ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਵਿਹਾਰ ਪੰਜਾਬ ਦੇ ਲੋਕਾਂ ਦਾ ਮੂਡ ਵਿਗਾੜ ਵੀ ਸਕਦੈ - ਜਤਿੰਦਰ ਪਨੂੰ
ਇਹ ਸਵਾਲ ਸੁਣਦਿਆਂ ਹੁਣ ਕੰਨ ਪੱਕਣ ਵਾਲੇ ਹਨ ਕਿ ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ? ਜਦੋਂ ਪਾਰਲੀਮੈਂਟ ਚੋਣਾਂ ਹੋਣੀਆਂ ਸਨ, ਓਦੋਂ ਇਹੋ ਜਿਹਾ ਕੋਈ ਸਵਾਲ ਨਹੀਂ ਸੀ ਪੁੱਛਿਆ ਜਾ ਰਿਹਾ ਕਿ ਕਿਸ ਦੀਆਂ ਕਿੰਨੀਆਂ ਕੁ ਸੀਟਾਂ ਆਉਣਗੀਆਂ, ਪਰ ਚੋਣਾਂ ਵਿੱਚ ਇੱਕ ਹਫਤਾ ਰਹਿੰਦਿਆਂ ਜਦੋਂ ਪੰਜਾਬ ਦਾ ਚੋਣ ਦ੍ਰਿਸ਼ ਸਾਫ ਹੋਣ ਲੱਗ ਪਿਆ, ਓਦੋਂ ਆਮ ਆਦਮੀ ਪਾਰਟੀ ਬਾਰੇ ਏਦਾਂ ਦਾ ਸਵਾਲ ਬਹੁਤ ਲੋਕ ਪੁੱਛਣ ਲੱਗ ਪਏ ਕਿ ਇਹ ਕਿੰਨੀਆਂ ਕੁ ਸੀਟਾਂ ਲੈ ਜਾਵੇਗੀ? ਅਸੀਂ ਓਦੋਂ ਸਾਰਿਆਂ ਨੂੰ ਇਹ ਕਹਿੰਦੇ ਸਾਂ ਕਿ ਲੋਕਾਂ ਨੇ ਆਗੂ ਦਾ ਫੈਸਲਾ ਕਰਨਾ ਹੈ, ਜਿਹੜਾ ਉਹ ਕਰ ਦੇਣਗੇ, ਵੇਖ ਲਵਾਂਗੇ, ਪਰ ਕਈ ਬੇਸਬਰੇ ਲੋਕ ਇਸ ਨਾਲ ਚੁੱਪ ਨਹੀਂ ਸੀ ਹੋ ਸਕਦੇ ਤੇ ਕਿਆਫਿਆਂ ਦਾ ਬਾਜ਼ਾਰ ਚੱਲਦਾ ਰਿਹਾ ਸੀ। ਉਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਪੰਜਾਬ ਪੀਪਲਜ਼ ਪਾਰਟੀ ਦੀ ਚੜ੍ਹਤ ਤੇ ਫਿਰ ਨਤੀਜੇ ਵਜੋਂ ਉਸ ਦੀ ਕੋਈ ਸੀਟ ਵੀ ਨਾ ਆਉਣ ਦਾ ਇਤਿਹਾਸ ਯਾਦ ਰੱਖ ਕੇ ਚੱਲੀਏ ਤਾਂ ਏਦਾਂ ਦੇ ਅੰਦਾਜ਼ਿਆਂ ਦੀ ਲੋੜ ਨਹੀਂ ਰਹਿੰਦੀ, ਪਰ ਬੇਸਬਰੀ ਦਾ ਕੋਈ ਬੰਨਾ ਨਹੀਂ ਹੁੰਦਾ। ਬੇਸਬਰੇ ਸੁਭਾਅ ਵਾਲੇ ਲੋਕ ਹੁਣ ਅਗਲੀ ਅਸੈਂਬਲੀ ਚੋਣ ਬਾਰੇ ਅੰਦਾਜ਼ਿਆਂ ਵਿੱਚ ਰੁੱਝ ਗਏ ਹਨ। ਇਹ ਬੇਲੋੜੀ ਕਸਰਤ ਹੈ।
ਬੇਲੋੜੀ ਕਸਰਤ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਜਿਹੜੀ ਚੋਣ ਦੀ ਗੱਲ ਲੋਕ ਕਰਦੇ ਅਤੇ ਪੁੱਛਦੇ ਹਨ, ਉਸ ਦਾ ਸਮਾਂ ਹਾਲੇ ਇੱਕ ਸਾਲ ਦੂਰ ਹੈ। ਅਗੇਤੀ ਚੋਣ ਦਾ ਜੂਆ ਖੇਡਿਆ ਜਾ ਸਕਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਸੇ ਤਰ੍ਹਾਂ ਕੀਤਾ ਜਾਵੇ। ਕੋਈ ਮੰਨ ਵੀ ਲਵੇ ਕਿ ਚੋਣ ਅਗੇਤੀ ਹੋਣੀ ਹੈ ਤਾਂ ਉਸ ਨੂੰ ਇਸ ਗੱਲ ਦਾ ਖਿਆਲ ਫਿਰ ਵੀ ਰੱਖਣ ਦੀ ਲੋੜ ਪਵੇਗੀ ਕਿ ਰਾਜਸੀ ਹਾਲਾਤ ਪਲ-ਪਲ ਬਦਲਦੇ ਹਨ। ਰਾਜਨੀਤੀ ਕੋਈ ਝੀਲ ਵਿੱਚ ਖੜਾ ਪਾਣੀ ਤਾਂ ਨਹੀਂ, ਇਸ ਵਿੱਚ ਹਰ ਨਵੇਂ ਦਿਨ ਨਵੀਂ ਹਲਚਲ ਪੈਦਾ ਹੋ ਸਕਦੀ ਹੈ। ਇਹ ਹਲਚਲ ਇਸ ਹਫਤੇ ਵਿੱਚ ਵੀ ਹੋਈ ਹੈ ਤੇ ਹਾਲੇ ਤੱਕ ਹੋ ਰਹੀ ਹੈ। ਪਿਛਲਾ ਇੱਕ ਹਫਤਾ ਹੀ ਕਈ ਅਨੋਖੇ ਰੰਗ ਦਿਖਾ ਗਿਆ ਹੈ।
ਪੰਦਰਾਂ ਦਿਨ ਪਹਿਲਾਂ ਤੱਕ ਆਪਣੀ ਸਾਰੀ ਸਿਆਸੀ ਅਤੇ ਧਾਰਮਿਕ ਤਾਕਤ ਝੋਕਣ ਦੇ ਬਾਵਜੂਦ ਇਸ ਤਰ੍ਹਾਂ ਦਾ ਪ੍ਰਭਾਵ ਮਿਲਦਾ ਸੀ ਕਿ ਅਕਾਲੀ ਦਲ ਦਾ ਪਾਣੀ ਵਾਹਵਾ ਲੱਥ ਰਿਹਾ ਹੈ, ਪਰ ਇਸ ਹਫਤੇ ਵਿੱਚ ਉਨ੍ਹਾਂ ਦਾ ਵਿਰੋਧ ਕਰਦੀਆਂ ਧਿਰਾਂ ਦੇ ਕੁਚੱਜ ਨੇ ਹਾਲਾਤ ਦਾ ਪ੍ਰਭਾਵ ਹੋਰ ਦੇ ਦਿੱਤਾ ਹੈ। ਇਸ ਨਾਲ ਅਕਾਲੀ ਦਲ ਦੇ ਤਕੜੇ ਹੋਣ ਵਾਲੀ ਕੋਈ ਗੱਲ ਹੋਵੇ ਜਾਂ ਨਾ, ਜਿਨ੍ਹਾਂ ਨੇ ਅਕਾਲੀ ਦਲ ਦੇ ਖਿਲਾਫ ਮੋਰਚੇਬੰਦੀ ਕਰਨੀ ਹੈ, ਉਨ੍ਹਾਂ ਦੇ ਮੋਰਚੇ ਵਿੱਚੋਂ ਕਮਜ਼ੋਰੀ ਬੜੇ ਆਰਾਮ ਨਾਲ ਬਾਹਰ ਆਉਣ ਲੱਗ ਪਈ ਹੈ। ਨਾ ਇਸ ਕਮਜ਼ੋਰੀ ਨੂੰ ਕਾਂਗਰਸ ਪਾਰਟੀ ਲੁਕਾ ਸਕੀ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਅੰਦਰਲਾ ਹਾਲ ਲੁਕਿਆ ਰਿਹਾ ਹੈ। ਇਸ ਤੋਂ ਅਕਾਲੀ ਸੌਖਾ ਮਹਿਸੂਸ ਕਰਨ ਲੱਗੇ ਹਨ।
ਇੱਕ ਮੌਕਾ ਪੰਜਾਬ ਵਿੱਚ ਉਹ ਵੀ ਸੀ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਪਾਣੀਆਂ ਦੇ ਸਮਝੌਤੇ ਤੋੜਨ ਦਾ ਮਤਾ ਲਿਆਂਦਾ ਤੇ ਅਕਾਲੀ ਆਗੂ ਵਿਰੋਧ ਕਰਨ ਦੀ ਥਾਂ ਨਾਲ ਤੁਰੇ ਜਾਣ ਲਈ ਮਜਬੂਰ ਹੋ ਗਏ ਸਨ। ਅੱਜ ਇਸ ਤੋਂ ਉਲਟ ਇਹ ਮੌਕਾ ਹੈ ਕਿ ਅਕਾਲੀ ਆਗੂ ਪਾਣੀਆਂ ਦੇ ਸਵਾਲ ਉੱਤੇ ਅੱਗੇ ਹੁੰਦੇ ਹਨ ਤੇ ਕਾਂਗਰਸ ਪਾਰਟੀ ਉਨ੍ਹਾਂ ਦੇ ਮਗਰਲੇ ਹਾਲੀ ਵਾਂਗ ਤੁਰੇ ਜਾਣ ਲਈ ਮਜਬੂਰ ਦਿਖਾਈ ਦੇਂਦੀ ਹੈ। ਜਿਹੜਾ ਕੋਈ ਮਤਾ ਪੰਜਾਬ ਸਰਕਾਰ ਰੱਖਦੀ ਹੈ, ਕਾਂਗਰਸ ਉਸ ਦੇ ਪਿੱਛੇ ਖੜੋਤੀ ਦਿਸਦੀ ਹੈ। ਹਰਿਆਣੇ ਦੇ ਦਿੱਤੇ ਹੋਏ ਪੈਸੇ ਨਾਲ ਬਣਾਈ ਗਈ ਸਤਲੁਜ-ਜਮਨਾ ਨਹਿਰ ਨੂੰ ਖਤਮ ਕਰ ਕੇ ਉਸ ਦੇ ਲਈ ਅਕੁਆਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਦੇਣ ਦਾ ਮਤਾ ਅਕਾਲੀ ਦਲ ਨੇ ਪੇਸ਼ ਕੀਤਾ ਤੇ ਕਾਂਗਰਸੀ ਹਮਾਇਤ ਕਰਦੇ ਰਹੇ। ਅਕਾਲੀਆਂ ਨੇ ਕਿਸਾਨਾਂ ਨੂੰ ਜ਼ਮੀਨਾਂ ਸਾਂਭ ਲੈਣ ਦਾ ਇਸ਼ਾਰਾ ਕੀਤਾ ਤਾਂ ਕਾਂਗਰਸੀ ਉਨ੍ਹਾਂ ਤੋਂ ਅੱਗੇ-ਅੱਗੇ ਭੱਜਦੇ ਨਹਿਰ ਦੀ ਪਟੜੀ ਉੱਤੇ ਜਾ ਕੇ ਕੈਮਰੇ ਵਾਲਿਆਂ ਨੂੰ ਸ਼ਕਲਾਂ ਵਿਖਾਉਣ ਲੱਗ ਪਏ। ਕਿਸਾਨਾਂ ਦੇ ਸ਼ਾਹੂਕਾਰਾ ਕਰਜ਼ੇ ਦਾ ਮਸਲਾ ਨਿਬੇੜਨ ਦੇ ਲਈ ਅਸੈਂਬਲੀ ਵਿੱਚ ਬਿੱਲ ਅਕਾਲੀ ਦਲ ਨੇ ਪੇਸ਼ ਕੀਤਾ ਅਤੇ ਇਸ ਦੀ ਹਮਾਇਤ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚ ਖੁੱਲ੍ਹ ਕੇ ਬੋਲਿਆ ਹੈ। ਉਸ ਦੀ ਆਪਣੀ ਮਜਬੂਰੀ ਸੀ। ਇਹ ਬਿੱਲ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣਿਆ ਸੀ, ਉਹ ਪਾਸ ਵੀ ਕਰਨਾ ਚਾਹੁੰਦਾ ਸੀ, ਪਰ ਕਾਂਗਰਸ ਦੇ ਤਿੰਨ ਵਿਆਜੜੂ ਸ਼ਾਹੂਕਾਰਾ ਕਰਦੇ ਮੰਤਰੀ ਇਸ ਦੇ ਰਾਹ ਵਿੱਚ ਅੜਿੱਕਾ ਬਣ ਖੜੋਤੇ ਸਨ। ਹੁਣ ਉਹੋ ਬਿੱਲ ਪਾਸ ਕਰ ਕੇ ਅਕਾਲੀ ਸਿਹਰਾ ਲੈ ਗਏ ਹਨ।
ਕਾਂਗਰਸ ਪਾਰਟੀ ਨੇ ਆਪਣੇ ਅੰਦਰ ਦੀ ਖਿੱਚੋਤਾਣ ਵੀ ਹੁਣ ਫਿਰ ਜ਼ਾਹਰ ਕਰ ਦਿੱਤੀ ਹੈ। ਪਹਿਲਾਂ ਹੰਸ ਰਾਜ ਹੰਸ ਨਾਲ ਇਹ ਵਾਅਦਾ ਕਰ ਲਿਆ ਕਿ ਉਸ ਨੂੰ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆਉਂਦੇ ਸਾਰ ਹੀ ਰਾਜ ਸਭਾ ਵਿੱਚ ਭੇਜ ਦਿੱਤਾ ਜਾਵੇਗਾ। ਉਸ ਨੂੰ ਟਿਕਟ ਦੀ ਹਾਂ ਕਰ ਕੇ ਫਿਰ ਕਾਟਾ ਮਾਰ ਦਿੱਤਾ ਗਿਆ। ਹੰਸ ਵਾਲੀ ਟਿਕਟ ਉਸ ਕਾਂਗਰਸੀ ਆਗੂ ਨੂੰ ਦਿੱਤੀ, ਜਿਸ ਦੀ ਹਾਲਤ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਪਰਵਾਰ ਨੇ ਹੀ ਹਾਸੋਹੀਣੀ ਕਰ ਛੱਡੀ ਸੀ। ਫਿਰ ਹੰਸ ਨੂੰ ਮਨਾਉਣ ਲਈ ਰਾਹੁਲ ਗਾਂਧੀ ਨਾਲ ਗੱਲ ਕਰ ਕੇ ਦਿੱਲੀ ਸਦਵਾਇਆ ਅਤੇ ਰਾਹੁਲ ਦੇ ਨਾਲ ਹੀ ਅਗਲੇ ਦਿਨ ਉਸ ਨੂੰ ਜਹਾਜ਼ ਰਾਹੀਂ ਅੰਮ੍ਰਿਤਸਰ ਭਿਜਵਾ ਕੇ ਗਲਤੀ ਉੱਤੇ ਪੋਚਾ ਮਾਰਨ ਦਾ ਕੰਮ ਕਰਦੇ ਰਹੇ। ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦਾ ਸਾਰਾ ਗਰੁੱਪ ਇਸ ਤਰ੍ਹਾਂ ਖਿੱਲਰ ਗਿਆ ਕਿ ਉਹ ਪਾਰਟੀ ਹੀ ਨਹੀਂ ਸੀ ਜਾਪ ਰਹੀ। ਜਿਸ ਬੰਦੇ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ, ਉਹ ਸਰਕਾਰ ਨਾਲ ਇਸ ਗੱਲ ਲਈ ਪੇਚਾ ਪਾ ਕੇ ਰੁੱਝਾ ਰਿਹਾ ਕਿ ਉਸ ਨੂੰ ਉਸ ਦੇ ਰੁਤਬੇ ਮੁਤਾਬਕ ਨਵੀਂ ਕਾਰ ਚਾਹੀਦੀ ਹੈ। ਅੰਦਰ ਅਸੈਂਬਲੀ ਵਿੱਚ ਉਹ ਹਰ ਗੱਲ ਵਿੱਚ ਹਾਕਮ ਧਿਰ ਦੇ ਮੈਂਬਰਾਂ ਸਾਹਮਣੇ ਕੱਚਾ ਸਾਬਤ ਹੁੰਦਾ ਰਿਹਾ। ਪਾਰਟੀ ਵੀ ਨਾਲ ਨਹੀਂ ਖੜੋਤੀ। ਇੱਕ ਦਿਨ ਜਦੋਂ ਉਸ ਨੇ ਕਿਸੇ ਗੱਲ ਤੋਂ ਵਾਕ-ਆਊਟ ਕੀਤਾ ਤਾਂ ਅੱਧੇ ਤੋਂ ਵੀ ਘੱਟ ਕਾਂਗਰਸੀ ਵਿਧਾਇਕ ਉਸ ਦੇ ਨਾਲ ਬਾਹਰ ਗਏ ਤੇ ਬਾਕੀਆਂ ਦਾ ਉਸ ਦੇ ਜਾਣ ਨਾਲ ਕਿਸੇ ਤਰ੍ਹਾਂ ਦਾ ਵਾਸਤਾ ਹੀ ਨਹੀਂ ਸੀ ਜਾਪਦਾ। ਅੰਦਰ ਬੈਠੇ ਕਾਂਗਰਸੀ ਵਿਧਾਇਕਾਂ ਵਿੱਚੋਂ ਬਹੁਤ ਸੀਨੀਅਰ ਇੱਕ ਆਗੂ ਤੇ ਸਾਬਕਾ ਮੰਤਰੀ ਉਸ ਮੌਕੇ ਵਿਰੋਧੀ ਧਿਰ ਦੇ ਬੈਂਚਾਂ ਤੋਂ ਉੱਠ ਕੇ ਹਾਕਮ ਧਿਰ ਵੱਲ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਨ ਜਾ ਬੈਠਾ। ਇਸ ਤੋਂ ਜ਼ਾਹਰ ਹੈ ਕਿ ਪਾਰਟੀ ਇੱਕਮੁੱਠ ਨਹੀਂ ਹੈ। ਪਾਰਟੀ ਵੱਲੋਂ ਕੇਂਦਰ ਤੋਂ ਪੰਜਾਬ ਦਾ ਇੰਚਾਰਜ ਉਹ ਆਗੂ ਬਣਾਇਆ ਪਿਆ ਹੈ, ਜਿਸ ਨੂੰ ਪੰਜਾਬ ਦੇ ਕਾਂਗਰਸੀ ਵਰਕਰ ਤੇ ਆਗੂ ਪਹਿਲਾਂ ਵਿਧਾਨ ਸਭਾ ਚੋਣਾਂ ਤੇ ਫਿਰ ਪਾਰਲੀਮੈਂਟ ਚੋਣਾਂ ਵਿੱਚ ਪਾਰਟੀ ਦੀ ਬੇੜੀ ਡੋਬਣ ਦਾ ਜ਼ਿਮੇਵਾਰ ਮੰਨਦੇ ਤੇ ਸਾਫ ਕਹਿੰਦੇ ਹਨ ਕਿ ਉਸ ਦੇ ਹੁੰਦਿਆਂ ਕਾਂਗਰਸ ਅੱਗੇ ਵਧ ਹੀ ਨਹੀਂ ਸਕਦੀ। ਇਸ ਤਰ੍ਹਾਂ ਦੇ ਹਾਲਾਤ ਵਿੱਚ ਜਿਹੋ ਜਿਹੀ ਜਿੱਤ ਦੇ ਸੁਫਨੇ ਕਾਂਗਰਸ ਆਗੂ ਲੈ ਰਹੇ ਸਨ, ਉਹ ਇਸ ਹਫਤੇ ਉਨ੍ਹਾਂ ਲਈ ਧੁੰਦਲੇ ਹੋ ਗਏ ਹੋ ਸਕਦੇ ਹਨ।
