ਔਰਤ ਤੋਂ ਬਿਨਾ ਸਮਾਜ ਹੀ ਨਹੀਂ ਸਗੋਂ ਸ੍ਰਿਸ਼ਟੀ ਵੀ ਅਧੂਰੀ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
(ਔਰਤ ਮਨੁੱਖ ਦੇ ਸਮਾਜਿਕ ਜੀਵਨ ਦੀ ਧਰੋਹਰ ਹੈ।)
ਔਰਤ ਮਨੁੱਖ ਦੇ ਸਮਾਜਿਕ ਜੀਵਨ ਦੀ ਧਰੋਹਰ ਹੈ। ਸਾਡੇ ਗ੍ਰਹਿ 'ਤੇ ਲੱਗਭਗ ਅੱਧੀ ਅਬਾਦੀ ਔਰਤਾਂ ਦੀ ਹੈ। ਔਰਤ ਮਨੁੱਖੀ ਜੀਵਨ ਦਾ ਇਕ ਧੁਰਾ ਹੈ।ਧਰਤੀ ਉੱਤੇ ਜੀਵਨ ਕਦੇ ਵੀ ਏਨਾ ਖੁਸ਼ਗਵਾਰ ਨਾ ਹੁੰਦਾ ਜੇਕਰ ਔਰਤ ਇਸ ਕਾਇਨਾਤ ਦਾ ਹਿੱਸਾ ਨਾ ਹੁੰਦੀ। ਔਰਤ ਤੋਂ ਬਿਨਾ ਸਮਾਜ ਹੀ ਨਹੀਂ ਸਗੋਂ ਸ੍ਰਿਸ਼ਟੀ ਹੀ ਅਧੂਰੀ ਹੈ। ਕਿਸੇ ਵੀ ਸਮਾਜ ਦੇ ਵਿਕਸਤ ਅਤੇ ਸੱਭਿਅਕ ਹੋਣ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਥੇ ਦੇ ਲੋਕਾਂ ਦਾ ਔਰਤ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ।
ਇਹ ਇਕ ਕੌੜੀ ਸੱਚਾਈ ਹੈ ਕਿ ਔਰਤਾਂ ਨਾਲ ਸਦੀਆਂ ਤੋਂ ਹੀ ਧੱਕੇਸਾਹੀ ਹੁੰਦੀ ਆਈ ਹੈ।ਪ੍ਰਾਚੀਨ ਸਮੇਂ 'ਚ ਸਤੀ-ਪ੍ਰਥਾ ਦੇ ਦੌਰ ਦੌਰਾਨ ਤਾਂ ਔਰਤ ਦੀ ਹਾਲਤ ਸੂਦਰ ਤੋਂ ਵੀ ਮਾੜੀ ਅਤੇ ਤਰਸ਼ਯੋਗ ਸੀ। ਉਹ ਮਰਦ ਦੀ ਗੁਲਾਮ ਸੀ। ਅੱਜ ਵੀ ਸਮਾਜ ਵਿੱਚ ਵਿਚਰਦੇ ਸਮੇਂ ਉਸ ਨੂੰ ਅਨੇਕਾਂ ਵਧੀਕੀਆਂ ਤੇ ਜਬਰ-ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਲਾਤਕਾਰ ਕਰਕੇ ਲੜਕੀ ਨੂੰ ਮਾਰ ਦੇਣਾ ਤੇ ਫਿਰ ਸਬੂਤ ਮਿਟਾਉਣ ਲਈ ਅੱਗ ਲਾ ਦੇਣ ਵਰਗੀਆਂ ਘਟਨਾਵਾਂ ਸੱਭਿਅਕ ਸਮਾਜ 'ਤੇ ਕਲੰਕ ਹਨ। ਲੋਕਾਂ ਦੀ ਹਾਜ਼ਰੀ 'ਚ ਔਰਤਾਂ ਦੀ ਕੁੱਟ-ਮਾਰ ਦੇ ਵੀਡੀਓ ਕਲਿਪ ਵੀ ਸੋਸ਼ਲ-ਮੀਡੀਆ 'ਤੇ ਆਮ ਹੀ ਦੇਖੇ ਜਾ ਸਕਦੇ ਹਨ।ਇਹ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਸ਼ਰਮਨਾਕ ਵੀ ਹੈ। ਸਾਡੇ ਦੇਸ਼ ਵਿੱਚ ਅੱਵਲ ਤਾਂ ਬਲਾਤਕਾਰਾਂ ਦੇ ਕੇਸ ਸਾਹਮਣੇ ਹੀ ਨਹੀਂ ਆਉਂਦੇ। ਘਰ, ਪਰਿਵਾਰ ਤੇ ਸਮਾਜਿਕ ਮਾਣ-ਮੁਰਿਆਦਾ ਕਰਕੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕੇਸ ਦਰਜ ਹੋ ਵੀ ਜਾਵੇ ਤਾਂ ਔਰਤ ਦੀ ਪੁੱਛ-ਗਿੱਛ, ਮੈਡਿਕਲ ਜਾਂਚ ਪੜਤਾਲ ਤੋਂ ਲੈ ਕੇ ਅਦਾਲਤਾਂ ਵਿੱਚ ਚੱਲਦੇ ਕੇਸਾਂ ਤੱਕ ਅਜਿਹੇ ਢਕਵੰਜ ਖੜੇ ਕਰ ਦਿੱਤੇ ਜਾਂਦੇ ਹਨ ਕਿ ਬਲਾਤਕਾਰੀ ਬਚ ਨਿਕਲਦੇ ਹਨ। ਔਰਤ 'ਤੇ ਜ਼ੁਲਮ ਕਰਨਾ ਬੁਜ਼ਦਿਲੀ ਤੇ ਕਾਇਰਤਾ ਦੀ ਨਿਸ਼ਾਨੀ ਹੈ। ਬਲਾਤਕਾਰੀਆਂ ਦਾ ਤੇ ਕੁੜ੍ਹੀਮਾਰਾਂ ਦਾ ਸਮਾਜਿਕ ਬਾਈਕਾਟ ਹੀ ਨਹੀਂ ਸਗੋਂ ਸਰਕਾਰੀ ਤੇ ਸਵਿਧਾਨਿਕ ਬਾਈਕਾਟ ਵੀ ਕਰਨਾ ਚਾਹੀਦਾ ਹੈ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਏਥੇ ਬਹੁਤ ਸਾਰੇ ਦੇਵੀ-ਦੇਵਤੇ ਆਏ, ਰਾਜੇ-ਮਹਾਰਾਜੇ ਆਏ, ਕਿਸੇ ਨੇ ਵੀ ਔਰਤ ਦੀ ਦਸ਼ਾ ਸੁਧਾਰਨ ਦੀ ਗੱਲ ਨਹੀ ਕੀਤੀ। ਜੀਨ ਜੈਕਸ ਵਰਗੇ ਕ੍ਰਾਂਤੀਕਾਰੀ ਦਾਰਸ਼ਨਿਕ ਨੇ ਤਾਂ ਇਕ ਸਭਿਅਕ ਇਸਤਰੀ ਨੂੰ ਉਸਦੇ ਪਤੀ ਅਤੇ ਪਰਿਵਾਰ ਲਈ ਪਲੇਗ ਬਰਾਬਰ ਦੱਸਿਆ, ਮਹਾਭਾਰਤ ਵਿਚ ਔਰਤ ਨੂੰ ਇਨਸਾਨ ਨਹੀ ਸਗੋਂ ਬੇਜਾਨ ਵਸਤੂ ਦਾ ਦਰਜ਼ਾ ਦਿੱਤਾ ਗਿਆ ਹੈ। ਕਾਦਰ ਯਾਰ ਨੇ ਢਾਡੀ ਜਾਤ ਕਿਹਾ, ਤੁਲਸੀ ਦਾਸ ਨੇ ਔਰਤ ਨੂੰ ਤਾੜ੍ਹ ਕੇ ਰੱਖਣ ਲਈ ਕਿਹਾ ਤੇ ਪੀਲੂ ਨੇ ਔਰਤ ਨੂੰ 'ਖੁਰੀ ਮੱਤ' ਕਿਹਾ। ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਔਰਤ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆ ਕਿਹਾ:
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਔਰਤ ਮਨੁੱਖ ਨੂੰ ਜਨਮ ਦਿੰਦੀ ਹੈ ਅਤੇ ਔਰਤ ਨਾਲ ਹੀ ਵਿਆਹ ਕਰਵਾਉਂਦਾ ਹੈ। ਦੂਜੇ ਸ਼ਬਦਾ ਵਿਚ ਔਰਤ ਮਾਂ ਵੀ ਹੈ ਅਤੇ ਪਤਨੀ ਵੀ ਹੈ ਅਤੇ ਦੋਸਤ ਵੀ ਹੈ, ਸਾਥਣ ਵੀ ਹੈ, ਮਹਿਬੂਬ ਵੀ ਹੈ ਤੇ ਖਿੱਚ ਸ਼ਕਤੀ ਵੀ ਹੈ। ਇਹ ਔਰਤ ਹੀ ਮਨੁੱਖਤਾ ਦੇ ਲਗਾਤਾਰ ਵਿਕਾਸ ਦਾ ਸਾਧਨ ਹੈ। ਮਨੁੱਖਤਾ ਤੁਰਦੀ ਹੀ ਔਰਤ ਦੇ ਸਿਰ 'ਤੇ ਹੈ। ਫਿਰ ਵੀ ਇਹ ਗੱਲ ਸਮਝ ਨਹੀ ਆਉਂਦੀ ਕਿ ਔਰਤ ਦੀ ਇਹ ਦਸ਼ਾ ਕਿਉਂ ਰਹੀ ਹੈ? ਅਸਲ ਵਿਚ ਸਾਰੇ ਰਿਸ਼ਤੇ ਔਰਤ ਰਾਹੀ ਹੀ ਬਣਦੇ ਹਨ।ਤਕਰੀਬਨ ਹਰ ਰਿਸ਼ਤਾ ਬਣਾਈ ਰੱਖਣ ਵਾਸਤੇ, ਔਰਤ ਨੂੰ ਵਧੇਰੇ ਯਤਨ ਹੀ ਨਹੀਂ ਸਗੋਂ ਵਧੇਰੇ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਹਨ।ਇਹ ਵੀ ਸੱਚ ਹੈ ਕਿ ਔਰਤਾਂ ਬਿਨਾਂ ਮਕਾਨ, ਘਰ ਨਹੀਂ ਸਗੋਂ ਛੜਿਆਂ ਦੇ ਡੇਰੇ ਹੁੰਦੇ ਹਨ। ਔਰਤ ਦੀ ਹਾਲਤ ਸੁਧਾਰਨ ਲਈ ਰਾਜਾ ਰਾਮ ਮੋਹਨ ਰਾਇ ਨੇ ਕਾਫ਼ੀ ਸੰਘਰਸ਼ ਕੀਤਾ। ਇਸ ਤੋਂ ਬਾਅਦ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਅੰਬੇਦਕਰ ਜੀ ਨੇ ਹਿੰਦੂ ਕੋਡ ਬਿੱਲ ਪੇਸ਼ ਕੀਤਾ ਜਿਸਨੂੰ ਬਾਅਦ ਵਿਚ ਸਦਨ ਨੇ ਪਾਸ ਕੀਤਾ, ਜਿਸਦੀ ਬਦੋਲਤ ਔਰਤ ਕਾਫੀ ਹੱਦ ਤੱਕ ਆਜ਼ਾਦ ਹੋ ਗਈ, ਕਿਉਂਕਿ ਉਸ ਨੂੰ ਆਪਣਾ ਸਾਥੀ ਚੁਣਨ ਅਤੇ ਬੱਚਾ ਗੋਦ ਲੈਣ ਦਾ ਅਧਿਕਾਰ ਮਿਲ ਗਿਆ। ਇਸ ਤੋਂ ਇਲਾਵਾ ਜੇਕਰ ਉਸਦਾ ਪਤੀ ਮਰ ਜਾਂਦਾ ਹੈ ਤਾਂ ਉਹ ਹੋਰ ਵਿਆਹ ਕਰ ਸਕਦੀ ਹੈ। ਹੁਣ ਉਸਨੂੰ ਕੋਈ ਸਤੀ ਹੋਣ ਲਈ ਮਜ਼ਬੂਰ ਨਹੀ ਕਰ ਸਕਦਾ।
ਸੁਤੰਤਰਤਾ ਦੇ ਬਾਅਦ ਸਾਡੇ ਦੇਸ਼ ਵਿੱਚ ਜਾਗ੍ਰਿਤੀ ਦਾ ਨਵਾਂ ਸਵੇਰਾ ਆਇਆ। ਸੰਵਿਧਾਨ ਲਾਗੂ ਹੋਣ 'ਤੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਮਿਲ ਗਏ। ਔਰਤ ਚਾਰ-ਦਿਵਾਰੀ ਤੋਂ ਬਾਹਰ ਨਿਕਲ ਕੇ ਸਕੂਲਾਂ 'ਚ ਜਾਣ ਲੱਗੀ।ਵਿਦਿਆ ਦੇ ਗਿਆਨ ਨੇ ਉਸ ਦਾ ਤੀਜਾ ਨੇਤਰ ਖੋਲ੍ਹ ਦਿੱਤਾ ਤੇ ਗ਼ੁਲਾਮੀ ਦੀਆਂ ਜ਼ੰਜ਼ੀਰਾ ਤੋੜ ਦਿਤੀਆਂ। ਸਦੀਆਂ ਤੋਂ ਮੁਸ਼ਕਲ ਸਥਿਤੀਆਂ 'ਚੋਂ ਗੁਜ਼ਰਨ ਦੇ ਬਾਵਜੂਦ ਔਰਤ ਨੇ ਆਪਣੀ ਮਿਹਨਤ ਦੇ ਬਲਬੂਤੇ ਹਰ ਖ਼ੇਤਰ ਵਿੱਚ ਮੱਲਾਂ ਮਾਰੀਆਂ ਤੇ ਉੱਚੇ ਮੁਕਾਮ ਹਾਸਲ ਕੀਤੇ ਹਨ। ਜਿਸ ਔਰਤ ਨੂੰ ਪਹਿਲਾਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ, ਅੱਜ ਉਹ ਅਸਮਾਨ ਵਿੱਚ ਮਸ਼ੀਨ ਉਡਾ ਰਹੀ ਹੈ, ਜਿਸ ਨੂੰ ਪਹਿਲਾਂ ਘਰ ਦੀ ਚਾਰ-ਦਿਵਾਰੀ ਵਿਚ ਕੈਦ ਰੱਖਿਆਂ ਜਾਂਦਾ ਸੀ ਅੱਜ ਉਹ ਜੇਲ੍ਹ ਵਿਚ ਬੰਦ ਕੈਦੀਆਂ ਦੀ ਦੇਖ-ਭਾਲ ਕਰ ਰਹੀ ਹੈ, ਜਿਸਨੂੰ ਪਹਿਲਾਂ ਹਰ ਸਮੇਂ ਪਰਦੇ ਅੰਦਰ ਰਹਿਣ ਲਈ ਮਜ਼ਬੂਰ ਕੀਤਾਂ ਜਾਂਦਾ ਸੀ। ਅੱਜ ਉਹ ਫੈਸ਼ਨ ਸੋਅ ਵਿਚ ਭਾਗ ਲੈਂਦੀ ਹੈ।ਜਿਸਨੂੰ ਪਹਿਲਾਂ ਘਰ ਤੋਂ ਬਾਹਰ ਨਿਕਲਣ ਦਾ ਹੁਕਮ ਨਹੀਂ ਸੀ, ਅੱਜ ਉਹ ਬਜ਼ਾਰਾਂ ਵਿਚ ਕਾਰ ਚਲਾਉਂਦੀ ਹੈ। ਜਿਸ ਨੂੰ ਪਹਿਲਾਂ ਮਨਹੂਸ ਸਮਝਿਆਂ ਜਾਂਦਾ ਸੀ, ਅੱਜ ਉਹ ਮੰਤਰੀ ਹੈ, ਇਹ ਸਾਰੀ ਤਬਦੀਲੀ ਰਾਤੋਂ-ਰਾਤ ਨਹੀਂ ਹੋਈ, ਬਲਕਿ ਇਕ ਲੰਮੇ ਸੰਘਰਸ਼ ਤੋਂ ਬਾਅਦ ਔਰਤ ਜੋ ਪੈਰ ਦੀ ਜੁੱਤੀ ਸਮਝੀ ਜਾਂਦੀ ਸੀ, ਅੱਜ ਉਹ ਸਿਰ ਦੀ ਪੱਤ ਬਣ ਗਈ ਹੈ।ਹੁਣ ਉਹ ਘਰ ਦੀ ਚਾਰ-ਦੀਵਾਰੀ ਤੇ ਰਸੋਈ ਤੱਕ ਹੀ ਸੀਮਿਤ ਨਹੀਂ ਸਗੋਂ ਸਮਾਜ ਦੇ ਹਰ ਖੇਤਰ- ਖੇਡਾਂ, ਨੌਕਰੀਆਂ ਆਦਿ ਵਿਚ ਅੱਗੇ ਹੈ।
ਬਿਨਾ ਸ਼ੱਕ ਰੌਸਨ ਦਿਮਾਗ਼ ਔਰਤਾਂ ਆਧੁਨਿਕ ਸਭਿਅਤਾ ਦਾ ਗਹਿਣਾ ਹਨ! ਪੜ੍ਹੀ ਲਿਖੀ ਤੇ ਸਿਹਤਮੰਦ ਔਰਤ ਪਰਿਵਾਰ ਅਤੇ ਸਮਾਜ ਦਾ ਕਲਿਆਣ ਕਰ ਸਕਦੀ ਹੈ।ਜਿਵੇਂ ਪੰਛੀ ਇਕ ਖੰਭ ਨਾਲ ਉਡਾਨ ਨਹੀਂ ਭਰ ਸਕਦਾ ਉਸੇ ਤਰ੍ਹਾਂ ਔਰਤ ਦੀ ਜਾਗ੍ਰਿਤੀ ਬਿਨਾ ਸਮਾਜ ਦਾ ਉਥਾਨ ਸੰਭਵ ਨਹੀਂ ਹੋ ਸਕਦਾ।ਔਰਤ ਨੂੰ ਬੇਇੱਜ਼ਤ ਕਰਕੇ ਕੋਈ ਵੀ ਸਮਾਜ ਖੁਸ਼ਹਾਲ ਤੇ ਸੱਭਿਅਕ ਨਹੀ ਕਹਿਲਾ ਸਕਦਾ। ਅੱਜ ਅਜਿਹਾ ਮਹੌਲ ਸਿਰਜਣ ਦੀ ਜ਼ਰੂਰਤ ਹੈ ਜਿੱਥੇ ਔਰਤ ਨਿਰਭੈਅ ਹੋ ਕੇ ਪੂਰਨ ਰੂਪ ਵਿਚ ਆਜ਼ਾਦੀ ਦਾ ਆਨੰਦ ਲੈ ਸਕੇ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108
ਅੰਬੇਦਕਰ ਜਯੰਤੀ ਲਈ ਵਿਸ਼ੇਸ਼ ਲੇਖ : ਆਖ਼ਰੀ ਦਮ ਤੱਕ ਭਾਰਤ ਦੇ ਨਵ-ਨਿਰਮਾਣ ਲਈ ਕੰਮ ਕਰਦੇ ਰਹੇ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਮਹਿਜ਼ ਦਲਿਤਾਂ ਦਾ ਮਸੀਹਾ ਜਾਂ ਨਾਇਕ ਦੇ ਤੌਰ 'ਤੇ ਹੀ ਨਹੀਂ ਜਾਣਿਆ ਜਾਂਦਾ ਸਗੋ ਭਾਰਤੀ ਸਵਿੰਧਾਨ ਦੇ ਨਿਰਮਾਤਾ ਤੇ ਇੱਕ ਮਹਾਨ ਚਿੰਤਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਹ ਇਕ ਨਾਮ ਹੀ ਨਹੀਂ, ਇਕ ਯੁੱਗ ਹੈ, ਇਕ ਚਿੰਨ ਹੈ ਵਿਦਰੋਹ ਦਾ ਜੋ ਸਾਰੀ ਉਮਰ ਦਲਿਤਾਂ ਦੇ ਹੱਕਾਂ ਲਈ ਜੂਝਦਾ ਰਿਹਾ। ਜੋ ਬੇ-ਸਹਾਰਿਆਂ ਦਾ ਸਹਾਰਾ ਬਣਿਆ। ਨਿਤਾਣਿਆਂ ਦਾ ਤਾਣ ਤੇ ਵਿਰੋਧੀਆਂ ਲਈ ਤੂਫ਼ਾਨ, ਇਕ ਅਜਿਹਾ ਤੂਫ਼ਾਨ ਜਿਸਨੇ ਸਮਾਜ ਦੀਆਂ ਬੇ-ਇਨਸਾਫੀਆਂ ਬਰਦਾਸ਼ਤ ਨਾ ਕੀਤੀਆਂ। ਇਕ ਅਜਿਹਾ ਚਾਨਣ ਮੁਨਾਰਾ ਜਿਸਨੇ ਡਿੱਗੇ ਲੋਕਾਂ ਨੂੰ ਗਿਆਨ ਦੀ ਰੌਸ਼ਨੀ ਦੇ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਹਲੂਣਿਆ। ਉਹ ਖੁੱਲ੍ਹੇ ਵਿਚਾਰਾਂ ਵਾਲੇ, ਧੁਰ ਅੰਦਰ ਤੱਕ ਲੋਕਤੰਤਰ ਪੱਖੀ ਸੋਚ ਅਤੇ ਅਮਲਾਂ ਵਾਲੇ ਅਜਿਹੇ ਇਨਸਾਨ ਸਨ ਜਿਸ ਨੇ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ। ਉਹ ਵਿਹਾਰਕ ਤੇ ਸਮਾਜਿਕ ਨਿਆਂ ਵਿੱਚ ਵਿਸ਼ਵਾਸ ਰੱਖਦੇ ਸਨ।
ਉਂਝ ਤਾਂ ਸੰਸਾਰ ਦੇ ਸਭ ਹਿੱਸਿਆਂ 'ਚ ਹੀ ਅਜਿਹੀਆਂ ਜਾਤਾਂ ਮੌਜੂਦ ਹਨ, ਜ੍ਹਿੰਨਾਂ ਨੂੰ ਨੀਵੇਂ ਕਿਹਾ ਜਾਂਦਾ ਹੈ, ਪਰ ਭਾਰਤ 'ਚ ਅਛੂਤ ਕਹੇ ਜਾਣ ਵਾਲੇ ਅਨੇਕਾਂ ਸਦੀਆਂ ਤੋਂ ਹੀ ਜਿਆਦਤੀਆਂ ਦਾ ਸ਼ਿਕਾਰ ਹੁੰਦੇ ਆਏ ਹਨ। ਅਛੂਤ ਦੀ ਆਵਾਜ਼, ਛੋਹ ਤੇ ਪਰਛਾਵਾਂ ਤੱਕ ਦੂਜਿਆਂ ਲਈ ਮਾੜੇ ਸਮਝੇ ਜਾਂਦੇ ਸਨ। ਉਨ੍ਹਾਂ ਦੇ ਸਿਰਫ਼ ਫ਼ਰਜ਼ ਹੀ ਸਨ ਹੱਕ ਨਹੀ। ਇਨਸਾਨ ਹੋ ਕੇ ਵੀ ਉਹ ਪਸ਼ੂਆਂ ਤੋਂ ਭੈੜਾ ਜੀਵਨ ਬਤੀਤ ਕਰਦੇ ਸਨ। ਅਨਪੜ੍ਹਤਾ, ਗੁਲਾਮੀ, ਪੱਛੜਾਪਣ ਤੇ ਭੁੱਖ-ਨੰਗ੍ਹ ਜਿੰਨ੍ਹਾਂ ਦੇ ਵਿਸ਼ੇਸ਼ ਲੱਛਣ ਸਨ। ਕੁੱਝ ਅਜਿਹੇ ਹੀ ਧੁੰਦਲੇਪਣ 'ਚ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਕਸਬੇ ਦੀ ਮਿਲਟਰੀ ਛਾਉਣੀ ਵਿਖੇ 'ਅੰਬੇਡਕਰ ਰੂਪੀ ਸੂਰਜ' ਪ੍ਰਕਾਸ਼ਮਾਨ ਹੋਇਆ, ਜਿਸ ਦੇ ਸੰਘਰਸ਼ਾਂ ਤੇ ਜੱਦੋ-ਜਹਿਦ ਨਾਲ ਇਹ ਧੁੰਦ ਥੋੜ੍ਹੀ-ਥੋੜ੍ਹੀ ਛਟਣੀ ਸ਼ੁਰੂ ਹੋ ਗਈ। ਡਾ. ਅੰਬੇਡਕਰ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ 'ਬ੍ਰਿਟਿਸ਼ ਇੰਡੀਅਨ ਆਰਮੀ 'ਚ ਨੌਕਰੀ ਕਰਦੇ ਸਨ ਤੇ ਮਾਤਾ ਭੀਮਾ ਬਾਈ ਬੜੀ ਨੇਕ ਤੇ ਸਮਝਦਾਰ ਇਸਤਰੀ ਸੀ। ਉਹ ਮਹਾਰ ਜਾਤੀ ਨਾਲ ਸੰਬੰਧ ਰੱਖਦੇ ਸਨ। ਭੀਮ ਰਾੳ ਅੰਬੇਦਕਰ ਦਾ ਉਪਨਾਮ ਸਕਪਾਲ ਸੀ ਪਰ ਉਨਾ੍ਹਂ ਦੇ ਪਿਤਾ ਜੀ ਨੇ ਸਕੂਲ ਦੇ ਰਜਿਸਟਰ 'ਚ 'ਅੰਬਾਡਵੇਕਰ' ਦਰਜ ਕਰਵਾਇਆਂ। ਮਰਾਠੀ ਲੋਕ ਆਪਣਾ ਉਪਨਾਮ ਬਣਾਉਣ ਲਈ ਆਪਣੇ ਪਿੰਡ ਦੇ ਨਾਂ ਪਿੱਛੇ 'ਕਰ' ਸ਼ਬਦ ਲਾ ਲੈਂਦੇ ਸਨ ਕਿਉਂਕਿ ਭੀਮ ਦਾ ਜੱਦੀ ਪਿੰਡ ਅੰਬਾਡਵੇ ਸੀ, ਇਸ ਲਈ ਪਿੰਡ ਦੇ ਨਾਂ ਪਿੱਛੇ 'ਕਰ' ਸ਼ਬਦ ਲੱਗਣ ਨਾਲ ਭੀਮ ਦਾ ਉਪ-ਨਾਮ ਅੰਬਾਡਵੇਕਰ ਬਣ ਗਿਆ।ਬਾਅਦ ਵਿੱਚ ਉਨ੍ਹਾਂ ਦੇ ਇਕ ਬ੍ਰਹਾਮਣ ਅਧਿਆਪਕ ਨੇ ਅੰਬਡਵੇਕਰ ਤੋਂ ਬਦਲ ਕੇ ਅੰਬੇਦਕਰ ਕਰ ਦਿੱਤਾ ਤਾਂ ਕਿ ਨਾਮ ਦੇ ਉਚਾਰਨ 'ਚ ਸੌਖ ਰਹੇ । 17 ਸਾਲਾਂ ਦੀ ਉਮਰ 'ਚ ਇਨ੍ਹਾਂ ਦਾ ਵਿਆਹ ਰਾਮਾ ਬਾਈ ਨਾਲ ਹੋ ਗਿਆ, ਉੋਦੋਂ ਰਾਮਾ ਬਾਈ ਦੀ ਉਮਰ ਸਿਰਫ਼ 9 ਸਾਲ ਸੀ।
ਅਛੂਤ ਹੋਣ ਕਰਕੇ ਭੀਮ ਰਾਓ ਅੰਬੇਡਕਰ ਨੂੰ ਬਾਕੀ ਵਿਦਿਆਰਥੀਆਂ ਤੋਂ ਅਲੱਗ ਬੈਠਣਾ ਪੈਂਦਾ ਸੀ। ਕ੍ਰਿਕਟ ਦਾ ਸ਼ੌਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਦੂਜੇ ਵਿਦਿਆਰਥੀਆਂ ਨਾਲ ਖੇਡਣ ਦੀ ਆਗਿਆ ਨਹੀਂ ਸੀ। ਇਕ ਵਾਰ ਖੂਹ ਤੋਂ ਪਾਣੀ ਪੀ ਲੈਣ ਕਾਰਨ ਭੀਮ ਨੂੰ ਲੋਕਾਂ ਨੇ ਬੇ-ਰਹਿਮੀ ਨਾਲ ਕੁੱਟਿਆ। ਇਸ ਤਰ੍ਹਾਂ ਬਚਪਨ ਤੋਂ ਹੀ ਅੰਬੇਡਕਰ ਸਾਹਿਬ ਨੂੰ ਬੇਇਜ਼ਤ ਹੋਣਾ ਪਿਆ। ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ। 1907 'ਚ ਕਿਸੇ ਅਛੂਤ ਵੱਲੋਂ ਮੈਟ੍ਰਿਕ ਪਾਸ ਕਰ ਲੈਣਾ ਕਿਸੇ ਅਜੂਬੇ ਤੋਂ ਘੱਟ ਨਹੀ ਸੀ। ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਮੁੰਬਈ ਦੇ ਐਲਿਫ਼ਸਟੋਨ ਕਾਲਜ਼ ਤੋਂ ਬੀ. ਏ. ਪਾਸ ਕਰ ਲਈ। ਬੜੋਦਾ ਰਿਆਸਤ ਦੇ ਮਹਾਰਾਜਾ ਨੇ 1913 'ਚ ਕੁੱਝ ਲੜਕਿਆਂ ਨੂੰ ਉੱਚ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਭੇਜਿਆ, ਜਿੰਨਾਂ 'ਚ ਭੀਮ ਰਾਓ ਅੰਬੇਡਕਰ ਵੀ ਸਨ। ਭਾਰਤ ਦੇ ਪਹਿਲੀ ਕਤਾਰ ਦੇ ਨੇਤਾਵਾਂ ਵਿਚੋਂ ਅੰਬੇਦਕਰ ਪਹਿਲਾ ਸੀ ਜੋ ਲਿੰਕਨ ਅਤੇ ਵਾਸ਼ਿੰਗਟਨ ਦੇ ਦੇਸ਼ ਪੜ੍ਹਨ ਜਾ ਰਿਹਾ ਸੀ। ਅਮਰੀਕਾ ਵਿਚਲੀ ਜ਼ਿੰਦਗੀ ਅਨੋਖੀ ਸੀ ਅਤੇ ਅੰਬੇਦਕਰ ਨੂੰ ਨਿਊਯਾਰਕ ਵਿਚ ਕਈ ਨਵੇਂ ਤਜਰਬੇ ਹੋਏ। ਹੋਰ ਵਿਦਿਆਰਥੀਆਂ ਅਤੇ ਸਹਿਪਾਠੀਆਂ ਨਾਲ ਉਹ ਆਜ਼ਾਦੀ ਨਾਲ ਫਿਰ ਤੁਰ ਸਕਦਾ ਸੀ। ਉਹ ਪ੍ਹੜ ਸਕਦਾ, ਲਿਖ ਸਕਦਾ, ਤੁਰ ਸਕਦਾ, ਨਹਾ ਸਕਦਾ ਅਤੇ ਬਰਾਬਰੀ ਦੀ ਭਾਵਨਾ ਨਾਲ ਆਰਾਮ ਕਰ ਸਕਦਾ ਸੀ।ਵੇਲੇ ਸਿਰ ਰੋਟੀ, ਕੱਪੜੇ ਵਿਛੇ ਮੇਜ਼ ਤੇ ਖਾਣਾ ਅਤੇ ਉਹ ਵੀ ਛੋਟੇ ਰੁਮਾਲਾਂ ਨਾਲ। ਉਹਦੇ ਵਾਸਤੇ ਤਾਂ ਕੋਲੰਬੀਆਂ ਵਿਸ਼ਵਵਿਦਿਆਲੇ ਦਾ ਜੀਵਨ ਬਿਲਕੁਲ ਨਵੀਂ ਗੱਲ ਸੀ।ਇਹ ਤਾਂ ਦੁਨੀਆਂ ਹੀਂ ਨਵੀਂ ਸੀ।ਇਸ ਨਾਲ ਉਸ ਦਾ ਮਾਨਸਿਕ ਦਿਸਹੱਦਾ ਚੌੜੇਰਾ ਹੋਇਆ।ਇਕ ਨਵੀਂ ਤਰ੍ਹਾਂ ਦੀ ਹੋਂਦ ਸ਼ੁਰੂ ਹੋਈ।ਉਸ ਦੀ ਜ਼ਿੰਦਗੀ ਵਿਚ ਨਵੇਂ ਅਰਥਾਂ ਦੀ ਰੌਸ਼ਨੀ ਦਾ ਸੰਚਾਰ ਹੋਇਆ। 1915 'ਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੇ ਐਮ. ਏ. ਦੀ ਡਿਗਰੀ ਪ੍ਰਾਪਤ ਕਰ ਲਈ। ਅਮਰੀਕਾ ਦੇ ਆਜ਼ਾਦ, ਖੁਸ਼ਹਾਲ ਤੇ ਖੁੱਲ ਭਰੇ ਵਾਤਾਵਰਣ ਨੂੰ ਵੇਖ ਕੇ ਅੰਬੇਡਕਰ ਦਾ ਦਿਲ ਤੰਗੀਆਂ-ਤੁਰਸ਼ੀਆਂ ਸਹਿੰਦੇ, ਗੁਲਾਮੀਆਂ ਹੰਢਾਉਂਦੇ ਅਛੂਤ ਭਰਾਵਾਂ ਲਈ ਤੜਪ ਉੱਠਿਆ। ਮਈ 1916 'ਚ ਕੋਲੰਬੀਆ ਯੂਨਿਵਰਸਿਟੀ 'ਚ ਜਾਤ ਪਾਤ ਦੀ ਉਤਪਤੀ, ਬਣਤਰ ਅਤੇ ਵਿਕਾਸ ਦੇ ਵਿਸ਼ੇ 'ਤੇ ਲੰਬਾ ਲੇਖ ਲਿਖਿਆ ਤਾਂ ਉਨਾ੍ਹਂ ਨੇ 'ਨੇਸ਼ਨਲ ਡਿਵੀਡੈਂਡ ਆਫ਼ ਇੰਡੀਆ' ਥੀਸਸ ਲਿਖਿਆ, ਜਿਸ ਨਾਲ ਉਨਾ੍ਹਂ ਨੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
ਇਸ ਤਰ੍ਹਾਂ ਉਹ ਭੀਮ ਰਾਓ ਤੋਂ ਡਾ. ਭੀਮ ਰਾਓ ਅੰਬੇਡਕਰ ਬਣ ਗਏ। ਇੰਨੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜ਼ੂਦ ਵੀ ਡਾ. ਅੰਬੇਡਕਰ ਦੀ ਜਗਿਆਸੂ ਬਿਰਤੀ ਤ੍ਰਿਪਤ ਨਹੀਂ ਹੋਈ ਸੀ, ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਪੈਸਾ ਇੱਕਠਾ ਕਰਕੇ ਲੰਡਨ ਜਾ ਕੇ ਕਾਨੂੰਨ ਤੇ ਅਰਥਸ਼ਾਸ਼ਤਰ ਦੀ ਵਿਚਕਾਰ ਛੱਡੀ ਪੜ੍ਹਾਈ ਮੁੰਕਮਲ ਕੀਤੀ ਜਾਵੇ। ਇਸ ਲਈ ਉਨ੍ਹਾਂ ਨੇ ਮੁੰਬਈ ਦੇ ਇਕ ਕਾਲਜ ਅੰਦਰ ਪ੍ਰੋਫ਼ੈਸਰੀ ਕਬੂਲ ਕੀਤੀ। ਇੱਥੇ ਕੁੱਝ ਗੁਜਰਾਤੀ ਪ੍ਰੋਫ਼ੈਸਰਾਂ ਨੇ ਡਾ. ਸ਼ਾਹਿਬ ਦੇ ਸਾਂਝੇ ਘੜੇ ਚੋਂ ਪਾਣੀ ਪੀਣ ਤੇ ਇਤਰਾਜ਼ ਕੀਤਾ। ਇਸ ਅਪਮਾਨ ਦੇ ਬਾਵਜ਼ੂਦ ਵੀ ਉਹ ਸਮਾਜਿਕ ਕੋੜ੍ਹ ਦੇ ਖ਼ਿਲਾਫ ਆਪਣੀ ਦੱਬੀ-ਕੁਚਲੀ ਕੌਮ ਨੂੰ ਜਗਾਉਣ ਲਈ ਸਿਰ-ਤੋੜ ਯਤਨ ਕਰਦੇ ਰਹੇ। ਉਹ ਚਾਹੁੰਦੇ ਸਨ ਕਿ ਇਸ ਔਖੇ ਕਾਰਜ ਲਈ ਆਪਣਾ ਅਖ਼ਬਾਰ ਵੀ ਹੋਣਾ ਚਾਹੀਦਾ ਹੈ। ਇਸ ਲਈ ਉਨਾ੍ਹਂ ਨੇ 1919 'ਚ 'ਮੂਕ ਨਾਇਕ' ਨਾਂ ਦਾ ਪੰਦਰਾ ਰੋਜ਼ਾ ਅਖ਼ਬਾਰ ਵੀ ਜਾਰੀ ਕੀਤਾ।1920 'ਚ ਉਹ ਅਗਲੇਰੀ ਪੜ੍ਹਾਈ ਲਈ ਲੰਡਨ ਚਲੇ ਗਏ ਪਰ ਉੱਥੇ ਜਾ ਕੇ ਵੀ ਆਪਣੇ ਜ਼ਿੰਦਗੀ ਦੇ ਮਿਸ਼ਨ ਨੂੰ ਨਹੀ ਭੁੱਲੇ। 1923 'ਚ ਆਪ ਲੰਡਨ ਤੋਂ ਬੈਰਿਸਟਰ ਤੇ ਡਾਕਟਰ ਆਫ਼ ਫ਼ਿਲਾਸਫ਼ੀ ਬਣਕੇ ਪਰਤੇ।3 ਅਪ੍ਰੈਲ 1927 ਨੂੰ ਮੁੰਬਈ ਤੋਂ ਉਨਾ੍ਹਂ ਨੇ ਮਰਾਠੀ ਭਾਸ਼ਾ 'ਚ ਵੀ ਆਪਣਾ ਅਖ਼ਬਾਰ ਕੱਢਿਆ।
