ ਅੰਗਰੇਜੀ ਦੀ ਬਿਨ ਝਿਜਕ ਗੱਲਬਾਤ ਤੇ ਕੰਪਿਊਟਰ ਵਿੱਚ ਮੁਹਾਰਤ ਦੀ ਘਾਟ ਹੀ ਲੈ ਬੈਠਦੀ ਹੈ। ਜੇ ਉਨ੍ਹਾਂ ਨੂੰ ਵਿਕਸਿਤ ਦੇਸਾਂ ਵਿੱਚ ਜਾਂਦੇ ਸਾਰ ਛੇ ਕੁ ਮਹੀਨੇ ਅੰਗਰੇਜ਼ੀ ਗੱਲਬਾਤ ਤੇ ਕੰਪਿਊਟਰ ਕਲਾ ਵਿੱਚ ਮਾਹਰ ਕੀਤਾ ਜਾਵੇ ਤਾਂ ਉਹ ਇਨ੍ਹਾਂ ਦੇਸ਼ਾਂ ਲਈ ਇੱਕ ਵੱਡਾ ਸਰਮਾਇਆ ਸਾਬਤ ਹੋ ਸਕਦੇ ਹਨ।
ਮਾੜੇ ਗਰੀਬ ਤੇ ਅਨਪੜ੍ਹ ਪਿਛੋਕੜ ਦਾ ਸਭ ਤੋਂ ਮਾੜਾ ਅਸਰ ਉਦੋਂ ਪੈਣਾ ਸ਼ੁਰੂ ਹੁੰਦਾ ਏ ਜਦ ਬੱਚਾ 16 ਕੁ ਸਾਲ ਦਾ ਹੋ ਕੇ ਪੇਂਡੂ ਕਾਲਜਾਂ ਵਿੱਚ ਪਹੁੰਚਦਾ ਹੈ। ਇਨ੍ਹਾਂ ਪੇਂਡੂ ਕਾਲਜਾਂ ਵਿੱਚ ਥੋੜ੍ਹੇ ਜਿਹੇ ਲੜਕੇ ਲੜਕੀਆਂ ਚੰਗੇ ਅਮੀਰ ਤੇ ਕੁਝ ਕੁ ਪੜ੍ਹੇ ਲਿਖੇ ਪਰਿਵਾਰਾਂ ਦੇ ਵੀ ਹੁੰਦੇ ਹਨ। ਉਨ੍ਹਾਂ ਦਾ ਇੱਥੇ ਸਰਦਾਰਵਾਦ ਹੁੰਦਾ ਏ। ਪਛੜੇ ਹੋਏ ਗਰੀਬ ਵਿਦਿਆਰਥੀ ਇੱਥੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਹਾਲਾਤ ਵਿੱਚ ਉਹ ਪੜ੍ਹਾਈ ਵਿੱਚ ਪੱਛੜ ਵੀ ਸਕਦੇ ਹਨ। ਕਈ ਵਾਰ ਮਾੜੇ ਅਦਾਰਿਆਂ 'ਚ ਪਹਿਲੀ ਡਿਵੀਜ਼ਨ ਲੈਣ ਵਾਲ਼ੇ ਗਰੀਬ ਵਿਦਿਆਰਥੀ ਕਾਲਜਾਂ ਵਿੱਚ ਆ ਕੇ ਤੀਸਰੀ ਡਿਵੀਜ਼ਨ ਲੈਣ ਲੱਗ ਪੈਂਦੇ ਹਨ। ਮੈਂ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਵਿੱਚ ਐਮ.ਏ ਪਹਿਲਾ ਭਾਗ ਵਿੱਚ ਜਾ ਕੇ ਪਹਿਲਾਂ ਬੌਂਦਲ ਗਿਆ ਸੀ। ਅਮੀਜਾਦਿਆਂ ਤੇ ਅਮੀਰਜ਼ਾਦੀਆਂ ਨਾਲ਼ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੈਂ ਪਹਿਲੇ ਛੇ ਕੁ ਮਹੀਨੇ ਉੱਥੇ ਬੜੇ ਤਣਾਅ ਭਰਪੂਰ ਮਾਹੌਲ ਵਿੱਚ ਬਿਤਾਏ। ਸਾਡਾ ਅੰਗਰੇਜ਼ੀ ਵਿਭਾਗ 60 ਫੀਸਦੀ ਤੋਂ ਜ਼ਿਆਦਾ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਅਮੀਜ਼ਾਦਿਆਂ ਨਾਲ਼ ਭਰਿਆ ਪਿਆ ਸੀ। ਉਹ ਅਧਿਆਪਕਾਂ ਦੇ ਬੜੇ ਜਲਦੀ ਨੇੜੇ ਆ ਜਾਂਦੇ ਸਨ। ਅਸੀਂ ਝਿਜਕਦੇ ਰਹਿੰਦੇ ਸਾਂ। ਅਸੀਂ ਲਿਖਣ ਤੇ ਯਾਦ ਕਰਨ ਵਿੱਚ ਉਨ੍ਹਾਂ ਤੋਂ ਜ਼ਿਆਦਾ ਵਧੀਆ ਸਾਂ। ਇਸੇ ਕਰਕੇ ਮੇਰੇ ਬੈਚ ਵਿੱਚ ਵੀ ਤੇ ਮੇਰੇ ਤੋਂ ਪਹਿਲੇ ਬੈਚ ਵਿੱਚ ਸਾਰੀ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੇ ਐਮ.ਏ. ਵਿੱਚ ਫਸਟ ਰਹਿਣ ਵਾਲ਼ੇ ਦੇਸੀ ਕਾਲਜਾਂ ਦੇ ਪੜ੍ਹੇ ਮਨਮੋਹਨ ਭਟਨਾਗਰ (ਜਾਟ ਕਾਲਜ ਹਿਸਾਰ) ਤੇ ਜਾਗਰ ਸਿੰਘ (ਕੋਈ ਕਾਲਜ ਸੰਗਰੂਰ) ਸਨ। ਕਾਨਵੈਂਟਾਂ ਤੋਂ ਪੜ੍ਹ ਕੇ ਆਉਣ ਵਾਲ਼ੇ ਬਹੁਤੇ ਤੀਸਰੇ ਦਰਜੇ ਵਿੱਚ ਰਹਿ ਕੇ ਐਮ.