Gursharan Singh Kumar

ਪ੍ਰੇਰਨਾਦਾਇਕ ਲੇਖ : ਭੁੱਖ ਦੇ ਪਸਾਰੇ

ਪ੍ਰਮਾਤਮਾ ਨੇ ਹਰ ਜੀਵ ਨਾਲ ਪੇਟ ਲਾ ਕੇ ਭੇਜਿਆ ਹੈ, ਜਿਸ ਕਾਰਨ ਉਸ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ। ਇਸ ਭੋਜਨ ਨਾਲ ਉਸ ਦੇ ਸਰੀਰ ਨੂੰ ਊਰਜ਼ਾ ਮਿਲਦੀ ਹੈ। ਮਨੁੱਖਾਂ ਅਤੇ ਬਾਕ ਜੀਵ ਜੰਤੂਆਂ ਤੋਂ ਇਲਾਵਾ ਪੇੜ ਪੌਧਿਆਂ ਨੂੰ ਵੀ ਖਾਦ ਪਾਣੀ ਦੇ ਰੂਪ ਵਿਚ ਖ਼ੁਰਾਕ ਦੀ ਜ਼ਰੂਰਤ ਹੈ ਜਿਸ ਨਾਲ ਉਹ ਮੌਲਦੇ ਹਨ। ਧੁੱਪ ਵੀ ਉਨ੍ਹਾਂ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਪੇੜ ਪੌਧਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਵਾਤਾਵਰਨ ਵਿਚੋਂ ਗੰਦੀ ਹਵਾ (ਕਾਬਨ ਡਾਇਆਕਸਾਈਡ)  ਨੂੰ ਸੋਖਦੇ ਹਨ ਅਤੇ ਤਾਜ਼ੀ ਹਵਾ (ਆਕਸੀਜਨ) ਛੱਡਦੇ ਹਨ ਜੋ ਮਨੁੱਖ ਦੇ ਸਾਹ ਲੈਣ ਅਤੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ। ਇਸੇ ਲਈ ਕਹਿੰਦੇ ਹਨ ਕਿ ਰੁੱਖਾਂ ਦਾ ਕੱਟਣਾ ਮਨੁੱਖਤਾ ਦਾ ਵਿਨਾਸ਼ ਕਰਨ ਬਰਾਬਰ ਹੈੇ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹੋਰ ਰੁੱਖ  ਲਾਣੇ ਚਾਹੀਦੇ ਹਨ।
ਦੁਨੀਆਂ ਵਿਚ ਕੋਈ ਵੀ ਜੀਵ ਭੋਜਨ ਤੋਂ ਬਿਨਾ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਪੇੜ ਪੌਧਿਆਂ ਦੀ ਭੁੱਖ ਖਾਦ, ਪਾਣੀ ਅਤੇ ਹਵਾ ਤੱਕ ਸੀਮਤ ਹੁੰਦੀ ਹੈ।ਪਸ਼ੂ, ਪੰਛੀਆਂ ਅਤੇ ਜਾਨਵਰਾਂ ਦੀ ਭੁੱਖ ਭੋਜਨ ਅਤੇ ਕਾਮ ਵਾਸ਼ਨਾ ਤੱਕ ਸੀਮਤ ਹੁੰਦੀ ਹੈ ਤਾਂ ਕਿ ਉਹ ਆਪ ਜ਼ਿੰਦਾ ਰਹਿਣ ਅਤੇ ਉਨ੍ਹਾਂ ਦੀ ਨਸਲ ਵੀ ਅੱਗੇ ਵਧਦੀ ਰਹੇ। ਮਨੁੱਖ ਦੀ ਭੁੱਖ ਭੋਜਨ ਅਤੇ ਕਾਮ ਵਾਸ਼ਨਾ ਤੋਂ ਇਲਾਵਾ ਵੀ ਕਈ ਤਰ੍ਹਾਂ ਦੀ ਅਤੇ ਅਸੀਮਤ ਹੈ। ਭੁੱਖ ਬਾਰੇ ਹਰ ਮਨੁੱਖ ਦੇ ਆਪਣੇ ਆਪਣੇ ਨਿਵੇਕਲੇ ਵਿਚਾਰ ਹਨ। ਸਧਾਰਨ ਲੋਕ ਇਹ ਸੋਚਦੇ ਹਨ ਕਿ ਰੱਬ ਨੇ ਮਨੁੱਖ ਦੇ ਨਾਲ ਇਹ ਪੇਟ ਐਵੇਂ ਹੀ ਲਾ ਛੱਡਿਆ ਹੈ। ਪੇਟ ਇਕ ਐਸਾ ਖੂਹ ਹੈ ਜੋ ਕਦੀ ਨਹੀਂ ਭਰਦਾ। ਜੇ ਰੱਬ ਮਨੁੱਖ ਦੇ ਨਾਲ ਪੇਟ ਨਾ ਲਾਉਂਦਾ ਤਾਂ ਕਿੰਨਾ ਚੰਗਾ ਹੁੰਦਾ? ਬੰਦੇ ਨੂੰ ਐਵੇਂ ਐਨਾ ਤਰੱਦਦ ਤਾਂ ਨਾ ਕਰਨਾ ਪੈਂਦਾ। ਉਹ ਅਰਾਮ ਨਾਲ ਆਪਣੀ ਜ਼ਿੰਦਗੀ ਜਿਉਂਦਾ। ਉਹ ਸੋਚਦੇ ਹਨ ਕਿ ਇਸ ਪਾਪੀ ਪੇਟ ਦੀ ਖਾਤਿਰ ਮਨੁੱਖ ਨੂੰ ਕਈ ਕਈ ਪਾਪੜ ਨਹੀਂ ਵੇਲਣੇ ਪੈਂਦੇ ਹਨ? ਪਾਪੀ ਪੇਟ ਖਾਤਿਰ ਹੀ ਮਨੁੱਖ ਘਰੋਂ ਬੇਘਰ ਹੋ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈ। ਇਸ ਪੇਟ ਖਾਤਿਰ ਬੰਦੇ ਨੂੰ ਕੀ ਕੀ ਕਸ਼ਟ ਨਹੀਂ ਝੱਲਣੇ ਪੈਂਦੇ? ਪਾਪੀ ਪੇਟ ਮਨੁੱਖ ਕੋਲੋਂ ਬਹੁਤ ਕੁਝ ਕਰਾ ਦਿੰਦਾ ਹੈ। ਕਈ ਵਾਰੀ ਮਾਵਾਂ ਇਸ ਭੁੱਖ ਕਾਰਨ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੇਚਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਕਈ ਵਾਰੀ ਉਨ੍ਹਾਂ ਦੀ ਅਜ਼ਮਤ ਵੀ ਦਾਅ ਤੇ ਲੱਗ ਜਾਂਦੀ ਹੈ। ਉਹ ਤਾਂ ਭੁੱਖ ਨੂੰ ਮੌਤ ਨਾਲੋਂ ਵੀ ਭੈੜੀ ਚੀਜ਼ ਗਿਣਦੇ ਹਨ।    
ਕੁਝ ਸਿਆਣੇ ਮਨੁੱਖ ਪੇਟ ਨੂੰ ਸਰੀਰ ਦਾ ਜ਼ਰੂਰੀ ਅੰਗ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਮਨੁੱਖ ਨੂੰ ਭੁੱਖ ਲਗਦੀ ਹੈ ਤਾਂ ਉਹ ਭੋਜਨ ਕਰਦਾ ਹੈ। ਭੋਜਨ ਕਰਨ ਨਾਲ ਹੀ ਮਨੁੱਖ ਨੂੰ ਊਰਜ਼ਾ ਮਿਲਦੀ ਹੈ ਅਤੇ ਉਹ ਜ਼ਿੰਦਾ ਰਹਿੰਦਾ ਹੈ। ਭੋਜਨ ਤੋਂ ਬਿਨਾ ਕੋਈ ਮਨੁੱਖ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਇਸ ਲਈ ਇਹ ਲੋਕ ਮਨੁੱਖ ਲਈ ਪੇਟ ਅਤੇ ਭੁੱਖ ਨੂੰ ਜ਼ਰੂਰੀ ਸਮਝਦੇ ਹਨ।
ਵਿਦਵਾਨ ਲੋਕ ਇਸ ਤੋਂ ਵੀ ਅੱਗੇ ਜਾਂਦੇ ਹਨ। ਉਹ ਮੰਨਦੇ ਹਨ ਕਿ ਭੁੱਖ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਸ ਦੇ ਸਰੀਰ ਨੂੰ ਸ਼ਕਤੀ ਮਿਲਦੀ ਹੈ। ਇਸ ਤੋਂ ਇਲਾਵਾ ਉਹ ਕਾਮ ਭੁੱਖ ਨੂੰ ਵੀ ਸ੍ਰਸ਼ਿਟੀ ਨੂੰ ਅੱਗੇ ਤੋਰਨ ਲਈ ਜ਼ਰੂਰੀ ਸਮਝਦੇ ਹਨ। ਉਨ੍ਹਾਂ ਦੇ ਵਿਚਾਰ ਇਥੋਂ ਤੱਕ ਹੀ ਸੀਮਤ ਨਹੀਂ ਰਹਿੰਦੇ। ਉਹ ਮਨੁਖ ਦੀਆਂ ਜ਼ਰੂਰਤਾਂ, ਖਾਹਿਸ਼ਾਂ, ਲਾਲਸਾਵਾਂ ਅਤੇ ਉੱਚੇ ਇਰਾਦਿਆਂ ਨੂੰ ਵੀ ਮਨੁੱਖੀ ਭੁੱਖ ਦਾ ਹੀ ਨਾਮ ਦਿੰਦੇ ਹਨ। ਬੇਸ਼ੱਕ ਇਹ ਭੁੱਖਾਂ ਅਸੀਮਤ ਹਨ ਪਰ ਇਨ੍ਹਾਂ ਨੂੰ ਪੂਰਾ ਕਰਨ ਲਈ ਹੀ ਇਨਸਾਨ ਉੱਦਮ ਅਤੇ ਮਿਹਨਤ ਕਰਦਾ ਹੈ ਅਤੇ ਵਿਕਾਸ ਦਾ ਪਹੀਆ ਅੱਗੇ ਤੁਰਦਾ ਹੈ।

ਇਸ ਹਿਸਾਬ ਸਿਰ ਮਨੁੱਖ ਦੀ ਭੁੱਖ ਕਈ ਪ੍ਰਕਾਰ ਦੀ ਹੁੰਦੀ ਹੈ ਪਰ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਭੁੱਖ ਹੈ ਪੇਟ ਦੀ।  ਜਦੋਂ ਪੇਟ ਭਰ ਜਾਂਦਾ ਹੈ ਤਾਂ ਮਨੁੱਖ ਵਿਚ ਕਈ ਪ੍ਰਕਾਰ ਦੀਆਂ ਹੋਰ ਭੁੱਖਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਮਨੁੱਖ ਕੇਵਲ ਭੋਜਨ ਤੇ ਹੀ ਜਿੰਦਾ ਨਹੀਂ ਰਹਿ ਸਕਦਾ। ਉਸ ਅੰਦਰ ਕਾਮ ਦੀ ਭੁੱਖ ਵੀ ਬਹੁਤ ਪ੍ਰੱਬਲ ਹੁੰਦੀ ਹੈ। ਇਸ ਤੋਂ ਇਲਾਵਾ ਮਨੁੱਖ ਦੀਆਂ ਹੋਰ ਵੀ ਕਈ ਜ਼ਰੂਰਤਾਂ ਹਨ। ਉਸ ਦੀਆਂ ਕਈ ਖ਼ਾਹਿਸ਼ਾਂ ਅਤੇ ਕਈ ਸੁਪਨੇ ਹਨ। ਇਹ ਸਭ ਖ਼ਾਹਿਸ਼ਾਂ ਅਤੇ ਜ਼ਰੂਰਤਾਂ ਅੱਗੇ ਜਾ ਕੇ ਭੁੱਖ ਦਾ ਹੀ ਰੂਪ ਧਾਰ ਲੈਂਦੀਆਂ ਹਨ ਜਿਵੇਂ ਦੌਲਤ ਦੀ ਭੁੱਖ, ਅੋਲਾਦ ਦੀ ਭੁੱਖ, ਕਾਰ ਅਤੇ ਮਕਾਨ ਦੀ ਭੁੱਖ, ਉੱਚੇ ਅਹੁਦੇ ਅਤੇ ਨਾਮ ਦੀ ਭੁੱਖ ਆਦਿ। ਸਾਡੀਆਂ ਇਹ ਭੁੱਖਾਂ ਐਨੀਆਂ ਵਧ ਜਾਂਦੀਆਂ ਹਨ ਕਿ ਇਨ੍ਹਾਂ ਨੂੰ ਇਕ ਥਾਂ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਕ ਭੁੱਖ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਦੂਜੀ ਭੁੱਖ ਪੈਦਾ ਹੋ ਜਾਂਦੀ ਹੈ। ਇਹ ਭੁੱਖਾਂ ਸਾਨੂੰ ਸਾਰੀ ਉਮਰ ਨਚਾਈ ਰੱਖਦੀਆਂ ਹਨ ਅਤੇ ਮਰਨ ਤੱਕ ਸਾਡਾ ਪਿੱਛਾ ਨਹੀਂ ਛੱਡਦੀਆਂ। ਇਕ ਕਿਸਮ ਦੀਆਂ ਇਹ ਸਾਡੀਆਂ ਜ਼ਰੂਰਤਾਂ ਅਤੇ ਖ਼ਾਹਿਸ਼ਾਂ ਹੀ ਹਨ ਜੋ ਸਾਡੀ ਭੁੱਖ ਦਾ ਰੂਪ ਧਾਰ ਲੈਂਦੀਆਂ ਹਨ। ਕਿਸੇ ਹੋਰ ਜੀਵ ਦੇ ਮੁਕਾਬਲੇ ਮਨੁੱਖ ਅੰਦਰ ਇਹ ਭੁੱਖਾਂ, ਖ਼ਾਹਿਸ਼ਾਂ ਅਤੇ ਲਾਲਸਾਵਾਂ ਸਭ ਤੋਂ ਜ਼ਿਆਦਾ ਹਨ। ਜ਼ਰੂਰਤ ਤੋਂ ਜ਼ਿਆਦਾ ਤ੍ਰਿਸ਼ਨਾ ਬੰਦੇ ਨੂੰ ਲਾਲਚੀ, ਭ੍ਰਿਸ਼ਟ ਅਤੇ ਜ਼ਾਲਮ ਵੀ ਬਣਾ ਦਿੰਦੀਆਂ ਹਨ।ਜਦ ਇਹ ਭੁੱਖ ਆਪਣੀ ਚਰਮ ਸੀਮਾ ਤੇ ਪਹੁੰਚ ਜਾਂਦੀਆਂ ਹਨ ਤਾਂ ਬੰਦੇ ਦੀ ਸ਼ਾਂਤੀ ਭੰਗ ਹੁੰਦੀ ਹੈ। ਕਈ ਵਾਰੀ ਉਸ ਨੂੰ ਮਾਨਸਿਕ ਰੋਗੀ ਵੀ ਬਣਾ ਦਿੰਦੀਆਂ ਹਨ। ਬੰਦੇ ਦੀ ਭੁੱਖ, ਖਾਹਿਸ਼ ਜਾਂ ਲਾਲਚ ਦਾ ਇਕ ਹਾਂ ਪੱਖੀ ਪਹਿਲੂ ਵੀ ਹੈ। ਕਹਿੰਦੇ ਹਨ ਕਿ ਜ਼ਰੂਰਤ ਆਵਿਸ਼ਕਾਰ ਦੀ ਜਨਨੀ ਹੈ। ਜਦ ਬੰਦੇ ਅੰਦਰ ਕਿਸੇ ਤਰ੍ਹਾਂ ਦੀ ਭੁੱਖ ਪੈਦਾ ਹੁੰਦੀ ਹੈ ਤਾਂ ਉਹ ਇਸ ਭੁੱਖ ਨੂੰ ਮਿਟਾਉਣ ਲਈ ਜਾਂ ਜ਼ਰੂਰਤ ਨੂੰ ਪੂਰੀ ਕਰਨ ਲਈ ਹੱਥ ਪੈਰ ਵੀ ਮਾਰਦਾ ਹੈ।
ਜਦ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ ਤਾਂ ਉਸ ਸਮੇਂ ਨੂੰ ਪੱਥਰ ਦਾ ਯੁੱਗ ਕਿਹਾ ਜਾਂਦਾ ਹੈ। ਉਸ ਸਮੇਂ ਮਨੁੱਖ ਕੋਲ ਵਸੀਲੇ ਵੀ ਨਾਂ ਮਾਤਰ ਹੀ ਸਨ। ਉਸ ਦਾ ਵਾਹ ਭੁੱਖ, ਕੁਦਰਤੀ ਆਫ਼ਤਾਂ ਅਤੇ ਖ਼ੂੰਖਾਰ ਜਾਨਵਰਾਂ ਨਾਲ ਸੀ। ਉਸ ਨੂੰ ਪੇਟ ਭਰਨ ਲਈ ਅਤੇ ਆਪਣੇ ਬਚਾਅ ਲਈ ਕੁਝ ਤਾਂ ਉੱਦਮ ਕਰਨਾ ਹੀ ਪੈਣਾ ਸੀ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਸੰਘਰਸ਼ ਦੇ ਰਾਹ ਤੇ ਪਿਆ। ਇਸ ਨਾਲ ਵਿਕਾਸ ਦਾ ਪਹੀਆ ਘੁੰਮਣ ਲੱਗਾ। ਆਪਸੀ ਇਤਫ਼ਾਕ ਅਤੇ ਪਰਸਪਰ ਸਹਿਯੋਗ ਲਈ ਮਨੁੱਖ ਪਹਿਲਾਂ ਇਸ਼ਾਰਿਆਂ ਨਾਲ ਇਕ ਦੂਜੇ ਨੂੰ ਮਨ ਦੀ ਗਲ ਸਮਝਾਉਂਦਾ ਸੀ। ਫਿਰ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਆਵਜ਼ਾਂ ਕੱਢ ਕੇ ਇਕ ਦੂਜੇ ਨੂੰ ਆਪਣੀ ਗਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਹੌਲੀ ਹੌਲੀ ਇਹ ਆਵਾਜ਼ਾਂ ਸੱਪਸ਼ਟ ਹੁੰਦੀਆਂ ਗਈਆਂ ਅਤੇ ਇਕ ਭਾਸ਼ਾ ਦਾ ਰੂਪ ਧਾਰਨ ਕਰ ਗਈਆਂ। ਇਸ ਨਾਲ ਮਨੁੱਖ ਨੂੰ ਇਕ ਦੂਜੇ ਨੂੰ ਸਮਝਣ ਦੀ ਅਤੇ ਸਹਿਯੋਗ ਕਰਨ ਦੀ ਬਹੁਤ ਆਸਾਨੀ ਹੋ ਗਈ। ਇਹ ਭਾਸ਼ਾ ਉਥੋਂ ਤੱਕ ਹੀ ਕੰਮ ਆਉਂਦੀ ਸੀ ਜਿਥੋਂ ਤੱਕ ਮਨੁੱਖ ਦੀ ਆਵਾਜ਼ ਜਾਂਦੀ ਸੀ। ਜੇ ਦੂਰ ਦੇ ਮਨੁੱਖ ਤੱਕ ਕੋਈ ਗੱਲ ਪਹੁੰਚਾਉਣੀ ਹੋਵੇ ਤਾਂ ਸੰਦੇਸ਼ ਵਾਹਕ ਤੋਂ ਕੰਮ ਲਿਆ ਜਾਣ ਲੱਗਾ ਪਰ ਇਸ ਤਰ੍ਹਾਂ ਦੇ ਸੰਚਾਰ ਵਿਚ ਕਈ ਟੱਪਲੇ ਵੀ ਲੱਗਣ ਲੱਗੇ। ਇਸ ਤੋਂ ਬਾਅਦ ਲਿਖਤੀ ਚਿਨ੍ਹਾਂ ਦਾ ਜਨਮ ਹੋਇਆ ਉਸ ਤੋਂ ਪਿੱਛੋਂ ਲਿਪੀ ਹੋਂਦ ਵਿਚ ਆਈ। ਇਹ ਲਿਪੀ ਪਹਿਲਾਂ ਪੱਥਰਾਂ ਤੇ ਲਿਖੀ ਜਾਂਦੀ ਸੀ। ਫਿਰ ਭੋਜ ਪੱਤਰਾਂ 'ਤੇ ਲਿਖੀ ਜਾਣ ਲੱਗੀ ਫਿਰ ਪੜਾਅ ਦਰ ਪੜਾਅ ਵਿਕਾਸ ਹੁੰਦੇ ਹੋਏ ਕਾਗਜ਼ ਨੇ ਜਨਮ ਲਿਆ ਅਤੇ ਮਨੁੱਖ ਦੀ ਲਿਖਤ ਨੂੰ ਲਿਪੀ ਦੇ ਰੂਪ ਵਿਚ ਇਕ ਟਕਸਾਲੀ ਰੂਪ ਮਿਲਿਆ। ਧਰਤੀ ਤੇ ਕੇਵਲ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀਆਂ ਭਾਵਨਾਵਾਂ, ਗੁੱਸੇ, ਗਿਲੇ ਅਤੇ ਗਿਆਨ ਨੂੰ ਲਿਖ ਕੇ ਅਤੇ ਬੋਲ ਕੇ ਪ੍ਰਗਟ ਕਰ ਸਕਦਾ ਹੈ।
ਜਦ ਮਨੁੱਖ ਨੇ ਆਪਣੇ ਹਾਲਾਤਾਂ ਤੇ ਕੁਝ ਕਾਬੂ ਪਾ ਲਿਆ ਤਾਂ ਉਸ ਨੇ ਧਰਤੀ ਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਕਿ ਪੇਟ ਦੀ ਭੁੱਖ ਲਈ ਉਸ ਨੂੰ ਜ਼ਿਆਦਾ ਬਿਖੜੇ ਰਸਤਿਆਂ 'ਤੇ ਨਾ ਭਟਕਣਾ ਪਏ। ਉਹ ਔਖੇ ਸਮੇਂ ਲਈ ਅਨਾਜ ਦੇ ਭੰਡਾਰੇ ਭਰ ਕੇ ਰੱਖਣ ਲੱਗਾ। ਇਸ ਨਾਲ ਉਸ ਦੇ ਅੰਦਰ ਲਾਲਸਾ ਪੈਦਾ ਹੋਈ। ਜਦ ਉਸ ਦਾ ਪੇਟ ਭਰਨ ਲੱਗਾ ਤਾਂ ਉਸ ਅੰਦਰ ਸੁਹਜ ਸੁਆਦ ਦੀ ਰੁੱਚੀ ਪੈਦਾ ਹੋਈ ਜਿਸ ਨੇ ਉਸ ਅੰਦਰ ਕਲਾ ਪੈਦਾ ਕੀਤੀ ਅਤੇ ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ॥ ਉਸ ਦੀ ਮਿਹਨਤ ਰੰਗ ਲਿਆਈ। ਰੋਜ਼ ਨਿੱਤ ਨਵੀਆਂ ਖੋਜਾਂ ਅਤੇ ਆਵਿਸ਼ਕਾਰ ਹੋਣ ਲੱਗੇ। ਇਸ ਤੋਂ ਬਾਅਦ ਪਹੀਏ ਦਾ ਆਵਿਸ਼ਕਾਰ ਹੋਇਆ। ਇਸ ਨਾਲ ਮਨੁੱਖ ਦੀ ਰੇਂਗਦੀ ਹੋਈ ਜ਼ਿੰਦਗੀ ਨੂੰ ਰਫ਼ਤਾਰ ਮਿਲੀ। ਉਸ ਦੀ ਜ਼ਿੰਦਗੀ ਦੌੜਨ ਲੱਗੀ। ਪਹੀਏ ਨੇ ਮਸ਼ੀਨਰੀ ਯੁੱਗ ਨੂੰ ਜਨਮ ਦਿੱਤਾ। ਫਿਰ ਤਾਂ ਮਾਨੋ ਮਨੁੱਖ ਦੀ ਕਲਪਨਾ ਨੂੰ ਖੰਭ ਲੱਗ ਗਏ। ਮਨੁੱਖ ਮੈਨ ਤੋਂ ਜੈਂਟਲ ਮੈਨ ਬਣ ਗਿਆ। ਇਸ ਤਰ੍ਹਾਂ ਵਿਕਾਸ ਦੀਆਂ ਛਾਲਾਂ ਮਾਰਦਾ ਹੋਇਆ ਉਹ ਅੱਜ ਦੇ ਮਾਡਰਨ ਯੁੱਗ ਤੇ ਪਹੁੰਚ ਗਿਆ। ਉਸ ਦਾ ਧਰਤੀ ਆਕਾਸ਼ ਅਤੇ ਸਮੁੰਦਰ ਤੇ ਸਾਮਰਾਜ ਹੋ ਗਿਆ। ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਤਾਂ ਉਸ ਨੇ ਹੈਰਾਨੀ ਜਨਕ ਉਨਤੀ ਕੀਤੀ। ਉਸ ਨੇ ਰਾਕਟ ਅਤੇ ਟੈਲੀਵੀਜ਼ਨ ਦਾ ਆਵਿਸ਼ਕਾਰ ਕੀਤਾ। ਰਾਕਟ ਦੁਆਰਾ ਉਹ ਪੁਲਾੜ ਵਿਚ ਉਡਾਰੀਆਂ ਮਾਰਨ ਲੱਗਾ। ਉਸ ਨੇ ਕੁਦਰਤ ਦੇ ਗੁੱਝੇ ਭੇਦਾਂ ਤੋਂ ਪਰਦਾ ਚੁੱਕਣਾ ਸ਼ੁਰੂ ਕੀਤਾ। ਟੈਲੀਫੋਨ ਅਤੇ ਟੈਲੀਵੀਜ਼ਨ ਨੇ ਸਾਰੀ ਦੁਨੀਆਂ ਨੂੰ ਇਕ ਦੂਜੇ ਦੇ ਬਿਲਕੁਲ ਨੇੜੇ ਲੈ ਆਂਦਾ। ਉਸ ਦੀ ਹੋਰ ਕੁਝ ਜਾਣਨ ਦੀ ਜਗਿਆਸਾ ਦੀ ਭੁੱਖ ਹਾਲੀ ਵੀ ਨਾ ਮਿਟੀ। ਹੁਣ ਉਸ ਨੇ ਕੰਪਿਊਟਰ, ਇੰਟਰਨੈੱਟ ਦਾ ਆਵਿਸ਼ਕਾਰ ਕੀਤਾ। ਇੰਟਰਨੈੱਟ ਤਾਂ ਸਾਰੀ ਦੁਨੀਆਂ ਨੂੰ ਅਲਾਦੀਨ ਦੇ ਜਿੰਨ ਦੀ ਤਰ੍ਹਾਂ ਮਿਲ ਗਿਆ। ਸਾਰੇ ਮਨੁੱਖੀ ਗਿਆਨ ਨੂੰ ਇੰਟਰਨੈੱਟ ਨਾਲ ਇਕ ਜਗ੍ਹਾ ਸਾਂਭਣ ਦਾ ਸਬੱਬ ਬਣ ਗਿਆ। ਇਸ ਨਾਲ ਬਹੁਤ ਸਾਰੇ ਸਮੇਂ, ਸਥਾਨ, ਕਾਗਜ਼ ਅਤੇ ਧਨ ਦੀ ਬੱਚਤ ਹੋ ਗਈ। ਜੋ ਸੂਚਨਾ ਚਾਹੋ ਇੰਟਰਨੈੱਟ ਇਕ ਜਿੰਨ ਦੀ ਤਰ੍ਹਾਂ ਉਸੇ ਸਮੇਂ ਸਾਹਮਣੇ ਹਾਜ਼ਿਰ ਕਰ ਦਿੰਦਾ ਹੈ।

ਮਨੁੱਖ ਦੀ ਹੋਰ ਗਿਆਨ ਹਾਸਿਲ ਕਰਨ ਦੀ ਭੁੱਖ ਹਾਲੇ ਵੀ ਤੀਬਰ ਹੈ। ਇਸੇ ਹੀ ਲਾਲਸਾ ਕਾਰਨ ਮਨੁੱਖ ਜ਼ਿੰਦਗੀ ਭਰ ਹੀ ਅਧੂਰਾ ਹੀ ਰਹਿੰਦਾ ਹੈ। ਇਸ ਧਰਤੀ ਤੋਂ ਇਲਾਵਾ ਬਾਕੀ ਸੌਰਮੰਡਲ ਦੇ ਦੂਜੇ ਗ੍ਰਹਿਵਾਂ ਤੇ ਕੀ ਹੈ? ਕੀ ਉੱਥੇ ਜੀਵਨ ਹੈ? ਇਸ ਜਗਿਆਸਾ ਕਾਰਨ ਪਹਿਲਾਂ ਉਸ ਨੇ ਚੰਨ ਤੇ ਫੇਰੀਆਂ ਪਾਈਆਂ। ਹੁਣ ਉਹ ਮੰਗਲ ਗ੍ਰਹਿ ਤੇ ਪਹੁੰਚ ਕੇ ਉਸ ਬਾਰੇ ਗਿਆਨ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਹ ਸਭ ਵਿਕਾਸ ਮਨੁੱਖ ਦੀ ਜਗਿਆਸਾ (ਭੁੱਖ) ਕਾਰਨ ਹੀ ਸੰਭਵ ਹੋਇਆ ਹੈ। ਮਨੁੱਖ ਦੀ ਹੋਰ ਜਾਣਨ ਦੀ ਭੁੱਖ ਉਸ ਨੂੰ ਹੋਰ ਪਤਾ ਨਹੀਂ ਕਿੱਥੋਂ ਤੱਕ ਲੈ ਜਾਏ।

ਮਨੁੱਖ ਵਿਚ ਗਿਆਨ ਹਾਸਿਲ ਕਰਨ ਦੀ ਅਤੇ ਉਨਤੀ ਕਰਨ ਦੀ ਭੁੱਖ ਬਹੁਤ ਉਸਾਰੂ ਹੈ। ਇਸ ਨਾਲ ਹੀ ਉਹ ਸਿਆਣਾ ਬਣਦਾ ਹੈ ਅਤੇ ਉਸ ਦੀ ਦੁਨੀਆਂ ਵਿਸ਼ਾਲ ਹੁੰਦੀ ਹੈ। ਉਹ ਆਕਾਸ਼ ਵਿਚ ਖੁਲ੍ਹ ਕੇ ਉਡਾਰੀਆਂ ਲਾਉਂਦਾ ਹੈ ਪਰ ਇਹ ਉਨਤੀ ਹਿਸਾਬ ਸਿਰ ਉਸ ਦੀ ਲਿਆਕਤ ਅਤੇ ਨੰਬਰ ਸਿਰ ਹੀ ਹੋਣੀ ਚਾਹੀਦੀ ਹੈ। ਉਸ ਨੂੰ ਕਿਸੇ ਦੂਜੇ ਦਾ ਹੱਕ ਮਾਰ ਕੇ ਉੱਪਰ ੳੱਠਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭੁੱਖ ਦੀ ਆੜ ਵਿਚ ਲਾਲਚ ਵੱਸ ਪਦਾਰਥਾਂ ਦਾ ਜ਼ਰੂਰਤ ਤੋਂ ਜ਼ਿਆਦਾ ਇਕੱਠਾ ਕਰਨਾ ਮਾੜਾ ਹੈ। ਕਿਉਂਕਿ ਕਿਸੇ ਵਸਤੂ ਦੀ ਬਹੁਲਤਾ ਮਾੜੀ ਹੁੰਦੀ ਹੈ। ਇਸ ਲਈ ਆਪਣੀਆਂ ਖ਼ਾਹਿਸ਼ਾਂ ਦੀ ਭੁੱਖ ਨੂੰ ਆਪਣੀਆਂ ਜ਼ਰੂਰਤਾਂ ਅਤੇ ਸਾਧਨਾਂ ਮੁਤਾਬਿਕ ਕਾਬੂ ਵਿਚ ਰੱਖਣ ਦੀ ਲੋੜ ਹੈ। ਦੁਨਿਆਵੀ ਪਦਾਰਥ ਮਨੁੱਖ ਨੂੰ ਸੁੱਖ ਦੇਣ ਲਈ ਹੁੰਦੇ ਹਨ ਪਰ ਇਨ੍ਹਾਂ ਦਾ ਜ਼ਰੂਰਤ ਤੋਂ ਜ਼ਿਆਦਾ ਆਪਣੇ ਕੋਲ ਸੰਗ੍ਰਹਿ ਕਰਨਾ ਦੁੱਖਾਂ ਦਾ ਕਾਰਨ ਬਣਦਾ ਹੈ ਅਤੇ ਮਾਨਸਿਕ ਸ਼ਾਂਤੀ ਨੂੰ ਭੰਗ ਕਰਦਾ ਹੈ। ਪਿਆਰ, ਈਮਾਨਦਾਰੀ ਅਤੇ ਮਿਹਨਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ ਜੋ ਹਰ ਸਮੇਂ ਇਕ ਸ਼ਕਤੀ ਬਣ ਕੇ ਉਸ ਨਾਲ ਖਲੋਂਦੀ ਹੈ। ਛੱਤੀ ਪ੍ਰਕਾਰ ਦਾ ਭੋਜਨ ਕਰਨ ਵਾਲੇ ਅਤੇ ਉੱਚੇ ਮਹਿਲਾਂ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਸਾਦਾ ਭੋਜਨ ਕਰਨ ਵਾਲੇ ਨੰਗ ਧੜੰਗ ਗ਼ਰੀਬ ਲੋਕਾਂ ਨੂੰ ਅਕਸਰ ਜ਼ਿਆਦਾ ਖ਼ੁਸ਼ ਦੇਖਿਆ ਗਿਆ ਹੈ। ਇਸੇ ਤਰ੍ਹਾਂ ਕਈ ਪਾਟੇ ਤੱਪੜਾਂ 'ਤੇ ਅਤੇ ਰੜੇ ਮੈਦਾਨ ਸੌਣ ਵਾਲਿਆਂ ਨੂੰ ਮਖ਼ਮਲੀ ਗੱਦਿਆਂ ਤੇ ਸੌਣ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਨੀਂਦ ਲੈਂਦਿਆਂ ਦੇਖਿਆ ਗਿਆ ਹੈ।

*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432

email:  gursharan1183@yahoo.in

ਸਫ਼ਲਤਾ, ਸਬਰ 'ਤੇ ਸ਼ੁਕਰਾਨਾ - ਗੁਰਸ਼ਰਨ ਸਿੰਘ ਕੁਮਾਰ

ਸਫ਼ਲਤਾ, ਸਬਰ 'ਤੇ ਸ਼ੁਕਰਾਨਾ
ਸਫ਼ਲਤਾ ਦੀਆਂ ਬੁਲੰਦੀਆਂ ਤੇ ਹੋ,
ਤਾਂ ਸਬਰ ਕਰ ਕੇ ਸ਼ੁਕਰਾਨਾ ਕਰੋ।

ਸਾਰੇ ਲੋਕ ਹੀ ਤਾਂ ਸੋਨੇ ਦਾ ਚਮਚ ਮੂੰਹ ਵਿਚ ਲੈ ਕੇ ਜਨਮ ਨਹੀਂ ਲੈਂਦੇ। ਕੁਝ ਲੋਕ ਝੌਂਪੜੀਆਂ ਵਿਚ ਵੀ ਜਨਮ ਲੈਂਦੇ ਹਨ। ਕੁਝ ਫੁੱਲ ਜੰਗਲਾਂ ਵਿਚ ਵੀ ਖਿੜ੍ਹਦੇ ਹਨ ਅਤੇ ਖ਼ੁਸ਼ਬੂੁ ਬਿਖੇਰਦੇ ਹਨ ਅਤੇ ਕੁਦਰਤ ਦੇ ਸੁਹੱਪਣ ਨੂੰ ਵੀ ਚਾਰ ਚੰਨ ਲਾਉਂਦੇ ਹਨ।ਕਮਲ ਚਿੱਕੜ ਵਿਚ ਹੀ ਖਿੜਦੇ ਹਨ, ਫਿਰ ਵੀ ਉਹ ਦੁਨੀਆਂ ਦੀ ਖ਼ੂਬਸੂਰਤੀ ਵਿਚ ਵਾਧਾ ਕਰਦੇ ਹਨ। ਗੁਲਾਬ ਸਾਰੀ ਉਮਰ ਕੰਡਿਆਂ ਵਿਚ ਘਿਰਿਆ ਹੀ ਰਹਿੰਦਾ ਹੈ, ਫਿਰ ਵੀ ਉਹ ਸਭ ਦਾ ਮਨ ਮੋਹ ਲੈਂਦਾ ਹੈ। ਹੋਰ ਤਾਂ ਹੋਰ ਕੰਡਿਆਲੀ ਥੋਹਰ, ਜੋ ਉਜਾੜਾਂ ਵਿਚ ਉੱਗਦੀ ਹੈ ਅਤੇ ਜਿਸ ਦੀ ਕੋਈ ਪਰਵਰਿਸ਼ ਵੀ ਨਹੀਂ ਕਰਦਾ, ਉਸ ਨੂੰ ਵੀ ਕਈ ਤਰ੍ਹਾਂ ਦੇ ਫੁੱਲ ਲੱਗਦੇ ਹਨ ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਸ ਦਾ ਭਾਵ ਇਹ ਹੈ ਕਿ ਮਨੁੱਖ ਦਾ ਗ਼ਰੀਬੀ ਵਿਚ ਜਾਂ ਸਧਾਰਨ ਪਰਿਵਾਰ ਵਿਚ ਜਨਮ ਲੈਣਾ ਜਾਂ ਅਣਸੁਖਾਵੇਂ ਵਾਤਾਵਰਨ ਜਾਂ ਮਾਹੌਲ ਵਿਚ ਪਲਣਾ ਉਸ ਦੇ ਵਿਕਾਸ ਦਾ ਰਸਤਾ ਨਹੀਂ ਰੋਕ ਸਕਦੇ। ਉੱਗਣ ਵਾਲੇ ਤਾਂ ਚੱਟਾਨਾਂ ਵਿਚ ਵੀ ਉੱਗ ਪੈਂਦੇ ਹਨ। ਇਸ ਲਈ ਮਨੁੱਖ ਨੂੰ ਗ਼ਰੀਬ ਜਾਂ ਸਧਾਰਨ ਘਰ ਵਿਚ ਪੈਦਾ ਹੋਣ ਕਰਕੇ ਜਾਂ ਗ਼ਰੀਬੀ ਵਿਚ ਪਾਲਣ-ਪੋਸਣ ਹੋਣ ਕਰਕੇ ਆਪਣੀ ਕਿਸਮਤ ਨੂੰ ਲੈ ਕੇ ਸਦਾ ਝੂਰਦੇ ਨਹੀਂ ਰਹਿਣਾ ਚਾਹੀਦਾ। ਪਰਮਾਤਮਾ ਨੇ ਉਸ ਨੂੰ ਜੋ ਸਰੀਰ, ਬੁੱਧੀ ਅਤੇ ਹੋਰ ਸਾਧਨ ਅਤੇ ਵਸੀਲੇ ਦਿੱਤੇ ਹਨ, ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਇਸਤੇਮਾਲ ਕਰ ਕੇ ਆਪਣੀ ਜ਼ਿੰਦਗੀ ਦਾ ਵਿਕਾਸ ਕਰਨਾ ਚਾਹੀਦਾ ਹੈ। ਸਫ਼ਲਤਾ ਕੇਵਲ ਅਮੀਰਾਂ ਦੀ ਜੱਦੀ ਜਾਇਦਾਦ ਨਹੀਂ। ਗ਼ਰੀਬ ਲੋਕ ਵੀ ਮਿਹਨਤ ਦੁਆਰਾ ਸਫ਼ਲ ਹੋ ਸਕਦੇ ਹਨ ਅਤੇ ਆਪਣਾ ਨਾਮ ਰੌਸ਼ਨ ਕਰ ਸਕਦੇ ਹਨ।
ਕਿਸੇ ਮਨੁੱਖ ਦਾ ਅਮੀਰ ਹੋਣਾ ਜਾਂ ਬਹੁਤਾ ਪੜ੍ਹੇ ਲਿਖੇ ਹੋਣਾ ਇਹ ਸਾਬਤ ਨਹੀਂ ਕਰਦਾ ਕਿ ਉਹ ਬਹੁਤ ਸਮਝਦਾਰ ਅਤੇ ਸਿਆਣਾ ਵੀ ਹੈ। ਆਪਣੀ ਅਮੀਰੀ ਅਤੇ ਸਿਆਣਪ ਦੱਸਣ ਲਈ ਗਲ ਵਿਚ ਡਿਗਰੀਆਂ ਲਟਕਾ ਕੇ ਜਾਂ ਸੋਨੇ ਦੇ ਜੇਵਰ ਪਾ ਕੇ ਚੱਲਣ ਦੀ ਲੋੜ ਨਹੀਂ ਹੁੰਦੀ। ਕਈ ਵਾਰੀ ਅਮੀਰ ਜਾਂ ਬਹਤੇ ਪੜ੍ਹੇ ਲਿਖੇ ਲੋਕਾਂ ਕੋਲ ਕੇਵਲ ਕਿਤਾਬੀ ਗਿਆਨ ਹੀ ਹੁੰਦਾ ਹੈ ਪਰ ਉਹ ਸਲੀਕੇ ਅਤੇ ਸਿਆਣਪ ਤੋਂ ਕੋਰੇ ਹੁੰਦੇ ਹਨ। ਮਨੁੱਖ ਦੇ ਕੰਮ ਅਤੇ ਬੋਲਬਾਣੀ ਹੀ ਦੱਸਦੇ ਹਨ ਕਿ ਉਹ ਕਿੰਨਾ ਕੁ ਸਿਆਣਾ ਅਤੇ ਤਮੀਜ਼ ਵਾਲਾ ਹੈ। ਉੇੱਚਾ ਬੋਲ ਕੇ ਤੁਸੀਂ ਦੂਜੇ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਤੁਹਾਡਾ ਕੋਈ ਮਤਾਹਿਤ ਜਾਂ ਤੁਹਾਡੇ 'ਤੋਂ ਕੋਈ ਛੋਟਾ ਬੰਦਾ ਕੁਝ ਦੇਰ ਲਈ ਤੁਹਾਡੀ ਉੱਚੀ ਅਤੇ ਤਲਖ ਬਾਣੀ ਬਰਦਾਸ਼ਤ ਕਰ ਲਏ ਪਰ ਇਹ ਕੜਵੇ ਸ਼ਬਦ ਤੁਹਾਨੂੰ ਮਹਿੰਗੇ ਵੀ ਪੈ ਸਕਦੇ ਹਨ। ਇਸ ਤਰ੍ਹਾਂ ਦੂਸਰੇ ਦੇ ਦਿਲ ਵਿਚੋਂ ਤੁਹਾਡੀ ਇੱਜ਼ਤ ਘਟਦੀ ਹੈ। ਜਲਦੀ ਹੀ ਉਨ੍ਹਾਂ ਦਾ ਮੋਹ ਤੁਹਾਡੇ 'ਤੋਂ ਭੰਗ ਹੋ ਸਕਦਾ ਹੈ।
ਇਹ ਠੀਕ ਹੈ ਕਿ ਆਰਥਿਕ ਖ਼ੁਸ਼ਹਾਲੀ ਅਤੇ ਘਰ ਦਾ ਸੋਹਣਾ ਮਾਹੌਲ ਬੱਚੇ ਦੇ ਵਿਕਾਸ ਵਿਚ ਬਹੁਤ ਸਹਾਈ ਹੁੰਦਾ ਹੈ। ਬੱਚੇ ਦੀਆਂ੿ ਖ਼ੂਬੀਆਂ ਵਿਚ ਜਲਦੀ ਨਿਖਾਰ ਆਉਂਦਾ ਹੈ। ਫਿਰ ਵੀ ਇਹ ਜ਼ਰੂਰੀ ਨਹੀਂ ਕਿ ਅਮੀਰ ਘਰਾਂ ਦੇ ਬੱਚੇ ਬਹੁਤ ਸਮਝਦਾਰ ਅਤੇ ਸਲੀਕੇ ਵਾਲੇ ਹੀ ਹੋਣ। ਬਹੁਤਾ ਲਾਡ ਪਿਆਰ ਅਤੇ ਐਸ਼ੋ ਅਰਾਮ ਵੀ ਬੱਚੇ ਨੂੰ ਵਿਗਾੜ ਦਿੰਦਾ ਹੈ। ਦੂਜੇ ਪਾਸੇ ਸਧਾਰਨ ਘਰਾਂ ਦੇ ਬੱਚੇ , ਜਿਨ੍ਹਾਂ 'ਤੇ ਛੋਟੇ ਹੁੰਦਿਆਂ ਹੀ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ, ਉਨ੍ਹਾਂ ਦੇ ਵਿਗੜਨ ਦੇ ਮੌਕੇ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਿਹਨਤ ਕਰਨ ਦੀ ਆਦਤ ਪੈਂਦੀ ਹੈ ਅਤੇ ਪਰਿਵਾਰ ਵਿਚੋਂ ਚੰਗੇ ਸੰਸਕਾਰ ਮਿਲਦੇ ਹਨ। ਉਹ ਖ਼ੂਨ ਪਸੀਨੇ ਦੀ ਮਿਹਨਤ ਨਾਲ ਪੈਸਾ ਕਮਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪੈਸੇ ਦੀ ਕਦਰ ਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਵੱਡਿਆਂ ਦਾ ਸਤਿਕਾਰ ਅਤੇ ਸੇਵਾ ਭਾਵਨਾ ਹੁੰਦੀ ਹੈ। ਉਦਹਾਰਨ ਦੇ ਤੋਰ 'ਤੇ ਜੇ ਤੁਸੀਂ ਕਿਧਰੇ ਕਿਸੇ ਬਿਰਧ ਆਸ਼ਰਮ ਵਿਚ ਜਾਉ ਤਾਂ ਤੁਹਾਨੂੰ ਉੱਥੋਂ ਦਾ ਹਰ ਬਜ਼ੁਰਗ ਇਹ ਹੀ ਕਹੇਗਾ ਕਿ ਮੇਰਾ ਬੇਟਾ ਬਹੁਤ ਵੱਡਾ ਅਫ਼ਸਰ ਲੱਗਾ ਹੋਇਆ ਹੈ------ਮੇਰਾ ਬੇਟਾ ਇੰਜੀਨੀਅਰ ਹੈ-------ਮੇਰਾ ਬੇਟਾ ਬਹੁਤ ਵੱਡਾ ਬਿਜ਼ਨਸ-ਮੈਨ ਹੈ-------ਮੇਰਾ ਬੇਟਾ ਕਰੋੜਪਤੀ ਹੈ ਜਾਂ ਮੇਰਾ ਬੇਟਾ ਵਿਦੇਸ਼ਾਂ ਵਿਚ ਬਹੁਤ ਕਮਾਈ ਕਰ ਰਿਹਾ ਹੈ। ਉੱਥੇ ਕੋਈ ਬਿਰਧ ਅਜਿਹਾ ਨਹੀਂ ਮਿਲੇਗਾ ਜੋ ਕਹੇ ਕਿ ਮੇਰਾ ਬੇਟਾ ਬਹੁਤ ਗ਼ਰੀਬ ਹੈ ਕਿਉਂਕਿ ਗ਼ਰੀਬ ਲੋਕ ਮਾਂ ਪਿਉ ਦੀ ਸੇਵਾ ਕਰਨੀ ਜਾਣਦੇ ਹਨ। ਉਹ ਬਜ਼ੁਰਗ ਮਾਂ ਬਾਪ ਨੂੰ ਕਦੀ ਰੁਲਣ ਲਈ ਬਿਰਧ ਆਸ਼ਰਮ ਵਿਚ ਇਕੱਲੇ ਨਹੀਂ ਛੱਡਦੇ, ਸਗੋਂ ਉਹ ਸਰਵਨ ਪੁੱਤਰ ਬਣ ਕੇ ਘਰ ਵਿਚ ਹੀ ਆਪਣੇ ਹੱਥੀਂ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੰਦੇ ਹਨ।
ਅਮੀਰਾਂ ਦੇ ਬੱਚੇ ਤਾਂ ਆਪਣੇ ਮਾਂ ਪਿਉ ਦੀ ਜਾਇਦਾਦ ਵੰਡਾਉਣ ਲਈ ਹੀ ਆਪਸ ਵਿਚ ਲੜਦੇ ਰਹਿੰਦੇ ਹਨ। ਭਰਾ, ਭਰਾਵਾਂ ਦੇ ਦੁਸ਼ਮਣ ਬਣ ਜਾਂਦੇ ਹਨ। ਲਾਲਚ ਵਿਚ ਆ ਕੇ ਉਹ ਆਪਣੇ ਮਾਂ ਪਿਉ ਨੂੰ ਵੀ ਨਹੀਂ ਬਖ਼ਸ਼ਦੇ। ਉਨ੍ਹਾਂ ਦਾ ਇਹ ਸਵਾਰਥ ਕਈ ਵਾਰੀ ਘਰ ਵਿਚ ਹੀ ਖ਼ੂਨ ਖ਼ਰਾਬੇ ਦਾ ਸਬੱਬ ਬਣਦਾ ਹੈ। ਅਮੀਰਾਂ ਦੇ ਘਰ ਵੱਡੇ ਹੁੰਦੇ ਹਨ ਪਰ ਦਿਲ ਛੋਟੇ ਹੁੰਦੇ ਹਨ। ਦੂਜੇ ਪਾਸੇ ਗ਼ਰੀਬਾਂ ਦੇ ਬੇਸ਼ੱਕ ਘਰ ਛੋਟੇ ਹੀ ਹੁੰਦੇ ਹਨ ਪਰ ਉਨ੍ਹਾਂ ਦੇ ਦਿਲ ਵੱਡੇ ਹੁੰਦੇ ਹਨ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ, ''ਇਕ ਵਾਰੀ ਇਕ ਸੇਠ ਰੈਡੀ-ਮੇਡ ਕੱਪੜਿਆਂ ਦੀ ਦੁਕਾਨ 'ਤੇ ਗਿਆ। ਇਕ ਕਮੀਜ਼ ਦੀ ਮੰਗ ਕੀਤੀ। ਦੁਕਾਨਦਾਰ ਨੇ ਸੇਠ ਦੀ ਹੈਸੀਅਤ ਮੁਤਾਬਿਕ ਪੰਦਰਾਂ ਸੌ ਦੀ ਕਮੀਜ਼ ਦਿਖਾਈ। ਸੇਠ ਨੇ ਸਸਤੀ ਕਮੀਜ਼ ਦੀ ਮੰਗ ਕੀਤੀ। ਦੁਕਾਨਦਾਰ ਨੇ ਬਾਰਾਂ ਸੌ ਦੀ ਕਮੀਜ਼ ਦਿਖਾਈ। ਸੇਠ ਨੇ ਹੋਰ ਸਸਤੀ ਕਮੀਜ਼ ਦਿਖਾਉਣ ਲਈ ਕਿਹਾ। ਦੁਕਾਨਦਾਰ ਹੈਰਾਨ ਸੀ ਕਿ ਐਡਾ ਵੱਡਾ ਸੇਠ ਹੋ ਕੇ ਐਡੀ ਸਸਤੀ ਕਮੀਜ਼ ਦੀ ਮੰਗ ਕਿਉਂ ਕਰ ਰਿਹਾ ਹੈ? ਸੇਠ ਨੇ ਦੱਸਿਆ ਕਿ ਉਸ ਦੇ ਡਰਾਈਵਰ ਦਾ ਜਨਮ-ਦਿਨ ਹੈ ਇਸ ਲਈ ਉਸ ਨੂੰ ਤੋਹਫ਼ਾ ਦੇਣ ਲਈ ਉਸ ਨੇ ਕੇਵਲ ਤਿੰਨ ਸੋ ਦੀ ਕਮੀਜ਼ ਖ਼ਰੀਦੀ। ਕੁਝ ਦਿਨਾਂ ਬਾਅਦ ਉਸ ਸੇਠ ਦਾ ਡਰਾਈਵਰ ਉਸੇ ਦੁਕਾਨ ਵਿਚ ਗਿਆ ਅਤੇ ਇਕ ਕਮੀਜ਼ ਦੀ ਮੰਗ ਕੀਤੀ। ਦੁਕਾਨਦਾਰ ਨੇ ਤਿੰਨ ਸੌ ਦੀ ਕਮੀਜ਼ ਦਿਖਾਈ ਪਰ ਡਰਾਈਵਰ ਨੇ ਹੋਰ ਵਧੀਆ ਕਮੀਜ਼ ਦਿਖਾਉਣ ਲਈ ਕਿਹਾ। ਅੰਤ ਉਸ ਨੇ ਪੰਦਰਾਂ ਸੌ ਰੁਪਏ ਵਾਲੀ ਕਮੀਜ਼ ਖ਼ਰੀਦੀ ਕਿਉਂਕਿ ਉਸ ਨੇ ਇਹ ਤੋਹਫ਼ਾ ਆਪਣੇ ਮਾਲਿਕ ਦੇ ਜਨਮ ਦਿਨ 'ਤੇ ਦੇਣਾ ਸੀ। ਇਹ ਹੈ ਇਕ ਅਮੀਰ ਤੇ ਇਕ ਗ਼ਰੀਬ ਦੇ ਦਿਲ ਦਾ ਫ਼ਰਕ।
ਜ਼ਿਆਦਾ ਲਾਲਚ ਕਾਰਨ ਬੰਦੇ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ ਪਰ ਉਸ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਕ ਵਾਰੀ ਕਿਸੇ ਮਨੁੱਖ ਨੇ ਇਕ ਸੰਨਿਆਸੀ ਨੂੰ ਪੁੱਛਿਆ ਕਿ ਜ਼ਹਿਰ ਕੀ ਹੈ? ਇਸ ਤੇ ਸੰਨਿਆਸੀ ਨੇ ਉੱਤਰ ਦਿੱਤਾ,''ਜੋ ਵਸਤੂ ਕਿਸੇ ਮਨੁੱਖ ਕੋਲ ਉਸ ਦੀ ਜ਼ਰੂਰਤ 'ਤੋਂ ਜ਼ਿਆਦਾ ਹੈ, ਉਹ ਜ਼ਹਿਰ ਹੈ।'' ਜੇ ਅਸੀਂ ਡੂੰਘਾਈ ਨਾਲ ਦੇਖੀਏ ਤਾਂ ਇਹ ਉੱਤਰ ਬਿਲਕੁਲ ਸਹੀ ਹੈ। ਅਸੀਂ ਆਪਣੇ ਲਾਲਚ ਕਾਰਨ ਇਸ 'ਤੇ ਅਮਲ ਨਹੀਂ ਕਰਦੇ, ਸਗੋਂ ਹੋਰ---ਹੋਰ---ਅਤੇ ਹੋਰ ਧਨ-ਦੌਲਤ ਇਕੱਠਾ ਕਰਨ ਲਈ ਦਿਨ-ਰਾਤ ਲੱਗੇ ਰਹਿੰਦੇ ਹਾਂ। ਫਿਰ ਇਹ ਜ਼ਹਿਰ ਪਚਾਉਣ ਲਈ ਹਰ ਸਮੇਂ ਚਿੰਤਾ ਵਿਚ ਡੁੱਬੇ ਰਹਿੰਦੇ ਹਾਂ। ਜੇ ਸਾਡੇ ਕੋਲ ਧਨ-ਦੌਲਤ, ਜ਼ਮੀਨ-ਜਾਇਦਾਦ ਆਪਣੀ ਜ਼ਰੂਰਤ ਤੋਂ ਜ਼ਿਆਦਾ ਇਕੱਠੀ ਹੋ ਜਾਏ ਤਾਂ ਉਸ ਨੂੰ ਸੰਭਾਲਣ ਦੀ ਦਿਨੇ-ਰਾਤੀ ਚਿੰਤਾ ਲੱਗੀ ਰਹਿੰਦੀ ਹੈ। ਉਸ ਨੂੰ ਸੰਭਾਲਣਾ ਕਿਵੇਂ ਹੈ? ਇੰਨਕਮ-ਟੈਕਸ , ਲੋਕਾਂ ਦੀਆਂ ਨਜ਼ਰਾਂ ਤੋਂ ਅਤੇ ਲੁਟੇਰਿਆਂ ਤੋਂ ਕਿਵੇਂ ਬਚਾਉਣਾ ਹੈ? ਇਸੇ ਚਿੰਤਾ ਵਿਚ ਹੀ ਸਾਡੀ ਜ਼ਿੰਦਗੀ ਮੁੱਕ ਜਾਂਦੀ ਹੈ ਭਾਵ ਇਹ ਜ਼ਹਿਰ ਸਾਨੂੰ ਇਕ ਦਿਨ ਲੈ ਬੈਠਦਾ ਹੈ। ਫਿਰ ਸਾਡੇ ਪਿੱਛੋਂ ਸਾਡੇ ਆਪਣੇ ਬੱਚੇ ਵਰਤਣ ਜਾਂ ਗ਼ੈਰ ਲੋਕ ਵਰਤਣ, ਜਾਂ ਸਰਕਾਰ ਦੱਬ ਲਏ ਜਾਂ ਫਿਰ ਐਵੇਂ ਹੀ ਰੁਲ ਜਾਏ, ਸਾਡੀ ਜ਼ਿੰਦਗੀ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋਣ ਵਾਲਾ।
ਦੁਨੀਆਂ ਵਿਚ ਜਿੰਨੇ ਵੀ ਮਹਾਨ ਲੋਕ ਹੋਏ ਹਨ, ਇਹ ਕੋਈ ਸਾਰੇ ਦੇ ਸਾਰੇ ਹੀ ਅਮੀਰ ਘਰਾਂ ਦੇ ਨਹੀਂ ਸਨ। ਅਬਰਾਹਿਮ ਲਿੰਕਨ, ਖੁਰਸ਼ਚੋਵ, ਲਾਲ ਬਹਾਦੁਰ ਸ਼ਾਸਤਰੀ ਆਦਿ ਸਾਰੇ ਦੇ ਸਾਰੇ ਗ਼ਰੀਬ ਘਰਾਂ ਵਿਚੋਂ ਹੀ ਸਨ। ਇਹ ਸਾਰੇ ਦੇ ਸਾਰੇ ਆਪਣੇ ਆਪਣੇ ਦੇਸ਼ ਦੇ ਸਭ ਤੋਂ ਉੱਚੇ ਅਹੁਦਿਆਂ ਤੇ ਸੁਸ਼ੋਭਿਤ ਹੋਏ ਅਤੇ ਜਨਤਾ ਨੂੰ ਸੁਚੱਜੀ ਅਗਵਾਈ ਦਿੱਤੀ। ਜੇ ਅਸੀਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਗ਼ਰੀਬ ਅਤੇ ਸਧਾਰਨ ਘਰਾਂ ਨੇ ਸੰਸਾਰ ਨੂੰ ਕਿਨੇ ਮਹਾਨ ਵਿਗਿਆਨੀ, ਕਲਾਕਾਰ ਅਤੇ ਖਿਡਾਰੀ ਦਿੱਤੇ ਹਨ, ਜਿੰਨ੍ਹਾਂ ਨੇ ਆਪਣੀ ਮਿਹਨਤ ਕਾਰਨ ਬੁਲੰਦੀਆਂ ਨੂੰ ਛੂਹਿਆ ਅਤੇ ਦੁਨੀਆਂ ਨੂੰ ਵਿਕਾਸ ਦੇ ਰਾਹ 'ਤੇ ਤੋਰਿਆ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

