Ravinder-Singh-Kundra

ਪਹਾੜ ਥੱਲੇ ਊਂਠ - ਰਵਿੰਦਰ ਸਿੰਘ ਕੁੰਦਰਾ

ਆਖਰ ਊਠ  ਪਹਾੜ ਦੇ ਥੱਲੇ ਆ  ਹੀ ਗਿਆ।
ਕਹਿੰਦੇ ਸਨ ਉਹ ਅੱਜ ਗਿਆ ਜਾਂ ਕੱਲ੍ਹ ਗਿਆ।

ਕਿਆਸ ਅਰਾਈਆਂ ਚਿਰ ਤੋਂ ਲੱਗਦੀਆਂ ਸਨ,
ਅਫਵਾਹਾਂ ਦਾ  ਦੌਰ ਵੀ ਆਖਰ ਠੱਲ੍ਹ ਗਿਆ।

ਇਲਜ਼ਾਮਾਂ ਦੀ ਪੰਡ ਨੂੰ ਆਪਣੇ ਸਿਰ ਰੱਖ ਕੇ,
ਲੌਟ ਕੇ  ਬੁੱਧੂ  ਆਪਣੇ  ਮੋਤੀ  ਮਹੱਲ ਗਿਆ।

ਆਪਣੇ ਵਾਸਤੇ ਖੋਦੀ ਆਪਣੀ ਕਬਰ ਵਿੱਚ ਹੀ,
ਮੂਰਖ ਚੁਫੇਰਿਉਂ ਘਿਰ ਕੇ ਉਸ ਦੇ ਵੱਲ ਗਿਆ।

ਪੱਚੀ  ਪਝੰਤਰ  ਦੇ  ਸੌਦੇ  ਵਾਲਾ  ਵਿਉਪਾਰੀ,
ਝੂਠ ਦੀ  ਖੱਟੀ  ਖੱਟਣੋਂ  ਆਖਰ ਟਲ ਗਿਆ।

ਚੀਕੂੰ  ਚੀਕੂੰ  ਕਰਦੀ  ਕੁਰਸੀ  ਕੈਪਟਨ  ਦੀ,
ਪਤਾ ਨਹੀਂ ਕੋਈ  ਕਿਹੜੇ  ਵੇਲੇ ਮੱਲ ਗਿਆ।

ਸੀਤਾਫੱਲ  'ਤੇ  ਚੀਕੂ   ਵੀ  ਹੁਣ  ਰੋਂਦੇ  ਨੇ,
ਸਾਡਾ  ਆਸ਼ਕ  ਸਾਡੇ ਪਾ  ਕੜੱਲ  ਗਿਆ।

ਅਰੂਸਾ  ਵਿਚਾਰੀ  ਬੈਠ ਕੇ  ਹੁਣ ਸਿਰ  ਪਿੱਟੇ,
ਪਹਿਲਾਂ ਵਾਲੀ ਟੌਹਰ 'ਤੇ ਸਾਰਾ ਬੱਲ ਗਿਆ।

ਕਾਠ ਦੀ  ਹਾਂਡੀ ਚੜ੍ਹ  ਚੜ੍ਹ ਕੇ ਸੜ  ਹੀ ਗਈ,
ਸੱਚ ਦੀ ਅੱਗ ਦਾ ਜਾਦੂ ਆਖਰ  ਚੱਲ ਗਿਆ।

ਝੂਠੀਆਂ  ਸੌਹਾਂ  ਫੋਕੇ  ਦਾਅਵੇ  ਠੁੱਸ  ਹੋ  ਗਏ,
ਪਖੰਡ ਦਾ ਸੂਰਜ ਢਲਦਾ ਢਲਦਾ ਢਲ ਗਿਆ।

ਆਖਰ ਊਠ  ਪਹਾੜ ਦੇ  ਥੱਲੇ ਆ  ਹੀ ਗਿਆ।
ਕਹਿੰਦੇ ਸਨ ਉਹ ਅੱਜ ਗਿਆ ਜਾਂ ਕੱਲ ਗਿਆ।

ਇਸ ਹਮਾਮ 'ਚ ਸਾਰੇ ਨੰਗੇ - ਰਵਿੰਦਰ ਸਿੰਘ ਕੁੰਦਰਾ

ਇਸ ਹਮਾਮ 'ਚ  ਸਾਰੇ ਨੰਗੇ,
ਇੱਕ ਦੂਜੇ 'ਤੇ ਉਂਗਲੀ ਚੁੱਕਣ,
ਮੰਦ ਬੁੱਧੀ, ਮਲੀਨ, ਮੁਸ਼ਟੰਡੇ।
ਆਪਣੇ ਮੂੰਹ ਦੁੱਧ ਧੋਤੇ ਸਮਝਣ,
ਪਰ  ਕਾਰੇ  ਨੇ  ਸਭ ਦੇ ਮੰਦੇ।
ਇਸ  ਹਮਾਮ 'ਚ  ਸਾਰੇ ਨੰਗੇ।

ਇੱਕ ਦੂਜੇ  ਦੇ ਪਿੱਛੇ  ਲੁਕਦੇ,
ਉਹਲੇ ਹੋ ਕੇ ਨਿੱਤ ਨੇ ਬੁੱਕਦੇ।
ਇੱਕ ਦੂਜੇ 'ਤੇ ਚਿੱਕੜ ਸੁੱਟਦੇ,
ਝੂਠ ਨੂੰ ਥਾਂ ਥਾਂ ਜਾਵਣ ਥੁੱਕਦੇ।
ਜਾਣ-ਬੁੱਝ ਕੇ ਲੈਣ ਇਹ ਪੰਗੇ,
ਇਸ  ਹਮਾਮ 'ਚ ਸਾਰੇ ਨੰਗੇ।