ਦੋਵਾਂ ਰਿਵਾਇਤੀ ਵਿਰੋਧੀ ਰਾਜਸੀ ਧਿਰਾਂ, ਅਕਾਲੀ ਦਲ ਅਤੇ ਕਾਂਗਰਸ ਦੇ ਮੁਕਾਬਲੇ ਦਾ ਨਵੀਂ ਰਾਜਨੀਤੀ ਦਾ ਸੱਭਿਆਚਾਰ ਪੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਬਾਰੇ ਪਿਛਲੇ ਕਾਫੀ ਸਮੇਂ ਤੋਂ ਸੁਣਿਆ ਜਾ ਰਿਹਾ ਸੀ ਕਿ ਇਸ ਦਾ ਲੋਕਾਂ ਵਿੱਚ ਪ੍ਰਭਾਵ ਵਧ ਰਿਹਾ ਹੈ। ਪਿਛਲਾ ਹਫਤਾ ਇਸ ਪਾਰਟੀ ਲਈ ਚੰਗਾ ਸਾਬਤ ਨਹੀਂ ਹੋਇਆ। ਪਹਿਲਾਂ ਤਾਂ ਇਸ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਣ ਕੇ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬੀਆਂ ਨਾਲ ਖੜੋਣ ਦਾ ਬਿਆਨ ਦੇਣਾ ਅਤੇ ਦਿੱਲੀ ਵਿੱਚ ਜਾਂਦੇ ਸਾਰ ਇਸ ਤੋਂ ਉਲਟ ਪ੍ਰਭਾਵ ਦੇਣਾ ਉਸ ਦੀ ਆਪਣੀ ਅਤੇ ਉਸ ਦੀ ਪਾਰਟੀ ਦੀ ਸਥਿਤੀ ਉੱਤੇ ਕਿੰਤੂ ਕਰਨ ਦਾ ਕਾਰਨ ਬਣਿਆ। ਫਿਰ ਉਸ ਪਾਰਟੀ ਵਿੱਚ ਇਸ ਹਫਤੇ ਦੌਰਾਨ ਨਵੇਂ ਆਏ ਕਈ ਲੋਕਾਂ ਬਾਰੇ ਚਰਚਾ ਚੱਲ ਪਈ ਕਿ ਇਨ੍ਹਾਂ ਦੇ ਹੁੰਦਿਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਕਾਲੀ ਦਲ ਅਤੇ ਕਾਂਗਰਸ ਤੋਂ ਵੱਖਰਾ ਸੱਭਿਆਚਾਰ ਪੇਸ਼ ਕਰਨ ਦਾ ਦਾਅਵਾ ਨਹੀਂ ਕਰ ਸਕਦੀ। ਕਈ-ਕਈ ਸਾਲ ਉਨ੍ਹਾਂ ਪਾਰਟੀਆਂ ਨਾਲ ਰਹਿ ਕੇ ਮਲਾਈ ਚੱਟਣ ਵਾਲੇ ਘਾਗ ਵੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਜਾ ਰਹੇ ਹਨ। ਵੱਖਰਾ ਸੱਭਿਆਚਾਰ ਪੇਸ਼ ਕਰਨਾ ਸੀ ਤਾਂ ਦਿੱਲੀ ਵਾਂਗ ਨਵੇਂ ਲੋਕਾਂ ਨੂੰ ਅੱਗੇ ਕਰਨਾ ਚਾਹੀਦਾ ਸੀ। ਪਾਰਲੀਮੈਂਟ ਚੋਣਾਂ ਵਿੱਚ ਵੀ ਜਿਨ੍ਹਾਂ ਥਾਂਵਾਂ ਤੋਂ ਨਵੇਂ ਲੋਕ ਅੱਗੇ ਕੀਤੇ ਗਏ ਸਨ, ਆਮ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਵੋਟਾਂ ਦਿੱਤੀਆਂ ਸਨ। ਇਸ ਪਾਰਟੀ ਨੂੰ ਹੁਣ ਵੀ ਪੁਰਾਣੇ ਚੱਲੇ ਹੋਏ ਕਾਰਤੂਸ ਜਾਂ ਕਬਾੜ ਦਾ ਮਾਲ ਇਕੱਠਾ ਕਰਨ ਦੀ ਲੋੜ ਨਹੀਂ ਸੀ।
ਜਿਹੜੀ ਗੱਲ ਇਸ ਤੋਂ ਵੀ ਵੱਧ ਇਸ ਪਾਰਟੀ ਲਈ ਮਾਰੂ ਹੈ, ਉਹ ਇਹ ਕਿ ਹੋਰ ਪਾਰਟੀਆਂ ਵਿੱਚ ਜਿੱਦਾਂ ਦਾ ਕੁਰਸੀ-ਯੁੱਧ ਚੱਲਦਾ ਵੇਖ ਕੇ ਲੋਕ ਹੱਸਿਆ ਕਰਦੇ ਸਨ, ਇਸ ਪਾਰਟੀ ਕੋਲ ਰਾਜ ਕਰਨ ਦਾ ਮੌਕਾ ਆਉਣ ਤੋਂ ਬਗੈਰ ਹੀ ਕੁਝ ਲੋਕ ਇਹੋ ਜਿਹਾ ਰੇੜਕਾ ਪਾਈ ਫਿਰਦੇ ਹਨ। ਜਿਸ ਆਗੂ ਬਾਰੇ ਇਹ ਆਮ ਚਰਚਾ ਹੈ ਕਿ ਉਹ ਸ਼ਰਾਬ ਪੀਣ ਲੱਗੇ ਤਾਂ ਪਾਰਟੀ ਜਲਸੇ ਵਿੱਚ ਜਾਣਾ ਭੁੱਲ ਜਾਂਦਾ ਹੈ, ਉਹ ਮੁੱਖ ਮੰਤਰੀ ਦੀ ਕੁਰਸੀ ਲਈ ਸਾਰਿਆਂ ਤੋਂ ਕਾਹਲਾ ਪਿਆ ਫਿਰਦਾ ਹੈ। ਇਸ ਪਾਰਟੀ ਨਾਲ ਲੋਕਾਂ ਦੀ ਹਮਦਰਦੀ ਹੋ ਸਕਦੀ ਹੈ, ਪਰ ਜਿਵੇਂ ਕੁਰਸੀ-ਯੁੱਧ ਵਿੱਚ ਫਸੀ ਹੋਈ ਹੋਣ ਕਰ ਕੇ ਕਾਂਗਰਸ ਪਾਰਟੀ ਚਾਰ ਸਾਲ ਪਹਿਲਾਂ ਡੁੱਬ ਗਈ ਸੀ, ਇਹ ਲੋਕ ਉਹ ਗੱਲ ਵੀ ਯਾਦ ਨਹੀਂ ਰੱਖ ਸਕੇ। ਚਾਰ ਸਾਲ ਪਹਿਲਾਂ ਹੋਈ ਵਿਧਾਨ ਸਭਾ ਚੋਣ ਵਿੱਚ ਕਈ ਕਾਂਗਰਸੀ ਆਗੂਆਂ ਨੂੰ ਇਹ ਭਰਮ ਪੈ ਗਿਆ ਕਿ ਇਸ ਵਾਰ ਸਾਡੇ ਏਨੇ ਵਿਧਾਇਕ ਆ ਜਾਣੇ ਹਨ ਕਿ ਉਨ੍ਹਾਂ ਲਈ ਵਜ਼ੀਰੀਆਂ ਥੋੜ੍ਹੀਆਂ ਪੈ ਜਾਣੀਆਂ ਹਨ। ਇਸ ਭਰਮ ਕਾਰਨ ਉਨ੍ਹਾਂ ਨੇ ਆਖਰੀ ਦੋ ਦਿਨ ਆਪਣੇ ਬੰਦੇ ਜਿਤਾਉਣ ਦੀ ਥਾਂ ਆਪਣੇ ਵਿਰੋਧੀ ਧੜੇ ਦੇ ਉਮੀਦਵਾਰ ਹਰਾਉਣ ਦੇ ਲੇਖੇ ਲਾ ਦਿੱਤੇ ਅਤੇ ਨਤੀਜਾ ਇਹ ਨਿਕਲਿਆ ਸੀ ਕਿ ਦੋਵੇਂ ਧੜੇ ਕਾਸੇ ਜੋਗੇ ਨਹੀਂ ਸੀ ਰਹਿ ਗਏ। ਆਮ ਆਦਮੀ ਪਾਰਟੀ ਵਿੱਚ ਤੱਤੀ ਖੀਰ ਖਾਣ ਦੇ ਸੁਫਨੇ ਲੈਣ ਵਾਲੇ ਕਾਹਲਿਆਂ ਨੇ ਜਿਵੇਂ ਹੁਣੇ ਤੋਂ ਮੀਡੀਆ ਐਡਵਾਈਜ਼ਰ ਲਾਉਣ ਲਈ ਪੱਤਰਕਾਰਾਂ ਨੂੰ ਸੈਨਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਤਮਾਸ਼ਬੀਨੀ ਨੂੰ ਵੇਖ ਕੇ ਹਾਸਾ ਆਉਂਦਾ ਹੈ।
ਕੇਜਰੀਵਾਲ ਬਹੁਤ 'ਮਹਾਨ' ਆਗੂ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, ਉਸ ਨੇ ਖੁਦ ਟਵੀਟ ਕਰਦਿਆਂ ਦੱਸੀ ਹੈ ਕਿ ਅਮਰੀਕਾ ਦੇ ਰਸਾਲੇ 'ਫਾਰਚਿਊਨ' ਨੇ ਉਸ ਨੂੰ ਇੱਕ 'ਮਹਾਨ' ਨੇਤਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਸਭ ਤੋਂ ਵੱਧ ਫਾਲੋਅਰ ਉਸ ਦੇ ਟਵੀਟਰ ਉੱਤੇ ਹੋਣ ਕਾਰਨ ਵੀ ਕਈ ਲੋਕ ਕੇਜਰੀਵਾਲ ਨੂੰ 'ਮਹਾਨ' ਕਹਿ ਸਕਦੇ ਹਨ, ਪਰ ਮਹਾਨਤਾ ਦੇ ਇਹ ਸਰਟੀਫਿਕੇਟ ਕੰਮ ਨਹੀਂ ਆਉਣੇ। ਹਕੀਕਤਾਂ ਤੋਂ ਉਹ ਦੂਰ ਜਾਪਦਾ ਹੈ।
ਜਿਹੜੇ ਕਾਹਲੇ ਸੱਜਣ ਅਗੇਤੇ ਅੰਦਾਜ਼ਿਆਂ ਬਾਰੇ ਪੁੱਛਦੇ ਜਾਂ ਅੰਦਾਜ਼ੇ ਲਾਉਂਦੇ ਪਏ ਹਨ, ਬੀਤੇ ਇੱਕ ਹਫਤੇ ਦੇ ਘਟਨਾਵਾਂ ਦੇ ਵਹਿਣ ਤੋਂ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਪੈਰੋ-ਪੈਰ ਬਦਲਦੇ ਹਨ ਤੇ ਇਹ ਇੰਜ ਹੀ ਕਈ ਪਲਟੀਆਂ ਹੋਰ ਵੀ ਮਾਰ ਸਕਦੇ ਹਨ। ਜਦੋਂ ਤੱਕ ਚੋਣਾਂ ਲਈ ਤਰੀਕਾਂ ਤੇ ਚੋਣ-ਜ਼ਾਬਤੇ ਦਾ ਐਲਾਨ ਨਹੀਂ ਹੋ ਜਾਂਦਾ, ਉਸ ਵਕਤ ਤੱਕ ਬੇਸਬਰੇ ਹੋਣ ਦੀ ਥਾਂ ਉਡੀਕ ਲਿਆ ਜਾਵੇ ਤਾਂ ਵੱਧ ਠੀਕ ਰਹੇਗਾ।
ਪੰਜਾਬ ਦੇ ਪਿੰਡਾਂ ਵਿੱਚ ਛੋਟੇ ਬੱਚੇ ਇੱਕ ਖੇਡ ਖੇਡਿਆ ਕਰਦੇ ਹਨ, ਜਿਸ ਵਿੱਚ ਜਿੰਨੇ ਬੱਚੇ ਹੋਣ, ਦੋ ਗਰੁੱਪਾਂ ਵਿੱਚ ਵੰਡਣ ਪਿੱਛੋਂ ਇੱਕ ਗਰੁੱਪ ਵਾਲੇ ਬੱਚੇ ਦੂਸਰਿਆਂ ਦੇ ਕੰਧਾੜੇ ਚੜ੍ਹਦੇ ਹਨ ਤੇ ਕੰਧਾੜੇ ਚੁੱਕਣ ਵਾਲੇ ਬੱਚੇ ਤੁਰਦੇ ਹੋਏ ਘਰੋ-ਘਰੀ ਜਾਂਦੇ ਅਤੇ ਇਹ ਪੁੱਛਦੇ ਹਨ ਕਿ 'ਹੇਠਲਾ ਉੱਤੇ ਕਿ ਉਤਲਾ ਉੱਤੇ?' ਬਹੁਤਾ ਕਰ ਕੇ ਹੇਠਾਂ ਵਾਲੇ ਦਾ ਸਾਹ ਸੌਖਾ ਕਰਨ ਲਈ ਉਸ ਘਰ ਵਾਲੇ ਕਹਿ ਦੇਂਦੇ 'ਹੇਠਲਾ ਉੱਤੇ' ਅਤੇ ਇਸ ਨਾਲ ਵਾਰੀ ਬਦਲ ਜਾਂਦੀ ਹੈ। ਕਈ ਵਾਰੀ ਉਹ ਕਿਸੇ ਇਹੋ ਜਿਹੇ ਘਰ ਚਲੇ ਜਾਂਦੇ ਹਨ, ਜਿੱਥੇ ਖਿਝੇ ਹੋਇਆਂ ਦੇ ਮੂੰਹੋਂ 'ਉਤਲੇ ਉੱਤੇ' ਨਿਕਲ ਜਾਂਦਾ ਅਤੇ ਇਸ ਨਾਲ ਹੇਠਾਂ ਵਾਲੇ ਬੱਚਿਆਂ ਨੂੰ ਓਸੇ ਤਰ੍ਹਾਂ ਕੰਧਾੜੇ ਚੜ੍ਹੇ ਹੋਏ ਬੱਚਿਆਂ ਦਾ ਭਾਰ ਚੁੱਕ ਕੇ ਅਗਲੇ ਘਰ ਤੱਕ ਤੁਰੇ ਜਾਣਾ ਪੈ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਹੈ। ਵਿਰੋਧ ਦੀਆਂ ਦੋਵਾਂ ਮੁੱਖ ਧਿਰਾਂ ਦਾ ਜਿਸ ਤਰ੍ਹਾਂ ਦਾ ਵਿਹਾਰ ਹੈ, ਪੰਜਾਬ ਦੇ ਲੋਕਾਂ ਦੇ ਮੂੰਹੋਂ ਕੁਝ ਵੀ ਨਿਕਲ ਸਕਦਾ ਹੈ, ਕੁਝ ਵੀ।
27 March 2016
ਪਾਣੀਆਂ ਦੇ ਬਹਾਨੇ ਅਗੇਤੀਆਂ ਵਿਧਾਨ ਸਭਾ ਚੋਣਾਂ ਦਾ ਜੂਆ ਖੇਡਣ ਤੁਰ ਪਈ ਪੰਜਾਬ ਦੀ ਰਾਜਨੀਤੀ -ਜਤਿੰਦਰ ਪਨੂੰ
ਪੰਜਾਬ ਇਸ ਵਕਤ ਉਸ ਮੋੜ ਉੱਤੇ ਖੜਾ ਹੈ, ਜਿੱਥੇ ਕਿਸੇ ਵਕਤ ਵੀ ਵਿਧਾਨ ਸਭਾ ਚੋਣਾਂ ਦੇ ਐਲਾਨ ਕਰਨ ਦਾ ਕੋਈ ਨੋਟਿਸ ਬੋਰਡ ਚਮਕਦਾ ਦਿਖਾਈ ਦੇ ਸਕਦਾ ਹੈ। ਉੱਨੀ ਮਾਰਚ ਦੀ ਸਵੇਰ ਇਹ ਲਿਖਤ ਲਿਖਦੇ ਸਮੇਂ ਪੰਜਾਬ ਦੀ ਮੌਜੂਦਾ ਵਿਧਾਨ ਸਭਾ ਦੀ ਮਿਆਦ ਦਾ ਪੂਰਾ ਇੱਕ ਸਾਲ ਬਾਕੀ ਰਹਿੰਦਾ ਹੈ। ਉਹ ਅਗਲੇ ਸਾਲ ਮਾਰਚ ਦੀ ਅਠਾਰਾਂ ਤਰੀਕ ਬਣਦੀ ਹੈ। ਹਾਲਾਤ ਦਾ ਵਹਿਣ ਹੁਣ ਵਾਲੀ ਵਿਧਾਨ ਸਭਾ ਦੀ ਸਾਹ-ਰਗ ਪਹਿਲਾਂ ਵੀ ਕੱਟ ਸਕਦਾ ਹੈ।
ਸਾਨੂੰ ਇਸ ਦਾ ਅੰਦਾਜ਼ਾ ਕੋਈ ਦੋ ਮਹੀਨੇ ਪਹਿਲਾਂ ਓਦੋਂ ਵੀ ਹੋਇਆ ਸੀ, ਜਦੋਂ ਇੱਕ ਅਕਾਲੀ ਆਗੂ ਨੇ ਇਹ ਦੱਸਿਆ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿੱਚ ਰਾਜਸੀ ਜੂਆ ਖੇਡਣ ਨੂੰ ਤਿਆਰ ਹੋਣ ਜਾਂ ਮਰਜ਼ੀ ਦਾ ਰਾਹ ਚੁਣਨ ਦੀ ਖੁੱਲ੍ਹ ਦੇ ਦਿੱਤੀ ਹੈ। ਉਸ ਦੇ ਦੱਸਣ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਦੀ ਇੱਕ ਮੀਟਿੰਗ ਵਿੱਚ ਇਹ ਸਾਫ ਕਹਿ ਦਿੱਤਾ ਕਿ ਰਾਜਨੀਤੀ ਵਿੱਚ ਬਹੁਤੀ ਵਾਰੀ ਜੂਏ ਖੇਡਣੇ ਪੈਂਦੇ ਹਨ ਤੇ ਜਿਨ੍ਹਾਂ ਨੂੰ ਜੂਏ ਦੀ ਅਗਲੀ ਚਾਲ ਵਿੱਚ ਡੁੱਬਣ ਦਾ ਡਰ ਲੱਗਦਾ ਹੈ, ਉਹ ਸਾਥ ਛੱਡਣਾ ਚਾਹੁਣ ਤਾਂ ਛੱਡ ਕੇ ਜਾਣ ਨੂੰ ਆਜ਼ਾਦ ਹਨ, ਅਸੀਂ ਰੁਕਣ ਦੇ ਲਈ ਕਿਸੇ ਨੂੰ ਨਹੀਂ ਕਹਾਂਗੇ। ਫਿਰ ਹਾਲਾਤ ਇਸੇ ਪਾਸੇ ਤੁਰਦੇ ਗਏ ਹਨ।
ਜਿਸ ਗੱਲ ਦਾ ਹੁਣ ਕੋਈ ਜ਼ਿਕਰ ਨਹੀਂ ਕਰਦਾ, ਉਹ ਇਹ ਹੈ ਕਿ ਪੰਜਾਬ ਸਰਕਾਰ ਦਾ ਭੋਗ ਡੇਢ ਕੁ ਸਾਲ ਪਹਿਲਾਂ ਪੈ ਜਾਣਾ ਸੀ, ਇਸ ਨੇ ਹੁਣ ਤੱਕ ਜਿਹੜਾ ਡੇਢ ਸਾਲ ਦਾ ਰਾਜ ਬੋਨਸ ਵਾਂਗ ਮਾਣਿਆ, ਅਕਾਲੀ ਦਲ ਨੂੰ ਉਸ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ। ਅੰਮ੍ਰਿਤਸਰ ਤੋਂ ਚੋਣ ਲੜਨ ਆਏ ਅਤੇ ਬੁਰੀ ਤਰ੍ਹਾਂ ਹਾਰ ਗਏ ਅਰੁਣ ਜੇਤਲੀ ਨੇ ਦਿੱਲੀ ਜਾ ਕੇ ਨਰਿੰਦਰ ਮੋਦੀ ਨੂੰ ਜਦੋਂ ਇਹ ਦੱਸਿਆ ਕਿ ਪੰਜਾਬ ਦੀ ਸਰਕਾਰ ਚਲਾ ਰਹੇ ਪਰਵਾਰ ਬਾਰੇ ਲੋਕ ਕੀ ਕਹਿੰਦੇ ਹਨ ਤੇ ਅਕਾਲੀਆਂ ਨੂੰ ਠਿੱਬੀ ਲਾ ਕੇ ਪੰਜਾਬ ਦੀ ਸੱਤਾ ਸਾਂਭਣ ਨੂੰ ਇਹ ਹੀ ਮੌਕਾ ਢੁਕਵਾਂ ਹੈ ਤਾਂ ਹਾਲਾਤ ਨੇ ਇੱਕਦਮ ਰੰਗ ਬਦਲ ਲਿਆ ਸੀ। ਮੋਦੀ ਸਰਕਾਰ ਬਣੀ ਨੂੰ ਹਾਲੇ ਤਿੰਨ ਮਹੀਨੇ ਵੀ ਨਹੀਂ ਸੀ ਹੋਏ ਕਿ ਅਰੁਣ ਜੇਤਲੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਭੇਜ ਕੇ ਕੇਂਦਰ ਦੀ ਪਿਛਲੀ ਮਨਮੋਹਨ ਸਿੰਘ ਵਾਲੀ ਸਰਕਾਰ ਦੇ ਵਕਤ ਮਿਲੇ ਫੰਡਾਂ ਦਾ ਹਿਸਾਬ ਮੰਗ ਲਿਆ ਸੀ। ਇਹ ਚਿੱਠੀ ਪੰਜਾਬ ਵੱਲੋਂ ਹੋਰ ਪੈਸੇ ਲੈਣ ਲਈ ਕੀਤੀ ਮੰਗ ਦੇ ਜਵਾਬ ਵਿੱਚ ਆਈ ਸੀ ਤੇ ਇਸ ਦੇ ਅਸਰ ਹੇਠ ਵਿਧਾਨ ਸਭਾ ਵਿੱਚ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਇਹ ਕੌੜਾ ਸੱਚ ਨਿਕਲ ਗਿਆ ਸੀ ਕਿ ਅੱਜ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਤਾਂ ਇਹ ਵਿਹਾਰ ਸਾਡੇ ਨਾਲ ਕਦੇ ਨਹੀਂ ਸੀ ਹੋਣਾ। ਉਸ ਦੇ ਬਾਅਦ ਹਾਲਾਤ ਏਨੀ ਤੇਜ਼ ਚਾਲ ਚੱਲੇ ਸਨ ਕਿ ਅਗਲੇ ਦੋ ਮਹੀਨੇ ਭਾਜਪਾ ਵੱਲੋਂ ਪੰਜਾਬ ਦੀ ਸਰਕਾਰ ਨੂੰ ਉਲਟਾਉਣ ਲਈ ਅਮਿਤ ਸ਼ਾਹ ਦੀ ਸਰਗਰਮੀ ਚੱਲਦੀ ਰਹੀ ਸੀ।
