ਬੇਗਮਪੁਰਾ ਸਹਰ ਕਾ ਨਾਉ ..... - ਕੇਹਰ ਸ਼ਰੀਫ਼
ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਨਾਲ ਗੁੱਟ ਸਨ। ਅਜਿਹੇ ਸਮੇਂ ਜਦੋਂ ਲੋਕ ਕਰਮ-ਕਾਂਡਾਂ ਵਿਚ ਫਸ ਕੇ ਅੰਧ-ਵਿਸ਼ਵਾਸੀ ਹੋ ਚੁੱਕੇ ਸਨ। ਰਾਜਿਆਂ ਤੇ ਅਮੀਰਾਂ ਵਲੋਂ ਗਰੀਬਾਂ, ਨਿਤਾਣਿਆਂ ਉੱਤੇ ਜੋ ਜ਼ੁਲਮ ਹੁੰਦੇ ਸਨ ਉਹ 'ਰੱਬ ਦੀ ਰਜ਼ਾ', 'ਪਿਛਲੇ ਜਨਮਾਂ ਦਾ ਫਲ' ਆਖ ਕੇ ਜਰੀ ਜਾ ਰਹੇ ਸਨ। ਕਿਉਂਕਿ ਚਾਨਣ ਦੀ ਅਣਹੋਂਦ ਉਨ੍ਹਾਂ ਨੂੰ ਹਨੇਰ ਢੋਈ ਜਾਣ ਲਈ ਮਜਬੂਰ ਕਰੀ ਜਾ ਰਹੀ ਸੀ। ਇਸ ਨੂੰ ਮਨੁੱਖੀ ਜ਼ਿੰਦਗੀ ਕਹੀ ਜਾਣਾ ਐਵੇਂ ਦਿਲ ਨੂੰ ਝੂਠਾ ਧਰਵਾਸ ਦੇਣ ਵਾਲੀ ਗੱਲ ਹੀ ਸੀ।
ਭਗਤੀ ਲਹਿਰ ਦਾ ਆਰੰਭ ਅਨਿਆਂ ਅਤੇ ਮਨੁੱਖਾਂ ਦੇ ਦਰਮਿਆਨ ਪਾਈਆਂ ਵੰਡੀਆਂ ਦੇ ਖਿਲਾਫ ਸੀ। ਇਸ ਲਹਿਰ ਦੇ ਆਗੂਆਂ ਵਲੋਂ ਲੋਕਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਦਾ ਜਤਨ ਕੀਤਾ ਗਿਆ। ਸ਼ੁਰੂ ਵਿਚ ਭਾਵੇਂ ਤੋਰ ਮੱਠੀ ਹੀ ਸੀ ਪਰ ਬਾਅਦ ਵਿਚ ਕਾਫੀ ਲੋਕ ਇਸ ਲਹਿਰ ਨਾਲ ਜੁੜਦੇ ਗਏ। ਇਸੇ ਲਹਿਰ ਅਧੀਨ ਰਾਮਾਨੁਜ ਵਰਗੇ ਬੁੱਧੀਮਾਨ ਵਲੋਂ ਲੋਕਾਂ ਦੀ ਅੰਤਰ ਆਤਮਾ ਨੂੰ ਟੁੰਬਣ ਦਾ ਜਤਨ ਆਰੰਭਣਾਂ ਅਤੇ ਉਸ ਜਤਨ ਨੂੰ ਲਹਿਰ ਬਨਾਉਣ ਵਲ ਵਧਾਉਣਾ ਉਨ੍ਹਾਂ ਦਾ ਜੀਵਨ ਆਦਰਸ਼ ਹੋ ਗਿਆ ਸੀ। ਆਮ ਤੌਰ ਤੇ ਰਾਮਾਨੰਦ ਜੀ ਨੂੰ ਹੀ ਰਵਿਦਾਸ ਜੀ ਦਾ ਗੂਰੂ ਮੰਨਿਆ ਜਾਂਦਾ ਹੈ ਪਰ ਕੁੱਝ ਲੋਕ ਇਸ ਨਾਲ ਸਹਿਮਤ ਨਹੀਂ। ਕਈ ਲੋਕ ਹੋਰ ਗੱਲਾਂ ਵੀ ਲਿਖਦੇ ਹਨ ਜੋ ਮੰਨਣਯੋਗ ਨਹੀਂ। ਭੁਲੇਖਾ ਪਾਊ ਲੋਕ ਤਾਂ ਅਸਲੋਂ ਹੀ ਨਾ ਮੰਨਣਯੋਗ ਰਵਿਦਾਸ ਜੀ ਦੇ ਸਮਕਾਲੀ ਅਤੇ ਗੁਰਭਾਈ ਕਬੀਰ ਜੀ ਨੂੰ ਹੀ ਰਵਿਦਾਸ ਜੀ ਦਾ ਗੁਰੂ ਲਿਖ ਗਏ ਹਨ। ਜਦੋਂ ਕਿ ਕਬੀਰ ਜੀ ਰਾਮਾਨੰਦ ਦੇ 12 ਪ੍ਰਮੱਖ ਚੇਲਿਆਂ ਵਿਚੋਂ ਹੀ ਸਨ ਅਤੇ ਗੁਰੂ ਰਵਿਦਾਸ ਜੀ ਤੋਂ ਛੋਟੀ ਉਮਰ ਦੇ ਸਨ। ਗੁਰੂ ਰਵਿਦਾਸ ਜੀ ਅਜਿਹੇ ਦਾਰਸ਼ਨਿਕ ਸਨ ਜਿਨ੍ਹਾਂ ਨੇ ਨਵੀਂ ਸੋਚ ਤੇ ਨਵੇਂ ਫਲਸਫੇ ਨੂੰ ਜਨਮ ਦਿੱਤਾ ਜੋ ਸਮੇਂ ਦੀ ਉਂਗਲ ਫੜਕੇ ਸਮੇਂ ਦੀ ਅਗਵਾਈ ਕਰਦੀ ਸੀ। ਝੂਠੇ ਕਰਮ-ਕਾਂਡਾਂ, ਪਾਖੰਡਾਂ ਤੇ ਅੰਧ ਵਿਸ਼ਵਾਸਾਂ ਤੋਂ ਦੂਰ ਮਨੁੱਖੀ ਮੋਹ ਦਾ ਪ੍ਰਚਾਰ ਕਰਨਾ ਉਸ ਸੋਚ ਦਾ ਮਨੋਰਥ ਸੀ। ਮਨੁੱਖ ਨੂੰ ਉਸਦੀ ਜਨਮ ਜਾਤ, ਬਰਾਦਰੀ ਕਰਕੇ ਨਹੀਂ ਸਗੋਂ ਉਸਦੇ ਕੰਮਾਂ ਕਰਕੇ ਚੰਗਾ ਜਾਂ ਬੁਰਾ, ਖਰਾ ਜਾਂ ਖੋਟਾ ਮਿੱਥਣਾ ਬਣਦਾ ਹੈ। ਅਖੌਤੀ ਉੱਚੀ ਜਾਤ ਬ੍ਰਾਹਮਣ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਸਨ। ਪਰ, ਗੁਰੂ ਰਵਿਦਾਸ ਜੀ ਨੇ ਇਸ ਨੂੰ ਬੇਹੂਦਾ ਦੱਸਦਿਆਂ ਰੱਦ ਕੀਤਾ ਤੇ ਸਾਰੇ ਮਨੁੱਖਾਂ ਦੇ ਬਰਾਬਰ ਹੋਣ ਦੀ ਗੱਲ ਵਾਰ ਵਾਰ ਦੁਹਰਾਈ, ਅਤੇ ਕਿਹਾ :-
ਏਕੇ ਮਾਟੀ ਕੇ ਸਭਿ ਭਾਂਡੇ, ਸਭਕਾ ਏਕੈ ਸਿਰਜਨਹਾਰਾ।
ਇਸ ਕਰਕੇ ਹੀ ਅਖੌਤੀ ਉੱਚ ਜਾਤੀਆਂ ਵਾਲੇ ਕਾਫੀ ਸਾਰੇ ਜੋ ਵੱਡੀਆਂ ਜਾਇਦਾਦਾਂ ਦੇ ਮਾਲਕ ਸਨ ਅਤੇ ਨਾਲ ਹੀ ਰਾਜ ਭਾਗ 'ਤੇ ਵੀ ਕਾਬਜ਼ ਸਨ ਦੇ ਬੇਹੂਦਗੀ ਭਰੇ ਗੁੱਸੇ ਦਾ ਰਵਿਦਾਸ ਜੀ ਨੂੰ ਵਾਰ ਵਾਰ ਸ਼ਿਕਾਰ ਹੋਣਾ ਪਿਆ। ਕਈ ਵਾਰ ਕਰੜੀਆਂ ਪ੍ਰੀਖਿਆਵਾਂ ਵਿਚੋਂ ਗੁਜ਼ਰਨਾ ਪਿਆ ਪਰ ਉਨ੍ਹਾਂ ਨੇ ਕਦੇ ਵੀ ਹੌਸਲਾ ਨਾ ਹਾਰਿਆ ਤੇ ਸੱਚ ਦਾ ਪੱਲਾ ਨਾ ਛੱਡਿਆ। ਸਦਾ ਹੀ ਮੁਸੀਬਤਾਂ ਦਾ ਸਾਹਸ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ। ਹਰ ਵਾਰ ਹੀ ਹੋਰ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਜਿੱਤਦੇ ਰਹੇ। ਮਨੂੰ ਵਲੋਂ "ਖੋਜੀ" ਵਰਣ ਵੰਡ (ਮਨੁੱਖਾਂ ਵਿਚਕਾਰ ਵਿਤਕਰੇ ਅਤੇ ਵਿੱਥਾਂ ਵਾਲੀ ਗੈਰ-ਇਨਸਾਨੀ ਬਾਂਦਰ ਵੰਡ) ਦੇ ਆਸਰੇ ਜਾਤ-ਪਾਤ ਵਰਗਾ ਸਮਾਜੀ ਕੋਹੜ ਪੈਦਾ ਹੋਇਆ ਅਤੇ ਇਸਦੇ ਸਦਕਾ ਬ੍ਰਾਹਮਣਵਾਦ (ਸਮਾਜੀ ਕੋਹੜ) ਵਰਗੇ ਭੈੜ ਨੇ ਜਨਮ ਲਿਆ। ਜਿਸ ਬ੍ਰਾਹਮਣਵਾਦ ਨੇ ਝੂਠ ਦੀ ਗੁੰਡਾਗਰਦੀ ਭਰੀ ਦਹਿਸ਼ਤ ਦੇ ਸਹਾਰੇ ਆਮ ਲੋਕਾਂ ਨੂੰ ਗਧੀਗੇੜ 'ਚ ਪਾ ਕੇ ਆਪਣੇ ਤੋਰੀ-ਫੁਲਕੇ ਨੂੰ ਮਹਿਫੂਜ਼ ਰੱਖਿਆ। ਪਰ, ਗੁਰੂ ਸਾਹਿਬ ਦੀ ਤਿੱਖੀ ਸੂਝ ਨੇ ਇਨ੍ਹਾਂ "ਗੁੱਝੇ ਭੇਦਾਂ'' ਦੀ ਰਮਜ਼ ਪਛਾਣੀ ਤੇ ਡਟਵਾਂ ਵਿਰੋਧ ਕੀਤਾ। ਇਸ ਸੱਚ ਦੇ ਸਦਕਾ ਹੀ ਕੁੱਝ ਸਮੇਂ ਬਾਅਦ ਗੁਰੂ ਰਵਿਦਾਸ ਜੀ ਨਾਲ ਲੋਕਾਂ ਦੀ ਵੱਧ ਗਿਣਤੀ ਜੁੜਨ ਲੱਗ ਪਈ। ਰਵਿਦਾਸ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਦਸਵੀਂ ਵਾਰ ਵਿਚ ਲਿਖਦੇ ਹਨ :-
ਭਗਤੁ ਭਗਤੁ ਜਗਿ ਵਜਿਆ ਚਹੁ ਚਕਾਂ ਦੇ ਵਿਚਿ ਚਮਿਰੇਟਾ ।।
ਪਾਹਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੇਰ ਸਮੇਟਾ ।।
ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ।।
ਚਹੁੰ ਵਰਨਾ ਉਪਦੇਸ ਦਾ ਗਿਆਨ ਧਿਆਨ ਕਰ ਭਗਤ ਸਹੇਟਾ ।।
ਭਾਈ ਕਾਹਨ ਸਿੰਘ ਰਵਿਦਾਸ ਜੀ ਬਾਰੇ ਆਪਣੇ 'ਮਹਾਨ ਕੋਸ਼' (ENCYCLOPEDIA OF SIKH LITRATURE) ਵਿਚ ਲਿਖਦੇ ਹਨ, 'ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ। ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ। ਰਵਿਦਾਸ ਕਬੀਰ ਦਾ ਸਮਕਾਲੀ ਸੀ ਇਸ ਨੂੰ ਬਹੁਤ ਪੁਸਤਕਾਂ ਵਿਚ ਰੈਦਾਸ ਵੀ ਲਿਖਿਆ ਹੋਇਆ ਹੈ। ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ'।
ਕਬੀਰ ਜੀ ਆਪਣੇ ਸਮਕਾਲੀ ਰਵਿਦਾਸ ਜੀ ਬਾਰੇ ਇੰਜ ਲਿਖਦੇ ਹਨ :-
ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ ।
ਤੇ ਨਰ ਦੋਜਕ ਜਾਹਿਗੇ ਸਤਿ ਭਾਖੇ ਰਵਿਦਾਸ ।।
ਕਬੀਰ ਜੀ ਨੇ ਆਪਣੀ ਬਾਣੀ ਵਿਚ ਇਹ ਵੀ ਫ਼ਰਮਾਇਆ ਹੈ :-
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭੁ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ ।
ਏਸੇ ਨੂੰ ਹੀ ਰਵਿਦਾਸ ਜੀ ਦੀ ਬਾਣੀ ਵਿਚੋਂ ਦੇਖਦਿਆ ਹੇਠਾਂ ਲਿਖਿਆ ਵਿਚਾਰ ਲੱਭਦਾ ਹੈ :-
ਏਕੇ ਮਾਟੀ ਕੇ ਸਭਿ ਭਾਂਡੇ ਸਭਕਾ ਏਕੈ ਸਿਰਜਣਹਾਰਾ ।
ਉਸ ਵੇਲੇ ਦੀਆਂ ਅਖੌਤੀ ਉੱਚੀਆਂ ਜਾਤਾਂ ਨੇ ਆਪਣੇ ਆਪ ਨੂੰ ਸਮਾਜ ਦਾ ਪਵਿੱਤਰ ਤੇ ਸੁਪਰ ਅੰਗ ਆਖਣਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨੂੰ ਉੱਚਾ ਹੋਣ ਦਾ ਧੋਖੇ ਭਰਿਆ, ਝੂਠਾ ਬਹਾਨਾ ਲਾ ਕੇ ਸਮਾਜ ਦੇ ਕਮਜ਼ੋਰ ਵਰਗ ਭਾਵ ਗਰੀਬਾਂ (ਸ਼ੂਦਰਾਂ) ਨੂੰ ਗਿਆਨ ਭੰਡਾਰਾਂ ਤੋਂ ਸਦਾ ਹੀ ਦੂਰ ਰੱਖਿਆ। ਪੜ੍ਹਨਾ-ਲਿਖਣਾ ਜਾਂ ਮਹਾਂਪੁਰਸ਼ਾਂ ਦੀਆਂ ਪਵਿੱਤਰ ਲਿਖਤਾਂ ਸ਼ੂਦਰਾਂ ਲਈ ਵਰਜਿਤ ਕਰ ਦਿੱਤੀਆਂ ਗਈਆਂ। ਕੋਈ ਵੇਦਾਂ ਆਦਿ ਦਾ ਪਾਠ ਸੁਣਦਾ ਤਾਂ ਉਸਦੇ ਕੰਨਾਂ ਵਿਚ ਸਿੱਕਾ ਢਾਲਿਆ ਜਾਂਦਾ। ਉਨ੍ਹਾਂ ਨੂੰ ਸਮਾਜ ਦਾ ਗੰਦ ਆਖਿਆ ਜਾਣ ਲੱਗਾ। ਰਹਿਣ ਵਾਸਤੇ ਪਿੰਡਾਂ ਸ਼ਹਿਰਾਂ ਤੋਂ ਬਾਹਰ ਵੱਖਰੀਆਂ ਬਸਤੀਆਂ ਵਲ ਧੱਕੇ ਗਏ। ਸਹੂਲਤਾਂ ਰਹਿਤ, ਨਫਰਤਾਂ ਭਰੇ ਜੀਵਨ ਨੇ ਇਸ ਵਰਗ ਅੰਦਰ ਸਦਾ ਲਈ ਹੀਣ ਭਾਵਨਾ ਪੈਦਾ ਕਰ ਦਿੱਤੀ। ਇਸੇ ਊਚ-ਨੀਚ ਦੇ ਵਿਤਕਰੇ ਭਰੇ ਅਮਲ ਨੇ ਮਨੁੱਖਾਂ ਅੰਦਰ ਪਾੜੇ ਤੇ ਵਿੱਥਾਂ ਪੈਦਾ ਕਰ ਦਿੱਤੀਆਂ, ਜੋ ਅਜੋਕੇ ਸਮਾਜ ਅੰਦਰ ਵੀ ਵੱਖੋ-ਵੱਖ ਰੂਪਾਂ ਵਿਚ ਵੇਖੇ ਜਾ ਸਕਦੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਥਾਂ ਵਿਤਕਰਿਆਂ ਨੂੰ ਮੇਟੇ ਬਿਨਾਂ ਸਮਾਜ ਸੋਹਣਾ ਨਹੀਂ ਬਣ/ਅਖਵਾ ਸਕਦਾ।
ਰਵਿਦਾਸ ਜੀ ਨਫਰਤ ਦੀ ਥਾਂ ਦੋਸਤੀ ਤੇ ਮੁਹੱਬਤ ਦਾ ਪ੍ਰਚਾਰ ਕਰਦੇ ਹੋਏ ਕਹਿੰਦੇ ਹਨ :
ਮੁਸਲਮਾਨ ਸੋਂ ਦੋਸਤੀ, ਹਿੰਦੂ ਸੇ ਕਰ ਪ੍ਰੀਤ
ਰਵਿਦਾਸ ਜੋਤਿ ਸਭ ਰਾਮ ਕੀ, ਸਭ ਹੈ ਆਪਣੇ ਮੀਤ
........
ਮੰਦਿਰ ਮਸਜਿਦ ਦੋ ਏਕ ਹੈਂ
ਇਨ ਮਹਿ ਅੰਤਰ ਨਾਹਿ ।
ਰਵਿਦਾਸ ਰਾਮ ਰਹਿਮਾਨ ਕਾ
ਝਗੜਾ ਕੋਊ ਨਾਹਿ ।
ਰਵਿਦਾਸ ਹਮਾਰੋ ਰਾਮ ਜੋਇ
ਸੋਈ ਹੈ ਰਹਿਮਾਨ ।
ਕਾਬਾ ਕਾਸੀ ਜਾਨੀਹਿ
ਦੋਉ ਏਕ ਸਮਾਨ ।।
ਜਾਤ-ਪਾਤ ਦੇ ਬ੍ਰਾਹਮਣੀ ਵਿਚਾਰਾਂ ਦਾ ਭਾਂਡਾ ਉਦੋਂ ਫੁੱਟਦਾ ਹੈ ਜਦੋਂ ਰਵਿਦਾਸ ਜੀ ਦੇ ਇਹ ਵਿਚਾਰ ਪੜ੍ਹਦੇ ਹਾਂ :-
ਰਵਿਦਾਸ ਜਨਮ ਕੇ ਕਾਰਨੈ, ਹੋਤ ਨਾ ਕੋਊ ਨੀਚ
ਨਰ ਕੂੰ ਨੀਚ ਕਰ ਡਾਰਿਹੌ, ਓਛੈ ਕਰਮ ਕੌ ਕੀਚ ।
.......
ਊਂਚੇ ਕੁਲ ਕੇ ਕਾਰਨੇ, ਬ੍ਰਾਹਮਣ ਕੋਯ ਨ ਹੋਯ
ਜਉ ਜਾਨਹਿ ਬ੍ਰਹਮ ਆਤਮਾ, ਰਵਿਦਾਸ ਬ੍ਰਾਹਮਨ ਸੋਇ ।
ਉਸ ਸਮੇਂ ਸ਼ੂਦਰ ਕਹੇ ਜਾਂਦਿਆਂ ਦੀ ਸਥਿਤੀ ਨੂੰ ਪੇਸ਼ ਕਰਦਿਆਂ ਪਾਖਰ ਸਿੰਘ ਨੇ ਆਪਣੀ ਪੁਸਤਕ "ਮਨੁੱਖਤਾ ਦਾ ਚਾਨਣ ਮੁਨਾਰਾ- ਗੁਰੂ ਰਵਿਦਾਸ" ਵਿਚ ਲਿਖਿਆ ਹੈ ਕਿ 'ਉਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਤੇ ਇਨਕਾਰ ਕਰਨ ਵਾਲਿਆਂ ਉੱਤੇ ਅਕਹਿ ਤੇ ਅਸਹਿ ਜੁ਼ਲਮ ਢਾਏ ਜਾਂਦੇ ਸਨ। ਵੱਖ ਵੱਖ ਧਰਮਾਂ, ਰੰਗਾਂ ਤੇ ਜਿਣਸਾਂ ਦੇ ਮਨੁੱਖਾਂ ਨੂੰ ਏਕਤਾ ਦੀ ਲੜੀ ਵਿਚ ਪਰੋ ਕੇ 'ਸਾਰੇ ਮਨੁੱਖ ਭਰਾ ਭਰਾ ਹਨ' ਦਾ ਸੰਦੇਸ਼ ਦਿੱਤਾ। ਗੁਰੂ ਰਵਿਦਾਸ ਦੇ ਸਮੇਂ ਅੱਤਿਆਚਾਰਾਂ ਦੀ ਹੱਦ ਹੋ ਗਈ ਸੀ ਜੇ ਕਮਜ਼ੋਰ ਜਾਂ ਗਰੀਬ ਆਦਮੀ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਨੂੰ ਵੱਧ ਤੋਂ ਵੱਧ ਅਣਮਨੁੱਖੀ ਸਜ਼ਾ ਦਿੱਤੀ ਜਾਂਦੀ। ਕਿਸੇ ਬ੍ਰਾਹਮਣ ਦੇ ਨੇੜਿਉਂ ਹੋ ਕੇ ਲੰਘਣਾ ਜਾਂ ਬ੍ਰਾਹਮਣ ਨੂੰ ਧਰਮ ਸਬੰਧੀ ਕੁੱਝ ਕਹਿਣਾ ਜਾਂ ਅਖੌਤੀ ਉੱਚੀ ਜਾਤ ਦੇ ਕਿਸੇ ਵੱਡੇ ਜਾਂ ਛੋਟੇ ਕੰਮ ਤੋਂ ਇਨਕਾਰ ਕਰਨਾ ਇਹ ਗਲਤੀਆਂ ਜਾਂ ਬਦਤਮੀਜ਼ੀਆਂ ਗਿਣੀਆਂ ਜਾਂਦੀਆਂ ਸਨ। ਪਰ ਅਖੌਤੀ ਜਾਤਾਂ ਨਾਲ ਸਬੰਧਤ ਭਾਵ ਬ੍ਰਾਹਮਣਾਂ ਨੂੰ ਵੱਡੇ ਤੋਂ ਵੱਡਾ ਗੁਨਾਹ, ਗਲਤੀ ਅਤੇ ਪਾਪ ਵੀ ਬਖਸ਼ ਦਿੱਤਾ ਜਾਂਦਾ ਸੀ। ਇਨ੍ਹਾਂ ਹੀ ਬੇਇਨਸਾਫੀਆਂ ਨੇ ਗੁਰੂ ਜੀ ਦੇ ਮਨ ਅੰਦਰ ਆਪਣੇ ਮਾਰਗ ਪ੍ਰਤੀ ਦ੍ਰਿੜਤਾ ਪੈਦਾ ਕੀਤੀ। ਉਨ੍ਹਾਂ ਸੰਘਰਸ਼ਮਈ ਜੀਵਨ ਤੋਂ ਭੱਜਣ ਦਾ ਜਤਨ ਨਾ ਕੀਤਾ ਸਗੋਂ ਘਰ-ਬਾਰ ਛੱਡਕੇ ਤੁਰੇ ਫਿਰਦੇ ਸਾਧਾਂ ਨੂੰ ਜੀਵਨ ਤੋਂ ਉਪਰਾਮ ਹੋ ਚੁੱਕੇ ਵਿਅਕਤੀ ਦੱਸਿਆ ਅਤੇ ਆਪ ਖੁਦ ਗ੍ਰਿਹਸਥ ਦਾ ਜੀਵਨ ਬਿਤਾਇਆ। ਆਪਣੇ ਜੀਵਨ ਤਜ਼ਰਬੇ ਨੂੰ ਫਿਲਾਸਫੀ ਵਿਚ ਬਦਲਿਆ ਅਤੇ ਜੀਵੇ ਜਾ ਰਹੇ ਵਿਦਰੋਹ ਨੂੰ ਆਪਣੇ ਲੋਕਾਂ 'ਚ ਰਹਿ ਕੇ ਬਾਣੀ ਰੂਪ ਸ਼ਬਦਾਂ ਵਿਚ ਢਾਲਿਆ ਜਿਸ ਵਿਚ ਉਨ੍ਹਾਂ ਨੇ ਪ੍ਰਭੂ ਪ੍ਰੇਮ ਦੇ ਨਾਲ ਹੀ ਸਮਾਜਿਕ ਅਤੇ ਰਾਜਨੀਤਕ ਵਿਤਕਰਿਆਂ ਦੇ ਖਿਲਾਫ ਲੜਨ ਦਾ ਸੱਦਾ ਦਿੱਤਾ, ਜੋ ਤਕੜੇ ਵਲੋਂ ਮਾੜੇ 'ਤੇ ਕੀਤੇ ਜਾ ਰਹੇ ਜਬਰ, ਅਨਿਆਂ ਦੇ ਖਿਲਾਫ ਵਿਦਰੋਹ ਸੀ ਅਤੇ ਆਪ ਇਸ ਦੀ ਅਗਵਾਈ ਕੀਤੀ।
ਰਵਿਦਾਸ ਜੀ ਦੀ ਬਾਣੀ ਵਿਚ ਨਿਮਰਤਾ ਭਰੇ ਸਮਰਪਣ ਦੀ ਭਾਵਨਾ ਦੇ ਕਾਫੀ ਥਾਵੇਂ ਦਰਸ਼ਨ ਹੁੰਦੇ ਹਨ, ਇਸ ਵਾਸਤੇ ਉਨ੍ਹਾਂ ਦੀ ਬਾਣੀ ਹੀ ਪੇਸ਼ ਕੀਤੀ ਜਾ ਸਕਦੀ ਹੈ :
ਤੁਮ ਚੰਦਨ ਹਮ ਇਰੰਡ ਬਾਪੂਰੇ ਸੰਗ ਤੁਮਾਰੇ ਵਾਸਾ।
ਨੀਚ ਰੂਖ ਤੇ ਉਚ ਭੲੈ ਹੈ ਗੰਧ ਸੁਗੰਧ ਨਿਵਾਸਾ।।
ਮਾਧਉ ਸਤ ਸੰਗਤਿ ਸਰਨਿ ਤੁਮਾਰੀ।।
ਹਮ ਅਉਗਨ ਤੁਮ ਉਪਕਾਰੀ।।
........
ਜਉ ਤੁਮ ਗਿਰਿਵਰ ਤਉ ਹਮ ਮੋਰਾ ।।
ਜਉ ਤੁਮ ਚੰਦ ਤਉ ਭਏ ਹੋ ਚਕੋਰਾ।।
...........
ਜਉ ਤੁਮ ਦੀਵਰਾ ਤਉ ਹਮ ਬਾਤੀ ।।
ਜਉ ਤੁਮ ਤੀਰਥ ਤਉ ਹਮ ਜਾਤੀ ।।
.........
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ।
ਕਨਕ ਕਟਿਕ ਜਲ ਤਰੰਗ ਜੈਸਾ ।
ਗੁਰੂ ਰਵਿਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਪਰ ਉਹ ਸਾਰੀ ਦੀ ਸਾਰੀ ਅਜੇ ਤੱਕ ਵੀ ਇਕੱਠੀ ਨਹੀਂ ਕੀਤੀ ਜਾ ਸਕੀ, ਅਤੇ ਨਾ ਹੀ ਖੋਜੀ ਵਿਦਵਾਨਾਂ ਨੇ ਇਸ ਨੂੰ ਲੱਭਣ ਦੇ ਗੰਭੀਰ ਜਤਨ ਹੀ ਕੀਤੇ । ਹੋਰ ਭਗਤਾਂ ਅਤੇ ਗੁਰੂਆਂ ਦੀ ਬਾਣੀ ਦੇ ਨਾਲ ਹੀ ਗੁਰੂ ਰਵਿਦਾਸ ਜੀ ਦੀ ਬਾਣੀ ਸੋਲ੍ਹਾਂ ਰਾਗਾਂ ਸਿਰੀ ਰਾਗੁ, ਰਾਗੁ ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਜੈਤਸਰੀ, ਰਾਗੁ ਸੂਹੀ, ਬਿਲਾਬਲੁ, ਰਾਗੁ ਗੋਂਡ, ਰਾਮਕਲੀ, ਰਾਗੁ ਮਾਰੂ, ਰਾਗੁ ਕੇਦਾਰਾ, ਭੇਰਉ, ਬਸੰਤੁ, ਮਲਾਰੁ ਵਿਚ 40 ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ।
ਗੁਰੂ ਰਵਿਦਾਸ ਜੀ ਨੇ ਕਿਰਤ ਕਰਨ ਨੂੰ ਬਹੁਤ ਮਹੱਤਵ ਦਿੱਤਾ। ਖੁਦ ਆਪਣੇ ਵਡੇਰਿਆਂ ਵਲੋਂ ਕੀਤੇ ਜਾਂਦੇ ਜੁੱਤੀਆਂ ਗੰਢਣ ਦੇ ਕਿੱਤੇ ਨੂੰ ਅਪਣਾ ਕੇ ਆਪਣਾ ਜੀਵਨ ਨਿਰਬਾਹ ਕਰਨ ਲੱਗੇ। ਉਹ ਕੰਮ ਕਰਨ ਨੂੰ ਮਨ ਦੀ ਸ਼ਾਂਤੀ ਅਤੇ ਸਰੀਰ ਲਈ ਜ਼ਰੂਰੀ ਸਮਝਦੇ ਸਨ। ਕਿਰਤ ਕਰਨੀ ਉਨ੍ਹਾਂ ਲਈ ਮਿਹਣਾ ਨਹੀਂ ਸੀ ਜਿਵੇਂ ਕਿ ਅਜ ਕਲ ਦੇ "ਸੰਤਾਂ" ਲਈ ਹੈ ਕਿ ਧਾਰਮਕ ਸ਼ਰਧਾ ਅਧੀਨ ਲੋਕਾਂ ਵਲੋਂ ਕੀਤੇ ਗਏ ਦਾਨ ਦੇ ਪੈਸਿਆਂ ਨਾਲ ਐਸ਼ ਦਾ ਜੀਵਨ ਗੁਜ਼ਾਰੋ ਤੇ ਆਪ ਡੱਕਾ ਭੰਨ ਕੇ ਦੂਹਰਾ ਨਾ ਕਰੋ। ਲੋਕਾਂ ਦੀ ਦਸਾਂ ਨੌਹਾਂ ਦੀ ਕੀਤੀ ਮਿਹਨਤ ਦੇ ਆਸਰੇ ਪੰਜ ਤਾਰਾ ਸਹੂਲਤਾਂ ਵਾਲੇ ਮਹੱਲਾਂ ਵਰਗੇ ਧਾਰਮਕ ਸਥਾਨ ਉਸਾਰ ਕੇ ਉਹਨੂੰ ਕੁਟੀਆ ਆਖੀ ਜਾਣਾ ਤੇ ਵਧੀਆ ਜੀਵਨ ਜੀਊਣਾ। ਉਂਜ ਵੀ ਅਜੋਕੇ ਸਮੇਂ 'ਚ ਸੰਤ ਸ਼ਬਦ ਦੇ ਅਰਥਾਂ ਨੂੰ ਅਸਲੋਂ ਵਿਗਾੜ ਦਿੱਤਾ ਗਿਆ ਹੈ। ਹੁਣ ਤਾਂ ਦਰ ਦਰ ਟੁੱਕ ਮੰਗਦੇ ਪਖੰਡੀਆਂ ਨੂੰ ਹੀ ਲੋਕ ਸੰਤ ਆਖੀ ਜਾ ਰਹੇ ਹਨ। ਅਸੀਂ ਗੁਰਬਾਣੀ ਰਾਹੀਂ 'ਸੰਤ' ਦੇ ਸਿਰਜੇ ਸੰਕਲਪ ਦੇ ਕਦੇ ਵੀ ਸਹੀ ਅਰਥ ਕਰਕੇ ਦੇਖਣ ਦੇ ਜਤਨ ਨਹੀਂ ਕੀਤੇ।
ਗੁਰੂ ਰਵਿਦਾਸ ਜੀ ਨੇ ਆਰਤੀ ਲਿਖਦਿਆਂ ਕੋਈ ਰਵਾਇਤੀ ਗੱਲ ਨਹੀਂ ਕੀਤੀ ਸਗੋਂ ਇਕ ਨਵਾਂ ਵਿਚਾਰ ਪੇਸ਼ ਕੀਤਾ, ਸੱਚ ਦੀ ਖੋਜ ਦਾ ਨਵਾਂ ਰਾਹ। ਇਹ ਵੀ ਸੰਭਵ ਹੈ ਕਿ ਬਾਅਦ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਆਰਤੀ ਲਿਖਣ ਵੇਲੇ ਉਸ ਸਮੇਂ ਦੇ ਹਾਲਤ ਤੋਂ ਇਲਾਵਾ ਪਹਿਲਾਂ ਹੀ ਗੁਰੂ ਰਵਿਦਾਸ ਵਲੋਂ ਲਿਖੀ ਗਈ ਆਰਤੀ ਤੋਂ ਵੀ ਪ੍ਰਭਾਵਿਤ ਹੋਏ ਹੋਣ। ਕਿਉਂਕਿ 'ਸੋਢੀ ਮਿਹਰਬਾਨ ਵਾਲੀ ਪੋਥੀ' ਸੱਚ ਖੰਡ (ਪੁਰਾਤਨ ਜਨਮ ਸਾਖੀ ਦੇ ਨਾਂ ਹੇਠ ਖਾਲਸਾ ਕਾਲਜ ਅਮ੍ਰਿਤਸਰ ਵਲੋਂ ਛਪੀ ਪੁਸਤਕ) ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਨਾਲ ਨਾਲ ਨਾਮਦੇਵ, ਕਬੀਰ, ਤ੍ਰਿਲੋਚਨ, ਰਵਿਦਾਸ, ਧੰਨਾ ਅਤੇ ਬੇਣੀ ਦੀ ਬਾਣੀ ਵੀ ਗਾਇਆ ਕਰਦੇ ਸਨ। ਅਤੇ ਇਸ ਤਰ੍ਹਾਂ ਹੀ 'ਜਪੁ' ਬਾਰੇ ਵੀ ਆਖਿਆ ਜਾ ਸਕਦਾ ਹੈ। ਇਸ ਸਬੰਧੀ ਡਾ: ਕੁਲਵੰਤ ਕੌਰ ਆਪਣੀ ਪੁਸਤਕ 'ਬਾਣੀ ਭਗਤ ਰਵਿਦਾਸ ਇਕ ਅਧਿਅਨ' ਵਿਚ ਲਿਖਦੇ ਹਨ,-'ਰਵਿਦਾਸ ਬਾਣੀ ਵਿਚਲੇ ਹੁਣ ਤੱਕ ਦੇ ਬ੍ਰਹਮ ਨਿਰੂਪਣ ਤੋਂ ਸਪਸ਼ਟ ਹੈ ਕਿ ਜਿਹੜੇ ਵਿਚਾਰ ਗੁਰੂ ਨਾਨਕ ਦੇਵ ਨੇ 'ਜਪੁ' ਜੀ ਦੇ ਮੂਲ ਮੰਤਰ ਰਾਹੀਂ ਫ਼ਰਮਾਨ ਕੀਤੇ ਹਨ, ਭਗਤ ਰਵਿਦਾਸ ਉਹੋ ਜਹੇ ਵਿਚਾਰ ਉਨ੍ਹਾਂ ਤੋਂ ਵੀ ਪਹਿਲਾਂ ਪ੍ਰਗਟਾ ਚੁੱਕੇ ਸਨ। ਅੰਤਰ ਕੇਵਲ ਏਨਾ ਹੈ ਕਿ ਜਿੱਥੇ ਗੁਰੂ ਨਾਨਕ ਨੇ ਇਹਨਾਂ ਨੂੰ ਸੁਨਿਸ਼ਚਿਤ ਰੂਪ ਵਿਚ ਪੇਸ਼ ਕੀਤਾ ਹੈ ਉੱਥੇ ਰਵਿਦਾਸ ਬਾਣੀ ਵਿਚ ਇਹ ਇਧਰ ਉੱਧਰ ਖਿਲਰੇ ਪਏ ਹਨ ਅਤੇ ਇਹਨਾਂ ਨੂੰ ਸੁਜਤਨ ਇਕੱਠਿਆਂ ਕਰਨਾ ਪੈਂਦਾ ਹੈ'
ਰਵਿਦਾਸ ਬਾਣੀ ਵਿਚ ਮਨੁੱਖੀ ਮੂਲ਼ ਬਾਰੇ ਵਿਖਿਆਨ ਵੀ ਦੇਖਣ ਯੋਗ ਹਨ :-
ਜਲ ਕੀ ਭੀਤਿ ਪਵਨ ਕਾ ਥੰਭਾ
ਰਕਤ ਬੂੰਦ ਕਾ ਗਾਰਾ।
ਹਾਡ ਮਾਸ ਨਾੜੀ ਕੋ ਪਿੰਜਰੁ
ਪੰਖੀ ਬਸੈ ਬਿਚਾਰਾ ।
ਮਨੁੱਖ ਦਾ ਹਾਲ ਕੀ ਹੈ ਕਿਵੇਂ ਉਸਨੂੰ ਵਿਕਾਰਾਂ ਨੇ ਰੋਲਿਆ ਹੋਇਆ ਹੈ :-
ਮਾਟੀ ਕੋ ਪੁਤਰਾ ਕੈਸੇ ਨਚੁਤ ਹੈ
