Ravinder-Singh-Kundra

ਪਿਆਰ ਦੀ ਨਜ਼ਰ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਇੱਕ ਨਜ਼ਰ ਜੇ ਇਧਰ ਵੀ,
ਕੋਈ ਮੇਰੀ ਨਜ਼ਰੇ ਕਰ ਦੇਵੇ,
ਮਿਹਰਬਾਨੀਆਂ ਦੇ ਲਾ ਕੇ ਢੇਰ,
ਮੇਰਾ ਵਿਹੜਾ ਭਰ ਦੇਵੇ।

ਮਸਤੀਆਂ ਦੇ ਵੇਗ ਵਿੱਚ,
ਗੁਜ਼ਰੇ ਮੇਰਾ ਦਿਨ 'ਤੇ ਰਾਤ,
ਨੈਣਾਂ ਦੇ ਦੋ ਪਿਆਲੇ ਭਰ,
ਕੋਈ ਮੇਰੇ ਅੱਗੇ ਧਰ ਦੇਵੇ।

ਪੱਤਝੜਾਂ ਤੋਂ ਬਹਾਰਾਂ ਦਾ,
ਵਕਫ਼ਾ ਪਲਾਂ ਵਿੱਚ ਹੋਵੇ ਖ਼ਤਮ,
ਮਹਿਕਾਂ ਭਰਿਆ ਗੁਲਸ਼ਨ ਕੋਈ,
ਨਾਮ ਮੇਰੇ ਜੇ ਕਰ ਦੇਵੇ।

ਰੰਗੀਨੀਆਂ ਹਰਿਆਲੀਆਂ 'ਚ,
ਮੇਲ੍ਹਦੀ ਰਹੇ ਰੂਹ ਮੇਰੀ,
ਦਸਤਕ ਜੇ ਕੋਈ ਆਣ ਕਦੇ,
ਉਡੀਕਾਂ ਦੇ ਮੇਰੇ ਦਰ ਦੇਵੇ।

ਰਿਸ਼ਤਿਆਂ ਦੀ ਦੁਨੀਆ ਵਿੱਚ,
ਕਮੀ ਨਹੀਂ ਹੈ ਚੀਜ਼ਾਂ ਦੀ,
ਹਰ ਚੀਜ਼ ਫਿੱਕੀ ਪੈ ਜਾਵੇਗੀ,
ਜੇ ਰੱਬ ਇਸ਼ਕ ਦਾ ਵਰ ਦੇਵੇ।

ਤਸੱਵਰ ਦੀ ਇਸ ਦੁਨੀਆ ਵਿੱਚ,
ਤਸਵੀਰ ਅਨੋਖੀ ਬਣ ਜਾਵੇ,
ਜੇਕਰ ਕੋਈ ਸੁਪਨਿਆਂ ਦਾ,
ਕਟੋਰਾ ਮੇਰਾ ਭਰ ਦੇਵੇ।

ਤਮੰਨਾ ਹੈ ਕਿਸੇ ਦਾ ਬਣਨੇ ਦੀ,
ਕਿਸੇ ਨੂੰ ਆਪਣਾ ਕਹਿਣੇ ਦੀ,
ਕਾਸ਼ ਕੋਈ ਹੁਸੀਨ ਜਿਹਾ ਦਿਲ,
ਵਸੀਹਤ ਮੇਰੇ ਨਾਂ ਕਰ ਦੇਵੇ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਪਛਤਾਵਾ ਗੋਸ਼ਟੀ  - ਰਵਿੰਦਰ ਸਿੰਘ ਕੁੰਦਰਾ

ਕਿਹੜੇ ਕਿਹੜੇ ਪੰਥਕ ਮਸਲੇ,
ਕਿਹੜੀ ਕਿਹੜੀ ਵਿਚਾਰ ਗੋਸ਼ਟੀ?
ਕੌਣ ਤੁਹਾਡੇ ਨਾਲ ਕਰੇਗਾ,
ਬੇ ਅਕਲੇ ਕਾਲੀਓ ਹੁਣ ਦੋਸਤੀ?

ਕਿਹੜਾ ਪੰਥ ਹੈ ਤੁਹਾਡੇ ਪਿੱਛੇ,
ਕਿਹੜੀ ਮਰਿਯਾਦਾ ਦੀਆਂ ਗੱਲਾਂ,
ਤੁਹਾਨੂੰ ਹੁਣ ਤੇ ਡੋਬ ਦੇਣਗੀਆਂ,
ਵਿਰੋਧ ਵਾਲੀਆਂ ਮਾਰੂ ਛੱਲਾਂ।

ਕਾਲੀਓ ਪਾਣੀ ਸਿਰਾਂ ਤੋਂ ਲੰਘ ਗਿਆ!
ਵਕਤ ਤੁਹਾਡੇ ਹੱਥ ਨੀਂ ਆਣਾ,
ਹੁਣ ਤੇ ਤੁਹਾਡੇ ਪੱਲੇ ਰਹਿ ਗਿਆ,
ਪਿੱਟਣਾ ਅਤੇ ਰੋਣਾ ਕੁਰਲਾਣਾ।