ਫਿਰ ਦਿੱਲੀ ਵਿਧਾਨ ਸਭਾ ਦੀ ਚੋਣ ਆ ਗਈ। ਅਕਾਲੀ ਦਲ ਦਾ ਚੋਣ ਸਮਝੌਤਾ ਭਾਜਪਾ ਨਾਲ ਸੀ, ਪਰ ਬਹੁਤੇ ਅਕਾਲੀ ਆਗੂ ਇਹ ਚਾਹੁੰਦੇ ਸਨ ਕਿ ਭਾਜਪਾ ਹਾਰ ਜਾਵੇ ਤੇ ਸਾਡੇ ਗਲ਼ ਪੈਣ ਤੋਂ ਝਿਜਕਣ ਦੇ ਹਾਲਾਤ ਪੈਦਾ ਹੋ ਜਾਣ ਤਾਂ ਚੰਗਾ ਰਹੇਗਾ। ਉਨ੍ਹਾਂ ਨੇ ਇਹ ਨਹੀਂ ਸੀ ਸੋਚਿਆ ਕਿ ਭਾਜਪਾ ਏਨੀ ਬੁਰੀ ਤਰ੍ਹਾਂ ਹਾਰ ਜਾਵੇਗੀ, ਪਰ ਜਦੋਂ ਭਾਜਪਾ ਦਿੱਲੀ ਵਿੱਚ ਕਾਸੇ ਜੋਗੀ ਨਾ ਰਹੀ ਤਾਂ ਪੰਜਾਬ ਵਿੱਚ ਨਵਾਂ ਰੱਫੜ ਪਾਉਣ ਤੋਂ ਵੀ ਝਿਜਕ ਗਈ। ਸਾਫ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਪੰਜਾਬ ਦੀ ਬਾਦਲ ਸਰਕਾਰ ਦਾ ਧਾਗਾ ਕੱਟਣ ਤੋਂ ਭਾਜਪਾ ਨੂੰ ਰੋਕ ਦਿੱਤਾ ਸੀ। ਅਗਲੀ ਸੱਟ ਭਾਜਪਾ ਨੂੰ ਬਿਹਾਰ ਵਿੱਚ ਪੈ ਗਈ ਤਾਂ ਉਹ ਚੁੱਪ ਵੱਟ ਗਈ ਸੀ।
ਹੁਣ ਚਾਲ ਭਾਜਪਾ ਵੱਲੋਂ ਨਹੀਂ, ਅਕਾਲੀ ਦਲ ਵੱਲੋਂ ਚੱਲੇ ਜਾਣ ਦੀ ਚਰਚਾ ਹੋ ਰਹੀ ਹੈ। ਇਸ ਦੇ ਪਿੱਛੇ ਕਾਰਨ ਏਨੇ ਠੋਸ ਜਾਪਦੇ ਹਨ ਕਿ ਰਾਜਨੀਤੀ ਦਾ ਕੋਈ ਵਿਸ਼ਲੇਸ਼ਕ ਵੀ ਉਨ੍ਹਾਂ ਨੂੰ ਪਾਸੇ ਕਰਨ ਦੀ ਗਲਤੀ ਨਹੀਂ ਕਰੇਗਾ।
ਭਾਜਪਾ ਨੇ ਪਿਛਲੇ ਸਾਲ ਦੀ ਸ਼ੁਰੂਆਤ ਅਕਾਲੀਆਂ ਨੂੰ ਧੋਬੀ-ਪੱਟੜਾ ਦੇਣ ਦੀ ਸੋਚਣੀ ਨਾਲ ਕੀਤੀ ਅਤੇ ਇਸੇ ਕਾਰਨ ਆਰ ਐੱਸ ਐੱਸ ਦੇ ਮੁਖੀ ਨੇ ਮਾਲਵੇ ਵਿੱਚ ਉਚੇਚਾ ਕੈਂਪ ਲਾ ਕੇ ਡੇਰਿਆਂ ਦੇ ਮੁਖੀਆਂ ਨਾਲ ਬੈਠਕਾਂ ਕੀਤੀਆਂ ਸਨ। ਫਿਰ ਹਾਲਾਤ ਹੋਰ ਪਾਸੇ ਮੁੜ ਗਏ। ਘਟਨਾਵਾਂ ਦਾ ਦੌਰ ਏਦਾਂ ਦਾ ਚੱਲ ਪਿਆ ਕਿ ਪੰਜਾਬ ਸਰਕਾਰ ਦੀ ਸਥਿਤੀ ਖਰਾਬ ਕਰਨ ਵਾਲੀਆਂ ਘਟਨਾਵਾਂ ਦੀ ਲੜੀ ਨਹੀਂ ਸੀ ਟੁੱਟਦੀ। ਬਾਦਲ ਪਰਵਾਰ ਦੀ ਇੱਕ ਬੱਸ ਦਾ ਮੋਗਾ ਕਾਂਡ ਇਸ ਲੜੀ ਦਾ ਪਹਿਲਾ ਕੁੰਡਾ ਸੀ। ਮਾਲਵੇ ਵਿੱਚ ਚਿੱਟੇ ਮੱਛਰ ਨਾਲ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਜਾਣ ਮਗਰੋਂ ਜਾਅਲੀ ਕੀੜੇ-ਮਾਰ ਦਵਾਈ ਦਾ ਰੌਲਾ ਦੂਸਰਾ ਮੁੱਦਾ ਸੀ। ਇਸ ਸਕੈਂਡਲ ਵਿੱਚ ਪੰਜਾਬ ਦੇ ਇੱਕ ਪਹਿਲਾਂ ਤੋਂ ਬਦਨਾਮ ਮੰਤਰੀ ਦਾ ਵਾਰ-ਵਾਰ ਜ਼ਿਕਰ ਅਤੇ ਮੋਗੇ ਵੱਲ ਨੋਟਾਂ ਵਾਲੀ ਕਾਰ ਜਾਣ ਦੀ ਚਰਚਾ ਵੀ ਸਰਕਾਰ ਨੂੰ ਕਸੂਤਾ ਫਸਾਈ ਜਾਂਦੀ ਸੀ। ਉਸ ਦੇ ਬਾਅਦ ਡੇਰਾ ਸੱਚਾ ਸੌਦਾ ਵੱਲ ਲਿਹਾਜਦਾਰੀ ਦਾ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਸੰਦੇਸ਼ ਹਾਲਾਤ ਦੇ ਵਿਗਾੜ ਦਾ ਕਾਰਨ ਬਣਿਆ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਉਹ ਚੱਕਰ ਚੱਲ ਪਿਆ, ਜਿਸ ਵਿੱਚ ਇਸ ਰਾਜ ਦੀ ਸਭ ਤੋਂ ਵੱਡੀ ਧਾਰਮਿਕ ਧਿਰ ਸਿੱਖ ਭਾਈਚਾਰੇ ਦੇ ਲੋਕਾਂ ਦੇ ਭਾਵੁਕ ਹੋਣ ਨਾਲ ਮੰਤਰੀਆਂ ਦਾ ਲੋਕਾਂ ਵਿੱਚ ਜਾਣਾ ਬੰਦ ਹੋ ਗਿਆ। ਬਠਿੰਡੇ ਹਲਕੇ ਵਿੱਚ ਇੱਕ ਅਖੰਡ ਪਾਠ ਦੇ ਲਈ ਹਾਜ਼ਰੀ ਭਰਨ ਗਏ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਲੋਕਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਨਾਲ ਦੇ ਸਕੂਲ ਵਿੱਚ ਉਤਾਰਿਆ ਗਿਆ ਤੇ ਸਕੂਲ ਅਤੇ ਗੁਰਦੁਆਰੇ ਦੀ ਸਾਂਝੀ ਕੰਧ ਢਾਹ ਕੇ ਓਧਰੋਂ ਦੀ ਮੱਥਾ ਟਿਕਾਉਣ ਦੀ ਚਰਚਾ ਕਈ ਦਿਨ ਹੁੰਦੀ ਰਹੀ ਸੀ। ਇਸੇ ਘਟਨਾ-ਚੱਕਰ ਵਿੱਚ ਬਹਿਬਲ ਕਲਾਂ ਵਿੱਚ ਗੋਲੀ ਚੱਲ ਗਈ ਤੇ ਇਸ ਨੇ ਗੱਲ ਹੋਰ ਵਿਗਾੜ ਦਿੱਤੀ ਸੀ, ਜਿਸ ਦਾ ਪ੍ਰਗਟਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਦੇ ਸਰਬੱਤ ਖਾਲਸਾ ਮੌਕੇ ਲੋਕਾਂ ਦੇ ਆਪ-ਮੁਹਾਰੇ ਹੜ੍ਹ ਦੇ ਰੂਪ ਵਿੱਚ ਨਿਕਲਿਆ। ਕੁਝ ਕੁ ਠੰਢ-ਠੰਢੌਲਾ ਹੋਣ ਲੱਗਾ ਤਾਂ ਅਬੋਹਰ ਦਾ ਭੀਮ ਕਤਲ ਕਾਂਡ ਵਾਪਰ ਗਿਆ, ਜਿਸ ਨੇ ਅਕਾਲੀ ਲੀਡਰਸ਼ਿਪ ਨੂੰ ਮੁੜ ਕੇ ਬਚਾਅ ਦੇ ਪੈਂਤੜੇ ਉੱਤੇ ਲਿਜਾ ਖੜਾ ਕੀਤਾ। ਨਸ਼ੀਲੇ ਪਦਾਰਥਾਂ ਦੇ ਵਗਦੇ ਵਹਿਣ ਦਾ ਮੁੱਦਾ ਇਸ ਸਾਰੇ ਸਮੇਂ ਦੌਰਾਨ ਪੰਜਾਬ ਵਿੱਚ ਲਗਾਤਾਰ ਚਰਚਿਤ ਰਿਹਾ ਸੀ।
ਹੁਣ ਹਾਲਾਤ ਇੱਕ ਦਮ ਪਲਟੀ ਮਾਰ ਕੇ ਇੱਕ ਹੋਰ ਪਾਸੇ ਵੱਲ ਖਿਸਕ ਗਏ ਹਨ ਤੇ ਇਸ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਢੁਕਵਾਂ ਮੌਕਾ ਹੱਥ ਆ ਗਿਆ ਹੈ। ਸਤਲੁਜ-ਯਮਨਾ ਲਿੰਕ ਨਹਿਰ ਦਾ ਮੁੱਦਾ ਭੜਕਣ ਦੇ ਨਾਲ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਖਾਸ ਤੌਰ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਨ-ਭਾਉਂਦੀ ਰਾਜਨੀਤੀ ਲਈ ਮੈਦਾਨ ਤਿਆਰ ਹੈ। ਉਹ ਰਾਜਨੀਤੀ ਵਿੱਚ ਹਰ ਔਖੇ ਵੇਲੇ ਮੋਰਚੇ ਦਾ ਦਾਅ ਖੇਡਣਾ ਜਾਣਦਾ ਹੈ। ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਮੌਕੇ ਜਦੋਂ ਅਕਾਲੀ ਦਲ ਦੇ ਬਾਦਲ-ਵਿਰੋਧੀ ਧੜੇ ਨੂੰ ਪੰਜਾਬ ਸੌਂਪਣ ਦਾ ਸੌਦਾ ਸਿਰੇ ਚੜ੍ਹ ਚੁੱਕਾ ਸੀ, ਉਸ ਦਾ ਐਲਾਨ ਹੋਣ ਤੋਂ ਪਹਿਲਾਂ ਐਮਰਜੈਂਸੀ ਵਿਰੁੱਧ ਮੋਰਚੇ ਦਾ ਐਲਾਨ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਰਵਾਇਆ ਸੀ। ਮੋਰਚੇ ਦੇ ਨਾਂਅ ਉੱਤੇ ਪੰਜਾਬ ਦੇ ਲੋਕਾਂ ਨੂੰ ਜਜ਼ਬਾਤੀ ਕਰਨ ਦੀ ਉਸ ਨੂੰ ਜਾਚ ਹੈ। ਇਸ ਹਫਤੇ ਜਦੋਂ ਸਤਲੁਜ-ਯਮਨਾ ਲਿੰਕ ਨਹਿਰ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਹਰਿਆਣੇ ਵੱਲ ਕੁਝ ਨਰਮੀ ਵਿਖਾਈ ਤਾਂ ਉਸ ਨੇ ਇਹ ਮੁੱਦਾ ਬੋਚ ਲਿਆ। ਪੰਜਾਬ ਤੇ ਹਰਿਆਣੇ ਵਿਚਕਾਰ ਪਾਣੀ ਦੀ ਵੰਡ ਦਾ ਫੈਸਲਾ ਅਜੇ ਸੁਪਰੀਮ ਕੋਰਟ ਨੇ ਕਰਨਾ ਹੀ ਨਹੀਂ ਸੀ। ਕੇਸ ਇਹ ਸੀ ਕਿ ਅਮਰਿੰਦਰ ਸਿੰਘ ਸਰਕਾਰ ਵੇਲੇ ਦੁਵੱਲੇ ਸਮਝੌਤੇ ਰੱਦ ਕਰਨ ਦਾ ਜਿਹੜਾ ਮਤਾ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਤੇ ਉਸ ਦੀ ਸ਼ਿਕਾਇਤ ਰਾਸ਼ਟਰਪਤੀ ਨੂੰ ਹੋਈ ਸੀ, ਰਾਸ਼ਟਰਪਤੀ ਨੇ ਉਸ ਬਾਰੇ ਸੁਪਰੀਮ ਕੋਰਟ ਤੋਂ ਵਿਧਾਨਕ ਸਥਿਤੀ ਬਾਰੇ ਜਾਣਨ ਦੀ ਲੋੜ ਸਮਝੀ ਤੇ ਸੁਪਰੀਮ ਕੋਰਟ ਨੇ ਉਸ ਮਤੇ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਦੀ ਰਾਏ ਦੇਣੀ ਸੀ। ਪੰਜਾਬ ਦੀ ਸਰਕਾਰ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ, ਜਿਵੇਂ ਅੱਜ-ਭਲਕ ਪੰਜਾਬ ਤੋਂ ਪਾਣੀ ਖੋਹਿਆ ਜਾਣਾ ਹੈ। ਜਵਾਬ ਵਿੱਚ ਹਰਿਆਣੇ ਵਾਲੇ ਵੀ ਭੜਕ ਪਏ। ਕੇਂਦਰ ਸਰਕਾਰ ਮੂਕ ਦਰਸ਼ਕ ਬਣ ਗਈ। ਦੋਵਾਂ ਰਾਜਾਂ ਦੇ ਲੋਕਾਂ ਵਿੱਚ ਇਹ ਮੁੱਦਾ ਜਜ਼ਬਾਤ ਦੇ ਵੱਡੇ ਉਬਾਲੇ ਦਾ ਕਾਰਨ ਬਣਦਾ ਗਿਆ। ਹੁਣ ਇਹੋ ਮੁੱਦਾ ਚੋਣਾਂ ਦਾ ਰਾਹ ਖੋਲ੍ਹਣ ਲੱਗਾ ਹੈ।
ਪੰਜਾਬ ਦੀ ਵਿਧਾਨ ਸਭਾ ਵਿੱਚ ਪਾਣੀਆਂ ਦੇ ਮੁੱਦੇ ਬਾਰੇ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦੇਣ ਵਾਸਤੇ ਇੱਕ ਬਿੱਲ ਪਾਸ ਕਰ ਦੇਣਾ ਤੇ ਗਵਰਨਰ ਦੀ ਪ੍ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੂੰ ਨਹਿਰ ਢਾਹ ਕੇ ਜ਼ਮੀਨਾਂ ਸਾਂਭ ਲੈਣ ਦਾ ਇਸ਼ਾਰਾ ਕਰ ਦੇਣਾ ਏਸੇ ਨੀਤੀ ਦਾ ਹਿੱਸਾ ਸੀ। ਕਾਂਗਰਸ ਪਾਰਟੀ ਇਸ ਜਾਲ ਵਿੱਚ ਫਸ ਗਈ। ਉਸ ਨੇ ਇਸ ਮੁੱਦੇ ਬਾਰੇ ਕੋਈ ਢੁਕਵੀਂ ਬਹਿਸ ਕਰਨ ਵਾਸਤੇ ਜ਼ੋਰ ਨਹੀਂ ਲਾਇਆ, ਸਗੋਂ ਹਰ ਗੱਲ ਵਿੱਚ ਸਰਕਾਰ ਨਾਲ ਖੜੀ ਹੋਣ ਲੱਗੀ। ਨਹਿਰ ਢਾਹੁਣ ਵੇਲੇ ਵੀ ਕਾਂਗਰਸੀ ਆਗੂ ਬਾਕੀਆਂ ਤੋਂ ਅੱਗੇ ਨਿਕਲ ਤੁਰੇ। ਮਾਹੌਲ ਜਦੋਂ ਜਜ਼ਬਾਤੀ ਹੋ ਗਿਆ ਤਾਂ ਮੁੱਖ ਮੰਤਰੀ ਬਾਦਲ ਨੇ ਵਿਧਾਨ ਸਭਾ ਤੋਂ ਅਗਲਾ ਮਤਾ ਪਾਸ ਕਰਵਾ ਦਿੱਤਾ ਕਿ ਅਸੀਂ ਕਿਸੇ ਦਾ ਕਿਹਾ ਵੀ ਨਹੀਂ ਮੰਨਣਾ, ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਕਿਹਾ ਵੀ ਨਹੀਂ ਮੰਨਣਾ। ਇਹੋ ਅਰਥ ਇਸ ਮਤੇ ਦੇ ਕਾਰਨ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੂੰ ਇੱਕ ਚੁਣੌਤੀ ਵਜੋਂ ਲਿਆ ਜਾ ਸਕਦਾ ਹੈ ਕਿ ਅਸੀਂ ਫੈਡਰਲ ਢਾਂਚੇ ਨੂੰ ਫਾਲਤੂ ਸਮਝਦੇ ਹਾਂ, ਤੁਹਾਡੀ ਹਿੰਮਤ ਹੈ ਤਾਂ ਸਾਡੀ ਸਰਕਾਰ ਤੋੜ ਕੇ ਵੇਖੋ। ਨਰਿੰਦਰ ਮੋਦੀ ਵਰਗਾ ਬੰਦਾ ਵੀ ਇਸ ਤਰ੍ਹਾਂ ਦਾ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚੇਗਾ, ਕਿਉਂਕਿ ਇਸ ਦੇ ਬਾਅਦ ਪੰਜਾਬ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਰੱਖਣ ਉੱਤੇ ਕਾਟਾ ਵੀ ਵੱਜ ਜਾਣਾ ਹੈ। ਅਕਾਲੀ ਦਲ ਲਈ ਇਹ ਹੁਣ ਤੱਕ ਦੀ ਸਭ ਤੋਂ ਸੁਖਾਵੀਂ ਸਥਿਤੀ ਹੈ ਕਿ ਆਪਣੇ ਆਪ ਨੂੰ ਪੰਜਾਬੀਆਂ ਦੇ ਹੱਕਾਂ ਦਾ ਰਾਖਾ ਬਣਾ ਕੇ ਪੇਸ਼ ਕਰਨ ਨਾਲ ਬੀਤੇ ਵਕਤ ਦੀਆਂ ਇੱਕ-ਦੂਸਰੀ ਤੋਂ ਵੱਧ ਬਦਨਾਮੀ ਵਾਲੀਆਂ ਸਾਰੀਆਂ ਘਟਨਾਵਾਂ ਉੱਤੇ ਮਿੱਟੀ ਪਾ ਕੇ ਰਾਜਸੀ ਰੱਥ ਲੰਘਾਉਣ ਲਈ ਜੂਆ ਖੇਡ ਲਵੇ। ਇਸੇ ਲਈ ਇਸ ਵੇਲੇ ਚੰਡੀਗੜ੍ਹ ਤੋਂ ਚੋਣਾਂ ਦੀਆਂ ਕਨਸੋਆਂ ਮਿਲਣ ਲੱਗੀਆਂ ਹਨ। ਹਾਲੇ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਚੋਣਾਂ ਦਾ ਅਗੇਤੇ ਹੋਣਾ ਜਾਂ ਨਾ ਹੋਣਾ ਇਸ ਸਾਲ ਮਈ ਵਿੱਚ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਉੱਤੇ ਨਿਰਭਰ ਕਰੇਗਾ, ਪਰ ਹੁਣ ਉਨ੍ਹਾਂ ਪੰਜ ਰਾਜਾਂ ਵੱਲ ਵੇਖਣ ਦੀ ਲੋੜ ਨਹੀਂ ਰਹਿ ਗਈ।
ਫਿਰ ਵੀ ਹਾਲੇ ਕੁਝ ਝਿਜਕ ਮਹਿਸੂਸ ਕੀਤੀ ਜਾ ਰਹੀ ਹੈ ਤੇ ਉਹ ਝਿਜਕ ਭਾਜਪਾ ਜਾਂ ਨਰਿੰਦਰ ਮੋਦੀ ਦੇ ਨਾਲ ਸਾਂਝ ਬਾਰੇ ਨਹੀਂ, ਸਿਰਫ ਇਸ ਗੱਲ ਦੀ ਹੈ ਕਿ ਜੂਆ ਆਖਰ ਜੂਆ ਹੁੰਦਾ ਹੈ, ਕਿਧਰੇ.......!
