Bagel Singh Dhaliwal

ਚਾਲੀ ਮੁਕਤਿਆਂ ਦੀ ਸ਼ਹਾਦਤ : ਮਾਘੀ ਦਾ ਤਿਉਹਾਰ ਜਾਂ ਕੌਂਮ ਲਈ ਸਵੈ ਪੜਚੋਲ ਦਾ ਦਿਹਾੜਾ - ਬਘੇਲ ਸਿੰਘ ਧਾਲੀਵਾਲ

ਹਰ ਇੱਕ ਕੌਮ ਦੀ ਅਪਣੀ ਅਪਣੀ ਵਿਲੱਖਣਤਾ ਹੁੰਦੀ ਹੈ,ਅਪਣਾ ਅਪਣਾ ਇਤਿਹਾਸ ਹੁੰਦਾ ਹੈ।ਕਿਸੇ ਕੌਂਮ ਨੇ ਤੰਗ ਦਿਲ ਹਾਕਮਾਂ ਦੇ ਅਕਿਹ ਅਸਿਹ ਜੁਲਮਾਂ ਦਾ ਸ਼ਿਕਾਰ ਹੋਣ ਤੋ ਬਾਅਦ ਅਪਣਾ ਇਤਿਹਾਸ ਬੌਧਕਿਤਾ ਦੀ ਸ਼ਿਆਹੀ ਨਾਲ ਲਿਖਿਆ ਹੁੰਦਾ ਹੈ,ਤਾਂ ਕਰਕੇ ਉਹਨਾਂ ਦੀ ਵਿਲੱਖਣਤਾ ਹੁੰਦੀ ਹੈ,ਕਿਸੇ ਕੌਂਮ ਨੇ ਮਿਥਾਂ ਨੂੰ ਅਪਣੀ ਸੂਝ ਸਿਆਣਪ ਅਤੇ ਦੂਰ ਅੰਦੇਸੀ ਨਾਲ ਇਤਿਹਾਸ ਵਿੱਚ ਬਦਲਣ ਦੀ ਮੁਹਾਰਤ ਹਾਸਿਲ ਕੀਤੀ ਹੁੰਦੀ ਹੈ,ਤਾਂ ਕਰਕੇ ਉਹਨਾਂ ਦੀ ਹੋਰਾਂ ਕੌਂਮਾਂ ਦੇ ਮੁਕਾਬਲੇ ਵਿਲੱਖਣਤਾ ਹੁੰਦੀ ਹੈ।ਕੋਈ ਕੌਂਮ ਪਰਚਾਰ ਪਾਸਾਰ ਵਿੱਚ ਐਨੀ ਮਾਹਰ ਹੁੰਦੀ ਹੈ ਕਿ ਉਹਨਾਂ ਦਾ ਹਰ ਪਾਸੇ ਬੋਲ ਬਾਲਾ  ਹੋ ਜਾਂਦਾ ਹੈ,ਅਪਣੇ ਧਰਮ ਨੂੰ ਮਹਿਜ ਇੱਕੋ ਇੱਕ ਕੁਰਬਾਨੀ  ਦੇ ਸਿਰ ਤੇ ਸੰਸਾਰ ਪੱਧਰ ਤੇ ਲੈ ਕੇ ਜਾਣਾ ਵੀ ਅਪਣੇ ਆਪ ਵਿੱਚ ਇੱਕ ਵਿਲੱਖਣਤਾ ਹੀ ਹੈ।ਭਾਵ ਹਿੰਦੂ ਮੁਸਲਿਮ,ਈਸਾਈ ਯਹੂਦੀ ਆਦਿ ਕੌਂਮਾਂ ਨੇ ਅਪਣੇ ਵੱਖੋ ਵੱਖਰੇ ਨਜਰੀਏ ਨਾਲ ਅਪਣੇ ਧਰਮ ਦਾ,ਅਪਣੀ ਕੌਂਮ ਦਾ ਵਿਸਥਾਰ ਕੀਤਾ ਹੈ,ਪ੍ਰੰਤੂ ਕੁੱਲ ਦੁਨੀਆਂ ਵਿੱਚ ਸਿੱਖ ਕੌਂਮ ਹੀ ਇੱਕੋ ਇੱਕ ਅਜਿਹੀ ਕੌਂਮ ਹੈ,ਜਿਸ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਫਿਰਕੇ,ਕਬੀਲੇ,ਕੌਂਮ ਦੇ ਇਤਿਹਾਸ ਨਾਲ ਮੇਲ ਨਹੀ ਖਾਂਦਾ।ਉਪਰ ਲਿਖੇ ਗਏ ਵੱਖ ਵੱਖ ਕੌੰਮਾਂ ਦੀ ਵਿਲੱਖਣਤਾ ਨਾਲੋਂ ਸਿੱਖ ਕੌਂਮ ਦੀ ਵਿਲੱਖਣਤਾ ਦਾ ਸੱਚਮੁੱਚ ਹੀ  ਵਿਸ਼ੇਸ ਤੌਰ ਤੇ ਜਿਕਰ ਕਰਨਾ ਬਣਦਾ ਹੈ,ਕਿਉਂਕਿ ਕਿਸੇ ਨੇ ਅਪਣਾ ਇਤਿਹਾਸ ਬੌਧਕਿਤਾ ਨਾਲ ਵਿਲੱਖਣ ਬਨਾਉਣ ਦਾ ਯਤਨ ਕੀਤਾ ਹੈ ਅਤੇ ਕਿਸੇ ਨੇ ਕਿਸੇ ਹੋਰ ਢੰਗ ਦੀ ਵਰਤੋਂ ਕੀਤੀ ਹੈ,ਪਰ ਸਿੱਖ ਕੌਂਮ ਨੇ ਅਪਣਾ ਇਤਿਹਾਸ ਖੂਨ ਦੀ ਸ਼ਿਆਹੀ ਨਾਲ ਲਿਖਿਆ ਹੀ ਨਹੀ,ਬਲਕਿ ਸਾਰਾ ਸਿੱਖ ਇਤਿਹਾਸ ਖੂੰਨ ਨਾਲ ਲੱਥਪੱਥ ਹੈ,ਏਥੇ ਹੀ ਬੱਸ ਨਹੀ ਹੀ ਬਲਕਿ ਸਿੱਖ ਕੌਂਮ ਕੋਲ ਅਜਿਹੇ ਸਰਬ ਸਾਂਝਿਵਾਲਤਾ ਦੇ ਸਿਧਾਂਤ ਹਨ,ਜਿਹੜੇ ਨਫਰਤ ਦੇ ਵਰਤਾਰੇ ਵਿੱਚ ਬੀ ਸਰਬੱਤ ਦੇ ਭਲੇ ਦਾ ਬੋਲ ਬਾਲਾ ਕਰਨ ਦੇ ਸਮਰੱਥ ਹਨ,ਉਸ ਤੋ ਵੀ ਅੱਗੇ ਇੱਕ ਅਜਿਹਾ ਗੁਰ ਗਿਆਂਨ ਦਾ ਭੰਡਾਰਾ ਹੈ,ਜਿਹੜਾ ਪੂਰੀ ਦੁਨੀਆਂ ਵਿੱਚ ਵੰਡੇ ਜਾਣ ਦੇ ਬਾਵਜੂਦ ਵੀ ਮੁੱਕਣ ਵਾਲਾ ਨਹੀ ਹੈ,ਉਹ ਹੈ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਭੰਡਾਰ,ਜਿਸ ਅੰਦਰ ਕੁਲ ਆਲਮ ਨੂੰ ਇੱਕੋ ਜਿਹੀ ਸੂਝ ਸਿਆਣਪ ਦੀ ਬਖਸ਼ਿਸ਼ ਕਰਕੇ ਸੰਸਾਰ ਪੱਧਰ ਤੇ ਹਲੇਮੀ ਰਾਜ ਸਥਾਪਤ ਕਰਨ ਦੀ ਸਮਰੱਥਾ ਹੈ।ਅਜਿਹੀ ਵਲੱਖਣ ਕੌਂਮ ਦੇ ਤਿਉਹਾਰਾਂ ਦੀ ਵੀ ਅਪਣੀ ਵਿਲੱਖਣਤਾ ਅਤੇ ਮਹੱਤਤਾ ਹੈ। ਸਿੱਖ ਧਰਮ ਦਾ ਕੋਈ ਵੀ ਤਿਉਹਾਰ ਕੁਰਬਾਨੀਆਂ ਤੋ ਅਭਿੱਜ ਨਹੀ ਹੈ।