ਏ. ਕਰ ਸਕੇ ਸਨ। ਜੇ ਮੈਂ ਯੂਨੀਵਰਸਿਟੀ ਵਿੱਚ ਜਾਣ ਦੀ ਬਜਾਏ ਹੁਸ਼ਿਆਰਪੁਰ ਸਰਕਾਰੀ ਕਾਲਜ ਵਿੱਚ ਜਾਂ ਲੁਧਿਆਣੇ ਸਰਕਾਰੀ ਕਾਲਜ ਵਿੱਚ ਐਮ.ਏ. ਕਰਦਾ ਤਾਂ ਮੈਂ ਮਾਨਸਿਕ ਗੁੰਝਲ ਦਾ ਸ਼ਿਕਾਰ ਨਹੀਂ ਹੋਣਾ ਸੀ। ਹੋ ਸਕਦਾ ਇੱਥੇ ਮੈਂ ਉੱਥੇ ਨਾਲ਼ੋਂ ਵੱਧ ਨੰਬਰ ਪ੍ਰਾਪਤ ਕਰ ਲੈਂਦਾ। ਐਮ.ਏ. ਦੂਜੇ ਸਾਲ ਤੱਕ ਜਾਂਦੇ ਜਾਂਦੇ ਮੇਰੀ ਆਪਣੇ ਆਪ ਬਾਰੇ ਮਾਨਸਿਕ ਗੁੰਝਲ ਅਤੇ ਨੀਵਾਂਪਨ ਕਾਫੀ ਘਟ ਗਏ ਸਨ। ਇਸ ਲਈ ਦੂਜੇ ਸਾਲ ਮੇਰੇ ਨੰਬਰ ਪਹਿਲੇ ਸਾਲ ਨਾਲੋਂ ਜ਼ਿਆਦਾ ਆਏ ਸਨ। ਚੰਡੀਗੜ੍ਹਦੇ ਚਕਾਚੌਂਧ ਮਾਹੌਲ ਨੇ ਐਮ.ਏ. ਕਰਦੇ ਸਮੇਂ ਮੇਰੇ ਤੋਂ ਉਹ ਵਿਲੱਖਣ ਪ੍ਰਾਪਤੀ ਨਹੀਂ ਕਰਵਾਈ ਜਿਹੜੀ ਮੈਂ ਇੱਕ ਛੋਟੇ ਜਿਹੇ ਪੇਂਡੂ ਕਾਲਜ ਵਿੱਚ ਬੀ.ਏ. ਆਨਰਜ ਅੰਗਰੇਜ਼ੀ ਵਿੱਚ ਹਾਸਲ ਕਰ ਚੁੱਕਾ ਹਾਂ। ਚੌਗਿਰਦੇ ਨੇ ਆਪਣਾ ਅਸਰ ਸਪਸ਼ਟ ਪਾਇਆ ਸੀ।
ਇਸ ਲਈ ਵਿਰਾਸਤ ਅਤੇ ਚੌਗਿਰਦੇ ਨੂੰ ਬਾਕੀ ਕਿਤਾਬੀ ਪੜ੍ਹਾਈ ਤੋਂ ਕਦੀ ਵੀ ਨੀਵਾਂ ਨਾ ਸਮਝੋ। ਮਾੜਾ ਚੌਗਿਰਦਾ ਤੁਹਾਨੂੰ ਖਰ੍ਹਵਾ ਬਣਾਉਂਦਾ ਹੈ ਤੇ ਚੰਗਾ ਚੌੋਗਿਰਦਾ ਤੁਹਾਡੇ ਵਿਅਕਤੀਤਵ ਨੂੰ ਲਿਸ਼ਕਾ ਦਿੰਦਾ ਹੈ।
ਸਤਿ ਸ੍ਰੀ ਅਕਾਲ, ਸਰ! (ਕਹਾਣੀ) - ਅਵਤਾਰ ਐਸ. ਸੰਘਾ
ਪਿੱਛੇ ਜਿਹੇ ਮੈਂ ਪੰਜਾਬੋਂ ਆਏ ਦੋ ਵਾਕਫਕਾਰਾਂ ਨਾਲ਼ ਬਲਿਊ ਮਾਊਂਟੇਨ ਵਲ ਨੂੰ ਘੁੰਮਣ ਗਿਆ। ਇਹ ਵਾਕਫਕਾਰ ਆਪਣੇ ਬੱਚਿਆਂ ਨੂੰ ਮਿਲਣ ਸਿਡਨੀ ਆਏ ਹੋਏ ਸਨ। ਵਾਪਸ ਪੰਜਾਬ ਜਾਣੋ ਖੁੰਝ ਗਏ ਸਨ ਕਿਉਂਕਿ ਕਰੋਨਾ ਦਾ ਪ੍ਰਕੋਪ ਸਾਰੀ ਦੁਨੀਆ ਤੇ ਭਾਰੂ ਪੈ ਰਿਹਾ ਸੀ। ਪਹਿਲਾਂ ਇਹ ਮੇਰੇ ਨੇੜੇ ਆਏ ਤੇ ਫਿਰ ਇਹ ਦੋਸਤਾਂ ਵਾਂਗ ਹੀ ਬਣ ਗਏ। ਆਖਰ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਗਿਐ। ਇਹ ਘੁੰਮਣਾ ਇਕ ਪ੍ਰਕਾਰ ਨਾਲ਼ ਪਿਕਨਿਕ ਸੀ ਕਿਉਂਕਿ ਬਲਿਊ ਮਾਊਂਟੇਨ ਸਾਡੇ ਘਰਾਂ ਤੋਂ ਮਸਾਂ 50 ਕੁ ਕਿਲੋਮੀਟਰ ਹੀ ਦੂਰ ਸਨ। ਅਸਾਂ ਤਿੰਨਾਂ ਨੇ ਕੁਝ ਨਾ ਕੁਝ ਖਾਣ ਲਈ ਲੈ ਲਿਆ। ਪਹਾੜਾਂ ਵਿੱਚ ਜਾ ਕੇ ਦੋ ਤਿੰਨ ਜਗ੍ਹਾ ਬੈਠੇ। ਨਾਲੇ ਇਕੱਠੇ ਬੈਠ ਕੇ ਖਾਧਾ ਤੇ ਨਾਲ਼ੇ ਗੱਪਾਂ ਮਾਰੀਆਂ।
ਚੱਲਦੀਆਂ ਗੱਲਾਂ ਵਿੱਚ ਇੱਕ ਵਿਸ਼ਾ ਇਹ ਵੀ ਚੱਲਿਆ ਕਿ ਮੈਂ ਪੰਜਾਬ ਵਿੱਚ ਲੰਮਾ ਸਮਾਂ ਪ੍ਰੋਫੈਸਰੀ ਕੀਤੀ ਸੀ। ਮੇਰੀ ਘਰਵਾਲੀ ਨੇ ਸਕੂਲ ਚਲਾਇਆ ਸੀ। ਉਹ ਕਹਿਣ ਲੱਗੇ- ਸਕੂਲ ਦਾ ਥਾਂ ਆਪਣਾ ਸੀ ਜਾਂ ਸਭ ਕੁਝ ਕਿਰਾਏ ਤੇ ਸੀ? ਪੁੱਛਣ ਲੱਗੇ- 'ਆਪਣਾ ਸਭ ਕੁਝ ਕਿਵੇਂ ਬਣਾ ਲਿਆ?' ਮੈਂ ਆਪਣਾ ਬਣਾਉਣ ਦੀ ਕਹਾਣੀ ਦੱਸਣ ਲੱਗ ਪਿਆ!
