Sawrajbir

ਰੁਖਾਂ ਦੀ ਜੀਰਾਂਦਿ - ਸਵਰਾਜਬੀਰ


ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਬੈਠਿਆਂ ਨੂੰ ਤਿੰਨ ਮਹੀਨੇ ਹੋ ਗਏ ਹਨ। ਪੰਜਾਬ ਵਿਚ ਕਿਸਾਨਾਂ ਨੇ ਦਿੱਲੀ ਜਾਣ ਤੋਂ ਕਈ ਮਹੀਨੇ ਪਹਿਲਾਂ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਣ ਦੀ ਦਹਿਸ਼ਤ ਨੇ ਲੋਕ-ਮਨ ’ਤੇ ਕਬਜ਼ਾ ਕੀਤਾ ਹੋਇਆ ਸੀ। ਇਹ ਲੰਮਾ ਸੰਘਰਸ਼ ਜਿੱਥੇ ਕਿਸਾਨਾਂ ਦੇ ਸਿਰੜ, ਸਿਦਕ, ਸਬਰ ਤੇ ਸੰਜਮ ਦੀ ਸ਼ਾਹਦੀ ਭਰਦਾ ਹੈ, ਉੱਥੇ ਕਈ ਮਹੱਤਵਪੂਰਨ ਪ੍ਰਸ਼ਨ ਵੀ ਖੜ੍ਹੇ ਕਰਦਾ ਹੈ।
        ਇਸ ਅੰਦੋਲਨ ਦਾ ਸਭ ਤੋਂ ਮਹੱਤਵਪੂਰਨ ਪੱਖ ਸਾਨੂੰ ਇਹ ਦੱਸਣਾ ਹੈ ਕਿ ਅੱਜ ਦੇ ਖ਼ਪਤਕਾਰੀ ਅਤੇ ਲਾਲਚ ਭਰੇ ਯੁੱਗ ਵਿਚ ਮਨੁੱਖ ਲੰਮੇ ਸਮੇਂ ਲਈ ਸੰਘਰਸ਼ ਕਰ ਸਕਦਾ ਹੈ। ਇਨ੍ਹਾਂ ਸਮਿਆਂ ਵਿਚ ਮਨੁੱਖ ਦੇ ਮਨੁੱਖਤਾ ਅਤੇ ਸੰਘਰਸ਼ ਪ੍ਰਤੀ ਵਿਸ਼ਵਾਸ ਬਹੁਤ ਬੁਰੀ ਤਰ੍ਹਾਂ ਤਿੜਕੇ ਹਨ। ਸਾਡੇ ਮਨਾਂ ਵਿਚ ਜ਼ਿੰਦਗੀ ਬਾਰੇ ਇਹ ਧਾਰਨਾ ਬਣ ਗਈ ਹੈ ਕਿ ਜ਼ਿੰਦਗੀ ਸਮਝੌਤਾਵਾਦੀ ਤਰੀਕੇ ਨਾਲ ਹੀ ਜੀਵੀ ਜਾ ਸਕਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ; ਬੰਦੇ ਦਾ ਭਲਾ ਇਸੇ ਵਿਚ ਹੈ ਕਿ ਸੱਤਾਧਾਰੀ ਤਾਕਤਾਂ ਸਾਹਮਣੇ ਨਿਵ ਕੇ ਰਹੇ। ਇਨ੍ਹਾਂ ਸਮਿਆਂ ਵਿਚ ਇਹ ਸੰਘਰਸ਼ ਆਸ ਦੀ ਨਵੀਂ ਕਿਰਨ ਵਾਂਗ ਹੈ। ਕਿਸਾਨਾਂ ਦੀ ਦਰਵੇਸ਼ਾਂ ਜਿਹੀ ਜੀਵਟਤਾ ਅਤੇ ਜੀਰਾਂਦ ਸ਼ੇਖ ਫ਼ਰੀਦ ਦੇ ਬੋਲ ਯਾਦ ਕਰਾਉਂਦੀ ਹੈ, ‘‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।’’ ਭਾਵ ਦਰਵੇਸ਼ਾਂ ਵਿਚ ਰੁੱਖਾਂ ਜਿਹਾ ਧੀਰਜ ਅਤੇ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਕਿਸਾਨਾਂ ਦੀ ਸਹਿਣਸ਼ੀਲਤਾ ਅਤੇ ਦੁੱਖ ਸਹਿਣ ਦੀ ਸ਼ਕਤੀ ਨੇ ਨਵਾਂ ਇਤਿਹਾਸ ਰਚਿਆ ਹੈ। 200 ਤੋਂ ਵੱਧ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਅਤੇ ਲੱਖਾਂ ਪਰਿਵਾਰਾਂ ਨੇ ਔਕੜਾਂ ਝੱਲੀਆਂ ਹਨ।
       ਸਵਾਲ ਇਹ ਹੈ ਕਿ ਮਨੁੱਖ ਲੰਮੇ ਸਮੇਂ ਲਈ ਸੰਘਰਸ਼ ਕਦੋਂ ਕਰਦਾ ਹੈ। ਇਸ ਸਵਾਲ ਦੇ ਕਈ ਜਵਾਬ ਹੋ ਸਕਦੇ ਹਨ ਪਰ ਬੁਨਿਆਦੀ ਤੌਰ ’ਤੇ ਮਨੁੱਖ ਉਦੋਂ ਹੀ ਲੰਮੇ ਸਮੇਂ ਲਈ ਸੰਘਰਸ਼ ਲਈ ਨਿੱਤਰਦਾ ਹੈ ਜਦੋਂ ਸੱਤਾ ਉਸ ਦੀ ਹੋਂਦ ਨੂੰ ਵੰਗਾਰਦੀ ਹੈ, ਉਸ ਨੂੰ ਹੀਣਾ ਅਤੇ ਨਿਤਾਣਾ ਬਣਾ ਦੇਣਾ ਚਾਹੁੰਦੀ ਹੈ। ਕਿਸਾਨਾਂ ਨੂੰ ਵੀ ਇਹ ਮਹਿਸੂਸ ਹੋਇਆ ਕਿ ਪ੍ਰਸ਼ਨ ਸਿਰਫ਼ ਖੇਤੀ ਕਾਨੂੰਨਾਂ ਜਾਂ ਬਿਜਲੀ ਬਿੱਲ ਦਾ ਨਹੀਂ, ਪ੍ਰਸ਼ਨ ਤਾਂ ਉਨ੍ਹਾਂ ਦੀ ਹੋਂਦ ਦਾ ਹੈ, ਉਨ੍ਹਾਂ ਦੀ ਜੀਵਨ-ਜਾਚ ਨੂੰ ਬਰਬਾਦ ਕਰਨ ਅਤੇ ਮਿਟਾਉਣ ਦਾ ਹੈ। ਕਿਸਾਨਾਂ ਨੇ ਇਕ ਜੀਵੰਤ ਭਾਈਚਾਰੇ ਵਜੋਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਵੰਗਾਰਿਆ ਗਿਆ ਹੈ।
      ਇਸ ਅੰਦੋਲਨ ਨੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਵਧਦੀ ਤਾਕਤ ਅਤੇ ਉਨ੍ਹਾਂ ਦੁਆਰਾ ਥੋਪੀ ਜਾ ਰਹੀ ਤਰਜ਼-ਏ-ਜ਼ਿੰਦਗੀ ਦੇ ਵਿਰੁੱਧ ਲੜਨ ਵਾਲੇ ਮੋਹਰੀ ਹੀ ਨਹੀਂ ਬਣਾਇਆ ਸਗੋਂ ਉਨ੍ਹਾਂ ਨੂੰ ਸਾਂਝੀਵਾਲਤਾ ਦੇ ਮਹਾਂ-ਸਰੋਵਰ ਵਿਚ ਇਸ਼ਨਾਨ ਵੀ ਕਰਾਇਆ ਹੈ। ਕਿਸਾਨਾਂ ਵਿਚ ਇਹ ਚੇਤਨਾ ਪ੍ਰਮੁੱਖ ਹੈ ਕਿ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਪਰ ਨਾਲ-ਨਾਲ ਉਨ੍ਹਾਂ ਵਿਚ ਇਹ ਧਾਰਨਾ ਵੀ ਵੱਡੀ ਪੱਧਰ ’ਤੇ ਪਣਪੀ ਹੈ ਕਿ ਉਨ੍ਹਾਂ ਨੂੰ ਹੋਰ ਵਰਗਾਂ ਦੇ ਲੋਕਾਂ ਨੂੰ ਆਪਣੇ ਨਾਲ ਲੈਣਾ ਅਤੇ ਉਨ੍ਹਾਂ ਦੇ ਹੱਕਾਂ ਲਈ ਵੀ ਬੋਲਣਾ ਪਵੇਗਾ। ਸੰਘਰਸ਼ ਦੇ ਤਜਰਬੇ ਰਾਹੀਂ ਪਣਪ ਰਹੀ ਸਾਂਝੀਵਾਲਤਾ ਦਾ ਇਹ ਜਲੌਅ ਕਿਸਾਨ ਅੰਦੋਲਨ ਦੀ ਮੁੱਖ ਪ੍ਰਾਪਤੀ ਹੈ। ਇਹ ਸੰਘਰਸ਼ ਕਿਸਾਨਾਂ ਦੇ ਸੋਚਣ ਦੇ ਤਰੀਕਿਆਂ ਨੂੰ ਵੀ ਬਦਲ ਰਿਹਾ ਹੈ। ਇਸ ਵਿਚ ਸਮਾਜ ਵਿਚ ਵੱਡੀਆਂ ਤਬਦੀਲੀਆਂ ਦਾ ਵਾਹਕ ਬਣਨ ਦੀਆਂ ਸੰਭਾਵਨਾਵਾਂ ਹਨ। ਔਰਤਾਂ ਦਾ ਇਸ ਸੰਘਰਸ਼ ਵਿਚ ਸ਼ਾਮਲ ਹੋਣਾ ਸਮਾਜ ਵਿਚ ਆ ਰਹੇ ਬਦਲਾਉ ਦੇ ਸੰਕੇਤ ਦਿੰਦਾ ਹੈ। ਨੌਜਵਾਨ ਇਸ ਸੰਘਰਸ਼ ਵਿਚ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ। ਉਨ੍ਹਾਂ ਨੇ ਇਸ ਅੰਦੋਲਨ ਨੂੰ ਵੇਗ ਅਤੇ ਜੋਸ਼ ਨਾਲ ਭਰਿਆ ਹੈ। ਸਨਅਤੀ ਅਤੇ ਖੇਤ-ਮਜ਼ਦੂਰ ਇਸ ਅੰਦੋਲਨ ਦੀ ਹਮਾਇਤ ਵਿਚ ਨਿੱਤਰੇ।
       ਇਸ ਅੰਦੋਲਨ ਨੇ ਲੇਖਕਾਂ, ਕਲਾਕਾਰਾਂ, ਚਿੰਤਕਾਂ ਅਤੇ ਵਿਦਵਾਨਾਂ ਨੂੰ ਝੰਜੋੜਿਆ ਹੈ, ਬਹੁਤ ਸਾਰੇ ਸੋਚਣਹਾਰਾਂ ਨੂੰ ਆਮ ਤੌਰ ’ਤੇ ਸਹੀ ਸਮਝੀ ਜਾ ਰਹੀ ਸਮਝੌਤਾਵਾਦੀ ਬਿਰਤੀ ਤੋਂ ਮੁਕਤ ਕਰਾਇਆ ਹੈ, ਮਾਹਿਰਾਂ ਅਤੇ ਵਿਦਵਾਨਾਂ ਨੂੰ ਇਹ ਅਹਿਸਾਸ ਕਰਾਇਆ ਹੈ ਕਿ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਸਿਰਜੇ ਜਾ ਰਹੇ ਵਿਕਾਸ ਦੇ ਬਿਰਤਾਂਤ ਦੇ ਖ਼ਿਲਾਫ਼ ਵਿਰੋਧੀ ਬਿਰਤਾਂਤ ਸਿਰਜੇ ਜਾ ਸਕਦੇ ਹਨ, ਕਲਾ ਸੁਹਜ ਦੇ ਨਾਲ-ਨਾਲ ਸੰਘਰਸ਼ਸ਼ੀਲ ਸਰੀਰਾਂ ਅਤੇ ਰੂਹਾਂ ਦੀ ਸਾਂਝੀਵਾਲ ਬਣ ਸਕਦੀ ਹੈ। ਇਸ ਤਰ੍ਹਾਂ ਇਸ ਅੰਦੋਲਨ ਨੇ ਚਿੰਤਨ ਅਤੇ ਸਿਰਜਣਾ ਨੂੰ ਨਵੇਂ ਦਿਸਹੱਦੇ ਦਿੱਤੇ ਹਨ।
       ਇਨ੍ਹਾਂ ਪ੍ਰਾਪਤੀਆਂ ਦੇ ਨਾਲ-ਨਾਲ ਕਿਸਾਨ ਅੰਦੋਲਨ ਕਈ ਪੜਾਅ ਤੈਅ ਕਰਦਾ ਹੋਇਆ ਆਪਣੀ ਨੈਤਿਕ ਜਿੱਤ ਦਰਜ ਕਰਾ ਚੁੱਕਾ ਹੈ। ਇਸ ਸੰਘਰਸ਼ ਨੇ ਸੱਤਾਧਾਰੀ ਪਾਰਟੀ ਦੀ ਉਸ ਵਿਚਾਰਧਾਰਾ, ਜਿਹੜੀ ਵੱਡੀ ਪੱਧਰ ’ਤੇ ਦੇਸ਼ ਦੀ ਲੋਕ-ਆਤਮਾ ਨੂੰ ਬੰਦੀ ਬਣਾਉਣ ਵਿਚ ਕਾਮਯਾਬ ਹੋਈ ਹੈ, ਨੂੰ ਵਿਆਪਕ ਚੁਣੌਤੀ ਦਿੱਤੀ। ਭਾਰਤੀ ਜਨਤਾ ਪਾਰਟੀ ਆਪਣੀ ਸੰਕੀਰਨ ਵਿਚਾਰਧਾਰਾ ਨੂੰ ਕੌਮੀ ਚੇਤਨਾ ਅਤੇ ਲੋਕ-ਧਰਮ ਵਿਚ ਬਦਲਦੇ ਵੇਖਣਾ ਚਾਹੁੰਦੀ ਹੈ। ਉਹ ਇਸ ਲਈ ਲਗਾਤਾਰ ਕੰਮ ਵੀ ਕਰਦੀ ਰਹੀ ਅਤੇ ਕਰ ਰਹੀ ਹੈ। ਕਿਸਾਨ ਸੰਘਰਸ਼ ਵਿਚਲੀ ਚਿੰਤਨ-ਧਾਰਾ ਲੋਕਾਂ ਵਿਚ ਏਕਤਾ ਕਾਇਮ ਕਰਨ ਅਤੇ ਵੰਡੀਆਂ ਮਿਟਾਉਣ ਵਾਲੀ ਹੈ। ਅਜਿਹੀ ਚੇਤਨਾ ਹੀ ਫ਼ਿਰਕੂ ਵਿਚਾਰਧਾਰਾ ਦੇ ਬਣਾਏ ਜਮੂਦ ਨੂੰ ਤੋੜਨ ਦੀ ਨੀਂਹ ਰੱਖ ਸਕਦੀ ਹੈ।
       ਇਸ ਸਭ ਕੁਝ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਕਿਸਾਨ ਸੰਘਰਸ਼ ਨੇ ਆਪਣੇ ਆਪ ਜੇਤੂ ਹੋ ਜਾਣਾ ਹੈ। ਇਹ ਜ਼ਿੰਮੇਵਾਰੀ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਦੀ ਹੈ ਜਿਨ੍ਹਾਂ ਇਸ ਅੰਦੋਲਨ ਦੇ ਵੱਖ-ਵੱਖ ਪੜਾਵਾਂ ’ਤੇ ਅਕਹਿ ਸੰਜਮ ਅਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਦਿਖਾਈ ਹੈ। ਆਪਣੀ ਏਕਤਾ ਬਣਾਈ ਰੱਖਣਾ, ਸੰਘਰਸ਼ ਵਿਚ ਸ਼ਾਮਲ ਸਭ ਧਿਰਾਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਸਮਝਣਾ ਅਤੇ ਅੰਦੋਲਨ ਨੂੰ ਸ਼ਾਂਤਮਈ ਮਹਾਂ-ਮਾਰਗ ’ਤੇ ਚੱਲਦੇ ਰੱਖਣਾ ਵੱਡੀਆਂ ਚੁਣੌਤੀਆਂ ਹਨ। 26 ਜਨਵਰੀ ਨੂੰ ਕੁਝ ਹੁੱਲੜਬਾਜ਼ਾਂ ਦੀ ਕਾਰਵਾਈ ਨੇ ਅੰਦੋਲਨ ਵਿਚ ਕੁਝ ਵਿਘਨ ਜ਼ਰੂਰ ਪਾਇਆ ਸੀ ਪਰ ਕਿਸਾਨ ਆਗੂਆਂ ਦੀ ਸਮੂਹਿਕ ਅਗਵਾਈ ਕਾਰਨ ਅੰਦੋਲਨ ਨਾ ਤਾਂ ਥਿੜਕਿਆ ਅਤੇ ਨਾ ਹੀ ਕਿਸਾਨ-ਵਿਰੋਧੀ ਤਾਕਤਾਂ ਇਹ ਸਾਬਤ ਕਰਨ ਵਿਚ ਸਫ਼ਲ ਹੋ ਸਕੀਆਂ ਕਿ ਲਾਲ ਕਿਲੇ ਵਿਚ ਹੋਈਆਂ ਘਟਨਾਵਾਂ ਅੰਦੋਲਨ ਦਾ ਅਸਲੀ ਅਕਸ ਹਨ।
        ਦੂਸਰੇ ਪਾਸੇ ਰਿਆਸਤੀ ਹਿੰਸਾ ਅਮਲੀ ਤੇ ਸੂਖ਼ਮ ਰੂਪ ਵਿਚ ਵੱਡੇ ਪੱਧਰ ’ਤੇ ਜਾਰੀ ਹੈ। ਕਿਸਾਨ ਆਗੂਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈਆਂ ਨੂੰ ਨੋਟਿਸ ਭੇਜੇ ਗਏ ਹਨ। 26 ਜਨਵਰੀ ਅਤੇ ਉਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਬਹੁਤ ਸਾਰੇ ਲੋਕਾਂ ਦਾ ਵੀ ਲਾਲ ਕਿਲੇ ਦੀਆਂ ਘਟਨਾਵਾਂ ਨਾਲ ਨਾ ਤਾਂ ਕੋਈ ਸਬੰਧ ਸੀ ਅਤੇ ਨਾ ਹੀ ਅੰਦੋਲਨਕਾਰੀਆਂ ਨੇ ਕੋਈ ਹਿੰਸਾਤਮਕ ਕਾਰਵਾਈ ਕੀਤੀ। ਇਸ ਦੇ ਨਾਲ-ਨਾਲ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਦੇ ਵੱਡੇ ਹਿੱਸਿਆਂ ਵਿਚ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਰਤਾਂਤ ਜਾਰੀ ਹੈ। ਕਿਸਾਨ-ਵਿਰੋਧੀ ਤਾਕਤਾਂ ਨੇ ਇਸ ਅੰਦੋਲਨ ਨੂੰ ਕਈ ਵਾਰ ਅਤਿਵਾਦੀ ਅਤੇ ਕਈ ਵਾਰ ਨਕਸਲੀ, ਕਈ ਵਾਰ ਅਮੀਰ ਕਿਸਾਨਾਂ ਦਾ ਅੰਦੋਲਨ ਅਤੇ ਕਈ ਵਾਰ ਇਕੱਲੇ ਪੰਜਾਬ ਦਾ ਅੰਦੋਲਨ ਦਰਸਾਉਣ ਦੇ ਵੱਡੇ ਯਤਨ ਕੀਤੇ ਹਨ। ਅਜਿਹੇ ਯਤਨਾਂ ਵਿਚ ਕਿਸਾਨਾਂ ਦੇ ਸੰਘਰਸ਼ ਨੂੰ ਛੁਟਿਆਉਣ ਅਤੇ ਤੁੱਛ ਠਹਿਰਾਉਣ ਦੀ ਸੂਖ਼ਮ ਹਿੰਸਾ ਪ੍ਰਤੱਖ ਦਿਖਾਈ ਦਿੰਦੀ ਹੈ।
       ਕਿਸਾਨ ਅੰਦੋਲਨ ਨੇ ਕਾਰਪੋਰੇਟ ਆਧਾਰਿਤ ਵਿਕਾਸ ਮਾਡਲ ਨੂੰ ਵੱਡੀ ਚੁਣੌਤੀ ਦਿੱਤੀ ਹੈ। ਬਸਤੀਵਾਦ ਹੇਠ ਗ਼ੁਲਾਮੀ ਭੋਗ ਚੁੱਕੇ ਮੁਲਕਾਂ ਨੇ ਜ਼ਿਆਦਾ ਕਰਕੇ ਬਸਤੀਵਾਦ ਦੌਰਾਨ ਭੋਗੇ ਵਿਕਾਸ ਮਾਡਲਾਂ ਨੂੰ ਅਪਣਾਇਆ ਅਤੇ ਆਜ਼ਾਦੀ ਤੋਂ ਬਾਅਦ ਤਾਕਤ ਵਿਚ ਆਈਆਂ ਜਮਾਤਾਂ ਨੇ ਬਸਤੀਵਾਦੀਆਂ ਵੱਲੋਂ ਖਾਲੀ ਕੀਤੇ ਸਥਾਨ ਨੂੰ ਹਥਿਆ ਲਿਆ। ਦੁਨੀਆਂ ਵਿਚ ਵਪਾਰ ਅਤੇ ਵਿਕਾਸ ਦਾ ਅਜਿਹਾ ਮਾਡਲ ਬਣਾਇਆ ਗਿਆ ਜਿਸ ਵਿਚ ਅਮਰੀਕਾ ਅਤੇ ਯੂਰੋਪ ਵਿਕਾਸ ਅਤੇ ਖੁਸ਼ਹਾਲੀ ਦਾ ਕੇਂਦਰ ਸਨ ਅਤੇ ਤੀਸਰੀ ਦੁਨੀਆਂ ਦੇ ਲੋਕਾਂ ਨੂੰ ਉਨ੍ਹਾਂ ’ਤੇ ਨਿਰਭਰ ਰਹਿਣਾ ਪਿਆ। ਚੀਨ, ਜਪਾਨ, ਦੱਖਣੀ ਕੋਰੀਆ ਆਦਿ ਨੇ ਵਣਜ, ਵਪਾਰ ਅਤੇ ਸਨਅਤੀਕਰਨ ਦੇ ਸ਼ੋਹਬਿਆਂ ਵਿਚ ਅਮਰੀਕਾ ਤੇ ਯੂਰੋਪ ਕੇਂਦਰਿਤ ਮਾਡਲ ਨੂੰ ਸੱਟ ਜ਼ਰੂਰ ਮਾਰੀ ਹੈ ਪਰ ਕਾਰਪੋਰੇਟ ਅਦਾਰੇ ਆਪਣੀ ਪੂੰਜੀ ਨੂੰ ਵਧਾਉਣ ਅਤੇ ਆਪਣੇ ਹੱਕ ਵਿਚ ਜਾਣ ਵਾਲੀ ਸੋਚ ਨੂੰ ਫੈਲਾਉਣ ਵਿਚ ਸਫ਼ਲ ਹੋਏ ਹਨ। ਇਸ ਰੁਝਾਨ ਨੇ ਆਰਥਿਕ ਅਸਮਾਨਤਾ ਵਧਾਈ ਹੈ ਅਤੇ ਕਰੋੜਾਂ ਲੋਕਾਂ ਨੂੰ ਭੁੱਖਮਰੀ ਅਤੇ ਬੇਰੁਜ਼ਗਾਰੀ ਵੱਲ ਧੱਕਿਆ ਹੈ। ਕਿਸਾਨ ਅੰਦੋਲਨ ਨੇ ਦੱਸਿਆ ਹੈ ਕਿ ਇਸ ਵੇਲੇ ਮਨੁੱਖਤਾ ਦਾ ਪਹਿਲਾ ਕਾਰਜ ਇਸ ਵਿਕਾਸ ਮਾਡਲ ਬਾਰੇ ਸੋਚਣਾ ਹੈ। ਅਲਜੀਰੀਆ ਦੇ ਚਿੰਤਕ ਫਰਾਂਜ ਫੈਨੋ ਨੇ ਬਸਤੀਵਾਦ ਤੋਂ ਆਜ਼ਾਦ ਹੋਏ ਦੇਸ਼ਾਂ ਨੂੰ ਆਪਣੇ ਦਿਹਾਤੀ ਖੇਤਰਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਸੀ।
       ਆਪਣੀ ਨੈਤਿਕ ਜਿੱਤ ਦੇ ਬਾਵਜੂਦ ਕਿਸਾਨ ਅੰਦੋਲਨ ਨੇ ਵੱਡੇ ਮਰਹਲੇ ਅਜੇ ਤੈਅ ਕਰਨੇ ਹਨ। ਕਿਸਾਨ ਆਗੂਆਂ ਨੂੰ ਸਿਰ-ਜੋੜ ਕੇ ਇਸ ਅੰਦੋਲਨ ਦੇ ਅਗਲੇ ਪੜਾਵਾਂ ਅਤੇ ਸੰਘਰਸ਼ ਦੀ ਰੂਪ-ਰੇਖਾ ਬਾਰੇ ਮੰਥਨ ਕਰਨਾ ਚਾਹੀਦਾ ਹੈ। ਅੰਦੋਲਨ ਦਾ ਖ਼ਾਸਾ ਸਰਕਾਰ ਨਾਲ ਗੱਲਬਾਤ ਕਰਨ ਅਤੇ ਸਰਕਾਰੀ ਧਿਰ ਸਾਹਮਣੇ ਕਿਸਾਨਾਂ ਦੀਆਂ ਦਲੀਲਾਂ ਨੂੰ ਸਹੀ ਠਹਿਰਾਉਣ ਦੀ ਬੌਧਿਕ ਮੁਸ਼ੱਕਤ ਕਰਨ ਦੀ ਮੰਗ ਕਰਦਾ ਹੈ। ਇਸ ਅੰਦੋਲਨ ਦੀ ਟੇਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਹਿੰਮਤ, ਜੇਰੇ, ਉਤਸ਼ਾਹ, ਸਬਰ, ਸੰਜਮ ਤੇ ਜੀਰਾਂਦ ’ਤੇ ਹੈ। ਅੰਦੋਲਨਾਂ ਵਿਚ ਇਹ ਜਜ਼ਬੇ ਜਥੇਬੰਦੀਆਂ ਦੇ ਲੋਕਾਂ ਨੂੰ ਅੰਦੋਲਿਤ ਕਰਨ ਦੇ ਢੰਗ-ਤਰੀਕਿਆਂ ਦੇ ਨਾਲ-ਨਾਲ ਆਪਮੁਹਾਰੇ ਵੀ ਪ੍ਰਗਟ ਹੁੰਦੇ ਹਨ। ਇਨ੍ਹਾਂ ਜਜ਼ਬਿਆਂ ਨੇ ਹੀ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਹੈ ਅਤੇ ਇਨ੍ਹਾਂ ਨੇ ਹੀ ਇਸ ਦੀ ਸਫ਼ਲਤਾ ਦੇ ਮੰਤਕ ਬਣਨਾ ਹੈ।
        ਸਮੇਂ ਦੇ ਨਾਲ ਇਸ ਅੰਦੋਲਨ ਨੇ ਆਪਣੇ ਤੈਅ ਕੀਤੇ ਮੁਕਾਮ ’ਤੇ ਪਹੁੰਚਣਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰਤਿ ਹੋਇ।।’’ ਭਾਵ ਜੇਕਰ ਬੀਜ ਮੁਕੰਮਲ ਹੋਵੇ ਤਾਂ ਮੁਨਾਸਬ ਮੌਸਮ ਵਿਚ ਜੰਮ ਪੈਂਦਾ ਹੈ। ਇਸ ਅੰਦੋਲਨ ਦਾ ਬੀਜ ਸਾਂਝੀਵਾਲਤਾ ’ਚੋਂ ਉਗਮਿਆ ਹੈ ਅਤੇ ਇਸ ਨੇ ਮੁਨਾਸਬ ਸਮਿਆਂ ’ਚ ਜਨਮ ਲਿਆ ਹੈ, ਇਸ ਦੇ ਮਹਾਂਬਿਰਖ ਨੂੰ ਫਲ ਪੈਣੇ ਹਨ, ਲੋੜ ਧੀਰਜ ਅਤੇ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾਈ ਰੱਖਣ ਦੀ ਹੈ।

