ਕਹਾਣੀ - ਕਾਲ਼ੀ ਜੈਕਿਟ ਦਾ ਕਮਾਲ - ਰਵੇਲ ਸਿੰਘ
ਗੋਲ ਗੋਲ ਨੈਣ ਨਕਸ਼ ,ਕਾਲਾ ਪੱਕਾ ਰੰਗ , ਜਾਮਨੂੰ ਰੰਗੇ ਮੋਟੇ ਬੁਲ੍ਹ ,ਲਾਲ ਪੀਲੇ ਘਰੇੜੇ ਮਾਰੇ ਦੰਦ, ਮਧਰਾ ਕੱਦ, ਸਿਰ ਤੇ ਉਘੜ ਦੁਘੜ ਲਪੇਟਿਆ ਪਰਨਾ,ਤੇੜ ਡੱਬੀਆਂ ਵਾਲੀ ਚਾਦਰ, ਪੈਰੀਂ ਘੱਸੀਆਂ ਕੈਂਚੀ ਚੱਪਲਾਂ ,ਹੱਥ ਵਿੱਚ ਖੁੰਗਿਆਂ ਵਾਲਾ ਵਿੰਗ ਤੜਿੰਗਾ ਜਿਹਾ ਸੋਟਾ ,ਇਹ ਹੁਲੀਆ ਹੈ ,ਉਸ ਦਾ ਜੋ ਸਾਰੇ ਪਿੰਡ ਵਿੱਚ ,ਬਦਰੂ, ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬਦਰੂ ਦਾ ਪੂਰਾ ਨਾਂ ਪੂਰਾ ਨਾਂ ਬਦਰ ਮਸੀਹ ਹੈ ,ਘਰ ਵਿੱਚ ਸੱਭ ਤੋਂ ਛੋਟੀ ਔਲਾਦ ਹੋਣ ਕਰਕੇ ਲਾਡਲਾ ਹੋਣ ਕਰਕੇ ਉਹ ਸ਼ਰਾਰਤੀ ਤੇ ਅੱਖੜ ਸੀ ,ਘਰ ਵਿੱਚ ਗਰੀਬੀ ਦੇ ਡੇਰੇ ਪੱਕੇ ਤੌਰ ਤੇ ਲਾਈ ਰਹਿਣ ਕਰਕੇ ਉਹ ਸਕੂਲ ਨਹੀਂ ਜਾ ਸਕਿਆ ਤੇ ਪਿੰਡ ਦਾ ਚੌਣਾ ਹੀ ਚਾਰਦਾ ਉਹ ਏਥੇ ਤੀਕ ਆਣ ਪਹੁੰਚਾ ਹੈ।
ਹੁਣ ਤਾਂ ਨਹੀਂ ਪਰ ਕਿਸੇ ਵੇਲੇ ਉਹ ,ਦੂਜਿਆਂ ਦੀਆਂ ਨਕਲਾਂ ਲਾਹੁਣ ਵਾਲਾ ਰੌਣਕੀ ਬੰਦਾ ਹੋਇਆ ਕਰਦਾ ਸੀ।
ਸੰਤ ਰਾਮ ਨਾਂ ਦਾ ਬੰਦਾ , ਜੋ ਗੱਲੇ ਗੱਲੇ ,ਸਈਂ ਪਈਂ ,ਸਈਂ ਪਈਂ, ਕਿਹਾ ਕਰਦਾ ਸੀ ਟਿੱਬਿਆਂ ਤੇ ਭੇਡਾਂ ਚਾਰਦਾ ਆਪਣੀ ਲੰਮੀ ਹੇਕ ਨਾਲ ਕੁੱਝ ਗਾਇਆ ਕਰਦਾ ਸੀ,ਬਦਰੂ ਉਸ ਦੀ ਹੂਬਹੂ ਐਸੀ ਨਕਲ ਲਾਉਂਦਾ ਕਿ ਸੁਣਨ ਵਾਲੇ ਹਸਦੇ ਹਸਦੇ ਲੋਟ ਪੋਟ ਹੋ ਜਾਂਦੇ ।
ਇਕ ਵਾਰ ਤਾਂ ਉਸ ਨੇ ਭੇਡਾਂ ਚਰਾਉਂਦੇ ਆਪਣੀ ਮੌਜ ਵਿੱਚ ਗਾਉਂਦੇ ਉਸ ਸਈਂ ਪਈਂ ਨੂੰ ਪਿੱਛੋਂ ਦੀ ਜਾ ਕੇ ਉਸ ਦੀ ਐਸੀ ਨਕਲ ਲਾਹੀ ਕਿ ਉਸ ਵਿਚਾਰੇ ਨੂੰ ਡਰਦੇ ਨੂੰ ਆਪਣੀ ਲੋਈ ਛੱਡ ਕੇ ਦੌੜਨਾ ਪਿਆ।
ਇਸ ਤਰਾਂ ਦੀਆਂ ਹੋਰ ਵੀ ਕਈ ਇੱਲਤਾਂ ਕਰਨੀਆਂ ਸ਼ਾਇਦ ਉਸ ਦਾ ਜਿਵੇਂ ਉਸ ਦਾ ਸ਼ੁਗਲ ਹੀ ਬਣ ਗਿਆ ਸੀ ,ਉਹ ਕਦੇ ਨਿਚੱਲਾ ਨਹੀਂ ਬੈਠ ਸਕਦਾ ਸੀ ਕਈ ਵਾਰ ਰਾਤ ਨੂੰ ਸਿਵਿਆਂ ਵਿੱਚ ਦੀਵਾ ਬਾਲ ਕੇ ਭੂਤਾਂ ਵਰਗੀਆਂ ਖੇਡਾਂ ਖੇਡ ਕੇ ਡਰਾਉਣ ਦੇ ਕਾਰੇ ਕਰਦਾ, ਕਦੇ ਰੇਤਲੇ ਟਿੱਬਿਆਂ ਤੇ ਸਿਖਰ ਦੁਪਹਿਰੇ ਕੜਕਦੀ ਧੁੱਪ ਦੀ ਪਰਵਾਹ ਨਾ ਕਰਦਾ ਹੋਇਆ ਰੇਤ ਦੀਆਂ ਮੁੱਠਾਂ ਭਰ ਭਰ ਕੇ ਉਡਾ ਕੇ ਆਉਂਦੇ ਜਾਂਦੇ ਰਾਹੀਆਂ ਨੂੰ ਡਰਾ ਕੇ ਚਾਂਗਰਾਂ ਮਰਵਾਉਂਦਾ ਤੇ ਆਪ ਕਿਧਰੇ ਬੂਝਿਆਂ ਉਹਲੇ ਲੁੱਕ ਜਾਂਦਾ ਤੇ ਉਨਾਂ ਦੀਆਂ ਗਾਲ੍ਹਾਂ ਸੁਣ ਕੇ ਖੁਸ਼ ਹੋਣਾ, ਉਸ ਦਾ ਆਮ ਜੇਹਾ ਕੰਮ ਹੀ ਬਣ ਗਿਆ ਸੀ।
ਪਰ ਸਮਾਂ ਬਦਲਦਿਆਂ ਦੇਰ ਨਹੀਂ ਲਗਦੀ , ਮਾਪੇ ਉਸ ਦਾ ਵਿਆਹ ਕਰਕੇ ਛੇਤੀ ਹੀ ਕਬਰਾਂ ਹਵਾਲੇ ਹੋ ਗਏ ਮਗਰੋਂ ਭਰਾਵਾਂ ਦੀ ਆਪਸੀ ਵੰਡ ਵੰਡਾਈ ਵਿੱਚ ਡੇੜ੍ਹ ਕੁ ਮਰਲੇ ਦਾ ਕੱਚੇ ਢਾਰੇ ਵਰਗਾ ਘਰ ਉਸ ਦੇ ਹਿੱਸੇ ਆਇਆ।
ਇੱਕ ਧੀ ਤੋਂ ਬਾਅਦ ਹੋਰ ਕੋਈ ਔਲਾਦ ਨਾ ਹੋਈ,ਘਰ ਵਾਲੀ ਛੇਤੀ ਹੀ ਅਧਰੰਗ ਦੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਕੇ ਚੱਲ ਵੱਸੀ ,ਧੀ ਵਿਆਹ ਕੇ ਸਹੁਰੇ ਘਰ ਚਲੀ ਗਈ ਤੇ ਉਹ ਇਕੱਲਾ ਉਸ ਕੱਚੇ ਕੋਠ ਵਿੱਚ ਅਲਾਣੀ ਮੰਜੀ ਤੋ ਪਿਆ ਰਹਿੰਦਾ ਜਾਂ ਕਈ ਲੋੜ ਵੰਦਾਂ ਘਰਾਂ ਦਾ ਮਾੜਾ ਮੋਟਾ ਕੰਮ ਕਰਕੇ ਰੁੱਖੀ ਸੁੱਖੀ ਖਾ ਕੇ ਇਸ ਘੁਰਨੇ ਵਰਗੇ ਘਰ ਵਿੱਚ ਸਿਆਲੇ ਹੁਨਾਲੇ ਕੱਟਦਾ ਉਹ ਜਿੰਦਗੀ ਦੇ ਦਿਨਾਂ ਨੂੰ ਧੱਕਾ ਦੇ ਰਿਹਾ ਹੈ।
ਉਸ ਦੇ ਚੰਗੇ ਭਾਗਾਂ ਨੂੰ ਸੜਕ ਕਿਨਾਰੇ ਹੋਣ ਕਰਕੇ ਉਸ ਦਾ ਅੱਧਾ ਕੱਚਾ ਘਰ ਇਕ ਆਰ.ਐਮ .ਪੀ ਨੇ ਖਰੀਦ ਕੇ ਉਸ ਵਿੱਚ ਡਾਕਟਰੀ ਦੀ ਦੁਕਾਨ ਖੋਲ੍ਹ ਲਈ ,ਡਾਕਟਰ ਬੜੇ ਠੰਡੇ ,ਮਿੱਠੇ ਅਤੇ ਰਹਿਮ ਦਿੱਲ ਸੁਭਾਅ ਦਾ ਹੈ,ਜਦੋਂ ਵੀ ਉਹ ਜ਼ਰਾ ਢਿੱਲਾ ਮੱਠਾ ਹੋ ਜਾਂਦਾ ਹੈ ਉਸ ਦਾ ਦੁਵਾ ਦਾਰੂ ਮੁਫਤ ਕਰਦਾ ਹੈ।
ਵੇਚੇ ਘਰ ਦੀ ਰਕਮ ਉਸ ਨੇ ਆਪਣੀ ਧੀ ਨੂੰ ਦੇ ਦਿੱਤੀ ਤੇ ਹੌਲੇ ਭਾਰ ਹੋ ਗਿਆ।
ਹੁਣ ਇਹ ਬਚਦਾ ਘਰ ਹੀ ਉਸ ਦਾ ਮਰਣ ਜੀਣ ਹੈ,ਗਰੀਬੀ ਰੇਖਾ ਤੋਂ ਥੱਲੇ ਹੋਣ ਕਰਕੇ ਉਸ ਨੂੰ ਜੋ ਰਾਸ਼ਨ ਮਿਲਦਾ ਹੈ ਜਿਸ ਨੂੰ ਉਹ ਲੋੜ ਵੰਦ ਘਰਾਂ ਨੂੰ ਦੇ ਦੇਂਦਾ ਹੈ,ਤੇ ਪੱਕੀ ਪਕਾਈ ਰੋਟੀ ਉਨ੍ਹਾਂ ਘਰਾਂ ਤੋਂ ਉਸ ਨੂੰ ਮਿਲ ਜਾਂਦੀ ਹੈ।
ਪਰ ਕਈ ਵਾਰ ਏਸੇ ਆਸ ਵਿੱਚ ਉਸ ਨਾਲ ,ਬਹੁਤਿਆ ਘਰਾਂ ਦਾ ਪ੍ਰਾਹੁਣਾ ਭੁੱਖਾ, ਵਾਲੀ ਵੀ ਹੋ ਗੱਲ ਜਾਂਦੀ ਹੈ ਤੇ ਉਸ ਨੂੰ ਭੁਖੇ ਢਿਡ ਵੀ ਸੌਣਾ ਪੈਂਦਾ ।
