Gurcharan Singh Noorpur

ਧਰਤੀ 'ਤੇ ਸਾਡੇ ਜ਼ਿੰਦਾ ਹੋਣ ਦੇ ਅਰਥ  - ਗੁਰਚਰਨ ਸਿੰਘ ਨੂਰਪੁਰ

ਇਕ ਦਾਰਸ਼ਨਿਕ ਇਕ ਦਿਨ ਆਪਣੇ ਚੇਲਿਆਂ ਨਾਲ ਜ਼ਿੰਦਗੀ ਦੇ ਸਬੰਧ ਵਿਚ ਗੱਲਬਾਤ ਕਰ ਰਿਹਾ ਸੀ। ਗੱਲ ਇਕ ਖ਼ਾਸ ਨੁਕਤੇ 'ਤੇ ਗਈ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਸਵਾਲ ਕੀਤਾ, 'ਇਹ ਸੱਚ ਹੈ ਅਸੀਂ ਸਭ ਨੇ ਇਕ ਨਾ ਇਕ ਦਿਨ ਇਸ ਧਰਤੀ ਤੋਂ ਰੁਖ਼ਸਤ ਹੋ ਜਾਣਾ ਹੈ। ਮੌਤ ਹੱਥੋਂ ਹਾਰ ਜਾਣਾ ਹੈ। ਜਦੋਂ ਅਸੀਂ ਜਾਣਦੇ ਹਾਂ ਕਿ ਇਹ ਜ਼ਿੰਦਗੀ ਸਦੀਵੀ ਨਹੀਂ ਅੱਜ ਜਾਂ ਕੱਲ੍ਹ ਜਾਣ ਵਾਲੀ ਹੈ ਤਾਂ ਮਨੁੱਖ ਲਈ ਇਸ ਜ਼ਿੰਦਗੀ ਦਾ ਹਾਸਲ ਕੀ ਹੋਇਆ ?'
       ਉਸ ਦੇ ਕੁਝ ਚੇਲਿਆਂ ਨੇ ਆਪਣੇ-ਆਪਣੇ ਢੰਗ ਨਾਲ ਇਸ ਸਵਾਲ ਦੇ ਜਵਾਬ ਦਿੱਤੇ। ਪਰ ਉਹ ਦਾਰਸ਼ਨਿਕ ਚੁੱਪ ਰਿਹਾ। ਅਖੀਰ ਚੇਲਿਆਂ ਵਲੋਂ ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਜ਼ਿੰਦਗੀ ਦਾ ਹਾਸਲ ਕੀ ਹੈ? ਤਾਂ ਇਸ ਸਵਾਲ ਦਾ ਜੋ ਜਵਾਬ ਉਸ ਦਾਰਸ਼ਨਿਕ ਨੇ ਦਿੱਤਾ ਉਹ ਸਾਡੇ ਸਭ ਲਈ ਬੜਾ ਮੁੱਲਵਾਨ ਹੈ। ਉਸ ਕਿਹਾ, 'ਜ਼ਿੰਦਗੀ ਦਾ ਹਾਸਲ ਇਹ ਹੈ ਕੋਈ ਮਨੁੱਖ ਇਸ ਧਰਤੀ 'ਤੇ ਕਿਵੇਂ ਵਿਚਰਿਆ, ਕਿਵੇਂ ਜੀਵਿਆ।'
      ਅਸੀਂ ਸਾਰੇ ਇਸ ਜ਼ਮੀਨ 'ਤੇ ਕੁਝ ਸਮਾਂ ਰਹਿਣ ਲਈ ਆਏ ਹਾਂ। ਸਾਡਾ ਇੱਥੇ ਹੋਣ ਦਾ ਇਕ ਨਿਸਚਿਤ ਸਮਾਂ ਹੈ। ਡਾਕਟਰੀ ਵਿਗਿਆਨ ਨੇ ਮਨੁੱਖ ਦੀ ਔਸਤ ਉਮਰ ਵਿਚ ਵਾਧਾ ਕੀਤਾ ਹੈ। ਹੋ ਸਕਦਾ ਹੈ ਕਿ ਕੱਲ੍ਹ ਨੂੰ ਡਾਕਟਰੀ ਵਿਗਿਆਨ ਮਨੁੱਖ ਦੀ ਜ਼ਿੰਦਗੀ ਨੂੰ ਦੋ ਜਾਂ ਢਾਈ ਸੌ ਸਾਲ ਵੀ ਲੰਬਾ ਕਰ ਲਵੇ ਤਾਂ ਵੀ ਮੌਤ ਅਟੱਲ ਹੈ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਮਨੁੱਖ ਦਾ ਧਰਤੀ 'ਤੇ ਹੋਣਾ ਕੇਵਲ ਉਹਦੇ ਆਪਣੇ ਆਪ ਲਈ ਹੀ ਨਹੀਂ ਹੁੰਦਾ, ਉਸ ਦੇ ਜ਼ਿੰਮੇ ਵੱਡੇ ਫਰਜ਼ ਲੱਗੇ ਹੁੰਦੇ ਹਨ, ਉਸ ਨੇ ਆਪਣੇ ਜੀਵਨ ਦੌਰਾਨ ਆਪਣੇ ਫ਼ਰਜ਼ਾਂ ਨੂੰ ਸਮਰਪਿਤ ਹੋਣਾ ਹੁੰਦਾ ਹੈ। ਸਾਡੇ ਜੀਵਨ ਦਾ ਹਾਸਲ, ਸਾਡੇ ਜੀਵਨ ਦੀ ਸਫਲਤਾ, ਇਸ ਵਿਚ ਹੈ ਕਿ ਅਸੀਂ ਆਪਣੇ ਜੀਵਨ ਕਾਲ ਦੌਰਾਨ ਆਪਣੇ ਫ਼ਰਜ਼ਾਂ ਨੂੰ ਕਿੱਥੋਂ ਤੱਕ ਪੂਰਾ ਕੀਤਾ? ਸਾਡਾ ਸਰੀਰ ਸਾਡਾ ਵਜੂਦ ਕੇਵਲ ਸਾਡਾ ਨਹੀਂ ਕਿ ਅਸੀਂ ਇਸ ਨਾਲ ਜਿਵੇਂ ਮਰਜ਼ੀ ਵਿਹਾਰ ਕਰੀਏ, ਜੋ ਮਰਜ਼ੀ ਖਾਈਏ ਪੀਵੀਏ, ਜਿੱਥੇ ਮਰਜ਼ੀ ਜਾਈਏ ਰਹੀਏ। ਸਾਡੇ ਵਜੂਦ ਦੇ ਫ਼ਰਜ਼ਾਂ ਦਾ ਫੈਲਾਅ ਸਾਡੇ ਆਪਣੇ ਆਪ ਤੋਂ ਸ਼ੁਰੂ ਹੋ ਕੇ ਘਰ ਪਰਿਵਾਰ, ਰਿਸ਼ਤੇਦਾਰ, ਸਮਾਜ ਅਤੇ ਇਸ ਤੋਂ ਅਗਾਂਹ ਇਸ ਧਰਤੀ ਦੇ ਹਵਾ, ਪਾਣੀ, ਮਿੱਟੀ ਤੱਕ ਹੈ। ਸਾਡੇ ਫ਼ਰਜ਼ਾਂ ਦਾ ਦਾਇਰਾ ਆਪਣੇ ਫ਼ਿਰਕੇ ਜਾਤ ਧਰਮ ਤੱਕ ਹੀ ਨਹੀਂ ਬਲਕਿ ਵਿਸ਼ਵ ਦੇ ਹਰ ਨਾਗਰਿਕ ਤੱਕ ਹੈ।
       ਮਨੁੱਖ ਦੇ ਫ਼ਰਜ਼ਾਂ ਦੇ ਦਾਇਰੇ ਨੂੰ ਦਰਸਾਉਂਦੀ ਕੀਨੀਆ ਦੀ ਇਕ ਬੜੀ ਪ੍ਰਸਿੱਧ ਕਹਾਵਤ ਹੈ, 'ਧਰਤੀ ਦੀ ਸੰਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਇਹ ਸਾਡੇ ਮਾਪਿਆਂ ਤੋਂ ਮਿਲਿਆ ਤੋਹਫ਼ਾ ਨਹੀਂ। ਇਹ ਤਾਂ ਤੁਹਾਡੇ ਬੱਚਿਆਂ ਦੀ ਅਮਾਨਤ ਹੈ।'
      ਜ਼ਿੰਦਗੀ ਦੇ ਮਕਸਦ ਨੂੰ ਸਮਝਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੀ ਮਹੱਤਤਾ ਨੂੰ ਸਮਝ ਲਈਏ। ਬਹੁਤ ਸਾਰੇ ਲੋਕ ਜ਼ਿੰਦਗੀ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਇਹ ਕੋਈ ਸ਼ੁਗਲ ਮੇਲਾ ਕਰਨ ਵਾਲੀ ਸ਼ੈਅ ਹੋਵੇ। ਵਿਹਲੇ ਲੋਕ ਆਪਣੇ ਮਨ, ਤਨ ਤੋਂ ਇਲਾਵਾ ਸਮਾਜ ਵਿਚ ਵੀ ਵਿਕਾਰ ਪੈਦਾ ਕਰਨ ਦਾ ਜ਼ਰੀਆ ਬਣਦੇ ਹਨ। ਪੰਜਾਬੀ ਦੀ ਕਹਾਵਤ ਹੈ 'ਵਿਹਲਾ ਮਨ ਸ਼ੈਤਾਨ ਦਾ ਘਰ।' ਅੱਜ ਸਮਾਜ ਦੀ ਬਹੁਗਿਣਤੀ ਕੋਲ ਮੋਬਾਈਲ ਨੈੱਟਵਰਕ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਸਵੇਰ ਤੋਂ ਸ਼ਾਮ ਤੱਕ ਕਈ-ਕਈ ਘੰਟੇ ਸਕਰੀਨ 'ਤੇ ਬੇਵਜ੍ਹਾ ਉਂਗਲਾਂ ਮਾਰਨ ਨੂੰ ਹੀ ਆਪਣਾ ਰੁਝੇਵਾਂ ਸਮਝ ਲਿਆ ਹੈ। ਮੋਬਾਈਲ ਨੈੱਟਵਰਕ ਦੀ ਹੱਦੋਂ ਵੱਧ ਵਰਤੋਂ ਹੁਣ ਨਵੇਂ ਸੰਕਟਾਂ ਨੂੰ ਜਨਮ ਦੇ ਰਹੀ ਹੈ। ਸਾਡੇ ਰੁਝੇਵੇਂ ਉਸਾਰੂ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਾਡੇ ਅੰਦਰ ਖੁਸ਼ੀ ਅਤੇ ਪਰਿਵਾਰ ਤੇ ਸਮਾਜ ਵਿਚ ਖੁਸ਼ਹਾਲੀ ਪੈਦਾ ਹੋਵੇ। ਇਸ ਸਭ ਕੁਝ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੀ ਕਦਰ ਕਰਨੀ ਸਿੱਖੀਏ। ਸਮੇਂ ਦੀ ਸੁਯੋਗ ਵਰਤੋਂ ਕਰਕੇ ਹੀ ਅਸੀਂ ਆਪਣੇ ਸੁਪਨਿਆਂ ਨੂੰ ਉਡਾਰੂ ਬਣਾ ਸਕਦੇ ਹਾਂ। ਸਾਡੇ ਕੁਝ ਹੋਣ ਵਿਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ਨਿਰਾਸ਼ਾਵਾਦੀ ਨਜ਼ਰੀਆ। ਨਿਰਾਸ਼ਾਵਾਦੀ ਮਨੁੱਖ ਸੋਚਦਾ ਹੈ ਕਿ ਉਹ ਕੁਝ ਨਹੀਂ ਕਰ ਸਕਦਾ। ਜ਼ਿੰਦਗੀ ਦਾ ਹਰ ਸਾਕਾਰਾਤਮਿਕ ਪੱਖ ਵੀ ਉਸ ਨੂੰ ਨਕਾਰਾਤਮਿਕ ਲਗਦਾ ਹੈ। ਉਹ ਸੋਚਦੇ ਹਨ ਕਿ ਉਹ ਕੀ ਕਰ ਸਕਦੇ ਹਨ? ਦੁਨੀਆ ਦਾ ਸਾਰਾ ਤਾਣਾ-ਬਾਣਾ ਹੀ ਵਿਗੜਿਆ ਪਿਆ ਹੈ। ਉਹ ਇਸ ਗੱਲ ਨੂੰ ਨਹੀਂ ਸਮਝ ਰਹੇ ਹੁੰਦੇ ਕਿ ਇਸ ਸਾਰੇ ਤਾਣੇ-ਬਾਣੇ ਦੀ ਇਕ ਤੰਦ ਉਹ ਆਪ ਵੀ ਹਨ। ਅਸੀਂ ਆਪਣੇ ਆਪ ਵਿਚ ਆਸ਼ਾਵਾਦੀ ਰਹੀਏ। ਸਾਡੇ ਕੋਲ ਅਜਿਹੇ ਮਹਾਨ ਮਨੁੱਖਾਂ ਦੀਆਂ ਅਨੇਕਾਂ ਮਿਸਾਲਾਂ ਹਨ ਜਿਨ੍ਹਾਂ ਦੀ ਸਾਕਾਰਾਤਮਿਕ ਸੋਚ ਅਤੇ ਹੱਥਾਂ ਦੀ ਬਖਸ਼ਿਸ਼ ਨੇ ਹਜ਼ਾਰਾਂ ਲੋੜਵੰਦ ਅਤੇ ਵਿਲਕਦੇ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ। ਰੱਬ ਨੂੰ ਅੱਜ ਤੱਕ ਕਿਸੇ ਨੇ ਵੇਖਿਆ ਹੈ ਜਾਂ ਨਹੀਂ ਇਸ ਬਾਰੇ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਨਸਾਨਾਂ ਦੇ ਭੇਸ 'ਚ ਰੱਬ ਨੂੰ ਦੇਖਿਆ ਜਾ ਸਕਦਾ ਹੈ। ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਜਦੋਂ 1947 ਦੇ ਉਜਾੜੇ ਦੌਰਾਨ ਪਾਕਿਸਤਾਨ ਤੋਂ ਸ੍ਰੀ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੇ ਹੱਥ ਖਾਲੀ ਸਨ। ਪੈਸਾ-ਧੇਲਾ, ਘਰ-ਪਰਿਵਾਰ ਕੁਝ ਵੀ ਨਹੀਂ ਸੀ ਉਨ੍ਹਾਂ ਕੋਲ। ਪਰ ਇਸ ਸਭ ਕੁਝ ਦੇ ਬਾਵਜੂਦ ਦੁਨੀਆ ਦੀ ਇਕ ਸਭ ਤੋਂ ਵੱਡੀ ਦੌਲਤ ਉਨ੍ਹਾਂ ਕੋਲ ਸੀ। ਉਹ ਸੀ ਦੂਜਿਆਂ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ। ਉਨ੍ਹਾਂ ਦੇ ਸੀਨੇ ਅੰਦਰ ਇਕ ਸੰਵੇਦਨਸ਼ੀਲ ਹਿਰਦਾ ਸੀ ਜੋ ਮਜ਼ਲੂਮਾਂ, ਬੇਸਹਾਰਿਆਂ, ਦੁਖੀਆਂ ਲਈ ਧੜਕਦਾ ਸੀ। ਉਹਦੇ ਜ਼ਿਹਨ ਵਿਚ ਧੁੱਪ ਵਿਚ ਸੜਦੇ ਮਨੁੱਖਾਂ ਦੇ ਸਿਰਾਂ 'ਤੇ ਛਾਂ ਬਣ ਕੇ ਖੜ੍ਹਨ ਦੀ ਵੇਦਨਾ ਸੀ, ਜਿਸ ਨੇ ਉਨ੍ਹਾਂ ਨੂੰ ਦੁਨੀਆ ਵਿਚ ਮਹਾਨ ਬਣਾ ਦਿੱਤਾ। ਉਨ੍ਹਾਂ ਬਿਮਾਰੀਆਂ ਦੁਸ਼ਵਾਰੀਆਂ ਨਾਲ ਲਾਚਾਰ ਹੋਏ ਲੂਲੇ-ਲੰਗੜਿਆਂ, ਅਪਾਹਜਾਂ, ਲੋੜਵੰਦਾਂ, ਮਜ਼ਲੂਮਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਦੀ ਸੇਵਾ ਵਿਚ ਜੁਟ ਗਏ। ਇਕ ਸਾਈਕਲ ਰੇਹੜੀ ਤੇ ਫਿਰ ਟਾਂਗੇ ਤੋਂ ਸ਼ੁਰੂ ਹੋਇਆ ਸਫ਼ਰ ਇਕ ਵਿਸ਼ਾਲ ਪਿੰਗਲਵਾੜੇ ਵਿਚ ਤਬਦੀਲ ਹੋ ਗਿਆ। ਦੀਨ-ਦੁਨੀਆ ਦੀ ਸੇਵਾ ਦੇ ਸੰਕਲਪ ਨੂੰ ਜਿਵੇਂ ਭਗਤ ਪੂਰਨ ਸਿੰਘ ਜੀ ਨੇ ਸੱਚ ਕਰ ਵਿਖਾਇਆ ਇਸ ਤਰ੍ਹਾਂ ਦੀਆਂ ਮਿਸਾਲਾਂ ਦੁਨੀਆ ਵਿਚ ਬਹੁਤ ਘੱਟ ਹਨ। ਹੁਣ ਜਦੋਂ ਅਸੀਂ ਇਸ ਸਭ ਕੁਝ ਬਾਰੇ ਸੋਚਦੇ ਹਾਂ ਤਾਂ ਸਮਝਦੇ ਹਾਂ ਕਿ ਇਹ ਸਭ ਕੁਝ ਭਗਤ ਜੀ ਦੀ ਸਾਕਾਰਾਤਮਿਕ ਸੋਚ ਕਰਕੇ ਸੰਭਵ ਹੋ ਸਕਿਆ।
       ਦੁਨੀਆ ਦੇ ਮਹਾਨ ਦਾਰਸ਼ਨਿਕ ਸੁਕਰਾਤ ਨੇ ਇਕ ਬੜੀ ਖੂਬਸੂਰਤ ਗੱਲ ਕਹੀ ਹੈ- 'ਜੇਕਰ ਕੋਈ ਇਨਸਾਨ, ਆਪਣੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦੀ ਸਿਖਰ ਤੱਕ ਵਰਤੋਂ ਕਰਨ ਤੋਂ ਬਿਨਾਂ ਹੀ ਬੁੱਢਾ ਹੋ ਜਾਂਦਾ ਹੈ ਤਾਂ ਇਹ ਬੇਹੱਦ ਅਪਮਾਨਜਨਕ ਹੈ।'
       ਅਕਸਰ ਸਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਉਹ ਕੁਝ ਨਹੀਂ ਕਰ ਸਕਦੇ। ਸਾਡੇ ਕੋਲ ਕੋਈ ਸੱਤਾ ਸਾਧਨ ਜਾਂ ਲੋੜੀਂਦਾ ਧਨ ਨਹੀਂ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਅਸੀਂ ਜਿੱਥੇ ਹੁੰਦੇ ਹਾਂ ਉੱਥੇ ਖੜ੍ਹੇ ਵੀ ਕਿੰਨਾ ਕੁਝ ਕਰ ਸਕਦੇ ਹੁੰਦੇ ਹਾਂ। ਅਜੋਕੇ ਦੌਰ ਦਾ ਮਨੁੱਖ ਕੁਦਰਤ ਅਤੇ ਕੁਦਰਤੀ ਸਾਧਨਾਂ ਨਾਲ ਹੀ ਨਹੀਂ ਜ਼ਿੰਦਗੀ ਨਾਲ ਵੀ ਹਾਬੜਿਆਂ ਵਾਲਾ ਵਿਹਾਰ ਕਰਦਾ ਹੈ। ਅੱਜ ਦੀਆਂ ਰਾਜਨੀਤਕ, ਸਮਾਜਿਕ, ਭ੍ਰਿਸ਼ਟਾਚਾਰ, ਪ੍ਰਵਾਸ, ਲੜਾਈਆਂ-ਕਲੇਸ਼, ਬਿਮਾਰੀਆਂ, ਯੁੱਧ, ਰਿਸ਼ਤਿਆਂ ਦਾ ਵਿਗੜ ਰਿਹਾ ਤਾਣਾ-ਬਾਣਾ ਆਦਿ ਸਮੱਸਿਆਵਾਂ ਦਾ ਸਬੰਧ ਮਨੁੱਖ ਦੀ ਸਵਾਰਥੀ ਮਨੋਬਿਰਤੀ ਦਾ ਨਤੀਜਾ ਹੈ। ਮਨੁੱਖ ਨੇ ਜ਼ਿੰਦਗੀ ਪ੍ਰਤੀ ਆਸ਼ਾ ਨੂੰ ਗਵਾ ਲਿਆ ਹੈ। ਮਨੁੱਖ ਦੇ ਹਾਬੜੇਪਣ ਨੇ ਕਈ ਤਰ੍ਹਾਂ ਦੇ ਸਰੀਰਕ ਅਤੇ ਮਨੋਵਿਕਾਰਾਂ ਨੂੰ ਜਨਮ ਦਿੱਤਾ ਹੈ ਜਿਸ ਨਾਲ ਪੂਰੀ ਦੁਨੀਆ ਵਿਚ ਲੜਾਈਆਂ-ਝਗੜੇ, ਕਲੇਸ਼ ਅਤੇ ਮਾਰਾ ਮਾਰੀ ਵਧ ਰਹੀ ਹੈ। ਕੁਦਰਤ ਪ੍ਰਤੀ ਮਨੁੱਖ ਦਾ ਵਿਹਾਰ ਸਤਿਕਾਰ ਵਾਲਾ ਨਹੀਂ ਲੁੱਟ-ਖਸੁੱਟ ਵਾਲਾ ਹੈ। ਤਕਨੀਕੀ ਵਿਕਾਸ ਦੀ ਤੇਜ਼ ਗਤੀ ਨੇ ਵਾਤਾਵਰਨ ਦੀ ਬਰਬਾਦੀ ਦੇ ਨਾਲ-ਨਾਲ ਮਨੁੱਖ ਅੰਦਰਲੀ ਸਹਿਜਤਾ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ।
        ਦੁਨੀਆ ਭਰ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਜਿਹਾ ਮਨੁੱਖ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਸ ਨੂੰ ਰੋਟੀ, ਕੱਪੜਾ, ਮਕਾਨ ਹਾਸਲ ਕਰਨ ਦਾ ਗੁਰ ਆਉਂਦਾ ਹੋਵੇ। ਮਨੁੱਖ ਵਲੋਂ ਇਹ ਸਵਾਲ ਕੀਤਾ ਜਾਣਾ ਅਜੇ ਬਾਕੀ ਹੈ ਕਿ ਲੱਖਾਂ ਵਿੱਦਿਅਕ ਅਦਾਰਿਆਂ ਤੋਂ ਇਲਾਵਾ ਲੱਖਾਂ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਮੱਠਾਂ, ਡੇਰਿਆਂ, ਆਸ਼ਰਮਾਂ ਦੇ ਹੋਣ ਦੇ ਬਾਵਜੂਦ ਅਸੀਂ ਬਹੁਗਿਣਤੀ ਵਿਚ ਮਾਨਵਵਾਦੀ ਸੋਚ ਵਾਲੇ ਇਨਸਾਨ ਪੈਦਾ ਕਿਉਂ ਨਹੀਂ ਕਰ ਸਕੇ? ਸਾਡੀ ਧਰਤੀ, ਪਾਣੀ, ਮਿੱਟੀ ਅਤੇ ਇਸ ਦੁਨੀਆ ਨੂੰ ਚੰਗਾ ਬਣਾਉਣ ਦਾ ਫ਼ਿਕਰ ਕਰਨ ਵਾਲੇ ਕਿੱਧਰ ਚਲੇ ਗਏ? ਇਹ ਸੋਚਿਆ ਜਾਣਾ ਅਜੇ ਬਾਕੀ ਹੈ ਕਿ ਇਸ ਧਰਤੀ ਨੂੰ ਸਭ ਤੋਂ ਵੱਧ ਲੋੜ ਇਸ ਸਮੇਂ ਚੰਗੇ ਇਨਸਾਨਾਂ ਦੀ ਹੈ। ਇਹ ਸ਼ਾਇਦ ਉਦੋਂ ਸੰਭਵ ਹੋਵੇਗਾ ਜਦੋਂ ਦੁਨੀਆ ਭਰ ਦੇ ਸਕੂਲਾਂ-ਕਾਲਜਾਂ ਵਿਚ ਮਕੈਨੀਕਲ ਦਿਮਾਗ ਪੈਦਾ ਕਰਨ ਦੀ ਬਜਾਏ ਮਾਨਵੀ ਕਦਰਾਂ-ਕੀਮਤਾਂ 'ਤੇ ਵੱਧ ਜ਼ੋਰ ਦਿੱਤਾ ਜਾਵੇਗਾ। ਅੱਜ ਦੇ ਬਾਜ਼ਾਰੂ ਸੱਭਿਆਚਾਰ ਨੇ ਮਨੁੱਖ ਦੇ ਵਿਹਾਰ ਨੂੰ ਅਜਿਹਾ ਬਣਾ ਦਿੱਤਾ ਹੈ ਕਿ ਉਹ ਰੁਤਬੇ ਲਈ ਜਿਊਣ ਲੱਗ ਪਿਆ ਹੈ। ਇਹ ਮਨੋਬਿਰਤੀ ਹੀ ਸਾਡੀਆਂ ਸਭ ਤਰ੍ਹਾਂ ਦੀਆਂ ਬਿਮਾਰੀਆਂ ਦੁਸ਼ਵਾਰੀਆਂ ਦੀ ਜੜ੍ਹ ਹੈ। ਆਓ ਮਨੁੱਖ ਨਾਲ ਮਨੁੱਖਾਂ ਵਰਗਾ ਵਿਹਾਰ ਕਰਨਾ ਸਿੱਖੀਏ, ਆਪਣੇ ਆਪ, ਪਰਿਵਾਰ, ਸਮਾਜ ਤੋਂ ਅਗਾਂਹ ਇਸ ਧਰਤੀ ਲਈ ਜਿਊਣਾ ਸਿੱਖੀਏ। ਕੁਦਰਤ ਦਾ ਸਨਮਾਨ ਕਰੀਏ। ਉਦੋਂ ਜਦੋਂ ਅਸੀਂ ਇਸ ਧਰਤੀ 'ਤੇ ਨਹੀਂ ਹੋਵਾਂਗੇ ਤਾਂ ਸਾਡੀਆਂ ਅਗਲੀਆਂ ਨਸਲਾਂ ਨੂੰ ਸਾਡੇ 'ਅਖੌਤੀ ਸੱਭਿਅਕ' ਹੋਣ 'ਤੇ ਅਫ਼ਸੋਸ ਜ਼ਾਹਰ ਨਾ ਕਰਨਾ ਪਵੇ।
- ਜ਼ੀਰਾ/ ਸੰਪਰਕ ☬: 98550-51099