ਦੇਸ਼ ਦੀਆਂ ਅਦਾਲਤਾਂ ਸਾਹਮਣੇ ਅਰਜ਼ਦਾਸ਼ਤ - ਸਵਰਾਜਬੀਰ

ਮਾਈ ਲਾਰਡਜ਼, ਰਿਗ ਵੇਦ ਵਿਚ ਇਕ ਕਥਾ ਦੱਸੀ ਗਈ ਹੈ ਜਿਸ ਅਨੁਸਾਰ ਦੇਵਰਾਜ ਇੰਦਰ ਨੇ ਦਧਯੰਜ (ਦਧੀਚ) ਨਾਂ ਦੇ ਵੈਦਕ ਰਿਸ਼ੀ ਨੂੰ ਵਿਗਿਆਨ ਪੜ੍ਹਾਇਆ ਪਰ ਬਾਅਦ ਵਿਚ ਧਮਕੀ ਦਿੱਤੀ ਕਿ ਜੇ ਇਹ ਵਿਗਿਆਨ ਕਿਸੇ ਹੋਰ ਨੂੰ ਪੜ੍ਹਾਵੇਗਾ ਤਾਂ ਉਹ (ਇੰਦਰ) ਉਸ ਰਿਸ਼ੀ ਦਾ ਸਿਰ ਕੱਟ ਦੇਵੇਗਾ। ਦੇਵਤਿਆਂ ਦੇ ਵੈਦ ਅਸ਼ਵਨੀ ਕੁਮਾਰਾਂ (ਇਹ ਜੁੜਵਾਂ ਭਰਾ ਦੱਸੇ ਗਏ ਹਨ) ਨੇ ਦਧੀਚ ਨੂੰ ਉਹ ਵਿਗਿਆਨ ਅਗਾਂਹ ਪੜ੍ਹਾਉਣ ਲਈ ਪ੍ਰੇਰਿਆ।
       ਮਾਈ ਲਾਰਡ, ਤੁਸੀਂ ਯੂਨਾਨੀ ਮਿਥਿਹਾਸ ਦੀ ਪ੍ਰੋਮੀਥੀਅਸ ਬਾਰੇ ਕਹਾਣੀ ਨੂੰ ਵੀ ਜਾਣਦੇ ਹੋ ਜਿਸ ਵਿਚ ਪ੍ਰੋਮਿਥਿਊਸ ਨੇ ਦੇਵਤਿਆਂ ਤੋਂ ਅੱਗ ਚੁਰਾ ਕੇ ਮਨੁੱਖਾਂ ਨੂੰ ਦਿੱਤੀ। ਏਹੀ ਨਹੀਂ, ਕਹਾਣੀ ਅਨੁਸਾਰ (ਜਿਸ ਬਾਰੇ ਯੂਨਾਨੀ ਨਾਟਕਕਾਰ ਐਸਕੇਲਿਸ (Aeschylus) ਨੇ ਨਾਟਕ ‘ਪ੍ਰੋਮੀਥੀਅਸ ਬਾਊਂਡ’ ਅਤੇ ਅੰਗਰੇਜ਼ੀ ਕਵੀ ਸ਼ੈਲੇ ਨੇ ਕਵਿਤਾ ‘ਪ੍ਰੋਮੀਥੀਅਸ ਅਨਬਾਊਂਡ’ ਲਿਖੀ) ਪ੍ਰੋਮੀਥੀਅਸ ਨੇ ਮਨੁੱਖਾਂ ਨੇ ਖੇਤੀ, ਦਵਾਈਆਂ, ਭਾਸ਼ਾ, ਗਣਿਤ ਅਤੇ ਭਵਿੱਖਬਾਣੀ ਕਰਨ ਬਾਰੇ ਗਿਆਨ ਵੀ ਦਿੱਤਾ। ਪ੍ਰੋਮੀਥੀਅਸ ਦੀ ਇਸ ਕਾਰਵਾਈ ਤੋਂ ਉਸ ਸਮੇਂ ਰੱਬ ਮੰਨਿਆ ਜਾਂਦਾ ਮਹਾਂ-ਦੇਵ ਜੀਊਸ (Zeus) ਏਨਾ ਨਾਰਾਜ਼ ਹੋਇਆ ਕਿ ਉਸ ਨੇ ਪ੍ਰੋਮੀਥੀਅਸ ਨੂੰ ਪਹਾੜ ਦੀ ਕਿੱਲੀ ਨਾਲ ਬੰਨ੍ਹ ਦਿੱਤਾ ਜਿੱਥੇ ਇਕ ਬਾਜ਼ ਰੋਜ਼ ਉਸ ਦਾ ਜਿਗਰ ਨੋਚਦਾ ਪਰ ਪ੍ਰੋਮੀਥੀਅਸ ਨੇ ਹਾਰ ਨਹੀਂ ਮੰਨੀ ਅਤੇ ਲੋਕਾਈ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ।
        ਮਾਈ ਲਾਰਡ, ਦੰਦ-ਕਥਾਵਾਂ ਹਮੇਸ਼ਾਂ ਹਕੀਕਤ ਦੇ ਆਧਾਰ ’ਤੇ ਬਣਦੀਆਂ ਹਨ। ਉਪਰਲੀਆਂ ਦੰਦ-ਕਥਾਵਾਂ ਦਾ ਵਿਚਾਰਧਾਰਕ ਆਧਾਰ ਸਪੱਸ਼ਟ ਹੈ ਕਿ ਸੱਤਾਧਾਰੀ ਤਾਕਤਾਂ ਹਮੇਸ਼ਾਂ ਇਹ ਚਾਹੁੰਦੀਆਂ ਹਨ ਕਿ ਗਿਆਨ-ਵਿਗਿਆਨ ਅਤੇ ਸਹੀ ਜਾਣਕਾਰੀ ਆਮ ਲੋਕਾਂ ਤਕ ਨਾ ਪਹੁੰਚੇ। ਇਹ ਤਾਂ ਦੰਦ-ਕਥਾਵਾਂ ਹਨ ਪਰ ਅਸੀਂ 16ਵੀਂ ਸਦੀ ਦੇ ਇਤਾਲਵੀ ਪਾਦਰੀ, ਤਾਰਾ ਵਿਗਿਆਨੀ, ਹਿਸਾਬਦਾਨ ਅਤੇ ਚਿੰਤਕ ਜਰਦਾਨੋ ਬਰੂਨੋ (Giordano Bruno) ਬਾਰੇ ਤਾਂ ਪੱਕਾ ਜਾਣਦੇ ਹਾਂ ਜਿਸ ਨੂੰ ਇਸ ਲਈ ਜਿਊਂਦੇ ਸਾੜ ਦਿੱਤਾ ਗਿਆ ਕਿ ਉਹ ਖਗੋਲ ਵਿਗਿਆਨੀ ਕੋਪਰਨੀਕਸ ਦੇ ਇਸ ਸਿਧਾਂਤ ਦਾ ਪ੍ਰਚਾਰ ਕਰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇਹ ਧਾਰਨਾ ਉਸ ਸਮੇਂ ਵਿਚ ਪ੍ਰਚਲਿਤ ਈਸਾਈ ਧਾਰਮਿਕ ਵਿਸ਼ਵਾਸਾਂ, ਜਿਨ੍ਹਾਂ ਅਨੁਸਾਰ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ ਅਤੇ ਸੂਰਜ, ਤਾਰੇ ਅਤੇ ਬ੍ਰਹਿਮੰਡ ਦੀ ਹਰ ਚੀਜ਼, ਧਰਤੀ ਦੁਆਲੇ ਘੁੰਮਦੀ ਹੈ, ਦੇ ਵਿਰੁੱਧ ਸੀ। ਅਸੀਂ ਇਹ ਵੀ ਜਾਣਦੇ ਹਾਂ, ਏਸੇ ਕਾਰਨ ਤਾਰਾ ਵਿਗਿਆਨੀ ਗਲੀਲੀਓ ਨੂੰ ਵੀ ਸਜ਼ਾ ਦਿੱਤੀ ਗਈ। ਏਸੇ ਲਈ ਬਰੂਨੋ ਅਤੇ ਗਲੀਲੀਓ ਨੂੰ ਵਿਚਾਰਾਂ ਦੀ ਆਜ਼ਾਦੀ ਅਤੇ ਸੱਚ ਦੇ ਹੱਕ ਵਿਚ ਖਲੋਣ ਵਾਲੇ ਨਾਇਕ ਮੰਨਿਆ ਜਾਂਦਾ ਹੈ।
         ਬਰੂਨੋ ਅਤੇ ਗਲੀਲੀਓ ਦੀ ਕਥਾਵਾਂ ਮੱਧਕਾਲੀਨ ਸਮਿਆਂ ਦੀਆਂ ਨੇ। ਅਸੀਂ ਉਨ੍ਹਾਂ ਸਮਿਆਂ ਵਿਚ ਜਿਊਂਦੇ ਹਾਂ ਜਦ 18ਵੀਂ ਸਦੀ ਵਿਚ ਹੋਏ ਫਰਾਂਸੀਸੀ ਇਨਕਲਾਬ ਨੇ ਸਾਰੀ ਮਨੁੱਖਤਾ ਸਾਹਮਣੇ ਆਜ਼ਾਦੀ, ਬਰਾਬਰੀ ਅਤੇ ਸਾਂਝੀਵਾਲਤਾ ਦੇ ਸਿਧਾਂਤ ਰੱਖੇ ਅਤੇ ਸਾਰੀ ਦੁਨੀਆ ਵਿਚ ਸਵੀਕਾਰੇ ਗਏ। ਅਸੀਂ ਉਸ ਦੇਸ਼ ਵਿਚ ਰਹਿੰਦੇ ਹਾਂ ਜਿਸ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਆਦਰਸ਼ ਹਨ : ਸਾਰਿਆਂ ਵਾਸਤੇ ਨਿਆਂ, ਆਜ਼ਾਦੀ, ਸਾਰੇ ਨਾਗਰਿਕਾਂ ਦੀ ਬਰਾਬਰੀ ਅਤੇ ਸਾਂਝੀਵਾਲਤਾ। ਸੰਵਿਧਾਨ ਨੂੰ ਦੇਸ਼ ਦੇ ਬੁਨਿਆਦੀ ਕਾਨੂੰਨ (Fundamental Law of the Country) ਵਜੋਂ ਮਾਨਤਾ ਦਿੱਤੀ ਜਾਂਦੀ ਹੈ।
       ਮੈਂ ਉਪਰ ਦੱਸੀਆਂ ਕਹਾਣੀਆਂ, ਇਸ ਲਈ ਦੱਸੀਆਂ ਨੇ ਮਾਈ ਲਾਰਡ, ਕਿ ਅੱਜ ਦੇਸ਼ ਦੀਆਂ ਅਦਾਲਤਾਂ ’ਚ ਹੱਕ-ਸੱਚ ਦੀ ਗੱਲ ਕਰਨ ਵਾਲੇ ਨੌਜਵਾਨ ਖੁਆਰ ਹੋ ਰਹੇ ਹਨ। ਬੰਗਲੂਰੂ ਦੀ ਨੌਜਵਾਨ ਕੁੜੀ ਦਿਸ਼ਾ ਰਵੀ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿ ਉਹ ਇੰਟਰਨੈੱਟ ਦੇ ਜਾਣਕਾਰੀ ਦੇਣ ਵਾਲੇ ਡਿਜੀਟਲ ਸਾਧਨ, ਜਿਸ ਨੂੰ ਟੂਲਕਿੱਟ ਕਹਿੰਦੇ ਨੇ, ਬਣਾ ਰਹੀ ਸੀ ਜਿਸ ਰਾਹੀਂ ਕੇਂਦਰੀ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਬਾਰੇ ਜਾਣਕਾਰੀ ਮੁਹੱਈਆ ਕਰਾਈ ਜਾ ਸਕੇ। ਦਿੱਲੀ ਪੁਲੀਸ ਨੇ ਉਸ ਦੇ ਸਾਥੀਆਂ ਵਕੀਲ ਨਿਕਿਤਾ ਜੈਕਬ ਅਤੇ ਇੰਜਨੀਅਰ ਸ਼ਾਂਤਨੂੰ ਵਿਰੁੱਧ ਵੀ ਗ਼ੈਰ-ਜ਼ਮਾਨਤੀ ਵਾਰੰਟ ਕੱਢੇ ਸਨ। ਦਿਸ਼ਾ ਰਵੀ ਸਾਰੀ ਲੋਕਾਈ ਨੂੰ ਦੱਸਣਾ ਚਾਹੁੰਦੀ ਸੀ ਕਿ ਸਾਡੇ ਦੇਸ਼ ਵਿਚ ਕਿਸਾਨਾਂ ਨਾਲ ਕੀ ਹੋ ਰਿਹਾ ਹੈ। ਇਹ ਟੂਲਕਿੱਟ ਵਾਤਾਵਰਨ ਲਈ ਕੰਮ ਕਰਨ ਵਾਲੀ ਕਿਸ਼ੋਰ ਉਮਰ ਕਾਰਕੁਨ ਗਰੇਟਾ ਥੁਨਬਰਗ ਨਾਲ ਵੀ ਸਾਂਝੀ ਕੀਤੀ ਗਈ। ਅੱਜਕੱਲ੍ਹ ਸਾਰੀ ਲੋਕਾਈ ਤਕ ਸਹੀ ਜਾਣਕਾਰੀ ਪਹੁੰਚਾਉਣ ਨੂੰ ਕੌਮਾਂਤਰੀ ਸਾਜ਼ਿਸ਼ ਕਿਹਾ ਜਾਂਦਾ ਹੈ। ਕੀ ਕਿਸਾਨਾਂ ਦੇ ਹੱਕ ਵਿਚ ਲੋਕ-ਰਾਏ ਲਾਮਬੰਦ ਕਰਨਾ ਅਪਰਾਧ ਹੈ ਮਾਈ ਲਾਰਡਜ਼?
       ਮੰਗਲਵਾਰ ਦਿਸ਼ਾ ਰਵੀ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਇਸ ਤਰ੍ਹਾਂ ਦੇ ਸੈਂਕੜੇ ਨੌਜਵਾਨ ਜੇਲ੍ਹ ਵਿਚ ਹਨ। ਦਿੱਲੀ ਪੁਲੀਸ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ, ਸਫ਼ੂਰਾ ਜ਼ਰਗਰ, ਇਸ਼ਰਤ ਜਹਾਂ, ਗੁਲਫਿਸ਼ਾਂ ਫਾਤਿਮਾ, ਆਸਿਫ ਇਕਬਾਲ ਤਨਹਾ, ਉਮਰ ਖਾਲਿਦ ਅਤੇ ਹੋਰ ਵਿਦਿਆਰਥੀ ਆਗੂਆਂ ਨੂੰ ਫਰਵਰੀ 2020 ਵਿਚ ਦਿੱਲੀ ਦੇ ਉੱਤਰ ਪੂਰਬੀ ਜ਼ਿਲ੍ਹੇ ਵਿਚ ਦੰਗੇ ਭੜਕਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਪੁਲੀਸ ਨੇ ਨੌਦੀਪ ਕੌਰ, ਸ਼ਿਵਦੀਪ ਅਤੇ ਹੋਰਨਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਕਿ ਉਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕੀਤੀ। ਪੱਤਰਕਾਰ ਸਿੱਦੀਕੀ ਕੱਪਨ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਉਹ ਹਾਥਰਸ ਉੱਤਰ ਪ੍ਰਦੇਸ਼ ਵਿਚ ਇਕ ਦਲਿਤ ਕੁੜੀ ਦੇ ਕਤਲ ਬਾਰੇ ਰਿਪੋਰਟਿੰਗ ਕਰਨ ਜਾ ਰਿਹਾ ਸੀ। ਉਦਾਹਰਨਾਂ ਏਨੀਆਂ ਹਨ ਮਾਈ ਲਾਰਡਜ਼ ਕਿ ਬੰਦਾ ਲਿਖਦਾ ਲਿਖਦਾ ਥੱਕ ਜਾਵੇਗਾ। ਮੈਂ ਤੁਹਾਡੇ ਸਾਹਮਣੇ ਅਰਜ਼ ਕਰਦਿਆਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿਚ ਨਿਆਂ-ਅਧਿਕਾਰੀ ਇਹ ਦੇਖਣ ਤੋਂ ਅਸਮਰੱਥ ਹਨ ਕਿ ਉਨ੍ਹਾਂ ਦੇ ਸਾਹਮਣੇ ਅਨਿਆਂ ਹੋ ਰਿਹਾ ਹੈ। ਉਹ ਬਸਤੀਵਾਦ ਰਾਜ ਦੇ ਨਿਆਂ-ਅਧਿਕਾਰੀ ਨਹੀਂ ਕਿ ਹਕੂਮਤ ਦੁਆਰਾ ਲੋਕਾਂ ਦੇ ਹੱਕਾਂ ਵਿਚ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣਾ ਸਹੀ ਸਮਝਣ, ਉਹ ਆਜ਼ਾਦ ਭਾਰਤ ਦੇ ਨਿਆਂ-ਅਧਿਕਾਰੀ ਹਨ। ਕੀ ਉਹ ਇਸ ਗੱਲ ਦੀ ਥਾਹ ਨਹੀਂ ਪਾ ਸਕਦੇ ਕਿ ਝੂਠੇ ਕੇਸ ਬਣਾ ਕੇ ਨੌਜਵਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ?
        ਤੁਹਾਨੂੰ ਇੰਗਲੈਂਡ ਦੇ ਮਸ਼ਹੂਰ ਜੱਜ ਲਾਰਡ ਡੈਨਿੰਗ ਨਾਲ ਸਬੰਧਿਤ ਘਟਨਾ ਯਾਦ ਹੋਵੇਗੀ। ਵੇਲਜ਼ ਦੇ ਕੁਝ ਵਿਦਿਆਰਥੀਆਂ ਨੇ 1970 ਵਿਚ ਇੰਗਲੈਂਡ ਦੀ ਅਦਾਲਤ ਵਿਚ ਆਪਣੀ ਭਾਸ਼ਾ ਦੇ ਹੱਕ ਵਿਚ ਨਾਅਰੇ ਲਾਏ ਸਨ। ਕੁਝ ਵਿਦਿਆਰਥੀਆਂ ਨੂੰ ਮਾਣ-ਹਾਨੀ ਦੇ ਦੋਸ਼ ਵਿਚ ਜੁਰਮਾਨਾ ਕੀਤਾ ਗਿਆ ਤੇ ਕੁਝ ਨੂੰ ਕੈਦ ਦੀ ਸਜ਼ਾ ਸੁਣਾਈ ਗਈ। ਜਦ ਅਪੀਲ ਲਾਰਡ ਡੈਨਿੰਗ ਦੇ ਸਾਹਮਣੇ ਆਈ ਤਾਂ ਉਸ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਮੁਆਫ਼ ਕਰ ਦਿੱਤਾ ਕਿ ਉਹ ਅਦਾਲਤੀ ਪ੍ਰਕਿਰਿਆ ਰਾਹੀਂ ਅਪੀਲ ਕਰ ਰਹੇ ਹਨ। ਨਾਲ ਨਾਲ ਲਾਰਡ ਡੈਨਿੰਗ ਨੇ ਉਨ੍ਹਾਂ ਦੀ ਬੁਨਿਆਦੀ ਮੰਗ ਕਿ ਵੈਲਿਸ਼ ਭਾਸ਼ਾ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਦੇ ਸਹੀ ਹੋਣ ਦਾ ਜ਼ਿਕਰ ਕੀਤਾ। ਮਾਈ ਲਾਰਡ, ਕੀ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਗਏ ਸਾਡੇ ਦੇਸ਼ ਦੇ ਨੌਜਵਾਨਾਂ ਦੀਆਂ ਮੰਗਾਂ ਸਹੀ ਨਹੀਂ ਹਨ? ਕੀ ਤੁਸੀਂ ਸੱਚਮੁੱਚ ਯਕੀਨ ਕਰਦੇ ਹੋ ਕਿ ਇਹ ਬੱਚੇ-ਬੱਚੀਆਂ ਦੰਗੇ ਕਰਵਾ ਸਕਦੇ ਹਨ।
      ਮਾਈ ਲਾਰਡਜ਼, ਅਸੀਂ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਸੱਚ ਦੱਸਣਾ, ਮਾਈ ਲਾਰਡਜ਼, ਕੀ ਤੁਸੀਂ ਯਕੀਨ ਕਰਦੇ ਹੋ ਕਿ ਸਾਰੀ ਉਮਰ ਲੋਕ-ਹੱਕਾਂ ਦੇ ਨਗਮੇਂ ਗਾਉਣ ਵਾਲਾ ਕਵੀ ਵਰਵਰਾ ਰਾਓ ਅਤੇ ਆਪਣੀ ਜ਼ਿੰਦਗੀ ਕਬਾਇਲੀ ਲੋਕਾਂ ਵਿਚ ਕੰਮ ਕਰਨ ਵਾਲਾ ਪਾਦਰੀ ਸਟੈਨ ਸਵਾਮੀ, ਜਿਸ ਦੇ ਹੱਥ ਪਾਣੀ ਦਾ ਗਲਾਸ ਵੀ ਨਹੀਂ ਫੜ ਸਕਦੇ, ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਸਾਜ਼ਿਸ਼ ਰਚ ਸਕਦੇ ਹਨ, ਦੇਸ਼-ਧ੍ਰੋਹੀ ਹੋ ਸਕਦੇ ਹਨ?
 ਮਾਈ ਲਾਰਡਜ਼, ਕੀ ਅਸੀਂ ਇਹ ਦੇਖਣ ਤੋਂ ਅਸਮਰੱਥ ਹਾਂ ਕਿ ਸਾਜ਼ਿਸ਼ ਕੌਣ ਰਚ ਰਿਹਾ ਹੈ। ਮੈਂ ਬੜੇ ਅਦਬ ਨਾਲ ਕਹਿਣਾ ਚਾਹੁੰਦਾ ਹਾਂ, ਮਾਈ ਲਾਰਡਜ਼ ਕਿ ਸਭ ਨੂੰ ਪਤਾ ਹੈ ਕਿ ਸਾਜ਼ਿਸ਼ ਕੌਣ ਰਚ ਰਿਹਾ ਹੈ ਪਰ ਸਵਾਲ ਇਹ ਹੈ ਕਿ ਸਾਡੀਆਂ ਮਾਣਯੋਗ ਅਦਾਲਤਾਂ ਉਨ੍ਹਾਂ ਤਾਕਤਾਂ ’ਤੇ ਉਂਗਲ ਕਿਉਂ ਨਹੀਂ ਧਰ ਰਹੀਆਂ। ਮਾਈ ਲਾਰਡਜ਼, ਤੁਹਾਡੇ ਵਿਚੋਂ ਕਈਆਂ ਨੇ ਕਿਹਾ ਹੈ ਕਿ ਸਰਕਾਰਾਂ ਅਤੇ ਪੁਲੀਸ ਦੇਸ਼-ਧ੍ਰੋਹ ਵਾਲੇ ਕਾਨੂੰਨ ਦੀ ਦੁਰਵਰਤੋਂ ਕਰ ਰਹੀਆਂ ਹਨ ਪਰ ਅਸੀਂ ਉਸ ਦੁਰਵਰਤੋਂ ਨੂੰ ਬੰਦ ਕਰਵਾਉਣ ਤੋਂ ਅਸਮਰੱਥ ਜਾਪਦੇ ਹਾਂ। ਏਹੀ ਨਹੀਂ, ਇਸ ਦੇਸ਼ ਵਿਚ ਸਾਡੀਆਂ ਅਦਾਲਤਾਂ ਦੇ ਬਰਾਬਰ ਸੜਕਾਂ ਤੇ ਸ਼ਾਹਰਾਹਾਂ ’ਤੇ ਹਜੂਮੀ ਭੀੜਾਂ ਨੇ ਆਪਣਾ ਨਿਆਂ ਕੀਤਾ। ਘੱਟਗਿਣਤੀ ਫ਼ਿਰਕੇ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਮਾਰਿਆ-ਕੁੱਟਿਆ ਗਿਆ ਤੇ ਕਈਆਂ ਨੂੰ ਮਾਰ ਵੀ ਦਿੱਤਾ ਗਿਆ ਪਰ ਦੇਸ਼ ਦੀ ਨਿਆਂ-ਪ੍ਰਬੰਧ ਪ੍ਰਣਾਲੀ ਵੱਲੋਂ ਇਨ੍ਹਾਂ ਸਮਾਨਾਂਤਰ ਹਜੂਮੀ ਅਦਾਲਤਾਂ ਬਾਰੇ ਕੋਈ ਸਖ਼ਤ ਨਿਰਣਾ ਨਹੀਂ ਆਇਆ। ਜਦ ਕਿਸੇ ਜੱਜ ਸਾਹਿਬ ਨੇ ਨਫ਼ਰਤ ਫੈਲਾਉਣ ਵਾਲੇ ਨਾਅਰੇ (‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ… ਕੋ’’) ਲਗਾਉਣ ਵਾਲੇ ਸਿਆਸਤਦਾਨਾਂ ਵਿਰੁੱਧ ਕੇਸ ਕਰਨ ਦੇ ਹੁਕਮ ਦਿੱਤੇ ਤਾਂ ਉਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਕੀ ਅਸੀਂ ਏਨੇ ਬੇਵੱਸ ਹੋ ਗਏ ਹਾਂ ਮਾਈ ਲਾਰਡਜ਼ ?
        ਤੁਸੀਂ ਖੇਤੀ ਕਾਨੂੰਨਾਂ ਬਾਰੇ ਵੀ ਕੇਸ ਸੁਣੇ ਪਰ ਉਨ੍ਹਾਂ ਦੀ ਸੰਵਿਧਾਨਿਕਤਾ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ। ਇਸ ਅੰਦੋਲਨ ਵਿਚ 200 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਸਰਕਾਰਾਂ ਨੇ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਕੀ ਕਰਨੀ ਸੀ, ਸਰਕਾਰਾਂ ਕੋਲ ਉਨ੍ਹਾਂ ਬਾਰੇ ਸਹੀ ਅੰਕੜੇ ਵੀ ਨਹੀਂ। ਕੋਈ ਦਿਨ ਸਨ ਮਾਈ ਲਾਰਡਜ਼, ਜਦ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜ ਸਾਹਿਬਾਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹ ਕੇ ਖ਼ੁਦ (Suo Motto) ਸਰਕਾਰ ਦੀ ਜਵਾਬਤਲਬੀ ਕਰਦੇ ਸਨ। ਅਜਿਹੀਆਂ ਕਾਰਵਾਈਆਂ ਹੁਣ ਵੀ ਹੁੰਦੀਆਂ ਹਨ ਪਰ ਬਹੁਤ ਘੱਟ। ਉਹ ਦਿਨ ਕਿੱਥੇ ਗਏ ਮਾਈ ਲਾਰਡਜ਼? ਹਾਂ, ਸੱਚਮੁੱਚ ਉਹ ਦਿਨ ਜਦ ਸੁਪਰੀਮ ਕੋਰਟ ਨੇ ਇਹ ਹੁਕਮ ਸੁਣਾਏ ਸਨ ਕਿ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ‘‘ਨਿਯਮ ਹੈ ਕਿ ਜ਼ਮਾਨਤ ਦਿੱਤੀ ਜਾਏ ਨਾ ਕਿ ਮੁਲਜ਼ਮ ਨੂੰ ਜੇਲ੍ਹ ਭੇਜਿਆ ਜਾਏ (Bail is rule, jail is exception)’’ ਦੇ ਅਸੂਲਾਂ ’ਤੇ ਚੱਲਣਾ ਚਾਹੀਦਾ ਹੈ।
        ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਪਰ ਦੇਸ਼ ਦੇ ਹਾਈ ਕੋਰਟਾਂ ਵਿਚ 80,000 ਤੋਂ ਜ਼ਿਆਦਾ ਜ਼ਮਾਨਤ ਲਈ ਅਰਜ਼ੀਆਂ ਸੁਣਵਾਈ ਦੀ ਉਡੀਕ ਕਰ ਰਹੀਆਂ ਹਨ ਅਤੇ ਜ਼ਿਲ੍ਹਾ ਅਦਾਲਤਾਂ ਵਿਚ ਇਹ ਗਿਣਤੀ 2 ਲੱਖ ਦੇ ਲਾਗੇ ਪਹੁੰਚਣ ਵਾਲੀ ਹੈ। ਕਹਿਣ ਦਾ ਮਤਲਬ ਇਹ ਨਹੀਂ ਕਿ ਸਭਨਾਂ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ, ਅਰਜ਼ਦਾਸ਼ਤ ਇਹ ਹੈ ਕਿ ਅਦਾਲਤਾਂ ਨੂੰ ਘਿਨਾਉਣੇ ਅਪਰਾਧ ਕਰਨ ਵਾਲਿਆਂ ਅਤੇ ਲੋਕ-ਹੱਕਾਂ ਲਈ ਲੜਨ ਵਾਲਿਆਂ ਵਿਚ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਉਸ ਨਿਖੇੜੇ ਨੂੰ ਜ਼ਬਾਨ ਦੇਣੀ ਚਾਹੀਦੀ ਹੈ। ਕੀ ਅਸੀਂ ਇਹ ਨਹੀਂ ਕਰ ਸਕਦੇ, ਮਾਈ ਲਾਰਡਜ਼? ਅਸੀਂ ਨਿਆਂ ਚਾਹੁੰਦੇ ਹਾਂ ਮਾਈ ਲਾਰਡਜ਼!

ਸਾਕਾ ਨਨਕਾਣਾ ਸਾਹਿਬ - ਸਵਰਾਜਬੀਰ

ਕੁਝ ਦਿਨ ਤੇ ਤਿੱਥਾਂ ’ਤੇ ਕਿਸੇ ਭੂਗੋਲਿਕ ਖ਼ਿੱਤੇ ਦੇ ਜੀਵਨ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਇਤਿਹਾਸ ’ਤੇ ਅਮਿੱਟ ਪ੍ਰਭਾਵ ਛੱਡਦੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਹਮੇਸ਼ਾਂ ਪ੍ਰੇਰਨਾ ਅਤੇ ਸ਼ਕਤੀ ਮਿਲਦੀ ਰਹਿੰਦੀ ਹੈ। ਇਹ ਦਿਨ ਅਜ਼ੀਮ ਕੁਰਬਾਨੀਆਂ ਨਾਲ ਜੁੜੇ ਹੁੰਦੇ ਹਨ। 10 ਫੱਗਣ ਅਜਿਹਾ ਹੀ ਦਿਨ ਹੈ ਜਦ ਸੌ ਸਾਲ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਇਕ ਸ਼ਾਂਤਮਈ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ’ਚੋਂ ਛੁਡਾਉਣ ਪਹੁੰਚਿਆ। ਮਹੰਤ ਅਤੇ ਉਸ ਦੇ ਗੁੰਡਿਆਂ ਨੇ ਇਸ ਜਥੇ ’ਤੇ ਗੋਲੀਆਂ ਚਲਾਈਆਂ, ਛਵੀਆਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ, ਜੰਡ ਨਾਲ ਬੰਨ੍ਹ ਕੇ ਸਾੜਿਆ ਪਰ ਇਸ ਜਥੇ ਦੇ ਸਿੰਘਾਂ ਨੇ ਅਕਹਿ ਧੀਰਜ ਅਤੇ ਸਬਰ ਨਾਲ ਜ਼ੁਲਮ ਦਾ ਸਾਹਮਣਾ ਕੀਤਾ। ਸ਼ਹੀਦਾਂ ਵੱਲੋਂ ਦਿਖਾਏ ਗਏ ਅਨੂਠੇ ਸਬਰ ਅਤੇ ਮਹਾਨ ਕੁਰਬਾਨੀਆਂ ਦੇ ਸੰਗਮ ਸਦਕਾ ਇਹ ਦਿਨ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਵਿਚ ਹੀ ਨਹੀਂ ਸਗੋਂ ਸਾਰੀ ਮਾਨਵਤਾ ਅਤੇ ਦੇਸ਼ ਦੇ ਇਤਿਹਾਸ ਵਿਚ ਅਜਿਹਾ ਦਿਹਾੜਾ ਬਣ ਗਿਆ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ।
        ਪੰਜ ਦਰਿਆਵਾਂ ਦੀ ਸਾਡੀ ਧਰਤੀ ਨੇ ਸਦੀਆਂ ਤੋਂ ਪੱਛਮ ਤੋਂ ਆਉਂਦੇ ਹਮਲਾਵਰਾਂ ਅਤੇ ਧਾੜਵੀਆਂ ਦਾ ਟਾਕਰਾ ਕੀਤਾ ਹੈ। ਕਿਸੇ ਨੂੰ ਹਰਾਇਆ ਅਤੇ ਕਿਸੇ ਤੋਂ ਹਾਰੇ, ਜ਼ੁਲਮ ਆਪਣੀ ਛਾਤੀ ’ਤੇ ਸਹੇ ਪਰ ਜਬਰ ਅੱਗੇ ਸਿਰ ਨਹੀਂ ਨਿਵਾਇਆ। ਹਰ ਧਰਤ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਆਪਣੀ ਵਿਸ਼ੇਸ਼ ਭੂਗੋਲਿਕ ਸਥਿਤੀ ਕਾਰਨ ਪੰਜਾਬ ਨੇ ਅਜਿਹੇ ਦੁੱਖ-ਦੁਸ਼ਵਾਰੀਆਂ ਅਤੇ ਕਹਿਰ ਜ਼ਿਆਦਾ ਸਹੇ ਹਨ। ਪਿਛਲੇ ਹਜ਼ਾਰ ਸਾਲ ਦਾ ਇਤਿਹਾਸ ਵੇਖੀਏ ਤਾਂ ਨਾਥ-ਜੋਗੀਆਂ ਅਤੇ ਸ਼ੇਖ ਫ਼ਰੀਦ ਦੀ ਬਾਣੀ ਰਾਹੀਂ ਪੰਜਾਬ ਦੀ ਧਰਤੀ ’ਤੇ ਇਨਸਾਨੀ ਬਰਾਬਰੀ, ਸਮਾਜਿਕ ਏਕਤਾ ਤੇ ਸਮਤਾ ਦਾ ਨਾਦ ਬੁਲੰਦ ਹੋਇਆ ਜਿਹੜਾ ਸਿੱਖ ਗੁਰੂਆਂ ਅਤੇ ਭਗਤੀ ਲਹਿਰ ਦੇ ਸੰਤਾਂ ਦੀ ਬਾਣੀ ਵਿਚ ਸਿਖ਼ਰ ’ਤੇ ਪਹੁੰਚਿਆ। ਜਬਰ ਦਾ ਟਾਕਰਾ ਕਰਨ ਲਈ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਅਤੇ ਲਿਤਾੜੇ ਹੋਏ ਵਰਗਾਂ ਨੇ ਜ਼ੁਲਮ ਵਿਰੁੱਧ ਸੰਘਰਸ਼ ਕਰਦਿਆਂ ਆਪਣੀ ਸਮਾਜਿਕ ਸਥਿਤੀ ਨੂੰ ਸੁਧਾਰਿਆ ਅਤੇ ਰਾਜਸੱਤਾ ਪ੍ਰਾਪਤ ਕੀਤੀ। ਸਿੱਖ ਗੁਰੂਆਂ, ਸੂਫ਼ੀਆਂ ਅਤੇ ਭਗਤੀ ਲਹਿਰ ਦੇ ਸੰਤਾਂ ਨੇ ਪੰਜਾਬੀ ਸਮਾਜ ਵਿਚ ਜਮਹੂਰੀਅਤ ਅਤੇ ਸਾਂਝੀਵਾਲਤਾ ਦੀ ਰੂਹ ਫੂਕੀ ਜਿਸ ਨੇ ਇਸ ਭੂਗੋਲਿਕ ਖ਼ਿੱਤੇ ਨੂੰ ਨਵੀਂ ਨੁਹਾਰ ਅਤੇ ਪਛਾਣ ਦਿੱਤੀ।
       ਬਸਤੀਵਾਦੀ ਦੌਰ ਵਿਚ ਪੰਜਾਬ ਵਿਚ 1857 ਦੇ ਗ਼ਦਰ (ਪੰਜਾਬ ਵਿਚ ਨੀਲੀ ਬਾਰ ਦੀ ਬਗ਼ਾਵਤ, ਰੋਪੜ ਵਿਚ ਸਰਦਾਰ ਮੇਹਰ ਸਿੰਘ ਦੀ ਬਗ਼ਾਵਤ ਆਦਿ) ਤੋਂ ਬਾਅਦ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਰੌਲਟ ਐਕਟ ਵਿਰੁੱਧ ਅੰਦੋਲਨ ਅਤੇ ਹੋਰ ਸੰਘਰਸ਼ਾਂ ਨਾਲ ਪੰਜਾਬ ਆਜ਼ਾਦੀ ਦੇ ਸੰਘਰਸ਼ ਦਾ ਮੋਹਰੀ ਬਣਿਆ।
       ਵੀਹਵੀਂ ਸਦੀ ਦੇ ਸ਼ੁਰੂ ਵਿਚ ਗੁਰਦੁਆਰਿਆਂ ’ਤੇ ਮਹੰਤਾਂ ਦਾ ਪੂਰਾ ਕਬਜ਼ਾ ਹੋ ਚੁੱਕਾ ਸੀ। ਉਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਅਫ਼ਸਰਾਂ ਨਾਲ ਮਿਲ ਕੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਆਪਣੇ ਨਾਵਾਂ ’ਤੇ ਕਰਾ ਲਈਆਂ ਸਨ। ਲੁਧਿਆਣਾ ਗਜ਼ਟੀਅਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਜੇ ਕੋਈ ਮਹੰਤ ਬੁਰੇ ਕੰਮ ਕਰਦਾ ਸੀ ਤਾਂ ਸਿੱਖ ਸੰਗਤ ਉਸ ਨੂੰ ਝੱਟ-ਪੱਟ ਬਾਹਰ ਕੱਢ ਦਿੰਦੀ ਸੀ। ਸੋਹਨ ਸਿੰਘ ਜੋਸ਼ ਅਨੁਸਾਰ ‘‘ਅੰਗਰੇਜ਼ ਰਾਜ ਦੇ ਆਉਣ ਨਾਲ ਮਹੰਤ ਹੌਲੀ-ਹੌਲੀ ਸਿੱਖਾਂ ਦੇ ਕੰਟਰੋਲ ਤੋਂ ਆਜ਼ਾਦ ਹੋ ਗਏ।’’ ਉਹ ਗੁਰਦੁਆਰਿਆਂ ਵਿਚ ਮਨਮਾਨੀਆਂ ਕਰਦੇ ਅਤੇ ਚੜ੍ਹਾਇਆ ਜਾਂਦਾ ਧਨ ਲੁੱਟਦੇ ਸਨ।
       1910ਵਿਆਂ ਦੇ ਦਹਾਕੇ ਵਿਚ ਪੰਜਾਬ ਵਿਚ ਕਈ ਵੱਡੀਆਂ ਘਟਨਾਵਾਂ ਹੋਈਆਂ। ਇਨ੍ਹਾਂ ਵਿਚੋਂ ਸਭ ਤੋਂ ਅਹਿਮ 1914-15 ਦੀ ਗ਼ਦਰ ਲਹਿਰ, ਜਿਸ ਵਿਚ ਕਰਤਾਰ ਸਿੰਘ ਸਰਾਭਾ ਦੇ ਸਾਥੀਆਂ ਨੂੰ ਫਾਂਸੀ ਅਤੇ ਬਾਬਾ ਸੋਹਨ ਸਿੰਘ ਭਕਨਾ ਦੇ ਸਾਥੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਅਤੇ 1919 ਵਿਚ ਚੱਲੀ ਰੌਲਟ ਐਕਟ ਵਿਰੋਧੀ ਲਹਿਰ ਸੀ ਜਿਸ ਵਿਚ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਵਾਪਰਿਆ। ਸਿੱਖ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੁਣ, ਦਰਬਾਰ ਸਾਹਿਬ ਦਾ ਪਾਣੀ ਬੰਦ ਕਰਨ, ਮਹੰਤਾਂ ਦੀ ਗੁਰਦੁਆਰਿਆਂ ਦੀ ਦੁਰਵਰਤੋਂ ਅਤੇ ਸਰਕਾਰ ਵੱਲੋਂ ਉਨ੍ਹਾਂ (ਮਹੰਤਾਂ) ਦੀ ਹਮਾਇਤ ਤੋਂ ਬਹੁਤ ਦੁਖੀ ਸਨ। ਗੁਰਦੁਆਰਾ ਸੁਧਾਰ ਲਹਿਰ ਨੇ ਇਨ੍ਹਾਂ ਹਾਲਾਤ ਵਿਚ ਜਨਮ ਲਿਆ। ਸ. ਹਰਚੰਦ ਸਿੰਘ, ਮੰਗਲ ਸਿੰਘ, ਸਰਦੂਲ ਸਿੰਘ ਕਵੀਸ਼ਰ, ਝਬਾਲੀਏ ਭਰਾ ਅਮਰ ਸਿੰਘ ਅਤੇ ਜਸਵੰਤ ਸਿੰਘ, ਤੇਜਾ ਸਿੰਘ ਸਮੁੰਦਰੀ, ਬਾਬਾ ਖੜਕ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ, ਬਾਵਾ ਹਰਕਿਸ਼ਨ ਸਿੰਘ, ਮਾਸਟਰ ਤਾਰਾ ਸਿੰਘ, ਸੁੰਦਰ ਸਿੰਘ ਲਾਇਲਪੁਰੀ, ਦਲੀਪ ਸਿੰਘ ਸਾਂਗਲਾ, ਲਛਮਣ ਸਿੰਘ ਧਾਰੋਵਾਲੀ ਅਤੇ ਕਈ ਹੋਰ ਆਗੂ ਸਿੱਖਾਂ ਦੀ ਅਗਵਾਈ ਲਈ ਨਿੱਤਰੇ। 12 ਅਕਤੂਬਰ 1920 ਨੂੰ ਖ਼ਾਲਸਾ ਬਿਰਾਦਰੀ ਅਤੇ ਭਾਈ ਮਤਾਬ ਸਿੰਘ ਤੇ ਹੋਰ ਸਿੱਖ ਆਗੂਆਂ ਦੇ ਉੱਦਮ ਸਦਕਾ ਦਲਿਤ ਸਿੱਖਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪੂਰੇ ਹੱਕ ਮਿਲੇ ਅਤੇ ਇਹ ਘਟਨਾ ਹੀ ਗੁਰਦੁਆਰਾ ਸਿੰਘਾਂ ਨੂੰ ਮਿਲਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਆਧਾਰ ਬਣੀ। ਇਸ ਤੋਂ ਬਾਅਦ ਦਰਬਾਰ ਸਾਹਿਬ ਤਰਨ ਤਾਰਨ ਨੂੰ ਆਜ਼ਾਦ ਕਰਾਇਆ ਗਿਆ ਜਿਸ ਵਿਚ ਗੁਰਦੁਆਰਾ ਸੁਧਾਰ ਲਹਿਰ ਦੀਆਂ ਪਹਿਲੀਆਂ ਸ਼ਹੀਦੀਆਂ ਹੋਈਆਂ।
      ਸਿੱਖ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਜਲਦੀ ਤੋਂ ਜਲਦੀ ਆਜ਼ਾਦ ਕਰਾਉਣਾ ਚਾਹੁੰਦੇ ਸਨ ਕਿਉਂਕਿ ਇੱਥੋਂ ਦਾ ਮਹੰਤ ਨਰਾਇਣ ਦਾਸ ਮਹਾਂ-ਦੁਰਾਚਾਰੀ ਅਤੇ ਭ੍ਰਿਸ਼ਟ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 1921 ਦੇ ਪਹਿਲੇ ਹਫ਼ਤੇ ਮਹੰਤ ਨਾਲ ਮੀਟਿੰਗ ਤੈਅ ਕੀਤੀ ਪਰ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਸਿੱਖ ਜਥਿਆਂ ਨੇ ਵੱਖ-ਵੱਖ ਥਾਵਾਂ ਤੋਂ ਕੂਚ ਕਰਕੇ 19, 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਪਤਾ ਲੱਗ ਗਿਆ ਕਿ ਮਹੰਤ ਨੇ ਬਦਮਾਸ਼ਾਂ ਅਤੇ ਸਰਕਾਰ ਦੀ ਸਹਾਇਤਾ ਨਾਲ ਸਿੰਘਾਂ ਦਾ ਕਤਲੇਆਮ ਕਰਨ ਦੀ ਯੋਜਨਾ ਬਣਾਈ ਹੈ ਅਤੇ ਵੱਖ-ਵੱਖ ਜਥਿਆਂ ਨੂੰ ਚਿੱਠੀਆਂ ਪਹੁੰਚਾ ਕੇ ਰੋਕਿਆ ਗਿਆ ਪਰ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਨਨਕਾਣਾ ਸਾਹਿਬ ਪਹੁੰਚ ਗਿਆ। ਮਹੰਤ ਦੇ ਗੁੰਡਿਆਂ ਨੇ ਸ਼ਾਂਤਮਈ ਜਥੇ ’ਤੇ ਅੰਤਾਂ ਦਾ ਜ਼ੁਲਮ ਕੀਤਾ ਪਰ ਸਾਰੇ ਸਿੱਖ ਸ਼ਾਂਤਮਈ ਰਹੇ। ਸੈਂਕੜੇ ਸਿੱਖ ਮਾਰੇ ਗਏ ਅਤੇ ਗੁਰਦੁਆਰੇ ਦਾ ਕਬਜ਼ਾ ਸਿੰਘਾਂ ਕੋਲ ਆ ਗਿਆ।
       ਗੁਰਬਖਸ਼ ਸਿੰਘ ‘ਸ਼ਮਸ਼ੇਰ’ ਝੁਬਾਲੀਆ, ਲੇਖਕ ‘ਸ਼ਹੀਦੀ ਜੀਵਨ’ ਭਾਈ ਲਛਮਣ ਸਿੰਘ ਬਾਰੇ ਲਿਖਦੇ ਹਨ, ‘‘ਜਲ੍ਹਿਆਂ ਵਾਲੇ ਬਾਗ ਵਿਚ ਗੋਲੀ ਚੱਲਣ ਅਤੇ ਮਾਰਸ਼ਲ ਲਾਅ ਦੀ ਸਖ਼ਤੀਆਂ ਨੇ ਆਪ ਦੇ ਮਨ ’ਤੇ ਬਹੁਤਾ ਗਹਿਰਾ ਅਸਰ ਕੀਤਾ। ਤਦ ਆਪ ਨੇ ਮੁਲਕੀ ਆਜ਼ਾਦੀ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਸਵਾਲ ਨੂੰ ਸਾਹਮਣੇ ਰਖਦਿਆਂ ਹੋਇਆਂ 1, 2, 3 ਅਕਤੂਬਰ 1920 ਨੂੰ ਆਪਣੇ ਨਗਰ ਧਾਰੋਵਾਲੀ ਵਿਚ ਬੜਾ ਭਾਰੀ ਰਾਜਸੀ ਜਲਸਾ ਰੱਖ ਦਿੱਤਾ... ਇਸ ਜਲਸੇ ਦੇ ਪ੍ਰਧਾਨ ਸ. ਹਰਚੰਦ ਸਿੰਘ ਰਈਸ ਲਾਇਲਪੁਰੀ ਸਨ। ਬਾਹਰੋਂ ਉੱਘੇ ਦੇਸ਼ ਭਗਤ ਤੇ ਕੌਮੀ ਸੇਵਕ ਪ੍ਰਚਾਰ ਲਈ ਸੱਦੇ ਹੋਏ ਸਨ। ਆਗਾ ਮੁਹੰਮਦ ਸਫਦਰ, ਡਾਕਟਰ ਕਿਚਲੂ, ਮਹਾਤਮਾ ਅਨੰਦ ਗੋਪਾਲ ਦੇ ਜ਼ੋਰ ਦੇਣ ’ਤੇ ਸਰਕਾਰ ਦਾ ਨਾ-ਮਿਲਵਰਤਣ ਦਾ ਮਤਾ ਪਾਸ ਹੋ ਗਿਆ।’’ ਇਹ ਬਿਰਤਾਂਤ ਦਰਸਾਉਂਦਾ ਹੈ ਕਿ ਕਿਵੇਂ ਜ਼ਮੀਨੀ ਪੱਧਰ ’ਤੇ ਗੁਰਦੁਆਰਾ ਸੁਧਾਰ ਲਹਿਰ ਅਤੇ ਬਸਤੀਵਾਦ ਵਿਰੋਧੀ ਨਾ-ਮਿਲਵਰਤਣ ਲਹਿਰ ਦਾ ਸੰਗਮ ਹੋ ਰਿਹਾ ਸੀ। ਇਹ ਘਟਨਾ ਉਸ ਵੇਲੇ ਦੇ ਸਿਆਸੀ ਮਾਹੌਲ ਦੀ ਤਸਵੀਰ ਪੇਸ਼ ਕਰਦੀ ਹੈ। ਮਈ 1921 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦੀ ਨਾ-ਮਿਲਵਰਤਣ ਲਹਿਰ ਨੂੰ ਹਮਾਇਤ ਦੇਣ ਦਾ ਮਤਾ ਪਾਸ ਕਰ ਦਿੱਤਾ।
         ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਮੋਰਚੇ ਇਹ ਵੀ ਦਰਸਾਉਂਦੇ ਹਨ ਕਿ ਸਿੱਖ ਆਗੂਆਂ ਨੇ ਮਹੰਤਾਂ ’ਤੇ ਨਿੱਜੀ ਹਮਲਾ ਕਰਕੇ ਮਾਰ-ਮੁਕਾਉਣ ਨਾਲੋਂ ਸ਼ਾਂਤਮਈ ਢੰਗ ਨਾਲ ਮਹੰਤ-ਪਰੰਪਰਾ ਦਾ ਵਿਰੋਧ ਕਰਨ ਅਤੇ ਗੁਰਦੁਆਰਿਆਂ ਨੂੰ ਨੈਤਿਕ ਬਲ ਨਾਲ ਸਿੱਖ ਸੰਗਤ ਦੇ ਪ੍ਰਬੰਧ ਹੇਠ ਲਿਆਉਣ ਲਈ ਤਰਜੀਹ ਦਿੱਤੀ। ਗੁਰਬਖਸ਼ ਸਿੰਘ ਝੁਬਾਲੀਆ ਅਨੁਸਾਰ ਧਾਰੋਵਾਲੀ ਦੇ ਜਲਸੇ ਵਿਚ ਭਾਈ ਟਹਿਲ ਸਿੰਘ ਨੇ ਕਿਹਾ ਕਿ ਸੰਗਤ ਹੁਕਮ ਦੇਵੇ ਤਾਂ ‘‘ਮੈਂ ਦਿਨ ਚੜ੍ਹਦੇ ਨੂੰ ਮਹੰਤ ਨਰੈਣ ਦਾਸ ਦਾ ਸਿਰ ਵੱਢ ਲਿਆਉਂਦਾ ਹਾਂ ਪਰ ਉਨ੍ਹਾਂ ਨੂੰ ਹੌਸਲਾ ਤੇ ਧੀਰਜ ਦੇ ਕੇ ਇਸ ਗੱਲੋਂ ਰੋਕ ਦਿੱਤਾ ਗਿਆ।’’ ਇਹ ਘਟਨਾ ਗੁਰਦੁਆਰਾ ਸੁਧਾਰ ਲਹਿਰ ਦੇ ਵਿਚਾਰਧਾਰਕ ਆਧਾਰ ਦੇ ਪਰਪੱਕ ਹੋਣ ਦੀ ਗਵਾਹੀ ਦਿੰਦੀ ਹੈ। ਇਹੀ ਕਾਰਨ ਹੈ ਕਿ ਇਸ ਲਹਿਰ ਦੀਆਂ ਪ੍ਰਾਪਤੀਆਂ ਵੱਡੀਆਂ ਅਤੇ ਇਤਿਹਾਸ ’ਤੇ ਦੂਰਗਾਮੀ ਅਸਰ ਪਾਉਣ ਵਾਲੀਆਂ ਸਨ। ਸੋਹਨ ਸਿੰਘ ਜੋਸ਼ ਅਨੁਸਾਰ, ‘‘ਸ਼ਰੋਮਣੀ ਕਮੇਟੀ ਨੇ ਇਕਸਾਰ ਅਹਿੰਸਾ-ਮਈ ਸਤਿਆਗ੍ਰਹਿ ਦਾ ਹਥਿਆਰ ਵਰਤਿਆ ਅਤੇ ਅੰਗਰੇਜ਼ ਹਾਕਮਾਂ ਦੀ ਇਹ ਖਾਹਸ਼ ਪੂਰੀ ਨਾ ਹੋਣ ਦਿੱਤੀ ਕਿ ਸਿੱਖ ਅੱਜ ਨਹੀਂ ਭਲਕੇ ਨਹੀਂ ਤਾਂ ਪਰਸੋਂ ਅਹਿੰਸਾ ਛੱਡ ਦੇਣਗੇ ਅਤੇ ਹਿੰਸਾ ਦਾ ਰਾਹ ਅਪਨਾਣ ਲੱਗ ਪੈਣਗੇ।’’
        ਨਨਕਾਣਾ ਸਾਹਿਬ ਦੇ ਸਾਕੇ ’ਚੋਂ ਗੁਰਦੁਆਰਾ ਸੁਧਾਰ ਲਹਿਰ ਦੇ ਮਹਾਨ ਇਖ਼ਲਾਕੀ ਪੱਧਰ ਦੀਆਂ ਅਨੇਕ ਮਿਸਾਲਾਂ ਮਿਲਦੀਆਂ ਹਨ। ਸ਼ਹੀਦਾਂ ਦੇ ਸਸਕਾਰ ਤੋਂ ਬਾਅਦ ਸੰਤ ਰਾਮ ਸਾਧ (ਮਹੰਤ ਨਰਾਇਣ ਦਾਸ ਦੇ ਸਾਥੀ) ਦੀ ਲਾਸ਼ ਮਿਲੀ। ਗੁਰਬਖਸ਼ ਸਿੰਘ ਝੁਬਾਲੀਏ ਅਨੁਸਾਰ, ‘‘ਸੰਤ ਰਾਮ ਸਾਧ ਦੀ ਲਾਸ਼ ਜਿਹੜਾ ਭੀ ਵੇਖੇ, ਜੋਸ਼ ਵਿਚ ਇਹੋ ਆਖੇ ਕਿ ਇਸ ਨੂੰ ਕੁੱਤਿਆਂ ਅੱਗੇ ਪਾਓ ਅਤੇ ਕੋਈ ਆਖੇ ਕਿ ਇਉਂ ਨਹੀਂ, ਇਸ ਨੂੰ ਸੰਢਿਆਂ ਮਗਰ ਬੰਨ ਕੇ ਸਾਰੇ ਸ਼ਹਿਰ ਵਿਚ ਫਿਰਾਓ ਪਰ ਭਾਈ ਭਾਗ ਸਿੰਘ ਨੇ ਸਭ ਸਿੰਘਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਕਿਹਾ ਕਿ ਭਾਈ ਸਾਹਿਬ ਜੀ! ਜੇ ਕਿਸੇ ਨੇ ਇਸ ਤਰ੍ਹਾਂ ਦਾ ਕੁਕਰਮ ਕੀਤਾ ਜਿਸ ਨਾਲ ਇਸ ਸਾਧ ਦਾ ਮੁਰਦਾ ਖਰਾਬ ਹੋਵੇ ਤਾਂ ਸਾਡੇ ਇਤਿਹਾਸ ਨੂੰ ਦਾਗ ਲੱਗੇਗਾ।’’
       ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੇ ਅੰਦੋਲਨ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਅਮੀਰ ਵਿਰਸੇ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਸ਼ਾਂਤਮਈ ਰਹਿ ਕੇ ਵਿਰੋਧ ਕਰਨਾ, ਦੁੱਖ ਝੱਲਣੇ ਅਤੇ ਉੱਚੇ ਇਖ਼ਲਾਕੀ ਪੱਧਰ ਕਾੲਮ ਕਰਨੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਉਹ ਮਹਾਨ ਪ੍ਰਾਪਤੀਆਂ ਸਨ ਜਿਸ ਤੋਂ ਪੰਜਾਬ, ਦੇਸ਼ ਅਤੇ ਸਮੁੱਚੀ ਮਾਨਵਤਾ ਨੂੰ ਹਮੇਸ਼ਾਂ ਪ੍ਰੇਰਨਾ ਮਿਲਦੀ ਰਹੇਗੀ। ਇਹ ਸਮਾਂ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ, ਸਿਦਕ ਅਤੇ ਸਬਰ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਉਨ੍ਹਾਂ ਦੇ ਦਿਖਾਏ ਰਾਹਾਂ ’ਤੇ