ਇੱਕ ਦਿਨ ਭਰ ਸਿਆਲ ਦੀ ਰੁੱਤੇ ਉਹ ਆਪਣੇ ਘਰ ਦੇ ਨਿੱਕੇ ਜੇਹੇ ਵੇਹੜੇ ਦੀ ਕੰਧ ਨਾਲ ਢੋਅ ਲਾਈ ਧੁੱਪ ਸੇਕ ਰਿਹਾ ਸੀ ਕਿ ਕੋਈ ਬੰਦਾ ਆਇਆ ਤੇ ਉਸ ਦੀ ਤਰਸਯੋਗ ਹਾਲਤ ਵੇਖ ਕੇ ਕਾਲੇ ਰੰਗ ਦੀ ਜਾਕਿੱਟ ਉਸ ਨੂੰ ਦੇ ਕੇ ਚੁੱਪ ਚੁਪੀਤਾ ਚਲਾ ਗਿਆ। ਉਸ ਨੇ ਡੌਰ ਭੌਰੇ ਹੋਏ ਨੇ ਆਪਣੇ ਅੱਗੇ ਪਈ ਕਾਲੀ ਜੈਕਿਟ ਪਈ ਹੇਈ ਵੇਖੀ ਤੇ ਏਧਰ ਓਧਰ ਵੇਖਿਆ ਪਰ ਕੋਈ ਲਜ਼ਰ ਨਾ ਆਇਆ, ਉਸ ਨੇ ਜਾਕਿਟ ਗਲ ਪਾ ਲਈ ਤੇ ਉਸ ਦੀਆਂ ਦੋਹਾਂ ਜੇਬਾਂ ਵਿੱਚ ਹੱਥ ਪਾਈ ਉਹ ਕੰਧ ਨਾਲ ਢੋਅ ਲਾ ਕੇ ਬੈਠੇ ਨੂੰ ਜੈਕਿਟ ਦੇ ਨਿੱਘ ਕਰਕੇ ਪਤਾ ਹੀ ਨਾ ਲੱਗਾ ਕਦੋਂ ਨੀਂਦ ਆ ਗਈ।
ਉਸੇ ਦਿਨ ਹੀ ਉਸ ਦੀ 1500 / ਬੁਢੈਪਾ ਪੈਨਸ਼ਨ ਲੱਗਣ ਦਾ ਉਸ ਨੂੰ ਪਤਾ ਲੱਗਾ ।
ਉਹ ਪਹਿਲੀ ਵਾਰ ਜਦ ਬੈਂਕ ਪੈਨਸ਼ਨ ਲੈਣ ਲਈ ਗਿਆ ਤਾਂ ਪੈਨਸ਼ਨ ਦੀ ਕਾਪੀ ਰਕਮ ਸਮੇਤ ਕਿਤੇ ਸੁੱਟ ਆਇਆ।
ਭਰ ਸਿਆਲ ਦੀ ਧੁੰਦਲੀ ਸਵੇਰ ਨੂੰ ਉਹ ਸਾਮ੍ਹਣੇ ਸਬਜ਼ੀ ਦੀ ਦੁਕਾਨ ਕੋਲ ਨਿੱਮੋ ਝੂਣਾ ਹੋਇਆ ਜੈਕੀਟ ਪਾਈ ਅੱਖਾਂ ਮੀਟੀ ਪੱਬਾਂ ਭਾਰ ਬੈਠਾ, ਉਹ ਕੱਲ ਦੀ ਹੋਈ ਘਟਨਾਂ ਤੇ ਝੂਰ ਰਿਹਾ ਸੀ ਤੇ ਨਾਲੇ ਸੋਚਾਂ ਦੇ ਖੂਹ ਵਿੱਚ ਡੁੱਬਾ ਸੋਚ ਰਿਹਾ ਸੀ ਕਿ ਅੱਜ ਦੇ ਡੰਗ ਦੀ ਰੋਟੀ ਵਾਸਤੇ ਉਹ ਕਿਸ ਘਰ ਦਾ ਬੂਹਾ ਖੜਕਾਵੇ ।
ਏਨੇ ਨੂੰ ਕੋਈ ਅਣਜਾਣ ਬੰਦਾ ਉਸ ਕੋਲ ਆਇਆ ਤੇ ਉਸ ਦਾ ਮੋਢਾ ਝੰਜੋੜਦਾ ਹੋਇਆ ਬੋਲਿਆ,ਚੌਧਰੀ ਆਹ ਲੈ ਆਪਣੀ ਕਾਪੀ ਤੇ ਪੈਨਸ਼ਨ ਦੀ ਰਕਮ ਗਿਣ ਲੈ ਪੂਰੀ ਹੈ ਨਾ, ਕੱਲ ਰਾਹ ਵਿੱਚ ਪਈ ਮੈਨੂੰ ਮਿਲੀ ਸੀ।
ਉਸ ਨੇ ਅੱਖਾਂ ਖੋਲ੍ਹੀਆਂ ਤੇ ਏਧਰ ਓਧਰ ਝਾਕਿਆ,ਪਰ ਜਾਣ ਵਾਲਾ ਜਾ ਚੁਕਾ ਸੀ।
ਜੈਕਿਟ ਗਲ਼ ਪਾ ਕੇ ਉਹ ਜੇਬ ਵਿੱਚ ਬੈਂਕ ਦੀ ਪਾਸ ਬੁੱਕ ਤੇ ਰਕਮ ਪਾ ਕੇ ਸੋਚ ਰਿਹਾ ਸੀ ਕਿ ਅੱਜ ਦੇ ਡੰਗ ਦੀ ਰੋਟੀ ਕਿੱਥੋਂ ਖਾਣੀ ਹੈ, ਏਨੇ ਨੂੰ ਸਾਮ੍ਹਣਿਉਂ ਲੰਘਦੀ ਕੋਈ ਵਾਕਫ ਤੀਂਵੀਂ ਉਸ ਨੂੰ ਕਹਿ ਗਈ ਕਿ ਭਾਈਆ ਅੱਜ ਦੁਪਹਿਰ ਦੀ ਰੋਟੀ ਸਾਡੇ ਘਰ ਖਾਣੀ ਹੈ।
ਥੋੜੀ ਦੇਰ ਪਿੱਛੋਂ ਬਦਰੂ ਆਪਣੇ ਘਰ ਨੂੰ ਜੰਦਰਾ ਲਾ ਕੇ ਕਦੇ ਆਪਣੇ ਗਲ਼ ਪਾਈ ਕਾਲ਼ੀ ਜੈਕਿਟ ਦੇ ਕਮਾਲ ਵੱਲ, ਕਦੇ ਜੈਕਿਟ ਦੀ ਜੇਬ ਵਿੱਚ ਪਾਈ ਬੈਂਕ ਦੀ ਕਾਪੀ ਵੱਲ ਤੇ ਪੈਨਸ਼ਨ ਦੀ ਰਕਮ ਵੱਲ ਕਦੇ ਉਸ ਨੂੰ ਜੈਕਿਟ ਦੇਣ ਵਾਲੇ ਵੱਲ ,ਤੇ ਕਦੇ ਉਸ ਨੂੰ ਪੈਨਸ਼ਨ ਦੀ ਕਾਪੀ ਸਮੇਤ ਰਕਮ ਵਾਪਸ ਕਰਨ ਵਾਲੇ ਬਾਰੇ ਸੋਚ ਕੇ ਹੈਰਾਨ ਹੁੰਦਾ, ਰੋਟੀ ਖਾਣ ਵਾਲੇ ਘਰ ਵੱਲ ਨੂੰ ਜਾ ਰਿਹਾ ਸੀ।
ਰਵੇਲ ਸਿੰਘ
Brampton C.A
ਕਿਵੇਂ ਰਹੀਆਂ ਮੇਰੇ ਪਿੰਡ ਦੀਆਂ ਪੰਚਾਇਤੀ ਚੋਣਾਂ - ਰਵੇਲ ਸਿੰਘ
ਐਤਕਾਂ ਦੀਆਂ ਪੰਚਾਇਤੀ ਚੋਣਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਕਈ ਗੱਲਾਂ ਵੇਖਣ ਸੁਣਨ ਵਿੱਚ ਆਉਂਦੀਆਂ ਹਨ।ਜਿਨ੍ਹਾਂ ਬਾਰੇ ਬਹੁਤ ਕੁੱਝ ਵੇਖਣ ਸੁਣਨ ਤੇ ਪੜ੍ਹਨ ਨੂੰ ਮਿਲਿਆ ਹੈ।
ਇਸ ਵਾਰ ਆਪਣੇ ਪਿੰਡ ਦੀਆਂ ਪੰਚਾਇਤੀ ਚੋਣਾਂ ਵੇਲੇ ਮੈਂ ਆਪਣੇ ਪਿੰਡ ਹੀ ਸਾਂ,ਮੁਖ ਤੌਰ ਸਰਪੰਚੀ ਦਾ ਮੁਕਾਬਲਾ ਤਾਂ ਦੋਹਾਂ ਧਿਰਾਂ ਦਾ ਹੀ ਸੀ।ਇਕ ਧਿਰ ਸਰਪੰਚੀ ਨੂੰ ਆਪਣਾ ਜੱਦੀ ਪੁਸ਼ਤੀ ਹੱਕ ਸਮਝਦੀ ਸੀ । ਇਸ ਤੋਂ ਪਹਿਲਾਂ ਇਕ ਵਾਰ ਜਦੋਂ ਇਹ ਦੋ ਆਬਾਦੀਆਂ ਵਾਲਾ ਪਿੰਡ ਜੋ ਮਾਲ ਦੇ ਕਾਗਜਾਤ ਵਿੱਚ ਇੱਕੋ ਹੱਦ ਬਸਤ ਹੋਣ ਕਰਕੇ ਪੰਚਾਇਤ ਦੋਹਾਂ ਆਬਾਦੀਆਂ ਦੀ ਇੱਕੋ ਹੀ ਹੋਇਆ ਕਰਦੀ ਸੀ ਤੇ ਉਸ ਆਬਾਦੀ ਦਾ ਬੰਦਾ ਜਿਆਦਾ ਅਸਰਰਸੂਖ ਰੱਖਣ ਵਾਲਾ ਹੋਣ ਕਰਕੇ ਸਰਪੰਚ ਚੁਣਿਆ ਜਾਂਦਾ ਸੀ।ਫਿਰ ਇਸ ਪਿੰਡ ਦੇ ਕਿਸੇ ਚਲਦੇ ਪੁਰਜੇ ਬੰਦੇ ਨੇ ਆਪਣੇ ਸਿਆਸੀ ਜੋਰ ਨਾਲ ਇਸ ਪਿੰਡ ਦੀਆਂ ਦੋਹਾਂ ਆਬਾਦੀਆਂ ਦੀਆਂ ਪੰਚਾਇਤਾਂ ਨੂੰ ਵੱਖੋ ਵੱਖ ਕਰਵਾ ਲਿਆ ਤੇ ਉਹ ਸਰਪੰਚ ਵੀ ਚੁਣਿਆ ਗਿਆ, ਉਦੋਂ ਤੋਂ ਹੀ ਸਰਪੰਚੀ ਉਸ ਘਰ ਲਈ ਪ੍ਰਿਵਾਰਿਕ ਬਣ ਕੇ ਰਹਿ ਗਈ ਸੀ ,ਤੇ ਅਜੇ ਵੀ ਇਸ ਘਰ ਨੂੰ ਸਰਪੰਚਾਂ ਦਾ ਘਰ ਕਿਹਾ ਜਾਂਦਾ ਹੈ।
ਫਿਰ ਪਿੱਛਲੀਆਂ ਚੋਣਾਂ ਵੇਲੇ ਸਰਪੰਚੀ ਹੱਥੋਂ ਜਾਂਦੀ ਵੇਖ ਕੇ ਉਨ੍ਹਾਂ ਸਰਬਸੰਮਤੀ ਨਾਲ ਸਰਪੰਚੀ ਕਿਸੇ ਹੋਰ ਨੂੰ ਦੇਣੀ ਪ੍ਰਵਾਨ ਕਰ ਲਈ ਸੀ ਕਿਉਂ ਜੋ ਸਰਬਸੰਮਤੀ ਨਾਲ ਚੁਣਿਆ ਜਾਣ ਵਾਲਾ ਉਮੀਦ ਵਾਰ ਵੀ ਉਨ੍ਹਾਂ ਦਾ ਕੋਈ ਨੇੜਲਾ ਸਾਕ ਸਬੰਧੀ ਹੀ ਸੀ।
ਵਿਰੋਧੀ ਪਾਰਟੀ ਵੀ ਸਰਬਸੰਮਤੀ ਦਾ ਮਾਹੌਲ ਵੇਖ ਕੇ ਚੁੱਪ ਕੀਤੀ ਰਹੀ ।
ਪਰ ਇਸ ਵਾਰ ਹਾਲਾਤ ਕੁੱਝ ਵੱਖਰੇ ਸਨ ਪਹਿਲਾ ਸਰਬ ਸੰਮਤੀ ਨਾਲ ਬਣਿਆ ਸਰਪੰਚ ਤਾਂ ਇਨ੍ਹਾਂ ਚੋਣਾਂ ਵਿੱਚ ਹੱਥ ਖੜੇ ਕਰ ਗਿਆ ।ਪਰ ਇਸ ਵਾਰ ਮੁਕਾਬਲਾ ਦੋਹਰਾ ਨਹੀਂ ਸਗੋਂ ਤੀਹਰਾ ਹੋ ਗਿਆ ਜਾਂ ਇਵੇਂ ਕਿਹ ਲਓ, ਮੁਕਾਬਲਾ ਤਿਕੋਣਾ ਹੋ ਗਿਆ, ਜਦੋਂ ਪਿੰਡ ਤੋਂ ਦੱਖਨੀ ਲਹਿੰਦੀ ਬਾਹੀ ਦਾ ਇੱਕ ਸਿੱਧੜ ਜੇਹਾ ਬੰਦਾ ਜੋ ਸਾਰੇ ਪਿੰਡ ਵਿੱਚ ,ਕਾਂ, ਕਰਕੇ ਜਾਣਿਆ ਜਾਂਦਾ ਹੈ,ਜਿਸ ਦੇ ਲੜਕੇ ਵੀ ਵਿਦੇਸ਼ ਰਹਿੰਦੇ ਹਨ, ਤੇ ਉਹ ਸਾਬਕਾ ਫੌਜੀ ਤੇ ਪੈਸੇ ਵਾਲਾ ਵੀ ਹੈ। ਅਨੁਸੂਚਤ ਜਾਤੀਆਂ ਦੇ ਬਹੁਤੇ ਘਰ ਵੀ ਉਸ ਦੇ ਘਰ ਦੇ ਨਾਲ ਹੀ ਲਗਦੇ ਹਨ ।ਬਹੁਤੇ ਸਾਬਕਾ ਫੌਜੀਆਂ ਨੇ ਵੀ ਉਸ ਦਾ ਇਸ ਕੰਮ ਲਈ ਸਾਥ ਦਿੱਤਾ।