ਹੁਕਮਰਾਨ ਲੋਕਾਂ ਨੂੰ ਕਦੋਂ ਤੱਕ ਮਰਦੇ ਦੇਖਣਗੇ ? - ਗੁਰਚਰਨ ਸਿੰਘ ਨੂਰਪੁਰ

ਆਯੁਰਵੇਦ ਦੇ ਗ੍ਰੰਥਾਂ ਵਿਚ ਇਹ ਦਰਜ ਹੈ ਕਿ ਜਦੋਂ ਜਦੋਂ ਵੀ ਜਲਵਾਯੂ ਵਿਚ ਵੱਡੀਆਂ ਤਬਦੀਲੀਆਂ ਵਾਪਰਦੀਆਂ ਹਨ ਤਾਂ ਮਹਾਂਮਾਰੀ ਫੈਲਦੀ ਹੈ। ਅਸੀਂ ਜਿੱਥੇ ਆਪਣੇ ਸਮਿਆਂ ਵਿਚ ਜਲਵਾਯੂ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਵੇਖ ਰਹੇ ਹਾਂ, ਉੱਥੇ ਅਸੀਂ ਲੋਕਤੰਤਰਕ ਢੰਗ ਨਾਲ ਚੁਣੀਆਂ ਸਰਕਾਰਾਂ ਦੇ ਲੋਕਾਂ ਪ੍ਰਤੀ ਵਿਹਾਰ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਦੇ ਵੀ ਗਵਾਹ ਹਾਂ।
        ਪਿਛਲੇ ਸਾਲ ਜੋ ਡਰ ਅਤੇ ਸਹਿਮ ਦਾ ਮਾਹੌਲ ਸੀ ਉਹਨੂੰ ਅਸੀਂ ਹੁਣ ਹਕੀਕਤ ਵਿਚ ਬਦਲਿਆ ਦੇਖ ਰਹੇ ਹਾਂ। ਲੋਕ ਵੱਡੀ ਗਿਣਤੀ ਵਿਚ ਮਰ ਰਹੇ ਹਨ ਅਤੇ ਮਰ ਰਹੇ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ ਹੈ। ਹਸਪਤਾਲਾਂ ਵਿਚ ਬਿਮਾਰਾਂ ਅਤੇ ਸ਼ਮਸ਼ਾਨਘਾਟਾਂ ਵਿਚ ਲਾਸ਼ਾਂ ਦੀਆਂ ਲਾਈਨਾਂ ਲੱਗ ਗਈਆਂ ਹਨ। ਸਰਕਾਰੀ ਵਿਵਸਥਾ ਇਸ ਸਮੇਂ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਡੀਕ ਕਰ ਰਹੀ ਹੈ ਕਿ ਇਹ ਸਭ ਕੁਝ ਕੁਦਰਤੀ ਤੌਰ 'ਤੇ ਖ਼ਤਮ ਹੋ ਜਾਵੇ।
         ਪਿਛਲੇ ਸਾਲ ਕੋਵਿਡ ਦਾ ਇਕ ਉਹ ਦੌਰ ਸੀ ਜਦੋਂ ਅਸੀਂ ਦਰਵਾਜ਼ਿਆਂ ਦੇ ਹੈਂਡਲਾਂ ਨੂੰ ਸਾਫ਼ ਕਰ ਰਹੇ ਸੀ। ਅਸੀਂ ਪਿੰਡਾਂ, ਕਸਬਿਆਂ, ਦਫ਼ਤਰਾਂ ਇੱਥੋਂ ਤੱਕ ਵਾਹਨਾਂ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਸਪਰੇਆਂ ਕਰ ਰਹੇ ਸਾਂ। ਖ਼ਬਰਾਂ ਦਾ ਜ਼ਿਆਦਾ ਜ਼ੋਰ ਪੀ.ਪੀ.ਈ. ਕਿੱਟਾਂ 'ਤੇ ਸੀ। ਅਸੀਂ ਇਸ ਗੱਲ ਨੂੰ ਸਮਝਣ ਵਿਚ ਲੱਗੇ ਹੋਏ ਸੀ ਕਿ ਕੋਰੋਨਾ ਦਾ ਵਾਇਰਸ ਕਿੰਨੇ ਤਾਪਮਾਨ 'ਤੇ ਮਰਦਾ ਹੈ, ਕਿੱਥੋਂ ਇਸ ਨੂੰ ਅਗਾਂਹ ਫੈਲਣ ਲਈ ਖੁਰਾਕ ਮਿਲਦੀ ਹੈ। ਅੱਜ ਅਜਿਹਾ ਨਹੀਂ ਹੋ ਰਿਹਾ। ਇਸ ਦਾ ਭਾਵ ਇਹ ਹੈ ਕਿ ਅਸੀਂ ਅਜੇ ਤੱਕ ਕੋਵਿਡ-19 ਦੇ ਸੁਭਾਅ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਸਾਨੂੰ ਦੱਸਿਆ ਗਿਆ ਕਿ ਵੈਕਸੀਨ ਬਚਾਅ ਲਈ ਬੇਹੱਦ ਜ਼ਰੂਰੀ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਤੁਹਾਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਇਹ ਸਭ ਕੁਝ ਦਰਸਾਉਂਦਾ ਹੈ ਕਿ ਕੋਵਿਡ ਵਾਇਰਸ ਸੁਭਾਅ ਅਤੇ ਇਸ ਦੇ ਇਲਾਜ ਸਬੰਧੀ ਬਹੁਤ ਕੁਝ ਅਜਿਹਾ ਹੈ, ਜਿਸ ਨੂੰ ਸਮਝਿਆ ਜਾਣਾ ਅਜੇ ਬਾਕੀ ਹੈ।
       ਇਸ ਸਮੇਂ ਸਰਕਾਰ ਦਾ ਬਿਮਾਰਾਂ ਪ੍ਰਤੀ ਰਵੱਈਆ ਬੇਹੱਦ ਨਿਰਾਸ਼ਾਜਨਕ ਹੈ। ਮਹਾਂਮਾਰੀ ਨਾਲ ਮਰਦੇ ਲੋਕਾਂ ਨੂੰ ਬਚਾਉਣ ਦੀ ਬਜਾਏ ਕੇਂਦਰ ਅਤੇ ਰਾਜ ਸਰਕਾਰਾਂ ਵੇਖੋ ਤੇ ਉਡੀਕ ਕਰੋ ਦੀ ਰਣਨੀਤੀ 'ਤੇ ਚੱਲ ਰਹੀਆਂ ਹਨ। ਦੇਸ਼ ਵਿਚ ਕੋਰੋਨਾ ਦੇ ਸੰਕਰਮਣ ਨੂੰ ਫੈਲਾਉਣ ਲਈ ਆਪਣੇ ਸੌੜੇ ਸਿਆਸੀ ਹਿਤਾਂ ਲਈ ਵੱਖ-ਵੱਖ ਰਾਜਸੀ ਪਾਰਟੀਆਂ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਹਾਲਾਤ ਇਸ ਸਮੇਂ ਇਹ ਹਨ ਕਿ ਸਰਕਾਰ ਨੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਤਾਂ ਕੀ ਫੜਨੀ ਸੀ, ਜੋ ਸਰਕਾਰ ਵਿਸ਼ਵ ਗੁਰੂ ਹੋਣ ਦੇ ਦਾਅਵੇ ਕਰ ਰਹੀ ਸੀ ਉਹ ਸਰਕਾਰ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਵਿਚ ਵੀ ਨਾਕਾਮ ਰਹੀ ਹੈ। 24 ਘੰਟਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ 4 ਹਜ਼ਾਰ ਤੋਂ ਉੱਪਰ ਚਲਾ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਈ ਹਸਪਤਾਲਾਂ ਦੀਆਂ ਉਦਾਹਰਨਾਂ ਹਨ, ਜਿੱਥੇ ਆਕਸੀਜਨ ਨਾ ਮਿਲਣ ਕਾਰਨ ਅਨੇਕਾਂ ਲੋਕਾਂ ਦੀ ਮੌਤ ਹੋ ਗਈ। ਇਲਾਜ ਤਾਂ ਦੂਰ ਜਿਸ ਸਰਕਾਰ ਦੇ ਸ਼ਾਸਨ ਕਾਲ ਵਿਚ ਲੋਕ ਆਕਸੀਜਨ ਖੁਣੋਂ ਮਰ ਰਹੇ ਹੋਣ ਉਸ ਦੀ ਇਸ ਤੋਂ ਵੱਡੀ ਨਾਕਾਮੀ ਕੀ ਹੋ ਸਕਦੀ ਹੈ ਭਲਾ? ਸਰਕਾਰ ਦਾ ਸਾਰਾ ਜ਼ੋਰ ਆਪਣੇ ਅਕਸ ਨੂੰ ਬਚਾਉਣ 'ਤੇ ਲੱਗਾ ਹੋਇਆ ਹੈ ਜਿੱਥੇ ਕੁਝ ਸਮਾਂ ਪਹਿਲਾਂ ਟੀ. ਵੀ. ਚੈਨਲ ਸਾਨੂੰ ਬਿਮਾਰੀ ਦੇ ਵੱਡੇ-ਵੱਡੇ ਅੰਕੜੇ ਵਿਖਾ ਰਹੇ ਸਨ ਉਹ ਹੁਣ ਨੈਗੇਟਿਵ ਹੋਏ ਕੇਸਾਂ ਨੂੰ ਵਧਾ-ਚੜ੍ਹਾ ਕੇ ਦੱਸਣ ਲੱਗ ਪਏ ਹਨ ਪਰ ਬਲਦੇ ਸਿਵਿਆਂ ਅਤੇ ਦਰਿਆਵਾਂ ਵਿਚ ਰੁੜ੍ਹ ਕੇ ਆ ਰਹੀਆਂ ਲਾਸ਼ਾਂ ਦਾ ਕੀ ਕਰੋਗੇ? ਪੰਜ ਰਾਜਾਂ ਵਿਚ ਵਿਧਾਨ ਸਭਾ ਅਤੇ ਉੱਤਰ ਪ੍ਰਦੇਸ਼ ਵਿਚ ਹੋਈਆਂ ਪੰਚਾਇਤੀ ਚੋਣਾਂ ਨੇ ਸਥਿਤੀ ਨੂੰ ਵਿਸਫੋਟਕ ਬਣਾ ਦਿੱਤਾ। ਇਸ ਤੋਂ ਇਲਾਵਾ ਕੁੰਭ ਮੇਲੇ ਦੌਰਾਨ ਲੱਖਾਂ ਲੋਕਾਂ ਦੀ ਭੀੜ ਅਤੇ ਕਈ ਦਿਨ ਅਗਾਊਂ ਚਲਦੀਆਂ ਰਹੀਆਂ ਮੇਲੇ ਦੀਆਂ ਤਿਆਰੀਆਂ ਲਈ ਸੈਂਕੜੇ ਕਾਮਿਆਂ ਵਲੋਂ ਮਿਲ ਕੇ ਮੇਲੇ ਲਈ ਕੀਤੇ ਪ੍ਰਬੰਧ ਨੇ ਕੋਰੋਨਾ ਦੇ ਫੈਲਾਅ ਲਈ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਸਭ ਸਰਗਰਮੀਆਂ ਨਾਲ ਕੋਰੋਨਾ ਨੇ ਭੀੜ-ਭੜੱਕੇ ਵਾਲੇ ਸ਼ਹਿਰਾਂ ਤੋਂ ਅਗਾਂਹ ਜਾ ਕੇ ਪਿੰਡਾਂ ਤੱਕ ਆਪਣੇ ਪੈਰ ਪਸਾਰ ਲਏ ਹਨ।
          ਹਾਲਾਤ ਹੁਣ ਇਹ ਬਣ ਗਏ ਹਨ ਕਿ ਕਈ ਥਾਵਾਂ 'ਤੇ ਲਾਸ਼ਾਂ ਨੂੰ ਜਲਾਉਣ ਲਈ ਲੱਕੜਾਂ ਦਾ ਪ੍ਰਬੰਧ ਨਹੀਂ ਹੋ ਰਿਹਾ। ਲਾਸ਼ਾਂ ਦਰਿਆਵਾਂ ਵਿਚ ਸੁੱਟੀਆਂ ਜਾ ਰਹੀਆਂ ਹਨ। ਇਕੱਲੀ ਗੰਗਾ ਨਦੀ ਵਿਚ ਵੱਖ-ਵੱਖ ਥਾਵਾਂ ਤੋਂ 4000 ਤੋਂ ਵੱਧ ਲਾਸ਼ਾਂ ਰੁੜ੍ਹ ਕੇ ਆਈਆਂ ਹਨ। ਬਿਲਕੁਲ ਇਸੇ ਤਰ੍ਹਾਂ ਜਮਨਾ ਨਦੀ ਵਿਚ ਮ੍ਰਿਤਕ ਦੇਹਾਂ ਸੁੱਟੀਆਂ ਜਾ ਰਹੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਵੇਂ ਮਰੇ ਬੰਦੇ ਦੇ ਸਰੀਰ 'ਤੇ ਵੀ ਜੈਵਿਕ ਕਿਰਿਆਵਾਂ ਲੰਮਾ ਸਮਾਂ ਜਾਰੀ ਰਹਿੰਦੀਆਂ ਹਨ ਉਸੇ ਤਰ੍ਹਾਂ ਕੋਰੋਨਾ ਨਾਲ ਮਰੇ ਬੰਦੇ ਦੇ ਸਰੀਰ ਤੋਂ ਇਹ ਵਾਇਰਸ ਪਾਣੀ ਤੱਕ ਵੀ ਜਾ ਸਕਦਾ ਹੈ, ਇਹ ਪਾਣੀ ਵਿਚ ਕਿੰਨਾ ਸਮਾਂ ਜ਼ਿੰਦਾ ਰਹਿ ਸਕਦਾ ਹੈ? ਗਰਮੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਹੋਰ ਵਧ ਜਾਵੇਗੀ। ਭਵਿੱਖ ਵਿਚ ਜੇਕਰ ਹੋਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਪਾਣੀ ਹੋਰ ਦੂਸ਼ਿਤ ਹੁੰਦਾ ਹੈ ਤਾਂ ਇਸ ਪਾਣੀ ਦੇ ਪੀਣ ਨਾਲ ਪਾਣੀ ਵਿਚ ਰਹਿਣ ਵਾਲੇ ਜੀਵ ਜੰਤੂ, ਮਨੁੱਖਾਂ 'ਤੇ ਇਸ ਦਾ ਕੀ ਅਸਰ ਹੋਵੇਗਾ? ਇਸ ਸਬੰਧੀ ਸਾਡੇ ਕੋਲ ਕਿਸੇ ਤਰ੍ਹਾਂ ਦੀ ਪ੍ਰਪੱਕ ਜਾਣਕਾਰੀ ਜਾਂ ਪ੍ਰੋਗਰਾਮ ਨਹੀਂ ਹੈ। ਇਸ ਦੇ ਬਚਾਅ ਲਈ ਸਾਡੀਆਂ ਸਰਕਾਰਾਂ ਅਗਾਊਂ ਕੀ ਪ੍ਰਬੰਧ ਕਰ ਰਹੀਆਂ ਹਨ? ਬਿਮਾਰੀ ਸਬੰਧੀ ਸਰਕਾਰ ਦੀ ਫਿਕਰਮੰਦੀ ਜਿਵੇਂ ਹੋਣੀ ਚਾਹੀਦੀ ਸੀ ਉਹ ਕਿਸੇ ਪੱਖ ਤੋਂ ਵੀ ਨਜ਼ਰ ਨਹੀਂ ਆ ਰਹੀ। ਦੇਸ਼ ਵਿਚ ਸਿਹਤ ਸਹੂਲਤਾਂ ਦਾ ਹਾਲ ਤਾਂ ਏਨਾ ਨਿੱਘਰਿਆ ਹੋਇਆ ਹੈ ਕਿ ਕਈ ਸਿਹਤ ਕੇਂਦਰਾਂ ਵਿਚ ਕਈ ਸਾਲਾਂ ਤੋਂ ਕੋਈ ਸਟਾਫ ਹੀ ਨਹੀਂ ਗਿਆ, ਉੱਥੇ ਡੰਗਰ ਬੰਨ੍ਹੇ ਜਾਂਦੇ ਹਨ। ਕੁਝ ਸਰਕਾਰੀ ਹਸਪਤਾਲਾਂ ਦੇ ਕਮਰਿਆਂ ਵਿਚ ਤੂੜੀ ਭਰੀ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਕੁਝ ਹਸਪਤਾਲਾਂ ਵਿਚ ਵੈਂਟੀਲੇਟਰ ਮਸ਼ੀਨਾਂ ਹਨ ਪਰ ਇਨ੍ਹਾਂ ਨੂੰ ਚਲਾਉਣ ਵਾਲਾ ਸਟਾਫ ਨਹੀਂ ਹੈ। ਕਿਤੇ ਕਿਸੇ ਨੇਤਾ ਦੇ ਘਰ ਵੱਡੀ ਗਿਣਤੀ ਵਿਚ ਐਬੂਲੈਂਸ ਵੈਨਾਂ ਖੜ੍ਹੀਆਂ ਮਿਲਦੀਆਂ ਹਨ। ਡਾਕਟਰੀ ਸਾਮਾਨ, ਦਵਾਈਆਂ, ਪੀ ਪੀ ਈ ਕਿੱਟਾਂ ਦੀ ਵੱਡੀ ਘਾਟ ਹੈ। ਜੇਕਰ ਕਿਤੇ ਇਹ ਸਾਮਾਨ ਉਪਲਬਧ ਵੀ ਹੈ ਤਾਂ ਇਨ੍ਹਾਂ ਨੂੰ ਵਰਤਣ ਵਾਲਾ ਅਮਲਾ ਨਹੀਂ ਹੈ। ਜਦੋਂ ਇਹ ਪਤਾ ਸੀ ਕਿ ਸਿਰ 'ਤੇ ਵੱਡੀ ਆਫ਼ਤ ਆਈ ਹੋਈ ਹੈ ਅਤੇ ਇਹ ਕਿਸੇ ਵੀ ਸਮੇਂ ਭਿਆਨਕ ਰੂਪ ਅਖ਼ਤਿਆਰ ਕਰ ਸਕਦੀ ਹੈ ਤਾਂ ਕਿਉਂ ਨਹੀਂ ਅਗਾਊਂ ਪ੍ਰਬੰਧ ਕੀਤੇ ਗਏ। ਸਰਕਾਰੀ ਤੰਤਰ ਦਾ ਜੇਕਰ ਜ਼ੋਰ ਰਿਹਾ ਤਾਂ ਇਸੇ ਗੱਲ 'ਤੇ ਜ਼ੋਰ ਰਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਡੰਕਾ ਵੱਜਣ ਦੀਆਂ ਖ਼ਬਰਾਂ ਨੂੰ ਵੱਡੀਆਂ ਤੋਂ ਹੋਰ ਵੱਡੀਆਂ ਬਣਾਇਆ ਜਾਵੇ। 2020 ਦੇ ਲਾਕ ਡਾਊਨ ਦੌਰਾਨ ਦੇਸ਼ ਦੇ ਟੀ.ਵੀ. ਚੈਨਲਾਂ ਨੇ ਇਹ ਪ੍ਰਚਾਰ ਕੀਤਾ ਕਿ ਕੋਰੋਨਾ ਨਾਲ ਕਿਵੇਂ ਲੜਿਆ ਜਾਵੇ ਇਸ ਸਬੰਧੀ ਸਾਰੀ ਦੁਨੀਆ ਦੇ ਲੋਕ ਸਾਡੇ ਰਾਜ ਨੇਤਾਵਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਖ਼ਬਰਾਂ ਮਗਰੋਂ ਅਸੀਂ ਇਹ ਪ੍ਰਚਾਰ ਕੀਤਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਅਸੀਂ ਕੋਰੋਨਾ ਨਾਲ ਲੜਨ ਵਾਲੀਆਂ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਭੇਜ ਕੇ ਦੂਜੇ ਦੇਸ਼ਾਂ ਦੀ ਮਦਦ ਕਰ ਰਹੇ ਹਾਂ। ਫਿਰ ਇਹ ਖ਼ਬਰਾਂ ਸੁਣਨ ਨੂੰ ਮਿਲਣ ਲੱਗੀਆਂ ਕਿ ਕਿਹੜੇ-ਕਿਹੜੇ ਦੇਸ਼ਾਂ 'ਚੋਂ ਸਾਡੀ ਵੈਕਸੀਨ ਦੀ ਕਿੰਨੀ ਜ਼ਿਆਦਾ ਮੰਗ ਹੈ ਅਤੇ ਇਸ ਮੰਗ ਦੀ ਪੂਰਤੀ ਲਈ ਅਸੀਂ ਕਿਹੜੇ ਦੇਸ਼ਾਂ ਨਾਲ ਸਮਝੌਤਾ ਕਰ ਰਹੇ ਹਾਂ। ਦੇਸ਼ ਦੇ ਆਗੂਆਂ ਨੇ ਹਵਾਈ ਕਿਲ੍ਹਿਆਂ ਦੀ ਉਸਾਰੀ ਨਾਲ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਅਤੇ ਖ਼ਬਰਾਂ ਵਿਚ ਛਾਏ ਰਹਿਣ ਦੇ ਉਨ੍ਹਾਂ ਚਾਅ ਨੇ ਸਭ ਨੂੰ ਏਨਾ ਬੇਪ੍ਰਵਾਹ ਕਰ ਦਿੱਤਾ ਕਿ ਅਸੀਂ ਆਪਣੇ ਦੇਸ਼ ਦਾ ਫ਼ਿਕਰ ਕਰਨ ਦੀ ਬਜਾਏ ਦੁਨੀਆ ਦੇ ਹੋਰ ਦੇਸ਼ਾਂ ਦੇ ਫ਼ਿਕਰ ਦਾ ਵਿਖਾਵਾ ਕਰਨ ਲੱਗ ਪਏ। ਇਸ ਬੇਪ੍ਰਵਾਹੀ ਅਤੇ ਖ਼ਬਰਾਂ ਵਿਚ ਬਣੇ ਰਹਿਣ ਦੇ ਝੱਲ ਵਿਚ ਜਿੱਥੇ ਇਸ ਸਮੇਂ ਲੋਕਾਂ ਦਾ ਨਰਸੰਘਾਰ ਹੋ ਰਿਹਾ ਹੈ ਉੱਥੇ ਦੇਸ਼ ਬਰਬਾਦੀ ਦੇ ਕੰਢੇ ਆ ਖੜ੍ਹਾ ਹੋਇਆ ਹੈ। ਇਹ ਵੱਡੇ ਫ਼ਿਕਰ ਵਾਲੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਕੋਲ ਮਰ ਰਹੇ ਲੋਕਾਂ ਅਤੇ ਦੇਸ਼ ਨੂੰ ਬਰਬਾਦੀ ਤੋਂ ਬਚਾਉਣ ਲਈ ਕੋਈ ਪ੍ਰੋਗਰਾਮ ਨਹੀਂ। ਅਸੀਂ ਜੋ ਅਜੇ ਜਿਊਂਦੇ ਹਾਂ ਇਸ ਭਿਆਨਕ ਮੰਜ਼ਰ ਦੇ ਪ੍ਰਤੱਖ ਪਰ ਬੇਵੱਸ ਗਵਾਹ ਬਣ ਰਹੇ ਹਾਂ।
          ਚਾਹੀਦਾ ਤਾਂ ਇਹ ਸੀ ਕਿ ਪਿਛਲੇ ਸਾਲ ਜਦੋਂ ਬਿਮਾਰੀ ਪੈਰ ਪਸਾਰ ਰਹੀ ਸੀ, ਉਸ ਸਮੇਂ ਹੀ ਹਰ ਵੱਡੇ-ਛੋਟੇ ਹਸਪਤਾਲਾਂ ਵਿਚ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਦੀ ਵੱਡੀ ਪੱਧਰ 'ਤੇ ਭਰਤੀ ਕੀਤੀ ਜਾਂਦੀ। ਹਰ ਛੋਟੇ-ਵੱਡੇ ਸੈਂਟਰਾਂ ਵਿਚ ਕੋਰੋਨਾ ਵਾਰਡ ਸਥਾਪਤ ਕੀਤੇ ਜਾਂਦੇ, ਹਰ ਹਸਪਤਾਲ ਵਿਚ ਵੱਡੀ ਗਿਣਤੀ ਵਿਚ ਆਕਸੀਜਨ ਸਿਲੰਡਰ ਅਤੇ ਵੈਂਟੀਲੇਟਰਾਂ ਦੀ ਸਹੂਲਤ ਨੂੰ ਯਕੀਨੀ ਬਣਾਈ ਜਾਂਦੀ, ਹਰ ਹਸਪਤਾਲ ਵਿਚ ਬਿਮਾਰਾਂ ਨੂੰ ਰੱਖਣ ਲਈ ਨਵੇਂ ਵਾਰਡਾਂ ਅਤੇ ਬੈੱਡਾਂ ਦੀ ਵਿਵਸਥਾ ਕੀਤੀ ਜਾਂਦੀ ਪਰ ਅਫ਼ਸੋਸ ਜਦੋਂ ਦੇਸ਼ ਨੂੰ ਸੰਭਾਲਣ ਦਾ ਸਮਾਂ ਸੀ ਉਦੋਂ ਦੇਸ਼ ਦੀ ਅਗਵਾਈ ਕਰਨ ਵਾਲੇ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋਏ ਰਹੇ। ਆਕਸੀਜਨ ਲੈ ਕੇ ਜਾਣ ਵਾਲੀਆਂ ਜਿਹੜੀਆਂ ਰੇਲ ਗੱਡੀਆਂ ਹੁਣ ਲੋਕਾਂ ਨੂੰ ਟੀ. ਵੀ. 'ਤੇ ਵਿਖਾਈਆਂ ਜਾ ਰਹੀਆਂ ਹਨ, ਉਹ ਅੱਠ-ਦਸ ਮਹੀਨੇ ਪਹਿਲਾਂ ਦਿਸਣੀਆਂ ਚਾਹੀਦੀਆਂ ਸਨ। ਜਿਹੜੇ ਦੇਸ਼ ਨੂੰ ਹਸਪਤਾਲਾਂ, ਡਾਕਟਰਾਂ ਅਤੇ ਚੰਗੀਆਂ ਸਿਹਤ ਸਹੂਲਤਾਂ ਦੀ ਲੋੜ ਸੀ, ਉਸ ਦੇਸ਼ ਵਿਚ ਮੰਦਰ ਲਈ ਚੰਦਾ ਇਕੱਠਾ ਕਰਨ, ਨਵੀਂ ਸੰਸਦ ਬਣਾਉਣ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਣ ਲੱਗਾ ਕਿ ਦੇਸ਼ ਇਨ੍ਹਾਂ ਨਵੀਆਂ ਇਮਾਰਤਾਂ ਲਈ ਆਪਣੇ ਘਰਾਂ ਵਿਚ ਜਸ਼ਨ ਮਨਾ ਲੈਣ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਭਿਆਨਕ ਸਮੇਂ ਵਿਚ ਹਸਪਤਾਲਾਂ ਵਿਚ ਵੱਡੀ ਗਿਣਤੀ ਸਟਾਫ ਦੀ ਭਰਤੀ ਕਰੇ। ਲੋਕਾਂ ਨੂੰ ਬਚਾਉਣ ਲਈ ਲੋੜੀਂਦੀਆਂ ਦਵਾਈਆਂ ਅਤੇ ਡਾਕਟਰੀ ਸਾਜ਼ੋ-ਸਾਮਾਨ ਦੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ। ਬੇਕਾਰ ਹੋ ਗਏ ਲੋਕਾਂ ਨੂੰ ਦਰਗੁਜ਼ਰ ਕਰਨ ਲਈ ਨਗਦ ਪੈਸੇ ਦਿੱਤੇ ਜਾਣ। ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਤਾਂ ਕਿ ਉਹ ਸੁਰੱਖਿਅਤ ਆਪਣੇ ਘਰੀਂ ਜਾ ਸਕਣ। ਹਰ ਤਰ੍ਹਾਂ ਦੇ ਇਕੱਠਾਂ ਸਮਾਗਮਾਂ ਭਾਵੇਂ ਉਹ ਸਰਕਾਰੀ ਜਾਂ ਗ਼ੈਰ-ਸਰਕਾਰੀ ਹੋਣ 'ਤੇ ਤੁਰੰਤ ਰੋਕ ਲਾਈ ਜਾਵੇ। ਗ਼ਰੀਬਾਂ ਮਜ਼ਦੂਰਾਂ ਜਿਨ੍ਹਾਂ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ, ਦੇ ਇਲਾਜ ਲਈ ਉਨ੍ਹਾਂ ਦੀ ਤੁਰੰਤ ਮਾਲੀ ਮਦਦ ਕੀਤੀ ਜਾਵੇ। ਇਸ ਭਿਆਨਕ ਦੌਰ ਵਿਚ ਸਰਕਾਰ ਨੇ ਲੋਕਾਂ ਦੀ ਬਾਂਹ ਨਾ ਫੜੀ ਤਾਂ ਸਥਿਤੀ ਇਸ ਤੋਂ ਭਿਆਨਕ ਹੀ ਨਹੀਂ ਵਿਸਫੋਟਕ ਵੀ ਹੋ ਸਕਦੀ ਹੈ।
ਸੰਪਰਕ, : ਮੋਬਾਈਲ : 98550-51099


ਤੇਜੀ ਨਾਲ ਬਦਲਣ ਜਾ ਰਹੀ ਦੁਨੀਆਂ ਨਵੀਆਂ ਮੰਡੀਆਂ ਦੀ ਤਲਾਸ਼ - ਗੁਰਚਰਨ ਸਿੰਘ ਨੂਰਪੁਰ

ਪੀ.ਸੀ.ਓ., ਐਸ.ਟੀ.ਡੀ., ਕੈਸੇਟ ਪਲੇਅਰ, ਵੀ.ਸੀ.ਆਰ., ਪੇਜਰ, ਰੀਲ ਕੈਮਰਾ, ਫਿਲੌਪੀ ਡਿਸਕ, ਸੀ.ਡੀ., ਡੀ.ਵੀ.ਡੀ. ਇਹ ਸਭ ਏਨੀ ਛੇਤੀ ਕਿੱਧਰ ਗਏ? ਜਦੋਂ ਅਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਸੀ ਤਾਂ ਕੀ ਕਦੇ ਸੋਚਿਆ ਸੀ ਇਹ ਸਭ ਕੁਝ ਬੜੀ ਛੇਤੀ ਅਲੋਪ ਹੋ ਜਾਵੇਗਾ? ਬਿਲਕੁਲ ਇਸੇ ਤਰ੍ਹਾਂ ਅਗਲੇ ਕੁਝ ਹੀ ਸਮੇਂ ਦੌਰਾਨ ਬੜੀ ਛੇਤੀ ਦੁਨੀਆ ਵਿਚ ਕਈ ਵੱਡੀਆਂ ਤਬਦੀਲੀਆਂ ਵਾਪਰਨ ਜਾ ਰਹੀਆਂ ਹਨ। ਸਾਡੇ ਸ਼ਹਿਰਾਂ ਗਲੀ ਮੁਹੱਲਿਆਂ ਵਿਚ ਨਜ਼ਰ ਆਉਂਦੇ ਮੋਬਾਈਲ ਟਾਵਰ ਬੜੀ ਜਲਦੀ ਖ਼ਤਮ ਹੋ ਜਾਣਗੇ। ਡੀਜ਼ਲ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਥਾਂ ਇਲੈਕਟ੍ਰੈੱਕ ਕਾਰਾਂ ਤਾਂ ਸੜਕਾਂ 'ਤੇ ਚੱਲਣੀਆਂ ਵੀ ਸ਼ੁਰੂ ਹੋ ਗਈਆਂ ਹਨ। ਸੰਭਵ ਹੈ ਜਦੋਂ ਡੀਜ਼ਲ ਪੈਟਰੋਲ ਦੀ ਲੋੜ ਨਹੀਂ ਰਹੇਗੀ ਤਾਂ ਕਈ ਦਹਾਕਿਆਂ ਤੋਂ ਚੱਲ ਰਹੇ ਪੈਟਰੋਲ ਪੰਪਾਂ ਦੀ ਥਾਂ ਕਾਰ ਚਾਰਜਰ ਲੈ ਲੈਣਗੇ। ਆਉਣ ਵਾਲੇ ਕੁਝ ਸਾਲਾਂ ਤੱਕ ਹਰ ਘਰ ਆਪਣੀ ਵਰਤੋਂ ਲਈ ਆਪਣੀ ਬਿਜਲੀ ਆਪ ਪੈਦਾ ਕਰਨ ਦੇ ਸਮਰੱਥ ਹੋਵੇਗਾ। ਬਿਜਲੀ ਘਰ ਸਪਲਾਈ ਲਾਈਨਾਂ ਅਤੇ ਟ੍ਰਾਂਸਫਾਰਮਰ ਖੰਭੇ ਆਦਿ ਬਹੁਤ ਕੁਝ ਬੜੀ ਤੇਜ਼ੀ ਨਾਲ ਬਦਲ ਜਾਵੇਗਾ। ਇੱਥੋਂ ਤੱਕ ਕਿ ਬੜੀ ਜਲਦੀ ਹਵਾਈ ਅੱਡਿਆਂ ਤੇ ਜਹਾਜ਼ਾਂ ਦੀ ਥਾਂ ਆਵਾਜਾਈ ਦੇ ਅਤਿ ਆਧੁਨਿਕ ਸਾਧਨ ਵਿਕਸਤ ਹੋ ਜਾਣਗੇ ਇਸ ਤਰ੍ਹਾਂ ਬਹੁਤ ਕੁਝ ਬੀਤੇ ਦੀ ਬਾਤ ਬਣ ਕੇ ਰਹਿ ਜਾਵੇਗਾ। ਜਿਵੇਂ ਅੱਜ ਤੋਂ ਚਾਰ ਦਹਾਕੇ ਪਹਿਲਾਂ ਜਦੋਂ ਕਿਸੇ ਨੂੰ ਇਹ ਕਿਹਾ ਜਾਂਦਾ ਸੀ ਕਿ ਭਵਿੱਖ ਵਿਚ ਵੀਡੀਓ ਕਾਲ ਸੰਭਵ ਹੋਵੇਗੀ ਤਾਂ ਇਹ ਬਹੁਤ ਸਾਰੇ ਲੋਕਾਂ ਦੇ ਮੰਨਣ ਵਿਚ ਨਹੀਂ ਸੀ ਆਉਂਦਾ ਪਰ ਅੱਜ ਇਹ ਸੰਭਵ ਹੈ ਇਸੇ ਤਰ੍ਹਾਂ ਇਹ ਸਭ ਕੁਝ ਵੀ ਸਾਡੇ 'ਚੋਂ ਕੁਝ ਨੂੰ ਅਸੰਭਵ ਲਗਦਾ ਹੋਵੇਗਾ। ਪਰ ਭਵਿੱਖ ਵਿਚ ਇਹ ਸਭ ਕੁਝ ਕੁ ਸਾਲਾਂ ਵਿਚ ਬੜੀ ਜਲਦੀ ਵਾਪਰਨ ਵਾਲਾ ਹੈ।

ਕਿਵੇਂ ਸੰਭਵ ਹੋਵੇਗਾ

ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਲੋਕਾਂ ਨੂੰ ਸੁਚੱਜੀ ਵਿਗਿਆਨਕ ਤਕਨਾਲੋਜੀ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ ਅਮਰੀਕੀ ਰਾਕਟ ਵਿਗਿਆਨੀ ਈਲੋਨ ਮਸਕ ਨੇ। ਈਲੋਨ ਮਸਕ ਜਿਸ ਨੂੰ ਇਸ ਸਦੀ ਦਾ ਸਭ ਤੋਂ ਮਹਾਨ ਵਿਅਕਤੀ ਮੰਨਿਆ ਜਾ ਰਿਹਾ ਹੈ, ਦਾ ਮੰਨਣਾ ਹੈ ਕਿ 'ਸਮੱਸਿਆ ਆਪਣੇ ਆਪ ਵਿਚ ਕੋਈ ਚੁਣੌਤੀ ਨਹੀਂ ਹੁੰਦੀ ਬਲਕਿ 'ਹੱਲ ਲੱਭਣਾ' ਵੱਡੀ ਚੁਣੌਤੀ ਹੁੰਦੀ ਹੈ।' ਘਰ ਫੂਕ ਤਮਾਸ਼ਾ ਵੇਖਣ ਵਾਲੇ ਇਸ ਸ਼ਖ਼ਸ ਨੂੰ ਕਈ ਕੰਪਨੀਆਂ 'ਚੋਂ ਕੱਢਿਆ ਗਿਆ ਹੈ। ਉਸ ਦੇ ਅਜਿਹੇ ਨੁਕਸਾਨ ਵੀ ਹੋਏ ਜਦੋਂ ਕੋਲ ਕੁਝ ਵੀ ਨਾ ਬਚਿਆ ਪਰ ਇਸ ਸਭ ਕੁਝ ਦੇ ਬਾਵਜੂਦ ਅੱਜ ਉਹ ਦੁਨੀਆ ਦਾ ਵੱਡਾ ਅਮੀਰ ਵਿਅਕਤੀ ਹੈ। ਉਸ ਦੀ ਜੀਵਨੀ ਇਕ ਕਾਲਪਨਿਕ ਫ਼ਿਲਮੀ ਕਹਾਣੀ ਜਿਹੀ ਹੈ। ਬੇਸ਼ੱਕ ਪੂੰਜੀਪਤੀਆਂ ਦੀ ਵੱਡੀ ਤਰਜੀਹ ਆਪਣੇ ਮੁਨਾਫ਼ੇ ਹੁੰਦੀ ਹੈ। ਭਵਿੱਖ ਵਿਚ ਈਲਨ ਮਸਕ ਦੀਆਂ ਕੀ ਤਰਜੀਹਾਂ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੁਣ ਤੱਕ ਅਸੀਂ ਕਹਿ ਸਕਦੇ ਹਾਂ ਕਿ ਟੇਡੇ ਢੰਗ ਨਾਲ ਸਰਕਾਰਾਂ ਨਾਲ ਮਿਲ ਕੇ ਅਤੇ ਜਨਤਕ ਸਾਧਨਾਂ ਨੂੰ ਲੁੱਟ ਕੇ ਅਮੀਰ ਹੋਣ ਵਿਚ ਉਹਦਾ ਵਿਸ਼ਵਾਸ ਨਹੀਂ ਹੈ। ਉਹਦੀ ਕਹਾਣੀ ਧਰਤੀ ਤੋਂ ਨਹੀਂ ਬਲਕਿ ਤਾਰਿਆਂ ਗ੍ਰਹਿਾਂ ਤੋਂ ਸ਼ੁਰੂ ਹੁੰਦੀ ਹੈ। ਈਲੋਨ ਮਸਕ ਦੀਆਂ ਕੁਝ ਮਸ਼ਹੂਰ ਕੰਪਨੀਆਂ ਨੇ ਇਸ ਸਮੇਂ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਹੈ ਅਤੇ ਵੇਖਣਾ ਇਹ ਹੋਵੇਗਾ ਦੁਨੀਆ ਦੇ ਕਾਰੋਬਾਰੀ ਉਸ ਵਲੋਂ ਈਜਾਦ ਕੀਤੀ ਤਕਨੀਕ ਦਾ ਮੁਕਾਬਲਾ ਕਿਵੇਂ ਕਰਦੇ ਹਨ?

 

ਟੈਸਲਾ ਮੋਟਰ

ਈਲੋਨ ਮਸਕ ਦੀ ਕੰਪਨੀ ਟੈਸਲਾ ਮੋਟਰ ਦੀ ਇਸ ਸਮੇਂ ਪੂਰੀ ਦੁਨੀਆ ਵਿਚ ਧੁੰਮ ਪਈ ਹੋਈ ਹੈ। ਇਸ ਨਾਲ ਪੈਟਰੋਲ ਡੀਜ਼ਲ ਦਾ ਰਵਾਇਤੀ ਚੱਕਰ ਹੀ ਖ਼ਤਮ ਹੋਣ ਜਾ ਰਿਹਾ ਹੈ। ਧਰਤੀ ਪ੍ਰਦੂਸ਼ਣ ਮੁਕਤ ਹੋਣ ਲੱਗੇਗੀ। ਟੈਸਲਾ ਮੋਟਰ ਦੀਆਂ ਕਾਰਾਂ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਬਲਕਿ ਚਾਰ ਰੱਤੀਆਂ ਅੱਗੇ ਹਨ। ਇੱਥੇ ਹੀ ਬੱਸ ਨਹੀਂ ਈਲੋਨ ਮਸਕ ਦੀ ਟੈਸਲਾ ਮੋਟਰ ਵਲੋਂ ਡਰਾਈਵਰਲੈੱਸ ਕਾਰਾਂ ਬਣਾਈਆਂ ਜਾ ਰਹੀਆਂ ਹਨ, ਜੋ ਅਗਲੇ ਕੁਝ ਹੀ ਸਮੇਂ ਵਿਚ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਆਪਣੀ ਧੁੰਮ ਪਾਉਣਗੀਆਂ। ਇੱਥੇ ਵਰਣਨਯੋਗ ਹੈ ਕਿ ਟੈਸਲਾ ਕਾਰਾਂ ਦੀ ਮੰਗ ਦੁਨੀਆ ਵਿਚ ਤੇਜ਼ੀ ਨਾਲ ਵਧ ਰਹੀ ਹੈ। ਇਹ ਕਾਰਾਂ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਸਫਲਤਾਪੂਰਵਕ ਚੱਲਣੀਆਂ ਵੀ ਸ਼ੁਰੂ ਹੋ ਗਈਆਂ ਹਨ।

ਸਪੇਸਐਕਸ

ਇਹ ਦੁਨੀਆ ਦੀ ਪਹਿਲੀ ਅਜਿਹੀ ਕੰਪਨੀ ਹੈ, ਜੋ ਪੁਲਾੜ ਵਿਚ ਉਪ ਗ੍ਰਹਿ ਸਥਾਪਤ ਕਰਨ ਦੇ ਨਾਲ-ਨਾਲ ਰਾਕਟ ਬਣਾਉਣ ਲਈ ਕੰਮ ਕਰ ਰਹੀ ਹੈ। ਈਲੋਨ ਨੇ ਇਸ ਕੰਪਨੀ ਨਾਲ ਇਕ ਤੋਂ ਵੱਧ ਵਾਰ ਵਰਤੇ ਜਾਣ ਵਾਲਾ ਰਾਕਟ ਬਣਾ ਕੇ ਦੁਨੀਆ ਨੂੰ ਅਚੰਭੇ ਵਿਚ ਪਾ ਦਿੱਤਾ ਹੈ। ਦੁਨੀਆ ਭਰ ਵਿਚ ਪਹਿਲੀ ਵਾਰ ਇਹ ਸਫਲਤਾ ਹਾਸਲ ਹੋਈ ਕਿ ਇਸ ਦੇ ਬਣਾਏ ਰਾਕਟ ਇਕ ਤੋਂ ਵੱਧ ਵਾਰ ਵਰਤੇ ਜਾ ਸਕਦੇ ਹਨ। ਇਸ ਕੰਪਨੀ ਦੀ ਮਦਦ ਨਾਲ ਜਿੱਥੇ ਧਰਤੀ ਦੁਆਲੇ ਈਲੋਨ ਮਸਕ ਨੇ ਉਪਗ੍ਰਹਿਆਂ ਦਾ ਜਾਲ ਬੁਣਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਭਵਿੱਖ ਵਿਚ ਇਸ ਦਾ ਕੰਮ ਮੰਗਲ ਗ੍ਰਹਿ 'ਤੇ ਮਾਨਵ ਬਸਤੀਆਂ ਵਸਾਉਣਾ ਵੀ ਹੈ। ਆਪਣੇ ਉਪਗ੍ਰਹਿ ਧਰਤੀ ਦੇ ਨੇੜੇ ਸਥਾਪਤ ਕਰਨ ਲਈ ਇਹ ਕੰਪਨੀ ਸਫਲਤਾ ਪੂਰਵਕ ਕੰਮ ਕਰ ਰਹੀ ਹੈ।

ਸਟਾਰਲਿੰਕ

ਸਪੇਸਐਕਸ ਕੰਪਨੀ ਦੀ ਮਦਦ ਨਾਲ ਈਲੋਨ ਮਸਕ ਨੇ ਇਕ ਨਵੀਂ ਕੰਪਨੀ ਸਟਾਰਲਿੰਕ ਬਣਾਈ ਹੈ, ਜਿਸ ਦਾ ਕੰਮ ਸਸਤੀ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਹਾਈਸਪੀਡ ਇੰਟਰਨੈੱਟ ਸੇਵਾ ਮੁਹੱਈਆ ਕਰਾਉਣੀ ਹੈ। ਸਟਾਰਲਿੰਕ ਨੇ ਭਾਰਤ ਵਿਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ, ਕੋਲਕਾਤਾ, ਬੰਗਲੌਰ, ਮੁੰਬਈ ਅਤੇ ਚੇਨਾਈ ਵਰਗੇ ਸ਼ਹਿਰਾਂ ਵਿਚ ਇਸ ਨੇ ਆਪਣੇ ਦਫ਼ਤਰ ਖੋਲ੍ਹ ਕੇ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਟਾਰਲਿੰਕ ਇੰਟਰਨੈੱਟ ਸੇਵਾ ਅਜਿਹੀ ਹਾਈ ਸਪੀਡ, ਵਾਇਰਲੈੱਸ ਸੇਵਾ ਹੋਵੇਗੀ ਜਿਸ ਦੇ ਮੁਕਾਬਲੇ ਇੰਟਰਨੈੱਟ ਸੇਵਾ ਮੁਹੱਈਆ ਕਰਾਉਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਆਂ ਇਸ ਦੇ ਨੇੜੇ-ਤੇੜੇ ਵੀ ਨਹੀਂ ਖੜ੍ਹ ਸਕਣਗੀਆਂ।

ਸੋਲਰਸਿਟੀ

ਇਸ ਕੰਪਨੀ ਦੀ ਸ਼ੁਰੂਆਤ 2016 ਵਿਚ ਕੀਤੀ ਗਈ। ਇਹ ਸੋਲਰ ਰੂਫ ਟਾਇਲ ਮੈਨੂਫੈਕਚਰਿੰਗ ਕੰਪਨੀ ਹੈ। ਇਸ ਰਾਹੀਂ ਈਲੋਨ ਮਸਕ ਦਾ ਸੁਪਨਾ ਹੈ ਕਿ ਅਸੀਂ ਧਰਤੀ ਤੋਂ ਕਾਰਬਨ ਡਾਇਆਕਸਾਈਡ ਦੀ ਮਾਤਰਾ ਨੂੰ ਕੰਟਰੋਲ ਵਿਚ ਮਦਦ ਮਿਲੇਗੀ। ਈਲੋਨ ਮਸਕ ਦੀ ਇਹ ਕੰਪਨੀ ਜੋ ਐਨਰਜੀ ਕਰੀਏਸ਼ਨ 'ਤੇ ਕੰਮ ਕਰਦੀ ਹੈ। ਬੜੀ ਤੇਜ਼ੀ ਨਾਲ ਸੂਰਜੀ ਊਰਜਾ ਨੂੰ ਕੰਟਰੋਲ ਕਰਕੇ ਘੱਟ ਤੋਂ ਘੱਟ ਲਾਗਤ ਵਿਚ ਬਿਜਲੀ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਇਹ ਕਾਫੀ ਹੱਦ ਤੱਕ ਸਫਲ ਵੀ ਹੈ। ਉਸ ਦੀ ਇਸ ਕੰਪਨੀ ਵਲੋਂ ਅਜਿਹੀਆਂ ਟਾਇਲਾਂ ਈਜਾਦ ਕੀਤੀਆਂ ਗਈਆਂ ਹਨ ਜੋ ਘਰਾਂ ਦੀਆਂ ਦੀਵਾਰਾਂ ਦੀ ਸਜਾਵਟ ਬਣਨ ਦੇ ਨਾਲ-ਨਾਲ ਬਿਜਲੀ ਊਰਜਾ ਪੈਦਾ ਕਰਨ ਦਾ ਕੰਮ ਵੀ ਕਰਨਗੀਆਂ। ਹਰ ਘਰ ਦੀ ਬਿਜਲੀ ਦੀ ਲੋੜ ਘਰ ਵਿਚੋਂ ਹੀ ਪੂਰੀ ਹੋ ਸਕੇਗੀ।