ਭਾਈ ਹਮਾਰੇ ਸਦ ਹੀ ਜੀਵੀ।। - ਸਵਰਾਜਬੀਰ

ਜਦ ਪਿਛਲੇ ਵਰ੍ਹੇ ਅਪਰੈਲ-ਮਈ ਵਿਚ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੇ ਆਗੂਆਂ ਨੇ ਪਾਰਟੀ ਅਤੇ ਸਰਕਾਰ ਦੇ ਸੁਨਹਿਰੇ ਭਵਿੱਖ ਦੀ ਕਲਪਨਾ ਕੀਤੀ ਹੋਵੇਗੀ ਤਾਂ ਨਿਸ਼ਚੇ ਹੀ ਉਸ ਕਲਪਨਾ ਵਿਚ ਇਸ ਸਮੇਂ ਨਵੇਂ ਸਿਖ਼ਰਾਂ ਵੱਲ ਜਾ ਰਹੇ ਕਿਸਾਨ ਅੰਦੋਲਨ ਦਾ ਕਾਂਡ ਨਹੀਂ ਹੋਵੇਗਾ। ਪਾਰਟੀ ਉਸ ਸਮੇਂ ਤਕ ਆਪਣੇ ਏਜੰਡੇ ਦੇ ਕੁਝ ਮਹਾਨ ਟੀਚਿਆਂ ਨੂੰ ਪ੍ਰਾਪਤ ਕਰ ਚੁੱਕੀ ਸੀ ਅਤੇ ਬਾਕੀ ਟੀਚਿਆਂ ਤਕ ਪਹੁੰਚਣ ਲਈ ਦ੍ਰਿੜ੍ਹ ਸੀ। ਇਨ੍ਹਾਂ ਮਹਾਨ ਪ੍ਰਾਪਤੀਆਂ ਵਿਚ 2019 ਵਿਚ ਧਾਰਾ 370 ਨੂੰ ਬਰਖ਼ਾਸਤ ਕਰਕੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣਾ, ਨਾਗਰਿਕਤਾ ਸੋਧ ਕਾਨੂੰਨ ਬਣਾਉਣਾ ਅਤੇ ਉਸ ਵਿਰੁੱਧ ਸ਼ਾਹੀਨ ਬਾਗ ’ਚੋਂ ਉੱਠੇ ਹੋਏ ਅੰਦੋਲਨ ਨੂੰ ਦਬਾ ਦੇਣਾ ਸ਼ਾਮਲ ਸੀ। ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ’ਤੇ ਦੇਸ਼ ਵਿਚ ਵੱਡੇ ਪੱਧਰ ’ਤੇ ਵਿਰੋਧ ਨਹੀਂ ਸੀ ਹੋਇਆ ਅਤੇ ਫੈਡਰਲਿਜ਼ਮ ਦੀ ਹਮਾਇਤ ਕਰਨ ਵਾਲੀਆਂ ਖੇਤਰੀ ਪਾਰਟੀਆਂ ਨੇ ਵੀ ਕੇਂਦਰ ਸਰਕਾਰ ਦੇ ਇਸ ਕਦਮ ਦੀ ਹਮਾਇਤ ਕੀਤੀ ਸੀ। ਸ਼ਰਾਰਤੀ ਅਨਸਰ 5 ਜਨਵਰੀ 2020 ਦੀ ਸ਼ਾਮ ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਵੜ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕੁੱਟ-ਮਾਰ ਕਰਕੇ ਉਨ੍ਹਾਂ ਨੂੰ ਸਬਕ ਸਿਖਾ ਚੁੱਕੇ ਸਨ। ਇਹ ਸਬਕ ਬਾਕੀ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਨੂੰ ਇਹ ਝਾਕੀ ਦਿਖਾ ਚੁੱਕਾ ਸੀ ਕਿ ਜੇ ਵਿਦਿਆਰਥੀ ਅਤੇ ਅਧਿਆਪਕ ਸੱਤਾਧਾਰੀ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰਨਗੇ ਤਾਂ ਉਨ੍ਹਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪੁਲੀਸ ਨੇ ਅਜਿਹਾ ਪਾਠ ਜਾਮੀਆ ਮਿਲੀਆ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਵੀ ਪੜ੍ਹਾਇਆ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਕਰਨ ਵਾਲਿਆਂ ਨੂੰ ਫਰਵਰੀ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਸੀ।
         ਅਜਿਹੇ ਸਾਜ਼ਗਾਰ ਮਾਹੌਲ ਵਿਚ ਕੋਵਿਡ-19 ਦਾ ਆਉਣਾ ਕਿਸੇ ਦੈਵੀ ਦਖ਼ਲਅੰਦਾਜ਼ੀ ਵਾਂਗ ਸੀ। ਸਰੀਰਿਕ ਦੂਰੀ ਬਣਾ ਕੇ ਰੱਖਣ ਦੇ ਅਸੂਲ ਕਾਰਨ ਕਿਸੇ ਵੀ ਸਰਕਾਰੀ ਹੁਕਮ ਜਾਂ ਪਹਿਲਕਦਮੀ ਦਾ ਸਮਾਜਿਕ ਵਿਰੋਧ ਹੋਣ ਦਾ ਕੋਈ ਖ਼ਦਸ਼ਾ ਨਹੀਂ ਸੀ ਰਿਹਾ। ਸਰਕਾਰ ਦਾ ਧਿਆਨ ਰਾਮ ਮੰਦਰ ਦੀ ਨੀਂਹ ਰੱਖਣ ਅਤੇ ਸਨਅਤ ਤੇ ਖੇਤੀ ਖੇਤਰਾਂ ਵਿਚ ‘ਸੁਧਾਰ’ ਕਰਨ ’ਤੇ ਕੇਂਦਰਿਤ ਸੀ। ਸਰਕਾਰ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੁਆਰਾ ਕੀਤੇ ਗਏ ਹਰ ‘ਸੁਧਾਰ’ ਨੂੰ ਲੋਕ ਚਾਈਂ-ਚਾਈਂ ਸਵੀਕਾਰ ਕਰਨਗੇ। ਸਰਕਾਰ ਨੂੰ ਇਹ ਗਿਆਨ ਨੋਟਬੰਦੀ ਅਤੇ ਜੀਐੱਸਟੀ ਨੂੰ ਲਾਗੂ ਕਰਨ ਅਤੇ ਸਾਢੇ ਚਾਰ ਘੰਟੇ ਦੇ ਨੋਟਿਸ ’ਤੇ ਪੂਰੇ ਦੇਸ਼ ਵਿਚ ਤਾਲਾਬੰਦੀ ਕਰਨ ਦੇ ਆਪਣੇ ਤਜਰਬਿਆਂ ਤੋਂ ਹੋਇਆ ਸੀ। ਰਸਮੀ ਅਤੇ ਗ਼ੈਰ-ਰਸਮੀ ਖੇਤਰ ਦੀਆਂ ਸਨਅਤਾਂ ਵਿਚ ਕੰਮ ਕਰਦੇ ਕਿਰਤੀਆਂ ਦੇ ਹੱਕਾਂ ਨੂੰ ਚਾਰ ਕਿਰਤ ਕੋਡ ਬਣਾ ਕੇ ਸੀਮਤ ਕਰ ਦਿੱਤਾ ਗਿਆ। ਸਨਅਤੀ ਮਜ਼ਦੂਰਾਂ ਨੇ ਵੱਡੀ ਹੜਤਾਲ ਕੀਤੀ, ਪਰ ਮਜ਼ਦੂਰ ਜਥੇਬੰਦੀਆਂ ਦੇ ਕਮਜ਼ੋਰ ਅਤੇ ਕਿਰਤੀਆਂ ਦੇ ਆਪਣੇ ਹਾਲਾਤ ਬਹੁਤ ਮਜਬੂਰੀਆਂ ਵਾਲੇ ਹੋਣ ਕਾਰਨ ਉਸ ਅੰਦੋਲਨ ਦੇ ਪਾਸਾਰ ਜ਼ਿਆਦਾ ਵਿਸ਼ਾਲ ਨਾ ਹੋ ਸਕੇ।
         ਇੰਨੇ ਵਿਚ ਸਰਕਾਰ ਨੇ ਖੇਤੀ ਖੇਤਰ ਨਾਲ ਸਬੰਧਿਤ ਆਰਡੀਨੈਂਸ ਜਾਰੀ ਕਰਦਿਆਂ ਸੂਬਾ ਸਰਕਾਰਾਂ ਦੁਆਰਾ ਬਣਾਈਆਂ ਗਈਆਂ ਖੇਤੀ ਮੰਡੀਆਂ ਖ਼ਤਮ ਕਰਨ ਅਤੇ ਕਾਰਪੋਰੇਟ ਅਦਾਰਿਆਂ ਦਾ ਖੇਤੀ ਖੇਤਰ ਵਿਚ ਦਖ਼ਲ ਵਧਾਉਣ ਲਈ ਰਾਹ ਪੱਧਰਾ ਕੀਤਾ। ਜ਼ਰੂਰੀ ਵਸਤਾਂ ਦੀ ਜ਼ਖੀਰੇਬਾਜ਼ੀ ਨਾਲ ਸਬੰਧਿਤ ਕਾਨੂੰਨ ਵਿਚ ਸੋਧ ਕੀਤੀ ਗਈ। ਕੇਂਦਰ ਸਰਕਾਰ ਅਤੇ ਭਾਜਪਾ ਨੇ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਕਿਸਾਨ ਉਨ੍ਹਾਂ ਆਰਡੀਨੈਂਸਾਂ (ਜੋ ਹੁਣ ਕਾਨੂੰਨ ਬਣ ਗਏ ਹਨ) ਵਿਚਲੇ ਏਜੰਡਿਆਂ ਨੂੰ ਇੰਨੀ ਜਲਦੀ ਸਮਝ ਕੇ ਵੱਡੀ ਪੱਧਰ ’ਤੇ ਅੰਦੋਲਿਤ ਹੋ ਜਾਣਗੇ। 26 ਨਵੰਬਰ 2020 ਦੇਸ਼ ਦੇ ਇਤਿਹਾਸ ਵਿਚ ਇਕ ਮੀਲ-ਪੱਥਰ ਬਣ ਗਿਆ, ਇਸ ਦਿਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਅਤੇ ਹਰਿਆਣਾ ਦੀਆਂ ਹੱਦਾਂ ’ਤੇ ਡੇਰੇ ਲਾ ਦਿੱਤੇ।
      ਕਿਸਾਨ-ਵਿਰੋਧੀ ਤਾਕਤਾਂ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤਿਆ। ਕਦੇ ਅੰਦੋਲਨ ਦੇ ਆਗੂਆਂ ਨੂੰ ਅਤਿਵਾਦੀ ਤੇ ਕਦੇ ਨਕਸਲੀ ਕਿਹਾ ਗਿਆ। 26 ਜਨਵਰੀ 2021 ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਅੰਦੋਲਨ ਨੂੰ ਆਪਣੇ ਸ਼ਾਂਤਮਈ ਮਹਾਂ-ਮਾਰਗ ਤੋਂ ਪਰੇ ਧੱਕਣ ਦੀ ਕੋਸ਼ਿਸ਼ ਕੀਤੀ ਅਤੇ ਕਿਸਾਨ-ਵਿਰੋਧੀ ਧਿਰਾਂ ਨੂੰ ਫਿਰ ਅੰਦੋਲਨ ਦੀ ਵਾਗਡੋਰ ਅਤਿਵਾਦੀਆਂ ਦੇ ਹੱਥਾਂ ਵਿਚ ਹੋਣ ਦਾ ਇਲਜ਼ਾਮ ਲਗਾਉਣ ਦਾ ਮੌਕਾ ਮਿਲ ਗਿਆ। ਉਨ੍ਹਾਂ ਨੇ ਇਸ ਬਾਰੇ ਬੜੀ ਪ੍ਰਚੰਡਤਾ ਨਾਲ ਪ੍ਰਚਾਰ ਕੀਤਾ, ਪਰ ਅਜਿਹੇ ਹੱਥਕੰਡੇ ਅਸਫ਼ਲ ਰਹੇ।
      ਪ੍ਰਧਾਨ ਮੰਤਰੀ ਨੇ ਕਿਸਾਨ ਆਗੂਆਂ ਲਈ ਨਵਾਂ ਸ਼ਬਦ ‘ਅੰਦੋਲਨ-ਜੀਵੀ’ ਈਜਾਦ ਕੀਤਾ। ਜਮਹੂਰੀ ਤਾਕਤਾਂ ਨੇ ਇਸ ਸ਼ਬਦ ਵਿਰੁੱਧ ਆਪਣੇ ਸ਼ਬਦ ਘੜੇ, ਪੱਤਰਕਾਰ ਰਵੀਸ਼ ਕੁਮਾਰ ਨੇ ਕਿਸਾਨ ਆਗੂਆਂ ਨੂੰ ਜਮਹੂਰੀਅਤ ਦੇ ਰਖਵਾਲੇ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਲੋਕਤੰਤਰੀ-ਜੀਵੀ ਕਿਹਾ, ਰਾਕੇਸ਼ ਟਿਕੈਤ ਨੇ ਜਵਾਬੀ ਹਮਲਾ ਕਰਦਿਆਂ ਭਾਜਪਾ ਆਗੂਆਂ ਨੂੰ ਦੰਗਾ-ਜੀਵੀ (ਦੰਗੇ ਕਰਵਾਉਣ ਵਾਲੇ) ਕਿਹਾ, ਕਈ ਹੋਰਾਂ ਨੇ ਉਨ੍ਹਾਂ ਨੂੰ ਜੁਮਲਾ-ਜੀਵੀ (ਜੁਮਲੇ ਬਣਾਉਣ ਵਾਲੇ) ਅਤੇ ਭਾਸ਼ਣ-ਜੀਵੀ ਕਿਹਾ, ਪੰਜਾਬੀ ਦੇ ਸੀਨੀਅਰ ਪੱਤਰਕਾਰ ਸੁਕੀਰਤ ਨੇ ਇਸ ਦੌਰ ਨੂੰ ‘ਨਫ਼ਰਤ-ਜੀਵੀ’ ਘੜਨ ਦਾ ਦੌਰ ਕਿਹਾ।
       ਪ੍ਰਧਾਨ ਮੰਤਰੀ ਨੇ ਸ਼ਬਦ ‘ਅੰਦੋਲਨ-ਜੀਵੀ’ ਅੰਦੋਲਨ ਕਰਨ ਵਾਲਿਆਂ ਨੂੰ ਨਫ਼ਰਤ ਕਰਨ ਦੀ ਭਾਵਨਾ ਅਤੇ ਉਸ ਪਰੰਪਰਾ ਦੀ ਪ੍ਰੇਰਨਾ ਤੋਂ ਘੜਿਆ ਜਿਸ ਤਹਿਤ ਉਨ੍ਹਾਂ ਦਾ ਮਾਨਸਿਕ ਸੰਸਾਰ ਉੱਸਰਿਆ ਹੈ। ਪੰਜਾਬ ਦੇ ਲੋਕ ਸਿੱਖ-ਗੁਰੂਆਂ, ਸੂਫ਼ੀਆਂ, ਭਗਤੀ ਲਹਿਰ ਦੇ ਸੰਤਾਂ ਅਤੇ ਨਾਥ-ਜੋਗੀਆਂ ਤੋਂ ਪ੍ਰੇਰਨਾ ਲੈਂਦੇ ਹਨ। ਜਦੋਂ ਸ਼ਬਦ ਪ੍ਰੇਮ ਅਤੇ ਸਾਂਝੀਵਾਲਤਾ ਦੀ ਭਾਵਨਾ ’ਚੋਂ ਘੜੇ ਜਾਂਦੇ ਹਨ ਤਾਂ ਉਨ੍ਹਾਂ ਦੀ ਘਾੜਤ ਅਤੇ ਬਣਤਰ ਪ੍ਰੇਮਮਈ ਅਤੇ ਸਾਂਝੀਵਾਲਤਾ ਦੀ ਭਾਵਨਾ ਵਾਲੀ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ‘‘ਬਾਪੁ ਹਮਾਰਾ ਸਦ ਚਰੰਜੀਵੀ। ਭਾਈ ਹਮਾਰੇ ਸਦ ਹੀ ਜੀਵੀ।।’’ ਭਾਵ ਸਾਡਾ ਪਿਤਾ ਪ੍ਰਮਾਤਮਾ ਚਿਰੰਜੀਵੀ ਹੈ। ਸਾਡੇ ਭਰਾ ਵੀ ਲੰਮੀ ਉਮਰ ਵਾਲੇ ਹੋਣਗੇ। ਪ੍ਰੇਮ-ਭਾਵ ਵਾਲੇ ਇਹ ਸ਼ਬਦ ਸੱਚੀ ਟਕਸਾਲ (‘‘ਘੜੀਐ ਸਬਦੁ ਸਚੀ ਟਕਸਾਲ।।’’ ਗੁਰੂ ਨਾਨਕ ਦੇਵ ਜੀ) ’ਚੋਂ ਨਿਕਲੇ ਹਨ। ਪੰਜਾਬ ਦੇ ਕਿਸਾਨ ਅਜਿਹੇ ਸ਼ਬਦ-ਸੰਸਾਰ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚੇ ਹਨ। ਸੱਤਾਧਾਰੀ ਪਾਰਟੀ ਦੀ ਪਹੁੰਚ ਬਿਲਕੁਲ ਉਲਟ ਹੈ। ਉਸ ਦੇ ਆਗੂ ਕਈ ਦਹਾਕਿਆਂ ਤੋਂ ਸਮਾਜਿਕ ਵੰਡੀਆਂ ਪਾਉਣ ਵਾਲੀ ਭਾਸ਼ਾ ਘੜ/ਵਰਤ ਰਹੇ ਹਨ। ਕੂੜ ਦੀਆਂ ਭੱਠੀਆਂ ’ਚੋਂ ਕੂੜ ਅਤੇ ਨਫ਼ਰਤ ਵਧਾਉਣ ਵਾਲੇ ਸ਼ਬਦ ਹੀ ਨਿਕਲਦੇ ਹਨ।
      ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਣ ਤੋਂ ਬਾਅਦ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਅੰਦੋਲਨ ਦਾ ਸਮਾਜਿਕ ਆਧਾਰ ਹੋਰ ਵਿਆਪਕ ਹੋਇਆ ਅਤੇ ਹਜ਼ਾਰਾਂ ਲੋਕਾਂ ਦੀਆਂ ਮਹਾਂ-ਪੰਚਾਇਤਾਂ ਹੋਈਆਂ। ਵੀਰਵਾਰ ਪੰਜਾਬ ਵਿਚ ਜਗਰਾਉਂ ਦੀ ਮਹਾਂ-ਪੰਚਾਇਤ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕੋ ਮੰਚ ਤੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
      ਕਿਸਾਨ ਅੰਦੋਲਨ ਦਾ ਇੰਨਾ ਵਿਆਪਕ ਹੋਣਾ ਅਤੇ ਇੰਨੀ ਲੰਮੀ ਦੇਰ ਲਈ ਚੱਲਣਾ ਭਾਜਪਾ ਅਤੇ ਕੇਂਦਰ ਸਰਕਾਰ ਦੁਆਰਾ ਕਲਪਿਤ ਭਵਿੱਖ ਦੇ ਬਿਰਤਾਂਤ ਨੂੰ ਲੀਰੋ-ਲੀਰ ਕਰਨ ਦੀ ਸਮਰੱਥਾ ਰੱਖਦਾ ਹੈ। ਭਾਜਪਾ ਨੂੰ ਅਜੇ ਵੀ ਵਿਸ਼ਵਾਸ ਹੈ ਕਿ ਉਸ ਕੋਲ ਲੋਕਾਂ ਨੂੰ ਫ਼ਿਰਕੂ ਲੀਹਾਂ ’ਤੇ ਵੰਡ ਕੇ ਚੋਣਾਂ ਜਿੱਤਣ ਦਾ ਮਹਾਂ-ਮੰਤਰ ਮੌਜੂਦ ਹੈ ਅਤੇ ਉਹ ਲੋਕਾਂ ਨੂੰ ਆਪਣੇ ਬੁਨਿਆਦੀ ਮੁੱਦਿਆਂ ਤੋਂ ਭਟਕਾ ਕੇ ਆਪਣੇ ਵੰਡ-ਪਾਊ ਏਜੰਡੇ ਵਿਚ ਹਿੱਸੇਦਾਰ ਬਣਾ ਸਕਦੀ ਹੈ। ਉਹ ਬਿਹਾਰ ਵਿਚ ਸਫ਼ਲ ਹੋਈ ਹੈ ਅਤੇ ਇਸੇ ਏਜੰਡੇ ਤਹਿਤ ਪੱਛਮੀ ਬੰਗਾਲ ਵਿਚ ਆਪਣੇ ਝੰਡੇ ਗੱਡਣਾ ਚਾਹੁੰਦੀ ਹੈ। ਇਸ ਸਭ ਕੁਝ ਦੇ ਬਾਵਜੂਦ ਭਾਜਪਾ ਕਿਸਾਨ ਅੰਦੋਲਨ ਦੇ ਸਿਦਕ, ਸਿਰੜ, ਸਬਰ ਤੇ ਸਾਂਝੀਵਾਲਤਾ ਦੇ ਆਦਰਸ਼ਾਂ ਦੀ ਨੈਤਿਕ ਸ਼ਕਤੀ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੈ। ਵੰਡ-ਪਾਊ ਨੀਤੀਆਂ ਕਾਰਨ ਭਾਜਪਾ ਅਜੇ ਵੀ ਚੋਣਾਂ ਜਿੱਤ ਸਕਦੀ ਹੈ, ਪਰ ਕਿਸਾਨਾਂ ਦੀ ਆਪਣੀਆਂ ਮੰਗਾਂ ਦੇ ਹੱਕ ਵਿਚ ਲੰਮੀ ਲੜਾਈ ਲੜਨ ਅਤੇ ਦੁੱਖ ਸਹਿਣ ਦੀ ਤਾਕਤ ਦਾ ਸਾਹਮਣਾ ਨਹੀਂ ਕਰ ਸਕਦੀ। ਭਾਜਪਾ ਜਾਣਦੀ ਹੈ ਕਿ ਉਸ ਦੁਆਰਾ ਬਣਾਇਆ ਗਿਆ ਮਹਾਂ-ਬਿਰਤਾਂਤ ਤਿੜਕ ਰਿਹਾ ਹੈ। ਨੈਤਿਕ ਸੰਸਾਰ ਵਿਚ ਉਸ ਲਈ ਕੋਈ ਥਾਂ ਨਹੀਂ ਹੈ।
        ਕਿਸਾਨ ਅੰਦੋਲਨ ਪੰਜਾਬ ਅਤੇ ਹਰਿਆਣੇ ਦਾ ਅੰਦੋਲਨ ਨਾ ਰਹਿ ਕੇ ਪੂਰੇ ਦੇਸ਼ ਦਾ ਅੰਦੋਲਨ ਬਣ ਰਿਹਾ ਹੈ। ਰਾਕੇਸ਼ ਟਿਕੈਤ ਅਤੇ ਹੋਰ ਆਗੂਆਂ ਨੇ ਆਪਣੀ ਤਾਕਤ ਅਤੇ ਮੰਗਾਂ ਨਾਲ ਇਸ ਵਿਚ ਨਵੀਂ ਊਰਜਾ ਭਰੀ ਹੈ। ਇਸ ਕਾਰਨ ਪੰਜਾਬ ਦੇ ਕਿਸਾਨ ਆਗੂਆਂ ਦੇ ਨਾਲ-ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂਆਂ ਦੀ ਭੂਮਿਕਾ ਵਧੀ ਹੈ। ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਬਿਹਾਰ, ਉੜੀਸਾ ਅਤੇ ਹੋਰ ਸੂਬਿਆਂ ਵਿਚ ਵੀ ਕਿਸਾਨ ਸਰਗਰਮ ਹੋ ਰਹੇ ਹਨ।
       ਅੰਦੋਲਨ ਦੇ ਇਸ ਨਿਰਣਾਇਕ ਪੜਾਅ ’ਤੇ ਕਿਸਾਨ ਆਗੂਆਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ। ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੀ ਏਕਤਾ ਅਤੇ ਅੰਦੋਲਨ ਨੂੰ ਸ਼ਾਂਤਮਈ ਬਣਾ ਕੇ ਰੱਖਣ ਦੀ ਹੈ। ਇਕ ਹੋਰ ਵੱਡੀ ਜ਼ਿੰਮੇਵਾਰੀ ਇਹ ਹੈ ਕਿ 25-26 ਜਨਵਰੀ ਦੀਆਂ ਘਟਨਾਵਾਂ ਵਾਂਗ ਮੌਕਾਪ੍ਰਸਤ ਤੱਤ ਉਨ੍ਹਾਂ ਦੀਆਂ ਸਟੇਜਾਂ ਦਾ ਕੰਟਰੋਲ ਨਾ ਕਰਨ ਅਤੇ ਨਾ ਹੀ ਕਿਸਾਨਾਂ ਨੂੰ ਵਰਗਲਾ ਸਕਣ। ਕਿਸਾਨ ਆਗੂਆਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਦੇ ਸਮੇਂ ਵੱਡੇ ਫ਼ੈਸਲੇ ਲੈਣੇ ਪੈਣਗੇ। ਜਿੱਥੇ ਇਨ੍ਹਾਂ ਫ਼ੈਸਲਿਆਂ ਵਿਚ ਆਪਸੀ ਸਹਿਮਤੀ ਜ਼ਰੂਰੀ ਹੈ, ਉੱਥੇ ਕਿਸਾਨ ਆਗੂਆਂ ਨੂੰ ਇਹ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਦੁਆਰਾ ਲਏ ਜਾ ਰਹੇ ਫ਼ੈਸਲੇ ਸਮੂਹ ਕਿਸਾਨਾਂ ਦੇ ਹੱਕ ਵਿਚ ਹਨ। ਕਿਸਾਨ ਆਗੂਆਂ ਦੀ ਅਗਵਾਈ ਸਦਕਾ ਹੀ ਇਹ ਅੰਦੋਲਨ ਮੌਜੂਦਾ ਮੁਕਾਮ ’ਤੇ ਪਹੁੰਚਿਆ ਹੈ। ਕਿਸਾਨਾਂ ਨੂੰ ਆਪਣੇ ਆਗੂਆਂ ਦੀ ਸਹੀ ਫ਼ੈਸਲੇ ਲੈਣ ਦੀ ਸਮਰੱਥਾ ’ਤੇ ਯਕੀਨ ਹੈ ਕਿਉਂਕਿ ਉਨ੍ਹਾਂ ਨੇ ਇਹ ਫ਼ੈਸਲੇ ਪੂਰੀ ਜ਼ਿੰਮੇਵਾਰੀ ਨਾਲ ਲਏ ਹਨ। ਭਵਿੱਖ ਵਿਚ ਵੀ ਉਨ੍ਹਾਂ ਨੂੰ ਆਪਣੇ ਫ਼ੈਸਲੇ ਕਿਸਾਨ ਅੰਦੋਲਨ ਦੇ ਸਾਰੇ ਸਰੋਕਾਰਾਂ ਨੂੰ ਧਿਆਨ ਵਿਚ ਰੱਖਦਿਆਂ ਲੈਣੇ ਪੈਣੇ ਹਨ। ਉਨ੍ਹਾਂ ਨੂੰ ਹੋਰ ਵੀ ਸੁਚੇਤ ਹੋਣਾ ਪਵੇਗਾ ਕਿ ਆਪਣੇ ਆਪ ਨੂੰ ਜ਼ਿਆਦਾ ਗਰਮ-ਖ਼ਿਆਲੀ ਦਰਸਾਉਣ ਦੀ ਦੌੜ ਵਿਚ ਕੋਈ ਜਥੇਬੰਦੀ ਉਨ੍ਹਾਂ ਦੇ ਏਜੰਡੇ ਨੂੰ ਅਜਿਹੀਆਂ ਲੀਹਾਂ ’ਤੇ ਨਾ ਧੱਕੇ ਜਿਹੜਾ ਕਿਸਾਨ ਅੰਦੋਲਨ ਦੇ ਭਵਿੱਖ ਨੂੰ ਹਨੇਰੇ ਪਾਸੇ ਵੱਲ ਲਿਜਾ ਸਕਦਾ ਹੋਵੇ। ਸਾਰੇ ਵਰਗਾਂ ਦੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਹਨ। ਇਸ ਸਮੇਂ ਅੰਦੋਲਨ ਨਵੀਆਂ ਸਿਖ਼ਰਾਂ ਵੱਲ