ਅਜਿਹੀ ਮਿਸ਼ਾਲ ਵੀ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ ਕਿ ਕਿਸੇ ਵੀ ਕੌਂਮ ਦੇ ਕੌਂਮੀ ਤਿਉਹਾਰ ਸਮੁੱਚੇ ਰੂਪ ਵਿੱਚ ਅਜਿਹੇ ਪੁਰਖਿਆਂ ਦੀਆਂ ਅਦੁੱਤੀ ਸ਼ਹਾਦਤਾਂ ਦੇ ਇਤਿਹਾਸ ਦੀ ਗਾਥਾ ਸੁਣਾਉਂਦੇ ਹੋਣ। ਇਹ ਸਿੱਖ ਕੌਂਮ ਦੇ ਹਿੱਸੇ ਹੀ ਆਇਆ ਹੈ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਸ਼ਹਾਦਤ ਨਾਲ ਜੁੜਿਆ ਹੁੰਦਾ ਹੈ। ਭਾਵੇਂ ਬੀਤੇ ਮਹੀਨੇ ਦਸੰਬਰ ਦੇ ਆਖਰੀ ਹਫਤੇ ਦੀ ਗੱਲ ਹੋਵੇ,ਜਾਂ ਜਨਵਰੀ ਮਹੀਨੇ ਵਿੱਚ ਮੁਕਤਸਰ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਮਾਘੀ ਦੇ ਤਿਉਹਾਰ ਦੀ ਗੱਲ ਹੋਵੇ,ਕੌਂਮ ਇਹਨਾਂ ਦਿਹਾੜਿਆਂ ਤੇ ਅਪਣੇ ਪੁਰਖਿਆਂ ਦੀ ਯਾਦ ਤਾਜਾ ਕਰਦੀ ਹੈ। ਮਾਘੀ ਦਾ ਤਿਉਹਾਰ ਵੀ ਖਿਦਰਾਣੇ ਦੀ ਢਾਬ ਤੇ ਸੂਬਾ ਸਰਹੰਦ ਦੀਆਂ ਫੌਜਾਂ ਨਾਲ ਟੱਕਰ ਲੈਣ ਵਾਲੇ ਉਹਨਾਂ 40 ਸਿੱਖ ਸੂਰਮਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ,ਜਿਹੜੇ ਪਹਾੜੀ ਰਾਜਿਆਂ ਅਤੇ ਔਰੰਗਜੇਬ ਦੀਆਂ ਫੌਜਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ  ਪਾਏ ਲੰਮੇ ਘੇਰੇ ਸਮੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਗੁਰੂ ਦਾ ਸ਼ਾਥ ਛੱਡ ਕੇ  ਚਲੇ ਗਏ ਸਨ,ਪ੍ਰੰਤੂ ਉਹਨਾਂ ਦੇ ਅੰਦਰਲੀ ਖਾਲਸ਼ਾਹੀ ਅਣਖ ਗੈਰਤ ਨੇ ਉਹਨਾਂ ਨੂੰ ਝਜੋੜਿਆ ਅਤੇ ਉਹ ਮਾਈ ਭਾਗੋ ਦੀ ਅਗਵਾਈ ਵਿੱਚ ਫਿਰ ਗੁਰੂ ਸਾਹਿਬ ਕੋਲ ਵਾਪਸ ਜਾ ਰਹੇ ਸਨ ਕਿ ਗੁਰੂ ਸਾਹਿਬ ਤੋ ਕੁੱਝ ਕੁ ਦੂਰੀ ਤੇ ਪਿੱਛੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਬਿਲਕੁਲ ਨਜਦੀਕ ਪਹੁੰਚ ਗਈਆਂ ਹਨ ਤਾਂ ਉਹਨਾਂ ਫੈਸਲਾ ਕੀਤਾ ਸੀ ਕਿ ਐਥੇ ਹੀ ਮੋਰਚੇ ਮੱਲ ਕੇ ਮੁਗਲ ਫੌਜਾਂ ਨਾਲ ਦੋ ਦੋ ਹੱਥ ਕੀਤੇ ਜਾਣ ਤੇ ਉਹਨਾਂ ਨੂੰ ਗੁਰੂ ਸਾਹਿਬ ਤੱਕ ਪਹੁੰਚਣ ਹੀ ਨਾ ਦਿੱਤਾ ਜਾਵੇ।ਸੋ ਅੱਤ ਦੀ ਗਰਮੀ ਵਿੱਚ ਹੋਈ ਗਹਿਗੱਚ ਲੜਾਈ ਵਿੱਚ ਉਹਨਾਂ ਚਾਲੀ ਸਿੱਖਾਂ ਨੇ ਅਜਿਹੇ ਹੱਥ ਦਿਖਾਏ ਕਿ ਮੁਗਲ ਫੌਜਾਂ ਨੂੰ ਵਾਪਸ ਭੱਜ ਜਾਣ ਵਿੱਚ ਹੀ ਭਲਾਈ ਜਾਪੀ।ਸੋ ਸਿੱਖਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਖਿਦਰਾਣੇ ਦੀ ਢਾਬ ਉਹਨਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ,ਜਿਹੜੇ ਰਹਿੰਦੀ  ਦੁਨੀਆ ਤੱਕ ਸੰਸਾਰ ਦੇ ਲੋਕਾਂ ਨੂੰ ਤਾਂ ਅਚੰਭਤ ਕਰਦੇ ਹੀ ਰਹਿਣਗੇ ਸਗੋ ਸਿੱਖ ਕੌਂਮ ਦੀਆਂ ਆਉਣ ਵਾਲੀਆਂ ਨਸਲਾਂ ਅੰਦਰ ਅਪਣੀ ਕੌਂਮ,ਅਪਣੇ ਧਰਮ ਅਤੇ ਹੱਕ ਸੱਚ ਇਨਸਾਫ ਖਾਤਰ ਕੁਰਬਾਨ ਹੋ ਜਾਣ ਦੀ ਤਾਂਘ ਬਣਾਈ ਰੱਖਣ ਅਤੇ ਕੁਰਬਾਂਨ ਹੋਣ ਦੀ ਭਾਵਨਾ ਨੂੰ ਜਿਉਂਦੀ ਰੱਖਣ ਲਈ ਪ੍ਰੇਰਨਾ ਸਰੋਤ ਵੀ ਬਣੇ ਰਹਿਣਗੇ।