Ujagar Singh

ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ

ਤੇਜਿੰਦਰ ਸਿੰਘ ਅਨਜਾਨਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮਨ ਦੀ ਵੇਈਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 7 ਸ਼ਿਅਰਾਂ ਵਾਲੀਆਂ 47 ਗ਼ਜ਼ਲਾਂ ਹਨ। ਇਹ ਗ਼ਜ਼ਲਾਂ ਪਿੰਗਲ ਦੇ ਨਿਯਮਾ ‘ਤੇ ਪੂਰੀਆਂ ਉਤਰਦੀਆਂ ਹਨ। ਅਨਜਾਨਾ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ  ਬਹੁ-ਪੱਖੀ ਵਿਸ਼ਿਆਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਹ ਸਚਾਈ ਦੇ ਮਾਰਗ ‘ਤੇ ਚਲਣ ਵਾਲਾ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀਆਂ ਹਨ। ਸਮਾਜ ਵਿੱਚ ਵਾਪਰ ਰਹੀਆਂ ਅਸਮਾਜਿਕ ਘਟਨਾਵਾਂ ਸ਼ਾਇਰ ਨੂੰ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਗ਼ਜ਼ਲਾਂ ਲਿਖਣ ਲਈ ਪ੍ਰੇਰਦੀਆਂ ਹਨ। ਸਮਾਜ ਵਿੱਚ ਕੁਝ ਲੋਕ ਪ੍ਰਾਕ੍ਰਿਤਕ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਦੀਆਂ ਸਰਗਰਮੀਆਂ ਦਾ ਪਰਦਾ ਫਾਸ਼ ਕਰਨ ਵਾਲੀਆਂ ਗ਼ਜ਼ਲਾਂ ਵੀ ਉਹ ਲਿਖਦਾ ਹੈ। ਪਰਿਵਾਰਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਨੂੰ ਵੀ ਉਹ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾ ਰਿਹਾ ਹੈ। ਪੰਜਾਬੀਆਂ ਵਿੱਚ ਕਿਰਤ ਸਭਿਆਚਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਪੰਜਾਬੀ ਨੌਜਵਾਨੀ ਆਪਣੇ ਦੇਸ਼ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ ਪ੍ਰੰਤੂ ਪਰਵਾਸ ਵਿੱਚ ਜਾ ਕੇ ਹਰ ਕਿਸਮ ਦਾ ਕੰਮ ਕਰਨ ਨੂੰ ਤਿਆਰ  ਹੈ। ਆਲਸੀ ਲੋਕਾਂ ਬਾਰੇ ਤੇਜਿੰਦਰ ਸਿੰਘ ਅਨਜਾਨਾ ਦਾ ਸ਼ਿਅਰ ਹੈ:
                ਬਣਾਉਣੇ ਕੀ ਉਨ੍ਹਾਂ ਨੇ ਆਸ਼ਿਆਨੇ ਤਿਣਕਿਆਂ ਦੇ ਸੰਗ,
               ਜੋ ਡੂੰਘੀ  ਨੀਂਦਰੇ ਰਹਿੰਦੇ ਨੇ ਸੁਤੇ ਸੁਪਨਿਆਂ ਦੇ ਸੰਗ।
  ਤੇਜਿੰਦਰ ਸਿੰਘ ਅਨਜਾਨਾ ਦੀਆਂ ਗ਼ਜ਼ਲਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਮਾਨਵਤਾ ਦੀ ਨੈਤਿਕ ਗਿਰਾਵਟ ਦਾ ਜ਼ਿੰਮੇਵਾਰ ਸਮਝਦਾ ਹੈ। ਇਸ ਲਈ ਸਮਾਜਿਕ ਤਾਣੇ ਬਾਣੇ ਵਿੱਚ ਲੋਕਾਈ ਨੂੰ ਨੈਤਿਕਤਾ ਦਾ ਪੱਲਾ ਫੜ੍ਹਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਲੋਕਾਈ ਦੇ ਮਨਾ ਵਿੱਚ ਗੰਧਲਾਪਣ ਆ ਗਿਆ ਹੈ। ਇਸ ਨੂੰ ਸਾਫ਼ ਕਰਨ ਲਈ ਪੜ੍ਹਾਈ ਦੀ ਅਤਿਅੰਤ ਜ਼ਰੂਰਤ ਹੈ, ਜਿਹੜੀ ਇਨਸਾਨ ਨੂੰ ਸਿੱਧੇ ਰਸਤੇ ਚਲਣ ਦਾ ਰਾਹ ਵਿਖਾ ਸਕਦੀ ਹੈ। ਦੋ ਸ਼ਿਅਰਾਂ ਤੋਂ ਗ਼ਜ਼ਲਗੋ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਕਿ ਪੜ੍ਹਾਈ ਤੋਂ ਬਿਨਾ ਇਨਸਾਨ ਦੀ ਮਾਨਸਿਕਤਾ ਤੰਦਰੁਸਤ ਨਹੀਂ ਹੋ ਸਕਦੀ:
                    ਭਾਵੇਂ ਗੰਧਲੀ ਹੁੰਦੀ ਜਾਂਦੀ ਅੱਜ ਕਲ੍ਹ ਮਨ ਦੀ ਵੇਈਂ,
                     ਸ਼ਬਦਾਂ ਦੀ ਸਿੱਖਿਆ ਨੇ ਕਰਨੀ ਨਿਰਮਲ ਮਨ ਦੀ ਵੇਈਂ।
                     ਮਨ ਦੀ ਵੇਈਂ ਵਿੱਚ ਸਮਾਧੀ ਲਾਈ ਅਨਜਾਨੇ ਜਿਨ੍ਹਾਂ,
                     ਆਣੀ ਜਾਣੀ ਵਾਲ਼ੀ ਉਹ ਤਾਣੀ ਤੋਂ ਵੱਖਰੇ ਹੋ ਗਏ।
   ਤੇਜਿੰਦਰ ਸਿੰਘ ਅਨਜਾਨਾ ਨੂੰ ਸਮਾਜ ਵਿੱਚ ਹੋ ਰਹੇ ਬਲਾਤਕਾਰਾਂ ਵਰਗੀਆਂ ਘਿਨੌਣੀਆਂ ਹਰਕਤਾਂ ਬਹੁਤ ਦੁੱਖੀ ਕਰਦੀਆਂ ਜਾਪਦੀਆਂ ਹਨ, ਜਿਸ ਕਰਕੇ ਉਹ ਇਨ੍ਹਾਂ ਨੂੰ ਆਪਣੀਆਂ  ਗ਼ਜ਼ਲਾਂ ਵਿੱਚ ਲਿਖਦਾ ਹੈ ਕਿ ਪਾਕਿ ਪਵਿਤਰ ਪਿਆਰ ਮੁਹੱਬਤ ਵਰਗੇ ਅਫ਼ਸਾਨੇ ਵਰਤਮਾਨ ਸਮਾਜ ਵਿੱਚ ਸਾਰਥਿਕ ਸਾਬਤ ਨਹੀਂ ਹੋ ਰਹੇ। ਪਿਆਰ ਦੇ ਨਾਮ ‘ਤੇ ਸਰੀਰਕ ਹਵਸ ਪੂਰੀ ਕਰਕੇ ਪਿਆਰ ਮੁਹੱਬਤ ਨੂੰ ਕਲੰਕਤ ਕੀਤਾ ਜਾ ਰਿਹਾ ਹੈ। ਸਾਡੀ ਨੌਜਵਾਨੀ ਆਪਣੇ ਰਸਤੇ ਤੋਂ ਥਿੜਕ ਚੁੱਕੀ ਹੈ, ਜਿਸ ਕਰਕੇ ਉਹ ਗ਼ਲਤ ਰਸਤੇ ਪੈ ਚੁੱਕੇ ਹਨ। ਇਨਸਾਨ ਦੀ ਗੰਧਲੀ ਫਿਤਰਤ ਬਾਰੇ ਇਹ ਸ਼ਿਅਰ ਪ੍ਰਗਟਾਵਾ ਕਰ ਰਹੇ ਹਨ:
                     ਮਸਲ ਲਿਆ ਹੈ ਹਵਸ ਦੀ ਅਗਨੀ ਨੇ ਕਲੀਆਂ ਨੂੰ,
                     ਚਮਨ ‘ਚ ਛਾਈ ਕਿਵੇਂ ਦੋਸਤੋ! ਬਹਾਰ ਮਿਲੇ।
                     ਹਵਸ ਦੀ ਡੂੰਘੀ ਦਲ਼ ਦਲ਼ ਵਿੱਚ ਗਲੇ ਤੀਕਰ ਫਸੇ ਰਹਿੰਦੇ,
                     ਨਾ ਪੁੱਛੋ ਹਾਲ਼ ਮੇਰੇ ਦੌਰ ਦੇ ਰਾਂਝੇ ਤੇ ਹੀਰਾਂ ਦਾ।
  ਤੇਜਿੰਦਰ ਸਿੰਘ ਅਨਜਾਨਾ ਦੀਆਂ ਬਹੁਤ  ਸਾਰੀਆਂ ਗ਼ਜ਼ਲਾਂ ਸਮਾਜ ਵਿੱਚ ਝੂਠ ਦੇ ਬੋਲਬਾਲੇ ਦਾ ਜ਼ਿਕਰ ਆਉਂਦਾ ਹੈ। ਲੋਕਾਈ ਸਚਾਈ ਦੇ ਮਾਰਗ ‘ਤੇ ਚਲਣ ਦੀ ਥਾਂ ਧੋਖ਼ੇ, ਫ਼ਰੇਬ ਅਤੇ ਝੂਠ ਦਾ ਸਹਾਰਾ ਲੈ ਰਹੀ ਹੈ। ਵਰਤਮਾਨ ਯੁਗ ਵਿੱਚ ਸਚਾਈ ਦਾ ਮਾਰਗ ਵੀ ਬਹੁਤ ਕਠਨ ਹੋ ਗਿਆ ਹੈ ਕਿਉਂਕਿ ਹਰ ਪਾਸੇ ਝੂਠ ਦਾ ਪਸਾਰਾ ਹੈ। ਲੋਕਾਂ ਨੇ ਜ਼ਮੀਰ ਨੂੰ ਮਾਰ ਲਿਆ ਹੈ। ਸ਼ਾਇਰ  ਦੇ ਝੂਠ ਬਾਰੇ ਕੁਝ ਸ਼ਿਅਰ ਇਹ ਹਨ:
                   ਸੱਚਾਈ ਦਾ ਬਿਖੜਾ ਪੈਂਡਾ ‘ਅਨਜਾਨੇ‘ ਕਰ ਸੌਖਾ ਇੰਝ,
                   ਚਾਰ ਦਿਵਾਰੀ ਵਾਂਗੂੰ ਰੱਖ ਦੁਆਲੇ ਬਲਦੇ ਅੱਖਰ, ਵੇਖ।
                   ਲਿਖੀਂ ਹਮੇਸ਼ਾ, ਤੂੰ ਸੱਚ ਹੀ ਮਿੱਤਰ, ਤੇ ਰੱਖੀਂ ਜ਼ਿੰਦਾ, ਜ਼ਮੀਰ ਆਪਣਾ,
                   ਨ ਝੂਠ ਖ਼ਾਤਿਰ, ਨ ਕੁਫ਼ਰ ਖ਼ਾਤਿਰ, ਕਦੀ ਤੂੰ ਆਪਣਾ, ਕਲਮ ਉਠਾਵੀਂ।
                   ਕਦੀ ਸੂਰਜ ਵੀ ਛੁਪਿਐ ਸੱਚ ਦਾ ਸੋਚੋ, ਜ਼ਰਾ ਸੋਚੋ,
                    ਨਹੀਂ ਛੁਪਦਾ ਨਹੀਂ ਛੁਪਦਾ ਹਜ਼ਾਰਾਂ ਪਰਦਿਆਂ ਸੰਗ।
                    ਝੂਠ ਆਖਿਰ ਝੂਠ ਹੈ ਤੇ ਸੱਚ ਅੰਤਿਮ ਸੱਚ ਹੈ,
                    ਨਹੀਂ ਹੈ ਸ਼ਹਿਰ ਤੇਰਾ, ਸ਼ਹਿਰ ਮੇਰੇ ਤੋਂ ਕੋਈ ਵੱਖਰਾ,
                   ਦੁਹਾਂ ਸ਼ਹਿਰਾਂ ‘ਚ ਹੀ ਵਿਓਪਾਰ ਹੁੰਦਾ ਹੈ ਜ਼ਮੀਰਾਂ ਦਾ।
  ਸਮਾਜਿਕ ਤਾਣੇ ਬਾਣੇ ਵਿੱਚ ਇਤਨਾ ਨਿਘਾਰ ਆ ਗਿਆ ਹੈ ਕਿ ਵਫ਼ਾ ਵੀ ਪਰ ਲਾ ਕੇ ਉਡ ਗਈ ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਆਪਣਿਆਂ ਤੇ ਯਕੀਨ ਕਰਨ ਤੋਂ ਡਰ ਲਗਦਾ ਹੈ। ਲੋਕ ਆਪਣਾ ਬਣਾਕੇ ਮਾਰਦੇ ਹਨ।  ਬੇਵਫ਼ਾਈ ਬਾਰੇ ਸ਼ਾਇਰ ਦੇ ਸ਼ਿਅਰ ਹਨ:
              ਉਹੀ ਮਕਤਲ, ਉਹੀ ਕਾਤਿਲ, ਉਹੀ ਮੁਨਸਿਫ਼ ਬਣ ਗਿਆ,
              ਬੇਵਫ਼ਾਈ ਸਹਿੰਦੇ ਆਏ ਹਾਂ ਵਫ਼ਾ ਦੇ ਹੀ ਭੁਲੇਖੇ।
              ਮਰ ਗਏ ਅਨਜਾਨੇ ਹੁੰਦੇ, ਨਾ ਉਮੀਦੇ ਹੁੰਦੇ ਜੇਕਰ,
               ਜੀਂਦੇ ਆਏ ਪਰ ਅਸੀਂ ਤੇਰੀ ਵਫ਼ਾ ਦੇ ਹੀ ਭੁਲੇਖ਼ੇ।
               ਨਿਰਾਲੀ ਮੁਹੱਬਤ, ਨਿਰਾਲੀ ਵਫ਼ਾ ਹੈ,
                ਸ਼ਹਿਦ ਵਿੱਚ ਉਹ ਦਿੰਦਾ ਹੈ ਮੁਹਰਾ ਮਿਲਾ ਕੇ।
 ਸਮਾਜਿਕ ਰਿਸ਼ਤਿਆਂ ਨੂੰ ਵੀ ਲੋਕ ਕਲੰਕਤ ਕਰਨ ਲੱਗ ਪਏ ਹਨ। ਅਜਿਹੀਆਂ ਘਟਨਾਵਾਂ  ਨਾਲ ਸਮੁੱਚੇ ਸਮਾਜ ਵਿੱਚ ਗਿਰਾਵਟ ਆ ਗਈ ਹੈ। ਮਾਂ ਬਾਪ, ਭੈਣ ਭਰਾ ਅਤੇ ਦੋਸਤ ਮਿੱਤਰ ਵੀ ਦਗ਼ਾ ਦੇਣ ਲੱਗ ਪਏ ਹਨ, ਅਜਿਹੇ ਹਾਲਾਤ ਹੋਣ ਕਰਕੇ ਪਰਿਵਾਰਾਂ ਵਿੱਚ ਖਟਾਸ ਪੈਦਾ ਹੋ ਗਈ ਹੈ। ਸ਼ਾਇਰ ਲੋਕਾਈ  ਨੂੰ ਆਪਣੀਆਂ ਗ਼ਜ਼ਲਾਂ ਰਾਹੀਂ ਰਿਸ਼ਤਿਆਂ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਕੁਝ ਸ਼ਿਅਰ ਇਸ ਪ੍ਰਕਾਰ ਹਨ:
              ਸਦਾ ਹੀ ਰਿਸ਼ਤਿਆਂ ਦੇ ਬੋਝ ਨੂੰ ਨ  ਬੋਝ ਸਮਝੋ,
               ਕਦੇ ਖ਼ੁਦ ਨੂੰ ਤੁਸੀਂ ਐਨਾ ਵੀ ਨ ਲਾਚਾਰ ਰੱਖਣਾ।
               ਬਗ਼ਲ ਵਿੱਚ ਜੋ ਛੁਰੀ ਰੱਖੇ ਤੇ ਮਿਸਰੀ ਬੋਲ ਬੋਲੇ,
               ਕਦੇ ਨੇੜੇ ਨ ਅਨਜਾਨੇ ਅਜੇਹਾ ਯਾਰ ਰੱਖਣਾ।
                ਅਸੀਸਾਂ ਮਾਂ ਦੀਆਂ ਤੇ ਥਾਪੜੇ ਬਾਪੂ ਦੇ ਵੰਡੋ,
                ਘਰਾਂ ਖ਼ਾਤਿਰ ਨ ਇੱਕ ਦੂਜੇ ਦੇ ਸਿਰ ਤਲਵਾਰ ਰੱਖਣਾ।
                 ਇਸ ਕਦਰ ਗ੍ਰਿਹਸਥੀ ਦੀ ਸੰਸਥਾ ਵਿਚ ਗਿਰਾਵਟ ਆ ਗਈ,
                 ਇੱਕ ਦਾ ਰਾਜਾ ਹੋਰ ਹੈ ਦੂਜੇ ਦੀ ਰਾਣੀ ਹੋਰ ਹੈ।
  ਮਿਹਨਤ ਕਰਨ ਵਾਲੇ ਇਨਸਾਨ ਹਮੇਸ਼ਾ ਬੁਲੰਦੀਆਂ ‘ਤੇ ਪਹੁੰਚਕੇ ਨਾਮਣਾ ਖੱਟਦੇ ਹਨ। ਸਮਾਜ ਵਿੱਚ ਅਜਿਹਾ ਕੋਈ ਕੰਮ ਨਹੀਂ ਜਿਸ ਨੂੰ ਕੀਤਾ ਨਾ ਜਾ ਸਕੇ ਪ੍ਰੰਤੂ ਮਨੁੱਖ ਵਿੱਚ ਦ੍ਰਿੜ੍ਹਤਾ, ਹੌਸਲਾ ਅਤੇ ਲਗਨ ਹੋਣੀ ਜ਼ਰੂਰੀ ਹੈ। ਤੇਜਿੰਦਰ ਸਿੰਘ ਅਨਜਾਨਾ ਲੋਕਾਈ ਨੂੰ ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਲਿਖਦਾ ਹੈ:
                    ਹੌਸਲੇ ਦੀ ਅੱਗ ਭਖਦੀ ਰੱਖਣਾ ਅੰਦਰ ਸਦਾ,
                    ਯੱਖ਼ ਤੂਫ਼ਾਨਾਂ ‘ਚ ਕਿਧਰੇ ਠਰ ਨ ਜਾਵਣ ਕਿਸ਼ਤੀਆਂ।
 ਕੁਝ ਲੋਕ ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ, ਭਾਵ ਲੋਕ ਮਖੌਟੇ ਪਾਈ ਫਿਰਦੇ ਹਨ। ਉਹ ਆਪਣੀ ਅਸਲੀ ਪਛਾਣ ਨੂੰ ਲੁਕੋਈ ਫਿਰਦੇ ਹਨ। ਇਸ ਲਈ ਇਨਸਾਨੀਅਤ ਦੀ ਪਛਾਣ ਕਰਨੀ ਮੁਸ਼ਕਲ ਹੋਈ ਪਈ ਹੈ। ਸ਼ਾਇਰ ਲਿਖਦਾ ਹੈ:
                  ਬਸ਼ਰ ਮਿਲਦੇ ਅਸਾਨੂੰ ਰੋਜ਼ ਨਕਲੀ ਚਿਹਰਿਆਂ ਦੇ ਸੰਗ।
                 ਮੈਂ ਜੋ ਵੀ ਹਾਂ, ਮਿਰੀ ਪਹਿਚਾਣ ਤਾਂ ਵੱਖ਼ਰੀ ਰਹੇ ਯਾਰੋ!
                 ਮੁਖੌਟਾ ਪਹਿਨਣਾ  ਮੈਨੂੰ ਗਵਾਰਾ ਹੀ ਨਹੀਂ ਕੋਈ।
  ਸਾਹਿਤਕਾਰਾਂ ਅਤੇ ਵਾਰਤਕਾਰਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਵੀ ਸ਼ਾਇਰ ਦੀ ਮਾਨਸਿਕਤਾ ਨੂੰ ਝੰਜੋੜ ਰਹੀ ਹੈ। ਲੋਭ ਲਾਲਚ ਦੀ ਪ੍ਰਵਿਰਤੀ ਕਰਕੇ ਅਜਿਹੇ ਲੋਕ ਆਪਣੀ ਇੱਜ਼ਤ ਗੁਆ ਲੈਂਦੇ ਹਨ ਤੇ ਅਸਲੀਅਤ ਨੂੰ ਸਾਹਮਣੇ ਨਹੀਂ ਆਉਣ ਦਿੰਦੇ। ਇਸ ਸੰਬੰਧੀ ਤੇਜਿੰਦਰ ਸਿੰਘ ਅਨਜਾਨਾ ਦੇ ਕੁਝ  ਸ਼ਿਅਰ ਹਨ:
                    ਕਲਮ ਜਿਸ ਦਿਨ ਹੈ ਵਿਕ ਜਾਂਦੀ ਮਿਰੇ ਯਾਰ! ਉਸੇ ਦਿਨ ਤੋਂ,
                   ਭਲਾਂ ਕੀ ਕੀ ਨਹੀਂ ਹੁੰਦਾ ਲਿਖਾਰੀ ਨਾਲ, ਕੀ ਦੱਸਾਂ?
                      ਜਿਹੜੇ ਕਲਮਾ ਵਾਲ਼ੇ ਵਿਕ ਜਾਵਣ ਸਨਮਾਨਾ ਖ਼ਾਤਿਰ ਹੀ,
                      ਸੱਜਣ ਠੱਗਾਂ ਦੀ ਉਸ ਮਹਿਫ਼ਿਲ ਤੋਂ ਚੰਗਾ ਇੱਕ ਪਾਸਾ ਹੈ।
                     ਮਿਰਾ ਸ਼ੌਕ ਮੇਰਾ, ਤਿਰਾ ਸ਼ੌਕ ਤਿਰਾ,
                     ਮੈਂ ਚੁਣਦਾ ਹਾਂ ਕੰਡੇ, ਤੂੰ ਜਾਵੇਂ ਵਿਛਾ ਕੇ।
                     ਤਿਰੀ ਕੀਮਤ ਤਿਰੇ ਕਿਰਦਾਰ ਨੇ ਕਰਨੀ ਹੈ ਤੈਅ  ਆਖ਼ਿਰ, ਹਕੀਕਤ ਹੈ,
                     ਇਹ ਜ਼ਿੰਮਾ ਸਾਰੇ ਦਾ ਸਾਰਾ ਖ਼ੁਦਾ ਦੀ ਜ਼ਾਤ ‘ਤੇ ਧਰਨਾ ਨਹੀਂ ਚੰਗਾ।
                     ਂਰੱਖ ਭਾਵੇਂ ਪਾਸ ਗੀਤਾ, ਗ੍ਰੰਥ ਜਾਂ ਕੁਰਆਨ ਰੱਖ।
                     ਕਿਵੇਂ ਪਹਿਚਾਨ ਪਾਵਾਂਗੇ ਅਸੀਂ ਚੰਗੇ ਬੁਰੇ ਨੂੰ ਵੀ,
                    ਜਿਸ ਨੂੰ ਬਾਹਰ ਲੱਭਦਾ ਫਿਰਦੈਂ ਜੰਗਲ, ਬੇਲੇ, ਪਰਬਤ,
                    ਅੰਗ ਸੰਗ ਉਹ ਤੇਰੇ ਹਰਦਮ ਵੇਖ ਤੂੰ ਆਪਣੇ ਅੰਦਰ।
  ਇੰਟਰਨੈਟ ਦੇ ਜ਼ਮਾਨੇ ਨੇ ਬਾਲਪਨ ਹੀ ਬੱਚਿਆਂ ਤੋਂ ਖੋਹ ਲਿਆ ਹੈ। ਦੋਸਤਾਂ ਮਿੱਤਰਾਂ ਨਾਲ ਬਚਪਨ ਗੁਜ਼ਾਰਨ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ। ਬੱਚਿਆਂ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਬਾਰੇ ਇੱਕ ਸ਼ਿਅਰ ਹੈ:
                   ਇੱਕ ਮੁਬਾਈਲ ਨੇ ਹੀ ਬੱਚੇ ਘਰ ‘ਚ ਕੈਦ ਕਰ ਲਏ,
                  ਦੋਸਤਾਂ ਦੀ ਆਪਣੀ ਢਾਣੀ ਤੋਂ ਵੱਖਰੇ ਹੋ ਗਏ।
 ਤੇਜਿੰਦਰ ਸਿੰਘ ਅਨਜਾਨਾ ਤੋਂ ਭਵਿਖ ਵਿੱਚ  ਹੋਰ ਵਡਮੁੱਲੀਆਂ ਗ਼ਜ਼ਲਾਂ ਲਿਖਣ ਦੀ ਕਾਮਨਾ ਕਰਦਾ ਹਾਂ।
 112 ਪੰਨਿਆਂ, 250 ਰੁਪਏ ਕੀਮਤ ਵਾਲਾ ਗ਼ਜ਼ਲ ਸੰਗ੍ਰਹਿ  ਸੰਗਮ ਪਬਲੀਕੇਸ਼ਨਜ਼ ਸਮਾਣਾ (sਪਟਿਆਲਾ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

14 ਅਕਤੂਬਰ ਬਰਸੀ ‘ਤੇ ਵਿਸ਼ੇਸ਼ - ਸਫ਼ਲ ਪ੍ਰਬੰਧਕ ਤੇ ਵਿਦਿਅਕ ਮਾਹਰ :ਮਰਹੂਮ ਉਪ ਕੁਲਪਤੀ ਡਾ.ਜੋਗਿੰਦਰ ਸਿੰਘ ਪੁਆਰ - ਉਜਾਗਰ ਸਿੰਘ

