Mohinder Singh Mann

ਧੀਆਂ ਦੀ ਲੋਹੜੀ / ਕਵਿਤਾ - ਮਹਿੰਦਰ ਸਿੰਘ ਮਾਨ


ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ,
ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ।
ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ,
ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ।
ਕੋਈ ਹੁੰਦਾ ਨਾ ਫਰਕ ਧੀਆਂ ਤੇ ਪੁੱਤਾਂ ਵਿੱਚ,
ਪੁਰਾਣੇ ਵਿਚਾਰ ਹੁਣ ਛਿੱਕੇ ਤੇ ਟੰਗੋ ਮਿੱਤਰੋ।
ਸਖ਼ਤ ਮਿਹਨਤ ਕਰਕੇ ਇਹ ਅੱਗੇ ਵਧਣ,
ਧੀਆਂ ਦੀਆਂ ਜਿੱਤਾਂ ਦੱਸਣ ਵੇਲੇ ਨਾ ਸੰਗੋ ਮਿੱਤਰੋ।
ਧੀਆਂ ਤੇ ਕਰੜੀ ਨਜਰ ਰੱਖਣੀ ਠੀਕ ਹੈ,
ਪਰ ਪੁੱਤਾਂ ਨੂੰ ਵੀ ਰੰਬੇ ਵਾਂਗ ਚੰਡੋ ਮਿੱਤਰੋ।
ਤੁਹਾਡੀ ਸੁੱਖ ਮੰਗਣ ਹਰ ਵੇਲੇ ਰੱਬ ਕੋਲੋਂ,
ਤੁਸੀਂ ਵੀ ਧੀਆਂ ਦੀ ਸੁੱਖ ਮੰਗੋ ਮਿੱਤਰੋ।
ਇਹ ਵੰਡਣ ਪਿਆਰ ਸਭ ਕੁਝ ਭੁਲਾ ਕੇ,
ਤੁਸੀਂ ਵੀ ਧੀਆਂ ਵਾਂਗ ਪਿਆਰ ਵੰਡੋ ਮਿੱਤਰੋ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

ਗ਼ਜ਼ਲ : ਜਿਨ੍ਹਾਂ ਨੇ ਟਿੱਚ ਸਮਝੀ - ਮਹਿੰਦਰ ਸਿੰਘ ਮਾਨ

ਜਿਨ੍ਹਾਂ ਨੇ ਟਿੱਚ ਸਮਝੀ ਦੋਸਤੀ ਸਾਡੀ,
ਕਿਵੇਂ ਉਹ ਜਰਨਗੇ ਕੋਈ ਖੁਸ਼ੀ ਸਾਡੀ?
ਅਸੀਂ ਹਾਂ ਧੰਨਵਾਦੀ ਬਹੁਤ ਦੁੱਖਾਂ ਦੇ,
ਇਹ ਕੁਝ ਲਿਸ਼ਕਾ ਗਏ ਨੇ ਜ਼ਿੰਦਗੀ ਸਾਡੀ।
ਗੁਜ਼ਾਰਨ ਲੱਗੇ ਜੀਵਨ ਸਾਡੇ ਵਾਂਗਰ ਉਹ,
ਜਿਨ੍ਹਾਂ ਨੂੰ ਚੰਗੀ ਲੱਗੀ ਸਾਦਗੀ ਸਾਡੀ।
ਅਸੀਂ ਮੌਕੇ ਮੁਤਾਬਕ ਕਦਮ ਚੁੱਕਦੇ ਹਾਂ,
ਇਸ ਨੂੰ ਸਮਝੋ ਨਾ ਯਾਰੋ,ਬੁਜ਼ਦਿਲੀ ਸਾਡੀ।
ਸ਼ਬਦ ਔਖੇ ਨਾ ਗ਼ਜ਼ਲਾਂ ਵਿੱਚ ਵਰਤਦੇ ਹਾਂ,
ਹਰਿਕ ਨੂੰ ਸਮਝ ਆਵੇ ਸ਼ਾਇਰੀ ਸਾਡੀ।
ਕਰਾਂਗੇ ਦੂਰ ਨ੍ਹੇਰਾ ਚਾਰੇ ਪਾਸੇ ਦਾ,
ਹੋਈ ਸੂਰਜ ਤਰ੍ਹਾਂ ਜਦ ਰੌਸ਼ਨੀ ਸਾਡੀ।
ਅਸੀਂ ਹਾਜ਼ਰ ਹੋ ਜਾਵਾਂਗੇ ਉਦੋਂ 'ਮਾਨਾ',
ਜਦੋਂ ਮਹਿਸੂਸ ਕੀਤੀ ਤੂੰ ਕਮੀ ਸਾਡੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554