ਡਾ. ਅੰਬੇਡਕਰ ਸਾਹਿਬ ਦੀ ਸ਼ਖ਼ਸੀਅਤ ਇਕ ਦਰਿਆ ਵਰਗੀ ਸੀ। ਜਿਸ 'ਚ ਨਿੱਤ ਨਵਾਂ ਵਿਕਾਸ ਹੁੰਦਾ ਰਿਹਾ।ਉਨ੍ਹਾਂ ਦਾ ਵਿਚਾਰ ਸੀ ਕਿ ਗ਼ਲਾਮਾਂ ਨੂੰ ਦੱਸ ਦਿਓ ਕਿ ਉਹ ਗੁਲਾਮ ਹਨ, ਫਿਰ ਉਹ ਆਪ ਹੀ ਬਗਾਵਤ ਕਰ ਦੇਣਗੇ। ਸਦੀਆਂ ਤੋਂ ਜ਼ੁਲਮ ਦੀ ਚੱਕੀ 'ਚ ਪਿਸ ਰਹੇ ਲੋਕਾਂ ਨੂੰ ਉਨ੍ਹਾਂ ਸੁਨੇਹਾ ਦਿੱਤਾ ਕਿ ਜੇਕਰ ਉਹ ਇੱਜ਼ਤ ਦਾ ਜੀਵਨ ਜੀਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਤਮ ਸਹਾਇਤਾ 'ਤੇ ਭਰੋਸਾ ਕਰਨਾ ਹੋਵੇਗਾ। ਆਪਣੀਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਆਪ ਤੋੜ੍ਹਨਾ ਚਾਹੀਦਾ ਹੈ ਤੇ ਬੇਇੱਜ਼ਤ ਰਹਿ ਕੇ ਜੀਣਾ ਬੇਕਾਰ ਹੈ। ਡਾ. ਅੰਬੇਡਕਰ ਸਾਹਿਬ ਦੀਆਂ ਤਕਰੀਰਾਂ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਤੇ ਉਹ ਗੁਲਾਮੀ ਵਿਰੋਧੀ ਕਾਫ਼ਲੇ 'ਚ ਸ਼ਾਮਲ ਹੋ ਕੇ ਤੁਰਨ ਲੱਗੇ। ਇੱਕ ਵਕੀਲ ਦੇ ਤੌਰ 'ਤੇ ਗਰੀਬਾਂ ਦੇ ਕੇਸ ਲਈ ਕਈ ਵਾਰ ਮੁਫ਼ਤ ਲੜਦੇ। ਗਰੀਬ ਲੋਕ ਉਹਨਾਂ ਦੇ ਪੈਰੋਕਾਰ ਬਣ ਗਏ। ਇਸੇ ਦੌਰਾਨ ਮੁੰਬਈ ਦੇ ਰਾਜਪਾਲ ਨੇ ਡਾਕਟਰ ਅੰਬੇਦਕਰ ਨੂੰ ਮੁੰਬਈ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕਰ ਦਿੱਤਾ। ਜਦੋਂ ਮੁਲਕ 'ਚ 'ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ' ਦੇ ਨਾਅਰੇ ਲੱਗ ਰਹੇ ਸਨ, ਉਦੋਂ ਡਾ.ਅੰਬੇਦਕਰ ਨੇ ਛੂਆ-ਛੂਤ ਦਾ ਖਾਤਮਾ ਕਰ ਮੇਰਾ ਜਨਮ ਸਿੱਧ ਅਧਿਕਾਰ ਵਰਗਾ ਨਾਅਰਾ ਦੇ ਕੇ ਅਛੂਤਾਂ ਨੂੰ ਸਮਾਜ ਅੰਦਰ ਉਚਿਤ ਸਥਾਨ ਦਿਵਾਉਣ ਦੇ ਉਪਰਾਲੇ ਕਰ ਰਹੇ ਸਨ। 1930 ਦਾ ਵਰ੍ਹਾ ਭਾਰਤੀ ਇਤਿਹਾਸ 'ਚ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ। ਇਸ ਸਾਲ ਲੰਡਨ 'ਚ ਗੋਲਮੇਜ਼ ਕਾਨਫਰੰਸ ਹੋਈ। ਡਾ. ਅੰਬੇਦਕਰ ਨੇ ਇਸ 'ਚ ਸ਼ਾਮਲ ਹੋ ਕੇ ਅਛੂਤਾਂ ਦੇ ਕਈ ਨੁਕਤੇ ਉਭਾਰੇ। ਉਨ੍ਹਾਂ ਕਿਹਾ ਕਿ ਉਹ ਜਿਨ੍ਹਾਂ ਅਛੂਤਾਂ ਦੇ ਪ੍ਰਤੀਨਿਧੀ ਦੇ ਰੂਪ 'ਚ ਇੱਥੇ ਆਏ ਹਨ, ਉਨ੍ਹਾਂ ਦੀ ਜਨਸੰਖਿਆ ਹਿੰਦੂਆਂ ਦੀ ਜਨਸੰਖਿਆ ਦਾ ਕੁੱਲ ਪੰਜਵਾਂ ਹਿੱਸਾ ਹੈ ਤੇ ਬਰਤਾਨੀਆਂ ਜਾਂ ਫਰਾਂਸ ਦੀ ਜਨਸੰਖਿਆ ਦੇ ਬਰਾਬਰ ਹੈ ਪਰ ਇਨ੍ਹਾਂ ਅਛੂਤਾਂ ਦੀ ਹਾਲਤ ਦਾਸਾ ਨਾਲੋਂ ਵੀ ਬੁਰੀ ਹੈ। ਪਹਿਲੀ ਗੋਲਮੇਜ਼ ਕਾਨਫਰੰਸ ਦੀ ਪ੍ਰਾਪਤੀ 'ਚ ਅਖੰਡ ਭਾਰਤ ਦਾ ਵਿਚਾਰ ਤਾਂ ਉਪਜਿਆ ਹੀ ਸੀ, ਤੇ ਨਾਲ ਹੀ ਇਸ ਦੀ ਵਿਸ਼ੇਸ਼ ਪ੍ਰਾਪਤੀ ਇਸ ਪੱਖੋਂ ਵੀ ਸੀ ਕਿ ਦਲਿਤ ਵਰਗ ਦੀ ਹਾਲਤ ਉਭਰ ਕੇ ਸੰਸਾਰ ਦੇ ਸਾਹਮਣੇ ਆਈ ਸੀ। ਇੱਥੇ ਹੀ ਮਹਾਤਮਾ ਗਾਂਧੀ ਨਾਲ ਆਪ ਦੇ ਵਿਚਾਰਧਾਰਾਈ ਵਿਰੋਧ ਪੈਦਾ ਹੋ ਗਏ। ਅਜਿਹੇ ਸਮੇਂ ਜਦੋਂ ਗਾਂਧੀ ਜੀ ਵਰਗੀ ਹਸਤੀ ਸਮੁੱਚੀ ਹਿੰਦੂ ਜਾਤੀ ਦੀ ਪ੍ਰਤੀਨਿਧਤਾ ਕਰ ਰਹੀ ਸੀ, ਉਨ੍ਹਾਂ ਨਾਲ ਟੱਕਰ ਲੈਣੀ ਕੋਈ ਬੱਚਿਆਂ ਦੀ ਖੇਡ ਨਹੀ ਸੀ। ਡਾ. ਅੰਬੇਦਕਰ ਹੱਕ-ਸੱਚ ਤੇ ਇਨਸਾਫ ਲਈ ਲੜਨ ਵਾਲੇ ਇੱਕ ਨਿਧੜਕ ਤੇ ਨਿੱਡਰ ਲੀਡਰ ਸਨ। ਉਨ੍ਹਾਂ ਸਪਸ਼ਟ ਸ਼ਬਦਾਂ 'ਚ ਗਾਂਧੀ ਜੀ ਨੂੰ ਇਹ ਕਹਿ ਦਿੱਤਾ ਕਿ ਕਾਂਗਰਸ ਨੇ ਅਛੂਤਾਂ ਦੇ ਮਸਲੇ ਨੂੰ ਮਾਨਤਾ ਦੇਣ ਦੇ ਸਿਵਾਏ ਕੁੱਝ ਨਹੀਂ ਕੀਤਾ।
ਬਾਬਾ ਸਾਹਿਬ ਦਾ ਪਰਿਵਾਰਕ ਜੀਵਨ ਹਮੇਸ਼ਾ ਹੀ ਦੁਖਦਾਈ ਰਿਹਾ। ਬਚਪਨ ਵਿੱਚ ਆਪ ਨੇ ਅੱਤ ਦੀ ਗਰੀਬੀ ਭੋਗੀ। ਸ਼ਾਦੀ ਤੋ ਬਾਅਦ ਆਪ ਦੇ ਚਾਰ ਬੱਚੇ ਚਲਾਣਾ ਕਰ ਗਏ। 27 ਮਈ 1935 ਨੂੰ ਉਹਨਾਂ 'ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ।ਇਸ ਦਿਨ ਆਪ ਦੀ ਧਰਮ ਪਤਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਸਦਾ ਲਈ ਆਪ ਨੂੰ ਵਿਛੋੜਾ ਦੇ ਗਈ। ਬਾਬਾ ਸਾਹਿਬ ਭਾਵੇਂ ਸਿੱਖ ਧਰਮ ਗ੍ਰਹਿਣ ਕਰਨਾ ਚਾਹੁੰਦੇ ਸਨ ਪਰ ਕੁੱਝ ਕਾਰਨਾ ਕਰਕੇ ਅਜਿਹਾ ਨਹੀਂ ਹੋ ਸਕਿਆ। ਬਾਅਦ ਵਿਚ ਉਨ੍ਹਾਂ ਨੇ ਬੁੱਧ ਧਰਮ ਗ੍ਰਹਿਣ ਕੀਤਾ। 1956 'ਚ ਡਾ. ਅੰਬੇਦਕਰ ਸਾਹਿਬ ਨੇ ਬੀ.ਬੀ.ਸੀ. ਤੋਂ ਪ੍ਰਸਾਰਿਤ ਕੀਤੇ ਇਕ ਭਾਸ਼ਣ 'ਚ ਕਿਹਾ ਕਿ ਉਹ ਬੁੱਧ ਧਰਮ ਨੂੰ ਇਸ ਲਈ ਮੰਨਦੇ ਹਨ ਕਿਉਂਕਿ ਇਸ 'ਚ ਤਿੰਨੇ ਅਸੂਲ ਇਕ ਥਾਂ ਮਿਲਦੇ ਹਨ।ਬੁੱਧ ਧਰਮ ਵਹਿਮ-ਪ੍ਰਸਤੀ ਦੀ ਥਾਂ ਸੂਝ ਦੀ ਸਿੱਖਿਆ ਦਿੰਦਾ ਹੈ।ਇਹ ਵਿਚਾਰ ਤੇ ਬਰਾਬਰੀ ਸਿਖਾਉਂਦਾ ਹੈ।ਆਪ ਨੇ ਲੱਖਾਂ ਪੈਰੋਕਾਰਾਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ।
ਡਾਕਟਰ ਸਾਹਿਬ ਆਪਣੇ ਭਾਸ਼ਣ ਵਿੱਚ ਬੜਾ ਜ਼ੋਰ ਦੇ ਕੇ ਇਹ ਗੱਲ ਕਿਹਾ ਕਰਦੇ ਸਨ ਕਿ ਅਜਿਹੇ ਲੋਕਾਂ ਨਾਲ ਸੰਗਤ ਨਾ ਕਰੋ ਜੋ ਇਹ ਕਹਿੰਦੇ ਹਨ ਕਿ ਪ੍ਰਮਾਤਮਾ ਸਰਬਵਿਆਪੀ ਹੈ ਪਰ ਆਪਣੇ ਹੀ ਸਹਿਯੋਗੀ ਪੁਰਸ਼ ਨੂੰ ਪਸ਼ੂ ਤੋਂ ਵੀ ਭੈੜਾ ਸਮਝਦੇ ਹਨ। ਅਜਿਹੇ ਲੋਕ ਪਖੰਡੀ ਹਨ। ਅਜਿਹੇ ਲੋਕਾਂ ਨਾਲ ਮਿਲਵਰਤਨ ਕਰਨ ਦਾ ਕੀ ਫ਼ਾਇਦਾ ਜੋ ਕੀੜੀਆਂ ਦੇ ਭੋਣ 'ਤੇ ਮਿੱਠਾ ਜਾਂ ਚੌਲ ਖਿਲਾਰਦੇ ਹਨ ਪਰ ਆਦਮੀ ਹੋ ਕੇ ਦਲਿਤ ਨੂੰ ਪਾਣੀ ਪੀਣ ਤੋਂ ਮਨ੍ਹਾ ਕਰਕੇ ਭੁੱਖਾ-ਪਿਆਸਾ ਮਾਰ ਦਿੰਦੇ ਹਨ।ਉਹ ਲੋਕਾਂ ਨੂੰ ਥਾਪੀ ਦੇ ਕੇ ਕਿਹਾ ਕਰਦੇ ਸਨ- ਉੱਠੋ, ਤੁਸੀਂ ਤਾਂ ਸ਼ੇਰ ਹੋ, ਸ਼ੇਰ ਬਣ ਕੇ ਦਿਖਾਓ, ਬਲੀ ਸ਼ੇਰਾਂ ਦੀ ਨਹੀਂ, ਭੇਡਾਂ-ਬੱਕਰੀਆਂ ਦੀ ਦਿੱਤੀ ਜਾਂਦੀ ਹੈ। ਤੁਹਾਡੇ ਵਿੱਚ ਇੱਕ ਜੋਤ ਹੈ, ਜੋ ਬੁਝ ਚੁੱਕੀ ਹੈ। ਲੋੜ ਹੈ ਉਸ ਜੋਤ ਨੂੰ ਜਗਾਉਣ ਦੀ, ਆਪਣੀ ਰੋਸ਼ਨੀ ਆਪ ਬਣੋ। ਰੋਸ਼ਨੀ ਲੈਣ ਲਈ ਕਿਸੇ ਹੋਰ ਦੀ ਓਟ ਦੇ ਆਸਰੇ ਨਾ ਰਹੋ। ਸੱਚ ਦੀ ਸ਼ਰਨ ਲਵੋ, ਕਿਸੇ ਹੋਰ ਦੀ ਸ਼ਰਨ ਨਾ ਤੱਕੋ। ਡਾ. ਅੰਬੇਦਕਰ ਗਿਆਨ ਨੂੰ ਇਕ ਸ਼ਕਤੀ ਵਜੋਂ ਲੈਂਦੇ ਸਨ। ਉਹ ਕਿਹਾ ਕਰਦੇ ਸਨ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਉਨ੍ਹਾਂ ਚਿਰ ਆਪਣੀ ਸੁਤੰਤਰਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨ੍ਹਾਂ ਚਿਰ ਉਹ ਗਿਆਨ ਦੇ ਖ਼ੇਤਰ 'ਚ ਡੂੰਘਾ ਨਹੀਂ ਉਤਰਦੇ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ।ਇਸ ਲਈ ਉਨ੍ਹਾਂ ਨੇ ਆਪਣੀ ਵਿਦਵਤਾ ਭਰਭੂਰ ਗੱਲਬਾਤ ਨਾਲ ਗਵਰਨਰ ਨੂੰ ਸਰਕਾਰੀ ਖ਼ਰਚੇ 'ਤੇ ਅਛੂਤ ਬੱਚਿਆਂ ਦੇ ਬੈਚ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਭੇਜਣ ਲਈ ਹਾਂ ਕਰਵਾ ਲਈ। ਇਸ 'ਕੋਲੋਂਬੋ ਪਲਾਨ' ਤਹਿਤ 1944 'ਚ 15 ਵਿਦਿਆਰਥੀਆਂ ਦਾ ਪਹਿਲਾ ਬੈਚ ਭੇਜਿਆ ਗਿਆ ਤੇ 1946 'ਚ 16 ਵਿਦਿਆਰਥੀਆਂ ਦਾ ਦੂਜਾ ਬੈਚ ਭੇਜਿਆ ਗਿਆ ਤਾਂ ਜੋ ਉਹ ਸਾਰੇ ਵਾਪਸ ਆ ਕੇ ਆਪਣੇ ਸਮਾਜ ਨੂੰ ਜਿੱਲ੍ਹਣ 'ਚੋਂ ਕੱਢਣ ਲਈ ਕੰਮ ਕਰਨ। ਪਰ ਹੋਇਆ ਇਸ ਤੋਂ ਉਲਟ ਕਿਉਂਕਿ ਬਹੁਤੇ ਦਲਿਤ ਵਿਦਿਆਰਥੀ ਪੜ੍ਹ ਕੇ ਵਿਦੇਸ਼ਾਂ ਵਿੱਚ ਹੀ ਸੈਟਲ ਹੋ ਗਏ। ਡਾ. ਅੰਬੇਡਕਰ ਨੇ ਸੋਚਿਆ ਸੀ ਕਿ ਜੇਕਰ ਉਹ ਵਿਦੇਸ਼ਾਂ ਦੀ ਆਜ਼ਾਦ ਫ਼ਿਜ਼ਾ ਵਿਚ, ਜਾਤੀਵਾਦੀ ਅਤੇ ਮਨੂੰਵਾਦੀ ਸਿਸਟਮ ਤੋਂ ਦੂਰ ਰਹਿ ਕੇ, ਪੜ੍ਹ ਕੇ ਆਪਣੇ ਸਮਾਜ ਲਈ ਇੰਨਾ ਕੁਝ ਕਰ ਸਕਦਾ ਹੈ ਤਾਂ ਦਸ-ਵੀਹ ਦਲਿਤ ਵਿਦਿਆਰਥੀ ਤਾਂ ਬਹੁਤ ਵੱਡੇ ਪੱਧਰ 'ਤੇ ਸਮਾਜਿਕ ਪਰਿਵਰਤਨ ਕਰ ਦੇਣਗੇ, ਪਰ ਬਾਬਾ ਸਾਹਿਬ ਦੀ ਇਸ ਉਮੀਦ ਨੂੰ ਬੂਰ ਨਾ ਪਿਆ ਅਤੇ ਉਨ੍ਹਾਂ ਨੂੰ ਭਰੇ ਮਨ ਨਾਲ 18 ਮਾਰਚ 1956 'ਚ ਆਗਰਾ ਵਿਖੇ ਕਿਹਾ, ''ਮੈਨੂੰ ਮੇਰੇ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ, ਮੈਂ ਸੋਚਿਆ ਸੀ ਕਿ ਇਹ ਪੜ੍ਹ ਲਿਖ ਕੇ ਆਪਣੇ ਸਮਾਜ ਦੇ ਲਈ ਇਮਾਨਦਾਰੀ ਨਾਲ ਕੰਮ ਕਰਨਗੇ ਲੇਕਿਨ ਮੈਂ ਦੇਖ ਰਿਹਾ ਹਾਂ ਕਿ ਇਹ ਆਪਣਾ ਹੀ ਪੇਟ ਪਾਲਣ 'ਚ ਮਗਨ ਹਨ ਅਤੇ ਮੇਰੇ ਚਾਰੇ ਪਾਸੇ ਚਿੱਟੇ ਕਾਲਰਾਂ ਦੇ ਬਾਬੂਆਂ ਦੀ ਭੀੜ ਇਕੱਠੀ ਹੋ ਗਈ ਹੈ, ਜੋ ਕਿਸੇ ਕੰਮ ਦੀ ਨਹੀਂ ਹੈ ਅਤੇ ਹੁਣ ਮੈਂ ਇਨ੍ਹਾਂ ਪੜ੍ਹੇ-ਲਿਖੇ ਲੋਕਾਂ ਦੇ ਲਈ ਨਹੀਂ ਬਲਕਿ ਪਿੰਡਾਂ 'ਚ ਰਹਿ ਰਹੇ ਬੇ-ਸਹਾਰਾ ਲੋਕਾਂ ਦੀ ਲੜਾਈ ਹੀ ਲੜਾਂਗਾ।'' ਉਨ੍ਹਾਂ ਦੇ ਦਿੱਤੇ ਪਹਿਲੇ ਆਦੇਸ਼ 'ਸਿੱਖਿਅਤ ਬਣੋ' ਦੇ ਅਨੁਸਾਰ ਕੁੱਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ 'ਸੰਘਰਸ਼ ਕਰੋ' ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ 'ਸੰਗਠਿਤ ਹੋਵੋ' ਦੇ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ ਲੱਗਦਾ।
ਬਾਬਾ ਸਾਹਿਬ ਨੂੰ ਵਧੇਰੇ ਕਰਕੇ ਸੰਵਿਧਾਨ ਦੇ ਨਿਰਮਾਤਾ ਵੱਜੋਂ ਜਾਣਿਆ ਜਾਂਦਾ ਹੈ। ਸਾਡੀ ਸੰਸਦੀ ਵਿਵਸਥਾ ਉਨ੍ਹਾਂ ਦੀ ਦੇਣ ਹੈ। ਆਪ ਦੇ ਯਤਨਾਂ ਸਦਕਾ ਹੀ ਤਿੰਨ ਰੰਗੇ ਕੌਮੀ ਝੰਡੇ 'ਚ ਅਸ਼ੋਕ ਚੱਕਰ ਦਾ ਨਿਸ਼ਾਨ ਰੱਖਿਆ ਗਿਆ। ਜਦੋਂ ਤਿੰਨ ਅਗਸਤ ਨੂੰ ਬਣੇ ਪਹਿਲੇ ਕੇਂਦਰੀ ਮੰਡਲ 'ਚ ਆਪ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਤਾਂ ਅੰਬੇਡਕਰ ਸਾਹਿਬ ਨੇ ਔਰਤਾਂ ਦੀ ਉਨਤੀ ਤੇ ਮੁਕਤੀ ਵਾਸਤੇ ਪੂਰੀ ਵਾਹ ਲਾਈ ਤੇ ਔਰਤਾਂ ਦੇ ਰੁਤਬੇ ਨੂੰ ਵਧਾਉਣ ਲਈ ਸੰਵਿਧਾਨ ਸਭਾ ਵਿੱਚ ਹਿੰਦੂ ਕੋਡ ਬਿੱਲ ਪੇਸ਼ ਕੀਤਾ।ਹਿੰਦੂ ਕੋਡ ਬਿਲ ਸੰਬੰਧੀ ਜਦੋਂ ਮੰਤਰੀ ਮੰਡਲ 'ਚ ਵਿਰੋਧ ਹੋਇਆ ਤਾਂ ਆਪ ਨੇ ਮੰਤਰੀ ਮੰਡਲ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ।
ਮਗਰੋਂ 26 ਜਨਵਰੀ 1950 ਨੂੰ ਆਪ ਦੁਆਰਾ ਨਿਰਮਿਤ 395 ਧਾਰਾਵਾਂ ਤੇ 9 ਅਨੁਸੂਚੀਆਂ ਵਾਲਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਆਪ ਭਾਵੇਂ ਕਿਸੇ ਵੀ ਅਹੁਦੇ 'ਤੇ ਰਹੇ ਆਪ ਦਾ ਪ੍ਰਮੁੱਖ ਉਦੇਸ਼ ਅਛੂਤਾਂ ਦੀ ਭਲਾਈ ਹੀ ਰਿਹਾ।ਬਾਬਾ ਸਾਹਿਬ ਨੇ ਕਈ ਕਿਤਾਬਾਂ ਵੀ ਲਿਖੀਆਂ। ਗਰੀਬ ਲੋਕਾਂ ਦੇ ਹੱਕਾਂ ਲਈ ਲੜਦੀ ਇਹ ਸ਼ਖ਼ਸੀਅਤ 6 ਦਸੰਬਰ 1956 ਨੂੰ ਆਪਣਾ ਭੌੋਤਿਕ ਚੋਲਾ ਤਿਆਗ ਕੇ ਸਦਾ ਲਈ ਅਲੋਪ ਹੋ ਗਈ। ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਸਲਾਮ ਕਰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1990 ਵਿੱਚ ਸਰਵਉੱਚ ਸਨਮਾਨ 'ਭਾਰਤ ਰਤਨ' ਨਾਲ ਨਿਵਾਜ਼ਿਆ। ਦੇਸ਼ਾਂ-ਵਿਦੇਸ਼ਾਂ ਵਿੱਚ ਹਰ ਸਾਲ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਅੰਬੇਦਕਰ ਜੀ ਦੀ ਜਯੰਤੀ ਬਹੁਤ ਧੁਮ-ਧਾਮ ਨਾਲ ਮਨਾਈ ਜਾਂਦੀ ਹੈ।ਲੋਕ ਜਾਗ੍ਰਿਤ ਹੋ ਰਹੇ ਹਨ। ਹੋਲੀ-ਹੋਲੀ ਆਰਥਿਕ ਅਤੇ ਸਮਾਜਿਕ ਤਬਦੀਲੀ ਆ ਰਹੀ ਹੈ। ਜੋ ਮਾਨਵਤਾ ਲਈ ਇਕ ਸ਼ੁਭ ਸ਼ੰਕੇਤ ਹੈ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)
ਫ਼ੋਨ 9814096108
ਜੇ ਪਤੀ ਗੁਲਾਬ ਹੈ ਤਾਂ ਪਤਨੀ ਸੁਗੰਧ ਹੈ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਵਿਆਹ ਸੱਭਿਅਕ ਸਮਾਜ ਦੀ ਮਹੱਤਵਪੂਰਨ ਇਕਾਈ ਹੈ। ਵਿਆਹ ਦੇ ਪਵਿਤਰ ਬੰਧਨ 'ਚ ਬੱਝੇ ਜਾਣ ਮਗਰੋ ਹਰੇਕ ਨੂੰ ਸਤਰੰਗੀ ਪੀਘ 'ਤੇ ਦੌੜਨ ਦਾ ਅਹਿਸਾਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੋੜੀਆਂ ਸਵਰਗ 'ਚ ਬਣਦੀਆਂ ਹਨ ਅਤੇ ਧਰਤੀ 'ਤੇ ਉਨ੍ਹਾਂ ਦਾ ਮਿਲਨ ਹੁੰਦਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤੀ-ਪਤਨੀ ਇਕ ਦੂਜੇ ਦੇ ਪੂਰਕ ਹਨ ਜਿਸ ਤਰਾਂ ਬਿਜ਼ਲੀ ਦਾ ਯੰਤਰ ਚਲਾਉਣ ਲਈ ਕਰੰਟ ਅਤੇ ਅਰਥ ਦੀ ਜ਼ਰੂਰਤ ਹੁੰਦੀ ਹੈ ਉਸੇ ਤਰਾਂ ਹੀ ਘਰ-ਗ੍ਰਹਿਸਥੀ ਦਾ ਰਥ ਚਲਾਉਣ ਲਈ ਪਤੀ-ਪਤਨੀ ਦੀ ਜ਼ਰੂਰਤ ਹੁੰਦੀ ਹੈ। ਵਿਆਹ ਦੋ ਸ਼ਬਦਾਂ, ਵਾਹ ਤੇ ਆਹ ਦਾ ਜੋੜ ਹੈ।ਜੇ ਵਿਚਾਰ ਮਿਲਦੇ ਹੋਣ ਤਾਂ ਲੋਕ ਖ਼ੁਸ਼ ਹੋ ਕੇ ਕਹਿੰਦੇ ਹਨ, '' ਵਾਹ! ਕਿਆ ਜੋੜੀ ਹੈ''। ਪਰ ਜੇ ਵਿਚਾਰ ਨਾ ਮਿਲਦੇ ਹੋਣ ਤਾਂ ਪਤੀ ਜਾਂ ਪਤਨੀ ਇਕ ਦੂਜੇ ਬਾਰੇ ਭਰੇ ਮਨ ਨਾਲ ਕਹਿੰਦੇ ਹਨ, ''ਆਹ! ਇਸ ਨੇ ਹੀ ਮੇਰੀ ਕਿਸਮਤ ਫੋੜੀ ਹੈ''। ਪਤੀ-ਪਤਨੀ ਦੇ ਚੁਲਬੁਲੇ ਰਿਸ਼ਤੇ ਬਾਰੇ ਅਨੇਕਾਂ ਕਿੱਸੇ ਆਮ ਹੀ ਸੁਣਨ ਨੂੰ ਮਿਲਦੇ ਹਨ। ਜਿਵੇਂ ਵਿਚਾਰੇ ਪਤੀ ਦੀ ਹਾਲਤ 'ਤੇ ਮਜ਼ੇ ਲੈਣ ਵਾਰੇ ਕਿਹਾ ਜਾਂਦਾ ਹੈ ਕਿ
ਜੇ ਔਰਤ 'ਤੇ ਹੱਥ ਉਠਾਉਂਦਾ ਹੈ ਤਾਂ ਜ਼ਾਲਮ / ਜੇ ਔਰਤ ਤੋਂ ਕੁਟ ਖਾ ਲਵੇ ਤਾਂ ਬੁਜ਼ਦਿਲ,
ਘਰ ਤੋਂ ਬਾਹਰ ਰਹੇ ਤਾਂ ਆਵਾਰਾ / ਘਰ 'ਚ ਰਹੇ ਤਾਂ ਨਕਾਰਾ,
ਬੱਚਿਆਂ ਨੂੰ ਘੂਰੇ ਤਾਂ ਜ਼ਾਲਿਮ / ਬੱਚਿਆਂ ਨੂੰ ਨਾ ਘੂਰੇ ਤਾਂ ਲਾਪਰਵਾਹ
ਘਰਵਾਲੀ ਨੂੰ ਨੌਕਰੀ 'ਤੇ ਭੇਜੇ ਤਾਂ ਪਰਜੀਵੀ / ਘਰਵਾਲੀ ਨੂੰ ਨੌਕਰੀ 'ਤੇ ਨਾ ਭੇਜੇ ਤਾਂ ਸ਼ੱਕੀ ਮਿਜਾਜ਼,
ਮਾਂ ਦੀ ਮੰਨੇ ਤਾਂ ਮਾਂ ਦਾ ਚਮਚਾ / ਘਰ ਵਾਲੀ ਦੀ ਮੰਨੇ ਤਾਂ ਜ਼ੋਰੂ ਦਾ ਗੁਲਾਮ !!
ਇਸ ਵਿਸ਼ੇ ਨਾਲ ਸਬੰਧਿਤ ਮੈਂ ਇਕ ਰੌਚਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਗਾ ਇਕ ਦਿਨ 'ਹਰਮਨ ਰੇਡੀਓ ਆਸਟਰੇਲੀਆ' 'ਤੇ ਸਮਾਜਿਕ ਰਿਸ਼ਤਿਆਂ ਸਬੰਧੀ ਮੇਰਾ ਪ੍ਰੋਗਰਾਮ ਚੱਲ ਰਿਹਾ ਸੀ। ਰੇਡੀਓ ਜ਼ੌਕੀ ਨੇ ਤੇਜ਼ੀ ਨਾਲ ਇਕ ਸਵਾਲ ਦਾਗ਼ਿਆ, ''ਤਿਆਗੀ ਸਾਹਿਬ, ਕਿਹਾ ਜਾਂਦਾ ਹੈ ਕਿ ਵਿਆਹ ਮੋਤੀਚੂਰ ਦਾ ਲੱਡੂ ਹੈ, ਜਿਹੜਾ ਖਾਊ ਉਹ ਵੀ ਪਛਤਾਊ ਤੇ ਜਿਹੜਾ ਨਹੀਂ ਖਾਊ ਉਹ ਵੀ ਪਛਤਾਊ, ਤੇ ਵਿਆਹ ਵਾਲਾ ਇਹ ਲੱਡੂ ਤੁਸੀਂ ਵੀ ਖਾ ਚੁੱਕੇ ਹੋਂ! ਤੁਹਾਡਾ ਕੀ ਤਜ਼ਰਬਾ ਹੈ?'' ਮੈਂ ਰੇਡੀਓ ਜ਼ੋਕੀ ਨੂੰ ਕਿਹਾ ਕਿ ਤੁਹਾਡਾ ਸਵਾਲ ਹੀ ਗ਼ਲਤ ਹੈ! ਮੈਂ ਉਸ ਨੂੰ ਉਲਟਾ ਸਵਾਲ ਕਰਦਿਆਂ ਪੁੱਛਿਆਂ, ਕੀ ਤੁਸੀਂ ਕਦੇ ਮੋਤੀਚੂਰ ਦਾ ਲੱਡੂ ਖਾਧਾ? ਮੋਤੀਚੂਰ ਦਾ ਲੱਡੂ ਤਾਂ ਦਰਅਸਲ ਸਵਾਦ ਹੀ ਐਨਾ ਹੁੰਦਾ ਹੈ ਕਿ ਖਾ ਕੇ ਪਛਤਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਸਗੋਂ ਇੱਕ ਲੱਡੂ ਖਾ ਕੇ ਬੰਦਾ ਹੋਰ ਮੰਗਦਾ ਹੈ ਕੇ ਦੋ ਹੋਰ ਧਰ ਦੇ! ਆਪਣੀ ਗੱਲ ਨੂੰ ਜਾਰੀ ਰੱਖਦਿਆਂ ਮੈਂ ਕਿਹਾ ਕਿ ਅਸਲ ਵਿੱਚ ਇਹ ਕਹਾਵਤ ਮੋਤੀਚੂਰ ਦੇ ਲੱਡੂ ਜਿਹੜਾ ਖਾਊ ਉਹ ਵੀ ਪਛਤਾਊ ਤੇ ਜਿਹੜਾ ਨਹੀਂ ਖਾਊ ਉਹ ਵੀ ਪਛਤਾਊ ਨਹੀਂ ਸਗੋ 'ਬੂਰ ਦੇ ਲੱਡੂ ਜਿਹੜਾ ਖਾਊ ਉਹ ਵੀ ਪਛਤਾਊ ਤੇ ਜਿਹੜਾ ਨਹੀਂ ਖਾਊ ਉਹ ਵੀ ਪਛਤਾਊ' ਹੈ। ਆਜ਼ਾਦੀ ਤੋਂ ਪਹਿਲਾ ਕਈ ਮੇਲਿਆਂ 'ਚ ਦੁਕਾਨਦਾਰ ਆਪਣੇ ਮੁਨਾਫ਼ੇ ਲਈ ਲੱਡੂਆਂ ਦਾ ਸਾਇਜ਼ ਵੱਡਾ ਕਰਨ ਲਈ ਲੱਡੂ ਬਣਾਉਣ ਸਮੇਂ ਹੀ ਉਨ੍ਹਾਂ 'ਚ ਬੂਰ ਦੀ ਮਿਲਾਵਟ ਕਰ ਦਿੰਦੇ ਸਨ। ਇਹ ਗੂੜ੍ਹੇ ਪੀਲੇ ਰੰਗ ਦੇ ਵੱਡੇ-ਵੱਡੇ ਲੱਡੂ ਹਰ ਮੇਲੀ ਦਾ ਧਿਆਨ ਆਪਣੇ ਵੱਲ ਖਿੱਚਦੇ। ਜਿਹੜਾ ਬੰਦਾ ਆਪਣੀ ਭੁੱਖ ਸਾਂਤ ਕਰਨ ਲਈ ਇਹ ਲੱਡੂ ਖਾ ਲੈਂਦਾ, ਕੁੱਝ ਦੇਰ ਮਗਰੋਂ ਹੀ ਲੱਡੂ ਵਿਚਲਾ ਬੂਰ ਉਸਦੇ ਢਿੱਡ 'ਚ ਖਰੂਦ ਪਾ ਦਿੰਦਾ। ਢਿੱਡ 'ਚ ਹੁੰਦੀ ਤਕਲੀਫ਼ ਕਾਰਨ ਬੰਦਾ ਪਛਤਾਉਂਦਾ ਕਿ ਇਹ ਲੱਡੂ ਮੈਂ ਕਿਉਂ ਖਾਧੇ ਹਨ। ਦੂਜੇ ਪਾਸੇ ਜਿਹੜਾ ਇਹ ਲੱਡੂ ਨਾ ਖਾਂਦਾ, ਉਹ ਵੀ ਪਛਤਾਉਂਦਾ ਕਿ ਵੱਡੇ ਲੱਡੂ ਖਾਣ ਦਾ ਮੌਕਾ ਸੀ, ਮੈਂ ਲੱਡੂ ਕਿਉਂ ਨਹੀਂ ਖਾਧੇ। ਹਾਂ, ਵਿਆਹ ਸਬੰਧੀ ਇਸ ਸੰਦਰਭ 'ਚ ਇਹ ਕਿਹਾ ਜਾ ਸਕਦੇ ਹਾ ਕਿ ਜੇਕਰ ਪਤੀ-ਪਤਨੀ ਦੇ ਸਬੰਧ ਮਧੁਰ ਹਨ ਤਾਂ ਵਿਆਹ ਉਨ੍ਹਾਂ ਲਈ ਮੋਤੀਚੂਰ ਦਾ ਲੱਡੂ ਹੈ ਨਹੀਂ ਤਾਂ ਫਿਰ ਬੂਰ ਦਾ ਹੀ ਲੱਡੂ ਹੈ!