ਮੂੰਹ ਪਿਆ ਖਾਵੇ ਅੱਖ ਸ਼ਰਮਾਵੇ,
ਸ਼ਰਮ ਫੇਰ ਵੀ ਰਤਾ ਨਾ ਆਵੇ।
ਕਰਦੇ ਰੱਜ ਰੱਜ ਝੂਠੇ ਦਾਅਵੇ,
ਭੁੱਲਦੇ ਕਰ ਕਰ ਲੱਖਾਂ ਵਾਅਦੇ।
ਵੋਟਰ ਰਹਿ ਗਏ ਨੰਗ ਮਲੰਗੇ,
ਇਸ  ਹਮਾਮ 'ਚ  ਸਾਰੇ ਨੰਗੇ।

ਰੇਤਾ, ਬਜਰੀ, ਇੱਟਾਂ, ਵੱਟੇ,
ਪੱਚੀ ਪਝੱਤਰ 'ਚ ਸੱਭ ਗਏ ਚੱਟੇ।
ਕੇਬਲ, ਬੱਸਾਂ, ਸ਼ਰਾਬਾਂ, ਬੱਤੇ,
ਤਨਖਾਹ, ਪੈਨਸ਼ਨਾਂ ਸਾਰੇ ਭੱਤੇ।
ਖਾਣ ਪੀਣ ਤੋਂ ਮੂਲ ਨਾ ਸੰਗੇ,
ਇਸ ਹਮਾਮ 'ਚ ਸਾਰੇ ਨੰਗੇ।

ਅਵਾਰਾ ਕੁੱਤਿਆਂ ਵਰਗੇ ਕਾਰੇ,
ਟੁਕੜਿਆਂ ਉੱਤੇ ਵਿਕਦੇ ਸਾਰੇ।
ਭੌਂਕਣ ਮਸੀਤੀਂ ਛਕਣ ਗੁਰਦੁਆਰੇ,
ਚੌਧਰ ਲਈ ਫਿਰਦੇ ਮਾਰੇ ਮਾਰੇ।
ਚਿੱਟੇ,  ਨੀਲੇ,  ਭਗਵੇਂ  ਰੰਗੇ,
ਇਸ ਹਮਾਮ 'ਚ  ਸਾਰੇ ਨੰਗੇ।

ਗੰਦਾ  ਖ਼ੂਨ ਹੈ  ਵਧਦਾ-ਫੁਲਦਾ,
ਰਿਸ਼ਤੇਦਾਰੀ ਵਿੱਚ ਜਾਵੇ ਘੁਲਦਾ।
ਵਣਜ ਚੱਲੇ ਬੱਸ ਕੁੱਲ ਤੋਂ ਕੁੱਲ ਦਾ,
ਰਹੇ ਬੇਈਮਾਨੀ ਦਾ ਝੰਡਾ ਝੁਲਦਾ।
ਅਸੂਲ  ਰਹਿਣ ਬੱਸ  ਛਿੱਕੇ ਟੰਗੇ,
ਇਸ  ਹਮਾਮ  'ਚ  ਸਾਰੇ  ਨੰਗੇ।

ਇਸ ਹਮਾਮ 'ਚ  ਸਾਰੇ ਨੰਗੇ,
ਇੱਕ ਦੂਜੇ 'ਤੇ ਉਂਗਲੀ ਚੁੱਕਣ,
ਮੰਦ ਬੁੱਧੀ, ਮਲੀਨ, ਮੁਸ਼ਟੰਡੇ।
ਆਪਣੇ ਮੂੰਹ ਦੁੱਧ ਧੋਤੇ ਸਮਝਣ,
ਪਰ ਕਾਰੇ  ਨੇ ਸਭ ਦੇ  ਮੰਦੇ।
ਇਸ ਹਮਾਮ 'ਚ  ਸਾਰੇ ਨੰਗੇ।
ਰਵਿੰਦਰ ਸਿੰਘ ਕੁੰਦਰਾ

ਦਿਲ ਇੱਕ 'ਤੇ ਇਸ਼ਕ ਅਨੇਕ -  ਰਵਿੰਦਰ ਸਿੰਘ ਕੁੰਦਰਾ

ਅਥਰੇ ਦਿਲ ਦੀ ਗਾਥਾ ਮੈਂ ਕੀ ਆਖਾਂ,
ਮੇਰੀ ਇੱਕ ਨਾ ਇਸ  ਨੇ ਕਦੀ ਮੰਨੀ।
ਥੱਕ ਗਿਆਂ  ਸਮਝਾ ਕੇ  ਲੱਖ ਵਾਰੀਂ,
ਨਾ ਫਿਰ ਭੱਜਦਾ ਰੋਜ਼ ਵੱਖ ਵੱਖ ਕੰਨੀ।
ਨਹੀਂ ਮੰਨਿਆ ਮੇਰੀ ਦਲੀਲ ਇੱਕ ਵੀ,
ਪੰਗਾ ਇਸ਼ਕ ਦਾ ਐਸਾ ਇਹ ਪਾ ਬੈਠਾ।
ਮਾਸ਼ੂਕ ਇੱਕ ਨਾਲ ਨਾ ਇਹ ਰੱਜ ਸਕਿਆ,
ਦਿਲ ਕਈਆਂ ਦੇ ਹੱਥ ਪਕੜਾ ਬੈਠਾ।