19 March 2016
ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਪਿੱਛੋਂ ਲੋਕਾਂ ਨੂੰ ਚੰਗੇ ਬਣਨ ਦੀ ਪ੍ਰੇਰਨਾ ਦੇਂਦਾ ਹੈ ਸੰਤ ਰਵੀ ਸ਼ੰਕਰ - ਜਤਿੰਦਰ ਪਨੂੰ
ਆਪਣੇ ਆਪ ਨੂੰ 'ਸ੍ਰੀ ਸ੍ਰੀ' ਕਹਾਉਣ ਵਾਲੇ ਰਵੀ ਸ਼ੰਕਰ ਨਾਂਅ ਦੇ ਸੰਤ ਨੇ ਕਈ ਕਾਨੂੰਨੀ ਅੜਿੱਕਿਆਂ ਨੂੰ ਪਾਰ ਕਰ ਕੇ ਦਿੱਲੀ ਵਿੱਚ ਆਪਣਾ ਪ੍ਰੋਗਰਾਮ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਅੜਿੱਕਿਆਂ ਦਾ ਆਮ ਆਦਮੀ ਨੂੰ ਰਾਹ ਨਾ ਲੱਭਦਾ ਹੋਵੇਗਾ, ਜਿਸ ਸੰਤ ਦੇ ਪਿੱਠ ਪਿੱਛੇ ਕੇਂਦਰ ਦੀ ਉਹ ਸਰਕਾਰ ਸਰਪ੍ਰਸਤ ਬਣੀ ਬੈਠੀ ਹੈ, ਜਿਸ ਦਾ ਸੰਸਾਰ ਵਿੱਚ 'ਡੰਕਾ ਵੱਜ ਰਿਹਾ ਹੈ', ਉਸ ਸੰਤ ਲਈ ਇਹ ਅੜਿੱਕੇ ਮਾਮੂਲੀ ਸਨ। ਮੇਲੇ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਅਗੇਤੀ ਹਾਂ ਕਰ ਦਿੱਤੀ ਤਾਂ ਰਵੀ ਸ਼ੰਕਰ ਸਾਹਿਬ ਲਈ 'ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ' ਵਾਲੀ ਸੁਖਾਵੀਂ ਸਥਿਤੀ ਓਦੋਂ ਹੀ ਬਣ ਗਈ। ਸਾਰਾ ਕੰਮ ਕਾਨੂੰਨ ਦੀ ਉਲੰਘਣਾ ਵਾਲਾ ਸੀ। ਜਦੋਂ ਦੇਸ਼ ਦੀ ਸੁਪਰੀਮ ਕੋਰਟ ਵਿੱਚ ਕੇਸ ਚਲਾ ਗਿਆ ਤੇ ਇਹ ਜਾਪਦਾ ਸੀ ਕਿ ਪੰਜ ਕਰੋੜ ਰੁਪਏ ਜੁਰਮਾਨਾ ਦੇਣ ਬਿਨਾਂ ਗੱਲ ਨਹੀਂ ਬਣਨੀ, ਰਵੀ ਸ਼ੰਕਰ ਨੇ ਓਦੋਂ ਵੀ ਇਹ ਕਿਹਾ ਸੀ ਕਿ ਜੇਲ੍ਹ ਚਲਾ ਜਾਊਂਗਾ, ਜੁਰਮਾਨਾ ਮੈਂ ਨਹੀਂ ਭਰੂੰਗਾ। ਇਸ ਦਾ ਸਿੱਧਾ ਅਰਥ ਇਹ ਸੀ ਕਿ ਉਹ ਦੇਸ਼ ਦੀ ਸਿਖਰਲੀ ਅਦਾਲਤ ਦਾ ਹੁਕਮ ਨਾ ਮੰਨਣ ਦੀ ਗੱਲ ਵੀ ਕਰਦਾ ਹੈ, ਪਰ ਕਿਸੇ ਨੇ ਇਸ ਪੱਖ ਨੂੰ ਨਹੀਂ ਸੀ ਗੌਲਿਆ। ਉਸ ਦੇ ਸਮਾਗਮ ਲਈ ਦਰਿਆ ਦੇ ਉੱਤੇ ਪੁਲ ਉਸਾਰਨ ਲਈ ਫੌਜ ਝੋਕ ਦਿੱਤੀ ਗਈ, ਜਿਹੜੀ ਦੇਸ਼ ਦੀ ਰਾਖੀ ਵਾਸਤੇ ਹੁੰਦੀ ਹੈ। ਪੁੱਛੇ ਜਾਣ ਉੱਤੇ ਦੇਸ਼ ਦਾ ਰੱਖਿਆ ਮੰਤਰੀ ਇਹ ਕਹਿਣ ਲੱਗ ਪਿਆ ਕਿ ਏਥੇ ਪੁਲ ਬਣਾਉਣ ਨੂੰ ਦਿੱਲੀ ਪੁਲਸ ਨੇ ਕਿਹਾ ਹੈ। ਕੇਂਦਰ ਦੇ ਕਹੇ ਉੱਤੇ ਕੇਜਰੀਵਾਲ ਦੀ ਸਰਕਾਰ ਪਿੱਛੇ ਡੰਡਾ ਘੁੰਮਾਉਣ ਵਾਲੀ ਦਿੱਲੀ ਪੁਲਸ ਨੇ ਰੱਖਿਆ ਮੰਤਰੀ ਦੀ ਗੱਲ ਕੱਟ ਕੇ ਉਸੇ ਦਿਨ ਇਹ ਕਹਿ ਦਿੱਤਾ ਕਿ ਉਨ੍ਹਾਂ ਨੇ ਪੁਲ ਬਣਾਉਣ ਨੂੰ ਬਿਲਕੁਲ ਨਹੀਂ ਕਿਹਾ, ਸਗੋਂ ਉਨ੍ਹਾਂ ਨੇ ਇਸ ਸਮਾਗਮ ਤੋਂ ਪੈਦਾ ਖਤਰਿਆਂ ਬਾਰੇ ਲਿਖਿਆ ਹੈ। ਫਿਰ ਵੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ, ਕਿਉਂਕਿ ਸੰਸਾਰ ਵਿੱਚ ਡੰਕੇ ਵੱਜਦੇ ਵਾਲਾ ਪ੍ਰਧਾਨ ਮੰਤਰੀ ਇਸ ਸਮਾਗਮ ਦੇ ਲਈ ਆਪ ਹਰ ਹੱਦ ਤੱਕ ਜਾਣ ਲਈ ਤਿਆਰ ਹੋਇਆ ਬੈਠਾ ਸੀ। ਸੰਤ ਜੀ ਦੀ ਧੰਨ-ਧੰਨ ਹੋ ਗਈ।
ਜਦੋਂ ਇਸ ਮੁੱਦੇ ਬਾਰੇ ਬਹਿਸ ਹੋ ਰਹੀ ਸੀ, ਰਵੀ ਸ਼ੰਕਰ ਦੀ ਸਮੱਰਥਕ ਇੱਕ ਬੀਬੀ ਜਦੋਂ ਵੀ ਸਮਾਗਮ ਵਾਲੇ ਥਾਂ ਜਮਨਾ ਦਰਿਆ ਵਿੱਚ ਗੰਦ ਪੈਣ ਬਾਰੇ ਜਵਾਬ ਦੇਂਦੀ ਸੀ, ਉਹ ਆਪ ਵੀ ਜਮਨਾ ਨੂੰ 'ਜਮਨਾ ਜੀ' ਕਹਿੰਦੀ ਸੀ ਤੇ ਬਹਿਸ ਵਿੱਚ ਸ਼ਾਮਲ ਬਾਕੀ ਲੋਕਾਂ ਨੂੰ ਵੀ ਕਹਿੰਦੀ ਸੀ ਕਿ 'ਜਮਨਾ ਜੀ' ਕਹੋ। ਪਹਿਲਾਂ ਗੰਗਾ ਦਰਿਆ ਨੂੰ 'ਗੰਗਾ ਜੀ' ਦੇ ਨਾਂਅ ਨਾਲ ਪੁਕਾਰਨ ਵਾਲਿਆਂ ਨੇ ਸਭ ਤੋਂ ਵੱਧ ਪਲੀਤ ਕੀਤਾ ਸੀ, ਹੁਣ 'ਜਮਨਾ ਜੀ' ਕਹਿ ਕੇ ਜਮਨਾ ਦਰਿਆ ਨੂੰ ਪਲੀਤ ਕਰਨ ਵਾਲੇ ਦਿੱਲੀ ਵਿੱਚ ਆਣ ਵੜੇ। ਗੰਗਾ ਪਵਿੱਤਰ ਹੁੰਦੀ ਸੀ, ਪਵਿੱਤਰ ਰਹਿਣ ਨਹੀਂ ਦਿੱਤੀ, ਪਰ ਉਸ ਨੂੰ ਅਜੇ ਵੀ 'ਗੰਗਾ ਜੀ' ਕਿਹਾ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ, ਜਮਨਾ ਨੂੰ ਕੋਈ 'ਜਮਨਾ ਜੀ' ਕਹਿ ਦੇਵੇ ਤਾਂ ਹਰਜ ਕੋਈ ਨਹੀਂ। ਏਦਾਂ ਹੀ ਭਾਰਤ ਦੀਆਂ ਕ੍ਰਿਸ਼ਨਾ, ਗੋਦਾਵਰੀ, ਸਰਸਵਤੀ ਨਦੀਆਂ ਤੋਂ ਤੁਰਦਿਆਂ ਹੁਣ ਬਿਆਸ ਨੂੰ ਕੁਝ ਲੋਕ 'ਬਿਆਸ ਜੀ' ਕਹਿਣ ਦਾ ਸੁਝਾਅ ਦੇਣ ਲੱਗ ਪਏ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਮੁਕਤਸਰ ਦੀ ਹਾਲਤ ਨਹੀਂ ਸੁਧਾਰੀ, ਇੱਕ ਵਾਰੀ ਮੁਕਤਸਰ ਤੋਂ 'ਮੁਕਤਸਰ ਸਾਹਿਬ' ਬਣਾ ਕੇ ਦੂਸਰੀ ਵਾਰੀ 'ਸ੍ਰੀ ਮੁਕਤਸਰ ਸਾਹਿਬ' ਲਿਖਣ ਦਾ ਹੁਕਮ ਜਾਰੀ ਕਰ ਕੇ ਫਿਰ ਮਾਛੀਵਾੜਾ ਤੋਂ 'ਮਾਛੀਵਾੜਾ ਸਾਹਿਬ' ਬਣਾ ਦਿੱਤਾ। ਹਾਲਤ ਸੁਧਾਰਨ ਜਾਂ ਗੰਦ ਸਾਫ ਕਰਨ ਦੀ ਲੋੜ ਨਹੀਂ, ਪੰਜਾਬ ਸਮੇਤ ਸਾਡੇ ਸਾਰੇ ਭਾਰਤ ਦੇ ਲੋਕ ਏਨੀ ਗੱਲ ਨਾਲ ਵੋਟਾਂ ਪਾ ਦੇਂਦੇ ਹਨ ਕਿ ਇੱਕ ਹੋਰ ਸ਼ਹਿਰ ਦੇ ਨਾਂਅ ਨਾਲ 'ਸ੍ਰੀ', 'ਸਾਹਿਬ' ਜਾਂ ਫਿਰ ਕਿਸੇ ਦਰਿਆ ਨਾਲ 'ਜੀ' ਲਾ ਦਿੱਤਾ ਗਿਆ ਹੈ। 'ਭਾਰਤ ਦੇ ਤਿੰਨ ਲਾਲ ਤੜਫਦੇ ਸੀ ਸਤਲੁਜ ਦੇ ਕੰਢੇ' ਦਾ ਗੀਤ ਸੁਣਦੇ ਹੁੰਦੇ ਸਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਂਅ ਨਾਲ ਜੁੜਦੇ ਉਸ ਸਤਲੁਜ ਨੂੰ ਵੀ ਹੁਣ ਸਾਨੂੰ 'ਸਤਲੁਜ ਜੀ' ਆਖਣ ਲਈ ਤਿਆਰ ਹੋਣਾ ਚਾਹੀਦਾ ਹੈ।
ਗੱਲ ਇਸ ਵਾਰੀ ਸੰਤ ਰਵੀ ਸ਼ੰਕਰ ਦੇ ਸਮਾਗਮ ਦੀ ਚੱਲੀ ਹੈ। ਇਸ ਸਮਾਗਮ ਲਈ ਹਰ ਕਾਨੂੰਨ ਤੋੜਿਆ ਤੇ ਹਰ ਹਦਾਇਤ ਦੀ ਉਲੰਘਣਾ ਕੀਤੀ ਗਈ ਹੈ। ਸਰਕਾਰ ਦੇ ਵਾਤਾਵਰਣ ਬਚਾਉਣ ਵਾਲੇ ਵਿਭਾਗ ਵੀ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਵੀ ਸੰਤ ਦੀ ਸੇਵਾ ਵਿੱਚ ਲੱਗੇ ਰਹੇ। ਨੇੜਲੇ ਖੇਤਾਂ ਵਾਲੇ ਕਿਸਾਨ ਰਗੜੇ ਗਏ ਹਨ। ਸਮਾਗਮ ਦੀ ਪਾਰਕਿੰਗ ਲਈ ਉਨ੍ਹਾਂ ਦੇ ਖੇਤਾਂ ਵਿੱਚ ਖੜੀ ਫਸਲ ਨੂੰ ਮਸ਼ੀਨਾਂ ਫੇਰ ਕੇ ਤਬਾਹ ਕਰ ਦਿੱਤਾ ਤੇ ਮੁਆਵਜ਼ੇ ਦੇ ਨਾਂਅ ਉੱਤੇ ਮਾਮੂਲੀ ਰਕਮ ਹੱਥਾਂ ਵਿੱਚ ਫੜਾ ਦਿੱਤੀ ਹੈ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹਨ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਹੈ। ਖੁਸ਼ਹਾਲੀ ਦਾ ਇਹ ਮੰਤਰ ਦਿੱਲੀ ਵਿੱਚ ਲਾਗੂ ਹੁੰਦਾ ਪਿਆ ਹੈ।
ਸਾਡੇ ਕੋਲ ਸੰਤ ਰਵੀ ਸ਼ੰਕਰ ਦੇ ਖਿਲਾਫ ਨਿੱਜੀ ਪੱਧਰ ਦੀ ਕੋਈ ਖਾਸ ਗੱਲ ਨਹੀਂ, ਸਿਵਾਏ ਇਸ ਦੇ ਕਿ ਉਹ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਅਗੇਤੇ ਬੁੱਲਿਆਂ ਵੇਲੇ ਭਾਜਪਾ ਨਾਲ ਜੁੜਨ ਵਾਲਿਆਂ ਵਿੱਚ ਸ਼ਾਮਲ ਸੀ। ਦਿੱਲੀ ਵਿੱਚ ਜਦੋਂ ਯੋਗੀ ਰਾਮਦੇਵ ਕੁੱਟਿਆ ਗਿਆ ਤੇ ਫਿਰ ਉਸ ਨੇ ਹਰਦੁਆਰ ਜਾ ਕੇ ਮਰਨ-ਵਰਤ ਦਾ ਸਾਂਗ ਜਿਹਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਵਰਤ ਛੱਡਣ ਦੇ ਤਰਲੇ ਕਰਨ ਵਾਲੀ ਨੌਟੰਕੀ ਭਾਜਪਾ ਨੇ ਕਰਵਾਈ ਸੀ। ਉਸ ਨਾਟਕ ਦੀ ਸਕ੍ਰਿਪਟ ਉਸ ਭਾਜਪਾਈ ਲੇਖਕ ਨੇ ਲਿਖੀ ਸੀ, ਜਿਹੜਾ ਉਸ ਵਕਤ ਲਾਲ ਕ੍ਰਿਸ਼ਨ ਅਡਵਾਨੀ ਦਾ ਸੇਵਕ ਹੁੰਦਾ ਸੀ ਤੇ ਨਰਿੰਦਰ ਮੋਦੀ ਰਾਜ ਵਿੱਚ ਇੱਕ ਦਿਨ ਵਿਚਾਰੇ ਦੇ ਚਿਹਰੇ ਉੱਤੇ ਕਾਲਾ ਰੰਗ ਮਲ਼ ਦਿੱਤਾ ਗਿਆ ਸੀ। ਰੰਗ-ਮੰਚ ਦੇ ਮੈਨੇਜਰ ਦਾ ਰੋਲ ਓਦੋਂ ਦੇ ਉਤਰਾਂਚਲ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਦੇ ਕੋਲ ਸੀ। ਓਦੋਂ ਕੈਮਰਿਆਂ ਦੇ ਸਾਹਮਣੇ ਰਾਮਦੇਵ ਕਹੀ ਜਾਂਦਾ ਸੀ ਕਿ ਮੈਂ ਮਰਨ ਵਰਤ ਨਹੀਂ ਛੱਡਣਾ ਤੇ ਭਾਜਪਾ ਲੀਡਰਾਂ ਨਾਲ ਸੰਤ ਲੋਕ ਵਾਰੀ-ਵਾਰੀ ਜਾ ਕੇ ਕਹਿ ਰਹੇ ਸਨ ਕਿ ਯੋਗੀ ਜੀ, ਹੱਠ ਹੁਣ ਛੱਡ ਦਿਓ। ਇਸ ਦੌਰਾਨ ਇੱਕ ਦਿਨ ਬੜੇ ਜਾਹੋ-ਜਲਾਲ ਨਾਲ ਰਵੀ ਸ਼ੰਕਰ ਨੂੰ ਓਥੇ ਭੇਜਿਆ ਗਿਆ ਤੇ ਉਸ ਨੇ ਕਿਹਾ ਸੀ ਕਿ ਯੋਗੀ ਰਾਮਦੇਵ ਹੋਰ ਕਿਸੇ ਦੇ ਕਹੇ ਵਰਤ ਨਾ ਛੱਡੇ ਤਾਂ ਜਦੋਂ ਮੈਂ ਜਾ ਕੇ ਆਪਣਾ 'ਹੱਠ ਯੋਗ' ਸ਼ੁਰੂ ਕੀਤਾ, ਓਦੋਂ ਛੱਡ ਦੇਵੇਗਾ। ਸਿਆਸਤ ਨਾਲ ਸਾਂਝ ਦੀ ਇਹ ਸੋਚੀ-ਸਮਝੀ ਇੰਟਰੀ ਕਰ ਚੁੱਕੇ ਸੰਤ ਰਵੀ ਸ਼ੰਕਰ ਦੀ ਬਾਅਦ ਵਿੱਚ ਭਾਜਪਾ ਨਾਲ ਸਾਂਝ ਨਿਭਦੀ ਗਈ ਤੇ ਨਿਭੀ ਜਾ ਰਹੀ ਹੈ।