ਕਰਤੂਤਾਂ ਕਾਲੀਆਂ ਕਾਲੇ ਹਿਰਦੇ,
ਚਿੱਟੇ ਕੱਪੜੇ ਕੀ ਕਰਨਗੇ?
ਤੁਹਾਡੀਆਂ ਕੀਤੀਆਂ ਦਾ ਡੰਨ ਹੁਣ,
ਤੁਹਾਡੇ ਬੱਚੇ ਭਰਦੇ ਮਰਨਗੇ।

ਜਿੱਥੇ ਮਰਜ਼ੀ ਜਾ ਨੱਕ ਰਗੜੋ,
ਭੁੱਲਾਂ ਹੁਣ ਬਖਸ਼ਾ ਨਹੀਂ ਹੋਣੀਆਂ,
ਪਲੀਤ ਹੋਈਆਂ ਹੁਣ ਤੁਹਾਡੀਆਂ ਰੂਹਾਂ, ਗੋਸ਼ਟੀਆਂ ਨਾਲ ਵੀ ਧੋ ਨਹੀਂ ਹੋਣੀਆਂ।

ਅਮ੍ਰਿਤਸਰ ਵੀ ਰੁੱਸ ਗਿਆ ਹੈ,
ਨਾ ਆਨੰਦ ਪੁਰ ਹੁਣ ਤੁਹਾਡੇ ਪੱਲੇ,
ਨੱਠ ਲਓ ਜਿੱਥੇ ਤੱਕ ਨੱਠਣਾ,
ਬਹਿ ਨਹੀਂ ਸਕੋਗੇ ਹੁਣ ਨਿਚੱਲੇ।

ਤਰਕ ਤੁਹਾਨੂੰ ਦੁਰਕਾਰ ਰਿਹਾ ਹੈ,
ਅਸੂਲਾਂ ਦੀ ਤਾਂ ਗੱਲ ਹੀ ਛੱਡੋ,
ਧਰਮ ਨੂੰ ਧੁਰਾ ਬਣਾਉਣ ਲਈ ਹੁਣ,
ਜਿਹੜਾ ਮਰਜ਼ੀ ਸੱਪ ਤੁਸੀਂ ਕੱਢੋ।

ਆਪਣੇ ਧਰਮ ਨੂੰ ਦਾਅ ਤੇ ਲਾ ਕੇ,
ਸਿਰਸੇ ਜਾ ਕੇ ਗੋਡੇ ਟੇਕੇ,
ਕੁਰਸੀਆਂ ਖਾਤਰ ਸਾਰੇ ਪਾਸੇ,
ਵਿੰਗੇ ਟੇਢੇ ਕੀਤੇ ਕਈ ਠੇਕੇ।

ਜਥੇਦਾਰਾਂ ਦੇ ਵੱਡੇ ਸ਼ਮਲੇ,
ਕਦੀ ਹੁੰਦੇ ਸੀ ਸ਼ਾਨਾਂ ਮੱਤੇ,
ਘੋਨ ਮੋਨ ਜਿਹੇ ਕਾਕੇ ਬਿੱਟੂ,
ਨਿੱਤ ਲੱਗਦੇ ਨੇ ਸਾਡੇ ਮੱਥੇ।

ਅਕਾਲ ਦਾ ਐੜਾ ਉਡ ਗਿਆ ਹੈ,
ਕਾਲ ਹੁਣ ਸਿਰ ਤੁਹਾਡੇ ਕੂਕੇ,
ਕਾਲਖ ਦਾ ਨ੍ਹੇਰਾ ਤੁਹਾਡੇ ਦੁਆਲੇ,
ਉਮੀਦ ਦੀ ਚਿੜੀ ਕਿਤੇ ਨਾ ਚੂਕੇ।

ਨੀਂਵਾਣੇ ਸਿੱਖ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਨੀਂਵਾਣੇ ਸਿੱਖ ਅੱਜ ਬਣ ਰਹੇ, ਨੇ ਬਹੁਤ ਨਿਮਾਣੇ,
ਛੁਪਾ ਰਹੇ ਨੇ ਕਾਲ਼ੇ ਹਿਰਦੇ, ਪਾ ਉੱਜਲੇ ਬਾਣੇ।

ਪਲੀਤ ਕਰਨਗੇ ਅਕਾਲ ਤਖਤ ਨੂੰ, ਮੰਗ ਮੁਆਫੀ,
ਬੁਣਨਗੇ ਕੁੱਝ ਸਾਜ਼ਿਸ਼ਾਂ ਦੇ, ਨਵੇਂ ਤਾਣੇ ਬਾਣੇ।

ਸਿਰਫ਼ ਉਂਗਲਾਂ ਚੁੱਕਣ ਜਾਣਦੇ ਨੇ, ਇੱਕ ਦੂਜੇ 'ਤੇ,
ਗੁਰੂ ਦੇ ਸਾਹਮਣੇ ਖੜ੍ਹ ਕੇ, ਬਣਦੇ ਬੀਬੇ ਰਾਣੇ।