ਦੇਖੈ ਦੇਖੈ ਸੁਨੇ ਬੋਲੈ ਦਉਰਿਓ ਫਿਰਤੁ ਹੈ ।ਰਹਾਉ।
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ।
ਮਾਇਆ ਗਈ ਤਬ ਰੋਵਨੁ ਲਗਤੁ ਹੈ।
ਗੁਰੂ ਰਵਿਦਾਸ ਜੀ ਦੇ ਸਮੇਂ (ਅਤੇ ਬਾਅਦ ਵਿਚ ਵੀ) ਸ਼ੈਤਾਨ ਕਿਸਮ ਦੇ ਬ੍ਰਾਹਮਣਾਂ ਵਲੋਂ ਬੜੀਆਂ ਹੀ ਗਲਤ ਲਿਖਤਾਂ ਛਾਪੀਆਂ ਗਈਆਂ ਹੋਣਗੀਆਂ, ਕਿਉਂਕਿ ਬ੍ਰਾਹਮਣਵਾਦ ਧੋਖੇ ਭਰਿਆ ਹਨੇਰਾ ਅਤੇ ਝੂਠ ਦੀ ਧੁੰਦ ਸੀ। ਜਿਸ ਧੁੰਦ ਵਿਚੋਂ ਸੱਚ ਦਾ ਚਾਨਣ ਹੱਥ ਵਿਚ ਫੜ ਕੇ ਰਵਿਦਾਸ ਜੀ ਨੇ ਪਾਰ ਲੰਘਣ ਦਾ ਜਤਨ ਆਰੰਭਿਆ। ਹੁਣ ਤੱਕ ਵੀ ਰਵਿਦਾਸ ਜੀ ਦੇ ਜਨਮ ਤਾਰੀਖ, ਸਵਰਗ ਸਿਧਾਰਨ ਦਾ ਸਥਾਨ ਆਦਿ ਗੱਲਾਂ ਬਾਰੇ ਘਚੌਲੇ ਪਏ ਹੋਏ ਹਨ, ਮਰਨ ਸਥਾਨ ਬਾਰੇ ਵੀ ਅਜਿਹੇ ਵਿਚਾਰ ਸੁਣਨ ਨੂੰ ਮਿਲਦੇ ਹਨ- ਜੋ ਸ਼ਰਾਰਤ ਤੋਂ ਵੱਧ ਕੁੱਝ ਨਹੀਂ। ਰਵਿਦਾਸ ਜੀ ਸਬੰਧੀ ਗੁਰੂ ਜਾਂ ਭਗਤ ਹੋਣ ਦੀ ਚਰਚਾ ਸਦਾ ਹੀ ਚਲੀ ਰਹੀ ਹੈ। ਪਰ ਵਿਦਵਾਨਾਂ ਨੇ ਸਿਰ ਜੋੜ ਬੈਠ ਕੇ ਗਲਤ ਨਿਰਣਿਆਂ ਨੂੰ ਰੱਦ ਕਰਨ ਅਤੇ ਠੀਕ ਨੂੰ ਪ੍ਰਚਾਰਨ ਦੇ ਜਤਨ ਨਹੀਂ ਕੀਤੇ ਜੋ ਬੜੀ ਦੇਰ ਪਹਿਲਾਂ ਹੀ ਗੰਭੀਰਤਾ ਨਾਲ ਹੋਣੇ ਚਾਹੀਦੇ ਸਨ।
ਹੋਰ ਮਹਾਂਪੁਰਸ਼ਾਂ ਵਾਂਗ ਹੀ ਰਵਿਦਾਸ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਬੇਹੂਦਾ, ਮਨਘੜਤ ਅਤੇ ਭੁਲੇਖਾਪਾਊ ਸਾਖੀਆਂ ਜੋੜ ਦਿੱਤੀਆਂ ਹੋਈਆਂ ਹਨ। ਜਿਨ੍ਹਾਂ ਵਿਚੋਂ ਬਹੁਤੀਆਂ ਤਰਕਹੀਣ ਪਰ ਅੰਧਵਿਸ਼ਵਾਸ ਉੱਤੇ ਹੀ ਅਧਾਰਤ ਹਨ ਜਿਨ੍ਹਾਂ ਦਾ ਦਲੀਲ ਜਾਂ ਸੱਚ ਨਾਲ ਕੋਈ ਵਾਸਤਾ ਨਹੀਂ। ਗੁਰੂ ਰਵਿਦਾਸ ਜੋ ਉਮਰ ਭਰ ਜਗਤ ਨੂੰ ਸੁੱਚੀ ਸੋਚ ਨਾਲ ਰੁਸ਼ਨਾਉਣ ਦਾ ਚਾਨਣ ਵੰਡਦੇ ਰਹੇ ਉਨ੍ਹਾ ਦੇ ਜੀਵਨ ਨਾਲ ਅੰਧ ਵਿਸ਼ਵਾਸ ਨੂੰ ਤਕੜਿਆਂ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਜੋੜਨਾ ਉਸ ਸਮੇਂ ਦੇ ਬ੍ਰਾਹਮਣਵਾਦੀਆਂ ਦੀ ਸ਼ਰਾਰਤ ਸੀ ਜੋ ਅਜੇ ਤੱਕ ਵੀ ਕਾਇਮ ਹੈ, ਜਿਸ ਦੇ ਸਿੱਟੇ ਵਜੋਂ ਕਈ ਭੁਲੇਖੇ ਕਾਇਮ ਹੋਏ ਵੱਡੀ ਲੋੜ ਉਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਦੀ ਹੈ, ਉਨ੍ਹਾਂ ਨੂੰ ਨਕਾਰਨ ਦੀ ਹੈ। ਅਜੇ ਤੱਕ ਸਾਡੇ ਵਿਦਵਾਨ ਇਸ ਵਿਚ ਕਾਮਯਾਬ ਨਹੀਂ ਹੋਏ।
ਗੁਰੂ ਰਵਿਦਾਸ ਜੀ ਦੇ ਵਿਚਾਰਾਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਈ ਰਾਜੇ, ਰਾਣੀਆਂ ਅਤੇ ਸਮਾਜ ਵਿਚਲੇ ਉੱਚ ਵਰਗਾਂ ਦੇ ਕਾਫੀ ਲੋਕ ਉਨ੍ਹਾਂ ਦੀ ਅਗਵਾਈ ਕਬੂਲ ਕਰਦਿਆਂ ਉਨ੍ਹਾਂ ਦਾ ਮਾਣ ਸਨਮਾਨ ਵੀ ਕਰਨ ਲੱਗੇ। ਇਹ ਕਦਮ ਉਸ ਸਮੇਂ ਬਹੁਤ ਹੀ ਦਲੇਰੀ ਭਰਿਆ ਸੀ। ਇਸੇ ਨੂੰ ਦੇਖਦਿਆਂ ਗੁਰੂ ਸਾਹਿਬ ਨੇ ਲਿਖਿਆ :
ਐਸੀ ਲਾਲ ਤੁਝ ਬਿਨੁ ਕਉਨੁ ਕਰੇ
ਗਰੀਬ ਨਿਵਾਜੁ ਗੁਸਈਆ ਮੇਰੇ ਮਾਥੇ ਛਤ੍ਰ ਧਰੇ।
ਜਿਹੜੇ ਲੋਕ ਰਵਿਦਾਸ ਜੀ ਦੀ ਬਾਣੀ ਤੋਂ ਵਾਕਿਫ ਹਨ ਉਨ੍ਹਾਂ ਨੂੰ ਪਤਾ ਹੈ ਕਿ ਰਵਿਦਾਸ ਜੀ ਨੇ ਆਪਣੇ ਹਰ ਵਿਚਾਰ ਨੂੰ ਦਲੀਲ ਸਹਿਤ ਪੇਸ਼ ਕੀਤਾ ਹੈ, ਫੇਰ ਇਹ ਝੂਠੀਆਂ ਸਾਖੀਆਂ ਕਿਵੇਂ ਉੱਗ ਪਈਆਂ? ਕਿਉਂਕਿ ਉਸ ਸਮੇਂ ਇਤਿਹਾਸ ਅਤੇ ਸਾਹਿਤ ਦੀ 'ਸਿਰਜਣਾ' (ਜਾਂ ਭੰਨਤੋੜ) ਕਰਨੀ ਬ੍ਰਾਹਮਣਾਂ ਦੇ ਹੱਥ-ਵਸ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਸੂਤ ਬੈਠਦੀਆਂ 'ਨੇਰ੍ਹ-ਗੁਬਾਰ ਗੱਲਾਂ ਪ੍ਰਚਲਤ ਕਰ ਦਿੱਤੀਆਂ। ਮਿਸਾਲ ਵਜੋਂ ਇਕ ਹੀ ਗੱਲ ਕਰਨੀ ਇੱਥੇ ਕਾਫੀ ਹੈ, ਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਕਿਸੇ ਨੂੰ ਆਪਣਾ ਚੇਲਾ ਬਨਾਉਣ ਵੇਲੇ ਜਾਂ ਆਏ ਮਹਿਮਾਨਾਂ ਦੀ ਸੇਵਾ ਕਰਨ ਲਈ ਜੁੱਤੀਆਂ ਗੰਢਣ ਸਮੇਂ ਵਰਤੇ ਜਾਣ ਵਾਲੇ ਕੂੰਡੇ ਦਾ ਗੰਦਾ ਪਾਣੀ ਹੀ ਪੇਸ਼ ਕਰਦੇ ਸਨ ਜੋ ਉਨ੍ਹਾਂ ਦੇ ਭਗਤ ਅਤੇ ਮਹਿਮਾਨ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਦਲੀਲ ਨਾਲ ਪਰਖੀਏ ਤਾਂ ਇਹ ਗੱਲ ਸੱਚ ਨਹੀਂ, ਕਿਸੇ ਅਰਧ ਪਾਗਲ ( ਜਾਂ ਮਹਾਂ ਸ਼ਰਾਰਤੀ) ਦਾ ਆਪੇ ਘੜਿਆ ਝੂਠ ਹੈ। ਕਿਸੇ ਸਾਧਾਰਨ ਵਿਅਕਤੀ ਬਾਰੇ ਵੀ ਸੋਚੀਏ ਕਿ ਜਿਸ ਦੇ ਘਰ ਕੋਈ ਮਹਿਮਾਨ ਆਵੇ ਤਾਂ ਆਪਣੇ ਵਿਤ ਅਨੁਸਾਰ ਸੇਵਾ ਕਰਨ ਦਾ ਖਾਹਸ਼ਮੰਦ ਹੁੰਦਾ ਹੈ। ਕਿਸੇ ਨੂੰ ਪਾਣੀ ਪੇਸ਼ ਕਰਨ ਲੱਗਿਆਂ ਗਲਾਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਜਲ ਪੇਸ਼ ਕੀਤਾ ਜਾਂਦਾ ਹੈ। ਜੇ ਸਾਧਾਰਨ ਜਹੀ ਬੁੱਧੀ ਵਾਲੇ ਲੋਕ ਵੀ ਇੰਜ ਕਰਦੇ ਹਨ ਤਾਂ ਰਵਿਦਾਸ ਜੀ ਵਰਗੇ ਮਹਾਂਪੁਰਸ਼ ਤੋਂ ਮਹਿਮਾਨਾਂ ਜਾਂ ਆਪਣੇ ਭਗਤਾਂ ਦੀ ਜੁੱਤੀਆਂ ਭਿਉਣ ਵਾਲੇ ਕੂੰਡੇ ਦੇ ਗੰਦੇ ਪਾਣੀ ਨਾਲ ਕੀਤੀ ਜਾਂਦੀ ਸੇਵਾ ਵਾਲੀ "ਸਾਖੀ" ਨੂੰ ਕਿਵੇਂ ਕਬੂਲ ਕੀਤਾ ਜਾ ਸਕਦਾ ਹੈ? ਬ੍ਰਾਮਣਵਾਦੀਆਂ ਵਲੋਂ ਬੇ ਹਯਾਈ ਦੀਆਂ ਹੱਦਾ ਪਾਰ ਕਰਦਿਆਂ ਕਦੇ ਗੁਰੂ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਸਰਾਪਿਆ ਹੋਇਆ ਬ੍ਰਾਹਮਣ ਹੋਣ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਪਿਛਲੇ ਜਨਮ ਦੇ ਨਾਂ 'ਤੇ ਝੂਠ ਦਾ ਗੁਤਾਵਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਝੂਠੀਆਂ ਤੇ ਬੇ-ਸਿਰ ਪੈਰ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ। ਕਈ 'ਪ੍ਰਚਾਰਕ' ਵੀ ਮਾਇਆ ਦੇ ਲੋਭ 'ਚ ਅਜਿਹਾ ਕਮਲ਼ ਕੁੱਟਦੇ ਸੁਣੇ ਜਾ ਸਕਦੇ ਹਨ।
ਸਮਾਜ ਅੰਦਰ ਚੌਧਰ ਦੇ ਬੋਲਬਾਲੇ ਨੇ ਆਮ ਸਮਾਜਕ ਲਹਿਰਾਂ ਦਾ ਵਿਰਸਾ ਸਾਂਭਣ ਦੀ ਥਾਂ ਜਾਂ ਤਾਂ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂ ਫੇਰ ਆਪਣੇ ਸੌੜੇ ਮਨੋਰਥਾਂ ਖਾਤਰ ਵਰਤਣ ਦਾ ਹੀ ਜਤਨ ਕੀਤਾ। ਇਨ੍ਹਾਂ ਮਤਲਬ ਪ੍ਰਸਤ 'ਚੌਧਰੀਆਂ' ਨੇ ਲੋਕਾਂ ਨੂੰ ਜੋੜਨ ਵਾਲੀਆਂ ਲਹਿਰਾਂ ਦੇ ਵਿਰਸੇ ਨੂੰ ਵਰਤਦਿਆ ਇਨ੍ਹਾਂ ਦੀ ਗਲਤ ਵਿਆਖਿਆ ਕਰਕੇ ਲੋਕਾਂ ਅੰਦਰ ਵਿੱਥਾਂ ਪਾਈਆਂ। ਗੁਰੂਆਂ, ਪੀਰਾਂ ਤੇ ਭਗਤਾਂ ਵਲੋਂ ਦਿੱਤਾ ਮਨੁੱਖਵਾਦ ਦਾ ਫਲਸਫਾ ਅਸੀਂ ਰੁਮਾਲਿਆਂ ਥੱਲੇ ਹੀ ਢਕ ਦਿੱਤਾ। ਉਨ੍ਹਾਂ ਦਾ ਸਾਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦਾ ਵਿਚਾਰ ਅਸੀਂ ਹਿੱਸਿਆਂ ਵਿਚ ਵੰਡ ਛੱਡਿਆ। ਵੰਡ ਕੇ ਕੀਤੀਆਂ ਫਾੜੀਆਂ ਨੂੰ ਸਮੁੱਚਤਾ ਦਾ ਨਾਂ ਦੇ ਕੇ ਦਿਲ ਨੂੰ ਰਾਜ਼ੀ ਕਰਨ ਲੱਗੇ। ਸਾਡੀਆਂ ਆਪਣੇ ਤੱਕ ਸੀਮਤ ਲਾਲਸਾਵਾਂ ਨੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਪਰਖਣ, ਸਮਝਣ-ਸਮਝਾਉਣ, ਨਾਪਣ-ਤੋਲਣ ਦੀ ਥਾਵੇਂ ਉਨ੍ਹਾਂ ਤੇ ਕਬਜਾ ਕੀਤਾ। ਇਸੇ ਕਬਜਾਵਾਦੀ ਰੁਚੀ ਤੋਂ ਦੁਖੀ ਹੋ ਕੇ ਡਾ: ਧਰਮ ਪਾਲ ਸਿੰਗਲ ਨੇ ਆਪਣੀ ਪੁਸਤਕ 'ਸੰਤ ਸ਼ਿਰੋਮਣੀ ਰਵਿਦਾਸ' ਵਿਚ ਲਿਖਿਆ ਹੈ ਕਿ "ਬਾਲਮੀਕ ਮਹਾਨ ਕਵੀ ਤੇ ਰਿਸ਼ੀ ਹੋਏ ਹਨ ਪਰ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਕੰਮ ਸਿਰਫ ਸਫਾਈ ਮਜ਼ਦੂਰ ਹੀ ਕਰਦੇ ਹਨ। ਕਬੀਰ ਰੱਬ ਰੂਪ ਹੋ ਚੁੱਕੇ ਮਹਾਨ ਚਿੰਤਕ, ਦਾਰਸ਼ਨਿਕ ਤੇ ਸੰਤ ਕਵੀ ਹੋਏ ਹਨ ਪਰ ਉਹ ਸਿਰਫ ਜੁਲਾਹਿਆਂ ਦੇ ਜਾਂ ਕਬੀਰ ਪੰਥੀਆਂ ਦੇ, ਨਾਮਦੇਵ ਛੀਂਬਿਆਂ ਦੇ, ਗੁਰੂ ਨਾਕ ਦੇਵ ਸਿੱਖਾਂ ਦੇ ਸੈਨ ਕੇਵਲ ਨਾਈਆਂ ਦੇ ਅਤੇ ਗੁਰੂ ਰਵਿਦਾਸ ਕੇਵਲ ਚਮਾਰਾਂ ਦੇ ਗੁਰੂ ਤੇ ਮਹਾਂਪੁਰਸ਼ ਬਣ ਕੇ ਰਹਿ ਗਏ ਹਨ।" ਇਨ੍ਹਾਂ ਗੱਲਾਂ ਵਲ ਧਿਆਨ ਦੇਣ ਦੀ ਸਖਤ ਲੋੜ ਹੈ, ਇਹ ਵੰਡੀਆਂ ਹੀ ਹਨ ਜੋ ਨਫਰਤ ਨੂੰ ਜਨਮ ਦਿੰਦੀਆਂ ਹਨ। ਇਹ ਨਫਰਤ ਹੀ ਮਨੁੱਖਾਂ ਵਿਚ ਵਿੱਥਾਂ ਪੈਦਾ ਕਰ ਦਿੰਦੀ ਹੈ। ਅਸੀਂ ਚੱਲੀਆਂ ਸਾਂਝੀਆਂ ਸਮਾਜਕ ਲਹਿਰਾਂ ਦੇ ਵਾਰਸ ਨਾ ਬਣ ਸਕੇ। ਹੋਰ ਤਾਂ ਹੋਰ ਅਸੀਂ ਤਾਂ ਭਗਤੀ ਲਹਿਰ ਦਾ ਵਿਰਸਾ ਵੀ ਨਾ ਸੰਭਾਲ ਸਕੇ। ਸਮਾਜ ਵਿਚ ਸਮੇਂ ਸਮੇਂ ਵਾਪਰਦੇ ਫਿਰਕੂ ਦੁਖਾਂਤ (ਫਸਾਦ) ਇਨ੍ਹਾਂ ਸਾਂਝੀਆਂ ਲਹਿਰਾਂ ਦੇ ਵਾਰਸ ਬਣਨ ਵਲ ਵਰਤੀ ਗਈ ਅਣਗਹਿਲੀ ਦਾ ਵੀ ਸਿੱਟਾ ਕਹੇ ਜਾ ਸਕਦੇ ਹਨ।
ਗੁਰੂ ਰਵਿਦਾਸ ਦੀ ਬਾਣੀ ਵਿਚ ਸਿਰਜੇ 'ਬੇਗਮਪੁਰੇ' ਦੇ ਸੰਲਕਪ ਦਾ ਰਾਜਨੀਤਕ ਮਹੱਤਵ ਸਮਝਣਾ ਅੱਜ ਦੀ ਬੜੀ ਵੱਡੀ ਲੋੜ ਹੈ। ਉਹ ਤੰਗਦਸਤੀਆਂ ਵਾਲੇ ਭੈੜੇ ਰਾਜ ਤੋਂ ਪਰ੍ਹਾਂ ਦੀ ਗੱਲ ਕਰਦੇ ਹਨ, ਜਿੱਥੇ ਭੈਅ, ਦੁੱਖ ਤੇ ਚਿੰਤਾ ਦਾ ਨਿਸ਼ਾਨ ਤੱਕ ਨਾ ਹੋਵੇ। ਲੋਕ ਇਕ ਦੂਜੇ ਨੂੰ ਪਿਆਰ ਕਰਨ। ਸਭ ਰਲ ਮਿਲ ਕੇ, ਇਕ ਦੂਜੇ ਦਾ ਹੋ ਕੇ ਹਰ ਕਿਸੇ ਦਾ ਦੁੱਖ ਸੁਖ ਵੰਡਾਉਣ। ਇਸ ਗੱਲ ਨੂੰ ਵਰਤਮਾਨ 'ਚ ਰੱਖ ਕੇ ਸੋਚਣਾ ਤੇ ਸਮਝਣਾ ਕੋਈ ਔਖੀ ਗੱਲ ਨਹੀਂ। ਅਸੀਂ ਨਿੱਤ ਦੁੱਖੜੇ ਜਰ ਰਹੇ ਹਾਂ। ਇਹ ਕਿਸੇ ਸਮਾਜੀ, ਰਾਜਸੀ ਤੇ ਆਰਥਕ ਪ੍ਰਬੰਧ ਦੀ ਹੀ ਦੇਣ ਹੈ ਜੋ ਸਾਨੂੰ ਸਭ ਨੂੰ ਮੁਸੀਬਤਾਂ ਭਰੀ ਜ਼ਿੰਦਗੀ ਦੇ ਗਧੀ-ਗੇੜ 'ਚ ਪਾਈ ਫਿਰਦਾ ਹੈ। ਨਿੱਤ ਹੰਢਾਈਆਂ ਜਾ ਰਹੀਆਂ ਇਨ੍ਹਾਂ ਮੁਸੀਬਤਾਂ ਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭਣਾਂ ਫੇਰ ਇਨ੍ਹਾਂ ਤੋਂ ਛੁਟਕਾਰਾ ਪਾਉਣ ਬਾਰੇ ਸੋਚਣਾ ਅਤੇ ਮਨੁੱਖਵਾਦੀ, ਦੁੱਖਾਂ-ਫਿਕਰਾਂ ਤੇ ਮੁਸੀਬਤਾਂ ਰਹਿਤ ਮੁਹੱਬਤ ਭਰੇ 'ਬੇਗਮਪੁਰੇ' ਦੀ ਸਿਰਜਣਾ ਸਾਡਾ ਮਨੋਰਥ ਹੋਣਾ ਚਾਹੀਦਾ ਹੈ।
ਬੇਗਮਪੁਰਾ ਸਹਰ ਕਾ ਨਾਉ।।
ਦੁੱਖ ਅੰਦੋਹੁ ਨਹੀਂ ਤਿਹਿ ਠਾਉ।।
ਨਾ ਤਸਵੀਸ ਖਿਰਾਜੁ ਨਾ ਮਾਲੁ।।
ਖਉਫੁ ਨ ਖਤਾ ਨ ਤਰਸੁ ਜੁਵਾਲੁ।।
ਅਬ ਮੋਹਿ ਖੂਬ ਵਤਨ ਗਹ ਪਾਈ।।
ਉਹਾਂ ਖੈਰਿ ਸਦਾ ਮੇਰੇ ਭਾਈ।।
ਕਾਇਮੁ ਦਾਇਮੁ ਸਦਾ ਪਾਤਿਸਾਹੀ।।
ਦੋਮ ਨ ਸੇਮ ਏਕ ਸੋ ਆਹੀ।।
ਆਬਾਦਾਨ ਸਦਾ ਮਸਹੂਰ।।
ਊਹਾਂ ਗਨੀ ਬਸਹਿ ਮਾਮੂਰ।।
ਤਿਉਂ ਤਿਉ ਸੈਲ ਕਰਹਿ ਜਿਉ ਭਾਵੈ।।
ਮਰਹਮ ਮਹਲ ਨ ਕੋ ਅਟਕਾਵੇ।।
ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਿਰੀ ਸੋ ਮੀਤੁ ਹਮਾਰਾ।।
ਅੱਜ ਦਾ ਇਨਸਾਨ ਵਿਖਾਵੇ ਦਾ ਬਹੁਤ ਆਦੀ ਹੋ ਗਿਆ ਹੈ, ਭਾਵ ਵਿਖਾਵਾ ਸਾਡਾ ਅੱਜ ਦਾ ਨਵਾਂ ਫੈਸ਼ਨ ਬਣ ਗਿਆ ਹੈ। ਭਗਤੀ ਤੇ ਧਾਰਮਕ ਸਮਾਗਮ ਵੀ ਵਿਖਾਵੇ ਦੀ ਭੇਟ ਹੋ ਜਾਂਦੇ ਹਨ। ਆਪੋ ਆਪਣੇ ਥਾਂ ਸਿਰਫ ਟੱਲੀਆਂ, ਘੜਿਆਲਾਂ ਤੇ ਛੈਣੇ ਬਜਾ ਕੇ, ਉੱਚੀ ਉੱਚੀ ਕੀਰਤਨ, ਜਗਰਾਤੇ ਕਰਕੇ ਕੁੱਝ ਨਹੀਂ ਬਣਨਾ ਸਰਨਾ, ਗੱਲ ਤਾਂ ਅਮਲ ਦੀ ਹੈ। ਮਨੋਰਥ ਰਹਿਤ ਫੋਕੀ ਭਗਤੀ ਦੀ ਥਾਂ ਮਨੁੱਖਤਾ ਦੀ ਦੁੱਖਾਂ, ਕਸ਼ਟਾਂ ਤੋਂ ਮੁਕਤੀ ਦਾ ਪ੍ਰਗਟਾਵਾ ਹੋਣਾ ਅਤੇ ਇਸ ਵਾਸਤੇ ਜਰੂਰੀ ਹੈ। ਇਹ ਸਭ ਕੁੱਝ ਮਨੁੱਖਤਾ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਹੋਣਾ ਚਾਹੀਦਾ ਹੈ।
ਲੋਕ ਹਰ ਸਾਲ ਹੀ ਕਿਸੇ ਮਹਾਂਪੁਰਸ਼ ਦੀ ਯਾਦ ਵਿਚ ਸਿਰਫ ਇਕ ਦਿਨ ਇਕੱਠੇ ਹੁੰਦੇ ਹਨ, ਜਨਮ ਪੁਰਬ ਮਨਾਉਣ ਦਾ ਜਤਨ ਕਰਦੇ ਹਨ। ਆਮ ਕਰਕੇ ਆਪੋ ਆਪਣੀ ਗੱਲ ਦਾ ਰੌਲਾ ਪਾ ਕੇ ਘਰੋ-ਘਰੀ ਤੁਰ ਜਾਂਦੇ ਹਨ। ਕਿਸੇ ਮਹਾਂਪਰਸ਼ ਦੀ ਯਾਦ ਸਿਰਫ ਇਕ ਦਿਨ? ਕੀ ਇਹ ਕਾਫੀ ਹੈ? ਨਹੀਂ, ਇਹ ਕੁੱਝ ਕਾਫੀ ਨਹੀਂ। ਇਹ ਕੁੱਝ ਵਿਖਾਵਾ ਹੈ ਜਿਸ ਦੇ ਗੁਰੂ ਰਵਿਦਾਸ ਜੀ ਵਿਰੋਧੀ ਸਨ।
ਗੁਰੂ ਰਵਿਦਾਸ ਜੀ ਨੂੰ ਸਹੀ ਤੌਰ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਨ੍ਹਾਂ ਵਲੋਂ ਸਿਰਜੇ ਬੇਗਮਪੁਰੇ (ਗਮਾਂ, ਦੁੱਖਾਂ ਤੋਂ ਰਹਿਤ) ਦੇ ਸੰਕਲਪ ਜਿਸਨੂੰ ਅੱਜ ਦੀ ਸੋਚ ਵਾਲੀ ਭਾਸ਼ਾ ਵਿਚ ਸਮਾਜਵਾਦੀ ਪ੍ਰਬੰਧ ਕਿਹਾ ਜਾਂਦਾ ਹੈ ਨੂੰ ਆਪਣੀ ਸੋਚ ਨਾਲ ਬੰਨ੍ਹ ਕੇ, ਨਿੱਤ ਦਿਹਾੜੀ ਆਪਣੇ ਮੱਥੇ 'ਚ ਰੱਖ ਕੇ, ਇਹਦੇ 'ਤੇ ਅਮਲ ਕਰਨਾ। ਬਦੀ ਦਾ ਰਾਜ, ਕੋਹਝ ਦੀਆਂ ਸ਼ਕਤੀਆਂ, ਭਰਮਾਂ ਤੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਤਾਕਤਾਂ ਦੇ ਖਾਤਮੇ ਵਲ ਵਧਣਾ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਅਤੇ ਚੰਗੀ ਸੇਵਾ ਹੈ। ਇਹ ਹੀ ਗੁਰੂ ਰਵਿਦਾਸ ਜੀ ਨੂੰ ਯਾਦ ਕਰਨਾ ਤੇ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਅਸੀਂ ਨਿੱਤ ਚੇਤੇ ਕਰੀਏ ਤੇ ਸੰਸਾਰ ਅੰਦਰ ਗੁਰੂ ਰਵਿਦਾਸ ਜੀ ਦਾ ਦਿੱਤਾ ਸੁਨੇਹਾ ਪਹੁੰਚਾਈਏ। ਉਨ੍ਹਾਂ ਦਾ ਸੁਨੇਹਾ ਕਿ :-
ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ
ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।
30 Jan. 2018
ਨੌਜਵਾਨ ਇੰਜਨੀਅਰ, ਸਮਾਜਕ ਅਤੇ ਰਾਜਨੀਤਕ ਕਾਰਕੁਨ ਸੌਰਭ ਰਾਏ ਦਾ ਪ੍ਰਧਾਨਮੰਤਰੀ ਨੂੰ ਖ਼ਤ
"ਹਰਿਆਣਾ ਦੀ ਨਿਰਭੈਆ ਅਤੇ ਹਰਿਆਣਾ ਦੀ ਅਸੰਵੇਦਨਸ਼ੀਲ ਸਰਕਾਰ''
- ਸੌਰਭ ਰਾਏ
ਅਨੁਵਾਦ - ਕੇਹਰ ਸ਼ਰੀਫ਼
ਸ਼੍ਰੀਮਾਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਜੀ,
ਹਰਿਆਣਾ ਸੂਬੇ ਵਿਚ ਤੁਹਾਡੀ ਪਾਰਟੀ (ਭਝਫ) ਦੀ ਸਰਕਾਰ ਹੈ। ਕੀ ਸਿਰਫ 5 ਦਿਨਾਂ ਦੇ ਅੰਦਰ 7-7 ਦਰਿੰਦਗੀ ਭਰੇ ਬਲਾਤਕਾਰਾਂ ਨਾਲ ਤੁਹਾਡਾ ਕਲੇਜਾ ਨਹੀਂ ਫਟਿਆ? (ਇਹ ਤਾਂ ਉਹ ਅੰਕੜੇ ਹਨ ਜੋ ਬਾਹਰ ਆਏ ਹਨ ਜਿਨ੍ਹਾਂ ਦੀ ਾਂੀ੍ਰ ਦਰਜ਼ ਹੋਈ ਹੈ, ਹੋਰ ਪਤਾ ਨਹੀਂ ਕਿੰਨੀਆਂ ਘਟਨਾਵਾਂ ਦੀ ਪੁਲੀਸ ਪ੍ਰਸ਼ਾਸਨ ਰੀਪੋਰਟ ਵੀ ਦਰਜ਼ ਨਹੀਂ ਕਰਦਾ)।
ਉਂਜ ਬਲਾਤਕਾਰ ਦਾ ਕੋਈ ਪੈਮਾਨਾ ਤਾਂ ਨਹੀਂ ਹੁੰਦਾ ਪਰ ਇਕ 15 ਸਾਲਾਂ ਦੀ ਬੱਚੀ ਗੁਰੂਗ੍ਰਾਮ ਅੰਦਰ ਨਿਰਭੈਆ ਵਰਗੀ ਦਯਾਹੀਣ ਅਤੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਵੇਂ ਕਿ ਦਿੱਲੀ ਅੰਦਰ 2012 ਤੋਂ ਬਾਅਦ ਨਿਰਭੈਆ ਨਾਮ ਕਿਸੇ ਖਾਸ ਸੰਦਰਭ ਵਿਚ ਦੇਖਿਆ ਜਾਣ ਲੱਗਾ ਅਤੇ ਬਹੁਤ ਹੀ ਆਮ ਜਿਹਾ ਹੋ ਗਿਆ।
ਤੁਸੀਂ ਹਰ ਛੋਟੇ ਵੱਡੇ ਮੁੱਦੇ 'ਤੇ ਟਵੀਟ ਕਰਦੇ ਹੋ, ਮਨ ਕੀ ਬਾਤ ਕਰਦੇ ਹੋ ਅਤੇ ਫੇਸਬੁੱਕ 'ਤੇ ਲਾਈਵ ਵੀ ਹੁੰਦੇ ਹੋ। ਇੱਥੋਂ ਤੱਕ ਕਿ ਅਸੀਂ ਤੁਹਾਨੂੰ 2012 ਵਿਚ ਦਿੱਲੀ ਵਿਖੇ ਨਿਰਭੈਆ ਕਾਂਡ ਦੇ ਬਹਾਨੇ ਰਾਜਨੀਤੀ ਕਰਦਿਆਂ ਵੀ ਦੇਖਿਆ ਹੈ ਅਤੇ ਉਸ ਵੇਲੇ ਦੀ ਸਰਕਾਰ ਨੂੰ ਵੋਟ ਨਾ ਦੇਣ ਦੀ ਅਪੀਲ ਕਰਦਿਆਂ ਵੀ ਦੇਖਿਆ। ਅਤੇ ਘੱਟ-ਵੱਧ ਲੋਕਾਂ ਨੇ ਇਸ 'ਤੇ ਅਮਲ ਵੀ ਇਸ ਵਾਸਤੇ ਕੀਤਾ ਸੀ ਕਿ ਕੀ ਪਤਾ ਕੋਈ ਚੰਗਾ ਸ਼ਾਸਨ ਦੇਣ ਵਾਲਾ ਬਾਬੂ ਸਰਕਾਰ 'ਚ ਆਵੇ ਅਤੇ ਸਭ ਕੁੱਝ ਅਚਾਨਕ ਠੀਕ ਹੋ ਜਾਵੇ।
ਪਰ ਇੱਥੇ ਤਾਂ ਅਸਲੋਂ ਉਲਟਾ ਹੀ ਹੋ ਗਿਆ, ਚੰਗਾ ਸ਼ਾਸਨ ਤਾਂ ਦੂਰ ਦੀ ਗੱਲ, ਸਰਕਾਰ ਅਤੇ ਮੀਡੀਆ ਬਲਾਤਕਾਰ ਬਾਰੇ ਦੱਸਣਾ ਵੀ ਕਰਨਾ ਪਸੰਦ ਨਹੀਂ ਕਰਦੇ। ਮਨੋਹਰ ਲਾਲ ਖੱਟਰ ਜੋ ਕਿ ਸੂਬੇ ਦੇ ਮੁਖੀ ਹਨ ਉਨ੍ਹਾਂ ਦਾ ਬਿਆਨ 5ਵੇਂ ਬਲਾਤਕਾਰ ਜੋ ਕਿ ਹਰਿਆਣਾ ਦੇ ਫਤਿਹਾਬਾਦ ਵਿਚ ਹੋਇਆ ਉਸ ਤੋਂ ਬਾਅਦ ਆਇਆ ਹੈ! ਅਤੇ ਜੋ ਆਇਆ ਉਹ ਵੀ ਊਲ-ਜਲੂਲ, ਜਿਹੜਾ ਕਿ ਮਰੱਹਮ ਦੀ ਥਾਂ ਦੁਖਿਆਰੀ ਦੇ ਪਰਵਾਰ ਵਾਸਤੇ ਜਖ਼ਮ ਨੂੰ ਡੂੰਘਾ ਕਰਨ ਦਾ ਕੰਮ ਕਰਦਾ ਹੈ।
ਤੁਹਾਨੂੰ ਇਸ ਸਮੇਂ ਆ ਕੇ ਬਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਵਾਸਤੇ ਹੁਕਮ ਦੇਣਾ ਚਾਹੀਦਾ ਹੈ ਅਤੇ ਪਰਵਾਰ ਦਾ ਦੁੱਖ ਵੰਡਾਉਣਾ ਚਾਹੀਦਾ ਹੈ ਜਿਸ ਨਾਲ ਦੁਖੀ ਧਿਆਣੀ ਅਤੇ ਉਸਦੇ ਪਰਵਾਰ ਨੂੰ ਘੱਟੋ ਘੱਟ ਇਨਸਾਫ ਮਿਲਣ ਦੀ ਉਮੀਦ ਤਾਂ ਜਾਗੇ। ਪਰ ਮੈਂ ਹੈਰਾਨ ਤੇ ਪ੍ਰੇਸ਼ਾਨ ਹਾਂ ਕਿ ਤੁਸੀਂ ਚੁੱਪ ਕਿਉਂ ਧਾਰੀ ਹੋਈ ਹੈ?
ਅਖਬਾਰਾਂ ਦੇ ਪੰਨਿਆਂ 'ਤੇ ਤਾਂ ਸਮਝੋ ਜਿਵੇਂ ਜੰਗ ਸ਼ੁਰੂ ਹੋ ਗਈ ਹੈ, ਹੁਣ ਅਜਿਹੀਆਂ ਖ਼ਬਰਾਂ ਨੂੰ ਤਾਂ ਅਖਬਾਰਾਂ ਵਿਚ ਥਾਂ ਵੀ ਨਹੀਂ ਮਿਲਦੀ। ਅਜਿਹਾ ਕਿਉਂ? ਜਾਂ ਪੱਤਰਕਾਰੀ ਉੱਤੇ ਹਕੂਮਤ ਦਾ ਕਬਜ਼ਾ ਹੈ?
