Nirmal Singh Kandhalvi

ਅਰਜਨ ਗੁਰੂ  -  (ਨਿਰਮਲ ਸਿੰਘ ਕੰਧਾਲਵੀ)

 ਹੈ ਸ਼ਾਂਤੀ ਦਾ ਅਵਤਾਰ, ਮਿਰਾ ਅਰਜਨ ਗੁਰੂ,

ਹੈ ਸੱਚ ਦਾ ਪਹਿਰੇਦਾਰ, ਮਿਰਾ ਅਰਜਨ ਗੁਰੂ,

ਤਵੀ ਤੱਤੀ, ਰੇਤ ਤੱਤੀ, ਦੇਗ਼ਾ ਉਬਾਲ਼ੇ ਮਾਰਦਾ,

ਐਪਰ ਸੀ ਠੰਡਾ- ਠਾਰ, ਮੇਰਾ ਅਰਜਨ ਗੁਰੂ।

ਸੂਰਜ ਤਪੇਂਦਾ ਜੇਠ ਦਾ, ਹਰ ਸ਼ੈਅ ਨੂੰ ਸਾੜਦਾ,

ਹਿਮਾਲਾ ਦੀ ਗੰਗਧਾਰ, ਮਿਰਾ ਅਰਜਨ ਗੁਰੂ।

ਨਿਰਬਲ ਨਿਤਾਣਿਆਂ ਨੂੰ, ਦੇਂਵਦਾ ਉਹ ਹੌਸਲਾ,

ਧੀਰਜ ਦਾ ਇਕ ਅੰਬਾਰ, ਮਿਰਾ ਅਰਜਨ ਗੁਰੂ।

ਲੋਕਾਈ ਦੀ ਪੀਵੇ ਪੀੜ, ਤੱਤੀ ਤਵੀ ‘ਤੇ ਬੈਠ ਕੇ,

ਹੈ ਦੁਖੀਆਂ ਦਾ ਗ਼ਮਖ਼ਾਰ, ਮਿਰਾ ਅਰਜਨ ਗੁਰੂ।

ਡਿੱਠਾ ਨਾ ਕਿਧਰੇ ਹੋਰ, ਹਰਿਮੰਦਰ ਜੋ ਸਾਜਿਆ,

ਉਹ ਐਸਾ ਇਮਾਰਤਕਾਰ, ਮਿਰਾ ਅਰਜਨ ਗੁਰੂ।

ਪਰੋਸ ਕੇ ਵਿਚ ਥਾਲ ਦੇ, ਮਨੁੱਖਤਾ ਨੂੰ ਦੇ ਗਿਆ,

ਸੱਤ, ਸੰਤੋਖ ਅਤੇ ਵੀਚਾਰ, ਮਿਰਾ ਅਰਜਨ ਗੁਰੂ।

ਸਿਰੜ, ਸਿਦਕ, ਸਦਾਕਤ ਦਾ ਹੈ ਉਹ ਮੁਜੱਸਮਾ,

ਬਾਣੀ ਦਾ ਸ਼ਾਹ- ਸਵਾਰ, ਮਿਰਾ ਅਰਜਨ ਗੁਰੂ।

ਇਕੋ ਖੁਦਾ ਦਾ ਨੂਰ, ਸਭਨਾਂ ਵਿਚ ਉਹ ਦੇਖਦਾ,

ਹੈ ਯਾਰ ਮੀਆਂ ਮੀਰ ਦਾ, ਮਿਰਾ ਅਰਜਨ ਗੁਰੂ।

ਕੋਹੜੀਆਂ ਦੇ ਬੰਨ੍ਹੇ ਪੱਟੀਆਂ, ਉਹ ਹੱਥੀਂ ਆਪਣੀਂ,

ਹੈ ਦੂਖ ਨਿਵਾਰਣਹਾਰ, ਮਿਰਾ ਅਰਜਨ ਗੁਰੂ।

ਹੈ ਜ਼ਾਲਮਾਂ ਨੂੰ ਬਖ਼ਸ਼ਦਾ, ਮੰਗਦਾ ਸਭ ਦਾ ਭਲਾ,

ਹੈ ਸਭ ਨੂੰ ਬਖ਼ਸ਼ਣਹਾਰ, ਮਿਰਾ ਅਰਜਨ ਗੁਰੂ।

ਐਸੀ ਨਾ ਦੇਖੀ ਇੰਤਹਾ, ਜ਼ੁਲਮ ਦੀ ਪਹਿਲਾਂ ਕਦੇ,

ਸ਼ਹੀਦਾਂ ਦਾ ਸਿਰਤਾਜ ਤਾਂਹੀਂ, ਮਿਰਾ ਅਰਜਨ ਗੁਰੂ।

ਫੁੱਟਬਾਲ - ਨਿਰਮਲ ਸਿੰਘ ਕੰਧਾਲਵੀ

ਨਛੱਤਰ ਜਦੋਂ ਵੀ ਇੰਗਲੈਂਡ ਤੋਂ ਪੰਜਾਬ ਜਾਂਦਾ, ਭਾਵੇਂ ਦੋ ਤਿੰਨ ਹਫ਼ਤਿਆਂ ਲਈ ਹੀ ਜਾਂਦਾ, ਉਹ ਆਪਣੇ ਹਾਈ ਸਕੂਲ ਦੇ ਅਧਿਆਪਕ ਪੀ. ਟੀ. ਕਰਮ ਸਿੰਘ ਨੂੰ ਜ਼ਰੂਰ ਮਿਲਣ ਜਾਂਦਾ। ਮਾਸਟਰ ਕਰਮ ਸਿੰਘ ਦਾ ਪਿੰਡ ਨਛੱਤਰ ਹੋਰਾਂ ਦੇ ਪਿੰਡ ਤੋਂ ਡੇਢ ਕੁ ਮੀਲ ਦੀ ਵਿੱਥ ‘ਤੇ ਹੀ ਸੀ।
ਸ਼ਾਇਦ ਇਹ ਨਛੱਤਰ ਦੇ ਆਗਿਆਕਾਰੀ ਤੇ ਮਿੱਠਬੋਲੜੇ ਸੁਭਾਅ ਕਰਕੇ ਸੀ ਕਿ ਸਾਰੇ ਹੀ ਅਧਿਆਪਕ ਉਹਨੂੰ ਬਹੁਤ ਪਿਆਰ ਕਰਦੇ ਸਨ ਪਰ ਪੀ. ਟੀ. ਕਰਮ ਸਿੰਘ ਤਾਂ ਨਛੱਤਰ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਮਝਦਾ ਸੀ। ਉਹਦੇ ਆਪਣੇ ਦੋਨੋਂ ਲੜਕੇ ਵੀ ਇਸੇ ਸਕੂਲ ਵਿਚ ਹੀ ਪੜ੍ਹਦੇ ਸਨ। ਉਨ੍ਹਾਂ ਦੀ ਵੀ ਨਛੱਤਰ ਨਾਲ ਗੂੜ੍ਹੀ ਦੋਸਤੀ ਸੀ। ਇਸੇ ਕਰਕੇ ਹੀ ਕਈ ਹਮਜਮਾਤੀ ਨਛੱਤਰ ਨਾਲ ਅੰਦਰੋ-ਅੰਦਰੀ ਖਾਰ ਵੀ ਖਾਂਦੇ ਸਨ ਪਰ ਸਾਹਮਣੇ ਕੋਈ ਕੁਝ ਨਹੀਂ ਸੀ ਕਹਿੰਦਾ ਕਿਉਂਕਿ ਮਾਸਟਰਾਂ ਦੇ ਛਿੱਤਰਾਂ ਦਾ ਡਰ ਹੁੰਦਾ ਸੀ। ਪੀ. ਟੀ. ਕਰਮ ਸਿੰਘ ਨੇ ਕੁਝ ਸਾਲ ਫੌਜ ਦੀ ਨੌਕਰੀ ਵੀ ਕੀਤੀ ਸੀ ਤੇ ਨੌਕਰੀ ਦੌਰਾਨ ਉਹਨੇ ਦੇਸ਼ ਦਾ ਕੋਣਾ ਕੋਣਾ ਛਾਣਿਆਂ ਸੀ। ਜਗਿਆਸੂ ਸੁਭਾਅ ਹੋਣ ਕਰਕੇ ਉਹਨੇ ਹਰੇਕ ਜਗ੍ਹਾ ਤੋਂ ਹੀ ਗਿਆਨ ਦੇ ਭੰਡਾਰ ਇਕੱਠੇ ਕੀਤੇ ਸਨ। ਫੌਜ ਵਿਚੋਂ ਰਿਟਾਇਰ ਹੁੰਦਿਆਂ ਸਾਰ ਹੀ ਉਹਨੂੰ ਨਾਲ ਦੇ ਪਿੰਡ ਦੇ ਹਾਈ ਸਕੂਲ ਵਿਚ ਪੀ. ਟੀ. ਦੀ ਨੌਕਰੀ ਮਿਲ ਗਈ ਸੀ। ਸਕੂਲ ਦੀ ਫੁੱਟਬਾਲ ਦੀ ਟੀਮ ਵਾਸਤੇ ਇੱਕ ਕੋਚ ਦੀ ਲੋੜ ਸੀ ਅਤੇ ਪੀ. ਟੀ. ਕਰਮ ਸਿੰਘ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਵੀ ਫ਼ੁੱਟਬਾਲ ਦਾ ਸਿਰਕੱਢ ਖਿਡਾਰੀ ਹੁੰਦਾ ਸੀ। ਫ਼ੁੱਟਬਾਲ ਦੀ ਉਹਦੀ ਉੱਚੀ ਕਿੱਕ ਬੜੀ ਮਸ਼ਹੂਰ ਹੁੰਦੀ ਸੀ। ਨਛੱਤਰ ਨੂੰ ਯਾਦ ਸੀ ਇਕ ਵਾਰੀ ਨੇੜਲੇ ਪਿੰਡ ਦੇ ਟੂਰਨਾਮੈਂਟ ‘ਤੇ ਕਰਮ ਸਿੰਘ ਦੀ ਕਿੱਕ ਨਾਲ ਫ਼ੁੱਟਬਾਲ ਬਹੁਤ ਹੀ ਉਚਾ ਚਲਾ ਗਿਆ ਤਾਂ ਭਜਨੇ ਅਮਲੀ ਨੇ ਪਿੰਡ ਵਿਚ ਆ ਕੇ ਅਫ਼ਵਾਹ ਫ਼ੈਲਾ ਦਿੱਤੀ ਸੀ ਕਿ ਫੁੱਟਬਾਲ ਤਾਂ ਉਪਰੋਂ ਮੁੜਿਆ ਹੀ ਨਹੀਂ ਸੀ, ਟੂਰਨਾਮੈਂਟ ਵਾਲਿਆਂ ਨੂੰ ਦੂਸਰਾ ਫੁੱਟਬਾਲ ਗਰਾਊਂਡ ਵਿਚ ਸੁੱਟਣਾ ਪਿਆ ਸੀ। ਜਦੋਂ ਕੋਈ ਭਜਨੇ ਅਮਲੀ ਨੂੰ ਛੇੜਦਾ ਤਾਂ ਉਹ ਅੱਗਿਉਂ ਕਹਿੰਦਾ, “ ਬਈ ਜੇ ਮਹਾਂਭਾਰਤ ਦੇ ਭੀਮ ਦੇ ਸੁੱਟੇ ਹੋਏ ਹਾਥੀ ਅਜੇ ਤਾਈਂ ਉੱਤੇ ਈ ਘੁੰਮੀਂ ਜਾਂਦੇ ਐ ਤਾਂ ਸਾਡੇ ਕਰਮ ਸਿਉਂ ਦਾ ਫੁੱਟਬਾਲ ਨਈਂ ਉੱਤੇ ਘੁੰਮ ਸਕਦਾ।”
ਫ਼ੌਜ ਵਿਚ ਨੌਕਰੀ ਦੌਰਾਨ ਵੀ ਕਰਮ ਸਿੰਘ ਨੇ ਫ਼ੁੱਟਬਾਲ ਦੀ ਖ਼ੂਬ ਪ੍ਰੈਕਟਿਸ ਕੀਤੀ ਸੀ। ਜਿਸਦਾ ਸਦਕਾ ਹੀ ਉਹਨੂੰ ਫੌਜ ਵਿਚੋਂ ਰਿਟਾਇਰ ਹੋ ਕੇ ਆਉਂਦਿਆਂ ਹੀ ਇਸ ਸਕੂਲ ਵਿਚ ਨੌਕਰੀ ਮਿਲ ਗਈ ਸੀ। ਪੀ. ਟੀ. ਦੇ ਪੀਰੀਅਡ ਦੌਰਾਨ ਖੇਡਾਂ ਆਦਿਕ ਕਰਵਾਉਣ ਦੇ ਨਾਲ ਨਾਲ ਉਹ ਬੱਚਿਆਂ ਨੂੰ ਦੇਸ਼ ਦੇ ਦੂਸਰੇ ਪ੍ਰਾਂਤਾਂ ਦੇ ਸੱਭਿਆਚਾਰ ਦੀਆਂ ਵਚਿੱਤਰ ਗੱਲਾਂ ਸੁਣਾਉਂਦਾ। ਉਸ ਦੀਆਂ ਗੱਲਾਂ ਵਿਚ ਇੰਨੀ ਖਿੱਚ ਹੁੰਦੀ ਕਿ ਬੱਚਿਆਂ ਨੂੰ ਇਉਂ ਲਗਦਾ ਜਿਵੇਂ ਉਹ ਆਪ ਇਨ੍ਹਾਂ ਪ੍ਰਾਂਤਾਂ ਵਿਚ ਘੁੰਮ ਰਹੇ ਹੋਣ। ਬੱਚੇ ਅਜਿਹੀਆਂ ਰੌਚਕ ਗੱਲਾਂ ਸੁਣ ਸੁਣ ਨਾ ਅੱਕਦੇ ਨਾ ਥੱਕਦੇ। ਇਨ੍ਹਾਂ ਕਹਾਣੀਆਂ ਰਾਹੀਂ ਹੀ ਉਹ ਬੜੇ ਗੂੜ੍ਹ ਗਿਆਨ ਦੀਆਂ ਗੱਲਾਂ ਵੀ ਬੱਚਿਆਂ ਦੇ ਦਿਮਾਗ਼ਾਂ ‘ਚ ਪਾ ਦਿੰਦਾ।
ਉਹਨੇ ਆਪਣੇ ਦੋਨੋਂ ਲੜਕੇ ਪੜ੍ਹਾ ਲਿਖਾ ਕੇ ਮਾਸਟਰ ਬਣਾ ਦਿੱਤੇ ਸਨ ਅਤੇ ਉਨ੍ਹਾਂ ਦੇ ਵਿਆਹ ਵੀ ਪੜ੍ਹੀਆਂ ਲਿਖੀਆਂ ਲੜਕੀਆਂ ਨਾਲ ਕੀਤੇ ਸਨ ਜੋ ਕਿ ਖ਼ੁਦ ਵੀ ਨੇੜੇ ਦੇ ਪਿੰਡਾਂ ਦੇ ਸਕੂਲਾਂ ‘ਚ ਨੌਕਰੀ ਕਰਦੀਆਂ ਸਨ। ਪੀ. ਟੀ. ਕਰਮ ਸਿੰਘ ਦੀ ਘਰ ਵਾਲੀ ਕੁਝ ਵਰ੍ਹੇ ਹੋਏ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਪ੍ਰਲੋਕ ਸਿਧਾਰ ਗਈ ਸੀ। ਹੁਣ ਕੁਝ ਸਮੇਂ ਤੋਂ ਕਰਮ ਸਿੌਘ ਵੀ ਢਿੱਲਾ-ਮੱਠਾ ਰਹਿੰਦਾ ਸੀ।  
           ਐਤਕੀਂ ਜਦੋਂ ਨਛੱਤਰ ਪਿੰਡ ਗਿਆ ਤਾਂ ਉਹਨੂੰ ਪਤਾ ਲੱਗਿਆ ਕਿ ਪੀ. ਟੀ.ਕਰਮ ਸਿੰਘ ਨੂੰ ਲਕਵੇ ਦਾ ਗੰਭੀਰ ਦੌਰਾ ਪਿਆ ਸੀ ਅਤੇ ਉਹ ਮੰਜੇ ਜੋਗਾ ਹੀ ਹੋ ਕੇ ਰਹਿ ਗਿਆ ਸੀ। ਨਛੱਤਰ ਨੂੰ ਆਪਣੇ ਘਰੋਂ ਪਤਾ ਲੱਗ ਗਿਆ ਸੀ ਕਿ ਕਰਮ ਸਿੰਘ ਦੇ ਦੋਵਾਂ ਪੁੱਤਰਾਂ ਨੇ ਸਮਝੌਤਾ ਕੀਤਾ ਹੋਇਆ ਸੀ ਕਿ ਬਜ਼ੁਰਗ਼ ਬਾਪ ਨੂੰ ਦੋ ਦੋ ਮਹੀਨੇ ਵਾਰੀ ਵਾਰੀ ਆਪਣੇ ਕੋਲ਼ ਰੱਖਿਆ ਕਰਨਗੇ। ਨਛੱਤਰ ਨੂੰ ਚੰਗੀ ਤਰ੍ਹਾਂ ਉਹ ਦਿਨ ਯਾਦ ਸਨ ਜਦੋਂ ਮਾਸਟਰ ਕਰਮ ਸਿੰਘ ਨੇ ਆਪਣੇ ਪਿੰਡ ਵਿਚਲੇ ਮਕਾਨ ਦੀ ਜਗ੍ਹਾ ਨਵੇਂ ਮਕਾਨ ਦੇ ਦੋ ਸੈੱਟ ਬਣਵਾਏ ਸਨ ਤੇ ਉਹਨੇ ਆਪਣੀ ਹਰ ਰੀਝ ਪੂਰੀ ਕੀਤੀ ਸੀ। ਕਰਮ ਸਿੰਘ ਨੂੰ ਜਿਉਂ ਹੀ ਲਕਵੇ ਦਾ ਦੌਰਾ ਪਿਆ ਉਸ ਨੇ ਆਪਣੀ ਜਾਇਦਾਦ ਦੋਵਾਂ ਮੁੰਡਿਆਂ ਵਿਚਕਾਰ ਵੰਡ ਦਿਤੀ ਸੀ, ਉਸ ਨੂੰ ਡਰ ਸੀ ਕਿ ਜੇ ਉਹ ਦਿਮਾਗ਼ੀ ਤੌਰ ‘ਤੇ ਅਪਾਹਜ ਹੋ ਗਿਆ ਤਾਂ ਮੁੰਡਿਆਂ ਨੂੰ ਬੜੀ ਮੁਸ਼ਕਿਲ ਪੇਸ਼ ਆਵੇਗੀ।
ਨਛੱਤਰ ਜਦੋਂ ਕਰਮ ਸਿੰਘ ਦੇ ਪਿੰਡ ਨੂੰ ਜਾਣ ਲੱਗਾ ਤਾਂ ਉਹਦੀ ਬੇਬੇ ਕਹਿਣ ਲੱਗੀ, “ ਪੁੱਤ, ਕਰਮ ਸਿਉਂ ਅੰਦਰਲੇ ਘਰੇ ਨਈਂ ਹੁੰਦਾ, ਪੁੱਤਰਾਂ ਨੇ ਆਪਣੇ ਕੋਲ ਦੋ ਦੋ ਮਹੀਨੇ ਰੱਖਣ ਦੀ ਜਗ੍ਹਾ ਹੁਣ ਬਾਹਰਲੀ  ਹਵੇਲੀ ‘ਚ ਉਹਦਾ ਮੰਜਾ ਡਾਹ ਦਿਤਾ ਹੈ ਤੇ ਦੋਵੇਂ ਪੁੱਤਰਾਂ ਨੇ ਵਾਰੀ ਵਾਰੀ ਉਹਦੀ ਰੋਟੀ ਮੰਨੀ ਹੋਈ ਐ, ਤੂੰ ਉੱਥੇ ਜਾ ਕੇ ਮਿਲ ਲਈਂ ਉਹਨੂੰ।” ਨਛੱਤਰ ਜਦੋਂ ਉੱਥੇ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਖੜਸੁਕ ਜਿਹੇ ਤੂਤ ਦੇ ਥੱਲੇ ਇਕ ਟੁੱਟੇ ਜਿਹੇ ਮੰਜੇ ਉੱਪਰ ਕੜੀ ਵਰਗਾ ਜੁਆਨ ਹੁਣ ਹੱਡੀਆਂ ਦੀ ਮੁੱਠ ਬਣਿਆ ਲੰਮਾ ਪਿਆ ਹੋਇਆ ਸੀ। ਨਛੱਤਰ ਨੇ ਜਾ ਕੇ ਕਰਮ ਸਿੰਘ ਦੇ ਪੈਰੀਂ ਹੱਥ ਲਾਇਆ। ਲਕਵੇ ਮਾਰਿਆ ਹੱਥ ਥੋੜ੍ਹਾ ਜਿਹਾ ਉੱਪਰ ਉੱਠਿਆ ਪਰ ਨਛੱਤਰ ਦੇ ਸਿਰ ‘ਤੇ ਪਿਆਰ ਨਾ ਦੇ ਸਕਿਆ। ਨਛੱਤਰ ਨੇ ਹਾਲ-ਚਾਲ ਪੁੱਛਿਆ ਤਾਂ ਮਾਸਟਰ ਕਰਮ ਸਿੰਘ ਦੀਆਂ ਅੱਖਾਂ ਖਾਰੇ ਪਾਣੀ ਨਾਲ ਭਰ ਗਈਆਂ। ਉਹਨੇ ਆਪਣੀ ਸਾਰੀ ਸ਼ਕਤੀ ਇਕੱਠੀ ਕੀਤੀ ਅਤੇ ਥਥਲਦੀ ਜ਼ੁਬਾਨ ਨਾਲ ਉਹ ਇਤਨਾ ਹੀ ਕਹਿ ਸਕਿਆ, “ ਨਛੱਤਰ ਸਿਆਂ ਪੁੱਤਰਾ ਕੀ ਪੁਛਦੈਂ, ਮੈਂ ਸਾਰੀ ਉਮਰ ਫੁੱਟਬਾਲ ਨੁੰ ਕਿੱਕਾਂ ਮਾਰੀਆਂ,  ਤੇ ਮੇਰੇ ਪੁੱਤਰਾਂ ਨੇ ਮੇਰਾ ਈ ਫੁੱਟਬਾਲ ਬਣਾ ‘ਤਾ, ਦੋ ਦੋ ਮਹੀਨੇ ਦੀ ਕਿੱਕ ਮਾਰਦੇ ਐ ਮੈਨੂੰ।” ਏਨਾ ਕਹਿ ਕੇ ਕਰਮ ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਉਹਦਾ ਗਲ਼ਾ ਭਰ ਆਇਆ ਸੀ। ਖਾਰਾ ਪਾਣੀ ਉਹਦੀ ਚਿੱਟੀ ਦਾਹੜੀ ਵਿਚ ਜਜ਼ਬ ਹੋ ਰਿਹਾ ਸੀ। ਨਛੱਤਰ ਇਕ ਟੱਕ ਕਰਮ ਸਿੰਘ ਵਲ ਦੇਖੀ ਜਾ ਰਿਹਾ ਸੀ ਜਿਵੇਂ ਉਹਦੇ ਚਿਹਰੇ ਤੋਂ ਅਣਕਹੀਆਂ ਗੱਲਾਂ ਪੜ੍ਹ ਰਿਹਾ ਹੋਵੇ।
ਨਿਰਮਲ ਸਿੰਘ ਕੰਧਾਲਵੀ