ਰੋਲ਼ਿਆ ਗਲੀਆਂ ਵਿੱਚ ਗੁਰੂ ਨੂੰ, ਅਤੇ ਵੇਚ ਵੀ ਖਾਧਾ,
ਸੁਆਂਗ ਰਚੇ ਰਲ਼ ਉਹਨਾਂ ਨਾਲ, ਜੋ ਸਨ ਧਿਙਾਂਣੇ।

ਗੋਲ੍ਹਕਾਂ, ਕੁਰਸੀਆਂ, ਵਜ਼ੀਰੀਆਂ, ਇਤਿਹਾਸਕ ਜ਼ਮੀਨਾਂ,
ਬਿਨਾ ਡਕਾਰੇ ਕਰ ਹਜ਼ਮ ਗਏ, ਜ਼ਾਲਮ ਜਰਵਾਣੇ।

ਥੱਲਿਓਂ ਚੱਲ ਕੇ ਉੱਪਰ ਤੱਕ, ਰਿਹਾ ਫਰਕ ਨਾ ਕੋਈ,
ਗਿਆਨੀ, ਗ੍ਰੰਥੀ, ਜਥੇਦਾਰ, ਬਹੁਤੇ ਮੀਣੇ ਕਾਣੇ।

ਪਲ ਪਲ ਬੋਲੀ ਬਦਲਦੇ, ਅਸੂਲ ਟੰਗ ਛਿੱਕੇ,
ਅੰਨ੍ਹਿਆਂ ਤੋਂ ਰੇੜੀਆਂ ਲੈ ਰਹੇ, ਸਿਰਫ ਆਪਣੇ ਲਾਣੇ।

ਆਮ ਸਿੱਖ ਹੈ ਪਿੱਟ ਰਿਹਾ, ਨਿੱਤ ਮਾਰ ਦੁਹੱਥੜ,
ਸ਼ਰਮਸਾਰ ਬੇਚਾਰਾ ਰੋਂਵਦਾ, ਦੱਬ ਸਿਰ ਸਿਰਹਾਣੇ।

ਸਿੱਖੀ ਦਾ ਭੱਠਾ ਬੈਠਾ ਰਹੀ, ਹੈ ਚੰਡਾਲ ਚੌਂਕੜੀ,
ਡੁੱਬਦਾ ਬੇੜਾ ਨਹੀਂ ਜਾਪਦਾ, ਲੱਗੂ ਕਿਸੇ ਠਿਕਾਣੇ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਚੂਹੇ ਖਾਣੀ ਬਿੱਲੀ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਨੌਂ ਸੌ ਚੂਹੇ ਖਾ ਬੈਠੀ ਹਾਂ,
ਚਿੱਤ ਅਪਣਾ ਪਰਚਾ ਬੈਠੀ ਹਾਂ।
ਬੜੇ ਪੁਆੜੇ ਪਾ ਬੈਠੀ ਹਾਂ,
ਦੁਸ਼ਮਣ ਕਈ ਬਣਾ ਬੈਠੀ ਹਾਂ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
 
ਹੱਜ ਜਾਣ ਦਾ ਹੱਜ ਨਹੀਂ ਰਹਿ ਗਿਆ,
ਭੁੱਲ ਬਖਸ਼ਾਉਣ ਦਾ ਪੱਜ ਨਹੀਂ ਰਹਿ ਗਿਆ।
ਜਿਉਣ ਦਾ ਕੋਈ ਚੱਜ ਨਹੀਂ ਰਹਿ ਗਿਆ,
ਰਲਣ ਲਈ ਕੋਈ ਵੱਗ ਨਹੀਂ ਰਹਿ ਗਿਆ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
 
ਜਿੱਧਰ ਜਾਵਾਂ ਕੋਈ ਮੂੰਹ ਨਹੀਂ ਲਾਉਂਦਾ,
ਹਰ ਕੋਈ ਮਿਲਣੋਂ ਕੰਨੀ ਕਤਰਾਉਂਦਾ।
ਸੌ ਬਹਾਨੇ ਘੜ ਦਿਖਲਾਉਂਦਾ,
ਰਿਸ਼ਤੇ ਨਾਤੇ ਤੋੜਨਾ ਚਾਹੁੰਦਾ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
 
ਚੂਹੇ ਨਾ ਖਾਂਦੀ ਤਾਂ ਹੋਰ ਕੀ ਖਾਂਦੀ,
ਖੀਰਾਂ ਪੂੜੇ ਕਿੱਥੋਂ ਲਿਆਂਦੀ।
ਢਿੱਡ ਦੀਆਂ ਆਂਦਰਾਂ ਕਿਵੇਂ ਵਰਾਂਦੀ,
ਤੇ ਭੁੱਖ ਦੀ ਅੱਗ ਨੂੰ ਕਿਵੇਂ ਬੁਝਾਂਦੀ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
 