ਜੋਗਿੰਦਰ ਸਿੰਘ ਪੁਆਰ ਮਾਹਿਰ ਭਾਸ਼ਾ ਵਿਗਿਆਨੀ ਸੀ। ਉਸ ਦਾ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਬਾਰੇ ਆਪਣਾ ਸਥਾਪਤ ਕੀਤਾ ਹੋਇਆ ਦ੍ਰਿਸ਼ਟੀਕੋਣ ਸੀ। ਉਸਦੀ ਜ਼ਿੰਦਗੀ ਜਦੋਜਹਿਦ ਵਾਲੀ ਸੀ। ਉਪ ਕੁਲ ਪਤੀ ਬਣਨਾਂ ਉਸ ਦਾ ਨਿਸ਼ਾਨਾ ਸੀ, ਜਿਸਦੀ ਪ੍ਰਾਪਤੀ ਦਾ ਬਿਖੜਾ ਪੈਂਡਾ ਇਸ ਪ੍ਰਕਾਰ ਸੀ ‘‘ਆਹ ਜਿਹੜਾ ਝੋਲਾ ਜਿਹਾ ਚੁੱਕੀ ਫਿਰਦੈਂ, ਇਸ ਨੇ ਇਨਕਲਾਬ ਨਹੀਂ ਲਿਆਉਣਾ ਜੁਗਿੰਦਰ ਸਿਆਂ। ਇਨਕਲਾਬ ਲਿਆਉਣ ਲਈ ਤੁਹਾਡੇ ਵਰਗੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ, ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਕਲ ਮਾਰ ਕੇ ਪਾਸ ਹੋਣ ਤੋਂ ਰੋਕਣਾ ਪਵੇਗਾ। ਜਿਹੜੇ ਵਿਦਿਆਰਥੀ ਨਕਲ ਮਾਰਕੇ ਪਾਸ ਹੋਣਗੇ, ਉਹ ਦੇਸ਼ ਦਾ ਭਵਿਖ ਤਹਿ ਨਹੀਂ ਕਰ ਸਕਦੇ। ਖਾਸ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ ਦਾ ਭਵਿਖ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਪੰਜਾਬ ਵਿੱਚ ਹਾਲਾਤ ਸਾਜ਼ਗਾਰ ਨਹੀਂ ਹਨ। ਨੌਜਵਾਨ ਗੁਮਰਾਹ ਹੋ ਕੇ ਭੱਟਕੇ ਹੋਏ ਹਨ। ਪੰਜਾਬ ਦੇ ਬੱਚਿਆਂ ਨੂੰ ਸਿੱਧੇ ਰਸਤੇ ਤੁਸੀਂ ਹੀ ਪਾਉਣਾ ਹੈ। ਮਾਪਿਆਂ ਨੂੰ ਸਮਝੌਣਾ ਵੀ ਅਧਿਆਪਕਾਂ ਨੇ ਹੀ ਹੈ, ਨਕਲ ਮਾਰ ਕੇ ਪਾਸ ਹੋਣ ਤੋਂ ਬਾਅਦ ਪੀ.ਸੀ.ਐਸ., ਆਈ.ਏ.ਐਸ. ਅਤੇ ਆਈ.ਪੀ.ਐਸ.ਨਹੀਂ ਬਣ ਸਕਦੇ। ਪੰਜਾਬ ਦਾ ਭਵਿਖ ਨੌਜਵਨਾ ‘ਤੇ ਨਿਰਭਰ ਕਰਦਾ ਹੈ।’’ ਇਹ ਗੱਲਾਂ 1980-81 ਦੀਆਂ ਹਨ, ਜਦੋਂ ਤਤਕਾਲੀ ਮਾਲ ਮੰਤਰੀ ਪੰਜਾਬ ਸ੍ਰ.ਬੇਅੰਤ ਸਿੰਘ ਨੇ ਪਟਿਆਲਾ ਸਰਕਟ ਹਾਊਸ ਵਿੱਚ ਉਨ੍ਹਾਂ ਨੂੰ ਮਿਲਣ ਲਈ ਆਏ ਡਾ.ਜੋਗਿੰਦਰ ਸਿੰਘ ਪੁਆਰ ਨੂੰ ਕਹੀਆਂ ਸਨ। ਡਾ.ਜੋਗਿੰਦਰ ਸਿੰਘ ਪੁਆਰ ਕਹਿਣ ਲੱਗਿਆ ‘ਮੈਂ ਵਿਦਿਅਕ ਇਨਕਲਾਬ ਤਾਂ ਲਿਆਵਾਂਗਾ ਪ੍ਰੰਤੂ ਜਦੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੈਂ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਾਂਗਾ’ ਸ੍ਰ.ਬੇਅੰਤ ਸਿੰਘ ਕਹਿਣ ਲੱਗੇ ਮੈਨੂੰ ਸਾਧਾਰਨ ਕਿਸਾਨ ਨੂੰ ਕਿਸ ਨੇ ਮੁੱਖ ਮੰਤਰੀ ਬਣਾਉਣੈ, ਐਵੇਂ ਖਿਆਲੀ ਪੁਲਾਓ ਨਾ ਬਣਾਓ, ‘‘ਨਾ ਮੈਂ ਮੁੱਖ ਮੰਤਰੀ ਬਣਨਾ ਅਤੇ ਨਾ ਹੀ ਜੋਗਿੰਦਰ ਸਿਆਂ ਤੂੰ ਉਪ ਕੁਲਪਤੀ ਬਣਨੈ।’’ ਡਾ.ਜੋਗਿੰਦਰ ਸਿੰਘ ਪੁਆਰ ਵਾਰ-ਵਾਰ ਕਹਿ ਰਹੇ ਸੀ ਕਿ ‘‘ਮੇਰਾ ਮਨ ਕਹਿੰਦਾ ਇੱਕ-ਨਾ-ਇੱਕ ਦਿਨ ਤੁਸੀਂ ਮੁੱਖ ਮੰਤਰੀ ਜ਼ਰੂਰ ਬਣੋਗੇ। ਮੈਨੂੰ ਤਾਂ ਉਪ ਕੁਲਪਤੀ ਤੁਸੀਂ ਹੀ ਬਨਾਉਣਾ ਹੈ। ਮੇਰੀਆਂ ਆਸਾਂ ‘ਤੇ ਪਾਣੀ ਨਾ ਫੇਰੋ, ਤੁਹਾਡੇ ਤੋਂ ਬਿਨਾ ਹੋਰ ਤਾਂ ਮੈਨੂੰ ਕਿਸੇ ਨੇ ਬਣਾਉਣਾ ਹੀ ਨਹੀਂ’’। ਸ੍ਰ. ਬੇਅੰਤ ਸਿੰਘ ਕਹਿਣ ਲੱਗੇ ਚਲੋ ਛੱਡੋ ਇਨ੍ਹਾਂ ਗੱਲਾਂ ਨੂੰ ਤੁਸੀਂ ਕੰਮ ਦੱਸੋ ਕੀ ਹੈ? ਡਾ.ਜੋਗਿੰਦਰ ਸਿੰਘ ਪੁਆਰ ਕਹਿੰਦਾ ਮੈਨੂੰ ਕੋਈ ਕੰਮ ਨਹੀਂ, ਮੈਂ ਤਾਂ ਤੁਹਾਨੂੰ ਮਿਲਣ ਹੀ ਆਇਆ ਹਾਂ। ਇਸ ਤੋਂ ਪਹਿਲਾਂ ਮੈਂ ਡਾ.ਪੁਆਰ ਨੂੰ ਜਾਣਦਾ ਨਹੀਂ ਸੀ। ਮੈਂ ਉਨ੍ਹਾਂ ਦੇ ਕੋਲ ਬੈਠਾ ਸੋਚੀ ਜਾ ਰਿਹਾ ਸੀ ਕਿ ਇਹ ਬਾਬੂ ਕੌਣ ਹੋ ਸਕਦੈ, ਜਿਹੜਾ ਐਨੀ ਅਪਣੱਤ ਨਾਲ ਗੱਲਾਂ ਕਰ ਰਿਹਾ ਹੈ, ਉਦੋਂ ਡਾ.ਪੁਆਰ ਕਲੀਨ ਸ਼ੇਵਨ ਹੁੰਦੇ ਸਨ। ਫਰਵਰੀ 1992 ਵਿੱਚ ਸ੍ਰ.ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਥੋੜ੍ਹੇ ਦਿਨਾ ਬਾਅਦ ਸ੍ਰ.ਬੇਅੰਤ ਸਿੰਘ ਦਾ ਪੁਰਾਣਾ ਸਾਥੀ ਅਤੇ ਗਰਾਈਂ ਮਹਿੰਗਾ ਸਿੰਘ ਜਲੰਧਰ ਤੋਂ ਮੁੱਖ ਮੰਤਰੀ ਨੂੰ ਮਿਲਣ ਲਈ ਆਏ ਤਾਂ ਉਨ੍ਹਾਂ ਦੇ ਨਾਲ ਉਹੀ ਬਾਬੂ ਜਿਹੜਾ ਪਟਿਆਲਾ ਸਰਕਟ ਹਾਊਸ ਵਿੱਚ ਸ੍ਰ.ਬੇਅੰਤ ਸਿੰਘ ਨੂੰ ਮਿਲਿਆ ਸੀ ਆਇਆ। ਮੇਰੀਆਂ ਅੱਖਾਂ ਅੱਗੇ ਸਰਕਟ ਹਾਊਸ ਵਾਲਾ ਸੀਨ ਘੁੰਮਣ ਲੱਗ ਪਿਆ। ਮਹਿੰਗਾ ਸਿੰਘ ਨੇ ਕੁੱਝ ਕਾਗਜ਼ ਮੁੱਖ ਮੰਤਰੀ ਨੂੰ ਦੇ ਕੇ ਕਹਿਣ ਲੱਗਾ ਜੋਗਿੰਦਰ ਸਿੰਘ ਨੂੰ ਵੀ.ਸੀ. ਬਣਾ ਦਿਓ। ਸ੍ਰ.ਬੇਅੰਤ ਸਿੰਘ ਕਾਗਜ਼ ਵੇਖਣ ਲੱਗ ਪਏ, ਪ੍ਰੰਤੂ ਬੋਲੇ ਕੁਝ ਨਹੀਂ ਤੇ ਕਾਗਜ਼ ਮੈਨੂੰ ਪਕੜਾ ਦਿੱਤੇ। ਉਨ੍ਹਾਂ ਦੀ ਚੰਗੀ ਆਓ ਭਗਤ ਕੀਤੀ ਗਈ। ਜਦੋਂ ਉਹ ਦੋਵੇਂ ਚਲੇ ਗਏ  ਤਾਂ ਮੈਂ ਮੁੱਖ ਮੰਤਰੀ ਨੂੰ ਕਿਹਾ ਇਹ ਤਾਂ ਉਹੀ ਬਾਬੂ ਹੈ, ਜਿਹੜਾ ਪਟਿਆਲਾ ਸਰਕਟ ਹਾਊਸ ਵਿੱਚ ਤੁਹਾਨੂੰ ਮਿਲਿਆ ਸੀ, ਜਦੋਂ ਤੁਸੀਂ ਦਰਬਾਰਾ ਸਿੰਘ ਦੀ ਸਰਕਾਰ ਵਿੱਚ ਮਾਲ ਮੰਤਰੀ ਸੀ। ਇਸ ਦੀ ਗੱਲ ਤਾਂ ਸੱਚੀ ਹੋ ਗਈ, ਬੜਾ ਦੂਰ ਅੰਦੇਸ਼ ਵਿਅਕਤੀ ਲੱਗਦਾ ਹੈ, ਤੁਸੀਂ ਮੁੱਖ ਮੰਤਰੀ ਬਣ ਗਏ। ਫਿਰ ਉਨ੍ਹਾਂ ਮੈਨੂੰ ਦੱਸਿਆ ਆਜ਼ਾਦੀ ਤੋਂ ਪਹਿਲਾਂ ਜਦੋਂ ਮੇਰੇ ਪਿਤਾ ਕੈਪਟਨ ਹਜ਼ੂਰਾ ਸਿੰਘ ਫ਼ੌਜ ਵਿੱਚ ਨੌਕਰੀ ਕਰਦੇ ਸਨ, ਅਸੀਂ ਮਿੰਟਗੁਮਰੀ ਜ਼ਿਲ੍ਹੇ ਵਿੱਚ ਓਕਾੜੇ ਨੇੜੇ 53-L  (ਵਰਤਮਾਨ ਪਾਕਿਸਤਾਨ) ਵਿੱਚ ਰਹਿੰਦੇ ਸੀ। ਇਹ ਦੋਵੇਂ ਸਾਡੇ ਪਿੰਡ ਦੇ ਹਨ। ਮਹਿੰਗਾ ਸਿੰਘ ਮੇਰਾ ਦੋਸਤ ਹੈ, ਜੋਗਿੰਦਰ ਸਿੰਘ ਛੋਟਾ ਹੈ, ਜਦੋਂ ਅਸੀਂ ਫੁੱਟਬਾਲ ਖੇਡਦੇ ਸੀ ਤਾਂ ਜੋਗਿੰਦਰ ਗਰਾਊਂਡ ਤੋਂ ਬਾਹਰੋਂ ਫੁਟਬਾਲ ਚੁੱਕ ਕੇ ਲਿਆਉਂਦਾ ਹੁੰਦਾ ਸੀ। ਇਸ ਨੂੰ ਆਪਾਂ ਉਪ ਕੁਲਪਤੀ ਬਣਾਉਣਾ ਹੈ।
    ਡਾ.ਐਚ.ਕੇ.ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਨ। ਉਨ੍ਹਾਂ ਦੀ ਉਪ ਕੁਲਪਤੀ ਦੀ ਮਿਆਦ ਖ਼ਤਮ ਹੋ ਗਈ। ਉਨ੍ਹਾਂ ਦੇ ਅਹੁਦੇ ਦੀ ਮਿਆਦ  ਟਿਲ ਫਰਦਰ ਆਰਡਰ ਤੱਕ ਵਧਾ ਕੇ ਡਾ.ਜੋਗਿੰਦਰ ਸਿੰਘ ਪੁਆਰ ਨੂੰ ਪ੍ਰੋ.ਵਾਈਸ ਚਾਂਸਲਰ ਲਗਾ ਦਿੱਤਾ ਗਿਆ। ਸ੍ਰ.ਬੇਅੰਤ ਸਿੰਘ ਨੇ ਡਾ.ਪੁਆਰ ਨੂੰ ਕਿਹਾ ‘ਹੁਣ ਵਿਦਿਆਰਥੀਆਂ ਦੇ ਨਾਲ ਤੇਰਾ ਇਮਤਿਹਾਨ ਵੀ ਹੈ। ਵੇਖਾਂਗੇ ਤੂੰ ਕਿਹੜਾ ਇਨਕਲਾਬ ਲਿਆਵੇਂਗਾ।’ ਉਨ੍ਹਾਂ ਦਿਨਾਂ ਵਿੱਚ ਯੂਨੀਵਰਸਿਟੀ ਦੇ ਹਾਲਾਤ ਬਹੁਤ ਮਾੜੇ ਸਨ। ਵਿਦਿਆਰਥੀ ਆਪਣੇ ਡੱਬ ਵਿੱਚ ਪਸਤੌਲ ਰਖਦੇ ਸਨ ਤੇ ਇਮਤਿਹਾਨ ਸਮੇਂ ਮੇਜਾਂ ‘ਤੇ ਪਸਤੌਲ ਰੱਖ ਕੇ ਨਕਲ ਮਾਰਦੇ ਸਨ। ਇਮਤਿਹਾਨ ਲੈਣ ਵਾਲੇ ਅਧਿਆਪਕ ਡਰੇ ਹੋਏ ਸਨ। ਇਮਤਿਹਾਨ ਨਾਮ ਦੇ ਹੀ ਸਨ। ਕੋਈ ਵੀ ਅਧਿਆਪਕ ਵਿਦਿਆਰਥੀਆਂ ਅੱਗੇ ਕੁਸਕਦਾ ਨਹੀਂ ਸੀ। ਯੂਨੀਵਰਸਿਟੀ ਵਿੱਚ ਡਰ ਦਾ ਵਾਤਾਵਰਨ ਸੀ। ਡਾ.ਜੋਗਿੰਦਰ ਸਿੰਘ ਪੁਆਰ ਪ੍ਰੋ.ਵਾਈਸ ਚਾਂਸਲਰ ਨੂੰ ਇਮਤਿਹਾਨ  ਕਰਵਾਉਣ ਦਾ ਚਾਰਜ ਦਿੱਤਾ ਗਿਆ। ਡਾ.ਜੋਗਿੰਦਰ ਸਿੰਘ ਪੁਆਰ ਨੇ ਥੋੜ੍ਹੇ ਸਮੇਂ ਵਿੱਚ ਹੀ ਵਿਖਾ ਦਿੱਤਾ ਕਿ ਉਹ ਸਖ਼ਤ ਅਤੇ ਸਫ਼ਲ ਪ੍ਰਬੰਧਕ ਹੈ। ਇਮਤਿਹਾਨਾ ਵਿੱਚ ਨਕਲ ਨੂੰ ਨਕੇਲ ਪਾ ਦਿੱਤੀ। ਅਧਿਆਪਕਾਂ ਨੂੰ ਵੰਗਾਰ ਦਿੱਤਾ ਕਿ ਤੁਸੀਂ ਨਕਲ ਕਿਸੇ ਕੀਮਤ ‘ਤੇ ਨਹੀਂ ਮਾਰਨ ਦੇਣੀ ਤੁਹਾਡੀ ਹਿਫ਼ਾਜ਼ਤ ਦਾ ਮੈਂ ਜ਼ਿੰਮੇਵਾਰ ਹੋਵਾਂਗਾ। ਅਧਿਆਪਕ ਅਤੇ ਵਿਦਿਆਰਥੀ ਯੂਨੀਵਰਸਿਟੀ ਆਉਂਦੇ ਹੀ ਨਹੀਂ ਸਨ, ਜਿਹੜੇ ਆਉਂਦੇ ਸੀ ਦੁਪਹਿਰ ਨੂੰ ਘਰ ਚਲੇ ਜਾਂਦੇ ਸਨ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਜ਼ਰੂਰੀ ਕਰ ਦਿੱਤੀ। ਸਵੇਰੇ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੰਦੇ ਸਨ ਤੇ ਸ਼ਾਮ ਨੂੰ ਪੰਜ ਵਜੇ ਖੋਲ੍ਹਦੇ ਸਨ। ਰਾਜਪਾਲ ਸੁਰਿੰਦਰ ਨਾਥ ਦੀ ਇਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਡਾ.ਜੋਗਿੰਦਰ ਸਿੰਘ ਪੁਆਰ ਨੂੰ ਉਪ ਕੁਲਪਤੀ ਬਣਾ ਦਿੱਤਾ ਗਿਆ। ਉਪ ਕੁਲਪਤੀ ਬਣਦਿਆਂ ਹੀ ਡਾ.ਪੁਆਰ ਦੇ ਤੇਵਰ ਬਦਲ ਗਏ। ਉਸ ਦੇ ਦੋਸਤ ਵੀ ਨਰਾਜ਼ ਹੋ ਗਏ। ਯੂਨੀਵਰਸਿਟੀ ਦੇ ਅਧਿਆਪਕਾਂ ਦੀ ਧੜੇਬੰਦੀ ਬਹੁਤ ਸੀ। ਅਧਿਆਪਕਾਂ ਦੇ ਕਈ ਧੜੇ ਸਨ। ਖੱਬੇ ਪੱਖੀ ਅਧਿਆਪਕ ਉਸ ਨੂੰ ਆਪਣਾ ਹੀ ਸਮਝਦੇ ਸਨ। ਉਹ ਆਪਣੀ ਮਰਜੀ ਨਾਲ ਚਲਾਉਣਾ ਚਾਹੁੰਦੇ ਸਨ। ਪ੍ਰੰਤੂ ਹੁਣ ਡਾ.ਪੁਆਰ ਇੱਕ ਧੜੇ ਨਾਲ ਚਲ ਨਹੀਂ ਸਕਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਧੜਾ ਵੀ ਦੋ ਗਰੁਪਾਂ ਵਿੱਚ ਵੰਡਿਆ ਗਿਆ। ਡਾ.ਪੁਆਰ ਨੇ ਵਿਦਿਆਰਥੀਆਂ ਅਤੇ ਪ੍ਰੋਫ਼ੈਸਰਾਂ ‘ਤੇ ਸਿਕੰਜਾ ਕਸ ਦਿੱਤਾ। ਪ੍ਰੋਫ਼ੈਸਰ ਡਾ.ਪੁਆਰ ਨੂੰ ਥਾਣੇਦਾਰ ਕਹਿਣ ਲੱਗ ਪਏ ਪ੍ਰੰਤੂ ਥਾਣੇਦਾਰ ਨੇ ਯੂਨੀਵਰਸਿਟੀ ਲੀਹ ‘ਤੇ ਪਾ ਦਿੱਤੀ। ਜਿਥੇ ਡਾ.ਪੁਆਰ ਵਿਦਿਅਕ ਮਾਹਿਰ ਪ੍ਰਸਿੱਧ ਭਾਸ਼ਾ ਵਿਗਿਆਨੀ ਸਨ, ਉਥੇ ਹੀ ਪ੍ਰਬੰਧਕ ਵੀ ਕਮਾਲ ਦੇ ਸਨ। ਡੰਡੇ ਦੇ ਜ਼ੋਰ ਨਾਲ ਅਨੁਸ਼ਾਸ਼ਨ ਬਣਾ ਕੇ ਰੱਖਦੇ ਸਨ। ਅਧਿਆਪਕਾਂ ਦੀਆਂ ਪ੍ਰਾਗਰੈਸ ਰਿਪੋਰਟਾਂ ਲੈਣ ਲੱਗ ਪਏ।
   ਡਾ.ਜੋਗਿੰਦਰ ਸਿੰਘ ਪੁਆਰ ਦੇ ਉਪ ਕੁਲਪਤੀ ਬਣਨ ਦੀ ਵੀ ਅਜ਼ੀਬ ਕਹਾਣੀ ਹੈ। ਜਦੋਂ ਜੋਗਿੰਦਰ ਸਿੰਘ ਪੁਆਰ ਦੀ ਉਪ ਕੁਲਪਤੀ ਬਣਾਉਣ ਦੀ ਫਾਈਲ ਰਾਜਪਾਲ ਨੂੰ ਭੇਜੀ ਤਾਂ ਉਦੋਂ ਰਾਜਪਾਲ ਸੁਰਿੰਦਰ ਨਾਥ ਕਹਿਣ ਲੱਗੇ ਪੁਆਰ ਤਾਂ ਬਹੁਤੇ ਪ੍ਰੋਫ਼ੈਸਰਾਂ ਤੋਂ ਜੂਨੀਅਰ ਹੈ, ਤਿੰਨ ਪ੍ਰੋਫ਼ੈਸਰਾਂ ਦਾ ਪੈਨਲ ਭੇਜੋ। ਅਸਲ ਵਿੱਚ ਉਹ ਡਾ.ਜਸਵੀਰ ਸਿੰਘ ਆਹਲੂਵਾਲੀਆ ਨੂੰ ਉਪ ਕੁਲਪਤੀ ਬਣਾਉਣਾ ਚਾਹੁੰਦੇ ਸਨ ਕਿਉਂਕਿ ਆਹਲੂਵਾਲੀਆ ਰਾਜ ਭਵਨ ਵਿੱਚ ਜਾਇੰਟ ਸਕੱਤਰ ਸਨ। ਰਾਜਪਾਲ ਪੈਨਲ ਵਿੱਚੋਂ ਕਿਸੇ ਇੱਕ ਨੂੰ ਉਪ ਕੁਲਪਤੀ ਬਣਾ ਸਕਦੇ ਸਨ। ਡਾ.ਪੁਆਰ ਨੂੰ ਪ੍ਰੋ.ਵਾਈਸ ਚਾਂਸਲਰ ਬਣਨ ਲਈ ਕਿਹਾ ਗਿਆ ਪ੍ਰੰਤੂ ਉਹ ਪੈਰਾਂ ‘ਤੇ ਪਾਣੀ ਨਾ ਪੈਣ ਦੇਵੇ, ਕਹੇ ਮੈਂ ਤਾਂ ਜੇ ਬਣਨਾ ਤਾਂ ਉਪ ਕੁਲਪਤੀ ਹੀ ਬਣਨਾ ਹੈ। ਮੁੱਖ ਮੰਤਰੀ ਮੈਨੂੰ ਕਹਿਣ ਲੱਗੇ ਜੋਗਿੰਦਰ ਸਿੰਘ ਨੂੰ ਮਨਾਓ ਕਿ ਉਸ ਨੂੰ ਪ੍ਰੋ.ਵਾਈਸ ਚਾਂਸਲਰ ਬਣਾ ਦਿੰਦੇ ਹਾਂ, ਥੋੜ੍ਹੀ ਦੇਰ ਬਾਅਦ ਜਦੋਂ ਉਸ ਦੀ ਸੀਨੀਅਰਿਟੀ ਬਣ ਜਾਵੇਗੀ ਫਿਰ ਉਪ ਕੁਲਪਤੀ ਬਣਾ ਦੇਵਾਂਗੇ। ਇਸ ਦੇ ਨਾਲ ਹੀ ਉਸ ਨੂੰ ਕਹੋ ਕਿ ਉਹ ਦਸਤਾਰ ਸਜਾਉਣ ਲੱਗ ਜਾਵੇ। ਡਾ.ਪੁਆਰ ਨੂੰ ਬੜਾ ਔਖਾ ਮਨਾਇਆ। ਡਾ.ਜੋਗਿੰਦਰ ਸਿੰਘ ਪੁਆਰ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਜਲੰਧਰ ਕੋਲ ਲੱਧੇਵਾਲੀ ਪਿੰਡ ਆ ਕੇ ਵਸ ਗਿਆ। ਪੁਆਰ ਨੇ ਸਕੂਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਉਚ ਪੜ੍ਹਾਈ ਲਈ ਬਰਤਾਨੀਆਂ ਚਲਾ ਗਿਆ। ਉਥੇ ਬਹੁਤ ਮਿਹਨਤ ਕੀਤੀ, ਭੱਠੇ ‘ਤੇ ਮਜ਼ਦੂਰੀ ਕਰਦਾ ਰਿਹਾ ਅਤੇ ਨਾਲ ਹੀ ਪੜ੍ਹਦਾ ਰਿਹਾ। ਬਰਤਾਨੀਆਂ ਤੋਂ ਆਪਣੀ ਵਿਰਾਸਤ ਦਾ ਹੇਜ ਉਸ ਨੂੰ ਮੁੜ ਪੰਜਾਬ ਲੈ ਆਇਆ। ਇਥੇ ਆ ਕੇ ਪੀ.ਐਚ.ਡੀ.ਭਾਸ਼ਾ ਵਿਗਿਆਨ ਵਿੱਚ ਕੀਤੀ ਅਤੇ 1972 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਲੱਗ ਗਿਆ ਤੇ ਫਿਰ ਰੀਡਰ ਬਣ ਗਿਆ। 1986 ਵਿੱਚ ਪ੍ਰੋਫ਼ੈਸਰ ਬਣਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚਲਾ ਗਿਆ। 1993 ਵਿੱਚ ਵਾਈਸ ਚਾਂਸਲਰ ਬਣਕੇ ਪੰਜਾਬੀ ਯੂਨੀਵਰਸਿਟੀ ਵਿੱਚ ਆ ਗਿਆ। 1996 ਵਿੱਚ ਉਸ ਦੇ ਅਹੁਦੇ ਦੀ ਮਿਆਦ ਖ਼ਤਮ ਹੋ ਗਈ। ਸ੍ਰ.ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣ ਗਏ। ਹਰਕਿਸ਼ਨ ਸਿੰਘ ਸੁਰਜੀਤ ਨੇ ਉਨ੍ਹਾਂ ਨੂੰ ਐਕਟੈਨਸ਼ਨ ਦੇਣ ਲਈ ਸਿਫਾਰਸ਼ ਕੀਤੀ। ਹਰਚਰਨ ਸਿੰਘ ਬਰਾੜ ਨੇ ਫਾਈਲ ‘ਤੇ ਇਕ ਸਾਲ ਦੀ ਐਕਸਟੈਨਸ਼ਨ ਦੇ ਦਿੱਤੀ ਪ੍ਰੰਤੂ ਡਾ.ਪੁਆਰ ਨੇ ਇਕ ਸਾਲ ਦੀ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਦੁਬਾਰਾ ਫਾਈਲ ਮੁੱਖ ਮੰਤਰੀ ਨੇ ਮੰਗਵਾ ਕੇ ਐਕਸਟੈਨਸ਼ਨ ਦਿੱਤੀ। ਉਹ 1999 ਤੱਕ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ। ਡਾ.ਜੋਗਿੰਦਰ ਸਿੰਘ ਪੁਆਰ ਦਲੇਰ, ਮਿਹਨਤੀ, ਦ੍ਰਿੜ੍ਹ ਇਰਾਦੇ ਵਾਲੇ ਜਿੱਦੀ ਕਿਸਮ ਦੇ ਇਨਸਾਨ ਸਨ। ਉਹ ਜੋ ਫ਼ੈਸਲਾ ਕਰ ਲੈਂਦੇ ਕਦੇ ਵੀ ਪਿੱਛੇ ਨਹੀਂ ਹੱਟਦੇ ਸਨ, ਭਾਵੇਂ ਉਸ ਦੇ ਦੋਸਤ ਮਿੱਤਰ ਵੀ ਨਰਾਜ਼ ਹੋ ਜਾਣ। ਫਿਰ ਵੀ ਉਹ ਯਾਰਾਂ ਦੇ ਯਾਰ ਸਨ। ਉਪ ਕੁਲਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਰੋਜ਼ਾਨਾ ਦੇਸ਼ ਸੇਵਕ ਅਖ਼ਬਾਰ ਚੰਡੀਗੜ੍ਹ ਦੇ ਸੰਪਾਦਕ ਰਹੇ। ਉਨ੍ਹਾਂ ਦਾ ਜਨਮ 12 ਨਵੰਬਰ 1934 ਨੂੰ ਹੋਇਆ। ਡਾ.ਜੋਗਿੰਦਰ ਸਿੰਘ ਪੁਆਰ 87 ਸਾਲ ਦੀ ਉਮਰ ਵਿੱਚ 14 ਅਕਤੂਬਰ 2020 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦੀ ਪਤਨੀ ਡਾ.ਰਤਨੇਸ਼ ਪੁਆਰ ਅਤੇ ਲੜਕੀ ਮਨਿੰਦਰ ਪੁਆਰ ਪਿੰਡ ਲੱਧੇਵਾਲੀ ਜਲੰਧਰ ਰਹਿ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਤੀਜੀ ਵਾਰ ਡਬਲ ਇੰਜਣ ਸਰਕਾਰ ਬਣਾਈ - ਉਜਾਗਰ ਸਿੰਘ

ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਕਾਂਟੇ ਦੀ ਟੱਕਰ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਗਈ ਹੈ। ਗਿਣਤੀ ਸ਼ੁਰੂ ਹੋਣ ਤੋਂ ਸਵੇਰੇ 9.30 ਵਜੇ ਤੱਕ ਕਾਂਗਰਸ ਪਾਰਟੀ ਦੇ ਪੱਖ ਵਿੱਚ ਝੁਕਾਆ ਆ ਰਹੇ ਸਨ ਪ੍ਰੰਤੂ 9.40 ਮਿੰਟ ਝੁਕਾਆ ਬਦਲ ਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣੇ ਸ਼ੁਰੂ ਹੋ ਗਏ ਜੋ ਅਖ਼ੀਰ ਤੱਕ ਭਾਰਤੀ ਜਨਤਾ ਦੇ ਹੱਕ ਵਿੱਚ ਬਰਕਰਾਰ ਰਹੇ। ਲੋਕ ਸਭਾ ਦੀ ਚੋਣ ਦੀ ਤਰ੍ਹਾਂ ਇਸ ਵਾਰ ਪ੍ਰਧਾਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਵੋਟਾਂ ਨਹੀਂ ਮੰਗੀਆਂ ਗਈਆਂ। ਆਰ ਐਸ ਐਸ ਨੇ ਪਾਰਟੀ ਦੇ ਨਾਮ ‘ਤੇ ਵੋਟਾਂ ਮੰਗਣ ਲਈ ਜ਼ੋਰ ਪਾਇਆ ਸੀ। ਭਾਰਤੀ ਜਨਤਾ ਪਾਰਟੀ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਮਈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ  ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿੱਚੋਂ 5 ਸੀਟਾਂ ਜਿੱਤੀਆਂ ਸਨ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ ਸਨ, ਜਿਸ ਤੋਂ ਭਾਰਤੀ ਜਨਤਾ ਪਾਰਟੀ ਦੀ ਗਿਰਾਵਟ ਦਾ ਪਤਾ ਚਲਦਾ ਸੀ। ਪ੍ਰੰਤੂ ਤੀਜੀ ਵੀਰ ਵੀ ਭਾਰਤੀ ਜਨਤਾ ਪਾਰਟੀ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ। ਭਾਰਤੀ ਜਨਤਾ ਪਾਰਟੀ ਭਾਵੇਂ ਚੋਣਾਂ ਜਿੱਤ ਗਈ ਹੈ ਪ੍ਰੰਤੂ ਉਨ੍ਹਾਂ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਦੇ 8 ਮੰਤਰੀ ਚੋਣ ਹਾਰ ਗਏ ਹਨ, ਜਿਨ੍ਹਾਂ ਵਿੱਚ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਾਇਬ ਚੰਦ ਵੀ ਸ਼ਾਮਲ ਹਨ। ਚੋਣ ਹਾਰਨ ਵਾਲੇ ਮੰਤਰੀਆਂ ਵਿੱਚ  ਸੰਜੇ ਸਿੰਘ,  ਕੰਵਰ ਪਾਲ ਗੁਜਰ, ਡਾ.ਕੰਵਲ ਗੁਪਤਾ, ਸੁਭਾਸ਼ ਸੁਧਾ ਅਤੇ ਰਣਜੀਤ ਸਿੰਘ ਚੌਟਾਲਾ ਸ਼ਾਮਲ ਹਨ। ਕਾਂਗਰਸ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ ਕਿਉਂਕਿ ਉਹ ਤਾਂ ਆਪਣੀ ਜਿੱਤ ਪੱਕੀ ਸਮਝੀ ਬੈਠੇ ਸਨ। ਦਸ ਸਾਲ ਦੇ ਸਨਿਆਸ ਤੋਂ ਬਾਅਦ ਕਾਂਗਰਸੀ ਆਸ ਦੀ ਕਿਰਨ ਜਗਾਈ ਬੈਠੇ ਸਨ ਪ੍ਰੰਤੂ ਕਾਂਗਰਸ ਦੀ ਧੜੇਬੰਦੀ ਤੇ ਆਪਸੀ ਲੜਾਈ ਉਸ ਦੀਆਂ ਜੜ੍ਹਾਂ ਵਿੱਚ ਬੈਠ ਗਈ।  ਕੁਲ ਪੋਲ ਹੋਈਆਂ 67.90 ਫ਼ੀ ਸਦੀ ਵੋਟਾਂ ਵਿੱਚੋਂ ਕਾਂਗਰਸ ਨੂੰ 39.38 ਫ਼ੀ ਸਦੀ ਤੇ ਭਾਰਤੀ ਜਨਤਾ ਪਾਰਟੀ ਨੂੰ 39.84 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। 90 ਮੈਂਬਰੀ ਵਿਧਾਨ ਸਭਾ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ 51, ਕਾਂਗਰਸ ਪਾਰਟੀ ਨੂੰ 34, ਇਨੈਲੋ ਨੂੰ 2, 1 ਹਰਿਆਣਾਂ ਲੋਕ ਹਿਤ ਪਾਰਟੀ, ਇੱਕ ਬੀ ਐਸ ਪੀ.ਅਤੇ 2 ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਭਾਰਤੀ ਜਨਤਾ ਪਾਰਟੀ, ਕਾਂਗਰਸ, ਇਨੈਲੋ ਬੀ.ਐਸ.ਪੀ ਗਠਜੋੜ, ਆਮ ਆਦਮੀ ਪਾਰਟੀ, ਜੇ.ਪੀ.ਪੀ ਤੇ ਆਜ਼ਾਦ ਸਮਾਜ ਗੱਠਜੋੜ ਚੋਣਾ ਲੜੇ ਸਨ। ਕੁਲ 1031 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚ 101 ਔਰਤਾਂ, 464 ਆਜ਼ਾਦ ਉਮੀਦਵਾਰ ਸਨ।  ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਵੇਂ 89-89 ਸੀਟਾਂ ‘ਤੇ ਚੋਣ ਲੜੇ ਸਨ। ਕਾਂਗਰਸ ਨੇ ਇੱਕ ਭਿਵਾਨੀ ਦੀ ਸੀਟ ਸੀ.ਪੀ.ਐਮ.ਲਈ ਛੱਡ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਨੇ ਸਿਰਸਾ ਸੀਟ ਹਰਿਆਣਾ ਲੋਕ ਹਿਤ ਪਾਰਟੀ ਦੇ ਗੋਪਾਲ ਕਾਂਡਾ ਲਈ ਛੱਡੀ ਸੀ। ਗੋਪਾਲ ਕਾਂਡਾ ਚੋਣ ਜਿੱਤ ਗਏ ਹਨ। ਇਨੈਲੋ ਅਤੇ ਬੀ.ਐਸ.ਪੀ. ਦੇ ਗਠਜੋੜ ਨੇ ਵੀ 89 ਸੀਟਾਂ ਤੋਂ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 51 ਸੀਟਾਂ ਤੇ ਇਨੈਲੋ ਨੇ ਉਮੀਦਵਾਰ ਖੜ੍ਹੇ ਕੀਤੇ ਸਨ। 2014 ਵਿੱਚ ਭਾਰਤੀ ਜਨਤਾ ਪਾਰਟੀ ਨੇ 90 ਵਿੱਚੋਂ 47 ਸੀਟਾਂ ਜਿੱਤਕੇ ਪੂਰਨ ਬਹੁਮਤ ਪ੍ਰਾਪਤ ਕੀਤਾ ਸੀ। ਉਦੋਂ 68.1 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। 2019 ਵਿੱਚ ਭਾਰਤੀ ਜਨਤਾ ਪਾਰਟੀ ਨੇ 40 ਜਿੱਤੀਆਂ ਸਨ ਜੋ ਪੂਰਨ ਬਹੁਮਤ ਤੋਂ 6 ਸੀਟਾਂ ਘੱਟ ਸਨ ਤੇ 36.49 ਫ਼ੀ ਸਦੀ ਵੋਟਾਂ ਮਿਲੀਆਂ ਸਨ। ਭਾਰਤੀ ਜਨਤਾ ਪਾਰਟੀ ਨੇ ਚੌਧਰੀ ਦੇਵੀ ਲਾਲ ਦੇ ਪੋਤਰੇ ਦੁਸ਼ਯੰਤ ਚੌਟਾਲਾ ਦੀ ਜਨ ਨਾਇਕ ਪਾਰਟੀ ਨਾਲ ਰਲ ਕੇ ਸਾਂਝੀ ਸਰਕਾਰ ਬਣਾਈ ਸੀ, ਜਨ ਨਾਇਕ ਪਾਰਟੀ ਦੇ ਦਸ ਵਿਧਾਇਕ ਸਨ ਤੇ 14.80 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਕਾਂਗਰਸ ਨੂੰ 31 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ ਤੇ 28.08 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਵਾਰ ਸਰਕਾਰ ਭਾਵੇਂ ਭਾਰਤੀ ਜਨਤਾ ਪਾਰਟੀ ਬਣਾ ਰਹੀ ਹੈ ਪ੍ਰੰਤੂ ਕਾਂਗਰਸ ਅਤੇ  ਭਾਰਤੀ ਜਨਤਾ ਪਾਰਟੀ ਆਪਣੀ ਵੋਟ ਫ਼ੀ ਸਦੀ ਵਿਧਾਉਣ ਵਿੱਚ ਸਫਲ ਹੋ ਗਈਆਂ ਹਨ। ਦੋਵੇਂ ਵਾਰ ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ ਪ੍ਰੰਤੂ ਦੂਜੀ ਵਾਰ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣਾਏ ਗਏ ਸਨ। 2024 ਦੇ ਸ਼ੁਰੂ ਵਿੱਚ ਦੋਹਾਂ ਪਾਰਟੀਆਂ ਦਾ ਸਮਝੌਤਾ ਟੁੱਟ ਗਿਆ। ਐਂਟੀ ਇਕੁਵੈਂਸੀ ਫੈਕਟਰ ਤੋਂ ਮੁਕਤੀ ਪਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਨਾਇਬ ਸਿੰਘ ਸੈਣੀ ਨੂੰ ਮਨੋਹਰ ਲਾਲ ਖੱਟਰ ਦੀ ਥਾਂ ਮੁੱਖ ਮੰਤਰੀ ਬਣਾ ਦਿੱਤਾ ਪ੍ਰੰਤੂ ਭਾਰਤੀ ਜਨਤਾ ਪਾਰਟੀ ਫਿਰ ਵੀ ਸਰਕਾਰ ਨਾ ਬਣਾ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਅਦਿਤਿਆ ਨਾਥ ਅਤੇ ਜੇ.ਪੀ ਨੱਢਾ ਨੇ ਹਰਿਆਣਾ ਵਿੱਚ ਧੂੰਆਂ ਧਾਰ ਚੋਣ ਪ੍ਰਚਾਰ ਕੀਤਾ ਸੀ। ਦੂਜੇ ਪਾਸੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਖੜਗੇ ਚੋਣ ਪ੍ਰਚਾਰ ਕਰਦੇ ਰਹੇ। ਭਾਰਤੀ ਜਨਤਾ ਪਾਰਟੀ ਵਿੱਚ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਟਿਕਟਾਂ ਨਾ ਮਿਲਣ ਕਰਕੇ ਬਗਾਬਤ ਵੀ ਹੋਈ ਪ੍ਰੰਤੂ ਭਾਰਤੀ ਜਨਤਾ ਪਾਰਟੀ ਫਿਰ ਵੀ ਬਹੁਮਤ ਲੈਣ ਵਿੱਚ ਸਫ਼ਲ ਹੋ ਗਈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਕਾਂਗਰਸ ਦੀ ਕੁਮਾਰੀ ਸ਼ੈਲਜਾ ਵੀ ਨਾਰਾਜ਼ ਚਲੇ ਆ ਰਹੇ ਸਨ। ਹਰਿਆਣਾ ਦੇ ਤਿੰਨ ਲਾਲ, ਸਾਬਕਾ ਮੁੱਖ ਮੰਤਰੀਆਂ ਚੌਧਰੀ ਬੰਸੀ ਲਾਲ, ਚੌਧਰੀ ਦੇਵੀ ਲਾਲ ਅਤੇ ਚੌਧਰੀ ਭਜਨ ਲਾਲ ਦੇ ਪਰਿਵਾਰ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਸੀ। ਹਰਿਆਣਾ ਦੇ ਤਿੰਨੋ ਲਾਲ ਪਰਿਵਾਰਾਂ ਚੌਧਰੀ ਦੇਵੀ ਲਾਲ, ਭਜਨ ਲਾਲ ਅਤੇ ਬੰਸੀ ਲਾਲ ਦੇ ਪਰਿਵਾਰਾਂ ਦੇ ਮੈਂਬਰ ਵੀ ਵਿਧਾਨਕਾਰ ਬਣ ਚੁੱਕੇ ਹਨ। 90 ਵਿਧਾਨ ਸਭਾ ਸੀਟਾਂ ਦੀ ਗਿਣਤੀ ਲਈ 93 ਥਾਵਾਂ ਤੇ ਗਿਣਤੀ ਕੀਤੀ ਗਈ ਹੈ। ਇੱਕ ਹੋਰ ਹੈਰਾਨੀ ਦੀ ਗੱਲ ਹੈ  ਜਾਟ ਇਲਾਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਕੈਰ ਜਾਟ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚੋਂ 9 ਗ਼ੈਰ ਜਾਟ ਉਮੀਦਵਾਰ ਚੋਣਾਂ ਜਿੱਤ ਗਏ ਹਨ। ਭਾਰਤੀ ਜਨਤਾ ਪਾਰਟੀ ਨੇ 48 ਵਿੱਚੋਂ 22 ਨਵੀਆਂ ਸੀਟਾਂ ਪਹਿਲੀ ਵਾਰ ਜਿੱਤੀਆਂ ਹਨ। ਕਾਂਗਰਸ ਪਾਰਟੀ ਆਪਣੀਆਂ ਪੁਰਾਣੀਆਂ ਸੀਟਾਂ ਵਿੱਚੋਂ ਅੱਧੀਆਂ ਸੀਟਾਂ ਹਾਰ ਗਈ ਹੈ। 10 ਪੋÇਲੰਗ ਸਟੇਸ਼ਨ ਏਲਨਾਬਾਦ, ਲੋਹਾਰੂ, ਸਧੌਰਾ, ਜਗਾਧਰੀ, ਡੱਬਵਾਲੀ, ਹਥੀਨ, ਟੋਹਾਨਾ, ਨਾਰਨੌਦ, ਕਿਲਿਆਂਵਾਲੀ ਅਤੇ ਆਦਮਪੁਰ ਵਿੱਚ 75.47 ਫ਼ੀ ਸਦੀ ਤੋਂ ਵੱਧ ਪੋÇਲੰਗ ਹੋਈ। ਏਲਨਾਵਾਦ ਵਿੱਚ ਸਭ ਤੋਂ ਵੱਧ 80.61 ਫ਼ੀ ਸਦੀ ਪੋÇਲੰਗ ਹੋਈ। ਏਲਨਾਵਾਦ ਤੋਂ ਇਨੈਲੋ ਦੇ ਅਭੈ ਚੌਟਾਲਾ ਚੋਣ ਲੜੇ ਸਨ। 53 ਫ਼ੀ ਸਦੀ ਸੀਟਾਂ ‘ਤੇ 70 ਫ਼ੀ ਸਦੀ ਤੋਂ ਵੱਧ ਪੋÇਲੰਗ ਹੋਈ ਸੀ ਅਤੇ 11 ਹਲਕਿਆਂ ਵਿੱਚ 75 ਫ਼ੀ ਸਦੀ ਤੋਂ ਵੱਧ ਪੋÇਲੰਗ ਹੋਈ ਸੀ। ਸਿਰਸਾ ਹਲਕੇ ਵਿੱਚ ਸਭ ਤੋਂ ਵੱਧ 75.36 ਫ਼ੀ ਸਦੀ ਅਤੇ ਫਤੇਹਬਾਦ ਸਭ ਤੋਂ ਘੱਟ 74.77 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। 2014 ਵਿੱਚ 76.2 ਫ਼ੀ ਸਦੀ ਪੁÇਲੰਗ ਹੋਈ ਸੀ। ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਨਹੀਂ ਹੋ ਸਕਿਆ ਜਿਸ ਕਰਕੇ ਦੋਵੇਂ ਪਾਰਟੀਆਂ ਵੱਖ ਵੱਖ ਚੋਣ ਲੜੀਆਂ ਸਨ। ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਚੋਣ ਹਾਰ ਗਏ ਹਨ ਅਤੇ ਉਨ੍ਹਾਂ ਸਾਰਿਆਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਹਨ। ਅਗਨੀਵੀਰ, ਕਿਸਾਨ ਅੰਦੋਲਨ ਅਤੇ ਪਹਿਲਵਾਨਾਂ ਨਾਲ ਜ਼ਿਆਦਤੀ ਤਿੰਨ ਫੈਕਟਰ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਗਈ ਹੈ। ਵਿਨੇਸ ਫੋਗਟ ਚੋਣ ਜਿੱਤ ਗਏ ਹਨ। ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਜਿਹੜੇ ਹਰਿਆਣਾ ਦੇ ਰਹਿਣ ਵਾਲੇ ਹਨ, ਉਹ ਵੀ ਚੋਣ ਲੜੇ ਸੀ ਪ੍ਰੰਤੂ ਉਹ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਚੱਠਾ ਤੋਂ ਚੋਣ ਹਾਰ ਗਏ ਹਨ। ਗੁਰਨਾਮ ਸਿੰਘ ਚੜੂਨੀ ਨੂੰ ਸਿਰਫ 1200 ਦੇ ਕਰੀਬ ਵੋਟਾਂ ਪਈਆਂ ਹਨ। ਸਾਰੇ ਚੋਣ ਸਰਵੇ ਝੂਠੇ ਸਾਬਤ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਜਿੱਤਣ ਤੋਂ ਬਾਅਦ ਸੰਭੂ ਬਾਰਡਰ ਖੁਲ੍ਹਣ ਦੀ ਆਸ ਖ਼ਤਮ ਹੋ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

ਡਾ.ਹਰਕੇਸ਼ ਸਿੰਘ ਸਿੱਧੂ ਦੀ ਜੀਵਨਂੀ ‘ਸਰਪੰਚ ਤੋਂ ਡੀ.ਸੀ.ਤੱਕ’ ਨੌਜਵਾਨਾ ਲਈ ਪ੍ਰੇਰਨਾਸ੍ਰੋਤ - ਉਜਾਗਰ ਸਿੰਘ