ਫ਼ਰਮਾਇਸ਼ੀ ਚਾਹ - ਨਿਰਮਲ ਸਿੰਘ ਕੰਧਾਲਵੀ

ਬਿਲਡਰ ਨੇ ਸ਼ਾਮ ਨੂੰ ਹੀ ਦੱਸ ਦਿਤਾ ਸੀ ਕਿ ਕਿ ਨੀਹਾਂ ਬਿਲਕੁਲ ਤਿਆਰ ਨੇ ਤੇ ਉਸ ਨੇ ਕੰਕਰੀਟ ਦਾ ਆਰਡਰ ਦੇ ਦਿਤਾ ਸੀ ਤੇ ਕੰਕਰੀਟ ਦੀ ਲਾਰੀ ਸਵੇਰੇ ਅੱਠ ਵਜੇ ਆ ਜਾਵੇਗੀ। ਸਵੇਰੇ ਠੀਕ ਪੂਰੇ ਅੱਠ ਵਜੇ ਕੰਕਰੀਟ ਵਾਲ਼ੇ ਪਹੁੰਚ ਗਏ। ਡਰਾਈਵਰ ਵੀ ਆਪਣਾ ਦੇਸੀ ਨੌਜਵਾਨ ਤੇ ਨਾਲ ਹੈਲਪਰ ਵੀ ਪੰਜਾਬੀ, ਪੰਜਾਹ ਕੁ ਸਾਲ ਦੀ ਉਮਰ ਦਾ ਬੰਦਾ। ਆਪਣੇ ਦੇਸੀ ਬੰਦਿਆਂ ਦੀ ਸਮੇਂ ਦੀ ਪਾਬੰਦੀ ਦੇਖ ਕੇ ਮਨ ਬੜਾ ਖ਼ੁਸ਼ ਹੋਇਆ ਕਿਉਂਕਿ ਅਸੀਂ ਇਥੇ ਇਨ੍ਹਾਂ ਪੱਛਮੀ ਦੇਸ਼ਾਂ ‘ਚ ਆ ਕੇ ਵੀ ਸਮੇਂ ਦੀ ਪਾਬੰਦੀ ਨਹੀਂ ਸਿੱਖੀ। ਸਾਡੀਆਂ ਸਭਾ, ਸੁਸਾਇਟੀਆਂ ਦੀਆਂ ਮੀਟਿੰਗਾਂ, ਪ੍ਰੋਗਰਾਮ ਅਕਸਰ ਹੀ ਲੇਟ ਹੁੰਦੇ ਹਨ, ਇਸੇ ਕਰ ਕੇ ਕਈ ਵਾਰੀ ਕਹਿ ਦਿਤਾ ਜਾਂਦਾ ਹੈ ਕਿ ਸਾਡੇ ਲੋਕਾਂ ਨੇ ਗੋਰਿਆਂ ਦੀਆਂ ਮਾੜੀਆਂ ਆਦਤਾਂ ਤਾਂ ਸਾਰੀਆਂ ਸਿੱਖ ਲਈਆਂ ਹਨ, ਚੰਗੀ ਇਕ ਨਹੀਂ ਸਿੱਖੀ। ਜਦੋਂ ਸਾਡੇ ਲੋਕਾਂ ਨੇ ਗੋਰਿਆਂ, ਕਾਲ਼ਿਆਂ ਨੂੰ ਵਿਆਹਾਂ ‘ਤੇ ਸੱਦਣਾ ਸ਼ੁਰੂ ਕੀਤਾ ਤਾਂ ਉਹ ਵਿਚਾਰੇ ਸੱਦਾ-ਪੱਤਰ ‘ਤੇ ਲਿਖੇ ਕਾਰਡ ਮੁਤਾਬਕ ਨੌ ਵਜੇ ਗੁਰਦੁਆਰੇ ਪਹੁੰਚ ਜਾਂਦੇ ਤੇ ਜਦੋਂ ਉਨ੍ਹਾਂ ਨੂੰ ਸੱਦਣ ਵਾਲਾ ਕੋਈ ਸੱਜਣ ਵੀ ਨਜ਼ਰ ਨਾ ਆਉਂਦਾ ਤਾਂ ਉਹ ਵਾੜ ‘ਚ ਫ਼ਸੇ ਬਿੱਲੇ ਵਾਂਗ ਆਲ਼ਾ-ਦੁਆਲਾ ਝਾਕਦੇ। ਹੁਣ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਨੌਂ ਦਾ ਮਤਲਬ ਪੰਜਾਬੀ ਵਿਚ ਗਿਆਰਾਂ ਹੁੰਦਾ ਹੈ।
ਰਾਤ ਨੂੰ ਕੋਰਾ ਬਹੁਤ ਪਿਆ ਸੀ ਜਿਸ ਕਰ ਕੇ ਠੰਢ ਬਹੁਤ ਸੀ ਤੇ ਉੱਪਰੋਂ ਠੰਢੀ ਹਵਾ ਚਲ ਰਹੀ ਸੀ। ਡਰਾਈਵਰ ਨੇ ਮਸ਼ੀਨ ਦਾ ਕੰਟਰੋਲ ਆਪਣੇ ਹੱਥਾਂ ‘ਚ ਫੜਿਆ ਤੇ ਹੈਲਪਰ ਨੇ ਵੀਲ੍ਹਬੈਰੋ ਤਿਆਰ ਕਰ ਲਿਆ ਤੇ ਕੰਕਰੀਟ ਵੀਲ੍ਹਬੈਰੋ ‘ਚ ਡਿਗਣ ਲੱਗੀ ਤੇ ਹੈਲਪਰ ਕੰਕਰੀਟ ਨੀਹਾਂ ‘ਚ ਪਾਉਣ ਲੱਗਾ।
ਮੈਂ ਡਰਾਈਵਰ ਲੜਕੇ ਨੂੰ ਚਾਹ ਜਾਂ ਕੌਫ਼ੀ ਬਾਰੇ ਪੁੱਛਿਆ ਤਾਂ ਉਹ ਬੜੀ ਬੇਬਾਕੀ ਨਾਲ ਬੋਲਿਆ, “ ਅੰਕਲ ਜੀ, ਭਲਾ ਗੁੜ ਹੈਗਾ ਆਪਣੇ ਘਰੇ?”
“ ਮੈਨੂੰ ਉਸ ਦਾ ਇਹ ਸਵਾਲ ਬੜਾ ਅਟਪਟਾ ਜਿਹਾ ਲੱਗਿਆ ਪਰ ਮੈਂ ਫੇਰ ਵੀ ਕਿਹਾ, “ ਗੁੜ ਵੀ ਹੈਗਾ ਤੇ ਸ਼ੱਕਰ ਵੀ ਹੈਗੀ ਆ’ ਮੇਰੇ ਕੁਝ ਹੋਰ ਕਹਿਣ ਤੋਂ ਪਹਿਲਾਂ ਹੀ ਉਹ ਬੋਲਿਆ, “ ਅੰਕਲ ਜੀ, ਬਸ ਫੇਰ ਗੁੜ ਵਾਲੀ ਚਾਹ ਬਣਾਇਉ ਤੇ ਵਿਚ ਵੱਡੀ ਲੈਚੀ ਵੀ ਪਾ ਲਈਉ, ਧੰਨ ਧੰਨ ਹੋ ਜੂ।“ ਉਹ ਇਸ ਤਰ੍ਹਾਂ ਮੈਨੂੰ ਕਹਿ ਰਿਹਾ ਸੀ ਜਿਵੇਂ ਮੇਰੇ ਨਾਲ਼ ਬਹੁਤ ਪੁਰਾਣੀ ਜਾਣ-ਪਛਾਣ ਹੋਵੇ, ਹਾਲਾਂਕਿ ਅਸੀਂ ਦੋਵਾਂ ਨੇ ਇਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ ਸੀ। ਮੈਨੂੰ ਸਗੋਂ ਉਸ ਦੀ ਇਹ ਬੇਬਾਕੀ ਤੇ ਲੱਛੇਦਾਰ ਭਾਸ਼ਾ ਬਹੁਤ ਪਸੰਦ ਆਈ ਕਿਉਂਕਿ ਮੈਂ ਆਪ ਵੀ ਇਸੇ ਸੁਭਾਅ ਦਾ ਮਾਲਕ ਹਾਂ।
ਉਸ ਦੀ ਫ਼ਰਮਾਇਸ਼ ਸੁਣ ਕੇ ਗੁੜ ਤੇ ਮੋਟੀ ਲੈਚੀ ਵਾਲੀ ਚਾਹ ਮੇਰੇ ਮੂੰਹ ਨੂੰ ਵੀ ਸੁਆਦ ਸੁਆਦ ਕਰ ਗਈ। ਮੈਂ ਅਜੇ ਵੀ ਉਸ ਦੀ ਬੇਬਾਕੀ ‘ਤੇ ਹੈਰਾਨ ਸਾਂ, ਨਹੀਂ ਤਾਂ ਅਸੀਂ ਪੰਜਾਬੀ ਤਾਂ ਐਵੇਂ ਹੀ ਨਾਂਹ ਨਾਂਹ ਕਰਨ ਦੇ ਆਦੀ ਹੁੰਦੇ ਹਾਂ, ਅੰਦਰੋਂ ਭਾਵੇਂ ਭੁੱਖ ਪਿਆਸ ਨਾਲ ਜਾਨ ਨਿਕਲਦੀ ਪਈ ਹੋਵੇ ਪਰ ਉੱਪਰੋਂ ਉੱਪਰੋਂ ਨਾਂਹ ਨਾਂਹ ਕਰੀ ਜਾਵਾਂਗੇ।
ਮੈਨੂੰ ਇਕ ਕਹਾਣੀ ਯਾਦ ਆ ਗਈ। ਕੋਈ ਸਿਧੜ ਜਿਹਾ ਲੜਕਾ ਸਹੁਰਿਆਂ ਦੇ ਜਾਣ ਲੱਗਾ ਤਾਂ ਉਸ ਦੀ ਮਾਂ ਨੇ ਉਸ ਨੂੰ ਪੱਕਿਆਂ ਕੀਤਾ ਕਿ ਉੱਥੇ ਜਾ ਕੇ ਐਵੈਂ ਭੁੱਖਿਆਂ ਵਾਂਗ ਨਾ ਕਰੀਂ, ਸਗੋਂ ਕਹੀਂ ਰੱਜੇ ਪਏ ਆਂ। ਲਉ ਜੀ ਸ਼ਾਮ ਨੂੰ ਬਥੇਰਾ ਜ਼ੋਰ ਲਾਇਆ ਸਭ ਨੇ ਰੋਟੀ ਖਾਣ ਲਈ ਪਰ ਉਹ ਇਕੋ ਗੱਲ ਕਰੀ ਗਿਆ ਕਿ ਰੱਜੇ ਪਏ ਆਂ। ਰਾਤ ਨੂੰ ਸੌਣ ਦਾ ਵੇਲਾ ਹੋ ਗਿਆ। ਪੁਰਾਣੇ ਜ਼ਮਾਨਿਆਂ ‘ਚ ਘਰਾਂ ‘ਚ ਇਕ ਵੱਡੀ ਸਾਰੀ ਛਤੌਤ ਹੁੰਦੀ ਸੀ ਜਿਸ ਨੂੰ ਸਬਾਤ ਕਿਹਾ ਜਾਂਦਾ ਸੀ। ਤਕਰੀਬਨ ਸਾਰਾ ਪਰਵਾਰ ਹੀ ਉੱਥੇ ਸੌਂਦਾ ਸੀ। ਲੋਕੀਂ ਸ਼ਾਮ ਨੂੰ ਹੀ ਰੋਟੀ-ਪਾਣੀ ਦਾ ਕੰਮ ਨਿਬੇੜ ਕੇ ਸੌਂ ਜਾਂਦੇ ਸਨ, ਅੱਜ ਵਾਂਗ ਰਾਤ ਦੇ ਗਿਆਰਾਂ ਵਜੇ ਤੱਕ ਟੀ.ਵੀ. ‘ਤੇ ਡਰਾਮੇ ਨਹੀਂ ਸਨ ਦੇਖਦੇ, ਟੀ.ਵੀ. ਹੈ ਹੀ ਨਹੀਂ ਸੀ ਉਦੋਂ। ਕਿਸੇ ਵਿਰਲੇ ਘਰ ਹੀ ਰੇਡੀਉ ਹੁੰਦਾ ਸੀ ਉਹ ਵੀ ਸੈੱਲਾਂ ‘ਤੇ ਚਲਦਾ ਹੁੰਦਾ ਸੀ ਤੇ ਸੈੱਲਾਂ ਦਾ ਖਰਚਾ ਬਚਾਉਣ ਲਈ ਰੇਡੀਉ ‘ਤੇ ਚੋਣਵੇਂ ਪ੍ਰੋਗਰਾਮ ਹੀ ਸੁਣੇ ਜਾਂਦੇ ਸਨ। ਫਿਰ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਰੇਡੀਉ ਦਿਤੇ ਜੋ ਕਿ ਆਮ ਤੌਰ ‘ਤੇ ਸਰਪੰਚ ਦੇ ਘਰੋਂ ਹੀ ਚਲਦਾ ਸੀ, ਜਿਸ ਉੱਪਰ ਜਲੰਧਰ ਰੇਡੀਉ ਸਟੇਸ਼ਨ ਦਾ ਠੰਢੂ ਰਾਮ ਹੋਣਾਂ ਦਾ ਦਿਹਾਤੀ ਪ੍ਰੋਗਰਾਮ ਸ਼ਾਮ ਨੂੰ ਪ੍ਰਸਾਰਿਤ ਹੁੰਦਾ ਸੀ ਤੇ ਪ੍ਰੋਗਰਾਮ ਮੁੱਕਦਿਆਂ ਹੀ ਰੇਡੀਉ ਦਾ ਗਲ਼ਾ ਘੁੱਟ ਦਿਤਾ ਜਾਂਦਾ ਸੀ। ਸਵੇਰੇ ਮੂੰਹ ਹਨ੍ਹੇਰੇ ਹੀ ਉੱਠ ਕੇ ਲੋਕਾਂ ਨੇ ਕੰਮ-ਧੰਦੇ ਜੁ ਕਰਨੇ ਹੁੰਦੇ ਸਨ। ਮਾਈਆਂ ਬੀਬੀਆਂ ਨੇ ਚੱਕੀਆਂ ਝੋਣੀਆਂ, ਦੁੱਧ ਰਿੜਕਣਾ, ਤੇ ਧਾਰਾਂ ਕੱਢਣੀਆਂ ਆਦਿ ਦਾ ਕੰਮ ਨਿਬੇੜਨਾ ਹੁੰਦਾ ਸੀ, ਅੱਜ ਵਰਗੀਆਂ ਆਦਤਾਂ ਨਹੀਂ ਸਨ ਪਈਆਂ ਲੋਕਾਂ ਨੂੰ।
ਘਰ ਦਾ ਸਾਰਾ ਸਾਮਾਨ ਵੀ ਉਸੇ ਸਬਾਤ ‘ਚ ਹੀ ਪਿਆ ਹੁੰਦਾ ਸੀ। ਪ੍ਰਾਹੁਣੇ ਦਾ ਬਿਸਤਰਾ ਵੀ ਉੱਥੇ ਹੀ ਵਿਛਾ ਦਿਤਾ ਗਿਆ। ਜਦ ਹੋਈ ਅੱਧੀ ਕੁ ਰਾਤ ਤਾਂ ਉਸ ਦੇ ਢਿੱਡ ‘ਚ ਭੁੱਖ ਨਾਲ ਪੈਣ ਲੱਗੇ ਕੁੜੱਲ। ਜਦ ਕੰਮ ਡਾਢਾ ਹੀ ਔਖਾ ਹੋ ਗਿਆ ਤਾਂ ਉਸ ਨੇ ਸੋਚਿਆ ਕਿ ਕਿਉਂ ਨਾ ਆਲੇ ਦੁਆਲੇ ਹੱਥ ਮਾਰਾਂ ਸ਼ਾਇਦ ਕੋਈ ਸ਼ੈਅ ਖਾਣ ਲਈ ਲੱਭ ਹੀ ਜਾਵੇ। ਪੁਰਾਣੇ ਜ਼ਮਾਨਿਆਂ ਵਿਚ ਮਿੱਟੀ ਦੇ ਭਾਂਡੇ ਜਿਵੇਂ ਕਿ ਘੜੇ, ਘਰੋਟੀਆਂ, ਤੌੜੀਆਂ, ਬਲ੍ਹਣੇ ਤੇ ਕੁੱਜੇ ਆਦਿ ਮਾਈਆਂ ਬੀਬੀਆਂ ਨੇ ਟੇਕਣਾਂ ਲਾ ਲਾ ਕੇ ਰੱਖੇ ਹੁੰਦੇ ਸਨ, ਅੱਜ ਵਾਂਗ ਪਲਾਸਟਿਕ ਨੇ ਅਜੇ ਗੰਦ ਨਹੀਂ ਸੀ ਪਾਇਆ। ਮਿੱਟੀ ਦਾ ਬਰਤਨ ਟੁੱਟ ਕੇ ਵੀ ਮਿੱਟੀ ਵਿਚ ਹੀ ਮਿਲ ਜਾਂਦਾ ਸੀ, ਵਾਤਾਵਰਣ ਨੂੰ ਪਲੀਤ ਨਹੀਂ ਸੀ ਕਰਦਾ। ਇਨ੍ਹਾਂ ਮਿੱਟੀ ਦੇ ਬਰਤਨਾਂ ‘ਚ ਘਰ ਦਾ ਰਾਸ਼ਨ, ਦਾਲਾਂ, ਚੌਲ, ਗੁੜ, ਸ਼ੱਕਰ ਆਦਿ ਵਸਤਾਂ ਰੱਖੀਆਂ ਹੁੰਦੀਆਂ ਸਨ। ਉਸ ਨੇ ਹਨ੍ਹੇਰੇ ‘ਚ ਹੱਥ ਮਾਰੇ ਕਿ ਕੋਈ ਚੀਜ਼ ਲੱਭੇ ਖਾਣ ਲਈ। ਇਕ ਕੁੱਜੇ ‘ਚੋਂ ਕੱਚੇ ਚੌਲ ਉਸ ਦੇ ਹੱਥ ਆਏ ਤੇ ਉਸ ਨੇ ਜਲਦੀ ਜਲਦੀ ਮੁੱਠ ਭਰ ਕੇ ਮੂੰਹ ‘ਚ ਪਾ ਲਏ। ਹਨ੍ਹੇਰੇ ‘ਚ ਕੁੱਜੇ ਦਾ ਢੱਕਣ ਉਸ ਦੇ ਹੱਥੋਂ ਛੁੱਟ ਕੇ ਦੂਜੇ ਭਾਂਡੇ ‘ਚ ਵੱਜਾ ਤੇ ਖੜਾਕਾ ਹੋਇਆ। ਉਸ ਦੀ ਸੱਸ ਨੇ ਛੇਤੀ ਨਾਲ ਦੀਵਾ ਬਾਲ਼ ਦਿਤਾ ਕਿ ਦੇਖੇ ਕੋਈ ਕੁੱਤਾ ਬਿੱਲੀ ਤਾਂ ਨਹੀਂ ਅੰਦਰ ਆ ਗਿਆ। ਜਦੋਂ ਪ੍ਰਾਹੁਣਾ ਮੰਜੇ ‘ਤੇ ਬੈਠਾ ਦੇਖਿਆ ਤਾਂ ਉਹ ਨੇੜੇ ਹੋਈ ਕਿ ਦੇਖੇ ਕਿ ਉਹ ਕਿਉਂ ਬੈਠਾ ਸੀ। ਸੱਸ ਉਸ ਨੂੰ ਪੁੱਛੇ ਪਰ ਉਹ ਬੋਲੇ ਨਾ ਕਿਉਂਕਿ ਮੂੰਹ ਤਾਂ ਚੌਲਾਂ ਨਾਲ ਭਰਿਆ ਹੋਇਆ ਸੀ। ਮੂੰਹ ਖੋਲ੍ਹਦਾ ਸੀ ਤਾਂ ਚੋਰੀ ਫੜੀ ਜਾਣੀ ਸੀ। ਜਿਉਂ ਜਿਉਂ ਚੌਲ ਫੁੱਲੀ ਜਾਣ ਉਸ ਦੀਆਂ ਖਾਖਾਂ ਬਾਹਰ ਨੂੰ ਆਈ ਜਾਣ। ਘਰ ਦੇ ਹੋਰ ਜੀਅ ਵੀ ਜਾਗ ਗਏ। ਸਾਰਾ ਟੱਬਰ ਘਬਰਾ ਗਿਆ। ਇਕ ਬੰਦਾ ਪਿੰਡ ਦੇ ਹਕੀਮ ਨੂੰ ਸੱਦ ਲਿਆਇਆ। ਹਕੀਮ ਨੇ ਵੀ ਇਸ ਤਰ੍ਹਾਂ ਦੀ ‘ਬਿਮਾਰੀ’ ਦਾ ਮਰੀਜ਼ ਪਹਿਲੀ ਵਾਰੀ ਦੇਖਿਆ ਸੀ।
ਦੀਵੇ ਦੇ ਮੱਧਮ ਜਿਹੇ ਚਾਨਣ ਵਿਚ ਹਕੀਮ ਨੇ ਮੂੰਹ ‘ਚ ਇਕ ਪਾਸੇ ਉਂਗਲ ਪਾਈ ਤਾਂ ਚੌਲਾਂ ਦੇ ਕੁਝ ਦਾਣੇ ਬਾਹਰ ਬੁੱਲ੍ਹਾਂ ਤੱਕ ਆਏ। ਹਕੀਮ ਨੇ ਕਹਿ ਦਿਤਾ ਕਿ ਉਸ ਦੇ ਵਸ ਤੋਂ ਬਾਹਰ ਦਾ ਕੇਸ ਐ ਕਿਉਂਕਿ ਪ੍ਰਾਹੁਣੇ ਦੇ ਮੂੰਹ ‘ਚ ਕੀੜੇ ਪੈ ਗਏ ਹਨ ਸੋ ਇਸ ਨੂੰ ਜਲਦੀ ਹੀ ਸ਼ਹਿਰ ਦੇ ਕਿਸੇ ਹਸਪਤਾਲ ਲੈ ਜਾਣ । ਘਰ ਦਿਆਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਕਿ ਪ੍ਰਾਹੁਣੇ ਨੇ ਤਾਂ ਹੀ ਸ਼ਾਮੀਂ ਰੋਟੀ ਨਹੀਂ ਸੀ ਖਾਧੀ।
ਪਾਠਕੋ, ਫਿਰ ਕੀ ਹੋਇਆ ਹੋਵੇਗਾ ਆਪ ਭਲੀ ਭਾਂਤ ਅੰਦਾਜ਼ਾ ਲਗਾ ਸਕਦੇ ਹੋ। ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਐਵੇਂ ਨਾਂਹ ਨਾਂਹ ਕਰੀ ਜਾਣੀ ਠੀਕ ਨਹੀਂ। ਭੁੱਖ ਪਿਆਸ ਹੋਵੇ ਤਾਂ ਸੰਗ ਸ਼ਰਮ ਨਹੀਂ ਕਰਨੀ ਚਾਹੀਦੀ। ਅੱਜ ਕਲ ਸ਼ੂਗਰ ਦੀ ਬਿਮਾਰੀ ਤੋਂ ਵੀ ਬਹੁਤ ਲੋਕ ਪੀੜਤ ਹਨ। ਸ਼ੂਗਰ ਦੇ ਮਰੀਜ਼ ਨੂੰ ਵੀ ਜਦੋਂ ਭੁੱਖ ਲਗਦੀ ਹੈ ਤਾਂ ਉਸ ਨੂੰ ਛੇਤੀ ਹੀ ਕੁਝ ਖਾਣਾ ਪੈਂਦਾ ਹੈ ਨਹੀਂ ਤਾਂ ਮਰੀਜ਼ ਦੇ ਬੇਹੋਸ਼ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਮਰੀਜ਼ ਕੌਮੇ ‘ਚ ਵੀ ਜਾ ਸਕਦਾ ਹੈ। ਸੋ, ਲੋੜ ਵੇਲੇ ਸੰਗ ਸ਼ਰਮ ਦੀ ਲੋਈ ਨਾ ਉੱਪਰ ਲਈ ਰੱਖੋ।
ਸਾਡੀ ਪੰਜਾਬੀਆਂ ਦੀ ਪ੍ਰਾਹੁਣਚਾਰੀ ਤਾਂ ਸਾਰੀ ਦੁਨੀਆਂ ‘ਚ ਮਸ਼ਹੂਰ ਐ। ਕਿਸੇ ਸੰਕਟ ਕਾਲ ਵੇਲੇ ਸਿੱਖ ਕੌਮ ਵਲੋਂ ਸਾਰੀ ਦੁਨੀਆਂ ‘ਚ ਲਗਾਏ ਜਾਂਦੇ ਲੰਗਰਾਂ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਜਿਸ ਦੀਆਂ ਗੱਲਾਂ ਦੁਨੀਆਂ ਦੀਆਂ ਪਾਰਲੀਮੈਂਟਾਂ ‘ਚ ਵੀ ਹੁੰਦੀਆਂ ਹਨ। ਵੈਸੇ ਤਾ ਘਰ ਆਏ ਕਿਸੇ ਮਹਿਮਾਨ ਦੀ ਵੀ ਖਾਤਰਦਾਰੀ ਕਰ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਪਰ ਉਸ ਨੌਜਵਾਨ ਡਰਾਈਵਰ ਵਲੋਂ ਕੀਤੀ ਫ਼ਰਮਾਇਸ਼ ਕਿ ਚਾਹ ਹੋਵੇ ਵੀ ਗੁੜ ਦੀ ਤੇ ਹੋਵੇ ਵੀ ਵੱਡੀ ਲੈਚੀ ਵਾਲੀ, ਅਜਿਹੀ ਚਾਹ ਪਿਆ ਕੇ ਮਨ ਬਾਗ਼ੋ-ਬਾਗ਼ ਹੋ ਗਿਆ ਤੇ ਇਹ ਘਟਨਾ ਇਕ ਅਭੁੱਲ ਯਾਦ ਬਣ ਗਈ।

ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਕਰ ਕੇ ਦਿੱਲੀ ਫ਼ਤਿਹ ਦਿਵਸ ਮਨਾਇਆ-ਇਕ ਖ਼ਬਰ

ਹੁਣ ਭਾਜਪਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਨੂੰ ਫ਼ਤਿਹ ਕਰਨ ਦਾ ਦਿਵਸ ਮਨਾਇਆ ਕਰੇਗੀ। 

ਅੰਮ੍ਰਿਤਪਾਲ ਸਿੰਘ ਦੇ ਪਿਤਾ ਵਲੋਂ ਵਿਰਾਸਤੀ ਗਲੀ ਵਾਲਾ ਮੋਰਚਾ ਖ਼ਤਮ ਕਰਨ ਦਾ ਐਲਾਨ- ਇਕ ਖ਼ਬਰ

ਇਸ ਮੋਰਚੇ ਦੇ ਤੰਬੂ ਹੁਣ ਖਡੂਰ ਸਾਹਿਬ ’ਚ ਗੱਡ ਦਿਤੇ ਗਏ ਹਨ।

ਸੰਗਤਾਂ ਦੇ ਵਿਰੋਧ ਕਾਰਨ ਜਥੇਦਾਰ ਰਘਬੀਰ ਸਿੰਘ ਸਿੱਖ ਪਰੇਡ ‘ਚ ਹਿੱਸਾ ਲਏ ਬਿਨਾਂ ਹੀ ਅਮਰੀਕਾ ਤੋਂ ਪਰਤ ਆਏ- ਇਕ ਖ਼ਬਰ

ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।

ਆਪਣੇ ਹੀ ਆਗੂਆਂ ਦੇ ਬੜਬੋਲੇਪਣ ਨੇ ਪੰਜਾਬ ਕਾਂਗਰਸ ਦੀਆਂ ਜੜ੍ਹਾਂ ਵੱਢੀਆਂ- ਸੁਨੀਲ ਜਾਖੜ

ਬਹੁਤਾ ਬੋਲਣੁ ਝਖਣੁ ਹੋਇ।  (ਗੁ.ਗ੍ਰੰ. ਸਾਹਿਬ ਅੰਗ 661)

ਪੰਜਾਬ ਤੇ ਪੰਥ ਦੇ ਅਥਾਹ ਨੁਕਸਾਨ ਲਈ ਬਾਦਲ ਪਰਵਾਰ ਹੀ ਜ਼ਿੰਮੇਵਾਰ ਹੈ- ਰਵੀਇੰਦਰ ਸਿੰਘ

ਸੋਨੇ ਦੇ ਤਵੀਤ ਵਾਲ਼ੀਏ, ਤੇਰੀ ਹਰ ਮੱਸਿਆ ਬਦਨਾਮੀ।

ਪੰਜਾਬ ਵਿਚ ਜੀ.ਐਸ.ਟੀ. ਵਿਚ 21 ਫ਼ੀ ਸਦੀ ਦਾ ਰਿਕਾਰਡ ਵਾਧਾ- ਪੰਜਾਬ ਸਰਕਾਰ

ਜਿੰਨਾ ਮਰਜ਼ੀ ਵਧਾ ਲਉ, ਤੁਹਾਨੂੰ ਕੀ ਮਿਲਣਾ ਵਿਚੋਂ? ਛਿੱਕੂ!

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰੋਗਰਾਮ ‘ਚ ਜ਼ਬਰਦਸਤ ਝੜਪ, ਚੱਲੀਆਂ ਕੁਰਸੀਆਂ- ਇਕ ਖ਼ਬਰ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਆਸ਼ੂ ਦੀ ਥਾਂ ਵੜਿੰਗ ਨੂੰ ਟਿਕਟ ਮਿਲਣ ‘ਤੇ ਕਾਂਗਰਸ ਵਿਚ ਕਲੇਸ਼ ਹੋ ਗਿਆ ਸ਼ੁਰੂ- ਇਕ ਖ਼ਬਰ

ਪਾਊਂ ਮੈਂ ਵੀ ਤੇਰੇ ਰੰਗ ਵਿਚ ਭੰਗ ਨੀਂ, ਜੇ ਕੋਈ ਹੋਰ ਲੈ ਆਇਆ ਤੇਰੀ ਜੰਞ ਨੀਂ।

ਮਨੀਪੁਰ ‘ਚ ਪੁਲਿਸ ਨੇ ਹੀ ਔਰਤਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ- ਸੀ.ਬੀ.ਆਈ. ਦੀ ਚਾਰਜਸ਼ੀਟ ‘ਚ ਦਾਅਵਾ

ਰੁਕਨਦੀਨਾਂ ਉਸ ਖੇਤ ਨੇ ਕੀ ਬਚਣਾ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।

ਡਾ. ਧਰਮਵੀਰ ਗਾਂਧੀ ਕਦੇ ਵੀ ਵਿਕੇਗਾ ਨਹੀਂ- ਪਰਤਾਪ ਸਿੰਘ ਬਾਜਵਾ

ਮਰਦ ਸੋਈ ਜੋ ਵਚਨ ਦਾ ਹੋਇ ਪੱਕਾ, ਕੱਚੇ ਪਿੱਲਿਆਂ ਨੂੰ ਆਖਦੇ ਮਰਦ ਨਾਹੀਂ।

 ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜਾ ਯੂਸਫ਼ ਨੇ ਦਿਤਾ ਅਸਤੀਫ਼ਾ- ਇਕ ਖ਼ਬਰ

ਚਾਰੇ ਕੰਨੀਆਂ ਮੇਰੀਆਂ ਦੇਖ ਖਾਲੀ, ਅਸੀਂ ਨਾਲ ਨਾਹੀਂ ਕੁਝ ਲੈ ਚੱਲੇ।

ਸੂਰਤ ਅਤੇ ਇੰਦੌਰ ਦਾ ਚੋਣ ਘਟਨਾਕ੍ਰਮ ਭਾਜਪਾ ਪ੍ਰਤੀ ‘ਲੋਕਾਂ ਦੇ ਅਥਾਹ ਪਿਆਰ’ ਨੂੰ ਦਰਸਾਉਂਦੈ- ਰਾਜਨਾਥ ਸਿੰਘ

ਪੁੱਠੇ ਥਾਂ ‘ਤੇ ਰੁੱਖ ਉੱਗਿਐ, ਢੀਠ ਆਖਦੇ ਬੈਠਾਂਗੇ ਛਾਂਵੇਂ।

ਸਿਆਸਤਦਾਨ ਮੁੱਦਾਹੀਣ ਲੋਕ ਸਭਾ ਚੋਣਾਂ ਲੜ ਰਹੇ ਹਨ- ਇਕ ਖ਼ਬਰ

ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਕੀ ਸਿੱਖਾਂ ਦੇ ਮਸਲੇ ਹੱਲ ਹੋ ਗਏ ਹਨ ਜੋ ਦਿੱਲੀ ਕਮੇਟੀ ਦੇ ਛੇ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ?-ਰਣਜੀਤ ਕੌਰ

ਸਿੱਖਾਂ ਦੇ ਮਸਲਿਆਂ ‘ਚੋਂ ਕੀ ਲੈਣੈ ਬਈ? ਉਨ੍ਹਾਂ ਦੇ ਆਪਣੇ ਸਭ ਮਸਲੇ ਹੱਲ ਹੋਣਗੇ ਹੁਣ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ- ਇਕ ਖ਼ਬਰ

ਸਾਬਤ ਕਦਮ ਹੈ ਇਸ਼ਕ ਦੇ ਰਾਹ ਉੱਤੇ, ਪੈਰ ਅਗ਼ਾਂਹ ਤੋਂ ਪਿਛਾਂਹ ਨਾ ਹਟਿਆ ਸੂ।

===========================================================================

ਚੁੰਝਾਂ-ਪ੍ਹੌਂਚੇ - ( ਨਿਰਮਲ ਸਿੰਘ ਕੰਧਾਲਵੀ)

ਅਕਾਲੀਆਂ ਨੇ ਭਾਜਪਾ ਨਾਲ ਗੱਠਜੋੜ ਕਰ ਕੇ ਆਪਣੇ ਫ਼ਾਇਦੇ ਹੀ ਕੱਢੇ- ਰਵਨੀਤ ਬਿੱਟੂ
ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਕਰਨਾ ਪਿਆ ਕਿਸਾਨਾਂ ਦੇ ਡਟਵੇਂ ਵਿਰੋਧ ਦਾ ਸਾਹਮਣਾ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀ ਸੋਨੇ ਦੇ ਤਵੀਤ ਵਾਲ਼ੀਏ।
ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਭਾਜਪਾ ਜਾਣ ਨਾਲ਼ ਅਕਾਲੀ ਦਲ ਦੀਆਂ ਵਧੀਆਂ ਧੜਕਣਾਂ-ਇਕ ਖ਼ਬਰ
ਵਧੀਆਂ ਧੜਕਣਾਂ ਨਾਲ ਹੀ ਪੰਜਾਬ ਬਚਾਉਣ ਵਾਲਾ ਸ਼ੇਰ ਮੰਜੀ ‘ਤੇ ਪੈ ਗਿਆ।
ਸਾਬਕਾ ਕੇਂਦਰੀ ਮੰਤਰੀ ਚੌਧਰੀ ਬਿਰੇਂਦਰ ਸਿੰਘ ਨੇ ਛੱਡੀ ਭਾਜਪਾ- ਇਕ ਖ਼ਬਰ
ਦਿਲ ਦਿਤਾ ਨਹੀਂ ਸੀ, ਠੋਕਰਾਂ ਲਵਾਉਣ ਲਈ।
ਚੋਣ ਐਲਾਨਨਾਮੇ ਦੇ ਮੁੱਦੇ ‘ਤੇ ਭਾਜਪਾ ਅਤੇ ਕਾਂਗਰਸ ਪ੍ਰਧਾਨ ਆਹਮੋ-ਸਾਹਮਣੇ- ਇਕ ਖ਼ਬਰ
ਭੂਆ ਭਤੀਜੀ ਲੜੀਆਂ, ਵਿਚ ਦਰਵਾਜ਼ੇ ਦੇ।
ਭਾਜਪਾ ’ਚ ਸ਼ਾਮਲ ਹੋਏ ਰਿੰਕੂ ‘ਤੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ- ਇਕ ਖ਼ਬਰ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼- ਇਕ ਖ਼ਬਰ
ਕਦੇ ਬੰਦਰਗਾਹਾਂ ਰਾਹੀਂ ਚਲਦੇ ਨੈੱਟਵਰਕ ਦਾ ਵੀ ਪਰਦਾ ਕਰੋ ਫਾਸ਼ ਸਾਬ।
ਕਿਸਾਨਾਂ ਦੀ ਗੱਲ ਛੱਡ ਕੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਰਾਜਨੀਤੀ- ਹਰਜੀਤ ਗਰੇਵਾਲ
ਕੀ ਗੱਲ ਰਾਜਨੀਤੀ ਕਰਨ ਦਾ ਠੇਕਾ ਸਿਰਫ਼ ਤੁਹਾਡੇ ਕੋਲ ਹੀ ਹੈ।
ਹੁਣ ਭਾਜਪਾ ਵਲੋਂ ਬਾਦਲ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਦੇਣ ਦੀ ਤਿਆਰੀ- ਇਕ ਖ਼ਬਰ
ਨਾ ਯਾਰ ਹੋਰ ਝਟਕਾ ਨਾ ਦਿਉ ਅਜੇ, ਪਹਿਲੇ ਝਟਕੇ ਨਾਲ਼ ਹੀ ਬੰਦਾ ਡਿਗ ਪਿਐ ਮੰਜੇ ‘ਤੇ।
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਨਾਲ ਨਹੀਂ ਹੋਣ ਦਿਤੀ ਭਗਵੰਤ ਮਾਨ ਅਤੇ ਸੰਜੇ ਸਿੰਘ ਦੀ ਮੁਲਾਕਾਤ- ਇਕ ਖ਼ਬਰ
ਟੁੱਟ ਪੈਣੇ ਨੇ ਜਲੇਬੀ ਮਾਰੀ, ਅੱਖ ਵਿਚ ਤੇਲ ਪੈ ਗਿਆ।
ਐਸ.ਬੀ.ਆਈ. ਨੇ ਆਰ.ਟੀ.ਆਈ. ਐਕਟ ਤਹਿਤ ਚੋਣ ਬਾਂਡਾਂ ਦੇ ਵੇਰਵੇ ਦੇਣ ਤੋਂ ਕੀਤਾ ਇਨਕਾਰ- ਇਕ ਖ਼ਬਰ
ਜ਼ਰਾ ਸਮਝ ਨਾ ਆਉਂਦੀ ਮੂਲ ਤੈਨੂੰ, ਸਿਰ ਕੂੜ ਦੀ ਪੰਡ ਉਠਾਵਨਾਂ ਏਂ।
ਅਕਾਲੀ ਦਲ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਹਲਕੇ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਇਆ- ਇਕ ਖ਼ਬਰ
ਚਿੱਠੀ ਆ ਗਈ ਜ਼ੋਰਾਵਰ ਦੀ, ਛੁੱਟਿਆ ਤ੍ਰਿੰਞਣਾਂ ਦਾ ਕੱਤਣਾ।
ਕੌਮ ਪ੍ਰੋਗਰਾਮ ਉਡੀਕਦੀ ਰਹੀ ਤੇ ‘ਜਥੇਦਾਰ’ ਮਸਲੇ ਦੱਸ ਕੇ ਤੁਰਦੇ ਬਣੇ- ਇਕ ਖ਼ਬਰ
ਸਾਨੂੰ ਜਿਵੇਂ ਮਾਲਕਾਂ ਨੇ ਲਿਖ ਕੇ ਦਿਤਾ ਉਵੇਂ ਹੀ ਸੰਗਤਾਂ ਨੂੰ ਸੁਣਾ ਦਿਤਾ।
ਅਕਾਲੀ ਦਲ ਬਾਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਦਿਤੀ ਟਿਕਟ- ਇਕ ਖ਼ਬਰ
ਇਕੱਤਰ ਕੀਤੀ ਰਿਪੋਰਟ ਨੂੰ ਖੁਰਦ ਬੁਰਦ ਕਰਨ ਦਾ ਆਖਰ ਇਨਾਮ ਤਾਂ ਮਿਲਣਾ ਹੀ ਸੀ।
ਕਾਂਗਰਸ, ਭਾਜਪਾ ਅਤੇ ‘ਆਪ’ ਦੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਕੀਤੀ ਆਲੋਚਨਾ- ਇਕ ਖ਼ਬਰ
ਬਸ ਆਲੋਚਨਾ ਕਰਨ ਜੋਗੇ ਹੀ ਰਹਿ ਗਏ, ਹੋਰ ਪੱਲੇ ਕੀ ਰਹਿ ਗਿਆ।
--------------------------------------------------------------------------------------------------------------

ਚੁੰਝਾਂ-ਪ੍ਹੌਂਚੇ (ਨਿਰਮਲ ਸਿੰਘ ਕੰਧਾਲਵੀ)

ਐਸ.ਡੀ.ਐਮ. ਦਫ਼ਤਰ ਦਾ ਮੁਲਾਜ਼ਮ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ- ਇਕ ਖ਼ਬਰ
ਛੂਟਤੀ ਨਹੀਂ ਹੈ ਕਾਫਿਰ, ਮੂੰਹ ਕੋ ਲਗੀ ਹੂਈ।
ਅਨਿਲ ਵਿਜ ਨੂੰ ਨਾਇਬ ਸਿੰਘ ਸੈਣੀ ਮੰਤਰੀ ਮੰਡਲ ’ਚ ਥਾਂ ਨਹੀਂ ਮਿਲੀ- ਇਕ ਖ਼ਬਰ
ਨ੍ਹਾਤੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ।
ਦਿੱਲੀ ਫਿਰ ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਬਣੀ- ਇਕ ਰਿਪੋਰਟ
ਤਾਂ ਕੀ ਹੋਇਆ, ਚਾਰੇ ਪਾਸੇ ਦਿੱਲੀ ਦਿੱਲੀ ਤਾਂ ਹੁੰਦੀ ਐ ਨਾ।
ਬੇਹੱਦ ਖ਼ਾਸ ਹੋਵੇਗਾ ਇਸ ਵਾਰ ਧਰਮ ਪ੍ਰਚਾਰ ਕਮੇਟੀ ਦਾ ਬਜਟ- ਧਾਮੀ
ਖ਼ਾਸ ਖ਼ਾਸ ਬੰਦਿਆਂ ਨੂੰ ਮੋਟੇ ਮੋਟੇ ਗੱਫੇ ਦੇ ਕੇ ਬਜਟ ਨੂੰ ਖ਼ਾਸ ਬਣਾਇਆ ਜਾਵੇਗਾ।
ਪ੍ਰਦੀਪ ਕਲੇਰ ਨੇ ਅਦਾਲਤ ‘ਚ ਬਿਆਨ ਦਿਤਾ ਕਿ ਸੌਦਾ ਸਾਧ ਅਤੇ ਹਨੀਪ੍ਰੀਤ ਨੇ ਪ੍ਰੋਗਰਾਮ ਬਣਾ ਕੇ ਬੇਅਦਬੀ ਕਰਵਾਈ- ਇਕ ਖ਼ਬਰ
ਲੋਕ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਸੀ ਪਰ ਸਰਕਾਰਾਂ ਕਿੱਥੇ ਸੁਣਦੀਆਂ ਲੋਕਾਂ ਦੀ।
ਕਿਸਾਨੀ ਮੰਗਾਂ ਮੰਨਵਾਏ ਬਿਨਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਬਿਨਾਂ ਭਾਜਪਾ ਨਾਲ ਗੱਠਜੋੜ ਨਹੀਂ ਕਰਾਂਗੇ- ਢੀਂਡਸਾ
ਢੀਂਡਸਾ ਸਾਹਿਬ ਯਾਦ ਕਰੋ ਜਦੋਂ ਵੱਡਾ ਪਾਰਟੀ ਦੀ ਸਲਾਹ ਬਿਗ਼ੈਰ ਹੀ ਬਿਨਾਂ ਸ਼ਰਤ ਹੀ ਭਾਜਪਾ ਨਾਲ ਗੱਠਜੋੜ ਕਰ ਆਇਆ ਸੀ।
ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਐਸ.ਬੀ.ਆਈ. ਨੇ ਚੋਣ ਬਾਂਡਾਂ ਦੇ ਪੂਰੇ ਵੇਰਵੇ ਚੋਣ ਕਮਿਸ਼ਨ ਨੂੰ ਸੌਂਪੇ- ਇਕ ਖ਼ਬਰ
ਸੌ ਗੰਢਾ ਵੀ ਖਾਧਾ, ਸੌ ਛਿੱਤਰ ਵੀ ਖਾਧਾ ਤੇ ਸੌ ਰੁਪਇਆ ਜ਼ੁਰਮਾਨਾ ਵੀ ਦਿਤਾ।
ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖ਼ਰਚ ‘ਤੇ ਰਹੇਗੀ ਚੋਣ ਕਮਿਸ਼ਨ ਦੀ ਬਾਜ਼ ਅੱਖ- ਇਕ ਖ਼ਬਰ
ਪਰ ਇਹ ਬਾਜ਼ ਟੀਰੀ ਅੱਖ ਨਾਲ ਦੇਖੇਗਾ।
ਦੋ ਘੰਟੇ ਦੀ ਪੁਛਗਿੱਛ ਬਾਅਦ ਈ.ਡੀ. ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ- ਇਕ ਖ਼ਬਰ
ਗਲ਼ੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।
ਚੋਣਾਵੀ ਬਾਂਡਾਂ ਅਤੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਲੋਕਾਂ ਦੇ ਅਸਲ ਮੁੱਦੇ ਵਿਸਰ ਗਏ- ਇਕ ਖ਼ਬਰ
ਪਿਆਰਿਓ, ਅਸਲ ਮੁੱਦੇ ਯਾਦ ਹੀ ਕਦੋਂ ਸਨ ਸਰਕਾਰਾਂ ਨੂੰ?
ਢੀਂਡਸਾ ਪਿਉ ਪੁੱਤ ਨੂੰ ਸੰਯੁਕਤ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿੱਪ ਤੋਂ ਕੀਤਾ ਖ਼ਾਰਜ- ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ
ਡੇਕ ਦਾ ਗੁਮਾਨ ਕਰਦੀ. ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਅਕਾਲੀ- ਭਾਜਪਾ ਗੱਠਜੋੜ ਲਈ ਗੱਲਬਾਤ ਜਾਰੀ, ਅਜੇ ਸਮਾਂ ਲੱਗੇਗਾ- ਭਾਜਪਾ ਬੁਲਾਰਾ
ਉਡਦੀ ਧੂੜ ਦਿਸੇ, ਬੋਤਾ ਯਾਰ ਦਾ ਨਜ਼ਰ ਨਾ ਆਵੇ।  
ਪਾਕਿ ਦਾ ਅਫ਼ਗਾਨਿਸਤਾਨ ‘ਤੇ ਹਵਾਈ ਹਮਲਾ: ਅਮਰੀਕਾ ਨੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ- ਇਕ ਖ਼ਬਰ
ਚੰਦਰਾ ਸ਼ੌਕੀਨ ਹੋ ਗਿਆ, ਤੇੜ ਲਾ ਕੇ ਖੱਦਰ ਦਾ ਸਾਫ਼ਾ।
ਖੁਸ਼ਹਾਲੀ ‘ਚ ਭਾਰਤ ਦਾ 143 ਦੇਸ਼ਾਂ ਵਿਚੋਂ 126 ਵਾਂ ਨੰਬਰ- ਇਕ ਖ਼ਬਰ
80 ਕਰੋੜ ਲੋਕ ਜੇ ਸਰਕਾਰੀ ਰੋਟੀਆਂ ਖਾਂਦੇ ਖਾਂਦੇ ਖੁਸ਼ਹਾਲ ਨਹੀਂ ਹੋਏ ਤਾਂ ਸਰਕਾਰ ਦਾ ਕੀ ਕਸੂਰ ਬਈ?
ਸਿਧਾਂਤਕ ਤੇ ਆਦਰਸ਼ਕ ਸਿੱਖ ਸਿਆਸਤ ਸੁਖਬੀਰ ਬਾਦਲ ਦੇ ਖ਼ੂਨ ਵਿਚ ਹੀ ਨਹੀਂ- ਦਲ ਖ਼ਾਲਸਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
++++++++++++++++++++++++++++++++++++++++++++++++++++++++++++++++++++

