ਪ੍ਰੇਰਨਾਦਾਇਕ ਲੇਖ : ਜ਼ਿੰਦਗੀ ਦਾ ਆਖਰੀ ਪੜਾਅ - ਗੁਰਸ਼ਰਨ ਸਿੰਘ ਕੁਮਾਰ
'ਮਨੁੱਖ' ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੌਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ ਪ੍ਰਾਣੀ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਵਿਕਸਤ ਦਿਮਾਗ ਦਿੱਤਾ ਹੈ। ਫਿਰ ਇਸ ਨੂੰ ਲਿਪੀ ਅਤੇ ਭਾਸ਼ਾ ਦੀ ਦਾਤ ਬਖ਼ਸ਼ੀ ਹੈ। ਮਨੁੱਖ ਦੇ ਸਰੀਰਕ ਅੰਗ ਵੀ ਜਾਨਵਰਾਂ ਨਾਲੋਂ ਵਿਕਸਤ ਹਨ। ਇਸ ਹਿਸਾਬ ਸਿਰ ਤਾਂ ਮਨੁੱਖ ਨੂੰ ਕੰਮ ਵੀ ਉੱਤਮ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾ ਨੂੰ ਇਹ ਅਫ਼ਸੋਸ ਨਾ ਹੋਵੇ ਕਿ ਕਿਸੇ ਪ੍ਰਾਣੀ ਨੂੰ ਉਸ ਨੇ ਮਨੁੱਖਾ ਜਨਮ ਦੇ ਕੇ ਕੋਈ ਗ਼ਲਤ ਕੰਮ ਤਾਂ ਨਹੀਂ ਕੀਤਾ। ਸਾਨੂੰ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ ਹੈ। ਇਹ ਇਸ ਗੱਲ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ।
ਧਰਤੀ 'ਤੇ ਬੱਚੇ ਦਾ ਜਨਮ ਕੁਦਰਤ ਦਾ ਇਕ ਕ੍ਰਿਸ਼ਮਾ ਹੀ ਹੁੰਦਾ ਹੈ। ਇਸ ਜਨਮ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜਨਮ ਸਮੇਂ ਬੱਚਾ ਬਹੁਤ ਹੀ ਨਿਰਬਲ ਹੁੰਦਾ ਹੈ। ਉਸ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਿਸੇ ਦੂਸਰੇ ਬੰਦੇ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਹੌਲੀ ਹੌਲੀ ਜਦ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਤੋਤਲੀ ਜੁਬਾਨ ਵਿਚ ਬੋਲਣਾ ਸਿੱਖਦਾ ਹੈ ਅਤੇ ਡੋਲਦੀਆਂ ਲੱਤਾਂ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਦੀਆਂ ਇਹ ਛੋਟੀਆਂ ਛੋਟੀਆਂ ਹਰਕਤਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਫਿਰ ਉਹ ਵਿਦਿਅਕ ਗਿਆਨ ਅਤੇ ਹੋਰ ਕਈ ਨਵੀਆਂ ਨਵੀਆਂ ਗੱਲਾਂ ਸਿੱਖਦਾ ਹੈ। ਜਵਾਨੀ ਦੀ ਉਮਰ ਵਿਚ ਆ ਕੇ ਬੰਦਾ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਮਰ ਉਸ ਦੀ ਘੋੜੇ ਦੀ ਤਰ੍ਹਾਂ ਹੁੰਦੀ ਹੈ। ਉਹ ਸ਼ਕਤੀ ਨਾਲ ਭਰਪੂਰ ਹੁੰਦਾ ਹੈ। ਉਹ ਕਮਾਈ ਕਰਦਾ ਹੈ ਅਤੇ ਸ਼ਾਦੀ ਕਰ ਕੇ ਆਪਣਾ ਇਕ ਨਵਾਂ ਸੰਸਾਰ ਵਸਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਅਣਕਿਆਸੀਆਂ ਜ਼ਰੂਰਤਾਂ ਅਤੇ ਸੁਰੱਖਿਅਤ ਭੱਵਿਖ ਲਈ ਕੁਝ ਵੱਖਰਾ ਧਨ ਬਚਾ ਕਿ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਬਿਮਾਰੀਆਂ, ਠੋਕਰਾਂ ਅਤੇ ਦੁਰਘਟਨਾਵਾਂ ਤੋਂ ਕਿਸੇ ਤਰ੍ਹਾਂ ਬਚਦਾ ਹੋਇਆ ਉਹ ਆਪਣੀ ਉਮਰ ਦੇ ਅਗਲੇ ਪੜਾਅ ਵੱਲ ਅੱਗੇ ਵਧਦਾ ਹੈ। ਜ਼ਿੰਦਗੀ ਵਿਚ ਇਕ ਐਸੀ ਚੀਜ਼ ਹੈ ਜੋ ਬਿਨਾ ਤੁਹਾਡੀ ਕਿਸੇ ਕੋਸ਼ਿਸ਼ ਜਾਂ ਬਿਨਾ ਕਿਸੇ ਜ਼ੋਰ ਲਾਣ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ ਉਹ ਹੈ ਤੁਹਾਡੀ ਉਮਰ।
ਸੱਠ ਕੁ ਸਾਲ ਦੀ ਉਮਰ ਦੇ ਪੜਾਅ ਤੇ ਆ ਕੇ ਮਨੁੱਖ ਦੀ ਉਮਰ ਕੁਝ ਢਲਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਸਾਰੇ ਅੰਗ ਕੁਝ ਕਮਜ਼ੋਰ ਪੈ ਜਾਂਦੇ ਹਨ। ਇਸ ਅਵਸਥਾ ਵਿਚ ਆ ਕਿ ਉਹ ਆਪਣੇ ਆਪ ਨੂੰ ਕੁਝ ਬੁੱਢਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਕ ਪੀੜ੍ਹੀ ਦਾ ਪਾੜਾ ਵੀ ਪੈ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਸਮਝੋਤੇ ਵੀ ਕਰਨੇ ਪੈਂਦੇ ਹਨ। ਉਸ ਨੂੰ ਪੁਰਾਣੀਆਂ ਕੌੜੀਆਂ ਕੁਸੈਲੀਆਂ ਘਟਨਾਵਾਂ ਨੂੰ ਯਾਦ ਕਰ ਕੇ ਦੁਖੀ ਨਹੀਂ ਹੁੰਦੇ ਰਹਿਣਾ ਚਾਹੀਦਾ। ਜੇ ਉਹ ਈਰਖਾ ਤੇ ਲਾਲਚ ਨੂੰ ਛੱਡ ਕੇ ਸੰਤੁਸ਼ਟ ਰਹੇਗਾ ਤਾਂ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੇਗੀ। ਭਵਿੱਖ ਬਾਰੇ ਵੀ ਕੋਈ ਬਹੁਤੀਆਂ ਝੂਠੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਕੀ ਪਤਾ ਕੱਲ ਆਵੇ ਜਾਂ ਨਾ ਆਵੇ। ਮਨੁੱਖ ਦੀ ਜ਼ਿੰਦਗੀ ਉਹ ਹੀ ਹੈ ਜੋ ਅੱਜ ਉਹ ਜੀ ਰਿਹਾ ਹੈ। ਇਸ ਲਈ ਕਿਸੇ ਨਾਲ ਵਰਤਦੇ ਸਮੇਂ ਇਹ ਹੀ ਸੋਚੋ ਕਿ ਸ਼ਾਇਦ ਤੁਹਾਡੀ ਉਸ ਨਾਲ ਅੰਤਿਮ ਮੁਲਾਕਾਤ ਹੀ ਹੈ। ਫਿਰ ਦੁਨੀਆਂ ਵਿਚ ਕੇਵਲ ਤੁਹਾਡੀਆਂ ਗੱਲਾਂ ਹੀ ਰਹਿ ਜਾਣੀਆਂ ਹਨ, ਤੁਸੀਂ ਆਪ ਨਹੀਂ ਹੋਣਾ। ਤੁਹਾਡੀਆਂ ਅੰਤਿਮ ਰਸਮਾਂ ਵਿਚੋਂ ਵੀ ਤੁਸੀਂ ਆਪ ਗ਼ੈੈੈਰ ਹਾਜ਼ਰ ਹੀ ਹੋਣਾ ਹੈ। ਇਸ ਲਈ ਅੱਜ ਨੂੰ ਮਾਣੋ।
ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਪ੍ਰਸਨ ਲੰਮੀ ਉਮਰ ਹੋਵੇ ਪਰ ਇਸ ਲਈ ਮਨੁੱਖ ਨੂੰ ਆਪ ਕੁਝ ਯਤਨ ਵੀ ਕਰਨੇ ਚਾਹੀਦੇ ਹਨ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਦੂਜਿਆਂ ਤੋਂ ਸੇਵਾ ਕਰਾ ਕੇ ਜੀਣਾ ਵੀ ਕੀ ਜੀਣਾ? ਇਹ ਇਕ ਨਰਕ ਭਰੀ ਜ਼ਿੰਦਗੀ ਭੁਗਤਣਾ ਹੀ ਹੈ। ਇਸ ਲਈ ਆਪਣੀ ਸਿਹਤ ਦੀ ਸੰਭਾਲ ਰੱਖੋ। ਤੁਹਾਡੀ ਅਸਲ ਜ਼ਿੰਦਗੀ ਉਹ ਹੀ ਹੈ ਜੋ ਤੁਸੀਂ ਆਪ ਖ਼ੁਸ਼ ਰਹਿ ਕੇ ਦੂਜਿਆਂ ਨੂੰ ਖ਼ੁਸ਼ੀਆਂ ਵੰਡਦੇ ਹੋਏ ਜਿਉਂਦੇ ਹੋ।
ਜਨਮ ਅਤੇ ਮੌਤ ਮਨੁੱਖ ਦੇ ਆਪਣੇ ਹੱਥ ਨਹੀਂ। ਬੇਸ਼ੱਕ ਇਹ ਸਭ ਨੂੰ ਪਤਾ ਹੈ ਕਿ ਉਸ ਦੀ ਅੰਤਿਮ ਮੰਜ਼ਿਲ ਮੌਤ ਹੀ ਹੈ ਪਰ ਕਦੋਂ, ਕਿੱਥੇ, ਕਿਸ ਸਮੇਂ ਅਤੇ ਕਿਵੇਂ ਮਰਨਾ ਹੈ ਇਹ ਕੋਈ ਨਹੀਂ ਜਾਣਦਾ। ਮਰ ਕੇ ਉਸ ਨਾਲ ਕੀ ਬੀਤਣੀ ਹੈ , ਕਿੱਥੇ ਜਾਣਾ ਹੈ, ਇਹ ਵੀ ਕੋਈ ਨਹੀਂ ਜਾਣਦਾ। ਜੋ ਇਕ ਵਾਰੀ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ ਉਹ ਫਿਰ ਕਦੀ ਵਾਪਸ ਨਹੀਂ ਆਉਂਦਾ। ਇਸ ਲਈ ਕੁਦਰਤ ਦਾ ਇਹ ਭੇਦ ਬਣਿਆ ਹੀ ਰਹਿੰਦਾ ਹੈ। ਬੰਦੇ ਦੇ ਭਾਗ (ਕਿਸਮਤ) ਨੂੰ ਕੇਵਲ ਭਗਵਾਨ ਹੀ ਜਾਣਦਾ ਹੈ ਪਰ ਉਹ ਕਿਸੇ ਦੇ ਭਾਗਾਂ ਵਿਚ ਦਖਲ ਨਹੀਂ ਦਿੰਦਾ। ਬੰਦੇ ਨੂੰ ਆਪਣੀ ਕਿਸਮਤ ਆਪਣੇ ਕਰਮਾਂ ਦੁਆਰਾ ਖ਼ੁਦ ਹੀ ਬਣਾਉਣੀ ਪੈਂਦੀ ਹੈ। ਅਸਲ ਵਿਚ ਅੱਗੋਂ ਕੀ ਹੋਣ ਵਾਲਾ ਹੈ ਇਸ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ।
ਸੰਤੋਸ਼ ਹੋਵੇ ਤਾਂ ਚਾਰ ਰੋਟੀਆਂ ਅਤੇ ਦੋ ਕੱਪੜਿਆਂ ਵਿਚ ਵੀ ਅਨੰਦ ਹੈ ਲਾਲਚ ਹੋਵੇ ਤਾਂ ਚਾਰ ਗੱਡੀਆਂ ਅਤੇ ਦੋ ਬੰਗਲਿਆਂ ਵਿਚ ਵੀ ਟੈਂਸ਼ਨ ਹੈ। ਪੈਸੇ ਦੇ ਲਾਲਚ ਕਾਰਨ ਮਨੁੱਖ ਮਾਇਆ ਦੇ ਢੇਰ ਇਕੱਠੇ ਕਰਨਾ ਚਾਹੁੰਦਾ ਹੈ। ਇਸ ਨਾਲ ਉਸ ਦਾ ਹੰਕਾਰ ਵਧਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਹੈ ਪਰ ਐਸੀ ਉੱਚਾਈ ਦਾ ਵੀ ਕੀ ਫਾਇਦਾ ਜਿੱਥੋਂ ਆਪਣੇ ਹੀ ਨਜ਼ਰ ਨਾ ਆਉਣ। ਜੇ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫੀ ਹਨ। ਦੁਨੀਆਂ ਤੇ ਆਏ ਹੋ ਤਾਂ ਹੜਕੰਪ ਮਚਾ ਕੇ ਦੂਸਰਿਆਂ ਨੂੰ ਬੇਚੈਨ ਨਾ ਕਰੋ। ਕਿਸੇ ਦਾ ਹੱਕ ਨਾ ਮਾਰੋ। ਕਿਸੇ ਦਾ ਦਿਲ ਨਾ ਦੁਖਾਵੋ। ਗ਼ਰੀਬ ਗੁਰਬੇ ਦੀ ਮਦਦ ਕਰੋ। ਆਪਣੇ ਧਨ ਨੂੰ ਸ਼ੁਭ ਕਰਮਾਂ ਦੀ ਕਰੰਸੀ ਵਿਚ ਬਦਲੋ। ਇਹ ਸ਼ੁਭਕਰਮਾਂ ਦਾ ਧਨ ਹੀ ਅੱਗੇ ਤੁਹਾਡੇ ਨਾਲ ਜਾਏਗਾ ਅਤੇ ਤੁਹਾਡੇ ਕੰਮ ਆਏਗਾ। ਸਹਿਜ ਨਾਲ ਜ਼ਿੰਦਗੀ ਜੀਓ। ਫੁੱਲਾਂ ਦੀ ਤਰ੍ਹਾਂ ਸੁੰਦਰਤਾ ਅਤੇ ਖ਼ੁਸ਼ਬੂਆਂ ਵੰਡੋ।
ਯਾਦ ਰੱਖੋ ਬੁਢਾਪਾ ਉਮਰ ਨਾਲ ਨਹੀਂ ਆਉਂਦਾ ਸਗੋਂ ਬੁਢਾਪਾ ਬੰਦੇ ਦੇ ਵਿਚਾਰਾਂ ਨਾਲ ਆਉਂਦਾ ਹੈ। ਕਈ ਲੋਕ 18 ਸਾਲ ਦੀ ਉਮਰ ਵਿਚ ਹੀ ਬੁੱਢੇ ਹੋ ਜਾਂਦੇ ਹਨ ਪਰ ਕਈ ਲੋਕ 100 ਸਾਲ ਦੀ ਉਮਰ ਵਿਚ ਵੀ ਜੁਆਨ ਰਹਿੰਦੇ ਹਨ। ਆਪਣੇ ਆਪ ਨੂੰ ਬੁੱਢਾ ਸਮਝਣਾ ਆਪਣੀ ਪ੍ਰਗਤੀ ਰੋਕਣਾ ਹੈ। ਇਸ ਲਈ ਕਦੀ ਨਾ ਸਮਝੋ ਕਿ ਮੈਂ ਬੁੱਢਾ ਹੋ ਰਿਹਾ ਹਾਂ ਸਗੋਂ ਇਹ ਸਮਝੋ ਕਿ ਮੈਂ ਹੋਰ ਤਜ਼ਰਬੇਕਾਰ, ਸਿਆਣਾ ਤੇ ਲੋਕ ਪ੍ਰਿਅ ਹੋ ਰਿਹਾ ਹਾਂ।ਤੁਹਾਡੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਤੁਹਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਤੁਹਾਡਾ ਸਬੰਧ ਜੋੜਦੀਆਂ ਹਨ।
ਜ਼ਿੰਦਗੀ ਵਿਚ ਕੋਈ ਆਦਮੀ ਵੀ ਸੰਪੂਰਨ ਨਹੀਂ ਹੁੰਦਾ। ਗੁਣ ਅੋਗੁਣ ਸਭ ਵਿਚ ਹੀ ਹੁੰਦੇ ਹਨ। ਜੇ ਤੁਹਾਡੀ ਪਹਿਲੀ ਜ਼ਿੰਦਗੀ ਦੁੱਖਾਂ ਭਰੀ ਰਹੀ ਹੈ ਤਾਂ ਹੁਣ ਸਭ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਸ਼ਂਾਤਮਈ ਬਣਾਓ। ਕਈ ਵਾਰੀ ਪੈਰਾਂ ਦੇ ਛਾਲਿਆਂ ਨਾਲ ਵੀ ਜ਼ਿੰਦਗੀ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ ਅਤੇ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ। ਤਹਾਡੀ ਪਹਿਲੀ ਜ਼ਿੰਦਗੀ ਭਾਵੇਂ ਜਿਹੋ ਜਿਹੀ ਮਰਜ਼ੀ ਬੀਤੀ ਹੋਵੇ ਪਰ ਤੁਹਾਡੀ ਅੰਤਲੀ ਉਮਰ ਬਹੁਤ ਖ਼ੁਸ਼ਹਾਲ ਅਤੇ ਸੁੱਖ ਮਈ ਹੋਣੀ ਚਾਹੀਦੀ ਹੈ। ਮਨ ਤੇ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਮੌਤ ਇਕ ਸ਼ਾਨਦਾਰ ਮੌਤ ਹੋਵੇ। ਮੰਜ਼ਿਲ ਤੇ ਉਹ ਹੀ ਪਹੁੰਚਦੇ ਹਨ ਜੋ ਰੁਕਾਵਟਾਂ ਨੂੰ ਹੌਸਲੇ ਨਾਲ ਪਾਰ ਕਰਨ ਦਾ ਜਿਗਰਾ ਰੱਖਦੇ ਹਨ ਅਤੇ ਦੁੱਖਾਂ ਨੂੰ ਸਬਰ ਨਾਲ ਸਹਾਰਦੇ ਹਨ। ਜ਼ਿੰਦਗੀ ਵਿਚ ਬਦਲਾ ਲੈਣ ਦੀ ਨਹੀਂ ਬਦਲਾਓ ਕਰਨ ਦੀ ਸੋਚੋ। ਸਮਝਦਾਰ ਇਨਸਾਨ ਉਹ ਨਹੀਂ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਵੇ। ਸਮਝਦਾਰ ਮਨੁੱਖ ਉਹ ਹੈ ਜੋ ਆਪਣੇ ਵੱਲ ਮਾਰੀ ਹੋਈ ਇੱਟ ਦਾ ਆਸ਼ਿਆਨਾ ਬਣਾ ਲਵੇ। ਬਾਬਾ ਫਰੀਦ, ਗੁਰੂ ਨਾਨਕ ਦੇਵ ਜੀ, ਬੁੱਲੇ ਸ਼ਾਹ, ਸੁਕਰਾਤ ਅਤੇ ਕਬੀਰ ਜੀ ਦੀ ਵੀ ਆਪਣੇ ਸਮੇਂ ਬਹੁਤ ਮੁਖਾਫ਼ਤ ਹੋਈ ਪਰ ਉਨ੍ਹਾਂ ਨੇ ਨਿਮਰਤਾ ਦਾ ਪੱਲਾ ਨਹੀਂ ਛੱਡਿਆ ਅਤੇ ਰੱਬ ਦੀ ਰਜ਼ਾ ਵਿਚ ਰਾਜੀ ਰਹੇ। ਅੱਜ ਇਹ ਸਾਰੀਆਂ ਹਸਤੀਆਂ ਪੂਜੀਆਂ ਜਾਂਦੀਆਂ ਹਨ।
ਜ਼ਿੰਦਗੀ ਵਿਚ ਇਕ ਚੀਜ ਹੈ ਜਿਹੜੀ ਬਿਨਾ ਕੁਝ ਕੀਤਿਆਂ ਹੀ ਵਧਦੀ ਰਹਿੰਦੀ ਹੈ। ਉਹ ਹੈ ਤੁਹਾਡੀ ਉਮਰ। ਬੁਢਾਪਾ ਜ਼ਿੰਦਗੀ ਦਾ ਆਖਰੀ ਪੜਾਅ ਹੈ। ਇਹ ਸਭ ਤੇ ਆਉਣਾ ਹੀ ਹੈ। ਇਸ ਲਈ ਆਪਣੇ ਬੁਢਾਪੇ ਤੇ ਕਦੀ ਨਾ ਝੂੂੂੂੂੂੂੂੂੂੂੂੂੂੂੂਰੋ। ਇਹ ਤੁਹਾਨੂੰ ਕੁਦਰਤ ਵਲੋਂ ਬੋਨਸ ਮਿਲਿਆ ਹੈ ਜੋ ਕਈਆਂ ਨੂੰ ਨਸੀਬ ਨਹੀਂ ਹੁੰਦਾ। ਬੇਸ਼ੱਕ ਬੁਢਾਪੇ ਵਿਚ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਪਰ ਕਿਸੇ ਚੀਜ ਨੂੰ ਪਰਖਣ ਅਤੇ ਡੂੰਘਾਈ ਨਾਲ ਦੇਖਣ ਦਾ ਤਜ਼ਰਬਾ ਵਧ ਜਾਂਦਾ ਹੈ। ਹੁਣ ਤੁਹਾਡੀ ਉਮਰ ਦੇ ਸੁਨਹਿਰੀ ਸਾਲ ਹੁਣ ਸ਼ੁਰੂ ਹੋਏ ਹਨ। ਹੁਣ ਤੁਹਾਡੇ ਤੇ ਨੌਕਰੀ ਦੇ ਜਾਂ ਰੁਜ਼ਗਾਰ ਦੇ ਕੋਈ ਬੰਧਨ ਨਹੀਂ। ਤੁਸੀਂ ਆਪਣੀ ਮਰਜ਼ੀ ਨਾਲ ਜੋ ਕੰਮ ਕਰਨਾ ਚਾਹੋ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਆਪਣੇ ਹਿਸਾਬ ਸਿਰ ਖੁੱਲ ਕੇ ਜੀਅ ਸਕਦੇ ਹੋ। ਤੁਹਾਡੇ ਚਿਹਰੇ ਤੇ ਹਰ ਸਮੇਂ ਇਕ ਨੂਰ ਝਲਕਣਾ ਚਾਹੀਦਾ ਹੈ।
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in
ਪ੍ਰੇਰਨਾਦਾਇਕ ਲੇਖ : ਅਸੀਂ ਇਕ ਦੂਜੇ ਲਈ ਬਣੇ ਹਾਂ - ਗੁਰਸ਼ਰਨ ਸਿੰਘ ਕੁਮਾਰ
ਅਪਨੇ ਲਇਏ ਜੀਏ ਤੋ ਕਿਆ ਜੀਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲਇਏ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਹ ਇਕੱਲ੍ਹਾ ਰਹਿਣ ਲਈ ਨਹੀਂ ਬਣਿਆ। ਪ੍ਰਮਾਤਮਾ ਨੇ ਇਸੇ ਲਈ ਨਰ ਅਤੇ ਮਾਦਾ ਬਣਾਏ ਹਨ ਤਾਂ ਕਿ ਦੋਹਾਂ ਨੁੰ ਇਕ ਦੂਜੇ ਦੇ ਸਹਿਯੋਗ ਦੀ ਲੋੜ ਪੈਂਦੀ ਰਹੇ ਅਤੇ ਸਰਿਸ਼ਟੀ ਅੱਗੇ ਚਲਦੀ ਰਹੇ। ਇਕੱਲਾ ਨਰ ਜਾਂ ਮਾਦਾ ਦੂਜੇ ਦੇ ਸਹਿਯੋਗ ਤੋਂ ਬਿਣਾ ਸ੍ਰਿਸ਼ਟੀ ਨੂੰ ਅੱਗੇ ਨਹੀਂ ਤੋਰ ਸਕਦਾ। ਆਪਣੇ ਲਈ ਕੰਮ ਤਾਂ ਸਾਰੇ ਹੀ ਕਰਦੇ ਹਨ ਪਰ ਇਨਸਾਨ ਉਹ ਹੀ ਹੈ ਜੋ ਦੂਜੇ ਦੇ ਕੰਮ ਆਵੇ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਕਈ ਲੋਕ ਤਾਂ ਇੰਨੇ ਰਹਿਮ ਦਿਲ ਹੁੰਦੇ ਹਨ ਕਿ ਉਹ ਪਸ਼ੂ ਪੰਛੀਆਂ ਦੇ ਸੁੱਖ ਦਾ ਵੀ ਖਿਆਲ ਰੱਖਦੇ ਹਨ। ਉਹ ਲਵਾਰਿਸ ਗਊਆਂ ਨੂੰ ਪੱਠੇ ਪਾਉਂਦੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਅਤੇ ਦਾਣੇ ਪਾਣੀ ਦਾ ਪ੍ਰਬੰਧ ਕਰਦੇ ਹਨ। ਉਹ ਤਾਂ ਮਾਸ ਆਂਡਾ ਖਾਣ ਤੋਂ ਵੀ ਪ੍ਰਹੇਜ ਕਰਦੇ ਹਨ। ਉਹ ਐਸਾ ਕੋਈ ਕੰਮ ਨਹੀਂ ਕਰਦੇ ਜਿਸ ਨਾਲ ਮਨੁੱਖਤਾ ਵਿਚ ਨਫ਼ਰਤ ਫੇਲ੍ਹੇ ਜਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚੇ। ਉਹ ਜੀਓ ਅਤੇ ਜੀਣ ਦਿਓ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਹਨ।
ਇਕੱਲ੍ਹੇ ਮਨੁੱਖ ਦੀ ਖ਼ੁਸ਼ੀ ਵੀ ਕੋਈ ਖ਼ੁਸ਼ੀ ਨਹੀਂ ਹੁੰਦੀ। ਖ਼ੁਸ਼ੀ ਨੂੰ ਤਾਂ ਸਾਰਿਆਂ ਨਾਲ ਰਲ ਕੇ ਹੀ ਮਨਾਇਆ ਜਾਂਦਾ ਹੈ। ਕਹਿੰਦੇ ਹਨ ਕਿ ਇਕੱਲ੍ਹਾ ਤਾਂ ਰੁੱਖ ਵੀ ਨਾ ਹੋਵੇ। ਇਕੱਲ੍ਹੇ ਰਹਿਣ ਵਾਲੇ ਬੰਦੇ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਆਪਣੇ ਚੰਗੇ ਦਿਨਾਂ ਵਿਚ ਉਹ ਕਿਸੇ ਦਾ ਸਾਥ ਨਹੀਂ ਦਿੰਦਾ। ਇਸੇ ਲਈ ਉਸ ਦੇ ਅੰਤ ਸਮੇਂ ਦੂਜਾ ਕੋਈ ਉਸ ਦੇ ਨੇੜੇ ਨਹੀਂ ਆਉਂਦਾ। ਉਸ ਦੇ ਸਰੀਰ ਦੇ ਸਾਰੇ ਅੰਗ ਕਮਜੋਰ ਪੈ ਜਾਂਦੇ ਹਨ ਅਤੇ ਯਾਦਾਸ਼ਤ ਘਟ ਜਾਂਦੀ ਹੈ। ਫਿਰ ਉਸ ਲਈ ਹਰ ਕੰਮ ਮੁਸ਼ਕਲ ਭਰਿਆ ਹੀ ਹੁੰਦਾ ਹੈ। ਇਸੇ ਤਰ੍ਹਾਂ ਵਿਹਲੇ ਰਹਿਣ ਵਿਚ ਵੀ ਕੋਈ ਸ਼ਾਨ ਨਹੀਂ। ਵਿਹਲਾ ਰਹਿਣ ਵਾਲਾ ਮਨੁੱਖ ਸਮਾਜ, ਦੇਸ਼ ਅਤੇ ਪਰਿਵਾਰ ਤੇ ਬੋਝ ਹੀ ਹੁੰਦਾ ਹੈ। ਉਸ ਨੂੰ ਵੀ ਜਲਦੀ ਹੀ ਘੁਣ ਦੀ ਤਰ੍ਹਾਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਕ ਦਿਨ ਜਰਜਰ ਹੋ ਕੇ ਉਸ ਦਾ ਸਰੀਰ ਖਤਮ ਹੋ ਜਾਂਦਾ ਹੈ। ਇਸ ਤੋਂ ਬਚਨ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਉਸਾਰੂ ਕੰਮ ਕਰਦੇ ਰਹਿਣਾ ਚਾਹੀਦਾ ਹੈ। ਜਦ ਬੰਦਾ ਕਿਸੇ ਕੰਮ ਨੂੰ ਹੱਥ ਪਾਉਂਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਦਾ ਸਾਥ ਅਤੇ ਸਹਿਯੋਗ ਮਿਲਦਾ ਹੈ ਜਿਸ ਨਾਲ ਉਸ ਦਾ ਵਿਹਲਾਪਣ ਅਤੇ ਇਕੱਲਾ੍ਹਪਣ ਦੂਰ ਹੁੰਦਾ ਹੈ। ਉਹ ਤੰਦਰੁਸਤ ਰਹਿੰਦਾ ਹੈ ਅਤੇ ਜ਼ਿੰਦਗੀ ਵਿਚ ਉਸ ਦੀ ਦਿਲਚਸਪੀ ਬਣੀ ਰਹਿੰਦੀ ਹੈ।