ਇਹ 1987 ਦੀ ਗੱਲ ਏ। ਮੇਰੀ ਡਿਊਟੀ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲੈਣ ਲਈ ਸੁਪਰਡੰਟ ਦੇ ਤੌਰ ਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਲੱਗੀ ਸੀ। ਸ਼ੁਰੂ ਸ਼ੁਰੂ ਵਿੱਚ ਪਰਚੇ ਸਵੇਰੇ ਸ਼ਾਮ ਦੋਨੋ ਵੇਲੇ ਸਨ। ਇਸ ਲਈ ਮੈਨੂੰ ਸ਼ੁਰੂ ਸ਼ੁਰੂ ਵਿੱਚ ਕੁਝ ਦਿਨ ਉਸੇ ਸ਼ਹਿਰ ਵਿੱਚ ਰਿਹਾਇਸ਼ ਕਰਨੀ ਪੈਣੀ ਸੀ। ਮੈਂ ਆਪਣੇ ਇੱਕ ਐਸੇ ਵਾਕਿਫ ਨਾਲ਼ ਸੰਪਰਕ ਕੀਤਾ ਜਿਸਦੀ ਕੋਠੀ ਹੁਸ਼ਿਆਰਪੁਰ ਵਿੱਚ ਸੀ। ਕੋਠੀ ਦਾ ਇੱਕ ਹਿੱਸਾ ਕਿਰਾਏ ਤੇ ਚੜ੍ਹਿਆ ਹੋਇਆ ਸੀ ਤੇ ਦੂਜੇ ਹਿੱਸੇ ਵਿੱਚੋਂ ਦੋ ਕੁ ਕਮਰੇ ਮਾਲਕ ਨੇ ਆਪਣੀ ਕਦੀ ਕਦਾਈਂ ਵਰਤੋਂ ਲਈ ਰੱਖੇ ਹੋਏ ਸਨ। ਮਾਲਕ ਨੇ ਮੈਨੂੰ ਇੱਕ ਕਮਰੇ ਦੀ ਚਾਬੀ ਦੇ ਦਿੱਤੀ ਤੇ ਕਹਿ ਦਿੱਤਾ ਜਿਸ ਦਿਨ ਮੈਨੂੰ ਲੋੜ ਹੋਵੇ ਮੈਂ ਉਸ ਕਮਰੇ ਵਿੱਚ ਰਹਿ ਸਕਦਾ ਸੀ। ਉੱਥੇ ਉਹਨਾਂ ਦਾ ਬੈੱਡ ਲੱਗਾ ਹੋਇਆ ਸੀ। ਪਰਚੇ ਸ਼ੁਰੂ ਹੋਏ।
ਪਹਿਲੇ ਦਿਨ ਤਾਂ ਮੈਂ ਘਰੋਂ ਹੀ ਚਲਾ ਗਿਆ। ਜਾ ਕੇ ਪਰਚਾ ਸ਼ੁਰੂ ਕਰਵਾ ਦਿੱਤਾ। ਸ਼ਾਮ ਦਾ ਪਰਚਾ ਵੀ ਹੋ ਗਿਆ। ਪਰਚੇ ਤੋਂ ਬਾਅਦ ਸਾਢੇ ਕੁ ਪੰਜ ਵਜੇ ਮੈਂ ਆਪਣੇ ਕਮਰੇ ਵਿੱਚ ਪਹੁੰਚਣ ਲਈ ਜਾ ਕੇ ਕੋਠੀ ਦੇ ਦਰਵਾਜੇ ਮੂਹਰੇ ਲੱਗੀ ਘੰਟੀ ਦਾ ਬਟਨ ਦਬਾ ਦਿੱਤਾ। ਗੇਟ ਇੱਕ ਵਿਆਹੁਤਾ ਲੜਕੀ ਨੇ ਖੋਲ੍ਹਿਆ ਤੇ ਖੋਲ੍ਹਦੇ ਸਾਰ ਹੀ ਮੁਸਕਰਾਹਟ ਭਰੀ ਅਵਾਜ਼ 'ਚ ਬੋਲੀ:
'ਸਤਿ ਸ੍ਰੀ ਅਕਾਲ, ਸਰ!'
ਉਸਦੇ ਮੈਨੂੰ ਸਰ ਕਹਿਣ ਤੇ ਮੈਨੂੰ ਹੈਰਾਨੀ ਜਿਹੀ ਹੋਈ। ਮੈਂ ਉਸਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਦਿੱਤਾ। ਮੈਂ ਹੈਰਾਨ ਜਿਹਾ ਹੋਇਆ ਅੱਗੇ ਨੂੰ ਵਧਣ ਲੱਗਾ ਹੀ ਸੀ ਕਿ ਉਹ ਬੋਲ ਪਈ,''ਸਰ, ਤੁਹਾਡੇ ਆਉਣ ਤੇ ਬੜੀ ਖੁਸ਼ੀ ਹੋਈ। ਆਓ, ਬੈਠੋ। ਕੀ ਕੋਈ ਕੰਮ ਏ? ਸਰ, ਮੈਂ ਤਾਂ ਤੁਹਾਨੂੰ ਤਕਰੀਬਨ ਸੱਤ ਸਾਲਾਂ ਬਾਅਦ ਦੇਖਿਆ ਏ।''
''ਕੀ ਤੁਸੀਂ ਮੈਨੂੰ ਜਾਣਦੇ ਹੋ?''
''ਸਰ, ਹੱਦ ਹੋ ਗਈ? ਅਸੀਂ ਕਦੀ ਭੁੱਲ ਸਕਦੇ ਹਾਂ?''
''ਮੈਂ ਤੁਹਾਨੂੰ ਪਹਿਚਾਣਿਆ ਨਹੀਂ?''
''ਸਰ, ਮੇਰਾ ਨਾਮ ਮੰਜੁਲਾ ਏ। ਮੈਂ ਤੁਹਾਡੀ ਸਟੂਡੈਂਟ ਸਾਂ।''
''ਆਈ ਸੀ! ਇਹਦਾ ਮਤਲਬ ਇਹ ਕਿ ਤੁਸੀਂ ਮੇਰੇ ਇਲਾਕੇ ਦੇ ਹੀ ਹੋ?''
''ਜੀ ਹਾਂ, ਸਰ ਮੇਰਾ ਪਿੰਡ ਨੂਰਪੁਰ ਏ। ਮੈਂ ਬਕਾਪੁਰ ਵਿਆਹੀ ਹੋਈ ਹਾਂ। ਮੇਰਾ ਘਰਵਾਲਾ ਇੱਥੇ ਬੈਂਕ ਵਿੱਚ ਲੋਨ ਅਫਸਰ ਏ। ਉਹ ਬੈਂਕ ਤੋਂ ਆਉਣ ਹੀ ਵਾਲੇ ਹਨ। ਉਹਨਾਂ ਦਾ ਨਾਮ ਰਾਜ ਕੁਮਾਰ ਏ। ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਸਾਡੀ ਪੋਸਟਿੰਗ ਅੱਜ ਕੱਲ ਇੱਥੇ ਹੁਸ਼ਿਆਰਪੁਰ ਏ। ਅਸੀਂ ਇਸ ਕੋਠੀ ਵਿੱਚ ਅੱਜ ਕੱਲ ਕਿਰਾਏਦਾਰ ਹਾਂ। ਸਰ, ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ? ਕੀ ਤੁਹਾਨੂੰ ਕੋਈ ਬੈਂਕ ਦਾ ਕੰਮ ਏ? ਮੈਨੂੰ ਹੈਰਾਨੀ ਏ ਕਿ ਏਨੀ ਦੂਰ ਤੁਹਾਨੂੰ ਬੈਂਕ ਦਾ ਕੰਮ ਵੀ ਕੀ ਹੋ ਸਕਦਾ ਏ?''