ਪਹਿਲਾਂ ਤਮੰਨਾ ਦਾ ਇਸ ਨੂੰ ਫ਼ਤੂਰ ਚੜ੍ਹਿਆ,
ਦਿਨ ਰਾਤ ਰਿਹਾ ਉਸਦਾ ਜਾਪ ਕਰਦਾ।
ਹੋਰ  ਸਾਰੀਆਂ ਸੁਰਾਂ ਤੇ  ਤਾਲ ਭੁੱਲਿਆ,
ਉਸ ਦੇ ਨਾਮ ਦਾ ਰਿਹਾ ਅਲਾਪ ਕਰਦਾ।
ਅਲ੍ਹੜ ਬਰੇਸ ਤੇ ਇਸ਼ਕ ਦਾ ਤਾਪ ਐਸਾ,
ਸਿਰ ਧੜ  ਦੀ ਬਾਜ਼ੀ  ਇਹ  ਲਾ ਬੈਠਾ।
ਤਮੰਨਾ ਆਪਣੀ ਸਿਰਫ਼ ਵਿੱਚ ਵਾੜ ਦਿਲ ਦੇ,
ਭੁਲਾ ਕੇ ਸੁੱਧ ਬੁੱਧ, ਆਪਣੇ ਯਾਰ ਬੈਠਾ।

ਮਰਜ਼ ਵਧੀ ਤੇ ਫ਼ੇਰ ਲਾਇਲਾਜ ਹੋ ਗਈ,
ਦਿਲ ਤੇ ਮਰਜ਼ੀ ਨੇ ਜਦੋਂ ਇੱਕ ਵਾਰ ਕੀਤਾ।
ਪੈਰ  ਪੈਰ ਤੇ  ਪਾਏ  ਉਸ  ਉਹ ਪੁਆੜੇ,
ਤਹਿਸ ਨਹਿਸ ਫੇਰ ਇਸਦਾ ਵਕਾਰ ਕੀਤਾ।
ਨਿਭਾਵੇ ਕਿਸ ਨਾਲ 'ਤੇ ਕਿਸ ਤੋਂ ਮੂੰਹ ਮੋੜੇ,
ਗਿਆ ਰਗੜਿਆ ਪੁੜਾਂ ਵਿਚਕਾਰ ਐਸਾ।
ਤਮੰਨਾ ਇਸ ਪਾਸੇ ਤੇ ਮਰਜ਼ੀ ਉਸ ਪਾਸੇ,
ਬੇੜਾ  ਡੋਲਿਆ ਵਿੱਚ  ਮੰਝਧਾਰ  ਐਸਾ।
ਮਰਜ਼ੀ  ਕਹੇ ਤੂੰ ਮੈਥੋਂ  ਨੀ ਭੱਜ  ਸਕਦਾ,
ਰਹਿ ਮੇਰਾ ਤੂੰ ਸਦਾ  ਦਿਲਦਾਰ ਬਣਕੇ।
ਮੈਂ ਹਾਂ  ਤੇਰੀ 'ਤੇ ਤੂੰ ਹੈ  ਮੇਰਾ ਸੱਜਣਾ,
ਵਾਰਾਂ ਜਾਨ  ਤੈਥੋਂ ਲੱਖ ਵਾਰ  ਸਦਕੇ।

ਨਹੀਂ ਹਿੱਲ ਸਕਦਾ ਇੱਕ  ਇੰਚ ਵੀ ਤੂੰ,
ਜਦੋਂ ਤੱਕ ਨਾ ਮਿਲੇ  ਇਜਾਜ਼ਤ ਮੇਰੀ।
ਕਰ ਮਿੰਨਤਾਂ ਤੇ ਭਾਵੇਂ ਹੁਣ ਪਾ ਤਰਲੇ,
ਕਰਨੀ ਪੈਸੀ ਹੁਣ ਤੈਨੂੰ ਇਬਾਦਤ ਮੇਰੀ।
ਮੈਂ ਵੀ ਇਜਾਜ਼ਤ ਹਾਂ ਮੈਨੂੰ ਨਾ ਘੱਟ ਸਮਝੀਂ,
ਮੇਰੇ ਸਾਹਮੇਂ ਕੀ ਤਮੰਨਾ 'ਤੇ ਕੀ ਮਰਜ਼ੀ।
ਮੇਰਾ ਇਸ਼ਕ ਹੈ ਗੂੜ੍ਹਾ ਤੇ ਪੁਰ ਹਕੀਕੀ,
ਸਮਝ ਬੈਠੀਂ ਨਾ ਇਸ ਨੂੰ ਕਦੀ ਫ਼ਰਜ਼ੀ।
ਕੋਈ ਤਰਸ ਨਾ ਕਰੇ ਨਾ ਯਕੀਨ ਇਸਤੇ,
ਪਿਆਰ ਸੱਚਾ ਇਹ ਕਿਸ ਨੂੰ ਜਤਾਏ ਜਾਕੇ।
ਦੇਵੇ ਤਸੱਲੀਆਂ ਭਾਵੇਂ ਇਹ ਲੱਖ ਵਾਰੀ,
ਭਾਵੇਂ ਲੱਖਾਂ ਹੀ ਤਰਲੇ ਇਹ ਪਾਏ ਜਾਕੇ।