... ਸੂਲਾਂ ਸੇਤੀ ਰਾਤਿ।। - ਸਵਰਾਜਬੀਰ

ਇਸ ਹਫ਼ਤੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਦਿੱਲੀ ਨੂੰ ਜਾਂਦੀਆਂ ਸੜਕਾਂ ’ਤੇ ਕੁਝ ਅਜਬ ਵਾਪਰਿਆ। ਆਮ ਨਾਗਰਿਕਾਂ ਨੇ ਪੁਲੀਸ ਨੂੰ ਜਲੂਸਾਂ, ਮੁਜ਼ਾਹਰਿਆਂ ਨੂੰ ਰੋਕਣ ਲਈ ਬੈਰੀਕੇਡ ਲਾਉਂਦੇ ਤਾਂ ਵੇਖਿਆ ਸੀ ਪਰ ਸਰਕਾਰ ਨੂੰ ਸੜਕਾਂ ’ਤੇ ਕੰਡਿਆਲੀਆਂ ਤਾਰਾਂ ਅਤੇ ਨੁਕੀਲੇ ਕਿੱਲੇ ਗੱਡਦਿਆਂ ਨਹੀਂ ਸੀ ਦੇਖਿਆ। ਆਮ ਨਾਗਰਿਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਇਹ ਨੁਕੀਲੇ ਕਿੱਲੇ ਅਤੇ ਕੰਡਿਆਲੀਆਂ ਤਾਰਾਂ ਕਿਉਂ ਲਗਾਈਆਂ ਜਾ ਰਹੀਆਂ ਹਨ। ਸਪੱਸ਼ਟ ਹੈ ਇਹ ਕਿਸਾਨਾਂ ਨੂੰ ਰੋਕਣ ਲਈ ਲਗਾਈਆਂ ਜਾ ਰਹੀਆਂ ਸਨ। ਇਹ ਸਵਾਲ ਵੀ ਉੱਠਿਆ ਹੈ ਕਿ ਕੀ ਸਰਕਾਰ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ। ਕੁਝ ਸਿਆਸੀ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਸਰਕਾਰ ਕਿਸਾਨਾਂ ਤੋਂ ਡਰ ਰਹੀ ਹੈ। ਦੋਵੇਂ ਹਾਲਾਤ ਅਫ਼ਸੋਸਜਨਕ ਤੋਂ ਭਿਅੰਕਰ ਦੇ ਵਿਚਕਾਰ ਦੀਆਂ ਸਥਿਤੀਆਂ ਹੋਣ ਦਾ ਸੰਕੇਤ ਦਿੰਦੇ ਹਨ। ਜੇ ਸਰਕਾਰ ਸੜਕਾਂ ’ਤੇ ਨੁਕੀਲੇ ਕਿੱਲੇ ਗੱਡ ਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਤਾਂ ਸਥਿਤੀ ਅਤਿਅੰਤ ਅਫ਼ਸੋਸਜਨਕ ਹੈ ਕਿਉਂਕਿ ਲੋਕਾਂ ਵਿਚ ਪ੍ਰਭਾਵ ਇਹ ਗਿਆ ਕਿ ਇਹ ਕਿੱਲੇ ਸੜਕਾਂ ’ਤੇ ਨਹੀਂ, ਜਮਹੂਰੀਅਤ ਦੀ ਆਤਮਾ ਵਿਚ ਗੱਡੇ ਜਾ ਰਹੇ ਹਨ। ਇਸ ਪ੍ਰਭਾਵ ਦੇ ਡੂੰਘੇ ਨੈਤਿਕ ਅਸਰ ਕਾਰਨ ਸਰਕਾਰ ਨੂੰ ਇਹ ਨੁਕੀਲੇ ਕਿੱਲੇ ਪੁੱਟਣੇ ਪਏ ਹਨ ਭਾਵੇਂ ਕਿ ਪੁਲੀਸ ਅਜੇ ਵੀ ਕਹਿ ਰਹੀ ਹੈ ਉਹ ਇਨ੍ਹਾਂ ਨੁਕੀਲੇ ਕਿੱਲਿਆਂ ਨੂੰ ਹੋਰ ਥਾਂ ’ਤੇ ਗੱਡੇਗੀ।
       ਕੁਝ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸਰਕਾਰ ਕਿਸਾਨਾਂ ਤੋਂ ਡਰ ਰਹੀ ਹੈ। ਜੇ ਇਸ ਕਥਨ ਵਿਚ ਕੁਝ ਸਚਾਈ ਹੈ ਤਾਂ ਸਥਿਤੀ ਹੋਰ ਭਿਅੰਕਰ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਡਰਿਆ ਹੋਇਆ ਸੱਤਾਧਾਰੀ ਕੀ ਕਰ ਸਕਦਾ ਹੈ। ਅਸੀਂ ਵੇਖਿਆ ਹੈ ਕਿ 1975 ਵਿਚ ਡਰੀ ਹੋਈ ਤਤਕਾਲੀਨ ਪ੍ਰਧਾਨ ਮੰਤਰੀ ਨੇ ਕੀ ਕੀਤਾ ਸੀ। ਉਸ ਪ੍ਰਧਾਨ ਮੰਤਰੀ ਦੀ ਪਾਰਟੀ ਨੇ 1971 ਦੀਆਂ ਲੋਕ ਸਭਾ ਚੋਣਾਂ ਵਿਚ 352 ਸੀਟਾਂ ਜਿੱਤੀਆਂ ਸਨ ਪਰ ਜਦ ਉਸ ਨੂੰ ਲੱਗਾ ਕਿ ਸੱਤਾ ਨੂੰ ਖ਼ਤਰਾ ਹੈ ਤਾਂ ਉਸ ਨੇ ਜਮਹੂਰੀਅਤ ਦੀ ਆਤਮਾ ਨੂੰ ਵਲੂੰਧਰ ਛੱਡਿਆ।
        ਮੌਜੂਦਾ ਪ੍ਰਧਾਨ ਮੰਤਰੀ ਅਤੇ ਉਸ ਦੀ ਪਾਰਟੀ, ਜਿਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ 303 ਸੀਟਾਂ ਜਿੱਤੀਆਂ, ਦੀ ਸੱਤਾ ਨੂੰ ਕੋਈ ਖ਼ਤਰਾ ਨਹੀਂ ਹੈ। ਮੌਜੂਦਾ ਸਰਕਾਰ ਨੇ 1975 ਵਾਲੀ ਸਰਕਾਰ ਦੇ ਮੁਕਾਬਲੇ ਰਿਆਸਤ/ਸਟੇਟ/ਸਰਕਾਰ ਦੇ ਵੱਖ-ਵੱਖ ਅੰਗਾਂ ਅਤੇ ਸੰਸਥਾਵਾਂ ਨੂੰ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਦਿਆਂ ਕਿਤੇ ਜ਼ਿਆਦਾ ਚਤੁਰਤਾ ਦਿਖਾਈ ਹੈ। ਪੁਲੀਸ ਹੋਵੇ ਜਾਂ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਐੱਨਆਈਏ ਜਿਹੀਆਂ ਤਫ਼ਤੀਸ਼ ਏਜੰਸੀਆਂ, ਕੇਂਦਰੀ ਚੋਣ ਕਮਿਸ਼ਨ ਹੋਵੇ ਜਾਂ ਨੀਤੀ ਆਯੋਗ, ਦੇਸ਼ ਦਾ ਕੇਂਦਰੀ ਰਿਜ਼ਰਵ ਬੈਂਕ ਆਫ਼ ਇੰਡੀਆ ਹੋਵੇ ਜਾਂ ਨਿਆਂਪਾਲਿਕਾ, ਮੌਜੂਦਾ ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਆਪਣੀ ਸੱਤਾ ਮਜ਼ਬੂਤ ਕਰਨ ਲਈ 1975 ਦੀ ਸਰਕਾਰ ਨਾਲੋਂ ਵੱਡੇ ਪੱਧਰ ’ਤੇ ਵਰਤਣ ਵਿਚ ਕਾਮਯਾਬ ਹੋਈ ਹੈ। ਮੌਜੂਦਾ ਸੱਤਾਧਾਰੀ ਪਾਰਟੀ ਨੇ ਜਿਨ੍ਹਾਂ ਹੱਥਾਂ ਨਾਲ ਇਨ੍ਹਾਂ ਸੰਸਥਾਵਾਂ ਨੂੰ ਪਲੋਸਿਆ ਅਤੇ ਵਲੂੰਧਰਿਆ ਹੈ, ਉਨ੍ਹਾਂ ਹੱਥਾਂ ਨੂੰ ਧਿਆਨ ਨਾਲ ਵੇਖੀਏ ਤਾਂ ਉਨ੍ਹਾਂ ਹੱਥਾਂ ’ਤੇ ਪਹਿਨੇ ਦਸਤਾਨਿਆਂ ’ਤੇ ਵੀ ਉਹੋ ਜਿਹੀਆਂ ਸੂਲਾਂ, ਮੇਖਾਂ ਅਤੇ ਨੁਕੀਲੇ ਕਿੱਲ ਦਿਸ ਪੈਣਗੇ ਜਿਹੜੇ ਦਿੱਲੀ ਨੂੰ ਜਾਂਦੀਆਂ ਸੜਕਾਂ ’ਤੇ ਗੱਡੇ ਜਾ ਰਹੇ ਸਨ।
       ਅਸਲੀ ਖ਼ਤਰਾ ਸਰਕਾਰ ਦੀ ਪ੍ਰਮਾਣਿਕਤਾ/ਨਿਆਂਪੂਰਨਤਾ/ਵਾਜਬੀਅਤ (Legitimacy) ਅਤੇ ਨੈਤਿਕ ਆਧਾਰ ਨੂੰ ਹੈ। ਕਈ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੇ ਲੋਕਾਂ ਸਾਹਮਣੇ ਸਪੱਸ਼ਟ ਕੀਤਾ ਹੈ ਕਿ ਸਿਆਸੀ ਜਮਾਤ ਅਤੇ ਕਾਰਪੋਰੇਟ ਅਦਾਰਿਆਂ ਦੇ ਹਿੱਤ ਬਿਲਕੁਲ ਸਾਂਝੇ ਹਨ। ਕਿਸਾਨਾਂ ਨੇ ਦਰਸਾਇਆ ਹੈ ਕਿ ਆਮ ਅਵਾਮ ਅਤੇ ਕਿਸਾਨਾਂ ਦੀ ਟੱਕਰ ਸਿਆਸੀ ਜਮਾਤ+ਕਾਰਪੋਰੇਟ ਅਦਾਰਿਆਂ ਨਾਲ ਹੈ।
ਸਵਾਲਾਂ ’ਚੋਂ ਸਵਾਲ ਪੈਦਾ ਹੁੰਦੇ ਹਨ ਕਿ ਕੀ ਸੜਕਾਂ ’ਤੇ ਨੁਕੀਲੇ ਕਿੱਲੇ ਗੱਡ ਕੇ ਸਰਕਾਰ ਦੀ ਨਿਆਂਪੂਰਨਤਾ (Legitimacy) ਅਤੇ ਨੈਤਿਕ ਆਧਾਰ ਦਾ ਬਚਾਓ ਹੋ ਸਕਦਾ ਹੈ। ਸਪੱਸ਼ਟ ਜਵਾਬ ਕਿ ਨਹੀਂ, ਅਜਿਹੀਆਂ ਕਾਰਵਾਈਆਂ ਨਾਲ ਤਾਂ ਸਰਕਾਰ ਦੇ ਨੈਤਿਕ ਆਧਾਰ ਨੂੰ ਹੋਰ ਖ਼ੋਰਾ ਲੱਗਦਾ ਹੈ। ਫਿਰ ਸਵਾਲ ਉੱਠਦਾ ਹੈ ਕਿ ਸਰਕਾਰ ਏਦਾਂ ਕਿਉਂ ਕਰ ਰਹੀ ਹੈ, ਇਸ ਦਾ ਉੱਤਰ ਇਹ ਹੈ ਕਿ ਡਰੇ ਹੋਏ ਸੱਤਾਧਾਰੀਆਂ ਨੇ ਹਮੇਸ਼ਾਂ ਨੁਕੀਲੇ ਕਿੱਲਾਂ, ਕੰਡਿਆਲੀਆਂ ਤਾਰਾਂ, ਬੰਦੂਕਾਂ, ਬਖਤਰਬੰਦ ਗੱਡੀਆਂ ਅਤੇ ਟੈਂਕਾਂ ਪਿੱਛੇ ਪਨਾਹ ਲਈ ਹੈ। ਡਰ ਜਿਵੇਂ ਮਨੁੱਖ ਦਾ ਮਾਨਸਿਕ ਤਵਾਜ਼ਨ ਖੋਹ ਲੈਂਦਾ ਹੈ, ਉਸੇ ਤਰ੍ਹਾਂ ਇਹ ਸਰਕਾਰਾਂ ਦੇ ਫ਼ੈਸਲੇ ਲੈਣ ਲਈ ਲੋੜੀਂਦੀ ਸਿਆਸੀ ਸੂਝ-ਸਮਝ ਨੂੰ ਵੀ ਭੁਚਲਾ ਕੇ ਰੱਖ ਦਿੰਦਾ ਹੈ।
       ਦੂਸਰੇ ਪਾਸੇ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਇਹ ਕਾਰਵਾਈਆਂ ਕਿਸਾਨਾਂ ਵਿਚ ਕੋਈ ਡਰ ਪੈਦਾ ਕਰ ਸਕੀਆਂ ਹਨ। ਇਸ ਦਾ ਜਵਾਬ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਹੋ ਰਹੀਆਂ ਖਾਪ ਪੰਚਾਇਤਾਂ ਅਤੇ ਮਹਾਂ-ਪੰਚਾਇਤਾਂ ਤੋਂ ਮਿਲ ਰਿਹਾ ਹੈ। ਇਸ ਦਾ ਜਵਾਬ ਮਹਾਰਾਸ਼ਟਰ, ਕਰਨਾਟਕ, ਤਾਮਿਲ ਨਾਡੂ ਅਤੇ ਹੋਰ ਸੂਬਿਆਂ ’ਚ ਹੋਈਆਂ ਰੈਲੀਆਂ ’ਚੋਂ ਮਿਲ ਰਿਹਾ ਹੈ। ਇਸ ਦਾ ਜਵਾਬ ਪੰਜਾਬ ਦੇ ਪਿੰਡਾਂ ’ਚੋਂ ਰੋਜ਼ ਸਿੰਘੂ ਤੇ ਟਿੱਕਰੀ ਬਾਰਡਰ ਰਵਾਨਾ ਹੋ ਰਹੀਆਂ ਔਰਤਾਂ, ਮਰਦਾਂ, ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨਾਲ ਭਰੀਆਂ ਟਰਾਲੀਆਂ ਤੋਂ ਮਿਲ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਮਹਾਂ-ਫ਼ਕੀਰ ਬਾਬਾ ਸ਼ੇਖ ਫ਼ਰੀਦ ਦੇ ਕਥਨ ਯਾਦ ਆ ਰਹੇ ਹਨ ‘‘ਫਰੀਦਾ ਡੁਖਾ ਸੇਤੀ ਦਿਹੁ ਗਿਆ ਸੂਲਾਂ ਸੇਤੀ ਰਾਤਿ।। ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ।।’’ ਭਾਵ ‘‘ਦਿਨ ਦੁੱਖਾਂ ਵਿਚ ਲੰਘਦਾ ਹੈ ਅਤੇ ਰਾਤ ਨੂੰ ਵੀ (ਦੁੱਖਾਂ ਦੀਆਂ) ਸੂਲਾਂ ਚੁਭਦੀਆਂ ਹਨ। ਕੰਢੇ ’ਤੇ ਖੜ੍ਹਾ ਮਲਾਹ (ਪਾਤਣੀ) ਪੁਕਾਰ ਰਿਹਾ ਹੈ ਕਿ ਬੇੜਾ ਤੂਫ਼ਾਨ (ਕਪਰ) ਦਾ ਸਾਹਮਣਾ ਕਰ ਰਿਹਾ ਹੈ।’’ ਸੜਕਾਂ ’ਤੇ ਗੱਡੇ ਗਏ ਨੁਕੀਲੇ ਕਿੱਲੇ ਸੂਲਾਂ ਵਾਂਗ ਕਿਸਾਨਾਂ ਦੀ ਆਤਮਾ ’ਚ ਚੁਭ ਰਹੇ ਹਨ। ਕਿਸਾਨ ਲਹਿਰ ਦੇ ਮਲਾਹਾਂ (ਆਗੂਆਂ) ਨੇ ਆਵਾਜ਼ ਦਿੱਤੀ ਹੈ ਕਿ ਲੋਕ-ਲਹਿਰ ਦੇ ਬੇੜੇ ਨੂੰ ਤੂਫ਼ਾਨ ਦਾ ਸਾਹਮਣਾ ਕਰਨਾ ਪੈਣਾ ਹੈ ਅਤੇ ਉਨ੍ਹਾਂ ਆਵਾਜ਼ਾਂ ਦੇ ਕੀਲੇ ਹੋਏ ਲੋਕ ਸਿੰਘੂ, ਟਿੱਕਰੀ, ਗਾਜ਼ੀਪੁਰ ਆਦਿ ਨੂੰ ਵਹੀਰਾਂ ਘੱਤ ਕੇ ਤੁਰ ਪਏ ਹਨ। ਸ਼ਨਿਚਰਵਾਰ ਦੇ ‘ਚੱਕਾ ਜਾਮ’ ਦੌਰਾਨ ਵੱਡੇ ਇਕੱਠ ਹੋਏ ਹਨ।
        ਵੇਖਣ ਵਾਲੀ ਗੱਲ ਹੈ ਕਿ ਟੈਲੀਵਿਜ਼ਨ ਚੈਨਲਾਂ ’ਤੇ ਹੋ ਰਹੀਆਂ ਬਹਿਸਾਂ ਵਿਚ ਸੱਤਾਧਾਰੀ ਪਾਰਟੀ ਦੇ ਵਕਤੇ ਅਜਿਹੀਆਂ ਕਾਰਵਾਈਆਂ ਨੂੰ ਕਿਵੇਂ ਵਾਜਬ ਠਹਿਰਾ ਰਹੇ ਹਨ। ਜਦ ਕੁਝ ਐਂਕਰਾਂ ਨੇ ਇਨ੍ਹਾਂ ਵਕਤਿਆਂ ਤੋਂ ਅਜਿਹੀਆਂ ਕਾਰਵਾਈਆਂ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਉਲਟਾ ਪ੍ਰਸ਼ਨ ਕੀਤਾ ਕਿ ਤੁਸੀਂ ਨਹੀਂ ਜਾਣਦੇ ਕਿ 26 ਜਨਵਰੀ ਨੂੰ ਕੀ ਹੋਇਆ ਸੀ।
          26 ਜਨਵਰੀ ਨੂੰ ਹੁੱਲੜਬਾਜ਼ੀ ਕਰਨ ਵਾਲਿਆਂ ਦਾ ਆਪਣਾ ਸੰਸਾਰ ਹੈ - ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਬਣਾਇਆ ਜਾ ਰਿਹਾ ਖ਼ੁਦ-ਫਰੇਬੀ ਦਾ ਸੰਸਾਰ। ਉਹ ਅਜੇ ਵੀ ਆਪਣੇ ਕੀਤੇ ਨੂੰ ਸਹੀ ਠਹਿਰਾ ਰਹੇ ਹਨ। ਉਨ੍ਹਾਂ ਨੂੰ ਆਸ਼ੀਰਦਵਾਦ ਦੇਣ ਵਾਲੇ ਵੀ ਮੌਜੂਦ ਹਨ। ਉਨ੍ਹਾਂ ਤੇ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਵਾਲਿਆਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਦੇ ਕਥਨ ਯਾਦ ਆਉਂਦੇ ਹਨ ‘‘ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ।। ਚੁਹਾ ਖਡ ਨ ਮਾਵਈ ਤਿਕਲਿ ਬੰਨੈ ਛਜ।।’’ ਭਾਵ ‘‘ਜੋ ਆਪਣੇ ਚੇਲਿਆਂ ਨੂੰ ਕੁੱਲੇ ਦਿੰਦੇ ਹਨ, ਉਹ ਮੂਰਖ ਹਨ ਅਤੇ ਜੋ ਉਨ੍ਹਾਂ ਨੂੰ ਹਾਸਲ ਕਰਦੇ ਹਨ, ਉਹ ਭਾਰੀ ਬੇਸ਼ਰਮ ਹਨ। ਆਪਣੇ ਲੱਕ ਦੁਆਲੇ ਦਾਣੇ ਛੱਟਣ ਵਾਲਾ ਛੱਜ ਬੰਨ੍ਹ ਕੇ ਚੂਹਾ ਆਪਣੀ ਖੁੱਡ ਵਿਚ ਮਿਉਂ ਨਹੀਂ ਸਕਦਾ।’’ ਇਨ੍ਹਾਂ ਲੋਕਾਂ ਦੀ ਪੰਜਾਬ ਦੇ ਮਾਨਸਿਕ ਸੰਸਾਰ ’ਤੇ ਕਾਠੀ ਪਾਉਣ ਦੀ ਤ੍ਰਿਸ਼ਨਾ ਅਥਾਹ ਹੈ। ਬਾਬਾ ਨਾਨਕ ਜੀ ਦਾ ਕਹਿਣਾ ਹੈ, ‘‘ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ।।’’ ਭਾਵ ਤ੍ਰਿਸ਼ਨਾ ਬਹੁਤ ਵਧ ਗਈ ਹੈ ਅਤੇ ਇਹ ਕਿਸੇ ਤਰ੍ਹਾਂ ਨਹੀਂ ਬੁਝਦੀ। ਸ੍ਵੈ-ਹੰਗਤਾ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਤ੍ਰਿਸ਼ਨਾ ਵਿਚ ਫਸੇ ਅਜਿਹੇ ਹੁੱਲੜਬਾਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ।
       ਅਸਲੀ ਗੱਲ ਨਾ ਸਰਕਾਰ ਦੀ ਹੈ, ਨਾ ਹੀ ਹੁੱਲੜਬਾਜ਼ਾਂ ਦੀ। ਦੋਵੇਂ ਆਪਣੇ ਆਸ਼ਿਆਂ ਵਿਚ ਨਾਕਾਮ ਰਹੇ ਹਨ। ਗੱਲ ਕਿਸਾਨਾਂ ਦੀ ਹੈ। ਕਿਸਾਨਾਂ ਕੋਲ ਨੈਤਿਕਤਾ ਹੈ - ਸ਼ਾਂਤਮਈ ਢੰਗ ਨਾਲ ਚਲਾਏ ਗਏ ਅੰਦੋਲਨ ਦੀ ਨੈਤਿਕਤਾ; ਉਨ੍ਹਾਂ ਕੋਲ ਇਮਾਨਦਾਰੀ ਹੈ, ਸਿਦਕ ਤੇ ਸਬਰ ਹੈ, ਦ੍ਰਿੜ੍ਹਤਾ, ਧੀਰਜ ਤੇ ਜੇਰਾ ਹੈ। ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਵਚਨਬੱਧ ਹਨ। ਬਾਬਾ ਨਾਨਕ ਜੀ ਦੇ ਬੋਲ, ‘‘ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।’’ ਉਨ੍ਹਾਂ ਦੇ ਨਾਲ ਹਨ।
    ਕਿਸਾਨਾਂ ਦੀਆਂ ਮੰਗਾਂ ਜਾਇਜ਼ ਤੇ ਵਾਜਬ ਹਨ। ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਸ਼ਾਂਤਮਈ ਢੰਗ ਨਾਲ ਚਲਾਏ ਗਏ ਅੰਦੋਲਨ ਦਾ ਨੈਤਿਕ ਆਧਾਰ ਸਾਰਿਆਂ ਨੂੰ ਸਪੱਸ਼ਟ ਦਿਖਾਈ ਦੇ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਦੇਸ਼-ਵਿਦੇਸ਼ ’ਚੋਂ ਇਸ ਅੰਦੋਲਨ ਨੂੰ ਹਮਾਇਤ ਮਿਲ ਰਹੀ ਹੈ। ਸਰਕਾਰ ਬੁਖਲਾਈ ਹੋਈ ਹੈ। ਸਾਫ਼-ਸੁਥਰੇ ਵਾਤਾਵਰਨ ਲਈ ਕੰਮ ਕਰਨ ਵਾਲੀ ਕਾਰਕੁਨ ਗ੍ਰੇਟਾ ਥੁਨਬਰਗ, ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਅਤੇ ਹਾਲੀਵੁੱਡ ਦੇ ਕੁਝ ਅਦਾਕਾਰਾਂ ਅਤੇ ਗਾਇਕਾਂ ਦੁਆਰਾ ਕਿਸਾਨ ਅੰਦੋਲਨ ਦੀ ਹਮਾਇਤ ਕਰਨ ’ਤੇ ਕੇਂਦਰੀ ਵਿਦੇਸ਼ ਵਿਭਾਗ ਨੂੰ ਇਸ ’ਚੋਂ ‘ਅੰਤਰਰਾਸ਼ਟਰੀ ਸਾਜ਼ਿਸ਼’ ਦੀ ਗੰਧ ਆਉਣ ਲੱਗ ਪਈ ਹੈ।
       ਕਿਸਾਨ ਸਾਜ਼ਿਸ਼ ਨਹੀਂ ਕਰ ਰਹੇ। ਉਹ ਆਪਣੀ ਨੈਤਿਕਤਾ, ਸਪੱਸ਼ਟਤਾ, ਪਾਰਦਰਸ਼ਤਾ, ਵਾਜਬੀਅਤ, ਸਿਦਕ, ਸਬਰ, ਦੁੱਖ ਸਹਿਣ ਦੀ ਆਪਣੀ ਸ਼ਕਤੀ ਅਤੇ ਆਪਸੀ ਏਕਤਾ ਦੇ ਆਧਾਰ ’ਤੇ ਅਗਾਂਹ ਵਧ ਰਹੇ ਹਨ। ਸਮਾਜ ਦੇ ਹਰ ਵਰਗ ਦੇ ਲੋਕ ਉਨ੍ਹਾਂ ਦੀ ਹਮਾਇਤ ਇਸ ਲਈ ਕਰ ਰਹੇ ਹਨ ਕਿਉਂਕਿ ਇਸ ਵੇਗਮਈ ਅੰਦੋਲਨ ਦੇ ਸ਼ਾਂਤਮਈ ਢੰਗ ਨਾਲ ਚੱਲਣ ਨੇ ਲੋਕਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਸਪੱਸ਼ਟ ਢੰਗ ਨਾਲ ਲੋਕਾਂ ਸਾਹਮਣੇ ਰੱਖਿਆ ਅਤੇ ਖੇਤੀ ਕਾਨੂੰਨਾਂ ਦੇ ਕਾਰਪੋਰੇਟ-ਪੱਖੀ ਅਤੇ ਕਿਸਾਨ-ਵਿਰੋਧੀ ਹੋਣ ਦੀ ਬਹੁਤ ਸੰਜਮ ਨਾਲ ਵਿਆਖਿਆ ਕੀਤੀ ਹੈ।
       ਕਿਸਾਨ ਆਪਣੇ ਹੱਕ ਮੰਗ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਇਸ ਲਈ ਗੱਲਬਾਤ ਦੁਬਾਰਾ ਸ਼ੁਰੂ ਹੋਣ ਦੀ ਸਖ਼ਤ ਜ਼ਰੂਰਤ ਹੈ। ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਸਰਕਾਰ ਵੱਡੀ ਧਿਰ ਹੈ ਅਤੇ ਉਸ ਨੂੰ ਗੱਲਬਾਤ ਦੀ ਪ੍ਰਕਿਰਿਆ ਸਬੰਧੀ ਸੁਹਿਰਦਤਾ ਸਾਬਤ ਕਰਨ ਲਈ ਦਿੱਲੀ ਦੀਆਂ ਹੱਦਾਂ ’ਤੇ ਕੀਤੇ ਗਏ ਗ਼ੈਰ-ਜਮਹੂਰੀ ਬੰਦੋਬਸਤ ਹਟਾ ਕੇ ਗੱਲਬਾਤ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।

ਰੋ, ਮੇਰੇ ਪਿਆਰੇ ਦੇਸ਼...…ਰੋ - ਸਵਰਾਜਬੀਰ

ਰੋ, ਮੇਰੇ ਪਿਆਰੇ ਦੇਸ਼, ਕਿ ਤੇਰੇ ਖੇਤਾਂ ਦੇ ਜਾਏ ਅਤੇ ਜਾਈਆਂ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕੜਕਦੀ ਠੰਢ ਵਿਚ ਦਿੱਲੀ-ਹਰਿਆਣਾ ਦੀਆਂ ਹੱਦਾਂ ’ਤੇ ਬੈਠੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਭਾਵ 160 ਤੋਂ ਜ਼ਿਆਦਾ ਪਰਿਵਾਰ ਵੀਰਾਨ ਹੋ ਚੁੱਕੇ ਹਨ ਪਰ ਸਮੇਂ ਦੀ ਸਰਕਾਰ ਦੀ ਅੱਖ ’ਚੋਂ ਇਕ ਹੰਝੂ ਨਹੀਂ ਕਿਰਿਆ। ਹੰਝੂ ਕਿਰਿਆ ਤਾਂ ਧਰਤੀ-ਪੁੱਤਰ ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਜਦੋਂ ਉਹਨੇ ਵੇਖਿਆ ਕਿਵੇਂ ਪੁਲੀਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਕੁਝ ਚੁਣੇ ਹੋਏ ਨੁਮਾਇੰਦਿਆਂ ਨੇ ਗਾਜ਼ੀਪੁਰ ਵਿਚ ਕੁਝ ਲੋਕਾਂ ਨੂੰ ਵਰਗਲਾ ਕੇ ਕਿਸਾਨਾਂ ਨੂੰ ਕੁੱਟਣ ਦਾ ਪ੍ਰਬੰਧ ਕਰ ਲਿਆ ਸੀ। ਤੂੰ ਰੋ ਮੇਰੇ ਦੇਸ਼, ਕਿਉਂਕਿ ਤੇਰੇ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦੇ ਮਨਸੂਬੇ ਪੂਰੇ ਕੀਤੇ ਜਾ ਰਹੇ ਹਨ।
      ਮੇਰੇ ਦੇਸ਼, ਇਹ ਸ਼ਬਦ ਮੇਰੇ ਆਪਣੇ ਨਹੀਂ। ਦੱਖਣੀ ਅਫ਼ਰੀਕਾ ਦੇ ਉੱਘੇ ਨਾਵਲਕਾਰ ਐਲਨ ਪੈਟਨ (Alan Paton) ਨੇ 1948 ਵਿਚ ਲਿਖੇ ਨਾਵਲ ‘ਰੋ, ਮੇਰੇ ਪਿਆਰੇ ਦੇਸ਼ (Cry, the Beloved Country)’ ਲਿਖਿਆ ਸੀ। ਉਸ ਨੇ ਆਪਣੇ ਦੇਸ਼ ਨੂੰ ਨਸਲੀ ਆਧਾਰ ’ਤੇ ਵੰਡੇ ਜਾਣ ਅਤੇ ਸਿਆਹਫ਼ਾਮ ਲੋਕਾਂ ’ਤੇ ਹੁੰਦੇ ਜ਼ੁਲਮ ਦੇਖੇ, ਧਰਤੀ ਦੇ ਮੂਲ-ਵਾਸੀਆਂ ਦੀ ਧਰਤੀ ਨੂੰ ਬੰਜਰ ਤੇ ਵੀਰਾਨ ਹੁੰਦੇ ਤੱਕਿਆ। ਤੈਨੂੰ ਯਾਦ ਹੈ ਮੇਰੇ ਦੇਸ਼, ਤੇਰੇ ਬਾਰੇ ਪੰਜਾਬੀ ਕਵੀ ਪਾਸ਼ ਨੇ ਕਿਹਾ ਸੀ, ‘‘ਭਾਰਤ, ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ/ ਜਿੱਥੇ ਕਿਤੇ ਵੀ ਵਰਤਿਆ ਜਾਏ/ ਬਾਕੀ ਸਾਰੇ ਸ਼ਬਦ ਅਰਥਹੀਣ ਹੋ ਜਾਂਦੇ ਹਨ।’’ ਮੇਰੇ ਦੇਸ਼ ਤੂੰ ਰੋ, ਕਿਉਂਕਿ ਇਸ ਸ਼ਬਦ ਨੂੰ ਤੇਰੇ ਲੋਕਾਂ ਨੂੰ ਵੰਡਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਤੋਂ ਤੇਰੀ ਧਰਤ ਦੇ ਵਾਸੀ ਹੋਣ ਦੇ ਸਬੂਤ ਮੰਗੇ ਜਾ ਰਹੇ ਹਨ। ਜੇ ਕੋਈ ਸਮੇਂ ਦੀ ਸਰਕਾਰ ਜਾਂ ਸੱਤਾਧਾਰੀ ਪਾਰਟੀ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਉਂਦਾ ਹੈ ਤਾਂ ਉਸ ਨੂੰ ਤੈਨੂੰ ਛੱਡ ਕੇ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ ਹੈ, ਜਾਂ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ।
      ਹਾਂ, ਲੋਕਾਂ ਨੂੰ ਜੇਲ੍ਹਾਂ ’ਚ ਡੱਕਿਆ ਜਾਂਦਾ ਹੈ, ਤੂੰ ਰੋ, ਕਿ 80 ਸਾਲ ਦੀ ਉਮਰ ਦਾ ਬਜ਼ੁਰਗ ਕਵੀ ਵਰਵਰਾ ਰਾਓ ਜੇਲ੍ਹ ਵਿਚ ਹੈ। ਉਸ ਦਾ ਗੁਨਾਹ ਕੀ ਹੈ? ਉਹ ਸਾਰੀ ਉਮਰ ਕਵਿਤਾ ਲਿਖਦਾ ਅਤੇ ਸਮਾਜਿਕ ਨਿਆਂ ਦੀ ਮੰਗ ਕਰਦਾ ਰਿਹਾ। ਤੂੰ ਰੋ, ਕਿਉਂਕਿ 82 ਸਾਲਾਂ ਦਾ ਸਟੈਨ ਸਵਾਮੀ, ਜਿਸ ਦੇ ਕੰਬਦੇ ਹੱਥ ਪਾਣੀ ਦਾ ਗਲਾਸ ਨਹੀਂ ਫੜ ਸਕਦੇ, ਜਿਹੜਾ ਸਾਰੀ ਉਮਰ ਕਬਾਇਲੀ ਲੋਕਾਂ ਦੇ ਹੱਕਾਂ ਲਈ ਕੰਮ ਕਰਦਾ ਰਿਹਾ, ਜੇਲ੍ਹ ਵਿਚ ਹੈ, ਸਮਾਜਿਕ ਕਾਰਕੁਨ ਸੁਧਾ ਭਾਰਦਵਾਜ ਜੇਲ੍ਹ ਵਿਚ ਹੈ, ਡਾ. ਬੀ.ਆਰ. ਅੰਬੇਡਕਰ ਦੇ ਪਰਿਵਾਰ ਨਾਲ ਸਬੰਧਿਤ ਆਨੰਦ ਤੈਲਤੁੰਬੜੇ ਜੇਲ੍ਹ ਵਿਚ ਹੈ, ਮੈਂ ਕਿੰਨੇ ਕੁ ਨਾਂ ਗਿਣਾਵਾਂ। ਗੌਤਮ ਨਵਲੱਖਾ ਤੋਂ ਲੈ ਕੇ ਪੱਤਰਕਾਰ ਸਿੱਦੀਕੀ ਕੱਪਨ ਤਕ ਸਮਾਜਿਕ ਨਿਆਂ, ਪ੍ਰੈੱਸ ਦੀ ਆਜ਼ਾਦੀ ਅਤੇ ਲੋਕਾਂ ਦੇ ਹੱਕਾਂ ਦੀ ਮੰਗ ਕਰਨ ਵਾਲੇ ਸੈਂਕੜੇ ਜੀਊੜੇ ਜੇਲ੍ਹ ਵਿਚ ਹਨ। ਤੂੰ ਰੋ ਮੇਰੇ ਦੇਸ਼, ਕਿਉਂਕਿ ਲੋਕਾਂ ’ਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਨਿਆਂਪਾਲਿਕਾ ਦਾ ਦਿਲ ਨਹੀਂ ਧੜਕਦਾ।
      ਐਲਨ ਪੈਟਨ ਆਪਣੇ ਦੇਸ਼ ਦੇ ਹਾਲਾਤ ਵੇਖ ਕੇ ਇੰਨਾ ਵਿਚਲਿਤ ਤੇ ਦੁਖੀ ਹੋ ਗਿਆ ਸੀ ਕਿ ਉਹਨੇ ਲਿਖਿਆ, ‘‘ਰੋ, ਮੇਰੇ ਪਿਆਰੇ ਦੇਸ਼ ਕਿਉਂਕਿ ਹਰ ਅਣਜੰਮੇ ਬੱਚੇ ਨੂੰ ਵਿਰਾਸਤ ਵਿਚ ਸਾਡਾ ਡਰ ਮਿਲੇਗਾ।’’ ਸਾਡੇ ਦੇਸ਼ ਵਿਚ ਵੀ ਕੁਝ ਇਹੋ ਜਿਹੇ ਹਾਲਾਤ ਹਨ। ਡਰ ਨੂੰ ਬਹੁਤ ਵੱਡਾ ਸਿਆਸੀ ਹਥਿਆਰ ਬਣਾ ਲਿਆ ਗਿਆ ਹੈ। ਕਾਨੂੰਨ, ਜਿਸ ਨੇ ਲੋਕਾਂ ਦੀ ਤਾਕਤਵਰਾਂ ਤੋਂ ਰਾਖੀ ਕਰਨੀ ਹੁੰਦੀ ਹੈ, ਲੋਕਾਂ ਨੂੰ ਡਰਾਉਣ, ਧਮਕਾਉਣ ਅਤੇ ਉਨ੍ਹਾਂ ਦੀ ਆਤਮਾ ਨੂੰ ਲੂਹਣ ਵਾਲਾ ਸੰਦ ਬਣ ਗਿਆ ਹੈ। ਜਿਹੜਾ ਵੀ ਸਰਕਾਰਾਂ ਨਾਲ ਅਸਹਿਮਤੀ ਰੱਖਦਾ ਹੈ, ਕੇਂਦਰੀ ਅਤੇ ਸੂਬਾਈ ਤਫ਼ਤੀਸ਼ ਕਰਨ ਵਾਲੀਆਂ ਏਜੰਸੀਆਂ, ਆਮਦਨ ਕਰ ਵਿਭਾਗ, ਐਨਫੋਰਸਮੈਂਟ ਡਾਇਰੈਕਟੋਰੇਟ, ਪੁਲੀਸ ਅਤੇ ਕਈ ਹੋਰ ਉਸ ’ਤੇ ਚੜ੍ਹਾਈ ਕਰ ਦਿੰਦੀਆਂ ਹਨ। ਜਦ ਕਾਨੂੰਨ ਨੂੰ ਗ਼ੈਰ-ਕਾਨੂੰਨੀ ਕਾਰਵਾਈਆਂ ਲਈ ਵਰਤਿਆ ਜਾ ਰਿਹਾ ਹੋਵੇ ਤਾਂ ਦੇਸ਼ ਦੀ ਵੱਡੀ ਗਿਣਤੀ ਕੋਲ ਰੋਣ ਤੋਂ ਸਿਵਾਏ ਕੀ ਬਚਦਾ ਹੈ।
       ਰੋਣਾ ਮਨੁੱਖੀ ਜਜ਼ਬਾ ਹੈ। ਮਨੁੱਖ ਉਦੋਂ ਰੋਂਦਾ ਹੈ ਜਦੋਂ ਉਹ ਦੁੱਖ ਸਾਹਮਣੇ ਬੇਬਸ ਹੋ ਜਾਂਦਾ ਹੈ, ਜਦ ਉਸ ਨਾਲ ਵੱਡੀ ਬੇਇਨਸਾਫ਼ੀ, ਵਿਤਕਰੇ ਅਤੇ ਅਨਿਆਂ ਹੁੰਦਾ ਹੈ। ਕੀ ਰੋਣਾ ਨਹੀਂ ਬਣਦਾ ਜਦੋਂ ਦੇਸ਼ ਦੀ 77 ਫ਼ੀਸਦੀ ਦੌਲਤ 10 ਫ਼ੀਸਦੀ ਅਮੀਰਾਂ ਕੋਲ ਹੈ? ਕੀ ਕੋਈ ਹੱਸ ਸਕਦਾ ਹੈ ਜਦ ਦੇਸ਼ ਵਿਚ ਇਕ ਸਾਲ (2017) ਵਿਚ ਕਮਾਈ ਗਈ ਦੌਲਤ ਦਾ 73 ਫ਼ੀਸਦੀ ਹਿੱਸਾ 1 (ਇਕ) ਫ਼ੀਸਦੀ ਧਨਕੁਬੇਰਾਂ ਦੇ ਹੱਥ ਵਿਚ ਚਲਾ ਜਾਵੇ। ਕੀ ਕੋਈ ਮੁਸਕਰਾ ਸਕਦਾ ਹੈ ਜਦ ਦੇਸ਼ ਦੇ 37.4 ਫ਼ੀਸਦੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਦ ਉਨ੍ਹਾਂ ਦੀ ਉਮਰ ਦੇ ਮੁਤਾਬਿਕ ਘੱਟ ਹੋਵੇ, 14 ਫ਼ੀਸਦੀ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ।
       ਰੋ ਮੇਰੇ ਦੇਸ਼, ਕਿਉਂਕਿ ਤੈਨੂੰ ਪਤਾ ਹੈ ਹਾਥਰਸ (ਉੱਤਰ ਪ੍ਰਦੇਸ਼), ਹੈਦਰਾਬਾਦ ਅਤੇ ਹੋਰ ਕਿੰਨੀਆਂ ਅਣਗਿਣਤ ਥਾਵਾਂ ’ਤੇ ਤੇਰੀਆਂ ਧੀਆਂ ਨਾਲ ਜਬਰ-ਜਨਾਹ ਕੀਤਾ ਗਿਆ। ਰੋ, ਕਿ ਮਰਦ ਆਪਣੀ ਪਿਤਰੀ ਸਮਾਜ ਦੀ ਹਉਮੈਂ ਵਿਚ ਰੱਤੀ ਸੋਚ ਕਾਰਨ ਧੀਆਂ-ਭੈਣਾਂ ਨੂੰ ਨਾ ਆਪਣੇ ਸਾਥੀ ਚੁਣਨ ਦਾ ਹੱਕ ਦੇਣਾ ਚਾਹੁੰਦੇ ਹਨ ਸਗੋਂ ਸਮਾਜਿਕ ਜ਼ਿੰਦਗੀ ਵਿਚ ਉਨ੍ਹਾਂ ਨੂੰ ਹਰ ਪੱਖ ਤੋਂ ਊਣਾ ਤੇ ਨੀਵਾਂ ਵੀ ਰੱਖਣਾ ਚਾਹੁੰਦੇ ਹਨ। ਤੇਰਾ ਰੋਣਾ ਬਣਦਾ ਹੈ ਮੇਰੇ ਦੇਸ਼, ਕਿਉਂਕਿ ਅਜੇ ਵੀ ਜਾਤੀਵਾਦ ਨੇ ਲੋਕਾਂ ਦੇ ਮਨਾਂ ਨੂੰ ਜਕੜਿਆ ਹੋਇਆ ਹੈ। ਹਰ ਰੋਜ਼ ਦਲਿਤਾਂ ਅਤੇ ਆਦਿਵਾਸੀਆਂ ’ਤੇ ਅੱਤਿਆਚਾਰ ਹੁੰਦੇ ਹਨ। ਜਾਤੀਵਾਦੀ ਹਉਮੈਂ ਵਿਚ ਗ੍ਰਸੇ ਹੋਏ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਅਣਮਨੁੱਖੀ ਵਰਤਾਉ ਕਰਦੇ ਹਨ। ਰੋ ਮੇਰੇ ਦੇਸ਼, ਕਿਉਂਕਿ ਤੇਰੇ ਲੋਕਾਂ ਨੇ ਮਹਾਤਮਾ ਬੁੱਧ, ਗੁਰੂ ਨਾਨਕ, ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਜਯੋਤਿਬਾ ਫੂਲੇ ਅਤੇ ਹੋਰ ਰਹਿਬਰਾਂ ਦੀ ਆਵਾਜ਼ ਨਹੀਂ ਸੁਣੀ।
       ਮੇਰੇ ਪਿਆਰੇ ਦੇਸ਼, ਮੈਂ ਜਾਣਦਾ ਹਾਂ ਤੂੰ ਬਹੁਤ ਰੋਇਆ ਹੈਂ। ਉਸਤਾਦ ਦਾਮਨ ਤੋਂ ਸ਼ਬਦ ਉਧਾਰੇ ਮੰਗ ਕੇ ਕਹਾਂਗਾ ਕਿ ਤੇਰੀਆਂ ਅੱਖਾਂ ਦੀ ਲਾਲੀ ਤੋਂ ਤੇਰੇ ਰੋਣ ਦਾ ਪਤਾ ਲੱਗਦਾ ਹੈ। ਮੈਂ ਜੱਲ੍ਹਿਆਂਵਾਲਾ ਬਾਗ, ਪੰਜਾਬ ਤੇ ਬੰਗਾਲ ਦੀ ਵੰਡ ਅਤੇ ਹੋਰ ਪੁਰਾਣੇ ਸਾਕੇ ਨਹੀਂ ਦੁਹਰਾਵਾਂਗਾ। ਮੈਂ ਹੁਣ ਦੀ ਗੱਲ ਕਰਾਂਗਾ। ਪਿਛਲੇ ਸਾਲ ਜਦ ਕੋਵਿਡ-19 ਦੀ ਮਹਾਮਾਰੀ ਦੌਰਾਨ ਲੱਖਾਂ ਭੁੱਖਣ-ਭਾਣੇ ਪਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਆਪਣੀਆਂ ਕੰਮ ਕਰਨ ਵਾਲੀਆਂ ਥਾਵਾਂ ਛੱਡ ਕੇ ਸੈਂਕੜੇ ਮੀਲ ਦੂਰ ਆਪਣੇ ਪਿੰਡਾਂ ਨੂੰ ਪੈਦਲ ਤੁਰ ਪਏ। ਤੇਰਾ ਦਿਲ ਦੁਖਿਆ ਹੋਵੇਂਗਾ ਕਿ ਦੇਸ਼ ਦੇ ਰਾਸ਼ਟਰਪਤੀ ਦੇ ਭਾਸ਼ਣ ’ਚੋਂ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਇਹ ਕਿਰਤੀ ਗ਼ੈਰਹਾਜ਼ਰ ਸਨ। ਮੇਰੇ ਦੇਸ਼, ਵਿਰੋਧਾਭਾਸ ਇਹ ਹੈ ਕਿ ਇਕ ਪਾਸੇ ਬੇਰੁਜ਼ਗਾਰੀ ਸਿਖ਼ਰਾਂ ’ਤੇ ਹੈ, ਅਰਥਚਾਰਾ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਦੂਸਰੇ ਪਾਸੇ ਕੋਵਿਡ-19 ਦੇਸ਼ ਦੇ ਸਿਖ਼ਰਲੇ ਕਾਰਪੋਰੇਟ ਘਰਾਣਿਆਂ ਲਈ ਵਰਦਾਨ ਬਣ ਕੇ ਆਇਆ। ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਦੀ ਕਮਾਈ 90 ਕਰੋੜ ਰੁਪਈਏ ਪ੍ਰਤੀ ਘੰਟਾ ਹੋ ਗਈ।
       ਮੈਂ ਜਾਣਦਾ ਹਾਂ ਮੇਰੇ ਦੇਸ਼ ਤੂੰ ਉਦੋਂ ਵੀ ਬਹੁਤ ਰੋਇਆ ਹੋਵੇਂਗਾ ਜਦੋਂ ਦੇਸ਼ ਦੇ ਬਹੁਗਿਣਤੀ ਫ਼ਿਰਕੇ ਦੇ ਕੱਟੜਵਾਦੀ ਲੋਕਾਂ ਦੀਆਂ ਭੀੜਾਂ ਨੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨਾਲ ਹਜੂਮੀ ਹਿੰਸਾ ਕੀਤੀ, ਜਦ ਸੱਤਾਧਾਰੀ ਪਾਰਟੀ ਵਿਚ ਬੈਠੇ ਕੁਝ ਤੱਤਾਂ ਨੇ ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ ’ਤੇ ਮਾਣ-ਸਨਮਾਨ ਕੀਤਾ। ਤੂੰ ਉਦੋਂ ਵੀ ਰੋਇਆ ਹੋਵੇਂਗਾ ਜਦ ਜੰਮੂ-ਕਸ਼ਮੀਰ ਸੂਬੇ ਦੀ ਹੋਂਦ ਖ਼ਤਮ ਕਰਕੇ ਉਸ ਦੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ, ਇੰਟਰਨੈੱਟ ਬੰਦ ਕਰ ਦਿੱਤਾ ਗਿਆ, ਸੈਂਕੜੇ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ।
       ਤੂੰ ਰੋ ਮੇਰੇ ਦੇਸ਼, ਕਿਉਂਕਿ ਦੇਸ਼ ਦੇ ਹਰ ਕੰਮ-ਕਾਰ, ਜਿਸ ਵਿਚ ਸਰਕਾਰ ਦੇ ਕਾਰਜ ਵੀ ਸ਼ਾਮਲ ਹਨ, ਦੇ ਦਿਲ ਵਿਚ ਹੁਣ ਘੱਟ ਸਾਧਨਾਂ ਵਾਲੇ ਲੋਕਾਂ ਪ੍ਰਤੀ ਹਮਦਰਦੀ ਦੀ ਭਾਵਨਾ ਨਹੀਂ ਧੜਕਦੀ, ਉੱਥੇ ਧੜਕਦੀ ਹੈ ਆਜ਼ਾਦ ਮੰਡੀ ਦੇ ਸਿਧਾਂਤ ਅਤੇ ਕਾਰਪੋਰੇਟਾਂ ਦੇ ਹੱਕਾਂ ਨੂੰ ਵਧਾਉਣ ਵਾਲੀ ਤਾਕਤ। ਲੋਕ ਸਮਝਦੇ ਰਹੇ ਹਨ ਕਿ ਪ੍ਰੈੱਸ ਜਮਹੂਰੀਅਤ ਦਾ ਚੌਥਾ ਥੰਮ੍ਹ ਹੈ। ਅਖ਼ਬਾਰਾਂ ਤੇ ਟੀਵੀ ਚੈਨਲਾਂ ਨਾਲ ਜੁੜੇ ਪੱਤਰਕਾਰ ਲੋਕਾਂ ਦੇ ਹੱਕ ਵਿਚ ਬੋਲਣਗੇ ਪਰ ਏਦਾਂ ਨਹੀਂ ਹੋ ਰਿਹਾ, ਟੀਵੀ ਚੈਨਲਾਂ ’ਤੇ ਐਂਕਰ ਤੇਰਾ ਨਾਂ ਲੈ ਕੇ ਚੀਖਦੇ ਅਤੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਦੇਸ਼-ਧਰੋਹੀ, ਟੁਕੜੇ-ਟੁਕੜੇ ਗੈਂਗ ਅਤੇ ਅਜਿਹੇ ਹੋਰ ਕਈ ਲਕਬਾਂ ਨਾਲ ਗਰਦਾਨਦੇ ਹਨ। ਮੇਰੇ ਦੇਸ਼ ਤੂੰ ਰੋ, ਕਿਉਂਕਿ ਮੰਡੀ ਅਤੇ ਕਾਰਪੋਰੇਟ ਘਰਾਣੇ ਤੇਰੀ ਆਤਮਾ ਨੂੰ ਅਗਵਾ ਕਰਨ ’ਤੇ ਤੁਲੇ ਹੋਏ ਹਨ। ਤੇਰੇ ਆਜ਼ਾਦੀ ਦਿਵਸ ਦਾ ਹਾੜਾ ਕੱਢਦਿਆਂ ਹੀ ਪੰਜਾਬ ਦੇ ਲੋਕ-ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ, ‘‘ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ/ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਧਰੇ।’’ ਸਿਆਸੀ ਜਮਾਤ ਤੈਨੂੰ ਕਾਰਪੋਰੇਟਾਂ ਕੋਲ ਗਹਿਣੇ ਧਰ ਰਹੀ ਹੈ, ਮੇਰੇ ਵਤਨ ਪਰ ਲੋਕਾਂ ਦਾ ਸੰਤ ਰਾਮ ਉਦਾਸੀ ਦੇ ਸ਼ਬਦਾਂ ਵਿਚ ਹੀ ਅਹਿਦ ਹੈ, ‘‘ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ।’’
        ਤੂੰ ਬਹੁਤ ਉਦਾਸ ਹੋਵੇਂਗਾ ਮੇਰੇ ਦੇਸ਼, ਕਿ ਸਮੇਂ ਦੀ ਸਰਕਾਰ ਨੇ ਅਜਿਹੇ ਹਾਲਾਤ ਬਣਾਏ ਹਨ ਕਿ ਗੁਆਂਢੀ ਦੇਸ਼ਾਂ ਵਿਚ ਬਹੁਤਿਆਂ ਨਾਲ ਸਾਡੀ ਨਹੀਂ ਬਣਦੀ, ਅਸੀਂ ਮਿਆਂਮਾਰ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀ ਬਾਂਹ ਫੜਨ ਤੋਂ ਇਨਕਾਰ ਕੀਤਾ ਅਤੇ ਫ਼ਲਸਤੀਨੀਆਂ ਦੀ ਥਾਂ ਇਸਰਾਈਲ ਦੀ ਧਿਰ ਬਣ ਕੇ ਖੜ੍ਹੇ ਹੋ ਗਏ। ਤੇਰੇ ਦੁੱਖ ਬਹੁਤ ਵੱਡੇ ਨੇ ਮੇਰੇ ਦੇਸ਼। ਅਸੀਂ ਜਾਣਦੇ ਹਾਂ ਤੇਰੇ ਦਿਲ ’ਤੇ ਕੀ ਬੀਤੀ ਹੋਵੇਗੀ ਜਦ ਕੋਵਿਡ-19 ਦੌਰਾਨ ਕਿਰਤੀਆਂ ਦੇ ਹੱਕਾਂ ਨੂੰ ਸੀਮਤ ਕਰਨ ਲਈ ਚਾਰ ਕਿਰਤ ਕੋਡ ਬਣਾ ਦਿੱਤੇ ਗਏ। ... ਤੇ ਇਸੇ ਤਰ੍ਹਾਂ ਖੇਤੀ ਕਾਨੂੰਨ ਬਣਾਏ ਗਏ ਜਿਨ੍ਹਾਂ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਹੈ। ਤੂੰ ਰੋ ਮੇਰੇ ਦੇਸ਼, ਕਿਉਂਕਿ ਸਿਆਸੀ ਜਮਾਤ ਤੇ ਰਾਜ-ਅਧਿਕਾਰੀਆਂ ਦੀ ਤੇਰੇ ਅਤੇ ਤੇਰੇ ਲੋਕਾਂ ਨਾਲ ਕੋਈ ਪ੍ਰਤੀਬੱਧਤਾ ਨਹੀਂ, ਉਨ੍ਹਾਂ ਦੀ ਪ੍ਰਤੀਬੱਧਤਾ ਧਨ ਅਤੇ ਸੱਤਾ ਦੇ ਨਾਲ ਹੈ, ਉਹ ਤੇਰਾ ਨਾਂ ਵਰਤਦੇ ਹਨ।
        ਪਾਸ਼ ਵੱਲ ਵਾਪਸ ਮੁੜਦਿਆਂ ਉਸ ਨੇ ਤੇਰੇ ਨਾਂ ’ਤੇ ਲਿਖੀ ਕਵਿਤਾ (ਭਾਰਤ) ਵਿਚ ਕਿਹਾ ਸੀ, ‘‘ਕਿ ਭਾਰਤ ਦੇ ਅਰਥ/ ਕਿਸੇ ਦੁਸ਼ਯੰਤ ਨਾਲ ਸਬੰਧਿਤ ਨਹੀਂ/ ਸਗੋਂ ਖੇਤਾਂ ਵਿਚ ਦਾਇਰ ਹਨ/ ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲੱਗਦੀਆਂ ਹਨ।’’ ਅੱਜ ਉਨ੍ਹਾਂ ਖੇਤਾਂ ਦੇ ਹੱਕਾਂ ਵਿਚ ਵੱਡੀ ਸੰਨ੍ਹ ਲਗਾਈ ਜਾ ਰਹੀ ਹੈ। ਪੰਜਾਬ ਦੇ ਜਾਇਆਂ ਨੇ ਖੇਤਾਂ ਨੂੰ ਬਚਾਉਣ ਲਈ ਝੰਡਾ ਬੁਲੰਦ ਕੀਤਾ। ਹੁਣ ਉਹ ਝੰਡਾ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਕਰਨਾਟਕ ਤੇ ਕਈ ਹੋਰ ਸੂਬਿਆਂ ਦੇ ਲੋਕਾਂ ਨੇ ਫੜ ਲਿਆ ਹੈ। ਸਾਂਝੀਵਾਲਤਾ ਦਾ ਜਲੌਅ ਹੋਰ ਵੱਡਾ, ਵਿਸ਼ਾਲ ਅਤੇ ਵਿਆਪਕ ਹੁੰਦਾ ਜਾ ਰਿਹਾ ਹੈ। ਇਹ ਸਭ ਕੁਝ ਵੇਖ ਕੇ ਤੂੰ ਮੁਸਕਰਾ ਸਕਦਾ ਏਂ ਮੇਰੇ ਦੇਸ਼! ਤੂੰ ਇਸ ਲਈ ਵੀ ਮੁਸਕਰਾ ਸਕਦਾ ਏਂ, ਕਿ ਖੇਤਾਂ ਦੀਆਂ ਜਾਈਆਂ ਆਪਣੇ ਭਰਾਵਾਂ ਤੋਂ ਪਿੱਛੇ ਨਹੀਂ। ਕਿਸਾਨ ਅੰਦੋਲਨ ਨੇ ਵੰਡੀਆਂ ਨੂੰ ਖ਼ਤਮ ਕੀਤਾ ਅਤੇ ਪੁਰਾਣੇ ਜ਼ਖ਼ਮਾਂ ’ਤੇ ਮੱਲ੍ਹਮ ਲਾਈ ਹੈ। ਤੂੰ ਮੁਸਕਰਾ ਸਕਦਾ ਏਂ ਪਰ ਸਾਂਝੀਵਾਲਤਾ, ਸਮਾਜਿਕ ਏਕਤਾ ਅਤੇ ਸਮਾਜਿਕ ਨਿਆਂ ਦੇ ਇਨ੍ਹਾਂ ਯੋਧਿਆਂ ਅਤੇ ਉਨ੍ਹਾਂ ਦੇ ਹਾਮੀਆਂ ਦੀ ਲੜਾਈ ਬਹੁਤ ਲੰਮੀ ਹੋ ਸਕਦੀ ਹੈ। ਸਭ ਨੂੰ ਯਕੀਨ ਹੈ ਕਿ ਹੱਕ-ਸੱਚ ਲਈ ਲੜਨ ਵਾਲੇ ਹਮੇਸ਼ਾਂ ਜਿੱਤਦੇ ਹਨ ਅਤੇ ਜਦ ਉਹ ਜਿੱਤਣਗੇ ਤਾਂ ਤੈਨੂੰ ਰੋਣਾ ਨਹੀਂ ਪਵੇਗਾ। ਤੂੰ ਮੁਸਕਰਾਏਂਗਾ ਮੇਰੇ ਵਤਨ! ਤੇਰੀ ਮੁਸਕਾਨ ਨੂੰ ਤੱਕੇ ਬਗ਼ੈਰ, ਦਿੱਲੀ-ਹਰਿਆਣਾ ਦੀਆਂ ਹੱਦਾਂ ’ਤੇ ਬੈਠੇ ਇਨ੍ਹਾਂ ਭੈਣਾਂ ਅਤੇ ਵੀਰਾਂ ਨੇ ਵਾਪਸ ਨਹੀਂ ਮੁੜਨਾ। ਸੰਘਰਸ਼ ਹੀ ਮੁਸਕਾਨਾਂ ਨੂੰ ਜਨਮ ਦੇ ਸਕਦਾ ਹੈ।
      ਮੇਰੇ ਦੇਸ਼, ਤੂੰ ਮੇਰਾ ਦੇਸ਼ ਏਂ, ਸਾਡਾ ਆਪਣਾ। ਅਸੀਂ ਤੇਰੀ ਮਿੱਟੀ ਦੇ ਬਣੇ ਹਾਂ। ਅਸੀਂ ਤੈਨੂੰ ਰੋਣ ਲਈ ਕਹਿ ਸਕਦੇ ਹਾਂ, ਤੈਨੂੰ ਹੱਸਣ ਲਈ ਕਹਿ ਸਕਦੇ ਹਾਂ। ਅਸੀਂ ਤੋਂ ਭਾਵ ਹੈ ਇਸ ਦੇਸ਼ ਦੇ ਲੋਕ। ਜੇ ਅਸੀਂ ਤੈਨੂੰ ਰੋਣ ਲਈ ਕਿਹਾ ਏ, ਉਹ ਇਸ ਲਈ ਕਿਉਂਕਿ ਅਸੀਂ ਸੋਚਦੇ ਹਾਂ ਕਿ ਜਦ ਅਸੀਂ ਰੋਂਦੇ ਹਾਂ ਤਾਂ ਸਾਡਾ ਗੁੱਸਾ ਲੱਥਦਾ ਹੈ, ਮਨਾਂ ਦੀ ਮੈਲ ਧੋਤੀ ਜਾਂਦੀ ਹੈ। ਇਹ ਸਾਡਾ ਪਿਆਰ ਹੈ ਕਿ ਤੈਨੂੰ ਰੋਣ ਲਈ ਕਿਹਾ ਹੈ ਪਰ ਅਸੀਂ ਰੋਂਦੇ ਨਹੀਂ ਰਹਿਣਾ, ਅਸੀਂ ਹੱਸਣਾ ਵੀ ਹੈ ਕਿਉਂਕਿ ਇਸ ਵੇਲੇ ਸੰਘਰਸ਼ ਕਰ ਰਹੇ ਲੋਕਾਂ, ਜਿਨ੍ਹਾਂ ਵਿਚ ਦਿੱਲੀ-ਹਰਿਆਣਾ ਦੀ ਹੱਦ ’ਤੇ ਡੇਰੇ ਜਮਾਈ ਬੈਠੇ ਕਿਸਾਨ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ, ਨੇ ਬਹੁਤ ਕੁਝ ਨਵਾਂ ਬਣਾਉਣਾ ਹੈ ਜਿਵੇਂ ਸਾਡੇ ਕਵੀ ਤੇਜਾ ਸਿੰਘ ਸਾਬਰ ਨੇ ਕਿਹਾ ਹੈ :
ਇਹ ਜ਼ਰੇ ਖਾਕ ’ਚੋਂ ਉੱਠ ਕੇ
ਸ਼ੱਰਾਰੇ ਬਣਨ ਵਾਲੇ ਜੇ।
ਸ਼ੱਰਾਰੇ ਟਿਮਟਿਮਾ ਕੇ ਤੇ
ਸਤਾਰੇ ਬਣਨ ਵਾਲੇ ਜੇ।
ਲਹਿਰਾਂ ਨੂੰ ਵੇਖ ਕੇ ਸਾਗਰ
ਕਿਨਾਰੇ ਬਣਨ ਵਾਲੇ ਜੇ।
ਇਹ ਤੀਲੇ ਬੇੜੀਆਂ ਬਣ ਕੇ
ਸਹਾਰੇ ਬਣਨ ਵਾਲੇ ਜੇ।
ਜਿਹੜਾ ਪੈਰਾਂ ’ਚ ਰੁਲਦਾ ਏ
ਉੱਠ ਕੇ ਖਲੋਣ ਵਾਲਾ ਏ।
ਬੜਾ ਕੁਝ ਹੋਣ ਵਾਲਾ ਏ।
… … … … …
ਖਿਜਾਂ ਨੇ ਹੱਸ ਪੈਣਾ ਏ
ਏਨਾ ਕੋਈ ਰੋਣ ਵਾਲਾ ਏ।
ਬੜਾ ਕੁਝ ਹੋਣ ਵਾਲਾ ਏ।
ਬੜਾ ਕੁਝ ਹੋਣ ਵਾਲਾ ਏ।
ਅਸੀਂ ਹੱਸਣਾ ਵੀ ਹੈ ਮੇਰੇ ਦੇਸ਼, ਅਸੀਂ ਰੋਣਾ ਵੀ ਏ, ਅਸੀਂ ਬਾਤਾਂ ਵੀ ਪਾਉਣੀਆਂ ਤੇ ਚੁੱਪ ਵੀ ਕਰ ਜਾਣਾ ਹੈ, ਅਸੀਂ ਲੜਨਾ ਹੈ, ਹਾਰਨਾ ਹੈ, ਜਿੱਤਣਾ ਹੈ ਪਰ ਅਸੀਂ ਕਦੇ ਵੀ ਮਾਨਵਤਾ ਦਾ ਪੱਲਾ ਨਹੀਂ ਛੱਡਣਾ।

