Pooja Sharma

 ਦਿਵਿਆਂਗ ਜੀਵਨ ਲਈ ਸਿੱਖਿਆ ਇਕ ਅਮੁੱਲ ਵਰਦਾਨ - ਪੂਜਾ ਸ਼ਰਮਾ

          ਸਿੱਖਿਆ ਮਨੁੱਖੀ ਜੀਵਨ ਨੂੰ ਪ੍ਰਕਾਸ਼ਿਤ ਕਰਨ ਵਾਲੀ ਇੱਕ ਜੋਤ ਹੈ ਜੋ ਸੰਸਾਰ ਦੇ ਹਰ ਮਨੁੱਖ ਵਿੱਚ ਮਨੁੱਖਤਾ ਦਾ ਭਾਵ ਪੈਦਾ ਕਰਕੇ ਉਸਦੇ ਜੀਵਨ ਨੂੰ ਨਵੀਂ ਸੇਧ ਦਿੰਦੀ ਹੈ। ਸਿੱਖਿਆ ਦੀ ਤੁਲਨਾ ਸੂਰਜ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਸਾਰੀ ਸਰਿਸ਼ਟੀ ਤੇ ਆਪਣਾ ਪ੍ਰਕਾਸ਼ ਰੂਪੀ ਅਸ਼ੀਰਵਾਦ ਵਰਸਾਉਂਦਾ ਹੈ ਜੋ ਵਿਅਕਤੀ,  ਉਸਦੇ ਪਰਿਵਾਰ, ਸਮਾਜ, ਦੇਸ਼ ਅਤੇ ਸੰਪੂਰਨ ਵਿਸ਼ਵ ਨੂੰ ਰੌਸ਼ਨ ਕਰਦਾ ਹੈ।ਮਹਾਂਕਵੀ ਕਾਲੀਦਾਸ ਨੇ ਮਹਾਂਕਾਵ “ਰਘੂਵੰਸ਼ਮ” ਵਿੱਚ ਸਿੱਖਿਆ ਸ਼ਬਦ ਦਾ ਪ੍ਰਯੋਗ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਰੂਪ ਵਿੱਚ ਕੀਤਾ ਹੈ| ਸਿੱਖਣ ਸਿਖਾਉਣ ਦੀ ਇਹ ਪ੍ਰਕਿਰਿਆ ਜੀਵਨ ਭਰ ਚਲਦੀ ਰਹਿੰਦੀ ਹੈ। ਜੋ ਬੱਚੇ ਦੇ ਮਾਂ ਦੇ ਗਰਭ ਵਿੱਚ ਆਉਣ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੇ ਆਖਰੀ ਸਾਹਾਂ ਤੱਕ ਉਸਦੇ ਨਾਲ ਰਹਿੰਦੀ ਹੈ। ਇਸ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਵਿੱਚ ਵਿਅਕਤੀ ਗਿਆਨ ਦੇ ਨਾਲ-ਨਾਲ ਜੀਵਨ ਸਬੰਧੀ ਮਾਨਤਾਵਾਂ, ਆਦਰਸ਼ ਤੇ ਕੁਸ਼ਲਤਾਵਾਂ ਸਿੱਖਦਾ ਹੈ ਜੋ ਉਸ ਦੇ ਜੀਵਨ ਨੂੰ ਆਦਰਸ਼ ਬਨਾਉਣ ਵਿੱਚ ਸਹਾਈ ਹੁੰਦੀਆਂ ਹਨ।
 ਸਿੱਖਿਆ ਜੀਵਨ ਸਬੰਧੀ ਮਾਨਤਾਵਾਂ ਅਤੇ ਆਦਰਸ਼ਾਂ ਨਾਲ ਵੀ ਸੰਬੰਧਿਤ ਹੈ| ਇਹ ਉਹ ਕੌਸ਼ਲ ਹੈ ਜਿਸ ਨੂੰ ਕੋਈ ਵੀ ਵਿਅਕਤੀ ਲਗਾਤਾਰ ਅਭਿਆਸ ਦੁਆਰਾ ਹੀ ਪ੍ਰਾਪਤ ਕਰ ਸਕਦਾ ਹੈ। ਸਿੱਖਿਆ ਲਿਖਣ ਅਤੇ ਪੜਨ ਦਾ ਗਿਆਨ ਦੇਣ ਦੇ ਨਾਲ ਵਿਅਕਤੀ ਦੇ ਆਚਰਣ, ਵਿਚਾਰ ਅਤੇ ਦ੍ਰਿਸ਼ਟੀਕੋਣ ਵਿੱਚ ਅਜਿਹਾ ਬਦਲਾਵ ਲਿਆਉਂਦੀ ਹੈ ਜੋ ਸਮਾਜ, ਰਾਸ਼ਟਰ ਅਤੇ ਵਿਸ਼ਵ ਦੇ ਲਈ ਲਾਹੇਵੰਦ ਹੁੰਦਾ ਹੈ।
          ਸਿੱਖਿਆ ਜੀਵਨ ਦੀ ਤਰ੍ਹਾਂ ਵਿਆਪਕ ਹੈ। ਇਹ ਸਿਰਫ ਸਕੂਲ, ਕਾਲਜ ਤੱਕ ਹੀ ਸੀਮਿਤ ਨਹੀਂ। ਸਮਾਜ ਵਿੱਚ ਰਹਿੰਦਿਆਂ ਵੱਖ-ਵੱਖ ਅਨੁਭਵਾਂ ਜਾਂ ਤਜਰਬਿਆਂ ਦੁਆਰਾ ਮਨੁੱਖ ਹਰ ਪਲ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ। ਸਿੱਖਿਆ ਦਾ ਅਰਥ ਮਨੁੱਖ ਦੀਆਂ ਸੰਪੂਰਨ ਅੰਦਰੂਨੀ ਸ਼ਕਤੀਆਂ ਅਤੇ ਗੁਣਾਂ ਦਾ ਪ੍ਰਗਟੀਕਰਨ ਅਤੇ ਸਰਵਪੱਖੀ ਵਿਕਾਸ ਕਰਨਾ ਹੈ। ਸਵਾਮੀ ਵਿਵੇਕਾਨੰਦ ਅਨੁਸਾਰ ਸਿੱਖਿਆ ਦਾ ਅਰਥ ਉਸ ਪੂਰਨਤਾ ਨੂੰ ਵਿਅਕਤ ਕਰਨਾ ਹੈ ਜੋ ਸਾਰੇ ਮਨੁੱਖਾਂ ਅੰਦਰ ਵਾਸ ਕਰਦੀ ਹੈ। ਸਿੱਖਿਆ ਲਿਖਣ-ਪੜ੍ਹਣ ਦਾ ਗਿਆਨ ਦੇਣ ਦੇ ਨਾਲ-ਨਾਲ ਵਿਅਕਤੀ ਦੇ ਆਚਰਣ, ਵਿਚਾਰ ਤੇ ਸੋਚ ਵਿੱਚ ਅਜਿਹਾ ਪਰਿਵਰਤਨ ਲਿਆਉਂਦੀ ਹੈ ਜੋ ਪੂਰੇ ਸਮਾਜ, ਰਾਸ਼ਟਰ ਅਤੇ ਵਿਸ਼ਵ ਲਈ ਲਾਭਦਾਇਕ ਹੁੰਦਾ ਹੈ।
          ਸਿੱਖਿਆ ਇੱਕ ਸਮਾਜ ਦੀ ਨੀਂਵ ਹੁੰਦੀ ਹੈ ਜਿਸ ਤਰ੍ਹਾਂ ਦੀ ਸਿੱਖਿਆ ਸਮਾਜ ਵਿੱਚ ਪ੍ਰਚਲਿਤ ਹੋਵੇਗੀ ਉਸੇ ਤਰ੍ਹਾਂ ਦੇ ਸਮਾਜ ਦਾ ਨਿਰਮਾਣ ਹੋਵੇਗਾ। ਸਿੱਖਿਆ ਤੋਂ ਬਿਨਾਂ ਮਨੁੱਖ ਦਾ ਜੀਵਨ ਨਿਰਰਥਕ ਅਤੇ ਸਾਰਹੀਨ ਰਹਿੰਦਾ ਹੈ| ਸਿੱਖਿਆ ਮਨੁੱਖ ਦੀ ਬੁੱਧੀ, ਬੋਧ, ਸਮਰੱਥਾ ਅਤੇ ਵਿਵੇਕ ਨੂੰ ਵਿਕਸਿਤ ਕਰਦੀ ਹੈ[ ਸਿੱਖਿਆ ਮਨੁੱਖ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈਕੇ ਜਾਂਦੀ ਹੈ। ਇਹ ਉਸ ਨੂੰ ਜੀਵਨ ਸਬੰਧੀ ਸਿਧਾਤਾਂ ਤੇ ਉਦੇਸ਼ਾਂ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਸਿੱਖਿਆ ਤੋਂ ਬਿਨਾ ਮਨੁੱਖੀ ਜੀਵਨ ਸਾਰਹੀਣ ਹੈ ਕਿਉਂਕਿ ਇਹ ਹੀ ਹੈ ਜੋ ਮਨੁੱਖ ਦੀ ਬੁੱਧੀ ਅਤੇ ਵਿਵੇਕ ਦਾ ਵਿਕਾਸ ਕਰਦੀ ਹੈ। ਸੰਸਕ੍ਰਿਤ ਦੇ ਮਹਾਨ ਕਵੀ ਭਰਤੀਹਰਿ ਅਨੁਸਾਰ ਸਿੱਖਿਆ ਤੋਂ ਬਿਨਾ ਮਨੁੱਖ ਨਿਰਾ ਪਸ਼ੂ ਹੈ। ਇਹ ਮਨੁੱਖ ਦਾ ਗੁਪਤ ਧਨ ਹੈ ਜਿਸ ਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ। ਉਦੇਸ਼ ਦੇ ਗਿਆਨ ਤੋਂ ਬਿਨਾਂ ਅਧਿਆਪਕ ਉਸ ਮਲਾਹ ਵਰਗਾ ਹੁੰਦਾ ਹੈ ਜਿਸ ਨੂੰ ਆਪਣੇ ਲਕਸ਼ ਦਾ ਗਿਆਨ ਨਹੀਂ ਹੁੰਦਾ ਅਤੇ ਉਸਦੇ ਵਿਦਿਆਰਥੀ ਉਸ ਚੱਪੂ ਤੋਂ ਬਿਨਾਂ ਬੇੜੀ ਦੇ ਸਮਾਨ ਹਨ ਜੋ ਸਮੁੰਦਰ ਦੀਆਂ ਲਹਿਰਾਂ ਦੇ ਥਪੇੜੇ ਖਾਂਦੀ ਹੋਈ ਕਿਨਾਰੇ ਵੱਲ ਵੱਧਦੀ ਜਾ ਰਹੀ ਹੈ।
          ਸਿੱਖਿਆ ਮਨੁੱਖ ਨੂੰ ਸਿਰਫ ਜ਼ਿੰਦਗੀ ਜਿਊਣ ਦੇ ਕਾਬਿਲ ਹੀ ਨਹੀਂ ਬਣਾਉਂਦੀ ਬਲਕਿ ਇਹ ਉਸ ਵਿੱਚ ਸਹੀ ਨਿਰਣਾ ਲੈਣ ਦੀ ਯੋਗਤਾ ਪੈਦਾ ਕਰਦੀ ਹੈ ਜੋ ਉਸ ਨੂੰ ਸਰੀਰ, ਮਨ ਅਤੇ ਆਤਮਾ ਵਿੱਚ ਸੰਤੁਲਨ ਬਣਾਉਣ ਵਿੱਚ ਸਹਾਈ ਹੁੰਦੀ ਹੈ। ਸਿੱਖਿਆ ਦੇ ਰਾਹੀਂ ਮਨੁੱਖ ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਸ਼ਕਤੀਆਂ ਦਾ ਵਿਕਾਸ ਕਰਦਾ ਹੈ। ਇਸ ਨਾਲ ਉਸ ਵਿੱਚ ਸਮਾਜਕ ਨਿਯਮਾਂ ਦਾ ਗਿਆਨ ਹੁੰਦਾ ਹੈ ਅਤੇ ਸਮਾਜਕ ਬੁਰਾਈਆਂ ਪ੍ਰਤੀ ਉਸ ਦੀ ਸੋਚ ਵਿਕਸਿਤ ਹੁੰਦੀ ਹੈ ਅਤੇ ਸਮਾਜਿਕ ਪਰਿਵਰਤਨ ਦਾ ਹਿੱਸਾ ਬਣਦੇ ਹੋਏ ਉਹ ਰਾਸ਼ਟਰ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਸਿੱਖਿਆ ਦਾ ਮਹੱਤਵ ਬਹੁਤ ਜਿਆਦਾ ਹੈ ਕਿਉਂਕਿ ਇਹ ਸਾਨੂੰ ਗਿਆਨ, ਕੌਸ਼ਲ. ਆਤਮ ਵਿਸ਼ਵਾਸ. ਆਤਮ ਨਿਰਭਰਤਾ ਤੇ ਸਮਾਜ ਵਿੱਚ ਇੱਕ ਸਕਾਰਾਤਮਕ ਭੂਮਿਕਾ ਨਿਭਾਉਣ ਵਿੱਚ ਮਦਦ ਕਰਦੀ ਹੈ| ਸਿੱਖਿਆ ਸਾਡੇ ਵਿਅਕਤੀਤਵ. ਚਰਿਤਰ ਅਤੇ ਆਦਰਸ਼ਾਂ ਦਾ ਨਿਰਮਾਣ ਕਰਦੀ ਹੈ| ਇਹ ਸਾਨੂੰ ਸਾਡੇ ਅਧਿਕਾਰਾਂ ਅਤੇ ਕਰਤਵਾਂ ਪ੍ਰਤੀ ਜਾਗਰੂਕ ਬਣਾਉਂਦੀ ਹੈ ਅਤੇ ਸਾਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਕਰਨ ਦਾ ਮੌਕਾ ਦਿੰਦੀ ਹੈ
          ਇੱਕ ਸਧਾਰਨ ਮਨੁੱਖ ਲਈ ਸਿੱਖਿਆ ਦਾ ਜਿੱਥੇ ਇੰਨਾ ਮਹੱਤਵ ਹੈ ਉੱਥੇ ਇੱਕ ਦਿਵਿਆਂਗ ਲਈ ਇਸਦੀ ਉਪਯੋਗਿਤਾ ਕਈ ਗੁਣਾ ਵੱਧ ਜਾਂਦੀ ਹੈ। ਸਿੱਖਿਆ ਹੀ ਉਹ ਖਜ਼ਾਨਾ ਹੈ ਜੋ ਇੱਕ ਦਿਵਿਆਂਗ ਨੂੰ ਸਮਾਜ ਵਿੱਚ ਸਨਮਾਨ ਦਵਾਉਂਦਾ ਹੈ ਅਤੇ ਸਿੱਖਿਅਤ ਹੋਕੇ ਉਸ ਨੂੰ ਆਤਮ-ਨਿਰਭਰ ਹੋਣ ਦੇ ਯੋਗ ਬਣਾਉਂਦਾ ਹੈ। ਸਿੱਖਿਆ ਪ੍ਰਾਪਤ ਕਰਕੇ ਉਹ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਕਰਨ ਦੇ ਯੋਗ ਹੀ ਨਹੀਂ ਹੁੰਦਾ ਸਗੋਂ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਬਦਲ ਜਾਂਦਾ ਹੈ। ਇੱਕ ਪਾਸੇ ਅਸਿੱਖਿਅਤ ਦਿਵਿਆਂਗ ਦੀ ਜ਼ਿੰਦਗੀ ਸਹੀ ਸੋਚ ਦੀ ਕਮੀ ਕਾਰਣ ਪਰਿਵਾਰ ਅਤੇ ਸਮਾਜ ਤੇ ਬੋਝ ਬਣ ਜਾਂਦੀ ਹੈ ਅਤੇ ਉਹ ਵੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਉੱਥੇ ਸਿੱਖਿਆ ਦੀ ਓਟ ਇੱਕ ਦਿਵਿਆਂਗ ਦੇ ਜੀਵਨ ਵਿੱਚ ਨਵੀਂ ਆਸ, ਨਵੀਂ ਉਮੀਦ ਅਤੇ ਜੀਵਨ ਦੀ ਨਵੀਂ ਜਾਚ ਪੈਦਾ ਕਰਦੀ ਹੈ। ਜ਼ਿੰਦਗੀ ਜਿਊਣ ਦੀ ਨਵੀਂ ਸੋਝੀ ਉਸ ਅੰਦਰ ਪੈਦਾ ਹੁੰਦੀ ਹੈ। ਮਾਨਸਿਕ ਅਤੇ ਭਾਵਨਾਤਮਿਕ ਸੰਵੇਗਾਂ ਨੂੰ ਕਿਵੇਂ ਕਾਬੂ ਕਰਨਾ ਹੈ ਸਿੱਖਿਆ ਉਸ ਨੂੰ ਸਿਖਾਉਂਦੀ ਹੈ। ਸਮਾਜ ਵਿੱਚ ਰਹਿ ਕੇ ਦ੍ਰਿੜ ਇਰਾਦੇ ਨਾਲ ਸਭ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕਿਵੇਂ ਸਫਲਤਾ ਦੇ ਸਿਖਰ ਤੱਕ ਪਹੁੰਚਣਾ ਹੈ ਇਹ ਵੀ ਸਿੱਖਿਆ ਹੀ ਸਿਖਾਉਂਦੀ ਹੈ। ਭਾਵ ਸਿੱਖਿਆ ਇੱਕ ਮਾਰਗਦਰਸ਼ਕ ਦੀ ਤਰ੍ਹਾਂ ਹਰ ਪਲ ਹਰ ਪੜਾਅ ਤੇ ਉਸ ਦੇ ਅੰਗ-ਸੰਗ ਰਹਿੰਦੀ ਹੈ। ਇਸ ਲਈ ਇੱਕ ਦਿਵਿਆਂਗ ਲਈ ਸਿੱਖਿਆ ਉਸ ਅੰਮ੍ਰਿਤ ਦੀ ਤਰ੍ਹਾਂ ਹੈ ਜੋ ਮਨੁੱਖ ਨੂੰ ਅਮਰਤਾ ਪ੍ਰਦਾਨ ਕਰਦੀ ਹੈ। ਚਾਹੇ ਦਿਵਿਆਂਗ ਮਨੁੱਖ ਦਾ ਜੀਵਨ ਕਿੰਨਾ ਹੀ ਮੁਸ਼ਕਲਾਂ ਭਰਿਆ ਹੋਵੇ ਇਹ ਉਸ ਦੇ ਹੌਂਸਲਿਆਂ ਨੂੰ ਨਵੀਂ ਉਡਾਣ ਦਿੰਦੀ ਹੈ। ਸਿੱਖਿਆ ਦੇ ਕਾਰਨ ਹੀ ਦਿਵਿਆਂਗ ਵਿਅਕਤੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦਾ ਹੈ ਅਤੇ ਸਮਾਜ ਵਿੱਚ ਉਹ ਆਪਣੀ ਥਾਂ ਸਿਰਜਣ ਵਿੱਚ ਕਾਮਯਾਬ ਹੁੰਦਾ ਹੈ। ਸਿੱਖਿਆ ਹੀ ਉਸ ਨੂੰ ਸਮਾਜ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੇ ਵਿੱਚ ਸਹਾਇਕ ਹੁੰਦੀ ਹੈ ਅਤੇ ਸਿੱਖਿਆ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ ਜਿਸ ਨਾਲ ਉਹ ਉਪਲਬਧ ਮੌਕਿਆ ਦਾ ਪ੍ਰਯੋਗ ਕਰਕੇ ਆਪਣੇ ਜੀਵਨ ਨੂੰ ਪਰਿਵਾਰ, ਸਮਾਜ ਅਤੇ ਦੇਸ਼ ਲਈ ਉਪਯੋਗੀ ਬਣਾ ਸਕਦਾ ਹੈ।  ਸਿੱਖਿਆ ਦੇ ਗਿਆਨ ਨੂੰ ਸਮਾਜ ਵਿੱਚ ਲੋਕਾਂ ਨਾਲ ਰਿਸ਼ਤੇ ਬਣਾਉਣ, ਸਮਾਜਿਕ ਹੁਨਰ ਵਿਕਸਿਤ ਕਰਨ ਅਤੇ ਭਾਈਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸਵੈ ਮਾਣ ਨਾਲ ਭਰਪੂਰ ਬਣਾਉਂਦੀ ਹੈ। ਸਮਾਜ ਵਿੱਚ ਦਿਵਿਆਂਗਾਂ ਨੂੰ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਨੂੰ ਚੁਣੌਤੀ ਦੇਣ ਵਿੱਚ ਸਿੱਖਿਆ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
 ਆਓ ਅਸੀਂ ਕੁੱਝ ਅਜਿਹੇ ਦਿਵਿਆਂਗ ਲੋਕਾਂ ਦੀ ਜ਼ਿੰਦਗੀ ਅੰਦਰ ਝਾਤ ਮਾਰੀਏ ਜਿਨ੍ਹਾਂ ਨੇ ਵਿਦਿਆ ਦੇ ਚਾਨਣ ਨਾਲ ਆਪਣੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਅਤੇ ਸਾਰੀ ਦੁਨੀਆ ਲਈ ਪ੍ਰੇਰਣਾ ਸਰੋਤ ਬਣੇ। ਸਭ ਤੋਂ ਪਹਿਲਾਂ ਮੈਂ ਹੈਲਨ ਕੈਲਰ ਨੂੰ ਯਾਦ ਕਰਦੀ ਹਾਂ ਜਿਨ੍ਹਾਂ ਦਾ ਜਨਮ ਅਮਰੀਕਾ ਦੇ ਟਸਕੰਬਿਆ, ਅਲਬਾਮਾ ਵਿਖੇ ਹੋਇਆ। ਜਨਮ ਸਮੇਂ ਉਹ ਬਿਲਕੁਲ ਸਿਹਤਮੰਦ ਸੀ। ਪਰ ਜਦੋਂ ਉਸਦੀ ਉਮਰ 19 ਮਹੀਨੇ ਦੀ ਸੀ ਕਿਸੇ ਬੀਮਾਰੀ ਕਰਕੇ ਉਨ੍ਹਾਂ ਦੀ ਦੇਖਣ ਅਤੇ ਸੁਣਨ ਸ਼ਕਤੀ ਚਲੀ ਗਈ। ਐਨੀ ਸੁਲੀਵਾਨ ਨੇ ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢ ਕੇ ਉਨ੍ਹਾਂ ਦੀ ਜ਼ਿੰਦਗੀ ਰੁਸ਼ਨਾ ਦਿੱਤੀ। ਬਹੁਤ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬ੍ਰੇਲ ਲਿਪੀ ਸਿੱਖੀ ਅਤੇ ਪਹਿਲੀ ਦਿਵਿਆਂਗ ਬਣੀ ਜਿਸਨੇ ਦ੍ਰਿਸ਼ਟੀਹੀਣ ਹੋਣ ਦੇ ਬਾਵਜੂਦ ਬੀ.ਏ. ਪਾਸ ਕੀਤੀ। ਉਨ੍ਹਾਂ ਦੀ ਆਤਮਕਥਾ ‘ਦ ਸਟੋਰੀ ਆਫ ਮਾਈ ਲਾਈਫ’ ਇੱਕ ਜਗਤ ਪ੍ਰਸਿੱਧ ਕਿਤਾਬ ਹੈ। ਆਪਣੀ ਅਣਥਕ ਮਿਹਨਤ ਸਦਕਾ ਉਹ ਇੱਕ ਪ੍ਰਸਿੱਧ ਲੇਖਿਕਾ, ਸਮਾਜ ਸੇਵੀ ਅਤੇ ਰਾਜਨੀਤਕ ਕਾਰਜਕਰਤਾ ਦੇ ਰੂਪ ਵਿੱਚ ਪ੍ਰਸਿੱਧ ਹੋਏ।
ਭਾਰਤੀ ਸੰਸਕ੍ਰਿਤੀ ਵਿੱਚ ਰਿਸ਼ੀ ਅਸ਼ਟਾਵਕਰ ਨੂੰ ਕੌਣ ਭੁਲਾ ਸਕਦਾ ਹੈ? ਅਸ਼ਟਾਵਕਰ ਨਾਂ ਦਾ ਅਰਥ ਹੈ ਅੱਠ ਥਾਵਾਂ ਤੋਂ ਟੇਢਾ। ਰਿਸ਼ੀ ਅਸ਼ਟਾਵਕਰ ਬਚਪਨ ਤੋਂ ਹੀ ਬਹੁਤ ਸੂਝਵਾਨ ਅਤੇ ਹੁਸ਼ਿਆਰ ਵਿਦਿਆਰਥੀ ਸਨ। ਉਨਾਂ ਦੇ ਬਾਹਰੀ ਦਿੱਖ ਕਾਰਨ ਲੋਕ ਉਨਾਂ ਦਾ ਮਜ਼ਾਕ ਉਡਾਇਆ ਕਰਦੇ ਸਨ। “ਅਸ਼ਟਾਵਕਰ ਗੀਤਾ” ਅਤੇ “ਅਸ਼ਟਾਵਕਰ ਸੰਹਿਤਾ” ਭਾਰਤੀ ਸੰਸਕ੍ਰਿਤੀ ਨੂੰ ਉਨਾਂ ਦੀ ਅਨਮੋਲ ਦੇਣ ਹੈ।
 ਜਗਤ ਗੁਰੂ ਸ੍ਰੀ ਰਾਮ ਭਦਰਾਚਾਰਯ ਚਿੱਤਰ ਕੂਟ ਵਿੱਚ ਰਹਿਣ ਵਾਲੇ ਇੱਕ ਪ੍ਰਸਿੱਧ ਵਿਦਵਾਨ, ਰਚਨਾਕਾਰ, ਦਾਰਸ਼ਨਿਕ ਅਤੇ ਰਾਮਾਨੰਦ ਸੰਪ੍ਰਦਾਇ ਦੇ ਚਾਰ ਰਾਮਾਨੰਦਾਚਾਰਿਆ ਵਿੱਚੋਂ ਇੱਕ ਹਨ। ਜਦੋਂ ਉਨ੍ਹਾਂ ਦੀ ਉਮਰ ਦੋ ਮਹੀਨੇ ਦੀ ਸੀ ਉਦੋਂ ਅਚਾਨਕ ਉਨਾਂ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ। ਉਨ੍ਹਾਂ ਨੇ ਕਦੇ ਵੀ ਬਰੇਲ ਲਿਪੀ ਨਾਲ ਪੜ੍ਹਾਈ ਨਹੀਂ ਕੀਤੀ ਪਰ ਉਨਾਂ ਨੂੰ 22 ਭਾਸ਼ਾਵਾਂ ਦਾ ਗਿਆਨ ਹੈ ਅਤੇ 70 ਤੋਂ ਵੱਧ ਗ੍ਰੰਥਾਂ ਦੀ ਰਚਨਾ ਕਰ ਚੁੱਕੇ ਹਨ।
 ਮਹਾਂਕਵੀ ਸੂਰਦਾਸ 16ਵੀਂ ਸਦੀ ਦੇ ਮਹਾਨ ਸੰਤ, ਕਵੀ ਅਤੇ ਗਾਇਕ ਰਹੇ ਹਨ। ਕਿਹਾ ਜਾਂਦਾ ਹੈ ਕਿ ਉਹ ਜਨਮ ਤੋਂ ਹੀ ਦ੍ਰਿਸ਼ਟੀਹੀਣ ਸਨ। ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਰਮ ਭਗਤ ਸਨ। ਉਨਾਂ ਦੀਆਂ ਕਾਵਿ ਰਚਨਾਵਾਂ ਸੂਰ ਸਾਗਰ, ਸੂਰ ਸਾਰਾਵਲੀ ਅਤੇ ਸਾਹਿਤਯ ਲਹਿਰੀ ਸ੍ਰੀ ਕ੍ਰਿਸ਼ਨ ਪ੍ਰੇਮ ਅਤੇ ਅਰਾਧਨਾ ਨਾਲ ਭਰੀਆਂ ਹਨ। ਕਿਹਾ ਜਾਂਦਾ ਹੈ ਕਿ ਬਿਨਾਂ ਨਜ਼ਰ ਤੋਂ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਰੂਪ ਮਾਧੁਰੀ ਦਾ ਵਰਨਨ ਜਿਸ ਤਰ੍ਹਾਂ ਮਹਾਂਕਵੀ ਸੂਰ ਦਾਸ ਨੇ ਕੀਤਾ ਨਜ਼ਰ ਵਾਲਾ ਵਿਅਕਤੀ ਵੀ ਸ਼ਾਇਦ ਹੀ ਕਰ ਸਕੇ।
          ਇਰਾ ਸਿੰਘਲ ਜੋ ਕਿ ਯੂ. ਪੀ. ਐਸ. ਸੀ . 2014 ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਰਹੀ ਸਾਰੀਆਂ ਔਰਤਾਂ ਅਤੇ ਦਿਵਿਆਂਗਾਂ ਲਈ ਇੱਕ ਮਿਸਾਲ ਹੈ। ਉਹ ਰੀੜ੍ਹ ਦੀ ਹੱਡੀ ਨਾਲ ਸਬੰਧਤ ਇੱਕ ਬੀਮਾਰੀ ਨਾਲ ਪੀੜਤ ਹਨ ਜਿਸ ਨਾਲ ਉਨ੍ਹਾਂ ਦੀ ਬਾਜੂ ਠੀਕ ਰੂਪ ਵਿੱਚ ਕੰਮ ਕਰਣ ਵਿੱਚ ਅਸਮਰਥ ਹੈ ਪਰ ਆਪਣੇ ਦ੍ਰਿੜ ਇਰਾਦੇ ਸਦਕਾ ਉਹ ਪਹਿਲੀ ਦਿਵਿਆਂਗ ਮਹਿਲਾ ਬਣੀ ਜਿਸ ਨੇ ਇਸ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
          ਸਟੀਫਨ ਵਿਲੀਅਮ ਹਾੱਕਿੰਗ ਇੱਕ ਅਜਿਹਾ ਨਾਂ ਜਿਸ ਨੇ ਵਿਗਿਆਨ ਦੀ ਦੁਨੀਆ ਵਿੱਚ ਆਪਣੀ ਅਮਿਟ ਛਾਪ ਛੱਡੀ। ਉਨ੍ਹਾਂ ਨੂੰ  ਮੋਟਰ ਨਿਊਰਾੱਨ ਬੀਮਾਰੀ ਹੋ ਗਈ। ਇਸ ਸਭ ਦੇ ਬਾਵਜੂਦ ਉਹਨਾਂ ਨੇ ਹਿਮੱਤ ਨਹੀਂ ਹਾਰੀ ਅਤੇ ਆੱਕਸਫੋਰਡ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਬਣੇ। ਉਹਨਾਂ ਦਾ ਸਾਰਾ ਸ਼ਰੀਰ ਲਕਵੇ ਤੋਂ ਗ੍ਰਸਿਤ ਹੋ ਗਿਆ।ਉਹਨਾਂ ਨੇ ਵਿਸ਼ੇਸ਼ ਤੌਰ ਤੇ ਬਲੈਕ ਹੋਲ ਤੇ ਕੰਮ ਕੀਤਾ।ਉਹਨਾਂ ਦੀ ਕਿਤਾਬ ‘ਅ ਬ੍ਰੀਫ ਹਿਸਟਰੀ ਆੱਫ ਟਾਈਮ’ ਦੀਆਂ 1988 ਤੋਂ ਹੁਣ ਤੱਕ 10 ਮਿਲੀਅਨ ਪ੍ਰਤੀਆਂ ਬਿਕ ਚੁੱਕੀਆ ਹਨ ਅਤੇ ਇਸ ਦਾ 35 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁਕਿਆ ਹੈ।ਉਹਨਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਬੱਡਮੁੱਲੇ ਯੋਗਦਾਨ ਲਈ ਬਹੁਤ ਸਾਰੇ ਅਵਾਰਡਾਂ ਨਾਲ ਨਵਾਜ਼ਿਆ ਗਿਆ।
          ਐਚ ਰਾਮਕ੍ਰਿਸ਼ਨਨ ਜਦੋਂ ਢਾਈ ਸਾਲ ਦੇ ਸੀ ਉਦੋਂ ਉਹਨਾਂ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋ ਗਿਆ। ਲੰਬੇ ਸੰਘਰਸ਼ ਤੋਂ ਬਾਅਦ ਵੀ ਉਹਨਾਂ ਨੇ 40 ਸਾਲ ਪੱਤਰਕਾਰ ਦੇ ਤੌਰ ਤੇ ਕੰਮ ਕੀਤਾ ਅਤੇ ਫਿਲਹਾਲ ਐਸ.ਐਸ. ਮਿਊਜ਼ਿਕ ਕੰਪਨੀ ਵਿੱਚ ਸੀ.ਈ.ਓ ਦੇ ਤੌਰ ਤੇ ਕੰਮ ਕਰ ਰਹੇ ਹਨ।ਉਹ ਦਿਵਿਆਂਗ ਲੋਕਾਂ ਲਈ ਕਰੁਪਾ ਨਾਂ ਦਾ ਟ੍ਰਸਟ ਵੀ ਚਲਾ ਰਹੇ ਹਨ।
          ਸੁਰੇਸ਼ ਅਡਵਾਨੀ ਇੱਕ ਅਜਿਹੀ ਵਿਲੱਖਣ ਉਦਾਹਰਣ ਹਨ ਜੋ ਅੱਠ ਸਾਲ ਦੀ ਉਮਰ ਵਿੱਚ ਪੋਲੀਓ ਤੋਂ ਗ੍ਰਸਿਤ ਹੋ ਕੇ ਵ੍ਹੀਲ਼ ਚੇਅਰ ਦੇ ਮੁਹਤਾਜ ਹੋ ਗਏ।ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖਦੇ ਹੋਏ ਅਣਥਕ ਮਿਹਨਤ ਨਾਲ ਇਹ ਅੱਾਨਕੋਲੋਜਿਸਟ ਬਣੇ। ਆਪਣੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਜੋਂ ਇਹਨਾਂ ਨੂੰ 2002 ਵਿੱਚ ਪਦਮ ਸ਼੍ਰੀ ਅਤੇ 2012 ਵਿੱਚ ਪਦਮ ਭੂਸ਼ਨ ਨਾਲ ਨਵਾਜ਼ਿਆ ਗਿਆ।ਇਹ ਭਾਰਤ ਦੇ ਪਹਿਲੇ ਅੱਾਨਕੋਲੋਜਿਸਟ ਹਨ ਜਿਹਨਾਂ ਨੇ ਸਫਲਤਾ ਪੂਰਵਕ ਬੋਨ ਮੈਰੋ ਟਰਾਂਸਪਲਾਂਟ ਕੀਤਾ।
ਅਕਬਰ ਖਾਨ ਜਿਸ ਦਾ ਜਨਮ ਰਾਜਸਥਾਨ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਜਨਮ ਤੋਂ ਹੀ ਨਹੀਂ ਦੇਖ ਸਕਦੇ ਸੀ।ਉਹਨਾਂ ਦੇ ਭਰਾ ਜੋ ਖੁਦ ਇਸ ਬੀਮਾਰੀ ਤੋਂ ਪੀੜਿਤ ਸਨ, ਨੇ ਉਹਨਾਂ ਦਾ ਸਾਥ ਦਿੱਤਾ।ਅਕਬਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ।ਪਰ ਸੰਗੀਤ ਵਿੱਚ ਇਹਨਾਂ ਨੂੰ ਵਿਸ਼ੇਸ਼ ਰੂਚੀ ਸੀ।ਇਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ 1989 ਵਿੱਚ ਨੈਸ਼ਨਲ ਅਵਾਰਡ ਨਾਲ ਇਹਨਾਂ ਦਾ ਸਨਮਾਨਿਤ ਹੋਣਾ ਹੈ।
          ਜਾਵੇਦ ਅਬੀਦੀ ਜਿਸ ਨੂੰ ਇਕ ਬੀਮਾਰੀ ਕਾਰਣ 15 ਸਾਲ ਦੀ ਉਮਰ ਵਿੱਚ ਵ੍ਹੀਲ ਚੇਅਰ ਦਾ ਸਹਾਰਾ ਲੈਣਾ ਪਿਆ ਪਰ ਇਸ ਨੇ ਹਾਰ ਨਾ ਮੰਨਦਿਆਂ ਹੋਇਆਂ ਵਿਦੇਸ਼ ਜਾ ਕੇ ਆਪਣੀ ਪੜ੍ਹਾਈ ਖਤਮ ਕੀਤੀ ਅਤੇ ਇਕ ਪੱਤਰਕਾਰ ਬਣਿਆ।ਉਹ ਕਈ ਸਾਲਾਂ ਤੋਂ ਦਿਵਿਆਗਾਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ ਅਤੇ ਭਾਰਤ ਵਿੱਚ National Center for Promotion of Employment for Disabled People ਦੇ ਡਾਇਰੈਕਟਰ ਹਨ ਅਤੇ ਦਿਵਿਆਗਾਂ ਦੇ ਹੱਕਾਂ ਪ੍ਰਤੀ ਨਿਰੰਤਰ ਆਪਣੀ ਭੂਮਿਕਾ ਨਿਭਾ ਰਹੇ ਹਨ।ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ  ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਦਿਵਿਆਂਗ ਹੁੰਦਿਆਂ ਹੋਇਆਂ ਹਾਰ ਨਾ ਮੰਨ ਕੇ ਨਵੀਆਂ ਪੈੜਾਂ ਬਣਾਈਆਂ ਹਨ|
          ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਪਰੋਕਤ ਦਿੱਤੀਆਂ ਕੁੱਝ ਦਿਵਿਆਂਗ ਵਿਅਕਤੀਆਂ ਦੀਆਂ ਉਦਾਹਰਣਾਂ ਇਹ ਸਿੱਧ ਕਰਦੀਆਂ ਹਨ ਕਿ ਵਿਅਕਤੀ ਦੀ ਦ੍ਰਿੜ੍ਹ ਇੱਛਾ ਸ਼ਕਤੀ  ਦੇ ਨਾਲ ਨਾਲ ਸਹੀ ਅਰਥਾਂ ਵਿੱਚ ਸਿੱਖਿਅਤ ਹੋਣਾ ਵਿਅਕਤੀਤਵ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਵਿਅਕਤੀ ਜਿਹੜੇ ਕਿਸੇ ਵੀ ਕਾਰਣ ਦਿਵਿਆਂਗ ਹਨ ਉਨ੍ਹਾਂ ਨੂੰ ਹੌਸਲਾ ਨਾ ਛੱਡਦੇ ਹੋੋਏ ਉਪਰੋਕਤ ਵਰਣਨ ਕੀਤੇ ਗਏ ਸਫਲ ਵਿਅਕਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹੀਣ ਭਾਵ ਚੋਂ ਬਾਹਰ ਨਿੱਕਲ ਕੇ ਪੂਰੇ ਆਤਮ ਵਿਸ਼ਵਾਸ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਆਪਣੀਆਂ ਰੁਚੀਆਂ ਅਨੁਸਾਰ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਤਾਂ ਜੋ ਉਹ ਵਧੀਆ ਢੰਗ ਨਾਲ ਆਪਣਾ ਜੀਵਨ ਵਤੀਤ ਕਰ ਸਕਣ।