ਜਦੋਂ ਤਿੰਨਾਂ ਨੇ ਜੀਣਾ ਹਰਾਮ ਕੀਤਾ,
ਫੇਰ ਭੱਜ ਕੇ ਸ਼ਾਂਤੀ ਦੇ ਦੁਆਰ ਪਹੁੰਚਾ।
ਕਹੇ ਰੱਖ ਲੈ ਮੈਨੂੰ ਤੂੰ ਜਾਣ ਅਪਣਾ,
ਹੋ ਕੇ ਤਿੰਨਾਂ ਤੋਂ ਬੜਾ ਮੈਂ ਖੁਆਰ ਪਹੁੰਚਾ।
ਨਹੀਂ ਮਿਲਦੀ ਮੈਨੂੰ ਹੁਣ ਕਿਤੇ ਢੋਈ,
ਬਚਾ ਲੈ, ਸਾਂਭ ਲੈ, ਗਲ਼ੇ ਲਗਾ ਮੈਨੂੰ।
ਛੁਡਾ ਦੇ ਤਿੰਨਾਂ ਬਲਾਵਾਂ ਤੋਂ ਪਿੱਛਾ ਮੇਰਾ,
ਸੱਚੇ ਪਿਆਰ ਦਾ ਸਬਕ ਪੜ੍ਹਾ ਮੈਨੂੰ।
ਸ਼ਾਂਤੀ ਕਹੇ ਹੁਣ ਨਹੀਂ ਹੈ ਵੱਸ ਮੇਰੇ,
ਤੇਰੇ ਦਿਲ ਨੂੰ ਕੋਈ ਧਰਵਾਸ ਦੇਣਾ।

ਜਲੇਬੀ ਸਿੱਧੂ - ਰਵਿੰਦਰ ਸਿੰਘ ਕੁੰਦਰਾ

ਸਿੱਧਾ ਮੈਂ  ਜਲੇਬੀ  ਵਰਗਾ, ਸਿੱਧੂ ਮੈਨੂੰ  ਕਹਿੰਦੇ,
ਜਦੋਂ  ਜਦੋਂ ਵੀ  ਮੂੰਹ ਮੈਂ ਖੋਲ੍ਹਾਂ ਬੜੇ ਪੁਆੜੇ ਪੈਂਦੇ।

ਲੱਛੇਦਾਰ ਕਈ ਗੱਲਾਂ ਮੇਰੀਆਂ, ਲੋਕੀਂ ਕਰ ਕਰ ਹੱਸਦੇ,
ਠੋਕਣ ਤਾੜੀ ਖਟਾਕ ਕਰਕੇ, ਜੁਮਲੇ ਮੇਰੇ 'ਤੇ ਕੱਸਦੇ।

ਸੋਚਣ ਤੋਂ ਪਹਿਲਾਂ ਹੀ, ਬੋਲ  ਜਾਵੇ  ਮੇਰੀ ਲੁਤਰੋ,
ਗੱਲਂ ਗੱਲਾਂ ਵਿੱਚ ਹੋ ਜਾਂਦੀ, ਕਾਫੀ ਉਥਲੋ ਪੁਥਲੋ।

ਕਿਸ ਨੂੰ ਮੈਂ ਕੀ, ਕਦੋਂ ਕਿਹਾ ਸੀ, ਮੈਨੂੰ ਯਾਦ ਨਹੀਂ ਰਹਿੰਦਾ,
ਸੱਚ 'ਤੇ ਝੂਠ ਨੂੰ ਪਰਖਣ ਵਿੱਚ,  ਮੈਨੂੰ ਬੜਾ ਭੁਲੇਖਾ ਪੈਂਦਾ।

ਥੁੱਕ ਕੇ ਚੱਟਣ ਦਾ ਮੈਨੂੰ,  ਸੁਆਦ ਬੜਾ ਹੀ ਆਉਂਦਾ,
ਪੈਰ ਪੈਰ 'ਤੇ ਰੰਗ ਬਦਲਣਾ, ਸ਼ੌਂਕ ਮੇਰਾ ਮਨ ਭਾਉਂਦਾ।

ਸਾਂਭ ਸਾਂਭ ਮੈਂ ਰਿਸ਼ਤੇ ਗੰਢਾਂ, ਸੁਆਰਥ ਵਿੱਚ ਲਪੇਟੇ,
ਤੋੜ ਦੇਵਾਂ ਉਸੇ ਹੀ ਵੇਲੇ, ਜਦੋਂ ਚੜ੍ਹ ਜਾਣ ਮੇਰੇ ਟੇਟੇ।

ਬਦਨਾਮ ਮੁੰਨੀ ਅੱਜ ਮੇਰੀ ਮਾਂ ਹੈ, ਪੱਪੂ ਮੇਰਾ ਭਾਈ,
ਪ੍ਰੀਅ  ਮੇਰੀ  ਭੈਣ  ਹੈ ਅੰਕਾ, ਮੁੰਨੀ  ਦੀ  ਜੋ  ਜਾਈ।

ਨਿਮਰਤਾ ਹੈ ਹੁਣ ਮਾਸੀ ਮੇਰੀ, ਹਿੱਕ ਠੋਕ ਕੇ ਕਹਿਨਾਂ,
ਮਤਲਬ ਅਪਣਾ ਕੱਢਣ ਲਈ, ਖੋਤਿਆਂ ਦੇ ਪੈਰੀਂ ਪੈਨਾਂ।

ਬਾਪੂ ਵੀ ਮੈਂ ਕਈ ਨੇ ਬਦਲੇ, ਰਾਜਨੀਤੀ ਵਿੱਚ ਵੜ ਕੇ,
ਕਈਆਂ ਤੋਂ ਮੈਂ ਕਰੇ ਕਿਨਾਰੇ, ਜੋ ਮੇਰੀ ਅੱਖ ਵਿੱਚ ਰੜਕੇ।

ਚੌਕੇ  ਛਿੱਕੇ  ਗੱਲੀਂ ਬਾਤੀਂ,  ਮੂਰਖਾਂ  ਵਰਗੇ  ਹਾਸੇ,
ਵਿੰਗੇ ਟੇਢੇ ਸ਼ਿਅਰ ਸੁਣਾ ਕੇ, ਲਾਵਾਂ ਖ਼ੂਬ ਠਹਾਕੇ।