ਹਾਂ, ਇਕ ਅਖਬਾਰ (ਨਾਮ ਨਹੀਂ ਲੈਣਾ ਚਾਹਾਂਗਾ) ਵਿਚ ਮਂੈ ਇਸ ਵਾਰਦਾਤ ਬਾਰੇ ਜਰੂਰ ਪੜ੍ਹਿਆ ਸੀ ਪਰ ਉਸਨੇ ਵੀ ਕਿਧਰੇ ਅੱਠਵੇਂ ਜਾਂ ਨੌਵੇਂ ਸਫੇ 'ਤੇ ਇਕ ਛੋਟੇ ਜਹੇ ਕਾਲਮ ਵਿਚ ਖ਼ਬਰ ਛਾਪਣ ਨਾਲੋਂ ਖਬਰ ਦੱਬੀ ਹੋਈ ਜਾਪਦੀ ਸੀ।
ਮੈਨੂੰ ਯਾਦ ਹੈ 2012 ਵਿਚ ਹੋਏ ਨਿਰਭੈਆ ਕਾਂਡ ਦਾ ਸਮਾਂ। ਲੋਕ ਦਿੱਲੀ ਦੀਆਂ ਸੜਕਾਂ 'ਤੇ ਉਤਰ ਆਏ ਸਨ ਪੀੜਤ ਨੂੰ ਇਨਸਾਫ ਦੁਆਉਣ ਦੇ ਵਾਸਤੇ ਅਤੇ ਵਿਰੋਧੀ ਧਿਰ ਨੇ ਵੀ ਉਸ ਸਮੇਂ ਸਰਕਾਰ ਦੇ ਵਿਰੁੱਧ ਚੰਗੀ-ਖਾਸੀ ਭੁਮਿਕਾ ਨਿਭਾਈ ਸੀ ਉਸ ਵਿਰੋਧ ਦੇ ਸਮੇਂ। ਪਰ ਦਾਦ ਦੇਣੀ ਪਵੇਗੀ ਉਸ ਸਮੇਂ ਵਾਲੀ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਵੀ ਕਿ ਵਿਰੋਧ ਦਾ ਲਾਪ੍ਰਵਾਹੀ ਨਾਲ ਜਵਾਬ ਦੇਣ ਦਾ ਅਤੇ ਆਪਣੀ ਅਸਮਰਥਾ ਜਾਂ ਕਮਜ਼ੋਰੀ ਵਿਖਾਉਣ ਦੀ ਥਾਂ ਦ੍ਰਿੜਤਾ ਨਾਲ ਆਪਣੇ ਫ਼ਰਜ਼ ਦੀ ਪਾਲਣਾ ਕੀਤੀ ਅਤੇ ਨਿਰਭੈਆ ਦੀ ਜਾਨ ਬਚਾਉਣ ਲਈ ਸਫਦਰਜੰਗ ਹਸਪਤਾਲ ਵਿਖੇ ਡਾਕਟਰਾਂ ਨੇ ਆਪਣਾ ਖੂਨ-ਪਸੀਨਾ ਇਕ ਕਰ ਦਿੱਤਾ ਅਤੇ ਉੱਚੀ ਡਾਕਟਰੀ ਸਹਾਇਤਾ ਦੇਣ ਦੀ ਖਾਤਰ ਦਿੱਲੀ ਅਤੇ ਕੇਂਦਰ ਸਰਕਾਰ ਨੇ ਦੁਖਿਆਰੀ ਧਿਆਣੀ ਨੂੰ ਸਿੰਘਾਪੁਰ ਦੇ ਮਾਉਂਟ ਏਲਿਜ਼ਾਵਿਥ ਹਸਪਤਾਲ ਭੇਜ ਕੇ ਉਸ ਦਾ ਇਲਾਜ਼ ਵੀ ਕਰਵਾਇਆ, ਪਰ ਉਸਦੀ ਜ਼ਿੰਦਗੀ ਬਚਾਉਣ ਵਿਚ ਕਾਮਯਾਬ ਨਾ ਹੋ ਸਕੇ।
ਮਰਨ ਤੋਂ ਬਾਅਦ ਉਸਦੀ (ਨਿਰਭੈਆ) ਲਾਸ਼ ਨੂੰ ਪ੍ਰਪਤ ਕਰਨ ਅਤੇ ਸਨਮਾਨ ਦੇਣ ਵਾਸਤੇ ਉਸ ਵੇਲੇ ਦੇ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਖੁਦ ਦਿੱਲੀ ਹਵਾਈ ਅੱਡੇ 'ਤੇ ਗਏ ਸਨ। ਦਿੱਲੀ ਦੀ ਉਸ ਵੇਲੇ ਦੀ ਮੁੱਖਮੰਤਰੀ ਸ਼੍ਰੀਮਤੀ ਸ਼ੀਲਾ ਦੀਖਸ਼ਿਤ ਸਮੇਤ ਕੇਂਦਰੀ ਮੰਤਰੀ ਸ਼੍ਰੀ ਆਰ ਪੀ ਐੱਨ ਸਿੰਘ ਆਦਿ ਨੇਤਾ ਉਸਦੇ ਦਾਹ ਸਸਕਾਰ ਤੱਕ ਪਰਵਾਰ ਦੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਦਾ ਦੁੱਖ ਵੰਡਾਇਆ। ਉਸਤੋਂ ਤੁਰੰਤ ਬਾਅਦ ਸਰਕਾਰ ਨੇ ਨਿਰਭੈਆ ਦੇ ਨਾਮ 'ਤੇ ਕਈ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਿਸ ਨਾਲ ਕਿਸੇ ਵੀ ਪਰਵਾਰ ਜਾ ਸਮਾਜ ਨੂੰ ਇਸ ਤਰ੍ਹਾਂ ਦੇ ਦਰਦ/ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। 2013 ਵਿਚ ਕੇਂਦਰ ਸਰਕਾਰ ਨੇ ਆਪਣੇ ਬੱਜਟ ਵਿਚ ਇਕ ਰਾਸ਼ਟਰੀ ਕੋਸ਼ ਦਾ ਵੀ ਐਲਾਨ ਕੀਤਾ ਜਿਸ ਦਾ ਨਾਮ ਨਿਰਭੈਆ ਫੰਡ ਰੱਖਿਆ ਗਿਆ ਜਿਸਦਾ ਬੱਜਟ ਹਜ਼ਾਰਾਂ ਕਰੋੜ ਤੋਂ ਸ਼ਰੂ ਕੀਤਾ ਗਿਆ। ਤਾਜ਼ਾ ਜਾਣਕਾਰੀ ਦੇ ਹਿਸਾਬ ਨਾਲ ਉਸ ਫੰਡ ਵਿਚ ਜਮਾਂ ਰਾਸ਼ੀ ਨੂੰ ਕਿਸੇ ਵੀ ਤਰੀਕੇ ਨਾਲ ਔਰਤਾਂ ਦੀ ਸੁਰੱਖਿਆ ਜਾਂ ਔਰਤਾਂ ਨੂੰ ਸ਼ਕਤੀਸ਼ਾਲੀ ਬਨਾਉਣ ਵਾਸਤੇ ਬਹੁਤਾ ਖਰਚ ਨਹੀਂ ਕੀਤਾ ਗਿਆ ਉਹ ਜਿਵੇਂ ਸੀ, ਉਵੇਂ ਹੀ ਪਿਆ ਹੈ। ਉਸ ਵਿਚੋਂ ਕੁੱਝ ਰਕਮ ਕਢਵਾ ਕੇ ਸਾਲ 2017 ਦੇ ਅੰਤ ਸਮੇਂ ਖਰਚ ਕੀਤੀ ਗਈ।
ਸਾਲ 2017 ਦੇ ਆਰੰਭ 'ਚ ਮਿਲੇ ਅੰਕੜਿਆਂ ਦੇ ਹਿਸਾਬ ਨਾਲ ਨਿਰਭੈਆ ਕੋਸ਼ ਵਿਚ ਪਈ ਪੂਰੀ ਰਕਮ ਦਾ 16% ਹੀ ਖਰਚ ਹੋਇਆ ਸੀ ਜੋ ਕਿ ਆਪਣੇ ਆਪ ਵਿਚ ਹੀ ਚਿੰਤਾ ਦਾ ਸਬੱਬ ਬਣਦਾ ਅਤੇ ਸਰਕਾਰ ਦੀ ਚੌਕਸੀ ਨੂੰ ਦਰਸਾਉਂਦਾ ਹੈ।
ਨਿਰਭੈਆ ਅਤੇ ਉਸਦੇ ਪਰਵਾਰ ਦਾ ਸਾਥ ਕਾਂਗਰਸ ਸਰਕਾਰ ਨੇ ਸਿਰਫ ਉਸ ਸਮੇਂ ਹੀ ਨਹੀਂ ਦਿੱਤਾ ਸੀ ਬਲਕਿ ਉਸਤੋਂ ਬਾਅਦ ਦੇ ਸਾਲਾਂ ਤੱਕ ਉਨ੍ਹਾਂ ਦੇ ਦੁੱਖ ਸੁਖ ਦੇ ਸਾਥੀ ਵੀ ਰਹੇ। 2012 ਤੋਂ ਬਾਅਦ 2014 ਤੱਕ ਸਰਕਾਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਰਵਾਰ ਦੀ ਦੇਖਭਾਲ਼ ਦੀ ਜੁੰਮੇਵਾਰੀ ਕਾਂਗਰਸ ਪਾਰਟੀ ਵਲੋਂ ਵਰਤਮਾਨ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਨਿਰਭੈਆ ਦੇ ਪਰਵਾਰ ਦੀ ਦੇਖਭਾਲ ਦਾ ਜਿੰਮਾ ਚੁੱਕਿਆ ਅਤੇ ਉਨ੍ਹਾਂ ਨੇ ਨਿਰਭੈਆ ਦੇ ਇਕ ਭਰਾ ਨੂੰ ਰਾਏਬਰੇਲੀ ਦੇ ਫਲਾਈਂਗ ਸਕੂਲ (ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕੈਡਮੀ) ਤੋਂ ਪਾਇਲਿਟ ਦੀ ਸਿਖਲਾਈ ਦਵਾਈ, ਅਤੇ ਦੂਜੇ ਭਰਾ ਨੂੰ ਪੁਣੇ ਸਥਿਤ ਇਕ ਸੰਸਥਾ ਵਿਚ ਇੰਜਨੀਅਰਿੰਗ ਲਈ ਦਾਖਲਾ ਦਿਵਾਉਣ ਵਿਚ ਸਹਾਇਤਾ ਕੀਤੀ। ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਨਿਰਭੈਯਾ ਦੇ ਪਰਵਾਰ ਵਾਲਿਆਂ ਨੇ ਕੀਤਾ ਹੈ।
ਹੁਣ ਜਦ ਨਿਰਭੈਆ ਕਾਂਡ ਨੂੰ ਕਾਫੀ ਸਾਲ ਬੀਤ ਗਏ ਹਨ, ਨਿਰਭੈਆ ਦੀ ਮਾਂ ਅਜੇ ਵੀ ਇਨਸਾਫ ਵਾਸਤੇ ਮੰਗ ਕਰ ਰਹੀ ਹੈ, ਪਰ ਸਰਕਾਰ ਉਨ੍ਹਾਂ ਨੂੰ ਡੰਡਿਆਂ, ਲਾਠੀਆਂ ਅਤੇ ਜ਼ੋਰ-ਜਬਰਦਸਤੀ ਨਾਲ ਪਿੱਛੇ ਧੱਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ।
ਪਰ ਮੋਦੀ ਜੀ, ਮੈਂ ਤੁਹਾਥੋਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਕੀ ਕਰ ਰਹੇ ਹੋ ਅਤੇ ਤੁਹਾਡੇ ਮੰਤਰੀ ਤਾਂ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝ ਹੀ ਨਹੀਂ ਰਹੇ। ਇਹ ਹਾਲਤ ਉਦੋਂ ਹਨ ਜਦੋਂ ਕਿ ਸਰਕਾਰੀ ਆਂਕੜਿਆਂ ਦੇ ਅਨੁਸਾਰ ਸਾਲ 2016 ਵਿਚ ਸਿਰਫ ਹਰਿਆਣਾ ਸੂਬੇ ਦੇ ਅੰਦਰ 1298 ਬਲਾਤਕਾਰ ਦੇ ਕੇਸ ਦਰਜ ਹੋਏ ਅਤੇ ਨਾਲ ਹੀ ਕਲੰਕ ਦਾ ਸਿਹਰਾ ਵੀ ਹਰਿਆਣੇ ਦੇ ਸਿਰ ਹੀ ਬੱਝਾ ਕਿ ਹਰਿਅਣਾ ਗੈਂਗਰੇਪ ਦੇ ਮਾਮਲੇ ਵਿਚ ਦੇਸ਼ ਵਿਚ ਪਹਿਲੇ ਨੰਬਰ ਦਾ ਰਾਜ ਹੈ। ਇਹ ਉਸ ਸੂਬੇ ਦੀ ਅਸਲੀਅਤ ਹੈ ਜਿੱਥੇ ਤੁਸੀਂ ਖੁਦ "ਬੇਟੀ ਬਚਾਉ, ਬੇਟੀ ਪੜ੍ਹਾਉ'' ਦਾ ਨਾਅਰਾ ਦਿੱਤਾ ਸੀ।
ਹਰਿਆਣਾ ਪੁਲੀਸ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ "ਇਹ ਘਟਨਾਵਾਂ ਤਾਂ ਜਨਮ-ਜਨਮਾਂਤਰ ਤੋਂ ਸਾਡੇ ਸਮਾਜ ਅੰਦਰ ਵਾਪਰ ਰਹੀਆਂ ਹਨ, ਪੁਲੀਸ ਦਾ ਕੰਮ ਤਾਂ ਕੇਵਲ ਅਪਰਾਧੀਆਂ ਨੂੰ ਫੜਨ ਦਾ ਹੈ'', ਅਤੇ ਸਰਕਾਰ ਨੇ ਉਸਨੂੰ ਸੱਦ ਕੇ ਉਸ ਤੋਂ ਇਸ ਬਾਰੇ ਪੁੱਛਣ ਦੇ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਜਿਵੇਂ ਕਿ ਕੋਈ ਆਵੇਗਾ ਤੇ ਉਨ੍ਹਾਂ ਪਰਵਾਰਾਂ ਨੂੰ ਨਿਆਂ ਦਾ ਰਸਤਾ ਦਿਖਾਵੇਗਾ। ਸਿਰਫ ਬੇਟੀ ਬਚਾਉ ਦਾ ਨਾਅਰਾ ਦੇਣ ਨਾਲ ਬੇਟੀਆਂ ਨੂੰ ਇੱਜਤ ਨਹੀਂ ਨਹੀਂ ਮਿਲਦੀ ਸਾਹਿਬ, ਬਲਕਿ ਉਸ ਵਾਸਤੇ ਵਿਕਾਸ ਬਰਾਲਾ ਵਰਗੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਵਿਖਾਉਣਾ ਹੁੰਦਾ ਹੈ, ਜੋ ਕਿ ਖੁਦ ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਦਾ ਬੇਟਾ ਹੈ ਅਤੇ ਚੰਡੀਗੜ੍ਹ ਵਿਚ ਲੜਕੀਆਂ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਹੈ ਅਤੇ ਜ਼ਮਾਨਤ 'ਤੇ ਬਾਹਰ ਘੁੰਮ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਲੋਕਾਂ ਦੇ ਮਨ ਅੰਦਰ ਸਰਕਾਰ ਪ੍ਰਤੀ ਸਨਮਾਨ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਲੋਕ ਭਰਸੇਮੰਦ ਨਜ਼ਰ ਆਉਣਗੇ।
ਮੋਦੀ ਜੀ, ਇਕ ਗੱਲ ਅਸੀਂ ਦੱਸ ਦੇਣਾ ਚਾਹੁੰਦੇ ਹਾਂ, ਦਿੱਲੀ ਦੀ ਗੱਦੀ ਕਿਸੇ ਦੀ ਸਕੀ ਨਹੀਂ ਹੋਈ, ਸਮੇਂ ਦਾ ਕੋਈ ਪਤਾ ਨਹੀਂ ਤੇ ਉਹ ਖਿਸਕ ਜਾਂਦੀ ਹੈ।
ਆਸ ਹੈ ਹੈ ਤੁਸੀਂ ਖੁਦ ਨੂੰ ਪ੍ਰਧਾਨਸੇਵਕ ਕਹਾਉਣ ਵਾਸਤੇ ਹੀ ਪ੍ਰਧਾਨਮੰਤਰੀ ਨਹੀਂ ਬਣੇ ਇਸ ਦੇਸ਼ ਦੀਆਂ ਤਕਲੀਫਾਂ ਅਤੇ ਮੁਸੀਬਤਾਂ ਨੂੰ ਆਪਣਾ ਸਮਝਣ ਵਾਸਤੇ ਵੀ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹੋ।
ਧੰਨਵਾਦ
ਸੌਰਭ ਰਾਏ
ਸਮਾਜਕ ਅਤੇ ਰਾਜਨੀਤਕ ਕਾਰਕੁਨ
ਅਭਿਅੰਤਾ ਇਰੈਕਸਨ ਗਲੋਬਲ ਲਿਮਟਿਡ
Email : saurabh.leo100 @gmail.com
23 Jan. 2018
ਲੀਹੋਂ ਲੱਥ ਚੁੱਕੀ ਹੈ 'ਆਮ ਆਦਮੀ ਪਾਰਟੀ' - ਕੇਹਰ ਸ਼ਰੀਫ
ਕੋਈ ਵੀ ਸਿਆਸੀ ਨਿਜ਼ਾਮ ਕਿਸੇ ਵੀ ਦੇਸ਼ ਦੀ ਹੋਣੀ ਭਾਵ ਦਸ਼ਾ ਤੇ ਦਿਸ਼ਾ ਨੂੰ ਗਤੀ ਪ੍ਰਦਾਨ ਕਰਨ ਦਾ ਚਾਲਕ ਹੁੰਦਾ ਹੈ। ਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਬਦਹਾਲੀ ਦਾ ਵੀ ਇਹ ਜੁੰਮੇਵਾਰ ਹੁੰਦਾ ਹੈ। ਲੋਕਾਂ ਨੂੰ ਤਣਾਅ ਜਾਂ ਡਰ-ਭੈਅ ਤੋਂ ਰਹਿਤ ਜਿੰਦਗੀ ਜੀਊਣ ਦੇ ਮੌਕੇ ਪੈਦਾ ਕਰਨੇ ਵੀ ਉਸ ਦੀ ਜੁੰਮੇਵਾਰੀ ਹੁੰਦੀ ਹੈ। ਅਜਿਹੇ ਸਿਆਸੀ ਪ੍ਰਬੰਧ ਨੂੰ ਚਲਾਉਣ ਵਾਸਤੇ ਸਿਆਸੀ ਪਾਰਟੀਆਂ ਦਾ ਗਠਨ ਹੁੰਦਾ ਹੈ ਜੋ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਸ ਕਰਕੇ ਬਹੁਤ ਜਰੂਰੀ ਹੈ ਪਾਰਟੀਆਂ ਦੀ ਅਗਵਾਈ ਕਰਨ ਵਾਲੇ ਆਗੂ ਸੂਝਵਾਨ, ਇਮਾਨਦਾਰ ਅਤੇ ਸਿਆਸਤ ਦੇ ਅਰਥ ਅਤੇ ਲੋਕਾਂ ਦਾ ਦਰਦ ਸਮਝਣ ਵਾਲੇ ਹੋਣੇ ਚਾਹੀਦੇ ਹਨ।
ਕਿਸੇ ਵੀ ਸਿਆਸੀ ਪਾਰਟੀ ਦੇ ਆਪਣੇ ਉਦੇਸ਼ ਤੇ ਆਦਰਸ਼ ਹੁੰਦੇ ਹਨ। ਲੋਕਾਂ ਨਾਲ ਪ੍ਰਤੀਬੱਧਤਾ ਵਾਲੇ ਨੇਤਾ ਆਪਣੇ ਸਿਆਸੀ, ਸਮਾਜੀ ਅਤੇ ਵਿਅਕਤੀਗਤ ਅਨੁਭਵ ਨੂੰ ਲੋਕ ਸੇਵਾ ਦੇ ਅਰਪਣ ਕਰ ਦਿੰਦੇ ਹਨ ਤਾਂ ਕਿ ਜਿਸ ਲੋਕਾਈ ਵਾਸਤੇ ਉਨ੍ਹਾਂ ਨੇ ਸਿਆਸਤ ਵਿਚ ਦਾਖਲਾ ਲਿਆ ਹੁੰਦਾ ਹੈ ਉਸ ਨੂੰ ਤੁਰ ਰਹੇ ਸਮੇਂ ਦੇ ਹਾਣ ਵਾਲਾ ਕਰਕੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਪਤੀ ਵੱਲ ਵਧਦੇ ਰਹਿਣ। ਲੋਕਾਂ ਦੇ ਕਾਫਲਿਆਂ ਨੂੰ ਆਪਣੇ ਨਾਲ ਜੋੜ ਸਕਣ। ਪਹਿਲਾਂ ਤੋਂ ਚੱਲ ਰਹੇ ਰਾਜ ਪ੍ਰਬੰਧ ਦੇ ਮੁਕਾਬਲੇ ਲੋਕ ਪੱਖੀ ਜਮਹੂਰੀ ਪ੍ਰਬੰਧ ਜੋ ਲੋਕਾਂ ਵਾਸਤੇ ਹੋਵੇ ਦੇ ਸਕਦੇ ਹੋਣ। ਸਮਾਂ ਵਿਹਾ ਚੁੱਕੇ 'ਮਾਡਲਾਂ' ਦੀ ਥਾਂ ਬਦਲਵਾਂ ਲੋਕ ਪੱਖੀ ਰਾਜ ਪ੍ਰਬੰਧ ਕਾਇਮ ਕਰ ਸਕਣ। ਨਹੀਂ ਤਾਂ ਦੂਜਿਆਂ ਨੂੰ ਰਵਾਇਤੀ ਪਾਰਟੀਆਂ ਕਹਿਣ ਵਾਲੇ ਆਪ ਵੀ ਜਲਦੀ ਹੀ ਰਵਾਇਤੀ ਪਾਰਟੀਆਂ ਵਰਗਾ ਰੂਪ ਧਾਰ ਲੈਂਦੇ ਹਨ।
'ਆਮ ਆਦਮੀ ਪਾਰਟੀ' ਵੀ ਕੁੱਝ ਅਜਿਹੀ ਸੋਚ ਲੈ ਕੇ ਭਾਰਤ ਦੇ ਸਿਆਸੀ ਚਿਤ੍ਰਪੱਟ ਤੇ ਆਈ ਸੀ। ਕਿਹਾ ਗਿਆ ਸੀ ਕਿ ਅਸੀਂ ਰਾਜ ਪ੍ਰਬੰਧ (ਸਿਸਟਮ) ਬਦਲਣ ਆਏ ਹਾਂ। ਇਹ ਪਾਰਟੀ ਜੰਮੀ ਤਾਂ ਸੀ ਅੰਨਾ ਹਜਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚੋਂ - ਰਾਜ ਸੱਤਾ ਤਾਂ "ਪੈਰਾਂ ਹੇਠ ਬਟੇਰਾ'' ਆ ਜਾਣ ਵਾਲੀ ਗੱਲ ਹੋਈ। ਬਦਲਵੀਂ ਸਿਆਸਤ ਦਾ ਰੌਲ਼ਾ ਪਾਉਣ ਵਾਲੇ ਸਮੁੱਚਤਾ ਵਿਚ ਅਜੇ ਤੱਕ ਤਾਂ ਆਪਣੇ ਕਹੇ 'ਤੇ ਪੂਰਾ ਨਹੀਂ ਉਤਰ ਸਕੇ। ਹਾਂ, ਜੇ ਕੋਈ ਇਹ ਕਹੇ ਕਿ ਉਨ੍ਹਾਂ ਨੇ ਕੁੱਝ ਵੀ ਨਹੀਂ ਕੀਤਾ ਤਾਂ ਇਹ ਵੀ ਗਲਤ ਹੋਵੇਗਾ। ਦਿੱਲੀ ਵਿਚ ਦੋ ਪੱਖਾਂ ਤੋਂ ਆਪ ਦੀ ਸਰਕਾਰ ਦਾ ਕੰਮ ਸਲਾਹੁਣਯੋਗ ਹੈ, ਵਿੱਦਿਆ ਅਤੇ ਸਿਹਤ ਦੇ ਖੇਤਰ ਵਿਚ ਕਾਫੀ ਕੁੱਝ ਕੀਤਾ। ਪਰ ਦਿੱਲੀ ਵਿਚ ਜਿਸ ਕੀਤੇ ਕਾਰਜ ਦੀਆਂ ਢੋਲ ਬਜਾ ਕੇ ਹਰ ਥਾਵੇਂ ਸਿਫਤਾਂ ਕਰ ਰਹੇ ਹਨ ਉਸੇ ਨੂੰ ਪੰਜਾਬ ਵਿਚ ਹੋਰ ਪਾਰਟੀਆਂ ਵਾਂਗ ਹੀ ਡਟ ਕੇ ਭੰਡਦੇ ਵੀ ਸਨ, - ਆਖਰ ਕਿਉਂ? ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੀਆਂ ਐਂਬੂਲੈਂਸ ਗੱਡੀਆਂ ਜਾਂ ਲੜਕੀਆਂ ਨੂੰ ਵੰਡੇ ਸਾਈਕਲ ਜਾਂ ਕਈ ਕਿਸਮ ਦੇ ਕਾਰਡਾਂ ਉੱਤੇ ਪ੍ਰਕਾਸ਼ ਸਿੰਘ ਬਾਦਲ (ਉਸ ਵੇਲੇ ਦੇ ਮੁੱਖਮੰਤਰੀ) ਦੀ ਫੋਟੋ ਲਗਦੀ ਸੀ ਤਾਂ ਗਲਤ, ਕਿਹਾ ਗਿਆ (ਜੋ ਗਲਤ ਹੀ ਸੀ) ਪਰ ਦਿੱਲੀ ਦੇ ਮੁਹੱਲਾ ਕਲੀਨਿਕ ਦੇ ਬਾਹਰ ਕੇਜਰੀਵਾਲ ਦੀਆਂ ਵੱਡ ਆਕਾਰੀ ਤਸਵੀਰਾਂ ਕਿਵੇਂ ਠੀਕ ਹੋਈਆਂ? ਕੀ ਇਹ ਕਿਸੇ ਰਵਾਇਤੀ ਪਾਰਟੀ ਦੀ ਕਾਪੀ (ਨਕਲ) ਨਹੀਂ। ਲੋਕਾਂ ਦੇ ਟੈਕਸਾਂ ਵਾਲੇ ਪੈਸੇ ਖਰਚਣ ਵੇਲੇ ਵਿਅਕਤੀ ਵਿਸ਼ੇਸ਼ ਦੀ ਖਾਹਮਖਾਹ ਦੀ ਵਡਿਆਈ ਕਿਉਂ ਤੇ ਕਿਵੇਂ ਜਾਇਜ਼ ਆਖੀ ਜਾ ਸਕਦੀ ਹੈ? ਗੱਲ ਕਿ ਨੈਤਿਕਤਾ ਪੱਖੋਂ 'ਆਪ' ਉਹ ਕੁੱਝ ਨਹੀਂ ਕਰ ਸਕੀ ਜਿਸਦਾ ਵਾਅਦਾ ਕਰਕੇ ਸਿਆਸੀ ਪਿੜ ਵਿਚ ਉਤਰੀ ਸੀ। ਹੁਣ ਬਹੁਤ ਕੁੱਝ ਬਦਲ ਗਿਆ "ਹਮ ਯੇਹ ਬਰਦਾਸ਼ਤ ਨਹੀਂ ਕਰੇਂਗੇ, ਵੋਹ ਬਰਦਾਸ਼ਤ ਨਹੀਂ ਕਰੇਂਗੇ'' ਇਹ ਸਭ ਫੋਕੀਆਂ ਫੜ੍ਹਾਂ ਅਤੇ ਬੇਅਰਥੀਆਂ ਗੱਲਾਂ ਹੋ ਨਿੱਬੜੀਆਂ, ਹੋਰ ਕੁੱਝ ਵੀ ਨਹੀਂ।
ਆਪ ਬਾਰੇ ਵਿਚਾਰ ਕਰਦਿਆਂ ਇੱਥੇ ਦੋ ਵੱਡੇ ਮਸਲੇ ਵਿਚਾਰੇ ਜਾ ਸਕਦੇ ਹਨ ਜੋ ਬਹੁਤ ਮਹੱਤਵਪੂਰਨ ਹਨ। ਇਹ 'ਆਮ ਆਦਮੀ ਪਾਰਟੀ' ਵਲੋਂ ਲੋਕਾਂ ਨਾਲ ਵਾਅਦੇ ਵੀ ਕੀਤੇ ਗਏ ਸਨ। ਅੰਨਾ ਹਜਾਰੇ ਦੇ ਅੰਦੋਲਨ ਵੇਲੇ ਵੱਡਾ ਮੁੱਦਾ ਭ੍ਰਿਸ਼ਟਾਚਾਰ ਸੀ, ਇਸ ਵਾਸਤੇ 'ਲੋਕਪਾਲ' ਬਾਰੇ ਚਰਚਾ ਹੁੰਦੀ ਸੀ। ਜਿਵੇਂ ਹਰ ਮਰਜ਼ ਦੀ 'ਦਵਾਈ' ਸਿਰਫ ਲੋਕਪਾਲ ਹੀ ਹੋਵੇ। ਪਰ ਜੰਤਰ ਮੰਤਰ 'ਤੇ ਲੋਕ ਪਾਲ ਦੇ ਤਿਆਰ ਕੀਤੇ ਡਰਾਫਟ ਨੂੰ ਪਾਸ ਕਰਨ ਵੇਲੇ ਬਦਲ ਦਿੱਤਾ ਗਿਆ। ਇਹ ਦੋਸ਼ ਵੀ ਉਹੀ ਲੋਕ ਲਾਉਂਦੇ ਹਨ ਜਿਨ੍ਹਾਂ ਪਹਿਲਾ 'ਲੋਕਪਾਲ' ਵਾਲਾ ਖਰੜਾ (ਡਰਾਫਟ) ਲਿਖਿਆ ਸੀ। ਪਰ ਕੇਜਰੀਵਾਲ ਦੀ ਅਗਵਾਈ ਵਿਚ ਵਿਧਾਨ ਸਭਾ ਵਲੋਂ ਪਾਸ ਹੋਰ ਕੀਤਾ ਗਿਆ- ਆਖਰ ਕਿਉਂ? ਪਾਸ ਕਰਨ ਤੋਂ ਪਹਿਲਾਂ ਆਪਣੇ ਕਰਾਕੁਨਾਂ (ਵਲੰਟੀਅਰਜ਼) ਨੂੰ ਕਿਉਂ ਨਹੀਂ ਪੁੱਛਿਆ (ਡਰਾਫਟ ਲਿਖਣ ਵਾਲਿਆਂ ਨੂੰ ਵੀ ਪੁੱਛਣਾ ਚਾਹੀਦਾ ਸੀ)। ਸੁਪਰੀਮਕੋਰਟ ਵਲੋਂ ਵੀ ਉੱਪ ਰਾਜਪਾਲ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਹਰ ਕੰਮ ਉਸਦੀ ਮੰਨਜੂਰੀ ਨਾਲ ਹੀ ਹੋਵੇਗਾ। ਇਸ ਕਰਕੇ ਸਭ ਜਾਣਦੇ ਹਨ ਕਿ ਕੇਂਦਰ ਦੀ ਸਰਕਾਰ ਆਪਣੇ ਲੈਫਟੀਨੈਂਟ ਗਵਰਨਰ ਰਾਹੀਂ 'ਆਪ' ਦੀ ਸਰਕਾਰ ਵਲੋਂ ਪਾਸ ਕੀਤੇ ਮਤਿਆਂ ਅਤੇ ਕਾਨੂੰਨ ਬਣਨ ਵਾਲੇ ਬਿੱਲਾਂ ਨੂੰ ਸੌਖਿਆਂ ਹੀ ਹਾਂਅ ਨਹੀਂ ਕਰਦਾ। ਕੀ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਹੀ ਮਤਾ ਪਾਸ ਕਰ ਦਿੱਤਾ ਗਿਆ ਸੀ। ਫੇਰ ਉਸਦੀ ਪੈਰਵੀ ਕੀਹਨੇ ਕਰਨੀ ਸੀ - ਸਿਰ ਹੇਠ ਬਾਂਹ ਰੱਖ ਕੇ ਸੌਂ ਗਏ। ਇਸ ਬਾਰੇ ਅਜੇ ਤੱਕ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ। ਲੋਕ ਅੰਦੋਲਨ ਦੀ ਆਸ ਰੱਖਦੇ ਸਨ। ਅਗਲੀਆਂ ਚੋਣਾਂ ਤੱਕ ਉਡੀਕ ਕਰਨੀ ਬੁਰਜੂਆ ਪਾਰਟੀਆਂ ਦਾ ਕੰਮ ਹੁੰਦਾ ਹੈ। ਲੋਕ ਪੱਖੀ ਸਿਆਸਤ ਕਰਨ ਵਾਲੇ ਮਤਾ ਪਾਸ ਕਰਨ ਤੋਂ ਬਾਅਦ ਚੁੱਪ ਨਹੀਂ ਕਰ ਜਾਂਦੇ ਸਗੋਂ ਉਸ 'ਤੇ ਅਮਲ ਕਰਵਾਉਣ ਵਾਸਤੇ ਅੰਦੋਲਨ ਵੀ ਕਰਦੇ ਹਨ - ਇਸ ਬਾਰੇ ਉਹ ਬੇਪ੍ਰਵਾਹ ਕਿਉਂ ਹੋ ਗਏ? ਕਿਉਂ ਉੱਕ ਗਏ? ਕੀ ਕਾਰਨ ਹੋ ਸਕਦੇ ਹਨ?
ਦੂਜਾ ਮਹੱਤਵਪੂਰਨ ਮੁੱਦਾ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਉਣਾ ਸੀ (ਅਤੇ ਅਜੇ ਵੀ ਹੈ) ਤਾਂ ਕਿ ਚੁਣੀ ਹੋਈ ਸਰਕਾਰ ਆਪਣੀ ਮਰਜ਼ੀ ਨਾਲ ਕੰਮ ਕਰ ਸਕੇ - (ਇਸ ਵੇਲੇ ਤੱਕ ਦਿੱਲੀ ਦੀ ਸਰਕਾਰ ਕੋਲ ਕਿੰਨੇ ਕੁ ਅਧਿਕਾਰ ਹਨ?) ਯਾਦ ਰਹੇ ਸਮੇਂ ਸਮੇਂ ਭਾਜਪਾ ਤੇ ਕਾਂਗਰਸ ਵੀ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੀਆਂ ਰਹੀਆਂ ਹਨ - ਹੁਣ ਸ਼ਾਇਦ ਉਨ੍ਹਾਂ ਵਾਸਤੇ ਇਹ ਮੁੱਦਾ ਨਹੀਂ। ਪਰ ਕੇਜਰੀਵਾਲ ਦੀ ਸਰਕਾਰ ਵਾਰ ਵਾਰ ਉੱਪ ਰਾਜਪਾਲ ਨਾਲ ਹੀ ਉਲਝਦੀ ਰਹੀ। ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਵਾਸਤੇ ਅੰਦੋਲਨ ਦੇ ਰਾਹ ਕਿਉਂ ਨਾ ਪਈ। ਕੀ ਆਪ ਦਾ ਵੀ ਰਵਾਇਤੀ ਪਾਰਟੀਆਂ ਵਰਗਾ ਹੀ ਵਤੀਰਾ ਨਹੀਂ ਹੋ ਗਿਆ? ਕਹਿਣ ਨੂੰ ਆਪਣੇ ਆਪ ਨੂੰ ਬਦਲਵੀ ਸਿਆਸਤ ਦੇ ਆਪੇ ਹੀ ਚੈਪੀਅਨ ਕਹੀ ਜਾਣਾ ਜਚਦਾ ਨਹੀਂ- ਕਿਉਂਕਿ ਇਹ ਸੱਚ ਨਹੀਂ। (ਆਪੇ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ) ਸੱਚ ਤਾਂ ਦਿੱਲੀ ਨੂੰ ਪੂਰਾ ਰਾਜ ਬਨਾਉਣ ਵਾਸਤੇ ਅੰਦੋਲਨ ਕਰਨਾ ਹੀ ਹੋਣਾ ਚਾਹੀਦਾ ਸੀ। ਆਪ ਨੇ ਲੋਕਾਂ ਨਾਲ ਇਹ ਵਾਅਦ ਕੀਤਾ ਸੀ- ਪੁੱਛਿਆ ਤਾਂ ਇਹ ਵੀ ਜਾ ਸਕਦਾ ਹੈ ਕਿ ਅਗਲੀਆਂ ਚੋਣਾਂ ਵਿਚ ਇਸ ਮਸਲੇ ਬਾਰੇ ਕੀ ਜਵਾਬ ਦੇਣਗੇ?