''ਅੱਛਾ ਤਾਂ ਇਹ ਗੱਲ ਏ। ਮੇਰੇ ਬਾਰੇ ਸੁਣ ਲੈ। ਮੇਰੀ ਡਿਊਟੀ ਬਤੌਰ ਸੈਂਟਰ ਸੁਪਡੰਟ ਸਰਕਾਰੀ ਕਾਲਜ ਵਿੱਚ ਲੱਗੀ ਹੋਈ ਏ। ਮੈਂ ਪਰਚਾ ਖਤਮ ਕਰਕੇ ਆਇਆ ਹਾਂ। ਇਹ ਕੋਠੀ ਤਲਵੰਡੀ ਵਾਲੇ ਬਖਤਾਵਰ ਸਿੰਘ ਸਹੋਤਾ ਦੀ ਏ। ਉਹਨਾਂ ਦੇ ਘਰਾਂ ਵਿੱਚ ਮੇਰੀ ਭੈਣ ਵਿਆਹੀ ਹੋਈ ਏ। ਉਹਨਾਂ ਨੇ ਮੈਨੂੰ ਇੱਕ ਕਮਰੇ ਦੀ ਇਹ ਚਾਬੀ ਦਿੱਤੀ ਹੈ ਤਾਂ ਕਿ ਲੋੜ ਪੈਣ ਤੇ ਮੈਂ ਇਨ੍ਹਾਂ ਯੂਨੀਵਰਸਿਟੀ ਦੇ ਇਮਤਿਹਾਨਾਂ ਦਰਮਿਆਨ ਇੱਥੇ ਕਦੀ ਕਦਾਈਂ ਰਾਤ ਰਹਿ ਸਕਾਂ। ਤੁਹਾਡੇ ਘਰਵਾਲੇ ਨੂੰ ਮਿਲਕੇ ਮੈਨੂੰ ਬੜੀ ਖੁਸ਼ੀ ਹੋਵੇਗੀ।''
-----------------
ਮੈਂ ਤੇ ਮੇਰੇ ਦੋਵੇਂ ਸਾਥੀ ਹੁਣ ਲਾਅਸਨ (Lawson) ਪਹੁੰਚ ਗਏ ਸਾਂ। ਉੱਥੇ ਕਾਰ ਪਾਰਕ ਕਰਕੇ ਅਸੀਂ ਬੈਂਚਾਂ ਤੇ ਬੈਠ ਗਏ। ਖਾਣਾ ਖਾਧਾ ਤੇ ਥਰਮਸ ਵਿੱਚੋਂ ਚਾਹ ਪਾ ਕੇ ਪੀ ਰਹੇ ਸਾਂ। ਇੰਨੇ ਨੂੰ ਸਾਡੇ ਨੇੜਿਓਂ ਲੰਘ ਰਹੇ ਇੱਕ 45 ਕੁ ਸਾਲਾ ਬੰਦੇ ਨੇ ਮੇਰੇ ਵਲ ਦੇਖਿਆ ਤੇ ਉੱਚੀ ਦੇਣੀ ਕਿਹਾ,'ਸਤਿ ਸ੍ਰੀ ਅਕਾਲ, ਸਰ!'
''ਭਾਈ ਸਾਹਿਬ, ਆਓ। ਆਓ ਚਾਹ ਪੀ ਕੇ ਜਾਇਓ।'' ਮੈਂ ਕਿਹਾ।
''ਸਰ, ਬਹੁਤ ਮਿਹਰਬਾਨੀ। ਚਾਹ ਤੁਸੀਂ ਪੀਓ। ਅੱਜ ਇੱਧਰ ਆਉਣਾ ਕਿਵੇਂ ਹੋਇਆ? ਸਰ, ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ।''
''ਬਹੁਤ ਮਿਹਰਬਾਨੀ, ਵੀਰ ਜੀ। ਵੈਸੇ ਮੈਂ ਤੁਹਾਨੂੰ ਪਹਿਚਾਣਿਆ ਨਹੀਂ।''
''ਸਰ ਜੀ, ਮੈਂ ਤੁਹਾਡੇ ਸਕੂਲ ਵਿੱਚ ਪੜ੍ਹਿਆ ਹਾਂ। ਤੁਸੀਂ ਕਾਲਜ ਪੜ੍ਹਾਉਂਦੇ ਸੀ ਤੇ ਮੈਡਮ ਸਕੂਲ ਚਲਾਉਂਦੇ ਸਨ। ਮੈਂ ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਸਿਡਨੀ ਆ ਗਿਆ ਸੀ। ਹੁਣ ਤੋਂ 6 ਕੁ ਸਾਲ ਪਹਿਲਾਂ। ਫਿਰ ਮੈਂ ਇੱਧਰ ਬੈਂਕ ਵਿੱਚ ਟੈਲਰ ਦੀ ਨੌਕਰੀ ਕਰਨ ਲੱਗ ਪਿਆ। ਹੁਣ ਮੈਂ ਆਹ ਨੇੜੇ ਤੋਂ ਹੀ ਬੈਂਕ ਵਿੱਚੋਂ ਜਾਬ ਖਤਮ ਕਰਕੇ ਆਇਆ ਹਾਂ।''
''ਕੀ ਨਾਮ ਏ, ਬੇਟੇ, ਤੁਹਾਡਾ?''