ਤੂੰ ਨਿੱਤ ਮੈਨੂੰ ਤੋਹਮਤਾਂ ਲਾਵੇਂ,
ਮੇਰੇ ਔਗੁਣ ਖ਼ੂਬ ਗਿਣਾਵੇਂ।
ਆਪਣੇ ਪਰਦੇ ਵਿੱਚ ਛੁਪਾਵੇਂ,
ਕਿਸ ਤੋਂ ਕਿਹੜਾ ਇਨਸਾਫ਼ ਕਰਾਵੇਂ।
ਤੇਰੇ ਪਰਦੇ ਲਾਹ ਕੇ ਵਿਖਾਵਾਂ,
ਰਹਿੰਦੀ ਉਮਰ ਮੈਂ ਇਵੇਂ ਲੰਘਾਵਾਂ।
 
ਸੁਣ ਉਏ ਮੇਰਿਆ ਸੁਥਰਿਆ ਲੋਕਾ,
ਦਰ ਦਰ ਦੇਂਦੀ ਹਾਂ ਮੈਂ ਹੋਕਾ।
ਫੇਰ ਆਪਣੀ ਪੀੜ੍ਹੀ ਹੇਠ ਸੋਟਾ,
ਛੱਡ ਕਰਨਾ ਹੰਕਾਰ ਤੂੰ ਫੋਕਾ।
ਹੁਣ ਤੇਰੇ ਸਾਹਮੇਂ ਮੈਂ ਖੜ੍ਹ ਜਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
 
ਪੋਲ ਤੇਰੇ ਵੀ ਖੋਲ੍ਹ ਦਿਆਂ ਮੈਂ,
ਤੱਕੜੀ ਵਿੱਚ ਤੈਨੂੰ ਤੋਲ ਦਿਆਂ ਮੈਂ।
ਸੱਚ ਤੇਰਾ ਵੀ ਬੋਲ ਦਿਆਂ ਮੈਂ,
ਚੌਰਾਹੇ ਵਿੱਚ ਤੇਰੀ ਰੋਲ਼ ਦਿਆਂ ਮੈਂ।
ਲੋਈ ਸਿਰ ਤੋਂ ਲਾਹ ਦਿਖਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਚੂਹੇ ਖਾਣੀ ਬਿੱਲੀ - ਰਵਿੰਦਰ ਸਿੰਘ ਕੁੰਦਰਾ

ਨੌਂ ਸੌ ਚੂਹੇ ਖਾ ਬੈਠੀ ਹਾਂ,

ਚਿੱਤ ਅਪਣਾ ਪਰਚਾ ਬੈਠੀ ਹਾਂ।

ਬੜੇ ਪੁਆੜੇ ਪਾ ਬੈਠੀ ਹਾਂ,

ਦੁਸ਼ਮਣ ਕਈ ਬਣਾ ਬੈਠੀ ਹਾਂ।

ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,

ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?

 

ਹੱਜ ਜਾਣ ਦਾ ਹੱਜ ਨਹੀਂ ਰਹਿ ਗਿਆ,

ਭੁੱਲ ਬਖਸ਼ਾਉਣ ਦਾ ਪੱਜ ਨਹੀਂ ਰਹਿ ਗਿਆ।

ਜਿਉਣ ਦਾ ਕੋਈ ਚੱਜ ਨਹੀਂ ਰਹਿ ਗਿਆ,

ਰਲਣ ਲਈ ਕੋਈ ਵੱਗ ਨਹੀਂ ਰਹਿ ਗਿਆ।

ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,

ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?

 

ਜਿੱਧਰ ਜਾਵਾਂ ਕੋਈ ਮੂੰਹ ਨਹੀਂ ਲਾਉਂਦਾ,

ਹਰ ਕੋਈ ਮਿਲਣੋਂ ਕੰਨੀ ਕਤਰਾਉਂਦਾ।

ਸੌ ਬਹਾਨੇ ਘੜ ਦਿਖਲਾਉਂਦਾ,

ਰਿਸ਼ਤੇ ਨਾਤੇ ਤੋੜਨਾ ਚਾਹੁੰਦਾ।

ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,

ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?

 

ਚੂਹੇ ਨਾ ਖਾਂਦੀ ਤਾਂ ਹੋਰ ਕੀ ਖਾਂਦੀ,

ਖੀਰਾਂ ਪੂੜੇ ਕਿੱਥੋਂ ਲਿਆਂਦੀ।

ਢਿੱਡ ਦੀਆਂ ਆਂਦਰਾਂ ਕਿਵੇਂ ਵਰਾਂਦੀ,

ਤੇ ਭੁੱਖ ਦੀ ਅੱਗ ਨੂੰ ਕਿਵੇਂ ਬੁਝਾਂਦੀ।

ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,

ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?