ਗਿਣਤੀ ਵਧਦੀ ਜਾਵੇ / ਗ਼ਜ਼ਲ - ਮਹਿੰਦਰ ਸਿੰਘ ਮਾਨ

ਗਿਣਤੀ ਵਧਦੀ ਜਾਵੇ ਬੇਰੁਜ਼ਗਾਰਾਂ ਦੀ,
ਖੌਰੇ ਕਦ ਅੱਖ ਖੁੱਲ੍ਹਣੀ ਹੈ ਸਰਕਾਰਾਂ ਦੀ।

ਯਤਨ ਇਨ੍ਹਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ,
ਪਰ ਇੱਜ਼ਤ ਵਧਦੀ ਜਾਵੇ ਸਰਦਾਰਾਂ ਦੀ।
ਬਹੁਤੇ ਉੱਥੋਂ ਅੱਖ ਬਚਾ ਕੇ ਜਾਣ ਚਲੇ,
ਜਿੱਥੇ ਚਰਚਾ ਹੋਵੇ ਬਹਾਦਰ ਨਾਰਾਂ ਦੀ।
ਲੋਕੀਂ ਸਿਰ ਤੇ ਚੁੱਕ ਉਨ੍ਹਾਂ ਨੂੰ ਲੈਂਦੇ ਨੇ,
ਜਿਹੜੇ ਬਾਂਹ ਫੜ ਲੈਂਦੇ ਨੇ ਲਾਚਾਰਾਂ ਦੀ।
ਜੋ ਲੋਕਾਂ ਦੇ ਮਸਲੇ ਦੱਸਣ ਹਾਕਮ ਨੂੰ,
ਵਿੱਕਰੀ ਹੋਵੇ ਬਹੁਤ ਉਨ੍ਹਾਂ ਅਖਬਾਰਾਂ ਦੀ।
ਉਹ ਜੱਗ ਤੇ ਆਪਣਾ ਨਾਂ ਚਮਕਾ ਜਾਂਦੇ ਨੇ,
ਜੋ ਪਰਵਾਹ ਨਹੀਂ ਕਰਦੇ ਜਿੱਤਾਂ, ਹਾਰਾਂ ਦੀ।
ਉੱਥੇ ਰਹਿਣੇ ਨੂੰ ਦਿਲ ਨਾ ਕਰੇ  ਮਾੜਾ ਵੀ,
ਜਿੱਥੇ ਗੱਲ ਕਰੇ ਨਾ ਕੋਈ ਪਿਆਰਾਂ ਦੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554

ਖ਼ਜ਼ਾਨਾ - ਮਹਿੰਦਰ ਸਿੰਘ ਮਾਨ

ਮਾਤਾ , ਪਿਤਾ ਤਾਂ ਉਹ ਖ਼ਜ਼ਾਨਾ ਹੈ
ਜੋ ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਵਿੱਚ ਪ੍ਰਾਪਤ ਹੁੰਦਾ ਹੈ ਰੱਬ ਤੋਂ।
ਇਸ ਖ਼ਜ਼ਾਨੇ ਨੂੰ ਵਰਤ ਕੇ
ਉਹ  ਹੁੰਦੇ ਨੇ ਵੱਡੇ।
ਪਹਿਲਾਂ  ਪੜ੍ਹਦੇ ਨੇ ਸਕੂਲਾਂ 'ਚ
ਫਿਰ ਪੜ੍ਹਦੇ ਨੇ ਕਾਲਜਾਂ 'ਚ
ਤੇ  ਪ੍ਰਾਪਤ ਕਰਦੇ ਨੇ ਡਿਗਰੀਆਂ।
ਫਿਰ  ਪ੍ਰਾਪਤ ਕਰਕੇ ਅੱਛੇ ਅਹੁਦੇ
ਕਰਦੇ ਨੇ ਇਕੱਠੀ ਧਨ , ਦੌਲਤ।