  ਚੁੰਝਾਂ-ਪ੍ਹੌਂਚੇ  -  (ਨਿਰਮਲ ਸਿੰਘ ਕੰਧਾਲਵੀ)  

ਘਰੇਲੂ ਔਰਤ ਦਾ ਕੰਮ ਕਮਾਈ ਕਰਨ ਵਾਲੇ ਪਤੀ ਦੇ ਕੰਮ ਤੋਂ ਘੱਟ ਨਹੀਂ- ਸੁਪਰੀਮ ਕੋਰਟ

ਵਾਢੀ ਨਾਲ ਕਰੂੰਗੀ ਤੇਰੇ, ਦਾਤੀ ਨੂੰ ਲੁਆ ਦੇ ਘੁੰਗਰੂ।

ਬਸਪਾ ਲਈ ਵਿਰੋਧੀ ਗੱਠਜੋੜ ਦੇ ਦਰਵਾਜ਼ੇ ਖੁੱਲ੍ਹੇ ਹਨ- ਕਾਂਗਰਸ

ਨੱਚਣ ਦੇਵੇ ਨਾ ਚੰਨਣ ਦੀ ਮਾਤਾ, ਨੱਚਣਾ ਬਥੇਰਾ ਜਾਣਦੀ।

ਕਮਲ ਨਾਥ ‘ਤੇ ਭਾਜਪਾ ‘ਚ ਹੰਗਾਮਾ, ਸਿੱਖ ਆਗੂਆਂ ਨੇ ਜਤਾਇਆ ਇਤਰਾਜ਼-ਇਕ ਖ਼ਬਰ          

ਸਾਡੇ ਵਿਹੜੇ ਫੁੱਲ ਕਮਲ ਦਾ, ਅਸੀਂ ਹੋਰ ਕਮਲ ਕੀ ਕਰਨਾ।

ਕਿਸਾਨੀ ਮੰਗਾਂ ਲਈ ਕਿਸਾਨ ਇਕੱਠੇ ਹੋ ਕੇ ਏਜੰਡਾ ਦੇਣ- ਨਵਜੋਤ ਸਿੱਧੂ

ਡੁੱਬੀ ਤਾਂ ਜਾਂ ਸਾਹ ਨਾ ਆਇਆ।

ਈ.ਡੀ.ਦੇ ਛੇਵੇਂ ਸੰਮਨ ‘ਤੇ ਵੀ ਕੇਜਰੀਵਾਲ ਪੁੱਛ ਪੜਤਾਲ ਲਈ ਹਾਜ਼ਰ ਨਹੀਂ ਹੋਏ- ਇਕ ਖ਼ਬਰ

ਤੈਨੂੰ ਟਿੱਚ ਕਰ ਕੇ ਮੈਂ ਜਾਣਦੀ, ਕਿਹੜਾ ਏਂ ਤੂੰ ‘ਵਾਜ਼ਾਂ ਮਾਰਦਾ।

ਭਾਕਿਯੂ ਉਗਰਾਹਾਂ ਵਲੋਂ ਕੈਪਟਨ ਦੇ ਮਹਿਲ ਅਗੇ ਲਗਾਇਆ ਧਰਨਾ ਤੀਜੇ ਦਿਨ ’ਚ ਦਾਖ਼ਲ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਸੱਤਾ ‘ਚ ਆਈ ਤਾਂ ਭਾਰਤ, ਆਸਟਰੇਲੀਆ ਅਤੇ ਜਾਪਾਨ ਨਾਲ਼ ਰਿਸ਼ਤੇ ਕਰਾਂਗੀ ਮਜ਼ਬੂਤ- ਨਿੱਕੀ ਹੇਲੀ

ਜੇ ਮੈਂ ਨਾਨਕੇ ਮੇਲ਼ ਨਾਲ਼ ਆਈ, ਘੁੱਟ ਘੁੱਟ ਪਾਊਂ ਜੱਫੀਆਂ।

ਬਿਲਾਵਲ ਨੇ ਨਵਾਜ਼ ਸ਼ਰੀਫ਼ ਨਾਲ ਸਰਕਾਰ ਬਣਾਉਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਲਿਬੜੀ ਮੱਝ ਤੋਂ ਅਸੀਂ ਹਾਂ ਦੂਰ ਚੰਗੇ, ਪੂਛਲ ਮਾਰ ਕੇ ਸਭ ਨੂੰ ਲਿਬੇੜ ਦਿੰਦੀ।

ਸੁਪਰੀਮ ਕੋਰਟ ਨੇ ‘ਆਪ’- ਕਾਂਗਰਸ ਗੱਠਜੋੜ ਦੇ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਐਲਾਨਿਆਂ- ਇਕ ਖ਼ਬਰ

ਕੂੜ ਨਿਖੁਟੈ ਨਾਨਕਾ ਓੜਕਿ ਸਚਿ ਰਹੀ।

ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਤੇ ਕਿਹਾ , ‘ਲੋਕਤੰਤਰ ਨੂੰ ਬਚਾ ਲਿਆ ਗਿਆ’-ਇਕ ਖ਼ਬਰ

ਤੇਰਾ ਹੋਵੇ ਸੁਰਗਾਂ ਵਿਚ ਵਾਸਾ, ਤੀਆਂ ਨੂੰ ਲਗਾਉਣ ਵਾਲਿਆ।

ਦਿੱਲੀ ਜਾਣਾ ਹੈ ਤਾਂ ਬੱਸਾਂ ‘ਚ ਜਾਉ, ਹਾਈਵੇ ‘ਤੇ ਟਰੈਕਟਰ ਕਿਉਂ ਲਿਆਂਦੇ?- ਹਾਈ ਕੋਰਟ

ਪਰਸੋਂ ਤਾਂ ਕੁਝ ਹੋਰ ਸੀ ਕਹਿੰਦਾ, ਅੱਜ ਕੀਹਨੇ ਤੈਨੂੰ ਪੜ੍ਹਾਇਆ?

ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਫੇਲ੍ਹ ਹੋਣ ਲਈ ਭਗਵੰਤ ਮਾਨ ਜ਼ਿੰਮੇਵਾਰ- ਜਾਖੜ

ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।

ਬਿਨਾਂ ਡਰਾਈਵਰ, ਬਿਨਾਂ ਗਾਰਡ 70 ਮੀਲ ਦੀ ਸਪੀਡ ‘ਤੇ ਕਠੂਆ ਤੋਂ ਦੌੜੀ ਮਾਲਗੱਡੀ- ਇਕ ਖ਼ਬਰ

ਬਿਨਾਂ ਡਰਾਈਵਰੋਂ ਚੱਲਣ ਰੇਲਾਂ, ਸਰਕਾਰ ਕੀ ਹੈ ਗਾਰੰਟੀ।

ਖੱਟਰ ਸਰਕਾਰ ਪੰਜਾਬ ਦੇ ਨਿਹੱਥੇ ਨੌਜਵਾਨ ‘ਤੇ ਤਸ਼ੱਦਦ ਦੇ ਮਾਮਲੇ ‘ਚ ਸਖ਼ਤ ਕਾਰਵਾਈ ਕਰੇ- ਕੈਪਟਨ

ਸੱਚਾ ਹੋ ਕੇ ਕੀਹਨੂੰ ਦਿਖਾਂਵਨਾ ਏਂ, ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜ ਨਾਹੀਂ

ਬਸਪਾ ਦਾ ਸੰਸਦ ਮੈਂਬਰ ਰਿਤੇਸ਼ ਪਾਂਡੇ ਭਾਜਪਾ ‘ਚ ਸ਼ਾਮਲ- ਇਕ ਖ਼ਬਰ

ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।

==================================================================

ਬੇਟੀ  - (ਨਿਰਮਲ ਸਿੰਘ ਕੰਧਾਲਵੀ)