ਦਾਰੂ ਦੀਆਂ ਪੇਟੀਆਂ ਮੀਟ ਮਸਾਲੇ ਤੇ ਵੋਟਾਂ ਲਈ ਨੋਟ ਵੰਡਣ ਵਿੱਚ ਤਾਂ ਕਿਸੇ ਨੇ ਵੀ ਹਰ ਪੱਖੋਂ ਘੱਟ ਨਹੀਂ ਕੀਤੀ । ਪਿਆਕੜਾਂ ਨੂੰ ਵਾਹਵਾ ਚਾਰ ਦਿਨ ਮੌਜਾਂ ਲੱਗੀਆਂ ਰਹੀਆਂ ।
ਪਰ ਦੋਵੇਂ ਧਿਰਾਂ ਹੀ ਉਸ ਨੂੰ ਟਿੱਚ ਸਮਝ ਕੇ ਆਪੋ ਆਪਣੀ ਜਿੱਤ ਦੇ ਡੰਕੇ ਵਜਾਉਣ ਦੇ ਸੁਪਨੇ ਲੈ ਰਹੀਆਂ ਸਨ। ਕਿ ਬਾਜੀ ਉਲਟ ਗਈ ਜਦੋਂ ਨਤੀਜੇ, ਸਿੱਧ ਪਧਰੇ ਉਸ ਬੰਦੇ ਦੇ ਹੱਕ ਵਿੱਚ ਆਏ ਜਿਸ ਨੂੰ ਲੋਕ ਮਖੋਲ ਨਾਲ, ਕਾਂ, ਕਿਹਾ ਕਰਦੇ ਸਨ।ਪਰ ਸਾਰੇ ਪਿੰਡ ਵਿੱਚ ਕਾਵਾਂ ਰੌਲ਼ੀ ਪੈ ਗਈ ਕਾਂ ਜਿੱਤ ਗਿਆ,ਕਾਂ ਜਿੱਤ ਗਿਆ,ਕੋਈ ਕਹਿ ਰਿਹਾ ਸੀ ਹੁਣ ਕਾਂ ਨਾ ਕਹੋ ਕਾਂ ਹੁਣ ਤਾਂ ਉਹ ਪਿੰਡ ਦਾ ਸਰਪੰਚ ਬਣ ਗਿਆ ਹੈ।ਕੇਈ ਕਹਿ ਰਿਹਾ ਸੀ ਇਹ ਇਹ ਲੋਕ ਰਾਜ,ਵੋਟ ਰਾਜ ਵੋਟ ਹੈ,ਇਹ ਲੋਕ ਚਾਹੁਣ ਤਾਂ ਕਾਂ ਤਾਂ ਕੀ ਕਬੂਤਰ ਵੀ ਰਾਜ ਕਰ ਸਕਦਾ ਹੈ। ਕਈ ਕਹਿ ਰਹੇ ਸਨ ਚੰਗਾ ਹੋਇਆ ,ਆਕੜਿਆਂ ਦੀ ਧੌਣ ਭੰਨ ਦਿੱਤੀ ਕਾਂ ਨੇ,ਕੋਈ ਕਹਿ ਰਿਹਾ ਸੀ ਲੈ ਵਈ ਕਾਂ ਪਛਾੜ ਗਿਆ ਵੱਡੇ ਵੱਡੇ ਧਾਕੜਾਂ ਨੂੰ ,ਕੋਈ ਕਹਿ ਰਿਹਾ ਸੀ ਚਲੋ ਇਹ ਕਿਹੜਾ ਕੁੰਭ ਦਾ ਮੇਲਾ ਹੈ ਜੋ ਬਾਰ੍ਹੀਂ ਸਾਲੀਂ ਆਉਣਾ ਹੈ ਜਿੱਥੇ ਪਹਿਲੇ ਪੰਜ ਸਾਲ ਵੇਖੇ ਉਥੇ ਇਹ ਵੀ ਵੇਖ ਲਵਾਂਗੇ ਗੱਲ ਕੀ ਜਿੰਨੇ ਮੂੰਹ ਓਨੀਆਂ ਵੰਨ ਸੁਵੰਨੀਆਂ ਗੱਲਾਂ , ਹਾਰੀਆਂ ਦੋਵੇਂ ਪਾਰਟੀਆਂ ਅੰਦਰੋ ਅੰਦਰ ਵਿਸ ਘੋਲਦੀਆਂ ਆਪੋ ਆਪਣੇ ਅੰਦਰੀਂ ਬੈਠੀਆਂ ਹੋਈਆਂ ਸਨ ਤੇ ਦੂਸਰੇ ਪਾਸੇ ਨਵਾਂ ਬਣਿਆ ਸਰਪੰਚ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਮੋਰਾਂ ਵਾਂਗ ਪੈਲਾਂ ਪਾਉਂਦਾ ਆਪਣੇ ਵੋਟਰਾਂ ਦੀ ਭੀੜ ਵਿੱਚ ਘਿਰਿਆ ਘਰ ਵੱਲ ਜਾ ਰਿਹਾ ਸੀ। ਉਸ ਦੀ ਇਹ ਵੱਡ ਵੱਡੇ ਦਿੱਗਵਿਜਾਂ ਨੂੰ ਚਿੱਤ ਕਰਨ ਵਾਲੀ ਗੱਲ ਵੇਖ ਕੇ ਮੈਨੂੰ ਪਰਾਣੇ ਵੇਲਿਆਂ ਦੀ ਨ੍ਹਾਪਾ ਨਾਂ ਦੇ ਮਧਰੇ ਕੱਦ ਕਾਠ ਦੇ ਪਹਿਲਵਾਨ ਦੀ ਗੱਲ ਚੇਤੇ ਆਈ ਜੋ ਹੇਠ ਪੈ ਕੇ ਪਲਟੀ ਮਾਰ ਕੇ ਆਪਣੇ ਤੋਂ ਆਪਣੇ ਤੋਂ ਵੱਡੇ ਕਈ ਵੱਡੇ ਕੱਦ ਕਾਠ ਵਾਲੇ ਨਾਮੀ ਪਿਹਲਵਾਨਾਂ ਨੂੰ ਚਿੱਤ ਕਰ ਚੁਕਿਆ ਸੀ ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਉਸ ਤੋਂ ਢਹਿਕੇ ਕਈ ਪਹਿਲ ਵਾਨ ਤਾਂ ਸ਼ਰਮ ਦੇ ਮਾਰੇ ਕੁਸ਼ਤੀ ਕਰਨਾ ਹੀ ਛੱਡ ਗਏ ,ਉਹੀ ਗੱਲ ਇਸ ਵਾਰ ਵਿਰੋਧੀ ਧਿਰਾਂ ਨਾਲ ਹੋਈ,ਪਰ ਇਹ ਸਰਪੰਚੀ ਜੋ ਸਿਆਸਤ ਦਾ ਮੁੱਢ ਸਮਝੀ ਜਾਂਦੀ ਹੈ ਇਸ ਨੂੰ ਵੀ ਜਿੱਤ ਹਾਰ ਨਾਲ ਕੋਈ ਫਰਕ ਨਹੀਂ ਪੈਂਦਾ ।
ਨਵੇਂ ਬਣੇ ਸਰਪੰਚ ਨੂੰ ਜਦੋਂ ਉਸ ਨੂੰ ਵਧਾਈ ਦਿੱਤੀ ਤਾਂ ਉਹ ਬੜੀ ਨਿਮ੍ਰਤਾ ਨਾਲ ਦੋਵੇਂ ਹੱਥ ਜੋੜਦਾ ਬੋਲਿਆ ਕਿ ਜੇ ਪਿੰਡ ਵਾਲਿਆਂ ਸਰਪੰਚੀ ਦੀ ਸੇਵਾ ਮੈਨੂੰ ਬਖਸ਼ੀ ਹੈ ਤਾਂ ਪਿੰਡ ਦੇ ਸਾਰੇ ਕੰਮ ਜਰੂਰ ਕਰਾਂਗਾ ਪਰ ਸਭ ਤੋਂ ਪਹਿਲਾਂ ਮੇਰਾ ਕੰਮ ਪਿੰਡ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੂੰ ਜਾਣ ਵਾਲੀ ਖਸਤਾ ਹੋ ਚੁਕੀ ਸੜਕ ਨੂੰ ਠੀਕ ਕਰਵਾਉਣ ਨੂੰ ਹੋਵੇਗਾ ।
ਉਸ ਦੀ ਗੱਲ ਸੁਣ ਕੇ ਪਤਾ ਲੱਗਿਆ ਕਿ ਕਾਂ ਨਿਰਾ ਨਾਂ ਦਾ ਕਾਂ ਹੀ ਨਹੀਂ ਸਗੋਂ ਉਹ ਸਿਆਸਤ ਦੀ ਕਾਂ ਵਾਲੀ ਕੈਰੀ ਤੇ ਮੌਕੇ ਦੀ ਤਾੜ ਰੱਖਣ ਵਾਲੀ ਨਜ਼ਰ ਰੱਖਂਣ ਵਾਲੀ ਸਿਆਸੀ ਸੋਚ ਦਾ ਧਾਰਨੀ ਵੀ ਹੈ।
ਉਸ ਦੀ ਹਲੀਮੀ ਤੇ ਨਿਮ੍ਰਤਾ ਵੇਖ ਕੇ ਮੇਰੇ ਮਨ ਵਿੱਚ ਧਰਮ ਦੀ ਪੌੜੀ ਦੇ ਸਹਾਰੇ ਤੇ ਪਿੰਡ ਦੀ ਚੌਧਰ ਦੀ ਕੁਰਸੀ ਤੱਕ ਪਹੁੰਚਣ ਦੀ ਉਸ ਦੀ ਸਫਲਤਾ ਮੈਨੂੰ ਵਾਰ ਵਾਰ ਚੇਤੇ ਆ ਰਹੀ ਸੀ।
ਖੈਰ ਜੋ ਵੀ ਹੋਇਆ ,ਜਿਵੇਂ ਵੀ ਹੋਇਆ ,ਜਿਸਤਰ੍ਹਾਂ ਵੀ ਹੋਇਆ, ਪਰ ਜਿਸ ਨੂੰ ਸਾਰਾ ਪਿੰਡ ਮਖੌਲ ਨਾਲ , ਕਾਂ , ਕਿਹਾ ਕਰਦਾ ਸੀ ਤੇ ਉਸ ਦੇ ਅਸਲ ਨਾਂ ਬਾਰੇ ਵੀ ਲੋਕਾਂ ਨੂੰ ਘਟ ਹੀ ਪਤਾ ਸੀ ਹੁਣ ਸਰਪੰਚ ਸੁਰਜੀਤ ਸਿੰਘ ਦੇ ਨਾਂ ਨਾਲ ਆਪਣੀ ਪਛਾਣ ਬਣਾਉਨ ਵਿੱਚ ਸਫਲ ਹੋ ਗਿਆ ।
,ਉੱਠੇ ਖਾਕ ਚੋਂ ਤੇ ਕਿਣਕਾ ਨੂਰ ਹੋ ਜਾਏ,ਉਸ ਦੀ ਮੁੱਠੀ ਚ,ਕੁੱਲ ਜਹਾਨ ਹੋ ਜਾਏ ।
ਤਖਤ ਤਾਜ ਤੇ ਰਾਜ ਦੀ ਮਿਲੇ ਸ਼ੁਹਰਤ ,ਜਿਸ ਤੇ ਰੱਬ ਸੱਚਾ ਮੇਹਰਬਾਨ ਹੋ ਜਾਏ, ।
ਰਵੇਲ ਸਿੰਘ
Brampton C.a.