ਨਿਕੰਮੇ ਉਹ ਲੋਕ ਨੇ, ਜੋ ਸ਼ਿਕਵੇ ਕਰਨ ਮੁਕੱਦਰਾਂ 'ਤੇ,
ਉਗੱਣ ਵਾਲੇ ਤਾਂ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ।

ਦੁਨੀਆਂ ਵਿਚ ਸਰਵਗੁਣ ਸੰਪਨ ਕੋਈ ਵੀ ਨਹੀਂ ਹੁੰਦਾ। ਹਰ ਮਨੁੱਖ ਵਿਚ ਕੋਈ ਨਾ ਕੋਈ ਕਮੀ ਜ਼ਰੂਰ ਹੋ ਸਕਦੀ ਹੈ। ਇਸ ਲਈ ਸਾਨੂੰ ਆਪਣੇ ਸਾਥੀਆਂ ਨੂੰ, ਉਨ੍ਹਾਂ ਦੀਆਂ ਕਮੀਆਂ ਨੂੰ ਅਣਗੌਲਿਆਂ ਕਰਕੇ, ਜਿਸ ਤਰ੍ਹਾਂ ਵੀ ਉਹ ਹਨ ਉਸੇ ਤਰ੍ਹਾਂ ਹੀ ਅਪਣਾਉਣਾ ਹੋਵੇਗਾ ਤਾਂ ਕਿ ਸਾਡੇ ਸਬੰਧ ਸੁਖਾਵੇਂ ਰਹਿ ਸਕਣ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਲਿਖਦੇ ਹਨ ਕਿ  ਇਕ ਦਿਨ ਉਨ੍ਹਾਂ ਨੇ ਦੇਖਿਆ ਕਿ ਜਦ ਉਨਾਂ ਦੀ ਮਾਤਾ ਰੋਟੀ ਪਕਾ ਰਹੀ ਸੀ ਤਾਂ ਇਕ ਰੋਟੀ ਕਾਫ਼ੀ ਸੜ ਗਈ । ਉਹ ਰੋਟੀ ਉਨਾਂ ਦੇ ਪਿਤਾ ਦੇ ਹਿੱਸੇ ਆਈ। ਕਲਾਮ ਸਾਹਿਬ ਡਰਦੇ ਰਹੇ ਕਿ ਹੁਣੇ ਉਨਾਂ ਦੇ ਪਿਤਾ ਸੜੀ ਹੋਈ ਰੋਟੀ ਲਈ ਮਾਤਾ ਜੀ ਨੂੰ ਬੁਰਾ ਭਲਾ ਕਹਿਣਗੇ ਪਰ ਉਨ੍ਹਾਂ ਦੇ ਪਿਤਾ ਜੀ ਬਿਨਾ ਕੁਝ ਬੋਲੇ ਉਹ ਸੜੀ ਹੋਈ ਰੋਟੀ ਖਾ ਗਏ। ਕਲਾਮ ਸਹਿਬ ਨੇ ਪਿਤਾ ਜੀ ਨੂੰ ਪੁੱਛਿਆ ਕਿ ਉਨ੍ਹਾਂ ਨੇ ਐਡੀ ਸੜੀ ਹੋਈ ਰੋਟੀ ਕਿਵੇਂ ਖਾ ਲਈ। ਪਿਤਾ ਜੀ ਨੇ ਹੱਸ ਕੇ ਉੱਤਰ ਦਿੱਤਾ ਕਿ,''ਇਹ ਦੁਨੀਆਂ ਅਪੂਰਨ ਲੋਕਾਂ ਨਾਲ ਭਰੀ ਪਈ ਹੈ। ਸੜੀ ਹੋਈ ਰੋਟੀ ਕਿਸੇ ਦਾ ਓਨਾ ਦਿਲ ਨਹੀਂ ਦੁਖਾਉਂਦੀ ਜਿਨਾ ਕੌੜੇ ਸ਼ਬਦ ਦੁਖਾਉਂਦੇ ਹਨ। ਮੈਂ ਸਭ ਤੋਂ ਚੰਗਾ ਨਹੀਂ ਹਾਂ। ਇਸ ਲਈ ਮੈਂ ਲੋਕਾਂ ਨੂੰ ਉਸੇ ਹਾਲਾਤ ਵਿਚ ਸਵੀਕਾਰ ਕਰ ਲੈਂਦਾ ਹਾਂ, ਜਿਸ ਤਰ੍ਹਾਂ ਦੇ ਉਹ ਹਨ। ਜ਼ਿੰਦਗੀ ਖ਼ੁਦ ਆਪਣੇ ਆਪ ਵਿਚ ਪੂਰਨ ਨਹੀਂ। ਇਸ ਲਈ ਸਾਡੇ-ਆਲੇ ਦੁਆਲੇ ਦੇ ਲੋਕ ਵੀ ਆਪਣੇ ਆਪ ਵਿਚ ਅਪੂਰਨ ਹੀ ਹਨ। ਮੈਂ ਐਨੇ ਸਾਲਾਂ ਵਿਚ ਇਹ ਹੀ ਸਿੱਖਿਆ ਹੈ ਕਿ ਇਕ ਦੂਜੇ ਨੂੰ ਉਨ੍ਹਾਂ ਦੇ ਨੁਕਸਾਂ ਸਮੇਤ ਹੀ ਸਵੀਕਾਰ ਕਰੋ ਅਤੇ ਰਿਸ਼ਤਿਆਂ ਦਾ ਅਨੰਦ ਲਉ। ਇਹ ਜ਼ਿੰਦਗੀ ਬਹੁਤ ਹੀ ਛੋਟੀ ਹੈ ਇਸ ਲਈ ਹਰ ਸਮੇਂ ਦੁਖੀ ਹੋਣ ਦਾ ਕੀ ਫਾਇਦਾ?'' ਜ਼ਿੰਦਗੀ ਨੂੰ ਕਾਮਯਾਬ ਅਤੇ ਸੁਖੀ ਬਣਾਉਣ ਲਈ ਕਈ ਸਮਝੌਤੇ ਕਰਨੇ ਪੈਂਦੇ ਹਨ। ਕਈ ਗੱਲਾਂ ਨੂੰ ਨਜ਼ਰ ਅੰਦਾਜ ਵੀ ਕਰਨਾ ਪੈਂਦਾ ਹੈ ਅਤੇ ਕਈ ਗੱਲਾਂ ਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਹੈ।
ਪ੍ਰਮਾਤਮਾ ਨੇ ਹਰ ਮਨੁੱਖ ਨੂੰ ਕੁਝ ਨਾ ਕੁਝ ਗੁਣ ਦਿੱਤੇ ਹਨ, ਜੋ ਉਸ ਦੇ ਵਿਕਾਸ ਵਿਚ ਸਹਾਈ ਹੁੰਦੇ ਹਨ ਅਤੇ ਉਸ ਨੇ ਹਰ ਮਨੁੱਖ ਵਿਚ ਕੋਈ ਨਾ ਕੋਈ ਕਮੀ ਵੀ ਜ਼ਰੂਰ ਰੱਖੀ ਹੈ ਤਾਂ ਕਿ ਉਸ ਦਾ ਦਿਮਾਗ਼ ਟਿਕਾਣੇ ਸਿਰ ਰਹੇ ਅਤੇ ਉਹ ਹੰਕਾਰ ਵਿਚ ਨਾ ਆਏ। ਇਹ ਕਦੀ ਨਹੀਂ ਹੋ ਸਕਦਾ ਕਿ ਕਿਸੇ ਮਨੁੱਖ ਨੂੰ ਪ੍ਰਮਾਤਮਾ ਨੇ ਗੁਣ ਹੀ ਗੁਣ ਦਿੱਤੇ ਹੋਣ ਅਤੇ ਉਸ ਵਿਚ ਕੋਈ ਔਗੁਣ ਨਾ ਹੋਏ, ਨਾ ਹੀ ਇਹ ਹੋ ਸਕਦਾ ਹੈ ਕਿ ਕਿਸੇ ਮਨੁੱਖ ਵਿਚ ਉਸ ਨੇ ਔਗੁਣ ਹੀ ਔਗੁਣ ਭਰੇ ਹੋਣ ਅਤੇ ਉਸ ਵਿਚ ਕੋਈ ਗੁਣ ਹੀ ਨਾ ਹੋਏ। ਹਾਂ ਮਨੁਖਾਂ ਵਿਚ ਗੁਣਾਂ ਅਤੇ ਔਗੁਣਾ ਦੇ ਅਨੁਪਾਤ ਵਿਚ ਫ਼ਰਕ ਹੋ ਸਕਦਾ ਹੈ। ਤੁਸੀਂ ਵੀ ਆਪਣੀ ਬੁੱਧੀ ਦੁਆਰਾ ਆਪਣੇ ਗੁਣਾਂ ਨੂੰ ਚਮਕਾ ਕੇ ਉੱਪਰ ਉੱਠ ਸਕਦੇ ਹੋ ਪਰ ਮਨ ਵਿਚ ਇਹ ਧਿਆਨ ਰੱਖੋ ਕਿ ਤੁਸੀਂ ਜਿੰਨਾ ਉੱਪਰ ਜਾਉਗੇ ਓਨਾ ਹੀ ਸਥਾਨ ਘਟਦਾ ਜਾਏਗਾ ਭਾਵ ਚੋਟੀ ਤਿੱਖੀ ਹੁੰਦੀ ਜਾਏਗੀ। ਅੰਤ ਸਭ 'ਤੋਂ ਉੱਚੀ ਚੋਟੀ 'ਤੇ ਜਾ ਕੇ ਕੇਵਲ ਇਕ ਮਨੁੱਖ ਲਈ ਹੀ ਸਥਾਨ ਰਹਿ ਜਾਏਗਾ।ਇਕ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਕੇਵਲ ਇਕ ਮਨੁੱਖ ਹੀ ਬਣ ਸਕਦਾ ਹੈ। ਜੇ ਹਰ ਕੋਈ ਚਾਹੇ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵਾਂ ਤਾਂ ਇਹ ਸੰਭਵ ਨਹੀਂ। ਅਜਿਹੀ ਕੁਰਸੀ 'ਤੇ ਜ਼ਿਆਦਾ ਦੇਰ ਟਿਕਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਤੁਹਾਡੀਆਂ ਲੱਤਾਂ ਖਿਚ ਕੇ ਤੁਹਾਨੂੰ ਮੂਧੇ ਮੂੰਹ ਸੁੱਟਣ ਲਈ ਹਰ ਸਮੇਂ ਕਈ ਲੋਕ ਮੌਕਾ ਤਾੜਦੇ ਰਹਿੰਦੇ ਹਨ। ਤੁਹਾਨੂੰ ਕਿਸੇ ਉੱਚਾਈ 'ਤੇ ਜਾ ਕੇ ਸਬਰ ਸੰਤੋਖ ਰੱਖਣਾ ਹੀ ਪਵੇਗਾ। ਜੇ ਤੁਹਾਡੇ ਸਿਰ 'ਤੇ ਛੱਤ ਹੈ, ਪਾਣ ਲਈ ਕੱਪੜਾ ਹੈ, ਸਫ਼ਰ ਲਈ ਸਵਾਰੀ ਹੈ ਅਤੇ ਬੱਚੇ ਵੀ ਸੈਟ ਹਨ ਤਾਂ ਫਿਰ ਹੋਰ ਤੁਹਾਨੂੰ ਕੀ ਚਾਹੀਦਾ ਹੈ? ਜੇ ਤੁਸੀਂ ਆਪਣੇ ਪੇਸ਼ੇ ਵਿਚ ਵੀ ਪੂਰਨਤਾ ਹਾਸਿਲ ਕਰ ਲਈ ਹੈ ਅਤੇ ਸਭ ਸੁੱਖ ਸਹੂਲਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਾਸਿਲ ਹੋ ਗਈਆਂ ਹਨ ਤਾਂ ਕੁਝ ਸਬਰ ਕਰੋ। ਫਿਰ ਜ਼ਰੂਰੀ ਨਹੀਂ ਕਿ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਹੀ ਬਣਨਾ ਹੈ। ਹੁਣ ਤੁਸੀਂ ਆਪਣਾ ਰੁਖ ਸਮਾਜ ਸੇਵਾ ਵੱਲ ਮੋੜੋ। ਸਮਾਜ ਪ੍ਰਤੀ ਆਪਣੇ ਫ਼ਰਜ਼ ਪਛਾਣੋ। ਕਦੀ ਹੰਕਾਰ ਵਿਚ ਨਾ ਆਉ ਕਿ ਇਹ ਸਭ ਕੁਝ ਮੈਂ ਕੀਤਾ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਤੁਹਾਡੇ 'ਤੇ ਉਸ ਨੇ ਅਪਾਰ ਕ੍ਰਿਪਾ ਕਰਕੇ ਤੁਹਾਨੂੰ ਇਸ ਯੋਗ ਬਣਾਇਆ ਹੈ। ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਉਹ ਸਭ ਕੁਝ ਕਰ ਸਕਦਾ ਹੈ। ਆਪਣਿਆਂ ਤੋਂ ਨੀਵਿਆਂ ਵੱਲ ਦੇਖੋ। ਫਿਰ ਸੋਚੋ ਕਿ ਤੁਸੀਂ ਕਿੰਨੇ ਕਿਸਮਤ ਵਾਲੇ ਹੋ? ਰੋਂਦਿਆਂ ਦੇ ਹੰਝੂ ਪੂੰਝੋ। ਡਿਗਦਿਆਂ ਨੂੰ ਉਠਾਓ। ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਇਸ ਗੱਲ ਨੂੰ ਸਮਝੋ ਕਿ ਪ੍ਰਮਾਤਮਾ ਨੇ ਤੁਹਾਨੂੰ ਇਸ ਸੰਸਾਰ 'ਤੇ ਇਸ ਭਲੇ ਦੇ ਉੱਤਮ ਕੰਮ ਲਈ ਹੀ ਭੇਜਿਆ ਹੈ। ਇਸ ਵਿਚ ਹੀ ਤੁਹਾਡਾ ਜੀਵਨ ਸਫ਼ਲ ਹੈ।

*****

ਗੁਰਸ਼ਰਨ ਸਿੰਘ ਕੁਮਾਰ
                     # 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

ਪ੍ਰੇਰਨਾਦਾਇਕ ਲੇਖ : ਸਾਡੀਆਂ ਅਸੰਤੁਸ਼ਟੀਆਂ - ਗੁਰਸ਼ਰਨ ਸਿੰਘ ਕੁਮਾਰ

ਅੱਜ ਕੱਲ੍ਹ ਸਾਡੇ ਕੋਲ ਜ਼ਿੰਦਗੀ ਦੀਆਂ ਬਹੁਤ ਸੁੱਖ ਸਹੂਲਤਾਂ ਹਨ। ਸਾਡੇ ਰਹਿਣ ਲਈ ਪੱਕੇ ਅਤੇ ਸੁੰਦਰ ਮਕਾਨ ਹਨ। ਘਰ ਵਿਚ ਬਿਜਲੀ ਪਾਣੀ ਦੀ ਸਹੂਲਤ ਹੈ। ਸਰਦੀਆਂ ਵਿਚ ਕਮਰੇ ਗਰਮ ਕਰਨ ਲਈ ਹੀਟਰ ਹਨ ਅਤੇ ਗਰਮੀਆਂ ਵਿਚ ਠੰਢਕ ਪਹੁੰਚਾਉਣ ਲਈ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਹਨ। ਕਿਧਰੇ ਆਉਣ ਜਾਣ ਲਈ ਆਪਣੀ ਕਾਰ ਜਾਂ ਸਕੂਟਰ ਹੈ। ਘਰ ਵਿਚ ਮਨੋਰੰਜਨ ਲਈ ਟੈਲੀਵਿਜ਼ਨ, ਕੰਪਿਊਟਰ ਅਤੇ ਇੰਟਰਨੈੱਟ ਜਹੀਆਂ ਮਹਿੰਗੀਆਂ ਵਸਤੂਆਂ ਅਤੇ ਸਹੂਲਤਾਂ ਹਨ। ਰਸੋਈ ਦੇ ਕੰਮ ਲਈ ਸਾਡੇ ਕੋਲ ਕੁੱਕਰ, ਫ਼ਰਿਜ, ਗੈਸ ਅਤੇ ਮਾਈਕਰਵੇਵ ਓਵਨ ਹਨ। ਬਰਤਨ ਸਾਫ ਕਰਨ ਲਈ ਡਿਸ਼ ਵਾਸ਼ਰ ਹਨ।ਜੇ ਅਚਾਨਕ ਕੋਈ ਮਹਿਮਾਨ ਆ ਜਾਏ ਤਾਂ ਫਰਿਜ ਵਿਚ ਖਾਣ ਲਈ ਬਣੀਆਂ ਹੋਈਆਂ ਸਬਜੀਆਂ ੳਤੇ ਗੁੱਝਾ ਹੋਇਆ ਆਟਾ ਹਰ ਸਮੇਂ ਤਿਆਰ ਮਿਲ ਜਾਂਦਾ ਹੈ। ਹੁਣ ਤਾਂ ਬਜ਼ਾਰ ਵਿਚ ਆਟਾ ਗੁੰਨਣ ਵਾਲੀਆਂ ਅਤੇ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਹਨ ਜਿਨਾਂ ਨਾਲ ਸਾਡੀ ਸਰੀਰਕ ਮੁਸ਼ੱਕਤ ਘਟ ਗਈ ਹੈ ਅਤੇ ਜ਼ਿੰਦਗੀ ਸੁਖਾਲੀ ਹੋ ਗਈ ਹੈ। ਸਾਡੇ ਕੋਲ ਕੱਪੜੇ ਧੋਣ ਲਈ ਆਟੋਮੈਟਿਕ ਮਸ਼ੀਨਾ ਹਨ। ਇਸ ਦੇ ਬਾਵਜੂਦ ਵੀ ਘਰ ਵਿਚ ਸਫ਼ਾਈਆਂ ਅਤੇ ਭਾਂਡਿਆਂ ਲਈ ਮਾਈਆਂ ਲੱਗੀਆਂ ਹੋਈਆਂ ਹਨ। ਇਨਾਂ ਸਾਰੀਆਂ ਸੁੱਖ ਸਹੂਲਤਾਂ ਦੇ ਬਾਵਜ਼ੂਦ ਵੀ ਸਾਡੀ ਜ਼ਿੰਦਗੀ ਕੋਈ ਸੌਖੀ ਨਹੀਂ ਹੋਈ। ਅਸੀਂ ਸੁਖੀ ਨਹੀਂ ਹਾਂ। ਅਸੀਂ ਹਰ ਸਮੇਂ ਤਣਾਅ ਵਿਚ ਹੀ ਰਹਿੰਦੇ ਹਾਂ। ਸਾਡੇ ਮਨ ਵਿਚ ਸ਼ਾਂਤੀ ਨਹੀਂ। ਦੁਨੀਆਂ ਦੇ ਇਸ ਭੀੜ ਭਰੇ ਮੇਲੇ ਵਿਚ ਵੀ ਅਸੀਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦੇ ਹਾਂ। ਸਾਡਾ ਕਿਸੇ ਕੰਮ ਵਿਚ ਵੀ ਜੀਅ ਨਹੀਂ ਲੱਗਦਾ। ਸਾਡੀ ਬਿਰਤੀ ਉੱਖੜੀ ਉੱਖੜੀ ਰਹਿੰਦੀ ਹੈ। ਦੂਜੇ ਨਾਲ ਵਰਤਣ ਸਮੇਂ ਵੀ ਸਾਨੂੰ ਲੱਗਦਾ ਹੈ ਕਿ ਉਹ ਸਾਡੀ ਅਣਖ 'ਤੇ ਹਮਲਾ ਕਰ ਕੇ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਕਈ ਵਾਰੀ ਅਸੀਂ ਦੂਜੇ ਦੇ ਬੋਲਣ ਤੋਂ ਪਹਿਲਾਂ ਹੀ ਉਸ ਨਾਲ ਉੱਚੀ ਅਵਾਜ਼ ਵਿਚ ਚੀਕ ਕੇ ਬੋਲਦੇ ਹਾਂ। ਇਸ ਨਾਲ ਕਲੇਸ਼ ਪੈਦਾ ਹੁੰਦਾ ਹੈ। ਆਪਸੀ ਦੂਰੀਆਂ ਵਧਦੀਆਂ ਹਨ।
ਜੇ ਅਸੀਂ ਅੱਜ ਤੋਂ 70/80 ਸਾਲ ਪਿੱਛੇ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਸ ਸਮੇਂ ਅੱਜ ਵਾਲੀਆਂ ਇਹ ਸਾਰੀਆਂ ਸੁੱਖ ਸਹੂਲਤਾਂ ਨਹੀਂ ਸਨ। ਕੱਚੇ ਅਤੇ ਤੰਗ ਮਕਾਨ ਸਨ। ਬਿਜਲੀ ਦੀ ਸਹੂਲਤ ਬਹੁਤ ਘੱਟ ਸੀ। ਘਰਾਂ ਵਿਚ ਰਾਤ ਨੂੰ ਮਿੱਟੀ ਦੇ ਤੇਲ ਵਾਲੇ ਲੈਂਪ ਨੂੰ ਬਾਲ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਅੱਜ ਦੀ ਤਰ੍ਹਾਂ ਘਰਾਂ ਵਿਚ ਪਾਣੀ ਦੇ ਨਲਕੇ ਨਹੀਂ ਸਨ। ਪਾਣੀ ਚਾਰ ਪੰਜ ਮੀਲ ਦੂਰੋਂ ਖੂਹ ਤੋਂ ਸਿਰ ਤੇ ਚੁੱਕ ਕੇ ਲਿਆਉਣਾ ਪੈਂਦਾ ਸੀ॥ ਸਾਰੇ ਕੰਮ ਹੱਥੀਂ ਹੀ ਕਰਨੇ ਪੈਂਦੇ ਸਨ। ਮਾਂਵਾਂ ਆਪਣੇ ਪੰਜ ਛੇ ਬੱਚਿਆਂ ਨੂੰ ਅਸਾਨੀ ਨਾਲ ਪਾਲ ਲੈਂਦੀਆਂ ਸਨ। ਅੱਜ ਕੱਲ੍ਹ ਦੀਆਂ ਮਾਵਾਂ ਨੁੰ ਇਕ ਜਾਂ ਦੋ ਬੱਚਿਆਂ ਨੂੰ ਪਾਲਣਾ ਵੀ ਬਹੁਤ ਕਠਿਨ ਹੋ ਗਿਆ ਹੈ। ਕਈ ਔਰਤਾਂ ਤਾਂ ਬੱਚੇ ਚਾਹੁੰਦੀਆਂ ਹੀ ਨਹੀਂ। ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਇਹ ਇਕ ਨਾਂਹ ਪੱਖੀ ਸੋਚ ਹੈ ।ਪਹਿਲੇ ਸਮੇਂ ਸਾਂਝੇ ਪਰਿਵਾਰ ਸਨ ਅਤੇ ਆਪਸ ਵਿਚ ਇਤਫ਼ਾਕ ਸੀ। ਅੱਜ ਕੱਲ੍ਹ ਤਾਂ ਸਭ ਲੋਕ ਖ਼ੁਸ਼ਕ ਹੋ ਗਏ ਹਨ। ਨਿੱਜੀ ਹਉਮੇ ਪ੍ਰਧਾਨ ਹੈ। ਪਹਿਲਾਂ ਪਰਿਵਾਰ ਵਿਚ ਇਕ ਜੀਅ ਕਮਾਉਂਦਾ ਸੀ ਅਤੇ ਸਾਰਾ ਟੱਬਰ ਖਾਂਦਾ ਸੀ। ਘਰ ਵਿਚ ਬਰਕਤ ਸੀ ਅਤੇ ਮਨ ਦੀ ਸ਼ਾਂਤੀ ਸੀ। ਹੁਣ ਸਾਰਾ ਟੱਬਰ ਕਮਾਉਂਦਾ ਹੈ ਤਾਂ ਵੀ ਖ਼ਰਚੇ ਦੀ ਪੂਰੀ ਨਹੀਂ ਪੈਂਦੀ। ਇਸ ਲਈ ਹਰ ਸਮੇਂ ਮਨ ਤੇ ਬੋਝ ਰਹਿੰਦਾ ਹੈ। ਇਸ ਨਾਲ ਘਰੇਲੂ ਕਲੇਸ਼ ਵਧਦਾ ਹੈ। ਹਰ ਕੋਈ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਅਸੀਂ ਦੂਜਿਆਂ ਕੋਲੋਂ ਬਹੁਤ ਜ਼ਿਆਦਾ ਉਮੀਦਾਂ ਰੱਖ ਲੈਂਦੇ ਹਾਂ ਜੋ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਤਣਾਅ ਵਿਚ ਆ ਜਾਂਦੇ ਹਾਂ।
ਮੱਧਿਅਮ ਸ਼ਰੇਣੀ ਤੋਂ ਥੱਲੇ ਦੇ ਲੋਕ, ਜਿੰਨ੍ਹਾਂ ਕੋਲ ਹਾਲੀ ਇਹ ਅਧੁਨਿਕ ਸੁੱਖ ਸਹੂਲਤਾਂ ਨਹੀਂ ਪਹੁੰਚੀਆਂ, ਉਹ ਗ਼ਰੀਬੀ ਦੇ ਖ਼ਿਲਾਫ਼ ਸਖਤ ਜੰਗ ਲੜ੍ਹ ਰਹੇ ਹਨ। ਉਨ੍ਹਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਲਈ ਉਨ੍ਹਾਂ ਦਾ ਤਣਾਅ ਤਾਂ ਸਮਝ ਵਿਚ ਆਉਂਦਾ ਹੈ, ਪਰ ਜਿੰਨ੍ਹਾਂ ਕੋਲ ਇਹ ਸਭ ਸਹੂਲਤਾਂ ਹਨ ਫਿਰ ਵੀ ਉਹ ਤਣਾਅ ਵਿਚ ਰਹਿੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਸੁੱਖਾਂ ਦੇ ਇਹ ਸਭ ਸਮਾਨ ਸਾਡੀ ਸਰੀਰਕ ਮੁਸ਼ੱਕਤ ਘਟਾਉਣ ਵਿਚ ਤਾਂ ਕਾਮਯਾਬ ਹੋਏ ਹਨ ਪਰ ਇਹ ਸਭ ਸਮਾਨ ਸਾਡੀ ਮਾਨਸਿਕ ਸ਼ਾਂਤੀ ਪੈਦਾ ਕਰਨ ਵਿਚ ਸਹਾਈ ਨਹੀਂ ਹੋਏ।
ਸ਼ਾਡੇ ਮਾਨਸਿਕ ਤਣਾਅ ਦੇ ਐਨੇ ਕਾਰਨ ਹਨ ਜਿਨਾਂ ਨੂੰ ਇਕ ਥਾਂ ਲਿਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਮਾਨਸਿਕ ਤਣਾਅ, ਮਾਨਸਿਕ ਅਸੰਤੁਸ਼ਟੀ ਕਾਰਨ ਪੈਦਾ ਹੁੰਦਾ ਹੈ।ਇਸ ਦਾ ਮਤਲਬ ਹੈ ਕਿ ਜੋ ਸਾਨੂੰ ਜ਼ਿੰਦਗੀ ਵਿਚ ਮਿਲਿਆ ਹੈ ਜਾਂ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ, ਅਸੀਂ ਉਸ ਤੋਂ ਸੰਤੁਸ਼ਟ ਨਹੀਂ। ਇਹ ਸਭ ਕੁਝ ਠੀਕ ਨਹੀਂ। ਸਾਡੀ ਇੱਛਾ ਮੁਤਾਬਿਕ ਕੁਝ ਹੋਰ ਹੋਣਾ ਚਾਹੀਦਾ ਹੈ ਪਰ ਉਹ ਹੋ ਨਹੀਂ ਰਿਹਾ। ਇਸ ਕਾਰਨ ਅਸੀਂ ਅਸੰਤੁਸ਼ਟ ਹਾਂ। ਵਿਦਵਾਨਾ ਨੇ ਮਨੁੱਖੀ ਅਸੰਤੁਸ਼ਟੀਆਂ ਨੁੰ ਤਿੰਨ ਸ਼ਰੇਣੀਆਂ ਵਿਚ ਵੰਡਿਆ ਹੈ। ਪਹਿਲੀ ਸ਼੍ਰੇਣੀ ਹੈ ਪਰਿਵਾਰਿਕ ਅਸੰਤੁਸ਼ਟੀ। ਪਰਿਵਾਰ ਵਿਚ ਕਈ ਵਾਰੀ  ਬੱਚਾ ਸੋਚਦਾ ਹੈ ਕਿ ਮੈਂ ਗ਼ਲਤ ਘਰ ਵਿਚ ਜਨਮ ਲੈ ਲਿਆ ਹੈ। ਮੇਰੇ ਮਾਂ-ਪਿਓ ਠੀਕ ਨਹੀਂ। ਮੇਰਾ ਭਰਾ ਠੀਕ ਨਹੀਂ ਜਾਂ ਮੇਰੀ ਭੈਣ ਠੀਕ ਨਹੀਂ। ਮਾਂ-ਪਿਓ ਵੀ ਕਈ ਵਾਰੀ ਸੋਚਦੇ ਹਨ ਕਿ ਸਾਡੀ ਅੋਲਾਦ ਠੀਕ ਨਹੀਂ। ਉਸ ਵਿਚ ਚੰਗੀਆਂ ਆਦਤਾਂ ਨਹੀਂ। ਬੱਚੇ ਸਾਡੀ ਮਰਜ਼ੀ ਨਾਲ ਨਹੀਂ ਚੱਲਦੇ। ਇਹ ਸਭ ਰਿਸ਼ਤੇ ਸਾਨੂੰ ਕੁਦਰਤ ਦੁਆਰਾ ਮਿਲੇ ਹਨ । ਇੰਨ੍ਹਾਂ ਨੂੰ ਬਦਲਣਾ ਸਾਡੇ ਵੱਸ ਵਿਚ ਨਹੀਂ। ਜਦ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣਾ ਅਲੱਗ ਪਰਿਵਾਰ ਵਸਾ ਕੇ ਜ਼ਿੰਦਗੀਂ ਨੂੰ ਆਪਣੇ ਹਿਸਾਬ ਸਿਰ ਚਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਅਸੰਤੁਸ਼ਟੀ ਅਤੇ ਤਣਾਅ ਫਿਰ ਵੀ ਪਿੱਛਾ ਨਹੀਂ ਛੱਡਦੇ। ਕੁਝ ਹੋਰ ਰਿਸ਼ਤੇ ਹਨ ਜੋ ਸਾਨੂੰ ਇਸ ਧਰਤੀ ਤੇ ਜਨਮ ਲੈਣ ਤੋਂ ਬਾਅਦ ਮਿਲਦੇ ਹਨ, ਜਿੰਨਾ ਨੂੰ ਅਸੀਂ ਆਪਣੇ ਬਣਾਏ ਹੋਏ ਰਿਸ਼ਤੇ ਕਹਿ ਸਕਦੇ ਹਾਂ ਜਿਵੇਂ ਦੋਸਤਾਂ ਮਿੱਤਰਾਂ ਦਾ ਦਾਇਰਾ ਜਾਂ ਵਿਆਹ ਦਾ ਬੰਧਨ ਆਦਿ। ਕਈ ਵਾਰੀ ਪਤੀ ਪਤਨੀ ਵਿਚ ਆਪਸੀ ਤਾਲ ਮੇਲ ਸੋਹਣਾ ਨਹੀਂ ਰਹਿੰਦਾ॥ ਪਤੀ ਕਹਿੰਦਾ ਹੈ ਮੇਰੀ ਪਤਨੀ ਠੀਕ ਨਹੀਂ। ਉਹ ਮੇਰੀ ਮਰਜ਼ੀ ਅਨੁਸਾਰ ਨਹੀਂ ਚੱਲਦੀ। ਪਤਨੀ ਕਹਿੰਦੀ ਹੈ ਕਿ ਮੇਰਾ ਪਤੀ ਠੀਕ ਨਹੀਂ। ਉਹ ਲਈ-ਲੱਗ ਹੈ। ਮੇਰੀ ਕੋਈ ਗੱਲ ਹੀ ਨਹੀਂ ਮੰਨਦਾ। । ਘਰ ਵਿਚ ਕਲੇਸ਼ ਰਹਿਣ ਲੱਗ ਪੈਂਦਾ ਹੈ। ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਤਲਾਕ ਮਨਜ਼ੂਰ ਹੋਵੇ ਜਾਂ ਨਾ, ਇਹ ਅਸੰਤੁਸ਼ਟੀ ਸਾਰੀ ਉਮਰ ਦਾ ਸੰਤਾਪ ਬਣ ਕੇ ਮਰੇ ਹੋਏ ਸੱਪ ਦੀ ਤਰ੍ਹਾਂ ਗਲ ਵਿਚ ਪਈ ਹੀ ਰਹਿੰਦੀ ਹੈ।
 ਦੂਜੀ ਅਸੰਤੁਸ਼ਟੀ ਹੈ ਵਿਉਹਾਰਕ ਅਸੰਤੁਸ਼ਟੀ। ਇਸ ਵਿਚ ਸਾਡੀ ਜ਼ਿੰਦਗੀ ਦੀਆਂ ਕੁਝ ਮੁਢਲੀਆਂ ਜ਼ਰੂਰਤਾਂ ਹਨ ਕੁਝ ਸਾਡੀਆਂ ਆਕਾਂਸ਼ਾਵਾਂ ਹਨ ਜੋ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਅਸੀਂ ਹਰ ਸਮੇਂ ਦੁਖੀ ਹੀ ਰਹਿੰਦੇ ਹਾਂ। ਅਸੀਂ ਹਮੇਸ਼ਾਂ ਸੋਚਦੇ ਹਾਂ ਕਿ ਅਸੀਂ ਬਹੁਤ ਸਿਆਣੇ ਹਾਂ। ਸਾਡੇ ਵਿਚ ਬਹੁਤ ਹੁਨਰ ਹੈ। ਸਾਡੀ ਲਿਆਕਤ ਮੁਤਾਬਿਕ ਸਾਡੀ ਪਰਾਪਤੀ ਬਹੁਤ ਘੱਟ ਹੈ। ਕਈ ਲੋਕ ਸੋਚਦੇ ਹਨ ਕਿ ਮੈਂ ਦਿਮਾਗ ਦਾ ਬਹੁਤ ਤੇਜ਼ ਹਾਂ ਪਰ ਮੈਨੂੰ ਲੋਕਾਂ ਦੀ ਤਰ੍ਹਾਂ ਮੌਕਾ ਹੀ ਨਹੀਂ ਮਿਲਿਆਂ ਇਸ ਲਈ ਮੈਂ ਜ਼ਿਆਦਾ ਪੜ੍ਹ ਨਹੀਂ ਸਕਿਆ। ਮੇਰੀ ਕੋਈ ਸਿਫ਼ਾਰਸ਼ ਨਹੀਂ, ਇਸ ਲਈ ਮੈਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ ਜਾਂ ਨੌਕਰੀ ਵਿਚ ਕੋਈ ਉੱਚਾ ਅਹੁਦਾ ਨਹੀਂ ਮਿਲਿਆ। ਮੇਰੀ ਕੋਈ ਕਦਰ ਹੀ ਨਹੀਂ ਕਰਦਾ। ਇਹ ਸਾਡੀਆਂ ਇੱਛਾਵਾਂ ਅਤੇ ਆਕਾਂਸ਼ਾਵਾਂ ਹਨ। ਇਹ ਸਾਡੀਆਂ ਮੁੱਢਲੀਆਂ ਜ਼ਰੁਰਤਾਂ ਨਹੀਂ। ਅਸੀਂ ਆਸ ਪਾਸ ਦੇ ਖ਼ੁਸ਼ਹਾਲ ਲੋਕਾਂ ਦੀ ਜ਼ਿੰਦਗੀ ਦੇਖ ਕੇ ਆਪਣੀਆਂ ਆਕਾਂਸ਼ਾਵਾਂ ਵਧਾ ਲੈਂਦੇ ਹਾਂ। ਅਸੀਂ ਸੋਚਦੇ ਹਾਂ ਸਾਡੇ ਕੋਲ ਦੂਜਿਆਂ ਨਾਲੋਂ ਧਨ ਅਤੇ ਸਾਧਨ ਘੱਟ ਹਨ। ਇਸ ਲਈ ਸਾਡੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਜੇ ਸਾਡੀਆਂ ਇਹ ਜ਼ਰੂਰਤਾਂ ਪੂਰੀਆਂ ਹੋ ਵੀ ਜਾਣ ਤਾਂ ਵੀ ਸਾਡਾ ਮੁਕਾਬਲਾ ਤਾਂ ਸਾਡੇ ਗੁਆਂਢੀਆਂ ਅਤੇ ਹੋਰ ਵੱਡੇ ਲੋਕਾਂ ਨਾਲ ਹੈ॥ ਇਹ ਮੁਕਾਬਲਾ ਸਾਡੀ ਸ਼ਾਂਤੀ ਭੰਗ ਕਰਦਾ ਹੈ। ਸਾਡੇ ਮਨ ਵਿਚ ਚੀਸ ਜਿਹੀ ਪੈਦਾ ਹੁੰਦੀ ਹੈ ਕਿ ਸਾਡਾ ਮਕਾਨ ਛੋਟਾ ਹੈ, ਸਾਡੀ ਕਾਰ ਛੋਟੀ ਅਤੇ ਪੁਰਾਣੇ ਮਾਡਲ ਦੀ ਹੈ। ਸਾਡੇ ਕੋਲ ਕੀਮਤੀ ਕੱਪੜੇ ਵੀ ਨਹੀਂ ਅਤੇ ਘਰ ਦਾ ਫਰਨੀਚਰ ਵੀ ਪੁਰਾਣਾ ਹੈ। ਗੁਆਂਢੀਆਂ ਦੇ ਜਾਣਨ ਵਾਲੇ ਬਹੁਤ ਹਨ। ਉਹ ਉਨ੍ਹਾਂ ਨੂੰ ਕੀਮਤੀ ਤੋਹਫ਼ੇ ਦੇ ਦੇ ਕੇ ਉਨ੍ਹਾਂ ਦਾ ਘਰ ਭਰ ਦਿੰਦੇ ਹਨ। ਸਾਨੂੰ ਕੋਈ ਪੁੱਛਦਾ ਹੀ ਨਹੀਂ। ਸਾਡੀ ਜਾਣ ਪਹਿਚਾਣ ਦਾ ਦਾਇਰਾ ਬਹੁਤ ਘੱਟ ਹੈ। ਸਾਡੀਆਂ ਰਾਜਨੀਤਕ ਬਾਹਵਾਂ ਲੰਮੀਆਂ ਨਹੀਂ॥ ਸਾਡਾ ਵਪਾਰ ਅੰਬਾਨੀ ਅਤੇ ਅਡਾਨੀ ਜਿਹੇ ਧੰਨਾਢ ਲੋਕਾਂ ਜਿੰਨਾ ਕਿਉਂ ਨਹੀਂ? ਕਿਸੇ ਦਫਤਰ ਦਾ ਕਲਰਕ ਵੀ ਇਹ ਹੀ ਸੋਚਦਾ ਹੈ ਕਿ ਜੇ ਮੈਂ ਇਸ ਦਫ਼ਤਰ ਦਾ ਸਭ ਤੋਂ ਵੱਡਾ ਅਫ਼ਸਰ ਹੁੰਦਾ ਤਾਂ ਮੈਂ ਦਫ਼ਤਰ ਦਾ ਕਇਆ ਕਲਪ ਕਰ ਦਿੰਦਾ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਮੈਨੂੰ ਮੌਕਾ ਹੀ ਨਹੀਂ ਮਿਲਿਆ॥ ਇਸੇ ਤਰ੍ਹਾਂ ਕੁਝ ਹੋਰ ਲੋਕ ਸੋਚਦੇ ਹਨ ਕਿ ਜੇ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਦੇਸ਼ ਨੂੰ ਸਭ ਤੋਂ ਚੰਗਾ ਚਲਾ ਸਕਦੇ ਹਨ। ਸਾਡੀ ਹੋਰ૷ਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਲਾਲਸਾ ਕਦੀ ਖਤਮ ਨਹੀਂ ਹੁੰਦੀ। ਇਸ ਲਾਲਸਾ ਕਾਰਨ ਹੀ ਅਸੀਂ ਸਦਾ ਪ੍ਰੇਸ਼ਾਨ ਅਤੇ ਦੁਖੀ ਰਹਿੰਦੇ ਹਾਂ। ਇਹ ਸਾਡੀਆਂ ਆਪਣੀਆਂ ਸਹੇੜੀਆਂ ਹੋਈਆਂ ਪ੍ਰੇਸ਼ਾਨੀਆਂ ਹਨ, ਜੋ ਜ਼ਿੰਦਗੀ ਭਰ ਸਾਡਾ ਪਿੱਛਾ ਨਹੀਂ ਛੱਡਦੀਆਂ। ਇਹ ਸਾਨੂੰ ਸਾਰੀ ਉਮਰ ਕੱਠਪੁਤਲੀ ਦੀ ਤਰ੍ਹਾਂ ਨਚਾਈ ਰੱਖਦੀਆਂ ਹਨ। ਇਸ ਤੋਂ ਇਲਾਵਾ ਜ਼ਿੰਦਗੀ ਦੀਆਂ ਕਈ ਅਣਸੁਖਾਵੀਆਂ ਘਟਨਾਵਾਂ ਵੀ ਸਾਨੂੰ ਦੁਖੀ ਕਰਦੀਆਂ ਰਹਿੰਦੀਆਂ ਹਨ ਜਿਵੇਂ-ਕੋਈ ਵੱਡਾ ਨੁਕਸਾਨ, ਕੋਈ ਲੜਾਈ ਝਗੜਾ ਅਤੇ ਕੋਰਟ ਕਚੈਹਰੀਆਂ ਦੇ ਚੱਕਰ, ਕੋਈ ਬੀਮਾਰੀ ਜਾਂ ਕੋਈ ਐਕਸੀਡੈਂਟ ਅਤੇ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਦੀ ਅਚਾਨਕ ਮੌਤ ਆਦਿ। ਮਨੁੱਖ ਇਨਾਂ ਗੱਲਾਂ ਤੋਂ ਬਚ ਨਹੀਂ ਸਕਦਾ। ਇਸ ਲਈ ਦੁਖੀ ਰਹਿੰਦਾ ਹੈ।
ਇਕ ਤੀਜੀ ਸ਼੍ਰੇਣੀ ਹੈ ਅਸੰਤੁਸ਼ਟ ਮਨੁੱਖਾਂ ਦੀ ਜੋ ਇਹ ਤਾਂ ਸੋਚਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਠੀਕ ਹੈ ਅਤੇ ਧਨ ਤੇ ਬਾਕੀ ਸਹੁਲਤਾਂ ਦੀ ਵੀ ਕੋਈ ਕਮੀ ਨਹੀਂ। ਆਪਣੀਆਂ ਪ੍ਰਾਤੀਆਂ ਤੇ ਵੀ ਉਨ੍ਹਾਂ ਨੂੰ ਸਬਰ ਹੈ। ਇਥੋਂ ਤੱਕ ਤਾਂ ਸਭ ਕੁਝ ਹੀ ਠੀਕ ਹੈ ਪਰ ਉਹ ਆਪ ਹੀ ਠੀਕ ਨਹੀਂ। ਅਜਿਹਾ ਬੰਦਾ ਸੋਚਦਾ ਹੈ ਕਿ ਮੇਰੇ ਵਿਚ ਹੀ ਕੁਝ ਕਮੀਆਂ ਹਨ। ਮੈਨੂੰ ਪ੍ਰਮਾਤਮਾਂ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਮੈਂ ਸਾਰੀ ਰਾਤ ਸਮਾਧੀ ਲਾ ਕੇ ਬੈਠਦਾ ਹਾਂ, ਫਿਰ ਵੀ ਮੇਰਾ ਧਿਆਨ ਕਿਉਂ ਨਹੀਂ ਜੁੜਦਾ? ਮਨ ਇੱਧਰ ਉੱਧਰ ਕਿਉਂ ਭਟਕਦਾ ਰਹਿੰਦਾ ਹੈ? ਜ਼ਿੰਦਗੀ ਵਿਚ ਸਭ ਸੁੱਖ ਅਰਾਮ ਮਿਲਣ ਦੇ ਬਾਵਜ਼ੂਦ ਵੀ ਉਹ ਸੰਤੁਸ਼ਟ ਨਹੀਂ। ਉਹ ਇਸ ਧਰਤੀ ਦੇ ਸੁਹੱਪਣ ਵਲੋਂ ਅੱਖਾਂ ਮੀਟ ਕੇ ਕਿਸੇ ਅਦ੍ਰਿਸ਼ ਸਵਰਗ ਦੀ ਪ੍ਰਾਪਤੀ ਲਈ ਜ਼ਿੰਦਗੀ ਗੁਜ਼ਾਰ ਰਹੇ ਹਨ। ਉਨ੍ਹਾਂ ਲਈ ਇਹ ਦੁਨਿਆਵੀ ਸੁੱਖ ਸਹੂਲਤਾਂ ਅਤੇ ਰਿਸ਼ਤੇ ਸਭ ਸਿਫ਼ਰ ਹਨ। ਇਸੇ ਸੋਚ ਕਾਰਨ ਹੀ ਉਨ੍ਹਾਂ ਦੇ ਮਨ ਦੀ ਸ਼ਾਂਤੀ ਭੰਗ ਹੋ ਰਹੀ ਹੈ।
ਮਨੁੱਖੀ ਜ਼ਿੰਦਗੀ ਵਿਚ ਦੁੱਖ-ਸੁੱਖ, ਘਟਨਾਵਾਂ-ਦੁਰਘਟਨਾਵਾਂ, ਥੁੜਾਂ ਅਤੇ ਕਮੀਆਂ, ਮਾਨ-ਅਪਮਾਨ ਅਤੇ ਤਣਾਅ ਆਦਿ ਅਟੁੱਟ ਅੰਗ ਹਨ। ਇਨਾਂ ਤੋਂ ਬਚਿਆ ਨਹੀਂ ਜਾ ਸਕਦਾ। ਸਾਨੂੰ ਇਨਾਂ ਨਾਲ ਹੀ ਜ਼ਿੰਦਗੀ ਬਸਰ ਕਰਨੀ ਪੈਣੀ ਹੈ। ਫਿਰ ਵੀ ਅਸੀ ਆਪਣੀ ਬੋਲ-ਬਾਣੀ ਅਤੇ ਵਿਉਹਾਰ ਨੂੰ ਕੁਝ ਹੱਦ ਤੱਕ ਬਦਲ ਕੇ ਆਪਣੇ ਦਾਮਨ ਨੂੰ ਕੰਡਿਆਂ ਤੋਂ ਬਚਾ ਕੇ ਜ਼ਿੰਦਗੀ ਦੇ ਸਫ਼ਰ ਨੂੰ ਕੁਝ ਸੁਖਾਵਾਂ ਬਣਾ ਸਕਦੇ ਹਾਂ। ਇਹ ਯਾਦ ਰੱਖੋ ਕਿ ਆਪਣੀ ਜ਼ਿੰਦਗੀ ਨੂੰ ਤੁਸੀਂ ਖ਼ੁਦ ਹੀ ਬਦਲ ਸਕਦੇ ਹੋ। ਕੋਈ ਦੂਜਾ ਵਿਅਕਤੀ ਤੁਹਾਡੇ ਲਈ ਇਹ ਕੰਮ ਨਹੀਂ ਕਰ ਸਕਦਾ। ਖ਼ੁਦ ਨੂੰ ਬਦਲਣ ਲਈ ਪਹਿਲਾਂ ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਪਵੇਗਾ। ਫਿਰ ਹੀ ਤੁਹਾਡੀ ਜ਼ਿੰਦਗੀ ਵਿਚ ਚੰਗਾ ਬਦਲਾਅ ਆ ਸਕੇਗਾ।
ਜ਼ਿੰਦਗੀ ਨੂੰ ਸਹਿਜ ਅਤੇ ਸਰਲ ਬਣਾਉਣ ਲਈ ਤੁਹਾਨੂੰ ਪਹਿਲਾਂ ਆਪਣੇ ਆਪ ਇਮਾਨਦਾਰ ਹੋਣਾ ਪਵੇਗਾ। ਦੂਸਰੇ ਨਾਲ ਤੁਹਾਡਾ ਵਿਉਹਾਰ ਦਿਖਾਵੇ ਦਾ ਨਹੀਂ ਹੋਣਾ ਚਾਹੀਦਾ। ਕਈ ਲੋਕ ਦੂਸਰੇ ਦੇ ਸਾਹਮਣੇ ਤਾਂ ਉਸ ਨਾਲ ਬਹੁਤ ਸਲੀਕੇ ਨਾਲ ਪੇਸ਼ ਆਉਂਦੇ ਹਨ। ਉਸ ਨੂੰ ਬਹੁਤ ਜੀ ਜੀ ਕਰਦੇ ਹਨ ਅਤੇ ਗੱਲ ਬਾਤ ਵਿਚ ਵੀ ਪੂਰੀ ਮਿੱਠਾਸ ਰੱਖਦੇ ਹਨ ਪਰ ਉਸ ਦੀ ਪਿੱਠ ਪਿੱਛੇ ਉਸ ਦੀ ਬਦਖੋਈ ਕਰਦੇ ਹਨ। ਉਸ ਨੂੰ ਬਹੁਤ ਹੀ ਭੈੜਾ ਅਤੇ ਘਟੀਆ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਸ ਦਾ ਨਾਮ ਵੀ ਵਿਗਾੜ ਕੇ ਹੀ ਲੈਂਦੇ ਹਨ। ਇਸ ਨਾਲ ਦੂਜੇ ਦਾ ਤਾਂ ਸ਼ਾਇਦ ਕੁਝ ਨਹੀਂ ਘਟਦਾ ਪਰ ਬੋਲਣ ਵਾਲੇ ਦਾ ਸੁਣਨ ਵਾਲੇ ਤੇ ਬਹੁਤ ਘਟੀਆ ਅਸਰ ਪੈਂਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਹ ਖ਼ੁਦ ਕਿੰਨਾ ਘਟੀਆ ਬੰਦਾ ਹੈ ਜੋ ਦੂਜੇ ਦੀਆਂ ਚੁਗਲੀਆਂ ਕਰਦਾ ਹੈ। ਆਪਣੇ ਅਜਿਹੇ ਘਟੀਆਪਨ ਨੂੰ ਦੂਰ ਕਰੋ। ਅਪਣੇ ਮਨ ਅਤੇ ਵਿਉਹਾਰ ਵਿਚ ਇਕੋ ਜਿਹੇ ਰਹੋ। ਦੋਗੱਲੀ ਨੀਤੀ ਛੱਡੋ। ਆਪਣੇ ਵੀਚਾਰ ਹਮੇਸ਼ਾਂ ਉੱਚੇ ਅਤੇ ਸੁੱਚੇ ਰੱਖੋ। ਇਸ ਨਾਲ ਲੋਕਾਂ ਤੇ ਤੁਹਾਡਾ ਪ੍ਰਭਾਵ ਚੰਗਾ ਪਵੇਗਾ ਅਤੇ ਤੁਹਾਡੀ ਸ਼ਖਸੀਅਤ ਦਿਲਕਸ਼ ਬਣੇਗੀ। ਦੂਸਰੇ ਨਾਲ ਉਸ ਤਰ੍ਹਾਂ ਦਾ ਵਿਉਹਾਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਉਸ ਕੋਲੋਂ ਆਪਣੇ ਲਈ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕੇ ਲੋਕ ਤੁਹਾਡੀ ਇੱਜ਼ਤ ਕਰਨ, ਉਹ ਤਹਾਡੀ ਮਦਦ ਕਰਨ ਤਾਂ ਇਸ ਕੰਮ ਵਿਚ ਪਹਿਲ ਤੁਹਾਨੂੰ ਆਪ ਹੀ ਕਰਨੀ ਪਵੇਗੀ। ਤੁਸੀਂ ਖ਼ੁਦ ਲੋਕਾਂ ਦੀ ਇੱਜ਼ਤ ਕਰਨਾ ਸਿੱਖੋ। ਉਨ੍ਹਾਂ ਦਾ ਦਰਦ ਨੂੰ ਸਮਝੋ। ਉਨ੍ਹਾਂ ਦੀਆਂ ਮਜਬੂਰੀਆਂ ਅਤੇ ਜ਼ਰੂਰਤਾਂ ਨੂੰ ਸਮਝੋ। ਉਨ੍ਹਾਂ ਦੀ ਮਦਦ ਕਰੋ। ਫਿਰ ਦੂਜੇ ਲੋਕ ਵੀ ਤੁਹਾਡੇ ਨਾਲ ਚੰਗੀ ਤਰ੍ਹਾਂ ਵਰਤਣਗੇ। ਉਹ ਤੁਹਾਨੂੰ ਆਪਣਾ ਸ਼ੁਭਚਿੰਤਕ ਸਮਝਣਗੇ ਅਤੇ ਆਪ ਵੀ ਤੁਹਾਡੇ ਸ਼ੁੱਭਚਿੰਤਕ ਬਣਨਗੇ॥ ਤੁਹਾਡੇ ਦੁੱਖ ਸੁੱਖ ਵਿਚ ਸ਼ਰੀਕ ਹੋਣਗੇ। ਤੁਹਾਡੀ ਔਖੀ ਘੜੀ ਵਿਚ ਤੁਹਾਡੇ ਨਾਲ ਖੜ੍ਹਣਗੇ। ਇਹ ਸਭ ਕੁਝ ਤੁਹਾਨੂੰ ਠੰਢਕ ਪਹੁੰਚਾਏਗਾ। ਤੁਹਾਡੀਆਂ ਕਈ ਮੁਸ਼ਕਲਾਂ ਉਨ੍ਹਾਂ ਦੇ ਸਹਿਯੋਗ ਨਾਲ ਹੱਲ ਹੋ ਜਾਣਗੀਆਂ ਜੋ ਇਕੱਲਿਆਂ ਤੁਹਾਡੇ ਲਈ ਮੁਸੀਬਤ ਖੜ੍ਹੀਆਂ ਕਰ ਰਹੀਆ ਸਨ। ਤੁਹਾਡੀ ਜ਼ਿੰਦਗੀ ਦਾ ਸਫ਼ਰ ਸੌਖਾ ਹੋ ਜਾਵੇਗਾ। ਜਦ ਕਿਸੇ ਤੋਂ ਵਿੱਛੜੋ ਤਾਂ ਇਸ ਤਰ੍ਹਾਂ ਵਿੱਛੜੋ ਜਿਵੇਂ ਤੁਸੀਂ ਉਸ ਨੂੰ ਆਖਰੀ ਵਾਰ ਮਿਲ ਰਹੇ ਹੋ। ਆਪਣੇ ਚੰਗੇ ਵਿਉਹਾਰ ਅਤੇ ਮਿਠੀ ਜੁਬਾਨ ਨਾਲ ਉਸ ਤੇ ਐਸਾ ਪ੍ਰਭਾਵ ਛੱਡੋ ਕਿ ਉਹ ਜ਼ਿੰਦਗੀ ਭਰ ਤੁਹਾਡੇ ਗੁਣ ਗਾਉਂਦਾ ਰਹੇ। ਇਸ ਤਰ੍ਹਾਂ ਹੋਲੀ ਹੋਲੀ ਤੁਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਬਦਲ ਲਵੋਗੇ। ਦੂਜਿਆਂ ਨਾਲ ਤੁਹਾਡਾ ਮਿਤੱਰਤਾ ਭਰਿਆ ਰਿਸ਼ਤਾ ਕਾਇਮ ਹੋਵੇਗਾ। ਤੁਹਾਡੇ ਚੰਗੇ ਸੁਭਅ ਕਾਰਨ ਹਰ ਕੋਈ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ।ਕਿਸੇ ਦਾ ਦਿਲ ਜਿੱਤਣ ਲਈ ਸੋਹਣੇ ਮੁੱਖੜੇ ਨਾਲੋਂ ਸਾਊ ਸੁਭਾਅ ਦੀ ਜ਼ਰੂਰਤ ਹੁੰਦੀ ਹੈ।
ਜੇ ਜ਼ਿੰਦਗੀ ਵਿਚ ਤੁਹਾਡੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ ਤਾਂ ਬਹੁਤੀ ਹਾਇ ਤੌਬਾ ਨਾ ਕਰੋ। ਸਹਿਜ ਵਿਚ ਰਹੋ। ਆਪਣੀਆਂ ਫ਼ਾਲਤੂ ਦੀਆਂ ਇੱਛਾਵਾਂ ਅਤੇ ਆਕਾਂਸ਼ਾਵਾਂ ਤੇ ਕਾਬੂ ਰੱਖੋ। ਸਾਰੀਆਂ ਇੱਛਾਵਾਂ ਕਦੀ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ। ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਵਸਤੂ ਸਿਰ ਦਰਦੀ ਦਾ ਕਾਰਨ ਬਣਦੀ ਹੈ। ਜੇ ਭੁੱਖ ਤੋਂ ਬਿਨਾ ਕੁਝ ਖਾਧਾ ਜਾਵੇ ਤਾਂ ਅੰਦਰ ਜਾ ਕੇ ਉਹ ਜ਼ਹਿਰ ਹੀ ਬਣਦਾ ਹੈ, ਭਾਵੇਂ ਉਹ ਅੰਮ੍ਰਿਤ ਹੀ ਕਿਉਂ ਨਾ ਹੋਵੇ। ਮਨ ਦੀ ਸ਼ਾਤੀ ਜਿਹੀ ਕੋਈ ਦਵਾ ਨਹੀਂ। ਇਸ ਲਈ ਜੋ ਕੁਝ ਤੁਹਾਨੂੰ ਪ੍ਰਾਪਤ ਹੈ ਉਸ ਨਾਲ ਗੁਜ਼ਾਰਾ ਕਰਨਾ ਸਿੱਖੋ ਅਤੇ ਖ਼ੁਸ਼ ਰਹੋ। ਜੇ ਫਿਰ ਵੀ ਤੁਹਾਨੂੰ ਲੱਗੇ ਕਿ ਤੁਹਾਡੀਆਂ ਮੁਢਲੀਆਂ ਜ਼ਰੂਰਤਾਂ ਜ਼ਿਆਦਾ ਹਨ ਅਤੇ ਪ੍ਰਾਪਤੀ ਘੱਟ ਹੈ ਤਾਂ ਆਪਣੀ ਯੋਗਤਾ ਵਧਾਓ। ਆਪਣੇ ਕੰਮ ਵਿਚ ਆਪਣਾ ਪੂਰਾ ਦਿਲ, ਦਿਮਾਗ, ਆਤਮਾਂ ਅਤੇ ਤਾਕਤ ਲਾ ਦਿਓ। ਇਹ ਹੀ ਤੁਹਾਡੀ ਸਫ਼ਲਤਾ ਦਾ ਰਾਜ ਹੋਵੇਗਾ। ਤੁਸੀ ਇਮਾਨਦਾਰੀ ਨਾਲ ਜ਼ਿਆਦਾ ਧਨ ਕਮਾ ਸਕੋਗੇ ਅਤੇ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣੇਗੀ। ਜੇ ਤੁਹਾਡੀ ਯੋਗਤਾ ਤੇ ਕੋਈ ਸ਼ੱਕ ਕਰਦਾ ਹੈ ਤਾਂ ਬੁਰਾ ਨਾ ਮਨਾਓ, ਸਗੋਂ ਆਪਣੇ ਆਪ ਤੇ ਫ਼ਖਰ ਕਰੋ। ਲੋਕ ਹਮੇਸ਼ਾਂ ਸੋਨੇ ਦੀ ਸ਼ੁੱਧਤਾ ਤੇ ਹੀ ਸ਼ੱਕ ਕਰਦੇ ਹਨ। ਲੋਹੇ ਦੀ ਸ਼ੁੱਧਤਾ ਤੇ ਕੋਈ ਸ਼ੱਕ ਨਹੀਂ ਕਰਦਾ।
ਮੌਤ ਨੂੰ ਹਮੇਸ਼ਾਂ ਯਾਦ ਰੱਖੋ। ਮੌਤ ਕਦੀ ਵੀ ਅਤੇ ਕਿਸੇ ਤਰ੍ਹਾਂ ਵੀ ਆ ਸਕਦੀ ਹੈ। ਇਸ ਲਈ ਮਾੜੇ ਕੰਮਾ ਤੋਂ ਬਚੋ। ਆਪਣਾ ਜੀਵਨ ਲੋਕ ਸੇਵਾ ਅਤੇ ਚੰਗੇ ਕੰਮਾਂ ਵਿਚ ਲਾਓ। ਇਸ ਨਾਲ ਤੁਸੀਂ ਪਾਪ ਦੇ ਰਸਤੇ ਤੋਂ ਬਚੋਗੇ ਅਤੇ ਇਮਾਨਦਾਰੀ ਦੇ ਰਾਹ ਤੇ ਚੱਲੋਗੇ। ਤੁਹਾਡਾ ਮਾਨਸਿਕ ਤਣਾਅ ਦੂਰ ਹੋਵੇਗਾ ਅਤੇ ਖ਼ੁਸ਼ੀਆਂ ਮਿਲਣਗੀਆਂ।ਇਹ ਯਾਦ ਰੱਖੋ ਕਿ ਇਹ ਜ਼ਰੂਰੀ ਨਹੀਂ ਕਿ ਬਾਦਸ਼ਾਹ ਹਮੇਸ਼ਾਂ ਅੰਦਰੋਂ ਖ਼ੁਸ਼ ਹੀ ਹੋਵੇ ਪਰ ਇਹ ਜ਼ਰੂਰੀ ਹੈ ਕਿ ਅੰਦਰੋਂ ਰਹਿਣ ਵਾਲਾ ਮਨੁੱਖ ਹਮੇਸ਼ਾਂ ਬਾਦਸ਼ਾਹ ਹੀ ਹੁੰਦਾ ਹੈ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432
 email:  gursharan1183@yahoo.in