ਮੇਰਾ ਟਰਾਲੀ-ਕੇਸ ਇਕ ਨੌਜਵਾਨ ਨੇ ਫੜਿਆ ਹੋਇਆ ਸੀ ਤੇ ਦੂਸਰੇ ਨੇ ਮੈਨੂੰ ਸਹਾਰਾ ਦੇ ਕੇ ਤੋਰਿਆ ਹੋਇਆ ਸੀ। ਜਹਾਜ਼ ਦੇ ਦਰਵਾਜ਼ੇ ‘ਤੇ ਸਵਾਰੀਆਂ ਨੂੰ ਸਟਾਫ਼ ਵਲੋਂ ਜੀ ਆਇਆਂ ਆਖਿਆ ਜਾ ਰਿਹਾ ਸੀ। ਅੰਦਰ ਲੰਘ ਕੇ ਮੈਂ ਏਅਰਹੋਸਟੈੱਸ ਨੂੰ ਆਪਣਾ ਬੋਰਡਿੰਗ ਪਾਸ ਦਿਖਾਇਆ। ਨੌਜਵਾਨ ਨੇ ਮੇਰਾ ਟਰਾਲੀ-ਕੇਸ ਮੈਨੂੰ ਸੰਭਾਲ ਦਿਤਾ ਤੇ ਏਅਰਹੋਸਟੈੱਸ ਨੇ ਬੋਰਡਿੰਗ ਪਾਸ ਦੇਖ ਕੇ ਟਰਾਲੀ-ਕੇਸ ਮੇਰੇ ਕੋਲੋਂ ਫੜ ਲਿਆ ਤੇ ਮੈਨੂੰ ਹੌਲੀ ਹੌਲੀ ਬੜੀ ਸਹਿਜ ਨਾਲ ਸੀਟ ‘ਤੇ ਜਾ ਬਿਠਾਇਆ ਜੋ ਕਿ ਜਹਾਜ਼ ਦੇ ਅੰਦਰ ਵੜਦਿਆਂ ਹੀ ਬਿਜ਼ਨੈਸ ਕਲਾਸ ਵਿਚ ਸੀ। ਮੇਰਾ ਟਰਾਲੀ-ਕੇਸ ਸਾਮਾਨ ਵਾਲ਼ੇ ਕੈਬਿਨ ਵਿਚ ਰੱਖਣ ਤੋਂ ਪਹਿਲਾਂ ਏਅਰਹੋਸਟੈੱਸ ਨੇ ਮੈਨੂੰ ਪੁੱਛਿਆ ਕਿ ਕੀ ਟਰਾਲੀ-ਕੇਸ ‘ਚੋਂ ਮੈਨੂੰ ਕੋਈ ਚੀਜ਼ ਚਾਹੀਦੀ ਤਾਂ ਨਹੀਂ। ਮੇਰੇ ਨਾਂਹ ਕਹਿਣ ‘ਤੇ ਉਸ ਨੇ ਮੇਰਾ ਟਰਾਲੀ-ਕੇਸ ਉੱਪਰ ਕੈਬਿਨ ‘ਚ ਟਿਕਾ ਦਿਤਾ। ਮੈਂ ਹੈਰਾਨ ਹੋ ਰਿਹਾ ਸਾਂ ਕਿ ਮੇਰੇ ਕੋਲ ਤਾਂ ਇਕਾਨਮੀ ਕਲਾਸ ਦੀ ਟਿਕਟ ਸੀ ਤੇ ਮੈਨੂੰ ਬਿਜ਼ਨੈਸ ਕਲਾਸ ਵਿਚ ਖੁਰਲੀ ਜਿੱਡੀ ਸੀਟ ‘ਤੇ ਕਿਉਂ ਬਿਠਾ ਦਿਤਾ ਗਿਆ ਸੀ?
ਨਾ ਮੈਨੂੰ ਕਿਸੇ ਨੇ ਕੁਝ ਦੱਸਿਆ ਤੇ ਨਾ ਹੀ ਮੈਂ ਇਸ ਬਾਰੇ ਕਿਸੇ ਨੂੰ ਪੁੱਛਿਆ। ਉਰਦੂ ਦੇ ਇਕ ਸ਼ੇਅਰ ਦੀ ਪੈਰੋਡੀ ਮੇਰੇ ਦਿਲ ‘ਚ ਕੁਤਕੁਤਾਰੀਆਂ ਕੱਢਣ ਲੱਗੀ।
ਸਬੱਬ ਕੀ ਏ ਇਹਨਾਂ ਮਿਹਰਬਾਨੀਆਂ ਦਾ,
ਉਨ੍ਹੀਂ ਦੱਸਿਆ ਵੀ ਨਹੀਂ, ਅਸੀਂ ਪੁੱਛਿਆ ਵੀ ਨਹੀਂ।
ਪਰ ਮਨ ਵਿਚ ਇਹ ਧੁੜਕੂ ਜ਼ਰੂਰ ਲੱਗਾ ਹੋਇਆ ਸੀ ਕਿ ਜੇ ਇਸ ਸੀਟ ‘ਤੇ ਬੈਠਣ ਵਾਲੀ ਸਵਾਰੀ ਆ ਗਈ ਤੇ ਫੇਰ ਕੀ ਹੋਵੇਗਾ? ਦੂਜੇ ਪਲ ਹੀ ਸੋਚਾਂ ਕਿ ਮੈਂ ਕਿਹੜਾ ਆਪ ਬੈਠਾ ਸਾਂ, ਏਅਰਹੋਸਟੈੱਸ ਨੇ ਆਪ ਬਿਠਾਇਆ ਹੈ। ਮੇਰਾ ਬੋਰਡਿੰਗ ਪਾਸ ਚੰਗੀ ਤਰ੍ਹਾਂ ਦੇਖਿਆ ਹੈ ਉਸ ਨੇ। ਉਸ ਨੂੰ ਏਨਾ ਵੱਡਾ ਭੁਲੇਖਾ ਥੋੜ੍ਹੀ ਲੱਗ ਸਕਦੈ ਕਿ ਇਕਾਨਮੀ ਕਲਾਸ ਦੀ ਸਵਾਰੀ ਬਿਜ਼ਨੈਸ ਕਲਾਸ ਵਿਚ ਤੇ ਬਿਜ਼ਨੈਸ ਕਲਾਸ ਵਾਲੇ ਨੂੰ ਇਕਾਨਮੀ ਕਲਾਸ ‘ਚ ਬੈਠਣ ਲਈ ਕਹੇ। ਮੈਂ ਮਨ ਨਾਲ ਫ਼ੈਸਲਾ ਕਰ ਲਿਆ ਕਿ ਪਿਆਰਿਆ ਡਟਿਆ ਰਹਿ, ਦੇਖੀ ਜਾਏਗੀ ਜੋ ਹੋਏਗਾ, ਹੋ ਸਕਦੈ ਇਸ ਵਿਚ ਵੀ ਕੋਈ ਰਾਜ਼ ਹੋਵੇ। ਇਕ ਵਾਰੀ ਮੇਰੇ ਇਕ ਦੋਸਤ ਨੇ, ਜੋ ਕਿ ਜਹਾਜ਼ਾਂ ਦੇ ਝੂਟੇ ਅਕਸਰ ਹੀ ਲੈਂਦਾ ਰਹਿੰਦਾ ਹੈ, ਮੈਨੂੰ ਦੱਸਿਆ ਸੀ ਕਿ ਕਈ ਵਾਰੀ ਜਹਾਜ਼ ਦੇ ਭਾਰ ਨੂੰ ਸਮਤੋਲ ਰੱਖਣ ਲਈ ਵੀ ਸਵਾਰੀਆਂ ਦੀਆਂ ਸੀਟਾਂ ‘ਚ ਅਦਲਾ ਬਦਲੀ ਕੀਤੀ ਜਾਂਦੀ ਹੈ ਤੇ ਅਜਿਹੇ ਵਿਚ ਜੇ ਬਿਜਨੈਸ ਜਾਂ ਫ਼ਸਟ ਕਲਾਸ ਵਿਚ ਸੀਟਾਂ ਖਾਲੀ ਹੋਣ ਤਾਂ ਇਕਾਨਮੀ ਕਲਾਸ ਵਾਲੀ ਕਿਸੇ ਸਵਾਰੀ ਨੂੰ ਉੱਥੇ ਵੀ ਸੀਟ ਦਿਤੀ ਜਾ ਸਕਦੀ ਹੈ। ਭਾਵੇਂ ਕਿ ਇਹ ਦਲੀਲ ਮੇਰੇ ਮਨ ਨੂੰ ਧਰਵਾਸ ਦੇ ਰਹੀ ਸੀ ਪਰ ਨਾਲ਼ ਹੀ ਧੁੜਕੂ ਅਜੇ ਵੀ ਬਰਕਰਾਰ ਸੀ।
ਬਿਜ਼ਨੈਸ ਕਲਾਸ ਵਿਚ ਮੈਨੂੰ ਬਿਠਾਉਣ ਦਾ ਇਕ ਹੋਰ ਅੰਦਾਜ਼ਾ ਵੀ ਮੇਰੇ ਦਿਮਾਗ਼ ‘ਚ ਚੱਕਰ ਲਗਾ ਰਿਹਾ ਸੀ। ਹੋਇਆ ਅਸਲ ਵਿਚ ਇਹ ਸੀ ਕਿ ਏਅਰਪੋਰਟ ‘ਤੇ ਮੈਂ ਅਗਲੀ ਫਲਾਈਟ ਲਈ ਚਾਰ ਘੰਟੇ ਇੰਤਜ਼ਾਰ ਕਰਨਾ ਸੀ। ਪਿਛਲੇ ਕੁਝ ਦਿਨਾਂ ਤੋਂ ਮੇਰੀ ਪਿੱਠ ਦੀ ਦਰਦ ਨੇ ਕਾਫ਼ੀ ਪਰੇਸ਼ਾਨ ਕੀਤਾ ਹੋਇਆ ਸੀ। ਏਅਰਪੋਰਟਾਂ ‘ਤੇ ਫਲਾਈਟ ‘ਚ ਸਵਾਰ ਹੋਣ ਲਈ ਕਈ ਵਾਰੀ ਬਹੁਤ ਦੂਰ ਤੱਕ ਤੁਰ ਕੇ ਜਾਣਾ ਪੈਂਦਾ ਹੈ ਖਾਸ ਕਰ ਕੇ ਟੁੱਟਵੀਂਆਂ ਫਲਾਈਟਾਂ ਦੇ ਜਹਾਜ਼ਾਂ ਦੇ ਗੇਟ ਤਾਂ ਕਈ ਵਾਰੀ ਬਹੁਤ ਦੂਰ ਦੂਰ ਹੁੰਦੇ ਹਨ। ਕਈ ਏਅਰਪੋਰਟਾਂ ‘ਤੇ ਤਾਂ ਹੁਣ ਬੈਟਰੀ ਨਾਲ ਚੱਲਣ ਵਾਲ਼ੀਆਂ ਬੱਗੀਆਂ ਮਿਲ ਜਾਂਦੀਆਂ ਹਨ ਪਰ ਕਈਆਂ ‘ਤੇ ਇਹ ਸਹੂਲਤ ਅਜੇ ਆਮ ਨਹੀਂ, ਸੋ ਇਸੇ ਕਰ ਕੇ ਮੈਂ ਲੰਡਨ ਤੋਂ ਹੀ ਸਪੈਸ਼ਲ ਅਸਿਸਟੈਂਸ ਬੁੱਕ ਕਰਵਾਈ ਹੋਈ ਸੀ। ਸਕਿਉਰਿਟੀ ਕਰਵਾ ਕੇ ਅਸਿਸਟੈਂਟ ਮੈਨੂੰ ਵੇਟਿੰਗ ਏਰੀਏ ‘ਚ ਛੱਡ ਗਿਆ ਤੇ ਕਹਿਣ ਲੱਗਾ ਕਿ ਮੈਂ ਫਿਕਰ ਨਾ ਕਰਾਂ, ਫਲਾਈਟ ਦੇ ਟਾਈਮ ‘ਤੇ ਉਹ ਆਪੇ ਹੀ ਆ ਜਾਵੇਗਾ।
ਫਲਾਈਟ ਦਾ ਸਮਾਂ ਹੋਇਆ ਤਾਂ ਸਭ ਸਵਾਰੀਆਂ ਹੌਲੀ ਹੌਲੀ ਜਹਾਜ਼ ‘ਚ ਬੈਠਣ ਲਈ ਜਾਣ ਲੱਗੀਆਂ। ਦੋ ਤਿੰਨ ਕਰਮਚਾਰੀ ਪਾਸਪੋਰਟ ਤੇ ਬੋਰਡਿੰਗ ਪਾਸ ਦੇਖ ਕੇ ਸਵਾਰੀਆਂ ਨੂੰ ਲੰਘਾ ਰਹੇ ਸਨ ਪਰ ਸਪੈਸ਼ਲ ਅਸਿਸਟੈਂਸ ਵਾਲ਼ੇ ਨੌਜਵਾਨ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਸੀ। ਪਲ ਪਲ ਲਾਈਨ ਛੋਟੀ ਹੋ ਰਹੀ ਸੀ ਤੇ ਮੇਰੀ ਚਿੰਤਾ ਵਧ ਰਹੀ ਸੀ। ਅਖ਼ੀਰ ਮੈਂ ਲਾਈਨ ਕੰਟਰੋਲ ਕਰਨ ਵਾਲੇ ਇਕ ਕਰਮਚਾਰੀ ਨੂੰ ਆਪਣੇ ਕੋਲ ਸੱਦਿਆ ਤੇ ਆਪਣੀ ਮੁਸ਼ਕਿਲ ਦੱਸੀ। ਉਸ ਨੇ ਮੈਨੂੰ ਨਿਸ਼ਚਿੰਤ ਹੋ ਕੇ ਬੈਠੇ ਰਹਿਣ ਦੀ ਸਲਾਹ ਦਿਤੀ ਤੇ ਕਿਹਾ ਕਿ ਅਸਿਸਟੈਂਟ ਨੇ ਆਪੇ ਹੀ ਆ ਜਾਣਾ ਹੈ। ਜਦੋਂ ਲਾਈਨ ਵਿਚ ਥੋੜ੍ਹੀਆਂ ਜਿਹੀਆਂ ਸਵਾਰੀਆਂ ਹੀ ਚੜ੍ਹਨ ਵਾਲੀਆਂ ਰਹਿ ਗਈਆਂ, ਜਿਨ੍ਹਾਂ ਵਿਚ ਦੋ ਤਿੰਨ ਪੰਜਾਬੀ ਨੌਜਵਾਨ ਵੀ ਸਨ, ਮੈਂ ਫੇਰ ਉਸੇ ਕਰਮਚਾਰੀ ਨੂੰ ਇਸ਼ਾਰਾ ਕੀਤਾ ਕਿ ਉਹ ਮੇਰੀ ਮੁਸ਼ਕਿਲ ਬਾਰੇ ਕੁਝ ਕਰੇ। ਉਸ ਨੇ ਬੜੀ ਹਲੀਮੀ ਨਾਲ ਮੁਆਫ਼ੀ ਮੰਗੀ ਤੇ ਕਹਿਣ ਲੱਗਾ, “ ਅਸਲ ਵਿਚ ਅੱਜ ਕਈ ਫਲਾਈਟਾਂ ਇਕੱਠੀਆਂ ਹੀ ਚੱਲਣੀਆਂ ਹਨ ਤੇ ਸਪੈਸ਼ਲ ਅਸਿਸਟੈਂਸ ਲੈਣ ਵਾਲੀਆਂ ਸਵਾਰੀਆਂ ਵੀ ਬਹੁਤ ਹਨ, ਮੈਨੂੰ ਲਗਦੈ ਕਿ ਵੀਲ੍ਹਚੇਅਰਾਂ ਥੋੜ੍ਹੀਆਂ ਪੈ ਗਈਆਂ ਹਨ।”
ਉਸ ਨੇ ਮੇਰਾ ਟਰਾਲੀ-ਕੇਸ ਫੜਿਆ ਤੇ ਮੈਨੂੰ ਸਹਾਰਾ ਦੇ ਕੇ ਹੌਲੀ ਹੌਲੀ ਆਪਣੇ ਨਾਲ ਤੋਰ ਲਿਆ। ਇਕ ਪੰਜਾਬੀ ਨੌਜਵਾਨ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੇਰੀ ਤਕਲੀਫ਼ ਬਾਰੇ ਪੁੱਛਿਆ। ਮੈਂ ਆਪਣੀ ਪਿੱਠ ਦਰਦ ਬਾਰੇ ਅਤੇ ਸਪੈਸ਼ਲ ਅਸਿਸਟੈਂਸ ਵਾਲੇ ਬੰਦੇ ਦੇ ਨਾ ਬਹੁੜਨ ਬਾਰੇ ਦੱਸਿਆ। ਉਨ੍ਹਾਂ ਚੋਂ ਇਕ ਜਣੇ ਨੇ ਉਸ ਕਰਮਚਾਰੀ ਤੋਂ ਮੇਰਾ ਟਰਾਲੀ-ਕੇਸ ਫੜ ਲਿਆ ਤੇ ਕਿਹਾ ਕਿ ਉਹ ਜਹਾਜ਼ ਦੇ ਅੰਦਰ ਜਾਣ ਲਈ ਮੇਰੀ ਮਦਦ ਕਰਨਗੇ। ਉਸ ਕਰਮਚਾਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਇਕ ਵਾਰ ਫੇਰ ਮੇਰੇ ਕੋਲੋਂ ਮੁਆਫ਼ੀ ਮੰਗੀ, ਤੇ ਉਹ ਨੌਜਵਾਨ ਹੌਲੀ ਹੌਲੀ ਮੈਨੂੰ ਜਹਾਜ਼ ਦੇ ਦਰਵਾਜ਼ੇ ਤੱਕ ਲੈ ਗਏ।
ਹੁਣ ਮੇਰੇ ਦਿਮਾਗ਼ ਦੇ ਕਿਸੇ ਕੋਨੇ ਵਿਚ ਇਹੀ ਦਲੀਲ ਘੁੰਮ ਰਹੀ ਸੀ ਕਿ ਸ਼ਾਇਦ ਏਅਰਪੋਰਟ ਦੀ ਇਸੇ ਖ਼ਾਮੀ ਕਰ ਕੇ ਹੀ ਮੈਨੂੰ ਬਿਜ਼ਨੈਸ ਕਲਾਸ ਵਿਚ ਬੈਠਾਇਆ ਗਿਆ ਹੈ। ਹੋ ਸਕਦੈ ਕਿ ਉਸ ਕਰਮਚਾਰੀ ਨੇ ਵਾਕੀ-ਟਾਕੀ ਰਾਹੀਂ ਜਹਾਜ਼ ਦੇ ਅਮਲੇ ਨੂੰ ਮੇਰੀ ਤਕਲੀਫ਼ ਬਾਰੇ ਸੂਚਿਤ ਕਰ ਦਿਤਾ ਹੋਵੇ ਤੇ ਇਸੇ ਲਈ ਮੇਰੇ ‘ਤੇ ਖ਼ਾਸ ਮਿਹਰਬਾਨੀ ਕੀਤੀ ਗਈ ਹੋਵੇ। ਖ਼ੈਰ, ਕੁਝ ਵੀ ਹੋਵੇ ਹੁਣ ਤਾਂ ਮੈਂ ਇਸ ਸੀਟ ਉੱਤੇ ਡਟਿਆ ਬੈਠਾ ਸਾਂ ਤੇ ਸੋਚ ਰਿਹਾ ਸਾਂ ਕਿ ਜੇ ਸੀਟ ਬਾਰੇ ਕੋਈ ਗੱਲ ਬਾਤ ਉਲਝੀ ਤਾਂ ਮੈਂ ਸਾਰਾ ਭਾਂਡਾ ਏਅਰਹੋਸਟੈੱਸ ‘ਤੇ ਭੰਨ ਕੇ ਆਪਣਾ ਪੱਖ ਪੇਸ਼ ਕਰਾਂਗਾ।     
ਖਿੜਕੀ ਵਲ ਦੀ ਸੀਟ ‘ਤੇ ਇਕ ਬੀਬੀ ਆ ਬੈਠੀ ਤੇ ਉਸ ਨੇ ਬੜੇ ਸਤਿਕਾਰ ਨਾਲ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਹਿਣ ਲੱਗੀ,“ ਮੇਰਾ ਨਾਂ ਮਿਸਜ਼ ਆਨੰਦ ਐ ਤੇ ਆਪ ਜੀ ਦਾ ਨਾਮ?” ਉਸ ਨੇ ਮੇਰੇ ਵਲ ਦੇਖ ਕੇ ਪੁੱਛਿਆ। ਮੈਂ ਉਸ ਦੀ ਬੇਬਾਕੀ ‘ਤੇ ਹੈਰਾਨ ਤਾਂ ਹੋਇਆ ਪਰ ਫਿਰ ਸੋਚਿਆ ਕਿ ਸਫ਼ਰ ਵਿਚ ਕਈ ਮੁਸਾਫ਼ਰ ਆਪਣੇ ਆਪ ਵਿਚ ਹੀ ਗੁੰਮ-ਸੁੰਮ ਰਹਿੰਦੇ ਹਨ ਤੇ ਕਈ ਨਾਲ ਬੈਠੀ ਸਵਾਰੀ ਨਾਲ ਗੱਲ ਬਾਤ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਨ। ਸੋ, ਮੈਂ ਆਪਣਾ ਨਾਮ ਦੱਸਣ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਮੈਂ ਕਿੱਥੋਂ ਆਇਆ ਹਾਂ ਤੇ ਕਿੱਥੇ ਜਾਣਾ ਹੈ।
ਬਿਜ਼ਨੈਸ ਕਲਾਸ ਵਿਚ ਦੋ ਏਅਰਹੋਸਟੈੱਸਾਂ ਦੀ ਡਿਊਟੀ ਸੀ। ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਆ ਕੇ ਮਿਸਜ਼ ਆਨੰਦ ਨੂੰ ‘ਮੈਮ’ ਕਹਿ ਕੇ ਸੰਬੋਧਿਤ ਹੁੰਦੀਆਂ ਸਨ ਤੇ ਕਿਸੇ ਚੀਜ਼ ਦੀ ਲੋੜ ਬਾਰੇ ਪੁੱਛਦੀਆਂ ਸਨ। ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇੰਜ ਭਾਸਦਾ ਸੀ ਜਿਵੇਂ ਮਿਸਜ਼ ਆਨੰਦ ਵੀ ਉਸੇ ਏਅਰਲਾਈਨ ‘ਚ ਕੰਮ ਕਰਦੀ ਹੋਵੇ। ਪਹਿਲਾਂ ਤਾਂ ਮੈਂ ਸੋਚਿਆ ਕਿ ਚਲੋ ਛੱਡੋ ਆਪਾਂ ਕੀ ਲੈਣਾ ਪਰ ਫਿਰ ਮੇਰੇ ਮਨ ‘ਚ ਆਇਆ ਕਿ ਪੁੱਛਣ ‘ਚ ਹਰਜ਼ ਵੀ ਕੀ ਹੈ। ਹਵਾਈ ਸਫ਼ਰ ਬਾਰੇ ਤੇ ਏਅਰਲਾਈਨ ਬਾਰੇ ਕੁਝ ਜਾਣਕਾਰੀ ਹੀ ਮਿਲੇਗੀ ਤੇ ਨਾਲੇ ਵਕਤ ਵੀ ਸੋਹਣਾ ਗੁਜ਼ਰ ਜਾਏਗਾ। ਆਪਣੀ ਸ਼ੱਕ ਕੱਢਣ ਲਈ ਮੈਂ ਮਿਸਜ਼ ਆਨੰਦ ਨੂੰ ਪੁੱਛ ਹੀ ਲਿਆ ਕਿ ਕੀ ਉਹ ਵੀ ਏਸੇ ਕੰਪਨੀ ‘ਚ ਮੁਲਾਜ਼ਮ ਹੈ? ਉਸ ਨੇ ਦੱਸਿਆ ਕਿ ਕਦੇ ਉਹ ਵੀ ਏਅਰਹੋਸਟੈੱਸ ਹੁੰਦੀ ਸੀ ਪਰ ਫੇਰ ਏਅਰਲਾਈਨ ਨੇ ਉਸ ਨੂੰ ਕੁਝ ਹੋਰ ਕੋਰਸ ਕਰਵਾ ਕੇ ਹੈੱਡ-ਆਫ਼ਿਸ ਵਿਚ ਨੌਕਰੀ ਦੇ ਦਿਤੀ ਤੇ ਹੁਣ ਉਹ ਏਅਰਲਾਈਨ ਦੇ ਬਾਹਰਲੇ ਕੰਮਾਂ ਲਈ ਅਕਸਰ ਹੀ ਦੌਰਿਆਂ ‘ਤੇ ਰਹਿੰਦੀ ਹੈ ਤੇ ਅੱਜ ਵੀ ਇਸੇ ਸਬੰਧ ਵਿਚ ਉਹ ਦਿੱਲੀ ਜਾ ਰਹੀ ਸੀ।