ਸੋ ਮਾਝੇ ਦੇ ਉਹਨਾਂ ਚਾਲੀ ਸ਼ਹੀਦ ਸਿੰਘਾਂ (ਮੁਕਤਿਆਂ) ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਕੌਂਮ ਨੂੰ ਜਿੱਥੇ ਇਹਨਾਂ ਮਹਾਂਨ ਪੁਰਖਿਆਂ ਦੀਆਂ ਸ਼ਹਾਦਤਾਂ ਤੋ ਪਰੇਰਨਾ ਲੈਣ ਦੀ ਜਰੂਰਤ ਹੈ,ਓਥੇ ਆਏ ਦਿਨ ਵਧ ਰਹੀ ਨਿੱਜ ਪ੍ਰਸਤੀ,ਆਚਰਣ ਚ ਗਿਰਾਬਟ, ਲੋਭ ਲਾਲਸਾ ਵੱਸ ਹੋਕੇ ਦੁਸ਼ਮਣ ਤਾਕਤਾਂ ਨਾਲ ਸਾਂਝ ਭਿਆਲੀ ਅਤੇ ਆਪਸੀ ਪਾਟੋਧਾੜ ਦੇ ਮੱਦੇਨਜਰ ਸਵੈ ਪੜਚੋਲ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਫਿਰ ਹੀ ਪੁਰਖਿਆਂ ਦੀਆਂ ਮਹਾਂਨ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਣੇ ਸਾਰਥਿਕ ਸਿੱਧ ਹੋ ਸਕਣਗੇ।

ਬਘੇਲ ਸਿੰਘ ਧਾਲੀਵਾਲ
99142-58142

ਕੀ ਮੌਜੂਦਾ ਅਕਾਲੀ ਦਲ ਮੁੜ ਤੋ ਪੰਥ ਦੀ ਪਹਿਰੇਦਾਰੀ ਵਾਲਾ ਸਰੋਮਣੀ ਅਕਾਲੀ ਦਲ ਬਣ ਸਕੇਗਾ ? - ਬਘੇਲ ਸਿੰਘ ਧਾਲੀਵਾਲ

ਸ਼ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਸਿੱਖ ਜਥੇਬੰਦੀ ਹੈ,ਜਿਹੜੀ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਪ੍ਰਧਾਨਗੀ ਹੇਠ ਬੁਲਾਏ ਇਕੱਠ ਵਿੱਚ ਜਥੇਦਾਰ ਝੱਬਰ ਵੱਲੋਂ ਇੱਕ ਪੰਥਕ ਪਾਰਟੀ ਦੇ ਗਠਨ ਦੀ ਰੱਖੀ ਗਈ ਤਜਵੀਜ ਨਾਲ ਹੋਂਦ ਵਿੱਚ ਆਈ।ਜਥੇਦਾਰ ਝੱਬਰ ਵੱਲੋਂ ਰੱਖੀ ਤਜਵੀਜ ਵਿੱਚ ਇਹ ਸੁਝਾਅ ਦਿੱਤੇ ਗਏ ਸਨ ਕਿ ਗੁਰਦੁਆਰਿਆਂ ਦੇ ਪਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਦੀ ਲੋੜ ਹੈ,ਇਸ ਲਈ ਅਜਿਹੀ ਸਿੱਖ ਜਥੇਬੰਦੀ ਕਾਇਮ ਕੀਤੀ ਜਾਵੇ,ਜਿਹੜੀ ਕੌਂਮ ਨੂੰ ਸਮਰਪਿਤ ਹੋਵੇ।ਉਹਨਾਂ ਵੱਲੋਂ ਰੱਖੇ ਗਏ ਸੁਝਾਵਾਂ ਵਿੱਚ ਇਹ ਜੋਰ ਦੇਕੇ ਕਿਹਾ ਗਿਆ ਸੀ ਕਿ ਇਸ ਪਾਰਟੀ ਦੇ ਸੇਵਕ ਸਾਲ ਵਿੱਚ ਘੱਟੋ ਘੱਟ ਇੱਕ ਮਹੀਨਾ ਪਾਰਟੀ ਨੂੰ ਸਮੱਰਪਿਤ ਹੋਣ।ਇਸ ਪਾਰਟੀ ਦਾ ਕੇਂਦਰ ਸ੍ਰੀ ਅਮ੍ਰਿਤਸਰ ਹੋਵੇਗਾ।ਸੋ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਉਸ ਮੌਕੇ ਸਿੱਖ ਸੇਵਕਾਂ ਦੀ ਭਾਵਨਾ ਕਿੰਨੀ ਪਾਕ ਸਾਫ ਸੀ,ਜਿੰਨਾਂ ਨੇ ਗੁਰਦੁਆਰਾ ਪਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਦੀ ਲੋੜ ਨੂੰ ਭਾਂਪਦਿਆ ਜਥੇਬੰਦੀ ਬਨਾਉਣ ਦਾ ਫੈਸਲਾ ਕੀਤਾ।ਜੇਕਰ ਇਸ ਪੰਥਕ ਜਜ਼ਬੇ ਨਾਲ ਲਬਰੇਜ਼ ਪਾਰਟੀ ਦੇ ਕਾਇਮੀ ਸਮੇ ਲਏ ਗਏ ਫੈਸਲਿਆਂ ਤੇ ਝਾਤ ਮਾਰੀ ਜਾਵੇ,ਤਾਂ ਇਹ ਸੱਚਮੁੱਚ ਹੀ ਕੌਂਮੀ ਹਿਤਾਂ ਨੂੰ ਪਰਨਾਈ ਹੋਈ ਜਥੇਬੰਦੀ ਸੀ ਜਿਸ ਨੇ ਕੌਂਮੀ ਹਿਤਾਂ ਦੇ ਮੱਦੇਨਜਰ ਭਵਿਖੀ ਫੈਸਲੇ ਲੈਣੇ ਸਨ।ਬੇਸ਼ੱਕ ਅਕਾਲੀਆਂ ਵਿੱਚ ਮੁੱਢ ਤੋਂ ਹੀ ਪਾਟੋਧਾੜ ਵਾਲੀ ਸਥਿੱਤੀ ਬਣੀ ਰਹੀ ਹੈ,ਪ੍ਰੰਤੂ ਮੌਜੂਦਾ ਹਾਲਾਤ ਦੇ ਮੁਕਾਬਲੇ ਉਸ ਮੌਕੇ ਦੇ ਸਿੱਖ ਆਗੂਆਂ ਦੀ ਕੌਂਮੀ ਭਾਵਨਾ ਵਿੱਚ ਦਿਨ ਰਾਤ ਜਿੰਨਾ ਫਰਕ ਨਜਰ ਆਉਂਦਾ ਹੈ।ਉਸ ਮੌਕੇ ਦੇ ਸਿੱਖਾਂ ਵਿੱਚ ਪਰਿਵਾਰਵਾਦ ਨਹੀ ਸੀ ਹੁੰਦਾ,ਉਹ ਹਰ ਸਮੇ ਕੌਂਮੀ ਸੇਵਾ ਨੂੰ ਸਮਰਪਿਤ ਸਨ।