ਹਾਈਪਰਲੂਪ

ਇਹ ਜ਼ਮੀਨ ਦੇ ਹੇਠਾਂ ਤੇਜ਼ੀ ਨਾਲ ਸੁਰੰਗ ਬਣਾਉਣ ਵਾਲਾ ਪ੍ਰਾਜੈਕਟ ਹੈ। ਇਹ ਈਲੋਨ ਮਸਕ ਦੀ ਇਕ ਹੋਰ ਕੰਪਨੀ 'ਬੋਰਿੰਗ' ਨਾਲ ਮਿਲ ਕੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਜਿਸ ਦਾ ਮਨੋਰਥ ਜ਼ਮੀਨਦੋਸ਼ ਸੁਰੰਗ ਬਣਾ ਕੇ ਕੈਪਸੂਲ ਨੁਮਾ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਦੇ ਨਾਲ-ਨਾਲ ਧਰਤੀ ਤੋਂ ਟ੍ਰੈਫਿਕ ਘੱਟ ਕਰਨਾ ਹੈ। ਇਸ ਨਾਲ ਘੱਟ ਤੋਂ ਘੱਟ ਕੀਮਤ 'ਤੇ ਵਿਸ਼ਾਲ ਅੰਡਰ ਗ੍ਰਾਊਂਡ ਟ੍ਰਾਂਸਪੋਰਟ ਸਿਸਟਮ ਖੜ੍ਹਾ ਕੀਤਾ ਜਾ ਸਕੇਗਾ। ਈਲੋਨ ਦਾ ਇਹ ਇਕ ਅਜਿਹਾ ਪ੍ਰਾਜੈਕਟ ਹੈ ਜੋ ਰਵਾਇਤੀ ਰੇਲ ਗੱਡੀਆਂ, ਰੇਲਵੇ ਟਰੈਕ, ਹਵਾਈ ਜਹਾਜ਼ ਅਤੇ ਹਵਾਈ ਅੱਡਿਆਂ 'ਤੇ ਸਵਾਲੀਆ ਚਿੰਨ੍ਹ ਲਾ ਦੇਵੇਗਾ। ਹਾਈਪ੍ਰਲੂਪ ਇਕ ਇੰਟਰਸਿਟੀ ਟ੍ਰਾਂਸਪੋਰਟ ਸਿਸਟਮ ਹੈ ਜੋ ਦੁਨੀਆ ਨੂੰ ਪਹਿਲਾਂ ਨਾਲੋਂ ਕਿਤੇ ਛੋਟੀ ਕਰ ਦੇਵੇਗਾ।

ਅਮੀਰੀ ਖੁੱਸਣ ਦਾ ਡਰ

ਦੁਨੀਆ ਵਿਚ ਇਹ ਵੱਡੀਆਂ ਤਬਦੀਲੀਆਂ ਅਗਲੇ ਕੁਝ ਅਰਸੇ ਦੌਰਾਨ ਹੋਣ ਜਾ ਰਹੀਆਂ ਹਨ ਜੋ ਦੁਨੀਆ ਦੇ ਮੌਜੂਦਾ ਸਵਰੂਪ ਨੂੰ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਇਹ ਬਦਲਾਅ ਕਿੰਨੇ ਕੁ ਲੋਕ ਪੱਖੀ ਸਾਬਤ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਨ੍ਹਾਂ ਭਵਿੱਖੀ ਤਬਦੀਲੀਆਂ ਨਾਲ ਦੁਨੀਆ ਭਰ ਵਿਚ ਵੱਡੀ ਉੱਥਲ-ਪੁੱਥਲ ਹੋਣੀ ਸ਼ੁਰੂ ਹੋ ਗਈ ਹੈ। ਕੁਝ ਅਜਿਹੇ ਸਾਧਨ ਜਿਨ੍ਹਾਂ ਤੋਂ ਕੁਝ ਕੰਪਨੀਆਂ ਨੂੰ ਮੋਟੀਆਂ ਕਮਾਈਆਂ ਹੁੰਦੀਆਂ ਹਨ, ਦੀ ਲੋੜ ਸਮਾਪਤ ਹੋ ਜਾਵੇਗੀ। ਇਸ ਤਰ੍ਹਾਂ ਸਾਡੇ ਦੇਸ਼ ਸਮੇਤ ਕੁਝ ਹੋਰ ਦੇਸ਼ਾਂ ਦੇ ਪੂੰਜੀਪਤੀਆਂ ਨੂੰ ਇਸ ਸਮੇਂ ਇਹ ਵੱਡਾ ਫ਼ਿਕਰ ਬਣਿਆ ਹੋਇਆ ਹੈ ਕਿ ਸੰਚਾਰ ਸਾਧਨ, ਆਵਾਜਾਈ ਦੇ ਸਾਧਨ, ਬਿਜਲੀ ਅਤੇ ਤੇਲ ਕੰਪਨੀਆਂ ਜਿਹੜੇ ਉਨ੍ਹਾਂ ਲਈ ਕਮਾਈ ਦੇ ਵੱਡੇ ਸਰੋਤ ਸਾਧਨ ਹਨ 'ਤੇ ਉਨ੍ਹਾਂ ਦੀ ਇਜਾਰੇਦਾਰੀ ਨਹੀਂ ਰਹੇਗੀ ਤਾਂ ਉਨ੍ਹਾਂ ਦੀ ਅਮੀਰੀ ਖੁਸ ਜਾਵੇਗੀ।

ਨਵੇਂ ਬਾਜ਼ਾਰਾਂ ਦੀ ਤਲਾਸ਼

ਅਗਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਤਬਦੀਲ ਹੋਣ ਜਾ ਰਹੀ ਦੁਨੀਆ ਨੇ ਸੰਸਾਰ ਭਰ ਦੇ ਧਨਾਢਾਂ ਦੇ ਫ਼ਿਕਰ ਵਧਾ ਦਿੱਤੇ ਹਨ। ਉਨ੍ਹਾਂ ਨੇ ਆਪਣੀਆਂ ਕੰਮ ਕਰਨ ਦੀਆਂ ਤਰਜੀਹਾਂ ਤੇਜ਼ੀ ਨਾਲ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਡੇ ਦੇਸ਼ ਦੇ ਧਨਾਢ ਜੋ ਬਿਜਲੀ ਕੰਪਨੀਆਂ, ਮੋਬਾਈਲ ਇੰਟਨੈੱਟ ਕੰਪਨੀਆਂ, ਸੰਚਾਰ ਸਾਧਨ, ਰੇਲਵੇ, ਹਵਾਈ ਜਹਾਜ਼, ਤੇਲ ਕੰਪਨੀਆਂ ਆਦਿ ਕੰਪਨੀਆਂ 'ਤੇ ਕਾਬਜ਼ ਹਨ, ਦਾ ਸਾਰਾ ਧਿਆਨ ਹੁਣ ਮਨੁੱਖ ਦੇ ਖਾਣ-ਪੀਣ ਵਾਲੀਆਂ ਵਸਤਾਂ ਵੱਲ ਲੱਗ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਤਕਨੀਕ ਤੋਂ ਵੀ ਵੱਧ ਲੋੜ ਮਨੁੱਖ ਦੀ ਜ਼ਿੰਦਾ ਰਹਿਣ ਦੀ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਉਸ ਕੋਲ ਖਾਧ ਪਦਾਰਥਾਂ ਦੀ ਲੋੜੀਂਦੀ ਮਾਤਰਾ ਹੋਵੇ। ਜ਼ਿੰਦਾ ਰਹਿਣ ਲਈ ਰੋਟੀ ਜ਼ਰੂਰੀ ਹੈ ਇਸ ਲਈ ਸਾਡੇ ਦੇਸ਼ ਸਮੇਤ ਦੁਨੀਆ ਦੇ ਹੋਰ ਪੂੰਜੀਪਤੀਆਂ ਵਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜ਼ਮੀਨ ਦੇ ਵੱਧ ਤੋਂ ਵੱਧ ਰਕਬੇ 'ਤੇ ਕਾਬਜ਼ ਹੋਇਆ ਜਾਵੇ। ਅਜਿਹਾ ਕਰਨ ਨਾਲ ਉਹ ਕਰੋੜਾਂ ਲੋਕਾਂ ਦੀਆਂ ਖੁਰਾਕੀ ਲੋੜਾਂ ਦੇ ਬਾਜ਼ਾਰ 'ਤੇ ਕਾਬਜ਼ ਹੋ ਜਾਣਗੇ ਅਤੇ ਰੋਟੀ ਅਤੇ ਭੁੱਖ ਦੇ ਇਸ ਕਾਰੋਬਾਰ ਨਾਲ ਮਾਲਾ ਮਾਲ ਹੁੰਦੇ ਜਾਣਗੇ। ਭਵਿੱਖ ਵਿਚ ਦੁਨੀਆ ਭਰ ਦੇ ਪੂੰਜੀਪਤੀ ਖੁਰਾਕੀ ਲੋੜਾਂ ਦੀਆਂ ਮੰਡੀਆਂ ਅਤੇ ਖਾਧ ਪਦਾਰਥਾਂ ਦੇ ਬਾਜ਼ਾਰ 'ਤੇ ਕਾਬਜ਼ ਹੋਣ ਲਈ ਯਤਨਸ਼ੀਲ ਹਨ। ਪੀਣ ਵਾਲੇ ਪਾਣੀ ਨੂੰ ਵੀ ਇਕ ਵੱਡੀ ਸਨਅਤ ਵਜੋਂ ਵੇਖਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਕਿਸਾਨ ਨੂੰ ਆਪਣੀ ਜ਼ਮੀਨ ਦੀ ਹੀ ਨਹੀਂ ਬਲਕਿ ਹਵਾ ਪਾਣੀ ਤੱਕ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਇਹ ਵੀ ਸਮਝਣ ਦੀ ਲੋੜ ਹੈ ਕਿ ਤੇਜ਼ੀ ਨਾਲ ਬਦਲ ਰਹੇ ਵਰਤਾਰਿਆਂ ਨਾਲ ਖੇਤੀ ਹੁਣ ਰਵਾਇਤੀ ਢੰਗ ਅਨੁਸਾਰ ਨਹੀਂ ਚੱਲ ਸਕੇਗੀ। ਕਿਸਾਨ ਨੂੰ ਜਿਣਸਾਂ ਦੀ ਗੁਣਵੱਤਾ ਲਈ ਕੁਦਰਤੀ ਖੇਤੀ ਮਾਡਲ ਦੇ ਨਾਲ ਐਗਰੋਫੂਡ ਸਨਅਤ ਵੱਲ ਧਿਆਨ ਦੇਣਾ ਪਵੇਗਾ। ਕੋਆਪਰੇਟਿਵ ਖੇਤੀ ਮਾਡਲ ਅਪਣਾ ਕੇ ਆਪਣੇ ਖਰਚਿਆਂ ਨੂੰ ਘੱਟ ਕਰਨ ਵੱਲ ਧਿਆਨ ਦੇਣਾ ਪਵੇਗਾ। ਇਸ ਸਮੇਂ ਆਪਣੀ ਖੇਤੀ ਨਾਲ ਜੁੜੀ ਸੱਭਿਅਤਾ ਅਤੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ ਸੰਗਠਨਾਂ ਨੂੰ ਖੇਤੀ ਵਿਗਿਆਨੀਆਂ ਅਤੇ ਆਰਥਕ ਮਾਹਿਰਾਂ ਦੀ ਮਦਦ ਨਾਲ ਇੱਕ ਲੋਕ ਪੱਖੀ ਨਵਾਂ ਖੇਤੀ ਵਿਕਾਸ ਮਾਡਲ ਪੇਸ਼ ਕਰਨਾ ਚਾਹੀਦਾ ਹੈ ਜੋ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਫੇਲ੍ਹ ਹੋਏ 'ਅਖੌਤੀ ਕਾਰਪੋਰੇਟ ਖੇਤੀ ਵਿਕਾਸ ਮਾਡਲ' ਨੂੰ ਨਕਾਰਨ ਦੇ ਨਾਲ ਨਾਲ ਦੇਸ਼ ਅਤੇ ਕਿਰਸਾਨੀ ਨੂੰ ਨਵੀਆਂ ਲੀਹਾਂ 'ਤੇ ਤੋਰ ਸਕਦਾ ਹੋਵੇ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਸਾਨੂੰ ਸਭ ਨੂੰ ਸੁਚੇਤ ਹੋ ਕੇ ਇਸ ਦੇ ਹਾਣ ਦੇ ਹੋਣਾ ਪਵੇਗਾ।

ਸੰਪਰਕ : 98550-51099

ਹਨੇਰਿਆਂ ਖਿਲਾਫ ਬਲਦੇ ਰਹਿਣ ਦੀ ਪ੍ਰੰਪਰਾ - ਗੁਰਚਰਨ ਸਿੰਘ ਨੂਰਪੁਰ

ਕਹਿੰਦੇ ਹਨ ਕਿ ਸੱਚ ਬੋਲਣਾ ਜਿੰਨਾ ਮੁਸ਼ਕਲ ਹੈ ਸੱਚ ਸੁਣਨਾ ਵੀ ਓਨਾ ਹੀ ਔਖਾ ਹੈ। ਸਮੇਂ ਦੇ ਬੀਤਣ ਨਾਲ ਜਿਵੇਂ ਮਨੁੱਖ ਦੇ ਸੁਭਾਅ ਵਿਚ ਸਾਜ਼ਿਸ਼ੀ ਪ੍ਰਵਿਰਤੀ ਭਾਰੂ ਹੁੰਦੀ ਗਈ ਝੂਠ ਦੀ ਕਦਰ ਵੀ ਵੱਧਦੀ ਗਈ। ਇਸ ਨੂੰ ਸਾਡੇ ਸਮੇਂ ਦਾ ਦੁਖਾਂਤ ਹੀ ਕਹਾਂਗੇ ਕਿ ਅੱਜ ਵਿਆਪਕ ਤੌਰ 'ਤੇ ਝੂਠ ਬੋਲਿਆ ਹੀ ਨਹੀਂ ਜਾ ਰਿਹਾ, ਬਲਕਿ ਝੂਠ ਬੋਲ ਕੇ, ਲਿਖ ਕੇ, ਵੱਡੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਹਨ। ਬਹੁਤੇ ਟੀ. ਵੀ. ਚੈਨਲ ਅਤੇ ਕੁਝ ਅਖ਼ਬਾਰ ਜਿਨ੍ਹਾਂ ਨੇ ਲੋਕਾਈ ਦੇ ਦੁੱਖਾਂ ਦਰਦਾਂ ਦੀ ਨਬਜ਼ ਪਛਾਨਣੀ ਹੁੰਦੀ ਹੈ ਅਤੇ ਹਰ ਸੰਕਟ ਵਿਚ ਲੋਕਾਂ ਨਾਲ ਖੜ੍ਹਨਾ ਹੁੰਦਾ ਹੈ, ਵੀ ਅੱਜ ਪੈਸੇ ਲੈ ਕੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਵਿਚ ਲੱਗੇ ਹੋਏ ਹਨ। ਇਸ ਦੇ ਬਾਵਜੂਦ 'ਸੱਚ' ਦਾ ਇਹ ਸੁਭਾਅ ਹੈ ਕਿ ਇਹ ਦੇਰ ਸਵੇਰ ਪ੍ਰਗਟ ਜ਼ਰੂਰ ਹੁੰਦਾ ਹੈ।
      ਸਮੇਂ ਦੇ ਹਰ ਦੌਰ ਵਿਚ ਮੋਟੇ ਤੌਰ 'ਤੇ ਤਿੰਨ ਕਿਸਮ ਦੇ ਵਿਅਕਤੀ ਪੈਦਾ ਹੁੰਦੇ ਰਹੇ ਹਨ। ਇਕ ਆਪਣੀ ਵਿਚਾਰਧਾਰਾ ਨੂੰ ਦੂਜਿਆਂ 'ਤੇ ਜ਼ਬਰਦਸਤੀ ਠੋਸਣ ਵਾਲੇ। ਦੂਜੇ ਚੁੱਪ ਰਹਿਣ ਵਾਲੇ, ਤੀਜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ, ਇਨ੍ਹਾਂ 'ਚੋਂ ਤੀਜੀ ਕਿਸਮ ਦੇ ਲੋਕਾਂ ਦੀ ਗਿਣਤੀ ਹਰ ਯੁੱਗ ਵਿਚ ਸੀਮਤ ਰਹੀ ਹੈ। ਇਨ੍ਹਾਂ ਨੇ ਡੰਕੇ ਦੀ ਚੋਟ 'ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਅੱਰਤ ਕੀਤੀ ਅਤੇ ਇਨ੍ਹਾਂ ਲੋਕਾਂ ਦੇ ਹਿੱਸੇ ਆਈਆਂ ਜੇਲ੍ਹਾਂ, ਕਾਲ ਕੋਠੜੀਆਂ ਤੇ ਸਮਾਜ 'ਚੋਂ ਛੇਕੇ ਜਾਣ ਦੇ ਕਈ ਤਰ੍ਹਾਂ ਦੇ ਫਤਵੇ ਜਾਂ ਫਿਰ ਮੌਤ। ਸੱਚ ਕਹਿਣ, ਸੁਣਨ ਅਤੇ ਲਿਖਣ ਵਾਲਿਆਂ ਨੂੰ ਜਾਗੀ ਹੋਈ ਜ਼ਮੀਰ ਵਾਲੇ ਲੋਕ ਕਿਹਾ ਜਾ ਸਕਦਾ ਹੈ। ਇਹ ਉਹ ਲੋਕ ਹੁੰਦੇ ਹਨ ਜੋ ਲਕੀਰ ਦੇ ਫਕੀਰ ਨਹੀਂ ਬਣਦੇ।
      ਸੱਚ ਕਹਿਣ ਸੁਣਨ ਅਤੇ ਲਿਖਣ ਵਾਲੇ ਹਕੂਮਤਾਂ ਦੀ ਪਰਵਾਹ ਨਹੀਂ ਕਰਦੇ। ਜਿਵੇਂ ਭਗਤ ਸਿੰਘ ਨੇ ਕਿਹਾ ਸੀ 'ਗ਼ੁਲਾਮੀ ਦੀ ਲੰਮੀ ਉਮਰ ਭੋਗਣ ਨਾਲੋਂ ਆਜ਼ਾਦੀ ਲਈ ਅਣਖ ਦੀ ਮੌਤ ਮਰ ਜਾਣਾ ਕਿਤੇ ਬਿਹਤਰ ਹੈ।' ਸਦੀਆਂ ਤੋਂ ਹੱਕ ਸੱਚ 'ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਰਹੀ ਹੈ। ਪਰ ਸੱਚ ਬੋਲਿਆ ਜਾਂਦਾ ਰਿਹਾ ਹੈ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਜਿੱਥੇ ਇਸ ਦੁਨੀਆਂ ਵਿਚ ਵੱਡੇ ਵੱਡੇ ਹਕੂਮਤਾਂ ਦੇ ਨਸ਼ੇ ਵਿਚ ਟੁਨ ਜਾਬਰ ਲੋਕ ਪੈਦਾ ਹੋਏ, ਉੱਥੇ ਇਨ੍ਹਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਲੋਕ ਨਾਇਕ ਵੀ ਮਾਵਾਂ ਨੇ ਪੈਦਾ ਕੀਤੇ। ਜਿੱਥੇ ਬਾਬਰ ਆਪਣੀ ਤਾਕਤ ਦੇ ਜ਼ੋਰ ਲੋਕਾਂ 'ਤੇ ਕਹਿਰ ਢਾਹੁੰਦਾ ਹੈ, ਉੱਥੇ ਗੁਰੂ ਨਾਨਕ ਦੇਵ ਜੀ ਉਸ ਨੂੰ ਸ਼ਰੇਆਮ ਸੱਚੀਆਂ ਅਤੇ ਖਰੀਆਂ ਕਹਿੰਦੇ ਹਨ। ਜਿੱਥੇ ਔਰੰਗਜੇਬ ਪੈਦਾ ਹੁੰਦਾ ਹੈ ਉੱਥੇ ਗੁਰੂ ਗੋਬਿੰਦ ਸਿੰਂਘ ਜੀ ਨੂੰ ਵੀ ਜਾਬਰਾਂ ਸਾਹਮਣੇ ਹਿੱਕ ਡਾਹੁਣ ਲਈ ਆਪਣੀ ਫ਼ੌਜ ਤਿਆਰ ਕਰਨੀ ਪੈਂਦੀ ਹੈ।
      ਸਮਾਜ ਨੂੰ ਗ਼ਲਤ ਜਾਂ ਸਹੀ ਦਿਸ਼ਾ ਵਿਚ ਲੈ ਜਾਣ ਵਿਚ ਰਾਜਨੀਤਕ ਲੋਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਪਰ ਅਜੋਕੀ ਰਾਜਨੀਤੀ ਦੀ ਬੁਨਿਆਦ ਵੀ ਝੂਠ 'ਤੇ ਟਿਕੀ ਹੋਈ ਹੈ। ਅਸਲ ਵਿਚ ਰਾਜਨੇਤਾਵਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ, ਪਰ ਅੱਜਕੱਲ੍ਹ ਪੈਸੇ ਦੇ ਬਲਬੂਤੇ ਤੇ ਲਾਲਚੀ ਅਤੇ ਧੋਖੇਬਾਜ਼ ਲੋਕ ਇਸ ਖੇਤਰ ਵਿਚ ਧੜਾਧੜ ਪ੍ਰਵੇਸ਼ ਕਰ ਰਹੇ ਹਨ। ਜਿਨ੍ਹਾਂ ਦਾ ਮਨੋਰਥ ਲੱਖਾਂ ਖ਼ਰਚ ਕੇ ਕਰੋੜਾਂ ਕਮਾਉਣਾ ਬਣ ਗਿਆ। ਇਹੋ ਕਾਰਨ ਹੈ ਕਿ ਸਾਡੇ ਸਮਾਜ ਵਿਚ ਅੱਜਕੱਲ੍ਹ ਹੇਠਾਂ ਤੋਂ ਉੱਪਰ ਤਕ ਰਿਸ਼ਵਤਖੋਰੀ, ਬੇਈਮਾਨੀ, ਝੂਠ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਰਾਜਨੀਤਕ ਲੋਕ ਲੋਕਾਂ ਵਿਚ ਪ੍ਰਚਾਰਦੇ ਹਨ ਕਿ ਸਾਨੂੰ ਤਾਕਤ ਵਿਚ ਲਿਆਓ, ਅਸੀਂ ਤੁਹਾਡੀ ਸੇਵਾ ਕਰਾਂਗੇ, ਅਸੀਂ ਤੁਹਾਡਾ ਭਲਾ ਕਰਾਂਗੇ। ਪਰ ਤਾਕਤਾਂ, ਚੌਧਰਾਂ ਅਤੇ ਪੈਸੇ ਦੇ ਜੋ ਆਪ ਭੁੱਖੇ ਹੋਣ, ਉਹ ਕਿਸੇ ਦੀ ਕੋਈ ਸੇਵਾ ਕਿਵੇਂ ਕਰ ਸਕਦੇ ਹਨ? ਸੇਵਾ ਤਾਂ ਉਹ ਇਨਸਾਨ ਕਰ ਸਕਦਾ ਹੈ ਜੋ ਕਹੇ ਮੇਰੇ ਪਾਸ ਭਾਵੇਂ ਕੁਝ ਹੈ ਜਾਂ ਨਹੀਂ, ਆਓ ਮੈਂ ਤੁਹਾਡੇ ਨਾਲ ਖੜ੍ਹਨ ਨੂੰ ਤਿਆਰ ਹਾਂ। ਪਰ ਰਾਜਨੀਤਕ ਲੋਕ ਝੂਠ ਨੂੰ ਅਜਿਹਾ ਮੁਲੱਮਾ ਚੜ੍ਹਾ ਕੇ ਪੇਸ਼ ਕਰਦੇ ਹਨ ਕਿ ਬਹੁ ਗਿਣਤੀ ਲੋਕਾਂ ਨੂੰ ਇਹ ਸੱਚ ਮਾਲੂਮ ਹੁੰਦਾ ਹੈ।
      ਸੱਚ ਬੋਲਣ ਵਿਚ ਬੜੇ ਖ਼ਤਰੇ ਹਨ, ਬੜੀਆਂ ਕਠਿਨਾਈਆਂ ਹਨ। ਸਮਾਜ ਵਿਚ ਜਦੋਂ ਚਾਰ ਚੁਫੇਰੇ ਹਨੇਰੇ ਦਾ ਗੁਬਾਰ ਚੜ੍ਹਿਆ ਹੋਵੇ ਤਾਂ ਸੱਚ ਬੋਲਣਾ ਹੋਰ ਵੀ ਔਖਾ ਅਤੇ ਦਲੇਰੀ ਭਰਿਆ ਕਾਰਜ ਹੋ ਨਿਬੜਦਾ ਹੈ। ਦੁਨੀਆਂ ਦੀ ਬਹੁਗਿਣਤੀ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੀ ਆਈ ਹੈ। ਕਦੇ ਤਾਂ ਜਾਨੋਂ ਵੀ ਮਾਰ ਦਿੰਦੀ ਰਹੀ ਹੈ। ਅੱਜ ਵੀ ਵਿਗਿਆਨਕ ਸੋਚ ਰੱਖਣ ਵਾਲੇ ਲੇਖਕਾਂ, ਪੱਤਰਕਾਰਾਂ ਆਦਿ ਨੂੰ ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਨਰੇਂਦਰ ਦਾਬੋਲਕਰ, ਗੋਵਿੰਦ ਪਨਸਾਰੇ, ਪ੍ਰੋ. ਕਲਬੁਰਗੀ ਵਰਗੇ ਕਲਮਕਾਰ ਜੋ ਮਨੁੱਖ ਦੀ ਆਜ਼ਾਦੀ ਦੀ ਗੱਲ ਕਰਦੇ ਹਨ, ਨੂੰ ਅੱਜ ਵੀ ਆਪਣੀ ਜਾਨ ਦੇ ਕੇ ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ।
      'ਜੀਵ ਵਿਕਾਸ' ਦੀ ਖੋਜ ਕਰਕੇ ਦੁਨੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਲੋਕ ਪਾਗਲ ਸਮਝਦੇ ਰਹੇ। ਲਗਾਤਾਰ ਵੀਹ ਸਾਲ ਖੋਜ ਕਰਕੇ ਡਾਰਵਿਨ ਨੇ ਪਹਿਲੀ ਵਾਰ ਦੁਨੀਆਂ ਨੂੰ ਦੱਸਿਆ ਕਿ ਇਸ ਧਰਤੀ 'ਤੇ ਪੇੜ ਪੌਦੇ, ਬਨਸਪਤੀ, ઠਜੀਵ ਜੰਤੂ ਅਤੇ ਮਨੁੱਖ ਕਿਵੇਂ ਹੋਂਦ ਵਿਚ ਆਏ। ਡਾਰਵਿਨ ਨੂੰ ਉਸ ਸਮੇਂ ਦੇ ਕੱਟੜਵਾਦੀ ਧਾਰਮਿਕ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਸ ਦੀਆਂ ਲਿਖਤਾਂ ਨੂੰ ਗਲੀਆਂ ਬਾਜ਼ਾਰਾਂ ਵਿਚ ਸਾੜਿਆ ਗਿਆ। ਅੱਜ ਉਸੇ ਡਾਰਵਿਨ ਦਾ ਸਿਧਾਂਤ ਦੁਨੀਆਂ ਭਰ ਦੇ ਬੱਚੇ ਸਿਲੇਬਸਾਂ ਵਿਚ ਪੜ੍ਹਦੇ ਹਨ। ਜੀਵਨ ਦੀ ਉਤਪਤੀ ਸਬੰਧੀ ਅੱਜ ਉਸ ਦੀ ਖੋਜ ਨੂੰ ਸਰਬ ਸ਼੍ਰੇਸ਼ਠ ਮੰਨਿਆ ਜਾਂਦਾ ਹੈ। ਸੁਪਨਿਆਂ ਦੇ ਵਿਸ਼ਲੇਸ਼ਕ ਮਨੋਵਿਗਿਆਨੀ ਡਾ. ਸਿਗਮੰਡ ਫਰਾਇਡ ਨੇ ਆਪਣੀ ਖੋਜ ਰਾਹੀਂ ਮਨ ਦਿਮਾਗ਼ ਦੀਆਂ ਪਰਤਾਂ ਦੇ ਗੁੱਝੇ ਭੇਤ ਨਸ਼ਰ ਕਰਕੇ ਡਾਕਟਰੀ ਮਨੋਵਿਗਿਆਨ ਦਾ ਮੁੱਢ ਬੰਨ੍ਹਿਆ। ਜਿਸ ਨਾਲ ਮਨੁੱਖ ਦੇ ਬਹੁਤ ਸਾਰੇ ਮਨੋਰੋਗਾਂ ਨੂੰ ਸਮਝ ਕੇ ਉਸ ਦਾ ਇਲਾਜ ਕਰਨ ਵਿਚ ਮਦਦ ਮਿਲ ਸਕੀ, ਪਰ ਸਮੇਂ ਦੇ ਅਖੌਤੀ ਰੂੜੀਵਾਦੀ ਸੋਚ ਰੱਖਣ ਵਾਲਿਆਂ ਨੇ ਕਿਹਾ ਕਿ ਇਸ ਨੇ ਰੱਬ, ਧਰਮ ਅਤੇ ਧਾਰਮਿਕ ਗ੍ਰੰਥਾਂ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਉਸ ਦਾ ਦੁਨੀਆਂ ਭਰ ਵਿਚ ਡਟ ਕੇ ਵਿਰੋਧ ਹੋਇਆ। ਪਰ ਅੱਜ ਦੁਨੀਆਂ ਭਰ ਦੇ ਡਾਕਟਰ ਅਤੇ ਮਨੋਵਿਸ਼ਲੇਸ਼ਕ ਡਾ. ਫਰਾਇਡ ਨੂੰ ਅਜੋਕੇ ਮਨੁੱਖੀ ਮਨੋਵਿਗਿਆਨ ਦਾ ਪਿਤਾਮਾ ਮੰਨਦੇ ਹਨ। ਸੱਚ ਬੋਲਣ ਵਾਲਿਆਂ ਦਾ ਪਹਿਲਾਂ ਕੁਝ ਸਾਲ ਵਿਰੋਧ ਹੁੰਦਾ ਹੈ। ਫਿਰ ਕੁਝ ਸੋਚ ਵਿਚਾਰ ਕੀਤੀ ਜਾਂਦੀ ਹੈ, ਕੁਝ ਲੋਕ ਉਸ ਰਾਹ 'ਤੇ ਚੱਲਦੇ ਹਨ ਤੇ ਫਿਰ ਹੌਲੀ ਹੌਲੀ ਉਸ ਸਿਧਾਂਤ ਨੂੰ ਸਰਬ ਪ੍ਰਵਾਨਿਤ ਮੰਨ ਲਿਆ ਜਾਂਦਾ ਹੈ। ਨਾਨਕ ਤੋਂ ਗੁਰੂ ਨਾਨਕ ਬਣਨ ਲਈ ਬੜਾ ਔਖਾ ਤੇ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ, ਇਸ ਵਿਚ ਘਰ-ਬਾਰ, ਬਾਲ ਬੱਚਿਆਂ ਦਾ ਮੋਹ ਤਿਆਗ ਦੇਣ ਦੀ ਪੀੜਾ ਹੁੰਦੀ ਹੈ।
       ਅੱਜ ਦੇ ਦੌਰ ਵਿਚ ਵੀ ਹਰ ਪਾਸੇ ਝੂਠ ਦਾ ਬੋਲਬਾਲਾ ਹੈ, ਰਾਜਨੀਤਕ ਰਹਿਬਰ ਜੋ ਜਨਤਕ ਅਦਾਰਿਆਂ ਨੂੰ ਵੇਚਣ ਲਈ ਵਿਚੋਲਿਆਂ ਦੀ ਭੂਮਿਕਾ ਨਿਭਾ ਕੇ ਦੇਸ਼ ਭਗਤ ਬਣ ਰਹੇ ਹਨ। ਉਹ ਲੋਕ ਜੋ ਦੇਸ਼ ਦੀ ਮਿੱਟੀ ਲਈ ਲੜਦੇ ਹਨ, ਹਰ ਤਰ੍ਹਾਂ ਦੀ ਹਨੇਰਗਰਦੀ ਖਿਲਾਫ਼ ਲਿਖਦੇ ਬੋਲਦੇ ਹਨ, ਦੇਸ਼ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹਨ, ਦੀ ਆਵਾਜ਼ ਨੂੰ ਦਬਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਦੇਸ਼ ਦੇ ਖਜ਼ਾਨੇ ਕੋਲਾ, ਲੋਹਾ, ਰੇਤ, ਬਜਰੀ ਅਤੇ ਹੋਰ ਖਣਿਜ ਪਦਾਰਥਾਂ ਦੀਆਂ ਖਾਣਾਂ ਅਤੇ ਜ਼ਮੀਨਾਂ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਦੇਣਾ ਦੇਸ਼ ਨਾਲ ਗੱਦਾਰੀ ਨਹੀਂ ਤਾਂ ਹੋਰ ਕੀ ਹੈ? ਵੱਖ ਵੱਖ ਜਨਤਕ ਅਦਾਰਿਆਂ, ਸੜਕਾਂ, ਖੰਡ ਮਿੱਲਾਂ, ਰੋਡਵੇਜ਼, ਬਿਜਲੀ, ਸਿੱਖਿਆ, ਸਿਹਤ ਸਹੂਲਤਾਂ ਦਾ ਨਿੱਜੀਕਰਨ ਦੇਸ਼ ਦੇ ਉਨ੍ਹਾਂ ਲੱਖਾਂ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਇਸ ਦੇਸ਼ ਦੀ ਉਸਾਰੀ ਵਿਚ ਆਪਣਾ ਵੱਡਾ ਰੋਲ ਅਦਾ ਕੀਤਾ।
        ਆਪਣੇ ਲੋਕਾਂ ਅਤੇ ਦੇਸ਼ ਦੇ ਹਿੱਤਾਂ ਦੀ ਲੜਾਈ ਲੜਨ ਵਾਲੇ ਹਰ ਦੌਰ ਵਿਚ ਪੈਦਾ ਹੁੰਦੇ ਹਨ। ਆਪਣੇ ਫਰਜ਼ਾਂ ਲਈ ਵੱਡੀਆਂ ਕੁਰਬਾਨੀਆਂ ਕਰਦੇ ਹਨ। ਦੂਜੇ ਪਾਸੇ ਕਾਰਪੋਰੇਟ ਜਗਤ ਨੇ ਸਾਡੇ ਤਕ ਜਾਣਕਾਰੀਆਂ ਪਹੁੰਚਾਉਣ ਵਾਲੇ ਸਾਧਨਾਂ ਦੇ ਵੱਡੇ ਹਿੱਸੇ ਨੂੰ ਖ਼ਰੀਦ ਲਿਆ ਹੈ। ਲੋਕਾਂ ਨੂੰ ਸੱਚ ਦਾ ਮੁਲੱਮਾ ਲਾ ਕੇ ਝੂਠ ਵੇਚਿਆ ਜਾ ਰਿਹਾ ਹੈ। ਜਨ ਸਮੂਹ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਨਾ ਸਮਝ ਸਕਣਾ ਸਾਡੇ ਦੌਰ ਦਾ ਵੱਡਾ ਮਸਲਾ ਬਣ ਗਿਆ ਹੈ। ਸਮੇਂ ਦੇ ਬਦਲਣ ਨਾਲ ਝੂਠ ਬੋਲਣ ਦੇ ਤਰੀਕੇ ਵੀ ਬਦਲ ਰਹੇ ਹਨ। ਅਜੋਕੇ ਵਿਗਿਆਨਕ ਯੁੱਗ ਵਿਚ ਝੂਠ ਬੋਲਣ ਲਈ ਵਿਗਿਆਨਕ ਤਕਨਾਲੋਜੀ ਦੀ ਮਦਦ ਲਈ ਜਾਂਦੀ ਹੈ। ਮਨੁੱਖ ਦੇ ਵਿਕਾਸ ਕਰਨ ਦੇ ਨਾਲ ਨਾਲ ਠੱਗੀਆਂ ਮਾਰਨ ਦੇ ਢੰਗ ਵੀ ਬੜੀ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਸਦੀਆਂ ਤੋਂ ਸ਼ਾਤਰ ਦਿਮਾਗ਼ ਲੋਕ, ਧਰਮਾਂ ਮਜ੍ਹਬਾਂ ਅਤੇ ਰਾਜਨੀਤੀ ਦੇ ਨਾ 'ਤੇ ਝੂਠ ਬੋਲ ਕੇ ਲੋਕਾਈ ਨੂੰ ਗੁੰਮਰਾਹ ਕਰਦੇ ਆਏ ਹਨ। ਇਹ ਸਭ ਕੁਝ ਅੱਜ ਵੀ ਜਾਰੀ ਹੈ। ਸਾਡੇ ਸਮਾਜ ਵਿਚ ਦੁਨੀਆਂ ਦੇ ਮੁਕਾਬਲੇ ਝੂਠ ਅਤੇ ਬੇਈਮਾਨੀ ਦਾ ਬੋਲਬਾਲਾ ਵਧੇਰੇ ਹੈ, ਇਸ ਦਾ ਇਕ ਕਾਰਨ ਸ਼ਾਇਦ ਸਾਡੇ ਲੋਕਾਂ ਦਾ ਆਲਸੀ ਹੋਣਾ ਵੀ ਹੈ। ਮਨੋਕਲਪਿਤ ਦੇਵੀ ਦੇਵਤੇ, ਅਖੌਤੀ ਆਤਮਾਵਾਂ, ਭੂਤਾਂ ਪ੍ਰੇਤਾਂ, ਅਤੇ ਨਰਕ ਸਵਰਗ ਦੇ ਡਰ ਆਲਸੀ ਲੋਕਾਂ ਵੱਲੋਂ ਬਣਾਏ ਗਏ ਹਨ। ਇਨ੍ਹਾਂ ਧਾਰਨਾਵਾਂ ਨੇ ਦੂਜਿਆਂ ਦੀ ਕਮਾਈ 'ਤੇ ਪਲਣ ਵਾਲਿਆਂ ਨੂੰ ਬਹੁਤ ਵੱਡਾ ਰੁਜ਼ਗਾਰ ਮੁਹੱਈਆ ਕਰਾਇਆ। ਸੱਚ ਬੋਲਣ ਦੀ ਆਪਣੀ ਆਪਣੀ ਸਮਰੱਥਾ ਹੁੰਦੀ ਹੈ। ਸਾਡੇ ਸਮਾਜ ਵਿਚ ਪੇਤਲੀ ਪੈਂਦੀ ਜਾ ਰਹੀ ਇਸ ਸਮਰੱਥਾ ਨੂੰ ਹੋਰ ਵਧਾਉਣ ਲਈ ਯਤਨਸ਼ੀਲ ਹੋਈਏ ਤਾਂ ਕਿ ਸੱਚ ਬੋਲਣ ਵਾਲਿਆਂ ਦੀ ਪਾਈ ਪਿਰਤ ਨੂੰ ਹੋਰ ਅੱਗੇ ਤੋਰਿਆ ਜਾ ਸਕੇ।
ਸੰਪਰਕ : 98550-51099