ਜੇ ਇਹ ਦੇਖਣਾ ਹੋਵੇ ਕਿ ਕਿਸੇ ਦੇਸ਼ ਨੇ ਕਿੰਨੀ ਉੱਨਤੀ ਕੀਤੀ ਹੈ ਅਤੇ ਉਹ ਕਿੰਨਾ ਖ਼ੁਸ਼ਹਾਲ ਹੋਇਆ ਹੈ ਤਾਂ ਇਹ ਨਹੀਂ ਦੇਖਣਾ ਚਾਹੀਦਾ ਕਿ ਉੱਥੇ ਕਿੰਨੇ ਕਰੋੜਪਤੀ ਹਨ ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਉੱਥੇ ਸਭ ਤੋਂ ਸਧਾਰਨ ਮਨੁੱਖਾਂ ਦਾ ਸਤਰ ਕਿੰਨਾ ਉੱਚਾ ਉਠਿਆ ਹੈ। ਅਫਸੋਸ ਭਾਰਤ ਵਿਚ ਹਾਲੀ ਵੀ ਸਵੇਰੇ ਸਵੇਰੇ ਕੂੜੇ ਦੇ ਢੇਰ ਵਿਚੋਂ ਛੋਟੇ ਛੋਟੇ ਬੱਚੇ ਆਪਣੀ ਰੋਟੀ ਤਲਾਸ਼ਦੇ ਨਜ਼ਰ ਆਉਂਦੇ ਹਨ। ਢਾਬਿਆਂ ਤੇ ਅਤੇ ਇੱਟਾਂ ਦੇ ਭੱਠਿਆਂ ਤੇ ਮਾਸੂਮ ਬੱਚੇ ਬਾਲ ਮਜ਼ਦੂਰੀ ਲਈ ਮਜ਼ਬੂਰ ਹਨ। ਔਰਤਾਂ ਅੱਧਕੱਜੇ ਸਰੀਰਾਂ ਨਾਲ ਮਜ਼ਦੂਰੀ ਕਰ ਰਹੀਆਂ ਹਨ। ਲੱਖਾਂ ਲੋਕੀ ਬਿਨਾ ਛੱਤ ਤੋਂ ਵਰਾਂਡਿਆਂ ਵਿਚ ਅਤੇ ਬਿਨਾ ਛੱਤ ਤੋਂ ਪੁੱਲਾਂ ਹੇਠਾਂ ਰਾਤਾਂ ਕੱਟ ਰਹੇ ਇਹ। ਕਹਿੰਦੇ ਹਨ ਕਿ ਬਹੁਤ ਹੀ ਜਲਦੀ ਭਾਰਤ ਮੰਗਲ ਗ੍ਰਹਿ 'ਤੇ ਪੈਰ ਧਰਨ ਵਾਲਾ ਹੈ ਪਰ ਕੀ ਭਾਰਤ ਦੀ ਧਰਤੀ ਤੇ ਲੋਕਾਂ ਦੀ ਜ਼ਿੰਦਗੀ ਵਿਚ ਮੰਗਲ ਹੈ ਕਿ ਨਹੀਂ? ਸਰਕਾਰ ਨੂੰ ਗ਼ਰੀਬ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਣ ਲਈ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਹ ਵੀ ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਹਨ। ਸਾਡਾ ਵੀ ਇਨ੍ਹਾਂ ਪ੍ਰਤੀ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦੀ ਬਾਂਹ ਫੜੀਏ ਅਤੇ ਇਨ੍ਹਾਂ ਬੁੱਝਦੇ ਹੋਏ ਚਿਰਗਾਂ ਨੂੰ ਜਗਮਗਾ ਕੇ ਸਮਾਜ ਦਾ ਨਰੋਇਆ ਅੰਗ ਬਣਾਈਏ।
ਬੰਦਾ ਜਿੰਨਾ ਮਰਜੀ ਅਮੀਰ ਕਿਉਂ ਨਾ ਹੋ ਜਾਏ ਉਹ ਆਪਣਾ ਦੁੱਖ ਵੇਚ ਨਹੀਂ ਸਕਦਾ ਅਤੇ ਸੁੱਖ ਖਰੀਦ ਨਹੀਂ ਸਕਦਾ। ਦੁੱਖ ਤਾਂ ਉਸ ਨੂੰ ਆਪਣੇ ਸਰੀਰ ਅਤੇ ਆਤਮਾ 'ਤੇ ਹੀ ਝੱਲਣਾ ਪੈਂਦਾ ਹੈ। ਦਾਨ ਹਮੇਸ਼ਾਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਦੂਸਰੇ ਨੂੰ ਚੰਗਾ ਕੰਮ ਕਹਿਣ ਤੋਂ ਪਹਿਲਾਂ ਪਹਿਲ ਆਪਣੇ ਘਰ ਤੋਂ ਹੀ ਸ਼ੁਰੂ ਕਰੋ। ਕਈ ਲੋਕ ਘਰ ਦੇ ਬਜ਼ੁਰਗਾਂ ਨੂੰ ਰੋਟੀ ਨਹੀਂ ਪੁੱਛਦੇ ਪਰ ਆਪ ਗੁਰਦਵਾਰੇ ਲੰਗਰ ਦੀ ਸੇਵਾ ਕਰਨ ਤੁਰ ਪੈਂਦੇ ਹਨ। ਅਜਿਹੀ ਸੇਵਾ ਦਾ ਕੋਈ ਲਾਭ ਨਹੀਂ, ਕੇਵਲ ਦਿਖਾਵਾ ਹੀ ਹੈ।
ਜੇ ਤੁਸੀਂ ਕਾਫੀ ਸਾਰਾ ਧਨ ਇਕੱਠਾ ਕਰ ਲਿਆ ਹੈ ਜਾਂ ਕਿਸੇ ਉੱਚੇ ਅਹੁਦੇ ਤੇ ਪਹੁੰਚ ਗਏ ਹੋ ਤਾਂ ਕਦੀ ਇਹ ਨਾ ਸੋਚੋ ਕਿ ਹੁਣ ਤੁਸੀਂ ਸਰਵਗੁਣ ਸੰਪਨ ਹੋ ਗਏ ਹੋ ਅਤੇ ਹੁਣ ਤੁਹਾਨੂੰ ਕਿਸੇ ਦੀ ਲੋੜ ਨਹੀਂ। ਇਸ ਲਈ ਹੁਣ ਤੁਹਾਨੂੰ ਦੂਜੇ ਲੋਕਾਂ ਨਾਲ ਮਿਲਣਾ ਗਿਲਣਾ, ਬੋਲਣਾ ਚਾਲਣਾ ਅਤੇ ਵਰਤਣਾ ਛੱਡ ਦੇਣਾ ਚਾਹੀਦਾ ਹੈ। ਨਾ ਹੀ ਜਵਾਨੀ ਦੇ ਗ਼ਰੂਰ ਵਿਚ ਇਹ ਸੋਚੋ ਕਿ ਤੁਸੀਂ ਕਦੀ ਬੁੱਢ ਹੀ ਨਹੀਂ ਹੋਣਾ ਜਾਂ ਹੁਣ ਤੁਹਾਡੇ ਤੇ ਕੋਈ ਮਾੜਾ ਸਮਾਂ ਨਹੀਂ ਆਵੇਗਾ। ਇਕੱਲ੍ਹੇ ਅਤੇ ਵਿਹਲੇ ਰਹਿਣਾ ਸਭ ਤੋਂ ਵੱਡਾ ਔਗੁਣ ਹੈ। ਸੰਸਾਰ ਵਿਚ ਕੋਈ ਵੀ ਮਨੁੱਖ ਸਰਵਗੁਣ ਸੰਪਨ ਨਹੀਂ ਹੁੰਦਾ। ਇਸ ਲਈ ਸਾਨੂੰ ਜਿੰਦਗੀ ਵਿਚ ਇਕ ਦੂਜੇ ਦੀ ਲੋੜ ਪੈਂਦੀ ਹੀ ਰਹਿੰਦੀ ਹੈ। ਜੇ ਕੋਈ ਮਨੁੱਖ ਖ਼ੁਸ਼ਹਾਲ ਹੈ ਪਰ ਉੇਸ ਦੇ ਆਸ ਪਾਸ ਦੇ ਸਾਥੀਆਂ ਵਿਚ ਕੋਈ ਸੋਗ ਵਰਤਿਆ ਹੋਇਆ ਹੈ ਤਾਂ ਅਜਿਹੇ ਮਨੁੱਖ ਦੀ ਖ਼ੁਸ਼ੀ ਕੋਈ ਮਾਇਨੇ ਨਹੀਂ ਰੱਖਦੀ। ਇਸ ਨੂੰ ਕਹਿੰਦੇ ਹਨ ਕਿ;-ਰੋਮ ਜਲ ਰਿਹਾ ਅਤੇ ਨੀਰੂ ਬੰਸਰੀ ਵਜਾ ਰਿਹਾ ਸੀ।
ਮਨ ਵਿਚ ਕਦੀ ਇਹ ਖਿਆਲ ਨਹੀਂ ਕਰਨਾ ਚਾਹੀਦਾ ਕਿ ਮੇਰੇ ਕੋਲ ਕੁਝ ਵੀ ਨਹੀਂ। ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਦਾ। ਮਦਦ ਕੇਵਲ ਰੁਪਏ ਪੈਸੇ ਨਾਲ ਹੀ ਨਹੀਂ ਹੁੰਦੀ। ਤੁਸੀਂ ਕਿਸੇ ਦੁਖੀ ਦੀ ਹੱਥੀਂ ਸੇਵਾ ਕਰ ਕੇ ਵੀ ਉਸ ਦਾ ਦੁੱਖ ਦੂਰ ਕਰ ਸਕਦੇ ਹੋ। ਕਿਸੇ ਨੂੰ ਸ਼ੁੱਭ ਅਸੀਸ ਵੀ ਦੇ ਸਕਦੇ ਹੋ। ਤੁਹਾਡੇ ਪ੍ਰੇਰਨਾ ਦੇ ਕਹੇ ਹੋਏ ਸ਼ਬਦ ਕਿਸੇ ਦੀ ਜ਼ਿੰਦਗੀ ਸਵਾਰ ਸਕਦੇ ਹਨ। ਆਪਣੇ ਆਪ ਨੂੰ ਕਦੀ ਗ਼ਰੀਬ, ਕਮਜੋਰ, ਨਿਮਾਣਾ ਅਤੇ ਨਿਤਾਣਾ ਨਾ ਸਮਝੋ। ਹੋ ਸਕਦਾ ਹੈ ਜੋ ਕੁਝ ਅੱਜ ਤੁਹਾਡੇ ਕੋਲ ਹੈ, ਕਈ ਲੋਕ ਉਸ ਨੂੰ ਵੀ ਤਰਸਦੇ ਹੋਣ। ਹਮੇਸ਼ਾਂ ਆਪਣੇ ਤੋਂ ਥੱਲੇ ਵਾਲੇ ਵੱਲ ਦੇਖ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਗ਼ਰੀਬ, ਕਮਜੋਰ ਅਤੇ ਬਿਮਾਰ ਲੋਕਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਉਹ ਤੁਹਾਡੀ ਹਮਦਰਦੀ ਅਤੇ ਪਿਅਰ ਦੇ ਪਾਤਰ ਹਨ। ਇਸੇ ਲਈ ਕਹਿੰਦੇ ਹਨ:-'ਨਾ ਪਦ ਬੜਾ, ਨਾ ਕਦ ਬੜਾ। ਮੁਸੀਬਤ ਮੇਂ ਜੋ ਸਾਥ ਦੇ ਵੋਹ ਸਭ ਸੇ ਬੜਾ।
ਅਸੀਂ ਇਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਹੀ ਆਪ ਉੱਪਰ ਉੱਠ ਸਕਦੇ ਹਾਂ। ਜੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਸਾਡਾ ਭਲਾ ਵੀ ਆਪਣੇ ਆਪ ਹੀ ਹੋ ਜਾਂਦਾ ਹੈ। ਇਸ ਦੂਜੇ ਦੇ ਸਹਿਯੋਗ ਨਾਲ ਮੁਸ਼ਕਲ ਕੰਮ ਵੀ ਆਸਾਨ ਹੋ ਜਾਂਦਾ ਹਨ ਅਤੇ ਅਸੰਭਵ ਕੰਮ ਵੀ ਸੰਭਵ ਬਣ ਜਾਂਦੇ ਹਨ।ਕੁਦਰਤ ਦੀ ਕੋਈ ਵੀ ਚੀਜ ਕੇਵਲ ਆਪਣੇ ਲਈ ਹੀ ਨਹੀਂ ਜਿਉਂਦੀ। ਸੂਰਜ ਕੇਵਲ ਆਪਣੇ ਲਈ ਹੀ ਰੋਸ਼ਨੀ ਨਹੀਂ ਦਿੰਦਾ। ਦਰਿਆ ਕਦੀ ਆਪਣਾ ਪਾਣੀ ਆਪ ਨਹੀਂ ਪੀਂਦੇ। ਫ਼ੁੱਲ ਵੀ ਆਪਣੀ ਖ਼ੁਸ਼ਬੂ ਦੂਜਿਆਂ ਨੂੰ ਹੀ ਵੰਡਦੇ ਹਨ।। ਦਰਖ਼ਤ ਕਦੀ ਆਪਣਾ ਫ਼ਲ ਆਪ ਨਹੀਂ ਖਾਦੇ ਅਤੇ ਨਾ ਹੀ ਕਦੀ ਆਪਣੀ ਆਕਸੀਜਨ ਆਪ ਸੋਖਦੇ ਹਨ। ਇਸ ਲਈ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੂਜਿਆਂ ਦਾ ਭਲਾ ਕਰ ਕੇ ਆਪਣੀ ਜ਼ਿੰਦਗੀ ਸਫ਼ਲ ਬਣਾਉਣੀ ਚਾਹੀਦੀ ਹੈ।
ਇਸ ਧਰਤੀ ਤੇ ਸਮੇਂ ਸਮੇਂ ਐਸੇ ਅਵਤਾਰ ਅਤੇ ਰਹਿਨੁਮਾ ਪੈਦਾ ਹੋਏ ਹਨ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੀ ਲਹਿਰ ਸ਼ੁਰੂ ਕੀਤੀ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਗੁਰੂ ਨਾਨਕ ਦੇਵ ਜੀ ਨੇ ਜੋ ਲੰਗਰ ਦੀ ਪ੍ਰਥਾ ਚਲਾਈ ਉਹ ਅੱਜ ਵੀ ਪੰਜ ਸਦੀਆਂ ਤੋਂ ਜਿਆਦਾ ਸਮੇਂ ਤੋਂ ਗ਼ਰੀਬਾਂ ਨੂੰ ਬਿਨਾ ਕਿਸੇ ਭੇਦ ਭਾਵ ਤੋਂ ਭੋਜਨ ਕਰਾ ਰਹੀ ਹੈ। ਗੁਰੂ ਹਰਕ੍ਰਿਸ਼ਨ ਜੀ ਨੇ 8 ਸਾਲ ਦੀ ਉਮਰ ਵਿਚ ਦਿੱਲੀ ਵਿਚ ਮਾਤਾ ਦੇ ਰੋਗੀਆਂ ਦੀ ਸੇਵਾ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਵੀ ਉਨ੍ਹਾਂ ਦੇ ਨਾਮ ਤੇ ਕਈ ਫਰੀ ਹਸਪਤਾਲ ਪੂਰੇ ਭਾਰਤ ਵਿਚ ਚੱਲ ਰਹੇ ਹਨ। ਭਾਈ ਘਨਈਆ ਜੀ ਨੇ ਸਿੱਖਾਂ ਅਤੇ ਮੁਗਲਾਂ ਦੀ ਜੰਗ ਵਿਚ ਦੁਸ਼ਮਣਾ ਨੂੰ ਬਿਨਾ ਭੇਦ ਭਾਵ ਤੋਂ ਪਾਣੀ ਪਿਲਾ ਕੇ ਅਤੇ ਜ਼ਖਮਾਂ 'ਤੇ ਮਲ੍ਹਮ ਲਾ ਕੇ ਸੇਵਾ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਜਿਸ ਦੇ ਅਧਾਰ 'ਤੇ ਅੱਜ ਦੁਨੀਆਂ ਭਰ ਵਿਚ ਰੈਡ ਕਰਾਸ ਨਾਮ ਦੀ ਸੰਸਥਾ ਚੱਲ ਰਹੀ ਹੈ। ਮਦਰ ਟਰੇਸਾ ਨੇ ਅਨਾਥਾਂ ਅਤੇ ਬੇਸਹਾਰਾ ਅੋਰਤਾਂ ਦੀ ਸੰਸਥਾ ਕਾਇਮ ਕੀਤੀ। ਭਗਤ ਪੂਰਨ ਸਿੰਘ ਨੇ ਅਨਾਥਾਂ ਅਤੇ ਪਿੰਗਲਿਆਂ ਲਈ ਪਿੰਗਲਵਾੜੇ ਦੀ ਸਥਾਪਨਾ ਕੀਤੀ। ਜਿਸ ਨੂੰ ਅੱਜ ਵੀ ਡਾ. ਇੰਦਰਜੀਤ ਕੋਰ ਸਫ਼ਲਤਾ ਪੂਰਕ ਚਲਾ ਰਹੀ ਹੀ। ਜਤਿੰਦਰ ਸਿੰਘ ਸ਼ੰਟੀ ਨੇ ਕੋਵਿਡ-19 ਦੀ ਭਿਆਨਕ ਮਹਾਂਮਾਰੀ ਵਿਚ ਹਜ਼ਾਰਾਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕੀਤਾ ਅਤੇ ਲੱਕੜਾਂ ਦੇ ਲੰਗਰ ਵੀ ਲਾਏ। ਸਰਦਾਰ ਰਵੀ ਸਿੰਘ ਵਲੋਂ ਖਾਲਸਾ ਏਡ ਦੀ ਸੰਸਥਾ ਦੇ ਨਾਮ ਹੇਠ, ਦੁਨੀਆਂ ਦੇ ਜਿਸ ਸਥਾਨ ਤੇ ਵੀ ਕੋਈ ਕੁਦਰਤੀ ਆਫ਼ਤ ਆਏ, ਉੱਥੇ ਸਭ ਤੋਂ ਪਹਿਲਾਂ ਪਹੁੰਚ ਕੇ ਦੁਖੀਆਂ ਲਈ ਭੋਜਨ, ਬਿਸਤਰ, ਬਰਤਨ, ਦਵਾਈਆਂ ਅਤੇ ਮੁੜ ਵਸੇਬੇ ਨਾਲ ਮਦਦ ਕੀਤੀ ਜਾਂਦੀ ਹੈ। ਅੱਜ ਕੱਲ੍ਹ ਗੁਰਪ੍ਰੀਤ ਸਿੰਘ ਲੁਧਿਆਣੇ ਵਿਚ 'ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ' ਨਾਮ ਦੀ ਸੰਸਥਾ ਦੇ ਹੇਠ ਲਵਾਰਿਸ, ਬਿਮਾਰ ਅਤੇ ਮੰਦਬੁੱਧੀ ਲੋਕਾਂ ਦੀ ਸੰਭਾਲ ਕਰ ਕੇ ਮਨੁੱਖਤਾ ਦੀ ਮਹਾਨ ਸੇਵਾ ਕਰ ਰਹੇ ਹਨ। ਉਪਰੋਕਤ ਮਨੁੱਖ ਆਪਣੇ ਆਪ ਵਿਚ ਇਕੱਲ੍ਹੇ ਕਾਰੇ ਨਹੀਂ ਹੁੰਦੇ। ਇਹ ਆਪਣੇ ਆਪ ਵਿਚ ਪੂਰੀ ਸੰਸਥਾ ਦਾ ਕੰਮ ਕਰਦੇ ਹਨ। ਜੋ ਸਦੀਆਂ ਤੱਕ ਮਨੁੱਖਤਾ ਲਈ ਸੇਵਾ ਸੰਭਾਲ ਦੀ ਮਿਸਾਲ ਪੈਦਾ ਕਰਦੇ ਹਨ।
ਦੂਜਿਆਂ ਦੀ ਮਦਦ ਕਿਸੇ ਦਿਖਾਵੇ, ਸਵਾਰਥ, ਅਹਿਸਾਨ ਜਾਂ ਹੰਕਾਰ ਨਾਲ ਨਹੀਂ ਕਰਨੀ ਚਾਹੀਦੀ ਸਗੋਂ ਪਿਆਰ, ਹਮਦਰਦੀ ਅਤੇ ਆਪਣਾ ਇਨਸਾਨੀ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ ਤਾਂ ਕਿ ਦੂਜਾ ਆਪਣੇ ਆਪ ਨੂੰ ਛੋਟਾ ਨਾ ਸਮਝੇ। ਜੋ ਦੂਜਿਆਂ ਨੂੰ ਇੱਜਤ ਦਿੰਦਾ ਹੈ ਉਹ ਅਸਲ ਵਿਚ ਖੁਦ ਹੀ ਇੱਜਤਦਾਰ ਹੁੰਦਾ ਹੈ। ਮਨੁੱਖ ਦੂਜੇ ਨੂੰ ਉਹ ਹੀ ਦੇ ਸਕਦਾ ਹੈ ਜੋ ਉਸ ਕੋਲ ਹੁੰਦਾ ਹੈ। ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਕਿਸੇ ਦੀ ਮਦਦ ਲਈ ਉੱਠਿਆ ਹੋਇਆ ਇਕ ਹੱਥ ਅਰਦਾਸ ਲਈ ਉੱਠੇ ਦੋ ਹੱਥਾਂ ਤੋਂ ਜਿਆਦਾ ਮਹੱਤਵ ਰੱਖਦਾ ਹੈ।
ਜੇ ਅੱਜ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਇਹ ਪੱਕੀ ਗੱਲ ਹੈ ਕਿ ਕੱਲ੍ਹ ਨੂੰ ਸਾਡੇ ਮੁਸ਼ਕਲ ਸਮੇਂ ਪ੍ਰਮਾਤਮਾ ਕੋਈ ਦੋ ਹੱਥ ਸਾਡੀ ਮਦਦ ਨੂੰ ਭੇਜ ਹੀ ਦੇਵੇਗਾ। ਕਿਸਮਤ ਦੀ ਬਜਾਏ ਕਰਮ ਥਿਊਰੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕਿਸੇ ਨੇ ਹਿੰਦੀ ਵਿਚ ਖੁਬ ਲਿਖਿਆ ਹੈ:
ਅਪਨੇ ਲਇਏ ਜੀਏ ਤੋ ਕਿਆ ਜੀਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲਇਏ।
ਬੁੱਝਤੇ ਦੀਏ ਜਲਾਨੇ ਕੇ ਲਇਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲਇਏ।
ਬੇਸ਼ੱਕ ਅਸੀਂ ਸਿਰਫ਼ ਆਪਣੇ ਲਈ ਹੀ ਨਹੀਂ ਬਣੇ ਪਰ ਫਿਰ ਵੀ ਦੂਜੇ ਦਾ ਭਲਾ ਕਰਦਿਆਂ ਸਾਨੂੰ ਆਪਣੇ ਆਪ ਨੂੰ ਭੁੱਲ ਨਹੀਂ ਜਾਣਾ ਚਾਹੀਦਾ। ਆਪਣੇ ਆਪ ਲਈ ਵੀ ਸਾਡੇ ਕੁਝ ਮੁਢਲੇ ਫ਼ਰਜ਼ ਹਨ। ਜੇ ਅਸੀਂ ਤੰਦਰੁਸਤ ਰਹਾਂਗੇ ਤਾਂ ਹੀ ਦੂਜੇ ਦੀ ਸੇਵਾ ਕਰ ਸਕਾਂਗੇ। ਨਸ਼ਿਆਂ ਅਤੇ ਭੈੜੀ ਸੰਗਤ ਤੋਂ ਬਚੋ। ਸੋਹਣੇ ਅਤੇ ਢੁਕਵੇਂ ਕੱਪੜੇ ਪਾ ਕੇ ਆਪਣੀ ਦਿੱਖ ਸੋਹਣੀ ਬਣਾ ਕੇ ਰੱਖੋ। ਚੰਗੀ ਸੰਗਤ ਕਰੋ। ਆਪਣੇ ਹੁਨਰ ਨੂੰ ਤਰਾਸ਼ੋ ਤਾਂ ਕਿ ਤੁਹਾਡੀ ਕਦਰ ਪਵੇ। ਹੱਸਮੁੱਖ ਰਹੋ। ਖ਼ੁਸ਼ੀ ਖ਼ੁਸ਼ੀ ਦੂਸਰੇ ਦੇ ਕੰਮ ਸਵਾਰੋ।ਇਸ ਤਰ੍ਹਾਂ ਤੁਸੀਂ ਦੂਜੇ ਦਾ ਦਿਲ ਜਿੱਤ ਲਉਗੇ।
ਇਹ ਵੀ ਯਾਦ ਰੱਖੋ ਕਿ ਕਿਸੇ ਦੇ ਮਾੜੇ ਦਿਨ ਹਮੇਸ਼ਾਂ ਲਈ ਨਹੀਂ ਰਹਿੰਦੇ। ਅੱਜ ਜੋ ਜ਼ਰੂਰਤਮੰਦ ਹੈ ਉਹ ਕੱਲ੍ਹ ਨੂੰ ਆਪਣੇ ਪੈਰਾਂ ਤੇ ਖੜਾ ਹੋ ਕੇ ਤੁਹਾਡੇ ਬਰਾਬਰ ਵੀ ਹੋ ਸਕਦਾ ਹੈ ਅਤੇ ਤੁਹਨੂੰ ਉਸ ਦੀ ਮਦਦ ਦੀ ਲੋੜ ਵੀ ਪੈ ਸਕਦੀ ਹੈ। ਜੇ ਦੂਜੇ ਦੇ ਦੁੱਖ ਸਮੇਂ ਉਸ ਨੂੰ ਕਿਹਾ ਜਾਏ:- 'ਘਬਰਾ ਨਾ, ਮੈਂ ਤੇਰੇ ਨਾਲ ਹਾਂ' ਤਾਂ ਉਸ ਨੂੰ ਬੜੀ ਤਸੱਲੀ ਮਿਲਦੀ ਹੈ ਕਿ ਮੈਂ ਇਸ ਦੁੱਖ ਵਿਚ ਇਕੱਲ੍ਹਾ ਨਹੀਂ। ਮੇਰੇ ਨਾਲ ਮੇਰਾ ਕੋਈ ਹਮਦਰਦ ਹੈ। ਇਸ ਨਾਲ ਉਸ ਦੇ ਦੁੱਖ ਦੀ ਪੀੜਾ ਕੁਝ ਘਟਦੀ ਹੈ। ਜੇ ਤੁਹਾਡੇ ਭਲੇ ਦੇ ਕੀਤੇ ਕੰਮ ਨਾਲ ਕਿਸੇ ਦੁਖੀ ਦੇ ਚਿਹਰੇ ਤੇ ਮੁਸਕਰਾਹਟ ਆ ਸਕੇ ਤਾਂ ਸਮਝੋ ਕਿ ਇਹ ਤੁਹਾਡੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ। ਦੂਸਰੇ ਦੀਆਂ ਅਸੀਸਾਂ ਜ਼ਿੰਦਗੀ ਵਿਚ ਬਹੁਤ ਕੰਮ ਆਉਂਦੀਆਂ ਹਨ।
ਕੋਈ ਬੰਦਾ ਕਦੀ ਆਪਣੇ ਆਪ ਵਿਚ ਪੂਰਾ ਨਹੀਂ ਹੁੰਦਾ। ਜ਼ਿੰਦਗੀ ਵਿਚ ਹਰ ਕਿਸੇ ਨੂੰ ਦੂਜੇ ਦੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ। ਇਹ ਸਾਥ ਇਕ ਦੂਸਰੇ ਦੇ ਸਹਿਯੋਗ ਅਤੇ ਸਦ-ਵਿਉਹਾਰ ਨਾਲ ਹੀ ਮਿਲਦਾ ਹੈ। ਦੂਸਰੇ ਦੇ ਸਾਥ ਤੋਂ ਬਿਨਾ ਅਸੀਂ ਸਾਰੇ ਹੀ ਅਧੂਰੇ ਹਾਂ। ਬਿਨਾ ਕਿਸੇ ਸਾਥ, ਸਹਾਰੇ ਅਤੇ ਸਹਿਯੋਗ ਤੋਂ ਅਸੀਂ ਸਿਫ਼ਰ ਹਾਂ। ਅਸੀਂ ਇਕ ਦੂਜੇ ਲਈ ਹੀ ਬਣੇ ਹਾਂ। ਫੁਲਾਂ ਦੀ ਤਰ੍ਹਾਂ ਸਾਡਾ ਜੀਵਨ ਬਹੁਤ ਛੋਟਾ ਹੈ। ਇਸ ਨੂੰ ਖਤਮ ਹੋਣ ਤੋਂ ਪਹਿਲਾਂ ਕੁਝ ਚੰਗਾ ਕਰ ਜਾਵੋ ਤਾਂ ਕਿ ਲੋਕ ਤੁਹਾਡੇ ਪਿੱਛੋਂ ਵੀ ਤੁਹਾਨੂੰ ਯਾਦ ਕਰਨ। ਜ਼ਿੰਦਗੀ ਲੰਮੀ ਨਹੀਂ ਮਹਾਨ ਹੋਣੀ ਚਾਹੀਦੀ ਹੈ। ਅੱਜ ਦੇ ਨਵੇਂ ਭਾਰਤ ਨੂੰ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਦੂਜਿਆਂ ਦੀ ਮਦਦ ਕਰਨਾ ਜਾਣਦੇ ਹੋਣ।
*****
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in
ਔਰਤ ਦੇ ਵਧਦੇ ਕਦਮ - ਗੁਰਸ਼ਰਨ ਸਿੰਘ ਕੁਮਾਰ
ਅੱਜ ਦੀ ਔਰਤ ਨਿੱਤ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਔਰਤ ਦੀ ਇਸ ਉੱਨਤੀ ਦੇਖਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਸਫ਼ਰ ਕਿਥੋਂ ਸ਼ੁਰੂ ਕੀਤਾ। ਭਾਵ ਉਹ ਕਿੱਥੋਂ ਤੁਰੀ ਅਤੇ ਕਿਹੜੀਆਂ ਬਿਖਮ ਸਥਿਤੀਆਂ ਵਿਚੋਂ ਹੁੰਦੀ ਹੋਈ ਅੱਜ ਦੇ ਸਥਾਨ ਤੇ ਪਹੁੰਚੀ। ਉਸ ਲਈ ਅੱਗੋਂ ਆਉਣ ਵਾਲੀਆਂ ਕਿਹੜੀਆਂ ਚੁਣੌਤੀਆਂ ਹਨ?