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਹਰ ਰਿਸ਼ਤੇ ਦਾ ਸਰੂਪ ਬਦਲਿਆ ਹੈ ਉਥੇ ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਤਬਦੀਲੀ ਆਈ ਹੈ।ਪਹਿਲਾਂ ਇਹ ਵਿਚਾਰ ਪ੍ਰਚਲਿਤ ਸੀ ਕਿ ਮੁਟਿਆਰ ਦੀ ਜਿਸ ਘਰ ਵਿਚ ਡੋਲ੍ਹੀ ਗਈ ਹੈ ਉਸ ਦੀ ਅਰਥੀ ਵੀ ਉਸੇ ਘਰ ਚੌਂ ਹੀ ਨਿਕਲੇਗੀ ਪਰ ਅੱਜ ਨਾਰੀ ਦੇ ਚੇਤਨ ਹੋਣ ਕਾਰਨ ਸਥਿਤੀ ਕੁਝ ਹੋਰ ਹੈ ਜਿਸ ਨੂੰ ਪਹਿਲਾ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ ਅੱਜ ਉਹ ਅਸਮਾਨ ਵਿਚ ਮਸ਼ੀਨ ਉਡਾ ਰਹੀ ਹੈ ਜਿਸ ਨੂੰ ਪਹਿਲਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਉਹ ਸਿਰ ਦੀ ਪੱਤ ਬਣ ਗਈ ਹੈ।ਹੁਣ ਪਤਨੀ ਬਰਾਬਰ ਦੀ ਧਿਰ ਬਣ ਗਈ ਹੈ ਇਸ ਕਰਕੇ ਗ੍ਰਹਿਸਥੀ ਜੀਵਨ ਸਫਲ ਬਣਾਉਣ ਲਈ ਪਤੀ-ਪਤਨੀ ਵਿੱਚ ਆਪਸੀ ਸੂਝ-ਬੂਝ ਹੋਣਾ ਜ਼ਰੂਰੀ ਹੋ ਗਿਆ ਹੈ।ਅੱਗੇ ਦਿੱਤੇ ਸੁਝਾਵਾਂ ਨੂੰ ਦਿਮਾਗ਼ 'ਚ ਰੱਖ ਕੇ ਪਤੀ-ਪਤਨੀ ਜ਼ਿੰਦਗੀ ਦੇ ਸਫ਼ਰ ਨੂੰ ਹੋਰ ਵੀ ਸੁਹਾਵਣਾ ਬਣਾ ਸਕਦੇ ਹਨ।
1. ਘਰ ਦਾ ਮਹੋਲ ਖੁਸ਼ਗਵਾਰ ਰੱਖਣ ਲਈ ਪਤਨੀ ਦਾ ਬਹੁਤ ਹੱਥ ਹੁੰਦਾ ਹੈ। ਉਸਨੂੰ ਸਿਰਫ ਪਤੀ ਨਾਲ ਹੀ ਨਹੀਂ ਸਗੋਂ ਸੱਸ ਸਹੁਰੇ ਨਾਲ ਵੀ ਸਲੀਕੇ ਨਾਲ ਰਿਸ਼ਤੇ ਨਿਭਾਉਣੇ ਚਾਹੀਦੇ ਹਨ।
2. ਜ਼ਿੰਦਗੀ 'ਚ ਵਿਚਰਦਿਆਂ ਕਈ ਵਾਰ ਗ਼ਲਤ ਫ਼ੈਸਲੇ ਦੀ ਬਦੋਲਤ ਕਿਸੇ ਕਠਿਨਾਈ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਅਜਿਹੀ ਸਥਿਤੀ ਵਿਚ ਇਕ ਦੂਜੇ ਨੂੰ ਕੋਸਣ ਦੀ ਬਜਾਏ ਸਮੱਸਿਆ ਦੇ ਹੱਲ 'ਤੇ ਧਿਆਨ ਕੇਂਦਰਿਤ ਕਰਨਾ ਚਾਹਿਦਾ ਹੈ। ਜੇਕਰ ਕਦੇ ਕੋਈ ਮਸਲਾ ਜ਼ਿਆਦਾ ਉਲਝ ਜਾਵੇ ਤਾਂ 'ਕਰੋ ਗੱਲ ਮਿਲੇਗਾ ਹੱਲ' ਦੇ ਸਿਧਾਂਤ ਨੂੰ ਦਿਮਾਗ਼ 'ਚ ਰੱਖ ਕੇ ਆਪਣੇ ਪਾਰਟਨਰ ਨਾਲ ਖੁੱਲ ਕੇ ਗੱਲ ਕਰਨੀ ਚਾਹਿਦੀ ਹੈ। ਜ਼ਰੂਰੀ ਨਹੀਂ ਕਿ ਹਰ ਵਿਸ਼ੇ 'ਤੇ ਤੁਹਾਡੇ ਵਿਚਾਰ ਮੇਲ ਹੀ ਖਾਣ, ਕਈ ਵਿਸ਼ਿਆਂ 'ਤੇ ਦੋਨਾਂ ਦੀ ਰਾਏ ਵੱਖ-ਵੱਖ ਹੋ ਸਕਦੀ ਹੈ, ਅਜਿਹੀ ਸਥਿਤੀ ਵਿਚ ਆਕੜ ਪਰੇ ਰੱਖ ਕੇ, ਪਿਆਰ ਮੁੱਹਬਤ ਨਾਲ ਵਿਚਾਰਕ ਮਤਭੇਦ ਖ਼ਤਮ ਕਰ ਲੈਣਾ ਹੀ ਚੰਗਾ ਹੁੰਦਾ ਹੈ।
3. ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਦੂਜੇ 'ਤੇ ਦੋਸ਼ ਮੜ੍ਹਨ ਦੀ ਬਜਾਏ ਜੇਕਰ ਤੁਸੀਂ ਅਜਿਹੀ ਸਥਿਤੀ ਵਿਚ ਦੂਜੇ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਸੋਚੋਗੇ ਤਾਂ ਸਾਰੀ ਸਥਿਤੀ ਹੀ ਸਮਝ ਆ ਜਾਵੇਗੀ ਆਪਣੀ ਗ਼ਲਤੀ ਮੰਨ ਲੈਣਾ ਵੀ ਵੱਡੇਪਣ ਦੀ ਨਿਸ਼ਾਨੀ ਹੁੰਦੀ ਹੈ।
4. ਆਪਣੇ ਪਾਰਟਨਰ ਦੀ ਕਿਸੇ ਹੋਰ ਦੇ ਪਤੀ ਜਾਂ ਪਤਨੀ ਨਾਲ ਤੁਲਨਾ ਨਹੀਂ ਕਰਨੀ ਚਾਹਿਦੀ ਕਿਉਂਕਿ ਹਰ ਇਕ ਦਾ ਆਪਣਾ ਵਿਅਕਤੀਤਵ ਹੁੰਦਾ ਹੈ। ਉਸ ਨੂੰ ਉਸ ਸਥਿਤੀ 'ਚ ਹੀ ਸਵਿਕਾਰ ਕਰਨਾ ਚਾਹਿਦਾ ਹੈ। ਜੋ ਪਤੀ ਦੂਸਰਿਆਂ ਦੀ ਹਾਜ਼ਰੀ ਵਿੱਚ ਆਪਣੀ ਬੇਗਮ ਸਾਹਿਬਾ ਦੀ ਅਲੋਚਨਾ ਕਰਦੇ ਹਨ।ਉਨਾ ਨੂੰ ਸਜ਼ਾ ਦੇ ਰੂਪ ਵਿੱਚ ਬੇ-ਸੁਆਦਾ ਭੋਜਨ ਖਾਣਾ ਪੈਂਦਾ ਹੈ ਤੇ ਕਈ ਵਾਰ ਪਤਨੀ ਨੂੰ ਗਹਿਣੇ ਜਾਂ ਕੱਪੜੇ ਵੀ ਲੈ ਕੇ ਦੇਣੇ ਪੈਂਦੇ ਹਨ।
5. ਪਤਨੀ ਸਾਰਾ ਦਿਨ ਘਰ ਦਾ ਕੰਮ-ਕਾਰ ਕਰਕੇ ਥੱਕ ਜਾਂਦੀ ਹੈ, ਇਸ ਲਈ ਜੇਕਰ ਕਦੇ ਦਾਲ-ਸਬਜ਼ੀ 'ਚ ਨਮਕ ਘੱਟ ਹੈ ਤਾਂ ਚੀਕਣ ਜਾਂ ਖਾਣੇ ਨੂੰ ਨਿੰਦਣ ਦੀ ਬਜਾਏ ਸਲਾਦ 'ਤੇ ਨਮਕ ਛਿੜਕਣ ਦੇ ਬਹਾਨੇ ਨਮਕ ਮੰਗਾ ਕੇ ਖਾਣੇ ਦੇ ਜ਼ਾਇਕੇ ਦਾ ਆਨੰਦ ਲਿਆ ਜਾ ਸਕਦਾ ਹੈ! ਪਤਨੀ ਨੂੰ 'ਕਿਚਨ ਲੀਵ' ਦੇਣ ਲਈ ਕਦੇ ਕਦਾਈ ਬਾਹਰ ਖਾਣਾ ਖਾਣ ਦਾ ਪ੍ਰੋਗਰਾਮ ਬਣਾਉਣਾ ਵੀ ਆਪਸੀ ਰਿਸ਼ਤੇ 'ਚ ਰੰਗਤ ਭਰਦਾ ਹੈ।
6. ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪਤਨੀ ਮੂਰਖਾਂ ਵਾਗੂੰ ਉੱਚੀ ਆਵਾਜ਼ 'ਚ ਬੋਲ ਕੇ ਆਢ-ਗੁਆਢ ਆਪਣੀ ਅਕਲ ਦੀ ਮੁਨਿਆਦੀ ਕਰਦੀ ਰਹਿੰਦੀ ਹੈ ਤੇ ਆਪਣੇ ਪੇਕੇ ਘਰ ਦਾ ਰੌਅਬ ਦਿਖਾ ਕੇ ਪਤੀ 'ਤੇ ਨੌਕਰ ਵਾਂਗ ਚੌਧਰ ਘੋਟਦੀ ਹੈ।ਉਹ ਇਹ ਗੱਲ ਭੁੱਲ ਜਾਂਦੀ ਹੈ ਕਿ ਕਿ ਜੇ ਪਤੀ ਨਾਲ ਨੌਕਰ ਵਾਂਗ ਵਿਵਹਾਰ ਕਰੇਗੀ ਤਾਂ ਨੌਕਰ ਦੀ ਘਰਵਾਲੀ ਨੌਕਰਾਣੀ ਹੀ ਬਣੇਗੀ ਤੇ ਜੇ ਆਪਣੇ ਪਤੀ ਨੂੰ ਰਾਜਾ ਸਮਝੇਗੀ ਤਾਂ ਖ਼ੁਦ ਰਾਣੀ ਬਣੇਗੀ ! ਇਸੇ ਤਰ੍ਹਾਂ ਇਹ ਗੱਲ ਪਤੀ 'ਤੇ ਵੀ ਲਾਗੂ ਹੁੰਦੀ ਹੈ।
7. ਪਰਿਵਾਰਕ ਬਗਿਚੀ ਦੀ ਮਹਿਕ ਬਰਕਰਾਰ ਰੱਖਣ ਲਈ ਪਤੀ ਨੂੰ ਚਾਹਿਦਾ ਹੈ ਕਿ ਸ਼ਰਾਬ ਆਦਿ ਤੋਂ ਪਰਹੇਜ਼ ਰੱਖੇ, ਸੋਸ਼ਲ ਮੀਡੀਆ 'ਤੇ ਸਮਾਂ ਘੱਟ ਤੇ ਆਪਣੀ ਜੀਵਨ ਸਾਥਣ ਨਾਲ ਜ਼ਿਆਦਾ ਸਮਾਂ ਗੁਜ਼ਾਰੇ।
8. ਜੇਕਰ ਪਤਨੀ ਨੌਕਰੀ ਸ਼ੁਦਾ ਹੈ ਤਾਂ ਪਤੀ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਘਰ ਦੇ ਕੰਮ ਵਿਚ ਉਸਦਾ ਸਾਥ ਦੇਵੇ ਅਤੇ ਉਸਦੀ ਹਰ ਇੱਛਾ ਦਾ ਧਿਆਨ ਰੱਖੇ।ਜੇਕਰ ਪਤੀ ਕਿਸੇ ਦਫਤਰ ਵਿੱਚ ਕੰਮ ਕਰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਫਾਇਲਾ ਘਰ ਵਿੱਚ ਲਿਜਾ ਕੇ ਘਰ ਨੂੰ ਦਫ਼ਤਰ ਨਾ ਬਣਾਵੇ। ਦਫ਼ਤਰ ਦੀਆ ਗੱਲਾਂ ਬਾਹਰ ਹੀ ਛੱਡ ਦੇਣੀਆ ਚਾਹੀਦੀਆਂ ਹਨ ਤਾਂ ਕਿ ਘਰ ਦਾ ਮਾਹੋਲ ਸਾਂਤ ਤੇ ਖੁਸ਼ਗਵਾਰ ਰਹੇ ਅਤੇ ਤੁਸੀ ਆਪਣੇ ਬੀਵੀ ਬੱਚਿਆ ਨਾਲ ਸਮਾਂ ਗੁਜ਼ਾਰ ਸਕੋ।
9. ਗ੍ਰਹਿਸਥੀ ਨੂੰ ਚਲਾਉਣ ਲਈ ਪਤਨੀ ਦੀ ਸੱਚੀ ਤਾਰੀਫ਼ ਉਨ੍ਹੀ ਹੀ ਜ਼ਰੂਰੀ ਹੁੰਦੀ ਜਿੰਨ੍ਹੀ ਕਿ ਕਾਰ ਨੂੰ ਚਲਾਉਣ ਲਈ ਪੈਟਰੋਲ ਦੀ। ਪਤੀ-ਪਤਨੀ ਦੇ ਰਿਸ਼ਤੇ 'ਚ ਸੈਰ-ਸਪਾਾਟਾ ਅਤੇ ਛੋਟੇ-ਛੋਟੇ ਸਰਪ੍ਰਾਇਜ਼ ਗਿਫ਼ਟ ਵੀ ਪਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ਼ ਤੇ ਖੜ੍ਹਾ ਹੈ ਤੇ ਸ਼ੱਕ ਨਾਂ ਦੀ ਸਿਉਂਕ ਇਸ ਰਿਸ਼ਤੇ ਨੂੰ ਕਮਜ਼ੋਰ ਕਰਦੀ ਹੈ। ਪਤਨੀ ਨੂੰ ਚਾਹਿਦਾ ਹੈ ਕਿ ਉਹ ਗ਼ੈਰ ਜ਼ਰੂਰੀ ਕੰਮ ਲਈ ਪਤੀ ਨੂੰ ਮਜ਼ਬੂਰ ਨਾ ਕਰੇ ਕਿਉਂਕਿ ਜਿਸ ਰਿਸ਼ਤੇ ਦੀ ਬੁਨਿਆਦ ਵਿੱਚ ਮਜ਼ਬੂਰੀ ਹੈ।ਉਹ ਰਿਸ਼ਤਾ ਕਿੰਨਾ ਕੁ ਹੰਢਣਸਾਰ ਹੋ ਸਕਦਾ ਹੈ?
10. ਪਤਨੀ ਵੀ ਹੱਡ-ਮਾਸ ਦੀ ਬਣੀ ਹੁੰਦੀ ਹੈ। ਉਸ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਕਈ ਵਾਰ ਸਾਰਾ ਦਿਨ ਘਰ ਦੇ ਕੰਮ-ਕਾਰ ਕਰਨ ਕਾਰਨ ਉਹ ਅਕੇਵਾ ਮਹਿਸੂਸ ਕਰਦੀ ਹੈ ਸਿੱਟੇ ਵੱਜੋਂ ਉਸਦੇ ਸੁਭਾਅ 'ਚ ਗੁੱਸਾ ਤੇ ਚਿੜਚੜਾਪਣ ਆ ਜਾਂਦਾ ਹੈ। ਪਤਨੀ ਦੇ ਚਿੜਚੜੇ ਸੁਭਾਅ ਨੂੰ ਠੀਕ ਕਰਨ ਲਈ ਪੇਕੇ ਪਿੰਡ ਦੀ ਫੇਰੀ ਬਹੁਤ ਕਾਰਗਰ ਸਾਬਿਤ ਹੁੰਦੀ ਹੈ।
11. ਪਤੀ-ਪਤਨੀ ਦੇ ਰਿਸ਼ਤੇ 'ਚ ਖੱਟੀਆਂ ਮਿੱਠੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਖ਼ੂਸ਼ਬੂ ਤੋਂ ਬਿਨਾ ਫੁੱਲ ਅਧੂਰਾ ਹੈ ਉਸੇ ਤਰ੍ਹਾਂ ਪਤੀ-ਪਤਨੀ ਇਕ ਦੂਜੇ ਤੋਂ ਬਿਨਾ ਅਧੂਰੇ ਹਨ। ਕੋਈ ਵੀ ਬੰਦਾ ਸੰਪੂਰਨ ਨਹੀਂ ਹੁੰਦਾ। ਇਕ ਦੂਜੇ ਦੀਆਂ ਕਮੀਆਂ ਨੂੰ ਸਵੀਕਾਰ ਕਰਕੇ ਤੇ ਚੰਗੇ ਗੁਣਾ ਦੀ ਪ੍ਰਸੰਸਾ ਕਰਕੇ ਹੌਂਸਲਾ ਵਧਾਉਣਾ ਹੀ ਗ੍ਰਸਿਥੀ ਜੀਵਨ ਦਾ ਆਧਾਰ ਹੈ। ਮੁੱਕਦੀ ਗੱਲ ਇਹ ਹੈ ਕਿ ਛੋਟੇ-ਮੋਟੇ ਭੇਦ-ਭਾਵ ਮਿਟਾ ਕੇ ਜ਼ਿੰਦਗੀ ਦੇ ਸੁਹਾਵਣੇ ਸਫ਼ਰ ਦਾ ਲੁਤਫ਼ ਲੈਣਾ ਚਾਹਿਦਾ ਹੈ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108
ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਆਧੁਨਿਕ ਸਮਾਜ ਵੱਖ-ਵੱਖ ਲੋਕਾਂ ਦੇ ਸਮੂਹਾਂ ਦਾ ਇਕ ਗੁਲਦਸਤਾ ਹੈ। ਸਮਾਜ 'ਚ ਉਸਾਰੂ ਤੇ ਹਾਂ-ਪੱਖੀ ਭੂਮੀਕਾ ਨਿਭਾਉਣ ਵਾਲੇ ਲੋਕ ਸਮਾਜ ਦਾ ਅਨਿਖੜਵਾਂ ਭਾਗ ਹਨ ਪਰ ਨਾ-ਪੱਖੀ ਤੇ ਵਿਚਾਰਕ ਪ੍ਰਦੂਸ਼ਣ ਫੈਲਾਉਣ ਵਾਲੇ ਘੜੰਮ-ਚੌਧਰੀ ਸਮਾਜ ਦਾ ਅਣ-ਖਿੜਵਾ ਭਾਗ ਹਨ। ਲੋਕਾਂ ਦੇ ਸਿਰ 'ਚ ਤਾਂ ਦਿਮਾਗ ਹੁੰਦਾ ਹੈ ਪਰ ਘੜੰਮ-ਚੌਧਰੀਆਂ ਦੇ ਸਿਰ 'ਚ ਡਮਾਗ ਹੁੰਦਾ ਹੈ। ਜਿਵੇਂ ਕੁੱਕੜ ਨੂੰ ਵਹਿਮ ਹੁੰਦਾ ਹੈ ਕਿ ਜੇਕਰ ਉਹ ਬਾਂਗ ਨਹੀਂ ਦੇਵੇਗਾ ਤਾਂ ਸੂਰਜ ਨਹੀਂ ਚੜੇਗਾ ਉਸ ਤਰ੍ਹਾਂ ਹੀ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਇਨ੍ਹਾਂ ਤੋਂ ਬਿਨਾਂ ਪਿੰਡ ਗਤੀ ਨਹੀਂ ਕਰ ਸਕਦਾ। ਸਵੇਰ ਹੁੰਦਿਆਂ ਹੀ ਇਹ ਆਪਣੇ ਏਰੀਏ ਦੇ ਲੋਕਾਂ ਦੇ ਘਰਾਂ 'ਚ ਬਿਨ ਬੁਲਾਏ ਮਹਿਮਾਨ ਵਾਂਗ ਘੁਸ ਜਾਂਦੇ ਹਨ। ਸਮੇਂ-ਸਮੇਂ ਤੇ ਇਹ ਆਪਣੇ ਮੋਢਿਆਂ 'ਤੇ ਲੱਗੀ ਏਅਰਗਨ ਰਾਹੀਂ ਸਨਸਨੀ ਫੈਲਾਊ ਗੋਲੇ ਦਾਗ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ। ਦੂਜਿਆਂ ਬਾਰੇ ਜ਼ਹਿਰ ਉਗਲਣਾ ਤੇ ਮਨਘੜਤ ਕਹਾਣੀਆਂ ਘੜ ਕੇ ਆਮ ਲੋਕਾਂ ਨੂੰ ਬਦਨਾਮ ਕਰਨਾ ਇਨ੍ਹਾਂ ਦਾ ਟਸ਼ਨ ਹੁੰਦਾ ਹੈ। ਬਤਮੀਜ਼ੀ ਕਰਦੇ ਸਮੇਂ ਇਨ੍ਹਾਂ ਨੂੰ ਖ਼ੁਦ ਵੀ ਨਹੀਂ ਪਤਾ ਹੁੰਦਾ ਕਿ ਇਹ ਬਤਮੀਜ਼ੀ ਕਰ ਰਹੇ ਹਨ। ਪਾਟੇ ਖਾਂ ਤੇ ਨਾਢੂ ਖਾ ਘੜੰਮ ਚੌਧਰੀਆਂ ਦੇ ਖ਼ਾਸ ਦੋਸਤ ਹੁੰਦੇ ਹਨ।
ਇਨ੍ਹਾਂ ਦੀ ਪਹਿਚਾਣ ਦੂਰੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਹਾੜ ਦੇ ਮਹੀਨੇ 'ਚ ਵੀ ਕੱਛਾਂ 'ਚ ਹੱਥ ਦੇ ਕੇ ਇਸ ਤਰ੍ਹਾਂ ਖੜਦੇ ਹਨ ਜਿਵੇਂ ਪੋਹ ਦੇ ਮਹੀਨੇ ਲੋਕ ਠੰਡ ਤੋਂ ਬਚਣ ਲਈ ਖੜਦੇ ਹਨ। ਇਨ੍ਹਾਂ ਦਾ ਦਿਮਾਗ ਘਟੀਆਂ ਵਿਚਾਰਾਂ ਨਾਲ ਭਰਿਆ ਹੋਣ ਕਰਕੇ ਇਨ੍ਹਾਂ ਦਾ ਸਿਰ ਪਿੱਛੇ ਵੱਲ ਝੁਕਿਆ ਹੀ ਰਹਿੰਦਾ ਹੈ ਤੇ ਇਹ ਹਮੇਸ਼ਾ ਆਫ਼ਰੇ ਹੋਏ ਸ਼ਬਦਾਂ ਦਾ ਇਸਤੇਮਾਲ ਕਰਕੇ ਆਪਣੀ ਅਕਲ ਦੀ ਮੁਨਿਆਦੀ ਕਰਦੇ ਰਹਿੰਦੇ ਹਨ।ਦੂਜਿਆਂ ਲਈ ਇੱਕਠਾ ਕੀਤਾ ਜ਼ਹਿਰ ਇਨ੍ਹਾਂ ਨੂੰ ਹੀ ਜਿਆਦਾ ਨੁਕਸਾਨ ਪਹੁੰਚਾਉਂਦਾ ਹੈ ਪਰ ਇਹ ਇਸ ਸਚਾਈ ਤੋਂ ਅਣਜਾਣ ਹੁੰਦੇ ਹਨ। ਜਿਵੇਂ ਵਿਰੋਧੀ ਧਿਰ ਪਹਿਲਾਂ ਰੌਲਾ ਪਾਈ ਜਾਂਦੀ ਹੈ ਕਿ ਸੜ੍ਹਕ ਨਹੀਂ ਬਣੀ, ਸੜ੍ਹਕ ਨਹੀਂ ਬਣੀ ਜਦੋਂ ਸੜ੍ਹਕ ਬਣ ਜਾਂਦੀ ਹੈ ਫਿਰ ਰੌਲਾ ਪਾਉਣ ਲੱਗ ਜਾਂਦੀ ਹੈ ਕਿ ਲੁੱਕ ਘੱਟ ਪਾਈ ਹੈ, ਲੁੱਕ ਘੱਟ ਪਾਈ ਹੈ, ੳਸੇ ਤਰ੍ਹਾਂ ਦੂਜਿਆਂ ਦੀ ਆਲੋਚਨਾ ਕਰਨਾ ਘੜੰਮ-ਚੌਧਰੀਆਂ ਦਾ ਮੁੱਖ ਕੰਮ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਕਿਤੇ ਕੋਈ ਦੇਵਤਾ ਵੀ ਮਿਲ ਜਾਵੇ ਤਾਂ ਇਹ ਉਸ ਵਿੱਚ ਵੀ ਅਨੇਕਾਂ ਕਮੀਆਂ ਲੱਭ ਦੇਣ! ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਬਹੁਤ ਲੋਕ ਇਨ੍ਹਾਂ ਦੇ ਵਾਕਫ਼ ਹਨ ਪਰ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਹਰ ਇੱਕ ਚੰਗਾ ਬੰਦਾ ਅਜਿਹੇ ਗੰਦੇ ਬੰਦਿਆਂ ਤੋਂ ਦੂਰ ਹੋ ਕੇ ਲੰਘਣਾ ਹੀ ਸਿਆਣਪ ਸਮਝਦਾ ਹੈ, ਏਥੋਂ ਤੱਕ ਕਿ ਆਂਢ-ਗੁਆਂਢ ਹੀ ਨਹੀਂ ਸਗੋਂ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੇ ਰਵੱਈਏ ਤੋਂ ਤੰਗ ਹੁੰਦੇ ਹਨ। ਪਰ ਇਹ ਜਨਾਬ 'ਗੁੰਡੀ ਰੰਨ ਪ੍ਰਧਾਨ' ਦੇ ਸਿਧਾਂਤ ਨੂੰ ਫ਼ੇਲ ਨਹੀਂ ਹੋਣ ਦਿੰਦੇ।ਸਮਾਜ ਵਿੱਚ ਵਿਚਰਦੇ ਹੋਏ ਇਹ ਵੀ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਉਮਰ ਦੇ ਆਖ਼ਰੀ ਪੜ੍ਹਾਅ 'ਤੇ ਕੁੱਝ ਘੜੰਮ-ਚੌਧਰੀਆਂ ਨੂੰ ਜਦੋਂ ਆਪਣੀਆਂ ਕਰਤੂਤਾਂ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਕਿਸੇ ਧਾਰਮਿਕ ਲਹਿਰ ਨਾਲ ਜੁੜ ਕੇ ਸਮਾਜ 'ਚ ਆਪਣੀ ਸਵੀ ਸੁਧਾਰਨ ਦਾ ਅਸਫ਼ਲ ਯਤਨ ਵੀ ਕਰਦੇ ਹਨ।
ਥਾਣੇ-ਕਚਿਹਰੀ ਜਾਣ ਸਮੇਂ ਇਨ੍ਹਾਂ ਨੂੰ ਬਰਾਤ ਚੜ੍ਹਨ ਜਿਨ੍ਹਾਂ ਚਾਹ ਚੜ ਜਾਂਦਾ ਹੈ।ਇਨ੍ਹਾਂ ਦੀ ਆਪਣੀ ਤਾਂ ਕੋਈ ਇੱਜ਼ਤ ਨਹੀਂ ਹੁੰਦੀ ਪਰ ਇਹ ਹਰ ਸਮੇਂ ਦੂਜਿਆਂ ਦੀ ਇੱਜ਼ਤ ਉਤਾਰਨ ਲਈ ਤੱਤਪਰ ਰਹਿੰਦੇ ਹਨ।ਇਨ੍ਹਾਂ ਕੋਲ ਸਵਾਲ ਦਾ ਉੱਤਰ ਜਵਾਬ ਨਹੀਂ ਹੁੰਦਾ ਸਗੋਂ ਸਵਾਲ ਦਾ ਉੱਤਰ ਸਵਾਲ ਹੁੰਦਾ ਹੈ। ਨਤੀਜੇ ਵਜੋਂ ਅਜਿਹੇ ਘੜੰਮ-ਚੌਧਰੀ ਆਪਣੀ ਨਿੱਜੀ ਹਓਮੈਂ ਕਾਰਨ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾ ਦਿੰਦੇ ਹਨ। ਅੱਗ ਲਗਾਈ ਡੱਬੂ ਕੰਧ 'ਤੇ! ਜੇਕਰ ਇਹ ਦੂਜੀ ਧਿਰ 'ਤੇ ਮੁਕੱਦਮਾ ਦਰਜ ਕਰਵਾਉਣ ਵਿੱਚ ਸਫ਼ਲ ਹੋ ਜਾਣ ਤਾਂ ਇਨ੍ਹਾਂ ਨੂੰ ਏਨੀ ਖ਼ੁਸ਼ੀ ਹੁੰਦੀ ਹੈ ਜਿੰਨੀ ਕਿਸੇ ਬੇਸਹਾਰਾ ਗ਼ਰੀਬ ਬੁਜ਼ਰਗ ਨੂੰ ਬੁਢਾਪਾ ਪੈਨਸ਼ਨ ਲੱਗਣ ਤੇ ਹੁੰਦੀ ਹੈ। ਵੋਟਾਂ ਦੇ ਦਿਨ ਇਨ੍ਹਾਂ ਲਈ ਕਿਸੇ ਉਤਸਵ ਤੋਂ ਘੱਟ ਨਹੀਂ ਹੁੰਦੇ। ਇਹ ਰਾਜਨੀਤਿਕ ਪਾਰਟੀਆਂ ਤੇ ਆਪਣੀ ਜਾਣ-ਪਛਾਣ ਵਾਲੇ ਮਜ਼ਬੂਰ ਵੋਟਰਾਂ ਵਿਚਕਾਰ ਦਲਾਲ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਆਜ਼ੜੀ ਭੇਡਾਂ ਨੂੰ ਕੰਟਰੋਲ 'ਚ ਰੱਖਣ ਲਈ ਉਨ੍ਹਾਂ 'ਚ ਕੁੱਤਾ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਇਨ੍ਹਾਂ ਨੂੰ ਚੌਧਰ ਦਾ ਲਾਇਸੰਸ ਦੇ ਦਿੰਦੀ ਹੈ ਤੇ ਪ੍ਰਧਾਨ ਜੀ ਵੋਟਾਂ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੀਆਂ 'ਭੇਡਾਂ' ਦਾ ਮੁੱਲ ਵੱਟ ਲੈਂਦੇ ਹਨ। ਅਕਸਰ ਹੀ ਦੇਖਣ 'ਚ ਆਉਂਦਾ ਹੈ ਕਿ ਵੋਟਾਂ ਦੇ ਦਿਨਾਂ 'ਚ ਮੁਫ਼ਤ ਦੀ ਘਟੀਆ ਸ਼ਰਾਬ ਜਿਆਦਾ ਮਿਕਦਾਰ 'ਚ ਪੀਣ ਨਾਲ ਇੱਕ ਜਾਂ ਦੋ ਮੌਤਾਂ ਹੋ ਜਾਂਦੀਆਂ ਹਨ। ਫਿਰ ਇਹ ਪੀੜਤ ਪਤਨੀ ਨੂੰ ਵਿਧਵਾ ਪੈਨਸ਼ਨ ਲਗਾਉਣ 'ਚ ਮੱਦਦ ਕਰਕੇ ਉਸ ਪਰਿਵਾਰ 'ਤੇ ਆਪਣੀ ਧੌਂਸ ਜਮਾਉਂਦੇ ਰਹਿੰਦੇ ਹਨ ਜੇ ਪਰਿਵਾਰ ਇਨ੍ਹਾਂ ਦਾ ਰੋਅਬ ਨਹੀਂ ਝੱਲਦਾ ਤਾਂ ਉਸਦੇ ਉਲਟ ਹੋ ਜਾਂਦੇ ਹਨ।ਇਹ ਜਨਾਬ ਲੱਤਾਂ ਤੋੜ ਕੇ ਫੋੜੀਆਂ ਵੰਡਣ ਨੂੰ ਹੀ ਪਰਮ ਸੇਵਾ ਸਮਝਦੇ ਹਨ।ਇਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੁੰਦੀ ਹੈ।
ਪਿੰਡ-ਪਿੰਡ ਤੁਹਾਨੂੰ ਘੜੰਮ-ਚੌਧਰੀਆਂ ਦੇ ਅਨੇਕਾਂ ਕਿੱਸੇ ਮਿਲ ਜਾਣਗੇ। ਇਕ ਪਿੰਡ ਜਦੋਂ ਇਕ ਘੜੰਮ-ਚੌਧਰੀ ਨੂੰ ਉਸ ਦੀ ਪਤਨੀ ਨੇ ਆਪਣੀ ਰਿਸ਼ਤੇਦਾਰੀ 'ਚੋਂ ਆਈ ਕੁੜ੍ਹੀ ਨਾਲ ਕੁਕਰਮ ਕਰਦੇ ਰੰਗੇ ਹੱਥੀ ਫੜ ਲਿਆ ਤਾਂ ਉਸ ਨੇ ਪਤਨੀ ਨੂੰ ਹੀ 'ਗੱਡੀ' ਚਾੜ੍ਹ ਦਿੱਤਾ।ਰਿਸ਼ਤੇਦਾਰਾਂ ਨੂੰ ਉਸ ਦੀ ਕਰਤੂਤ ਪਤਾ ਲੱਗਣ 'ਤੇ ਉਹ ਉਸ ਦੀ ਕੁੜ੍ਹੀ ਨੂੰ ਉਸਦੇ ਪ੍ਰਛਾਂਵੇ ਤੋਂ ਦੂਰ ਆਪਣੇ ਨਾਲ ਲੈ ਗਏ। ਅੱਜਕਲ ਇਹ ਘੜੰਮ ਚੌਧਰੀ ਗ਼ਰੀਬ ਲੋਕਾਂ ਦੀਆਂ ਧੀਆਂ ਨੂੰ ਸਰਕਾਰ ਤੋਂ ਸ਼ਗਨ ਸਕੀਮ ਦਾ ਲਾਭ ਦਿਵਾ ਕੇ ਔਰਤ ਜਾਤੀ ਦੀ ਭਲਾਈ ਕਰ ਰਿਹਾ ਹੈ! ਇਸੇ ਤਰ੍ਹਾਂ ਇਕ ਪਿੰਡ'ਚ ਸਮੱਸਿਆ ਨੂੰ ਸੁਲਝਾਉਣ ਲਈ ਪੰਚਾਇਤ ਜੁੜੀ ਹੋਈ ਸੀ। ਮਸਲਾ ਇਕ ਅਨਪੜ੍ਹ ਪਰਿਵਾਰ ਵੱਲੋਂ ਉੱਚੀ ਲਾਊਡ ਸਪੀਕਰ ਚਲਾ ਕੇ ਗੁਆਢੀ ਨੂੰ ਤੰਗ ਕਰਨਾ ਦਾ ਸੀ। ਕਿਸੇ ਦੇ ਬੋਲਣ ਤੋਂ ਪਹਿਲਾਂ ਇਕ ਘੜੰਮ-ਚੌਧਰੀ ਨੇ ਗੁਆਢੀ ਨੂੰ ਕੰਧਾਂ ਉੱਚੀਆਂ ਕਰਨ ਦਾ ਸੁਝਾਅ ਦੇ ਦਿੱਤਾ। ਉਸ ਦੀ ਗੱਲ ਸੁਣ ਕੇ ਸਰਪੰਚ ਨੇ ਥੋੜਾ ਖਿੱਝ ਕੇ ਰੌਅਬ ਭਰੇ ਅੰਦਾਜ਼ 'ਚ ਕਿਹਾ, ''ਯਾਰ ਚਿਉਂ ਛੱਤ ਰਹੀ ਏ, ਤੂੰ ਮੋਮਜਾਮਾ ਫ਼ਰਸ਼ 'ਤੇ ਪਾਉਣ ਨੂੰ ਫਿਰਦਾ !!''