ਰਹਿਣ ਲਈ  ਬਣਾਉਂਦੇ ਨੇ ਕੋਠੀਆਂ
ਤੇ ਖਰੀਦਦੇ ਨੇ  ਹੋਰ ਐਸ਼ੋ ਆਰਾਮ ਦੀਆਂ ਵਸਤਾਂ ।
ਫਿਰ ਇਕ ਦਿਨ ਉਨ੍ਹਾਂ ਨੂੰ
ਇਸ  ਖ਼ਜ਼ਾਨੇ ਦੀ
ਰਹਿੰਦੀ  ਨਹੀਂ ਲੋੜ ਕੋਈ।
ਤੇ ਉਹ ਇਸ ਦੀ
ਕਰਨ ਲੱਗ ਪੈਂਦੇ ਨੇ ਬੇਕਦਰੀ ।
ਉਨ੍ਹਾਂ ਨੂੰ ਇਸ ਗੱਲ ਦੀ
 ਸੋਝੀ ਨਹੀਂ ਹੁੰਦੀ ਉੱਕੀ ਹੀ
ਕਿ ਉਨ੍ਹਾਂ ਨੇ ਵੀ ਇਕ ਦਿਨ
ਆਪਣੇ ਬੱਚਿਆਂ ਲਈ
 ਬਣਨਾ ਹੈ ਖ਼ਜ਼ਾਨਾ।
ਜਦ ਉਨ੍ਹਾਂ ਨੂੰ ਇਸ ਗੱਲ ਦੀ
 ਆਉਂਦੀ ਹੈ ਸੋਝੀ
ਉਸ ਵੇਲੇ ਹੋ ਚੁੱਕੀ ਹੁੰਦੀ ਹੈ ਬੜੀ ਦੇਰ।
ਤੇ ਉਨ੍ਹਾਂ ਦਾ ਇਹ ਖ਼ਜ਼ਾਨਾ
ਰੱਬ ਉਨ੍ਹਾਂ ਤੋਂ ਲੈ ਲੈਂਦਾ ਹੈ ਵਾਪਸ।
ਫਿਰ ਪਛਤਾਵੇ ਤੋਂ ਬਗੈਰ
ਉਨ੍ਹਾਂ ਦੇ ਹੱਥ  ਲੱਗਦਾ ਨਹੀਂ ਕੁਝ ਵੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