ਪੰਜਾਬੀ ਵਿੱਚ ਜੀਵਨੀ ਸਾਹਿਤ ਵੱਡੀ ਮਾਤਰਾ ਵਿੱਚ ਲਿਖਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਜੀਵਨੀਆਂ ਪੰਜਾਬੀ ਦੇ ਸਾਹਿਤਕਾਰਾਂ ਦੀਆਂ ਹਨ। ਹਰ ਵਿਅਕਤੀ ਇਹ ਸੋਚਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਮਾਅਰਕੇ ਮਾਰੇ ਹਨ। ਉਨ੍ਹਾਂ ਜ਼ਰੂਰ ਵੱਡੇ ਮਾਅਰਕੇ ਮਾਰੇ ਹੋਣਗੇ ਪ੍ਰੰਤੂ ਵੇਖਣ ਵਾਲੀ  ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਦੀ ਜੀਵਨੀ ਤੋਂ ਸਮਾਜ ਨੂੰ ਕੋਈ ਪ੍ਰੇਰਨਾ ਵੀ ਮਿਲਦੀ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਕੁਝ ਸਾਰਥਿਕ ਗ੍ਰਹਿਣ ਕਰ ਸਕੇ। ਮੈਂ ਬਹੁਤ ਸਾਰੀਆਂ ਜੀਵਨੀਆਂ ਪੜ੍ਹਦਾ ਹਾਂ ਤਾਂ ਜੋ ਕੋਈ ਚੰਗੀ ਗੱਲ ਪੱਲੇ ਪੈ ਸਕੇ। ਹੁਣੇ ਜਿਹੇ ਇੱਕ ਵੱਡ ਆਕਾਰੀ ਜੀਵਨੀ ਸਾਹਿਤਕ ਮਾਰਕੀਟ ਵਿੱਚ ਆਈ ਹੈ। ਇਹ ਜੀਵਨੀ ਡਾ.ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ.ਅਧਿਕਾਰੀ ਦੀ ‘ਸਰਪੰਚ ਤੋਂ ਡੀ.ਸੀ.ਤੱਕ’ ਨੂੰ ਪੜ੍ਹਨ ਦਾ ਇਤਫ਼ਾਕ ਹੋਇਆ। ਹਰ ਪਾਠਕ ਇਤਨੀ ਵੱਡੀ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਹਿਚਕਚਾਹਟ ਮਹਿਸੂਸ ਕਰੇਗਾ ਕਿਉਂਕਿ ਕਿਹਾ ਜਾਂਦਾ ਹੈ ਕਿ ਇੰਟਰਨੈਟ ਦੇ ਜ਼ਮਾਨੇ ਵਿੱਚ ਲੋਕਾਂ  ਦੀ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ ਪ੍ਰੰਤੂ ਮੈਨੂੰ 115 ਚੈਪਟਰਾਂ ਵਾਲੀ ਇਸ ਜੀਵਨੀ  ਨੂੰ ਪੜ੍ਹਦਿਆਂ ਸਗੋਂ ਉਤਸੁਕਤਾ ਵੱਧਦੀ ਰਹੀ, ਹਰ ਚੈਪਟਰ ਇੱਕ ਦੂਜੇ ਨਾਲੋਂ ਵਧੇਰੇ ਦਿਲਚਸਪ ਲੱਗਿਆ। ਹਰ ਚੈਪਟਰ ਤੋਂ ਪਹਿਲਾਂ ਹਰਕੇਸ਼ ਸਿੰਘ ਸਿੱਧੂ ਨੇ ਇੱਕ ਸ਼ਿਅਰ ਕਈ ਥਾਂ ‘ਤੇ ਚੈਪਟਰ ਦੇ ਅਖ਼ੀਰ ਵਿੱਚ ਵੀ ਦਿੱਤਾ ਹੈ, ਉਹ ਸ਼ਿਅਰ ਉਸ ਚੈਪਟਰ ਦਾ ਸਾਰੰਸ਼ ਹੁੰਦੇ ਹਨ। ਇਹ ਸ਼ਿਅਰ ਵਰਤਮਾਨ ਪ੍ਰਣਾਲੀ ਦਾ ਪਰਦਾ ਫਾਸ਼ ਕਰਦੇ ਹਨ। ਹਰਕੇਸ਼ ਸਿੰਘ ਸਿੱਧੂ ਸਾਹਿਬ ਨੂੰ ਇਨ੍ਹਾਂ ਸ਼ਿਅਰਾਂ ਦੀ ਇੱਕ ਵੱਖਰੀ ਪੁਸਤਕ ਪ੍ਰਕਾਸ਼ਤ ਕਰਵਾਉਣੀ ਚਾਹੀਦੀ ਹੈ। ਇਹ ਪੁਸਤਕ ਜੀਵਨੀ ਨਾਲੋਂ ਜੀਵਨ ਜਾਚ ਵਧੇਰੇ ਲੱਗਦੀ ਹੈ ਪ੍ਰੰਤੂ ਕੁਝ ਚੈਪਟਰ ਅਜਿਹੇ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਸਫ਼ਰਨਾਮਾ ਲੱਗਦਾ ਹੈ।  ਲਗਪਗ ਹਰ ਚੈਪਟਰ ਵਿੱਚੋਂ ਪਾਠਕਾਂ ਨੂੰ ਪ੍ਰੇਰਨਾ ਮਿਲਦੀ ਹੈ। ਹਰਕੇਸ਼ ਸਿੰਘ ਸਿੱਧੂ ਦਾ ਸਿਧਾਂਤ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜਿਊਣਾ ਵੱਡੀ ਗੱਲ ਹੈ। ਆਮ ਤੌਰ ‘ਤੇ ਸਰਕਾਰੀ ਮੁਲਾਜ਼ਮ ਅਜਿਹਾ ਨਹੀਂ ਕਰਦੇ, ਸਗੋਂ ਭ੍ਰਿਸ਼ਟਾਚਾਰੀ ਅਧਿਕਾਰੀਆਂ ਦੇ ਥੱਲੇ ਲੱਗਕੇ ਆਪ ਵੀ ਭ੍ਰਿਸ਼ਟਾਚਾਰ ਕਰਨ ਲੱਗ ਜਾਂਦੇ ਹਨ। ਹਰਕੇਸ਼ ਸਿੰਘ ਸਿੱਧੂ ਦੀ ਜਵੀਨੀ ਦੀ ਸਭ ਤੋਂ ਵੱਡੀ ਪ੍ਰੇਰਨਾ ਇਹੋ ਮਿਲਦੀ ਹੈ ਕਿ ਜੇਕਰ ਅਸੀਂ ਸਮਾਜਕ ਤੇ ਪ੍ਰਸ਼ਾਸ਼ਕੀ ਪ੍ਰਣਾਲੀ ਵਿੱਚ ਬਦਲਾਓ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਹੱਕ ਤੇ ਸੱਚ ਤੇ ਪਹਿਰਾ ਦੇ ਕੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਬਚਨਵੱਧ ਹੋਣਾ ਪਵੇਗਾ। ਇਨਸਾਫ ਪਸੰਦ ਬਣਨਾ ਪਵੇਗਾ। ਜਦੋਂ ਤੁਸੀਂ ਇਨਸਾਫ ਦੇ ਸਿਧਾਂਤ ‘ਤੇ ਪਹਿਰਾ ਦੇਵੋਗੇ ਤਾਂ ਭ੍ਰਿਸ਼ਟਾਚਾਰ ਆਪਣੇ ਆਪ ਖ਼ਤਮ ਹੋ ਜਾਵੇਗਾ। ਜੀਵਨੀਕਾਰ ਨੇ ਪ੍ਰਸ਼ਾਸ਼ਨਕ ਪ੍ਰਣਾਲੀ ਦਾ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸ ਦਾ ਪਰਦਾ ਫਾਸ਼ ਨਾ ਕੀਤਾ ਹੋਵੇ। ਇਹ ਸਵੈ ਜੀਵਨੀ ਨੌਜਵਾਨਾ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਸਰਪੰਚ ਤੋਂ ਡੀ.ਸੀ.ਤੱਕ ਪਹੁੰਚਣਾ ਬੜਾ ਔਖਾ, ਅਜੀਬ ਤੇ ਕਾਲਪਨਿਕ ਜਿਹਾ ਲੱਗਦਾ ਹੈ, ਜਿਵੇਂ ਸਾਹਿਤਕਾਰ ਦਿਲਚਸਪੀ ਪੈਦਾ ਕਰਨ ਲਈ ਆਪਣੀਆਂ ਰਚਨਾਵਾਂ ਵਿੱਚ ਕਾਲਪਨਿਕ ਗੱਲਾਂ ਸ਼ਾਮਲ ਕਰ ਦਿੰਦੇ ਹਨ ਪ੍ਰੰਤੂ ਇਹ ਜੀਵਨੀ ਇੱਕ ਸਚਾਈ ਤੇ ਨਿੱਜੀ ਤਜ਼ਰਬੇ ‘ਤੇ ਅਧਾਰਤ ਹੈ। ਇਹ ਜੀਵਨੀ ਪੜ੍ਹਕੇ ਇਹ ਵੀ ਪਤਾ ਲੱਗਦਾ ਹੈ ਕਿ ਇਮਾਨਦਾਰ ਵਿਅਕਤੀਆਂ ਦੇ ਦੁਸ਼ਮਣ ਵੀ ਬਹੁਤ ਬਣਦੇ ਹਨ ਪ੍ਰੰਤੂ ਜੇਕਰ ਇਨ੍ਹਾਂ ਦੁਸ਼ਮਣਾ ਦੇ ਡਰ ਕਰਕੇ ਵਿਅਕਤੀ ਥਿੜ੍ਹਕ ਜਾਵੇ ਤਾਂ ਉਹ ਭ੍ਰਿਸ਼ਟਾਚਾਰੀਆਂ ਦਾ ਮਦਦਗਾਰ ਬਣ ਜਾਂਦਾ ਹੈ। ਹਰਕੇਸ਼ ਸਿੰਘ ਸਿੱਧੂ ਥਿੜ੍ਹਕਿਆ ਨਹੀਂ ਸਗੋਂ ਹੋਰ ਜੋਸ਼ ਤੇ ਹੋਸ਼ ਨਾਲ ਇਮਾਨਦਾਰੀ ਦੀ ਪਹਿਰੇਦਾਰੀ ਕਰਦਾ ਰਿਹਾ ਹੈ।
     ਹਰਕੇਸ਼ ਸਿੰਘ ਸਿੱਧੂ ਸੋਨੇ ਦੇ ਚਮਚੇ ਦੀ ਗੁੜ੍ਹਤੀ ਲੈ ਕੇ ਜੰਮਿ੍ਹਆਂ ਨਹੀਂ ਸਗੋਂ ਪਛੜੇ ਇਲਾਕੇ ਦੇ ਸਾਧਾਰਨ ਦਿਹਾਤੀ ਜੱਟ/ਕਿਸਾਨ ਪਰਿਵਾਰ ਵਿੱਚ ਜਨਮਿਆਂ ਉਹ ਦੁੱਖਾਂ ਤਕਲੀਫ਼ਾਂ ਦਾ ਮੁਕਾਬਲਾ ਤੇ ਤਲਖ ਹਕੀਕਤਾਂ ਦਾ ਸਾਹਮਣਾ ਕਰਦਿਆਂ, ਪਿੰਡਾਂ ਵਿੱਚ ਵਿਦਿਅਕ ਸਹੂਲਤਾਂ ਦੀ ਅਣਹੋਂਦ ਦੇ ਬਾਵਜੂਦ ਲੈਂਡ ਮਾਰਗੇਜ ਬੈਂਕ ਦਾ ਕਲਰਕ, ਮਾਲਵਾ ਮਿਲਕ ਯੂਨੀਅਨ ਸੰਗਰੂਰ ਦਾ ਡਾਇਰੈਕਟਰ, ਸਰਕਾਰੀ ਵਕੀਲ, ਸੁਨਾਮ ਬਾਰ ਐਸੋਸੀਏਸ਼ਨ ਦਾ ਪ੍ਰਧਾਨ, ਲਾਅ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ, ਸਰਪੰਚ, ਪੀ.ਸੀ.ਐਸ., ਆਈ.ਏ.ਐਸ.ਬਣਨਾ ਤੇ ਫਿਰ ਇੱਕ ਨਹੀਂ ਤਿੰਨ-ਤਿੰਨ ਜ਼ਿਲਿ੍ਹਆਂ ਦਾ ਡਿਪਟੀ ਕਮਿਸ਼ਨਰ ਬਣਕੇ ਆਪਣੇ ਆਪ ਵਿੱਚ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੈ। ਇਸ ਤੋਂ ਅਣਖ਼ ਨਾਲ ਜੀਵਨ ਬਤੀਤ ਕਰਨ ਦਾ ਹੌਸਲਾ ਵੀ ਮਿਲਦਾ ਹੈ। ਬਚਪਨ ਵਿੱਚ 2 ਸਾਲ ਦੀ ਉਮਰ ਵਿੱਚ ਹੀ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ, ਆਪਣਿਆਂ ਨੇ ਹੀ ਪਰਿਵਾਰਿਕ ਜਾਇਦਾਦ ਹੜੱਪ ਕਰ ਲਈ ਤੇ ਫਿਰ ਨਾਨਕੇ ਘਰ ਰਹਿਕੇ ਆਪਣੇ ਨਾਨੇ ਦੀ ਰਹਿਨੁਮਾਈ ਹੇਠ ਪੜ੍ਹਾਈ  ਕੀਤੀ। ਉਸਦਾ ਨਾਨਾ ਧਾਰਮਿਕ ਖਿਆਲਾਂ ਦਾ ਵਿਅਕਤੀ ਸੀ, ਜਿਸਦੀ ਇਮਾਨਦਾਰੀ ਦੀ ਪ੍ਰਵਿਰਤੀ ਨੇ ਹਰਕੇਸ਼ ਸਿੰਘ ਸਿੱਧੂ ਦੇ ਜੀਵਨ ਨੂੰ ਹੱਕ ਸੱਚ ਤੇ ਇਮਾਨਦਾਰੀ ਤੇ ਪਹਿਰਾ ਦੇਣ ਦਾ ਰਾਹ ਵਿਖਾਇਆ। ਪਿੰਡ ਦੇ ਲੋਕਾਂ ਦੀਆਂ ਚੁੱਭਵੀਆਂ ਟਕੋਰਾਂ ਵੀ ਬਰਦਾਸ਼ਤ ਕੀਤੀਆਂ, ਜਿਨ੍ਹਾਂ ਨੇ ਉਚ ਅਹੁਦੇ ‘ਤੇ ਪਹੁੰਚਣ ਦੀ ਖੁੰਦਕ ਪੈਦਾ ਕੀਤੀ। ਬੀ.ਏ.ਪ੍ਰਾਈਵੇਟ, ਲਾਅ ਈਵਨਿੰਗ ਕਲਾਸ, ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਪੋਸਟ ਗ੍ਰੈਜੂਏਸ਼ਨ, ਬਿਜ਼ਨਸ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਸ਼ਨ, ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਅਤੇ ਇੰਡਸਟਰੀਲ ਰਿਲੇਸ਼ਨ, ਐਮ.ਏ. ਤੇ ਫਿਰ ਪੀ.ਐਚ.ਡੀ ਦੀ ਪੜ੍ਹਾਈ ਕੀਤੀ। ਪੜ੍ਹਾਈ ਦੇ ਨਾਲ ਹੀ ਵਿਦਿਆਰਥੀ ਨੇਤਾਗਿਰੀ ਵੀ ਕੀਤੀ। ਇਹ ਸਾਰੀਆਂ ਪ੍ਰਾਪਤੀਆਂ ਨਿਸ਼ਾਨਾ ਨਿਸਚਤ ਕਰਨ, ਲਗਨ, ਮਿਹਨਤ, ਦ੍ਰਿੜ੍ਹਤਾ ਅਤੇ ਜਦੋਜਹਿਦ ਦਾ ਨਤੀਜਾ ਹਨ। ਅਜਿਹੇ ਮਹੱਤਵਪੂਰਨ ਉਚ ਅਹੁਦਿਆਂ ‘ਤੇ ਹੁੰਦਿਆਂ ਭ੍ਰਿਸ਼ਟਾਚਾਰ ਦੇ ਮਕੜਜਾਲ ਦੇ ਸਮੇਂ ਇਮਾਨਦਾਰ ਰਹਿਣਾ ਆਪਣੇ ਆਪ ਵਿੱਚ ਵਿਲੱਖਣ ਗੱਲ ਹੈ।
      ਹਰਕੇਸ਼ ਸਿੰਘ ਸਿੱਧੂ ਦੀ ਇਹ ਸਿਰਫ ਜੀਵਨੀ ਹੀ ਨਹੀਂ ਸਗੋਂ ਇਸ ਵਿੱਚ ਉਸ ਨੇ ਆਪਣੇ ਤਜ਼ਰਬਿਆਂ ਦੇ ਆਧਾਰ ‘ਤੇ ਪ੍ਰਸ਼ਾਸ਼ਨਿਕ, ਨਿਆਇਕ, ਪੁਲਿਸ, ਸਿਹਤ, ਮਾਲ ਅਤੇ ਹੋਰ ਵਿਭਾਗਾਂ ਦੀ ਪ੍ਰਣਾਲੀ ਦੀਆਂ ਚੋਰ ਮੋਰੀਆਂ ਦੇ ਵੀ ਪਰਦੇ ਫਾਸ਼ ਕੀਤੇ ਹਨ, ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ। ਬਹੁਤੇ ਡਿਪਟੀ ਕਮਿਸ਼ਨਰਾਂ/ਮਾਲ ਅਧਿਕਾਰੀਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਖ਼ਰਚੇ ਮਾਲ ਵਿਭਾਗ ਵੱਲੋਂ ਵਗਾਰਾਂ ਰਾਹੀਂ ਕੀਤੇ ਜਾਂਦੇ ਹਨ, ਫਿਰ ਅਧਿਕਾਰੀ ਲੋਕਾਂ ਨਾਲ ਇਨਸਾਫ਼ ਕਿਵੇਂ ਕਰਨਗੇ? ਡਿਪਟੀ ਕਮਿਸ਼ਨਰਾਂ ਦੀ ਪ੍ਰਸ਼ਾਸ਼ਨਿਕ ਪ੍ਰਣਾਲੀ ਦਾ ਪਰਦਾ ਫਾਸ ਕੀਤਾ ਹੈ। ਪਿੰਡਾਂ ਵਿੱਚ ਸ਼ਰੀਕੇਬਾਜ਼ੀ, ਜ਼ੋਰ ਜਬਰਦਸਤੀ, ਜ਼ਮੀਨ ਜਾਇਦਾਦ ਦੇ ਝਗੜੇ, ਘਰੇਲੂ ਲੜਾਈਆਂ, ਡੇਰਾਵਾਦ ਦੇ ਵਾਦਵਿਵਾਦ, ਸਕੱਤਰੇਤ ਦੇ ਬਾਬੂਆਂ ਦੀ ਭ੍ਰਿਸ਼ਟ ਸੋਚ, ਨਵੇਂ ਅਧਿਕਾਰੀਆਂ ਦੇ ਚੋਚਲੇ, ਗ਼ਲਤੀ ਨੂੰ ਸੁਧਾਰਨਾ, ਅਧਿਕਾਰੀਆਂ ਦਾ ਇੱਕ ਦੂਜੇ ਨੂੰ ਠਿੱਬੀ ਲਾਉਣਾ, ਕੰਮ ਦੀ ਕਦਰ, ਪਰਜਾਤੰਤਰ ਵਿੱਚ ਲੁੱਟ ਘਸੁੱਟ ਦਾ ਬੋਲਬਾਲਾ, ਕਿਸਾਨਾਂ ਦੀ ਵਿਆਹਾਂ ‘ਤੇ ਕਰਜ਼ੇ ਲੈ ਕੇ  ਫ਼ਜ਼ੂਲ ਖ਼ਰਚੀ, ਖੇਤੀ ਘਾਟੇ ਦਾ ਸੌਦਾ, ਪੰਜਾਬੀਆਂ ਦੀ ਭੇਡ ਚਾਲ ਦੀ ਪ੍ਰਵਿਰਤੀ, ਬਹੁਤੇ ਸਰਕਾਰੀ ਅਧਿਕਾਰੀਆਂ ਦੀ ਬਦਨੀਤੀ, ਸਰਕਾਰੀ ਨੌਕਰੀ ਵੀ ਤਿਗੜਮਬਾਜ਼ੀ ਆਦਿ ਦਾ ਵੀ ਵਰਣਨ ਕੀਤਾ ਗਿਆ ਹੈ। ਇੱਕ ਕਿਸਮ ਨਾਲ ਸਫਲ ਜ਼ਿੰਦਗੀ ਜਿਓਣ ਲਈ ਨਮੂਨਾ ਪੇਸ਼ ਕੀਤਾ ਹੈ। ਪ੍ਰਸ਼ਾਸ਼ਨਿਕ ਉਚ ਅਹੁਦੇ ‘ਤੇ ਹੁੰਦਿਆਂ ਇਮਾਨਦਾਰ ਰਹਿਣਾ ਤਲਵਾਰ ਦੀ ਧਾਰ ‘ਤੇ ਚਲਣ ਦੇ ਬਰਾਬਰ ਹੁੰਦਾ ਹੈ।  
    ਹਰਕੇਸ਼ ਸਿੰਘ ਸਿੱਧੂ ਨੇ ਸਾਰੀ ਨੌਕਰੀ ਦੌਰਾਨ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਉਸਨੂੰ ਅਨੇਕਾਂ ਵਾਰ ਵੱਡੇ ਸਿਆਸਤਦਾਨਾ ਅਤੇ ਸੀਨੀਅਰ ਅਧਿਕਾਰੀਆਂ ਨੇ ਗ਼ਲਤ ਕੰਮ ਕਰਨ ਲਈ ਜ਼ੋਰ ਪਾਇਆ। ਹਰ ਵਾਰੀ ਹਰਕੇਸ਼ ਸਿੰਘ ਸਿੱਧੂ ਗ਼ਲਤ ਹੁਕਮਾ ਦਾ ਵਿਰੋਧ ਕਰਕੇ ਆਪਣੀ ਅੜੀ ਪੁਗਾਉਂਦਾ ਰਿਹਾ। ਜਿਥੇ ਵੀ ਉਸ ਦੀ ਨਿਯੁਕਤੀ ਹੁੰਦੀ ਉਥੇ ਹੀ ਭਰਿਸ਼ਟਾਚਾਰੀਆਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ। ਭ੍ਰਿਸ਼ਟਾਚਾਰੀਆਂ ਨੂੰ ਉਹ ਨੰਗਾ ਕਰ ਦਿੰਦਾ। ਸਰਕਾਰਾਂ ਵਿੱਚ ਹੋ ਰਹੇ ਘਾਲੇ ਮਾਲੇ ਉਸ ਨੇ ਲੋਕ ਕਚਹਿਰੀ ਵਿੱਚ ਲਿਆਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜੇ ਸਾਰੇ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਦੀ ਤਰ੍ਹਾਂ ਆਪਣੇ ਫਰਜ ਨਿਭਾਉਣ ਤਾਂ ਭਾਰਤ ਵਿੱਚ ਵੀ ਰਾਮ  ਰਾਜ ਆ ਸਕਦਾ ਹੈ। ਭਾਰਤ ਦੇ ਪਰਜਾਤੰਤਰ ਦੀ ਹਾਲਤ ਵੇਖੋ ਆਪੇ ਸਿਆਸਤਦਾਨ ਤੇ ਅਧਿਕਾਰੀ ਸਰਕਾਰ ਦੀ ਆਮਦਨ ਵਧਾਉਣ ਦੇ ਉਪਰਾਲੇ ਕਰਨ ਲਈ ਕਹਿੰਦੇ ਹਨ, ਜਦੋਂ ਭ੍ਰਿਸ਼ਟਾਚਾਰੀ ਪਕੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਛੱਡਣ ਦੀ ਤਾਕੀਦ ਕਰਦੇ ਹਨ। ਅਧਿਕਾਰੀ ਅਤੇ ਸਿਆਸਤਦਾਨਾ ਦੀ ਮਿਲੀ ਭੁਗਤ ਹੁੰਦੀ ਹੈ। ਹਰਕੇਸ਼ ਸਿੰਘ ਸਿੱਧੂ ਦੀ ਕਮਾਲ ਇਸੇ ਵਿੱਚ ਸੀ ਕਿ ਉਹ ਗ਼ਲਤ ਹੁਕਮ ਅਣਡਿਠ ਕਰ ਦਿੰਦਾ ਸੀ ਭਾਵੇਂ ਉਸ ਨੂੰ ਇਸ ਦਾ ਨੁਕਸਾਨ ਵੀ ਉੁਠਾਉਣਾ ਪੈਂਦਾ ਸੀ। ਸਿਆਸਤਦਾਨ ਚੋਰੀ, ਠੱਗੀ, ਧੋਖਾ ਫ਼ਰੇਬ ਦੇ ਹਿੱਸੇਦਾਰ ਬਣਦੇ ਹਨ। ਦਫ਼ਤਰਾਂ ਦੀ ਪ੍ਰਣਾਲੀ ਚੰਗੀਆਂ ਯੋਜਨਾਵਾਂ ਨੂੰ ਸਿਰੇ ਨਹੀਂ ਚੜ੍ਹਨ ਦਿੰਦੀ। ਸੂਚਨਾ ਪ੍ਰਣਾਲੀ ਲਾਗੂ ਕਰਨ ਵਿੱਚ ਅਧਿਕਾਰੀ ਢਿੱਲ ਮੱਠ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਗ਼ਲਤ ਕੰਮਾ ਦੀ ਜਾਣਕਾਰੀ ਮਿਲਦੀ ਹੈ। ਇਸ ਜੀਵਨੀ ਦਾ ਇੱਕ ਹਿੱਸਾ ਹਰਕੇਸ਼ ਸਿੰਘ ਸਿੱਧੂ ਦਾ ਸਬਫ਼ਰਨਾਮਾ ਵੀ ਹੈ, ਜਿਸ ਵਿੱਚ ਉਸਨੇ ਪਰਵਾਸ ਦੀ ਜੀਵਨ ਸ਼ੈਲੀ, ਰੋਜ਼ਗਾਰ, ਵਿਓਪਾਰ ਅਤੇ ਖੇਤੀ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਹਰਕੇਸ਼ ਸਿੰਘ ਸਿੱਧੂ ਦੀ ਆਪਣੀ ਵਿਚਾਰਧਾਰਾ ਹੈ, ਇਸ ਜੀਵਨੀ ਵਿੱਚ ਕਈ ਥਾਂ ਉਸਨੇ ਆਪਣੀ ਵਿਚਾਰਧਾਰਾ ਦਾ ਭਾਸ਼ਣ ਵੀ ਲਿਖ ਦਿੱਤਾ ਜਿਸ ਕਰਕੇ ਇਹ ਜੀਵਨੀ ਵੱਡੀ ਬਣ ਗਈ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਜੀਵਨੀ ਨੌਜਵਾਨ ਪੀੜ੍ਹੀ ਲਈ ਵਰਦਾਰਨ ਸਾਬਤ ਹੋ ਸਕਦੀ ਹੈ। ਇਸ ਲਈ ਨੌਜਵਾਨਾ ਇਹ ਪੁਸਤਕ ਪੜ੍ਹਨ ਦੀ ਤਾਕੀਦ ਕਰਦਾ ਹਾਂ।
 425 ਪੰਨਿਆਂ, 500 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

ਸੁਰਿੰਦਰ ਰਾਮਪੁਰੀ ਦੀ ‘ਕਿਸੇ ਬਹਾਨੇ’ ਵਾਰਤਕ ਦੀ ਪੁਸਤਕ ਸਮਾਜਿਕਤਾ ਦਾ ਪ੍ਰਤੀਕ  - ਉਜਾਗਰ ਸਿੰਘ

ਸੁਰਿੰਦਰ ਰਾਮਪੁਰੀ ਬਹੁ-ਪੱਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਹ ਸਾਹਿਤਕਾਰਾਂ ਦੀ ਜ਼ਰਖ਼ੇਜ ਧਰਤੀ ਲੁਧਿਆਣਾ ਜ਼ਿਲ੍ਹੇ ਦੇ ਰਾਮਪੁਰ ਪਿੰਡ ਦਾ ਵਸਨੀਕ ਹੈ। ਉਸ ਦੀਆਂ ਹੁਣ ਤੱਕ ਡੇਢ ਦਰਜਨ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 6 ਕਹਾਣੀ ਸੰਗ੍ਰਹਿ, 3 ਕਾਵਿ ਸੰਗ੍ਰਹਿ, 4 ਆਲੋਚਨਾ, ਇੱਕ ਸ਼ਬਦ ਚਿਤਰ, ਇੱਕ ਅਨੁਵਾਦ ਅਤੇ ਉਸ ਦੀਆਂ ਕਹਾਣੀਆਂ ਹਿੰਦੀ ਵਿੱਚ ਅਨੁਵਾਦ ਵਾਲੀ ਇੱਕ ਪੁਸਤਕ ਸ਼ਾਮਲ ਹੈ।  ਚਰਚਾ ਅਧੀਨ ‘ਕਿਸੇ ਬਹਾਨੇ’ ਉਸਦੀ ਵਾਰਤਕ ਦੀ ਪੁਸਤਕ ਹੈ। ਇਸ ਪੁਸਤਕ ਵਿੱਚ ਉਸ ਦੇ 26 ਲੇਖ ਹਨ।  ਇਨ੍ਹਾਂ ਲੇਖਾਂ ਵਿੱਚ ਸੁਰਿੰਦਰ ਰਾਮਪੁਰੀ ਨੇ ਆਪਣੇ ਜੀਵਨ ਦੀ ਜਦੋਜਹਿਦ ਦੇ ਤਜ਼ਰਬਿਆਂ ਦੀ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਕਈ ਵਾਰ ਇਉਂ ਲੱਗਦਾ ਹੈ ਜਿਵੇਂ ਇਹ ਸੁਰਿੰਦਰ ਰਾਮਪੁਰੀ ਦੀ ਸਵੈ-ਜੀਵਨੀ, ਸਫਰਨਾਮਾ ਅਤੇ ਰੇਖਾ ਚਿਤਰਾਂ ਦਾ ਸੰਗ੍ਰਹਿ ਵੀ ਹੋਵੇ ਕਿਉਂਕਿ ਉਸ ਨੂੰ ਜ਼ਿੰਦਗੀ ਬਤੀਤ ਕਰਦਿਆਂ ਜਿਹੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਉਸ ਸਮੇਂ ਸਮਾਜ ਦਾ ਕੀ ਵਰਤਾਰਾ ਸੀ, ਲੋਕਾਂ ਦੇ ਸੁਭਾਅ, ਕਿਰਦਾਰ ਅਤੇ ਰਹਿਤਲ, ਖਾਣ ਪੀਣ ਅਤੇ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਸਾਹਿਤਕ ਸਵੈ-ਜੀਵਨਂੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਇਸ ਪੁਸਤਕ ਵਿੱਚ ਆਪਣੇ ਸਾਹਿਤਕ ਸਫ਼ਰ ਦਾ ਬਚਪਨ ਵਿੱਚ ਲੱਗੀ ਚਿਣਗ ਤੋਂ ਅਖ਼ੀਰ ਤੱਕ ਲਿਖੇ ਸਾਹਿਤ ਬਾਰੇ ਜਾਣਕਾਰੀ ਦਿੱਤੀ ਹੈ। ਸਾਹਿਤਕ ਚਿਣਗ ਤਾਂ ਪਰਿਵਾਰ ਵਿੱਚੋਂ ਹੀ ਲੱਗੀ ਸੀ ਪ੍ਰੰਤੂ ਉਸਦਾ ਵਿਕਾਸ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਦੇਣ ਮੰਨਦਾ ਹੈ। ਉਹ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ 14 ਸਾਲ ਪ੍ਰਧਾਨ ਅਤੇ 20 ਸਾਲ ਜਨਰਲ ਸਕੱਤਰ ਰਿਹਾ ਹੈ। ਇਸ ਸਮੇਂ ਵੀ ਉਹ ਇਸ ਸਭਾ ਦਾ ਸਰਗਰਮ ਮੈਂਬਰ ਹੈ। ਉਸ ਨੇ ਦੱਸਿਆ ਹੈ ਕਿ ਪੁਸਤਕਾਂ ਪੜ੍ਹਨ ਨਾਲ ਜਿਥੇ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਜੀਵਨ ਜਾਚ ਆਉਂਦੀ ਹੈ ਅਤੇ ਇਨਸਾਨ ਦਾ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਦੇ ਲੇਖਾਂ ਵਿੱਚ ਰਾਮਪੁਰੀ ਨੇ ਆਪਣੀਆਂ ਸਾਹਿਤਕ ਸਰਗਰਮੀਆਂ ਦਾ ਵਿਵਰਣ ਦਿੱਤਾ ਹੈ। 21 ਭਾਸ਼ਾਵਾਂ ਦੇ ਸਾਹਿਤ ਅਕਾਦਮੀ ਦਿੱਲੀ ਦੇ ਇਨਾਮ ਪ੍ਰਾਪਤ ਨੌਜਵਾਨ ਲੇਖਕਾਂ ਨਾਲ ਵੀ ਵਿਚਰਣ ਦਾ ਮੌਕਾ ਮਿਲਿਆ। ਇਸ ਪੁਸਤਕ ਵਿੱਚ ਪਿੰਡ ਰਾਮਪੁਰ ਦੇ ਲਗਪਗ ਸਾਰੇ ਸਾਹਿਤਕਾਰਾਂ ਦੇ ਜੀਵਨ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਪ੍ਰੰਤੂ ਪਿੰਡ ਰਾਮਪੁਰ ਦੇ ਅਤੇ ਹੋਰ ਵੱਡੇ ਕੁਝ ਸਾਹਿਤਕਾਰਾਂ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ ਅਤੇ ਕੁਲਵੰਤ ਨੀਲੋਂ ਬਾਰੇ ਆਲੋਚਨਾਤਮਿਕ ਲੇਖ ਲਿਖੇ ਗਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਾਹਿਤਕ ਰੇਖਾ-ਚਿਤਰ ਵੀ ਕਿਹਾ ਜਾ ਸਕਦਾ ਹੈ। ਇੱਕ ਕਿਸਮ ਨਾਲ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬਿਆਂ ਦਾ ਡੂੰਘੀ ਨੀਝ ਨਾਲ ਬ੍ਰਿਤਾਂਤ ਦਿੱਤਾ ਗਿਆ ਹੈ। ਇਨ੍ਹਾਂ ਤਜਰਬਿਆਂ ਨੇ ਲੇਖਕ ਨੂੰ ਜ਼ਿੰਦਗੀ ਜਿਓਣ ਦੇ ਸੂਖ਼ਮ ਤਰੀਕਿਆਂ, ਜਿਨ੍ਹਾਂ ਵਿੱਚ ਅਨੁਸ਼ਾਸਨ, ਮਿਹਨਤ, ਸਮੇਂ ਦੀ ਪਾਬੰਦੀ ਅਤੇ ਧੋਖੇਬਾਜ਼ਾਂ ਤੋਂ ਬਚ ਕੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ।  
   ਸੁਰਿੰਦਰ ਰਾਮਪੁਰੀ ਨੂੰ ਛੋਟੀ ਉਮਰ ਵਿੱਚ ਹੀ ਪਰਿਵਾਰਿਕ ਮਜ਼ਬੂਰੀਆਂ ਕਰਕੇ ਨੌਕਰੀ ਕਰਨੀ ਪਈ। ਬਾਕੀ ਪੜ੍ਹਾਈ ਨੌਕਰੀ ਦੇ ਨਾਲ ਹੀ ਕੀਤੀ। ਉਨ੍ਹਾਂ ਦੀ ਇਹ ਪੁਸਤਕ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋਵੇਗੀ।  ਸੁਰਿੰਦਰ ਰਾਮਪੁਰੀ ਦੀ ਬੋਲੀ ਤੇ ਸ਼ੈਲੀ ਸਰਲ ਤੇ ਸਪਸ਼ਟ ਹੈ। ਸੁਰਿੰਦਰ ਰਾਮਪੁਰੀ ਨੇ ਆਪਣੀ ਜ਼ਿੰਦਗੀ ਬਾਰੇ ਬੜੀ ਬਾਰੀਕੀ ਨਾਲ ਹਰ ਨਿੱਕੀ ਤੋਂ ਨਿੱਕੀ ਘਟਨਾ ਬਾਰੇ ਅਜਿਹੇ ਢੰਗ ਨਾਲ ਲਿਖਿਆ ਹੈ ਕਿ ਉਸ ਨੂੰ ਪੜ੍ਹਦਿਆਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਉਸ ਸਮੇਂ ਪਿੰਡਾਂ ਵਿੱਚ ਰਹਿਣ ਵਾਲੇ ਹਰ ਵਿਅਕਤੀ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਸਨ। ਸੁਰਿੰਦਰ ਰਾਮਪੁਰੀ ਨੇ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਲਿਖਕੇ ਉਨ੍ਹਾਂ ਨੂੰ ਲੋਕਾਈ ਦੀਆਂ ਘਟਨਾਵਾਂ ਬਣਾ ਦਿੱਤਾ ਹੈ। ਭਾਵ ਇਹ ਸਵੇ-ਜੀਵਨੀ  ਨਿੱਜੀ ਦੀ ਥਾਂ ਲੋਕਾਈ ਦੀ ਬਣਾ ਦਿੱਤੀ ਹੈ। ਇਹੋ ਸੁਰਿੰਦਰ ਰਾਮਪੁਰੀ ਦੀ ਵੱਖਰੀ ਗੱਲ ਹੈ। ਆਪਣੀ ਪਤਨੀ ਸੰਤੋਸ਼ ਬਾਰੇ ਲਿਖਦਾ ਹੈ ਕਿ ਉਸਦੇ ਸਹਿਯੋਗ ਬਿਨਾਂ ਉਸਦੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਲੜਕਾ ਗਗਨਦੀਪ ਸ਼ਰਮਾ ਵੀ ਇੱਕ ਕਵੀ ਹੈ, ਜਿਸ ਨੂੰ ਸਾਹਿਤ ਅਕਦਮੀ ਦਾ ਯੁਵਾ ਪੁਰਸਕਾਰ ਮਿਲ ਚੁੱਕਾ ਹੈ। ਉਸਦਾ ਪਹਿਲਾ ਲੇਖ ਆਪਣੇ ਪਿਤਾ ਬਾਰੇ ‘ ਗੂੜ੍ਹੀ ਛਾਂ ਵਾਲਾ ਰੁੱਖ’ ਹੈ, ਜਿਸ ਵਿੱਚ ਰਾਮਪੁਰੀ ਨੇ ਪਰਿਵਾਰ ਦੀ ਜਦੋਜਹਿਦ ਅਤੇ ਪਿਤਾ ਵੱਲੋਂ ਦਿੱਤੀ ਸਾਹਿਤਕ ਗੁੜ੍ਹਤੀ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਪਿਤਾ ਨੂੰ ਗੂੜ੍ਹੀ ਛਾਂ ਵਾਲਾ ਰੁੱਖ ਕਹਿਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਤਾ ਪਰਿਵਾਰ ਦਾ ਮੁੱਖੀ ਹੋਣ ਕਰਕੇ ਪਰਿਵਾਰ ਲਈ ਹਰ ਦੁੱਖ ਸੁੱਖ ਦਾ ਮੁਕਾਬਲਾ ਕਰਕੇ ਬੱਚਿਆਂ ਲਈ ਮਾਰਗ ਦਰਸ਼ਕ ਬਣਦਾ ਹੈ। ਅਜੋਕੀ ਵਿਗੜੀ ਨੌਜਵਾਨ ਪੀੜ੍ਹੀ ਲਈ ਇਹ ਲੇਖ ਆਪਣੇ ਮਾਪਿਆਂ ਦੀ ਸਰਪ੍ਰਸਤੀ ਨੂੰ ਕਬੂਲਣ ਲਈ ਪ੍ਰੇਰਦਾ ਹੈ।  ‘ਮਨ ਦੀ ਤਾਸੀਰ’ ਲੇਖ ਪ੍ਰਵਾਸੀ ਬੱਚਿਆਂ/ਵਿਦਿਆਰਥੀਆਂ ਦੀ ਤਰ੍ਹਾਂ ਆਪਣਾ ਖ਼ਰਚਾ ਆਪ ਚੁੱਕਣ ਦੀ ਨਸੀਹਤ ਦਿੰਦਾ ਹੈ।  ‘ਸ਼ਬਦ ਦੇ ਅਰਥ ਦੀ ਤਲਾਸ਼’ ਲੇਖ ਜ਼ਿੰਦਗੀ ਵਿੱਚ ਸੋਚ ਸਮਝਕੇ ਵਿਚਰਣ ਦੀ ਲੋੜ ਤੇ ਜ਼ੋਰ ਦਿੰਦਾ ਹੈ ਕਿਉਂਕਿ ਲੋਕ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਨ ਭਾਵ ਲੋਕ ਦੋਹਰੀ ਜ਼ਿੰਦਗੀ ਜਿਉਂਦੇ ਹਨ। ‘ਕਿਤਾਬਾਂ ਦਾ ਸਾਥ’ ਲੇਖ ਦਾ ਭਾਵ ਹੈ ਕਿ ਪੁਸਤਕਾਂ ਪੜ੍ਹਨ ਨਾਲ ਇਨਸਾਨ ਦੇ ਵਿਅਕਤਿਤਵ ਦਾ ਵਿਕਾਸ ਹੁੰਦਾ ਹੈ। ‘ਸੁਪਨਿਆਂ ਦੇ ਦੀਪ’ ਲੇਖ ਵਿੱਚ ਦਰਸਾਇਆ ਹੈ ਕਿ ਅਧਿਆਪਕ ਸੁਪਨੇ ਸਿਰਜਨ ਵਾਲੇ ਦੀਵੇ ਹੁੰਦੇ ਹਨ। ‘ਲਿਖਾਰੀ ਸਭਾ ਨਾਲ ਦੋਸਤੀ’ ਵਾਲਾ ਲੇਖ ਵੀ ਸਾਹਿਤ ਸਭਾਵਾਂ ਦੇ ਯੋਗਦਾਨ ਬਾਰੇ ਹੈ। ‘ਕਿਸੇ ਬਹਾਨੇ’ ਲੇਖ ਜੋ ਪੁਸਤਕ ਦਾ ਨਾਮ ਵੀ ਹੈ, ਇਸਤਰੀਆਂ ਦੇ ਦਰਦ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਇੱਕ ਉਦਾਹਰਣ ਆਪਣੀ ਮਾਂ ਰਾਹੀਂ ਦਿੰਦਾ ਹੈ ਕਿ ਔਰਤਾਂ ਮਕਾਣਾ ਜਾਂਦੀਆਂ ਖ਼ੁਸ਼ਮਿਜਾਜ ਹੁੰਦੀਆਂ ਹਨ ਪ੍ਰੰਤੂ ਪਿੰਡ ਵੜਨ ਲਗੀਆਂ ਕਿਵੇਂ ਫੁਟ ਫੁਟ ਰੋਣ ਲੱਗ ਜਾਂਦੀਆਂ ਹਨ। ‘ਕਵਿਤਾ ਇੰਜ ਵੀ ਆਉਂਦੀ ਹੈ’ ਲੇਖ ਤੋਂ ਜ਼ਾਹਰ ਹੁੰਦਾ ਹੈ ਕੋਈ ਵੀ ਘਟਨਾ ਕਵਿਤਾ ਲਿਖਣ ਦਾ ਸਾਧਨ ਬਣਦੀ ਹੈ। ‘ਨੌਜਵਾਨ ਭਾਰਤੀ ਲੇਖਕਾਂ ਦਾ ਮੇਲਾ’ ਅਤੇ  ‘ਗੁਹਾਟੀ ਤੋਂ ਸ਼ਿਲੌਂਗ’ ਲੇਖਾਂ ਤੋਂ ਸਾਬਤ ਹੁੰਦਾ ਹੈ ਕਿ ਅੜਿਚਣਾ ਦੇ ਬਾਵਜੂਦ ਜੇ ਚਾਹ ਹੋਵੇ ਤਾਂ ਰਾਹ ਬਣ ਜਾਂਦਾ ਹੈ। ‘ਮਨ ਦਾ ਪ੍ਰਦੂਸ਼ਣ’ ਲੇਖ ਇਸਤਰੀ ਮਰਦ ਦੀ ਇਕਸੁਰਤਾ ਨਾ ਹੋਣ ਬਾਰੇ ਹੈ।  ‘ਗੁਰਬਖ਼ਸ਼ ਸਿੰਘ ਪ੍ਰੀਤਲੜੀ, ਮੁਹਿੰਦਰ ਸਿੰਘ ਕੈਦੀ ਅਤੇ ਮੁਹਿੰਦਰ ਸਿੰਘ ਚੀਮਾ’ ਦੇ ਸਾਹਿਤਕ ਯੋਗਦਾਨ ਬਾਰੇ ਲਿਖਿਆ ਹੈ। ‘ਮੂੰਹ-ਜ਼ੋਰ ਪਾਤਰਾਂ ਦੀ ਸਿਰਜਣਾ’ ਲੇਖ ਵਿੱਚ ਸੁਰਿੰਦਰ ਰਾਮਪੁਰੀ ਨੇ ਆਪਣੀਆਂ ਕਹਾਣੀਆਂ ਵਿੱਚ ਉਹ ਪਾਤਰ ਕਿਵੇਂ ਸਿਰਜਦਾ ਹੈ, ਦੀ ਜਾਣਕਾਰੀ ਦਿੱਤੀ ਹੈ। ‘ਨੇ੍ਹਰੀ ਰਾਤ ਦਾ ਕਹਿਰ’ ਪੁਸਤਕ ਦੀ ਸੰਪਾਦਨਾ ਅਤੇ  ਨੌਜਵਾਨ ਹਿੰਦੀ ਲੇਖਕਾਂ ਦੀ ਸ਼ਾਇਰੀ ਦੇ ਅਨੁਵਾਦ ਦੇ ਅਨੁਭਵ ਲਿਖੇ ਹਨ। ‘ਵੈਰਨ ਬਣੀ ਚਾਬੀ’ ਲੇਖ ਵਿੱਚ ਲੇਖਕਾਂ ਦੇ ਕਿਰਦਾਰ ਬਾਰੇ ਸ਼ੱਕ ਦੀ ਗੁੰਜ਼ਾਇਸ਼ ਦਾ ਜ਼ਿਕਰ ਕੀਤਾ ਹੈ। ‘ਸਾਹਿਤ ਤੇ ਸੰਗੀਤਕ ਵਿਰਾਸਤ’ ਲੇਖ ਵਿੱਚ ਰਾਮਪੁਰ ਪਿੰਡ ਦੀ ਸਾਹਿਤਕ ਅਤੇ ਸੰਗੀਤਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਵਰਣਨ ਕੀਤਾ ਗਿਆ ਹੈ। ‘ਮਿੱਤਰਚਾਰੀ’ ਲੇਖ ਵਿੱਚ ਹਰ ਵਿਅਕਤੀ ਦੀ ਆਪੋ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਰਾਮਪੁਰੀ ਦਾ ਇਹ ਉਦਮ ਪਿੰਡ ਰਾਮਪੁਰ ਦੇ ਸਮੁੱਚੇ ਸਾਹਿਤਕਾਰਾਂ ਦੇ ਯੋਗਦਾਨ ਦਾ ਦਸਤਾਵੇਜ ਹੈ। ਸੁਰਿੰਦਰ ਰਾਮਪੁਰੀ ਨੇ ਆਪਣੇ ਪਿੰਡ ਦੀ ਮਿੱਟੀ ਦੀ ਖ਼ੁਸ਼ਬੋ ਸਮੁਚੇ ਸੰਸਾਰ ਵਿੱਚ ਫ਼ੈਲਾ ਦਿੱਤੀ ਹੈ। ਭਵਿਖ ਵਿੱਚ ਉਸ ਕੋਲੋਂ ਹੋਰ ਬਿਹਤਰੀਨ ਪੁਸਤਕ ਦੀ ਉਮੀਦ ਕੀਤੀ ਜਾ ਸਕਦੀ ਹੈ।
132 ਪੰਨਿਆਂ, 175 ਰੁਪਏ ਕੀਮਤ ਵਾਲੀ ਇਹ ਪੁਸਤਕ  ਆਟਮ ਆਰਟ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ - ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ - ਉਜਾਗਰ ਸਿੰਘ