ਮੂਰਖਾਂ ਦੀ ਇਸ ਦੁਨੀਆ ਵਿੱਚ, ਮੇਰਾ ਸਿੱਕਾ ਚੱਲਦਾ,
ਛਲੇਡੇ ਵਾਂਗੂੰ ਰੂਪ ਬਦਲਣ ਤੋਂ, ਮੈਂ ਕਦੀ ਨਹੀਂ ਟਲਦਾ।

ਮੇਰੇ ਵਰਗੇ ਬੰਦੇ - ਰਵਿੰਦਰ ਸਿੰਘ ਕੁੰਦਰਾ

ਸ਼ੁਕਰ ਹੈ ਦੁਨੀਆ ਦੇ ਵਿੱਚ ਨੇ, ਕੁੱਝ ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ ਸਦਕੇ  ਚੱਲਦੇ ਨੇ ਕੁੱਝ, ਮੇਰੇ ਕੰਮ ’ਤੇ  ਧੰਦੇ।

ਸਾਹ ਮੈਨੂੰ ਕੁੱਝ ਸੁੱਖ ਦਾ ਆਉਂਦਾ, ਜੇ ਕੋਈ ਅੱਖ ਮਿਲਾਵੇ,
ਹੈਰਤ ਹੁੰਦੀ  ਹੈ ਮਨ ਦੇ ਵਿੱਚ, ਕੋਈ ਅੱਖ  ਬਚਾ ਜੇ ਲੰਘੇ।

ਅਜੀਬ ਹੈ ਦੁਨੀਆ ਚਾਲਾਂ ਚੱਲਦੀ, ਸਮਝ ਨਹੀਂ ਕੋਈ ਪੈਂਦੀ,
ਖੋਹ ਲੈਣ ਲਈ  ਸਭ ਨੇ ਤਕੜੇ, ਦੇਣ ਵੇਲੇ  ਸਭ  ਨੰਗੇ।

ਮੂੰਹ ’ਤੇ ਹੋਰ ਪਰ ਪਿੱਠ ਪਿੱਛੇ, ਕੱਢ ਲੈਣ ਉਹ ਛੁਰੀਆਂ,
ਖੋਟੀ  ਨੀਅਤ  ਦੇ ਕੁੱਝ ਪਾਂਧੀ, ਲੁੱਟਦੇ  ਲਾ ਲਾ  ਫੰਧੇ।

ਵਿਰਲਾ ਹੀ ਕੋਈ ਸਾਊ ਦਿਸਦਾ, ਬਹੁਤੇ ਦਿਸਣ ਫ਼ਰੇਬੀ,
ਪੈਰ, ਪੈਰ ’ਤੇ  ਧੋਖੇ  ਦਿੰਦੇ,  ਕਈ  ਚਾਲਬਾਜ਼  ਲਫੰਗੇ।

ਸੂਰਤ ਮੋਮਨ ਸੀਰਤ ਕਾਫ਼ਰ,  ਤਰਕੋਂ ਤਰਜ਼ ਹੈ ਵੱਖਰੀ,
ਪਏ ਨੇ ਮੇਰੇ ਕਈ ਹੀ  ਵਾਰੀ, ਐਸਿਆਂ ਦੇ ਨਾਲ ਪੰਗੇ।

ਵਿਰਲੇ ਹੀ ਨੇ ਜੋ ਨਾ ਪਹਿਨਣ, ਚਿਹਰਿਆਂ ਉੱਤੇ ਮਖੌਟੇ,
ਚਿੱਟੇ ਦਿਨ ਦੀ ਤਰ੍ਹਾਂ ਜਿਨ੍ਹਾਂ ਦੇ, ਚਮਕਣ ਕਰਮ ਨਿਸ਼ੰਗੇ।

ਸਿਰ ਝੁਕਾਵਾਂ ਮੈਂ ਉਨ੍ਹਾਂ ਲਈ, ਜੋ ਕਹਿਣੀ ਕਰਨੀ ਦੇ ਪੱਕੇ,
ਸ਼ਮ੍ਹਾਂ  ਦੀ  ਖ਼ਾਤਿਰ  ਜਲ  ਮਰਦੇ ਨੇ, ਐਸੇ  ਕਈ ਪਤੰਗੇ।

ਸ਼ੁਕਰ ਹੈ  ਦੁਨੀਆ  ਦੇ ਵਿੱਚ ਨੇ, ਕੁੱਝ  ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ  ਸਦਕੇ  ਚੱਲਦੇ ਨੇ  ਕੁੱਝ, ਮੇਰੇ  ਕੰਮ ’ਤੇ ਧੰਦੇ।