ਘੜੰਮ-ਚੌਧਰੀ ਅਜਿਹੀ ਪ੍ਰਜਾਤੀ ਹੈ ਜੋ ਹਰੇਕ ਗਲੀ, ਮੁਹੱਲੇ, ਪਿੰਡ ਤੇ ਸ਼ਹਿਰ 'ਚ ਪਾਈ ਜਾਂਦੀ ਹੈ। ਕਿਸੇ ਪਿੰਡ ਜਾਂ ਮੁਹੱਲੇ ਵਿੱਚ ਜਿਸ ਅਨੁਪਾਤ ਵਿਚ ਘੜੰਮ-ਚੌਧਰੀ ਹੋਣਗੇ ਉਸ ਦੇ ਉਲਟ ਅਨੁਪਾਤ 'ਚ ਉਸ ਖੇਤਰ ਦਾ ਵਿਕਾਸ ਹੋਵੇਗਾ। ਭਾਵ ਜ਼ਿਆਦਾ ਘੜੰਮ-ਚੌਧਰੀ ਘੱਟ ਵਿਕਾਸ, ਘੱਟ ਘੜੰਮ-ਚੌਧਰੀ ਜ਼ਿਆਦਾ ਵਿਕਾਸ। ਇਹ ਲੇਖ ਪੜਦੇ-ਪੜਦੇ ਹੀ ਤੁਹਾਡੇ ਦਿਮਾਗ਼ ਵਿੱਚ ਅਜਿਹੇ ਘੜੰਮ-ਚੌਧਰੀਆਂ ਦੀ ਲਿਸਟ ਤਿਆਰ ਹੋਣ ਲੱਗ ਜਾਵੇਗੀ ਜਿਨ੍ਹਾਂ ਤੋਂ ਤੂਹਾਨੂੰ ਡਰਨ ਦੀ ਨਹੀਂ ਸਗੋਂ ਚੌਕਸ ਰਹਿਣ ਦੀ ਲੋੜ ਹੈ। ਕਿਉਂਕਿ ਘੜੰਮ-ਚੌਧਰੀ ਕਿਸੇ ਦਾ ਕੁੱਝ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਆਪਣੀ ਬੋਦੀ ਬੁੱਧੀ ਦੇ ਤਰਕਸ਼ ਚੋਂ ਤੀਰ ਚਲਾ ਕੇ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਤੁਹਾਡਾ ਕੀਮਤੀ ਸਮਾਂ ਨਸ਼ਟ ਕਰ ਸਕਦੇ ਹਨ । ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਤੋਂ ਗਿਆਰਾਂ ਫੁੱਟ ਦੀ ਦੂਰੀ ਬਣਾ ਕੇ ਰੱਖੋ। ਜੇਕਰ ਤੁਸੀ ਇਨ੍ਹਾਂ ਦੀ ਰੇਂਜ 'ਚ ਆ ਗਏ ਤਾਂ ਤੁਹਾਡੀ ਜ਼ਿੰਦਗੀ ਦਾ ਹਰਮੋਨੀਅਮ ਬੇਸੁਰਾ ਵੱਜਣ ਲੱਗ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਬਲੱਡ ਪ੍ਰੈਸਰ ਨਾਰਮਲ ਕਰਨ ਲਈ ਗੋਲੀਆ ਖਾਣੀਆ ਪੈਣ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108
ਪੰਜਾਬ ਦੀ ਹਰੇਕ ਸਮੱਸਿਆ ਦਾ ਹੱਲ ਹੈ 'ਪ੍ਰਭਾਵਸ਼ਾਲੀ ਸਿੱਖਿਆ' - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਪੰਜਾਬ ਦਾ ਅਤੀਤ ਜਿੰਨਾ ਚਮਕੀਲਾ ਅਤੇ ਗੋਰਵਮਈ ਹੈ, ਵਰਤਮਾਨ ਉਨ੍ਹਾਂ ਹੀ ਧੁੰਦਲਾ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਗਤੀ ਅਤੇ ਵਿਕਾਸ ਦੇ ਦੋ ਮੁੱਖ ਅਧਾਰ ਹੁੰਦੇ ਹਨ ਇੱਕ ਆਰਥਿਕ ਵਿਕਾਸ ਅਤੇ ਦੂਜਾ ਸਿੱਖਿਆ ਦਾ ਪ੍ਰਸਾਰ ਪੰਜਾਬ ਦੇ ਇਹ ਦੋਵੇ ਪੱਖ ਕਮਜ਼ੋਰ ਹਨ। 2011 ਦੀ ਜਨ-ਗਣਨਾ ਅਨੁਸਾਰ ਪੰਜਾਬ ਵਿੱਚ ਸਾਖਰਤਾ-ਦਰ 76.7% ਹੈ। ( ਇਸ ਵਿੱਚ ਸਿਰਫ਼ ਦਸਤਖ਼ਤ ਕਰਕੇ ਬਣੇ ਪੜ੍ਹੇ-ਲਿਖੇ ਅਨਪੜ੍ਹ ਵੀ ਸ਼ਾਮਲ ਹਨ! ) ਪ੍ਰਸਿੱਧ ਅਰਥਸ਼ਾਸਤਰੀ ਜੌਨ ਗੈਲਬ੍ਰਿਥ ਅਨੁਸਾਰ ਅਨਪੜ੍ਹ ਤੋਂ ਸਿਵਾ ਹੋਰ ਕੋਈ ਗ਼ਰੀਬ ਨਹੀਂ ਹੁੰਦਾ ਤੇ ਗ਼ਰੀਬ ਹੁੰਦਾ ਹੀ ਉਹ ਹੈ ਜੋ ਅਨਪੜ੍ਹ ਹੋਵੇ ਭਾਵ ਆਰਥਿਕ ਕੰਗਾਲੀ ਹੀ ਅਨਪੜ੍ਹਤਾ ਦਾ ਕਾਰਨ ਹੁੰਦੀ ਹੈ।ਇਹ ਇਕ ਸੱਚਾਈ ਹੈ ਕਿ ਭਾਰਤ ਅਨਪੜ੍ਹਤਾ ਦੇ ਕਾਰਨ ਹੀ ਅਵਿਕਸਤ ਦੇਸ਼ ਰਿਹਾ ਹੈ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਔਸਤ ਭਾਰਤੀ ਕੇਵਲ 2 ਤੋਂ 5 ਜਮਾਤਾਂ ਹੀ ਪਾਸ ਹੈ ਜੇ ਸਿੱਖਿਆ ਦੀ ਪ੍ਰਸਾਰ ਦੀ ਗਤੀ ਨੂੰ ਤੇਜ਼ ਨਹੀਂ ਕੀਤਾ ਜਾਂਦਾ ਤਾਂ 2050 ਤੱਕ ਅਸੀਂ ਸਿਰਫ਼ ਚਾਰ ਜਮਾਤਾਂ ਹੀ ਪਾਸ ਹੋ ਸਕਾਂਗੇ।
ਪੰਜਾਬ ਵਿੱਚ ਸਾਖਰਤਾ-ਦਰ ਘੱਟ ਹੀ ਨਹੀਂ ਸਗੋਂ ਇਸ ਦੇ ਲੋਕਾਂ ਦੀ ਪੜ੍ਹਾਈ ਦੀ ਮਾਤਰਾ ਅਤੇ ਗੁਣਵੱਤਾ ਵੀ ਨੀਵੀਂ ਹੈ।ਇਹ ਹੀ ਕਾਰਨ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਕੀਤੀ ਵਿੱਦਿਆ ਨੂੰ ਗੁਣਵੱਤਾ ਪੱਖੋ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਜਿਹੜੀ ਸਿੱਖਿਆ ਅਸੀਂ ਪ੍ਰਾਪਤ ਕਰ ਰਹੇ ਹਾਂ ਉਹ ਖੋਖਲੇਪਣ ਅਤੇ ਅਮਲ ਰਹਿਤ ਰੱਟਾ ਪ੍ਰਵਿਰਤੀ ਦਾ ਸ਼ਿਕਾਰ ਹੈ।ਵਰਤਮਾਨ ਸਿੱਖਿਆ ਪ੍ਰਣਾਲੀ ਦੀ ਨੀਤੀ ਵਿੱਚ ਆਦਮੀ ਨੂੰ ਇਨਸਾਨ ਬਣਾਉਣ ਦਾ ਮਨੋਰਥ ਸ਼ਾਮਿਲ ਹੀ ਨਹੀਂ। ਸਿੱਖਿਆ ਪ੍ਰਣਾਲੀ ਜਾਂ ਤਾਂ ਆਗਿਆ ਦੇਣਾ ਸਿਖਾਉਂਦੀ ਹੈ ਜਾਂ ਫਿਰ ਆਗਿਆ ਮੰਨਣਾ। ਇਹ ਇੱਕ ਤਰ੍ਹਾਂ ਦਾ ਫੌਜੀ ਜਾਂ ਪੁਲਸ ਪ੍ਰਬੰਧ ਹੈ ਜਿਹੜਾ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ, ਉਸਨੂੰ ਹਾਕਮ ਜਾਂ ਮਹਿਕੂਮ ਵਿੱਚ ਬਦਲ ਦਿੰਦਾ ਹੈ।72 ਸਾਲਾਂ ਬਾਅਦ ਵੀ ਅਸੀਂ ਆਪਣੇ ਵਿਦਿਆਰਥੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਨਹੀਂ ਕਰ ਸਕੇ। ਮੌਜੂਦਾ ਵਿੱਦਿਆ ਹੱਡ-ਮਾਸ ਦੇ ਪੁਤਲੇ ਵਿੱਚ ਸੰਵੇਦਨਾ ਭਰਨ ਦੀ ਥਾਂ ਉਸਨੂੰ ਕਠੋਰ ਅਤੇ ਸੁੰਨ ਬਣਾ ਰਹੀ ਹੈ। ਉਸਨੂੰ ਅਜਿਹੇ ਯੰਤਰ ਵਿੱਚ ਤਬਦੀਲ ਕਰ ਰਹੀ ਹੈ ਜੋ ਖਾਸ ਤਰ੍ਹਾਂ ਦੇ ਮਾਹੌਲ ਲਈ, ਖ਼ਾਸ ਤਰ੍ਹਾਂ ਦੇ ਕੰਮ ਲਈ, ਖ਼ਾਸ ਤਰ੍ਹਾਂ ਦੇ ਮਾਲਕ ਇਸ਼ਾਰੇ 'ਤੇ ਚੱਲਣ ਲਈ ਬਣਿਆ ਹੈ।ਅਮਲ ਵਿਹੁਣੀ ਦਿਮਾਗ਼ੀ ਕਸਰਤ, ਸਿਰਜਣਾਤਮਕ ਮਨੁੱਖ ਪੈਦਾ ਨਹੀਂ ਕਰ ਸਕਦੀ।
'' ਪੜ੍ਹ ਪੜ੍ਹ ਕਿਤਾਬਾਂ ਦੇ ਢੇਰ ਕੁੜ੍ਹੇ
ਤੇਰਾ ਵੱਧਦਾ ਜਾਏ ਹਨ੍ਹੇਰ ਕੁੜ੍ਹੇ ''
ਸਾਡੇ ਵਿੱਦਿਅਕ ਅਦਾਰੇ ਸਿਧਾਂਤ ਤਾਂ ਪੜ੍ਹਾਉਂਦੇ ਹਨ ਪਰ ਇਨ੍ਹਾਂ ਸਿਧਾਂਤਾਂ ਦਾ ਸਰੋਤ ਅਤੇ ਪ੍ਰਯੋਗ ਨਾਮਾਤਰ ਹੈ। ਗਿਆਨ ਸਬੰਧੀ ਮਾਰਕਸਵਾਦੀ ਸਿਧਾਂਤ ਦੱਸਦਾ ਹੈ ਕਿ ਕਿਸੇ ਵੀ ਸਿਧਾਂਤ ਦਾ ਸਰੋਤ ਪ੍ਰਯੋਗ ਹੈ ਭਾਵ ਅਮਲੀ ਸਰਗਰਮੀ ਹੈ। ਸਿਧਾਂਤ ਅਤੇ ਪ੍ਰਯੋਗ ਇਕ ਦੂਜੇ ਦੇ ਪੂਰਕ ਹਨ। ਇਸੇ ਕਰਕੇ ਲੈਨਿਨ ਨੇ ਕਿਹਾ ਹੈ ਕਿ ਸਿਧਾਂਤ ਪ੍ਰਯੋਗ ਤੋਂ ਬਗੈਰ ਅਰਥਹੀਣ ਹੈ ਅਤੇ ਪ੍ਰਯੋਗ ਸਿਧਾਂਤ ਬਗੈਰ ਅੰਨ੍ਹਾ ਹੈ। ਫਿਰ ਵੀ ਪ੍ਰਯੋਗ ਦਾ ਸਥਾਨ ਉੱਪਰ ਰੱਖਿਆ ਗਿਆ ਹੈ। ਮੰਨ ਲਓ ਕਿਸੇ ਵਿਆਕਤੀ ਨੂੰ ਆਰਕੀਮੀਡੀਜ਼ ਦਾ ਪਤਾ ਹੈ, ਪਰ ਤੈਰਨਾ ਨਹੀਂ ਆਉਂਦਾ ਤੇ ਦੂਜੇ ਨੂੰ ਤੈਰਨਾ ਆਉਂਦਾ ਹੈ ਪਰ ਸਿਧਾਂਤ ਨਹੀਂ ਆਉਂਦਾ ਤਾਂ ਤੁਸੀਂ ਕਿਸ ਨੂੰ ਉਪਰ ਰੱਖੋਗੇ? ਨਿਸ਼ਚਿਤ ਤੌਰ ਤੇ ਜਿਸ ਨੂੰ ਤੈਰਨਾ ਆਉਂਦਾ ਹੈ। ਜੇ ਸਾਡੇ ਕੋਲ ਬਹੁਤ ਵਧੀਆ ਸਿਧਾਂਤ ਹੈ ਪਰ ਅਸੀਂ ਉਸ ਨੂੰ ਵਰਤੋਂ 'ਚ ਨਹੀਂ ਲਿਆਉਂਦੇ ਤਾਂ ਉਸ ਦੀ ਕੋਈ ਮਹੱਤਤਾ ਨਹੀਂ ਹੋਵੇਗੀ। ਸਾਡੀ ਸਿੱਖਿਆ ਪ੍ਰਣਾਲੀ ਵੀ ਇਸੇ ਗੰਭੀਰ ਰੋਗ ਦਾ ਸ਼ਿਕਾਰ ਹੈ। ਪੜ੍ਹਾਈ ਸਿਰਫ਼ 'ਅੰਕਾਂ ਦੀ ਖੇਡ' ਹੀ ਬਣ ਕੇ ਰਹਿ ਗਈ ਹੈ। ਇਹ ਅੰਕ ਜਿਵੇਂ ਮਰਜ਼ੀ ਪ੍ਰਾਪਤ ਕੀਤੇ ਹੋਣ! ਪਰੰਪਰਿਕ ਸਿੱਖਿਆ ਗਰੇਜੂਏਸ਼ਨ ਤੱਕ ਕਿਸੇ ਵਿਸ਼ੇਸ਼ ਪ੍ਰਕਾਰ ਦੀ ਸਕਿੱਲ ਪ੍ਰਦਾਨ ਕਰਨ ਵੱਲ ਕੋਈ ਪਹਿਲ ਕਦਮੀ ਨਹੀਂ ਕਰਦੀ। ਇਸ ਕਾਰਨ ਸਾਡੇ ਹਜ਼ਾਰਾਂ ਗਰੈਜੂਏਟ ਜਾਂ ਪੋਸਟ ਗਰੈਜੂਏਟ ਨੌਜਵਾਨ ਮਜ਼ਦੂਰੀ ਕਰਨ ਲਈ ਜਾਂ ਆਪਣੇ ਪੱਧਰ ਤੋਂ ਨੀਵਾਂ ਕੰਮ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ ਜਾਂ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੜ ਰਹੇ ਹਨ। ਪੰਜਾਬ 'ਚ ਧੜਾ-ਧੜ ਅਜਿਹੇ ਡਿਗਰੀ ਅਤੇ ਐਜੂਕੇਸ਼ਨ ਕਾਲਜ ਖੁੱਲ ਰਹੇ ਹਨ ਜੋ ਵਿਦਿਆਰਥੀਆਂ ਨੂੰ ਗਾਹਕ ਦੇ ਰੂਪ 'ਚ ਦੇਖਦੇ ਹਨ। ਮਨੁੱਖ ਕੀ ਹੈ? ਉਸਦੇ ਜੀਵਨ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ। ਉਸ ਵਿੱਚ ਸਮਾਜਿਕ ਕਦਰਾਂ-ਕੀਮਤਾਂ ਕਿਵੇਂ ਪ੍ਰਫੁੱਲਤ ਕੀਤੀਆਂ ਜਾ ਸਕਦੀਆ ਹਨ, ਇਸ ਨਾਲ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਦਾ ਬਿਆਨ ਅਤੇ ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਆਪਣੀ ਘਰੇਲੂ ਆਮਦਨ ਦਾ 3% ਹਿੱਸਾ ਸਿੱਖਿਆ ਨੂੰ ਦਿੰਦਾ ਹੈ। ਸਿੱਖਿਆ ਬਜ਼ਟ ਦਾ 98.5% ਭਾਗ ਅਧਿਆਪਕਾਂ ਦੀਆਂ ਤਨਖ਼ਾਹਾਂ 'ਤੇ ਖ਼ਰਚ ਹੋ ਜਾਂਦਾ ਹੈ। ਭਲਾਂ 1.5% ਬਜਟ ਨਾਲ ਸਿੱਖਿਆ ਸੰਸਥਾਵਾਂ ਦੀਆਂ ਬੁਨਿਆਦੀ ਸਹੂਲਤਾਂ ਕਿਵੇਂ ਪੂਰੀਆ ਕੀਤੀਆ ਜਾ ਸਕਦੀਆਂ ਹਨ? ਸਿੱਖਿਆ ਦੀ ਗੁਣਵੱਤਾ ਦਾ ਅਧਾਰ ਗੁਣਵਾਨ ਅਧਿਆਪਕ ਹੁੰਦੇ ਹਨ। ਸਾਡੇ ਕੋਲ ਗੁਣਵਾਨ ਅਤੇ ਸਮਰਪਿਤ ਅਧਿਆਪਕ ਘੱਟ ਹਨ। ਦੁੱਖਦਾਇਕ ਗੱਲ ਇਹ ਹੈ ਕਿ ਜਿੱਥੇ ਸਕੂਲ ਵੀ ਹਨ ਤੇ ਉਸਤਾਦ ਵੀ ਉੱਥੇ ਵੀ ਸਿੱਖਿਆ ਦੇ ਨਿਘਾਰ ਦਾ ਇਹ ਹਾਲ ਹੈ ਕਿ ਪੰਜਵੀਂ ਦੀ ਪੜ੍ਹਾਈ ਦੇ ਬਾਅਦ ਵੀ ਬੱਚਿਆਂ ਦੀ ਬਹੁਗਿਣਤੀ ਗੁਰਮੁਖੀ ਅੱਖਰਾਂ ਵਿੱਚ ਆਪਣੀ ਮਾਂ-ਬੋਲੀ ਪੰਜਾਬੀ ਠੀਕ ਤਰਾਂ ਨਹੀਂ ਲਿਖ ਸਕਦੀ ਹਾਲਾ ਕਿ ਪੰਜਾਬੀ ਭਾਸ਼ਾ ਤਾਂ ਸਾਰੇ ਬੱਚੇ ਪਹਿਲਾਂ ਹੀ ਜਾਣਦੇ ਹੁੰਦੇ ਹਨ, ਕੇਵਲ 35 ਅੱਖਰ ਤੇ ਕੁੱਝ ਲਗਾਮਾਤਰਾਂ ਹੀ ਸਿਖਣੀਆ ਹੁੰਦੀਆਂ ਹਨ! ਐਨ.ਸੀ.ਈ.ਆਰ.ਟੀ ਦੇ ਅਧਿਐਨ ਮੁਤਾਬਕ ਪਰੀਖਿਆ ਵਿਚ 50% ਬੱਚੇ ਅੱਧਾ ਪਰਚਾ ਵੀ ਹੱਲ ਨਹੀਂ ਕਰਦੇ !!
ਪੰਜਾਬ ਵਿੱਚ ਹਮੇਸ਼ਾ ਹੀ ਠੋਸ ਵਿੱਦਿਅਕ ਨੀਤੀ ਦੀ ਕਮੀ ਰਹੀ ਹੈ। 1813 ਤੋਂ ਲੈ ਕੇ 1952-53 ਤੱਕ ਸਕੂਲੀ ਸਿੱਖਿਆ ਕੇਵਲ 10 ਸਾਲ ਦਾ ਹੀ ਪੜਾਅ ਰਿਹਾ ਫਿਰ 1986 ਤੱਕ ਮੁਦਾਲੀਆਰ ਸੈਕੰਡਰੀ ਸਿੱਖਿਆ ਕਮਿਸ਼ਨ ਦੇ ਸੁਝਾਅ ਅਨੁਸਾਰ 11 ਸਾਲ ਤੱਕ। ਪਰ ਇਹ ਤਜਰਬਾ ਵੀ ਫ਼ੇਲ ਰਿਹਾ ਤੇ 1986 ਵਿੱਚ 10, +2, +3 ਵਾਲਾ ਢਾਂਚਾ ਸਾਰੇ ਦੇਸ 'ਚ ਲਾਗੂ ਹੋ ਗਿਆ।ਪਿਛਲੇ ਕੁੱਝ ਸਾਲਾਂ ਤੋਂ ਵਿਸ਼ਵੀਕਰਨ, ਨਿੱਜੀਕਰਨ ਅਤੇ ਬਾਜ਼ਾਰੀਕਰਨ ਦੇ ਪ੍ਰਭਾਵ ਹੇਠ ਸਾਡੀਆਂ ਯੂਨੀਵਰਸਿਟੀਆਂ, ਕਾਲਜਾ ਤੇ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਨਿੱਜੀ ਯੂਨੀਵਰਸਿਟੀਆਂ ਅਤੇ ਸਿੱਖਿਆ ਮਾਅਲਜ਼ ਜਿਹੇ ਅਦਾਰੇ, ਇੱਥੋ ਤੱਕ ਕੇ ਨਿੱਕੇ-ਨਿੱਕੇ ਪ੍ਰਾਇਮਰੀ ਸਕੂਲਾਂ ਵੱਲੋਂ ਵੀ 'ਟੀਚਿੰਗ ਸ਼ੌਪਸ' 'ਫ਼ੈਸ਼ਨ ਸ਼ੋਅ' 'ਮਾਡਲਿੰਗ' ਸਮੇਤ ਨਵੇਂ ਸ਼ੈਸਨ ਸ਼ੁਰੂ ਹੋਣ ਸਮੇਂ ਤਰ੍ਹਾਂ-ਤਰ੍ਹਾਂ ਦੇ ਸਲਾਨਾ ਸਮਾਗਮ 'ਤੇ ਕਈ ਕਿਸਮ ਦੇ ਦਿਹਾੜੇ ਮਨਾਏ ਜਾਂਦੇ ਹਨ।ਇੰਨਾ ਦਾ ਮੁੱਖ ਮੰਤਵ ਗਾਹਕਾਂ ਨੂੰ ਆਕਰਸ਼ਿਤ ਕਰਨਾ ਹੀ ਹੁੰਦਾ ਹੈ ਕਿਉਂਕਿ ਅਜਿਹੇ ਸਮਾਗਮਾਂ ਵਿੱਚ ਉਸ ਸਿੱਖਿਆ,ਅਧਿਆਪਕਾਂ ਅਤੇ ਬੱਚਿਆਂ ਦੀ ਕੋਈ ਗੱਲ ਨਹੀਂ ਹੁੰਦੀ, ਜੋ ਸਿੱਖਿਆ ਦਾ ਮੂਲ ਉਦੇਸ਼ ਹੈ। ਲੱਗਭਗ ਤਿੰਨ ਦਹਾਕੇ ਪਹਿਲਾ ਮੇਰੇ ਜਾਣਕਾਰ ਇੱਕ ਸੰਤ ਨੇ ਸਿੱਖਿਆ ਮੰਤਰੀ ਕੋਲ ਇਕ ਲੜਕੇ ਦੀ ਨੌਕਰੀ ਵਾਸਤੇ ਸਿਫ਼ਾਰਿਸ਼ ਕੀਤੀ। ਪਰ ਨੌਕਰੀ ਨਾ ਮਿਲਣ ਕਾਰਨ ਉਹ ਲੜਕਾ ਨਿਰਾਸ਼ ਹੋ ਕੇ ਫਿਰ ਸੰਤ ਕੋਲ ਜਾ ਕੇ ਰੁਜ਼ਗਾਰ ਲਈ ਬੇਨਤੀ ਕਰਨ ਲੱਗਾ। ਸੰਤ ਨੇ ਗੁਸੇ ਵਿੱਚ ਆ ਕੇ ਮੰਤਰੀ ਨੂੰ ਫ਼ੋਨ ਕੀਤਾ ਤੇ ਨੌਜਵਾਨ ਨੂੰ ਨੌਕਰੀ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਮੰਤਰੀ ਜੀ ਕਹਿਣ ਲੱਗੇ, ''ਇਹ ਲੜਕਾ ਤਾਂ ਧੱਕੇ ਦਾ ਅਰਥ ਵੀ ਨਹੀਂ ਦੱਸ ਸਕਿਆ ਮਹਾਰਾਜ, ਇਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਧੱਕਾ ਕੀ ਹੁੰਦਾ ਹੈ''। ਇਹ ਸੁਣ ਕੇ ਸੰਤ ਗੁੱਸੇ 'ਚ ਬੋਲੇ, 'ਜਦੋਂ ਕੋਈ ਅਨਪੜ੍ਹ ਮੰਤਰੀ ਬੀ.ਏ., ਬੀ.ਐਡ. ਪਾਸ ਲੜਕੇ ਨੂੰ ਬੇਤੁਕੇ ਸਵਾਲ ਪੁੱਛੇ, ਇਹ ਹੁੰਦਾ ਹੈ ਧੱਕਾ! ਅਜਿਹਾ ਧੱਕਾ ਪੰਜਾਬ ਵਿੱਚ ਅੱਜ ਵੀ ਹੋ ਰਿਹਾ ਹੈ!! ਨਵਾਂ ਸਾਲ ਚੜਦਿਆ ਹੀ ਸਿੱਖਿਆ ਮੰਤਰੀ ਨੇ ਤਾਂ ਸਰਕਾਰੀ ਸਕੂਲਾਂ ਦੀ ਢਾਬਿਆਂ ਤੇ 'ਕੁੱਝ ਸਕੂਲਾਂ' ਦੀ ਫਾਈਵ ਸਟਾਰ ਹੋਟਲਾਂ ਨਾਲ ਤੁਲਨਾ ਕਰਕੇ ਆਪਣੇ ਗਿਆਨ ਦੀ ਮੁਨਿਆਦੀ ਕਰ ਦਿੱਤੀ। ਸਿੱਖਿਆ ਸੰਕਟ ਦੇ ਮੌਜੂਦਾ ਹਾਲਾਤ ਦੇ ਮੰਦੇਨਜ਼ਰ ਇੱਕ ਵਾਰ ਤਾਂ ਸਥਿਤੀ ਪੰਜਾਬੀ ਦੇ ਅਖਾਣ 'ਅੰਨੀ ਨੂੰ ਬੋਲਾ ਘੜੀਸੀ ਫਿਰਦਾ' ਵਾਲੀ ਬਣੀ ਹੋਈ ਹੈ।
ਕੁੱਝ ਸਾਲ ਪਹਿਲਾਂ ਮੈਨੂੰ ਬਤੌਰ ਇਗਜ਼ੈਮੀਨਰ ਇੱਕ ਪ੍ਰਾਇਵੇਟ ਐਜੂਕੇਸ਼ਨ ਕਾਲਜ ਵਿਚ ਸਲਾਨਾ ਪ੍ਰੀਖਿਆ ਸਮੇਂ ਬੀ.ਐਡ. ਕਰ ਰਹੇ ਵਿਦਿਆਰਥੀਆਂ ਦਾ ਅੰਗਰੇਜ਼ੀ ਦੇ ਵਿਸ਼ੇ ਦਾ ਵਾਈਵਾ ਲੈਣ ਦਾ ਮੌਕਾ ਮਿਲਿਆ।ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਲਿਸਟਾਂ ਤਿਆਰ ਕੀਤੀਆਂ। ਦੂਜੇ ਦਿਨ ਜਦੋਂ ਮੈ ਪ੍ਰਿੰਸੀਪਲ ਦੇ ਦਫ਼ਤਰ ਗਿਆ ਤਾਂ ਮੈਨੂੰ ਟੇਬਲ 'ਤੇ ਪਈਆਂ ਲਿਸਟਾਂ ਦੇਖ ਕੇ ਬਹੁਤ ਹੈਰਾਨੀ ਹੋਈ। ਨਵੀਆਂ ਲਿਸਟਾਂ ਵਿੱਚ ਅੰਕ ਵਧਾਏ ਹੋਏ ਸਨ ਤੇ ਕਿਸੇ ਵੀ ਵਿਦਿਆਰਥੀ ਦੇ ਅੰਕ 90 ਤੋਂ ਘੱਟ ਨਹੀਂ ਸਨ। ਵਿਚਲੀ ਗੱਲ ਇਹ ਸੀ ਕਿ ਯੂਨੀਵਰਸਿਟੀ ਤੋਂ ਆਈ ਡਾਕਟਰ ਮੈਡਮ ਇੱਕ ਦਿਨ ਵਿਚ ਹੀ ਕਈ ਲੱਖ ਕਮਾ ਗਈ ਸੀ। ਉਸ ਸਮੇਂ ਮੇਰੇ ਦਿਮਾਗ਼ ਵਿੱਚ ਆਇਆ ਕਿ ਜੇ ਸੋਨੇ ਨੂੰ ਹੀ ਜੰਗ ਲੱਗ ਜਾਵੇ ਤਾਂ ਲੋਹੇ ਦਾ ਕੀ ਬਣੂ? ਇਹ ਹੈ ਸਾਡਾ ਸਿੱਖਿਆ ਤੰਤਰ!
ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਬੜੀ ਸੰਜੀਦਗੀ ਨਾਲ ਪ੍ਰਸ਼ਾਸਨਿਕ ਤਬਦੀਲੀਆਂ ਕਰਨ ਬਾਰੇ ਸੋਚਣਾ ਪਵੇਗਾ। ਟਾਲਸਟਾਏ ਨੇ ਕਿਹਾ ਸੀ ਕਿ ਸਰਕਾਰ ਦੀ ਤਾਕਤ ਲੋਕਾਂ ਦੀ ਅਗਿਆਨਤਾ ਵਿੱਚ ਹੈ ਤੇ ਸਰਕਾਰ ਇਹ ਗੱਲ ਭਲੀ-ਭਾਂਤ ਜਾਣਦੀ ਹੈ। ਜੇ ਸਰਕਾਰ ਲੋਕਾਂ ਨੂੰ ਗਿਆਨ ਦੀ ਰੌਸ਼ਨੀ ਵੰਡਣ ਦੇ ਨਾਂ 'ਤੇ ਲੋਕਾਂ ਨੂੰ ਹਨੇਰੇ ਦੇ ਸਮੁੰਦਰ ਵਿੱਚ ਧੱਕੀ ਜਾਵੇ ਤਾਂ ਕੀ ਅਸੀ ਹੱਥ 'ਤੇ ਹੱਥ ਧਰ ਕੇ ਇਹ ਤਮਾਸ਼ਾ ਦੇਖਦੇ ਰਹਾਂਗੇ? ਸਭਿਅਕ ਜੀਵਨ ਦਾ ਆਧਾਰ ਸਿੱਖਿਆ ਹੈ। ਦੇਸ਼ ਵਾਸੀਆਂ ਦਾ ਭਵਿੱਖ ਵੀ ਸਿੱਖਿਆ ਨਾਲ ਹੀ ਜੁੜਿਆ ਹੋਇਆ ਹੈ।ਇਸ ਲਈ ਪੰਜਾਬ ਦੀ ਹਰ ਪੱਧਰ ਦੀ ਵਿੱਦਿਆ ਤੇ ਵਿੱਦਿਅਕ ਢਾਂਚੇ 'ਤੇ ਨਜ਼ਰਸਾਨੀ ਕਰਕੇ ਇਸਦਾ ਯੋਜਨਾ-ਬੱਧ ਤੇ ਸਮਾਂ-ਬੱਧ ਤਰਤੀਬ ਨਾਲ ਪੁਨਰ ਗਠਨ ਕਰਨ ਦੀ ਲੋੜ ਹੈ। ਜਿਸ ਵਿੱਚ ਸਕੂਲ, ਕਾਲਜ ਤੇ ਯੂਨੀਵਰਸਿਟੀ ਪੱਧਰ ਦੀ ਵਿੱਦਿਆ ਦਾ ਸਜੋੜ ਹੋਵੇ ਅਤੇ ਇਹ ਢਾਂਚਾ ਵਕਤ ਦੀਆਂ ਜ਼ਰੂਰਤਾਂ ਅਨੁਸਾਰ ਬਦਲਣ ਦੀ ਸਮਰੱਥਾ ਰੱਖਦਾ ਹੋਵੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ ਨੂੰ ਭੂਗੋਲਿਕ, ਇਤਿਹਾਸਿਕ, ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਿਕ ਕੌਮੀ ਤੇ ਕੌਮਾਂਤਰੀ ਸਥਿਤੀਆਂ ਤੇ ਪ੍ਰਸਥਿਤੀਆਂ ਦੇ ਸਮੁੱਚੇ ਪ੍ਰਭਾਵ ਨਾਲ ਸਹੀ ਸਿੱਖਿਆ ਨੀਤੀ ਘੜੇ। ਸਿੱਖਿਆ ਤੰਤਰ ਨੂੰ ਸੁਧਾਰਨ ਲਈ ਸਿੱਖਿਆ ਸ਼ਾਸਤਰੀ ਨੂੰ ਜਿੰਮੇਵਾਰੀ ਦੇਣੀ ਚਾਹੀਦੀ ਹੈ ਨਾ ਕਿ ਸਿਆਸੀ ਪਹੁੰਚ ਵਾਲੇ ਵਿਅਕਤੀਆਂ ਨੂੰ।
ਵਿੱਦਿਅਕ ਪ੍ਰਣਾਲੀ ਦੇ ਸੁਧਾਰ ਲਈ ਕੁੱਝ ਅਹਿਮ ਨੁਕਤੇ ਪੇਸ਼ ਹਨ।
1. ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕ ਘੱਟ ਹਨ ਤੇ ਜਿਹੜੇ ਹਨ ਉਨ੍ਹਾਂ ਨੂੰ 50 ਤੋਂ 60 ਦਿਨ ਸਕੂਲ ਤੋਂ ਬਾਹਰ ਨੋਨ-ਟੀਚਿੰਗ ਡਿਊਟੀਆਂ ਨਿਭਾਉਣੀਆਂ ਪੈਂਦੀਆਂ ਹਨ। ਸਕੂਲੀ ਪੱਧਰ ਦੀ ਸਿੱਖਿਆ ਦਾ ਸਲੇਬਸ ਇਹ ਮੰਨ ਕੇ ਤਿਆਰ ਕੀਤਾ ਗਿਆ ਸੀ ਕਿ ਸਕੂਲ 250 ਤੋਂ 260 ਦਿਨ ਲੱਗਣਗੇ ਤੇ ਹਰ ਜਮਾਤ ਲਈ ਅਲੱਗ ਟੀਚਰ ਤੇ ਅਲੱਗ ਕਮਰਾ ਹੋਵੇਗਾ।ਪਰ ਸਥਿਤੀ ਬਿਲਕੁਲ ਉਲਟ ਹੈ ਜਿਸਦਾ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਗੁਣਵਾਨ ਅਧਿਆਪਕ ਭਰਤੀ ਕਰਕੇ ਉਨ੍ਹਾਂ ਦੀ ਜਿੰਮੇਵਾਰੀ ਤਹਿ ਕਰੇ। ਚੰਗੇ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ ਸਨਮਾਨ ਚਿੰਨ੍ਹ ਦੇਣੇ ਚਾਹੀਦੇ ਹਨ। ਜਦੋਂ ਕਿ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਚਾਹੀਦਾ ਹੈ। ਵਿੱਦਿਆ ਖੇਤਰ 'ਚ ਤਾਂ ਹਰ ਰੋਜ਼ ਤਬਦੀਲੀਆਂ ਤੇ ਖੋਜਾਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਣ ਲਈ ਜ਼ਰੂਰੀ ਹੈ ਕਿ ਸਾਲ ਵਿੱਚ ਇੱਕ ਜਾਂ ਦੋ ਵਾਰ ਕੁੱਝ ਦਿਨਾਂ ਲਈ 'ਰਿਫ੍ਰੈਸਰ-ਕੋਰਸ' ਕਰਾਏ ਜਾਣ। ਨਵੀਂ ਜਾਣਕਾਰੀ ਨਾਲ ਜਿੱਥੇ ਅਧਿਆਪਕ ਤਰੋ-ਤਾਜ਼ਾ ਮਹਿਸੂਸ ਕਰਨਗੇ ਉੱਥੇ ਵਿਦਿਆਰਥੀ ਵੀ ਵਧੇਰੇ ਰੁਚੀ ਨਾਲ ਅਧਿਆਪਕ ਦੀ ਗੱਲ ਸੁਣਨਗੇ।
2. ਆਪਣੀ ਜ਼ਿੰਦਗੀ ਦੇ ਪੰਦਰਾਂ-ਸਤਾਰਾਂ ਸਾਲ ਸਕੂਲਾਂ-ਕਾਲਜਾਂ ਨੂੰ ਦੇਣ ਮਗਰੋਂ ਵਿਦਿਆਰਥੀ ਰੋਟੀ ਕਮਾਉਣ ਤੋਂ ਵੀ ਅਸਮਰੱਥ ਜਾਪਦਾ ਹੈ ਰੁਜ਼ਗਾਰ ਦੀ ਘਾਟ ਕਾਰਨ ਸਥਿਤੀ ਬਹੁਤ ਹੀ ਤਰਸਯੋਗ ਹੋ ਜਾਂਦੀ ਹੈ। ਇਸ ਦੁਖਾਂਤ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਆਇਲੈਟਸ ਪਾਸ ਕਰਕੇ ਵਿਦੇਸ਼ 'ਚ ਪੜਾਈ ਕਰਨ ਨੂੰ ਤਰਜੀਹ ਦੇ ਰਹੇ ਹਨ। 'ਬਰੇਨ ਡਰੇਨ' ਦਿਨੋ-ਦਿਨ ਵੱਧ ਰਿਹਾ ਹੈ। ਇਸ ਰੁਝਾਨ ਨੂੰ ਠੱਲ ਪਾਉਣ ਲਈ ਵਿਦਿਆਰਥੀਆਂ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਕਿੱਤਾ ਮੁੱਖੀ ਸਿੱਖਿਆ 'ਤੇ ਜ਼ੋਰ ਦੇਣਾ ਚਾਹੀਦਾ ਹੈ।
3. ਇੰਟਰਨੈੱਟ ਦੀ ਸਹੂਲਤ ਕਾਰਨ ਹੁਣ ਅਸੀਂ ਵਿਸ਼ਵ-ਪਿੰਡ ਦੇ ਨਾਗਰਿਕ ਹਾਂ। ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਵਿੱਦਿਆ ਦੇ ਮਿਆਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿੱਦਿਅਕ ਬਜਟ ਵਧਾਉਣ ਦੀ ਜ਼ਰੂਰਤ ਹੈ ਪਰ ਪੰਜਾਬ ਸਰਕਾਰ ਤਾਂ ਲਗਾਤਾਰ ਖ਼ਜ਼ਾਨਾ ਖਾਲੀ ਹੋਣ ਦਾ ਰਾਗ ਅਲਾਪ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਨਿੱਜੀ ਖੇਤਰ ਨੂੰ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਖੋਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਰ ਪੜ੍ਹਾਈ ਦੀ ਗੁਣਵੱਤਾ ਅਤੇ ਫ਼ੀਸਾਂ ਦੇ ਵਾਧੇ 'ਤੇ ਸਮਝੌਤਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਪ੍ਰਾਈਵੇਟ ਯੁਨੀਵਰਸੀਟੀਆਂ ਨੂੰ ਸ਼ਹਿਰਸ਼ਹਿਰ ਆਪਣੀਆਂ ਵਿੱਦਿਅਕ ਦੁਕਾਨਾਂ ਖੋਲਣ ਦਾ ਅਧਿਕਾਰ ਦੇਣਾ ਚਾਹੀਦਾ ਹੈ।
4. ਮੌਜੂਦਾ ਦੌਰ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਸਾਨੂੰ ਪਾਠ ਪੁਸਤਕਾਂ ਦਾ ਸਿਲੇਬਸ ਅਤੇ ਪੜ੍ਹਾਈ ਦਾ ਮੰਤਵ ਨਵੇਂ ਸਿਰੇ ਤੋਂ ਨਿਰਧਾਰਤ ਕਰਨ ਦੀ ਲੋੜ ਹੈ। ਵਿਦਿਆਰਥੀਆਂ ਦੀ ਯੋਗਤਾ ਆਂਕਣ ਦੇ ਪੈਮਾਨੇ ਬਦਲਣ ਦੀ ਲੋੜ ਹੈ। ਮਹਿਜ਼ ਤਿੰਨ ਘੰਟਿਆ ਵਿੱਚ ਹੀ ਵਿਦਿਆਰਥੀਆਂ ਦੀ ਸਾਲ ਭਰ ਦੀ ਯੋਗਤਾ ਚੈੱਕ ਕਰ ਲਈ ਜਾਂਦੀ ਹੈ। ਜੋ ਕਿ ਸਰਾਸਰ ਗ਼ਲਤ ਹੈ ਕਿਉਂਕਿ ਵਿਦਿਆਰਥੀ ਰੋਬੋਟ ਨਹੀਂ ਸਗੋਂ ਹੱਡ ਮਾਸ ਦਾ ਬਣਿਆ ਮਨੁੱਖ ਹੈ, ਪ੍ਰੀਖਿਆ ਦੇ ਦਿਨਾਂ ਵਿੱਚ ਉਹ ਬਿਮਾਰ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਦੀ ਹੋਰ ਵੱਡੀ ਘਾਟ ਮੈਨੂੰ ਨਜ਼ਰ ਆਉਂਦੀ ਹੈ ਕਿ ਵਿਦਿਆਰਥੀ ਨੂੰ ਪੜ੍ਹਾ ਹੋਰ ਅਧਿਆਪਕ ਰਿਹਾ ਹੈ ਜਦੋਂ ਕਿ ਉਸ ਦੀ ਯੋਗਤਾ ਦਾ ਮੁਲਾਂਕਣ ਕੋਈ ਦੂਜਾ ਹੋਰ ਅਧਿਆਪਕ ਕਰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਸਾਰਾ ਸਾਲ ਵਿਦਿਆਰਥੀ ਨੂੰ ਪੜ੍ਹਾਉਣ ਵਾਲਾ ਅਧਿਆਪਕ ਆਪਣੇ ਵਿਦਿਆਰਥੀ ਦੀ ਰੁਚੀ, ਰੁਝਾਨ ਅਤੇ ਕਾਬਲੀਅਤ ਦੇਖ ਕੇ ਵਿਦਿਆਰਥੀ ਦੀ ਯੋਗਤਾ ਦਾ ਮੁਲਾਂਕਣ ਕਰੇ ਤੇ ਉਸ ਨੂੰ ਸਹੀ ਦਿਸ਼ਾ ਪ੍ਰਦਾਨ ਕਰੇ।
5. ਭਾਰਤ ਦੀਆਂ ਪ੍ਰਾਚੀਨ ਸਿੱਖਿਆ ਸੰਸਥਾਵਾਂ ਨਾਲੰਦਾ ਅਤੇ ਟੈਕਸਲਾ ਯੂਨੀਵਰਸਿਟੀਆਂ 'ਚ ਨੈਤਿਕ ਸਿੱਖਿਆ ਨੂੰ ਅਹਿਮ ਸਥਾਨ ਦਿੱਤਾ ਜਾਂਦਾ ਸੀ ਜਿਸ ਦੀ ਬਦੌਲਤ ਭਾਰਤ ਮਹਾਨ ਸੀ। ਲਾਰਡ ਮੈਕਾਲੇ ਦੀ ਵਿੱਦਿਅਕ ਨੀਤੀ 'ਚ ਨੈਤਿਕ ਸਿੱਖਿਆ ਦਾ ਸੰਕਲਪ ਖ਼ਤਮ ਕਰ ਦਿੱਤਾ ਗਿਆ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਾਡੀਆਂ ਯੂਨੀਵਰਸਿਟੀਆਂ 'ਚੋਂ ਆਦਰਸ਼ ਨਾਗਰਿਕਾਂ ਦੀ ਥਾਂ ਭਾਵਨਾਵਾਂ ਤੋਂ ਸੱਖਣੇ ਰੋਬਟਾਂ ਵਰਗੇ ਮਨੁੱਖ ਨਿਕਲਣ ਲੱਗੇ।ਜਿੰਨਾ ਮਨੁੱਖ ਵੱਧ ਪੜ੍ਹਿਆ ਹੋਇਆ ਓਨਾ ਹੀ ਵੱਧ ਵਿਗੜਿਆ ਸਾਬਿਤ ਹੋਣ ਲੱਗਿਆ।ਕਿਉਂਕਿ ਨੈਤਿਕ ਕਦਰਾਂ-ਕੀਮਤਾਂ ਨਾਲ ਲੈਸ ਕਰਕੇ ਆਦਰਸ਼ ਮਨੁੱਖ ਬਣਾਉਣਾ ਸਾਡੀ ਵਿੱਦਿਅਕ ਨੀਤੀ 'ਚ ਸ਼ਾਮਿਲ ਹੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਕਦਰਾਂ-ਕੀਮਤਾਂ ਨਾਲ ਲੈਸ ਕਰਕੇ ਇਨਸਾਨੀਅਤ ਦਾ ਪਾਠ ਪੜਾਇਆ ਜਾਵੇ। ਸਾਡੇ ਕੋਲ ਅਮੀਰ ਵਿਰਸਾ ਤੇ ਕਦਰਾਂ-ਕੀਮਤਾਂ ਵਾਲਾ ਸੱਭਿਆਚਾਰ ਹੈ। ਇਸ ਤੋਂ ਇਲਾਵਾ ਸਾਡੇ ਕੋਲ ਪੁਰਾਤਨ ਸਮੇਂ ਤੋਂ ਹੀ ਗਿਆਨ ਦੇ ਭੰਡਾਰ ਮੌਜੂਦ ਹਨ। ਲੋੜ ਹੈ ਇਸ ਗਿਆਨ ਨੂੰ ਵਿਵਹਾਰਿਕ ਤੌਰ ਤੇ ਵਰਤਣ ਦੀ। ਮੈਨੂੰ ਪੂਰਾ ਯਕੀਨ ਹੈ ਕਿ ਨੈਤਿਕ ਸਿੱਖਿਆ ਦੇ ਲਾਗੂ ਹੋਣ ਨਾਲ ਸਮਾਜ ਵਿਚ ਫ਼ੈਲ ਰਹੀਆਂ ਬਹੁਤ ਸਾਰੀਆਂ ਕੁਰੀਤੀਆਂ ਆਪਣੇ ਆਪ ਹੀ ਖ਼ਤਮ ਹੋ ਜਾਣਗੀਆਂ। ਜਿਵੇਂ ਰੌਸ਼ਨੀ ਦੀ ਅਣਹੋਂਦ ਹੀ ਹਨ੍ਹੇਰਾ ਹੈ। ਉਸੇ ਤਰ੍ਹਾਂ ਨੈਤਿਕ ਸਿੱਖਿਆ ਦੀ ਘਾਟ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਵਿਦਿਆਰਥੀਆਂ ਨੂੰ ਸ਼ਖ਼ਸ ਤੋਂ ਸ਼ਖ਼ਸੀਅਤ ਬਣਾਉਣ ਲਈ ਨੈਤਿਕ ਸਿੱਖਿਆ ਜ਼ਰੂਰੀ ਹੈ।
6. ਥੀਅਰੀ ਦੇ ਨਾਲ ਨਾਲ ਪ੍ਰੈਕਟੀਕਲ ਗਿਆਨ 'ਤੇ ਵੀ ਜੋਰ ਦੇਣਾ ਚਾਹੀਦਾ ਹੈ।ਕਿਉਂਕਿ ਸਿਰਫ਼ ਆਰਕੀਮੈਂਡੀਜ਼ ਦੇ ਸਿਧਾਂਤ ਦਾ ਗਿਆਨ ਦੇ ਕੇ ਕਿਸੇ ਨੂੰ ਤੈਰਨਾ ਨਹੀਂ ਸਿਖਾਇਆ ਜਾ ਸਕਦਾ।
7. ਇਹ ਗੱਲ ਸੁਣਨ 'ਚ ਭਾਵੇਂ ਅਜੀਬ ਲੱਗੇ ਪਰ ਸੱਚਾਈ ਇਹ ਹੈ ਕਿ ਬਹੁਤੇ ਪੰਜਾਬੀਆਂ ਦੀ 'ਪੜ੍ਹਨ' ਵਿੱਚ ਕੋਈ ਰੁਚੀ ਹੀ ਨਹੀਂ।ਸਿੱਖਿਆ ਤਾਂ ਜਨਮ ਤੋਂ ਮਰਨ ਤੱਕ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ ਪਰ ਸਾਹਿਤ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਛੱਡ ਸਭ ਨੌਕਰੀਆਂ ਜਾਂ ਧੰਦਿਆਂ ਨਾਲ ਜੁੜ ਕੇ ਸਾਹਿਤ ਤੇ ਸਿੱਖਿਆ ਆਦਿ ਤੋਂ ਦੂਰ ਚਲੇ ਜਾਂਦੇ ਹਨ। ਲੋਕਾਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਉਸਾਰੂ ਸੇਧ ਦੇਣ ਵਾਲੀਆਂ ਕਿਤਾਬਾਂ ਦੇ ਲੰਗਰ ਲਗਾਉਣੇ ਚਾਹੀਦੇ ਹਨ।ਇਸ ਲਈ ਪੁਸਤਕ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਵੱਲੋਂ ਲਾਇਬ੍ਰੇਰੀਆਂ ਖੋਲਣ ਲਈ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ।ਵੱਖ-ਵੱਖ ਸ਼ਹਿਰਾਂ 'ਚ ਪੁਸਤਕ ਮੇਲੇ ਲਗਾ ਕੇ ਲੋਕਾਂ ਨੂੰ ਪੜ੍ਹਨ ਦੀ ਚੇਟਕ ਲਗਾਈ ਜਾ ਸਕਦੀ ਹੈ। ਸਮਾਜ ਵਿੱਚ ਪੜ੍ਹਾਈ ਦਾ ਰੁਝਾਨ ਵਧਾ ਕੇ ਇੱਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
8. ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਪ੍ਰਫ਼ੁਲਤ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਹੈ। ਜਿਹੜੇ ਹਾਵ-ਭਾਵ ਆਪਣੀ ਮਾਤ-ਭਾਸ਼ਾ ਵਿੱਚ ਪ੍ਰਗਟ ਕੀਤੇ ਜਾ ਸਕਦੇ ਹਨ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕੀਤੇ ਜਾ ਸਕਦੇ। ਇਸ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਸ਼ਾ ਦੇ ਗਿਆਨ ਦੇ ਨਾਲ-ਨਾਲ ਮਾਤ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।ਜਿਹੜੀ ਕੌਮ ਆਪਣੀ ਮਾਤ-ਭਾਸ਼ਾ ਨੂੰ ਅਣਗੋਲਿਆ ਕਰ ਦਿੰਦੀ ਹੈ ਉਸ ਦੀ ਹੋਂਦ ਜਲਦੀ ਹੀ ਮਿਟ ਜਾਂਦੀ ਹੈ।ਪੰਜਾਬੀਆਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਯੂ.ਐਨ.ੳ. ਵੱਲੋਂ ਆਉਣ ਵਾਲੇ ਪੰਜਾਹ ਸਾਲਾਂ 'ਚ ਮਰ ਰਹੀਆਂ ਭਾਸ਼ਵਾਂ 'ਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਮਾਤ-ਭਾਸ਼ਾ ਦੇ ਪ੍ਰਸਾਰ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਮੀਨਾਰ, ਸਿੰਮਪੋਜਿਅਮ, ਅਤੇ ਵਿਚਾਰ-ਗੋਸਟੀਆਂ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਾਤ-ਭਾਸ਼ਾ ਬੋਲਣ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ।
9. ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਿੰਨ੍ਹਾਂ ਨੂੰ ਅਸੀਂ 'ਭਵਿੱਖ ਦੇ ਲੀਡਰ' ਕਹਿ ਕੇ ਸੰਭੋਧਿਤ ਕਰਦੇ ਹਾਂ, ਦੀ ਬਿਹਤਰੀ ਵਾਸਤੇ ਸਿੱਖਿਆ ਉਪਰ ਹੋਰ ਵਧੇਰੇ ਖਰਚ ਕਰਨ ਦੀ ਲੋੜ ਹੈ। ਸੂਬੇ ਦੀ ਕੁੱਲ ਆਮਦਨ ਦਾ ਘੱਟੋ-ਘੱਟ ਛੇ ਫ਼ੀਸਦੀ ਖ਼ਰਚਾ ਨਵੇਂ ਸਕੂਲਾਂ, ਆਧੁਨਿਕ ਸਹੂਲਤਾਂ, ਅਧਿਆਪਕਾਂ ਅਤੇ ਮੁੱਲਵਾਨ ਕਿਤਾਬਾਂ ਉਪਰ ਖ਼ਰਚਣਾ ਚਾਹੀਦਾ ਹੈ।
10. ਪੰਜਾਬ ਵਿੱਚ ਔਸਤ ਸਾਖਰਤਾ-ਦਰ 76.7% ਹੈ ਜੋ ਕਿ ਕੇਰਲਾ ਅਤੇ ਮਿਜ਼ੋਰਮ ਵਰਗੇ ਰਾਜਾਂ ਤੋਂ ਕਾਫ਼ੀ ਘੱਟ ਹੈ। ਰਾਜ ਵਿੱਚ ਸ਼ਾਖਰਤਾ ਦਰ ਵਧਾਉਣ ਲਈ ਸਮਾਜ ਭਲਾਈ ਕਲੱਬਾਂ ਤੇ ਸੰਸਥਾਵਾਂ ਨੂੰ ਖੇਡ ਟੂਰਨਾਮੈਂਟ ਕਰਾਉਣ ਦੇ ਨਾਲ-ਨਾਲ ਗਿਆਨ ਵਧਾਊ ਸੈਮੀਨਾਰ ਕਰਵਾ ਕੇ ਲੋਕਾਂ ਦਾ ਬੋਧਿਕ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
11. ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 'ਚ ਪੜ੍ਹਾ ਰਹੇ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਿਲੇਬਸ ਪੜ੍ਹਾਉਣ ਦੇ ਨਾਲ-ਨਾਲ ਹਫ਼ਤੇ ਜਾਂ ਮਹੀਨੇ 'ਚ ਇਕ ਦਿਨ ਸਮਾਜ ਤੇ ਮਨੁੱਖੀ ਜੀਵਨ ਬਾਰੇ ਦਿਸ਼ਾ ਪ੍ਰਦਾਨ ਕਰਨ ਤੇ ਉਨ੍ਹਾਂ ਨੂੰ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਤਾਂ ਕਿ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਨਿਰਖ ਪਰਖ ਕਰਨ ਦੀ ਜਾਂਚ ਆਵੇ ਤੇ ਉਹ ਦੇਸ਼ ਦੇ ਆਦਰਸ਼ ਨਾਗਰਿਕ ਬਣਨ।
12. ਪੰਜਾਬ ਦੀ ਜਵਾਨੀ ਨੂੰ 'ਜੀਓ' ਦਾ ਇੰਨਾ ਰੰਗ ਚੜ੍ਹਿਆ ਹੈ ਕਿ ਮੁਕੇਸ਼ ਅੰਬਾਨੀ ਨੂੰ ਮਾਲਾਮਾਲ ਕਰ ਦਿੱਤਾ ਹੈ। ਖਾਸ ਤੌਰ 'ਤੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਤਾਂ 4-ਜੀ ਨੇ ਕਮਲਾ ਹੀ ਕੀਤਾ ਪਿਆ ਹੈ। ਸਿੱਟੇ ਵੱਜੋਂ ਪੜ੍ਹਾਈ 'ਤੇ ਮਾੜਾ ਪਭਾਵ ਪੈ ਰਿਹਾ ਹੈ। ਅੱਧ ਵਿਚਾਲੇ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਮਾੜਾ ਰੁਝਾਨ ਹੈ।ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੀਆਂ ਤੇ ਰੌਚਕ ਅਧਿਆਪਨ ਵਿਧੀਆਂ ਅਪਣਾ ਕੇ ਡਰਾਪ-ਦਰ ਘੱਟ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵਿੱਦਿਅਕ-ਲਿੰਕ ਦੇ ਕੇ ਇੰਨਰਨੱੈਟ ਨੂੰ ਇੱਕ ਉਸਾਰੂ ਤੇ ਪ੍ਰਭਾਵਸ਼ਾਲੀ ਵਿੱਦਿਅਕ-ਏਡ ਦੇ ਤੌਰ 'ਤੇ ਵਰਤਿਆਂ ਜਾ ਸਕਦਾ ਹੈ।
13. ਭਾਵੇਂ ਉੱਚ ਸਿੱਖਿਆ ਨੂੰ ਪ੍ਰਫੁਲਤ ਕਰਨ ਲਈ ਯੂਨੀਵਰਸਿਟੀ ਗ੍ਰਾਂਟ ਕਮੀਸ਼ਨ ਵੱਲੋਂ ਖੋਜਾਰਥੀਆਂ ਨੂੰ ਸਕਾਲਰਸਿਪ ਅਤੇ ਫ਼ੇਲੋਸਿਪ ਦਿੱਤੀ ਜਾਂਦੀ ਹੈ, ਪਰ ਐਮ. ਫਿਲ, ਪੀ.ਐਚ.ਡੀ. ਅਤੇ ਡੀ. ਲਿੱਟ ਕਰਨ ਵਾਲੇ ਵਿੱਦਿਆਥੀਆਂ ਨੂੰ ਆਪਣਾ ਨਿਗਰਾਨ ਲੱਭਣਾ ਪੈਂਦਾ ਹੈ। ਕਈ ਵਾਰ ਤਾਂ ਖੋਜਾਰਥੀ ਨੂੰ ਯੂਨੀਵਰਸਿਟੀ 'ਚ ਇੰਨੇ ਗੇੜੇ ਮਾਰਨੇ ਪੈਂਦੇ ਹਨ ਕਿ ਉਹ ਨਿਰਾਸ਼ ਹੋ ਕੇ ਘਰ ਹੀ ਬੈਠ ਜਾਂਦਾ ਹੈ। ਗਾਈਡ ਦੇਣ ਦੀ ਜਿੰਮੇਵਾਰੀ ਯੂਨੀਵਰਸਿਟੀ ਦੀ ਹੀ ਹੋਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਆਪਣਾ ਕੀਮਤੀ ਸਮਾਂ ਖ਼ੋਜ-ਕਾਰਜ ਨੂੰ ਦੇ ਸਕੇ।
14. ਸਿੱਖਿਆ ਦੇ ਖ਼ੇਤਰ 'ਚ ਪੰਜਾਬ ਦਾ ਰਿਕਾਰਡ ਮਾੜਾ ਰਿਹਾ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸਿਆਸੀ ਪੱਧਰ 'ਤੇ ਜੋ ਵਾਅਦੇ ਕੀਤੇ ਜਾਂਦੇ ਹਨ ਉਹ ਵਫ਼ਾ ਨਹੀਂ ਹੁੰਦੇ। ਇਸ ਲਈ ਆਮ ਜਨਤਾ ਨੂੰ ਪੜ੍ਹੇ-ਲਿਖੇ, ਬੇਲਾਗ ਅਤੇ ਇਮਾਨਦਾਰ ਨੁਮਾਇੰਦੇ ਚੁਣਨੇ ਚਾਹੀਦੇ ਹਨ।
15. ਪੰਜਾਬ ਵਿੱਚ ਗ਼ਰੀਬ ਅਤੇ ਅਮੀਰ ਦੀ ਸਿੱਖਿਆ ਵਿਵਸਥਾ ਪੂਰੀ ਤਰ੍ਹਾਂ ਵੱਖ ਹੈ।ਅਮੀਰ ਪਰਿਵਾਰ ਦੇ ਬੱਚੇ ਛੇ ਸਾਲ ਦੀ ਉਮਰ ਤੱਕ ਬਹੁਤ ਕੁੱਝ ਸਿੱਖ ਜਾਂਦੇ ਹਨ ਪਰ ਗ਼ਰੀਬ ਦਾ ਬੱਚਾ ਜੀਵਨ ਦੇ ਛੇਵੇਂ ਸਾਲ ਵਿੱਚ ਪੈਂਸਲ ਅਤੇ ਕਾਪੀ ਉੱਤੇ ਹੱਥ ਚਲਾਉਣਾ ਹੀ ਸ਼ੁਰੂ ਕਰਦਾ ਹੈ। ਸ਼ਹਿਰ ਅਤੇ ਪਿੰਡ ਵਿੱਚ ਬਹੁਤ ਫ਼ਰਕ ਹੁੰਦਾ ਹੈ। ਇਸ ਲਈ ਪੇਂਡੂ ਬੱਚੇ ਅਤੇ ਸ਼ਹਿਰ ਦੇ ਬੱਚੇ ਦੀ ਮਾਨਸਿਕਤਾ ਵਿੱਚ ਲਗਭਗ ਉਨਾ ਹੀ ਫ਼ਰਕ ਹੁੰਦਾ ਹੈ ਜਿੰਨਾ ਪਿੰਡ ਤੇ ਸ਼ਹਿਰ ਵਿੱਚ। ਅਮੀਰ ਲਈ ਹੋਰ ਅਤੇ ਗ਼ਰੀਬ ਲਈ ਹੋਰ ਸਿੱਖਿਆ, ਇਸ ਅਨੈਤਿਕ ਸਿਧਾਂਤ ਦਾ ਖ਼ਾਤਮਾਂ ਕਰ ਕੇ ਸਾਰਿਆਂ ਲਈ ਇਕੋ ਜਿਹੀ ਸਿੱਖਿਆ ਦੀ ਵਿਵਸਥਾ ਕਰਨੀ ਚਾਹੀਦੀ ਹੈ।
16. ਹੋਰ ਵਿਭਾਗਾਂ ਦੇ ਮੁਕਾਬਲੇ ਸਿੱਖਿਆ ਵਿਭਾਗ ਵਿੱਚ ਜਿਆਦਾ ਛੁੱਟੀਆਂ ਹੁੰਦੀਆਂ ਹਨ। ਛੁੱਟੀਆਂ ਘਟਾ ਕੇ ਕੰਮ ਦੇ ਦਿਨ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਵਿਦਿਆਰਥੀਆਂ ਦਾ ਸਿਲੇਬਸ ਸਮੇਂ ਸਿਰ ਪੂਰਾ ਹੋ ਸਕੇ।
17. ਵਿੱਦਿਆਰਥੀਆਂ ਤੋਂ ਜ਼ਿੰਦਗੀ ਦੇ ਹੁਸ਼ੀਨ ਸੁਪਨੇ ਖੋਹ ਕੇ ਉਨ੍ਹਾਂ ਨੂੰ ਕਰੀਅਰ ਦੇ ਨਾਂ 'ਤੇ ਵੱਧ ਤੋਂ ਵੱਧ ਅੰਕ ਲੈਣ ਲਈ ਹੀ ਨਾ ਪ੍ਰੇਰਿਤ ਕੀਤਾ ਜਾਵੇ ਸਗੋਂ ਇਨਸਾਨੀ ਭਾਈਚਾਰੇ ਦੀਆਂ ਸੰਵੇਦਨਸ਼ੀਲ ਤੰਦਾਂ ਜੋੜਨ ਵਾਲੇ ਬੁੱਧੀਮਾਨ ਅਤੇ ਆਦਰਸ਼ ਨਾਗਰਿਕ ਬਣਾਇਆ ਜਾਵੇ।
18. ਸਿੱਖਿਆ ਦੇ ਖ਼ੇਤਰ ਵਿੱਚ ਆਲਮੀ ਪੱਧਰ 'ਤੇ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਹਨ।ਇਸ ਲਈ ਵਿੱਦਿਅਕ ਵਿਭਾਗ ਨੂੰ ਅਜਿਹੀ ਵਿੱਦਿਅਕ ਪੱਤ੍ਰਿਕਾ ਸ਼ੁਰੂ ਕਰਨੀ ਚਾਹੀਦਾ ਹੈ ਜਿਸ ਵਿਚ ਅਧਿਆਪਕ ਆਪਣੇ ਤਜਰਬੇ ਅਤੇ ਵਿੱਦਿਅਕ ਸਮੱਸਿਆਵਾਂ ਸਾਂਝੀਆਂ ਕਰ ਕੇ ਆਪਣੇ ਸਾਥੀਆਂ ਦਾ ਗਿਆਨ ਹੋਰ ਵਧਾ ਸਕਣ।
ਅਜੋਕੇ ਯੁੱਗ ਵਿੱਚ ਸਿੱਖਿਆ ਪੰਜਾਬ ਦੀ ਹਰੇਕ ਸਮੱਸਿਆਂ ਦੇ ਖ਼ਾਤਮੇ ਲਈ ਕਾਰਗਰ ਹਥਿਆਰ ਸਾਬਿਤ ਹੋ ਸਕਦੀ ਹੈ। ਲੋੜ ਹੈ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਢਾਂਚੇ ਵਿੱਚ ਤਬਦੀਲੀ ਲਿਆਉਣ ਦੀ ਅਤੇ ਦੂਰ-ਅੰਦੇਸ਼ੀ ਭਰੇ ਫ਼ੈਸਲੇ ਲੈਣ ਦੀ। ਹੁਣ 'ਦੇਖੀ ਜਾਊ' ਕਹਿਣ ਦਾ ਸਮਾਂ ਬੀਤ ਚੁੱਕਿਆ ਹੈ। ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਵੀ ਜੇਕਰ ਲੋਕ ਹਿਤੈਸ਼ੀ ਸੰਸਥਾਵਾਂ, ਵਿਦਵਾਨ, ਚਿੰਤਕ, ਸਿੱਖਿਆ-ਸ਼ਾਸਤਰੀ ਤੇ ਇਤਿਹਾਸਕਾਰ ਚੁੱਪ ਰਹੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆ। ਸਿੱਖਿਆ ਦੇ ਸੰਕਟ ਨੂੰ ਖ਼ਤਮ ਕਰਕੇ ਅਸੀ ਪੰਜਾਬ ਨੂੰ ਮੁੜ ਬੁੰਲਦੀਆਂ 'ਤੇ ਪਹੁੰਚਾ ਸਕਦੇ ਹਾਂ।
ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਸੰਸਥਾਪਕ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)