ਦੇਖ ਪਰਾਈ ਚੋਪੜੀ - ਗੁਰਸ਼ਰਨ ਸਿੰਘ ਕੁਮਾਰ

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।                ਪੰਨਾ 1379
   
    ਅੱਜ ਕੱਲ ਲੋਕਖ਼ੁਦਗਜ਼ੀ, ਅੱਖੜਪੁਣੇ, ਅਨਿਸਚਿੱਤਤਾ, ਇਕੱਲੇਪਣ ਅਤੇ ਨਿਰਾਸ਼ਾ ਦੇ ਸ਼ਿਕਾਰ ਹੋ ਰਹੇ ਹਨ ਕਿਉਂਕਿ ਦੁਨੀਆਂ ਵਿਚ ਮੰਡੀਕਰਨ ਦਾ ਦੌਰ ਚੱਲ ਰਿਹਾ ਹੈ ਇਸ ਲਈ ਪੈਸੇ ਦੀ ਮਹੱਤਤਾ ਵਧ ਜਾਣ ਕਾਰਨ ਮਨੁੱਖ ਜ਼ਿਆਦਾ ਹੀ ਲਾਲਚੀ ਹੋ ਗਿਆ ਹੈ। ਉਹ ਹਰ ਜਾਇਜ਼ ਜਾਂ ਨਜਾਇਜ਼ ਤਰੀਕੇ ਵਰਤ ਕੇ ਧਨ ਇਕੱਠਾ ਕਰਨ ਵਲ ਲੱਗਿਆ ਹੋਇਆ ਹੈ। ਸਭ ਨੂੰ ਭਲੀ ਭਾਂਤ ਪਤਾ ਹੈ ਕਿ ਲਾਲਚ ਬੁਰੀ ਬਲਾ ਹੈ। ਇਹ ਵੀ ਸਭ ਜਾਣਦੇ ਹਨ ਕਿ ਇਸ ਦੁਨੀਆਂ 'ਤੋਂ ਜਾਣ ਲੱਗਿਆਂ ਅਸੀਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਸਕਦੇ। ਸਾਡੀ ਸਾਰੀ ਧਨ ਦੌਲਤ ਇੱਥੇ ਹੀ ਰਹਿ ਜਾਣੀ ਹੈ। ਫਿਰ ਵੀ ਮਨੁੱਖ ਦਾ ਲਾਲਚ ਨਹੀਂ ਮੁੱਕਦਾ। ਇਸ ਧਨ ਦੌਲਤ ਨੂੰ ਇਕੱਠਾ ਕਰਨ ਲਈ ਕਈ ਵਾਰੀ ਮਨੁੱਖ ਪਾਪ ਅਤੇ ਗ਼ੈਰ ਕਾਨੂੰਨੀ ਕੰਮ ਵੀ ਕਰ ਬੈਠਦਾ ਹੈ। ਉਸ ਦੇ ਇਹ ਕੰਮ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ ਅਤੇ ਦੂਜੇ ਲੋਕਾਂ ਦਾ ਹੱਕ ਮਾਰਦੇ ਹਨ। ਲਾਲਚ ਕਾਰਨ ਹੀ ਅਜਿਹਾ ਮਨੁੱਖ ਰੋਜ਼ਾਨਾ ਵਰਤਣ ਦੀਆਂ ਵਸਤੂਆਂ ਦੀ ਜਮਾਖੋਰੀ ਤੇ ਲੱਗ ਜਾਂਦਾ ਹੈ। ਇਸ ਨਾਲ ਬਜ਼ਾਰ ਵਿਚ ਇਨਾਂ ਚੀਜ਼ਾਂ ਦੀ ਨਕਲੀ ਕਮੀ ਪੈਦਾ ਹੋ ਜਾਂਦੀ ਹੈ।
    ਬਿਨਾ ਮਿਹਨਤ ਤੋਂ ਕੀਤੀ ਕਮਾਈ ਦੀ ਬਰਕਤ ਨਹੀਂ ਹੁੰਦੀ। ਅਜਿਹਾ ਧਨ ਕਈ ਵਾਰੀ ਹੱਕ ਹਲਾਲ ਦੀ ਕਮਾਈ ਵੀ ਨਾਲ ਹੀ ਰੋੜ੍ਹ ਕੇ ਲੈ ਜਾਂਦਾ ਹੈ। ਜਦ ਮਨੁੱਖ ਕੋਲ ਜ਼ਿਆਦਾ ਪੈਸਾ ਆ ਜਾਂਦਾ ਹੈ ਤਾਂ ਉਸ ਦੇ ਘਰ ਵਾਲੇ ਅਤੇ ਦੋਸਤ ਮਿੱਤਰ ਢੁਕ ਢੁਕ ਕੇ ਕੋਲ ਬੈਠਦੇ ਹਨ ਅਤੇ ਅਜਿਹੇ ਮੁਫ਼ਤ ਦੇ ਪੈਸੇ ਨਾਲ ਮੌਜਾਂ ਕਰਦੇ ਹਨ। ਲੁੱਟ ਦੀ ਕਮਾਈ ਬਿਨਾ ਮਿਹਨਤ ਤੋਂ ਕੀਤੀ ਹੁੰਦੀ ਹੈ। ਉਸ ਦਾ ਹਿਸਾਬ૶ਤਲੀ ਮੇਂ ਆਇਆ, ਗਲੀ ਮੇਂ ਖਾਇਆ-ਵਾਲਾ ਹੁੰਦਾ ਹੈ। ਇਸ ਲਈ ਅਜਿਹਾ ਪੈਸਾ ਨਾਲ ਦੇ ਨਾਲ ਹੀ ਖ਼ਤਮਹੋ ਜਾਂਦਾ ਹੈ। ਉਸ ਨਾਲ ਘਰ ਵਿਚ ਬਰਕਤ ਨਹੀਂ ਪੈਂਦੀ। ਅਜਿਹਾ ਪੈਸਾ ਆਮ ਤੋਰ ਤੇ ਐਬਾਂ, ਨਸ਼ਿਆਂ ਅਤੇ ਹੋਰ ਫਾਲਤੂ ਕੰਮਾ ਤੇ ਹੀ ਖ਼ਤਮ ਹੋ ਜਾਂਦਾ ਹੈ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਹਨ:
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।                ਪੰਨਾ 1379
   
    ਉਨ੍ਹਾਂ ਦਾ ਭਾਵ ਇਹ ਹੈ ਕਿ ਸਾਦੀ ਰੋਟੀ ਖਾ ਕੇ ਅਤੇ ਸਧਾਰਨ ਪਾਣੀ ਪੀ ਕੇ ਆਪਣਾ ਪੇਟ ਭਰ ਲੈਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ ਕਿ ਲਾਲਚ ਵਿਚ ਨਹੀਂ ਆਉਣਾ। ਸਾਦੀ ਰੋਟੀ ਜਲਦੀ ਹਜ਼ਮ ਹੁੰਦੀ ਹੈ। ਇਸ ਨਾਲ ਮਨ ਭਟਕਦਾ ਨਹੀਂ। ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਵਿਚਾਰ ਨਿਰਮਲ ਰਹਿੰਦੇ ਹਨ। ਮਨ ਪ੍ਰਮਾਤਮਾ ਦੇ ਧਿਆਨ ਵਿਚ ਜੁੜਦਾ ਹੈ। ਜ਼ਿਆਦਾ ਮਿਰਚ-ਮਸਾਲੇ ਅਤੇ ਘਿਓ ਵਿਚ ਤਲਿਆ ਹੋਇਆ ਭੋਜਨ, ਜਿਸ ਵਿਚ ਮੀਟ ਸ਼ਰਾਬ ਵੀ ਸ਼ਾਮਲ ਹੋਵੇ, ਭਾਰੀ ਹੁੰਦਾ ਹੈ। ਅਜਿਹੇ ਤਾਮਸਿਕ ਭੋਜਨ ਨਾਲ ਮਨ ਵਿਸ਼ੇ ਵਿਕਾਰਾਂ ਵਲ ਭਟਕਦਾ ਹੈ। ਮਨ ਪਾਪਾਂ ਵਲ ਖਿੱਚਿਆ ਜਾਂਦਾ ਹੈ। ਇਸ ਲਈ ਅਜਿਹੇ ਭੋਜਨ ਦਾ ਕਦੀ ਲਾਲਚ ਨਹੀਂ ਕਰਨਾ ਚਾਹੀਦਾ ਹੈ।
ਕਹਿੰਦੇ ਹਨ ਕਿ ਚੋਰ ਨੂੰ ਖਾਂਦਿਆਂ ਜਾਂ ਐਸ਼ ਕਰਦਿਆਂ ਨਾ ਦੇਖੋ, ਸਗੋਂ ਉਸ ਨੂੰ ਕੁੱਟ ਪੈਂਦਿਆਂ ਦੇਖੋ। ਫਿਰ ਤੁਹਾਨੂੰ ਆਪੇ ਹੀ ਅਕਲ ਆ ਜਾਵੇਗੀ। ਜਦ ਕਿਸੇ ਮਨੁੱਖ ਨੂੰ ਉਸ ਦੇ ਪਾਪਾਂ ਜਾਂ ਜ਼ੁਰਮਾਂ ਦੀ ਸਜਾ ਮਿਲਦੀ ਹੈ ਤਾਂ ਉਸ ਸਮੇਂ ਉਸ ਸਜਾ ਦਾ ਕੋਈ ਭਾਈਵਾਲ ਨਹੀਂ ਬਣਦਾ। ਘਰ ਵਾਲੇ ਅਤੇ ਮਤਲਬੀ ਦੋਸਤ ਮਿੱਤਰ ਸਭ ਸਾਥ ਛੱਡ ਜਾਂਦੇ ਹਨ। ਇੱਥੇ ਇਕ ਕਹਾਣੀ ਵਰਨਣ ਯੋਗ ਹੈ।ਇਕ ਬਹੁਤ ਵੱਡਾ ਡਾਕੂ ਸੀ। ਉਹ ਲੋਕਾਂ ਨੂੰ ਮਾਰ ਕੇ ਉਨ੍ਹਾਂ ਦਾ ਧਨ ਲੁੱਟ ਲੈਂਦਾ ਸੀ। ਇਕ ਦਿਨ ਜੰਗਲ ਵਿਚ ਉਸ ਦਾ ਟਾਕਰਾ ਇਕ ਸਾਧੂ ਨਾਲ ਹੋ ਗਿਆ। ਜਦ ਉਹ ਸਾਧੂ ਨੂੰ ਮਾਰਨ ਅਤੇ ਲੁੱਟਣ ਦੇ ਇਰਾਦੇ ਨਾਲ ਅੱਗੇ ਵਧਿਆ ਤਾਂ ਸਾਧੂ ਨੇ ਉਸ ਨੂੰ ਪੁੱਛਿਆ, ''ਤੂੰ ਇਹ ਕੀ ਪਾਪ ਕਰ ਰਿਹਾ ਹੈਂ?
ਡਾਕੂ,''ਮੈਂ ਇਸ ਲੁੱਟ ਦੀ ਕਮਾਈ ਨਾਲ ਆਪਣਾ ਟੱਬਰ ਪਾਲਣਾ ਹੈ।''
ਸਾਧੂ, ''ਕੀ ਇਸ ਪਾਪ ਦੇ ਕੰਮ ਵਿਚ ਜਦ ਤੈਨੂੰ ਸਜਾ ਮਿਲੇਗੀ ਤਾਂ ਕੀ ਤੇਰੇ ਘਰ ਵਾਲੇ ਤੇਰਾ ਸਾਥ ਦੇਣਗੇ?''
ਡਾਕੂ,''ਕਿਉਂ ਨਹੀਂ ਦੇਣਗੇ। ਮੈਂ ਇਹ ਸਭ ਕੁਝ ਉਨ੍ਹਾਂ ਲਈ ਹੀ ਤਾਂ ਕਰਦਾ ਹਾਂ।''
ਸਾਧੂ,''ਨਹੀਂ, ਤੂੰ ਉਨ੍ਹਾਂ ਨੂੰ ਪੁੱਛ ਕੇ ਦੱਸ।''
ਡਾਕੂ,''ਜੇ ਮੈਂ ਉਨ੍ਹਾਂ ਨੂੰ ਪੁੱਛਣ ਗਿਆ ਤਾਂ ਤੂੰ ਬਚ ਕੇ ਦੌੜ ਜਾਵੇਂਗਾ।''
ਸਾਧੂ,''ਨਹੀਂ, ਮੈਂ ਨਹੀਂ ਦੌੜਾਂਗਾ। ਜੇ ਮੇਰੇ ਤੇ ਇਤਬਾਰ ਨਹੀਂ ਤਾਂ ਤੂੰ ਮੈਨੂੰ ਇੱਥੇ ਦਰੱਖਤ ਨਾਲ ਬੰਨ੍ਹ ਦੇ।''
ਡਾਕੂ,''ਠੀਕ ਹੈ।''

ਇਹ ਕਹਿ ਕੇ ਡਾਕੂ ਉਸ ਸਾਧੂ ਨੂੂੂੂੰ ਦਰੱਖਤ ਨਾਲ ਬੰਨ੍ਹ ਕੇ ਘਰ ਚਲਾ ਗਿਆ। ਜਦ ਜਾ ਕੇ ਘਰ ਵਾਲਿਆਂ ਨੂੰ ਪੁੱਛਿਆ ਕਿ ਕੀ ਜੇ ਮੈਨੂੰ ਮੇਰੇ ਪਾਪਾਂ ਦੀ ਸਜਾ ਮਿਲੀ ਤਾਂ ਕੀ ਤੁਸੀਂ ਮੇਰਾ ਸਾਥ ਦਿਉਗੇ? ਘਰ ਵਾਲਿਆਂ ਨੇ ਸਾਫ਼ ਇਨਕਾਰ ਕਰ ਦਿੱਤਾ। ਅਖੇ ਪਾਪ ਤੂੰ ਕਰਦਾ ਹੈਂ ਤਾਂ ਉਸਦੀ ਸਜਾ ਕਿਉਂ ਭੁਗਤੀਏ?ਡਾਕੂ ਦਾ ਦਿਲ ਟੁੱਟ ਗਿਆ। ਉਸ ਨੇ ਲੁੱਟਮਾਰ ਕਰਨੀ ਅਤੇ ਡਾਕੇ ਮਾਰਨੇ ਬੰਦ ਕਰ ਦਿੱਤੇ। ਅਗੋਂ ਜਾ ਕੇ ਉਹ ਮਹਾਨ ਰਿਸ਼ੀ ਬਣਿਆ ਇਸ ਤਰ੍ਹਾਂ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਪਾਪ ਦੀ ਕਮਾਈ ਨਾਲ ਐਸ਼ ਕਰਨ ਲਈ ਤਾਂ ਸਾਰੇ ਹੀ ਅੱਗੇ ਆ ਜਣਗੇ ਪਰ ਸਜਾ ਉਸ ਨੂੰ ਇਕੱਲੇ ਨੂੰ ਆਪਣੇ ਸਰੀਰ ਤੇ ਹੀ ਭੁਗਤਣੀ ਪਵੇਗੀ।
ਲਾਲਚੀ ਮਨੁੱਖ ਪੈਸੇ ਦੇ ਅੰਬਾਰ ਇਕੱਠੇ ਕਰਦਾ ਰਹਿੰਦਾ ਹੈ। ਆਪਣੇ ਇਸ ਕੰਮ ਲਈ ਉਹ ਰੱਬ ਦਾ ਵੀ ਅਸ਼ੀਰਵਾਦ ਲੈਣਾ ਚਾਹੁੰਦਾ ਹੈ।ਇਕ ਕਿਸਮ ਦਾ ਉਹ ਆਪਣੇ ਗਲਤ ਕੰਮਾਂ ਲਈ ਰੱਬ ਨੂੰ ਵੀ ਭਾਈਵਾਲ ਬਣਾ ਲੈਂਦਾ ਹੈ। ਇਸ ਲਈ ਉਹ ਆਪਣੀ ਬੇਈਮਾਨੀ ਦੀ ਕਮਾਈ ਦਾ ਇਕ ਹਿੱਸਾਮੰਦਰਾਂ, ਮਸਜ਼ਿਦਾਂ ਅਤੇ ਗੁਰਦੁਆਰਿਆਂ ਵਿਚ ਵੀ ਦਾਨ ਕਰਦਾ ਹੈਤਾਂ ਕਿ ਰੱਬ ਦਾ ਉਸ ਤੇ ਅਸ਼ੀਰਵਾਦ ਬਣਿਆ ਰਹੇ ਅਤੇ ਨਾਲੇ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਧਰਮਾਤਮਾਂ ਬਣਿਆ ਰਹੇ। ਉਹ ਇਹ ਕਦੀ ਨਹੀਂ ਸੋਚਦਾ ਕਿ ਉਸ ਦਾ ਇਹ ਦਾਨ ਕਿਸ ਪ੍ਰਕਾਰ ਖ਼ਰਚ ਹੁੰਦਾ ਹੈ? ਦਾਨ ਦਾ ਇਹ ਧਨ ਅਕਸਰ ਪ੍ਰਬੰਧਕਾਂ ਦੇ ਆਪਣੇ ਆਪ ਦੇ ਭਲੇ ਲਈ ਹੀ ਖ਼ਰਚ ਹੁੰਦਾ ਹੈ। ਫਿਰ ਵੀ ਉਹ ਭੁੱਖੇ ਨੂੰ ਰੋਟੀ ਖੁਆਉਣ ਨਾਲੋਂ ਉਨ੍ਹਾਂ ਦਾ ਖ਼ੂਨ ਚੂਸਦਾ ਹੈਅਤੇ ਧਾਰਮਿਕ ਸਥਾਨਾ ਤੇ ਭੇਟਾਂ ਚੜਾਉਂਦਾ ਹੈ ਤਾਂ ਕਿ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਿਆ ਰਹੇ।
ਪੈਸੇ ਦਾ ਲਾਲਚ ਕਾਰਨ ਹੀ ਭਾਰਤ ਦੀ ਜੁਆਨੀ ਵਿਦੇਸ਼ਾਂ ਵਿਚ ਭੱਜੀ ਜਾ ਰਹੀ ਹੈ। ਡਾਲਰਾਂ ਅਤੇ ਪੌਡਾਂ ਦੀ ਚਮਕ ਉਨ੍ਹਾਂ ਨੂੰ ਸੰਮੋਹਿਤ ਕਰ ਲੈਂਦੀ ਹੈ। ਫਿਰ ਉਹ ਹਰ ਜਾਇਜ਼ ਨਜਾਇਜ਼ ਢੰਗ ਨਾਲ ਕਨੈਡਾ, ਅਸਟ੍ਰੇਲੀਆ, ਇੰਗਲੈਂਡ, ਅਮਰੀਕਾ ਅਤੇ ਨਿਉਜ਼ੀਲੈਂਡ ਆਦਿ ਮੁਲਕਾਂ ਵਲ ਮੁਹਾੜਾਂ ਮੋੜਦੇ ਹਨ। ਜਿਹੜੇ ਬੱਚੇ ਉੱਚੀ ਪੜ੍ਹਾਈ ਨਾਲ ਆਪਣੇ ਹੁਨਰ ਵਿਚ ਪ੍ਰਵੀਨ ਹੁੰਦੇ ਹਨ ਉਹ ਪਹਿਲਾਂ ਹੀ ਉਸ ਮੁਲਕ ਦੀ ਪੱਕੀ ਰਿਹਾਇਸ਼ ਲੈ ਕੇ ਜਾਂਦੇ ਹਨ। ਉਹ ਜਲਦੀ ਹੀ ਉੱਧਰ ਸੈਟ ਹੋ ਜਾਂਦੇ ਹਨ। ਦੂਜਿਆਂ ਦਾ ਪੈਂਡਾ ਬਹੁਤ ਹੀ ਕਠਿਨ ਹੁੰਦਾ ਹੈ। ਉਨ੍ਹਾਂ ਨੂੰ ਉੱਥੇ ਕੰਮ ਦਾ ਪਰਮਿਟ ਲੈਣ ਲਈ ਜਾਂ ਉੱਥੇ ਪੱਕੇ ਹੋਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਜੋ ਲੋਕ ਨਜਾਇਜ਼ ਢੰਗ ਨਾਲ ਬਾਹਰ ਜਾਂਦੇ ਹਨ ਉਨ੍ਹਾਂ ਦੀ ਜ਼ਿੰਦਗੀ ਉੱਧਰ ਬਹੁਤ ਜੋਖ਼ਿਮ ਭਰੀ ਹੁੰਦੀ ਹੈ। ਕਈਆਂ ਨੂੰ ਤਾਂ ਮਾਲਟਾ ਦੇ ਸਮੁੰਦਰ ਨਿਗਲ ਜਾਂਦੇ ਹਨਅਤੇ ਕਈ ਬੇਗਾਨੇ ਮੁਲਕਾਂ ਦੀਆਂ ਜੇਲ੍ਹਾਂ ਵਿਚ ਸੜਦੇ ਰਹਿੰਦੇ ਹਨ। ਅਜਿਹੇ ਲੋਕ ਕਰਜ਼ੇ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਦਲਾਲਾਂ ਦਾ ਢਿੱਡ ਭਰਦੇ ਹਨ, ਫਿਰ ਵੀ ਉੱਧਰ ਜਾ ਕੇ ਉਨ੍ਹਾਂ ਨੂੰ ਪੱਕੇ ਹੋਣ ਤੱਕ ਲੁਕ ਛੁਪ ਕੇ ਹੀ ਰਹਿਣਾ ਪੈਂਦਾ ਹੈ ਅਤੇ ਜਲੀਲ ਕਰਨ ਵਾਲੀਆਂ ਸ਼ਰਤਾਂ ਤੇ ਨੌਕਰੀ ਕਰਨੀ ਪੈਂਦੀ ਹੈ। ਕਈ ਵਾਰੀ ਭੁੱਖੇ ਢਿੱਡ ਵੀ ਸੋਣਾ ਪੈਂਦਾ ਹੈ। ਉਨ੍ਹਾਂ ਨੂੰ ਹਰ ਸਮੇਂ ਫੜੇ ਜਾਣ ਦਾ ਅਤੇ ਵਾਪਿਸ ਭੇਜੇ ਜਾਣ ਦਾ ਡਰ ਬਣਿਆ ਰਹਿੰਦਾ ਹੈ। ਉਹ ਨਾ ਤਾਂ ਆਪ ਸੁੱਖੀ ਰਹਿ ਸਕਦੇ ਹਨ ਅਤੇ ਨਾ ਹੀ ਪਿੱਛੋਂ ਬੁੱਢੇ ਮਾਂ-ਪਿਓ ਸੁੱਖੀ ਰਹਿ ਸਕਦੇ ਹਨ। ਉਨ੍ਹਾਂ ਨੂੰ ਬੱਚਿਆਂ ਦੀ ਚਿੰਤਾ ਦੇ ਨਾਲ ਨਾਲ ਸਿਰ 'ਤੇ ਚੜ੍ਹੇ ਕਰਜ਼ੇ ਵੀ ਉਤਾਰਨੇ ਪੈਂਦੇ ਹਨ।
ਆਪਣੀ ਯੋਗਤਾ ਅਤੇ ਮਿਹਨਤ ਨਾਲ ਉਨਤੀ ਕਰਨਾ ਹਰ ਮਨੁੱਖ ਦਾ ਹੱਕ ਹੈ। ਇਸ ਤਰ੍ਹਾਂ ਹੀ ਬੰਦੇ ਦੀ ਸ਼ਖਸੀਅਤ ਬਣਦੀ ਹੈ ਪਰ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਪਿੱਛੇ ਵੀ ਇਕ ਲਾਲਚ ਹੀ ਕੰਮ ਕਰ ਰਿਹਾ ਹੁੰਦਾ ਹੈ, ਖਾਸ ਕਰ ਉਨ੍ਹਾਂ ਨੌਜੁਆਨਾ ਦਾ ਜਿੰਨਾ ਪੱਲੇ ਕੋਈ ਹੁਨਰ ਨਹੀਂ। ਅਜਿਹੇ ਬੱਚਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਪਹਿਲਾਂ ਕਿਸੇ ਹੁਨਰ ਵਿਚ ਪ੍ਰਵੀਨਤਾ ਹਾਸਿਲ ਕਰ ਲੈਣ। ਫਿਰ ਕਾਨੂੰਨੀ ਢੰਗ ਨਾਲ ਹੀ ਬਾਹਰ ਜਾਣ ਵਲ ਕਦਮ ਚੁੱਕਣ ਤਾਂ ਕਿ ਵਿਦੇਸ਼ਾਂ ਵਿਚ ਜਾ ਕੇ ਕੋਈ ਕਾਨੂੰਨੀ ਅੜਚਣ ਨਾ ਆਵੇ ਅਤੇ ਉਹ ਆਪਣੇ ਹੁਨਰ ਦੁਆਰਾ ਜਲਦੀ ਹੀ ਆਪਣੇ ਪੈਰਾਂ ਤੇ ਖੜ੍ਹੇ ਹੋ ਸੱਕਣ।
ਲਾਲਚੀ ਬੰਦੇ ਨੂੰ ਬਾਕੀ ਚਾਰੇ ਵਿਕਾਰ,'' ਕਾਮ, ਕ੍ਰੋਧ, ਮੋਹ ਅਤੇ ਹੰਕਾਰ'' ਆਦਿ ਵੀ ਜਲਦੀ ਚੰਬੜ ਜਾਦੇ ਹਨ। ਬੇਸ਼ੱਕ ਜੀਵਨ ਦੀ ਉਤਪਤੀ ਅਤੇ ਵਿਕਾਸ ਲਈ ਇਹ ਪੰਜੇ ਚੀਜਾਂ ਜ਼ਰੂਰੀ ਹਨ ਪਰ ਇਨਾਂ ਦੀ ਜ਼ਿਆਦਤੀ ਮਨੁੱਖ ਦੀ ਕਮਜੋਰੀ ਬਣ ਜਾਂਦੀ ਹੈ ਅਤੇ ਉਸ ਨੂੰ ਵਿਨਾਸ਼ ਵਾਲੇ ਪਾਸੇ ਲੈ ਜਾਂਦੀ ਹੈ। ਜਿਵੇਂ ਜੀਵਨ ਦੀ ਉਤਪਤੀ ਲਈ ਕਾਮ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾ ਜੀਵਨ ਦਾ ਵਿਸਥਾਰ ਸੰਭਵ ਨਹੀਂ। ਇਸ ਲਈ ਕਾਮ ਤ੍ਰਿਪਤੀ ਮਨੁੱਖ ਦੀਆਂ ਲੋੜਾਂ ਵਿਚੋਂ ਇਕ ਹੈ ਪਰ ਕਈ ਵਾਰੀ ਇਹ ਕਾਮ ਇਨਾ ਭਾਰੂ ਹੋ ਜਾਂਦਾ ਹੈ ਕਿ ਸਮਾਜ ਲਈਸਮੱਸਿਆ ਖੜ੍ਹੀ ਕਰ ਦਿੰਦਾ ਹੈ। ਕਾਮ ਅੰਨ੍ਹਾਂ ਹੁੰਦਾ ਹੈ। ਇਹ ਜਾਤ ਪਾਤ ਅਤੇ ਸੁਚ-ਜੂਠ ਨਹੀਂ ਦੇਖਦਾ। ਜ਼ਿਆਦਾ ਕਾਮ ਮਰਿਆਦਾ ਭੰਗ ਕਰਦਾ ਹੈ ਅਤੇ ਪਵਿਤਰ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਹੈ। ਇਸੇ ਤਰ੍ਹਾਂ ਆਪਣੀ ਇੱਜ਼ਤ ਕਾਇਮ ਰੱਖਣ ਲਈ ਅਤੇ ਦੂਜਿਆਂ ਨੂੰ ਗ਼ਲਤ ਕੰਮ ਤੋਂ ਵਰਜਨ ਲਈ ਕ੍ਰੋਧ ਆਉਣਾ ਸੁਭਾਵਿਕ ਹੀ ਹੈ ਪਰ ਜ਼ਿਆਦਾ ਕ੍ਰੋਧ ਚੰਡਾਲ ਹੁੰਦਾ ਹੈ। ਕ੍ਰੋਧ ਪਹਿਲਾਂ ਬੰਦੇ ਨੂੰ ਖ਼ੁਦ ਨੂੰ ਸਾੜਦਾ ਹੈ ਫਿਰ ਇਹ ਦੂਜੇ ਨੂੰ ਦੁਖੀ ਅਤੇ ਬੇਇਜ਼ੱਤ ਕਰਦਾ ਹੈ। ਦੂਸਰੇ ਦੇ ਅੰਦਰ ਵੀ ਬਦਲੇ ਦੇ ਭਾਂਬੜ ਮੱਚਣ ਲੱਗ ਪੈਂਦੇ ਹਨ।ਜ਼ਿਆਦਾ ਕ੍ਰੋਧ ਇਕ ਦੂਜੇ ਦੀ ਇੱਜ਼ਤ ਨੂੰ ਤਾਰ ਤਾਰ ਕਰ ਦਿੰਦਾ ਹੈ। ਇਸ ਨਾਲ ਬੰਦੇ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਦੁਨੀਆਂ ਸਾਹਮਣੇ ਦੋਵੇਂ ਧਿਰਾਂ ਤਮਾਸ਼ਾ ਬਣ ਕੇ ਰਹਿ ਜਾਂਦੀਆਂ ਹਨ। ਇੱਜ਼ਤ ਦਾ ਜਲੂਸ ਨਿਕਲ ਜਾਂਦਾ ਹੈ। ਕ੍ਰੋਧ ਕਰਨ ਵਾਲਾ ਮਨੁੱਖ ਉੱਚੀ ਅਵਾਜ਼ ਵਿਚ ਗਲਾ ਫਾੜ ਕੇ ਬੋਲਦਾ ਹੈ। ਉਸ ਦਾ ਆਪਣੀ ਜੁਬਾਨ ਤੇ ਕਾਬੂ ਨਹੀਂ ਰਹਿੰਦਾ। ਉਹ ਇਕ ਮਿੰਟ ਵਿਚ ਦੂਜੇ ਦੀ ਇੱਜ਼ਤ ਪੈਰਾਂ ਵਿਚ ਰੋਲ ਕੇ ਰੱਖ ਦਿੰਦਾ ਹੈ। ਉਸ ਨੂੰ ਇਹ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਕਿ ਮੈਂ ਕੀ ਬੋਲ ਰਿਹਾ ਹਾਂਅਤੇ ਇਸ ਨਾਲ ਮੇਰੀ ਆਪਣੀ ਇੱਜ਼ਤ ਵੀ ਰੁਲ ਰਹੀ ਹੈ। ਉਸ ਦਾ ਰਕਤ ਚਾਪ ਵੀ ਵਧ ਜਾਂਦਾ ਹੈ। ਇਸੇ ਤਰ੍ਹਾਂ ਬੰਦੇ ਦਾ ਆਪਣੀ ਅੋਲਾਦ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਿਚ ਮੋਹ ਹੋਣਾ ਸੁਭਾਵਕ ਹੀ ਹੁੰਦਾ ਹੈ। ਜ਼ਿਆਦਾ ਮੋਹ ਵੀ ਕਈ ਵਾਰੀ ਦੂਜਿਆਂ ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਬੱਚਿਆਂ ਨਾਲ ਜ਼ਿਆਦਾ ਮੋਹ ਉਨ੍ਹਾਂ ਦੀ ਪ੍ਰਗਤੀ ਰੋਕਦਾ ਹੈ। ਉਨ੍ਹਾਂ ਦੇ ਗੁਣਾ ਦਾ ਠੀਕ ਤਰ੍ਹਾਂ ਵਿਕਾਸ ਨਹੀਂ ਹੋ ਪਾਉਂਦਾ। ਇਹ ਮੋਹ ਯੋਗ ਉਮੀਦਵਰਾਂ ਦਾ ਹੱਕ ਮਾਰਦਾ ਹੈ ਅਤੇ ਉਨ੍ਹਾਂ ਵਿਚ ਬਗਾਵਤ ਪੈਦਾ ਕਰਦਾ ਹੈ।ਬੰਦੇ ਨੂੰ ਆਪਣੇ ਕੰਮਾਂ ਤੇ ਮਾਣ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਆਤਮ ਵਿਸ਼ਵਸ ਵਧਦਾ ਹੈ ਅਤੇ ਹੋਰ ਜ਼ੋਖ਼ਿਮ ਭਰੇ ਕੰਮਾਂ ਨੂੰ ਹੱਥ ਪਾਉਣ ਦੀ ਹਿੰਮਤ ਮਿਲਦੀ ਹੈ। ਜ਼ਿਆਦਾ ਹੰਕਾਰ ਵੀ ਦੂਸਰੇ ਦੇ ਗੁਣਾ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਇਸ ਲਈ ਹੰਕਾਰ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਹੰਕਾਰੀ ਮਨੁੱਖ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਹ ਹਮੇਸ਼ਾਂ ਆਪਣੀਆਂ ਉਪਲੱਭਦੀਆਂ ਦੀਆਂ ਉੱਚੀਆਂ ਹਵਾਵਾਂ ਵਿਚ ਰਹਿੰਦਾ ਹੈਅਤੇ ਦੂਸਰਿਆਂ ਨੂੰ ਛੁਟਿਆਉਂਦਾ ਰਹਿੰਦਾ ਹੈ। ਉਸ ਦੀਆਂ ਅੱਖਾਂ 'ਤੇ ਹੰਕਾਰ ਦੀ ਪੱਟੀ ਬੰਨੀ੍ਹ ਰਹਿੰਦੀ ਹੈ। ਇਸ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜੇ ਗੁਣ/ਔਗੁਣ ਜੀਵਨ ਦੀ ਉਤਪਤੀ ਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਪਰ ਇਨਾਂ ਤੋਂ ਬਿਨਾ ਗੁਜ਼ਾਰਾਵੀ ਨਹੀਂ। ਇਸ ਲਈ ਇਨਾਂ ਨੂੰ ਜ਼ਿੰਦਗੀ ਵਿਚੋਂ ਬਿਲਕੁਲ ਮਨਫ਼ੀ ਨਹੀ ਕੀਤਾ ਜਾ ਸਕਦਾ। ਜਿਵੇਂ ਖੌਰੂ ਪਾਉਂਦੇ ਪਾਣੀ ਤੇ ਬੰਨ੍ਹ ਮਾਰ ਕੇ ਉਸ ਨੂੰ ਵਿਕਾਸ ਲਈ ਵਰਤਿਆ ਜਾਦਾ ਹੈ ਇਵੇਂ ਹੀ ਇਨਾਂ ਪੰਜਾਂ ਤੇ ਕਾਬੂ ਪਾ ਕੇ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਜੇ ਸਫ਼ਰ ਵਿਚ ਬੋਝ ਘੱਟ ਹੋਵੇ ਤਾਂ ਸਫ਼ਰ ਸੌਖਾ ਰਹਿੰਦਾ ਹੈ। ਇਸੇ ਤਰ੍ਹਾਂ ਜੇ ਜ਼ਿੰਦਗੀ ਦੇ ਸਫ਼ਰ ਵਿਚ ਖਾਹਿਸ਼ਾਂ ਦਾ ਬੋਝ ਘੱਟ ਹੋਵੇ ਤਾਂ ਜ਼ਿੰਦਗੀ ਦਾ ਸਫ਼ਰ ਬਹੁਤ ਅਨੰਦ ਨਾਲ ਬੀਤਦਾ ਹੈ।ਜ਼ਰੂਰਤ ਤਾਂ ਇਕ ਫਕੀਰ ਦੀ ਵੀ ਪੂਰੀ ਹੋ ਸਕਦੀ ਹੈ ਪਰ ਖਾਹਿਸ਼ ਤਾਂ ਇਕ ਰਾਜੇ ਦੀ ਵੀ ਅਧੂਰੀ ਰਹਿ ਸਕਦੀ ਹੈ।ਅਸੀਂ ਲਾਲਸਾਵਾਂ ਦੇ ਬੋਝ ਨਾਲ ਆਪਣੀ ਜ਼ਿੰਦਗੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਲ ਆਪਣਾ ਬੋਰਾ ਭਰ ਲੈਂਦੇ ਹਾਂ। ਇਸ ਭਾਰ ਨਾਲ ਜ਼ਿੰਦਗੀ ਦਾ ਸਫ਼ਰ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਨਾਂ ਲਾਲਸਾਵਾਂ ਕਾਰਨ ਹੀ ਅਸੀਂ ਜ਼ਿੰਦਗੀ ਦੇ ਮਕਸਦ ਨੂੰ ਭੁੱਲ ਜਾਂਦੇ ਹਾਂ ਅਤੇ ਜ਼ਿੰਦਗੀ ਦਾ ਅਨੰਦ ਨਹੀਂ ਮਾਣ ਸਕਦੇ। ਇਨਾਂ ਲਾਲਸਾਵਾਂ ਕਾਰਨ ਹੀ ਮਤਲਬੀ ਲੋਕ ਸਾਡੇ ਨਾਲ ਜੁੜ ਜਾਦੇ ਹਨ। ਉਹ ਦੁੱਖ ਵੇਲੇ ਸਾਡਾ ਸਾਥ ਛੱਡ ਜਾਂਦੇ ਹਨ। ਜਦ ਸਾਡੀ ਜ਼ਿੰਦਗੀ ਦਾ ਸਫ਼ਰ ਖ਼ਤਮ ਹੁੰਦਾ ਹੈ ਤਾਂ ਸਾਡੀ ਦੌਲਤ, ਅਹੁਦੇ ਅਤੇ ਰਿਸ਼ਤੇ ਇੱਥੇ ਹੀ ਛੁੱਟ ਜਾਂਦੇ ਹਨ। ਕੋਈ ਸਾਥ ਨਹੀਂ ਦਿੰਦਾ। ਸਾਡਾ ਅਗਲਾ ਸਫ਼ਰ ਤਾਂ ਹੀ ਸੋਖਾ ਹੋਵੇਗਾ ਜਦ ਅਸੀਂ ਇਨਾਂ ਬੰਧਨਾ ਤੋਂ ਮੁਕਤੀ ਪਾ ਲਵਾਂਗੇ।
ਦੋਸਤੋ ਜ਼ਿੰਦਗੀ, ਗ਼ਰੀਬ ਨੂੰ ਦੇਖ ਕੇ ਜਿਉਣੀ ਸਿੱਖੋ। ਜੇ ਅਮੀਰ ਵੱਲ ਦੇਖ ਕੇ ਜੀਓਗੇ ਤਾਂ ਦੁਖੀ ਹੋਵੋਗੇ।ਸਾਡੀਆਂ ਬਹੁਤੀਆਂ ਖਹਿਸ਼ਾਂ ਇਸ ਲਈ ਅਧੂਰੀਆਂ ਰਹਿ ਜਾਂਦੀਆਂ ਹਨ ਕਿਉਂਕਿ ਸਾਡੀ ਲਿਆਕਤ, ਮਿਹਨਤ ਜਾਂ ਹਾਲਾਤ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਅਸੀਂ ਇਨ੍ਹਾਂ ਅਧੂਰੀਆਂ ਖਹਿਸ਼ਾਂ ਕਰ ਕੇ ਹੀ ਹਰ ਸਮੇਂ ਦੁਖੀ ਹੁੰਦੇ ਰਹਿੰਦੇ ਹਾਂ ਸਾਡੇ ਲਈ ਇਹ ਹੀ ਚੰਗਾ ਹੈ ਕਿ ਅਸੀਂ ਆਪਣੀਆਂ ਖਾਹਿਸ਼ਾਂ ਅਤੇ ਲਾਲਸਾਵਾਂ ਨੂੰ ਆਪਣੇ ਕਾਬੂ ਵਿਚ ਰੱਖੀਏ।
*****