ਵਿਕਲਾਂਗ ਵਿਅਕਤੀ ਦੀ ਜ਼ਿੰਦਗੀ ਵਿੱਚ ਸਮਾਜ ਦੀ ਭੂਮਿਕਾ - ਪੂਜਾ ਸ਼ਰਮਾ

ਮਨੁੱਖ ਸਮਾਜ ਦਾ ਅਨਿੱਖੜਵਾਂ ਅੰਗ ਹੈ। ਉਹ ਸਮਾਜ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਸਮਾਜ ਵਿੱਚ ਹੀ ਉਸ ਦਾ ਜਨਮ ਹੁੰਦਾ ਹੈ ਅਤੇ ਉਹ ਆਪਣਾ ਸਾਰਾ ਜੀਵਨ ਸਮਾਜ ਵਿੱਚ ਹੀ ਬਤੀਤ ਕਰਦਾ ਹੈ। ਮਹਾਨ ਗਰੀਕ ਦਾਰਸ਼ਨਿਕ ਅਰਸਤੂ ਦੇ ਸ਼ਬਦਾਂ ਵਿਚ, "ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।" ਇਸ ਲਈ ਸਮਾਜ ਦਾ ਮਨੁੱਖ ਦੀ ਜਿੰਦਗੀ ਵਿੱਚ ਬਹੁਤ ਮਹੱਤਵ ਹੈ।
ਸਮਾਜ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਸੁਸਾਇਟੀ’ ਦਾ ਸਮਾਨਾਰਥੀ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ‘ਸੋਸੀਅਸ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਮਿੱਤਰਤਾ ਹੈਂ ਇੱਥੇ ਮਿੱਤਰਤਾ ਤੋਂ ਭਾਵ ਸਮਾਜਿਕਤਾ ਤੋਂ ਹੈ ਜੋ ਇਹ ਦੱਸਦੀ ਹੈ ਕਿ ਮਨੁੱਖ ਹਮੇਸ਼ਾ ਸਾਥ ਵਿੱਚ ਹੀ ਰਹਿੰਦਾ ਹੈ। ਅਸੀਂ ਸਮਾਜ ਨੂੰ ਇਕ ਨਿਸਚਿਤ ਖੇਤਰ, ਇਕ ਸਮਾਜਿਕ ਸੰਰਚਨਾ ਅਤੇ ਸੱਭਿਆਚਾਰ ਨਾਲ ਸੰਬੰਧਤ ਵਿਅਕਤੀਆਂ ਦਾ ਸਮੂਹ ਵੀ ਕਹਿ ਸਕਦੇ ਹਾਂ। ਸਮਾਜ ਵਿੱਚ ਕਈ ਸੰਸਥਾਵਾਂ ਨਾਲ ਮਿਲਕੇ ਵਿਵਸਥਾ ਪ੍ਰਣਾਲੀ ਬਣਦੀ ਹੈ ਜੋ ਇਕ ਦੂਸਰੇ ਦੇ ਸਹਿਯੋਗ ਨਾਲ ਕੰਮ ਕਰਦੀ ਹੈ।
ਮੈਰਿਸ ਜਿਨਸ ਬਰਗ ਦੇ ਅਨੁਸਾਰ,  “ਸਮਾਜ ਵਿਅਕਤੀਆਂ ਦਾ ਇਕ ਅਜਿਹਾ ਇਕੱਠ ਹੈ ਜੋ ਸੰਬੰਧਾਂ ਅਤੇ ਵਿਵਹਾਰਾਂ ਦੁਆਰਾ ਇਕ ਦੂਜੇ ਨਾਲ ਸਬੰਧਤ ਹੈ।“ ਸਮਾਜ ਦੇ ਮੈਂਬਰ ਭਿੰਨਤਾਵਾਂ ਤੇ ਧਿਆਨ ਦਿੱਤੇ ਬਿਨਾਂ ਸਮਾਜ ਦੀਆਂ ਸੰਸਥਾਵਾਂ ਨੂੰ ਸੰਚਾਲਿਤ ਕਰਨ ਲਈ ਸਹਿਯੋਗ ਕਰਦੇ ਹਨ। ਸਮਾਜ ਕੇਵਲ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਹੀ ਨਿਯੰਤਰਿਤ ਨਹੀਂ ਕਰਦਾ ਸਗੋਂ ਇਕ ਵਿਅਕਤੀ ਦੀ ਪਹਿਚਾਣ, ਵਿਚਾਰ ਅਤੇ ਭਾਵਨਾਵਾਂ ਨੂੰ ਵੀ ਆਕਾਰ ਦਿੰਦਾ ਹੈ। ਇਸ ਲਈ ਵਿਅਕਤੀ ਦੀ ਭਾਵਨਾਤਮਕ ਵਿਚਾਰਸ਼ੀਲਤਾ, ਬੌਧਿਕ ਪਰਿਪੱਕਤਾ ਅਤੇ ਆਤਮ-ਨਿਰਭਰਤਾ ਸਮਾਜ ਵਿੱਚ ਹੀ ਸੰਭਵ ਹੈ।
ਵਿਕਲਾਂਗ ਮਨੁੱਖ ਸਮਾਜ ਦਾ ਅਭਿੰਨ ਅੰਗ ਹੁੰਦੇ ਹਨ। ਉਹਨਾਂ ਦਾ ਜਨਮ ਸਮਾਜ ਵਿੱਚ ਹੀ ਹੁੰਦਾ ਹੈ ਅਤੇ ਜਨਮ ਤੋਂ ਮੌਤ ਤੱਕ ਉਹ ਸਮਾਜ ਦਾ ਹਿੱਸਾ ਬਣ ਕੇ ਹੀ ਜਿਉਂਦੇ ਹਨ। ਜੇਕਰ ਇੱਕ ਵਿਕਲਾਂਗ ਵਿਅਕਤੀ ਦੇ ਸਮਾਜ ਪ੍ਰਤੀ ਕੁਝ ਕਰਤੱਵ ਹਨ ਤਾਂ ਸਮਾਜ ਦੀ ਇਕ ਵਿਕਲਾਂਗ ਵਿਅਕਤੀ ਦੇ ਜੀਵਨ ਨੂੰ ਸੁਆਰਨ ਅਤੇ ਉਸ ਨੂੰ ਸਹੀ ਸੇਧ ਪ੍ਰਦਾਨ ਕਰਨ ਦੀ ਅਹਿਮ ਜਿੰਮੇਦਾਰੀ ਬਣਦੀ ਹੈ। ਆਓ ਅਸੀਂ ਦੇਖਦੇ ਹਾਂ ਕਿ ਸਮਾਜ ਕਿਸ ਤਰ੍ਹਾਂ ਇੱਕ ਵਿਕਲਾਂਗ ਵਿਅਕਤੀ ਦੀ ਜਿੰਦਗੀ ਵਿਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ।
1.    ਜਿਊਣ ਦੀ ਕਲਾ ਸਿਖਾਉਣਾ- ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਕ ਵਿਕਲਾਂਗ ਵਿਅਕਤੀ ਨੂੰ ਸਮਾਜ ਵਿੱਚ ਕਈ ਵਾਰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਮਾਜ ਉਸ ਪ੍ਰਤੀ ਆਪਣੀ ਜ਼ਿਮੇਂਦਾਰੀ ਠੀਕ ਤਰੀਕੇ ਨਾਲ ਨਿਭਾਵੇ ਤਾਂ  ਉਹ ਇੱਕ ਵਿਕਲਾਂਗ ਮਨੁੱਖ ਨੂੰ ਸਮਾਜ ਵਿੱਚ ਰਹਿ ਕੇ ਆਤਮ ਵਿਸ਼ਵਾਸ ਨਾਲ ਜਿਉਣਾ ਸਿਖਾ ਸਕਦਾ ਹੈ। ਜੀਵਨ ਜਿਉਣਾ ਹਰ ਮਨੁੱਖ ਦਾ ਇੱਕ ਬੁਨਿਆਦੀ ਹੱਕ ਹੈ।   ਇਹ ਸਮਾਜ ਦੀ ਨੈਤਿਕ ਜਿੰਮੇਦਾਰੀ ਬਣਦੀ ਹੈ ਕਿ ਉਹ ਇਕ ਵਿਕਲਾਂਗ ਵਿਅਕਤੀ ਨੂੰ ਸਾਰਥਕ ਜੀਵਨ ਜਿਊਣ ਦੀ ਕਲਾ ਸਿਖਾਵੇ।
2.     ਸ਼ਖਸੀਅਤ ਦਾ ਵਿਕਾਸ- ਸਮਾਜ ਵਿੱਚ ਰਹਿ ਕੇ ਹਰ ਮਨੁੱਖ ਵਿਵਹਾਰ ਦੇ ਤਰੀਕੇ ਸਿੱਖਦਾ ਹੈ। ਇਹ ਪ੍ਰਕਿਰਿਆ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਵਿਕਲਾਂਗ ਮਨੁੱਖ ਦੀ ਸ਼ਖ਼ਸੀਅਤ ਸਮਾਜ ਦੀ ਉਸ ਪ੍ਰਤੀ ਕੀਤੇ ਰਵੱਈਏ ਤੇ ਅਧਾਰਿਤ ਹੁੰਦੀ ਹੈ। ਜੇਕਰ ਸਮਾਜ ਦਾ ਰਵਈਆ ਇਕ ਵਿਕਲਾਂਗ ਪ੍ਰਤੀ ਉਦਾਰਤਾ ਅਤੇ ਸਹਿਯੋਗ ਭਰਿਆ ਹੋਵੇਗਾ ਤਾਂ ਵਿਕਲਾਂਗ ਮਨੁੱਖ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ ਪਰ ਇਸ ਦੇ ਉਲਟ ਜੇ ਸਮਾਜ ਦਾ ਵਿਵਹਾਰ ਅਪਮਾਨ ਅਤੇ ਨਫਰਤ ਭਰਿਆ ਹੋਵੇ ਤਾਂ ਉਸ ਦੀ ਜਿੰਦਗੀ ਘੋਰ ਹਨੇਰੇ ਵਿਚ ਡੁੱਬ ਜਾਂਦੀ ਹੈ। ਸਮਾਜ ਵਿੱਚ ਰਹਿ ਕੇ ਉਹ ਸਹਿਯੋਗ ਦੀ ਭਾਵਨਾ, ਸਮਾਜ ਅਤੇ ਰਾਸ਼ਟਰ ਪ੍ਰਤੀ ਦੇਸ਼ ਭਗਤੀ ਆਦਿ ਸਿੱਖਦਾ ਹੈ।
3.    ਸਵੈਮਾਣ ਦਾ ਵਿਕਾਸ- ਸਮਾਜ ਦਾ ਵਤੀਰਾ ਇਕ ਵਿਕਲਾਂਗ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕ ਤੇ ਨਕਾਰਾਤਮਕ ਸਵੈਮਾਣ ਨੂੰ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦੂਜੇ ਵਿਅਕਤੀਆਂ ਦਾ ਇਕ ਵਿਕਲਾਂਗ ਦਾ ਮਜ਼ਾਕ ਉਡਾਉਣਾ, ਤਾਅਨੇ ਮਾਰਨਾ, ਸਰੀਰਕ ਅਸਮਰਥਤਾ ਨੂੰ ਪੁਰਾਣੇ ਜਨਮ ਦੇ ਬੁਰੇ ਕੰਮ ਦਾ ਨਤੀਜਾ ਕਹਿਣਾ ਉਸ ਦੇ ਆਤਮਵਿਸ਼ਵਾਸ ਦੇ ਨਾਲ- ਨਾਲ ਉਸ ਦੇ ਸਵੈਮਾਣ ਨੂੰ ਵੀ ਚਕਨਾਚੂਰ ਕਰ ਦਿੰਦੇ ਹਨ। ਇਸ ਤਰ੍ਹਾਂ ਉਹ ਸਮਾਜ ਤੋਂ ਆਪਣੇ ਆਪ ਨੂੰ ਦੂਰ ਕਰ ਕੇ ਤਕਲੀਫ਼ ਭਰਿਆ ਜੀਵਨ ਜਿਉਣ ਤੇ ਮਜਬੂਰ ਹੋ ਜਾਂਦਾ ਹੈ। ਪਰ ਜੇ ਸਮਾਜ ਚਾਹੇ ਤਾਂ ਇਕ ਵਿਕਲਾਂਗ ਦੇ ਨਾਲ ਪਿਆਰ ਅਤੇ ਹਮਦਰਦੀ ਭਰਿਆ ਵਿਵਹਾਰ ਕਰਕੇ ਉਸ ਦੇ ਸਵੈਮਾਣ ਨੂੰ ਵਧਾ  ਸਕਦਾ ਹੈ। ਸਮਾਜ ਪ੍ਰਤੀ ਉਸ ਦੇ ਯੋਗਦਾਨ ਦੀ ਪ੍ਰਸੰਸਾ ਕਰਕੇ ਉਸਦੇ ਸਵੈ-ਮਾਣ ਨੂੰ ਵਧਾਇਆ ਜਾ ਸਕਦਾ ਹੈ।
4.     ਸਿੱਖਿਅਤ ਨਾਗਰਿਕ ਦਾ ਨਿਰਮਾਣ- ਵਿਕਲਾਂਗ ਵਿਅਕਤੀ ਆਪਣੀ ਅਤੇ ਦੂਜਿਆਂ ਦੀਆਂ ਪਰਿਸਥਿਤੀਆਂ ਅਤੇ ਭੂਮਿਕਾ ਦੇ ਸੰਬੰਧ ਵਿੱਚ ਸਮਾਜ ਵਿੱਚ ਰਹਿ ਕੇ ਹੀ ਚੇਤੰਨ ਹੋ ਸਕਦਾ ਹੈ। ਸਮਾਜ ਹੀ ਉਸ ਨੂੰ ਇੱਕ ਜਾਗਰੂਕ ਅਤੇ ਸਿੱਖਿਅਤ ਨਾਗਰਿਕ ਦੇ ਰੂਪ ਵਿਚ ਬਣਨ ਵਿੱਚ ਉਸ ਦੀ ਮਦਦ ਕਰਦਾ ਹੈ। ਇਕ ਸਵਸਥ ਵਿਅਕਤੀ ਵਾਂਗ ਉਹ ਵੀ ਆਪਣੀ ਸਰੀਰਕ ਕਮਜ਼ੋਰੀਆਂ ਤੋਂ ਉੱਪਰ ਉੱਠ ਕੇ ਇੱਕ ਵਧੀਆ ਨਾਗਰਿਕ ਦੇ ਤੌਰ ਤੇ ਆਪਣਾ ਕਰਤੱਵ ਨਿਭਾਉਂਦਾ ਹੈ।
5.    ਮੁੱਖ ਧਾਰਾ ਨਾਲ ਜੋੜਨਾ- ਜਿੱਥੇ ਸਕੂਲ ਇਕ ਵਿਕਲਾਂਗ ਵਿਅਕਤੀ ਨੂੰ ਸਮਾਜ ਨਾਲ ਜੋੜਨ ਦਾ ਕੰਮ ਕਰਦਾ ਹੈ ਉਥੇ ਸਮਾਜ ਉਸ ਵਿਅਕਤੀ ਦੇ ਕੌਸ਼ਲ ਜਾਂ ਗੁਣਾਂ ਦੀ ਪਰਖ ਕਰਕੇ ਉਸ ਨੂੰ ਮੁੱਖ ਧਾਰਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਮਾਜ ਵਿਚ ਉਸ ਦੀ ਹੋਂਦ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਉਹ ਖੁਦ ਨੂੰ ਦੂਸਰੇ ਵਿਅਕਤੀ ਤੋਂ ਭਿੰਨ ਨਹੀਂ ਸਮਝਦਾ ਬਲਕਿ ਸਮਾਜ ਦੀ ਉੱਨਤੀ ਵਿਚ ਸਕਰਾਤਮਕ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ।
6.    ਸਮਾਜਿਕ ਵਿਕਾਸ- ਵਿਅਕਤੀ ਇਕ ਜੈਵਿਕ ਇਕਾਈ ਹੀ ਨਹੀਂ ਸਗੋਂ ਇਕ ਸਮਾਜਿਕ ਪ੍ਰਾਣੀ ਵੀ ਹੈ। ਇਕ ਸਮਰੱਥ ਸਮਾਜਿਕ ਜੀਵਨ ਵਿਕਲਾਂਗ ਵਿਅਕਤੀ ਨੂੰ ਨਾ ਸਿਰਫ ਆਪਣੇ ਵਿਅਕਤੀਤਵ ਨੂੰ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਬਲਕਿ ਸਮਾਜ ਦੇ ਨਾਲ ਇਕੱਠੇ ਵਿਚਰਨ ਦਾ ਮੌਕਾ ਵੀ ਦਿੰਦਾ ਹੈ। ਜਾਗਰੂਕ ਸਮਾਜ ਵਿਕਲਾਂਗ ਵਿਅਕਤੀ ਨਾਲ ਭੇਦਭਾਵ ਨਹੀਂ ਕਰਦਾ ਬਲਕਿ ਉਸ ਨੂੰ ਆਪਣੀ ਸਮਰੱਥਾ ਅਨੁਸਾਰ ਸਮਾਜਿਕ ਜੀਵਨ ਜਿਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
7.    ਸਵੈ ਨਿਰਭਰ ਬਣਨ ਵਿੱਚ ਸਹਿਯੋਗ- ਇੱਕ ਵਧੀਆ ਸਮਾਜ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਕਲਾਂਗ ਵਿਅਕਤੀ ਦੇ ਕੌਸ਼ਲ ਅਤੇ ਉਸ ਦੀਆਂ ਯੋਗਤਾਵਾਂ ਦਾ ਸਹੀ ਉਪਯੋਗ  ਕਰ ਕੇ ਉਸ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰੇ ਤਾਂ ਕਿ ਉਹ ਖੁਦ ਨੂੰ ਆਪਣੇ ਪਰਿਵਾਰ ਜਾਂ ਸਮਾਜ ਤੇ ਬੋਝ ਨਾ ਸਮਝੇ ਬਲਕਿ ਆਤਮ ਨਿਰਭਰ ਬਣ ਕੇ ਆਪਣਾ ਜੀਵਨ  ਸਵੈਮਾਣ ਨਾਲ ਜੀ ਸਕੇ।
8.    ਸੱਭਿਆਚਾਰਕ ਵਿਕਾਸ- ਸਮਾਜ ਵਿੱਚ ਰਹਿ ਕੇ ਵਿਕਲਾਂਗ ਵਿਅਕਤੀ ਬੱਚਾ ਉਸ ਦੇ ਰੀਤੀ ਰਿਵਾਜ, ਸਮਾਜਿਕ ਕਦਰਾਂ ਕੀਮਤਾਂ ਨੂੰ ਅਪਣਾ ਲੈਂਦਾ ਹੈ ਅਤੇ ਉਸ ਦੀਆਂ ਮਾਨਤਾਵਾਂ, ਦ੍ਰਿਸ਼ਟੀਕੋਣ ਅਤੇ ਵਿਚਾਰ ਉਸ ਨੂੰ ਸਮਾਜ ਅਤੇ ਸਮਾਜ ਦੇ ਦੂਸਰੇ ਮੈਂਬਰਾਂ ਦੇ ਨਾਲ ਸਬੰਧਤ ਕਰਦੇ ਹਨ। ਇਸ ਤਰ੍ਹਾਂ ਸਮਾਜ ਵਿਕਲਾਂਗ ਵਿਅਕਤੀ ਬੱਚੇ ਦੇ ਸੱਭਿਆਚਾਰਕ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਕਲਾਂਗ ਵਿਅਕਤੀ ਦੇ ਜੀਵਨ ਵਿੱਚ ਸਕਰਾਤ੍ਮਕ ਜਾਂ ਨਕਰਾਤਮਿਕ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ। ਸਿਰਜਣਾਤਮਕ ਸਮਾਜ ਇਕ ਵਿਕਲਾਂਗ ਵਿਅਕਤੀ ਨੂੰ ਆਪਣੀ ਸ਼ਖਸੀਅਤ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਜਿਸ ਨਾਲ ਉਸ ਦੀ ਇਕ ਵੱਖਰੀ ਪਛਾਣ, ਸਨਮਾਨ ਭਰੀ ਜ਼ਿੰਦਗੀ ਅਤੇ ਸਾਰਥਕ ਜੀਵਨ ਦਾ ਨਿਰਮਾਣ ਸੰਭਵ ਹੈ। ਆਉ ਅਸੀ ਸਾਰੇ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਹਰ ਮਨੁੱਖ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਸਨਮਾਨ ਭਰਿਆ ਜੀਵਨ ਜਿਉਣ ਦੀ ਆਜ਼ਾਦੀ ਹੋਵੇ।
ਪੂਜਾ ਸ਼ਰਮਾ
ਲੈਕਚਰਾਰ ਅੰਗਰੇਜ਼ੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033

*ਦਿਵਿਆਂਗਜਨਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ*- ਪੂਜਾ ਸ਼ਰਮਾ

ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ। ਇੱਕ ਸਿਹਤਮੰਦ ਵਿਅਕਤੀ ਨੂੰ ਵੀ ਜ਼ਿੰਦਗੀ ਦੇ ਹਰ ਪੜਾਅ ਉੱਤੇ ਵੱਖ ਵੱਖ ਤਰ੍ਹਾਂ ਦੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਦਿਵਿਆਂਗ ਵਿਅਕਤੀ ਬਾਰੇ ਸੋਚੀਏ ਤਾਂ ਉਸ ਦੀ ਜ਼ਿੰਦਗੀ, ਉਸ ਦੀ ਹੋਂਦ ਅਤੇ ਮੌਤ ਤੱਕ ਬਿਤਾਇਆ ਹੋਇਆ ਹਰ ਪਲ ਸੰਘਰਸ਼ ਦਾ ਹੀ ਰੂਪ ਹੁੰਦਾ ਹੈ। ਦਿਵਿਆਂਗ ਮਨੁੱਖ ਨੂੰ ਸਨਮਾਨ ਪੂਰਵਕ ਜਿੰਦਗੀ ਜਿਉਣ, ਆਤਮ ਨਿਰਭਰ ਹੋਣ ਅਤੇ ਸਵੈ ਮਾਣ ਨੂੰ ਕਾਇਮ ਰੱਖਦੇ ਹੋਏ ਸਫਲ ਜ਼ਿੰਦਗੀ ਬਿਤਾਉਣ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਆਉਂਦੀਆਂ ਹਨ। ਅੱਜ ਅਸੀਂ ਉਨਾਂ ਚੁਣੌਤੀਆਂ ਬਾਰੇ ਹੀ ਗੱਲ ਕਰਾਂਗੇ:
*1 ਸਿੱਖਿਅਤ ਹੋਣ ਵਿੱਚ ਰੁਕਾਵਟਾਂ*:
ਜਦੋਂ ਕਿਸੇ ਪਰਿਵਾਰ ਵਿੱਚ ਕੋਈ ਬੱਚਾ ਦਿਵਿਆਂਗ ਹੋ ਜਾਂਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਲਈ ਸਭ ਤੋਂ ਵੱਡੀ ਚੁਣੌਤੀ ਉਸ ਨੂੰ ਸਿੱਖਿਆ ਪ੍ਰਦਾਨ ਕਰਨਾ ਹੁੰਦੀ ਹੈ। ਦਿਵਿਆਂਗ ਬੱਚੇ ਦੀ ਸਕੂਲ ਤੱਕ ਪਹੁੰਚ, ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਦੇ ਦਾਖਲੇ ਸਬੰਧੀ ਰੁਕਾਵਟਾਂ, ਸਪੈਸ਼ਲ ਬੱਚਿਆਂ ਲਈ ਸਪੈਸ਼ਲ ਸਕੂਲ ਹਰ ਥਾਂ ਤੇ ਉਪਲਬਧ ਨਾ ਹੋਣਾ, ਸਿੱਖਿਆ ਸਮੱਗਰੀ ਦੀ ਘਾਟ ਜਾਂ ਅਣਹੋਂਦ ਅਤੇ ਸਕੂਲਾਂ ਵਿੱਚ ਸਪੈਸਲ ਸਿੱਖਿਆ ਪ੍ਰੋਵਾਈਡਰ ਦਾ ਨਾ ਹੋਣਾ ਅਤੇ ਵੱਖ-ਵੱਖ ਦਿਵਿਆਂਗਤਾ ਨਾਲ ਸੰਬੰਧਿਤ ਸਪੈਸ਼ਲ ਸਕੂਲ ਜਿਵੇਂ ਕਿ ਦ੍ਰਿਸ਼ਟੀ ਹੀਣ , ਸੁਣਨ ਵਿੱਚ ਅਸਮਰਥ, ਬੌਧਿਕ ਅਤੇ ਮਾਨਸਿਕ ਅਸਮਰਥਤਾ ਵਾਲੇ ਬੱਚਿਆਂ ਲਈ ਵੱਖਰੇ ਸਕੂਲਾਂ ਦੀ ਘਾਟ ਆਦਿ ਦੇ ਰੂਪ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਦਿਵਿਆਂਗ ਬੱਚੇ ਅਤੇ ਉਸਦੇ ਪਰਿਵਾਰ ਨੂੰ ਕਰਨਾ ਪੈਂਦਾ ਹੈ।
*2 ਸਮਾਜਿਕ ਭੇਦ ਭਾਵ*: ਚਾਹੇ ਅੱਜ ਦਾ ਯੁਗ ਬਹੁਤ ਤਰੱਕੀ ਕਰ ਗਿਆ ਹੈ ਫਿਰ ਵੀ ਦਿਵਿਆਂਗ ਬੱਚਿਆਂ ਨੂੰ ਸਵੀਕਾਰ ਕਰਨਾ ਵਿਕਸਿਤ ਜਾਂ ਅਵਿਕਸਤ ਕਿਸੇ ਵੀ ਸਮਾਜ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੈ। ਦਿਵਿਆਂਗ ਮਨੁੱਖਾਂ ਨਾਲ ਘਰ, ਪਰਿਵਾਰ ਅਤੇ ਸਮਾਜ ਵਿੱਚ ਕਦਮ ਕਦਮ ਤੇ ਭੇਦ ਭਾਵ ਕੀਤਾ ਜਾਂਦਾ ਹੈ। ਉਹਨਾਂ ਨੂੰ ਉਹਨਾਂ ਦੀ ਅਸਮਰਥਤਾ ਕਾਰਣ ਜਲੀਲ ਕਰਨਾ ਅਤੇ ਮਜ਼ਾਕ ਉਡਾਉਣਾ, ਜਾਣ ਬੁਝ ਕੇ ਉਹਨਾਂ ਦੀ ਸਰੀਰਕ ਜਾਂ ਮਾਨਸਿਕ ਦਿਵਿਆਂਗਤਾ ਉੱਤੇ ਤੰਜ ਕੱਸਣਾ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਕਰਨਾ ਦਿਵਿਆਂਗਜਨਾਂ ਲਈ ਬਹੁਤ ਹੀ ਅਪਮਾਨਜਨਕ ਅਤੇ ਦੁੱਖਦਾਈ ਹੈ।
*3. ਆਵਾਜਾਈ ਸਬੰਧੀ ਚੁਣੌਤੀਆਂ* - ਦਿਵਿਆਂਗਜਨਾਂ ਲਈ ਇੱਕ ਹੋਰ ਵੱਡੀ ਸਮੱਸਿਆ ਆਵਾਜਾਈ ਦੇ ਵਧੀਆ ਸਾਧਨਾਂ ਦੀ ਉਪਲਬਧਤਾ ਨਾ ਹੋਣਾ ਵੀ ਹੈ। ਬੱਸਾਂ ਅਤੇ ਰੇਲ ਗੱਡੀਆਂ ਵਿੱਚ ਦਿਵਿਆਂਗਜਨਾਂ ਦੇ ਸਫਰ ਕਰਨ ਸਬੰਧੀ ਸਹੂਲਤਾਂ ਦੀ ਘਾਟ ਹੈ। ਦਿਵਿਆਂਗ ਵਿਅਕਤੀਆਂ ਲਈ ਵੱਖਰੇ ਤੌਰ ਤੇ ਸੁਰੱਖਿਅਤ ਆਵਾਜਾਈ ਦੀ ਵਿਵਸਥਾ ਕਰਨ ਵਿੱਚ ਸਥਾਨਕ, ਰਾਜ ਅਤੇ ਕੇਂਦਰ ਸਰਕਾਰਾਂ ਅਸਮਰਥ ਰਹੀਆਂ ਹਨ।
*4 ਪਹੁੰਚ ਰੁਕਾਵਟਾਂ*- ਇਮਾਰਤਾਂ ਚਾਹੇ ਉਹ ਸਕੂਲ, ਕਾਲਜ, ਸਰਕਾਰੀ ਇਮਾਰਤਾਂ ਜਿਵੇਂ ਕਿ ਬੈਂਕ, ਅਦਾਲਤ, ਡਾਕ ਘਰ, ਹਸਪਤਾਲ ਆਦਿ ਹੋਣ ਉਹਨਾਂ ਵਿੱਚ ਰੈਂਪ, ਲਿਫਟ, ਰੇਲਿੰਗ ਅਤੇ ਵ੍ਹੀਲ  ਚੇਅਰ ਆਦਿ ਦੀ ਵਿਵਸਥਾ ਨਾ ਹੋਣਾ ਦਿਵਿਆਂਗ ਵਿਅਕਤੀਆਂ ਲਈ ਵੱਖ ਵੱਖ ਥਾਵਾਂ ਤੇ ਪਹੁੰਚ ਸਬੰਧੀ ਬਹੁਤ ਵੱਡੀ ਚੁਣੌਤੀ ਹੈ। ਇਥੋਂ ਤੱਕ ਕਿ ਇਤਿਹਾਸਕ ਇਮਾਰਤਾਂ, ਮੰਦਿਰ, ਗੁਰਦੁਆਰਿਆਂ ਆਦਿ ਧਾਰਮਿਕ ਸਥਾਨਾਂ ਅਤੇ ਆਮ ਦੁਕਾਨਾਂ ਵਿੱਚ ਵੀ ਉਹਨਾਂ ਦੀ ਪਹੁੰਚ ਬਹੁਤ ਮੁਸ਼ਕਿਲ ਹੁੰਦੀ ਹੈ ਕਿਉਂਕਿ ਹਰ ਜਗ੍ਹਾ ਰੈਂਪ ਆਦਿ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਦਿਵਿਆਂਗ ਵਿਅਕਤੀ ਦੀ ਰੋਜ਼ਾਨਾ ਦੀ ਜ਼ਿੰਦਗੀ ਦੀ ਇਹ ਬਹੁਤ ਵੱਡੀ ਚੁਣੌਤੀ ਹੈ।
*5. ਦਿਵਿਆਂਗਤਾ ਸਬੰਧੀ ਸਹੀ ਅੰਕੜਿਆਂ ਅਤੇ ਡੇਟਾ ਦੀ ਘਾਟ*- ਦਿਵਿਆਂਗ ਲੋਕਾਂ ਸਬੰਧੀ ਸਹੀ ਅੰਕੜੇ ਸਰਕਾਰ ਤੱਕ ਨਹੀਂ ਪਹੁੰਚਦੇ ਜਿਸ ਕਾਰਣ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋਂ ਬਹੁਤ ਸਾਰੇ ਦਿਵਿਆਂਗ ਵਿਅਕਤੀ ਵਾਂਝੇ ਰਹਿ ਜਾਂਦੇ ਹਨ। ਜਿੰਨੀ ਦੇਰ ਤੱਕ ਦਿਵਿਆਂਗ ਵਿਅਕਤੀਆਂ ਸਬੰਧੀ ਸਹੀ ਡੇਟਾ ਅਤੇ ਅੰਕੜੇ ਉਪਲਬਧ ਨਹੀਂ ਹੋਣਗੇ ਉਸ ਸਮੇਂ ਤੱਕ ਦਿਵਿਆਂਗ ਵਿਅਕਤੀਆਂ ਦੀ ਸੰਭਾਲ ਅਤੇ ਲੋੜਾਂ ਦੀ ਪੂਰਤੀ ਹਿੱਤ ਰਾਜ ਤੇ ਕੇਂਦਰ ਸਰਕਾਰਾਂ ਕੁਝ ਨਹੀਂ ਕਰ ਸਕਣਗੀਆਂ।
*6 ਗਰੀਬੀ ਜਾਂ ਆਰਥਿਕ ਸੰਕਟ*- ਦਿਵਿਆਂਗ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਪਰਿਵਾਰਾਂ ਉੱਤੇ ਦਿਵਿਆਂਗ ਵਿਅਕਤੀਆਂ ਦੀ ਸਿਹਤ ਸੰਭਾਲ, ਸਿੱਖਿਆ, ਸਹਾਇਕ ਸਮਗਰੀ ਦੀ ਉਪਲਬਧਤਾ ਅਤੇ ਆਵਾਜਾਈ ਸਾਧਨਾਂ ਉੱਤੇ ਬਹੁਤ ਖਰਚਾ ਹੁੰਦਾ ਹੈ। ਕਰੀਬ 80 ਪ੍ਰਤੀਸ਼ਤ ਦਿਵਿਆਂਗ ਜਿਆਦਾ ਪੜ ਲਿਖ ਨਹੀਂ ਪਾਉਂਦੇ ਜਿਸ ਕਾਰਣ ਉਹ ਆਪਣੇ ਪਰਿਵਾਰ ਦੇ ਉੱਤੇ ਸਾਰੀ ਜਿੰਦਗੀ ਆਰਥਿਕ ਰੂਪ ਵਿੱਚ ਨਿਰਭਰ ਕਰਦੇ ਹਨ ਅਤੇ ਉਹਨਾਂ ਨੂੰ ਜ਼ਿੰਦਗੀ ਭਰ ਗਰੀਬੀ ਦਾ ਸੰਕਟ ਝੱਲਣਾ ਪੈਂਦਾ ਹੈ।
*7 ਜਾਗਰੂਕਤਾ ਦੀ ਕਮੀ*- ਵਿੱਤੀ ਤੌਰ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦਿਵਿਆਂਗ ਵਿਅਕਤੀਆਂ ਤੱਕ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਦਿਵਿਆਂਗ ਵਿਅਕਤੀਆਂ ਦਾ ਪਰਿਵਾਰ ਚਾਹੁੰਦੇ ਹੋਏ ਵੀ ਉਹਨਾਂ ਨੂੰ ਸਿੱਖਿਅਤ ਨਹੀਂ ਕਰ ਪਾਉਂਦਾ ਅਤੇ ਇਸ ਤਰ੍ਹਾਂ ਆਪਣੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਜੀਵਨ ਭਰ ਸੰਘਰਸ਼ ਕਰਦੇ ਰਹਿੰਦੇ ਹਨ।
*8 ਰੁਜ਼ਗਾਰ ਅਸਮਾਨਤਾਵਾਂ*- ਵੱਖ ਵੱਖ ਸਰੀਰਕ ਅਤੇ ਮਾਨਸਿਕ ਦਿਵਿਆਂਗਤਾ ਦੇ ਸ਼ਿਕਾਰ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਬਹੁਤ ਥੋੜੇ ਹਨ। ਸਿੱਖਿਅਤ ਨਾ ਹੋਣਾ ਉਹਨਾਂ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਵੀ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਘੱਟ ਦਿੱਤੇ ਜਾਂਦੇ ਹਨ। ਜੇਕਰ ਉਹਨਾਂ ਨੂੰ ਉੱਥੇ ਰੁਜ਼ਗਾਰ ਮਿਲ ਵੀ ਜਾਂਦਾ ਹੈ ਤਾਂ ਸਿਹਤਮੰਦ ਵਿਅਕਤੀਆਂ ਦੇ ਮੁਕਾਬਲੇ ਉਹਨਾਂ ਨੂੰ ਘੱਟ ਸੈਲਰੀ ਤੇ ਕੰਮ ਕਰਨਾ ਪੈਂਦਾ ਹੈ। ਵਰਕ ਪਲੇਸ ਤੇ ਉਹਨਾਂ ਦੇ ਨਾਲ ਭੇਦ ਭਾਵ ਪੂਰਣ ਵਿਵਹਾਰ ਕੀਤਾ ਜਾਂਦਾ ਹੈ। ਕਈ ਵਾਰ ਯੋਗਤਾ ਹੁੰਦੇ ਹੋਏ ਵੀ ਦਿਵਿਆਂਗ ਵਿਅਕਤੀਆਂ ਨੂੰ ਘੱਟ ਸੈਲਰੀ ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
*9 ਸਿਹਤ ਸੰਬੰਧੀ ਸਮੱਸਿਆਵਾਂ*- ਜਿੱਥੇ ਇੱਕ ਸਿਹਤਮੰਦ ਵਿਅਕਤੀ ਆਪਣੀ ਜ਼ਿੰਦਗੀ ਸਕੂਨ ਅਤੇ ਖੁਸ਼ੀ ਨਾਲ ਬਿਤਾ ਸਕਦਾ ਹੈ ਉੱਥੇ ਹੀ ਦਿਵਿਆਂਗ ਵਿਅਕਤੀ ਬਹੁਤ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਹਰ ਪਲ ਜੂਝ ਰਿਹਾ ਹੁੰਦਾ ਹੈ। ਸਰੀਰਕ, ਮਾਨਸਿਕ ਜਾਂ ਬੌਧਿਕ ਅਸਮਰਥਤਾ ਦਾ ਸਾਹਮਣਾ ਕਰ ਰਹੇ ਵਿਅਕਤੀ ਵਿੱਚ ਆਤਮ ਵਿਸ਼ਵਾਸ ਦੀ ਵੀ ਕਮੀ ਹੋ ਜਾਂਦੀ ਹੈ। ਸਿਹਤ ਸਬੰਧੀ ਸਮੱਸਿਆਵਾਂ ਉਸ ਨੂੰ ਅੱਗੇ ਵੱਧਣ ਤੋਂ ਰੋਕਦੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਵੀ ਦਿਵਿਆਂਗ ਵਿਅਕਤੀਆਂ ਨੂੰ ਸਿਹਤ ਸਬੰਧੀ ਸੁਵਿਧਾਵਾਂ ਸਮੇਂ ਸਿਰ ਨਹੀਂ ਪ੍ਰਦਾਨ ਕੀਤੀਆਂ ਜਾਂਦੀਆਂ। ਇਸ ਕਰਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰਨ ਵਿੱਚ ਇਹ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਉਂਦੀ ਹੈ।
*10 ਸਬੰਧਤ ਸਹਾਇਕ ਟੈਕਨੋਲੋਜੀ ਦੀ ਘਾਟ*- ਅੱਜ ਦਾ ਯੁਗ ਤਕਨਾਲੋਜੀ ਦਾ ਯੁੱਗ ਹੈ। ਅੱਜ ਦੇ ਸਮੇਂ ਵਿੱਚ ਮੈਟਰੋਪੋਲਿਟਨ ਸ਼ਹਿਰਾਂ ਵਿੱਚ ਅਗਾਂਹ ਵਧੂ ਤਕਨਾਲੋਜੀ ਨੇ ਲੋਕਾਂ ਦੀ ਜ਼ਿੰਦਗੀ ਬਹੁਤ ਆਸਾਨ ਬਣਾ ਦਿੱਤੀ ਹੈ। ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਦਿਵਿਆਂਗ ਵਿਅਕਤੀਆਂ ਤੱਕ ਸਹਾਇਕ ਤਕਨਾਲੋਜੀ ਦੀਆਂ ਸੁਵਿਧਾਵਾਂ ਨਹੀਂ ਪਹੁੰਚਦੀਆਂ। ਵਿਕਸਿਤ ਦੇਸ਼ਾਂ ਵਿੱਚ ਭਾਵੇਂ ਦਿਵਿਆਂਗ ਵਿਅਕਤੀਆਂ ਦਾ ਜੀਵਨ ਪੱਧਰ ਅਵਿਕਸਤ ਦੇਸ਼ਾਂ ਵਿੱਚ ਰਹਿਣ ਵਾਲੇ ਦਿਵਿਆਂਗ ਵਿਅਕਤੀਆਂ ਨਾਲੋਂ ਵਧੇਰੇ ਚੰਗਾ ਹੁੰਦਾ ਹੈ ਕਿਉਂਕਿ ਉਹ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਘਰਾਂ, ਦਫਤਰਾਂ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਕਰਦੇ ਹਨ ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਸਹਾਇਕ ਤਕਨਾਲੋਜੀ ਦੇ ਨਵੇਂ ਉਪਕਰਣ ਜਿਵੇਂ ਕਿ ਸਮੂਹ ਸਕੂਲਾਂ ਵਿੱਚ ਬਰੇਲ ਲਿਪੀ ਨਾਲ ਸੰਬੰਧਿਤ ਅਧਿਐਨ ਸਮੱਗਰੀ, ਮੋਟਰਾਈਜਡ ਵ੍ਹੀਲ ਚੇਅਰ ਦੀ ਉਪਲਬਧਤਾ, ਹੀਅਰਿੰਗ ਏਡਸ ਆਦਿ ਹਰ ਪਿੰਡ ਅਤੇ ਸ਼ਹਿਰ ਵਿੱਚ ਮਿਲਨੇ ਸੰਭਵ ਨਹੀਂ ਹਨ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਨਵੀਂ ਤਕਨਾਲੋਜੀ ਦੀ ਘਾਟ ਕਾਰਣ  ਦਿਵਿਆਂਗ ਵਿਅਕਤੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
*11 ਸਮਾਜ ਵਿੱਚ ਲੋਕਾਂ ਦੀ ਨਕਾਰਾਤਮਕ ਸੋਚ ਅਤੇ ਰਵਈਆ*- ਦਿਵਿਆਂਗ ਵਿਅਕਤੀਆਂ ਪ੍ਰਤੀ ਲੋਕਾਂ ਦੀ ਨਕਾਰਾਤਮਕ ਸੋਚ ਅਤੇ ਉਹਨਾਂ ਦਾ ਦਿਵਿਆਂਗ ਵਿਅਕਤੀਆਂ ਲਈ ਨਫਰਤ ਭਰਿਆ ਜਾਂ ਅਪਮਾਨ ਵਾਲਾ ਰਵਈਆ ਦਿਵਿਆਂਗਾਂ ਦੇ ਜੀਵਨ ਵਿੱਚ ਤਣਾਅ ਪੂਰਣ ਸਥਿਤੀ ਬਣਾਈ ਰੱਖਦਾ ਹੈ ਅਤੇ ਉਹਨਾਂ ਦੇ ਸਰਬ ਪੱਖੀ ਵਿਕਾਸ ਵਿੱਚ ਰੁਕਾਵਟਾਂ ਪੇਸ਼ ਕਰਦਾ ਰਹਿੰਦਾ ਹੈ। ਸਮਾਜ ਵਿੱਚ ਦਿਵਿਆਂਗ ਲੋਕਾਂ ਨੂੰ ਉਹਨਾਂ ਦੀ ਦਿਵਿਆਂਗਤਾ ਨਾਲ ਖੁਸ਼ੀ ਖੁਸ਼ੀ ਸਵੀਕਾਰ ਨਹੀਂ ਕੀਤਾ ਜਾਂਦਾ। ਕਈ ਥਾਂ ਤੇ ਦਿਵਿਆਂਗਾਂ ਵਿਰੁੱਧ ਸਰੀਰਕ ਅਤੇ ਯੌਨ ਸ਼ੋਸ਼ਣ ਦੇ ਅਪਰਾਧ ਸਾਹਮਣੇ ਆਉਂਦੇ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
*12 ਸੰਚਾਰ ਰੁਕਾਵਟਾਂ*- ਕਈ ਦਿਵਿਆਂਗ ਵਿਅਕਤੀ ਜਿਹਨਾਂ ਨੂੰ ਸੁਣਨ, ਬੋਲਣ, ਲਿਖਣ ਜਾਂ ਸਮਝਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਉਹਨਾਂ ਲਈ ਆਪਣੇ ਮਨੋਭਾਵ ਅਤੇ ਜਰੂਰਤਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਿੱਚ ਅਸਮਰਥ ਰਹਿੰਦੇ ਹਨ।
ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਦਿਵਿਆਂਗ ਵਿਅਕਤੀਆਂ ਦਾ ਜੀਵਨ ਹੀ ਇੱਕ ਚੁਣੌਤੀ ਹੈ। ਸਮਾਜ ਵਿੱਚ ਸਵੈ ਮਾਣ ਨਾਲ ਜ਼ਿੰਦਗੀ ਬਿਤਾਉਣ ਲਈ ਉਹਨਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਵਿਅਕਤੀ ਇਹਨਾਂ ਮੁਸ਼ਕਿਲਾਂ ਵਿੱਚ ਆਪਣੇ ਮਨ ਦਾ ਸੰਤੁਲਨ ਨਹੀਂ ਗੁਆਉਂਦੇ ਉਹ ਦਿਵਿਆਂਗ ਹੁੰਦੇ ਹੋਏ ਵੀ ਕੁਝ ਅਲੌਕਿਕ ਜਾਂ ਅਨੋਖਾ ਕੰਮ ਕਰ ਗੁਜ਼ਰਦੇ ਹਨ ਅਤੇ ਦੁਨੀਆ ਵਾਸਤੇ ਪ੍ਰੇਰਣਾ ਸਰੋਤ ਬਣ ਜਾਂਦੇ ਹਨ ਜਦਕਿ ਚੁਣੌਤੀਆਂ ਤੋਂ ਹਾਰ ਮੰਨ ਜਾਣ ਵਾਲੇ ਵਿਅਕਤੀ ਨਿਰਾਸ਼ ਹੋ ਜਾਂਦੇ ਹਨ ਅਤੇ ਕਦੇ ਕਦੇ ਆਤਮ ਹੱਤਿਆ ਵਰਗੇ ਘਿਣਾਉਣੇ ਕਦਮ ਵੀ ਚੁੱਕ ਲੈਂਦੇ ਹਨ। ਇਸ ਲਈ ਪਰਿਵਾਰ, ਸਮਾਜ ਅਤੇ ਸਰਕਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ ਕਿ ਉਹ ਦਿਵਿਆਂਗ ਵਿਅਕਤੀ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਦਾ ਸੁਖਾਲਾ ਹੱਲ ਕੱਢਣ ਅਤੇ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਕੇ ਦੇਸ਼ ਅਤੇ ਸਮਾਜ ਲਈ ਉਪਯੋਗੀ ਭੂਮਿਕਾ ਨਿਭਾਉਣ ਵਿੱਚ ਮਦਦ ਕਰਨ।
*ਪੂਜਾ ਸ਼ਰਮਾ*
*ਸਟੇਟ ਅਵਾਰਡੀ ਅੰਗਰੇਜ਼ੀ ਲੈਕਚਰਾਰ ਨਵਾਂ ਸ਼ਹਿਰ*