ਮੋਬਾਇਲ. + 91 9814096108
ਸਫ਼ਲਤਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਜਿਵੇਂ ਫੁੱਲਾਂ ਦੀ ਰੁੰਡ ਮਾਲਾ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਉਸੇ ਤਰ੍ਹਾਂ ਮੁਰਝਾਈ ਸ਼ਕਲ ਵਾਲੇ ਬੰਦੇ ਨੂੰ ਮਿਲਣ ਤੋਂ ਵੀ ਲੋਕ ਕਤਰਾਉਂਦੇ ਹਨ। ਇਸ ਲਈ ਹਮੇਸ਼ਾ ਉਤਸ਼ਾਹਿਤ ਰਹੋ। ਉਤਸ਼ਾਹ ਨਾਲ ਭਰਪੂਰ ਬੰਦੇ ਦੀ ਹਰ ਜਗ੍ਹਾ ਇੱਜ਼ਤ ਹੁੰਦੀ ਹੈ।ਉਸਦੇ ਕਈ ਕੰਮ ਆਪਣੇ ਆਪ ਹੋ ਜਾਂਦੇ ਹਨ।ਲੋਕ ਉਸਦੀ ਸੰਗਤ ਲਈ ਚਾਹਤ ਰੱਖਦੇ ਹਨ।ਉਤਸ਼ਾਹਿਤ ਬੰਦੇ ਦੀ ਹਾਜ਼ਰੀ ਵਿਚ ਬਿਮਾਰ ਵੀ ਆਪਣੇ ਆਪ ਨੁੰ ਤੰਦਰੁਸਤ ਮਹਿਸੂਸ ਕਰਦੇ ਹਨ।ਜਿਹੜੇ ਡਾਕਟਰ ਦਵਾਈ ਦੇ ਨਾਲ-ਨਾਲ ਆਪਣੇ ਮਰੀਜ਼ਾਂ ਨੂੰ ਰੁੰਗੇ ਵਜੋਂ ਹੌਂਸਲਾ ਦਿੰਦੇ ਹਨ ਉਹ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। ਜੇਕਰ ਤੁਸੀਂ ਹਮੇਸ਼ਾ ਆਪਣੀ ਸ਼ਕਲ ਇਸ ਤਰ੍ਹਾਂ ਬਣਾਈ ਰੱਖਦੇ ਹੋ ਜਿਵੇਂ ਭਾਂਡੇ ਤੋਂ ਕਲ੍ਹੀ ਉੱਤਰੀ ਹੋਵੇ ਤਾਂ ਲੋਕ ਕਟੀ ਪਤੰਗ ਵਾਂਗ ਤੁਹਾਡੇ ਤੋਂ ਦੂਰ ਜਾਣਗੇ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਕਲਾਪੇ ਦਾ ਸਰਾਪ ਭੁਗਤ ਸਕਦੇ ਹੋ।ਹਰ ਸਮੇਂ ਬੁੱਝੇ-ਬੁੱਝੇ ਰਹਿਣ ਕਾਰਨ ਬਹੁਤ ਸਾਰੇ ਵਿਅਕਤੀ ਚੰਗੀ ਵਿੱਦਿਅਕ ਯੋਗਤਾ ਦੇ ਬਾਵਜੂਦ ਵੀ ਨੌਕਰੀ ਤੋਂ ਵਾਂਝੇ ਰਹਿ ਕੇ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ।ਮਨੁੱਖ ਸਰੀਰ ਕਰਕੇ ਨਹੀਂ ਵਿਚਾਰਾਂ ਵਿੱਚ ਨਾਕਰਾਤਮਕਤਾ ਕਾਰਨ ਬੁੱਢਾ ਹੁੰਦਾ ਹੈ।ਜੇਕਰ ਤੁਹਾਡੇ ਵਿਚਾਰ ਕ੍ਰਾਂਤੀਕਾਰੀ ਹਨ ਤਾਂ ਤੁਸੀਂ ਸਦਾ ਚੜ੍ਹਦੀਕਲਾ ਵਿੱਚ ਰਹੋਂਗੇ।
ਜਦੋਂ ਢਾਹੂ ਪ੍ਰਵਿਰਤੀਆਂ ਦਿਮਾਗ਼ ਵਿੱਚ ਡੇਰਾ ਲਾ ਲੈਣ ਤਾਂ ਸਾਰੀ ਦੁਨੀਆਂ ਹੀ ਬੇਰੰਗੀ ਲੱਗਣ ਲੱਗਦੀ ਹੈ।ਕਈ ਵਾਰ ਕੰਮ ਦੀ ਰੁਟੀਨ ਕਾਰਨ ਵੀ ਜ਼ਿੰਦਗੀ ਨੀਰਸ ਜਾਪਣ ਲੱਗਦੀ ਹੈ ਤੇ ਮਨ ਉਚਾਟ ਹੋਣ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਤੁਸੀਂ ਰੋਜ਼ਮਰਾ ਦੀ ਰੁਟੀਨ ਬਦਲ ਕੇ ਆਪਣਾ ਮੂਡ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਦੋਂ ਅਸੀਂ ਖੁਸ਼ੀ ਨੂੰ ਮਹਿਸੂਸ ਕਰਨ ਦੀ ਥਾਂ 'ਤੇ ਆਪਣੀ ਬਿਮਾਰ ਮਾਨਸਿਕਤਾ ਦੇ ਕਾਰਨ ਦੁੱਖਾਂ ਦਾ ਪੱਲਾ ਫੜ ਕੇ ਜ਼ਿੰਦਗੀ ਗੁਜਾਰਨ ਲੱਗ ਜਾਂਦੇ ਹਾਂ ਤਾਂ ਵੀ ਜੀਵਨ ਇੱਕ ਬੋਝ ਲੱਗਣ ਲੱਗਦਾ ਹੈ।ਦੁੱਖ ਵਾਲੇ ਸਮੇਂ ਖੁਸ਼ੀ ਵਾਲੇ ਪਲਾਂ ਨੂੰ ਯਾਦ ਕਰਕੇ ਆਪਣਾ ਦੁੱਖ ਘਟਾਇਆ ਜਾ ਸਕਦਾ ਹੈ।ਜਿਹੜੇ ਖੁਸ਼ੀਆਂ ਨੂੰ ਮਾਣਨ ਦੀ ਜਾਂਚ ਸਿੱਖ ਲੈਂਦੇ ਹਨ ਉਨ੍ਹਾਂ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ।
ਉਤਸਾਹਿਤ ਵਿਅਕਤੀ ਦਾ ਜੀਵਨ ਸੱਜਰੀ ਸਵੇਰ ਵਰਗਾ ਹੁੰਦਾ ਹੈ।ਜਿਵੇਂ ਸੂਰਜ ਦੀ ਲੋਅ ਹਨੇਰੇ ਨੂੰ ਦੂਰ ਭਜਾਉਂਦੀ ਹੈ, ਇੰਝ ਹੀ ਇਕ ਉਤਸਾਹਿਤ ਵਿਆਕਤੀ ਨਿਰਾਸ਼ਾ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦਾ।ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।ਸਮਾਜ ਸਾਡੀ ਤਰੱਕੀ ਲਈ ਵੱਡਾ ਯੋਗਦਾਨ ਪਾਉਂਦਾ ਹੈ।ਇਸ ਲਈ ਸਮਾਜ ਵਿਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ।ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਦਰੱਖ਼ਤ ਝੱਖੜਾਂ, ਤੂਫ਼ਾਨਾਂ ਅਤੇ ਹਨੇਰੀਆਂ ਦਾ ਡਟ ਕੇ ਮੁਕਾਬਲਾ ਕਰਦੇ ਹਨ, ਉਸੇ ਤਰ੍ਹਾਂ ਉਤਸ਼ਾਹਿਤ ਮਨੁੱਖ ਮੁਸੀਬਤਾਂ ਦੇ ਝੱਖੜਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਦਿਆਂ ਅੰਤ ਆਪਣੇ ਉਦੇਸ਼ ਵਿਚ ਸਫ਼ਲ ਹੋ ਜਾਂਦੇ ਹਨ।ਜਿਨ੍ਹਾਂ ਦੇ ਮਨ 'ਚ ਚਾਨਣ ਹੋਵੇ ਉਨ੍ਹਾਂ ਦੇ ਚਿਹਰੇ ਵੀ ਲਿਸ਼ਕਦੇ ਰਹਿੰਦੇ ਹਨ ਪਰ ਨਿਰਾਸ਼ਾਵਾਦੀ ਇਨਸਾਨ ਦੇ ਬੋਲ ਮੂੰਹ ਵਿਚ ਹੀ ਮਰ-ਮੁੱਕ ਜਾਂਦੇ ਹਨ।
ਅਸਲ ਵਿਚ ਅਜਿਹੇ ਵਿਅਕਤੀ ਦੀ ਸੋਚ ਬੁਝ ਚੁੱਕੀ ਹੁੰਦੀ ਹੈ ਤੇ ਬੁਝੀ ਹੋਈ ਸੋਚ ਵਿਚ ਉਸਨੂੰ ਜਗਦੇ ਦੀਵੇ ਦੀ ਰੋਸ਼ਨੀ ਵੀ ਵਿਖਾਈ ਨਹੀਂ ਪੈਂਦੀ।ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਲਈ ਸਾਨੂੰ ਨਾ ਕਿਸੇ ਡਿਗਰੀ ਦੀ ਅਤੇ ਨਾ ਹੀ ਵਾਧੂ ਧਨ ਦੀ ਜ਼ਰੂਰਤ ਹੁੰਦੀ ਹੈ। ਉਤਸ਼ਾਹ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਜਿਉਣਾ ਆਪਣੇ ਆਪ ਵਿਚ ਇਕ ਕਲਾ ਹੈ।ਮੇਰੇ ਤਾਅੱਲੁਕਾਤ ਵਿਚ ਇਕ ਅਜਿਹਾ ਵਿਅਕਤੀ ਹੈ ਜੋ ਭਾਵੇਂ ਪੜਿਆ-ਲਿਖਿਆ ਤਾਂ ਘੱਟ ਹੈ ਪਰ ਉਤਸ਼ਾਹ ਨਾਲ ਭਰਿਆ ਹੋਣ ਕਰਕੇ ਉਹ ਆਪਣੀ ਫੈਕਟਰੀ ਦੇ ਸਾਰੇ ਵਰਕਰਾਂ ਨੂੰ ਖੁਸ਼ ਅਤੇ ਖੁਸ਼ਹਾਲ ਰੱਖਦਾ ਹੈ।ਉਸਦੀ ਹਾਜ਼ਰੀ ਹੀ ਮਜ਼ਦੂਰਾਂ ਦੇ ਖੂਨ ਦੇ ਦੌਰੇ ਤੇਜ਼ ਕਰ ਦਿੰਦੀ ਹੈ।''ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ''
ਕੁਝ ਦਿਨ ਪਹਿਲਾਂ ਇੱਕ 81 ਸਾਲ ਦਾ ਵਿਅਕਤੀ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਿਲ ਤੇ ਸਥਿਤ ਮੇਰੇ ਦਫ਼ਤਰ ਪਹੁੰਚਿਆ, ਉਸਦੇ ਵਿਚਾਰਾਂ 'ਚ ਤਾਜ਼ਗੀ ਜਾਣ ਕੇ ਮੈਨੂੰ ਮਹਿਸੂਸ ਹੋਇਆ ਕਿ ਉਹ 81 ਸਾਲ ਦਾ ਬਜ਼ੁਰਗ ਨਹੀਂ ਸਗੋਂ 18 ਸਾਲ ਦਾ ਨੌਜਵਾਨ ਹੈ ਜਿਸ ਕੋਲ ਕਈ ਦਹਾਕਿਆਂ ਦਾ ਵਡਮੁੱਲਾ ਤਜ਼ਰਬਾ ਹੈ।ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜ਼ਿੰਦਗੀ ਜਿਉਣ ਦਾ ਨਜ਼ਰੀਆ ਅਤੇ ਸਾਡੇ ਵਿਚਾਰ ਉਤਸ਼ਾਹਿਤ ਰਹਿਣ ਵਿਚ ਡੂੰਘਾ ਯੋਗਦਾਨ ਪਾਉਂਦੇ ਹਨ।ਜੇਕਰ ਤੁਸੀਂ ਆਪਣੇ ਆਪ ਨੂੰ ਗਰਮ ਨਹੀ ਰੱਖੋਗੇ ਤਾਂ ਲੋਕ ਤੁਹਾਨੂੰ ਗਰਮ ਕਰ ਦੇਣਗੇ।(ਮਰਨ ਉਪਰੰਤ ਬੰਦਾ ਠੰਢਾ ਹੋ ਜਾਂਦਾ ਹੈ, ਤਾਂ ਉਸਨੂੰ ਲਾਂਬੂ ਲਾਇਆ ਜਾਂਦਾ ਹੈ।) ਮਨੋਵਿਗਿਆਨਿਕ ਪੱਖ ਤੋਂ ਘੋਖਣ ਤੇ ਪਤਾ ਚੱਲਦਾ ਹੈ ਕਿ ਉਤਸ਼ਾਹ ਨਾਲ ਸਾਡੇ ਉੱਤੇ ਪਏ ਦਬਾਉ ਅਤੇ ਸਥਿਤੀ ਦੇ ਤਣਾਉ ਦੂਰ ਹੁੰਦੇ ਹਨ।ਇਸ ਲਈ ਜ਼ਰੂਰੀ ਹੈ ਕਿ ਫਿਊਜ਼ ਬੱਲਬ ਵਾਲੀ ਹੋਂਦ ਲੈ ਕੇ ਨਾ ਜੀਵੋ ਸਗੋਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ ਤਾਂ ਕਿ ਤੁਹਾਡੀ ਤਰੱਕੀ ਦਾ ਗ਼ਰਾਫ ਹੋਰ ਉੱਚਾ ਹੋ ਸਕੇ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਸੰਸਥਾਪਕ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)
cell. 9814096108
ਖੋਲ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ ...... - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਉਸਨੂੰ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ।ਇਹ ਸਮਾਜਿਕ ਦਾਇਰਾ ਹੀ ਉਸਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਆਧੁਨਿਕ ਸਮਾਜ ਵਿੱਚ ਰਹਿੰਦੇ ਹੋਏ ਤੁਸੀਂ ਜੀਵਨ ਸਾਥੀ ਦੀ ਲੋੜ ਤੋਂ ਤਾਂ ਇਨਕਾਰ ਕਰ ਸਕਦੇ ਹੋਂ ਪਰ ਚੰਗੇ ਦੋਸਤ ਤੋਂ ਬਿਨਾਂ ਜ਼ਿੰਦਗੀ ਦੀ ਦੌੜ ਦਾ ਪੰਧ ਪੂਰਾ ਨਹੀਂ ਕਰ ਸਕਦੇ। ਭਾਵੇਂ ਦੋਸਤੀ ਦੀ ਪਹਿਚਾਣ ਤਾਂ ਜ਼ਿੰਦਗੀ ਦੇ ਇੱਕ ਰਿਸ਼ਤੇ ਵਜੋਂ ਹੀ ਹੁੰਦੀ ਹੈ ਪਰ ਇਸਦਾ ਨਿੱਘ ਸਾਰੇ ਰਿਸ਼ਤਿਆਂ ਦੀ ਵਲਗਣਾ ਤੋਂ ਆਜ਼ਾਦ ਫ਼ਿਜ਼ਾ ਵਰਗਾ ਹੁੰਦਾ ਹੈ। ਦੋਸਤੀ ਦੂਜੇ ਦੀ ਕਾਬਲੀਅਤ ਤੇ ਸਤਿਕਾਰ ਤੋਂ ਉਪਜਦੀ ਹੈ।ਸਮਾਂ ਬੀਤਣ ਨਾਲ ਧਨ-ਦੌਲਤ ਦੀ ਕੀਮਤ ਤਾਂ ਘੱਟਦੀ ਜਾਂਦੀ ਹੈ ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ-ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ। ਉੱਚੀ ਸੋਚ ਵਾਲੇ ਬੰਦੇ ਵਿਚਾਰਾਂ 'ਤੇ ਵਿਚਾਰ ਕਰਦੇ ਹਨ। ਜਦੋਂ ਕਿ ਨੀਵ੍ਹੀਂ ਸੋਚ ਵਾਲੇ ਬੰਦੇ ਬੰਦਿਆਂ 'ਤੇ ਵਿਚਾਰ ਕਰਦੇ ਹਨ।ਇਸ ਲਈ ਦੋਸਤਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ।ਤੁਹਾਡੀ ਸੰਗਤ ਹੀ ਤੁਹਾਡੀ ਸ਼ਖ਼ਸੀਅਤ ਬਿਆਨ ਕਰ ਦਿੰਦੀ ਹੈ।
ਹੈਨਰੀ ਬਰੁਕਸ ਐਡਮਜ਼ ਦਾ ਮਸ਼ਹੂਰ ਕਥਨ ਹੈ, ''ਜ਼ਿੰਦਗੀ ਵਿੱਚ ਇਕ ਹੀ ਦੋਸਤ ਮਿਲ ਜਾਏ ਤਾਂ ਕਾਫ਼ੀ ਹੁੰਦਾ ਹੈ, ਦੋ ਬਹੁਤ ਜ਼ਿਆਦਾ ਹੁੰਦੇ ਹਨ ਤੇ ਤਿੰਨ ਕਦੇ ਮਿਲਦੇ ਹੀ ਨਹੀਂ।'' ਇਹ ਇੱਕ ਸੱਚਾਈ ਹੈ ਕਿ ਅੱਜਕਲ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ। ਅਸੀਂ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਦੇ ਹਾਂ, ''ਮੇਰਾ ਦੁੱਖ ਸਾਂਝਾ ਕਰਨ ਲਈ ਕੋਈ ਨਹੀਂ ਹੈ,'' '' ਮੈਨੂੰ ਤਾਂ ਹੁਣ ਕਿਸੇ 'ਤੇ ਭਰੋਸਾ ਹੀ ਨਹੀਂ ਰਿਹਾ।'' ਦੋਸਤੀ ਕਰਨੀ ਅਤੇ ਇਸ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਨਿਭਾਉਣਾ ਬੜਾ ਔਖਾ ਕੰਮ ਹੈ।ਮਨੋ-ਚਿਕਤਸ਼ਕਾਂ ਕੋਲ ਮਰੀਜ਼ਾਂ ਦੀ ਵੱਧਦੀ ਗਿਣਤੀ ਤੋਂ ਸਪੱਸ਼ਟ ਹੈ ਕਿ ਲੋਕ ਇਕੱਲੇਪਣ ਦਾ ਸ਼ਿਕਾਰ ਹਨ ਤੇ ਆਪਣੀ ਤਨਹਾਈ ਦਾ ਸਰਾਪ ਭੁਗਤ ਰਹੇ ਹਨ। ਅਖ਼ਬਾਰਾਂ ਵਿਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਚੰਗੇ ਦੋਸਤ ਦੇ ਸਾਥ ਲਈ ਤੜ੍ਹਪ ਰਹੇ ਹਨ।
ਮਿੱਤਰਤਾ ਸ਼ਰਤਾਂ ਜਾਂ ਬੰਦਿਸ਼ਾਂ 'ਚ ਨਹੀਂ ਲਪੇਟੀ ਜਾ ਸਕਦੀ।ਇਹ ਇਕ ਦੂਸਰੇ ਦੇ ਪੂਰੀ ਤਰਾਂ ਵਾਕਿਫ਼ ਹੁੰਦਿਆਂ ਵਿਸ਼ਵਾਸ ਦੇ ਮੋਕਲੇ ਦਾਇਰੇ 'ਚ ਪਲਦੀ ਹੈ, ਹਿਤਾਂ ਜਾਂ ਸਵਾਰਥਾਂ ਦੇ ਸੌੜੇ ਵਿਹੜਿਆਂ 'ਚ ਨਹੀਂ। ਆਪਣੇ ਸਵਾਰਥ ਦੀ ਪੂਰਤੀ ਲਈ ਤੁਹਾਡੀ ਸਿਫ਼ਤ ਸਲਾਹੁਤਾ ਕਰਨ ਵਾਲੇ ਨੂੰ ਚਾਪਲੂਸ ਕਹਿਕੇ ਤਾਂ ਸੱਦਿਆ ਜਾਂ ਸਕਦਾ ਪਰ ਮਿੱਤਰ ਸ਼ਬਦ ਦੇ ਪੈਮਾਨੇ ਵਿੱਚ ਉਹ ਫਿੱਟ ਨਹੀਂ ਬੈਠਦਾ। ਮਿੱਤਰ ਤੁਹਾਡੇ ਨਾਲ ਥਾਲੀ ਜਾਂ ਪਿਆਲੀ ਸਾਂਝੀ ਕਰਨ ਮਗਰੋਂ ਤੁਹਾਡੀ ਜਾਤ ਜਾਂ ਗੋਤ ਨਹੀਂ ਪੁੱਛਦੇ।ਦੋਸਤੀ ਦਾ ਰਿਸ਼ਤਾ ਜਾਤ-ਪਾਤ ਅਤੇ ਗ਼ਰੀਬੀ-ਅਮੀਰੀ ਤੋਂ ਮੁਕਤ ਹੁੰਦਾ ਹੈ ਦੋਸਤ ਨੂੰ ਪਹਿਲਾ ਸਲਾਹਕਾਰ ਮੰਨਿਆ ਜਾ ਸਕਦਾ ਹੈ। ਚੰਗਾ ਦੋਸਤ ਤੁਹਾਡੇ ਫ਼ੈਮੀਲੀ ਡਾਕਟਰ ਵਾਂਗ ਹਮੇਸ਼ਾ ਤੁਹਾਡੇ ਹਿੱਤ ਦੀ ਹੀ ਗੱਲ ਕਰੇਗਾ। ਅਸਲ ਦੋਸਤ ਉਹ ਹੁੰਦੇ ਹਨ ਜਿਹੜੇ ਪਿੱਠ ਪਿੱਛੇ ਵੀ ਕਿਸੇ ਨੂੰ ਆਪਣੇ ਅਜ਼ੀਜ ਬਾਰੇ ਲਾਹ-ਪੱਤ ਕਰਨੋਂ ਰੋਕਣ।ਦੋਸਤੀ ਦਾ ਰਿਸ਼ਤਾ ਹੱਥ ਅਤੇ ਅੱਖ ਦੇ ਰਿਸ਼ਤੇ ਵਾਂਗ ਹੁੰਦਾ ਹੈ। ਜੇ ਹੱਥ 'ਤੇ ਸੱਟ ਲੱਗੇ ਹੈ ਤਾਂ ਅੱਖ ਰੋਂਦੀ ਹੈ ਤੇ ਅੱਖ ਵਿੱਚ ਹੰਝੂ ਆਉਣ ਤੇ ਹੱਥ ਹੰਝੂ ਪੂੰਝਦਾ ਹੈ। ਉੱਚੀ ਸੋਚ ਵਾਲੇ ਦੋਸਤ ਤੁਹਾਡੀ ਸ਼ਾਨ ਅਤੇ ਸਰਮਾਇਆ ਹੁੰਦੇ ਹਨ। ਅਜਿਹੇ ਦੋਸਤਾਂ ਨਾਲ ਬਿਤਾਏ ਪਲ਼ਾਂ ਦਾ ਸੁੱਖ ਜ਼ਿੰਦਗੀ ਦਾ ਮਾਣ ਬਣਦਾ ਹੈ।ਆਪਣੇ ਆਪ ਨੂੰ ਸਤਰੰਗੀ ਪੀਂਘ ਤੇ ਦੌੜਨ ਦਾ ਅਹਿਸਾਸ ਹੁੰਦਾ ਹੈ।ਅਜਿਹੇ ਦੋਸਤ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਤੁਹਾਡੀ ਸਮੱਸਿਆ ਦਾ ਹੱਲ ਲੱਭਣ ਵਿੱਚ ਜੁੱਟ ਜਾਂਦੇ ਹਨ।ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਆਪ ਹੀ ਸੁੱਝਣ ਲੱਗਦੇ ਹਨ ਤੇ ਤੁਹਾਨੂੰ ਕੁਝ ਚੰਗਾ ਕਰਨ ਦੀ ਪ੍ਰੇਰਨਾ ਮਿਲਦੀ ਹੈ।ਜਿਸ ਅਨੁਪਾਤ ਵਿਚ ਤੁਹਾਡੇ ਚੰਗੇ ਦੋਸਤ ਵਧਣਗੇ, ਉਸ ਅਨੁਪਾਤ ਵਿਚ ਹੀ ਤੁਹਾਡੇ ਜੀਵਨ ਦੀ ਬਗ਼ੀਚੀ ਵਿੱਚ ਪ੍ਰਾਪਤੀਆਂ ਦੇ ਫੁੱਲ ਖਿੜਨਗੇ।ਜੇਕਰ ਤੁਹਾਡੀਆਂ ਬੁਨਿਆਦੀ ਲੋੜਾਂ ਵਿਚ ਤੁਹਾਡੇ ਦੋਸਤ ਵੀ ਸ਼ਾਮਿਲ ਹਨ ਤਾਂ ਤੁਸੀਂ ਹਮੇਸ਼ਾ ਚੜਦੀ ਕਲਾ ਵਿਚ ਰਹੋਗੇ ਤੇ ਤੁਹਾਡੀ ਸੋਚ ਵਿਸ਼ਾਲ ਹੋ ਜਾਵੇਗੀ।ਦੋਸਤਾਂ ਨਾਲ ਰਹਿ ਕੇ ਤੁਸੀਂ ਉਹ ਗੱਲਾਂ ਸਿੱਖਦੇ ਹੋਂ ਜੋ ਪਰਿਵਾਰ ਦੇ ਕਿਸੇ ਮੈਂਬਰ ਨਾਲ ਰਹਿ ਕੇ ਨਹੀਂ ਸਿੱਖ ਸਕਦੇ।ਉੱਚੀ ਸੋਚ ਵਾਲੇ ਦੋਸਤਾਂ ਦਾ ਜ਼ਿਕਰ ਕਰਕੇ ਅਸੀਂ ਉੱਚਾ ਮਹਿਸੂਸ ਕਰਦੇ ਹਾਂ।ਚੰਗੇ ਦੋਸਤ ਜੀਵਨ ਦੇ ਸਫ਼ਰ ਵਿੱਚ ਪਿਆਰ ਤੇ ਸਨੇਹ ਦੀਆਂ ਖ਼ੁਸਬੂਆਂ ਖਿਲਾਰ ਕੇ ਜ਼ਿੰਦਗੀ ਦੇ ਸਫ਼ਰ ਨੂੰ ਸੁਹਾਵਣਾ ਬਣਾ ਦਿੰਦੇ ਹਨ। ਆਧੁਨਿਕ ਸਮੇਂ ਵਿੱਚ ਇਨਫਾਰਮੇਸ਼ਨ ਤਕਨਾਲਜ਼ੀ ਵੀ ਸਾਡੇ ਰਿਸ਼ਤਿਆਂ 'ਚ ਘੁਸਪੈਠ ਕਰ ਰਹੀ ਹੈ। ਮੋਬਾਇਲ ਫ਼ੋਨ ਨਾਲ ਤਾਂ ਦਿਨ ਪ੍ਰਤੀ ਦਿਨ ਸਾਡਾ ਮੋਹ ਵੱਧ ਰਿਹਾ ਹੈ ਪਰ ਅਸੀਂ ਸਮਾਜ ਨਾਲੋਂ ਟੁੱਟ ਰਹੇ ਹਾਂ। ਸਾਡੀ ਜਾਣ-ਪਛਾਣ ਤਾਂ ਵੱਧ ਰਹੀ ਹੈ ਪਰ ਦੋਸਤ ਘੱਟ ਰਹੇ ਹਨ। ਆਮ ਹੀ ਦੇਖਿਆ ਜਾ ਸਕਦਾ ਹੈ ਕਿ ਫ਼ੇਸਬੁੱਕ ਤੇ ਵੱਟਸ-ਐੱਪ 'ਤੇ ਤਾਂ ਬੰਦੇ ਦੇ ਹਜ਼ਾਰਾਂ ਦੋਸਤ ਹੁੰਦੇ ਹਨ ਜਦੋਂ ਕਿ ਵਿਵਹਾਰਿਕ ਜ਼ਿੰਦਗੀ ਵਿੱਚ ਉਹ ਇਕੱਲਤਾ ਦਾ ਸੰਤਾਪ ਹੰਢਾ ਰਿਹਾ ਹੁੰਦਾ ਹੈ। ਕਾਰਨ ਸਪੱਸ਼ਟ ਹੈ ਕਿ ਹਰ ਬੰਦਾ ਆਪਣੇ ਆਪ ਨੂੰ ਮਹਾਰਾਜਾ ਬੜੌਦਾ ਸਮਝਦਾ ਹੈ ਉਹ ਪਹਿਲਾਂ ਕਿਸੇ ਨਾਲ ਗੱਲ ਕਰਨੀ ਤਾਂ ਦੂਰ 'ਨਮਸਤੇ' ਜਾਂ 'ਸਤਿ ਸ੍ਰੀ ਅਕਾਲ' ਵੀ ਨਹੀਂ ਬੁਲਾਉਂਦਾ। ਇਹੋ ਜਿਹਾ ਰਵੱਈਆ ਹੀ ਦੂਸਰੇ ਵਿਅਕਤੀ ਦਾ ਹੁੰਦਾ ਹੈ। ਜਦੋਂ ਮਨ ਦੀਆਂ ਭਾਵਨਾਵਾਂ ਕਿਸੇ ਨਾਲ ਸਾਂਝਾ ਨਹੀਂ ਕਰਾਂਗੇ ਫਿਰ ਪਰੇਸ਼ਾਨੀ ਤਾਂ ਵੱਧੇਗਾ ਹੀ, ਨਤੀਜਾ ਘੁੱਟਣ ਤੇ ਫਿਰ ਹਾਰਟ ਅਟੈੱਕ। ਹਸਪਤਾਲ 'ਚ ਆਪ੍ਰੈਸ਼ਨ ਕਰਨ ਮਗਰੋਂ ਫਿਰ ਡਾਕਟਰ ਇੱਕ ਗੱਲ ਜ਼ਰੂਰ ਕਹਿੰਦਾ ਹੈ;
'' ਖੋਲ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ
ਅੱਜ ਖੋਲਣਾ ਨਾ ਪੈਂਦਾ ਇਹ ਔਜ਼ਾਰਾਂ ਦੇ ਨਾਲ।''
ਬਿਨਾ ਸ਼ੱਕ ਚੰਗੇ ਦੋਸਤ ਤੁਹਾਡੇ ਲਈ ਅਲਾਦੀਨ ਦਾ ਚਿਰਾਗ਼ ਹੋ ਨਿਬੜਦੇ ਹਨ। ਪਰ ਘੋਰੀ, ਘਮੰਡੀ, ਘਰ ਘੁਸੜੂ ਅਤੇ ਘਪਲੇਬਾਜ਼ ਵਿਅਕਤੀਆਂ ਤੋਂ ਘੱਟੋ-ਘੱਟ 20 ਫੁੱਟ ਦੀ ਦੂਰੀ ਬਣਾ ਕੇ ਰੱਖੋ, ਜੇ ਤੁਸੀਂ ਇਨ੍ਹਾਂ ਦੀ ਰੇਂਜ਼ ਵਿਚ ਆ ਗਏ ਤਾਂ ਇਹ ਉਤਸ਼ਾਹੀਣਤਾ ਦੇ ਕੀਟਾਣੂ ਤੁਹਾਡੇ ਤੇ ਛੱਡ ਦੇਣਗੇ ਤੇ ਤੁਹਾਡੀ ਜ਼ਿੰਦਗੀ ਦਾ ਪਿਆਨੋ ਕਈ ਦਿਨ ਬੇਸੁਰਾ ਵੱਜੇਗਾ। ਮਾੜੇ ਦੋਸਤਾਂ ਤੋਂ ਚੰਗਾ ਹੈ ਕਿ ਉਹ ਤੁਹਾਡੇ ਦੁਸ਼ਮਣ ਹੀ ਹੋਣ ਕਿਉਂਕਿ ਅਜਿਹੇ ਦੋਸਤ ਤੁਹਾਡਾ ਕੁਝ ਸੰਵਾਰ ਨਹੀਂ ਸਕਦੇ ਸਗੋਂ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਹੀ ਬਨਣਗੇ ਜੇ ਕੁਝ ਹੋਰ ਨਾ ਕਰ ਸਕੇ ਤਾਂ ਤੁਹਾਡੇ ਤੋਂ ਪੈਸੇ ਹੀ ਉਧਾਰ ਮੰਗ ਲੈਣਗੇ। ਕਈ ਵਾਰ ਮਾੜੇ ਦੋਸਤਾਂ ਦੀ ਸੰਗਤ ਦਾ ਖ਼ਮਿਆਜ਼ਾਂ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਭੁਗਤਣਾ ਪੈਂਦਾ ਹੈ।ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਾੜੀ ਸੰਗਤ ਨਾਲੋ ਇਕੱਲਾ ਚੰਗਾ।ਚੰਗੀ ਸੋਚ ਵਾਲੇ ਦੋਸਤ ਭਾਵੇਂ ਘੱਟ ਹੋਣ ਪਰ ਵੱਧ ਗਿਣਤੀ ਮਾੜੀ ਸੋਚ ਵਾਲੇ ਦੋਸਤਾਂ ਤੋਂ ਜ਼ਿਆਦਾ ਮੱਦਦਗਾਰ ਹੁੰਦੇ ਹਨ।ਜਿਵੇਂ 11 ਜ਼ੰਗ ਲੱਗੀਆਂ ਤੋਪਾਂ ਨਾਲੋ ਬੇਹਤਰ ਹੈ ਕਿ ਤੁਹਾਡੇ ਕੋਲ ਚੰਗੀ ਕੰਡੀਸ਼ਨ ਵਾਲੀ ਇੱਕ ਹੀ ਤੋਪ ਹੋਵੇ, ਘੱਟੋ-ਘੱਟ ਲੋੜ ਪੈਣ 'ਤੇ ਤੁਹਾਨੂੰ ਧੋਖਾ ਤਾਂ ਨਹੀਂ ਦੇਵੇਗੀ।ਅੱਜ ਕੱਲ ਜ਼ਿਆਦਾਤਰ ਲੋਕ ਆਪਣੇ ਖੀਸੇ ਪੱਥਰਾਂ ਨਾਲ ਹੀ ਭਰੀ ਰੱਖਦੇ ਹਨ।ਮੇਰਾ ਵਿਚਾਰ ਹੈ ਕਿ ਇੰਨੇ ਪੱਥਰ ਰੱਖਣ ਨਾਲੋਂ ਇਕ ਹੀਰਾ ਹੀ ਆਪਣੇ ਕੋਲ ਰੱਖ ਲਵੋ ਤਾਂ ਬੇਹਤਰ ਹੋਵੇਗਾ।ਕਾਬਲੀਅਤ ਹੋਣ ਦੇ ਬਾਵਜੂਦ ਵੀ ਬਹੁਤੇ ਲੋਕ ਇਸ ਲਈ ਅਸਫ਼ਲ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਿੱਗਰ ਸੋਚ ਵਾਲੇ ਦੋਸਤ ਨਹੀਂ ਮਿਲੇ ਹੁੰਦੇ।ਦੋਸਤਾਂ ਤੋਂ ਬਿਨਾ੍ਹਂ ਜ਼ਿੰਦਗੀ ਬੇਰੰਗ ਅਤੇ ਬੇਰਸ ਜਿਹੀ ਮਹਿਸੂਸ ਹੁੰਦੀ ਹੈ।
ਜੀਵਨ ਵਿੱਚ ਘਮੰਡ ਛੱਡ ਕੇ ਆਪਣੇ ਆਲੇ-ਦੁਆਲੇ, ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਪਿਆਰ ਮੁਹੱਬਤ ਨਾਲ ਰਹੋ। ਅੱਜ ਤੋਂ ਹੀ ਆਪਸੀ ਰਿਸ਼ਤਿਆਂ ਵਿੱਚ 'ਕੁੜੱਤਣ ਘਟਾਓ ਤੇ ਮਿਠਾਸ ਵਧਾਓ' ਵਾਲਾ ਸਿਧਾਂਤ ਲਾਗੂ ਕਰ ਦਿਓ। ਸਮੇਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਕੀਹਦੀ ਲੋੜ ਪੈ ਜਾਵੇ। ਜੇਕਰ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਚੰਗੇ ਵਿਚਾਰਾਂ ਵਾਲੇ ਦੋਸਤਾਂ ਦੇ ਸੰਪਰਕ ਵਿਚ ਰਹੋ।ਚੰਗੇ ਦੋਸਤ ਉਹ ਸ਼ੀਸ਼ਾ ਹਨ ਜਿਸ ਵਿਚੋਂ ਦੀ ਤੱਕਿਆਂ ਤੁਹਾਡਾ ਜੀਵਨ ਤੇ ਇਸਦੇ ਸਾਰੇ ਪੱਖਾਂ ਦਾ ਹੂ-ਬ-ਹੂ ਝਲਕਾਰਾ ਦਿਸਦਾ ਹੈ।ਸੱਚੇ ਦੋਸਤ ਅਨਮੋਲ ਹਨ।ਜਿਹੋ-ਜਿਹੇ ਤੁਹਾਡੇ ਦੋਸਤ ਹੋਣਗੇ, ਉਸੇ ਤਰਾ੍ਹਂ ਦੀ ਤੁਹਾਡੀ ਜ਼ਿੰਦਗੀ ਹੋਵੇਗੀ। ਜੋ ਲੋਕ ਸਿਰਫ਼ ਆਪਣੇ ਲਈ ਹੀ ਜਿਉਂਦੇ ਹਨ, ਉਹ ਜ਼ਿੰਦਗੀ 'ਚ ਖ਼ੁਸ਼ੀ ਨਹੀਂ ਮਾਣ ਸਕਦੇ ਕਿਉਂਕਿ ਉਨ੍ਹਾਂ ਕੋਲ ਆਪਣੇ ਵਿਚਾਰ ਸਾਂਝੇ ਕਰਨ ਲਈ ਚੰਗੇ ਦੋਸਤ ਹੁੰਦੇ। ਸਾਰਾ ਦਿਨ ਆਪਣੇ ਕੰਮ ਵਿੱਚ ਹੀ ਮਸਰੂਫ਼ ਨਾ ਰਹੋ, ਆਪਣੇ ਦੋਸਤਾਂ ਲਈ ਵੀ ਸਮਾਂ ਜ਼ਰੂਰ ਕੱਢੋ। ਜਿੰਨੀ ਉੱਚੀ ਸੋਚ ਵਾਲੇ ਦੋਸਤ ਤੁਹਾਡੇ ਸੰਪਰਕ ਵਿੱਚ ਹੋਣਗੇ ਉਨ੍ਹੀ ਹੀ ਜ਼ਿੰਦਗੀ ਵਿਚ ਤੁਹਾਨੂੰ ਘੱਟ ਪ੍ਰੇਸ਼ਾਨੀ ਹੋਵੇਗੀ।ਉੱਚੀ ਸੋਚ ਵਾਲੇ ਦੋਸਤਾਂ ਦੀ ਹਾਜ਼ਰੀ ਵਿੱਚ ਤੁਸੀਂ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਦੇ ਹੋ, ਤੁਹਾਡੀ ਰੂਹ ਤਰੋਤਾਜ਼ਾ ਹੋ ਜਾਂਦੀ ਹੈ, ਤੁਹਾਡੇ ਅੰਦਰ ਵਿਚਾਰਾਂ ਦੀਆਂ ਤਰੰਗਾਂ ਉਤਪੰਨ ਹੋ ਜਾਦੀਆਂ ਹਨ ਤੇ ਤੁਸੀਂ ਕੁੱਝ ਸਿਰਜਣ ਦੇ ਯੋਗ ਹੋ ਜਾਂਦੇ ਹੋ।
ਲੇਖਕ: ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) ਫੋਨ 9814096108
05 Oct. 2018