ਪੰਜਾਬੀ/ਸਿੱਖ ਬਹਾਦਰ, ਦਲੇਰ, ਮਿਹਨਤੀ, ਸਿਰੜ੍ਹੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਦੇਸ਼ ਭਗਤ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ ਅਤੇ ਦੇਸ਼ ਦੀਆਂ ਸਰਹੱਦਾਂ ਤੇ ਕੁਰਬਾਨੀਆਂ ਦੇਣ ਵਾਲੇ ਵੀ ਬਹੁਤੇ ਪੰਜਾਬੀ/ਸਿੱਖ ਹੀ ਹੁੰਦੇ ਹਨ। ਪੰਜਾਬੀਆਂ/ਸਿੱਖਾਂ ਨੂੰ ਦੇਸ਼ ਵਿੱਚ ਬਹੁਤ ਹੀ ਸਿਵਲ ਅਤੇ ਫ਼ੌਜ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਕਰਨ ਦਾ ਮਾਣ ਜਾਂਦਾ ਹੈ। ਫ਼ੌਜ ਵਿੱਚ ਸੇਵਾ ਨਿਭਾਉਣੀ ਪੰਜਾਬੀਆਂ/ਸਿੱਖਾਂ ਦਾ ਮਨਭਾਉਂਦਾ ਸ਼ੌਕ ਹੈ। ਦੇਸ਼ ਦੀ ਪ੍ਰਭੁਸਤਾ ਬਰਕਰਾਰ ਰੱਖਣਾ ਉਹ ਆਪਣਾ ਫ਼ਰਜ਼ ਸਮਝਦੇ ਹਨ। ਭਾਰਤੀ ਫ਼ੌਜ ਦੇ ਮੁੱਖੀ ਬਣਨ ਦਾ ਮਾਣ ਵੀ ਪੰਜਾਬੀਆਂ/ਸਿੱਖਾਂ ਨੂੰ ਮਿਲਦਾ ਰਿਹਾ ਹੈ। ਭਾਰਤੀ ਹਵਾਈ ਫ਼ੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਦੇ ਵਕਾਰੀ ਅਹੁਦੇ ‘ਤੇ ਪਹਿਲਾਂ ਵੀ ਤਿੰਨ ਪੰਜਾਬੀ/ਸਿੱਖ ਅਧਿਕਾਰੀ ਏਅਰ ਮਾਰਸ਼ਲ ਅਰਜਨ ਸਿੰਘ, ਏਅਰ ਮਾਰਸ਼ਲ ਦਿਲਬਾਗ ਸਿੰਘ ਅਤੇ  ਏਅਰ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਰਹੇ ਹਨ। ਪੰਜਾਬੀਆਂ/ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47ਵੇਂ ਏਅਰ ਚੀਫ਼ ਮਾਰਸ਼ਲ ਹਨ। ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਪੰਜ ਸਟਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫ਼ੌਜ ਦੇ ਇੱਕੋ-ਇੱਕ ਅਧਿਕਾਰੀ ਹਨ। ਇਸ ਤੋਂ ਇਲਾਵਾ ਜਨਰਲ ਜੋਗਿੰਦਰ ਜਸਵੰਤ ਸਿੰਘ (ਜੇ.ਜੇ.ਸਿੰਘ), ਜਨਰਲ ਬਿਕਰਮ ਸਿੰਘ ਅਤੇ ਜਨਰਲ ਦਲਵੀਰ ਸਿੰਘ ਸੁਹਾਗ ਵੀ ਆਰਮੀ ਦੇ ਮੁੱਖੀ ਜਨਰਲ ਰਹੇ ਹਨ। ਲੈਫ਼ਟੀਨੈਂਟ ਜਨਰਲ ਵੀ ਬਹੁਤ ਸਾਰੇ ਪੰਜਾਬੀ/ਸਿੱਖ ਹੋਏ ਹਨ। ਅਮਰਪ੍ਰੀਤ ਸਿੰਘ ਦਾ ਆਪਣੀ ਏਅਰ ਫੋਰਸ ਦੀ ਨੌਕਰੀ ਦੌਰਾਨ ਬਿਹਤਰੀਨ ਯੋਗਦਾਨ ਰਿਹਾ। ਇਸ ਲਈ ਬਿਹਤਰੀਨ ਸੇਵਾਵਾਂ ਕਰਕੇ ਉਨ੍ਹਾਂ ਨੂੰ 2019 ਵਿੱਚ ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ 2023 ਵਿੱਚ ਅਤੀ ਵਸ਼ਿਸ਼ਟ ਸੇਵਾ ਮੈਡਲ ਮਿਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ  ਸਮਾਨਿਆ ਸੇਵਾ ਮੈਡਲ, ਸੈਨਿਆ ਸੇਵਾ ਮੈਡਲ ਅਤੇ 50ਵਾਂ ਇਨਡੀਪੈਂਡੈਂਸ ਮੈਡਲ ਮਿਲੇ ਹੋਏ ਹਨ। ਉਹ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ 30 ਸਤੰਬਰ ਨੂੰ ਹੋਣ ਵਾਲੀ ਦੀ ਸੇਵਾ ਮੁਕਤੀ ਤੋਂ ਬਾਅਦ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਏਅਰ ਫ਼ੋਰਸ ਦੀ ਕਮਾਂਡ ਸੰਭਾਲਣਗੇ। ਉਨ੍ਹਾਂ ਦੀ ਇਸ ਸਨਮਾਨ ਯੋਗ ਅਹੁਦੇ ‘ਤੇ ਨਿਯੁਕਤੀ ਪੰਜਾਬੀਆਂ/ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਫਰਵਰੀ 2023 ਵਿੱਚ ਵਾਈਸ ਏਅਰ ਚੀਫ਼ ਮਾਰਸ਼ਲ ਬਣਾਇਆ ਗਿਆ ਸੀ।  ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਅਜਿਹੇ ਨਾਜ਼ੁਕ ਸਮੇਂ ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਏਅਰ ਫੋਰਸ ਦੀ ਮਾਡਰਨਾਈਜੇਸ਼ਨ ਕਰਨ ਦੀ ਅਤਿਅੰਤ ਲੋੜ ਹੈ। ਉਹ ਆਪਣੀ ਅਗਵਾਈ ਅਧੀਨ ਹਵਾਈ ਫ਼ੌਜ ਦੀ ਰਣਨੀਤੀ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਕੇ ਹਵਾਈ ਫ਼ੌਜ ਦੀ ਕਾਰਗੁਜ਼ਾਰੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੀ ਸਮਰੱਥਾ ਰੱਖਣ ਵਾਲੇ ਮਾਹਿਰ ਏਅਰ ਮਾਰਸ਼ਲ ਹਨ। ਇੱਕ ਕਿਸਮ ਨਾਲ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਲਈ ਵੰਗਾਰ ਦਾ ਸਮਾਂ ਹੈ ਕਿਉਂਕਿ ਐਲ ਸੀ ਏ, ਐਸ ਕੇ-1ਏ  (ਅਡਵਾਂਸ ਵੇਰੀਐਂਟ ਆਫ ਦਾ ਐਮ ਕੇ ਕਰਾਫਟ) ਟੈਸਟਿੰਗ ਪ੍ਰੋਗਰਾਮ ਵਿੱਚ ਦੇਰੀ ਹੋ ਗਈ ਹੈ। ਇੰਡੀਅਨ ਏਅਰ ਫੋਰਸ ਨੂੰ ਚਿੰਤਾ ਹੈ ਕਿ ਇਸ ਦੇ ਕੰਬੈਟ ਇਫੈਕਟਿਵਨੈਸ ਵਿੱਚ ਰਿਸਕ ਹੋ ਸਕਦਾ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਸੁਲਝੇ ਹੋਏ ਤਜਰਬੇਕਾਰ ਫਾਈਟਰ ਪਾਇਲਟ ਹਨ, ਇਸ ਲੲਂੀ ਉਹ ਮੌਕੇ ਦੀ ਨਜ਼ਾਕਤ ਅਨੁਸਾਰ ਕਦਮ ਚੁੱਕਣਗੇ। ਇਹ ਸਮਾਂ ਉਨ੍ਹਾਂ ਲਈ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਦਾ ਫਿਕਸਡ ਰੋਟਰੀ ਵਿੰਗ ਏਅਰ ਕਰਾਫਟ ਤੇ ਕਈ ਤਰ੍ਹਾਂ ਦੇ ਲੜਾਕੂ ਜ਼ਹਾਜਾਂ ਨੂੰ 5000 ਘੰਟੇ ਤੋਂ ਵੱਧ ਸਮਾਂ ਉੜਾਉਣ ਦਾ ਤਜ਼ਰਬਾ ਵੀ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦੀ ਕਾਰਜ਼ਕੁਸ਼ਲਾ ਦਾ ਇੱਕ ਨਮੂਨਾ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦਾ 38 ਸਾਲ ਦਾ ਬਿਹਤਰੀਨ ਫਲਾਇੰਗ ਕੈਰੀਅਰ ਹੈ। ਇਸ ਤੋਂ ਪਹਿਲਾਂ ਉਹ ਪ੍ਰਯਾਗਰਾਜ ਵਿੱਚ ਕੇਂਦਰੀ ਹਵਾਈ ਕਮਾਨ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਸਨ। ਉਨ੍ਹਾਂ ਦਾ ਹਵਾਈ ਫ਼ੌਜ ਦਾ ਕੈਰੀਅਰ 21 ਦਸੰਬਰ 1984 ਨੂੰ ਸ਼ੁਰੂ ਹੋਇਆ ਸੀ, ਜਦੋਂ ਉਨ੍ਹਾਂ ਨੂੰ ਕਮਿਸ਼ਨ ਮਿਲਿਆ। ਉਸ ਤੋਂ ਬਾਅਦ ਉਹ ਆਪਣੀ ਯੋਗਤਾ ਕਰਕੇ ਲਗਾਤਾਰ ਤਰੱਕੀਆਂ ਪ੍ਰਾਪਤ ਕਰਦੇ ਰਹੇ ਹਨ। ਉਹ 21 ਦਸੰਬਰ 1985 ਨੂੰ ਫਲਾਇੰਗ ਆਫ਼ੀਸਰ ਅਤੇ 4 ਸਾਲ ਬਾਅਦ 21 ਦਸੰਬਰ 1989 ਨੂੰ ਫਲਾਈਟ ਲੈਫਟੀਨੈਂਟ, 21 ਦਸੰਬਰ 1995 ਨੂੰ ਸਕੁਐਡਰਨ ਲੀਡਰ,  14 ਮਈ 2001  ਨੂੰ ਵਿੰਗ ਕਮਾਂਡਰ, 5 ਨਵੰਬਰ 2007 ਨੂੰ ਗਰੁਪ ਕੈਪਟਨ, 30 ਦਸੰਬਰ 2010 ਨੂੰ ਐਕਟਿੰਗ ਤੇ 1 ਅਪ੍ਰੈਲ 2011 ਨੂੰ ਏਅਰ ਕਮੋਡੋਰ, 1 ਅਗਸਤ 2016 ਨੂੰ ਏਅਰ ਵਾਈਸ ਮਾਰਸ਼ਲ, 1 ਫਰਵਰੀ 2021 ਨੂੰ ਏਅਰ ਮਾਰਸ਼ਲ  ਅਤੇ 30 ਸਤੰਬਰ 2024 ਨੂੰ ਬਾਅਦ ਦੁਪਹਿਰ ਏਅਰ ਚੀਫ਼ ਮਾਰਸ਼ਲ ਦਾ ਵਕਾਰੀ ਅਹੁਦਾ ਸੰਭਾਲਣ ਜਾ ਰਹੇ ਹਨ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮਹੱਤਵਪੂਰਨ ਵੰਗਾਰ ਵਾਲੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਕੈਰੀਅਰ ਦੌਰਾਨ ਇੱਕ ਆਪ੍ਰੇਸ਼ਨਲ  ਫਾਈਟਰ ਸਕੁਐਡਰਨ ਅਤੇ ਇੱਕ ਫਰੰਟ ਲਾਈਨ ਏਅਰ ਬੇਸ ਦੀ ਕਮਾਨ ਸੰਭਾਲੀ ਹੈ। ਇੱਕ ਪ੍ਰੀਖਣ ਪਾਇਲਟ ਦੇ ਰੂਪ ਵਿੱਚ ਉਨ੍ਹਾਂ ਨੇ ਮਾਸਕੋ  ਵਿੱਚ ਮਿਗ-29 ਫਾਈਟਰ ਅਪਗ੍ਰੇਡ ਪ੍ਰਾਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਬਾਖ਼ੂਬੀ ਨਾਲ ਨਿਭਾਇਆ ਹੈ। ਉਹ ਸਵਦੇਸ਼ੀ ਤੇਜਸ ਲਾਈਟ ਕੰਬੈਟ ਏਅਰ ਕ੍ਰਾਫ਼ਟ ਦੇ ਪ੍ਰਾਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਸਨ। ਅਮਰਪ੍ਰੀਤ ਸਿੰਘ  ਨੂੰ ਸਵਦੇਸ਼ੀ ਤੇਜਸ ਜਹਾਜ ਨੂੰ ਉੜਾਉਣ ਦਾ ਵੀ ਮਾਣ ਜਾਂਦਾ ਹੈ। ਉਹ ਸੀਨੀਅਰ ਏਅਰ ਸਟਾਫ ਆਫੀਸਰ ਈਸਟਰਨ ਏਅਰ ਕਮਾਂਡ ਅਤੇ ਏਅਰ ਡਿਫੈਂਸ ਕਮਾਂਡਰ ਸਾਊਥ ਵੈਸਟਰਨ ਵਿਖੇ ਰਹੇ ਹਨ। ਉਹ ਏਅਰ ਕਮਾਂਡ ਕੁਆਲੀਫਾਈਡ ਫਲਾਇੰਗ ਇਨਸਟਰਕਟਰ ਅਤੇ ਤਜਰਬੇਕਾਰ ਪਾਇਲਟ ਹਨ। ਵਿੰਗ ਕਮਾਂਡਰ ਹੁੰਦਿਆਂ ਉਨ੍ਹਾਂ ਨੇ 2 ਏਅਰ ਡਿਫੈਂਸ ਕੰਟਰੋਲ ਸੈਂਟਰ ਦੀ 22 ਸਕੁਐਡਰਨ ਦੀ ਅਗਵਾਈ ਕੀਤੀ ਹੈ। ਵਾਈਸ ਏਅਰ ਮਾਰਸ਼ਲ ਦੀ ਤਰੱਕੀ ਤੋਂ ਬਾਅਦ ਉਨ੍ਹਾਂ ਬਤੌਰ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਫਲਾਈਟ ਟੈਸਟ ਸੈਂਟਰ, ਐਰੋਨਾਟੀਕਲ ਡਿਵੈਲਪਮੈਂਟ ਏਜੰਸੀ ਅਤੇ ਏਅਰ ਆਫੀਸਰ ਕਮਾਂਡਿੰਗ ਆਫ 2 ਏਅਰ ਡੀਫੈਂਸ ਕੰਟਰੋਲ ਸੈਂਟਰ ਗਾਂਧੀਨਗਰ ਦੀ ਅਗਵਾਈ ਕੀਤੀ ਹੈ। ਏਅਰ ਮਾਰਸ਼ਲ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੀਨੀਅਰ ਸਟਾਫ ਆਫੀਸਰ ਆਫ ਈਸਟਰਨ ਏਅਰ ਕਮਾਂਡ ਸੀਲੌਂਗ ਨਿਯੁਕਤ ਕੀਤਾ ਗਿਆ। 1 ਜੁਲਾਈ 2022 ਨੂੰ ਉਨ੍ਹਾਂ ਨੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਸੈਂਟਰਲ ਏਅਰ ਕਮਾਂਡ ਦਾ ਅਹੁਦਾ ਏਅਰ ਮਾਰਸ਼ਲ ਰਿਚਰਡ ਜੌਹਨ ਡਕਵਰਥ ਤੋਂ ਬਾਅਦ ਸੰਭਾਲਿਆ। ਵਾਈਸ ਚੀਫ਼ ਏਅਰ ਸਟਾਫ ਹੁੰਦੇ ਹੋਏ ਮਲਟੀਨੈਸ਼ਨਲ ਏਅਰ ਐਕਸਰਸਾਈਜ ਤਰੰਗ ਸ਼ਕਤੀ ਦੇ ਮੌਕੇ ਤੇ ਮੋਹਰੀ ਦੀ ਭੂਮਿਕਾ ਨਿਭਾਈ। ਚੀਨ ਦੀ ਸਰਹੱਦ ‘ਤੇ ਤਣਾਅ ਦੀ ਸਥਿਤੀ ਸਮੇਂ ਅਰੁਣਾਚਲ ਦੇ ਨੇੜੇ ਭਾਰਤੀ ਸਰਹੱਦ ‘ਤੇ ਜੋ ਭਾਰਤੀ ਹਵਾਈ ਜਹਾਜ ਤਾਇਨਾਤ ਕੀਤੇ ਗਏ ਉਨ੍ਹਾਂ ਦੀ ਅਗਵਾਈ ਅਮਰਪ੍ਰੀਤ ਸਿੰਘ ਕਰਦੇ ਰਹੇ। ਹਰ ਨਾਜ਼ਕ ਸਥਿਤੀ ਮੌਕੇ ਉਨ੍ਹਾਂ ਨੇ ਬਾਖ਼ੂਬੀ ਆਪਣੇ ਫ਼ਰਜ ਨਿਭਾਏ। ਉਹ ਸ਼ਾਂਤੀ ਜਾਂ ਯੁਧ ਦੀ ਸਥਿਤੀ ਵਿੱਚ ਰਣਨੀਤੀ ਤਿਆਰ ਕਰਨ ਦੇ ਵੀ ਮਾਹਿਰ ਗਿਣੇ ਜਾਂਦੇ ਹਨ।
  ਅਮਰਪ੍ਰੀਤ ਸਿੰਘ ਦਾ ਜਨਮ 27 ਅਕਤੂਰ 1964 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ  ਐਸ.ਬੀ.ਐਮ ਸਕੂਲ ਦਿੱਲੀ ਤੋਂ ਕੀਤੀ ਸੀ। ਉਹ ਆਪਣੀ ਪੜ੍ਹਾਈ ਵਿੱਚ ਸੰਜੀਦਾ ਤੇ ਹੁਸ਼ਿਆਰ ਵਿਦਿਆਰਥੀਆਂ ਵਿੱਚ ਗਿਣੇ ਜਾਂਦੇ ਸਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਏਅਰ ਫੋਰਸ ਦੀ ਫਾਈਟਰ ਪਾਇਲਟ ਸਟਰੀਮ ਵਿੱਚ ਭਰਤੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫੈਂਸ ਅਕਾਡਮੀ ਖੜਕਵਾਸਲਾ, ਏਅਰ ਫੋਰਸ ਅਕਾਡਮੀ ਡੂੰਡੀਗਲ, ਡਿਫ਼ੈਸ ਸਰਵਿਸਜ ਸਟਾਫ ਕਾਲਜ ਵÇਲੰਗਟਨ ਅਤੇ ਨੈਸ਼ਨਲ ਡਿਫੈਸ ਕਾਲਜ ਦਿੱਲੀ ਤੋਂ ਵੀ ਸਿਖਿਆ ਪ੍ਰਾਪਤ ਕੀਤੀ। ਅਮਰਪ੍ਰੀਤ ਸਿੰਘ ਦਾ ਵਿਆਹ ਸਰੀਤਾ ਸਿੰਘ ਨਾਲ ਹੋਇਆ । ਉਨ੍ਹਾਂ ਦੇ ਇੱਕ ਲੜਕਾ ਅਤੇ ਲੜਕੀ ਹੈ।
ਤਸਵੀਰ: ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com

ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ -  ਉਜਾਗਰ ਸਿੰਘ

ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ ਉਹ ਪਿਤਰੀ ਸਮਾਜ ਦਾ ਸੰਤਾਪ ਭੋਗ ਰਹੀਆਂ ਹਨ ਪ੍ਰੰਤੂ ਪਰਵਾਸ ਵਿੱਚ ਔਰਤ ਦੀ ਆਜ਼ਾਦੀ ਦਾ ਵੱਖਰਾ ਹੀ ਰੰਗ-ਢੰਗ ਵੇਖ ਕੇ ਉਹ ਆਪਣੀ ਵਿਰਾਸਤ ਤੇ  ਪਰਵਾਸ ਦੀਆਂ ਔਰਤਾਂ ਦੇ ਮਨ ਦੀ ਸਥਿਤੀ ਨੂੰ ਕਵਿਤਾਵਾਂ ਦਾ ਰੂਪ ਦਿੰਦਾ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਔਰਤ ਉਸ ਦੀ ਮਾਨਸਿਕਤਾ ਨੂੰ ਕੁਰੇਦ ਰਹੀ ਹੈ ਕਿ ਅਸੀਂ ਸਮਾਜ ਦਾ ਕੀ ਵਿਗਾੜਿਆ ਹੈ? ਸਾਡੇ ਨਾਲ ਪਿਤਰੀ ਸਮਾਜ ਵੱਲੋਂ ਇਸ ਤਰ੍ਹਾਂ ਕਿਉਂ ਵਿਵਹਾਰ ਕੀਤਾ ਜਾਂਦਾ ਹੈ? ਜਗਜੀਤ ਸੰਧੂ ਔਰਤ ਦੀ ਤਰਜਮਾਨੀ ਕਰਦਾ ਹੋਇਆ ਉਸਦਾ ਮਰਦਾਂ ਦੀ ਉਤਪਤੀ ਦਾ ਮੁੱਲ ਮੋੜਨਾ ਚਾਹੁੰਦਾ ਹੈ। ਉਸ ਦੀਆਂ ਕਵਿਤਾਵਾਂ ਮਰਦ ਨੂੰ ਔਰਤ ਦੀ ਮਾਨਸਿਕਤਾ ਅਨੁਸਾਰ ਚਲਣ ਦੀ ਤਾਕੀਦ ਕਰਦੀਆਂ ਹਨ। ਔਰਤ ਮਰਦ ਕੋਲੋਂ ਪਿਆਰ ਦਾ ਹੁੰਗਾਰਾ ਭਾਲਦੀ ਹੈ, ਜੇ ਮਰਦ ਥੋੜ੍ਹਾਂ ਜਿਹਾ ਵੀ ਪਿਆਰ ਦੇ ਦੇਵੇ ਤਾਂ ਉਹ ਪੂਰੀ ਦੀ ਪੂਰੀ ਉਸਦੀ ਝੋਲੀ ਵਿੱਚ ਡਿਗਣ ਨੂੰ ਤਿਆਰ ਹੋ ਜਾਂਦੀ ਹੈ ਪ੍ਰੰਤੂ ਮਰਦ ਉਸਦਾ ਨਜ਼ਾਇਜ ਲਾਭ ਉਠਾਉਣ ਤੋਂ ਪ੍ਰਹੇਜ ਨਹੀਂ ਕਰਦੇ। ਔਰਤ ਆਪਣੀ ਮਾਂ ਨੂੰ ਅਜਿਹੇ ਮਰਦ ਢੂੰਡਣ ਦੀ ਬੇਨਤੀ ਕਰਦੀ ਹੈ, ਜਿਹੜਾ ਉਸਦੀ ਕਦਰ ਕਰਦਾ ਹੋਵੇ, ਉਸਦੇ ਹੰਝੂ ਵਗਣ ਹੀ ਨਾ ਦੇਵੇ। ਮਰਦ ਧੋਖੇ ਕਰਨ ਤੋਂ ਹਟਦੇ ਨਹੀਂ। ਮਰਦ ਔਰਤ ਨੂੰ ਸਿਰਫ ਵਰਤਦਾ ਹੈ, ਉਸ ਲਈ ਔਰਤ ਸਿਰਫ ਤੇ ਸਿਰਫ ਵਰਤਣ ਦੀ ਚੀਜ਼ ਹੈ। ਔਰਤ ਮਰਦ ਦੇ ਪਿਆਰ ਨੂੰ ਤਰਸਦੀ ਰਹਿੰਦੀ ਹੈ ਪ੍ਰੰਤੂ ਮਰਦ ਸਿਰਫ ਤੇ ਸਿਰਫ ਆਪਣੀ ਤ੍ਰਿਪਤੀ ਲਈ ਔਰਤ ਦੀ ਮੁਹੱਬਤ ਦਾ ਨਜ਼ਾਇਜ਼ ਲਾਭ ਉਠਾਉਂਦਾ ਹੈ। ਕਵੀ ਮਰਦਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਲਿਖਦਾ ਹੈ ਕਿ ਉਹ ਹਰ ਪ੍ਰਕਾਰ ਦੇ ਲੋਭੀ ਹੁੰਦੇ ਹਨ। ਮੁੱਢਲੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜਗਜੀਤ ਸੰਧੂ ਨੇ ਆਪਣੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਸਾਰੰਸ਼ ‘ਮੇਰੇ ਲਈ ਨਾਰੀਮੁਖੀ ਕਵਿਤਾ ਲਿਖਣ ਤੋਂ ਵਧੀਆ ਕਥਾਰਸਿਸ ਕੋਈ ਨਹੀਂ. .’ ਸਿਰਲੇਖ ਵਿੱਚ ਲਿਖ ਦਿੱਤਾ ਹੈ। ਕਵੀ ਦੀਆਂ ਸਾਰੀਆਂ ਹੀ ਕਵਿਤਾਵਾਂ ਸਿੰਬਾਲਿਕ ਹਨ। ਉਸਨੇ ਘਰੇਲੂ ਅਤੇ ਕੰਮ ਕਾਜੀ ਇਸਤਰੀਆਂ ਦੀ ਰੋਜ-ਮਰ੍ਹਾ ਦੀ ਜ਼ਿੰਦਗੀ ਵਿੱਚ ਕਦਮ-ਦਰ-ਕਦਮ ‘ਤੇ ਜਿਹੜੀਆਂ ਦੁਸ਼ਾਵਰੀਆਂ ਆ ਰਹੀਆਂ ਹਨ, ਉਨ੍ਹਾਂ ਬਾਰੇ ਆਪਣੀਆਂ ਕਵਿਤਾਵਾਂ ਵਿੱਚ ਬਾਕਮਾਲ ਦਾ ਵਰਣਨ ਕੀਤਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ ਕਿ ਕਵੀ ਨੇ ਔਰਤ ਦੇ ਅੰਤਰਮਨ ਦੀ ਸਥਿਤੀ ਨੂੰ ਪੜ੍ਹਕੇ ਕਵਿਤਾਵਾਂ ਦਾ ਰੂਪ ਦੇ ਕੇ ਲੋਕਾਈ ਨੂੰ ਇਸਤ੍ਰੀ ਦੀ ਤ੍ਰਾਸਦੀ ਨੂੰ ਦੂਰ ਕਰਨ ਦੀ ਪ੍ਰੇਰਨਾ ਕੀਤੀ ਹੋਵੇ। ਜਗਜੀਤ ਸੰਧੂ ਆਪਣੇ ਮਨ ਦੀ ਗੱਲ ਅਸਿੱਧੇ ਢੰਗ ਨਾਲ ਕਵਿਤਾਵਾਂ ਵਿੱਚ ਲਿਖਦਾ ਹੈ। ‘ਘਾਹ, ਚਿੜੀਆਂ, ਬਾਲ, ਬਿਰਧ’ ਕਵਿਤਾ ਵਿੱਚ ਔਰਤ ਨੂੰ ਆਪਣੇ ਸੁਪਨੇ ਸਿਰਜਕੇ ਆਪੇ ‘ਚੋਂ ਬਾਹਰ ਆ ਕੇ ਆਪਣੀ ਅਹਿਮੀਅਤ ਸਮਝਣ ਲਈ ਪ੍ਰੇਰਦਾ ਹੈ। ਦੂਜੀ ਕਵਿਤਾ ‘ਰਿਸ਼ਟ ਪੁਸ਼ਟ ਅਤੇ ਖ਼ੁਸ਼’ ਪਰਵਾਸ ਵਿਚਲੀ ਇਸਤਰੀ ਦੀ ਆਜ਼ਾਦੀ ਦੇ ਵੱਖਰੇ ਰੰਗਾਂ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ ਉਹ ਆਪਣਾ ਸ਼ੋਸ਼ਣ ਖੁਦ ਕਰਵਾਕੇ ਖ਼ੁਸ਼ ਹੁੰਦੀਆਂ ਹਨ। ਸਮਾਜ ਔਰਤ ਪਿੱਛੇ ਲੜਾਈਆਂ ਕਰਦੈ ਤੇ ਧਾਰਮਿਕ ਲੋਕ ਉਸ ਦੀ ਭਲਾਈ ਬਾਰੇ ਸੋਚਦੇ ਹਨ। ‘ਟਰੌਪੀਕਲ’ ਕਵਿਤਾ ਵਿੱਚ ਉਹ ਮਰਦਾਂ ਨੂੰ ਸਲਾਹ ਦਿੰਦਾ ਹੈ ਕਿ ਔਰਤ ਦੀ ਸੁੰਦਰਤਾ ਹੀ ਨਾ ਵੇਖੋ ਸਗੋਂ ਉਸ ਦੀਆਂ ਭਾਵਨਾਵਾਂ ਨੂੰ ਸਮਝੋ। ਔਰਤ ਦੀ ਹਮਦਰਦੀ ਲਈ ਦਲੇਰੀ ਦਾ ਪਾਖੰਡ ਕਰਨ ਦੀ ਥਾਂ ਪਿਆਰ ਤੇ ਸਤਿਕਾਰ ਦਿਓ। ਔਰਤ ਦੇ ਮਨ ਨੂੰ ਪੜ੍ਹੋ ਤੇ ਖੁਲ੍ਹੇ ਦਿਮਾਗ ਨਾਲ ਵੇਖਣ ਦੀ ਕੋਸ਼ਿਸ਼ ਕਰੋ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ‘ਤਾਪਸੀ’ ਕਵਿਤਾ ਵੀ ਸਿੰਬਾਲਿਕ ਹੈ, ਕਵੀ ਮਰਦ ਦੀ ਮਾਨਸਿਕਤਾ ਨੂੰ ਤਪ ਕਰਕੇ ਮੋਕਸ ਪਾਉਣ ਵਾਲੇ ਸਾਧ ਸੰਤਾਂ ਵਰਗੀ ਦਸਦਾ ਹੈ, ਜਿਹੜਾ ਇਸਤਰੀ ‘ਤੇ ਡੋਰੇ ਡਾਲਣ ਲਈ ਤਪ ਕਰ ਰਿਹਾ ਹੁੰਦਾ ਜਦੋਂ ਕਿ ਔਰਤ ਉਸ ਦੀਆਂ ਚਾਲਾਂ ਤੋਂ ਬੇਖ਼ਬਰ ਹੁੰਦੀ ਹੈ।  ਔਰਤ ਨੂੰ 366 ਚਲਿਤਰਾਂ ਵਾਲੀ ਕਹਿ ਕੇ ਨੀਵਾਂ ਵਿਖਾਇਆ ਜਾਂਦਾ ਹੈ, ਹਾਲਾਂ ਕਿ ਮਰਦ ਨੂੰ ਉਹ ਨਹੀਂ ਖਾਂਦੀ, ਸਗੋਂ ਮਰਦ ਹੀ ਉਸਨੂੰ ਨਿਘਾਰ ਜਾਣਾ ਚਾਹੁੰਦਾ ਹੈ। ਮਰਦ ਔਰਤ ਰਾਹੀਂ ਆਪਣੀ ਉਦਾਸੀ ਦੂਰ ਕਰਦਾ ਹੈ। ਔਰਤ ਦੇ ਜੀਵਨ ਪੰਧ ਵਿੱਚ ਆਉਣ ਵਾਲੀ ਹਰ ਮੁਸ਼ਕਲ ਬਾਰੇ ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਦੱਸਿਆ ਹੈ। ਔਰਤ ਸੰਜਮੀ ਹੁੰਦੀ ਹੈ ਤੇ ਮਰਦ ਦੀ ਹਰ ਹਰਕਤ ਨੂੰ ਸਹਿੰਦੀ ਰਹਿੰਦੀ ਹੈ। ਮਰਦ ਉਸਨੂੰ ਹਮੇਸ਼ਾ ਗ਼ਲਤ ਭਾਸ਼ਾ ਨਾਲ ਵਿਵਹਾਰ ਕਰਦੇ ਹਨ। ਉਸ ਲਈ ਸੁਆਣੀ ਬਣਨਾ ਔਖਾ ਹੈ, ਪਰ ਉਹ ਫਿਰ ਵੀ ਸੁਆਣੀ ਤੇ ਸਿਆਣੀ ਬਣਦੀ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜ਼ਰੂਰਤ ਲਈ ਜਲਦੀ ਕੰਮ ਕਰਨੇ ਪੈਂਦੇ ਹਨ। ਸਵੇਰੇ ਉਠਦਿਆਂ ਹੀ ਰਾਤ ਦੀਆਂ ਗੱਲਾਂ ਭੁਲਾਕੇ ਤਾਜ਼ਾ ਤਰੀਨ ਬਣਕੇ ਕੰਮਾ ਵਿੱਚ ਰੁਝ ਜਾਣਾ ਹੁੰਦਾ ਹੈ। ਉਸਨੂੰ ਪੀੜਾ ਦਿਲ ਵਿੱਚ ਹੀ ਜ਼ਜ਼ਬ ਕਰਨੀ ਪੈਂਦੀ ਹੈ। ਸਭ ਤੋਂ ਔਖਾ ਧੀ ਬਣਨਾ ਹੁੰਦਾ ਹੈ। ਔਰਤ ਮਰਦ ਦੇ ਗਿਰਗਿਟ ਵਾਂਗੂੰ ਬਦਲਦੇ ਰੰਗਾਂ ਨੂੰ ਸਮਝਦੀ ਹੈ ਪ੍ਰੰਤੂ ਬੇਬਸ ਹੁੰਦੀ ਹੈ। ਮਰਦ ਮਖੌਟਾ ਪਹਿਨ ਕੇ ਔਰਤ ਨਾਲ ਵਿਚਰਦਾ ਹੈ ਪ੍ਰੰਤੂ ਬਲਾਤਕਾਰ ਕਰਨ ਮੌਕੇ ਅਸਲੀ ਰੂਪ ਵਿੱਚ ਆ ਜਾਂਦੈ। ਔਰਤ ਮਰਦ ਦੀ ਹਰ ਕੋਝੀ ਹਰਕਤ ਬਰਦਾਸ਼ਤ ਕਰਦੀ ਹੈ, ਬੱਸਾਂ ਵਿੱਚ, ਕਲਾਸਾਂ ਵਿੱਚ, ਡਾਕਟਰਾਂ ਕੋਲ ਅਤੇ ਹੋਰ ਬਹੁਤ ਥਾਵਾਂ ‘ਤੇ, ਮਰਦ ਔਰਤ ਦੀ ਉਮਰ ਦਾ ਵੀ ਧਿਆਨ ਨਹੀਂ ਰੱਖਦਾ ਪ੍ਰੰਤੂ ਉਸਦੀ ਹਵਸ ਪੂਰੀ ਹੋਣੀ ਚਾਹੀਦੀ ਹੈ। ਕਵੀ ਦੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ, ਜਦੋਂ ਉਹ ਔਰਤ ਦੇ ਸੰਤਾਪ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਕਾਵਿਕ ਰੂਪ ਦਿੰਦਾ ਹੈ। ਸੰਤਾਪ ਭੋਗਦੀ ਔਰਤ ਸਿਗਰਟ ਦੀਆਂ ਚੁਸਕੀਆਂ ਲੈਂਦੀ ਮਰਦ ਨੂੰ ਪਿਆਰ ਦੀ ਗੁਹਾਰ ਲਗਾਉਂਦੀ ਹੋਈ ਕਹਿੰਦੀ ਹੈ, ਜੇ ਇਸੇ ਤਰ੍ਹਾਂ ਮੋਹ ਦੀਆਂ ਤੰਦਾਂ ਕਾਇਮ ਰੱਖੇਂਗਾ ਤਾਂ ਸਿਗਰਟ ਵਰਗੀ ਬਿਮਾਰੀ ਤੋਂ ਖਹਿੜਾ ਛੁੱਟ ਸਕਦਾ ਹੈ। ਸ਼ਾਇਰ ਕਵਿਤਾਵਾਂ ਵਿੱਚ ਅਜਿਹੇ ਤੀਰ ਮਾਰਕੇ ਮਰਦਾਂ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਮਰਦ ਵੀ ਮੋਮ ਦੇ ਪੁਤਲੇ ਬਣਨ ਲੱਗਦੇ ਹਨ। ਕਵੀ ਵਿਆਹ ਦੇ ਪਵਿਤਰ ਬੰਧਨਾ, ਰਸਮਾ ਤੇ ਕਟਾਖਸ਼ ਕਰਦਾ ਲਿਖਦਾ ਹੈ ਅਹੁਦਿਆਂ ਤੇ ਚਾਵਾਂ ਨਾਲ ਹੋਏ ਵਿਆਹ ਵੀ ਪੂਰ ਨਹੀਂ ਚੜ੍ਹਦੇ ਸਗੋਂ ਅਲਾਮਤਾਂ ਲੱਗ ਜਾਂਦੀਆਂ ਹਨ। ਨਵੇਂ ਸ਼ਾਇਰਾਂ ਤੇ ਵੀ ਕਿੰਤੂ ਪ੍ਰੰਤੂ ਕਰਦਾ ਹੈ। ਮੁਖੌਟੇ ਪਾ ਕੇ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਨੌਜਵਾਨ ਲੜਕੀਆਂ ਵਿੱਚ ਜਿੰਮ ਜਾਣ ਦੀ ਪ੍ਰਵਿਰਤੀ, ਸ਼ਰਾਬ, ਮਨੀ ਪਲਾਂਟ, ਆਦਿ ਆਧੁਨਿਕਤਾ ਦਾ ਸੰਤਾਪ ਬਦ ਤੋਂ ਬਦਤਰ ਬਣਦਾ ਜਾ ਰਿਹਾ ਹੈ। ਮਰਦ ਔਰਤ ਨੂੰ ਖ਼ੁਸ਼ ਕਰਨ ਲਈ ਨਹੀਂ ਸਗੋਂ ਆਪਣੇ ਅਧੀਨ ਕਰਨ ਲਈ ਤੋਹਫ਼ੇ ਵਿੱਚ ਮੁੰਦਰੀ ਤੇ ਕੋਠੀ ਦਿੰਦਾ ਹੈ। ‘ਸਰਦਲ’ ਬਹੁਤ ਹੀ ਭਾਵਨਾਤਮਿਕ ਕਵਿਤਾ ਹੈ, ਜਿਸ ਵਿੱਚ ਮਰਦ ਆਪਣੀ ਹਓਮੈ ਦਾ ਸ਼ਿਕਾਰ ਹੈ ਤੇ ਔਰਤ ਨੂੰ ਪਤਿਆਉਂਦਾ ਹੈ ਪ੍ਰੰਤੂ ਔਰਤ ਸੰਜਮੀ ਹੁੰਦੀ ਚੁੱਪ ਰਹਿੰਦੀ ਹੈ, ਉਸ ਨੂੰ ਪਤਾ ਹੈ ਕਿ ਇਹ ਹੁਣ ਆਪਣੀ ਹਵਸ ਪੂਰੀ ਕਰਕੇ ਵਾਪਸ ਚਲਾ ਜਾਵੇਗਾ ਤੇ ਉਸਨੂੰ ਉਡੀਕ ਦੀ ਦਲਦਲ ਵਿੱਚ ਫਸਾ ਜਾਵੇਗਾ। ਪਿਆਰ ਦਾ ਛਲਾਵਾ ਔਰਤ ਨੂੰ ਮੰਝਧਾਰ ਵਿੱਚ ਲਟਕਾਈ ਰੱਖਦਾ ਹੈ। ਔਰਤ ਏਸੇ ਕਰਕੇ ਸ਼ਕਤੀਸ਼ਾਲੀ ਹੈ ਕਿ ਉਹ ਮਰਦ ਦੀ ਹਰ ਜ਼ਿਆਦਤੀ ਸਹਿ ਲੈਂਦੀ ਹੈ। ਮਰਦ ਆਪਣੀ ਖੁਦਗਰਜੀ ਲਈ ਔਰਤ ਦੀ ਖੂਬਸੂਰਤੀ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦਾ ਹੈ। ਕਵੀ ਕਹਿੰਦਾ ਹੈ ਕਿ ਕਦੀ ਤਾਂ ਉਸਦੀ ਅੰਦਰਲੀ ਖੂਬਸੂਰਤੀ ਦੀ ਕਦਰ ਕਰ ਲਓ। ਭਾਵੇਂ ਔਰਤ ਕਿਤਨੀ ਹੀ ਮੁਸ਼ਕਲ ਵਿੱਚ ਹੋਵੇ ਉਹ ਹਮੇਸ਼ਾ ਹੰਝੂ ਲੁਕਾਉਂਦੀ ਰਹਿੰਦੀ ਹੈ। ਮਰਦ ਔਰਤ ਨੂੰ ਮੈਸਜ ਦੇ ਕੇ ਪਰਚਾਉਂਦਾ ਰਹਿੰਦਾ ਹੈ। ਸ਼ਾਇਰਾਂ ਨੂੰ ਲੇਖਕ ਉਨ੍ਹਾਂ ਦੀਆਂ ਔਰਤਾਂ ਸੰਬੰਧੀ ਸੋਚਾਂ ਤੇ ਟਕੋਰਾਂ ਕਰਦਾ ਹੈ। ਮਾਡਰਨ ਔਰਤਾਂ ਵਾਈਨ ਦਾ ਸੇਵਨ ਕਰਨ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਦੀਆਂ ਪ੍ਰੰਤੂ ਫਿਰ ਸ਼ੋਸ਼ਲਿਜ਼ਮ ਦੇ ਚਕਰ ਵਿੱਚ ਵਰਗਲਾਈਆਂ ਜਾਂਦੀਆਂ ਹਨ। ਸ਼ਰਾਬ ਤੇ ਸਿਗਰਟ ਮਰਦ ਦੇ ਸ਼ੌਕ ਤੇ ਔਰਤ ਦਾ ਨਾਸ ਕਰਦੇ ਹਨ। ਸ਼ਾਇਰ ਨੇ ਪਰਵਾਸੀ ਔਰਤਾਂ ਤੇ ਮਰਦਾਂ ਦੀਆਂ ਕਮਜ਼ੋਰੀਆਂ ਨੂੰ ਬਾਖ਼ੂਬੀ ਦਰਸਾਇਆ ਹੈ। ਪੁਸਤਕ ਵਿਚਲੇ ਕੁਝ ਚਿਤਰ ਔਰਤ ਦੀ ਮਾਨਸਿਕਤਾ ਅਤੇ ਕਵਿਤਾਵਾਂ ਅਰਥਾਂ ਬਾਰੇ ਸੰਕੇਤ ਕਰਦੇ ਹਨ। ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਗਜੀਤ ਸਿੰਘ ਸੰਧੂ ਨੇ ਔਰਤਾਂ ਦੇ ਦਿਲ ਦੀ ਹੂਕ ਦਾ ਪ੍ਰਗਟਾਵਾ ਕੀਤਾ ਹੈ। ਭਵਿਖ ਵਿੱਚ ਕਵੀ ਤੋਂ ਹੋਰ ਬਿਹਤਰੀਨ ਕਾਵਿ ਸੰਗ੍ਰਹਿ ਦੀ ਉਮੀਦ ਕੀਤੀ ਜਾ ਸਕਦੀ ਹੈ।
 87 ਪੰਨਿਆਂ, ਸੁੰਦਰ ਮੁੱਖ ਕਵਰ, ਭਾਰਤ ਵਿੱਚ 225 ਰੁਪਏ ਤੇ ਪਰਵਾਸ ਵਿੱਚ 12 ਡਾਲਰ ਕੀਮਤ ਵਾਲਾ, ਤਾਪਸੀ  ਕਾਵਿ ਸੰਗ੍ਰਹਿ ਸ਼ਬਦਲੋਕ ਪਬਲੀਕੇਸ਼ਨਜ਼ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com