ਰਿਸ਼ਤਿਆਂ ਦੀ ਮਹਿਕ ਮੇਰੀ ਮੇਹਣਤੀ ਧੀ ਮਨਜੀਤ ਕੈਨੇਡੀਅਨ - ਰਵੇਲ ਸਿੰਘ
ਮੈਂ ਪਿੰਡ ਵਿੱਚ ਜੰਮਿਆ ਪਲਿਆ,ਪਿੰਡ ਵਿੱਚ ਪੜ੍ਹਾਈ ਕੀਤੀ, ਤੇ ਨੌਕਰੀ ਵੀ ਪਿੰਡਾਂ ਦੀ ਹੀ ਕੀਤੀ ਤੇ ਰਿਹਾ ਵੀ ਪਿੰਡ ਵਿੱਚ ਹੀ, ਵਿਆਹ ਵੀ ਪਿੰਡ ਵਿੱਚ ਹੀ ਹੋਇਆ ।
ਭਾਂਵੇਂ ਕੁੱਝ ਸਮਾਂ ਸ਼ਹਿਰ ਵਿੱਚ ਨੌਕਰੀ ਵੀ ਕੀਤੀ ਪਰ ਰਹਿਣਾ ਮੈਂ ਪਿੰਡ ਵਿੱਚ ਹੀ ਚੰਗਾ ਸਮਝਿਆ, ਸੋ ਪਿੰਡ ਹੀ ਟਿਕਿਆ ਰਿਹਾ ।
ਬੱਚੇ ਪਿੰਡ ਦੇ ਸਕੂਲ ਦੀ ਪੜ੍ਹਾਈ ਕਰਕੇ ਸ਼ਹਿਰ ਕਾਲੇਜ ਵਿੱਚ ਵੀ ਪੜ੍ਹੇ, ਪਰ ਹੋਲੀ ਹੌਲੀ ਉਹ ਨੌਕਰੀਆਂ ਨਾ ਮਿਲਣ ਕਰਕੇ ਵਿਦੇਸ਼ਾਂ ਵਿੱਚ ਜਾ ਵੱਸੇ ।
ਜਦੋਂ ਮੈਂ ਸੇਵਾ ਮੁਕਤ ਹੋਇਆ ਤਾਂ ਮੇਰੇ ਪ੍ਰਿਵਾਰ ਦਾ ਕੋਈ ਮੈਂਬਰ ਕਿਸੇ ਨੌਕਰੀ ਆਦਿ ਤੇ ਨਹੀਂ ਲੱਗ ਸਕਿਆ ਸੀ।ਏਨਾ ਸ਼ੁਕਰ ਹੈ ਕਿ ਮੇਰੀ ਸੇਵਾ ਸੁਕਤੀ ਤੋਂ ਪਹਿਲਾਂ ਮੇਰੀਆਂ ਤਿੰਨੇ ਧੀਆਂ ਦੀ ਸ਼ਾਦੀ ਹੋ ਕੇ ਉਹ ਆਪਣੇ ਸਹੁਰੇ ਘਰੀਂ ਜਾ ਚੁਕੀਆਂ ਸਨ।ਮੇਰੇ ਦੋਵੇਂ ਬੇਟੇ ਧੀਆਂ ਤੋਂ ਛੋਟੇ ਸਨ,ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹਵਾਂ ਤੇ ਕੋਈ ਬੋਝ ਝੱਲਣਾ ਨਹੀਂ ਪਿਆ।ਦੋ ਧੀਆਂ ਪਿੰਡਾਂ ਵਿੱਚ ਹੀ ਵਿਆਹੀਆਂ ਗਈਆਂ ਸਨ।
ਪਰ ਇਨ੍ਹਾਂ ਵਿੱਚੋਂ ਇੱਕ ਵਿਚਕਾਰਲੀ ,ਮਨਜੀਤ, ਦਾ ਵਿਆਹ 1987 ਵਿੱਚ ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ ਵਿੱਚ ਇੱਕ ਪੜ੍ਹੇ ਲਿਖੇ ਤੇ ਅਗਾਂਹ ਵਧੂ ਪ੍ਰਿਵਾਰ ਵਿੱਚ ਇਕ ਵੱਧੀਆ ਡਿਗਰੀ ਹੋਲਡਰ ਉੱਚ ਲੰਮੇ ਕੱਦ ਕਾਠ ਵਾਲੇ ਨੌਜਵਾਨ ਨਾਲ ਹੋਇਆ।ਸੁੰਦਰਤਾ,ਪੜ੍ਹਾਈ ਪੱਖੋਂ ਮੇਰੀ ਇਸ ਧੀ ਵਿੱਚ ਭਾਂਵੇਂ ਕੋਈ ਘਾਟ ਨਹੀਂ ਪਰ ਪਾੜਾ ਸਿਰਫ ਪਿੰਡ ਤੇ ਸ਼ਹਿਰ ਦਾ ਹੋਣ ਕਰਕੇ ਤੇ ਕੁੱਝ ਸਹੁਰਾ ਸਾਹਿਬ ਦੇ ਸਖਤ ਸੁਭਾਅ ਹੋਣ ਕਰਕੇ ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ,ਪਰ ਉਹ ਆਪਣੀ ਮੇਹਣਤ,ਸੁਹਜ ਸਿਆਣਪ,ਤੇ ਸਹਿਣ ਸ਼ੀਲਤਾ ਕਰਕੇ ਉਸ ਪ੍ਰਿਵਾਰ ਵਿੱਚ ਕੱਟ ਗੁਜ਼ਰਣ ਵਿੱਚ ਸਫਲ ਹੋਈ,ਤੇ ਇਸ ਸੱਭ ਕੁੱਝ ਲਈ ਉਹ ਪ੍ਰਸ਼ੰਸਾ ਦੀ ਪਾਤਰ ਹੈ।
ਵਿਆਹ ਤੋਂ ਬਾਅਦ ਪ੍ਰਾਹੁਣੇ ਦੀ ਨੌਕਰੀ ਪਹਿਲਾਂ ਵੀ ਆਰਜੀ ਹੀ ਸੀ , ਪਰ ਉਹ ਛੱਡ ਕੇ ਜਿੱਥੇ ਵੀ ਮਿਲੀ ਆਰਜੀ ਤੌਰ ਤੇ ਹੀ ਮਿਲੀ ਤੇ ਘਰ ਤੋਂ ਵੀ ਦੂਰ ਹੀ ਮਿਲੀ।ਤਨਖਾਹ ਥੋੜ੍ਹੀ ਹੋਣ ਕਰਕੇ ਨਾਲ ਘਰ ਦਾ ਗੁਜਾਰਾ ਕਰਨਾ ਔਖਾ ਸੀ।ਜਿੰਦਗੀ ਦੀ ਖਿੱਚੋਤਾਣ ਏਸੇ ਤਰ੍ਹਾਂ ਹੀ ਚਲਦੀ ਰਹੀ।ਉਹਨੇਂ ਸਹੁਰੇ ਘਰ ਰਹਿੰਦਿਆਂ ਹੀ ਏਧਰੋਂ ਓਧਰੋਂ ਬੀਊਟੀ ਪਾਰਲਰ ਦਾ ਕੰਮ ਸਿੱਖ ਤਾਂ ਲਿਆ, ਪਰ ਸਹੁਰਾ ਸਾਹਬ ਦੇ ਕੱਟੜ ਧਾਰਮਿਕ ਹੋਣ ਕਰਕੇ ਘਰ ਵਿੱਚ ਉਸ ਲਈ ਇਹ ਕੰਮ ਕਰਨਾ ਔਖਾ ਸੀ, ਪਰ ਉਹ ਬਚਬਚਾ ਕੇ ਕਿਸੇ ਵੱਖਰੇ ਕਮਰੇ ਵਿੱਚ ਇਹ ਕੰਮ ਕਰਕੇ ਆਪਣੇ ਔਖੇ ਸੌਖੇ ਵੇਲੇ ਲਈ ਕੁੱਝ ਕਮਾ ਹੀ ਲੈਂਦੀ ਇਸ ਤਰ੍ਹਾਂ ਕਰਦੇ ਕਰਾਂਦੇ ਉਨ੍ਹਾਂ ਦੀ ਨੌਕਰੀ ਦੇ ਸਿਲਸਿਲੇ ਵਿੱਚ ਹੁਸ਼ਿਆਰ ਪੁਰ ਹੋ ਗਈ. ਜਿੱਥੋਂ ਉਹ ਬੜੀ ਕੋਸ਼ਸ਼ ਨਾਲ ਸਾਲ 2005 ਵਿੱਚ ਪੀ-ਆਰ ਵੀਜੇ ਤੇ ਸਾਲ 2005 ਵਿੱਚ ਆਪਣੇ ਦੋ ਬੇਟਿਆਂ ਨਾਲ ਕੈਨੇਡਾ ਆ ਗਏ ।
ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਸੈੱਟ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਏਥੇ ਆ ਕੇ ਪਿੱਛਲੀਆਂ ਕੀਤੀਆਂ ਪੜ੍ਹਾਈਆਂ ਤੇ ਡਿਗਰੀਆਂ ਵੀ ਕਿਸੇ ਕੰਮ ਜੋਗੀਆਂ ਨਹੀਂ ਰਹਿੰਦੀਆਂ, ਸੋ ਇਹ ਹਾਲ ਇਨ੍ਹਾਂ ਨਾਲ ਵੀ ਏਸੇ ਤ੍ਹਰਾਂ ਹੀ ਹੋਇਆ,ਘਰ ਵਾਲਾ ਹੁਣ ਤੀਕ ਵੱਖ ਕੰਪਨੀਆਂ ਵਿੱਚ ਟਰੱਕ ਡਰਾਈਵਰੀ ਕਰਦਾ ਤੋਂ ਬੜੀ ਔਖ ਸੌਖ ਨਾਲ ਮਸਾਂ ਇੱਕ ਟਰੱਕ ਕਿਸ਼ਤਾਂ ਤੇ ਲੈ ਕੇ ਟਰੱਕ ਦਾ ਮਾਲਿਕ ਬਣਿਆ ਹੈ।ਏਥੇ ਟਰੱਕ,ਗੱਡੀਆਂ , ਘਰ ਤੇ ਹੋਰ ਬਹੁਤ ਕੁੱਝ ਲੰਮੀਆਂ ਕਿਸ਼ਤਾਂ ਦੇ ਕਰਜੇ ਤੇ ਲੈ ਕੇ ਹੀ ਚਲਦਾ ਹੈ ।
ਮਨਜੀਤ ਏਥੇ ਆ ਕੇ ਬਿਊਟੀ ਪਾਰਲਰ ਦਾ ਕੋਰਸ ਕਰਕੇ ਹੁਣ ਕਿਤੇ ਜੌਬ ਕਰਦੀ ਹੈ ਤੇ ਆਪਣੇ ਵੱਡੇ ਤੇ ਪੂਰੇ ਸੁੱਖ ਸਹੂਲਤਾਂ ਵਾਲੇ ਘਰ ਵਿੱਚ ਰਹਿ ਰਹੀ ਹੈ।
ਉਹ ਬਚਪਣ ਤੋਂ ਹੀ ਬੜੀ ਲਾਡਲੀ ਤੇ ਸੁਹਣੀ ਸੀ । ਗੋਲ ਮਟੋਲ ਸਰੀਰ ਗੋਰਾ ਚਿੱਟਾ ਰੰਗ , ਭੂਰੇ ਵਾਲਾਂ ਤੇ ਲਾਲ ਰਿਬਨ ਵਾਲੀ ਚੂੰਡੀ ਕੀਤੀ ਜਦੋਂ ਉਹ ਵੇਹੜੇ ਵਿੱਚ ਨੱਚਦੀ ਕੁਦਾੜੀਆਂ ਮਾਰਦੀ ਤਾਂ ਵੇਹੜਾ ਭਰਿਆ ਤੇ ਸ਼ਿੰਗਾਰਿਆ ਜਾਂਦਾ । ਨਿੱਕੀ ਹੁੰਦੀ ਨੂੰ ਸਾਰੇ ਉਸ ਨੂੰ ਨਿੱਕੀ ਬਿੱਲੇ ਕਿਹਾ ਕਰਦੇ ਸਨ। ਉਹ ਆਪਣੇ ਆਪ ਨੂੰ ਕੁੜੀ ਨਹੀਂ ਸਗੋਂ ਮੁੰਡਾ ਹੀ ਸਮਝਦੀ ਸੀ ।ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਜਦੋਂ ਕਿਤੇ ਮੇਰੇ ਨਾਲ ਜਾਂਦੀ ਤਾਂ ਹੋਰਨਾਂ ਬੱਚਿਆਂ ਵਿੱਚ ਉਸ ਦੀ ਪਛਾਣ ਵੱਖਰੀ ਦਿੱਖ ਵਾਲੀ ਤੇ ਖਿੱਚ ਵਾਲੀ ਹੁੰਦੀ। ਉਸ ਵੇਲੇ ਸਾਡੇ ਘਰ ਪੁੱਤਰ ਨਾ ਹੋਣ ਕਰਕੇ ਉਸ ਨੇ ਪੁੱਤਰਾਂ ਵਾਲਾ ਮੋਹ ਪਿਆਰ ਵੀ ਸਾਥੋਂ ਖੂਬ ਲਿਆ।
ਹੁਣ ਭਾਂਵੇ ਉਹ ਪੰਜਾਬਣ ਤੋਂ ਕੈਨੇਡੀਅਨ ਬਣ ਕੇ ਹੁਣ ਪੁੱਤ ਪੋਤਿਆਂ ਵਾਲੀ ਹੋ ਚੁਕੀ ਹੈ ਪਰ ਉਸ ਦੇ ਰੰਗ ਰੂਪ ,ਬੋਲ ਚਾਲ,ਤੋਂ ਅਜੇ ਵੀ ਮੈਨੂੰ ਉਹ ਮੇਰੀ ਬਚਪਣ ਵਾਲੀ ਲਾਡਲੀ ਧੀ ਮਨਜੀਤ ਹੀ ਲੱਗਦੀ ਹੈ ।
ਉਮਰ ਭਰ ਇਹ ਕਦੇ ਨਾ ਹੋਣ ਪਿੱਛੇ ਸਦਾ ਮੋਹ ਦਾ ਭਰਿਆ ਭੰਡਾਰ ਧੀਆਂ ।
ਕੈਰੀ ਨਜਰ ਕੋਈ ਮਾਪਿਆਂ ਵੱਲ ਵੇਖੇ, ਹੋਣ ਐਸਿਆਂ ਲਈ ਤਲਵਾਰ ਧੀਆਂ ।
ਦੁੱਖ ਸੁੱਖ ਵੇਲੇ ਸਦਾ ਹੋਣ ਹਾਜਰ , ਭਾਂਵੇਂ ਹੋਣ ਸਮੁੰਦਰੋਂ ਪਾਰ ਧੀਆਂ ।
ਧੀਆਂ ਮਾਪਿਆਂ ਦੀ ਸਦਾ ਸੁੱਖ ਮੰਗਣ ,ਭਾਂਵੇਂ ਜਾਂਣ ਉਡਾਰੀਆਂ ਮਾਰ ਧੀਆਂ ।
ਰਵੇਲ ਸਿੰਘ
Brampton C.a.