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

ਮਾਨਸਿਕ ਤੰਦਰੁਸਤੀ - ਗੁਰਸ਼ਰਨ ਸਿੰਘ ਕੁਮਾਰ

ਹਰ ਮਰਜ਼ ਕਾ ਇਲਾਜ ਨਹੀਂ ਦਵਾਖਾਨੇ ਮੇਂ,
ਕੁਝ ਦਰਦ ਮਿਟ ਜਾਤੇ ਹੈਂ ਕੇਵਲ ਮੁਸਕਰਾਨੇ।

ਜ਼ਿੰਦਗੀ ਦਾ ਸਫ਼ਰ ਕੋਈ ਸਿੱਧੀ ਸੜਕ ਦੇ ਸਫ਼ਰ ਦੀ ਤਰ੍ਹਾਂ ਆਸਾਨ ਨਹੀਂ। ਜ਼ਿੰਦਗੀ ਦੇ ਰਸਤੇ ਟੇਢੇ-ਮੇਢੇ, ਪਥਰੀਲੇ ਅਤੇ ਕੰਡਿਆਂ ਭਰੇ ਹਨ। ਮਨੁੱਖ ਨੂੰ ਕਦਮ ਕਦਮ 'ਤੇ ਅਨੇਕਾਂ ਸਮੱਸਿਆਵਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਹਮੇਸ਼ਾਂ ਪ੍ਰੇਸ਼ਾਨੀਆਂ ਵਿਚ ਹੀ ਘਿਰਿਆ ਰਹਿੰਦਾ ਹੈ। ਉਸ ਦੀਆਂ ਇਹ ਮਾਨਸਿਕ ਗੁੰਝਲਾਂ ਵਧਦੀਆਂ ਰਹਿੰਦੀਆਂ ਹਨ। ਇਸੇ ਲਈ ਤਾਂ ਕਈ ਫ਼ਿਲਾਸਫਰ ਕਹਿੰਦੇ ਹਨ ਕਿ ਜ਼ਿੰਦਗੀ ਇਕ ਸਜ਼ਾ ਹੈ ਜਿਸ ਦੇ ਜ਼ੁਰਮ ਦਾ ਪਤਾ ਹੀ ਨਹੀਂ।
ਅਸੀਂ ਸਹਿਮ ਦੇ ਮਾਹੌਲ ਵਿਚ ਆਪਣੀ ਜ਼ਿੰਦਗੀ ਜੀਅ ਰਹੇ ਹਾਂ। ਸਾਡਾ ਦਮ ਘੁੱਟ ਰਿਹਾ ਹੈ। ਸਮਾਜ ਦੇ ਵਖਰੇਵੇਂ ਅਤੇ ਗੁੰਡਾ ਅਨਸਰ ਸਾਡਾ ਖ਼ੂਨ ਪੀ ਰਿਹਾ ਹੈ। ਕਾਨੂਨ ਦੇ ਰਖਵਾਲੇ ਵੀ ਸਾਡੀ ਹਿਫ਼ਾਜ਼ਤ ਕਰਨ ਦੀ ਥਾਂ ਸਾਨੂੰ ਡਰਾ ਰਹੇ ਹਨ।ਮਾਨਸਿਕ ਤੌਰ 'ਤੇ ਸਾਡੇ ਅੰਦਰ ਕਈ ਗੁੰਝਲਾਂ ਪੈਦਾ ਹੋ ਗਈਆਂ ਹਨ। ਅਸੀਂ ਮਾਨਸਿਕ ਰੋਗੀ ਬਣਦੇ ਜਾ ਰਹੇ ਹਾਂ। ਕੋਈ ਵਿਅਕਤੀ ਦੇਖਣ ਵਿਚ ਬੇਸ਼ੱਕ ਸੁੰਦਰ ਅਤੇ ਸੁਡੌਲ ਹੋਏ ਪਰ ਜ਼ਰੂਰੀ ਨਹੀਂ ਕਿ ਉਹ ਮਾਨਸਿਕ ਤੌਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ॥ ਸਾਡੇ ਦੇਸ਼ ਅਤੇ ਸਮਾਜ ਵਿਚ ਕਈ ਭਿੰਨ ਭੇਦ, ਵਖਰੇਵੇਂ, ਲੋੜਾਂ-ਥੋੜਾਂ, ਕਮੀਆਂ ਅਤੇ ਬੇਇਨਸਾਫ਼ੀਆਂ ਹਨ। ਸਮਾਜ ਜਾਤ-ਪਾਤ, ਲਿੰਗ-ਭੇਦ, ਛੂਆ-ਛਾਤ, ਪੇਂਡੂ ਅਤੇ ਸ਼ਹਿਰੀ, ਸੂਬੇ ਅਤੇ ਧਰਮ ਦੇ ਆਧਾਰ 'ਤੇ ਵੰਡਿਆ ਹੋਇਆ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਨਸ਼ੇ, ਗ਼ਰੀਬੀ ਅਤੇ ਕੁਪੋਸ਼ਨ ਆਦਿ ਸਮੱਸਿਆਵਾਂ ਵੀ ਮੂੰਹ ਅੱਡ ਕੇ ਮਨੁੱਖ ਨੂੰ ਨਿਗਲਣ ਨੂੰ ਤਿਆਰ ਖੜ੍ਹੀਆਂ ਹਨ। ਅੰਗਰੇਜ਼ ਵੀ ਸਾਡੇ ਮੁਲਕ 'ਚੋਂ ਜਾਂਦੇ-ਜਾਂਦੇ ਅੱਜ ਦੇ ਹਾਕਮਾਂ ਨੂੰ ਵਿਰਾਸਤ ਵਿਚ ਪਾੜੋ ਅਤੇ ਰਾਜ ਕਰੋ ਦਾ ਤੋਹਫ਼ਾ ਦੇ ਗਏ ਹਨ ਜੋ ਇਨ੍ਹਾਂ ਨੂੰ ਬਹੁਤ ਰਾਸ ਆ ਰਿਹਾ ਹੈ।ਇਨ੍ਹਾਂ ਨਾ-ਬਰਾਬਰੀਆਂ ਅਤੇ ਬੇਇਨਸਾਫ਼ੀਆਂ ਕਾਰਨ ਲੋਕਾਂ ਵਿਚ ਰੋਹ ਪੈਦਾ ਹੁੰਦਾ ਹੈ ਪਰ ਉਹ ਕੁਝ ਕਰ ਨਹੀਂ ਸਕਦੇ। ਇਸ ਲਈ ਮਾਨਸਿਕ ਪ੍ਰੇਸ਼ਾਨੀ ਵਿਚ ਚਲੇ ਜਾਂਦੇ ਹਨ। ਜੇ ਇਸ ਦਾ ਕੋਈ ਹੱਲ ਨਾ ਨਿਕਲੇ ਤਾਂ ਕਈ ਵਾਰੀ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਮਾਨਸਿਕ ਰੋਗੀ ਬਣ ਜਾਂਦੇ ਹਨ। ਜਦ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਟੁੱਟ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰ ਪੈਂਦੇ ਹਨ।
ਵਿਕੀਪੀਡੀਆ ਅਤੇ ਸੰਸਾਰ ਸਿਹਤ ਸੰਸਥਾ ਦੇ ਸਰਵੇ ਦੇ ਅਨੁਸਾਰ ਹਰ ਸਾਲ ਕਰੀਬ 135000 ਲੋਕ ਭਾਰਤ ਵਿਚ ਖ਼ੁਦਕੁਸ਼ੀ ਕਰਦੇ ਹਨ। ਫਿਰ ਭਾਵੇਂ ਉਹ ਕਰਜ਼ੇ ਦੇ ਮਾਰੇ ਕਿਸਾਨ ਹੋਣ, ਬੱਚਿਆਂ ਦੀ ਅਣਗਹਿਲੀ ਜਾਂ ਕਿਸੇ ਬਿਮਾਰੀ ਦੇ ਮਾਰੇ ਬਜ਼ੁਰਗ ਹੋਣ, ਜਾਂ ਪਿਆਰ ਦੇ ਠੁਕਰਾਏ ਪ੍ਰੇਮੀ ਹੋਣ, ਬੇਰੁਜ਼ਗਾਰ ਨੌਜੁਆਨ ਹੋਣ ਜਾਂ ਫਿਰ ਭੁੱਖ-ਮਰੀ ਨਾਲ ਜੂਝਦੇ ਗ਼ਰੀਬ ਲੋਕ ਹੋਣ, ਸਭ ਦਾ ਕਾਰਨ ਮਾਨਸਿਕ ਉਲਾਰਤਾ ਹੀ ਹੁੰਦਾ ਹੈ। ਆਮ ਤੌਰ ਤੇ ਵਧ ਰਹੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਵੀ ਮਨੁੱਖ ਦਾ ਕਿਸੇ ਮਾਨਸਿਕ ਸਮੱਸਿਆ ਵਿਚ ਉਲਝੇ ਹੋਣ ਕਾਰਨ ਸਾਵਧਾਨੀ ਦਾ ਘਟਣਾ ਹੀ ਹੁੰਦਾ ਹੈ। ਇਸੇ ਲਈ ਕਹਿੰਦੇ ਹਨ-''ਸਾਵਧਾਨੀ ਹਟੀ, ਦੁਰਘਟਨਾ ਘਟੀ।'' ਮਾਨਸਿਕ ਪੀੜਾ ਦਾ ਰੁਝਾਨ ਕੇਵਲ ਅਨਪੜ੍ਹ ਲੋਕਾਂ ਵਿਚ ਹੀ ਨਹੀਂ ਸਗੋਂ ਪੜ੍ਹੇ ਲਿਖੇ ਲੋਕਾਂ ਦੀ ਪੀੜਾ ਕਿਧਰੇ ਜ਼ਿਆਦਾ ਹੈ। ਇੰਜ ਲਗਦਾ ਹੈ ਕਿ ਮਾਨਸਿਕ ਸਮੱਸਿਆਵਾਂ ਕਾਰਨ ਸਾਰੀ ਦੁਨੀਆਂ ਹੀ ਇਕ ਵੱਡਾ ਪਾਗਲਖ਼ਾਨਾ ਬਣਦੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਕੁਨਬਾਪ੍ਰਸਤੀ ਪ੍ਰਧਾਨ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਪਿੱਛੋਂ ਮੇਰਾ ਪੁੱਤਰ ਹੀ ਮੇਰੀ ਕੁਰਸੀ ਦਾ ਵਾਰਸ ਬਣੇ ਇਸ ਲਈ ਯੋਗਤਾ ਅਤੇ ਵਫ਼ਾਦਾਰੀ ਨੂੰ  ਛਿੱਕੇ ਟੰਗ ਦਿੱਤਾ ਜਾਂਦਾ ਹੈ। ਇਸ ਨਾਲ ਜਿਨ੍ਹਾਂ ਦਾ ਹੱਕ ਮਾਰਿਆ ਜਾਂਦਾ ਹ,ੈ ਉਨ੍ਹਾਂ ਵਿਚ ਨਰਾਜ਼ਗੀ ਅਤੇ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ।ਜੇ ਇਸ ਸਮੱਸਿਆ ਦਾ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ।
ਜੁਆਨ ਬੱਚਿਆਂ ਦੀਆਂ ਕੁਝ ਆਪਣੀਆਂ ਮਾਨਸਿਕ ਸਮੱਸਿਆਵਾਂ ਹੁੰਦੀਆਂ ਹਨ। ਇਸ ਉਮਰ ਵਿਚ ਉਨ੍ਹਾਂ ਦੇ ਸਰੀਰ ਵਿਚ ਕੁਝ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ। ਉਨ੍ਹਾਂ ਦੇ ਮਨ ਵਿਚ ਕਈ ਸ਼ੰਕਾਵਾਂ ਉੱਠ ਖੜ੍ਹੀਆਂ ਹੁੰਦੀਆਂ ਹਨ। ਇਸ ਵਿਸ਼ੇ 'ਤੇ ਗੱਲ ਬਾਤ ਕਰਨਾ ਉਨ੍ਹਾਂ ਨੂੰ ਆਚਰਣ-ਹੀਨ ਲੱਗਦਾ ਹੈ। ਇਸ ਸ਼ਰਮ ਕਾਰਨ ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਕਈ ਵਾਰੀ ਉਹ ਬੁਰੀ ਸੰਗਤ ਵਿਚ ਵੀ ਫਸ ਜਾਂਦੇ ਹਨ। ਉਨ੍ਹਾਂ ਦੀ ਅਗਿਆਨਤਾ ਦਾ ਹਨੇਰਾ ਵਿੱਦਿਆ ਦੇ ਚਾਨਣ ਅਤੇ ਸੁਚੱਜੀ ਅਗੁਵਾਈ ਨਾਲ ਹੀ ਦੂਰ ਹੋ ਸਕਦਾ ਹੈ।ਸਾਡੇ ਦੇਸ਼ ਵਿਚ ਨੌਜੁਆਨਾਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੋਈ ਖ਼ਾਸ ਇੰਤਜਾਮ ਜਾਂ ਸੰਸਥਾ ਨਹੀਂ।
ਮਾਂ-ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ, ਉਸ ਨੂੰ ਸੰਸਕਾਰ ਵੀ ਦਿੰਦੇ ਹਨ। ਉਸ ਨੂੰ ਪਾਲ ਪੋਸ ਕੇ ਅਤੇ ਆਪਣਾ ਪਿਆਰ ਦੇ ਕੇ ਇਕ ਕਾਮਯਾਬ ਮਨੁੱਖ ਬਣਾਉਂਦੇ ਹਨ। ਕਈ ਵਾਰੀ ਬੱਚੇ ਆਪਣੇ ਫ਼ਰਜ਼ ਨੂੰ ਨਹੀਂ ਪਛਾਣਦੇ ਅਤੇ ਮਾਂ-ਬਾਪ ਦੀ ਅਣਗਹਿਲੀ ਕਰਦੇ ਹਨ। ਕਈ ਵਾਰੀ ਤਾਂ ਮੂੰਹ ਪਾੜ ਕੇ ਕਹਿ ਦਿੰਦੇ ਹਨ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? ਇਸ ਸਮੇਂ ਬੁੱਢੇ ਮਾਂ-ਬਾਪ ਦੇ ਦਿਲ 'ਤੇ ਕੀ ਬੀਤਦੀ ਹੈ ਇਹ ਉਹ ਹੀ ਜਾਣਦੇ ਹਨ। ਉਹ ਗ਼ਹਿਰੇ ਸਦਮੇਂ ਵਿਚ ਆ ਜਾਂਦੇ ਹਨ। ਕਈ ਬਜ਼ੁਰਗਾਂ ਨੂੰ ਬੱਚਿਆਂ ਦੀ ਬੇਰੁਖ਼ੀ ਕਾਰਨ ਬਾਕੀ ਜੀਵਨ ਬ੍ਰਿਧ ਆਸ਼ਰਮ ਵਿਚ ਕੱਟਣਾ ਪੈਂਦਾ ਹੈ। ਜਿੱਥੇ ਉਹ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦੇ ਹਨ। ਇੰਜ ਜਾਪਦਾ ਹੈ ਜਿਵੇਂ ਬੱਚੇ ਉਨ੍ਹਾਂ ਨੂੰ ਮੌਤ ਦਾ ਇੰਤਜਾਰ ਕਰਨ ਲਈ ਉੱਥੇ ਇਕੱਲੇ ਛੱਡ ਗਏ ਹੋਏ ਹੋਣ।
ਆਰਥਿਕ ਖ਼ੁਸ਼ਹਾਲੀ ਅਤੇ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਜ਼ਰੂਰੀ ਹੈ। ਬੰਦਾ ਮਾਨਸਿਕ ਤੌਰ 'ਤੇ ਬਿਲਕੁਲ ਤੰਦਰੁਸਤ ਹੋਣਾ ਚਾਹੀਦਾ ਹੈ, ਨਹੀਂ ਤੇ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ। ਜ਼ਿੰਦਗੀ ਕਦੀ ਨਹੀਂ ਰੁਕਦੀ ਪਰ ਮਾਨਸਿਕ ਰੋਗੀਆਂ ਦਾ ਵਿਕਾਸ ਰੁਕ ਜਾਂਦਾ ਹੈ। ਅਜਿਹੇ ਲੋਕ ਕੇਵਲ ਸਮਾਜ 'ਤੇ ਹੀ ਬੋਝ ਨਹੀਂ ਬਣਦੇ, ਸਗੋਂ ਉਹ ਆਪਣੇ-ਆਪ ਲਈ ਵੀ ਇਕ ਬੋਝ ਬਣ ਜਾਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਹਰ ਕੋਈ ਉੇਨ੍ਹਾਂ ਦਾ ਦੁਸ਼ਮਣ ਹੋਏ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੋਵੇ। ਅਜਿਹੇ ਲੋਕ ਆਪਣੀ ਜ਼ਿੰਦਗੀ ਜੀਅ ਨਹੀਂ ਰਹੇ ਹੁੰਦੇ, ਸਗੋਂ ਆਪਣੀ ਜ਼ਿੰਦਗੀ ਦੀ ਲਾਸ਼ ਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਮੌਤ ਵੱਲ ਜਾ ਰਹੇ ਹੁੰਦੇ ਹਨ।ਕਈ ਲੋਕਾਂ ਵਿਚ ਹਉਮੈਂ ਬਹੁਤ ਹੁੰਦੀ ਹੈ। ਉਹ ਇਹ ਹੀ ਸਮਝਦੇ ਹਨ ਕਿ ਅਸੀ ਸਭ ਤੋਂ ਸਿਆਣੇ ਹਾਂ। ਅਜਿਹੇ ਮਨੁੱਖਾਂ ਵਿਚ ਕੁਝ ਹੋਰ ਸਿੱਖਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ ਕਿਉਂਕਿ ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ।
ਮਨੁੱਖਾ ਜੀਵਨ ਅਨਮੋਲ ਹੈ। ਇਸ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਉ, ਨਹੀਂ ਤੇ ਇਨ੍ਹਾਂ ਦਾ ਬੋਝ ਇਕ ਦਿਨ ਨਾਕਾਬਿਲੇ ਬਰਦਾਸ਼ਤ ਹੋ ਜਾਏਗਾ। ਕਦੀ ਬਾਤ ਦਾ ਬਤੰਗੜ ਨਾ ਬਣਾਓ। ਸਮੱਸਿਆ ਨੂੰ ਨਿਰਲੇਪ ਹੋ ਕੇ ਨਿਰਪੱਖ ਦ੍ਰਿਸ਼ਟੀਕੋਣ ਤੋਂ ਆਪਣੀ ਅੰਦਰਲੀ ਤੀਸਰੀ ਅੱਖ ਨਾਲ ਦੇਖੋ। ਤਣਾਅ ਨੂੰ ਆਪਣੇ ਅੰਦਰ ਜ਼ਿਆਦਾ ਦੇਰ ਨਾ ਟਿਕਣ ਦਿਓ। ਮਨ ਦੀਆਂ ਗੰਢਾਂ ਖੋਲ੍ਹੋ। ਜੇ ਲੋੜ ਪਏ ਤਾਂ ਕਿਸੇ ਹਮਦਰਦ ਦੀ ਮਦਦ ਲਓ। ਆਪਣੇ ਅੰਦਰ ਕੁਝ ਭੁੱਲਣ ਦੀ, ਕੁਝ ਅਣਦੇਖਿਆਂ ਕਰਨ ਦੀ, ਕੁਝ ਬਰਦਾਸ਼ਤ ਕਰਨ ਦੀ ਅਤੇ ਕੁਝ ਮੁਆਫ਼ ਕਰਨ ਦੀ ਆਦਤ ਪਾਉ, ਸੌਖੇ ਰਹੋਗੇ। ਹਮੇਸ਼ਾਂ ਸਹਿਜ ਵਿਚ ਰਹੋ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ। ਆਪ ਹੱਸੋ ਅਤੇ ਦੂਸਰਿਆਂ ਨੂੰ ਵੀ ਹਸਾਓ। ਇਸੇ ਲਈ ਸਿਆਣੇ ਕਹਿੰਦੇ ਹਨ-
''ਹਰ ਮਰਜ਼ ਕਾ ਇਲਾਜ਼ ਨਹੀਂ ਦਵਾਖ਼ਾਨੇ ਮੇਂ,
ਕੁਝ ਦਰਦ ਮਿਟ ਜਾਤੇ ਹੈਂ ਕੇਵਲ ਮੁਸਕਰਾਨੇ ਸੇ।''

ਬੇਸ਼ੱਕ ਨੱਚੋ, ਟੱਪੋ, ਭੰਗੜੇ ਪਾਉ ਅਤੇ ਖ਼ੁਸ਼ੀ ਦੇ ਗੀਤ ਗਾਉ। ਕੱਲ੍ਹ ਬਾਰੇ ਜ਼ਿਆਦਾ ਨਾ ਸੋਚੋ। ਬੀਤੇ ਕੱਲ੍ਹ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਆਉਣ ਵਾਲੇ ਕੱਲ੍ਹ ਦਾ ਕੋਈ ਭਰੋਸਾ ਨਹੀਂ ਕਿ ਆਉਣਾ ਵੀ ਹੈ ਕਿ ਨਹੀਂ, ਕਿਉਂਕਿ ਸਾਨੂੰ ਸਾਹਾਂ ਦਾ ਕੋਈ ਭਰੋਸਾ ਨਹੀਂ ਕਿ ਅਗਲਾ ਸਾਹ ਆਉਣਾ ਹੈ ਕਿ ਨਹੀਂ। ਨਾ ਹੀ ਅਸੀਂ ਕਿਸੇ ਆਉਣ ਵਾਲੀ ਅਣਹੋਣੀ ਨੂੰ ਟਾਲ ਸਕਦੇ ਹਾਂ। ਤੁਹਾਡੇ ਕੋਲ ਕੇਵਲ ਆਪਣਾ ਅੱਜ ਹੈ। ਜੇ ਤੁਸੀਂ ਇਸ ਅੱਜ ਨੂੰ ਖ਼ੁਸ਼ੀ ਨਾਲ ਜੀਅ ਲਿਆ ਤਾਂ ਸਮਝੋ ਕਿ ਤੁਸੀਂ ਇਕ ਕਾਮਯਾਬ ਮਨੁੱਖ ਹੋ। ਇਸ ਲਈ ਸਦਾ ਖੇੜੇ ਵਿਚ ਰਹੋ।
ਦੂਜਿਆਂ ਨਾਲ ਜ਼ਿਆਦਾ ਦੇਰ ਨਾ ਰੁਸੋ, ਨਾ ਹੀ ਕਿਸੇ ਪ੍ਰਤੀ ਕੋਈ ਈਰਖਾ ਜਾਂ ਕੋਈ ਵੈਰ ਵਿਰੋਧ ਰੱਖੋ। ਜੇ ਕਿਸੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਤੁਹਾਡਾ ਵਿਰੋਧੀ ਹੈ। ਤੁਸੀਂ ਉਸ ਨਾਲ ਬਹਿਸ ਵਿਚ ਪੈ ਕੇ ਉਸ ਨੂੰ ਹਰਾਉਣਾ ਨਹੀਂ। ਇਸ ਤਰ੍ਹਾਂ ਉਸ ਨਾਲ ਤੁਹਾਡਾ ਰਿਸ਼ਤਾ ਟੁੱਟਦਾ ਹੈ। ਤੁਸੀਂ ਉਸ ਦਾ ਮਨ ਜਿੱਤ ਕੇ ਸਦਾ ਲਈ ਉਸ ਨੂੰ ਆਪਣਾ ਬਣਾਉਣਾ ਹੈ। ਤੁਸੀਂ ਇਹ ਸੋਚੋ ਕਿ ਕਿਸੇ ਚੀਜ਼ ਨੂੰ ਦੇਖਣ-ਪਰਖਣ ਦਾ ਅਤੇ ਸੋਚਣ ਦਾ ਉਸ ਦਾ ਨੁਕਤਾ ਤੁਹਾਡੇ ਤੋਂ ਕੁਝ ਅਲੱਗ ਹੈ। ਫਿਰ ਸ਼ਾਇਦ ਤੁਸੀ ਦੋਵੇਂ ਕਿਸੇ ਇਕ ਨੁਕਤੇ 'ਤੇ ਸਹਿਮਤ ਹੋ ਜਾਉ।
ਵਿਹਲੇ ਨਾ ਰਹੋ। ਕਿਸੇ ਨਾ ਕਿਸੇ ਕੰਮ ਵਿਚ ਜ਼ਰੂਰ ਰੁੱਝੇ ਰਹੋ। ਵਿਹਲਾ ਦਿਮਾਗ਼ ਸ਼ੈਤਾਨ ਦਾ ਕਾਰਖ਼ਾਨਾ ਹੈ ਇਸੇ ਲਈ ਕਹਿੰਦੇ ਹਨ ਕਿ 'ਬੇਕਾਰ ਸੇ ਬੇਗਾਰ ਭਲੀ'।  ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੋ। ਕਈ ਲੋਕ ਪੰਜਾਹ-ਸੱਠ ਸਾਲ ਦੀ ਉਮਰ ਦੇ ਹੋ ਜਾਂਦੇ ਹਨ ਤਾਂ ਉਹ ਕੰਮ ਕਰਨਾ ਛੱਡ ਜਾਂਦੇ ਹਨ  ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ, ਬਥੇਰਾ ਕੰਮ ਕਰ ਲਿਆ ਹੈ। ਹੁਣ ਸਾਡੇ ਆਰਾਮ ਦੇ ਦਿਨ ਹਨ। ਇਹ ਇਕ ਗ਼ਲਤ ਵਿਚਾਰ ਹੈ। ਇਹ ਰਸਤਾ ਸਿੱਧਾ ਬਿਮਾਰੀ ਵਿਚੋਂ ਹੋ ਕੇ ਮੌਤ ਵਲ ਜਾਂਦਾ ਹੈ। ਸਦਾ ਫੁਰਤੀ ਵਿਚ ਰਹੋ। ਜੇ ਤੁਸੀਂ ਬਜ਼ੁਰਗ ਹੋ ਗਏ ਹੋ ਤਾਂ ਵੀ ਸਮਾਜ ਦਾ ਅੰਗ ਬਣ ਕੇ ਰਹੋ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉ। ਤੁਸੀਂ ਸਾਬਤ ਕਰੋ ਕਿ ਤੁਸੀਂ ਹਾਲੀ ਜ਼ਿੰਦਾ ਹੋ। ਆਪਣੇ ਸਾਥੀਆਂ ਅਤੇ ਬੱਚਿਆਂ ਦੀ ਮਦਦ ਕਰੋ। ਉਨ੍ਹਾਂ ਵਿਚ ਆਪਣੇ ਕੀਮਤੀ ਤਜ਼ਰਬੇ ਵੰਡੋ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰੋ। ਇਕੱਲੇ ਰਹਿਣਾ, ਵਿਹਲੇ ਰਹਿਣ ਦਾ ਹੀ ਇਕ ਦੂਸਰਾ ਪਹਿਲੂ ਹੈ। ਆਪਣੇ ਸਾਥੀਆਂ ਨਾਲ ਹਮੇਸ਼ਾਂ ਮਿਲ ਜੁਲ ਕੇ ਰਹੋ। ਹਿੰਦੀ ਦੇ ਪ੍ਰਸਿੱਧ ਕਵੀ ਗੁਲਜ਼ਾਰ ਬਹੁਤ ਸੋਹਣਾ ਲਿਖਦੇ ਹਨ:
ਥੋੜ੍ਹੀ ਥੋੜ੍ਹੀ ਗੁਫ਼ਤਗੂ ਦੋਸਤੋਂ ਸੇ ਕਰਤੇ ਰਹੀਏ।
ਜਾਲੇ ਲਗ ਜਾਤੇ ਹੈਂ ਅਕਸਰ, ਬੰਦ ਮਕਾਨੋਂ ਮੇਂ॥

ਇਕੱਲੇ ਰਹਿਣ ਵਾਲੇ ਬੰਦੇ ਅਕਸਰ ਐਲਰਜ਼ਾਈਮਰ ਨਾਮ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਮਾਜ ਨਾਲੋਂ ਟੁੱਟ ਜਾਂਦੇ ਹਨ। ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਜਾਂਦਾ ਹੈ ਅਤੇ ਹੌਲੀ-ਹੌਲੀ  ਸਰੀਰ ਦੇ ਅੰਗ ਵੀ ਠੀਕ ਤਰ੍ਹਾਂ ਕੰਮ ਕਰਨੋ ਹਟ ਜਾਂਦੇ ਹਨ। ਇਸ ਲਈ ਇਕੱਲੇਪਣ ਤੋਂ ਸਦਾ ਦੂਰ ਰਹੋ। ਵਿਹਲੇ ਅਤੇ ਇਕੱਲੇ ਬੰਦੇ ਡਰ ਨਾਲ ਆਪਣੀ ਮੌਤ ਤੋਂ ਪਹਿਲਾਂ ਹੀ ਕਈ ਵਾਰੀ ਮਰਦੇ ਹਨ ਪਰ ਊਸਾਰੂ ਸੋਚ ਵਾਲੇ ਮਨੁੱਖ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਕੋਲ ਬਿਮਾਰ ਹੋਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਜ਼ਿੰਦਗੀ ਦਾ ਭਰਪੂਰ ਲੁੱਤਫ਼ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਅਖ਼ੀਰ ਤੱਕ ਖੇੜੇ ਵਿਚ ਰਹਿੰਦੇ ਹਨ।
ਮਾਨਸਿਕ ਸਿਹਤ ਦਾ ਮਤਲਬ ਇਹ ਨਹੀਂ ਕਿ ਸਾਡੇ ਆਲੇ-ਦੁਆਲੇ ਕੀ ਵਰਤਾਰਾ ਵਰਤ ਰਿਹਾ ਹੈ  ਸਗੋਂ ਇਹ ਹੈ ਕਿ ਜੋ ਵਰਤ ਰਿਹਾ ਹੈ ਉਸ ਬਾਰੇ ਅਸੀਂ ਕੀ ਮਹਿਸੂਸ ਕਰਦੇ ਹਾਂ। ਜੇ ਅਸੀਂ ਛੋਟੀ-ਛੋਟੀ ਗੱਲ ਨੂੰ ਦਿਲ'ਤੇ ਲਾ ਬੈਠਾਂਗੇ ਤਾਂ ਇਹ ਸਾਡੀ ਮਾਨਸਿਕ ਤੰਦਰੁਸਤੀ ਲਈ ਹਾਨੀਕਾਰਕ ਹੋਵੇਗਾ। ਦੂਜੇ ਪਾਸੇ ਜੇ ਅਸੀਂ ਕਿਸੇ ਵੱਡੀ ਦੁਰਘਟਨਾ ਜਾਂ ਮਾੜੇ ਹਾਲਾਤ ਨੂੰ ਕੁਦਰਤ ਦਾ ਨਿਯਮ ਸਮਝ ਕੇ ਲਵਾਂਗੇ ਤਾਂ ਉਸ ਦਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ। ਸਾਨੂੰ ਇਹ ਵੀ ਸਮਝਣਾ ਪਏਗਾ ਕਿ ਮਨੁੱਖ ਦੀ ਮਾਨਸਿਕ ਸਥਿੱਤੀ ਹਮੇਸ਼ਾਂ ਦੋ ਅਤੇ ਦੋ ਚਾਰ ਦੀ ਤਰ੍ਹਾਂ ਨਹੀਂ ਹੁੰਦੀ। ਮਨੁੱਖੀ ਮਨ ਕੋਈ ਮਸ਼ੀਨਰੀ ਨਹੀਂ ਹੈ ਜੋ ਸਦਾ ਇਕੋ ਜਿਹਾ ਨਤੀਜਾ ਹੀ ਦੇਵੇਗੀ। ਦੋ ਅਲੱਗ-ਅਲੱਗ ਮਨੁੱਖਾਂ ਲਈ ਜ਼ਰੂਰੀ ਨਹੀਂ ਕਿ ਇਕੋ ਫਾਰਮੂਲਾ ਹੀ ਲਾਗੂ ਹੋਵੇ। ਕਈ ਮਾਨਸਿਕ ਰੋਗੀ ਡਾਕਟਰ ਨਾਲ ਸਹਿਯੋਗ ਹੀ ਨਹੀਂ ਕਰਦੇ, ਇਸ ਲਈ ਉਹ ਸਿਹਤਯਾਬ ਨਹੀਂ ਹੁੰਦੇ। ਉਨ੍ਹਾਂ ਪ੍ਰਤੀ ਸਮਾਜ ਦੇ ਪਿਆਰ ਅਤੇ ਹਮਦਰਦੀ ਦੀ ਬਹੁਤ ਲੋੜ ਹੈ। ਉਨ੍ਹਾਂ ਨੂੰ ਪਿਆਰ ਨਾਲ ਪ੍ਰੇਰ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਜਲਿਟ ਗੁੰਝਲਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਹੀ ਉਹ ਸਮਾਜ ਦਾ ਨਰੋਇਆ ਅੰਗ ਬਣ ਸਕਦੇ ਹਨ। ਜਿਥੋਂ ਤੱਕ ਹੋ ਸਕੇ ਉਨ੍ਹਾਂ ਦੀਆਂ ਸ਼ਿਕਾਇਤਾਂ, ਰੋਸੇ ਅਤੇ ਗੁੱਸੇ ਗਿਲੇ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਹੀਦੀ ਹੈ। ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਿਆ ਜਾਏ ਅਤੇ ਉਨ੍ਹਾਂ ਨੂੰ ਸਮਝਾਇਆ ਜਾਏ ਕਿ ਇਹ ਅਣਹੋਣੀਆਂ ਅਤੇ ਮੁਸੀਬਤਾਂ ਕੇਵਲ ਉਨ੍ਹਾਂ ਇਕੱਲਿਆਂ 'ਤੇ ਹੀ ਨਹੀਂ ਆਈਆਂ ਸਗੋਂ ਇਹ ਕੁਦਰਤ ਦਾ ਇਕ ਆਮ ਵਰਤਾਰਾ ਹੈ  ਅਤੇ ਸਭ ਨੂੰ ਕੇਵਲ ਹਿੰਮਤ ਨਾਲ ਹੀ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਲ ਛੱਡਿਆਂ ਕੋਈ ਗੱਲ ਨਹੀਂ ਬਣਦੀ। ਉਨ੍ਹਾਂ ਦੇ ਮਨ ਵਿਚੋਂ ਅਜਿਹੇ ਵਹਿਮ  ਕੱਢੇ ਜਾਣ ਕਿ ਉਹ ਘਟੀਆ  ਹਨ ਜਾਂ ਉਨ੍ਹਾਂ ਵਿਚ ਕੋਈ ਕਮੀ ਹੈ।
ਸਾਨੂੰ ਜ਼ਰੂਰਤ ਹੈ ਕਿ ਅਸੀਂ ਮਾਨਸਿਕ ਬਿਮਾਰੀ ਦੇ ਕਾਰਨਾ ਨੂੰ ਸਮਝ ਕੇ ਉਸ ਦਾ ਪੱਕੇ ਪੈਰੀਂ ਇਲਾਜ ਕਰੀਏ। ਮਾਨਸਿਕ ਤੌਰ 'ਤੇ ਉਲਾਰ ਵਿਅਕਤੀਆਂ ਨੂੰ ਕੇਵਲ ਡਾਕਟਰਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਅਜਿਹੇ ਮਰੀਜ਼ਾਂ ਨਾਲ ਕੋਈ ਵਿਤਕਰਾ ਜਾਂ ਨਫ਼ਰਤ ਵੀ ਨਹੀਂ ਕਰਨੀ ਚਾਹੀਦੀ। ਉਹ ਜਿੰਨੇ ਜੋਗੇ ਹਨ, ਉਨ੍ਹਾਂ ਗੁਣਾਂ ਕਰ ਕੇ ਉਨ੍ਹਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਅਜਿਹੇ ਮਾਨਸਿਕ ਰੋਗੀ ਨੂੰ ਦੱਸਣਾ ਚਾਹੀਦਾ ਹੈ ਕਿ ਤੂੰ ਬਹੁਤ ਚੰਗਾ ਹੈਂ। ਤੂੰ ਇਹ ਕੰਮ ਕਰ ਸਕਦਾ ਹੈਂ। ਇਕ ਦਿਨ ਤੂੰ ਜ਼ਰੂਰ ਕਾਮਯਾਬ ਹੋਵੇਂਗਾ। ਅਸੀਂ ਤੇਰੇ ਨਾਲ ਹਾਂ ਆਦਿ। ਇਸ ਕੰਮ ਲਈ ਸਰਕਾਰ ਅਤੇ ਬਾਕੀ ਸਮਾਜ ਦੇ ਭਰਪੂਰ ਸਹਿਯੋਗ ਦੀ ਲੋੜ ਹੈ ਕਿਉਂਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਹਰ ਮਨੁੱਖ ਦਾ ਮੁਢਲਾ ਅਧਿਕਾਰ ਹੈ।
*****