ਡਰ : ਸਿਆਸੀ ਹਥਿਆਰ
ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ: ‘‘ਖੁਰਾਸਾਨ ਖਸਮਾਨਾ ਕੀਆ ਹਿੰਦੂਸਤਾਨ ਡਰਾਇਆ।।’’ ਭਾਵ ਕਿ ਬਾਬਰ ਨੇ ਖੁਰਾਸਾਨ ਨੂੰ ਫ਼ਤਹਿ ਕੀਤਾ ਅਤੇ ਹਿੰਦੋਸਤਾਨ ਦੇ ਮਨਾਂ ਵਿਚ ਡਰ ਭਰ ਦਿੱਤਾ ਹੈ। ਇਸ ਵੇਲੇ ਦੀ ਸਿਆਸੀ ਜਮਾਤ ਵੀ ਏਹੀ ਕਰ ਰਹੀ ਹੈ। ਉਹ ਲੋਕਾਂ ਨੂੰ ਡਰਾ ਕੇ ਕਾਰਪੋਰੇਟ ਜਮਾਤ ਨੂੰ ਤਾਕਤਵਰ ਬਣਾ ਰਹੀ ਹੈ। ਹਾਕਮ ਜਮਾਤਾਂ ਨੇ ਡਰ ਨੂੰ ਹਮੇਸ਼ਾ ਸਿਆਸੀ ਅਤੇ ਮਨੋਵਿਗਿਆਨਕ ਹਥਿਆਰ ਵਜੋਂ ਵਰਤਿਆ ਹੈ।
      ਨਸਲਵਾਦੀ ਹਕੂਮਤ ਦੁਆਰਾ ਆਪਣੇ ਦੇਸ਼ ਦੱਖਣੀ ਅਫ਼ਰੀਕਾ ਵਿਚ ਫੈਲਾਏ ਡਰ ਬਾਰੇ ਐਲਨ ਪੈਟਨ ਲਿਖਦਾ ਹੈ: ‘‘ਰੋ ਪਿਆਰੇ ਦੇਸ਼, ਕਿ ਹਰ ਅਣਜੰਮਿਆ ਬੱਚਾ ਸਾਡੇ ਡਰ ਦਾ ਵਾਰਿਸ ਬਣੇਗਾ। ਉਸ (ਬੱਚੇ) ਨੂੰ ਇਸ ਧਰਤ ਨਾਲ ਜ਼ਿਆਦਾ ਪਿਆਰ ਨਾ ਕਰਨ ਦੇਵੀਂ। ਜਦ ਪਾਣੀ ਉਹਦੀਆਂ ਤਲੀਆਂ ’ਤੇ ਵਹੇ ਤਾਂ ਉਸ ਨੂੰ ਬਹੁਤੀ ਖ਼ੁਸ਼ੀ ਨਾਲ ਹੱਸਣ ਨਾ ਦੇਵੀਂ... ਜਦ ਉਹਦੀ ਧਰਤੀ ਦੇ ਪੰਛੀ ਚਹਿਚਹਾਉਂਦੇ ਹੋਣ ਤਾਂ ਵੇਖੀਂ ਉਹ ਬਹੁਤਾ ਭਾਵੁਕ ਨਾ ਹੋ ਜਾਏ ਅਤੇ ਕਿਸੇ ਪਹਾੜੀ ਜਾਂ ਵਾਦੀ ਨੂੰ ਆਪਣਾ ਦਿਲ ਦੇ ਬੈਠੇ (ਭਾਵ ਜ਼ਿਆਦਾ ਪਿਆਰ ਕਰਨ ਲੱਗ ਜਾਵੇ), ਕਿਉਂਕਿ ਜੇ ਉਸ ਨੇ ਇਨ੍ਹਾਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕੀਤਾ ਤਾਂ ਡਰ ਇਨ੍ਹਾਂ ਚੀਜ਼ਾਂ ਨੂੰ ਉਸ ਤੋਂ ਖੋਹ ਲਵੇਗਾ।’’
ਹੁਣ ਗੱਲ ਆਪਣੇ ਦੇਸ਼ ਦੀ : ਇਕ ਅਰਜ਼ ਹੋਰ ਹੈ ਮੇਰੇ ਦੇਸ਼, ਜ਼ਰਾ ਉਨ੍ਹਾਂ ਅਖੌਤੀ ਦੇਸ਼ ਭਗਤਾਂ ਦੀ ਪਛਾਣ ਕਰੀਂ ਜਿਹੜੇ ਸ਼ੁੱਕਰਵਾਰ ਸ਼ਾਮ ਗਾਜ਼ੀਪੁਰ ਕਿਸਾਨਾਂ ਨੂੰ ਕੁੱਟਣ ਗਏ ਸਨ। ਜ਼ਰਾ ਉਨ੍ਹਾਂ ਦੀ ਵੀ ਪਛਾਣ ਕਰੀਂ ਜਿਨ੍ਹਾਂ ਨੇ ਡਾਂਗਾਂ-ਸੋਟਿਆਂ ਨਾਲ ਸ਼ਨਿਚਰਵਾਰ ਸਵੇਰ/ਦੁਪਹਿਰ ਵੇਲੇ ਸਿੰਘੂ ਵਿਚ ਕਿਸਾਨਾਂ ’ਤੇ ਹਮਲਾ ਕੀਤਾ। ਉਹ ਅਖੌਤੀ ਦੇਸ਼ ਭਗਤ ਡਾਂਗਾਂ ਮਾਰਦੇ ਰਹੇ ਅਤੇ ਕਿਸਾਨ ਤੇ ਉਨ੍ਹਾਂ ਦੇ ਸਾਥੀ ਵਾਹਿਗੁਰੂ/ਪ੍ਰਭੂ ਦਾ ਨਾਮ ਜਪਦੇ ਸ਼ਾਂਤਮਈ ਰਹਿ ਕੇ ਉਹ ਸੱਟਾਂ ਪਿੰਡਿਆਂ ’ਤੇ ਸਹਾਰਦੇ ਰਹੇ। ... ਜ਼ਰਾ ਉਨ੍ਹਾਂ ਦੀ ਪਛਾਣ ਵੀ ਕਰੀਂ ਜਿਹੜੇ 26 ਜਨਵਰੀ ਨੂੰ ਨੌਜਵਾਨਾਂ ਨੂੰ ਵਰਗਲਾ ਕੇ ਲਾਲ ਕਿਲੇ ਲੈ ਗਏ ਸਨ।

ਇਤਿਹਾਸ ਦੇ ਪੰਨੇ : ਹਰਿਆਣਾ ਦੇ ਸਤਨਾਮੀਆਂ ਦੀ ਵੀਰ ਗਾਥਾ  -  ਸਵਰਾਜਬੀਰ 

ਮੱਧਕਾਲੀਨ ਭਾਰਤ ਵਿਚ ਜਿੱਥੇ ਵਰਣ-ਆਸ਼ਰਮ ਅਤੇ ਜਾਤੀਵਾਦ ਵਿਰੁੱਧ ਵਿਦਰੋਹ ਹੋ ਰਿਹਾ ਸੀ, ਉੱਥੇ ਬਾਦਸ਼ਾਹੀ ਅਤੇ ਜਗੀਰਦਾਰੀ ਨਿਜ਼ਾਮ ਵਿਰੁੱਧ ਵੀ ਵੱਡੇ ਘੋਲ ਹੋਏ। ਇਨ੍ਹਾਂ ਵਿਰੋਧਾਂ ਦਾ ਖ਼ਾਸਾ ਧਾਰਮਿਕ-ਅਧਿਆਤਮਕ ਹੋਣ ਦੇ ਨਾਲ-ਨਾਲ ਇਕ ਹੋਰ ਖ਼ਾਸੀਅਤ ਉਨ੍ਹਾਂ ਲੋਕਾਂ ਦੀ ਸ਼ਮੂਲੀਅਤ ਸੀ ਜਿਨ੍ਹਾਂ ਨੂੰ ਮਨੂੰਵਾਦੀ ਸੋਚ/ਸਿਧਾਂਤ ਅਨੁਸਾਰ ਹੇਠਲੀਆਂ ਜਾਂ ਨੀਵੀਆਂ ਜਾਤਾਂ ਦੇ ਲੋਕ ਕਿਹਾ ਜਾਂਦਾ ਸੀ। ਨਾਥ-ਜੋਗੀ ਅਤੇ ਸਿੱਧ ਬਹੁਤ ਦੇਰ ਤੋਂ ਪੁਰੋਹਿਤਵਾਦੀ ਧਰਮ ਵਿਰੁੱਧ ਆਵਾਜ਼ ਉਠਾ ਰਹੇ ਸਨ। ਇਨ੍ਹਾਂ ਹੀ ਸਮਿਆਂ ਵਿਚ ਮਹਾਰਾਸ਼ਟਰ ਵਿਚ ਨਾਮਦੇਵ, ਤੁਕਾਰਾਮ, ਗਿਆਨੇਸ਼ਵਰ ਅਤੇ ਹੋਰ ਸੰਤਾਂ, ਬੰਗਾਲ ਵਿਚ ਚੈਤੰਨਯ ਅਤੇ ਚੰਡੀਦਾਸ, ਅਸਾਮ ਵਿਚ ਸ਼ੰਕਰਦੇਵ, ਉੱਤਰੀ ਭਾਰਤ ਵਿਚ ਕਬੀਰ, ਰਵਿਦਾਸ, ਗੁਰੂ ਨਾਨਕ ਦੇਵ, ਦਾਦੂ ਅਤੇ ਹੋਰ ਕਈ ਰਹਿਬਰਾਂ, ਸਾਧੂਆਂ ਅਤੇ ਸੰਤਾਂ ਨੇ ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਸਿੱਖ ਗੁਰੂਆਂ, ਭਗਤੀ ਲਹਿਰ ਦੇ ਸੰਤਾਂ, ਨਾਥ-ਜੋਗੀਆਂ ਅਤੇ ਸੂਫ਼ੀਆਂ ਦੀ ਵਾਣੀ ਪਿੰਡ-ਪਿੰਡ ਵਿਚ ਗੂੰਜੀ।
       ਸਤਨਾਮੀ ਸ੍ਰੋਤਾਂ ਅਨੁਸਾਰ ਸਤਨਾਮੀ ਪੰਥ ਦਾ ਜਨਮ 1658 ਵਿਚ ਨਾਰਨੌਲ ਦੇ ਇਲਾਕੇ ਵਿਚ ਹੋਇਆ। ਇਸ ਪੰਥ ਦੇ ਬਾਨੀ ਗੁਰੂ ਉਦੋਦਾਸ ਬੀਜਾਸਰ ਪਿੰਡ ਦੇ ਰਹਿਣ ਵਾਲੇ ਸਨ। ਇਸ ਪੰਥ ਦੇ ਜਨਮ ਹੋਣ ਦੇ ਹਾਲਾਤ ਬਾਰੇ ਵੇਰਵੇ ਬਹੁਤ ਘੱਟ ਮਿਲਦੇ ਹਨ। ਮਿਲਦੇ ਵੇਰਵਿਆਂ, ਰਵਾਇਤ ਅਤੇ ਇੱਥੋਂ ਦੇ ਪਿੰਡਾਂ ਤੋਂ ਇਕੱਠੀ ਕੀਤੀ ਸਥਾਨਕ ਜਾਣਕਾਰੀ ਅਨੁਸਾਰ ਗੁਰੂ ਉਦੋਦਾਸ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਜਾਂ ਉਸ ਦੇ ਕਿਸੇ ਸਰਦਾਰ ਦੀ ਫ਼ੌਜ ਵਿਚ ਸਨ।
      ਦਾਰਾ ਸ਼ਿਕੋਹ ਪੰਜਾਬ ਦਾ ਸੂਬੇਦਾਰ ਸੀ ਅਤੇ ਲੰਮਾ ਸਮਾਂ ਲਾਹੌਰ ਵਿਚ ਰਿਹਾ। ਉਹ ਸਾਈਂ ਮੀਆਂ ਮੀਰ, ਅਰਮੀਨੀਅਨ ਸੂਫ਼ੀ ਸਰਮਦ, ਪੰਜਾਬ ਦੇ ਸੂਫ਼ੀ ਬਾਬਾ ਲਾਲ (ਬਾਬਾ ਲਾਲ ਅਤੇ ਦਾਰਾ ਸ਼ਿਕੋਹ ਦਾ ਸੰਵਾਦ ਲਿਖ਼ਤ ਵਿਚ ਪ੍ਰਾਪਤ ਹੈ) ਅਤੇ ਹੋਰ ਸੂਫ਼ੀਆਂ ਤੇ ਸੰਤਾਂ ਦਾ ਸੰਗਤੀ ਸੀ। ਉਸ ਨੇ ਉਪਨਿਸ਼ਦਾਂ ਦਾ ਫ਼ਾਰਸੀ ਵਿਚ ਅਨੁਵਾਦ ਕੀਤਾ ਅਤੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰਲੇ ਪਾੜੇ ਨੂੰ ਘਟਾਉਣ ਦੇ ਵੱਡੇ ਉਪਰਾਲੇ ਕੀਤੇ। ਪ੍ਰਾਪਤ ਸ੍ਰੋਤਾਂ ਤੋਂ ਮਿਲਦੀ ਜਾਣਕਾਰੀ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਗੁਰੂ ਉਦੋਦਾਸ ਦਾਰਾ ਸ਼ਿਕੋਹ ਦੇ ਨਜ਼ਦੀਕ ਰਹੇ।
      ਸ਼ਾਹ ਜਹਾਨ ਦੇ ਬੁਢਾਪੇ ਵਿਚ ਉਸ ਦੇ ਪੁੱਤਰਾਂ ਵਿਚ ਤਖ਼ਤ ਲਈ ਲੜਾਈ ਸ਼ੁਰੂ ਹੋ ਗਈ। ਸ਼ਾਹ ਜਹਾਨ ਨੇ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਆਪਣਾ ਜਾਨਸ਼ੀਨ ਬਣਾਇਆ ਸੀ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨਾਲ ਮਿਲ ਕੇ ਵਿਦਰੋਹ ਕੀਤਾ। ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਵਿਚ ਵੱਡੀ ਜੰਗ ਸਾਮੂਗੜ੍ਹ ਵਿਚ ਹੋਈ ਜਿਸ ਵਿਚ ਗੁਰੂ ਉਦੋਦਾਸ ਨੇ ਵੀ ਹਿੱਸਾ ਲਿਆ। ਦਾਰਾ ਸ਼ਿਕੋਹ ਇਹ ਜੰਗ ਹਾਰ ਗਿਆ ਅਤੇ ਉਸ ਨੇ ਪੱਛਮ ਵੱਲ ਕੂਚ ਕੀਤਾ, ਪਰ ਅੰਤ ਵਿਚ ਸਾਥੀਆਂ ਦੇ ਧੋਖਾ ਦੇਣ ਕਾਰਨ ਫੜਿਆ ਗਿਆ। ਔਰੰਗਜ਼ੇਬ ਨੇ ਕਾਜ਼ੀਆਂ ਤੋਂ ਉਸ ਦਾ ਇਸਲਾਮ-ਵਿਰੋਧੀ ਹੋਣ ਦਾ ਫ਼ਤਵਾ ਦਿਵਾ ਕੇ ਉਸ ਨੂੰ ਕਤਲ ਕਰਵਾ ਦਿੱਤਾ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਵੀ ਕਤਲ ਕਰਵਾਇਆ ਜਦੋਂਕਿ ਚੌਥਾ ਭਰਾ ਸ਼ਾਹ ਸ਼ੁਜਾ ਅਰਾਕਾਨ (ਮੌਜੂਦਾ ਮਿਆਂਮਾਰ/ਬਰਮਾ) ਦੇ ਇਲਾਕੇ ਵਿਚ ਜਾ ਛੁਪਿਆ ਜਿੱਥੇ ਉਸ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਆਗਰੇ ਵਿਚ ਕੈਦ ਕਰ ਦਿੱਤਾ ਤੇ ਦਿੱਲੀ ਦੇ ਤਖ਼ਤ ’ਤੇ ਬੈਠਾ।
        ਔਰੰਗਜ਼ੇਬ ਦੀ ਤਖ਼ਤ-ਨਸ਼ੀਨੀ ਦੋ ਵਾਰ ਹੋਈ। ਪਹਿਲੀ ਜੁਲਾਈ 1658 ਵਿਚ ਅਤੇ ਦੂਸਰੀ ਜੂਨ 1659 ਵਿਚ। ਇਸ ਲੇਖ ਵਿਚ ਇਹ ਜ਼ਿਕਰ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਔਰੰਗਜ਼ੇਬ ਦੀ ਪਹਿਲੀ ਤਖ਼ਤ-ਨਸ਼ੀਨੀ ਵੇਲੇ ਦਿੱਲੀ ਦੀ ਜਾਮਾ ਮਸਜਿਦ ਵਿਚ 31 ਜੁਲਾਈ ਜੁੰਮੇ ਦੀ ਨਮਾਜ਼ ਤੋਂ ਬਾਅਦ ਔਰੰਗਜ਼ੇਬ ਦੇ ਹੱਕ ਵਿਚ ਖੁਤਬਾ (ਫ਼ਰਮਾਨ) ਪੜ੍ਹਨ ਵਾਲੇ ਕਾਜ਼ੀ ਅਬਦੁੱਲ ਵਹਾਬ ਦਾ ਸਤਨਾਮੀਆਂ ਦੇ ਇਤਿਹਾਸ ਨਾਲ ਡੂੰਘਾ ਤੁਅੱਲਕ ਹੈ। ਫਾਤੂਹਾਤ-ਏ-ਆਲਮਗਿਰੀ ਦੇ ਕਰਤਾ ਈਸ਼ਵਰ ਦਾਸ ਨਾਗਰ ਅਨੁਸਾਰ ਉਸ ਵੇਲੇ ਹਕੂਮਤ-ਏ-ਹਿੰਦੋਸਤਾਨ ਦੇ ਮੁੱਖ ਕਾਜ਼ੀ (ਕਾਜ਼ੀ-ਉਲ-ਕਜ਼ਾਤ) ਨੇ ਔਰੰਗਜ਼ੇਬ ਦੇ ਹੱਕ ਵਿਚ ਖੁਤਬਾ ਪੜ੍ਹਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਸ਼ਰੀਅਤ ਅਨੁਸਾਰ ਜਦ ਪਿਉ ਜ਼ਿੰਦਾ ਹੋਵੇ ਤਾਂ ਪੁੱਤਰ ਨੂੰ ਬਾਦਸ਼ਾਹ ਐਲਾਨ ਦੇਣ ਵਾਲਾ ਫ਼ਰਮਾਨ (ਖੁਤਬਾ) ਨਹੀਂ ਪੜ੍ਹਿਆ ਜਾ ਸਕਦਾ, ਉਸ ਵੇਲੇ ਕਾਜ਼ੀ ਅਬਦੁੱਲ ਵਹਾਬ ਨੇ ਸ਼ਰੀਅਤ ਦੀ ਹੋਰ ਤਰੀਕੇ ਨਾਲ ਵਿਆਖਿਆ ਕਰਕੇ ਔਰੰਗਜ਼ੇਬ ਦੇ ਹੱਕ ਵਿਚ ਖੁਤਬਾ ਪੜ੍ਹਿਆ ਅਤੇ ਉਸ ਨੂੰ ਹਿੰਦੋਸਤਾਨ ਦਾ ਬਾਦਸ਼ਾਹ ਐਲਾਨਿਆ। ਔਰੰਗਜ਼ੇਬ ਨੇ ਅਬਦੁੱਲ ਵਹਾਬ ਨੂੰ ਦਰਬਾਰ ਦਾ ਕਾਜ਼ੀ (ਕਾਜ਼ੀ-ਏ-ਹਜ਼ੂਰ) ਅਤੇ ਦੇਸ਼ ਦਾ ਮੁੱਖ ਕਾਜ਼ੀ (ਕਾਜ਼ੀ-ਉਲ-ਕਜ਼ਾਤ) ਨਿਯੁਕਤ ਕੀਤਾ।
       ਸਾਮੂਗੜ੍ਹ ਦੀ ਲੜਾਈ (1658) ਤੋਂ ਬਾਅਦ ਦੇ ਕੁਝ ਸਮੇਂ ਦੇ ਗੁਰੂ ਉਦੋਦਾਸ ਦੇ ਜੀਵਨ ਦੇ ਜ਼ਿਆਦਾ ਵੇਰਵੇ ਨਹੀਂ ਮਿਲਦੇ ਅਤੇ ਜਿਹੜੇ ਮਿਲਦੇ ਹਨ, ਉਨ੍ਹਾਂ ਦਾ ਖ਼ਾਸਾ ਮਿਥਿਹਾਸਕ ਅਤੇ ਸ਼ਰਧਾਮਈ ਹੈ (ਗੁਰੂ ਉਦੋਦਾਸ ਦਾ ਗਾਇਬ ਹੋ ਜਾਣਾ, ਜਹਾਜ਼ ਵਿਚ ਜਾਣਾ, ਕਬੀਰ ਸਾਹਿਬ ਨਾਲ ਮਿਲਾਪ ਆਦਿ)। ਗੁਰੂ ਉਦੋਦਾਸ ਆਪਣੇ ਪਿੰਡ ਬੀਜਾਸਰ ਕਾਸਲੀ ਵਾਪਸ ਆਏ ਅਤੇ ਸਤਨਾਮੀ ਪੰਥ ਦਾ ਪ੍ਰਚਾਰ ਸ਼ੁਰੂ ਕੀਤਾ। ਇਹ ਪੰਥ ਨਿਰਗੁਣ ਪਰਮਾਤਮਾ ਅਤੇ ਸਮਾਜਿਕ ਬਰਾਬਰੀ ਵਿਚ ਵਿਸ਼ਵਾਸ, ਬ੍ਰਾਹਮਣਵਾਦ ਅਤੇ ਜਾਤ-ਪਾਤ ਦਾ ਵਿਰੋਧ ਕਰਨ ਅਤੇ ਸਾਂਝੀਵਾਲਤਾ, ਸਮਾਜਿਕ ਏਕਤਾ ਤੇ ਸਮਤਾ ਦੇ ਸਿਧਾਂਤਾਂ ’ਤੇ ਆਧਾਰਿਤ ਸੀ। ਗੁਰੂ ਉਦੋਦਾਸ ਆਪਣੇ ਆਪ ਨੂੰ ਭਗਤ ਕਬੀਰ ਦਾ ਸ਼ਿਸ਼ ਦੱਸਦੇ ਸਨ ਅਤੇ ਇਸ ਪੰਥ ਵਿਚ ਭਗਤ ਰਵਿਦਾਸ, ਭਗਤ ਦਾਦੂ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ ਅਤੇ ਨਾਥ ਪੰਥ ਦੇ ਗੁਰੂ ਗੋਰਖ ਨਾਥ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਹੈ। ਸਤਨਾਮੀਆਂ ਦੇ ਹੁਣ ਹੁੰਦੇ ਸਤਿਸੰਗਾਂ ਵਿਚ ਸਿੱਖ ਗੁਰੂਆਂ ਦੇ ਸ਼ਬਦ ਵੀ ਪੜ੍ਹੇ ਜਾਂਦੇ ਹਨ। ਕਈ ਸਤਨਾਮੀ ਸਰੋਤ ਭਗਤ ਕਬੀਰ ਅਤੇ ਗੁਰੂ ਉਦੋਦਾਸ ਨੂੰ ਇਕ ਸਰੂਪ ਮੰਨਦੇ ਹਨ। ਸਤਨਾਮੀ ਚਿੱਟੇ ਕੱਪੜੇ ਪਹਿਨਦੇ ਸਨ। ਉਹ ਕਿਸੇ ਸਾਹਮਣੇ ਸਿਰ ਨਹੀਂ ਸਨ ਝੁਕਾਉਂਦੇ ਅਤੇ ਸੱਜਾ ਹੱਥ ਖੜ੍ਹਾ ਕਰਕੇ ਸਤਨਾਮ ਬੋਲਦੇ ਹੋਏ ਇਕ-ਦੂਸਰੇ ਨੂੰ ਫ਼ਤਿਹ ਬੁਲਾਉਂਦੇ ਸਨ। ਗੁਰੂ ਉਦੋਦਾਸ ਮੂਰਤੀ ਪੂਜਾ, ਕਰਮਕਾਂਡ ਅਤੇ ਅੰਧ-ਵਿਸ਼ਵਾਸ ਦਾ ਖੰਡਨ ਕਰਦੇ ਸਨ ਅਤੇ ਸੱਚ ਤੇ ਸਦਾਚਾਰ ਨੂੰ ਜੀਵਨ ਦੀ ਧੁਰੀ ਮੰਨਦੇ ਸਨ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਸਤਨਾਮੀ ਆਪਣੇ ਸਾਰੇ ਵਾਲ (ਭਰਵੱਟਿਆਂ ਸਮੇਤ) ਮੁੰਨਵਾ ਲੈਂਦੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਮੁੰਡੀਏ ਸਾਧ ਵੀ ਕਿਹਾ ਜਾਂਦਾ ਹੈ। ਮੁੰਡੀਏ ਸਾਧਾਂ ਦੀ ਪਰੰਪਰਾ ਪੁਰਾਣੀ ਲੱਗਦੀ ਹੈ ਕਿਉਂਕਿ ਕਬੀਰ ਜੀ ਦੀ ਬਾਣੀ ਵਿਚ ਮੁੰਡੀਏ ਸਾਧਾਂ ਦਾ ਜ਼ਿਕਰ ਹੈ। ‘‘ਇਨ ਮੁੰਡੀਅਨ ਮੇਰੀ ਜਾਤਿ ਗਵਾਈ।।’’ ‘‘ਇਨ੍ਹ ਮੁੰਡੀਅਨੁ ਭਜਿ ਸਰਨਿ ਕਬੀਰ।।’’ ਇਸ ਤਰ੍ਹਾਂ ਸਤਨਾਮੀਆਂ ਦਾ ਭਗਤ ਕਬੀਰ ਨਾਲ ਡੂੰਘਾ ਰਿਸ਼ਤਾ ਸਹੀ ਪ੍ਰਤੀਤ ਹੁੰਦਾ ਹੈ। ਸਤਨਾਮੀਆਂ ਨੂੰ ਬੈਰਾਗੀ ਵੀ ਕਿਹਾ ਜਾਂਦਾ ਸੀ। ਰਾਜਪੂਤ, ਜਾਟ, ਦਸਤਕਾਰ, ਦਲਿਤ ਅਤੇ ਹੋਰ ਅਖੌਤੀ ਛੋਟੀਆਂ ਜਾਤਾਂ ਦੇ ਲੋਕ ਵੱਡੀ ਗਿਣਤੀ ਵਿਚ ਸਤਨਾਮੀ ਬਣੇ। ਸਤਨਾਮੀ ਪੰਥ ਨੂੰ ਧਾਰਨ ਕਰਨ ਵਾਲਿਆਂ ਵਿਚੋਂ ਪ੍ਰਮੁੱਖ ਗੁਰੂ ਉਦੋਦਾਸ ਦਾ ਪਰਿਵਾਰ ਸੀ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਭਾਬੀਆਂ ਯਮੌਤੀ ਬਾਈ, ਸਿਆਮਾ ਬਾਈ ਅਤੇ ਸਦਾ ਕੁੰਵਰੀ ਅਤੇ ਭਰਾ ਜੋਗੀਦਾਸ ਅਤੇ ਵੀਰਭਾਨ ਸ਼ਾਮਲ ਸਨ।
       ਨਾਰਨੌਲ ਇਲਾਕੇ ਵਿਚ ਜਾਗਰੂਕਤਾ ਫੈਲਾਉਣ ਬਾਅਦ ਗੁਰੂ ਉਦੋਦਾਸ ਦਿੱਲੀ ਚਲੇ ਗਏ ਅਤੇ ਉੱਥੇ ਸਤਨਾਮੀ ਪੰਥ ਦਾ ਪ੍ਰਚਾਰ ਕੀਤਾ। ਸ਼ਹਿਰ ਦੇ ਕੁਝ ਮਹੱਤਵਪੂਰਨ ਲੋਕ ਗੁਰੂ ਉਦੋਦਾਸ ਦੇ ਪ੍ਰਭਾਵ ਵਿਚ ਆਏ। 1669 ਵਿਚ ਇਕ ਦਿਨ ਜਦ ਗੁਰੂ ਉਦੋਦਾਸ ਸਤਿਸੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸ਼ਿਕਾਇਤ ਆਈ ਕਿ ਕਾਜ਼ੀ ਅਬੁੱਲ ਮੁਕਾਰਮ (ਮੁੱਖ ਕਾਜ਼ੀ, ਕਾਜ਼ੀ-ਉਲ-ਕਜ਼ਾਤ, ਅਬਦੁੱਲ ਵਹਾਬ ਦਾ ਪੁੱਤਰ) ਲੋਕਾਂ ’ਤੇ ਬਹੁਤ ਜ਼ੁਲਮ ਕਰਦਾ ਹੈ। ਗੁਰੂ ਉਦੋਦਾਸ ਨੇ ਸਤਨਾਮੀਆਂ, ਜਿਨ੍ਹਾਂ ਦੇ ਨਾਂ ਦਿਆਲ ਦਾਸ, ਗੋਕਲ ਦਾਸ ਅਤੇ ਬ੍ਰਿਦਾਬਨ ਦੱਸੇ ਜਾਂਦੇ ਹਨ, ਨੂੰ ਕਾਜ਼ੀ ਅਬੁੱਲ ਮੁਕਾਰਮ ਦੇ ਜ਼ੁਲਮ ਦਾ ਜਵਾਬ ਦੇਣ ਲਈ ਭੇਜਿਆ। ਉਨ੍ਹਾਂ ਨੇ ਕਾਜ਼ੀ ਅਬੁੱਲ ਮੁਕਾਰਮ ਨੂੰ ਕਤਲ ਕਰ ਦਿੱਤਾ ਅਤੇ ਰਵਾਇਤ ਅਨੁਸਾਰ ਲਹੂ ਵਿਚ ਭਿੱਜੀ ਨੰਗੀ ਤਲਵਾਰ ਲੈ ਕੇ ਗੁਰੂ ਉਦੋਦਾਸ ਵੱਲ ਚੱਲ ਪਏ। ਗੁਰੂ ਉਦੋਦਾਸ ਅਤੇ ਦੋ ਹੋਰ ਸਤਨਾਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਆਸਿਰਿ ਆਲਮਗੀਰੀ ਦੇ ਕਰਤਾ ਸਾਕੀ ਮੁਸਤਾਅਦ ਖਾਨ ਅਨੁਸਾਰ ਔਰੰਗਜ਼ੇਬ ਨੇ ਗੁਰੂ ਉਦੋਦਾਸ (ਸਾਕੀ ਨੇ ਉਨ੍ਹਾਂ ਨੂੰ ਗੁਰੂ ਊਧੋ ਬੈਰਾਗੀ ਲਿਖਿਆ ਹੈ) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਇਸ ਤਰ੍ਹਾਂ ਗੁਰੂ ਉਦੋਦਾਸ ਅਤੇ ਉਨ੍ਹਾਂ ਦੇ ਸਾਥੀਆਂ ਦੀ 1669 ਵਿਚ ਸ਼ਹਾਦਤ ਕੋਤਵਾਲੀ ਵਿਚ ਉਸ ਥਾਂ ’ਤੇ ਹੋਈ ਜਿੱਥੇ ਛੇ ਸਾਲ ਬਾਅਦ ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੀ 1675 ਵਿਚ ਹੋਈ ਸੀ। ਵਿਜਯਫੂਲ ਸਾਧ ਸਤਨਾਮੀ (ਕਿਤਾਬ ਸਾਧ ਸਤਨਾਮੀ ਮਤ) ਅਨੁਸਾਰ ਇਹ ਸ਼ਹਾਦਤ 3 ਜੂਨ 1669 ਨੂੰ ਹੋਈ।
      ਇਕ ਹੋਰ ਬਿਰਤਾਂਤ ਅਨੁਸਾਰ ਪਹਿਲਾਂ ਗੁਰੂ ਉਦੋਦਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਸਤਨਾਮੀਆਂ ਨੇ ਉਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ ਅਤੇ ਉਸ ਸਮੇਂ ਕਾਜ਼ੀ ਅਬੁੱਲ ਮੁਕਾਰਮ ਮਾਰਿਆ ਗਿਆ।
      ਗੁਰੂ ਉਦੋਦਾਸ ਦੀ ਸ਼ਹਾਦਤ ਨੇ ਸਤਨਾਮੀਆਂ ਨੂੰ ਊਰਜਿਤ ਕੀਤਾ ਅਤੇ ਅਗਵਾਈ ਉਨ੍ਹਾਂ ਦੇ ਭਰਾ ਜੋਗੀਦਾਸ ਦੇ ਹੱਥਾਂ ਵਿਚ ਆ ਗਈ। ਸਤਨਾਮੀ ਹਥਿਆਰਬੰਦ ਹੋਣੇ ਸ਼ੁਰੂ ਹੋਏ। ਸਤਨਾਮੀਆਂ ਨੂੰ ਜਥੇਬੰਦ ਕਰਨ ਵਿਚ ਉਦੋਦਾਸ ਪਰਿਵਾਰ ਦੀਆਂ ਔਰਤਾਂ ਯਮੌਤੀ ਬਾਈ ਅਤੇ ਉਸ ਦੀਆਂ ਦਰਾਣੀਆਂ ਨੇ ਵੀ ਵੱਡਾ ਹਿੱਸਾ ਪਾਇਆ। ਜੋਗੀਦਾਸ ਵੀ 1669 ਵਿਚ ਕਾਮਖਿਆਨੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਕਮਾਨ ਛੋਟੇ ਭਰਾ ਵੀਰਭਾਨ ਨੇ ਸੰਭਾਲੀ। ਇਸੇ ਲਈ ਬਹੁਤ ਸਾਰੇ ਬਿਰਤਾਂਤਾਂ ਵਿਚ ਵੀਰਭਾਨ ਜੀ ਨੂੰ ਸਤਨਾਮੀ ਪੰਥ ਦਾ ਮੁੱਖ ਬਾਨੀ ਵੀ ਦੱਸਿਆ ਗਿਆ ਹੈ।
       ਸਤਨਾਮੀਆਂ ਨੇ ਵੱਡੇ ਪੱਧਰ ’ਤੇ ਵਿਦਰੋਹ ਕਰਨ ਦੀਆਂ ਤਿਆਰੀਆਂ ਆਰੰਭੀਆਂ। ਮਾਂਦੀ ਪਿੰਡ ਵਿਚ ਕੱਚੀ ਗੜੀ ਬਣਾਈ ਗਈ। ਉਸ ਸਮੇਂ ਗੜੀ ਬਣਾਉਣ ਲਈ ਸਥਾਨਕ ਮੁਗ਼ਲ ਹਾਕਮਾਂ ਦੀ ਇਜਾਜ਼ਤ ਲੈਣੀ ਪੈਂਦੀ ਸੀ ਤੇ ਬਿਨਾਂ ਹੁਕਮ ਦੇ ਗੜੀ ਬਣਾਉਣਾ ਵਿਦਰੋਹੀ ਕਾਰਵਾਈ ਸਮਝਿਆ ਜਾਂਦਾ ਸੀ। ਇਹ ਪਿੰਡ ਨਾਰਨੌਲ ਤੋਂ 4 ਕਿਲੋਮੀਟਰ ਤੋਂ ਨਾਰਨੌਲ-ਨਾਂਗਲ ਚੌਧਰੀ ਸੜਕ ’ਤੇ ਇਕ ਪਹਾੜੀ ’ਤੇ ਹੈ। ਇਸ ਪਿੰਡ ਦੇ ਚੜ੍ਹਦੇ ਵੱਲ ਇਕ ਪਹਾੜੀ ਨੂੰ ਲਾਲ ਪਹਾੜੀ ਕਿਹਾ ਜਾਂਦਾ ਹੈ। ਲਾਲ ਪਹਾੜੀ ਤੋਂ ਅਗਾਂਹ ‘ਸਰ ਕੀ ਜੋੜੀ’ ਨਾਮਕ ਸਥਾਨ ਹੈ। ਬੀਜਾਸਰ ਕਾਸਲੀ ਅਤੇ ਇਹ ਥਾਵਾਂ ਸਤਨਾਮੀ ਵਿਦਰੋਹ ਦੇ ਕੇਂਦਰ ਬਣੇ।
      1672 ਵਿਚ ਸਥਾਨਕ ਪੱਧਰ ’ਤੇ ਇਕ ਝੜਪ ਹੋਣ ਤੋਂ ਬਾਅਦ ਸਤਨਾਮੀ ਵਿਦਰੋਹ ਸ਼ੁਰੂ ਹੋ ਗਿਆ। ਸਤਨਾਮੀਆਂ ਨੇ ਨਾਰਨੌਲ ’ਤੇ ਕਬਜ਼ਾ ਕਰ ਲਿਆ। ਕੁਝ ਇਤਿਹਾਸਕਾਰਾਂ ਅਨੁਸਾਰ ਨਾਰਨੌਲ ਦਾ ਸੂਬੇਦਾਰ ਤਾਹਿਰ ਖਾਨ ਮਾਰਿਆ ਗਿਆ ਅਤੇ ਕੁਝ ਅਨੁਸਾਰ ਉਹ ਭੱਜ ਕੇ ਦਿੱਲੀ ਦਰਬਾਰ ਵਿਚ ਪੇਸ਼ ਹੋ ਗਿਆ। ਸਤਨਾਮੀਆਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ।
       ਸਤਨਾਮੀ ਵਿਦਰੋਹ ਦੇ ਸਾਰੇ ਵੇਰਵੇ ਜੋ ਜਾਦੂ ਨਾਥ ਸਰਕਾਰ, ਇਰਫ਼ਾਨ ਹਬੀਬ, ਐੱਮ ਅਥਰ ਅਲੀ, ਸਤੀਸ਼ ਚੰਦਰ, ਆਭਾ ਸਿੰਘ ਅਤੇ ਹੋਰ ਇਤਿਹਾਸਕਾਰਾਂ ਨੇ ਦਿੱਤੇ ਹਨ, ਉਹ ਫ਼ਾਰਸੀ ਸਰੋਤਾਂ ਮੁੱਖ ਤੌਰ ’ਤੇ ਮਆਸਿਰਿ ਆਲਮਗੀਰੀ (ਕਰਤਾ ਸਾਕੀ ਮੁਸਤਾਅਦ ਖਾਂ), ਫਤੂਹਾਤ-ਇ-ਆਲਮਗੀਰੀ (ਕਰਤਾ ਈਸ਼ਰ ਦਾਸ ਨਾਗਰ), ਮੁਨਤਖਬ-ਉਲ-ਲਬਾਬ (ਕਰਤਾ ਖਾਫ਼ੀ ਖਾਂ ਜਾਂ ਖਾਫ਼ੀ ਮੁਹੰਮਦ ਹਾਸ਼ਿਮ ਖਾਂ। ਪ੍ਰੋ. ਆਰ.ਐੱਸ. ਸ਼ਰਮਾ ਅਨੁਸਾਰ ਖਾਫ਼ੀ ਖਾਂ ਦੀ ਲਿਖ਼ਤ ਅਬੁੱਲ ਫਜ਼ਲ ਮਾਮੂਰੀ ਦੀ ਲਿਖ਼ਤ ’ਤੇ ਆਧਾਰਿਤ ਹੈ) ਤੇ ਕੁਝ ਹੋਰ ਫ਼ਾਰਸੀ ਸ੍ਰੋਤਾਂ ਤੋਂ ਲਏ ਗਏ ਹਨ। ਇਸ ਸਬੰਧ ਵਿਚ ਸਤਨਾਮੀ ਸੰਪਰਦਾਇ ਦੇ ਲੋਕਾਂ ਨਾਲ ਸੰਪਰਕ ਕਰਕੇ ਅਤੇ ਉਨ੍ਹਾਂ ਦੀਆਂ ਲਿਖਤਾਂ ’ਚੋਂ ਘਟਨਾਵਾਂ ਤਲਾਸ਼ਣ ਦੀ ਕੋਸ਼ਿਸ਼ ਕਰਨ ਦੀ ਵੱਡੀ ਜ਼ਰੂਰਤ ਹੈ। ਸਤਨਾਮੀਆਂ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਆਪਣੀਆਂ ਲਿਖਤਾਂ ਗੁਪਤ ਰੱਖਦੇ ਸਨ।