ਜਮਹੂਰੀ ਪਰਬੰਧ ਅੰਦਰ ਕਿਸੇ ਵੀ ਪਾਰਟੀ ਦਾ ਚਰਿਤਰ ਲੋਕਰਾਜੀ ਹੋਣਾ ਚਾਹੀਦਾ ਹੈ, ਭਾਵ ਕਿਸੇ ਵੀ ਪਾਰਟੀ ਦੇ ਅੰਦਰਲੀ ਜਮਹੂਰੀਤ ਦਾ ਹੋਣਾ ਲਾਜ਼ਮੀ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਪਾਰਟੀ ਦੇ ਅਹੁਦੇਦਾਰਾਂ ਦੀ ਪਾਰਟੀ ਦੀ ਹੋਈ ਮੈਂਬਰਸਿੱਪ ਦੇ ਅਧਾਰ 'ਤੇ ਚੋਣ ਹੋਵੇ। ਅਜੇ ਤੱਕ ਆਮ ਆਦਮੀ ਪਾਰਟੀ ਇਸ ਰਾਹੇ ਨਹੀਂ ਪੈ ਸਕੀ। ਬਾਕੀ ਦੀਆਂ ਸਿਆਸੀ ਧਨਾਢ ਪਾਰਟੀਆਂ (ਬੁਰਜੂਆ ਪਾਰਟੀਆਂ) ਭਾਜਪਾ, ਕਾਂਗਰਸ, ਅਕਾਲੀ ਦਲ ਬਗੈਰਾ ਵਾਂਗ ਉੱਪਰੋਂ ਹੀ ਅਹੁਦੇਦਾਰ ਥਾਪੇ ਜਾਂਦੇ ਹਨ। ਅਜੇ ਤੱਕ ਕਿਸੇ ਵੀ ਪੱਧਰ 'ਤੇ "ਆਪ'' ਦੀ ਕਦੇ ਚੋਣ ਨਹੀਂ ਹੋਈ। ਅਹੁਦੇਦਾਰ "ਹਾਈਕਮਾਂਡ'' ਵਲੋਂ ਹੀ ਥਾਪੇ ਜਾਂਦੇ ਹਨ (ਇਹ ਸੂਬੇਦਾਰ ਹੀ ਕਹੇ ਜਾ ਸਕਦੇ ਹਨ)। ਫੇਰ ਇਹ ਕਿਹੜਾ ਜਮਹੂਰੀ ਜਾਂ 'ਬਦਲਵੀ ਸਿਆਸਤ' (?) ਵਾਲਾ ਰਾਹ ਹੋਇਆ। ਪੰਜ ਸਾਲ ਲੰਘ ਗਏ ਹਨ ਹੁਣ ਤਾਂ ਇਸ ਬਾਰੇ ਸੋਚਿਆ ਹੀ ਜਾਣਾ ਚਾਹੀਦਾ ਹੈ। ਵਲੰਟੀਅਰਾਂ ਨੂੰ ਪੁੱਛ ਕੇ ਹਰ ਕੰਮ ਕਰਨ ਦੀਆਂ ਗੱਲਾਂ "ਟਾਹਰਾਂ'' ਹੋ ਗਈਆਂ। ਲੋਕਾਂ ਨੂੰ ਜੁਮਲਿਆਂ ਨਾਲ ਪਰਚਾਅ ਕੇ ਚੋਣਾਂ ਜਿੱਤ ਲੈਣੀਆਂ ਹੋਰ ਗੱਲ ਹੈ - ਵਾਅਦਿਆਂ ਦੀ ਪੂਰਤੀ ਵਾਸਤੇ ਸੰਘਰਸ਼ ਕਰਨਾ ਹੋਰ ਗੱਲ। ਕਿਸੇ ਪਾਰਟੀ ਦਾ ਵਿਧਾਨ ਪਾਰਟੀ ਲਈ ਜ਼ਾਬਤਾ ਕਾਇਮ ਕਰਦਾ ਹੈ। ਪ੍ਰੋਗਰਾਮ ਪਾਰਟੀ ਅੰਦਰ ਅਨੁਸਾਸ਼ਨ ਕਾਇਮ ਰੱਖਣ ਅਤੇ ਸੇਧ ਦੇਣ ਵਾਸਤੇ ਹੁੰਦਾ ਹੈ - ਪਰ ਇਸ ਪਾਰਟੀ ਵਾਲੇ ਵਿਧਾਨ, ਪ੍ਰੋਗਰਾਮ ਵਰਗੇ ਦਸਤਾਵੇਜਾਂ ਨੂੰ ਜਾਣਦੇ ਹੀ ਕੁੱਝ ਨਹੀਂ। ਪਾਰਟੀ ਵਿਧਾਨ ਕਹਿੰਦਾ ਹੈ ਇਕ ਵਿਅਕਤੀ ਕੋਲ ਦੋ ਅਹੁਦੇ ਨਹੀਂ ਹੋ ਸਕਦੇ, ਪਰ ਸ਼੍ਰੀਮਾਨ ਕੇਜਰੀਵਾਲ ਸ਼ੁਰੂ ਤੋਂ ਹੀ ਦੋ ਅਹੁਦਿਆਂ ਤੇ ਬਿਰਾਜਮਾਨ ਹਨ - ਕਿਉਂ? ਕੋਈ ਨਹੀਂ ਕੁਸਕਦਾ। ਪਿਛਲੀਆਂ ਚੋਣਾਂ ਵੇਲੇ ਬੜੇ ਜੋਰ-ਸ਼ੋਰ ਨਾਲ ਕਿਹਾ ਗਿਆ - ਅਖੇ ਸਾਡੀ ਪਾਰਟੀ ਦਾ ਵਿਧਾਨ ਕਿਸੇ ਹੋਰ ਸਿਆਸੀ ਪਾਰਟੀ ਨਾਲ ਗੱਠਜੋੜ ਕਰਨ ਦੀ ਇਜਾਜ਼ਤ ਨਹੀ ਦਿੰਦਾ, ਮਨਪ੍ਰੀਤ ਦੀ ਪੀਪਲਜ਼ ਪਾਰਟੀ ਨਾਲ ਹੋਣ ਵਾਲਾ ਸਮਝੌਤਾ ਇਸੇ ਹੰਕਾਰ ਥੱਲੇ ਰੱਦ ਕੀਤਾ ਸੀ। ਫੇਰ ਪਾਰਟੀ ਵਿਧਾਨ ਵਿਚ ਤਬਦੀਲੀ ਕੀਤੇ ਬਿਨਾਂ ਹੀ ਲੁਧਿਆਣੇ ਵਾਲੇ ਬੈਂਸਾਂ ਨਾਲ ਸਮਝੌਤਾ ਕਰ ਵੀ ਲਿਆ। ਇਸ ਦਾ ਕੀ ਰਾਜ਼ ਹੋ ਸਕਦਾ ਹੈ? ਇਹ ਸਮਝੌਤਾ ਸੀ ਕਿ ਸੌਦਾ ਸੀ? ਕੀ ਪਾਰਟੀ ਦੇ ਲੀਡਰਾਂ ਨੇ ਆਪਣੇ ਵਲੰਟੀਅਰਾਂ ਨੂੰ ਇਸ ਬਾਰੇ ਦੱਸਿਆ? ਜਾਂ ਉਨ੍ਹਾਂ ਤੋਂ ਮੰਨਜ਼ੂਰੀ ਲਈ, ਜਿਸਦਾ ਉਹ ਆਮ ਪ੍ਰਚਾਰ ਕਰਦੇ ਥੱਕਦੇ ਹੀ ਨਹੀਂ ਸਨ।
ਪੰਜਾਬ ਨੇ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਲਾਉਣ ਦਾ ਕੰਮ ਕੀਤਾ ਪਰ, ਦਿੱਲੀ ਵਾਲਿਆਂ ਇਸ ਚਾਰ ਮੈਂਬਰੀਂ ਪਾਰਲੀਮੈਂਟ ਗਰੁੱਪ ਨੂੰ ਚੱਲਣ ਹੀ ਨਾ ਦਿੱਤਾ। ਦੋ ਮੈਂਬਰ ਪਾਰਟੀ ਤੋਂ ਸਸਪੈਂਡ ਕਰ ਦਿੱਤੇ, ਨਾ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਿਆ ਨਾ ਮੋੜ ਕੇ ਲਿਆਉਣ ਵਾਸਤੇ ਗੱਲ ਕੀਤੀ। ਹੁਣ ਦੋ ਤਾਂ ਸਿਰਫ ਤਨਖਾਹ ਹੀ ਲੈ ਰਹੇ ਹਨ। ਪੰਜਾਬ 'ਚੋਂ ਆਪ ਦੇ ਚੁਣੇ ਹੋਏ ਚਾਰ ਮੈਂਬਰਾਂ ਵਿਚੋਂ ਜੇ ਕੋਈ ਪਾਰਲੀਮੈਂਟ ਵਿਚ ਮਸਲੇ ਚੁੱਕ ਰਿਹਾ ਉਹ ਸਿਰਫ ਧਰਮਵੀਰ ਗਾਂਧੀ ਹੀ ਹੈ - ਜੋ ਆਪਣੇ ਹਲਕੇ ਵਾਸਤੇ ਅਤੇ ਨਾਲ ਹੀ ਪੰਜਾਬ ਦੇ ਮਸਲੇ ਵੀ ਚੁੱਕਦਾ ਹੈ। ਭਗਵੰਤ ਮਾਨ ਪਹਿਲਾਂ ਕੁੱਝ ਸਮੇਂ ਵਾਸਤੇ ਹੀ ਸਰਗਰਮ ਰਿਹਾ ਪਰ ਹੁਣ ਉਹ ਗੱਲ ਨਹੀਂ। ਹੁਣ ਉਹ ਪੰਜਾਬ ਪਾਰਟੀ ਦਾ ਪ੍ਰਧਾਨ ਬਣਾਇਆ ਹੋਇਆ ਹੈ ਪਰ ਪਾਰਟੀ ਨੂੰ ਸਾਂਭਣਾ, ਅਗਵਾਈ ਦੇਣੀ ਸ਼ਾਇਦ ਉਸ ਦੇ ਵਸ ਦਾ ਕੰਮ ਨਹੀਂ। ਚੰਗਾ ਹੋਵੇ ਜੇ ਅਜੇ ਵੀ ਪੰਜਾਬ ਦੀ ਪ੍ਰਧਾਨਗੀ ਪਾਰਟੀ ਨੂੰ ਸਿਆਸੀ ਅਤੇ ਜਥੇਬੰਦਕ ਪੱਖੋਂ ਅਗਵਾਈ ਦੇ ਸਕਣ ਵਾਲੇ ਦੇ ਹਵਾਲੇ ਕਰ ਦਿੱਤੀ ਜਾਵੇ ਭਾਵੇਂ ਕਿ ਚਾਹੀਦਾ ਤਾਂ ਇਹ ਹੈ ਕਿ ਥੱਲੇ ਦੀ ਇਕਾਈ ਤੋਂ ਕਂਦਰੀ ਕਮੇਟੀ ਤੱਕ ਚੋਣਾਂ ਕਰਵਾਕੇ ਪਾਰਟੀ ਨੂੰ ਜਮਹੂਰੀ ਬਣਾਇਆ ਜਾਵੇ। ਸ਼ਾਇਦ ਇਹ ਪਾਰਟੀ 'ਤੇ ਕਾਬਜ ਲੋਕਾਂ ਨੂੰ ਪੁੱਗਦਾ ਨਹੀਂ - ਪਾਰਟੀ ਨਾਲ ਜੁੜੇ ਕਾਰਕੁਨਾਂ ਨੂੰ ਇਸ ਸਬੰਧੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਆਮ ਹੀ ਕਿਹਾ ਜਾਂਦਾ ਹੈ ਸਾਡੀ ਤਾਂ ਅੰਦੋਲਨ ਦੀ ਪਾਰਟੀ ਹੈ- ਜਦੋਂ ਆਪਣੀ ਗੱਲ ਹੋਵੇ ਤਾਂ 'ਸਿਰ ਸੁੱਟ ਅੰਦੋਲਨ' ਚੱਲ ਪੈਂਦਾ ਹੈ।
ਪਿਛਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਲੋਕਾਂ ਦਾ ਮਨ ਸੀ ਕਿ 'ਆਪ' ਜਿੱਤ ਜਾਵੇ, ਐਨ ਆਰ ਆਈਜ਼ ਨੇ ਵਿਤੋਂ ਵੱਧ ਜ਼ੋਰ ਲਾਇਆ ਪਰ ਧੜੇਬੰਦੀ ਤੇ ਜ਼ਾਤੀ ਗਰਜ਼ਾਂ ਵਿਚ ਫਸੇ 'ਆਪ' ਦੇ "ਲੀਡਰਾਂ'' ਨੇ ਆਪਣੀਆਂ ਸਿਆਸੀ ਚਾਲਾਂ ਚੱਲਕੇ ਪੰਜਾਬੀਆਂ ਨੂੰ ਨਿਰਾਸ਼ ਕੀਤਾ। ਹਾਲਾਂਕਿ ਬਾਹਰ ਵਸਦੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਖਜ਼ਾਨੇ ਮਾਇਆ ਨਾਲ ਉੱਛਲਣ ਲਾ ਦਿੱਤੇ। ਮਿਹਨਤ ਕਰਕੇ ਪੰਜਾਬ ਅੰਦਰ ਪਾਰਟੀ ਖੜ੍ਹੀ ਕਰਨ ਵਾਲੇ ਸੁੱਚਾ ਸਿੰਘ ਛੋਟੇਪੁਰ ਉੱਤੇ ਲਾਏ ਦੋਸ਼ ਅਜੇ ਤੱਕ ਲੋਕਾਂ ਨੂੰ ਦੱਸੇ ਹੀ ਨਾ ਗਏ। ਪਰ ਛੋਟੇਪੁਰ ਨੂੰ ਪਾਰਟੀ 'ਚੋਂ ਕੱਢ ਦਿੱਤਾ। ਰੌਲਾ ਦੋ ਲੱਖ ਰੁਪਏ ਦਾ ਪੈਂਦਾ ਰਿਹਾ। ਕਮਾਲ ਦੇਖੋ ਕਿ ਉਸ ਸਮੇਂ ਪੰਜਾਬ ਦੇ ਥਾਪੇ ਨਵੇਂ ਪ੍ਰਧਾਨ ਘੁੱਗੀ ਨੂੰ ਰੌਲ਼ਾ ਪਾਉਣ ਦੇ ਬਾਵਜੂਦ ਵੀ "ਸਬੂਤਾਂ'' (?) ਵਾਲੀ ਵੀਡੀਉ ਨਾ ਵਿਖਾਈ ਗਈ। ਪਰ ਦਿੱਲੀ ਵਾਲਿਆਂ 'ਤੇ ਯੌਨ ਸੋਸ਼ਣ ਦੇ ਨਾਲ ਹੀ ਕਰੋੜਾਂ ਦੇ ਘਪਲਿਆਂ ਦੇ ਦੋਸ਼ ਲੱਗੇ, ਕਿਸੇ ਨੇ ਅਜੇ ਤੱਕ ਵੀ ਜਾਂਚ ਨਹੀਂ ਕੀਤੀ - ਪਰ ਉਹ ਲੋਕ "ਹਾਈ ਕਮਾਂਡ'' ਵਿਚ ਹਨ, ਸ਼ਾਇਦ ਇਸ ਕਰਕੇ ਜਾਂਚ ਤੋਂ ਬਚੇ ਹੋਏ ਹਨ। ਫੇਰ ਪਾਰਦਰਸ਼ਤਾ ਦੇ ਅਰਥਾਂ ਦਾ ਖੁਲਾਸਾ ਕੌਣ ਕਰੇਗਾ? ਸੋਚਣਾ ਤਾਂ ਬਣਦਾ ਹੀ ਹੈ।
"ਆਪ'' ਵਿਚ ਬਹੁਤ ਕੁੱਝ ਹੈ ਜਿਸ ਬਾਰੇ ਸੋਚਣ ਦੀ ਲੋੜ ਹੈ। ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਹੋਣ ਕਰਕੇ ਬਹੁਤ ਵੱਡੀ ਜੁੰਮੇਵਾਰੀ ਹੈ 'ਆਪ' ਵਾਲਿਆਂ ਦੀ, ਕਿ ਉਹ ਲੋਕਾਂ ਦੀ ਆਵਾਜ਼ ਬਣਕੇ ਵਿਧਾਨ ਸਭਾ ਵਿਚ ਜਾਣ। ਪਰ ਹਾਲ ਦੀ ਘੜੀ ਤੱਕ ਲਗਦਾ ਨਹੀਂ ਕਿ ਉਹ ਇਸ ਜੁੰਮੇਵਾਰੀ ਨੂੰ ਨਿਭਾਉਣ ਦੇ ਯੋਗ ਹਨ। ਜਦੋਂ ਲੋਕਾਂ ਦੇ ਮਸਲਿਆਂ ਦੇ ਥਾਂ ਆਪਣੇ ਜਾਤੀ ਮਸਲਿਆਂ ਨੂੰ ਪਹਿਲ ਦੇਣ ਲੱਗ ਪੈਣ ਤਾਂ ਲੋਕ ਕੀ ਆਸ ਰੱਖਣ? ਵਿਧਾਨ ਸਭਾ ਦੇ ਅੰਦਰ ਮਸਲੇ ਚੁੱਕਣ ਨਾਲੋਂ ਵਾਕ-ਆਊਟ ਵਰਗਾ ਰਾਹ ਭਾਲ ਕੇ ਬਾਹਰ ਖੜ੍ਹੇ ਹੋ ਕੇ ਕੀ ਖੱਟਣਗੇ? ਲੋਕਾਂ ਦੇ ਮਸਲੇ ਕੌਣ ਚੁੱਕੂ? ਵਿਧਾਨ ਸਭਾ ਦੇ ਸਪੀਕਰ+ਮੁੱਖਮੰਤਰੀ ਨਾਲ ਮਿਲ ਕੇ ਅਸੰਬਲੀ ਸੈਸ਼ਨ ਲੰਬੇ ਕਰਵਾਉਣ ਤਾਂ ਕਿ ਲੋਕਾਂ ਦੇ ਮਸਲੇ ਵਿਚਾਰੇ ਜਾਣ। ਵਾਕ ਆਊਟ ਦਾ ਰਾਹ ਬਿਲਕੁੱਲ ਕਿਸੇ ਸੂਰਤ ਵਿਚ ਵੀ ਨਾ ਅਪਨਾਉਣ। ਅਕਾਲੀ ਤਾਂ ਇਹ ਹੀ ਚਾਹੁੰਦੇ ਹਨ ਕਿ ਆਪ ਵਾਲੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਜੋਗੇ ਹੀ ਨਾ ਰਹਿਣ। ਉਹ ਅਕਾਲੀਆਂ ਦੀ ਚਾਲ ਨੂੰ ਸਮਝਣ ਤੋਂ ਅਸਮਰੱਥ ਹਨ। ਲੋਕਾਂ ਨੇ ਇਨ੍ਹਾਂ ਨੂੰ ਵਿਧਾਨ ਸਭਾ ਦੇ ਅੰਦਰ ਭੇਜਿਆ ਹੈ - ਸੈਰ-ਸਪਾਟੇ ਦੇ ਬਹਾਨੇ ਬਾਹਰ ਖੜ੍ਹਨ ਵਸਤੇ ਨਹੀਂ ਭੇਜਿਆ।
ਪਾਰਟੀ ਅੰਦਰਲੀ ਧੜੇਬੰਦੀ ਪਾਰਟੀ ਦੇ ਪੱਧਰ 'ਤੇ ਅੰਦਰ ਬਹਿ ਕੇ ਵਿਚਾਰੀ ਜਾਣੀ ਚਾਹੀਦੀ ਹੈ। ਜਿਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਲਾਲਚ ਹੈ ਉਨ੍ਹਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਦੂਜੀਆਂ ਪਾਰਟੀਆਂ ਵਲੋਂ 'ਆਪ' ਅੰਦਰ "ਡੈਪੂਟੇਸ਼ਨ'' 'ਤੇ ਆਏ ਕੁੱਝ ਵੀ ਕਰ ਸਕਦੇ ਹਨ। ਕਿਸੇ ਵੀ ਪਾਰਟੀ ਲਈ ਪਾਰਟੀ ਦੀ ਏਕਤਾ ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਇੱਥੇ ਅਹੁਦੇ ਦਬਕੇ ਨਾਲ ਨਾ ਲਏ ਜਾਣ। ਪਾਰਟੀ ਅੰਦਰ ਫੂਲਕਾ ਸਾਹਿਬ ਨਾਲ ਜੋ ਹੋਈ ਨਹੀਂ ਹੋਣੀ ਚਾਹੀਦੀ ਸੀ। ਸੂਝ-ਸਿਆਣਪ ਪੱਖੋਂ ਉਹ ਮਹੱਤਵਪੂਰਨ ਅਤੇ ਸਾਊ ਵੀ ਹਨ। ਅਜਿਹੇ ਲੋਕਾਂ ਨੂੰ ਹਾਸ਼ੀਏ 'ਤੇ ਨਹੀਂ ਧੱਕਣਾ ਚਾਹੀਦਾ। ਕੀ ਕੋਈ ਜਵਾਬ ਦੇ ਸਕਦਾ ਹੈ ਕਿ ਜਿਸਨੂੰ ਵਿਧਾਨ ਸਭਾ ਦੇ ਗਰੁੱਪ ਅੰਦਰ 'ਵਿੱਪ' ਦਾ ਅਹੁਦਾ ਮਿਲਿਆ ਸੀ ਉਸਨੇ ਹੋਰ ਵੱਡਾ ਅਹੁਦਾ ਕਿਵੇਂ ਤੇ ਕਿਹੜੇ 'ਦਬਕੇ' ਨਾਲ ਪ੍ਰਾਪਤ ਕੀਤਾ?
ਪਿਛਲੇ ਸਮੇਂ ਤੋਂ ਰਾਜ ਸਭਾ ਅੰਦਰ ਜਾਣ ਦਾ ਕਈਆਂ ਵਿਚਾਲ਼ੇ ਘੋਲ ਚੱਲ ਰਿਹਾ ਸੀ। ਇਸ ਬਾਰੇ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ 'ਤੇ ਕਿਸੇ ਵੀ ਚੋਣਾਂ ਸਮੇਂ ਟਿਕਟਾਂ ਵੇਚਣ ਦੇ ਦੋਸ਼ ਲੱਗੇ ਹੋਣ ਅਜਿਹੇ ਲੋਕ ਬਿਲਕੁੱਲ ਰਾਜ ਸਭਾ ਵਿਚ ਨਹੀਂ ਭੇਜੇ ਜਾਣੇ ਚਾਹੀਦੇ। ਕੁਮਾਰ ਵਿਸ਼ਵਾਸ ਕਾਫੀ ਦੇਰ ਤੋਂ ਆਪਣੇ ਆਪ ਨੂੰ ਪਾਰਟੀ ਦਾ ਮੋਢੀ ਮੈਂਬਰ ਦੱਸ ਕੇ ਰਾਜ ਸਭਾ ਲਈ ਮੈਂਬਰੀ ਤੇ ਆਪਣਾ ਹੱਕ ਜਤਾਈ ਜਾ ਰਿਹਾ ਸੀ। ਪੱਤਰਕਾਰ ਤੋਂ ਨੇਤਾ ਬਣੇ ਆਸ਼ੂਤੋਸ਼ ਦਾ ਨਾਂ ਵੀ ਚੁਣੇ ਜਾਣ ਵਾਲਿਆਂ ਵਿਚ ਬੋਲਦਾ ਸੀ। ਪਰ ਪਾਰਟੀ ਦੇ ਦੋ ਵੱਡੇ ਲੀਡਰਾਂ ਵਲੋਂ ਆਪਣਿਆਂ ਨੂੰ ਛੱਡਕੇ ਪਾਰਟੀ ਤੋਂ ਬਾਹਰਲੇ ਸਰਮਾਏਦਾਰ ਲੋਕਾਂ ਵੱਲ ਪਹੁੰਚ ਕੀਤੀ ਗਈ? ਪਰ ਕਿਉਂ? ਕੀ 'ਆਪ' ਅੰਦਰ ਅਕਲਮੰਦਾ ਦਾ ਏਨਾ ਕਾਲ਼ ਪੈ ਗਿਆ ਹੋਇਆ ਕਿ ਗੈਰ ਪਾਰਟੀ ਮੈਂਬਰਾਂ ਨੂੰ ਰਾਜ ਸਭਾ ਵਾਸਤੇ ਨਾਮਜ਼ਦ ਕਰ ਦਿੱਤਾ ਗਿਆ? ਕਾਰਨ ਯੋਗਤਾ ਨਹੀਂ ਕੁੱਝ ਹੋਰ ਲਗਦਾ ਹੈ। ਕੀ ਇਸ ਬਾਰੇ ਪਾਰਟੀ 'ਵਲੰਟੀਅਰਜ਼' ਨੂੰ ਪੁੱਛਿਆ ਗਿਆ? ਪੰਜਾਬ ਵਿਚ ਆਪਣੇ 'ਅਨੈਤਿਕ ਕਾਰਨਾਮਿਆਂ' ਕਰਕੇ ਪਾਰਟੀ ਦੀ ਰੱਜ ਕੇ ਬਦਨਾਮੀ ਅਤੇ ਹਾਰ ਦੇ ਜੁੰਮੇਵਾਰ ਸੰਜੇ ਸਿੰਘ ਨੂੰ ਕਿਸ "ਖੁਬੀ'' ਕਰਕੇ ਨਾਮਜ਼ਦ ਕੀਤਾ ਗਿਆ । ਸਿਰਫ ਉੱਪਰਲਿਆਂ ਦਾ ਆਗਿਆਕਾਰੀ (ਯੈੱਸ ਮੈਨ) ਹੋਣਾ ਹੀ ਸਭ ਤੋਂ ਵੱਡੀ ਖੂਬੀ ਗਿਣੀ ਜਾਂਦੀ ਹੈ ਇਸ ਪਾਰਟੀ ਵਿਚ? ਯੈੱਸ ਮੈਨ ਨਾ ਬਣਨ ਵਾਲੇ ਆਪਣੇ ਹੀ ਪਾਰਟੀਉਂ ਬਾਹਰ ਕੀਤਿਆਂ ਨੂੰ ਹੁਣ ਤੱਕ ਵਾਪਸ ਪਾਰਟੀ ਅੰਦਰ ਮੋੜ ਕੇ ਲਿਆਉਣ ਦੇ ਜਤਨ ਕਿਉਂ ਨਹੀਂ ਕੀਤੇ ਗਏ? ਆਪਣੀ ਹੀ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਦੇ ਮੁਖੀ ਨੂੰ ਸ਼ਾਇਦ ਇਹ ਹੀ ਪਾਰਟੀ ਬਾਹਰ ਕੱਢ ਸਕਦੀ ਹੈ- ਤੇ ਇਨ੍ਹਾਂ ਨੇ ਕੱਢਿਆ ਵੀ - ਬੁੱਧੀਜੀਵੀ, ਦਰਵੇਸ਼ ਮਨੁੱਖ ਡਾ. ਦਲਜੀਤ ਸਿੰਘ (ਹੁਣ ਸਵਰਗਵਾਸੀ) ਨੂੰ । ਕਿਸੇ ਵੀ ਸਿਆਸੀ ਪਾਰਟੀ ਨੂੰ "ਪ੍ਰਾਈਵੇਟ ਲਿਮਟਿਡ'' ਬਣਾ ਕੇ ਨਹੀਂ ਚਲਾਇਆ ਜਾ ਸਕਦਾ। ਆਮ ਆਦਮੀ ਪਾਰਟੀ ਦੀ "ਲੀਡਰਸ਼ਿੱਪ'' ਇਸ ਨੂੰ ਇਵੇਂ ਹੀ ਚਲਾਉਣ ਵਾਸਤੇ ਜਤਨਸ਼ੀਲ ਹੈ। ਇਹ 'ਬਦਲਵੀ ਸਿਆਸਤ' ਵਾਲੇ ਜੁਮਲੇ ਨੂੰ ਕਦੋਂ ਦੇ ਭੁੱਲ ਚੁੱਕੇ ਹਨ। ਕਿਸੇ ਵੀ ਲੋਕਰਾਜੀ ਜਾਂ ਕਹੀਏ ਸਵਰਾਜ ਦੇ ਸਿਧਾਂਤ ਨੂੰ ਪਰਣਾਈ ਪਾਰਟੀ ਵਾਸਤੇ ਇਹ ਘਾਤਕ ਰਾਹ ਹੈ। ਬੁਨਿਆਦੀ ਸਿਧਾਂਤ ਵਾਲੀ ਲੀਹੋਂ ਲੱਥ ਚੁੱਕੀ ਹੈ ਇਹ ਪਾਰਟੀ। ਜਿਸ ਕਰਕੇ ਅਗਲੇ ਸਮੇਂ ਪਾਰਟੀ ਦਾ ਹੋਰ ਖਿਲਾਰਾ ਪੈਣ ਦੀਆਂ ਸੰਭਾਵਨਾਵਾਂ ਵੀ ਹਨ। ਕੁਮਾਰ ਵਿਸ਼ਵਾਸ ਵਰਗੇ "'ਆਪ ਦੇ ਸ਼ਹੀਦ'' ਚੁੱਪ-ਚਾਪ ਨਹੀਂ ਬੈਠਣ ਲੱਗੇ- ਲੋਕ ਸਭਾ ਵਾਲਾ ਲਾਲੀਪੌਪ ਉਹਨੂੰ ਪੁੱਗਣਾ ਨਹੀਂ? ਉਹ ਜਾਵੇਗਾ, ਸਵਾਲ ਇਹ ਹੈ ਕਿ ਉਹ ਕਦੋਂ ਕੁ ਅਤੇ ਉਸਦੇ ਨਾਲ ਕਿੰਨੇ ਕੁ ਹੋਰ ਜਾਣਗੇ।
'ਆਮ ਆਦਮੀ ਪਾਰਟੀ' ਨੇ ਜੇ ਮੁੜ ਲੀਹ 'ਤੇ ਆਉਣਾ ਹੈ ਤਾਂ ਜਤਨ ਕੀਤੇ ਜਾਣੇ ਚਾਹੀਦੇ ਹਨ ਕਿ ਉਹ ਸੂਝਵਾਨ ਲੋਕ ਜਿਨ੍ਹਾਂ ਪਾਰਟੀ ਉਸਾਰਨ ਵਿਚ ਯੋਗਦਾਨ ਪਾਇਆ ਕਿਸੇ ਵੀ ਕਾਰਨ ਪਾਰਟੀ ਨੇ ਬਾਹਰ ਕੱਢੇ ਹੋਏ ਹਨ ਜਾਂ ਸਸਪੈਂਡ/ਮੁਅੱਤਲ ਕੀਤੇ ਹੋਏ ਹਨ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ। ਇਸ ਨਾਲ ਪਾਰਟੀ ਨੂੰ ਬਹੁਤ ਫਾਇਦਾ ਹੋਵੇਗਾ। ਪਾਰਟੀ ਮੈਂਬਰਾਂ ਦੇ ਆਸਰੇ ਹੀ ਉਸਰਦੀ ਹੈ ਪਰ ਨਾਲ ਹੀ ਸੇਧ ਦੇਣ ਵਾਲੇ ਸੂਝਵਾਨ ਆਗੂ ਵੀ ਚਾਹੀਦੇ ਹਨ। ਇਸ ਸਮੇਂ ਸੂਝਵਾਨ ਆਗੂਆਂ ਦੀ ਘਾਟ ਬਾਰੇ ਗੱਲ ਕਰਦਿਆਂ ਕਈ ਸਿਆਸੀ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਤੁਲਨਾ 'ਸ਼ਿਵ ਜੀ ਦੀ ਬਰਾਤ' ਨਾਲ ਵੀ ਕਰਦੇ ਹਨ। ਇਸ ਤੋਂ ਬਚਣ ਦੀ ਲੋੜ ਹੈ। ਪਾਰਟੀ ਨੂੰ ਅੰਦਰੂਨੀ ਜਮਹੂਰੀਅਤ ਬਾਰੇ ਵੀ ਨਹੀਂ ਭੁੱਲਣਾ ਚਾਹੀਦਾ ਤਾਂ ਕਿ ਪਾਰਟੀ ਲੋਕਰਾਜੀ ਕਦਰਾਂ-ਕੀਮਤਾਂ ਵਾਲੀ ਵੀ ਹੋਵੇ। ਆਮ ਆਦਮੀ ਪਾਰਟੀ ਅਜੇ ਤੱਕ ਬਦਲਵੀਂ ਸਿਆਸਤ ਜਾਂ ਬਦਲਵੇਂ ਪ੍ਰਬੰਧ ਦੇ ਨਾਅਰੇ ਤੱਕ ਹੀ ਮਸਾਂ ਪਹੁੰਚੀ ਹੈ - ਅਮਲ ਵਿਚ ਇਸ ਤੋਂ ਬਹੁਤ ਦੂਰ ਹੈ। ਆਪਣੇ ਜ਼ਾਤੀ ਫਾਇਦਿਆਂ ਵਾਸਤੇ ਲੜਨਾ ਜਾਂ ਫੇਰ ਲੋਕ ਹਿਤਾਂ ਵਾਸਤੇ ਸਿਆਸਤ ਕਰਨੀ ਇਸ ਵਿਚ ਬਹੁਤ ਵੱਡਾ ਫਰਕ ਹੁੰਦਾ ਹੈ, ਬੱਸ ਇਸ ਨੂੰ ਸਮਝਣ ਵਾਲੀ ਇਮਾਨਦਾਰੀ ਦੀ ਲੋੜ ਹੈ।
03 Jan. 2018
ਕਥਾ : ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ - ਕੇਹਰ ਸ਼ਰੀਫ਼
ਸਿਦਕ ਨੂੰ ਪਾਲਣ ਅਤੇ ਕੁਰਬਾਨੀ ਦਾ ਚਾਅ ਕਰਨ ਵਾਲੇ ਸਿੱਖ ਇਤਿਹਾਸ ਦੀ ਲਾਸਾਨੀ ਕੁਰਬਾਨੀ ਸਬੰਧੀ ਵਿਚਾਰਦਿਆਂ ਹੈਰਾਨੀ ਹੁੰਦੀ ਹੈ ਕਿ ਕਿਵੇਂ ਸੂਰਮੇ ਆਪਣੇ ਗੁਰੂ ਖਾਤਰ ਜਾਂ ਗੁਰੂ ਦੀ ਥਾਵੇਂ ਸਿਰ ਵਾਰ ਜਾਂਦੇ ਹਨ। ਪਰ ਇਹ ਜਜ਼ਬਾ ਕੋਈ ਦਿਨਾਂ ਮਹੀਨਿਆਂ ਵਿੱਚ ਪੈਦਾ ਨਹੀਂ ਹੁੰਦਾ ਇਸ ਵਿੱਚ ਪਰਿਵਾਰਕ ਵਿਰਸੇ ਦਾ ਵੀ ਬਹੁਤ ਮਹੱਤਵ ਹੁੰਦਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਸ਼ਰਧਾ, ਪ੍ਰਤੀਬੱਧਤਾ ਅਤੇ ਸੂਰਬੀਰਤਾ ਪਲ਼ਦੀ ਹੈ। ਕੁਰਬਾਨੀਆਂ ਦੇ ਇਤਿਹਾਸ ਨੂੰ ਵਿਚਾਰਦਿਆਂ ਇਕ ਅਜਿਹੀ ਲਾਸਾਨੀ ਕੁਰਬਾਨੀ ਦਾ ਵਿਸਥਾਰ ਹੈ ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦਾ ਜੀਵਨ ਅਤੇ ਨਿਭਾਏ ਸਿਰੜ ਦੀ ਵਾਰ ਵਾਰ ਚੇਤੇ ਕਰਨ ਵਾਲੀ ਕਥਾ। ਜੋ ਸਦੀਆਂ ਤੱਕ ਆਪਣੇ ਸੱਚੇ ਮਕਸਦ ਵਾਸਤੇ ਲੜਨ ਵਾਲਿਆਂ ਦੀ ਅਗਵਾਈ ਕਰਦੀ ਰਹੇਗੀ।
ਸਿੱਖ ਇਤਿਹਾਸ ਦੇ ਸੂਰਮੇ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ ਜਿਨ੍ਹਾਂ ਨੂੰ ਸੰਗਤ ਸਿੰਘ ਬੰਗੇਸਰ ਕਰਕੇ ਵੀ ਇਤਿਹਾਸ ਵਿੱਚ ਯਾਦ ਕੀਤਾ ਜਾਂਦਾ ਹੈ। ਪਹਿਲਾਂ ਭਾਈ ਸੰਗਤ ਸਿੰਘ ਜੀ ਦੇ ਪਿਛੋਕੜ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿਸੇ ਦੇ ਰੋਮ ਰੋਮ ਵਿੱਚ ਸੂਰਬੀਰਤਾ ਕਿਵੇਂ ਰਚਦੀ ਹੈ। ਕਿਵੇਂ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ ਹੈ, ਕਿ ਇਨਸਾਨ ਸਾਹਮਣੇ ਦਿਸਦੀ ਮੌਤ ਦੇਖ ਕੇ ਬਚਣ ਦੀ ਬਜਾਏ ਮਾਣ ਭਰੀ ਖੁਸ਼ੀ ਨਾਲ ਜਾਨ ਵਾਰਨ ਲਈ ਤਿਆਰ ਹੋ ਜਾਂਦਾ ਹੈ। ਯਾਦ ਰਹੇ ਅਜਿਹੇ ਸੂਰਮੇ ਹੀ ਇਤਿਹਾਸ ਦੇ ਥੰਮ ਬਣਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਸੂਰਮਿਆਂ ਨੂੰ ਯਾਦ ਹੀ ਨਹੀਂ ਰੱਖਦੀਆਂ ਸਗੋਂ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸ੍ਰੋਤ ਵੀ ਮੰਨਦੀਆਂ ਹਨ ਤਾਂ ਕਿ ਆਪਣੇ ਜੁਝਾਰੂ ਵਿਰਸੇ ਨੂੰ ਜੀਊਂਦਾ ਰੱਖਿਆ ਜਾ ਸਕੇ।
ਇਤਿਹਾਸ ਵਿੱਚ ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਦਾ ਗੁਰੂ ਘਰ ਵੱਲ ਸ਼ਰਧਾ ਭਰਪੂਰ ਸਨੇਹ ਬਹੁਤ ਪਹਿਲਾਂ ਜੁੜ ਜਾਂਦਾ ਹੈ। ਜਦੋਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 'ਗੁਰੂ ਕਾ ਚੱਕ' ਭਾਵ ਅਮ੍ਰਿਤਸਰ ਵਸਾਇਆ ਤਾਂ ਗੁਰੂ ਸੇਵਾ ਅਤੇ ਗੂਰੂ ਦਰਸ਼ਣਾਂ ਵਾਸਤੇ ਬਹੁਤ ਸਾਰੀਆਂ ਸੰਗਤਾਂ ਦੂਰ ਦੁਰਾਡੇ ਤੋਂ ਵੀ ਆਇਆ ਕਰਦੀਆਂ ਸਨ। ਗੁਰੂ ਦੀ ਮਹਿਮਾਂ ਸੁਣ ਕੇ ਗਰੀਬ ਪਰਿਵਾਰ ਵੀ ਇਸ ਪਾਸੇ ਵੱਲ ਤੁਰਨ ਲੱਗ ਪਏ ਸਨ। ਇਨ੍ਹਾਂ ਗਰੀਬ ਪਰਿਵਾਰਾਂ ਵਿੱਚ ਕੱਪੜਾ ਬੁਣਨ ਦਾ ਕੰਮ ਕਰਨ ਵਾਲੇ ਕਿਰਤੀ ਭਾਈ ਜਰਨੈਲ ਦਾ ਪਰਿਵਾਰ ਵੀ ਸੀ। ਗੁਰੂ ਰਾਮ ਦਾਸ ਜੀ ਨੇ ਆਪਣੀ ਸੰਗਤ ਵਿੱਚੋਂ ਜਾਤ ਪਾਤ ਨੂੰ ਸਦਾ ਲਈ ਖਤਮ ਕਰਨ ਵਾਸਤੇ ਇਕ ਦਿਨ ਧਾਰਮਿਕ ਦੀਵਾਨ ਤੋਂ ਬਾਅਦ ਭਾਈ ਜਰਨੈਲ ਜੀ ਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਭਾਵਨਾ ਤੋਂ ਅਤਿ ਪਰਸੰਨ ਹੋ ਕੇ ਆਪਣੇ ਕੋਲ ਬੁਲਾ ਕੇ 'ਸਿਰੋਪਾਉ' ਦੀ ਦੀ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਇਹ ਸਿੱਖ ਮੇਰੇ ਨਾਮ ਨਾਲ ਰਾਮਦਾਸੀਏ ਕਰਕੇ ਜਾਣੇ ਜਾਣ। ਰਾਮਦਾਸੀਏ ਦਾ ਲਕਬ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਕਰਕੇ ਪ੍ਰਾਪਤ ਹੋਇਆ। ਇੱਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਵਲੋਂ ਸਿੱਖ ਧਰਮ ਦੇ ਆਰੰਭ ਵੇਲੇ ਤੋਂ ਹੀ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਜਦੋਂ ਕਿ ਸਮਾਜ ਵਿਰੋਧੀ ਅੰਸਰਾਂ ਵਲੋਂ ਕਿਸੇ ਧਰਮ ਦੇ ਨਾਂ ਹੇਠ ਸਮਾਜ ਨੂੰ ਵਰਣਾਂ ਵਿੱਚ ਵੰਡਿਆ ਹੋਇਆ ਸੀ ਤਾਂ ਬਾਬੇ ਨਾਨਕ ਨੇ ਕਿਹਾ ਸੀ 'ਚਾਰਿ ਵਰਨਿ ਇਕੁ ਵਰਨਿ ਕਰਾਇਆ' ਕਿ ਜਾਤਪਾਤ ਦਾ ਭੇਦ ਭਾਵ ਮਿਟਾ ਕੇ ਪੰਗਤ ਤੇ ਸੰਗਤ ਵਿੱਚ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਦਾ ਸਿਧਾਂਤ ਪ੍ਰਚਾਰਿਆ ਸੀ। 'ਏਕ ਪਿਤਾ ਏਕਸ ਕੇ ਹਮ ਬਾਰਿਕ'। ਜੇ ਇਸ ਤੋਂ ਵੀ ਪਿੱਛੇ ਜਾਣਾ ਹੋਵੇ ਤਾਂ ਭਗਤੀ ਲਹਿਰ ਦੇ ਸਮੇਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਹੈ ਕਿ ਭਗਤੀ ਲਹਿਰ ਦਾ ਮੁੱਖ ਮਕਸਦ ਵੀ ਪਾਈਆਂ ਵੰਡੀਆਂ ਨੂੰ ਨਕਾਰਨਾ ਅਤੇ ਮਨੁੱਖਾਂ ਦੀ ਬਰਾਬਰੀ ਦਾ ਪ੍ਰਚਾਰ ਕਰਨਾ ਹੀ ਸੀ। ਭਗਤੀ ਲਹਿਰ ਦੇ ਇਸ ਬੁਨਿਆਦੀ ਫਲਸਫੇ ਨੂੰ ਅੱਜ ਵੀ ਮਨੁੱਖੀ ਅਧਿਕਾਰਾਂ ਦੀਆਂ ਲਹਿਰਾਂ ਕਰਕੇ ਜਾਣਿਆ ਜਾਂਦਾ ਹੈ। ਦਰਅਸਲ, ਸਿਧਾਂਤਕ ਪੱਖੋਂ ਭਗਤੀ ਲਹਿਰ ਹੀ ਸਿੱਖ ਧਰਮ ਦੀ ਬੁਨਿਅਦ ਆਖੀ ਜਾ ਸਕਦੀ ਹੈ।
ਇੱਥੇ ਇਕ ਹੋਰ ਨੁਕਤੇ ਬਾਰੇ ਵਿਚਾਰ ਕਰਨੀ ਬਹੁਤ ਜਰੂਰੀ ਹੈ ਜਿਸ ਬਾਰੇ ਗੁਰੂ ਨਾਮ ਲੇਵਾ ਸੰਗਤਾਂ ਨੂੰ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਖਾਸ ਤੌਰ ਤੇ ਸੋਚਣਾ ਬਣਦਾ ਹੈ, ਸਿਰੋਪਾਉ ਭਾਵ ਸਿਰੋਪਾ ਬਾਰੇ। ਗੁਰੂ ਸਾਹਿਬ ਵੇਲੇ ਧਾਰਮਿਕ ਪੱਧਰ ਤੇ ਸੇਵਾ ਭਾਵ ਵਾਲੇ ਲੋਕਾਂ ਨੂੰ ਹੀ ਸਿਰੋਪਾ ਦੀ ਬਖਸ਼ਿਸ਼ ਕੀਤੀ ਜਾਂਦੀ ਸੀ - ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ। ਅੱਜ ਜੋ ਹਾਲ ਸਿਰੋਪਾ ਦਾ ਹੋਇਆ ਪਿਆ ਹੈ ਜਾ ਹੋਈ ਜਾ ਰਿਹਾ ਹੈ ਕਿ ਜਿਸ ਦੇ ਘਰ ਚਾਰ ਵੋਟਾਂ ਹਨ ਉਸ ਨੂੰ ਉਸ ਦੇ ਘਰ ਜਾ ਕੇ ਦੇ ਦਿੱਤਾ ਜਾਂਦਾ ਹੈ ਜੋ ਸਰਾਸਰ ਗਲਤ ਹੈ। ਗੁਰੂ ਵਾਲੀ ਭਾਵਨਾ ਦੇ ਵੀ ਉਲਟ ਹੈ। ਇਹ ਕਾਰਜ ਬੰਦੇ-ਕੁਬੰਦੇ ਦੀ ਪਛਾਣ ਕੀਤੇ ਬਿਨਾਂ ਹੀ ਕੀਤਾ ਜਾ ਰਿਹਾ ਹੈ। ਇਸ ਬਾਰੇ ਡੂੰਘਾਈ ਨਾਲ ਸੋਚਣ ਦੀ ਲੋੜ ਹੈ।
ਜਦੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਧਾਰਨ ਕਰਨ ਤੋਂ ਬਾਅਦ ਸਿੱਖ ਸੰਗਤਾਂ ਵੱਲ ਇਕ ਗਸ਼ਤੀ ਹੁਕਮਨਾਮਾ ਘੱਲਿਆ ਕਿ ਸਿੱਖ ਸੇਵਕ ਹੋਰ ਤੋਹਫਿਆਂ ਦੀ ਥਾਵੇਂ ਸ਼ਸਤਰ ਤੇ ਘੋੜੇ ਆਦਿ ਲੈ ਕੇ ਆਉਣ। ਨਾਲ ਹੀ ਹੋ ਰਹੇ ਜੁਲਮ ਦੇ ਖਿਲਾਫ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਸਾਧਨਾ ਵਾਲੇ ਬਹੁਤ ਸਾਰੇ ਲੋਕ ਘੋੜੇ ਬਗੈਰਾ ਲੈ ਕੇ ਵੀ ਆਏ। ਦੁਆਬੇ ਤੇ ਮਾਲਵੇ ਦੇ ਸੂਰਬੀਰ ਯੋਧਿਆਂ ਨੇ ਆਪਣੀਆਂ ਸੇਵਾਵਾਂ ਪੇਸ਼ ਕਰਦਿਆਂ ਕਿਹਾ ਸੀ ਕਿ 'ਸੱਚੇ ਪਾਤਸ਼ਾਹ, ਅਸੀਂ ਗਰੀਬ ਲੋਕ ਹਾਂ, ਸਾਡੇ ਕੋਲ ਤੁਹਾਨੂੰ ਭੇਟ ਕਰਨ ਲਈ ਕੁੱਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਵਾਰ ਸਕਦੇ ਹਾਂ ਤੇ ਸਾਨੂੰ ਆਪਣੀ ਫੌਜ ਵਿੱਚ ਰੱਖ ਲਵੋ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਪੰਨਾ 153 ਤੇ ਮੈਕਾਲਿਫ ਇਸ ਬਾਰੇ ਲਿਖਦੇ ਹਨ :
'ਹਮ ਅਨਾਥ ਸਿਰ ਭੇਟ ਕੀਨੇ , ਦਯਾ ਕਰਯੋ ਕਹਿ ਦੀਨੇ'