ਦਿਵਿਆਂਗ ਬੱਚਿਆਂ ਦੇ ਸਰਬ-ਪੱਖੀ ਵਿਕਾਸ ਵਿੱਚ ਪਰਿਵਾਰ ਦੀ ਭੂਮਿਕਾ - ਪੂਜਾ ਸ਼ਰਮਾ

ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਉਹ ਆਪਣਾ ਜੀਵਨ ਪਰਿਵਾਰ, ਛੋਟੇ ਸਮੂਹ ਜਾਂ ਸਮਾਜ ਵਿੱਚ ਰਹਿ ਕੇ ਹੀ ਸਫ਼ਲ ਬਣਾਉਦਾ ਹੈ। ਮਨੁੱਖ ਦੀ ਜਿੰਦਗੀ ਵਿੱਚ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰਿਵਾਰ ਹੀ ਉਸ ਦੇ ਵਿਚ ਕਦਰਾਂ ਕੀਮਤਾਂ, ਨੈਤਿਕ ਅਤੇ ਵਿਵਹਾਰਿਕ ਗੁਣ ਪੈਦਾ ਕਰਦਾ ਹੈ। ਸਭ ਤੋਂ ਪਹਿਲਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਪਰਿਵਾਰ ਵਿਚ ਹੀ ਸੰਭਵ ਹੁੰਦਾ ਹੈ। ਵਿਅਕਤੀ ਆਪਣੇ ਪਰਿਵਾਰ ਵਿੱਚ ਮੌਜੂਦ ਮੈਂਬਰ ਜਿਵੇਂ ਮਾਂ-ਬਾਪ, ਭਰਾ-ਭੈਣ, ਦਾਦਾ-ਦਾਦੀ, ਚਾਚਾ-ਚਾਚੀ ਨਾਲ ਪ੍ਰਤੱਖ ਰੂਪ ਵਿੱਚ ਜੁੜਿਆ ਹੁੰਦਾ ਹੈ। ਬਿਨਾਂ ਪਰਿਵਾਰ ਤੋਂ ਸਮਾਜ ਦਾ ਅਸਤਿਤਵ ਸੰਭਵ ਹੀ ਨਹੀਂ ਹੈ। ਵਿਅਕਤੀ ਦੀਆਂ  ਜਨਮ ਤੋਂ ਮੌਤ ਤੱਕ ਸਾਰੀਆਂ ਕਿਰਿਆਵਾਂ ਪਰਿਵਾਰ ਵਿੱਚ ਹੀ ਹੁੰਦੀਆਂ ਹਨ।
ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪਰਿਵਾਰ ਸਮਾਜ ਦੀ ਇਕ ਛੋਟੀ ਇਕਾਈ ਹੁੰਦਾ ਹੈ ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਬੱਚੇ ਦੇ ਸਮਾਜਿਕ, ਮਾਨਸਿਕ, ਭਾਵਨਾਤਮਕ, ਅਧਿਆਤਮਕ ਅਤੇ ਸੰਸਕ੍ਰਿਤਕ ਵਿਕਾਸ ਲਈ ਜਿੰਮੇਵਾਰ ਹੁੰਦਾ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਚਾਰਲਸ ਕੂਲੇ ਦੇ ਅਨੁਸਾਰ ਪਰਿਵਾਰ ਇਕ ਅਜਿਹਾ ਮੌਲਿਕ ਸਮੂਹ ਹੈ ਜਿਸ ਨਾਲ ਬੱਚੇ ਦੇ ਸਮਾਜਿਕ ਜੀਵਨ ਅਤੇ ਆਦਰਸ਼ਾਂ ਦਾ ਨਿਰਮਾਣ ਹੁੰਦਾ ਹੈ। ਪਰਿਵਾਰ ਇਕ ਅਜਿਹਾ ਸੂਬਾ ਹੈ ਜੋ ਵਿਆਹ ਅਤੇ ਖੂਨ ਦੇ ਸੰਬੰਧਾਂ ਨਾਲ ਸੰਗਠਿਤ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਫੈਲਾਉਂਦਾ ਹੈ।
ਜੇਕਰ ਅਸੀਂ ਪ੍ਰਸਿੱਧ ਦਿਵਿਆਂਗ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹੀਏ ਤਾਂ ਸਾਨੂੰ ਪਤਾ ਲੱਗੇਗਾ ਕੇ ਉਨ੍ਹਾਂ ਦੇ ਕਾਮਯਾਬ ਹੋਣ ਵਿੱਚ ਸਭ ਤੋਂ ਵੱਡੀ ਭੂਮਿਕਾ ਉਹਨਾਂ ਦੇ ਪਰਿਵਾਰ ਦੀ ਰਹੀ ਹੈ। ਇੱਥੇ ਮੈਂ ਵਿਸ਼ੇਸ਼ ਰੂਪ ਵਿੱਚ ਹੈਲਨ ਕੈਲਰ ਦੇ ਬਾਰੇ ਗੱਲ ਕਰਨਾ ਚਾਹਾਂਗੀ। ਜਦੋਂ ਹੈਲਨ ਕੈਲਰ ਬਹੁਤ ਛੋਟੀ ਸੀ ਉਸ ਦੀ ਅੱਖਾਂ ਦੀ ਰੌਸ਼ਨੀ ਅਤੇ ਉਨ੍ਹਾਂ ਦੇ ਸੁਣਨ ਦੀ ਸ਼ਕਤੀ ਚਲੀ ਗਈ। ਇਸ ਦੇ ਬਾਵਜੂਦ ਉਸ ਦੇ ਪਰਿਵਾਰ ਨੇ ਉਸ ਨੂੰ ਪੜ੍ਹਾਉਣ ਲਈ ਐੱਨ ਮੈਂਨਸਫੀਲਡ ਨਾਂ ਦੀ ਅਧਿਆਪਕਾ ਨੂੰ ਘਰ ਬੁਲਾਇਆ। ਜਿਸ ਦੇ ਸਦਕੇ ਹੈਲਨ ਕੈਲਰ ਬ੍ਰੇਲ ਲਿਪੀ ਨਾਲ ਪੜਣਾ ਸਿੱਖ ਗਈ ਅਤੇ ਇਕ ਮਹਾਨ ਲੇਖਿਕਾ ਅਤੇ ਸਮਾਜ ਸੁਧਾਰਕ ਦੇ ਰੂਪ ਵਿਚ ਵਿਲੱਖਣ ਪ੍ਰਤਿਭਾ ਬਣਕੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਈ।ਸਮਾਜ ਵਿੱਚ ਅਜਿਹੇ ਇੱਕ ਨਹੀਂ ਬਲਕਿ ਹਜ਼ਾਰਾਂ ਉਦਾਹਰਣ ਮੌਜੂਦ ਹਨ ਜਿੱਥੇ ਪਰਿਵਾਰ ਦੇ ਪੂਰਣ ਸਹਿਯੋਗ, ਪਿਆਰ ਅਤੇ ਸਕਾਰਾਤਮਕ ਰਵਈਏ ਕਾਰਣ ਦਿਵਿਆਂਗ ਵਿਅਕਤੀ ਸਮਾਜ ਵਿੱਚ ਆਪਣੀ ਅਲੱਗ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ|
CRIN ਦੇ ਅਨੁਸਾਰ ਦੁਨੀਆਂ ਭਰ ਵਿੱਚ 150 ਮਿਲੀਅਨ ਤੋਂ ਜਿਆਦਾ ਬੱਚੇ ਦਿਵਿਆਂਗ ਹਨ। ਸੁਣਨ ਦੀ ਅਸਮਰਥਤਾ ਵਾਲੇ 50% ਬੱਚੇ ਅਤੇ ਬੌਧਿਕ ਅਸਮਰਥਤਾ ਵਾਲੇ 60% ਬੱਚੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਦਿਵਿਆਂਗ ਬੱਚਿਆਂ ਵਿੱਚੋਂ 90% 20 ਸਾਲ ਦੀ ਉਮਰ ਤੋਂ ਜਿਆਦਾ ਜਿਉਂਦੇ ਨਹੀਂ ਰਹਿੰਦੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ 0-19 ਸਾਲ ਦੀ ਉਮਰ ਦੀ 1.67% ਆਬਾਦੀ ਦਿਵਿਆਂਗ ਹੈ। ਕਰੀਬ 12 ਮਿਲੀਅਨ ਬੱਚੇ ਦਿਵਿਆਂਗਤਾ ਦੇ ਨਾਲ ਜੀ ਰਹੇ ਹਨ। ਦਿਵਿਆਂਗ ਬੱਚਿਆਂ ਵਿੱਚੋਂ ਸਿਰਫ ਇੱਕ ਪ੍ਰਤੀਸ਼ਤ ਦੀ ਹੀ ਸਕੂਲ ਜਾਣ ਦੀ ਪਹੁੰਚ ਹੈ। ਸੈਰੇਬਰਲ ਪਾਲਸੀ ਨਾਲ ਪੀੜਿਤ ਬੱਚਿਆਂ ਵਿੱਚ ਕੁਪੋਸ਼ਣ ਇੱਕ ਗੰਭੀਰ ਸਮੱਸਿਆ ਹੈ। ਇੱਕ ਦਿਵਿਆਂਗ ਬੱਚੇ ਲਈ ਪਰਿਵਾਰ ਦੀ ਭੂਮਿਕਾ ਹੋਰ ਵੀ ਜਿਆਦਾ ਮਹੱਤਵਪੂਰਨ ਹੋ ਜਾਂਦੀ ਹੈ।
ਪਰਿਵਾਰ ਦਾ ਸਰੂਪ ਹਰ ਸਮਾਜ ਵਿੱਚ ਭਿੰਨ ਹੁੰਦਾ ਹੈ।ਇਥੋਂ ਤੱਕ ਕਿ ਇਕ ਹੀ ਸਮਾਜ ਦੇ ਵੱਖ ਵੱਖ ਰਾਜਾਂ ਦੇ ਵਿਸਥਾਰ ਵਿੱਚ ਭੂਗੋਲਿਕ, ਸਮਾਜਿਕ ਅਤੇ ਸੰਸਕ੍ਰਿਤਕ ਹਾਲਾਤ ਵੱਖ ਹੁੰਦੇ ਹਨ। ਇਸ ਲਈ ਪਰਿਵਾਰ ਦਾ ਸਰੂਪ ਵੀ ਇੱਕੋ ਜਿਹਾ ਨਹੀਂ ਹੁੰਦਾ। ਪਰਿਵਾਰ ਦੇ ਮੁੱਖ ਕਾਰਜ ਸੰਤਾਨ ਦੀ ਉਤਪੱਤੀ, ਪਾਲਣ ਪੋਸ਼ਣ, ਧਾਰਮਿਕ ਸੰਸਕਾਰ ਦੇਣਾ, ਵਿਦਿਆ ਪ੍ਰਦਾਨ ਕਰਨਾ, ਸਿਹਤ ਦੀ ਸੰਭਾਲ, ਵਧੀਆ ਨਾਗਰਿਕ ਬਨਣ ਦੇ ਗੁਣ ਜਿਵੇਂ ਪਿਆਰ, ਸਹਿਣਸ਼ੀਲਤਾ, ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਆਦਿ ਅਤੇ ਸਮਾਜਿਕ ਤੌਰ ਤਰੀਕੇ ਸਿਖਾਉਣਾ ਹੈ।
 ਇੱਕ ਦਿਵਿਆਂਗ ਬੱਚੇ ਲਈ ਪਰਿਵਾਰ ਦੀ ਭੂਮਿਕਾ ਹੋਰ ਵੀ ਜਿਆਦਾ ਮਹੱਤਵਪੂਰਣ ਹੋ ਜਾਂਦੀ ਹੈ। ਮਾਂ-ਬਾਪ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਵਿਕਲਾਂਗਤਾ ਬਾਰੇ ਪਤਾ ਚਲਦਾ ਹੈ ਅਸਹਿ ਦੁੱਖ ਦੇ ਨਾਲ-ਨਾਲ ਉਨ੍ਹਾਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ਤੇ ਸੱਚਾਈ ਨੂੰ ਸਵੀਕਾਰ ਨਾ ਕਰਨਾ, ਖੁਦ ਨੂੰ ਦੋਸ਼ ਦੇਣਾ, ਤਰਸ ਦੀ ਭਾਵਨਾ, ਸ਼ਰਮਿੰਦਗੀ ਜਾਂ ਤਣਾਅ ਦੀ ਭਾਵਨਾ ਹੁੰਦੀ ਹੈ। ਦਿਵਿਆਂਗ ਬੱਚੇ ਦੀ ਮੌਜੂਦਗੀ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੀ ਹੈ। ਕਦੇ-ਕਦੇ ਉਹ ਇਹ ਸੱਚ ਦਾ ਸਾਹਮਣਾ ਕਰਨ ਤੋਂ ਹੀ ਇਨਕਾਰੀ ਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਨੂੰ ਇਹ ਸਮੱਸਿਆ ਹੈ। ਬੱਚਾ ਆਪਣੇ ਮਾਂ-ਬਾਪ ਦੇ ਅਜੀਬ ਵਿਵਹਾਰ ਤੋਂ ਹੋਰ ਵੀ ਜ਼ਿਆਦਾ ਤਕਲੀਫ ਵਿੱਚ ਆ ਜਾਂਦਾ ਹੈ ਜਦੋਂ ਉਸਦੇ ਬਜਾਏ ਉਸ ਦੇ ਭੈਣ-ਭਰਾ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।ਕਦੇ-ਕਦੇ ਕੁੱਝ ਮਾਂ-ਬਾਪ ਬੱਚੇ ਦੀ ਵੱਧ ਸੁਰੱਖਿਆ ਕਰਨ ਲੱਗ ਜਾਂਦੇ ਹਨ ਇਹ ਵੀ ਉਸਦੇ ਸਰਬਪੱਖੀ ਵਿਕਾਸ ਲਈ ਘਾਤਕ ਹੁੰਦਾ ਹੈ।ਇੱਕ ਦਿਵਿਆਂਗ ਬੱਚੇ ਕਾਰਣ ਉਨ੍ਹਾਂ ਦੀ ਵਿੱਤੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ। ਜੇਕਰ ਮਾਂ-ਬਾਪ ਵਿੱਤੀ ਰੂਪ ਵਿੱਚ ਸਮਰੱਥ ਹਨ ਤਾਂ ਬੱਚੇ ਪ੍ਰਤੀ ਉਨ੍ਹਾਂ ਦਾ ਰਵੱਈਆ ਸਕਾਰਾਤਮਕ ਹੁੰਦਾ ਹੈ ਜੇ ਅਸਮਰਥ ਹੋਣ ਤਾਂ ਬੋਝ ਦੀ ਭਾਵਨਾ ਉਨ੍ਹਾਂ ਅੰਦਰ ਪੈਦਾ ਹੁੰਦੀ ਹੈ। ਹਨ।ਵਾਸਤਵ ਵਿੱਚ ਭੈਣ-ਭਰਾ ਨਾਲ ਬੱਚੇ ਦਾ ਸਬੰਧ ਪਹਿਲਾ ਸਮਾਜਕ ਨੈਟਵਰਕ ਹੈ। ਇਸ ਦੇ ਅਧਾਰ ਤੇ ਹੀ ਉਹ ਘਰ ਤੋਂ ਬਾਹਰ ਲੋਕਾਂ ਨਾਲ ਜੁੜਦਾ ਹੈ। ਆਮ ਤੌਰ ਤੇ ਭੈਣ-ਭਰਾ ਦਾ ਰਵੱਈਆ ਦਿਵਿਆਂਗ ਪ੍ਰਤੀ ਪਿਆਰ ਅਤੇ ਹਮਦਰਦੀ ਭਰਿਆ ਹੁੰਦਾ ਹੈ।
 ਮਾਂ-ਬਾਪ, ਭਰਾ-ਭੈਣ ਉਸ ਬੱਚੇ ਲਈ ਸਭ ਤੋਂ ਵੱਡਾ ਆਸਰਾ ਹੁੰਦੇ ਹਨ। ਜੇਕਰ ਉਨ੍ਹਾਂ ਦਾ ਰਵਈਆ ਉਸ ਬੱਚੇ ਪ੍ਰਤੀ ਪਿਆਰ, ਨਿਮਰਤਾ ਅਤੇ ਸਨਮਾਨ ਭਰਿਆ ਹੋਵੇਗਾ ਤਾਂ ਹੀ ਉਹ ਬੱਚਾ ਆਪਣੀ ਸਰੀਰਕ ਅਤੇ ਮਾਨਸਿਕ ਕਮਜ਼ੋਰੀ ਦੇ ਨਾਲ ਖੁਦ ਨੂੰ ਸਹਿਜ ਮਹਿਸੂਸ ਕਰ ਸਕੇਗਾ। ਆਓ ਦੇਖਦੇ ਹਾਂ ਇਕ ਦਿਵਿਆਂਗ ਬਚੇ ਦੇ ਸਰਬਪੱਖੀ ਵਿਕਾਸ ਵਿਚ ਪਰਿਵਾਰ ਦੀ ਭੂਮਿਕਾ ਕਿਹੋ ਜਿਹੀ ਹੈ।
 1. ਬੱਚੇ ਨੂੰ ਉਸ ਦੀ ਦਿਵਿਆਂਗਤਾ  ਨਾਲ ਸਵੀਕਾਰ ਕਰਨਾ- ਜਦੋਂ ਪਰਿਵਾਰ ਦੇ ਮੈਂਬਰ ਬੱਚੇ ਨੂੰ ਦਿਵਿਆਂਗ ਹੋਣ ਦੇ ਬਾਵਜੂਦ ਸਵੀਕਾਰ ਕਰਦੇ ਹਨ ਤਾਂ ਉਹ ਉਸਦੇ ਅਤੇ ਸਿਹਤਮੰਦ ਬੱਚੇ ਵਿਚਕਾਰ ਕੋਈ ਫ਼ਰਕ ਨਹੀਂ ਕਰਦੇ। ਇਸ ਦਾ ਬੱਚੇ ਦੇ ਮਾਨਸਿਕ ਵਿਕਾਸ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਉਸ ਵਿੱਚ ਵੀ ਆਪਣੀ ਦਿਵਿਆਂਗਤਾ  ਨੂੰ ਸਹਿਜ ਸੁਭਾਅ ਸਵੀਕਾਰ ਕਰਨ   ਦੀ ਤਾਕਤ ਆ ਜਾਂਦੀ ਹੈ।
2. ਵਿੱਦਿਆ ਪ੍ਰਾਪਤੀ ਦੇ ਮੌਕੇ ਉਪਲਬਧ ਕਰਵਾਉਣਾ- ਜੇਕਰ ਦਿਵਿਆਂਗ ਬੱਚੇ ਨੂੰ ਪੜ੍ਹਾਈ ਕਰਨ ਦੇ ਮੌਲਿਕ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਪੜਾਈ ਇਕ ਅਜਿਹਾ ਗਹਿਣਾ ਹੈ ਜਿਸ ਨੂੰ ਧਾਰਨ ਕਰਕੇ ਉਹ ਸਮਾਜ ਵਿਚ ਆਤਮ ਨਿਰਭਰ ਹੋਣ ਦੇ ਨਾਲ ਸਨਮਾਨ ਅਤੇ ਕਾਮਯਾਬੀ ਹਾਸਲ ਕਰ ਸਕਦਾ ਹੈ। ਇਸ ਲਈ ਪਰਿਵਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਉਸ ਨੂੰ ਵਧੀਆ ਵਾਤਾਵਰਣ ਵੀ ਮੁਹੱਈਆ ਕੀਤਾ ਜਾਵੇ ਤਾਂ ਜੋ ਉਸ ਵਿੱਚ ਸਾਰੀਆਂ ਪਰੇਸ਼ਾਨੀਆਂ ਨੂੰ ਸਹਿੰਦੇ ਹੋਏ ਪੜਨ ਅਤੇ ਅੱਗੇ ਵੱਧਣ ਦੀ ਲਾਲਸਾ ਬਣੀ ਰਹੇ।
 3. ਬੱਚੇ ਨੂੰ ਆਤਮ ਨਿਰਭਰ ਬਣਾਉਣਾ- ਮਾਨਸਿਕ ਰੂਪ ਵਿਚ ਦਿਵਿਆਂਗ ਬਚੇ ਜਿਆਦਾ ਪੜ੍ਹ ਨਹੀਂ ਸਕਦੇ। ਇਸ ਲਈ ਹਰ ਪਰਿਵਾਰ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਕੋਈ ਹੁਨਰ ਕੌਸ਼ਲ ਸਿਖਾਇਆ ਜਾਵੇ। ਕੋਈ ਇਸ ਤਰ੍ਹਾਂ ਦੀ  ਵੋਕੇਸ਼ਨਲ ਟਰੇਨਿੰਗ ਦਿੱਤੀ ਜਾ ਸਕਦੀ ਹੈ ਜਿਸ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣ ਅਤੇ ਉਨ੍ਹਾਂ ਨੂੰ ਦੂਸਰਿਆਂ ਦਾ ਮੁਹਤਾਜ ਨਾ ਰਹਿਣਾ ਪਵੇ। ਬੱਚੇ ਦੀ ਯੋਗਤਾ ਅਤੇ ਦਿਲਚਸਪੀ ਨੂੰ ਧਿਆਨ ਵਿੱਚ ਰੱਖ ਕੇ ਉਸ ਨੂੰ ਵੋਕੇਸ਼ਨਲ ਟ੍ਰੇਨਿੰਗ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੋਈ ਵੀ ਬੋਝ ਨਾ ਸਮਝੇ।
4. ਚੰਗੇ ਇਨਸਾਨ ਦੇ ਗੂਣ ਵਿਕਸਿਤ ਕਰਨਾ- ਪਰਿਵਾਰ ਪਹਿਲੀ ਪਾਠਸ਼ਾਲਾ ਹੈ ਜਿਥੇ ਇਕ ਬੱਚਾ ਬਹੁਤ ਸਾਰੇ ਗੁਣ ਆਪਣੇ ਵੱਡਿਆਂ ਦੀ ਨਕਲ ਕਰਕੇ ਸਿਖਦਾ ਹੈ। ਇਹ ਦੇਖਿਆ ਜਾਂਦਾ ਹੈ ਕਈ ਪਰਿਵਾਰ ਅਜਿਹੇ ਬੱਚਿਆਂ ਨਾਲ ਵਿਤਕਰੇ ਭਰਿਆ ਵਤੀਰਾ ਕਰਦੇ ਹਨ ਜਿਸ ਨਾਲ ਉਸਦੇ ਮਨ ਵਿੱਚ ਆਪਣੀ ਭੈਣ ਭਰਾ ਲਈ ਘਿਰਣਾ ਅਤੇ ਈਰਖਾ ਵਰਗੇ ਭਾਵ ਪੈਦਾ ਹੋ ਜਾਂਦੇ ਹਨ। ਇਸ ਲਈ ਪਰਿਵਾਰ ਦੇ ਹਰ ਮੈਂਬਰ ਦਾ ਫਰਜ਼ ਹੈ ਕਿ ਦਿਵਿਆਂਗ ਬੱਚਿਆਂ ਨੂੰ ਦੂਸਰੇ ਬੱਚਿਆਂ ਵਾਂਗ ਹੀ ਸਮਝਣ ਤਾਂ ਕਿ ਉਹ ਵੀ ਆਪਣੇ ਵਿੱਚ ਚੰਗੇ ਇਨਸਾਨ ਦੇ ਗੁਣ ਜਿਵੇਂ ਪਿਆਰ, ਹਮਦਰਦੀ, ਸਹਿਯੋਗ ਦੀ ਭਾਵਨਾ, ਪਰਉਪਕਾਰ ਆਦਿ ਗੁਣ ਧਾਰਨ ਕਰ ਸਕਣ।
 5. ਸਵੈ-ਮਾਨ ਅਤੇ ਮਜਬੂਤ ਇੱਛਾ ਸ਼ਕਤੀ ਦਾ ਵਿਕਾਸ-
ਪਰਿਵਾਰ  ਉਹ ਮਜ਼ਬੂਤ ਕੜੀ ਹੈ ਜੋ ਬੱਚੇ ਵਿੱਚ ਸਵੈ-ਮਾਨ ਦੀ ਭਾਵਨਾ, ਆਤਮ ਵਿਸ਼ਵਾਸ ਅਤੇ ਮਜਬੂਤ ਇੱਛਾ ਸ਼ਕਤੀ ਪੈਦਾ ਕਰ ਸਕਦਾ ਹੈ। ਜੇਕਰ ਇੱਕ ਬੱਚੇ ਵਿੱਚ ਇਹਨਾ ਗੁਣਾਂ ਦਾ ਵਿਕਾਸ ਬਚਪਨ ਵਿੱਚ ਹੀ ਹੋ ਜਾਵੇ ਤਾਂ ਉਹ ਜ਼ਿੰਦਗੀ ਦੀ ਹਰ ਮੁਸੀਬਤ ਦਾ ਸਾਹਮਣਾ ਬਹੁਤ ਹੌਂਸਲੇ ਨਾਲ ਕਰਦਾ ਹੈ। ਇਸ ਲਈ ਬੱਚੇ ਦੇ ਸਵੈ-ਮਾਣ ਦਾ ਵਿਕਾਸ ਕਰਨਾ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਦਿਵਿਆਂਗ ਬੱਚੇ ਨੂੰ ਘਰ ਦੇ ਮਹੱਤਵਪੂਰਣ ਫੈਸਲਿਆਂ ਵਿੱਚ ਭਾਗੀਦਾਰ ਬਣਾਉਂਦੇ ਹਾਂ ਤਾਂ ਉਸ ਦੇ ਸਵੈ-ਮਾਣ ਵਿਚ ਵਾਧਾ ਹੁੰਦਾ ਹੈ ਅਤੇ ਜਦੋਂ ਕੋਈ ਘਰੇਲੂ ਜਿੰਮੇਦਾਰੀ ਉਸ ਦੇ ਮਜ਼ਬੂਤ ਮੋਢਿਆਂ ਤੇ ਰੱਖੀ ਜਾਵੇ ਤਾਂ ਉਸ ਦੀ ਇੱਛਾ ਸ਼ਕਤੀ ਦੀ ਪਰਖ ਹੁੰਦੀ ਹੈ ਅਤੇ ਇਸ ਦੇ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ।
6 ਸਮਾਜਿਕ ਅਤੇ ਭਾਵਨਾਤਮਕ ਕਲਿਆਣ- ਦਿਵਿਆਂਗ ਬੱਚਿਆਂ ਦਾ ਸਮਾਜਿਕ ਅਤੇ ਭਾਵਨਾਤਮਕ ਕਲਿਆਣ ਪਰਿਵਾਰ ਦੇ ਵਿੱਚ ਹੀ ਸੰਭਵ ਹੈ। ਪਰਿਵਾਰ ਦੇ ਮੈਂਬਰ ਆਪਣੇ ਬੱਚੇ ਵਿੱਚ ਭਾਵਨਾਤਮਕ ਸਮਰਥਨ ਪ੍ਰਦਾਨ ਕਰਕੇ ਅਤੇ ਸਮਾਜਿਕ ਗਤੀਵਿਧੀਆਂ ਅਤੇ ਪ੍ਰੋਗਰਾਮ ਵਿੱਚ ਦਿਵਿਆਂਗ ਬੱਚੇ ਦੀ ਭਾਗੀਦਾਰੀ ਨੂੰ ਉਤਸਾਹਿਤ ਕਰਕੇ ਉਸ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।
 ਅੰਤ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਦਿਵਿਆਂਗ ਬੱਚੇ ਵਿਚ ਹੀਣਭਾਵਨਾ ਸ਼ੁਰੂਆਤ ਪਰਿਵਾਰ ਵਿੱਚ ਹੀ ਹੋ ਜਾਂਦੀ ਹੈ। ਇਸ ਲਈ ਪਰਿਵਾਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਸੰਤੁਲਨ ਬਣਾ ਕੇ ਦਿਵਿਆਂਗ ਬੱਚੇ ਦੀ ਸ਼ਖ਼ਸੀਅਤ ਵਿਚ ਵਧੀਆ ਗੁਣ ਪੈਦਾ ਕਰਨ ਅਤੇ ਇਸ ਦੇ ਨਾਲ ਹੀ ਉਸ ਦੀ ਨਜਾਇਜ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਉਸ ਨੂੰ ਜ਼ਿੱਦੀ, ਝਗੜਾਲੂ ਬਨਣ ਤੋਂ ਬਚਾਉਣ। ਭਾਵ ਉਸ ਨਾਲ ਵਤੀਰਾ ਕਿਹੋ ਜਿਹਾ ਹੋਵੇ ਜੋ ਇਕ ਆਮ ਬੱਚੇ ਨਾਲ ਹੁੰਦਾ ਹੈ। ਉਸ ਨੂੰ ਉਹ ਸਾਰੀਆਂ ਸਹੂਲਤਾਂ ਅਤੇ ਮੌਕੇ ਦਿੱਤੇ ਜਾਣ ਜੋ ਤੰਦਰੁਸਤ ਬੱਚੇ ਨੂੰ ਮਿਲਦੇ ਹਨ। ਇਹ ਸਭ ਉਸ ਦੇ ਸਰਬਪੱਖੀ ਵਿਕਾਸ ਵਿਚ ਸਹਾਈ ਹੋਵੇਗਾ। ਕਿਉਂਕਿ ਉਹ ਬੋਝ ਨਹੀਂ ਬਲਕਿ ਜ਼ਿੰਮੇਵਾਰੀ ਹੈ ਅਤੇ ਪਰਿਵਾਰਕ ਫ਼ਰਜ਼ ਵੀ।