ਪ੍ਰੰਤੂ ਮੌਜੂਦਾ ਸਮੇ ਤੱਕ ਪਹੁੰਚਦਿਆਂ ਪਹੁੰਚਦਿਆਂ ਅਕਾਲੀ ਦਲ ਦੀ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ,ਜਿਸ ਦਾ ਮੁੱਖ ਕਾਰਨ ਜਿੱਥੇ ਨਿੱਜੀ ਲਾਲਸਾ,ਪਰਿਵਾਰਵਾਦ ਦਾ ਪੰਥਕ ਹਿਤਾਂ ਤੇ ਭਾਰੂ ਹੋਣਾ ਹੈ,ਓਥੇ ਪਾਰਟੀ ਆਗੂਆਂ ਵੱਲੋਂ ਸਿਧਾਂਤਹੀਣ ਗੱਠਜੋੜ ਵਾਲੇ ਰਾਸਤੇ ਅਖਤਿਆਰ ਕਰਨਾ ਵੀ ਅਕਾਲੀ ਦਲ ਦੀ ਇਸ ਅਧੋਗਤੀ ਲਈ ਜੁੰਮੇਵਾਰ ਹੈ।।ਜਿਸ ਪਾਰਟੀ ਦੀ ਕਾਇਮੀ ਦੇ ਮੁਢਲੇ ਸਾਲਾਂ ਵਿੱਚ ਹੀ ਇਹ ਮਹਿਸੂਸ ਕੀਤਾ ਜਾ ਚੁੱਕਾ ਹੋਵੇ ਕਿ ਕੋਈ ਵੀ ਅਕਾਲੀ ਦਲ ਦਾ ਆਹੁਦੇਦਾਰ  ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਹੁਦੇਦਾਰ ਨਹੀ ਬਣੇਗਾ,ਤਾਂ ਸਮਝਣਾ ਚਾਹੀਦਾ ਹੈ ਕਿ ਇਸ ਦਾ ਕਾਰਨ ਕੀ ਰਿਹਾ ਹੋਵੇਗਾ।ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਕਰਕੇ ਪਾਰਟੀ ਬਨਾਉਣ ਦਾ ਮਤਲਬ ਹੈ ਸ੍ਰੀ ਅਕਾਲ ਤਖਤ ਸਾਹਿਬ ਤੋ ਸੇਧ ਲੈ ਕੇ ਚੱਲਣਾ,ਰਾਜਨੀਤੀ ਧਰਮ ਦੇ ਅਧੀਨ ਰਹਿ ਕੇ ਕਰਨੀ,ਪ੍ਰੰਤੂ ਮੌਜੂਦਾ ਹਾਲਾਤ ਇਹ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰੋਮਣੀ ਅਕਾਲੀ ਦਲ ਚਲਾ ਰਿਹਾ ਹੈ,ਤੇ ਜੋ ਫੈਸਲੇ ਅਕਾਲੀ ਦਲ ਦਾ ਮੁਖੀ ਚਾਹੁੰਦਾ ਹੈ,ਉਹ ਸ੍ਰੀ ਅਕਾਲ ਤਖਤ ਸਾਹਿਬ ਤੋ ਲਏ ਜਾਂਦੇ ਹਨ।ਧਰਮ ਦੇ ਅਧੀਨ ਰਹਿ ਕੇ ਚੱਲਣ ਵਾਲੀ ਸਿਆਸੀ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਅਪਣੇ ਅਧੀਨ ਕਰ ਲਿਆ ਹੋਇਆ ਹੈ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਰਾਜਨੀਤੀ ਦੀ ਮਜਬੂਤ ਪਕੜ ਵਿੱਚ ਲੈ ਲਿਆ ਹੋਇਆ ਹੈ,ਜਿਸ ਦਾ ਖਮਿਆਜਾ ਪੰਥ ਵਿੱਚ ਪਈ ਪਾਟੋਧਾੜ ਅਤੇ ਸਿੱਖੀ ਸਿਧਾਤਾਂ ਦੇ ਘਾਣ ਦੇ ਰੂਪ ਵਿੱਵ ਭੁਗਤਿਆ ਜਾ ਰਿਹਾ ਹੈ।ਇਸ ਪੰਥਕ ਜਜ਼ਬੇ ਵਾਲੀ ਪਾਰਟੀ ਅੰਦਰ ਜਿਆਦਾ ਨਿਘਾਰ ਉਸ ਮੌਕੇ ਆਇਆ ਜਦੋ 1994 ਵਿੱਚ ਅਕਾਲੀ ਦਲ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਪਣੀ ਮੋਗਾ ਰੈਲੀ ਵਿੱਚ ਪੰਜਾਬੀ ਪਾਰਟੀ ਦਾ ਨਾਮ ਦੇ ਦਿੱਤਾ,ਉਸ ਤੋ ਬਾਅਦ ਆਰ ਐਸ ਐਸ ਅਤੇ ਉਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਨਾਲ ਹੋਏ ਸਮਝੌਤੇ ਨੇ ਸ੍ਰ ਪ੍ਰਕਾਸ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਤਾਂ ਬਣਾ ਦਿੱਤਾ,ਪ੍ਰੰਤੂ ਅਕਾਲੀ ਦਲ ਅਪਣੇ ਪਿਛੋਕੜ ਤੋ ਹਮੇਸਾਂ ਲਈ ਟੁੱਟ ਕੇ ਭਾਜਪਾ ਦਾ ਹੋ ਕੇ ਰਹਿ ਗਿਆ।ਪੰਜਾਬੀ ਬੋਲਦੇ ਇਲਾਕੇ,ਪੰਜਾਬ ਦੇ ਪਾਣੀ,ਡੈਮਾਂ,ਬਿਜਲੀ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ,ਜਿਸ ਨੂੰ ਅਧਾਰ ਬਣਾ ਕੇ ਧਰਮ ਯੁੱਧ ਮੋਰਚਾ ਲੱਗਾ ਤੇ ਅਖੀਰ 1984 ਦਾ ਫੌਜੀ ਹਮਲਾ ਹੋਇਆ,ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ,ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਸੈਕੜੇ ਨੌਜਵਾਨ ਅਤੇ ਹਜਾਰਾਂ ਨਿਹੱਥੇ ਸਿੱਖ ਸ਼ਹੀਦ ਹੋਏ,ਉਹਨਾਂ ਮੰਗਾਂ ਅਤੇ ਮਤੇ ਦਾ ਬਿਲਕੁਲ ਹੀ ਭੋਗ ਪਾ ਦਿੱਤਾ ਗਿਆ।