''ਸਰ, ਹਰੀਸ਼। ਮੇਰੇ ਬਾਪ ਦੀ ਸ਼ਹਿਰ ਵਿੱਚ ਪੇਂਟ ਦੀ ਦੁਕਾਨ ਹੁੰਦੀ ਸੀ।''
''ਓਹ, ਮੈਂ ਹੁਣ ਸਮਝਿਆ। ਮੈਨੂੰ ਯਾਦ ਆ ਗਿਐ। ਤੂੰ ਤਾਂ ਬਹੁਤ ਬਦਲ ਗਿਆ ਏਂ, ਬੇਟੇ।''
''ਸਰ, ਬਦਲੇ ਹੋਏ ਤਾਂ ਤੁਸੀਂ ਵੀ ਹੋ ਪਰ ਮੈਂ ਫਿਰ ਵੀ ਤੁਹਾਨੂੰ ਪਹਿਚਾਣ ਲਿਆ। ਅੱਛਾ ਸਰ ਤੁਸੀਂ ਮਜੇ ਕਰੋ। ਮੈਂ ਹੁਣ ਟਰੇਨ ਫੜਨੀ ਏ।''
''ਚੰਗਾ ਬਈ।''
ਉਹ Lawson Station ਵਲ ਨੂੰ ਚਲਾ ਗਿਆ। ਅਸੀਂ ਚਾਹ ਪੀਣ ਲੱਗ ਪਏ।
''ਅੱਗੇ ਸੁਣਾਓ, ਫਿਰ ਉਨਹਾਂ ਬੈਂਕ ਵਾਲਿਆਂ ਨਾਲ਼ ਕਿਵੇ ਹੋਇਆ? ਅੱਜ ਤਾਂ ਸਾਰੇ ਬੈਂਕ ਵਾਲੇ ਹੀ 'ਸਰ' 'ਸਰ' ਕਹੀ ਜਾ ਰਹੇ ਨੇ। ਤੁਹਾਡੇ ਵਿਦਿਆਰਥੀ ਦੁਨੀਆ ਭਰ ਵਿੱਚ ਫੈਲੇ ਹੋਏ ਨੇ,'' ਸਾਥੀ ਹਰਚਰਨ ਕਹਿਣ ਲੱਗਾ।
''ਥੋੜ੍ਹੀ ਦੇਰ ਵਿੱਚ ਹੀ ਮੰਜੁਲਾ ਦਾ ਘਰਵਾਲਾ ਰਾਜ ਕੁਮਾਰ ਵੀ ਆ ਗਿਆ। ਮੈਨੂੰ ਮਿਲਕੇ ਉਹ ਵੀ ਬਹੁਤ ਖੁਸ਼ ਹੋਇਆ। ਹੋਰ ਸਰ, ਮੈਡਮ ਕੀ ਕਰਦੇ ਨੇ? ਉਹ ਵੀ ਕਿਧਰੇ ਪ੍ਰੋਫੈਸਰ ਨੇ?'' ਰਾਜ ਕੁਮਾਰ ਪੁੱਛਣ ਲੱਗਾ।
''ਨਹੀਂ, ਰਾਜ ਕੁਮਾਰ। ਉਹਨਾਂ ਨੇ ਦੋ ਕੁ ਸਾਲ ਪਹਿਲਾਂ ਆਪਣਾ ਸਕੂਲ ਖੋਲ੍ਹਿਆ ਸੀ। ਅਜੇ ਸੋਸਾਇਟੀ ਦੇ ਤੌਰ ਤੇ ਦਰਜ ਕਰਵਾਇਆ ਹੈ। ਅੱਗੇ ਜਾ ਕੇ ਮਾਨਤਾ ਪ੍ਰਾਪਤ ਕਰਵਾਵਾਂਗੇ। ਤੁਸੀਂ ਬੈਂਕ ਵਿੱਚ ਕਿਸ ਅਹੁਦੇ ਤੇ ਹੋ?''
''ਮੈਂ Loan Officer ਹਾਂ। ਸੱਚ ਇੱਕ ਗੱਲ ਦੱਸੋ ਕੀ ਕਿਸੇ ਨੂੰ ਕਰਜਾ ਤਾਂ ਨਹੀਂ ਚਾਹੀਦਾ? ਅਸੀਂ ਉਹਨਾਂ ਲੋਕਾਂ ਨੂੰ ਸਬਸਿਡੀ ਤੇ ਲੋਨ ਦਿੰਦੇ ਹਾਂ ਜਿਹੜੇ ਆਪਣਾ ਕੰਮ ਖੋਲ੍ਹਦੇ ਹਨ। ਮੈਡਮ ਨੇ ਆਪਣਾ ਕੰਮ ਖੋਲ੍ਹਿਆ ਏ। ਤੁਸੀਂ 25000 ਕਰਜ਼ਾ ਲੈ ਸਕਦੇ ਹੋ। ਲੋਕ ਤਾਂ ਇਸ ਸਕੀਮ ਦਾ ਲਾਭ ਉਠਾਉਣ ਲਈ ਸਾਡੇ ਮਗਰ ਮਗਰ ਫਿਰਦੇ ਹਨ। ਕੀ ਖਿਆਲ ਏ?''
''ਰਾਜ ਕੁਮਾਰ, ਮੈਨੂੰ ਬੈਂਕਿੰਗ ਅਤੇ ਫਾਇਨੈਂਸ ਬਾਰੇ ਬਹੁਤਾ ਪਤਾ ਨਹੀਂ। ਅਗਰ ਤੁਸੀਂ ਗਾਈਡ ਕਰੋ ਤਾਂ ਮੈਂ ਇੰਜ ਕਰ ਵੀ ਸਕਦਾ ਹਾਂ।''
''ਸਾਡੇ ਪਾਸ ਪੰਜ ਸੌ ਅਰਜੀ ਆ ਚੁੱਕੀ ਏ, ਸਰ। ਤੁਸੀਂ ਵੀ ਫਾਰਮ ਭਰ ਦਿਓ। ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ। ਮੈਡਮ ਦੇ ਬਸ ਦਸਤਖਤ ਚਾਹੀਦੇ ਹਨ। ਤੁਸੀਂ ਇਹ ਕਰਵਾ ਲਓ। ਚੈੱਕ ਲੈਣ ਵਾਲੇ ਦਿਨ ਇਕੱਲੇ ਹੀ ਆ ਜਾਣਾ।''
''ਬੜੀ ਕਮਾਲ ਦੀ ਗੱਲ ਹੋਈ। ਇੱਕ ਬੰਦਾ ਕਰਜ਼ਾ ਲੈਣਾ ਵੀ ਨਹੀਂ ਚਾਹੁੰਦਾ। ਕਰਜ਼ਾ ਉਹਦੇ ਵਲ ਨੂੰ ਭੱਜ ਭੱਜ ਕੇ ਆ ਰਿਹਾ ਏ।''
ਹਰਸ਼ਰਨ ਕਹਿਣ ਲੱਗਾ,''ਫਿਰ ਕਿਵੇਂ ਹੋਇਆ?''