ਉਪਰੋਕਤ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਸਤਨਾਮੀਆਂ ਦੀ ਬਗ਼ਾਵਤ ਨੇ ਔਰੰਗਜ਼ੇਬ ਨੂੰ ਫ਼ਿਕਰਾਂ ਵਿਚ ਪਾ ਦਿੱਤਾ। ਸਤਨਾਮੀਆਂ ਦੇ ਦਿੱਲੀ ਵੱਲ ਕੂਚ ਦਾ ਅਸਰ ਇੰਨਾ ਵੱਡਾ ਸੀ ਕਿ ਇਸ ਸਬੰਧੀ ਕਈ ਦੰਦ-ਕਥਾਵਾਂ ਚੱਲੀਆਂ: (1) ਵਿਦਰੋਹ ਦੀ ਅਗਵਾਈ ਇਕ ਦੰਦ-ਹੀਣੀ 70 ਸਾਲਾ ਬਜ਼ੁਰਗ ਔਰਤ ਕਰ ਰਹੀ ਹੈ ਜਿਸ ਦਾ ਕਹਿਣਾ ਹੈ ਜੇ ਇਕ ਸਤਨਾਮੀ ਸ਼ਹੀਦ ਹੋਵੇਗਾ, ਉੱਥੇ 70 (ਕਈ ਦੰਦ-ਕਥਾਵਾਂ ਅਨੁਸਾਰ 70 ਹਜ਼ਾਰ) ਸਤਨਾਮੀ ਪੈਦਾ ਹੋਣਗੇ। ਇਹ ਔਰਤ ਗੁਰੂ ਉਦੋਦਾਸ ਦੀ ਭਰਜਾਈ ਯਮੌਤੀ ਬਾਈ ਮੰਨੀ ਜਾਂਦੀ ਹੈ। ਸਥਾਨਕ ਹਵਾਲਿਆਂ ਅਨੁਸਾਰ ਕਈ ਲੋਕ ਇਸ ਔਰਤ ਨੂੰ ਮਾਂਦੀ ਜਾਂ ਖ਼ਾਤੂਨੀ ਪਿੰਡ ਦੀ ਮੀਨਾਕਸ਼ੀ ਦੇਵੀ ਵੀ ਦੱਸਦੇ ਹਨ। (2) ਸਤਨਾਮੀਆਂ ਕੋਲ ਲੱਕੜ ਦੇ ਘੋੜੇ ਹਨ (ਇਹ ਕੋਈ ਯੰਤਰ ਜਾਂ ਖ਼ਾਸ ਤਰ੍ਹਾਂ ਦਾ ਗੱਡਾ ਵੀ ਹੋ ਸਕਦਾ ਹੈ)। (3) ਸਤਨਾਮੀ ਅਮਰ ਹਨ (4) ਸਤਨਾਮੀ ਕਈ ਤਰ੍ਹਾਂ ਦੇ ਜਾਦੂ-ਟੂਣੇ ਜਾਣਦੇ ਹਨ। ਅਜਿਹੀਆਂ ਦੰਦ-ਕਥਾਵਾਂ ਨੇ ਮੁਗ਼ਲ ਸੈਨਾ ਵਿਚ ਡਰ ਤੇ ਭੈਅ ਪੈਦਾ ਕੀਤੇ ਅਤੇ ਔਰੰਗਜ਼ੇਬ ਨੂੰ ਸਤਨਾਮੀਆਂ ਨੂੰ ਰੋਕਣ ਲਈ ਸ਼ਾਹੀ ਫ਼ੌਜ ਭੇਜਣੀ ਪਈ।
      ਸਾਕੀ ਮੁਸਤਾਅਦ ਖਾਂ (ਕਰਤਾ ਮਆਸਿਰਿ ਆਲਮਗੀਰੀ) ਅਨੁਸਾਰ, ‘‘ਇਸ ਟੋਲੇ ਦੇ ਵਿਅਕਤੀ ਆਪਣੇ ਆਪ ਨੂੰ ‘ਅਮਰ’ ਸਮਝਦੇ ਸਨ ਤੇ ਇਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਕੋਈ ਇਕ ਬੰਦਾ ਮਾਰਿਆ ਜਾਏਗਾ ਤਾਂ ਉਸ ਦੀ ਥਾਂ ਸੱਤਰ ਬੰਦੇ ਹੋਰ ਜੰਮ ਪੈਣਗੇ। ... ਉਹ ਇਤਨੇ ਦਲੇਰ ਹੋ ਗਏ ਕਿ ਸ਼ਹਿਨਸ਼ਾਹ ਦੇ ਇਲਾਕਿਆਂ ਤੇ ਪਰਗਣਿਆਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ। ... ਜ਼ੀਕਦਾ ਦੀ 26 ਤਰੀਕ (15 ਮਾਰਚ 1672, ਸ਼ੁੱਕਰਵਾਰ) ਨੂੰ ਰਅਦ ਅੰਦਾਜ਼ ਖ਼ਾਂ ਨੂੰ ਤੋਪਖਾਨਾ, ਹਾਮਿਦ ਖ਼ਾਂ ਨੂੰ ਚੌਕੀ ਖ਼ਾਸ ਦੀ ਫ਼ੌਜ ਤੇ ਉਸ ਦੇ ਪਿਤਾ ਸੱਯਦ ਮੁਰਤਜ਼ਾ ਖ਼ਾਂ ਦੇ ਪੰਜ ਸੌ ਸਵਾਰ ਸਮੇਤ ਯਾਹੀਆਂ ਖ਼ਾਂ, ਨਜ਼ੀਬ ਖ਼ਾਂ, ਰੂਮੀ ਖ਼ਾਂ, ਦਲੇਰ ਖ਼ਾਂ ਦੇ ਪੁੱਤਰ ਕਮਾਲੁੱਦੀਨ, ਫ਼ੀਰੋਜ਼ਦੀਨ ਮੇਵਾਤੀ ਦੇ ਪੁੱਤਰ ਪੁਰਦਿਲ, ਤੇ ਸ਼ਾਹਜ਼ਾਦਾ ਅਕਬਰ ਤੇ ਬਖਸ਼ੀ ਇਸਫ਼ੰਦਯਾਰ ਨੂੰ ਸ਼ਾਹਜ਼ਾਦਾ ਦੀ ਆਪਣੀ ਫ਼ੌਜ ਨਾਲ ਇਨ੍ਹਾਂ ਫ਼ਸਾਦੀਆਂ ਨੂੰ ਫੜਨ ਤੇ ਖ਼ਤਮ ਕਰਨ ਲਈ ਘੱਲਿਆ ਗਿਆ। ... ਜਿਉਂ ਹੀ ਸ਼ਾਹੀ ਲਸ਼ਕਰ ਨਾਰਨੌਲ ਦੇ ਲਾਗੇ ਪੁੱਜਿਆ, ਫ਼ਸਾਦੀਆਂ ਨੇ ਸ਼ਹਿਨਸ਼ਾਹ ਦੇ ਘੱਲੇ ਹੋਏ ਇਨ੍ਹਾਂ ਅਮੀਰਾਂ ਨਾਲ ਟੱਕਰ ਲਈ। ਜੰਗੀ ਸਮਾਨ ਦੀ ਨਾਦਾਰੀ ਦੇ ਹੁੰਦਿਆਂ ਵੀ ਇਨ੍ਹਾਂ ਬੇਦੀਨਾਂ ਨੇ ਹਿੰਦੂਆਂ ਦੀਆਂ ਕਿਤਾਬਾਂ ਵਿਚ ਲਿਖੀਆਂ ਕਹਾਣੀਆਂ ਨੂੰ ਨਵੇਂ ਸਿਰਿਉਂ ਸੁਰਜੀਤ ਕਰ ਦਿੱਤਾ ਤੇ ਭਾਰਤ ਵਾਸੀਆਂ ਦੀ ਪਰਿਭਾਸ਼ਾ ਵਿਚ ਇਹ ਜੰਗ ਵੀ ਮਹਾਂਭਾਰਤ ਦਾ ਨਮੂਨਾ ਹੀ ਬਣ ਗਈ।’’
        ਖਾਫ਼ੀ ਖ਼ਾਨ ਅਨੁਸਾਰ ਸਤਨਾਮੀ ਦਿੱਲੀ ਤੋਂ ਸਿਰਫ਼ 16 ਕੋਹ ਦੂਰ ਸਨ। ਉਹ ਲਿਖਦਾ ਹੈ ‘‘ਵਿਦਰੋਹ ਦੀ ਲੋਅ ਹੋਰ ਉੱਚੀ ਹੋ ਗਈ। ... ਅੰਤ ’ਤੇ ਇਹ ਸਾਰਾ ਮਾਮਲਾ ਇੰਨਾ ਸੰਗੀਨ ਹੋ ਗਿਆ ਕਿ ਬਾਦਸ਼ਾਹ (ਔਰੰਗਜ਼ੇਬ) ਨੇ ਹੁਕਮ ਦਿੱਤਾ ਕਿ ਉਸ ਦਾ ਆਪਣਾ ਤੰਬੂ ਹੋਰ ਅੱਗੇ ਕਰ ਕੇ ਲਗਾਇਆ ਜਾਵੇ ਅਤੇ ਉਸ ਨੇ ਆਪਣੇ ਹੱਥਾਂ ਨਾਲ ਕੁਰਾਨ ਦੀਆਂ ਆਇਤਾਂ ਲਿਖੀਆਂ ਜਿਨ੍ਹਾਂ ਨੂੰ ਸ਼ਾਹੀ ਝੰਡਿਆਂ ਤੇ ਨਿਸ਼ਾਨਾਂ ’ਤੇ ਬੰਨ੍ਹਿਆ ਗਿਆ ਅਤੇ ਉਹ (ਝੰਡੇ ਤੇ ਨਿਸ਼ਾਨ) ਉਨ੍ਹਾਂ ਨੁਮੁਰਾਦਾਂ (ਸਤਨਾਮੀਆਂ) ਦੀ ਫ਼ੌਜ ਸਾਹਮਣੇ ਖੜੇ ਗਏ।’’ ਇਸ ਤੋਂ ਸ਼ਾਹੀ ਫ਼ੌਜ ਵਿਚ ਫੈਲੇ ਸਹਿਮ ਬਾਰੇ ਪਤਾ ਲੱਗਦਾ ਹੈ। ਖਾਫ਼ੀ ਖ਼ਾਨ ਅਨੁਸਾਰ ਹਜ਼ਾਰਾਂ ਸਤਨਾਮੀ ਮਾਰੇ ਗਏ ਅਤੇ ਬਗ਼ਾਵਤ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ।
      ਇਸ ਤਰ੍ਹਾਂ ਰਵਾਇਤ ਅਤੇ ਇਤਿਹਾਸਕਾਰਾਂ ਦੀਆਂ ਗਵਾਹੀਆਂ ਤੋਂ ਸਿੱਧ ਹੁੰਦਾ ਹੈ ਕਿ ਸਤਨਾਮੀਆਂ ਨੇ ਅਦੁੱਤੀ ਬਹਾਦਰੀ ਦਿਖਾਈ ਅਤੇ ਤਾਕਤਵਰ ਬਾਦਸ਼ਾਹਤ ਨਾਲ ਸਿੱਧਾ ਮੱਥਾ ਲਾਇਆ। ਜਦ ਮੁਸਲਮਾਨ ਇਤਿਹਾਸਕਾਰਾਂ ਨੇ ਸਤਨਾਮੀਆਂ ਦੀ ਅਨੂਠੀ ਬਹਾਦਰੀ ਨੂੰ ਸਵੀਕਾਰ ਕੀਤਾ ਤਾਂ ਹਿੰਦੂ ਇਤਿਹਾਸਕਾਰ ਈਸ਼ਵਰ ਦਾਸ ਨਾਗਰ ਨੇ ਆਪਣੀ ਕਿਤਾਬ ‘ਫਾਤੂਹਾਤੇ-ਏ-ਆਲਮਗਿਰੀ’ ਵਿਚ ਸਤਨਾਮੀਆਂ ਬਾਰੇ ਬਹੁਤ ਨਾਕਾਰਾਤਮਕ ਟਿੱਪਣੀਆਂ ਕੀਤੀਆਂ ਹਨ। ਇਸ ਵਿਚ ਹੈਰਾਨ ਹੋਣ ਵਾਲੀ ਗੱਲ ਇਸ ਲਈ ਨਹੀਂ ਕਿਉਂਕਿ ਈਸ਼ਵਰ ਦਾਸ ਨਾਗਰ ਕਾਜ਼ੀ ਅਬਦੁੱਲ ਵਹਾਬ, ਜਿਸ ਦੇ ਪੁੱਤਰ ਕਾਜ਼ੀ ਅਬੁੱਲ ਮੁਕਾਰਮ ਨੂੰ ਸਤਨਾਮੀਆਂ ਨੇ ਮਾਰ ਮੁਕਾਇਆ ਸੀ, ਦਾ ਮੁਲਾਜ਼ਮ ਸੀ (ਕਾਜ਼ੀ ਅਬਦੁੱਲ ਵਹਾਬ ਅਤੇ ਈਸ਼ਵਰ ਦਾਸ ਨਾਗਰ ਦੋਵੇਂ ਪਟਨ, ਸੂਬਾ ਗੁਜਰਾਤ ਦੇ ਰਹਿਣ ਵਾਲੇ ਸਨ। ਮਾਮੂਰੀ ਅਤੇ ਖਾਫ਼ੀ ਖਾਂ ਅਨੁਸਾਰ ਕਾਜ਼ੀ ਅਬਦੁੱਲ ਵਹਾਬ ਬਹੁਤ ਰਿਸ਼ਵਤਖੋਰ ਸੀ ਅਤੇ ਇਸ ਬਾਰੇ ਬਾਦਸ਼ਾਹ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਬਾਦਸ਼ਾਹ ਨੇ ਕੋਈ ਕਾਰਵਾਈ ਨਾ ਕੀਤੀ ਕਿਉਂਕਿ ਕਾਜ਼ੀ ਅਬਦੁੱਲ ਵਹਾਬ ਨੇ ਔਰੰਗਜ਼ੇਬ ਨੂੰ ਬਾਦਸ਼ਾਹ ਬਣਾਉਣ ਲਈ ਜਾਮਾ ਮਸਜਿਦ ਵਿਚ ਖ਼ੁਤਬਾ/ ਫ਼ਰਮਾਨ ਪੜ੍ਹਿਆ ਸੀ।)
      ਇਸ ਤਰ੍ਹਾਂ ਸਤਨਾਮੀਆਂ ਨੇ ਜਿੱਥੇ ਪੁਰੋਹਿਤਵਾਦੀ ਬ੍ਰਾਹਮਣਵਾਦ, ਜਾਤੀਵਾਦ, ਮੂਰਤੀ ਪੂਜਾ, ਕਰਮਕਾਂਡ ਅਤੇ ਅੰਧ-ਵਿਸ਼ਵਾਸ ਦਾ ਵਿਰੋਧ ਕੀਤਾ, ਉੱਥੇ ਮੁਗ਼ਲ ਅਤੇ ਸਥਾਨਕ ਹਾਕਮਾਂ ਨਾਲ ਵੀ ਲੋਹਾ ਲਿਆ। ਉਨ੍ਹਾਂ ਦੀ ਬਗ਼ਾਵਤ ਨੂੰ ਬਹੁਤ ਬੇਰਹਿਮੀ ਨਾਲ ਦਬਾ ਦਿੱਤਾ ਗਿਆ। ਕੁਝ ਦੰਦ-ਕਥਾਵਾਂ ਅਨੁਸਾਰ ਜਦ ਬੰਦਾ ਸਿੰਘ ਬਹਾਦਰ ਉੱਤਰ ਖੇਤਰ ਵਿਚ ਪਹੁੰਚਿਆ ਤਾਂ ਉਸ ਨੇ ਨਾਰਨੌਲ ਵਿਚ ਮੁਕਾਮ ਕੀਤਾ। ਉਸ ਨੂੰ ਸਤਨਾਮੀਆਂ ’ਤੇ ਹੋਏ ਜ਼ੁਲਮ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਕਾਰਨ ਬੰਦਾ ਬਹਾਦਰ ਬਹੁਤ ਰੋਹ ਵਿਚ ਆ ਗਿਆ ਤੇ ਉਸ ਨੇ ਸਥਾਨਕ ਹਾਕਮਾਂ ’ਤੇ ਹਮਲਾ ਬੋਲ ਦਿੱਤਾ। ਉਸ ਨੇ ਨਾਰਨੌਲ ਦਾ ਅਸਲਾਖ਼ਾਨਾ ਲੁੱਟ ਲਿਆ ਤੇ ਫਿਰ ਹਰਿਆਣਾ ਤੇ ਪੰਜਾਬ ਵੱਲ ਵਧਿਆ। ਇਸ ਤਰ੍ਹਾਂ ਸਤਨਾਮੀਆਂ ਦੀ ਬਗ਼ਾਵਤ ਨੇ ਸਮਾਜ ਵਿਚ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਹਥਿਆਰਬੰਦ ਵਿਦਰੋਹ ਕਰਨ ਦਾ ਸ਼ਾਨਦਾਰ ਇਤਿਹਾਸਕ ਕਾਂਡ ਲਿਖਿਆ।
(ਲੇਖਕ ਨੇ ਸਤਨਾਮੀ ਪੰਥ ਬਾਰੇ ਨਾਟਕ ‘ਕੱਚੀ ਗੜ੍ਹੀ’ ਲਿਖਿਆ ਹੈ ਜਿਸ ਨੂੰ ਮੰਚ-ਰੰਗਮੰਚ ਅੰਮ੍ਰਿਤਸਰ ਨੇ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਵਿਚ 2015 ਤੋਂ ਬਾਅਦ ਕਈ ਥਾਵਾਂ ’ਤੇ ਪੇਸ਼ ਕੀਤਾ ਹੈ। ਲੇਖਕ ਨੂੰ ਇਹ ਨਾਟਕ ਲਿਖਣ ਦੀ ਪ੍ਰੇਰਨਾ ਦਰਸ਼ਨ ਖਟਕੜ ਨੇ 2003 ਵਿਚ ਦਿੱਤੀ ਅਤੇ ਇਸ ਨਾਲ ਸਬੰਧਿਤ ਸਾਹਿਤ ਵੀ ਮੁਹੱਈਆ ਕਰਾਇਆ। ਇਨ੍ਹਾਂ ਪਿੰਡਾਂ ਦੀ ਸਥਾਨਕ ਜਾਣਕਾਰੀ ਡਾ. ਹਰਵਿੰਦਰ ਸਿੰਘ ਨੇ ਇਕੱਠੀ ਕੀਤੀ ਅਤੇ ਸਥਾਨਕ ਵੇਰਵੇ ਉਸ ਦੀ ਅਪ੍ਰਕਾਸ਼ਿਤ ਕਿਤਾਬ ਦੇ ਖਰੜੇ ’ਚੋਂ ਲਏ ਗਏ ਹਨ।)

       ਇਕ ਦੰਦ-ਕਥਾ ਅਨੁਸਾਰ ਨਾਰਨੌਲ ਦੇ ਹਾਕਮ ਤਾਹਿਰ ਬੇਗ ਨੇ ਇਕ ਸਤਨਾਮੀ ਕੁੜੀ ਨੂੰ ਉਧਾਲ ਲਿਆ ਸੀ ਅਤੇ ਲੜਾਈ ਉੱਥੋਂ ਸ਼ੁਰੂ ਹੋਈ। ਇਸ ਕਥਾ ਅਨੁਸਾਰ ਸਤਨਾਮੀਆਂ ਨੇ ਤਾਹਿਰ ਬੇਗ ਨੂੰ ਮਾਰ ਦਿੱਤਾ। ਉਸ ਇਲਾਕੇ ਵਿਚ ਇਹ ਬੋਲ ਪ੍ਰਚਲਿਤ ਹਨ :

ਸਤਨਾਮੀ ਸਤ ਸੇ ਲੜੇ ਲੇਕਰ ਹਾਥ ਮੇਂ ਤੇਗ
ਨਾਰਨੌਲ ਕੇ ਗੌਰਵੇ ਮਾਰ ਦਿਯਾ ਤਾਹਿਰ ਬੇਗ
      ਕਿਤਾਬ ‘ਦਿ ਰਿਲੀਜਸ ਲਾਈਫ ਆਫ਼ ਇੰਡੀਆ’, ਜਿਸ ਦੇ ਸੰਪਾਦਨ ਦਾ ਕੰਮ ਜੇ.ਐੱਨ. ਫਾਰਕੂਹਾਰ (J.N. Farquhar) ਨੇ ਆਰੰਭਿਆ ਸੀ ਤੇ ਜਿਸ ਨੂੰ ਨਿਕੋਲ ਮੈਕਨੀਕੋਲ (Nicol Macnicol), ਕੇ.ਕੇ. ਕੂਰੂਵਿਲਾ (K.K. Kuruvilla) ਅਤੇ ਈ.ਸੀ. ਡੀਵਕ (E.C. Dewick) ਨੇ ਸੰਪਾਦਿਤ ਕੀਤਾ, ਦੇ ਅਧੀਨ 1935 ਵਿਚ ਪ੍ਰਕਾਸ਼ਿਤ ਕੀਤੀ ਡਬਲਿਊ ਐੱਲ ਐਲੀਸਨ ਦੀ ਕਿਤਾਬ ‘ਦਿ ਸਾਧਜ਼ (The Sadhs)’ ਵਿਚ ਸਾਧ ਪਰੰਪਰਾ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਬਾਰਾਂ ਹੁਕਮ
ਐੱਚ.ਐੱਸ. ਵਿਲਸਨ ਆਪਣੀ ਕਿਤਾਬ ‘ਦਿ ਰਿਲੀਜਸ ਸੈਕਟਸ ਆਫ਼ ਦਿ ਹਿੰਦੂਜ਼’ ਵਿਚ ਸਤਨਾਮੀਆਂ ਅਤੇ ਉਨ੍ਹਾਂ ਦੇ ਗ੍ਰੰਥ ‘ਆਦਿ ਉਪਦੇਸ਼’ ਅਤੇ ਉਸ ਵਿਚਲੇ 12 ਹੁਕਮਾਂ (ਜਾਂ ਹੁਕਮਨਾਮਿਆਂ, ਜਿਨ੍ਹਾਂ ਅਨੁਸਾਰ ਜ਼ਿੰਦਗੀ ਜਿਊਣੀ ਚਾਹੀਦੀ ਹੈ) ਦਾ ਜ਼ਿਕਰ ਕਰਦਾ ਹੈ।
       ਇਰਫ਼ਾਨ ਹਬੀਬ ਅਨੁਸਾਰ ਸਤਨਾਮੀ ਬੈਰਾਗੀਆਂ ਦਾ ਹੀ ਇਕ ਪੰਥ ਸਨ। ਇਰਫ਼ਾਨ ਹਬੀਬ ਨੇ ਇਕ ਹੋਰ ਗ੍ਰੰਥ ‘ਸਤਨਾਮ ਸਹਾਇ’ (ਪੋਥੀ ਗਿਆਨ ਬਾਣੀ ਸਾਧ ਸਤਨਾਮੀ) ਦਾ ਵੀ ਜ਼ਿਕਰ ਕੀਤਾ ਜਿਹੜਾ ਰਾਇਲ ਐਸ਼ੀਐਟਕ ਸੁਸਾਇਟੀ ਲੰਡਨ ਵਿਚ ਉਪਲੱਬਧ ਹੈ। ਦਾਬਿਸਤਾਨ-ਏ-ਮਜ਼ਹਬ ਅਨੁਸਾਰ ਬੈਰਾਗੀਆਂ ਨੂੰ ਮੁੰਡੀਏ ਵੀ ਕਿਹਾ ਜਾਂਦਾ ਸੀ। ਮਾਮੂਰੀ ਸਤਨਾਮੀਆਂ ਦਾ ਦੂਸਰਾ ਨਾਂ ਮੁੰਡੀਏ ਦੱਸਦਾ ਹੈ।
      ਸਤਨਾਮੀ ਪੰਥ ਦੀ ਇਕ ਦੰਦ-ਕਥਾ ਅਨੁਸਾਰ ਗੁਰੂ ਉਦੋਦਾਸ ਨੇ ਕਾਜ਼ੀ-ਉਲ-ਕਜ਼ਾਤ ਅਬਦੁੱਲ ਵਹਾਬ ਨਾਲ ਮੁਲਾਕਾਤ ਕਰਕੇ ਸਵਾਲ ਕੀਤਾ ਕਿ ਜੇ ਕੋਈ ਸ਼ਖ਼ਸ ਲੋਕਾਂ ’ਤੇ ਜ਼ੁਲਮ ਕਰੇ, ਅੱਲ੍ਹਾ ਦੇ ਹੁਕਮ ਨੂੰ ਨਾ ਮੰਨੇ ਤਾਂ ਉਸ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ। ਕਾਜ਼ੀ ਅਬਦੁੱਲ ਵਹਾਬ ਨੇ ਕਿਹਾ ਕਿ ਅਜਿਹੇ ਸ਼ਖ਼ਸ ਦਾ ਸਿਰ ਧੜ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ। ਗੁਰੂ ਉਦੋਦਾਸ ਨੇ ਕਾਜ਼ੀ ਨੂੰ ਇਹ ਲਿਖ਼ਤ ਵਿਚ ਦੇਣ ਨੂੰ ਕਿਹਾ। ਪੰਥ ਅਮ੍ਰਤਵਾਣੀ ਦੇ ਕਾਂਡ ਬ੍ਰਹਮ ਪ੍ਰਕਾਸ਼ ਅਨੁਸਾਰ :

ਜਬ ਸਤਗੁਰ ਕਾਜੀ ਕੇ ਆਇਆ।।
ਕਰਾ ਕੋਪ ਔਰ ਵਚਨ ਸੁਣਾਇਆ।। (269)
ਅੱਲਾ ਸੇ ਬੁਰਾ ਕਹੇ ਜੋ ਕੋਈ।।
ਉਸ ਕੀ ਸਜਾ ਕਯਾ ਹੋਈ।। (270)
ਸਤਗੁਰ ਕਾਜੀ ਸੇ ਕਹੇ ਤੁਰੰਤ ਕਿਤਾਬ ਨਿਕਾਲ।।
ਅੱਲਾਹ ਸੇ ਦੂਜੀ ਕਰੇ, ਤਾ ਕੋ ਕੌਨ ਵਿਚਾਰ (271)
… … …
ਖੋਲ ਕਿਤਾਬ ਕੋ ਕਰਾ ਵਿਚਾਰਾ।।
ਉਸ ਕਾਫ਼ਰ ਕੋ ਡਾਰੌਮਾਰਾ।। (273)
… … …
ਸਤਗੁਰ ਹੁਕਮ ਦਿਯਾ ਫਰਮਾਈ।।
ਉਸ ਕੋ ਸਨਮੁਖ ਮਾਰੌ ਜਾਈ।। (282)

ਸਤਨਾਮੀ ਸ੍ਰੋਤ ਅਤੇ ਵਿਜਯਫੂਲ ਸਾਧ ਸਤਨਾਮੀ ਉਸ ਰਵਾਇਤ ਦਾ ਜ਼ਿਕਰ ਵੀ ਕਰਦੇ ਹਨ ਜਿਸ ਅਨੁਸਾਰ ਜਦ ਸਤਨਾਮੀ ਦਿਆਲ ਦਾਸ ਦਾ ਸਿਰ ਕੱਟਿਆ ਗਿਆ ਤਾਂ ਉਹ ਸਿਰ ਧਰਤੀ ’ਤੇ ਡਿੱਗ ਕੇ ਫਿਰ ਤਿੰਨ ਪੌੜੀਆਂ ਚੜ੍ਹਿਆ ਅਤੇ ਗੁਰੂ ਉਦੋਦਾਸ ਦੇ ਚਰਨਾਂ ਵਿਚ ਥਿਰ ਹੋ ਗਿਆ। ਅਮ੍ਰਤਵਾਣੀ (ਕਾਂਡ ਬ੍ਰਹਮ ਪ੍ਰਕਾਸ਼) ਅਨੁਸਾਰ :

ਸੀਸ ਕਟਾ ਧੜ ਸੇ ਗਿਰਾ, ਪਰਾ ਜੋ ਧਰਤੀ ਆਈ।।
ਤੀਨ ਸੀੜੀ ਊਪਰ ਚੜਾ, ਚਰਨੌ ਲਾਗਾ ਧਾਯੀ।।
ਐਸਾ ਅਚਰਜ ਹੂਆ ਨ ਕੋਈ।। ਧਨ ਧਨ ਕਹੈ ਸਭ ਕੋਈ।। (360)

      ਸਤਨਾਮੀਆਂ ਦਾ ਵਰਣਨ ਵਿਲੀਅਮ ਟਰਾਂਟ (1827) ਦੀ ਕਿਤਾਬ ‘ਦਿ ਸਾਧ’ ਵਿਚ ਮਿਲਦਾ ਹੈ। ਡਬਲਿਊ ਐੱਚ ਐਲੀਸਨ ਸਤਨਾਮੀ ਪੰਥ ਦੀਆਂ ਫਾਰੂਖਾਬਾਦ (ਉੱਤਰ ਪ੍ਰਦੇਸ਼) ਅਤੇ ਦਿੱਲੀ ਸ਼ਾਖਾਵਾਂ ਦਾ ਜ਼ਿਕਰ ਕਰਦਾ ਹੈ। ਪਰਿੰਗਲ ਕੈਨੇਡੀ (Pringle Kennedy) ਵੀ ਸਤਨਾਮੀਆਂ ਦਾ ਜ਼ਿਕਰ ਕਰਦਾ ਹੈ। ਰਾਜਸਥਾਨ ਵਿਚ ਇਕ ਹੋਰ ਗੱਦੀ ਕਰੌਲੀ ਜ਼ਿਲ੍ਹੇ ਦੇ ਸਾਧਪੁਰਾ ਪਿੰਡ ਵਿਚ ਦੱਸੀ ਜਾਂਦੀ ਹੈ ਜਿੱਥੇ ਦੇਹਧਾਰੀ ਗੁਰੂ ਦੀ ਪਰੰਪਰਾ ਹੈ। ਅੱਜ ਸਤਨਾਮੀ ਛੋਟੀ-ਛੋਟੀ ਗਿਣਤੀ ਵਿਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਰਹਿੰਦੇ ਹਨ। ਕਈ ਲੋਕ ਛੱਤੀਸਗੜ੍ਹ ਵਿਚ ਵਿਕਸਿਤ ਹੋਈ ਸਤਨਾਮੀ ਪਰੰਪਰਾ ਨੂੰ ਵੀ ਨਾਰਨੌਲ ਦੀ ਪਰੰਪਰਾ ਨਾਲ ਜੋੜਦੇ ਹਨ ਭਾਵੇਂ ਉਹ ਮੁੱਖ ਰੂਪ ਵਿਚ ਆਜ਼ਾਦ ਪਰੰਪਰਾ ਲੱਗਦੀ ਹੈ ਜਿਸ ਦੇ ਗੁਰੂ ਘਾਸੀਦਾਸ ਅਤੇ ਗੁਰੂ ਬਾਲਕ ਦਾਸ ਹੋਏ। ਉਨ੍ਹਾਂ ਦੀ ਪਰੰਪਰਾ ਦੇ ਕਾਫ਼ੀ ਇਤਿਹਾਸਕ ਅਤੇ ਮਿਥਿਹਾਸਕ ਵੇਰਵੇ ਮਿਲਦੇ ਹਨ। ਇਹ ਵੀ ਮਾਨਤਾ ਹੈ ਅਤੇ ਸੰਭਵ ਵੀ ਹੈ ਕਿ 1672 ਵਿਚ ਸਤਨਾਮੀ ਬਗ਼ਾਵਤ ਨੂੰ ਬੇਰਹਿਮੀ ਨਾਲ ਦਬਾਏ ਜਾਣ ਬਾਅਦ ਜੰਗਲਾਂ ਵਿਚ ਜਾ ਛਿਪੇ ਅਤੇ ਬਾਅਦ ਵਿਚ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਪਰੰਪਰਾਵਾਂ ਚੱਲੀਆਂ। ਉੱਤਰ ਪ੍ਰਦੇਸ਼ ਦੀ ਇਕ ਵੱਖਰੀ ਪਰੰਪਰਾ (ਗੁਰੂ ਦਾ ਨਾਂ ਬਾਰਬੰਕੀ ਦੇ ਜਗਜੀਵਨ ਰਾਮ) ਹੈ। (ਐਨਸਾਈਕਲੋਪੀਡੀਆ ਬ੍ਰਿਟੈਨੀਕਾ)। ਉਹ ਸੂਫ਼ੀ ਯਾਰੀ ਸ਼ਾਹ ਦੇ ਮੁਰੀਦ ਦੱਸੇ ਜਾਂਦੇ ਹਨ। ਐੱਚ.ਐੱਸ. ਵਿਲਸਨ ਨੇ ਵੀ ਇਨ੍ਹਾਂ ਦਾ ਜ਼ਿਕਰ ਕੀਤਾ ਹੈ। ਇਹ ਵੇਰਵੇ ਇੰਨੇ ਉਲਝੇ ਹੋਏ ਹਨ ਕਿ ਆਧੁਨਿਕ ਇਤਿਹਾਸਕਾਰ (ਉਦਾਹਰਨ ਦੇ ਤੌਰ ’ਤੇ ਸੌਰਭ ਦੂਬੇ (Sarubh Dube), ਜਿਸ ਨੇ ਛੱਤੀਸਗੜ੍ਹ ਦੇ ਸਤਨਾਮੀਆਂ ਬਾਰੇ ਖੋਜ ਕਰਕੇ ਕਿਤਾਬ ‘Untouchable Past’ ਲਿਖੀ ਹੈ) ਵੀ ਇਸ ਵਿਚ ਡੂੰਘਾ ਨਹੀਂ ਉਤਰ ਸਕੇ ਅਤੇ ਫ਼ਾਰਸੀ ਅਤੇ ਬਸਤੀਵਾਦੀ ਸਰੋਤਾਂ ਤਕ ਸੀਮਤ ਹਨ। ਸੌਰਭ ਦੂਬੇ ਅਨੁਸਾਰ ਛੱਤੀਸਗੜ੍ਹ ਦੇ ਸਤਨਾਮੀ ਨਾਰਨੌਲ ਦੇ ਸਤਨਾਮੀਆਂ ਨਾਲੋਂ ਵੱਖਰੇ ਸਨ ਅਤੇ ਆਜ਼ਾਦ ਤੌਰ ’ਤੇ ਵਿਕਸਿਤ ਹੋਏ ਭਾਵੇਂ ਉਨ੍ਹਾਂ ਵਿਚਕਾਰ ਕਈ ਸਾਂਝਾਂ ਹਨ। ਉਹ ਅਜਿਹੇ ਪੰਥਾਂ ਨੂੰ ਕਬੀਰ ਪੰਥ ਦੇ ਪ੍ਰਭਾਵ ਹੇਠ ਵਿਕਸਿਤ ਹੋਏ ਮੰਨਦਾ ਹੈ। ਪਰਸ਼ੂਰੁਮ ਚਤੁਰਦੇਵੀ (ਕਿਤਾਬ ‘‘ਉੱਤਰੀ ਭਾਰਤ ਦੀ ਸੰਤ-ਪਰੰਪਰਾ’’ ਵਿਚ) ਨੇ ਸਤਨਾਮੀਆਂ ਦੀ ਨਾਰਨੌਲ ਸ਼ਾਖਾ ਕੋਟਵਾ (ਬਾਰਬੰਕੀ ਸ਼ਾਖਾ) ਅਤੇ ਛੱਤੀਸਗੜ੍ਹੀ ਸ਼ਾਖਾ ਦਾ ਜ਼ਿਕਰ ਕੀਤਾ ਹੈ।