ਵੋਟਾਂ - ਮਹਿੰਦਰ ਸਿੰਘ ਮਾਨ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਪੋਲਿੰਗ ਬੂਥ ਵਿੱਚ ਲੋਕ ਸਭਾ ਦੀਆਂ ਵੋਟਾਂ ਪਾਉਣ ਦਾ ਕੰਮ ਬੜਾ ਸ਼ਾਂਤੀ ਪੂਰਵਕ ਚੱਲ ਰਿਹਾ ਸੀ।ਅਚਾਨਕ ਇਕ ਨੌਜਵਾਨ ਅਤੇ ਇਕ ਮਾਈ ਜਿਸ ਦੀ ਉਮਰ 75 ਕੁ ਸਾਲ ਜਾਪਦੀ ਸੀ,ਵੋਟਾਂ ਪਾਉਣ ਆ ਗਏ। ਮਾਈ ਨੇ ਫੋਟੋ ਵੋਟਰ ਪਰਚੀ ਪਹਿਲੇ ਪੋਲਿੰਗ ਅਫਸਰ ਦੇ ਅੱਗੇ ਕਰਦੇ ਹੋਏ  ਬੇਨਤੀ ਕੀਤੀ, ''ਇਹ ਮੇਰਾ ਛੋਟਾ ਪੁੱਤਰ ਆ।ਮੇਰੀ ਸਿਹਤ ਠੀਕ ਨਹੀਂ।ਮੇਰੀ  ਅੱਖਾਂ ਦੀ ਰੌਸ਼ਨੀ ਬਹੁਤ ਘੱਟ ਆ। ਮੈਂ ਇੱਥੋਂ ਤੱਕ ਬੜੀ ਮੁਸ਼ਕਲ ਆਪਣੇ ਪੁੱਤਰ ਨਾਲ ਤੁਰ ਕੇ ਆਈ ਆਂ।ਕਿਰਪਾ ਕਰਕੇ ਮੇਰੀ  ਵੋਟ ਮੇਰੇ ਪੁੱਤਰ ਨੂੰ ਪਾ ਲੈਣ ੁਦਿਉ।'' ਪੋਲਿੰਗ ਅਫਸਰ ਨੇ ਮਾਈ ਦੀ ਗੱਲ ਬੜੇ ਧਿਆਨ ਨਾਲ ਸੁਣਨ ਪਿੱਛੋਂ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਪ੍ਰੀਜ਼ਾਈਡਿੰਗ ਅਫਸਰ ਕੋਲ ਭੇਜ ਦਿੱਤਾ।ਪ੍ਰੀਜ਼ਾਈਡਿੰਗ ਅਫਸਰ ਨੇ ਪੋਲਿੰਗ ਏਜੰਟਾਂ ਨੂੰ ਪੁੱਛਿਆ, ''ਇਸ ਮਾਈ ਦੀ ਵੋਟ ਇਸ ਦੇ ਪੁੱਤਰ ਦੁਆਰਾ ਪਾਉਣ ਵਿੱਚ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?''ਬਾਕੀ ਸਾਰੇ  ਪੋਲਿੰਗ ਏਜੰਟ ਤਾਂ ਮੰਨ ਗਏ,ਪਰ ਇਕ ਪੋਲਿੰਗ ਏਜੰਟ ਨਾ ਮੰਨਿਆ ਅਤੇ ਕਹਿਣ ਲੱਗਾ, ''ਇਸ ਮਾਈ ਨੂੰ ਕੁਝ ਨਹੀਂ ਹੋਇਆ,ਐਵੇਂ ਪਖੰਡ ਕਰਦੀ ਆ। ਆਹ ਜਿਹੜਾ ਇਸ ਦੇ ਨਾਲ ਆਇਐ, ਘਰੋਂ ਇਸ ਨੂੰ ਸਿਖਾ ਕੇ ਲਿਆਇਐ। ਇਹ ਮਾਈ ਆਪਣੀ ਵੋਟ ਆਪ ਪਾਏ, ਨਹੀਂ ਤਾਂ ਨਾ ਪਾਏ।''ੳੇਸ ਨੇ ਉਸ ਮਾਈ ਦੇ ਪੁੱਤਰ ਨੂੰ ਵੀ ਕਾਫੀ ਚੰਗਾ, ਮੰਦਾ ਬੋਲਿਆ।ਨਾ ਮਾਈ ਅਤੇ ਨਾ ਉਸ ਦੇ ਪੁੱਤਰ ਨੇ ਉਸ ਨੂੰ ਕੋਈ ਜਵਾਬ ਦਿੱਤਾ। ਉਸ ਦੀਆਂ ਗੱਲਾਂ ਖੜੇ ਚੁੱਪ ૶ਚਾਪ ਸੁਣਦੇ ਰਹੇ।ਪੀ੍ਰਜ਼ਾਈਡਿੰਗ ਅਫਸਰ ਦੇ ਹੋਰ ਸਮਝਾਣ ਤੇ ਅਖੀਰ ਉਹ ਪੋਲਿੰਗ ਏਜੰਟ ਉਸ ਮਾਈ ਦੀ ਵੋਟ ਉਸ ਦੇ ਪੁੱਤਰ ਦੁਆਰਾ ਪਾਏ ਜਾਣ ਲਈ ਸਹਿਮਤ ਹੋ ਗਿਆ। ਜਦੋਂ ਉਹ ਮਾਈ ਅਤੇ ਉਸ ਦਾ ਪੁੱਤਰ ਵੋਟ ਪਾਉਣ ਪਿੱਛੋਂ ਪੋਲਿੰਗ ਬੂਥ ਤੋਂ ਬਾਹਰ ਚਲੇ ਗਏ,ਤਾਂ ਪੀ੍ਰਜ਼ਾਈਡਿੰਗ ਅਫਸਰ ਉਸ ਪੋਲਿੰਗ ਏਜੰਟ ਨੂੰ ਮੁਖ਼ਾਤਿਬ ਹੋ ਕੇ ਬੋਲਿਆ, ''ਕਿਉਂ ਬਈ, ਆ ਜਿਹੜੀ ਮਾਈ ਅਤੇ ਉਸ ਦਾ ਪੁੱਤਰ ਵੋਟ ਪਾਉਣ ਆਏ ਸੀ, ਤੂੰ ਉਨ੍ਹਾਂ ਨੂੰ ਬੜਾ ਚੰਗਾ, ਮੰਦਾ ਬੋਲਿਆ। ਕੀ ਗੱਲ ਸੀ?''
''ਕੀ ਦੱਸਾਂ ਸਾਹਿਬ ਜੀ? ਇਹ ਮਾਈ ਮੇਰੀ ਮਾਂ ਸੀ ਤੇ ਉਸ ਦਾ ਪੁੱਤਰ ਮੇਰਾ  ਛੋਟਾ ਭਰਾ ਸੀ।ਮੈਂ ਹੋਰ ਪਾਰਟੀ ਨੂੰ ਵੋਟ ਪਾਈ ਆ ਤੇ ਇਨ੍ਹਾਂ ਨੇ ਹੋਰ ਪਾਰਟੀ ਨੂੰ।ਇਨ੍ਹਾ ਵੋਟਾਂ ਚੰਦਰੀਆਂ ਨੇ ਭਰਾ-ਭਰਾ,ਮਾਂ-ਪੁੱਤ ਵੈਰੀ ਬਣਾ ਦਿੱਤੇ ਆ।ਇਹੋ ਜਹੀਆਂ ਵੋਟਾਂ ਬਗੈਰ ਕੀ ਥੁੜ੍ਹਿਐ? '' ਇਹ ਕਹਿ ਕੇ ਉਸ ਨੇ ਆਪਣੇ ਬੁਲ੍ਹਾਂ ਤੇ ਚੁੱਪ ਦਾ ਜੰਦਰਾ ਲਾ ਲਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