ਗੁਰੂ ਸਾਹਿਬਾਂ ਦੇ ਦਰਸ਼ਣਾਂ ਨੂੰ ਇਨ੍ਹਾਂ ਆਉਣ ਵਾਲਿਆਂ ਵਿੱਚ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ ਦੇ ਭਾਈ ਬੁੱਧਾ ਜੀ ਅਤੇ ਭਾਈ ਸੁੱਧਾ ਜੀ ਅਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂ ਜੀ, ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਭਾਈ ਭਾਨੂੰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੜੀਆਂ ਚੌਹਾਂ ਜੰਗਾਂ ਵਿੱਚ ਹੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ। ਇਸ ਅਮੀਰ ਪਰਿਵਾਰਕ ਵਿਰਸੇ ਦੇ ਮਾਲਕ ਸਨ ਭਾਈ ਸੰਗਤ ਸਿੰਘ ਜੀ।
ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੂੰ ਬਾਬਾ ਬਕਾਲਾ ਵਿਖੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆਂ ਜੀ ਗੁਰੂ ਦਰਸ਼ਣਾਂ ਵਾਸਤੇ ਬਾਬਾ ਬਕਾਲਾ ਵਿਖੇ ਪਹੁੰਚੇ। ਬਚਪਨ ਤੋਂ ਹੀ ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸੇਵਾ ਵਿੱਚ ਜੁਟ ਗਏ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਰਣੀਆਂ ਜੀ ਨੂੰ ਕੁੱਝ ਦਿਨਾਂ ਵਾਸਤੇ ਉਨ੍ਹਾਂ ਦੇ ਪਿੰਡ ਜਾਣ ਲਈ ਕਹਿ ਦਿੱਤਾ ਗਿਆ ਅਤੇ ਫੇਰ ਮਾਖੋਵਾਲ ਵਿਖੇ ਇਕ ਹੋਰ ਨਵਾਂ ਨਗਰ ਵਸਾਉਣ ਦਾ ਦੱਸਕੇ ਉੱਥੇ ਪਹੁੰਚਣ ਲਈ। ਹਦਾਇਤ ਕੀਤੀ। ਗੁਰੂ ਪਿਆਰ 'ਚ ਰੰਗੇ ਇਹ ਭਾਈ ਰਣੀਆਂ ਜੀ ਹੀ ਭਾਈ ਸੰਗਤ ਸਿੰਘ ਦੇ ਪਿਤਾ ਜੀ ਸਨ।
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਲੂਰ ਦੇ ਰਾਜੇ ਕੋਲੋਂ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਇੱਥੇ ਨਵਾਂ ਨਗਰ ਵਸਾਇਆ ਤਾਂ ਇਸ ਨਵੇਂ ਵਸਾਏ ਨਗਰ ਦਾ ਨਾਂ ਆਪਣੀ ਮਾਤਾ ਜੀ ਦੇ ਨਾਂ 'ਤੇ 'ਚੱਕ ਨਾਨਕੀ' ਰੱਖਿਆ ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਬਣ ਗਿਆ। ਇਸ ਨਗਰ ਵਸਾਉਣ ਦੀ ਨੀਂਹ ਦਾ ਟੱਕ 19 ਜੂਨ 1665 ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਲਾਇਆ ਸੀ। ਉਸ ਸਮੇਂ ਭਾਈ ਸੰਗਤ ਸਿੰਘ ਜੀ ਦੇ ਮਾਤਾ ਪਿਤਾ ਭਾਈ ਰਣੀਆਂ ਜੀ ਤੇ ਬੀਬੀ ਅਮਰੋ ਜੀ ਨੇ ਗੁਰੂ ਘਰ ਦੇ ਸੇਵਾਦਾਰ ਜਾਂ ਟਹਿਲੀਏ ਵਜੋਂ ਆਪਣਾ ਜੀਵਨ ਅਰਪਣ ਕੀਤਾ ਸੀ। ਇੱਥੋਂ ਹੀ ਸਿੱਖੀ ਦੇ ਪ੍ਰਚਾਰ ਲਈ ਗੁਰੂ ਤੇਗ ਬਹਾਦਰ ਚੱਲੇ ਸਨ। ਸੰਗਤਾਂ ਵਿੱਚ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਅਤੇ ਹੋਰ ਕਈਆਂ ਦੇ ਨਾਲ ਬੀਬੀ ਅਮਰੋ ਜੀ ਤੇ ਭਾਈ ਰਣੀਆਂ ਜੀ ਵੀ ਨਾਲ ਗਏ ਸਨ। ਪ੍ਰਚਾਰ ਵਜੋਂ ਮਾਲਵੇ ਦੇ ਬਾਂਗਰ ਇਲਾਕੇ ਤੇ ਮਥਰਾ, ਕੁਰਕਸ਼ੇਤਰ, ਅਗਰਾ, ਕਾਨਪੁਰ, ਇਲਾਹਾਬਾਦ ਆਦਿਕ ਅਨੇਕਾਂ ਥਾਵਾਂ 'ਤੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਿਹਾਰ ਦੇ ਪਟਨਾ ਵਿਖੇ ਪਹੁੰਚੇ ਸਨ। ਸੰਗਤਾਂ ਨੂੰ ਮੁੱਖ ਤੌਰ ਤੇ ਬੀਬੀ ਅਮਰੋ ਜੀ ਅਤੇ ਭਾਈ ਰਣੀਆਂ ਜੀ ਨੂੰ ਆਪਣੇ ਪਰਿਵਾਰ ਦੀ ਦੇਖ ਭਾਲ ਦੀ ਜੁੰਮੇਵਾਰੀ ਸੌਂਪ ਕੇ ਨੌਵੇਂ ਗੁਰੂ ਸਿੱਖੀ ਦੇ ਪ੍ਰਚਾਰ ਖਾਤਰ ਅਸਾਮ ਅਤੇ ਢਾਕੇ ਵੱਲ ਗਏ ਸਨ। ਪਟਨਾ ਵਿਖੇ 22 ਦਸੰਬਰ 1666 ਨੂੰ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ ਸੀ। ਇਸ ਤੋਂ ਚਾਰ ਮਹੀਨੇ ਬਾਅਦ ਬੀਬੀ ਅਮਰੋ ਜੀ ਦੀ ਕੁੱਖੋਂ ਭਾਈ ਰਣੀਆਂ ਜੀ ਦੇ ਘਰ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਸੰਗਤਾ ਰੱਖਿਆ ਗਿਆ। ਬਾਲ ਸੰਗਤਾ ਦੀ ਸ਼ਕਲ ਬਾਲ ਗੋਬਿੰਦ ਰਾਏ ਨਾਲ ਬਹੁਤ ਹੀ ਮਿਲਦੀ ਸੀ। ਇਸ ਬਾਰੇ ਵੀ ਕਾਫੀ ਦੰਦ ਕਥਾਵਾਂ ਹਨ ਕਿ ਇਕ ਵਾਰ ਜਦੋਂ ਬਾਲ ਉਮਰੇ ਬਾਲ ਗੋਬਿੰਦ ਰਾਏ ਤੇ ਭਾਈ ਸੰਗਤਾ ਜੀ ਰਾਣੀ ਮੈਣੀ ਦੇ ਘਰ ਗਏ ਤਾਂ ਭੁਲੇਖਾ ਪਾਉਣ ਵਾਸਤੇ ਬਾਲ ਗੋਬਿੰਦ ਰਾਏ ਨੇ ਭਾਈ ਸੰਗਤੇ ਨੂੰ ਅੱਗੇ ਕਰ ਦਿੱਤਾ, ਇਸ ਤਰਾਂ੍ਹ ਰਾਣੀ ਪੂਰੀ ਪਹਿਚਾਣ ਤਾਂ ਨਾ ਕਰ ਸਕੀ ਪਰ ਦੋਵਾਂ ਨੂੰ ਪਿਆਰ ਦਿੰਦਿਆਂ ਕਹਿਣ ਲੱਗੀ ਕਿ 'ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ'। ਦੋਹਾਂ ਦੀ ਸ਼ਕਲ ਬਹੁਤੀ ਮਿਲਦੀ ਹੋਣ ਕਰਕੇ ਅਜਿਹਾ ਵਾਪਰਨਾ ਦੱਸਿਆ ਗਿਆ ਹੈ।
ਦਸਵੇਂ ਗੁਰੂ ਸਾਹਿਬ ਤੇ ਭਾਈ ਸੰਗਤ ਸਿੰਘ ਦਾ ਬਚਪਨ ਇਕੱਠਾ ਹੀ ਬੀਤਿਆ। ਜਦੋਂ ਅਸੀਂ ਬਾਅਦ ਦੇ ਸਮੇਂ ਦੀਆਂ ਲੜਾਈਆਂ ਬਾਰੇ ਸੁਣਦੇ/ਪੜ੍ਹਦੇ ਹਾਂ ਤਾਂ ਇਹ ਵੀ ਦੇਖਦੇ ਹਾਂ ਕਿ ਇਹ ਕੁੱਝ ਤਾਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਬਚਪਨ ਵਿੱਚ ਹੀ ਫਰਜ਼ੀ ਜੰਗ ਦੀ ਖੇਡ ਖੇਡਣ ਸਮੇਂ ਬਾਲ ਗੋਬਿੰਦ ਰਾਏ ਖੇਡਣ ਵਾਸਤੇ ਦੋ ਟੋਲੀਆਂ ਬਣਾਉਂਦੇ ਇਕ ਦੇ ਆਪ ਆਗੂ ਬਣਦੇ ਤੇ ਦੂਜੀ ਟੋਲੀ ਦੀ ਅਗਵਾਈ ਭਾਈ ਸੰਗਤਾ ਜੀ ਕਰਦੇ। ਇਸ ਤਰ੍ਹਾਂ ਇਹ ਅਭਿਆਸ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਸਮੇਂ ਹੀ ਆਪਸੀ ਸਾਂਝ ਬਣੀ ਜੋ ਸਾਰੀ ਉਮਰ ਰਹੀ। ਭਾਈ ਸੰਗਤ ਸਿੰਘ ਜੀ ਗੁਰੂ ਦੇ ਵਿਸ਼ਵਾਸ ਪਾਤਰ ਰਹੇ। ਇਹ ਵੀ ਪੜ੍ਹਨ ਵਿੱਚ ਆਉਂਦਾ ਹੈ ਕਿ ਭਾਈ ਸੰਗਤ ਸਿੰਘ ਹੋਰਾਂ ਨੇ ਗੁਰੂ ਸਾਹਿਬ ਨਾਲ ਸ਼ਸਤਰ ਵਿੱਦਿਆ, ਤਲਵਾਰਬਾਜ਼ੀ, ਨੇਜਾਬਾਜ਼ੀ, ਘੋੜਸਵਾਰੀ ਆਦਿ ਵਿਚ ਵੀ ਨਿਪੁੰਨਤਾ ਪ੍ਰਾਪਤ ਕੀਤੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿ ਗੁਰੂ ਸਾਹਿਬ ਕੋਲ ਆਮ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਵੀ ਆਉਂਦੇ ਸਨ। ਇਕ ਦਿਨ ਦਰਬਾਰ ਵਿੱਚ ਰੋਂਦਾ ਹੋਇਆ ਇਕ ਬ੍ਰਾਹਮਣ ਆਇਆ ਤੇ ਫਰਿਆਦ ਕੀਤੀ ਕਿ ਉਸ ਦੀ ਘਰ ਵਾਲੀ ਨੂੰ ਇਕ ਪਠਾਣ ਉਸਤੋਂ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ ਉਸ ਦੀ ਮੱਦਦ ਕੀਤੀ ਜਾਵੇ। ਉਹ ਗੁਰੂ ਦੇ ਦਰਬਾਰ ਵਿੱਚ ਇਹ ਹੀ ਆਸ ਲੈ ਕੇ ਆਇਆ ਹੈ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਜੀ ਘੋੜਿਆਂ ਤੇ ਅਸਵਾਰ ਹੋ ਕੇ ਪਠਾਣ ਦੀ ਪੈੜ ਨੱਪਦੇ ਹੋਏ ਉਸਦੇ ਮਗਰ ਹੋ ਤੁਰੇ, ਪਠਾਣ ਅਜੇ ਆਪਣੇ ਘਰ ਪਹੁੰਚਿਆ ਹੀ ਸੀ ਤੇ ਧੱਕੇ ਨਾਲ ਖੋਹ ਕੇ ਲਿਆਂਦੀ ਬ੍ਰਾਹਮਣੀ ਬੈਠੀ ਰੋ ਰਹੀ ਸੀ ਉਦੋਂ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਉੱਥੇ ਪਹੁੰਚ ਗਏ। ਪਹਿਲਾਂ ਤਾਂ ਪਠਾਣ ਦੀ ਚੰਗੀ ਸੁਧਾਈ ਕੀਤੀ ਗਈ ਜਦੋਂ ਭਾਈ ਸੰਗਤ ਸਿੰਘ ਉਸ ਪਾਪੀ 'ਤੇ ਤਲਵਾਰ ਦਾ ਵਾਰ ਕਰਨ ਲੱਗੇ ਤਾਂ ਪਠਾਣ ਦੇ ਘਰ ਵਾਲੀ ਦਾ ਤਰਲਾ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ ਗਿਆ। ਉਸ ਬੀਬੀ ਨੂੰ ਨਾਲ ਲਿਆ ਕੇ ਬ੍ਰਾਹਮਣ ਦੇ ਹਵਾਲੇ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਜਦੋਂ ਆਨੰਦਪੁਰ ਦੇ ਕਿਲਾ ਅਨੰਦਗੜ੍ਹ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਕਿ ਬਾਹਰੋਂ ਰਸਦ ਪਾਣੀ ਅੰਦਰ ਆਉਣਾ ਵੀ ਬਹੁਤ ਔਖਾ ਕਰ ਦਿੱਤਾ ਗਿਆ। ਮੁਗਲ ਕਈ ਵਾਰ ਰਾਤ ਵੇਲੇ ਹਮਲਾ ਕਰਕੇ ਰਸਦ ਲੁੱਟ ਵੀ ਲੈਂਦੇ। ਹਾਲਤ ਇਥੋਂ ਤੱਕ ਮਾੜੇ ਹੋ ਗਏ ਸਨ ਕਿ ਕਈ ਵਾਰ ਪਾਣੀ ਲੈਣ ਗਏ ਚਾਰ ਵਿੱਚੋਂ ਦੋ ਹੀ ਵਾਪਸ ਮੁੜਦੇ ਸਨ। ਉਸ ਵੇਲੇ ਕਿਲੇ ਦੀ ਰਾਖੀ ਵਾਸਤੇ ਉਡਣ ਦਸਤੇ ਬਣਾਏ ਗਏ। ਇਕ ਦਸਤੇ ਦੀ ਅਗਵਾਈ ਭਾਈ ਸੰਗਤ ਸਿੰਘ ਨੂੰ ਸੌਂਪੀ ਗਈ। ਇਸ ਤਰ੍ਹਾਂ ਦੀ ਜੁੰਮੇਵਾਰੀ ਪਰਖੇ ਹੋਏ ਵਿਅਕਤੀਆਂ ਨੂੰ ਹੀ ਸੌਂਪੀ ਜਾਂਦੀ ਸੀ।
1699 ਦੀ ਵਿਸਾਖੀ ਨੂੰ ਜਦੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤਾਂ ਇਸ ਦਿਨ ਹੀ ਦਸਵੇਂ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅਤੇ ਸੰਗਤਾ ਵੀ ਅਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣੇ। ਭਾਈ ਸੰਗਤ ਸਿੰਘ ਦੇ ਨਾਲ ਹੋਰ ਅਮ੍ਰਿਤ ਛਕਣ ਵਾਲੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਚਾਚਾ ਭਾਈ ਜੋਧਾ ਜੀ, ਸਾਥੀ ਭਾਈ ਮਦਨ ਸਿੰਘ, ਭਾਈ ਕਾਠਾ ਤੇ ਭਾਈ ਰਾਮ ਸਿੰਘ ਸਨ। ਇਸ ਤੋਂ ਬਾਅਦ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਸੰਗਤ ਸਿੰਘ ਜੀ ਮਾਲਵੇ ਖੇਤਰ ਦੇ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਹਿੱਤ ਗਏ ਤੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ।
20 ਦਸੰਬਰ 1704 ਨੂੰ ਰਾਤ ਦੇ ਪਹਿਲੇ ਪਹਿਰ ਸਿੱਖਾਂ ਨੇ ਮਾਤਾ ਗੁਜਰੀ ਜੀ ਰਾਹੀਂ ਜੋਰ ਪਵਾ ਕੇ ਦਸ਼ਮੇਸ਼ ਪਿਤਾ ਨੂੰ ਆਨੰਦਪੁਰ ਛੱਡਣ ਵਾਸਤੇ ਰਾਜ਼ੀ ਕਰ ਲਿਆ। ਅੱਗੋਂ ਸਰਸਾ ਦੀ ਨਦੀ ਠਾਠਾਂ ਮਾਰ ਰਹੀ ਹੈ। ਵੈਰੀ ਕੁਰਾਨ ਦੀਆਂ ਕਸਮਾਂ ਤੋੜ ਕੇ ਹਮਲਾਵਰ ਹੋ ਕੇ ਆ ਪਏ। ਇੱਥੇ ਭਿਆਨਕ ਜੰਗ ਹੋਈ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਪਰਿਵਾਰ ਦੇ ਵਿਛੋੜੇ ਪੈ ਗਏ। ਗੁਰੂ ਸਾਹਿਬ ਨੇ ਚਾਲੀ ਸਿੰਘਾਂ ਨਾਲ ਚਮਕੌਰ ਸਾਹਿਬ ਜਾਣ ਦਾ ਫੈਸਲਾ ਕਰ ਲਿਆ। 21 ਦਸੰਦਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਚਮਕੌਰ ਪਹੁੰਚੇ ਤਾਂ ਮੁਗਲਾਂ ਨੂੰ ਖਬਰ ਹੋ ਗਈ ਸੀ। ਇਸ ਕਰਕੇ ਛੇਤੀ ਹੀ ਨਾਹਰ ਖਾਂ ਤੇ ਖੁਆਜਾ ਜਫ਼ਰ ਬੇਗ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੁਗਲ ਫੌਜ ਪਹੁੰਚ ਗਈ। ਚਾਪਰੇ ਹੋਏ ਨਾਹਰ ਖਾਂ ਨੇ ਮੁੜ ਮੁੜ ਹਮਲੇ ਕੀਤੇ। ਪਰ ਆਖਰ ਗੁਰੂ ਸਾਹਿਬ ਦੇ ਇਕ ਤੀਰ ਨਾਲ ਉਹ ਮਾਰਿਆ ਗਿਆ ਤੇ ਜਫਰ ਬੇਗ ਲੁਕ-ਲੁਕਾ ਕੇ ਆਪਣੀ ਜਾਨ ਬਚਾ ਗਿਆ। ਇਸ ਭਾਰੀ ਫੌਜ ਤੇ ਦੂਜੇ ਪਾਸੇ 40 ਸਿੰਘਾਂ ਦੇ ਹਵਾਲੇ ਨਾਲ ਜਫ਼ਰਨਾਮਾ ਦੇ ਬੰਦ 41 ਵਿੱਚ ਲਿਖਿਆ ਮਿਲਦਾ ਹੈ :
ਹਮ ਆਖਿਰ ਚਿ ਮਰਦੀਕੁਨਦ ਕਾਰਜ਼ਾਰ
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ
ਆਖਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਹੈ ਜੇ ਚਾਲੀ ਆਦਮੀਆਂ ਉੱਤੇ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ।
ਇਥੇ ਹੋਈ ਜੰਗ ਵਿੱਚ ਪਹਿਲਾਂ ਵੱਡੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ । ਇਸ ਬਾਰੇ ਮਿਰਜ਼ਾ ਅਬਦੁੱਲ ਗਨੀ ਖਾਨ ਗੁਰੂ ਸਾਹਿਬ ਵਲੋਂ ਲਿਖਦਾ ਹੈ ਕਿ :
ਬੇਟੋਂ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖਬਰ
ਸ਼ੁਕਰੇ ਅੱਲਾ ਕੀਆ ਉਠਾ ਕੇ ਸਰ
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ
ਬੇਟੋਂ ਕੀ ਜਾਂ, ਧਰਮ ਕੀ ਖਾਤਿਰ ਅਦਾ ਹੂਈ
ਇਸੇ ਤਰ੍ਹਾਂ ਜੇ ਅੱਲਾ ਯਾਰ ਖਾਂ ਜੋਗੀ ਦਾ ਲਿਖਿਆ ਪੜ੍ਹੀਏ ਤਾਂ ਉਹ ਲਿਖਦਾ ਹੈ :
ਜਿਸ ਖਿੱਤੇ ਮੇਂ ਹਮ ਕਹਿਤੇ ਥੇ ਅੱਲਾ ਯਹ ਵੋਹੀ ਹੈ
ਕੁੱਲ ਲੁਟਾ ਕੇ ਜਿਸ ਜਗਾ ਸੇ ਜਾਨਾ ਯਹ ਵੋਹੀ ਹੈ
ਜਿਸ ਜਗਾ ਪੇ ਹੈ ਬੱਚੋਂ ਕੋ ਕਟਾਨਾ ਯਹ ਵੋਹੀ ਹੈ
ਮੱਟੀ ਕਹਿ ਦੇਤੀ ਹੈ ਕਿ ਠਿਕਾਨਾ ਯਹ ਵੋਹੀ ਹੈ।
ਇਸ ਸਥਿਤੀ ਵਿੱਚ ਸ਼ਹੀਦ ਪਿਉ ਦਾ ਪੁੱਤਰ ਤੇ ਸ਼ਹੀਦ ਪੁੱਤਰਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਆਪ ਨੂੰ ਕੱਲ੍ਹ ਜੰਗ ਵਿੱਚ ਸ਼ਹੀਦ ਹੋਣ ਵਾਸਤੇ ਤਿਆਰ ਕਰ ਰਹੇ ਹਨ। ਇਸੇ ਨੂੰ ਦੇਖਕੇ ਉੱਥੇ ਬਚਦੇ ਸਿੰਘਾਂ ਨੇ ਸੋਚਿਆ ਕਿ ਇਸ ਸਮੇਂ ਪੰਥ ਨੂੰ ਗੁਰੂ ਸਾਹਿਬ ਦੀ ਲੋੜ ਹੈ। 1699 ਦੀ ਵਿਸਾਖੀ ਸਮੇਂ ਖਾਲਸਾ ਪੰਥ ਦੀ ਸਾਜਣਾ ਵੇਲੇ ਖਾਲਸੇ ਨੂੰ ਬਖਸ਼ੀ ਵਡਿਆਈ ਅਧੀਨ ਆਪੇ ਗੁਰ ਚੇਲਾ ਬਣਨ ਵਾਲੇ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਉਹ ਚਮਕੌਰ ਦੀ ਗੜ੍ਹੀ ਛੱਡ ਜਾਣ। ਇਹ ਬਹੁਤ ਜੋਖ਼ਮ ਭਰਿਆ ਕੰਮ ਸੀ, ਗੁਰੂ ਸਾਹਿਬ ਨੇ ਖਾਲਸੇ ਦੇ ਹੁਕਮ ਅੱਗੇ ਸੀਸ ਨਿਵਾਇਆ ਤੇ ਹੁਕਮ ਮੰਨਿਆਂ। ਫੇਰ ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਬੇਲੀ, ਜੋ ਉਨ੍ਹਾਂ ਦੇ ਹਮਸ਼ਕਲ ਤੇ ਹਮ ਉਮਰ ਵੀ ਸਨ ਜੋ ਹਰ ਵਕਤ ਨਿਮਾਣੇ ਸਿੱਖ ਵਜੋਂ ਵਿਚਰਦੇ ਸਨ ਤੇ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਜੰਗਜੂ ਸਿਪਾਹੀ ਵੀ ਸਨ। ਜੋ ਗੁਰੂ ਸਾਹਿਬ ਵਲੋਂ ਹਰ ਇਮਤਿਹਾਨ ਵਿੱਚ ਪੂਰੇ ਉਤਰਦੇ ਰਹੇ ਸਨ ਨੂੰ ਆਪਣੇ ਪਿਆਰੇ ਸਿੱਖ ਦਾ ਮਾਣ ਦਿੰਦੇ ਹੋਏ ਆਪਣੀ ਛਾਤੀ ਨਾਲ ਲਾਇਆ ਤੇ ਆਪਣੀ ਹੀਰਿਆਂ ਜੜੀ ਕਲਗੀ (ਜਿਸ ਨੂੰ ਜਿਗਾ ਕਲਗੀ ਵੀ ਲਿਖਿਆ ਤੇ ਕਿਹਾ ਜਾਂਦਾ ਹੈ) ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਅਤੇ ਆਪਣੇ ਸ਼ਸਤਰ- ਬਸਤਰ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਅਤੇ ਤਕੜੇ ਰਹਿਣ ਦੀ ਥਾਪਣਾ ਦਿੰਦੇ ਹੋਏ ਕਿਹਾ ਕਿ ਭਾਈ ਸੰਗਤ ਸਿੰਘ ਤੁਸੀਂ ਮੇਰੇ ਮਗਰੋਂ ਮੇਰੀ ਪੌਸ਼ਾਕ ਵਿੱਚ, ਕਲਗੀ ਸਣੇ ਮੇਰੇ ਮੋਰਚੇ ਵਾਲੇ ਆਸਣ ਤੇ ਬੈਠਣਾ ਹੈ ਅਤੇ ਦਿਨ ਚੜ੍ਹਨ 'ਤੇ ਜਦੋਂ ਮੁਗਲ ਫੌਜੀ ਗੜ੍ਹੀ ਉੱਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਮੁਕਾਬਲਾ ਕਰਨਾ ਹੈ। ਜੀਊਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾਂ ਤੇ ਮੈਦਾਨ-ਏ-ਜੰਗ ਵਿੱਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ। ਇਸ ਸਬੰਧੀ ਗੁਰਬਿਲਾਸ ਪਾਤਸ਼ਾਹੀ ਦਸਵੀ ਵਿੱਚ ਭਾਈ ਕੋਇਰ ਸਿੰਘ ਲਿਖਦੇ ਹਨ :
ਜੋਤਿ ਦਈ ਤਿਹ ਕੋ ਅਪਨੀ ਪੁਨਿ ਕਲਗੀ ਅੋ ਜਿਗਾ ਸੁਖਦਾਨੀ
ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾ ਬਪੁ ਹੈ ਕਰਿ ਸ੍ਰੀ ਗੁਰਸਾਨੀ
ਜੰਗ ਸਬੰਧੀ ਗੁਰੂ ਸਾਹਿਬ ਦੇ ਵਿਚਾਰ ਜ਼ਫ਼ਰਨਾਮੇ ਦੇ ਬੰਦ 22 ਵਿੱਚ ਇਸ ਤਰ੍ਹਾਂ ਦਰਜ ਹਨ :
ਚੂੰ ਕਰ ਅਜ਼ ਹਮਹ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ
ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖਤਮ ਹੋ ਜਾਣ ਤਦ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ।
ਕਈ ਵਾਰ ਇਤਿਹਾਸ ਨੂੰ ਠੀਕ ਢੰਗ ਨਾਲ ਨਾ ਲਿਖਣ ਵਾਲੇ ਕੁੱਝ ਗੱਲਾਂ ਗਲਤ ਲਿਖ ਜਾਂਦੇ ਹਨ ਜਿਨ੍ਹਾਂ ਦੀ ਸੁਧਾਈ ਕਰਦਿਆਂ ਵਕਤ ਲੱਗ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਉਕਾਈ ਕਈ ਵਾਰ ਕੀਤੀ ਜਾਂਦੀ ਹੈ ਉਹ ਹੈ ਕਿ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਨੂੰ ਛੱਡਦੇ ਹਨ ਤਾਂ ਉਹ ਕਲਗੀ ਕਿਸ ਨੂੰ ਪਹਿਨਾਉਂਦੇ ਹਨ। ਇਸ ਬਾਰੇ ਸਾਫ ਕਹਿਣਾ ਬਣਦਾ ਹੈ ਕਿ ਉਹ ਸੂਰਮਾ, ਯੋਧਾ ਤੇ ਗੁਰੂ ਘਰ ਦਾ ਅਨਿਨ ਵਿਸ਼ਵਾਸਪਾਤਰ ਭਾਈ ਸੰਗਤ ਸਿੰਘ ਹੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਸ ਯੋਗ ਸਮਝਿਆ। ਇਹ ਸੂਰਮਾਂ ਭਾਈ ਸੰਗਤ ਸਿੰਘ ਹੀ ਸੀ ਜਿਨ੍ਹਾਂ ਗੁਰੂ ਦੇ ਥਾਂ ਸੱਚ ਦੀ ਜਿੱਤ ਵਾਸਤੇ ਆਪ ਆਪਣਾ ਸੀਸ ਵਾਰਿਆ। ਇੱਥੇ ਇਕ ਗੱਲ ਕਹਿਣੀ ਹੋਰ ਬਣਦੀ ਹੈ ਕਿ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਦੀ ਸਾਜਣਾ ਸਮੇਂ ਗੁਰੂ ਸਾਹਿਬ ਨੇ ਵਾਰੋ ਵਾਰੀ ਪੰਜ ਸਿਰ ਮੰਗੇ ਸਨ ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਵਾਪਰਨ ਵਾਲਾ ਹੈ, ਪਰ ਜਦੋਂ ਗੁਰੂ ਸਾਹਿਬ ਨੂੰ ਖਾਲਸੇ ਨੇ ਪੰਥ ਦੀ ਅਗਵਾਈ ਕਰਦੇ ਰਹਿਣ ਵਾਸਤੇ ਚਮਕੌਰ ਦੀ ਕੱਚੀ ਗੜ੍ਹੀ ਵਿੱਚੋਂ ਚਲੇ ਜਾਣ ਵਾਸਤੇ ਕਿਹਾ ਤਾਂ ਇਹ ਪੱਕਾ ਸੀ ਕਿ ਜੋ ਵੀ ਇੱਥੇ ਹਨ ਉਨ੍ਹਾਂ ਦੀ ਸ਼ਹਾਦਤ ਲਾਜ਼ਮੀ ਹੈ ਗੁਰੂ ਸਾਹਿਬ ਭਾਈ ਸੰਗਤ ਸਿੰਘ ਨੂੰ ਜਿਗਾ ਕਲਗੀ ਤੇ ਆਪਣੇ ਵਸਤਰ ਪਹਿਨਾਉਂਦਿਆ ਆਪਣਾ ਕਿਹਾ ਹੀ ਸੱਚ ਕਰ ਰਹੇ ਸਨ ਕਿ :
ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਂ ਹੀ ਕਰੋਂ ਨਿਵਾਸ
ਜਦੋਂ ਗੁਰੂ ਸਾਹਿਬ ਦੋ ਸਿੰਘਾਂ ਸਮੇਤ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਨੂੰ ਛੱਡਕੇ ਗਏ ਤਾਂ ਕਿਹਾ ਜਾਂਦਾ ਹੈ ਕਿ ਭਾਈ ਕੀਤਾ ਸਿੰਘ ਤੇ ਭਾਈ ਸੰਗਤ ਸਿੰਘ ਨੇ ਨਗਾਰਾ ਵੀ ਬਜਾਇਆ। ਮੁਗਲਾਂ ਦੀ ਫੌਜ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਕੋਈ ਗੜ੍ਹੀ ਵਿਚੋਂ ਗਿਆ ਹੈ ਇਸ ਕਰਕੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਪੈੜ ਨੱਪਣ ਦਾ ਜਤਨ ਕੀਤਾ ਪਰ ਸਫਲ ਨਾ ਹੋ ਸਕੇ। ਵਜ਼ੀਰ ਖਾਨ ਨੇ ਇਹ ਸੁਣਕੇ ਆਪਣੇ ਸੈਨਿਕਾਂ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਮੁਗਲਾਂ ਨੇ ਉੱਚੀ ਮਮਟੀ (ਗੁੰਬਦ) ਉੱਤੇ ਬੈਠੇ ਗੁਰੂ ਸਾਹਿਬ ਨੂੰ ਦੇਖਿਆ। ਜਦੋਂ ਵਜ਼ੀਰ ਖਾਨ ਨੂੰ ਦੱਸਿਆ ਗਿਆ ਤਾਂ ਉਸ ਨੇ ਆਪ ਦੇਖਿਆ ਕਿ ਕਲਗੀ ਵੀ ਉਹੀ ਤੇ ਪੌਸ਼ਾਕ ਵੀ ਉਹੀ। ਦਰਅਸਲ ਗੁਰੂ ਸਾਹਿਬ ਵਲੋਂ ਬਖਸ਼ੇ ਬਸਤਰ ਅਤੇ ਕਲਗੀ ਸਜਾਈ ਬੈਠਾਂ ਇਹ ਨਿਰਭੈ ਯੋਧਾ ਭਾਈ ਸੰਗਤ ਸਿੰਘ ਸੀ। ਇਹ ਸ਼ਹਾਦਤ ਤੋਂ ਕੱਝ ਘੜੀਆਂ ਪਹਿਲਾਂ ਦਾ ਚਮਕਾਰਾ ਸੀ।
ਇਸ ਬਾਰੇ ਇਤਿਹਾਸ ਲਿਖਣ ਵਾਲੇ ਜਾਤ ਅਭਿਮਾਨੀਆਂ ਨੇ ਕਈ ਥਾਵੀਂ ਗਲਤ ਬਿਆਨੀ ਵੀ ਕੀਤੀ ਤੇ ਜਿਗਾ ਕਲਗੀ ਸਬੰਧੀ ਭੁਲੇਖੇ ਪਾਉਣ ਦਾ ਜਤਨ ਕੀਤਾ ਉਸ ਗਲਤ ਬਿਆਨੀ ਬਾਰੇ ਹੇਠ ਲਿਖਿਆ ਜਰੂਰ ਪੜ੍ਹ ਲੈਣਾ ਚਾਹੀਦਾ ਹੈ।
ਇਸ ਸਬੰਧੀ ਹੋਰ ਕਾਫੀ ਸਾਰੇ ਸਬੂਤ ਹਨ ਕਿ ਗੁਰੂ ਸਾਹਿਬ ਵਲੋਂ ਕਲਗੀ ਤੇ ਸ਼ਸਤਰ-ਬਸਤਰ ਸਭ ਹੀ ਕਿਸੇ ਹੋਰ ਨੂੰ ਨਹੀਂ ਸਗੋਂ ਭਾਈ ਸੰਗਤ ਸਿੰਘ ਨੂੰ ਦਿੱਤੇ ਅਤੇ ਪਹਿਨਾਏ ਗਏ :
0 ਭਾਈ ਕਾਹਨ ਸਿੰਘ ਨਾਭਾ ਭਾਈ ਸੁੱਖਾ ਸਿੰਘ ਦੇ ਹਵਾਲੇ ਨਾਲ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ 'ਚਮਕੌਰ ਦੇ ਮਕਾਮ 'ਤੇ ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲਗੀ ਬਖਸ਼ੀ।'
0 ਭਾਈ ਤੇਜਾ ਸਿੰਘ ਸੋਢੀ 'ਤਵਾਰੀਖ ਗੁਰੂ ਖਾਲਸਾ' ਦੇ ਪੰਨਾ 503 ਉੱਤੇ ਗੁਰੂ ਸਾਹਿਬ ਵਲੋਂ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਅਤੇ ਬਸਤਰ ਦੇ ਕੇ ਆਪਣਾ ਰੂਪ ਬਖਸ਼ ਦੇਣ ਬਾਰੇ ਲਿਖਦੇ ਹਨ।
0 ਗਿਆਨੀ ਗਿਆਨ ਸਿੰਘ 'ਤਵਾਰੀਖ ਗੁਰੂ ਖਾਲਸਾ' ਦੇ ਪੰਨਾ 1016 ਤੇ ਲਿਖਦੇ ਹਨ ਕਿ 'ਭਾਈ ਸੰਗਤ ਸਿੰਘ ਜੋ ਹੂ-ਬ-ਹੂ ਗੁਰੂ ਜੀ ਦੇ ਸਰੂਪ ਵਾਲਾ ਸੀ ਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਆਪਣਾ ਸਾਰਾ ਪੁਸ਼ਾਕਾ, ਜਿਗਾ ਕਲਗੀ ਸਮੇਤ ਪਹਿਨਾ ਦਿੱਤਾ ਫੇਰ ਅਰਦਾਸਾ ਸੋਧਿਆ ਅਤੇ ਕਿਹਾ ਕਿ ਮੈਂ ਅੱਜ ਤੋਂ ਖਾਲਸੇ ਨੂੰ ਗੁਰਿਆਈ ਬਖਸ਼ ਦਿੱਤੀ।
0 ਸੋਹਣ ਸਿੰਘ ਸੀਤਲ ਗੁਰ ਇਤਿਹਾਸ ਦਸ ਪਾਤਸ਼ਾਹੀਆਂ ਪੰਨਾ 349 'ਤੇ ਭਾਈ ਸੰਗਤ ਸਿੰਘ ਜੀ ਦੇ ਸੀਸ 'ਤੇ ਕਲਗੀ ਸਜਾ ਕੇ ਆਪਣਾ ਪੌਸ਼ਾਕਾ ਪਹਿਨਾ ਦੇਣ ਬਾਰੇ ਲਿਖਦੇ ਹਨ।
0 ਪ੍ਰਿ: ਸਤਬੀਰ ਸਿੰਘ ਸਿੱਖ ਇਤਿਹਾਸ ਭਾਗ ਪਹਿਲਾ ਦੇ ਪੰਨਾ 349 ਉੱਤੇ ਲਿਖਦੇ ਹਨ 'ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ ਹੁਕਮ ਮੰਨ ਕੇ ਗੜ੍ਹੀ ਛੱਡਣਾ ਪਰਵਾਨ ਕਰ ਲਿਆ ਅਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਗੜ੍ਹੀ ਛੱਡਣ ਦੀ ਤਿਆਰੀ ਕਰ ਲਈ।'
0 ਪ੍ਰੋ: ਹਰਿੰਦਰ ਸਿੰਘ ਮਹਿਬੂਬ ਸਹਿਜ ਰਚਿਓ ਖਾਲਸਾ ਦੇ ਪੰਨਾ 410 'ਤੇ ਕਲਗੀ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਸਜਾਉਣ ਦੀ ਗੱਲ ਦਰਜ ਕਰਦੇ ਹਨ।
0 ਡਾ: ਅਨੂਪ ਸਿੰਘ 'ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ' ਦੇ ਪੰਨਾ 196 ਤੇ ਲਿਖਦੇ ਹਨ ਕਿ ਭਾਈ ਸੰਗਤ ਸਿੰਘ ਦੀ ਸ਼ਕਲ ਸੂਰਤ ਤੇ ਕੱਦ-ਕਾਠ ਗੁਰੂ ਜੀ ਨਾਲ ਮਿਲਦਾ ਜੁਲਦਾ ਸੀ ਇਸ ਵਾਸਤੇ ਉਸਨੂੰ ਕਲਗੀ ਸਜਾਈ ਤੇ ਗੜ੍ਹੀ ਵਿਚਲੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਸਾਡੇ ਨਿਕਲਣ ਸਮੇਂ ਨਗਾਰਾ ਵਜਾਉਂਦੇ ਰਹਿਣਾ ਤੇ ਦੁਸ਼ਮਣ ਵਲੋਂ ਕੀਤੇ ਜਾਂਦੇ ਵਾਰਾਂ ਦਾ ਮੂੰਹ ਤੋੜ ਜਵਾਬ ਦਿੰਦੇ ਰਹਿਣਾ ਤਾਂ ਜੋ ਦੁਸ਼ਮਣ ਨੂੰ ਗੜ੍ਹੀ ਵਿੱਚ ਬਹੁਤੇ ਸਿੰਘ ਹੋਣ ਦਾ ਭੁਲੇਖਾ ਬਣਿਆ ਰਹੇ।