 

ਤੂੰ ਨਿੱਤ ਮੈਨੂੰ ਤੋਹਮਤਾਂ ਲਾਵੇਂ,

ਮੇਰੇ ਔਗੁਣ ਖ਼ੂਬ ਗਿਣਾਵੇਂ।

ਆਪਣੇ ਪਰਦੇ ਵਿੱਚ ਛੁਪਾਵੇਂ,

ਕਿਸ ਤੋਂ ਕਿਹੜਾ ਇਨਸਾਫ਼ ਕਰਾਵੇਂ।

ਤੇਰੇ ਪਰਦੇ ਲਾਹ ਕੇ ਵਿਖਾਵਾਂ,

ਰਹਿੰਦੀ ਉਮਰ ਮੈਂ ਇਵੇਂ ਲੰਘਾਵਾਂ।


ਸੁਣ ਉਏ ਮੇਰਿਆ ਸੁਥਰਿਆ ਲੋਕਾ,

ਦਰ ਦਰ ਦੇਂਦੀ ਹਾਂ ਮੈਂ ਹੋਕਾ।

ਫੇਰ ਆਪਣੀ ਪੀੜ੍ਹੀ ਹੇਠ ਸੋਟਾ,

ਛੱਡ ਕਰਨਾ ਹੰਕਾਰ ਤੂੰ ਫੋਕਾ।

ਹੁਣ ਤੇਰੇ ਸਾਹਮੇਂ ਮੈਂ ਖੜ੍ਹ ਜਾਵਾਂ,

ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।

 

ਪੋਲ ਤੇਰੇ ਵੀ ਖੋਲ੍ਹ ਦਿਆਂ ਮੈਂ,

ਤੱਕੜੀ ਵਿੱਚ ਤੈਨੂੰ ਤੋਲ ਦਿਆਂ ਮੈਂ।

ਸੱਚ ਤੇਰਾ ਵੀ ਬੋਲ ਦਿਆਂ ਮੈਂ,

ਚੌਰਾਹੇ ਵਿੱਚ ਤੇਰੀ ਰੋਲ਼ ਦਿਆਂ ਮੈਂ।

ਲੋਈ ਸਿਰ ਤੋਂ ਲਾਹ ਦਿਖਾਵਾਂ,

ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।

ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।

ਤੋਹਮਤਾਂ ਦੇ ਕਟੋਰੇ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਤੋਹਮਤਾਂ ਦੇ ਭਰੇ ਕਟੋਰੇ, ਪੀਣੇ ਪੈਂਦੇ ਨਿੱਤ ਨਿੱਤ,
ਦੂਸ਼ਣ ਕਈ ਭੈੜੇ ਲੋਕੀਂ, ਲਾਂਵਦੇ ਨੇ ਨਿੱਠ ਨਿੱਠ।

ਉੱਠਦੀਆਂ ਨੇ ਉਂਗਲਾਂ, ਮੇਰੇ ਉੱਤੇ ਉਨ੍ਹਾਂ ਦੀਆਂ,
ਜਿਹੜੇ ਹੁੰਦੇ ਖ਼ੁਦ ਹੀ, ਪੈਰ ਪੈਰ ਰੋਜ਼ ਠਿੱਠ।

ਨਾ ਕੋਈ ਸਾਡੀ ਕੰਧ ਸਾਂਝੀ, ਨਾ ਕੋਈ ਐਸਾ ਵੱਟ ਬੰਨਾ,
ਰੱਖਦੇ ਨੇ ਖ਼ਾਰ ਫਿਰ ਵੀ, ਹਰ ਦਮ ਢਿੱਡ ਵਿੱਚ।

ਚੋਪੜਵੀਆਂ ਗੱਲਾਂ ਕਈ, ਸੁਣੀਆਂ ਨੇ ਮੂੰਹ ਉੱਤੇ,
ਮੂੰਹੋਂ ਨਿਕਲੇ ਰਾਮ ਰਾਮ, ਛੁਰੀ ਖੋਭਣ ਵਿੱਚ ਪਿੱਠ।

ਸੂਰਤਾਂ ਨੇ ਬੜੀਆਂ, ਲੱਗਦੀਆਂ ਸ਼ਰੀਫ ਜਿਹੀਆਂ,
ਸੀਰਤ ਅਸਲੀ ਨਿੱਖਰੇ ਤਾਂ, ਰੂਹ ਦਿਸੇ ਪੂਰੀ ਜਿੱਚ।

ਦੰਦ ਕੱਢ ਦੰਦੀਆਂ, ਦਿਖਾਉਣ ਵਾਲੇ ਬੜੇ ਦਿਸਣ,
ਦੰਦੀਆਂ ਦੇ ਜ਼ਖ਼ਮ ਵੀ ਮੈਂ, ਥੱਕ ਗਿਆਂ ਨਿੱਤ ਡਿੱਠ।