ਐਤਵਾਰ / ਬਾਲ ਕਵਿਤਾ  - ਮਹਿੰਦਰ ਸਿੰਘ ਮਾਨ

ਛੇ ਦਿਨਾਂ ਪਿੱਛੋਂ ਅੱਜ ਆਇਆ ਐਤਵਾਰ ਬੱਚਿਓ,
ਨੱਚੋ,ਟੱਪੋ ਕੱਠੇ ਹੋ ਕੇ ਘਰਾਂ ਚੋਂ ਆ ਕੇ ਬਾਹਰ ਬੱਚਿਓ।
ਤੁਹਾਡੇ ਚਾਰੇ,ਪਾਸੇ ਨਫਰਤ ਦੀ ਅੱਗ ਹੈ ਬਲ ਰਹੀ,
ਇਸ ਨੂੰ ਬੁਝਾਓ ਪਾ ਕੇ ਪਿਆਰ ਦੀ ਫੁਹਾਰ ਬੱਚਿਓ।
ਬੇਅਦਬੀ ਨੂੰ ਮੋਰ੍ਹਾ ਬਣਾ ਕੇ ਸਿਆਸਤ ਖੇਡੀ ਜਾ ਰਹੀ,
ਭੁੱਲ ਕੇ ਸੱਭ ਕੁਝ,ਕਰੋ ਸਾਰੇ ਧਰਮਾਂ ਦਾ ਸਤਿਕਾਰ ਬੱਚਿਓ।
'ਸਾਰੇ ਬੰਦੇ ਬਰਾਬਰ ਨੇ', ਕਿਹਾ ਗੁਰੂਆਂ, ਪੀਰਾਂ ਨੇ,
ਕਰਕੇ ਜ਼ਾਤਾਂ ਦੀਆਂ ਗੱਲਾਂ,ਹੋਵੋ ਨਾ ਸ਼ਰਮਸਾਰ ਬੱਚਿਓ।
ਲੈ ਕੇ ਮੁਫ਼ਤ ਆਟੇ,ਦਾਲ ਦੀ ਸਰਕਾਰੀ ਸਹੂਲਤ,
ਮੁੰਡੇ, ਕੁੜੀਆਂ ਕਰਦੇ ਨਾ ਕੋਈ ਕੰਮ ਕਾਰ ਬੱਚਿਓ।
ਛੋਟੇ,ਛੋਟੇ ਦੇਸ਼ ਸਾਡੇ ਦੇਸ਼ ਤੋਂ ਅੱਗੇ ਵੱਧ ਗਏ ਨੇ,
ਇਦ੍ਹੇ ਲਈ ਦੇਸ਼ ਦੇ ਹਾਕਮ ਨੇ ਜ਼ਿੰਮੇਵਾਰ ਬੱਚਿਓ।
ਮੈਡਮਾਂ ਦੁਆਰਾ ਦਿੱਤੇ ਹੋਮ-ਵਰਕ ਨੂੰ ਕਰੋ ਕੱਠੇ ਹੋ ਕੇ,
ਤਾਂ ਹੀ ਲਹਿਣਾ ਤੁਹਾਡੇ ਦਿਮਾਗਾਂ ਤੋਂ ਭਾਰ ਬੱਚਿਓ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