ਹੁਣ ਆਈਏ ਇਸ ਤਰ੍ਹਾਂ ਦੇ ਹੋਰ ਸਾਧਾਂ ਦੇ ਰਾਜਨੀਤੀ ਨਾਲ ਜੁੜਨ ਦੀ ਕਹਾਣੀ ਵੱਲ। ਧੀਰੇਂਦਰ ਬ੍ਰਹਮਚਾਰੀ ਦੀ ਗੱਲ ਕੀਤੀ ਜਾ ਸਕਦੀ ਹੈ, ਆਪਣੇ ਆਪ 'ਫਲਾਇੰਗ ਸਵਾਮੀ' ਦੱਸਣ ਵਾਲੇ ਸੰਤ ਦੀ ਵੀ ਅਤੇ ਚੰਦਰਾ ਸਵਾਮੀ ਦੀ ਵੀ, ਪਰ ਉਹ ਸਾਰੇ ਹੁਣ ਰਾਜਨੀਤਕ ਮੰਚ ਉੱਤੇ ਬੇਲੋੜੇ ਹੋ ਚੁੱਕੇ ਹਨ। ਨਵੇਂ ਸੰਤ ਅੱਗੇ ਖੜੇ ਹਨ। ਵੱਡਾ-ਛੋਟਾ ਇਨ੍ਹਾਂ ਵਿੱਚ ਕੋਈ ਨਹੀਂ, ਸਾਰੇ ਆਪੋ ਆਪਣੀ ਭੂਮਿਕਾ ਨਿਭਾਉਣ ਵਿੱਚ ਇੱਕ ਦੂਸਰੇ ਤੋਂ ਵੱਧ ਹਨ।
ਇਨ੍ਹਾਂ ਵਿੱਚੋਂ ਇੱਕ ਆਸਾ ਰਾਮ ਨਾਂਅ ਦਾ ਸੰਤ ਇਸ ਵੇਲੇ ਜੇਲ੍ਹ ਵਿੱਚ ਬੈਠਾ ਹੈ, ਜਿਸ ਨੂੰ ਸਿਆਸੀ ਆਗੂਆਂ ਨੇ 'ਬਾਪੂ' ਬਣਾਇਆ ਸੀ, ਪਰ ਹੁਣ ਕੋਈ ਜੇਲ੍ਹ ਵਿੱਚ ਉਸ ਨੂੰ ਮਿਲਣ ਨਹੀਂ ਜਾਂਦਾ। ਰੇਲਵੇ ਸਟੇਸ਼ਨ ਤੋਂ ਦਰਗਾਹ ਤੱਕ ਸਵਾਰੀਆਂ ਢੋਣ ਲਈ ਇੱਕ ਸਮੇਂ ਟਾਂਗਾ ਚਲਾਉਣ ਤੇ ਕੁਝ ਚਿਰ ਸਾਈਕਲਾਂ ਦੇ ਪੰਕਚਰ ਲਾਉਣ ਦਾ ਕੰਮ ਕਰਨ ਵੇਲੇ ਜਦੋਂ ਗੁਜ਼ਾਰਾ ਨਾ ਚੱਲਿਆ ਤਾਂ ਉਹ ਸਾਧ ਬਣ ਗਿਆ ਸੀ। ਉਸ ਨੂੰ ਪਹਿਲਾਂ ਕਾਂਗਰਸ ਵਾਲਿਆਂ ਨੇ ਹੀ ਚੁੱਕਿਆ ਸੀ ਤੇ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਸਾਢੇ ਚੌਦਾਂ ਹਜ਼ਾਰ ਵਰਗ ਮੀਟਰ ਦਾ ਪਹਿਲਾ ਪਲਾਟ ਗੁਜਰਾਤ ਦੇ ਕਾਂਗਰਸੀ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦੀ ਕ੍ਰਿਪਾ ਸਦਕਾ ਉਸ ਨੂੰ ਮਿਲਿਆ ਸੀ। ਬਾਅਦ ਵਿੱਚ ਆਸਾ ਰਾਮ ਨੇ ਕਾਂਗਰਸ ਦਾ ਪਾਣੀ ਲੱਥਦਾ ਅਤੇ ਚੁਸਤ ਕਾਂਗਰਸੀਆਂ ਨੂੰ ਭਾਜਪਾ ਵੱਲ ਭੱਜਦੇ ਵੇਖਿਆ ਤਾਂ ਉਨ੍ਹਾਂ ਦੇ ਨਾਲ ਹੀ ਉਹ ਵੀ ਭਾਜਪਾ ਆਗੂਆਂ ਦਾ 'ਬਾਪੂ' ਜਾ ਬਣਿਆ। ਭਾਜਪਾ ਦੇ ਕੇਸ਼ੂ ਭਾਈ ਪਟੇਲ ਦੀ ਸਰਕਾਰ ਨੇ ਆਸਾ ਰਾਮ ਨੂੰ ਪੰਝੀ ਹਜ਼ਾਰ ਵਰਗ ਮੀਟਰ ਦਾ ਪਲਾਟ ਦੇ ਦਿੱਤਾ ਤੇ ਸਾਰੇ ਦੇਸ਼ ਵਿੱਚ ਜਿੱਥੇ ਕਿਤੇ ਭਾਜਪਾ ਸਰਕਾਰਾਂ ਸਨ, ਉਹ ਆਸਾ ਰਾਮ ਲਈ ਪਲਾਟ ਕੱਟਣ ਲੱਗ ਪਈਆਂ। ਕਾਂਗਰਸੀਆਂ ਨੇ ਮੋੜਾ ਪਾਉਣ ਲਈ ਆਪਣੀਆਂ ਸਰਕਾਰਾਂ ਤੋਂ ਕੁਝ ਪਲਾਟ ਦਿਵਾਏ, ਪਰ ਉਹ ਪਲਾਟ ਲੈਣ ਦੇ ਬਾਅਦ ਅੱਖਾਂ ਫੇਰ ਜਾਂਦਾ ਰਿਹਾ ਤੇ ਨਰਿੰਦਰ ਮੋਦੀ ਦੇ ਉਭਾਰ ਤੱਕ ਭਾਜਪਾ ਆਗੂਆਂ ਦਾ ਪੱਕਾ ਆੜੀ ਬਣਿਆ ਰਿਹਾ। ਮੋਦੀ ਨਾਲ ਕਿਸੇ ਗੱਲੋਂ ਰੇੜਕਾ ਪਿਆ ਤਾਂ ਕੇਸ ਬਣਨ ਲੱਗ ਪਏ ਅਤੇ ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੂੰ ਜੇਲ੍ਹੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਸ ਉੱਤੇ ਕਤਲ ਦੇ ਕੇਸ ਹਨ, ਜ਼ਮੀਨ-ਜਾਇਦਾਦਾਂ ਦੀ ਧੋਖਾਧੜੀ ਦੇ ਵੀ ਅਤੇ ਉਹੋ ਜਿਹੇ ਕੇਸ ਵੀ ਹਨ, ਜਿਹੜੇ ਸੰਤਾਂ ਨੂੰ ਸ਼ੋਭਾ ਦੇਣ ਵਾਲੇ ਨਹੀਂ।
ਫਿਰ ਇੱਕ ਯੋਗੀ ਬਾਬਾ ਰਾਮਦੇਵ ਉੱਭਰ ਪਿਆ। ਇਹ ਵੀ ਭਾਜਪਾ ਦਾ ਭਾਈਬੰਦ ਬਾਅਦ ਵਿੱਚ ਬਣਿਆ ਸੀ, ਪਹਿਲਾਂ ਇਸ ਦੀ ਜੜ੍ਹ ਕਾਂਗਰਸ ਵਾਲਿਆਂ ਦੀ ਕ੍ਰਿਪਾ ਸਦਕਾ ਲੱਗੀ ਸੀ। ਕਈ ਰਾਜਾਂ ਵਿੱਚ ਇਸ ਨੂੰ ਕਾਂਗਰਸ ਰਾਜ ਦੇ ਕਾਰਨ ਪਲਾਟ ਦਿੱਤੇ ਜਾਣ ਦਾ ਕੰਮ ਏਨੇ ਖੁੱਲ੍ਹੇ ਰੂਪ ਵਿੱਚ ਹੋਇਆ ਕਿ ਕੋਈ ਅਧਿਕਾਰੀ ਰਾਹ ਰੋਕਣ ਜੋਗੀ ਹਿੰਮਤ ਨਹੀਂ ਸੀ ਕਰ ਸਕਦਾ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਮੋਰਚੇ ਤੋਂ ਲੋਕਾਂ ਦਾ ਧਿਆਨ ਪਾਸੇ ਪਾਉਣ ਲਈ ਇਸ ਨੂੰ ਕਾਂਗਰਸ ਪਾਰਟੀ ਨੇ ਵਿਦੇਸ਼ ਤੋਂ ਕਾਲਾ ਧਨ ਦੇਸ਼ ਵਿੱਚ ਵਾਪਸ ਲਿਆਉਣ ਦੇ ਰਾਹ ਆਪ ਪਾਇਆ ਸੀ। ਰੱਫੜ ਓਦੋਂ ਪੈ ਗਿਆ, ਜਦੋਂ ਉਹ ਦਿੱਲੀ ਵਿੱਚ ਰਾਮ ਲੀਲ੍ਹਾ ਮੈਦਾਨ ਵਿੱਚ ਧਰਨਾ ਮਾਰਨ ਪੁੱਜਾ ਤੇ ਪਹਿਲਾਂ ਖਬਰ ਪੁੱਜ ਗਈ ਕਿ ਉਹ ਭਾਜਪਾ ਨਾਲ ਅੱਖ ਮਿਲਾ ਚੁੱਕਾ ਹੈ। ਕਾਂਗਰਸੀਆਂ ਨੇ ਕਹਿ ਦਿੱਤਾ ਕਿ ਧਰਨਾ ਮਾਰਨ ਤੋਂ ਪਹਿਲਾਂ ਲਿਖ ਕੇ ਦੇਵੇ ਕਿ ਕੱਲ੍ਹ ਚਾਰ ਵਜੇ ਉੱਠ ਜਾਵਾਂਗਾ। ਉਸ ਨੇ ਲਿਖ ਦਿੱਤਾ ਤੇ ਇਸੇ ਤੋਂ ਬਾਅਦ ਡਾਂਗ-ਸੋਟਾ ਚੱਲਿਆ ਸੀ ਤੇ ਫਿਰ ਉਹ ਦਿੱਲੀ ਛੱਡ ਕੇ ਭਾਜਪਾ ਦੇ ਰਾਜ ਵਾਲੇ ਉੱਤਰਾਖੰਡ ਜਾ ਪਹੁੰਚਿਆ ਸੀ।
ਏਨੀ ਕੁ ਦਲ-ਬਦਲੀ ਨਾਲ ਰਾਮਦੇਵ ਲਈ ਭਾਜਪਾ ਸਰਕਾਰਾਂ ਨੇ ਗੱਫਿਆਂ ਦੀ ਝੜੀ ਲਾ ਦਿੱਤੀ। ਹਿਮਾਚਲ ਪ੍ਰਦੇਸ਼ ਦੀ ਓਦੋਂ ਦੀ ਭਾਜਪਾ ਸਰਕਾਰ ਨੇ ਉਸ ਨੂੰ ਪੈਂਤੀ ਕਰੋੜ ਮੁੱਲ ਵਾਲੀ ਅਠਾਈ ਏਕੜ ਜ਼ਮੀਨ ਨੜਿੰਨਵੇਂ ਸਾਲਾਂ ਲਈ ਸਿਰਫ ਇੱਕ ਰੁਪਏ ਸਾਲਾਨਾ ਕਿਰਾਏ ਉੱਤੇ ਦੇ ਦਿੱਤੀ। ਨਰਿੰਦਰ ਮੋਦੀ ਸਰਕਾਰ ਆਈ ਤੇ ਫਿਰ ਮਹਾਰਾਸ਼ਟਰ ਵਿੱਚ ਭਾਜਪਾ ਸਰਕਾਰ ਦੇ ਬਣਨ ਦਾ ਸਬੱਬ ਬਣਿਆ ਤਾਂ ਸਿਰਫ ਹੇਮਾ ਮਾਲਿਨੀ ਨੂੰ ਗਲਤ ਪਲਾਟ ਹੀ ਨਹੀਂ ਸੀ ਦਿੱਤਾ ਗਿਆ, ਰਾਮਦੇਵ ਵਾਲੀ ਸੰਸਥਾ ਨੂੰ ਵੀ ਵਿਦਰਭ ਖੇਤਰ ਵਿੱਚ ਤਿੰਨ ਥਾਈਂ ਵੰਡ ਕੇ ਛੇ ਸੌ ਏਕੜ ਜ਼ਮੀਨ ਦੇ ਦਿੱਤੀ ਗਈ। ਹੁਣ ਆਸਾਮ ਵਿੱਚ ਵਿਧਾਨ ਸਭਾ ਚੋਣ ਹੋਣ ਵਾਲੀ ਹੈ ਤਾਂ ਓਥੋਂ ਖਬਰ ਆ ਗਈ ਹੈ ਕਿ ਭਾਜਪਾ ਦਾ ਬੋਡੋਲੈਂਡ ਪੀਪਲਜ਼ ਫਰੰਟ ਨਾਲ ਵਲ-ਵਲਾਵੇਂ ਦਾ ਗੱਠਜੋੜ ਬਣਦੇ ਸਾਰ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਨੇ 3800 ਏਕੜ ਜ਼ਮੀਨ ਰਾਮਦੇਵ ਦੇ ਅਦਾਰੇ ਨੂੰ ਅਲਾਟ ਕਰ ਦਿੱਤੀ ਹੈ। ਬੋਡੋਲੈਂਡ ਪੀਪਲਜ਼ ਫਰੰਟ ਦਾ ਮੁਖੀ ਹਾਗਰਾਮਾ ਮੋਹਿਲਾਰੀ ਹੈ, ਜਿਹੜਾ ਪਹਿਲਾਂ ਗੈਰ-ਕਾਨੂੰਨ ਮੰਨੀ ਜਾਂਦੀ ਰਹੀ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦਾ ਮੁਖੀ ਸੀ ਤੇ ਦਸੰਬਰ 2003 ਵਿੱਚ ਵਾਜਪਾਈ ਸਰਕਾਰ ਨਾਲ ਸਮਝੌਤਾ ਕਰ ਕੇ ਮੁੱਖ ਧਾਰਾ ਵੱਲ ਮੁੜਿਆ ਸੀ। ਉਸ ਤੋਂ ਮਹੀਨਾ ਕੁ ਪਿੱਛੋਂ ਬਣੀ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦਾ ਉਸ ਨੂੰ ਮੁਖੀ ਬਣਾ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਬਾਬਾ ਰਾਮਦੇਵ ਦੀ ਪਾਤੰਜਲੀ ਪੀਠ ਨੂੰ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਦਾ ਮੌਕਾ ਦੇਣਾ ਹੈ।
ਅਸੀਂ ਇਹ ਫੇਰ ਕਹਿ ਸਕਦੇ ਹਾਂ ਕਿ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਖਿਲਾਫ ਕਹਿਣ ਲਈ ਨਿੱਜੀ ਤੌਰ ਉੱਤੇ ਸਾਡੇ ਕੋਲ ਕੁਝ ਨਹੀ, ਪਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਉਸ ਨੇ ਆਪਣਾ ਜਲੌਅ ਵਧਾਉਣ ਦੇ ਲਈ ਦਿੱਲੀ ਵਿੱਚ ਜਿੱਦਾਂ ਦਾ ਜਲਸਾ ਜੋੜਿਆ ਹੈ, ਉਸ ਦੇ ਲਈ ਨਿਯਮ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਕਮਾਲ ਦੀ ਗੱਲ ਹੈ ਕਿ ਰਵੀ ਸ਼ੰਕਰ ਇਹ ਕਹਿੰਦਾ ਹੈ ਕਿ ਉਹ ਲੋਕਾਂ ਨੂੰ ਜਿਊਣ ਦੀ ਜਾਚ ਦੱਸੇਗਾ। ਆਰਟ ਆਫ ਲਿਵਿੰਗ ਜ਼ਿੰਦਾਬਾਦ। ਬਾਬੇ ਕਹਿੰਦੇ ਹੁੰਦੇ ਸਨ ਕਿ 'ਸਾਧਾਂ ਨੂੰ ਕੀ ਸਵਾਦਾਂ ਨਾਲ', ਪਰ ਨਵੇਂ ਯੁੱਗ ਵਿੱਚ ਸਾਰੇ ਸਵਾਦਾਂ ਦਾ ਚਸਕਾ ਸਾਧਾਂ ਤੇ ਉਨ੍ਹਾਂ ਦੇ ਬਾਲਕਿਆਂ ਦਾ ਹੱਕ ਬਣਦਾ ਜਾ ਰਿਹਾ ਹੈ। ਸੰਤ ਰਵੀ ਸ਼ੰਕਰ ਕਹਿੰਦਾ ਹੈ ਕਿ ਭਾਰਤ ਦੇ ਨਾਗਰਿਕਾਂ ਵਿੱਚ ਏਦਾਂ ਦੀ ਦੇਸ਼ਭਗਤੀ ਪੈਦਾ ਕਰਨੀ ਹੈ ਕਿ ਏਥੇ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਆਪ ਗਲਤ ਕੰਮ ਕਰਨ ਪਿੱਛੋਂ ਆਮ ਲੋਕਾਂ ਲਈ ਠੀਕ ਰਾਹ ਚੱਲਣ ਦਾ ਉਪਦੇਸ਼ ਹਾਰੀ-ਸਾਰੀ ਬੰਦਾ ਨਹੀਂ ਵੰਡ ਸਕਦਾ। ਇਸ ਕੰਮ ਲਈ ਬੰਦੇ ਨੂੰ ਪਹਿਲਾਂ ਏਨਾ ਖਾਸ ਬਣਨਾ ਚਾਹੀਦਾ ਹੈ ਕਿ ਉਸ ਦਾ ਗਲਤ ਕੀਤਾ ਵੀ ਕਿਸੇ ਨੂੰ ਗਲਤ ਨਜ਼ਰ ਨਾ ਆਵੇ। ਉਸ ਦੇ ਨਾਲ ਖੱਬੇ-ਸੱਜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੱਧਰ ਦੇ ਆਗੂ ਖੜੇ ਦਿੱਸਣੇ ਚਾਹੀਦੇ ਹਨ, ਉਸ ਮਾਹੌਲ ਵਿੱਚ ਇਹ ਗਾਉਣ ਦਾ ਮੁਕੰਮਲ ਮਜ਼ਾ ਆਉਂਦਾ ਹੈ, 'ਯੇ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ'।
12 March 2016
ਦੇਸ਼ ਦੇ ਰੰਗ-ਮੰਚ ਉੱਤੇ 'ਦਿੱਲੀ' ਦੇ ਕਿੰਗਰਿਆਂ ਨੂੰ ਘੂਰਨ ਵਾਲੇ ਇੱਕ ਹੋਰ ਦੁੱਲੇ ਦੀ ਦਸਤਕ - ਜਤਿੰਦਰ ਪਨੂੰ