24 ਸਤੰਬਰ ਦੇ ਅੰਕ ਲਈ ਵਿਸ਼ੇਸ਼ - ‘ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’ ਦੇ ਪਹਿਰੇਦਾਰ : ਗੁਰਚਰਨ ਸਿੰਘ ਟੌਹੜਾ - ਉਜਾਗਰ ਸਿੰਘ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋਇਆਂ ਨੂੰ ਸਿਰਫ 20 ਸਾਲ ਹੋ ਗਏ ਹਨ। ਪ੍ਰੰਤੂ ਪੰਥਕ ਸੋਚ ਦੇ ਨਿਘਾਰ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸਦੀਆਂ ਬੀਤ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਿੱਖ/ ਪੰਥਕ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ। ਪੰਥਕ ਸੋਚ ਵਾਲੀ ਲੀਡਰਸ਼ਿਪ ਗਾਇਬ ਹੀ ਹੋ ਗਈ ਜਾਂ ਸਿਆਸੀ ਤਾਕਤ ਦੇ ਨਸ਼ੇ ਵਿੱਚ ਘੂਕ ਸੁੱਤੀ ਪਈ ਹੈ। ਸਿੱਖ ਜਗਤ ਅਤੇ ਸ਼੍ਰੋਮਣੀ ਅਕਾਲੀ ਦਲ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤਾਂ ‘‘ਪੰਥ ਵਸੈ ਮੈਂ ਉਜੜਾਂ ਮਨੁ ਚਾਓ ਘਨੇਰਾ’’ ਦੇ ਸਿਧਾਂਤ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰੰਘ ਟੌਹੜਾ ਦੀ ਯਾਦ ਸਤਾ ਰਹੀ ਹੈ। ਅੱਜ ਦੇ ਅਖੌਤੀ ਪੰਥ ਹਿਤੈਸ਼ੀ ਇਸ ਵਿਚਾਰਧਾਰਾ ਦੇ ਵਿਰੁੱਧ ਚਲ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਦਾ ਲਾਹਾ ਲੈਣ ਲਈ ਉਨ੍ਹਾਂ ਦਾ 100ਵਾਂ ਜਨਮ ਦਿਵਸ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਨੇਤਾ ਪੱਬਾਂ ਭਾਰ ਹੋਏ ਪਏ ਹਨ, ਪ੍ਰੰਤੂ ਜਥੇਦਾਰ ਟੌਹੜਾ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਨਹੀਂ ਕਰ ਰਹੇ। ਇਹ ਵੀ ਉਨ੍ਹਾਂ ਦਾ ਸਿਆਸੀ ਤਾਕਤ ਹਾਸਲ ਕਰਨ ਦਾ ਢਕੌਂਸਲਾ ਹੀ ਹੈ। ਸਿੱਖ ਲੀਡਰਸ਼ਿਪ ਪੀਰੀ ਦੀ ਥਾਂ ਮੀਰੀ ਲਈ ਲਲਚਾ ਰਹੀ ਹੈ। ਸਿੱਖ ਜਗਤ ਦੀ ਤ੍ਰਾਸਦੀ ਹੈ ਕਿ ਉਸ ਦੇ ਬਹੁਤੇ ਸਿਆਸੀ ਤੇ ਧਾਰਮਿਕ ਰਹਿਬਰਾਂ ਨੇ ਸਿਆਸਤ ਨੂੰ ਵਿਓਪਾਰ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹ ਇਤਨੇ ਖ਼ੁਦਗਰਜ ਹੋ ਗਏ ਹਨ ਕਿ ਉਨ੍ਹਾਂ ਨੇ ਧਰਮ ਨੂੰ ਵੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣਾ ਲਿਆ ਹੈ। ਆਪਣੇ ਪਰਿਵਾਰਾਂ ਅਤੇ ਨਜ਼ਦੀਕੀਆਂ ਨੂੰ ਸਿਆਸਤ ਦੇ ਵਾਰਸ ਬਣਾ ਲਿਆ ਹੈ। ਪੰਥ ਦਾ ਕਿਸੇ ਨੂੰ ਫ਼ਿਕਰ ਨਹੀਂ। ਖ਼ੁਦਗਰਜ ਸਿਆਸਤਦਾਨਾ ਨੇ ਧਾਰਮਿਕ/ਗੁਰਮਤਿ ਦੇ ਧਾਰਨੀ ਪੰਥਕ ਹਿਤੈਸ਼ੀ ਗੁਰਮੁਖਾਂ ਅਤੇ ਪਾਰਟੀ ਦੇ ਵਫ਼ਾਦਾਰਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪੰਥਕ ਸੋਚ ਨੂੰ ਤਿਲਾਂਜ਼ਲੀ ਦਿੱਤੀ ਗਈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ‘॥ ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥’ ਭਾਵ ਭਾਵੇਂ ਸਾਰਾ ਘਾਹ ਅੱਗ ਨਾਲ ਸੜ ਜਾਵੇ ਤਾਂ ਵੀ ਕੁਝ ਬੂਟੇ ਸਹੀ ਸਲਾਮਤ ਰਹਿ ਜਾਂਦੇ ਹਨ। ਅਰਥਾਤ ਭਰਿਸ਼ਟ ਧਾਰਮਿਕ ਤੇ ਸਿਆਸੀ ਨੇਤਾਵਾਂ ਵਿੱਚ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਅਧਿਆਤਮਿਕ ਇਨਸਾਨ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ ਨੈਤਿਕਤਾ ਨਾਲ ਵਿਚਰਦੇ ਰਹੇ। ਉਹ ਭ੍ਰਿਸ਼ਟਾਚਾਰ ਦੇ ਦਾਵਾਨਲ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਸਿਆਸੀ ਤੇ ਧਾਰਮਿਕ ਜੀਵਨ ਵਿੱਚ ਵਿਚਰਦੇ ਹੋਇਆਂ ਨੇ ਆਪਣੀ ਚਿੱਟੀ ਚਾਦਰ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਪਾਕਿ ਤੇ ਪਵਿਤਰ ਰਹਿੰਦਿਆਂ ਆਪਣਾ ਜੀਵਨ ਬਸਰ ਕੀਤਾ। ਭਾਵੇਂ ਉਨ੍ਹਾਂ ਦੇ ਆਲੇ ਦੁਆਲੇ ਵੀ ਖ਼ੁਦਗਰਜ਼ ਸਿਆਸਤਦਾਨਾਂ ਨੇ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਜਥੇਦਾਰ ਟੌਹੜਾ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਨੇ ਧਾਰਮਿਕ ਸਿਧਾਂਤਾਂ ਅਤੇ ਸਿਆਸਤ ਵਿੱਚ ਭਾਈ ਭਤੀਜਾਵਾਦ ਤੋਂ ਦੂਰ ਰਹਿੰਦਿਆਂ ਸਿੱਖ ਪੰਥ ਦੀ ਬਾਂਹ ਫੜੀ ਰੱਖੀ। ਜਿਤਨੀ ਦੇਰ ਉਹ ਇਸ ਸੰਸਾਰ ਵਿੱਚ ਰਹੇ, ਉਨ੍ਹਾਂ ਸਿੱਖ ਸਿਆਸਤਦਾਨਾ ਨੂੰ ਪੰਥਕ ਸਿਆਸਤ ਤੋਂ ਕਿਨਾਰਾ ਕਰਨ ਨਹੀਂ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਬਾਕੀ ਕਰਕੇ ਉਸ ਸਮੇਂ ਦੇ ਦਿਗਜ ਨੇਤਾ ਵੀ ਤਿਬਕਦੇ ਰਹੇ। ਉਹ ਸਿੱਖਾਂ ਦੇ ਹੱਕ ਤੇ ਸੱਚ ਦੇ ਮੁੱਦਈ ਬਣਕੇ ਖੜ੍ਹਦੇ ਰਹੇ। ਅਧਿਆਤਮਿਕਤਾ ਅਤੇ ਸਿਆਸਤ ਦਾ ਸੁਮੇਲ ਟਾਵੇਂ ਟਾਵੇਂ ਵਿਅਕਤੀਆਂ ਵਿਚ ਹੁੰਦਾ ਹੈ। ਉਹ ਸਿਆਸਤਦਾਨ ਨਾਲੋਂ ਧਾਰਮਿਕ ਵਿਅਕਤੀ ਜ਼ਿਆਦਾ ਸਨ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਧਿਆਤਮਵਾਦ ਅਤੇ ਸਿਆਸਤ ਦਾ ਸੁਮੇਲ ਸਨ। ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਤੋਂ ਸਰਵੋਤਮ, ਆਧੁਨਿਕ ਅਤੇ ਨਵਾਂ ਧਰਮ ਹੈ। ਇਸਦੇ ਜਨਮ ਨੂੰ ਮਸਾਂ ਅਜੇ ਸਾਢੇ ਪੰਜ ਕੁ ਸਦੀਆਂ ਹੀ ਹੋਈਆਂ ਹਨ, ਫਿਰ ਵੀ ਸਿੱਖ ਧਰਮ ਦੁਨੀਆਂ ਵਿਚ ਫੈਲਿਆ ਹੋਇਆ ਹੈ ਪ੍ਰੰਤੂ ਪੰਜਾਬ ਇਸ ਦੀ ਜਨਮ ਭੂਮੀ ਹੈ। ਦੁੱਖ ਇਸੇ ਗੱਲ ਦਾ ਹੈ ਕਿ ਪੰਜਾਬੀ ਪੰਥਕ ਸੋਚ ਤੋਂ ਥਿੜ੍ਹਕ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ, ਦਰਸ਼ਨ, ਪਰੰਪਰਾਵਾਂ ਅਤੇ ਦਾਰਸ਼ਨਿਕਤਾ ਮਾਨਵਤਾ ਅਰਥਾਤ ਸਰਬਤ ਦੇ ਭਲੇ ਦੇ ਅਸੂਲਾਂ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੈ। ਇਸ ਧਾਰਮਿਕ ਸੰਸਥਾ ਦੀ ਪ੍ਰਧਾਨਗੀ ਹੁਣ ਤੱਕ ਸਭ ਤੋਂ ਲੰਮਾ ਸਮਾਂ ਕਰਨ ਦਾ ਮਾਣ ਸਿੱਖਾਂ ਦੇ ਰੌਸ਼ਨ ਦਿਮਾਗ਼ ਦੇ ਤੌਰ ਤੇ ਜਾਣੇ ਜਾਂਦੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ। ਜੇ ਇਉਂ ਕਹਿ ਲਈਏ ਕਿ ਉਹ ਸਿੱਖੀ ਨੂੰ ਪ੍ਰਣਾਏ ਹੋਏ ਇਨਸਾਨ ਸਨ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ, ਜਿਨ੍ਹਾਂ ਆਪਣੀ ਸਾਰੀ ਉਮਰ ਇਮਾਨਦਾਰੀ, ਸਾਦਗੀ ਅਤੇ ਦਿਆਨਤਦਾਰੀ ਨਾਲ ਸਿੱਖ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦਿੱਤਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜ ਕੇ ਰੱਖਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਾਰ ਨਹੀਂ ਵਰਤੀ, ਸਗੋਂ ਆਪਣੇ ਭਰੋਸੇਯੋਗ ਸਹਿਯੋਗੀਆਂ ਦੀ ਕਾਰ ਦੀ ਹੀ ਵਰਤੋਂ ਕਰਦੇ ਰਹੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਦੀਂ ਵੀ ਟੀ.ਏ.ਡੀ.ਏ.ਨਹੀਂ ਲਿਆ। ਉਨ੍ਹਾਂ ਨੂੰ ਸਿਆਸਤ ਵਿੱਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ।
   ਸੰਸਾਰ ਵਿੱਚ ਬਹੁਤ ਸਾਰੇ ਸਿੱਖ ਸਿਆਸਤਦਾਨ ਹਨ/ਸਨ, ਉਨ੍ਹਾਂ ਵਿੱਚੋਂ ਕੁਝ ਇਕ ਨੂੰ ਘਾਗ ਸਿਆਸਤਦਾਨ ਵੀ ਕਿਹਾ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਸਿੱਖ ਸਿਆਸਤਦਾਨਾ ਵਿੱਚੋਂ ਸਟੇਟਸਮੈਨ ਕਿਤਨੇ ਕੁ ਹਨ/ਸਨ। ਹੋਰ ਵੀ ਕੁਝ ਸਟੇਟਸਮੈਨ ਹੋਣਗੇ ਪ੍ਰੰਤੂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਸਿਆਸਤਦਾਨਾ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬਿਹਤਰੀਨ ਸਟੇਟਸਮੈਨ ਸਮਝਦਾ ਹਾਂ। ਸਟੇਟਸਮੈਨ ਆਪਣੀ ਕਾਰਗੁਜ਼ਾਰੀ ਨਾਲ ਬਣਦਾ ਹੈ। ਸਟੇਟਸਮੈਨ ਸਮਾਜ ਵਿੱਚ ਵਿਚਰਦਿਆਂ ਕਦੀਂ ਵੀ ਜ਼ਾਤ ਪਾਤ, ਧਰਮ ਅਤੇ ਸਿਆਸੀ ਪਾਰਟੀ ਨੂੰ ਤਰਜੀਹ ਨਹੀਂ ਦਿੰਦਾ। ਉਹ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦਾ ਹੈ। ਇਥੇ ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇੱਕ ਉਦਾਹਰਣ ਦਿੰਦਾ ਹਾਂ, ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ। ਇੱਕ ਵਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਮੈਂ ਇਕ ਸਿਆਸਤਦਾਨ ਕੋਲ ਕਿਸੇ ਦੋਸਤ ਦੇ ਕੰਮ ਲਈ ਗਿਆ ਤਾਂ ਉਸ ਸਿਆਸਤਦਾਨ ਨੇ ਕਿਹਾ ਕਿ ਭਾਵੇਂ ਤੁਹਾਡਾ ਕੰਮ ਜਾਇਜ਼ ਹੈ ਪ੍ਰੰਤੂ ਇਹ ਕੰਮ ਮੁੱਖ ਮੰਤਰੀ ਦੀ ਇਜ਼ਾਜਤ ਤੋਂ ਬਿਨਾ ਸੰਭਵ ਨਹੀਂ। ਇਸ ਲਈ ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲ ਲਵੋ, ਉਹ ਹੀ ਮੁੱਖ ਮੰਤਰੀ ਤੋਂ ਕਰਵਾ ਸਕਦੇ ਹਨ। ਮੈਂ ਦੂਜੇ ਦਿਨ ਸਵਖਤੇ ਹੀ ਜਿਸ ਦੋਸਤ ਦਾ ਕੰਮ ਸੀ, ਉਸ ਨੂੰ ਨਾਲ ਲੈ ਕੇ ਟੌਹੜਾ ਪਿੰਡ ਪਹੁੰਚ ਗਿਆ। ਟੌਹੜਾ ਸਾਹਿਬ ਨੂੰ ਮਿਲਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਜਦੋਂ ਮੇਰੀ ਵਾਰੀ ਆਈ ਤਾਂ ਦਰਵਾਜੇ ਤੇ ਖੜ੍ਹੇ ਵਿਅਕਤੀ ਨੇ ਮੈਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਮੈਨੂੰ ਸ੍ਰ.ਬੇਅੰਤ ਸਿੰਘ ਦਾ ਬੰਦਾ ਸਮਝਿਆ ਜਾਂਦਾ ਸੀ। ਜਦੋਂ ਉਹ ਵਿਅਕਤੀ ਥੋੜ੍ਹਾ ਐਧਰ ਓਧਰ ਹੋਇਆ ਮੈਂ ਮੌਕਾ ਤਾੜ ਕੇ ਕਮਰੇ ਵਿੱਚ ਦਾਖ਼ਲ ਹੋ ਗਿਆ। ਟੌਹੜਾ ਸਾਹਿਬ ਉਠ ਕੇ ਖੜ੍ਹੇ ਹੋ ਗਏ ਤੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਉਨ੍ਹਾਂ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਵਿਅਕਤੀ ਨੂੰ ਚਾਹ ਲਿਆਉਣ ਲਈ ਕਹਿ ਦਿੱਤਾ, ਜਿਹੜਾ ਮੈਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਰਿਹਾ ਸੀ। ਮੈਂ ਟੌਹੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਲੜਕਾ ਜਿਹੜਾ ਮੇਰੇ ਨਾਲ ਹੈ, ਇਸ ਦਾ ਕੰਮ ਫਲਾਣੇ ਸਿਆਸਤਦਾਨ ਕੋਲ ਹੈ ਪ੍ਰੰਤੂ ਉਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀ ਸਿਫ਼ਾਰਸ਼ ਤੋਂ ਬਿਨਾ ਕੰਮ ਨਹੀਂ ਹੋ ਸਕਦਾ। ਟੌਹੜਾ ਸਾਹਿਬ ਮੈਨੂੰ ਕਹਿਣ ਲੱਗੇ ‘ ਉਸ ਸਿਆਸਦਾਨ ਨੂੰ ਜਾ ਕੇ ਕਹਿ ਦਿਓ, ਆਪਣੇ ਬਾਦਲ. . . . ਨੂੰ ਕਹਿ ਦੇਣ ਕਿ ਇਹ ਕੰਮ ਮੇਰਾ ਹੈ।’ ਮੈਂ ਸਮਝਿਆ ਟੌਹੜਾ ਸਾਹਿਬ ਨੇ ਮੈਨੂੰ ਟਰਕਾ ਦਿੱਤਾ ਹੈ। ਮੈਂ ਵਾਪਸ ਆ ਕੇ ਉਸ ਸਿਆਸਤਦਾਨ ਕੋਲ ਚਲਾ ਗਿਆ ਤੇ ਟੌਹੜਾ ਸਾਹਿਬ ਦਾ ਸੰਦੇਸ਼ਾ ਦੇ ਦਿੱਤਾ। ਬਾਅਦ ਵਿੱਚ ਉਹ ਕੰਮ ਹੋ ਗਿਆ। ਅੱਜ ਉਹ ਅਧਿਕਾਰੀ ਟੌਹੜਾ ਸਾਹਿਬ ਦੇ ਗੁਣਗਾਨ ਕਰ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਐਨਾ ਲੰਮਾਂ ਸਮਾਂ ਪ੍ਰਧਾਨ ਰਹਿਣ ਦਾ ਉਨ੍ਹਾਂ ਦਾ ਬੇਦਾਗ਼ ਰਿਕਾਰਡ ਹੈ। ਉਹ 1969-76, 80-88 ਅਤੇ 98-2004 ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1977 ਤੋਂ 79 ਤੱਕ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਮਾਰਚ 2004 ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਪ੍ਰੰਤੂ ਸਹੁੰ ਚੁਕਣ ਤੋਂ ਪਹਿਲਾਂ ਹੀ ਸਵਰਗ ਸਿਧਾਰ ਗਏ। ਜਥੇਦਾਰ ਟੌਹੜਾ ਆਮ ਤੌਰ ਤੇ ਕਿਸੇ ਨਾ ਕਿਸੇ ਟਿਪਣੀ ਕਰਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ, ਉਹ ਹਮੇਸ਼ਾ ਵਿਲੱਖਣ ਚਰਚਾ ਹੀ ਛੇੜਦੇ ਸਨ ਪ੍ਰੰਤੂ ਜਥੇਦਾਰ ਟੌਹੜਾ ਜਿੰਨਾ ਕੋਈ ਵੀ ਸਿਆਸਤਦਾਨ ਸੂਝਵਾਨ ਅਤੇ ਇਮਾਨਦਾਰ ਹੋਣਾ ਮੁਸ਼ਕਲ ਹੈ। ਇਸੇ ਕਰਕੇ ਉਹਨਾਂ ਨੂੰ ਸਿੱਖਾਂ ਦਾ ਰੌਸ਼ਨ ਦਿਮਾਗ ਨੇਤਾ ਕਿਹਾ ਜਾਂਦਾ ਸੀ। ਕੋਈ ਵੀ ਗੱਲ ਉਹ ਅਵੇਸਲੇ ਹੋਕੇ ਜਾਂ ਅਚਾਨਕ ਨਹੀਂ ਸਗੋਂ ਜਾਣ ਬੁਝ ਕੇ ਹੀ ਕਰਦੇ ਸਨ।
  ਉਨ੍ਹਾਂ ਦਾ ਵਿਆਹ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਇਆ, ਜੋ ਸਿਖ ਵਿਚਾਰਧਾਰਾ ਨਾਲ ਪਰੁਚੀ ਹੋਈ ਸੀ। ਉਨ੍ਹਾਂ ਦੀ ਇੱਕ ਗੋਦ ਲਈ ਹੋਈ ਲੜਕੀ ਕੁਲਦੀਪ ਕੌਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ। ਉਨ੍ਹਾਂ ਦਾ ਜਵਾਈ ਹਰਮੇਲ ਸਿੰਘ ਪੰਜਾਬ ਦਾ ਮੰਤਰੀ ਰਿਹਾ ਹੈ। ਹਰਮੇਲ ਸਿੰਘ ਟੌਹੜਾ ਦਾ ਲੜਕਾ ਹਰਿੰਦਰਪਾਲ ਸਿੰਘ ਟੌਹੜਾ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਰਿਹਾ ਹੈ। ਸਿੱਖ ਇਤਿਹਾਸ ਵਿਚ ਜੱਥੇਦਾਰ ਟੌਹੜਾ ਇਮਾਨਦਾਰੀ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਰਹਿਣਗੇ। ਉਚੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਜਿਹੜੀ ਜਾਇਦਾਦ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੀ, ਉਹੀ ਅਖ਼ੀਰ ਤੱਕ ਰਹੀ। ਅਜਿਹੇ ਵਿਲੱਖਣ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੀ ਮਿਲਦੇ ਹਨ। ਉਹ 1 ਅਪ੍ਰੈਲ 2004 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਮਰਨ ਉਪਰੰਤ ਉਨ੍ਹਾਂ ਨੂੰ ਪੰਥ ਰਤਨ ਦਾ ਖ਼ਿਤਾਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤਾ ਗਿਆ। ਜਥੇਦਾਰ ਟੌਹੜਾ ਨੇ ਆਪਣੀ ਲਿਆਕਤ, ਦਿਆਨਤਦਾਰੀ ਅਤੇ ਇਮਾਨਦਾਰੀ ਕਰਕੇ ਆਪਣੀ ਕਰਨੀ ਤੇ ਕਹਿਣੀ ਦਾ ਸਿੱਕਾ ਆਪਣੇ ਵਿਰੋਧੀਆਂ ਤੇ ਵੀ ਚਲਾਇਆ। ਜਥੇਦਾਰ ਟੌਹੜਾ ਹਮੇਸ਼ਾ ਹੀ ਕੰਡਿਆਲੇ ਰਾਹਾਂ ਦਾ ਪਾਂਧੀ ਰਿਹਾ ਹੈ ਪ੍ਰੰਤੂ ਕਦੇ ਲੜਖੜਾਇਆ ਨਹੀਂ ਸਿਰਫ ਆਪਣੀ ਜ਼ਿੰਦਗੀ ਦੇ ਅਖੀਰੀ ਦਿਨਾਂ ਵਿਚ ਪਰਿਵਾਰਕ ਮਜ਼ਬੂਰੀਆਂ ਕਰਕੇ ਉਸ ਨੂੰ ਥੋੜ੍ਹਾਂ ਥਿੜ੍ਹਕਣਾ ਪਿਆ।
ਤਸਵੀਰਾਂ: 1:ਜਥੇਦਾਰ ਟੌਹੜਾ ਨਾਲ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਕੰਵਲਜੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ।
ਜਥੇਦਰ ਟੌਹੜਾ ਆਪਣੀ ਪਤਨੀ ਨਾਲ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਬਿੰਦਰ ਸਿੰਘ ਖੁੱਡੀ ਕਲਾਂ ਦਾ ‘ਆਓ ਗਾਈਏ’ ਬਾਲ ਕਾਵਿ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾਸ੍ਰੋਤ - ਉਜਾਗਰ ਸਿੰਘ

ਬੱਚਿਆਂ ਨੂੰ ਬੱਚੇ ਮਨ ਦੇ ਸੱਚੇ ਕਿਹਾ ਜਾਂਦਾ ਹੈ। ਬੱਚਿਆਂ ਦੇ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦੇ ਹਨ। ਉਹ ਵੱਡਿਆਂ ਦੀ ਹਰ ਗੱਲ ਨੂੰ ਸਵੀਕਾਰ ਕਰ ਲੈਂਦੇ ਹਨ ਕਿਉਂਕਿ ਪਾਕਿ ਤੇ ਪਵਿਤਰ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਸੱਚੇ-ਸੁੱਚੇ ਬਾਲ ਮਨਾਂ ਨੂੰ ਚੰਗੇ ਪਾਸੇ ਲਗਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ‘ਤੇ ਦੱਸੀ ਤੇ ਕਹੀ ਹਰ ਗੱਲ ਦਾ ਪ੍ਰਭਾਵ ਪੈਂਦਾ ਹੈ। ਇਸ ਲਈ ਬਾਲ ਮਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਨੂੰ ਚੰਗੇ ਸਿਹਤਮੰਦ ਬਾਲ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਕਵਿਤਾ ਤੇ ਗੀਤ ਬੱਚਿਆਂ ਦੇ ਮਨਾਂ ਨੂੰ ਬਹੁਤ ਪ੍ਰਭਾਵਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਸੰਗੀਤ ਹੁੰਦਾ ਹੈ। ਸੰਗੀਤ ਬੱਚਿਆਂ ਦੇ ਮਨ ਨੂੰ ਮੋਂਹਦਾ ਹੈ। ਬੱਚਿਆਂ ਦਾ ਸਾਹਿਤ ਰਚਣ ਲਈ ਲੇਖਕ ਨੂੰ ਮਾਨਸਿਕ ਤੌਰ ‘ਤੇ ਬਾਲ ਅਵਸਥਾ ਵਿੱਚ ਪਹੁੰਚਕੇ ਲਿਖਣਾ ਪੈਂਦਾ ਹੈ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇੱਕ ਬਾਲ ਕਾਵਿ/ ਗੀਤ ਸੰਗ੍ਰਹਿ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਉਸ ਦਾ ਨਾਮ ਵੀ ਬੱਚਿਆਂ ਨੂੰ ਪ੍ਰਭਾਵਤ ਕਰਨ ਵਾਲਾ ‘ਆਓ ਗਾਈਏ’ ਰੱਖਿਆ ਹੈ। ਗਾਉਣਾ ਬੱਚਿਆਂ ਨੂੰ ਚੰਗਾ ਲਗਦਾ ਹੁੰਦਾ ਹੈ। ਇਸ ਬਾਲ ਕਾਵਿ/ ਗੀਤ ਸੰਗ੍ਰਹਿ ਵਿੱਚ ਉਸ ਨੇ 35 ਕਵਿਤਾਵਾਂ/ਗੀਤ ਸ਼ਾਮਲ ਕੀਤੇ ਹਨ। ਇਹ ਕਵਿਤਾਵਾਂ/ਗੀਤ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਤ ਹਨ। ਇਨ੍ਹਾਂ ਨੂੰ ਪੜ੍ਹਕੇ ਬੱਚਿਆਂ ਦੇ ਮਨ ਵਿੱਚ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਇਹ ਕਵਿਤਾਵਾਂ/ਗੀਤ ਬੱਚਿਆਂ ਨੂੰ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੰਦੇ ਹਨ ਤਾਂ ਜੋ ਉਹ ਵੱਡੇ ਹੋ ਕੇ ਉਚ ਅਹੁਦਿਆਂ ‘ਤੇ ਪਹੁੰਚਕੇ ਆਪਣਾ ਸੁੱਖਮਈ ਜੀਵਨ ਬਤੀਤ ਕਰ ਸਕਣੇ। ਵਰਤਮਾਨ ਨੈਟ/ਆਧੁਨਿਕਤਾ ਦੇ ਜ਼ਮਾਨੇ ਵਿੱਚ ਬੱਚਿਆਂ ਨੂੰ ਸਹੀ ਸੇਧ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਸੰਗ੍ਰਹਿ ਵਿੱਚਲੀਆਂ ਕਵਿਤਾਵਾਂ/ਗੀਤ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ, ਜ਼ਾਤਪਾਤ ਅਤੇ ਧਾਰਮਿਕ ਬੰਧਨਾ ਤੋਂ ਉਪਰ ਉਠਕੇ ਸਦਭਾਵਨਾ ਦਾ ਵਾਤਾਵਰਨ ਬਣਾਉਣ ਵਿੱਚ ਸਹਾਈ ਹੋਣਗੀਆਂ। ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ/ਗੀਤ ਬੱਚਿਆਂ ਦੀ ਮਾਨਸਿਕਤਾ ਨੂੰ ਖ਼ੁਰਾਕ ਦੇਣ ਵਾਲੀਆਂ ਹਨ। ਜ਼ਿੰਦਗੀ ਬਸਰ ਕਰਨ ਦੇ ਗੁਣ ਦੱਸੇ ਗਏ ਹਨ। ਇਹ ਕਵਿਤਾਵਾਂ/ਗੀਤ ਭਾਵੇਂ ਉਪਦੇਸ਼ ਦੇਣ ਦੇ ਮੰਤਵ ਨਾਲ ਲਿਖੀਆਂ ਗਈਆਂ ਹਨ ਪ੍ਰੰਤੂ ਇਨ੍ਹਾਂ ਦਾ ਪ੍ਰਭਾਵ ਮਨੋਰੰਜਨ ਕਰਨਾ ਵੀ ਹੈ। ਭਾਵ ਮਨੋਰੰਜਨ ਰਾਹੀਂ ਬੱਚੇ ਬਹੁਤ ਸਾਰੀਆਂ ਨਵੀਂਆਂ ਗੱਲਾਂ ਸਿੱਖਣ ਦੇ ਸਮਰੱਥ ਹੋਣਗੇ। ਦੇਸ਼ ਪਿਆਰ ਦੀ ਭਾਵਨਾ ਵੀ ਪੈਦਾ ਕਰਨਗੀਆਂ। ‘ਸਾਡਾ ਕੈਰੀ’ ਕਵਿਤਾ ਇਸ ਪ੍ਰਕਾਰ ਹੈ:
 ਦੇਸ਼ ਪਿਆਰ ਉਹ ਮਨ ਵਿੱਚ ਰੱਖਦਾ,
 ਧਰਮ ਤੇ ਜ਼ਾਤ ਦੇ ਭੇਦ ਨੂੰ ਫ਼ਜ਼ੂਲ ਦੱਸਦਾ।
  ਕਰਨ ਲਈ ਵਤਨ ਦੀ ਰਾਖੀ,
  ਕਹਿੰਦਾ ਮੈਂ ਸਰਹੱਦ ‘ਤੇ ਜਾਣਾ।
  ਕੈਰੀ ਸਾਡਾ ਬੜਾ ਸਿਆਣਾ. . . . . . .।
 Êਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਪ੍ਰਕੋਪ ਨੌਜਵਾਨਾ ਦਾ ਭਵਿਖ ਖ਼ਤਰੇ ਵਿੱਚ ਪਾ ਰਿਹਾ ਹੈ। ਇਹ ਵੀ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ ਕਿ ਸਕੂਲਾਂ ਦੇ ਬੱਚੇ ਵੀ ਨਸ਼ਿਆਂ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਨ। ਇਸ ਲਈ ਅੱਲ੍ਹੜ ਮਨਾ ਨੂੰ ਸਹੀ ਮਾਰਗ ਦਰਸ਼ਨ ਕਰਨਾ ਅਤਿਅੰਤ ਜ਼ਰੂਰੀ ਹੈ। ਚੰਗੀਆਂ ਆਦਤਾਂ ਗ੍ਰਹਿਣ ਕਰਨ, ਵੱਡਿਆਂ ਦਾ ਸਤਿਕਾਰ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ‘ਨਵੇਂ ਵਰ੍ਹੇ ਦੇ ਜਸ਼ਨ’ ਕਵਿਤਾ ਵਿੱਚ ਕਵੀ ਲਿਖਦਾ ਹੈ:
  ਨਸ਼ੇ ਸਿਹਤ ਦਾ ਕਰਦੇ ਨਾਸ਼, ਗੱਲ ਇਹ ਸਮਝਣ ਵਾਲੀ ਖਾਸ।
  ਖ਼ੁਦ ਵੀ ਰਹੀਏ ਦੂਰ ਇਹਨਾਂ ਤੋਂ, ਸਾਥੀਆਂ ਨੂੰ ਵੀ ਸਮਝਾਈਏ।
  ਨਵੇਂ ਵਰ੍ਹੇ ਦੇ ਜਸ਼ਨ ਮਨਾਈਏ. . . . . . . ।
  ਪਹਾੜੇ ਯਾਦ ਕਰਨਾ ਬੱਚਿਆਂ ਨੂੰ ਔਖਾ ਲੱਗਦਾ ਹੁੰਦਾ ਹੈ। ਇਸ ਲਈ ਵਾਰ-ਵਾਰ ਦੁਹਰਾ ਕੇ ਪਹਾੜੇ ਯਾਦ ਕਰਵਾਏ ਜਾਂਦੇ ਹਨ। ਇਹ ਪਹਾੜੇ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਕਵੀ ਨੇ ‘ਸਿਖਿਆਦਾਇਕ ਪਹਾੜਾ’ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਤਾਂ ਕਮਾਲ ਹੀ ਕਰ ਦਿੱਤੀ। ਪਹਾੜੇ ਵੀ ਯਾਦ ਕਰਵਾ ਦਿੱਤੇ ਨਾਲ ਹੀ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਨਸੀਅਤ ਦੇ ਦਿੱਤੀ। ਇੱਕ ਕਵਿਤਾ ਵਿੱਚ ਨਾਲੇ ਪਹਾੜਾ ਯਾਦ ਕਰਨ ਦਾ ਢੰਗ ਦੱਸ ਦਿੱਤਾ ਨਾਲੇ ਚੰਗੇ ਗੁਣ ਪੈਦਾ ਕਰਨ ਦੇ ਗੁਰ ਦੱਸ ਦਿੱਤੇ:
   ਇੱਕ ਦੂਣੀ ਦੂਣੀ, ਦੋ ਦੂਣੀ ਚਾਰ,
   ਨਫ਼ਰਤਾਂ ਦਾ ਛੱਡ ਖਹਿੜਾ,
   ਕਰੀਏ ਸਭਨਾ ਤਾਈਂ ਪਿਆਰ।
  ਸਾਡੇ ਸਮਾਜ ਵਿੱਚ ਲੜਕੇ ਅਤੇ ਲੜਕੀਆਂ ਵਿੱਚ ਭੇਦ ਭਾਵ ਕੀਤਾ ਜਾਂਦਾ ਹੈ। ਲੜਕੀਆਂ ਵਿੱਚ ਮਾਤਵਾਂ ਹੀ ਹੀਣ ਭਾਵਨਾ ਪੈਦਾ ਕਰਨ ਵਾਲੀਆਂ ਗੱਲਾਂ ਕਰਦੀਆਂ ਹਨ, ਜਿਹੜੀਆਂ ਲੜਕੀਆਂ ਨੂੰ ਜ਼ਿੰਦਗੀ ਭਰ ਸਤਾਉਂਦੀਆਂ ਰਹਿੰਦੀਆਂ ਹਨ। ਬਿੰਦਰ ਸਿੰਘ ਖੁੱਡੀ ਕਲਾਂ ਨੇ ਲੜਕੇ ਤੇ ਲੜਕੀਆਂ ਵਿੱਚ ਅੰਤਰ ਰੱਖਣ ਦੀ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ  ‘ਲੋਹੜੀ ਨਵੇਂ ਜੀਅ ਦੀ’ ਵਿੱਚ ਲਿਖਿਆ ਹੈ:
   ਪੁੱਤਾਂ ਦੇ ਵਾਂਗ ਹੀ ਧੀਆਂ ਦੀ, ਲੋਹੜੀ ਮਨਾਈਏ ਸਭ ਨਵੇਂ ਜੀਆਂ ਦੀ।
   ਬਿੰਦਰ ਮੱਤਭੇਦ ਦੀ ਗੱਲ ਮੁਕਾਈ, ਲੋਹੜੀ ਆਈ ਲੋਹੜੀ ਆਈ।
   ਵਾਤਾਵਰਨ ਨੂੰ ਬਹੁਤ ਸਾਰੇ ਢੰਗਾਂ ਨਾਲ ਗੰਧਲਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬੱਚੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਪੰਜਾਬ ਵਿੱਚ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ, ਉਨ੍ਹਾਂ ਤਿਓਹਾਰਾਂ ਵਿੱਚ ਪਟਾਕੇ ਚਲਾਉਣਾ ਆਮ ਜਹੀ ਗੱਲ ਹੋ ਗਈ ਹੈ। ਪਟਾਕੇ ਵੀ ਬੱਚੇ ਹੀ ਚਲਾਉਂਦੇ ਹਨ। ਇਸ ਲਈ ਪਟਾਕੇ ਨਾ ਚਲਾਉਣ ਦੀ ਨਸੀਅਤ ਅਤੇ ਸ਼ੁਧ ਵਾਤਾਰਨ ਰੱਖਣ ਦੇ ਲਾਭ ਦਰਸਾਉਂਦੀ ‘ਦੀਪ ਜਗਾਈਏ ਪਿਆਰਾਂ ਦੇ’ ਕਵਿਤਾ ਵਿੱਚ ਕਵੀ ਨੇ ਲਿਖਿਆ ਹੈ:
  ਨਵੀਂਆਂ ਪਿਰਤਾਂ ਪਾਵਾਂਗੇ, ਪਟਾਕੇ ਨਹੀਂ ਚਲਾਵਾਂਗੇ।
  ਵਾਤਾਵਰਨ ਲਈ ਖ਼ਤਰਾ ਇਹ, ਦੁਸ਼ਮਣ ਨੇ ਬੀਮਾਰਾਂ ਦੇ।
  ‘ਘਟਾਵਾਂ ਕਾਲੀਆਂ’ ਸਿਰਲੇਖ ਵਾਲੀ ਕਵਿਤਾ ਵੀ ਰੁੱਖ ਲਗਾਉਣ ਅਤੇ ਬਿਮਾਰੀਆਂ         ਭਜਾਉਣ ਦੀ ਗੱਲ ਕਰਦੀ ਹੈ:
    ਂਰੁੱਖਾਂ ਨਾਲ ਜੇ ਪਾ ਲਈਏ ਯਾਰੀ, ਸੁਖੀ ਵਸੇ ਫਿਰ ਖਲਕਤ ਸਾਰੀ।
   ਬਿਮਾਰੀਆਂ ਤੋਂ ਵੀ ਮਿਲ ਜੇ ਮੁਕਤੀ, ਪ੍ਰਦੂਸ਼ਣ ਨੇ ਹਨ ਜੋ ਫੈਲਾਈਆਂ।
   ਘਟਾਵਾਂ ਕਾਲੀਆਂ ਆਈਆਂ. .     ।
 72 ਪੰਨਿਆਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਪਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ -  ਉਜਾਗਰ ਸਿੰਘ

 ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਘ ਸੁਹਾਵਣਾ, ਮਨਮੋਹਕ ਤੇ  ਦਿਲਕਸ਼ ਸੀਨ ਪੈਦਾ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਤਰੰਗੀ ਕਿਰਨਾ ਦੀ ਰੌਸ਼ਨੀ ਪੈਦਾ ਕਰਦੀਆਂ ਹੋਈਆਂ ਪਾਠਕਾਂ ਦੇ ਮਨਾਂ ਨੂੰ ਰੁਸ਼ਨਾ ਜਾਂਦੀਆਂ ਹਨ। ਮਨ ਬਾਗੋ ਬਾਗ ਹੋ ਜਾਂਦਾ ਹੈ। ਗ਼ਜ਼ਲਾਂ ਪੜ੍ਹਦਿਆਂ ਪਾਠਕ ਵਿਸਮਾਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਇਨਸਾਨੀ ਮਨਾ ‘ਤੇ ਅਜਿਹਾ ਜਾਦੂਮਈ ਪ੍ਰਭਾਵ ਛੱਡਦੀਆਂ ਹਨ ਕਿ ਉਨ੍ਹਾਂ ਨੂੰ ਸਰਸ਼ਾਰ ਕਰ ਦਿੰਦੀਆਂ ਹਨ। ਗ਼ਜ਼ਲਾਂ ਪਾਠਕਾਂ ਨੂੰ ਸਾਹਿਤਕ ਚਾਨਣ ਦੀਆਂ ਤਰੰਗਾਂ ਦੇ ਵਹਿਣ ਵਿੱਚ ਗੋਤੇ ਮਾਰਨ ਲਈ ਮਜ਼ਬੂਰ ਕਰ ਦਿੰਦੀਆਂ ਹਨ। ਗੁਰਭਜਨ ਗਿੱਲ ਪੰਜਾਬੀ ਦਾ ਬਹੁ-ਪੱਖੀ, ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਸਰਬਾਂਗੀ ਸਾਹਿਤਕਾਰ ਹੈ। ਉਸ ਦੀਆਂ ਗ਼ਜ਼ਲਾਂ, ਕਵਿਤਾਵਾਂ, ਗੀਤ ਅਤੇ ਰੁਬਾਈਆਂ ਇਸ਼ਕ-ਮੁਸ਼ਕ ਦੇ ਰੁਮਾਂਸਵਾਦੀ ਦ੍ਰਿਸ਼ਟੀਕੋਣ ਤੋਂ ਕੋਹਾਂ ਦੂਰ ਹੁੰਦੀਆਂ ਹਨ। ਪ੍ਰੰਤੂ ਸਾਫ਼ ਸੁਥਰੀ ਮੁਹੱਬਤ ਦੀ ਅਜਿਹੀ ਬਾਤ ਪਾਉਂਦੀਆਂ ਹਨ, ਜਿਹੜੀ ਪਾਠਕਾਂ ਨੂੰ ਸਮਾਜਿਕ ਸਥਿਤੀਆਂ ਨਾਲ ਨਿਪਟਣ ਲਈ ਪ੍ਰੇਰਤ ਕਰਦੀ ਹੈ। ਉਹ ਸਮਾਜਿਕ, ਕਲਾਤਮਿਕ, ਸੰਗੀਤਿਕ ਅਤੇ ਸੁਹਜ ਸੁਆਦ ਦੀ ਪਿਉਂਦ ਵਾਲਾ ਸਾਹਿਤ ਰਚਦਾ ਹੈ, ਜਿਹੜਾ ਮਾਨਵਤਾ ਦੀ ਦੁਖਦੀ ਰਗ ‘ਤੇ ਹੱਥ ਧਰਦਾ ਹੋਇਆ ਗੁੱਝੇ ਤੀਰ ਮਾਰਕੇ ਇਨਸਾਨੀ ਮਾਨਸਿਕਤਾ ਨੂੰ ਝੰਜੋੜਦਾ ਹੈ।  ਆਮ ਤੌਰ ‘ਤੇ ਗ਼ਜ਼ਲ ਨੂੰ ਇਸਤਰੀ Çਲੰਗ ਕਿਹਾ ਜਾਂਦਾ ਹੈ ਕਿਉਂਕਿ ਹੁਣ ਤੱਕ ਗ਼ਜ਼ਲ ਇਸਤਰੀ ਤੇ ਰੁਮਾਂਸਵਾਦ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਪ੍ਰੰਤੂ ਗੁਰਭਜਨ ਗਿੱਲ ਨੇ ਇਸ ਸੰਕਲਪ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਇਸ਼ਕ ਤੇ ਬ੍ਰਿਹਾ ਦਾ ਰੋਣਾ ਧੋਣਾ ਨਹੀਂ, ਜਿਵੇਂ ਆਮ ਤੌਰ ‘ਤੇ ਵੇਖਿਆ ਜਾਂਦਾ ਹੈ। ਉਸ ਨੇ ਗ਼ਜ਼ਲ ਨੂੰ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਨ ਤੇ ਦਰਦ ਦੂਰ ਕਰਨ ਵਾਲੀ ਸਾਬਤ ਕਰ ਦਿੱਤਾ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਲੋਕਾਈ ਦੀ ਚੰਗਿਆਈ ਅਤੇ ਇਨਸਾਨੀਅਤ ਦੀ ਰਹਿਨੁਮਾਈ ਉਸ ਦੀਆਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਹੁੰਦਾ ਹੈ। ਗ਼ਜ਼ਲਾਂ ਪ੍ਰਦੂਸ਼ਣ ਰਹਿਤ ਵਾਤਵਰਨ ਦੀ ਪ੍ਰੋੜ੍ਹਤਾ ਕਰਦੀਆਂ ਹਨ: ‘ਧਰਤ ਹਵਾ ਤੇ ਗੰਧਲੇ ਪਾਣੀ, ਇਸ ਤੋਂ ਵੱਧ ਧਰੋਹ ਨਾ ਹੋਵੇ’। ਮਨੁੱਖੀ ਜੀਵਨ ਨੂੰ ਸੁਖਮਈ ਤੇ ਇਨਸਾਨੀਅਤ ਦੀ ਸਿਹਤ ਲਈ ਸਾਰਥਿਕ ਬਣਾਉਣ ਲਈ ਹਵਾ, ਪਾਣੀ ਅਤੇ ਰੁੱਖਾਂ ਦੀ ਅਤਿਅੰਤ ਜ਼ਰੂਰਤ ਮਹਿਸੂਸ ਕਰਦਿਆਂ ਗ਼ਜ਼ਲਕਾਰ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਨ੍ਹਾਂ ਤਿੰਨਾ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਦਾ ਅਹਿਸਾਸ ਕਰਵਾਇਆ ਹੈ। ਇਨ੍ਹਾਂ ਤਿੰਨਾ ਨੂੰ ਗੁਰਬਾਣੀ ਵਿੱਚ ਮਹੱਤਤਾ ਦਿੱਤੀ ਗਈ ਹੈ। ਰੁੱਖਾਂ ਦੀ ਕਟਾਈ ਸੰਬੰਧੀ ਦੋਹਰੇ ਮਾਪ ਦੰਡਾਂ ਬਾਰੇ ਲਿਖਦਾ ਹੈ:
            ਤੇਰੇ ਹੱਥ ਕੁਹਾੜਾ, ਆਰੀ, ਹੁਣ ਤਾਂ ਪੁਛਣਾ ਬਣਦਾ ਹੈ,
           ਤੂੰ ਤਾਂ ਸਾਨੂੰ ਇਹ ਕਹਿੰਦਾ ਸੀ, ਲੜਨਾ ਹੈ, ਗੁਲਜ਼ਾਰ ਲਈ।
    ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਪੰਜਾਬੀ ਸਭਿਆਚਾਰ ਵਿੱਚੋਂ ਸ਼ਬਦਾਵਲੀ ਵਰਤਦਾ ਹੈ ਤਾਂ ਜੋ ਪੰਜਾਬੀ ਆਪਣੇ ਵਿਰਸੇ ਨਾਲ ਜੁੜੇ ਰਹਿਣ। ਗ਼ਜ਼ਲਾਂ ਦਿਹਾਤੀ ਸਭਿਆਚਾਰ ਦੀ ਸਾਦਗੀ, ਸ਼ਹਿਰੀ ਸਭਿਆਚਾਰ ਦੀ ਚੁਸਤੀ-ਚਲਾਕੀ, ਪਿੰਡਾਂ ਦੀਆਂ ਬੋਹੜਾਂ/ਪਿਪਲਾਂ ਦੀ ਛਾਂ ਹੇਠਲੀਆਂ ਸੱਥਾਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਵਰਣਨ ਕਰਦੀਆਂ ਹਨ। ਦੋ ਸ਼ਿਅਰ ਦਿਹਾਤੀ ਤੇ ਸ਼ਹਿਰੀ ਲੋਕਾਂ ਦੀ ਸਥਿਤੀ ਦਾ ਪ੍ਰਗਟਾਵਾ ਕਰਦੇ ਹਨ:
                     ਸਾਡੇ ਪਿੰਡ ਦੇ ਚਿਹਰੇ ‘ਤੇ ਉਦਰੇਵਾਂ ਆ ਕੇ ਬੈਠ ਗਿਆ,
                     ਬੋਹੜਾਂ ਤੇ ਪਿਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।
                     ਪਿੰਡਾਂ ਪੱਲੇ ਕੁਝ ਨਹੀਂ ਬਚਿਆ, ਫਿਰ ਵੀ ਜੱਫੀਆਂ ਪਾਉਂਦੇ, ਗਾਉਂਦੇ,
                     ਖਾਂਦਾ ਪੀਂਦਾ ਨਿੱਘਰ ਚੱਲਿਆ, ਤੇਰਾ ਸ਼ਹਿਰ ਉਦਾਸ ਕਿਉਂ ਹੈ?
   ਧਾਰਮਿਕ ਤੇ ਨਸਲੀ ਭੇਦਭਾਵ ਮਾਨਵਤਾ ਦੀ ਸਦਭਾਵਨਾ ਨੂੰ ਠੇਸ ਪਹੁੰਚਾਉਦੇ ਹਨ, ਗੁਰਭਜਨ ਗਿੱਲ ਨੇ ਲੋਕਾਂ ਨੂੰ ਆਪਣੀਆਂ ਗ਼ਜ਼ਲਾਂ ਰਾਹੀਂ ਕੱਟੜਤਾ ਤੋਂ ਲੋਕਾਈ ਨੂੰ ਪ੍ਰਹੇਜ਼ ਕਰਨ ਦੀ ਨਸੀਅਤ ਦਿੱਤੀ ਹੈ। ਸੰਕੀਰਣ ਸੋਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾਉਂਦੀ ਹੈ। ਉਸ ਦੀਆਂ ਗ਼ਜ਼ਲਾਂ ਸੰਕੀਰਣ ਸੋਚ ਤੋਂ ਖਹਿੜਾ ਛੁਡਾਉਣ ਦੀ ਗਵਾਹੀ ਭਰਦੀਆਂ ਹਨ। ਵਹਿਮਾ-ਭਰਮਾ, ਪਖੰਡਾਂ, ਅਡੰਬਰਾਂ, ਧੋਖ਼ੇ-ਫ਼ਰੇਬਾਂ, ਚੁਸਤੀਆਂ-ਚਲਾਕੀਆਂ ਅਤੇ ਵਿਸ਼ਵਾਸਘਾਤਾਂ ਨੂੰ ਆੜੇ ਹੱਥੀਂ ਲੈਂਦੀਆਂ ਹੋਈਆਂ ਇਨ੍ਹਾਂ ਦੇ ਵਿਰੁੱਧ ਲਾਮਬੰਦ ਹੋਣ ਦੀ ਸਲਾਹ ਦਿੰਦੀਆਂ ਹਨ। ਧਰਮ ਦੀ ਥਾਂ ਧਾਰਮਿਕ ਪੁਜ਼ਾਰੀਆਂ ਨੇ ਸਾਂਭ ਲਈ ਹੈ, ਪੁਜ਼ਾਰੀ ਧਰਮ ਦੇ ਸਿਧਾਂਤਾਂ ‘ਤੇ ਪਹਿਰਾ ਦੇਣ ਦੀ ਥਾਂ ਆਪਣੇ ਨਿੱਜੀ ਹਿੱਤਾਂ ਦੀ ਗੱਲ ਕਰਦੇ ਹਨ। ਧਰਮ ਵਿੱਚ ਪੁਜ਼ਾਰੀਵਾਦ ਭਾਰੂ ਹੋ ਗਿਆ ਹੈ, ਜਦੋਂ ਕਿ ਧਰਮ ਮੁੱਖ ਹੋਣਾ ਚਾਹੀਦਾ ਹੈ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਅਜਿਹੀਆਂ ਕੁਰੀਤੀਆਂ ਦਾ ਡੱਟ ਕੇ ਵਿਰੋਧ ਕਰਦੀਆਂ ਹਨ। ਸਰਕਾਰਾਂ ਅਤੇ ਦਰਬਾਰਾਂ ਦੀਆਂ ਕਾਰਗੁਜ਼ਾਰੀਆਂ ‘ਤੇ ਵੀ ਕਿੰਤੂ ਪ੍ਰੰਤੂ ਕਰਦਾ ਹੈ। ਸਿਆਸਤਦਾਨ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਭਰਿਸ਼ਟਾਚਾਰ ਵਰਗੀਆਂ ਅਲਾਮਤਾਂ ਨੂੰ ਬੜਾਵਾ ਦੇ ਰਹੇ ਹਨ। ਲੋਕ ਭਲਾਈ ਦੀ ਥਾਂ ਵੋਟਾਂ ਵਟੋਰਨਾ ਸਿਆਸਤਦਾਨਾ ਦਾ ਮੁੱਖ ਕੰਮ ਬਣ ਗਿਆ। ਇਸ ਸੰਬੰਧੀ ਕੁਝ ਸ਼ਿਅਰ ਇਸ ਪ੍ਰਕਾਰ ਹਨ:
           ਬਣ ਗਈ ਨਗਨ ਸਿਆਸਤ, ਹੀਰਾ ਮੰਡੀ ਵਿੱਚ ਤਵਾਇਫ਼ ਜਹੀ,
           ਦੱਸ ਵਿਕਾਊ ਕੀਹ ਨਾ ਏਥੇ, ਓਹਲਾ ਰੱਖਿਐ ਨਾਵਾਂ ਨੇ।
           ਸੁਣੋ ਸਿਆਸਤਦਾਨਾਂ ਨੂੰ ਤਾਂ ਇੰਜ ਕਿਉਂ ਲੱਗਦਾ ਰਹਿੰਦਾ ਹੈ,
           ਗਿਰਗਿਟ ਵਰਗੇ ਬੰਦੇ ਬੇਇਤਬਾਰੇ ਗੱਲਾਂ ਕਰਦੇ ਨੇ।
           ਇਹ ਦਰਬਾਰੀ, ਅਖ਼ਬਾਰੀ ਜੋ, ਭਰਮਾ ਦਾ ਜਾਲ ਵਿਛਾਉਂਦੇ ਨੇ,
           ਇਨ੍ਹਾਂ ਤੋਂ ਮੁਕਤੀ ਸੌਖੀ ਨਹੀਂ, ਕਦ ਤੀਕ ਭੁਲੇਖੇ ਖਾਉਗੇ।
           ਆਈਆਂ ਚੋਣਾਂ, ਘਰ ਘਰ ਰੋਣਾ, ਫਿਰ ਧੜਿਆਂ ਵਿੱਚ ਵੰਡਣਗੇ,
           ਬੱਕਰੇ ਦੀ ਮਾਂ ਕਿੰਜ ਉਡੀਕੇ, ਦੱਸੋ ਜੀ, ਬਕਰੀਦਾਂ ਨੂੰ।
   ਹੁਣ ਤੱਕ ਗੁਰਭਜਨ ਗਿੱਲ ਨੇ 35 ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਉਸਦਾ ਇੱਕ ਕਾਵਿ ਸੰਗ੍ਰਹਿ ਅਤੇ 4 ਗ਼ਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ 1973 ਤੋਂ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਦੇ 8 ਗ੍ਰੰਥ ਸੰਗ੍ਰਹਿਾਂ ਦੀਆਂ ਗ਼ਜ਼ਲਾਂ ‘ਅੱਖਰ ਅੱਖਰ’ ਦੇ ਰੂਪ ਵਿੱਚ ਇਕ ਸੰਗਠਤ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋਇਆ ਹੈ, ਜਿਹੜਾ ਗੁਰਭਜਨ ਗਿੱਲ ਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਕਰਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 900 ਗ਼ਜ਼ਲਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਸਾਰੀਆਂ ਗ਼ਜ਼ਲਾਂ ਨੂੰ ਇੱਕ ਥਾਂ ਇਕੱਠਾ ਕਰਕੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਕਰਵਾਉਣਾ ਭਵਿਖ ਵਿੱਚ ਸਾਹਿਤਕ ਖੋਜੀਆਂ ਲਈ ਲਾਹੇਬੰਦ ਸਾਬਤ ਹੋਵੇਗਾ। ਇਸ ਸੰਗ੍ਰਹਿ ਦੀ ਹਰ ਗ਼ਜ਼ਲ ਇੱਕ ਨਵੀਂ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੀ ਹੈ। ਗ਼ਜ਼ਲ ਦਾ ਹਰ ਸ਼ਿਅਰ ਸਮਾਜਿਕ ਸਰੋਕਾਰਾਂ ਦੀ ਤਰਜਮਾਨੀ ਕਰਦਾ ਹੈ। ਇਸ ਦੇ ਨਾਲ ਹੀ ਉਸ ਦੀਆਂ ਗ਼ਜ਼ਲਾਂ ਦੀ ਕਮਾਲ ਇਸ ਗੱਲ ਵਿੱਚ ਵੀ ਹੈ ਕਿ ਉਹ ਗ਼ਜ਼ਲ ਦੇ ਮਾਪ ਦੰਡਾਂ ‘ਤੇ ਪੂਰੀਆਂ ਉਤਰਦੀਆਂ ਹਨ। ਸਮਾਜਿਕ ਸਰੋਕਾਰਾਂ ਨਾਲ ਕੋਈ ਅਜਿਹਾ ਵਿਸ਼ਾ ਨਹੀਂ ਹੈ, ਜਿਸ ਬਾਰੇ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਉਸ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ। ਗ਼ਜ਼ਲਾਂ ਵਿੱਚੋਂ ਸੰਗੀਤਕ ਸੁਰ ਦੀਆਂ ਰਿਸ਼ਮਾ ਦੀ ਮਿੱਠੀ-ਮਿੱਠੀ ਤੇ ਨਿੰਮੀ-ਨਿੰਮੀ ਮਧੁਰ ਆਵਾਜ਼ ਸੁਣਾਈ ਦਿੰਦੀ ਹੈ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਸਮਾਜਿਕ ਤਾਣੇ-ਬਾਣੇ ਵਿੱਚ ਵਾਪਰ ਰਹੀਆਂ ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਸੁਖਾਵੀਆਂ ਤੇ ਅਣਸੁਖਾਵੀਆਂ ਘਟਨਾਵਾਂ ਦੇ ਪ੍ਰਭਾਵਾਂ ਬਾਰੇ ਪ੍ਰੇਰਨਾਦਾਇਕ ਜਾਣਕਾਰੀ ਦਿੰਦੀਆਂ ਹਨ। ਜੇ ਇਹ ਕਹਿ ਲਿਆ ਜਾਵੇ ਕਿ ਇਸ ਗ਼ਜ਼ਲ ਸੰਗ੍ਰਹਿ ਰਾਹੀਂ ਗੁਰਭਜਨ ਗਿੱਲ ਨੇ ਪੰਜਾਬੀ ਦਿਹਾਤੀ ਸਭਿਅਚਾਰ ਨੂੰ ਸੰਭਾਲਕੇ ਵੱਡਾ ਉਦਮ ਕੀਤਾ ਹੈ ਤਾਂ ਜੋ ਪੰਜਾਬੀ ਆਪਣੀ ਵਿਰਾਸਤ ਨਾਲ ਬਾਵਾਸਤਾ ਰਹਿ ਸਕਣ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਗ਼ਜ਼ਲਾਂ ਸਮਾਜਿਕ ਵਿਸੰਗਤੀਆਂ ‘ਤੇ ਸਿੱਧੇ ਅਤੇ ਅਸਿੱਧੇ ਤੁਣਕੇ ਮਾਰਦੀਆਂ ਹਨ। ਬਹੁਤੀਆਂ ਗ਼ਜ਼ਲਾਂ ਬਹੁ-ਅਰਥੀ ਸਿੰਬਾਲਿਕ ਹਨ, ਪੜ੍ਹਨ ਤੇ ਸੁਣਨ ਵਾਲਿਆਂ ਦੀ ਸਮਝ ‘ਤੇ ਨਿਰਭਰ ਕਰਦਾ ਹੈ ਕਿ ਉਹ ਗ਼ਜ਼ਲਕਾਰ ਦੀਆਂ ਰਮਜ਼ਾਂ ਦੀ ਪਛਾਣ ਕਰਦੇ ਹਨ ਕਿ ਨਹੀਂ, ਵੈਸੇ ਗ਼ਜ਼ਲਾਂ ਦੀ ਭਾਸ਼ਾ ਸਰਲ ਹੈ। ਮਝੈਲ ਹੋਣ ਦੇ ਬਾਵਜੂਦ ਗੁਰਭਜਨ ਗਿੱਲ ਨੇ ਇਹ ਗ਼ਜ਼ਲਾਂ ਸਾਧਾਰਨ ਲੋਕਾਂ ਦੀ ਆਮ ਬੋਲ ਚਾਲ ਵਾਲੀ ਠੇਠ ਸਰਲ ਭਾਸ਼ਾ ਵਿੱਚ ਲਿਖੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿੱਚੋਂ ਵਿਦਵਾਨੀ ਦੀ ਥਾਂ ਗਿਆਨਵਾਨ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਗ਼ਜ਼ਲਾਂ ਦੇ ਸ਼ਿਅਰਾਂ ਵਿੱਚੋਂ ਆ ਰਹੀ ਸਾਹਿਤਕ ਸੁਗੰਧ ਪਾਠਕਾਂ ਨੂੰ ਮੰਤਰ ਮੁਗਧ ਕਰਦੀ ਹੈ। ਇਸ ਦੇ ਨਾਲ ਹੀ ਇਨਸਾਨੀਅਤ ਦੀਆਂ ਕਰੂਰ ਹਰਕਤਾਂ ਦਾ ਚਿੱਟਾ ਚਿੱਠਾ ਵੀ ਖੋਲ੍ਹਦੀਆਂ ਹਨ। ਗੁਰਭਜਨ ਗਿੱਲ ਦੇ ਬੇਬਾਕੀ ਨਾਲ ਲਿਖੇ ਸ਼ਿਅਰ ਸਰਕਾਰੇ ਦਰਬਾਰੇ ਅਤੇ ਸਮਾਜ ਵਿੱਚ ਘੁਸਰ-ਮੁਸਰ ਜ਼ਰੂਰ ਪੈਦਾ ਕਰਕੇ ਆਪੋ ਆਪਣੇ ਫ਼ਰਜ਼ ਨਿਭਾਉਣ ਦੀ ਤਾਕੀਦ ਕਰਦੇ ਹਨ। ਸਮਾਜ ਵਿੱਚ ਜਿਹੜੀਆਂ ਅਲਾਮਤਾਂ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਪੁਲੀਤ ਕਰਦੀਆਂ ਹਨ, ਉਨ੍ਹਾਂ ਬਾਰੇ ਗ਼ਜ਼ਲਕਾਰ ਨੇ ਸਮਾਜ ਨੂੰ ਜਾਗ੍ਰਤਿ ਹੋ ਕੇ ਹੰਭਲਾ ਮਾਰਨ ਦੀ ਤਾਕੀਦ ਕੀਤੀ ਹੈ। ਇਹ ਗ਼ਜ਼ਲਾਂ ਹੋਸ਼ ਨਾਲ ਜੋਸ਼ ਦੀ ਵਰਤੋਂ ਕਰਨ ਲਈ ਵੀ ਪ੍ਰੇਰਦੀਆਂ ਹਨ। ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਦਾ ਹੈ ਕਿ ਜੇਕਰ ਸਮਾਜ ਇਕਮੁੱਠ ਨਾ ਹੋਇਆ ਤੇ ਅਵੇਸਲਾ ਰਿਹਾ ਤਾਂ ਅਜਿਹਾ ਸਮਾਂ ਆਵੇਗਾ ਕਿ ਇਨਸਾਨੀਅਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਜਾਵੇਗੀ। ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਜਦੋਜਹਿਦ ਕਰਨੀ ਕੋਈ ਗ਼ਲਤ ਗੱਲ ਨਹੀਂ। ਉਹ ਲੋਕਾਈ ਨੂੰ ਏਕਤਾ ਦਾ ਸਬੂਤ ਦਿੰਦਿਆਂ ਇਕਮੁੱਠ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਨਸਾਨੀਅਤ ਦੇ ਸਮਾਜਿਕ ਵਿਵਹਾਰ ਬਾਰੇ ਗ਼ਜ਼ਲਕਾਰ ਕਟਾਖ਼ਸ਼ ਕਰਦਾ ‘ਜਗ ਰਹੇ ਜੁਗਨੂੰ’ ਗ਼ਜ਼ਲ ਵਿੱਚ ਉਹ ਲਿਖਦਾ ਹੈ: ‘ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ, ਦੁਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ’। ਭਾਵ ਇਨਸਾਨ ਭਾਵਨਾਵਾਂ ਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਗਿਆ ਹੈ। ਇਨਸਾਨਾ ਦੇ ਦੋਹਰੇ ਕਿਰਦਾਰ ਬਾਰੇ ਲਿਖਦਾ ਹੈ ‘ਤਨ ‘ਤੇ ਨਿੱਘਾ ਕੋਟ ਸਵੈਟਰ, ਮਨ ਦੇ ਪਾਲ਼ੇ ਕਰਕੇ ਠਰੀਏ’। ਮਨੁੱਖ ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਗ਼ਜ਼ਲਕਾਰ ਲਈ ਪੰਜਾਬੀਆਂ ਦਾ ਵੱਡੀ ਗਿਣਤੀ ਵਿੱਚ ਪਰਵਾਸ ਵਿੱਚ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ:
ਪਰਦੇਸਾਂ ਵਿਚ ਬਣੇ ਸਹਾਰਾ ਕੱਲਿ੍ਹਆਂ ਦਾ, ਸਾਂਭੇ ਦਿਲ ਦੀ ਲਾਟ ਡੋਲਦੀ ਮਾਂ।
ਦੂਰ ਦੇਸ ਪਰਦੇਸ ਗੁਆਚੇ ਬੱਚਿਆਂ ਨੂੰ, ਫਿਰਦੀ ਦਿਨ ਤੇ ਰਾਤ ਟੋਲਦੀ ਮਾਂ।
ਸੱਤ ਸਮੁੰਦਰ ਪਾਰ ਤੂੰ ਬੈਠੀ, ਆਪੇ ਫਾਥੜੀਏ,
ਆਪ ਸਹੇੜਿਆ ਜਾਲ ਮਕੜੀਏ, ਇਹ ਬਨਵਾਸ ਨਹੀਂ।
ਬਿਰਧ ਘਰਾਂ ਵਿੱਚ ਰੁਲਦੇ ਹੌਕੇ, ਲੋਰੀ ਦੇਵਣਹਾਰੀ ਡੁਸਕੇ,
ਸੱਚ ਕਹੀਏ ਤਾਂ, ਇਸ ਤੋਂ ਵੱਧ ਕੇ ਮਮਤਾ ਦਾ ਅਪਮਾਨ ਨਹੀਂ।
ਸਮਾਜ ਵਿੱਚ ਫ਼ੈਲੇ ਭਰਿਸ਼ਟਾਚਾਰ ਦੀ ਚਿੰਤਾ ਇਸ ਸ਼ਿਅਰ ਵਿੱਚੋਂ ਸ਼ਪਸ਼ਟ ਵਿਖਾਈ ਦਿੰਦੀ ਹੈ:
ਕੀਹਦੇ ਕੋਲ ਸ਼ਿਕਾਇਤ ਕਰਾਂ ਤੇ ਰੋਵਾਂ ਕਿੱਥੇ ਜਾ ਕੇ,
ਹਰ ਕੁਰਸੀ ਦੀ ਨਾਲ ਲੁਟੇਰੇ, ਹਰ ਥਾਂ ਹਿੱਸਾ-ਪੱਤੀ।
 472 ਪੰਨਿਆਂ, 1000 ਭਾਰਤੀ ਰੁਪਏ, 20 ਅਮਰੀਕੀ ਡਾਲਰ ਕੀਮਤ ਵਾਲਾ ਗ਼ਜ਼ਲ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਰਘਬੀਰ ਸਿੰਘ ਹਿਊਸਟਨ ਅਮਰੀਕਾ ਰਾਹੀਂ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com