ਪੰਜਾਬ ਦੀ ਰਾਣੀ - ਮਹਿੰਦਰ ਸਿੰਘ ਮਾਨ

ਸਾਡੀ ਮਾਂ ਬੋਲੀ ਪੰਜਾਬੀ, ਹੈ ਪੰਜਾਬ ਦੀ ਰਾਣੀ।
ਇਦ੍ਹੇ 'ਚ ਰਚੀ ਹੈ ਗੁਰੂਆਂ ਤੇ ਭਗਤਾਂ ਨੇ ਬਾਣੀ।
ਇਸ ਨੂੰ ਬੋਲਣ ਵੇਲੇ ਨਾ ਕੋਈ ਮੁਸ਼ਕਿਲ ਪੇਸ਼ ਆਵੇ।
ਇਸ ਨੂੰ ਬੋਲ ਕੇ ਮੂੰਹ ਸ਼ਹਿਦ ਵਰਗਾ ਮਿੱਠਾ ਹੋ ਜਾਵੇ।
ਇਦ੍ਹੇ ਟੱਪੇ, ਬੋਲੀਆਂ ਤੇ ਲੋਕ ਗੀਤ ਜੇ ਪੜ੍ਹੋਗੇ ਕਦੇ,
ਤੁਹਾਡੀ ਰੂਹ ਫੁੱਲਾਂ ਵਾਂਗ ਖਿੜੇਗੀ ਦੋਸਤੋ ਤਦੇ।
ਇਸ ਨੂੰ ਕਰੋ ਦਿਲੋਂ ਪਿਆਰ ਤੇ ਦਿਉ  ਸਤਿਕਾਰ,
ਤਾਂ ਹੀ ਇਸ ਦਾ ਨਾਂ ਉੱਚਾ ਹੋਣਾ ਵਿੱਚ ਸੰਸਾਰ।
ਇਸ ਦੇ ਨਾਲ ਕਰਿਉ ਨਾ ਦੋਸਤੋ ਕਦੇ ਵੀ ਧੋਖਾ,
ਇਸ ਨੂੰ ਮਿੱਟੀ 'ਚ ਰੋਲਣ ਦਾ ਕਿਸੇ ਨੂੰ ਦਿਉ ਨਾ ਮੌਕਾ।
ਇਸ ਦੀ ਕਰਿਉ ਨਾ ਬੇਕਦਰੀ, ਭਾਵੇਂ ਸਿੱਖੋ ਹੋਰ ਭਾਸ਼ਾਵਾਂ,
ਇਸ ਨੂੰ ਲੱਗੇ ਨਾ ਕਿਸੇ ਦੀ ਨਜ਼ਰ, ਰਲ ਕਰੋ ਦੁਆਵਾਂ।
ਇਸ ਨੂੰ ਬਚਾਉਣ ਲਈ ਰਲ ਹੰਭਲਾ ਮਾਰੋ ਸਾਰੇ,
ਵੇਲਾ ਬੀਤ ਗਿਆ, ਤਾਂ ਫਿਰ ਗਿਣੋਗੇ ਰਾਤਾਂ ਨੂੰ ਤਾਰੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