'ਦਿੱਲੀ' ਸਿਰਫ ਇੱਕ ਸ਼ਹਿਰ ਨਹੀਂ, ਰਾਜ-ਸ਼ਕਤੀ ਦਾ ਇੱਕ ਏਦਾਂ ਦਾ ਪ੍ਰਤੀਕ ਹੈ, ਜਿਹੜਾ ਲੋਕ ਮਾਨਸਿਕਤਾ ਦੇ ਖਾਤੇ ਵਿੱਚ ਸਦੀਆਂ ਤੋਂ ਜਬਰ ਦਾ ਅੱਡਾ ਬਣ ਕੇ ਦਰਜ ਹੁੰਦਾ ਰਿਹਾ ਹੈ। ਆਪਣੀ ਕਵਿਤਾ ਵਿੱਚ ਲੋਕ-ਕਵੀ ਸੰਤ ਰਾਮ ਉਦਾਸੀ ਜਦੋਂ ਇਹ ਲਿਖਦਾ ਹੈ: ''ਦਿੱਲੀਏ, ਦਿਆਲਾ ਵੇਖ ਦੇਗ 'ਚ ਉੱਬਲਦਾ, ਨੀਂ ਅਜੇ ਤੇਰਾ ਚਿੱਤ ਨਾ ਠਰੇ। ਮਤੀ ਦਾਸ ਤਾਂਈਂ ਚੀਰ ਆਰੇ ਵਾਂਗ ਜੀਭ ਤੇਰੀ, ਹਾਲੇ ਮਨ-ਮੱਤੀਆਂ ਕਰੇ" ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕੁਰਬਾਨੀ ਲਈ ਪੇਸ਼ ਹੋਏ ਭਾਈ ਦਿਆਲਾ ਤੇ ਮਤੀ ਦਾਸ ਦੀ ਗੱਲ ਨਹੀਂ ਕਰਦਾ, ਉਨ੍ਹਾਂ ਸਭ ਦਾ ਜ਼ਿਕਰ ਕਰ ਜਾਂਦਾ ਹੈ, ਜਿਹੜੇ ਸਦੀਆਂ ਤੋਂ ਇਸ ਦੇਸ਼ ਵਿੱਚ ਏਦਾਂ ਉੱਭਰਦੇ ਰਹੇ ਹਨ ਤੇ ਨਾਲ ਇਹ ਵੀ ਕਿ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਲਈ 'ਦਿੱਲੀ' ਇਹੋ ਜਿਹਾ ਮਕਤਲ ਬਣਦੀ ਰਹੀ ਹੈ, ਜਿੱਥੇ ਸਿਰਫ 'ਧੱਜ ਸੇ ਮਕਤਲ ਕੋ' ਜਾਣ ਵਾਲੇ ਜਾਂਦੇ ਹਨ। 'ਦਿੱਲੀ' ਦਾ ਕਿਰਦਾਰ ਨਹੀਂ ਬਦਲਿਆ। ਇਸ ਦੇ ਅੱਗੇ ਅੜਨ ਵਾਲਿਆਂ ਦਾ ਵੀ ਨਹੀਂ ਬਦਲਿਆ।
ਬਿਸਮਿਲ ਫਰੀਦਕੋਟੀ ਨੇ ਕਿਹਾ ਸੀ: 'ਹੈ ਦੌਰ ਨਵਾਂ, ਹੀਰ ਪੁਰਾਣੀ ਨਾ ਸੁਣੋ। ਦੁੱਖ ਚਾਕ ਦਾ ਖੇੜੇ ਦੀ ਜ਼ਬਾਨੀ ਨਾ ਸੁਣੋ। ਛੇੜੀ ਹੈ ਜ਼ਮਾਨੇ ਨੇ ਅਵਾਮਾਂ ਦੀ ਕਥਾ, ਰਾਜੇ ਨਵਾਬਾਂ ਦੀ ਕਹਾਣੀ ਨਾ ਸੁਣੋ।' ਜਿਹੜੇ ਦੌਰ ਵਿੱਚ ਇਹ ਗੱਲ ਉਸ ਨੇ ਲਿਖੀ ਸੀ, ਉਹ ਅਵਾਮ (ਆਮ ਲੋਕਾਂ) ਦੀ ਕਥਾ ਦੀ ਚੜ੍ਹਤ ਦਾ ਦੌਰ ਸੀ। ਫਿਰ ਪਛੇਤ ਪੈਣ ਲੱਗੀ। ਇਹ ਦੌਰ ਕੁਝ ਦੇਰ ਲਈ ਪਛੇਤ ਦਾ ਸ਼ਿਕਾਰ ਹੋ ਸਕਦਾ ਸੀ, ਇਸ ਦੇ ਖਾਤਮੇ ਦੀ ਗੱਲ ਕਹਿਣ ਵਾਲੇ ਤਾਂ ਸਮਾਂ ਪਾ ਕੇ ਖਤਮ ਹੋ ਜਾਇਆ ਕਰਦੇ ਹਨ, ਕਥਾ ਖਤਮ ਨਹੀਂ ਹੋਈ। ਲੋਕ ਕਦੇ-ਕਦੇ ਕੁਝ ਦੇਰ ਸੌਂ ਜਾਇਆ ਕਰਦੇ ਹਨ। ਫਿਰ ਜਦੋਂ ਕੋਈ ਵੱਡਾ ਝਟਕਾ ਲੱਗੇ ਤਾਂ ਅੱਖਾਂ ਮਲ ਕੇ ਕੁਝ ਕਰਨ ਨੂੰ ਉੱਠਦੇ ਹਨ। ਅਗਲੇ ਪਾਸੇ ਕੁਝ ਦਿਸਦਾ ਹੋਵੇ ਤਾਂ ਤੁਰੇ ਵੀ ਜਾਂਦੇ ਹਨ, ਪਰ ਜਦੋਂ ਇਹੋ ਜਿਹਾ ਭਰਮ ਪਵੇ ਕਿ ਅਗਵਾਈ ਦੇਣ ਵਾਲਾ ਹੀ ਆਪਣੀ ਏਨੀ ਕੁ ਭੂਮਿਕਾ ਤੋਂ ਸੰਤੁਸ਼ਟ ਹੋ ਕੇ ਬਹਿ ਗਿਆ ਹੈ, ਹੁਣ ਕੁਝ ਕਰਨਾ ਨਹੀਂ ਚਾਹੁੰਦਾ, ਤਾਂ ਮੁੜ ਕੇ ਝਟਕਾ ਲੱਗਣ ਦੀ ਘੜੀ ਤੱਕ ਚਾਰ ਦਿਨ ਨੀਂਦ ਜਿਹੀ ਵਿੱਚ ਚਲੇ ਜਾਂਦੇ ਹਨ। ਕਦੇ ਉਨ੍ਹਾਂ ਨੂੰ ਕੋਈ ਅੰਨਾ ਹਜ਼ਾਰੇ ਝਟਕਾ ਦੇਵੇ ਤਾਂ ਕਮਰ ਕੱਸ ਕੇ ਉਸ ਦੇ ਪਿੱਛੇ ਉੱਠ ਤੁਰਦੇ ਹਨ, ਜਿਵੇਂ ਆਖਰੀ ਹੱਲਾ ਮਾਰਨਾ ਹੋਵੇ, ਪਰ ਚਾਰ ਦਿਹਾੜੇ ਅਗਵਾਈ ਕਰਨ ਪਿੱਛੋਂ ਜਦੋਂ ਉਹ ਬਾਬਾ ਰਾਲੇਗਣ ਸਿੱਧੀ ਦੇ ਆਸ਼ਰਮ ਵਿੱਚ ਯਾਦਵ ਬਾਬਾ ਦੇ ਬੁੱਤ ਨੇੜੇ ਸਮਾਧੀ ਲਾ ਕੇ ਸਿਰਫ ਪ੍ਰਵਚਨ ਕਰਨ ਰੁੱਝ ਜਾਂਦਾ ਹੈ, ਦੇਸ਼ ਦੇ ਲੋਕ ਵੀ ਦੋ ਡੰਗ ਦੀ ਰੋਟੀ ਲਈ ਰੁੱਝ ਜਾਂਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਇਹ ਕਹਿੰਦੇ ਹਨ ਕਿ 'ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋਂ', ਇਸ ਦਾ ਅਰਥ ਇਹ ਵੀ ਹੈ ਕਿ ਜਦੋਂ 'ਆਵ ਕੀ ਅਉਧ', ਅਰਥਾਤ ਨਿਬੇੜੇ ਦੀ ਘੜੀ ਆਈ, ਓਦੋਂ ਫਿਰ ਲੜਨ ਨੂੰ ਤਿਆਰ ਹਾਂ, ਉਹ ਘੜੀ ਆਉਣ ਤੱਕ ਜਿਉਂਦੇ ਰਹਿਣ ਲਈ ਦੋ ਡੰਗ ਦਾ ਆਹਰ ਵੀ ਕਰਨਾ ਪਵੇਗਾ। ਲੋਕ ਅੰਨਾ ਹਜ਼ਾਰੇ ਦੇ ਅੰਦੋਲਨ ਪਿੱਛੋਂ ਏਸੇ ਕਾਰਨ ਉਸ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਵਿੱਚ ਰੁੱਝ ਗਏ ਸਨ। ਏਦਾਂ ਹੀ ਹੋਣਾ ਹੁੰਦਾ ਹੈ।
ਹੁਣ ਉਹ ਲੋਕ ਇੱਕ ਵਾਰ ਫਿਰ ਜਾਗ ਰਹੇ ਹਨ। ਉਨ੍ਹਾਂ ਨੂੰ ਜਾਗਣ ਦਾ ਮੌਕਾ 'ਦਿੱਲੀ' ਆਪ ਖੁਦ ਦੇਂਦੀ ਪਈ ਹੈ। 'ਦਿੱਲੀ' ਸ਼ਹਿਰ ਦਾ ਭਾਵੇਂ ਨਹੀਂ, ਪਰ ਜਾਬਰ ਰਾਜ ਦੀ ਪ੍ਰਤੀਕ 'ਦਿੱਲੀ' ਦਾ ਕਿਰਦਾਰ ਇਹੋ ਹੈ ਕਿ ਇਹ ਲੋਕਾਂ ਨੂੰ ਮੈਦਾਨ ਵਿੱਚ ਨਿਕਲਣ ਲਈ ਮਜਬੂਰ ਕਰਨੋਂ ਕਦੇ ਨਹੀਂ ਹਟਦੀ। ਇਸ ਵਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਿਹੜਾ ਕੁਝ ਵਾਪਰਿਆ ਹੈ, ਉਹ 'ਦਿੱਲੀ' ਦੇ ਏਸੇ ਕਿਰਦਾਰ ਦਾ ਨਤੀਜਾ ਹੈ।
ਹੁਣ ਇਹ ਸੱਚ ਕਈ ਪਰਦੇ ਪਾੜ ਕੇ ਬਾਹਰ ਆਉਂਦਾ ਪਿਆ ਹੈ ਕਿ ਸ਼ਰਾਰਤੀ ਰਾਜਨੀਤੀ ਕਰਨ ਵਾਲੇ ਇੱਕ ਪੁਰਾਣੇ ਜਨ ਸੰਘੀ ਅਤੇ ਅੱਜ ਦੇ ਮੁਕੱਦਮੇਬਾਜ਼ ਸਵਾਮੀ ਨੇ ਜਦੋਂ ਕਿਹਾ ਸੀ ਕਿ ਇਸ ਯੂਨੀਵਰਸਿਟੀ ਨੂੰ ਚਾਰ ਮਹੀਨੇ ਲਈ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਓਦੋਂ ਸਵਾਮੀ ਨਹੀਂ ਸੀ ਬੋਲਦਾ, ਉਸ ਦੇ ਪਿੱਛੇ 'ਦਿੱਲੀ' ਬੋਲਦੀ ਸੀ। ਕੁਝ ਦਿਨ ਪਿੱਛੋਂ ਇੱਕ ਗਹਿਰੀ ਸਾਜ਼ਿਸ਼ ਦੇ ਅਧੀਨ ਇੱਕੋ ਦਿਨ ਸਾਰੇ ਦੇਸ਼ ਦੇ ਮੀਡੀਏ ਵਿੱਚ ਉਹ ਵੀਡੀਓ ਕਲਿੱਪ ਪੇਸ਼ ਕਰਵਾ ਦਿੱਤੀ ਗਈ, ਜਿਸ ਵਿੱਚ ਕਨ੍ਹਈਆ ਕੁਮਾਰ ਇਸ ਦੇਸ਼ ਦੇ ਟੁਕੜੇ ਕਰਨ ਅਤੇ ਇਸ ਤੋਂ ਵੀ ਅੱਗੇ ਜਾ ਕੇ ਇਸ ਦੇਸ਼ ਦੀ ਬਰਬਾਦੀ ਕਰਨ ਤੱਕ ਦੀਆਂ ਗੱਲਾਂ ਕਹਿ ਰਿਹਾ ਸੁਣੀਂਦਾ ਸੀ। ਇੱਕ ਪੋਸਟਰ ਸੋਸ਼ਲ ਮੀਡੀਏ ਦੇ ਰਾਹੀਂ ਪੇਸ਼ ਕੀਤਾ ਗਿਆ, ਜਿਸ ਵਿੱਚ ਕਨ੍ਹਈਆ ਏਦਾਂ ਦੇ ਨਾਅਰਿਆਂ ਵਾਲੇ ਬੈਨਰ ਅੱਗੇ ਖੜਾ ਸੀ। ਫਿਰ ਸੱਚ ਬਾਹਰ ਆ ਗਿਆ ਕਿ ਉਹ ਪੋਸਟਰ ਅਸਲ ਵਿੱਚ ਕਿਤੇ ਹੈ ਹੀ ਨਹੀਂ, ਸਭ ਤੋਂ ਵੱਧ ਫਿਰਕੂ ਵਿਦਿਆਰਥੀ ਜਥੇਬੰਦੀ ਦੇ ਮੀਡੀਆ ਸੈੱਲ ਦੇ ਇੱਕ ਕਾਰਿੰਦੇ ਨੇ ਕੰਪਿਊਟਰ ਉੱਤੇ ਬਣਾਇਆ ਸੀ। ਅਗਲੀ ਗੱਲ ਉਸ ਵੀਡੀਓ ਕਲਿੱਪ ਬਾਰੇ ਸਾਹਮਣੇ ਆਈ ਤਾਂ ਪਹਿਲਾਂ ਉਸ ਵਿੱਚ ਕਨ੍ਹਈਆ ਕੁਮਾਰ ਦਾ ਨਾ ਹੋਣਾ ਤੇ ਕਿਸੇ ਬੇਗਾਨੀ ਵੀਡੀਓ ਨਾਲ ਉਸ ਦਾ ਜੋੜਿਆ ਜਾਣਾ ਸਾਬਤ ਹੋ ਗਿਆ ਤੇ ਫਿਰ ਜਿਹੜਾ 'ਹੋਰ' ਬਣਾ ਕੇ ਉਮਰ ਖਾਲਿਦ ਫੜ ਲਿਆ, ਪਤਾ ਲੱਗਾ ਕਿ ਉਸ ਨੇ ਵੀ ਓਦਾਂ ਦੇ ਨਾਅਰੇ ਲਾਉਣ ਦਾ ਕੰਮ ਨਹੀਂ ਸੀ ਕੀਤਾ। ਫਿਰ ਸੂਈ ਥੋੜ੍ਹਾ ਜਿਹਾ ਹੋਰ ਘੁੰਮੀ ਤਾਂ ਇੱਕ ਬੀਬੀ ਦਾ ਨਾਂਅ ਸਾਹਮਣੇ ਆ ਗਿਆ, ਜਿਸ ਨੇ ਸੋਸ਼ਲ ਮੀਡੀਆ ਦੇ ਆਪਣੇ ਖਾਤੇ ਰਾਹੀਂ ਇਹ ਝੂਠ ਪ੍ਰਚਾਰਿਆ ਸੀ ਤੇ ਉਹ ਬੀਬੀ ਕੇਂਦਰ ਸਰਕਾਰ ਦੀ ਇੱਕ ਵਿਵਾਦਤ ਮੰਤਰੀ ਬੀਬੀ ਨਾਲ ਨੇੜਲੇ ਸੰਬੰਧਾਂ ਵਾਲੀ ਨਿਕਲ ਆਈ। 'ਦਿੱਲੀ' ਦਾ ਕਿਰਦਾਰ ਇਹੋ ਹੈ।
ਜਿਹੜੇ ਕਨ੍ਹਈਆ ਨੂੰ ਅਦਾਲਤ ਵਿੱਚ ਪੇਸ਼ੀ ਵੇਲੇ ਜੱਜ ਦੇ ਕਮਰੇ ਵਿੱਚ ਪੁਲਸ ਦੇ ਸਾਹਮਣੇ ਕੁੱਟਣ ਦਾ ਗੁਨਾਹ ਵੀ 'ਦਿੱਲੀ' ਦੇ ਸਿਆਸੀ ਵਕੀਲਾਂ ਨੂੰ ਕਾਨੂੰਨ ਦਾ ਉਲੰਘਣ ਨਹੀਂ ਸੀ ਜਾਪਦਾ ਤੇ ਕਹਿੰਦੇ ਸਨ ਕਿ ਕਨ੍ਹਈਆ ਅਦਾਲਤ ਵਿੱਚ ਦੋਸ਼ੀ ਸਾਬਤ ਹੋਵੇਗਾ, ਉਹ ਸਾਬਤ ਨਾ ਕਰ ਸਕੇ ਤੇ ਹੁਣ ਕਨ੍ਹਈਆ ਬਾਹਰ ਆ ਗਿਆ ਹੈ। ਅਦਾਲਤ ਦਾ ਇਹ ਸਵਾਲ ਜਦੋਂ ਪੁਲਸ ਦੇ ਸੰਘ ਵਿੱਚ ਫਸ ਗਿਆ ਕਿ ਕਨ੍ਹਈਆ ਦਾ ਨਾਅਰੇ ਲਾਉਣਾ ਕਿੱਥੇ ਸਾਬਤ ਹੁੰਦਾ ਹੈ, ਤਾਂ ਉਸ ਦੀ ਜ਼ਮਾਨਤ ਹੋ ਗਈ। ਅਗਲਾ ਪ੍ਰਚਾਰ ਇਹ ਸ਼ੁਰੂ ਹੋ ਗਿਆ ਕਿ ਉਸ ਉੱਤੇ ਅਦਾਲਤ ਨੇ ਕਈ ਸ਼ਰਤਾਂ ਲਾ ਦਿੱਤੀਆਂ ਹਨ। ਉਹ ਸ਼ਰਤਾਂ ਹਰ ਕਿਸੇ ਉੱਤੇ ਲਾਗੂ ਹੁੰਦੀਆਂ ਹਨ। ਓਮ ਪ੍ਰਕਾਸ਼ ਚੌਟਾਲਾ ਪਿਛਲੇਰੇ ਸਾਲ ਉਨ੍ਹਾਂ ਸ਼ਰਤਾਂ ਸਮੇਤ ਜੇਲ੍ਹ ਤੋਂ ਨਿਕਲਿਆ ਸੀ, ਵਿਧਾਨ ਸਭਾ ਚੋਣਾਂ ਦੀ ਸਾਰੀ ਮੁਹਿੰਮ ਵਿੱਚ ਜਲਸਿਆਂ ਵਿੱਚ ਬੋਲਦਾ ਰਿਹਾ ਤੇ ਆਖਰੀ ਦਿਨ ਜਦੋਂ ਸ਼ਰਤਾਂ ਉਲੰਘਣ ਦੀ ਸ਼ਿਕਾਇਤ ਹੋਈ ਤਾਂ ਜੇਲ੍ਹ ਜਾ ਕੇ ਹਾਜ਼ਰੀ ਪਵਾ ਲਈ ਸੀ। ਕਨ੍ਹਈਆ ਦੇ ਬਾਰੇ ਸ਼ਰਤਾਂ ਦਾ ਪ੍ਰਚਾਰ ਵੀ ਹੱਦ ਤੋਂ ਜ਼ਿਆਦਾ ਕੀਤਾ ਗਿਆ ਹੈ, ਕਿਉਂਕਿ ਉਸ ਦੇ ਨਾਲ 'ਦਿੱਲੀ' ਨੂੰ ਕੌੜ ਬਹੁਤ ਹੈ।
ਰਾਜ-ਸ਼ਕਤੀ ਦੀ ਕੌੜ ਲਈ ਸਦੀਆਂ ਤੋਂ ਬਦਨਾਮੀ ਖੱਟਦੀ ਆਈ 'ਦਿੱਲੀ' ਨੂੰ ਜੇ ਕਨ੍ਹਈਆ ਦੇ ਨਾਲ ਕੌੜ ਹੈ ਤਾਂ ਉਸ ਨੂੰ ਇਹ ਇਤਿਹਾਸ ਯਾਦ ਕਰਨਾ ਚਾਹੀਦਾ ਹੈ ਕਿ ਉਸ ਦੀ ਕੌੜ ਨੂੰ ਦੇਸ਼ ਕਿਵੇਂ ਭੁਗਤਦਾ ਰਿਹਾ ਹੈ?