ਪ੍ਰਸ਼ੰਸਾ ਕਰਨ ਤੇ ਤੁਹਾਡਾ ਖ਼ਰਚ ਤਾਂ ਕੁਝ ਨਹੀਂ ਹੁੰਦਾ ਪਰ ਮਿਲ ਬਹੁਤ ਕੁਝ ਜਾਂਦਾ ਹੈ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਪ੍ਰਸ਼ੰਸਾ ਭਰੇ ਸ਼ਬਦ ਊਰਜਾ ਨਾਲ ਲੈਸ ਹੁੰਦੇ ਹਨ ਜਿਨ੍ਹਾਂ ਨਾਲ ਸਰੀਰਿਕ ਥਕਾਵਟ ਹੀ ਦੂਰ ਨਹੀਂ ਹੁੰਦੀ ਸਗੋਂ ਮਾਨਸਿਕ ਤ੍ਰਿਪਤੀ ਵੀ ਮਿਲਦੀ ਹੈ।ਜਿਹੜਾ ਵਿਅਕਤੀ ਪ੍ਰਸ਼ੰਸਾ ਨੂੰ ਊਰਜਾ ਬਣਾ ਕੇ ਆਪਣੇ ਕੰਮ ਵਿੱਚ ਸੁਧਾਰ ਲਿਆਉਂਦਾ ਹੈ, ਉਹ ਜਲਦੀ ਹੀ ਆਪਣੇ ਮਿਸ਼ਨ ਵਿੱਚ ਸਫ਼ਲ ਹੋ ਜਾਂਦਾ ਹੈ।ਪ੍ਰਸ਼ੰਸਾ ਸਾਨੂੰ ਜੀਵਨ ਵਿੱਚ ਹੋਰ ਬੇਹਤਰ ਬਣਨ ਦੀ ਜ਼ਿੰਮੇਵਾਰੀ ਵੀ ਦਿੰਦੀ ਹੈ।ਸੱਚੇ ਦਿਲ ਨਾਲ ਕੀਤੀ ਗਈ ਪ੍ਰਸ਼ੰਸਾ ਪ੍ਰਸ਼ੰਸ਼ਕ ਨੂੰ ਵੀ ਆਤਮਿਕ ਸੁੱਖ ਦਿੰਦੀ ਹੈ।ਛੋਟੀਆਂ-ਛੋਟੀਆਂ ਤਾਰੀਫ਼ਾਂ ਖ਼ੁਸ਼ੀਆਂ ਦੇ ਨਾਲ-ਨਾਲ ਸਾਨੂੰ ਬਹੁਤ ਸਾਰਾ ਉਤਸ਼ਾਹ ਤੇ ਜਿਉਣ ਦਾ ਹੌਂਸਲਾ ਦਿੰਦੀਆਂ ਹਨ। ਪ੍ਰਸ਼ੰਸਾ ਕਰਨ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਵਿਅਕਤੀ ਪ੍ਰਸ਼ੰਸਾ ਦੇ ਪੈਮਾਨੇ ਵਿੱਚ ਸਹੀ ਵੀ ਉੱਤਰਦਾ ਹੈ ਜਾਂ ਨਹੀਂ।
ਜੇਕਰ ਕਿਸੇ ਇਨਸਾਨ ਦੀ ਯੋਗਤਾ, ਰੂਪ, ਗੁਣ ਪ੍ਰਸ਼ੰਸਾ ਯੋਗ ਹਨ ਜਾਂ ਉਹ ਹਕੀਕਤ 'ਚ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਜੇਕਰ ਸਾਡੇ ਵੱਲੋਂ ਬੋਲੇ ਦੋ ਬੋਲ ਕਿਸੇ ਨੂੰ ਉਸਾਰੂ ਹੁਲਾਰਾ ਦਿੰਦੇ ਹਨ ਤਾਂ ਇਸ ਨੇਕ ਕੰਮ ਕਰਨ ਤੋਂ ਸੰਕੋਚ ਕਿਓਂ? ਜਿਹੜਾ ਬੰਦਾ ਕਿਸੇ ਦੀ ਪ੍ਰਸ਼ੰਸਾਂ ਨਹੀਂ ਕਰਦਾ ਹੋਲੀ-ਹੋਲੀ ਉਹ ਸਾੜੇ ਤੇ ਈਰਖਾ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।ਜੇਕਰ ਕਿਸੇ ਚੰਗੇ ਵਿਅਕਤੀ ਦੀ ਇਮਾਨਦਾਰੀ ਨਾਲ ਪ੍ਰਸ਼ੰਸਾ ਕੀਤੀ ਜਾਵੇ ਤਾਂ ਉਸ ਦੇ ਕੰਮ ਦਾ ਪੱਧਰ ਹੋਰ ਉੱਚਾ ਹੋ ਜਾਂਦਾ ਹੈ ਤੇ ਉਹ ਕੰਮ ਕਰਨ 'ਚ ਅਨੰਦ ਮਹਿਸੂਸ ਕਰਦਾ ਹੈ।ਸਹੀ ਸਮੇਂ ਸਹੀ ਕੰਮ ਦੀ ਪ੍ਰਸ਼ੰਸਾ ਜ਼ਰੂਰ ਕਰਨੀ ਚਾਹੀਦੀ ਹੈ। ਪਰਿਵਾਰਿਕ ਜੀਵਨ ਵਿੱਚ ਵੀ ਪ੍ਰਸ਼ੰਸਾ ਮਹੱਤਵਪੂਰਨ ਰੋਲ ਨਿਭਾੳਂਦੀ ਹੈ।ਸਾਰਾ ਦਿਨ ਕੰਮ-ਕਾਰ ਕਰਦੀ ਪਤਨੀ ਸ਼ਾਮ ਤੱਕ ਥਕਾਵਟ ਨਾਲ ਚੂਰ ਹੋ ਜਾਂਦੀ ਹੈ।ਪਰ ਜੇਕਰ ਪਤੀ ਉਸਦੇ ਬਣਾਏ ਖਾਣੇ ਦੀ ਤਾਰੀਫ਼ ਕਰ ਦੇਵੇ ਤਾਂ ਉਹ ਆਪਣੀ ਸਾਰੀ ਥਕਾਵਟ ਭੁੱਲ ਜਾਂਦੀ ਹੈ।ਕਿਸੇ ਦੀ ਪ੍ਰਸ਼ੰਸਾ ਕਰਨਾ ਵੀ ਇੱਕ ਹੁਨਰ ਹੈ।ਇਸ ਹੁਨਰ 'ਚ ਮਾਹਿਰ ਵਿਅਕਤੀ ਅਸੰਭਵ ਜਾਪਦੇ ਕੰਮ ਨੂੰ ਵੀ ਸੰਭਵ ਕਰ ਸਕਦਾ ਹੈ।ਜਿਵੇਂ ਇੱਕ ਵਾਰ ਇਕ ਵਿਅਕਤੀ ਨੇ ਪ੍ਰਸ਼ੰਸਾ ਦਾ ਹੁਨਰ ਵਰਤ ਕੇ ਮਹਾਰਾਜੇ ਨੂੰ ਕਾਣਾ ਕਹਿ ਦਿੱਤਾ ਸੀ। ਮਹਾਰਾਜਾ ਉਸ ਵਿਅਕਤੀ ਤੇ ਖ਼ਫਾ ਨਹੀਂ ਬਲਕਿ ਖੁਸ਼ ਹੋਇਆ ਸੀ।
ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੈਂ ਵਿਸ਼ਾਖਾਪਟਨਮ ਤੋਂ ਆਪਣੀ ਲੱਤ ਦਾ ਆਪ੍ਰੇਸ਼ਨ ਕਰਵਾ ਕੇ ਸ਼ਮਤਾ ਐਕਸਪ੍ਰੈੱਸ ਰਾਹੀ ਦਿੱਲੀ ਆ ਰਿਹਾ ਸੀ। ਗੱਡੀ ਵਿੱਚ ਕਾਫ਼ੀ ਭੀੜ ਸੀ ਮੇਰੀ ਪੂਰੀ ਲੱਤ 'ਤੇ ਪਲਸਤਰ ਲੱਗਿਆ ਹੋਣ ਕਰਕੇ ਮੈਂ ਪੂਰੀ ਸੀਟ ਤੇ ਲੇਟਿਆ ਹੋਇਆ ਸੀ।ਇੱਕ ਸਟੇਸ਼ਨ 'ਤੇ ਜਦੋਂ ਗੱਡੀ ਰੁਕੀ ਤਾਂ ਦੋ ਲੰਮੀਆਂ-ਲੰਝੀਆਂ ਮੁਟਿਆਰਾਂ ਸਾਡੇ ਡੱਬੇ 'ਚ ਚੜ੍ਹੀਆਂ। ਮੇਰੇ ਸਾਹਮਣੇ ਵਾਲੀ ਸੀਟ ਉਨ੍ਹਾਂ ਦੀ ਰਿਜ਼ਰਵ ਕਰਵਾਈ ਹੋਈ ਸੀ।ਉਸ ਸ਼ੀਟ ਤੇ ਮੇਰਾ ਸਾਥੀ ਬੈਠਾ ਹੋਣ ਕਰਕੇ ਉਹ ਨਾਖੁਸ਼ ਸਨ। ਜਿਵੇਂ ਹੀ ਟਰੇਨ ਚੱਲੀ ਸਾਡੀ ਰਸਮੀ ਗੱਲਬਾਤ ਸ਼ੁਰੂ ਹੋ ਗਈ। ਇਸ ਸੰਖੇਪ ਗੱਲਬਾਤ ਦੌਰਾਨ ਮੈਂ ਇਕ ਲੜਕੀ ਨੂੰ ਕਿਹਾ, ''ਅਸੀਂ ਤੁਹਾਡੇ ਕੋਲੋ ਬੈਗ ਉਪਰਲੇ ਬਰਥ ਤੇ ਰਖਵਾ ਕੇ ਤੁਹਾਡੇ ਲੰਮੇ ਕੱਦ ਦਾ ਫ਼ਾਇਦਾ ਲੈਣਾ ਚਾਹੁੰਦੇ ਹਾਂ।'' ਜਦੋਂ ਉਹ ਮੁਸਕਰਾਉਂਦੇ ਹੋਏ ਚਿਹਰੇ ਨਾਲ ਮੇਰਾ ਬੈਗ ਉੱਪਰ ਰੱਖ ਰਹੀ ਸੀ ਤਾਂ ਮੈਂ ਆਪਣੀ ਗੱਲ ਜਾਰੀ ਰੱਖਦਿਆਂ ਦੋਨਾਂ ਲੜਕੀਆਂ ਦੇ ਚਿਹਰੇ ਵੱਲ ਤੱਕਦਿਆਂ ਕਿਹਾ, ''ਤੁਹਾਡੀ ਪ੍ਰਭਾਵਸ਼ਾਲੀ ਸਖਸ਼ੀਅਤ ਤੇ ਲਚਕੀਲੇ ਸਰੀਰ ਦੇਖ ਕੇ ਲੱਗਦਾ ਹੈ ਕਿ ਤੁਸੀਂ ਸਫ਼ਲ ਕਲਾਕਾਰ ਹੋ।'' ਇਹ ਸੁਣ ਕੇ ਉਹ ਹੱਸਣ ਲੱਗੀਆਂ ਤੇ ਡੱਬੇ ਦਾ ਮਾਹੌਲ ਖੁਸ਼ਗਵਾਰ ਬਣ ਗਿਆ।ਉਨ੍ਹਾਂ ਆਪਣਾ ਤੁਆਰਫ਼ ਕਰਵਾਉਂਦੇ ਹੋਏ ਆਪਣੇ ਨਾਂ ਅਨੂ ਅਤੇ ਪੂਜਾ ਦੱਸੇ।ਉਨ੍ਹਾਂ ਇਹ ਵੀ ਦੱਸਿਆ ਕਿ ਉਹ ਨੈਨੀਤਾਲ਼ ਦੀਆਂ ਰਹਿਣ ਵਾਲੀਆਂ ਹਨ ਅਤੇ ਦਿੱਲੀ ਵਿਖੇ ਏਅਰ ਫੋਰਸ 'ਚ ਚੰਗੇ ਅਹੁਦਿਆਂ 'ਤੇ ਕੰਮ ਰਹੀਆਂ ਹਨ। ਦਿਨ ਰਾਤ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਉੱਪਰ ਰੌਚਕ ਜਾਣਕਾਰੀ ਸਾਂਝੀ ਕੀਤੀ॥ਦਿੱਲੀ ਸ਼ਟੇਸ਼ਨ ਤੇ ਪਹੁੰਚ ਕੇ ਅਨੂ ਨੇ ਮੇਰਾ ਫੋਨ ਨੰਬਰ ਨੋਟ ਕੀਤਾ ਤੇ ਕਾਗ਼ਜ ਦੇ ਇਕ ਟੁਕੜੇ ਤੇ ਆਪਣੇ ਘਰ ਦਾ ਪਤਾ ਤੇ ਟੈਲੀਫੋਨ ਨੰਬਰ ਲਿਖ ਕੇ ਮੈਨੂੰ ਪਕੜਾ ਦਿੱਤਾ।ਮੇਰੀ ਉਮੀਦ ਦੇ ਉਲਟ ਦੋ ਦਿਨ ਬਾਅਦ ਅਨੂ ਨੇ ਮੈਨੂੰ ਫੋਨ ਕੀਤਾ।ਹੌਲੀ-ਹੌਲੀ ਉਹ ਮੇਰੀ ਚੰਗੀ ਦੋਸਤ ਬਣ ਗਈ।ਜਦੋਂ ਵੀ ਉਸਦੀ ਡਿਊਟੀ ਬਦਲ ਕੇ ਕਿਸੇ ਮਹਾਂਨਗਰ ਵਿਚ ਲਗਦੀ ਹੈ ਤਾਂ ਉਹ ਘੁੰਮਣ ਲਈ ਸੱਦਾ ਪੱਤਰ ਜ਼ਰੂਰ ਭੇਜਦੀ ਹੈ ਅਤੇ ਮੈਂ ਹਮੇਸ਼ਾ ਹੀ ਉਸਦੇ ਸੱਦਾ ਪੱਤਰ ਨੂੰ ਮਨਜ਼ੂਰ ਕਰਦਾ ਹਾਂ। ਸ਼ਾਇਦ ਇਹ ਇਮਾਨਦਾਰੀ ਅਤੇ ਹਲੀਮੀ ਭਰੇ ਪ੍ਰਸ਼ੰਸਾ ਦੇ ਦੋ ਸ਼ਬਦਾਂ ਦਾ ਹੀ ਕਮਾਲ ਸੀ ਕਿ ਮੈਨੂੰ ਚੰਗੀ ਦੋਸਤ ਮਿਲੀ।
ਜੇਕਰ ਕਿਸੇ ਘਟੀਆ ਬੰਦੇ ਦੀ ਪ੍ਰਸ਼ੰਸਾ ਕਰ ਦਿੱਤੀ ਜਾਵੇ ਤਾਂ ਉਹ ਆਪਣੇ ਆਪ ਨੂੰ ਮਹਾਰਾਜਾ ਬੜੌਦਾ ਹੀ ਸਮਝਣ ਲੱਗ ਪੈਂਦਾ ਹੈ ਤੇ ਉਸਦੇ ਰਵੱਈਏ ਵਿਚ ਹੋਛਾਪਣ ਆ ਜਾਂਦਾ ਹੈ।ਇੱਕ ਵਾਰ ਇੱਕ ਦਸਵੀਂ ਪਾਸ ਝੋਲਾ ਛਾਪ 'ਡਾਕਟਰ' ਨੂੰ ਕਿਸੇ ਕਲੱਬ ਨੇ ਪੈਸੇ ਲੈ ਕੇ ਇਕ ਸਮਾਗਮ ਵਿੱਚ ਮੁੱਖ ਮਹਿਮਾਨ ਬਣਾ ਦਿੱਤਾ।ਪ੍ਰਬੰਧਕਾਂ ਨੇ ਮੁੱਖ ਮਹਿਮਾਨ ਦੀ ਖੂਬ ਪ੍ਰਸ਼ੰਸਾ ਕੀਤੀ।ਡਾਕਟਰ ਸਾਹਿਬ ਸਟੇਜ 'ਤੇ ਫੁੱਲ-ਫੁੱਲ ਕੇ ਬੈਠ ਰਹੇ ਸਨ।ਸਮਾਗਮ ਤਾਂ ਸਮਾਪਤ ਹੋ ਗਿਆ ਪਰ ਡਾਕਟਰ ਸਾਹਿਬ ਨੇ ਆਪਣੇ ਆਪ ਨੂੰ ਇੱਕ ਮਹਾਨ ਸ਼ਖ਼ਸੀਅਤ ਸਮਝਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਹੀ ਦਿਨ ਕਾਰ 'ਤੇ ਲਾਲ ਬੱਤੀ ਲਾ ਲਈ ਤੇ ਉਨਾਂ ਚਿਰ ਜਨਾਬ ਆਪਣੇ ਆਪ ਨੂੰ ਵੀ.ਆਈ.ਪੀ. ਹੀ ਸਮਝਦੇ ਰਹੇ ਜਿਨ੍ਹਾ ਚਿਰ ਪੁਲਿਸ ਨੇ ਚਲਾਨ ਕੱਟ ਕੇ ਹੱਥ 'ਚ ਨਾ ਫੜਾਇਆ ਤੇ ਲਾਲ ਬੱਤੀ ਡੱਗੀ ਵਿੱਚ ਨਾ ਰਖਾਈ।ਜਿਹੜੇ ਵਿਅਕਤੀ ਪ੍ਰਸ਼ੰਸਾ ਪ੍ਰਾਪਤ ਕਰਕੇ ਆਸਮਾਨ ਵਿੱਚ ਉੱਡਣ ਲੱਗਦੇ ਹਨ ਉਹ ਛੇਤੀ ਹੀ ਮੂਧੇ ਮੂੰਹ ਡਿੱਗਦੇ ਹਨ।ਸਪੱਸ਼ਟ ਹੈ ਕਿ ਖਰੀਦੀ ਹੋਈ ਪ੍ਰਸ਼ੰਸਾ ਡੰਗ ਟਪਾਊ ਹੀ ਹੁੰਦੀ ਹੈ। ਅੱਜ ਦੇ ਪੂੰਜੀਵਾਦੀ ਯੁੱਗ ਵਿਚ ਮਨੁੱਖ ਆਪਣੀ ਪ੍ਰਸ਼ੰਸਾ ਕਰਾਉਣ ਲਈ ਢੇਰ ਸਾਰੇ ਯਤਨ ਕਰਦਾ ਰਹਿੰਦਾ ਹੈ।ਜਿਵੇਂ ਮਰਗ ਦੇ ਭੋਗਾਂ ਸਮੇਂ ਕਈ ਤਰਾਂ ਦੇ ਪਕਵਾਨ ਬਨਾਉਣਾ ਤੇ ਪੰਡਾਲ ਨੇੜੇ ਲਾਲ ਬੱਤੀਆਂ ਵਾਲ਼ੀਆਂ ਗੱਡੀਆਂ ਖੜਾਉਣਾ, ਗ੍ਰਹਿ ਪ੍ਰਵੇਸ਼ ਮੌਕੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰਨੀਆਂ ਆਦਿ ਸਾਰੇ ਪ੍ਰਸ਼ੰਸਾ ਪ੍ਰਾਪਤੀ ਦੇ ਯਤਨ ਹਨ।
ਪਰ ਮਹਾਨ ਵਿਆਕਤੀ ਝੂਠੀ ਪ੍ਰਸ਼ੰਸਾ ਪ੍ਰਤੀ ਸੁਚੇਤ ਰਹਿੰਦੇ ਹਨ। ਇਕ ਵਾਰ ਸੰਤ ਵਿਨੋਬਾ ਭਾਵੇ ਨੂੰ ਗਾਂਧੀ ਜੀ ਨੇ ਚਿੱਠੀ ਲਿਖੀ, ਚਿੱਠੀ ਪੜ੍ਹਕੇ ਵਿਨੋਬਾ ਜੀ ਨੇ ਪਾੜ ਦਿੱਤੀ। ਇਹ ਸਭ ਦੇਖ ਕੇ ਆਸ਼ਰਮ ਦੇ ਵਿਦਿਆਰਥੀਆਂ ਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਉਨ੍ਹਾਂ ਸਾਰਿਆ ਨੁੰ ਪਤਾ ਸੀ ਕਿ ਵਿਨੋਬਾ ਜੀ ਗਾਂਧੀ ਜੀ ਦੇ ਖ਼ਤ ਸਾਂਭ ਕੇ ਰੱਖਦੇ ਸਨ। ਇਕ ਦਿਨ ਇਕ ਵਿਦਿਆਰਥੀ ਤੋਂ ਰਿਹਾ ਨਾ ਗਿਆ, ਉਸ ਨੇ ਹਿੰਮਤ ਕਰਕੇ ਵਿਨੋਬਾ ਜੀ ਤੋਂ ਪੁੱਛ ਹੀ ਲਿਆ, ''ਤੁਸੀਂ ਗਾਂਧੀ ਜੀ ਦੀ ਚਿੱਠੀ ਕਿਉਂ ਪਾੜ ਦਿੱਤੀ।'' ਵਿਨੋਬਾ ਜੀ ਨੇ ਕਿਹਾ ਕਿ ਇਸ ਵਿਚ ਕੁਝ ਗ਼ਲਤ ਗੱਲਾਂ ਲਿਖੀਆਂ ਹੋਈਆਂ ਸਨ।ਇਹ ਸੁਣ ਕੇ ਵਿਦਿਆਰਥੀ ਨੇ ਹੈਰਾਨ ਹੁੰਦਿਆਂ ਪੁੱਛਿਆ, ''ਪਰ ਗੁਰੂ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਗਾਂਧੀ ਜੀ ਕਦੇ ਝੂਠ ਨਹੀ ਬੋਲਦੇ ਫਿਰ ਉਨ੍ਹਾਂ ਨੇ ਝੂਠੀਆਂ ਜਾਂ ਗ਼ਲਤ ਗੱਲਾਂ ਕਿਵੇਂ ਲਿਖ ਦਿੱਤੀਆਂ ?'' ਵਿਨੋਬਾ ਜੀ ਬੋਲੇ ,''ਗਾਂਧੀ ਜੀ ਝੂਠ ਨਹੀ ਬੋਲਦੇ ਇਹ ਗੱਲ ਸੱਚ ਹੈ, ਪਰ ਇਸ ਚਿੱਠੀ ਵਿਚ ਉਨ੍ਹਾਂ ਨੇ ਮੇਰੀ ਪ੍ਰਸ਼ੰਸਾ ਕੀਤੀ ਸੀ ਤੇ ਮੈਨੂੰ ਮਹਾਂ ਗਿਆਨੀ ਕਿਹਾ ਸੀ, ਸੱਚ ਤਾਂ ਇਹ ਹੈ ਕਿ ਇਸ ਸੰਸਾਰ ਵਿਚ ਮੇਰੇ ਤੋਂ ਵੱਧ ਗੁਣੀ ਤੇ ਗਿਆਨੀ ਵਿਅਕਤੀ ਮੌਜੂਦ ਹਨ।ਇਸ ਲਈ ਗਾਂਧੀ ਜੀ ਦੀ ਇਹ ਗੱਲ ਸੱਚ ਨਹੀ ਹੋ ਸਕਦੀ।ਸ਼ਇਦ ਕਿਸੇ ਨਜ਼ਰੀਏ ਤੋਂ ਇਹ ਸੱਚ ਵੀ ਹੋਵੇ ਤਾਂ ਵੀ ਇਹ ਮੇਰੇ ਵਿਚ ਹੰਕਾਰ ਹੀ ਪੈਦਾ ਕਰਦਾ, ਜੋ ਮੇਰੀ ਤਰੱਕੀ ਵਿਚ ਰੋੜਾ ਬਣਦਾ।ਇਸ ਕਰਕੇ ਮੈਂ ਇਸਨੂੰ ਫਾੜ ਦਿੱਤਾ।
ਪ੍ਰਸ਼ੰਸਾ ਡਿੱਗੇ ਹੋਏ ਵਿਅਕਤੀ ਨੂੰ ਖੜ੍ਹਾ ਕਰਨ ਦਾ ਇੱਕ ਨਰੋਇਆ ਯਤਨ ਹੈ।ਹਰੇਕ ਵਿਅਕਤੀ ਪ੍ਰਸ਼ੰਸ਼ਾ ਨੂੰ ਪਸੰਦ ਕਰਦਾ ਹੈ।ਪ੍ਰਸ਼ੰਸਾ ਕਰਨ ਤੇ ਤੁਹਾਡਾ ਖ਼ਰਚ ਤਾਂ ਕੁਝ ਨਹੀ ਹੁੰਦਾ ਪਰ ਮਿਲ ਬਹੁਤ ਕੁਝ ਜਾਂਦਾ ਹੈ।ਇਸ ਲਈ ਜਦੋਂ ਵੀ ਕੋਈ ਕੁਝ ਚੰਗਾ ਕੰਮ ਕਰਦਾ ਹੈ ਤਾਂ ਇਮਾਨਦਾਰੀ ਨਾਲ ਉਸਦੀ ਪ੍ਰਸ਼ੰਸਾ ਕਰੋ।ਜ਼ਿਆਦਾ ਸਮਾਂ ਅਸੀਂ ਆਪਣਿਆਂ ਬਾਰੇ ਹੀ ਬੋਲਦੇ ਰਹਿੰਦੇ ਹਾਂ।ਉਨ੍ਹਾਂ ਦੀਆਂ ਕਮੀਆਂ ਨੂੰ ਵੀ, ਖ਼ੂਬੀਆਂ ਬਣਾ ਕੇ ਦੱਸਦੇ ਹਾਂ।ਪਰ ਦੂਜਿਆ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰਨ ਸਮੇਂ ਸਾਡੇ ਕੋਲ ਸ਼ਬਦਾਵਲ਼ੀ ਮੁੱਕ ਜਾਂਦੀ ਹੈ।ਸਮਾਜ ਵਿਚ ਅਨੇਕਾਂ ਵਿਅਕਤੀ ਹਨ ਜੋ ਹਰ ਸਮੇਂ ਸ਼ਲਾਘਾਯੋਗ ਕਾਰਜਾਂ 'ਚ ਮਸਰੂਫ਼ ਰਹਿੰਦੇ ਹਨ।ਅਜਿਹੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਕਾਰਜਾਂ ਨੂੰ ਸਲਾਹੁਣਾ ਚਾਹੀਦਾ ਹੈ।ਪ੍ਰਸ਼ੰਸਾ ਆਤਮ ਵਿਸ਼ਵਾਸ ਵਧਾਉਣ ਦਾ ਇੱਕ ਕਾਰਗਰ ਟੋਨਿਕ ਹੈ ।
ਲੇਖਕ: ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) ਫੋਨ 9814096108
24 Sep. 2018
ਆਇਲੈੱਟਸ ਦੀ ਤਿਆਰੀ ਲਈ ਸਹੀ ਕੋਚਿੰਗ ਸੈਂਟਰ ਦੀ ਚੋਣ ਕਿਵੇਂ ਕਰੀਏ - ਪ੍ਰੋਫ਼ੈਸਰ ਮਨਜੀਤ ਤਿਆਗੀ
( ਟਿੱਚਰ ਅਤੇ ਟਰੇਡਰ ਵਰਗ ਵਿੱਦਿਅਕ ਢਾਂਚੇ ਨੂੰ ਲੱਗੀ ਸਿਉਂਕ ਹਨ )
ਕੈਨੇਡਾ ਵਰਗਾ ਵਿਕਸਿਤ ਦੇਸ਼ ਹਮੇਸ਼ਾ ਹੀ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ।ਅੱਜ ਹਰੇਕ ਵਿਆਕਤੀ ਅੱਡੀਆਂ ਚੁੱਕ ਕੇ ਕੈਨੇਡਾ ਵੱਲ ਝਾਕ ਰਿਹਾ ਹੈ ਕਿ ਕਦੋਂ ਕੈਨੇਡਾ ਉਸ ਨੂੰ ਬੁਲਾਵੇ। ਕਿਸੇ ਵੀ ਵਿਕਸਿਤ ਦੇਸ਼ ਦੀ ਨਾਗਰਿਕਤਾ ਲੈਣ ਲਈ ਇੱਕ ਗੁੰਝਲਦਾਰ ਪ੍ਰਕ੍ਰਿਆ ਵਿੱਚੋਂ ਦੀ ਲੰਘਣਾ ਪੈਂਦਾ ਹੈ ਤੇ ਕਈ ਸਾਲਾਂ ਦਾ ਇੰਤਜ਼ਾਰ ਵੀ ਕਰਨਾ ਪੈਂਦਾ ਹੈ।ਪਰ ਅੱਜਕਲ ਐਨਾ ਸਬਰ ਕਿਸੇ ਕੋਲ ਨਹੀਂ ਕਿ ਉਹ ਹੱਥ 'ਤੇ ਹੱਥ ਧਰ ਕੇ ਵੀਜ਼ੇ ਲਈ ਲੰਬੀ ਉਡੀਕ ਕਰੇ। ਇਸ ਦੇ ਉਲਟ ਸਟੱਡੀ ਵੀਜ਼ੇ ਲਈ ਕੁੱਝ ਹੀ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।ਇਸ ਲਈ ਅੱਜਕਲ ਨੌਜਵਾਨ ਵਰਗ ਵਿਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਨ ਨੂੰ ਤਰਜੀਹ ਦੇ ਰਿਹਾ ਹੈ।
ਸਰਕਰੀ ਨੌਕਰੀ ਨਾ ਮਿਲਣਾ, ਯੋਗਤਾ ਦੇ ਅਨੁਸਾਰ ਕੰਮ ਨਾ ਮਿਲਣਾ, ਲਾਲ ਫ਼ੀਤਾਸ਼ਾਹੀ, ਕੰਮਕਾਰ ਵਿੱਚ ਰਾਜਨੀਤਕ ਘੜੰਮ ਚੌਧਰੀਆ ਦੀ ਗ਼ੈਰ-ਜ਼ਰੂਰੀ ਦਖ਼ਲ ਅੰਦਾਜ਼ੀ ਆਦਿ ਕੁੱਝ ਅਜਿਹੇ ਕਾਰਕ ਹਨ ਜਿਨ੍ਹਾਂ ਕਰਕੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਫ਼ੈਸਲਾ ਲੈਂਦੇ ਹਨ ਤੇ ਆਇਲੈੱਟਸ ਸੈਂਟਰਾਂ 'ਚ ਆਪਣੀ ਛਿੱਲ ਲੁਹਾਉਣ ਲਈ ਮਜ਼ਬੂਰ ਹੁੰਦੇ ਹਨ।ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਚਾਹਤ ਪਿੱਛੇ ਕਿਤੇ ਨਾ ਕਿਤੇ ਮਾਂ-ਬਾਪ ਦੀ ਖੁਦ ਵਿਦੇਸ਼ ਜਾਣ ਦੀ ਦੱਬੀ ਹੋਈ ਇੱਛਾ ਵੀ ਕੰਮ ਕਰਦੀ ਹੈ ਸ਼ਾਇਦ ਇਸ ਕਰਕੇ ਹੀ ਉਹ ਬ੍ਰਹਿਮੰਡ ਤੋਂ ਬਿੰਦੂ ਬਣਨ ਲਈ ਵੀ ਸੰਕੋਚ ਨਹੀਂ ਕਰਦੇ।ਇਸ ਲਈ ਜਹਾਜ਼ ਦਾ ਝੂਟਾ ਲੈਣ ਦੇ ਚਾਹਵਾਨ ਮਾਂ-ਬਾਪ ਹੁਣ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਪੜ੍ਹਾਉਣ ਲਈ ਤੱਤਪਰ ਹਨ।
ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਕੋਰਸ ਦੇ ਮੁਤਾਬਕ ਆਇਲੈੱਟਸ 'ਚੋਂ ਲੋੜੀਦੇ ਬੈਂਡ ਸਕੋਰ ਲੈਣਾ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਚੰਗਾ ਬੈਂਡ ਸਕੋਰ ਪ੍ਰਾਪਤ ਕਰਨਾ ਚਾਹੁੰਦੇ ਹੋਂ ਤਾਂ ਤੂਹਾਨੂੰ ਟੀਚਰ,ਟਿੱਚਰ ਅਤੇ ਟਰੇਡਰ 'ਚ ਫ਼ਰਕ ਪਛਾਣਨਾ ਪਵੇਗਾ।ਟੀਚਰ ਕੋਲ ਡਿਗਰੀਆਂ ਹੋਣ ਤੋਂ ਇਲਾਵਾ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੀ ਸੱਮਰਥਾ ਵੀ ਹੁੰਦੀਂ ਹੈ ਇਸ ਤੋਂ ਉੋਲਟ ਅਧਿਆਪਨ ਦੇ ਕਾਰਜ਼ ਵਿਚ ਅਕੁਸ਼ਲ ਬੰਦੇ ਨੂੰ ਅਸੀਂ ਟਿੱਚਰ ਆਖ ਸਕਦੇ ਹਾਂ।ਟਰੇਡਰ ਅਤੇ ਟੀਚਰ ਵਿੱਚ ਬੁਨਿਆਦੀ ਫ਼ਰਕ ਇਹ ਹੁੰਦਾ ਹੈ ਕਿ ਟਰੇਡਰ ਕੁਝ ਲੈਣ ਦੇ ਨਜ਼ਰੀਏ ਨਾਲ ਵਿਦਿਆਰਥੀ ਦੀ ਜੇਬ ਵੱਲ ਹੀ ਵੇਖਦਾ ਹੈ ਜਦੋਂ ਕਿ ਟੀਚਰ ਕੁੱਝ ਦੇਣ ਦੇ ਨਜ਼ਰੀਏ ਨਾਲ ਜੇਬ ਤੋਂ ਹੇਠਾਂ ਵਿਦਿਆਰਥੀ ਦੇ ਦਿਲ ਵਿਚ ਉਤਰਦਾ ਹੈ।ਟਿੱਚਰ ਅਤੇ ਟਰੇਡਰ ਵਰਗ ਵਿੱਦਿਅਕ ਢਾਂਚੇ ਨੂੰ ਲੱਗੀ ਸਿਉਂਕ ਹਨ। ਅੱਜਕਲ ਸ਼ਹਿਰਾਂ 'ਚ ਇੱਕ ਹੋਰ ਟਰੈਂਡ ਹੈ ਕਿ ਭਾਵੇਂ ਬੱਚਾ ਪੜਾਈ ਪੂਰੀ ਨਾ ਕਰ ਸਕਿਆ ਹੋਵੇ ਪਰ ਘਰ ਅੱਗੇ 'ਅੰਗਰੇਜ਼ੀ ਸਿੱਖੋ ਤੇ ਆਇਲੈਟਸ ਪਾਸ ਕਰੋ' ਦਾ ਬੋਰਡ ਲਾ ਕੇ ਅਕੈਡਮੀ ਖੋਲ ਦਿੱਤੀ ਜਾਂਦੀ ਹੈ ਤਿੰਨ ਤਿੰਨ ਹਜ਼ਾਰ ਤਨਖਾਹ ਤੇ ਦੋ ਮੈਡਮਾਂ ਰੱਖ ਕੇ ਕਾਕਾ ਜੀ ਨੂੰ ਮੈਨੇਜਿੰਗ ਡਾਇਰੈੱਕਟਰ ਬਣਾ ਦਿੱਤਾ ਜਾਂਦਾ ਹੈ। ਜਿਵੇਂ ਮੀਂਹ ਪੈਣ ਮਗਰੋਂ ਖੂੰਬਾਂ ਦੀ ਭਰਮਾਰ ਹੋ ਜਾਂਦੀ ਹੈ ਉਸ ਤਰ੍ਹਾਂ ਪ੍ਰੀਖਿਆਵਾਂ ਦੌਰਾਨ ਵਿਦਿਅਕ ਦੁਕਾਨਾਂ ਦੀ ਭਰਮਾਰ ਹੋ ਜਾਂਦੀ ਹੈ। ਚਤੁਰ ਤੇ ਧਨਾਢ ਲੋਕਾਂ ਨੇ ਘਰ ਨੂੰ ਸਿਆਣੇ ਵਪਾਰੀਆਂ ਵਾਂਗ, ਮੌਕਾ ਪਛਾਣ ਲਿਆ ਹੈ ਤੇ ਉਹ ਬੜੇ ਦਿਲ ਖਿੱਚਵੇਂ ਯੁਮਲਿਆਂ ਨਾਲ ਇਸ ਖ਼ੇਤਰ ਵਿੱਚ ਮਿਆਰੀ ਤੇ ਵਧੀਆ ਸਿੱਖਿਆ ਦੇਣ ਦੇ ਨਾਂ 'ਤੇ ਸਿੱਖਿਆ ਨੂੰ ਇੰਡਸਟਰੀ ਬਣਾ ਕੇ ਵਰਤ ਰਹੇ ਹਨ ਤੇ ਲੱਖਾਂ ਕਰੋੜਾਂ ਰੁਪਿਆ ਕਮਾ ਰਹੇ ਹਨ।ਇਸ ਸਿਸਟਮ ਵਿੱਚ ਕੋਝੀ ਦੁਕਾਨਦਾਰੀ ਚਲਾ ਰਹੇ ਅਜਿਹੇ ਲੋਕ ਬਾਖ਼ੂਬੀ ਕਾਮਯਾਬ ਹੋ ਰਹੇ ਹਨ। ਉਹਨਾਂ ਨੂੰ ਅਧਿਆਪਕ ਸਸਤੇ ਭਾਅ ਮਿਲ ਰਹੇ ਹਨ ਤੇ ਉਹ ਆਪ ਵਿਦਿਆਰਥੀਆਂ ਨੂੰ ਮੰਹਿਗੇ ਭਾਅ ਵਿੱਦਿਆ ਦੇ ਰਹੇ ਹਨ। ਸੱਤ ਬੈਂਡ ਦੀ ਗਰੰਟੀ ਦੇਣ ਵਲਿਆਂ ਦੀ ਭਰਮਾਰ ਹੈ। ਹਰ ਕੋਈ ਦੂਜਿਆਂ ਨਾਲੋਂ ਬਿਹਤਰ ਹੋਣ ਦੀ ਮੁਨਿਆਦੀ ਕਰ ਰਿਹਾ ਹੈ।ਇਸ ਖ਼ੇਤਰ ਦੀ ਰੌਚਕ ਗੱਲ ਇਹ ਹੈ ਕਿ ਜਿਹੜਾ ਅੱਜ ਅਕੈਡਮੀ ਖੋਲਦਾ ਹੈ ਉਹ ਇਹ ਹੀ ਰੌਲਾ ਪਾਉਦਾਂ ਹੈ ਕਿ ਉਸ ਨੂੰ ਹੀ ਸਭ ਕੁੱਝ ਪਤਾ ਹੈ ਦੂਜੇ ਤਾਂ ਐਵੇਂ ਹੀ ਹਨ।
ਸਿੱਖਿਆ ਸ਼ਾਸਤਰੀ ਦੱਸਦੇ ਹਨ ਕਿ ਗਿਆਨ ਸ਼ਕਤੀ ਹੈ ਪਰ ਅਜਿਹੇ 'ਅਧਿਆਪਕ' ਜੋ ਕਿ ਆਪ ਹੀ ਗਿਆਨਹੀਨ ਹੋਣ ਤਾਂ ਉਹ ਵਿਦਿਆਰਥੀਆਂ ਨੂੰ ਕੀ ਸ਼ਕਤੀ ਦੇਣਗੇ। ਮਾਂ-ਬਾਪ ਦੀ ਰਾਏ ਤੋਂ ਉਲਟ ਆਪ ਮੁਹਾਰੇ ਹੋ ਕੇ ਸ਼ਹਿਰਾਂ 'ਚ ਅਜਿਹੇ ਸੈਟਰਾਂ 'ਚ ਦਾਖ਼ਲ ਹੋਏ ਵਿਦਿਆਰਥੀ ਜਦੋਂ ਕਈ-ਕਈ ਮਹੀਨੇ ਆਪਣੀ ਆਰਥਿਕ ਲੁੱਟ ਕਰਾ ਕੇ ਬਰੰਗ ਚਿੱਠੀ ਵਾਂਗ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਸਲੀਅਤ ਦੇ ਦਰਸ਼ਨ ਹੁੰਦੇ ਹਨ ਤੇ ਪਤਾ ਲੱਗਦਾ ਹੈ ਕਿ ਵੱਡਾ ਸ਼ਹਿਰ ਵੱਡੇ ਬੈਂਡ ਸਕੋਰ ਦਾ ਲਾਇਸੈਂਸ ਨਹੀਂ ਹੁੰਦਾ। ਇੱਕ ਮੋਟੇ ਅੰਦਾਜ਼ੇ ਮੁਤਾਬਕ ਆਇਲੈੱਟਸ ਦਾ ਪਹਿਲੀ ਵਾਰ ਪੇਪਰ ਦੇਣ ਵਾਲੇ ਜ਼ਿਆਦਾਤਰ ਵਿਦਿਆਰਥੀ ਫ਼ੇਲ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਪੰਜਾਹ ਤੋਂ ਸੱਤਰ ਹਜ਼ਾਰ ਰੁਪਿਆ ਖ਼ਰਚ ਹੋ ਚੁੱਕਿਆ ਹੁੰਦਾ ਹੈ।ਦੁੱਖ ਦੀ ਗੱਲ ਹੈ ਕਿ ਪੰਜਾਬੀ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਤੇ ਇਹ ਸੰਕਟ ਦਿਨੋ ਦਿਨ ਹੋਰ ਡੂੰਘਾਂ ਤੇ ਗੰਭੀਰ ਹੁੰਦਾ ਜਾ ਰਿਹਾ ਹੈ।ਪੰਜਾਬੀਆਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ।
ਆਇਲੈੱਟਸ ਦੀ ਕੋਚਿੰਗ ਵਾਲੇ ਖ਼ੇਤਰ 'ਚ ਭਾਵੇਂ ਹਨੇਰਾ ਪਸਰਿਆ ਪਿਆ ਹੈ ਪਰ ਨਿਰਾਸ਼ ਤੇ ਦੁਖੀ ਹੋ ਕੇ ਘਰ ਬੈਠਣ ਦੀ ਬਜਾਏ ਤੁਸੀਂ ਆਪਣੀ ਰਾਡਾਰ ਦੀ ਰੇਂਜ ਵਧਾ ਕੇ ਚੰਗੇ ਟੀਚਰ ਦੀ ਤਲਾਸ਼ ਕਰਦੇ ਰਹੋ। ਕੁੱਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਰਥਿਕ ਲੁੱਟ ਕਰਾਉਣ ਤੋਂ ਬਚ ਸਕਦੇ ਹੋਂ।
ਜਦੋਂ ਵੀ ਵਿਦਿਆਰਥੀ ਨੇ ਆਇਲੈੱਟਸ ਦੀ ਕੋਚਿੰਗ ਲੈਣੀ ਹੋਵੇ ਉਸ ਨੂੰ ਚਾਹਿਦਾ ਹੈ ਕਿ ਕਿਸੇ ਪੜ੍ਹੇ-ਲਿਖੇ ਸੂਝਵਾਨ ਵਿਦਵਾਨ ਦੀ ਰਾਏ ਲਵੇ।
ਕਿਸੇ ਸਿੱਖਿਆ ਸੰਸਥਾ 'ਚ ਦਾਖਲਾ ਲੈਣ ਸਮੇਂ ਮਾਂ-ਬਾਪ ਜਾਂ ਪੜ੍ਹੇ-ਲਿਖੇ ਕਿਸੇ ਹੋਰ ਮੈਂਬਰ ਨੂੰ ਨਾਲ ਲੈੇ ਕੇ ਜਾਣਾ ਚਾਹੀਦਾ ਹੈ ਤਾਂ ਕਿ ਮਿਸ਼ਨ ਪ੍ਰਾਪਤੀ ਲਈ ਸਹੀ ਸੰਸਥਾ ਦੀ ਚੋਣ ਹੋ ਸਕੇ।
ਦਾਖਲਾ ਲੈਣ ਤੋਂ ਪਹਿਲਾਂ ਇਹ ਸਪੱਸ਼ਟ ਕਰ ਲਵੋ ਕਿ ਕੀ ਉਸ ਸੰਸਥਾ 'ਚ ਫ਼ੋਨੇਟਿਕ ਗ੍ਰਾਫ਼ਿਕਸ ਦੀ ਸਹਾਇਤਾ ਨਾਲ 26 ਅੱਖਰਾਂ ਤੋਂ 44 ਧੁਨਾਂ ਦਾ ਸ਼ੁੱਧ ਉਚਾਰਣ ਸਿਖਾਇਆ ਜਾਂਦਾ ਹੈ ਕਿ ਨਹੀ। ਜੇ ਫ਼ੋਨੇਟਿਕ ਗ੍ਰਾਫ਼ਿਕਸ ਦੀ ਮੱਦਦ ਨਾਲ ਸ਼ਬਦਾ ਦਾ ਸਹੀ ਉਚਾਰਣ ਨਹੀਂ ਸਿਖਾਇਆ ਜਾ ਰਿਹਾ ਤਾਂ ਸਮਝੋ ਹਿੰਗਲਿਸ਼ ਜਾਂ ਪੰਗਲਿਸ਼ ਹੀ ਪੜ੍ਹਾਈ ਜਾ ਰਹੀ ਹੈ ਇੰਗਲਿਸ਼ ਨਹੀਂ !