17 March 2019

ਨਕਲ : ਬਾਲ ਕਵਿਤਾ  - ਮਹਿੰਦਰ ਸਿੰਘ ਮਾਨ

ਨਕਲ ਬੰਦੇ ਨੂੰ ਨਲਾਇਕ ਬਣਾਵੇ ਬੱਚਿਓ।
ਇਹ ਦੂਜਿਆਂ ਦੀਆਂ ਨਜ਼ਰਾਂ ਚੋਂ ਗਿਰਾਵੇ ਬੱਚਿਓ।

ਨਕਲ ਬੰਦੇ ਨੂੰ ਬੇਈਮਾਨ ਤੇ ਰਿਸ਼ਵਤਖ਼ੋਰ ਬਣਾਵੇ,
ਮਿਹਨਤ ਉਸ ਨੂੰ ਸੱਚਾ ਤੇ ਈਮਾਨਦਾਰ ਬਣਾਵੇ ਬੱਚਿਓ।

ਮਿਹਨਤ ਕਰਨ ਵਾਲੇ ਦੀ ਸੋਚਣ ਸ਼ਕਤੀ ਵਧੇ,
ਨਕਲ ਕਰਨ ਵਾਲੇ ਨੂੰ ਕੁਝ ਸਮਝ ਨਾ ਆਵੇ ਬੱਚਿਓ।

ਨਕਲ ਕਰਨ ਵਾਲਾ ਪਾਸ ਹੋ ਕੇ ਵੀ ਰੋਂਦਾ ਹੈ,
ਉਸ ਨੂੰ ਸਮਾਜ ਕਦੇ ਮੂੰਹ ਨਾ ਲਾਵੇ ਬੱਚਿਓ।

ਨਕਲ ਕਰਨ ਵਾਲਾ ਕਸੂਰਵਾਰ ਹੁੰਦਾ ਹੈ,
ਉਹ ਫੜੇ ਜਾਣ ਤੇ ਸੈਂਟਰ ਚੋਂ ਬਾਹਰ ਹੇੋ ਜਾਵੇ ਬੱਚਿਓ।

ਵਿੱਦਿਆ ਪੜ੍ਹ ਕੇ ਬੰਦਾ ਵਿਦਵਾਨ ਬਣਦਾ ਹੈ,
ਨਕਲ ਕਰਨ ਵਾਲਾ ਕਦੇ ਮਾਣ ਨਾ ਪਾਵੇ ਬੱਚਿਓ।

ਪੜ੍ਹਨ ਵਾਲੇ ਦਾ ਭਵਿੱਖ ਸਦਾ ਸੁਨਹਿਰੀ ਹੁੰਦਾ ਹੈ,
ਨਕਲ ਕਰਨ ਵਾਲੇ ਨੂੰ ਇਹ ਨਜ਼ਰ ਨਾ ਆਵੇ ਬੱਚਿਓ।

ਮਿਹਨਤ ਕਰਨ ਵਾਲਾ ਪਹਿਲੇ ਦਰਜੇ 'ਚ ਪਾਸ ਹੋਵੇ,
ਨਕਲ ਕਰਨ ਵਾਲੇ ਦੇ ਕੁਝ ਹੱਥ ਨਾ ਆਵੇ ਬੱਚਿਓ।

ਮਿਹਨਤ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ,
'ਮਾਨ'ਸਰ ਤੁਹਾਨੂੰ ਇਹ ਤਾਂ ਹੀ ਸਮਝਾਵੇ ਬੱਚਿਓ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

ਮੇਰੀ ਭੈਣ/ਬਾਲ ਕਵਿਤਾ - ਮਹਿੰਦਰ ਸਿੰਘ ਮਾਨ

ਮੇਰੀ ਹੈ ਇਕ ਵੱਡੀ ਭੈਣ,
ਸਾਰੇ ਉਸ ਨੂੰ ਸਿੰਮੀ ਕਹਿਣ।
ਮੈਨੂੰ ਮੇਰਾ ਹੋਮ ਵਰਕ ਕਰਾਵੇ,
ਪ੍ਰਸ਼ਨ-ਉੱਤਰ ਯਾਦ ਕਰਾਵੇ।
ਮੇਰੇ ਨਾਲ ਉਹ ਲੜੇ ਨਾ ਕਦੇ,
ਮੈਨੂੰ ਡਾਢੀ ਚੰਗੀ ਲੱਗੇ ਤਦੇ।
ਮੰਮੀ, ਡੈਡੀ ਦਾ ਉਹ ਕਰੇ ਸਤਿਕਾਰ,
ਉਹ ਵੀ ਉਸ ਨੂੰ ਕਰਨ ਪਿਆਰ।
ਆਵੇ ਜਦ ਰੱਖੜੀ ਦਾ ਤਿਉਹਾਰ,
ਮੇਰੇ ਰੱਖੜੀ ਬੰਨ੍ਹੇ ਨਾਲ ਪਿਆਰ।
ਰੱਖੜੀ ਬੰਨ੍ਹਾ ਮੈਨੂੰ ਖੁਸ਼ੀ ਮਿਲੇ,
ਉਹ ਮੰਗੇ ਨਾ ਮੈਥੋਂ ਪੈਸੇ ਕਦੇ।
ਦੀਵਾਲੀ ,ਦਸਹਿਰਾ ਰਲ ਮਨਾਈਏ,
ਘਰ ਦੀਆਂ ਬਣੀਆਂ ਚੀਜ਼ਾਂ ਖਾਈਏ।
ਸ਼ਾਲਾ! ਉਹ ਚੰਗੀ ਪੜ੍ਹ, ਲਿਖ ਜਾਵੇ,
ਆਈ ਪੀ ਐੱਸ ਪਾਸ ਕਰ ਜਾਵੇ।
ਭ੍ਰਿਸ਼ਟਾਚਾਰੀਆਂ ਨੂੰ ਪਾ ਕੇ ਨੱਥ,
ਸੱਭ ਦੇ ਦਿਲਾਂ ਵਿੱਚ ਜਾਵੇ ਵੱਸ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ)9915803554

ਸਾਲ ਨਵਾਂ - ਮਹਿੰਦਰ ਸਿੰਘ ਮਾਨ

ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ।
ਹਰ ਘਰ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ।
ਪਿਛਲੇ ਸਾਲ ਬਥੇਰੀ ਵਧੀ ਹੈ ਮਹਿੰਗਾਈ ਚੰਦਰੀ,
ਇਸ ਤੋਂ ਸੱਭ  ਨੂੰ ਰਾਹਤ ਦੁਆਏ ਸਾਲ ਨਵਾਂ।
ਨਸ਼ੇ ਨੇ ਕਈ ਵਸਦੇ ਘਰਾਂ ਨੂੰ ਉਜਾੜਿਆ ਹੈ,
ਇੱਥੇ ਨਸ਼ੇ ਦਾ ਆਣਾ ਬੰਦ ਕਰਾਏ ਸਾਲ ਨਵਾਂ।
ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,
ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ।
ਮੰਦਰਾਂ ਤੇ ਮਸਜਿਦਾਂ 'ਤੇ ਲੱਖਾਂ ਖਰਚਣ ਵਾਲਿਆਂ ਨੂੰ,
ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।
ਬੁੱਤਾਂ ਤੇ ਕਰੋੜਾਂ ਲਾਣ ਵਾਲੇ ਹਾਕਮਾਂ ਤੋਂ,
ਲੋਕਾਂ ਦਾ ਖਹਿੜਾ ਛੱਡਾਏ ਸਾਲ ਨਵਾਂ।
ਗਰੀਬਾਂ ਨੂੰ ਲੁੱਟਦੇ ਦੋਹੀਂ ਹੱਥੀਂ ਜਿਹੜੇ ਬਾਬੇ,
ਉਨ੍ਹਾਂ ਨੂੰ ਜੇਲ੍ਹਾਂ ਵਿੱਚ ਪੁਚਾਏ ਸਾਲ ਨਵਾਂ।
ਪਿਛਲੇ ਵਰ੍ਹੇ ਜੋ ਭੁੱਲ ਗਏ ਸਨ ਪਿਆਰ ਕਰਨਾ,
ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ।
 ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,
ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।
'ਮਾਨ'ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,
ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ)9915803554