ਅਦੁੱਤੀ ਸ਼ਹਾਦਤ - ਰਵੇਲ ਸਿੰਘ
ਜਦੋਂ ਯਾਦ ਆਉਂਦੀ ਸ਼ਹਾਦਤ ਉਨ੍ਹਾਂ ਦੀ ,
ਬੜਾ ਹੈ ਰੁਆਂਉਦੀ ਸ਼ਹਾਦਤ ਉਨ੍ਹਾਂ ਦੀ,
ਉਹ ਮਾਸੂਮ ਮੁਖੜੇ , ਸਹੀ ਜਾਣ ਦੁੱਖੜੇ ,
ਅਦੁਤੀ ਸ਼ਹਾਦਤ, ਇਬਾਦਤ ਉਨ੍ਹਾਂ ਦੀ।
ਉਹ ਮਾਸੂਮ ਜਿੰਦਾਂ,ਉਹ ਫਤਵੇ ਤੇ ਕੰਧਾਂ,
ਤਸੀਹੇ ,ਡਰਾਵੇ, ਅਦਾਵਤ ਉਨ੍ਹਾਂ ਦੀ।
ਜੋ ਧਰਮਾਂ ਦੀ ਪਉੜੀ ਤੋਂ ਥਿੜਕੇ ਜ਼ਰਾ ਨਾ,
ਉਹ ਕਿਸ ਨੇ ਘੜੀ ਸੀ ਬਣਾਵਟ ਉਨ੍ਹਾਂ ਦੀ।
ਬੜੇ ਹੌਸਲੇ ਸਨ ,ਨੇਂ ,ਪਰਬਤ ਵੀ ਛੋਟੇ ,
ਨਹੀਂ ਕਿਧਰੇ ਵੀ ਵੇਖੀ, ਥਕਾਵਟ ਉਨ੍ਹਾਂ ਦੀ ।
ਨਾ ਡੋਲੇ ਨਾ ਖਿਸਕੇ,ਨਾ ਕਦਮ ਡਗਮਗਾਏ,
ਮੈਂ ਵੇਖੀ ਸੁਣੀ ਨਾ ਗਿਰਾਵਟ ਉਨ੍ਹਾਂ ਦੀ ।
ਮੇਰੇ ਮਨ ਦੇ ਅੰਦਰ ਹੈ , ਸ਼ਰਧਾ ਉਨ੍ਹਾਂ ਲਈ,
ਸਜਾਇਆ ਨਜਾਰਾ , ਸਜਾਵਟ ਉਨ੍ਹਾਂ ਦੀ ।
ਜਦੋਂ ਤੀਕ ਅੰਬਰ ਤੇ , ਧਰਤੀ ਰਹੇ ਗੀ ,
ਇਹ ਕੰਧਾਂ ਗੁਵਾਹ ਨੇ ਕਹਾਵਤ ਉਨ੍ਹਾਂ ਦੀ ।
ਬੜਾ ਕੁਝ ਰਿਹਾ ਹੈ , ਕਹੇ ਜਾਣ ਵਾਲਾ ,
ਮੈਂ ਯਾਦਾਂ ਚ, ਕਰਦਾਂ ਜਿਆਰਤ ਉਨ੍ਹਾਂ ਦੀ ।
ਫਤਿਹ ਦੇ ਜੈਕਾਰੇ, ਸਦਾ ਗੂੰਜਣੇ ਨੇ ,
ਉਹ ਧੰਨ ਸਾਹਿਬਜਾਦੇ ਸ਼ਹਾਦਤ ਉਨ੍ਹਾਂ ਦੀ।
ਰਵੇਲ ਸਿੰਘ ਬ੍ਰਾਂਪਟਨ ਕੈਨੇਡਾ
ਹੋਤਾ ਹੈ ਵੁਹੀ ਜੋ ਮਨਜੂਰੇ ਖੁਦਾ ਹੋਤਾ ਹੈ - ਰਵੇਲ ਸਿੰਘ ਇਟਲੀ ਪੰਜਾਬ ਹੁਣ ਕੇਨੇਡਾ
ਕੈਨੇਡਾ ਆਉਣ ਤੇ ਮੈਨੂੰ ਕਿਸੇ ਉਰਦੂ ਸ਼ਾਇਰ ਦਾ ਉਪਰੋਕਤ ਸ਼ੇਅਰ ਵਾਰ ਵਾਰ ਯਾਦ ਆਉਂਦਾ ਹੈ ।
ਇੱਥੇ ਆਪਣੇ ਬੱਚਿਆਂ ਕੋਲ ਆਉਣ ਲਈ ਸੁੱਪਰ ਵੀਜਾ ਲੁਆਉਣ ਲਈ ਸਾਨੂੰ ਦੋਹਾਂ ਜੀਆਂ ਨੂੰ ਕਾਫੀ ਲੰਮਾ ਸਮਾ ਲੱਗ ਗਿਆ ਭਾਂਵੇ ਮੇਰਾ ਵੀਜਾ ਤਾਂ ਛੇਤੀ ਲੱਗ ਗਿਆ ਪਰ ਮੇਰੀ ਪਤਨੀ ਦਾ ਵੀਜਾ ਢੇਰ ਸਾਰਾ ਸਮਾ ਲੈ ਗਿਆ ।
ਜਿਸ ਦਾ ਕਾਰਣ ਉਸ ਦਾ ਮੈਡੀਕਲੀ ਫਿੱਟਨੈਸ ਹੋਣ ਦਾ ਬਣਿਆ ।
ਖੈਰ ਵੀਜਾ ਤਾਂ ਲੱਗ ਗਿਆ ਪਰ ਪਹਿਲਾ ਮੇਰੇ ਪੁੱਤਾਂ ਵਰਗੇ ਭਤੀਜੇ ਦੀ ਬੀਮਾਰੀ ਤੇ ਦੂਜਾ ਮੇਰੀ ਧੀ ਦੇ ਇਕਲੋਤੇ ਪੁੱਤਰ ਭਾਵ ਮੇਰੇ ਦੋਹਤੇ ਦਾ ਵਿਆਹ,ਇਹ ਦੋਵੇਂ ਗਮੀ ਖੁਸ਼ੀ ਦੇ ਮੋਕੇ ਮੇਰੇ ਇੱਥੇ ਆਉਣ ਦੇ ਰਾਹ ਵਿੱਚ ਅੜਿੱਕਾ ਬਣ ਗਏ ।
ਇੱਕ ਮਨ ਕਰਦਾ ਸੀ ਕਿ ਦੋਹਤੇ ਦਾ ਵਿਆਹ ਵੇਖ ਕੇ ਜਾਈਏ ਪਰ ਦੋ ਮਹੀਨੇ ਅਜੇ ਵਿਆਹ ਵਿੱਚ ਪਏ ਹਨ ,ਏਨਾ ਸਮਾ ਹੋਣ ਕਰਕੇ ਏਥੇ ਆਉਣ ਲਈ ਦੇਰੀ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ ।
ਭਤੀਜੇ ਹਰਜਿੰਦਰ ਨੂੰ ਸਾਡਾ ਦੋਵਾਂ ਦਾ ਉਸ ਨੂੰ ਉਸ ਦੀ ਇਸ ਤਰਸ ਯੋਗ ਹਾਲਤ ਵਿੱਚ ਛੱਡ ਕੇ ਆਉਣ ਨੂੰ ਮਨ ਨਹੀਂ ਸੀ ਕਰਦਾ, ਪਰ ਭਾਣਾ ਵਰਤ ਗਿਆ ਉਸ ਦੀ ਅਸਹਿ ਦਰਦ ਨਾਕ ਮੌਤ ਦੇ ਦੁਖਦਾਈ ਦ੍ਰਿਸ਼ ਨੂੰ ਵੇਖ ਕੇ ਤੇ ਸਾਰੇ ਕ੍ਰਿਆ ਕਰਮ ਕਰਕੇ ਇੱਕ ਵਾਰ ਵੇਹਲੇ ਤਾਂ ਹੋ ਗਏ ਪਰ ਉਸ ਦੀ ਬੀਮਾਰੀ ਦਾ ਸਮਾਂ ਜਦ ਚੇਤੇ ਆਉਂਦਾ ਤਾਂ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ।ਜਿੰਦਗੀ ਦੇ ਹੰਢਾਏ ਇਸ ਸਦਮੇ ਨੂੰ ਫਿਰ ਕਿਤੇ ਲਿਖ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ।
ਮਨ ਦੁਚਿੱਤੀ ਵਿੱਚ ਸੀ ਕਿ ਕਰੀਏ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਰਗੀ ਹੋ ਗਈ ਸੀ । ਮੇਰੀ ਘਰ ਵਾਲੀ ਕਹਿਣ ਲੱਗੀ ਕਿ ਤੁਸੀਂ ਚਲੇ ਜਾਓ, ਮੈਂ ਫਿਰ ਆ ਜਾਵਾਂਗੀ ਪਰ ਇਹ ਗੱਲ ਵੀ ਜਚਣ ਵਾਲੀ ਨਹੀਂ ਜਾਪਦੀ ਸੀ ।
ਓਧਰ ਇਹ ਭਾਣਾ ਵਰਤਣ ਤੋਂ ਪਹਿਲਾਂ ਹੀ ਮੇਰੇ ਦੋਹਤੇ ਦੇ ਵਿਆਹ ਦੀ ਤਾਰੀਖ ਰੱਖੀ ਜਾ ਚੁਕੀ ਸੀ।ਜਿਸ ਵਿੱਚ ਅਜੇ ਹਾਲੇ ਲਗ ਪਗ ਦੋ ਮਹੀਨੇ ਪਏ ਸਨ ਇਕ ਦਿਨ ਮੇਰੀ ਬੇਟੀ ਕਮਲ ਜੀਤ ਆਈ ਤੇ ਕਹਿਣ ਲੱਗੀ, ਡੈਡੀ ਵਿਆਹ ਵਿੱਚ ਅਜੇ ਬਹੁਤ ਦਿਨ ਹਨ ਸਮੇ ਦਾ ਕੋਈ ਪਤਾ ਨਹੀਂ ਤੁਹਾਡੀ ਸਿਹਤ ਵੀ ਢਿੱਲੀ ਮੱਠੀ ਰਹਿੰਦੀ ਹੈ ਇੱਥੇ ਤੁਸੀਂ ਦੋਂਵੇਂ ਇੱਕਲੇ ਹੀ ਰਹਿੰਦੇ ਓ ਤੁਸੀਂ ਚਲੇ ਜਾਓ ।ਓਧਰ ਬੱਚੇ ਵੀ ਤੁਹਾਨੂੰ ਹੁਣ ਇੱਕਲਿਆਂ ਛੱਡ ਕੇ ਖੁਸ਼ ਨਹੀਂ ਹਨ ।ਭਾਂਵੇਂ ਮੈਡਮ ਆਪਣੀ ਸੇਹਤ ਵੇਖ ਕੇ ਏਨੇ ਲੰਮੇ ਹਵਾਈ ਸਫਰ ਤੋਂ ਡਰਦੀ ਸੀ ਪਰ ਇੱਸ ਬਿਨਾਂ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ।