ਬਿਜ਼ਨੈਸ ਕਲਾਸ ਵਿਚ ਦੋ ਦੋ ਸੀਟਾਂ ਦੀਆਂ ਦੋ ਕਤਾਰਾਂ ਸਨ। ਦੋਨੋਂ ਕਤਾਰਾਂ ਨੂੰ ਇਕ ਇਕ ਏਅਰਹੋਸਟੈੱਸ ਨੇ ਸੰਭਾਲਿਆ ਹੋਇਆ ਸੀ। ਸਾਡੇ ਪਾਸੇ ਜਿਹੜੀ ਏਅਰਹੋਸਟੈੱਸ ਦੀ ਡਿਊਟੀ ਸੀ ਉਸ ਦੇ ਨੈਣ-ਨਕਸ਼ ਪਹਾੜੀ ਔਰਤਾਂ ਨਾਲ ਥੋੜ੍ਹੇ ਥੋੜ੍ਹੇ ਮੇਲ ਖਾਂਦੇ ਸਨ। ਉਹ ਮਿਸਜ਼ ਆਨੰਦ ਨੂੰ ਜੂਸ ਫੜਾਉਣ ਆਈ ਤਾਂ ਮਿਸਜ਼ ਆਨੰਦ ਨੇ ਉਸ ਨੂੰ ਪੁੱਛ ਲਿਆ, “ ਬਾਈ ਦ ਵੇਅ ਆਰ ਯੂ ਮਾਲਤੀ?”
‘ਯੈਸ ਮੈਮ, ਆਈ ਐਮ ਮਾਲਤੀ,” ਮਾਲਤੀ ਚਹਿਕ ਕੇ ਬੋਲੀ।
“ ਬਿਊਟੀਫੁੱਲ ਨੇਮ’ ਮਿਸਜ਼ ਆਨੰਦ ਨੇ ਕਿਹਾ ਤੇ ਮੇਰੇ ਵਲ ਦੇਖਿਆ ਜਿਵੇਂ ਉਹ ਮੇਰੀ ਵੀ ਗਵਾਹੀ ਚਾਹੁੰਦੀ ਹੋਵੇ ਕਿ ਮੈਂ ਵੀ ਮਾਲਤੀ ਦੇ ਨਾਮ ਦੀ ਉਸ ਵਲੋਂ ਕੀਤੀ ਹੋਈ ਸਿਫ਼ਤ ਦੀ ਤਾਈਦ ਕਰਾਂ।
 “ ਅੰਗਰੇਜ਼ੀ ਦੀ ਬਜਾਇ ਮੈਂ ਮਾਲਤੀ ਵਲ ਵੇਖ ਕੇ ਹਿੰਦੀ ‘ਚ ਕਿਹਾ.” ਮਾਲਤੀ ਜੀ, ਬਹੁਤ ਸੁੰਦਰ ਨਾਮ ਹੈ ਆਪ ਕਾ।” ਤੇ ਮਿਸਜ਼ ਆਨੰਦ ਵਲ ਵੇਖ ਕੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਪਤਾ ਹੈ ਕਿ ਇਸ ਨਾਮ ਦਾ ਮਤਲਬ ਕੀ ਹੁੰਦਾ ਹੈ?
ਮਾਲਤੀ ਵਲ ਦੇਖ ਕੇ ਉਸ ਨੇ ਸਿਰ ਫੇਰ ਦਿਤਾ ਤੇ ਅੰਗਰੇਜ਼ੀ ਛੱਡ ਹਿੰਦੀ ‘ਚ ਕਹਿਣ ਲੱਗੀ, “ ਮਾਲਤੀ ਕੋ ਤੋ ਜ਼ਰੂਰ ਪਤਾ ਹੋਗਾ, ਇਸ ਕਾ ਨਾਮ ਹੈ ਨਾ?”
ਮਾਲਤੀ ਵਿਚਾਰੀ ਨੇ ਵੀ ਨਾਂਹ ‘ਚ ਸਿਰ ਹਿਲਾ ਦਿਤਾ।  
ਉਹਨਾਂ ਦੋਨਾਂ ਨੇ ਹਥਿਆਰ ਸੁੱਟ ਦਿਤੇ। ਮਿਸਜ਼ ਆਨੰਦ ਮੇਰੇ ਵਲ ਦੇਖ ਕੇ ਬੋਲੀ,“ ਆਪ ਹੀ ਬਤਾਏਂ।”
ਮੈਂ ਥੋੜ੍ਹਾ ਜਿਹਾ ਚੌੜਾ ਹੁੰਦਿਆਂ ਕਿਹਾ, “ ਚਾਂਦਨੀ ਕੋ ਭੀ ਮਾਲਤੀ ਕਹਿਤੇ ਹੈਂ ਔਰ ਫੂਲ ਕੀ ਕਲੀ ਕੋ ਭੀ,” ਉਹਨਾਂ ਦੋਵਾਂ ਨੇ ਬੜੇ ਅਚੰਭੇ ਨਾਲ ਮੇਰੇ ਵਲ ਦੇਖਿਆ। ਮਾਲਤੀ ਦਾ ਚਿਹਰਾ ਤਾਂ ਮਾਲਤੀ ਨਾਮ ਦੇ ਅਰਥ ਸੁਣ ਕੇ ਹੋਰ ਵੀ ਸੁਰਖ਼ ਹੋ ਗਿਆ। ਮਿਸਜ਼ ਆਨੰਦ ਨੂੰ ਕੁਝ ਸ਼ੱਕ ਹੋਇਆ ਤੇ ਉਹ ਠੇਠ ਪੰਜਾਬੀ ’ਚ ਮੈਨੂੰ ਪੁੱਛਣ ਲੱਗੀ, “ ਹੋਰ ਤੁਹਾਡੇ ਕੀ ਸ਼ੁਗਲ ਨੇ ਜੀ?”
“ ਮੈਂ ਜੀ ਸਾਹਿਤ ਦਾ ਵਿਦਿਆਰਥੀ ਹਾਂ ਤੇ ਸਾਹਿਤ ਨਾਲ ਪ੍ਰੇਮ ਹੈ ਤੇ ਆਪ ਵੀ ਕਦੀ ਕਦੀ ਕਵਿਤਾ, ਕਹਾਣੀ ਆਦਿ ਲਿਖ ਲੈਂਦਾ ਹਾਂ ਤੇ ਮੈ ਟੀ.ਵੀ. ‘ਤੇ ਵੀ ਪ੍ਰੋਗਰਾਮ ਪੇਸ਼ ਕਰਦਾ ਹਾਂ।”
“ ਓ ਮਾਈ ਗਾਡ, ਓ ਮਾਈ ਗਾਡ, ਆਈ ਐਮ ਸਿਟਿੰਗ ਵਿਦ ਏ ਸੈਲੇਬਰਿਟੀ,” ਮਿਸਜ਼ ਆਨੰਦ ਹੈਰਾਨੀ ਨਾਲ ਬੋਲ ਉੱਠੀ।
“ ਨਾ ਜੀ ਨਾ, ਸੈਲੇਬਰਿਟੀ ਵਾਲ਼ੀ ਕੋਈ ਗੱਲ ਨਹੀਂ, ਆਪਾਂ ਤਾਂ ਬੜੇ ਸਾਧਾਰਨ ਜਿਹੇ ਬੰਦੇ ਆਂ।” ਮੈਂ ਮਸਕੀਨ ਜਿਹਾ ਬਣਦਿਆਂ ਕਿਹਾ।
ਮਾਲਤੀ ਦੂਜੀਆਂ ਸਵਾਰੀਆਂ ਵਲ ਗਈ ਹੋਈ ਸੀ। ਉਹ ਜਦੋਂ ਆਈ ਤਾਂ ਮਿਸਜ਼ ਆਨੰਦ ਕਹਿਣ ਲੱਗੀ, “ ਅਰੇ ਮਾਲਤੀ ਜਾਨਤੀ ਹੋ, ਯਹ ਸਰਦਾਰ ਜੀ ਕਵਿਤਾਏਂ ਭੀ ਲਿਖਤੇ ਹੈਂ ਔਰ ਟੀ.ਵੀ. ਪਰ ਐਂਕਰਿੰਗ ਭੀ ਕਰਤੇ ਹੈਂ।”
“ ਸੱਚ ਮੇਂ!” ਉਹ ਭੀ ਹੈਰਾਨੀ ਨਾਲ ਮੇਰੇ ਵਲ ਦੇਖਣ ਲੱਗੀ।  
“ ਮੈਂ ਤੋ ਫਿਰ ਸਰ ਸੇ ਆਟੋਗ੍ਰਾਫ਼ ਭੀ ਜ਼ਰੂਰ ਲੂੰਗੀ,” ਮਾਲਤੀ ਮੇਰੇ ਵਲ ਦੇਖ ਕੇ ਕਹਿਣ ਲੱਗੀ।
ਮੈਂ ਕਿਹਾ, “ ਹਾਂ, ਹਾਂ, ਜ਼ਰੂਰ ਕਿਉਂ ਨਹੀਂ।“
ਹੁਣ ਸਵਾਰੀਆਂ ਨੂੰ ਕਿਸੇ ਐਮਰਜੈਂਸੀ ਵੇਲੇ ਸੁਰੱਖਿਅਤਾ ਨਾਲ ਸਬੰਧਤ ਹਦਾਇਤਾਂ ਦਿਤੀਆਂ ਗਈਆਂ ਤੇ ਸੀਟ-ਬੈਲਟਾਂ ਬੰਨ੍ਹਣ ਬਾਰੇ ਤਾਕੀਦ ਕੀਤੀ ਗਈ। ਮੇਰੇ ਵਾਲ਼ੀ ਸੀਟ ਦਾ ਕੋਈ ਵੀ ਦਾਅਵੇਦਾਰ ਨਾ ਆਇਆ। ਕੁਝ ਦੇਰ ਬਾਅਦ ਜਹਾਜ਼ ਹੌਲੀ ਹੌਲੀ ਪਿਛਾਂਹ ਨੂੰ ਸਰਕਣ ਲੱਗਾ ਤੇ ਮੈਂ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ ਕਿ ਹੁਣ ਸੀਟ ਦਾ ਕੋਈ ਖ਼ਤਰਾ ਨਹੀਂ। ਹੁਣ ਜਹਾਜ਼ ਆਕਾਸ਼ ਵਲ ਨੂੰ ਉੱਚਾ ਉਡ ਰਿਹਾ ਸੀ ਤੇ ਫਿਰ ਨਿਸ਼ਚਿਤ ਉਚਾਈ ‘ਤੇ ਜਾ ਕੇ ਸਿੱਧਾ ਹੋ ਗਿਆ।
ਮੇਰੇ ਮੰਗਣ ‘ਤੇ ਮਾਲਤੀ ਮੇਰੇ ਲਈ ਜੂਸ ਲੈ ਕੇ ਆਈ ਤਾਂ ਸ਼ੰਕਾ ਨਵਿਰਤੀ ਲਈ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਉਹ ਇੰਡੀਆ ‘ਚ ਕਿਹੜੇ ਇਲਾਕੇ ਤੋਂ ਹੈ। ਉਸ ਨੇ ਦੱਸਿਆ ਕਿ ਬਿਹਾਰ ਅਤੇ ਨਿਪਾਲ ਦੇ ਬਾਰਡਰ ਨੇੜੇ ਉਹਨਾਂ ਦਾ ਪਿੰਡ ਹੈ ਪਰ ਉਹ ਜੰਮੀ ਪਲੀ ਗੋਰਖ ਪੁਰ ਵਿਚ ਹੈ ਜਿੱਥੋਂ ਉਸ ਨੇ ਆਪਣੀ ਵਿਦਿਆ ਹਾਸਲ ਕੀਤੀ ਹੈ। ਗੱਲ ਕਰਦੇ ਕਰਦੇ ਉਸ ਦਾ ਚਿਹਰਾ ਇਕ ਦਮ ਉਦਾਸ ਹੋ ਗਿਆ। ਸ਼ਾਇਦ ਉਸ ਨੂੰ ਕੁਝ ਯਾਦ ਆ ਗਿਆ ਸੀ। ਮੈਂ ਸੋਚਾਂ ਕਿ ਇਹ ਅਜੇ ਹੁਣੇ ਤਾਂ ਹਸੂੰ ਹਸੂੰ ਕਰਦੀ ਸੀ ਐਡੀ ਛੇਤੀ ਕੀ ਹੋ ਗਿਆ ਇਸ ਨੂੰ। ਮੈਥੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਹੀ ਲਿਆ ਕਿ ਉਹ ਇਕ ਦਮ ਉਦਾਸ ਕਿਉਂ ਹੋ ਗਈ ਸੀ? ਮੇਰੇ ਏਨਾ ਪੁੱਛਣ ਦੀ ਦੇਰ ਸੀ ਕਿ ਉਸ ਦੀਆਂ ਅੱਖਾਂ ‘ਚੋਂ ਅੱਥਰੂ ਛਲਕ ਪਏ ਤੇ ਆਵਾਜ਼ ਰੁਆਂਸੀ ਜਿਹੀ ਹੋ ਗਈ। ਉਸ ਨੇ ਹਉਕਾ ਲੈ ਕੇ ਹੌਲੀ ਜਿਹੀ ਕਿਹਾ, “ਸਰ, ਆਪ ਕੀ ਆਵਾਜ਼ ਬਿਲਕੁਲ ਮੇਰੇ ਡੈਡੀ ਜੈਸੀ ਹੈ। ਆਪ ਭੀ ਉਨ ਕੇ ਸਟਾਈਲ ਮੇਂ ਹੀ ਬਾਤੇਂ ਕਰਤੇ ਹੋ, ਮੇਰੇ ਡੈਡੀ ਹਿੰਦੀ ਕੇ ਟੀਚਰ ਥੇ ਔਰ ਆਪ ਕੀ ਤਰਹ ਵੋਹ ਭੀ ਸਾਹਿਤਯ ਮੇਂ ਬਹੁਤ ਸ਼ੌਕ ਰਖਤੇ ਥੇ, ਸ਼ੌਕ ਰੱਖਤੇ ਹੀ ਨਹੀਂ ਥੇ, ਕਵਿਤਾਏਂ ਲਿਖਤੇ ਭੀ ਥੇ, ਉਨ ਕੀ ਦੋ ਕਿਤਾਬੇਂ ਭੀ ਹੈਂ।”
ਮੈਂ ਸਮਝ ਤਾਂ ਗਿਆ ਸਾਂ ਕਿ ‘ਸ਼ੌਕ ਰੱਖਤੇ ਥੇ’ ਕਹਿਣ ਪਿੱਛੇ ਕੋਈ ਗੰਭੀਰ ਘਟਨਾ ਹੈ ਜਿਸ ਕਰ ਕੇ ਉਸ ਦੀਆਂ ਅੱਖਾਂ ‘ਚ ਅੱਥਰੂ ਆਏ ਹੋਣਗੇ ਪਰ ਮੈਂ ਉਸ ਦੇ ਮੂੰਹੋਂ ਹੀ ਸੁਣਨਾ ਚਾਹੁੰਦਾ ਸਾਂ। ਮੈਂ ਉਸ ਨੂੰ ਕਿਹਾ ਕਿ ਕੁਦਰਤ ਬੜੀ ਬੇਅੰਤ ਹੈ ਇੱਥੇ ਕਈ ਵਾਰੀ ਮਿਲਦੀਆਂ ਜੁਲਦੀਆਂ ਸ਼ਕਲਾਂ, ਸੂਰਤਾਂ ਤੇ ਆਵਾਜ਼ਾਂ ਵਾਲ਼ੇ ਇਨਸਾਨ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਭੁਲੇਖਾ ਲੱਗ ਜਾਂਦਾ ਹੈ। ਜੇ ਉਸ ਨੂੰ ਬੁਰਾ ਨਾ ਲੱਗੇ ਤਾਂ ਕੀ ਉਹ ਦੱਸਣਾ ਚਾਹੇਗੀ ਕਿ ਉਸ ਦੀਆਂ ਅੱਖਾਂ ‘ਚ ਅੱਥਰੂ ਕਿਉਂ ਆਏ? ਉਸ ਨੇ ਇਕ ਡੂੰਘਾ ਸਾਹ ਲਿਆ ਤੇ ਬੜੀ ਧੀਮੀ ਆਵਾਜ਼ ਵਿਚ ਕਹਿਣ ਲਗੀ, “ਸਰ, ਤੀਨ ਮਹੀਨੇ ਹੂਏ ਮੇਰੇ ਡੈਡੀ ਇਸ ਦੁਨੀਆਂ ਸੇ ਚਲੇ ਗਏ, ਜਬ ਮੈਂਨੇ ਆਪ ਕੀ ਆਵਾਜ਼ ਸੁਨੀ ਤੋ ਮੁਝੇ ਐਸਾ ਲਗਾ ਜੈਸੇ ਮੇਰੇ ਡੈਡੀ ਇਸ ਸੀਟ ਮੇਂ ਬੈਠੇ ਮੁਝ ਸੇ ਬਾਤੇਂ ਕਰ ਰਹੇ ਹੋਂ।”
ਮੈਨੂੰ ਜਿਹੜੀ ਗੱਲ ਦਾ ਸ਼ੱਕ ਸੀ ਉਹੋ ਹੋਈ, ਮੈਂ  ਉਸ ਨੂੰ ਹੌਸਲਾ ਦਿਤਾ ਤੇ ਦਿਲ ਨੂੰ ਢਾਰਸ ਬੰਨ੍ਹਾਉਣ ਵਾਲੀਆਂ ਗੁਰਬਾਣੀ ਵਿਚੋਂ ਕਈ ਤੁਕਾਂ ਉਸ ਨੂੰ ਸੁਣਾਈਆਂ ਤੇ ਉਹਨਾਂ ਦੇ ਭਾਵ ਅਰਥ ਦੱਸੇ। ਉਹ ਇਕ ਤੁਕ ਤੇ ਉਸ ਦੇ ਭਾਵ ਅਰਥ ਸੁਣਦੀ ਤੇ ਤਿਤਲੀ ਵਾਂਗ ਉਡ ਕੇ ਦੂਸਰੀਆਂ ਸਵਾਰੀਆਂ ਵਲ ਗੇੜਾ ਮਾਰ ਕੇ ਫਿਰ ਆ ਜਾਂਦੀ।  
ਮਿਸਜ਼ ਆਨੰਦ ਨੇ ਵੀ ਮਾਲਤੀ ਨਾਲ ਉਸ ਦੇ ਬਾਪ ਦੀ ਮੌਤ ਦਾ ਅਫ਼ਸੋਸ ਕੀਤਾ।
ਮੈਂ ਨਹੀਂ ਸਾਂ ਚਾਹੁੰਦਾ ਕਿ ਮਾਲਤੀ ਨਾਲ ਇਸ ਬਾਰੇ ਹੋਰ ਗੱਲਾਂ ਕਰ ਕੇ ਉਸ ਦੇ ਅੰਦਰਲੀ ਪੀੜ ਨੂੰ ਹੋਰ ਉਚੇੜਾਂ, ਸੋ ਗੱਲ ਬਾਤ ਦਾ ਰੁਖ਼ ਮੋੜਨ ਲਈ ਮੈਂ ਮਿਸਜ਼ ਆਨੰਦ ਵਲ ਵੇਖਿਆ ਤੇ ਉਸ ਦੀ ਸ਼ੁੱਧ ਪੰਜਾਬੀ ਬੋਲਣ ਦੀ ਤਾਰੀਫ਼ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਿੱਛਿਓਂ ਲੁਧਿਆਣੇ ‘ਤੋਂ ਹਨ ਤੇ ਹੁਣ ਕੁਝ ਕਾਰਨਾਂ ਕਰ ਕੇ ਕੁਝ ਸਾਲਾਂ ਤੋਂ ਹਰਿਆਣੇ ‘ਚ ਰਹਿ ਰਹੇ ਹਨ। ਉਸ ਨੇ ਮੈਨੂੰ ਇੰਗਲੈਂਡ ਬਾਰੇ ਕਈ ਗੱਲਾਂ ਪੁੱਛੀਆਂ ਤੇ ਦੱਸਿਆ ਕਿ ਕੰਮ-ਕਾਰ ਦੇ ਸਿਲਸਿਲੇ ਵਿਚ ਹੀ ਦੋ ਕੁ ਵਾਰੀ ਉਸ ਨੇ ਇੰਗਲੈਂਡ ਦਾ ਚੱਕਰ ਵੀ ਲਾਇਆ ਹੈ ਪਰ ਬਹੁਤ ਸੰਖੇਪ ਜਿਹਾ। ਸ਼ਿਸ਼ਟਾਚਾਰ ਦੇ ਨਾਤੇ ਮੈਂ ਉਸ ਨੂੰ ਕਿਹਾ ਕਿ ਜਦੋਂ ਅਗਲੀ ਵਾਰੀ ਉਸ ਦਾ ਗੇੜਾ ਲੱਗੇ ਤਾਂ ਵਧੇਰੇ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਵੇ। ਉਸ ਨੇ ਮੇਰਾ ਧੰਨਵਾਦ ਕੀਤਾ।
ਗੱਲਾਂ ਬਾਤਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਚਾਰ ਘੰਟਿਆਂ ਦਾ ਸਫ਼ਰ ਬੀਤ ਗਿਆ ਤੇ ਦਿੱਲੀ ਏਅਰਪੋਰਟ ‘ਤੇ ਉਤਰਨ ਬਾਰੇ ਪਾਇਲਟ ਵਲੋਂ ਸੂਚਨਾ ਦਿਤੀ ਗਈ।
ਜਹਾਜ਼ ਰੁਕਿਆ। ਮਾਲਤੀ ਨੇ ਮੇਰਾ ਟਰਾਲੀ-ਕੇਸ ਉਤਾਰਿਆ ਤੇ ਆਪਣੀ ਸਾਥਣ ਦੇ ਕੰਨ ‘ਚ ਕੁਝ ਕਹਿ ਕੇ ਮੇਰੇ ਨਾਲ ਹੀ ਹੌਲੀ ਹੌਲੀ ਤੁਰ ਪਈ। ਦਰਵਾਜ਼ੇ ਦੇ ਕੋਲ਼ ਆ ਕੇ ਉਹ ਮੇਰੀ ਵੱਖੀ ਨਾਲ਼ ਆ ਲੱਗੀ ਤੇ ਉਸ ਨੇ ਮੇਰੇ ਵਲ ਇੰਜ ਵੇਖਿਆ ਜਿਵੇਂ ਇਕ ਧੀ ਬਾਪ ਕੋਲੋਂ ਵਿਛੜਨ ਵੇਲੇ ਦੇਖਦੀ ਹੈ। ਮੈਂ ਉਸ ਦੇ ਸਿਰ ‘ਤੇ ਇਕ ਬਾਪ ਵਾਂਗ ਪਿਆਰ ਦਿਤਾ। ਉਹ ਅੰਦਰੋਂ ਏਨੀ ਭਾਵੁਕ ਹੋ ਗਈ ਕਿ ਕਿੰਨਾ ਚਿਰ ਕੁਝ ਵੀ ਬੋਲ ਨਾ ਸਕੀ।
ਦਰਵਾਜ਼ੇ ਤੋਂ ਥੋੜ੍ਹੀ ਦੂਰ ਹੀ ਸਪੈਸ਼ਲ ਅਸਿਸਟੈਂਸ ਵਾਲੇ ਵੀਲ੍ਹਚੇਅਰਾਂ ਲਈ ਖੜ੍ਹੇ ਸਨ।
ਮੈਂ ਜਿੰਨਾ ਚਿਰ ਵੀਲ੍ਹਚੇਅਰ ‘ਚ ਨਹੀਂ ਬੈਠ ਗਿਆ ਉਹ ਉੱਥੇ ਖੜ੍ਹੀ ਹੱਥ ਹਿਲਾਉਂਦੀ ਰਹੀ। ਫਿਰ ਉਹ ਵੀਲ੍ਹਚੇਅਰ ਅਸਿਸਟੈਂਟ ਨੂੰ ਕਹਿਣ ਲੱਗੀ, “ਸਾਵਧਾਨੀ ਸੇ ਲੇ ਕੇ ਜਾਨਾ ਸਰ ਜੀ ਕੋ, ਕੋਈ ਤਕਲੀਫ਼ ਨਾ ਹੋ।”
ਵੀਲ੍ਹਚੇਅਰ ਅਸਿਸਟੈਂਟ ਵੀ ਬੜੀ ਹੈਰਾਨੀ ਨਾਲ ਦੇਖ ਰਿਹਾ ਸੀ ਜਿਵੇਂ ਉਸ ਨੇ ਅਜਿਹਾ  ਮੰਜ਼ਰ ਪਹਿਲੀ ਵਾਰੀ ਦੇਖਿਆ ਹੋਵੇ, ਤੇ ਮੈਨੂੰ ਪੁੱਛਣ ਲੱਗਾ, “ ਸਰਦਾਰ ਜੀ, ਏਅਰਹੋਸਟੈੱਸ ਆਪ ਕੀ ਕੋਈ ਰਿਸ਼ਤੇਦਾਰ ਹੈ ਕਿਆ?”
“ ਹਾਂ, ਵੋਹ ਮੇਰੀ ਬੇਟੀ ਹੈ।”
ਉਸ ਨੇ ਮੇਰੇ ਵਲ ਇੰਜ ਦੇਖਿਆ ਜਿਵੇਂ ਮੇਰੇ ਜਵਾਬ ‘ਤੇ ਉਸ ਨੂੰ ਅਜੇ ਵੀ ਸ਼ੰਕਾ ਹੋਵੇ।
=============================================