ਅਕਾਲੀ ਦਲ ਦੀ ਜਿਆਦਾ ਮਿੱਟੀ ਪਲੀਤ ਉਸ ਮੌਕੇ ਹੋਈ ਜਦੋ ਪੰਜਾਬ ਅੰਦਰ ਅਕਾਲੀ ਦਲ, ਭਾਜਪਾ ਦੀ ਸਾਂਝੀ ਸਰਕਾਰ ਦੇ ਹੁੰਦਿਆਂ ਪੰਜਾਬ ਅੰਦਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਨਿਰੰਤਰ ਚੱਲਿਆ ਅਤੇ ਇਹਨਾਂ ਅਤਿ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਪਤਾ ਲਾਉਣ ਦੀ ਬਜਾਏ,ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਣ ਕਰਦੀਆਂ ਸਿੱਖ ਸੰਗਤਾਂ ਤੇ ਅਕਾਲੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ।ਇਹਨਾਂ ਬੇਅਦਬੀਆਂ ਅਤੇ ਗੋਲੀਕਾਂਡ ਦੇ ਰੋਸ ਨੇ ਹੀ ਅਕਾਲੀ ਦਲ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ।ਪਾਰਟੀ ਦੇ ਵਫਾਦਾਰਾਂ ਨੇ ਪਾਰਟੀ ਤੋ ਕਿਨਾਰਾ ਕਰਨ ਨੂੰ ਤਰਜੀਹ ਦਿੱਤੀ।ਲੋਕਾਂ ਵਿੱਚ ਗੁਆਚੀ ਸਾਖ ਨੂੰ ਮੁੜ ਬਹਾਲ ਕਰਨ ਲਈ ਭਾਂਵੇ ਅਕਾਲੀ ਦਲ ਦਾ ਮੌਜੂਦਾ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਯਤਨਸੀਲ ਹੈ,ਪ੍ਰਤੂ ਉਹਨਾਂ ਦੇ ਯਤਨਾਂ ਨੂੰ ਬੂਰ ਪੈਂਦਾ ਨਜਰ ਨਹੀ ਆ ਰਿਹਾ।ਬੀਤੇ ਦਿਨੀ ਪਾਰਟੀ ਦੇ ਵੱਡੇ ਥੰਮ ਸਮਝੇ ਜਾਂਦੇ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਪਾਰਟੀ ਚੋ ਕੱਢੇ ਟਕਸਾਲੀਆਂ ਨਾਲ ਹੱਥ ਮਿਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਦੇਣ ਲਈ ਮਹਿੰਮ ਅਰੰਭ ਦਿੱਤੀ ਹੈ।ਉਹਨਾਂ ਵੱਲੋਂ ਅਪਣੇ ਪਰੋਗਰਾਮ ਦਾ ਐਲਾਨ ਪਾਰਟੀ ਦੀ 99ਵੀ ਵਰੇਗੰਢ ਮੌਕੇ ਸ੍ਰੀ ਅਮ੍ਰਿਤਸਰ ਵਿਖੇ ਕੀਤਾ ਜਾਣਾ ਹੈ,ਪ੍ਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸਰੋਮਣੀ ਅਕਾਲੀ ਦਲ ਮੁੜ ਤੋ ਅਪਣੀਆਂ ਪੁਰਾਤਨ ਲੀਹਾਂ ਤੇ ਆ ਸਕੇਗਾ,ਇਸ ਗੱਲ ਦੀ ਸੰਭਾਵਨ ਬਹੁਤ ਘੱਟ ਨਜਰ ਪੈਂਦੀ ਹੈ,ਕਿਉਕਿ ਅਕਾਲੀ ਦਲ ਨੂੰ ਬਚਾਉਣ ਲਈ ਇਕੱਠੇ ਹੋ ਰਹੇ ਕੁੱਝ ਧੜਿਆਂ ਦੀ ਅਪਣੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ਵਿੱਚ ਹੈ।ਸ੍ਰ ਢੀਡਸਾ ਦੀ ਭਾਜਪਾ ਹਾਈ ਕਮਾਂਡ ਨਾਲ ਨੇੜਤਾ ਕਿਸੇ ਤੋ ਲੁਕੀ ਛੁਪੀ ਨਹੀ ਹੈ,ਅਤੇ ਉਸ ਨੇੜਤਾ ਨੂੰ ਮੁੜ ਰਾਜਨੀਤਕ ਸਾਂਝਾਂ ਵਿੱਚ ਬਦਲਣ ਦੀਆਂ ਚਰਚਾਵਾਂ ਵੀ ਜੋਰਾਂ ਤੇ ਚੱਲ ਰਹੀਆਂ ਹਨ।