0 ਗਿਆਨੀ ਗੁਰਚਰਨ ਸਿੰਘ ਨੇ 'ਜੀਵਨ ਕਥਾ ਗੁਰੂ ਗੋਬਿੰਦ ਸਿੰਘ' ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਆਪਣੀ ਜਿਗਾ ਕਲਗੀ ਤੇ ਬਸਤਰ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੇ।
0 ਡਾ: ਗੰਡਾ ਸਿੰਘ ਜੀ ਦੀ ਲਿਖਤ ਅਨੁਸਾਰ 23 ਦਸੰਬਰ 1704 ਨੂੰ ਸਵੇਰੇ ਜਦੋਂ ਮੁਗਲ ਫੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾਇਆ ਤਾਂ ਬਾਬਾ ਸੰਗਤ ਸਿੰਘ ਦੇ ਗੁਰੂ ਸਾਹਿਬ ਵਾਲੀ ਪਹਿਨੀ ਹੋਈ ਪੌਸ਼ਾਕ ਤੇ ਕਲਗੀ ਤੋਂ ਭੁਲੇਖਾ ਖਾ ਗਏ । ਬਾਬਾ ਸੰਗਤ ਸਿੰਘ ਜੀ ਅੰਤ ਸਮੇਂ ਤੱਕ ਗੁਰੂ ਫਤਹਿ ਦੇ ਜੈਕਾਰੇ ਗਜਾਉਂਦੇ ਰਹੇ।
ਸਵੇਰੇ ਮੁਗਲਾਂ ਦੀ ਸਲਾਹ ਹੋਈ ਸੀ ਕਿ ਸਿੱਖਾਂ ਦੇ ਗੁਰੂ ਨੂੰ ਜੀਊਂਦੇ ਫੜਿਆ ਜਾਵੇ। ਸਿੰਘ ਸਾਰੇ ਹੀ ਭੁੱਖਣ ਭਾਣੇ। ਆਖਰ ਮੁਗਲਾਂ ਨੇ ਹਮਲਾ ਕੀਤਾ ਤੇ ਲੜਾਈ ਹੱਥੋ-ਹੱਥੀ ਹੋਈ। ਭਾਈ ਸੰਗਤ ਸਿੰਘ ਜੀ ਵੈਰੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਆਖਰ ਬਹੁਤ ਹੀ ਜਖਮੀ ਹਾਲਤ ਵਿੱਚ ਧਰਤੀ 'ਤੇ ਡਿਗ ਪਏ। ਮੁਗਲ ਇਹ ਹੀ ਸੋਚਦੇ ਰਹੇ ਕਿ ਇਹ ਗੁਰੂ ਹੀ ਹੈ। ਇੱਕ ਪਠਾਣ ਨੇ ਕਾਹਲੀ ਨਾਲ ਅੱਗੇ ਵਧ ਕੇ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਇਸ ਸਮੇਂ ਬਾਰੇ ਭਾਈ ਕੁਇਰ ਸਿੰਘ ਲਿਖਦੇ ਹਨ :
ਕਲਗੀ ਜਿਗਾ ਔਰ ਯਹ ਹੋਈ, ਗੋਬਿੰਦ ਇਹੈ ਹੈ ਸੋਈ
ਮਾਰ ਮੀਸ਼ ਸ਼ਮਸ਼ੀਰ ਪਠਾਨਾਂ, ਸੀਸ ਰਹਿਤ ਕਲਗੀ ਲੀ ਮਾਨਾ।
ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਉਪਰੰਤ ਮੁਗਲਾਂ ਅਤੇ ਪਹਾੜੀ ਰਾਜਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮਾਰੇ ਜਾਣ ਦੀ ਖਬਰ ਫੈਲਾਈ ਗਈ। ਪਰ ਅਗਲੇ ਹੀ ਦਿਨ ਚਮਕੌਰ ਦੀ ਗੜ੍ਹੀ ਵਿਚੋਂ ਭਾਈ ਸੰਗਤ ਸਿੰਘ ਜੀ ਦਾ ਸੀਸ ਲਿਆ ਕੇ ਸੂਬਾ ਸਰਹੰਦ ਦੀ ਕਚਿਹਰੀ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਵੀ ਦਿਖਾਇਆ ਗਿਆ। ਛੋਟੇ ਸਾਹਿਜ਼ਾਦਿਆਂ ਨੇ ਗੁਰੂ ਪਿਤਾ ਦਾ ਸੀਸ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸੀਸ ਸਾਡੇ ਗੁਰੂ ਪਿਤਾ ਦਾ ਨਹੀਂ ਸਗੋਂ ਇਹ ਸੀਸ ਤਾਂ ਗੁਰੂ ਪਿਆਰੇ ਭਾਈ ਸੰਗਤ ਸਿੰਘ ਜੀ ਦਾ ਹੈ। ਇਸ ਤੋਂ ਬਾਅਦ ਸਾਹਿਬਜਾ਼ਦਿਆਂ ਨੂੰ ਬਚਪਨ ਵਿੱਚ ਖਿਡਾਉਣ ਵਾਲੀ ਬੀਬੀ ਜੈਨਾ ਨੂੰ ਬੁਲਾ ਕੇ ਪੁੱਛਿਆ ਗਿਆ ਤਾਂ ਬੀਬੀ ਜੈਨਾ ਨੇ ਵੀ ਇਸ ਨੂੰ ਭਾਈ ਸੰਗਤ ਸਿੰਘ ਦਾ ਸੀਸ ਕਿਹਾ। ਪਰ ਮੁਗਲਾਂ ਨੂੰ ਜਿਵੇਂ ਇਤਬਾਰ ਹੀ ਨਾ ਆ ਰਿਹਾ ਹੋਵੇ ਇਸ ਦੇ ਉਪਰੰਤ ਗੁਰੂ ਸਾਹਿਬ ਨੂੰ ਬਚਪਨ ਵਿੱਚ ਫਾਰਸੀ ਦੀ ਸਿੱਖਿਆ ਦੇਣ (ਇੱਥੇ ਯਾਦ ਰਹੇ ਕਿ ਫਾਰਸੀ ਦਾ ਸਬਕ ਲੈਣ ਵੇਲੇ ਕਦੇ ਕਦੇ ਭਾਈ ਸੰਗਤ ਸਿੰਘ ਵੀ ਬਾਲ ਗੋਬਿੰਦ ਦੇ ਨਾਲ ਹੀ ਹੁੰਦੇ ਸਨ) ਵਾਲੇ ਕਾਜ਼ੀ ਨੂਰਦੀਨ ਨੂੰ ਸੱਦਿਆ ਗਿਆ। ਉਨ੍ਹਾਂ ਨੇ ਵੀ ਕਚਿਹਰੀ ਵਿੱਚ ਕਿਹਾ ਕਿ ਇਹ ਸੀਸ ਤਾਂ ਭਾਈ ਸੰਗਤ ਸਿੰਘ ਦਾ ਹੈ ਗੁਰੂ ਸਾਹਿਬ ਦਾ ਨਹੀਂ।
ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਨੇ ਗੁਰਸਿੱਖੀ ਦੇ ਅਸੂਲਾਂ 'ਤੇ ਚੱਲਦਿਆਂ ਗੁਰੂ ਸਾਹਿਬ ਦੇ ਬੋਲ ਪੁਗਾਉਂਦਿਆਂ ਸ਼ਹਾਦਤ ਦਾ ਜਾਮ ਪੀਤਾ। ਇੱਥੇ ਹੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਹੀ 37 ਸਿੰਘ ਹੋਰ ਸ਼ਹੀਦ ਹੋਏ ਜਿਨ੍ਹਾਂ ਵਿੱਚ 1699 ਦੀ ਵਿਸਾਖੀ ਵਿੱਚ ਸਾਜੇ ਪਹਿਲੇ ਪੰਜ ਪਿਆਰਿਆਂ ਵਿਚੋਂ ਤਿੰਨ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਨੇ ਵੀ ਇਸੇ ਚਮਕੌਰ ਦੀ ਗੜ੍ਹੀ ਵਿੱਚ ਸ਼ਹਾਦਤ ਦਾ ਜਾਮ ਪੀਤਾ।
ਭਾਈ ਜੀਵਨ ਸਿੰਘ ਜੀ ਦੀ ਜੀਵਨ ਕਥਾ ਇਕ ਸੱਚੇ ਸੁੱਚੇ ਸਿਦਕਵਾਨ ਸਿੱਖ ਦੀ ਜੀਵਨ ਕਥਾ ਹੈ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਆਗਿਆਕਾਰੀ ਤੇ ਪੂਰੇ ਵਿਸ਼ਵਾਸ ਦੇ ਪਾਤਰ ਸਨ। ਸਿੱਖ ਸੰਗਤਾਂ ਪ੍ਰਤੀ ਆਪ ਦਾ ਅਥਾਹ ਪਿਆਰ ਸੀ।
ਸਿੱਖ ਇਤਿਹਾਸ ਵਿੱਚ ਜਿੱਥੇ ਵੀ ਸਿਦਕਦਿਲੀ ਵਾਲੇ ਸੂਰਮਿਆਂ ਦੀ ਤੇ ਗੁਰੂ ਸਾਹਿਬ ਦੇ ਵਫਾਦਾਰ ਕੁਰਬਾਨੀ ਵਾਲੇ ਬਹਾਦਰ ਯੋਧਿਆਂ ਦੀ ਗੱਲ ਚੱਲੇਗੀ ਉੱਥੇ ਹਮੇਸ਼ਾ ਹੀ ਭਾਈ ਸੰਗਤ ਸਿੰਘ ਜੀ ਦਾ ਨਾਮ ਮੋਹਰਲੀਆਂ ਕਤਾਰਾਂ ਵਿੱਚ ਲਿਆ ਜਾਵੇਗਾ। ਆਪਾ ਵਾਰਨ ਵਾਲਾ ਸੂਰਮਤਾਈ ਭਰਿਆ ਅਜਿਹਾ ਇਤਿਹਾਸ ਹੀ ਭਵਿੱਖ ਨੂੰ ਰੁਸ਼ਨਾਉਣ ਦਾ ਕਾਰਜ ਕਰਦਾ ਹੈ।
ਆਖਰ ਵਿੱਚ ਇਹ ਦੱਸਣਾ ਵੀ ਬਣਦਾ ਹੈ ਕਿ ਜਿੱਥੇ ਚਮਕੌਰ ਦੀ ਗੜ੍ਹੀ ਵਾਲੀ ਘਮਸਾਣ ਦੀ ਜੰਗ ਹੋਈ ਸੀ ਉੱਥੇ ਹੁਣ ਗੁਰਦੁਆਰਾ ਗੜ੍ਹੀ ਸਾਹਿਬ ਸਥਿੱਤ ਹੈ।
ਸੰਪਰਕ : +491733546050
21 Dec. 2017
ਸਮਾਜ ਦੇ ਸਰੋਕਾਰ : 'ਮੈਰਿਜ ਪੈਲਸਾਂ' ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ - ਕੇਹਰ ਸ਼ਰੀਫ਼
ਪੰਜਾਬੀ ਸਮਾਜ ਅਜ ਬਹੁਤ ਸਾਰੀਆਂ ਸਮਾਜਕ ਸਮੱਸਿਆਵਾਂ ਨਾਲ ਦੋ-ਚਾਰ ਹੋ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿਚੋਂ ਕਈ ਸਾਰੀਆਂ ਨੱਕ ਦੀ ਲਾਜ ਰੱਖਣ ਵਾਲੀ ਹਉਮੈਂ ਭਰੀ ਮੂਰਖਤਾ ਕਰਕੇ ਸਮਾਜ ਵਲੋਂ ਆਪ ਵੀ ਪੈਦਾ ਕੀਤੀਆਂ ਹੋਈਆਂ ਹਨ ਅਤੇ ਇਸਦੇ ਨਾਲ ਹੀ ਰਾਜ ਸਰਕਾਰਾਂ ਵਲੋਂ ਘੜੀਆਂ ਤੇ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਆਰਥਕ ਨੀਤੀਆਂ ਪੇਂਡੂ ਅਰਥਚਾਰੇ ਨੂੰ ਤਬਾਹ ਕਰਨ ਵਾਸਤੇ ਇਨਾਂ ਦੇ ਵਧਣ-ਫੁਲਣ ਵਿਚ ਸਹਾਈ ਵੀ ਹੋਈਆਂ ਹਨ। ਸਿੱਟੇ ਵਜੋਂ ਸਮਾਜ ਅਸਾਵੇਂ ਵਿਕਾਸ ਦੇ ਰਾਹੇ ਪੈ ਗਿਆ- ਪੰਜਾਬ ਰਸਾਤਲ ਵਲ ਵਧ ਗਿਆ। ਸਮੱਸਿਆਵਾਂ ਬਹੁਤ ਸਾਰੀਆਂ ਹਨ ਇਨ੍ਹਾਂ ਵੱਲ ਸਾਂਝੇ ਤੌਰ 'ਤੇ ਧਿਆਨ ਦੇ ਕੇ ਇਨ੍ਹਾਂ ਨੂੰ ਸੁਲਝਾਉਣ ਦੇ ਜਤਨ ਕਰਨੇ ਹੀ ਪੈਣਗੇ।
ਜਦੋਂ ਅਸੀਂ ਸਮਾਜਕ ਕਾਰਜਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਪਹਿਲੇ ਸਮਿਆਂ ਵਿਚ ਵਿਆਹ ਬਹੁਤ ਮਹਿੰਗੇ ਨਹੀਂ ਹੁੰਦੇ ਸਨ। ਅਜਿਹੇ ਸਮੇਂ ਸਾਰਾ ਪਿੰਡ ਆਪਣੇ ਵਿਤ ਅਨੁਸਾਰ ਵਿਆਹ ਵਾਲੇ ਘਰ ਦੀ ਮੱਦਦ ਵੀ ਕਰਦਾ ਸੀ। ਵਿਆਹ ਦੀ ਰਸਮ ਭਾਵ ਲਾਵਾਂ ਜਾਂ ਫੇਰੇ (ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਨੰਦ ਕਾਰਜ ਦੀ ਰਸਮ ਜਾਂ ਹਿੰਦੂ ਰਸਮਾਂ ਨਿਭਾਉਣ ਵਾਲਿਆਂ ਦੀਆਂ ਵੇਦੀ ਹੇਠ ਅੱਗ ਦੁਆਲੇ ਹੁੰਦੇ ਫੇਰੇ) ਆਮ ਕਰਕੇ ਵਿਆਹ ਵਾਲੇ ਘਰ ਦੇ ਵਿਹੜੇ ਵਿਚ ਹੀ ਹੁੰਦੇ ਸਨ - ਜਿਸ ਦਾ ਕਾਰਨ ਇਹ ਵੀ ਕਿਹਾ ਜਾਂਦਾ ਸੀ ਕਿ ਵਿਹੜਾ ਸੁੰਨਾ ਨਾ ਰਹਿ ਜਾਵੇ। ਕਾਰਜ ਪੂਰਾ ਹੋ ਜਾਣ ਤੋਂ ਬਾਅਦ 'ਵਿਹੜਾ ਵਿਆਹਿਆ ਗਿਆ' ਦੱਸਿਆ ਜਾਂਦਾ ਸੀ। ਇਸ ਕਰਕੇ ਹੀ ਸਾਰੇ ਕਾਰਜ ਘਰ ਦੇ ਵਿਹੜੇ ਵਿਚ ਕੀਤੇ ਜਾਂਦੇ ਸਨ, ਘਰ ਨੂੰ 'ਭਾਗ' ਲਾਉਣ ਵਾਸਤੇ। ਕਾਰਜ ਆਰਥਕ ਪੱਖੋਂ ਵੀ ਸਸਤੇ ਹੁੰਦੇ ਸਨ ਅਤੇ ਇਨ੍ਹਾਂ ਕਾਰਜਾਂ (ਵਿਆਹ ਆਦਿ) ਦਾ ਸਾਦਗੀ ਹੀ ਮੁੱਖ ਗੁਣ ਹੁੰਦਾ ਸੀ। ਅਜੋਕੇ ਸਮੇਂ ਉਸ ਸਾਦਗੀ ਨੂੰ ਮੁੜ ਲੱਭਣ ਅਤੇ ਵਿਹਾਰਕ ਪੱਖੋਂ ਅਪਨਾਉਣ ਦੀ ਬਹੁਤ ਲੋੜ ਹੈ।
ਪਰ, ਵਿਆਹ ਹੁਣ ਵਿਆਹ ਨਹੀਂ ਮੰਡੀ ਦਾ ਮਾਲ ਬਣ ਗਏ ਹਨ। ਅਫਸੋਸ ਨਾਲ ਕਹਿਣਾ ਪੈਂਦਾ ਕਿ ਸੌਦੇ ਹੁੰਦੇ ਹਨ - ਪੁੱਤਾਂ ਦੇ ਵੀ, ਧੀਆਂ ਦੇ ਵੀ - ਦਾਜ ਦਾ ਸਰੂਪ ਅਸਲੋਂ ਹੀ ਬਦਲ ਗਿਆ ਹੈ। ਦਾਜ ਦੇ ਲੋਭੀ ਧੀਆਂ ਦੇ ਮਾਪਿਆਂ ਦਾ ਰੁੱਗ ਭਰਕੇ ਕਾਲ਼ਜਾ ਕੱਢਦੇ ਹਨ ਪਰ ਜ਼ਾਲਮ ਸੀਅ ਵੀ ਨਹੀਂ ਕਰਨ ਦਿੰਦੇ। ਲੋਕ, ਪੜ੍ਹੀਆਂ ਲਿਖੀਆਂ ਨੂੰਹਾਂ ਦੇ ਆਸਰੇ ਬਹੁਤ ਸਾਰੇ ਨਾਲਾਇਕ ਪੁੱਤਰਾਂ ਨੂੰ ਪਰਦੇਸਾਂ ਵਿਚ "ਫਿੱਟ'' ਕਰ ਰਹੇ ਹਨ- ਫੇਰ ਵੀ ਲੱਤ ਮੁੰਡੇ ਵਾਲਿਆਂ ਦੀ ਹੀ ਉੱਪਰ ਰਹਿੰਦੀ ਹੈ। ਕਿਉਂ? ਇਸੇ ਮਰਦਸ਼ਾਹੀ ਵਾਲੀ ਸੋਚ ਨੇ ਸਮਾਜ ਦਾ ਬੇੜਾ ਗਰਕ ਕੀਤਾ ਹੈ ਲੋਕ ਜਾਗਦੇ ਨਹੀਂ ਤੇ ਇਹ ਵਰਤਾਰਾ ਲਗਾਤਾਰ ਅੱਗੇ ਤੁਰੀ ਜਾ ਰਿਹਾ ਹੈ, ਪਤਾ ਨਹੀ ਕਦੋਂ ਤੱਕ ਤੁਰਦਾ ਰਹੇਗਾ। ਸਵਾਲ ਕਰਨਾ ਬਣਦਾ ਹੈ ਕਿ ਕਦੋਂ ਜਾਗਣਗੇ ਲੋਕ?
ਜਦੋਂ ਸਾਰਾ ਸਮਾਜ ਹੀ ਮੰਡੀ ਦੀ ਜਕੜ ਵਿਚ ਹੈ ਤਾਂ ਸਮਾਜਕ ਕਾਰਜ ਇਸ ਤੋਂ ਕਿਵੇਂ ਪਿੱਛੇ ਰਹਿ ਜਾਂਦੇ। ਪੈਸੇ ਵਾਲਿਆਂ ਨੇ ਪੇਂਡੂ ਆਰਥਕਤਾ ਤੇ ਕਬਜ਼ਾ ਕਰ ਲਿਆ ਹੈ। ਪਿੰਡਾਂ ਅੰਦਰ ਸ਼ਹਿਰੀ ਤਰਜ਼ 'ਤੇ "ਮੈਰਿਜ ਪੈਲਸ'' ਉਸਾਰ ਲਏ। ਉਨ੍ਹਾਂ ਨੂੰ ਇਸ ਵਿਚੋਂ ਮੁਨਾਫਾ ਜ਼ਰੂਰ ਦਿਸਿਆ ਹੋਵੇਗਾ ਐਵੇਂ ਤਾਂ ਉਨ੍ਹਾਂ ਨੇ ਪਿੰਡ ਨੂੰ ਨਾਗਵਲ਼ ਨਹੀਂ ਪਾਇਆ ਹੋਇਆ। ਕਿਹਾ ਜਾ ਰਿਹਾ ਸੀ ਪਿੰਡ ਤੇ ਸ਼ਹਿਰ ਦਾ ਫਰਕ ਮਿਟ ਰਿਹਾ ਹੈ। ਵਿਆਹ ਵਾਲਾ ਜਿਹੜਾ ਕਾਰਜ ਪਹਿਲਾਂ ਜੰਝ ਘਰਾਂ ਵਿਚ ਮੁਫਤ ਹੁੰਦਾ ਸੀ ਇਨ੍ਹਾਂ ਮਹਿੰਗੇ ਪੈਰਿਜ ਪੈਲਸਾਂ ਉੱਤੇ ਹੁਣ ਪੰਡ ਪੈਸਿਆਂ ਦੀ ਲੱਗਣ ਲੱਗੀ - ਇਸ ਵਿਕਾਸ ਦੀ ਪਿੰਡ ਨੂੰ ਕਿੰਨੀ ਮਹਿੰਗੀ ਕੀਮਤ ਤਾਰਨੀ ਪੈ ਰਹੀ ਹੈ? - ਕੋਈ ਹਿਸਾਬ ਨਹੀਂ- ਸ਼ਾਇਦ ਪਿੰਡ ਵੀ ਨਹੀਂ ਜਾਣਦਾ। ਇਸ ਦੇ ਸਿੱਟੇ ਬਹੁਤ ਹੀ ਭਿਆਨਕ ਹਨ।
ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪੰਜਾਬੋ ਗਏ ਅਤੇ ਬਾਹਰਲੇ ਮੁਲਕੀਂ ਬਾਹਰ ਵਸਦੇ ਐਨਆਰਆਈ ਵੀ ਇਸ ਕੋਹਝ ਨੂੰ ਪੈਦਾ ਕਰਨ ਅਤੇ ਇਸਦੇ ਵਧਣ-ਫੁਲਣ ਵਿਚ ਸਹਾਈ ਹੋਏ। ਠਾਠ-ਬਾਠ ਦਾ ਮੱਜ੍ਹਮਾਂ ਜੋ ਲਾਉਣਾ ਸੀ ਉਨ੍ਹਾਂ ਨੇ। ਉਨ੍ਹਾਂ ਉਦੋਂ ਸਾਦਗੀ ਭਰੀ ਪੇਂਡੂ ਜ਼ਿੰਦਗੀ ਨੂੰ ਅਲਵਿਦਾ ਆਖ ਤੜਕ-ਭੜਕ ਦੇ ਲੜ ਲੱਗ ਜਾਣਾ ਬਿਹਤਰ ਸਮਝਿਆ। ਪਰ ਇਹ ਨਾ ਸੋਚਿਆ ਕਿ ਪਿੰਡ ਵਿਚ ਰਹਿਣ ਵਾਲਾ ਛੋਟਾ ਕਿਸਾਨ, ਖੇਤ ਮਜ਼ਦੂਰ ਤੇ ਹੋਰ ਛੋਟੇ ਧੰਦਿਆਂ ਨਾਲ ਸਬੰਧਤ ਘਰ ਦੇ ਖਰਚੇ ਤੋਰਨ ਜੋਗੀ ਆਮਦਨ ਵਾਲੇ ਇਸ ਦਾ ਬੋਝ੍ਹ ਕਿਵੇਂ ਝੱਲਣਗੇ? ਧੀਆਂ - ਪੁੱਤਰਾਂ ਦੇ ਕਾਰਜ ਤਾਂ ਸਭ ਨੇ ਹੀ ਕਰਨੇ ਹਨ- ਉਹ ਇੰਨੇ ਖਰਚੇ ਕਿੱਥੋਂ ਲਿਆਉਣਗੇ। "ਨੱਕ ਰੱਖਣ ਵਾਸਤੇ'' ਰੀਸ ਦੀ ਘੜੀਸ ਨੇ ਪਤਲੀ ਆਰਥਕ ਹਾਲਤ ਵਾਲਿਆਂ ਨੂੰ ਵੀ ਮਜਬੂਰ ਕਰ ਦਿੱਤਾ ਤੇ ਲੋਕ "ਨੱਕ ਦੀ ਲਾਜ'' ਪਾਲਣ ਵਾਸਤੇ ਹੁਬਕੀਂ ਰੋਂਦੇ ਹੋਏ ਤੇ ਕਰਜਿਆਂ ਦੇ ਭਾਰ ਥੱਲੇ ਦੱਬਦੇ ਜਾਂਦੇ ਵੀ ਵਿਤੋਂ ਬਾਹਰੇ ਹੋ ਕੇ ਆਰਥਕ ਖਰਚੇ ਕਰਕੇ ਨਿਘਾਰ ਦੇ ਰਸਤੇ ਪੈ ਗਏ - ਜੋ ਨਿਘਾਰ ਲਗਾਤਾਰ ਜਾਰੀ ਹੈ। ਇਕੱਠੇ ਹੋ ਕੇ ਇਸ ਰਾਹ ਨੂੰ ਰੋਕਣ ਦੇ ਜਤਨ ਕਰਨੇ ਪੈਣਗੇ। ਬਰਬਾਦੀ ਤਾਂ ਸਾਹਮਣੇ ਕੰਧ 'ਤੇ ਲਿਖੀ ਨਜ਼ਰ ਆਉਂਦੀ ਹੈ, ਇਸ ਨੂੰ ਪੜ੍ਹਨਾ ਵੀ ਪਵੇਗਾ।
ਪੰਜਾਬੀ ਕਦੇ ਇਕ ਦੂਜੇ ਦੇ ਦਰਦ ਨੂੰ ਪਛਾਣਦੇ ਸਨ ਤੇ ਔਖੇ ਸਮੇਂ ਇਕ-ਦੂਜੇ ਦੇ ਕੰਮ ਵੀ ਆਉਂਦੇ ਸਨ - ਕਦੇ ਜੋ ਪੰਜ ਦਰਿਆਵਾਂ ਦੀ ਸਾਂਝ ਵਾਲਾ ਹੁੰਦਾ ਸੀ ਪੰਜਾਬ ਹੁਣ ਨਿੱਤ ਦਿਨ ਇਸ ਦੀ ਅਣਹੋਂਦ ਵਲ ਵਧ ਰਿਹਾ ਹੈ। ਨਾਲ ਹੀ ਨਵੀਂ ਪੀੜ੍ਹੀ ਵਿਚੋਂ ਵੱਡੀ ਗਿਣਤੀ ਵਿਚ ਪੜ੍ਹੇ ਲਿਖਿਆਂ ਕੋਲੋਂ "ਚਿੱਟੇ ਕੁੜਤਿਆਂ'' ਵਾਲਿਆਂ ਵਲੋਂ ਪੈਦਾ ਕੀਤੇ "ਫੁਕਰੇ ਸੱਭਿਆਚਾਰ'' ਨੇ ਕਿਰਤ ਦੀ ਮਹਿਮਾਂ ਨੂੰ ਨਕਾਰਦਿਆਂ, ਕੰਮ ਦਾ ਸੱਭਿਆਚਾਰ ਤਿਆਗ ਕੇ ਹੁਣ "ਫੁਕਰੇਪਣ'' ਨੂੰ ਅਪਣਾ "ਬਰੈਂਡ'' ਬਣਾ ਲਿਆ ਹੈ। ਜਿਨ੍ਹਾਂ ਤੋਂ ਚੰਗੇ ਭਵਿੱਖ ਲਈ ਕੁੱਝ ਕਰਨ ਦੀ ਹਰ ਸਮਾਜ ਨੂੰ ਆਸ ਹੁੰਦੀ ਹੈ ਉਹ ਆਪਣੇ ਹੀ ਭਵਿਖ ਵਲ ਪਿੱਠ ਕਰੀ ਖੜ੍ਹੇ ਹਨ- ਜਿਨ੍ਹਾਂ ਨੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ ਉਨ੍ਹਾਂ ਦਾ ਇਹ ਹਾਲ ਹੈ - ਸੂਝਵਾਨਾਂ ਨੂੰ ਇਲਾਜ ਤਾਂ ਸੋਚਣਾ ਹੀ ਪਵੇਗਾ। ਆਪਣੀਆਂ ਨਰੋਈਆਂ ਭਾਈਚਾਰਕ ਕਦਰਾਂ-ਕੀਮਤਾਂ ਨੂੰ ਮਰਨੋਂ ਜਰੂਰ ਬਚਾਇਆ ਜਾਣਾ ਚਾਹੀਦਾ ਹੈ।
ਇਨ੍ਹਾਂ ਸਮਾਜੀ ਕਾਰਜਾਂ - ਖਾਸ ਕਰਕੇ ਵਿਆਹਾਂ ਵੇਲੇ ਫੁਕਰੇ ਜਹੇ ਟਪੂਸੀ ਮਾਰ "ਗਾਇਕ/ਕਲਾਕਾਰਾਂ'' ਨੂੰ ਮਹਿੰਗੀਆਂ ਰਕਮਾਂ ਦੇ ਕੇ ਸੱਦਿਆ ਜਾਂਦਾ ਹੈ। ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਨਾ ਸੁਰ ਦਾ ਗਿਆਨ ਹੁੰਦਾ ਨਾ ਰਾਗ ਦਾ - ਜਿਹੜੇ "ਗੀਤ'' ਗਾਉਂਦੇ ਹਨ ਉਨ੍ਹਾਂ ਵਿਚ ਖਾਸ ਕਰਕੇ ਲੱਚਰਤਾ, ਨਸ਼ਿਆਂ ਦੀ ਹਵਾੜ ਤੇ ਹਥਿਆਰਾਂ ਦੀ ਗੱਲ ਕੀਤੀ ਗਈ ਹੁੰਦੀ ਹੈ। ਸੱਦਣ ਵਾਲੇ ਵੀ ਅਤਿ ਦੇ ਘਟੀਆ ਬੋਲਾਂ ਅਤੇ ਰੌਲ਼ੇ ਰੱਪੇ ਵਾਲੇ "ਸੰਗੀਤ'' ਦਾ ਬੇਸ਼ਰਮ ਹੋ ਕੇ "ਆਨੰਦ'' ਮਾਣਨ ਲਈ ਆਪਣੇ ਆਪ ਨੂੰ ਮਜਬੂਰ ਸਮਝਦੇ ਹਨ। ਪੱਲਿਉਂ ਪੈਸੇ ਦੇ ਕੇ ਆਪਣੀਆਂ ਹੀ ਧੀਆਂ/ਭੈਣਾਂ ਬਾਰੇ ਅਤਿ ਦੇ ਘਟੀਆਂ ਬੋਲਾਂ ਵਾਲੇ "ਗੀਤਾਂ'' ਤੇ ਆਪ ਵੀ ਨੱਚਦੇ ਹਨ। (ਪਤਾ ਨਹੀਂ ਪੰਜਾਬੀ ਗੀਤਕਾਰੀ ਵਿਚ ਇੰਨੇ ਘਟੀਆਂ ਗੀਤ ਲਿਖਣ ਵਾਲੀਆਂ ਕੰਜਰ ਕਲਮਾਂ ਕਿਵੇਂ ਪੈਦਾ ਹੋ ਗਈਆਂ? ਚੰਗਾ ਲਿਖਣ ਵਾਲਿਆਂ ਨੂੰ ਇਨ੍ਹਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ) ਇਹ ਕਿਹੜਾ ਨਵਾਂ ਸੱਭਿਆਚਾਰ ਪੈਦਾ ਹੋ ਗਿਆ ਹੈ?- ਕੀ ਇਸ ਨੇ ਸਮਾਜ ਅੰਦਰ ਵਿਗਾੜ ਨਹੀਂ ਪੈਦਾ ਕੀਤੇ? ਇਹ ਸੋਚਣਾ ਤਾਂ ਪਵੇਗਾ ਹੀ, ਹੋਰ ਕਿੰਨੀ ਕੁ ਦੇਰ ਉਡੀਕ ਕੀਤੀ ਜਾਵੇਗੀ? ਜੇ ਨੱਚਣਾ ਜਰੂਰੀ ਸਮਝਿਆ ਜਾਵੇ ਤਾਂ ਕੀ ਢੋਲ ਨਾਲ ਨਹੀਂ ਨੱਚਿਆ ਜਾ ਸਕਦਾ?
ਅਤਿ ਦਾ ਮਾੜਾ ਵਰਤਾਰਾ ਕਿ ਪਿਛਲੇ ਸਮੇਂ ਤੋਂ ਅਜਿਹੇ ਮੌਕਿਆਂ ਤੇ ਹਥਿਆਰਾ ਦੀ "ਫੁਕਰੀ ਨੁਮਾਇਸ਼'' ਨੇ ਬਹੁਤ ਲੋਕਾਂ ਦੀਆਂ ਜਾਨਾਂ ਲੈ ਲਈਆਂ, ਪਰਿਵਾਰ ਦਾ ਚੁੱਲ੍ਹਾ ਚੱਲਦਾ ਰੱਖਣ ਵਾਲੀਆਂ ਗਰੀਬ ਘਰਾਂ ਦੀਆਂ ਮਜਬੂਰੀ ਵਸ ਬਣੀਆਂ ਕਲਾਕਾਰ ਕੁੜੀਆਂ ਨੂੰ ਮਾਰਿਆ ਗਿਆ, ਅਣਭੋਲ ਬੱਚੇ ਹਥਿਆਰਾਂ ਦੀ ਨੁਮਾਇਸ਼ ਦਾ ਸ਼ਿਕਾਰ ਹੋ ਗਏ। ਘਰ -ਪਰਿਵਾਰ ਉੱਜੜ ਰਹੇ ਹਨ, ਮਾਵਾਂ ਦੀਆਂ ਗੋਦਾਂ ਖਾਲੀ ਕੀਤੀਆਂ ਜਾ ਰਹੀਆਂ ਹਨ। ਵਿਹੜਿਆਂ ਵਿਚ ਹਾਸਿਆਂ ਦੀ ਥਾਂ ਵੈਣ ਪੈ ਰਹੇ ਹਨ। ਹੁਣ ਇਨ੍ਹਾਂ ਮਾਸੜਾਂ, ਫੁੱਫੜਾਂ , ਮਾਮਿਆਂ ਦੇ ਨੱਥ ਪਾਉਣ ਦੀ ਲੋੜ ਹੈ - ਜਦੋਂ ਅਜਿਹੇ ਪਸ਼ੂ ਬਿਰਤੀ ਵਾਲੇ ਭੂਸਰ ਜਾਂਦੇ ਹਨ ਤਾਂ ਉਜਾੜਾ ਪੈਂਦਾ ਹੈ। ਪੰਜਾਬੀਉ ਕਰੋ ਕੋਈ ਇਲਾਜ ਤੇ ਰੋਕੋ ਇਸ ਪੈ ਰਹੇ ਉਜਾੜੇ ਨੂੰ ਤਾਂ ਕਿ ਹਾਸਿਆਂ ਵਾਲੇ ਵਿਹੜਿਆਂ ਵਿਚੋਂ ਵੈਣਾਂ ਦੀ ਰੁੱਤ ਖਤਮ ਹੋਵੇ। ਨਹੀਂ ਤਾਂ ਘਰਾਂ ਦੇ ਇਹ ਵਿਹੜੇ ਸੁੰਨੇ ਹੋ ਜਾਣਗੇ। ਵਿਆਹਾਂ ਵਿਚ ਹਥਿਆਰਾਂ ਦਾ ਕੀ ਕੰਮ - ਅਜਿਹੇ ਖੁਸ਼ੀ ਦੇ ਮੌਕੇ ਹਥਿਆਰ ਨਾਲ ਲੈ ਕੇ ਆਉਣ 'ਤੇ ਲਾਉ ਪਾਬੰਦੀ - ਮੈਰਿਜ ਪੈਲਿਸਾਂ ਵਾਲੇ ਕਿਉਂ ਨਾ ਇਸ ਦੇ ਜੁੰਮੇਵਾਰ ਹੋਣ ਜੋ ਥੱਬਾ ਰੁਪੱਈਆਂ ਦਾ ਲੈਂਦੇ ਹਨ? ਉਨ੍ਹਾਂ ਨੂੰ ਇਸ ਬਾਰੇ ਕਾਨੂੰਨੀ ਤੌਰ 'ਤੇ ਵੀ ਪਾਬੰਦ ਕਰਨਾ ਪਵੇਗਾ ਤਾਂ ਕਿ ਕੋਈ ਅਨਹੋਣੀ ਨਾ ਵਾਪਰੇ।
ਹੋਰ ਮਾੜਾ ਰਾਹ ਵੀ ਲੋਕਾਂ ਨੇ ਚੁਣਿਆਂ ਹੈ। ਘਰਾਂ ਦੇ ਵਿਹੜੇ ਇੰਨੇ ਛੋਟੇ ਤਾਂ ਅਜੇ ਨਹੀਂ ਹੋਏ ਪਰ ਹੁਣ ਤਾਂ ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਇਕੱਠ ਵੀ ਮੈਰਿਜ ਪੈਲਸਾਂ ਵਿਚ ਹੀ ਹੋਣ ਲੱਗ ਪਏ ਹਨ - ਇਸ ਨੂੰ ਰੋਕਣਾ ਬਹੁਤ ਜਰੂਰੀ ਹੈ। ਅਜਿਹੇ ਦੁੱਖ ਦੇ ਸਮੇਂ ਕਿਉਂ ਅਜਾਈਂ ਆਰਥਕ ਬੋਝ ਥੱਲੇ ਆਇਆ ਜਾਵੇ। ਗੁਜ਼ਰ ਗਏ ਮਾਂ -ਬਾਪ ਨੂੰ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਆਪਣਿਆਂ ਦੀ, ਸਕੇ ਸਬੰਧੀਆਂ ਤੇ ਰਿਸ਼ਤੇਦਾਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨਾਲ ਬੈਠ ਕੇ ਦੁੱਖ ਸਾਂਝਾ ਕੀਤਾ ਜਾਵੇ। ਪਰ ਹੁਣ ਬਹੁਤੇ ਥਾਈਂ ਤਾਂ ਸਿਆਸੀ ਲੀਡਰਾਂ ਦੀ ਉਡੀਕ ਕੀਤੀ ਜਾਂਦੀ ਹੈ। ਨਾ ਲੀਡਰ ਬਜੁ਼ਰਗਾਂ ਨੂੰ ਜਾਣੇ ਨਾ ਪਛਾਣੇ - ਬੱਸ ਵੋਟਾਂ ਕੱਠੀਆਂ ਹੋਈਆਂ ਵੇਖ ਲੀਡਰ ਵੀ ਆਪਣੇ ਲਾਉ-ਲਸ਼ਕਰ ਸਮੇਤ ਬੇਸ਼ਰਮਾਂ ਵਾਂਗ ਓਥੇ ਪਹੁੰਚ ਜਾਂਦੇ ਹਨ। ਲੋਕ ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਸੱਦਾ ਦੇਣ ਵਾਲਾ ਪਰਵਾਰ ਵੀ ਉਸ ਇਕੱਠ ਵਿਚ "ਪਿੰਡ ਦੇ ਵੱਗ ਵਿਚ ਬੁੜ੍ਹੀ ਦੀ ਵੱਛੀ'' ਵਾਂਗ ਤੁਰਿਆ ਫਿਰਦਾ ਨਜ਼ਰ ਆਉਂਦਾ ਹੈ, ਇਸ ਤੋਂ ਵੱਧ ਕੁੱਝ ਵੀ ਨਹੀਂ। ਆਪਣੇ ਆਪ ਨੂੰ ਛੋਟਾ ਕਰਨ ਦਾ ਇਹ ਰਾਹ ਵੀ ਛੱਡਣਾ ਪਊ। ਆਪਣੇ ਹੱਥੀਂ ਆਪਣੀ ਹੀ ਕਦਰ ਘਟਾਈ ਜਚਦੀ ਨਹੀਂ।
ਲੋਕਾਂ ਨੂੰ ਸੋਚਣਾ ਪਵੇਗਾ - ਆਖਰ ਹੁਣ "ਮੈਰਿਜ ਪੈਲਸਾਂ'' ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ ਤਾਂ ਕਿ ਆਪਣੇ ਵਿਰਸੇ ਨਾਲ ਵੀ ਜੁੜੇ ਰਹਿ ਸਕੀਏ ਅਤੇ ਝੂਠੀ ਸ਼ਾਨ ਖਾਤਰ ਕਰਜ਼ੇ ਚੁੱਕ ਚੁੱਕ ਕੇ ਧੀਆਂ ਦੇ ਵਿਆਹਾਂ ਦੇ ਕਾਰਜ ਨਿਭਾਏ ਜਾਣ ਕਰਕੇ ਚਾਦਰੋਂ ਬਾਹਰੇ ਪੈਰ ਪਸਾਰਨ ਤੋਂ ਬਾਅਦ ਆਪਣੀ ਕੀਤੀ ਮੂਰਖਤਾ ਉੱਤੇ ਪਛਤਾਉਣਾ ਨਾ ਪਵੇ ਅਤੇ ਕਈਆਂ ਨੂੰ ਆਤਮ ਹੱਤਿਆਵਾਂ ਨਾ ਕਰਨੀਆਂ ਪੈਣ। ਆਪਣੇ ਹੀ ਪਰਿਵਾਰਾਂ ਨੂੰ ਬੇਸਹਾਰਾ ਛੱਡ ਕੇ ਜੀਵਨ ਅਜਾਈਂ ਗੁਆ ਜਾਣ ਵਰਗੇ ਕਦਮ ਵੀ ਨਾ ਚੁੱਕਣੇ ਪੈਣ। ਇਸ ਕਠੋਰ ਮਜਬੂਰੀ ਤੱਕ ਪਹੁੰਚਣ ਦੇ ਕਾਰਨਾਂ ਦੀ ਨਿਸ਼ਾਨਦਹੀ ਹੀ ਨਾ ਕੀਤੀ ਜਾਵੇ ਉਨ੍ਹਾਂ ਨੂੰ ਦੂਰ ਕਰਨ ਦੇ ਜਤਨ ਵੀ ਕੀਤੇ ਜਾਣੇ ਚਾਹੀਦੇ ਹਨ। ਇਸ ਬਾਰੇ ਕੋਈ ਸਾਂਝੀ ਸਮਾਜਕ ਲਹਿਰ (ਆਤਮ ਹੱਤਿਆਵਾਂ ਦੇ ਕਾਰਨ ਹੋਰ ਵੀ ਕਈ ਹਨ - ਪਰ ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ)। ਬਹਾਦਰ ਪੰਜਾਬੀਉ ਇਸ ਲਾਅਨਤ ਤੋਂ ਬਚਣ ਦੇ ਹੀਲੇ ਸੋਚੋ। ਪਿੰਡਾਂ ਦੀਆਂ ਪੰਚਾਇਤਾਂ ਇਸ ਵਿਚ ਲੋਕਾਂ ਨੂੰ ਸਿਖਿਅਤ ਕਰਕੇ ਜਾਗਰੂਕ ਕਰਨ ਕਿ ਅਜਿਹੇ ਭਾਣੇ ਨਾ ਵਰਤਣ -ਵੈਣਾਂ ਤੋਂ ਛੁਟਕਾਰਾ ਮਿਲੇ। ਪਰ ਪੰਚਾਇਤਾਂ ਨੂੰ ਆਪਣੀ ਜੁੰਮੇਵਾਰੀ ਸਮਝ, ਅੱਗੇ ਹੋ ਕੇ ਅਜਿਹੀ ਸਮਾਜਕ ਲਹਿਰ ਦੀ ਅਗਵਾਈ ਕਰਨੀ ਪਵੇਗੀ ।
ਪਿੰਡਾਂ ਵਿਚ ਨਵੇਂ ਜੰਝ ਘਰ ਉਸਾਰੇ ਜਾਣੇ ਚਾਹੀਦੇ ਹਨ। ਇੱਥੇ ਵਧੀਆ ਰਸੋਈ (ਕਿਚਨ) ਦਾ ਪ੍ਰਬੰਧ ਹੋਵੇ। ਜਿਸ ਨਾਲ ਮੈਰਿਜ ਪੈਲਸਾਂ ਵਿਚ ਵਰਤਾਈਆਂ ਜਾਂਦੀਆਂ ਖਾਣੇ ਦੀਆਂ "ਮਹਿੰਗੀਆਂ ਥਾਲ਼ੀਆਂ'' ਤੋਂ ਛੁਟਕਾਰਾ ਮਿਲੇਗਾ। ਇਸ ਕਾਰਜ ਵਾਸਤੇ ਆਰਥਕ ਪੱਖੋਂ ਕਮਜ਼ੋਰ ਪੰਚਾਇਤਾਂ ਨੂੰ ਸਰਕਾਰ ਵਲੋਂ ਹਰ ਹੀਲੇ ਗਰਾਂਟ ਦਿੱਤੀ ਜਾਣੀ ਚਾਹੀਦੀ ਹੈ - ਖੈਰਾਤ ਸਮਝ ਕੇ ਨਹੀਂ, ਇਹ ਲੋਕਾਂ ਦਾ ਹੱਕ ਹੈ। ਐਨਆਰਆਈ ਹੁਣ ਲੋਕਾਂ ਨੂੰ ਇਸ ਪਾਸੇ ਪ੍ਰੇਰਨ ਤਾਂ ਕਿ ਲੋਕ ਆਵਾਗੌਣ ਖਰਚਿਆਂ ਤੋਂ ਬਚ ਸਕਣ। ਜੰਝ ਘਰਾਂ ਵਲ ਮੁੜਨਾ ਪਿਛਾਂਹ ਮੁੜਨ ਦਾ ਕਦਮ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਵਧੀਆਂ ਭਵਿੱਖ ਦਾ ਰਾਹ ਬਣ ਸਕਦਾ ਹੈ ਜਿਸ ਨਾਲ ਫੇਰ ਤੋਂ ਪਿੰਡਾਂ ਵਿਚ ਪਹਿਲਾਂ ਵਰਗੀ ਸਾਂਝ ਬਣੇਗੀ। ਆਰਥਕ ਪੱਖੋਂ ਕਮਜ਼ੋਰ ਲੋਕਾਂ ਨੂੰ ਅਜਿਹੇ ਕਾਰਜਾਂ ਵਾਸਤੇ ਵੱਡੇ ਕਰਜ਼ੇ ਨਹੀਂ ਚੁੱਕਣੇ ਪੈਣਗੇ -ਉਨ੍ਹਾਂ ਲਈ ਵੱਡੀ ਰਾਹਤ ਹੋਵੇਗੀ। ਗਰੀਬ ਜਾਂ ਆਰਥਕ ਪੱਖੋਂ ਕਮਜ਼ੋਰ ਲੋਕਾਂ ਤੋਂ ਜੰਝ ਘਰਾਂ ਦੇ ਵਰਤਣ ਵਾਲੇ ਸਮੇਂ ਘੱਟ ਤੋਂ ਘੱਟ ਪੈਸੇ ਵਸੂਲੇ ਜਾਣ (ਜੇ ਹੋ ਸਕੇ ਨਾ ਹੀ ਲਏ ਜਾਣ) ਇਸ ਬਾਰੇ ਸੋਚਿਆ ਜਾਵੇ ਤਾਂ ਸੁਖਾਵਾਂ ਰਾਹ ਜਰੂਰ ਨਿਕਲ ਆਵੇਗਾ।
ਅੱਜ ਹਾਲਤ ਦੇਖਦੇ ਹਾਂ ਤਾਂ ਮਨ ਮਸੋਸ ਜਾਂਦਾ ਹੈ ਕਿ ਕੀ ਹੋ ਗਿਆ ਸਾਡੇ ਸਮਾਜੀ ਤਾਣੇ ਬਾਣੇ ਨੂੰ, ਕਿੰਨੇ ਫਿੱਕੇ ਹੋ ਗਏ ਹਨ ਸਾਡੇ ਸਮਾਜੀ ਰਿਸ਼ਤੇ। ਇਨ੍ਹਾਂ ਵਿਚੋਂ ਗੁਆਚ ਗਿਆ ਮੋਹ-ਪਿਆਰ, ਅਸੀਂ ਆਪਣਿਆਂ ਵਿਚ ਹੀ ਬੇਗਾਨੇ ਹੋ ਗਏ ਨਜ਼ਰ ਆ ਰਹੇ ਹਾਂ। ਉੱਚਿਆਂ ਕੱਦਾਂ ਦੀ ਝੂਠੀ ਸ਼ਾਨੋ-ਸ਼ੌਕਤ ਵਾਲੀ ਦੁਹਾਈ ਪਿੱਟਣ ਵਾਲੇ ਹੁਣ ਬੌਣੇ ਨਜ਼ਰ ਆਉਂਦੇ ਹਨ। ਬੌਣੇ ਹੀ ਆਪਣੇ ਆਪ ਨੂੰ ਸਮਾਜ ਦੇ ਆਗੂ ਸਮਝਦੇ ਹਨ - ਇਹ ਅੱਜ ਦਾ ਸਭ ਤੋਂ ਵੱਡਾ ਦੁਖਾਂਤ ਹੈ - ਇਸ ਦੁਖਾਂਤ ਦਾ ਅੰਤ ਹੋਣਾ ਚਾਹੀਦਾ ਹੈ ਤਾਂ ਕਿ ਪਿੰਡਾਂ ਦੇ ਸਾਧਾਰਨ ਲੋਕ ਵੀ ਆਪਣੇ ਸਮਾਜਕ ਕਾਰਜਾਂ ਦਾ ਆਨੰਦ ਮਾਣ ਸਕਣ।
ਦਾਜ ਦੀ ਲਾਅਨਤ ਵੀ ਸਮਾਜ ਨੂੰ ਬਰਬਾਦ ਕਰ ਰਹੀ ਹੈ - ਆਖਰ ਵਿਚ ਇਕ ਬੇਨਤੀ ਬਚਦੀ ਹੈ ਜੋ ਕੀਤੀ ਜਾ ਸਕਦੀ ਹੈ ਕਿ :
"ਪੰਜਾਬੀਉ! ਆਪਣੇ ਪੁੱਤ ਵੇਚਣੇ ਬੰਦ ਕਰ ਦਿਉ ਤਾਂ ਕਿ ਪੰਜਾਬ ਦੀਆਂ ਧੀਆਂ-ਭੈਣਾਂ ਤੇ ਮਾਪੇ ਸੁਖੀ ਵਸ ਸਕਣ''।
ਸੰਪਰਕ : 0049 1733546050
Email – ksharif@arcor.de
25 Nov. 2017
ਕੀ ਪੀਰਾਂ ਜਾਂ ਬਾਬਿਆਂ ਦੀ ਲੋੜ ਹੈ ?