ਖੇਤਾਂ ਨੂੰ ਬਚਾਉਣ ਲਈ ਸੰਘਰਸ਼ ਦੇ ਪਿੜ 'ਚ ਨਿੱਤਰੇ ਹਨ ਕਿਸਾਨ  - ਗੁਰਚਰਨ ਸਿੰਘ ਨੂਰਪੁਰ

ਜਦੋਂ ਦੇਸ਼ ਦੇ ਵਿਕਾਸ ਦਾ ਦਮ ਭਰਨ ਵਾਲੀਆਂ ਹਕੂਮਤਾਂ ਲੋਕਾਂ ਨਾਲ ਵਿਸ਼ਵਾਸਘਾਤ ਕਰਦੀਆਂ ਹਨ ਤਾਂ ਲੋਕ ਮਨਾਂ ਵਿਚ ਪੈਦਾ ਹੋਈ ਬੇਚੈਨੀ ਲੋਕ ਰੋਹ ਦਾ ਰੂਪ ਧਾਰਨ ਕਰਦੀ ਹੈ। ਕੇਂਦਰ ਦੀ ਮੌਜੂਦਾ ਕੌਮੀ ਜਮਹੂਰੀ ਗੱਠਜੋੜ ਸਰਕਾਰ ਨੇ ਖੇਤੀ ਨਾਲ ਸਬੰਧਿਤ ਤਿੰਨ ਆਰਡੀਨੈਂਸਾਂ ਨੂੰ ਇਕਪਾਸੜ ਢੰਗ ਨਾਲ ਕਾਨੂੰਨ ਬਣਾ ਕੇ ਇਹ ਸਾਬਤ ਕਰ ਦਿੱਤਾ ਕਿ ਸਰਕਾਰਾਂ ਦੀ ਫ਼ਿਕਰਮੰਦੀ ਦੇਸ਼ ਦੇ ਧਰਤੀ ਪੁੱਤਰਾਂ ਲਈ ਨਹੀਂ ਬਲਕਿ ਕਾਰਪੋਰੇਟ ਕੰਪਨੀਆਂ ਲਈ ਹੈ।
       ਸਰਕਾਰ ਕਹਿ ਰਹੀ ਹੈ ਕਿ ਇਹ ਤਿੰਨ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ ਅਤੇ ਕਿਸਾਨਾਂ ਨੂੰ ਇਨ੍ਹਾਂ ਦੀ ਸਮਝ ਨਹੀਂ ਪੈ ਰਹੀ। ਜੇਕਰ ਸਰਕਾਰ ਵਲੋਂ ਬਣਾਏ ਕਾਨੂੰਨ ਦੀ ਕਿਸਾਨਾਂ ਨੂੰ ਸਮਝ ਨਹੀਂ ਲੱਗ ਰਹੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਾਂ ਇਹ ਕਿਸਾਨਾਂ ਨਾਲ ਵੱਡੀ ਸਾਜਿਸ਼ ਹੋ ਰਹੀ ਹੈ ਜਾਂ ਇਨ੍ਹਾਂ ਕਾਨੂੰਨਾਂ ਨੂੰ ਘੜਨ ਵਾਲਿਆਂ ਦੀ ਵੱਡੀ ਨਾਕਾਮੀ ਹੈ। ਹਕੀਕਤ ਤਾਂ ਇਹ ਹੈ ਕਿ ਕਿਸਾਨ ਹੁਣ ਸਰਕਾਰਾਂ ਦੀ ਮਨਸ਼ਾ ਨੂੰ ਸਮਝਣ ਲੱਗ ਪਏ ਹਨ। ਕਿਸਾਨ ਸਵਾਲ ਪੁੱਛਦਾ ਹੈ ਕਿ ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਸ਼ਾਂ ਜੋ 2014 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਲਾਗੂ ਕੀਤੀਆਂ ਜਾਣੀਆਂ ਸਨ, ਉਹ ਕਿੱਥੇ ਹਨ? ਉਨ੍ਹਾਂ ਦਾ ਜ਼ਿਕਰ ਕਿਉਂ ਨਹੀਂ? ਕਿਸਾਨ ਸਵਾਲ ਕਰਦਾ ਹੈ ਕਿ ਜਦੋਂ ਕਰਜ਼ਿਆਂ ਦੇ ਸਤਾਏ ਕਿਸਾਨ ਅੰਦੋਲਨ ਕਰਦੇ ਹਨ, ਸੜਕਾਂ 'ਤੇ ਨਿਕਲਦੇ ਹਨ ਤਾਂ ਸਰਕਾਰੀ ਨੇਤਾਵਾਂ ਦੀ ਕਿਸਾਨ ਪੱਖੀ ਬਿਆਨ ਦਿੰਦੀ ਜੀਭ ਨੂੰ ਲਕਵਾ ਕਿਉਂ ਹੋ ਜਾਂਦਾ ਹੈ? ਕਰਜ਼ਿਆਂ ਦੀ ਮਾਰ ਦੇ ਸਤਾਏ ਕਿਸਾਨ ਲੰਮੇ ਸਮੇਂ ਤੋਂ ਖ਼ੁਦਕੁਸ਼ੀਆਂ ਕਰ ਰਹੇ ਹਨ। ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਪਿਛਲੇ 6 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਆਦਿ ਦੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਕਿਸਾਨ ਜਦੋਂ ਕਿਤੇ ਖ਼ੁਦਕੁਸ਼ੀ ਕਰਦਾ ਹੈ ਤਾਂ ਮੁਲਕ ਦੀਆਂ ਰਾਜਸੀ ਪਾਰਟੀਆਂ ਇਸ ਨੂੰ ਮੁੱਦਾ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਕਿਰਸਾਨੀ ਦੇ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
        ਪਿਛਲੇ ਕੁਝ ਸਾਲਾਂ ਵਿਚ ਲੱਖਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਆਜ਼ਾਦ ਭਾਰਤ ਦੇ ਮੱਥੇ 'ਤੇ ਕਲੰਕ ਵਾਂਗ ਹਨ। ਸਗੋਂ ਵੱਡੀ ਗਿਣਤੀ ਵਿਚ ਹੋਈਆਂ ਅਤੇ ਹੋ ਰਹੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹਕੀਕਤ ਵਿਚ ਉਸ ਵਿਵਸਥਾ ਵਲੋਂ ਕੀਤੇ ਗਏ ਕਤਲ ਹਨ, ਜਿਹੜੀ ਵਿਵਸਥਾ ਬੜੀ ਤੇਜ਼ੀ ਨਾਲ ਧਨਾਢ ਨੂੰ ਹੋਰ ਧਨਾਢ ਅਤੇ ਗ਼ਰੀਬ ਨੂੰ ਹੋਰ ਗ਼ਰੀਬ ਬਣਾ ਰਹੀ ਹੈ। ਖੇਤੀਬਾੜੀ ਸਬੰਧੀ ਗ਼ਲਤ ਸਰਕਾਰੀ ਨੀਤੀਆਂ ਕਰਕੇ ਪਿਛਲੇ ਕੁਝ ਅਰਸੇ ਤੋਂ ਲੱਖਾਂ ਦੀ ਗਿਣਤੀ ਵਿਚ ਛੋਟੇ ਕਿਸਾਨ ਆਪਣੀ ਜ਼ਮੀਨ ਗਵਾ ਬੈਠੇ ਹਨ ਅਤੇ ਬੜੀ ਤੇਜ਼ੀ ਨਾਲ ਇਹ ਅਮਲ ਜਾਰੀ ਹੈ। ਅੱਜ ਜਿਹੜੇ ਕਾਨੂੰਨ ਕੇਂਦਰ ਦੀ ਕੌਮੀ ਜਮਹੂਰੀ ਗੱਠਜੋੜ ਸਰਕਾਰ ਲੈ ਕੇ ਆਈ ਹੈ ਅਤੇ ਜਿਨ੍ਹਾਂ ਕਾਨੂੰਨਾਂ ਨੂੰ ਸਰਕਾਰ ਕਿਸਾਨਾਂ ਦੇ ਹਿਤਾਂ ਵਿਚ ਦੱਸ ਰਹੀ ਹੈ, ਕੀ ਸਰਕਾਰ ਇਹ ਗੱਲ ਦਾ ਜਵਾਬ ਦੇ ਸਕਦੀ ਹੈ ਕਿ ਪਿਛਲੇ 6 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਸਮੇਤ ਤਾਮਿਲਨਾਡੂ ਅਤੇ ਮਹਾਰਾਸ਼ਟਰ ਆਦਿ ਸੂਬਿਆਂ ਦੇ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਕਿੰਨੇ ਵਾਰੀ ਧਰਨੇ ਮੁਜ਼ਾਹਰੇ ਕੀਤੇ? ਦਿੱਲੀ ਦੇ ਜੰਤਰ ਮੰਤਰ ਵਿਚ ਤਾਮਿਲਨਾਡੂ ਦੇ ਕਿਸਾਨਾਂ ਨੇ ਆਪਣੇ ਕੱਪੜੇ ਲਾਹ ਕੇ ਰੋਸ ਪ੍ਰਦਰਸ਼ਨ ਕੀਤੇ, ਭੁੱਖ ਹੜਤਾਲਾਂ ਕੀਤੀਆਂ, ਇੱਥੋਂ ਤੱਕ ਕਿ ਆਪਣਾ ਪਿਸ਼ਾਬ ਪੀ ਕੇ ਰੋਸ ਦਾ ਪ੍ਰਗਟਾਵਾ ਕੀਤਾ ਪਰ ਕੇਂਦਰ ਦੀ ਸਰਕਾਰ ਨੇ ਇਨ੍ਹਾਂ ਨਾਲ ਗੱਲ ਕਰਨੀ ਵੀ ਵਾਜਬ ਨਹੀਂ ਸਮਝੀ ਜਿਵੇਂ ਇਹ ਕਿਸਾਨ ਕਿਸੇ ਹੋਰ ਦੇਸ਼ ਦੇ ਬਸ਼ਿੰਦੇ ਹੋਣ। ਬਹੁਗਿਣਤੀ ਟੀ.ਵੀ. ਚੈਨਲਾਂ ਨੇ ਇਨ੍ਹਾਂ ਕਿਸਾਨਾਂ ਦੇ ਦੁੱਖਾਂ ਨੂੰ ਨਹੀਂ ਵਿਖਾਇਆ ਤਾਂ ਕਿ ਦੇਸ਼ ਦੇ ਹੋਰ ਲੋਕ ਦੇਖ ਨਾ ਲੈਣ ਕਿ ਦੇਸ਼ ਵਿਚ ਕੀ ਕੁਝ ਵਾਪਰ ਰਿਹਾ ਹੈ।
        ਕਿਸਾਨ ਨਵੇਂ ਕਾਨੂੰਨਾਂ ਸਬੰਧੀ ਸਰਕਾਰ ਦੀ ਮਨਸ਼ਾ ਨੂੰ ਕਿਵੇਂ ਸਮਝਣ, ਇਸ ਲਈ ਕੁਝ ਉਦਾਹਰਨਾਂ ਹਨ ਜੋ ਕੌਮੀ ਜਮਹੂਰੀ ਗੱਠਜੋੜ ਸਰਕਾਰ ਨੂੰ ਜਵਾਬਦੇਹ ਬਣਾਉਂਦੀਆਂ ਹਨ। ਜਿਵੇਂ ਪੰਜਾਬ 'ਚੋਂ ਗਏ ਕਿਸਾਨਾਂ ਜਿਨ੍ਹਾਂ ਨੇ ਦਹਾਕੇ ਪਹਿਲਾਂ ਗੁਜਰਾਤ ਵਰਗੇ ਸੂਬਿਆਂ ਵਿਚ ਬੰਜਰ ਜ਼ਮੀਨਾਂ ਨੂੰ ਲਹਿਲਹਾਉਂਦੇ ਖੇਤਾਂ ਵਿਚ ਬਦਲਿਆ, ਬਿਨਾਂ ਕਿਸੇ ਅਦਾਲਤ ਜਾਂ ਕਾਨੂੰਨ ਦੀ ਪ੍ਰਵਾਹ ਕਰਦਿਆਂ ਉਨ੍ਹਾਂ ਤੋਂ ਜ਼ਮੀਨਾਂ ਖੋਹਣ ਦੇ ਫੁਰਮਾਨ ਗੁਜਾਰਤ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਹੁੰਦੇ ਰਹੇ। ਉੱਤਰ ਪ੍ਰਦੇਸ਼ ਦੇ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਛੱਡਣ ਦੇ ਫੁਰਮਾਨ ਦੀਆਂ ਖ਼ਬਰਾਂ ਅਸੀਂ ਪਿਛਲੇ ਅਰਸੇ ਦੌਰਾਨ ਵੇਖ ਪੜ੍ਹ ਚੁੱਕੇ ਹਾਂ। ਇਹ ਸਭ ਕੁਝ ਵੀ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਹੋਇਆ। ਆਪਣੇ ਪਹਿਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇਸੇ ਸਰਕਾਰ ਨੇ ਕਿਸਾਨ ਵਿਰੋਧੀ ਭੂਮੀ ਐਕਵਾਇਰ ਵਰਗੇ ਬਿੱਲ ਪਾਸ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਇਹੋ ਸਰਕਾਰ ਹੈ ਜੋ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਪਰ ਅੱਜ ਇਸ ਵਾਅਦੇ ਦਾ ਭੋਗ ਹੀ ਪਾ ਦਿੱਤਾ ਗਿਆ। ਇਹੋ ਸਰਕਾਰ ਹੀ ਹੈ ਜੋ ਅੱਜ ਮੰਡੀਆਂ ਨੂੰ ਖ਼ਤਮ ਕਰਕੇ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਕਿਸਾਨ ਪੂਰੇ ਦੇਸ਼ ਵਿਚ ਜਿੱਥੇ ਮਰਜ਼ੀ ਆਪਣੀ ਜਿਣਸ ਵੇਚ ਸਕਦਾ ਹੈ। ਕੀ ਦੇਸ਼ ਦੇ ਇਤਿਹਾਸ ਵਿਚ ਅਜਿਹਾ ਕਦੇ ਹੋਇਆ ਹੈ ਕਿ ਕਿਸਾਨ ਮੀਲਾਂ ਦੂਰ ਆਪਣੀ ਫ਼ਸਲ ਵੇਚਣ ਗਿਆ ਹੋਵੇ? ਕੀ ਦੇਸ਼ ਦੇ ਕਿਸਾਨ ਕੋਲ ਅਜਿਹੇ ਸਾਧਨ ਮੌਜੂਦ ਹਨ? ਕੀ ਕਦੇ ਕਿਸੇ ਕਿਸਾਨ ਜਥੇਬੰਦੀ ਨੇ ਸਰਕਾਰ ਤੋਂ ਅਜਿਹੀ ਮੰਗ ਕੀਤੀ ਹੈ? ਹਕੀਕਤ ਤਾਂ ਇਹ ਹੈ ਕਿ ਇਹ ਤਿੰਨੇ ਕਾਨੂੰਨ ਵਪਾਰੀਆਂ ਤੇ ਵੱਡੇ ਕਾਰਪੋਰੇਟਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਘੜ੍ਹੇ ਗਏ ਹਨ। ਇਨ੍ਹਾਂ ਨਾਲ ਕਿਸਾਨ ਦਾ ਆਪਣੀ ਧਰਤੀ ਆਪਣੀ ਜ਼ਮੀਨ ਨਾਲ ਰਿਸ਼ਤਾ ਹੀ ਹਮੇਸ਼ਾ ਲਈ ਖ਼ਤਮ ਨਹੀਂ ਹੋਵੇਗਾ ਬਲਕਿ ਕਿਸਾਨ ਦਾ ਸਦੀਆਂ ਪੁਰਾਣਾ ਖੇਤੀ ਨਾਲ ਜੁੜਿਆ ਸੱਭਿਆਚਾਰ ਹੀ ਖ਼ਤਮ ਹੋ ਜਾਵੇਗਾ।
      ਕੁਦਰਤ ਤਾਂ ਸਦੀਆਂ ਤੋਂ ਖੇਤਾਂ 'ਤੇ ਕਦੇ ਵਰਦਾਨ ਅਤੇ ਕਦੇ ਕਹਿਰਵਾਨ ਹੁੰਦੀ ਆਈ ਹੈ। ਮਨੁੱਖੀ ਇਤਿਹਾਸ ਵਿਚ ਇਹ ਕੋਈ ਅਲੋਕਾਰੀ ਗੱਲ ਨਹੀਂ। ਪਰ ਅਫ਼ਸੋਸ ਉਦੋਂ ਹੁੰਦਾ ਹੈ ਜਦੋਂ ਕਿਸੇ ਮੁਲਕ ਦੇ ਲੋਕਾਂ ਵਲੋਂ ਚੁਣੀਆਂ ਸਰਕਾਰਾਂ ਹੀ ਖੇਤਾਂ ਦੇ ਪੁੱਤਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ ਹਨ। ਆਜ਼ਾਦੀ ਤੋਂ ਬਾਅਦ ਇਕ ਸਮਾਂ ਉਹ ਸੀ ਜਦੋਂ ਬੰਗਾਲ, ਉੜੀਸਾ, ਬਿਹਾਰ ਤੋਂ ਇਲਾਵਾ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਕਾਲ ਪੈ ਜਾਂਦੇ ਸਨ। ਹਜ਼ਾਰਾਂ ਨਹੀਂ, ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਤਿਲ-ਤਿਲ ਕਰਕੇ ਮਰਦੇ ਸਨ। ਭੁੱਖਾਂ ਦੇ ਸਤਾਏ ਲੋਕ ਹੱਡੀਆਂ ਦੇ ਪਿੰਜਰ ਬਣ ਜਾਂਦੇ ਸਨ। ਹਾਲਾਤ ਦੀਆਂ ਮਾਰੀਆਂ ਮਾਵਾਂ ਰੋਟੀ ਦੇ ਇਕ-ਇਕ ਟੁਕੜੇ ਬਦਲੇ ਆਪਣੇ ਜਿਗਰ ਦੇ ਟੁਕੜੇ ਵੇਚਣ ਲਈ ਮਜਬੂਰ ਹੋ ਜਾਂਦੀਆਂ ਸਨ। ਇਸ ਅਤਿ ਭਿਆਨਕ ਸਥਿਤੀ ਵਿਚ ਸਰਕਾਰਾਂ ਆਪਣੇ ਆਪ ਨੂੰ ਬੇਵੱਸ ਸਮਝਦੀਆਂ ਸਨ। ਇਨ੍ਹਾਂ ਹਾਲਤਾਂ ਵਿਚ ਦੇਸ਼ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦੀ ਬਾਂਹ ਫੜੀ। ਖੇਤ, ਕਿਸਾਨਾਂ ਮਜ਼ਦੂਰਾਂ ਦੇ ਪਸੀਨੇ ਨਾਲ ਤਰ ਹੋਏ। ਬੰਜਰਾਂ ਨੂੰ ਪੱਧਰੇ ਕਰਕੇ ਖੇਤਾਂ ਦੀ ਸ਼ਕਲ ਦਿੱਤੀ ਗਈ। ਨਵੀਆਂ-ਨਵੀਆਂ ਤਕਨੀਕਾਂ, ਖਾਦਾਂ ਅਤੇ ਸਿੰਜਾਈ ਦੇ ਸਾਧਨਾਂ ਦੇ ਨਾਲ-ਨਾਲ ਖੇਤਾਂ ਦੇ ਪੁੱਤਰਾਂ ਦੀ ਸਖ਼ਤ ਘਾਲਣਾ ਰੰਗ ਲਿਆਈ ਅਤੇ ਮੁਲਕ ਵਿਚ ਅਨਾਜ ਦੇ ਢੇਰ ਲੱਗ ਗਏ। ਜਿਸ ਦੇਸ਼ ਵਿਚ ਹਰ ਸਾਲ ਪੈਂਦੇ ਕਾਲ ਨਾਲ ਲੱਖਾਂ ਦੀ ਤਾਦਾਦ ਵਿਚ ਬੱਚੇ, ਬੁੱਢੇ, ਔਰਤਾਂ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਸਨ, ਉਹ ਦੇਸ਼ ਅੰਨ ਭੰਡਾਰ ਪੱਖੋਂ ਆਤਮ-ਨਿਰਭਰ ਹੋ ਗਿਆ।
       ਕਿਸਾਨ ਨੇ ਤਾਂ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾ ਦਿੱਤਾ ਪਰ ਦੇਸ਼ ਦੀਆਂ ਸਰਕਾਰਾਂ, ਗ਼ਰੀਬਾਂ ਅਤੇ ਗ਼ਰੀਬ ਕਿਸਾਨਾਂ, ਮਜ਼ਦੂਰਾਂ ਨੂੰ ਗ਼ਰੀਬੀ ਜਿੱਲ੍ਹਣ 'ਚੋਂ ਬਾਹਰ ਕੱਢਣ ਲਈ ਹੁਣ ਤੱਕ ਕੀ ਕੁਝ ਕਰਦੀਆਂ ਰਹੀਆਂ ਹਨ ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ। ਸੌੜੀ ਅਤੇ ਸਵਾਰਥੀ ਰਾਜਨੀਤੀ ਕਰਕੇ (ਖ਼ਾਸ ਕਰਕੇ ਪੰਜਾਬ ਦੀ ਧਰਤੀ) ਦੀ ਆਬੋ ਹਵਾ ਵਿਚ ਜ਼ਹਿਰ ਘੁਲ ਗਈ, ਮਿੱਟੀ ਅਤੇ ਪਾਣੀ ਪਲੀਤ ਹੋ ਗਏ, ਉਹ ਧਰਤੀ ਜਿਸ ਨੇ ਦੇਸ਼ ਦੇ ਭੁੱਖੇ ਢਿੱਡਾਂ ਲਈ ਟਨਾਂ ਦੇ ਟਨ ਅਨਾਜ ਪੈਦਾ ਕੀਤਾ ਉਸ ਧਰਤੀ ਦਾ ਸੱਚ ਹੁਣ ਇਹ ਹੈ ਕਿ ਇਹਦੇ ਖੇਤਾਂ ਵਿਚ ਹੁਣ ਕੈਂਸਰ ਉੱਗ ਰਿਹਾ ਹੈ। ਆਪਣੇ ਵਾਤਾਵਰਨ ਨੂੰ ਪਲੀਤ ਕਰਕੇ ਦੂਜਿਆਂ ਦਾ ਢਿੱਡ ਭਰਨ ਵਾਲੇ ਇਸ ਧਰਤੀ ਦੇ ਬਸ਼ਿੰਦੇ ਕੈਂਸਰ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਵਰਗੇ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
      ਕਿਸਾਨ ਸਮਝ ਰਹੇ ਹਨ ਕਿ ਕੇਂਦਰ ਦੀ ਕੌਮੀ ਜਮਹੂਰੀ ਗੱਠਜੋੜ ਸਰਕਾਰ ਧਨਾਢ ਕਾਰਪੋਰੇਸ਼ਨਾਂ ਨੂੰ ਖੁਸ਼ ਕਰਨ ਲਈ ਬਿਨਾਂ ਕੋਈ ਪ੍ਰਵਾਹ ਕੀਤਿਆਂ ਅਜਿਹੇ ਕਾਨੂੰਨ ਬਣਾਉਣ ਲਈ ਬਜ਼ਿੱਦ ਹੈ, ਜਿਨ੍ਹਾਂ ਵਿਚ ਕਿਸਾਨ ਆਪਣੀ ਜ਼ਮੀਨ ਦਾ ਮਾਲਕ ਨਹੀਂ ਬਲਕਿ ਕੰਪਨੀਆਂ ਦਾ ਕਰਿੰਦਾ ਬਣ ਕੇ ਰਹਿ ਜਾਵੇਗਾ। ਲੋੜ ਤਾਂ ਇਹ ਸੀ ਕਿ ਕਿਸਾਨਾਂ ਦੀ ਮਦਦ ਕਰਨ ਅਤੇ ਆਮਦਨ ਵਧਾਉਣ ਦੀਆਂ ਅਜਿਹੀਆਂ ਤਰਜੀਹਾਂ 'ਤੇ ਕੰਮ ਕੀਤਾ ਜਾਂਦਾ ਜੋ ਹਕੀਕਤ ਵਿਚ ਕਿਸਾਨ ਪੱਖੀ ਹੋਣ। ਝੋਨਾ ਕਣਕ ਦਾ ਸਮਰਥਨ ਮੁੱਲ (ਜੋ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਹੈ) ਉਹ ਹਾਸਲ ਕਰਨ ਦੇ ਨਾਲ-ਨਾਲ ਦੇਸ਼ ਭਰ ਦੇ ਕਿਸਾਨ ਵੀ ਮੰਗ ਇਹ ਕਰਦੇ ਹਨ ਕਿ ਕਿਸਾਨੀ ਨੂੰ ਬਚਾਉਣ ਲਈ ਦੂਜੀਆਂ ਫ਼ਸਲਾਂ ਦੀ ਖ਼ਰੀਦ ਸਮਰਥਨ ਮੁੱਲ 'ਤੇ ਯਕੀਨੀ ਬਣਾਈ ਜਾਵੇ ਅਤੇ ਸਰਕਾਰਾਂ ਇਨ੍ਹਾਂ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਪਰ ਅਜਿਹਾ ਕਰਨ ਦੀ ਬਜਾਏ ਇਸ ਤੋਂ ਉਲਟ ਜੋ ਕੁਝ ਕਿਸਾਨਾਂ ਦੇ ਹਿੱਸੇ ਆਉਂਦਾ ਸੀ ਉਹ ਵੀ ਜੇਕਰ ਖੋਹ ਲਿਆ ਜਾਵੇ ਤਾਂ ਇਹ ਲੋਕਤੰਤਰਿਕ ਢੰਗ ਨਾਲ ਚੁਣੀ ਸਰਕਾਰ ਦਾ ਲੋਕਾਂ ਨਾਲ ਵੱਡਾ ਵਿਸ਼ਵਾਸਘਾਤ ਹੈ। ਅੱਜ ਪੰਜਾਬ ਦਾ ਕਿਸਾਨ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕ ਪਲੇਟਫਾਰਮ 'ਤੇ ਇਸ ਸੰਘਰਸ਼ ਲਈ ਆ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਨਾਲ ਪੰਜਾਬ ਹਿਤੈਸ਼ੀ ਹੋਰ ਜਥੇਬੰਦੀਆਂ ਤੋਂ ਇਲਾਵਾ ਬੁੱਧੀਜੀਵੀ ਵਰਗ ਅਤੇ ਪੰਜਾਬ ਦਾ ਭਲਾ ਚਾਹੁੰਣ ਵਾਲੇ ਲੋਕ ਇਸ ਮੁੱਦੇ 'ਤੇ ਕਿਸਾਨਾਂ ਨਾਲ ਇਕ ਮਤ ਹਨ। ਪੰਜਾਬ ਦੀ ਭਾਜਪਾ ਇਕਾਈ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਕਿਸਾਨ ਨਾਲ ਸਹਿਮਤੀ ਜਤਾਈ ਹੈ। ਪੰਜਾਬ ਦੇ ਜਾਏ ਬੱਚੇ, ਬੁੱਢੇ ਜਵਾਨ ਇੱਥੋਂ ਤੱਕ ਕਿ ਔਰਤਾਂ ਵੀ ਅੱਜ ਸੜਕਾਂ 'ਤੇ ਨਿਕਲ ਪਈਆਂ ਹਨ। ਉਨ੍ਹਾਂ ਦੀ ਮਦਦ ਲਈ ਕੋਈ ਲੰਗਰਾਂ ਦਾ ਪ੍ਰਬੰਧ ਕਰ ਰਿਹਾ ਹੈ, ਕੋਈ ਦਰੀਆਂ ਢੋਅ ਰਿਹਾ ਹੈ। ਕਿਸਾਨਾਂ ਦਾ ਇਹ ਸੰਘਰਸ਼ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੱਡਾ ਅਤੇ ਇਤਿਹਾਸਕ ਹੋਵੇਗਾ। ਧਰਤੀ ਪੁੱਤਰਾਂ ਨੇ ਕੇਂਦਰ ਵਲੋਂ ਕੋਰੋਨਾ ਦੇ ਇਸ ਦੌਰ ਵਿਚ ਖੇਤਾਂ ਨੂੰ ਦਿੱਤੀ ਚੁਣੌਤੀ ਨੂੰ ਖਿੜੇ ਮੱਥੇ ਕਬੂਲ ਕਰ ਲਿਆ ਹੈ। ਪੰਜਾਬ ਹੀ ਨਹੀਂ, ਹਰਿਆਣਾ ਦੇ ਲੋਕ ਵੀ ਆਪਣੇ ਖੇਤਾਂ ਲਈ ਹਰ ਲੜਾਈ ਲੜਨ ਲਈ ਸੜਕਾਂ 'ਤੇ ਨਿਕਲ ਆਏ ਹਨ। ਇਹ ਲੜਾਈ ਕੇਵਲ ਖੇਤਾਂ ਨੂੰ ਬਚਾਉਣ ਦੀ ਲੜਾਈ ਨਹੀਂ ਬਲਕਿ ਕਿਸਾਨੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਵੀ ਹੈ।
- ਜ਼ੀਰਾ/ ਮੋ: 98550-51099