ਮੇਰਾ ਕੈਨੇਡਾ ਆਉਣ ਦਾ ਮੁੱਖ ਮੰਤਵ ਮੇਰੇ ਬੇਟੇ ਦੇ ਪ੍ਰਿਵਾਰ ਦੇ ਦੋ ਜੀਆਂ ਮੇਰੀ ਪਿਆਰੀ ਚੁਲਬਲੀ ਪੋਤੀ ਰਾਜਪਿੰਦਰ ਉਰਫ ਰਾਬੀਆ ਜਿਸਦਾ ਬਚਪਨ ਮੇਰੇ ਹੱਥਾਂ ਵਿੱਚ ਲੰਘਿਆ ਸੀ ਉਸ ਕੋਲ ਰਹਿਕੇ ਮੇਰੇ ਜੀਵਣ ਦਾ ਆਖਰੀ ਹਿੱਸਾ ਗੁਜਾਰਣ ਦਾ ਸੀ ਤੇ ਇਸ ਦੇ ਨਾਲ ਮੇਰੇ ਲਾਡਲੇ ਪੋਤੇ ਆਕਾਸ਼ ਦੀਪ ਨਾਲ ਵੀ ਉਸ ਨਾਲ ਮਿੱਠੀਆਂ ਪਿਆਰੀਆਂ ਕੁਤਕਾੜੀਆਂ ਵਰਗੀਆਂ ਗੱਲਾਂ ਕਰਦੇ ਰਹਿਣ ਸੁਨਹਿਰੀ ਮੌਕਾ ਮਿਲਣਾ ਦਾ ਵੀ ਸੀ ।
ਕੇਨੇਡਾ ਵਿੱਚ ਸੁਪਰ ਵੀਜੇ ਤੇ ਵਡੇਰੀ ਉਮਰ ਦੇ ਬਜੁਰਗਾਂ ਦੇ ਆਉਂਣ ਲਈ ਉਨ੍ਹਾਂ ਦੀ ਇਨਸ਼ੋਰੈਂਸ ਹੋਣੀ ਵੀ ਲਾਜਮੀ ਹੈ ਸੋ ਉਸ ਦਾ ਪ੍ਰਬੰਧ ਵੀ ਹੋ ਗਿਆ ਤੇ ਹਵਾਈ ਟਿਕਟ ਵੀ ਯੋਗ ਤਾਰੀਖ ਵੇਖ ਕੇ ਲੈ ਲਈ ਗਈ।
ਪਰ ਆਉਣ ਤੋਂ ਪਹਿਲਾਂ ਘਰ ਦੇ ਸਾਮਾਨ ਦਾ ਖਲਾਰਾ ਸੰਭਾਲਣਾ ਵੀ ਇੱਕ ਵੱਡੀ ਸਮੱਸਿਆ ਸੀ ਜਿਸ ਨੂੰ ਮੇਰੀ ਇਸ ਕਮਲਜੀਤ ਧੀ ਨੇ ਜੋ ਇਸ ਕੰਮ ਵਿੱਚ ਫੁਰਤੀਲੀ ਹੈ ਨੇ ਆਪਣੇ ਜਿੰਮੇ ਲੈ ਲਿਆ,ਤੇ ਸਫਰ ਵਿੱਚ ਲੈ ਜਾਣ ਵਾਲੇ ਸਾਮਾਨ ਨੂੰ ਮੇਰੇ ਸਾਬਕਾ ਫੌਜੀ ਪ੍ਰਾਹੁਣੇ ਲਖਵਿੰਦਿਰ ਨੇ ਬੜੀ ਤਰਤੀਬ ਨਾਲ ਪੈੱਕ ਕਰ ਦਿੱਤਾ ।
ਬਾਹਰ ਪੈਲੀ ਬੰਨੇ ਦੀ ਸੇਵਾ ਸੰਭਾਲ ਦੀ ਜਿੰਮੇ ਵਾਰੀ ਉਸੇ ਨੇ ਲੈ ਲਈ ਕਿਉਂ ਉਸ ਦਾ ਪਿੰਡ ਸਾਡੇ ਪਿੰਡ ਬਹੁਤ ਥੋੜੀ ਦੂਰੀ ਤੇ ਹੈ।
ਫਲਾਈਟ ਸਵੇਰੇ 4 ਵੱਜ ਕੇ 5 ਮਿੰਟ ਤੇ ਅਮ੍ਰਿਤਸਰ ਹਵਾਈ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਸੀ,ਟੈਕਸੀ ਦਾ ਪ੍ਰਬੰਧ ਕਰਕੇ ਸਾਨੂੰ ਸਮੇ ਸਿਰ ਪਹੁੰਚਾਉ ਦਾ ਸਾਰਾ ਕੰਮ ਜੋ ਮੇਰੀ ਧੀ ਕਮਲਜੀਤ ਦੇ ਪੁੱਤਰ ਸਮਾਨ ਪਿਆਰੇ ਦਾਮਾਦ ਲਖਵਿੰਦਰ ਸਿੰਘ ਨੇ ਕੀਤਾ ਉਹ ਨਾ ਭੁੱਲਣ ਯੋਗ ਹੈ।
ਖੈਰ ਢਾਈ ਘੰਟੇ ਦੀ ਉਡੀਕ ਪਿੱਛੋਂ ਫਲਾਈਟ ਹੋ ਗਈ,ਹਵਾਈ ਜਹਾਜ ਆਪਣੇ ਪਹਿਲੇ ਪੜਾਂ ਮਿਲਾਣ (ਇਟਲੀ) ਲਈ ਰਵਾਨਾ ਹੋ ਗਿਆ,ਤੇ ਅੱਠ ਘੰਟੇ ਦੀ ਲੰਮੀ ਉਡਾਣ ਤੋਂ ਬਾਅਦ ਮੀਲਾਣ ਜਾ ਉਤਰਿਆ ਤੇ ਫਿਰ ਲਗ ਪਗ ਢਾਈ ਘੰਟੇ ਦੀ ਉਡੀਕ ਪਿੱਛੋੰ ਦੂਜੀ ਛੇ ਘੰਟੇ ਦੀ ਉਡਾਨ ਭਰ ਕੇ ਕੇਨੇਡਾ ਟਰਾਂਟੋ ਜਾ ਉਤਰਿਆ । ਰਸਤੇ ਵਿੱਚ ਵੀਲ੍ਹ ਚੇਅਰ ਦੀ ਸਹਾਇਤਾ ਨੇ ਏਅਰ ਪੋਰਟ ਦੇ ਅੰਦਰ ਏਧਰ ਓਧਰ ਜਾਣ ਵਿੱਚ ਕਾਫੀ ਸੁਖਾਲਾ ਪਨ ਕੀਤਾ।
ਟ੍ਰਾਂਟੋ ਏਅਰ ਪੋਰਟ ਤੇ ਸਾਨੂੰ ਲੈਣ ਲਈ ਮੇਰਾ ਪਿਆਰਾ ਪੋਤਾ ਆਕਾਸ਼ ਦੀਪ,ਨੋਂਹ ਰਾਣੀ ਰੋਜੀ,ਤੇ ਏਥੇ ਰਹਿੰਦੀ ਧੀ ਮਨਜੀਤ ਸਾਨੂੰ ਲੈਣ ਲਈ ਆਏ ਹੋਏ ਸਨ,ਜੋ ਸਾਨੂੰ ਘਰ ਲੈ ਗਏ । ਘਰ ਜਾ ਸਾਰੇ ਪ੍ਰਿਵਾਰ ਨੂੰ ਮਿਲ ਕੇ ਇਕ ਵਾਰ ਤਾਂ ਇਵੇਂ ਲੱਗਾ ਜਿਵੇਂ ਰਾਹ ਦੀ ਸਾਰੀ ਥਕਾਵਟ ਲਹਿ ਗਈ ਹੋਵੇ ।
ਆਗਾਜ਼ ਤੋ ਅੱਛਾ ਆਗੇ ਆਗੇ ਦੇਖਈਏ ਹੋਤਾ ਹੈ ਕਿਆ,
ਹੋਤਾ ਹੈ ਵੁਹੀ ਜੋ ਮਨਜੂਰੇ ਖੁਦਾ ਹੋਤਾ ਹੈ।
ਆਮੀਨ
ਰਵੇਲ ਸਿੰਘ ਇਟਲੀ ਪੰਜਾਬ ਹੁਣ ਕੇਨੇਡਾ
ਤੁਰ ਗਿਆ ਛਿੰਦਾ - ਰਵੇਲ ਸਿੰਘ
1.ਤੁਰ ਗਿਆ ਛਿੰਦਾ , ਕਲਾਕਾਰ ਛਿੰਦਾ ,
ਨਾਮ ਸੀ ਸੁਰਿੰਦਰ,ਨਾਲ ਪਿਆਰ ਛਿੰਦਾ।
ਉੱਚੀ ਸੁਰ ਤਾਣ ਵਾਲਾ,ਗੀਤਕਾਰ ਛਿੰਦਾ,
ਹਸਮੁਖਾ,ਤੇ ਬਹੁਤ ,ਮਿਲਣਸਾਰ ਛਿੰਦਾ।
2.
ਰਹੇ ਗਾ ਜਿੰਦਾ , ਸਦ ਬਹਾਰ ਛਿੰਦਾ,
ਗੀਤਾਂ ਵਿੱਚ ਜਿੰਦਾ, ਰੂਹ ਠਾਰ ਛਿੰਦਾ ।
ਰੁਕਿਆ ਨਾ ਕਦੀ ਤੇਜ਼ ਰਫਤਾਰ ਛਿੰਦਾ.
ਫੁੱਲਾਂ ਵਾਂਗ ਹੌਲਾ, ਹੌਲੇ ਭਾਰ ਛਿੰਦਾ ।
3.
ਦੋਸਤਾਂ ਤੇ ਮਿੱਤਰਾਂ ਦੀ ਲਏ ਸਾਰ ਛਿੰਦਾ,
ਮੁਸ਼ਕਲਾਂ,ਔਕੜਾਂ ਚ,ਮਦਦਗਾਰ ਛਿੰਦਾ।
ਕਈਆਂ ਲਈ ਕੀਮਤੀ,ਖਾਕਸਾਰ ,ਛਿੰਦਾ,
ਜਿੰਦਗੀ ਬਣਾ ਗਿਆ ਸ਼ਾਹਸਵਾਰ ਛਿੰਦਾ।
4.
ਟੀਸੀਆਂ ਨੂੰ ਛੋਹ ਗਿਆ,ਫਨਕਾਰ ਛਿੰਦਾ,
ਸ਼ਾਨ ਸੀ ਸਟੇਜਾਂ ਦਾ , ਰੰਗਦਾਰ ਛਿੰਦਾ।
ਮਾਂ ਬੋਲੀ ਆਪਣੀ ਦਾ ਸੇਵਾਦਾਰ ਛਿੰਦਾ,
ਉਮਰਾਂ ਲਗਾ ਗਿਆ, ਵਫਾਦਾਰ ਛਿੰਦਾ।
5.