ਤਿੰਨ ਇਕਰਾਰ
(੧) ਇਸ ਗਿਆਨ ਕੀ ਪਰਤੀਤ ਆਹੀ।।
(੨) ਹਿੰਦੂ ਤੁਰਕ ਵਿਚ ਸਾਧ ਸਤਨਾਮੀ ਕਹਾਏਗਾ
(੩) ਸਿਰ ਧਰ ਕੀ ਬਾਦੀ ਕਬੂਲ ਹੈ। (ਸਿਰ ਧੜ ਕੀ ਬਾਜੀ ਕਬੂਲ ਹੈ।)
ਤਿੰਨ ਇਕਰਾਰਾਂ ਬਾਅਦ ਸਤਨਾਮੀ ਧਰਮ ਗ੍ਰਹਿ ਕਰਨ ਵਾਲਾ ਕਹਿੰਦਾ ਹੈ, ‘‘ਉਦਾਦਾਸ/ਉਦੋਦਾਸ ਬਾਬਾ ਮੇਰੇ

… ਸੱਚੇ ਹਾਂ, ਸੱਚੇ ਰਹਾਂਗੇ - ਸਵਰਾਜਬੀਰ


ਹਰ ਅੰਦੋਲਨ ਦੇ ਆਪਣੇ ਦੱਸੇ ਅਤੇ ਪਛਾਣੇ ਹੋਏ ਟੀਚੇ ਹੁੰਦੇ ਹਨ। ਕਈ ਅੰਦੋਲਨ ਆਪਣੇ ਨਿਸ਼ਚਿਤ ਟੀਚਿਆਂ ਤਕ
ਸੀਮਤ ਰਹਿੰਦੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਦੇ ਹਨ। ਕਈ ਅੰਦੋਲਨ ਟੀਚਿਆਂ ਤੋਂ ਖੁੰਝ ਕੇ ਬਿਖਰ ਜਾਂਦੇ ਹਨ ਅਤੇ ਸੱਤਾ ਉਨ੍ਹਾਂ ਦਾ ਦਮਨ ਕਰਨ ਵਿਚ ਕਾਮਯਾਬ ਹੁੰਦੀ ਹੈ। ਕਈ ਅੰਦੋਲਨ ਆਪਣੇ ਟੀਚਿਆਂ ਤੋਂ ਬਹੁਤ ਅੱਗੇ ਲੰਘ ਕੇ ਵੱਡੇ ਲੋਕ-ਸਮੂਹਾਂ ਦੀਆਂ ਭਾਵਨਾਵਾਂ, ਉਮੰਗਾਂ, ਆਸਾਂ-ਉਮੀਦਾਂ, ਉਨ੍ਹਾਂ ਦੇ ਮਨ ਨੂੰ ਵਿਸ਼ਾਲਤਾ ਦਿੰਦੀਆਂ ਮਾਨਵੀ ਕਦਰਾਂ-ਕੀਮਤਾਂ, ਸਾਂਝੀਵਾਲਤਾ, ਸਿਦਕ, ਸਬਰ, ਦ੍ਰਿੜ੍ਹਤਾ ਅਤੇ ਵੱਡੀ ਪੱਧਰ ’ਤੇ ਇਨਸਾਫ਼ ਦੀ ਲੜਾਈ ਲੜਨ ਦੇ ਜਜ਼ਬਿਆਂ ਦੇ ਵਾਹਕ ਬਣ ਜਾਂਦੇ ਹਨ, ਉਹ ਅਨਿਆਂ ਵਿਰੁੱਧ ਲੋਕ-ਯੁੱਧ ਬਣਦੇ ਹੋਏ ਉਨ੍ਹਾਂ ਧਿਰਾਂ ਦੀ ਸਟੀਕ ਪਛਾਣ ਕਰਵਾਉਂਦੇ ਹਨ ਜਿਨ੍ਹਾਂ ਵਿਰੁੱਧ ਉਹ ਅੰਦੋਲਨ ਕਰ ਰਹੇ ਹੁੰਦੇ ਹਨ। ਉਹ ਲੋਕਾਈ ਨੂੰ ਇਹ ਦਰਸਾਉਣ ਵਿਚ ਵੀ ਕਾਮਯਾਬ ਹੁੰਦੇ ਹਨ ਕਿ ਜਿਨ੍ਹਾਂ ਧਿਰਾਂ ਨਾਲ ਅੰਦੋਲਨਕਾਰੀਆਂ ਨੇ ਮੱਥਾ ਲਾਇਆ ਹੋਇਆ ਹੈ, ਉਹ ਕਿਵੇਂ ਲੋਕ-ਵਿਰੋਧੀ ਹਨ। ਕੁਝ ਇਸ ਤਰ੍ਹਾਂ ਦਾ ਵਰਤਾਰਾ ਹੀ ਇਸ ਕਿਸਾਨ ਅੰਦੋਲਨ ਦੌਰਾਨ ਵਾਪਰਿਆ ਹੈ।
       ਖੇਤੀ ਕਾਨੂੰਨਾਂ ਵਿਰੁੱਧ ਵਿੱਢਿਆ ਗਿਆ ਇਹ ਸੰਘਰਸ਼ ਉਨ੍ਹਾਂ ਧਿਰਾਂ ਦੀ ਪਛਾਣ ਕਰਵਾਉਣ ਵਿਚ ਸਫ਼ਲ ਹੋਇਆ ਹੈ ਜਿਹੜੀਆਂ ਕਿਸੇ ਵੀ ਤਰ੍ਹਾਂ ਲੋਕ-ਪੱਖੀ ਨਹੀਂ ਹਨ। ਅੰਦੋਲਨ ਸਫ਼ਲ ਹੀ ਇਸ ਲਈ ਹੋਇਆ ਹੈ ਕਿਉਂਕਿ ਉਹ ਹੋਰ ਵਰਗਾਂ ਦੇ ਲੋਕਾਂ ਨੂੰ ਯਕੀਨ ਦਿਵਾ ਸਕਿਆ ਹੈ ਕਿ ਕਿਸਾਨਾਂ ਦੀਆਂ ਮੰਗਾਂ ਨਿਆਂ-ਸੰਗਤ ਹਨ ਅਤੇ ਜਿਹੜੀਆਂ ਧਿਰਾਂ ਵਿਰੁੱਧ ਇਹ ਅੰਦੋਲਨ ਹੈ ਉਹ ਹਨ ਸਿਆਸੀ ਜਮਾਤ+ਕਾਰਪੋਰੇਟ ਅਦਾਰੇ।
       ਕਈ ਮਹੀਨਿਆਂ ਤੋਂ ਚੱਲ ਰਹੇ ਇਸ ਅੰਦੋਲਨ ਵਿਚ ਕਿਸਾਨ ਜਥੇਬੰਦੀਆਂ ਨੇ ਸਿਆਸੀ ਆਗੂਆਂ ਨੂੰ ਆਪਣੇ ਮੰਚਾਂ ਤੋਂ ਨਾ ਬੋਲਣ ਦੀ ਇਜਾਜ਼ਤ ਦੇ ਕੇ ਇਹ ਸਾਬਤ ਕੀਤਾ ਹੈ ਕਿ ਸਿਆਸੀ ਜਮਾਤ ਕਿਸਾਨਾਂ ਦਾ ਵਿਸ਼ਵਾਸ ਖੋ ਚੁੱਕੀ ਹੈ। ਸਿਆਸੀ ਆਗੂਆਂ ਦੇ ਕਿਸਾਨ ਸਟੇਜਾਂ ’ਤੇ ਨਾ ਆਉਣ ਨਾਲ ਉਨ੍ਹਾਂ ਸਟੇਜਾਂ ਦੀ ਸ਼ੋਭਾ ਘਟੀ ਨਹੀਂ ਸਗੋਂ ਵਧੀ ਹੈ। ਇਸ ਤਰ੍ਹਾਂ ਇਹ ਅੰਦੋਲਨ ਇਸ ਤੱਥ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਸਿਆਸੀ ਜਮਾਤ ਬਹੁਤ ਦੇਰ ਤੋਂ ਲੋਕ-ਹਿੱਤਾਂ ਤੋਂ ਬੇਗਾਨੀ ਹੋ ਕੇ ਸੱਤਾ ਦੇ ਲੋਭ ਅਤੇ ਪੈਸੇ ਦੇ ਲਾਲਚ ਵਿਚ ਗ੍ਰਸੀ ਹੋਈ ਹੈ। ਸਿਆਸੀ ਜਮਾਤ ਦਾ ਲੰਮੇ ਸਮੇਂ ਲਈ ਕਿਸਾਨਾਂ ਦੀਆਂ ਮੰਗਾਂ ਅਤੇ ਖੇਤੀ ਖੇਤਰ ਦੀਆਂ ਸਮੱਸਿਆਵਾਂ (ਉਦਾਹਰਨ ਦੇ ਤੌਰ ’ਤੇ ਪੰਜਾਬ ਵਿਚ ਖੇਤੀ ਵਿਚ ਵੰਨ-ਸੁਵੰਨਤਾ ਅਤੇ ਘਟ ਰਹੇ ਜ਼ਮੀਨੀ ਪਾਣੀ ਦੇ ਮੁੱਦੇ) ਨੂੰ ਅਣਦੇਖਿਆ ਕਰਨਾ ਵੀ ਅਜਿਹਾ ਗੁਨਾਹ ਹੈ ਜਿਸ ਦਾ ਕੁਫ਼ਾਰਾ ਕਰਨਾ ਮੁਸ਼ਕਲ ਹੈ।
       ਇਸ ਅੰਦੋਲਨ ਨੇ ਲੋਕਾਂ ਸਾਹਮਣੇ ਸਪੱਸ਼ਟ ਕੀਤਾ ਹੈ ਕਿ ਅਸਲੀ ਤਾਕਤ ਸਿਆਸੀ ਜਮਾਤ ਕੋਲ ਨਹੀਂ ਸਗੋਂ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਕੋਲ ਹੈ। ਕਾਰਪੋਰੇਟ ਘਰਾਣਿਆਂ ਦੀ ਅਥਾਹ ਪੂੰਜੀ ਨਿਸ਼ਚਿਤ ਕਰਦੀ ਹੈ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਕਾਨੂੰਨ ਅਤੇ ਨੀਤੀਆਂ ਕਾਰਪੋਰੇਟ ਹਿੱਤਾਂ ਅਨੁਸਾਰ ਹੀ ਬਣਾਈਆਂ ਜਾਣਗੀਆਂ। ਕਈ ਮਾਹਿਰ ਇਹ ਦਲੀਲ ਦਿੰਦੇ ਹਨ ਕਿ ਕਾਰਪੋਰੇਟ ਅਦਾਰੇ ਆਪਣੇ ਲਾਭ ਵਧਾਉਣ ਲਈ ਲੋਕਾਂ ਵਿਚ ਵੰਡੀਆਂ ਵਧਾਉਣ ਵਾਲੀਆਂ ਅਤੇ ਫ਼ਿਰਕਾਪ੍ਰਸਤ ਨੀਤੀਆਂ ਨੂੰ ਉਤਸ਼ਾਹਿਤ ਨਹੀਂ ਕਰਦੇ। ਅਜਿਹੇ ਮਾਹਿਰ ਕਾਰਪੋਰੇਟ ਅਦਾਰਿਆਂ ਅਤੇ ਆਜ਼ਾਦ ਮੰਡੀ ਦੇ ਸਿਧਾਂਤਾਂ ਵਿਚ ਇਕ ਤਰ੍ਹਾਂ ਦੀ ਉਦਾਰਵਾਦੀ ਨੈਤਿਕਤਾ ਨੂੰ ਨਿਹਿਤ ਦੇਖਦੇ ਹਨ ਪਰ ਅਮਲੀ ਰੂਪ ਵਿਚ ਇਹ ਸਹੀ ਨਹੀਂ ਹੈ। ਦੁਨੀਆਂ ਭਰ ਦੇ ਕਾਰਪੋਰੇਟ ਅਦਾਰਿਆਂ ਨੇ ਕੱਟੜਪੰਥੀ, ਨਸਲਵਾਦੀ, ਤਾਨਾਸ਼ਾਹ ਅਤੇ ਫ਼ਿਰਕਾਪ੍ਰਸਤ ਹੁਕਮਰਾਨਾਂ ਨੂੰ ਇਸਤੇਮਾਲ ਕਰ ਕੇ ਆਪਣੇ ਤੇ ਦੂਸਰੇ ਦੇਸ਼ਾਂ ਦੇ ਲੋਕਾਂ ਤੋਂ ਵੱਡੇ ਮੁਨਾਫ਼ੇ ਕਮਾਏ ਅਤੇ ਪੂੰਜੀ ਨੂੰ ਆਪਣੇ ਹੱਥਾਂ ਵਿਚ ਕੇਂਦਰਿਤ ਕੀਤਾ ਹੈ। ਸਿਆਸੀ ਸਿਧਾਂਤਕਾਰਾਂ ਦੀ ਇਸ ਦਲੀਲ ਵਿਚ ਕੁਝ ਸੱਚ ਹੈ ਕਿ ਰਿਆਸਤ/ਸਟੇਟ/ਸਰਕਾਰ ਦੀ ਬਣਤਰ ਬਹੁਤ ਜਟਿਲ ਹੁੰਦੀ ਹੈ ਅਤੇ ਕੋਈ ਵੀ ਧਿਰ (ਕਾਰਪੋਰੇਟ, ਵਪਾਰੀ, ਸਨਅਤਕਾਰ, ਜ਼ਿਮੀਂਦਾਰ ਆਦਿ) ਉਸ ’ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਕਰ ਸਕਦੀ; ਇਸ ਵਿਚ ਵਿਰੋਧੀ ਧਿਰਾਂ, ਜਮਹੂਰੀ ਤਾਕਤਾਂ ਅਤੇ ਮਿਹਨਤਕਸ਼ ਲੋਕਾਂ ਦੀ ਭੂਮਿਕਾ ਹਮੇਸ਼ਾਂ ਬਣੀ ਰਹਿੰਦੀ ਹੈ ਪਰ ਸਾਡੇ ਦੇਸ਼ ਦੀ ਸਿਆਸਤ ਨੇ ਸਿੱਧ ਕੀਤਾ ਹੈ ਕਿ ਇਸ ਵੇਲੇ ਕਾਰਪੋਰੇਟ ਅਦਾਰੇ ਅਤੇ ਸਮਾਜਿਕ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਦਾ ਗੱਠਜੋੜ ਰਿਆਸਤ/ਸਟੇਟ/ਸਰਕਾਰ ’ਤੇ ਪੂਰੀ ਤਰ੍ਹਾਂ ਹਾਵੀ ਹੈ।
         ਦੁਨੀਆਂ ਦੇ ਵਿਕਸਤ ਦੇਸ਼ਾਂ ਵਾਂਗ ਭਾਰਤ ਵਿਚ ਕਾਰਪੋਰੇਟ ਅਦਾਰਿਆਂ ਦੀ ਅੱਖ ਕਿਸਾਨਾਂ ਦੀ ਭੋਇੰ ’ਤੇ ਹੈ। ਕਾਰਪੋਰੇਟ ਅਦਾਰਿਆਂ ਨੂੰ ਇਹ ਹਜ਼ਮ ਨਹੀਂ ਹੁੰਦਾ ਕਿ ਇਹ ਦੋ-ਦੋ, ਚਾਰ-ਚਾਰ ਏਕੜ ਦੇ ਮਾਲਕ ਕਿਸਾਨ ਦੇਸ਼ ਦੀ ਜ਼ਮੀਨ ਦੇ ਮਾਲਕ ਬਣੇ ਰਹਿਣ। ਵਿਸ਼ਵ ਵਪਾਰ ਸੰਸਥਾ (World Trade Organisation- ਡਬਲਿਊਟੀਓ) ਅਨੁਸਾਰ ਖੇਤੀ ਖੇਤਰ ਤਾਂ ਹੀ ਲਾਭ ਵਾਲਾ ਹੋ ਸਕਦਾ ਹੈ ਜੇ ਬਹੁਤ ਵੱਡੀ ਗਿਣਤੀ ਵਿਚ ਲੋਕ ਖੇਤੀ ਖੇਤਰ ਤੋਂ ਬਾਹਰ ਹੋ ਜਾਣ। ਸਵਾਲ ਇਹ ਹੈ ਕਿ ਉਹ ਕਿੱਥੇ ਜਾਣਗੇ? ਸਾਡੇ ਦੇਸ਼ ਵਿਚ ਨਾ ਤਾਂ ਉਹ ਸਨਅਤਾਂ ਹਨ ਅਤੇ ਨਾ ਹੀ ਸੇਵਾਵਾਂ ਜਿਹੜੀਆਂ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਾ ਸਕਦੀਆਂ ਹੋਣ। ਆਜ਼ਾਦ ਮੰਡੀ ਦੇ ਸਿਧਾਂਤਕਾਰਾਂ ਦਾ ਕਹਿਣਾ ਹੈ ਕਿ ਖੇਤੀ ਤੋਂ ਬਾਹਰ ਆਏ ਲੋਕ ਸਨਅਤਾਂ ਲਈ ਘੱਟ ਉਜਰਤ ’ਤੇ ਕੰਮ ਕਰਨ ਵਾਲੇ ਦਿਹਾੜੀਦਾਰ ਬਣਨਗੇ। ਮਜ਼ਦੂਰੀ ਕਰਨਾ ਕੋਈ ਮਿਹਣਾ ਨਹੀਂ ਹੈ ਪਰ ਬੰਦੇ ਨੂੰ ਆਪਣੀ ਕਿਰਤ ਦੇ ਇਵਜ਼ ਵਿਚ ਵਾਜਬ ਉਜਰਤ ਮਿਲਣੀ ਚਾਹੀਦੀ ਹੈ। ਕਾਰਪੋਰੇਟ ਅਦਾਰਿਆਂ ਦੇ ਮੁਨਾਫ਼ੇ ਦਾ ਆਧਾਰ ਲੋਕਾਂ ਤੋਂ ਵੱਧ ਤੋਂ ਵੱਧ ਸਮੇਂ ਲਈ ਘੱਟ ਤੋਂ ਘੱਟ ਉਜਰਤ ’ਤੇ ਕੰਮ ਕਰਵਾਉਣਾ ਹੈ। ਇਸ ਨੂੰ ਕਾਰਪੋਰੇਟ ਸੈਕਟਰ ਦੀ ਕਾਰਜਕੁਸ਼ਲਤਾ ਅਤੇ ਵਿਕਾਸ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਵਿਕਾਸ ਵਿਚ ਆਰਥਿਕ ਅਸਾਵਾਂਪਣ ਤੇਜ਼ੀ ਨਾਲ ਵਧਦਾ ਹੈ। ਇਸ ਤਰ੍ਹਾਂ ਇਹ ਅੰਦੋਲਨ-ਵਿਰੋਧੀ ਧਿਰਾਂ ਦੀ ਪਛਾਣ ਕਰਨ ਦੇ ਨਾਲ-ਨਾਲ ਕਿਸਾਨ ਅਤੇ ਦਿਹਾਤੀ ਖੇਤਰ ਦੀ ਹੋਂਦ ਅਤੇ ਜੀਵਨ-ਜਾਚ ਨੂੰ ਬਚਾਉਣ ਦਾ ਅੰਦੋਲਨ ਵੀ ਹੈ। ਇਹ ਅੰਦੋਲਨ ਸਾਡੇ ਦੁਆਰਾ ਅਪਣਾਏ ਗਏ ਵਿਕਾਸ ਮਾਡਲ ਸਾਹਮਣੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।
        ਸ਼ੁੱਕਰਵਾਰ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਲੀ 11ਵੇਂ ਗੇੜ ਦੀ ਗੱਲਬਾਤ ਅਸਫ਼ਲ ਰਹਿਣ ਅਤੇ ਅਗਲੀ ਮੀਟਿੰਗ ਦੀ ਤਾਰੀਕ ਵੀ ਤੈਅ ਨਾ ਹੋਣ ਕਾਰਨ ਗੱਲਬਾਤ ਵਿਚ ਆਈ ਰੁਕਾਵਟ ਪ੍ਰਤੱਖ ਦਿਖਾਈ ਦਿੰਦੀ ਹੈ। ਇਸ ਦਾ ਮੁੱਖ ਕਾਰਨ ਸਰਕਾਰ ਦਾ ਕਿਸਾਨ ਜਥੇਬੰਦੀਆਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੁੱਢਲੀ ਮੰਗ ਵੱਲ ਕੋਈ ਵੀ ਪਹਿਲਕਦਮੀ ਕਰਨ ਤੋਂ ਨਾਂਹ ਕਰਨਾ ਅਤੇ ਸਾਰੇ ਦੇਸ਼ ਵਿਚ ਉੱਭਰ ਰਹੇ ਕਿਸਾਨ ਰੋਸ ਅਤੇ ਰੋਹ ਨੂੰ ਨਜ਼ਰਅੰਦਾਜ਼ ਕਰਨਾ ਹੈ। ਸਰਕਾਰ ਦਾ ਇਨ੍ਹਾਂ ਕਾਨੂੰਨਾਂ ਵਿਚ ਸੋਧਾਂ ਤਜਵੀਜ਼ ਕਰਨਾ ਅਤੇ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਅੱਤਲ ਕਰਨ ਦੀ ਪੇਸ਼ਕਸ਼ ਕਰਨਾ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਦੇ ਗ਼ਲਤ ਅਤੇ ਕਿਸਾਨ-ਪੱਖੀ ਨਾ ਹੋਣ ਦੇ ਦੋਸ਼ ਨੂੰ ਸਵੀਕਾਰ ਕਰਦੀ ਹੈ। ਇਹ ਕਿਸਾਨਾਂ ਦੀ ਨੈਤਿਕ ਜਿੱਤ ਹੈ ਪਰ ਗੱਲਬਾਤ ਟੁੱਟਣ ਨੇ ਕਿਸਾਨ ਜਥੇਬੰਦੀਆਂ ਸਾਹਮਣੇ ਹੋਰ ਵੱਡੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ।
       ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਇੰਨੀ ਵੱਡੀ ਪੱਧਰ ਅਤੇ ਸ਼ਾਂਤਮਈ ਤਰੀਕੇ ਨਾਲ ਅੰਦੋਲਿਤ ਅਤੇ ਊਰਜਿਤ ਕਰਨਾ ਇਸ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਹੈ। ਇਸੇ ਤਰ੍ਹਾਂ ਆਪਣੇ ਏਕੇ ਦੇ ਨਾਲ-ਨਾਲ ਇਸ ਅੰਦੋਲਨ ਦੇ ਵੇਗ ਨੂੰ ਸ਼ਾਂਤਮਈ ਬਣਾਈ ਰੱਖਣਾ ਕਿਸਾਨ ਆਗੂਆਂ ਦੀ ਇਤਿਹਾਸਕ ਜ਼ਿੰਮੇਵਾਰੀ ਹੈ। ਹੁਣ ਲੋਕਾਂ ਦੀਆਂ ਨਜ਼ਰਾਂ 26 ਜਨਵਰੀ ਨੂੰ ਕਿਸਾਨਾਂ ਦੇ ਦਿੱਲੀ ਵਿਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ’ਤੇ ਕੇਂਦਰਿਤ ਹਨ। ਲੋਕਾਂ ਦਾ ਜੋਸ਼ ਅਤੇ ਉਮਾਹ ਸਿਖ਼ਰਾਂ ’ਤੇ ਹਨ। ਕਿਸਾਨ ਜਥੇਬੰਦੀਆਂ ਇਸ ਮਾਰਚ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਵਚਨਬੱਧ ਵੀ ਹਨ।
       26 ਜਨਵਰੀ ਸਾਡਾ ਗਣਤੰਤਰ ਦਿਵਸ ਹੈ, ਸੰਵਿਧਾਨ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਦ੍ਰਿੜ੍ਹ ਕਰਨ ਦਾ ਦਿਨ। ਪੰਜਾਬੀਆਂ ਨੂੰ ਆਪਣੀ ਦੇਸ਼-ਭਗਤੀ, ਕੁਰਬਾਨੀਆਂ ਅਤੇ ਜਬਰ-ਜ਼ੁਲਮ ਵਿਰੁੱਧ ਲੜਨ ਦੇ ਵਿਰਸੇ ਦਾ ਮਾਣ ਹੈ। ਦੇਸ਼ ਅਤੇ ਦੇਸ਼ ਦੇ ਲੋਕਾਂ ਪ੍ਰਤੀ ਪੰਜਾਬੀਆਂ ਦੇ ਜਜ਼ਬਿਆਂ ਦੀ ਤਰਜਮਾਨੀ ਕਰਦਿਆਂ ਪੰਜਾਬੀ ਦੇ ਲੋਕ-ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ, ‘‘ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ/ ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।’’ ਲੋਕ-ਪ੍ਰੇਮ ਦੀ ਇਹ ਭਾਵਨਾ ਪੰਜਾਬ ਦੀਆਂ ਲੋਕ-ਲਹਿਰਾਂ ਨੂੰ ਸਿੰਜਦੀ ਰਹੀ ਹੈ। ਕੌਮੀ ਦਿਨਾਂ (15 ਅਗਸਤ ਅਤੇ 26 ਜਨਵਰੀ) ਪ੍ਰਤੀ ਵੀ ਪੰਜਾਬ ਦੀਆਂ ਲੋਕ-ਲਹਿਰਾਂ ਦੀ ਪ੍ਰੀਤ ਦੇਸ਼ ਦੇ ਲੋਕਾਂ ਪ੍ਰਤੀ ਵਫ਼ਾਦਾਰੀ ਅਤੇ ਆਪਣੇ ਵਿਰਸੇ ਤੋਂ ਪ੍ਰੇਰਿਤ ਹੁੰਦੀ ਰਹੀ ਹੈ। ਸੰਤ ਰਾਮ ਉਦਾਸੀ ‘ਪੰਦਰਾਂ ਅਗਸਤ ਦੇ ਨਾਂ’ ਦੇ ਸਿਰਲੇਖ ਵਾਲੀ ਕਵਿਤਾ ਵਿਚ ਲਿਖਦਾ ਹੈ, ‘‘ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ/ ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਧਰੇ।’’ ਅੱਜ ਦਾ ਕਿਸਾਨ ਅੰਦੋਲਨ ਵੀ ਬਹੁਤ ਨਿਮਰਤਾ ਅਤੇ ਸ਼ਾਂਤਮਈ ਢੰਗ ਨਾਲ ਸਮੇਂ ਦੀ ਸਰਕਾਰ ਨੂੰ ਇਹੋ ਕਹਿ ਰਿਹਾ ਹੈ ਕਿ ਉਹ ਖੇਤੀ ਖੇਤਰ ਨੂੰ ਕਾਰਪੋਰੇਟ ਸਰਕਾਰ ਕੋਲ ਗਹਿਣੇ ਨਾ ਧਰੇ। ਦੁਖਾਂਤ ਇਹ ਹੈ ਕਿ ਲੋਕ-ਵੇਦਨਾ ਦੇ ਬੋਲ ਕੇਂਦਰ ਸਰਕਾਰ ਅਤੇ ਆਜ਼ਾਦ ਮੰਡੀ ਦੇ ਪੈਰੋਕਾਰਾਂ ਨੂੰ ਸੁਣਾਈ ਨਹੀਂ ਦੇ ਰਹੇ। ਕਾਰਪੋਰੇਟ ਸੈਕਟਰ ਦੇ ਲਾਲਚ ਅਤੇ ਸਰਕਾਰ ਦੀ ਹਉਮੈਂ ਦੀ ਸੰਧੀ ਨੇ ਸਰਕਾਰ ਨੂੰ ਬੋਲ਼ਿਆਂ ਕਰ ਦਿੱਤਾ ਹੈ।
       ਕਿਸਾਨ ਅੰਦੋਲਨ ਦੇ ਟੀਚੇ ਕਿਸਾਨਾਂ ਦੇ ਚਾਰ ਸਿਆੜ ਅਤੇ ਉਨ੍ਹਾਂ ਦੀ ਜੀਵਨ-ਜਾਚ ਨੂੰ ਬਚਾਉਣਾ ਹਨ। ਇਸ ਨਾਲ ਦੇਸ਼ ਦੀ ਵੱਡੀ ਗਿਣਤੀ ਲਈ ਅਨਾਜ ਮੁਹੱਈਆ ਕਰਾਉਣ ਭਾਵ ਅਨਾਜ ਸੁਰੱਖਿਆ ਅਤੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਨੂੰ ਬਚਾਉਣ ਦੇ ਪ੍ਰਸ਼ਨ ਵੀ ਜੁੜੇ ਹੋਏ ਹਨ। ਲਾਲ ਸਿੰਘ ਦਿਲ ਦੇ ਬੋਲ ਕਿਸਾਨ ਅੰਦੋਲਨ, ਕਿਸਾਨ ਆਗੂਆਂ ਅਤੇ ਕਿਸਾਨਾਂ ’ਤੇ ਢੁੱਕਦੇ ਹਨ, ‘‘ਅਸੀਂ ਰੂਹ ਥੀਂ ਸੱਚੇ ਹਾਂ ਸੱਚੇ ਰਹਾਂਗੇ/ ਮਚਾਂਗੇ ਤਦ ਵੀ ਪ੍ਰਚੇ ਰਹਾਂਗੇ/ ਧਰਮਾਂ ਦੀ ਨਗਰੀ ’ਚ ਉੱਚੇ ਰਹਾਂਗੇ, ਲੁੱਟਾਂ ਦੀ ਨਗਰੀ ’ਚ ਸੱਚੇ ਰਹਾਂਗੇ।’’ ਕਿਸਾਨਾਂ ਦੇ ਨਾਲ ਉਨ੍ਹਾਂ ਦੀ ਮਿਹਨਤ-ਮੁਸ਼ੱਕਤ ਅਤੇ ਜਿਣਸ ਲਈ ਉੱਚਿਤ ਭਾਅ ਹਾਸਲ ਕਰਨ, ਸਰਕਾਰੀ ਮੰਡੀਆਂ ਨੂੰ ਬਚਾਉਣ ਅਤੇ ਕਾਰਪੋਰੇਟ ਲੁੱਟ ਤੋਂ ਬਚਣ ਦਾ ਸੱਚ ਹੈ। ਉਨ੍ਹਾਂ ਦਾ ਸੰਘਰਸ਼ ਹੱਕ-ਸੱਚ ਦਾ ਸੰਘਰਸ਼ ਹੈ। ਸੱਚ ਜਿੱਤਦਾ ਆਇਆ ਹੈ। ਕਿਸਾਨ ਸੱਚੇ ਹਨ। ਉਨ੍ਹਾਂ ਨੇ ਜਿੱਤਣਾ ਹੈ ਭਾਵੇਂ ਸੰਘਰਸ਼ ਹੁਣ ਹੋਰ ਪੇਚੀਦਾ ਅਤੇ ਵੰਗਾਰਾਂ ਭਰਿਆ ਹੋ ਗਿਆ ਹੈ।