ਤਾਰ ਮੇਰੇ ਦਿਲ ਵਾਲੇ - ਰਵਿੰਦਰ ਸਿੰਘ ਕੁੰਦਰਾ

ਸਾਂਭੇ ਹੋਏ ਨੇ ਸਾਰੇ,
ਤਾਰ ਓਹੀ ਦਿਲ ਵਾਲੇ,
ਛੇੜਿਆ ਜਿਨਾਂ ਨੇ ਕਦੀ ਰਾਗ,
ਤੇਰੇ ਪਿਆਰ ਦਾ ।

ਤਰਜ਼ ਉਹੀ ਫੇਰ ਉਠੀ,
ਹੇਕ ਜਿਹੀ ਬਣ ਕੇ ਤੇ,
ਚਾੜ੍ਹਿਆ ਸੀ ਜਿਸ ਨੇ ਖ਼ੁਮਾਰ,
ਤੇਰੇ ਪਿਆਰ ਦਾ।

ਇਹ ਚਸ਼ਮਾ ਹੈ ਜ਼ਮਜ਼ਮੀ,
ਫੁੱਟੀਆਂ ਫੁਹਾਰਾਂ ਵਾਲਾ,
ਵਗਦਾ ਰਹੇਗਾ ਲਗਾਤਾਰ,
ਤੇਰੇ ਪਿਆਰ ਦਾ ।

ਬਾਗ਼ 'ਤੇ ਬਗੀਚੇ,
ਰੰਗੀਨ ਬਣ ਨਿੱਖਰੇ ਨੇ,
ਮਹਿਕਾਂ ਬਖੇਰੇ ਗੁਲਜ਼ਾਰ,
ਤੇਰੇ ਪਿਆਰ ਦਾ ।

ਰਾਤ ਅਤੇ ਦਿਨ ਵਾਲਾ,
ਸਮਾਂ ਇੱਕੋ ਜਿਹਾ ਜਾਪੇ,
ਸੱਜਰੀ ਸਵੇਰ ਹੈ ਨਿਖਾਰ,
ਤੇਰੇ ਪਿਆਰ ਦਾ ।

ਸ਼ਾਲਾ ਤੇਰੇ ਰੂਪ ਦੀ ਨਾ,
ਧੁੱਪ ਕਦੀ ਹੋਵੇ ਮੱਠੀ,
ਸੇਕਦਾ ਰਹਾਂ ਮੈਂ ਅੰਗਿਆਰ,
ਤੇਰੇ ਪਿਆਰ ਦਾ।

ਮਜਬੂਰੀਆਂ - ਰਵਿੰਦਰ ਸਿੰਘ ਕੁੰਦਰਾ

ਮਜਬੂਰੀਆਂ ਦੀ ਦਾਸਤਾਂ, ਬੜੀ ਹੈ ਲੰਬੀ ਚੌੜੀ,
ਯਾਦ  ਕੋਈ  ਨਾ  ਮਿੱਠੀ, ਸਭ  ਹੈ ਕੌੜੀ ਕੌੜੀ।

ਸ਼ੁਰੂ  ਕਰਾਂ  ਮੈਂ  ਕਿੱਥੋਂ,  ਅਤੇ  ਨਬੇੜਾਂ  ਕਿੱਥੇ,
ਉੱਬਲੀ , ਰਿੱਝੀ ਜਾਵੇ, ਇਹ ਦੁੱਖਾਂ  ਦੀ ਤੌੜੀ।

ਸਾਹ ਨਹੀਂ ਆਉਂਦੇ ਸੌਖੇ, ਇਨ੍ਹਾਂ ਹਵਾਵਾਂ  ਵਿੱਚੋਂ,
ਖੁੱਲ੍ਹੀ  ਫ਼ਿਜ਼ਾਂ ਵੀ ਲੱਗਦੀ, ਹੈ ਹੁਣ ਸੌੜੀ ਸੌੜੀ।

ਖ਼ੌਫ਼ਨਾਕ ਨੇ ਸੈਰਗਾਹਾਂ, ਸੜਕਾਂ, ਪਗਡੰਡੀਆਂ,
ਕਿੱਥੇ ਹੈ ਉਹ ਜ਼ਿੰਦਗੀ, ਜੋਜਾਂਦੀ ਸੀ ਦੌੜੀ ਦੌੜੀ।

ਗਿਰਹਾ ਅਤੇ ਗਰਾਹੀ, ਦਾ ਸੀ ਰਿਸ਼ਤਾ ਗੂਹੜਾ,
ਸਾਂਝਾਂ ਨੇ ਸਭ ਟੁੱਟੀਆਂ, ਕਰੀਏ ਬਹੁੜੀ ਬਹੁੜੀ।

ਤਰਸਯੋਗ ਹੈ ਹਾਲਤ, ਅੱਜ ਮਨੁੱਖ ਦੀ ਇੰਨੀ,
ਦੁੱਖ ਦੇ ਖੂਹ ਚੋਂ ਨਿਕਲਣ, ਦੀ ਨਾ ਲੱਭੇ ਪੌੜੀ।

ਅਧੀਨਤਾ ਦੀ ਜ਼ੱਦ ਵਿੱਚ, ਅੱਜ ਸੁਪਨੇ ਵੀ ਕੋਝੇ,
ਮਟਕਣ ਤੋਂ ਵੀ ਡਰਦੀ, ਅੱਜ ਹਰ ਅੱਖ ਬਲੌਰੀ।

ਖਰਚੇ ਅਤੇ ਕਮਾਈਆਂ,  ਸਭ ਨੇ ਤਹਿਸ ਨਹਿਸ,
ਖਾਲੀ  ਹੈ  ਜਾਂ  ਭਰੀ,  ਭਾਵੇਂ  ਹੈ  ਕੋਈ  ਤਜੌਰੀ।

ਸਾਕਾਰ ਹੋਣ ਤੋਂ  ਸੁਪਨੇ,  ਅੱਜ ਨੇ  ਸਭ ਅਧੂਰੇ,
ਜਸ਼ਨ ਰੌਣਕਾਂ ਖੁਸ਼ੀਆਂ ਦੀ, ਬੰਦ ਪਈ ਹੈ ਦੌਰੀ।

ਕੰਧਾਂ ਓਹਲੇ ਪਰਦੇਸ ਅੱਜ, ਹੈ ਘਰ ਘਰ ਬਣਿਆ,
ਦੂਜੇ  ਪਾਸੇ  ਝਾਕਣ  ਲਈ, ਲੱਭੇ  ਕੋਈ ਤਾਂ ਮੋਰੀ।

ਬਾਹਰ ਕਦਮ ਟਿਕਾਉਣਾ, ਹੈ ਨਹੀਂ ਖ਼ਤਰਿਉਂ ਖਾਲੀ,
ਲੁਕਣ  ਇੱਕ  ਦੂਜੇ  ਪਿੱਛੇ, ਬਣੇ  ਨਾ  ਕੋਈ ਮੋਹਰੀ।