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

ਪ੍ਰੇਰਨਾਦਾਇਕ ਲੇਖ - ਗੁਰਸ਼ਰਨ ਸਿੰਘ ਕੁਮਾਰ

ਪੁੱਲ ਅਤੇ ਦੀਵਾਰਾਂ
ਆਓ ਪੁੱਲ ਬਣਾਈਏ,
ਦੀਵਾਰਾਂ ਨੂੰ ਤੌੜੀਏ,
ਅਤੇ ਦਿਲਾਂ ਨੂੰ ਜੋੜੀਏ।

ਹਰ ਕਰਮ ਦਾ ਪ੍ਰਤੀਕਰਮ ਜ਼ਰੂਰ ਹੁੰਦਾ ਹੈ। ਜ਼ਿੰਦਗੀ ਵਿਚ ਸਾਨੂੰ ਦੂਜੇ ਕੋਲੋਂ ਜੋ ਕੁਝ ਵੀ ਮਿਲਦਾ ਹੈ, ਉਹ ਆਪਣਾ ਬੀਜਿਆ ਹੋਇਆ ਹੀ ਮਿਲਦਾ ਹੈ। ਸਾਡਾ ਵਿਉਹਾਰ ਇਕ ਗੇਂਦ ਦੀ ਤਰ੍ਹਾਂ ਹੈ। ਜੇ ਅਸੀਂ ਕਿਸੇ ਗੇਂਦ ਨੂੰ ਜ਼ੋਰ ਨਾਲ ਦੀਵਾਰ 'ਤੇ ਮਾਰਾਂਗੇ ਤਾਂ ਉਹ ਓਨੇ ਜ਼ੋਰ ਨਾਲ ਹੀ ਵਾਪਸ ਸਾਡੇ ਵਲ ਆਵੇਗੀ। ਸਾਡਾ ਵਿਉਹਾਰ ਹੀ ਸਾਡੇ ਕੋਲ ਵਾਪਸ ਆਉਂਦਾ ਹੈ। ਜੇ ਅਸੀਂ ਕਿਸੇ ਨੂੰ ਖ਼ੁਸ਼ੀ ਦਿਆਂਗੇ ਤਾਂ ਬਦਲੇ ਵਿਚ ਸਾਨੂੰ ਵੀ ਖ਼ੁਸ਼ੀ ਹੀ ਵਾਪਸ ਮਿਲੇਗੀ। ਜੇ ਅਸੀਂ ਕਿਸੇ ਨੂੰ ਇੱਜ਼ਤ ਨਾਲ ਸੰਬੋਧਨ ਕਰਾਂਗੇ ਤਾਂ ਉਹ ਵੀ ਸਾਡੇ ਨਾਲ ਇੱਜ਼ਤ ਨਾਲ ਹੀ ਪੇਸ਼ ਆਵੇਗਾ। ਬੰਦੇ ਦੀ ਇੱਜ਼ਤ ਉਸ ਦੇ ਆਪਣੇ ਹੱਥ ਹੀ ਹੁੰਦੀ ਹੈ। ਜੇ ਅਸੀਂ ਕਿਸੇ ਨੂੰ ਘਟੀਆ ਤਰੀਕੇ ਨਾਲ ਬੁਲਾਵਾਂਗੇ ਤਾਂ ਉਹ ਵੀ ਸਾਨੂੰ ਉਸੇ ਢੰਗ ਨਾਲ ਹੀ ਜੁਵਾਬ ਦੇਵੇਗਾ। ਸਭ ਦੇ ਸਾਹਮਣੇ ਸਾਡੀ ਇੱਜ਼ਤ ਮਿੱਟੀ ਵਿਚ ਮਿਲਾ ਕੇ ਰੱਖ ਦੇਵੇਗਾ। ਇਸੇ ਲਈ ਕਹਿੰਦੇ ਹਨ ਕਿ ਦੁਨੀਆਂ ਖੂਹ ਦੀ ਆਵਾਜ਼ ਹੈ। ਜਿੰਨਾ ਉੱਚੀ ਅਸੀਂ ਖੂਹ ਵਿਚ ਬੋਲਾਂਗੇ ਓਨਾ ਉੱਚੀ ਹੀ ਸਾਡੀ ਆਵਾਜ਼ ਗੂੰਜ ਕੇ ਸਾਡੇ ਕੋਲ ਵਾਪਸ ਆਵੇਗੀ। ਅੱਜ ਕੱਲ੍ਹ ਤਾਂ ਛੋਟੇ ਬੱਚੇ ਵੀ ਕੋਈ ਵਾਧੂ ਗੱਲ ਨਹੀਂ ਸਹਾਰਦੇ। ਉਹ ਵੀ ਆਪਣਾ ਨਾਮ ਪਿਆਰ ਅਤੇ ਇੱਜ਼ਤ ਨਾਲ ਪੁਕਾਰਿਆ ਜਾਣਾ ਚਾਹੁੰਦੇ ਹਨ। ਪ੍ਰਮਾਤਮਾ ਨੇ ਮੁਸਕਰਾਉਣ ਦੀ ਦਾਤ ਕੇਵਲ ਮਨੁੱਖ ਨੂੰ ਹੀ ਦਿੱਤੀ ਹੈ। ਜਾਨਵਾਰ ਨਹੀਂ ਮੁਸਕਰਾ ਸੱਕਦੇ। ਇਸੇ ਤਰ੍ਹਾਂ ਭਾਸ਼ਾ ਦੀ ਦਾਤ ਵੀ ਮਨੁੱਖ ਤੋਂ ਸਿਵਾ ਕਿਸੇ ਜੀਵ ਨੂੰ ਨਹੀਂ ਮਿਲੀ। ਪਰ ਜਾਨਵਰ ਅਤੇ ਪਸ਼ੂ ਪੰਛੀ ਸਭ ਪਿਆਰ ਅਤੇ ਨਫ਼ਰਤ ਦੀ ਭਾਸ਼ਾ ਨੂੰ ਬਾਖ਼ੂਬੀ ਸਮਝਦੇ ਹਨ। ਜੇ ਜਾਨਵਰ ਅਤੇ ਪਸ਼ੂ ਪੰਛੀਆਂ ਨਾਲ ਪਿਆਰ ਨਾਲ ਵਰਤੋਗੇ ਤਾਂ ਉਹ ਵੀ ਇਸ ਪਿਆਰ ਸਦਕਾ ਤੁਹਾਡੇ ਵਲ ਆਪਣੇ ਆਪ ਖਿੱਚੇ ਚਲੇ ਆਉਣਗੇ। ਉਹ ਤੁਹਾਡੇ ਨਾਲ ਪੂਰਾ ਲਾਡ ਕਰਨਗੇ। ਇੱਥੋਂ ਤੱਕ ਕਿ ਤੁਹਾਡੇ ਕਿਸੇ ਸੰਕਟ ਸਮੇਂ ਤੁਹਾਡੀ ਮਦਦ ਲਈ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦੇਣਗੇ। ਇਸ ਸਬੰਧ ਵਿਚ ਪਾਲਤੂ ਕੁੱਤੇ ਅਤੇ ਘੋੜੇ ਦੀਆਂ ਕਈ ਕਹਾਣੀਆਂ ਮਸ਼ਹੂਰ ਹਨ।
ਆਪਸੀ ਰਿਸ਼ਤਿਆਂ ਵਿਚ ਮਨੁੱਖ ਦੀਆਂ ਦੋ ਵੱਡੀਆਂ ਭਾਵਨਾਵਾਂ ਹਨ-'ਪਿਆਰ ਅਤੇ ਨਫ਼ਰਤ'। ਜਦ ਮਨੁੱਖ ਆਪਸ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਵਿਚ ਜਾਂ ਪਿਆਰ ਅਤੇ ਸਦਭਾਵਨਾ ਦੇ ਭਾਵ ਉਪਜਦੇ ਹਨ ਜਾਂ ਨਫ਼ਰਤ ਅਤੇ ਨਾਪਸੰਦਗੀ ਦੇ ਭਾਵ ਉਪਜਦੇ ਹਨ। ਕਈ ਵਾਰੀ ਕੋਈ ਭਾਵ ਨਹੀਂ ਉਪਜਦੇ, ਉਨ੍ਹਾਂ ਨਾਲ ਇਕ ਦੂਜੇ ਦਾ ਵਰਤੋਂ ਵਿਉਹਾਰ ਵੀ ਬੇਲਾਗ ਹੀ ਰਹਿੰਦਾ ਹੈ, ਜਿਵੇਂ ਡਾਕ ਦੇ ਇਕੋ ਬੋਰੇ ਵਿਚ ਵਧਾਈ ਦੀ ਚਿੱਠੀ ਵੀ ਹੋਵੇ ਅਤੇ ਨਾਲ ਹੀ ਮੌਤ ਦੀ ਦੁੱਖ ਭਰੀ ਚਿੱਠੀ ਪਈ ਹੋਵੇ। ਉਨ੍ਹਾਂ ਦਾ ਆਪਸ ਵਿਚ ਕੋਈ ਤਾਲਮੇਲ ਨਹੀਂ ਹੁੰਦਾ। ਦੂਜੇ ਪਾਸੇ ਮਨੁੱਖਾਂ ਵਿਚ ਪੂਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆ ਹਨ। ਜਿੰਨਾ ਮਨੁੱਖਾਂ ਦਾ ਆਪਸ ਵਿਚ ਪਿਆਰ ਹੁੰਦਾ ਹੈ ਉਹ ਇਕ ਦੂਜੇ ਦੇ ਸੁੱਖ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ ਅਤੇ ਦੁੱਖ ਵਿਚ ਦੁਖੀ ਹੁੰਦੇ ਹਨ। ਇਸੇ ਤਰ੍ਹਾਂ ਜਿੰਨਾ ਮਨੁੱਖਾਂ ਵਿਚ ਆਪਸ ਵਿਚ ਨਫ਼ਰਤ ਹੋਵੇ ਉਹ ਦੂਜੇ ਦੀ ਖ਼ੁਸ਼ੀ ਦੇਖ ਕੇ ਚੰਗਾ ਮਹਿਸੂਸ ਨਹੀਂ ਕਰਦੇ ਸਗੋਂ ਉਸ ਦੇ ਦੁਖੀ ਹੋਣ ਤੇ ਸਹਿਜ ਜਾਂ ਚੰਗਾ ਮਹਿਸੂਸ ਕਰਦੇ ਹਨ।
ਪਿਆਰ ਉਹ ਅੰਮ੍ਰਿਤ ਹੈ ਜੋ ਇਨਸਾਨ ਨੂੰ ਕਦੀ ਮੁਰਝਾਉਣ ਨਹੀਂ ਦਿੰਦਾ। ਪਿਆਰ ਬੰਦੇ ਨੂੰ ਕਦੀ ਇਕੱਲੇਪਣ ਜਾਂ ਤਣਾਅ ਵਿਚ ਨਹੀਂ ਆਉਣ ਨਹੀਂ ਦਿੰਦਾ। ਪਿਆਰ ਬੰਦੇ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਂ ਮੋੜਦਾ ਹੈ। ਪਿਆਰ ਬੰਦੇ ਨੂੰ ਮੌਤ ਦੇ ਮੁੰਹ ਵਿਚੋਂ ਕੱਢ ਕੇ ਇਕ ਨਵਾਂ ਜੀਵਨ ਦਾਨ ਦਿੰਦਾ ਹੈ। ਪਿਆਰ ਰੂਹ ਦੀ ਖੁਰਾਕ ਹੈ ਇਸ ਲਈ ਹਰ ਕੋਈ ਪਿਆਰ ਦਾ ਭੁੱਖਾ ਹੈ। ਸਵਿਤਰੀ ਦੇ ਪਿਆਰ ਦਾ ਸਦਕਾ ਹੀ ਧਰਮਰਾਜ ਨੂੰ ਸਤਿਆਵਾਨ ਨੂੰ ਮੁੜ ਜੀਵਨ ਦਾਨ ਦੇਣਾ ਪਿਆ। ਦੂਜਿਆਂ ਦੀ ਖ਼ੁਸ਼ੀ ਵਿਚ ਆਪਣੀ ਖ਼ੁਸ਼ੀ ਦੇਖਣਾ ਹੀ ਪਿਆਰ ਦਾ ਹੁਨਰ ਹੈ। ਜੋ ਇਨਸਾਨ ਇਹ ਹੁਨਰ ਸਿੱਖ ਗਿਆ ਉਹ ਕਦੀ ਦੁਖੀ ਨਹੀਂ ਹੋ ਸਕਦਾ। ਹਰ ਜੀਵ ਨੂੰ ਪਿਆਰ ਦੀ ਸਖਤ ਲੋੜ ਹੈ। ਇਸੇ ਲਈ ਹਰ ਕੋਈ ਆਪਣੇ ਦਿਲ ਨੂੰ ਹਥੇਲੀ ਤੇ ਰੱਖ ਕੇ ਮੰਡੀ ਵਿਚ ਪਿਆਰ ਦੀ ਭਾਲ ਵਿਚ ਭਟਕ ਰਿਹਾ ਹੈ ਪਰ ਫਿਰ ਵੀ ਪਿਆਰ ਨਹੀਂ ਮਿਲਦਾ। ਪਿਆਰ ਕੋਈ ਐਡੀ ਸਸਤੀ ਵਸਤੂ ਨਹੀਂ ਕਿ ਬਾਜ਼ਾਰ ਗਏ ਤੇ ਪੈਸੇ ਖ਼ਰਚ ਕੇ ਪਿਆਰ ਖਰੀਦ ਲਿਆ। ਪੈਸੇ ਨਾਲ ਤੁਸੀਂ ਆਪਣੀ ਹਵਸ ਤਾਂ ਪੂਰੀ ਕਰ ਸਕਦੇ ਹੋ ਪਰ ਸੱਚਾ ਪਿਆਰ ਹਾਸਲ ਨਹੀਂ ਕਰ ਸਕਦੇ। ਪਿਆਰ ਸਮਰਪਣ ਅਤੇ ਕੁਰਬਾਨੀ ਮੰਗਦਾ ਹੈ। ਇਸ ਵਿਚ ਹਉਮੇ, ਲਾਲਚ ਅਤੇ ਕ੍ਰੋਧ ਦਾ ਤਿਆਗ ਕਰਨਾ ਪੈਂਦਾ ਹੈ। ਦੂਜੇ ਤੇ ਵਿਸ਼ਵਾਸ ਹੀ ਪਿਆਰ ਦੀ ਨੀਂਹ ਹੁੰਦਾ ਹੈ। ਪਿਆਰ ਕੋਈ ਇਕ ਤਰਫ਼ਾ ਚੱਲਣ ਵਾਲੀ ਸੜਕ ਨਹੀਂ। ਇਹ ਦੋਵੇਂ ਪਾਸੇ ਚੱਲਣ ਵਾਲੀ ਸੜਕ ਹੈ। ਅਸੀਂ ਦੂਜੇ ਤੋਂ ਪਿਆਰ ਤਾਂ ਚਾਹੁੰਦੇ ਹਾਂ ਪਰ ਉਸ ਨੂੰ ਪਿਆਰ ਕਰਦੇ ਸਮੇਂ ਕੰਜੂਸੀ ਕਰ ਜਾਂਦੇ ਹਾਂ। ਅਸੀ*ਂ ਆਪ ਉਸ ਕੋਲੋਂ ਇੱਜ਼ਤ ਚਾਹੁੰਦੇ ਹਾਂ ਪਰ ਉਸ ਨੂੰ ਪੂਰੀ ਇਜ਼ੱਤ ਨਹੀਂ ਦਿੰਦੇ। ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਲੋਕ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋ ਕੇ ਲੋਕੀ ਸਾਨੂੰ ਵਧਾਈਆਂ ਦੇਣ ਪਰ ਦੂਜੇ ਦੀ ਖ਼ੁਸ਼ੀ ਜਾਂ ਉਸ ਦੀ ਪ੍ਰਾਪਤੀ ਨੂੰ ਅਣਗੋਲਿਆਂ ਕਰ ਜਾਂਦੇ ਹਾਂ। ਇਕ ਔਰਤ ਇਹ ਤਾਂ ਚਾਹੁੰਦੀ ਹੈ ਕਿ ਉਸ ਦਾ ਜਵਾਈ ਉਸ ਦੀ ਲੜਕੀ ਦੀ ਹਰ ਗੱਲ ਮੰਨੇ ਪਰ ਉਹ ਇਹ ਕਦੀ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਵੀ ਉਸ ਦੀ ਨੂੰਹ ਦੀ ਹਰ ਗੱਲ ਮੰਨੇ। ਅਜਿਹੇ ਬੰਦੇ ਨੂੰ ਜੋਰੂ ਦਾ ਗ਼ੁਲਾਮ ਕਹਿ ਕੇ ਭੰਡਿਆ ਜਾਂਦਾ ਹੈ॥ ਇਸੇ ਤਰ੍ਹਾਂ ਹਰ ਮਾਂ ਇਹ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਹਰ ਕੰਮ ਉਸ ਦੀ ਮਰਜ਼ੀ ਅਨੁਸਾਰ ਕਰੇ ਪਰ ਉਹ ਇਹ ਨਹੀਂ ਚਾਹੁੰਦੀ ਕਿ ਉਸ ਦਾ ਜਵਾਈ ਵੀ ਆਪਣੀ ਮਾਂ ਦੀ ਮਰਜ਼ੀ ਅਨੁਸਾਰ ਹੀ ਚੱਲੇ। ਇਹ ਸਾਡੀ ਦੋਗੱਲੀ ਨੀਤੀ ਹੈ। ਇਸ ਵਿਤਕਰੇ ਭਰੀ ਸੋਚ ਨਾਲ ਹੀ ਰਿਸ਼ਤੇ ਤਿੜਕਦੇ ਹਨ ਜੋ ਸਾਡੇ ਦੁੱਖ ਦਾ ਕਾਰਨ ਬਣਦੇ ਹਨ। ਇਹੀ ਦੁੱਖ ਸਾਡੇ ਜੀਵਨ ਦੀ ਸ਼ਾਂਤੀ ਭੰਗ ਕਰਦਾ ਹੈ।
ਪਿਆਰ ਅਤੇ ਨਫ਼ਰਤ ਦੀਆਂ ਭਾਵਨਾਵਾਂ ਨੂੰ ਅਸੀਂ ਪੁੱਲਾਂ ੳਤੇ ਦੀਵਾਰਾਂ ਨਾਲ ਵੀ ਤੁਲਨਾ ਕਰ ਸਕਦੇ ਹਾਂ। ਪੁੱਲ ਆਪਸ ਵਿਚ ਇਕ ਦੂਸਰੇ ਨੂੰ ਮਿਲਾਉਂਦੇ ਹਨ। ਪੁੱਲਾਂ ਨਾਲ ਨਜ਼ਦੀਕੀਆਂ ਵਧਦੀਆਂ ਹਨ।ਪੁੱਲ ਦੂਰੀਆਂ ਦੂਰ ਕਰਦੇ ਹਨ ਅਤੇ ਨਜ਼ਦੀਕੀਆਂ ਵਧਾਉਂਦੇ ਹਨ। ਲੋਕ ਇਕ ਦੂਜੇ ਦੇ ਸੰਪਰਕ ਵਿਚ ਆਉਂਦੇ ਹਨ। ਉਨ੍ਹਾਂ ਵਿਚ ਮੇਲ ਮਿਲਾਪ ਵਧਦਾ ਹੈ ਜੋ ਦਿਲਾਂ ਨੂੰ ਜੋੜਦਾ ਹੈ। ਦੀਵਾਰਾਂ ਦਿਲਾਂ ਵਿਚ ਦੂਰੀਆਂ ਪੈਦਾ ਕਰਦੀਆਂ ਹਨ। ਇਕ ਦੂਜੇ ਨਾਲ ਮੇਲ ਮਿਲਾਪ ਦੇ ਸਬੰਧ ਘਟਦੇ ਹਨ। ਇਸ ਨਾਲ ਪਿਆਰ ਭਰੇ ਰਿਸ਼ਤੇ ਤਿੜਕਦੇ ਹਨ। ਦਿਲ ਇਕ ਦੂਜੇ 'ਤੋਂ ਦੂਰ ਹੋ ਜਾਂਦੇ ਹਨ। ਆਪਸ ਵਿਚ ਗ਼ਲਤ-ਫਹਿਮੀਆਂ ਵਧਦੀਆਂ ਹਨ। ਇਕ ਦੂਜੇ ਦੇ ਮਨ ਵਿਚ ਨਫ਼ਰਤ ਪੈਦਾ ਹੋ ਜਾਂਦੀ ਹੈ। ਇਕ ਦੂਜੇ ਦੇ ਦੁੱਖ ਸੁਖ ਦਾ ਪਤਾ ਹੀ ਨਹੀਂ ਲੱਗਦਾ। ਇਸੇ ਲਈ ਕਹਿੰਦੇ ਹਨ-ਕੰਧ ਓਹਲੇ ਪ੍ਰਦੇਸ। ਦੀਵਾਰਾਂ ਦੂਰੀਆਂ ਪੈਦਾ ਕਰਦੀਆਂ ਹਨ। ਨਫ਼ਰਤਾਂ, ਗ਼ਲਤਫ਼ਹਿਮੀਆਂ ਅਤੇ ਸ਼ੰਕੇ ਵਧਦੇ ਹਨ। ਆਪਸੀ ਸਦਭਾਵਨਾ ਖਤਮ ਹੁੰਦੀ ਹੈ ਅਤੇ ਰਿਸ਼ਤੇ ਟੁੱਟਦੇ ਹਨ। ਓਪਰੇਪਣ ਦਾ ਅਹਿਸਾਸ ਪੈਦਾ ਹੁੰਦਾ ਹੈ।
ਪਿਆਰ ਪੁੱਲਾਂ ਦੀ ਤਰਾਂ ਆਪਸ ਵਿਚ ਜੋੜਦਾ ਹੈ। ਸਾਡੇ ਵਿਚ ਨਜ਼ਦੀਕੀਆਂ ਵਧਦੀਆਂ ਹਨ। ਨਫ਼ਰਤ ਸਾਨੂੰ ਆਪਸ ਤੋਂ ਤੋੜਦੀ ਹੈ ਜਾਣੀ ਕਿ ਨਫ਼ਰਤ ਸਾਨੂੰ ਇਕ ਦੂਜੇ ਤੋਂ ਦੂਰ ਕਰਦੀ ਹੈ। ਜਦ ਕੋਈ ਮਨੁੱਖ ਦੂਸਰੇ ਦੀਆਂ ਨਜ਼ਰਾਂ ਤੋਂ ਗ਼ਿਰ ਜਾਂਦਾ ਹੈ ਤਾਂ ਉਸ ਲਈ ਦੁਬਾਰਾ ਉਸ ਦੀਆਂ ਨਜ਼ਰਾਂ ਵਿਚ ਉੱਠਣਾ ਅਸੰਭਵ ਜਿਹਾ ਹੋ ਜਾਂਦਾ ਹੈ॥ ਉਨ੍ਹਾਂ ਵਿਚ ਸਭ ਨਜ਼ਦੀਕੀਆਂ ਖ਼ਤਮ ਹੋ ਜਾਂਦੀਆਂ ਹਨ। ਦੂਰੀਆਂ ਅਤੇ ਗ਼ਲਤਫ਼ਹਿਮੀਆਂ ਵਧਦੀਆਂ ਜਾਂਦੀਆਂ ਹਨ।ਨਫ਼ਰਤ ਉਹ ਜ਼ਹਿਰ ਹੈ ਜੋ ਬੰਦੇ ਨੂੰ ਕਦੀ ਨਹੀਂ ਖਿੜਣ ਦਿੰਦਾ।
ਕਈ ਲੋਕ ਆਪਣੇ ਆਪ ਨੂੰ ਬਹੁਤ ਸਿਆਣਾ ਅਤੇ ਉੱਚਾ ਸਮਝਦੇ ਹਨ। ਉਨ੍ਹਾਂ ਵਿਚ ਭਰਮ ਹੁੰਦਾ ਹੈ ਕਿ ਉਨ੍ਹਾਂ ਦੀ ਅਕਲ ਬਹੁਤ ਵੱਡੀ ਹੈ ਅਤੇ ਉਨ੍ਹਾਂ ਦੇ ਬਰਾਬਰ ਦਾ ਕੋਈ ਵੀ ਨਹੀਂ। ਉਹ ਦੂਸਰੇ 'ਤੇ ਆਪਣਾ ਹੁਕਮ ਠੋਸਣਾ ਚਾਹੁੰਦੇ ਹਨ। ਜਦ ਇਹ ਹੁਕਮ ਨਹੀਂ ਚੱਲਦਾ ਤਾਂ ਕਰੋਧ ਵਿਚ ਆ ਕਿ ਕੌੜਾ ਅਤੇ ਉੱਚਾ ਬੋਲਦੇ ਹਨ। ਉਹ ਦੂਜੇ ਨੂੰ ਬਹੁਤ ਘਟੀਆ ਸਮਝਦੇ ਹਨ। ਉਨ੍ਹਾਂ ਨਾਲ ਵਰਤਣ ਲੱਗੇ ਵੀ ਬਹੁਤ ਘਟੀਆ ਵਿਉਹਾਰ ਕਰਦੇ ਹਨ। ਇਸ ਤਰ੍ਹਾਂ ਦੂਜੇ ਲੋਕ ਵੀ ਉਨ੍ਹਾਂ ਦੇ ਨੇੜੇ ਲੱਗਣ ਤੋਂ ਕਤਰਾਉਣ ਲੱਗ ਪੈਂਦੇ ਹਨ। ਹੌਲੀ ਹੌਲੀ ਉਨ੍ਹਾਂ ਦਾ ਸਮਾਜਿਕ ਦਾਇਰਾ ਵੀ ਬਹੁਤ ਤੰਗ ਹੁੰਦਾ ਜਾਂਦਾ ਹੈ। ਅਜਿਹੇ ਲੋਕਾਂ ਦੀ ਆਪਣੇ ਪਰਿਵਾਰ ਵਿਚ ਵੀ ਕਿਸੇ ਨਾਲ ਨਹੀਂ ਬਣਦੀ। ਉਨ੍ਹਾਂ ਦੇ ਘਰ ਵਿਚ ਹਰ ਸਮੇ ਤਣਾਅ ਰਹਿੰਦਾ ਹੈ। ਕਈ ਵਾਰੀ ਤਾਂ ਤੁਫ਼ਾਨ ਤੋਂ ਪਹਿਲਾਂ ਵਾਲੀ ਚੁੱਪ ਬਣੀ ਰਹਿੰਦੀ ਹੈ। ਫਿਰ ਮਹਾਂ ਭਾਰਤ ਛਿੜ ਜਾਂਦਾ ਹੈ। ਅਜਿਹੇ ਹਾਲਤ ਵਿਚ ਉੱਥੇ ਪਿਆਰ ਕਿਵੇਂ ਪਨਪ ਸਕਦਾ ਹੈ? ਅਜਿਹੇ ਬੰਦੇ ਆਪਣੀ ਜ਼ਿੰਦਗੀ ਵਿਚ ਸਭ ਨਾਲੋਂ ਅਲੱਗ ਥਲੱਗ ਹੋ ਕੇ ਰਹਿ ਜਾਂਦੇ ਹਨ। ਉਹ ਜ਼ਿੰਦਗੀ ਭਰ ਨਾ ਤਾਂ ਕਿਸੇ ਨੂੰ ਪਿਆਰ ਦੇ ਸਕਦੇ ਹਨ, ਨਾ ਹੀ ਕਿਸੇ ਤੋਂ ਪਿਆਰ ਹਾਸਿਲ ਕਰ ਸਕਦੇ ਹਨ। ਉਹ ਆਪ ਵੀ ਖੁਸ਼ਕ ਹੁੰਦੇ ਹਨ ਅਤੇ ਦੂਜਿਆਂ ਨੂੰ ਵੀ ਖੁਸ਼ਕ ਹੀ ਰੱਖਦੇ ਹਨ। ਅਜਿਹੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ।
ਕਿਸੇ ਪਰਿਵਾਰ, ਸੰਸਥਾਂ ਜਾਂ ਮੁਲਕ ਦਾ ਵਿਕਾਸ ਆਪਸੀ ਪਿਆਰ ਅਤੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ।ਜਦ ਦੋ ਦਿਲ ਮਿਲਦੇ ਹਨ ਤਾਂ ਇਕ ਨਵੇਂ ਸੰਸਾਰ ਦੀ ਰਚਨਾ ਹੁੰਦੀ ਹੈ। ਉਨ੍ਹਾਂ ਦਾ ਜੀਵਨ ਸਫ਼ਲ ਹੁੰਦਾ ਹੈ। ਉਨ੍ਹਾਂ ਨੂੰ ਆਪਣੀ ਮੰਜਿਲ ਤੇ ਪਹੁੰਚਣ ਲਈ ਇਕ ਨਵੀਂ ਅਤੇ ਸਪਸ਼ਟ ਰਾਹ ਮਿਲਦੀ ਹੈ। ਜਦ ਦੋ ਹੱਥ ਮਿਲਦੇ ਹਨ ਤਾਂ ਉਨ੍ਹਾਂ ਨੂੰ ਇਕ ਨਵੀਂ ਸ਼ਕਤੀ ਮਿਲਦੀ ਹੈ। ਫਿਰ ਵਿਕਾਸ ਛਾਲਾਂ ਮਾਰ ਕੇ ਅੱਗੇ ਵਧਦਾ ਹੈ। ਸ਼ਾਂਤੀ ਦੇ ਸਮੇਂ ਇਕ ਦੂਜੇ ਦੇ ਸਹਿਯੋਗ ਨਾਲ ਹੀ ਦੇਸ਼ ਦਾ ਵਿਕਾਸ ਹੁੰਦਾ ਹੈ। ਦੇਸ਼ ਵਿਚ ਰਿਕਾਰਡ ਉੱਪਜ ਪੈਦਾ ਹੁੰਦੀ ਹੈ। ਨਵੇਂ ਕਾਰਖਾਨੇ ਲੱਗਦੇ ਹਨ। ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਭੁੱਖਮਰੀ ਖਤਮ ਹੁੰਦੀ ਹੈ। ਮੁਰਝਾਏ ਹੋਏ ਚਿਹਰੇ ਖਿੜ ਉੱਠਦੇ ਹਨ। ਨਵੀਆਂ ਸੜਕਾਂ ਬਣਦੀਆਂ ਹਨ। ਪੁੱਲ ਬਣਦੇ ਹਨ ਜੋ ਦਿਲਾਂ ਨੂੰ ਜੋੜਦੇ ਹਨ। ਵੱਡੇ ਵੱਡੇ ਬੰਧ ਉਸਾਰੇ ਜਾਂਦੇ ਹਨ। ਲੋਕਾਂ ਵਿਚ ਸੁਹਜ ਸੁਆਦ ਦੀ ਰੁੱਚੀ ਵਧਦੀ ਹੈ। ਕਲਾਕਾਰ ਆਪਣੇ ਸ਼ਾਹਕਾਰ ਤਿਆਰ ਕਰਦੇ ਹਨ ਜੋ ਸਾਰੀ ਦੁਨੀਆਂ 'ਤੇ ਆਪਣੀ ਛਾਪ ਛੱਡ ਜਾਂਦੇ ਹਨ॥ ਵਿਦਿਆ ਅਤੇ ਵਿਗਆਨ ਦਾ ਵਿਕਾਸ ਹੁੰਦਾ ਹੈ। ਉਪਲੱਭਦੀਆਂ ਦੀਆਂ ਨਵੀਂਆਂ ਸਿਖ਼ਰਾਂ ਛੁਹੀਆਂ ਜਾਂਦੀਆਂ ਹਨ। ਸੁੰਦਰਤਾ ਅਤੇ ਸਫਾਈ ਦਾ ਦੌਰ ਸ਼ੁਰੂ ਹੁੰਦਾ ਹੈ॥ ਦੇਸ਼ ਵਿਚ ਨਵੀਂਆਂ ਸੈਰਗਾਹਾਂ ਅਤੇ ਅਜੂਬੇ ਬਣਦੇ ਹਨ ਜੋ ਦੂਜੇ ਮੁਲਕਾਂ ਦੇ ਸੈਲਾਨੀਆਂ ਨੂੰ ਪਿਆਰ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਨੂੰ ਸੰਮੋਹਿਤ ਕਰ ਕੇ ਆਪਣੀ ਤਰਫ ਖ਼ਿੱਚਦੇ ਹਨ॥ ਪਰਸਪਰ ਪਿਆਰ ਵਧਦਾ ਹੈ। ਦਿਲ ਜੁੜਦੇ ਹਨ। ਇਕ ਦੂਸਰੇ ਦੇ ਦਿਲਾਂ ਵਿਚ ਇਜ਼ੱਤ ਅਤੇ ਕਦਰ ਵਧਦੀ ਹੈ। ਦੇਸ਼ ਅਸਲ ਵਿਚ ਇਸ ਧਰਤੀ ਤੇ ਹੀ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਹਨ।
ਜਦ ਕੋਈ ਪਰਿਵਾਰ, ਸੰਸਥਾ ਜਾਂ ਦੇਸ਼ ਆਪਣੀ ਅੰਦਰੂਨੀ ਫੁੱਟ ਵਿਚ ਉਲਝਿਆਂ ਹੋਵੇ ਤਾਂ ਉੱਥੇ ਨਫ਼ਰਤਾਂ ਵਧਦੀਆਂ ਹਨ। ਦਿਲਾਂ ਦਰਮਿਆਨ ਦੀਵਾਰਾਂ ਖੜੀਆਂ ਹੁੰਦੀਆਂ ਹਨ। ਬਣੇ ਬਣਾਏ ਪੁੱਲ ਟੁਟਦੇ ਹਨ। ਇਮਾਰਤਾਂ ਖੰਡਰ ਦਾ ਨਜ਼ਾਰਾ ਪੇਸ਼ ਕਰਦੀਆਂ ਹਨ। ਲੋਕ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਨ। ਸੰਸਥਾ ਦੇ ਵਿਕਾਸ ਨਾਲੋਂ ਨਿੱਜੀ ਹਉਮੇ ਨੂੰ ਪਹਿਲ ਦਿੱਤੀ ਜਾਂਦੀ ਹੈ। ਹਰ ਗਲ ਮੁੱਛ ਦਾ ਸਵਾਲ ਬਣ ਜਾਂਦੀ ਹੈ। ਆਪਸ ਵਿਚ ਅਸਹਿਮਤੀਆਂ ਅਤੇ ਦੂਰੀਆਂ ਵਧਦੀਆਂ ਹਨ। ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਉਹ ਹਿਸਾਬ ਹੁੰਦਾ ਹੈ ਕਿ 'ਦੂਜੇ ਦੀ ਮੱਝ ਮਰ ਜਾਵੇ, ਆਪਣੀ ਭਾਵੇਂ ਕੰਧ ਢਹਿ ਜਾਵੇ'। ਅਜਿਹੇ ਪਰਿਵਾਰ, ਸੰਸਥਾ ਅਤੇ ਦੇਸ਼ ਦੇ ਵਿਕਾਸ ਦਾ ਪਹੀਆਂ ਉਲਟਾ ਘੁਮੰਣ ਲੱਗ ਪੈਂਦਾ ਹੈ। ਉਹ ਅੱਗੇ ਵਧਣ ਦੀ ਬਜਾਏ ਦੂਜਿਆਂ ਨਾਲੋਂ ਕਈ ਸਾਲ ਪੱਛੜ ਜਾਂਦੇ ਹਨ। ਜਦ ਕਿਸੇ ਦੋ ਜਾਂ ਵੱਧ ਮੁਲਕਾਂ ਵਿਚ ਗ਼ਲਤ-ਫਹਿਮੀਆਂ ਵਧ ਜਾਣ ਤਾਂ ਉਨ੍ਹਾਂ ਵਿਚ ਹਰ ਸਮੇਂ ਤਣਾਅ ਰਹਿਣ ਲੱਗ ਜਾਂਦਾ ਹੈ। ਗਲਬਾਤ ਨਾਲ ਵੀ ਕੋਈ ਹੱਲ ਨਹੀਂ ਨਿਕਲਦਾ। ਤਾਕਤਵਰ ਮੁਲਕ ਕਮਜ਼ੋਰ ਮੁਲਕ ਨੂੰ ਦਬਾਉਣਾ ਚਾਹੁੰਦਾ ਹੈ। ਇਸ ਲਈ ਆਪਸ ਵਿਚ ਅਸਹਿਮਤੀ ਪੈਦਾ ਹੋ ਜਾਂਦੀ ਹੈ। ਆਪਸੀ ਵਿਸ਼ਵਾਸ ਅਤੇ ਸਹਿਯੋਗ ਖਤਮ ਹੋ ਜਾਂਦਾ ਹੈ। ਸਰਹੱਦਾਂ ਤੇ ਨਿੱਤ ਨਵੀਂਆਂ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਦੂਸਰੇ ਮੁਲਕ ਵਿਚ ਘੁਸਬੈਠ ਕਰਾ ਕੇ ਅੱਤਵਾਦੀ ਭੇਜੇ ਜਾਂਦੇ ਹਨ, ਜੋ ਉੱਥੇ ਖ਼ੂਨ ਖਰਾਬੇ ਅਤੇ ਅੱਗਜਨੀ ਦੀਆਂ ਘਟਨਾਵਾਂ ਕਰਦੇ ਹਨ ਅਤੇ ਉਸ ਮੁਲਕ ਨੂੰ ਅੰਦਰੂਨੀ ਤੋਰ 'ਤੇ ਕਮਜ਼ੋਰ ਕਰਦੇ ਹਨ। ਇਹ ਝੜਪਾਂ ਅੱਗੇ ਜਾ ਕੇ ਯੁੱਧ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਕ ਦੂਜੇ ਮੁਲਕ ਨੂੰ ਤਬਾਹ ਅਤੇ ਬਰਬਾਦ ਕਰਨ ਲਈ ਚਾਲਾਂ ਚੱਲੀਆਂ ਜਾਂਦੀਆਂ ਹਨ। ਫਿਰ ਮਾਰੂ ਹਥਿਆਰਾਂ ਨਾਲ ਦੂਜੇ ਮੁਲਕ ਨੂੰ ਫਨਾਹ ਕੀਤਾ ਜਾਂਦਾ ਹੈ। ਕੀਮਤੀ ਮਨੁੱਖੀ ਜਾਨਾਂ ਦਾ ਘਾਨ ਹੁੰਦਾ ਹੈ। ਅਰਬਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਜਾਂਦੀ ਹੈ। ਸਾਰੀ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਪਹਿਲੀ ਅਤੇ ਦੂਜੀ ਸੰਸਾਰ ਜੰਗ ਇਸੇ ਹਉਮੇ ਦਾ ਹੀ ਨਤੀਜ਼ਾ ਸੀ, ਜਿਸਦੇ ਜ਼ਖਮ ਹਾਲੀ ਵੀ ਰਿਸ ਰਹੇ ਹਨ। ਹਾਲੀ ਵੀ ਉਹ ਹੀ ਤਬਾਹੀ ਅਤੇ ਬਰਬਾਦੀ ਦੇ ਮੰਜਰ ਨਜ਼ਰ ਆਉਂਦੇ ਹਨ।ਇਹ ਜੰਗਾਂ ਆਪਣੇ ਪਿੱਛੇ ਮੌਤ, ਬਿਮਾਰੀ ਅਤੇ ਬਰਬਾਦੀ ਛੱਡ ਜਾਂਦੀਆਂ ਹਨ। ਆਮ ਤੋਰ ਤੇ ਜਾਲਮ ਹਾਕਮਾਂ ਦੇ ਮਨ ਵਿਚ ਹਉਮੇ ਬਹੁਤ ਹੁੰਦੀ ਹੈ। ਉਨ੍ਹਾਂ ਨੂੰ ਆਪਣੀ ਅਕਲ ਅਤੇ ਤਾਕਤ ਦਾ ਬਹੁਤ ਘੁਮੰਡ ਹੁੰਦਾ ਹੈ।ਉਹ ਸਾਰੀ ਦੁਨੀਆਂ ਤੇ ਰਾਜ ਕਰਨਾ ਚਾਹੁੰਦੇ ਹਨ। ਸਿਕੰਦਰ, ਹਿਟਲਰ ਅਤੇ ਮੋਸੋਲੀਨੀ ਜਹੇ ਹਾਕਮਰਾਨ ਹੀ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਵਿਨਾਸ਼ ਦੇ ਕਿਨਾਰੇ ਤੇ ਲਿਆ ਕੇ ਖੜ੍ਹਾਂ ਕਰ ਦਿੱਤਾ। ਉਨ੍ਹਾਂ ਦੀ ਖ਼ੂਨੀ ਪਿਆਸ ਫਿਰ ਵੀ ਨਹੀਂ ਬੁੱਝੀ।
ਕਈ ਵਾਰੀ ਦੇਖਿਆਂ ਗਿਆ ਹੈ ਕਿ ਇਕਹਿਰੇ ਪਰਿਵਾਰ ਦੇ ਜੀਆਂ ਵਿਚ ਆਪਸ ਵਿਚ ਬਹੁਤ ਪਿਆਰ ਹੁੰਦਾ ਹੈ, ਪਰ ਜਦ ਬੱਚੇ ਵੱਡੇ ਹੋ ਕੇ ਵਿਆਹੇ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਤਜਰੀਹਾਂ ਬਦਲ ਜਾਂਦੀਆਂ ਹਨ। ਉਨ੍ਹਾਂ ਵਿਚ ਨਿੱਜਤਾ ਵਧਦੀ ਹੈ ਅਤੇ ਪੈਸੇ ਦਾ ਲਾਲਚ ਆ ਜਾਂਦਾ ਹੈ। ਮਾਂ ਪਿਓ ਦੇ ਜਿਉਂਦੇ ਜੀਅ ਹੀ ਬੱਚੇ ਜਾਇਦਾਦ ਦੀਆਂ ਵੰਡੀਆਂ ਪਾਉਣ ਲੱਗ ਪੈਂਦੇ ਹਨ। ਆਪਸੀ ਪਿਆਰ ਨਫ਼ਰਤ ਅਤੇ ਈਰਖਾ ਵਿਚ ਬਦਲ ਜਾਂਦਾ ਹੈ। ਘਰਾਂ ਵਿਚ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ। ਮਾਂ ਪਿਓ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਤਿਨਕਾ ਤਿਨਕਾ ਕਰ ਕੇ ਜੋ ਆਸ਼ਿਆਨਾ ਬਣਿਆ ਹੁੰਦਾ ਹੈ, ਉਹ ਖੇਰੂ ਖੇਰੂ ਹੋ ਜਾਂਦਾ ਹੈ। ਫਿਰ ਬੱਚੇ ਤਾਂ ਮਾਂ ਪਿਓ ਨੂੰ ਵੀ ਵੰਡ ਲੈਂਦੇ ਹਨ। ਜਿੰਨ੍ਹਾਂ ਦਾ ਸਾਰੀ ਉਮਰ ਭਰ ਦਾ ਸਾਥ ਹੁੰਦਾ ਹੈ, ਉਨ੍ਹਾਂ ਵਿਚ ਵੀ ਲੰਮੇ ਵਿਛੋੜੇ ਪਾ ਦਿੰਦੇ ਹਨ। ਜੇ ਸਹਿਮਤੀ ਨਾਲ ਵੰਡ ਵੰਡਾਈ ਨਾ ਹੋਵੇ ਤਾਂ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਇਸੇ ਤਰ੍ਹਾਂ ਕਈ ਵਰੀ ਨੌਜੁਆਨ ਲੜਕਾ ਲੜਕੀ ਆਪਸ ਵਿਚ ਪਰੇਮ ਵਿਆਹ ਕਰ ਲੈਂਦੇ ਹਨ। ਉਹ ਮਾਂ ਪਿਓ ਦੀ ਸਹਿਮਤੀ ਦੀ ਪਰਵਾਹ ਨਹੀਂ ਕਰਦੇ। ਜਦ ਕੁਝ ਸਮਾਂ ਬੀਤਣ 'ਤੇ ਉਨ੍ਹਾਂ ਦੀ ਆਪਸ ਵਿਚ ਨਹੀਂ ਬਣਦੀ ਤਾਂ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਦਾ ਨਤੀਜ਼ਾ ਬਹੁਤ ਦੁਖਾਂਤ ਵਿਚ ਨਿਕਲਦਾ ਹੈ। ਗਲ ਤਲਾਕ ਤੱਕ ਪਹੁੰਚ ਜਾਂਦੀ ਹੈ। ਪਿਆਰ ਦੇ ਰਿਸ਼ਤੇ ਤਾਰ ਤਾਰ ਹੋ ਜਾਂਦੇ ਹਨ। ਘਰ ਦੀ ਲੜਾਈ ਬਜ਼ਾਰ ਵਿਚ ਆ ਜਾਂਦੀ ਹੈ। ਇਕ ਦੂਜੇ ਤੇ ਝੂਠੇ ਅਤੇ ਨੰਗੇ ਇਲਜ਼ਾਮ ਲਾਏ ਜਾਂਦੇ ਹਨ। ਸਾਰੇ ਜੀਆਂ ਵਿਚ ਜ਼ਿੰਦਗੀ ਭਰ ਦਾ ਦੁਖਾਂਤ ਪੈਦਾ ਹੋ ਜਾਂਦਾ ਹੈ। ਜ਼ਿੰਦਗੀ ਸੰਤਾਪ ਬਣ ਕੇ ਨਰਕ ਦਾ ਰੂਪ ਧਾਰਨ ਕਰ ਲੈਂਦੀ ਹੈ। ਅਜਿਹੇ ਜੋੜਿਆਂ ਦੀ ਜੇ ਕੋਈ ਅੋਲਾਦ ਹੋਵੇ ਤਾਂ ਉਸ ਦਾ ਮਾਨਸਿਕ ਸੰਤਾਪ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ਜੁਆਨ ਬੰਦਿਆਂ ਨੇ ਆਪਣੇ ਬੱਚਿਆਂ ਅਤੇ ਬਜ਼ੁਰਗ ਮਾਂ ਬਾਪ ਵਿਚ ਇਕ ਪੁੱਲ ਦਾ ਕੰਮ ਕਰਨਾ ਹੁੰਦਾ ਹੈ, ਤਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਜ਼ੁਰਗਾਂ ਦਾ ਪਿਆਰ ਅਤੇ ਚੰਗੇ ਸੰਸਕਾਰ ਮਿਲ ਸੱਕਣ ਅਤੇ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਸੱਕੇ। ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਅਤੇ ਪਾਲ ਪੋਸ ਕੇ ਕੋਈ ਗ਼ਲਤੀ ਨਹੀਂ ਕੀਤੀ। ਉਨ੍ਹਾਂ ਨੂੰ ਪਰਿਵਾਰ ਦੇ ਮੋਢੀ ਹੋਣ ਦਾ ਮਾਣ ਮਹਿਸੂਸ ਹੋ ਸੱਕੇ। ਜਿਹੜੇ ਨੌਜੁਆਨ ਆਪਣੀ ਇਹ ਜ਼ਿੰਮੇਵਾਰੀ ਨਹੀਂ ਨੂੰ ਨਹੀਂ ਨਿਭਾ ਸਕਦੇ ਜਾਂ  ਘਰ ਦੇ ਸਾਰੇ ਜੀਆਂ ਵਿਚ ਪੂਰਾ ਤਾਲਮੇਲ ਨਹੀਂ ਰੱਖ ਸਕਦੇ, ਉਨ੍ਹਾਂ ਦੇ ਪਰਿਵਾਰ ਖੇਰੂ ਖੇਰੂ ਹੋ ਜਾਂਦੇ ਹਨ॥ ਬੱਚਿਆਂ ਨੂੰ ਪਿਆਰ ਅਤੇ ਪੂਰੇ ਸੰਸਕਾਰ ਨਹੀਂ ਮਿਲ ਸਕਦੇ ਅਤੇ ਬਜ਼ੁਰਗਾਂ ਦੀ ਨਾ ਹੀ ਪੂਰੀ ਸੰਭਾਲ ਹੋ ਪਾਉਂਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਘਰ ਵਿਚ ਬਣਦਾ ਮਾਣ ਸਤਿਕਾਰ ਮਿਲਦਾ ਹੈ। ਉਨ੍ਹਾਂ ਦਾ ਬੁਢਾਪਾ ਰੁਲ ਜਾਂਦਾ ਹੈ। ਰੋਜ਼ ਰੋਜ਼ ਦੀ ਬੇਇੱਜ਼ਤੀ ਅਤੇ ਬੇਰੁਖੀ 'ਤੋਂ ਤੰਗ ਆ ਕੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਸ਼ਰਨ ਲੈਣੀ ਪੈਂਦੀ ਹੈ। ਉਮਰ ਭਰ ਦੇ ਪਿਆਰ ਅਤੇ ਮੋਹ ਦੇ ਰਿਸ਼ਤੇ ਖਤਮ ਹੋ ਜਾਂਦੇ ਹਨ।
ਸਾਡੇ ਦੇਸ਼ ਦੇ ਰਾਜਨੇਤਾ ਲਿੰਗ ਭੇਦ, ਜਾਤਪਾਤ ਅਤੇ ਧਰਮ ਦੇ ਨਾਮ ਤੇ ਆਪਸ ਵਿਚ ਦੀਵਾਰਾਂ ਖੜ੍ਹੀਆਂ ਕਰ ਕੇ ਇਕ ਦੂਸਰੇ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਦੇ ਹਨ। ਇਕ ਦੂਜੇ ਨੂੰ ਖ਼ੂਨ ਦੇ ਪਿਆਸੇ ਬਣਾਉਂਦੇ ਹਨ ਅਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਦੇ ਹਨ। ਸਾਨੂੰ ਅਜਿਹੇ ਰਾਜਨੇਤਾਵਾਂ ਤੋਂ ਚੋਕਸ ਰਹਿਣ ਦੀ ਲੋੜ ਹੈ। ਉਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਬਚਣਾ ਚਾਹੀਦਾ ਹੈ।
ਜਦ ਦੋ ਸਿਰ ਇਮਾਨਦਾਰੀ ਨਾਲ ਜੁੜ ਬੈਠਦੇ ਹਨ ਤਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਨਿਕਲ ਆਉਂਦੇ ਹਨ। ਨਫ਼ਰਤ ਦੀਆਂ ਦੀਵਾਰਾਂ ਢਹਿ ਜਾਂਦੀਆਂ ਹਨ। ਆਪਸੀ ਸਹਿਯੋਗ ਵਧਦਾ ਹੈ। ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ। ਇਕ ਦੂਜੇ ਦੇ ਵਿਕਾਸ ਦੇ ਕੰਮਾਂ ਵਿਚ ਸਹਾਇਤਾ ਕੀਤੀ ਜਾਂਦੀ ਹੈ। ਕਮਜ਼ੋਰ ਧਿਰ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾਂਦਾ ਹੈ। ਇਸ ਸਦਭਾਵਨਾ ਕਾਰਨ ਸਰਵਪੱਖੀ ਵਿਕਾਸ ਹੁੰਦਾ ਹੈ। ਇਕ ਦੂਜੇ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਕਲਾ ਸਾਇੰਸ ਅਤੇ ਸਿਖਿਆ ਦੇ ਖੇਤਰ ਵਿਚ ਨਵੀਆਂ ਉਪਲੱਭਦੀਆਂ ਹੁੰਦੀਆਂ ਹਨ। ਸਭ ਪਾਸੇ ਸ਼ਾਂਤੀ ਅਤੇ ਖ਼ੁਸ਼ਹਾਲੀ ਫੈਲਦੀ ਹੈ।
ਦੋਸਤੋ ਹਰ ਮਨੁੱਖ ਨੇ ਆਪਣੀ ਜ਼ਿੰਦਗੀ ਖੁਦ ਹੀ ਬਣਾਉਣੀ ਹੁੰਦੀ ਹੈ। ਯਾਦ ਰੱਖੋ, ਨਫ਼ਰਤ ਕਦੀ ਨਫ਼ਰਤ ਨਾਲ ਨਹੀਂ ਹਟਦੀ। ਨਫ਼ਰਤ ਹਟਦੀ ਹੈ ਪਿਆਰ, ਵਿਸ਼ਵਾਸ ਅਤੇ ਸਹਿਯੋਗ ਨਾਲ। ਮਨੁੱਖੀ ਰਿਸ਼ਤੇ ਅਨਮੋਲ ਹਨ। ਇਸ ਲਈ ਆਪ ਸੋਚੋ ਕਿ ਕੀ ਤੁਸੀਂ ਘਰ ਵਿਚ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕਰਨੀਆਂ ਹਨ ਜਾਂ ਪਿਆਰ ਦੇ ਪੁੱਲ ਬਣਾ ਕੇ ਦਿਲਾਂ ਨੂੰ ਜੋੜਨਾ ਹੈ? ਫੈਸਲਾ ਤੁਹਾਡੇ ਹੱਥ ਹੈ। ਅਸੀਂ ਤਾਂ ਇਹ ਹੀ ਕਹਾਂਗੇ ਕਿ ਆਓ ਪੁੱਲ ਬਣਾਈਏ, ਦੀਵਾਰਾਂ ਨੂੰ ਤੌੜੀਏ ਅਤੇ ਦਿਲਾਂ ਨੂੰ ਜੋੜੀਏ।
*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432
email:  gursharan1183@yahoo.in

ਜੀਓ ਅਤੇ ਜੀਉਣ ਦਿਓ - ਗੁਰਸ਼ਰਨ ਸਿੰਘ ਕੁਮਾਰ

''ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ।
ਜੋ ਮਨ ਖੋਜਿਆ ਆਪਣਾ, ਮੁਝ ਸਾ ਬੁਰਾ ਨਾ ਕੋਈ।''        ਕਬੀਰ ਜੀ