ਔਰਤ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਿਫ਼ਰ ਦੇ ਬਿੰਦੂ ਤੋਂ ਵੀ ਹੇਠਾਂ ਤੋਂ ਸ਼ੁਰੂ ਕੀਤਾ। ਆਦਿ ਕਾਲ ਤੋਂ ਹੀ ਔਰਤ ਮਰਦ ਪ੍ਰਧਾਨ ਸਮਾਜ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਹੈ। ਪਹਿਲੇ ਸਮੇਂ ਵਿਚ ਔਰਤ ਨੂੰ ਮਨੁੱਖ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਨੂੰ ਜਾਇਦਾਦ ਜਾਂ ਭੋਗ ਦੀ ਵਸਤੂ ਸਮਝਿਆ ਜਾਂਦਾ ਸੀ ਜਿਸ ਨੂੰ ਦੂਸਰੇ ਨੂੰ ਉਪਹਾਰ ਦੇ ਰੂਪ ਵਿਚ ਦਿੱਤਾ ਜਾ ਸਕਦਾ ਸੀ, ਵੇਚਿਆ ਵੀ ਜਾ ਸਕਦਾ ਸੀ ਅਤੇ ਜੂਏ ਵਿਚ ਹਾਰਿਆ ਵੀ ਜਾ ਸਕਦਾ ਸੀ। ਔਰਤ ਨੂੰ ਪਸ਼ੂ ਦੀ ਤਰ੍ਹਾਂ ਕਿਸੇ ਵੀ ਕਿੱਲੇ ਨਾਲ ਬੰਨ੍ਹ ਦਿੱਤਾ ਜਾਏ ਤਾਂ ਵੀ ਉਹ ਉਫ ਨਹੀਂ ਸੀ ਕਰ ਸਕਦੀ। ਸਮਾਜ ਵਿਚ ਉਸ ਦੀ ਕੋਈ ਇੱਛਾ ਨਹੀਂ ਸੀ। ਇਸੇ ਨੂੰ ਮੰਨੂ ਮਹਾਰਾਜ ਨੇ ਲਿਖਿਆ ਸੀ:
ਢੋਲ, ਗਵਾਰ, ਸ਼ੁਦਰ, ਪਸ਼ੂ ਅੋਰ ਨਾਰੀ
ਯੇਹ ਸਭ ਤਾੜਨ ਕੇ ਅਧਿਕਾਰੀ।
ਮਹਾਂ ਭਾਰਤ ਅਤੇ ਰਮਾਇਣ ਵਿਚ ਦਰੋਪਤੀ ਅਤੇ ਸੀਤਾ ਦਾ ਕਿਵੇਂ ਸ਼ੋਸਨ ਹੋਇਆ ਇਹ ਸਭ ਨੂੰ ਭਲੀ ਭਾਂਤ ਪਤਾ ਹੀ ਹੈ। ਬਹੁ ਪਤਨੀ ਪ੍ਰਥਾ, ਦਾਜ ਪ੍ਰਥਾ,ਸਤੀ ਪ੍ਰਥਾ, ਦੇਵ ਦਾਸੀ ਪ੍ਰਥਾ, ਵਿਧਵਾ ਤੇ ਚਾਦਰ ਪਾਣ ਦੀ ਪ੍ਰਥਾ, ਬੁਰਕਾ ਅਤੇ ਘੂੰਘਟ ਆਦਿ ਔਰਤ ਨੂੰ ਦਬਾ ਕੇ ਰੱਖਣ ਦੀਆਂ ਮੂੰਹ ਬੋਲਦੀਆਂ ਕਹਾਣੀਆਂ ਹਨ। ਇੱਥੇ ਹੀ ਬੱਸ ਨਹੀਂ ਕਿਸੇ ਵੀ ਔਰਤ ਨੂੰ ਬਦਨਾਮ ਕਰ ਕੇ ਅਤੇ ਵਿਭਚਾਰੀ ਆਖ ਕੇ ਸਰੇਆਮ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਸੀ। ਜਰਾ ਸੋਚੋ ਉਨ੍ਹਾਂ ਨਾਲ ਵਿਭਚਾਰ ਕਰਨ ਵਾਲੇ ਕੌਣ ਹੁੰਦੇ ਸਨ? ਸਫੈਦਪੋਸ਼ ਜਿਨ੍ਹਾਂ ਦਾ ਜਿਕਰ ਤੱਕ ਨਹੀਂ ਸੀ ਹੁੰਦਾ। ਉਹ ਸਦਾ ਦੁਧ ਧੋਤੇ ਹੀ ਰਹਿੰਦੇ ਸਨ।
ਅੱਜ ਕੱਲ੍ਹ ਵੀ ਕਈ ਘਰਾਂ ਵਿਚ ਬਾਲੜੀਆਂ ਨੂੰ ਬੋਝ ਸਮਝ ਕੇ ਗਰਭ ਵਿਚ ਹੀ ਖਤਮ ਕਰਵਾ ਦਿੰਦੇ ਹਨ। ਇਹ ਗ਼ਲਤ ਵੀ ਹੈ ਅਤੇ ਪਾਪ ਵੀ। ਇਸੇ ਲਈ ਅੱਜ ਵੀ ਔਰਤਾਂ ਦੀ ਪ੍ਰਤੀਸ਼ਤ ਪੁਰਸ਼ਾਂ ਨਾਲੋਂ ਘੱਟ ਹੈ। ਲੜਕੇ ਦੇ ਪੈਦਾ ਹੋਣ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਲੱਡੂ ਵੰਡੇ ਜਾਂਦੇ ਹਨ ਪਰ ਲੜਕੀ ਦੇ ਪੈਦਾ ਹੋਣ ਤੇ ਘਰ ਵਿਚ ਮਾਤਮ ਛਾ ਜਾਂਦਾ ਹੈ ਜਿਵੇਂ ਕੋਈ ਮਰ ਗਿਆ ਹੋਵੇ। ਲੜਕੀ ਦੀ ਮਾਂ ਨੂੰ ਵੀ ਬਹੁਤ ਤੰਗ ਕੀਤਾ ਜਾਂਦਾ ਹੈ ਜਿਵੇਂ ਲੜਕੀ ਪੈਦਾ ਕਰਨ ਵਿਚ ਇਕੱਲ੍ਹੀ ਉਸ ਦਾ ਹੀ ਹੱਥ ਹੋਵੇ। ਇਹ ਸਮਝਿਆ ਜਾਂਦਾ ਹੈ ਕਿ ਉਸ ਨੇ ਸਾਰੇ ਖਾਨਦਾਨ ਨੂੰ ਵੱਟਾ ਲਾ ਕੇ ਸਭ ਲਈ ਨਮੋਸ਼ੀ ਖੜ੍ਹੀ ਕਰ ਦਿੱਤੀ ਹੈ। ਲੜਕੇ ਅਤੇ ਲੜਕੀਆਂ ਦੇ ਪਾਲਣ ਪੋਸ਼ਣ ਵਿਚ ਬਹੁਤ ਵਿਤਕਰਾ ਕੀਤਾ ਜਾਂਦਾ ਹੈ। ਪਹਿਲਾਂ ਲੜਕੀਆਂ ਦੀ ਪੜਾਈ ਵਲ ਬਿਲਕੁਲ ਹੀ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕਿਹਾ ਜਾਂਦਾ ਸੀ ਕਿ ਇਸ ਨੇ ਕਿਹੜਾ ਅਫ਼ਸਰ ਬਣਨਾ ਹੈ। ਇਸ ਦੀ ਪੜਾਈ ਦਾ ਕੀ ਫਾਇਦਾ। ਅਗਲੇ ਘਰ ਜਾ ਚੁਲ੍ਹਾ ਚੋਂਕਾ ਹੀ ਤਾਂ ਕਰਨਾ ਹੈ।
ਇੱਥੇ ਹੀ ਬਸ ਨਹੀਂ ਅੱਜ ਵੀ ਮਰਦ ਜੋ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਜਿਵੇਂ ਤੇਰੀ ਮਾਂ ਦੀ......,ਤੇਰੀ ਭੈਣ ਦੀ.....ਆਦਿ ਉਹ ਵੀ ਔਰਤ ਨੂੰ ਜਲੀਲ ਕਰਨ ਵਾਲੀਆਂ ਹੀ ਹੁੰਦੀਆਂ ਹਨ। ਔਰਤ ਨੂੰ ਜੋ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਉਹ ਸਭ ਪੁਰਸ਼ ਦੇ ਭਲੇ ਲਈ ਹੀ ਹੁੰਦੀਆਂ ਹਨ ਜਿਵੇਂ-ਪੁੱਤਰਵਤੀ ਹੋਵੇਂ, ਬੁੱਢ ਸੁਹਾਗਣ ਹੋਵੇਂ, ਸੱਤਾਂ ਪੁੱਤਰਾਂ ਦੀ ਮਾਂ ਹੋਵੇਂ ਆਦਿ। ਇਹ ਹੈ ਔਰਤ ਪ੍ਰਤੀ ਸਾਡੇ ਅੱਜ ਦੇ ਮਰਦ ਪ੍ਰਧਾਨ ਦੀ ਸੋਚ।
ਦੋਸਤੋ ਔਰਤ ਨੂੰ ਇਸ ਦਲਦਲ ਦੀ ਹਾਲਤ ਵਿਚੋਂ ਕੱਢਣ ਲਈ ਕੋਈ ਅੱਗੇ ਨਹੀਂ ਆਇਆ ਤਾਂ ਇਸ ਭਿਆਨਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਉਭਾਰਿਆ ਅਤੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਿਹਾ। ਭਾਂਵ ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ੳਤੇ ਪੀਰਾਂ ਪੈਗੰਬਰਾਂ ਨੂੰ ਜਨਮ ਦਿੱਤਾ ਹੈ ਉਸ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ।
ਔਰਤ ਮਾੜੀ ਕਿਵੇਂ ਹੋਈ? ਔਰਤ ਬਿਨਾ ਦੁਨੀਆਂ ਕਿਆਸੀ ਹੀ ਨਹੀਂ ਜਾ ਸਕਦੀ। ਉਹ ਮਾਂ, ਭੈਣ, ਪ੍ਰੇਮਿਕਾ, ਪਤਨੀ ਅਤੇ ਬੇਟੀ ਹੈ। ਔਰਤ ਤੋਂ ਬਿਨਾ ਪੁਰਸ਼ ਅਧੂਰਾ ਹੀ ਹੈ। ਔਰਤ ਬਹੁਤ ਨਾਜ਼ੁਕ ਵੀ ਹੈ ਅਤੇ ਫੌਲਾਦ ਦੀ ਤਰ੍ਹਾਂ ਮਜ਼ਬੂਤ ਵੀ। ਮਾਈ ਭਾਗੋ, ਸ਼ਰਨਜੀਤ ਕੌਰ ਅਤੇ ਝਾਂਸੀ ਦੀ ਰਾਣੀ ਵੀਰਾਂਗਣਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ।
ਅਜਿਹੇ ਹਾਲਾਤ ਵਿਚ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਔਰਤ ਦਾ ਨਵੇਂ ਸਿਰੇ ਤੋਂ ਸਫ਼ਰ ਸ਼ੁਰੂ ਹੋਇਆ। ਉਸ ਨੇ ਅਨੇਕਾਂ ਜ਼ੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਸਹਾਰਦੇ ਹੋਏ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਉਸ ਦਾ ਸਤਰ ਉੱਚਾ ਚੁਕਣ ਲਈ ਸਰਕਾਰ ਅਤੇ ਕੁਝ ਅਗਾਂਹ ਵਧੂ ਲੋਕਾਂ ਨੇ ਵੀ ਹਿੱਸਾ ਪਾਇਆ। ਸਭ ਤੋਂ ਪਹਿਲਾਂ ਅੋਰਤਾਂ ਖਿਲਾਫ ਪੁਰਾਣੀਆਂ ਅਤੇ ਗ਼ਲਤ ਰਸਮਾਂ ਨੂੰ ਖਤਮ ਕਰਨ ਵੱਲ ਧਿਆਨ ਦਿੱਤਾ ਗਿਆ। ਮਹਿਸੂਸ ਕੀਤਾ ਗਿਆ ਕਿ ਧੀਆਂ ਦਾ ਪਾਲਣ ਪੋਸ਼ਣ ਵੀ ਪੁੱਤਰਾਂ ਦੀ ਤਰ੍ਹਾਂ ਲਾਡ ਪਿਆਰ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉੱਚੀ ਵਿਦਿਆ ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਵੱਖਰੀ ਪਛਾਣ ਬਣਾ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਵਿਚ ਭਰਪੂਰ ਹਿੱਸਾ ਪਾ ਸੱਕਣ। ਬਾਲੜੀਆਂ ਦੀ ਪੜ੍ਹਾਈ ਲਈ ਉੱਚੇਚੇ ਉਪਰਾਲੇ ਕੀਤੇ ਗਏ।ਕਿਹਾ ਗਿਆ ਕਿ ਜੇ ਇਕ ਲੜਕੀ ਨੂੰ ਪੜ੍ਹਾ ਲਿਆ ਤਾਂ ਸਮਝੋ ਕਿ ਪੂਰੇ ਖਾਨਦਾਨ ਹੀ ਪੜ੍ਹਾ ਲਿਆ। ਇਸ ਤਰ੍ਹਾਂ ਭਾਰਤ ਵਿਚ ਅੋਰਤਾਂ ਲਈ ਇਕ ਨਵਾਂ ਸਵੇਰਾ ਹੋਇਆ। ਵਿਦਿਆ ਨਾਲ ਔਰਤ ਦਾ ਗਿਆਨ ਵਧਿਆ। ਉਸ ਨੂੰ ਆਪਣੀ ਹਸਤੀ ਦਾ ਪਤਾ ਲੱਗਿਆ। ਉਹ ਕਾਫ਼ੀ ਹੱਦ ਤੱਕ ਮਰਦਾਂ ਅਤੇ ਸੱਸਾਂ ਦੀਆਂ ਜ਼ਿਆਦਤੀਆਂ 'ਚੋਂ ਆਜ਼ਾਦ ਹੋਈ। ਉਸ ਨੇ ਘਰ ਦੀ ਚਾਰਦੀਵਾਰੀ ਵਿਚੋਂ ਨਿਕਲ ਕੇ ਸਮਾਜ ਵਿਚ ਖੁਲ੍ਹ ਕੇ ਵਿਚਰਨਾ ਸ਼ੁਰੂ ਕੀਤਾ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੁਨੀਆਂ ਦੇ ਵਿਕਾਸ ਵਿਚ ਆਪਣਾ ਅਮੁੱਲਾ ਯੋਗਦਾਨ ਪਾ ਕੇ ਦੁਨੀਆਂ ਨੂੰ ਚਕਾਚੌਂਧ ਕਰ ਦਿੱਤਾ।
ਹੁਣ ਸਮਾਜ ਅਤੇ ਪਰਿਵਾਰ ਵਿਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਹੁਣ ਔਰਤ ਮਰਦ ਦੇ ਪੈਰਾਂ ਦੀ ਜੁੱਤੀ ਨਹੀਂ ਰਹੀ ਸਗੋਂ ਉਹ ਜੀਵਨ ਸੰਗਨੀ ਹੈ। ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ, ਪਰਿਵਾਰ ਅਤੇ ਦੇਸ਼ ਦੀ ਉਨਤੀ ਵਿਚ ਭਰਪੂਰ ਯੋਗਦਾਨ ਪਾ ਰਹੀ ਹੈ। ਉਹ ਮਰਦ ਦੀ ਗੁਲਾਮ ਨਹੀਂ ਰਹੀ। ਉਸ ਦੀ ਹੋਂਦ ਕੇਵਲ ਰਸੋਈ ਅਤੇ ਹੋਰ ਘਰੇਲੂ ਕੰਮਾਂ ਕਾਰਾਂ ਤੱਕ ਹੀ ਸੀਮਤ ਨਹੀਂ। ਇਸ ਲਈ ਉਸ ਨਾਲ ਕਿਸੇ ਵੱਲੋਂ ਵੀ ਘਟੀਆ ਸਲੂਕ ਨਹੀਂ ਹੋਣਾ ਚਾਹੀਦਾ। ਉਹ ਪੜ੍ਹੀ ਲਿਖੀ ਹੈ। ਉਸ ਦੇ ਅੰਦਰਲੇ ਗਿਆਨ ਦੇ ਨੇਤਰ ਖੁੱਲ੍ਹ ਗਏ ਹਨ। ਉਹ ਬਾਹਰ ਦੇ ਸਾਰੇ ਕੰਮ ਅਤੇ ਰੁਜ਼ਗਾਰ ਦੇ ਸਾਰੇ ਕੰਮ ਨਿਭਾ ਰਹੀ ਹੈ। ਉਹ ਪਰਿਵਾਰ ਦੀ ਆਰਥਕ ਦਸ਼ਾ ਸੁਧਾਰਨ ਵਿਚ ਵੱਡਾ ਯੋਗਦਾਨ ਪਾ ਰਹੀ ਹੈ। ਸਮਾਜ ਵਿਚ ਉਸ ਦੀ ਮਰਦਾਂ ਦੇ ਬਰਾਬਰ ਇੱਜ਼ਤ ਹੈ। ਹੁਣ ਉਹ ਨਿਮਾਣੀ ਅਤੇ ਨਿਤਾਣੀ ਨਹੀਂ ਰਹੀ। ਆਪਣੀ ਇਸ ਹੋਂਦ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਸ ਨੂੰ ਘਰੇਲੂ ਕੰਮ ਕਾਰ ਵਿਚੋਂ ਪਤੀ ਜਾਂ ਸੱਸ ਦੇ ਸਹਿਯੋਗ ਦੀ ਲੋੜ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਨੂੰਹਾਂ ਤੋਂ ਆਪਣਾ ਦਬਦਬਾ ਘਟਾਉਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਹਮੇਸ਼ਾਂ ਦੂਜੇ ਪ੍ਰਤੀ ਚੰਗੀ ਭਾਵਨਾ ਅਤੇ ਜੁਬਾਨ ਵਿਚ ਮਿਠਾਸ ਰੱਖਣੀ ਚਾਹੀਦੀ ਹੈ।
ਇਸ ਸਮੇਂ ਤੱਕ ਕੇਵਲ ਭਾਰਤ ਦੀ ਨਾਰੀ ਨੇ ਹੀ ਆਜ਼ਾਦੀ ਨਹੀਂ ਲਈ ਸਗੋਂ ਦੁਨੀਆਂ ਭਰ ਦੀਆਂ ਔਰਤਾਂ ਨੇ ਹੀ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਅਤੇ ਪੁਰਸ਼ ਸਮਾਜ ਨੂੰ ਹੈਰਾਨ ਕਰ ਦਿੱਤਾ। ਅੱਜ ਜ਼ਿੰਦਗੀ ਦਾ ਕੋਈ ਮੁਕਾਮ ਨਹੀਂ ਜਿਸ ਵਿਚ ਹਿੱਸਾ ਪਾ ਕੇ ਔਰਤਾਂ ਨੇ ਆਪਣੀ ਸਰਦਾਰੀ ਨਹੀਂ ਦਿਖਾਈ। ਮੁਸ਼ਕਿਲ ਤੋਂ ਮੁਸ਼ਕਿਲ ਜ਼ੋਖਿਮ ਭਰੇ ਕੰਮਾਂ, ਜਿਨ੍ਹਾਂ ਵਿਚ ਕੇਵਲ ਪੁਰਸ਼ਾਂ ਦੀ ਹੀ ਸਰਦਾਰੀ ਮੰਨੀ ਜਾਂਦੀ ਸੀ, ਵਿਚ ਵੀ ਬਰਾਬਰ ਹਿੱਸਾ ਪਾ ਕੇ ਅੋਰਤਾਂ ਪੁਰਸ਼ਾਂ ਦੇ ਬਰਾਬਰ ਖੜ੍ਹੀਆਂ ਹਨ। ਕਈ ਖਿੱਤਿਆਂ ਵਿਚ ਤਾਂ ਅੱਜ ਇਕੱਲ੍ਹੀ ਔਰਤ ਦੀ ਹੀ ਅਜ਼ਾਰੇਦਾਰੀ ਬਣ ਗਈ ਹੈ। ਜਿਵੇਂ ਰਿਸੈਪਸਨਿਸ਼ਟ ਅਤੇ ਨਰਸਰੀ ਸਕੂਲ ਅਧਿਆਪਕ ਆਦਿ। ਅੱਜ ਅੋਰਤਾਂ ਆਈ. ੲ.ੇ ਐਸ., ਆਈ. ਐਫ. ਐਸ. ਅਤੇ ਪੀ. ਸੀ. ਐਸ ਦੀਆਂ ਸਭ ਤੋਂ ਉੱਚੀਆਂ ਨੌਕਰੀਆਂ ਤੇ ਬਿਰਾਜਮਾਨ ਹਨ। ਉਹ ਫੌਜ, ਪੁਲਿਸ ਅਤੇ ਇੰਨਜੀਨਰਿੰਗ ਦੀਆਂ ਕੁਰਸੀਆਂ ਸੰਭਾਲੀ ਬੈਠੀਆਂ ਹਨ। ਉਹ ਪੁਲਾੜ ਵਿਚ ਵੀ ਉਡਾਰੀਆਂ ਲਾ ਰਹੀਆਂ ਹਨ। ਉਹ ਦਰਜੀ, ਮਿਸਤਰੀ ਅਤੇ ਪਲੰਬਰ ਆਦਿ ਦਾ ਕੰਮ ਵੀ ਆਸਾਨੀ ਨਾ ਕਰ ਰਹੀਆਂ ਹਨ। ਉਹ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਵੀ ਚੁਣੀਆਂ ਜਾ ਕੇ ਦੇਸ਼ ਦੀ ਵਾਗਡੋਰ ਸੰਭਾਲ ਰਹੀਆਂ ਹਨ। ਉਹ ਮੰਤਰੀ ਅਤੇ ਕਈ ਦੇਸ਼ਾਂ ਦੀਆਂ ਪ੍ਰਧਾਨ ਮੰਤਰੀ ਬਣ ਕੇ ਵੀ ਆਪਣੇ ਦੇਸ਼ਾਂ ਦੇ ਲੋਕਾਂ ਦੀ ਸਮੁੱਚੀ ਕਰ ਰਹੀਆਂ ਹਨ।
ਇਸ ਸਭ ਦੇ ਬਾਵਜੂਦ ਵੀ ਅੱਜ ਅੋਰਤਾਂ ਨੂੰ ਦੂਹਰੀ ਮੁਸ਼ੱਕਤ ਕਰਨੀ ਪੈ ਰਹੀ ਹੈ ਦਫ਼ਤਰ ਦੇ ਕੰਮ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਵੀ ਪੂਰੀ ਸੰਭਾਲ ਕਰਨੀ ਪੈਂਦੀ ਹੈ। ਉਨ੍ਹਾਂ ਲਈ ਮਿਹਨਤ ਜ਼ਿਆਦਾ ਅਤੇ ਆਰਾਮ ਘੱਟ ਹੈ ਪਰ ਹਾਲੀ ਵੀ ਕਈ ਘਟੀਆ ਸੋਚ ਵਾਲੇ ਬੰਦੇ ਆਪਣੀ ਪਤਨੀ ਨੂੰ ਤਾਅਨਾ ਦਿੰਦੇ ਹਨ-'ਤੂੰ ਸਾਰੀ ਦਿਹਾੜੀ ਕਰਦੀ ਹੀ ਕੀ ਹੈਂ? ਇੱਥੇ ਪੁਰਸ਼ਾਂ ਨੂੰ ਆਪਣੀ ਸੋਚ ਬਦਲ ਕੇ ਆਪਣੀਆਂ ਅੋਰਤਾਂ ਨਾਲ ਘਰ ਦੇ ਕੰਮਾਂ ਵਿਚ ਸਹਿਯੋਗ ਕਰਨਾ ਚਾਹੀਦਾ ਹੈ।
ਇਕ ਵਾਰੀ ਕਿਸੇ ਨੇ ਆਪਣੇ ਦੋਸਤ ਨੂੰ ਪੁੱਛਿਆ ਕਿ ਪਾਣੀ ਦੀ ਕੀ ਵੈਲੀਊ (ਕੀਮਤ) ਹੈ? ਉਸ ਨੇ ਉੱਤਰ ਦਿੱਤਾ ਕਿ ਇਕ ਦਿਨ ਪਾਣੀ ਨਾ ਪੀ, ਆਪੇ ਕੀਮਤ ਪਤਾ ਲੱਗ ਜਾਵੇਗੀ। ਔਰਤ ਤੋਂ ਬਿਨਾ ਪੁਰਸ਼ ਅਧੂਰਾ ਹੈ। ਔਰਤ ਤੋਂ ਬਿਨਾ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਨਾਲ ਹੀ ਪਰਿਵਾਰ ਬਣਦਾ ਹੈ। ਜੇ ਇਕ ਦਿਨ ਵੀ ਪਤਨੀ ਪੇਕੇ ਚਲੀ ਜਾਏ ਤਾਂ ਸਾਰਾ ਘਰ ਹੀ ਉੱਲਟ ਪੁੱਲਟ ਹੋ ਜਾਂਦਾ ਹੈ। ਬੰਦੇ ਨੂੰ ਆਪਣੇ ਕੱਪੜੇ ਹੀ ਨਹੀਂ ਲੱਭਦੇ। ਸਾਰਾ ਘਰ ਭੂੂੂੂਤਵਾੜਾ ਬਣ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਘਰ ਵਿਚ ਗੁਣਵੰਤੀ ਨਾਰ ਹੋਏ ਤਾਂ ਉਹ ਪਤੀ ਅਤੇ ਪਰਿਵਾਰ ਦੇ ਭਾਗ ਬਦਲ ਕੇ ਰੱਖ ਦਿੰਦੀ ਹੈ। ਗੁਣਵੰਤੀ ਨਾਰ ਨਾਲ ਘਰ ਵਿਚ ਖ਼ੁਸ਼ਹਾਲੀ ਅਤੇ ਸੁੱਖ ਸ਼ਾਤੀ ਆਉਂਦੀ ਹੈ। ਔਰਤ ਮਮਤਾ ਦੀ ਮੂਰਤ ਹੈ ਪਰਿਵਾਰ ਵਿਚ ਉਹ ਸਭ ਨੂੰ ਅਥਾਹ ਪਿਆਰ ਵੰਡਦੀ ਹੈ। ਔਰਤ ਤੋਂ ਬਿਨਾ ਘਰ ਨਹੀਂ ਬਣਦਾ। ਬੰਦੇ ਭਾਵੇਂ ਚਾਰ, ਪੰਜ ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਣ ਪਰ ਉਨ੍ਹਾਂ ਨੂੰ ਪਰਿਵਾਰ ਨਹੀਂ ਕਿਹਾ ਜਾ ਸਕਦਾ (ਉਹ ਛੜੇ ਮਲੰਗ ਹੀ ਅਖਵਾਉਂਦੇ ਹਨ)। ਉਨ੍ਹਾ ਵਿਚ ਇਕ ਵੀ ਔਰਤ ਰਲ ਜਾਏ ਤਾਂ ਉਹ ਪਰਿਵਾਰ ਬਣ ਜਾਂਦਾ ਹੈ। ਔਰਤ ਸੁੰਦਰਤਾ ਦੀ ਦੇਵੀ ਅਤੇ ਸ਼ਕਤੀ ਦੀ ਪ੍ਰਤੀਕ ਹੈ। ਉਸ ਦੀ ਇਕ ਮੁਸਕਰਾਹਟ ਹੀ ਬੰਦੇ ਦੇ ਮਨ ਨੂੰ ਮੋਹ ਲੈਂਦੀ ਹੈ। ਉਹ ਮੋਮ ਦੀ ਤਰ੍ਹਾਂ ਨਰਮ ਵੀ ਹੈ ਅਤੇ ਚੰਡੀ ਦੀ ਤਰ੍ਹਾਂ ਤਾਕਤਵਰ ਵੀ ਹੈ।
ਇੱਥੇ ਇਕ ਗੱਲ ਹੋਰ ਵੀ ਹੈ ਕਿ ਆਪਣੀ ਕੁੱਖ ਵਿਚੋਂ ਸੰਤਾਨ ਪੈਦਾ ਕਰਨ ਦੀ ਦਾਤ ਪ੍ਰਮਾਤਮਾ ਨੇ ਕੇਵਲ ਔਰਤ ਨੂੰ ਹੀ ਦਿੱਤੀ ਹੈ। ਪੁਰਸ਼ ਭਾਵੇਂ ਜਿੰਨਾ ਮਰਜ਼ੀ ਮਹਾਨ ਕੰਮ ਕਰ ਲਏ ਪਰ ਉਹ ਆਪਣੇ ਪੇਟ ਵਿਚੋਂ ਸੰਤਾਨ ਪੈਦਾ ਨਹੀਂ ਕਰ ਸਕਦਾ।ਇਹ ਖ਼ੁਸ਼ੀ ਪ੍ਰਮਾਤਮਾ ਨੇ ਕੇਵਲ ਔਰਤ ਨੂੰ ਹੀ ਦਿੱਤੀ ਹੈ।
ਆਪਣੀ ਮਹਾਨ ਉਨਤੀ ਕਾਰਨ ਅੋਰਤਾਂ ਨੂੰ ਆਪਣੇ ਤੇ ਮਾਣ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਪਰ ਘਮੰਢ ਨਹੀਂ ਹੋਣਾ ਚਾਹੀਦਾ। ਪਰਿਵਾਰਕ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੋਰਤਾਂ ਨੂੰ ਘਰ ਵਿਚ ਬਜ਼ੁਰਗ ਸੱਸ ਸਹੁਰੇ ਨੂੰ ਪੂਰਾ ਮਾਣ ਇੱੱਜ਼ਤ ਦੇਣਾ ਚਾਹੀਦਾ ਹੈ। ਹੰਕਾਰ ਵਿਚ ਆ ਕੇ ਕਈ ਅੋਰਤਾਂ ਆਪਣੇ ਪਤੀ ਨੂੰ ਨੌਕਰ ਸਮਝਦੀਆਂ ਹਨ। ਫਿਰ ਸਾਰੀ ਉਮਰ ਨੌਕਰਾਣੀ ਬਣ ਕੇ ਹੀ ਬਿਤਾਉਂਦੀਆਂ ਹਨ। ਇਸ ਦੇ ਉੱਲਟ ਕਈ ਅੋਰਤਾਂ ਆਪਣੇ ਪਤੀ ਨੂੰ ਘਰ ਦਾ ਰਾਜਾ (ਮਾਲਕ) ਬਣਾ ਕਿ ਰੱਖਦੀਆਂ ਹਨ। ਫਿਰ ਸਾਰੀ ਉਮਰ ਪਰਿਵਾਰ ਵਿਚ ਰਾਣੀ ਬਣ ਕੇ ਰਾਜ ਕਰਦੀਆਂ ਹਨ ਅਤੇ ਸੁੱਖ ਮਾਣਦੀਆਂ ਹਨ। ਉਨ੍ਹਾਂ ਦੇ ਘਰ ਵਿਚ ਸਦਾ ਸ਼ਾਤੀ ਰਹਿੰਦੀ ਹੈ। ਬਾਹਰ ਵਾਲਿਆਂ ਨੂੰ ਉਨ੍ਹਾਂ ਦੇ ਘਰੋਂ ਹਾਸੇ ਛਣਕਦੇ ਸੁਣਦੇ ਹਨ।
ਬੇਸ਼ੱਕ ਸਰਕਾਰ ਨੇ ਔਰਤ ਦੀ ਰੱਖਿਆ ਅਤੇ ਸਨਮਾਨ ਲਈ ਕਈ ਕਾਨੂੰਨ ਬਣਾਏ ਹਨ ਪਰ ਉਹ ਬੇਅਸਰ ਸਾਬਤ ਹੋ ਕੇ ਰਹਿ ਗਏ ਹਨ। ਅੱਜ ਵੀ ਦੇਸ਼ ਵਿਚ ਔਰਤ ਦਾ ਸ਼ੋਸ਼ਨ ਹੋ ਰਿਹਾ ਹੈ। ਕਈ ਵਾਰੀ ਜਦ ਕੋਈ ਔਰਤ ਘਰੋਂ ਇਕੱਲ੍ਹੀ ਬਾਹਰ ਜਾ ਰਹੀ ਹੋਏ ਤਾਂ ਉਸ ਨੂੰ ਮਵਾਲੀ ਪੁਰਸ਼ਾਂ ਦੀਆਂ ਕਾਮੁਕ ਨਜ਼ਰਾਂ ਦਾ ਅਤੇ ਨੰਗੇ ਫ਼ਿਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀਆਂ ਛੋਟੀਆਂ ਬਾਲੜੀਆਂ ਨਾਲ ਬਲਾਤਕਾਰ ਕੇ ਉਨ੍ਹਾਂ ਨੂੰ ਜਾਨੋ ਮਾਰ ਦਿੱਤਾ ਜਾਂਦਾ ਹੈ ਤਾਂ ਕਿ ਵਹਿਸ਼ੀ ਦਰਿੰਦਿਆਂ ਦਾ ਕੋਈ ਸਬੂਤ ਨਾ ਰਹੇ। ਇੱਥੇ ਪੁਲਿਸ ਅਤੇ ਕਾਨੂੰਨ ਵੀ ਬੇਬੱਸ ਹੋ ਕੇ ਰਹਿ ਜਾਂਦੇ ਹਨ। ਫਿਰ ਵੀ ਨਾਰੀ ਇਨ੍ਹਾਂ ਜੁਲਮਾਂ ਨੂੰ ਸਹਿੰਦੀ ਹੋਈ ਅੱਗੇ ਵਧਦੀ ਜਾ ਰਹੀ ਹੈ ਅਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੀ ਹੈ।
ਇਸ ਇੰਟਰਨੈਟ ਦੇ ਯੁੱਗ ਵਿਚ ਵੀ ਕੁਝ ਅੋਰਤਾਂ (ਖਾਸ ਕਰ ਕੇ ਨੀਵੇਂ ਤਬਕੇ ਦੀਆਂ) ਲਈ ਬੜਾ ਕੁਝ ਕਰਨ ਦੀ ਲੋੜ ਹੈ। ਗ਼ਰੀਬ ਅੋਰਤਾਂ ਬਗਲੀ ਵਿਚ ਛੋਟੇ ਛੋਟੇ ਬੱਚਿਆਂ ਨੂੰ ਪਾਈ ਸਿਰਾਂ ਇੱਟਾਂ ਅਤੇ ਗਾਰੇ ਦੇ ਵੱਡੇ ਵੱਡੇ ਢੇਰ ਢੋਂਦੀਆਂ ਨਜ਼ਰ ਆਉਂਦੀਆਂ ਹਨ। ਉਹ ਸੜਕਾਂ ਅਤੇ ਰੇਲਵੇ ਸਟੇਸ਼ਨਾ 'ਤੇ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦਾ ਸਤਰ ਉੱਚਾ ਚੁੱਕਣ ਲਈ ਅਤੇ ਵਿਦਿਆ ਦੇਣ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਉਹ ਹੋਣਹਾਰ ਬੱਚਿਆਂ ਨੂੰ ਜਨਮ ਦੇ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾ ਸੱਕਣ।
ਗਿਆਨ ਦਾ ਕੋਈ ਅੰਤ ਨਹੀਂ। ਹਰ ਕੰਮ ਵਿਚ ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ। ਅੱਗੇ ਵਧਣਾ ਹੀ ਜ਼ਿੰਦਗੀ ਦਾ ਨਿਯਮ ਹੈ। ਇਸ ਲਈ ਇਹ ਕਦੀ ਨਹੀਂ ਕਿਹਾ ਜਾ ਸਕਦਾ ਕਿ ਔਰਤ ਨੇ ਅੰਤਿਮ ਮੰਜ਼ਿਲ ਨੂੰ ਛੂੂਹ ਲਿਆ ਹੈ ਅਤੇ ਹੁਣ ਉਸ ਨੂੰ ਹੋਰ ਅੱਗੇ ਵਧਣ ਦੀ ਜ਼ਰੂਰਤ ਨਹੀਂ। ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਸੁਹਜ ਸੁਆਦ ਮਨੁੱਖ ਦੀ ਫਿਤਰਤ ਹੈ। ਇਨ੍ਹਾਂ ਦੋਹਾਂ ਗੱਲਾਂ ਕਰ ਕੇ ਹੀ ਮਨੁੱਖ ਨੇ ਪੱਥਰ ਯੁੱਗ ਤੋਂ ਅੱਜ ਤੱਕ ਦਾ ਸਫ਼ਰ ਤਹਿ ਕੀਤਾ ਹੈ।ਮੰਜ਼ਿਲਾਂ ਤਾਂ ਹੋਰ ਵੀ ਅੱਗੇ ਤੋਂ ਅੱਗੇ ਹਨ। ਹਾਲੀ ਪੁਲਾੜ ਵਿਚ ਅਤੇ ਹੋਰ ਖਿਤਿਆਂ ਵਿਚ ਬਹੁਤ ਖੋਜ ਹੋਣੀ ਹੈ। ਕਈ ਭਿਆਨਕ ਬਿਮਾਰੀਆਂ ਦੇ ਇਲਾਜ ਲੱਭੇ ਜਾਣੇ ਹਨ ਜਿਸ ਵਿਚ ਅੋਰਤਾਂ ਦੀ ਵੱਡੀ ਭਾਗੀਦਾਰੀ ਦੀ ਲੋੜ ਪਵੇਗੀ।
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in
ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ - ਗੁਰਸ਼ਰਨ ਸਿੰਘ ਕੁਮਾਰ
ਆਮ ਤੋਰ ਤੇ ਸੱਸ ਸ਼ਬਦ ਇਕ ਜਾਲਮ ਅਤੇ ਤਾਨਾਸ਼ਾਹ ਔਰਤ ਵਜੋਂ ਕਿਆਸਿਆ ਜਾਂਦਾ ਹੈ ਜੋ ਖਾਸ ਕਰ ਕੇ ਆਪਣੀਆਂ ਨੂੰਹਾਂ ਤੇ ਬਹੁਤ ਪਾਬੰਦੀਆਂ ਲਾਉਂਦੀਆਂ ਹਨ ਅਤੇ ਬਹੁਤ ਜ਼ੁਲਮ ਕਰਦੀਆਂ ਹਨ। ਇਸੇ ਲਈ ਕਹਿੰਦੇਹਨ ਕਿ-'ਸੱਸ ਤਾਂ ਮਿੱਟੀ ਦੀ ਵੀ ਮਾਣ ਨਹੀਂ ਹੁੰਦੀ'। ਪਰ ਇਹ ਪੂਰਨ ਸੱਚ ਨਹੀਂ। ਨੂੰਹ ਸੱਸ ਦਾ ਰਿਸ਼ਤਾ ਮਾਂ ਧੀ ਦੇ ਰਿਸ਼ਤੇ ਦੀ ਤਰ੍ਹਾਂ ਪਿਆਰ ਭਰਿਆ ਨਿੱਘਾ ਵੀ ਹੋ ਸਕਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਔਰਤ ਮਮਤਾ ਦੀ ਮੂਰਤ ਹੈ। ਉਹ ਪਹਿਲਾਂ ਇਕ ਮਾਂ ਹੈ ਜੋ ਸਾਰੇ ਪਰਿਵਾਰ ਦਾ ਧੁਰਾ ਹੁੰਦੀ ਹੈ। ਪਰਿਵਾਰ ਦੇ ਸਾਰੇ ਜੀਆਂ ਦਾ ਧਿਆਨ ਰੱਖਣਾ ਅਤੇ ਪਰਿਵਾਰ ਦੇ ਅਕਸ ਨੂੰ ਕਾਮਯਾਬੀ ਨਾਲ ਸਮਾਜ ਵਿਚ ਅੱਗੇ ਵਧਾਉਣਾ ਉਸ ਦਾ ਮੁਢਲਾ ਫ਼ਰਜ਼ ਹੈ। ਇਸ ਲਈ ਪਰਿਵਾਰ ਵਿਚ ਕੁਝ ਮਰਿਆਦਾ ਤਾਂ ਕਾਇਮ ਰੱਖਣੀ ਹੀ ਪੈਂਦੀ ਹੈ।
ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਤੋਂ ਹੀ ਅੱਗੋਂ ਸਮਾਜ ਰੂਪੀ ਫ਼ਸਲ ਤਿਆਰ ਹੁੰਦੀ ਹੈ ਅਤੇ ਦੇਸ਼ ਅਤੇ ਦੁਨੀਆਂ ਦੇ ਰੂਪ ਵਿਚ ਫੈਲਦੀ ਹੈ ਅਤੇ ਧਰਤੀ ਉੇੱਤੇ ਮਨੁੱਖੀ ਨਸਲ ਦਾ ਪਸਾਰਾ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਸਮਾਜ ਅਤੇ ਦੁਨੀਆਂ ਰੂਪੀ ਨਸਲ ਦੀ ਪਨੀਰੀ ਪਰਿਵਾਰ ਹੀ ਹੈ। ਇਹ ਪਰਿਵਾਰ ਰੂਪੀ ਪਨੀਰੀ ਨੂੰ ਬਹੁਤ ਹੀ ਸੁਚੱਜੀ ਸੰਭਾਲ ਅਤੇ ਪਰਵਰਿਸ਼ ਦੀ ਲੋੜ ਹੈ ਤਾਂ ਕਿ ਸਾਡੇ ਵਾਰਸ ਵਧੀਆ ਹੋਣ ਅਤੇ ਸਭ ਪਾਸੇ ਸੁੱਖ, ਸੁੰਦਰਤਾ ਅਤੇ ਸੁਗੰਧੀ ਫੈੈੈੈੈਲੇੇ।
ਅਗੋਂ ਪਰਿਵਾਰ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ। ਇਕ ਹੁੰਦਾ ਹੈ ਇਕਿਹਰਾ ਪਰਿਵਾਰ, ਜਿਸ ਵਿਚ ਕੇਵਲ ਪਤੀ ਪਤਨੀ ਅਤੇ ਉਨ੍ਹਾਂ ਦੇ ਆਪਣੇ ਬੱਚੇ ਹੀ ਹੁੰਦੇ ਹਨ। ਦੂਜਾ ਹੁੰਦਾ ਹੈ ਸੰਯੁਕਤ ਪਰਿਵਾਰ ਜਿਸ ਵਿਚ ਪਤੀ ਪਤਨੀ, ਉਨ੍ਹਾਂ ਦੇ ਬੱਚੇ, ਬੱਚਿਆਂ ਦੇ ਦਾਦਾ ਦਾਦੀ ਅਤੇ ਕਈ ਵਾਰੀ ਭੂਆ, ਚਾਚਾ ਚਾਚੀ, ਤਾਇਆ ਤਾਈ ਅਤੇ ਉਨ੍ਹਾਂ ਦੇ ਬੱਚੇ ਆਦਿ ਵੀ ਹੋ ਸਕਦੇ ਹਨ। ਸਾਰੇ ਰਲ ਮਿਲ ਕੇ ਰਹਿੰਦੇ ਹਨ ਅਤੇ ਸਭ ਦੀ ਰੋਟੀ ਇਕੋ ਹੀ ਚੁਲ੍ਹੇ ਤੇ ਬਣਦੀ ਹੈ। ਇਸ ਤਰ੍ਹਾਂ ਕੁਦਰਤੀ ਤੋਰ ਤੇ ਪਰਿਵਾਰ ਦੇ ਸਾਰੇ ਜੀਆਂ ਦੇ ਆਪਸੀ ਰਿਸ਼ਤੇ ਬਣਦੇ ਹਨ ਜਿਨ੍ਹਾਂ ਨੂੰ ਬੜੇ ਪਿਆਰ, ਵਿਸ਼ਵਾਸ ਅਤੇ ਸੁਹਿਰਦਤਾ ਨਾਲ ਨਿਭਾਉਣਾ ਹੁੰਦਾ ਹੈ। ਜੇ ਅਸੀਂ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਵਿਚ ਜਰਾ ਵੀ ਚੂਕ ਕਰ ਜਾਈਏ ਤਾਂ ਆਪਸ ਵਿਚ ਕੁੜਤਣ ਪੈਦਾ ਹੋ ਜਾਂਦੀ ਹੈ। ਅਜਿਹੇ ਪਰਿਵਾਰ ਵਿਚ ਸਭ ਤੋਂ ਬਜ਼ੁਰਗ ਬੰਦੇ ਦਾ ਬਹੁਤ ਸਤਿਕਾਰ ਹੁੰਦਾ ਹੈ ਅਤੇ ਉਸ ਦਾ ਹੀ ਹੁਕਮ ਚੱਲਦਾ ਹੈ। ਅਜਿਹੇ ਪਰਿਵਾਰ ਦੀਆਂ ਨੀਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਉਹ ਛਾਲਾਂ ਮਾਰਦਾ ਹੋਇਆ ਦਿਨ ਦੂਣੀ ਅਤੇ ਰਾਤ ਚੋਗੁਣੀ ਤਰੱਕੀ ਕਰਦਾ ਹੈ ਅਤੇ ਨਿੱਤ ਨਵੀਆਂ ਬੁਲੰਦੀਆਂ ਨੂੰ ਛੁਹੰਦਾ ਹੈ। ਸਮਾਜ ਵਿਚ ਵੀ ਅਜਿਹੇ ਪਰਿਵਾਰ ਦੀ ਬਹੁਤ ਮਜ਼ਬੂਤ ਪਕੜ ਹੁੰਦੀ ਹੈ। ਇਸ ਪਰਿਵਾਰ ਵਿਚ ਇਕ ਰਿਸ਼ਤਾ ਨੂੰਹ ਸੱਸ ਦਾ ਵੀ ਹੁੰਦਾ ਹੈ ਜਿਸ ਦੇ ਸੁਖਾਵੇਂ ਰਹਿਣ ਨਾਲ ਪਰਿਵਾਰ ਵਿਚ ਅਨੁਸ਼ਾਸਨ ਆਉਂਦਾ ਹੈ ਅਤੇ ਪਰਿਵਾਰ ਨੂੰ ਹੋਰ ਵੀ ਮਜ਼ਬੂਤੀ ਮਿਲਦੀ ਹੈ। ਜੇ ਇਸ ਰਿਸ਼ਤੇ ਵਿਚ ਜਰਾ ਵੀ ਤਰੇੜ ਆ ਜਾਏ ਤਾਂ ਸਾਰਾ ਪਰਿਵਾਰ ਬਿਖਰ ਜਾਂਦਾ ਹੈ। ਨੂੰਹ ਸੱਸ ਦੀ ਅਣਬਣ ਕਰ ਕੇ ਪਰਿਵਾਰ ਤਮਾਸ਼ਾ ਬਣ ਕੇ ਰਹਿ ਜਾਂਦਾ ਹੈ।
ਜ਼ਮਾਨਾ ਤੇਜੀ ਨਾਲ ਬਦਲ ਰਿਹਾ ਹੈ ਜਿਹੜੇ ਕੱਲ੍ਹ ਤੱਕ ਸੁੱਚੇ ਸਿੱਕੇ ਸਨ, ਉਹ ਅੱਜ ਕੱਲ੍ਹ ਖੋਟੇ ਹੋ ਚੁੱਕੇ ਹਨ। ਪਹਿਲੀਆਂ ਚੰਗੀਆਂ ਗੱਲਾਂ ਦੀ ਹੁਣ ਕਦਰ ਨਹੀਂ ਰਹੀ। ਭਲੀਆਂ ਮਾਨਸ ਬਜ਼ੁਰਗ ਅੋਰਤਾਂ ਹੈਰਾਨ ਹੋ ਰਹੀਆਂ ਹਨ ਜਿਵੇਂ ਉਨ੍ਹਾਂ ਨਾਲ ਕੋਈ ਠੱਗੀ ਵੱਜ ਗਈ ਹੋਵੇ।ਜਿਸ ਹੱਸਦੇ ਖੇਡਦੇ ਪਰਿਵਾਰ ਦੀ ਕਲਪਨਾ ਉਨ੍ਹਾਂ ਕੀਤੀ ਸੀ, ਉਹ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ। ਜਿਸ ਪਰਿਵਾਰ ਦੀ ਉਨ੍ਹਾਂ ਪਟਰਾਣੀ ਬਣ ਕੇ ਰਹਿਣਾ ਸੀ ਤੇ ਰਾਜ ਕਰਨਾ ਸੀ ਉਹ ਸਲਤਨਤ ਤਾਂ ਬਿੱਖਰ ਗਈ। ਉਨ੍ਹਾਂ ਦੀ ਸਰਦਾਰੀ ਖਤਮ ਹੋ ਜਾਂਦੀ ਹੈ ਅਤੇ ਕਦਮ ਕਦਮ ਤੇ ਉਨ੍ਹਾਂ ਨੂੰ ਬੇਕਦਰੀ ਮਿਲਦੀ ਹੈ।ਉਨ੍ਹਾਂ ਨੂੰ ਝੁਕ ਕੇ ਕਈ ਤਰ੍ਹਾਂ ਦੇ ਸਮਝੋਤੇ ਕਰ ਕੇ ਆਪਣਾ ਬੁਢਾਪਾ ਕੱਟਣਾ ਪੈਂਦਾ ਹੈ। ਜਿਸ ਪਰਿਵਾਰ ਵਿਚ ਉਨ੍ਹਾਂ ਦਾ ਹੁਕਮ ਚੱਲਣਾ ਸੀ ਉਸ ਪਰਿਵਾਰ ਵਿਚ ਉਨ੍ਹਾਂ ਦੇ ਬੱਚੇ ਹੁਕਮ ਚਲਾਉਂਦੇ ਹਨ।
ਪਹਿਲਾਂ ਲੜਕੀਆਂ ਨੂੰ ਵਿਆਹ ਸਮੇਂ ਸੋਹਰੇ ਘਰ ਜਾਣ ਲੱਗਿਆਂ ਸਿੱਖਿਆ ਦਿੱਤੀ ਜਾਂਦੀ ਸੀ ਕਿ ਉੱਥੇ ਜਾ ਕੇ ਸਭ ਨਾਲ ਪਿਆਰ ਨਾਲ ਕਿਵੇਂ ਰਹਿਣਾ ਹੈ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਹੁਣ ਤਾਂ ਸੱਸਾਂ ਨੂੰ ਸਿੱਖਿਆਂ ਦਿੱਤੀ ਜਾਂਦੀ ਹੈ ਕਿ ਨੂੰਹਾਂ ਨਾਲ ਕਿਵੇਂ ਬਣਾ ਕਿ ਰੱਖਣੀ ਹੈ।
ਕਹਿੰਦੇ ਹਨ ਕਿ ਨੋਟ ਭਨਾਇਆ ਅਤੇ ਗੁਵਾਇਆ, ਮੁੰਡਾ ਵਿਆਹਿਆ ਅਤੇ ਗੁਵਾਇਆ। ਬਜ਼ੁਰਗ ਥੋਰਤਾਂ ਬੜੇ ਚਾਅ ਨਾਲ ਆਪਣੇ ਪੁੱਤਰ ਦਾ ਵਿਆਹ ਕਰਦੀਆਂ ਹਨ ਅਤੇ ਸ਼ਗਨਾ ਨਾਲ ਨੂੰਹ ਨੂੰ ਘਰ ਲੈ ਕਿ ਆਉਂਦੀਆਂ ਹਨ ਅਤੇ ਨੂੰ ਪੁੱਤਰ ਤੋਂ ਗੜਵੀ ਨਾਲ ਪਾਣੀ ਵਾਰ ਕਿ ਪੀਂਦੀਆਂ ਹਨ ਪਰ ਕੁਝ ਸਮੇਂ ਬਾਅਦ ਹੀ ਘਰ ਵਿਚ ਕਲਾ ਕਲੇਸ਼ ਕਾਰਨ ਉਹ ਹੀ ਗੜਵੀਆਂ ਸਿਰਾਂ ਵਿਚ ਵੱਜਦੀਆਂ ਹਨ ਅਤੇ ਸਾਰਾ ਮੁਹੱਲਾ ਤਮਾਸ਼ਾ ਦੇਖਦਾ ਹੈ। ਗੱਲ ਕੋਰਟ ਕਚਿਹਰੀ/ਵੂਮੈਨ ਸੈਲ ਤੱਕ ਪਹੁੰਚਦੀ ਹੈ। ਇਕ ਦੂਜੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ। ਚਰਿਤ੍ਰ ਹਰਨ ਹੁੰਦਾ ਹੈ। ਮੁੰਡੇ ਵਾਲੇ ਲਾਲਚੀ ਅਤੇ ਰਾਖਸ਼ਸ ਸਾਬਤ ਕੀਤੇ ਜਾਂਦੇ ਹਨ ਅਤੇ ਲੜਕੀ ਦੇ ਚਾਲ ਚੱਲਣ ਦੇ ਦੋਸ਼ ਲਾਏ ਜਾਂਦੇ ਹਨ। ਪਰਿਵਾਰ ਦੀ ਇਜ਼ੱਤ ਮਿੱਟੀ ਵਿਚ ਰੁਲ ਜਾਂਦੀ ਹੈ।
ਕਈ ਮਾਵਾਂ ਧੀਆਂ ਦੇ ਘਰਾਂ ਵਿਚ ਜ਼ਿਆਦਾ ਹੀ ਦਖਲ ਅੰਦਾਜ਼ੀ ਕਰਦੀਆਂ ਹਨ ਜੋ ਉੱਥੇ ਕਲੇਸ਼ ਦਾ ਕਾਰਨ ਬਣਦਾ ਹੈ।ਜਿਹੜੀ ਚੰਗਿਆੜੀ ਨੂੰਹ ਸੱਸ ਦੇ ਝਗੜੇ ਤੋਂ ਸ਼ੁਰੂ ਹੁੰਦੀ ਹੈ ਉਹ ਇਕ ਦਮ ਭਾਂਬੜ ਬਣ ਕੇ ਫੈੈੈੈੈੈੈੈਲਦੀ ਹੈ ਅਤੇ ਦੋਹਾਂ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਸਾੜ ਕਿ ਸੁਆਹ ਕਰ ਦਿੰਦੀ ਹੈ। ਨੂੰਹ ਸੱਸ ਦੇ ਝਗੜੇ ਵਿਚ ਲੜਕਾ ਵਿਚਾਰਾ ਦੋ ਪੁੜਾਂ ਵਿਚ ਇਕੱਲ੍ਹਾ ਪਿਸਦਾ ਰਹਿੰਦਾ ਹੈ। ਨਾ ਉਹ ਮਾਂ ਨੂੰ ਘਰੋਂ ਕੱਢ ਸਕਦਾ ਹੈ ਅਤੇ ਨਾ ਹੀ ਪਤਨੀ ਨੂੰ ਛੱਡ ਸਕਦਾ ਹੈ ਗੱਲ ਵਧ ਜਾਏ ਤਾਂ ਪਵਿਤਰ ਰਿਸ਼ਤੇ ਟੁੱਟਦੇ ਹਨ। ਬੱਚੇ ਰੁਲਦੇ ਹਨ। ਸਭ ਸੰਤਾਪ ਭੋਗਦੇ ਹਨ। ਲੋਕ ਟਿਚਕਰਾਂ ਕਰਦੇ ਹਨ।
ਕਈ ਔਰਤਾਂ ਆਪਣੀਆਂ ਧੀਆਂ ਨੂੰ ਨੂੰਹਾਂ ਤੋਂ ਉੱਚਾ ਦਰਜਾ ਅਤੇ ਜ਼ਿਆਦਾ ਸਨਮਾਨ ਦਿੰਦੀਆਂ ਹਨ। ਉਹ ਨੂੰਹਾਂ ਨੂੰ ਘਟੀਆ ਸਮਝਦੀਆਂ ਹਨ ਅਤੇ ਨੌਕਰਾਂ ਦੀ ਤਰ੍ਹਾਂ ਛੋਟੇ ਛੋਟੇ ਕੰਮਾਂ ਤੇ ਲਾਈ ਰੱਖਦੀਆਂ ਹਨ। ਇਸ ਤਰ੍ਹਾਂ ਨੂੰਹਾਂ ਦਾ ਅਪਮਾਨ ਹੁੰਦਾ ਹੈ ਅਤੇ ਉਨ੍ਹਾਂ ਦਾ ਘਰ ਵਿਚ ਦਮ ਘੁੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕਈ ਨੂੰਹਾਂ ਸੱਸਾਂ ਨੂੰ ਆਪਣੀ ਮਾਂ ਬਰਾਬਰ ਨਹੀਂ ਸਮਝਦੀਆਂ ਅਤੇ ਉਨ੍ਹਾਂ ਨਾਲ ਕੌੜਾ ਬੋਲਦੀਆਂ ਹਨ। ਉਨ੍ਹਾਂ ਤੋਂ ਨੌਕਰਾਣੀਆਂ ਦੀ ਤਰ੍ਹਾਂ ਕੰਮ ਲੈਂਦੀਆਂ ਹਨ। ਗੱਲ ਗੱਲ ਤੇ ਉਨ੍ਹਾਂ ਦਾ ਅਪਮਾਨ ਕਰਦੀਆਂ ਹਨ ਜਿਵੇਂ ਉਹ ਆਪ ਇਕੱਲੀਆਂ ਹੀ ਘਰ ਦੀਆਂ ਮਾਲਕਣਾ ਹੋਣ। ਇੱਥੇ ਨੂੰਹਾਂ ਅਤੇ ਸੱਸਾਂ ਦੋਹਾਂ ਦਾ ਹੀ ਵਿਉਹਾਰ ਗ਼ਲਤ ਹੈ। ਨੂੰਹ ਭਾਵੇਂ ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ ਜਾਂ ਵੱਡੀ ਅਫ਼ਸਰ ਲੱਗੀ ਹੋਵੇ, ਜੇ ਉਸ ਨੂੰ ਬਜ਼ੁਰਗਾਂ ਨਾਲ ਬੋਲਣ ਦੀ ਤਮੀਜ਼ ਨਹੀਂ ਤਾਂ ਉਸ ਦੀਆਂ ਸਭ ਡਿਗਰੀਆਂ ਬੇਕਾਰ ਹਨ। ਰਿਸ਼ਤੇ ਵਿਸ਼ਵਾਸ 'ਤੇ ਹੀ ਕਾਇਮ ਰਹਿੰਦੇ ਹਨ। ਇਕ ਦੂਜੇ ਤੇ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ। ਸ਼ੱਕ ਨਾਲ ਰਿਸ਼ਤਿਆਂ ਵਿਚ ਤਰੇੜ ਪੈ ਜਾਂਦੀ ਹੈ। ਘਰ ਉੱਜੜ ਜਾਂਦੇ ਹਨ। ਇਸ ਲਈ ਚੁਗਲਖੋਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਸਾਂਝੇ ਪਰਿਵਾਰ ਦੇ ਬਹੁਤ ਲਾਭ ਹਨ। ਸਾਂਝੇ ਪਰਿਵਾਰ ਦੀ ਏਕਤਾ ਨੂੰ ਕੋਈ ਭੰਗ ਨਹੀਂ ਕਰ ਸਕਦਾ। ਪਰਿਵਾਰ ਤੇ ਕੋਈ ਬਿਪਤਾ ਆ ਪਏ ਤਾਂ ਸਾਰੇ ਰਲ ਕੇ ਉਸ ਨੂੰ ਅਸਾਨੀ ਨਾਲ ਨਿਪਟ ਲੈਂਦੇ ਹਨ। ਖ਼ੁਸ਼ੀ ਦੇ ਮੌਕੇ ਤੇ ਤਾਂ ਸਾਂਝੇ ਪਰਿਵਾਰ ਦੀ ਸ਼ਾਨ ਹੀ ਅਲੱਗ ਹੁੰਦੀ ਹੈ। ਸਾਂਝੇ ਪਰਿਵਾਰ ਵਿਚ ਬੱਚੇ ਰਿਸ਼ਤਿਆਂ ਦੀ ਕਦਰ ਕਰਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਮਿਲਦੇ ਹਨ। ਸੱਸ ਦਾ ਰਿਸ਼ਤਾ ਬਹੁਤ ਉੱਚਾ ਅਤੇ ਸਨਮਾਨ ਯੋਗ ਹੁੰਦਾ ਹੈ।ਸੱਸਾਂ ਕੋਲ ਗਿਆਨ ਦਾ ਵੱਡਮੁੱਲਾ ਭੰਡਾਰਾ ਹੁੰਦਾ ਹੈ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਨਾਲ ਕਿਵੇਂ ਵਰਤਣਾ ਹੈ ਅਤੇ ਪਰਿਵਾਰ ਨੂੰ ਕਿਵੇਂ ਇਕ ਮੁੱਠ ਰੱਖਣਾ ਹੈ। ਪੋਤੇ ਪੋਤੀਆਂ ਨੂੰ ਪਾਲਣ ਅਤੇ ਸੁਚੱਜੇ ਸੰਸਕਾਰ ਦੇਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਉਹ ਪਰਿਵਾਰ ਦਾ ਥੰਮ ਹੁੰਦੀਆਂ ਹਨ। ਉਹ ਹਰ ਤੁਫ਼ਾਨ ਅੱਗੇ ਡਟ ਜਾਂਦੀਆਂ ਹਨ। ਉਹ ਆਪ ਦੁੱਖ ਸਹਿ ਲੈਂਦੀਆਂ ਹਨ ਪਰ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀਆਂ। ਪਰਿਵਾਰ ਨੂੰ ਉਨ੍ਹਾਂ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਉਸ ਕਾਰਨ ਹੀ ਨੂੰਹਾਂ ਨੂੰ ਪਤੀ ਰੂਪ ਅਨਮੋਲ ਦਾਤ ਮਿਲਦੀ ਹੈ, ਜਿਸ ਨੇ ਦੁੱਖ ਸੁੱਖ ਵਿਚ ਉਸਦਾ ਸਾਰੀ ਉਮਰ ਦਾ ਹਮਸਫਰ ਬਣਨਾ ਹੁੰਦਾ ਹੈ ਅਤੇ ਬੱਚਿਆਂ ਦੇ ਰੂਪ ਵਿਚ ਅਨਮੋਲ ਦਾਤ ਮਿਲਨੀ ਹੁੰਦੀ ਹੈ। ਇਸ ਲਈ ਸੱਸ ਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਇਸ ਰਿਸ਼ਤੇ ਨੂੰ ਕਿਸੇ ਵੀ ਹਾਲਾਤ ਵਿਚ ਨਹੀਂ ਗਵਾਉਣਾ ਚਾਹੀਦਾ। ਉਹ ਨਾ ਹੋਵੇ ਉਸ ਨੂੰ ਬਾਅਦ ਵਿਚ ਪਤਾ ਲੱਗੇ ਕਿ ਉਸ ਨੇ ਅਨਮੋਲ ਹੀਰਾ ਗਵਾ ਲਿਆ ਜਦ ਉਹ ਪੱਥਰ ਇਕੱਠੇ ਕਰਨ ਵਿਚ ਲੱਗੀ ਹੋਈ ਸੀ। ਚੰਗੀ ਨੂੰਹ ਹੀ ਕੱਲ੍ਹ ਨੂੰ ਇਕ ਚੰਗੀ ਸੱਸ ਬਣ ਸਕਦੀ ਹੈ। ਜੇ ਲੜਕੀਆਂ ਆਪਣੇ ਸੱਸ ਸਹੁਰੇ ਨੂੰ ਆਪਣੇ ਮਾਂ ਪਿਓ ਦੀ ਤਰ੍ਹਾਂ ਸਮਝਣ ਤਾਂ ਸਾਂਝੇ ਪਰਿਵਾਰ ਸਵਰਗ ਦਾ ਨਮੁਨਾ ਬਣ ਸਕਦੇ ਹਨ।
ਨਂੂੰਹ ਸੱਸ ਦੀ ਖਿਚੋ-ਤਾਣੀ ਨਾ ਕੇਵਲ ਇਕੱਲੀਆਂ ਸੱਸਾਂ ਦਾ ਕਸੂਰ ਹੁੰਦਾ ਹੈ ਅਤੇ ਨਾ ਹੀ ਨੂੰਹਾਂ ਦਾ। ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਸਾਰੀ ਸਮੱਸਿਆ ਤੇ ਗੰਭੀਰਤਾ ਨਾਲ ਪੜਚੌਲ ਕਰ ਕੇ ਬਦਲੇ ਹੋਏ ਹਾਲਾਤ ਅਨੁਸਾਰ ਨੂੰਹ ਸੱਸ ਦੇ ਰਿਸ਼ਤੇ ਨੂੰ ਇਕ ਸੁਖਾਵਾਂ ਮੋੜ ਦੇਣ ਦੀ ਲੋੜ ਹੈ। ਸਭ ਨੂੰ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਕਿ ਸਮਾਜ ਅਤੇ ਪਰਿਵਾਰ ਵਿਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਆਪਣੀ ਇਸ ਹੋਂਦ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਨੂੰ ਦਫ਼ਤਰ ਅਤੇ ਘਰ ਦਾ ਦੂਹਰਾ ਕੰਮ ਕਰਨਾ ਪੈ ਰਿਹਾ ਹੈ। ਉਹ ਸਰੀਰਕ ਅਤੇ ਮਾਨਸਿਕ ਤੋਰ ਤੇ ਬਹੁਤ ਥੱਕ ਜਾਂਦੀ ਹੈ। ਜਿਸ ਕਾਰਨ ਉਸ ਨੂੰ ਘਰੇਲੂ ਕੰਮ ਕਾਰ ਵਿਚ ਪਤੀ ਜਾਂ ਸੱਸ ਦੇ ਸਹਿਯੋਗ ਦੀ ਲੋੜ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਨੂੰਹਾਂ ਤੋਂ ਆਪਣਾ ਦਬਦਬਾ ਘਟਾਉਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਹਮੇਸ਼ਾਂ ਦੂਜੇ ਪ੍ਰਤੀ ਚੰਗੀ ਭਾਵਨਾ ਅਤੇ ਜੁਬਾਨ ਵਿਚ ਮਿਠਾਸ ਰੱਖਣੀ ਚਾਹੀਦੀ ਹੈ। ਸਾਂਝੇ ਪਰਿਵਾਰ ਸਮਾਜ ਦੇ ਮਜਬੂਤ ਥੰਮ ਹਨ। ਜੇ ਨੂੰਹਾਂ ਅਤੇ ਸੱਸਾਂ ਪਿਆਰ ਨਾਲ ਰਲ ਬੈਠਣ ਤਾਂ ਸਾਂਝੇ ਪਰਿਵਾਰਾਂ ਨੂੰ ਟੁੱਟਣ ਤੋਂ ਕਾਫੀ ਹੱਦ ਤੱਕ ਬਚਾ ਸਕਦੀਆਂ ਹਨ। ਅੱਜ ਕੱਲ੍ਹ ਦੀਆਂ ਨੌਜੁਆਨ ਲੜਕੀਆਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਕ ਦਿਨ ਉਨ੍ਹਾਂ ਨੇ ਵੀ ਸੱਸ ਬਣਨਾ ਹੈ ਅਤੇ ਉਨ੍ਹਾਂ ਨੂੰ ਵੀ ਆਪਣੇ ਪਰਿਵਾਰ ਵਿਚ ਸੁਚੱਜੀ ਮਰਿਆਦਾ ਕਾਇਮ ਰੱਖਣੀ ਪੈਣੀ ਹੈ। ਨੂੰਹ ਸੱਸ ਦੇ ਰਿਸ਼ਤੇ ਨੂੰ ਪਿਆਰ ਅਤੇ ਵਿਸ਼ਵਾਸ ਨਾਲ ਬੜੀ ਸੋਹਣੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ। ਇਹ ਰਿਸ਼ਤਾ ਕਦੀ ਕੁਦਰਤੀ ਮੌਤ ਨਹੀਂ ਮਰਦਾ। ਇਸ ਦਾ ਹਮੇਸ਼ਾਂ ਕਤਲ ਹੁੰਦਾ ਹੈ, ਕਦੀ ਗ਼ਲਤ ਸੋਚ ਨਾਲ, ਕਦੀ ਰੁੱਖੇ ਸੁਭਾਅ ਨਾਲ ਅਤੇ ਕਦੀ ਹੰਕਾਰ ਨਾਲ ਅਤੇ ਕਦੀ ਮਤਲਬ-ਪ੍ਰਸਤੀ ਤੇ ਹੰਕਾਰ ਨਾਲ।
ਨੂੰਹ ਸੱਸ ਦੇ ਰਿਸ਼ਤੇ ਦਾ ਸਤਿਕਾਰ ਕਰੋ। ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿੰਨੀ ਸ਼ਾਤਮਈ ਹੁੰਦੀ ਹੈ। ਆਪਣੇ ਸੁੱਖ ਦੀ ਸਿਰਜਨਾ ਆਪ ਹੀ ਕਰਨੀ ਹੁੰਦੀ ਹੈ।ਜੋ ਖ਼ੁਦ ਨੂੰ ਬਦਲਣ ਲਈ ਤਿਆਰ ਰਹਿੰਦੇ ਹਨ ਉਨ੍ਹਾਂ ਦੀ ਜ਼ਿੰਦਗੀ ਸਦਾ ਸੁਖੀ ਅਤੇ ਕਾਮਯਾਬ ਹੁੰਦੀ ਹੈ। ਪਰਿਵਾਰ ਦੀ ਬਜ਼ੁਰਗ ਔਰਤ (ਸੱਸ) ਇਕ ਧਾਗੇ ਦੀ ਤਰ੍ਹਾਂ ਹੁੰਦੀ ਹੈ ਜੋ ਸਾਰੇ ਮਣਕਿਆਂ (ਜੀਆਂ) ਨੂੰ ਇਕ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਦੀ ਹੈ। ਜੇ ਉਹ ਧਾਗਾ ਟੁੱਟ ਜਾਏ ਤਾਂ ਸਾਰੇ ਮਣਕੇ ਬਿਖਰ ਜਾਂਦੇ ਹਨ। ਯਾਦ ਰੱਖੋ ਅਮੀਰ ਉਹ ਨਹੀਂ ਹੁੰਦੇ ਜਿੱਥੇ ਸੋਨੇ ਚਾਂਦੀ ਦੇ ਢੇਰ ਲੱਗੇ ਹੋਣ। ਅਮੀਰ ਉਹ ਹੁੰਦੇ ਹਨ ਜਿੱਥੇ ਨੂੰਹਾਂ, ਧੀਆਂ ਅਤੇ ਸੱਸਾਂ ਖ਼ੁਸ਼ ਹੋਣ।ਕਾਮਯਾਬ ਸੰਯੁਕਤ ਪਰਿਵਾਰ ਲਈ ਦੋਹਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ ਤਾਂ ਕਿ ਘਰ ਵਿਚ ਸ਼ਾਂਤੀ ਬਣੀ ਰਹੇ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਮਿਲਦੇ ਰਹਿਣ ਅਤੇ ਗੁਲਜ਼ਾਰ ਖਿੜ੍ਹਿਆ ਰਹੇ।
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in
*****
ਬੁਢਾਪੇ ਦੀ ਲਾਠੀ - ਗੁਰਸ਼ਰਨ ਸਿੰਘ ਕੁਮਾਰ
ਮਾਪਿਆਂ ਦਾ ਪਿਆਰ ਅਲੌਕਿਕ ਹੁੰਦਾ ਏ
ਜਿਸ ਦੀ ਨੀਂਹ ਜਨਮ ਤੋਂ ਰੱਖੀ ਜਾਂਦੀ ਏ।
ਹਰ ਮਨੁੱਖ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਹੀ ਇਸ ਧਰਤੀ 'ਤੇ ਜਨਮ ਲੈਂਦਾ ਹੈ ਅਤੇ ਕੁਦਰਤ ਦੀ ਗੱਡੀ ਅੱਗੇ ਤੁਰਦੀ ਹੈ। ਸਾਡੇ ਸਾਹਿਤ ਵਿਚ ਮਾਂ ਦੀ ਬੱਚਿਆਂ ਲਈ ਕੁਰਬਾਨੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਪਿਓ ਦੇ ਤਿਆਗ ਲਈ ਬਹੁਤ ਘੱਟ ਲਿਖਿਆ ਗਿਆ ਹੈ ਕਿਉਂਕਿ ਪਿਤਾ ਬਾਹਰੋਂ ਬਹੁਤ ਸਖਤ ਹੁੰਦਾ ਹੈ ਪਰ ਅੰਦਰੋਂ ਬਹੁਤ ਨਰਮ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਵੱਡੇ ਹੋ ਕੇ ਕਾਮਯਾਬ ਮਨੁੱਖ ਬਣਨ। ਬੱਚਿਆਂ ਦੀ ਸਹੀ ਪਰਵਰਿਸ਼ ਲਈ ਉਨ੍ਹਾਂ ਦੇ ਸਿਰ 'ਤੇ ਮਾਂ ਬਾਪ ਦੋਹਾਂ ਦਾ ਸਾਇਆ ਜ਼ਰੂਰੀ ਹੈ। ਮਾਂ ਚਾਹੁੰਦੀ ਹੈ ਕਿ ਉਸ ਦੇ ਬੱਚਿਆਂ ਤੱਤੀ ਵਾਅ ਨਾ ਲੱਗੇ ਭਾਵ ਇਹ ਕਿ ਉਨ੍ਹਾਂ ਨੂੰ ਕੋਈ ਦੁੱਖ ਨਾ ਦੇਖਣਾ ਪਏ ਜਦ ਕਿ ਪਿਓ ਚਾਹੁੰਦਾ ਹੈ ਕਿ ਉਸ ਦੇ ਬੱਚੇ ਜ਼ਿੰਦਗੀ ਚ ਆਉਣ ਵਾਲੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ। ਜੇ ਮਾਂ ਬੱਚੇ ਦੀ ਜ਼ਮੀਨ ਹੈ ਤਾਂ ਪਿਤਾ ਉਸ ਦਾ ਆਸਮਾਨ ਹੈ। ਮਾਂ ਤੋਂ ਬਿਨਾ ਪੂਰਾ ਘਰ ਬਿਖਰ ਜਾਂਦਾ ਹੈ ਪਰ ਪਿਤਾ ਤੋਂ ਬਿਨਾ ਕਿਸੇ ਬੱਚੇ ਦੀ ਪੂਰੀ ਦੁਨੀਆਂ ਹੀ ਬਿਖਰ ਜਾਂਦੀ ਹੈ।
ਇਕ ਮਾਂ ਬਹੁਤ ਕਸ਼ਟ ਸਹਾਰ ਕੇ ਬੱਚੇ ਨੂੰ ਜਨਮ ਦਿੰਦੀ ਹੈ। ਉਸ ਲਈ ਆਪਣਾ ਸੁਹੱਪਣ, ਨਾਜੁਕਤਾ ਅਤੇ ਜੁਆਨੀ ਵਾਰ ਦਿੰਦੀ ਹੈ। ਦੂਜੇ ਪਾਸੇ ਪਿਤਾ ਪਰਿਵਾਰ ਦੀ ਰੋਟੀ ਰੋਜ਼ੀ ਅਤੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀ ਸਾਰੀ ਜੁਆਨੀ ਕੁਰਬਾਨ ਕਰ ਦਿੰਦਾ ਹੈ। ਉਹ ਘਰੋਂ ਬੇਘਰ ਵੀ ਹੋਇਆ ਰਹਿੰਦਾ ਹੈ ਤਾਂ ਕਿ ਉਸ ਦੇ ਬੱਚਿਆਂ ਦਾ ਪਾਲਣ ਪੋਸਣ ਸੋਹਣਾ ਹੋ ਸਕੇ। ਉਨ੍ਹਾਂ ਨੂੰ ਕਿਸੇ ਕਿਸਮ ਦੀ ਕਮੀ ਜਾਂ ਤੰਗੀ ਪੇਸ਼ ਨਾ ਆਏ।
ਆਪਣੀ ਬੇਟੀ ਪ੍ਰਤੀ ਪਿਤਾ ਦਾ ਖਾਸ ਮੋਹ ਹੁੰਦਾ ਹੈ।ਜਿਹੜਾ ਪਿਤਾ ਸਾਰੀ ਉਮਰ ਕਿਸੇ ਅੱਗੇ ਨਹੀਂ ਝੁਕਿਆ ਹੁੰਦਾ ਉਹ ਆਪਣੀ ਬੇਟੀ ਤੋਰਨ ਲੱਗਿਆਂ ਆਪਣੇ ਅੱਥਰੂਆਂ ਨੂੰ ਨਹੀਂ ਰੋਕ ਸਕਦਾ। ਬੇਟੀ ਦੇ ਸੁੱਖ ਲਈ ਉਹ ਉਸ ਦੇ ਸੌਹਰਿਆਂ ਅੱਗੇ ਹੱਥ ਜੋੜਦਾ ਹੈ। ਇਸ ਲਈ ਬੇਟੀਆਂ ਨੂੰ ਵੀ ਘਰ ਦੀ ਮਰਿਆਦਾ ਅਤੇ ਮਾਂ ਪਿਓ ਦੇ ਜਜ਼ਬਾਤ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਬੇਟੀ ਆਪਣੇ ਮਾਂ ਪਿਓ ਤੋਂ ਬਾਹਰੀ ਹੋ ਕੇ ਕਿਸੇ ਗ਼ੈਰ ਲੜਕੇ ਨਾਲ ਰਿਸ਼ਤਾ ਜੋੜਦੀ ਹੈ ਤਾਂ ਉਨ੍ਹਾਂ ਲਈ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਹੈ।
ਸਾਰੀ ਦੁਨੀਆਂ ਵਿਚ ਇਕ ਪਿਤਾ ਹੀ ਐਸਾ ਬੰਦਾ ਹੁੰਦਾ ਹੈ ਜੋ ਚਾਹੁੰਦਾ ਹੈ ਕਿ ਉਸ ਦਾ ਬੇਟਾ ਉਸ ਤੋਂ ਵੀ ਉੱਚੇ ਅਹੁਦੇ ਤੇ ਪਹੁੰਚੇ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇ ਪਰ ਕਈ ਬੱਚੇ ਅਕਿਰਤਘਨ ਹੁੰਦੇ ਹਨ। ਉਹ ਸੋਚਦੇ ਹਨ ਕਿ ਉਹ ਆਪੇ ਹੀ ਵੱਡੇ ਹੋਏ ਹਨ ਆਪੇ ਹੀ ਕਾਮਯਾਬ ਹੋਏ ਹਨ। ਉਹ ਮਾਂ ਪਿਓ ਨੂੰ ਮੂੰਹ ਪਾੜ ਕੇ ਕਹਿ ਦਿੰਦੇ ਹਨ-"ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?"