ਸ਼ੋਖੀਆਂ ਖਿਲਾਰ ਗਿਆ,ਬੇਸ਼ੁਮਾਰ ਛਿੰਦਾ,
ਮਹਿਫ਼ਲਾਂ ਸ਼ਿੰਗਾਰਦਾ ,ਦੰਮਦਾਰ ਛਿੰਦਾ।
ਪੁੱਤ ਸੀ ਪੰਜਾਬ ਦਾ , ਵਫਾਦਾਰ ਛਿੰਦਾ,
ਛੱਡ ਗਿਆ,ਆਪਣੀ,ਯਾਦਗਾਰ ਛਿੰਦਾ।
ਰਵੇਲ ਸਿੰਘ
9056016184
ਤੁਰ ਗਿਆ ਕੇਹਰ ਸ਼ਰੀਫ - ਰਵੇਲ ਸਿੰਘ
ਤੁਰ ਗਿਆ ਕੇਹਰ ਸ਼ਰੀਫ , ਤੁਰ ਗਿਆ ਕੇਹਰ ਸ਼ਰੀਫ ।
ਸਦਾ ਲਈ ਤੁਰ ਜਾਣ ਦੀ , ਹੋ ਗਈ ਘਟਨਾ ਅਜੀਬ ।
ਹਿੱਸੇ ਆਉਂਦੀ ਖਤਮ ਕਰਕੇ ਤੁਰ ਗਿਆ , ਹਾੜੀ ਖਰੀਫ।
ਛਿੜ ਗਿਆ ਸ਼ਬਦਾਂ ਨੂੰ ਕਾਂਬਾ,ਇਹ ਕਿਹੀ ਆਈ ਤਾਰੀਖ।
ਆ ਗਈ ਜਦ ਆਣ ਵਾਲੀ ਬਹੁੜਿਆ ਨਾ ਕੋਈ ਤਬੀਬ।
ਲਿਖਤ ਦਾ ਲੇਖਕ ਅਮੀਰ , ਸਿਖਰ ਦਾ ਬੰਦਾ ਅਦੀਬ।
ਕਲਮ ਦਾ ਜੋ ਸੀ ਅਮੀਰ, ਹਰ ਬਸ਼ਰ ਦਾ ਸੀ ਹਬੀਬ।
ਆਦਮੀ ਸੀ ਮਿਲਣ ਸਾਰ , ਨਾ ਕੋਈ ਜਿਸਦਾ ਰਕੀਬ।
ਖੁਭ ਗਈ ਇਕ ਸੂਲ ਤਿੱਖੀ , ਪੁੱਜ ਕੇ ਦਿਲ ਦੇ ਕਰੀਬ।
ਖਬਰ ਓਸ ਦੇ ਜਾਣ ਦੀ ,ਕਰ ਗਈ , ਸਾਨੂੰ ਗਰੀਬ।
ਕੌਣ ਜਾਂ ਕਿਸ ਨੂੰ ਲੈ ਜਾਣਾ , ਮੌਤ ਨਾ ਰੱਖਦੀ ਰਦੀਫ ।
ਇਹ ਸ਼ਬਦ ਨੇਂ ਸ਼ਰਧਾਂਜਲੀ , ਆਖਰੀ ਉਸ ਨੂੰ ਨਸੀਬ।
ਯਾਦ ਬਣ ਕੇ ਰਹੇ ਗਾ ਉਹ ਸਿਖਰ ਦਾ ਲੇਖਕ ਅਦੀਬ।
ਫੁੱਲ ਕੁੱਝ ਸਤਿਕਾਰ ਦੇ , ਭੇਟਾ ਕਰਾਂ ਉਸ ਦੀ ਤਾਰੀਫ।
ਤੁਰ ਗਿਆ ਕੇਹਰ ਸ਼ਰੀਫ, ਤੁਰ ਗਿਆ ਕੇਹਰ ਸ਼ਰੀਫ ।
ਰਵੇਲ ਸਿੰਘ
90560161 84
ਇੱਕ ਬੂਟਾ ਹਿਜਰਾਂ ਦਾ - ਰਵੇਲ ਸਿੰਘ
ਇਕ ਬੂਟਾ ਹਿਜਰਾਂ ਦਾ , ਵੇਹੜੇ ਉੱਗ ਆਇਆ ਨੀਂ ।
ਅਸਾਂ ਪਾਣੀ ਰੀਝਾਂ ਦਾ ,ਰੱਜ ਉਸ ਨੂੰ ਪਾਇਆ ਨੀਂ ।
ਗੰਮ ਖਾ ਕੇ ਪਲਿਆ ਉਹ,ਆਸਾਂ ਵਿੱਚ ਰਲਿਆ ਉਹ,
ਪਰ ਭੁੱਖਾ ਭਾਣਾ ਨੀਂ ਉਹ, ਸਦਾ ਤਿਹਾਇਆ ਨੀਂ।
ਉਹਦਾ ਪਿਆਰ ਅਨੋਖਾ ਨੀਂ, ਰਿਹਾ ਦੇਂਦਾ ਧੋਖਾ ਨੀਂ,
ਰਹੀ ਸੁੱਖਾਂ ,ਸੁੱਖਦੀ ਮੈਂ ,ਉਹ ਮੁੜ ਨਾ ਆਇਆ ਨੀਂ।
ਕੁੱਝ ਪੀੜਾਂ ਹਾਣ ਦੀਆਂ, ਉਸ ਦੇ ਸੁੱਕ ਜਾਣਦੀਆਂ ,
ਮੈਂ ਦਰਦ ਛੁਪਾਇਆ ਨੀਂ,ਉਸ ਬੜਾ ਸਤਾਇਆ ਨੀਂ।
ਜੀ ਕਰਦੈ ਪੁੱਟ ਦੇਵਾਂ ਇਹ ,ਕਿਤੇ ਲਾਂਭੇ ਸੁੱਟ ਦੇਵਾਂ,
ਕਦੇ ਸੋਚਾਂ ਚੰਦਰੀ ਨੇ. ਇਹ ਹੱਥੀਂ ਲਾਇਆ ਨੀਂ ।
ਮੈਂ ਹੋ ਗਈ ਕਮਲੀ, ਹਾਂ ਕਮਲੀ ਰਮਲੀ ਹਾਂ ,
ਇਹ ਬੂਟਾ ਹਿਜਰਾਂ ਦਾ , ਜੇ ਪੁੱਟ ਗੁਵਾਇਆ ਨੀਂ ।
ਇਸ ਬਾਝੋਂ ,ਕਿਹੜਾ ਨੀਂ , ਕਰ ਸੁੰਞਾ ਵੇਹੜਾ ਨੀਂ ,
ਜਦ ਖਾਣ ਨੂੰ ਆਵੇਗਾ,ਵੇਹੜਾ ਕੁਮਲਾਇਆ ਨੀਂ।
ਫਿਰ ਕਿੱਦਾਂ ਜੀਵਾਂਗੀ , ਜੋ ਗਿਆ ਵਿਦੇਸ਼ੀਂ ਉਹ,
ਭੁੱਲ ਗਿਆ ਪ੍ਰੀਤਾਂ ਉਹ ਨਾ ਮੁੜ ਕੇ ਆਇਆ ਨੀਂ ।
ਕੱਲੀ ਜਿੰਦ ਤਤੜੀ ਦੀ, ਚੰਨ ਦੀ ਗਲਵੱਕੜੀ ਦੀ ,
ਕਿਸੇ ਰੁੱਤ ਬਸੰਤੀ ਦੀ ਭੁੱਖ ਨੇ ਤੜਫਾਇਆ ਨੀਂ ।
ਇਹ ਬੂਟਾ ਰੀਝਾਂ ਦਾ, ਕੁੱਝ ਦਰਦਾਂ ਚੀਸਾਂ ਦਾ,
ਬੂਟਾ ਕੰਡਿਆਲਾ ਨੀਂ , ਹੈ ਵੇਹੜੇ ਛਾਇਆ ਨੀਂ।
ਇਹ ਬੂਟਾ ਹਿਜਰਾਂ ਦਾ ਹੋਏ ਦੂਣ ਸਵਾਇਆ ਨੀਂ।
ਵਸਲਾਂ ਦੀ ਵੱਲ ਕਦੇ , ਵੇਹੜੇ ਵਿੱਚ ਉੱਗੇ ਗੀ ,
ਕਈ ਸੁਪਨੇ ਮੌਲਣਗੇ ,ਮਨ ਲਾਰੇ ਲਾਇਆ ਨੀਂ।
ਯਾਦਾਂ ਦੀਆਂ ਸੂਲਾਂ ਕਈ ਸੀਨੇ ਵਿੱਚ ਲਹਿ ਜਾਵਣ,
ਪਾਏ ਹੰਝੂ ਭਰ ਭਰ ਕੇ ਉਹ ਰਿਹਾ ਤਿਹਾਇਆ ਨੀਂ।
ਤੇ ਪਾਣੀ ਹਿਜਰਾਂ ਦਾ , ਰੱਜ ਉਸ ਨੂੰ ਪਾਇਆ ਨੀਂ ।
ਇੱਕ ਬੂਟਾ ਹਿਜਰਾਂ ਦਾ ਅੱਜ ਵੇਹੜੇ ਛਾਇਆ ਨੀਂ ।
ਰਵੇਲ ਸਿੰਘ
ਫੋਨ 90560161 84
ਰਿਸ਼ਤਿਆਂ ਦੀ ਮਹਿਕ : ਚਾਚਾ ਮ੍ਹਿੰਦੂ - ਰਵੇਲ ਸਿੰਘ ਇਟਲੀ
ਜਦੋਂ ਵੀ ਮੈਂ ਆਪਣੇ ਲੇਖਾਂ.ਕਹਾਣੀਆਂ , ਵਿੱਚ ਕੋਈ ਪਾਤਰ ਸਿਰਜਦਾ ਹਾਂ ਤਾਂ ਭਾਂਵੇਂ ਉਹ ਕਿਵੇਂ ਤੇ ਕਿਸ ਤਰਹਾਂ ਦਾ ,ਛੋਟਾ ਵੱਡਾ ਹੋਵੇ ਸਾਦ ਮੁਰਾਦਾ ਹੋਵੇ,ਦੂਰੂ ਦੇ ਜਾਂ ਨੇੜਲਾ ਸਾਕ ਸਬੰਧੀ ਰਿਸ਼ਤੇ ਦਾਰ ਹੋਵੇ ਮੈਨੂੰ ਉਸ ਵਿੱਚ ਕੋਈ ਨਾ ਕੋਈ ਖਾਸੀਅਤ ਜ਼ਰੂਰ ਨਜਰ ਆ ਹੀ ਜਾਂਦੀ ਹੈ ,ਤੇ ਇਹੋ ਜਿਹੇ ਲੋਕ ਜੋ ਮੇਰੀਆਂ ਲਿਖਤਾਂ ਦੇ ਪਾਤਰ ਬਣਦੇ ਹਨ,ਮੇਰੇ ਲਈ ਉਹ ਸਾਰੇ ਸਤਿਕਾਰ ਦੇ ਯੋਗ ਹਨ।ਕਈ ਵਾਰ ਕਿਸੇ ਮਜਬੂਰੀ ਵੱਸ ਮੈਨੂੰ ਉਨ੍ਹਾਂ ਦੇ ਅਸਲੀ ਨਾਵਾਂ ਦੀ ਥਾਂ ਕਲਪਿਤ ਨਾਂ ਵੀ ਵਰਤਣੇ ਪੈਂਦੇ ਹਨ।
ਮੈਂ ਉਨ੍ਹਾਂ ਇਹੋ ਜਿਹੇ ਸਾਰਿਆਂ ਪਾਤਰਾਂ ਕੋਲੋਂ ਖਿਮਾ ਚਾਹੁੰਦਾ ਹਾਂ,ਪਰ ਆਪਣੇ ਇਸ ਰਿਸ਼ਤੇ ਦਾਰ ਲਈ ਮੈਂ ਉਸ ਦਾ ਛੋਟਾ ਤੇ ਵੱਡਾ ਅਸਲ ਨਾਂ ਆਪਣੇ ਹੱਥਲੇ ਲੇਖ ਵਿੱਚ ਲਿਖ ਕੇ ਹੀ ਆਪਣੀ ਗੱਲ ਅੱਗੇ ਤੋਰਾਂ ਗਾ।
ਚਾਚਾ ਮ੍ਹਿੰਦੂ ਜਿਸ ਦਾ ਪੂਰਾ ਮਹਿੰਦਰ ਸਿੰਘ ਹੈ,ਜੋ ਇਕ ਪਰਾਣੀ ਰਿਸ਼ਤੇ ਦਾਰੀ ,ਭਾਵ ਬਾਪੂ ਦੇ ਮਾਮਿਆਂ ਵਿੱਚੋਂ ਉਨ੍ਹਾਂ ਦੇ ਛੋਟੇ ਮਾਮੇ ਲਹਿਣਾ ਸਿੰਘ ਦੀ ਉਹ ਸੱਭ ਤੋਂ ਛੋਟੀ ਸੰਤਾਨ ਹੈ।
ਪਿਉ ਵਾਂਗ ਉਹ ਵੀ ਬੜੇ ਸਰਲ ਤੇ ਸਿੱਧੇ ਸਾਦੇ ਸੁਭਾ ਵਾਲਾ ਹੈ।ਉਮਰ ਵਿੱਚ ਉਹ ਮੇਰਾ ਹਵਾਣੀ ਹੈ। ਹਸ ਮੁਖਾ ਹੈ,ਹਰ ਗੱਲ ਕਰਨ ਤੋਂ ਪਹਿਲਾਂ ਜਾਂ ਫਿਰ ਪਿੱਛੋਂ ਖੜਾਕਾ ਮਾਰ ਕੇ ਹੱਸਣਾ ਉਸ ਦੇ ਸੁਭਾ ਦਾ ਹੀ ਇੱਕ ਹਿੱਸਾ ਕਿਹਾ ਜਾ ਸਕਦਾ ਹੈ।