ਹਰ ਮਨੁੱਖ ਨੂੰ, ਸਮਾਜ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ, ਆਪਣੀ ਮਰਜੀ ਨਾਲ ਅਤੇ ਆਪਣੇ ਹਿਸਾਬ ਸਿਰ ਜ਼ਿੰਦਗੀ ਜਿਉਣ ਦਾ ਮੁਢਲਾ ਅਧਿਕਾਰ ਹੈ। ਕਿਸੇ ਮਨੁੱਖ ਨੂੰ ਦੂਸਰੇ ਦੀ ਜੀਵਨ ਸ਼ੈਲੀ ਨੂੰ ਭੰਗ ਕਰਨ ਦਾ ਜਾਂ ਉਸ ਵਿਚ ਰੋੜੇ ਅਟਕਾਉਣ ਦਾ ਕੋਈ ਅਧਿਕਾਰ ਨਹੀਂ।
ਕਿਸੇ ਮਨੁੱਖ ਦੀ ਜ਼ਿੰਦਗੀ ਵਿਚ ਉਸ ਦੀ ਨਾਂਹ ਪੱਖੀ ਸੋਚ ਹੀ ਉਸ ਦਾ ਸਭ ਤੋਂ ਵੱਡਾ ਦੋਸ਼ ਹੈ॥ ਉਸ ਦਾ ਦੂਜਿਆਂ ਪ੍ਰਤੀ ਮਾੜਾ ਅਤੇ ਨਾਂਹ ਪੱਖੀ ਵਿਉਹਾਰ ਹੀ ਉਸ ਦੀ ਦਿਮਾਗੀ ਅਪੰਗਤਾ ਹੈ।  ਉਹ ਹਮੇਸ਼ਾਂ ਦੂਜਿਆਂ ਵਿਚ ਨੁਕਸ ਕੱਢਦਾ ਰਹਿੰਦਾ ਹੈ ਅਤੇ ਚੀਕ ਚੀਕ ਕੇ ਗਲਾਂ ਕਰਦਾ ਹੈ। ਉਹ ਹਰ ਸਮੇਂ ਗੁੱਸੇ ਅਤੇ ਨਿਰਾਸ਼ਾਂ ਵਿਚ ਹੀ ਰਹਿੰਦਾ ਹੈ। ਉਸ ਨੂੰ ਰੱਬ ਨਾਲ ਅਤੇ ਰੱਬ ਦੇ ਬੰਦਿਆਂ ਨਾਲ ਸ਼ਿਕਾਇਤਾਂ ਹੀ ਰਹਿੰਦੀਆਂ ਹਨ। ਉਹ ਹਰ ਸਮੇਂ ਆਪਣੀ ਕਿਸਮਤ ਅਤੇ  ਹਾਲਾਤ ਨੂੰ ਦੋਸ਼ ਦਿੰਦਾ ਰਹਿੰਦਾ ਹੈ। ਉਹ ਕਦੀ ਖ਼ੁਸ਼ ਨਹੀਂ ਰਹਿੰਦਾ। ਦਿਨ ਦਿਉਹਾਰ ਅਤੇ ਕਿਸੇ ਖ਼ੁਸ਼ੀ ਦੇ ਮੌਕੇ 'ਤੇ ਵੀ ਉਸ ਦੇ ਚਿਹਰੇ 'ਤੇ ਨਿਰਾਸ਼ਾਂ ਹੀ ਟਪਕਦੀ ਰਹਿੰਦੀ ਹੈ। ਅਜਿਹੇ  ਲੋਕ ਨਾ ਤਾਂ ਆਪ ਢੰਗ ਨਾਲ ਜੀਉਂਦੇ ਹਨ ਅਤੇ ਨਾ ਹੀ ਦੂਜੇ ਨੂੰ ਜਿਉਣ ਦਿੰਦੇ ਹਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਦੂਜਿਆਂ ਦੇ ਨੁਕਸ ਕੱਢਣ ਵਿਚ ਹੀ ਲੰਘ ਜਾਂਦੀ ਹੈ।
ਅੱਜ ਕੱਲ੍ਹ ਸਾਡੇ ਬਹੁਤ ਗੁਣੀ ਗਿਆਨੀ ਅਤੇ ਵਿਦਵਾਨ ਪਰਚਾਰਕ ਵੀ ਜਦ ਸਟੇਜ਼ ਤੇ ਆਉਂਦੇ ਹਨ ਤਾਂ ਕੋਈ ਚੰਗੀ ਗਲ ਕਰਨ ਦੀ ਬਜਾਏ, ਦੂਸਰਿਆਂ ਦੀ ਨਿੰਦਾ ਅਤੇ ਗ਼ਲਤੀਆਂ ਦਾ ਢੰਡੋਰਾ ਪਿੱਟਣ ਲੱਗ ਪੈਂਦੇ ਹਨ। ਦੂਸਰੇ ਦੀ ਨਿੰਦਾ ਕਰ ਕੇ ਉਹ ਆਪਣੀ ਹਉਮੇਂ ਨੂੰ ਪੱਠੇ ਪਾਉਂਦੇ ਹਨ। ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ 'ਅਸੀਂ ਬਹੁਤ ਵਿਦਵਾਨ ਹਾਂ। ਸਾਡੇ ਜਿਹਾ ਅਕਲਮੰਦ ਅਤੇ ਸਿਆਣਾ ਇਸ ਦੁਨੀਆਂ ਵਿਚ ਹੀ ਕੋਈ ਨਹੀਂ। ਸਾਨੂੰ ਹਰ ਮਰਿਆਦਾ ਦਾ ਪਤਾ ਹੈ ਅਤੇ ਕੇਵਲ ਅਸੀਂ ਹੀ ਇਸ ਮਰਿਆਦਾ ਤੇ ਪੂਰਾ ਉਤਰਦੇ ਹਾਂ।' ਅਜਿਹੇ ਨਿੰਦਕ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ।
ਕਿਸੇ ਦੀ ਗ਼ਲਤੀ ਕੱਢਣੀ, ਬਿਨਾ ਮੰਗਣ ਤੋਂ ਉਸ ਨੂੰ ਕੋਈ ਸਲਾਹ ਜਾਂ ਸਿੱਖਿਆ ਦੇਣੀ ਤੁਹਾਨੂੰ ਭਾਰੂ ਵੀ ਪੈ ਸਕਦੀ ਹੈ। ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। ਉਹ ਆਪਣੇ ਕਿਸੇ ਵੀ ਕੰਮ ਵਿਚ ਦੂਜੇ ਦੀ ਦਖਲ-ਅੰਦਾਜ਼ੀ ਜਾਂ ਨੁਕਤਾਚੀਨੀ ਪਸੰਦ ਨਹੀਂ ਕਰਦਾ। ਉਸ ਨੂੰ ਆਪਣੇ ਛੋਟੇ ਛੋਟੇ ਕੰਮ ਵੀ ਮਹਾਨ ਜਾਪਦੇ ਹਨ। ਕਈ ਵਾਰੀ ਜਦ ਦੋ ਬੰਦੇ ਆਪਸ ਵਿਚ ਕੋਈ ਗਲ ਕਰ ਰਹੇ ਹੁੰਦੇ ਹਨ ਤਾਂ ਤੀਸਰਾ ਬੰਦਾ ਉਨ੍ਹਾਂ ਨੂੰ ਵਿਚੋਂ ਟੋਕ ਕੇ ਕੋਈ ਆਪਣੀ ਸਲਾਹ ਦੇਣ ਲੱਗ ਪੈਂਦਾ ਹੈ। ਇਹ ਵੀ ਗ਼ਲਤ ਹੈ। ਅਜਿਹੇ ਉਪਦੇਸ਼ ਕਿਸੇ ਨੂੰ ਚੰਗੇ ਨਹੀਂ ਲੱਗਦੇ।ਇਸ ਲਈ ਕਿਸੇ ਨੂੰ ਵੀ ਬਿਨਾ ਮੰਗਣ ਤੋਂ ਕੋਈ ਸਲਾਹ ਨਹੀਂ ਦੇਣੀ ਚਾਹੀਦੀ। ਤੁਹਾਡੀ ਇਸ ਤਰ੍ਹਾਂ ਦਿੱਤੀ ਹੋਈ ਸਲਾਹ ਦੀ ਕੋਈ ਕਦਰ ਨਹੀਂ ਪਵੇਗੀ। ਦੂਜਾ ਬੰਦਾ ਇਸ ਦਾ ਬੁਰਾ ਮੰਨ ਕੇ ਤੁਹਾਡੇ ਨਾਲ ਨਰਾਜ ਹੋ ਸਕਦਾ ਹੈ। ਉਹ ਤੁਹਾਡਾ ਲੰਮੇ ਸਮੇਂ ਲਈ ਦੁਸ਼ਮਣ ਵੀ ਬਣ ਸਕਦਾ ਹੈ ਅਤੇ ਹਰ ਸਮੇਂ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿਚ ਰਹੇਗਾ।
ਕਿਸੇ ਨੂੰ ਤਾਕਤ ਦੇ ਬਲ ਤੇ ਜ਼ਿਆਦਾ ਸਮੇਂ ਲਈ ਨਹੀਂ ਦਬਾਇਆ ਜਾ ਸਕਦਾ। ਜ਼ਿਆਦਤੀਆਂ ਅਤੇ ਨਾਇਨਸਾਫੀਆਂ ਕਾਰਨ ਲੋਕਾਂ ਵਿਚ ਰੋਸ ਪੈਦਾ ਹੁੰਦਾ ਹੈ ਅਤੇ ਉਹ ਬਗਾਵਤ ਤੇ ਉਤਰ ਆਉਂਦੇ ਹਨ। ਕਈ ਵਾਰੀ ਅਜਿਹੇ ਲੋਕ ਆਪਣੇ ਅੰਦਰ ਬਦਲੇ ਦੀ ਬਹੁਤ ਭਾਵਨਾ ਰੱਖਦੇ ਹਨ। ਉਹ ਹਮੇਸ਼ਾਂ ਅੰਦਰੋਂ ਅਸ਼ਾਂਤ ਅਤੇ ਗੁੱਸੇ ਵਿਚ ਰਹਿੰਦੇ ਹਨ। ਇਹ ਬਦਲਾ ਉਨ੍ਹਾਂ ਲਈ ਅਣਖ ਦਾ ਸੁਆਲ ਬਣ ਜਾਂਦਾ ਹੈ। ਇਸ ਲਈ ਉਨ੍ਹਾਂ ਦੇ ਜ਼ਖ਼ਮ ਹਮੇਸ਼ਾਂ ਹਰੇ ਰਹਿੰਦੇ ਹਨ। ਕਈ ਵਾਰੀ ਉਹ ਆਪਣੀ ਜਾਨ ਦਾਅ 'ਤੇ ਲਾ ਕੇ ਅਤੇ ਦੂਸਰੇ ਦੀ ਜਾਨ ਲੈ ਕੇ ਹੀ ਇਸ ਬਦਲੇ ਨੂੰ ਉਤਾਰਦੇ ਹਨ।
ਕਈ ਲੋਕ ਦੂਸਰੇ ਨੂੰ ਕਮਜੋਰ ਜਾਂ ਲਾਚਾਰ ਸਮਝ ਕੇ ਆਪਣੀ ਤਾਕਤ ਦਿਖਾਉਣ ਲਈ ਉਸ ਤੇ ਆਪਣੀ ਫ਼ਾਲਤੂ ਧੋਂਸ ਜਮਾਉਂਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੋ ਲੋਕ ਤਲਵਾਰ ਦੇ ਬਲ ਨਾਲ ਦੂਸਰੇ ਨੂੰ ਦਬਾ ਕੇ ਰੱਖਦੇ ਹਨ, ਉਨ੍ਹਾਂ ਦੀ ਉਹ ਹੀ ਤਲਵਾਰ ਇਕ ਦਿਨ ਉਨ੍ਹਾਂ ਦਾ ਗਲਾ ਕੱਟਦੀ ਹੈ। ਕੋਈ ਜਾਲਮ ਦੂਸਰੇ 'ਤੇ ਜੁਲਮ ਤਾਂ ਕਰ ਸਕਦਾ ਹੈ ਪਰ ਉਸ ਦੀ ਕਿਸਮਤ ਨਹੀਂ ਖੋਹ ਸਕਦਾ ਕਿਉਂਕਿ ਉਸ ਦਾ ਵੀ ਰੱਬ ਹੈ।
ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਨਹੀਂ ਦੇਣਾ ਚਾਹੀਦਾ। ਦੂਸਰੇ 'ਤੇ ਆਪਣੀ ਮਰਜੀ ਨਾ ਠੋਸੋ। 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ ਤੇ ਚੱਲੋ। ਇਸ ਵਿਚ ਹੀ ਸਭ ਦੀ ਬਿਹਤਰੀ ਹੈ। ਆਪ ਖ਼ੁਸ਼ ਰਹੋ ਅਤੇ ਦੂਸਰੇ ਨੂੰ ਵੀ ਖ਼ੁਸ਼ ਰਹਿਣ ਦਿਓ। ਉਸ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਜਿਉਣ ਦਿਓ।
ਆਮ ਘਰਾਂ ਵਿਚ ਨੂੰਹ ਸੱਸ ਦੇ ਝਗੜੇ ਦਾ ਮੁੱਢ ਵੀ ਜ਼ਿਆਦਾ ਟੋਕਾਟਾਕੀ ਤੋਂ ਹੀ ਬੱਝਦਾ ਹੈ। ਮੀਆਂ ਬੀਬੀ ਦੇ ਝਗੜੇ ਅਤੇ ਤਲਾਕਾਂ ਦਾ ਕਾਰਨ ਵੀ ਇਕ ਦੂਸਰੇ ਦੀ ਨੁਕਤਾਚੀਨੀ ਅਤੇ ਸਹਿਨਸ਼ੀਲਤਾ ਦੀ ਘਾਟ ਹੀ ਹੁੰਦਾ ਹੈ। ਘਰਾਂ ਵਿਚ ਕਲੇਸ਼ ਰਹਿਣ ਲੱਗ ਪੈਂਦਾ ਹੈ ਅਤੇ ਸਾਰੇ ਜੀਅ ਸਦਮੇ ਵਿਚ ਆ ਜਾਂਦੇ ਹਨ। ਅੱਜ ਕੱਲ੍ਹ ਤਾਂ ਛੋਟੇ ਬੱਚੇ ਵੀ ਆਪਣੇ ਕੰਮਾਂ ਵਿਚ ਕਿਸੇ ਦੀ ਟੋਕਾਟਾਕੀ ਬਰਦਾਸ਼ਤ ਨਹੀਂ ਕਰਦੇ। ਉਹ ਛੋਟੀ ਛੋਟੀ ਗਲ ਤੇ ਮੂੰਹ ਫੁਲਾ ਕੇ ਬੈਠ ਜਾਂਦੇ ਹਨ ਅਤੇ ਉੱਚੀ ਉੱਚੀ ਚੀਕਾਂ ਮਾਰ ਕੇ ਆਪਣਾ ਗੁੱਸਾ ਜ਼ਾਹਿਰ ਕਰਦੇ ਹਨ। ਜੇ ਤੁਸੀਂ ਵੱਡੇ ਹੋ ਤਾਂ ਆਪਣਾ ਵਡੱਪਣ ਦਿਖਾਓ। ਇਕ ਦਮ ਕ੍ਰੋਧ ਵਿਚ ਨਾ ਆਓ। ਕ੍ਰੋਧ ਅਤੇ ਕਾਹਲੀ ਵਿਚ ਕੀਤਾ ਗਿਆ ਕੋਈ ਫੈਸਲਾ ਠੀਕ ਨਹੀਂ ਹੁੰਦਾ। ਖੌਲ੍ਹਦੇ ਪਾਣੀ ਵਿਚ ਤਾਂ ਮਨੁੱਖ ਨੂੰ ਆਪਣਾ ਚਿਹਰਾ ਵੀ ਨਜ਼ਰ ਨਹੀਂ ਆਉਂਦਾ।
ਤੁਸੀਂ ਆਪਣੇ ਅੰਦਰ ਕੁਝ ਸਹਿਨਸ਼ੀਲਤਾ ਰੱਖੋ ਅਤੇ ਸਹਿਜ ਵਿਚ ਰਹੋ। ਕੁਝ ਸਬਰ ਕਰੋ। ਦੂਸਰੇ ਬਾਰੇ ਇਕ ਦਮ ਕੋਈ ਗ਼ਲਤ ਰਾਇ ਕਾਇਮ ਨਾ ਕਰੋ। ਉਸ ਦੇ ਹਾਲਾਤ ਅਤੇ ਮਜ਼ਬੂਰੀਆਂ ਸਮਝੋ। ਆਪਣੇ ਆਪ ਨੂੰ ਉਸ ਦੇ ਸਥਾਨ ਤੇ ਰੱਖ ਕੇ ਦੇਖੋ ਕਿ ਉਹ ਕਿੰਨਾ ਕੁ ਗ਼ਲਤ ਜਾਂ ਠੀਕ ਹੈ। ਕਿਸੇ ਨਾਲ ਵਿਚਾਰਾਂ ਦਾ ਮਤਭੇਦ ਬੇਸ਼ੱਕ ਰੱਖੋ ਪਰ ਮਨ ਵਿਚ ਕਿਸੇ ਮਨੁੱਖ ਪ੍ਰਤੀ ਦਵੈਸ਼ ਅਤੇ ਭੈਦਭਾਵ ਨਾ ਰੱਖੋ। ਮਨੁੱਖ ਮਨੁੱਖ ਵਿਚ ਵਿਤਕਰਾ ਪੈਦਾ ਨਾ ਕਰੋ। ਦਿਲਾਂ ਵਿਚ ਦੀਵਾਰਾਂ ਖੜ੍ਹੀਆਂ ਨਾ ਕਰੋ।
ਸਾਨੂੰ ਆਪਣੀ ਜ਼ਿੰਦਗੀ ਸਲੀਕੇ ਨਾਲ ਜਿਉਣੀ ਚਾਹੀਦੀ ਹੈ। ਕਿਸੇ ਬੰਦੇ ਦੀ ਚੰਗੀ ਸੋਚ, ਅਮੀਰੀ, ਉੱਚੀ ਪੜ੍ਹਾਈ, ਲਿਆਕਤ ਅਤੇ ਰੁਤਬੇ ਦਾ ਕੋਈ ਲਾਭ ਨਹੀਂ ਜੇ ਉਸ ਦਾ ਦੂਜੇ ਬੰਦਿਆਂ ਨਾਲ ਵਿਉਹਾਰ ਸੁਹਿਰਦਤਾ ਵਾਲਾ ਨਹੀਂ। ਆਪਣਾ ਹੰਕਾਰ ਤਿਆਗੋ ਅਤੇ  ਆਪਣੇ ਮਨ ਵਿਚ ਦਇਆ ਭਾਵਨਾ ਰੱਖਦੇ ਹੋਏ ਦੂਸਰੇ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਓ। ਇਸ ਤਰ੍ਹਾਂ ਤੁਸੀਂ ਦੂਜੇ ਦਾ ਮਨ ਜਿੱਤ ਸਕੋਗੇ। ਇਹ ਯਾਦ ਰੱਖੋ ਕਿ ਜੀਵਨ ਦਾ ਸਭ ਤੋਂ ਵੱਡਾ ਅਪਰਾਧ, 'ਕਿਸੇ ਦੀ ਅੱਖ ਵਿਚ ਅੱਥਰੂ ਤੁਹਾਡੀ ਵਜਹਾ ਨਾਲ ਹੋਣਾ ਹੁੰਦਾ ਹੈ' ਅਤੇ ਜੀਵਨ ਦੀ ਸਭ ਤੋਂ ਵੱਡੀ ਉਪਲਭਦੀ 'ਕਿਸੇ ਦੀ ਅੱਖ ਵਿਚ ਅੱਥਰੂ ਤੁਹਾਡੇ ਲਈ ਹੋਣਾ ਹੁੰਦੇ ਹਨ'।
ਪ੍ਰਮਾਤਮਾਂ ਨੇ ਤਾਂ ਸਾਰੀ ਮਨੁੱਖਤਾ ਨੂੰ ਬਰਾਬਰ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ ਅਤੇ ਕੁਦਰਤ ਦੇ ਸਾਰੇ ਸੋਮੇਂ ਮਨੁੱਖਾਂ ਲਈ ਖੋਲ੍ਹ ਦਿੱਤੇ ਹਨ ਪਰ ਸਾਡੇ ਭਾਰਤਵਰਸ਼ ਵਿਚ ਮੰਨੂ ਸਮ੍ਰਿਤੀ ਅਨੁਸਾਰ ਮਨੁੱਖਾਂ ਨੁੰ ਚਾਰ ਵਰਨਾਂ-'ਬ੍ਰਹਾਮਣ, ਵੈਸ਼, ਖੱਤਰੀ ਅਤੇ ਸ਼ੂਦਰ'-ਵਿਚ ਵੰਡ ਦਿੱਤਾ ਗਿਆ ਤਾਂ ਕਿ ਮਨੁੱਖ ਮਨੁੱਖ ਵਿਚ ਵਿਤਕਰਾ ਪੈਦਾ ਕੀਤਾ ਜਾਏ। ਸਭ ਤੋਂ ਜ਼ਿਆਦਾ ਮਾਰ ਸ਼ੂਦਰਾਂ ਤੇ ਪਈ। ਉਨ੍ਹਾਂ ਨੂੰ ਸਭ ਤੋਂ ਘਟੀਆ ਸਮਝਿਆ ਜਾਂਦਾ ਸੀ। ਜੇ ਕਿਸੇ ਸ਼ੂਦਰ ਦਾ ਪ੍ਰਛਾਵਾਂ ਵੀ ਕਿਸੇ ਉੱਚੀ ਜਾਤ ਦੇ ਬੰਦੇ 'ਤੇ ਪੈ ਜਾਵੇ ਤਾਂ ਉਹ ਭਿੱਟ ਜਾਂਦਾ ਸੀ ਅਤੇ ਉਸ ਨੂੰ ਉਸੇ ਸਮੇਂ ਹੀ ਨਹਾਉਣਾ ਪੈਂਦਾ ਸੀ। ਸ਼ੂਦਰਾਂ ਦਾ ਮੰਦਿਰਾਂ ਵਿਚ ਜਾਣਾ ਮਨਾ ਸੀ। ਇਥੋਂ ਤੱਕ ਕੇ ਜੇ ਕੋਈ ਸ਼ੂਦਰ ਚੋਰੀ ਛਿਪੇ ਪ੍ਰਮਾਤਮਾਂ ਦੇ ਮੰਤਰ ਸੁਣ ਲਏ ਤਾਂ ਉਸ ਦੇ ਕੰਨਾਂ ਵਿਚ ਪਿਘਲਿਆ ਹੋਇਆ ਸ਼ੀਸ਼ਾ ਪਾ ਦਿੱਤਾ ਜਾਂਦਾ ਸੀ।
ਜਾਤੀਆਂ ਦੀ ਵੰਡ ਤੋਂ ਬਾਅਦ ਇੱਥੇ ਲਿੰਗ ਭੇਦ ਵੀ ਪੈਦਾ ਕੀਤਾ ਗਿਆ। ਔਰਤਾਂ ਨੂੰ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ। ਇਕ ਤਰ੍ਹਾਂ ਨਾਲ ਸ਼ੂਦਰਾਂ ਅਤੇ ਔਰਤਾਂ ਨੂੰ ਮਨੁੱਖ ਸਮਝਿਆ ਹੀ ਨਹੀਂ ਸੀ ਜਾਂਦਾ। ਉਨ੍ਹਾਂ ਨੂੰ ਜ਼ਿੰਦਗੀ ਦੇ ਪੂਰੇ ਅਧਿਕਾਰ ਨਹੀਂ ਸਨ ਮਿਲਦੇ। ਮੰਦਿਰਾਂ ਵਿਚ ਔਰਤਾਂ ਨੂੰ ਦੇਵਦਾਸੀਆਂ ਬਣਾ ਕੇ ਰੱਖਿਆ ਜਾਂਦਾ ਸੀ। ਪੂਜਾਰੀ ਇਨ੍ਹਾਂ ਦੇਵਦਾਸੀਆਂ ਨਾਲ ਵਿਭਚਾਰ ਕਰ ਕੇ ਬੱਚੇ ਪੈਦਾ ਕਰਦੇ ਸਨ ਪਰ ਉਨ੍ਹਾਂ ਬੱਚਿਆਂ ਨੂੰ ਆਪਣਾ ਨਾਮ ਕਦੀ ਨਹੀਂ ਸਨ ਦਿੰਦੇ। ਇਹ ਬੱਚੇ ਅੱਗੋਂ ਉਨ੍ਹਾਂ ਦੇ ਗ਼ੁਲਾਮਾਂ ਦੀ ਤਰ੍ਹਾਂ ਹੀ ਪਲਦੇ ਸਨ। ਕਈ ਵਾਰੀ ਪੂਜਾਰੀ ਦੇਵਦਾਸੀਆਂ (ਬਾਲੜੀਆਂ) ਨੂੰ ਸ਼ਹਿਰ ਦੇ ਅਮੀਰਾਂ ਦੀ ਹਵਸ ਪੂਰੀ ਕਰਨ ਲਈ ਵੀ ਭੇਂਟ ਕਰ ਦਿੰਦੇ ਸਨ। ਕਿੰਨਾਂ ਘਿਨਾਉਣਾ ਹੈ ਇਹ ਸਾਡੇ ਧਾਰਮਿਕ ਲੋਕਾਂ ਦਾ ਉਸ ਸਮੇਂ ਦਾ ਚਿਹਰਾ? ਮਨੁੱਖਤਾ ਦਾ ਸੋਸ਼ਨ ਅਤੇ ਮਨੁੱਖ ਦੇ ਮਨੁੱਖ 'ਤੇ ਅੱਤਿਆਚਾਰ ਕੁਦਰਤ ਦੇ ਕਾਨੂੰਨ ਦੀ ਅਵੱਗਿਆ ਹੀ ਤਾਂ ਹੈ।
ਸਦੀਆਂ ਤੱਕ ਭਾਰਤਵਰਸ਼ ਵਿਚ ਸ਼ੂਦਰਾਂ ਅਤੇ ਔਰਤਾਂ ਦਾ ਸੋਸ਼ਨ ਹੁੰਦਾ ਰਿਹਾ। ਪੰਦਰਵੀ ਸਦੀ ਵਿਚ ਸ੍ਰੀ ਗੁਰੂੂੂੂੂੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਬਾਂਹ ਫੜੀ ਅਤੇ ਸਭ ਨੂੰ ਬਰਾਬਰ ਦਾ ਦਰਜ਼ਾ ਦਿੱਤਾ। ਉਨ੍ਹਾਂ ਨੇ ਸਿੱਖ ਮੱਤ ਵਿਚ ਲੰਗਰ ਅਤੇ ਪੰਗਤ ਦੀ ਰਸਮ ਦੀ ਨੀਂਹ ਰੱਖੀ। ਭਾਵ ਇਹ ਕਿ ਸਭ ਮਨੁੱਖ (ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ) ਬਰਾਬਰ ਦੇ ਹਨ ਅਤੇ ਸਾਰੇ ਇਕੱਠੇ ਬੈਠ ਕੇ ਭੋਜਨ ਕਰ ਸਕਦੇ ਹਨ। ਉਨ੍ਹਾਂ ਨੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਹਿ ਕੇ ਔਰਤ ਨੂੰ ਵਡਿਆਇਆ ਅਤੇ ਉਸ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ। ਸਿੱਖਾਂ ਵਿਚ ਔਰਤ ਨੂੰ ਜਗਤ ਜਨਨੀ ਜਾਣ ਕੇ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਹੈ।
ਮਹਾਤਮਾਂ ਗਾਂਧੀ ਨੇ ਆਜ਼ਾਦੀ ਤੋਂ ਪਹਿਲਾਂ ਸ਼ੂਦਰਾਂ ਨਾਲ ਹਮਦਰਦੀ ਦਿਖਾਈ ਅਤੇ ਉਨ੍ਹਾਂ ਨੂੰ ਹਰੀਜਨ ਕਹਿ ਕੇ ਪੁਕਾਰਿਆ। ਮਹਾਤਮਾਂ ਗਾਂਧੀ ਦੀ ਸ਼ੂਦਰਾਂ ਨਾਲ ਇਹ ਹਮਦਰਦੀ ਫੌਕੀ ਹੀ ਸਾਬਤ ਹੋਈ ਕਿਉਂਕਿ ਕੇਵਲ ਨਾਮ ਦੇ ਬਦਲਣ ਨਾਲ ਕਿਸੇ ਦੇ ਗੁਣ ਜਾਂ ਕਿਸਮਤ ਨਹੀਂ ਬਦਲ ਜਾਂਦੀ। ਉਨ੍ਹਾਂ ਨੂੰ ਤਾਂ ਬਰਾਬਰ ਦਾ ਦਰਜਾ ਚਾਹੀਦਾ ਸੀ। ਅਸੀਂ ਮਨੁੱਖਤਾ ਵਿਚ ਵੰਡੀਆਂ ਹੋਰ ਵੀ ਵਧਾ ਰਹੇ ਹਾਂ। ਅਸੀਂ ਧਰਮ ਦੇ ਨਾਮ 'ਤੇ, ਮੰਦਿਰ ਮਸਜ਼ਿਦ ਦੇ ਨਾਮ 'ਤੇ ਅਤੇ ਗਊ ਮਾਸ ਦੇ ਨਾਮ 'ਤੇ ਇਕ ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਹਾਂ। ਸਾਨੂੰ ਇਸ ਜ਼ਹਿਰੀ ਸੋਚ ਤੋਂ ਬਚਣਾ ਚਾਹੀਦਾ ਹੈ। ਕੀ ਅਸੀਂ ਕਦੀ ਸੋਚਿਆ ਹੈ ਕਿ ਜਿਹੜੀ ਕਣਕ ਦਾ ਆਟਾ ਅਸੀਂ ਖਾਂਦੇ ਹਾਂ ਉਸ ਕਣਕ ਨੂੰ ਕਿਸੇ ਸ਼ੂਦਰ, ਹਿੰਦੂ ਜਾਂ ਮੁਸਲਮਾਨ ਨੇ ਤਾਂ ਨਹੀਂ ਪੈਦਾ ਕੀਤਾ ਹੈ? ਨਹੀਂ ਨਾ? ਫਿਰ ਸਾਡੀ ਸੋਚ ਇਤਨੀ ਤੰਗਦਿਲ ਕਿਉਂ ਹੈ? ਇਸ ਹਿਸਾਬ ਸਿਰ ਤਾਂ ਅਸੀਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹਾਂ।
ਆਜ਼ਾਦੀ ਤੋਂ ਬਾਅਦ ਸਾਡੇ ਰਾਜਨੇਤਾਵਾਂ ਨੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਇਸ ਭੇਦਭਾਵ ਨੂੰ ਖੂਬ ਹੁਲਾਰਾ ਦਿੱਤਾ। ਕੋਈ ਵੀ ਸਰਕਾਰੀ ਨੌਕਰੀ ਲੈਣੀ ਹੋਏ ਤਾਂ ਪਹਿਲਾਂ ਬੰਦੇ ਦੀ ਜਾਤ ਪੁੱਛੀ ਜਾਂਦੀ ਹੈ। ਐਸਾ ਕਿਉਂ? ਸਰਕਾਰ ਨੇ ਇਨ੍ਹਾਂ ਨੂੰ ਕੁਝ ਰਿਆਇਤਾਂ ਅਤੇ ਕੁਝ ਸਹੂਲਤਾਂ ਦੇ ਕੇ ਇਸ ਜਾਤਪਾਤ ਨੂੰ ਹੋਰ ਪੱਕਾ ਕੀਤਾ। ਹੁਣ ਤਾਂ ਇਹ ਲੋਕ ਵੀ ਇਨ੍ਹਾਂ ਸਹੂਲਤਾਂ ਦੇ ਆਦੀ ਹੋ ਗਏ ਹਨ। ਜੇ ਕਿਸੇ ਨੂੰ ਬਿਨਾ ਕੰਮ ਦੇ ਕੋਈ ਚੀਜ ਮਿਲ ਜਾਏ ਤਾਂ ਉਸ ਨੂੰ ਮਿਹਨਤ ਕਰਨ ਦੀ ਕੀ ਜ਼ਰੂਰਤ ਹੈ?  ਇਹ ਲੋਕ ਹੁਣ ਕਦੀ ਨਹੀਂ ਕਹਿੰਦੇ ਕਿ ਜੇ ਸਭ ਬੰਦੇ ਬਰਾਬਰ ਹਨ ਤਾਂ ਫਿਰ ਸਾਡੀ ਜਾਤ ਕਿਉਂ ਪੁੱਛੀ ਜਾਂਦੀ ਹੈ? ਸਾਰੇ ਧਰਮਾਂ ਵਾਲੇ ਮੰਨਦੇ ਹਨ ਕਿ ਪ੍ਰਮਾਤਮਾਂ ਇਕ ਹੈ ਅਤੇ ਉਸ ਲਈ ਸਭ ਮਨੁੱਖ ਬਰਾਬਰ ਹਨ। ਜੇ ਮੰਦਿਰਾਂ ਵਿਚ ਹੀ ਮਨੁੱਖਾਂ ਨਾਲ ਵਿਤਕਰਾ ਪੈਦਾ ਕੀਤਾ ਜਾਏ ਤਾਂ ਫਿਰ ਉਹ ਪ੍ਰਮਾਤਮਾਂ ਦੇ ਘਰ ਨਹੀਂ । ਇਨ੍ਹਾਂ ਨੂੰ ਅਜਿਹੇ ਮੰਦਿਰਾਂ ਵਿਚ ਪੈਰ ਪਾਣ ਤੋਂ ਖੁਦ ਹੀ ਇਨਕਾਰ ਕਰ ਦੇਣਾ ਚਾਹੀਦਾ ਹੈ। ਜੇ ਸਰਕਾਰ ਮੁਲਕ ਵਿਚੋਂ ਜਾਤ ਪਾਤ ਮਿਟਾਉਣਾ ਚਾਹੁੰਦੀ ਹੈ ਤਾਂ ਜਿਸ ਤਰ੍ਹਾਂ ਸਾਰੇ ਦੇਸ਼ ਵਿਚ ਸਾਰੇ ਟੈਕਸਾਂ ਨੂੰ ਰਲਾ ਕੇ ਇਕ ਟੈਕਸ ਜੀ.ਐਸ.ਟੀ ਲਾਗੂ ਕਰ ਦਿੱਤਾ ਗਿਆ ਹੈ, ਇਸੇ ਤਰ੍ਹਾਂ ਸਾਰੀਆਂ ਜਾਤੀਆਂ ਨੂੰ ਰਲਾ ਕੇ ਕੇਵਲ ਭਾਰਤਵਾਸੀ ਜਾਤੀ ਕਿਉਂ ਨਹੀਂ ਲਾਗੂ ਕਰ ਦਿੱਤੀ ਜਾਂਦੀ। ਇਸ ਨਾਲ ਦੇਸ਼ ਵਿਚੋਂ ਜਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ।
ਕੁਦਰਤ ਨੇ ਤਾਂ ਸਾਰੀ ਮਨੁੱਖਤਾ ਨੂੰ ਇਕੋ ਹੀ ਧਰਤੀ ਸਾਂਝੇ ਤੋਰ ਤੇ ਦਿੱਤੀ ਸੀ ਪਰ ਕੁਝ ਮੌਕਾ ਪਰਸਤ ਤਕੜੇ ਹਾਕਮਾਂ ਨੇ ਵੰਡੀਆਂ ਪਾ ਕੇ ਧਰਤੀ ਤੇ ਹੀ ਅਲੱਗ ਅਲੱਗ ਦੇਸ਼ ਬਣਾ ਲਏ ਅਤੇ ਸਰਹੱਦਾਂ ਖੜ੍ਹੀਆਂ ਕਰ ਕੇ ਮਨੁਖਾਂ ਵਿਚ ਦੁਸ਼ਮਣੀਆਂ ਪੈਦਾ ਕਰ ਦਿੱਤੀਆਂ। ਸਾਰੀ ਦੁਨੀਆਂ ਵਿਚ ਗ਼ੁਲਾਮ ਪ੍ਰਥਾਂ ਸਦੀਆਂ ਤੱਕ ਚਲਦੀ ਰਹੀ। ਮਨੁੱਖਾਂ ਨੂੰ ਮਨੁੱਖਾਂ ਦੁਆਰਾ ਹੀ ਗ਼ੁਲਾਮ ਬਣਾਇਆ ਜਾਂਦਾ ਸੀ। ਜਿਸ ਦੇ ਜਿੰਨੇ ਜਿਆਦਾ ਗ਼ੁਲਾਮ ਹੁੰਦੇ ਸਨ ਉਸ ਨੂੰ ਓਨਾ ਹੀ ਤਾਕਤਵਰ ਅਤੇ ਵੱਡਾ ਸਮਝਿਆ ਜਾਂਦਾ ਸੀ। ਇਨਾਂ ਗ਼ੁਲਾਮਾਂ ਦੀ ਹਾਲਤ ਬੜੀ ਤਰਸਯੋਗ ਸੀ। ਉਹ ਪੀੜ੍ਹੀ ਦਰ ਪੀੜ੍ਹੀ ਗ਼ੁਲਾਮ ਹੀ ਰਹਿੰਦੇ ਸਨ। ਇਨਾਂ ਨੂੰ ਨਾ ਮਾਤਰ ਭੋਜਨ ਦਿੱਤਾ ਜਾਂਦਾ ਸੀ ਤਾਂ ਕਿ ਇਹ ਜਿੰਦਾ ਰਹਿਣ ਪਰ ਬਗਾਵਤ ਨਾ ਕਰ ਸੱਕਣ। ਗ਼ੁਲਮਾਂ ਤੋਂ ਭਾਰੀ ਮੁਸ਼ੱਕਤ ਕਰਾਈ ਜਾਂਦੀ ਸੀ। ਜੇ ਕੋਈ ਗ਼ੁਲਾਮ ਆਪਣੇ ਕੰਮ ਵਿਚ ਜ਼ਰਾ ਵੀ ਢਿੱਲਾ ਪੈਂਦਾ ਤਾਂ ਉਸ ਨੂੰ ਕੌੜੇ ਮਾਰੇ ਜਾਂਦੇ ਸਨ ਅਤੇ ਹੋਰ ਕਈ ਖੌਫਨਾਕ ਤਸੀਹੇ ਦਿੱਤੇ ਜਾਂਦੇ ਸਨ। ਇਨ੍ਹਾਂ ਗ਼ੁਲਾਮਾਂ ਦੀ ਕਿਧਰੇ ਕੋਈ ਦਾਦ ਫਰਿਆਦ ਨਹੀਂ ਸੀ। ਕਿਸੇ ਗ਼ੁਲਾਮ ਨੂੰ ਜਾਨੋ ਮਾਰ ਦੇਣਾ ਕਿਸੇ ਕੀੜੇ ਨੂੂੰ ਮਾਰ ਦੇਣ ਬਰਾਬਰ ਹੀ ਸੀ। ਬੇਸ਼ੱਕ ਵਿਦਿਆ ਅਤੇ ਵਿਗਿਆਨ ਦੇ ਪ੍ਰਸਾਰ ਨਾਲ ਮਨੁੱਖ ਨੂੰ ਕੁਝ ਸੋਝੀ ਆਈ ਅਤੇ ਬਰਾਬਰਤਾ ਵਲ ਕੁਝ ਕਦਮ ਪੁੱਟੇ ਗਏ ਪਰ ਹਾਲੀ ਵੀ ਤਾਕਤਵਰ ਮੁਲਕ ਕਮਜੋਰ ਮੁਲਕਾਂ 'ਤੇ ਆਪਣਾ ਪੂਰਾ ਦਾਬਾ ਰੱਖਦੇ ਹਨ ਅਤੇ ਉਨ੍ਹਾਂ ਦੇ ਕੁਦਰਤੀ ਜ਼ਰਖੇਜ ਵਸੀਲਿਆਂ ਦੀ ਲੁੱਟ ਖਸੁੱਟ ਕਰਦੇ ਹਨ। ਪੂਰੀ ਮਨੁੱਖੀ ਬਰਾਬਰਤਾ ਲਈ ਹਾਲੀ ਸਾਨੂੰ ਇਕ ਲੰਮਾ ਪੈਂਡਾ ਤਹਿ ਕਰਨਾ ਪਵੇਗਾ।
ਲੋਕਾਂ ਦੀਆਂ ਕਮੀਆਂ ਲੱਭਣ ਦੀ ਥਾਂ ਆਪਣੇ ਅੰਦਰ ਦੀਆਂ ਕਮੀਆਂ ਦੂਰ ਕਰੋ। ਦੁਨੀਆਂ ਵਿਚ ਕੋਈ ਵੀ ਮਨੁੱਖ ਸਰਬ ਗੁਣ ਸੰਪੂਰਨ ਨਹੀਂ। ਇਸ ਬਾਰੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿਚ ਬੜਾ ਸੋਹਣਾ ਲਿਖਿਆ ਹੈ:
''ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ।
ਜੋ ਮਨ ਖੋਜਿਆ ਆਪਣਾ, ਮੁਝ ਸਾ ਬੁਰਾ ਨਾ ਕੋਈ।''
ਫੁੱਲਾਂ ਦੀ ਤਰ੍ਹਾਂ ਇਹ ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਸਦਾ ਖ਼ੁਸ਼ ਰਹੋ ਅਤੇ ਖ਼ੁਸ਼ਬੁਆਂ ਵੰਡੋ ਅਤੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਓ। ਦੂਸਰਿਆਂ ਨਾਲ ਅਜਿਹਾ ਸਲੂਕ ਕਰੋ ਜਿਸ ਤਰ੍ਹਾਂ ਦਾ ਸਲੂਕ ਤੁਸੀਂ ਦੂਜਿਆਂ ਤੋਂ ਆਪਣੇ ਲਈ ਪਸੰਦ ਕਰਦੇ ਹੋ। ਦੂਸਰਿਆਂ ਨੂੰ ਦੋਸ਼ ਦੇਣ ਜਾਂ ਉਨ੍ਹਾਂ ਦੀਆਂ ਗ਼ਲਤੀਆਂ ਕੱਢਣ ਅਤੇ ਨੁਕਤਾਚੀਨੀ ਕਰਨ ਦੀ ਥਾਂ ਆਪਣੀ ਸੋਚ ਨੂੰ ਸਦਾ ਉਸਾਰੂ ਰੱਖੋ। ਕਦੀ ਕਿਸੇ ਦਾ ਦਿਲ ਨਾ ਦੁਖਾਓ। ਕਦੀ ਕਿਸੇ ਗ਼ਰੀਬ ਅਤੇ ਲਾਚਾਰ ਦੀ ਆਹ ਨਾ ਲਉ। ਇਹ ਮੰਨਿਆ ਕਿ ਸਾਰਿਆਂ ਨੂੰ ਸੁੱਖ ਦੇਣਾ ਤੁਹਾਡੇ ਵੱਸ ਦੀ ਗਲ ਨਹੀਂ ਪਰ ਕਿਸੇ ਨੂੰ ਦੁੱਖ ਨਾ ਦੇਣਾ ਤਾਂ ਤੁਹਾਡੇ ਵੱਸ ਵਿਚ ਹੈ। ਜੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਉਸ ਦੇ ਰਾਹ ਵਿਚ ਰੋੜੇ ਵੀ ਨਾ ਅਟਕਾਉ। ਹਮੇਸ਼ਾਂ 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ ਤੇ ਚੱਲੋ।ਤੁਹਾਡੀ ਜ਼ਿੰਦਗੀ ਤਾਂ ਹੀ ਕਾਮਯਾਬ ਹੈ ਜੇ ਤੁਹਾਨੂੰ ਯਾਦ ਕਰਦਿਆਂ ਕਿਸੇ ਦੇ ਮੂੰਹ ਤੇ ਮੁਸਕਰਾਹਟ ਆ ਜਾਏ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

02 March  2019

ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ - ਗੁਰਸ਼ਰਨ ਸਿੰਘ ਕੁਮਾਰ

ਮੌਤ ਤੋਂ ਪਹਿਲਾਂ, ਜੀਣ ਦੇ ਸਾਰੇ ਫ਼ਰਜ਼ ਉਤਾਰ।
ਲੈਣੇ ਦੇਣੇ ਦਾ, ਰਹੇ ਸਿਰ ਤੇ ਨਾ ਕੋਈ ਭਾਰ।            ਗਿੱਲ ਮੋਰਾਂਵਾਲੀ

ਸਾਡੇ ਧਾਰਮਿਕ ਲੋਕ ਕਹਿੰਦੇ ਹਨ ਕਿਸਾਡਾ ਇਹ ਸਰੀਰ ਨਾਸ਼ਵਾਨ ਹੈ। ਜਦ ਸਾਡੀ ਮੌਤ ਆਉਂਦੀ ਹੈ ਤਾਂ ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਇਸ ਵਿਚ ਕੋਈ ਹਰਕਤ ਨਹੀਂ ਰਹਿੰਦੀ। ਸਾਡਾ ਨਾਤਾ ਇਸ ਦੁਨੀਆਂ ਤੋਂ ਸਦਾ ਲਈ ਖ਼ਤਮ ਹੋ ਜਾਂਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਕੇਵਲ ਸਾਡਾ ਸਰੀਰ ਹੀ ਮਰਦਾ ਹੈ। ਇਸ ਸਰੀਰ ਦੇ ਅੰਦਰ ਇਕ ਆਤਮਾ ਨਾਮ ਦੀ ਚੀਜ਼ ਵੀ ਹੈ ਜੋ ਕਦੀ ਨਹੀਂ ਮਰਦੀ ਭਾਵ ਆਤਮਾ ਅਮਰ ਹੈ। ਆਤਮਾ ਕੇਵਲ ਚੌਲਾ ਹੀ ਬਦਲਦੀ ਹੈ। ਇਕ ਸਰੀਰ ਨੂੰ ਛੱਡਣ ਤੋਂ ਬਾਅਦ ਉਹ ਕਿਸੇ ਦੂਸਰੇ ਸਰੀਰ ਵਿਚ ਜਨਮ ਲੈ ਲੈਂਦੀ ਹੈ।
ਅੱਜ ਕੱਲ੍ਹ ਪੁਨਰ ਜਨਮ ਦੀਆਂ ਕਈ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨਾਂ ਵਿਚ ਕਈ ਛੋਟੇ ਬੱਚੇ ਦੱਸ ਦਿੰਦੇ ਹਨ ਕਿ ਉਹ ਪਿਛਲੇ ਜਨਮ ਵਿਚ ਕੌਣ ਸਨ। ਉਹ ਲੋਕਾਂ ਨੂੰ ਆਪਣੇ ਪਿਛਲੇ ਜਨਮ ਵਾਲੇ ਸਥਾਨ 'ਤੇ ਲਿਜਾ ਕੇ ਇਸ ਬਾਰੇ ਸਬੂਤ ਵੀ ਦਿੰਦੇ ਹਨ। ਉਹ ਇਹ ਵੀ ਦਸਦੇ ਹਨ ਕਿ ਪਿਛਲੇ ਜਨਮ ਵਿਚ ਉਨ੍ਹਾਂ ਦੀ ਮੌਤ ਕਿਵੇਂ ਹੋਈ। ਉਨ੍ਹਾਂ ਦਾ ਕਿਸੇ ਨੇ ਕਤਲ ਕੀਤਾ ਸੀ ਜਾਂ ਉਹ ਕਿਸੇ ਦੁਰਘਟਨਾ ਨਾਲ ਮਰੇ ਸੀ ਆਦਿ। ਅਜਿਹੀਆਂ ਘਟਨਾਵਾਂ ਦਾ ਕੇ ਮੀਡੀਆ ਤੇ ਮਸਾਲੇ ਲਾ ਖ਼ੂਬ ਪਰਚਾਰ ਕੀਤਾ ਜਾਂਦਾ ਹੈ ਅਤੇ ਮਨੁੱਖ ਦਾ ਪੁਨਰ ਜਨਮ ਵਿਚ ਦ੍ਰਿੜ ਵਿਸ਼ਵਾਸ ਕਰਾਇਆ ਜਾਂਦਾ ਹੈ।
ਤਰਕਸ਼ੀਲ ਸਬੂਤਾਂ ਦੀ ਘਾਟ ਕਾਰਨ ਪੁਨਰ ਜਨਮ ਨੂੰ ਨਹੀਂ ਮੰਨਦੇ। ਉਹ ਆਪਣੀਆਂ ਦਲੀਲਾਂ ਦੁਆਰਾ ਪੁਨਰ ਜਨਮ ਦੇ ਸਿਧਾਂਤ ਨੂੰ ਮੁੱਢੋਂ ਹੀ ਨਕਾਰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਲੜਕਾ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਪਿਛਲੇ ਜਨਮ ਵਿਚ ਲੜਕੀ ਜਾਂ ਕੋਈ ਜਾਨਵਰ ਸੀ। ਕਿਸੇ ਇਕ ਸੂਬੇ ਦਾ ਲੜਕਾ ਇਹ ਨਹੀ ਕਹਿੰਦਾ ਕਿ ਉਹ ਪਿਛਲੇ ਜਨਮ ਵਿਚ ਇੰਗਲੈਂਡ ਜਾਂ ਅਮਰੀਕਾ ਵਿਚ ਰਹਿੰਦਾ ਸੀ। ਇਸੇ ਤਰ੍ਹਾਂ ਕੋਈ ਬੱਚੀ ਇਹ ਨਹੀਂ ਕਹਿੰਦੀ ਕਿ ਉਹ ਪਿਛਲੇ ਜਨਮ ਵਿਚ ਉਹ ਲੜਕਾ ਜਾਂ ਮਰਦ ਸੀ। ਇਹ ਸਾਰੇ ਪੁਨਰ ਜਨਮ ਨੂੰ ਆਪਣੀ ਜਾਤ ਬਰਾਦਰੀ, ਧਰਮ ਅਤੇ ਸੂਬੇ ਤੱਕ ਹੀ ਸੀਮਤ ਰੱਖਦੇ ਹਨ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੂੰ ਵੀ ਇਸ ਤੋਂ ਵੱਧ ਸਬੂਤ ਜੁਟਾਣੇ ਮੁਸਕਲ ਹੁੰਦੇ ਹਨ। ਜੇ ਗ਼ਹਿਰਾਈ ਵਿਚ ਜਾਈਏ ਤਾਂ ਇਹ ਸਭ ਗੱਲਾਂ ਪਖੰਡ ਹੀ ਸਾਬਤ ਹੁੰਦੀਆਂ ਹਨ। ਬੱਚਿਆਂ ਦੇ ਮਾਤਾ ਪਿਤਾ ਨੇ ਲਾਲਚ ਵੱਸ ਉਨ੍ਹਾਂ ਨੂੰ ਇਹ ਸਭ ਰਟਾ ਕੇ ਲੋਕਾਂ ਨੂੰ ਐਵੇਂ ਭਰਮ ਜਾਲ ਵਿਚ ਪਾਇਆ ਹੁੰਦਾ ਹੈ।
ਸਾਡੇ ਸਾਇੰਸਦਾਨ ਵੀ ਲਗਾਤਾਰ ਇਹ ਖ਼ੋਜ ਕਰਨ ਵਿਚ ਲੱਗੇ ਹੋਏ ਹਨ ਕਿ ਮੌਤ ਤੋਂ ਬਾਅਦ ਜ਼ਿੰਦਗੀ ਹੈ ਕਿ ਨਹੀਂ। ਜੇ ਆਤਮਾ ਅਮਰ ਹੈ, ਉਹ ਨਹੀਂ ਮਰਦੀ ਤਾਂ ਬੰਦੇ ਦੇ ਮਰਨ ਉਪਰਾਂਤ ਉਸ ਨਾਲ ਕੀ ਬੀਤਦੀ ਹੈ? ਉਹ ਕਿੱਥੇ ਚਲੀ ਜਾਂਦੀ ਹੈ? ਕੀ ਉਹ ਸੱਚਮੁੱਚ ਦੁਬਾਰਾ ਕਿਸੇ ਸਰੀਰ ਨੂੰ ਧਾਰਨ ਕਰ ਕੇ ਜਨਮ ਲੈਂਦੀ ਹੈ? ਕਾਫ਼ੀ ਮੱਥਾ ਪੱਚੀ ਕਰਨ ਤੋਂ ਬਾਅਦ ਵੀ ਉਹ ਪੁਨਰ ਜਨਮ ਦੇ ਸਿਧਾਂਤ ਨੂੰ ਸਾਬਤ ਕਰਨ ਵਿਚ ਸਫ਼ਲ ਨਹੀਂ ਹੋ ਸੱਕੇ। ਉਨ੍ਹਾਂ ਦੇ ਹੱਥ ਇਸ ਸਮੇਂ ਵੀ ਖਾਲੀ ਦੇ ਖਾਲੀ ਹੀ ਹਨ।
ਅਸੀਂ ਪੈਸਾ ਕਮਾਉਣ ਲਈ ਬੁਰੀ ਤਰ੍ਹਾਂ ਰੁੱਝ ਗਏ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਹੀ ਭੁੱਲ ਗਈ ਹੈ। ਸਾਡੇ ਕੋਲ ਆਪਣੇ ਪਰਿਵਾਰ ਦੇ ਜੀਆਂ ਨਾਲ ਮੋਹ ਭਰਿਆ ਸਬੰਧ ਰੱਖਣ ਦਾ ਸਮਾਂ ਹੀ ਨਹੀਂ। ਅਸੀਂ ਆਪਣੇ ਛੋਟੇ ਬੱਚਿਆਂ ਦੇ ਜਜ਼ਬਾਤਾਂ ਦਾ ਵੀ ਧਿਆਨ ਨਹੀਂ ਰੱਖ ਪਾਉਂਦੇ।ਸਾਡੀ ਜ਼ਿੰਦਗੀ ਇਕ ਮਸ਼ੀਨ ਦੀ ਤਰ੍ਹਾਂ ਹੀ ਬਣ ਕੇ ਰਹਿ ਗਈ ਹੈ। ਸਾਡੇ ਕੋਲ ਸਹਿਜ ਨਾਲ ਖਾਣਾ ਖਾਣ ਦੀ ਵੀ ਫੁਰਸਤ ਨਹੀਂ। ਅਸੀਂ ਦਿਨ ਦੇ 24 ਘੰਟੇ ਇਕ ਬੱਝੀ ਹੋਈ ਰੁਟੀਨ ਵਿਚ ਹੀ ਜ਼ਿੰਦਗੀ ਬਸਰ ਕਰ ਰਹੇ ਹਾਂ। ਸਾਨੂੰ ਕੁਦਰਤ ਦੀ ਸੁੰਦਰਤਾ ਮਾਣਨ ਦੀ ਵੀ ਫ਼ੁਰਸਤ ਨਹੀਂ।ਕੀ ਇਕ ਮਸ਼ੀਨ ਦੀ ਰੁਟੀਨ ਨੂੰ ਜ਼ਿੰਦਗੀ ਕਿਹਾ ਜਾ ਸਕਦਾ ਹੈ?
ਜੇ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਸ਼ੂ ਪੰਛੀ ਅਤੇ ਬਾਕੀ ਜੀਵ ਵੀ ਆਪਸਵਿਚ ਕਿੰਨੇ ਮੋਹ ਅਤੇ ਪਿਆਰ ਦੇ ਰਿਸ਼ਤੇ ਨਿਭਾਉਂਦੇ ਹਨ। ਉਨ੍ਹਾਂ ਦਾ ਇਹ ਮੋਹ ਕੇਵਲ ਆਪਣੀ ਨਸਲ ਲਈ ਹੀ ਨਹੀਂ ਹੁੰਦਾ, ਸਗੋਂ ਉਹ ਜਦ ਕਿਸੇ ਦੂਸਰੀ ਨਸਲ ਵਾਲੇ ਜੀਵ ਨੂੰ ਵੀ ਕਿਸੇ ਮੁਸੀਬਤ ਵਿਚ ਦੇਖਦੇ ਹਨ ਤਾਂ ਉਹ ਯਥਾ ਸ਼ਕਤੀ ਉਸ ਦੀ ਸਹਾਇਤਾ ਲਈ ਬਹੁੜਦੇ ਹਨ ਅਤੇ ਇਕ ਦੂਸਰੇ ਦੀ ਮਦਦ ਕਰਦੇ ਹਨ। ਸਾਡੇ ਪਾਲਤੂ ਜਾਨਵਰ ਜਿਵੇਂ ਘੋੜਾ, ਕੁੱਤਾ ਜਾਂ ਬਿੱਲੀ ਆਦਿ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਆਪਣੇ ਮਾਲਕ ਦੀ ਰੱਖਿਆ ਕਰਦੇ ਹਨ। ਇਨ੍ਹਾਂ ਨੂੰ ਜਿੰਨਾ ਮਰਜ਼ੀ ਦੁਰਕਾਰੋ, ਇਹ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ। ਦੂਜੇ ਪਾਸੇ ਇਨਸਾਨ ਇਨਸਾਨ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਰਹਿੰਦੇ ਹਨ। ਅਸੀਂ ਧਰਮ ਦੇ ਨਾਮ ਤੇ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਾਂ। ਅਸੀਂ ਮੰਦਰ ਮਸਜ਼ਿਦ ਦੇ ਨਾਮ ਤੇ ਹੀ ਇਕ ਦੂਜੇ ਦੀ ਜਾਨ ਤੱਕ ਲੈ ਲੈਂਦੇ ਹਾਂ। ਵੈਸੇ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਪਰਜਾ-ਤੰਤਰ ਹੈ । ਇੱਥੇ ਜਨਤਾ ਨੂੰ ਪੂਰੀ ਆਜ਼ਾਦੀ ਹੈ ਪਰ ਇੱਥੇ ਹਾਕਮ ਪਾਰਟੀ ਫ਼ੈਸਲਾ ਕਰਦੀ ਹੈ ਕਿ ਦੂਸਰੇ ਮਜ਼ਹਬ ਵਾਲੇ ਆਪਣੇ ਭੋਜਨ ਵਿਚ ਕੀ ਖਾਣ। ਇਕੱਲੇ ਬੰਦੇ ਨੂੰ ਜਨੂਨੀ ਭੀੜ ਦੁਆਰਾ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਮਜ਼ਹਬ ਨਹੀਂ ਸਿਖਾਉਂਦਾ ਆਪਸ ਵਿਚ ਵੈਰ ਰੱਖਣਾ। ਅਸੀ ਧਰਮ ਦੇ ਨਾਮ ਤੇ ਹੀ ਦੀਵਾਰਾਂ ਜ਼ਿਆਦਾ ਖੜੀਆਂ ਕੀਤੀਆਂ ਹਨ ਅਤੇ ਦਿਲਾਂ ਤੱਕ ਪਹੁੰਚਣ ਲਈ ਪੁੱਲ ਘੱਟ ਬਣਾਏ ਹਨ।
ਜੇ ਕੋਈ ਘੱਟ ਗਿਣਤੀ ਕੌਮ ਆਪਣੇ ਗੁਣਾਂ ਅਤੇ ਬਹਾਦਰੀ ਦੁਆਰਾ ਉੱਚਾ ੳੇੱਠਦੀ ਹੈ ਤਾਂ ਉਹ ਬਹੁ ਗਿਣਤੀ ਦੇ ਕੁਝ ਕੱਟੜ ਲੋਕਾਂ ਨੂੰ ਘੱਟ ਗਿਣਤੀ ਦੀ ਇਹ ਉਨਤੀ ਹਜ਼ਮ ਨਹੀਂ ਹੁੰਦੀ। ਉਹ ਘੱਟ ਗਿਣਤੀ ਦੀ ਨਸਲਕੁਸ਼ੀ ਤੇ ਤੁਲ ਜਾਂਦੇ ਹਨ। ਭਾਰਤ ਵਿਚ  1984 ਦੀ ਸਿੱਖ ਨਸਲਕੁਸ਼ੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਹ ਘਟਨਾਵਾਂ ਭਾਰਤ ਦੇ ਇਤਿਹਾਸ ਵਿਚ ਕਾਲੇ ਅੱਖ਼ਰਾਂ ਨਾਲ ਲਿਖਿਆਂ ਜਾਣ ਵਾਲੀਆਂ ਹਨਕਿ ਕਿਵੇਂ ਜਨੂਨੀ ਗੁੰਡਿਆਂ ਨੇ ਨਿਹੱਥੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ। ਜਿਉਂਦੇ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਬੇਰਹਿਮੀ ਨਾਲ ਸਾੜਿਆ। ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਅਤੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਕਿ ਸਿੱਖਾਂ ਦੀ ਪੂਰੀ ਨਸਲਕੁਸ਼ੀ ਹੋ ਸੱਕੇ। ਸਰਕਾਰ ਨੇ ਕਿਸੇ ਮਜ਼ਲੂਮ ਦੀ ਰੱਖਿਆ ਤਾਂ ਕੀ ਕਰਨੀ ਸੀ, ਸਗੋਂ ਕਾਤਲਾਂ ਦੀ ਪੂਰੀ ਮਦਦ ਕੀਤੀ। ਹੋਰ ਸਿਤਮ ਦੀ ਇਹ ਗੱਲ ਦੇਖੋ ਕਿ ਹਜ਼ਾਰਾਂ ਕਾਤਲਾਂ ਵਿਚੋਂ ਕਿਸੇ ਇਕ ਨੂੰ ਵੀ ਉਸ ਦੇ ਗੁਨਾਹ ਦੀ ਸਜਾ ਨਹੀਂ ਮਿਲੀ। ਉਹ ਕਾਤਲ ਕੋਈ ਕਿਸੇ ਬਾਹਰਲੇ ਦੇਸ਼ 'ਚੋਂ ਤਾਂ ਨਹੀਂ ਸਨ ਆਏ ਜੋ ਫੜੇ ਨਾ ਜਾ ਸੱਕੇ। ਇੱਥੇ ਤਾਂ ਉਹ ਹਿਸਾਬ ਹੈ:
ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈ ਬਦਨਾਮ,
    ਵੋਹ ਕਤਲ ਭੀ ਕਰਤੇ ਹੈਂ, ਮਗਰ ਚਰਚਾ ਤੱਕ ਨਹੀਂ ਹੋਤਾ।