ਅੰਤਰਰਾਸ਼ਟਰੀ ਯੋਗ ਦਿਵਸ ਤੇ ਵਿਸ਼ੇਸ਼ - ਪੂਜਾ ਸ਼ਰਮਾ

ਯੋਗ ਬਹੁਤ ਹੀ ਸੂਖਮ ਵਿਗਿਆਨ ਤੇ ਅਧਾਰਿਤ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਨੁਸ਼ਾਸਨ ਹੈ ਜੋ ਮਨ, ਸਰੀਰ ਅਤੇ ਆਤਮਾ ਦੇ ਵਿਚਕਾਰ ਸਮਰਸਤਾ ਲਿਆਉਣ ਤੇ ਕੇਂਦਰਿਤ ਹੈ। ਯੋਗ ਸ਼ਬਦ ਸੰਸਕ੍ਰਿਤ ਦੇ ਯੁੱਜ ਧਾਤੂ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੁੜਨਾ। ਯੋਗ ਦਾ ਵਰਣਨ ਵੇਦਾਂ, ਉਪਨਿਸ਼ਦਾਂ, ਬੋਧ ਅਤੇ ਜੈਨ ਗ੍ਰੰਥਾਂ, ਦਰਸ਼ਨ ਸ਼ਾਸਤਰ, ਮਹਾਭਾਰਤ ਅਤੇ ਰਮਾਇਣ ਮਹਾਂਕਾਵਾ ਵਿੱਚ ਮਿਲਦਾ ਹੈ। ਯੋਗ ਵਿੱਦਿਆ ਵਿੱਚ ਭਗਵਾਨ ਸ਼ਿਵ ਨੂੰ ਪਹਿਲੇ ਯੋਗੀ ਜਾਂ ਪਹਿਲੇ ਗੁਰੂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰ ਕਿਤਾਬ ਵਿੱਚ ਯੋਗ ਦੇ ਅੱਠ ਅੰਗਾਂ ਦਾ ਵਰਣਨ ਕੀਤਾ ਜਿਸ ਨੂੰ ਅਸ਼ਟਾਂਗ ਕਿਹਾ ਜਾਂਦਾ ਹੈ। ਇਹ ਯੋਗ ਦੇ ਅੱਠ ਅੰਗ ਹਨ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ। ਯੋਗ ਸਿਰਫ ਸਰੀਰਕ ਅਭਿਆਸ ਹੀ ਨਹੀਂ ਬਲਕਿ ਅਜਿਹਾ ਗਿਆਨ ਹੈ ਜੋ ਸਾਨੂੰ ਸਿਹਤਮੰਦ, ਖੁਸ਼ ਅਤੇ ਸ਼ਾਂਤੀਪੂਰਨ ਜੀਵਨ ਜਿਉਣਾ ਸਿਖਾਉਂਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 69ਵੀਂ ਸੰਯੁਕਤ ਰਾਸ਼ਟਰ ਮਹਾਸਭਾ2014 ਵਿੱਚ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ। 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਨੇ ਇਸ ਪ੍ਰਸਤਾਵ ਨੂੰ ਮੰਨਿਆ ਅਤੇ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਤੇ ਸਹਿਮਤੀ ਜਤਾਈ ਗਈ। ਯੋਗ ਦਿਵਸ ਮਨਾਉਣ ਲਈ 21 ਜੂਨ ਦਾ ਦਿਨ ਨਿਸ਼ਚਿਤ ਕਰਨ ਦਾ ਕਾਰ ਇਹ ਹੈ ਕਿ 21 ਜੂਨ ਉੱਤਰੀ ਗੋਲਾਰਧ ਵਿੱਚ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸੂਰਜ ਕਰਕ ਰੇਖਾ ਤੋਂ ਮੱਕਰ ਰੇਖਾ ਦੀ ਤਰਫ ਦੱਖਣ ਵੱਲ ਗਤੀ ਕਰਦਾ ਹੈ। ਇਥੇ ਇਹ ਗੱਲ ਧਿਆਨ ਯੋਗ ਹੈ ਕਿ ਹਿੰਦੂ ਪੰਚਾਂਗ ਅਨੁਸਾਰ ਇੱਕ ਸਾਲ ਵਿੱਚ ਦੋ ਸੰਗਰਾਂਦ ਹੁੰਦੀਆਂ ਹਨ ਜਿਸ ਵਿੱਚ ਸੂਰਜ ਆਪਣੀ ਸਥਿਤੀ ਬਦਲਦਾ ਹੈ। ਸੂਰਜ ਦੀ ਉੱਤਰ ਦਿਸ਼ਾ ਦੀ ਗਤੀ ਨੂੰ ਉਤਰਾਇਣ ਅਤੇ ਦੱਖਣੀ ਗਤੀ ਨੂੰ ਦਕਸ਼ੀਨਾਇਣ ਕਿਹਾ ਜਾਂਦਾ ਹੈ। ਇਸ ਦਿਨ ਨੂੰ ਯੋਗ ਅਤੇ ਅਧਿਆਤਮ ਦੇ ਲਈ ਜਰੂਰੀ ਮੰਨਿਆ ਜਾਂਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦਾ ਪਹਿਲਾ ਆਯੋਜਨ 21 ਜੂਨ 2015 ਨੂੰ ਕੀਤਾ ਗਿਆ।
ਯੋਗ ਦਿਵਸ ਮਨਾਉਣ ਦਾ ਮਹੱਤਵ ਲੋਕਾਂ ਵਿਚਕਾਰ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਧਾਉਣਾ ਹੈ। ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰ ਇਨਸਾਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ  ਹੈ। ਯੋਗ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਕਿ ਯੋਗ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਅੰਤਰਰਾਸ਼ਟਰੀ ਯੋਗਾ ਦਿਵਸ 2024 ਦੀ ਥੀਮ ਹੈ “ਔਰਤਾਂ ਦੇ ਸ਼ਕਤੀਕਰਨ ਲਈ ਯੋਗ”। ਔਰਤਾਂ ਇਸ ਸ੍ਰਿਸ਼ਟੀ ਦਾ ਅਭਿਨ ਅੰਗ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਇੱਕ ਰਿਪੋਰਟ ਦੇ ਅਨੁਸਾਰ ਔਰਤਾਂ ਮਨੁੱਖੀ ਸੰਸਾਧਨਾਂ ਦਾ 50% ਹਿੱਸਾ ਬਣਾਉਣੀਆਂ ਹਨ ਜੋ ਕਿ ਮਹਾਨ ਸਮਰੱਥਾ ਵਾਲੇ ਮਨੁੱਖ ਤੋਂ ਬਾਅਦ ਸਭ ਤੋਂ ਵੱਡਾ ਮਨੁੱਖੀ ਸਰੋਤ ਹੈ। ਪਰਿਵਾਰ ਵਿੱਚ ਔਰਤਾਂ ਦੀ ਭੂਮਿਕਾ ਦੀਆਂ ਕਿਸਮਾਂ ਪਤਨੀ, ਨੇਤਾ, ਪ੍ਰਸ਼ਾਸਨ, ਪਰਿਵਾਰਕ ਆਮਦਨ ਦੇ ਪ੍ਰਬੰਧਕ ਅਤੇ ਸਭ ਤੋਂ ਮਹੱਤਵਪੂਰਨ ਮਾਂ ਦੀ ਹੈ। ਮਾਂ ਘਰ ਦੀ ਕੇਂਦਰੀ ਸ਼ਖਸੀਅਤ ਹੈ ਜੋ ਆਪਣਾ ਸਮਾਂ, ਮਿਹਨਤ ਅਤੇ ਸੋਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਭਲਾਈ ਲਈ ਸਮਰਪਿਤ ਕਰਦੀ ਹੈ। ਇਸ ਲਈ ਇੱਕ ਔਰਤ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਬਹੁਤ ਜਰੂਰੀ ਬਣ ਜਾਂਦੀ ਹੈ।
ਗੈਰ ਸਿਹਤਮੰਦ ਖਾਣ ਪੀਣ ਅਤੇ ਵਿਅਸਤ ਸਮਾਂ ਸਾਰਣੀ ਦੀਆਂ ਆਦਤਾਂ ਕਾਰਨ ਔਰਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦੀਆਂ ਹਨ। ਅੱਜ ਹਰ ਚੌਥੀ ਔਰਤ PCOS ਅਤੇ ਬਾਂਝਪਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਨੈਸ਼ਨਲ ਸੈਂਟਰ ਫੋਰ ਬਾਇਓ ਟੈਕਨੋਲੋਜੀ ਦੇ ਅਨੁਸਾਰ ਸ਼ਹਰੀ ਭਾਰਤੀ ਔਰਤਾਂ ਦੀ ਆਬਾਦੀ ਦਾ ਲਗਭਗ 23% ਹਿੱਸਾ ਮੋਟਾਪੇ ਦਾ ਸ਼ਿਕਾਰ ਹੈ।
ਯੋਗ ਕਿਸ਼ੋਰ ਅਵਸਥਾ, ਮਾਂ ਬਣਨ, ਮੀਨੋ ਪੋਜ ਅਤੇ ਬੁਢਾਪੇ ਦੀਆਂ ਵੱਖ-ਵੱਖ ਤਬਦੀਲੀਆਂ ਦੌਰਾਨ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਸਿਹਤ ਮੰਦ ਰੱਖਦਾ ਹੈ। ਵੱਖ-ਵੱਖ ਆਸਣਾਂ ਜਿਵੇਂ ਕਿ ਗੋਮੁਖ ਆਸਨ, ਚੱਕਰ ਆਸਨ ਵਸ਼ਿਸ਼ਟ ਆਸਨ, ਭੁਜੰਗਾਸਨ, ਸੇਤੂਬੰਧ ਆਸਨ, ਸੂਰਜ ਨਮਸਕਾਰ ਅਤੇ ਪ੍ਰਾਣਾਯਾਮ ਜਿਵੇਂ ਕਿ ਭਸਤ੍ਰਿਕਾ, ਅਨੂਲੋਮ ਵਿਲੋਮ, ਭ੍ਰਾਮਰੀ ਅਤੇ ਕਪਾਲ ਭਾਤੀ ਪ੍ਰਾਣਾਯਾਮ ਨੂੰ ਨਿਯਮਿਤ ਰੂਪ ਵਿੱਚ ਕਰਨ ਨਾਲ ਸਰੀਰ ਅਤੇ ਮਨ ਦਾ ਸੰਤੁਲਨ ਕਾਇਮ ਹੁੰਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਉਲੀਕਦਾ ਹੈ। ਰਾਜ ਸਰਕਾਰ ਅਤੇ ਸਰਕਾਰੀ ਅਦਾਰਿਆਂ ਵਿੱਚ ਕਰਮਚਾਰੀਆਂ ਲਈ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਿਹਤ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਯੋਗ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਅਤੇ ਸੈਮੀਨਾਰ ਟੀਵੀ ਅਤੇ ਰੇਡੀਓ ਤੇ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਸ ਵਿੱਚ ਯੋਗ ਮਾਹਿਰਾ ਦੇ ਨਾਲ ਇੰਟਰਵਿਊ ਅਤੇ ਲਾਈਵ ਯੋਗ ਪ੍ਰੋਗਰਾਮ ਸ਼ਾਮਿਲ ਹੁੰਦੇ ਹਨ।
ਆਓ ਅਸੀਂ ਸਾਰੇ ਮਿਲ ਕੇ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਵੱਧ ਚੜ ਕੇ ਹਿੱਸਾ ਲਈਏ। ਇਸ ਸਾਲ ਸਿਰਫ ਔਰਤਾਂ ਹੀ ਨਹੀਂ ਬਲਕਿ ਸਮੂਹ ਦੇਸ਼ ਵਾਸੀ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਈਏ ਅਤੇ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਦਿਨ ਇਹ ਸੰਕਲਪ ਲਈਏ ਕਿ ਨਿਯਮਿਤ ਰੂਪ ਵਿੱਚ ਯੋਗ ਨੂੰ ਆਪਣਾ ਸਾਥੀ ਬਣਾਵਾਂਗੇ ਅਤੇ ਖੁਸ਼ਹਾਲ ਰਾਸ਼ਟਰ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
ਪੂਜਾ ਸ਼ਰਮਾ
ਸਟੇਟ ਐਵਾਰਡ ਅੰਗਰੇਜ਼ੀ ਲੈਕਚਰਾਰ
ਨਵਾਂ ਸ਼ਹਿਰ