ਛੋਟਾ ਜਿਮੀਂਦਾਰ ਹੋਣ ਦੇ ਨਾਲ ਉਹ, ਮਿਹਣਤੀ ਹੈ ,ਸਿਰ੍ਹੜੀ ਹੈ,ਬਾਕੀ ਪਰਵਾਰ ਖਿੰਡ ਪੁੰਡ ਕੇ ਦੂਰ ਦੁਰਾਡੇ ਦੇਸ਼ ਵਿਦੇਸ਼ ਚਲਾ ਗਿਆ,ਪਰ ਉਸ ਨੇ ਹਲ਼ ਦੀ ਜੰਘੀ ਨਹੀਂ ਛੱਡੀ,ਮੇਰੀ ਚਾਚੀ ਭਾਵ ਉਸ ਦੀ ਘਰ ਵਾਲੀ ਵੀ ਉਸ ਵਾਂਗ ਮੇਹਣਤੀ ਤੇ ਉੱਦਮੀ ਹੈ । ਏਸੇ ਕਰਕੇ ਹੀ ਉਸ ਦੇ ਹਿੱਸੇ ਆਉਂਦੇ ਸਿਆੜ ਸਾਂਭ ਕੇ ਉਸ ਨੇ ਰੱਖੇ ਹਨ,ਭਾਵ ਗਹਿਣੇ,ਜਾਂ ਬੈਅ ਕਰਨ ਤੋਂ ਬਚਾਈ ਰੱਖੇ ਹਨ।
ਤਿੰਨ ਧੀਆਂ ਤੇ ਇਕਲੋਤੇ ਹੋਣਹਾਰ ਪੁੱਤਰ ਚਾਰ ਜੀਆਂ ਦੀ ਉਸ ਦੀ ਸੰਤਾਨ ਹੈ।ਧੀਆਂ ਆਪਣੀ ਹੈਸੀਅਤ ਅਨੁਸਾਰ ਵਰ ਟੋਲ ਕੇ ਆਪੋ ਆਪਣੇ ਘਰੀਂ ਤੋਰ ਦਿੱਤੀਆਂ।
ਪੁਤਰ ਫੌਜ ਵਿੱਚ ਨੌਕਰੀ ਕਰਕੇ ਦੋ ਪੈਨਸ਼ਨਾਂ ਲੈ ਕੇ ਘਰ ਮੁੜਿਆ,ਉਸ ਦੀ ਮਿਹਣਤ ਸਦਕਾ ਉਸ ਦੀ ਸੁਚੱਜੀ ਸੰਤਾਨ ਇੱਕ ਪੁੱਤਰ ਤੇ ਇੱਕ ਧੀ ਉਚੇਰੀ ਪੜ੍ਹਾਈ ਕਰ ਕੇ ਪੁੱਤਰ ਡਾਕਟਰ ਤੇ ਧੀ ਲਾਅ ਦੀ ਪੜ੍ਹਾਈ ਕਰ ਰਹੀ ਹੈ।
ਏਸੇ ਪੱਖੋਂ ਚਾਚੇ ਦੀ ਨੇਕ ਨੀਅਤੀ ਕਰ ਕੇ ਉਹ ਭਾਗ ਸ਼ਾਲੀ ਹੈ। ਤੇ ਹੁਣ ਉਹ ਸਾਰੀਆਂ ਪਰਵਾਰਿਕ ਜੁਮਾਵਾਰੀਆਂ ਤੋਂ ਮੁਕਤ ਹੋ ਕੇ, ਆਪਣੇ ਪਿੰਡ ਵਿੱਚ ਬਣੇ ਆਲੀਸ਼ਾਨ ਘਰ ਵਿੱਚ ਆਪਣੇ ਡਾਕਟਰ ਪੋਤਰੇ ਤੇ ਆਪਣੀ ਡਾਕਟਰ ਪੋਤ ਨੂੰਹ ਨਾਲ ਆਪਣੇ ਅਗਾਂਹ ਵਧੂ ਸੋਚ ਵਿਚਾਰ ਵਾਲੇ ਪਰਵਾਰ ਨਾਲ ਰਹਿ ਰਿਹਾ ਹੈ।
ਮੈਂ ਜਦੋਂ ਦਾ ਵਿਦੇਸ਼ੋਂ ਆਇਆ ਹਾਂ ਉਚੇਚੇ ਤੌਰ ਤੇ ਕੁਝ ਪਲ ਬਿਤਾਉਣ ਲਈ ਉਸ ਕੋਲ ਜਰੂਰ ਜਾਂਦਾ ਹਾਂ ਤੇ ਉਸ ਨਾਲ ਪਰਾਣੀ ਰਿਸ਼ਤੇ ਦਾਰੀ ਹੋਣ ਕਰਕੇ ਉਸ ਗੋਡੇ ਹੱਥ ਲਾ ਕੇ ਉਸ ਨੂੰ ਮਿਲਦਾ ਹਾਂ।
ਉਮਰ ਵਡੇਰੀ ਹੋਣ ਕਰਕੇ ਉਸ ਦੀ ਸਿਹਤ ਭਾਂਵੇਂ ਢਿੱਲੀ ਮੱਠੀ ਕਿਉਂ ਨਾ ਹੋਵੇ, ਪਰ ਉਸ ਦਾ ਕੋਈ ਗੱਲ ਕਰਨ ਤੋਂ ਪਹਿਲਾਂ ਜਾਂ ਪਿੱਛੋਂ ਖੜਾਕਾ ਮਾਰ ਕੇ ਹੱਸਣ ਦਾ ਸੁਭਾ ਅਜੇ ਵੀ ਜਿਉਂ ਦਾ ਤਿਉਂ ਹੀ ਹੈ।
ਵਕਤ ਦੀ ਕੋਈ ਪਤਾ ਨਹੀਂ ਕਿ ਕਦੋਂ ਕਿਸ ਦੀ ਕਿੱਥੇ ਤੇ ਕਿਸ ਵੇਲੇ ਅਹੁਦ ਪੁੱਗ ਜਾਵੇ, ਤਮੰਨਾ ਤਾਂ ਹਰ ਵੇਲੇ ਇਹੋ ਰਹਿੰਦੀ ਹੈ ਕਿ ਜਦ ਤੀਕ ਇਸ ਸਰੀਰ ਵਿੱਚ ਸਾਹਾਂ ਦਾ ਗੇੜ ਚਲਦਾ ਹੈ, ਤਦ ਤੀਕ ਜੀਵਣ ਦੇ ਕੁੱਝ ਪਲਾਂ ਰਾਹੀਂ ਇਹੋ ਜਿਹੇ ਰਿਸ਼ਤਿਆਂ ਦੀ ਮਹਿਕ ਜਿਨਾਂ ਕੁ ਸਮਾ ਮਿਲੇ, ਕੱਢ ਕੇ ਰਲ ਮਿਲ ਕੇ ਮਾਣਦੇ ਰਹੀਏ।
ਰਵੇਲ ਸਿੰਘ ਇਟਲੀ
(ਹੁਣ ਪੰਜਾਬ )
90560161 84
ਡੁੱਡ ਬਜੂੜੇ - ਰਵੇਲ ਸਿੰਘ
ਬੈਂਕ ਵਿੱਚ ਲੈਣ ਦੇਣ ਕਰਨ ਵਾਲਿਆਂ ਦਾ ਕਾਫੀ ਭੀੜ ਭੜੱਕਾ ਹੈ। ਹਰ ਕਿਸੇ ਨੂੰ ਜਿਵੇਂ ਆਪੋ ਧਾਪੀ ਹੀ ਪਈ ਹੋਈ ਹੈ।
ਕੋਈ ਆਪਣੀ ਵਾਰੀ ਦੀ ਉਡੀਕ ਕਰਨ ਦੀ ਖੇਚਲ ਕਰਨ ਨੂੰ ਤਿਆਰ ਨਹੀਂ ।
ਕਈ ਲੋਕ ਇੱਕ ਦੂਸਰੇ ਤੋਂ ਕਾਹਲੀ ਕਾਹਲੀ ਕਾਹਲੀ ਆਪਣੀਆਂ ਪਾਸ ਬੁੱਕਾਂ ਰਕਮ ਕੱਢਵਾਉਣ ਵਾਲੇ ਫਾਰਮ ਭਰਵਾਉਣ ਲਈ ਕਾਉਂਟਰ ਤੇ ਬੈਠੀ ਹੇਈ ਬੈਂਕ ਮੁਲਾਜ਼ਮ ਕੁੜੀ ਵੱਲ ਧੱਕ ਰਹੇ ਹਨ ।
ਇਨ੍ਹਾਂ ਵਿੱਚ ਕਈ ਐਸੇ ਵੀ ਹਨ ਜੋ ਆਪਣੇ ਫਾਰਮ ਆਪ ਵੀ ਭਰ ਸਕਦੇ ਹਨ। ਪਰ ਉਹ ਇਹ ਕੰਮ ਆਪ ਕਰਨ ਦੀ ਬਜਾਏ ਇਹ ਕੰਮ ਬੈਂਕ ਵਾਲਿਆਂ ਦੀ ਡਿਉਟੀ ਹੀ ਸਮਝਦੇ ਹਨ।ਬੈਂਕ ਵਿੱਚ ਕੰਮ ਕਰਨ ਵਾਲੀ ਉਹ ਵਿਚਾਰੀ ਕੁੜੀ ਉਸ ਵੱਲ ਉਲਰਦੀਆਂ ਪਾਸ ਬੁੱਕਾਂ ਨੂੰ ਫੜ ਕੇ ਪੈਸੇ ਕਢਵਾਉਂਣ, ਜਮ੍ਹਾਂ ਕਰਾਉਣ ਵਾਲੇ ਲੋਕਾਂ ਦੇ ਝੁਰਮਟ ਵਿੱਚ ਘਿਰੀ ਬੈਠੀ ਉਹ ਕੁੜੀ ਫਾਰਮ ਭਰ ਰਹੀ ਹੈ ।
ਏਨੇ ਨੂੰ ਇੱਕ ਅਜੀਬ ਕਿਸਮ ਦਾ ਅੰਗ ਹੀਨ ਵਿਅਕਤੀ ਵੀਲ ਚੇਅਰ ਤੇ ਬੈਠਾ ਬੈਂਕ ਵਿੱਚ ਆਉਂਦਾ ਹੈ ।ਵੀਲ ਚੇਅਰ ਤੇ ਬੈਠੇ ਚਾਲੀ ਕੁ ਵਰ੍ਹਿਆਂ ਦੇ ਇਸ ਅੰਗ ਹੀਣ ਸ਼ਖਸ ਜਿਸ ਦੀਆਂ ਹੱਥਾਂ ਪੈਰਾਂ ਦੀਆਂ ਉੰਗਲਾਂ ਮੁੜੀਆਂ ਹੋਈਆਂ ਹੋਈਆਂ ਹਨ।ਉਹ ਆਉਂਦੇ ਹੀ ਵੀਲ ਚੇਅਰ ਤੇ ਬੈਠਿਆਂ ਹੀ ਰਕਮ ਕਢਵਾਉਣ ਵਾਲੇ ਫਾਰਮ ਨੂੰ ਆਪ ਆਪਣੇ ਉੰਗਲਾਂ ਮੁੜੇ ਦੋਹਾਂ ਹੱਥਾਂ ਨਾਲ ਆਪਣੀ ਜੇਬ ਵਿੱਚੋਂ ਪੈੱਨ ਕੱਢ ਕੇ ਉਹ ਆਪ ਆਪਣਾ ਫਾਰਮ ਭਰ ਕੇ ਰਕਮ ਕਢਵਾਉਣ ਵਾਲੀ ਕਿਤਾਰ ਵਿੱਚ ਵੀਲ ਚੇਅਰ ਤੇ ਬੈਠਾ ਹੀ ਜਾ ਲੱਗਦਾ ਹੈ।
ਸਾਰਿਆਂ ਨੂੰ ਆਪੋ ਆਪਣੀ ਪਈ ਹੋਈ ਹੈ। ਕਿਸੇ ਵਿੱਚ ਉਸ ਅੰਗ ਹੀਨ ਅਪਾਹਜ ਨੂੰ ਪਹਿਲ ਦੇਣ ਦੀ ਹਿੰਮਤ ਨਹੀਂ ਪੈ ਰਹੀ ਹੈ ।
ਆਪਣੀ ਵਾਰੀ ਸਿਰ ਖਲੋ ਕੇ ਉਹ ਅਪਾਹਜ, ਡੁੱਡ ਬਜੂੜਾ, ਜਿਹਾ ਬੰਦਾ ਜਦੋਂ ਵੀਲ ਚੇਅਰ ਤੇ ਬੈਠਾ ਆਪਣੇ ਦੋਹਾਂ ਮੁੜੇ ਹੋਏ ਹੱਥਾਂ ਨਾਲ ਆਪਣੀ ਕਢਵਾਈ ਗਈ ਰਕਮ ਨੂੰ ਗਿਣ ਰਿਹਾ ਹੈ ਤਾਂ ਇਸ ਵੱਲ ਵੇਖ ਕੇ ਮੈਂ ਸੋਚ ਰਿਹਾ ਹਾਂ ਕਿ ਇਹ ਅਪਾਹਜ ਸ਼ਖਸ ,ਡੁੱਡ ਬਜੂੜਾ, ਨਹੀਂ ਸਗੋਂ ਅਪਾਹਜ, ਡੁੱਡ ਬਜੂੜੇ ਤਾਂ ਉਹ ਹਨ ਜੋ ਚੰਗੇ ਭਲੇ ਹੱਥਾਂ ਪੈਰਾਂ ਦੇ ਹੁੰਦਿਆਂ, ਦੂਜਿਆਂ ਦੀ ਕਿਸੇ ਦੀ ਮਦਦ ਕਰਨ ਦੀ ਬਜਾਏ ਦੂਜਿਆਂ ਤੇ ਨਿਰਭਰ ਰਹਿੰਦੇ ਹਨ।
ਰਵੇਲ ਸਿੰਘ
9056016184