ਕੀ ਅਜਿਹੇ ਵਹਿਸ਼ੀ ਕਾਤਲਾਂ ਨੂੰ ਮਨੁੱਖ ਕਿਹਾ ਜਾ ਸੱਕਦਾ ਹੈ? ਕੀ ਉਹ ਇਨਸਾਨੀ ਜ਼ਿੰਦਗੀ ਜਿਉਂਦੇ ਹਨ? ਉਹ ਤਾਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹਨ ਅਤੇ ਮਨੁੱਖ ਕਹਾਉਣ ਦੇ ਕਾਬਲ ਨਹੀਂ। ਨਸ਼ਿਆਂ ਵਿਚ , ਵਿਸ਼ੇ ਵਿਕਾਰਾਂ ਵਿਚ ਜਾਂ ਗ਼ੈਰ-ਮਨੁੱਖੀ ਕੰਮਾਂ ਕਾਰਾਂ ਵਿਚ ਬਿਤਾਏ ਸਮੇਂ ਨੂੰ ਕਿਸੇ ਵੀ ਤਰ੍ਹਾਂ ਜਿਉਣਾ ਨਹੀਂ ਕਿਹਾ ਜਾ ਸੱਕਦਾ। ਜਿੰਨਾਂ ਲੋਕਾਂ ਵਿਚ ਮਨੁੱਖਤਾ ਹੀ ਮਰ ਗਈ ਹੋਵੇ, ਉਨ੍ਹਾਂ ਦੇ ਘਿਨਾਉਣੇ ਕੰਮਾਂ ਕਾਰਨ ਸਾਰੀ ਮਨੁੱਖਤਾ ਨੂੰ ਹੀ ਸ਼ਰਮਸਾਰ ਹੋਣਾ ਪੈਂਦਾ ਹੈ। ਇੰਜ ਜਾਪਦਾ ਹੈ ਕਿ ਹਾਲੀ ਅਸੀਂ ਪੂਰਨ ਰੂਪ ਵਿਚ ਮਨੁੱਖ ਨਹੀਂ ਬਣੇ।
ਅਸੀਂ ਕਿੰਨੀ ਲੰਮੀ ਉਮਰ ਭੋਗੀ? ਭਾਵ ਅਸੀਂ ਕਿੰਨੇ ਸਾਲ ਜੀਏ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਜ਼ਰੂਰੀ ਨਹੀਂ ਕਿ ਜ਼ਿਆਦਾ ਸਾਲ ਉਮਰ ਭੋਗਣ ਵਾਲੇ ਲੋਕ ਮਹਾਨ ਹੋਣ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਉਮਰ ਭੋਗਣ ਵਾਲਿਆਂ ਦੀ ਜ਼ਿੰਦਗੀ ਨੂੰ ਕੋਈ ਜ਼ਿੰਦਗੀ ਨਹੀਂ ਕਿਹਾ ਜਾ ਸੱਕਦੇ। ਉਹ ਤਾਂ ਜਿਉਂਦੇ ਜਾਗਦੇ ਹੀ ਇਸ ਧਰਤੀ ਤੇ ਨਰਕ ਭੋਗਦੇ ਹਨ। ਉਹ ਆਪਣੇ ਘਰ ਅਤੇ ਸਨੇਹੀਆਂ ਦੀ ਜ਼ਿੰਦਗੀ ਨੂੰ ਹੀ ਨਰਕ ਬਣਾ ਕੇ ਰੱਖ ਦਿੰਦੇ ਹਨ।
ਅਸੀਂ ਜ਼ਿੰਦਗੀ ਵਿਚ ਕੀ ਕੀ ਮੱਲਾਂ ਮਾਰੀਆਂ? ਕੀ ਕੀ ਹਾਸਲ ਕੀਤਾ? ਕਿੰਨੀ ਜਾਇਦਾਦ ਬਣਾਈ ਅਤੇ ਕਿੰਨਾ ਧਨ ਕਮਾਇਆ? ਇਹ ਸਭ ਕੋਈ ਮਾਇਨੇ ਨਹੀਂ ਰੱਖਦਾ। ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਜਿੰਨਾ ਧਨ ਅਸੀਂ ਕਮਾਇਆ ਹੈ ਉਹ ਅਸੀਂ ਆਪ ਜਾਂ ਸਾਡੇ ਬੱਚੇ ਵਰਤਣਗੇ। ਇਹ ਵੀ ਹੋ ਸੱਕਦਾ ਹੈ ਕਿ ਉਹ ਸਰਕਾਰ ਹੀ ਸਾਂਭ ਲਏਜਾਂ ਸ਼ੂਮ ਦੇ ਧਨ ਦੀ ਤਰ੍ਹਾਂ ਜ਼ਮੀਨ ਵਿਚ ਹੀ ਦੱਬਿਆ ਰਹਿ ਜਾਏ। ਇਸੇ ਲਈ ਕਹਿੰਦੇ ਹਨ:
ਜਿਸਦੀ ਕੋਈ ਗਰੰਟੀ ਨਹੀਂ, ਉਹ ਹੈ ਜ਼ਿੰਦਗੀ।
ਜਿਸ ਦੀ ਪੂਰੀ ਗਰੰਟੀ ਹੈ, ਉਹ ਹੈ ਮੌਤ।

ਜੇ ਕਦੀ ਆਪਣੇ ਹੁਸਨ, ਦੌਲਤ ਜਾਂ ਤਾਕਤ ਦਾ ਘੁਮੰਢ ਹੋ ਜਾਵੇ ਤਾਂ ਇਕ ਚੱਕਰ ਸ਼ਮਸ਼ਾਨ ਘਾਟ ਦਾ ਲਾ ਆਓ, ਤੁਹਾਡੇ ਤੋਂ ਦੌਲਤਮੰਦ, ਸੋਹਣੇ ਸੋਹਣੇ ਅਤੇ ਵੱਡੇ ਵੱਡੇ ਲੋਕ ਉੱਥੇ ਰਾਖ ਬਣੇ ਪਏ ਹਨ। ਇਸ ਦੁਨੀਆਂ 'ਤੇ ਤਾਂ ਸਾਰੇ ਹੀ ਨੰਗੇ ਆਏ ਅਤੇ ਨੰਗੇ ਹੀ ਜਾਣਾ ਹੈ। ਨਾ ਕੁਝ ਇੱਥੇ ਲੈ ਕੇ ਆਏ ਅਤੇ ਨਾ ਹੀ ਕੁਝ ਲੈ ਕੇ ਜਾਣਾ ਹੈ।ਕੱਫ਼ਣ ਦੀ ਤਾਂ ਗੱਲ ਛੱਡੋ, ਸਾਡਾ ਸਰੀਰ ਵੀ ਨਾਲ ਨਹੀਂ ਜਾਣਾ। ਮਹੱਤਤਾ ਇਸ ਗੱਲ ਦੀ ਹੈ ਕਿ ਅਸੀਂ ਕਿੰਨੇ ਪਲ ਆਪਣੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਮਾਣਿਆ ਹੈ। ਅਸੀਂ ਕਿੰਨੀਆਂ ਜ਼ਿੰਦਗੀਆਂ ਦੇ ਮੁੰਹ ਤੇ ਖੇੜਾ ਦਿੱਤਾ ਹੈ। ਸਾਡੇ ਕਾਰਨ ਕਿੰਨੇ ਲੋਕ ਖ਼ੁਸ਼ ਹੋਏ ਹਨ?
ਮੌਤ ਤੋਂ ਬਾਅਦ ਜੀਵਨ ਹੈ ਜਾਂ ਨਹੀਂ, ਇਹ ਤਾਂ ਕੁਦਰਤ ਦਾ ਗੁੱਝਾ ਭੇਦ ਹੈ, ਜਿਸ ਨੂੰ ਹਾਲੀ ਕੋਈ ਨਹੀਂ ਖੋਲ੍ਹ ਸੱਕਿਆ। ਸਾਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਮੌਤ ਤੋਂ ਪਹਿਲਾਂ ਸਾਡੇ ਵਿਚ ਜੀਵਨ ਹੈ ਜਾਂ ਨਹੀਂ। ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਕੀ ਵਾਕਿਆ ਹੀ ਉਹ ਜ਼ਿੰਦਗੀ ਹੈ?
ਜੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਬਹੁਤ ਕਠਿਨ ਅਤੇ ਮੁਸੀਬਤਾਂ ਭਰੀ ਹੈ, ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸੱਕਦੇ ਤਾਂ ਕਮਜੋਰ ਹੋਣ ਦੇ ਬਾਵਜ਼ੂਦ ਵੀ ਹੌਸਲਾ ਨਾ ਛੱਡੋ ਕਿਉਂਕਿ ਪ੍ਰਮਾਤਮਾ ਤੁਹਾਡੇ ਨਾਲ ਹੈ। ਇਹ ਸਮਝ ਲਓ ਕਿ ਜ਼ਿੰਦਗੀ ਇਕ ਸੜਕ ਦੀ ਤਰ੍ਹਾਂ ਹੈ। ਇਹ ਕਦੀ ਵੀ ਸਿੱਧੀ ਨਹੀਂ ਹੁੰਦੀ। ਕੁਝ ਦੇਰ ਚੱਲਣ ਤੋਂ ਬਾਅਦ ਮੋੜ ਜ਼ਰੂਰ ਆਉਂਦਾ ਹੈ। ਇਸ ਲਈ ਧੀਰਜ ਨਾਲ ਚੱਲਦੇ ਰਹੋ। ਤੁਹਾਡੀ ਜ਼ਿੰਦਗੀ ਦਾ ਸਰਲ ਮੋੜ ਜ਼ਰੂਰ ਕਿਧਰੇ ਨਾ ਕਿਧਰੇ ਤੁਹਾਡਾ ਇੰਤਜਾਰ ਕਰ ਰਿਹਾ ਹੋਵੇਗਾ।
ਦੁਨੀਆਂ ਦੇ ਰੈਣ ਬਸੇਰੇ ਵਿਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ?
ਜਿੱਤ ਲਓ ਸਾਰੇ ਦਿਲਾਂ ਨੂੰ, ਬਸ ਇਹੋ ਹੀ ਇਕ ਗਹਿਣਾ ਹੈ।

ਮੌਤ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਮੌਤ ਕਦੀ ਵੀ, ਕਿਸੇ ਵੀ ਉਮਰ ਵਿਚ, ਕਿਸੇ ਵੀ ਢੰਗ ਨਾਲ ਅਤੇ ਕਿਸੇ ਵੀ ਹਾਲਤ ਵਿਚ ਆ ਸਕਦੀ ਹੈ। ਜਦ ਕਿਸੇ ਗੰਭੀਰ ਬਿਮਾਰੀ ਜਾਂ ਸੱਟ ਨਾਲ ਕਿਸੇ ਬੰਦੇ ਨੂੰ ਆਪਣੀ ਮੌਤ ਪਰਤੱਖ ਨਜ਼ਰ ਆਉਂਦੀ ਹੈ ਤਾਂ ਉਹ ਮਰਨਾ ਨਹੀਂ ਚਾਹੁੰਦਾ। ਉਸ ਦੇ ਮਨ ਵਿਚ ਹੋਰ ਜਿਉਣ ਦੀ ਹਸਰਤ ਪੈਦਾ ਹੁੰਦੀ ਹੈ। ਉਸ ਨੂੰ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਤੇ ਅਫ਼ਸੋਸ ਹੁੰਦਾ ਹੀ ਹੈ।  ਉਸ ਨੂੰ ਆਪਣੇ ਅਧੂਰੇ ਕੰਮਾ ਦਾ ਚੇਤਾ ਆਉਂਦਾ ਹੈ। ਉਸ ਨੂੰ ਇਹ ਗੱਲ ਵੀ ਕਟੋਚਦੀ ਹੈ ਕਿ ਉਸ ਨੇ ਆਪਣੇ ਬੱਚਿਆਂ, ਘਰਵਾਲਿਆਂ ਅਤੇ ਸਨੇਹੀਆਂ ਨਾਲ ਪੂਰਾ ਪਿਆਰ ਨਹੀਂ ਕੀਤਾ। ਉਹ ਅਸਲ ਜ਼ਿੰਦਗੀ ਤਾਂ ਜੀਵਿਆ ਹੀ ਨਹੀਂ। ਇਸ ਜ਼ਿੰਦਗੀ ਦਾ ਅਨੰਦ ਤਾਂ ਉਸ ਨੇ ਮਾਣਿਆ ਹੀ ਨਹੀਂ।ਪਰ ਹੁਣ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਮੇਂ ਨੂੰ ਪੁੱਠਾ ਗੇੜ ਨਹੀਂ ਦਿੱਤਾ ਜਾ ਸਕਦਾ। ਇਸ ਲਈ ਬੀਤੀ ਹੋਈ ਜ਼ਿੰਦਗੀ ਨੂੰ ਦੁਬਾਰਾ ਦੁਹਰਾਇਆ ਨਹੀਂ ਜਾ ਸਕਦਾ।ਉਸ ਦੇ ਦਿਲ ਦੀਆਂ ਗੱਲਾਂ ਦਿਲ ਵਿਚ ਹੀ ਰਹਿ ਜਾਂਦੀਆਂ ਹਨ। ਇਸੇ ਲਈ ਕਹਿੰਦੇ ਹਨ:

ਮੌਤ ਤੋਂ ਪਹਿਲਾਂ ਜੀਣ ਦੇ, ਸਾਰੇ ਫ਼ਰਜ਼ ਉਤਾਰ।
ਲੈਣੇ ਦੇਣੇ ਦਾ  ਰਹੇ, ਸਿਰ ਤੇ ਨਾ ਕੋਈ ਭਾਰ।        ਗਿੱਲ ਮੋਰਾਂਵਾਲੀ

ਇਸ ਵਿਚ ਕੋਈ ਸ਼ੱਕ ਨਹੀਂ ਕਿ ਬੰਦੇ ਨੂੰ ਆਪਣੀਆਂ ਪਰਿਵਾਰਿਕ ਜ਼ਰੂਰਤਾਂ ਅਤੇ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਹ ਪੈਸਾ ਕਮਾਉਣ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਇਨ੍ਹਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਾਡੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਖਪਤ ਹੋ ਜਾਂਦਾ ਹੈ ਪਰ ਪੈਸਾ ਸਾਰਾ ਕੁਝ ਹੀ ਤਾਂ ਨਹੀਂ ਹੁੰਦਾ। ਸਾਨੂੰ ਇਨ੍ਹਾਂ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦਾ ਅਨੰਦ ਵੀ ਮਾਣਨਾ ਚਾਹੀਦਾ ਹੈ ਅਤੇ ਰਿਸ਼ਤਿਆਂ ਦੀ ਤਾਜ਼ਗੀ ਰੱਖਣੀ ਚਾਹੀਦੀ ਹੈ।
ਕਈ ਲੋਕ ਮਰਨ ਤੋਂ ਬਾਅਦ ਕਿਸੇ ਮਿਲਣ ਵਾਲੇ ਨਰਕ ਦੇ ਡਰ ਜਾਂ ਸਵਰਗ ਦੇ ਲਾਲਚ ਕਾਰਨ ਇਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਖੁਲ੍ਹ ਕੇ ਨਹੀਂ ਮਾਣਦੇ। ਇਸ ਸਵਰਗ ਜਾਂ ਨਰਕ ਨੂੰ ਕਿਸੇ ਨੇ ਦੇਖਿਆ ਹੀ ਨਹੀਂ। ਇਹ ਸਿਰਫ਼ ਇਕ ਖਿਆਲ ਹੀ ਹੈ। ਇਸ ਲਈ ਸਾਨੂੰ ਸਵਰਗ ਜਾਂ ਨਰਕ ਦਾ ਧਿਆਨ ਛੱਡ ਕੇ ਇਸ ਜ਼ਿੰਦਗੀ ਨੂੰ ਹੀ ਸਫ਼ਲ ਬਣਾਉਣਾ ਚਾਹੀਦਾ ਹੈ। ਪੰਜਾਬੀ ਦੇ ਪ੍ਰਸਿਧ ਕਵੀ 'ਸੇਵੀ ਰਾਇਤ' ਨੇ ਲਿਖਿਆ ਹੈ:
ਮਰਨ ਤੋਂ ਬਾਅਦ ਰੱਖਦਾ ਏਂ ਜੱਨਤ ਦੀਆਂ ਹੂਰਾਂ ਤੇ ਤਾਕ,
ਜਿਉਂਦੇ ਜੀਅਇਸ ਧਰਤ ਤੇ ਹੁਸਨ ਲਾ-ਜੁਆਬ ਛੱਡ ਕੇ।

ਅਸੀਂ ਸਾਰੀ ਉਮਰ ਇਸ ਸੋਚ ਵਿਚ ਹੀ ਡੁੱਬੇ ਰਹਿੰਦੇ ਹਾਂ ਕਿ 'ਅਸੀਂ ਜਨਮ ਸਮੇਂ ਕਿੱਥੋਂ ਆਏ ਸੀ ਅਤੇ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ?' ਇਸ ਪ੍ਰਸ਼ਨ ਦਾ ਹਾਲੀ ਤੱਕ ਕਿਸੇ ਨੂੰ ਕੋਈ ਤਸੱਲੀ ਬਖ਼ਸ਼ ਉੱਤਰ ਨਹੀਂ ਮਿਲਿਆ, ਕਿਉਂਕਿ ਕੁਦਰਤ ਨੇ ਇਹ ਇਹ ਭੇਦ ਆਪਣੇ ਕੋਲ ਹੀ ਰੱਖਿਆ ਹੋਇਆ ਹੈ। ਇਸ ਲਈ ਸਾਨੂੰ ਜੰਮਨ ਮਰਨ ਦੀ ਚਿੰਤਾ ਛੱਡ ਕੇ ਸਾਡੇ ਕੋਲ ਜੋ ਜ਼ਿੰਦਗੀ ਹੈ, ਉਸ ਨੂੰ ਖ਼ੁਸ਼ੀ ਨਾਲ ਜੀਅ ਕੇ ਇਸ ਮਨੁੱਖਾ ਜਨਮ ਨੂੰ ਸਫ਼ਲ ਬਣਾਉਣਾ ਚਾਹੀਦਾ ਹੈੇ।ਇਸ ਧਰਤੀ ਤੇ ਅਸਲੀ ਸਵਰਗ ਆਪਣੀ ਮਿਹਨਤ ਅਤੇ ਮਿੱਠੇ ਸੁਭਾਅ ਕਰ ਕੇ ਹੀ ਸਿਰਜਿਆ ਜਾ ਸਕਦਾ ਹੈ ਅਤੇ ਆਪਣੀ ਮੌਤ ਤੋਂ ਪਹਿਲਾਂ ਹੀ ਜ਼ਿੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ। ਕਈ ਲੋਕ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਘੁੱਟ ਘੁੱਟ ਕਰ ਕੇ ਪੀਂਦੇ ਹਨ। ਉਹ ਹਰ ਛਨ ਨੂੰ ਖ਼ੁਸ਼ੀ ਨਾਲ ਜਿਉਂਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਪੂਰਾ ਲੁੱਤਫ ਉਠਾਉਂਦੇ ਹਨ। ਉਹ ਆਪ ਵੀ ਖ਼ੁਸ਼ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਕਦੇ ਹਨ। ਉਹ ਸਦਾ ਆਸ਼ਾਵਾਦੀ ਰਹਿੰਦੇ ਹਨ। ਉਨ੍ਹਾਂ 'ਤੇ ਜ਼ਿੰਦਗੀ ਵਿਚ ਜਿੰਨੀ ਮਰਜ਼ੀ ਮੁਸੀਬਤ ਆਏ, ਉਹ ਕਈ ਹੌਸਲਾ ਨਹੀਂ ਹਾਰਦੇ। ਉਹ ਹਰ ਸਮੇਂ ਕਿਸੇ ਨਾ ਕਿਸੇ ਉਸਾਰੂ ਕੰਮ ਵਿਚ ਰੁੱਝੇ ਰਹਿੰਦੇ ਹਨ, ਇਸ ਲਈ ਸਦਾ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਵਿਚ ਜ਼ਿੰਦਗੀ ਪੂਰੀ ਤਰ੍ਹਾਂ ਧੜਕਦੀ ਹੈ। ਆਓ ਅਸੀਂ ਵੀ ਸਾਬਤ ਕਰੀਏ ਕਿ ਮੌਤ ਤੋਂ ਪਹਿਲਾਂ ਸਾਡੇ ਵਿਚ ਜੀਵਨ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

14 Feb. 2019

ਨਿਸਚੈ ਕਰ ਅਪਨੀ ਜੀਤ ਕਰੋਂ - ਗੁਰਸ਼ਰਨ ਸਿੰਘ ਕੁਮਾਰ

ਜੇ ਅਸੀਂ ਆਸ਼ਾਵਾਦ ਅਤੇ ਚੜ੍ਹਦੀ ਕਲਾ ਦੀ ਜਿਉਂਦੀ ਜਾਗਦੀ ਮਿਸਾਲ ਦੇਖਣੀ ਹੈ ਤਾਂ ਸਾਨੂੰ ਸਿੱਖ ਕੌਮ ਦੇ ਅਸੂਲਾਂ, ਕੁਰਬਾਨੀਆਂ, ਕੰਮਾਂ-ਕਾਰਾਂ ਅਤੇ ਪ੍ਰਾਪਤੀਆਂ ਵਲ ਝਾਤੀ ਮਾਰਨੀ ਪਵੇਗੀ। ਫਿਰ ਸਾਨੂੰ ਆਪਣੇ ਆਪ ਪਤਾ ਲਗ ਜਾਵੇਗਾ ਕਿ ਆਸ਼ਾਵਾਦ ਕੀ ਹੁੰਦਾ ਹੈੇ? ਸਿੱਖ ਸਦਾ ਆਸ਼ਾਵਾਦੀ ਰਹਿੰਦੇ ਹਨ ਇਸ ਲਈ ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਸਿੱਖਾਂ ਦੀ ਅਬਾਦੀ ਇਸ ਸਮੇਂ ਦੁਨੀਆਂ ਭਰ ਵਿਚ ਮੁੱਠੀ ਭਰ ਹੀ ਹੈ ਪਰ ਉਹ ਸਾਰੇ ਸੰਸਾਰ ਵਿਚ ਆਪਣੇ ਆਸ਼ਾਵਾਦੀ ਦ੍ਰਿਸ਼ਟੀਕੋਣ ਦੇ ਕਾਰਨ ਹੀ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।}
ਗੁਰੂੂੂੂ ਨਾਨਕ ਸਾਹਿਬ ਜੀ ਨੇ ਪੰਦਰਵੀਂ ਸਦੀ ਵਿਚ ਭਾਰਤ ਵਿਚ ਸਿੱਖੀ ਦਾ ਬੂਟਾ ਲਾਇਆ। ਗੁਰੁ ਅੰਗਦ ਦੇਵ ਜੀ ਤੋਂ ਲੈ ਕੇ ਗੁਰੂੂੂੂੂ ਤੇਗ਼ ਬਹਾਦਰ ਜੀ ਭਾਵ ਅਗਲੇ ਅੱਠ ਗੁਰੂ ਸਾਹਿਬ ਨੇ ਇਸ ਨੂੰ ਸਿੰਜਿਆ ਅਤੇ ਜੋਬਨ ਤੱਕ ਪਹੁੰਚਾਇਆ। ਦਸਵੇਂ ਗੁਰੂੂੂੂੂੂੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਧਰਮੀ ਸਿੱਖਾਂ ਤੋਂ ਸੰਤ ਸਿਪਾਹੀ ਬਣਾਏ ਅਤੇ ਸਿੱਖੀ ਨੂੰ ਇਕ ਨਿਆਰਾ ਰੂਪ ਦਿੱਤਾ। ਇਸ ਸਮੇਂ ਮੁਗਲ ਹਕੂਮਤ ਦੇ ਗ਼ਰੀਬ ਪਰਜਾ 'ਤੇ ਬਹੁਤ ਜ਼ੁਲਮ ਹੋ ਰਹੇ ਸਨ। ਲੋਕ ਉੱਚੀ ਅਵਾਜ਼ ਵਿਚ ਗੱਲ ਵੀ ਨਹੀਂ ਸਨ ਕਰ ਸਕਦੇ। ਆਮ ਪਰਜਾ ਘੋੜੇ ਦੀ ਸਵਾਰੀ ਅਤੇ ਸ਼ਸਤਰ ਧਾਰਨ ਦੀ ਜ਼ੁੱਰਤ ਵੀ ਨਹੀਂ ਸੀ ਕਰ ਸਕਦੀ। ਇਸ ਨੂੰ ਹਕੂਮਤ ਲਈ ਵੰਗਾਰ ਸਮਝਿਆ ਜਾਂਦਾ ਸੀ। ਧਰਮੀ ਲੋਕ ਵੀ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਸਨ। ਇਸੇ ਕਾਰਨ ਗੁਰੂੂ ਅਰਜਨ ਦੇਵ ਜੀ, ਗੁਰੂੂੂੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲੇ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਦੀਆਂ ਇਨ੍ਹਾਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਹੀ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਉਠਾਉਣ ਲਈ ਖ਼ਾਲਸਾ ਪੰਥ ਦੀ ਨੀਂਹ ਰੱਖੀ। ਗੁਰੂੂੂੂੂੂੂ ਗੋਬਿੰਦ ਸਿੰਘ ਜੀ ਨੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ। ਉਨ੍ਹਾਂ ਨੂੰ ਘੋੜ-ਸਵਾਰੀ ਕਰਨ ਅਤੇ ਸ਼ਸਤਰਧਾਰੀ ਹੋ ਕੇ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਨ ਲਈ ਪਰੇਰਿਆ। ਫਿਰ ਕੀ ਸੀ, ਇਨ੍ਹਾਂ ਲਿਤਾੜੇ ਹੋਏ ਅਤੇ ਨੀਵੀਂਆਂ ਜਾਤੀਆਂ ਵਿਚ ਇਕ ਆਸ਼ਾ ਦੀ ਕਿਰਨ ਪੈਦਾ ਹੋਈ। ਅਨੰਦਪੁਰ ਸਾਹਿਬ ਵਿਚ ਘੋੜ ਸਵਾਰੀ ਅਤੇ ਸ਼ਸਤਰਾਂ ਦੇ ਆਪਸੀ ਮੁਕਾਬਲੇ ਹੋਣ ਲੱਗੇ। ਜਦ ਨਗਾਰੇ 'ਤੇ ਚੋਟ ਪੈਂਦੀ ਤਾਂ ਇਹ ਸਿੱਧੀ ਹਕੂਮਤ ਦੀ ਛਾਤੀ ਵਿਚ ਵੱਜਦੀ। ਹਕੂਮਤ ਇਸ ਵੰਗਾਰ ਨਾਲ ਬਿਲਬਿਲਾ ਉੱਠਦੀ। ਹਕੂਮਤ ਸਿੱਖਾਂ ਦੀ ਵੈਰੀ ਬਣ ਗਈ ਅਤੇ ਸਿੱਖ ਕੌਮ ਨੂੰ ਜ਼ੁਲਮ ਅਤੇ ਜ਼ਬਰ ਨਾਲ ਖ਼ਤਮ ਕਰਨ ਤੇ ਤੁਲ ਗਈ। ਉੱਧਰ ਗੁਰੂੂ ਗੋਬਿੰਦ ਸਿੰਘ ਜੀ ਨੇ ਗੱਜ ਕੇ ਕਿਹਾ:
ਸਵਾ ਲਾਖ ਸੇ ਏਕ ਲੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਉਂ॥        ਚੌਪਈ-59

1699 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂੂੁ ਗੋਬਿੰਦ ਸਿੰਘ ਜੀ ਨੇ ਵਿਸ਼ੇਸ਼ ਸੁਨੇਹੇ ਭੇਜ ਕੇ ਅਨੰਦਪੁਰ ਸਾਹਿਬ ਵਿਚ ਇਕ ਵੱਡਾ ਇਕੱਠ ਕੀਤਾ। ਉਸ ਦਿਨ ਗੁਰੂੂੂੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਇਕ ਵਿਸ਼ੇਸ਼ ਜਲਾਲ ਸੀ। ਉਨ੍ਹਾਂ ਨੇ ਸਟੇਜ 'ਤੇ ਖੜ੍ਹੇ ਹੋ ਕੇ ਨੰਗੀ ਤਲਵਾਰ ਲਹਿਰਾਉਂਦਿਆਂ ਹੋਇਆਂ ਅਵਾਜ਼ ਦਿੱਤੀ ਕਿ ਅੱਜ ਗੁਰੂੂੂੂ ਨੂੰ ਇਕ ਸਿਰ ਦੀ ਲੋੜ ਹੈ। ਹੈ ਕੋਈ ਐਸਾ ਸਿੱਖ ਜੋ ਗੁਰੂੂੂੂੂ ਨੂੰ ਆਪਣਾ ਸੀਸ ਭੇਟ ਕਰੇ? ਸੰਗਤ ਵਿਚ ਸਨਾਟਾ ਛਾ ਗਿਆ। ਸਭ ਤੋਂ ਪਹਿਲਾਂ ਭਾਈ ਦਇਆ ਰਾਮ ਹਾਜ਼ਰ ਹੋਇਆ ਅਤੇ ਆਪਣਾ ਸੀਸ ਭੇਟ ਕੀਤਾ। ਇਸ ਤੋਂ ਬਾਅਦ ਗੁਰੂੂੂੂ ਜੀ ਦੀ ਵੰਗਾਰ ਨਾਲ ਹੋਰ ਚਾਰ ਸਿੱਖਾਂ ਨੇ ਵਾਰੀ-ਵਾਰੀ ਆਪਣੇ ਸੀਸ ਭੇਟ ਕੀਤੇ। ਗੁਰੂੂ ਜੀ ਨੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ ਅਤੇ ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਕੌਮ ਦੀ ਨੀਂਹ ਰੱਖੀ। ਫਿਰ ਉਹ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਬਦਲੇ ਵਿਚ ਆਪਣਾ ਸਾਰਾ ਪਰਿਵਾਰ ਵਾਰਨ ਦੀ ਪੇਸ਼ਕੱਸ਼ ਕੀਤੀ। ਆਪ ਜੀ ਨੇ ਸਿੱਖਾਂ ਲਈ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਧਾਰਨ ਕਰਨਾ ਜ਼ਰੂਰੀ ਕਰ ਦਿੱਤਾ। ਕੇਸਾਂ ਦੇ ਨਾਲ-ਨਾਲ ਸਿੱਖਾਂ ਨੂੰ ਪਗੜੀ ਧਾਰਨ ਦੀ ਵੀ ਹਦਾਇਤ ਕੀਤੀ (ਬੇਸ਼ੱਕ ਇਹ ਰੀਤ ਗੁਰੂ ਨਾਨਕ ਦੇਵ ਜੀ ਤੋਂ ਹੀ ਚਲੀ ਆਉਂਦੀ ਸੀ)। ਪੱਗ ਸਿੱਖਾਂ ਦੇ ਸਿਰ ਦਾ ਤਾਜ਼ ਹੈ। ਪਗੜੀ ਕਾਰਨ ਹੀ ਸਿੱਖਾਂ ਨੂੰ ਸਰਦਾਰ ਕਿਹਾ ਜਾਂਦਾ ਹੈ, ਜਿਸ ਦਾ ਭਾਵ ਹੈ ਕਬੀਲੇ ਦਾ ਮੁੱਖੀਆ। ਇਹ ਸਰਦਾਰੀ ਸਾਨੂੰ ਗੁਰੂ ਸਾਹਿਬ ਨੇ ਵਿਰਸੇ ਵਿਚ ਦਿੱਤੀ ਹੈ। ਹਾਲੀ ਵੀ ਕਈ ਲੋਕ ਪਗੜੀਧਾਰੀ ਸਿੱਖਾਂ ਨੂੰ ਦੇਖ ਕੇ ਸਤਿਕਾਰ ਵਜੋਂ ਆਪਣਾ ਸਿਰ ਝੁਕਾ ਲੈਂਦੇ ਹਨ। ਇਸ ਸਰਦਾਰੀ ਨੂੰ ਕਾਇਮ ਰੱਖਣ ਲਈ ਸਿੱਖ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦਿੰਦੇ ਹਨ। ਲੱਖਾਂ ਦੀ ਭੀੜ ਵਿਚ ਜੇ ਇਕ ਵੀ ਸਿੱਖ ਖੜਾ ਹੋਏ ਤਾਂ ਉਹ ਆਪਣੀ ਪਗੜੀ ਕਾਰਨ ਇਵੇਂ ਪਛਾਣਿਆ ਜਾਂਦਾ ਹੈ, ਜਿਵੇਂ ਗਿੱਦੜਾਂ ਦੇ ਝੁੰਡ ਵਿਚੋਂ ਸ਼ੇਰ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਹਮੇਸ਼ਾਂ ਆਸ਼ਾਵਾਦੀ ਹੋ ਕੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਿੱਖਾਂ ਨੂੰ ਜ਼ਾਬਰ ਹਕੂਮਤ ਦੇ ਸਾਹਮਣੇ ਡਟਣ ਦੇ ਯੋਗ ਬਣਾਇਆ। ਗੁਰੂ ਸਾਹਿਬ ਭਗਤੀ ਅਤੇ ਸ਼ਕਤੀ ਦੇ ਉਪਾਸ਼ਕ ਸਨ। ਉਨ੍ਹਾਂ ਨੇ ਗੱਜ ਕੇ ਕਿਹਾ
ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨਾ ਡਰੋਂ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਅਪਨੀ ਜੀਤ ਕਰੋਂ॥     ਸਵਈਏ---231

ਗੁਰੂ ਸਾਹਿਬ ਨੇ ਫੋਕੇ ਜੈਕਾਰੇ ਜਾਂ ਨਾਅਰੇ ਹੀ ਨਹੀਂ ਦਿੱਤੇ, ਸਗੋਂ ਇਨ੍ਹਾਂ ਨੂੰ ਪਰਤੱਖ ਕਰ ਕੇ ਵੀ ਦਿਖਾਇਆ। ਚਮਕੌਰ ਸਾਹਿਬ ਦੀ ਲੜਾਈ ਦੁਨੀਆਂ ਭਰ ਦੇ ਇਤਿਹਾਸ ਵਿਚ ਸਭ ਤੋਂ ਅਸਾਵੀਂ ਜੰਗ ਮੰਨੀ ਜਾਂਦੀ ਹੈ, ਜਿੱਥੇ ਕੇਵਲ ਚਾਲੀ ਸਿੱਖਾਂ ਨੇ ਆਪਣੀ ਜਾਨ ਹੂਲ ਕੇ ਦਸ ਲੱਖ ਦੀ ਮੁਗਲ ਫ਼ੌਜ ਦਾ ਮੁਕਾਬਲਾ ਕੀਤਾ। ਇਕ ਵੀ ਸਿੱਖ ਨੇ ਹਾਰ ਨਹੀਂ ਮੰਨੀ। ਦੁਸ਼ਮਣ ਦੀ ਦਸ ਲੱਖ ਦੀ ਫ਼ੌਜ ਗੁਰੂ ਸਾਹਿਬ ਜਾਂ ਕਿਸੇ ਵੀ ਸਿੱਖ ਨੂੰ ਜਿੰਦਾ ਫੜਨ ਵਿਚ ਕਾਮਯਾਬ ਨਹੀਂ ਹੋਈੇ। ਗੁਰੂੂ ਜੀ ਨੇ ਤਲਵਾਰ ਕਿਸੇ 'ਤੇ ਜ਼ੁਲਮ ਕਰਨ ਲਈ ਜਾਂ ਕਿਸੇ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਲਈ ਨਹੀਂ ਚੁੱਕੀ, ਸਗੋਂ ਉਨ੍ਹਾਂ ਨੇ ਤਲਵਾਰ ਗ਼ਰੀਬ ਗੁਰਬੇ ਦੀ ਰੱਖਿਆ ਕਰਨ ਲਈ ਉਠਾਈ। ਆਮ ਤੋਰ ਤੇ ਹਰ ਲੜਾਈ ਜ਼ਰ, ਜ਼ੋਰੂ ਅਤੇ ਜ਼ਮੀਨ ਲਈ ਲੜੀ ਜਾਂਦੀ ਹੈ। ਗੁਰੂੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿਚ ਅਨੇਕਾਂ ਲੜਾਈਆਂ ਲੜੀਆਂ। ਉਹ ਹਰ ਯੁੱਧ ਵਿਚ ਕਾਮਯਾਬ ਹੋ ਕੇ ਨਿੱਤਰੇ। ਉਨ੍ਹਾਂ ਨੇ ਕੋਈ ਵੀ ਲੜਾਈ ਜ਼ਰ, ਜ਼ੋਰੂ ਅਤੇ ਜ਼ਮੀਨ ਲਈ ਨਹੀਂ ਲੜੀ।
ਕਹਿੰਦੇ ਹਨ ਜੇ ਰੋਂਦੇ ਜਾਵੋਗੇ ਤਾਂ ਮਰਿਆਂ ਹੋਇਆਂ ਦੀ ਖ਼ਬਰ ਹੀ ਲਿਆਵੋਗੇ। ਪਰ ਸਿੱਖ ਐਸਾ ਨਹੀਂ ਕਰਦੇ। ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਹੀ ਰਹਿੰਦੇ ਹਨ। ਉਨ੍ਹਾਂ ਦਾ ਹਰ ਕੰਮ ਜਿੱਤ ਦੇ ਅਹਿਸਾਸ ਨਾਲ ਹੀ ਭਰਿਆ ਹੋਇਆ ਹੁੰਦਾ ਹੈ। ਇਹ ਅਹਿਸਾਸ ਹੀ ਉਨ੍ਹਾਂ ਅੰਦਰ ਇਕ ਨਵੀਂ ਸ਼ਕਤੀ ਅਤੇ ਇਕ ਨਵਾਂ ਜੋਸ਼ ਭਰ ਦਿੰਦਾ ਹੈ ਕਿਉਂਕਿ ਉਨ੍ਹਾਂ ਦੇ ਗੁਰੂ ਨੇ ਕਿਹਾ ਸੀ:
''ਨਿਸਚੈ ਕਰ ਅਪਨੀ ਜੀਤ ਕਰੋਂ''
ਸਿੱਖਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦਾ ਜਨਮ ਹੀ ਖੰਡੇ ਦੀ ਧਾਰ ਵਿਚੋਂ ਹੋਇਆ ਹੈ। ਉਨ੍ਹਾਂ ਨੇ ਸਿਰ ਦੇ ਕੇ ਹੀ ਸਿੱਖੀ ਲਈ ਹੁੰਦੀ ਹੈ। ਸਿੱਖ ਇਕੱਲਾ ਹੀ ਲੱਖਾਂ ਨਾਲ ਭਿੜ ਜਾਂਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਮੇਰੇ ਪਿੱਛੇ ਸਰਬ ਸ਼ਕਤੀਮਾਨ ਪ੍ਰਮਾਤਮਾ ਹੈ ਅਤੇ ਪ੍ਰਮਾਤਮਾ ਦੀ ਕਦੀ ਹਾਰ ਨਹੀਂ ਹੋ ਸਕਦੀ।ਸਿੱਖ ਕੌਮ ਦਾ ਆਧਾਰ ਅਤੇ ਮਨੋਰਥ ਉਸ ਦੇ ਜੈਕਾਰਿਆਂ ਵਿਚੋਂ ਉਭਰ ਕੇ ਸਾਹਮਣੇ ਆਉਂਦਾ ਹੈ।ਸਿੱਖਾਂ ਦੇ ਜੈਕਾਰੇ ਬੜੇ ਸੁੰਦਰ, ਢੁਕਵੇਂ, ਸਰਬੱਤ ਦੇ ਭਲੇ ਵਾਲੇ,, ਮਨੋਵਿਗਿਆਨਕ, ਆਸ਼ਾਵਾਦੀ ਅਤੇ ਜੋਸ਼ ਭਰੇ ਹੁੰਦੇ ਹਨ ਜਿਨ੍ਹਾ ਦਾ ਨਤੀਜਾ ਚੜ੍ਹਦੀ ਕਲਾ ਅਤੇ ਜਿੱਤ ਵਿਚ ਨਿਕਲਦਾ ਹੈ ਜਿਵੇਂ-'' ਅੜੇ ਸੋ ਝੜੇ'', ''ਰਾਜ ਕਰੇਗਾ ਖਾਲਸਾ'', ''ਦੇਗ਼ ਤੇਗ਼ ਫ਼ਤਿਹ'', ਅਤੇ ''ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ'' ਆਦਿ।ਇਹ ਜੈਕਾਰੇ ਹੀ ਉਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਦੇ ਹਨ। ਸਿੱਖ ਹਮੇਸ਼ਾਂ ਆਪਣੀ ਅਰਦਾਸ ਵਿਚ ਇਹ ਜੈਕਾਰੇ ਬੁਲਾਉਂਦੇ ਹਨ। ਜਦ ਸਿੱਖ ਆਪਸ ਵਿਚ ਮਿਲਦੇ ਹਨ ਜਾਂ ਵਿਛੜਦੇ ਹਨ ਤਾਂ ਵੀ ਇਹ ਹੀ ਜੈਕਾਰੇ ਬੁਲਾਏ ਜਾਂਦੇ ਹਨ। ਕੋਈ ਸ਼ੁੱਭ ਕੰਮ ਕਰਨ ਲੱਗਿਆਂ ਵੀ ਇਨ੍ਹਾ ਜੈਕਾਰਿਆਂ ਦਾ ਹੀ ਓਟ ਆਸਰਾ ਲਿਆ ਜਾਂਦਾ ਹੈ। ਜਦ ਜੰਗ ਦੇ ਮੈਦਾਨ ਵਿਚ ਇਹ ਜੈਕਾਰੇ ਗੂੰਜਦੇ ਹਨ ਤਾਂ ਜ਼ਾਲਮ ਹਕੂਮਤ ਦੇ ਤਖਤ ਡੋਲ                     ਜਾਂਦੇ ਹਨ। ਦੁਸ਼ਮਣ ਨੂੰ ਭਾਜੜਾਂ ਪੈ ਜਾਂਦੀਆਂ ਹਨ। ਉਨ੍ਹਾਂ ਦੇ ਹੌਸਲੇ ਢਹਿ-ਢੇਰੀ ਹੋ ਜਾਂਦੇ ਹਨ। ਉਹ ਆਪਣੀ ਜਾਨ ਬਚਾਉਣ ਲਈ ਮੈਦਾਨ ਛੱਡ ਕੇ ਭੱਜ ਉੱਠਦੇ ਹਨ। ਸਿੱਖ ਆਪਣੀ ਜਿੱਤ ਨਾਲ ਕਦੀ ਹੰਕਾਰ ਵਿਚ ਨਹੀਂ ਆਉਂਦੇ। ਉਹ ਸਦਾ ਨਿਮਰਤਾ ਨਾਲ ਆਪਣੀ ਜਿੱਤ ਨੂੰ ਪ੍ਰਮਾਤਮਾ ਦੀ ਜਿੱਤ ਹੀ ਮੰਨਦੇ ਹਨ। ਇਸ ਲਈ ਉਹ ਜੈਕਾਰਾ ਛੱਡਦੇ ਹਨ:

ਵਾਹਿਗੁਰੂੂੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥


ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਵੀ ਸਿੱਖਾਂ ਦੀ ਸੂਰਮਗਤੀ ਦੀਆਂ ਗਾਥਾਵਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖੀਆਂ ਹੋਈਆਂ ਹਨ। ਪੰਜਾਬ ਨੂੰ ਭਾਰਤ ਦੀ ਤਲਵਾਰ ਵਾਲੀ ਬਾਂਹ ਵੀ ਕਿਹਾ ਜਾਂਦਾ ਹੈ ਕਿਉਂਕਿ ਬਾਹਰੋਂ ਜਿਹੜੇ ਵੀ ਹਮਲਾਵਰ ਆਉਂਦੇ ਸਨ, ਪਹਿਲਾਂ ਉਨ੍ਹਾਂ ਨੂੰ ਬਹਾਦਰ ਸਿੱਖਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਸੀ। ਸਿੱਖਾਂ ਨੂੰ ਮੁਗ਼ਲਾਂ, ਅਬਦਾਲੀਆਂ, ਦੁਰਾਨੀਆਂ ਅਤੇ ਫਿਰ ਅੰਗਰੇਜ਼ਾਂ ਦੀਆਂ ਹਕੂਮਤਾਂ ਦੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਸਿੱਖ ਮੌਤ ਨੂੰ ਸਾਹਮਣੇ ਦੇਖ ਕੇ ਵੀ ਆਸ਼ਾਵਾਦੀ ਰਹਿੰਦੇ ਹਨ।ਮੀਰ ਮੰਨੂ ਦੇ ਜ਼ੁਲਮਾਂ ਨਾਲ ਸਿੱਖ ਡਰੇ ਜਾਂ ਹਾਰੇ ਨਹੀਂ, ਸਗੋਂ ਉਨ੍ਹਾ ਨੇ ਮੌਤ ਨੂੰ ਟਿਚਕਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ:

ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਨ ਸਵਾਏ ਹੋਏ।


 ਸਿੱਖਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾ ਵਾਰ ਦਿੱਤੀਆਂ ਪਰ ਕਿਸੇ ਦੀ ਈਨ ਨਾ ਮੰਨੀ। ਉਨ੍ਹਾਂ ਤੇ ਬੜੀਆਂ ਯੁਗ ਗਰਦੀਆਂ ਵਾਪਰੀਆਂ ਜਿਵੇਂ ਛੋਟਾ ਘੱਲੂਕਾਰਾ, ਵੱਡਾ ਘਲੂਕਾਰਾ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ। ਫਿਰ 1947 ਦੀ ਵੰਡ ਦਾ ਕਤਲੇ ਆਮ, ਫਿਰ 1984 ਦੀ ਸਿੱਖ ਨਸਲਕੁਸ਼ੀ ਆਦਿ। ਸਿੱਖ ਇਨ੍ਹਾਂ ਸਾਰੇ ਜ਼ੁਲਮਾਂ ਵਿਚੋਂ ਹੋਰ ਵੀ ਸ਼ਕਤੀਮਾਨ ਹੋ ਕੇ ਨਿੱਤਰੇ। ਇਸ ਲਈ ਸਮੇਂ-ਸਮੇਂ ਹਕੂਮਤ ਨੇ ਸਿੱਖਾਂ 'ਤੇ ਅਨੇਕਾਂ ਜ਼ੁਲਮ ਢਾਹੇ ਅਤੇ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਇਕ ਤਿੜ ਜੋ ਪੱਥਰ ਦਾ ਸੀਨਾ ਪਾੜ ਕੇ ਉਘਦੀ ਹੈ ਉਸ ਨੂੰ ਕੋਈ ਤੁਫ਼ਾਨ ਨਹੀਂ ਮਿਟਾ ਸਕਦਾ। ਸਿੱਖੀ ਦਾ ਤਾਂ ਜਨਮ ਹੀ ਖੰਡੇ ਦੀ ਧਾਰ ਵਿਚੋਂ ਹੋਇਆ ਸੀ, ਇਸ ਲਈ ਸਿੱਖੀ ਨੂੰ ਕੋਈ ਖ਼ਤਮ ਨਾ ਕਰ ਸਕਿਆ। ਸਿੱਖ ਕੌਮ ਨੂੰ ਦਬਾਇਆ ਜਾਂ ਮਿਟਾਇਆ ਨਹੀਂ ਜਾ ਸਕਦਾ। ਮੁਹੰਮਦ ਇਕਬਾਲ ਕੁਝ ਇਸ ਤਰ੍ਹਾਂ ਲਿਖਦਾ ਹੈ ਜੋ ਸਿੱਖਾਂ 'ਤੇ ਪੂਰਾ ਢੁਕਦਾ ਹੈ:


ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ।
ਸਦੀਉਂ ਰਹਾ ਹੈ ਦੁਸ਼ਮਨ, ਦੌਰੇ ਜਮਾਂ ਹਮਾਰਾ॥

ਸਿੱਖ ਹਮੇਸ਼ਾਂ ਪ੍ਰਮਾਤਮਾ ਦੇ ਭਾਣੇ ਵਿਚ ਰਹਿੰਦੇ ਹੋਏ ਅਨੰਦ ਵਿਚ ਰਹਿੰਦੇ ਹਨ। ਉਹ ਹਰ ਖ਼ੁਸ਼ੀ (ਵਿਆਹ, ਸ਼ਾਦੀ ਅਤੇ ਜਨਮ ਦਿਨ ਆਦਿ) ਅਤੇ ਦੁੱਖ (ਮਰਨੇ-ਪਰਨੇ ਆਦਿ) 'ਤੇ ਅਨੰਦ ਸਾਹਿਬ ਦਾ ਪਾਠ ਹੀ ਪੜ੍ਹਦੇ ਹਨ।  ਅਨੰਦ ਸਾਹਿਬ ਸਿੱਖਾਂ ਨੂੰ ਨਿਰਾਸ਼ਾ ਤੋਂ ਬਚਾਉਂਦਾ ਹੈ ਅਤੇ ਆਸ਼ਾਵਾਦੀ ਬਣਾਉਂਦਾ ਹੈ। ਸਿੱਖਾਂ ਦੇ ਹਰ ਦੁੱਖ-ਸੁੱਖ ਵਿਚ ਅਰਦਾਸ ਵੀ ਇਕੋ ਹੀ ਹੁੰਦੀ ਹੈ। ਜਿੱਤ ਵੀ ਉਸ ਦੀ ਹੀ ਹੁੰਦੀ ਹੈ ਜਿਸ ਦੀ ਨੀਅਤ ਸਾਫ਼ ਹੋਵੇ। ਪ੍ਰਮਾਤਮਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ। ਇਸ ਲਈ ਕਹਿੰਦੇ ਹਨ-'ਤਾਕਤ ਕੇ ਸਾਥ ਨੇਕ ਇਰਾਦੇ ਭੀ ਰੱਖਣਾ, ਵਰਨਾ ਐਸਾ ਕਿਆ ਥਾ ਜੋ ਰਾਵਣ ਹਾਰ ਜਾਤਾ?' ਸਿੱਖ ਕੋਈ ਵੀ ਗੱਲ ਮੂੰਹੋਂ ਕਹਿੰਦੇ ਹਨ ਉਸ ਨੂੰ ਪੂਰੀ ਕਰ ਕੇ ਵੀ ਦਿਖਾਉਂਦੇ ਹਨ। ਉਨ੍ਹਾਂ ਦੀ ਕਥਨੀ ਅਤੇ ਕਰਨੀ ਇਕੋ ਹੀ ਹੁੰਦੀ ਹੈ ਇਸ ਲਈ ਸਿੱਖ ਸਭ ਦੇ ਵਿਸ਼ਵਾਸ ਤੇ ਖ਼ਰੇ ਉਤਰਦੇ ਹਨ। ਉਹ ਭਾਵੇਂ ਜੰਗ ਦੇ ਮੈਦਾਨ ਵਿਚ ਹੋਣ ਜਾਂ ਕਿਸੇ ਭਾਰੀ ਮੁਸੀਬਤ ਵਿਚੋਂ ਗੁਜ਼ਰ ਰਹੇ ਹੋਣ, ਉਹ ਹਰ ਹਾਲਤ ਵਿਚ ਆਸ਼ਾਵਾਦੀ ਰਹਿੰਦੇ ਹਨ ਅਤੇ ਕਦੀ ਵੀ ਮਾਨਵ-ਵਾਦੀ ਦ੍ਰਿਸ਼ਟੀਕੋਣ ਨਹੀਂ ਤਿਆਗਦੇ। ਜਦ ਉਹ ਆਪਣੇ ਦੁਸ਼ਮਣ ਨੂੰ ਵੀ ਸ਼ਰਨ ਦਿੰਦੇ ਹਨ ਤਾਂ ਆਪਣੇ ਕਾਤਲ ਨੂੰ ਵੀ ਬਖ਼ਸ਼ ਦਿੰਦੇ ਹਨ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਅਸੂਲ ਨੂੰ ਉਹ ਪੂਰੀ ਤਰ੍ਹਾਂ ਅਪਣਾਉਂਦੇ ਹਨ। ਹਰ ਧਰਮ ਦੇ ਮੰਨਣ ਵਾਲੇ ਕੇਵਲ ਆਪਣੇ ਧਰਮ ਦੀ ਉਨਤੀ ਅਤੇ ਭਲਾ ਚਾਹੁੰਦੇ ਹਨ। ਸਿੱਖ ਇਕ ਬਹਾਦੁਰ ਕੌਮ ਹੋਣ ਦੇ ਨਾਲ ਨਾਲ ਮਾਨਵਵਾਦੀ ਦ੍ਰਿਸ਼ਟੀਕੋਣ ਰੱਖਦੇ ਹੋਏ ਸਾਰੀ ਕਾਇਨਾਤ ਦਾ ਹੀ ਭਲਾ ਮੰਗਦੇ ਹਨ। ਇਸੇ ਲਈ ਉਹ ਆਪਣੀ ਹਰ ਅਰਦਾਸ ਦੇ ਅੰਤ ਵਿਚ ਕਹਿੰਦੇ ਹਨ:

ਨਾਨਕ ਨਾਮ ਚੜ੍ਹਦੀ ਕਲਾ।
ਤੇਰੇ ਭਾਣੇ ਸਰਬੱਤ ਦਾ ਭਲਾ।


ਖ਼ਾਲਸਾ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ। ਸਿੱਖ ਕੌਮ ਆਪਣੀ ਬਹਾਦਰੀ, ਦਾਨਵੀਰਤਾ ਅਤੇ ਸੇਵਾ ਦੇ ਖੇਤਰ ਵਿਚ ਹੀ ਅੱਗੇ ਨਹੀਂ, ਸਗੋਂ ਵਿਦਿਆ ਅਤੇ ਲਿਆਕਤ ਦੇ ਖੇਤਰ ਵਿਚ ਵੀ ਮਾਹਿਰ ਹੈ। ਇਸੇ ਲਈ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਚੇ ਅਹੁਦਿਆਂ ਤੇ ਵੀ ਸਿੱਖ ਬਿਰਾਜਮਾਨ ਹਨ ਅਤੇ ਆਪਣੀ ਲਿਆਕਤ ਦੇ ਜ਼ੌਹਰ ਦਿਖਾ ਰਹੇ ਹਨ। ਇਸ ਸਮੇਂ (2018 ਵਿਚ) ਵੀ ਕੈਨੇਡਾ ਦੀ ਪਾਰਲੀਮੈਂਟ ਵਿਚ ਹੀ 17 ਸਿੱਖ ਪਾਰਲੀਮੈਂਟ ਦੇ ਮੈਂਬਰ ਹਨ ਅਤੇ ਚਾਰ ਕੇਂਦਰੀ ਮੰਤਰੀ ਹਨ, ਜਦ ਕਿ ਭਾਰਤ ਵਿਚ ਕੇਵਲ ਦੋ ਸਿੱਖਾਂ ਨੂੰ ਹੀ ਕੇਂਦਰੀ ਮੰਤਰੀ ਮੰਡਲ ਵਿਚ ਸਥਾਨ ਦਿੱਤਾ ਗਿਆ ਹੈ। ਸਿੱਖ ਕੌਮ ਆਪਣੇ ਵਿਲੱਖਣ ਗੁਣਾ ਕਰ ਕੇ ਦੁਨੀਆਂ ਭਰ ਤੋਂ ਨਿਆਰੀ ਹੈ। ਸਿੱਖ ਆਪਣੇ ਗੁਣਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ, ਇਸ ਲਈ ਸਾਰੇ ਮਨੁੱਖਾਂ ਤੋਂ ਹੀ ਅੱਡਰੇ ਦਿਸਦੇ ਹਨ।ਸਿੱਖ ਇਸ ਸਮੇਂ ਸਾਰੀ ਦੁਨੀਆਂ ਦੇ ਅਕਾਸ਼ 'ਤੇ ਸਿਤਾਰਿਆਂ ਦੀ ਤਰ੍ਹਾਂ ਚਮਕ ਰਹੇ ਹਨ। ਉਨ੍ਹਾਂ ਦਾ ਤੇਜ਼ ਸੂਰਜ ਦੀ ਤਰ੍ਹਾਂ ਹ,ੈ ਜਿਸ ਨਾਲ ਕੋਈ ਅੱਖ ਮਿਲਾਉਣ ਦਾ ਹੌਸਲਾ ਨਹੀ ਕਰ ਸਕਦਾ।

ਜੇ ਅਸੀਂ ਭਾਰਤਵਾਸੀ ਚਾਹੁੰਦੇ ਹਾਂ ਕਿ ਸਾਡੀ ਕੌਮ ਬਹਾਦਰ ਬਣੇ, ਸਾਡੇ ਬੱਚੇ ਵੱਡੇ ਹੋ ਕੇ ਪੂਰੇ ਮਰਦ ਬਣਨ ਤਾਂ ਸਾਨੂੰ ਉਨ੍ਹਾਂ ਵਿਚੋਂ ਕਾਇਰਤਾ ਦਾ ਜ਼ਹਿਰ ਕੱਢਣਾ ਪਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰ ਸਕਣ ਤਾਂ ਸਾਨੂੰ ਚਾਹੀਦਾ ਹੈ ਕਿ ਦੇਸ਼ ਦੇ ਹਰ ਬੱਚੇ ਨੂੰ ਚਾਰ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਈਆਂ ਜਾਣ ਅਤੇ ਦੇਸ਼ ਦੇ ਸਾਰੇ ਸਕੂਲਾਂ ਵਿਚ ਸਿੱਖ ਕੌਮ ਦਾ ਮਾਣਮੱਤਾ ਇਤਿਹਾਸ ਪੜ੍ਹਾਇਆ ਜਾਏ ਤਾਂ ਕਿ ਉਹ ਹਮੇਸ਼ਾਂ, ''ਨਿਸਚੈ ਕਰ ਅਪਨੀ ਜੀਤ ਕਰੋਂ'' ਦੇ ਆਸ਼ੇ ਨਾਲ ਹਰ ਮੁਸ਼ਕਲ ਕੰਮ ਨੂੰ ਸਫ਼ਲਤਾ ਪੂਰਵਕ ਕਰ ਸੱਕਣ।

*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

ਮਨੁੱਖਤਾ ਦੇ ਗੁਰੂੂ - ਸ੍ਰੀ ਗੁਰੂੁ ਨਾਨਕ ਦੇਵ ਜੀ - ਗੁਰਸ਼ਰਨ ਸਿੰਘ ਕੁਮਾਰ

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 1469 ਈਸਵੀ ਵਿਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। 2019 ਵਿਚ ਉਨ੍ਹਾਂ ਦਾ 550ਵਾਂ ਪ੍ਰਕਾਸ਼ ਉਤਸਵ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿਚ ਪੂਰਾ ਸਾਲ ਭਰ ਬੜੇ ਉਤਸ਼ਾਹ, ਉਲਾਸ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।ਅਸੀਂ ਭਾਗਾਂ ਵਾਲੇ ਹੋਵਾਂਗੇ ਜਦੋ ਸਾਨੂੰ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮਨਾਉਣ ਦਾ ਅਤੇ ਇਸ ਦੇ ਜਲੌਅ ਦੁਨੀਆਂ ਭਰ ਵਿਚ ਦੇਖਣ ਦਾ ਸੁਭਾਗ ਪ੍ਰਾਪਤ ਹੋਵੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿਚ ਆਉਣ ਤੋਂ ਪਹਿਲਾਂ ਸਮਾਜ ਦਾ ਬਹੁਤ ਬੁਰਾ ਹਾਲ ਸੀ। ਸਮਾਜ ਚਾਰ ਵਰਣਾ (ਬਾ੍ਰਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਵਿਚ ਵੰਡਿਆ ਹੋਇਆ ਸੀ। ਹਿੰਦੂ ਅਤੇ ਮੁਸਲਮਾਨ ਇਕ ਦੂਸਰੇ ਨੂੰ ਘਟੀਆ ਅਤੇ ਆਪਣੇ ਦੁਸ਼ਮਣ ਸਮਝਦੇ ਸਨ। ਚਾਰੇ ਪਾਸੇ ਕੂੜ ਦਾ ਬੋਲਬਾਲਾ ਸੀ। ਦੁਖੀਆਂ ਦੀ ਬਾਂਹ ਫੜਨ ਵਾਲਾ ਕੋਈ ਰਹਿਨੁਮਾ ਨਹੀਂ ਸੀ ਦਿੱਸਦਾ। ਆਸਮਾਨ 'ਤੇ ਜ਼ੁਲਮ ਅਤੇ ਦਹਿਸ਼ਤਗਰਦੀ ਦੇ ਕਾਲੇ ਬੱਦਲ ਛਾਏ ਹੋਏ ਸਨ। ਸਭ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਸੀ। ਗੁਰੂੁ ਨਾਨਕ ਦੇਵ ਜੀ ਦੇ ਇਸ ਸੰਸਾਰ 'ਤੇ ਆਉਣ 'ਤੇ ਜਿਵੇਂ ਇਕ ਦਮ ਗਿਆਨ ਦਾ ਚਾਨਣ ਹੋ ਗਿਆ। ਇਸੇ ਲਈ ਭਾਈ ਗੁਰਦਾਸ ਜੀ ਲਿਖਦੇ ਹਨ:
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ॥

ਸੀ੍ਰ ਗੁਰੂੁ ਨਾਨਕ ਸਾਹਿਬ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਫਲਸਫੇ ਨੂੰ ਸਮਝਣ ਲਈ ਗੁਰੂੁ ਨਾਨਕ ਸਾਹਿਬ ਜਿੰਨਾ ਉੱਚਾ ਹੋਣ ਦੀ ਹੀ ਲੋੜ ਹੈ। ਅਸੀਂ ਦੁਨਿਆਵੀ ਲੋਕ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਦੇ ਕਿਨਕਾ ਮਾਤਰ ਵੀ ਨਹੀਂ ਹਾਂ। ਇਸ ਲਈ ਅਲਪ ਬੁੱਧੀ ਅਤੇ ਅਲਪ ਦ੍ਰਿਸ਼ਟੀ ਹੋਣ ਕਾਰਨ ਸਾਨੂੰ ਉਨ੍ਹਾਂ ਦੇ ਜੀਵਨ ਫਲਸਫੇ ਦੇ ਕੁਝ ਨਾਮ ਮਾਤਰ ਪਹਿਲੂਆਂ ਦਾ ਹੀ ਪਤਾ ਚੱਲਦਾ ਹੈ।
ਜੇ ਅਸੀਂ ਇਕ ਯਾਤਰੂ ਦੇ ਤੌਰ 'ਤੇ ਹੀ ਉਨ੍ਹਾਂ ਦੇ ਜੀਵਨ 'ਤੇ ਝਾਤੀ ਮਾਰਦੇ ਹਾਂ ਤਾਂ ਉਨ੍ਹਾਂ ਜਿਹਾ ਮਹਾਨ ਯਾਤਰੂ ਦੁਨੀਆਂ ਭਰ ਵਿਚ ਕੋਈ ਨਹੀਂ ਦਿੱਸਦਾ। ਉਨ੍ਹਾਂ ਨੇ ਸੀਮਤ ਸਾਧਨਾਂ ਦੇ ਹੋਣ ਦੇ ਬਾਵਜੂਦ ਵੀ ਪੈਦਲ ਚਾਰ ਦਿਸ਼ਾਵਾਂ ਵੱਲ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੈਨੀਆਂ, ਬੋਧੀਆਂ, ਹਿੰਦੂਆਂ ਦੇ ਵੱਖ-ਵੱਖ ਤੀਰਥ ਸਥਾਨਾਂ ਅਤੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ 'ਤੇ ਵੀ ਗਏ। ਜਿਵੇਂ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਆਸਾਮ, ਗਯਾ, ਢਾਕਾ, ਜਗਨ ਨਾਥ ਪੁਰੀ, ਲਾਹੌਰ, ਸੰਗਲਾਦੀਪ, ਹੈਦਰਾਬਾਦ, ਗੋਲਕੰਡਾ, ਬਦਰੀਨਾਥ, ਕੈਲਾਸ਼ ਮਾਨਸਰੋਵਰ, ਨੇਪਾਲ, ਸਿਕਮ, ਭੁਟਾਨ, ਡੇਰਾ ਗਾਜੀ ਖਾਂ, ਡੇਰਾ ਇਸਮਾਇਲ ਖਾਂ, ਮੱਕਾ, ਮਦੀਨਾ, ਬਗ਼ਦਾਦ, ਬੁਖਾਰਾ, ਹਸਨ ਅਬਦਾਲ ਅਤੇ ਤੁਰਕੀ ਆਦਿ ਸਥਾਨਾਂ 'ਤੇ ਗਏ। ਉੱਥੇ ਆਪ ਨੇ ਕਾਜ਼ੀਆਂ, ਬ੍ਰਾਹਮਣਾ, ਜੋਗੀਆਂ, ਸਿੱਧਾਂ ਅਤੇ ਮੁਲਾਂ-ਮੁਲਾਣਿਆਂ ਦੇ ਨਾਲ ਗੋਸ਼ਟੀਆਂ ਕੀਤੀਆਂ। ਆਪ ਜੀ ਨੇ  ਸੱਜਣ ਠੱਗ, ਕੌਡੇ ਰਾਖ਼ਸ਼ ਅਤੇ ਮਲਿਕ ਭਾਗੋ ਜਿਹਾਂ ਨੂੰ ਸਿੱਧੇ ਰਾਹ ਪਾਇਆ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਵਿਚੋਂ ਨਿਕਲ ਕੇ ਧਰਮ ਦੇ ਰਸਤੇ 'ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਭੁੱਲੇ-ਭਟਕੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ।ਉਹ ਵਹਾਅ ਦਾ ਰੁਖ ਮੋੜਨ ਵਾਲੇ ਸਨ।ਉਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ ਅਤੇ ਝੂਠੇ ਆਡੰਬਰਾਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਇਸ ਤਰ੍ਹਾਂ ਉਹ ਇਕ ਮਹਾਨ ਯਾਤਰੀ ਅਤੇ ਮਹਾਨ ਧਾਰਮਿਕ ਆਗੂ ਸਨ।
ਜੇ ਇਕ ਗ੍ਰਹਿਸਥੀ ਦੇ ਤੌਰ 'ਤੇ ਜਾਂ ਕਾਮੇ ਦੇ ਤੌਰ 'ਤੇ ਦੇਖੀਏ ਤਾਂ ਉਹ ਧਾਰਮਿਕ ਆਗੂ ਦੇ ਨਾਲ-ਨਾਲ ਪੂਰੇ ਗ੍ਰਹਿਸਥੀ ਅਤੇ ਮਹਾਨ ਕਾਮੇ ਵੀ ਸਨ। ਉਨ੍ਹਾਂ ਨੇ ਗ੍ਰਹਿਸਥ ਧਰਮ ਨਿਭਾਉਂਦਿਆਂ ਹੋਇਆਂ 18 ਸਾਲ ਦੀ ਉਮਰ ਵਿਚ ਬੀਬੀ ਸੁਲੱਖਨੀ ਜੀ ਨਾਲ ਸ਼ਾਦੀ ਕੀਤੀ, ਜਿਸ ਵਿਚੋਂ ਉਨ੍ਹਾਂ ਦੇ ਦੋ ਬੇਟੇ ਬਾਬਾ ਲਖਮੀ ਦਾਸ ਅਤੇ ਬਾਬਾ ਸੀ੍ਰ ਚੰਦ ਪੈਦਾ ਹੋਏ। ਦੋਵੇਂ ਬੇਟੇ ਬਹੁਤ ਧਾਰਮਿਕ ਅਤੇ ਤਿਆਗੀ ਸੁਭਾਅ ਦੇ ਸਨ। ਇਕ ਕਿਰਤੀ ਦੇ ਤੌਰ 'ਤੇ ਬਚਪਨ ਵਿਚ ਆਪ ਨੇ ਮੱਝਾਂ ਚਾਰੀਆਂ, ਜੁਆਨੀ ਵਿਚ ਆਪਣੀ ਵੱਡੀ ਭੈਣ ਨਾਨਕੀ ਜੀ ਅਤੇ ਭਣਵੱਈਏ ਜੈ ਰਾਮ ਜੀ ਦੇ ਕਹਿਣ 'ਤੇ ਮੋਦੀਖਾਨੇ ਦੀ ਨੌਕਰੀ ਕੀਤੀ ਅਤੇ ਬੁਢਾਪੇ ਵਿਚ ਕਰਤਾਰਪੁਰ ਵਿਖੇ ਆਪਣੇ ਅੰਤਿਮ 17 ਸਾਲ ਆਪਣੀ ਖੇਤੀ ਕੀਤੀ। ਇਸ ਤਰ੍ਹਾਂ ਗ੍ਰਹਿਸਥ ਧਰਮ ਨਿਭਾਉਂਦੇ ਹੋਏ ਉਨ੍ਹਾਂ ਕਦੀ ਕਿਰਤ ਤੋਂ ਵੀ ਮੂੰਹ ਨਹੀਂ ਮੋੜਿਆ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਹੀ ਉਨ੍ਹਾਂ ਦਾ ਸੰਦੇਸ਼ ਸੀ।
ਸ੍ਰੀ ਗੁਰੂੁ ਨਾਨਕ ਦੇਵ ਜੀ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਬਹੁਤ ਸ਼ਾਂਤ ਸੁਭਾਅ ਦੇ ਅਤੇ ਮਿੱਠ ਬੋਲੜੇ ਵੀ ਸਨ। ਜੋ ਵੀ ਇਕ ਵਾਰੀ ਆਪ ਜੀ ਦੇ ਦਰਸ਼ਨ ਕਰ ਲੈਂਦਾ, ਉਹ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ। ਇਸੇ ਲਈ ਉਹ ਜਿਸ ਵੀ ਦੇਸ਼ ਵਿਚ ਗਏ ਉੱਥੋਂ ਦੇ ਲੋਕਾਂ ਨੇ ਆਪ ਜੀ ਨੂੰ ਆਪਣਾ ਧਾਰਮਿਕ ਗੁਰੂ ਮੰਨਿਆ। ਆਪ ਜੀ ਅਲੱਗ-ਅਲੱਗ ਦੇਸ਼ਾਂ ਵਿਚ ਅਲੱਗ-ਅਲੱਗ ਨਾਵਾਂ ਨਾਲ ਜਾਣੇ ਜਾਂਦੇ ਸਨ, ਜਿਵੇਂ:

ਸਿਰੀ ਲੰਕਾ            ਨਾਨਕਚਾਰੀਆ
ਤਿੱਬਤ            ਨਾਨਕ ਲਾਮਾ
ਸਿੱਕਮ ਅਤੇ ਭੁਟਾਨ        ਗੁਰੂ ਰਿੰਪੋਚੀਓ
ਨੇਪਾਲ            ਨਾਨਕ ਰਿਸ਼ੀ
ਬਗ਼ਦਾਦ            ਨਾਨਕ ਪੀਰ
ਮੱਕਾ             ਵਲੀ ਹਿੰਦ
ਮਿਸਰ            ਨਾਨਕ ਵਲੀ
ਰੂਸ                ਨਾਨਕ ਕਦਮਦਾਰ
ਇਰਾਕ            ਬਾਬਾ ਨਾਨਕ
ਮਜ਼ਹਰ ਸ਼ਰੀਫ਼            ਪੀਰ ਬਲਾਗਦਾਨ
ਚੀਨ                ਬਾਬਾ ਫੂਸਾ

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਾਰਤ ਵਿਚ ਦੋ ਹੀ ਧਰਮ ਸਥਾਪਤ ਸਨ-ਹਿੰਦੂ ਅਤੇ ਮੁਸਲਮਾਨ। ਆਪ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ। ਇਹ ਸਿੱਖ ਧਰਮ ਵੱਖ-ਵੱਖ ਗੁਰੂ ਸਾਹਿਬਾਨ ਦੀ ਰਹਿਨੁਮਾਈ ਵਿਚੋਂ ਹੁੰਦਾ ਹੋਇਆ ਜਦ ਦਸਵੇਂ ਪਾਤਸ਼ਾਹ ਗੁਰੂੁ ਗੋਬਿੰਦ ਸਿੰਘ ਜੀ ਪਾਸ ਪੁੱਜਿਆ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰ ਕੇ ਇਸ ਧਰਮ ਨੂੰ ਇਕ ਵੱਖਰੀ ਪਹਿਚਾਨ ਦਿੱਤੀ ਅਤੇ ਸਿੱਖਾਂ ਤੋਂ ਸਿੰਘ ਸਜਾਏ। ਉਨ੍ਹਾਂ ਨੇ ਸਿੱਖਾਂ ਨੂੰ ਸੰਤ ਤੋਂ ਸੰਤ- ਸਿਪਾਹੀ ਬਣਾਇਆ ਤਾਂ ਕਿ ਗ਼ਰੀਬਾਂ ਅਤੇ ਮਜ਼ਲੂਮਾਂ ਦੀ ਜਾਬਰਾਂ ਤੋਂ ਰੱਖਿਆ ਹੋ ਸਕੇ। ਇਸ ਤਰ੍ਹਾਂ ਸਿੱਖਾਂ ਦੀ ਇਕ ਵੱਖਰੀ ਕੌਮ ਹੋਂਦ ਵਿਚ ਆਈ। ਅੱਜ ਜਿੱਥੇ ਵੀ ਸਿੱਖ ਜਾਂਦੇ ਹਨ ਆਪਣੀ ਸਫ਼ਲਤਾ ਦੇ ਝੰਡੇ ਬੁਲੰਦ ਕਰਦੇ ਹਨ।ਦੁਨੀਆਂ ਭਰ ਦੇ ਦੇਸ਼ਾਂ ਵਿਚ ਸਿੱਖ ਆਪਣੀ ਲਿਆਕਤ ਨਾਲ ਉੱਚੀਆਂ ਪਦਵੀਆਂ 'ਤੇ ਬਿਰਾਜਮਾਨ ਹਨ ਅਤੇ ਆਪਣੀ ਕੌਮ ਦਾ ਸਿਰ ਉੱਚਾ ਕਰ ਕੇ ਛਾਏ ਹੋਏ ਹਨ।
ਗੁਰੂੂੂੂੂੂੂੂੂੂੂੂੂੂੂੂੂੂੁ ਨਾਨਕ ਦੇਵ ਜੀ ਇਕ ਮਹਾਨ ਸਾਹਿਤਕਾਰ ਵੀ ਸਨ। ਉਹ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਦੇ ਮਾਹਿਰ ਸਨ। ਉਨ੍ਹਾਂ ਨੇ 19 ਰਾਗਾਂ ਵਿਚ (974 ਸ਼ਬਦ) ਬੜੀ ਸਰਲ ਭਾਸ਼ਾ ਵਿਚ ਬਾਣੀ ਉਚਾਰਨ ਕੀਤੀ। ਆਪ ਜੀ ਦੀਆਂ ਬਾਣੀਆਂ ਜਪੁ ਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟਿ, ਪਹਿਰੇ, ਦੱਖਣੀ ਓਅੰਕਾਰ ਅਤੇ ਬਾਰਹ ਮਾਹ ਤੁਖਾਰੀ ਆਦਿ ਹਨ। ਉਨ੍ਹਾਂ ਨੇ ਆਪਣੀ ਬਾਣੀ ਦੇ ਨਾਲ-ਨਾਲ ਆਪਣੇ ਤੋਂ ਪਹਿਲਾਂ ਹੋ ਚੁੱਕੇ ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਵੀ ਸੰਭਾਲਿਆ।ਇਹ ਸਾਰੀ ਹੀ ਬਾਣੀ ਵੱਖ-ਵੱਖ ਗੁਰੂੂ ਸਾਹਿਬਾਨ ਦੇ ਹੱਥੋਂ ਹੁੰਦੀ ਹੋਈ ਪੰਜਵੇਂ ਪਾਤਸ਼ਾਹ ਗੁਰੂੂੂੁ ਅਰਜਨ ਦੇਵ ਜੀ ਪਾਸ ਪਹੁੰਚੀ। ਉਨ੍ਹਾਂ ਨੇ ਸਾਰੀ ਬਾਣੀ (ਆਪਣੇ ਤੋਂ ਪਹਿਲਾਂ ਹੋ ਚੁੱਕੇ ਗੁਰੂ ਸਾਹਿਬਾਨ ਦੀ ਅਤੇ ਭਗਤਾਂ ਦੀ ਬਾਣੀ) ਦੀ ਚੰਗੀ ਤਰ੍ਹਾਂ ਪਰਖ ਕਰ ਕੇ ਨਾਲ ਆਪਣੀ ਬਾਣੀ ਸ਼ਾਮਲ ਕਰ ਕੇ ਪਵਿੱਤਰ ਗ੍ਰੰਥ, ਗੁਰੂੁ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁ ਜੀ ਸਾਹਿਬ' ਸਿੱਖ ਧਰਮ ਦੀ ਮੁੱਢਲੀ ਬਾਣੀ ਹੈ, ਜਿਸ ਦਾ ਪਾਠ ਹਰ ਸਿੱਖ ਘਰ ਵਿਚ ਰੋਜ਼ਾਨਾ ਹੁੰਦਾ ਹੈ। 'ਜਪੁ ਜੀ ਸਾਹਿਬ' ਨੂੰ ਗੁਰੂੁ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਲਿਖੇ ਜਾਣ ਦਾ ਵੀ ਸੁਭਾਗ ਪ੍ਰਾਪਤ ਹੈ।
ਗੁਰੂੂ ਨਾਨਕ ਦੇਵ ਜੀ ਇਕ ਧਰਮ ਨਿਰਪੱਖ ਆਗੂ ਵੀ ਸਨ। ਉਹ ਹਿੰਦੂ ਜਾਂ ਮੁਸਲਮਾਨ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਜੇ ਉਹ ਆਪਣੇ ਪ੍ਰਚਾਰ ਲਈ ਹਿੰਦੂਆਂ ਦੇ ਮੰਦਰਾਂ ਅਤੇ ਤੀਰਥਾਂ 'ਤੇ ਗਏ ਤਾਂ ਉਹ ਮੁਸਲਮਾਨਾਂ ਦੇ ਤੀਰਥ ਸਥਾਨਾਂ 'ਤੇ ਵੀ ਗਏ। ਆਪ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾਏ। ਆਪ ਜੀ ਦੇ ਜੋਤੀ-ਜੋਤਿ ਸਮਾਉਣ 'ਤੇ ਹਿੰਦੂਆਂ 'ਤੇ ਮੁਸਲਮਾਨਾਂ ਵਿਚ ਝਗੜਾ ਹੋ ਗਿਆ। ਹਿੰਦੂ ਆਖਣ ਇਹ ਸਾਡੇ ਗੁਰੂੂੂੂੁ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਾਂਗੇ ਅਤੇ ਮੁਸਲਮਾਨ ਆਖਣ ਕਿ ਇਹ ਸਾਡੇ ਪੀਰ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਆਪਣੀ ਮਰਿਆਦਾ ਅਨੁਸਾਰ ਦਫ਼ਨਾਵਾਂਗੇ। ਉਨ੍ਹਾਂ ਦੀ ਯਾਦ ਵਿਚ ਕਰਤਾਰਪੁਰ ਵਿਖੇ ਗੁਰਦੁਆਰਾ ਅਤੇ ਕਬਰ ਨਾਲ-ਨਾਲ ਹੀ ਬਣੇ ਹੋਏ ਹਨ।ਗੁਰੂੂੂੂੁ ਨਾਨਕ ਦੇਵ ਜੀ ਨੇ ਸਾਰੀ ਉਮਰ ਭਾਈ ਮਰਦਾਨੇ ਨੂੰ ਜੋ ਕਿ ਇਕ ਮੁਸਲਮਾਨ ਸੀ, ਆਪਣੇ ਨਾਲ ਰੱਖਿਆ। ਆਪ ਜੀ ਜਦ ਵੀ ਬਾਣੀ ਰਚਦੇ ਸਨ ਤਾਂ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਹਿੰਦੇ ਸਨ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਵੀ ਗੁਰੂੁ ਨਾਨਕ ਦੇਵ ਜੀ ਦੀ ਗੋਦ ਵਿਚ ਹੀ ਲਏ। ਅੱਜ ਵੀ ਭਾਈ ਮਰਦਾਨਾ ਜੀ ਦੀ ਪੀੜ੍ਹੀ-ਦਰ-ਪੀੜ੍ਹੀ ਪਾਕਿਸਤਾਨ ਵਿਚ ਸੁੱਖੀ ਜੀਵਨ ਬਿਤਾ ਰਹੀ ਹੈ ਅਤੇ ਨਿਰੋਲ ਕੀਰਤਨ ਦੁਆਰਾ ਬਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੀ ਹੈ। ਰਹਿੰਦੀ ਦੁਨੀਆਂ ਤੱਕ ਗੁਰੂੁ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਨਾਮ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਲਿਆ ਜਾਵੇਗਾ।
ਗੁਰੂ ਨਾਨਕ ਦੇਵ ਜੀ ਇਕ ਸਮਾਜਵਾਦੀ ਅਤੇ ਮਹਾਨ ਕ੍ਰਾਂਤੀਕਾਰੀ ਆਗੂ ਵੀ ਸਨ। ਆਪ ਜੀ ਦਾ ਇਹ ਸੁਭਾਅ ਬਚਪਨ ਤੋਂ ਹੀ ਪ੍ਰਗਟ ਹੋ ਗਿਆ ਸੀ, ਜਦ 11 ਸਾਲ ਦੀ ਉਮਰ ਵਿਚ ਆਪ ਜੀ ਨੇ ਪੰਡਿਤ ਤੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਆਪ ਜੀ ਨੇ ਸੱਚ ਅਤੇ ਧਰਮ ਦੀ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਨਿਕਲ ਕੇ ਨੇਕੀ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਆਪ ਨਿੱਡਰ ਸੁਭਾਅ ਦੇ ਵੀ ਸਨ। ਸੱਚੀ ਗੱਲ ਕਹਿਣ ਲੱਗਿਆਂ ਆਪ ਕਿਸੇ ਤੋਂ ਵੀ ਨਹੀਂ ਸਨ ਡਰਦੇ। ਆਪ ਨੇ ਮਲਕ ਭਾਗੋ ਦੀ ਰੋਟੀ ਵਿਚੋਂ ਲਹੂ ਨਿਚੋੜ ਕੇ ਉਸ ਨੂੰ ਗ਼ਰੀਬਾਂ 'ਤੇ ਜ਼ੁਲਮ ਕਰਨ ਤੋਂ ਵਰਜਿਆ। ਆਪ ਮੁਸਲਮਾਨਾਂ ਦੇ ਪਵਿੱਤਰ ਸਥਾਨ ਮੱਕੇ- ਮਦੀਨੇ ਵੀ ਗਏ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਸਭ ਥਾਂ ਮੌਜੂਦ ਹੈ। ਆਪ ਸੁਮੇਰ ਪਰਬਤ 'ਤੇ ਗਏ ਅਤੇ ਜੋਗੀਆਂ ਨੂੰ ਦੱਸਿਆ ਕਿ ਜੇ ਧਾਰਮਿਕ ਲੋਕ ਹੀ ਦੁਨੀਆਂਦਾਰੀ ਨੂੰ ਛੱਡ ਕੇ ਪਰਬਤਾਂ 'ਤੇ ਜਾ ਬੈਠਣਗੇ ਤਾਂ ਗ਼ਰੀਬਾਂ ਅਤੇ ਬੇਸਹਾਰਿਆਂ ਦੀ ਬਾਂਹ ਕੌਣ ਫੜੇਗਾ? ਇਸ ਤਰ੍ਹਾਂ ਆਪ ਜੀ ਨੇ ਹਰਿਦੁਆਰ ਜਾ ਕੇ ਪੱਛਮ ਵੱਲ ਪਾਣੀ ਦੇ ਕੇ ਪੰਡਿਤਾਂ ਨੂੰ ਸਮਝਾਇਆ ਕਿ ਜੇ ਮੇਰਾ ਪਾਣੀ ਕੁਝ ਮੀਲਾਂ ਦੀ ਦੂਰੀ 'ਤੇ ਮੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਲੱਖਾਂ ਮੀਲ ਦੀ ਦੂਰੀ 'ਤੇ ਸੂਰਜ ਕੋਲ ਕਿਵੇਂ ਪਹੁੰਚ ਸਕਦਾ ਹੈ? ਇਸ ਲਈ ਝੂਠੇ ਆਡੰਬਰ ਛੱਡੋ। ਆਪ ਨੇ ਬਾਹਰਲੇ ਧਾੜਵੀ ਰਾਜਾ ਬਾਬਰ ਨੂੰ ਵੀ ਜਾਬਰ ਕਹਿਣ ਦਾ ਹੌਂਸਲਾ ਕੀਤਾ ਅਤੇ ਰੱਬ ਨੂੰ ਵੀ ਮਿੱਠਾ ਉਲ੍ਹਂਾਭਾ ਦਿੱਤਾ:
ਏਤੀ ਮਾਰ ਪਈ ਕਰਲਾਣੇ    (ਅੰਗ 360)
ਤੈਂ ਕੀ ਦਰਦੁ ਨਾ ਆਇਆ॥

ਭਾਰਤ ਵਿਚ ਸਦੀਆਂ ਤੋਂ ਔਰਤ ਦੀ ਹਾਲਤ ਬਹੁਤ ਤਰਸਯੋਗ ਸੀ। ਉਸ ਨੂੰ ਪੈਰ ਦੀ ਜੁੱਤੀ ਅਤੇ ਕੇਵਲ ਭੋਗ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਗੁਰੂੂੁ ਨਾਨਕ ਦੇਵ ਜੀ ਨੇ ਔਰਤ ਦੀ ਇਸ ਦੁਰਦਸ਼ਾ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਉਸ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਦਰਜਾ ਦਿੱਤਾ।
ਗੁਰੂੂੁ ਨਾਨਕ ਦੇਵ ਜੀ ਨੇ ਕਿਹਾ ਕਿ ਔਰਤ ਨੂੰ ਮਰਦ ਤੋਂ ਮਾੜਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ ਕਿਉਂਕਿ ਰਾਜੇ-ਮਹਾਰਾਜਿਆਂ ਅਤੇ ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਔਰਤ ਹੀ ਹੈ। ਇਸ ਲਈ ਉਹ ਕਿਸੇ ਗੱਲੋਂ ਘਟੀਆ ਨਹੀਂ ਸਗੋਂ ਮਹਾਨ ਹੈ। ਔਰਤ ਦੇ ਹੱਕ 'ਚ ਆਵਾਜ਼ ਉਠਾਉਂਦੇ ਹੋਏ ਆਪ ਜੀ ਨੇ ਫ਼ੁਰਮਾਇਆ:

ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥        (ਅੰਗ 473)

ਗੁਰੂੁ ਜੀ ਨੇ ਪੁਰਾਣੀਆਂ ਗ਼ਲਤ ਪਰੰਪਰਾਵਾਂ ਨੂੰ ਵੰਗਾਰਿਆ ਅਤੇ ਨਵੀਆਂ ਪੈੜਾਂ ਪਾਈਆਂ। ਮਹਾਂ ਭਾਰਤ ਅਤੇ ਰਾਮਾਇਣ ਦੇ ਪਾਠ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਦੇ ਰਾਜੇ-ਮਹਾਰਾਜੇ ਆਪਣੇ ਪੁੱਤਰ-ਮੋਹ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ। ਉਨ੍ਹਾਂ ਸਾਹਮਣੇ ਇਹ ਹੀ ਆਸ਼ਾ ਸੀ ਕਿ ਮੇਰੇ ਤੋਂ ਬਾਅਦ ਮੇਰੀ ਰਾਜਗੱਦੀ ਮੇਰੇ ਪੁੱਤਰ ਨੂੰ ਹੀ ਮਿਲੇ। ਇਸ ਲਈ ਭਾਵੇਂ ਜਿੰਨੀਆਂ ਮਰਜ਼ੀ ਕੀਮਤੀ ਜਾਨਾਂ ਕਿਉਂ ਨਾ ਚਲੀਆਂ ਜਾਣ। ਇਹ ਹੀ ਪੁੱਤਰ-ਮੋਹ ਭਾਰਤ ਵਿਚ ਅੱਜ ਵੀ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਬਾਅਦ ਮੇਰੀ ਕੁਰਸੀ ਮੇਰੇ ਪੁੱਤਰ ਨੂੰ ਹੀ ਮਿਲੇ। ਇਸ ਲਈ ਲਿਆਕਤ ਅਤੇ ਯੋਗਤਾ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਂਦਾ ਹੈ। ਪਰ ਗੁਰੂੁ ਨਾਨਕ ਦੇਵ ਜੀ ਇਸ ਮੋਹ ਮਾਇਆ ਤੋਂ ਬਿਲਕੁਲ ਨਿਰਲੇਪ ਸਨ। ਉਨ੍ਹਾਂ ਨੇ ਪੁੱਤਰ-ਮੋਹ ਤੋਂ ਉੱਪਰ ਉੱਠ ਕੇ ਯੋਗਤਾ ਨੂੰ ਪਹਿਲ ਦਿੱਤੀ ਅਤੇ ਆਪਣੀ ਗੁਰਿਆਈ ਗੱਦੀ  ਆਪਣੇ ਦੋਹਾਂ ਪੁੱਤਰਾਂ ਵਿਚੋਂ ਕਿਸੇ ਨੂੰ ਵੀ ਨਹੀਂ ਦਿੱਤੀ, ਸਗੋਂ ਭਾਈ ਲਹਿਣਾ ਜੀ ਨੂੰ ਆਪਣੇ ਜਿਉਂਦੇ ਜੀਅ ਗੁਰ-ਗੱਦੀ ਦੇ ਕੇ ਇਕ ਨਵੀਂ ਪਿਰਤ ਪਾਈ। ਲਹਿਣਾ ਜੀ ਨਾਲ ਉਨ੍ਹਾਂ ਦਾ ਕੋਈ ਦੁਨਿਆਵੀ ਰਿਸ਼ਤਾ ਨਹੀਂ ਸੀ। ਗੁਰੂੂੁ ਜੀ ਜਾਣਦੇ ਸਨ ਕਿ ਉਨ੍ਹਾਂ ਦੇ ਸੇਵਕ ਲਹਿਣਾ ਜੀ ਇਸ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਸਭ ਤੋਂ ਯੋਗ ਹਨ।ਭਾਈ ਲਹਿਣਾ ਜੀ ਵੀ ਗੁਰੂ ਆਸ਼ੇ ਦੇ ਪੂਰੀ ਤਰ੍ਹਾਂ ਯੋਗ ਨਿਕਲੇ ਅਤੇ ਗੁਰੂੁ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰਿਆ। ਇਸ ਆਸ਼ੇ ਨੂੰ ਪੂਰਨ ਕਰਨ ਲਈ ਆਪ ਜੀ ਨੇ ਕਈ ਮਹਾਨ ਕਾਰਜ ਕੀਤੇ। ਇਸੇ ਲਈ ਆਪ ਲਹਿਣਾ ਤੋਂ ਗੁਰੂੂੂੂੂੂੂ ਅੰਗਦ, ਭਾਵ ਗੁਰੂ ਦੇ ਅੰਗ ਤੋਂ ਪੈਦਾ ਹੋਏ, ਬਣ ਕੇ ਵਿਚਰੇ।ਇਸ ਤੋਂ ਬਾਅਦ ਗੁਰੂੁ ਅਮਰਦਾਸ ਜੀ ਤੋਂ ਲੈ ਕੇ ਗੁਰੂੂੁ ਗੋਬਿੰਦ ਸਿੰਘ ਜੀ ਨੇ ਇਸ ਮਿਸ਼ਨ ਨੂੰ ਅੱਗੇ ਤੋਰਿਆ।
ਗੁਰੂ ਸਾਹਿਬ ਇਕ ਮਹਾਨ ਦਾਨੀ ਵੀ ਸਨ। 34 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ 20 ਰੁਪਏ ਦੇ ਕੇ ਭਾਈ ਬਾਲੇ ਨਾਲ ਕੋਈ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਕਿ ਵੱਡੇ ਹੋ ਕੇ ਆਪ ਇਕ ਕਾਮਯਾਬ ਵਪਾਰੀ ਬਣ ਸਕਣ। ਰਸਤੇ ਵਿਚ ਆਪ ਨੇ ਕੁਝ ਸਾਧੂਆਂ ਨੂੰ ਦੇਖਿਆ ਜੋ ਕਈ ਦਿਨਾਂ ਤੋਂ ਭੁੱਖੇ ਸਨ। ਗੁਰੂੁ ਸਾਹਿਬ ਨੇ ਉਨ੍ਹਾਂ ਵੀਹ ਰੁਪਏ ਦੀ ਰਸਦ ਖ਼ਰੀਦ ਕੇ ਉਸ ਦਾ ਭੋਜਨ ਤਿਆਰ ਕਰ ਕੇ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਸਾਰੀ ਰਾਸ ਪੂੰਜੀ ਦਾਨ ਕਰ ਦਿੱਤੀ ਅਤੇ ਸਿੱਖ ਧਰਮ ਵਿਚ ਲੰਗਰ ਦੀ ਰਸਮ ਚਲਾਈ, ਜੋ ਅੱਜ ਦੁਨੀਆਂ ਭਰ ਵਿਚ ਫੈਲ ਕੇ ਆਪਣੀ ਖ਼ੁਸ਼ਬੂ ਫੈਲਾਅ ਰਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਸਿੱਖ-ਮੱਤ ਵਿਚ ਜਿਹੜੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ, ਉਹ ਅੱਜ ਇਕ ਮਜ਼ਬੂਤ ਫ਼ਲਦਾਰ ਰੁੱਖ ਬਣ ਕੇ ਉਭਰੀ ਹੈ। ਦੁਨੀਆਂ ਭਰ ਵਿਚ ਸਿੱਖ ਨਿਰਸੁਆਰਥ ਹੋ ਕੇ ਬਿਨਾਂ ਕਿਸੇ ਭੇਦ-ਭਾਵ ਦੇ ਥਾਂ-ਥਾਂ ਲੰਗਰ ਲਾ ਰਹੇ ਹਨ ਤਾਂ ਕਿ ਕੋਈ ਮਨੁੱਖ ਭੁੱਖ ਨਾਲ ਨਾ ਮਰੇ ਕਿਉਂਕਿ ਭੋਜਨ ਹਰ ਪ੍ਰਾਣੀ ਦੀ ਮੁਢਲੀ ਜ਼ਰੂਰਤ ਹੈ। ਇਸ ਸਮੇਂ ਦੁਨੀਆਂ ਵਿਚ ਸਿੱਖਾਂ ਦੀ ਆਬਾਦੀ ਕੇਵਲ ਢਾਈ ਕਰੋੜ ਹੈ, ਪਰ ਉਹ ਰੋਜ਼ਾਨਾ ਪੰਜ ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਕਰਾ ਕੇ ਸੌਂਦੇ ਹਨ। ਇਕੱਲੇ ਅੰਮ੍ਰਿਤਸਰ ਦੇ ਗੁਰੂੁ ਰਾਮਦਾਸ ਲੰਗਰ ਵਿਚ ਹੀ ਰੋਜ਼ਾਨਾ ਇਕ ਲੱਖ ਤੋਂ ਵੱਧ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਮੁਫ਼ਤ ਭੋਜਨ ਕਰਦੇ ਹਨ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਵੀ ਕਿਹਾ ਜਾਂਦਾ ਹੈ। ਸੇਵਾ ਦਾ ਇਕ ਮਹਾਨ ਕਾਰਜ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਬਾਕੀ ਗੁਰੂੁ ਸਾਹਿਬਾਨ ਨੇ ਬਾਖੂਬੀ ਅੱਗੇ ਤੋਰਿਆ।ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਕ੍ਰਿਸ਼ਨ ਜੀ ਹਾਲੇ ਬਾਲ ਅਵਸਥਾ ਵਿਚ ਹੀ ਸਨ ਕਿ ਦਿੱਲੀ ਵਿਚ ਚੇਚਕ ਦਾ ਰੋਗ ਫੈਲ ਗਿਆ, ਜੋ ਇਕ ਛੂਤ ਦਾ ਰੋਗ ਹੈ। ਚੇਚਕ ਦੇ ਰੋਗੀ ਕੋਲ ਉਸ ਦੇ ਘਰਵਾਲੇ ਵੀ ਜਾਣ ਤੋਂ ਕਤਰਾਉਂਦੇ ਹਨ ਤਾਂ ਕਿ ਕਿਧਰੇ ਉਨ੍ਹਾਂ ਨੂੰ ਵੀ ਇਹ ਰੋਗ ਨਾ ਲੱਗ ਜਾਏ, ਪਰ ਛੋਟੀ ਜਿਹੀ ਉਮਰ ਹੁੰਦਿਆਂ ਹੋਇਆਂ ਵੀ ਗੁਰੂ ਜੀ ਨੇ ਇਨ੍ਹਾਂ ਰੋਗੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਹੱਥੀਂ ਸੇਵਾ ਕੀਤੀ ਅਤੇ ਉਨ੍ਹਾਂ ਦੇ ਦਵਾ-ਦਾਰੂ ਅਤੇ ਭੋਜਨ ਦਾ ਵੀ ਪ੍ਰਬੰਧ ਕੀਤਾ। ਇਸ ਸੇਵਾ ਦੇ ਕਾਰਨ ਹੀ ਉਨ੍ਹਾਂ ਨੂੰ ਚੇਚਕ ਦਾ ਰੋਗ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਇਸ ਤੋਂ ਬਾਅਦ ਗੁਰੂ ਦੇ ਸਿੱਖਾਂ ਨੇ ਵੀ ਸੇਵਾ ਦੇ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਨਿਭਾਇਆ।
ਭਾਈ ਕਨ੍ਹੱਈਆ ਜੀ ਜੰਗ ਵਿਚ ਮੁਸਲਮਾਨਾਂ ਅਤੇ ਸਿੱਖਾਂ ਨੂੰ ਨਿਰਵੈਰ ਹੋ ਕੇ ਜਲ ਛਕਾਉਂਦੇ ਸਨ। ਉਨ੍ਹਾਂ ਨੂੰ ਰੈਡ ਕਰਾਸ ਦਾ ਮੋਢੀ ਵੀ ਕਿਹਾ ਜਾ ਸਕਦਾ ਹੈ। ਗੁਰੂੁ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਮਲ੍ਹਮ ਦੀ ਡੱਬੀ ਦੇ ਕੇ ਸਾਰੇ ਹੀ ਜ਼ਖ਼ਮੀਆਂ ਦੇ ਫੱਟਾਂ 'ਤੇ ਬਿਨਾਂ ਕਿਸੇ ਵਿਤਕਰੇ ਦੇ ਮਲ੍ਹਮ ਲਾਉਣ ਲਈ ਕਿਹਾ ਅਤੇ 'ਨਾ ਕੋ ਬੈਰੀ ਨਹੀ ਬਿਗਾਨਾ' ਦਾ ਪਾਠ ਹੋਰ ਵੀ ਦ੍ਰਿੜ ਕਰਾਇਆ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੋਣ ਦੇ ਬਾਵਜੂਦ ਵੀ ਸੇਵਾ ਦੀ ਇਸ ਮਹਾਨਤਾ ਨੂੰ ਸਮਝਿਆ ਅਤੇ ਇਕ ਗ਼ਰੀਬ ਬੁੱਢੇ ਦੀ ਰਾਸ਼ਨ ਦੀ ਭਰੀ ਹੋਈ ਪੰਡ ਆਪਣੇ ਸਿਰ 'ਤੇ ਚੁੱਕ ਕੇ ਉਸ ਦੇ ਘਰ ਪਹੁੰਚਾਈ। ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਜੀ ਨੂੰ ਸੇਵਾ ਦਾ ਪੁੰਜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਪਹਿਲਾ ਪਿੰਗਲਵਾੜਾ ਸਥਾਪਤ ਕੀਤਾ, ਜਿੱਥੇ ਲਾਚਾਰ ਬਿਮਾਰਾਂ ਦਾ, ਜੋ ਆਪਣਾ ਨਿੱਤ ਕਰਮ ਵੀ ਠੀਕ ਤਰ੍ਹਾਂ ਨਹੀਂ ਕਰ ਸਕਦੇ, ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਤਿਆਗ ਚੁੱਕੇ ਹਨ, ਮੁਫ਼ਤ ਇਲਾਜ ਅਤੇ ਦੇਖ ਭਾਲ ਕੀਤੀ ਜਾਂਦੀ ਹੈ । ਅੱਜ ਪਿੰਗਲਵਾੜੇ ਦੀ ਸੰਸਥਾ ਦੁਨੀਆਂ ਭਰ ਵਿਚ ਇਕ ਲਹਿਰ ਬਣ ਕੇ ਉਭਰੀ ਹੈ।
ਸਿੱਖ ਮਿਸ਼ਨ ਵਿਚ ਇਹ ਸੇਵਾ ਕੇਵਲ ਲੰਗਰ ਤਕ ਹੀ ਸੀਮਤ ਨਹੀਂ ਰਹੀ ਕਿਉਂਕਿ ਮਨੁੱਖਤਾ ਦੀ ਸੇਵਾ ਹੋਰ ਵੀ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ:- ਆਰਥਿਕ ਮਦਦ ਅਤੇ ਸਰੀਰਕ ਸੇਵਾ, ਭਾਵ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਹੱਥਾਂ-ਪੈਰਾਂ ਅਤੇ ਹੋਰ ਵਸੀਲਿਆਂ ਨਾਲ ਲੋੜਵੰਦਾਂ ਦੀ ਸੇਵਾ ਆਦਿ। ਗੁਰੂ ਘਰ ਵਿਚ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਿਹਾ ਜਾਂਦਾ ਹੈ। ਸਿੱਖ ਆਪਣੇ ਹੱਥਾਂ-ਪੈਰਾਂ ਨੂੰ, ਧਨ-ਦੌਲਤ ਨੂੰ ਅਤੇ ਬਾਕੀ ਸਾਧਨਾਂ ਨੂੰ ਕੇਵਲ ਆਪਣੀ ਜ਼ਿੰਦਗੀ ਦੇ ਸੁੱਖ ਲਈ ਹੀ ਨਹੀਂ ਵਰਤਦੇ, ਸਗੋਂ ਉਹ ਇਨ੍ਹਾਂ ਸਾਧਨਾਂ ਨਾਲ ਕਮਜ਼ੋਰ ਅਤੇ ਜ਼ਰੂਰਤ-ਮੰਦਾਂ ਦੀ ਮਦਦ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਦੁੱਖ ਘਟਣ ਅਤੇ ਉਹ ਸਮਾਜ ਦਾ ਨਰੋਇਆ ਅੰਗ ਬਣ ਕੇ ਵਿਚਰ ਸਕਣ। ਹੁਣ ਸਿੱਖ ਸੰਸਥਾਵਾਂ ਹਸਪਤਾਲਾਂ ਵਿਚ ਜਾ ਕੇ ਲੰਗਰ ਦੀ ਸੇਵਾ ਦੇ ਨਾਲ-ਨਾਲ ਮਰੀਜ਼ਾਂ ਦੇ ਦਵਾ-ਦਾਰੂ ਅਤੇ ਰਿਹਾਇਸ਼ ਵਗੈਰਾ ਦਾ ਵੀ ਪ੍ਰਬੰਧ ਕਰਦੀਆਂ ਹਨ। ਸਿੱਖਾਂ ਦੀ ਇਹ ਸੇਵਾ ਕੇਵਲ ਭਾਰਤ ਦੇਸ਼ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਉਹ ਕਿਸੇ ਵੀ ਕੁਦਰਤੀ ਆਫ਼ਤ ਜਾਂ ਬਿਪਤਾ ਸਮੇਂ ਦੁਰਗ਼ਮ ਹਾਲਾਤ ਅਤੇ ਬਿਖੜੇ ਮਾਰਗ ਦੀ ਪਰਵਾਹ ਨਾ ਕਰਦੇ ਹੋਏ, ਦੁਨੀਆਂ ਦੇ ਹਰ ਕੋਨੇ ਵਿਚ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ ਅਤੇ ਕਈ ਕੀਮਤੀ ਜਾਨਾਂ ਬਚਾਉੰਦੇ ਹਨ। ਉਨ੍ਹਾਂ ਲਈ ਦਵਾ-ਦਾਰੂ, ਭੋਜਨ, ਕਪੜੇ ਅਤੇ ਰਿਹਾਇਸ਼ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰਦੇ ਹਨ ਤਾਂ ਕਿ ਉਹ ਇੱਜ਼ਤ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਦੂਜਿਆਂ ਦੇ ਬਰਾਬਰ ਆਪਣੇ ਪਰਿਵਾਰਾਂ ਨਾਲ ਜ਼ਿੰਦਗੀ ਬਸਰ ਕਰ ਸਕਣ। ਇਸ ਲਈ ਸਿੱਖਾਂ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਸਿੱਖ ਏਡ, ਯੁਨਾਇਟਿਡ ਸਿੱਖ ਆਰਗੇੇਨਾਈਜੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ,  ਸ਼੍ਰੋਮਣੀ ਕਮੇਟੀ ਦਿੱਲੀ ਅਤੇ ਹੋਰ ਅਨੇਕਾਂ ਸਿੱਖ ਸੰਸਥਾਵਾਂ ਸਰਗਰਮ ਹਨ। ਇਨ੍ਹਾਂ ਸੰਸਥਾਵਾਂ ਨੇ ਸੇਵਾ ਦੇ ਇਸ ਮਹਾਨ ਕਾਰਜ ਨਾਲ ਉੱਤਰਾ-ਖੰਡ, ਕੇਰਲਾ, ਰੋਹੰਗੀਆਂ ਮੁਲਸਮਾਨਾਂ ਦੀ ਮੁਸੀਬਤ ਅਤੇ ਇੰਡੋਨੇਸ਼ੀਆਂ ਦੇ ਭੁਚਾਲਾਂ ਅਤੇ ਸੁਨਾਮੀਆਂ ਸਮੇਂ ਮਨੁੱਖਤਾ ਦੇ ਭਲੇ ਲਈ ਸੇਵਾ ਕਰਕੇ ਦੁਨੀਆਂ ਭਰ ਵਿਚ ਇਕ ਮਿਸਾਲ ਕਾਇਮ ਕੀਤੀ ਹੈ।ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਮਿਸ਼ਨ ਕੇਵਲ ਇਕ ਫ਼ਿਰਕੇ ਤੱਕ ਹੀ ਸੀਮਤ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਸਾਰੇ ਸੰਸਾਰ ਲਈ ਇਕ ਮਾਨਵਵਾਦੀ ਧਰਮ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੀ ਮਨੁੱਖਤਾ ਦੇ ਸਾਂਝੇ ਗੁਰੂੂੂੂ ਸਨ।

*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in

10 Nov. 2018