ਮਜਬੂਰੀਆਂ  ਦੀ  ਦਾਸਤਾਂ,  ਬੜੀ  ਹੈ  ਲੰਬੀ  ਚੌੜੀ,
ਯਾਦ   ਕੋਈ   ਨਾ   ਮਿੱਠੀ,  ਸਭ  ਹੈ  ਕੌੜੀ  ਕੌੜੀ।

ਦੀਵੇ ਥੱਲੇ ਹਨੇਰਾ - ਰਵਿੰਦਰ ਸਿੰਘ ਕੁੰਦਰਾ

ਲੋਅ ਭਾਵੇਂ ਲੱਖ ਤਿੱਖੀ ਦੇਵੇ, ਪਰ ਪੈਰਾਂ ਵਿੱਚ ਹਨੇਰਾ,
ਦੀਵਾ ਵੀ  ਬੇਵੱਸ  ਹੋ  ਜਾਂਦਾ, ਛੱਡ  ਬਹਿੰਦਾ ਹੈ ਜੇਰਾ।

ਬੰਦਾ  ਇਸ ਤੋਂ  ਉਲਟ  ਬੜਾ ਹੈ, ਅਭਿਮਾਨੀ ਹੰਕਾਰੀ,
ਅਲਪ ਬੁੱਧ ਦਾ ਵਾਜਾ ਅਪਣਾ, ਵਜਾਂਦਾ ਫਿਰੇ ਘਨੇਰਾ।

ਦੇਖੇ ਨੇ ਕਈ ਅਕਲਾਂ ਵੰਡਦੇ, ਪਰ ਆਪਣਾ ਖਾੱਨਾ ਖਾਲੀ,
ਜੀਵਨ ਜਾਚ ਜਗਤ ਨੂੰ ਦੱਸਣ, ਪਰ ਚੌੜ ਹੈ ਝੁੱਗਾ ਵਿਹੜਾ।

ਆਪਣੇ  ਘਰ  ਜੋਗੀ  ਹੈ  ਬੁੱਧੂ, ਬਾਹਰ  ਸਿੱਧ  ਕਹਾਵੇ,
ਸੁਆਹ ਤੋਂ ਸੱਖਣਾ ਚੁੱਲ੍ਹਾ ਉਸਦਾ, ਸ਼ਾਮ ਹੋਵੇ ਜਾਂ ਸਵੇਰਾ।

ਬਹੁਤੀ  ਅਕਲ  ਵੀ ਹੈ ਅਜ਼ਾਬੀ, ਨਾ ਸਾਂਭ ਸਕੇ  ਹਰ ਕੋਈ,
ਪਿਆਲਾ ਵੀ ਜਦ ਭਰ ਕੇ ਉੱਛਲੇ, ਕਰ ਜਾਵੇ ਲੱਗ ਲਬੇੜਾ।

ਥੋਥਾ ਚਨਾ  ਛਣ ਛਣ ਛਣਕੇ, ਊਣਾ ਘੜਾ  ਵੀ ਬਹੁਤਾ,
ਅਕਲ ਬੇਅਕਲੇ ਮਾਨਸ ਦਾ, ਕੁਦਰਤ ਹੀ ਕਰੇ ਨਬੇੜਾ।

ਮੂਰਖ ਦੇ ਨਾਲ ਮੱਥਾ ਲਾਉਣਾ,  ਪੈਂਦਾ ਬੜਾ ਹੈ ਮਹਿੰਗਾ,
ਚੁੱਪ ਕਰਕੇ  ਇੱਕ  ਪਾਸੇ ਹੋਣਾ, ਸੌਖਿਆਂ ਹੀ  ਮੁੱਕੇ ਝੇੜਾ।

ਜ਼ਿੰਦਗੀ ਦੇ  ਕਈ ਕੌੜ  ਤਜਰਬੇ,  ਕਿਹੜੇ  ਕਿਹੜੇ ਦੱਸਾਂ,
ਅੜਬ ਅਦੀਬਾਂ ਦੇ ਵਿੱਚ ਘਿਰ ਕੇ, ਦਿਲ ਦੁਖਦਾ ਬੜਾ ਹੈ ਮੇਰਾ।