ਧੁੱਪ ਵਿੱਚ ਬਣ ਕੇ, ਦੀਵਾਰ ਵਾਂਗੂੰ ਖੜ੍ਹਾ ਹਾਂ ਮੈਂ,
ਹਾਲੇ ਹੈ ਪਰਛਾਵਾਂ ਮੇਰਾ, ਲੰਮੇਰਾ ਕਈਆਂ ਨਾਲੋਂ ਗਿੱਠ।

ਬੌਣੀਆਂ ਨੇ ਸ਼ਖ਼ਸੀਅਤਾਂ, ਕੱਦ ਭਾਵੇਂ ਸਿੰਬਲਾਂ ਦੇ,
ਰੱਬਾ ਬਚਾਈਂ ਹੱਥ ਦੇ ਕੇ, ਮਤੇ ਮੈਂ ਹੋ ਜਾਵਾਂ ਭਿੱਟ।

ਤੋਹਮਤਾਂ ਦੇ ਭਰੇ ਕਟੋਰੇ, ਪੀਣੇ ਪੈਂਦੇ ਨਿੱਤ ਨਿੱਤ,
ਦੂਸ਼ਣ ਕਈ ਭੈੜੇ ਲੋਕੀਂ, ਲਾਂਵਦੇ ਨੇ ਨਿੱਠ ਨਿੱਠ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਜ਼ਿੰਦਗੀ ਦੀ ਢੋਲਕ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੁਣ ਨੇ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।

ਖ਼ਸਤਾ ਜਿਹੀ ਹੁਣ ਖੱਲ ਹੋ ਗਈ, ਤਾਰ ਤਾਰ ਨੇ ਰੱਸੀਆਂ,
ਜਿੰਨਾ ਮਰਜ਼ੀ ਜ਼ੋਰ ਲਗਾਵੋ, ਜਾਂਦੀਆਂ ਨਹੀਂ ਹੁਣ ਕੱਸੀਆਂ।
ਘੁਣ ਨੇ ਖਾ ਲਈ ਕੱਚੀ ਲੱਕੜ, ਉਹ ਰੰਗ ਵੀ ਰਿਹਾ ਨਾ ਲਾਲ।
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੁਣ ਨੇ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।

ਨਾ ਇਹ ਪਹਿਲਾਂ ਵਾਂਗੂੰ ਟੁਣਕੇ, ਨਾ ਹੁਣ ਬੁਭ ਕੇ ਵੱਜਦੀ।
ਹਿਰਦੇ ਨੂੰ ਹੁਣ ਧੂਅ ਨਹੀਂ ਪਾਉਂਦੀ, ਨਾ ਤਾਲ ਕੰਨਾਂ ਨੂੰ ਜਚਦੀ।
ਬੁੱਢ ਉਮਰ 'ਚ ਕੀਤੇ ਨਹੀ ਜਾਂਦੇ, ਪਹਿਲਾਂ ਵਾਲੇ ਕਮਾਲ,
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।

ਉਮਰ ਤਕਾਜ਼ਾ ਸਿਰ ਚੜ੍ਹ ਬੋਲੇ, ਬੇ ਸੁਰਾ ਗੀਤ ਅਲਾਪੇ।
ਬੋਲ ਗੀਤ ਦੇ ਕਿੱਧਰੇ ਘੁੰਮਣ, ਤੇ ਕਿੱਧਰੇ ਢੋਲਕ ਥਾਪੇ।
ਸਰੂਰ ਵਿੱਚ ਸਰੋਤੇ ਨਾ ਝੂਮਣ, ਨਾ ਹੁਣ ਪਾਉਣ ਧਮਾਲ,
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।

ਕੈਰਵਾ ਵੀ ਹੁਣ ਹੱਥ ਨੀਂ ਚੜ੍ਹਦਾ, ਤਿੰਨ ਤਾਲ ਦਾਦਰਾ ਕਿੱਥੇ।
ਝੱਫ ਤਾਲ ਹੁਣ ਸੁਪਨਾ ਹੋ ਗਈ, ਲਿਖਤੀ ਰਹਿ ਗਏ ਚਿੱਠੇ।
ਖੁਸ਼ੀਆਂ ਦੀ ਹੁਣ ਥਾਂ ਤੇ ਬਾਕੀ, ਰਹਿ ਗਿਆ ਬੱਸ ਮਲਾਲ,
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।

ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਸਬਕ  - ਰਵਿੰਦਰ ਸਿੰਘ ਕੁੰਦਰਾ

ਸਬਕ ਰੋਜ਼ ਨੇ ਮਿਲਦੇ ਰਹਿੰਦੇ, ਅਨੋਖੇ ਅਤੇ ਨਵੀਨ ਸਦਾ,
ਮਤਲਬ ਜਿਨ੍ਹਾਂ ਦੇ ਨਿਕਲਣ ਹਮੇਸ਼ਾ, ਡੂੰਘੇ ਅਤੇ ਮਹੀਨ ਸਦਾ।