''ਮੈਂ ਫਾਰਮ ਭਰ ਦਿੱਤਾ। 15 ਕੁ ਦਿਨਾਂ ਬਾਅਦ ਸੂਚਨਾ ਮਿਲਣ ਤੇ ਚੈੱਕ ਲੈਣ ਚਲਾ ਗਿਆ। ਬੈਂਕ ਮੂਹਰੇ ਚਾਰ ਕੁ ਸੌ ਬੰਦਾ ਖੜ੍ਹਾ ਸੀ। ਆਪਣੀ ਵਾਰੀ ਉਡੀਕ ਰਹੇ ਸਨ। ਰਾਜ ਕੁਮਾਰ ਭੀੜ ਦੇ ਮੂਹਰੇ ਆ ਕੇ ਮੇਰੇ ਵਲ ਦੇਖ ਕੇ ਬੋਲਿਆ,'' ਸਤਿ ਸ੍ਰੀ ਅਕਾਲ, ਸਰ! ਅੰਦਰ ਆ ਜਾਓ।''
ਮੈਂ ਭੀੜ ਚੋਂ ਹੁੰਦਾ ਹੋਇਆ ਅੰਦਰ ਨੂੰ ਚਲਾ ਗਿਆ। ਲੋਕ ਮੇਰੇ ਵਲ ਦੇਖ ਰਹੇ ਸਨ। ਮੈਂ ਚੈੱਕ ਲਿਆ ਤੇ ਅਰਾਮ ਨਾਲ ਬਾਹਰ ਆ ਗਿਆ। ਘਰ ਪਹੁੰਚਿਆ। ਅਸੀਂ ਜਮੀਨ ਦਾ ਪਲਾਟ ਲੈਣ ਦੀ ਸਲਾਹ ਬਣਾ ਲਈ। 25000 ਵਿੱਚ ਕੁੱਝ ਹੋਰ ਪੈਸੇ ਪਾ ਕੇ ਇੱਕ ਕਨਾਲ਼ ਦਾ ਜਮੀਨ ਦਾ ਪਲਾਟ ਲੈ ਲਿਆ। ਇਸ ਪ੍ਰਕਾਰ ਮੇਰੀ ਘਰਵਾਲੀ ਦੇ ਆਪਣੀ ਮਾਲਕੀ ਵਾਲੇ ਸਕੂਲ ਦੀ ਸ਼ੁਰੂਆਤ ਹੋਈ। ਫਿਰ ਇਸ ਸਕੂਲ ਦੀ ਕਮੇਟੀ ਬਣ ਗਈ। 3 ਕੁ ਸਾਲਾਂ ਵਿੱਚ ਹੋਰ ਥਾਂ ਲੈ ਕੇ ਕੁਝ ਇਮਾਰਤ ਬਣਾ ਕੇ ਇਸਦੀ ਮਾਨਤਾ ਲੈ ਲਈ। ਮੈਂ ਐਸੇ ਕਬੀਲੇ 'ਚ ਪੈਦਾ ਹੋਇਆ ਹਾਂ ਜਿਹੜਾ ਖੇਤੀਬਾੜੀ ਕਰਨੀ ਤਾਂ ਜਾਣਦਾ ਸੀ ਪਰੰਤੂ ਕਾਰੋਬਾਰ ਜਾਂ ਬਿਜਨਸ ਕਰਨ ਤੋਂ ਬਿਲਕੁਲ ਅਣਜਾਣ ਸੀ। ਸਬੱਬ ਐਸਾ ਬਣਿਆ ਕਿ ਮੈਂ ਕਾਰੋਬਾਰ ਕਰਨ ਵੀ ਲੱਗ ਪਿਆ। ਇਸਦਾ ਇੱਕ ਕਾਰਨ ਤਾਂ ਅਚਾਨਕ ਬੈਂਕ ਦੀ ਮਦਦ ਸੀ ਤੇ ਦੂਜਾ ਕਾਰਨ ਇਹ ਸੀ ਕਿ ਅਸਾਂ ਪੰਜਾਬ ਛੱਡ ਕੇ ਕਿਤੇ ਵੀ ਨਹੀਂ ਸੀ ਜਾਣਾ।''
''ਇਸਦਾ ਕੀ ਭਾਵ? ਨਾਲੇ ਸਭ ਕੁਝ ਛੱਡ ਕੇ ਇੱਧਰ ਨੂੰ ਵੀ ਆ ਗਏ?'' ਹਰਚਰਨ ਬੋਲਿਆ।
''ਇੱਧਰ ਵਾਸਤੇ ਵੀ ਮੈਨੂੰ ਹਾਲਾਤ ਨੇ ਹੀ ਅਰਜੀ ਦੇਣ ਲਈ ਮਜਬੂਰ ਕੀਤਾ ਸੀ। ਜਿੰਨੀ ਵੱਡੀ ਉਮਰ 'ਚ ਮੈਂ ਇਹ ਅਰਜੀ ਪਾਈ ਓਨੀ ਵਿੱਚ ਕਿਸੇ ਦਾ ਬਾਹਰਲਾ ਘਟ ਹੀ ਬਣਦਾ ਏ। ਮੈਂ ਕਿਸੇ ਮਜਬੂਰੀ ਬਸ ਅਰਜੀ ਪਾ ਦਿੱਤੀ ਤੇ ਉਹ ਡੇਢ ਕੁ ਸਾਲ ਵਿੱਚ ਹੀ ਪਾਸ ਹੋ ਗਈ।''
ਇੰਨੀਆ ਕੁ ਗੱਲਾਂ ਕਰਕੇ ਅਸੀਂ ਅੱਗੇ ਕੁਟੰਭੇ ਵਲ ਨੂੰ ਚਲ ਪਏ। ਉੱਥੋਂ ਮੈਂ ਗੱਡੀ Three Sisters ਵਲ ਨੂੰ ਮੋੜ ਲਈ। ਜਦ Three Sisters ਪਹੁੰਚੇ ਤਾਂ ਉੱਥੇ ਲੋਕਾਂ ਦਾ ਕਾਫੀ ਹਜੂਮ ਸੀ ਕਿਉਂਕਿ ਇਹ ਇਤਿਹਾਸਕ ਜਗ੍ਹਾ ਏ। ਉੱਥੇ ਜਾ ਕੇ ਅਸੀਂ ਇੱਕ ਖੋਖੇ ਅੱਗੇ ਖੜ੍ਹੇ ਕਾਫੀ ਪੀ ਰਹੇ ਸਾਂ। ਮੈਂ ਦੂਰ ਨਜ਼ਰ ਮਾਰੀ ਤਾਂ ਮੈਨੂੰ ਮੇਰਾ ਇੱਕ ਵਾਕਫ ਬੰਦਾ ਖੜ੍ਹਾ ਨਜ਼ਰ ਆ ਰਿਹਾ ਸੀ। ਮੈਂ ਇਸ ਬੰਦੇ ਨੂੰ ਦੇਖ ਲਿਆ ਲੇਕਿਨ ਮੈਂ ਇਹਦੇ ਬਾਰੇ ਆਪਣੇ ਦੋਹਾਂ ਸਾਥੀਆਂ ਨੂੰ ਅਜੇ ਦੱਸਿਆ ਕੁੱਝ ਨਾ। ਇੰਨੇ ਨੂੰ ਮਨਮੋਹਨ ਕਹਿਣ ਲੱਗਾ,''ਭਾਈ ਸਾਹਿਬ, ਤੁਹਾਨੂੰ ਥਾਂ ਥਾਂ ਤੇ ਤੁਹਾਡੇ ਵਿਦਿਆਰਥੀ ਮਿਲ ਪੈਂਦੇ ਹਨ। ਇੱਕ ਅਧਿਆਪਕ ਦੀ ਵੀ ਵਾਕਫੀਅਤ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ।''
''ਤੁਸੀਂ ਵੀ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕੀਲ ਰਹੇ ਹੋ। ਤੁਹਾਡਾ ਦਾਇਰਾ ਵੀ ਬਥੇਰਾ ਲੰਬਾ ਹੋਵੇਗਾ। ਕੀ ਤੁਸੀਂ ਅੱਜ ਮੈਨੂੰ ਇੱਥੇ ਆਪਣਾ ਕੋਈ ਵਾਕਫ ਬੰਦਾ ਮਿਲਾ ਸਕਦੇ ਹੋ?''