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

ਵਿਚ ਤਲਵੰਡੀ ਦੀਪ ਸਿੰਘ, ਇਕ ਗੁਰੂੁ ਪਿਆਰਾ
ਬੈਠਾ ਕਲਮ ਦਵਾਤ ਲੈ,      ਕਰੇ ਗ੍ਰੰਥ ਉਤਾਰਾ
ਚਹੁੰ ਪਾਸੀਂ ਸੋਭਾ ਓਸ ਦੀ,   ਬਹੁ ਪਰਉਪਕਾਰਾ
ਨਾਮ ਬਾਣੀ ਵਿਚ ਭਿੱਜ ਕੇ, ਜਪੇ ਗੁਰ ਕਰਤਾਰਾ

ਇਕ ਦਿਨ ਭਾਣਾ ਵਰਤਿਆ,   ਗੱਲ ਅੱਲੋਕਾਰਾ
ਗੁਰ ਰਾਮ ਦਾਸ ਦੇ ਦਰ ਤੋਂ,  ਆਇਆ ਹਰਕਾਰਾ
ਰੋ ਰੋ ਕੇ ਉੇਹਨੇ ਦੱਸਿਆ      ਜੋ ਹੋਇਆ ਕਾਰਾ
ਦਰਬਾਰ 'ਤੇ ਕਾਬਜ਼ ਹੋ ਗਿਐ,  ਵੈਰੀ ਹਤਿਆਰਾ

ਕਰੇ ਬੇਅਦਬੀ ਰੋਜ਼ ਨਿੱਤ,      ਮਚੀ ਹਾਹਾਕਾਰਾ
ਸੁਣਿਐ ਉਹਨੇ ਢਾ ਦੇਵਣਾ,     ਹੈ ਗੁਰੁਦਰਬਾਰਾ
ਤਾਲ ਗੁਰੂ ਦਾ ??ਰ 'ਤਾ        ਚੜ੍ਹਿਆ ਹੰਕਾਰਾ
'ਕੱਠੇ ਹੋ ਕੇ ਸਿੰਘ ਜੀ,    ਕੋਈ ਕਰ ਲਉ ਚਾਰਾ

ਅੱਖੀਂ ਮਚੇ ਅੰਗਿਆਰ,     ਜਿਉਂ ਹੋਏ  ਸ਼ਰਾਰਾ
ਛੱਡੀਆਂ ਕਲਮਾਂ ਪੋਥੀਆਂ,  ਕਰ ਲਿਆ ਤਿਆਰਾ
ਉਹਨੇ ਭੇਜ ਸੁਨੇਹੇ ਸਭ ਨੂੰ,   'ਕੱਠ ਕੀਤਾ ਭਾਰਾ
ਸਿੰਘ ਇਕੱਠੇ ਹੋਏ ਗਏ,     ਛੱਡਿਆ ਘਰ ਬਾਰਾ
 
ਫੜ ਲਿਆ ਬਾਬੇ ਦੀਪ ਸਿੰਘ,      ਖੰਡਾ ਦੋਧਾਰਾ
ਧਰਤ ਅਕਾਸ਼ ਸੀ ਕੰਬਿਆ,    ਛੱਡਿਆ ਜੈਕਾਰਾ

ਉਨੇ ਖਿੱਚੀ ਲੀਕ ਜ਼ਮੀਨ 'ਤੇ,   ਮਾਰ ਲਲਕਾਰਾ
ਟੱਪੇ ਓਹੀਓ ਲੀਕ ਨੂੰ,    ਜਿਹਨੂੰ ਧਰਮ ਪਿਆਰਾ

ਲਾਲੀਆਂ ਚੜ੍ਹੀਆਂ ਯੋਧਿਆਂ, ਸੁਣ ਹੁਕਮ ਨਿਆਰਾ
ਅਸੀਂ ਜੂਝਾਂਗੇ ਵਿਚ ਜੰਗ ਦੇ,  ਇਹ ਬਚਨ ਹਮਾਰਾ
ਰੱਖ ਸੀਸ ਤਲੀ 'ਤੇ ਰੋਕਣਾ,  ਮੁਗ਼ਲਈਆ ਸਾਰਾ
ਨਹੀਂ ਜਾਨਾਂ ਸਾਨੂੰ ਪਿਆਰੀਆਂ, ਹੈ ਧਰਮ ਪਿਆਰਾ

ਚੜ੍ਹੇ ਫਿਰ ਸੂਰੇ ਜੰਗ ਨੂੰ,          ਲੈ ਗੁਰੂੁ ਸਹਾਰਾ
ਉੱਥੇ ਹੋਇਆ ਯੁੱਧ ਘਮਸਾਣ ਦਾ, ਕਰ ਮਾਰੋ ਮਾਰਾ
ਲਿਸ਼ਕਣ ਤੇਗ਼ਾਂ ਜੰਗ ਵਿਚ,     ਬਿਜਲੀ ਲਿਸ਼ਕਾਰਾ
ਇਉਂ ਖੰਡਾ ਹਿੱਕਾਂ ਪਾੜਦਾ,     ਜਿਉਂ ਲੱਕੜਹਾਰਾ
 
ਏਧਰ  ਸਿਰਲੱਥ ਸੂਰਮੇ,         ਵੈਰੀ ਮੰਗ ਧਾੜਾਂ
ਸਾਬਰ, ਯੂਸਫ਼ ਘੇਰ ਲਏ,         ਸਿੰਘਾਂ ਸਰਦਾਰਾਂ
ਬਚ ਕੇ ਸੁੱਕੇ ਜਾਣ ਨਾ,        ਸਿੰਘ ਦੀਪ ਪੁਕਾਰਾ
ਰੂਹ ਮੁਗਲਾਂ ਦੀ ਕੰਬਦੀ           ਸੁਣ ਕੇ ਜੈਕਾਰਾ

ਤੇਗੇ ਸ਼ੂਕੇ ਸਰਰ ਸਰਰ,         ਸਿਰ ਧੜੋਂ ਉਤਾਰਾ
ਸਿਰ ਖਿੱਦੋ ਵਾਂਗੂੰ ਰੋੜ੍ਹ 'ਤੇ,     ਸੀ ਅਜਬ ਨਜ਼ਾਰਾ
ਭਗਦੜ ਮਚੀ ਵਿਚ ਵੈਰੀਆਂ,    ਕਰੇ ਚੀਖ਼ ਪੁਕਾਰਾ
ਚਾਰੇ ਪਾਸੇ ਵਗ ਰਿਹਾ        ਲਹੂ ਮਿੱਝ ਦਾ ਗਾਰਾ

ਨਿੱਤਰਿਆ ਖਾਨ ਉਸਮਾਨ ਫਿਰ, ਯੋਧਾ ਇਕ ਭਾਰਾ
ਏਧਰ ਬਾਬਾ ਦੀਪ ਸਿੰਘ,          ਯੋਧਾ ਬਲਕਾਰਾ
ਖੜਕਿਆ ਲੋਹਾ ਖਣਨ ਖਣਨ,  ਨਿੱਕਲੇ ਚੰਗਿਆੜਾ
ਸਿਰ ਲਾਹਿਆ ਉਸਮਾਨ ਦਾ,  ਵਗੀ ਖ਼ੂਨ ਦੀ ਧਾਰਾ
ਸੋਧਿਆ ਖਾਨ ਜਰਨੈਲ,         ਅਫ਼ਗ਼ਾਨ ਦੁਲਾਰਾ
 
ਸਿੰਘ ਆਪ ਵੀ ਜ਼ਖ਼ਮੀ ਹੋ ਗਿਆ,  ਸੀ ਫੱਟ ਕਰਾਰਾ
ਉਹਦੇ ਨਿਕਲੇ ਪੈਰ ਰਕਾਬ 'ਚੋਂ, ਡਿਗਿਆ ਸਿਰਭਾਰਾ
ਸਿੰਘ ਇਕ ਮੇਹਣਾ ਮਾਰਦਾ,         ਮਾਰੇ ਲਲਕਾਰਾ
ਕਿੱਥੇ ਹੁਣ ਤੂੰ ਚੱਲਿਉਂ?            ਸਿੰਘਾ ਸਰਦਾਰਾ
ਵਿਚ ਪਰਕਰਮਾ ਦੇ ਪਹੁੰਚਣਾ,      ਸੀ ਬਚਨ ਤੁਮਾਰਾ
ਹੈ ਸਤਿਗੁਰ ਪਿਆ ਉਡੀਕਦਾ,  ਉੱਠ ਚੁੱਕ ਹਥਿਆਰਾ
ਲੈ ਕੇ ਬਾਬੇ ਦੀਪ ਸਿੰਘ,             ਖੰਡੇ ਦਾ ਸਹਾਰਾ
ਸੀਸ ਟਿਕਾਇਆ ਤਲ਼ੀ 'ਤੇ,        ਛੱਡਿਆ ਜੈਕਾਰਾ
ਇਉਂ ਜਾਂਦਾ ਦਲਾਂ ਨੂੰ ਚੀਰਦਾ,         ਬੇੜਾ ਮੰਝਧਾਰਾ
ਦੁਸ਼ਮਣ ਥਰ ਥਰ ਕੰਬਿਆ,          ਤੱਕ ਕੌਤਕ ਸਾਰਾ
 