ਗੌਤਮ ਬੁੱਧ ਦਾ ਜੀਵਨ ਅਤੇ ਸਿੱਖਿਆਵਾਂ - ਪੂਜਾ ਸ਼ਰਮਾ

ਪੂਰੀ ਦੁਨੀਆ ਨੂੰ ਸ਼ਾਂਤੀ, ਦਇਆ, ਸਹਿਣਸ਼ੀਲਤਾ, ਸਮਤਾ ਅਤੇ ਸਦਭਾਵਨਾ ਦਾ ਪਾਠ ਸਿਖਾਉਣ ਵਾਲੇ ਗੌਤਮ ਬੁੱਧ ਜਾਂ ਸਿਧਾਰਥ ਗੌਤਮ ਦੇ ਜਨਮ ਦਿਵਸ, ਗਿਆਨ ਪ੍ਰਾਪਤੀ ਦਿਵਸ ਅਤੇ ਮਹਾਂਪਰੀਨਿਰਵਾਣ ਦਿਵਸ ਨੂੰ ਬੁੱਧ ਪੂਰਨਮਾ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਨੂੰ ਹੀ ਬੁੱਧ ਧਰਮ ਦੇ ਪਰਿਵਰਤਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੀਆਂ ਸਿੱਖਿਆਵਾਂ ਉੱਤੇ ਹੀ ਬੁੱਧ ਧਰਮ ਪ੍ਰਚਲਿਤ ਹੋਇਆ।
ਸਿਧਾਰਥ ਗੌਤਮ ਦਾ ਜਨਮ ਨੇਪਾਲ ਵਿਖੇ ਕਪਿਲ ਵਸਤੂ ਦੇ ਨੇੜੇ ਲੂੰਬਿਨੀ ਵਿੱਚ 563 ਈਸਾ ਪੂਰਵ ਸ਼ਾਕਿਆ ਕੁੱਲ ਦੇ ਰਾਜਾ ਸ਼ੁਧੋਧਨ ਦੇ ਘਰ ਹੋਇਆ। ਇਹਨਾਂ ਦੀ ਮਾਂ ਦਾ ਨਾਂ ਮਹਾ ਮਾਇਆ ਸੀ ਜੋ ਇਹਨਾਂ ਦੇ ਜਨਮ ਤੋਂ ਸੱਤ ਦਿਨ ਬਾਅਦ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਈ। ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਮਾਤਾ ਦੀ ਛੋਟੀ ਭੈਣ ਮਹਾ ਪ੍ਰਜਾਪਤੀ ਗੌਤਮੀ ਨੇ ਕੀਤਾ।
ਸਿੱਧਾਰਥ ਦੇ ਨਾਮਕਰਨ ਸਮਾਰੋਹ ਵਿੱਚ ਰਾਜਾ ਸ਼ੁੱਧੋਧਨ ਨੇ ਅੱਠ ਬ੍ਰਾਹਮਣ ਵਿਦਵਾਨਾਂ ਨੂੰ ਬੁਲਾਇਆ ਅਤੇ ਸਾਰਿਆਂ ਨੇ ਹੀ ਇਹ ਭਵਿੱਖਵਾਣੀ ਕੀਤੀ ਕਿ ਬੱਚਾ ਜਾਂ ਤਾਂ ਇੱਕ ਮਹਾਨ ਰਾਜਾ ਬਣੇਗਾ ਜਾਂ ਇੱਕ ਮਹਾਨ ਪਥ ਪ੍ਰਦਰਸ਼ਕ ਬਣੇਗਾ।
ਸਿਧਾਰਥ ਦਾ ਮਨ ਬਚਪਨ ਤੋਂ ਹੀ ਕਰੁਣਾ ਅਤੇ ਦਇਆ ਨਾਲ ਭਰਿਆ ਹੋਇਆ ਸੀ। ਉਸਦੇ ਜੀਵਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਿੰਨੇ ਕੋਮਲ ਦਿਲ ਦਾ ਮਾਲਿਕ ਸੀ। ਇੱਕ ਵਾਰ ਘੁੜ ਦੌੜ ਵਿੱਚ ਜਦੋਂ ਘੋੜਾ ਦੌੜਦੇ ਹੋਏ ਥੱਕ ਗਿਆ ਅਤੇ ਉਸਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਤਾਂ ਸਿਧਾਰਥ ਜਿੱਤੀ ਹੋਈ ਬਾਜ਼ੀ ਵੀ ਜਾਨ ਬੁਝ ਕੇ ਹਾਰ ਗਿਆ ਕਿਉਂਕਿ ਉਸ ਤੋਂ ਉਸ ਘੋੜੇ ਦਾ ਦੁਖੀ ਹੋਣਾ ਦੇਖਿਆ ਨਹੀਂ ਗਿਆ। ਇਸੇ ਤਰ੍ਹਾਂ ਇੱਕ ਵਾਰ ਜਦੋਂ ਸਿਧਾਰਥ ਦੇ ਭਰਾ ਦੇਵ ਦੱਤ ਨੇ ਤੀਰ ਨਾਲ ਇੱਕ ਹੰਸ ਨੂੰ ਜ਼ਖਮੀ ਕਰ ਦਿੱਤਾ। ਉਸ ਵੇਲੇ ਸਿਧਾਰਥ ਨੇ ਉਸ ਹੰਸ ਦੇ ਜੀਵਨ ਦੀ ਰੱਖਿਆ ਕੀਤੀ। ਸਿਧਾਰਥ ਨੇ ਰਾਜ ਕਾਜ ਅਤੇ ਯੁੱਧ ਵਿੱਦਿਆ ਦੀ ਵੀ ਸਿੱਖਿਆ ਲਈ। ਕੁਸ਼ਤੀ, ਤੀਰਅੰਦਾਜ਼ੀ, ਘੋੜ ਦੌੜ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। 16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਯਸ਼ੋਧਰਾ ਨਾਲ ਕਰ ਦਿੱਤਾ ਗਿਆ। ਆਪਣੇ ਪੁੱਤਰ ਨੂੰ ਸੰਸਾਰਿਕ ਭੋਗਾਂ ਵਿੱਚ ਬੰਨ ਕੇ ਰੱਖਣ ਲਈ ਸਿਧਾਰਥ ਦੇ ਪਿਤਾ ਨੇ ਮੌਸਮ ਮੁਤਾਬਕ ਤਿੰਨ ਮਹਿਲ ਬਣਾਏ। ਸਿਧਾਰਥ ਦੇ ਘਰ ਰਾਹੁਲ ਦਾ ਜਨਮ ਹੋਇਆ ਪਰ ਵਿਆਹ ਤੋਂ ਬਾਅਦ ਉਸਦਾ ਮਨ ਵੈਰਾਗ ਦੇ ਵਿੱਚ ਚਲਾ ਗਿਆ ਅਤੇ 29 ਸਾਲ ਦੀ ਉਮਰ ਵਿੱਚ ਉਸ ਨੇ ਘਰ ਤਿਆਗ ਦਿੱਤਾ। ਜਦੋਂ ਬਸੰਤ ਰੁੱਤ ਵਿੱਚ ਇੱਕ ਦਿਨ ਸੈਰ ਕਰਦੇ ਹੋਏ ਉਸ ਨੂੰ ਸੜਕ ਤੇ ਬੁੱਢਾ ਆਦਮੀ, ਰੋਗੀ, ਸ਼ਵ ਅਤੇ ਸੰਨਿਆਸੀ ਦਿਖੇ ਅਤੇ ਸੰਸਾਰ ਦੀਆਂ ਸਾਰੀਆਂ ਭਾਵਨਾਵਾਂ ਅਤੇ ਕਾਮਨਾਵਾਂ ਤੋਂ ਮੁਕਤ ਖੁਸ਼  ਸੰਨਿਆਸੀ ਨੂੰ ਦੇਖ ਕੇ ਸਿਧਾਰਥ ਆਕਰਸ਼ਿਤ ਹੋ ਗਿਆ।
ਸਿਧਾਰਥ ਦੇ ਪਹਿਲੇ ਗੁਰੂ ਅਲਾਰ ਕਲਾਮ ਸੀ ਜਿਨਾਂ ਤੋਂ ਉਸਨੇ ਸੰਨਿਆਸ ਕਾਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ 35 ਸਾਲ ਦੀ ਉਮਰ ਵਿੱਚ ਵਿਸਾਖ ਪੂਰਨਮਾ ਵਾਲੇ ਦਿਨ ਪਿੱਪਲ ਰੁੱਖ ਦੇ ਥੱਲੇ ਸਿਧਾਰਥ ਨੂੰ ਬੋਧ ਗਆ ਵਿੱਚ ਗਿਆਨ ਪ੍ਰਾਪਤ ਹੋਇਆ ਅਤੇ ਉਨਾਂ ਦਾ ਨਾਂ ਗੌਤਮ ਬੁੱਧ ਪਿਆ।
ਗੌਤਮ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਬਨਾਰਸ ਦੇ ਨੇੜੇ ਸਾਰਨਾਥ ਵਿਖੇ ਦਿੱਤਾ। ਇਸ ਘਟਨਾ ਨੂੰ ਪਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ। ਸਾਰਨਾਥ ਤੋਂ ਬੁੱਧ ਬਨਾਰਸ ਗਏ ਤੇ ਉਥੇ 60 ਭਿਖੂਆਂ ਨੇ ਮਿਲ ਕੇ ਸੰਘ ਦਾ ਨਿਰਮਾਣ ਕੀਤਾ। 483 ਈਸਵੀ ਪੂਰਵ ਬੁੱਧ ਨੂੰ ਵਿਸਾਖ ਪੁੰਨਿਆ ਵਾਲੇ ਦਿਨ ਮਹਾਂ ਨਿਰਵਾਣ ਪ੍ਰਾਪਤ ਹੋਇਆ।
ਗੌਤਮ ਬੁੱਧ ਨੇ ਲੋਕਾਂ ਨੂੰ ਮੱਧ ਮਾਰਗ ਦਾ ਉਪਦੇਸ਼ ਦਿੱਤਾ ਉਹਨਾਂ ਨੇ ਦੁੱਖ, ਉਸਦੇ ਕਾਰਨ ਅਤੇ ਨਿਵਾਰਨ ਲਈ ਅਸ਼ਟਾਂਗਿਕ ਮਾਰਗ ਵੀ ਸੁਝਾਇਆ। ਉਹਨਾਂ ਨੇ ਅਹਿੰਸਾ ਤੇ ਬਹੁਤ ਜ਼ੋਰ ਦਿੱਤਾ ਹੈ ਅਤੇ ਯਗ ਅਤੇ ਪਸ਼ੂਬਲੀ ਦੀ ਨਿੰਦਾ ਕੀਤੀ। ਬੁੱਧ ਧਰਮ ਦਾ ਸਾਰ ਆਤਮ ਗਿਆਨ ਦੀ ਪ੍ਰਾਪਤੀ ਹੈ।ਇਹ ਜੀਵਨ ਦੇ ਅਜਿਹੇ ਤਰੀਕੇ ਦੇ ਵੱਲ ਇਸ਼ਾਰਾ ਕਰਦਾ ਹੈ ਜੋ ਆਤਮ ਭੋਗ ਅਤੇ ਆਤਮ ਤਿਆਗ ਤੋਂ ਬਚਦਾ ਹੈ। ਬੁੱਧ ਧਰਮ ਵਿੱਚ ਕੋਈ ਵੀ ਦੇਵਤਾ ਨਹੀਂ ਹੈ। ਬੁੱਧ ਨੇ ਮੱਠ ਵਾਸੀ ਵਿਵਸਥਾ ਅਤੇ ਆਮ ਲੋਕਾਂ ਲਈ ਅਚਾਰ ਸਹਿਤਾਂ ਦੀ ਸਥਾਪਨਾ ਕੀਤੀ ਜਿਸ ਨੂੰ ਪੰਚਸ਼ੀਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਬੁੱਧ ਦੀ ਸਿੱਖਿਆ ਮੌਖਿਕ ਸੀ। ਉਨਾਂ ਦੀਆਂ ਸਿੱਖਿਆਵਾਂ ਨੂੰ ਲਗਭਗ 25 ਈਸਾ ਪੂਰਵ ਪਾਲੀ ਭਾਸ਼ਾ ਵਿੱਚ ਲਿਖਿਆ ਗਿਆ। ਉਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਤਿੰਨ ਪਿਟਕ,ਦਿਵਿਆ ਵਿਧਾਨ,ਦੀਪ ਵੰਸ਼, ਮਹਾਂਵੰਸ਼ ਆਦਿ ਸ਼ਾਮਿਲ ਹਨ।
ਭਾਰਤ ਦੀ ਕਲਾ ਅਤੇ ਵਾਸਤੂ ਕਲਾ ਵਿੱਚ ਬੁੱਧ ਧਰਮ ਦਾ ਬਹੁਤ ਵੱਡਾ ਯੋਗਦਾਨ ਹੈ। ਸਾਂਚੀ ਅਤੇ ਗਆ ਦੇ ਸਤੂਪ ਵਾਸਤੂ ਕਲਾ ਦੇ ਵਿਲੱਖਣ ਨਮੂਨੇ ਹਨ। ਇਨਾਂ ਨੇ ਤਕਸ਼ਸ਼ਿਲਾ, ਨਾਲੰਦਾ ਅਤੇ ਵਿਕਰਮ ਸ਼ਿਲਾ ਵਰਗੇ ਵਿਸ਼ਵ ਵਿਦਿਆਲਿਆਂ ਦੇ ਰਾਹੀਂ ਸਿੱਖਿਆ ਦਾ ਪ੍ਰਸਾਰ ਕੀਤਾ। ਪਾਲੀ ਭਾਸ਼ਾ ਦਾ ਵਿਕਾਸ ਬੁੱਧ ਧਰਮ ਦੀਆਂ ਸਿੱਖਿਆਵਾਂ ਨਾਲ ਹੋਇਆ।
ਬੁੱਧ ਦੇ ਜੀਵਨ ਕਾਲ ਵਿੱਚ ਹੀ ਬੁੱਧ ਧਰਮ ਦੇ ਪ੍ਰਚਾਰ ਨਾਲ ਭਿਖੂਆਂ ਦੀ ਸੰਖਿਆ ਵਧਣ ਲੱਗੀ। ਵੱਡੇ ਵੱਡੇ ਰਾਜਾ ਮਹਾਰਾਜਾ ਵੀ ਉਹਨਾਂ ਦੇ ਸ਼ਿਸ਼ ਬਣ ਗਏ। ਸ਼ੁੱਧੋਧਨ, ਸਮਰਾਟ ਅਸ਼ੋਕ, ਬਿੰਦੂਸਾਰ ਅਤੇ ਰਾਹੁਲ ਨੇ ਵੀ ਬੁੱਧ ਧਰਮ ਦੀ ਦੀਕਸ਼ਾ ਲਈ। ਬਾਅਦ ਵਿੱਚ ਬੁੱਧ ਨੇ ਇਸਤਰੀਆਂ ਨੂੰ ਵੀ ਸੰਘ ਵਿੱਚ ਲੈਣ ਲਈ ਮਨਜ਼ੂਰੀ ਦੇ ਦਿੱਤੀ। ਉਨਾਂ ਨੇ ਲੋਕ ਕਲਿਆਣ ਲਈ ਆਪਣੇ ਧਰਮ ਦਾ ਦੇਸ਼ ਵਿਦੇਸ਼ ਵਿੱਚ ਪ੍ਰਚਾਰ ਕਰਨ ਲਈ ਭਿੱਖੂਆਂ ਨੂੰ ਭੇਜਿਆ। ਮੌੌਰਿਆ ਕਾਲ ਤੱਕ ਭਾਰਤ ਤੋਂ ਨਿਕਲ ਕੇ ਬੁੱਧ ਧਰਮ ਚੀਨ, ਜਪਾਨ, ਕੋਰੀਆ, ਮੰਗੋਲੀਆ, ਬਰਮਾ, ਥਾਈਲੈਂਡ, ਸ਼੍ਰੀਲੰਕਾ ਆਦਿ ਵਿੱਚ ਫੈਲ ਚੁੱਕਿਆ ਸੀ।
ਅੰਤ ਵਿੱਚ ਬੁੱਧ ਪੁੰਨਿਆ ਦੇ ਸ਼ੁਭ ਮੌਕੇ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਗੌਤਮ ਬੁੱਧ ਜੀ ਦੀਆਂ ਸਿੱਖਿਆਵਾਂ ਜਿਵੇਂ ਕਿ ਸਹੀ ਸਮਝ, ਸਹੀ ਵਿਚਾਰ, ਸਹੀ ਬੋਲ ਚਾਲ, ਸਹੀ ਕੰਮ, ਸਹੀ ਜੀਵਨ, ਸਹੀ ਕੋਸ਼ਿਸ਼, ਸਹੀ ਚੇਤਨਤਾ ਅਤੇ ਸਹੀ ਇਕਾਗਰਤਾ ਦਾ ਪਾਲਨ ਜਿੱਥੇ ਇੱਕ ਮਨੁੱਖ ਦੇ ਵਿਅਕਤੀਗਤ ਕਲਿਆਣ ਲਈ ਲਾਹੇਵੰਦ ਹਨ ਉਥੇ ਇਹ ਸਮੂਹ ਸਮਾਜ ਦੇ ਪਰਿਵਰਤਨ ਅਤੇ ਕਲਿਆਣ ਲਈ ਉਪਯੋਗੀ ਸਿੱਧ ਹੋ ਸਕਦੀਆਂ ਹਨ। ਜਰੂਰਤ ਹੈ ਉਨਾਂ ਦੀਆਂ ਸਿੱਖਿਆਵਾਂ ਨੂੰ ਸੱਚੇ ਮਨ ਨਾਲ ਧਾਰਨ ਕਰੀਏ ਅਤੇ ਆਪਣਾ ਅਤੇ ਪੂਰੀ ਮਾਨਵ ਜਾਤੀ ਦਾ ਵਧੀਆ ਭਵਿੱਖ ਬਣਾਈਏ।
ਪੂਜਾ ਸ਼ਰਮਾ
ਸਟੇਟ ਅਵਾਰਡੀ ਅੰਗਰੇਜ਼ੀ ਲੈਕਚਰਾਰ
ਨਵਾਂ ਸ਼ਹਿਰ

ਅਧਿਆਪਕ ਦਿਵਸ ਤੇ ਵਿਸ਼ੇਸ਼ – ਗੁਰੁ ਸ਼ਿਸ਼ ਸੰਬੰਧ, ਇੱਕ ਸਮੀਖਿਆ - ਪੂਜਾ ਸ਼ਰਮਾ

ਹਰ ਸਾਲ 5 ਸਿਤੰਬਰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਨੂੰ ਸਮਰਪਿਤ ਹੈ।ਉਨ੍ਹਾਂ ਦਾ ਜਨਮ 5 ਸਿਤੰਬਰ 1888 ਨੂੰ ਤਾਮਿਲਨਾਡੂ  ਦੇ ਇੱਕ ਪਿੰਡ ਸਰਵਪੱਲੀ ਵਿੱਚ ਇੱਕ ਆਰਥਿਕ ਤੌਰ ਤੇ ਗਰੀਬ ਪਰ ਸੰਸਕ੍ਰਿਿਤਕ ਤੌਰ ਤੇ ਸਮਰਿੱਧ ਪਰਿਵਾਰ ਵਿੱਚ ਹੋਇਆ ਸੀ।ਆਪਣੇ ਜੱਦੀ ਪਿੰਡ ਨੂੰ ਸਨਮਾਨ ਦਿੰਦੇ ਹੋਏ ਉਹ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਸਰਵਪੱਲੀ ਲਗਾਉਂਦੇ ਸਨ। ਪੇਂਡੂ ਅਤੇ ਗਰੀਬ ਪਰਿਵਾਰ ਵਿੱਚ ਪੈਦਾ ਹੋਕੇ ਆਪਣੀ ਸਖਤ ਮਿਹਨਤ ਸੱਦਕਾ ਉੱਚ ਪੱਧਰ ਦੀ ਵਿਿਦਅਕ ਯੋਗਤਾ ਹਾਸਲ ਕਰਕੇ ਉਹ ਆਪਣੇ ਪਿੰਡ, ਪ੍ਰਦੇਸ਼ ਅਤੇ ਦੇਸ਼ ਤੱਕ ਹੀ ਨਹੀਂ ਬਲਕਿ ਵਿਸ਼ਵ ਪੱਧਰ ਦਾ ਵਿਅਕਤੀਤਵ ਬਣ ਕੇ ਉੱਭਰੇ ਹਨ।ਉਨ੍ਹਾਂ ਦੇ ਪਿਤਾ ਜੀ ਨੇ ਇੱਕ ਸਨਾਤਨੀ ਬ੍ਰਾਹਮਣ ਹੋਣ ਦੇ ਬਾਵਜੂਦ ਉਨ੍ਹਾਂ ਦੀ ਮੁੱਢਲੀ ਅਤੇ ਕਾਲਜ ਪੱਧਰ ਦੀ ਪੜ੍ਹਾਈ ਕ੍ਰਿਸ਼ਚੀਅਨ ਮਿਸ਼ਨਰੀ ਸੰਸਥਾਵਾਂ ਵਿੱਚ ਕਰਵਾਈ।ਜੋ ਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਸਹਿਯੋਗੀ ਸਿੱਧ ਹੋਈ।ਪਰ ਉਨ੍ਹਾਂ ਨੇ ਨਾਲ ਨਾਲ ਹਿੰਦੂ ਧਰਮ ਦਾ ਤੁਲਨਾਤਮਕ ਅਧਿਐਨ ਵੀ ਬਹੁਤ ਗੰਭੀਰਤਾ ਨਾਲ ਕੀਤਾ।ਤਮਿਲ ਭਾਸ਼ਾ ਦੇ ਨਾਲ ਨਾਲ ਅੰਗ੍ਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਤੇ ਉਨ੍ਹਾਂ ਦੀ ਮਜਬੂਤ ਪਕੜ ਸੀ।ਦਰਸ਼ਨ ਸ਼ਾਸਤਰ ਅਤੇ ਮਨੋਵਿਿਗਆਨ ਉਨ੍ਹਾਂ ਦੇ ਮਨਭਾਉਂਦੇ ਵਿਸ਼ੇ ਸਨ।ਆਪਣੀ ਰੁਚੀ ਅਨੁਸਾਰ  ਉਨ੍ਹਾਂ ਨੇ ਅਧਿਆਪਨ ਨੂੰ ਇੱਕ ਕਿੱਤੇ ਦੇ ਤੌਰ ਤੇ ਚੁਣਿਆ।ਸਹਾਇਕ ਪ੍ਰੋਫੈਸਰ ਤੋਂ ਲੈਕੇ ਕਾਸ਼ੀ ਵਿਸ਼ਵਵਿਿਦਆਲਿਆ ਦੇ ਚਾਂਸਲਰ ਤੱਕ ਕੰਮ ਕਰਕੇ ਉਨ੍ਹਾਂ ਨੇ ਆਪਣੀ ਵਿਸ਼ਵ ਪੱਧਰੀ ਪਛਾਣ ਬਣਾਈ ਹੈ।ਦੇਸ਼ ਅਤੇ ਵਿਦੇਸ਼ ਵਿੱਚਲੀਆਂ ਉੱਚ ਪੱਧਰੀ ਯੁਨੀਵਰਸਟੀਆਂ ਵਿੱਚ ਬੇਮਿਸਾਲ ਭਾਸ਼ਣ ਦੇ ਕੇ ਅਤੇ ਦਰਸ਼ਨ ਸ਼ਾਸਤਰ ਵਿਸ਼ੇ ਤੇ ਗਿਆਨ ਭਰਪੂਰ ਕਿਤਾਬਾਂ ਲਿਖ ਕੇ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ।ਸੰਕੀਰਣਤਾ ਤੋਂ ਉਲਟ ਉਹ ਮਾਨਵ ਪ੍ਰੇਮੀ ਅਤੇ ਵਿਸ਼ਵ ਸ਼ਾਂਤੀ ਦੇ ਚਾਹਵਾਨ ਸਨ।ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਉਨ੍ਹਾਂ ਵਲੋਂ ਪਾਏ ਗਏ ਵਡਮੁੱਲੇ ਯੋਗਦਾਨ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਉਨ੍ਹਾਂ ਨੂੰ ਸਰਵ ਉੱਚ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ ਸੀ। ਵਿਿਦਆਰਥੀਆ ਵਲੋਂ ਉਨ੍ਹਾਂ ਦਾ ਜਨਮ ਦਿਨ ਮਨਾਏ ਜਾਣ ਦੀ ਇੱਛਾ ਤੇ ਉਨ੍ਹਾਂ ਨੇ ਇਸ ਨੂੰ ਆਪਣੇ ਨਾਲ ਨਾ ਜੋੜਦੇ ਹੋਏ ਇਸਨੂੰ ਸਮੁੱਚੇ ਅਧਿਆਪਕ ਵਰਗ ਨੂੰ ਸਮਰਪਤ ਕਰ ਦਿੱਤਾ।ਹੁਣ ਇਹ ਦਿਨ ਅਧਿਆਪਕ ਦਿਵਸ ਦੇ ਤੌਰ ਤੇ ਹੀ ਮਨਾਇਆਂ ਜਾਂਦਾ ਹੈ।ਇਸ ਦਿਨ ਕੇਵਲ ਉਨ੍ਹਾਂ ਨੂੰ ਹੀ ਨਹੀਂ ਬਲਕਿ ਸਮੂਹ ਅਧਿਾਪਕਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ।
ਇਸ ਦਿਨ ਤੇ ਸਾਨੂੰ ਗੁਰੁ-ਸ਼ਿਸ਼ ਸੰਬੰਧਾਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।ਜੋ ਕਿ ਵਿਅਕਤੀਤਵ ਦੇ ਵਿਕਾਸ ਲਈ ਅਤੇ ਸਮਾਜਿਕ ਸਮੀਕਰਣਾਂ ਨੂੰ ਵਧੀਆ ਬਣਾਈ ਰੱਖਣ ਲਈ ਬਹੁਤ ਹੀ ਮਹੱਤਵ ਪੂਰਣ ਹੈ।ਕੁਝਕੁ ਅਦਰਸ਼ ਸੰਬੰਧਾਂ ਦੀਆਂ ਉਦਾਹਰਣਾਂ ਸਾਂਝੀਆਂ ਕਰਨ ਨਾਲ ਅਸੀਂ ਸਮਝ ਸਕਾਂਗੇ ਕਿ ਇਹ ਪਵਿੱਤਰ ਰਿਸ਼ਤੇ ਕਿਵੇਂ ਸਮਾਜਿਕ ਵਿਕਾਸ ਲਈ ਅਤੇ ਮਾਨਵਤਾ ਲਈ ਸਾਰਥਕ ਸਿੱਧ ਹੋਏ ਹਨ। ਜਿਵੇਂ ਕਿ ਰਿਸ਼ੀ ਵਸ਼ਿਸ਼ਟ ਅਤੇ ਸ਼੍ਰੀ ਰਾਮ ਚੰਦਰ, ਰਿਸ਼ੀ ਸੰਦੀਪਨੀ ਅਤੇ ਸ਼੍ਰੀ ਕ੍ਰਿਸਨ, ਰਿਸ਼ੀ ਬਾਲਮੀਕਿ ਅਤੇ ਲਵ-ਕੁਸ਼, ਦ੍ਰੋਣਾਚਾਰੀਆ ਅਤੇ ਅਰਜੁਨ, ਗੁਰੁ ਰਵਿਦਾਸ ਅਤੇ ਮੀਰਾ ਬਾਈ, ਗੁਰੁ ਗੋਬਿੰਦ ਸਿੰਘ ਅਤੇ ਭਾਈ ਸੰਗਤ ਸਿੰਘ, ਚਾਣਕਿਆ ਅਤੇ ਚੰਦਰ ਗੁਪਤ ਮੌਰੀਆ, ਰਾਮ ਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ, ਕ੍ਰਿਸ਼ਨਾ ਜੀ ਕੇਸ਼ਵ ਅੰਬੇਡਕਰ ਅਤੇ ਡਾਕਟਰ ਭੀਮ ਰਾਓ ਅੰਬੇਡਕਰ, ਜੋਹਾਨਾ ਮੈਨਸਫੀਲਡ ਸੂਲੀਵੈਨ ਅਤੇ ਹੈਲਨ ਐਡਮਜ਼ ਕੈਲਰ (ਐਨੀ ਸੂਲੀਵੈਨ ਅਤੇ ਹੈਲਨ ਕੈਲਰ) ਇਹ ਐਸੀਆਂ ਗੁਰੂ ਸ਼ਿਸ਼ ਦੀ ਅਦਰਸ਼ ਉਦਾਹਰਣਾਂ ਹਨ ਜਿਹੜੀਆ ਇਤਿਹਾਸ ਦਾ ਮਹੱਤਵਪੂਰਣ ਹਿੱਸਾ ਬਣ ਚੁੱਕੀਆਂ ਹਨ।ਜਦੋਂ ਕਿਤੇ ਅਪਵਾਦ ਵੀ ਹੋਇਆ ਹੈ ਤਾਂ ਉਹ ਵੀ ਗੰਭੀਰਤਾ ਨਾਲ ਯਾਦ ਰੱਖਿਆ ਜਾਂਦਾ ਹੈ ਜਿਵੇਂ ਜਿੱਥੇ ਦ੍ਰੋਣਾਚਾਰੀਆ ਅਰਜੁਨ ਸੰਬੰਧ ਵਿੱਚ ਸਨਮਾਨ ਨਾਲ ਦੇਖੇ ਜਾਂਦੇ ਹਨ ਉੱਥੇ ਦ੍ਰੋਣਾਚਾਰੀਆ ਅਤੇ ਇਕਲੱਵਿਆ ਸੰਬੰਧਾਂ ਵਿੱਚ ਦ੍ਰੋਣਾਚਾਰੀਆ ਨੂੰ ਮਾਨਵ ਪ੍ਰੇਮੀ ਲੋਕ ਨਫਰਤ ਨਾਲ ਦੇਖਦੇ ਰਹਿਣਗੇ ਅਤੇ ਇਕਲੱਵਿਆ ਮਹਾਨਾਇਕ ਬਣ ਕੇ ਸਿੱਧ ਹੋਇਆ ਹੈ।
ਇਤਿਹਾਸ ਨੂੰ ਘੋਖਦੇ ਹੋਏ ਇਹ ਸਾਹਮਣੇ ਆਇਆ ਹੈ ਕਿ ਗੂਰੂ ਦੀ ਵਿਦਵਤਾ, ਵਧੀਆ ਆਚਰਣ, ਨਿਸਵਾਰਥ ਅਤੇ ਤਿਆਗ ਦੀ ਭਾਵਨਾ, ਮਜਬੂਤ ਇੱਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਕਿਵੇਂ ਆਪਣੇ ਸ਼ਿਸ਼ਾਂ ਵਿੱਚ ਇਨ੍ਹਾਂ ਅਦਰਸ਼ ਗੁਣਾਂ ਦੀ ਸਿਰਜਣਾ ਕਰ ਦਿੰਦੇ ਹਨ। ਦੂਜੇ ਪਾਸੇ ਸ਼ਿਸ਼ ਵਿੱਚ ਸਿੱਖਿਆ ਪ੍ਰਾਪਤ ਕਰਨ ਦੀ ਤੀਵਰ ਇੱਛਾ, ਨਿਮਰਤਾ, ਸਮਰਪਣ ਦੀ ਭਾਵਨਾ, ਅਣਥੱਕ ਮਿਹਨਤ ਹਰ ਤਰ੍ਹਾਂ ਦੀ ਪ੍ਰਾਪਤੀ ਕਰਨ ਦੇ ਯੋਗ ਬਣਾ ਦਿੰਦੀ ਹੈ।ਅਜਿਹੇ ਸੰਬੰਧਾਂ ਨਾਲ ਕੇਵਲ ਗੁਰੁ ਸ਼ਿਸ਼ ਦੀ ਨਿੱਜੀ ਸੰਤੁਸ਼ਟੀ ਅਤੇ ਪ੍ਰਾਪਤੀ ਹੀ ਨਹੀਂ ਹੁੰਦੀ ਬਲਕਿ ਗੰਧਲੇ ਸਮਾਜਿਕ ਤਾਣੇ ਬਾਣੇ ਨੂੰ ਅਦਰਸ਼ ਸਮਾਜ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਅਪਵਾਦ ਦੇ ਤੌਰ ਤੇ ਜਿੱਥੇ ਦ੍ਰੋਣਾਚਾਰੀਆ ਦੀ ਉਦਾਹਰਣ ਤੋਂ ਸਿੱਖਿਆ ਲੈਕੇ ਅਜੋਕੇ ਗੁਰੁ ਨੂੰ ਸੱਭ ਨੂੰ ਬਰਾਬਰ ਰੱਖਣ ਦੀ ਭਾਵਨਾ ਅਪਣਾਉਣੀ ਹੀ ਚੰਗੀ ਲੱਗੇਗੀ ਅਤੇ ਇਕਲੱਵਿਆ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ ਅਜੋਕੇ ਸ਼ਿਸ਼ ਵਿੱਚ ਬਹਾਦਰੀ, ਤਿਆਗ ਅਤੇ ਸਮਰਪਣ ਦੀ ਭਾਵਨਾ ਉਪਜਾਉਣ ਦੀ ਲੋੜ ਹੈ।
ਸਮੁੱਚੇ ਤੌਰ ਤੇ ਜਦੋਂ ਅਸੀਂ ਗੁਰੂ ਸ਼ਿਸ਼ ਦੇ ਪੁਰਾਤਨ ਰਿਸ਼ਤਿਆਂ ਦਾ ਵਰਤਮਾਨ ਨਾਲ ਮੇਲ ਕਰਕੇ ਦੇਖਦੇ ਹਾਂ ਤਾਂ ਵਿਗੜੀ ਹੋਈ ਸਮੀਕਰਣ ਸਾਹਮਣੇ ਆਉਂਦੀ ਹੈ।ਜਿੱਥੇ ਗੁਰੂਕੁਲ ਵਿਵਸਥਾ ਵਿੱਚ ਗੁਰੁ ਦਾ ਨਿਰੋਲ ਕੰਮ ਆਪਣੇ ਸ਼ਿਸ਼ਾਂ ਪ੍ਰਤੀ ਸਮਰਪਣ ਸੀ, ਉੱਥੇ ਅਜੋਕੇ ਸਮੇਂ ਵਿੱਚ ਗੁਰੂੁ ਦਾ ਧਿਆਨ ਵਿਕੇਂਦਰਿਤ ਹੋ ਚੁੱਕਾ ਹੈ।ਉਸ ਲਈ ਅਧਿਆਪਨ ਇੱਕ ਪਵਿੱਤਰ ਕਿੱਤਾ ਨਾ ਹੋ ਕੇ ਵਿਉਪਾਰ ਬਣ ਚੁੱਕਾ ਹੈ।ਕੰਮ ਬਦਲੇ ਪੈਸੇ ਦਾ ਸਿਧਾਂਤ ਭਾਰੂ ਹੋ ਚੁੱਕਾ ਹੈ।ਗੁਰੁ ਦਾ ਆਪਣਾ ਜੀਵਨ ਅਦਰਸ਼ ਨਾ ਰਹਿ ਕੇ ਸਮਾਜਿਕ ਦਲਦਲ ਵਿੱਚ ਫਸ ਗਿਆ ਹੈ, ਜਦ ਕਿ ਇਸ ਨੇ ਸਮਾਜਿਕ ਦਲਦਲ ਨੂੰ ਖਤਮ ਕਰਨਾ ਸੀ।ਤਕਸ਼ਿਲਾ ਅਤੇ ਨਾਲੰਦਾ ਵਰਗੀਆਂ ਪਰੰਪਰਾਵਾਂ ਸੁਪਨਾ ਬਣ ਕੇ ਰਹਿ ਗਈਆਂ ਹਨ।ਦੂਜੇ ਪਾਸੇ ਅਜੋਕਾ ਸ਼ਿਸ਼ ਆਪਣੇ ਆਪ ਨੂੰ ਸ਼ਿਸ਼ ਕਹਾ ਕੇ ਅਸੰਤੁਸ਼ਟੀ ਮਹਿਸੂਸ ਕਰਦਾ ਹੈ। ਉਸ ਵਿੱਚ ਗੁਰੁ ਪ੍ਰਤੀ ਆਦਰ ਦੀ ਥਾਂ ਬਰਾਬਰੀ ਦੀ ਭਾਵਨਾ ਆਉਂਦੀ ਜਾਂਦੀ ਹੈ।ਉਹ ਝੁਕ ਕੇ ਸਿੱਖਿਆ ਪ੍ਰਾਪਤ ਕਰਨ ਦੀ ਥਾਂ ਵੱਡੀਆਂ ਵੱਡੀਆਂ ਫੀਸਾਂ ਦੇਕੇ ਅਧਿਕਾਰਤ ਢੰਗ ਨਾਲ ਕੁੱਝ ਲੈਣਾ ਆਪਣਾ ਹੱਕ ਸਮਝਦਾ ਹੈ।ਅਜਿਹੀਆਂ ਭਾਵਨਾਵਾਂ ੳੱਤਰ-ਦੱਖਣ ਦਿਸ਼ਾ ਵਲ ਚੱਲਣ ਦੇ ਬਰਾਬਰ ਹਨ। ਅਜਿਹੇ ਹਾਲਾਤਾਂ ਵਿੱਚ ਸਿੱਖਿਆ ਵਰਗੇ ਅਤੀ ਸੂਖਮ ਵਿਸ਼ੇ ਨਾਲ ਖਿਲਵਾੜ ਹੀ ਹੋ ਸਕੇਗਾ। ਨਾ ਕਿ ਸਹੀ ਅਰਥਾਂ ਵਿੱਚ ਸਿੱਖਿਆ ਦੇ ਉਦੇਸ਼ ਦੀ ਪੂਰਤੀ।
ਅਗਰ ਅਸੀਂ ਸਹੀ ਅਰਥਾਂ ਵਿੱਚ ਨਰੋਆ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੁ ਸ਼ਿਸ਼ ਦੇ ਰਿਸ਼ਤਿਆਂ ਦੀ ਮਰਯਾਦਾ ਦੀ ਬਹੁਤ ਗੰਭੀਰਤਾ ਨਾਲ ਪਾਲਣਾ ਕਰਨੀ ਪਵੇਗੀ।ਜਿੱਥੇ ਗੁਰੁ ਅਤੇ ਸ਼ਿਸ਼ ਨੂੰ ਸਵੈ ਪੜਚੋਲ ਦੀ ਲੋੜ ਹੈ ਉੱਥੇ ਸਮਾਜ ਦੀ ਸੱਭ ਤੋਂ ਵੱਡੀ ਜਿੰਮੇਦਾਰੀ ਬਣਦੀ ਹੈ ਕਿ ਵਧੀਆ ਕਦਰਾਂ ਕੀਮਤਾਂ ਸੰਭਾਲੀਆਂ ਜਾਣ  ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਭਰਪੂਰ ਯਤਨ ਕੀਤੇ ਜਾਣ।ਭਾਰਤ ਦੀ ਸੱਭਿਅਤਾ ਅਤੇ ਸਿੱਖਿਆ ਪ੍ਰਣਾਲੀ ਸੰਸਾਰ ਨੂੰ ਸੇਧ ਦਿੰਦੀ ਰਹੀ ਹੈ। ਇਸ ਮਾਣ ਸਨਮਾਨ ਨੂੰ ਫਿਰ ਤੋਂ ਬਹਾਲ ਕਰਨਾ ਹੋਵੇਗਾ।ਗੁਰੁ ਸ਼ਿਸ਼ ਦੀ ਅਦਰਸ਼ ਪਰੰਪਰਾ ਨੂੰ ਗੰਭੀਰਤਾ ਨਾਲ ਸੰਭਾਲਣ ਨਾਲ ਜਿੱਥੇ ਵਧੀਆ ਭਾਰਤੀ ਸਮਾਜ ਬਣੇਗਾ ਉੱਤੇ ਵਿਸ਼ਵ ਪੱਧਰ ਤੇ ਸ਼ਾਂਤੀ ਪੈਦਾ ਹੋ ਸਕੇਗੀ ਅਤੇ ਵਿਸ਼ਵ ਬੰਧੂਤਵ ਸਥਾਪਿਤ ਹੋ ਸਕੇਗਾ।
ਮਿਤੀ 29 ਅਗਸਤ, 2022  
ਪੂਜਾ ਸ਼ਰਮਾ