ਕੀ ਸ਼ਬਦਾਂ ਦਾ ਸ਼ੁੱਧ ਉਚਾਰਣ ਸਿਖਾਉਣ ਲਈ ਲਿੰਗੋ-ਫ਼ੋਨ ਦਾ ਪ੍ਰਬੰਧ ਹੈ।ਸਪੀਕਿੰਗ ਮੋਡਿਯੂਲ 'ਚੋਂ ਚੰਗਾ ਬੈਂਡ ਲੈਣ ਲਈ ਸ਼ੁੱਧ ਉਚਾਰਣ ਜ਼ਰੂਰੀ ਹੁੰਦਾ ਹੈ।
ਸੰਸਥਾ ਵਿੱਚ ਪਹਿਲਾਂ ਪੜ੍ਹ ਚੁੱਕੇ ਵਿਦਿਆਰਥੀਆਂ ਦੀ ਸਫ਼ਲਤਾ ਦੀ ਦਰ ਬਾਰੇ ਜ਼ਰੂਰ ਜਾਣੋ। ਅਖ਼ਬਾਰਾਂ 'ਚ ਸੱਤ ਜਾਂ ਅੱਠ ਬੈਂਡ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਦੀਆਂ ਫ਼ੋਟੋਆਂ ਜਾਂ ਵੱਡੇ ਇਸ਼ਤਿਹਾਰੀ ਬੋਰਡ ਦੇਖ ਕੇ ਪ੍ਰਭਾਵਿਤ ਨਾ ਹੋਵੋ ਸਗੋਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਉਸ ਵਿਦਿਆਰਥੀ ਦੇ ਬੈਚ 'ਚ ਹੋਰ ਕਿੰਨੇ ਕੁ ਵਿਦਿਆਰਥੀਆਂ ਨੇ ਚੰਗੇ ਬੈਂਡ ਸਕੋਰ ਪ੍ਰਾਪਤ ਕੀਤੇ।
ਆਇਲੈੱਟਸ ਅੰਤਰਰਾਸਟਰੀ ਪੱਧਰ ਦਾ ਟੈਸਟ ਹੈ।ਇਸ 'ਚੋਂ ਚੰਗਾ ਬੈਂਡ ਸਕੋਰ ਪ੍ਰਾਪਤ ਕਰਨ ਲਈ ਸੰਜ਼ੀਦਗੀ ਨਾਲ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਤਿਆਰੀ ਦੌਰਾਨ ਕਈ ਵਾਰ ਵਿਦਿਆਰਥੀ ਦਾ ਮਨ ਡਾਵਾਂਡੋਲ ਹੁੰਦਾ ਰਹਿੰਦਾ ਹੈ।ਇਸ ਲਈ ਅਜਿਹੇ ਅਧਿਆਪਕ ਦੀ ਤਲਾਸ਼
ਕਰੋ ਜਿਹੜਾ ਵਿਦਿਆਰਥੀਆਂ ਨੂੰ ਹਰ ਰੋਜ਼ ਮੋਟੀਵੇਸ਼ਨ ਦੇ ਕੇ ਤੇ ਉਨ੍ਹਾਂ ਦੇ ਸ਼ੰਕੇ ਦੂਰ ਕਰਕੇ ਉਨ੍ਹਾਂ ਨੂੰ ਹੋਰ ਪੜ੍ਹਨ ਲਈ ਪ੍ਰੇਰਿਤ ਕਰੇ।
ਭਾਵੇਂ ਵਿੱਦਿਆ ਦਾ ਵਪਾਰੀਕਰਣ ਹੋ ਚੁਕਿੱਆ ਹੈ ਪਰ ਇਸ ਦੇ ਬਾਵਜੂਦ ਹਰ ਜ਼ਿਲ੍ਹੇ 'ਚ ਕੋਈ ਨਾ ਕੋਈ ਅਜਿਹੀ ਸਿੱਖਿਆ ਸੰਸਥਾ ਜਾਂ ਪ੍ਰੋਫ਼ੈਸਰ ਹੁੰਦਾ ਹੈ ਜੋ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ।ਜਿਵੇਂ ਸਮੁੰਦਰ 'ਚ ਭਟਕੇ ਹੋਏ ਸਮੁੰਦਰੀ ਜਹਾਜ਼ਾਂ ਨੂੰ ਧਰੁਵੀ ਤਾਰਾ ਸਹੀ ਦਿਸ਼ਾ ਦੱਸ ਕੇ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਹੈ, ਠੀਕ ਉਸੇ ਤਰ੍ਹਾਂ ਗਿਆਨਵਾਨ ਗੁਰੂ ਸਿੱਖਿਆਰਥੀ ਨੂੰ ਸਹੀ ਗਿਆਨ ਦੇ ਕੇ ਉਸ ਦਾ ਜੀਵਨ ਸਫ਼ਲ ਬਣਾਉਂਦਾ ਹੈ। ਵਿਦਵਾਨ ਅਧਿਆਪਕ ਵਿਦਿਆਰਥੀ ਨੂੰ ਸਿਰਫ਼ ਡੈਸਕਾਂ ਵਾਲੀਆਂ ਜਮਾਤਾ ਦਾ ਗਿਆਨ ਹੀ ਨਹੀਂ ਦਿੰਦਾ ਸਗੋਂ ਬਾਜ਼ਾਰ ਵਾਲੀਆਂ ਜਮਾਤਾਂ ਦਾ ਗਿਆਨ ਵੀ ਦਿੰਦਾ ਹੈ ।ਉਹ ਫ਼ੋਰਮਲ ਸਿੱਖਿਆ ਦੇ ਨਾਲ-ਨਾਲ ਇਨਫ਼ੋਰਮਲ ਸਿੱਖਿਆ ਵੀ ਦਿੰਦਾ ਹੈ।ਅਜਿਹੇ ਵਿਦਵਾਨ ਟੀਚਰ ਦੇ ਸ਼ਬਦ ਵਿਦਿਆਰਥੀ ਲਈ ਊਰਜਾ ਦਾ ਕੰਮ ਕਰਦੇ ਹਨ। ਜਿਵੇਂ ਚੰਦਰਮਾ ਨੂੰ ਚਮਕਣ ਲਈ ਸੂਰਜ ਦੀ ਜ਼ਰੂਰਤ ਹੁੰਦੀਂ ਹੈ ਉਸ ਤਰ੍ਹਾਂ ਵਿਦਿਆਰਥੀ ਨੂੰ ਫਰਸ਼ ਤੋਂ ਅਰਸ਼ ਤੱਕ ਜਾਣ ਲਈ ਦਿਮਾਗ਼ੀ ਟੀਚਰ ਦੀ ਜ਼ਰੂਰਤ ਹੁੰਦੀਂ ਹੈ। ਮੈਂ ਅਜਿਹੇ ਸੂਰਜਾਂ ਨੂੰ ਜੋ ਆਪਣੇ ਬੋਧਿਕ ਗਿਆਨ ਦੀ ਰੌਸ਼ਨੀ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ, ਆਪਣਾ ਸਿਰ ਝੁਕਾਉੰਦਾ ਹਾਂ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਸੰਸਥਾਪਕ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108
5 Sep. 2018
ਘਰ ਦਾ ਮਾਹੌਲ ਖੁਸ਼ਗਵਾਰ ਰੱਖਣ ਲਈ ਬਜੁਰਗਾਂ ਦਾ ਸਹਿਯੋਗ ਵੀ ਜ਼ਰੂਰੀ
ਬਚਪਨ ਜਵਾਨੀ ਦੀ ਤਰਾ੍ਹਂ ਬੁਢਾਪਾ ਵੀ ਮਨੁੱਖੀ ਜੀਵਨ ਦਾ ਇੱਕ ਅਹਿਮ ਪੜਾਅ ਹੈ।ਬੁਢਾਪਾ, ਜਵਾਨੀ ਤੇ ਬਚਪਨ ਵਿੱਚ ਇੱਕ ਬੁਨਿਆਦੀ ਫ਼ਰਕ ਇਹ ਹੈ ਕਿ ਬਚਪਨ ਤੇ ਜਵਾਨੀ ਤਾਂ ਜੀਵਨ 'ਚ ਇੱਕ ਵਾਰ ਆਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ। ਪਰ ਬੁਢਾਪਾ ਜਦੋਂ ਇੱਕ ਵਾਰ ਆ ਜਾਂਦਾ ਹੈ ਫਿਰ ਆਖ਼ਰੀ ਸਾਹ ਤੱਕ ਨਾਲ ਹੀ ਰਹਿੰਦਾ ਹੈ। ਮੋਟੇ ਤੌਰ ਤੇ 60 ਕੁ ਸਾਲ ਆਪਣੀ ਜ਼ਿੰਦਗੀ ਦੀਆਂ ਬਸੰਤ ਰੁੱਤਾਂ ਦੇਖਣ ਵਾਲੇ ਬੰਦੇ ਨੂੰ ਬੁੱਢਾ ਕਲੱਬ ਦੇ ਮੈਂਬਰ ਦੇ ਤੌਰ ਤੇ ਮਾਨਤਾ ਦੇ ਦਿੱਤੀ ਜਾਂਦੀ ਹੈ। ਉਮਰ ਦੇ ਇਸ ਪੜਾਅ 'ਤੇ ਸਮਾਜ ਸਿਆਣਪ ਦੀ ਉਮੀਦ ਕਰਦਾ ਹੈ। ਉਸ ਨੂੰ ਬਜ਼ੁਰਗ ਦਾ ਖਿਤਾਬ ਦੇ ਦਿੰਦਾ ਹੈ ਪਰ ਉਸ ਸਮੇਂ ਦੁੱਖ ਹੁੰਦਾ ਹੈ ਜਦੋਂ ਦੂਰੋਂ ਲੱਗਦਾ ਹੈ ਕਿ ਬਜ਼ੁਰਗ ਆ ਰਿਹਾ ਹੈ ਪਰ ਜਦੋਂ ਉਹ ਮੂੰਹ ਖੋਲਦਾ ਹੈ ਤਾਂ ਉਹ ਬੁੱਢਾ ਹੀ ਨਿਕਲਦਾ ਹੈ।ਬਜ਼ੁਰਗ ਤੇ ਬੁੱਢੇ ਵਿੱਚ ਅੰਤਰ ਇਹ ਹੁੰਦਾ ਹੈ ਕਿ ਬਜ਼ੁਰਗ ਹਮੇਸ਼ਾਂ ਸਿਆਣਪ ਭਰਪੂਰ ਗੱਲਾਂ ਕਰਦੇ ਹਨ ਜਦੋਂ ਕਿ ਬੁੱਢੇ ਸਿਰਫ ਗੱਲਾਂ ਹੀ ਕਰਦੇ ਹਨ। ਆਧੁਨਿਕ ਸੱਭਿਅਤਾ 'ਚ ਹਰ ਰਿਸ਼ਤੇ 'ਚ ਤਰੇੜਾ ਆ ਰਹੀਆਂ ਹਨ। ਅਕਸਰ ਹੀ ਬੁਢਾਪੇ 'ਚ ਮਾਂ-ਬਾਪ ਆਪਣੇ ਆਪ ਨੂੰ ਅਣਗੋਲਿਆ ਮਹਿਸੂਸ ਕਰਦੇ ਹਨ। ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਮਾਂ-ਬਾਪ ਨੂੰ ਬ੍ਰਿਧ-ਆਸਰਮਾਂ 'ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਬੁਜ਼ਰਗਾਂ ਨਾਲ ਮੇਰੀ ਦਿਲੋਂ ਹਮਦਰਦੀ ਤੇ ਸਤਿਕਾਰ ਹੈ। ਅਜਿਹਾ ਸਮਾਜਿਕ ਵਰਤਾਰਾਂ ਨਿੰਦਣਯੋਗ ਹੀ ਨਹੀਂ ਸਗੋਂ ਬੇਹੱਦ ਸ਼ਰਮਨਾਕ ਹੈ। ਇਸ ਲਈ ਇਹ ਜਲਦੀ ਤੋਂ ਜਲਦੀ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਬੁਜ਼ਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਇਹ ਸਮੱਸਿਆਵਾਂ ਦਿਨੋਂ ਦਿਨ ਵਿਕਰਾਲ ਰੂਪ ਕਿਉਂ ਧਾਰਨ ਕਰ ਰਹੀ ਹੈ? ਭਾਂਵੇ ਨਵੀਂ ਪੀੜੀ 'ਖਾਓ ਪੀਓ ਐਸ ਕਰੋ' ਦੇ ਸਿਧਾਂਤ 'ਚ ਗਲਤਾਨ ਹੈ, ਪਦਾਰਥਵਾਦ ਕਦਰਾਂ-ਕੀਮਤਾਂ 'ਤੇ ਭਾਰੂ ਪੈ ਰਿਹਾ ਹੈ। ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾਂ ਬੱਚੇ ਹੀ ਗ਼ਲਤ ਹੁੰਦੇ ਹਨ।ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਆਪਣੀ ਜਗਿਆਸੂ ਆਲੋਚਨਾਤਮਿਕ ਅਤੇ ਅਨੇਲੇਟਿਕ ਪ੍ਰਵਿਰਤੀ ਨਾਲ ਸਮਾਜ ਵਿੱਚ ਵਿਚਰਦੇ ਹੋਏ ਇਸਦੇ ਕਾਰਨਾਂ ਦੀ ਘੋਖ ਕਰਨ 'ਤੇ ਮੁੱਖ ਰੂਪ 'ਚ ਜਿਹੜੀਆਂ ਗੱਲਾਂ ਸਾਹਮਣੇ ਆਈਆ, ਉਹਨਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ।
ਸਮੱਸਿਆਵਾਂ ਤੇ ਕਾਰਨ:
ਜ਼ਿਆਦਾਤਰ ਬਜ਼ੁਰਗਾਂ ਨੂੰ ਉਹਨ੍ਹਾਂ ਦੇ ਮਾਂ-ਬਾਪ ਨੇ ਤਾੜ੍ਹ ਕੇ ਰੱਖਿਆਂ ਹੁੰਦਾ ਹੈ ਤੇ ਉਨ੍ਹਾ ਨੇ ਆਪਣੀ ਜ਼ਿੰਦਗੀ 'ਚ ਸਖ਼ਤ ਮਿਹਨਤ ਕੀਤੀ ਹੁੰਦੀ ਹੈ। ਇਸ ਲਈ ਹੁਣ ਉਹ ਵੀ ਆਪਣੀ ਔਲਾਦ ਨੂੰ ਤਾੜ੍ਹ ਕੇ ਰੱਖਣਾ ਚਾਹੁੰਦੇ ਹਨ। ਪਰ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੇ ਬੱਚੇ ਦਲੀਲ ਨਾਲ ਗੱਲ ਤੇ ਦਿਮਾਗ਼ ਨਾਲ ਕੰਪਿਊਟਰ 'ਤੇ ਹੀ ਬਹੁਤ ਸਾਰੇ ਕੰਮ ਕਰ ਜਾਂਦੇ ਹਨ।ਮਸ਼ੀਨੀਕਰਨ ਦੇ ਯੁੱਗ 'ਚ ਨਵੀਂ ਪੀੜ੍ਹੀ ਟੋਕਾ-ਟਾਕੀ ਬਰਦਾਸਤ ਨਹੀਂ ਕਰਦੀ ਜਦੋਂ ਕਿ ਪੁਰਾਣੀ ਪੀੜੀ ਆਪਣਾ ਤਜ਼ਰਬਾ ਤੇ ਗਿਆਨ ਉਨ੍ਹਾਂ 'ਤੇ ਥੋਪਣਾ ਚਾਹੁੰਦੀ ਹੈ।
ਵਿਆਹ ਮਗਰੋਂ ਜਦੋਂ ਮਾਂ-ਬਾਪ ਆਪਣੀ ਨੂੰਹ ਨੂੰ ਸਿਰਫ਼ ਇੱਕ ਪੱਕਾ ਸੇਵਾਦਾਰ ਹੀ ਸਮਝਣ ਲੱਗਦੇ ਹਨ ਤਾਂ ਇੱਥੋਂ ਹੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।ਜਿਸ ਲੜਕੀ ਨੇ ਮੰਗਣੇ ਦੌਰਾਨ ਹੁੰਦੀ ਸੌਦੇਬਾਜ਼ੀ ਸਮੇਂ ਆਪਣੇ ਪਿਤਾ ਨੂੰ ਦੁੱਖੀ ਹੁੰਦੇ ਦੇਖਿਆ ਹੋਵੇ। ਉਸ ਤੋਂ ਦਿਲੀ ਸਤਿਕਾਰ ਦੀ ਉਮੀਦ ਕਰਨਾ ਵੀ ਮੂਰਖਤਾ ਹੀ ਹੈ। ਇਸ ਸਥਿਤੀ 'ਚ ਹਰ ਐਕਸ਼ਨ 'ਤੇ ਰਿਐਕਸ਼ਨ ਫਿਰ ਰਿਐਕਸ਼ਨ 'ਤੇ ਐਕਸ਼ਨ ਹੁੰਦਾ ਹੈ। ਰਿਐਕਸ਼ਨ , ਐਕਸ਼ਨ ਦੇ ਇਸ ਕੁਚੱਕਰ 'ਚ ਰਿਸ਼ਤੇ ਕੜਵਾਹਟ ਦੀ ਭੇਂਟ ਚੜਨ ਲੱਗਦੇ ਹਨ।
ਬੇਟੇ ਦੀ ਸ਼ਾਦੀ ਹੋਣ ਤੇ ਆਪਣੀ ਨੂੰਹ ਨੂੰ ਧੀ ਹੀ ਸਮਝਣਾ ਚਾਹੀਦਾ ਹੈ। ਕਿਉਂਕਿ ਉਹ ਤਾਂ ਵਿਆਹ ਸਮੇਂ ਹੀ ਆਪਣਾ ਘਰ ਬਾਰ ਤੇ ਮਾਂ-ਬਾਪ ਛੱਡ ਕੇ ਤੁਹਾਡੇ ਘਰ ਆ ਜਾਂਦੀ ਹੈ।ਹੁਣ ਤੁਸੀਂ ਹੀ ਉਸ ਦੇ ਮਾਂ-ਬਾਪ ਹੋਂ।ਇਹ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੀ ਇਨਪੁਟ ਦੇ ਰਹੇ ਹੋਂ।ਜਿਸ ਤਰ੍ਹਾਂ ਦੀ ਇਨਪੁਟ ਦਿਉਂਗੇ ਉਸੇ ਤਰ੍ਹਾਂ ਦੀ ਆਉਟਪੁਟ ਮਿਲੇਗੀ।ਚੰਗੀਆਂ ਕਦਰਾਂ-ਕੀਮਤਾਂ ਨਾਲ ਵਿਵਹਾਰ ਕਰੋਗੇ ਤਾਂ ਬਦਲੇ 'ਚ ਇੱਜ਼ਤ ਮਿਲੇਗੀ।ਜੇ ਕਿਸੇ ਨੂੰ ਜ਼ਬਰਦਸਤੀ ਦਬਾਓਗੇ ਤਾਂ ਇਕ ਸਥਿਤੀ ਤੋਂ ਬਾਅਦ ਉਹ ਟੁੱਟੇਗੀ ਜਾਂ ਉਨ੍ਹੀ ਸ਼ਕਤੀ ਨਾਲ ਹੀ ਵਾਪਿਸ ਉਛਲੇਗੀ।ਇਸ ਸਾਇੰਸ ਦੇ ਸਿਧਾਂਤ ਤੋਂ ਅਸੀਂ ਇਨਕਾਰ ਨਹੀ ਕਰ ਸਕਦੇ। ਅਕਸਰ ਹੀ ਮਾਂ-ਬਾਪ ਨੂੰ ਵਿਆਹ ਮਗਰੋਂ ਬੇਟੇ ਦੇ ਵਿਵਹਾਰ 'ਚ ਬਦਲਾਅ ਦੀ ਸ਼ਿਕਾਇਤ ਰਹਿੰਦੀ ਹੈ। ਮਾਂ-ਬਾਪ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੇਟਾ ਭੋਲਾ ਹੈ ਤੇ ਨੂਹ ਚਲਾਕ ਇਸ ਕਰਕੇ ਉਹ ਘਰਵਾਲੀ ਦਾ ਹੀ ਗੁਲਾਮ ਬਣ ਗਿਆ ਹੈ। ਜਦੋ ਕਿ ਹਮੇਸ਼ਾ ਇਹ ਅਸਲੀਅਤ ਨਹੀਂ ਹੁੰਦੀ। ਮਾਂ-ਬਾਪ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਕਿਸੇ ਦਾ ਪਤੀ ਵੀ ਹੈ। ਅੱਜਕਲ ਪੜ੍ਹੇ-ਲਿਖੇ ਲੜਕੇ ਜੇਕਰ ਕੰਮ ਕਾਰ 'ਚ ਆਪਣੀ ਪਤਨੀ ਦੀ ਮੱਦਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 'ਜ਼ੋਰੂ ਦੇ ਗੁਲਾਮ' ਨਹੀਂ ਕਹਿ ਸਕਦੇ ਕਿਉਂਕਿ ਅਨੇਕਾਂ ਹੀ ਅਜਿਹੇ ਕੰਮ ਜੋ ਪਤੀ ਦੇ ਹਿੱਸੇ ਦੇ ਹੁੰਦੇ ਹਨ ਪਤਨੀ ਕਰ ਦਿੰਦੀ ਹੈ।ਆਪਸੀ ਸਹਿਯੋਗ ਨਾਲ ਹੀ ਗ੍ਰਹਿਸਥੀ ਜੀਵਨ ਦਾ ਰਥ ਅੱਗੇ ਵਧ ਸਕਦਾ ਹੈ।ਕਈ ਬਜ਼ੁਰਗਾਂ ਨੂੰ ਨਵੀਂ ਨੂੰਹ ਆਉਣ ਤੇ ਪਹਿਲਾ ਆਈ ਵੱਡੀ ਨੂੰਹ 'ਚ ਅਨੇਕਾਂ ਕਮੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ ਉਹ ਭੁੱਲ ਜਾਂਦੇ ਹਨ ਕਿ ਹੁਣ ਤੱਕ ਕੋਣ ਉਹਨਾਂ ਦੀ ਸੇਵਾ ਕਰਦਾ ਰਿਹਾ ਹੈ। ਨਵਾਂ ਮੈਂਬਰ ਪਰਿਵਾਰ 'ਚ ਸੈਟ ਹੋਣ ਲਈ ਕਈ ਵਾਰ ਬਜ਼ੁਰਗਾਂ ਦੀ ਕੋਈ ਵੀ ਗੱਲ ਨਹੀਂ ਕੱਟਦਾ।ਪਰ ਸਾਲ ਕੁ ਬਾਅਦ ਜਦੋਂ ਉਹ ਆਪਣਾ ਰੰਗ ਵਿਖਾਉਣ ਲੱਗਦੀ ਹੈ ਤਾਂ ਲੱਗਦਾ ਹੈ ਕਿ ਹੁਣ ਉਹ ਜਿਆਦਾ ਬੋਲਣ ਲੱਗ ਗਈ ਹੈ!
ਜਿਹੜੇ ਬਾਪ 'ਸ਼ਕਤੀ ਵਾਟਰ' ਪੀ ਕੇ ਸ਼ਾਮ ਨੂੰ ਆਪਣੀ ਅਕਲ ਦੀ ਮੁਨਿਆਦੀ ਕਰਦੇ ਹਨ, ਉਨਾ੍ਹਂ ਦੀ ਔਲਾਦ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ ਕਿਉਂਕਿ ਜੇਕਰ ਔਲਾਦ ਆਪਣੇ ਬਾਪ ਨੂੰ ਸਖ਼ਤੀ ਨਾਲ ਰੋਕਦੀ ਹੈ ਤਾਂ ਸ਼ਰੀਕੇ ਵਿੱਚ ਉਹਨਾ੍ਹਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੇ ਉਹ ਨਹੀਂ ਰੋਕਦੇ ਤਾਂ ਸਾਰੇ ਪਰਿਵਾਰ ਨੂੰ ਹੀ ਸਮਾਜ 'ਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਘਰ ਆਏ ਮਹਿਮਾਨ ਵੱਲੋਂ ਹਾਲ-ਚਾਲ ਪੁੱਛਣ 'ਤੇ ਕਈ ਵਾਰ ਬਜ਼ੁਰਗ ਜਦੋਂ ਲੰਮਾ ਜਿਹਾ ਹੋਂਕਾ ਲੈ ਕੇ ਕਹੇ, ''ਬਸ ਠੀਕ ਹੀ ਆ''। ਲਹਿਜੇ ਤੋਂ ਹੀ ਮਹਿਮਾਨ ਸਭ ਸਮਝ ਜਾਂਦਾ ਹੈ ਤੇ ਦੁੱਖ ਵੰਡਾਉਣ ਲਈ ਤਤਪਰ ਹੋ ਜਾਂਦਾ ਹੈ। ਮੌਕਾ ਮਿਲਣ 'ਤੇ ਬਜ਼ੁਰਗ ਆਪਣੇ ਮਨ ਦੇ ਭਾਵਾਂ ਨੂੰ ਮਹਿਮਾਨ ਅੱਗੇ ਢੋਲ 'ਚੋਂ ਨਿਕਲੀ ਕਣਕ ਵਾਂਗ ਢੇਰੀ ਕਰ ਦਿੰਦਾ ਹੈ। ਫਿਰ ਇਹ ਖਾਸ ਮਹਿਮਾਨ ਸਾਰੇ ਰਿਸ਼ਤੇਦਾਰਾਂ ਵਿੱਚ ਮੁਨਿਆਦੀ ਕਰਕੇ ਬਜ਼ੁਰਗ ਅਤੇ ਉਸ ਦੇ ਬੱਚਿਆ ਦਾ 'ਦੁੱਖ' ਵੰਡਾਉਂਦਾ ਹੈ। ਅਗਲੇ ਕੁੱਝ ਦਿਨਾਂ 'ਚ ਹਾਲਾਤ ਸੁਧਰ ਕੇ ਘਰ ਦਾ ਮਾਹੌਲ ਤਾਂ ਆਮ ਵਰਗਾ ਹੋ ਜਾਂਦਾ ਹੈ ਪਰ ਸਾਰੇ ਰਿਸ਼ਤੇਦਾਰਾਂ ਵਿੱਚ ਬੱਚਿਆਂ ਦੇ ਅਕਸ਼ ਨੂੰ ਜੋ ਢਾਹ ਲੱਗ ਜਾਂਦੀ ਹੈ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।ਇਸ ਲਈ ਰਿਸ਼ਤੇਦਾਰਾਂ ਕੋਲ਼ ਆਪਣੇ ਬੱਚਿਆਂ ਦੀ ਬੁਰਾਈ ਨਾ ਕਰੋ ਸਗੋ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਮਾਣ ਮਹਿਸੂਸ ਕਰੋ, ਕਿਉਂਕਿ ਜੋ ਕੁੱਝ ਤੁਹਾਡੇ ਬੱਚੇ ਤੁਹਾਡੇ ਲਈ ਕਰ ਸਕਦੇ ਹਨ ਉਹ ਰਿਸ਼ਤੇਦਾਰ ਨਹੀਂ ਕਰ ਸਕਦੇ।ਦੂਜਿਆਂ ਨੂੰ ਇੱਕ ਲਾਈਨ 'ਚ ਦੋ ਵਾਰ ਪੁੱਤ-ਪੁੱਤ ਕਹਿ ਕੇ ਬੁਲਾਉਣਾ ਤੇ ਆਪਣੇ ਪੁੱਤਾਂ ਨੂੰ ਹਮੇਸ਼ਾ ਰੋਅਬ ਨਾਲ ਬੁਲਾਉਣਾ ਕੋਈ ਜ਼ਿਆਦਾ ਚੰਗੀ ਗੱਲ ਨਹੀਂ।
ਘਰ ਦੇ ਮਹੌਲ ਨੂੰ ਖੁਸ਼ਗਵਾਰ ਰੱਖਣ ਲਈ ਬਜ਼ੁਰਗਾਂ ਨੂੰ ਵੀ ਅੱਗੇ ਦਿੱਤੀਆਂ ਗੱਲਾ ਧਿਆਨ 'ਚ ਰੱਖਣੀਆਂ ਚਾਹੀਦੀਆਂ ਹੈ;
ਛੋਟੇ ਬੱਚਿਆਂ ਨਾਲ ਸਮਾਂ ਗੁਜਾਰੋ।ਉਨਾ੍ਹਂ ਨੂੰ ਬਾਹਰ ਘੁੰਮਣ ਲਈ ਲੈ ਜਾਓ। ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਕਦੇ-ਕਦੇ ਕੁੱਝ ਖਾਣ ਲਈ ਲੈ ਕੇ ਦਿੰਦੇ ਰਹੋ।ਇਸ ਤਰਾ੍ਹਂ ਤੁਹਾਡਾ ਸਮਾਂ ਚੰਗਾ ਬਤੀਤ ਹੋਵੇਗਾ ਤੇ ਬੱਚੇ ਵੀ ਤੁਹਾਨੂੰ ਹੋਰ ਪਿਆਰ ਕਰਨਗੇ।
ਮੇਰਾ ਇਕ ਸਰਪੰਚ ਦੋਸਤ ਆਪਣੀ ਨੂੰਹ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਦੇ ਘਰ ਆਉਣ 'ਤੇ ਉਨ੍ਹਾਂ ਦੀ ਇੱਜ਼ਤ ਹੀ ਨਹੀ ਕਰਦਾ ਸਗੋਂ ਆਪਣੀ ਨੂੰਹ ਬਾਰੇ ਜਦੋਂ ਹੋਰਾਂ ਨੂੰ ਦੱਸਦਾ ਹੈ ਤਾਂ ਕਹਿੰਦਾ ਹੈ, ''ਹੋਰਾਂ ਦੇ ਘਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਕਿਸਮਤ ਵਾਲੀ ਕੁੜ੍ਹੀ ਤਾਂ ਸਾਡੇ ਘਰ ਆ ਗਈ ਹੈ'' ਨਤੀਜ਼ੇ ਵਜੋਂ ਉਸ ਦੀ ਨੂੰਹ ਦਿਲੋਂ ਸਤਿਕਾਰ ਕਰਦੀ ਹੈ। ਹਮਦਰਦੀ, ਸਤਿਕਾਰ, ਪਿਆਰ, ਨਿਮਰਤਾ ਆਦਿ ਅਜਿਹੇ ਭਾਵ ਹਨ ਜਿਨ੍ਹਾਂ ਨਾਲ ਕਿਸੇ ਦਾ ਵੀ ਆਸਾਨੀ ਨਾਲ ਦਿਲ ਜਿੱਤਿਆ ਜਾ ਸਕਦਾ ਹੈ।ਪੜ੍ਹ-ਲਿਖ ਕੇ ਰੁਜਗਾਰ ਲਈ ਥਾਂ-ਥਾਂ ਧੱਕੇ ਖਾ ਕੇ ਨਿਰਾਸ਼ ਹੋ ਚੁੱਕੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਵੱਡਿਆ ਦੀ ਹਮਦਰਦੀ ਇਕ ਕਾਰਗਰ ਟੋਨਿਕ ਸਾਬਿਤ ਹੋ ਸਕਦੀ ਹੈ। ਵੱਡੀ ਉਮਰ 'ਚ ਗੋਡੇ, ਢੂਹੀ, ਸਿਰ, ਲੱਤਾਂ-ਬਾਹਾਂ 'ਚ ਦਰਦ ਹੋਣਾ ਆਮ ਸਮੱਸਿਆਵਾਂ ਹਨ। ਸਵੇਰੇ ਉੱਠਣ ਸਾਰ ਹੀ ਗੋਡੇ ਜਾਂ ਮੋਢੇ ਦੇ ਦਰਦ ਦੀ ਸ਼ਿਕਾਇਤ ਕਰਕੇ ਸੁਹਾਵਣੀ ਸਵੇਰ ਦੀ ਬੇਕਦਰੀ ਨਾ ਕਰੋ ਸਗੋ ਮਨ ਵਿੱਚ ਧੰਨਵਾਦੀ ਭਾਵ ਲਿਆਓ ਕਿਉਂਕਿ ਤੁਹਾਨੂੰ ਜ਼ਿਦੰਗੀ ਜਿਉਣ ਲਈ ਇੱਕ ਹੋਰ ਖ਼ੁਬਸੂਰਤ ਦਿਨ ਨਸੀਬ ਹੋਇਆ ਹੈ। ਜਿਵੇਂ ਕੁਦਰਤ ਦਾ ਨਿਯਮ ਹੈ ਕਿ ਕੱਚੇ ਫ਼ਲ ਨੇ ਸਮੇਂ ਦੇ ਬੀਤਣ ਨਾਲ ਪੱਕ ਕੇ ਦਰਖ਼ਤ ਤੋ ਅਲੱਗ ਹੋਣਾ ਹੁੰਦਾ ਹੈ। ਉਸੇ ਤਰਾ੍ਹਂ ਮਨੁੱਖੀ ਸਰੀਰ ਨੇ ਆਪਣੀ ਬਚਪਨ, ਜਵਾਨੀ ਤੇ ਬੁਢਾਪੇ ਆਦਿ ਪੜਾਵਾਂ 'ਚ ਲੰਘ ਕੇ ਅੰਤ ਮਿੱਟੀ 'ਚ ਮਲੀਨ ਹੋਣਾ ਹੁੰਦਾ ਹੈ।ਇਹੀ ਕੁਦਰਤ ਦਾ ਨਿਯਮ ਹੈ।ਜਦੋਂ ਮੌਤ ਇੱਕ ਅਟੱਲ ਸੱਚਾਈ ਹੈ ਫਿਰ ਇਸ ਤੋਂ ਡਰ ਕਾਹਦਾ? ਹਾਂ! ਜਿੱਥੋ ਤੱਕ ਸਰੀਰਕ ਸਮੱਸਿਆਵਾਂ ਦੀ ਗੱਲ ਹੈ ਇਸ ਉਮਰ 'ਚ ਆਪਣੇ ਖਾਣ ਪੀਣ ਤੇ ਸੰਯਮ ਤੇ ਪਰਹੇਜ਼ ਰੱਖਣਾ ਚਾਹੀਦਾ ਹੈ। ਸਰੀਰਕ ਸਮਰੱਥਾ ਅਨੁਸਾਰ ਛੋਟੇ-ਮੋਟੇ ਕੰਮ ਕਰਕੇ ਆਪਣੇ ਆਪ ਨੂੰ ਮਸਰੂਫ਼ ਰੱਖਣਾ ਚਾਹੀਦਾ ਹੈ। ਹਲਕਾ ਭੋਜਨ ਖਾਣਾ ਚਾਹੀਦਾ ਹੈ। ਸਰੀਰਕ ਗਤੀਸ਼ੀਲਤਾ ਘੱਟ ਹੋਣ ਕਰਕੇ ਕੈਲੋਰੀ ਦੀ ਖਪਤ ਘੱਟ ਹੁੰਦੀ ਹੈ। ਇਸ ਲਈ ਮਸਾਲੇਦਾਰ ਚਟਪਟਾ ਤੇ ਤਲੇ ਹੋਏ ਖਾਣੇ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਸੰਯਕਤ ਪਰਿਵਾਰ ਦੇ ਮੁੱਖੀ ਹੋਂ ਤਾਂ ਸਾਰਿਆਂ ਨੂੰ ਹੀ ਪਿਆਰ ਕਰੋ ਪਰ ਜੇਕਰ ਕੋਈ ਪੁੱਤਰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਜ਼ਰੂਰ ਕਰੋ।
ਮਾਂ-ਬਾਪ ਦੀ ਸੇਵਾ ਕਰਨਾ ਬੱਚਿਆਂ ਦੀ ਸਮਾਜਿਕ ਜਿੰਮੇਵਾਰੀ ਹੀ ਨਹੀਂ ਸਗੋਂ ਨੈਤਿਕ ਫ਼ਰਜ਼ ਵੀ ਹੈ।ਮਾਂ-ਬਾਪ ਨਾਲ ਨਿਮਰਤਾ ਨਾਲ ਗੱਲ ਕਰੋ, ਉਨਾ੍ਹਂ ਦੀ ਗੱਲ ਧੀਰਜ ਨਾਲ ਸੁਣੋ ਜੇ ਤੁਸੀਂ ਉਨਾ੍ਹਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਉਸੇ ਤਰਾ੍ਹਂ ਸਹਿਣਸ਼ੀਲਤਾ ਦਿਖਾਓ, ਜਿਵੇਂ ਬਾਹਰ ਹੋਰ ਲੋਕਾਂ ਨਾਲ ਦਿਖਾਉਂਦੇ ਹੋ। ਭਾਵੇਂ ਤੁਸੀਂ ਮਜ਼ਦੂਰ ਹੋ ਜਾਂ ਮੈਨੇਜਰ ਆਪਣੇ ਮਾਲਕ ਜਾਂ ਬੋਸ ਦੀ ਡਾਂਟ ਤਾਂ ਤੁਸੀਂ ਚੁੱਪ-ਚਾਪ ਸਹਿਣ ਕਰ ਲੈਂਦੇ ਹੋ ਜਿਨਾ੍ਹਂ ਨੇ ਤੁਹਾਨੂੰ ਮਹੀਨੇ ਦਾ ਸਿਰਫ਼ ਪੰਜ ਜਾਂ ਪੰਜਾਹ ਹਜ਼ਾਰ ਹੀ ਦੇਣਾ ਹੈ, ਪਰ ਉਹ ਮਾਂ-ਬਾਪ ਜਿਨਾ੍ਹਂ ਨੇ ਤੁਹਾਨੂੰ ਪਾਲ-ਪੋਸ਼ ਕੇ ਆਪਣੀ ਜ਼ਿੰਦਗੀ ਦੀ ਲੱਖਾਂ-ਕਰੋੜਾਂ ਦੀ ਸਾਰੀ ਪੂੰਜੀ ਤੇ ਜਾਇਦਾਦ ਦੇਣੀ ਹੈ।ਉਨਾ੍ਹਂ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਦੀਆਂ ਹਨ ਤੇ ਤੁਹਾਡੀ ਜ਼ੁਬਾਨ ਕੈਂਚੀ ਦੀ ਤਰਾ੍ਹਂ ਚੱਲਣ ਲੱਗਦੀ ਹੈ। ਇਹ ਸ਼ਰਮਨਾਕ ਕਾਰਾ ਨਹੀਂ ਤਾਂ ਹੋਰ ਕੀ ਹੈ? ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚਿਆਂ ਨੂੰ ਮਾਂ-ਬਾਪ ਹੀ ਬੋਲਣਾ ਸਿਖਾਉਦੇਂ ਹਨ।ਉਹੀ ਤੋਤਲੀਆਂ ਆਵਾਜ਼ਾਂ ਕੱਡਣ ਵਾਲੇ ਬੱਚੇ ਜਦੋਂ ਵੱਡੇ ਹੋ ਕੇ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ ਤਾਂ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਯਾਦ ਰੱਖੋ ਕਿ ਤੁਸੀਂ ਮਾਂ-ਬਾਪ ਦੀ ਬਦੋਲਤ ਹੀ ਚੰਗੇ ਪੜ੍ਹੇ-ਲਿਖੇ ਹੋਂ ਤੇ ਜਿੱਥੋਂ ਤੱਕ ਜੀਵਨ ਜਾਂਚ ਦਾ ਸਬੰਧ ਹੈ ਤੁਸੀਂ ਜੀਵਨ ਭਰ ਉਨਾ੍ਹਂ ਤੋਂ ਪਿੱਛੇ ਹੀ ਰਹੋਂਗੇ।ਕਿਉਂਕਿ ਮਾਂ-ਬਾਪ ਜੀਵਨ ਜਾਂਚ ਵਿੱਚ ਪੀ.ਐਚ.ਡੀ. ਹੁੰਦੇ ਹਨ।
ਮੁੱਕਦੀ ਗੱਲ ਇਹ ਹੈ ਕਿ ਬੁਜ਼ਰਗਾ ਅਤੇ ਬੱਚਿਆਂ ਦੇ ਵਿਚਾਰ ਨਦੀ ਦੇ ਦੋ ਕਿਨਾਰਿਆਂ ਵਾਂਗ ਮਿਲ ਨਹੀਂ ਸਕਦੇ। ਇਹ ਨਵੀਂ ਪੀੜੀ ਅਤੇ ਪੁਰਾਣੀ ਪੀੜੀ ਦੇ ਵਿਚਾਰਾਂ ਦਾ ਵਖਰੇਵਾਂ ਸਦੀਆਂ ਤੋਂ ਰਿਹਾ ਹੈ ਤੇ ਹਮੇਸ਼ਾ ਹੀ ਰਹੇਗਾ, ਭਾਵੇਂ ਵਿਚਾਰਾਂ ਦੇ ਇਸ ਵਖਰੇਵੇਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਬਜ਼ੁਰਗਾਂ ਨੂੰ ਆਪਣੇ ਖਾਣ ਤੇ ਬੋਲਣ ਉੱਤੇ ਸੰਯਮ ਰੱਖ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਮਾਂ-ਬਾਪ ਤੋਂ ਜ਼ਿਆਦਾ ਚਲਾਕ ਜਾਂ ਚਤਰ ਨਾ ਸਮਝੋ ।ਜਿੱਥੇ ਤੁਸੀਂ ਅੱਜ ਫਿਰ ਰਹੇ ਹੋ ਉਹ ਬਹੁਤ ਚਿਰ ਪਹਿਲਾ ਇਸ ਦੌਰ 'ਚੋ ਗੁਜ਼ਰ ਚੁੱਕੇ ਹਨ। ਉਪਰੋਕਤ ਗੱਲਾਂ ਨੂੰ ਦਿਮਾਗ਼ 'ਚ ਰੱਖ ਕੇ ਇਸ ਧਰਤੀ 'ਤੇ ਹੀ ਸਵਰਗ ਦੀ ਮੌਜ ਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਸੰਸਥਾਪਕ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)
cell. 9814096108
31 Aug. 2018