ਮਾਂ ਪਿਓ ਬੱਚੇ ਦੇ ਪਾਲਣ ਪੋਸਣ ਲਈ ਅਨੇਕਾਂ ਘਾਲਨਾ ਘਾਲਦੇ ਹਨ। ਉਹ ਬੱਚੇ ਦੇ ਸੁੱਖ ਲਈ ਆਪਣਾ ਸਾਰਾ ਸੁੱਖ ਵਾਰ ਦਿੰਦੇ ਹਨ। ਬੱਚੇ ਦੀਆਂ ਖ਼ੁਸ਼ੀਆਂ ਲਈ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਨ। ਉਹ ਬੱਚੇ ਨੂੰ ਚੰਗੇ ਸੰਸਕਾਰ ਦੇ ਕੇ ਹੋਨਹਾਰ ਬਣਾਉਂਦੇ ਹਨ। ਉਹ ਸਖਤ ਮਿਹਨਤ ਕਰ ਕੇ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਬਣਾਉਂਦੇ ਹਨ। ਮਾਂ ਪਿਓ ਤੋਂ ਬਿਨਾ ਬੱਚੇ ਮੁਰਝਾ ਜਾਂਦੇ ਹਨ। ਇਸ ਲਈ ਮਾਂ ਪਿਓ ਦੇ ਸੇਵਾ ਸਵਰਗਾਂ ਦਾ ਰਾਹ ਹੁੰਦੀ ਹੈ।
ਜਦ ਬੱਚੇ ਜਵਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਂ ਪਿਓ ਬ੍ਰਿਧ ਹੋ ਜਾਂਦੇ ਹਨ। ਫਿਰ ਕਈ ਬੱਚੇ ਆਪਣੇ ਆਪ ਨੂੰ ਘਰ ਦਾ ਸਰਪਰਸਤ ਸਮਝਦੇ ਹੋਏ ਮਾਂ ਪਿਓ ਦੀ ਅਣਦੇਖੀ ਕਰਨ ਲੱਗ ਪੈਂਦੇ ਹਨ। ਉਹ ਮਾਂ ਪਿਓ ਦੀ ਕੋਈ ਗੱਲ ਨਹੀਂ ਸਹਾਰਦੇ। ਉਹ ਮਾਂ ਪਿਓ ਦੇ ਉੱਠਣ ਬੈਠਣ ਅਤੇ ਰਹਿਣੀ ਬਹਿਣੀ ਦੇ ਨੁਕਸ ਕੱਢਣ ਲੱਗ ਪੈਂਦੇ ਹਨ। ਹਰ ਸਮੇਂ ਉਨ੍ਹਾਂ ਨੂੰ ਨੀਵਾਂ ਦਿਖਾ ਕੇ ਉਨ੍ਹਾਂ ਦਾ ਦਿਲ ਦੁਖਾਉਂਦੇ ਹਨ। ਘਰ ਤਦ ਤੱਕ ਨਹੀਂ ਟੁੱਟਦਾ ਜਦ ਤੱਕ ਫੈਸਲਾ ਬਜ਼ੁਰਗਾਂ ਦੇ ਹੱਥ ਹੁੰਦਾ ਹੈ। ਬੱਚਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿੰਨੀ ਜ਼ਰੂਰਤ ਉਨ੍ਹਾਂ ਨੂੰ ਬਚਪਨ ਵਿਚ ਮਾਂ ਪਿਓ ਦੀ ਹੁੰਦੀ ਹੈ, ਓਨੀ ਜ਼ਰੂਰਤ ਹੀ ਮਾਂ ਪਿਓ ਨੂੰ ਬੁਢਾਪੇ ਵਿਚ ਬੱਚਿਆਂ ਦੀ ਹੁੰਦੀ ਹੈ। ਡਾਲਰਾਂ ਅਤੇ ਪੌਂਡਾਂ ਦੀ ਚਮਕ ਵੀ ਅੱਜ ਕੱਲ ਦੇ ਬੱਚਿਆਂ ਨੂੰ ਆਪਣੇ ਵਲ ਖਿਚਦੀ ਹੈ। ਬੱਚੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਪ੍ਰਦੇਸਾਂ ਵੱਲ ਉਡਾਰੀ ਮਾਰ ਜਾਂਦੇ ਹਨ। ਪਿੱਛੋਂ ਬੁੱਢੇ ਮਾਂ ਪਿਓ ਦਾ ਬੁਢਾਪਾ ਰੁਲ ਜਾਂਦਾ ਹੈ। ਪੈਸੇ ਦੀ ਦੌੜ ਵਿਚ ਜਵਾਨ ਬੱਚੇ ਮਾਂ ਪਿਓ ਨੂੰ ਭੁੱਲ ਜਾਂਦੇ ਹਨ। ਬੁੱਢੇ ਮਾਂ ਪਿਓ ਇਕਲਾਪੇ ਅਤੇ ਬੇਕਦਰੀ ਵਿਚ ਰੁਲ ਜਾਂਦੇ ਹਨ। ਜਦ ਲਾਡਾਂ ਨਾਲ ਪਾਲੇ ਹੋਏ ਬੱਚੇ ਬੇਰੁਖੀ ਨਾਲ ਪੇਸ਼ ਆਉਂਦੇ ਹਨ ਤਾਂ ਮਾਂ ਪਿਓ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਨ੍ਹਾਂ ਦਾ ਮੋਹ ਭੰਗ ਹੋ ਜਾਂਦਾ ਹੈ। ਬੰਦਾ ਸਾਰੀ ਦੁਨੀਆਂ ਜਿੱਤ ਕੇ ਵੀ ਆਪਣੀ ਅੋਲਾਦ ਤੋਂ ਹਾਰ ਜਾਂਦਾ ਹੈ। ਵਧਦੀ ਉਮਰ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਪਹਿਲਾਂ ਮਾਂ ਪਿਓ ਹੁਕਮ ਕਰਦੇ ਸਨ ਹੁਣ ਸਮਝੋਤੇ ਕਰਦੇ ਹਨ।
ਬੱਚਿਆਂ ਦੁਆਰਾ ਅਣਗੋਲਿਆ ਕਰਨ ਕਾਰਨ ਕਈ ਵਾਰੀ ਮਾਂ ਪਿਓ ਨੂੰ ਬ੍ਰਿਧ ਘਰਾਂ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਉੱਥੇ ਆਪਣੇ ਬੱਚਿਆਂ ਅਤੇ ਪੋਤੇ ਪੋਤੀਆਂ ਦਾ ਮੋਹ ਅਤੇ ਵਿਛੋੜਾ ਸਤਾਉਂਦਾ ਹੈ। ਜੇ ਨੂਹਾਂ ਆਪਣੇ ਸੱਸ ਸੌਹਰੇ ਨੂੰ ਆਪਣੇ ਮਾਂ-ਪਿਓ ਦੀ ਤਰ੍ਹਾਂ ਸਤਿਕਾਰ ਦੇਣ ਅਤੇ ਆਪਣੇ ਪਤੀ ਦੇਵ ਨੂੰ ਮਾਂ-ਪਿਓ ਪ੍ਰਤੀ ਆਪਣੇ ਫ਼ਰਜ਼ ਤੋਂ ਸੁਚੇਤ ਰੱਖਣ ਤਾਂ ਬਜ਼ੁਰਗਾਂ ਦਾ ਬੁਢਾਪਾ ਸੋਹਣਾ ਗੁਜ਼ਰ ਸਕਦਾ ਹੈ।
ਜਿਨ੍ਹਾਂ ਬੱਚਿਆਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਨਹੀਂ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਯਤੀਮਾਂ ਦੀ ਜ਼ਿੰਦਗੀ ਕਿਵੇਂ ਬੀਤਦੀ ਹੈ। ਉਹ ਪਲ ਪਲ ਤ੍ਰਿਸਕਾਰ ਅਤੇ ਹੀਨ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਵਿਚ ਆਤਮ ਵਿਸ਼ਵਾਸ ਦੀ ਕਮੀ ਰਹਿ ਜਾਂਦੀ ਹੈ ਅਤੇ ਭਵਿੱਖ ਧੁੰਦਲਾ ਹੋ ਜਾਂਦਾ ਹੈ। ਜਿਨ੍ਹਾਂ ਬੱਚਿਆਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਹੈ ਜਾਂ ਕੋਈ ਬਜ਼ੁਰਗ ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਹੈ, ਉਨ੍ਹਾਂ ਨੂੰ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਬਾਗਾਂ ਦਾ ਕੋਈ ਮਾਲੀ ਨਹੀਂ ਹੁੰਦਾ ਉਹ ਜਲਦੀ ਹੀ ਉਜੱੜ ਜਾਂਦੇ ਹਨ। ਇਸ ਲਈ ਪਿਤਾ ਦੀ ਸਖਤੀ ਬਰਦਾਸ਼ਤ ਕਰੋ ਤਾਂ ਕਿ ਕਿਸੇ ਕਾਬਲ ਬਣ ਸਕੋ। ਜੇ ਅੱਜ ਤੁਸੀਂ ਪਿਤਾ ਦੀਆਂ ਗੱਲਾਂ ਗੌਰ ਨਾਲ ਸੁਣੋਗੇ ਤਾਂ ਕਦੀ ਤੁਹਾਨੂੰ ਦੂਸਰੇ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣਗੀਆਂ।
ਕਦੀ ਕੱਪੜਿਆਂ ਦੀ ਚਮਕ ਅਤੇ ਉੱਚੀਆਂ ਇਮਾਰਤਾਂ 'ਤੇ ਨਾ ਜਾਉ। ਜਿਸ ਘਰ ਦੇ ਬਜ਼ੁਰਗ ਹੱਸਦੇ ਨਜ਼ਰ ਆਉਣ ਤਾਂ ਸਮਝ ਲਉ ਕਿ ਆਸ਼ਿਆਨਾ ਦਿਲ ਦੇ ਅਮੀਰਾਂ ਦਾ ਹੈ। ਤੁਹਾਡੇ ਮਾਂ ਪਿਓ ਨੂੰ ਤੁਹਾਡੀ ਦੌਲਤ ਦੀ ਲੋੜ ਨਹੀਂ ਤੁਹਾਡੇ ਵਲੋਂ ਪਿਆਰ ਅਤੇ ਸਤਿਕਾਰ ਦੀ ਲੋੜ ਹੈ। ਜੇ ਤੁਹਾਡੇ ਕਾਰਨ ਤੁਹਾਡੇ ਮਾਂ ਪਿਓ ਦੀਆਂ ਅੱਖਾਂ ਵਿਚ ਅੱਥਰੂ ਹੋਣ ਤਾਂ ਸਮਝ ਲਉ ਕਿ ਤੁਸੀਂ ਉਨ੍ਹਾਂ ਦਾ ਦਿਲ ਦੁਖਾਇਆ ਹੈ। ਯਾਦ ਰੱਖੋ ਜਿਵੇਂ ਮਾਂ ਪਿਓ ਦੀ ਅਸੀਸ ਕਦੀ ਖਾਲੀ ਨਹੀਂ ਜਾਂਦੀ ਉਵੇਂ ਹੀ ਉਨ੍ਹਾਂ ਦੀ ਬਦ-ਦੁਆ ਵੀ ਕਦੀ ਟਾਲੀ ਨਹੀਂ ਜਾਂਦੀ। ਤੁਹਾਡੇ ਬੱਚੇ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਨ। ਜੇ ਤੁਸੀਂ ਅੱਜ ਆਪਣੇ ਮਾਂ ਪਿਓ ਦੀ ਇੱਜ਼ਤ ਕਰੋਗੇ ਤਾਂ ਹੀ ਕੱਲ੍ਹ ਨੂੰ ਤੁਹਾਨੂੰ ਆਪਣੇ ਬੱਚਿਆਂ ਤੋਂ ਉਹੋ ਇੱਜ਼ਤ ਵਾਪਸ ਮਿਲੇਗੀ। ਤੁਸੀਂ ਅੱਜ ਜੋ ਵੀ ਹੋ ਉਹ ਆਪਣੇ ਮਾਂ ਪਿਓ ਦੀ ਬਦੋਲਤ ਹੀ ਹੋ। ਜਦ ਵੀ ਸਵੇਰੇ ਕੰਮ ਤੇ ਜਾਵੋ ਤਾਂ ਮਾਂ ਪਿਓ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਜਾਵੋ ਤਾਂ ਕਿ ਤੁਹਾਡੇ ਕਿਸੇ ਕੰਮ ਵਿਚ ਰੁਕਾਵਟ ਨਾ ਆਵੇ ਅਤੇ ਹਰ ਮੈਦਾਨ ਫਤਹਿ ਹੋਵੇ।
ਕਹਿੰਦੇ ਹਨ ਕਿ ਐਸ਼ ਤਾਂ ਪਿਓ ਦੇ ਪੈਸੇ ਨਾਲ ਹੀ ਕੀਤੀ ਜਾਂਦੀ ਹੈ, ਆਪਣੇ ਪੈਸੇ ਨਾਲ ਤਾਂ ਕੇਵਲ ਦਾਲ ਰੋਟੀ ਹੀ ਪੂਰੀ ਹੁੰਦੀ ਹੈ। ਨਾ ਤਾਂ ਬਾਪ ਦੇ ਬਿਨਾ ਕੋਈ ਐਸ਼ ਕਰਾਉਂਦਾ ਹੈ ਅਤੇ ਨਾ ਹੀ ਮਾਂ ਤੋਂ ਬਿਨਾ ਮੂੰਹ ਵਿਚ ਕੋਈ ਬੁਰਕੀਆਂ ਪਾਉਂਦਾ ਹੈ। ਇਸ ਲਈ ਮਾਂ ਪਿਓ ਦਾ ਕਰਜ਼ ਐਸਾ ਹੁੰਦਾ ਹੈ ਜਿਸ ਨੂੰ ਬੱਚਾ ਸਾਰੀ ਉਮਰ ਹੀ ਨਹੀਂ ਉਤਾਰ ਸਕਦਾ। ਬੱਚੇ ਦੀ ਜਿਦ ਵੀ ਮਾਂ ਪਿਓ ਦੇ ਸਿਰ 'ਤੇ ਹੀ ਪੂਰੀ ਹੁੰਦੀ ਹੈ। ਇਸ ਧਰਤੀ 'ਤੇ ਬੱਚਿਆਂ ਦੇ ਮਾਂ ਪਿਓ ਉਨ੍ਹਾਂ ਦੇ ਰੱਬ ਹੀ ਹੁੰਦੇ ਹਨ। ਉਹ ਆਪਣੇ ਬੱਚਿਆਂ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਆਪਣੇ ਸਾਰੇ ਸੁੱਖ ਵਾਰ ਦਿੰਦੇ ਹਨ।
ਵੱਡੇ ਬਣੋ ਪਰ ਉਸ ਅੱਗੇ ਨਹੀਂ ਜਿਸ ਨੇ ਤੁਹਾਨੂੰ ਵੱਡਾ ਕੀਤਾ ਹੈ। ਇਹ ਗੱਲ ਦਾ ਕਦੀ ਹੰਕਾਰ ਨਾ ਕਰੋ ਕਿ ਹੁਣ ਮੈਂ ਜਵਾਨ ਹੋ ਗਿਆ ਹਾਂ, ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਪਵੇਗੀ। ਮਨ ਵਿਚ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਪਵੇਗੀ। ਬੀਤਿਆ ਵਕਤ ਕਦੀ ਵਾਪਸ ਨਹੀਂ ਆਉਂਦਾ। ਕਿਸੇ ਚੀਜ਼ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਉਹ ਹੱਥੋਂ ਨਿਕਲ ਜਾਂਦੀ ਹੈ। ਮਾਂ ਪਿਓ ਨੇ ਹਮੇਸ਼ਾਂ ਲਈ ਬੱਚਿਆਂ ਦੇ ਸਿਰ ਤੇ ਨਹੀਂ ਬੈਠੇ ਰਹਿਣਾ ਹੁੰਦਾ। ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਦੁਜਿਆਂ ਅੱਗੇ ਉਨ੍ਹਾਂ ਦੀਆਂ ਤਰੀਫ਼ਾਂ ਦੇ ਪੁੱਲ ਬੰਨ੍ਹਣ, ਅਖੰਡ ਪਾਠ ਕਰਾਉਣ ਅਤੇ ਲੰਗਰ ਲਾਣ ਦਾ ਕੋਈ ਲਾਭ ਨਹੀਂ।ਮਾਂ ਪਿਓ ਦੀ ਕਦਰ ਉਨ੍ਹਾਂ ਦੇ ਜਿਉਂਦੇ ਜੀਅ ਕਰੋ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੋ ਅਤੇ ਸਾਊ ਬੱਚੇ ਹੋਣ ਦਾ ਸਬੂਤ ਦਿਓ। ਜਿਸ ਤਰ੍ਹਾਂ ਬੱਚਿਆਂ ਦੀ ਸੋਹਣੀ ਪਰਵਰਿਸ਼ ਕਰਨਾ ਮਾਂ ਪਿਓ ਦਾ ਫ਼ਰਜ਼ ਹੁੰਦਾ ਹੈ ਉਸੇ ਤਰ੍ਹਾਂ ਬੁਢਾਪੇ ਵਿਚ ਆਪਣੇ ਮਾਂ ਪਿਓ ਦੀ ਸੰਭਾਲ ਕਰਨਾ ਵੀ ਲਾਇਕ ਬੱਚਿਆਂ ਦਾ ਫ਼ਰਜ਼ ਹੁੰਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਆਪਣੇ ਮਾਂ ਪਿਓ ਪ੍ਰਤੀ ਆਪਣਾ ਫ਼ਰਜ਼ ਕਿੰਨੀ ਕੁ ਦਿਆਨਤਦਾਰੀ ਨਾਲ ਨਿਭਾ ਰਹੇ ਹਨ।
ਸਾਨੂੰ ਮਾਣ ਹੈ ਕਿ ਅੱਜ ਕੱਲ੍ਹ ਵੀ ਐਸੇ ਸਰਵਨ ਪੁੱਤਰ ਹਨ ਜੋ ਆਪਣੇ ਬੁੱਢੇ ਮਾਤਾ ਪਿਤਾ ਨੂੰ ਪੂਰਾ ਸਤਿਕਾਰ ਦਿੰਦੇ ਹਨ। ਉਨ੍ਹਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦੀ ਹਰ ਗੱਲ ਜੀ ਕਰ ਕੇ ਮੰਨਦੇ ਹਨ। ਅਜਿਹੇ ਬੱਚਿਆਂ ਦੇ ਮਾਤਾ ਪਿਤਾ ਆਪਣੇ ਬੁਢਾਪੇ ਦਾ ਪੂਰਾ ਆਨੰਦ ਮਾਣਦੇ ਹਨ ਅਤੇ ਆਪਣੀ ਅੋਲਾਦ 'ਤੇ ਫ਼ਖਰ ਮਹਿਸੂਸ ਕਰਦੇ ਹਨ। ਅਜਿਹੇ ਹੋਨਹਾਰ ਬੱਚਿਆਂ ਨੇ 'ਬੁਢਾਪੇ ਦੀ ਲਾਠੀ' ਅਤੇ 'ਕੁਲ ਦਾ ਦੀਪਕ' ਆਦਿ ਸ਼ਬਦਾਂ ਨੂੰ ਦੁਨੀਆਂ ਤੇ ਜ਼ਿੰਦਾ ਰੱਖਿਆ ਹੈ।
ਜ਼ਿੰਦਗੀ ਦੀ ਦੌਲਤ - ਗੁਰਸ਼ਰਨ ਸਿੰਘ ਕੁਮਾਰ
ਇਸ ਧਰਤੀ ਤੇ ਮਨੁੱਖ ਹੀ ਐਸਾ ਪ੍ਰਾਣੀ ਹੈ ਜੋ ਆਪਣੀ ਜ਼ਿੰਦਗੀ ਦੇ ਗੁਜ਼ਰਾਨ ਲਈ ਪੈਸਾ ਕਮਾਉਂਦਾ ਹੈ। ਮਨੁੱਖ ਤੋਂ ਬਿਨਾ ਲੱਖਾਂ ਪ੍ਰਜਾਤੀਆਂ ਵਿਚੋਂ ਕੋਈ ਵੀ ਪ੍ਰਾਣੀ ਪੈਸਾ ਨਹੀਂ ਕਮਾਉਂਦਾ, ਫਿਰ ਵੀ ਭੁੱਖਾ ਨਹੀਂ ਮਰਦਾ। ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਉਹ ਵੱਡਾ ਹੋ ਕੇ ਕੀ ਬਣੇਗਾ ਜਾਂ ਉਸ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰੇਗਾ। ਉਸ ਕੋਲ ਕਿੰਨਾ ਧਨ ਹੋਵੇਗਾ? ਉਸ ਦਾ ਵਿਆਹ ਹੋਵੇਗਾ ਜਾਂ ਨਹੀਂ? ਉਹ ਕਿਸ ਕਿਸ ਦੇ ਸੰਪਰਕ ਵਿਚ ਆਵੇਗਾ ਜਾਂ ਉਸ ਨੂੰ ਕੀ ਖ਼ੁਸ਼ੀਆਂ ਗਮੀਆਂ ਮਿਲਣਗੀਆਂ ਆਦਿ? ਇੰਨੇ ਅਣਜਾਣ ਹੋਣ ਦੇ ਬਾਵਜੂਦ ਇਕ ਗੱਲ ਸਭ ਨੂੰ ਪੱਕੀ ਹੁੰਦੀ ਹੈ ਕਿ ਉਹ ਇਕ ਦਿਨ ਮਰੇਗਾ ਜ਼ਰੂਰ। ਜੋ ਇਸ ਧਰਤੀ ਤੇ ਪੈਦਾ ਹੋਇਆ ਹੈ ਉਸ ਨੇ ਇਕ ਦਿਨ ਮਰਨਾ ਹੀ ਹੈ।
ਮਨੁੱਖ ਇਕੋ ਇਕ, ਪੈਸਾ ਕਮਾਉਣ ਵਾਲਾ ਪ੍ਰਾਣੀ ਹੈ। ਪੈਸੇ ਨਾਲ ਹੀ ਉਹ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਭਲੀ ਭਾਂਤ ਕਰ ਸਕਦਾ ਹੈ। ਪੈਸੇ ਨਾਲ ਹੀ ਸੁੱਖ ਦੇ ਸਾਧਨ ਹਾਸਲ ਕਰ ਸਕਦਾ ਹੈ। ਇਸ ਲਈ ਮਨੁੱਖਾ ਜ਼ਿੰਦਗੀ ਵਿਚ ਪੈਸੇ ਦਾ ਬਹੁਤ ਮਹੱਤਵ ਹੈ। ਪੈਸੇ ਨੂੰ ਮਨੁੱਖਾ ਜ਼ਿੰਦਗੀ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਪੈਸੇ ਨਾਲ ਬੱਚਿਆਂ ਨੂੰ ਚੰਗੀ ਖੁਰਾਕ, ਸੋਹਣੇ ਕੱਪੜੇ ਅਤੇ ਉੱਚੀ ਵਿਦਿਆ ਦਿੱਤੀ ਜਾ ਸਕਦੀ ਹੈ। ਪੈਸਾ ਬਿਮਾਰੀ ਆਦਿ ਅਤੇ ਹੋਰ ਅਚਾਨਕ ਆਇ ਖ਼ਰਚਿਆਂ ਲਈ ਬਹੁਤ ਕੰਮ ਆਉਂਦਾ ਹੈ। ਕਿਸੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ ਅਤੇ ਆਪਣੀ ਇੱਜ਼ਤ ਬਣੀ ਰਹਿੰਦੀ ਹੈ। ਇੱਥੇ ਹੀ ਬੱਸ ਨਹੀਂ ਪੈਸੇ ਨਾਲ ਬੰਦੇ ਦੀ ਸ਼ਾਨੋ ਸ਼ੋਕਤ ਵੀ ਵਧਦੀ ਹੈ। ਮਹਿੰਗੀਆਂ ਕਾਰਾਂ, ਆਲੀਸ਼ਾਨ ਕੋਠੀਆਂ ਅਤੇ ਹੋਰ ਧਨ ਦੌਲਤ ਬੰਦੇ ਦਾ ਸਮਾਜ ਵਿਚ ਰੁਤਬਾ ਵਧਾਉਂਦੇ ਹਨ।ਬੰਦੇ ਦੀ ਜ਼ਿੰਦਗੀ ਕੁਝ ਸੌਖੀ ਹੁੰਦੀ ਹੈ ਅਤੇ ਉਸ ਨੂੰ ਖ਼ੁਸ਼ੀ ਮਿਲਦੀ ਹੈ।
ਪੈਸੇ ਤੋਂ ਬਿਨਾ ਜ਼ਿੰਦਗੀ ਵਿਚ ਨਹੀਂ ਸਰਦਾ। ਇਸ ਲਈ ਸਾਰੀ ਦੁਨੀਆਂ ਪੈਸਾ ਇਕੱਠਾ ਕਰਨ ਤੇ ਲੱਗੀ ਰਹਿੰਦੀ ਹੈ। ਪੈਸਾ ਕਮਾਉਣਾ ਜ਼ਰੂਰੀ ਹੈ। ਸਵਾਲ ਇਹ ਹੈ ਕਿ ਬੰਦੇ ਨੂੰ ਕਿੰਨਾ ਕੁ ਪੈਸਾ ਚਾਹੀਦਾ ਹੈ ਅਤੇ ਇਸ ਨੂੰ ਕਿਵੇਂ ਕਮਾਇਆ ਜਾਏ? ਕਮਾਈ ਦੇ ਢੰਗ ਨੂੰ ਦੋ ਤਰ੍ਹਾਂ ਵੰਡਿਆ ਜਾ ਸਕਦਾ ਹੈ। ਪਹਿਲਾ ਢੰਗ ਹੈ ਕਿ ਪੈਸਾ ਆਉਣਾ ਚਾਹੀਦਾ ਹੈ ਚਾਹੇ ਉਹ ਜਿਵੇਂ ਮਰਜ਼ੀ ਆਵੇ। ਭਾਵੇਂ ਠੱਗੀ ਠੋਰੀ, ਬੇਈਮਾਨੀ, ਲੁੱਟ ਮਾਰ ਜਾਂ ਗ਼ਰੀਬਾਂ ਦਾ ਹੱਕ ਮਾਰ ਕੇ ਆਵੇ। ਬੇਈਮਾਨੀ ਨਾਲ ਪੈਸਾ ਕਮਾਉਣ ਦਾ ਢੰਗ ਸੌਖਾ ਹੈ। ਇਸ ਨਾਲ ਥੋੜ੍ਹੇ ਸਮੇਂ ਵਿਚ ਘੱਟ ਮਿਹਨਤ ਨਾਲ ਜ਼ਿਆਦਾ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ। ਜ਼ਿਆਦਾ ਲੋਕ ਇਸ ਢੰਗ ਨੂੰ ਹੀ ਅਪਣਾਉਂਦੇ ਹਨ ਪਰ ਇਸ ਦੇ ਸਿੱਟੇ ਮਾੜੇ ਹੁੰਦੇ ਹਨ। ਇਸ ਢੰਗ ਨਾਲ ਆਪਣੀ ਜ਼ਮੀਰ ਮਾਰਨੀ ਪੈਂਦੀ ਹੈ। ਕਾਨੂੰਨ ਦਾ ਡਰ ਵੀ ਬਣਿਆ ਰਹਿੰਦਾ ਹੈ ਅਤੇ ਮਨ ਤੇ ਪਾਪ ਬੋਧ ਵੀ ਰਹਿੰਦਾ ਹੈ। ਇਸ ਲਈ ਪੈਸਾ ਕਮਾਉਣ ਦਾ ਇਹ ਢੰਗ ਵਧੀਆ ਨਹੀਂ।
ਪੈਸੇ ਦੇ ਲਾਲਚ ਵਿਚ ਬੰਦਾ ਅੰਨ੍ਹਾ ਹੋ ਜਾਂਦਾ ਹੈ। ਜ਼ਿਆਦਾ ਧਨ ਜਮਾ ਕਰਨ ਤੋਂ ਬਾਅਦ ਬੰਦੇ ਵਿਚ ਹੰਕਾਰ ਆ ਜਾਂਦਾ ਹੈ। ਫਿਰ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਗ਼ਰੀਬ ਲੋਕ ਉਸ ਨੂੰ ਕੀੜੇ ਮਕੌੜੇ ਹੀ ਨਜ਼ਰ ਆਉਂਦੇ ਹਨ ਪਰ ਹੰਕਾਰਿਆ ਸੋ ਮਾਰਿਆ। ਰੱਬ ਜਲਦੀ ਹੀ ਅਜਿਹੇ ਲੋਕਾਂ ਦਾ ਹੰਕਾਰ ਤੋੜ ਦਿੰਦਾ ਹੈ। ਬੰਦੇ ਕੋਲ ਜਿਹੜੀ ਚੀਜ਼ ਵੀ ਜ਼ਰੂਰਤ ਤੋਂ ਜ਼ਿਆਦਾ ਹੋਵੇ ਉਹ ਉਸ ਲਈ ਸਮੱਸਿਆਵਾਂ ਹੀ ਖੜ੍ਹਾ ਕਰਦੀ ਹੈ। ਕਈ ਸਮੱਸਿਆਵਾਂ ਬੰਦੇ ਦੀਆਂ ਆਪਣੀਆਂ ਹੀ ਖੜੀਆਂ ਕੀਤੀਆਂ ਹੁੰਦੀਆਂ ਹਨ ਜੋ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਬੰਦੇ ਦੀ ਲਾਲਸਾ ਉਸ ਨੂੰ ਸਮੱਸਿਆਵਾਂ ਦੇ ਚੱਕਰਵਿਊ ਵਿਚ ਫਸਾਈ ਰੱਖਦੀ ਹੈ। ਜੇ ਉਸ ਨੂੰ ਇਕ ਚੀਜ਼ ਮਿਲ ਜਾਂਦੀ ਹੈ ਤਾਂ ਉਸ ਵਿਚ ਉਸੇ ਸਮੇਂ ਦੂਜੀ ਚੀਜ਼ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਜ਼ਰੂਰਤ ਤੋਂ ਬਹੁਤ ਜ਼ਿਆਦਾ ਇਕੱਠਾ ਕੀਤਾ ਧਨ ਵੀ ਬੰਦੇ ਨੂੰ ਹਰ ਸਮੇਂ ਚਿੰਤਾ ਵਿਚ ਪਾਈ ਰੱਖਦਾ ਹੈ।
ਪੈਸਾ ਕਮਾਉਣ ਦਾ ਦੂਜਾ ਢੰਗ ਹੈ ਮਿਹਨਤ ਅਤੇ ਇਮਾਨਦਾਰੀ। ਇਹ ਢੰਗ ਕੁਝ ਕਠਿਨ ਹੈ ਕਿਉਂਕਿ ਇਸ ਨਾਲ ਜਿਆਦਾ ਮਿਹਨਤ ਕਰ ਕੇ ਧਨ ਕੁਝ ਘੱਟ ਹੀ ਕਮਾਇਆ ਜਾ ਸਕਦਾ ਹੈ। ਇਸ ਕਮਾਈ ਦੀ ਬਰਕਤ ਬਹੁਤ ਹੁੰਦੀ ਹੈ ਅਤੇ ਮਨ ਤੇ ਕੋਈ ਬੋਝ ਜਾਂ ਡਰ ਨਹੀਂ ਹੁੰਦਾ। ਪੈਸਾ ਮਨੁੱਖ ਨੂੰ ਦੁਨੀਆਂ ਵਿਚ ਬਹੁਤ ਉੱਤੇ ਲੈ ਕੇ ਜਾ ਸਕਦਾ ਹੈ ਪਰ ਮਨੁੱਖ ਇਸ ਪੈਸੇ ਨੂੰ ਉੱਤੇ (ਪ੍ਰਲੋਕ ਵਿਚ) ਨਹੀਂ ਲਿਜਾ ਸਕਦਾ।
ਪ੍ਰਮਾਤਮਾ ਨੇ ਤੁਹਾਨੂੰ ਬਖ਼ਸ਼ਿਸ਼ਾਂ ਦਿੱਤੀਆਂ ਹਨ ਤਾਂ ਆਪਣੀ ਤਾਕਤ, ਧਨ ਅਤੇ ਅਹੁਦੇ ਦਾ ਉਪਯੋਗ ਗ਼ਰੀਬ, ਲਾਚਾਰ ਅਤੇ ਮਜ਼ਲੂਮਾਂ ਦੇ ਭਲੇ ਲਈ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਤੇ ਜ਼ੁਲਮ ਕਰਨ ਲਈ ਜਾਂ ਉਨ੍ਹਾਂ ਦਾ ਹੱਕ ਮਾਰਨ ਲਈ। ਉਨ੍ਹਾਂ ਨੂੰ ਡਰਾਉਣਾ, ਧਮਕਾਉਣਾ, ਲੁੱਟਣਾ ਜਾਂ ਨੀਵਾਂ ਨਹੀਂ ਦਿਖਾਉਣਾ ਚਾਹੀਦਾ। ਇਨਸਾਨ ਹੋਣ ਕਾਰਨ ਸਾਡੇ ਵਿਚ ਇਨਸਾਨੀਅਤ ਹੋਣੀ ਜ਼ਰੂਰੀ ਹੈ। ਸਫ਼ਲ ਜੀਵਨ ਦਾ ਕੀ ਨੁਕਤਾ ਹੈ ਅਤੇ ਅਸੀਂ ਇਸ ਉੱਤੇ ਕਿਵੇਂ ਚੱਲਣਾ ਹੈ ਇਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਬਿਲਕੁਲ ਸਪੱਸ਼ਟ ਸੰਦੇਸ਼ ਦਿੰਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਹਿ॥
ਨਾਨਕ ਰਾਹੁ ਪਛਾਨਿਹ ਸੇਇ॥
ਜ਼ਿੰਦਗੀ ਦਾ ਰਸਤਾ ਉਸੇ ਨੂੰ ਸਮਝ ਆਇਆ ਹੈ, ਜੋ ਮਿਹਨਤ ਕਰ ਕੇ ਕਮਾਈ ਕਰਦਾ ਹੈ ਅਤੇ ਵੰਡ ਕੇ ਖਾਂਦਾ ਹੈ। ਉਨ੍ਹਾਂ ਨੇ ਮਨੁੱਖ ਨੂੰ ਜੀਵਨ ਜਾਚ ਦੱਸੀ ਕਿ-"ਨਾਮ ਜਪੋ, ਕਿਰਤ ਕਰੋ, ਵੰਡ ਛਕੋ॥"
ਗੁਰੂ ਸਾਹਿਬ ਨੇ ਸਾਨੂੰ ਕੇਵਲ ਸੰਦੇਸ਼ ਹੀ ਨਹੀਂ ਦਿੱਤਾ। ਉਨ੍ਹਾਂ ਨੇ ਇਸ ਸੰਦੇਸ਼ ਨੂੰ ਆਪਣੀ ਜ਼ਿੰਦਗੀ ਵਿਚ ਢਾਲਿਆ ਵੀ। ਸਾਰੀ ਉਮਰ ਉਹ ਨਾਮ ਸਿਮਰਨ ਕਰਦੇ ਰਹੇ। ਬਚਪਨ ਵਿਚ ਮੱਝਾਂ ਚਾਰਦੇ ਰਹੇ, ਜਵਾਨੀ ਵਿਚ ਮੌਦੀ ਖਾਨੇ ਦੀ ਸੇਵਾ ਕੀਤੀ ਅਤੇ ਅੰਤ ਸਮੇਂ ਕਰਤਰਪੁਰ ਵਿਚ ਖੇਤੀ ਬਾੜੀ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਪਿਤਾ ਜੀ ਦੇ ਦਿੱਤੇ ਹੋਏ 20 ਰੁਪਇਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਦੁਨੀਆਂ ਦਾ ਸਭ ਤੋਂ ਉੱਤਮ ਵਪਾਰ ਕੀਤਾ। ਉਨ੍ਹਾਂ ਦਾ ਚਲਾਇਆ ਹੋਇਆ ਲੰਗਰ ਹਾਲੀ ਵੀ ਦੁਨੀਆਂ ਭਰ ਵਿਚ ਬੜੀ ਸ਼ਰਦਾ ਅਤੇ ਨਿਮਰਤਾ ਨਾਲ ਚਲਾਇਆ ਜਾ ਰਿਹਾ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਦ ਕੋਈ ਆਫ਼ਤ ਆਏ ਤਾਂ ਸਿੱਖ ਸਭ ਤੋਂ ਪਹਿਲਾਂ ਲੰਗਰ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਪਹੁੰਚਦੇ ਹਨ। ਦੁਨੀਆਂ ਵਿਚ ਭਾਵੇਂ ਸਿੱਖਾਂ ਦੀ ਗਿਣਤੀ ਕੇਵਲ ਢਾਈ ਕਰੋੜ ਹੈ ਫਿਰ ਵੀ ਉਹ ਰਾਤ ਨੂੰ ਪੰਜ ਕਰੋੜ ਤੋਂ ਉੱਪਰ ਲੋਕਾਂ ਨੂੰ ਮੁਫ਼ਤ ਭੋਜਨ ਕਰਾ ਕੇ ਸੌਂਦੇ ਹਨ।
ਧਨ ਓਨਾ ਹੀ ਠੀਕ ਹੈ ਜਿਸ ਨਾਲ ਮਨੁੱਖ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਅਤੇ ਕੁਝ ਰਕਮ ਔਖੇ ਸਮੇਂ ਅਤੇ ਬੁਢਾਪੇ ਲਈ ਵੀ ਬਚੀ ਰਹੇ। ਸਾਨੂੰ ਆਪਣੇ ਅਤੇ ਸਾਧਨਾ ਦਾ ਕੁਝ ਹਿੱਸਾ ਲੋੜਵੰਦਾਂ ਦੇ ਭਲੇ ਲਈ ਵੀ ਲਾਉਣਾ ਚਾਹੀਦਾ ਹੈ । ਇਹ ਹੀ ਅਸਲ ਦੌਲਤ ਹੈ ਜਿਹੜੀ ਅਗੋਂ ਸਾਡੇ ਕੰਮ ਆਉਣੀ ਹੈ।
ਬੰਦਾ ਪੈਸਾ ਕਮਾਉਣ ਲਈ ਨਹੀਂ ਜਿਉਂਦਾ ਸਗੋਂ ਜਿਉਣ ਲਈ ਪੈਸਾ ਕਮਾਉਂਦਾ ਹੈ। ਦੌਲਤ ਨਾਲ ਕੇਵਲ ਸੁਵਿਧਾਵਾਂ ਹੀ ਮਿਲਦੀਆਂ ਹਨ, ਸੁੱਖ ਨਹੀਂ ਮਿਲਦਾ। ਸੁੱਖ ਮਿਲਦਾ ਹੈ ਤੰਦਰੁਸਤੀ ਅਤੇ ਆਪਣਿਆਂ ਦੇ ਪਿਆਰ ਨਾਲ। ਜੇ ਦੌਲਤ ਨਾਲ ਸੁੱਖ ਮਿਲਦਾ ਹੁੰਦਾ ਤਾਂ ਧਨਵਾਨ ਲੋਕ ਕਦੀ ਦੁਖੀ ਨਾ ਹੁੰਦੇ। ਸਿਕੰਦਰ ਨੇ ਅੱਧੀ ਦੁਨੀਆਂ ਜਿੱਤ ਕੇ ਬਹੁਤ ਦੌਲਤ ਇਕੱਠੀ ਕਰ ਲਈ ਸੀ ਪਰ ਅੰਤ ਸਮੇਂ ਉਹ ਦੁਖੀ ਹੋ ਕੇ ਇਸ ਦੁਨੀਆਂ ਤੋਂ ਖਾਲੀ ਹੱਥ ਹੀ ਗਿਆ ਸੀ।
ਪੈਸੇ ਦੇ ਬਹੁਤ ਸੁੱਖ ਹੋਣ ਦੇ ਬਾਵਜ਼ੂਦ ਵੀ ਜ਼ਿੰਦਗੀ ਵਿਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਪੈਸੇ ਤੋਂ ਇਲਾਵਾ ਵੀ ਜ਼ਿੰਦਗੀ ਵਿਚ ਹੋਰ ਵੀ ਦੌਲਤਾਂ ਹਨ ਜੋ ਬੰਦੇ ਨਾਲ ਨਿਭਦੀਆਂ ਹਨ। ਬੰਦਾ ਪੈਸੇ ਨਾਲ ਨਹੀਂ ਦਿਲ ਨਾਲ ਅਮੀਰ ਹੋਣਾ ਚਾਹੀਦਾ ਹੈ। ਮਨੁੱਖ ਪੈਸੇ ਨਾਲ ਮਹਾਨ ਨਹੀਂ ਬਣਦਾ। ਉਹ ਆਪਣੇ ਚੰਗੇ ਕੰਮਾਂ ਨਾਲ ਮਹਾਨ ਬਣਦਾ ਹੈ। ਦੂਜਿਆਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾਉਣੀ ਚਾਹੀਦੀ ਹੈ। ਨਿਆਸਰਿਆਂ ਦੇ ਆਸਰਾ ਬਣੋ। ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਚਲੋ ਚੰਗੀ ਗੱਲ ਹੈ ਪਰ ਥੋੜ੍ਹਾ ਜਿਹਾ ਦੂਜੇ ਲਈ ਵੀ ਜੀਅ ਕੇ ਦੇਖੋ ਕਿੰਨਾ ਆਨੰਦ ਆਉਂਦਾ ਹੈ।
ਕਹਾਣੀ - ਮਾਂ ਦਾ ਵਿਆਹ - ਗੁਰਸ਼ਰਨ ਸਿੰਘ ਕੁਮਾਰ
"ਹੈਲੋ"
"ਹੈਲੋ"
"ਹਾਂ ਭਈ ਕੀ ਹਾਲ ਹੈ?"
"ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ"
"ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?"
"ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।" ਅਨਿਲ ਨੇ ਉੱਤਰ ਦਿੱਤਾ।
"ਮੈਨੂੰ ਲੱਗਦਾ ਹੈ ਤੂੰ ਇਕ ਦਿਨ ਇਸੇ ਤਰ੍ਹਾਂ ਹੀ ਮਰ ਜਾਣਾ ਹੈ। ਗਵਾਂਢੀਆਂ ਨੂੰ ਵੀ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਤੇਰੇ ਕਮਰੇ ਵਿਚੋਂ ਉਨ੍ਹਾਂ ਨੂੰ ਬੋਅ ਆਉਣ ਲੱਗ ਪਵੇਗੀ।" ਦਲਜੀਤ ਨੇ ਗੁੱਸੇ ਵਿਚ ਕਿਹਾ।
"ਤੂੰ ਹੀ ਦੱਸ ਯਾਰ ਮੈਂ ਕੀ ਕਰਾਂ। ਮੇਰੇ ਕੁਝ ਆਪਣੇ ਵੱਸ ਥੋੜ੍ਹਾ ਹੈ।"
"ਹੈ ਕਿਉਂ ਨਹੀਂ?"
"ਉਹ ਕਿਵੇਂ?"
"ਤੈਨੂੰ ਯਾਦ ਹੈ ਅੱਜ ਤੋਂ 44 ਸਾਲ ਪਹਿਲਾਂ ਜਦ ਅਸੀਂ ਐੈੈੈੈੈਮ. ਏ. ਦਾ ਇਮਤਿਹਾਨ ਦੇ ਕੇ ਵਿੱਛੜਣ ਲੱਗੇ ਸੀ ਤਾਂ ਕੀ ਵਾਅਦਾ ਕੀਤਾ ਸੀ?"
"ਕੀ ਵਾਅਦਾ ਕੀਤਾ ਸੀ?"
"ਅਸੀ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਅਤੇ ਘੱਟੋ ਘੱਟ ਸੌ ਸਾਲ ਜੀਵਾਂਗੇ।"
"ਉਹ ਤਾਂ ਠੀਕ ਹੈ ਪਰ ਅਸੀ ਹਾਲੀ ਜੀਅ ਹੀ ਤਾਂ ਰਹੇ ਹਾਂ"
"ਪਰ ਇਸ ਨੂੰ ਜੀਣਾ ਥੋੜ੍ਹੀ ਕਹਿੰਦੇ ਹਨ। ਉਹ ਕਿਵੇਂ? ਅੱਛਾ ਤੂੰ ਇਹ ਦੱਸ ਜੋਤੀ ਭਰਜਾਈ ਨੂੰ ਪੂਰਾ ਹੋਏ ਕਿੰਨੇ ਸਾਲ ਹੋਏ ਹਨ?"
"ਦੋ ਸਾਲ"
"ਤੇ ਤੇਰਾ ਉਸ ਨਾਲ ਕਿੰਨੇ ਸਾਲ ਦਾ ਸਾਥ ਰਿਹਾ ਹੈ?"
"ਇਹ ਹੀ ਕੋਈ 38 ਕੁ ਸਾਲ ਦਾ"
"ਤੇਰੀ ਉਮਰ ਇਸ ਸਮੇਂ ਹੈ 66 ਸਾਲ। ਜੇ ਤੂੰ 100 ਸਾਲ ਜਿਉਣਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਗਲੇ 34 ਸਾਲ ਤੂੰ ਇਸੇ ਤਰ੍ਹਾਂ ਇਕੱਲ੍ਹੇ ਹੀ ਕੱਟਣ ਦਾ ਇਰਾਦਾ ਰੱਖਦਾ ਹੈ? ਅਸਲ ਵਿਚ ਤੂੰ ਜ਼ਿੰਦਗੀ ਜੀਅ ਨਹੀਂ ਰਿਹਾ। ਜ਼ਿੰਦਗੀ ਕੱਟ ਰਿਹਾ ਹੈਂ। ਇਹ ਇਕ ਧੀਮੀ ਗਤੀ ਦੀ ਖ਼ੁਦਕੁਸ਼ੀ ਹੈ।"
"ਕੀ ਦੱਸਾਂ ਯਾਰ ਜੋਤੀ ਦੇ ਜਾਣ ਤੋਂ ਬਾਅਦ ਮੈਂ ਕਿਸੇ ਹੋਰ ਔਰਤ ਦਾ ਆਪਣੀ ਜ਼ਿੰਦਗੀ ਵਿਚ ਪ੍ਰਵੇਸ਼ ਸੋਚ ਵੀ ਨਹੀਂ ਸਕਦਾ। ਨਾਲੇ ਮੈਂ ਜਬਰਦਸਤੀ ਥੋੜ੍ਹਾ ਕਿਸੇ ਨੂੰ ਚੁੱਕ ਕੇ ਲੈ ਆਉਣਾ ਹੈ?"
"ਇਹ ਗੱਲ ਹੈ ਤਾਂ ਫਿਰ ਮੈਨੂੰ ਹੀ ਕੁਝ ਕਰਨਾ ਪਵੇਗਾ।" ਇਹ ਕਹਿ ਕੇ ਦਲਜੀਤ ਨੇ ਫੋਨ ਕੱਟ ਦਿੱਤਾ। ਅਨਿਲ ਅਤੇ ਦਲਜੀਤ ਸਕੂਲ ਸਮੇਂ ਤੋਂ ਹੀ ਪੱਕੇ ਦੋਸਤ ਸਨ ਪਰ ਵਿਆਹ ਤੋਂ ਬਾਅਦ ਅਨਿਲ ਦੇ ਘਰ ਕੋਈ ਬੱਚਾ ਨਾ ਹੋਇਆ ਅਤੇ ਉਸ ਦੀ ਪਤਨੀ ਜੋਤੀ ਵੀ ਸਮੇਂ ਤੋਂ ਪਹਿਲਾਂ ਹੀ ਕੈਂਸਰ ਨਾਲ ਗੁਜ਼ਰ ਗਈ। ਅਨਿਲ ਨੇ ਇਕ ਅਨਾਥ ਆਰਮ ਵਿਚ ਸੇਵਾ ਸੰਭਾਲ ਕੇ ਆਪਣਾ ਧਿਆਨ ਹੋਰ ਪਾਸੇ ਲਾਣਾ ਸ਼ੁਰੂ ਕੀਤਾ। ਦਲਜੀਤ ਚਾਹੁੰਦਾ ਸੀ ਕਿ ਅਨਿਲ ਆਪਣੇ ਗਮ ਵਿਚੋਂ ਬਾਹਰ ਨਿਕਲੇ ਅਤੇ ਫਿਰ ਤੋਂ ਨਾਰਮਲ ਜ਼ਿੰਦਗੀ ਸ਼ੁਰੂ ਕਰੇ। ਇਸ ਤੋਂ ਬਾਅਦ ਦਲਜੀਤ ਨੇ ਉਸ ਦੇ ਹਾਣ ਦੀਆਂ ਕਈ ਅੋਰਤਾਂ ਦੇ ਮੈਟਰੀਮੋਨੀਅਲ ਅਨਿਲ ਨੂੰ ਭੇਜੇ ਪਰ ਅਨਿਲ ਨੇ ਕਿਸੇ ਬਾਰੇ ਹਾਂ ਨਾ ਕੀਤੀ। ਆਖਿਰ ਦਲਜੀਤ ਨੇ ਇਕ ਨਵੀਂ ਤਰ੍ਹਾਂ ਦਾ ਮੈਟਰੀਮੋਨੀਅਲ ਉਸ ਨੂੰ ਭੇਜਿਆ ਜੋ ਇਸ ਪ੍ਰਕਾਰ ਸੀ-'ਖ਼ੂਬਸੂਰਤ ਜਵਾਨ ਵਿਧਵਾ ਔਰਤ (ਇਕ ਬੱਚੇ ਦੀ ਮਾਂ) ਉਮਰ 60 ਸਾਲ ਲਈ ਵਰ ਚਾਹੀਦਾ ਹੈ। ਸੰਪਰਕ ਮੌਬਾਇਲ 9877766666 ।
ਉਪਰੋਕਤ ਇਸ਼ਤਿਹਾਰ ਪੜ੍ਹ ਕੇ ਅਨਿਲ ਨੂੰ ਬਹੁਤ ਹੈਰਾਨੀ ਹੋਈ। ਇਕ ਲਾਇਨ ਦੇ ਇਸ਼ਤਿਹਾਰ ਵਿਚ ਕਈ ਗੱਲਾਂ ਹੈਰਾਨ ਕਰਨ ਵਾਲੀਆਂ ਸਨ।ਪਹਿਲੀ ਗੱਲ ਖ਼ੂਬਸੂਰਤ ਜਵਾਨ ਵਿਧਵਾ ਦੁਜੀ ਗੱਲ ਉਮਰ 60 ਸਾਲ ਤੀਜੀ ਗੱਲ ਇਕ ਬੱਚੇ ਦੀ ਮਾਂ। ਫਿਰ 60 ਸਾਲ ਦੀ ਵਿਧਵਾ ਵਿਚ ਇਹ ਤਾਂ ਹੋ ਸਕਦਾ ਹੈ ਕਿ ਖ਼ੂਬਸੂਰਤੀ ਦਾ ਕੁਝ ਅੰਸ਼ ਬਚਿਆ ਰਹਿ ਗਿਆ ਹੋਵੇ ਪਰ 60 ਸਾਲ ਦੀ ਵਿਧਵਾ ਨੂੰ ਜਵਾਨ ਤਾਂ ਨਹੀਂ ਕਿਹਾ ਜਾ ਸਕਦਾ ਨਾ। ਜੇ ਔਰਤ ਦੀ ਉਮਰ 60 ਸਾਲ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦਾ ਬੱਚਾ ਵੀ ਘਟੋ ਘੱਟ 30/35 ਸਾਲ ਦਾ ਤਾਂ ਹੋਵੇਗਾ ਹੀ। 30/35 ਸਾਲ ਦੇ ਮਰਦ ਨੂੰ ਬੱਚਾ ਤਾਂ ਨਹੀਂ ਕਿਹਾ ਜਾ ਸਕਦਾ। ਇਸ ਹਿਸਾਬ ਸਿਰ 30/35 ਸਾਲ ਬੱਚਾ ਵੀ ਵਿਆਹਿਆ ਹੋਇਆ ਹੀ ਹੋਵੇਗਾ। ਖ਼ੈਰ ਸੋਚਿਆ ਜਾਵੇ ਤਾਂ ਮਾਂ ਲਈ ਤਾਂ ਬੱਚਾ, ਬੱਚਾ ਹੀ ਹੈ ਭਾਵੇਂ ਉਹ ਕਿੱਡਾ ਵੀ ਵੱਡਾ ਕਿਉਂ ਨਾ ਹੋ ਜਾਵੇ। ਗੱਲ ਤਾਂ ਇਹ ਹੈ ਕਿ 30/35 ਸਾਲ ਦੇ ਜਵਾਨ ਬੱਚੇ ਦੇ ਹੁੰਦਿਆਂ ਕਿਸੇ ਅੋਰਤ ਨੂੰ ਵਿਆਹ ਕਰਾਉਣ ਦੀ ਕੀ ਲੋੜ ਹੈ?
ਅਨਿਲ ਕਈ ਅਣਸੁਲਝੇ ਸੁਆਲਾਂ ਦਾ ਜਵਾਬ ਲੈਣ ਲਈ ਗਰੈਂਡ ਹੋਟਲ ਦੇ ਕਮਰਾ ਨੰਬਰ 8 ਵਿਚ ਦਾਖਲ ਹੋਇਆ। ਅੱਗੇ ਇਕ 30/35 ਸਾਲ ਦਾ ਸੁੰਦਰ ਨੌਜਵਾਨ ਸੋਫੇ ਤੇ ਬੈਠਾ ਹੋਇਆ ਸੀ। ਅਨਿਲ ਨੂੰ ਦੇਖਦੇ ਹੀ ਉਹ ਹੱਥ ਜੋੜ ਕੇ ਉੱਠ ਖੜ੍ਹਾ ਹੋਇਆ-'ਜੀ ਨਮਸਤੇ'
'ਨਮਸਤੇ'
'ਜੀ ਮੇਰਾ ਨਾਮ ਰਾਜੇਸ਼ ਹੈ'
'ਮੇਰਾ ਨਾਮ ਅਨਿਲ ਹੈ' ਮੈਂ ਇਕ ਇਸ਼ਤਿਹਾਰ ਦੇ ਸਬੰਧ ਵਿਚ ਗੱਲ ਕਰਨ ਆਇਆ ਹਾਂ'
'ਹਾਂ....ਹਾਂ ਠੀਕ ਹੈ। ਤੁਸੀਂ ਅਰਾਾਮ ਨਾਲ ਬੈਠੋ। ਫਿਰ ਗੱਲ ਕਰਦੇ ਹਾਂ'
ਦੋਵੇਂ ਜਣੇ ਸੋਫੇ ਤੇ ਇਕ ਦੂਜੇ ਦੇ ਸਾਹਮਣੇ ਬੈਠ ਗਏ। ਅਨਿਲ ਇਕ ਟੱਕ ਰਾਜੇਸ਼ ਵੱਲ ਦੇਖ ਰਿਹਾ ਸੀ। ਉਸ ਦੇ ਮਨ ਤੇ ਰਾਜੇਸ਼ ਦੀ ਸ਼ਾਲੀਨਤਾ ਦਾ ਬਹੁਤ ਸੁਖਾਵਾਂ ਪ੍ਰਭਾਵ ਪੈ ਰਿਹਾ ਸੀ। ਪਰ ਉਸ ਦੇ ਅੰਦਰ ਹਾਲੀ ਵੀ ਕਈ ਸੁਆਲ ਖੌਰੂ ਪਾ ਰਹੇ ਸਨ। ਰਾਜੇਸ਼ ਨੇ ਘੰਟੀ ਵਜਾਈ ਅਤੇ ਬੈਰੇ ਨੂੰ ਦੋ ਕੱਪ ਕੌਫੀ ਦਾ ਆਡਰ ਦਿੱਤਾ। ਫਿਰ ਅਨਿਲ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ-"ਕੀ ਮੈਂ ਤੁਹਾਨੂੰ ਅੰਕਲ ਕਹਿ ਸਕਦਾ ਹਾਂ?"
" ਹਾਂ ਕਿਉਂ ਨਹੀਂ ਤੁਸੀਂ ਮੇਰੇ ਬੱਚਿਆਂ ਦੀ ਤਰ੍ਹਾਂ ਹੀ ਹੋ। ਮੈਂ ਤੁਹਾਨੂੰ ਆਪਣੇ ਬਾਰੇ ਤਾਂ ਫੋਨ ਤੇ ਸਭ ਕੁਝ ਦੱਸ ਹੀ ਦਿੱਤਾ ਸੀ ਪਰ ਤੁਸੀ ਆਪਣੇ ਬਾਰੇ ਕੁਝ ਨਹੀਂ ਦੱਸਿਆ।"
"ਠੀਕ ਹੈ ਅੰਕਲ ਜੀ, ਗੱਲ ਇਸ ਤਰ੍ਹਾਂ ਹੈ ਕਿ ਇਸ ਇਸ਼ਤਿਹਾਰ ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਹੀ ਤੁਸੀਂ ਇਸ ਇਸ਼ਹਿਤਰ ਦੀ ਗੱਲ ਸਮਝ ਸਕੋਗੇ।"
"ਠੀਕ ਹੈ।" ਅਨਿਲ ਦੀ ਉਤਸਕਤਾ ਹੋਰ ਵਧ ਗਈ।
"ਅੰਕਲ ਜੀ, ਮੈਂ ਆਪਣੇ ਮਾਂ ਪਿਉ ਦੀ ਇਕਲੋਤੀ ਔਲਾਦ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਅਤੇ ਉੱਚ ਸਿਖਿਆ ਦੁਵਾਈ। ਜਿਸ ਦਾ ਸਦਕਾ ਮੇਰੀ ਕੈਨੇਡਾ ਵਿਚ ਅਸਾਨੀ ਨਾਲ ਪੱਕੀ ਰਿਹਾਇਸ਼ ਹੋ ਗਈ ਅਤੇ ਨਾਲ ਹੀ ਉੱਥੇ ਇਕ ਚੰਗਾ ਰੁਜ਼ਗਾਰ ਵੀ ਮਿਲ ਗਿਆ ਅਤੇ ਉੇਥੋਂ ਦੀ ਇਕ ਸੁੰਦਰ ਲੜਕੀ ਗੀਤਾ ਨਾਲ ਮੇਰੀ ਸ਼ਾਦੀ ਹੋ ਗਈ। ਮੈਂ ਮਾਤਾ ਪਿਤਾ ਨੂੰ ਵੀ ਉੱਤੇ ਹੀ ਸ਼ਿਫਟ ਕਰ ਕੇ ਆਪਣੇ ਨਾਲ ਰੱਖਣਾ ਚਾਹੁੰਦਾ ਸਾਂ ਪਰ ਉਨ੍ਹਾਂ ਦਾ ਆਪਣੀ ਜਨਮ ਭੁਮੀ ਨਾਲ ਬਹੁਤ ਮੋਹ ਸੀ। ਇਸ ਲਈ ਉਹ ਆਪਣਾ ਮੁਲਕ ਛੱਡਣ ਲਈ ਤਿਆਰ ਨਾ ਹੋਏ। ਉਨ੍ਹਾਂ ਸਾਫ ਕਹਿ ਦਿੱਤਾ-"ਤੁਸੀਂ ਆਪਣਾ ਭੱਵਿਖ ਸਵਾਰੋ। ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਮਾਰੋ। ਸਾਨੂੰ ਖ਼ੁਸ਼ੀ ਹੈ। ਅਸੀਂ ਦੋਵੇਂ ਇੱਥੇ ਹੀ ਠੀਕ ਹਾਂ। ਸਾਨੂੰ ਇੱਥੇ ਕੋਈ ਦਿੱਕਤ ਨਹੀਂ। ਖੈਰ ਇੱਥੋਂ ਤੱਕ ਤਾਂ ਠੀਕ ਹੀ ਚੱਲਦਾ ਰਿਹਾ। ਪਰ ਦਿੱਕਤ ਪੰਜ ਸਾਲ ਪਹਿਲਾਂ ਹੋਈ ਜਦ ਮੇਰੇ ਪਿਤਾ ਰਾਮ ਨਾਥ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ ਅਤੇ ਉਹ ਸਾਨੂੰ ਰੌਂਦੇ ਕਲਪਦੇ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮੰਮੀ ਦੇ ਸਿਰ ਤੇ ਤਾਂ ਦੁੱਖਾਂ ਦਾ ਪਹਾੜ ਆਣ ਪਿਆ। ਉਹ ਬਿਲਕੁਲ ਇਕੱਲ੍ਹੇ ਹੋ ਗਏ। ਅਸੀਂ ਮੰਮੀ ਨੂੰ ਆਪਣੇ ਨਾਲ ਕੈਨੇਡਾ ਚੱਲਣ ਲਈ ਬਹੁਤ ਜੋਰ ਦਿੱਤਾ ਪਰ ਮੰਮੀ ਨਾ ਮੰਨੇ। ਮੰਮੀ ਦਾ ਇਕੋ ਜੁਵਾਬ ਸੀ ਕਿ ਤੇਰੇ ਡੈਡੀ ਮੇਰੇ ਲਈ ਇਹ ਮਕਾਨ ਇਕ ਮੰਦਰ ਬਣਾ ਗਏ ਹਨ। ਮੈਂ ਇੱਥੇ ਹੀ ਰਹਾਂਗੀ। ਮੈਂ ਗੀਤਾ ਨੂੰ ਭਾਰਤ ਵਿਚ ਮੰਮੀ ਕੋਲ ਸੈਟਲ ਹੋਣ ਲਈ ਕਿਹਾ ਪਰ ਉਹ ਨਾ ਮੰਨੀ ਕਿਉਂਕਿ ਉਸ ਦਾ ਸਾਰਾ ਪਿਛੋਕੜ ਕੈਨੇਡਾ ਦਾ ਸੀ। ਉਸ ਨੂੰ ਭਾਰਤ ਨਾਲ ਕੋਈ ਲਗਾਵ ਨਹੀਂ ਸੀ। ਹੁਣ ਮੇਰਾ ਦੋ ਬੇੜੀਆਂ ਵਿਚ ਪੈਰ ਸੀ। ਇਕ ਪਾਸੇ ਮੰਮੀ ਸੀ ਅਤੇ ਦੂਜੇ ਪਾਸੇ ਮੇਰਾ ਆਪਣਾ ਪਰਿਵਾਰ। ਮੈਂ ਦੋਹਾਂ ਵਿਚੋਂ ਕਿਸੇ ਇਕ ਨੂੰ ਵੀ ਨਹੀਂ ਸੀ ਛੱਡ ਸਕਦਾ ਅਤੇ ਨਾ ਹੀ ਇਕੋ ਸਮੇਂ ਦੋਹਾਂ ਨਾਲ ਰਹਿ ਸਕਦਾ ਹਾਂ। ਮਜ਼ਬੂਰਨ ਸਾਨੂੰ ਮੰਮੀ ਨੂੰ ਇੱਥੇ ਇੱਕਲ੍ਹਾ ਛੱਡਣਾ ਪਿਆ। ਮੰਮੀ ਇਕੱਲ੍ਹੇ ਬਹੁਤ ਉਦਾਸ ਰਹਿਣ ਲੱਗ ਪਏ। ਪਿਛਲੇ ਪੰਜ ਸਾਲ ਵਿਚ ਇਕੱਲ੍ਹੇ ਰਹਿਣ ਕਰ ਕੇ ਗਮ ਨਾਲ ਮੇਰੀ ਮੰਮੀ ਦਾ ਚਿਹਰਾ ਮੁਰਝਾ ਗਿਆ ਹੈ। ਮੈਂ ਉਨ੍ਹਾਂ ਨੂੰ ਤਿਲ ਤਿਲ ਕਰ ਕੇ ਮਰਦੇ ਹੋਏ ਨਹੀਂ ਦੇਖ ਸਕਦਾ। ਉਨ੍ਹਾਂ ਦੇ ਸੁੰਦਰ ਚਿਹਰੇ ਤੇ ਕੋਈ ਮਿੱਤਰ ਹੀ ਦੁਬਾਰਾ ਰੌਣਕ ਲਿਆ ਸਕਦਾ ਹੈ। ਉਹ ਮਿੱਤਰ ਜੋ ਮੇਰੀ ਮੰਮੀ ਦਾ ਉਮਰ ਭਰ ਦਾ ਸਾਥੀ ਬਣੇ ਅਤੇ ਇਕ ਦੋਸਤ ਦੀ ਤਰ੍ਹਾਂ ਵਿਉਹਾਰ ਕਰੇ।" ਅਨਿਲ ਰਾਜੇਸ਼ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਆਪਣੇ ਸਵਾਲਾਂ ਦਾ ਜੁਵਾਬ ਮਿਲਦਾ ਜਾ ਰਿਹਾ ਸੀ। ਰਾਜੇਸ਼ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ-"ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ। ਇਸ ਉਮਰ ਵਿਚ ਇਕ ਦੂਜੇ ਤੋਂ ਕੋਈ ਬਹੁਤੀਆਂ ਉਮੀਦਾਂ ਨਹੀਂ ਰੱਖੀਆਂ ਜਾਂਦੀਆਂ। ਸਿਰਫ ਸੁਹਿਰਦਤਾ ਨਾਲ ਇਕ ਦੂਜੇ ਦਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਸਾਥ ਮਾਣਿਆ ਜਾਂਦਾ ਹੈ। ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇਨ੍ਹਾਂ ਸੁਨਿਹਰੀ ਪਲਾਂ ਦਾ ਅਨੰਦ ਮਾਣਿਆ ਜਾਂਦਾ ਹੈ।
ਅੰਕਲ ਜੀ ਮੈਂ ਬਹੁਤ ਸੋਚ ਸਮਝ ਕੇ ਅਤੇ ਵੱਡਾ ਦਿਲ ਰੱਖ ਕੇ ਇਹ ਇਸ਼ਤਿਹਾਰ ਦਿੱਤਾ ਹੈ। ਹੁਣ ਜੇ ਤੁਸੀਂ ਠੀਕ ਸਮਝੋ ਤਾਂ ਅਸੀਂ ਇਸ ਮਾਮਲੇ ਵਿਚ ਅੱਗੇ ਵਧ ਸਕਦੇ ਹਾਂ।"
"ਉਹ ਤਾਂ ਠੀਕ ਹੈ ਪਰ ਕੀ ਤੁਹਾਡੇ ਮੰਮੀ ਇਸ ਗੱਲ ਲਈ ਰਾਜ਼ੀ ਹੋ ਜਾਣਗੇ?"
"ਮੰਮੀ ਨੂੰ ਇਸ ਗੱਲ ਲਈ ਮਨਾਉਣਾ ਬਹੁਤ ਕਠਿਨ ਸੀ। ਖੈਰ ਮੈਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਇਸ ਪਾਸੇ ਤੋਰਿਆ ਹੈ। ਮੈਂ ਉਨ੍ਹਾਂ ਨੂੰ ਸਮਝਾਇਆ ਹੈ ਕਿ ਵਿਧਵਾ ਨੂੰ ਵੀ ਆਪਣੇ ਹਿਸਾਬ ਸਿਰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਤਿਲ ਤਿਲ ਕਰ ਕੇ ਮਰਨ ਨਾਲੋਂ ਤਾਂ ਕਿਸੇ ਹਮਦਰਦ ਦੋਸਤ ਦੇ ਸਾਥ ਵਿਚ ਜ਼ਿੰਦਗੀ ਜਿਉਣਾ ਚੰਗਾ ਹੈ।"
ਅਨਿਲ ਬੋਲਿਆ-"ਬੇਟਾ ਰਾਜੇਸ਼ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਹਾਂ। ਦੇਖਦੇ ਹਾਂ ਅੱਗੇ ਕੀ ਬਣਦਾ ਹੈ।"
"ਫੇਰ ਠੀਕ ਹੈ, ਕੱਲ੍ਹ ਮੈਂ ਮੰਮੀ ਨੂੰ ਲੈ ਕੇ ਇਸੇ ਸਮੇਂ ਇਸੇ ਕਮਰੇ ਵਿਚ ਤੁਹਾਨੂੰ ਮਿਲਾਂਗਾ। ਤੁਹਾਡੀ ਇਕ ਦੂਜੇ ਨਾਲ ਮੁਲਾਕਾਤ ਅਤੇ ਪਛਾਣ ਹੋ ਜਾਵੇਗੀ।"
"ਓ ਕੇ"
"ਅੰਕਲ ਜੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਮਾਮਲੇ ਵਿਚ ਅੱਗੇ ਵਧੀਏ, ਮੇਰੇ ਕੁਝ ਸੁਝਾਅ ਹਨ।"
"ਦਸੋ"
"ਅਗਲੇ ਪੰਦਰਾਂ ਦਿਨ ਤੁਸੀਂ ਇਸੇ ਹੋਟਲ ਵਿਚ ਰੋਜ਼ ਮੰਮੀ ਨਾਲ ਸ਼ਾਮ ਨੂੰ ਇਕੱਠੇ ਕੌਫੀ ਪੀਵੋਗੇ ਅਤੇ ਉਸ ਤੋਂ ਬਾਅਦ ਇਕ ਘੰਟਾ ਇਕੱਠੇ ਪਾਰਕ ਵਿਚ ਘੁੰਮਣ ਜਾਵੋਗੇ। ਫਿਰ ਜੇ ਤੁਹਾਨੂੰ ਦੋਹਾਂ ਨੂੰ ਠੀਕ ਲੱਗਾ ਤਾਂ ਕੋਰਟ ਮੈਰਿਜ ਕਰਾ ਲਵੋਗੇ।
ਸ਼ਾਦੀ ਤੋਂ ਬਾਅਦ ਤੁਹਾਨੂੰ ਮੰਮੀ ਦੇ ਮਕਾਨ ਵਿਚ ਮੰਮੀ ਨਾਲ ਰਹਿਣਾ ਹੋਵੇਗਾ। ਵੈਸੇ ਮੰਮੀ ਕੋਲ ਆਪਣਾ ਚੰਗਾ ਬੈਂਕ ਬੈਲੇਂਸ ਹੈ ਪਰ ਘਰ ਦਾ ਖਰਚਾ ਜੇ ਤੁਸੀਂ ਚੁੱਕੋ ਤਾਂ ਮੰਮੀ ਦੇ ਦਿਲ ਵਿਚ ਤੁਹਾਡੀ ਇੱਜ਼ਤ ਵਧੇਗੀ। ਹਾਂ ਮੰਮੀ ਆਪਣੇ ਨਿੱਜੀ ਖਰਚੇ ਖੁਦ ਚੁੱਕੇਗੀ।
ਤੁਸੀਂ ਇਕ ਦੂਜੇ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖੋਗੇ ਤਾਂ ਸੋਹਣੀ ਨਿਭੇਗੀ।
ਤੁਸੀਂ ਮੰਮੀ ਦਾ ਦਿਲ ਲਾ ਕੇ ਰੱਖੋਗੇ ਅਤੇ ਉਸ ਨੂੰ ਹਮੇਸ਼ਾਂ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤ੍ਰਾਂ ਹੀ ਤੁਹਾਡਾ ਅਗਲਾ ਜੀਵਨ ਸਫ਼ਲ ਹੋਵੇਗਾ।" ਅਨਿਲ ਰਾਜੇਸ਼ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਬਜ਼ੁਰਗ ਉਸ ਨੂੰ ਨਸੀਹਤਾਂ ਦੇ ਰਿਹਾ ਹੋਵੇ।
ਅਗਲੇ ਦਿਨ ਅਨਿਲ ਠੀਕ ਸਮੇਂ ਗ੍ਰੈਂਡ ਹੋਟਲ ਪਹੁੰਚ ਗਿਆ। ਕਮਰੇ ਵਿਚ ਰਾਜੇਸ਼ ਨਾਲ ਉਸ ਦੀ ਮੰਮੀ ਬੈਠੀ ਹੋਈ ਸੀ। ਉਸ ਨੂੰ ਦੇਖਦੇ ਹੀ ਅਨਿਲ ਦੇ ਦਿਲ ਵਿਚ ਇਕ ਮਿੱਠੀ ਜਿਹੀ ਲਹਿਰ ਦੌੜ ਗਈ। ਇਸ਼ਤਿਹਾਰ ਵਿਚ ਠੀਕ ਹੀ ਲਿਖਿਆ ਗਿਆ ਸੀ। ਏਨੀ ਸੋਹਣੀ ਔਰਤ ਦੀ ਤਾਂ ਅਨਿਲ ਨੇ ਕਲਪਨਾ ਵੀ ਨਹੀਂ ਸੀ ਕੀਤੀ। ਗੋਰਾ ਚਿੱਟਾ ਰੰਗ, ਤਿੱਖੇ ਨੈਨ ਨਕਸ਼ ਅਤੇ ਗੋਰੀਆਂ ਗੱਲਾਂ ਤੇ ਸੋਹਣੇ ਜਿਹੇ ਖੱਡੇ ਪੈ ਰਹੇ ਸਨ। ਹੋਰ ਤਾਂ ਹੋਰ ਉਸ ਦੇ ਵਾਲ ਹਾਲੀ ਵੀ ਸਾਰੇ ਕਾਲੇ ਸਨ। ਉਮਰ ਤੋਂ ਉਹ ਚਾਲੀ ਸਾਲ ਤੋਂ ਵੱਧ ਨਹੀਂ ਸੀ ਲੱਗਦੀ। ਹਾਂ ਉਸ ਦੇ ਚਿਹਰੇ ਤੇ ਉਦਾਸੀ ਦੀ ਕੁਝ ਬਦਲੀ ਜਿਹੀ ਛਾਈ ਹੋਈ ਸੀ ਜੋ ਉਸ ਦੀ ਗੰਭੀਰਤਾ ਨੂੰ ਪ੍ਰਗਟ ਕਰਦੀ ਸੀ। ਅਨਿਲ ਉਸ ਦੇ ਹੁਸਨ ਨਾਲ ਕੀਲਿਆ ਗਿਆ।
ਅਨਿਲ ਨੂੰ ਦੇਖਦਿਆਂ ਉਨ੍ਹਾਂ ਦੋਹਾਂ ਨੇ ਖੜ੍ਹੇ ਹੋ ਕੇ ਜੀ ਆਇਆਂ ਕਿਹਾ। ਰਾਜੇਸ਼ ਨੇ ਉਨ੍ਹਾਂ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹ-"ਮੰਮੀ, ਇਹ ਅਨਿਲ ਅੰਕਲ ਹਨ ਅਤੇ ਅੰਕਲ ਇਹ ਮੇਰੇ ਮੰਮੀ ਅੰਜਲੀ ਦੇਵੀ ਹਨ।"
ਅਨਿਲ ਨੇ ਵੀ ਹੱਥ ਜੋੜਦੇ ਹੋਏ ਸਿਰ ਨੂੰ ਥੋੜ੍ਹਾ ਝੁਕਾ ਕੇ ਉਨ੍ਹਾਂ ਨੂੰ ਵਿਸ਼ ਕੀਤਾ। ਰਾਜੇਸ਼ ਨੇ ਫਿਰ ਪੁੱਛਿਆ-"ਕੀ ਲਉਗੇ ਅੰਕਲ? ਕੌਫੀ ਜਾਂ ਕੋਲਡ?"