''ਤੁਸੀਂ ਤਾਂ ਮੈਨੂੰ ਚੈਲੰਜ ਕਰ ਦਿੱਤਾ। ਏਦਾਂ ਅਚਾਨਕ ਅਣਜਾਣ ਥਾਂ ਤੇ ਸੱਤ ਸਮੁੰਦਰੋਂ ਪਾਰ ਵੀ ਕਦੀ ਕੋਈ ਵਾਕਫ ਬੰਦਾ ਮਿਲਦਾ ਹੁੰਦਾ ਏ? ਅਸੰਭਵ! ਤੁਸੀਂ ਮੈਨੂੰ ਚੈਲੰਜ ਕਰ ਰਹੇ ਹੋ, ਮੰਨਦਾ ਹਾਂ ਕਿ ਤੁਹਾਨੂੰ ਲਾਅਸਨ (Lawson) ਵਿਖੇ ਇੱਕ ਵਿਦਿਆਰਥੀ ਮਿਲ ਗਿਆ। ਚਲੋ ਹੁਣ ਲੱਭ ਕੇ ਦੱਸੋ। ਜੇ ਲੱਭ ਲਓ ਤਾਂ ਫਿਰ ਤੁਹਾਨੂੰ ਮੰਨ ਜਾਵਾਂਗੇ। ਤੁਸੀਂ ਤਾਂ ਇੰਨੇ ਸ਼ੇਖੀ 'ਚ ਆ ਗਏ ਹੋ ਕਿ ਸਾਡੇ ਤੇ ਰੋਅਬ ਝਾੜਨ ਲਈ ਕਹੀ ਜਾ ਰਹੇ ਹੋ ਕਿ ਤੁਹਾਨੂੰ ਹਰ ਥਾਂ ਤੇ ਵਾਕਿਫ ਮਿਲ ਸਕਦਾ ਹੈ। ਤੁਸੀਂ ਪੂਰੀ ਸ਼ੇਖੀ ਵਿੱਚ ਆ ਗਏ ਹੋ ਤੇ ਸੋਚਦੇ ਹੋ ਕਿ ਇੱਕ ਅਧਿਆਪਕ ਦਾ ਜਾਣ ਪਛਾਣ ਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਏ। ਚਲੋ ਅੱਜ ਤੁਹਾਨੂੰ ਦੇਖਦੇ ਹਾਂ। ਇੱਕ ਹੋਰ ਰਿਆਇਤ ਵੀ ਦੇ ਦੇਂਦਾ ਹਾਂ। ਆਪਾਂ ਇੱਥੇ ਦੋ ਘੰਟੇ ਰਹਾਂਗੇ। ਲੋਕ ਆ ਵੀ ਰਹੇ ਹਨ ਤੇ ਜਾ ਵੀ ਰਹੇ ਹਨ। ਤੁਸੀਂ ਦੋ ਘੰਟਿਆਂ 'ਚ ਆਪਣਾ ਇੱਕ ਵਾਕਫ ਲੱਭ ਦਿਓ। ਮੰਨ ਜਾਵਾਂਗਾ। ਮੈਂ ਸ਼ਰਤ ਲਗਾਉਣ ਲਈ ਵੀ ਤਿਆਰ ਹਾਂ।''
''ਮਨਮੋਹਨ, ਮੈਨੂੰ ਦੋ ਕੁ ਮਿੰਟ ਸੋਚ ਲੈਣ ਦਿਓ।''
''ਚੱਲ ਸੋਚ ਲੈ।''
ਇੰਨੇ ਚਿਰ 'ਚ ਮੈਂ ਚੋਰੀ ਚੋਰੀ ਦੂਰ ਫਿਰ ਉਸ ਬੰਦੇ ਵਲ ਦੇਖਿਆ ਜਿਹੜਾ ਮੈਨੂੰ ਮੇਰਾ ਵਾਕਫ ਲਗਦਾ ਸੀ।
ਫਿਰ ਮੈਂ ਕਿਹਾ,''ਚੱਲ ਲਗਾ ਲੈ ਸ਼ਰਤ, ਮਨਮੋਹਨ। ਸਮਾਂ ਵੀ ਦੋ ਘੰਟੇ ਦਾ ਏ। ਤੁਸੀਂ ਆਪ ਹੀ ਮੰਨਿਆ ਏ।''
''ਭਾਜੀ, ਹੋਰ ਸੋਚ ਲਓ। ਨਮਾਜ਼ਾਂ ਬਖਸ਼ਾਉਂਦੇ ਬਖਸ਼ਾਉਂਦੇ ਕਿਤੇ ਰੋਜ਼ੇ ਗਲ਼ ਨਾ ਪਾ ਲਿਓ,'' ਹਰਚਰਨ ਨੇ ਮਨਮੋਹਨ ਨੂੰ ਚੁਕੰਨਾ ਕਰਨ ਦੀ ਕੋਸ਼ਿਸ਼ ਕੀਤੀ।
''ਲੱਗ ਗਈ ਸੌ ਡਾਲਰ ਦੀ ਸ਼ਰਤ,'' ਮਨਮੋਹਨ ਹੁੱਬ ਕੇ ਬੋਲਿਆ,''ਇਸ ਸ਼ੇਖੀਬਾਜ ਨੂੰ ਅੱਜ ਦੇਖ ਹੀ ਲੈਂਦੇ ਹਾਂ।''
''ਡੰਨ।'' ਮੈਂ ਕਿਹਾ,''ਆਓ, ਫਿਰੀਏ ਤੁਰੀਏ।''
ਅਸੀਂ Three Sisters ਵੱਲ ਨੂੰ ਚੱਲ ਪਏ। ਲੋਕ ਇੱਧਰ ਉੱਧਰ ਘੁੰਮ ਰਹੇ ਸਨ। ਮੈਂ ਜਿੱਧਰ ਨੂੰ ਵੀ ਜਾਂਦਾ ਸਾਂ ਉਹ ਮੇਰੇ ਨਾਲ਼ ਨਾਲ਼ ਹੀ ਸਨ। ਪਹਾੜਾਂ ਅਤੇ ਵਾਦੀਆਂ ਦਾ ਨਜ਼ਾਰਾ ਸੱਚਮੁੱਚ ਹੀ ਬੜਾ ਮਨਮੋਹਣਾ ਸੀ। ਮੌਸਮ ਵੀ ਬੜਾ ਸੁਹਾਵਣਾ ਸੀ। ਕਈ ਸਾਰੀਆਂ ਸੈਲਾਨੀ ਬੱਸਾਂ ਵੀ ਆਈਆਂ ਹੋਈਆਂ ਸਨ। ਅਸੀਂ ਅਜੇ 50 ਕੁ ਕਦਮ ਹੀ ਤੁਰੇ ਸਾਂ ਕਿ ਸਾਹਮਣਿਓਂ ਇੱਕ 35 ਕੁ ਸਾਲਾ ਪੰਜਾਬੀ ਮੁੰਡਾ ਮੇਰੇ ਵਲ ਨੂੰ ਤੇਜ ਤੇਜ ਆਇਆ ਤੇ ਬੋਲਿਆ,''ਸਤਿ ਸ੍ਰੀ ਅਕਾਲ, ਸਰ!''