ਕੁੱਝ ਤਾਂ ਪੱਲੇ ਪੈ ਜਾਂਦੇ ਨੇ, ਪਰ ਕੁੱਝ ਸਮਝ ਤੋਂ ਬਾਹਰ,
ਕਈਆਂ ਨੂੰ ਤਾਂ ਮੰਨਣ ਤੋਂ, ਹੋ ਜਾਂਦੇ ਹਾਂ ਅਸੀਂ ਨਾਬਰ।

ਸਫਲਤਾ ਦੀ ਟੀਸੀ 'ਤੇ ਚੜ੍ਹਨਾ, ਖ਼ਤਰਿਆਂ ਤੋਂ ਨਹੀਂ ਖਾਲੀ,
ਗਲਤੀਆਂ ਹੀ ਪਰਪੱਕ ਕਰਦੀਆਂ, ਅਨਾੜੀਆਂ ਨੂੰ ਹਰ ਹਾਲੀ।

ਮਰਹਲੇ ਖੜ੍ਹੇ ਨੇ ਪੈਰ ਪੈਰ 'ਤੇ, ਜ਼ੰਜੀਰਾਂ ਵਾਂਗੂੰ ਜਾਪਣ,
ਧਿੰਗੋਜ਼ੋਰੀ ਰਾਹ ਰੋਕ ਕੇ, ਸਾਡੀਆਂ ਸ਼ਕਤੀਆਂ ਨਾਪਣ।

ਹਰ ਇੱਕ ਦੇ ਨਾਲ ਵਾਹ ਪੈਣ ਦਾ, ਅਹਿਸਾਸ ਹਮੇਸ਼ਾਂ ਵੱਖਰਾ,
ਠੁੱਠ ਕਈ ਵਾਰ ਦਿਖਾ ਜਾਂਦਾ ਹੈ, ਬੰਦਾ ਕੋਈ ਕੋਈ ਚਤਰਾ।

ਦੂਸਰਿਆਂ ਨੂੰ ਸਬਕ ਸਿਖਾਉਣ ਲਈ, ਹਰ ਕੋਈ ਹੈ ਕਾਹਲ਼ਾ,
ਭਾਵੇਂ ਉਸ ਦੀ ਅਪਣੀ ਅਕਲ ਦਾ, ਨਿਕਲਿਆ ਹੋਵੇ ਦੀਵਾਲ਼ਾ।

ਰਵਿੰਦਰ ਸਿੰਘ ਕੁੰਦਰਾ  ਕਵੈਂਟਰੀ ਯੂ ਕੇ

ਸਮੇਂ ਦੇ ਗੇੜ ਸਮੇਂ ਦੇ ਗੇੜ - ਰਵਿੰਦਰ ਸਿੰਘ ਕੁੰਦਰਾ

ਮੇਰੀ ਕਰੂਪਤਾ ਨੂੰ ਦੇਖ, ਭੱਜਦੇ ਅੱਜ ਪਰੇ ਪਰੇ,
ਕਦੀ ਸੁੰਦਰਤਾ ਮੇਰੀ ਦੇਖ, ਮੇਰੇ 'ਤੇ ਕਈ ਮਰੇ।


ਜਦੋਂ ਲੋੜ ਸੀ ਮੈਨੂੰ ਮੇਰੇ, ਦੁਆਲ਼ੇ ਹਮਦਰਦਾਂ ਦੀ,
ਉਹ ਛੱਡ ਕੇ ਮੇਰਾ ਪੱਲਾ, ਜਾ ਵਸੇ ਹੋਰ ਘਰੇ।

ਇਕੱਲਿਆਂ ਆਹਾਂ ਭਰ, ਜਦੋਂ ਹੰਝੂ ਸੁੱਕ ਗਏ,
ਕਈ ਮੋਢੇ ਮੈਂ ਦੇਖੇ, ਮੇਰੇ ਗਿਰਦ ਖੜ੍ਹੇ।

ਜਦੋਂ ਨਫਰਤ ਦਾ ਸਬਕ, ਸਿਖਾਇਆ ਲੋਕਾਂ ਨੇ,
ਕਿਸੇ ਨੇ ਆ ਕੇ ਪਿਆਰ, ਨਾਲ਼ ਮੇਰੇ ਹੱਥ ਫੜੇ।

ਉਮੀਦੀ ਕਿਰਨ ਉਡੀਕਦਿਆਂ, ਜੋ ਮੇਰੀ ਅੱਖ ਲੱਗੀ,
ਤਾਂ ਸੂਰਜ ਨੇ ਦਿੱਤੀ ਦਸਤਕ, ਮੇਰੇ ਅਣਜਾਣ ਦਰੇ।

ਮੋੜ ਬਹੁਤ ਨੇ ਆਉਂਦੇ, ਨਿੱਜੀ ਪਗਡੰਡੀਆਂ 'ਤੇ,
ਪਰ ਰਸਤੇ ਬੰਦ ਨਹੀਂ ਹੁੰਦੇ, ਜੇ ਕੋਈ ਚੱਲ ਪਵੇ।

ਸਫਲਤਾਵਾਂ ਨੇ ਦਿੱਤਾ, ਮੈਨੂੰ ਸੰਸਾਰ ਸਾਰਾ,
ਅਸਫਲਤਾਵਾਂ ਨੇ ਕਿਉਂ, ਨੇ ਮੇਰੇ ਨੈਣ ਭਰੇ?