ਦੇਸ਼ ਵਿੱਚ ਪੂੰਜੀਵਾਦ ਦਾ ਪਹਿਲਾ ਵਿਆਪਕ ਵਿਰੋਧ - ਗੁਰਚਰਨ ਸਿੰਘ ਨੂਰਪੁਰ

ਦੇਸ਼ ਦੇ ਕਿਸਾਨ ਮਜਦੂਰ ਛੋਟੇ ਵਪਾਰੀ ਕਾਰੋਬਾਰੀ ਅਤੇ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਲੋਕ ਅੱਜ ਸੜਕਾਂ ਤੇ ਹਨ। ਕੇਂਦਰ ਦੀ ਐਨ ਡੀ ਏ ਸਰਕਾਰ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਮਜਦੂਰਾਂ ਨੂੰ ਸ਼ੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ। ਖੇਤੀ ਸਬੰਧੀ ਲਿਆਂਦੇ ਆਰਡੀਨੈਸ ਵਿਸ਼ਵ ਬੈਂਕ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਲਿਆਂਦੇ ਗਏ। ਇਹ ਉਨ੍ਹਾਂ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਦਾ ਹਿੱਸਾ ਹਨ ਜਿਨ੍ਹਾਂ ਨੇ ਭਵਿੱਖ ਵਿੱਚ ਲੱਖਾਂ ਲੋਕਾਂ ਨੂੰ ਸਾਧਨਹੀਣ ਬਣਾ ਦੇਣਾ ਹੈ। ਕਾਰਪੋਰੇਟ ਨੀਤੀਆਂ ਨੂੰ ਲਾਗੂ ਤਾਂ ਪਹਿਲਾਂ ਹੋਰ ਵੀ ਅਦਾਰਿਆਂ ਤੇ ਕੀਤਾ ਗਿਆ ਹੈ ਪਰ ਇਸ ਦਾ ਵਿਆਪਕ ਵਿਰੋਧ ਨਹੀਂ ਹੋਇਆ। ਖੇਤੀ ਆਰਡੀਨੈਂਸ ਤੋਂ ਬਾਅਦ ਦੇਸ਼ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਲੋਕ ਵੱਡੇ ਪੈਮਾਨੇ ਤੇ ਆਰਥਕ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹ ਭਾਰਤ ਵਿੱਚ ਪੂੰਜੀਵਾਦੀ ਨੀਤੀਆਂ ਦਾ ਇਹ ਵੱਡਾ ਇਤਿਹਾਸਕ ਵਿਰੋਧ ਹੈ। ਆਖਿਰ ਕੀ ਹੁੰਦੀਆ ਹਨ ਪੂੰਜੀਵਾਦੀ ਕਾਰਪੋਰੇਟ ਨੀਤੀਆਂ? ਕਿਉਂ ਦੇਸ਼ ਦੇ ਲੋਕ ਪਹਿਲੀ ਵਾਰ ਇਹਨਾਂ ਨੀਤੀਆਂ ਦਾ ਵਿਆਪਕ ਵਿਰੋਧ ਕਰ ਰਹੇ ਹਨ ? ਇਹ ਸਮਝਣ ਲਈ ਸਾਨੂੰ ਪੂੰਜੀਵਾਦ ਦੇ ਕੰਮ ਕਰਨ ਦੇ ਢੰਗ ਨੂੰ ਸਮਝਣਾ ਹੋਵੇਗਾ।
      ਇਹ ਧਰਤੀ ਇੰਨਾ ਅਨਾਜ, ਖਣਿੱਜ ਪਦਾਰਥ, ਜੰਗਲ ਅਤੇ ਬਨਸਪਤੀਆਂ ਪੈਦਾ ਕਰਨ ਦੇ ਸਮਰੱਥ ਹੈ ਕਿ ਧਰਤੀ ਤੇ ਰਹਿਣ ਵਾਲੇ ਹਰ ਮਨੁੱਖ ਦੀਆਂ ਲੋੜਾਂ ਦੀ ਸੁਚੱਜੇ ਢੰਗ ਨਾਲ ਪੂਰਤੀ ਹੋ ਸਕਦੀ ਹੈ। ਇਸ ਧਰਤੀ ਨੂੰ ਬਿਨਾਂ ਪਲੀਤ ਕੀਤਿਆਂ ਇਸ ਦੇ ਮਾਲ ਖਜਾਨਿਆਂ ਦੀ ਬਦੌਲਤ ਹਰ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਕੇ ਇੱਜਤ ਅਤੇ ਸਵੈਮਾਨ ਦੀ ਜ਼ਿੰਦਗੀ ਜਿਉਂ ਸਕਦਾ ਹੈ। ਪਰ ਜਦੋਂ ਅਸੀਂ ਧਰਤੀ ਦੇ ਵੱਖ ਵੱਖ ਖਿੱਤਿਆਂ/ਦੇਸ਼ਾਂ ਵਿੱਚ ਮਨੁੱਖ ਦੇ ਜੀਵਨ ਨੂੰ ਦੇਖਦੇ ਹਾਂ ਨਿਰਾਸ਼ ਹੁੰਦੇ ਹਾਂ। ਹਰ ਸੋਚਵਾਨ ਮਨੁੱਖ ਇਸ ਗਲ ਨਾਲ ਸਹਿਮਤ ਹੋਵੇਗਾ ਕਿ ਸਾਡੀ ਅਜੋਕੀ ਸਥਿਤੀ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਕੋਈ ਨਾ ਕੋਈ ਖੋਟ ਜਰੂਰ ਹੈ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਸਮਾਜ ਦੇ ਵੱਡੀ ਗਿਣਤੀ ਬਿਮਾਰੀਆਂ ਦੁਸ਼ਵਾਰੀਆਂ, ਨਿਰਾਸ਼ਾ, ਅਨਿਆਂ, ਗਰੀਬੀ, ਮੰਦਹਾਲੀ, ਕਰਜਿਆਂ ਦਾ ਮਕੜਜਾਲ ਅਤੇ ਬੇਕਾਰੀ ਵਰਗੀਆਂ ਅਲਾਮਤਾਂ ਵਿੱਚ ਦਰ ਗੁਜ਼ਰ ਕਰ ਰਹੇ ਹੋਣ ਅਤੇ ਦੋ ਡੰਗ ਦੀ ਰੋਟੀ ਦਾ ਮੁਥਾਜ ਹੋ ਕੇ ਰਹਿ ਜਾਣ? ਜਦੋਂ ਅਸੀਂ ਅਜੋਕੇ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਸਾਰੀਆਂ ਗੱਲਾਂ ਸਾਨੂੰ ਸਾਫ ਸਾਫ ਨਜ਼ਰ ਆਉਣ ਲੱਗਣਗੀਆਂ।
      ਬੇਸ਼ੱਕ ਚਾਲਕ ਹੋਰ ਦਿਸਦੇ ਹਨ ਪਰ ਅਜੋਕੀ ਇਹ ਵਿਵਸਥਾ ਕੁਝ ਧਨਾਢ ਪੂੰਜੀਪਤੀਆਂ ਦੀਆਂ ਕੰਪਨੀਆਂ ਦੇ ਦਿਮਾਗ ਤੋਂ ਸੰਚਾਲਤ ਹੁੰਦੀ ਹੈ। ਇਨ੍ਹਾਂ ਨਿੱਜੀਕਰਨ ਦੀਆਂ ਨੀਤੀਆਂ ਨਾਲ ਬਹੁਗਿਣਤੀ ਲੋਕ, ਪ੍ਰਾਂਤ ਅਤੇ ਦੇਸ਼ ਗਰੀਬ ਹੁੰਦੇ ਹਨ, ਮੁੱਠੀਭਰ ਕਾਰਪੋਰੇਸ਼ਨਾਂ ਅਤੇ ਵਿਚੋਲਗੀ ਦਾ ਰੋਲ ਅਦਾ ਕਰਨ ਵਾਲੇ ਨੇਤਾ ਬੜੀ ਤੇਜੀ ਨਾਲ ਅਮੀਰ ਹੁੰਦੇ ਹਨ। ਇਹ ਅਜਿਹੀ ਅਦਿੱਖ ਗੁਲਾਮੀ ਹੈ ਜਿਸ ਦੀ ਬਹੁਗਿਣਤੀ ਨੂੰ ਸਮਝ ਬਹੁਤ ਦੇਰ ਨਾਲ ਪੈਂਦੀ ਹੈ। ਪੂੰਜੀਵਾਦੀ ਵਿਵਸਥਾ ਅਜਿਹੀ ਵਿਵਸਥਾ ਹੈ ਜੋ ਬੜੀ ਤੇਜੀ ਨਾਲ ਆਪਣੇ ਮੁਨਾਫਿਆਂ ਲਈ ਕੁਦਰਤੀ ਸਾਧਨਾਂ ਦੀ ਲੁੱਟ ਕਰਦੀ ਹੈ ਅਤੇ ਵਾਤਾਵਰਣ ਦੀ ਤਬਾਹੀ ਦਾ ਕਾਰਨ ਬਣਦੀ ਹੈ। ਹਰ ਤਰਾਂ੍ਹ ਦੀਆਂ ਮਨੁੱਖੀ ਲੋੜਾਂ 'ਤੇ ਕਾਬਜ ਹੋ ਕੇ ਇਹ ਬਜ਼ਾਰ ਦੀ ਵਿਵਸਥਾ ਨੂੰ ਆਪਣੇ ਢੰਗ ਨਾਲ ਚਲਾਉਂਦੀ ਹੈ। ਪੈਸੇ ਅਤੇ ਸੱਤਾ ਦੀ ਤਾਕਤ ਨੂੰ ਆਪਣੇ ਹਿੱਤਾਂ ਲਈ ਵਰਤ ਕੇ ਇਹ ਹੋਰ ਤਾਕਤਵਰ ਹੁੰਦੀ ਹੈ ਵਧੀ ਤਾਕਤ ਨਾਲ ਇਹ ਅਜਿਹੀ ਸਰਾਲ ਦਾ ਰੂਪ ਧਾਰਨ ਕਰਦੀ ਹੈ ਜੋ ਸਭ ਤਰਾਂ ਦੇ ਕੁਦਰਤੀ ਸਾਧਨ, ਜਨਤਕ ਸੇਵਾਵਾਂ, ਬਜਾਰ, ਮੀਡੀਆ ਮੰਡੀਆਂ, ਮਨੋਰੰਜਨ ਦੇ ਸਾਧਨਾਂ, ਮਨੁੱਖੀ ਲੋੜਾਂ ਅਤੇ ਹੋਰ ਸਾਧਨਾਂ ਨੂੰ ਹੜੱਪ ਜਾਣ ਲਈ ਕਾਹਲੀ ਹੈ। ਇਸੇ ਵਿਵਸਥਾ ਦੀ ਬਦੌਲਤ ਅੱਜ ਸਾਡੇ ਮੁਲਕ ਵਿੱਚ ਇਹ ਹਾਲਾਤ ਹਨ ਕਿ ਇੱਕ ਪਾਸੇ ਦੇਸ਼ ਦੀ ਉਹ ਈਲੀਟ ਜਮਾਤ ਹੈ ਜਿਸ ਦਾ ਇੱਕ ਦਿਨ ਦਾ ਨਾਸ਼ਤਾ ਵੀ ਲੱਖਾਂ ਰੁਪਏ ਦਾ ਹੈ, ਦੂਜੇ ਪਾਸੇ ਭੁੱਖ ਨੰਗ, ਗਰੀਬੀ, ਮੰਦਹਾਲੀ ਨਾਲ ਘੁਲਦੇ ਉਹ ਲੋਕ ਹਨ ਜਿਨ੍ਹਾਂ ਦੇ ਬੱਚੇ ਹਸਪਤਾਲ ਵਿੱਚ ਆਕਸੀਜਨ ਸਿਲੰਡਰਾਂ ਦੀ ਕਮੀ ਹੋਣ ਕਰਕੇ ਮਰ ਜਾਂਦੇ ਹਨ। ਇੱਕ ਉਹ ਜਮਾਤ ਹੈ ਜਿਸ ਦੀ ਇੱਕ ਦਿਨ ਦੀ ਸੁਰੱਖਿਆ 'ਤੇ ਲੱਖਾਂ ਰੁਪਏ ਖਰਚ ਹੁੰਦੇ ਹਨ ਦੂਜੇ ਪਾਸੇ ਬਦਕਿਸਮਤ ਗੰਦੀਆਂ ਬਸਤੀਆਂ ਵਿੱਚ ਰਹਿਣ ਵਾਲੇ ਸਾਡੇ ਹਾਕਮਾਂ ਲਈ ਨਿਮੋਸ਼ੀ ਦਾ ਕਾਰਨ ਬਣਦੇ ਉਹ ਲੋਕ ਹਨ ਜਿਨ੍ਹਾਂ ਦੀਆਂ ਗੰਦੀਆਂ ਬਸਤੀਆਂ ਨੂੰ ਕਿਸੇ ਦੂਜੇ ਦੇਸ਼ ਦੇ ਹਾਕਮ ਦੀ ਨਿਗਾ ਤੋਂ ਬਚਾਉਣ ਲਈ ਕੰਧਾਂ ਕੱਢ ਦਿੱਤੀਆਂ ਜਾਂਦੀਆਂ ਹਨ। ਪੂੰਜੀਵਾਦੀ ਵਿਵਸਥਾ ਦੀ ਕਰਾਮਾਤ ਹੈ ਕਿ ਇੱਕ ਪਾਸੇ ਕਰਜਿਆਂ ਦੇ ਸਤਾਏ ਲੋਕ ਆਤਮ ਹੱਤਿਆਵਾਂ ਕਰ ਰਹੇ ਹਨ। ਦੂਜੇ ਪਾਸੇ ਪੂੰਜੀਪਤੀ ਬੈਂਕਾਂ ਆਪਣੇ ਮੁਲਾਜਮਾਂ ਨੂੰ ਵੱਧ ਤੋਂ ਵੱਧ ਕਰਜੇ ਦੇਣ ਦੇ ਟਾਰਗਰ ਦੇ ਰਹੀਆਂ ਹਨ। ਵੱਡੇ ਅੱਖਰਾਂ ਵਿੱਚ ਲਿਖ ਕੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਹਰ ਸਾਧਨ 'ਤੇ ਤੁਹਾਨੂੰ ਕਰਜਾ ਦੇਣ ਲਈ ਤਿਆਰ ਹਾਂ ਬਸ਼ਰਤ ਹੈ ਕਿ ਤੁਹਾਡੇ ਕੋਲ ਕੁਝ ਹੋਵੇ। 1970- 75 ਵਿੱਚ ਜਨਤਕ ਅਦਾਰੇ ਜਿਵੇਂ ਨਹਿਰੀ ਵਿਭਾਗ, ਰੋਡਵੇਜ਼, ਸੜਕ ਮਹਿਕਮਾ, ਬਿਜਲੀ ਬੋਰਡ ਅੱਠਵੀ ਦਸਵੀਂ ਪੜ੍ਹੇ ਨੂੰ ਨੌਕਰੀ ਦੇ ਦਿੰਦਾ ਸੀ ਪਰ ਅੱਜ ਨਹੀਂ ਪਰ ਅੱਜ ਐਮ ਐਸ ਸੀ, ਐਮ ਟੈੱਕ ਪੀ ਐਚ ਡੀ ਪੜ੍ਹੇ ਨੌਜੁਆਨ ਦਰ ਬ ਦਰ ਦੀ ਖਾਕ ਛਾਨਣ ਲਈ ਮਜਬੂਰ ਹਨ। ਨੌਕਰੀ ਨਹੀਂ ਹੈ ਰੁਜ਼ਗਾਰ ਨਹੀਂ ਹੈ ਜੇ ਹੈ ਤਾਂઠ 7 ਤੋਂ 10 ਹਜਾਰ ਰੁਪਏ ਦੀ ਉਹ ਨੌਕਰੀ ਹੈ ਜਿਸ 'ਚੋਂ ਕੱਢੇ ਜਾਣ ਦੀ ਤਲਵਾਰ ਹਮੇਸ਼ਾਂ ਮੁਲਾਜ਼ਮ ਦੇ ਸਿਰ ਲਟਕਦੀ ਰਹਿੰਦੀ ਹੈ। ਅੱਜ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਪੜੇ ਲੋਕ ਨੌਜੁਆਨ ਮੁੰਡੇ ਕੁੜੀਆਂ 7 ਤੋਂ 10 ਹਜਾਰ ਵਿੱਚ ਨੌਕਰੀ ਕਰਨ ਵਾਲੇ ਹਰ ਸਰਕਾਰ ਅਰਧ ਸਰਕਾਰੀ ਅਤੇ ਗੈਰ ਸਰਕਾਰ ਅਦਾਰਿਆਂ ਵਿੱਚ ਹਰ ਪਾਸੇ ਮਿਲ ਜਾਣਗੇ। ਪੂੰਜੀਵਾਦੀ ਨੀਤੀਆਂ ਇਸ ਸਾਰੀ ਲੋਕਮਾਰੂ ਵਿਵਸਥਾ ਦੀ ਸਿਰਜਣਾ ਕਰਦੀਆਂ ਹਨ।
       ਪੂੰਜੀਵਾਦ ਦਾ ਗਲਬਾ ਧਰਤੀ ਦੇ ਵੱਖ ਵੱਖ ਖਿਤਿਆਂ, ਖਣਿੱਜ ਪਦਾਰਥਾਂ, ਪਹਾੜਾਂ, ਝੀਲਾਂ, ਬੰਦਰਗਾਹਾਂ ਹਵਾਈ ਅੱਡਿਆਂ, ਮੀਡੀਆ ਹਾਊਸਾਂ ਤੋਂ ਲੈ ਕੇ ਸਾਡੇ ਦੁਆਰਾ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਲੋੜਾਂ ਤੱਕ ਹੈ। ਲੋਕ ਨਹੀਂ ਸਮਝ ਰਹੇ ਕਿ ਇੱਕ ਅਦਾਰੇ 'ਚੋਂ ਜੇਕਰ ਇੱਕ ਬੰਦਾ ਰਿਟਾਇਡ ਹੁੰਦਾ ਹੈ ਤਾਂ ਉਸ ਦਾ ਉਸ ਤੋਂ ਵੱਧ ਕਾਬਲ ਅਤੇ ਵੱਧ ਪੜ੍ਹਿਆ ਲਿਖਿਆ ਲੜਕਾ/ਲੜਕੀ ਉਸ ਅਦਾਰੇ ਵਿੱਚ ਨੌਕਰੀ ਕਿਉਂ ਨਹੀਂ ਕਰ ਸਕਦਾ। ਪੂੰਜੀਵਾਦੀ ਵਿਵਸਥਾ ਦੀਆਂ ਸਭઠ ਤਰਜੀਹਾਂ ਮੁਨਾਫੇ ਲਈ ਹਨ। ਇਹਦੀ ਕੋਸ਼ਿਸ਼ ਹੈ ਲੋਕਾਂ ਨੂੰ ਵੱਧ ਤੋਂ ਵੱਧ ਸਾਧਨਹੀਣ ਬਣਾ ਦਿੱਤਾ ਜਾਵੇ। ਹਰ ਤਰਾਂ ਦੀਆਂ ਜਨਤਕ ਸੇਵਾਵਾਂ ਨੂੰ ਖਤਮ ਕਰ ਦਿੱਤਾ ਜਾਵੇ। ਬਹੁਗਿਣਤੀ ਲੋਕਾਂ ਨੂੰ ਖਾਣ ਪੀਣ ਅਤੇ ਕੱਪੜੇ ਪਹਿਨਣ ਤੱਕ ਸੀਮਤ ਕਰ ਦਿੱਤਾ ਜਾਵੇ।
      ਮਨੁੱਖ ਦੀਆਂ ਹਰ ਤਰਾਂ ਦੀਆਂ ਲੋੜਾਂ ਦੀ ਪੂਰਤੀ ਪਹਿਲਾਂ ਆਲੇ ਦੁਆਲੇ 'ਚੋਂ ਹੁੰਦੀ ਸੀ। ਇਹ ਲੋੜਾਂ ਹੁਣ ਬਜ਼ਾਰ ਦੇ ਕਬਜੇ ਵਿੱਚ ਹਨ। ઠਅੱਜ ਦੇ ਬਜ਼ਾਰ ਦੀ ਸੰਚਾਲਕ ਪੂੰਜੀਵਾਦੀ ਜਮਾਤ ਹੈ ਅਤੇ ਬਜ਼ਾਰ ਹੁਣ ਸਾਡੀਆਂ ਲੋੜਾਂ ਨੂੰ ਹੀ ਨਹੀਂ ਦੇਖਦਾ ਬਲਕਿ ਹੋਰ ਵਾਧੂ ਬੇਲੋੜੀਆਂ ਮਸਨੂਈ ਲੋੜਾਂ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ। ਹੁਣ ਇਹ ਬੜੀ ਅਸਾਨੀ ਨਾਲ ਗੰਜਿਆਂ ਨੂੰ ਕੰਘੇ ਵੇਚ ਸਕਦਾ ਹੈ। ਫਲ ਸਬਜੀਆਂ ਅਨਾਜ ਮਨੁੱਖ ਸਦੀਆਂ ਤੋਂ ਖਾਂਦਾ ਆ ਰਿਹਾ ਹੈ। ਆਪਣੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਆਪਣੇ ਆਪ ਨੂੰ ਠੀਕ ਰੱਖਣ ਲਈ ਕਈ ਤਰਾਂ੍ਹ ਦੇ ਆਹਰ ਪਾਹਰ ਮਨੁੱਖ ਸਦੀਆਂ ਤੋਂ ਕਰਦਾ ਆ ਰਿਹਾ ਹੈ। ਪਰ ਬਜ਼ਾਰ ਨੇ ਸਾਨੂੰ ਪਹਿਨਣ ਅਤੇ ਰਹਿਣ ਸਹਿਣ ਅਤੇ ਖਾਣ ਪੀਣ ਲਈ ਆਪਣੀਆਂ ਤਰਜੀਹਾਂ ਅਨੁਸਾਰ ਤੋਰਿਆ। ਸਾਨੂੰ ਸਿਖਾਇਆ ਕਿ ਕਿਹੜੀ ਕੰਪਨੀ ਦਾ ਕਿਹੜਾ ਪ੍ਰੋਡਕਟ ਤੁਹਾਡੀ ਸਿਹਤ ਤੁਹਾਡੀ ਦਿੱਖ ਅਤੇ ਤੁਹਾਡੀ ਸ਼ਖਸ਼ੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਬਜ਼ਾਰ ਨੇ ਸਾਨੂੰ ਦੱਸਿਆ ਕਿ ਇਸ ਕੰਪਨੀ ਦਾ ਸੰਤਰੇ ਜੂਸ ਜਿਆਦਾ ਤਸੱਲੀਬਖਸ਼ ਹੈ। ਇਹ ਤੁਹਾਨੂੰ ਦਿਨਾਂ ਵਿੱਚ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾ ਦੇਵੇਗਾ। ਬਜ਼ਾਰઠ ਨੇ ਸਾਨੂੰ ਸਿਖਾਇਆ ਕਿ ਅੰਬ ਖਾਣ ਨਾਲੋਂ ਅੰਬ ਵਾਲਾ ਬੋਤਲ ਬੰਦ ਪ੍ਰੋਡਕਟ ਤੁਹਾਡੇ ਬੱਚਿਆਂ ਨੂੰ ਸਿਹਤਮੰਦ ਰੱਖਣ ਅਤੇ ਸੁਆਦ ਪੱਖੋਂ ਕਿਤੇ ਵਧੀਆ ਹੈ। ਇਹਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਜੇਕਰ ਘਰ ਆਏ ਮਹਿਮਾਨ ਅੱਗੇ ਦੋ ਅੰਬ ਜਾਂ ਦੋ ਸੰਤਰੇ ਰੱਖਦੇ ਹਾਂ ਇਹ ਇੱਕ ਤਰਾਂ੍ਹ ਨਾਲ ਗਵਾਰਪੁਣੇ ਵਾਲੀ ਗੱਲ ਲਗਦੀ ਹੈ। ਪਰ ਜੇਕਰ ਡੱਬਾ ਬੰਦ ਸੰਤਰੇ ਦਾ ਜੂਸ ਮਹਿਮਾਨ ਨੂੰ ਪਰੋਸਦੇ ਹਾਂ ਤਾਂ ਇਹ ਮਹਿਮਾਨ ਦੀ ਵੀ ਇੱਜਤ ਵਧਾਉਂਦਾ ਹੈ ਅਤੇ ਸਾਡੇ ਸਟੇਟਸ ਨੂੰ ਵੀ ਸਾਬਤ ਕਰਦਾ ਹੈ। ਹੁਣ ਇਸ ਪ੍ਰੋਡਕਟ ਦੀ ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਜਿਵੇਂ ਸਾਨੂੰ ਕੋਈ ਦੋ ਕਿੱਲੋ ਸੰਤਰੇ ਦੇ ਦਿੱਤੇ ਜਾਣ ਤੇ ਕਿਹਾ ਜਾਵੇ ਕਿ ਇਨ੍ਹਾਂ ਦਾ ਜੂਸ ਕੱਢ ਕੇ ਇਸ ਵਿੱਚ ਕੁਝ 200 ਗਰਾਮ ਚੀਨੀ ਅਤੇ ਕੁਝ ਕੈਮੀਕਲ ਮਿਲਾ ਰੱਖ ਲਓ ਅਤੇ ਮਹੀਨਿਆਂ ਬਾਅਦ ਆਪ ਵੀ ਪੀਓ ਅਤੇ ਆਪਣੇ ਬੱਚਿਆਂ ਨੂੰ ਵੀ ਪਿਆਓ ਤਾਂ ਇਸ ਦੀ ਹਕੀਕਤ ਸਾਨੂੰ ਸਮਝ ਆਏਗੀ ਅਤੇ ਇਸ ਪ੍ਰਤੀ ਸਾਡਾ ਨਜ਼ਰੀਆ ਬਦਲ ਜਾਵੇਗਾ। ਸਾਨੂੰ ਸਮਝ ਪਵੇਗੀ ਕਿ ਬਰੈਂਡਡ ਜੂਸ ਨਾਲੋਂ ਪਲੇਟ ਵਿੱਚ ਪਿਆ ਸੰਤਰਾ ਖਾਣਾ ਕਿਤੇ ਵੱਧ ਚੰਗਾ ਹੈ। ਇਹ ਦੱਸਣ ਦਾ ਭਾਵ ਇਹ ਹੈ ਕਿ ਬਜ਼ਾਰ ਦੀ ਤਾਕਤ ਕਿਵੇਂ ਲੋਕਮਨਾਂ ਨੂੰ ਵਰਗਲਾਅ ਲੈਂਦੀ ਹੈ ਅਤੇ ਆਪਣੀਆਂ ਤਰਜੀਹਾਂ ਅਨੁਸਾਰ ਤੋਰਦੀ ਹੈ। ਇੱਕ ਕੰਪਨੀ ਆਪਣੇ ਸ਼ਹਿਦ ਦਾ ਪ੍ਰਚਾਰ ਬਜ਼ਾਰ ਵਿੱਚ ਵਿਕਦੇ ਦੂਜਿਆਂ ਨਾਲ ਵੱਖਰਾ, ਸ਼ੁਧ ਅਤੇ ਗੁਣਾਂ ਭਰਭੂਰ ਹੋਣ ਦਾ ਪ੍ਰਚਾਰ ਕਰਦੀ ਹੈ। ਲੋਕ ਧੜਾਧੜ ਖਰੀਦਣ ਲੱਗਦੇ ਹਨ ਪਰ ਸਵਾਲ ਨਹੀਂ ਕਰਦੇ ਇਸ ਕੰਪਨੀ ਦੇ ਵੱਖਰੇ ਡੂੰਮਣੇ ਕਿੱਥੇ ਤੇ ਕਿਹੜੇ ਰੁੱਖਾਂ ਨੂੰ ਲੱਗੇ ਹੋਏ ਹਨ? ਗੱਲ ਕੀ ਬਜ਼ਾਰ ਸਾਨੂੰ ਆਪਣੀਆਂ ਤਰਜੀਹਾਂ ਮੁਨਾਫਿਆਂ ਲਈ ਆਪਣੇ ਢੰਗ ਨਾਲ ਵਰਤਦਾ ਹੈ ਅਤੇ ਪ੍ਰਚਾਰ ਦੇ ਜੋਰ ਤੇ ਸਾਡੀ ਸਵਾਲ ਕਰਨ ਦੀ ਮਨੋਬਿਰਤੀ ਨੂੰ ਖਤਮ ਕਰ ਦਿੰਦਾ ਹੈ।
       ਦੁਨੀਆਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਸਬੰਧੀ ਫਾਰਮੂਲਾ ਦੇਣ ਵਾਲੇ ਫਰਾਇਡਮੈਨ ਦਾ ਵਿਚਾਰ ਸੀ ਕਿ ਜਦੋਂ ਲੋਕ ਕੁਦਰਤੀ ਆਫਤਾਂ ਦੇ ਭੰਨੇ ਹੋਣ, ਉਸ ਸਮੇਂ ਕੰਮ ਕਰਨ ਦਾ ਵਧੀਆ ਮੌਕਾ ਹੁੰਦਾ ਹੈ ਉਹ ਕਹਿੰਦਾ ਹੈ ਜੇਕਰ ਕੁਦਰਤੀ ਆਫਤਾਂ ਨਹੀਂ ਤਾਂ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਕਿ ਲੋਕ ਜੰਗਾਂ ਯੁੱਧਾਂ ਅਤੇ ਆਪਸੀ ਲੜਾਈਆਂ ਵਿੱਚ ਉਲਝ ਜਾਣ ਜੇਕਰ ਅਜਿਹਾ ਵੀ ਨਹੀਂ ਹੁੰਦਾ ਤਾਂ ਬਿਮਾਰੀਆਂ ਮਹਾਂਮਾਰੀਆਂ ਦਾ ਡਰ ਪੈਦਾ ਕਰਕੇ ਖੌਫ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਵੇ ਉਸ ਦਾ ਮੰਨਣਾ ਸੀ ਕਿ ਖ਼ੌਫਜੁਦਾ ਹੋਏ ਲੋਕਾਂ 'ਤੇ ਪੁਲਸ ਜਾਂ ਫੌਜ ਦੀ ਮਦਦ ਨਾਲ ਹਰ ਤਰਾਂ੍ਹ ਦੀਆਂ ਮਨਮਰਜੀਆਂ ਥੋਪੀਆਂ ਜਾ ਸਕਦੀਆਂ ਹਨ। ਉਸ ਦਾ ਏਜੰਡਾ ਸੀ ਕਿ 'ਪਹਿਲਾਂ ਸਰਕਾਰਾਂ ਨੂੰ ਆਪਣੇ ਮੁਨਾਫੇ ਬਟੋਰਨ ਦੇ ਰਾਹ ਦਾ ਰੋੜਾ ਬਣਨ ਵਾਲੇ ਸਾਰੇ ਕਾਇਦੇ ਕਾਨੂੰਨ ਖਤਮ ਕਰਨੇ ਹੋਣਗੇ। ਦੂਜਾ ਸਰਕਾਰਾਂ ਆਪਣੇ ਪਬਲਿਕ ਸੈਕਟਰ ਦੇ ਸਾਰੇ ਅਸਾਸੇ ਵੇਚ ਦੇਣ ਤਾਂ ਜੋ ਕਾਰਪੋਰੇਸ਼ਨਾਂ ਨੂੰ ਮੁਨਾਫੇ ਹੋਣੇ ਸ਼ੁਰੂ ਹੋ ਜਾਣ। ਤੀਜਾ ਸਰਕਾਰਾਂ ਸਮਾਜਿਕ ਪ੍ਰੋਗਰਾਮਾਂ ਲਈ ਦਿੱਤੇ ਜਾਂਦੇ ਫੰਡਾਂ/ਸਬਸਿਡੀਆਂ 'ਚ ਤਿੱਖੀਆਂ ਕਟੌਤੀਆਂ ਕਰਨ। ਕਾਰਪੋਰੇਸ਼ਨਾਂ ਨੂੰ ਕਿਤੇ ਵੀ ਮਾਲ ਵੇਚਣ ਦੀ ਖੁੱਲ ਦਿੱਤੀ ਜਾਵੇ। ਸਰਕਾਰਾਂ ਸਥਾਨਕ ਸਨਅਤਾਂ ਜਾਂ ਸਨਅਤਕਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੀਆਂ। ਮਿਹਨਤ ਦੇ ਮੁੱਲ ਸਮੇਤ ਸਾਰੀਆਂ ਕੀਮਤਾਂ ਮੰਡੀ ਤੈਅ ਕਰੇਗੀ।' ਉਸ ਅਨੁਸਾਰ 'ਜਦੋਂ ਲੋਕ ਕੁਦਰਤੀ ਆਫਤਾਂ ਨਾਲ ਸਦਮੇ ਵਿੱਚ ਹੋਣ ਉਦੋਂ ਜਾਂ ਫਿਰ ਮਸਨੂਈ ਢੰਗ ਨਾਲ ਉਹਨਾਂ ਨੂੰ ਸਦਮੇ ਦੇ ਕੇ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਕਿ ਲੋਕਾਂ ਦੇ ਹੌਸਲੇ ਪਸਤ ਹੋ ਜਾਣ, ਲੋਕ ਜੜਾਂ ਤੋਂ ਹਿਲ ਜਾਣ, ਸਮਾਜ ਵਿੱਚ ਜਦੋਂ ਉੱਥਲ ਪੁਥਲ ਅਤੇ ਬੇਵਿਸ਼ਵਾਸ਼ੀ ਦਾ ਮਾਹੌਲ ਹੋਵੇ ਤਾਂ ਇਹੀ ਸਹੀ ਸਮਾਂ ਹੁੰਦਾ ਹੈ ਜਦੋਂ ਕਾਰਪੋਰੇਸ਼ਨਾਂ ਆਪਣੀਆਂ ਮੁਨਾਫਾ ਬਟੋਰੂ ਨੀਤੀਆਂ ਨੂੰ ਆਸਾਨੀ ਨਾਲ ਅੱਗੇ ਵਧਾ ਸਕਦੀਆਂ ਹਨ। ਇਹਨਾਂ ਨੀਤੀਆਂ ਨੂੰ ਅੱਜ ਸਾਡੇ ਦੇਸ਼ ਵਿੱਚ ਹੂਬਹੂ ਲਾਗੂ ਕੀਤਾ ਜਾ ਰਿਹਾ ਹੈ। ਨਿੱਜੀਕਰਨ ਦੀਆਂ ਨੀਤੀਆਂ ਦੇ ਮਾਮਲੇ ਤੇ ਦੇਸ਼ ਦੀਆਂ ਵੱਡੀਆਂ ਪਾਰਟੀਆਂ ਭਾਵੇਂ ਉਹ ਕਾਂਗਰਸ ਹੋਵੇ ਜਾਂ ਬੀ ਜੇ ਪੀ ਆਪਣੀ ਤਾਕਤ ਅਨੁਸਾਰ ਸਭ ਪੂੰਜੀਵਾਦੀ ਵਿਵਸਥਾ ਦੇ ਹੱਕ ਵਿੱਚ ਭੁਗਤਦੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਸਾਡੇ ਦੇਸ਼ ਵਿੱਚ ਖੇਤੀ ਸਬੰਧੀ ਆਰਡੀਨੈੱਸ ਲਾਗੂ ਕਰਨ ਲਈ ਸਰਕਾਰ ਦਾ ਸਾਰਾ ਜੋਰ ਲੱਗਿਆ ਹੋਇਆ ਹੈ। ਲੋਕ ਇਸ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਹਨ। ਇਹ ਉਹੀ ਨੀਤੀ ਹੈ ਜਿਸ ਨੂੰ ਫਰਾਇਡਮੈਨ ਕਹਿੰਦਾ ਹੈ ''ਕਾਰਪੋਰੇਸ਼ਨਾਂ ਦੇ ਰਾਹ ਵਿੱਚ ਆਉਂਦੀਆਂ ਸਾਰੀਆਂ ਰੁਕਾਵਟਾਂ ਖਤਮ ਕਰ ਦਿੱਤੀਆਂ ਜਾਣ।" ਇਹ ਸੱਚ ਹੈ ਕਿ ਇਹ ਆਰਡੀਨੈਂਸ ਲੋਕਾਂ ਦੀ ਤਬਾਹੀ ਦਾ ਕਾਰਨ ਬਣਨਗੇ। ਜਦੋਂ ਸਰਕਾਰਾਂ ਆਪਣੇ ਅਦਾਰੇ ਅਸਾਸੇ ਵੇਚਦੀਆਂ ਹਨ ਵਿਰੋਧੀ ਧਿਰਾਂ ਇਸ ਦਾ ਤਿੱਖਾ ਵਿਰੋਧ ਨਹੀਂ ਕਰਦੀਆਂ। ਸਾਡੇ ਸਾਹਮਣੇ ਪੰਜਾਬ ਵਿੱਚ ਬਿਜਲੀ ਬੋਰਡ ਨੂੰ ਤੋੜ ਕੇ ਇਸ ਦਾ ਨਿੱਜੀਕਰਨ ਕਰ ਦਿੱਤਾ ਗਿਆ। ਰੋਡਵੇਜ਼ ਦਾ ਖਾਤਮਾ ਹੋ ਗਿਆ। ਸਰਕਾਰੀ ਥਰਮਲ ਪਲਾਟ ਖੰਡ ਮਿੱਲਾਂ ਵਰਗੇ ਅਦਾਰਿਆਂ ਨੂੰ ਤਬਾਹ ਕਰ ਦਿੱਤਾ ਗਿਆ। ਉੱਧਰઠ ਕੇਂਦਰ ਨੇ ਦੂਰਸੰਚਾਰ ਵਿਭਾਗ ਨੂੰ ਦਾ ਭੋਗ ਪਾ ਦਿੱਤਾ। ਹਵਾਈ ਅੱਡੇ, ਏਅਰ ਇੰਡੀਆ ਜਿਹੀਆਂ ਕੰਪਨੀਆਂ, ਸਰਕਾਰੀ ਤੇਲ ਕੰਪਨੀਆਂ, ਰੇਲ ਵਿਭਾਗ ਅਤੇ ਹੋਰ ਕਈ ਅਦਾਰੇ ਵੇਚੇ ਜਾ ਚੁੱਕੇ ਹਨ ਅਤੇ ਬਾਕੀ ਦੇ ਵੇਚਣ ਦੀ ਤਿਆਰੀ ਹੈ। ਪਰ ਤੁਸੀਂ ਦੇਖਿਆ ਹੋਵੇਗਾ ਕਿ ਇਸ ਸਭ ਕੁਝ ਦਾ ਵਿਆਪਕ ਵਿਰੋਧ ਨਹੀਂ ਹੋਇਆ। ਜੇਕਰ ਵਿਰੋਧ ਕੀਤਾ ਤਾਂ ਅਦਾਰਿਆਂ ਨਾਲ ਸਬੰਧਤ ਮੁਲਾਜਮਾਂ ਨੇ ਵਿਰੋਧ ਕੀਤਾ। ਦੇਸ਼ ਦੇ ਲੋਕਾਂ ਦੇ ਸਾਹਮਣੇ ਦੇਸ਼ ਦਾ ਸਰਮਾਇਆ, ਪੁਰਖਿਆਂ ਵੱਲੋਂ ਖੜੇ ਕੀਤੇ ਅਦਾਰਿਆਂ ਦਾ ਮੁੱਠੀ ਭਰ ਵਿਚੋਲੇ ਆਪਣੀ ਮਨ ਮਰਜੀ ਦਾ ਆਪਣੇ ਚਹੇਤਿਆਂ ਨਾਲ ਸੌਦਾ ਕਰ ਲੈਂਦੇ ਹਨ ਪਰ ਲੋਕ ਨਹੀਂ ਬੋਲਦੇ। ਇਸ ਦਾ ਕਾਰਨ ਇਹ ਹੈ ਕਿ ਕਾਰਪੋਰੇਟ ਨੀਤੀਆਂ ਅਜਿਹੀਆਂ ਨੀਤੀਆਂ ਹਨ ਜਿਨ੍ਹਾਂ ਦੀ ਆਮ ਮਨੁੱਖ ਨੂੰ ਛੇਤੀ ਕੀਤਿਆਂ ਸਮਝ ਨਹੀਂ ਪੈਂਦੀ ਇਨ੍ਹਾਂ ਨੀਤੀਆਂ ਦੀ ਸਮਝ ਆਮ ਲੋਕਾਂ ਨੂੰ ਬਹੁਤ ਮਗਰੋਂ ਉਦੋਂ ਪੈਂਦੀ ਹੈ ਜਦੋਂ ਚਿੜੀਆਂ ਖੇਤ ਚੁੱਗ ਕੇ ਉੱਡ ਚੁੱਕੀਆਂ ਹੁੰਦੀਆਂ ਹਨ। ਸਾਡੇ ਦੇਸ਼ ਦੇ ਬਹੁਗਿਣਤੀ ਰਾਜਨੇਤਾ ਵੀ ਪੂੰਜੀਵਾਦੀ ਨੀਤੀਆਂ ਸਬੰਧੀ ਸਮਝ ਪੱਖੋਂ ਸੱਖਣੇ ਹਨ।
      ਖੇਤੀਬਾੜੀ ਲਈ ਲਿਆਂਦੇ ਨਵੇਂ ਕਾਨੂੰਨਾਂ ਨੂੰ ਪੇਸ਼ ਕੀਤੇ ਜਾਣ ਬਾਅਦ ਪੰਜਾਬ ਹਰਿਆਣਾ ਵਿੱਚ ਪਹਿਲੀ ਵਾਰ ਕਾਰਪੋਰੇਟ ਨੀਤੀਆਂ ਦਾ ਦੇਸ਼ ਵਿੱਚ ਵੱਡਾ ਵਿਰੋਧ ਹੋਇਆ ਹੈ। ਪੂੰਜੀਵਾਦੀ ਵਿਵਸਥਾ ਜਿੱਥੇ ਸਾਡੇ ਵਾਤਾਵਰਣ, ਰਹਿਣ ਸਹਿਣ ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਬੁਰੀ ਤਰਾਂ੍ਹ ਪ੍ਰਭਾਵਿਤ ਕਰ ਰਹੀ ਹੈ ਉੱਥੇ ਇਹ ਸਾਡੇ ਲੋਕਤੰਤਰ ਅਤੇ ਨਿਆਂ ਪ੍ਰਣਾਲੀ ਨੂੰ ਵੀ ਬੜੀ ਬੁਰੀ ਤਰਾਂ੍ਹ ਪ੍ਰਭਾਵਿਤ ਕਰ ਰਹੀ ਹੈ। ਇਸ ਅਦਿੱਖ ਗੁਲਾਮੀ ਨੂੰ ਸਮਝੇ ਜਾਣ ਦੀ ਵੱਡੀ ਲੋੜ ਹੈ। ਲੋੜ ਇਸ ਗੱਲ ਹੈ ਕਿ ਇਹ ਸ਼ੰਘਰਸ਼ ਸ਼ਾਂਤ ਮਈ ਢੰਗ ਨਾਲ ਲੜਿਆ ਜਾਵੇ। ਬੋਲੀ ਹੋ ਗਈ ਸਰਕਾਰ ਦੇ ਕੰਨਾਂ ਵਿੱਚ ਇਹ ਗੱਲ ਪਾਉਣ ਦੀ ਲੋੜ ਹੈ ਕਿ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਅਤੇ ਇਹ ਲੋਕਾਂ ਲਈ ਹੁੰਦੀਆ ਹਨ। ਸਰਕਾਰ ਦੇ ਸਾਰੇ ਅਸਾਸੇ, ਸਾਰੇ ਅਦਾਰੇ ਮੁਨਾਫਿਆਂ ਲਈ ਨਹੀਂ ਹੁੰਦੇ। ਸਰਕਾਰ ਨੇ ਲੋਕ ਭਲਾਈ ਸਕੀਮਾਂ ਨੇਮਾਂ ਕਾਨੂੰਨਾਂ ਅਤੇ ਨੀਤੀਆਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਚਾਹੀਦਾ ਹੈ, ਨਾ ਕਿ ਕਿਸੇ ਧਨਾਢ ਕੰਪਨੀ ਜਾਂ ਵਿਅਕਤੀ ਵਿਸ਼ੇਸ਼ ਦਾ ਪੱਖ ਪੂਰਨਾ ਹੁੰਦਾ ਹੈ। ઠਹੋਰ ਅਦਾਰੇ ਜਿਨ੍ਹਾਂ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ ਜਾਂ ਹੋਣ ਦੀ ਤਿਆਰੀ ਹੈ ਉਨ੍ਹਾਂ ਸਬੰਧੀ ਵੀ ਸਰਕਾਰ ਨੂੰ ਸੁਚੇਤ ਕੀਤਾ ਜਾਵੇ। ਰਾਜ ਕਰਦੀ ਧਿਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ, ਮੰਤਰੀ, ਸਾਂਸਦ ਹਨ ਨਾ ਕਿ ਕਿਸੇ ਕਾਰਪੋਰੇਟ ਧਿਰ ਦੇ ਨਹੀਂ ਤੁਸੀਂ ਲੋਕਾਂ ਦੇ ਨਾਲ ਖੜਨਾ ਹੈ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਅਦਾ ਕਰਕੇ ਇੱਥੋਂ ਤੱਕ ਆਏ ਹੋ।
ਜੀਰਾ / ਮੋ: 9855051099