ਮੇਰੇ ਪਿਤਾ ਮੇਰੀ ਦੁਨੀਆਂ - ਪੂਜਾ ਸ਼ਰਮਾ

ਭਾਰਤੀ ਸੰਸਕ੍ਰਿਤੀ ਵਿੱਚ ਮਾਂ ਬਾਪ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਗਿਆ ਹੈ। ਸਾਡੇ ਧਾਰਮਿਕ ਗ੍ਰੰਥ ਸਾਡੇ ਜੀਵਨ ਨੂੰ ਨਿਰਦੇਸ਼ਿਤ ਕਰਦੇ ਹੋਏ ਬੱਚਿਆਂ ਵਿੱਚ ਸੰਸਕਾਰਾਂ ਦੇ ਬੀਜ ਬੀਜਦੇ ਹਨ। 'ਪਦਮ ਪੁਰਾਣ' ਵਿੱਚ ਕਿਹਾ ਗਿਆ ਹੈ ਪਿਤਾ ਧਰਮ ਹੈ, ਪਿਤਾ ਸਵਰਗ ਹੈ ਅਤੇ ਪਿਤਾ ਹੀ ਸਭ ਤੋਂ ਵਧੀਆ ਤਪ ਹੈ। ਪਿਤਾ ਦੇ ਖੁਸ਼ ਹੋ ਜਾਣ ਨਾਲ ਸਾਰੇ ਦੇਵਤਾ ਖੁਸ਼ ਹੋ ਜਾਂਦੇ ਹਨ। ਜੇ ਕਰ ਮਾਂ ਸਾਰੇ ਤੀਰਥਾਂ ਵਾਂਗ ਹੈ ਤਾਂ ਪਿਤਾ ਸਾਰੇ ਦੇਵਤਿਆਂ  ਦਾ ਸਰੂਪ ਹੈ। ਇਸ ਲਈ ਸਭ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।
ਭਾਰਤੀ ਇਤਿਹਾਸ ਬਹੁਤ ਸਾਰੀਆਂ ਉਦਾਹਰਣਾਂ  ਨਾਲ ਭਰਿਆ ਹੋਇਆ ਹੈ। ਜਿਸ ਤੋਂ ਸਾਨੂੰ ਬੱਚੇ ਤੇ ਪਿਤਾ ਵਿਚਕਾਰ ਪਵਿੱਤਰ ਰਿਸ਼ਤੇ ਦੀ ਮਹੱਤਤਾ ਦੀ ਝਲਕ ਮਿਲਦੀ ਹੈ। ਕਿਵੇਂ ਮਹਾਰਾਜ ਦਸ਼ਰਥ ਦੁਆਰਾ ਮਾਤਾ ਕੇਕਈ ਨੂੰ ਦਿੱਤੇ ਗਏ ਇਕ ਵਚਨ ਦੀ ਪਾਲਣਾ ਕਰਨ ਲਈ ਸ੍ਰੀ ਰਾਮ ਚੰਦਰ ਨੇ ਪਲ ਭਰ ਵਿਚ 14 ਸਾਲ ਦਾ ਬਣਵਾਸ ਸਵੀਕਾਰ ਕਰ ਲਿਆ ਅਤੇ ਉਸ ਦੀ ਪਾਲਣਾ ਕੀਤੀ। ਸਰਵਨ ਕੁਮਾਰ ਦੀ ਆਪਣੀ ਮਾਤਾ ਅਤੇ ਪਿਤਾ ਪ੍ਰਤੀ ਭਗਤੀ ਤੋਂ ਵੱਡਾ ਉਦਾਹਰਣ ਕੀ ਹੋ ਸਕਦਾ ਹੈ? ਜਿਸ ਨੇ ਆਪਣੇ ਅੰਨ੍ਹੇ ਮਾਂ ਬਾਪ ਨੂੰ ਵਹਿੰਗੀ ਵਿੱਚ ਬਿਠਾ ਕੇ ਚਾਰ ਧਾਮ ਦੀ ਯਾਤਰਾ ਕਰਵਾਉਣ ਦਾ ਪ੍ਰਣ ਲਿਆ ਆਪਣੇ ਆਖਰੀ ਸਾਹ ਤੱਕ ਨਿਭਾਇਆ। ਭਾਰਤੀ ਸੰਸਕ੍ਰਿਤੀ ਵਿਚ ਦਸ਼ਰਥ - ਰਾਮ, ਬ੍ਰਿਸ਼ ਭਾਨ - ਰਾਧਾ, ਭੀਮ-ਘਟੋਤਕਚ, ਅਰਜੁਨ-ਅਭਿਮੰਨਿਊ ਵਰਗੀਆਂ ਉਦਾਹਰਨਾਂ ਮੌਜੂਦ ਹਨ।

ਮਾਂ ਦੀ ਤਰ੍ਹਾਂ ਪਿਤਾ ਦਾ ਬੱਚੇ ਦੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਪਿਤਾ ਉਸ ਦਾ ਪਾਲਣ-ਪੋਸ਼ਣ ਕਰਦਾ ਹੈ। ਜਿਨ੍ਹਾਂ ਬੱਚਿਆਂ ਦਾ ਰਿਸ਼ਤਾ ਆਪਣੇ ਪਿਤਾ ਨਾਲ ਵਧੀਆ ਹੁੰਦਾ ਹੈ ਉਹ ਬੱਚੇ ਬੋਧਿਕ, ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਰੂਪ ਵਿਚ ਜ਼ਿਆਦਾ ਮਜ਼ਬੂਤ ਹੁੰਦੇ ਹਨ। ਇਕ ਪਿਤਾ ਬੱਚੇ ਲਈ ਬੋਹੜ ਦੇ ਦਰਖਤ ਵਾਂਗ ਹੁੰਦਾ ਹੈ ਜਿਸ ਦੀ ਛਾਂ ਹੇਠ ਉਸ ਦਾ ਜੀਵਨ ਸੁਰੱਖਿਅਤ ਰਹਿੰਦਾ ਹੈ। ਪਿਤਾ ਆਪਣਾ ਸਾਰਾ ਜੀਵਨ ਆਪਣੇ ਪਰਿਵਾਰ ਦੀ ਬਿਹਤਰੀ ਅਤੇ ਤਰੱਕੀ ਲਈ ਸਮਰਪਿਤ ਕਰ ਦਿੰਦਾ ਹੈ। ਭਾਵੇਂ ਉਸ ਦੁਆਰਾ ਲਾਗੂ ਕੀਤਾ ਅਨੁਸ਼ਾਸਨ ਬੱਚਿਆਂ ਨੂੰ ਕਈ ਵਾਰ ਪਸੰਦ ਨਹੀਂ ਆਉਂਦਾ ਅਤੇ ਬੱਚੇ ਸੋਚਦੇ ਹਨ ਕਿ ਪਿਤਾ ਉਹਨਾਂ ਨੂੰ ਪਿਆਰ ਨਹੀਂ ਕਰਦੇ ਪਰ ਪਿਤਾ ਦੀ ਸਖਤੀ ਵਿਚ ਆਪਣੇ ਬੱਚਿਆਂ ਲਈ ਛੁਪਿਆ ਹੋਇਆ ਬੇਅੰਤ ਪਿਆਰ ਅਤੇ ਚਿੰਤਾ ਹੁੰਦੀ ਹੈ। ਪਿਤਾ ਤੋਂ ਹੀ ਇੱਕ ਬੱਚਾ ਪਰਿਵਾਰ ਪ੍ਰਤੀ ਜ਼ਿੰਮੇਦਾਰੀ ਨੂੰ ਨਿਭਾਉਣਾ ਸਿੱਖਦਾ ਹੈ। ਇੱਕ ਧੀ ਲਈ ਉਸ ਦਾ ਪਿਤਾ ਸੁਪਰਮੈਨ ਜਾਂ ਰੋਲ ਮਾਡਲ ਵਾਂਗ ਹੁੰਦਾ ਹੈ । ਵੱਡੀ ਹੋ ਕੇ ਉਹ ਆਪਣੇ ਜੀਵਨ ਸਾਥੀ ਵਿੱਚ ਵੀ ਆਪਣੇ ਪਿਤਾ ਦਾ ਅਕਸ ਲੱਭਦੀ ਹੈ।

ਅੱਜ ਦੀ ਨੌਜਵਾਨ ਪੀੜ੍ਹੀ ਪੁਰਾਤਨ ਭਾਰਤ ਦੀ ਸੰਸਕ੍ਰਿਤੀ ਤੋਂ ਦੂਰ ਹੁੰਦੀ ਜਾ ਰਹੀ ਹੈ। ਅੱਜ ਬੱਚਿਆਂ ਵਿਚ ਆਪਣੇ ਮਾਂ-ਬਾਪ ਪ੍ਰਤੀ ਉਹ ਸਤਿਕਾਰ ਅਤੇ ਪਿਆਰ ਨਹੀਂ ਰਿਹਾ ਜੋ ਕਿ ਪਹਿਲਾਂ ਹੁੰਦਾ ਸੀ। ਅੱਜ ਦਾ ਲੜਕਾ ਆਪਣੇ ਮਾਂ ਬਾਪ ਵਿੱਚ ਰਹਿਣਾ ਪਸੰਦ ਨਹੀਂ ਕਰਦਾ। ਮਾਤਾ ਪਿਤਾ ਦੀ ਸੇਵਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਮਾਂ-ਬਾਪ ਤੋਂ ਵੱਖ ਹੋ ਜਾਂਦਾ ਹੈ। ਜੇਕਰ ਕਿਤੇ ਮਾਂ ਬਾਪ ਘਰ ਵਿੱਚ ਹੀ ਰਹਿੰਦੇ ਹੋਣ ਤਾਂ ਬੁੱਢੇ ਮਾਂ ਬਾਪ ਨਾਲ ਅਪਮਾਨ ਭਰਿਆ ਵਿਵਹਾਰ ਕੀਤਾ ਜਾਂਦਾ ਹੈ। ਵੱਡੇ ਸ਼ਹਿਰਾਂ ਵਿਚ ਤਾਂ ਬਿਰਧ ਆਸ਼ਰਮਾਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਬੱਚੇ ਆਪਣੇ ਮਾਂ ਬਾਪ ਨੂੰ ਆਪਣੇ ਘਰ ਵਿੱਚ ਰੱਖਣਾ ਬੋਝ ਮੰਨਦੇ ਹਨ।

ਇਸ ਨਕਾਰਾਤਮਕ ਮਾਨਸਿਕਤਾ ਨੂੰ ਦੂਰ ਕਰਨ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਵਡਮੁੱਲੇ ਯੋਗਦਾਨ ਦੀ ਯਾਦ ਦਿਵਾਉਂਦੇ ਰਹਿਣ ਲਈ ਹਰ ਸਾਲ ਮਾਂ ਦਿਵਸ ਅਤੇ ਪਿਤਾ ਦਿਵਸ ਮਨਾਏ ਜਾਂਦੇ ਹਨ। ਸਭ ਤੋਂ ਪਹਿਲਾਂ ਪੱਛਮੀ ਵਰਜ਼ੀਨੀਆ ਵਿਚ ਪਿਤਾ ਦਿਵਸ 19 ਜੂਨ 1910 ਨੂੰ ਮਨਾਇਆ ਗਿਆ ਸੀ। ਅਮਰੀਕਾ ਵਿਚ ਇਸ ਦੀ ਸ਼ੁਰੂਆਤ ਸੰਨ 1916 ਵਿੱਚ ਕੀਤੀ ਗਈ। ਉਸ ਸਮੇਂ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਫਾਦਰਸ ਡੇ ਮਨਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਸੰਨ 1924 ਵਿਚ ਰਾਸ਼ਟਰਪਤੀ ਕੈਲਵਿਨ ਕੁਲਿਜ ਨੇ ਇਸ ਨੂੰ ਰਾਸ਼ਟਰੀ ਆਯੋਜਨ ਘੋਸ਼ਿਤ ਕੀਤਾ। ਸਾਲ 1966 ਵਿੱਚ ਰਾਸ਼ਟਰਪਤੀ ਲਿੰਕਨ ਜਾੱਨਸਨ ਨੇ ਪਹਿਲੀ ਵਾਰ ਹਰ ਸਾਲ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਵਿਸ਼ਵ ਵਿਚ ਵੱਖ-ਵੱਖ ਦੇਸ਼ ਵੱਖ-ਵੱਖ ਮਿਤੀਆਂ ਨੂੰ ਇਹ ਦਿਨ ਮਨਾਉਂਦੇ ਹਨ। ਕਨਾਡਾ, ਅਮਰੀਕਾ, ਭਾਰਤ, ਇੰਗਲੈਂਡ, ਫਰਾਂਸ,  ਪਾਕਿਸਤਾਨ, ਗਰੀਸ ਅਤੇ ਦੱਖਣੀ ਅਫਰੀਕਾ ਵਿੱਚ ਹਰ ਸਾਲ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਦ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਸਿਤੰਬਰ ਦੇ ਪਹਿਲੇ ਐਤਵਾਰ ਅਤੇ ਥਾਈਲੈਂਡ ਵਿੱਚ 5 ਦਸੰਬਰ ਨੂੰ ਮਨਾਇਆ ਜਾਂਦਾ ਹੈ।

ਇਸ ਦਿਨ ਦਾ ਮਹੱਤਵ ਸਿਰਫ ਆਪਣੇ ਪਿਤਾ ਨੂੰ ਇਸ ਦਿਨ ਕਾਰਡ, ਫੁੱਲ, ਕੱਪੜੇ ਜਾਂ ਤੋਹਫੇ ਭੇਂਟ ਕਰਨਾ ਨਹੀਂ ਬਲਕਿ ਇਸ ਗੱਲ ਦਾ ਅਹਿਸਾਸ ਕਰਨਾ ਹੈ ਕਿ ਪਿਤਾ ਨੇ ਸਾਡੀ ਜ਼ਿੰਦਗੀ ਬਣਾਉਣ ਲਈ ਸਾਰੀ ਉਮਰ ਤਿਆਗ ਅਤੇ ਸਮਰਪਣ ਨਾਲ ਗੁਜ਼ਾਰੀ ਹੈ। ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਆਪਣੀਆਂ ਇੱਛਾਵਾਂ ਨੂੰ ਹਰ ਵਾਰ ਮਾਰਿਆ ਹੈ। ਜੇਕਰ ਅਸੀਂ ਸਾਰੇ ਆਪਣੇ ਪਿਤਾ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਤਿਆਗ ਨੂੰ ਹਮੇਸ਼ਾ ਯਾਦ ਰਖੀਏ ਤਾਂ ਇਸ ਤੋਂ ਵੱਡਾ ਤੋਹਫਾ ਆਪਣੇ ਪਿਤਾ ਲਈ ਪਿਤਾ ਦਿਵਸ ਤੇ ਨਹੀਂ ਹੋ ਸਕਦਾ।

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033

ਅਣਸੁਖਾਵੇਂ ਸਮੇਂ ਵਿੱਚ ਜੀਵਨ ਜੀਉਣ ਦੀ ਕਲਾ - ਪੂਜਾ ਸ਼ਰਮਾ

ਪਰਿਵਰਤਨ ਸੰਸਾਰ ਦਾ ਨਿਯਮ ਹੈ। ਕੋਈ ਵੀ ਚੀਜ਼ ਜਾਂ ਪਰਿਸਥਿਤੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਕੁੱਝ ਮਹੀਨੇ ਪਹਿਲਾਂ ਕਿਸ ਨੇ ਸੋਚਿਆ ਸੀ ਕਿ ਕੋਵਿਡ-19 ਨਾਂ ਦੀ ਮਹਾਂਮਾਰੀ ਪੂਰੇ ਵਿਸ਼ਵ ਲਈ ਚੁਣੌਤੀ ਬਣ ਜਾਵੇਗੀ। ਅੱਜ ਕੋਰੋਨਾ ਵਾਇਰਸ ਨੇ ਸੰਸਾਰ ਦੇ 209 ਦੇਸ਼ ਆਪਣੀ ਚਪੇਟ ਵਿੱਚ ਲੈ ਲਏ ਹਨ। ਅਮਰੀਕਾ, ਇਟਲੀ, ਫਰਾਂਸ, ਇੰਗਲੈਂਡ ਵਰਗੇ ਵਿਕਸਿਤ ਦੇਸ਼, ਜਿੱਥੇ ਸਿਹਤ ਸਹੂਲਤਾਂ ਬਹੁਤ ਵਧੀਆ ਹਨ, ਉਹ ਵੀ ਇਸ ਬਿਮਾਰੀ ਨਾਲ ਬੜੀ ਹਿੰਮਤ ਨਾਲ ਮੁਕਾਬਲਾ ਕਰ ਰਹੇ ਹਨ।ਲਗਾਤਾਰ ਹਰ ਦਿਨ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਸਦੇ ਨਾਲ ਵੱਖ-ਵੱਖ ਦੇਸ਼ਾਂ ਵਿੱਚ ਮੌਤਾਂ ਦੀ ਸੰਖਿਆ ਵੀ ਵੱਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਪੈਨੀ ਨਜ਼ਰ ਬਦਲਦੇ ਜਾਲਾਤ ਤੇ ਬਣਾਈ ਹੋਈ ਹੈ ਅਤੇ ਸਮੇਂ-ਸਮੇਂ ਤੇ ਨਵੀਆਂ ਗਾਈਡ ਲਾਈਨਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

                ਇਸ ਤਣਾਅ ਅਤੇ ਚੁਣੌਤੀਪੂਰਣ ਸਮੇਂ ਵਿੱਚ ਜਿੱਥੇ ਸੰਪੂਰਣ ਵਿਸ਼ਵ ਵਿੱਚ ਲਾੱਕ-ਡਾਊਨ ਦੀ ਸਥਿਤੀ ਹੈ ਲੋਕਾਂ ਦੀ ਮਾਨਸਿਕ ਸਿਹਤ ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ। ਇਸ ਤਣਾਅ ਵਿੱਚ ਆਪਣੀ ਅਤੇ ਆਪਣਿਆਂ ਦੀ ਸਿਹਤ ਬਾਰੇ ਡਰ ਅਤੇ ਫਿਕਰ, ਸੌਣ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ, ਸੌਣ ਜਾਂ ਇਕਾਗਰਤਾ ਵਿੱਚ ਮੁਸ਼ਕਿਲ ਆਉਣੀ, ਪੁਰਾਣੀ ਸਿਹਤ ਸਮੱਸਿਆਵਾਂ ਦਾ ਹੋਰ ਵੱਧਣਾ, ਮਾਨਸਿਕ ਸਿਹਤ ਦਾ ਖਰਾਬ ਹੋਣਾ ਅਤੇ ਸ਼ਰਾਬ, ਤੰਬਾਕੂ ਜਾਂ ਹੋਰ ਨਸ਼ਿਆਂ ਦੇ ਇਸਤੇਮਾਲ ਦੀ ਤਲਬ ਵਿੱਚ ਵਾਧਾ ਹੋਣਾ ਸ਼ਾਮਿਲ ਹੈ। ਇਸ ਸੰਕਟ ਸਮੇਂ ਸਭ ਤੋਂ ਜ਼ਿਆਦਾ ਤਣਾਅ ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਨੂੰ ਹੈ ਜੋ ਪਹਿਲਾਂ ਹੀ ਕਿਸੇ ਗੰਭੀਰ ਬਿਮਾਰੀ ਤੋਂ ਗ੍ਰਸਤ ਹਨ। ਇਸ ਦੇ ਨਾਲ ਬੱਚੇ, ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਉਹ ਲੋਕ ਜੋ ਪਹਿਲਾਂ ਹੀ ਮਾਨਸਿਕ ਬਿਮਾਰੀ ਤੋਂ ਗੁਜ਼ਰ ਰਹੇ ਹਨ, ਇਸ ਤਣਾਅ ਦਾ ਸਾਹਮਣਾ ਕਰ ਰਹੇ ਹਨ।

                ਇਸ ਮੁਸ਼ਕਿਲ ਘੜੀ ਵਿੱਚ ਸਰੀਰਕ ਸਿਹਤ ਦੇ ਨਾਲ ਮਾਨਸਿਕ ਰੂਪ ਵਿੱਚ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਚਾਹੇ ਇਹ ਘੜੀ ਬਹੁਤ ਚੁਣੌਤੀਪੂਰਣ ਅਤੇ ਔਖੀ ਹੈ ਪਰ ਜਿਵੇਂ ਕਿ ਕਿਹਾ ਜਾਂਦਾ ਹੈ “ਇਹ ਸਮਾਂ ਵੀ ਗੁਜ਼ਰ ਜਾਵੇਗਾ”। ਇਸ ਲਈ ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਅਤੇ ਆਪਣਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਖਿਆਲ ਰੱਖ ਸਕਦੇ ਹਾਂ।