- ਤਸਲੀਮਾ ਨਸਰੀਨ
ਅਨੁਵਾਦ - ਕੇਹਰ ਸ਼ਰੀਫ਼
ਮੇਰੀ ਮਾਂ ਕਿਸੇ ਪੀਰ ਦੀ ਮੁਰੀਦ ਸੀ। ਪੀਰ ਜੋ ਵੀ ਕਹਿੰਦਾ ਉਹ ਉਸ 'ਤੇ ਯਕੀਨ ਕਰਦੀ। ਮਾਂ ਜਦੋਂ ਵੀ ਬੀਮਾਰ ਹੁੰਦੀ ਤਾਂ ਪੀਰ ਦਾ ਪੜ੍ਹਿਆ ਪਾਣੀ ਪੀਂਦੀ। ਇਹ ਪੜ੍ਹਿਆ ਪਾਣੀ ਪੀਣ ਨਾਲ ਜੇ ਬੀਮਾਰੀ ਵਧ ਜਾਂਦੀ ਤਾਂ ਉਹ ਮੇਰੇ ਡਾਕਟਰ ਪਿਤਾ ਦੀ ਸ਼ਰਨ ਵਿਚ ਆ ਜਾਂਦੀ। ਪਿਤਾ ਜੀ ਵਲੋਂ ਕੀਤੇ ਇਲਾਜ ਨਾਲ ਉਹ ਠੀਕ ਹੋ ਜਾਂਦੀ। ਪਰ ਫੇਰ ਵੀ ਪੀਰ ਤੋਂ ਉਸ ਦਾ ਵਿਸ਼ਵਾਸ ਨਾ ਟੁੱਟਦਾ। ਇਕ ਵਾਰ ਪੀਰ ਨੇ ਕਿਹਾ ਕਿ ਉਹ ਆਪਣੇ ਸਾਰੇ ਮੁਰੀਦਾਂ ਨੂੰ ਪਰਾਂ ਵਾਲੇ ਘੋੜੇ ਤੇ ਚੜ੍ਹਾ ਕੇ ਅਰਬ ਦੇਸ਼ ਨੂੰ ਉਡਾ ਕੇ ਲੈ ਜਾਣਗੇ। ਮੇਰੀ ਮਾਂ ਸਮੇਤ ਸਭ ਮੁਰੀਦਾਂ ਨੇ ਇਸ ਗੱਲ 'ਤੇ ਵਿਸ਼ਵਾਸ ਕੀਤਾ। ਮਾਂ ਤਾਂ ਆਪਣਾ ਸੂਟਕੇਸ ਬੰਨ੍ਹ ਕੇ ਤਿਆਰ ਹੋ ਕੇ ਬੈਠ ਗਈ। ਬਾਅਦ ਵਿਚ ਪਤਾ ਨਹੀਂ ਕਿਸ ਕਾਰਨ ਪੀਰ ਨੇ 'ਉਡਕੇ ਅਰਬ ਜਾਣ' ਵਾਲੇ ਆਪਣੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ। ਮੁਰੀਦਾਂ ਨੇ ਫੇਰ ਵੀ ਪੀਰ ਉੱਤੇ ਕਿਸੇ ਤਰ੍ਹਾਂ ਦੀ ਸ਼ੱਕ-ਸ਼ੁਭਾ ਨਹੀਂ ਕੀਤੀ। ਵਿਸ਼ਵਾਸ ਇੰਨਾ ਹੀ ਖਤਰਨਾਕ ਹੁੰਦਾ ਹੈ।
ਜਿਸ ਤਰ੍ਹਾਂ ਬੰਗਲਾਦੇਸ਼ ਵਾਲੇ ਮੁਸਲਮਾਨਾਂ ਦੇ 'ਪੀਰ' ਹਨ, ਉਵੇਂ ਹੀ ਭਾਰਤ ਅੰਦਰ ਹਿੰਦੂਆਂ ਦੇ 'ਬਾਬੇ' ਹਨ। ਇਹ "ਬਾਬਾ ਕਲਚਰ'' ਬਹੁਤ ਪੁਰਾਣਾ ਹੈ। ਲੋਕਾਂ ਦੇ ਧਾਰਮਕ ਵਿਸ਼ਵਾਸ ਨੂੰ ਪੂੰਜੀ ਬਣਾ ਕੇ ਇਹ ਬਾਬੇ ਆਪਣਾ ਜੀਵਨ ਨਿਰਵਾਹ ਕਰਦੇ ਹਨ। ਕੁੱਝ ਮਾਤਾਵਾਂ ਵੀ ਪੈਦਾ ਹੋ ਗਈਆਂ ਹਨ। ਹਿੰਦੂਆਂ ਦਾ ਧਰਮ 'ਤੇ ਵਿਸ਼ਵਾਸ ਵੀ ਬਹੁਤ ਜ਼ਿਆਦਾ ਹੈ। ਬਹੁਤ ਪੁਰਾਣਾ ਧਰਮ ਹੈ ਜਿਸ ਅੰਦਰ ਬਹੁਤ ਸਾਰੀਆਂ ਦੰਦ ਕਥਾਵਾਂ ਹਨ। ਲੱਖਾਂ-ਕਰੋੜਾਂ, ਦੇਵੀ-ਦੇਵਤੇ ਹਨ। ਕਿਸੇ ਨੂੰ ਮੰਨੋ ਤਾਂ ਵੀ ਠੀਕ ਨਾ ਮੰਨੋ ਤਾਂ ਵੀ ਚਲਦਾ ਹੈ। ਇਕ ਸੂਬੇ ਦੇ ਲੋਕ ਦੁਰਗਾ ਨੂੰ ਮੰਨਦੇ ਹਨ ਤੇ ਦੂਜੇ ਸੂਬੇ ਦੇ ਵਿਸ਼ਨੂੰ ਨੂੰ ਮੰਨੀ ਜਾਂਦੇ ਹਨ। ਧਰਮ ਨੂੰ ਮੰਨਣ ਜਾਂ ਧਰਮ ਦੀ ਪਾਲਣਾ ਕਰਨ ਵਿਚ ਕੋਈ ਜ਼ੋਰ-ਜਬਰਦਸਤੀ ਵੀ ਨਹੀਂ। ਨਵੀਂ ਪੀੜੀ੍ਹ ਦੇ ਹਿੰਦੂ ਜੇ ਨਾਸਤਿਕ ਹੁੰਦੇ ਤਾਂ ਚੰਗਾ ਹੁੰਦਾ। ਪਰੰਤੂ ਹਿੰਦੂਆਂ ਵਿਚ ਨਾਸਤਿਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੇਵੀ-ਦੇਵਤਾਵਾਂ ਨੂੰ ਤਾਂ ਮੰਨਦੇ ਹੀ ਹਨ, ਇਸ ਦੇ ਨਾਲ ਹੀ ਬਹੁਗਿਣਤੀ ਹਿੰਦੂ ਕੁਸੰਸਕਾਰਾ ਨੂੰ ਵੀ ਮੰਨਦੇ ਹਨ। ਸੰਸਕਾਰਾਂ ਦਾ ਦਿਖਾਵਾ ਕਰਨ ਵਾਲੇ ਉਂਗਲਾਂ 'ਤੇ ਕੁਸੰਸਕਾਰੀ ਪੱਥਰ ਵੀ ਪਹਿਨੀ ਰੱਖਦੇ ਹਨ। ਕਾਰਾਂ-ਗੱਡੀਆਂ ਵਿਚ ਨਿੰਬੂ-ਮਿਰਚਾਂ ਲਟਕਾਈ ਰੱਖਦੇ ਹਨ। ਬਿੱਲੀ ਦੇਖ ਕੇ ਗੱਡੀ ਰੋਕ ਲੈਂਦੇ ਹਨ। ਜਿਉਤਿਸ਼ੀਆਂ ਦੇ ਧੰਦੇ ਦਾ ਵੀ ਖੂਬ-ਬੋਲਬਾਲਾ ਹੈ।
ਇਹ ਬਾਬੇ ਸਿੱਧੇ-ਸਾਦੇ ਲੋਕਾਂ ਨੂੰ ਰੱਜਕੇ ਲੁੱਟ ਰਹੇ ਹਨ। ਕਿੰਨੇ ਹੀ ਬਾਬੇ ਭਗਤਾਂ ਵਲੋਂ ਦਿੱਤੀ ਮਾਇਆ ਵਾਲੇ ਨੋਟਾਂ ਦੇ ਢੇਰ 'ਤੇ ਬੈਠੇ ਹਨ, ਬੇਫਿਕਰ ਹੋ ਕੇ ਕੁਕਰਮ ਕਰੀ ਜਾ ਰਹੇ ਹਨ। ਸੁਣਿਆ ਸੀ ਕਿ ਸੱਤਿਆ ਸਾਂਈ ਬਾਬਾ ਨੌਜਵਾਨ ਲੜਕਿਆਂ ਦਾ ਬਲਾਤਕਾਰ ਕਰਦੇ ਸਨ। ਚਾਰ ਨੌਜਵਾਨਾਂ ਨੇ ਇਸਦਾ ਵਿਰੋਧ ਕੀਤਾ, ਇਸ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਅਦਿੱਖ ਹੱਥਾਂ ਨਾਲ ਛੋਟੇ-ਮੋਟੇ ਜਾਦੂ ਦਿਖਾਏ ਜਾਂਦੇ ਸਨ। ਇਸ ਹੱਥ ਦੀ ਸਫਾਈ ਦੀ ਖੇਡ ਨੂੰ ਕੋਈ ਵੀ ਫੜ ਸਕਦਾ ਹੈ। ਪਰ ਧਰਮ ਦੀ ਆੜ 'ਚ ਅੰਨੇ ਹੋਣ ਕਰਕੇ ਉਂਗਲਾਂ ਦੀਆਂ ਦਰਾੜਾਂ ਵਿਚ ਰੱਖੀਆਂ ਰਾਖ ਦੀਆਂ ਗੋਲੀਆਂ ਨੂੰ ਅੰਗੂਠੇ ਨਾਲ ਘਸਾ ਕੇ ਲੋਕਾਂ ਦੇ ਸਿਰ 'ਤੇ ਛਿੜਕਣਾ, ਉਹ ਦਿਖਾਈ ਨਹੀਂ ਦਿੰਦਾ। ਰਾਖ ਅਸਮਾਨ ਤੋਂ ਖਾਲੀ ਹੱਥਾਂ 'ਤੇ ਆ ਕੇ ਨਹੀਂ ਡਿਗੀ ਜਾਂ ਅਣਦਿਸਦੇ ਭਗਵਾਨ ਨੇ ਆ ਕੇ ਨਹੀਂ ਦਿੱਤੀ । ਸਾਈਂ ਬਾਬਾ ਖੰਘਿਆ ਤੇ ਗਲ਼ ਵਿਚੋਂ ਸੋਨੇ ਦਾ ਆਂਡਾ ਆ ਡਿਗਿਆ? ਸੋਨੇ ਦਾ ਆਂਡਾ ਤਾਂ ਬਾਬੇ ਵਲੋਂ ਫੜੇ ਤੌਲੀਏ ਦੇ ਪਿੱਛੇ ਸੀ, ਜਿਸ ਤੌਲੀਏ ਨੂੰ ਉਹ ਵਾਰ ਵਾਰ ਮੂੰਹ ਦੇ ਅੱਗੇ ਲਿਆ ਕੇ ਖੰਘ ਰਹੇ ਸਨ, ਜੇ ਉਹ ਅੰਧਵਿਸ਼ਵਾਸੀ ਨਾ ਹੁੰਦਾ ਤਾਂ ਉਹਦੀ ਸਮਝ ਵਿਚ ਆ ਜਾਂਦਾ। ਤੁਹਫਿਆਂ ਵਾਲੇ ਬਕਸਿਆਂ ਦੇ ਹੇਠਾਂ ਲੁਕਾਈਆਂ ਸੋਨੇ ਦੀਆਂ ਚੇਨੀਆਂ ਉਂਗਲੀ ਨੂੰ ਟੇਡੀ ਕਰਕੇ ਲੈ ਆ ਰਹੇ ਹਨ। ਖੁਦ ਭਗਵਾਨ ਨੇ ਆ ਕੇ ਉਹ ਚੇਨੀਆਂ ਉਹਦੇ ਹੱਥਾਂ ਵਿਚ ਨਹੀਂ ਦਿੱਤੀਆਂ ਹਨ। ਵਿਸ਼ਵਾਸ ਵਿਚ ਅੰਨਾ ਨਾ ਹੋਣ ਵਾਲਾ ਕੋਈ ਵੀ ਇਹ ਦੇਖ ਸਕਦਾ ਸੀ। ਹੱਤਿਆ, ਬਲਾਤਕਾਰ ਵਿਚ ਫਸ ਸਕਦੇ ਹਨ। ਸ਼ੈਤਾਨੀ ਦੇ ਆਸਰੇ ਹਸਪਤਾਲ ਬਣਾ ਦਿੱਤਾ। ਆਪਣਾ ਆਪ ਬਚਾਉਣ ਲਈ - ਸਮਾਜ ਸੇਵਾ। ਉਂਜ ਸਮਾਜ ਸੇਵਾ ਕਿਸਦੇ ਪੈਸੇ ਨਾਲ ਕਰ ਰਹੇ ਸਨ? ਲੋਕਾਂ ਵਲੋਂ ਦਿੱਤੇ ਪੈਸਿਆਂ ਨਾਲ ਹੀ ਕਰ ਰਹੇ ਸਨ। ਆਸਾ ਰਾਮ ਬਾਪੂ ਲੜਕੀਆਂ ਨਾਲ ਬਲਾਤਕਾਰ ਕਰਦੇ ਸਨ। ਰਾਮ ਰਹੀਮ ਤਾਂ ਹਰਮ ਹੀ ਖੋਲ੍ਹੀ ਬੈਠਾ ਸੀ। ਇਹ ਲੋਕ ਖੁਦ ਨੂੰ ਰੱਬ ਸਮਝਦੇ ਹਨ। ਇੰਨੇ ਬਾਬੇ ਫੜੇ ਗਏ। ਬਾਬਿਆਂ ਵਲੋਂ ਕੀਤੀ ਲੁੱਟ-ਖੋਹ, ਖੂਨ ਖਰਾਬੇ ਅਤੇ ਬਲਾਤਕਾਰਾਂ ਦੀਆਂ ਇੰਨੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸਦੇ ਬਾਵਜੂਦ ਬਾਬਿਆਂ ਉੱਤੇ ਲੋਕਾਂ ਦਾ ਵਿਸ਼ਵਾਸ ਨਹੀਂ ਟੁੱਟਦਾ। ਵਿਸ਼ਵਾਸ ਇੰਨਾ ਹੀ ਖਤਰਨਾਕ ਹੁੰਦਾ ਹੈ।
ਵਿਗਿਆਨ 'ਤੇ ਵਿਸ਼ਵਾਸ ਵਧਣ ਨਾਲ ਬਾਬਿਆਂ ਉੱਤੇ ਵਿਸ਼ਵਾਸ ਘਟੇਗਾ। ਵਿਗਿਆਨ ਉੱਪਰ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਕੋਈ ਕਿਸੇ ਤਰ੍ਹਾਂ ਕੋਸ਼ਿਸ਼ ਕਰ ਰਿਹਾ ਹੋਵੇ ਅਜਿਹਾ ਨਜ਼ਰ ਨਹੀਂ ਆਇਆ। ਟੈਲੀਵੀਜ਼ਨ ੳੱਤੇ ਵਿਗਿਆਨ ਨਾਲ ਸਬੰਧਤ ਕਿੰਨੇ ਚੈਨਲ ਹਨ ਅਤੇ ਕਿੰਨੇ ਹਨ ਧਰਮ ਨਾਲ ਸਬੰਧਤ? ਦੇਖਦੀ ਹਾਂ ਸਾਰੇ ਹੀ ਧਾਰਮਕ ਚੈਨਲ ਹਨ। ਧਰਮ 'ਤੇ ਵਿਸ਼ਵਾਸ ਘੱਟ ਹੋਣ ਨਾਲ ਬਾਬਿਆਂ ਦਾ ਧੰਦਾ ਬੰਦ ਹੋਵੇਗਾ। ਹੁਣ ਕੀ ਕਹਾਂ- ਭਾਰਤ ਵਿਚ ਵੱਡੇ ਵਿਗਿਆਨੀ ਵੀ ਭਗਵਾਨ ਦੀ ਕਿਰਪਾ ਪ੍ਰਾਪਤ ਕਰਨ ਲਈ ਮੰਦਿਰਾਂ ਵੱਲ ਦੌੜਦੇ ਹਨ। ਲੋਕਾਂ ਵਲੋਂ ਵਿਗਿਆਨ ਨਾਲ ਜੁੜਨ ਵਾਸਤੇ ਪਤਾ ਨਹੀਂ ਹੋਰ ਕਿੰਨੇ ਹਜ਼ਾਰ ਸਾਲ ਲੱਗਣਗੇ।
ਬੰਗਾਲੀ ਮੁਸਲਮਾਨਾਂ ਦੇ ਵਡੇਰੇ ਨਾਰੀ-ਪੁਰਸ਼ ਹਿੰਦੂ ਹਨ। ਇਹ ਸੰਭਵ ਹੈ ਕਿ ਹਿੰਦੂਆ ਦੇ ਇਸ "ਬਾਬਾ ਕਲਚਰ'' ਤੋਂ ਹੀ ਮੁਸਲਮਾਨਾਂ ਦਾ "ਪੀਰ ਕਲਚਰ'' ਆਇਆ ਹੈ। ਜਿਸ ਤਰ੍ਹਾਂ ਹਿੰਦੂ ਬਾਬਿਆਂ ਨੂੰ ਲੈ ਕੇ ਬਹੁਤ ਕੁੱਝ ਕਰਦੇ ਹਨ ਇਸੇ ਤਰ੍ਹਾਂ ਮੁਸਲਮਾਨ ਪੀਰਾਂ ਨੰ ਲੈ ਕੇ ਬਹੁਤ ਕੁੱਝ ਅਜਿਹਾ ਹੀ ਕਰਦੇ ਹਨ। ਪੀਰ ਫਾਰਸੀ ਲਫ਼ਜ਼ ਹੈ। ਪੀਰ ਦਾ ਅਰਥ ਹੈ ਬਜ਼ੁਰਗ ਆਦਮੀ। ਕੋਈ-ਕੋਈ ਸੂਫੀ ਜੋ ਅਧਿਆਤਮਕ ਵਿਸ਼ਿਆਂ ਬਾਰੇ ਸਿੱਖਿਆ ਦਿੰਦੇ ਸਨ ਉਨ੍ਹਾਂ ਨੂੰ ਪੀਰ ਕਿਹਾ ਜਾਂਦਾ ਸੀ। ਸੂਫੀ ਪੀਰ ਦੀ ਮੌਤ ਹੋ ਜਾਣ 'ਤੇ ਮਜ਼ਾਰ ਬਣਾਇਆ ਜਾਂਦਾ ਸੀ। ਹੁਣ ਤਾਂ ਕੋਈ ਵੀ ਭੰਡ, ਲੋਕਾਂ ਦੇ ਮਜ੍ਹਬੀ ਵਿਸ਼ਵਾਸ ਨੂੰ ਵਰਤ ਪੀਰ ਬਣਕੇ ਧੰਦਾ ਚਾਲੂ ਕਰ ਦਿੰਦਾ ਹੈ। ਜਿਸ ਤਰ੍ਹਾਂ ਬਾਬਿਆਂ ਦੇ ਭਗਤ ਮਿਨਿਸਟਰ, ਕ੍ਰਿਕਟਰ ਤੇ ਕਲਾਕਾਰ ਹਨ ਉਸ ਤਰ੍ਹਾਂ ਹੀ ਪੀਰਾਂ ਦੇ ਮੁਰੀਦ ਹਨ। ਪੀਰ ਦਾ ਸਮਰਥਨ ਅਤੇ ਅਸ਼ੀਰਵਾਦ ਪਾਉਣ ਲਈ ਦੇਸ਼ ਦੇ ਰਾਸ਼ਟਰਪਤੀ ਤੱਕ ਦੌੜ ਲਗਾਉਂਦੇ ਹਨ। ਵੱਡੇ ਵੱਡੇ ਰਾਜਨੇਤਾ, ਪੂੰਜੀਪਤੀ, ਧਨਕੁਬੇਰ ਸਾਰੇ ਵੱਡੇ ਨਾਵਾਂ ਵਾਲੇ ਮਸ਼ਹੂਰ ਲੋਕ ਬਾਬਿਆਂ ਅਤੇ ਪੀਰਾਂ ਦੇ ਚਰਨਾਂ ਦੀ ਧੂੜ ਲੈਣ ਵਾਸਤੇ ਵਿਅਸਥ ਰਹਿੰਦੇ ਹਨ। ਇਸ ਤਰ੍ਹਾਂ ਬਾਬਿਆਂ ਤੇ ਪੀਰਾਂ ਦੀ ਕੀਮਤ ਅਸਮਾਨ ਛੁਹਣ ਲਗਦੀ ਹੈ। ਬਾਬੇ ਡਰਾਉਂਦੇ ਹਨ ਅਤੇ ਪੀਰ ਵੀ। ਪੂਰੇ ਭਾਰਤੀ ਉਪਮਹਾਂਦੀਪ ਦੇ ਦੇਸ਼ਾਂ ਵਿਚ ਹਿੰਦੂ-ਮੁਸਲਮਾਨ ਇਨ੍ਹਾਂ ਡਰਾਉਣ ਵਾਲਿਆਂ ਦੇ ਚੁੰਗਲ ਵਿਚ ਹਨ।
ਪੀਰਾਂ ਤੇ ਹਜ਼ੂਰਾਂ ਨਾਲ ਬੰਗਲਾ ਦੇਸ਼ ਭਰ ਗਿਆ ਹੈ। ਬੰਗਾਲੀ ਮੁਸਲਮਾਨਾਂ ਦੇ ਤਬਾਹ ਹੋਣ ਦੇ ਪਿੱਛੇ ਇਹ ਬਹੁਤ ਵੱਡੇ ਕਾਰਨ ਹਨ। ਇਹ ਹੀ ਲੋਕ ਦਹਿਸ਼ਤਗਰਦਾਂ ਨੂੰ ਸ਼ਰਣ ਦੇ ਰਹੇ ਹਨ। ਪੂਰੇ ਦੇਸ਼ ਅੰਦਰ ਅਸ਼ਾਂਤੀ ਅਤੇ ਔਰਤਾਂ ਦੇ ਖਿਲਾਫ ਨਫਰਤ ਪੈਦਾ ਕਰ ਰਹੇ ਹਨ। ਇਸਲਾਮ ਅੱਲਹਾ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦਾ - ਇਹ ਕਹਿੰਦੇ ਹਨ। ਜਦੋਂ ਕਿ ਮੁਸਲਮਾਨ ਪੀਰਾਂ ਤੇ ਹਜ਼ੂਰਾਂ ਦੇ ਪੈਰਾਂ 'ਤੇ ਹਰ ਦਿਨ ਆਪਣਾ ਸਿਰ ਝੁਕਾ ਰਹੇ ਹਨ। ਉਨ੍ਹਾਂ ਦੇ ਪੈਰ ਧੋਤੇ ਪਾਣੀ ਪੀ ਰਹੇ ਹਨ, ਉਵੇਂ ਹੀ ਜਿਵੇਂ ਹਿੰਦੂ ਕਰਦੇ ਹਨ। ਰਾਮ ਰਹੀਮ ਦੀ ਗ੍ਰਿਫਤਾਰੀ ਦੀ ਖਬਰ ਸੁਣਕੇ ਜਿਵੇਂ ਉਸਦੇ ਭਗਤਾਂ ਨੇ ਹਰਿਆਣਾ ਦੇ ਸ਼ਹਿਰਾਂ ਵਿਚ ਅੱਗਾਂ ਲਾਈਆਂ ਸਨ। ਉਸੇ ਤਰ੍ਹਾਂ ਬੰਗਲਾ ਦੇਸ਼ ਦੇ ਦਿਲਾਵਰ ਹੁਸੈਨ ਸਈਅਦੀ ਨਾਮ ਦੇ ਇਕ ਹਜ਼ੂਰ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵੇਲੇ ਉਸਦੇ ਮੁਰੀਦਾਂ ਨੇ ਪੂਰੇ ਬੰਗਲਾ ਦੇਸ਼ ਵਿਚ ਅੱਗ ਲਾਈ ਸੀ।
ਜਿਸ ਦਾ ਵੀ ਧਰਮ ਹੈ ਜਿਵੇਂ ਚਾਹੇ ਖੁਸ਼ੀ ਨਾਲ ਉਸਨੂੰ ਮੰਨੇ। ਪੀਰ ਜਾਂ ਬਾਬੇ ਦੱਸਣਗੇ ਕਿ ਧਰਮ ਕੀ ਹੈ, ਦੁਨੀਆਂ ਬਨਾਉਣ ਵਾਲੇ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ, ਕਿਉਂਕਿ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ। ਉਹ ਰਸਤਾ ਵਿਖਾਉਣਗੇ- ਬਿਲਕੁੱਲ ਬਕਵਾਸ। ਰੁਪਏ-ਪੈਸੇ ਹਥਿਆਉਣ ਜਾਂ ਲੜਕੀਆਂ ਹਥਿਆਉਣ ਤੋਂ ਬਿਨਾਂ ਇਨ੍ਹਾ ਦਾ ਕੋਈ ਉਦੇਸ਼ ਨਹੀਂ ਹੁੰਦਾ। ਇਨ੍ਹਾਂ ਨੂੰ ਛੱਡ ਕੇ ਖੁਦ ਆਪਣਾ ਰਸਤਾ ਢੂੰਡਣਾ ਬਿਹਤਰ ਰਾਹ ਹੋਵੇਗਾ। ਪੀਰ-ਬਾਬੇ ਲੋਕਾਂ ਦਾ ਨੁਕਸਾਨ ਕਰਨ ਤੋਂ ਬਿਨਾਂ ਕੋਈ ਉਪਕਾਰ ਨਹੀਂ ਕਰਦੇ। ਧਰਮ ਦਾ ਧੰਦਾ ਬੰਦ ਨਾ ਹੋਣ ਕਰਕੇ ਭਵਿੱਖ ਹਨੇਰ ਭਰਿਆ ਹੈ।
5 Nov. 2017
'ਡਿਜੀਟਲ ਇੰਡੀਆ' ਪਰਾਲ਼ੀ ਅਤੇ 'ਧੂਆਂ' - ਕੇਹਰ ਸ਼ਰੀਫ਼
ਇਹ ਮਾੜੇ ਸਮਿਆਂ ਦਾ ਗੇੜ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਚੱਲ ਰਹੇ ਰਾਜ ਪ੍ਰਬੰਧ ਵਲੋਂ ਅੱਜ ਗਰੀਬ ਬੰਦੇ ਤੋਂ ਮਾੜੀਆਂ-ਮੋਟੀਆਂ ਜੀਊਣ ਦੀਆਂ ਹਾਲਤਾਂ ਵੀ ਖੋਹੀਆਂ ਜਾ ਰਹੀਆਂ ਹਨ। ਗੱਪਾਂ ਦੇ ਕੁੜੱਤਣ ਭਰੇ ਬੇ-ਸੁਆਦੇ "ਜੁਮਲੇ ਮਾਰਕਾ ਪਕੌੜੇ'' ਵੰਡੇ ਜਾ ਰਹੇ ਹਨ। ਜਦੋਂ "ਲੋਕ ਰਾਜ'' ਵੱਲ ਝਾਤੀ ਮਾਰਨ ਦਾ ਜਤਨ ਕੀਤਾ ਜਾਂਦਾ ਹੈ ਤਾਂ ਉਹ ਆਪ "ਬੇਚਾਰਾ'' ਬਣਿਆਂ ਨਜ਼ਰ ਆਉਂਦਾ ਹੈ। ਉਸ ਨੂੰ ਚਲਾਇਆ ਨਹੀਂ 'ਹੱਕਿਆ' ਜਾ ਰਿਹਾ ਹੈ। ਸ਼ਾਇਦ ਇਸੇ ਨੂੰ ਹੌਲੀ ਹੌਲੀ ਦਿੱਤੀ ਜਾਂਦੀ ਮੌਤ ਆਖਿਆ ਜਾਂਦਾ ਹੈ। ਅਗਲੇ ਸਮੇਂ ਇਸਦਾ ਕੀ ਬਣੇਗਾ ਅਜੇ ਕੋਈ ਨਹੀਂ ਜਾਣਦਾ।
ਕਿਸੇ ਵੀ ਮੁਲਕ ਦੇ ਆਮ ਲੋਕ ਉਸ ਦੀ ਅਸਲ ਸ਼ਕਤੀ ਹੁੰਦੇ ਹਨ। ਦੇਸ਼ ਨੂੰ ਸਭ ਤੋਂ ਵੱਧ ਪਿਆਰ ਵੀ ਓਹੀ ਕਰਦੇ ਹਨ। ਮਿਹਨਤਕਸ਼, ਮਜ਼ਦੂਰ, ਕਿਸਾਨ, ਕਾਰੀਗਰ ਅਤੇ ਬੁੱਧੀਜੀਵੀ ਰਲ-ਮਿਲ ਕੇ ਦੇਸ਼ ਉਸਾਰੀ ਵਿਚ ਹਿੱਸਾ ਪਾਉਂਦੇ ਹਨ। ਹਰ ਖੇਤਰ ਵਿਚ ਔਰਤਾਂ ਦਾ ਵੱਡਾ ਹਿੱਸਾ ਹੈ, ਪਰ ਉਨ੍ਹਾਂ ਨਾਲ ਭਾਰਤ ਅੰਦਰ ਹਰ ਖੇਤਰ ਵਿਚ ਹੀ ਮਰਦਸ਼ਾਹੀ ਕਿਵੇਂ ਭੁਗਤਦੀ ਹੈ ਇਹ ਵੀ ਕਿਸੇ ਤੋਂ ਲੁਕੀ ਹੋਈ ਗੱਲ ਨਹੀਂ। ਪੜ੍ਹੀਆਂ-ਲਿਖੀਆਂ ਗਿਆਨਵਾਨ ਔਰਤਾਂ ਨੂੰ ਬੂਝੜ ਕਿਸਮ ਆਪੇ ਬਣੇ "ਚੌਧਰੀ'' ਧਰਮ ਦੇ ਨਾਮ ਦੀ ਦੁਰਵਰਤੋਂ ਕਰਦਿਆਂ ਸਮਾਜ ਨੂੰ ਕੁਰਾਹੇ ਪਾਉਣ ਵਾਲੇ ਅੰਧਵਿਸ਼ਵਾਸੀ ਅਤੇ ਅਕਲੋਂ ਸੱਖਣੇ "ਠਰਕੀ ਬਾਬੇ'' "ਦਿਸ਼ਾ ਨਿਰਦੇਸ਼'' ਦਿੰਦੇ ਹਨ। ਬਹੁਤੇ ਸਿਆਸਤਦਾਨ ਇਨ੍ਹਾਂ "ਚਵਲ਼ ਮੂਰਖਦਾਨਾਂ'' ਦੇ ਪਿਛਲੱਗ ਬਣਕੇ ਚੱਲਦੇ ਹਨ। ਹੈ ਨਾ ਜਹਾਨੋਂ ਬਾਹਰੀ ਤੇ ਇਖਲਾਕੋਂ ਡਿਗੀ ਹੋਈ ਗੱਲ।
ਪਰ, ਜਦੋਂ ਸਰਕਾਰਾਂ ਨੂੰ ਚਲਾਉਣ ਵਾਲੇ, ਨੀਤੀਆਂ ਘੜਨ ਵਾਲੇ ਢਿੱਡੋਂ ਬੇਈਮਾਨ ਹੋਣ (ਕਿ ਨਾਅਰੇ ਗਰੀਬ ਦੇ ਨਾਂ ਦੇ ਅਤੇ ਭਲਾ ਵੱਡੇ ਅਮੀਰਾਂ ਦਾ) ਤਾਂ ਵਿਕਾਸ ਦੇ ਨਾਅਰੇ ਕਿਧਰੇ ਖਲਾਅ ਵਿਚ ਲਟਕਦੇ ਹੀ ਰਹਿ ਜਾਂਦੇ ਹਨ - ਅਸਲ ਵਿਚ ਉਹ ਕਿਧਰੇ ਨਹੀਂ ਹੁੰਦੇ। ਅਜਿਹੀਆਂ ਔਖੀਆਂ ਹਾਲਤਾਂ ਲੋਕਾਂ ਅੰਦਰ ਰਾਜ ਦੇ ਪ੍ਰਬੰਧਕਾਂ ਪ੍ਰਤੀ ਉਦਾਸਤੀਨਤਾ ਪੈਦਾ ਕਰ ਦਿੰਦੀਆਂ ਹਨ। ਜੇ ਲੋਕ ਆਪਣੇ ਸੰਵਿਧਾਂਨਕ ਹੱਕ ਵੀ ਮੰਗਣ ਤਾਂ ਉਸਨੂੰ ਅਰਾਜਕਤਾ ਦਾ ਨਾਂ ਦੇ ਦਿੱਤਾ ਜਾਂਦਾ ਹੈ। ਜਦੋਂ ਰਾਜ ਸ਼ਕਤੀ ਹੀ ਗੈਰਸੰਵਿਧਾਨਕ ਕਾਰਜ ਕਰੇ ਤਾਂ ਲੋਕਾਂ ਅੰਦਰ ਗੁੱਸਾ ਤਾਂ ਪੈਦਾ ਹੋਵੇਗਾ ਹੀ। ਇਸ ਨੂੰ ਸਮਝਿਆ ਜਾਣਾ ਚਾਹੀਦਾ ਹੈ। ਲੋਕ ਆਪਣੇ ਰਾਜ ਨੂੰ ਚਲਾਉਣ ਵਾਸਤੇ ਸੇਵਾਦਾਰ ਚੁਣਦੇ ਹਨ ਪਰ ਇਹ ਹਾਕਮ ਬਣ ਜਾਂਦੇ ਹਨ- ਜਗੀਰੂ ਰੁਚੀਆਂ ਇਨ੍ਹਾ ਦੀ ਅਗਵਾਈ ਕਰਨ ਲੱਗ ਜਾਂਦੀਆਂ ਹਨ। ਅਜਿਹੇ ਸਿਆਸਤਦਾਨਾਂ ਵਲੋਂ ਚੋਣਾਂ ਸਮੇਂ ਆਪਣੇ ਵਲੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਹੀ ਵਿਸਾਰ ਦਿੱਤੇ ਜਾਂਦੇ ਹਨ। ਇਸ ਨੂੰ ਸੰਵਿਧਾਨ ਦੀ ਤੌਹੀਨ ਕਿਉਂ ਨਾ ਗਿਣਿਆਂ ਜਾਵੇ ?