ਵਿਚ ਪ੍ਰਕਰਮਾ ਪਹੁੰਚਿਆ          ਗੁਰ ਕਰਜ਼ ਉਤਾਰਾ
ਕੀਤਾ ਬਚਨ ਨਿਭਾ ਗਿਆ,        ਉਹ ਗੁਰੂ ਪਿਆਰਾ
ੂੂੂੂੂੂੂੂੂੂੂੂੂੂੂੂੂੂੂੂੂੂੂੂੂੂੂ

ਲੱਲੂ ਕਰੇ ਕੁਵੱਲੀਆਂ.... -  ਨਿਰਮਲ ਸਿੰਘ ਕੰਧਾਲਵੀ

ਸੱਤਰਵਿਆਂ ਦਾ ਅੱਧ ਸੀ। ਮਨੋਹਰ ਸਿੰਘ ਨੂੰ ਇੰਗਲੈਂਡ ਆਇਆਂ ਸੱਤ ਸਾਲ ਹੋ ਗਏ ਸਨ। ਰਿਸ਼ਤੇਦਾਰੀ ‘ਚੋਂ ਲਗਦੇ ਮਾਸੜ ਨੇ ਇੰਗਲੈਂਡ ਦੀ ਲੜਕੀ ਨਾਲ ਉਸ ਦਾ ਰਿਸ਼ਤਾ ਕਰਵਾ ਕੇ ਉਸ ਨੁੰ ਇੰਗਲੈਂਡ ਸੱਦ ਲਿਆ ਸੀ। ਉਹ ਜਿਸ ਟਾਊਨ ‘ਚ ਰਹਿੰਦਾ ਸੀ, ਉਹਦੇ ਸਹੁਰੇ ਵੀ ਉੱਥੇ ਹੀ ਸਨ। ਪਿੰਡੋਂ ਉਸ ਨੂੰ ਲਗਾਤਾਰ ਚਿੱਠੀਆਂ ਆ ਰਹੀਆਂ ਸਨ ਕਿ ਉਹ ਪਿੰਡ ਦਾ ਗੇੜਾ ਜ਼ਰੂਰ ਮਾਰੇ, ਸੱਤ ਸਾਲ ਹੋ ਗਏ ਸਨ ਉਸ ਨੂੰ ਗਿਆਂ ਹੋਇਆਂ। ਪਰ ਸਹੁਰਿਆਂ ਵਲੋਂ ਉਸ ‘ਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਉਹ ਜਲਦੀ ਤੋਂ ਜਲਦੀ ਆਪਣਾ ਘਰ ਖਰੀਦੇ। ਕੁਝ ਦੇਰ ਉਹ ਸਹੁਰਿਆਂ ਵਿਚ ਵੀ ਰਿਹਾ ਪਰ ਘੁਟਣ ਜਿਹੀ ਮਹਿਸੂਸ ਕਰਦਾ ਰਿਹਾ ਸੀ। ਹੁਣ ਕੁਝ ਚਿਰਾਂ ਤੋਂ ਉਸ ਨੇ ਕਿਰਾਏ ਦਾ ਮਕਾਨ ਲੈ ਲਿਆ ਸੀ। ਉਹ ਆਪ ਵੀ ਛੇਤੀ ਤੋਂ ਛੇਤੀ ਆਪਣੀ ਛੱਤ ਚਾਹੁੰਦਾ ਸੀ। ਉਹ ਪਿੱਛੇ ਪਰਵਾਰ ਨੂੰ ਵੀ ਪੈਸੇ ਭੇਜਦਾ ਰਿਹਾ ਸੀ ਹਾਲਾਂਕਿ ਉਸ ਦੀ ਘਰ ਵਾਲੀ ਗੁਰਮੀਤੋ ਇਸ ਗੱਲੋਂ ਬਹੁਤੀ ਖੁਸ਼ ਨਹੀਂ ਸੀ। ਮਨੋਹਰ ਗਧੀ-ਗੇੜ ‘ਚ ਫ਼ਸਿਆ ਹੋਇਆ ਸੀ।
ਜਿਹੜੀ ਚਿੱਠੀ ਹੁਣ ਉਸ ਨੂੰ ਪਿੰਡੋਂ ਆਈ ਸੀ ਉਸ ਮੁਤਾਬਿਕ ਜਾਣ ਤੋਂ ਸਿਵਾ ਉਸ ਪਾਸ ਹੋਰ ਕੋਈ ਚਾਰਾ ਨਹੀਂ ਸੀ। ਉਸ ਤੋਂ ਛੋਟੇ ਦੇ ਵਿਆਹ ਦੀ ਚਿੱਠੀ ਸੀ ਤੇ ਉਹਨਾਂ ਨੇ ਹਰ ਹਾਲਤ ਵਿਚ ਪਰਵਾਰ ਸਮੇਤ ਪਹੁੰਚਣ ਲਈ ਵਾਰ ਵਾਰ ਚਿੱਠੀ ਵਿਚ ਤਾਕੀਦ ਕੀਤੀ ਹੋਈ ਸੀ। ਗੁਰਮੀਤੋ ਨੂੰ ਇਕ ਗੰਭੀਰ ਬਿਮਾਰੀ ਨੇ ਘੇਰ ਲਿਆ ਸੀ ਤੇ ਉਹ ਇਕ ਮਹੀਨਾ ਹਸਪਤਾਲ ਰਹਿ ਕੇ ਆਈ ਸੀ ਤੇ ਉਹ ਬਹੁਤ ਕਮਜ਼ੋਰ ਹੋ ਗਈ ਸੀ। ਇਸ ਹਾਲਤ ਵਿਚ ਉਹ ਹਵਾਈ ਸਫ਼ਰ ਨਹੀਂ ਸੀ ਕਰ ਸਕਦੀ। ਦੋਵੇਂ ਬੱਚੇ ਵੀ ਅਜੇ ਛੋਟੇ ਸਨ। ਏਨਾ ਸ਼ੁਕਰ ਸੀ ਕਿ ਸਹੁਰੇ ਨੇੜੇ ਹੋਣ ਕਰਕੇ ਉਸ ਨੂੰ ਉਹਨਾਂ ਦਾ ਬੜਾ ਆਸਰਾ ਸੀ। ਹਰ ਦੁਖ ਸੁਖ ਵੇਲੇ ਉਹ ਨਾਲ਼ ਖਲੋਂਦੇ ਸਨ।  
ਕੁਝ ਛੁੱਟੀ ਉਸ ਦੀ ਬਣਦੀ ਸੀ ਤੇ ਕੁਝ ਉਸ ਨੇ ਬਿਨਾਂ ਤਨਖਾਹ ਤੋਂ ਲੈਣ ਦਾ ਮਨ ਬਣਾ ਲਿਆ ਤੇ ਇੰਜ ਉਸ ਨੇ ਚਾਰ ਹਫ਼ਤਿਆਂ ਦੀ ਛੁੱਟੀ ਦਾ ਬੰਦੋਬਸਤ ਕਰ ਲਿਆ। ਕੌੜਾ ਘੁੱਟ ਕਰ ਕੇ ਉਸ ਨੇ ਸਭ ਲਈ ਕੁਝ ਨਾ ਕੁਝ ਖਰੀਦਿਆ ਤੇ ਫਲਾਈਟ ਬੁੱਕ ਕਰਵਾ ਲਈ।
ਇਕ ਤਾਂ ਵਿਆਹ ਦਾ ਮਾਹੌਲ ਅਤੇ ਦੂਸਰੇ ਮਨੋਹਰ ਦੀ ਆਮਦ ਨੇ ਚਾਰ ਚੰਨ ਲਾ ਦਿਤੇ। ਮਨੋਹਰ ਬਚਪਨ ਤੋਂ ਹੀ ਸਿੱਧੜ ਜਿਹੇ ਸੁਭਾਅ ਦਾ ਬੱਚਾ ਸੀ। ਕਈ ਵਾਰੀ ਉਸ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਕਿਸੇ ਗੱਲ ਦਾ ਕਿਵੇਂ ਜਵਾਬ ਦੇਣਾ ਹੈ । ਕਈ ਵਾਰੀ ਉਸ ਦੀਆਂ ਗੱਲਾਂ ਵੀ ਅੱਲ ਵਲੱਲੀਆਂ ਜਿਹੀਆਂ ਹੁੰਦੀ। ਸਕੂਲ ‘ਚ ਕੁਝ ਸ਼ਰਾਰਤੀ ਬੱਚਿਆਂ ਨੇ ਉਸ ਨੂੰ ਲੱਲੂ ਕਹਿਣਾ ਸ਼ੁਰੂ ਕਰ ਦਿਤਾ। ਜੇ ਕੋਈ ਬੱਚਾ ਉਸ ਨੂੰ ਇਸ ਨਾਂ ਨਾਲ ਛੇੜਦਾ ਤਾਂ ਉਹ ਲੜਦਾ ਝਗੜਦਾ ਤੇ
ਮਾਸਟਰਾਂ ਨੂੰ ਸ਼ਿਕਾਇਤਾਂ ਵੀ ਲਾਉਂਦਾ ਪਰ ਕੋਈ ਫ਼ਰਕ ਨਾ ਪੈਂਦਾ। ਹੋਰ ਲੋਕ ਭਾਵੇਂ ਉਸ ਦੇ ਮੂੰਹ ‘ਤੇ ਤਾਂ ਭਾਵੇਂ ਇਸ ਨਾਮ ਨਾਲ ਨਾ ਬੁਲਾਉਂਦੇ ਪਰ ਪਿੱਠ ਪਿੱਛੇ ਜ਼ਰੂਰ ਕਹਿੰਦੇ। ਉਸ ਦੇ ਬਚਪਨ ਦੇ ਯਾਰ ਬੇਲੀ ਇਕ ਦੂਜੇ ਨੂੰ ਦੱਸ ਰਹੇ ਸਨ ਕਿ ਲੱਲੂ ਇੰਗਲੈਂਡ ਤੋਂ ਆਇਆ ਹੈ, ਜਿਸ ਨੂੰ ਵੀ ਪਤਾ ਲਗਦਾ ਉਹ ਮਿਲਣ ਆਉਂਦਾ।
ਭਾਵੇਂ ਕਿ ਸਾਰੇ ਪਰਵਾਰ ਦੇ ਨਾ ਆ ਸਕਣ ਕਰ ਕੇ ਘਰ ਵਾਲ਼ੇ ਮਾਯੂਸ ਵੀ ਸਨ ਪਰ ਸਭ ਗੁਰਮੀਤੋ ਦੀ ਮਜਬੂਰੀ ਨੂੰ ਸਮਝਦੇ ਸਨ। ਰੋਜ਼ ਮਹਿਫ਼ਲਾਂ ਜੁੜਦੀਆਂ। ਬਚਪਨ ਦੇ ਯਾਰ ਬੇਲੀ ਉਸ ਨੂੰ ਇੰਗਲੈਂਡ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਪੁੱਛਦੇ। ਕੁਝ ਕਾਲਜੀਏਟ ਨੌਜੁਆਨ ਜਦੋਂ ਉਸ ਨੂੰ ਸ਼ੈਕਸਪੀਅਰ ਬਾਰੇ ਅਤੇ ਲੰਡਨ ਦੀਆਂ ਮਸ਼ਹੂਰ ਥਾਵਾਂ ਬਾਰੇ ਪੁੱਛਦੇ ਤਾਂ ਮਨੋਹਰ ਵਿਚਾਰਾ ਡੌਰ ਭੌਰ ਹੋ ਜਾਂਦਾ। ਉਹ ਤਾਂ ਜਦੋਂ ਦਾ ਇੰਗਲੈਂਡ ਆਇਆ ਸੀ ਕੋਹਲੂ ਦੇ ਬਲਦ ਵਾਂਗ ਸੱਤੇ ਦਿਨ ਫਾਊਂਡਰੀ ਵਿਚ ਹੀ ਚੱਕਰ ਕੱਟਦਾ ਰਿਹਾ ਸੀ। ਸੱਤੋ ਸੱਤ ਲਾ ਕੇ ਉਹ ਫਾਊਂਡਰੀ ਦੀ ਹੀ ਇਕ ਮਸ਼ੀਨ ਬਣ ਗਿਆ ਹੋਇਆ ਸੀ। ਉਸ ਨੂੰ ਕੀ ਪਤਾ ਸੀ ਕਿ ਸ਼ੈਕਸਪੀਅਰ ਕੌਣ ਸੀ ਤੇ ਲੰਡਨ ਵਿਚ ਕੀ ਕੀ ਵੇਖਣ ਵਾਲਾ ਸੀ। ਉਹ ਸ਼ਰਮਿੰਦਾ ਜਿਹਾ ਹੋ ਕੇ ਗੋਲ਼ ਮੋਲ਼ ਜਿਹਾ ਜਵਾਬ ਦਿੰਦਾ ਤੇ ਉਹਨਾਂ ਨੂੰ ਗਲਾਸੀ ਚੁੱਕਣ ਲਈ ਕਹਿੰਦਾ ਤੇ ਗੱਲ ਆਈ ਗਈ ਹੋ ਜਾਂਦੀ।
ਕੁਝ ਦਿਨ ਤਾਂ ਵਿਆਹ ਵਿਚ ਲੰਘ ਗਏ ਤੇ ਕੁਝ ਰਿਸ਼ਤੇਦਾਰਾਂ ਦੇ ਘਰੀਂ ਫੇਰਾ- ਤੋਰਾ ਕਰਦਿਆਂ ਪਤਾ ਹੀ ਨਾ ਲੱਗਾ ਕਿ ਚਾਰ ਹਫ਼ਤਿਆਂ ਦੀ ਛੁੱਟੀ ਕਦੋਂ ਰੇਤਾ ਵਾਂਗ ਉਸ ਦੇ ਹੱਥਾਂ ‘ਚੋ ਇਕ ਇਕ ਦਿਨ ਕਰ ਕੇ ਕਿਰ ਗਈ। ਇਹ ਮੌਕਾ ਮੇਲ਼ ਹੀ ਸਮਝੋ ਕਿ ਮਨੋਹਰ ਦੀ ਭੂਆ ਨੇ ਵੀ ਆਪਣੇ ਲੜਕੇ ਗੁਰਦੀਪ ਦਾ ਵਿਆਹ ਰੱਖ ਲਿਆ ਜੋ ਕਿ ਮਨੋਹਰ ਦੀ ਛੁੱਟੀ ਖਤਮ ਹੋਣ ਤੋਂ ਤਿੰਨ ਦਿਨ ਬਾਅਦ ਦਾ ਸੀ। ਹੁਣ ਸਾਰੇ ਉਸ ‘ਤੇ ਜ਼ੋਰ ਪਾਉਣ ਲੱਗੇ ਕਿ ਉਹ ਇਹ ਵਿਆਹ ਵੀ ਜ਼ਰੂਰ ਦੇਖ ਕੇ ਜਾਵੇ। ਮਨੋਹਰ ਨੇ ਆਪਣੀ ਨੌਕਰੀ ਦਾ ਵਾਸਤਾ ਵੀ ਪਾਇਆ ਪਰ ਸਾਰੇ ਹੀ ਉਸ ‘ਤੇ ਵਿਆਹ ਦੇਖਣ ਲਈ ਜ਼ੋਰ ਪਾ ਰਹੇ ਸਨ। ਉਸ ਨੂੰ ਸਲਾਹ ਦਿਤੀ ਗਈ ਕਿ ਉਹ ਮੈਡੀਕਲ ਭੇਜ ਦੇਵੇ। ਉਹ ਬਹੁਤ ਦੋਚਿੱਤੀ ਵਿਚ ਫ਼ਸਿਆ ਹੋਇਆ ਸੀ ਕਿ ਕੀ ਕਰੇ। ਉਸ ਨੂੰ ਖੁਦ ਨੂੰ ਵੀ ਲਗਦਾ ਸੀ ਕਿ ਜੇ ਉਹ ਇਸ ਵਿਆਹ ‘ਚ ਸ਼ਾਮਲ ਨਾ ਹੋਇਆ ਤਾਂ ਇਹ ਸਾਰੀ ਉਮਰ ਲਈ ਉਸ ਵਾਸਤੇ ਮਿਹਣਾ ਬਣ ਜਾਵੇਗਾ। ਵਿਆਹ ‘ਚ ਜੇ ਅਜੇ ਦੋ ਤਿੰਨ ਹਫ਼ਤੇ ਹੁੰਦੇ ਤਾਂ ਹੋਰ ਗੱਲ ਸੀ ਪਰ ਵਿਆਹ ਤਾਂ ਸਿਰਫ਼ ਤਿੰਨਾਂ ਦਿਨਾਂ ਤਾਈਂ ਸੀ। ਉਸ ਨੂੰ ਇਹੋ ਹੀ ਰਾਹ ਸੁੱਝਦਾ ਸੀ ਕਿ ਮੈਡੀਕਲ ਸਰਟੀਫ਼ੀਕੇਟ ਬਣਵਾ ਕੇ ਫਾਊਂਡਰੀ ਨੂੰ ਭੇਜ ਕੇ ਇਕ ਹਫ਼ਤਾ ਛੁੱਟੀ ਹੋਰ ਵਧਾ ਲਈ ਜਾਵੇ। ਗੱਲ ਤਾਂ ਠੀਕ ਸੀ ਪਰ ਉਸ ਨੂੰ ਇਹ ਵੀ ਡਰ ਸੀ ਕਿ ਕਿਤੇ ਫੋਰਮੈਨ ਤੇ ਮੈਨੇਜਰ ਦੋਵੇਂ ਕੋਈ ਲਫ਼ੜਾ ਨਾ ਖੜ੍ਹਾ ਕਰ ਦੇਣ ਕਿਉਂਕਿ ਉਹ ਦੋਵੇਂ ਪੱਕੇ ਨਸਲਵਾਦੀ ਗੋਰੇ ਸਨ। ਦੇਸੀ ਕਾਮਿਆਂ ਨੂੰ ਉਹ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਕਰਦੇ ਰਹਿੰਦੇ ਸਨ। ਮਨੋਹਰ ਕਿਉਂਕਿ ਵਰਕਰਾਂ ਦੀ ਯੂਨੀਅਨ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ ਜਿਸ ਕਰਕੇ ਉਹ ਉਸ ਨਾਲ ਹੋਰ ਵੀ ਖਾਰ ਖਾਂਦੇ ਸਨ। ਸੋਚ ਵਿਚਾਰ ਕਰ ਕੇ ਤੇ ਕੁਝ ਸਿਆਣੇ ਬੰਦਿਆਂ ਨਾਲ ਸਲਾਹ ਮਸ਼ਵਰਾ ਕਰ ਕੇ ਉਸ ਨੇ ਮੈਡੀਕਲ ਸਰਟੀਫ਼ੀਕੇਟ ਭੇਜਣ ਦਾ ਫ਼ੈਸਲਾ ਕਰ ਲਿਆ, ਉੱਪਰੋਂ ਮੌਕਾ-ਮੇਲ ਇਹ ਬਣ ਗਿਆ ਕਿ ਉਹਨਾਂ ਦੇ ਨਾਲ ਦੇ ਪਿੰਡ ਦਾ ਹੀ ਇਕ ਭਾਈਬੰਦ ਗੁਰਮੇਲ ਸਿੰਘ ਵੀ ਮਨੋਹਰ ਦੇ ਟਾਊਨ ‘ਚ ਹੀ ਰਹਿੰਦਾ ਸੀ, ਦੋਹਾਂ ਦੀ ਮੁਲਾਕਾਤ ਵੀ ਅਕਸਰ ਹੁੰਦੀ ਰਹਿੰਦੀ ਸੀ, ਤੇ ਮਨੋਹਰ ਨੂੰ ਕਿਸੇ ਤੋਂ ਪਤਾ ਲੱਗਾ ਸੀ ਉਹ ਆਪਣੀ ਛੁੱਟੀ ਕੱਟ ਕੇ ਅੱਜ ਹੀ ਦਿੱਲੀ ਜਾ ਰਿਹਾ ਸੀ ਜਿੱਥੋਂ ਰਾਤ ਨੂੰ ਉਸ ਦੀ ਵਾਪਸੀ ਦੀ ਫ਼ਲਾਈਟ ਸੀ। ਮਨੋਹਰ ਨੇ ਸੋਚਿਆ ਕਿ ਡਾਕ ਰਾਹੀਂ ਪਤਾ ਨਹੀਂ ਕਿੰਨੇ ਦਿਨ ਲੱਗਣ ਤੇ ਜੇ ਉਹ ਇਹ ਸਰਟੀਫ਼ੀਕੇਟ ਗੁਰਮੇਲ ਦੇ ਹੱਥ ਭੇਜ ਦੇਵੇ ਤਾਂ ਇੰਜ ਇਹ ਦੋ ਤਿੰਨ ਦਿਨਾਂ ‘ਚ ਹੀ ਫਾਊਂਡਰੀ ਦੇ ਦਫ਼ਤਰ ਪਹੁੰਚ ਜਾਵੇਗਾ। ਉਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਸਰਟੀਫ਼ੀਕੇਟ ਬਣਵਾ ਕੇ ਗੁਰਮੇਲ ਦੇ ਦਿੱਲੀ ਨੂੰ ਤੁਰਨ ਤੋਂ ਪਹਿਲਾਂ ਪਹਿਲਾਂ ਉਸ ਨੂੰ ਫੜਾ ਦੇਵੇ।  
ਸੋ ਆਪਣੇ ਭਰਾ ਨੂੰ ਨਾਲ ਲੈ ਕੇ ਉਹ ਸਵੇਰੇ ਹੀ ਨੇੜਲੇ ਸ਼ਹਿਰ ਦੇ ਇਕ ਐਮ.ਬੀ.ਬੀ.ਐੱਸ. ਡਾਕਟਰ ਦੀ ਦੁਕਾਨ ‘ਤੇ ਜਾ ਪਹੁੰਚਿਆ। ਡਾਕਟਰ ਆਪ ਤਾਂ ਉੱਥੇ ਨਹੀਂ ਸੀ ਪਰ ਉਸ ਦਾ ਕੰਪਾਊਡਰ ਹਾਜ਼ਰ ਸੀ। ਮਨੋਹਰ ਨੇ ਉਸ ਨੂੰ ਸਰਟੀਫ਼ੀਕੇਟ ਬਣਵਾਉਣ ਬਾਰੇ ਦੱਸਿਆ। ਕੰਪਾਊਡਰ ਕਹਿਣ ਲੱਗਿਆ ਕਿ ਉਹ ਸਰਟੀਫ਼ੀਕੇਟ ਤਾਂ ਤਿਆਰ ਕਰ ਦੇਵੇਗਾ ਪਰ ਉਸ ‘ਤੇ ਦਸਤਖ਼ਤ ਡਾਕਟਰ ਦੇ ਹੋਣੇ ਹਨ ਜੋ ਕਿ ਮਰੀਜ਼ ਦੇਖਣ ਗਿਆ ਹੋਇਆ ਸੀ, ਘੰਟੇ ਕੁ ਬਾਅਦ ਆ ਜਾਵੇਗਾ। ਸ਼ਾਇਦ ਇਸ ਡਾਕਟਰ ਤੋਂ ਬਹੁਤ ਲੋਕ ਅਜਿਹੇ ਸਰਟੀਫ਼ੀਕੇਟ ਬਣਵਾਉਂਦੇ ਹੋਣਗੇ ਇਸੇ ਕਰ ਕੇ ਹੀ       ਉਹਨਾਂ ਨੇ ਇਕ ਟਾਈਪਿੰਗ ਮਸ਼ੀਨ ਵੀ ਆਪਣੀ ਹੀ ਰੱਖੀ ਹੋਈ ਸੀ। ਮਨੋਹਰ ਨੇ ਲੋੜੀਂਦੀ ਜਾਣਕਾਰੀ ਦਿਤੀ ਤੇ ਕੰਪਾਊਡਰ ਨੇ ਸਰਟੀਫ਼ੀਕੇਟ ਟਾਈਪ ਕਰਨਾ ਸ਼ੁਰੂ ਕੀਤਾ। ਮਨੋਹਰ ਨੇ ਉਸ ਨੂੰ ਕਿਹਾ ਕਿ ਉਸ ਦੀ ਫ਼ੈਕਟਰੀ ਵਾਲੇ ਬੜੇ ਨਘੋਚੀ ਹਨ ਸੋ ਉਹ ਐਵੇਂ ਮਾੜੀ ਮੋਟੀ ਬਿਮਾਰੀ ਨਾ ਲਿਖ ਦੇਵੇ ਸਗੋਂ ਕਿਸੇ ਖਾਸ ਬਿਮਾਰੀ ਦਾ ਨਾਮ ਲਿਖੇ ਤਾਂ ਕਿ ਫੈਕਟਰੀ ਵਾਲੇ ਸ਼ੱਕ ਨਾ ਕਰਨ। ਕੰਪਾਊਡਰ ਨੇ ਉਸ ਨੂੰ ਤਸੱਲੀ ਦਿਤੀ ਕਿ ਉਹ ਚਿੰਤਾ ਨਾ ਕਰੇ, ਇਹ ਤਾਂ ਉਹਨਾਂ ਦਾ ਰੋਜ਼ਾਨਾ ਦਾ ਕੰਮ ਹੈ। ਟਾਈਪ ਦਾ ਕੰਮ ਮੁਕੰਮਲ ਹੋ ਗਿਆ ਤੇ ਕੰਪਾਊਡਰ ਨੇ ਉਹਨਾਂ ਨੂੰ ਘੰਟੇ ਕੁ ਬਾਅਦ ਆ ਕੇ ਸਰਟਫ਼ੀਕੇਟ ਲੈ ਜਾਣ ਲਈ ਕਿਹਾ ਤੇ ਉਹ ਦੋਵੇਂ ਭਰਾ ਘੁੰਮਣ ਫਿਰਨ ਲਈ ਬਾਜ਼ਾਰ ਵਲ ਨਿਕਲ ਗਏ। ਘੰਟੇ ਕੁ ਬਾਅਦ ਆਏ ਤਾਂ ਕੰਪਾਊਡਰ ਨੇ ਡਾਕਟਰ ਦੇ ਦਸਤਖ਼ਤ ਕਰਵਾ ਕੇ ਸਰਟੀਫ਼ੀਕੇਟ ਲਿਫ਼ਾਫ਼ੇ ‘ਚ ਪਾ ਕੇ ਸੀਲ-ਬੰਦ ਕਰ ਕੇ ਰੱਖਿਆ ਹੋਇਆ ਸੀ। ਡਾਕਟਰ ਫਿਰ ਕਿਸੇ ਮਰੀਜ਼ ਨੂੰ ਦੇਖਣ ਚਲਿਆ ਗਿਆ ਸੀ। ਮਨੋਹਰ ਨੇ ਬਣਦੀ ਫ਼ੀਸ ਦਿਤੀ ਤੇ ਪਿੰਡ ਨੂੰ ਚਾਲੇ ਪਾਏ। ਮਨੋਹਰ ਨੂੰ ਪਤਾ ਲੱਗਿਆ ਸੀ ਕਿ ਗੁਰਮੇਲ ਨੇ ਬਾਰਾਂ ਕੁ ਵਜੇ ਦਿੱਲੀ ਨੂੰ ਚਲੇ ਜਾਣਾ ਸੀ ਸੋ ਉਹ ਚਾਹੁੰਦਾ ਸੀ ਕਿ ਉਹਦੇ ਤੁਰਨ ਤੋਂ ਪਹਿਲਾ ਪਹਿਲਾਂ ਉਹ ਉਹਦੇ ਪਿੰਡ ਪਹੁੰਚ ਜਾਵੇ।   
ਰਾਹ ਵਿਚ ਉਹ ਗੁਰਮੇਲ ਦੇ ਪਿੰਡ ਰੁਕੇ। ਉਹ ਦਿੱਲੀ ਜਾਣ ਦੀ ਤਿਆਰੀ ਕਰ ਰਿਹਾ ਸੀ। ਮਨੋਹਰ ਨੇ ਉਸ ਨੂੰ ਮੈਡੀਕਲ ਸਰਟੀਫ਼ੀਕੇਟ ਲਿਜਾਣ ਦੀ ਬੇਨਤੀ ਤੇ ਗੁਰਮੇਲ ਨੇ ਕੋਈ ਉਜ਼ਰ ਨਾ ਕੀਤਾ ਤੇ ਮਨੋਹਰ ਨੇ ਸਰਟੀਫ਼ੀਕੇਟ ਵਾਲਾ ਲਿਫ਼ਾਫ਼ਾ ਉਸ ਦੇ ਹਵਾਲੇ ਕੀਤਾ ਤੇ ਕਿਹਾ ਕਿ ਉਹ ਉਹਦੇ ਸਹੁਰਿਆਂ ਦੇ ਘਰ ਪਹੁੰਚਾ ਦੇਵੇ, ਉਹ ਆਪ ਹੀ ਫਾਊਂਡਰੀ ਦੇ ਦਫ਼ਤਰ ਜਾ ਕੇ ਦੇ ਆਉਣਗੇ। ਲਿਫ਼ਾਫ਼ਾ ਫੜਾ ਕੇ ਮਨੋਹਰ ਹੋਰੀਂ ਠੰਡੇ ਦਾ ਘੁੱਟ ਘੁੱਟ ਪੀਤਾ ਤੇ ਗੁਰਮੇਲ ਤੋਂ ਛੁੱਟੀ ਲਈ।
ਸਰਟੀਫ਼ੀਕੇਟ ਗੁਰਮੇਲ ਨੂੰ ਦੇ ਕੇ ਉਹ ਨਿਸ਼ਚਿੰਤ ਹੋ ਗਿਆ ਤੇ ਖੁਸ਼ੀਆਂ ਨਾਲ਼ ਭੂਆ ਦੇ ਲੜਕੇ ਦਾ ਵਿਆਹ ਦੇਖਿਆ ਉਸ ਨੇ, ਤੇ ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਉਸ ਨੇ ਫਲਾਈਟ ਫੜਨ ਲਈ ਦਿੱਲੀ ਜਾਣਾ ਸੀ। ਪੰਜ ਹਫ਼ਤੇ ਉਸ ਨੂੰ ਇਉਂ ਲੱਗ ਰਹੇ ਸਨ ਜਿਵੇਂ ਉਹ ਅੱਜ ਹੀ ਆਇਆ ਹੋਵੇ। ਉਸ ਨੇ ਪੀ.ਸੀ.ਓ. ਤੋਂ ਆਪਣੇ ਸਹੁਰਿਆਂ ਨੂੰ ਫ਼ੂਨ ਕਰ ਕੇ ਫਲਾਈਟ ਨੰਬਰ ਵਿਗੈਰਾ ਦੱਸ ਦਿਤਾ ਤਾਂ ਕਿ ਕੋਈ ਜਣਾ ਆ ਕੇ ਉਸ ਨੂੰ ਲੈ ਜਾਵੇ।
ਉਸ ਦੇ ਦੋਵੇਂ ਸਾਲ਼ੇ ਉਸ ਨੂੰ ਏਅਰਪੋਰਟ ‘ਤੇ ਲੈਣ ਲਈ ਪਹੁੰਚੇ, ਉਹ ਉਡੀਕ ਉਡੀਕ ਕੇ ਥੱਕ ਗਏ ਪਰ ਮਨੋਹਰ ਦਾ ਕਿਧਰੇ ਨਾਮ-ਨਿਸ਼ਾਨ ਨਹੀਂ ਸੀ। ਕਾਫ਼ੀ ਖੱਜਲਖੁਆਰੀ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਏਅਰ ਇੰਡੀਆ ਦੀ ਫਲਾਈਟ ‘ਚੋਂ ਇਸ ਨਾਮ ਦੇ ਬੰਦੇ ਨੂੰ ਐਂਬੂਲੈਂਸ ਕਿਧਰੇ ਲੈ ਗਈ ਹੈ। ਇੰਨੀ ਸੂਚਨਾ ਦੇਣ ਵਾਲੇ ਨੇ ਕਿਹਾ ਇਸ ਬਾਰੇ ਉਸ ਨੂੰ ਹੋਰ ਕੁਝ ਵੀ ਨਹੀ ਪਤਾ। ਉਸ ਨੇ ਇੰਨੀ ਸਲਾਹ ਜ਼ਰੂਰ ਦਿਤੀ ਕਿ ਉਹ ਉਸ ਦੇ ਫੈਮਿਲੀ ਡਾਕਟਰ ਨਾਲ ਸੰਪਰਕ ਕਰ ਕੇ ਪਤਾ ਕਰਨ। ਹੁਣ ਉਹ ਦੋਵੇਂ ਭਰਾ ਸੋਚਣ ਕਿ ਮਨੋਹਰ ਨੂੰ ਕੀ ਹੋਇਆ ਹੋਵੇਗਾ? ਕੀ ਹਵਾਈ ਜਹਾਜ਼ ਦੇ ਖਾਣੇ ਨਾਲ ਕੁਝ ਹੋ ਗਿਆ ਹੋਵੇਗਾ? ਕੀ ਕੋਈ ਸੱਟ ਚੋਟ ਲੱਗ ਗਈ ਹੋਵੇਗੀ? ਕੀ ਪਤਾ ਕਿਹੜੇ ਹਸਪਤਾਲ ਲੈ ਕੇ ਗਏ ਹੋਣਗੇ? ਬੜੇ ਸ਼ਸ਼ੋਪੰਜ ‘ਚ ਪਏ ਉਹ। ਲੰਡਨ ਵਿਚ ਵੀ ਉਹਨਾਂ ਦਾ ਕੋਈ ਐਡਾ ਜਾਣਕਾਰ ਨਹੀਂ ਸੀ ਜੋ ਉਹਨਾਂ ਦੀ ਕੋਈ ਮਦਦ ਕਰ ਸਕਦਾ। ਨਾਲੇ ਲੰਡਨ ਤਾਂ ਉਹਨਾਂ ਵਾਸਤੇ ਇਕ ਮਹਾਂਸਾਗਰ ਵਾਂਗ ਸੀ। ਘਰ ਦਿਆਂ ਨੂੰ ਵੀ ਫੂਨ ਕਰ ਕੇ ਉਹ ਫ਼ਿਕਰਾਂ ‘ਚ ਨਹੀਂ ਸਨ ਪਾਉਣਾ ਚਾਹੁੰਦੇ। ਅਖੀਰ ਉਹਨਾਂ ਨੇ ਇਹੀ ਸਲਾਹ ਕੀਤੀ ਕਿ ਵਾਪਸ ਘਰ ਨੂੰ ਜਾਇਆ ਜਾਵੇ ਤੇ ਸਵੇਰੇ ਮਨੋਹਰ ਦੇ ਡਾਕਟਰ ਤੋਂ ਪਤਾ ਕੀਤਾ ਜਾਵੇ ਜਿਵੇਂ ਉਸ ਵਿਅਕਤੀ ਨੇ ਸਲਾਹ ਦਿਤੀ ਸੀ।
ਜਦੋਂ ਮਨੋਹਰ ਤੋਂ ਬਿਨਾਂ ਹੀ ਉਹ ਘਰ ਪਹੁੰਚੇ ਤਾਂ ਸਭ ਨੂੰ ਫ਼ਿਕਰ ਸਤਾਉਣ ਲੱਗਾ ਕਿ ਕੀ ਹੋਇਆ ਹੋਵੇਗਾ। ਖੈਰ, ਕਿਸੇ ਨਾ ਕਿਸੇ ਤਰ੍ਹਾਂ ਰਾਤ ਬੀਤੀ ਤੇ ਸਵੇਰੇ ਉਸ ਦੇ ਦੋਵੇਂ ਸਾਲ਼ੇ ਮਨੋਹਰ ਦੇ ਡਾਕਟਰ ਨੂੰ ਮਿਲਣ ਗਏ। ਪੁੱਛ-ਗਿੱਛ ਵਾਲੀ ਗੋਰੀ ਨੂੰ ਕਹਾਣੀ ਦੱਸੀ ਤਾਂ ਉਹ ਅੰਦਰ ਡਾਕਟਰ ਤੋਂ ਪਤਾ ਕਰਨ ਗਈ। ਡਾਕਟਰ ਨੇ ਕਿਹਾ ਕਿ ਉਸ ਨੂੰ ਵੀ ਅਜੇ ਕੁਝ ਨਹੀਂ ਸੀ ਪਤਾ, ਉਹ ਪਤਾ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਨੇ ਕਿਹਾ ਕਿ ਉਹ ਦੋ ਕੁ ਘੰਟਿਆਂ ਬਾਅਦ ਆਉਣ ਤੇ ਜਿਸ ਤਰ੍ਹਾਂ ਦੀ ਵੀ ਸੂਚਨਾ ਜੇ ਕਿਈ ਮਿਲੀ ਤਾਂ ਉਹ ਸੂਚਨਾ ਗੁਪਤ ਰੱਖਣ ਦੇ ਨਿਯਮਾਂ ਅਧੀਨ ਸਿਰਫ਼ ਸਭ ਤੋਂ ਕਰੀਬੀ ਰਿਸ਼ਤੇਦਾਰ ਨੂੰ ਹੀ ਦੇਵੇਗਾ, ਜੋ ਕਿ ਉਸ ਦੀ ਘਰ ਵਾਲੀ ਹੈ, ਸੋ ਉਸ ਨੂੰ ਨਾਲ ਲੈ ਕੇ ਆਉਣ।
ਮਨੋਹਰ ਦੀ ਘਰ ਵਾਲ਼ੀ ਗੁਰਮੀਤੋ ਨੂੰ ਲੈ ਕੇ ਦੋ ਕੁ ਘੰਟਿਆਂ ਬਾਅਦ ਆਏ ਤਾਂ ਡਾਕਟਰ ਨੇ ਦੱਸਿਆ ਕਿ ਮਨੋਹਰ ਨੇ ਛੁੱਟੀ ਵਧਾਉਣ ਲਈ ਜਿਹੜਾ ਸਰਟੀਫ਼ੀਕੇਟ ਫਾਊਂਡਰੀ ਨੂੰ ਭੇਜਿਆ ਸੀ ਉਸ ਉੱਪਰ ਉੱਥੋਂ ਦੇ ਡਾਕਟਰ ਨੇ ਲਿਖਿਆ ਹੋਇਆ ਸੀ ਕਿ ਮਨੋਹਰ ਨੂੰ ਟੀ.ਬੀ. ਦੀ ਬਿਮਾਰੀ ਸੀ। ਫਾਊਂਡਰੀ ਵਾਲਿਆਂ ਨੇ ਇਹ ਸੂਚਨਾ ਉਸੇ ਵੇਲੇ ਹੀ ਏਅਰਪੋਰਟ ਨੂੰ ਭੇਜ ਦਿਤੀ ਕਿਉਂਕਿ ਟੀ.ਬੀ. ਛੂਤ ਦੀ ਇਕ ਬਹੁਤ ਗੰਭੀਰ ਬਿਮਾਰੀ ਹੈ। ਡਾਕਟਰ ਨੇ ਦੱਸਿਆ ਕਿ ਮਨੋਹਰ ਨੂੰ ਇਥੋਂ ਸੱਠ ਕੁ ਮੀਲ ਦੂਰ ਇਕ ਪੇਂਡੂ ਇਲਾਕੇ ਦੇ ਸੈਨੇਟੋਰੀਅਮ ‘ਚ ਦਾਖ਼ਲ ਕੀਤਾ ਗਿਆ ਹੈ ਜਿੱਥੇ ਉਸ ਦੇ ਟੈਸਟ ਹੋਣਗੇ। ਏਨਾ ਸੁਣ ਕੇ ਸਭ ਦੀ ਜਾਨ ‘ਚ ਜਾਨ ਆਈ ਕਿ ਚਲੋ ਪਤਾ ਤਾਂ ਲੱਗਿਆ ਕਿ ਉਹ ਕਿੱਥੇ ਹੈ ਤੇ ਕਿਸ ਹਾਲਤ ‘ਚ ਹੈ। ਫਿਰ ਉਹਨਾਂ ਨੇ ਡਾਕਟਰ ਤੋਂ ਸੈਨੇਟੋਰੀਅਮ ਦਾ ਨਾਮ ਪਤਾ ਲਿਆ ਤੇ ਸੰਪਰਕ ਕਰ ਕੇ ਮੁਲਾਕਾਤ ਲਈ ਸਮਾਂ ਨਿਸ਼ਚਤ ਕਰ ਲਿਆ।  ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਮਰੀਜ਼ ਨੂੰ ਦੂਰੋਂ ਹੀ ਦੇਖ ਸਕਣਗੇ ਮਿਲਣ ਦੀ ਆਗਿਆ ਨਹੀਂ ਹੋਵੇਗੀ ਤੇ ਕਿਸੇ ਬਿਮਾਰ ਵਿਅਕਤੀ ਨੂੰ ਵੀ ਨਾਲ ਲਿਆਉਣ ਦੀ ਮਨਾਹੀ ਸੀ।
ਮਨੋਹਰ ਦੀ ਘਰ ਵਾਲੀ ਗੁਰਮੀਤੋ ਹਸਪਤਾਲ ਦੇ ਨਿਯਮਾਂ ਅਨੁਸਾਰ ਨਹੀਂ ਸੀ ਜਾ ਸਕਦੀ। ਮਨੋਹਰ ਦੀ ਸੱਸ ਅਤੇ ਸਹੁਰਾ ਵੀ ਪਿਛਲੇ ਕਈ ਦਿਨਾਂ ਤੋਂ ਮੌਸਮੀ ਖੰਘ-ਬੁਖਾਰ ਨਾਲ ਜੂਝ ਰਹੇ ਸਨ। ਸੋ, ਮਿਥੇ ਦਿਨ ‘ਤੇ ਮਨੋਹਰ ਦੇ ਦੋਵੇਂ ਸਾਲ਼ੇ ਗਏ। ਹਸਪਤਾਲ ਦੇ ਨਿਯਮਾਂ ਅਨੁਸਾਰ ਉਹਨਾਂ ਦੋਵਾਂ ਨੂੰ ਚੈੱਕ ਕੀਤਾ ਗਿਆ ਤੇ ਸਪੈਸ਼ਲ ਤਰ੍ਹਾਂ ਦੇ ਸਿਰ ਤੋਂ ਪੈਰਾਂ ਤੱਕ ਕੱਜਣ ਵਾਲੇ ਓਵਰਆਲ ਪੁਆਏ ਗਏ। ਇਕ ਕਰਮਚਾਰੀ ਉਹਨਾਂ ਨੂੰ ਸ਼ੀਸੇ ਦੇ ਬਣੇ ਇਕ ਵੱਡੇ ਸਾਰੇ ਕਮਰੇ ‘ਚ ਲੈ ਗਿਆ ਜਿਥੇ ਇਕ ਬਹੁਤ ਵੱਡੀ ਸਾਰੀ ਕੱਚ ਦੀ ਇਕ ਬੋਤਲ ਜਿਹੀ ਪਈ ਸੀ ਜਿਸ ਵਿਚ ਮਨੋਹਰ ਨੂੰ ਬਿਠਾਇਆ ਹੋਇਆ ਸੀ। ਉਨ੍ਹਾਂ ਨੇ ਇਸ਼ਾਰਿਆਂ ਨਾਲ ਹੀ ਗੱਲ ਬਾਤ ਕੀਤੀ ਤੇ ਕੁਝ ਦੇਰ ਬਾਅਦ ਉਹ ਮੁੜ ਰਿਸੈਪਸ਼ਨ ਕਮਰੇ ‘ਚ ਆਏ ਤਾਂ ਇਕ ਡਾਕਟਰ ਨੇ ਉਹਨਾਂ ਨੂੰ ਆਪਣੇ ਦਫ਼ਤਰ ‘ਚ ਬੁਲਾਇਆ ਤੇ ਦੱਸਿਆ ਕਿ ਮਨੋਹਰ ਟੀ.ਬੀ. ਦੀ ਬਿਮਾਰੀ ਲਈ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਸ ਨੂੰ ਘੱਟੋ ਘੱਟ ਢਾਈ ਤਿੰਨ ਮਹੀਨੇ ਉੱਥੇ ਰੱਖ ਕੇ ਉਸ ਦਾ ਇਲਾਜ ਕੀਤਾ ਜਾਵੇਗਾ।
ਉਹਦੇ ਦੋਵਾਂ ਸਾਲ਼ਿਆਂ ਨੂੰ ਵੀ ਮਨੋਹਰ ਦੇ ਬਚਪਨ ਵਾਲੀ ਛੇੜ ਯਾਨੀ ਕਿ ‘ਲੱਲੂ’ ਨਾਂ ਬਾਰੇ ਪਤਾ ਸੀ ਪਰ ਮਨੋਹਰ ਨਾਲ ਰਿਸ਼ਤਾ ਹੀ ਐਸਾ ਸੀ ਕਿ ਉਹ ਇਹ ਨਾਮ ਸ਼ਰੇਆਮ ਲੈਣ ਦੀ ਕਿਵੇਂ ਜ਼ੁਰਅਤ ਕਰ ਸਕਦੇ ਸਨ। ਪਰ ਅੱਜ ਸੈਨੇਟੋਰੀਅਮ ਤੋਂ ਵਾਪਸ ਆਉਂਦਿਆਂ ਛੋਟਾ ਕਹਿਣ ਲੱਗਾ, “ ਭਾ ਜੀ, ਇਕ ਗੱਲੋਂ ਤਾਂ ਚੰਗਾ ਹੀ ਹੋਇਆ ਕਿ ਝੂਠੇ ਮੈਡੀਕਲ ਰਾਹੀਂ ਹੀ ਸਹੀ, ਟੀ.ਬੀ. ਤਾਂ ਫੜੀ ਗਈ, ਨਹੀਂ ਤਾਂ ਪਤਾ ਨਹੀਂ ਹੋਰ ਕਿੰਨੀ ਵਧ ਜਾਂਦੀ ਤੇ ਹੋਰ ਕਿੰਨਿਆਂ ਨੂੰ ਹੋ ਜਾਂਦੀ।“
ਵੱਡਾ ਖਿੜ ਖਿੜਾ ਕੇ ਹੱਸਿਆ ਤੇ ਬੋਲਿਆ, “ ਛੋਟੇ, ਏਸੇ ਕਰ ਕੇ ਸਿਆਣਿਆਂ ਨੇ ਕਿਹਾ ਸੀ ‘ਲੱਲੂ ਕਰੇ ਕੁਵੱਲੀਆਂ, ਰੱਬ ਸਿੱਧੀਆਂ ਪਾਵੇ’  ਤੇ ਉਹ ਦੋਵੇਂ ਹੱਸ ਹੱਸ ਕੇ ਲੋਟ ਪੋਟ ਹੋ ਗਏ।
=========================================================