ਨਰ ਚਾਹੇ ਭਾਵੇਂ ਕੁੱਛ, ਪਰ ਮਿਲ਼ਦਾ ਹੋਰ ਹੀ ਹੈ,
ਪੂਰੇ ਨਾ ਹੁੰਦੇ ਮਨਸੂਬੇ, ਭਾਵੇਂ ਕੋਈ ਲੱਖ ਘੜੇ।

ਪਰ ਹਾਰ ਮੰਨ ਕੇ ਬਹਿਣਾ, ਕਦੀ ਵੀ ਸੋਹੰਦਾ ਨਹੀਂ,
ਜੰਗਾਂ ਉਹ ਵੀ ਨੇ ਜਿੱਤੇ, ਜੋ ਕਈ ਵਾਰ ਹਰੇ।

ਚੱਲਦੇ ਸਾਹਾਂ ਵਿੱਚ ਹਮੇਸ਼ਾਂ, ਕਿਰਨ ਉਮੀਦਾਂ ਦੀ,
ਹਨੇਰਾ ਤਾਂ ਉਦੋਂ ਹੀ ਪਸਰੇ, ਜਦੋਂ ਕੋਈ ਜਿੰਦ ਮਰੇ।

ਸੋਸ਼ਲ ਮੀਡੀਆ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਤਮਾਸ਼ਬੀਨ ਹੈ ਦੁਨੀਆ, ਤਰਸ ਤੋਂ ਖਾਲੀ ਹੈ,
ਬੰਦਾ ਬਣਨ ਦਾ ਢੋਂਗ, ਇਨਸਾਨੀਅਤ ਜਾਅਲੀ ਹੈ।

ਹਾਦਸੇ ਦੇ ਸ਼ਿਕਾਰਾਂ ਦੀ, ਨਾ ਕੋਈ ਮਦਦ ਕਰੇ,
ਹਰ ਕੋਈ ਫਿਲਮ ਬਣਾ ਕੇ, ਮਾਲੋ ਮਾਲੀ ਹੈ।

ਸਸਤੀ ਸ਼ੋਹਰਤ ਦੀ ਦੌੜ, ਨੇ ਝੁੱਗੇ ਚੌੜ ਕੀਤੇ,
ਇੱਜ਼ਤਾਂ ਲਈ ਝੋਲੀ ਅੱਡਦਾ, ਸ਼ਰੀਫ ਸਵਾਲੀ ਹੈ।

ਉੱਚੀਆਂ ਕਦਰਾਂ ਕੀਮਤਾਂ, ਅੱਜ ਹੋਈਆਂ ਮਿੱਟੀ,
ਗੁਲਸ਼ਨ ਉਜਾੜਨ ਲੱਗਾ, ਅੱਜ ਖ਼ੁਦ ਮਾਲੀ ਹੈ।

ਘਰ ਘਰ ਬੈਠੇ ਐਕਟਰ, ਡਰਾਮਾ ਨਿੱਤ ਕਰਦੇ,
ਨਾਇਕ ਹੈ ਅੱਜ ਪਤੀ, ਨਾਇਕਾ ਘਰ ਵਾਲ਼ੀ ਹੈ।

ਸਰਕਾਰਾਂ, ਸੈਂਸਰ, ਸੇਧਾਂ, ਛਿੱਕੇ ਟੰਗੀਆਂ ਨੇ,
ਕਾਨੂੰਨ ਦੇ ਉੱਤੇ ਛਾਈ, ਬਹੁਤ ਮੰਦਹਾਲੀ ਹੈ।

ਸੋਸ਼ਲ ਮੀਡੀਆ ਹੀ ਅੱਜ, ਸਭ ਦਾ ਧਰਮ ਹੋਇਆ,
ਇਸ ਧਰਮ ਗਰੰਥ ਦਾ ਪੱਤਰਾ, ਹਰ ਇੱਕ ਖਾਲੀ ਹੈ।

ਅਫਵਾਹਾਂ, ਝੂਠ ਨੇ ਵਿਕਦੇ, ਮਹਿੰਗੇ ਭਾਅ ਚੜ੍ਹ ਕੇ,
ਸੱਚ ਦਾ ਤਾਂ ਹੁਣ ਸਮਝੋ, ਰੱਬ ਹੀ ਵਾਲੀ ਹੈ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