1.            ਚੁਣੌਤੀ ਨੂੰ ਸਵੀਕਾਰ ਕਰੋ: ਸਭ ਤੋਂ ਪਹਿਲਾਂ ਸਾਨੂੰ ਇਸ ਕੋਰੋਨਾ ਨਾਂ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਿੰਨੀ ਦੇਰ ਤੱਕ ਅਸੀਂ ਸਕਾਰਾਤਮਕ ਢੰਗ ਨਾਲ ਇਸ ਨੂੰ ਸਵੀਕਾਰ ਕਰਕੇ ਇਸ ਦੇ ਨਿਦਾਨ ਵੱਲ ਆਪਣਾ ਧਿਆਨ ਨਹੀਂ ਲੈ ਜਾਂਦੇ ਇਹ ਸਾਡੇ ਮਨਾਂ ਦੇ ਦਹਿਸ਼ਤ ਬਣਾਈੇ ਰੱਖੇਗੀ। ਸਮੇਂ ਦੀ ਮੰਗ ਹੈ ਕਿ ਸਮੱਸਿਆ ਨੂੰ ਸਵੀਕਾਰ ਕਰਕੇ ਇਸਦੇ ਹੱਲ ਬਾਰੇ ਸੋਚਿਆ ਜਾਵੇ।

2.            ਲਗਾਤਾਰ ਖਬਰਾਂ ਦੇਖਣ ਤੋਂ ਬਚੋ: ਲਗਾਤਾਰ ਨਿਊਜ਼ ਚੈਨਲ ਤੇ ਕੋਰੋਨਾ ਵਾਇਰਸ ਨਾਲ ਸੰਬੰਧਤ ਖਬਰਾਂ ਪ੍ਰਸਾਰਿਤ ਹੋ ਰਹੀਆਂ ਹਨ ਅਤੇ ਵੱਖ-ਵੱਖ ਦੇਸ਼ਾਂ ਵਿੱਚ ਇਸ ਸਮੇਂ ਬੜੀ ਗੰਭੀਰ ਸਥਿਤੀ ਬਣੀ ਹੋਈ ਹੈ। ਇਸ ਲਈ ਲਗਾਤਾਰ ਖਬਰਾਂ ਦੇਖਣ ਨਾਲ ਡਰ ਅਤੇ ਤਣਾਅ ਦੀਆਂ ਭਾਵਨਾਵਾਂ ਵੱਧਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਸਿਰਫ ਜਾਣਕਾਰੀ ਲੈਣ ਲਈ ਕਦੇ-ਕਦੇ ਨਿਊਜ਼ ਚੈਨਲ ਲਗਾ ਕੇ ਖਬਰਾਂ ਦੇਖੀਏ।

3.            ਅਫਵਾਹਾਂ ਤੋਂ ਦੂਰ ਰਹੋ:  ਸੋਸ਼ਲ ਮੀਡੀਆ ਤੇ ਕਈ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ ਜਿਨ੍ਹਾਂ ਕਾਰਣ ਵਿਅਕਤੀ ਦੀ ਮਾਨਸਿਕ ਸਥਿਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਿਰਫ ਉਨ੍ਹਾਂ ਖਬਰਾਂ ਜਾਂ ਨਿਰਦੇਸ਼ਾਂ ਤੇ ਯਕੀਨ ਕਰੀਏ ਜੋ ਵਿਸ਼ਵ ਸਿਹਤ ਸੰਗਠਨ, ਕੇਂਦਰੀ ਸਿਹਤ ਮੰਤਰਾਲਾ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵਰਗੀਆਂ ਸਿਹਤ ਸੰਸਥਾਵਾਂ ਪ੍ਰਦਾਨ ਕਰਦੀਆਂ ਹਨ।

4.            ਸ਼ਾਂਤ ਪਰ ਸੁਚੇਤ ਰਹੋ:  ਸਰਕਾਰ ਅਤੇ ਸਿਹਤ ਵਿਭਾਗ ਵਲੋਂ ਦਿੱਤੇ ਨਿਰਦੇਸ਼ਾਂ ਦਾ ਹੀ ਪਾਲਣ ਕਰੋ। ਆਪਣੀ ਸਾਫ-ਸਫਾਈ ਦਾ ਧਿਆਨ ਰੱਖੋ, ਲਾੱਕ-ਡਾਊਨ ਸਮੇਂ ਸਮਾਜਿਕ ਦੂਰੀ ਬਣਾਈ ਰੱਖੋ ਅਤੇ ਖੁਦ ਨੂੰ ਹਰ ਪਰਿਸਥਿਤੀ ਵਿੱਚ ਸ਼ਾਂਤ ਅਤੇ ਚੇਤੰਨ ਰੱਖਣ ਦੀ ਜ਼ਰੂਰਤ ਹੈ।

5.            ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਬਣਾਈ ਰੱਖੋ:  ਚਾਹੇ ਸੋਸ਼ਲ ਡਿਸਟੈਂਸਿੰਗ ਨੇ ਸਾਡਾ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਰੀਰਕ ਮੇਲ-ਮਿਲਾਪ ਮੁਸ਼ਕਿਲ ਕਰ ਦਿੱਤਾ ਹੈ ਪਰ ਇਸ ਡਰ, ਇਕੱਲੇਪਨ ਅਤੇ ਅਨਿਸ਼ਚਿਤ ਮਨੋਸਥਿਤੀ ਵਿੱਚ ਉਨ੍ਹਾਂ ਨਾਲ ਫੋਨ, ਵੀਡੀਓ ਕਾੱਲ, ਵੱਟਸ ਐਪ, ਫੇਸਬੁੱਕ ਅਤੇ ਈ-ਮੇਲ ਰਾਹੀਂ ਜੁੜੋ ਕਿਉਂਕਿ ਇਸ ਨਾਲ ਅਸੀਂ ਇੱਕ ਦੂਜੇ ਨੂੰ ਮਾਨਸਿਕ ਰੂਪ ਵਿੱਚ ਮਜਬੂਤ ਬਣਾਵਾਂਗੇ। ਇਹ ਇੱਕ ਦੂਸਰੇ ਦਾ ਖਿਆਲ ਰੱਖਣ ਅਤੇ ਸਹਿਯੋਗ ਦੇਣ ਦਾ ਸਮਾਂ ਹੈ।

6.            ਧਿਆਨ ਅਤੇ ਯੋਗ ਮਨ ਦੀ ਸ਼ਾਤੀ ਲਈ ਸਹਾਇਕ ਕਿਰਿਆਵਾਂ:  ਰੋਜ਼ ਸਵੇਰੇ ਘਰ ਵਿੱਚ ਜਲਦੀ ੳੱੁਠ ਕੇ ਯੋਗ ਅਤੇ ਕਸਰਤ ਕਰਨ ਨਾਲ ਸਿਹਤ ਠੀਕ ਰੰਿਹਦੀ ਹੈ। ਭਰਾਮਰੀ ਪ੍ਰਾਣਾਯਾਮ ਅਤੇ ਧਿਆਨ ਮਨੁੱਖ ਦੀ ਮਾਨਸਿਕ ਸਿਹਤ ਨੂੰ ਵਧੀਆ ਰੱਖਦੇ ਹਨ। ਪ੍ਰਾਣਾਯਾਮ ਕਿਰਿਆਵਾਂ ਗੁੱਸਾ, ਚਿੜਚਿੜਾਪਣ ਆਦਿ ਦੂਰ ਕਰਕੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀਆਂ ਹਨ।

7.            ਆਪਣਾ ਰੂਟੀਨ ਸੈੱਟ ਕਰੋ:  ਘਰ ਵਿੱਚ ਰਹਿ ਕੇ ਆਪਣਾ ਰੂਟੀਨ ਬਣਾਉਣਾ ਜ਼ਰੂਰੀ ਹੈ। ਸਮੇਂ ਦਾ ਉਪਯੋਗ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੀਤਾ ਜਾ ਸਕਦਾ ਹੈ। ਸੰਗੀਤ ਸੁਣਨਾ, ਕਿਤਾਬਾਂ ਪੜਣਾ, ਬੇਕਾਰ ਚੀਜਾਂ ਤੋਂ ਉਪਯੋਗੀ ਵਸਤਾਂ ਬਣਾਉਣੀਆਂ, ਟੀ ਵੀ ਤੇ ਮਨੋਰੰਜਕ ਪ੍ਰੋਗਰਾਮ ਦੇਖਣਾ, ਬੱਚਿਆਂ ਨਾਲ ਕੈਰਮ, ਚੈੱਸ, ਲੂਡੋ ਆਦਿ ਖੇਡਾਂ ਖੇਡਣੀਆਂ. ਘਰ ਦੇ ਬਗੀਚੇ ਵਿੱਚ ਸਮਾਂ ਬਿਤਾਉਣਾ ਅਤੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਵਤੀਤ ਕਰਨਾ ਆਦਿ ਬਹੁਤ ਸਾਰੀਆਂ ਚੀਜ਼ਾਂ ਹਨ ਜਿਸ ਵਿੱਚ ਅਨੰਦ ਲੱਭਿਆ ਜਾ ਸਕਦਾ ਹੈ।

8.            ਮਨੋਚਿਕਿਤਸਕ ਦੀ ਸਲਾਹ ਲਵੋ:  ਜੇਕਰ ਘਰ ਵਿੱਚ ਪਹਿਲਾਂ ਹੀ ਕੋਈ ਮਾਨਸਿਕ ਰੋਗੀ ਹੈ ਅਤੇ ਇਸ ਸਮੇਂ ਉਸ ਦੇ ਵਤੀਰੇ ਵਿੱਚ ਚਿੜਚਿੜਾਪਣ, ਗੁੱਸਾ ਜਾਂ ਉਦਾਸੀਨਤਾ ਵੱਧ ਗਈ ਹੈ ਤਾਂ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਹੈਲਪ ਲਾਈਨ ਤੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

                ਆਓ ਅਸੀਂ ਸਾਰੇ ਇਸ ਸੰਕਟ ਦੀ ਘੜੀ ਦਾ ਸਾਹਮਣਾ ਧੀਰਜ ਅਤੇ ਸਹਿਣਸ਼ੀਲ਼ਤਾ ਨਾਲ ਕਰੀਏ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਚੇਤੰਨ ਰਹੀਏ।ਸੱਚ ਇਹ ਹੀ ਹੈ ਕਿ ਇਹ ਸਮਾਂ ਵੀ ਗੁਜ਼ਰ ਜਾਵੇਗਾ। ਸਾਨੂੰ ਸਭ ਨੂੰ ਆਸਵੰਦ ਹੋਕੇ ਉਨ੍ਹਾਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਸਫਾਈ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਖੁਰਾਕ ਅਤੇ ਸਿਵਿਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਅਤੇ ਵਿਸ਼ੇਸ਼ ਤੌਰ ਤੇ ਢੌਆ-ਢੁਆਈ ਕਰ ਰਹੇ ਡਰਾਈਵਰਾਂ ਦਾ ਅਤੇ ਹੋਰ ੳੇਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸਾਡੇ ਤੰਦਰੁਸਤ ਜੀਵਨ ਲਈ ਅਤੇ ਸਾਡੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੰਮ ਕਰ ਰਹੇ ਹਨ।

                                                                   
ਪੂਜਾ ਸ਼ਰਮਾ
ਅੰਗ੍ਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਨਵਾਂਸ਼ਹਿਰ
9914459033    

ਸੁਪਨਿਆਂ ਨੂੰ ਸਾਕਾਰ ਕਿਵੇਂ ਕਰੀਏ? - ਪੂਜਾ ਸ਼ਰਮਾ

ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਵੱਖ-ਵੱਖ ਸੁਪਨੇ ਵੇਖਦਾ ਹੈ।ਕੋਈ ਦੁਨੀਆ ਦਾ ਸਭ ਤੋਂਅਮੀਰ ਆਦਮੀ ਬਣਨਾ ਚਾਹੁੰਦਾ ਹੈ ਤੇ ਕਿਸੇ ਦਾ ਸੁਪਨਾ ਕਿਸੇ ਉਦੇਸ਼ ਦੀ ਪ੍ਰਾਪਤੀ ਹੁੰਦਾ ਹੈ।ਸੁਪਨੇ ਮਨੁੱਖ ਦੇ ਜੀਵਨ ਨੂੰ ਪੂਰਣ ਬਣਾਉਂਦੇ ਹਨ।ਦੁਨੀਆ ਦੇ ਹਰ ਕੰ ਦੀ ਸ਼ੁਰੂਆਤ ਮਨੁੱਖੀ ਦਿਮਾਗ ਦੀ ਉਪਜ ਹੈ। ਪਹਿਲਾਂ ਕੋਈ ਵਿਚਾਰ ਦਿਮਾਗ ਦਾ ਹਿੱਸਾ ਬਣਦਾ ਹੈ ਫਿਰ ਉਸ ਨੂੰ ਸਾਕਾਰ ਕਰਨ ਲਈ ਯੋਜਨਾ ਬਣਾਉਣੀ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ਸੁਪਨੇ ਉਹ ਹੀ ਸਾਕਾਰ ਹੁੰਦੇ ਹਨ ਜੋ ਖੁੱਲੀਆਂ ਅੱਖਾਂ ਨਾਲ ਦੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਸੁੱਤਾ ਰਹਿਣ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਉਹਨਾਂ ਸੁਪਨਿਆਂ ਨੂੰ ਸਿਰਫ ਨੀਂਦ ਦੀ ਆਗੋਸ਼ ਵਿੱਚ ਹੀ ਮਹਿਸੂਸ ਕਰਦਾ ਹੈ।ਜਦਕਿ ਜਾਗਣ ਵਾਲਾ ਆਪਣੀ ਸਖਤ ਮਿਹਨਤ ਅਤੇ ਦ੍ਰਿੜ ਨਿਸ਼ਚਾ ਸਦਕਾ ਉਨ੍ਹਾਂ ਸੁਪਨਿਆਂ ਨੂੰ ਮੂਰਤ ਰੂਪ ਪ੍ਰਦਾਨ ਕਰਦਾ ਹੈ।
ਸੁਪਨਿਆਂ ਦੀ ਉਡਾਣ ਮਨੁੱਖ ਨੂੰ ਦਿਨ-ਰਾਤ ਪ੍ਰੇਰਿਤ ਕਰਦੀ ਹੈ ਉਸ ਉਚਾਈ ਤੇ ਪਹੁੰਚਣ ਦੀ ਜੋ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਆਤਮ-ਵਿਸ਼ਵਾਸ ਅਤੇ ਲਗਨ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਬਾਰ-ਬਾਰ ਕਰਨਾ ਪੈਂਦਾ ਹੈ ਪਰ ਅਸਲ ਵਿੱਚ ਜਿੱਤ ਦਾ ਤਾਜ ਵੀ ਉਸਦੇ ਸਿਰ ਹੀ ਸੱਜਦਾ ਹੈ ਜੋ ਮੁਸ਼ਕਲਾਂ ਤੋਂ ਘਬਰਾਉਂਦਾ ਨਹੀਂ।ਬਲਕਿ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇੱਕ ਹੋਰ ਮੌਕੇ ਦੀ ਭਾਲ ਦੇ ਰੂਪ ਵਿੱਚ ਹੀ ਦੇਖਦਾ ਹੈ।ਕਹਿੰਦੇ ਹਨ ਇੱਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸਨੂੰ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ 10000 ਵਾਰ ਅਸਫਲ ਰਹਿਣ ਤੋਂ ਬਾਅਦ ਬਲੱਬ ਬਣਾ ਸਕਿਆ।ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਸਗੋਂ ਮੈਨੂੰ ਇਹ ਪਤਾ ਲੱਗਿਆ ਕਿ 10000 ਤਰੀਕੇ ਅਜਿਹੇ ਹਨ ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਹਨਾਂ ਦਾ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੀ ਉਹਨਾਂ ਨੂੰ ਸਫਲ ਬਣਾ ਸਕੀ। ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਨਹੀਂ ਲੈ ਸਕੇਗਾ।ਆਓ ਦੇਖਦੇ ਹਾਂ ਕਿ ਸੁਪਨਿਆਂ ਨੂੰ ਕਿਵੇਂ ਪੂਰਾ ਕੀਤਾ ਜਾਵੇ:
1. ਇਕ ਉਦੇਸ਼ ਨਿਸ਼ਚਿਤ ਕਰੋ: ਸਭ ਤੋਂ ਪਹਿਲਾਂ ਆਪਣੇ ਹੁਨਰ ਅਤੇ ਦਿਲਚਸਪੀ ਦੇ ਅਨੁਸਾਰ ਇੱਕ ਉਦੇਸ਼ ਸਾਹਮਣੇ ਰੱਖੋ। ਤੁਹਾਡਾ ਹਰ ਪਲ ਉਸ ਉਦੇਸ਼ ਦੀ ਪੂਰਤੀ ਹਿਤ ਸਮਰਪਿਤ ਹੋਣਾ ਚਾਹੀਦਾ ਹੈ। ਆਪਣੀ ਯੋਗਤਾ ਤੇ ਭਰੋਸਾ ਕਰਨਾ ਸਿੱਖੋ। ਤੁਹਾਡਾ ਸਪਨਾ ਤੁਹਾਡੇ ਵਿਅਕਤੀਤਵ ਨੂੰ ਦਰਸ਼ਾਉਂਦਾ ਹੈ। ਇਸ ਲਈ ਆਪਣੇ ਸੁਪਨੇ ਨੂੰ ਆਪਣੀ ਤਰਜੀਹ ਬਣਾਓ। ਕੋਈ ਵੀ ਸੁਪਨਾ ਕੁੱਝ ਘੰਟਿਆਂ ਜਾਂ ਦਿਨਾਂ ਵਿੱਚ ਪੂਰਾ ਨਹੀਂ ਹੁੰਦਾ।ਬਲਕਿ ਸਾਲਾਂ ਦੀ ਮਿਹਨਤ ਸਦਕਾ ਹੀ ਤੁਸੀਂ ਉਸਨੂੰ ਸਾਕਾਰ ਕਰ ਸਕਦੇ ਹੋ। ਵਿਸਕੋਨਸਿਨ ਯੂਨੀਵਰਸਿਟੀ ਦੇ ਨਿਊਰੋ ਵਿਗਿਆਨਕ ਰਿਚਰਡ ਡੇਵਿਡਸਨ ਦੇ ਅਨੁਸਾਰ ਆਪਣੇ ਉਦੇਸ਼ ਦੀ ਪੂਰਤੀ ਦੀ ਉਮੀਦ ਤੁਹਾਨੂੰ ਉਸ ਨੂੰ ਹਾਸਿਲ ਕਰਨ ਲਈ ਜ਼ਿਆਦਾ ਮਿਹਨਤ ਕਰਨਾ ਸਿਖਾਉਂਦੀ ਹੈ। ਇਸ ਲਈ ਖੁਦ ਤੇ ਭਰੋਸਾ ਕਰੋ। ਤੁਸੀਂ ਜ਼ਰੂਰ ਸਫਲ ਹੋਵੋਗੇ।
2. ਸਵੈ-ਅਨੁਸ਼ਾਸਨ ਨਾਲ ਨਿਰੰਤਰ ਕੋਸ਼ਿਸ਼ ਕਰੋ: ਅਨੁਸ਼ਾਸਨ ਸਫਲਤਾ ਦੀ ਨੀਂਹ ਹੈ। ਇਸ ਲਈ ਸਵੈ-ਅਨੁਸ਼ਾਸਨ ਦਾ ਪਾਲਨ ਸਭ ਤੋਂ ਮਹਤੱਵਪੂਰਨ ਕੜੀ ਹੈ। ਜਦੋਂ ਤੁਸੀਂ ਰੋਜ਼ ਉਸ ਇੱਕ ਸੁਪਨੇ ਲਈ ਸਖਤ ਮਿਹਨਤ ਕਰਦੇ ਹੋ। ਅਨੁਸ਼ਾਸਨ ਵਿੱਚ ਰਹਿ ਕੇ ਹਰ ਰੋਜ਼ ਉਸ ਵੱਲ ਇੱਕ ਕਦਮ ਵਧਾਉਂਦੇ ਹੋ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਤੁਸੀਂ ਉਸ ਤੱਕ ਪਹੁੰਚ ਜਾਵੋਗੇ। ਇਸ ਲਈ ਕਿਹਾ ਜਾਂਦਾ ਹੈ ਬੂੰਦ-ਬੂੰਦ ਪਾਣੀ ਨਾਲ ਤਲਾਬ ਭਰ ਜਾਂਦਾ ਹੈ।
3. ਇਕਾਗਰ ਹੋਕੇ ਸੁਪਨੇ ਦੀ ਪੂਰਤੀ ਹਿੱਤ ਕੰਮ ਕਰੋ: ਇਕਾਗਰਤਾ ਸੁਪਨਿਆਂ ਦੀ ਉਡਾਣ ਨੂੰ ਹੋਰ ਉੱਚਾ ਲੈਕੇ ਜਾਂਦੀ ਹੈ। ਜਦੋਂ ਤੁਹਾਡਾ ਮਨ ਆਪਣੇ ਉਦੇਸ਼ ਦੀ ਪੂਰਤੀ ਹਿੱਤ ਇਕਾਗਰ ਹੋ ਜਾਂਦਾ ਹੈ ਤਾਂ ਸਫਲ ਹੋਣ ਦੀਆਂ ਸੰਭਾਵਨਾਵਾਂ ਹੋਰ ਵੱਧ ਜਾਂਦੀਆਂ ਹਨ। ਇਸ ਲਈ ਪਹਿਲਾਂ ਛੋਟੇ-ਛੋਟੇ ਟੀਚੇ ਨਿਸ਼ਚਿਤ ਕਰਦੇ ਹੋਏ ਇਨ੍ਹਾਂ ਪੜਾਵਾਂ ਨੂੰ ਪਾਰ ਕਰਦੇ ਜਾਓ। ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ।
4. ਸਫਲ ਵਿਅਕਤੀਆ ਦੇ ਜੀਵਨ ਤੋਂ ਪ੍ਰੇਰਣਾ ਲਵੋ: ਸਫਲ ਅਤੇ ਮਹਾਨ ਵਿਅਕਤੀਆਂ ਦੀ ਜੀਵਨੀ ਤੋਂ ਪ੍ਰੇਰਣਾ ਲੈਂਦੇ ਰਹੋ। ਹਰ ਸਫਲ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹਿੰਮਤ ਨਹੀਂ ਹਾਰੀ। ਇਸ ਲਈ ਜਦ ਵੀ ਮਨ ਦਾ ਸ਼ਿਵਾਸ ਡਗਮਗਾਏ ਉਸ ਵੇਲੇ ਆਪਣੇ ਪ੍ਰੇਰਣਾਸਰੋਤ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਝਾਤ ਮਾਰੋ ਜੋ ਹਰ ਮੁਸ਼ਕਿਲ ਨੂੰ ਹਰਾਉਂਦੇ ਹੋਏ ਆਪਣੇ ਸੁਪਨੇ ਪੂਰੇ ਕਰ ਪਾਏ।
5. ਸਕਾਰਾਤਮਕ ਸੋਚ ਵਾਲੇ ਵਿਅਕਤੀਆਂ ਦੀ ਸੰਗਤ ਕਰੋ: ਆਪਣੇ ਆਲੇ-ਦੁਆਲੇ ਉਨ੍ਹਾਂ ਲੋਕਾਂ ਨੂੰ ਰੱਖੋ ਜੋ ਤੁਹਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਣ ਅਤੇ ਤੁਹਾਨੂੰ ਪ੍ਰੇਰਿਤ ਕਰਦੇ ਰਹਿਣ। ਸਕਾਰਾਤਮਕ ਸੋਚ ਵਾਲੇ ਦੋਸਤ, ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਤੁਹਾਡੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਵਿੱਚ ਅਪ੍ਰਤੱਖ ਜਾਂ ਪ੍ਰਤੱਖ ਰੂਪ ਵਿੱਚ ਸਹਾਈ ਹੁੰਦੇ ਹਨ। ਉਹ ਤੁਹਾਡੀ ਹਰ ਛੋਟੀ ਸਫਲਤਾ ਤੇ ਤੁਹਾਡਾ ਉਤਸਾਹ ਵਧਤਉਂਦੇ ਹਨ ਅਤੇ ਹਰ ਅਸਫਲਤਾ ਤੇ ਤੁਹਾਡੀ ਸਹਾਇਤਾ ਕਰਦੇ ਹਨ ਤਾਂ ਜੋ ਤੁਸੀਂ ਨਿਰਾਸ਼ ਨਾ ਹੋ ਜਾਵੋ।
ਅੰਤ ਵਿੱਚ ਮੈਂ ਕਹਿਣਾ ਚਾਹੁਂਦੀ ਹਾਂ ਕਿ ਹਰ ਸਪਨਾ ਇੱਕ ਆਸ, ਇੱਛਾ ਅਤੇ ਵਿਅਕਤੀਤਵ ਨੂੰ ਪ੍ਰਗਟ ਕਰਦਾ ਹੈ।ਇਸ ਲਈ ਸਭ ਤੋਂ ਪਹਿਲਾਂ ਜੋ ਵੀ ਉਦੇਸ਼ ਨਿਸ਼ਚਿਤ ਕਰੋ ਉਸ ਦੀ ਪੂਰਤੀ ਹਿੱਤ ਪੂਰੇ ਆਤਮ-ਵਿਸ਼ਵਾਸ ਨਾਲ ਮਿਹਨਤ ਕਰੋਜਦੋਂ ਤੁਸੀਂ ਤਨਦੇਹੀ ਅਤੇ ਸ਼ਿੱਦਤ ਨਾਲ ਮਿਹਨਤ ਕਰਦੇ ਹੋ ਤਾਂ ਸਾਰੀਆਂ ਪਰਿਸਥਿਤੀਆਂ ਤੁਹਾਡੇ ਅਨੁਕੂਲ ਹੋ ਜਾਂਦੀਆਂ ਹਨ। ਇਸ ਲਈ ਆਪਣੀ ਕਾਬਲੀਅਤ ਤੇ ਭਰੋਸਾ ਰੱਖੋ, ਸਖਤ ਮਿਹਨਤ ਕਰੋ, ਨਿਰੰਤਰ ਅਭਿਆਸ ਕਰੋ, ਸਕਾਰਾਤਮਕ ਸੋਚ ਅਤੇ ਇਕਾਗਰਤਾ ਨਾਲ ਸੁਪਨਿਆਂ ਨੂੰ ਸਾਕਾਰ ਰੂਪ ਪ੍ਰਦਾਨ ਕਰੋ।ਅੰਤ ਜਿੱਤ ਤੁਹਾਡੀ ਹੀ ਹੋਵੇਗੀ।

ਪੂਜਾ ਸ਼ਰਮਾ
ਅੰਗ੍ਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ 
9914459033