ਨੈਤਿਕਤਾ ਦੀ ਰਾਹ ’ਤੇ - ਸਵਰਾਜਬੀਰ

ਸਾਰਾ ਦੇਸ਼ ਸੁਪਰੀਮ ਕੋਰਟ ਨੂੰ ਸੰਵਿਧਾਨ, ਦੇਸ਼ ਦੇ ਲੋਕਾਂ ਦੇ ਮੌਲਿਕ ਹੱਕਾਂ ਅਤੇ ਨਿਆਂ ਦੇ ਰਖਵਾਲੇ ਵਜੋਂ ਪਛਾਣਦਾ ਅਤੇ ਸਤਿਕਾਰ ਦਿੰਦਾ ਹੈ। ਇਸ ਅਦਾਲਤ ਨੇ ਅਜਿਹੇ ਇਤਿਹਾਸਕ ਫ਼ੈਸਲੇ ਦਿੱਤੇ ਹਨ ਜਿਨ੍ਹਾਂ ਕਾਰਨ ਸਰਕਾਰਾਂ ਸੰਵਿਧਾਨ ਅਤੇ ਮੌਲਿਕ ਹੱਕਾਂ ਨਾਲ ਵੱਡੀ ਪੱਧਰ ’ਤੇ ਛੇੜ-ਛਾੜ ਨਹੀਂ ਕਰ ਸਕੀਆਂ। ਕੇਸ਼ਵਾਨੰਦ ਭਾਰਤੀ ਕੇਸ ਵਿਚ ਸੁਪਰੀਮ ਕੋਰਟ ਨੇ ‘ਸੰਵਿਧਾਨ ਦੇ ਬੁਨਿਆਦੀ ਢਾਂਚੇ (Basic Structure of Constitution)’ ਦਾ ਸਿਧਾਂਤ ਪੇਸ਼ ਕੀਤਾ। ਅਦਾਲਤ ਨੇ ਸੰਸਦ ਦੀ ਸੰਵਿਧਾਨ ਵਿਚ ਸੋਧ ਕਰਨ ਦੀ ਤਾਕਤ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਸੰਸਦ ਸੰਵਿਧਾਨ ਵਿਚ ਤਰਮੀਮਾਂ ਤਾਂ ਕਰ ਸਕਦੀ ਹੈ ਪਰ ਇਹ ਤਰਮੀਮਾਂ ਸੰਵਿਧਾਨ ਦੇ ਬੁਨਿਆਦੀ ਢਾਂਚੇ, ਜਿਸ ਵਿਚ ਲੋਕਾਂ ਦੇ ਮੌਲਿਕ ਅਧਿਕਾਰ, ਧਰਮ ਨਿਰਪੱਖਤਾ, ਫੈਡਰਲਿਜ਼ਮ, ਇਨਸਾਨੀ ਆਜ਼ਾਦੀ ਅਤੇ ਮਾਣ/ਵਡਿਆਈ, ਦੇਸ਼ ਦਾ ਜਮਹੂਰੀ ਢਾਂਚਾ, ਅਦਾਲਤਾਂ ਦੀ ਸਰਬਉੱਚਤਾ ਆਦਿ ਸ਼ਾਮਲ ਹਨ, ਦੇ ਵਿਰੁੱਧ ਨਹੀਂ ਹੋਣੀਆਂ ਚਾਹੀਦੀਆਂ। ਅਜਿਹੇ ਨਿਰਣਿਆਂ ਕਾਰਨ ਦੇਸ਼ ਵਿਚ ਵੱਡੀ ਬਹੁਗਿਣਤੀ ਨਾਲ ਬਣੀਆਂ ਸਰਕਾਰਾਂ ਵੀ ਸੰਵਿਧਾਨ ਦੇ ਢਾਂਚੇ ਨਾਲ ਖਿਲਵਾੜ ਨਹੀਂ ਕਰ ਸਕੀਆਂ। ਅਜਿਹੇ ਨਿਰਣਿਆਂ ਕਾਰਨ ਹੀ ਦੇਸ਼ ਦੇ ਲੋਕ ਨਿਆਂ ਹਾਸਲ ਕਰਨ ਲਈ ਇਸ ਅਦਾਲਤ ’ਤੇ ਟੇਕ ਰੱਖਦੇ ਹਨ ਅਤੇ ਉਨ੍ਹਾਂ ਨੂੰ ਇਹ ਉਮੀਦ ਰਹਿੰਦੀ ਹੈ ਕਿ ਸੁਪਰੀਮ ਕੋਰਟ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਸਵੀਕਾਰ ਕਰੇਗਾ।
          ਮੰਗਲਵਾਰ ਇਸ ਅਦਾਲਤ ਦਾ ਫ਼ੈਸਲਾ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਹੋਰ ਲੋਕਾਂ ਦੀਆਂ ਆਸਾਂ-ਉਮੀਦਾਂ ਨਾਲ ਨਿਆਂ ਨਹੀਂ ਕਰ ਸਕਿਆ। ਇਹ ਉਮੀਦਾਂ ਇਸੇ ਅਦਾਲਤ ਨੇ ਸੋਮਵਾਰ ਜਗਾਈਆਂ ਸਨ। ਸੋਮਵਾਰ ਸੁਪਰੀਮ ਕੋਰਟ ਦੇ ਮੁਖੀ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਸੀ, ‘‘ਸਾਨੂੰ ਉਸ ਤੌਰ-ਤਰੀਕੇ, ਜਿਹੜਾ ਸਰਕਾਰ ਨੇ ਇਸ ਸਭ ਕੁਝ (ਕਿਸਾਨ ਅੰਦੋਲਨ) ਬਾਰੇ ਅਪਣਾਇਆ ਹੈ, ਤੋਂ ਬਹੁਤ ਨਿਰਾਸ਼ਾ ਹੋਈ ਹੈ। ਅਸੀਂ ਨਹੀਂ ਜਾਣਦੇ ਕਿ ਤੁਸੀਂ ਕਾਨੂੰਨ ਬਣਾਉਣ ਤੋਂ ਪਹਿਲਾਂ ਸਲਾਹ-ਮਸ਼ਵਰਾ ਕਰਨ ਲਈ ਕਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ।’’ ਜਦ ਦੇਸ਼ ਦੀ ਸਰਬਉੱਚ ਅਦਾਲਤ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਅਤੇ ਅੰਦੋਲਨ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਅਜਿਹਾ ਕਹੇ ਤਾਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਇਸ ਤੋਂ ਜ਼ਿਆਦਾ ਨਾਕਾਰਾਤਮਕ ਫ਼ਤਵਾ ਨਹੀਂ ਹੋ ਸਕਦਾ।
       ਸੋਮਵਾਰ ਚੀਫ਼ ਜਸਟਿਸ ਬੋਬੜੇ ਨੇ ਇਹ ਵੀ ਕਿਹਾ ਸੀ, ‘‘ਬਹੁਤ ਸਾਰੇ ਸੂਬਿਆਂ ਵਿਚ ਵਿਦਰੋਹ ਹੋ ਰਿਹਾ ਹੈ (Many States are up in rebellion)... ਅਸੀਂ ਆਪਣੇ ਹੱਥ ਖ਼ੂਨ ਨਾਲ ਲਿਬੇੜਨਾ ਨਹੀਂ ਚਾਹੁੰਦੇ (We do not want blood at our hands)... ਹਾਲਾਤ ਵਿਗੜੇ ਹੋਏ ਹਨ। ਲੋਕ ਖ਼ੁਦਕੁਸ਼ੀਆਂ ਕਰ ਰਹੇ ਹਨ।’’ ਇਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਮਹਿਸੂਸ ਕੀਤਾ ਕਿ ਕਿਸਾਨ ਅੰਦੋਲਨ ਦੇ ਪਾਸਾਰ ਬਹੁਤ ਵੱਡੇ ਹਨ ਅਤੇ ਉਹ ਇਸ ਅੰਦੋਲਨ ਕਾਰਨ ਦੇਸ਼ ਵਿਚ ਸੁਲਗ਼ ਰਹੇ ਵਿਦਰੋਹ ਦੀਆਂ ਅੰਤਰ-ਧੁਨੀਆਂ ਨੂੰ ਬਹੁਤ ਸਪੱਸ਼ਟ ਤੌਰ ’ਤੇ ਸੁਣ ਰਹੇ ਹਨ; ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।
       ਕੋਈ ਵੀ ਬੁੱਧੀਜੀਵੀ, ਸਮਾਜ ਸ਼ਾਸਤਰੀ, ਜੱਜ, ਸਿਆਸੀ ਜਾਂ ਕਾਨੂੰਨੀ ਮਾਹਿਰ ਅਤੇ ਸਮਾਜ ਨੂੰ ਪੈਨੀ ਨਜ਼ਰ ਨਾਲ ਦੇਖਣ ਵਾਲਾ ਚਿੰਤਕ ਇਹ ਜਾਣਦਾ ਹੈ ਕਿ ਖੇਤੀ ਸਮਾਜ ਦੀ ਬੁਨਿਆਦ ਹੈ ਅਤੇ ਜੇ ਦੇਸ਼ ਦੇ ਕਿਸਾਨ ਸਰਕਾਰ ਦੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉੱਤਰੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿਚ ਵੱਡੀ ਪੱਧਰ ’ਤੇ ਅਨਿਆਂ ਹੋ ਰਿਹਾ ਹੈ। ਅਜਿਹੀ ਸਥਿਤੀ ਨਾਲ ਨਿਪਟਣ ਵਿਚ ਹਉਮੈਂ ਦਿਖਾਉਂਦੀਆਂ ਸਰਕਾਰਾਂ ਦੇਸ਼ ਨੂੰ ਖ਼ਤਰਨਾਕ ਦਿਸ਼ਾ ਵੱਲ ਧੱਕ ਸਕਦੀਆਂ ਹਨ। ਸੋਮਵਾਰ ਸਰਬਉੱਚ ਅਦਾਲਤ ਦੀਆਂ ਟਿੱਪਣੀਆਂ ਤੋਂ ਲੱਗਦਾ ਸੀ ਕਿ ਅਦਾਲਤ ਇਨ੍ਹਾਂ ਅੰਤਰ-ਦ੍ਰਿਸ਼ਟੀਆਂ ਅਨੁਸਾਰ ਫ਼ੈਸਲਾ ਦੇਵੇਗੀ ਪਰ ਮੰਗਲਵਾਰ ਦੇ ਫ਼ੈਸਲੇ ਅਤੇ ਸੋਮਵਾਰ ਦੀਆਂ ਟਿੱਪਣੀਆਂ ਵਿਚਲੀ ਭਾਵਨਾ ਵਿਚ ਕੋਹਾਂ ਦੀ ਵਿੱਥ ਹੈ। ਮੰਗਲਵਾਰ ਸੁਪਰੀਮ ਕੋਰਟ ਨੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਵਿਚੋਲਗੀ ਕਰਨ ਲਈ ਅਜਿਹੀ ਕਮੇਟੀ ਦਾ ਐਲਾਨ ਕੀਤਾ ਜਿਸ ਦੇ ਸਾਰੇ ਮੈਂਬਰ ਖੇਤੀ ਕਾਨੂੰਨਾਂ ਦੇ ਹੱਕ ਵਿਚ ਜਨਤਕ ਤੌਰ ’ਤੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਵਿਚ ਕਈ ਇਨ੍ਹਾਂ ਕਾਨੂੰਨਾਂ ਨੂੰ ਖੇਤੀ ਸੁਧਾਰ ਦੱਸਦੇ ਅਤੇ ਕਈਆਂ ਨੇ ਕਿਸਾਨ ਅੰਦੋਲਨ ਬਾਰੇ ਨਾਕਾਰਾਤਮਕ ਟਿੱਪਣੀਆਂ ਕੀਤੀਆਂ ਹਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਕਮੇਟੀ ਦੇ ਮੈਂਬਰਾਂ ਸਾਹਮਣੇ ਪੇਸ਼ ਨਹੀਂ ਹੋਣਗੇ। ਕੁਝ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੂੰ ਅਜਿਹੀ ਕਮੇਟੀ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੇ ਅਧਿਕਾਰ-ਖੇਤਰ ਦਾ ਵਿਸ਼ਾ ਨਹੀਂ ਕਿ ਦੇਸ਼ ਵਿਚ ਖੇਤੀ ਖੇਤਰ ਨੂੰ ਕਿਵੇਂ ਚਲਾਇਆ ਜਾਵੇ। ਇਸ ਬਾਰੇ ਸਭ ਤੋਂ ਚੰਗੀ ਤਰ੍ਹਾਂ ਦੇਸ਼ ਦੇ ਕਿਸਾਨ ਜਾਣਦੇ ਹਨ।
         ਮਾਹਿਰ ਸੰਯੁਕਤ ਰਾਸ਼ਟਰ ਦੇ 2018 ਦੇ ਕਿਸਾਨਾਂ ਅਤੇ ਦਿਹਾਤੀ ਲੋਕਾਂ ਦੇ ਅਧਿਕਾਰਾਂ ਬਾਰੇ ਐਲਾਨਨਾਮੇ ਦਾ ਹਵਾਲਾ ਦਿੰਦਿਆਂ ਦੱਸਦੇ ਹਨ [ਖ਼ਾਸ ਕਰਕੇ ਧਾਰਾ 2(3)] ਕਿ ਕਿਵੇਂ ਸੰਯੁਕਤ ਰਾਸ਼ਟਰ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਕਿਸਾਨਾਂ ਬਾਰੇ ਕੋਈ ਵੀ ਕਾਨੂੰਨ ਕਿਸਾਨਾਂ ਅਤੇ ਦਿਹਾਤੀ ਖੇਤਰ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਬਣਾਏ ਜਾਣੇ ਚਾਹੀਦੇ ਹਨ। ਸਾਰਾ ਦੇਸ਼ ਜਾਣਦਾ ਹੈ ਕਿ ਇਹ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅਜਿਹੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਜਿਵੇਂ ਸੁਪਰੀਮ ਕੋਰਟ ਨੇ ਖ਼ੁਦ ਸੋਮਵਾਰ ਕਿਹਾ ਸੀ, ‘‘ਅਸੀਂ ਨਹੀਂ ਜਾਣਦੇ ਕਿ ਤੁਸੀਂ ਕਾਨੂੰਨ ਬਣਾਉਣ ਤੋਂ ਪਹਿਲਾਂ ਸਲਾਹ-ਮਸ਼ਵਰਾ ਕਰਨ ਲਈ ਕਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਸੀ।’’
        ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਦਲੀਲ ਅਨੁਸਾਰ ਇਹ ਕਾਨੂੰਨ 20 ਸਾਲਾਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਬਣਾਏ ਗਏ। ਜੇ ਇਹ ਦਲੀਲ ਸਹੀ ਹੈ ਤਾਂ ਸਵਾਲ ਉੱਠਦਾ ਹੈ ਕਿ ਇਹ ਕਾਨੂੰਨ ਸੰਸਦ ਦੀ ਚੋਣਵੀਂ ਕਮੇਟੀ (Select Committee) ਨੂੰ ਕਿਉਂ ਨਹੀਂ ਭੇਜੇ ਗਏ। ਜੇ ਦੇਸ਼ ਇਨ੍ਹਾਂ ਕਾਨੂੰਨਾਂ ਲਈ 20 ਸਾਲ ਉਡੀਕ ਸਕਦਾ ਹੈ ਤਾਂ ਕੁਝ ਹੋਰ ਮਹੀਨੇ ਕਿਉਂ ਨਹੀਂ? ਪ੍ਰਤੱਖ ਹੈ ਕਿ ਇਹ ਦਲੀਲ ਝੂਠੀ ਹੈ ਕਿਉਂਕਿ ਇਸ ਦੇ ਉਲਟ ਕੇਂਦਰ ਸਰਕਾਰ ਨੇ ਰਾਜ ਸਭਾ ਵਿਚ ਇਹ ਕਾਨੂੰਨ ਜ਼ਬਰਦਸਤੀ ਪਾਸ ਕਰਾਏ, ਰਾਜ ਸਭਾ ਦੇ 8 ਮੈਂਬਰਾਂ ਨੂੰ ਮੁਅੱਤਲ ਕਰਕੇ, ਟੀਵੀ ਕੈਮਰਿਆਂ ’ਤੇ ਰਾਜ ਸਭਾ ਦੀ ਕਾਰਵਾਈ ਦਾ ਹੋ ਰਿਹਾ ਪ੍ਰਸਾਰਨ ਬੰਦ ਕਰ ਦਿੱਤਾ ਗਿਆ। ਕੀ ਵਿਚਾਰ-ਵਟਾਂਦਰਾ ਇਸ ਤਰ੍ਹਾਂ ਹੁੰਦਾ ਹੈ?
      ਕਾਨੂੰਨੀ ਮਾਹਿਰ ਇਹ ਸਵਾਲ ਉਠਾ ਰਹੇ ਹਨ ਕਿ ਜਦ ਸੁਪਰੀਮ ਕੋਰਟ ਜਾਣਦੀ ਹੈ ਕਿ ਜਮਹੂਰੀ ਪ੍ਰਕਿਰਿਆ ਦੀ ਉਲੰਘਣਾ ਕੀਤੀ ਗਈ, ਕਿਸਾਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ ਅਤੇ ਸਭ ਤੋਂ ਵੱਧ ਮਹੱਤਵਪੂਰਨ ਕਿ ਕੇਂਦਰ ਸਰਕਾਰ ਨੇ ਖੇਤੀ ਖੇਤਰ, ਜੋ ਸੂਬਿਆਂ ਦੇ ਅਧਿਕਾਰ ਦਾ ਵਿਸ਼ਾ ਹੈ, ਨੂੰ ਪ੍ਰਭਾਵਿਤ ਕਰਨ ਵਾਲੇ ਵੱਡੇ ਕਾਨੂੰਨ ਬਣਾ ਕੇ ਸੰਵਿਧਾਨਕ ਪ੍ਰਕਿਰਿਆ ਅਤੇ ਫੈਡਰਲਿਜ਼ਮ ਦੇ ਸਿਧਾਂਤ ਦੀ ਉਲੰਘਣਾ ਕੀਤੀ ਹੈ ਤਾਂ ਸੁਪਰੀਮ ਕੋਰਟ ਨੇ ਇਨ੍ਹਾਂ ਕਾਨੂੰਨਾਂ ਦੀ ਸੰਵਿਧਾਨਕਤਾ ’ਤੇ ਵਿਚਾਰ ਕਿਉਂ ਨਹੀਂ ਕੀਤਾ। ਉਨ੍ਹਾਂ ਅਨੁਸਾਰ ਸੁਪਰੀਮ ਕੋਰਟ ਨੂੰ ਇਹ ਮਾਮਲਾ ਵੱਡੇ ਸੰਵਿਧਾਨਕ ਬੈਂਚ ਸਾਹਮਣੇ ਲਿਆ ਕੇ ਨਿਆਂ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਅਸੰਵਿਧਾਨਕ ਕਰਾਰ ਦੇਣਾ ਚਾਹੀਦਾ ਸੀ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਪਰੀਮ ਕੋਰਟ ਕੋਲ ਕਿਸੇ ਕਾਨੂੰਨ ’ਤੇ ਅਮਲ ਕਰਨ ਤੋਂ ਰੋਕਣ ਦਾ ਅਧਿਕਾਰ ਨਹੀਂ ਹੈ ਪਰ ਉਸ ਨੂੰ ਅਸੰਵਿਧਾਨਕ ਕਰਾਰ ਦੇਣ ਦਾ ਅਧਿਕਾਰ ਜ਼ਰੂਰ ਹੈ।
        ਲੋਕਾਂ ਨੂੰ ਸਭ ਤੋਂ ਜ਼ਿਆਦਾ ਨਿਰਾਸ਼ਾ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਆਖ਼ਰੀ ਪੈਰ੍ਹੇ ਤੋਂ ਹੋਈ ਹੈ। ਇਸ ਪੈਰ੍ਹੇ ਦੇ ਸ਼ਬਦਾਂ ਦੀ ਸੁਰ ਕਿਸਾਨ ਅੰਦੋਲਨ ਦੀ ਗਤੀ ਨੂੰ ਧੀਮੀ ਕਰਨ ’ਤੇ ਕੇਂਦਰਿਤ ਹੁੰਦੀ ਦਿਖਾਈ ਦਿੰਦੀ ਹੈ। ਵਿਰੋਧਾਭਾਸ ਇਹ ਹੈ ਕਿ ਇਕ ਪਾਸੇ ਸੁਪਰੀਮ ਕੋਰਟ ਨੇ ਸ਼ਾਂਤਮਈ ਅੰਦੋਲਨ ਕਰਨ ਦੇ ਹੱਕ ਨੂੰ ਸਵੀਕਾਰ ਕੀਤਾ, ਉੱਥੇ ਮੰਗਲਵਾਰ ਆਪਣੇ ਅੰਤਰਿਮ ਫ਼ੈਸਲੇ ਵਿਚ ਕਿਹਾ, ‘‘ਅਸੀਂ ਸੋਚਦੇ ਹਾਂ ਕਿ ਖੇਤੀ ਕਾਨੂੰਨਾਂ ’ਤੇ ਅਮਲ ਰੋਕਣ ਦਾ ਇਹ ਅਸਾਧਾਰਨ ਆਦੇਸ਼ ਅਜਿਹੇ ਵਿਰੋਧ/ਅੰਦੋਲਨ ਦੇ ਉਦੇਸ਼ਾਂ ਦੀ ਸਫ਼ਲਤਾ ਮੰਨਿਆ ਜਾਵੇਗਾ ਅਤੇ ਇਹ ਕਿਸਾਨ ਜਥੇਬੰਦੀਆਂ ਨੂੰ ਆਪਣੇ ਮੈਂਬਰਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਵਾਪਸ ਜਾਣ ਲਈ ਉਤਸ਼ਾਹਿਤ ਕਰੇਗਾ...।’’ ‘‘ਵਾਪਸ ਜਾਣ ਲਈ ਉਤਸ਼ਾਹਿਤ ਕਰੇਗਾ’’ ਦੇ ਸ਼ਬਦਾਂ ਦੀ ਵੱਡੀ ਆਲੋਚਨਾ ਹੋਈ ਹੈ ਅਤੇ ਦੇਸ਼ ਦੇ ਮਸ਼ਹੂਰ ਚਿੰਤਕ ਭਾਨੂੰ ਪ੍ਰਤਾਪ ਮਹਿਤਾ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਲਿਖੇ ਲੇਖ ਵਿਚ ਕਿਹਾ ਹੈ, ‘‘ਅਦਾਲਤ ਸ਼ਾਇਦ ਅਣਜਾਣੇ ਵਿਚ ਹੀ ਸਹੀ ਪਰ ਬਹੁਤ ਨੁਕਸਾਨ ਕਰਨ ਵਾਲੇ ਢੰਗ ਨਾਲ ਇਸ ਸਮਾਜਿਕ ਅੰਦੋਲਨ ਦੇ ਵਹਾਅ ਨੂੰ ਤੋੜਨ ਦਾ ਯਤਨ ਕਰ ਰਹੀ ਹੈ।’’ ਮਹਿਤਾ ਦੇ ਇਹ ਸ਼ਬਦ ਬਹੁਤ ਮਹੱਤਵਪੂਰਨ ਹਨ ਅਤੇ ਇਸ ਗੱਲ ’ਤੇ ਉਂਗਲ ਰੱਖਦੇ ਹਨ ਕਿ ਦੇਸ਼ ਦੇ ਲੋਕ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕਿਉਂ ਨਿਰਾਸ਼ ਹੋਏ ਹਨ।
       ਹਰ ਸਮਾਜਿਕ ਅੰਦੋਲਨ ਦੀ ਆਪਣੀ ਗਤੀ, ਸਮਾਜਿਕਤਾ ਅਤੇ ਨੈਤਿਕਤਾ ਹੁੰਦੀ ਹੈ। ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ। ਇਸ ਵਿਚ ਪੰਜਾਬੀਆਂ ਦਾ ਸਦੀਆਂ ਤੋਂ ਕਮਾਇਆ ਅਨਿਆਂ ਵਿਰੁੱਧ ਲੜਨ ਦਾ ਜਜ਼ਬਾ, ਸਾਂਝੀਵਾਲਤਾ, ਸਿਦਕ, ਸਬਰ, ਸੰਜਮ ਅਤੇ ਜਮਹੂਰੀ ਕਿਰਦਾਰ ਝਲਕਦੇ ਹਨ। ਇਸ ਅੰਦੋਲਨ ਦੀ ਨੈਤਿਕਤਾ ਪੰਜਾਬੀ ਕਿਸਾਨਾਂ ਦੇ ਇਹ ਮਹਿਸੂਸ ਕਰਨ ਵਿਚ ਪਈ ਹੋਈ ਹੈ ਕਿ ਉਨ੍ਹਾਂ ਨਾਲ ਅਨਿਆਂ ਹੋਇਆ ਹੈ, ਉਨ੍ਹਾਂ ਦੇ ਅੰਦੋਲਨ ਕਰਨ ਲਈ ਨਿਕਲਣ ਵਿਚ ਸੀਸ ਤਲੀ ’ਤੇ ਧਰਨ ਦਾ ਜਜ਼ਬਾ ਹੈ, ਉਨ੍ਹਾਂ ਦੇ ਦੁੱਖ ਉਹੀ ਜਾਣਦੇ ਹਨ, ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਸੋ ਜਾਣੈ ਜਿਸੁ ਵੇਦਨ ਹੋਵੈ।।’’ ਇਹ ਅੰਦੋਲਨ ਪੰਜਾਬ ਦੀ ਲੋਕ-ਵੇਦਨਾ ਦਾ ਪ੍ਰਗਟਾਉ ਹੈ।
       ਸੁਪਰੀਮ ਕੋਰਟ ਲੋਕ-ਵੇਦਨਾ ਦੀਆਂ ਅੰਤਰ-ਧੁਨੀਆਂ ਨੂੰ ਸੁਣਨ ਦੇ ਅਸਮਰੱਥ ਰਿਹਾ ਹੈ। ਲੋਕ-ਵੇਦਨਾ ਨੂੰ ਪ੍ਰਗਟਾਉਂਦਾ ਇਹ ਅੰਦੋਲਨ ਆਪਣੇ ਸੰਗਰਾਮਮਈ ਤੇਵਰਾਂ, ਸ਼ਾਂਤਮਈ ਤੌਰ-ਤਰੀਕੇ, ਜ਼ਬਤ, ਸਿਦਕ ਅਤੇ ਸਿਰੜ ਕਾਰਨ ਲੋਕ-ਅੰਦੋਲਨ ਬਣਨ ਦੇ ਨਾਲ-ਨਾਲ ਦੇਸ਼ ਦੀ ਲੋਕਾਈ ਦਾ ਨੈਤਿਕ ਅੰਦੋਲਨ ਬਣ ਗਿਆ ਹੈ। ਇਸ ਅੰਦੋਲਨ ਦੀ ਵੇਦਨਾ ਅਤੇ ਸੰਘਰਸ਼ ਨੂੰ ਆਪਣੀ ਮੰਜ਼ਿਲ ਤਕ ਪਹੁੰਚਾਉਣ ਦੀ ਦ੍ਰਿੜ੍ਹਤਾ ਦੀਆਂ ਧੁਨੀਆਂ ਉਨ੍ਹਾਂ ਲੋਕਾਂ ਨੂੰ ਸੁਣਾਈ ਨਹੀਂ ਦਿੰਦੀਆਂ ਜਿਨ੍ਹਾਂ ਦੀਆਂ ਆਤਮਾਵਾਂ ਸਿਰਫ਼ ਆਪਣੇ ਸਹੀ ਹੋਣ ਦੀ ਹਉਮੈਂ ਅਤੇ ਤਾਕਤ/ਸੱਤਾ ਦੇ ਅਭਿਮਾਨ ਵਿਚ ਜਕੜੀਆਂ ਹੋਈਆਂ ਹਨ। ਇਸ ਅੰਦੋਲਨ ਨੇ ਆਪਣੀ ਨੈਤਿਕਤਾ ਦੇ ਆਧਾਰ ’ਤੇ ਹੀ ਜਿੱਤ ਪ੍ਰਾਪਤ ਕਰਨੀ ਹੈ।

ਟਰੰਪਵਾਦ ਜ਼ਿੰਦਾ ਹੈ - ਸਵਰਾਜਬੀਰ

ਬੁੱਧਵਾਰ ਵਾਸ਼ਿੰਗਟਨ ਦੇ ਕੈਪੀਟਲ ਹਿੱਲ (Capitol Hill) ਇਲਾਕੇ, ਜਿੱਥੇ ਅਮਰੀਕੀ ਸੰਸਦ/ਕਾਂਗਰਸ ਦੇ ਦੋਵੇਂ ਸਦਨ (ਹਾਊਸ ਆਫ਼ ਰਿਪਰੈਜੈਂਟੇਟਿਵਜ਼ ਅਤੇ ਸੈਨੇਟ) ਸਥਿਤ ਹਨ, ਵਿਚ ਹੋਈ ਹਿੰਸਾ ਨੇ ਅਮਰੀਕੀ ਜਮਹੂਰੀਅਤ ਦੀਆਂ ਚੂਲ਼ਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਨ੍ਹਾਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਜਮਹੂਰੀਅਤ ਨੂੰ ਖ਼ਤਰਾ ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣ ਵਾਲੀਆਂ ਧਿਰਾਂ, ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ, ਲਤਾੜੇ ਗਏ ਵਰਗਾਂ, ਮਜ਼ਦੂਰਾਂ, ਦਮਿਤਾਂ ਅਤੇ ਹੋਰ ਘੱਟ ਸਾਧਨਾਂ ਵਾਲੇ ਲੋਕਾਂ, ਜੋ ਆਪਣੇ ਹੱਕਾਂ ਲਈ ਮੁਜ਼ਾਹਰੇ, ਹੜਤਾਲਾਂ, ਰੈਲੀਆਂ ਆਦਿ ਕਰਦੇ ਰਹਿੰਦੇ ਹਨ, ਤੋਂ ਨਹੀਂ ਸਗੋਂ ਜਮਹੂਰੀ ਤਰੀਕੇ ਨਾਲ ਚੁਣੇ ਗਏ ਤਾਨਾਸ਼ਾਹੀ ਰੁਚੀਆਂ ਰੱਖਣ ਵਾਲੇ ਹੁਕਮਰਾਨਾਂ ਤੋਂ ਹੈ। ਇਸ ਦੀਆਂ ਮਿਸਾਲਾਂ ਰੂਸ, ਭਾਰਤ, ਤੁਰਕੀ, ਇਸਰਾਈਲ, ਹੰਗਰੀ, ਬਰਾਜ਼ੀਲ ਅਤੇ ਕਈ ਹੋਰ ਦੇਸ਼ਾਂ ਵਿਚ ਦੇਖੀਆਂ ਜਾ ਸਕਦੀਆਂ ਹਨ।
         ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਟਰੰਪ ਹਾਰ ਗਿਆ ਅਤੇ ਜੋਅ ਬਾਇਡਨ ਜੇਤੂ ਰਿਹਾ ਪਰ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਵਿਚ ਹਰ ਸੂਬੇ ਦੀਆਂ ਵੋਟਾਂ ਅਲੱਗ-ਅਲੱਗ ਗਿਣੀਆਂ ਜਾਂਦੀਆਂ ਹਨ ਅਤੇ ਸੂਬਾ ਸਰਕਾਰਾਂ ਨਤੀਜਿਆਂ ਦਾ ਐਲਾਨ ਕਰਦੀਆਂ ਹਨ। ਜੇਕਰ ਅਮਰੀਕੀ ਸੰਸਦ/ਕਾਂਗਰਸ ਦੇ ਕਿਸੇ ਸਦਨ (ਹਾਊਸ ਆਫ਼ ਰਿਪਰੈਜੈਂਟੇਟਿਵਜ਼ ਅਤੇ ਸੈਨੇਟ) ਦੇ ਮੈਂਬਰ ਕਿਸੇ ਸੂਬੇ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਤਾਂ ਇਹ ਫ਼ੈਸਲਾ ਦੋਹਾਂ ਸਦਨਾਂ ਵਿਚ ਹੁੰਦਾ ਹੈ ਕਿ ਸੂਬਾ ਸਰਕਾਰ ਦੁਆਰਾ ਐਲਾਨੇ ਗਏ ਨਤੀਜੇ ਸਹੀ ਸਨ ਜਾਂ ਨਹੀਂ। ਟਰੰਪ ਦੀ ਰਿਪਬਲਿਕਨ ਪਾਰਟੀ ਨੇ ਐਰੀਜ਼ੋਨਾ ਅਤੇ ਪੈਨਸਿਲਵੇਨਿਆ ਸੂਬਿਆਂ ਦੇ ਚੋਣ-ਨਤੀਜਿਆਂ (ਜਿਨ੍ਹਾਂ ਵਿਚ ਟਰੰਪ ਹਾਰ ਗਿਆ ਸੀ) ’ਤੇ ਇਤਰਾਜ਼ ਜਤਾਇਆ ਸੀ ਅਤੇ 6 ਜਨਵਰੀ ਨੂੰ ਦੋਵੇਂ ਸਦਨ ਇਸ ਮੁੱਦੇ ’ਤੇ ਵਿਚਾਰ ਕਰ ਰਹੇ ਸਨ। ਇੰਨੇ ਵਿਚ ਟਰੰਪ ਦੇ ਹਥਿਆਰਬੰਦ ਹਮਾਇਤੀਆਂ ਨੇ ਕੈਪੀਟਲ ਹਿੱਲ ਇਲਾਕੇ ਨੂੰ ਘੇਰ ਕੇ ਹਿੰਸਾ ਕੀਤੀ ਜਿਸ ਵਿਚ 4 ਵਿਅਕਤੀ ਮਾਰੇ ਗਏ। ਬਾਅਦ ਵਿਚ ਅਮਰੀਕਾ ਦੇ ਦੋਹਾਂ ਸਦਨਾਂ ਨੇ ਟਰੰਪ ਦੇ ਹਮਾਇਤੀਆਂ ਦੇ ਐਰੀਜ਼ੋਨਾ ਅਤੇ ਪੈਨਸਿਲਵੇਨੀਆ ਦੇ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਸਹੀ ਤਰੀਕੇ ਨਾਲ ਨਾ ਹੋਣ ਦੇ ਦਾਅਵੇ ਨੂੰ ਨਕਾਰ ਦਿੱਤਾ ਅਤੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਅਧਿਕਾਰਤ ਰੂਪ ਵਿਚ ਜੋਅ ਬਾਇਡਨ ਨੂੰ ਜੇਤੂ ਕਰਾਰ ਦਿੱਤਾ।
        ਇਸ ਵੇਲੇ ਅਮਰੀਕਾ ਵਿਚ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇਹ ਹਿੰਸਾ ਕਿਸ ਨੇ ਕਰਵਾਈ ਅਤੇ ਇਸ ਲਈ ਨੈਤਿਕ ਜ਼ਿੰਮੇਵਾਰੀ ਕਿਸ ਦੀ ਹੈ? ਅਮਰੀਕਾ ਦੇ ਚੁਣੇ ਹੋਏ ਨੁਮਾਇੰਦੇ, ਬੁੱਧੀਜੀਵੀ, ਪੱਤਰਕਾਰ, ਚਿੰਤਕ, ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਇਸ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਵਿਰੁੱਧ ਕਾਨੂੰਨੀ ਅਤੇ ਸੰਵਿਧਾਨਕ ਕਾਰਵਾਈ ਦੀ ਮੰਗ ਕਰ ਰਹੇ ਹਨ। ਅਮਰੀਕੀ ਸੰਸਦ ਦੇ ਮੈਂਬਰ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਅਮਰੀਕਾ ਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਅਮਰੀਕਨ ਸੰਵਿਧਾਨ ਦੀ 25ਵੀਂ ਸੋਧ ਅਨੁਸਾਰ ਕੰਮ ਕਰੇ। ਇਸ ਸੋਧ ਅਨੁਸਾਰ ਰਾਸ਼ਟਰਪਤੀ ਦੀ ਮੌਤ, ਅਸਤੀਫ਼ਾ ਦੇਣ ਜਾਂ ਜ਼ਿਆਦਾ ਬਿਮਾਰ ਹੋਣ ਦੀ ਸੂਰਤ ਵਿਚ ਉਪ-ਰਾਸ਼ਟਰਪਤੀ ਦੇਸ਼ ਦਾ ਰਾਸ਼ਟਰਪਤੀ ਬਣ ਜਾਂਦਾ ਹੈ। ਇਸ ਸੋਧ ਅਨੁਸਾਰ ਜੇ ਉਪ-ਰਾਸ਼ਟਰਪਤੀ ਅਤੇ ਕੈਬਨਿਟ ਮੰਤਰੀਆਂ ਤੇ ਅਧਿਕਾਰੀਆਂ ਦੀ ਬਹੁਗਿਣਤੀ ਇਹ ਨਿਰਣਾ ਕਰਨ ਕਿ ਰਾਸ਼ਟਰਪਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਅਸਮਰੱਥ ਹੈ ਤਾਂ ਰਾਸ਼ਟਰਪਤੀ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਉਪ-ਰਾਸ਼ਟਰਪਤੀ ਉਸ ਅਹੁਦੇ ਨੂੰ ਸੰਭਾਲ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾਣਾ ਨੈਤਿਕ ਪੱਖ ਤੋਂ ਇਸ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਉਸ ਨੇ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੋਸਟਾਂ ਪਾ ਕੇ ਆਪਣੇ ਇੰਤਹਾਪਸੰਦ ਅਤੇ ਨਸਲਵਾਦੀ ਹਮਾਇਤੀਆਂ ਨੂੰ ਚੋਣਾਂ ਦੇ ਨਤੀਜਿਆਂ ਅਤੇ ਜਮਹੂਰੀ ਪ੍ਰਕਿਰਿਆ ਨੂੰ ਚੁਣੌਤੀ ਦੇਣ ਨੂੰ ਲਲਕਾਰਿਆ ਅਤੇ ਗ਼ੈਰ-ਜਮਹੂਰੀ ਕਾਰਵਾਈਆਂ ਕਰਨ ਲਈ ਉਕਸਾ ਕੇ ਸੱਤਾ ਨਾਲ ਚਿੰਬੜੇ ਰਹਿਣ ਦਾ ਯਤਨ ਕੀਤਾ। ਡੈਮੋਕਰੈਟਿਕ ਪਾਰਟੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਜੇਕਰ ਉਪ-ਰਾਸ਼ਟਰਪਤੀ ਅਮਰੀਕਨ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰਕੇ ਟਰੰਪ ਨੂੰ ਆਪਣੇ ਅਹੁਦੇ ਤੋਂ ਨਹੀਂ ਹਟਾਉਂਦਾ ਤਾਂ ਉਹ ਸੰਸਦ ਵਿਚ ਟਰੰਪ ’ਤੇ ਮਾਣਹਾਨੀ ਦਾ ਮੁਕੱਦਮਾ ਪੇਸ਼ ਕਰਕੇ ਉਸ ਨੂੰ ਰਾਸ਼ਟਰਪਤੀ ਦੇ ਪਦ ਤੋਂ ਲਾਂਭੇ ਕਰ ਦੇਣਗੇ।
        ਭਾਰਤ ਵਿਚ ਇਨ੍ਹਾਂ ਘਟਨਾਵਾਂ ਬਾਰੇ ਦਿਲਚਸਪੀ ਦਾ ਇਕ ਹੋਰ ਪਹਿਲੂ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿੱਤਰਤਾ ਅਤੇ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਦਾ ਮਿਲਦੇ-ਜੁਲਦੇ ਹੋਣਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਨੂੰ ਇਕ-ਰੂਪ ਜਾਂ ਇਕ-ਦੂਸਰੇ ਦਾ ਅਕਸ ਮੰਨਦੇ ਹਨ। ਨਰਿੰਦਰ ਮੋਦੀ ਨੇ ਟਰੰਪ ਦੀ ਵੱਡੇ ਪੱਧਰ ’ਤੇ ਹਮਾਇਤ ਕਰਦਿਆਂ 20 ਸਤੰਬਰ 2019 ਨੂੰ ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ‘ਹਾਓਡੀ ਮੋਡੀ (Howdy Modi !)’ ਨਾਂ ਦੀ ਰੈਲੀ ਕਰਕੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦਿੱਤਾ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਜਾਂ ਸਿਆਸੀ ਆਗੂ ਨੇ ਪਹਿਲਾਂ ਕਦੇ ਇਸ ਤਰ੍ਹਾਂ ਦੀ ਸਰਗਰਮੀ ਨਹੀਂ ਸੀ ਕੀਤੀ।
         ਸਾਡੇ ਦੇਸ਼ ਵਿਚ ਕਈ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਜਦ ਟਰੰਪ ਦੇ ਰਾਜ-ਕਾਲ ਦੇ 9-10 ਦਿਨ ਬਾਕੀ ਹਨ ਤਾਂ ਉਸ ਦੇ ਹਟਾਉਣ ਨੂੰ ਏਡਾ ਵੱਡਾ ਸਿਆਸੀ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ। ਅਮਰੀਕਾ ਦੇ ਰਾਜਸੀ ਮਾਹਿਰਾਂ ਅਨੁਸਾਰ ਮੁੱਦਾ ਸਿਆਸਤ ਦਾ ਨਹੀਂ, ਸਿਆਸੀ ਨੈਤਿਕਤਾ ਦਾ ਹੈ, ਉਹ ਰਾਸ਼ਟਰਪਤੀ, ਜਿਸ ਨੇ ਜਮਹੂਰੀ ਸਿਧਾਂਤਾਂ ਦਾ ਉਲੰਘਣ ਕੀਤਾ ਹੈ, ਦੀ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
         ਜੇ ਸਿਆਸੀ ਨੈਤਿਕਤਾ ਦੇ ਇਸ ਸਿਧਾਂਤ ਨੂੰ ਸਾਡੇ ਦੇਸ਼ ਵਿਚ ਹੋਈਆਂ ਅਤੇ ਹੋ ਰਹੀਆਂ ਘਟਨਾਵਾਂ ’ਤੇ ਲਾਗੂ ਕੀਤਾ ਜਾਵੇ ਤਾਂ ਸਾਡੇ ਦੇਸ਼ ਦੀ ਸਿਆਸੀ ਅਤੇ ਨੈਤਿਕ ਤਸਵੀਰ ਵੀ ਅਮਰੀਕਾ ਵਿਚ ਹੋਈਆਂ ਘਟਨਾਵਾਂ ਨਾਲ ਮਿਲਦੀ-ਜੁਲਦੀ ਹੈ। ਜੇਕਰ ਇਸ ਤਸਵੀਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਦੇਖਿਆ ਜਾਏ ਤਾਂ ਦ੍ਰਿਸ਼ ਅਤਿਅੰਤ ਨਿਰਾਸ਼ਾਜਨਕ ਹੈ। ਇਸ ਸੰਘਰਸ਼ ਵਿਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਲੋਕਾਈ ਉਨ੍ਹਾਂ ਨੂੰ ਲੋਕ-ਸ਼ਹੀਦ ਮੰਨ ਰਹੀ ਹੈ, ਹਜ਼ਾਰਾਂ ਲੋਕ, ਜਿਨ੍ਹਾਂ ਵਿਚ ਬਜ਼ੁਰਗ ਔਰਤਾਂ, ਮਰਦ ਅਤੇ ਬੱਚੇ ਵੀ ਸ਼ਾਮਲ ਹਨ, ਕੜਕਦੀ ਠੰਢ ਵਿਚ ਸੜਕਾਂ ’ਤੇ ਠੁਰ-ਠੁਰ ਕਰਦੇ ਬਿਮਾਰ ਪੈ ਰਹੇ ਹਨ, ਪਰ ਸਾਡੇ ਦੇਸ਼ ਦੀ ਸਿਆਸੀ ਜਮਾਤ ਅਤੇ ਮੀਡੀਆ ਦਾ ਇਕ ਹਿੱਸਾ ਆਪਣੇ ਘੁਰਨਿਆਂ ਵਿਚ ਦੜ ਵੱਟੀ ਉਨ੍ਹਾਂ ਨੂੰ ਗੁਮਰਾਹ ਹੋਏ, ਬੇਸਮਝ ਤੇ ਕਈ ਵਾਰੀ ਅਤਿਵਾਦੀ ਜਾਂ ਨਕਸਲਬਾੜੀ ਦਰਸਾ ਰਹੇ ਹਨ। ਪ੍ਰਮੁੱਖ ਸਵਾਲ ਇਹ ਹੈ ਕਿ ਸਾਡੇ ਦੇਸ਼ ਦੀ ਸਿਆਸੀ ਜਮਾਤ ਅਤੇ ਆਗੂਆਂ ਦੀ ਸਿਆਸੀ ਨੈਤਿਕਤਾ ਦੀ ਜਵਾਬਦੇਹੀ ਤੈਅ ਕਿਉਂ ਨਹੀਂ ਹੁੰਦੀ। ਪਿਛਲੀ ਮੀਟਿੰਗ ਵਿਚ ਕੇਂਦਰੀ ਖੇਤੀ ਮੰਤਰੀ ਇਹ ਕਹਿਣ ਦਾ ਨੈਤਿਕ ਸਾਹਸ ਕਿਵੇਂ ਕਰ ਸਕਿਆ ਕਿ ਉਹ (ਭਾਵ ਕੇਂਦਰੀ ਸਰਕਾਰ ਅਤੇ ਸੱਤਾਧਾਰੀ ਪਾਰਟੀ) ਪਿਛਲੀ ਮੀਟਿੰਗ ਤੋਂ ਬਾਅਦ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰਕੇ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਸਾਰਾ ਦੇਸ਼ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਿਹਾ ਹੈ ਅਤੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਅਤੇ ਸੀਮਤ ਹੈ। ਕੀ ਕੇਂਦਰੀ ਖੇਤੀ ਮੰਤਰੀ ਜਨਤਕ ਤੌਰ ’ਤੇ ਦੱਸੇਗਾ ਕਿ ਸਰਕਾਰ ਕਿਨ੍ਹਾਂ ਕਿਸਾਨਾਂ ਤੇ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਅਜਿਹੇ ਸਿੱਟਿਆਂ ’ਤੇ ਪਹੁੰਚੀ ? ਅਜਿਹੇ ਸਿਆਸੀ ਆਗੂਆਂ ਅਤੇ ਉਨ੍ਹਾਂ ਦੀ ਕਹਿਣੀ ਨੂੰ ਸੁਣ-ਦੇਖ ਕੇ ਗੁਰੂ ਨਾਨਕ ਦੇਵ ਜੀ ਦੇ ਕਥਨ ‘‘ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ।। (ਭਾਵ ਖ਼ੁਦ ਮੈਂ ਸਮਝਦਾ ਨਹੀਂ ਪਰ ਹੋਰਨਾਂ ਨੂੰ ਸਮਝਾਉਂਦਾ ਹਾਂ, ਮੈਂ ਇਹੋ ਜਿਹਾ ਆਗੂ ਹਾਂ)’’ ਵਿਚਲਾ ਸੱਚ ਸਪੱਸ਼ਟ ਹੋ ਜਾਂਦਾ ਹੈ।
       ਜਦ ਲੋਕਾਂ ’ਤੇ ਨੈਤਿਕ, ਸਿਧਾਂਤਕ, ਆਰਥਿਕ ਅਤੇ ਸਮਾਜਿਕ ਸੰਕਟ ਆਉਂਦੇ ਹਨ ਤਾਂ ਲੋਕ ਸੰਘਰਸ਼ ਕਰਦੇ ਹਨ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਅਤੇ ਹੋਰ ਥਾਵਾਂ ’ਤੇ ਨਾਨੀਆਂ, ਦਾਦੀਆਂ ਅਤੇ ਹਰ ਉਮਰ ਦੀ ਅਗਵਾਈ ਵਿਚ ਲਗਾਏ ਗਏ ਮੋਰਚਿਆਂ ਅਤੇ ਮੌਜੂਦਾ ਕਿਸਾਨ ਸੰਘਰਸ਼ ਨੇ ਆਪਣੀਆਂ ਮੰਗਾਂ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਨਾਲ-ਨਾਲ ਨਿਆਂ ਅਤੇ ਸਿਆਸੀ ਨੈਤਿਕਤਾ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਸੰਘਰਸ਼ਸ਼ੀਲ ਔਰਤਾਂ ਅਤੇ ਮਰਦਾਂ ਨੇ ਲੋਕਾਂ ਦੀ ਜ਼ਮੀਰ ਨੂੰ ਝੰਜੋੜਿਆ ਤੇ ਜਗਾਇਆ ਹੈ, ਉਨ੍ਹਾਂ ਨੇ ਨਾਉਮੀਦੀ ਦੇ ਆਲਮ ਵਿਚ ਇਹ ਉਮੀਦ ਪੈਦਾ ਕੀਤੀ ਹੈ, ਉਨ੍ਹਾਂ ਨੇ ਇਸ ਖ਼ਿੱਤੇ ਦੇ ਇਨਸਾਨਾਂ ਨੂੰ ਭੈਅ ਤੋਂ ਮੁਕਤ ਕਰਕੇ ਅਨਿਆਂ ਵਿਰੁੱਧ ਵਿੱਢੇ ਗਏ ਸੰਘਰਸ਼ ਦੇ ਮੈਦਾਨ ਵਿਚ ਲਿਆ ਖਲਾਰਿਆ ਹੈ। ਨਾਉਮੀਦੀ ਦੇ ਆਲਮ ਵਿਚ ਉਮੀਦ ਪੈਦਾ ਕਰਨਾ ਇਨਸਾਨ ਦੇ ਵਜੂਦ ਦੀ ਬੁਨਿਆਦੀ ਤਾਕਤ ਹੈ, ਇਹੀ ਉਸ ਦਾ ਇਨਸਾਨ ਹੋਣਾ ਹੈ। ਕਿਸਾਨ ਸੰਘਰਸ਼ ਦੀ ਅਸਲੀ ਸਫ਼ਲਤਾ ਜਮਹੂਰੀਅਤ ਦਾ ਬੀਜ ਨਾਸ ਕਰਕੇ ਲੋਕਾਂ ਨੂੰ ਵੰਡੇ ਜਾਣ ਵਾਲੀ ਸਥਿਤੀ ਵਿਚ ਜਮਹੂਰੀਅਤ ਅਤੇ ਸਾਂਝੀਵਾਲਤਾ ਦਾ ਝੰਡਾ ਬੁਲੰਦ ਕਰਨਾ ਹੈ।
         ਪਿਛਲੇ ਕਈ ਵਰ੍ਹਿਆਂ ਵਿਚ ਭਾਰਤ ਵਿਚ ਹਜੂਮੀ ਹਿੰਸਾ ਕਰਵਾ ਕੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਕਈ ਆਗੂਆਂ ਨੇ ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ ’ਤੇ ਮਾਣ-ਸਨਮਾਨ ਕੀਤਾ ਅਤੇ ਕਈਆਂ ਨੇ ਲੋਕਾਂ ਨੂੰ ਹਜੂਮੀ ਹਿੰਸਾ ਕਰਨ ਲਈ ਉਕਸਾਇਆ (ਉਦਾਹਰਨ ਦੇ ਤੌਰ ’ਤੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’ ਜਿਹੇ ਨਾਅਰੇ ਲਗਾ ਕੇ)।
        ਟਰੰਪ ਨੇ ਵੀ ਨਸਲਵਾਦੀ ਗੋਰਿਆਂ ਨੂੰ ਅਜਿਹੀ ਹਜੂਮੀ ਹਿੰਸਾ ਕਰਨ ਲਈ ਉਕਸਾਇਆ। ਅਮਰੀਕਾ ਵਿਚ ਉਸ ਦੀ ਨੈਤਿਕ ਜ਼ਿੰਮੇਵਾਰੀ ਤੈਅ ਕਰਨ ਲਈ ਕਵਾਇਦ ਹੋ ਰਹੀ ਹੈ। ਕੀ ਸਾਡੇ ਦੇਸ਼ ਵਿਚ ਹਜੂਮੀ ਹਿੰਸਾ ਅਤੇ ਘੱਟਗਿਣਤੀ ਫ਼ਿਰਕਿਆਂ ਨਾਲ ਵਿਤਕਰਾ ਕਰਨ ਵਾਲਿਆਂ, ਬੁੱਧੀਜੀਵੀਆਂ ਨੂੰ ਨਜ਼ਰਬੰਦ ਕਰਨ ਅਤੇ ਮੌਜੂਦਾ ਕਿਸਾਨ ਸੰਘਰਸ਼ ਦੌਰਾਨ ਹੋ ਰਹੀਆਂ ਮੌਤਾਂ ਅਤੇ ਲੋਕਾਂ ਦੀਆਂ ਤਕਲੀਫ਼ਾਂ ਲਈ ਜ਼ਿੰਮੇਵਾਰ ਸਿਆਸੀ ਆਗੂਆਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇਗੀ? ਟਰੰਪ ਨੇ ਗੱਦੀ ਤੋਂ ਉਤਰ ਜਾਣਾ ਹੈ, ਪਰ   ਟਰੰਪਵਾਦ (ਭਾਵ ਉਸ ਦੀ ਘਿਰਨਾ ਭਰੀ ਵਿਚਾਰਧਾਰਾ) ਨੇ ਬਹੁਤ ਦੇਰ ਤਕ ਜ਼ਿੰਦਾ ਰਹਿਣਾ ਹੈ। ਅਮਰੀਕੀ ਲੋਕਾਂ ਨੂੰ ਉਸ ਵਿਰੁੱਧ ਸੰਘਰਸ਼ ਕਰਨਾ ਪੈਣਾ ਹੈ। ਸਾਡੇ ਦੇਸ਼ ਵਿਚ ਵੀ ਟਰੰਪਵਾਦ ਜਿਹੀ ਵਿਚਾਰਧਾਰਾ ਦਾ ਬੋਲ-ਬਾਲਾ ਹੈ। ਜਮਹੂਰੀ ਤਾਕਤਾਂ ਨੂੰ ਆਪਣੇ ਦੇਸ਼ ਵਿਚਲੀਆਂ ਟਰੰਪਵਾਦ ਜਿਹੀਆਂ ਵਿਚਾਰਧਾਰਾਵਾਂ ਵਿਰੁੱਧ ਹੋਰ ਸੰਗਠਿਤ ਅਤੇ ਜਥੇਬੰਦ ਹੋ ਕੇ ਸੰਘਰਸ਼ ਕਰਨਾ ਪੈਣਾ ਹੈ।