ਅਸੀਂ ਰਾਜੇ-ਨਵਾਬਾਂ ਦੀ ਕਹਾਣੀ ਪਾਸੇ ਰੱਖ ਕੇ ਵੇਖੀਏ ਤਾਂ ਰਾਣਾ ਪ੍ਰਤਾਪ ਦੀ ਕਹਾਣੀ ਵੀ ਲੋਕ ਮਾਨਸਿਕਤਾ ਵਿੱਚ 'ਦਿੱਲੀ' ਦੇ ਵਿਹਾਰ ਦੇ ਵਿਰੋਧ ਦੀ ਕਹਾਣੀ ਸੀ। ਉਸ ਦੇ ਰਿਸ਼ਤੇਦਾਰ ਵੀ ਬਾਦਸ਼ਾਹ ਅਕਬਰ ਨਾਲ ਜਾ ਕੇ ਮਿਲ ਗਏ ਤੇ ਰਾਣਾ ਪ੍ਰਤਾਪ ਦੇ ਖਿਲਾਫ ਲੜਨ ਲਈ ਮੈਦਾਨ ਵਿੱਚ ਆ ਗਏ ਸਨ। ਇਤਿਹਾਸ ਵਿੱਚ ਉਨ੍ਹਾਂ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਨਾਂਅ ਵੀ ਲੋਕਾਂ ਨੂੰ ਚੇਤੇ ਨਹੀਂ, ਪਰ ਰਾਣਾ ਪ੍ਰਤਾਪ ਦਾ ਨਾਂਅ ਇਸ ਲਈ ਚੇਤੇ ਹੈ ਕਿ ਉਹ ਜ਼ੁਲਮ ਦੀ ਪ੍ਰਤੀਕ 'ਦਿੱਲੀ' ਨਾਲ ਭਿੜਨ ਨਿਕਲਿਆ ਸੀ। ਦੁੱਲਾ ਅੱਜ ਤੱਕ ਲੋਕਾਂ ਦੇ ਚੇਤੇ ਵਿੱਚ ਹੈ। ਅਕਬਰ ਬਾਦਸ਼ਾਹ ਨੇ ਜਦੋਂ ਉਸ ਦੇ ਦਾਦੇ ਤੋਂ ਬਾਅਦ ਬਾਪ ਨੂੰ ਵੀ ਮੌਤ ਦੀ ਸਜ਼ਾ ਦੇ ਦਿੱਤੀ ਤਾਂ ਦੁੱਲੇ ਨੂੰ ਬਗਾਵਤ ਦੇ ਖਾਨਦਾਨੀ ਰੁਖ ਤੋਂ ਮੋੜਨ ਲਈ ਬੜੇ ਪਾਪੜ 'ਦਿੱਲੀ' ਨੇ ਵੇਲ ਕੇ ਵੇਖੇ ਸਨ। ਦੁੱਲਾ ਫੇਰ ਵੀ ਪਿਓ-ਦਾਦੇ ਦੀ ਲੀਹ ਉੱਤੇ ਚੱਲ ਪਿਆ। ਉਸ ਨੇ ਜਦੋਂ ਕਿਹਾ ਸੀ ਕਿ ''ਮੈਂ ਢਾਹਵਾਂ 'ਦਿੱਲੀ' ਦੇ ਕਿੰਗਰੇ" ਤਾਂ ਇਹ ਐਲਾਨ ਦਿੱਲੀ ਵਿੱਚ ਵੱਸਦੇ ਲੋਕਾਂ ਦੇ ਘਰਾਂ ਦੇ ਕਿੰਗਰੇ ਤੋੜਨ ਦਾ ਨਹੀਂ, ਉਸ 'ਦਿੱਲੀ' ਦੇ ਵੱਲ ਸੇਧਤ ਸੀ, ਜਿਹੜੀ ਓਦੋਂ ਵੀ ਲੋਕ ਮਾਨਸਿਕਤਾ ਵਿੱਚ ਬੇਨਿਆਈਂ ਰਾਜ ਪ੍ਰਬੰਧ ਦੀ ਪ੍ਰਤੀਕ ਸੀ। ਉਹੋ ਜਿਹੀ ਬੇਨਿਆਈਂ ਹੀ ਹੁਣ 'ਦਿੱਲੀ' ਨੂੰ ਫਿਰ ਅਲੋਕਾਰ ਮੋੜ ਉੱਤੇ ਲੈ ਆਈ ਹੈ।
ਜਿਹੜੀ ਲੋਕ ਮਾਨਸਿਕਤਾ ਕਿਸੇ ਰਾਲੇਗਣ ਵਾਲੇ ਅੰਨਾ ਬਾਬਾ ਵੱਲੋਂ ਇੱਕੋ ਲਲਕਾਰ ਉੱਤੇ ਮੈਦਾਨ ਵਿੱਚ ਆਈ ਫਿਰਦੀ ਸੀ ਤੇ ਬਾਬਾ ਅੰਨਾ ਦੇ ਆਰਾਮ ਫੁਰਮਾਉਣ ਕਾਰਨ 'ਆਵ ਕੀ ਅਉਧ' ਵਾਲੀ ਕਿਸੇ ਅਗਲੀ ਘੜੀ ਤੱਕ ਲਈ ਰੋਟੀ ਦੇ ਜੁਗਾੜ ਵਿੱਚ ਜਾ ਰੁੱਝੀ ਸੀ, ਉਹ ਹੁਣ ਕਨ੍ਹਈਆ ਦੀ ਕੂਕ ਨਾਲ ਫਿਰ ਜਾਗ ਪਈ ਹੈ। ਜੇਲ੍ਹ ਤੋਂ ਮੁੜਨ ਪਿੱਛੋਂ ਕਨ੍ਹਈਆ ਬੋਲਦਾ ਹੈ, ਸਾਰਾ ਦੇਸ਼ ਸੁਣਦਾ ਹੈ। ਬੁੱਧਵਾਰ ਦੇ ਦਿਨ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ। ਵੀਰਵਾਰ ਸਵੇਰ ਤੱਕ ਓਸੇ ਦੀ ਚਰਚਾ ਹੁੰਦੀ ਰਹੀ। ਅਗਲੇ ਦਿਨ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੀ। ਬਹੁਤ ਜ਼ੋਰਦਾਰ ਭਾਸ਼ਣ ਸੀ ਤੇ ਸਾਰੇ ਮੀਡੀਆ ਚੈਨਲਾਂ ਉੱਤੇ ਛਾ ਗਿਆ ਸੀ, ਪਰ ਰਾਹੁਲ ਨਾਲੋਂ ਵੱਧ ਜ਼ੋਰਦਾਰ ਹੁੰਦਿਆਂ ਵੀ ਸਿਰਫ ਚਾਰ ਘੰਟੇ ਮੀਡੀਏ ਦੀ ਪਹਿਲੀ ਖਬਰ ਬਣ ਸਕਿਆ। ਸ਼ਾਮ ਪੈਣ ਤੱਕ ਉਹ ਦੂਸਰੇ ਨੰਬਰ ਉੱਤੇ ਖਿਸਕ ਗਿਆ ਤੇ ਹਰ ਚੈਨਲ ਲਈ ਪਹਿਲੀ ਖਬਰ ਕਨ੍ਹਈਆ ਦੀ ਰਿਹਾਈ, ਕਨ੍ਹਈਆ ਦੀ ਯੂਨੀਵਰਸਿਟੀ ਤੱਕ ਪਹੁੰਚ ਤੇ ਕਨ੍ਹਈਆ ਦਾ ਵਿਦਿਆਰਥੀਆਂ ਦੀ ਸਵਾਗਤੀ ਰੈਲੀ ਵਿੱਚ ਦਿੱਤਾ ਗਿਆ ਭਾਸ਼ਣ ਬਣ ਚੁੱਕਾ ਸੀ। ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਉਸ ਦਾ ਦੁਨੀਆ ਵਿੱਚ ਡੰਕਾ ਵੱਜਦਾ ਹੈ, ਸਿਰਫ ਉਨੱਤੀ ਸਾਲਾਂ ਦੇ ਮੁੰਡੇ ਦੀ ਮਹਿਮਾ ਸਾਹਮਣੇ ਉਸ ਦੇ ਚਾਰ ਘੰਟੇ ਪਹਿਲਾਂ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਦੀ ਭਾਫ ਉੱਡਦੀ ਸਾਫ ਦਿਖਾਈ ਦੇਂਦੀ ਸੀ। ਮੀਡੀਆ ਆਪਣੇ ਆਪ ਹੀ ਮੋਦੀ ਨਾਲੋਂ ਇਸ ਮੁੰਡੇ ਨੂੰ ਪਹਿਲ ਨਹੀਂ ਸੀ ਦੇ ਰਿਹਾ, ਇਹ ਹਾਲਾਤ ਦੀ ਹਕੀਕਤ ਦਾ ਹਲੂਣਾ ਸੀ।
ਹਾਲੇ ਦੋ ਸਾਲ ਪੂਰੇ ਨਹੀਂ ਹੋਏ, ਜਦੋਂ ਮੋਦੀ ਬੋਲਦਾ ਸੀ, ਮੁਲਕ ਖੜੋ ਕੇ ਸੁਣਦਾ ਸੀ। ਹੁਣ ਕਨ੍ਹਈਆ ਬੋਲਦਾ ਹੈ, ਲੋਕ ਉਸ ਨੂੰ ਸੁਣਦੇ ਹਨ। ਓਦੋਂ ਮੋਦੀ ਇਹ ਕਹਿ ਕੇ ਮੌਕੇ ਦੀ ਬਦਨਾਮ ਸਰਕਾਰ ਵਿਰੁੱਧ ਆਮ ਲੋਕਾਂ ਦੀ ਨਬਜ਼ ਉੱਤੇ ਹੱਥ ਰੱਖਦਾ ਸੀ ਕਿ 'ਅੱਛੇ ਦਿਨ ਆਨੇ ਵਾਲੇ ਹੈਂ'। ਹੁਣ ਕਨ੍ਹਈਆ ਇਹ ਦੱਸਦਾ ਹੈ ਕਿ 'ਟੇਸ਼ਨ' ਕੋਲ ਜਾਦੂਗਰ ਜਦੋਂ ਭੀੜ ਅੱਗੇ ਜਾਦੂ ਪੇਸ਼ ਕਰਦਾ ਹੈ ਤਾਂ ਵਿਖਾਉਂਦਾ ਜਾਦੂ ਹੈ, ਪਰ ਅਸਲ ਵਿੱਚ ਜਾਦੂ ਵਿਖਾਉਣ ਦੇ ਬਹਾਨੇ ਇਹੋ ਜਿਹੀ ਅੰਗੂਠੀ ਵੇਚਦਾ ਹੈ, ਜਿਸ ਬਾਰੇ ਦਾਅਵਾ ਕਰਦਾ ਹੈ ਕਿ ਇਹ ਲੋਕਾਂ ਦੀ ਗਰੀਬੀ ਤੇ ਹਰ ਰੋਗ ਦਾ ਇਲਾਜ ਸਿੱਧ ਹੋਵੇਗੀ। ਕਨ੍ਹਈਆ ਕਹਿੰਦਾ ਹੈ ਕਿ ਜਿਨ੍ਹਾਂ ਨੇ ਜਾਦੂ ਵਿਖਾਉਣ ਬਹਾਨੇ ਜਾਦੂ ਦੀ ਅੰਗੂਠੀ ਵੇਚਣ ਦਾ ਧੋਖਾ ਕੀਤਾ ਸੀ, ਉਸ ਅੰਗੂਠੀ ਦੇ ਬੇਅਸਰ ਹੋਣ ਬਾਰੇ ਲੋਕਾਂ ਵੱਲੋਂ ਕਿੰਤੂ ਕਰਨ ਤੋਂ ਪਹਿਲਾਂ ਅਗਲਾ ਪਾਪ ਕਰਨ ਵੱਲ ਤੁਰ ਪਏ ਹਨ। ਇਹ ਅਗਲਾ ਪਾਪ ਨਰਿੰਦਰ ਮੋਦੀ ਨਾਂਅ ਦਾ ਕੋਈ ਬੰਦਾ ਨਹੀਂ ਕਰ ਰਿਹਾ, ਉਸ ਨੂੰ ਅੱਗੇ ਲਾ ਕੇ ਉਹ ਹੀ 'ਦਿੱਲੀ' ਕਰਨ ਲੱਗੀ ਹੋਈ ਹੈ, ਜਿਹੜੀ ਸਦੀਆਂ ਤੋਂ ਏਦਾਂ ਕਰਦੀ ਰਹੀ ਹੈ। ਉਸ 'ਦਿੱਲੀ' ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਤਿਹਾਸ ਯਾਦ ਨਹੀਂ ਰੱਖਦੀ, ਉਹ ਇਤਿਹਾਸ, ਜਿਹੜਾ ਦੱਸਦਾ ਹੈ ਕਿ ਜੇ 'ਦਿੱਲੀ' ਕਦੀ ਦਿਆਲਿਆਂ ਨੂੰ ਦੇਗ ਵਿੱਚ ਉਬਾਲਣ ਤੇ ਦੁੱਲਿਆਂ ਨੂੰ ਮਾਰ ਕੇ ਦਫਨਾਉਣ ਤੋਂ ਨਹੀਂ ਹਟਦੀ ਤਾਂ ਦੁੱਲੇ ਜੰਮਣੇ ਵੀ ਬੰਦ ਨਹੀਂ ਕਰਵਾ ਸਕੀ। ਲੱਗਦਾ ਹੈ ਕਿ ਇੱਕ ਹੋਰ ਦੁੱਲਾ ਸਿਰ ਚੁੱਕ ਰਿਹਾ ਹੈ। ਇਹ ਦੁੱਲਾ ਇਤਿਹਾਸ ਦੇ ਹੋਰ ਦੁੱਲਿਆਂ ਤੋਂ ਇਸ ਗੱਲੋਂ ਵੱਖਰਾ ਹੈ ਕਿ ਇਹ ਤੇਗ ਦਾ ਧਨੀ ਨਹੀਂ, ਸਿਰ ਨਾਲ ਸੋਚਣ ਵਾਲਾ ਦੁੱਲਾ ਹੈ ਤੇ 'ਦਿੱਲੀ' ਦੇ ਦੁਖਾਏ ਹੋਏ ਲੋਕਾਂ ਦੇ ਦਿਲ ਨੂੰ ਧੂੰਹਦਾ ਹੈ। ਇਸ ਦੁੱਲੇ ਦੀ ਚੁਣੌਤੀ ਦਿੱਲੀ ਦੇ ਸ਼ਹਿਰ ਨੂੰ ਨਹੀਂ, ਇਹ ਚੁਣੌਤੀ ਇਸ ਦੇਸ਼ ਨੂੰ ਵੀ ਨਹੀਂ, ਸਗੋਂ ਚੁਣੌਤੀ ਦਿੱਲੀ ਦੀ ਉਸ ਦਿੱਖ ਨੂੰ ਹੈ, ਜਿਹੜੀ ਸੱਤਾ ਦੇ ਘੁਮੰਡ ਵਿੱਚ ਭਾਰਤ ਦੇਸ ਦੀਆਂ ਸਰਕਾਰਾਂ ਨੇ ਸਦੀਆਂ ਤੋਂ ਬਣਾਈ ਪਈ ਹੈ। ਭਾਰਤ ਹੁਣ ਇਤਿਹਾਸ ਦਾ ਕੋਈ ਅਹਿਮ ਪੰਨਾ ਪਲਟਣ ਵੱਲ ਵਧਦਾ ਵੀ ਸਾਬਤ ਹੋ ਸਕਦਾ ਹੈ।
06 March 2016
ਦੇਸ਼ ਵਿੱਚ ਪੈ ਰਹੇ ਧਮੱਚੜ ਦੇ ਹੁੰਦਿਆਂ ਖੱਬੇ ਪੱਖੀਆਂ ਲਈ ਨਵੇਂ ਸਿਰਿਓਂ ਸੋਚਣ ਦਾ ਮੌਕਾ - ਜਤਿੰਦਰ ਪਨੂੰ
ਤੁਸੀਂ ਕਿਸੇ ਦਾ ਵੀ ਨੁਕਸ ਕੱਢਣ ਲਈ ਆਜ਼ਾਦ ਹੁੰਦੇ ਹੋ, ਪਰ ਜਿਨ੍ਹਾਂ ਨਾਲ ਕੋਈ ਚਿਰਾਂ ਤੱਕ ਦੀ ਸਾਂਝ ਹੋਵੇ, ਉਨ੍ਹਾਂ ਬਾਰੇ ਮਾਮੂਲੀ ਜਿਹੀ ਗੱਲ ਵੀ ਸੌ ਵਾਰੀ ਸੋਚ ਕੇ ਕਰਨੀ ਪੈਂਦੀ ਹੈ। ਇਹ ਧਰਮ ਸੰਕਟ ਮੇਰੇ ਪੱਲੇ ਵੀ ਹੈ। ਸਿਹਤ ਵਿਗੜ ਜਾਣ ਤੋਂ ਪਹਿਲਾਂ ਜਦੋਂ 'ਛੀਉੜੰਬਾ' ਦਾ ਕਾਲਮ ਲਿਖਦਾ ਹੁੰਦਾ ਸਾਂ ਤਾਂ ਕਦੇ-ਕਦੇ ਕਮਿਊਨਿਸਟਾਂ ਬਾਰੇ 'ਮਿੱਠੀ ਮਸ਼ਕਰੀ' ਭਾਵੇਂ ਕਰ ਜਾਂਦਾ ਹੁੰਦਾ ਸਾਂ, ਉਂਜ ਮੈਂ ਕਮਿਊਨਿਸਟਾਂ ਦੇ ਖਿਲਾਫ ਕਦੇ ਇਸ ਵਾਸਤੇ ਨਹੀਂ ਸੀ ਲਿਖਿਆ ਕਿ ਇਨ੍ਹਾਂ ਦਾ ਰਾਹ ਕਿਸੇ ਵਕਤ ਥਿੜਕਣ ਵਾਲਾ ਹੋ ਸਕਦਾ ਹੈ, ਲੀਡਰਾਂ ਦੇ ਨੁਕਸ ਕੱਢੇ ਜਾ ਸਕਦੇ ਹਨ, ਪਰ ਜਿਸ ਸੋਚ ਲਈ ਪ੍ਰਣਾਏ ਹਨ, ਉਸ ਦਾ ਬੁਨਿਆਦੀ ਸਿਧਾਂਤ ਮਨੁੱਖਵਾਦੀ ਹੈ ਤੇ ਉਸ ਵਿੱਚ ਨੁਕਸ ਨਹੀਂ। ਥਿੜਕਣ ਦੇ ਬਾਵਜੂਦ ਉਹ ਇੱਕੋ-ਇੱਕ ਰਾਹ ਏਦਾਂ ਦਾ ਜਾਪਦਾ ਸੀ, ਤੇ ਹੁਣ ਵੀ ਜਾਪਦਾ ਹੈ, ਜਿਹੜਾ ਲੁੱਟ ਤੋਂ ਰਹਿਤ ਸਰਬ ਸਾਂਝਾ ਸਮਾਜ ਸਿਰਜਣ ਦਾ ਸੰਕਲਪ ਲੈ ਕੇ ਚੱਲਦਾ ਹੈ। ਅਧਿਆਤਮਵਾਦੀ ਵਿਚਾਰਕਾਂ ਅਤੇ ਗੁਰੂ ਸਾਹਿਬਾਨ ਨੇ ਵੀ 'ਸਭੇ ਸਾਝੀਵਾਲ ਸਦਾਇਨਿ' ਦੇ ਸੰਦੇਸ਼ ਵਿੱਚ ਏਸੇ ਸਰਬ ਸਾਂਝੇ ਸਮਾਜ ਦਾ ਸੰਕਲਪ ਪੇਸ਼ ਕੀਤਾ ਸੀ। ਖੱਬੇ ਪੱਖੀ ਰਾਜਨੀਤੀ ਧਰਮ ਤੋਂ ਫਾਸਲਾ ਪਾ ਕੇ ਚੱਲਦੀ ਹੈ, ਪਰ ਸੁਫਨਾ ਸਾਂਝੀਵਾਲਤਾ ਹੀ ਹੈ। ਇਸ ਲਈ ਮੂਲ ਰੂਪ ਵਿੱਚ ਮਨੁੱਖਵਾਦੀ ਹਨ।
ਇਸ ਵਾਰੀ ਲਿਖਣ ਲਈ ਜਦੋਂ ਕਲਮ ਚੁੱਕੀ ਤਾਂ ਬਹੁਤ ਵਾਰੀ ਇਹ ਸੋਚਿਆ ਕਿ ਖੱਬੇ ਪੱਖੀਆਂ ਨੂੰ ਲਿਖਤ ਦੀ ਭਾਵਨਾ ਸਮਝ ਆਉਣੀ ਚਾਹੀਦੀ ਹੈ, ਆਪਣੇ ਪਿਛੋਕੜ ਉੱਤੇ ਝਾਤ ਮਾਰਨ ਦਾ ਚੇਤਾ ਆਉਣਾ ਚਾਹੀਦਾ ਹੈ, ਤੇ ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਇਹ ਲਿਖਤ ਇਸ ਵਕਤ ਦਿੱਲੀ ਵਿੱਚ ਪੈ ਰਹੇ ਉਸ ਧਮੱਚੜ ਦੇ ਕਾਰਨ ਲਿਖਣੀ ਪੈ ਰਹੀ ਹੈ, ਜਿਸ ਦਾ ਨਿਸ਼ਾਨਾ ਖੱਬੇ ਪੱਖੀਏ ਹਨ।
ਭਾਰਤ ਦੀ ਪਾਰਲੀਮੈਂਟ ਵਿੱਚ ਹਾਕਮ ਧਿਰ ਇਹ ਕਹਿਣ ਲੱਗ ਗਈ ਹੈ ਕਿ ਖੱਬੇ ਪੱਖ ਇਸ ਦੇਸ਼ ਦੀ ਤਰੱਕੀ ਦਾ ਰਾਹ ਰੋਕਣ ਵਾਲੇ 'ਪ੍ਰੇਤ' ਹਨ। ਇਹ ਦਿਨ ਵੀ ਆਉਣੇ ਸਨ! ਜਿਸ ਦੇਸ਼ ਲਈ ਕਿਸੇ ਵੀ ਹੋਰ ਤੋਂ ਅੱਗੇ ਖੜੇ ਹੋ ਕੇ ਖੱਬੇ ਪੱਖੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਸ ਦੇਸ਼ ਵਿੱਚ ਇਹ ਦਿਨ ਆਉਣੇ ਸਨ ਕਿ ਖੱਬੇ ਪੱਖੀਆਂ ਲਈ ਪ੍ਰੇਤ ਸ਼ਬਦ ਵਰਤਿਆ ਜਾਵੇ। ਕਹਿਣ ਵਾਲੇ ਆਗੂ 'ਸਾਮ, ਦਾਮ, ਦੰਡ, ਭੇਦ' ਹਰ ਗੱਲ ਦਾ ਸਹਾਰਾ ਲੈਂਦੇ ਹਨ। ਫਿਰਕੂ ਸੋਚ ਅਧੀਨ ਘੜੀਆਂ ਗਈਆਂ ਘਾੜਤਾਂ ਏਨੀਆਂ ਜ਼ੋਰਦਾਰ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ ਕਿ ਸਾਡੇ ਵਰਗੇ ਲੋਕਾਂ ਨੂੰ ਵੀ ਵਕਤੀ ਤੌਰ ਉੱਤੇ ਉਹ ਸੱਚ ਜਾਪਣ ਲੱਗਦੀਆਂ ਹਨ। ਕਨ੍ਹਈਆ ਕੁਮਾਰ ਹੋਵੇ ਜਾਂ ਉਮਰ ਖਾਲਿਦ, ਜਾਂ ਫਿਰ ਰੋਹਿਤ ਵੇਮੁਲਾ, ਇਨ੍ਹਾਂ ਸਭਨਾਂ ਨੂੰ ਇਸ ਤਰ੍ਹਾਂ ਦੇਸ਼ ਧਰੋਹੀ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਹੈ ਕਿ ਬਚਪਨ ਵਿੱਚ ਸੁਣੀ ਮੇਮਣਾ ਲਈ ਜਾਂਦੇ ਬੱਚੇ ਵਾਲੀ ਕਹਾਣੀ ਯਾਦ ਆਉਂਦੀ ਹੈ, ਜਿਸ ਨੂੰ ਚਾਰ ਜਣਿਆਂ ਨੇ ਵਾਰੀ-ਵਾਰੀ ਇਹੋ ਕਿਹਾ ਕਿ ਉਸ ਕੋਲ ਮੇਮਣਾ ਨਹੀਂ, ਕੁੱਤਾ ਹੈ, ਤੇ ਉਹ ਮੇਮਣੇ ਨੂੰ ਕੁੱਤਾ ਸਮਝ ਕੇ ਸੁੱਟ ਗਿਆ ਸੀ। ਅਸੀਂ ਕਈ ਵਾਰੀ ਇਸ ਤਰ੍ਹਾਂ ਦੀ ਚੁਸਤ ਚਾਲ ਤੋਂ ਭੁਲੇਖਾ ਖਾਧਾ ਹੈ, ਸ਼ਾਇਦ ਅੱਗੋਂ ਵੀ ਖਾ ਸਕਦੇ ਹਾਂ, ਕਿਉਂਕਿ ਜਿਹੜੇ ਰਾਹ-ਦਿਖਾਵੇ ਬਣ ਸਕਦੇ ਹਨ, ਉਹ ਦਬਾਅ ਹੇਠ ਵੀ ਹਨ ਤੇ ਆਪੋ ਵਿੱਚ ਵੰਡੇ ਹੋਏ ਹੋਣ ਕਾਰਨ ਗੋਇਬਲਜ਼ ਨਾਲੋਂ ਵੱਧ ਬੋਲੇ ਜਾਂਦੇ ਝੂਠ ਦਾ ਇੱਕ-ਸੁਰ ਹੋ ਕੇ ਮੁਕਾਬਲਾ ਕਰਨ ਦੀ ਸਮਰੱਥਾ ਵੀ ਅਜੇ ਤੱਕ ਪੈਦਾ ਨਹੀਂ ਕਰ ਸਕੇ।