ਪਿਛਲੇ ਕਾਫੀ ਸਮੇਂ ਤੋਂ ਪੰਜਾਬ ਅੰਦਰ ਝੋਨੇ ਦੀ ਪਰਾਲ਼ੀ ਨਾਲ ਕਿਵੇਂ ਨਜਿੱਠਿਆ ਜਾਵੇ ਇਹ ਬਹੁਤ ਵੱਡਾ ਸਵਾਲ ਬਣਾ ਦਿੱਤਾ ਗਿਆ ਹੈ। ਕਿਸਾਨ-ਮਜਦੂਰ ਵਿਰੋਧੀ ਲਾਬੀ ਇਸਨੂੰ ਕਿਸਾਨੀ ਨੂੰ ਭੰਡਣ ਵਾਸਤੇ ਵਰਤ ਰਹੀ ਹੈ। ਠੀਕ ਹੈ ਵਾਤਾਵਰਣ ਦੀ ਰਾਖੀ ਅਤੇ ਚੰਗੀ ਸਾਂਭ-ਸੰਭਾਲ ਕਰਨ ਵਾਸਤੇ ਪਰਾਲ਼ੀ ਨੂੰ ਬਿਲਕੁੱਲ ਨਹੀਂ ਜਲਾਇਆ ਜਾਣਾ ਚਾਹੀਦਾ। ਗਰੀਨ ਟ੍ਰਿਬਿਊਨਲ ਵਾਲਿਆਂ ਦਾ ਸਾਰਾ ਨਜ਼ਲਾ ਕਿਸਾਨਾਂ ਉੱਪਰ ਹੀ ਡਿਗ ਰਿਹਾ ਹੈ। ਕੀ ਸੱਚਮੁੱਚ ਹੀ ਇਸ ਵਾਸਤੇ ਸਿਰਫ ਤੇ ਸਿਰਫ ਕਿਸਾਨ ਜੁੰਮੇਵਾਰ ਹਨ? ਨਹੀਂ- ਮੁੱਖ ਜੁੰਮੇਵਾਰੀ ਗ੍ਰੀਨ ਟ੍ਰਿਬਿਊਨਲ ਅਤੇ ਸੂਬਾ ਸਰਕਾਰਾਂ ਦੀ ਹੈ, ਗਰੀਨ ਟ੍ਰਿਬਿਊਨਲ ਨੇ ਸਰਕਾਰ ਨੂੰ ਝੋਨੇ ਦੀ ਬਿਜਾਈ ਸਮੇਂ ਹੀ ਪਰਾਲੀ ਦੀ ਸਾਂਭ-ਸੰਭਾਲ ਜਾਂ ਇਸ ਨੂੰ ਨਿਉਟਣ ਬਾਰੇ ਕਿਉਂ ਨਾ ਪੁੱਛਿਆ ਅਤੇ ਉਦੋਂ ਹਦਾਇਤਾਂ ਕਿਉਂ ਨਾ ਦਿੱਤੀਆਂ ਤਾਂ ਕਿ ਸਮੇਂ ਸਿਰ ਸਰਕਾਰ ਪੂਰੇ ਪ੍ਰਬੰਧ ਕਰਦੀ? ਇਹ ਸਮੱਸਿਆ ਤਾਂ ਬੜੀ ਦੇਰ ਤੋਂ ਲਟਕ ਰਹੀ ਹੈ - "ਅਫਸਰਸ਼ਾਹੀ'' ਹੁਣ ਅਚਾਨਕ ਤਿੱਖਿਆਂ ਦੰਦਾ ਨਾਲ ਜਾਗ ਪਈ। ਇਸ ਨਾਲ "ਨੇੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ'' ਵਾਲੀ ਕਹਾਵਤ ਹੀ ਦੁਹਰਾਈ ਜਾ ਰਹੀ ਹੈ। ਕੀ ਵਾਤਾਵਰਣ ਦੀ ਸੰਭਾਲ ਖਾਤਰ ਇਸ ਗਰੀਨ ਟ੍ਰਿਬਿਊਨਲ ਵਲੋਂ ਜੁਰਮਾਨੇ, ਸਜਾਵਾਂ ਆਦਿ ਕੋਈ ਸੁਚੱਜਾ ਹੱਲ ਗਿਣਿਆ ਜਾ ਸਕਦਾ ਹੈ? ਬਿਲਕੁੱਲ ਹੀ ਨਹੀਂ। ਸਗੋਂ ਅਜਿਹੇ ਧੱਕੇ-ਧੌਂਸ ਅਤੇ ਅਨਿਆਂ ਪੂਰਨ "ਐਕਸ਼ਨ'' ਨਾਲ ਸਮਾਜ ਦੇ ਵੱਖੋ ਵੱਖ ਤਬਕਿਆਂ ਅੰਦਰ ਟਕਰਾਅ ਪੈਦਾ ਕੀਤਾ ਜਾ ਸਕਦਾ ਹੈ। ਇਹ ਕਦਮ ਕਿਸੇ ਵੀ ਤਬਕੇ ਅੰਦਰ ਬੇਗਾਨਗੀ ਦੀ ਭਾਵਨਾ ਵਾਲਾ ਰਾਹ ਸਿੱਧ ਹੋ ਸਕਦਾ ਹੈ। ਇਸ ਤੋਂ ਹਰ ਹੀਲੇ ਬਚਿਆ ਜਾਣਾ ਚਾਹੀਦਾ ਹੈ।
ਕੀ ਪਰਾਲ਼ੀ ਨੂੰ ਸਿਰਫ ਪੰਜਾਬ ਦੇ ਕਿਸਾਨ ਹੀ ਅੱਗ ਲਾ ਰਹੇ ਹਨ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਵੀ ਅਜਿਹਾ ਹੋ ਰਿਹਾ ਹੈ? ਤਾਂ ਕੀ ਓਥੇ ਵੀ ਅਜਿਹਾ ਜੁਰਮਾਨਿਆਂ ਵਾਲਾ ਵਰਤਾਰਾ ਦੇਖਣ ਵਿਚ ਆ ਰਿਹਾ ਹੈ? ਜਾਂ ਫੇਰ ਸਿਰਫ ਪੰਜਾਬ ਵਿਚ ਜਲ਼ ਰਹੀ ਪਰਾਲ਼ੀ ਦਾ ਧੂਆਂ ਹੀ ਦਿੱਲੀ ਅੱਪੜ ਕੇ ਸੁਖ ਰਹਿਣੇ "ਵੱਡੇ'' ਲੋਕਾਂ ਨੂੰ ਤੰਗ ਕਰਦਾ ਹੈ? ਗਰੀਨ ਟ੍ਰਿਬਿਊਨਲ ਇਸ ਮਾਮਲੇ ਵਿਚ ਦੋਸ਼ੀ ਕਿਉਂ ਨਾ ਗਿਣਿਆ ਜਾਵੇ? ਹੋ ਸਕਦਾ ਉਨ੍ਹਾਂ ਨੇ ਇਸ ਬਾਰੇ ਨਿਰਦੇਸ਼ ਬਣਾਏ (ਗਾਈਡ ਲਾਈਨਜ਼) ਹੋਣ ਪਰ ਕੀ ਵਾਤਾਵਰਣ ਨੂੰ ਬਚਾਉਣ ਵਾਸਤੇ ਬਣਾਏ ਉਨ੍ਹਾਂ ਨਿਰਦੇਸ਼ਾਂ ਬਾਰੇ, ਇਨ੍ਹਾਂ ਨੂੰ ਲਾਗੂ ਕਰਨ ਬਾਰੇ ਸਬੰਧਤ ਮਹਿਕਮਿਆਂ ਦੇ ਜੁੰਮੇਵਾਰ ਅਧਿਕਾਰੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਜਾਂ ਸੂਬਾ ਸਰਕਾਰਾਂ ਨੂੰ ਅਜਿਹਾ ਕਾਰਜ ਕਰਨ ਵਾਸਤੇ ਲਿਖਿਆ ਗਿਆ। ਸੂਬਾਈ ਸਰਕਾਰਾਂ ਨੇ ਉਸ ਵਾਸਤੇ ਕੀ ਕੀਤਾ? ਕੀ ਇਹ ਪੁੱਛਿਆ ਵੀ ਗਿਆ? ਜੇ ਨਹੀਂ ਪੁੱਛਿਆ ਗਿਆ ਤਾਂ ਕਸੂਰ ਕਿਸਦਾ? ਸਮੇਂ ਸਿਰ ਕਿਉਂ ਕੁੱਝ ਨਾ ਕੀਤਾ ਗਿਆ ਆਖਰ ਪਰਦੂਸ਼ਣ ਪੈਦਾ ਕਰਨ ਤੋਂ ਕਿਸੇ ਵੀ ਤਬਕੇ ਨੂੰ ਰੋਕਣ ਵਾਸਤੇ ਜਵਾਬਦੇਹੀ ਹੈ ਕਿਸਦੀ? ਹਰ ਕਿਸੇ ਵਲੋਂ ਇਕ ਦੂਜੇ ਵੱਲ ਗੇਂਦ ਰੋੜ੍ਹ ਕੇ ਆਪਣੇ ਆਪ ਦਾ ਬਚਾਅ ਕੀਤਾ ਜਾ ਰਿਹਾ ਹੈ। ਇਹ ਦੇਸ਼ ਅਤੇ ਵਾਤਾਵਰਣ ਦੇ ਹੱਕ ਵਿਚ ਬਿਲਕੁੱਲ ਨਹੀਂ।
ਸਵਾਲ ਤਾਂ ਇਹ ਵੀ ਹੈ ਕਿ ਵਾਤਾਵਰਣ ਨੂੰ ਗੰਧਲ਼ਾ ਸਿਰਫ ਪਰਾਲ਼ੀ ਦਾ ਧੂਆਂ ਹੀ ਕਰਦਾ ਹੈ ਜਾਂ ਕੁੱਝ ਹੋਰ ਵੀ ਹੈ? ਕਿੰਨਾ ਡੀਜ਼ਲ, ਪੈਟਰੋਲ ਹਰ ਰੋਜ਼ ਗੱਡੀਆਂ-ਮੋਟਰਾਂ ਵਿਚ ਜਲਦਾ ਹੈ - ਕੀ ਇਨ੍ਹਾਂ ਚੋਂ ਨਿਕਲਿਆ ਧੂਆਂ ਵਾਤਾਵਰਣ ਨੂੰ ਕੁੱਝ ਨਹੀਂ ਕਹਿੰਦਾ? ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਜ਼ਹਿਰਾਂ ਨਾਲ ਭਰਪੂਰ ਧੂਆਂ ਨਿਕਲਦਾ ਹੈ। ਕੀ ਉਨ੍ਹਾਂ ਚਿਮਨੀਆਂ ਵਿਚੋਂ ਜ਼ਹਿਰ ਰਹਿਤ ਧੂਆਂ ਬਾਹਰ ਜਾਵੇ ਇਸ ਸਬੰਧ ਵਿਚ ਉਨ੍ਹਾਂ ਚਿਮਨੀਆਂ ਅੰਦਰ ਜ਼ਹਿਰੀ ਧੂਆਂ ਸਾਫ ਕਰਨ ਲਈ ਫਿਲਟਰ ਲੁਆਉਣ ਦੇ ਕਿੰਨੇ ਕੁ ਥਾਹੀਂ ਜਤਨ ਕੀਤੇ ਗਏ? ਕੀ "ਤਕੜੇ ਦਾ ਸਦਾ ਹੀ ਸੱਤੀਂ ਵੀਹੀਂ ਸੌ'' ਹੁੰਦਾ ਹੈ । ਹੋਰ ਵੀ ਹਨ ਜੋ ਕੋਲੇ ਦੀ ਵਰਤੋਂ ਕਰਦੇ ਹਨ, ਕੀ ਕੋਈ ਦੱਸ ਸਕਦਾ ਹੈ ਕਿ ਉਹ ਧੂਆਂ ਜ਼ਹਿਰ ਰਹਿਤ ਹੁੰਦਾ ਹੈ? - ਇਹ ਬਹੁਤ ਖਤਰਨਾਕ ਹੁੰਦਾ ਹੈ, ਪਰਾਲ਼ੀ ਦੇ ਧੂਏਂ ਤੋਂ ਵੱਧ ਖਤਰਨਾਕ। ਇਕ ਹੋਰ - ਸ਼ਾਇਦ ਇਹ ਸਭ ਤੋਂ ਛੋਟੀ ਇਕਾਈ ਹੋਵੇ ਕਿ ਇਮਾਰਤਾਂ ਉਸਾਰਨ ਲਈ ਇੱਟਾਂ ਪਕਾਉਣ ਵਾਲੇ ਭੱਠਿਆਂ ਦੀਆਂ ਚਿਮਨੀਆਂ ਕਾਲੇ ਧੂਏਂ ਨਾਲ ਅਸਮਾਨ ਨੂੰ ਨਹੀਂ ਇਨਸਾਨਾਂ ਦੇ ਜੀਵਨ ਨੂੰ ਕਾਲਾ ਕਰਦੇ ਹਨ। ਅਸਮਾਨ ਵਿਚ ਅਣਗਿਣਤ ਹਵਾਈ ਜ਼ਹਾਜ਼ ਤੁਰੇ ਫਿਰਦੇ ਹਨ - ਕੀ ਉਹ ਵਾਤਾਵਰਣ ਨੂੰ ਮੈਲ਼ਾ/ ਪ੍ਰਦੂਸ਼ਿਤ ਨਹੀਂ ਕਰਦੇ? ਤਾਂ ਫੇਰ ਇਹ ਸਾਰੀ ਮੁਸੀਬਤ "ਮਾੜੀ ਧਾੜ ਗਰੀਬਾਂ ਦੀ'' ਦੇ ਸਿਰ ਕਿਉਂ ਪਾਈ ਜਾ ਰਹੀ ਹੈ? ਇਹਨੂੰ ਵਾਤਾਵਰਣ ਨੂੰ ਬਚਾਉਣ ਦਾ ਸਵਾਲ ਹੀ ਰੱਖਿਆ ਜਾਵੇ ਕਿਸਾਨੀ ਦੀ ਤਬਾਹੀ ਵਾਸਤੇ ਇਸ ਨੂੰ ਨਾ ਵਰਤਿਆ ਜਾਵੇ - ਸਗੋਂ ਸਿੱਧਾ ਰਾਹ ਹੈ ਕਿ ਸਰਕਾਰ ਕਿਸਾਨਾਂ ਦਾ ਹੱਥ ਵੰਡਾਵੇ ਤੇ ਭਾਰ ਵੰਡਾਵੇ, ਉਹ ਵੀ ਸੁਖੀ ਹੋਣ। ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਦੇ ਕੱਝ ਪੈਸੇ ਦੇ ਕੇ ਉਨ੍ਹਾਂ ਕੋਲੋਂ ਪਰਾਲੀ ਖਰੀਦੀ ਜਾ ਸਕਦੀ ਹੈ, ਇਸ ਤਰ੍ਹਾਂ ਕਿਸਾਨ ਉਸਦੀ ਸਾਂਭ ਸੰਭਾਲ ਵਿਚ ਖੁਦ ਸਰਕਾਰ ਦਾ ਹੱਥ ਵਟਾ ਸਕਦੇ ਹਨ। ਬੇਰੁਜਗਾਰ ਨੌਜਵਾਨਾਂ ਨੂੰ ਪੰਜਾਬ ਦੇ ਹਰ ਹਿੱਸੇ ਵਿਚ ਇਸ ਕਾਰਜ ਵਿਚ ਸਹਾਇਤਾ ਵਾਸਤੇ ਭਾਵੇਂ ਕੁੱਝ ਸਮੇਂ ਵਾਸਤੇ ਹੀ ਸਹੀ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ - ਇਸ ਵਾਸੇਤ ਪੰਜਾਬ ਦੇ ਭਲੇ ਅਤੇ ਵਾਤਾਵਰਣ ਨੂੰ ਬਚਾਉਣ ਵਾਲੀ ਸਹੀ ਸੋਚ ਅਤੇ ਨਿਆਂ ਅਧਾਰਤ ਠੋਸ ਨੀਤੀ ਹੋਣੀ ਚਾਹੀਦੀ ਹੈ। ਇਹ ਨੀਤੀ ਕਿਸਾਨਾਂ ਨੇ ਨਹੀਂ ਬਨਾਉਣੀ - ਇਸ ਨੂੰ ਬਨਾਉਣ ਵਾਲੇ ਆਪਣੀ ਜੁੰਮੇਵਾਰੀ ਕਿਉਂ ਨਹੀਂ ਸਮਝਦੇ?
ਕਿੰਨੇ ਥਾਂ ਗਿਣਾਏ ਜਾ ਸਕਦੇ ਹਨ ਜਿੱਥੇ ਵੱਡੇ ਲੋਕ ਹੀ ਨਹੀਂ ਸਰਕਾਰਾਂ ਖੁਦ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰੇ ਕਰਦੀਆਂ ਹਨ। ਸਰਕਾਰੀ ਪੱਧਰ ਤੇ ਪਹੁੰਚ ਰੱਖਣ ਵਾਲੇ ਨਕਲੀ ਪਰ ਆਪੇ ਬਣੇ "ਅਧਿਆਤਮਕ ਗੁਰੂ'' ਧੱਕੇ ਨਾਲ ਜਮਨਾਂ ਤੇ ਆਪਣੇ ਸੜਿਹਾਂਦ ਮਾਰਦੇ ਪ੍ਰਵਚਨ ਸੁਣਾ ਜਾਂਦੇ ਹਨ - ਸਰਕਾਰਾਂ ਸਾਥ ਦਿੰਦੀਆਂ ਹਨ। ਕਿੰਨੇ ਕਾਰਖਾਨਿਆਂ ਦਾ ਕੈਮੀਕਲਾਂ ਨਾਲ ਭਰਿਆ ਰਹਿੰਦ-ਖੂੰਹਦ ਵਾਲਾ ਕਚਰਾ ਨਹਿਰਾਂ ਦਰਿਆਵਾਂ, ਨਦੀਆਂ ਦੇ ਪਾਣੀਆਂ ਵਿਚ ਪਾਇਆ ਜਾਂਦਾ ਹੈ? ਇਹ ਕਿਸੇ ਨੂੰ ਕਿਉਂ ਨਹੀਂ ਦਿਸਦਾ? ਉਨ੍ਹਾਂ ਕਾਖਾਨੇਦਾਰਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਕੈਮੀਕਲਾਂ (ਰਸਾਇਣਕ ਪਦਾਰਥਾਂ) ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਿਵੇਂ ਕਰਦੇ ਹੋ? ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਲੱਖਾਂ ਨਹੀਂ ਕਰੋੜਾਂ ਦਰੱਖਤ, ਨਵੇਂ ਦਰੱਖਤ ਲਾਉਣ ਤੋਂ ਪਹਿਲਾਂ ਹੀ ਕੱਟ ਦਿੱਤੇ ਜਾਂਦੇ ਹਨ? ਇਸ ਦੀ ਪੁੱਛ-ਗਿੱਛ ਹੀ ਕੋਈ ਨਹੀਂ - ਕਿਉਂ ਨਹੀਂ? ਕੀ ਇਸ ਸਭ-ਕਾਸੇ ਦੀ ਰਾਖੀ ਕਰਨ ਵਾਲੇ ਜੁੰਮੇਵਾਰਾਂ ਵਲੋਂ "ਹਫਤਾ ਵਸੂਲਣ'' ਅਤੇ ਅੱਖਾਂ ਮੀਟਣ ਦੀ ਕਾਰਵਾਈ ਨਾਲ ਵਾਤਾਵਰਣ ਦਾ ਨੁਕਸਾਨ ਨਹੀਂ ਹੁੰਦਾ? ਕੀ ਅੱਖਾਂ ਮੀਟਣ ਦੀ 'ਫੀਸ ਵਸੂਲਣ ਵਾਲੇ' ਵਾਤਾਵਰਣ ਦੇ ਪ੍ਰਦੂਸ਼ਣਕਾਰੀ ਨਹੀਂ? ਇਸ ਸਭ ਕੁੱਝ ਨੂੰ ਵਾਤਾਵਰਣ ਨਾਲ ਬਲਾਤਕਾਰ ਹੀ ਆਖਿਆ ਜਾ ਸਕਦਾ ਹੈ। ਕੀ ਵਾਤਾਵਰਣ ਦੇ ਇਨ੍ਹਾਂ ਬਲਾਤਕਾਰੀਆਂ ਨੂੰ ਕੁੱਝ ਨਹੀਂ ਕਿਹਾ ਜਾਣਾ ਚਾਹੀਦਾ? ਤਿਉਹਾਰਾਂ ਦੇ ਪੱਜ ਜਿੰਨਾਂ ਧੂਆਂ ਸਾਰੇ ਦੇਸ਼ ਵਿਚ ਪੈਦਾ ਕੀਤਾ ਜਾਂਦਾ ਹੈ- ਉਸ ਵਿਚ ਸਰਕਾਰਾਂ ਦੇ ਮੰਤਰੀ-ਸੰਤਰੀ ਵੀ ਸ਼਼ਾਮਲ ਹੁੰਦੇ ਹਨ। ਉਦੋਂ ਵੀ ਥੋੜ੍ਹਾ ਜਿਹਾ ਵਾਤਾਵਰਣ ਬਾਰੇ ਸੋਚਿਆ ਜਾਣਾ ਚਾਹੀਦਾ ਹੈ।
ਕੋਈ ਅਜਿਹਾ ਮਸਲਾ ਨਹੀਂ ਹੁੰਦਾ ਜਿਸਦਾ ਹੱਲ ਨਾ ਹੋਵੇ। ਪੰਜਾਬ ਅੰਦਰ ਸਰਕਾਰ ਦੀ ਜੁੰਮੇਵਾਰੀ ਹੈ ਕਿ ਪਰਾਲ਼ੀ ਨੂੰ ਸਾਂਭਣ ਦੇ ਸਾਂਝੇ ਜਤਨ ਸਰਕਾਰ ਕਰੇ ਤਾਂ ਕਿਸਾਨ ਸਾਥ ਦੇਣਗੇ ਤੇ ਪਰਾਲ਼ੀ ਵੀ ਨਹੀਂ ਫੂਕਣਗੇ। ਕਿਸਾਨਾਂ ਨੂੰ ਵੀ ਪਤਾ ਹੈ ਕਿ ਪਰਾਲ਼ੀ ਜਲਾਉਣ ਨਾਲ ਧਰਤੀ ਅੰਦਰਲੀ ਉਪਜਾਊ ਤਾਕਤ ਨਸ਼ਟ ਹੁੰਦੀ ਹੈ। ਪਰ ਉਹ ਪਰਾਲ਼ੀ ਸਾਂਭਣ ਲਈ ਆਰਥਕ ਸਾਧਨ ਕੋਲ ਨਾ ਹੋਣ ਦੀ ਮਜਬੂਰੀ ਵਸ ਅਜਿਹਾ ਕਰੀ ਜਾ ਰਹੇ ਹਨ। ਪਿਛਲੇ ਕੁੱਝ ਸਾਲਾਂ ਤੋਂ ਸਰਕਾਰੀ ਗੱਡੀਆਂ ਵਿਚ "ਮੰਤਰੀ ਦਾ ਰੁਤਬਾ'' ਲੈ ਕੇ ਕਰੋੜਾਂ ਦਾ ਲੋਕਾਂ ਸਿਰੋਂ ਤੇਲ ਫੂਕਣ ਵਾਲਾ, ਮੋਟੀਆਂ ਤਨਖਾਹਾਂ, ਭੱਤੇ ਲੈਣ ਵਾਲਾ ਵੀ ਅਜ-ਕਲ 'ਕਿਸਾਨ ਨੇਤਾ' ਬਣਕੇ ਘੁੰਮ ਰਿਹਾ ਹੈ ਤਾਂ ਕਿ ਕਿਸਾਨਾਂ ਅੰਦਰ ਭੜਕਾਊ ਸਥਿਤੀ ਪੈਦਾ ਕਰਕੇ ਆਪਣੇ ਸਾਲਾਂ ਬੱਧੀ ਐਸ਼ ਕਰਾਉਣ ਵਾਲੇ "ਆਕਿਆਂ'' ਦਾ ਖਾਧਾ ਲੂਣ "ਹਲਾਲ'' ਕੀਤਾ ਜਾ ਸਕੇ? ਆਪਣੇ ਸਮੇਂ ਵੱਡਾ ਮਲ਼ਾਈਦਾਰ ਅਹੁਦਾ ਕੋਲ ਹੁੰਦਿਆਂ ਉਹਨੇ ਇਸ ਮਸਲੇ ਨੂੰ ਨਜਿੱਠਣ ਵਾਸਤੇ ਕੀ ਕੀਤਾ? ਮਸਲਾ ਹੱਲ ਕਿਉਂ ਨਾ ਕੀਤਾ? ਉਸਨੂੰ ਇਸਦਾ ਹਿਸਾਬ ਦੇਣਾ ਚਾਹੀਦਾ ਹੈ। ਜਵਾਬਦੇਹੀ ਨਾ ਨਿਭਾਉਣ ਵਾਲੇ ਨੂੰ ਪੁੱਛਣਾ ਲੋਕਾਂ ਦਾ ਹੱਕ ਹੈ।
ਬਹੁਤ ਸਮਾਂ ਪਹਿਲਾਂ ਝੋਨਾ ਬਹੁਤ ਵੱਡੇ ਰਕਬੇ ਵਿਚ ਨਹੀਂ ਸੀ ਬੀਜਿਆ ਜਾਂਦਾ। ਹੁਣ ਇਸ ਅਧੀਨ ਰਕਬਾ ਬਹੁਤ ਵਧ ਚੁੱਕਾ ਹੈ। ਪਰਾਲੀ ਵਾਲਾ ਮਸਲਾ ਪੈਦਾ ਹੋਣ ਤੋਂ ਪਹਿਲਾਂ ਵੀ ਕੰਢੀ ਦੇ ਪਹਾੜੀ ਏਰੀਏ ਵਿਚ ਕਾਹੀ ਤੇ ਸਰਵਾੜ੍ਹ ਬਹੁਤ ਹੁੰਦੀ ਸੀ। ਮੰਡ ਦੇ ਏਰੀਏ ਵਿਚ ਡਿੱਭ ਬਹੁਤ ਹੁੰਦੀ ਸੀ। ਸਰਕਾਰ ਨੇ ਇੰਨੇ ਸਾਲਾਂ ਵਿਚ ਕਿਉਂ ਨਹੀਂ ਸੋਚਿਆ ਕਿ ਇਸ ਦੇ ਹੱਲ ਵਾਸਤੇ ਕੋਈ ਅਜਿਹਾ ਕਾਰਖਾਨਾ ਲਾਇਆ ਜਾਵੇ ਜਿਸ ਅੰਦਰ (ਪਰਾਲੀ, ਸਰਵਾੜ੍ਹ, ਕਾਹੀ ਤੇ ਡਿੱਬ ਆਦਿ ਤੋਂ) ਇਨ੍ਹਾਂ ਤੋਂ ਕਾਗਜ਼ ਤੇ ਗੱਤਾ ਤਿਆਰ ਕਰਕੇ ਮਸਲਾ ਵੀ ਹੱਲ ਕੀਤਾ ਜਾ ਸਕੇ ਅਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਜਾਵੇ ਅਤੇ ਪੰਜਾਬ ਦੇ ਖਜ਼ਾਨੇ ਲਈ ਕਮਾਈ ਦਾ ਸਾਧਨ ਵੀ ਬਣ ਸਕੇ- ਅਜਿਹੇ ਲੋਕ ਪੱਖੀ ਕਾਰਜ ਨੂੰ ਆਰੰਭ ਕਰਨ ਵਾਸਤੇ ਸਬਸਿਡੀ ਦੇ ਕੇ ਵੀ ਕਾਰਜ ਆਰੰਭ ਕਰਵਾਇਆ ਜਾਣਾ ਚਾਹੀਦਾ ਹੈ। (ਅਜਿਹੇ ਕਾਰਖਾਨੇ ਵਿਚ ਰੱਦੀ ਹੋ ਗਏ ਕਾਗਜਾਂ ਨੂੰ ਰੀਸਾਈਕਲਿੰਗ ਦੀ ਤਕਨੀਕ ਰਾਹੀਂ - ਵਧੀਆਂ ਪੇਪਰ ਤਿਆਰ ਕਰਨ ਵਾਸਤੇ ਵੀ ਵਰਤਿਆ ਜਾ ਸਕਦਾ ਹੈ) ਇਹ ਤਾਂ ਹੋ ਨਹੀਂ ਸਕਦਾ ਹੈ ਕਿ ਸਰਕਾਰ ਕੋਲ ਪੰਜਾਬ ਪੱਖੀ, ਲੋਕ ਪੱਖੀ ਵਿਕਾਸ ਕਰਨ ਦੀ ਇੱਛਾ ਸ਼ਕਤੀ ਹੋਵੇ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਕੋਈ ਸੁਪਨਾ ਜਾਂ ਪਾਲਸੀ ਹੋਵੇ, ਜਿਸ ਉੱਤੇ ਸਖਤੀ ਨਾਲ ਅਮਲ ਵੀ ਹੋਵੇ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਜੇ ਪੰਜਾਬ ਸਰਕਾਰ ਨੇ ਨਹੀਂ ਦੇਣਾ ਤਾਂ ਕਿਸ ਨੇ ਦੇਣਾ ਹੈ? ਇਹ ਕਿਸਦੀ ਜੁੰਮੇਵਾਰੀ ਹੈ? ਕੀ ਸਾਡੇ ਕੋਲ ਅਜਿਹੀ ਭਵਿੱਖਮੁਖੀ ਸੋਚ ਵਾਲੇ ਮਾਹਿਰ ਲੋਕ ਨਹੀਂ ਹਨ? ਉਨਾਂ ਦੀ ਸਲਾਹ ਅਨੁਸਰ ਮਨੁੱਖੀ ਸ਼ਕਤੀ ਦੀ ਯੋਗ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ। ਜੇ ਸਾਡੀਆਂ ਸਰਕਾਰਾਂ ਉਨ੍ਹਾਂ ਸਿੱਖਿਅਤ ਲੋਕਾਂ ਦੇ ਹੁਨਰ ਦੀ ਵਰਤੋਂ ਨਹੀਂ ਕਰਨਗੀਆਂ ਤਾਂ ਮਜਬੂਰੀ ਵਸ ਅਜਿਹੇ ਲੋਕ ਬਾਹਰ ਕਿਸੇ ਹੋਰ ਦੇਸ਼ ਦੀ ਸੇਵਾ ਕਰਨ ਵਾਸਤੇ ਤੁਰ ਜਾਣਗੇ। ਸਾਡਾ ਮੁਲਕ ਆਪਣੇ ਖਰਚੇ ਤੇ ਸਿਖਿਅਤ ਕਾਮੇ ਪੈਦਾ ਕਰਕੇ ਉਨ੍ਹਾਂ ਨੂੰ ਦੂਜਿਆਂ ਮੁਲਕਾਂ ਵੱਲ ਜਾਣ ਵਾਸਤੇ ਮਜਬੂਰ ਕਰ ਰਿਹਾ ਹੈ- ਇਹ ਠੀਕ ਨਹੀਂ। ਜੇ ਬੇਰੁਜ਼ਗਾਰਾਂ ਨੂੰ ਕੰਮ ਦੇਣਾ ਹੈ ਤਾਂ ਇਸ ਪ੍ਰਜੈਕਟ ਨੂੰ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਅਗਲੀ ਫਸਲ ਦੇ ਮੌਕੇ ਇਹ ਸਮੱਸਿਆ ਨਾ ਹੋਵੇ। ਹਰ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਨੂੰ ਨਜਿੱਠਣ ਦੇ ਯੋਗ ਬਣਾਇਆ ਜਾਵੇ। ਗਰੀਬ-ਗੁਰਬੇ ਦੇ ਸਿਰੋਂ ਮੋਟੀਆਂ ਤਨਖਾਹਾਂ ਲੈ ਕੇ 'ਤੇ ਮੌਜਾਂ ਕਰਨ ਵਾਲਿਆਂ (ਅਫਸਰਾਂ - ਵਜ਼ੀਰਾਂ) ਨੂੰ ਕੰਮ ਕਰਕੇ ਖਾਣ ਦੀ ਆਦਤ ਪਾਉਣ ਵਾਸਤੇ ਮਜਬੂਰ ਕਰਨਾ ਪਵੇਗਾ- ਇਹ ਸਰਕਾਰ ਦੀ ਜੁੰਮੇਵਾਰੀ ਹੈ। ਮੰਤਰੀ ਭਾਸ਼ਣ ਵਾਸਤੇ ਹੀ ਨਾ ਹੋਣ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਖਬਰ ਵੀ ਹੋਵੇ ਅਤੇ ਉਹ ਵੇਲੇ ਸਿਰ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਯੋਗ ਵੀ ਹੋਣ। ਆਮ ਲੋਕਾਂ ਵਾਂਗ ਇਹ ਵੀ ਇਹ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਤੇ ਇਮਾਨਦਾਰ ਹੋਣ।
ਖੇਤੀਬਾੜੀ ਦੇ ਧੰਦੇ ਨੂੰ "ਡਿਜੀਟਲ ਇੰਡੀਆ'' ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਕਿਸਾਨ ਮਾਰੂ ਨਹੀਂ ਸਗੋਂ ਕਿਸਾਨਾਂ -ਮਜ਼ਦੂਰਾਂ ਨੂੰ ਖੁਸ਼ਹਾਲ ਕਰਨ ਵਾਲੀਆਂ ਨੀਤੀਆਂ ਦਾ ਨਿਰਮਾਣ ਹੋਣਾ ਚਾਹੀਦਾ ਹੈ। ਇਸ ਵਾਸਤੇ ਲੋਕਾਂ ਦੀ ਜ਼ਿੰਦਗੀ ਨਾਲੋਂ ਟੁੱਟੇ ਨਾਅਰੇ (ਅਸਲ ਵਿਚ ਲਾਰੇ) ਹੀ ਨਹੀਂ ਘੜੇ ਜਾਣੇ ਚਾਹੀਦੇ ਸਗੋਂ ਮੁਲਕ ਦੇ ਲੋਕਾਂ ਦੇ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਕਿਸਾਨੀ ਧੰਦੇ ਵਾਸਤੇ ਸਰਕਾਰਾਂ ਵਲੋਂ ਵੱਧ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ- ਜਿਵੇਂ ਕਾਰਪੋਰੇਟ ਦੇ ਧਨਾਢ ਘਰਾਣਿਆਂ ਨੂੰ ਦਿੱਤੀਆਂ ਜਾਂਦੀਆਂ ਹਨ। ਫਸਲਾਂ 'ਤੇ ਵਧਦੇ ਖਰਚੇ ਰੋਕ ਕੇ ਲਾਹੇਵੰਦ ਭਾਅ (ਮਿਸਾਲ ਵਜੋਂ-ਡਾ. ਸਵਾਮੀਨਾਥਨ ਦੀ ਰੀਪੋਰਟ ਤੇ ਅਮਲ ਕਰਨਾ ਆਦਿ) ਦਿੱਤੇ ਜਾਣੇ ਚਾਹੀਦੇ ਹਨ। ਸਿਰਫ ਕਾਰਪੋਰੇਟ ਸੈਕਟਰ ਨੂੰ ਹੀ ਸਰਕਾਰਾਂ ਆਪਣੇ ਸਕੇ ਨਾ ਸਮਝਣ ਸਗੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ ਉਤਸ਼ਾਹਤ ਵੀ ਕੀਤਾ ਜਾਵੇ ਅਤੇ ਸੌਖਾ ਵੀ ਅਤੇ ਇਨ੍ਹਾਂ ਨੂੰ ਆਪਣੇ ਵੀ ਸਮਝਿਆ ਜਾਵੇ।
ਗਰੀਨ ਟ੍ਰਿਬਿਊਨਲ ਵਾਲੇ ਅਸਲ ਸਮੱਸਿਆ ਨੂੰ ਸਮਝ ਕੇ ਇਸ ਦੇ ਯੋਗ ਹੱਲ ਵੱਲ ਧਿਆਨ ਦੇਣ। ਪਰਾਲ਼ੀ ਤਾਂ ਹੋਰ ਦਸਾਂ ਦਿਨਾਂ ਨੂੰ ਮੁੱਕ ਜਾਵੇਗੀ ਪਰ ਵਾਤਾਵਰਣ ਤਾਂ ਸਾਰਾ ਸਾਲ ਪ੍ਰਦੂਸ਼ਿਤ ਕੀਤਾ ਜਾਂਦਾ ਹੈ - ਇਸ ਬਾਰੇ ਸਰਕਾਰਾਂ ਦੀ ਜੁੰਮੇਵਾਰੀ ਵੱਧ ਸਮਝੀ ਜਾਵੇ। ਵਾਤਾਵਰਣ ਮਹਿਕਮੇ ਦੇ ਮੰਤਰੀ ਅਤੇ ਇਸ ਮਹਿਕਮੇ ਵਿਚ ਕੰੰਮ ਕਰਦੇ ਅਫਸਰਸ਼ਾਹਾਂ ਨੂੰ ਦਫਤਰੀ ਵਾਤਾਵਰਣ ਦੇ ਨਾਲ ਬਾਹਰਲੇ ਵਾਤਾਵਰਣ ਦਾ ਵੀ ਖਿਆਲ ਰੱਖਣਾ ਪਵੇਗਾ - ਇਸ ਬਾਰੇ ਇਨ੍ਹਾਂ ਦੀ ਜੁੰਮੇਵਾਰੀ ਅਤੇ ਜਵਾਬਦੇਹੀ ਸਖਤੀ ਨਾਲ ਤੈਅ ਕਰਨੀ ਪਵੇਗੀ - ਲੋਕ ਰਾਜ ਦਾ ਇਹ ਹੀ ਤਕਾਜ਼ਾ ਹੈ। ਵਾਤਾਵਰਣ ਨੂੰ ਬਚਾਉਣ ਵਾਸਤੇ ਸਰਗਰਮੀ ਨਾਲ ਕੰਮ ਕਰਨ ਦਾ ਇਹ ਹੀ ਰਾਹ ਹੈ।
ਕਹਿੰਦੇ ਹਨ ਕਿ ਦੇਸ਼ ਹੁਣ "ਡਿਜੀਟਲ ਇੰਡੀਆ'' ਹੋ ਗਿਆ ਹੈ। ਸੋਚ ਨੂੰ ਵੀ ਅੱਗੇ ਤੋਰ ਲੈਣਾ ਚਾਹੀਦਾ ਹੈ। ਠਰੰਮੇ ਨਾਲ ਸੋਚ ਕੇ ਉਸ ਉੱਤੇ ਅਮਲ ਕੀਤਾ ਜਾਵੇ। ਲੰਘਿਆ ਵਕਤ ਤਾਂ ਹੁਣ ਹੱਥ ਨਹੀਂ ਆਉਣਾ ਪਰ ਆਉਣ ਵਾਲੇ ਭਵਿੱਖ ਨੂੰ ਸਾਂਭਿਆ ਜਾਵੇ ਅਤੇ ਮੈਲ਼ਾ / ਪ੍ਰਦੂਸ਼ਿਤ ਹੋਣੋਂ ਬਚਾਇਆ ਜਾਵੇ। ਸਮੱਸਿਆ ਕੋਈ ਵੀ ਹੋਵੇ ਉਸ ਨੂੰ ਸਾਂਝੀ ਸਮੱਸਿਆ ਸਮਝ ਕੇ ਸਾਂਝੇ ਤੌਰ 'ਤੇ ਹੱਲ ਲੱਭਣੇ ਚਾਹੀਦੇ ਹਨ। ਇਸ ਨਾਲ ਦੇਸ਼, ਸਮਾਜ ਸਭ ਮਜਬੂਤ ਹੋਣਗੇ। ਭਾਈਚਾਰਕ ਸਾਂਝ ਵਧਾਉਣ ਲਈ ਵੀ ਇਹ ਬਹੁਤ ਜਰੂਰੀ ਹੈ।
22 Oct. 2017