"ਕਿਸੇ ਚੀਜ਼ ਦੀ ਜ਼ਰੂਰਤ ਨਹੀਂ"
ਫਿਰ ਵੀ ਰਾਜੇਸ਼ ਨੇ ਬੈਰੇ ਨੂੰ ਬੈੱਲ ਦੇ ਕੇ ਤਿੰਨ ਕੌਫੀ ਅਤੇ ਸਨੈਕਸ ਦਾ ਆਰਡਰ ਦਿੱਤਾ ਅਤੇ ਨਾਲ ਹੀ ਨਾਲ ਗੱਲ ਸ਼ੁਰੂ ਕੀਤੀ-"ਮੰਮੀ ਅਨਿਲ ਅੰਕਲ ਬਾਰੇ ਤਾਂ ਮੈਂ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਸੀ ਹੁਣ ਤੁਸੀਂ ਜੋ ਪੁੱਛਣਾ ਹੈ ਆਪ ਹੀ ਪੁੱਛ ਲਉ।" ਅੰਜਲੀ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਉਹ ਵੀ ਅਨਿਲ ਦੀ ਖ਼ੂਬਸੂਰਤੀ ਅਤੇ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਰਾਜੇਸ਼ ਨੇ ਅਨਿਲ ਨੂੰ ਕਿਹਾ-"ਅੰਕਲ ਤੁਸੀਂ ਮੰਮੀ ਤੋਂ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹੋ। ਅਨਿਲ ਨੇ ਵੀ ਨਾਂਹ ਵਿਚ ਸਿਰ ਹਿਲਾ ਦਿੱਤਾ। ਉਸ ਦਿਨ ਰਾਜੇਸ਼ ਪੁੱਲ ਬਣ ਕੇ ਦੋਹਾਂ ਵਿਚਕਾਰ ਛੋਟੀ ਮੋਟੀ ਗੱਲ ਕਰਦਾ ਰਿਹਾ। ਅਨਿਲ ਅਤੇ ਅੰਜਲੀ ਆਪਸ ਵਿਚ ਕੁਝ ਜ਼ਿਆਦਾ ਨਾ ਖੁੱਲ੍ਹ ਸਕੇ।
ਕੌਫੀ ਖਤਮ ਹੋਣ ਤੋਂ ਬਾਅਦ ਰਾਜੇਸ਼ ਨੇ ਕਿਹਾ-"ਅੱਛਾ ਅੰਕਲ, ਅੱਜ ਦੀ ਮੁਲਾਕਾਤ ਏਨੀ ਹੀ ਕਾਫੀ ਹੈ। ਤੁਸੀਂ ਕੱਲ੍ਹ ਤੋਂ ਇਸੇ ਸਮੇਂ ਇੱਥੇ ਆ ਜਾਇਆ ਕਰੋ। ਮੰਮੀ ਤੁਹਾਨੂੰ ਇੱਥੇ ਹੀ ਮਿਲਿਆ ਕਰੇਗੀ।"
ਅਗਲੇ ਪੰਦਰਾਂ ਇਨ ਕਾਫੀ ਖ਼ੁਸ਼ਗਵਾਰ ਨਿਕਲੇ। ਅਨਿਲ ਅਤੇ ਅੰਜਲੀ ਇਕ ਦੂਜੇ ਦੇ ਕਾਫੀ ਨੇੜੇ ਆ ਗਏ। ਆਪਸੀ ਝਾਕਾ ਖੁੱਲ੍ਹ ਗਿਆ। ਅੰਤ ਕੁਝ ਦਿਨ ਬਾਅਦ ਉਹ ਵਿਆਹ ਦੇ ਪਵਿਤਰ ਬੰਧਨ ਵਿਚ ਬੱਝ ਗਏ। ਰਾਜੇਸ਼ ਵੀ ਆਪਣੀ ਮੰਮੀ ਦਾ ਦੂਜਾ ਵਿਆਹ ਕਰ ਕੇ ਬੇਫਿਕਰ ਹੋ ਗਿਆ ਅਤੇ ਆਪਣੀ ਪਰਿਵਾਰਿਕ ਜ਼ਿੰਦਗੀ ਵੱਲ ਪੂਰੀ ਤਰ੍ਹਾਂ ਧਿਆਨ ਦੇਣ ਲੱਗਾ। ਅਨਿਲ ਅਤੇ ਅੰਜਲੀ ਨੂੰ ਵੀ ਜੀਣ ਦਾ ਸਹਾਰਾ ਮਿਲ ਗਿਆ। ਉਨ੍ਹਾਂ ਦੇ ਚਿਹਰੇ ਦੀ ਰੌਣਕ ਪਰਤ ਆਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਇਕ ਦੂਜੇ ਦੀ ਜ਼ਰੂਰਤ ਸਨ।ਇਸ ਤਰ੍ਹਾਂ ਉਹ ਆਪਣੀ ਆਪਣੀ ਉਮਰ ਦੇ 100 ਸਾਲ ਭਰਪੂਰ ਖ਼ੁਸ਼ੀ ਨਾਲ ਜੀਵੇ ਅਤੇ ਦੁਨੀਆਂ ਲਈੇ ਪਿਆਰ ਅਤੇ ਸਹਿਯੋਗ ਦੀ ਇਕ ਮਿਸਾਲ ਕਾਇਮ ਕੀਤੀ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in
ਪ੍ਰੇਰਨਾਦਾਇਕ ਲੇਖ : ਗ਼ਲਤੀ ਮੰਨਣੀ ਅਤੇ ਜ਼ਿੰਮੇਵਾਰੀ ਲੈਣੀ - ਗੁਰਸ਼ਰਨ ਸਿੰਘ ਕੁਮਾਰ
ਮਨੁੱਖਾ ਜੀਵਨ ਕੋਈ ਫ਼ੁੱਲਾਂ ਦੀ ਸੇਜ਼ ਨਹੀਂ। ਜ਼ਿੰਦਗੀ ਦੇ ਰਸਤੇ ਕੋਈ ਸਿੱਧੀ ਸਪਾਟ ਸੜਕ ਨਹੀਂ। ਇਸ ਲਈ ਜ਼ਿੰਦਗੀ ਦੇ ਸਫ਼ਰ ਵਿਚ ਠੋਕਰਾਂ ਵੀ ਲੱਗਦੀਆਂ ਹਨ। ਇੱਥੇ ਮਨੁੱਖ ਨੂੰ ਕਈ ਦੁੱਖ ਅਤੇ ਦੁਸ਼ਵਾਰੀਆਂ ਵੀ ਝੱਲਣੀਆਂ ਪੈਂਦੀਆਂ ਹਨ। ਵੈਸੇ ਤਾਂ ਜ਼ਿੰਦਗੀ ਦੇ ਸਾਰੇ ਕੰਮ ਸਫ਼ਲਤਾ ਲਈ ਹੀ ਕੀਤੇ ਜਾਂਦੇ ਹਨ ਪਰ ਫਿਰ ਵੀ ਸਾਨੂੰ ਕਈ ਵਾਰੀ ਹਾਰਾਂ ਅਤੇ ਅਸਫ਼ਲਤਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਕਈ ਕੰਮ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਵੀ ਕਰਦੇ ਹਾਂ। ਜੇ ਅਜਿਹੇ ਕੰਮ ਵਿਚ ਸਾਨੂੰ ਅਸਫ਼ਲਤਾ ਜਾਂ ਹਾਰ ਦਾ ਸਾਹਮਣਾ ਕਰਨਾ ਪਏ ਤਾਂ ਬਹੁਤ ਦੁੱਖ ਅਤੇ ਨਮੋਸ਼ੀ ਹੁੰਦੀ ਹੈ। ਕਹਿੰਦੇ ਹਨ ਕਿ ਲੜ੍ਹਦੀਆਂ ਤਾਂ ਫੋਜਾਂ ਹਨ ਪਰ ਜਿੱਤ ਦਾ ਸਿਹਰਾ ਕਮਾਂਡਰ ਸਿਰ ਹੀ ਬੱਝਦਾ ਹੈ। ਜੇ ਜਿੱਤ ਦੀ ਸ਼ੋਭਾ ਸਾਨੂੰ ਮਿਲਦੀ ਹੈ ਤਾਂ ਹਾਰ ਦੀ ਜ਼ਿੰਮੇਵਾਰੀ ਵੀ ਸਾਨੂੰ ਹੀ ਕਬੂਲ ਕਰਨੀ ਚਾਹੀਦੀ ਹੈ। ਬਹਾਨੇ ਬਣਾ ਕੇ ਅਜਿਹੀ ਜ਼ਿੰਮੇਵਾਰ ਕਿਸੇ ਦੂਸਰੇ ਸਿਰ ਨਹੀਂ ਸੁੱਟਣੀ ਚਾਹੀਦੀ। ਇੱਥੇ ਇਹ ਵੀ ਵਿਚਾਰਨ ਦੀ ਲੋੜ ਹੁੰਦੀ ਹੈ ਕਿ ਸਾਡੇ ਵਿਚ ਕੀ ਕਮੀ ਰਹਿ ਗਈ ਜਾਂ ਕੀ ਗ਼ਲਤੀ ਹੋ ਗਈ ਜੋ ਸਾਡੀ ਹਾਰ ਦਾ ਕਾਰਨ ਬਣੀ? ਆਪਣੀ ਕਮੀ ਨੂੰ ਦੂਰ ਕਰ ਕੇ ਸਾਨੂੰ ਆਪਣੀ ਗ਼ਲਤੀ ਸੁਧਾਰਨੀ ਚਾਹੀਦੀ ਹੈ। ਜ਼ਿੰਮੇਵਾਰੀ ਕਬੂਲ ਕਰਨਾ ਵੀ ਬਹਾਦਰੀ ਅਤੇ ਉੱਚੇ ਆਚਰਨ ਦੀ ਨਿਸ਼ਾਨੀ ਹੈ। ਇਸ ਨਾਲ ਸਾਡੀ ਇੱਜ਼ਤ ਘੱਟਦੀ ਨਹੀਂ ਸਗੋਂ ਲੋਕਾਂ ਦੇ ਮਨ ਵਿਚ ਸਾਡਾ ਵਿਸ਼ਵਾਸ ਬੱਝਦਾ ਹੈ। ਉਹ ਇਕ ਵਾਰੀ ਫਿਰ ਸਾਡੇ ਤੇ ਭਰੋਸਾ ਕਰ ਕੇ ਸਾਨੂੰ ਆਪਣਾ ਰਹਿਨੁਮਾ ਚੁਣ ਸਕਦੇ ਹਨ ਅਤੇ ਦੁਬਾਰਾ ਤੋਂ ਸਾਨੂੰ ਇਹ ਹੀ ਜ਼ਿੰਮੇਵਾਰੀ ਸੋਂਪ ਸਕਦੇ ਹਨ। ਸੁਲਝਿਆ ਹੋਇਆ ਮਨੁੱਖ ਉਹ ਹੀ ਹੈ ਜੋ ਆਪਣੇ ਫੈਸਲੇ ਖ਼ੁਦ ਕਰਦਾ ਹੈ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਵੀ ਖਿੜ੍ਹੇ ਮੱਥੇ ਪ੍ਰਵਾਨ ਕਰਦਾ ਹੈ। ਉਹ ਕਿਸੇ ਗ਼ਲਤ ਨਤੀਜੇ ਲਈ ਦੂਜੇ ਨੂੰ ਦੋਸ਼ ਨਹੀਂ ਦਿੰਦਾ।
ਕਹਿੰਦੇ ਹਨ ਕਿ ਇਨਸਾਨ ਗ਼ਲਤੀ ਦਾ ਪੁਤਲਾ ਹੈ। ਅੱਜ ਕੱਲ੍ਹ ਸਰਮਾਇਦਾਰੀ ਦਾ ਜ਼ਮਾਨਾ ਹੈ। ਇਸ ਲਈ ਮਨੁੱਖ ਦੇ ਹਰ ਕੰਮ ਨੂੰ ਪੈਸੇ ਦੀ ਤੱਕੜੀ ਤੇ ਤੋਲਿਆ ਜਾ ਰਿਹਾ ਹੈ। ਮੋਹ ਪਿਆਰ ਦੇ ਰਿਸ਼ਤੇ ਵੀ ਵਪਾਰਕ ਹੁੰਦੇ ਜਾ ਰਹੇ ਹਨ। ਜਦ ਅਸੀਂ ਜ਼ਿੰਦਗੀ ਵਿਚ ਕਿਸੇ ਦੂਸਰੇ ਨਾਲ ਵਰਤਦੇ ਹਾਂ ਤਾਂ ਜਾਣੇ ਜਾਂ ਅਣਜਾਣੇ ਵਿਚ ਕਈ ਗ਼ਲਤੀਆਂ ਕਰ ਬੈਠਦੇ ਹਾਂ ਜਿਸ ਨਾਲ ਕਿਸੇ ਦੂਸਰੇ ਦਾ ਨੁਕਸਾਨ ਹੁੰਦਾ ਹੈ ਜਾਂ ਉਸ ਦਾ ਦਿਲ ਦੁਖਦਾ ਹੈ। ਕਈ ਵਾਰੀ ਅਸੀਂ ਅਜਿਹੀ ਗ਼ਲਤੀ ਲਈ ਪਛਤਾਉਂਦੇ ਵੀ ਹਾਂ। ਜੇ ਅਸੀਂ ਆਪਣੀ ਗ਼ਲਤੀ ਮੰਨ ਕੇ ਉਸ ਕੋਲੋਂ ਮੁਆਫੀ ਮੰਗ ਲਈਏ ਤਾਂ ਮਨ ਤੋਂ ਕੁਝ ਭਾਰ ਉਤਰ ਜਾਂਦਾ ਹੈ ਅਤੇ ਦੂਜਾ ਵੀ ਕੁਝ ਸਹਿਜ ਹੋ ਜਾਂਦਾ ਹੈ।
ਕਈ ਲੋਕ ਅਸਫ਼ਲਤਾ ਤੇ ਗ਼ਲਤੀ ਨੂੰ ਇਕੋ ਚੀਜ਼ ਮੰਨ ਲੈਂਦੇ ਹਨ। ਅਸਫ਼ਲਤਾ ਭਾਵ ਹਾਰ, ਭਾਵ ਜਿਸ ਕੰਮ ਦੇ ਨਤੀਜੇ ਸਾਡੀ ਆਸ਼ਾ ਅਨੁਸਾਰ ਨਾ ਨਿਕਲਣ ਉਹ ਸਾਡੀ ਹਾਰ ਹੈ। ਇਸ ਲਈ ਅਫ਼ਸੋਸ ਕੀਤਾ ਜਾਂਦਾ ਹੈ ਅਤੇ ਜ਼ਿੰਮੇਵਾਰੀ ਲਈ ਜਾਂਦੀ ਹੈ ਜਾਂ ਨਿਰਧਾਰਤ ਕੀਤੀ ਜਾਂਦੀ ਹੈ। ਗ਼ਲਤੀ ਦਾ ਭਾਵ ਹੈ ਕਿ ਜਾਣ ਬੁੱਝ ਕੇ ਜਾਂ ਅਣਜਾਣੇ ਵਿਚ ਕੋਈ ਭੁੱਲ ਕਰ ਬੈਠਣਾ। ਇਸ ਲਈ ਅਫ਼ਸੋਸ ਕੀਤਾ ਜਾਂਦਾ ਹੈ ਅਤੇ ਮੁਆਫ਼ੀ ਵੀ ਮੰਗੀ ਜਾਂਦੀ ਹੈ। ਕਈ ਵਾਰੀ ਆਪਣੀ ਗ਼ਲਤੀ ਨਾ ਹੋਣ ਤੇ ਵੀ ਗ਼ਲਤੀ ਮੰਨਣੀ ਪੈਂਦੀ ਹੈ ਤਾਂ ਕਿ ਪਿਆਰ ਦੇ ਰਿਸ਼ਤੇ ਬਣੇ ਰਹਿਣ।
ਕਈ ਵਾਰੀ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਤੋਂ ਗ਼ਲਤੀ ਹੋ ਗਈ ਹੈ। ਜਾਣ ਬੁੱਝ ਕੇ ਗ਼ਲਤੀ ਕਰਨਾ ਗੁਨਾਹ ਕਰਨ ਦੇ ਬਰਾਬਰ ਹੈ ਪਰ ਕਈ ਲੋਕ ਬੜੇ ਢੀਠ ਹੁੰਦੇ ਹਨ। ਉਹ ਕਹਿੰਦੇ ਹਨ-''ਗੁਨਾਹ ਕਰਤਾ ਹੂੰ ਇਕ ਤੇਰੇ ਸਹਾਰੇ, ਕਿ ਤੂੰ ਬਖਸ਼ ਦੇਗਾ ਸਾਰੇ ਦੇ ਸਾਰੇ।'' ਉਹ ਬੜੀ ਚਤੁਰਤਾ ਨਾਲ ਆਪਣੀ ਗ਼ਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਾਰਾ ਦੋਸ਼ ਦੂਜੇ ਤੇ ਮੜ੍ਹਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਗ਼ਲਤੀ ਮੰਨਣ ਨਾਲ ਉਨ੍ਹਾਂ ਦੀ ਹੇਠੀ ਹੁੰਦੀ ਹੈ ਅਤੇ ਸਮਾਜ ਵਿਚ ਉਨ੍ਹਾਂ ਦਾ ਕਦ ਨੀਵਾਂ ਹੁੰਦਾ ਹੈ।
ਅਸਫ਼ਲਤਾ ਤੇ ਗ਼ਲਤੀ ਨੂੰ ਫੜ ਕੇ ਬੈਠ ਜਾਣਾ ਤੇ ਅਫ਼ਸੋਸ ਕਰੀ ਜਾਣ ਦਾ ਕੋਈ ਫਾਇਦਾ ਨਹੀਂ। ਸਾਨੂੰ ਆਪਣੀ ਅਸਫ਼ਲਤਾ ਅਤੇ ਗ਼ਲਤੀ ਤੋਂ ਸਬਕ ਲੈ ਕੇ ਸਹੀ ਢੰਗ ਨਾਲ ਸਹੀ ਰਸਤੇ ਤੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਵਾਪਰੇ।
ਆਪਣੀ ਗ਼ਲਤੀ ਮੰਨਣਾ ਵੱਡੇ ਦਿਲ ਦੀ ਨਿਸ਼ਾਨੀ ਹੁੰਦੀ ਹੈ। ਜੇ ਕੋਈ ਸੱਚੇ ਦਿਲੋਂ ਆਪਣੀ ਗ਼ਲਤੀ ਮੰਨਦਾ ਹੈ ਤਾਂ ਉਸ ਨੂੰ ਸਜਾ ਦੇਣਾ ਜਾਂ ਮੁਆਫ਼ ਕਰਨਾ ਗ਼ਲਤੀ ਦੀ ਡੂੰਘਾਈ ਅਤੇ ਹੋਏ ਨੁਕਸਾਨ ਤੇ ਨਿਰਭਰ ਕਰਦਾ ਹੈ। ਵੈਸੇ ਮੁਆਫ਼ ਕਰਨਾ ਵੱਡੇ ਦਿਲ ਦੀ ਨਿਸ਼ਾਨੀ ਹੈ। ਸਾਡਾ ਉਦੇਸ਼ ਬੰਦੇ ਨੂੰ ਸ਼ਰਮਿੰਦਾ ਕਰਨਾ ਜਾਂ ਸਮਾਜ ਨਾਲੋਂ ਤੋੜਣਾ ਨਹੀਂ ਹੋਣਾ ਚਾਹੀਦਾ ਸਗੋਂ ਉਸ ਨੂੰ ਗ਼ਲਤੀ ਦਾ ਅਹਿਸਾਸ ਕਰਾ ਕੇ ਸਮਾਜ ਨਾਲ ਜੋੜਣਾ ਅਤੇ ਅੱਗੇ ਤੋਂ ਉਸ ਨੂੰ ਸੁਧਾਰਨਾ ਹੋਣਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਤੱਕੜੇ ਬੰਦੇ ਮਾੜੇ ਬੰਦੇ ਨੂੰ ਗ਼ਲਤੀ ਨਾ ਹੋਣ ਤੇ ਵੀ ਜ਼ਬਰਦਸਤੀ ਮੁਆਫ਼ੀ ਮੰਗਣ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹੀ ਹਾਲਤ ਵਿਚ ਮਾੜਾ ਬੰਦਾ ਅਪਮਾਨਿਤ ਹੋਇਆ ਮਹਿਸੂਸ ਕਰਦਾ ਹੈ।
ਦੂਸਰੇ ਦੇ ਦੁੱਖ ਦਰਦ ਨੂੰ ਮਹਿਸੂਸ ਕਰਨਾ ਹੀ ਮਨੁੱਖਵਾਦੀ ਦ੍ਰਿਸ਼ਟੀ ਕੌਣ ਹੁੰਦਾ ਹੈ। ਜੇ ਤੁਸੀਂ ਜਾਣੇ ਜਾਂ ਅਣਜਾਣੇ ਵਿਚ ਕਿਸੇ ਦਾ ਹੱਕ ਮਾਰਿਆ ਹੈ, ਉਸ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਜਲੀਲ ਕੀਤਾ ਹੈ ਜਾਂ ਉਸ ਨੂੰ ਕੋਈ ਮਾੜੇ ਸ਼ਬਦ ਬੋਲੇ ਹਨ ਤਾਂ ਇਹ ਉਸ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ। ਇਸ ਨਾਲ ਉਹ ਬੇਇੱਜ਼ਤ ਵੀ ਹੋਇਆ ਹੋਵੇਗਾ ਅਤੇ ਉਸ ਦਾ ਦਿਲ ਵੀ ਟੁੱਟਾ ਹੋਵੇਗਾ। ਜੇ ਤੁਹਾਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਉਸ ਵਿਚਾਰੇ ਦੇ ਨੁਕਸਾਨ ਦੀ ਭਰਪਾਈ ਕਰ ਕੇ ਉਸ ਤੋਂ ਮੁਆਫ਼ੀ ਮੰਗਣਾ ਤੁਹਾਡਾ ਫ਼ਰਜ਼ ਹੈ। ਬੇਸ਼ੱਕ ਤੁਸੀਂ ਉਸ ਦੇ ਨੁਕਸਾਨ ਦੀ ਪੂਰੀ ਭਰਪਾਈ ਤਾਂ ਨਹੀਂ ਕਰ ਸਕਦੇ ਪਰ ਉਸ ਦੇ ਜ਼ਖ਼ਮਾਂ ਤੇ ਮਲ੍ਹਮ ਤਾਂ ਲਾ ਹੀ ਸਕਦੇ ਹੋ। ਤੁਹਾਡਾ ਇਹ ਕੰਮ ਉਸ ਦੇ ਤੱਪਦੇ ਹਿਰਦੇ ਨੂੰ ਠੰਢਕ ਪਹੁੰਚਾਵੇਗਾ।
ਬੇਸ਼ੱਕ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਇਮਾਨਦਾਰੀ ਤੇ ਚੱਲਣਾ ਬਹੁਤ ਕਠਿਨ ਹੈ ਫਿਰ ਵੀ ਜਿਵੇਂ ਗ਼ਹਿਰੇ ਤੋਂ ਗ਼ਹਿਰਾ ਬੱਦਲ ਵੀ ਸੂਰਜ ਨੂੰ ਨਿਕਲਣ ਤੋਂ ਸਦਾ ਲਈ ਨਹੀਂ ਰੋਕ ਸਕਦਾ ਇਸੇ ਤਰ੍ਹਾਂ ਝੂਠ ਦਾ ਗ਼ਹਿਰੇ ਤੋਂ ਗ਼ਹਿਰਾ ਮੁਲੱਮਾਂ ਵੀ ਸੱਚ ਨੂੰ ਪ੍ਰਗਟ ਹੋਣ ਤੋਂ ਸਦਾ ਲਈ ਨਹੀਂ ਰੋਕ ਸਕਦਾ। ਸੱਚਾਈ ਇਕ ਦਿਨ ਸਾਹਮਣੇ ਜ਼ਰੂਰ ਪ੍ਰਗਟ ਹੋ ਹੀ ਜਾਂਦੀ ਹੈ। ਇਸ ਲਈ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸੱਚਾਈ ਅਤੇ ਇਮਾਨਦਾਰੀ ਹੈ। ਜੇ ਅਸੀਂ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹਾਂ ਆਪਸੀ ਪਿਆਰ ਦੇ ਨਿੱਘੇ ਰਿਸ਼ਤੇ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ ਕੇ ਖ਼ੁਦ ਨੂੰ ਹੱਲਕਾ ਕਰਨਾ ਪਏਗਾ। ਉੱਚਾ ਉਹ ਹੀ ਉੱਠਦਾ ਹੈ ਜੋ ਹਲਕਾ ਹੁੰਦਾ ਹੈ। ਖ਼ੁਸ਼ ਦਿਲ ਅਤੇ ਹੱਸਦਾ ਹੋਇਆ ਚਿਹਰਾ ਹੀ ਜ਼ਿੰਦਗੀ ਦੀ ਅਸਲ ਦੌਲਤ ਹੈ।
ਸੱਚਾ ਮਨੁੱਖ ਹਮੇਸ਼ਾਂ ਮਨੁੱਖਤਾ ਦੀ ਭਲਾਈ ਲਈ ਖੜ੍ਹਾ ਹੁੰਦਾ ਹੈ। ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣਾ ਸ਼ਿਸ਼ਟਾਚਾਰ ਅਤੇ ਦਲੇਰੀ ਹੈ ਅਤੇ ਇਕ ਕਲਾ ਵੀ ਹੈ। ਤੁਹਾਡੀ ਇਹ ਦਲੇਰੀ ਤੁਹਾਨੂੰ ਨੀਵਾਂ ਦਿਖਾਉਣ ਦੀ ਥਾਂ ਤੁਹਾਡੇ ਚਾਲ ਚੱਲਣ ਨੂੰ ਉੱਚਾਈ 'ਤੇ ਲੈ ਜਾਂਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in
ਧਰਮ, ਸਿਆਸਤ ਅਤੇ ਸਰਮਾਏਦਾਰੀ - ਗੁਰਸ਼ਰਨ ਸਿੰਘ ਕੁਮਾਰ
ਦੁਨੀਆਂ ਭਰ ਵਿਚ ਧਰਮ, ਸਿਆਸਤ ਅਤੇ ਸਰਮਾਏਦਾਰੀ ਗ਼ਰੀਬਾਂ ਦੀ ਮਿਹਨਤ ਤੇ ਫਲਦੇ ਫੁੱਲਦੇ ਹਨ। ਗ਼ਰੀਬਾਂ ਦੀ ਮੰਦਹਾਲੀ ਇਨ੍ਹਾਂ ਦੀ ਸੋਚੀ ਸਮਝੀ ਇਕ ਗ਼ਹਿਰੀ ਚਾਲ ਹੈ।ਮਿਹਨਤਕਸ਼ ਸੋਚਦਾ ਕਿ ਜੇ 'ਏਕ ਨੂਰ ਤੇ ਸਭ ਜੱਗ ਉਪਜਿਆ' ਹੈ ਤਾਂ ਕੁਦਰਤ ਦੀਆਂ ਬੇਅੰਤ ਦੌਲਤਾਂ ਤੇ ਉਸ ਨੂੰ ਉਸ ਦਾ ਹੱਕ ਕਿਉਂ ਨਹੀਂ ਮਿਲਦਾ? ਉਸ ਦੀ ਖ਼ੂਨ ਪਸੀਨੇ ਦੀ ਮਿਹਨਤ ਦੇ ਬਾਵਜ਼ੂਦ ਉਸ ਦੀ ਕੁਲੀ, ਗੁੱਲੀ ਅਤੇ ਜੁੱਲੀ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ? ਉਸ ਦੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ?
ਗ਼ੈਰ ਸਰਕਾਰੀ ਆਂਕੜੇ ਦੱਸਦੇ ਹਨ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਦੁਨੀਆਂ ਵਿਚੋਂ 5000 ਹਜ਼ਾਰ ਦੇ ਕਰੀਬ ਕਰੌੜਪਤੀ ਖਤਮ ਹੋ ਗਏ ਹਨ ਪਰ ਜੇ ਦੁਨੀਆਂ ਦੇ ਸਾਰੇ ਕਰੌੜਪਤੀ ਵੀ ਖਤਮ ਹੋ ਜਾਣ ਤਾਂ ਵੀ ਕੀ ਫਰਕ ਪੈਂਦਾ ਹੈ? ਦੁਨੀਆਂ ਇਸੇ ਤਰ੍ਹਾਂ ਹੀ ਚਲਦੀ ਰਹੇਗੀ। ਹਾਂ ਦੁਨੀਆਂ ਤੋਂ ਰੋਡਪਤੀ ਖਤਮ ਹੋ ਗਏ ਤਾਂ ਜ਼ਰੂਰ ਫਰਕ ਪਵੇਗਾ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਰੋਡਪਤੀ ਕੌਣ ਹਨ? ਇਹ ਰੋਡਪਤੀ ਉਹ ਮਿਹਨਤਕਸ਼ ਹਨ ਜੋ ਜੀਅ ਤੋੜ ਕੇ ਮਿਹਨਤ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਰੋਟੀ ਪੂਰੀ ਨਹੀਂ ਹੁੰਦੀ। ਇਹ ਰੋਡਪਤੀ ਹਨ ਮਜ਼ਦੂਰ ਜੋ ਸੜਕਾਂ ਬਣਾਉਂਦੇ ਹਨ ਅਤੇ ਸੜਕਾਂ ਤੇ ਹੀ ਮਰ ਜਾਂਦੇ ਹਨ। ਇਹ ਰੋਡਪਤੀ ਹਨ ਜੋ ਗਗਨ ਚੁੰਬੀ ਇਮਾਰਤਾਂ ਤਾਂ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੁੰਦੀ। ਉਹ ਕਿਸਾਨ ਜੋ ਅੰਨ ਉਗਾਉਂਦੇ ਹਨ ਪਰ ਉਨ੍ਹਾਂ ਨੂੰ ਆਪ ਨੂੰ ਫਾਕੇ ਕੱਟਣੇ ਪੈਂਦੇ ਹਨ। ਸਭ ਤਰ੍ਹਾਂ ਦੇ ਮਿਹਨਤਕਸ਼ ਜਿਵੇਂ ਰ੍ਹੇੜੀ ਫੜੀ ਵਾਲ,ੇ ਧੋਬੀ, ਦਰਜੀ, ਨਾਈ, ਤਰਖਾਣ, ਲੁਹਾਰ ਆਦਿ ਸਾਰੇ ਮਿਹਨਤਕਸ਼ ਕੁਝ ਹੱਦ ਤੱਕ ਇਸੇ ਸ਼੍ਰੇਣੀ ਵਿਚ ਹੀ ਆਉਂਦੇ ਹਨ। ਜੇ ਇਹ ਸਭ ਕੰਮ ਕਰਨਾ ਬੰਦ ਕਰ ਦੇਣ ਤਾਂ ਯਕੀਨਨ ਦੁਨੀਆਂ ਨੂੰ ਫਰਕ ਪਵੇਗਾ। ਦੁਨੀਆਂ ਦੀ ਚਾਲ ਰੁਕ ਜਾਵੇਗੀ। ਵਿਕਾਸ ਦਾ ਪਹੀਆ ਜਾਮ ਹੋ ਜਾਵਾਗਾ। ਕੋਈ ਪੈਦਾਵਾਰ ਨਹੀਂ ਹੋਵੇਗੀ। ਸਭ ਦੀਆਂ ਸੁੱਖ ਸਹੂਲਤਾਂ ਬੰਦ ਹੋ ਜਾਣਗੀਆਂ ੳਤੇ ਲੋਕ ਭੁੱਖੇ ਮਰਨ ਲੱਗ ਪੈਣਗੇ। ਇਹ ਮਿਹਨਤਕਸ਼ ਸਭ ਜ਼ਿਆਦਤੀਆਂ ਸਹਾਰ ਕੇ ਤੰਗੀਆਂ ਤੁਰਸ਼ੀਆਂ ਵਿਚ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ। ਇਨ੍ਹਾਂ ਦੀ ਕਮਾਈ ਲਗਾਤਾਰ ਲੁੱਟੀ ਜਾ ਰਹੀ ਹੈ। ਕੌਣ ਹਨ ਉਹ ਲੋਕ ਜੋ ਇਨ੍ਹਾਂ ਦੀ ਕਮਾਈ ਲੁੱਟ ਕੇ ਖਾ ਰਹੇ ਹਨ?