ਕੋਰੋਨਾ ਕਾਲ ਦੌਰਾਨ ਲੋਕ ਵਿਰੋਧੀ ਫ਼ੈਸਲੇ ਕਰ ਰਹੀ ਹੈ ਸਰਕਾਰ - ਗੁਰਚਰਨ ਸਿੰਘ ਨੂਰਪੁਰ

ਕੋਵਿਡ-19 ਦਾ ਸੰਕਟ ਦੁਨੀਆ ਭਰ ਦੇ ਲੋਕਾਂ ਨੂੰ ਭੈਭੀਤ ਕਰ ਰਿਹਾ ਹੈ। ਇਸ ਨੇ ਸਾਡੀ ਜਿਊਣ ਦੀ ਸਮਰੱਥਾ ਨੂੰ ਘੱਟ ਕਰਕੇ ਸਾਡੇ ਜੀਵਨ ਦੇ ਫੈਲਾਅ ਨੂੰ ਰੋਕ ਦਿੱਤਾ ਹੈ। ਲੋਕ ਡਰ ਅਤੇ ਸਹਿਮ ਦੇ ਸਾਏ ਹੇਠ ਜੀਅ ਰਹੇ ਹਨ।
ਤਬਾਹੀ ਦਾ ਦੌਰ ਜ਼ਰੂਰੀ ਨਹੀਂ ਕਿ ਸਭ ਲਈ ਸੰਕਟ ਹੈ, ਸਗੋਂ ਜਦੋਂ ਮਨੁੱਖਤਾ ਵਿਲਕ ਰਹੀ ਹੁੰਦੀ ਹੈ ਤਾਂ ਕੁਝ ਧਿਰਾਂ ਦੇ ਕੰਮ ਕਰਨ ਲਈ ਇਹ ਬਹੁਤ ਵੱਡਾ ਅਵਸਰ ਹੁੰਦਾ ਹੈ, ਸੁਨਹਿਰੀ ਮੌਕਾ ਹੁੰਦਾ ਹੈ। ਮੌਤ ਦਾ ਮਾਤਮ ਸਦਮਿਆਂ ਦਾ ਦੌਰ ਕਿਸ ਲਈ ਕਿਵੇਂ ਖੁਸ਼ਗਵਾਰ ਮੌਸਮ ਹੁੰਦਾ ਹੈ, ਇਹ ਸਮਝਣ ਲਈ ਸਾਨੂੰ ਅੰਗਰੇਜ਼ ਲੇਖਿਕਾ ਨਿਊਮੀ ਕਲੇਨ ਦੀਆਂ ਲਿਖਤਾਂ ਨੂੰ ਸਮਝਣਾ ਹੋਵੇਗਾ। ਲੇਖਿਕਾ ਨੇ ਵੱਖ-ਵੱਖ ਦੇਸ਼ਾਂ ਵਿਚ ਘੁੰਮ ਕੇ, ਅਧਿਐਨ ਕਰਕੇ ਇਕ ਕਿਤਾਬ '"The Shock Doctrine ( "The Rise of Disaster Capitalism) ਲਿਖੀ। ਇਸ ਦਾ ਪੰਜਾਬੀ ਵਿਚ ਅਨੁਵਾਦ ਹੈ 'ਸਦਮਾ ਸਿਧਾਂਤ' (ਤਬਾਹੀ ਪਸੰਦ ਸਰਮਾਏਦਾਰੀ ਦਾ ਉਭਾਰ)। ਤਕਰੀਬਨ 600 ਪੰਨੇ ਦੀ ਇਸ ਕਿਤਾਬ ਵਿਚ ਲੇਖਿਕਾ ਨੇ ਕਾਰਪੋਰੇਟ ਤਾਕਤਾਂ ਦੇ ਵੱਖ-ਵੱਖ ਦੇਸ਼ਾਂ ਵਿਚ ਕੰਮ ਕਰਨ ਦੇ ਤੌਰ-ਤਰੀਕਿਆਂ ਦਾ ਅਧਿਐਨ ਕੀਤਾ। ਲੇਖਿਕਾ ਅਨੁਸਾਰ 'ਸਦਮਾ ਸਿਧਾਂਤ' ਸ਼ਿਕਾਗੋ ਦੇ ਅਰਥਸ਼ਾਸਤਰੀ ਪ੍ਰੋ: ਫਰਾਇਡਮੈਨ ਦੇ ਦਿਮਾਗ ਦੀ ਕਾਢ ਸੀ। ਇਸ ਸ਼ੈਤਾਨ ਨੂੰ 'ਸਦਮਾ ਸਿਧਾਂਤ' ਦਾ ਇਲਮ ਸੱਤਰਵਿਆਂ ਦੇ ਆਸ-ਪਾਸ ਹੋਇਆ। 16 ਨਵੰਬਰ, 2006 ਨੂੰ ਫਰਾਇਡਮੈਨ ਦੀ ਮੌਤ ਹੋ ਗਈ। ਨਿਊਮੀ ਕਲੇਨ ਅਨੁਸਾਰ ਫਰਾਇਡਮੈਨ ਬੀਤੀ ਅੱਧੀ ਸਦੀ ਦੌਰਾਨ ਆਰਥਿਕ ਨੀਤੀਆਂ ਸਬੰਧੀ ਅਸਰ ਰਸੂਖ ਰੱਖਣ ਵਾਲਾ ਦੁਨੀਆ ਦਾ ਵੱਡਾ ਵਿਅਕਤੀ ਸੀ। ਅਮਰੀਕਾ ਦੇ ਵੱਖ-ਵੱਖ ਸਮੇਂ ਦੇ ਰਾਸ਼ਟਰਪਤੀਆਂ, ਬਰਤਾਨੀਆ ਦਾ ਪ੍ਰਧਾਨ ਮੰਤਰੀ, ਰੂਸੀ ਵਿੱਤੀ ਜੁੰਡੀਆਂ ਦੇ ਸਰਦਾਰ, ਪੋਲੈਂਡ ਦਾ ਵਿੱਤ ਮੰਤਰੀ, ਤੀਜੀ ਦੁਨੀਆ ਦੇ ਤਾਨਾਸ਼ਾਹ ਆਦਿ ਉਸ ਦੇ ਸ਼ਾਗਿਰਦਾਂ ਵਾਂਗ ਸਨ। ਦੁਨੀਆ ਦੇ ਕੁਝ ਸ਼ਾਸਕਾਂ ਨੂੰ ਲੋਕ ਮਾਰੂ ਪੂੰਜੀਵਾਦੀ ਨੀਤੀਆਂ ਦਾ ਗੁਰ ਦੱਸਣ ਵਾਲੇ ਅਤੇ ਨਿੱਜੀਕਰਨ ਨੀਤੀਆਂ ਦੇ ਖਲਨਾਇਕ ਫਰਾਇਡਮੈਨ ਦਾ ਵਿਚਾਰ ਸੀ ਕਿ ਜਦੋਂ ਲੋਕ ਕੁਦਰਤੀ ਆਫ਼ਤਾਂ ਦੇ ਭੰਨੇ ਹੋਣ, ਉਸ ਸਮੇਂ ਕੰਮ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਜੇਕਰ ਕੁਦਰਤੀ ਆਫ਼ਤਾਂ ਨਹੀਂ ਤਾਂ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਕਿ ਲੋਕ ਜੰਗਾਂ, ਯੁੱਧਾਂ ਅਤੇ ਆਪਸੀ ਲੜਾਈਆਂ ਵਿਚ ਉਲਝ ਜਾਣ, ਖੌਫ਼ਜ਼ਦਾ ਹੋਏ ਲੋਕਾਂ 'ਤੇ ਪੁਲਿਸ ਜਾਂ ਫ਼ੌਜ ਦੀ ਮਦਦ ਨਾਲ ਹਰ ਤਰ੍ਹਾਂ ਦੀਆਂ ਮਨਮਰਜ਼ੀਆਂ ਥੋਪੀਆਂ ਜਾ ਸਕਦੀਆਂ ਹਨ। ਉਸ ਦਾ ਏਜੰਡਾ ਸੀ ਕਿ 'ਪਹਿਲਾਂ ਸਰਕਾਰਾਂ ਨੂੰ ਆਪਣੇ ਮੁਨਾਫ਼ੇ ਬਟੋਰਨ ਦੇ ਰਾਹ ਦਾ ਰੋੜਾ ਬਣਨ ਵਾਲੇ ਸਾਰੇ ਕਾਇਦੇ ਕਾਨੂੰਨ ਖ਼ਤਮ ਕਰਨੇ ਹੋਣਗੇ। ਦੂਜਾ ਸਰਕਾਰਾਂ ਆਪਣੇ ਪਬਲਿਕ ਸੈਕਟਰ ਦੇ ਸਾਰੇ ਅਸਾਸੇ ਵੇਚ ਦੇਣ ਤਾਂ ਜੋ ਕਾਰਪੋਰੇਸ਼ਨਾਂ ਨੂੰ ਮੁਨਾਫ਼ੇ ਹੋਣੇ ਸ਼ੁਰੂ ਹੋ ਜਾਣ। ਤੀਜਾ ਸਰਕਾਰਾਂ ਸਮਾਜਿਕ ਪ੍ਰੋਗਰਾਮਾਂ ਲਈ ਦਿੱਤੇ ਜਾਂਦੇ ਫੰਡਾਂ/ਸਬਸਿਡੀਆਂ 'ਚ ਤਿੱਖੀਆਂ ਕਟੌਤੀਆਂ ਕਰਨ। ਕਾਰਪੋਰੇਸ਼ਨਾਂ ਨੂੰ ਕਿਤੇ ਵੀ ਮਾਲ ਵੇਚਣ ਦੀ ਖੁੱਲ੍ਹ ਦਿੱਤੀ ਜਾਵੇ। ਸਰਕਾਰਾਂ ਸਥਾਨਕ ਸਨਅਤਾਂ ਜਾਂ ਸਨਅਤਕਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੀਆਂ। ਮਿਹਨਤ ਦੇ ਮੁੱਲ ਸਮੇਤ ਸਾਰੀਆਂ ਕੀਮਤਾਂ ਮੰਡੀ ਤੈਅ ਕਰੇਗੀ।' ਫਰਾਇਡਮੈਨ ਨੇ ਦੁਨੀਆ ਦੀਆਂ ਸਰਕਾਰਾਂ ਨੂੰ ਸਿਹਤ ਸਹੂਲਤਾਂ, ਸਿੱਖਿਆ, ਬਿਜਲੀ, ਪਾਣੀ, ਸੜਕੀ ਤੇ ਹਵਾਈ ਆਵਾਜਾਈ ਦੇ ਸਾਧਨ, ਕੁਦਰਤੀ ਸਾਧਨਾਂ ਦੇ ਸਰੋਤ, ਇੱਥੋਂ ਤੱਕ ਕਿ ਨੈਸ਼ਨਲ ਪਾਰਕ ਤੱਕ ਵੇਚ ਦੇਣ ਦੀ ਸਲਾਹ ਦਿੱਤੀ।
      ਤੀਜੀ ਦੁਨੀਆ ਦੇ ਦੇਸ਼ਾਂ ਵਿਚ ਸਦਮਾ ਸਿਧਾਂਤ ਨੂੰ ਬੜੇ ਕਾਰਗਰ ਢੰਗ ਨਾਲ ਲਾਗੂ ਕੀਤਾ ਗਿਆ। ਇਰਾਕ, ਸੀਰੀਆ, ਪੋਲੈਂਡ, ਪਾਕਿਸਤਾਨ ਅਤੇ ਸ੍ਰੀਲੰਕਾ ਆਦਿ ਦੇਸ਼ਾਂ ਵਿਚ ਕਾਰਪੋਰੇਟ ਤਾਕਤਾਂ ਨੂੰ ਖੁੱਲ੍ਹ ਕੇ ਖੇਡਣ ਦੀ ਆਗਿਆ ਦਿੱਤੀ ਗਈ। ਇਨਬਿਨ ਇਹੋ ਨੀਤੀਆਂ ਸਾਡੇ ਦੇਸ਼ ਭਾਰਤ ਵਿਚ 1992 ਤੋਂ ਲਾਗੂ ਕੀਤੀਆਂ ਗਈਆਂ ਅਤੇ ਹੁਣ ਕੋਵਿਡ ਦੌਰ ਵਿਚ ਹੋਰ ਤਸੱਲੀ ਨਾਲ ਕੀਤੀਆਂ ਜਾ ਰਹੀਆਂ ਹਨ। ਫਰਾਇਡਮੈਨ ਅਨੁਸਾਰ 'ਜਦੋਂ ਲੋਕ ਕੁਦਰਤੀ ਆਫ਼ਤਾਂ ਨਾਲ ਸਦਮੇ ਵਿਚ ਹੋਣ ਉਦੋਂ ਜਾਂ ਫਿਰ ਮਸਨੂਈ ਢੰਗ ਨਾਲ ਉਨ੍ਹਾਂ ਨੂੰ ਸਦਮੇ ਦੇ ਕੇ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਕਿ ਲੋਕਾਂ ਦੇ ਹੌਸਲੇ ਪਸਤ ਹੋ ਜਾਣ, ਲੋਕ ਜੜ੍ਹਾਂ ਤੋਂ ਹਿੱਲ ਜਾਣ, ਸਮਾਜ ਵਿਚ ਜਦੋਂ ਉਥਲ-ਪੁਥਲ ਅਤੇ ਬੇਵਿਸ਼ਵਾਸੀ ਦਾ ਮਾਹੌਲ ਹੋਵੇ ਤਾਂ ਇਹੀ ਸਹੀ ਸਮਾਂ ਹੁੰਦਾ ਹੈ ਜਦੋਂ ਕਾਰਪੋਰੇਟ ਪੂੰਜੀਵਾਦੀ ਲੋਕਮਾਰੂ ਨੀਤੀਆਂ ਨੂੰ ਆਸਾਨੀ ਨਾਲ ਅੱਗੇ ਵਧਾਇਆ ਜਾ ਸਕਦਾ ਹੈ। ਸਦਮਿਆਂ ਦੇ ਇਸ ਖੁਸ਼ਗਵਾਰ ਮੌਸਮ ਅਤੇ ਸੁਨਹਿਰੀ ਦੌਰ ਵਿਚ ਉਨ੍ਹਾਂ ਰੁਕੀਆਂ ਹੋਈਆਂ ਤਰਜੀਹਾਂ ਨੂੰ ਵੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ ਜਿਨ੍ਹਾਂ ਦਾ ਲੋਕ ਦਹਾਕਿਆਂ ਤੋਂ ਵਿਰੋਧ ਕਰਦੇ ਆ ਰਹੇ ਹੁੰਦੇ ਹਨ।
      ਪਿਛਲੇ ਕੁਝ ਅਰਸੇ ਤੋਂ ਸਾਡੇ ਦੇਸ਼ ਵਿਚ ਬੜੇ ਧੜੱਲੇ ਨਾਲ ਜਨਤਕ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਦਿੱਤੀਆਂ ਗਈਆਂ। ਸਰਕਾਰੀ ਮਹਿਕਮੇ ਸਿੱਖਿਆ, ਸਿਹਤ ਸਹੂਲਤਾਂ, ਖੰਡ ਮਿੱਲਾਂ, ਰੋਡਵੇਜ਼, ਬਿਜਲੀ, ਪਾਣੀ, ਸਫ਼ਾਈ ਆਦਿ ਦੇ ਪ੍ਰਬੰਧ ਨਿੱਜੀ ਹੱਥਾਂ ਵਿਚ ਕਰ ਦਿੱਤੇ ਗਏ ਹਨ। ਜਨਤਕ ਅਦਾਰਿਆਂ ਵਿਚ ਲੋਕਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸ਼ਰਾਬ ਫੈਕਰਟੀਆਂ ਵਿਚ ਵਾਧਾ ਹੋਇਆ। ਕੇਂਦਰ ਵਲੋਂ ਪੈਟਰੋਲ, ਡੀਜ਼ਲ ਆਦਿ ਤੋਂ ਵੀ ਸਰਕਾਰੀ ਕੰਟਰੋਲ ਹਟਾ ਦਿੱਤੇ ਗਏ। ਸਰਕਾਰੀ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਨਿੱਜੀ ਅਜਾਰੇਦਾਰੀਆਂ ਕਾਇਮ ਕੀਤੀਆਂ ਗਈਆਂ। ਜ਼ਮੀਨ, ਸ਼ਰਾਬ, ਮੀਡੀਆ, ਬੱਜਰੀ, ਰੇਤ, ਕੋਲਾ ਆਦਿ ਖਣਿਜ ਪਦਾਰਥਾਂ ਨਾਲ ਸਬੰਧਿਤ ਕਈ ਤਰ੍ਹਾਂ ਦੇ ਮਾਫ਼ੀਏ ਪੈਦਾ ਹੋ ਗਏ। ਫਰਾਇਡਮੈਨੀ ਫਾਰਮੂਲੇ ਅਨੁਸਾਰ ਸਥਾਨਕ ਸਨਅਤਾਂ ਨੂੰ ਤਬਾਹ ਹੋਣ ਦਿੱਤਾ ਗਿਆ। ਅਜਿਹਾ ਕਰਨ ਵਿਚ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਨੇ ਵੀ ਆਪਣੀ ਭੂਮਿਕਾ ਨਿਭਾਈ। ਬੇਰੁਜ਼ਗਾਰੀ ਬੜੀ ਤੇਜ਼ੀ ਨਾਲ ਵਧੀ, ਜਿਸ 'ਤੇ ਮਾਣ ਕਰਦਿਆਂ ਸਾਡੇ ਦੇਸ਼ ਦੇ ਹੁਕਮਰਾਨ ਬਾਹਰਲੇ ਮੁਲਕਾਂ ਵਿਚ ਜਾ ਕੇ ਹੁਣ ਹਿੱਕਾਂ ਠੋਕ ਕੇ ਆਖਣ ਲੱਗੇ ਹਨ ਕਿ ਇੱਥੇ ਲੇਬਰ ਬਹੁਤ ਸਸਤੀ ਹੈ। ਇੱਥੇ ਕਾਰੋਬਾਰ ਕਰਨ ਲਈ ਬੜਾ ਸਾਜ਼ਗਾਰ ਮਾਹੌਲ ਹੈ। ਕਿਸੇ ਦੂਜੇ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਕਿ ਇੱਥੇ ਲੇਬਰ ਸਸਤੀ ਹੈ ਮਾਣ ਵਾਲੀ ਗੱਲ ਨਹੀਂ ਬਲਕਿ ਬੇਹੱਦ ਸ਼ਰਮਨਾਕ ਗੱਲ ਹੈ। ਇਹਦਾ ਅਰਥ ਇਹ ਬਣਦਾ ਹੈ ਕਿ ਇੱਥੇ ਲੋਕਾਂ ਦੀ ਹਾਲਤ ਏਨੀ ਪਤਲੀ ਅਤੇ ਦੀਨਹੀਣ ਬਣਾ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਕੰਮ ਕਰਨ ਨੂੰ ਤਿਆਰ ਹਨ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰਾਂ ਨੇ ਸਭ ਤਰ੍ਹਾਂ ਦੇ ਜਨਤਕ ਅਦਾਰਿਆਂ ਨੂੰ ਵੇਚ ਦੇਣਾ ਹੈ ਤਾਂ ਦੇਸ਼ ਦੇ ਲੋਕਾਂ ਪ੍ਰਤੀ ਸਰਕਾਰ ਦੀ ਭੂਮਿਕਾ ਕੀ ਹੋਵੇਗੀ? ਕੀ ਸਰਕਾਰਾਂ ਕੇਵਲ ਕਾਰਪੋਰੇਟਰਾਂ ਅਤੇ ਲੋਕਾਂ ਦਰਮਿਆਨ ਸੌਦੇਬਾਜ਼ੀ ਕਰਨ ਤੱਕ ਸੀਮਤ ਹੋ ਜਾਣਗੀਆਂ? ਸਿੱਧੇ ਸ਼ਬਦਾਂ ਵਿਚ ਇਸ ਦਾ ਅਰਥ ਇਹ ਹੈ ਕਿ ਦੇਸ਼ ਕਾਰਪੋਰੇਸ਼ਨਾਂ ਦੇ ਹਵਾਲੇ ਹੋਵੇਗਾ ਅਤੇ ਸਰਕਾਰਾਂ ਕੇਵਲ ਰਾਜ ਕਰਨਗੀਆਂ।
ਨਿਊਮੀ ਕਲੇਨ ਲਿਖਦੀ ਹੈ ਕਿ ਕੁਦਰਤੀ ਆਫ਼ਤਾਂ, ਬਿਮਾਰੀਆਂ, ਦੁਸ਼ਵਾਰੀਆਂ ਦਾ ਪ੍ਰਕੋਪ ਬਹੁਕੌਮੀ ਕਾਰਪੋਰੇਸ਼ਨਾਂ ਦੇ ਕੰਮ ਕਰਨ ਦਾ ਸਭ ਤੋਂ ਢੁਕਵਾਂ ਸਮਾਂ ਹੁੰਦਾ ਹੈ। ਇਤਫ਼ਾਕ ਵੱਸ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਮਾਜਾਂ ਨੂੰ ਦੰਗੇ ਫ਼ਸਾਦ, ਰਾਜ ਪਲਟੇ ਕਰਵਾ ਕੇ ਮਸਨੂਈ ਸਦਮੇ ਦਿੱਤੇ ਜਾਂਦੇ ਹਨ। ਕਲੇਨ ਅਨੁਸਾਰ ਫਰਾਇਡਮੈਨ ਪੂੰਜੀਵਾਦ ਦਾ ਸਮਰਥਨ ਕਰਦਿਆਂ ਤਾਗੀਦ ਕਰਦਾ ਹੈ ਕਿ ਹਰ ਤਰ੍ਹਾਂ ਦੇ ਕਿਰਤ ਕਾਨੂੰਨਾਂ ਨੂੰ ਖ਼ਤਮ ਕੀਤਾ ਜਾਵੇ। ਸਰਮਾਏਦਾਰ ਕੰਪਨੀਆਂ ਨੂੰ ਹਰ ਥਾਂ ਤੋਂ ਮਾਲ ਖ਼ਰੀਦਣ ਵੇਚਣ ਦੀ ਖੁੱਲ੍ਹ ਹੋਵੇ। ਸਰਕਾਰੀ ਪ੍ਰੋਗਰਾਮਾਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਦਮਿਆਂ ਦੇ ਦੌਰ ਵਿਚ ਹੋਰ ਗਹਿਰੇ ਸਦਮੇ ਦਿੱਤੇ ਜਾਣ। ਪਿਛਲੇ ਦਿਨੀ ਕਿਵੇਂ ਮਜ਼ਦੂਰਾਂ ਦੇ ਹੱਕਾਂ ਲਈ ਬਣੇ ਕਾਨੂੰਨ ਨੂੰ ਬਦਲ ਕੇ ਕੰਮ ਕਰਨ ਦਾ ਸਮਾਂ ਅੱਠ ਘੰਟੇ ਦੀ ਬਜਾਏ 12 ਘੰਟੇ ਕਰ ਦਿੱਤਾ ਗਿਆ, ਕਿਸਾਨ ਮਾਰੂ ਨੀਤੀਆਂ ਤਹਿਤ ਮੰਡੀਕਰਨ ਦੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਗਿਆ, ਐਨ.ਆਰ.ਸੀ., ਸੀ.ਸੀ.ਏ. ਅਤੇ ਸਰਕਾਰ ਦੀਆਂ ਹੋਰ ਗ਼ਲਤ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ 'ਤੇ ਕੋਵਿਡ ਦੇ ਇਸ ਦੌਰ ਕਿੰਨੀ ਤੇਜ਼ੀ ਨਾਲ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹੀਂ ਤਾੜਿਆ ਗਿਆ ਅਤੇ ਤਾੜਿਆ ਜਾ ਰਿਹਾ ਹੈ। ਕੋਵਿਡ-19 ਦੇ ਸੰਦਰਭ ਵਿਚ ਵਿਚ ਇਨ੍ਹਾਂ ਸਦਮਿਆਂ ਦੀ ਵਿਆਖਿਆ ਤੁਸੀਂ ਕਰ ਸਕਦੇ ਹੋ।
      ਸਿਆਸਤਦਾਨ ਅਤੇ ਕਾਰਪੋਰੇਟ ਕੰਪਨੀਆਂ ਬੇਤਹਾਸ਼ਾ ਧਨ ਇਕੱਠਾ ਕਰਦੇ ਹਨ। ਇਹ ਉਹ ਵਿਕਾਸ ਮਾਡਲ ਹੈ ਜਿਸ ਨਾਲ ਸਰਕਾਰੀ ਅਦਾਰੇ ਤਬਾਹ ਹੋ ਗਏ। ਕਾਰਪੋਰੇਟ ਘਰਾਣੇ ਬੜੀ ਤੇਜ਼ੀ ਨਾਲ ਦੇਸ਼ ਦੇ ਜਲ ਸਰੋਤਾਂ, ਜੰਗਲਾਂ, ਪਹਾੜਾਂ, ਖਣਿੱਜਾਂ, ਤੇਲ ਭੰਡਾਰਾਂ, ਸੰਚਾਰ ਸਾਧਨਾਂ ਅਤੇ ਹੋਰ ਜਨਤਕ ਸੇਵਾਵਾਂ 'ਤੇ ਕਾਬਜ਼ ਹੋ ਰਹੇ ਹਨ। ਇਸ ਸਥਿਤੀ ਨੇ ਲੋਕਾਂ ਲਈ ਭੁੱਖਮਰੀ, ਬੇਕਾਰੀ, ਲਚਾਰੀ, ਮਹਿੰਗਾਈ ਦਾ ਮੁੱਢ ਬੰਨ੍ਹਿਆ ਹੈ। ਇਸ ਲੋਕ ਮਾਰੂ ਨਿਜ਼ਾਮ ਦਾ ਵਿਰੋਧ ਕਰਨ ਵਾਲਿਆਂ ਨੂੰ ਗੱਦਾਰ, ਦੇਸ਼ ਧ੍ਰੋਹੀ ਗਰਦਾਨਿਆ ਜਾ ਰਿਹਾ ਹੈ। ਫਰਾਇਡਮੈਨ ਦਾ ਪੂੰਜੀਵਾਦ ਪੱਖੀ ਅਖੌਤੀ ਵਿਕਾਸ ਮਾਡਲ ਅਤੇ ਸਦਮਾ ਸਿਧਾਂਤ ਉਹ ਸਿਧਾਂਤ ਹੈ ਜੋ ਲੋਕਾਂ ਦੀ ਬਰਬਾਦੀ ਦਾ ਮੁੱਢ ਬੰਨ੍ਹਦਾ ਹੈ। ਇਸ ਨਾਲ ਦੇਸ਼ ਅਤੇ ਦੇਸ਼ ਦੇ ਲੋਕ ਗ਼ਰੀਬ ਹੁੰਦੇ ਹਨ, ਕਰਜ਼ਾਈ ਹੁੰਦੇ ਹਨ।
      ਕੋਵਿਡ ਦੇ ਇਸ ਭਿਆਨਕ ਸੰਕਟ ਵਿਚ ਦੇਸ਼ ਦੀਆਂ ਸਰਕਾਰਾਂ, ਜੋ ਕਾਰਪੋਰੇਸ਼ਨਾਂ ਅਤੇ ਲੋਕਾਂ ਦਰਮਿਆਨ ਵਿਚੋਲਗੀ ਦਾ ਰੋਲ ਅਦਾ ਕਰਦੀਆਂ ਹਨ, ਕੋਲ ਲੋਕਾਂ ਨੂੰ ਦੇਣ ਲਈ ਫੋਕੇ ਭਾਸ਼ਨਾਂ, ਨਿਰੋਲ ਭਰੋਸਿਆਂ ਅਤੇ ਖੋਖਲੇ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ। ਦੇਸ਼ ਦੇ ਲੋਕਾਂ ਨੂੰ ਇਸ ਸਦਮਾ ਜਨਕ ਸਥਿਤੀ ਨੂੰ ਜਾਣਨਾ ਅਤੇ ਸਮਝਣਾ ਹੋਵੇਗਾ। ਦੇਸ਼ ਨੂੰ ਇਕ ਸਰਬਪੱਖੀ ਵਿਕਾਸ ਮਾਡਲ ਦੀ ਲੋੜ ਹੈ ਜੋ ਲੋਕਾਂ ਲਈ ਵੱਡੇ ਪ੍ਰੋਗਰਾਮ ਬਣਾ ਕੇ ਉਨ੍ਹਾਂ ਤੇ ਬਿਨਾਂ ਭੇਦਭਾਵ ਕੰਮ ਕਰੇ। ਸਾਨੂੰ ਪੂੰਜੀਵਾਦੀ ਨਿਜ਼ਾਮ ਜੋ ਲੋਕਾਂ ਦੀ ਬਰਬਾਦੀ ਦਾ ਮੁੱਢ ਬੰਨ੍ਹਦਾ ਹੈ, ਖਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ।