ਤੇਗ਼ ਤਪੱਸਿਆ 'ਤੇ ਚਾਦਰ  - ਰਵਿੰਦਰ ਸਿੰਘ ਕੁੰਦਰਾ

ਤੇਗ਼  ਤਪੱਸਿਆ  ਦਾ  ਧਨੀ,
ਕੋਈ ਹੋਰ ਨਹੀਂ ਤੇਗ਼ ਬਹਾਦਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਚਾਦਰ  ਦੇ  ਰੰਗ  ਨਿਆਰੇ  ਨੇ,
ਸਾਰੇ  ਹੀ ਜਾਨ ਤੋਂ  ਪਿਆਰੇ ਨੇ।
ਪਰਦਾ ਹੈ ਭੋਲੀਆਂ ਇੱਜ਼ਤਾਂ ਦਾ,
ਨਾਮ ਬਾਣੀ ਦੀਆਂ ਸਿਫਤਾਂ ਦਾ।
ਸ਼ਾਂਤੀ ਦਾ  ਭਰਿਆ  ਸਾਗਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਚਾਦਰ  ਬਣ  ਜਾਵੇ  ਢਾਲ  ਕਦੀ,
ਖੜ੍ਹੇ ਹੱਸ ਮਜ਼ਲੂਮ ਦੇ ਨਾਲ ਕਦੀ।
ਸਭ ਕੁੱਝ ਹੀ ਦਾਅ 'ਤੇ ਲਾ ਦੇਵੇ,
ਜ਼ਾਲਮ ਅੱਗੇ  ਹਿੱਕ ਡਾਹ  ਦੇਵੇ।
ਨਾ ਸੱਚ ਕਹਿਣੋਂ ਕਦੀ ਨਾਬਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਵਚਨਾਂ 'ਤੇ  ਬਚਨਾਂ ਦਾ  ਪੂਰਾ ਹੈ,
ਮੈਦਾਨੇ  ਜੰਗ  ਵਿੱਚ  ਸੂਰਾ ਹੈ।
ਭੈਅ  ਕਿਸੇ  ਨੂੰ  ਨਾ  ਦੇਵੇ,
ਕੋਈ ਦੇਵੇ ਤਾਂ ਫਿਰ ਲਾਹ ਦੇਵੇ।
ਮਕਤਲ ਤੱਕ ਚੱਲ ਕੇ ਖ਼ੁਦ ਪਹੁੰਚੇ,
ਇੱਕ  ਐਸਾ  ਨੇਕ  ਮੁਸਾਫਿਰ  ਹੈ,
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਤੇਗ਼ ਤਪੱਸਿਆ ਦਾ ਧਨੀ,
ਕੋਈ ਹੋਰ ਨਹੀਂ ਤੇਗ਼ ਬਹਾਦਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਰਵਿੰਦਰ ਸਿੰਘ ਕੁੰਦਰਾ

ਆਦਮ ਬੋ ਬਈ ਆਦਮ ਬੋ - ਰਵਿੰਦਰ ਸਿੰਘ ਕੁੰਦਰਾ

ਆਦਮ  ਬੋ  ਬਈ  ਆਦਮ  ਬੋ, ਦੂਰੋਂ  ਹੀ  ਤੇਰੀ  ਆਵੇ ਬੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।

ਕਿਸ ਦੇ ਦੀਵੇ ਦਾ ਜਿੰਨ ਹਾਂ ਮੈਂ, ਇਹ ਨਹੀਂ ਦੱਸਾਂਗਾ ਮੈਂ ਤੈਨੂੰ।
ਕਿਸੇ ਨੂੰ ਵੀ ਨਹੀਂ ਮੈਂ ਛੱਡਦਾ, ਕਿਉਂ ਕਰ ਬਖਸ਼ਾਂ ਫੇਰ ਮੈਂ ਤੈਨੂੰ।
ਚੰਦਰੀ ਮੇਰੀ ਭੁੱਖ ਹੈ ਡਾਢੀ, ਪੈਂਦੀ ਰਹਿੰਦੀ ਢਿੱਡ ਵਿੱਚ ਖੋਹ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ........

ਭਾਈ ਭੈਣ  ਤੂੰ ਮੇਰੇ  ਮਾਰੇ, ਪੁਰਖੇ  ਗਏ ਸਭ  ਹਾੜ੍ਹੇ ਕੱਢਦੇ।
ਪਿਆ ਰਹਿਨੈ ਤੂੰ ਸਾਡੇ ਪਿੱਛੇ, ਡਰ ਕੇ ਰਹੇ ਅਸੀਂ ਤੈਥੋਂ ਭੱਜਦੇ।
ਝੱਲਿਆ ਬੜਾ ਹੀ ਘਾਣ ਅਸਾਂ ਨੇ, ਅੱਤ ਗਈ ਹੁਣ ਬਹੁਤੀ ਹੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਤਦਬੀਰਾਂ ਤੂੰ ਬਹੁਤ ਬਣਾਈਆਂ, ਤਕਨੀਕਾਂ ਤੂੰ ਬਹੁਤ ਘੁਮਾਈਆਂ।
ਹਰ ਤਰ੍ਹਾਂ ਦੇ ਹਰਬੇ ਵਰਤੇ, ਸਾਨੂੰ ਰੱਜ ਕੇ ਤੋਹਮਤਾਂ ਲਾਈਆਂ।
ਸਾਇੰਸਾਂ ਦੀ ਤੂੰ ਚੜ੍ਹ ਘਨੇੜੀ, ਮਨਸੂਬੇ ਲਏ ਕਈ ਨਵੇਂ ਪਰੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਜੀਅ ਜੰਤ ਸਭ ਤੈਥੋਂ ਡਰਦੇ, ਰਹਿੰਦੇ ਸਦਾ ਤੇਰਾ ਪਾਣੀ ਭਰਦੇ।
ਰੱਬ ਨੂੰ ਵੀ ਤੂੰ ਰਿਸ਼ਵਤ ਦੇ ਕੇ, ਦੇਖਿਆ ਅਸੀਂ ਆਪਣੇ ਵੱਲ ਕਰਦੇ।
ਉਸ ਨੂੰ ਵੀ ਮੈਂ ਦੱਸ ਦੇਵਾਂਗਾ, ਜੇ ਕਮਾਇਆ ਮੇਰੇ ਨਾਲ ਧਰੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।

ਆਦਮ ਬੋ ਬਈ ਆਦਮ ਬੋ, ਦੂਰੋਂ ਹੀ ਤੇਰੀ ਆਵੇ ਬੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........