ਉਧਰ ਬੈਸ ਭਰਾਵਾਂ ਅਤੇ ਸੁਖਪਾਲ ਖਹਿਰੇ ਦੀ ਵੀ ਗਾਹੇ ਬ ਗਾਹੇ ਭਾਜਪਾ ਨਾਲ ਜੋਟੀ ਪਾਉਣ ਦੀ ਚਰਚਾ ਚੱਲਦੀ ਰਹੀ ਹੈ,ਫਿਰ ਅਜਿਹੇ ਹਾਲਾਤਾਂ ਦੇ ਮੱਦੇਨਜਰ ਸੁਆਲ ਇਹ ਉਠਦਾ ਹੈ ਕਿ ਕੀ ਦਿੱਲੀ ਦੇ ਥਾਪੜੇ ਨਾਲ ਅਕਾਲੀ ਦਲ ਨੂੰ ਮੁੜ ਕੇ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਵਾਲਾ ਸ਼ਰੋਮਣੀ ਅਕਾਲੀ ਦਲ ਬਣਾਇਆ ਜਾ ਸਕੇਗਾ, ਇਸ ਦਾ ਜਵਾਬ ਨਾਹ ਵਿੱਚ ਹੀ ਮਿਲੇਗਾ,ਕਿਉਕਿ ਭਾਜਪਾ ਨਾਲ ਸਾਂਝ ਕਦੇ ਵੀ ਪੰਜਾਬ ਦੇ ਹਿਤ ਵਿੱਚ ਨਹੀ ਹੋ ਸਕਦੀ। ਜੇਕਰ ਮੁੜ ਤੋ ਸਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਪਾਰਟੀ ਵਜੋ ਮਜਬੂਤ ਕਰਨ ਦਾ ਨੇਕ ਇਰਾਦਾ ਹੈ,ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹਾਉਮੈ ਨੂੰ ਤਿਆਗਣਾ ਪਵੇਗਾ,ਸਿਧਾਤਕ ਮੱਤਭੇਦ ਦੂਰ ਕਰਕੇ ਅਪਣੇ ਭਰਾਵਾਂ ਨਾਲ ਹੱਥ ਮਿਲਾਉਣਾ ਪਵੇਗਾ,ਦਿੱਲੀ ਦੀ ਸਾਂਝ ਨਾਲੋਂ ਪੰਥਕ ਧੜਿਆਂ ਨਾਲ ਸਾਂਝ ਪਾਉਣ ਨੂੰ ਪਹਿਲ ਦੇਣੀ ਪਵੇਗੀ,ਨਹੀ ਫਿਰ ਭਾਜਪਾ ਨਾਲ ਸਾਂਝ ਪਾਕੇ ਅਕਾਲੀ ਦਲ ਨੂੰ,ਬਾਦਲ ਪਰਿਵਾਰ ਦੇ ਕਬਜੇ ਚੋ ਕੱਢ ਕੇ ਰਾਜਨੀਤਕ ਲਾਹਾ  ਤਾਂ ਲਿਆ ਜਾ ਸਕਦਾ ਹੈ,ਪਰੰਤੂ ਇਹ ਕਹਿਣਾ ਕਿ ਸਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਵਜੋਂ ਉੱਭਰ ਸਕੇਗਾ,ਇਹ ਬੇਹੱਦ ਹੀ ਮੁਸ਼ਕਲ ਅਤੇ ਅਸੰਭਵ ਹੈ।ਦੂਸਰਾ ਪੱਖ ਇਹ ਵੀ ਹੈ ਕਿ ਪੰਥ ਦਾ ਕੁੱਝ ਹੋਵੇ ਜਾਂ ਨਾਂ ਹੋਵੇ ਸ੍ਰ ਸੁਖਦੇਵ ਸਿੰਘ ਢੀਡਸੇ ਦਾ ਇਹ ਪੈਂਤੜਾ ਜਥੇਦਾਰ ਗੁਰਚਰਨ ਸਿੰਘ ਟੌਹੜੇ ਵਾਲੀ ਭੂਮਿਕਾ ਜਰੂਰ ਨਿਭਾ ਸਕਦਾ ਹੈ,ਪੰਜਾਬ ਅੰਦਰ ਅਕਾਲੀ ਦਲ ਬਾਦਲ ਦੇ ਨਾਲ ਨਾਲ ਕਾਂਗਰਸ ਦਾ ਅਧਾਰ ਵੀ ਰਹਿੰਦਾ ਪਰਤੀਤ ਨਹੀ ਹੁੰਦਾ,ਇਸ ਲਈ ਇਸ ਪੈਂਤੜੇ ਦਾ ਲਾਭ ਕਿਸੇ ਤੀਜੀ ਧਿਰ ਨੂੰ ਹੋਣਾ ਸੁਭਾਵਿਕ ਹੈ,ਪ੍ਰੰਤੂ ਪੰਜਾਬ,ਪੰਜਾਬੀਅਤ ਅਤੇ ਪੰਥ ਦੇ ਭਲੇ ਦੀ ਕੋਈ ਸੰਭਾਵਨਾ ਨਹੀ ਹੈ।

ਬਘੇਲ ਸਿੰਘ ਧਾਲੀਵਾਲ
99142-58142

ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ - ਬਘੇਲ ਸਿੰਘ ਧਾਲੀਵਾਲ

ਇੱਕੋ ਢੰਗ ਨਾਲ ਜਨਮੀ ਸਾਰੀ ਮਨੁੱਖਾ ਜਾਤੀ ਅੰਦਰ ਬਰਾਬਰਤਾ,ਮਾਣ ਸ਼ਨਮਾਨ ਅਤੇ ਇੱਕੋ ਜਿਹੇ ਅਧਿਕਾਰਾਂ ਦਾ ਹੋਣਾ ਹੀ ਸਹੀ ਅਰਥਾਂ ਵਿੱਚ ਮਾਨਵਤਾ ਦੀ ਇੱਕਸੁਰਤਾ ਅਤੇ ਅਜਾਦੀ ਕਹੀ ਜਾ ਸਕਦੀ ਹੈ,ਰੰਗਾਂ ਨਸਲਾਂ ਦੇ ਅਧਾਰ ਤੇ ਕੀਤੀ ਫਿਰਕੂ ਵੰਡ ਮਾਨਵੀ ਅਧਿਕਾਰਾਂ ਦੇ ਘਾਣ ਦੀ ਸਾਜਿਸ਼ ਸਮਝੀ ਜਾਣੀ ਚਾਹੀਦੀ ਹੈ। ਸੱਤ ਕੁ ਦਹਾਕੇ ਪਹਿਲਾਂ ਯੂ ਐਨ ਓ ਵੱਲੋਂ ਦੁਨੀਆਂ ਪੱਧਰ ਤੇ ਹੁੰਦੇ ਮਨੁੱਖੀ ਅਧਿਕਾਰਾਂ ਦੇ ਹਨਣ ਨੂੰ ਰੋਕਣ ਲਈ 10 ਦਸੰਬਰ ਦੇ ਦਿਨ ਨੂੰ ਸੰਸਾਰ ਪੱਧਰੀ ਮਨੁੱਖੀ ਅਧਿਕਾਰ ਦਿਵਸ ਵਜੋਂ ਮੁਕੱਰਰ ਕੀਤਾ ਗਿਆ ਹੈ।ਇਸ ਦਿਨ ਨਵੀ ਦੁਨੀਆਂ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਮਨੁੱਖੀ ਬਰਾਬਰਤਾ ਲਈ ਕੋਈ ਵਿਸ਼ੇਸ਼ ਦਿਨ ਮੁਕੱਰਰ ਕਰਨਾ ਬੇਹੱਦ ਜਰੂਰੀ ਹੈ,ਜਿਸ ਦਿਨ ਸੰਸਾਰ ਪੱਧਰ ਤੇ ਵਸਦੇ ਲੋਕ ਅਪਣੇ ਅਧਿਕਾਰਾਂ ਦਾ ਲੇਖਾ ਜੋਖਾ ਕਰ ਸਕਣ,ਆਪੋ ਅਪਣੇ ਖਿੱਤੇ ਵਿੱਚ ਹੋਈਆਂ ਸਰਕਾਰੀ ਅਤੇ ਗੈਰ ਸਰਕਾਰੀ ਵਧੀਕੀਆਂ ਤੇ ਚਰਚਾ ਕਰ ਸਕਣ ਅਤੇ ਉਸ ਦੇ ਹੱਲ ਲਈ ਭਵਿੱਖੀ ਫੈਸਲੇ ਲੈ ਸਕਣ,ਪਰੰਤੂ ਮਨੁੱਖੀ ਅਧਿਕਾਰਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਿੱਖ ਵਿਚਾਰਧਾਰਾ ਦੀ ਨਜਰਸ਼ਾਨੀ ਨਹੀ ਕੀਤੀ ਜਾਂਦੀ,ਤਾਂ ਇਸ ਦਿਹਾੜੇ ਦੀ ਸਾਰਥਕਤਾ ਅਧੂਰੀ ਸਮਝੀ ਜਾਵੇਗੀ। ਸਿੱਖ ਵਿਚਾਰਧਾਰਾ ਜਾਤ ਪਾਤ,ਊਚ ਨੀਚ ਨੂੰ ਮੂਲ਼ੋਂ ਹੀ ਰੱਦ ਕਰਕੇ ਸਭਨਾਂ ਨੂੰ ਬਰਾਬਰਤਾ ਵਾਲੀ ਜੀਵਨ ਜਾਚ ਦੇਣ ਦੀ ਹਾਮੀ ਹੈ।