''ਓਏ ਪਰਮਾਰ, ਅੱਜ ਇੱਥੇ ਕਿਵੇਂ?''
''ਜਿਵੇਂ ਤੁਸੀਂ ਸਰ, ਓਵੇਂ ਹੀ ਮੈਂ! ਮੈਂ ਟੂਰ ਨਾਲ ਆਇਆ ਸਾਂ ਘੁੰਮਣ ਫਿਰਨ।''
''ਤੁਸੀਂ ਮੈਨੂੰ ਪਹਿਲਾਂ ਵੀ ਇੱਕ ਵਾਰ ਗੁਰਦੁਆਰਾ ਸਾਹਿਬ ਵਿਖੇ ਮਿਲੇ ਸੀ। ਤੁਸੀਂ ਕਿਹੜੇ ਸਾਲ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ?''
''ਸਰ, 1998 ਵਿੱਚ ਮੈਂ ਬੀ.ਐਸ.ਸੀ. ਕੀਤੀ ਸੀ।''
''ਓ, ਆਈ ਰੀਮੈਂਬਰ!''
''ਸਰ, ਉਸ ਸਾਲ ਤੁਸੀਂ ਕਾਲਜ ਵਿੱਚ ਯੁਵਕ ਮੇਲੇ ਲਈ ਸਫਦਰ ਹਾਸ਼ਮੀ ਦਾ ਲਿਖਿਆ ਨਾਟਕ 'ਹੱਲਾ ਬੋਲ!' ਖਿਡਾਇਆ ਸੀ।''
''ਪਰਮਾਰ ਹੁਣ ਕਿੱਥੇ ਰਹਿੰਦੇ ਹੋ?''
''ਸਿਡਨੀ ਦੇ ਓਰਾਨ ਪਾਰਕ ਵਿਖੇ।''
''ਬੜੀ ਖੁਸ਼ੀ ਹੋਈ ਮਿਲ ਕੇ! ਕਰੋ ਇਨਜੁਆਏ।''
ਪਰਮਾਰ ਚਲਾ ਗਿਆ। ਇੱਧਰ ਮਨਮੋਹਨ ਹੈਰਾਨ ਪਰੇਸ਼ਾਨ! ਉਹ ਸ਼ਰਤ ਹਾਰ ਗਿਆ ਸੀ।
''ਭਰਾਵਾ, ਇੱਕ ਅਧਿਆਪਕ, ਖਾਸ ਕਰਕੇ ਕਾਲਜ ਅਧਿਆਪਕ, ਦਾ ਜਾਣ ਪਛਾਣ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ। ਮੰਨ ਗਏ ਤੈਨੂੰ!! ਜਿਹਨੇ ਕਾਲਜ ਵਿੱਚ 30-35 ਸਾਲ ਪੜਾਇਆ ਹੋਵੇ ਉਹਨੂੰ ਉਹ ਵਿਦਿਆਰਥੀ ਵੀ ਪਹਿਚਾਣਦੇ ਹੁੰਦੇ ਨੇ ਜਿਹੜੇ ਉਹਦੀ ਜਮਾਤ ਵਿੱਚ ਨਹੀਂ ਪੜ੍ਹੇ ਹੁੰਦੇ। ਜਵਾਨ ਤਬਕੇ ਦੀ ਯਾਦਦਾਸ਼ਤ ਵੀ ਬੜ੍ਹੀ ਤੇਜ ਹੁੰਦੀ ਏ। ਆਹ ਫੜ ਸੌ ਦਾ ਨੋਟ। ਮੈਂ ਸ਼ਰਤ ਹਾਰ ਗਿਆ!''
''ਨਹੀਂ ਮਨਮੋਹਨ, ਮੈਂ ਪੈਸੇ ਨਹੀਂ ਲੈਣੇ। ਆਪਾਂ ਤਾਂ ਹੱਸਦੇ ਸੀ। ਤੁਹਾਨੂੰ ਇੱਕ ਸਲਾਹ ਦਿੰਦਾ ਹਾਂ। ਮੂਹਰੇ ਨਵਾਂ ਸਾਲ ਚੜ੍ਹ ਰਿਹਾ ਏ। ਆਪਾਂ ਇਕੱਠੇ ਬੈਠ ਕੇ ਕੁਝ ਖਾ ਪੀ ਲਵਾਂਗੇ। ਤੇਰੇ ਇਹ 100 ਵੀ ਵਿੱਚ ਹੀ ਖਰਚ ਕਰ ਲਵਾਂਗੇ।''
ਉਹ ਮੇਰੇ ਨਾਲ਼ ਸਹਿਮਤ ਹੋ ਗਏ। ਸਫਰ ਚੰਗਾ ਰਿਹਾ। ਮੇਰੀ ਚੋਰੀ ਚੋਰੀ ਆਪਣੇ ਵਿਦਿਆਰਥੀ ਨੂੰ ਪਛਾਨਣ ਦੀ ਸਕੀਮ ਕਾਮਯਾਬ ਰਹੀ। ਮੇਰੇ ਸਾਥੀਆਂ ਨੂੰ ਮੇਰੀ ਇਸ ਚਲਾਕੀ ਦਾ ਪਤਾ ਹੀ ਨਾ ਲੱਗਾ। ਫਿਰ ਅਸੀਂ ਆਪਣੀ ਕਾਰ ਵਲ ਨੂੰ ਆ ਗਏ ਤੇ ਮਜੇ ਕਰਦੇ ਕਰਦੇ ਸਿਡਨੀ ਵਾਪਸ ਪਹੁੰਚ ਗਏ। ਇੱਕ ਦੂਜੇ ਤੋਂ ਵਿਛੜਨ ਲੱਗਿਆਂ ਮਨਮੋਹਨ ਨੇ ਮੇਰੇ ਵਿਦਿਆਰਥੀਆਂ ਦੀ ਰੀਸ ਲਗਾਉਂਦਿਆਂ ਹੱਸਦੇ ਹੋਏ ਐਨ੍ਹ ਓਵੇਂ ਹੀ ਉੱਚੀ ਦੇਣੀ ਕਿਹਾ, ਜਿਵੇਂ ਵਿਦਿਆਰਥੀ ਅਕਸਰ ਮੁਖਾਤਿਬ ਹੁੰਦੇ ਹਨ:
'ਸਤਿ ਸ੍ਰੀ ਅਕਾਲ, ਸਰ!'