ਕਦੇ ਖੱਬੇ ਪੱਖੀ ਇਸ ਦੇਸ਼ ਵਿੱਚ ਇੱਕ ਵੱਡੀ ਸਿਆਸੀ ਤਾਕਤ ਹੁੰਦੇ ਸਨ। ਫਿਰ ਇਹ ਪੱਛੜ ਗਏ। ਆਖਰ ਨੂੰ ਇਹ ਦਿਨ ਆ ਗਏ, ਜਦੋਂ ਪਾਰਲੀਮੈਂਟ ਵਿੱਚ ਹਾਕਮ ਧਿਰ ਉਨ੍ਹਾਂ ਨੂੰ ਪ੍ਰੇਤ ਕਹਿਣ ਤੱਕ ਪਹੁੰਚ ਗਈ, ਪਰ ਇਹੋ ਜਿਹੇ ਦਿਨ ਆਉਣ ਵਿੱਚ ਕਿਸੇ ਵੀ ਹੋਰ ਤੋਂ ਵੱਧ ਯੋਗਦਾਨ ਖੱਬੇ ਪੱਖੀਆਂ ਦਾ ਆਪਣਾ ਹੈ। ਮਾਮੂਲੀ ਗੱਲਾਂ ਤੋਂ ਫੁੱਟ ਪੈ ਗਈ ਤਾਂ ਖੱਬੇ-ਪੱਖੀਏ ਆਪੋ ਵਿੱਚ ਇੱਕ ਦੂਜੇ ਨੂੰ 'ਖੱਬੂ' ਅਤੇ 'ਸੱਜੂ' ਕਹਿ ਕੇ ਪੁਕਾਰਨ ਲੱਗ ਪਏ। ਇੱਕ ਵਾਰ ਇਹ ਖੇਡ ਸ਼ੁਰੂ ਹੋਈ ਤਾਂ 'ਸੋਧਵਾਦੀਏ' ਅਤੇ 'ਨਵ-ਸੋਧਵਾਦੀਏ' ਸਮੇਤ ਬਹੁਤ ਸਾਰੇ ਸ਼ਬਦ ਇਨ੍ਹਾਂ ਖੱਬੇ ਪੱਖੀਆਂ ਨੇ ਪੰਜਾਬੀ ਭਾਸ਼ਾ ਨੂੰ 'ਅਮੀਰ' ਕਰਨ ਲਈ ਦੇ ਦਿੱਤੇ। ਸਾਂਝੇ ਦੁਸ਼ਮਣ ਸਰਮਾਏਦਾਰ ਨਾਲ ਲੜਨ ਦੀ ਥਾਂ ਆਪੋ ਵਿੱਚ ਇਸ ਤਰ੍ਹਾਂ ਦਾ ਆਢਾ ਲਾ ਲਿਆ ਕਿ ਕਈ ਸਾਲਾਂ ਤੱਕ ਇੱਕ ਦੂਸਰੇ ਦੇ ਨਾਂਅ ਨਾਲ 'ਕਾਮਰੇਡ' ਲਿਖਣ ਦੀ ਥਾਂ ਉਚੇਚ ਨਾਲ 'ਸ੍ਰੀ' ਲਿਖਿਆ ਜਾਂਦਾ ਰਿਹਾ ਸੀ। ਹੁਣ 'ਭੱਜੀਆਂ ਬਾਹੀਂ' ਗਲ਼ ਨੂੰ ਆ ਰਹੀਆਂ ਹਨ। ਅਸੀਂ ਸ਼ੁਕਰ ਕਰ ਸਕਦੇ ਹਾਂ ਕਿ ਖੱਬੇ ਪੱਖੀਆਂ ਦੀਆਂ 'ਭੱਜੀਆਂ ਬਾਹੀਂ' ਗਲ਼ ਨੂੰ ਆਉਣ ਲੱਗੀਆਂ ਹਨ, ਪਰ ਇਹ ਬਾਂਹਾਂ ਏਨੀ ਬੁਰੀ ਤਰ੍ਹਾਂ ਭੰਨਣ ਅਤੇ ਭੰਨਵਾਉਣ ਦੀ ਕੀ ਲੋੜ ਸੀ? ਮੁੜ ਕੇ ਮਿਲਣ ਵਿੱਚ ਵੀ ਬਹੁਤ ਦੇਰ ਕਰ ਦਿੱਤੀ ਗਈ ਹੈ।
ਇੱਕ ਗੱਲ ਮਸ਼ਹੂਰ ਹੈ ਕਿ ਪਿੱਛਲ ਝਾਤ ਮਾਰਨ ਵਿੱਚ ਕਿਸੇ ਵੀ ਹੋਰ ਨਾਲੋਂ ਕਮਿਊਨਿਸਟ ਵੱਧ ਸਿਆਣੇ ਹੁੰਦੇ ਹਨ, ਪਰ ਇਸ ਕੰਮ ਵਿੱਚ ਵੀ ਆਪਣੀ ਗਲਤੀ ਨਹੀਂ ਮੰਨਣੀ ਹੁੰਦੀ, ਦੂਸਰੇ ਦੀ ਕੱਢੀ ਜਾਂਦੀ ਹੈ। ਜਦੋਂ ਇਮਾਨਦਾਰੀ ਨਾਲ ਇਹ ਵੇਖਣਾ ਹੋਵੇ ਕਿ ਅੱਜ ਵਾਲੇ ਹਾਲਾਤ ਨੂੰ ਕਮਿਊਨਿਸਟ ਕਿਉਂ ਪਹੁੰਚ ਗਏ ਤਾਂ ਫਿਰ ਪਿਛਲੇ ਜਲੌਅ ਵਾਲੇ ਦਿਨਾਂ ਦਾ ਲੇਖਾ-ਜੋਖਾ ਕਰਨ ਲਈ ਅੰਤਰਮੁਖੀ ਹੋਣ ਦੀ ਥਾਂ ਅੰਕੜਿਆਂ ਦੀ ਮਦਦ ਲੈਣੀ ਚਾਹੀਦੀ ਹੈ।
ਸਾਡੇ ਕੋਲ ਜਿਹੜੇ ਅੰਕੜੇ ਹਨ, ਅਤੇ ਜਿਹੜੇ ਝੁਠਲਾਏ ਨਹੀਂ ਜਾ ਸਕਦੇ, ਉਹ ਇਹ ਕਹਿੰਦੇ ਹਨ ਕਿ ਆਪਸ ਵਿੱਚ ਪਾਟ ਜਾਣ ਪਿੱਛੋਂ ਖੱਬੇ ਪੱਖੀਆਂ ਦਾ ਸਾਰਾ ਜ਼ੋਰ ਆਪੋ ਵਿੱਚ ਇੱਕ-ਦੂਸਰੇ ਦਾ ਰਾਹ ਰੋਕਣ ਉੱਤੇ ਲੱਗਣਾ ਸ਼ੁਰੂ ਹੋ ਗਿਆ ਸੀ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ ਕੁਝ ਇੱਕ ਦੀ ਚਰਚਾ ਕਰਨ ਲਈ ਇਹ ਛੋਟਾ ਜਿਹਾ ਬੰਦਾ ਆਗਿਆ ਚਾਹੇਗਾ। ਆਜ਼ਾਦੀ ਮਿਲਣ ਮਗਰੋਂ ਨਿਜ਼ਾਮ ਹੈਦਰਾਬਾਦ ਦੇ ਖਿਲਾਫ ਸਭ ਤੋਂ ਸਖਤ ਅਤੇ ਕੁਰਬਾਨੀਆਂ ਭਰੀ ਲੜਾਈ ਕਮਿਊਨਿਸਟਾਂ ਨੇ ਲੜੀ ਅਤੇ ਤੇਲੰਗਾਨਾ ਦੇ ਸੰਘਰਸ਼ ਪਿੱਛੋਂ ਆਂਧਰਾ ਪ੍ਰਦੇਸ਼ ਵਿੱਚ ਬਹੁਤ ਤਕੜੀ ਰਾਜਸੀ ਤਾਕਤ ਬਣ ਕੇ ਉੱਭਰੇ ਸਨ। ਜਦੋਂ ਪਾਟਕ ਪੈ ਗਿਆ ਤਾਂ ਦੋਵਾਂ ਦਾ ਆਪਸੀ ਆਢਾ ਦੁਸ਼ਮਣੀ ਦੀ ਹੱਦ ਤੱਕ ਪਹੁੰਚ ਗਿਆ। ਸਾਲ 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਓਥੇ ਸਾਂਝੀ ਪਾਰਟੀ ਦੀਆਂ ਇਕਵੰਜਾ ਸੀਟਾਂ ਅਤੇ 19.53 ਫੀਸਦੀ ਵੋਟਾਂ ਸਨ। ਪੰਜ ਸਾਲ ਬਾਅਦ ਦੋ ਥਾਂਈਂ ਪਾਟ ਗਏ ਹੋਣ ਕਰ ਕੇ ਇੱਕ ਧਿਰ ਦੀਆਂ ਮਸਾਂ ਗਿਆਰਾਂ ਸੀਟਾਂ ਤੇ 7.78 ਫੀਸਦੀ ਵੋਟਾਂ ਸਨ ਤੇ ਦੂਸਰੀ ਦੀਆਂ ਨੌਂ ਸੀਟਾਂ ਅਤੇ 7.61 ਫੀਸਦੀ ਵੋਟਾਂ ਰਹਿ ਗਈਆਂ ਸਨ। ਸੀਟਾਂ ਦੀ ਗੱਲ ਛੱਡ ਕੇ ਸਿਰਫ ਵੋਟਾਂ ਵੇਖੀਏ ਤਾਂ ਦੋਵਾਂ ਦੀਆਂ 19.53 ਫੀਸਦੀ ਤੋਂ 15.39 ਹੋ ਗਈਆਂ, ਪਰ ਇੱਕ ਪਾਰਟੀ ਇਸ ਗੱਲ ਦੀ ਹਿੱਕ ਥਾਪੜਦੀ ਰਹੀ ਕਿ ਸਾਡੀਆਂ 0.17 ਫੀਸਦੀ ਵੋਟਾਂ 'ਵੱਧ' ਹਨ ਤੇ ਅਸੀਂ ਵੱਡੇ ਹਾਂ, ਪਰ ਦੂਸਰੀ ਇਹ ਕਹਿੰਦੀ ਰਹੀ ਕਿ 'ਸਿਰਫ' 0.17 ਫੀਸਦੀ ਹੀ ਵੱਧ ਹਨ, ਸਾਥੋਂ ਬਹੁਤੇ ਅੱਗੇ ਨਹੀਂ ਜਾ ਸਕੇ। ਇਸ ਤੋਂ ਵੀ ਭੈੜੀ ਗੱਲ ਅਗਲੀ ਹੈ ਤੇ ਉਹ ਇਹ ਕਿ ਪੰਜ ਸਾਲ ਪਹਿਲਾਂ ਇਕਵੰਜਾ ਸੀਟਾਂ ਜਿੱਤਣ ਵਾਲੇ ਖੱਬੇ ਪੱਖੀਆਂ ਨੇ ਬਵੰਜਾ ਸੀਟਾਂ ਉੱਤੇ ਇੱਕ ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਕੇ ਸਾਰੀ ਤਾਕਤ ਝੋਕ ਰੱਖੀ ਸੀ। ਓਦੋਂ ਆਪੋ ਵਿੱਚ ਭੇੜ ਭਿੜਨ ਵਾਲੇ ਖੱਬੇ ਪੱਖੀਏ ਉਸ ਤੋਂ ਬਾਅਦ ਕਮਜ਼ੋਰ ਪੈਂਦੇ ਗਏ ਤੇ ਅੱਜ ਇਹ ਹਾਲਤ ਹੈ ਕਿ ਉਸ ਰਾਜ ਅੰਦਰ ਆਪਣੇ ਸਿਰ ਕੋਈ ਸੀਟ ਜਿੱਤ ਸਕਣ ਦੀ ਸਮਰੱਥਾ ਦਾ ਦਾਅਵਾ ਕਰਨ ਲਈ ਦੋਵਾਂ ਨੂੰ ਸੌ ਵਾਰੀ ਸੋਚਣਾ ਪੈ ਜਾਂਦਾ ਹੈ।
ਦੂਸਰੀ ਮਿਸਾਲ ਉਸ ਕੇਰਲਾ ਦੀ ਹੈ, ਜਿੱਥੇ ਭਾਰਤ ਵਿੱਚ ਪਹਿਲੀ ਵਾਰੀ ਰਾਜ ਸਰਕਾਰ ਕਮਿਊਨਿਸਟਾਂ ਕੋਲ ਆਈ ਸੀ। ਓਥੇ 1960 ਵਿੱਚ ਚੋਣਾਂ ਹੋਈਆਂ ਤਾਂ ਸਾਂਝੀ ਲਹਿਰ ਦੀਆਂ 39.14 ਫੀਸਦੀ ਵੋਟਾਂ ਸਨ, ਪਰ ਜਦੋਂ ਪੰਜ ਸਾਲ ਬਾਅਦ ਦੁਫਾੜ ਹੋਣ ਪਿੱਛੋਂ ਚੋਣ ਲੜੀ, ਇੱਕ ਧਿਰ ਦੀਆਂ ਮਸਾਂ 19.87 ਫੀਸਦੀ ਤੇ ਦੂਸਰੀ ਧਿਰ ਦੀਆਂ 8.30 ਫੀਸਦੀ ਰਹਿ ਜਾਣ ਕਾਰਨ ਕੁੱਲ 28.17 ਫੀਸਦੀ ਹੋ ਗਈਆਂ ਸਨ। ਕਮਾਲ ਦੀ ਗੱਲ ਇਹ ਕਿ ਏਥੇ ਵੀ ਦੋਵਾਂ ਧਿਰਾਂ ਨੇ ਵਿਧਾਨ ਸਭਾ ਦੀਆਂ 133 ਵਿੱਚੋਂ 45 ਸੀਟਾਂ ਉੱਤੇ ਇੱਕ-ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਦਿੱਤੇ ਸਨ। ਇਸ ਦਾ ਚੰਗਾ ਸਿੱਟਾ ਕਦੇ ਹੋਣਾ ਵੀ ਨਹੀਂ ਸੀ ਤੇ ਹੋਇਆ ਵੀ ਨਹੀਂ ਸੀ। ਇਹ ਖੱਜਲ-ਖੁਆਰੀ ਦੀ ਸ਼ੁਰੂਆਤ ਸੀ। ਏਸੇ ਤਰ੍ਹਾਂ ਬਿਹਾਰ ਵਿੱਚ ਪਾਟਕ ਦੇ ਬਾਅਦ ਹੋਈਆਂ ਅਸੈਂਬਲੀ ਚੋਣਾਂ ਵਿੱਚ ਤੇਰਾਂ ਸੀਟਾਂ ਉੱਤੇ ਆਪਸੀ ਮੁਕਾਬਲਾ ਹੋ ਜਾਣ ਨਾਲ ਬਿਕਰਮਗੰਜ ਵਿੱਚ ਕਾਂਗਰਸੀ ਉਮੀਦਵਾਰ 11870 ਵੋਟਾਂ ਲੈ ਕੇ ਜਿੱਤ ਗਿਆ ਸੀ, ਜਦ ਕਿ ਇੱਕ ਖੱਬੇ ਪੱਖੀ ਧਿਰ ਦੇ ਉਮੀਦਵਾਰ ਦੀਆਂ 11415 ਵੋਟਾਂ ਸਨ ਅਤੇ ਉਹ ਸਿਰਫ 455 ਵੋਟਾਂ ਨਾਲ ਇਸ ਕਰ ਕੇ ਹਾਰ ਗਿਆ ਸੀ ਕਿ ਦੂਸਰੇ ਖੱਬੇ ਪੱਖੀ ਉਮੀਦਵਾਰ ਨੇ ਉਸ ਹਲਕੇ ਵਿੱਚੋਂ 3913 ਵੋਟਾਂ ਖਿੱਚ ਕੇ ਖਰਾਬ ਕਰ ਦਿੱਤੀਆਂ ਸਨ।
ਸਾਡੇ ਪੰਜਾਬ ਵਿੱਚ ਵੀ ਕਈ ਵਾਰੀ ਇਹੋ ਕੁਝ ਹੋਇਆ। ਪਾਰਟੀ ਦਾ ਪਾਟਕ ਪੈਣ ਪਿੱਛੋਂ ਅਟਾਰੀ, ਨੰਗਲ ਤੇ ਭਦੌੜ ਦੇ ਤਿੰਨ ਚੋਣ ਹਲਕਿਆਂ ਵਿੱਚ ਇੱਕ-ਦੂਸਰੇ ਵਿਰੁੱਧ ਉਮੀਦਵਾਰ ਖੜੇ ਕਰ ਦਿੱਤੇ ਸਨ ਤੇ ਅਟਾਰੀ ਵਾਲੀ ਸੀਟ ਤੋਂ 15,844 ਵੋਟਾਂ ਵਾਲਾ ਕਾਂਗਰਸੀ ਉਮੀਦਵਾਰ ਸਿਰਫ ਇਨ੍ਹਾਂ ਦੇ ਪਾਟਕ ਨੇ ਜਿਤਾ ਦਿੱਤਾ ਸੀ। ਇੱਕ ਖੱਬੀ ਪਾਰਟੀ ਦੇ ਉਮੀਦਵਾਰ ਨੂੰ 11624 ਵੋਟਾਂ ਮਿਲੀਆਂ ਤੇ ਦੂਸਰੀ ਖੱਬੀ ਪਾਰਟੀ ਦਾ ਉਮੀਦਵਾਰ ਓਥੇ 7528 ਵੋਟਾਂ ਲੈ ਗਿਆ ਸੀ। ਇਹ ਵੋਟਾਂ ਓਥੇ ਖੱਬੇ ਪੱਖੀਆਂ ਨੇ ਇੱਕੋ ਥਾਂ ਪਾਈਆਂ ਹੁੰਦੀਆਂ ਤਾਂ ਨਤੀਜਾ ਹੋਰ ਹੋਣਾ ਸੀ। ਹਾਲੇ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਨੂਰਮਹਿਲ ਵਿੱਚ ਦੋ ਸਕੇ ਭਰਾਵਾਂ ਨੂੰ ਦੋ ਖੱਬੀਆਂ ਧਿਰਾਂ ਨੇ ਆਪੋ ਵਿੱਚ ਮੁਕਾਬਲੇ ਲਈ ਲਿਆ ਕੇ ਤਮਾਸ਼ਾ ਬਣਾ ਦਿੱਤਾ ਸੀ। ਦੋਵੇਂ ਭਰਾ ਨਾਮਣੇ ਵਾਲੇ ਮਰਹੂਮ ਆਗੂ ਦੇ ਪੁੱਤਰ ਸਨ, ਆਪਣੇ ਪਿਤਾ ਦੀ ਸ਼ਹੀਦੀ ਦਾ ਦੋਵਾਂ ਨੂੰ ਮਾਣ ਸੀ, ਪਰ ਚੋਣ ਵਿੱਚ ਇੱਕ ਦੂਸਰੇ ਦੇ ਮੋਢੇ ਲਾਉਣ ਲਈ ਸਾਰਾ ਜ਼ੋਰ ਲਾਈ ਗਏ ਸਨ।
ਹੁਣ ਇੱਕ ਵਕਤ ਹੈ, ਜਦੋਂ ਖੱਬੀ ਲਹਿਰ ਵਾਲਿਆਂ ਨੂੰ ਮੁੜ ਕੇ ਸੋਚਣਾ ਪਵੇਗਾ। ਸਰੀਰ ਅੰਦਰ ਜਾਨ ਨਾ ਹੋਵੇ ਤਾਂ ਖੋਖਲੇ ਕਲਬੂਤ ਤੋਂ ਇਨਕਲਾਬ ਦੇ ਨਾਅਰੇ ਲਾਉਣ ਵੇਲੇ ਬਾਂਹ ਨੂੰ ਅਕੜੱਲ ਪੈਣ ਦਾ ਡਰ ਹੁੰਦਾ ਹੈ। ਜਿਸਮ ਵਿੱਚ ਜਾਨ ਏਕੇ ਨਾਲ ਆਉਂਦੀ ਹੈ। ਪ੍ਰੋਫੈਸਰ ਮੋਹਣ ਸਿੰਘ ਨੇ ਲਿਖਿਆ ਸੀ; 'ਪਾਟੀ ਕਿਰਤ ਗੁਲਾਮੀ ਕਰਦੀ, ਜੁੜੀ ਜਿੱਤੇ ਬ੍ਰਹਿਮੰਡ ਓ ਯਾਰ'। ਇਹ ਸਿਧਾਂਤ ਸਿਰਫ ਕਿਰਤੀਆਂ ਲਈ ਨਹੀਂ, ਕਿਰਤ ਦੇ ਮੁੜ੍ਹਕੇ ਦਾ ਮੋਹ ਰੱਖਣ ਵਾਲਿਆਂ ਲਈ ਵੀ ਲਾਗੂ ਹੁੰਦਾ ਹੈ। ਅਸੀਂ ਇਹ ਲਿਖਤ ਲਿਖਣ ਦੀ ਗੁਸਤਾਖੀ ਸਿਰ ਨਾਲ ਸੋਚਣ ਵਾਲਿਆਂ ਲਈ ਕੀਤੀ ਹੈ, ਉਨ੍ਹਾਂ ਦੇ ਵਾਸਤੇ ਨਹੀਂ ਕੀਤੀ, ਜਿਹੜੇ ਚੌਥਾ ਪੈੱਗ ਲਾ ਕੇ ਅੱਧੀ ਰਾਤ ਇਨਕਲਾਬ ਦਾ ਨੰਬਰ ਡਾਇਲ ਕਰਨ ਲੱਗਦੇ ਹਨ। ਅਸਾਂ ਸ਼ੁਰੂ ਵਿੱਚ ਕਿਹਾ ਸੀ ਕਿ ਲਿਖਤ ਦੀ ਭਾਵਨਾ ਸਮਝਣੀ ਚਾਹੀਦੀ ਹੈ ਤੇ ਇਹੋ ਗੱਲ ਅੰਤ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਲਿਖਤ ਦੇ ਲਫਜ਼ਾਂ ਨੂੰ ਨਹੀਂ, ਲਿਖਤ ਦੇ ਵਕਤ ਵਿੱਚੋਂ ਕੂਕਾਂ ਮਾਰਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ।
28 Feb. 2016