- ਜ਼ੀਰਾ, ਫਿਰੋਜ਼ਪੁਰ
ਮੋਬਾਇਲ : 98550-51099

ਜ਼ਿੰਦਗੀ ਲਈ ਸੰਤਾਪ ਨਾ ਬਣ ਜਾਵੇ ਕੋਰੋਨਾ ਦਾ ਖੌਫ਼ - ਗੁਰਚਰਨ ਸਿੰਘ ਨੂਰਪੁਰ

ਇਸ ਲਿਖਤ ਦਾ ਮਕਸਦ ਤੁਹਾਨੂੰ ਕੋਰੋਨਾ ਦੇ ਖੌਫ਼ ਤੋਂ ਮੁਕਤ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਇਕ ਖ਼ਤਰਨਾਕ ਵਾਇਰਸ ਹੈ ਪਰ ਕੋਰੋਨਾ ਦੇ ਭੈਅ ਕਾਰਨ ਜਿਵੇਂ ਸਾਡਾ ਸਮਾਜ ਭੈਅ ਗ੍ਰਸਤ ਹੋ ਰਿਹਾ ਹੈ, ਇਹ ਕੋਰੋਨਾ ਤੋਂ ਵੀ ਵੱਧ ਖ਼ਤਰਨਾਕ ਹੈ। ਹਰ ਮਨੁੱਖ ਦੀ ਦੋ ਤਰ੍ਹਾਂ ਦੀ ਸਿਹਤ ਹੈ, ਸਰੀਰਕ ਸਿਹਤ ਅਤੇ ਮਾਨਸਿਕ ਸਿਹਤ । ਜੇਕਰ ਉਹਦੀ ਸਰੀਰਕ ਸਿਹਤ ਕਿਸੇ ਵਿਸ਼ਾਣੂ ਤੋਂ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਸਰੀਰ ਦੇ ਨਾਲ-ਨਾਲ ਉਹਦੇ ਮਨ 'ਤੇ ਵੀ ਪੈਂਦਾ ਹੈ। ਕੋਰੋਨਾ ਵਾਇਰਸ ਦਾ ਸਹਿਮ ਜਿਵੇਂ ਵਿਆਪਕ ਫੈਲ ਰਿਹਾ ਹੈ, ਇਸ ਨਾਲ ਹੋ ਸਕਦਾ ਹੈ ਵੱਡੀ ਗਿਣਤੀ 'ਚ ਲੋਕ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਜਾਣ । ਇਹ ਇਕ ਵੱਡੀ ਚੁਣੌਤੀ ਹੋਵੇਗੀ। ਵਿਸ਼ਵ ਸਿਹਤ ਸੰਸਥਾ ਨੇ ਸਪੱਸ਼ਟ ਕਿਹਾ ਹੈ ਕਿ ਲੋਕਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਿਆ ਜਾਵੇ ਭਾਵ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਕੜੇ ਕਰਨ ਲਈ ਯਤਨ ਕੀਤੇ ਜਾਣ । ਮਾਨਵਜਾਤੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਸੂਖਮ ਵਾਇਰਸ ਨੇ ਚਲਦੀ ਦੁਨੀਆ ਨੂੰ ਰੋਕ ਦਿੱਤਾ ਹੈ । ਦੁਨੀਆ ਭਰ ਵਿਚ ਰੱਬ ਨੂੰ ਮੰਨਣ ਵਾਲੇ ਇਹ ਦਾਅਵਾ ਕਰ ਰਹੇ ਹਨ ਕਿ ਹੁਣ ਵਿਗਿਆਨ ਕਿੱਥੇ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਨੇ ਵਿਗਿਆਨ ਨੂੰ ਫੇਲ੍ਹ ਕਰ ਦਿੱਤਾ ਹੈ। ਦੂਜੇ ਪਾਸੇ ਰੱਬ ਨੂੰ ਨਾ ਮੰਨਣ ਵਾਲੇ ਇਹ ਪੁੱਛਦੇ ਹਨ ਕਿ ਬਿਮਾਰੀ ਆਈ ਹੈ ਤਾਂ ਧਰਮ ਅਸਥਾਨਾਂ 'ਚੋਂ ਭੀੜਾਂ ਕਿਉਂ ਅਲੋਪ ਹੋ ਗਈਆਂ ਹਨ? ਉਨ੍ਹਾਂ ਨੇ ਰੱਬ 'ਤੇ ਭਰੋਸਾ ਕਿਉਂ ਛੱਡ ਦਿੱਤਾ ਹੈ? ਬਿਨਾਂ ਸ਼ੱਕ 21ਵੀਂ ਸਦੀ ਦੀ ਇਹ ਇਕ ਵੱਡੀ ਘਟਨਾ ਹੈ। ਵਿਗਿਆਨ ਆਪਣੇ ਢੰਗ ਨਾਲ ਕੰਮ ਕਰ ਰਿਹਾ ਹੈ। ਪਰ ਦੁਨੀਆ ਭਰ ਵਿਚ ਕਰਾਮਾਤੀ ਸ਼ਕਤੀਆਂ ਦਾ ਦਾਅਵਾ ਕਰਨ ਵਾਲੇ, ਕਿਸੇ ਬ੍ਰਹਮਗਿਆਨੀ, ਸਾਧ ਸੰਤ, ਸਿੱਧ, ਸੁਆਮੀ, ਔਲੀਏ, ਪੰਡਿਤ ਤੇ ਜੋਤਸ਼ੀ ਨੇ ਇਸ ਦੀ ਭਵਿੱਖਬਾਣੀ ਕਿਉਂ ਨਾ ਕੀਤੀ? ਕੁਝ ਵੀ ਹੋਵੇ, ਦੁਨੀਆ ਵਿਚ ਮਹਾਂਮਾਰੀ ਦੇ ਰੂਪ ਵਿਚ ਫੈਲੀ ਇਸ ਬਿਮਾਰੀ ਦੀ ਕਾਟ ਲੱਭਣ ਲਈ ਵਿਗਿਆਨ ਨੂੰ ਭੰਡਣ ਵਾਲੇ ਅਤੇ ਵਿਗਿਆਨਕ ਸੋਚ ਰੱਖਣ ਵਾਲੇ, ਦੋਵਾਂ ਤਰ੍ਹਾਂ ਦੇ ਲੋਕਾਂ ਦੀ ਟੇਕ ਵਿਗਿਆਨ 'ਤੇ ਹੀ ਹੈ ।
      ਕੋਰੋਨਾ ਵਾਇਰਸ ਨਾਲ ਮਨੁੱਖ ਵਲੋਂ ਲੜੀ ਜਾ ਰਹੀ ਲੜਾਈ ਵਿਚ ਮਨੁੱਖ ਦੀ ਜਿੱਤ ਨਿਸਚਿਤ ਹੈ । ਆਸਵੰਦ ਰਹੋ, ਸੁਚੇਤ ਰਹੋ, ਮਾਹਿਰਾਂ ਦੀਆਂ ਦੱਸੀਆਂ ਗੱਲਾਂ 'ਤੇ ਗ਼ੌਰ ਕਰੋ, ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਸੁਚੇਤ ਹੋਵੋ, ਜਲਦੀ ਹੀ ਮਨੁੱਖ ਜਾਤੀ ਇਸ ਮਹਾਂਮਾਰੀ ਤੋਂ ਨਿਜ਼ਾਤ ਪਾ ਲਵੇਗੀ । ਵੱਖ-ਵੱਖ ਤਰ੍ਹਾਂ ਦੇ ਵਾਇਰਸਾਂ ਤੋਂ ਮਨੁੱਖ ਜਾਤੀ ਪਹਿਲਾਂ ਵੀ ਪ੍ਰਭਾਵਿਤ ਹੁੰਦੀ ਰਹੀ ਹੈ । ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਤੋਂ ਕਿਤੇ ਵੱਧ ਭਿਆਨਕ ਮਹਾਂਮਾਰੀਆਂ ਦਾ ਸਾਹਮਣਾ ਮਨੁੱਖੀ ਜਾਤੀ ਨੂੰ ਪਹਿਲਾਂ ਵੀ ਕਰਨਾ ਪਿਆ, ਜਿਨ੍ਹਾਂ ਨਾਲ ਮਨੁੱਖ ਮੂੰਹ ਭਾਰ ਡਿਗਿਆ । ਸਮੇਂ ਨੇ ਕਰਵਟ ਲਈ ਮਨੁੱਖ ਉੱਠ ਕੇ ਬੈਠਿਆ, ਖੜ੍ਹਾ ਹੋਇਆ ਤੇ ਫਿਰ ਤੁਰ ਪਿਆ । ਟੀ.ਬੀ. ਚਿਕਨ ਪਾਕਸ, ਮਲੇਰੀਆ, ਜ਼ੀਕਾ, ਈਬੋਲਾ, ਸਵਾਇਨ ਫਲੂ, ਇੰਨਫਲੂਇੰਜ਼ਾ, ਕੈਂਸਰ, ਹੈਪੇਟਾਈਟਸ ਜਿਹੀਆਂ ਬਿਮਾਰੀਆਂ ਨਾਲ ਵੀ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਮਰਦੇ ਹਨ । ਇਲਾਜਯੋਗ ਬਿਮਾਰੀ ਮਲੇਰੀਆ ਨਾਲ ਦੁਨੀਆ ਭਰ ਵਿਚ ਹਰ ਸਾਲ ਕਰੀਬ 22 ਕਰੋੜ, 80 ਲੱਖ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਇਹਨਾਂ ਚੋਂ 4050000 ਲੋਕਾਂ ਦੀ ਹਰ ਸਾਲ ਮੌਤ ਹੁੰਦੀ ਹੈ । ਟੀ.ਬੀ. ਨਾਲ ਹਰ ਸਾਲ 1 ਕਰੋੜ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਇਨ੍ਹਾਂ 'ਚੋਂ 15 ਲੱਖ ਲੋਕਾਂ ਦੀ ਮੌਤ ਹੁੰਦੀ ਹੈ । ਇਸ ਦਾ ਭਾਵ ਹੈ 1400 ਦੇ ਕਰੀਬ ਮੌਤਾਂ ਹਰ ਰੋਜ਼ ਟੀ.ਬੀ. ਨਾਲ ਹੁੰਦੀਆਂ ਹਨ । ਐਚ ਆਈ ਵੀ ਨਾਲ 3 ਕਰੋੜ, 79 ਲੱਖ ਲੋਕ ਹਰ ਸਾਲ ਪ੍ਰਭਾਵਿਤ ਹੁੰਦੇ ਹਨ ਇਨ੍ਹਾਂ 'ਚੋਂ 77 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ । ਇਸੇ ਤਰ੍ਹਾਂ ਹੈਪੇਟਾਈਟਸ ਬੀ ਅਤੇ ਸੀ ਨਾਲ 32 ਕਰੋੜ, 80 ਲੱਖ ਲੋਕ ਪ੍ਰਭਾਵਿਤ ਹੁੰਦੇ ਹਨ ਇਨ੍ਹਾਂ 'ਚੋਂ 1 ਕਰੋੜ, 40 ਲੱਖ ਲੋਕਾਂ ਦੀ ਹਰ ਸਾਲ ਮੌਤ ਹੁੰਦੀ ਹੈ । ਕੈਂਸਰ ਦੀ ਬਿਮਾਰੀ ਨਾਲ ਹਰ ਸਾਲ 96 ਲੱਖ ਲੋਕਾਂ ਦੀ ਮੌਤ ਹੁੰਦੀ ਹੈ । ਵੱਖ-ਵੱਖ ਤਰ੍ਹਾਂ ਦੇ ਵਾਇਰਸਾਂ ਨਾਲ ਦੁਨੀਆ ਭਰ ਵਿਚ ਹਰ ਸਾਲ 2 ਲੱਖ ਤੋਂ 2.5 ਲੱਖ ਦੇ ਕਰੀਬ ਲੋਕਾਂ ਦੀ ਮੌਤ ਹਰ ਸਾਲ ਹੁੰਦੀ ਹੈ । ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਰ ਦਿਨ ਵੱਖ-ਵੱਖ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਹੀ ਲੱਖਾਂ ਵਿਚ ਹੈ ਤਾਂ ਇਹ ਤਾਲਾਬੰਦੀ/ਕਰਫ਼ਿਊ ਕਿਉਂ? ਇਸ ਦਾ ਜਵਾਬ ਇਹ ਹੈ ਕਿ ਕੋਰੋਨਾ ਪਰਿਵਾਰ ਦਾ ਕੋਵਿਡ ਨੋਵਲ ਕੋਰੋਨਾ ਵਾਇਰਸ ਦੂਜੀਆਂ ਬਿਮਾਰੀਆਂ ਦੇ ਮੁਕਾਬਲੇ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ । ਕਿਸੇ ਬਿਮਾਰੀ ਦਾ ਹੋਣਾ ਅਤੇ 'ਬਿਮਾਰੀ ਦਾ ਡਰ' ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ । ਬਿਮਾਰੀ ਦੇ ਡਰ ਨਾਲ ਵੱਡੀ ਪੱਧਰ 'ਤੇ ਲੋਕਾਂ ਦੇ ਭੈਅ ਗ੍ਰਸਤ ਹੋ ਜਾਣ ਨਾਲ ਲੋਕਾਂ ਦੇ ਮਾਨਸਿਕ ਤੌਰ 'ਤੇ ਬਿਮਾਰ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ । ਕੋਰੋਨਾ ਵਾਇਰਸ ਦੇ ਡਰ ਦੇ ਪ੍ਰਭਾਵ ਅਧੀਨ ਮੰਦਰਾਂ, ਗੁਰਦਵਾਰਿਆਂ, ਮਸਜਿਦਾਂ 'ਚੋਂ ਭੀੜ ਨਦਾਰਦ ਹੋ ਗਈ ਹੈ । ਧੁਰ ਅੰਦਰੋਂ ਮਨੁੱਖ ਇਹ ਜਾਣਦਾ ਹੈ ਕਿ ਜੇਕਰ ਉਹ ਕਿਸੇ ਬਿਮਾਰੀ ਦੀ ਲਪੇਟ ਵਿਚ ਆ ਗਿਆ ਤਾਂ ਕਿਸੇ ਗੈਬੀ ਸ਼ਕਤੀ ਨੇ ਉਸ ਦੀ ਬਾਂਹ ਨਹੀਂ ਫੜਨੀ । ਇਸ ਲਈ ਉਸ ਦੀ ਸਰੀਰਕ ਸ਼ਕਤੀ, ਪ੍ਰਹੇਜ਼ ਅਤੇ ਇਲਾਜ ਨੇ ਹੀ ਉਸ ਦੇ ਕੰਮ ਆਉਣਾ ਹੈ । ਇਸ ਤਰ੍ਹਾਂ ਰੱਬ ਦਾ ਕਵਚ ਆਮ ਬੰਦੇ ਨੇ ਫਿਲਹਾਲ ਉਤਾਰ ਦਿੱਤਾ ਹੈ । ਅਖੌਤੀ ਸਾਧਾਂ ਸੰਤਾਂ ਦੇ ਜਿਹੜੇ ਦਰਬਾਰਾਂ ਵਿਚ ਪ੍ਰਭੂ ਆਪ ਆ ਕੇ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਸਨ ਕੋਰੋਨਾ ਦੇ ਭੈਅ ਕਾਰਨ ਉਹ ਦਰਬਾਰ ਭਾਂਅ ਭਾਂਅ ਕਰਨ ਲੱਗ ਪਏ ਹਨ ।
      ਬਿਮਾਰੀ ਦੇ ਡਰ ਅਤੇ ਭੈਅ ਦੇ ਆਲਮ ਵਿਚ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ । ਸੋਸ਼ਲ ਮੀਡੀਆ ਅਤੇ ਟੀ.ਵੀ. ਚੈਨਲਾਂ 'ਤੇ ਚਲ ਰਹੀਆਂ ਕੋਰੋਨਾ ਸਬੰਧੀ ਖ਼ਬਰਾਂ ਨਾਲ ਸਹਿਮ ਦਾ ਸਾਇਆ ਹੋਰ ਸੰਘਣਾ ਹੁੰਦਾ ਹੈ । ਪੂਰੇ ਦੇਸ਼ ਵਿਚ ਤਾਲਾਬੰਦੀ ਕੀਤੇ ਜਾਣਾ ਜ਼ਰੂਰੀ ਹੋ ਗਿਆ ਸੀ ਪਰ ਜਿਸ ਢੰਗ ਨਾਲ ਇਸ ਨੂੰ ਲਾਗੂ ਕੀਤਾ ਗਿਆ, ਇਸ ਨੇ ਡਰ ਭੈਅ ਦੇ ਮਾਹੌਲ ਵਿਚ ਹੋਰ ਵਾਧਾ ਕੀਤਾ ਹੈ । ਸਾਲਾਂ ਤੋਂ ਵੱਡੇ ਸ਼ਹਿਰਾਂ, ਮਹਾਂਨਗਰਾਂ ਵਿਚ ਕੰਮ ਕਰਦੇ ਮਜ਼ਦੂਰ, ਕਾਰੀਗਰ ਅਤੇ ਰੇਹੜੀਆਂ ਫੜ੍ਹੀਆਂ ਲਾਉਣ ਵਾਲੇ ਲੱਖਾਂ ਲੋਕਾਂ ਦਾ ਸੈਲਾਬ ਦੂਰ-ਦੁਰਾਡੇ ਆਪਣੇ ਪਿੰਡਾਂ ਵੱਲ ਨੂੰ ਹੋ ਤੁਰਿਆ । ਜਿੱਥੇ ਤਾਲਾਬੰਦੀ ਕਰਕੇ ਲੋਕਾਂ ਨੂੰ ਇਕ-ਦੂਜੇ ਤੋਂ ਦੂਰ ਕੀਤਾ ਜਾਣਾ ਜ਼ਰੂਰੀ ਹੋ ਗਿਆ ਸੀ । ਉੱਥੇ ਤਾਲਾਬੰਦੀ ਦੇ ਐਲਾਨ ਨਾਲ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਸੜਕਾਂ 'ਤੇ ਹਜ਼ਾਰਾਂ ਲੋਕਾਂ ਦੇ ਇਕੱਠ ਹੋਣੇ ਸ਼ੁਰੂ ਹੋ ਗਏ । ਇਨ੍ਹਾਂ ਭੀੜਾਂ ਵਿਚ ਜੇਕਰ ਕੁਝ ਕੁ ਕੋਰੋਨਾ ਦੇ ਮਰੀਜ਼ ਹੋਣ ਤਾਂ ਇਹ ਸਥਿਤੀ ਦੇਸ਼ ਲਈ ਬੇਹੱਦ ਭਿਆਨਕ ਬਣ ਸਕਦੀ ਹੈ । ਇਹ ਇਕ ਤਰ੍ਹਾਂ ਨਾਲ ਆਪਣੇ ਪੈਰਾਂ 'ਤੇ ਆਪਣੇ ਹੱਥੀਂ ਕੁਹਾੜਾ ਮਾਰਨ ਵਾਂਗ ਸੀ । ਚਾਹੀਦਾ ਤਾਂ ਇਹ ਸੀ ਤਾਲਾਬੰਦੀ ਲਈ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਲਈ ਲਈਆਂ ਜਾਂਦੀਆਂ । ਪਰ ਲੋਕਾਂ ਨੂੰ ਬਿਨਾਂ ਸੋਚੇ ਵਿਚਾਰੇ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ । ਬਰੇਲੀ ਵਰਗੇ ਸ਼ਹਿਰਾਂ ਵਿਚ ਲੋਕਾਂ ਦੇ ਸਮੂਹ 'ਤੇ ਦਵਾਈ ਦਾ ਛਿੜਕਾਅ ਕਰਕੇ ਘਰੀਂ ਜਾ ਰਹੇ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ । ਇਹ ਬੇਹੱਦ ਨਿੰਦਣਯੋਗ ਹੈ । ਅਜਿਹੀਆਂ ਵੀਡੀਓ ਵੀ ਵਾਇਰਲ ਹੋਈਆਂ ਜਿਨ੍ਹਾਂ ਵਿਚ ਕੁਝ ਲੋਕ ਟੋਲੀਆਂ ਬਣਾ ਕੇ ਸੈਂਕੜੇ ਮੀਲ ਦਾ ਸਫ਼ਰ ਭੁੱਖੇ ਭਾਣੇ ਕਰ ਰਹੇ ਹਨ । ਇਨ੍ਹਾਂ ਨਾਲ ਇਨ੍ਹਾਂ ਦੇ ਭੁੱਖੇ ਪਿਆਸੇ ਮਾਸੂਮ ਬੱਚੇ ਵੀ ਸਨ । ਪੁਲਿਸ ਵਲੋਂ ਜਦੋਂ ਕੁਝ ਥਾਵੀਂ ਇਨ੍ਹਾਂ ਨੂੰ ਦੂਰ-ਦੂਰ ਕਰਨ ਲਈ ਕਾਰਵਾਈ ਕੀਤੀ ਗਈ ਤਾਂ ਪੈਦਲ ਚਲ ਰਹੇ ਇਹ ਲੋਕ, ਜਾਨ ਬਚਾਉਣ ਲਈ ਬੱਚਿਆਂ ਨੂੰ ਲੈ ਕੇ ਖੇਤਾਂ ਜੰਗਲਾਂ ਵੱਲ ਦੌੜਦੇ ਵੇਖੇ ਗਏ । ਭੁੱਖਾਂ ਦੁੱਖਾਂ ਨਾਲ ਘੁਲਦੇ ਇਨ੍ਹਾਂ ਲੋਕਾਂ 'ਚੋਂ ਕੁਝ ਦੀ ਮੌਤ ਵੀ ਹੋ ਗਈ । ਜੇਕਰ ਤਾਲਾਬੰਦੀ ਸੋਚ ਵਿਚਾਰ ਕੇ ਕੀਤੀ ਜਾਂਦੀ ਤਾਂ ਅਜਿਹੀਆਂ ਖੱਜਲ-ਖੁਆਰੀਆਂ ਤੋਂ ਬਚਿਆ ਜਾ ਸਕਦਾ ਸੀ । ਦੇਸ਼ ਦੀ ਸਰਬਉੱਚ ਅਦਾਲਤ ਨੇ ਦੇਸ਼ ਵਿਚ ਕੀਤੀ ਤਾਲਾਬੰਦੀ ਕਾਰਨ ਪੈਦਾ ਹੋਈਆਂ ਸਥਿਤੀ ਬਾਰੇ ਕਿਹਾ ਕਿ ਦੇਸ਼ ਭਰ ਵਿਚ ਕਾਮਿਆਂ ਮਜ਼ਦੂਰਾਂ ਵਿਚ ਪੈਦਾ ਹੋਈ ਦਹਿਸ਼ਤ ਅਤੇ ਭੈਅ ਦੀ ਸਥਿਤੀ ਕੋਰੋਨਾ ਦੀ ਬਿਮਾਰੀ ਤੋਂ ਵੀ ਗੰਭੀਰ ਹੈ ।
       ਇਹ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਬਾਅਦ ਦੀ ਦੁਨੀਆ ਹੁਣ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਇਸ ਨਾਲ ਦਵਾਈ ਕੰਪਨੀਆਂ ਦੀਆਂ ਤਰਜੀਹਾਂ ਬਦਲ ਜਾਣਗੀਆਂ। ਵੱਖ-ਵੱਖ ਦੇਸ਼ਾਂ ਦੇ ਲੋਕ ਜਿੱਥੇ ਡਾਕਟਰੀ ਵਿਗਿਆਨ ਨੂੰ ਵੱਧ ਮਹੱਤਵ ਦੇਣ ਲੱਗਣਗੇ ਉੱਥੇ ਇਹ ਵੀ ਹੋ ਸਕਦਾ ਹੈ ਬੰਬਾਂ ਬੰਦੂਕਾਂ ਮਿਜ਼ਾਈਲਾਂ ਨਾਲ ਲੜਨ ਵਾਲੀਆਂ ਫ਼ੌਜਾਂ ਦੇ ਨਾਲ ਲੈਬਾਰਟਰੀਆਂ ਵਿਚ ਵੀ ਅਜਿਹੀਆਂ ਵਾਇਰਸ ਫੌਜਾਂ ਤਿਆਰ ਕੀਤੀਆਂ ਜਾਣ। ਹੋ ਸਕਦਾ ਹੈ ਦੇਸ਼ਾਂ ਵਿਚ ਲੜਾਈ ਦਾ ਰਵਾਇਤੀ ਢੰਗ ਦੂਜੇ ਸਥਾਨ 'ਤੇ ਚਲਾ ਜਾਵੇ ਅਤੇ ਕਿਸੇ ਦੇਸ਼ ਲਈ ਬਣਦੀ ਅਜਿਹੀ ਭਿਆਨਕ ਸਥਿਤੀ ਨਾਲ ਨਿਪਟਣ ਲਈ ਡਾਕਟਰੀ ਟੀਮਾਂ ਨੂੰ ਫ਼ੌਜ ਦੇ ਰੂਪ ਵਿਚ ਵੇਖਿਆ ਜਾਣ ਲੱਗੇ। ਕੋਰੋਨਾ ਵਾਇਰਸ ਦੁਨੀਆ ਦੀ ਆਰਥਿਕਤਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰੇਗਾ। ਭਵਿੱਖ ਵਿਚ ਗਿਆਨ ਵਿਗਿਆਨ, ਬੀਮਾ ਪਾਲਸੀਆਂ, ਖਾਣ ਪੀਣ ਦੀਆਂ ਵਸਤਾਂ, ਡਾਕਟਰੀ ਸਿੱਖਿਆ, ਪਰਵਾਸ ਆਦਿ ਤਰਜੀਹਾਂ ਬਦਲ ਜਾਣਗੀਆਂ। ਕੋਰੋਨਾ ਵਾਇਰਸ ਨਾਲ ਵਿਆਹ ਸ਼ਾਦੀਆਂ, ਸਮਾਜਿਕ ਸਮਾਗਮਾਂ, ਮੇਲੇ ਅਤੇ ਧਰਮ ਅਸਥਾਨਾਂ ਵਿਚ ਜੁੜਦੀਆਂ ਭੀੜਾਂ ਸਬੰਧੀ ਮਨੁੱਖ ਦੇ ਨਜ਼ਰੀਏ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਉਣਗੀਆਂ? ਇਹ ਸਭ ਕੁਝ ਭਵਿੱਖ ਦੀ ਬੁੱਕਲ ਵਿਚ ਹੈ। ਇਸ ਬਿਮਾਰੀ ਨੇ ਇਕ ਦੇਸ਼ ਤੋਂ ਦੂਜੇ ਦੇਸ਼ ਤੱਕ ਯਾਤਰੀਆਂ ਰਾਹੀਂ ਸਫ਼ਰ ਕੀਤਾ, ਇਸ ਲਈ ਅੰਤਰਰਾਸ਼ਟਰੀ ਪਰਵਾਸ ਨੂੰ ਇਹ ਬਿਮਾਰੀ ਆਪਣੇ ਢੰਗ ਨਾਲ ਪ੍ਰਭਾਵਿਤ ਕਰੇਗੀ । ਮਾਸਕ, ਸੈਨੇਟਾਈਜ਼ਰ, ਜ਼ਰਮ ਮਾਰਨ ਵਾਲੀਆਂ ਸਪਰੇਆਂ, ਦਸਤਾਨੇ, ਟੈਸਟ ਕਾਰਡ, ਪੀ ਪੀ.ਈ. ਕਿੱਟਾਂ ਅਤੇ ਵੈਂਟੀਲੇਟਰ ਬਣਾਉਣ ਵਾਲੀਆਂ ਕੰਪਨੀਆਂ ਮਾਲਾਮਾਲ ਹੋਣਗੀਆਂ। ਦੁਨੀਆ ਭਰ ਵਿਚ ਮਾਨਸਿਕ ਬਿਮਾਰੀਆਂ ਤੇਜ਼ੀ ਨਾਲ ਵਧ ਸਕਦੀਆਂ ਹਨ। ਮਾਨਸਿਕ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੀ ਮੰਗ ਤੇਜ਼ੀ ਨਾਲ ਵਧਣ ਲੱਗੇਗੀ। ਡਰ ਭੈਅ, ਕਾਰੋਬਾਰ ਅਤੇ ਆਰਥਿਕਤਾ ਨੂੰ ਢਾਅ ਲੱਗਣ ਕਰਕੇ ਦੁਨੀਆ ਭਰ ਵਿਚ ਆਤਮ-ਹੱਤਿਆਵਾਂ ਵਧਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਇਕੱਠੇ ਬਹਿ ਕੇ ਖਾਣ ਪੀਣ, ਸਫ਼ਰ ਕਰਨ, ਹੱਥ ਮਿਲਾਉਣ ਆਦਿ ਮਨੁੱਖੀ ਆਦਤਾਂ ਨੂੰ ਇਹ ਬਿਮਾਰੀ ਕਿੰਨਾ ਕੁ ਪ੍ਰਭਾਵਿਤ ਕਰੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।
   ਕੋਰੋਨਾ ਵਾਇਰਸ ਖਿਲਾਫ਼ ਲੜਾਈ ਲੜਨ ਵਾਲੇ ਦੇਸ਼ ਦੇ ਨਾਇਕ ਨਾਇਕਾਵਾਂ ਨਾਲ ਪਿਛਲੇ ਦਿਨੀਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਪੂਰੀ ਮਨੁੱਖਤਾ ਸ਼ਰਮਸਾਰ ਹੋਈ। ਇੰਦੌਰ, ਬੰਗਲੌਰ, ਬਿਹਾਰ ਵਰਗੇ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਦੀ ਪੜਤਾਲ ਕਰ ਰਹੇ ਡਾਕਟਰਾਂ 'ਤੇ ਲੋਕਾਂ ਵਲੋਂ ਹਮਲੇ ਹੋਏ। ਇਹ ਨਾ ਬਰਦਾਸ਼ਤ ਕਰਨਯੋਗ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਦੇਸ਼ ਭਰ ਦੇ ਡਾਕਟਰ ਇਸ ਸਮੇਂ ਬਹਾਦਰ ਫ਼ੌਜੀਆਂ ਦਾ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਨੂੰ ਦੇਸ਼ ਵਾਸੀਆਂ ਨੂੰ ਰਿਣੀ ਹੋਣਾ ਚਾਹੀਦਾ ਹੈ। ਇਕ ਉਹ ਵੀ ਕਾਰਪੋਰੇਟ ਡਾਕਟਰ ਹਨ ਜੋ ਇਸ ਆਫਤ ਸਮੇਂ ਆਪਣੇ ਹਸਪਤਾਲ ਬੰਦ ਕਰਕੇ ਬੈਠ ਗਏ ਹਨ। ਕੀ ਮਾਨਵਤਾ ਪ੍ਰਤੀ ਉਨ੍ਹਾਂ ਦਾ ਕੋਈ ਫਰਜ਼ ਨਹੀਂ ਬਣਦਾ?
     ਕੋਰੋਨਾ ਵਾਇਰਸ ਖਿਲਾਫ਼ ਲੜ ਰਹੇ ਡਾਕਟਰ, ਸੁਹਿਰਦ ਪੁਲਿਸ ਮੁਲਾਜ਼ਮ, ਸਮਾਜ ਸੇਵੀ ਜਥੇਬੰਦੀਆਂ ਦੇ ਵਰਕਰ ਆਪਣੇ ਢੰਗ ਨਾਲ ਇਸ ਸਮੇਂ ਜੋ ਮਨੁੱਖਤਾ ਦੀ ਸੇਵਾ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ, ਨੂੰ ਸਲਾਮ ਕਰਨੀ ਬਣਦੀ ਹੈ। ਕੋਰੋਨਾ ਤੋਂ ਡਰਨ ਦੀ ਲੋੜ ਨਹੀਂ। ਮਨੁੱਖ ਵਿਚ ਅੱਗੇ ਵਧਣ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਹਨ। ਇਸ ਬਿਮਾਰੀ ਦੀ ਕਾਟ ਵੀ ਲੱਭ ਲਈ ਜਾਵੇਗੀ। ਇਨ੍ਹਾਂ ਦਿਨਾਂ ਵਿਚ ਕਿਤਾਬਾਂ ਪੜ੍ਹੋ। ਕੁਝ ਲਿਖੋ। ਲੰਮਾ ਸਮਾਂ ਖ਼ਬਰਾਂ ਨਾ ਦੇਖੋ। ਸਾਕਾਰਤਮਿਕ ਵੀਡੀਓਜ਼ ਦੇਖੋ । ਸੰਗੀਤ ਸੁਣੋ। ਉਹ ਚੀਜ਼ਾਂ ਨਾ ਖਾਓ ਜਿਨ੍ਹਾਂ ਨਾਲ ਬਿਮਾਰ ਹੋਣ ਦਾ ਖ਼ਤਰਾ ਹੈ, ਤਾਂ ਕਿ ਡਾਕਟਰ ਕੋਲ ਨਾ ਜਾਣਾ ਪਵੇ । ਮਨੁੱਖ ਵਿਚ ਅਜਿਹੀਆਂ ਆਫ਼ਤਾਂ ਨਾਲ ਲੜਨ ਦੀ ਬੇਸ਼ੁਮਾਰ ਤਾਕਤ ਹੈ। ਨਿਸਚਿਤ ਹੀ ਕੁਝ ਦਿਨਾਂ ਤੱਕ ਕੋਰੋਨਾ ਵਾਇਰਸ ਦੀ ਆਫ਼ਤ 'ਤੇ ਵੀ ਫ਼ਤਹਿ ਪਾ ਲਈ ਜਾਵੇਗੀ ਇਸ ਲਈ ਚੜ੍ਹਦੀ ਕਲਾਂ ਵਿਚ ਰਹੋ ਅਤੇ ਹੌਸਲੇ ਬੁਲੰਦ ਰੱਖੋ ।