ਇਤਿਹਾਸ ਗੁਵਾਹ ਹੈ ਕਿ ਯੁੱਧਾਂ ਨੇ ਏਨਾ ਨਰਸੰਘਾਰ ਨਹੀਂ ਕੀਤਾ ਜਿੰਨਾ ਧਰਮਾਂ ਨੇ ਕੀਤਾ ਹੈ। ਨਰ ਬਲੀ, ਸਤੀ ਪ੍ਰਥਾ, ਦੇਵ ਦਾਸੀਆਂ ਦੀ ਪ੍ਰਥਾ, ਜਾਤੀ ਪ੍ਰਥਾ ਅਤੇ ਊਚ ਨੀਚ ਸਭ ਇਨ੍ਹਾਂ ਧਰਮਾਂ ਦੀ ਹੀ ਦੇਣ ਹੈ। ਕਦੀ ਫਤਵਾ ਲਾ ਕੇ ਨਿਰਦੋਸ਼ ਬੱਚਿਆਂ ਨੂੰ ਕਤਲ ਕਰਾ ਦਿੱਤਾ ਜਾਂਦਾ ਅਤੇ ਕਦੀ ਸਿਗਰਟ, ਗਊ ਮਾਸ ਜਾਂ ਸੂਰ ਦੇ ਮਾਸ ਕਾਰਨ ਦੰਗੇ ਕਰਾ ਦਿੱਤੇ ਜਾਂਦੇ ਹਨ।ਸਭ ਤੋਂ ਜ਼ਿਆਦਾ ਮਿਹਨਤੀ ਬੰਦਿਆਂ ਨੂੰ ਸ਼ੂਦਰ ਗਰਦਾਨਿਆਂ ਗਿਆ। ਗ਼ਰੀਬਾਂ ਦੇ ਮਨ ਵਿਚ ਇਹ ਗੱਲ ਪੱਕੀ ਕਰ ਦਿੱਤੀ ਗਈ ਕਿ ਉਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਪੁਰਬਲੇ ਜਨਮਾ ਦੇ ਕਰਮਾ ਕਾਰਨ ਹੀ ਹੈ। ਉਨ੍ਹਾਂ ਨੂੰ ਗ਼ਰੀਬੀ ਵਿਚ ਹੀ ਸਬਰ ਕਰਨ ਦਾ ਉਪਦੇਸ਼ ਦਿੱਤਾ ਗਿਆ। ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਵਹਿਮਾ ਭਰਮਾ
ਵਿਚ ਪਾ ਕੇ ਲੁੱਟਿਆ ਗਿਆ। ਉਨ੍ਹਾਂ ਨੂੰ ਨਰਕਾਂ ਦੇ ਡਰਾਵੇ ਦਿੱਤੇ ਗਏ ਅਤੇ ਉਨ੍ਹਾਂ ਕੋਲੌਂ ਦਾਨ ਲੈਣ ਲਈ ਸਵਰਗਾਂ ਦੇ ਲਾਲਚ ਵੀ ਦਿੱਤੇ ਗਏ। ਇਸ ਤਰ੍ਹਾਂ ਇਹ ਧਰਮ ਦੇ ਠੇਕੇਦਾਰ ਗ਼ਰੀਬਾਂ ਦਾ ਰੱਜ ਕੇ ਸੋਸ਼ਨ ਕਰ ਰਹੇ ਹਨ।
ਇਸ ਤੋਂ ਬਾਅਦ ਸਿਆਸਤਦਾਨ ਗ਼ਰੀਬਾਂ ਦੀਆਂ ਵੋਟਾਂ ਲੈ ਕੇ ਦੇਸ਼ ਦੇ ਹਾਕਮ ਬਣ ਬੈਠਦੇ ਹਨ। ਉਹ ਵੀ ਗ਼ਰੀਬਾਂ ਨੂੰ ਚੰਗੇ ਦਿਨਾ ਦੇ ਆਉਣ ਦੇ ਲਾਰੇ ਲਾ ਕੇ ਰੱਖਦੇ ਹਨ। ਫੌਕਿਆਂ ਲਾਰਿਆ ਨਾਲ ਗ਼ਰੀਬਾਂ ਦੀ ਕਿਸਮਤ ਨਹੀਂ ਬਦਲਦੀ। ਇਹ ਗ਼ਰੀਬ ਮੁਲਕ ਦੇ ਅਮੀਰ ਹਾਕਮ ਅਪਣੀ ਐਸ਼ ਪਰਸਤੀ ਲਈ ਭਾਰੀ ਟੈਕਸ ਲਾਉਂਦੇ ਹਨ ਅਤੇ ਗ਼ਰੀਬਾਂ ਨੂੰ ਹੋਰ ਨਿਚੋੜਦੇ ਹਨ। ਜੇ ਕੋਈ ਬੋਲੇ ਤਾਂ ਉਸ ਨੂੰ ਕਾਨੂੰਨ ਦੇ ਡੰਡੇ ਨਾਲ ਕੁਚਲ ਦਿੱਤਾ ਜਾਂਦਾ ਹੈ। ਸਿਆਸਤਦਾਨ ਬਹੁਤ ਸ਼ਾਤਰ ਦਿਮਾਗ਼ ਦੇ ਹੁੰਦੇ ਹਨ। ਉਹ ਗ਼ਰੀਬਾਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੇ ਪਰਿਵਾਰ ਦੇ ਕਿੰਨੇ ਬੰਦੇ ਹਨ ਸਗੋਂ ਉਹ ਪੁੱਛਦੇ ਹਨ ਕਿ ਤੁਹਾਡੇ ਕਿੰਨੇ ਵੋਟ ਹਨ। ਉਹ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ ਪਰ ਆਪਣੇ ਵੋਟਾਂ ਲਈ ਲੋਕਾਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਹਨ ਅਤੇ ਦੰਗੇ ਫਸਾਦ ਕਰਾਉਂਦੇ ਰਹਿੰਦੇ ਹਨ। ਉਨ੍ਹਾਂ ਲਈ ਭਾਵੇਂ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਬਸ ਉਨ੍ਹਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ।
ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਰਮਾਏਦਾਰਾਂ ਦਾ। ਲੱਖਾਂ ਲੋਕਾਂ ਨੂੰ ਕੰਗਾਲ ਕਰ ਕੇ ਹੀ ਇਕ ਸਰਮਾਏਦਾਰ (ਕਰੌੜਪਤੀ) ਬਣਦਾ ਹੈ। ਪੂੰਜੀਪਤੀ ਹੋਣ ਕਾਰਨ ਇਹ ਪੈਸੇ ਦੇ ਜੋਰ ਨਾਲ ਪੈਦਾਵਰ ਅਤੇ ਉਤਪਾਦਨ ਦੇ ਸਾਰੇ ਸਾਧਨਾ ਤੇ ਆਪਣਾ ਕਬਜ਼ਾ ਕਰੀ ਬੈਠੇ ਹਨ। ਇਹ ਲੋਕ ਮਿਹਨਤਕਸ਼ਾਂ ਕੋਲੋਂ ਆਪਣੇ ਕਾਰਖਾਨਿਆਂ ਅਤੇ ਭੱਠਿਆਂ ਤੇ ਕੰਮ ਲੈਂਦੇ ਹਨ।ਇਹ ਦਾਅਵਾ ਕਰਦੇ ਹਨ ਕਿ ਦੇਸ਼ ਉਨ੍ਹਾਂ ਦੇ ਸਿਰ ਤੇ ਚੱਲ ਰਿਹਾ ਹੈ ਕਿਉਂਕਿ ਸਾਰਾ ਵਿਕਾਸ ਉਹ ਕਰਦੇ ਹਨ।ਪਰ ਅਸਲ ਵਿਚ ਸਾਰਾ ਉਤਪਾਦਨ ਤਾਂ ਮਿਹਨਤਕਸ਼ ਕਰ ਰਹੇ ਹੁੰਦੇ ਹਨ। ਜੇ ਉਹ ਇਕ ਦਿਨ ਵੀ ਕੰਮ ਕਰਨਾ ਬੰਦ ਕਰ ਦੇਣ ਤਾਂ ਉਤਪਾਦਨ ਵੀ ਬੰਦ ਹੋ ਜਾਵੇਗਾ। ਫਿਰ ਵਿਕਾਸ ਕਿੱਥੋਂ ਹੋਵੇਗਾ? ਕੰਮ ਮਿਹਨਤੀ ਲੋਕ ਕਰਦੇ ਹਨ ਪਰ ਰੱਜਵੀਂ ਕਮਾਈ ਸਰਮਾਏਦਾਰਾਂ ਦੀ ਹੁੰਦੀ ਹੈ। ਗ਼ਰੀਬ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਸਰਮਾਏਦਾਰ ਪੈਸੇ ਦੇ ਬਲ ਨਾਲ ਸਰਕਾਰ ਅਤੇ ਧਰਮ ਗੁਰੂਆਂ ਨੂੰ ਵੀ ਆਪਣੀ ਮੁੱਠੀ ਵਿਚ ਰੱਖਦੇ ਹਨ।
ਇਸ ਪ੍ਰਕਾਰ ਧਰਮ ਦੇ ਠੇਕੇਦਾਰ, ਰਾਜਨੇਤਾ ਅਤੇ ਸਰਮਾਏਦਾਰ ਮਿਹਨਤਕਸ਼ਾਂ ਦਾ ਸੋਸ਼ਨ ਕਰਦੇ ਹਨ। ਉਹ ਆਪਸ ਵਿਚ ਰਲੇ ਹੋਏ ਹਨ ਅਤੇ ਮਿਲ ਕੇ ਗ਼ਰੀਬਾਂ ਦੀ ਕਮਾਈ ਦੀ ਲੁੱਟ ਕਰਦੇ ਹਨ। ਤਿੰਨੇ ਗ਼ਰੀਬਾਂ ਨਾਲ ਅਣਮਨੁੱਖੀ ਵਰਤਾਰਾ ਕਰਦੇ ਹਨ। ਇਨ੍ਹਾਂ ਤਿੰਨਾ ਨੇ ਮਿਹਨਤਕਸ਼ਾਂ ਨੂੰ ਤਰਸ ਦੇ ਪਾਤਰ ਬਣਾ ਰੱਖ ਦਿੱਤਾ ਹੈ ਜੋ ਇਨ੍ਹਾਂ ਦੀ ਦਇਆ, ਖੈਰਾਤ ਅਤੇ ਸਰਪਰਸਤੀ ਵਿਚ ਹੀ ਆਪਣਾ ਜੀਵਨ ਬਸਰ ਕਰਦੇ ਹਨ। ਗ਼ਰੀਬ ਆਦਮੀ ਸੋਚਦਾ ਹੈ ਕਿ ਮੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ? ਮੈਂ ਗ਼ਰੀਬ ਕਿਉਂ ਹਾਂ? ਧਰਮ ਦਾ ਡਰਾਵਾ, ਕਾਨੂੰਨ ਦੇ ਸ਼ਿਕੰਜੇ ਅਤੇ ਸਰਮਾਏਦਾਰਾਂ ਦੇ ਪੈਸੇ ਦੀ ਤਾਕਤ ਉਸ ਨੂੰ ਇਸ ਗ਼ਰੀਬੀ 'ਚੋਂ ਬਾਹਰ ਨਹੀਂ ਆਉਣ ਦਿੰਦੀ। ਉਹ ਮਿਹਨਤ ਕਰਕੇ ਦਿਨੇ ਰਾਤੀ ਆਪਣਾ ਖ਼ੂਨ ਜਲਾਉਂਦਾ ਹੈ। ਫਿਰ ਵੀ ਉਸ ਦੀ ਜ਼ਿੰਦਗੀ ਵਿਚ ਰੋਸ਼ਨੀ ਨਹੀਂ ਹੁੰਦੀ। ਉਹ ਕੋਹਲੂ ਦੇ ਬੈਲ ਦੀ ਤਰ੍ਹਾਂ ਲਗਾਤਾਰ ਤੁਰੀ ਜਾ ਰਿਹਾ ਹੈ ਪਰ ਪਹੁੰਚਦਾ ਕਿਤੇ ਵੀ ਨਹੀਂ। ਅਸਲ ਵਿਚ ਗ਼ਰੀਬੀ ਲਈ ਮਿਹਨਤਕਸ਼ ਦਾ ਕਸੂਰ ਨਹੀਂ। ਸਾਰਾ ਕਸੂਰ ਨਿਜ਼ਾਮ ਦਾ ਹੈ। ਇਸ ਨਿਜ਼ਾਮ ਨੂੰ ਬਦਲਣ ਦੀ ਲੋੜ ਹੈ। ਗ਼ਰੀਬੀ ਸਰਕਾਰ ਲਈ ਇਕ ਲਾਹਨਤ ਹੈ।
ਧਰਮਗੁਰੂੂੂੂੂੂੂਆਂ, ਸਿਆਸਤਦਾਨਾ ਅਤੇ ਸਰਮਾਏਦਾਰਾਂ ਦੇ ਲਾਰਿਆਂ ਨਾਲ ਗ਼ਰੀਬ ਦੀ ਕਿਸ਼ਤੀ ਭੰਵਰ ਵਿਚ ਫਸੀ ਪਈ ਹੈ। ਉਸ ਦੀ ਕਿਸਮਤ ਉਸ ਦੀਆਂ ਦਹਿਲੀਜ਼ਾਂ 'ਤੋਂ ਆ ਕੇ ਮੁੜ ਜਾਂਦੀ ਹੈ। ਇਨ੍ਹਾਂ ਲੋਟੂਆਂ ਨੂੰ ਇਹ ਵੀ ਪਤਾ ਹੈ
ਕਿ ਜੇ ਮਿਹਨਤਕਸ਼ ਰੱਜ ਕੇ ਰੋਟੀ ਖਾਣ ਲੱਗ ਪਿਆ ਤਾਂ ਉਸ ਨੇ ਇਨ੍ਹਾਂ ਦੇ ਮੱਕੜਜਾਲ ਵਿਚੋਂ ਨਿਕਲ ਜਾਣਾ ਹੈ ਅਤੇ ਉਸ ਨੇ ਇਨ੍ਹਾਂ ਤਿੰਨਾ ਨੂੰ ਨਕਾਰ ਦੇਣਾ ਹੈ। ਮਿਹਨਤਕਸ਼ ਨੂੰ ਇਕ ਦਿਨ ਸਮਝਣਾ ਪਵੇਗਾ ਕਿ ਗ਼ਰੀਬੀ ਉਸ ਦੀ ਕਿਸਮਤ ਨਹੀਂ, ਉਸ ਦਾ ਸੋਸ਼ਨ ਹੈ। ਕਿਸਮਤ ਦੇ ਭਰੋਸੇ ਬੈਠੇ ਰਹਿਣ ਨਾਲ ਕਦੀ ਨਸੀਬ ਨਹੀਂ ਬਦਲਦੇ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-094631-89432
email: gursharan1183@yahoo.in
ਜ਼ਿੰਦਗੀ ਦੇ ਸੁਨਹਿਰੀ ਸਾਲ - ਗੁਰਸ਼ਰਨ ਸਿੰਘ ਕੁਮਾਰ
'ਮਨੁੱਖ' ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੌਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ ਪ੍ਰਾਣੀ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਵਿਕਸਤ ਦਿਮਾਗ ਦਿੱਤਾ ਹੈ। ਫਿਰ ਇਸ ਨੂੰ ਲਿਪੀ ਅਤੇ ਭਾਸ਼ਾ ਦੀ ਦਾਤ ਬਖ਼ਸ਼ੀ ਹੈ। ਮਨੁੱਖ ਦੇ ਸਰੀਰਕ ਅੰਗ ਵੀ ਜਾਨਵਰਾਂ ਨਾਲੋਂ ਵਿਕਸਤ ਹਨ। ਇਸ ਹਿਸਾਬ ਸਿਰ ਤਾਂ ਮਨੁੱਖ ਨੂੰ ਕੰਮ ਵੀ ਉੱਤਮ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾ ਨੂੰ ਇਹ ਅਫ਼ਸੋਸ ਨਾ ਹੋਵੇ ਕਿ ਕਿਸੇ ਪ੍ਰਾਣੀ ਨੂੰ ਉਸ ਨੇ ਮਨੁੱਖਾ ਜਨਮ ਦੇ ਕੇ ਕੋਈ ਗ਼ਲਤ ਕੰਮ ਤਾਂ ਨਹੀਂ ਕੀਤਾ। ਸਾਨੂੰ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ ਹੈ। ਇਹ ਇਸ ਗੱਲ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ।
ਧਰਤੀ 'ਤੇ ਬੱਚੇ ਦਾ ਜਨਮ ਕੁਦਰਤ ਦਾ ਇਕ ਕ੍ਰਿਸ਼ਮਾ ਹੀ ਹੁੰਦਾ ਹੈ। ਇਸ ਜਨਮ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜਨਮ ਸਮੇਂ ਬੱਚਾ ਬਹੁਤ ਹੀ ਨਿਰਬਲ ਹੁੰਦਾ ਹੈ। ਉਸ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਿਸੇ ਦੂਸਰੇ ਬੰਦੇ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ।। ਹੌਲੀ ਹੌਲੀ ਜਦ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਤੋਤਲੀ ਜੁਬਾਨ ਵਿਚ ਬੋਲਣਾ ਸਿੱਖਦਾ ਹੈ ਅਤੇ ਡੋਲਦੀਆਂ ਲੱਤਾਂ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਦੀਆਂ ਇਹ ਛੋਟੀਆਂ ਛੋਟੀਆਂ ਹਰਕਤਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਫਿਰ ਉਹ ਵਿਦਿਅਕ ਗਿਆਨ ਅਤੇ ਹੋਰ ਕਈ ਨਵੀਆਂ ਨਵੀਆਂ ਗੱਲਾਂ ਸਿੱਖਦਾ ਹੈ। ਜਵਾਨੀ ਦੀ ਉਮਰ ਵਿਚ ਆ ਕੇ ਬੰਦਾ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਮਰ ਉਸ ਦੀ ਘੋੜੇ ਦੀ ਤਰ੍ਹਾਂ ਹੁੰਦੀ ਹੈ। ਉਹ ਸ਼ਕਤੀ ਨਾਲ ਭਰਪੂਰ ਹੁੰਦਾ ਹੈ। ਉਹ ਕਮਾਈ ਕਰਦਾ ਹੈ ਅਤੇ ਸ਼ਾਦੀ ਕਰ ਕੇ ਆਪਣਾ ਇਕ ਨਵਾਂ ਸੰਸਾਰ ਵਸਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਅਣਕਿਆਸੀਆਂ ਜ਼ਰੂਰਤਾਂ ਅਤੇ ਸੁਰੱਖਿਅਤ ਭੱਵਿਖ ਲਈ ਕੁਝ ਵੱਖਰਾ ਧਨ ਬਚਾ ਕਿ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਬਿਮਾਰੀਆਂ, ਠੋਕਰਾਂ ਅਤੇ ਦੁਰਘਟਨਾਵਾਂ ਤੋਂ ਕਿਸੇ ਤਰ੍ਹਾਂ ਬਚਦਾ ਹੋਇਆ ਉਹ ਆਪਣੀ ਉਮਰ ਦੇ ਅਗਲੇ ਪੜਾਅ ਵੱਲ ਅੱਗੇ ਵਧਦਾ ਹੈ। ਜ਼ਿੰਦਗੀ ਵਿਚ ਇਕ ਐਸੀ ਚੀਜ਼ ਹੈ ਜੋ ਬਿਨਾ ਤੁਹਾਡੀ ਕਿਸੇ ਕੋਸ਼ਿਸ਼ ਜਾਂ ਬਿਨਾ ਕਿਸੇ ਜ਼ੋਰ ਲਾਣ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ ਉਹ ਹੈ ਤੁਹਾਡੀ ਉਮਰ।
ਸੱਠ ਕੁ ਸਾਲ ਦੀ ਉਮਰ ਦੇ ਪੜਾਅ ਤੇ ਆ ਕੇ ਮਨੁੱਖ ਦੀ ਉਮਰ ਕੁਝ ਢਲਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਸਾਰੇ ਅੰਗ ਕੁਝ ਕਮਜ਼ੋਰ ਪੈ ਜਾਂਦੇ ਹਨ। ਇਸ ਅਵਸਥਾ ਵਿਚ ਆ ਕਿ ਉਹ ਆਪਣੇ ਆਪ ਨੂੰ ਕੁਝ ਬੁੱਢਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਕ ਪੀੜ੍ਹੀ ਦਾ ਪਾੜਾ ਵੀ ਪੈ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਸਮਝੋਤੇ ਵੀ ਕਰਨੇ ਪੈਂਦੇ ਹਨ। ਉਸ ਨੂੰ ਪੁਰਾਣੀਆਂ ਕੌੜੀਆਂ ਕੁਸੈਲੀਆਂ ਘਟਨਾਵਾਂ ਨੂੰ ਯਾਦ ਕਰ ਕੇ ਦੁਖੀ ਨਹੀਂ ਹੁੰਦੇ ਰਹਿਣਾ ਚਾਹੀਦਾ। ਜੇ ਉਹ ਈਰਖਾ ਤੇ ਲਾਲਚ ਨੂੰ ਛੱਡ ਕੇ ਸੰਤੁਸ਼ਟ ਰਹੇਗਾ ਤਾਂ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੇਗੀ। ਭਵਿੱਖ ਬਾਰੇ ਵੀ ਕੋਈ ਬਹੁਤੀਆਂ ਝੂਠੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਕੀ ਪਤਾ ਕੱਲ ਆਵੇ ਜਾਂ ਨਾ ਆਵੇ। ਮਨੁੱਖ ਦੀ ਜ਼ਿੰਦਗੀ ਉਹ ਹੀ ਹੈ ਜੋ ਅੱਜ ਉਹ ਜੀ ਰਿਹਾ ਹੈ। ਇਸ ਲਈ ਕਿਸੇ ਨਾਲ ਵਰਤਦੇ ਸਮੇਂ ਇਹ ਹੀ ਸੋਚੋ ਕਿ ਸ਼ਾਇਦ ਤੁਹਾਡੀ ਉਸ ਨਾਲ ਅੰਤਿਮ ਮੁਲਾਕਾਤ ਹੀ ਹੈ। ਫਿਰ ਦੁਨੀਆਂ ਵਿਚ ਕੇਵਲ ਤੁਹਾਡੀਆਂ ਗੱਲਾਂ ਹੀ ਰਹਿ ਜਾਣੀਆਂ ਹਨ, ਤੁਸੀਂ ਆਪ ਨਹੀਂ ਹੋਣਾ। ਤੁਹਾਡੀਆਂ ਅੰਤਿਮ ਰਸਮਾਂ ਵਿਚੋਂ ਵੀ ਤੁਸੀਂ ਆਪ ਗ਼ੈੈੈਰ ਹਾਜ਼ਰ ਹੀ ਹੋਣਾ ਹੈ। ਇਸ ਲਈ ਅੱਜ ਨੂੰ ਮਾਣੋ।
ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਪ੍ਰਸਨ ਲੰਮੀ ਉਮਰ ਹੋਵੇ ਪਰ ਇਸ ਲਈ ਮਨੁੱਖ ਨੂੰ ਆਪ ਕੁਝ ਯਤਨ ਵੀ ਕਰਨੇ ਚਾਹੀਦੇ ਹਨ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਦੂਜਿਆਂ ਤੋਂ ਸੇਵਾ ਕਰਾ ਕੇ ਜੀਣਾ ਵੀ ਕੀ ਜੀਣਾ? ਇਹ ਇਕ ਨਰਕ ਭਰੀ ਜ਼ਿੰਦਗੀ ਭੁਗਤਣਾ ਹੀ ਹੈ। ਇਸ ਲਈ ਆਪਣੀ ਸਿਹਤ ਦੀ ਸੰਭਾਲ ਰੱਖੋ। ਤੁਹਾਡੀ ਅਸਲ ਜ਼ਿੰਦਗੀ ਉਹ ਹੀ ਹੈ ਜੋ ਤੁਸੀਂ ਆਪ ਖ਼ੁਸ਼ ਰਹਿ ਕੇ ਦੂਜਿਆਂ ਨੂੰ ਖ਼ੁਸ਼ੀਆਂ ਵੰਡਦੇ ਹੋਏ ਜਿਉਂਦੇ ਹੋ।
ਜਨਮ ਅਤੇ ਮੌਤ ਮਨੁੱਖ ਦੇ ਆਪਣੇ ਹੱਥ ਨਹੀਂ। ਬੇਸ਼ੱਕ ਇਹ ਸਭ ਨੂੰ ਪਤਾ ਹੈ ਕਿ ਉਸ ਦੀ ਅੰਤਿਮ ਮੰਜ਼ਿਲ ਮੌਤ ਹੀ ਹੈ ਪਰ ਕਦੋਂ, ਕਿੱਥੇ, ਕਿਸ ਸਮੇਂ ਅਤੇ ਕਿਵੇਂ ਮਰਨਾ ਹੈ ਇਹ ਕੋਈ ਨਹੀਂ ਜਾਣਦਾ। ਮਰ ਕੇ ਉਸ ਨਾਲ ਕੀ ਬੀਤਣੀ ਹੈ , ਕਿੱਥੇ ਜਾਣਾ ਹੈ, ਇਹ ਵੀ ਕੋਈ ਨਹੀਂ ਜਾਣਦਾ। ਜੋ ਇਕ ਵਾਰੀ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ ਉਹ ਫਿਰ ਕਦੀ ਵਾਪਸ ਨਹੀਂ ਆਉਂਦਾ। ਇਸ ਲਈ ਕੁਦਰਤ ਦਾ ਇਹ ਭੇਦ ਬਣਿਆ ਹੀ ਰਹਿੰਦਾ ਹੈ। ਬੰਦੇ ਦੇ ਭਾਗ (ਕਿਸਮਤ) ਨੂੰ ਕੇਵਲ ਭਗਵਾਨ ਹੀ ਜਾਣਦਾ ਹੈ ਪਰ ਉਹ ਕਿਸੇ ਦੇ ਭਾਗਾਂ ਵਿਚ ਦਖਲ ਨਹੀਂ ਦਿੰਦਾ। ਬੰਦੇ ਨੂੰ ਆਪਣੀ ਕਿਸਮਤ ਆਪਣੇ ਕਰਮਾਂ ਦੁਆਰਾ ਖ਼ੁਦ ਹੀ ਬਣਾਉਣੀ ਪੈਂਦੀ ਹੈ। ਅਸਲ ਵਿਚ ਅੱਗੋਂ ਕੀ ਹੋਣ ਵਾਲਾ ਹੈ ਇਸ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ।
ਪੈਸੇ ਦੇ ਲਾਲਚ ਕਾਰਨ ਮਨੁੱਖ ਮਾਇਆ ਦੇ ਢੇਰ ਇਕੱਠੇ ਕਰਨਾ ਚਾਹੁੰਦਾ ਹੈ। ਇਸ ਨਾਲ ਉਸ ਦਾ ਹੰਕਾਰ ਵਧਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਹੈ ਪਰ ਐਸੀ ਉੱਚਾਈ ਦਾ ਵੀ ਕੀ ਫਾਇਦਾ ਜਿੱਥੋਂ ਆਪਣੇ ਹੀ ਨਜ਼ਰ ਨਾ ਆਉਣ। ਜੇ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫੀ ਹਨ। ਦੁਨੀਆਂ ਤੇ ਆਏ ਹੋ ਤਾਂ ਹੜਕੰਪ ਮਚਾ ਕੇ ਦੂਸਰਿਆਂ ਨੂੰ ਬੇਚੈਨ ਨਾ ਕਰੋ। ਕਿਸੇ ਦਾ ਹੱਕ ਨਾ ਮਾਰੋ। ਕਿਸੇ ਦਾ ਦਿਲ ਨਾ ਦੁਖਾਵੋ। ਗ਼ਰੀਬ ਗੁਰਬੇ ਦੀ ਮਦਦ ਕਰੋ। ਆਪਣੇ ਧਨ ਨੂੰ ਸ਼ੁਭ ਕਰਮਾਂ ਦੀ ਕਰੰਸੀ ਵਿਚ ਬਦਲੋ। ਇਹ ਸ਼ੁਭਕਰਮਾਂ ਦਾ ਧਨ ਹੀ ਅੱਗੇ ਤੁਹਾਡੇ ਨਾਲ ਜਾਏਗਾ ਅਤੇ ਤੁਹਾਡੇ ਕੰਮ ਆਏਗਾ। ਸਹਿਜ ਨਾਲ ਜ਼ਿੰਦਗੀ ਜੀਓ। ਫੁੱਲਾਂ ਦੀ ਤਰ੍ਹਾਂ ਸੁੰਦਰਤਾ ਅਤੇ ਖ਼ੁਸ਼ਬੂਆਂ ਵੰਡੋ।
ਯਾਦ ਰੱਖੋ ਬੁਢਾਪਾ ਉਮਰ ਨਾਲ ਨਹੀਂ ਆਉਂਦਾ ਸਗੋਂ ਬੁਢਾਪਾ ਬੰਦੇ ਦੇ ਵਿਚਾਰਾਂ ਨਾਲ ਆਉਂਦਾ ਹੈ। ਕਈ ਲੋਕ 18 ਸਾਲ ਦੀ ਉਮਰ ਵਿਚ ਹੀ ਬੁੱਢੇ ਹੋ ਜਾਂਦੇ ਹਨ ਪਰ ਕਈ ਲੋਕ 100 ਸਾਲ ਦੀ ਉਮਰ ਵਿਚ ਵੀ ਜੁਆਨ ਰਹਿੰਦੇ ਹਨ। ਆਪਣੇ ਆਪ ਨੂੰ ਬੁੱਢਾ ਸਮਝਣਾ ਆਪਣੀ ਪ੍ਰਗਤੀ ਰੋਕਣਾ ਹੈ। ਇਸ ਲਈ ਕਦੀ ਨਾ ਸਮਝੋ ਕਿ ਮੈਂ ਬੁੱਢਾ ਹੋ ਰਿਹਾ ਹਾਂ ਸਗੋਂ ਇਹ ਸਮਝੋ ਕਿ ਮੈਂ ਹੋਰ ਤਜ਼ਰਬੇਕਾਰ, ਸਿਆਣਾ ਤੇ ਲੋਕ ਪ੍ਰਿਅ ਹੋ ਰਿਹਾ ਹਾਂ।ਤੁਹਾਡੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਤੁਹਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਤੁਹਾਡਾ ਸਬੰਧ ਜੋੜਦੀਆਂ ਹਨ।
ਜ਼ਿੰਦਗੀ ਵਿਚ ਕੋਈ ਆਦਮੀ ਵੀ ਸੰਪੂਰਨ ਨਹੀਂ ਹੁੰਦਾ। ਗੁਣ ਅੋਗੁਣ ਸਭ ਵਿਚ ਹੀ ਹੁੰਦੇ ਹਨ। ਜੇ ਤੁਹਾਡੀ ਪਹਿਲੀ ਜ਼ਿੰਦਗੀ ਦੁੱਖਾਂ ਭਰੀ ਰਹੀ ਹੈ ਤਾਂ ਹੁਣ ਸਭ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਸ਼ਂਾਤਮਈ ਬਣਾਓ। ਕਈ ਵਾਰੀ ਪੈਰਾਂ ਦੇ ਛਾਲਿਆਂ ਨਾਲ ਵੀ ਜ਼ਿੰਦਗੀ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ ਅਤੇ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ। ਤਹਾਡੀ ਪਹਿਲੀ ਜ਼ਿੰਦਗੀ ਭਾਵੇਂ ਜਿਹੋ ਜਿਹੀ ਮਰਜ਼ੀ ਬੀਤੀ ਹੋਵੇ ਪਰ ਤੁਹਾਡੀ ਅੰਤਲੀ ਉਮਰ ਬਹੁਤ ਖ਼ੁਸ਼ਹਾਲ ਅਤੇ ਸੁੱਖਮਈ ਹੋਣੀ ਚਾਹੀਦੀ ਹੈ। ਮਨ ਤੇ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਮੌਤ ਇਕ ਸ਼ਾਨਦਾਰ ਮੌਤ ਹੋਵੇ। ਮੰਜ਼ਿਲ ਤੇ ਉਹ ਹੀ ਪਹੁੰਚਦੇ ਹਨ ਜੋ ਰੁਕਾਵਟਾਂ ਨੂੰ ਹੌਸਲੇ ਨਾਲ ਪਾਰ ਕਰਨ ਦਾ ਜਿਗਰਾ ਰੱਖਦੇ ਹਨ ਅਤੇ ਦੁੱਖਾਂ ਨੂੰ ਸਬਰ ਨਾਲ ਸਹਾਰਦੇ ਹਨ।
ਆਪਣੇ ਬੁਢਾਪੇ ਤੇ ਕਦੀ ਨਾ ਝੂੂੂੂੂੂੂੂੂੂੂੂੂੂੂੂਰੋ। ਇਹ ਤੁਹਾਨੂੰ ਕੁਦਰਤ ਵਲੋਂ ਬੋਨਸ ਮਿਲਿਆ ਹੈ ਜੋ ਕਈਆਂ ਨੂੰ ਨਸੀਬ ਨਹੀਂ ਹੁੰਦਾ। ਤੁਹਾਡੀ ਉਮਰ ਦੇ ਸੁਨਹਿਰੀ ਸਾਲ ਹੁਣ ਸ਼ੁਰੂ ਹੋਏ ਹਨ। ਹੁਣ ਤੁਹਾਡੇ ਤੇ ਨੌਕਰੀ ਦੇ ਜਾਂ ਰੁਜ਼ਗਾਰ ਦੇ ਕੋਈ ਬੰਧਨ ਨਹੀਂ। ਤੁਸੀਂ ਆਪਣੀ ਮਰਜ਼ੀ ਨਾਲ ਜੋ ਕੰਮ ਕਰਨਾ ਚਾਹੋ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਆਪਣੇ ਹਿਸਾਬ ਸਿਰ ਖੁੱਲ ਕੇ ਜੀਅ ਸਕਦੇ ਹੋ। ਤੁਹਾਡੇ ਚਿਹਰੇ ਤੇ ਹਰ ਸਮੇਂ ਇਕ ਨੂਰ ਝਲਕਣਾ ਚਾਹੀਦਾ ਹੈ।