- ਜ਼ੀਰਾ / ਫਿਰੋਜ਼ਪੁਰ ।
- ਮੋ: 9855051099

ਕਿੰਨੀ ਕੁ ਦੇਰ ਚੱਲੇਗਾ ਲੋਕਾਂ ਨੂੰ ਵਰਗਲਾਉਣ ਦਾ ਦੌਰ ? - ਗੁਰਚਰਨ ਸਿੰਘ ਨੂਰਪੁਰ

ਪਿਛਲੀ ਸਦੀ ਵਿਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਜਿਹੜੇ ਨੇਤਾਵਾਂ ਦੀ ਦੁਨੀਆ ਭਰ ਵਿਚ ਸਭ ਤੋਂ ਵੱਧ ਚਰਚਾ ਹੋਈ ਨੈਲਸਨ ਮੰਡੇਲਾ ਉਨ੍ਹਾਂ 'ਚੋਂ ਇਕ ਸਨ। ਇਸ ਮਹਾਨ ਅਫ਼ਰੀਕੀ ਆਗੂ ਨੇ ਨਸਲੀ ਵਿਤਕਰੇ ਖ਼ਿਲਾਫ਼ ਲੰਮੀ ਲੜਾਈ ਲੜੀ ਅਤੇ ਸ਼ਾਂਤੀ ਦਾ ਦੂਤ ਬਣ ਕੇ ਦੁਨੀਆ ਵਿਚ ਇਕ ਵੱਖਰੀ ਮਿਸਾਲ ਪੈਦਾ ਕੀਤੀ। ਸਰਕਾਰ ਵਿਰੋਧੀ ਸ਼ਾਂਤਮਈ ਅੰਦੋਲਨ ਕਰਨ ਅਤੇ ਲੋਕ ਹਿੱਤਾਂ ਦੀ ਲੜਾਈ ਲੜਨ ਲਈ ਇਸ ਮਹਾਨ ਆਗੂ ਨੂੰ ਲਗਾਤਾਰ 27 ਸਾਲ ਰੋਬਿਨ ਟਾਪੂ 'ਤੇ ਬਣੀ ਜੇਲ੍ਹ ਵਿਚ ਰੱਖਿਆ ਗਿਆ। ਪਰ ਇਸ ਲੰਮੇ ਅਰਸੇ ਦੌਰਾਨ ਵੀ ਉਨ੍ਹਾਂ ਦੇ ਸੀਨੇ ਵਿਚ ਆਪਣੇ ਦੇਸ਼ ਅਤੇ ਆਪਣੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਬਲਦੀ ਅੱਗ ਠੰਢੀ ਨਾ ਹੋਈ। ਨੈਲਸਨ ਮੰਡੇਲਾ ਦਾ ਇਕ ਮੇਲ ਜੋਲ ਵਾਲੇ, ਨਸਲੀ ਭਿੰਨ-ਭੇਤ ਰਹਿਤ ਦੱਖਣੀ ਅਫ਼ਰੀਕਾ ਦਾ ਸੁਪਨਾ ਸੀ। ਹਕੂਮਤ ਦਾ ਜਬਰ ਅਤੇ ਜੇਲ੍ਹ ਦੀਆਂ ਸੀਖਾਂ ਉਨ੍ਹਾਂ ਦੇ ਇਸ ਸੁਪਨੇ ਨੂੰ ਰੋਕ ਨਾ ਸਕੀਆਂ। ਉਹ ਆਪਣੀ ਪਤਨੀ ਵਿੰਨੀ ਮੰਡੇਲਾ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਇਸ ਸੁਪਨੇ ਨੂੰ ਆਪਣੇ ਅਫ਼ਰੀਕੀ ਲੋਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋ ਗਏ। ਉਹ ਕਿਹਾ ਕਰਦੇ ਸਨ ਕਿ ਬਦਲੇ ਦੀ ਭਾਵਨਾ ਅਫ਼ਰੀਕਾ ਵਿਚ ਖ਼ੁਸ਼ਹਾਲੀ ਨਹੀਂ ਲਿਆ ਸਕਦੀ। ਉਨ੍ਹਾਂ ਨੇ ਕਾਲੇ ਦੱਖਣੀ ਅਫ਼ਰੀਕਾ ਦੇ ਲੋਕਾਂ ਨੂੰ ਬੀਤੇ ਨੂੰ ਭੁੱਲ ਕੇ ਗੋਰੇ ਦੱਖਣੀ ਅਫ਼ਰੀਕੀ ਲੋਕਾਂ ਨਾਲ ਮੇਲ ਮਿਲਾਪ ਕਰਨ ਵਾਸਤੇ ਉਤਸ਼ਾਹਿਤ ਕੀਤਾ। 11 ਫਰਵਰੀ 1990 ਵਿਚ ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਯਤਨਾਂ ਨੂੰ ਬੂਰ ਪਿਆ। 1994 ਵਿਚ ਉਨ੍ਹਾਂ ਨੇ ਇਕ ਬਹੁ ਨਸਲੀ ਲੋਕਤੰਤਰੀ ਰਾਸ਼ਟਰ ਦਾ ਨਿਰਮਾਣ ਕੀਤਾ। ਮੰਡੇਲਾ ਅਨੁਸਾਰ ਖੁਸ਼ੀ, ਇਨਸਾਫ਼, ਇਨਸਾਨੀ ਕਦਰਾਂ ਕੀਮਤਾਂ ਅਤੇ ਤਰੱਕੀ ਕੁਲ ਸੰਸਾਰ ਵਾਸਤੇ ਲੋੜੀਂਦੀ ਹੈ ਕਿਉਂਕਿ ਹਰ ਇਨਸਾਨ ਅਤੇ ਭਾਈਚਾਰਾ ਅਜਿਹੀ ਵਿਵਸਥਾ ਦਾ ਹੱਕ ਰੱਖਦਾ ਹੈ। ਨੈਲਸਨ ਮੰਡੇਲਾ ਦਾ ਲੋਹਾ ਦੁਨੀਆ ਨੇ ਮੰਨਿਆ। ਉਨ੍ਹਾਂ ਨੂੰ 1993 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਜਦੋਂ ਅਸੀਂ ਅਜਿਹਾ ਕੁਝ ਪੜ੍ਹਦੇ ਸੁਣਦੇ ਹਾਂ ਤਾਂ ਇਸ ਸੰਦਰਭ ਵਿਚ ਆਪਣੇ ਦੇਸ਼ ਵਿਚ ਹੋ ਰਹੀਆਂ ਘਟਨਾਵਾਂ ਨੂੰ ਦੇਖਦੇ ਹਾਂ ਤਾਂ ਸਾਡਾ ਚਿੰਤਤ ਹੋਣਾ ਕੁਦਰਤੀ ਹੈ। ਕੀ ਧਰਮ ਜਾਤ ਮਜ਼੍ਹਬ ਤੋਂ ਉਪਰ ਉੱਠ ਕੇ ਦੇਸ਼ ਲਈ ਵਿਕਾਸ ਦੇ ਨਵੇਂ ਰਾਹ ਨਹੀਂ ਖੋਜੇ ਜਾ ਸਕਦੇ? ਕੀ ਸਰਕਾਰ ਦਾ ਇਹ ਫ਼ਰਜ਼ ਨਹੀਂ ਕਿ ਉਹ ਦੇਸ਼ ਵਿਚ ਅਜਿਹੀ ਵਿਵਸਥਾ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹੋਵੇ, ਜਿਸ 'ਤੇ ਸਭ ਦੇਸ਼ ਵਾਸੀ ਮਾਣ ਕਰ ਸਕਣ। ਅੱਜ ਹਰ ਸੋਚਵਾਨ ਮਨੁੱਖ ਦਾ ਚਿੰਤਤ ਹੋਣਾ ਵਾਜਿਬ ਹੈ, ਕਿਉਂਕਿ ਇਥੇ ਜੋ ਕੁਝ ਹੋਣਾ ਚਾਹੀਦਾ ਹੈ ਉਸ ਤੋਂ ਬਿਲਕੁਲ ਉਲਟ ਹੋ ਰਿਹਾ ਹੈ।
        ਸਾਡਾ ਦੇਸ਼ ਬਹੁਤ ਸਾਰੇ ਵੱਖ-ਵੱਖ ਰੰਗਾਂ, ਜਾਤਾਂ, ਮਜ਼੍ਹਬਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਦੇਸ਼ ਹੈ। ਇਸ ਵਿਚ ਅੱਜ ਫਿਰ ਫ਼ਿਰਕਾਪ੍ਰਸਤੀ ਦੀ ਅੱਗ ਨੂੰ ਹਵਾ ਦਿੱਤੀ ਜਾ ਰਹੀ ਹੈ ਤਾਂ ਕਿ ਇਸ ਦੇ ਸੇਕ 'ਤੇ ਰਾਜਸੀ ਰੋਟੀਆਂ ਸੇਕੀਆਂ ਜਾ ਸਕਣ। ਸੱਤਾ ਕੋਲ ਜਦੋਂ ਲੋਕ ਹਿੱਤਾਂ ਲਈ ਕੋਈ ਯੋਜਨਾ ਨਹੀਂ ਹੁੰਦੀ ਤਾਂ ਉਹ ਆਪਣੀ ਸੱਤਾ ਦੀ ਸਲਾਮਤੀ ਲਈ ਲੋਕਾਂ ਵਿਚ ਵੰਡੀਆਂ ਪਾ ਕੇ ਅਜਿਹੇ ਉਲਝਾਅ ਪੈਦਾ ਕਰਦੀ ਹੈ ਕਿ ਲੋਕ ਆਪਸ ਵਿਚ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਨ। ਅਸੀਂ ਅੱਜ ਇਸੇ ਦੌਰ 'ਚੋਂ ਗੁਜ਼ਰ ਰਹੇ ਹਾਂ। ਅੱਜ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਸਿਖ਼ਰ 'ਤੇ ਹੈ। ਹੁਣੇ ਹੀ ਪ੍ਰਕਾਸ਼ਿਤ ਹੋਏ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਹਰ ਦੋ ਘੰਟੇ ਬਾਅਦ ਦੇਸ਼ ਵਿਚ ਤਿੰਨ 3 ਬੇਰੁਜ਼ਗਾਰ ਖ਼ਦਕੁਸ਼ੀਆਂ ਕਰ ਰਹੇ ਹਨ। ਕਿਸਾਨ ਖ਼ੁਦਕੁਸ਼ੀਆਂ ਹਰ ਸਾਲ ਪਹਿਲਾਂ ਦੇ ਮੁਕਾਬਲੇ ਵਧ ਰਹੀਆਂ ਹਨ ਅਤੇ ਮੋਦੀ ਰਾਜ ਵਿਚ ਕਿਸਾਨ ਖ਼ੁਦਕੁਸ਼ੀਆਂ ਤੇਜ਼ੀ ਨਾਲ ਵਧੀਆਂ ਹਨ। ਇਸ ਦੌਰਾਨ ਕਿਸਾਨਾਂ ਨੇ ਵੱਡੇ ਅੰਦੋਲਨ ਵੀ ਕੀਤੇ ਪਰ ਮਜਾਲ ਹੈ ਕਿ ਹਕੂਮਤ ਦੇ ਕੰਨ 'ਤੇ ਜੂੰਅ ਵੀ ਸਰਕੀ ਹੋਵੇ। ਸੰਨ 2017 ਵਿਚ 10,655 ਕਿਸਾਨਾਂ ਨੇ ਦੇਸ਼ ਵਿਚ ਖੁਦਕੁਸ਼ੀਆਂ ਕੀਤੀਆਂ ਅਤੇ ਸੰਨ 2018 ਵਿਚ ਵੀ 10,349 ਕਿਸਾਨਾਂ ਅਤੇ 12,936 ਬੇਰੁਜ਼ਗਾਰ ਨੌਜਵਾਨਾਂ ਨੇ ਖ਼ੁਦਕੁਸ਼ੀ ਕੀਤੀ। ਸੰਨ 2017 ਵਿਚ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰਨ ਵਾਲਿਆਂ ਦਾ ਅੰਕੜਾ 12,241 ਸੀ। ਰੁਜ਼ਗਾਰ ਦੇ ਮੌਕੇ ਲਗਾਤਾਰ ਸਿਮਟ ਰਹੇ ਹਨ, ਕਿਹਾ ਇਹ ਜਾ ਰਿਹਾ ਹੈ ਆਉਣ ਵਾਲੇ ਸਾਲਾਂ ਦੌਰਾਨ ਦੇਸ਼ ਵਿਚ 16 ਲੱਖ ਨੌਕਰੀਆਂ ਦੀ ਕਟੌਤੀ ਹੋਵੇਗੀ। ਰੁਜ਼ਗਾਰ ਸਬੰਧੀ ਇਹ ਸਾਡੇ ਦੇਸ਼ ਦਾ ਬੜਾ ਭਿਆਨਕ ਦ੍ਰਿਸ਼ ਹੈ ਜਿਸ ਪ੍ਰਤੀ ਸਾਡੇ ਹਾਕਮ ਚਿੰਤਤ ਨਜ਼ਰ ਨਹੀਂ ਆਉਂਦੇ। ਭਖਦੇ ਅਤੇ ਭਿਆਨਕ ਬਣਦੇ ਜਾ ਰਹੇ ਮਸਲਿਆਂ ਤੇ ਗੱਲਬਾਤ ਕਰਨ ਦੀ ਬਜਾਏ ਦੇਸ਼ ਦੇ ਬਹੁ ਗਿਣਤੀ ਟੀ. ਵੀ. ਚੈਨਲਾਂ 'ਤੇ ਸਰਜੀਕਲ ਸਟ੍ਰਾਈਕ, ਮਾਰੂ ਹਥਿਆਰ, ਧਰਮ ਜਾਤ ਵਰਗੇ ਵਿਸ਼ਿਆਂ 'ਤੇ ਘੰਟਿਆਬੱਧੀ ਬਹਿਸਾਂ ਕਰਵਾ ਰਹੇ ਹਨ ਤਾਂ ਕਿ ਲੋਕ ਆਪਣੇ ਹਕੀਕੀ ਮਸਲਿਆਂ ਨੂੰ ਭੁੱਲ ਕੇ ਉਨ੍ਹਾਂ ਮਸਲਿਆਂ ਨੂੰ ਆਪਣੇ ਲਈ ਮਸਲੇ ਮੰਨ ਲੈਣ ਜਿਨ੍ਹਾਂ ਦਾ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਨਾਲ ਦੂਰ ਦਾ ਵਾਸਤਾ ਨਹੀਂ। ਇਸ ਦੇਸ਼ ਦੇ ਵੱਖ-ਵੱਖ ਧਰਮਾਂ ਮਜ਼੍ਹਬਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਵੱਡਿਆਂ-ਵਡੇਰਿਆਂ ਨੇ ਇਸ ਰਾਸ਼ਟਰ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਇਆ। ਲੋਕ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਦੇ ਹਨ। ਰਾਜਸੀ ਜਮਾਤਾਂ ਆਪਣੇ ਹਿੱਤਾਂ ਲਈ ਉਨ੍ਹਾਂ ਵਿਚ ਵੰਡੀਆਂ ਪਾਉਣ ਦੀ ਕੋਝੀਆਂ ਚਾਲਾਂ ਚਲਦੀਆਂ ਹਨ। ਇਸ ਦੇਸ਼ ਲਈ ਹਰ ਜਾਤ ਮਜ਼੍ਹਬ ਦੇ ਲੋਕ ਲੜੇ ਤੇ ਸ਼ਹੀਦ ਹੋਏ। ਸਾਡੀ ਹੋਲੀ, ਦੀਵਾਲੀ, ਲੋਹੜੀ, ਈਦਾਂ ਸਾਂਝੀਆਂ ਹਨ। ਹੋਲੀ ਦੇ ਰੰਗ ਮੁਸਲਮਾਨ ਬਣਾਉਂਦਾ ਹੈ, ਬਰਿੰਦਾਵਨ ਵਰਗੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਕ੍ਰਿਸ਼ਨ ਦੀ ਪੌਸ਼ਾਕ ਮੁਸਲਮਾਨ ਕਾਰੀਗਰ ਬਣਾਉਂਦੇ ਹਨ। ਲੋਕ ਬਸ ਲੋਕ ਹੁੰਦੇ ਹਨ। ਪਿਛਲੇ ਇਕ ਮਹੀਨੇ ਤੋਂ ਦੇਸ਼ ਅਤੇ ਦੁਨੀਆ ਨੇ ਵੇਖਿਆ ਹੈ ਕਿ ਇਹੋ ਹੱਥ, ਜਿਨ੍ਹਾਂ 'ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ, ਉਹ ਹੱਥਾਂ ਵਿਚ ਤਿਰੰਗੇ ਲੈ ਕੇ ਸੜਕਾਂ 'ਤੇ ਨਿਕਲ ਆਏ ਹਨ। ਟੀ. ਵੀ. ਚੈਨਲਾਂ ਦੀਆਂ ਬਹਿਸਾਂ ਵਿਚ ਜਿਨ੍ਹਾਂ ਨੂੰ ਦੇਸ਼ ਧ੍ਰੋਹੀ ਗਰਦਾਨਿਆ ਜਾਂਦਾ ਹੈ, ਅਜਿਹਾ ਕਦੇ ਕੋਈ ਮੌਕਾ ਨਹੀਂ ਆਇਆ ਕਿ ਉਨ੍ਹਾਂ ਨੇ ਦੇਸ਼ ਦੇ ਖਿਲਾਫ਼ ਕੋਈ ਮੁਹਿੰਮ ਛੇੜੀ ਹੋਵੇ। ਇਥੇ ਹੀ ਬੱਸ ਨਹੀਂ, ਇਸ ਸਮੇਂ ਬਹੁਤ ਸਾਰੇ ਬੁੱਧੀਜੀਵੀਆਂ ਜਿਨ੍ਹਾਂ ਨੇ ਫ਼ਿਰਕਾਪ੍ਰਸਤੀ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ, ਜਿਵੇਂ ਨਰਿੰਦਰ ਦਾਬੋਲਕਰ, ਗੋਵਿੰਦ ਪਾਨਸਾਰੇ, ਪ੍ਰੋ: ਐਮ. ਕੁਲਬੁਰਗੀ, ਗੌਰੀ ਲੰਕੇਸ਼। ਅੱਜ ਹਾਲਾਤ ਇਹ ਬਣ ਗਏ ਹਨ ਕਿ ਦੇਸ਼ ਦੇ ਬੌਧਿਕ ਵਰਗ ਨੂੰ ਦੇਸ਼ ਦੇ ਸੰਵਿਧਾਨ ਅਤੇ ਇਸ ਦੀ ਮੂਲ ਭਾਵਨਾ ਦੇ ਗਵਾਚ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਿੱਲੀ ਦੇ ਸ਼ਾਹੀਨ ਬਾਗ਼ ਜਿਹੇ ਅੰਦੋਲਨ ਹੋ ਰਹੇ ਹਨ। ਇਨ੍ਹਾਂ ਅੰਦੋਲਨਾਂ ਵਿਚ ਗੌਰੀ ਲੰਕੇਸ਼ ਦੀਆਂ ਹਜ਼ਾਰਾਂ ਵਾਰਸਾਂ ਸੱਤਾ ਨੂੰ ਸਵਾਲ ਕਰਨ ਲੱਗੀਆਂ ਹਨ। ਸ਼ਾਹੀਨ ਬਾਗ਼ ਵਿਚ ਦੇਸ਼ ਦੀ ਧਰਮ ਨਿਰਪੱਖਤਾ ਨੂੰ ਦੇਖਿਆ ਜਾ ਸਕਦਾ ਹੈ ਜਿਥੇ ਹਿੰਦੂ ਭਰਾਵਾਂ ਵਲੋਂ ਭਜਨ ਗਾਏ ਜਾ ਰਹੇ ਹਨ, ਸਿੱਖ ਭਾਈਚਾਰੇ ਵਲੋਂ ਕੀਰਤਨ ਹੋ ਰਿਹਾ ਹੈ ਅਤੇ ਮੁਸਲਮਾਨਾਂ ਵਲੋਂ ਨਮਾਜ਼ ਵੀ ਪੜ੍ਹੀ ਜਾ ਰਹੀ ਹੈ। ਰਾਜਸੀ ਪਾਰਟੀਆਂ ਦਾ ਉਹ ਅਖੌਤੀ ਰਾਸ਼ਟਰਵਾਦ ਹੈ ਜੋ ਚੋਣਾਂ ਲਈ ਲੋਕਾਂ ਦਾ ਧਰੁਵੀਕਰਨ ਕਰਦਾ ਹੈ ਅਤੇ ਚੋਣਾਂ ਤੋਂ ਬਾਅਦ ਕੁਝ ਕੁ ਸਮਾਂ ਇਸ ਨੂੰ ਸਭ ਦੇ ਵਿਕਾਸ ਦਾ ਹੇਜ ਜਾਗਦਾ ਹੈ ਅਤੇ ਫਿਰ ਅਗਲੀਆਂ ਚੋਣਾਂ ਲਈ ਲੋਕਾਂ ਵਿਚ ਕਿਸੇ ਹੋਰ ਫੁੱਟ ਪਾਊ ਏਜੰਡੇ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਦੇਸ਼ ਇਸ ਸਮੇਂ ਅਜਿਹੇ ਮੋੜ 'ਤੇ ਖੜ੍ਹਾ ਹੈ ਜਿਥੇ ਹਰ ਪਾਸੇ ਸਮੱਸਿਆਵਾਂ ਹੀ ਸਮੱਸਿਆਵਾਂ ਹਨ ਪਰ ਦੇਸ਼ ਦੇ ਹਾਕਮ ਦੇਸ਼ ਅਤੇ ਲੋਕਾਂ ਦਾ ਫ਼ਿਕਰ ਛੱਡ ਕੇ ਆਪਣੀਆਂ ਭਵਿੱਖੀ ਚੋਣ ਯੋਜਨਾਵਾਂ ਲਈ ਕੰਮ ਕਰ ਰਹੇ ਹਨ। ਇਸ ਸਮੇਂ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਖੋਜੇ ਜਾਣ ਦੀ ਲੋੜ ਹੈ, ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ 'ਤੇ ਕੰਮ ਕਰਨ ਦੀ ਲੋੜ ਹੈ। ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ। ਪਰ ਇਸ ਤੋਂ ਉਲਟ ਦੇਸ਼ ਦੇ ਲੋਕਾਂ ਲਈ ਐਨ. ਆਰ. ਸੀ. ਅਤੇ ਸੀ. ਏ. ਏ. ਵਰਗੇ ਉਲਝਾਅ ਪੈਦਾ ਕਰਕੇ ਲੋਕਾਂ ਲਈ ਨਵੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਵੰਡਣ ਅਤੇ ਸੰਵਿਧਾਨ ਦੀ ਆਤਮਾ ਨੂੰ ਖੋਰਾ ਲਾਉਣ ਵਾਲੀਆਂ ਸਰਗਰਮੀਆਂ ਦੇਸ਼ ਵਿਚ ਅਗਾਂਹ ਹੋਰ ਵੱਡੀਆਂ ਸਮੱਸਿਆਵਾਂ ਨੂੰ ਜਨਮ ਦੇਣਗੀਆਂ ਇਹ ਅੱਜ ਵਿਚਾਰਨ ਦੀ ਲੋੜ ਹੈ।
       ਦੇਸ਼ ਦੇ ਲੋਕ ਸਰਕਾਰੀ ਨੀਤੀਆਂ ਨੂੰ ਸ਼ਾਇਦ ਸਮਝਣ ਲੱਗੇ ਹਨ। ਕਿਸੇ ਵੀ ਦੇਸ਼ ਕਿਸੇ ਵੀ ਖਿੱਤੇ ਦੀ ਸਭ ਤੋਂ ਵੱਡੀ ਤਾਕਤ ਉੱਥੋਂ ਦੇ ਲੋਕ ਹੁੰਦੇ ਹਨ। ਲੋਕ ਹੀ ਹਨ ਜੋ ਵੱਡੀਆਂ-ਵੱਡੀਆਂ ਸਲਤਨਤਾਂ ਦੀ ਉਸਾਰੀ ਕਰਦੇ ਹਨ ਅਤੇ ਇਤਿਹਾਸ ਗਵਾਹ ਹੈ ਇਹੋ ਲੋਕ ਜਦੋਂ ਸੱਤਾ ਦੇ ਵਿਰੁੱਧ ਸੜਕਾਂ 'ਤੇ ਉਤਰਦੇ ਹਨ ਵੱਡੀਆਂ-ਵੱਡੀਆਂ ਹਕੂਮਤਾਂ ਨੂੰ ਵੀ ਝੁਕਣ ਲਈ ਮਜ਼ਬੂਰ ਕਰ ਦਿੰਦੇ ਹਨ। ਜੋ ਪਾਣੀ ਚੜ੍ਹਦਾ ਹੈ ਉਸ ਲਹਿਣਾ ਵੀ ਹੁੰਦਾ ਹੈ ਅਤੇ ਹਰ ਰਾਤ ਮਗਰੋਂ ਸਵੇਰਾ ਵੀ ਹੋਣਾ ਹੀ ਹੁੰਦਾ ਹੈ। ਸਾਡੇ ਨੇਤਾਵਾਂ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ ਉਨ੍ਹਾਂ ਸ਼ਖ਼ਸੀਅਤਾਂ ਤੋਂ ਸਿੱਖਣ ਦੀ ਲੋੜ ਹੈ ਜਿਨ੍ਹਾਂ ਨੇ ਦੇਸ਼ ਦੀ ਧਰਮ-ਨਿਰਪੱਖਤਾ ਨੂੰ ਬਚਾਉਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਅੱਜ ਜਦੋਂ ਦੇਸ਼ ਵੱਡੀਆਂ ਚੁਣੌਤੀਆਂ ਦੇ ਰੂ-ਬਰੂ ਹੈ ਤਾਂ ਦੇਸ਼ ਦੇ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਲੋੜ ਹੈ ਨਾ ਕਿ ਜਾਣਬੁੱਝ ਕੇ ਅਜਿਹੀ ਸਥਿਤੀ ਪੈਦਾ ਕੀਤੀ ਜਾਵੇ ਜਿਸ ਨਾਲ ਲੋਕ ਸਦਮਾਗ੍ਰਸਤ ਹੋਣ। ਧਰਮਾਂ, ਜਾਤਾਂ ਮਜ਼੍ਹਬਾਂ ਲਈ ਨਹੀਂ ਬਲਕਿ ਸੁਹਿਰਦ ਸੋਚ ਨਾਲ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਰੂ-ਬਰੂ ਹੋਣ ਦੀ ਲੋੜ ਹੈ। ਕਿਤੇ ਅਜਿਹਾ ਨਾ ਹੋਵੇ ਕਿ 'ਹੱਥਾਂ ਦੀਆਂ ਦਿੱਤੀਆਂ ਮਗਰੋਂ ਮੂੰਹ ਨਾਲ ਖੋਲ੍ਹਣੀਆਂ ਪੈਣ।'

-ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ

ਦੇਸ਼ ਨੂੰ ਵੱਡੀਆਂ ਸਮੱਸਿਆਵਾਂ ਵੱਲ ਧੱਕ ਦੇਵੇਗਾ ਨਵਾਂ ਨਾਗਰਿਕਤਾ ਕਾਨੂੰਨ - ਗੁਰਚਰਨ ਸਿੰਘ ਨੂਰਪੁਰ

ਨਵੇਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਲੱਖਾਂ ਲੋਕ ਸੜਕਾਂ 'ਤੇ ਹਨ, ਪੂਰਾ ਦੇਸ਼ ਇਸ ਸਮੇਂ ਉਬਲ ਰਿਹਾ ਹੈ। ਦੇਸ਼ ਦੇ ਨੌਜਵਾਨ, ਵਿਦਿਆਰਥੀ, ਇਤਿਹਾਸਕਾਰ, ਬੁੱਧੀਜੀਵੀ, ਫ਼ਿਲਮ ਨਿਰਮਾਤਾ, ਸਾਹਿਤਕਾਰ ਤੇ ਪੱਤਰਕਾਰ ਇਸ ਨੂੰ ਇਕ ਤਰ੍ਹਾਂ ਨਾਲ ਭਾਰਤੀ ਸੰਵਿਧਾਨ 'ਤੇ ਹਮਲਾ ਕਰਾਰ ਦੇ ਰਹੇ ਹਨ। ਦੂਜੇ ਪਾਸੇ ਸੱਤਾਧਾਰੀ ਧਿਰ ਦੇ ਨੇਤਾ ਅਤੇ ਕੁਝ ਟੀ. ਵੀ. ਚੈਨਲ ਕਹਿ ਰਹੇ ਹਨ ਕਿ ਲੋਕ ਗੁੰਮਰਾਹ ਕੀਤੇ ਗਏ ਹਨ। ਜੇਕਰ ਸੱਤਾਧਾਰੀ ਧਿਰ ਵਲੋਂ ਪਾਸ ਕੀਤੇ ਗਏ ਕਿਸੇ ਕਾਨੂੰਨ ਨੂੰ ਲੈ ਕੇ ਲੱਖਾਂ ਲੋਕ ਗੁੰਮਰਾਹ (ਟੀ. ਵੀ. ਚੈਨਲਾਂ ਅਨੁਸਾਰ) ਹੋ ਕੇ ਸੜਕਾਂ 'ਤੇ ਨਿਕਲ ਆਉਂਦੇ ਹਨ, ਅੰਦੋਲਨ ਛਿੜ ਪੈਂਦੇ ਹਨ, ਇੰਟਰਨੈੱਟ ਸੇਵਾਵਾਂ ਬੰਦ ਕਰਨੀਆਂ ਪੈਂਦੀਆਂ ਹਨ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਕਾਰੀ ਨੀਤੀਆਂ ਬਿਨਾਂ ਸੋਚੇ-ਸਮਝੇ ਹੀ ਘੜ ਲਈਆਂ ਤੇ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ? ਜਿਵੇਂ ਦੇਸ਼ ਨੂੰ ਨੋਟਬੰਦੀ ਦੀ ਲੋੜ ਨਹੀਂ ਸੀ, ਉਸੇ ਤਰ੍ਹਾਂ ਨਾਗਰਿਕਤਾ ਸੋਧ ਬਿੱਲ ਜੋ ਹੁਣ ਕਾਨੂੰਨ ਬਣ ਗਿਆ ਹੈ ਦੀ ਵੀ ਦੇਸ਼ ਨੂੰ ਲੋੜ ਨਹੀਂ। ਬਲਕਿ ਇਹ ਨੋਟਬੰਦੀ ਵਾਂਗ ਦੇਸ਼ ਲਈ ਵੱਡੀਆਂ ਅਤੇ ਨਵੀਆਂ ਸਮੱਸਿਆਵਾਂ ਪੈਦਾ ਕਰੇਗਾ। ਅਜਿਹੀਆਂ ਸਮੱਸਿਆਵਾਂ ਕਿ ਜੋ ਕਈ ਦਹਾਕੇ ਲੱਗ ਕੇ ਵੀ ਹੱਲ ਨਾ ਹੋਣ। ਹਰ ਸਮਝ ਰੱਖਣ ਵਾਲਾ ਮਨੁੱਖ ਸੋਚਦਾ ਹੈ ਕਿ ਦੇਸ਼ ਵਿਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ ਫਿਰ ਅਜਿਹੇ ਕਾਨੂੰਨ ਦੀ ਲੋੜ ਕੀ ਹੈ ਜਿਸ ਨਾਲ ਵੱਡੇ ਬਖੇੜੇ ਖੜ੍ਹੇ ਹੋਣ? ਇਸ ਦਾ ਜਵਾਬ ਇਹ ਹੋਵੇਗਾ ਕਿ ਇਸ ਸਮੇਂ ਕੇਂਦਰ ਦੀ ਭਾਜਪਾ ਗੱਠਜੋੜ ਸਰਕਾਰ ਅਤੇ ਸੰਘ ਪਰਿਵਾਰ ਲਈ ਇਹ ਸਭ ਤੋਂ ਢੁੱਕਵਾਂ ਸਮਾਂ ਸੀ ਕਿ ਅਜਿਹਾ ਕਾਨੂੰਨ ਲਿਆਂਦਾ ਜਾਵੇ, ਜਿਸ ਨਾਲ ਉਹ ਆਪਣੇ ਲੁਕਵੇਂ ਏਜੰਡਿਆਂ ਨੂੰ ਪੂਰਾ ਕਰ ਸਕਣ। ਸੰਘ ਪਰਿਵਾਰ ਜੋ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ, ਵਲੋਂ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ ਜਾਣੇ ਹਨ।
       ਦੂਜਾ ਭਾਜਪਾ ਨੂੰ ਇਸ ਬਿੱਲ ਨੂੰ ਪਾਸ ਕਰਾਉਣ ਅਤੇ ਲਾਗੂ ਕਰਨ ਦੀ ਇਸ ਲਈ ਲੋੜ ਹੈ ਕਿ ਇਸ ਨਾਲ ਵੋਟਾਂ ਦਾ ਧਰੁਵੀਕਰਨ ਬੜੀ ਆਸਾਨੀ ਨਾਲ ਕੀਤਾ ਜਾ ਸਕੇਗਾ। ਜਿਵੇਂ ਹੋਰ ਸਾਰੇ ਧਰਮਾਂ ਨੂੰ ਛੱਡ ਮੁਸਲਮਾਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ, ਇਸ ਲਈ ਇਸ ਨਾਲ ਹਿੰਦੂਆਂ, ਮੁਸਲਮਾਨਾਂ ਦਰਮਿਆਨ ਲੰਮਾ ਸਮਾਂ ਫ਼ਿਰਕੂ ਪੱਤੇ ਬੜੀ ਆਸਾਨੀ ਨਾਲ ਖੇਡੇ ਜਾ ਸਕਣਗੇ। ਦੇਸ਼ ਦੇ ਕੁਝ ਸੂਬਿਆਂ ਵਿਚ ਚੋਣਾਂ ਹੋਣ ਵਾਲੀਆਂ ਹਨ ਇਹ ਚੋਣਾਂ ਜਿੱਤਣ ਲਈ ਫ਼ਿਰਕੂ ਮਾਹੌਲ ਬਣਾਇਆ ਜਾਣਾ ਸੱਤਾਧਾਰੀ ਧਿਰ ਨੂੰ ਰਾਸ ਆ ਸਕਦਾ ਹੈ। ਦੂਜਾ ਇਸ ਸਮੇਂ ਦੇਸ਼ ਦੀ ਅਰਥ-ਵਿਵਸਥਾ ਵੈਂਟੀਲੇਟਰ 'ਤੇ ਲੱਗੀ ਹੋਈ ਹੈ। ਕਾਰੋਬਾਰਾਂ ਵਿਚ ਲਗਾਤਾਰ ਮੰਦੀ ਦਾ ਆਲਮ ਛਾਇਆ ਹੋਇਆ ਹੈ। ਦੇਸ਼ 'ਚੋਂ ਫੈਕਟਰੀਆਂ ਬੰਦ ਹੋ ਰਹੀਆਂ ਹਨ। ਵਿਦੇਸ਼ੀ ਕੰਪਨੀਆਂ ਦੇਸ਼ ਛੱਡ ਕੇ ਜਾ ਰਹੀਆਂ ਹਨ। ਜਨਤਕ ਵਿਭਾਗਾਂ ਦਾ ਬੜੀ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਬੜੀ ਤੇਜ਼ੀ ਨਾਲ ਖੁਸਦੇ ਜਾ ਰਹੇ ਹਨ। ਦੇਸ਼ ਵਿਚ ਵਿਦੇਸ਼ੀ ਕੰਪਨੀਆਂ ਕਾਰੋਬਾਰ ਕਰਨ ਦੀ ਬਜਾਏ ਇੱਥੇ ਆਪਣੇ ਕਾਰੋਬਾਰਾਂ ਨੂੰ ਸਮੇਟਣ ਦੇ ਰੌਂਅ ਵਿਚ ਹਨ। ਦੇਸ਼ ਦੇ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਵਧ ਰਹੀਆਂ ਹਨ। ਕਈ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਏਅਰ ਇੰਡੀਆ ਅਤੇ ਭਾਰਤੀ ਰੇਲਵੇ ਜਿਹੀਆਂ ਸੇਵਾਵਾਂ ਨੂੰ ਨਿੱਜੀ ਹੱਥਾਂ ਵਿਚ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਹਜ਼ਾਰਾਂ ਪੜ੍ਹੇ-ਲਿਖੇ ਨੌਜਵਾਨ ਇੱਥੋਂ ਸਭ ਕੁਝ ਵੇਚ ਵੱਟ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਜਾਂ ਇੱਥੇ ਬੇਰੁਜ਼ਗਾਰੀ ਦਾ ਸ਼ਿਕਾਰ ਹੋਏ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਬਣ ਰਹੇ ਹਨ। ਦੇਸ਼ ਦੀ ਜੀ ਡੀ. ਪੀ. ਬੜੀ ਬੁਰੀ ਤਰ੍ਹਾਂ ਲੁੜਕ ਗਈ ਹੈ। ਮਹਿੰਗਾਈ ਅਸਮਾਨ ਛੂਹ ਰਹੀ ਹੈ, ਨਰਿੰਦਰ ਮੋਦੀ ਦੇ ਅੱਛੇ ਦਿਨ ਅਤੇ 'ਸਭ ਕਾ ਸਾਥ ਸਭ ਕਾ ਵਿਕਾਸ' ਦੇ ਨਾਅਰੇ ਬੜੀ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ।
      ਇਸ ਸਮੇਂ ਜਦੋਂ ਦੇਸ਼ ਦੀ ਅਰਥ ਵਿਵਸਥਾ ਔਖੇ ਸਾਹ ਲੈ ਰਹੀ ਸੀ, ਤਾਂ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦੇਣ ਲਈ ਕੁਝ ਅਜਿਹੇ ਕਦਮ ਚੁੱਕੇ ਜਾਂਦੇ, ਜਿਸ ਨਾਲ ਲੋਕਾਂ ਨੂੰ ਲੱਗਦਾ ਕਿ ਸਰਕਾਰ ਉਨ੍ਹਾਂ ਦੇ ਕਾਰੋਬਾਰ, ਵਪਾਰ ਅਤੇ ਰੁਜ਼ਗਾਰ ਪ੍ਰਤੀ ਗੰਭੀਰ ਹੈ। ਪਰ ਇਸ ਦੇ ਉਲਟ ਇਸ ਸਮੇਂ ਪੂਰੇ ਭਾਰਤ ਵਿਚ ਇਸ ਕਾਨੂੰਨ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਆ ਗਏ ਹਨ ਅਤੇ ਲਗਾਤਾਰ ਵਿਰੋਧ ਕਰ ਰਹੇ ਹਨ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਜਿਨ੍ਹਾਂ 'ਚੋਂ ਕੁਝ ਇਸ ਬਿੱਲ ਦਾ ਵਿਰੋਧ ਕਰਨ ਦੀ ਤਿਆਰੀ ਕਰ ਰਹੇ ਸਨ 'ਤੇ ਪੁਲਿਸ ਵਲੋਂ ਅੰਨਾ ਤਸ਼ੱਦਦ ਕੀਤਾ ਗਿਆ। ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਪੜ੍ਹ ਰਹੇ ਲੜਕੇ-ਲੜਕੀਆਂ ਜੋ ਇਸ ਮਾਰਚ ਵਿਚ ਸ਼ਾਮਿਲ ਨਹੀਂ ਵੀ ਸਨ, ਨੂੰ ਏਨੀ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਨ੍ਹਾਂ ਦੇ ਹੱਥ-ਪੈਰ ਤੋੜ ਦਿੱਤੇ ਗਏ। ਜਿਵੇਂ ਇਨ੍ਹਾਂ ਵਿਦਿਆਰਥੀਆਂ ਨੂੰ ਬਾਹਵਾਂ ਖੜ੍ਹੀਆਂ ਕਰਵਾ ਕੇ ਕੈਂਪਸ 'ਚੋਂ ਬਾਹਰ ਕੱਢਿਆ ਗਿਆ, ਇਸ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਜੇ ਕਿਸੇ ਮੁੱਦੇ 'ਤੇ ਸਹਿਮਤੀ ਨਹੀਂ ਹੁੰਦੀ ਤਾਂ ਸਾਡਾ ਸੰਵਿਧਾਨ ਸਾਨੂੰ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੀ ਇਜਾਜ਼ਤ ਦਿੰਦਾ ਹੈ। ਅਜਿਹੇ ਰੋਸ ਮੁਜ਼ਾਹਰੇ ਅੰਗਰੇਜ਼ ਹਕੂਮਤ ਵੇਲੇ ਵੀ ਹੁੰਦੇ ਰਹੇ ਪਰ ਵਿਦਿਆਰਥੀਆਂ 'ਤੇ ਜ਼ੁਲਮ ਤਸ਼ੱਦਦ ਸ਼ਾਇਦ ਉਦੋਂ ਵੀ ਏਨਾ ਨਾ ਹੋਇਆ ਹੋਵੇ। ਆਪਣੇ ਹੀ ਦੇਸ਼ ਵਿਚ ਬਿਨਾਂ ਕਿਸੇ ਚਿਤਾਵਨੀ ਦਿੱਤਿਆਂ ਪੁਲਿਸ ਕਿਸੇ ਸੰਸਥਾ ਵਿਚ ਘੁੱਸ ਕੇ ਵਿਦਿਆਰਥੀਆਂ 'ਤੇ ਅੰਨਾ ਤਸ਼ੱਦਦ ਸ਼ੁਰੂ ਕਰ ਦੇਵੇ ਇਹ ਸਭ ਸ਼ਾਇਦ ਸਰਕਾਰੀ ਮਨਸ਼ਾ ਨੂੰ ਦਰਸਾਉਂਦਾ ਹੈ ਕਿ ਜਾਣਬੁੱਝ ਕੇ ਦੇਸ਼ ਨੂੰ ਬਲਦੀ ਦੇ ਬੁੱਥ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਅਜੇ ਹੋਰ ਖੇਡਾਂ ਖੇਡੀਆਂ ਜਾਣੀਆਂ ਬਾਕੀ ਹਨ। ਇਸ ਘਟਨਾ ਨਾਲ ਦੇਸ਼ ਦਾ ਅਕਸ ਜੋ ਪੂਰੀ ਦੁਨੀਆ ਵਿਚ ਗਿਆ ਹੈ ਉਹ ਕੋਈ ਚੰਗਾ ਨਹੀਂ। ਬਰਤਾਨੀਆ ਆਕਸਫੋਰਡ ਯੂਨੀਵਰਸਿਟੀ ਤੋਂ ਇਲਾਵਾ ਦੁਨੀਆ ਦੀਆਂ ਕੁਝ ਹੋਰ ਯੂਨੀਵਰਸਿਟੀਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਵਿਦਿਆਰਥੀਆਂ ਦੇ ਸਮਰਥਨ ਲਈ ਵੱਖ-ਵੱਖ ਦੇਸ਼ਾਂ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੀ ਰੋਸ ਮੁਜ਼ਾਹਰੇ ਕੀਤੇ।
       ਕਿਸੇ ਵੀ ਦੇਸ਼ ਦੀ ਧਰਮ-ਨਿਰਪੱਖਤਾ ਨੂੰ ਤੋੜ ਕੇ ਉਥੋਂ ਦੇ ਸਮਾਜ ਨੂੰ ਇਕ ਧਰਮ ਦੇ ਕਿੱਲੇ ਨਾਲ ਨੂੜਨਾ ਉਸ ਦੇਸ਼ ਦੇ ਲੋਕਾਂ ਲਈ ਹੀ ਨਹੀਂ, ਬਲਕਿ ਜੋ ਧਿਰਾਂ ਅਜਿਹਾ ਕਰਦੀਆਂ ਹਨ ਉਨ੍ਹਾਂ ਲਈ ਵੀ ਇਹ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਜੇਕਰ ਕਿਸੇ ਦੇਸ਼ ਦੀ ਫ਼ਿਜ਼ਾ ਵਿਚ ਫ਼ਿਰਕੂ ਜ਼ਹਿਰ ਘੁਲਦਾ ਹੈ ਤਾਂ ਇਹ ਜ਼ਹਿਰ ਉਨ੍ਹਾਂ ਧਿਰਾਂ ਲਈ ਘਾਤਕ ਹੈ, ਜੋ ਇਸ ਦੇ ਘੋਲੇ ਜਾਣ 'ਤੇ ਆਪਣਾ ਰੋਲ ਅਦਾ ਕਰਦੀਆਂ ਹਨ, ਕਿਉਂਕਿ ਸਾਹ ਉਨ੍ਹਾਂ ਨੇ ਵੀ ਇਸੇ ਫ਼ਿਜ਼ਾ ਵਿਚ ਲੈਣਾ ਹੈ। ਪਿਛਲੇ ਦਿਨੀਂ ਜਿਵੇਂ ਦਿੱਲੀ ਵਿਚ ਗੁਰੂ ਰਵਿਦਾਸ ਜੀ ਦਾ ਮੰਦਰ ਤੋੜਿਆ ਗਿਆ ਅਤੇ ਮਗਰੋਂ ਉੜੀਸਾ ਦੇ ਸ਼ਹਿਰ ਜਗਨਨਾਥ ਪੁਰੀ ਵਿਚ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਅਸਥਾਨ ਨੂੰ ਢਾਹਿਆ ਗਿਆ ਇਹ ਸਭ ਕੁਝ ਦਰਸਾਉਂਦਾ ਹੈ ਕਿ ਦੇਸ਼ ਅਜਿਹੇ ਖ਼ਤਰਨਾਕ ਮੋੜ ਵੱਲ ਮੁੜ ਰਿਹਾ ਹੈ, ਜਿੱਥੇ ਸਾਡੇ ਕਿਸੇ ਇਕ ਸਮਾਜ ਜਾਂ ਵਰਗ ਲਈ ਨਹੀਂ, ਬਲਕਿ ਸਭ ਦੇਸ਼ ਵਾਸੀਆਂ ਲਈ ਵੱਖਰੀਆਂ-ਵੱਖਰੀਆਂ ਨਵੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਧਰਮ-ਨਿਰਪੱਖਤਾ ਜੋ ਸਾਡੇ ਦੇਸ਼ ਦੇ ਸੰਵਿਧਾਨ ਦੀ ਵਿਲੱਖਣਤਾ ਹੈ, ਇਸ ਕਾਨੂੰਨ ਨਾਲ ਪ੍ਰਭਾਵਿਤ ਹੋਵੇਗੀ।

- ਸੰਪਰਕ : 9855051099