ਇਹ ਵਿਚਾਰਧਾਰਾ ਤਕਰੀਵਨ ਸਾਢੇ ਪੰਜ ਸੌ ਸਾਲ ਪਹਿਲਾਂ ਉਦੋ ਹੋਂਦ ਵਿੱਚ ਆਈ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ।ਗੁਰੂ ਨਾਨਕਕ ਸਾਹਿਬ ਦੀ ਵਿਚਾਰਧਾਰਾ ਕੁਲ ਲੁਕਾਈ ਦੇ ਸਦੀਵੀ ਭਲੇ ਦੀ ਗੱਲ ਕਰਦੀ ਹੈ।ਗੁਰੂ ਨਾਨਕ ਸਾਹਿਬ ਪਹਿਲੇ ਸਮਾਜ ਸੁਧਾਰਰਕ ਅਤੇ ਕਰਾਂਤੀਕਾਰੀ ਯੁੱਗ ਪੁਰਸ਼ ਹੋਏ ਹਨ,ਜਿੰਨਾਂ ਨੇ ਸਮੇ ਦੀ ਹਕੂਮਤ ਦੇ ਜਬਰ ਖਿਲਾਫ ਅਵਾਜ ਬੁਲੰਦ ਕੀਤੀ,ਜਿਸ ਦੇ ਇਵਜ ਵਿੱਚ ਉਹਨਾਂ ਨੂੰ ਜੇਲ੍ਹ ਦੀਆਂ ਚੱਕੀਆਂ ਵੀ ਪੀਸਣੀਆਂ ਪਈਆਂ।ਗੁਰੂ ਨਾਨਕ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਗਲੇ ਨੌਂ ਗੁਰੂ ਸਾਹਿਬਾਨਾਂ ਨੇ ਅੱਗੇ ਤੋਰਿਆ ਤੇ ਫਿਰ ਉਹ ਸਮਾ ਵੀ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਦੁਨਿਆਵੀ ਹਕੂਮਤਾਂ ਵੱਲੋਂ ਕੀਤੇ ਜਾਂਦੇ ਮਾਨਵਤਾ ਦੇ ਘਾਣ ਦੇ ਖਿਲਾਫ ਅਪਣੀ ਸ਼ਹਾਦਤ ਦੇਣੀ ਪਈ।ਇਹ ਪਹਿਲੀ ਸ਼ਹਾਦਤ ਸੀ ਜਿਹੜੀ ਨਿਰੋਲ ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਅਪਣੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਦਨੀ ਚੌਂਕ ਵਿੱਚ ਦਿੱਤੀ।ਇਸ ਲਈ ਉਹਨਾਂ ਦੇ ਸ਼ਹੀਦੀ ਦਿਨ ਤੋ ਵੱਡਾ ਅਤੇ ਮਹੱਤਵਪੂਰਨ ਦਿਨ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਏ ਜਾਣ ਵਾਲਾ ਹੋਰ ਕੋਈ ਨਹੀ ਹੋ ਸਕਦਾ ਅਤੇ ਸਿੱਖ ਕੌਂਮ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ ਜੋ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੀਸ ਕਟਵਾਉਣ ਤੋ ਵੀ ਸੰਕੋਚ ਨਹੀ ਕਰਦੀ। ਜੇਕਰ ਗੱਲ ਮੌਜੂਦਾ ਸਮੇ ਦੀ ਕੀਤੀ ਜਾਵੇ,ਤਾਂ ਦੇਖਿਆ ਜਾ ਸਕਦਾ ਹੈ ਕਿ ਜਦੋ ਕਸ਼ਮੀਰੀ ਲੋਕਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝੇ ਕਰਕੇ ਘਰਾਂ ਅੰਦਰ ਬੰਦ ਕੀਤਾ ਹੋਇਆ ਹੈ ਤੇ ਅਣਐਲਾਨੀ ਨਜਰਬੰਦੀ ਕਾਰਨ ਕਸ਼ਮੀਰ ਦੇ ਹਾਲਾਤ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ,ਉਸ ਮੌਕੇ ਕਿਸੇ ਵੀ ਮਨੁੱਖੀ ਅਧਿਕਾਰ ਜਥੇਬੰਦੀ ਨੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਅਵਾਜ ਨਹੀ ਉਠਾਈ,ਜੇਕਰ ਕਿਸੇ ਨੇ ਭਾਰਤ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੇ ਹਨਣ ਦੇ ਖਿਲਾਫ ਕਿਸੇ ਨੇ ਨਿੱਡਰਤਾ ਨਾਲ ਅਵਾਜ ਉਠਾਈ ਹੈ ਤਾਂ ਉਹ ਸਿੱਖ ਕੌਂਮ ਹੀ ਹੈ ਜਿਸ ਨੇ ਕਸ਼ਮੀਰੀਆਂ ਦੇ ਹੱਕਾਂ ਖਾਤਰ ਭਾਰਤ ਸਰਕਾਰ ਦੇ ਖਿਲਾਫ ਦੁਨੀਆਂ ਪੱਧਰ ਤੇ ਜੋਰਦਾਰ ਅਵਾਜ ਬੁਲੰਦ ਕੀਤੀ ਹੈ ਅਤੇ ਲਗਾਤਾਰ ਕਰ ਰਹੇ ਹਨ। ਭਾਰਤ ਦੀਆ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਕਸ਼ਮੀਰੀ ਜਾਂ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਨਾ ਕਰਨਾ ਜਾਂ ਦੱਬਵੇਂ ਰੂਪ ਚ ਕਰਨ ਦਾ ਸਿੱਧਾ ਤੇ ਸਪਸਟ ਮਤਲਬ ਇਹ ਹੈ ਕਿ ਬਹੁ ਗਿਣਤੀ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਭਾਰਤੀ ਲੋਕ ਵੀ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਨਾਲ ਲਬਰੇਜ ਰਾਸ਼ਟਰਵਾਦ ਦੇ ਬਹਿਕਾਵੇ ਵਿੱਚ ਆ ਚੁੱਕੇ ਹਨ,ਜਿਸ ਕਰਕੇ ਉਹਨਾਂ ਨੂੰ ਅਪਣੇ ਤੋ ਸਿਵਾਏ ਭਾਰਤ ਦੀਆਂ ਹੋਰ ਦੂਸਰੀਆਂ ਕੌਂਮਾਂ,ਫਿਰਕਿਆਂ ਦੇ ਹੱਕਾਂ ਹਕੂਕਾਂ ਨਾਲ ਕੋਈ ਸਰੋਕਾਰ ਨਹੀ ਰਿਹਾ ਹੈ।ਜੇਕਰ ਗੱਲ ਸਿੱਖ ਹਕੂਕਾਂ ਦੀ ਕੀਤੀ ਜਾਵੇ ਤਾਂ ਏਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਕੌਂਮ ਦੂਸਰਿਆਂ ਦੇ ਅਧਿਕਾਰਾਂ ਖਾਤਰ ਲੜਨ ਮਰਨ ਤੋ ਵੀ ਸੰਕੋਚ ਨਹੀ ਕਰਦੀ,ਅੱਜ ਉਹ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਵਿੱਚ ਨਾਕਾਮ ਕਿਉਂ ਹੈ,ਕਿਉ ਸਿੱਖ ਹਿਤਾਂ ਲਈ ਲੜਨ ਵਾਲੇ ਸਿੱਖ ਨੌਜਵਾਨ ਅਪਣੀਆਂ ਸਜ਼ਾਵਾਂ ਕੱਟਣ ਤੋ ਬਾਅਦ ਜੇਲਾਂ ਵਿੱਚ ਹੀ ਬਿਰਧ ਹੋ ਗਏ ਹਨ, ਇਹ ਸੁਆਲ ਦਾ ਸਾਦਾ ਤੇ ਸਰਲ ਜਵਾਬ ਕੱਟੜਵਾਦੀ ਫਿਰਕੂ ਸੋਚ ਦਾ ਕੇਂਦਰ ਦੀ ਸੱਤਾ ਤੇ ਭਾਰੂ ਪੈ ਜਾਣਾ ਹੀ ਹੈ।ਜਿਸਤਰਾਂ ਭਾਰਤੀ ਮੀਡੀਏ ਵੱਲੋਂ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਹਕੂਮਤ ਵੱਲੋਂ ਕੀਤੀ ਜਾਂਦੀ ਵਿਤਕਰੇਵਾਜੀ ਅਤੇ ਧੱਕੇਸ਼ਾਹੀਆਂ ਸਬੰਧੀ ਖਬਰਾਂ ਦੇਣ ਦੀ ਵਜਾਏ ਗੈਰ ਹਿਦੂਆਂ ਪ੍ਰਤੀ ਅੱਗ ਉਗਲਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ,ਪਾਰਲੀਮੈਂਟ ਮੈਬਰਾਂ ਅਤੇ ਰਾਸ਼ਟਰੀ ਨੇਤਾਵਾਂ ਦੇ ਬਿਆਨਾਂ ਨੂੰ ਪਰਮੁੱਖਤਾ ਦੇਣ ਵਿੱਚ ਹੀ ਸੱਚੀ ਰਾਸ਼ਟਰ ਭਗਤੀ ਮੰਨੀ ਜਾ ਰਹੀ ਹੈ,ਇਹ ਵਰਤਾਰਾ ਵੀ ਮਾਨਵਤਾ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ।ਇਹ ਇਸ ਅਖੌਤੀ ਰਾਂਸਟਰ ਭਗਤੀ ਦਾ ਹੀ ਨਤੀਜਾ ਹੈ ਕਿ ਜਦੋ ਅੰਨਾ ਹਜਾਰੇ ਨੇ ਕੇਂਦਰ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਤਾਂ ਭਾਰਤੀ ਮੀਡੀਆ ਪੱਬਾਂ ਭਾਰ ਹੋ ਕੇ ਅੰਨਾ ਦੇ ਅੰਦੋਲਨ ਦੀ ਕਬਰੇਜ ਕਰਦਾ ਰਿਹਾ,ਪ੍ਰੰਤੂ ਜਦੋ 2014 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਗੁਰਬਖਸ ਸਿੰਘ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋ ਭੁੱਖ ਹੜਤਾਲ ਰੱਖ ਕੇ ਮੋਰਚਾ ਅਰੰਭ ਕੀਤਾ ਤਾਂ ਕਿਸੇ ਵੀ ਰਾਸ਼ਟਰੀ ਚੈਨਲ ਨੇ ਇਸ ਸਮਘਰਸ਼ ਦੀ ਕਬਰੇਜ ਇਸ ਕਰਕੇ ਨਹੀ ਕੀਤੀ,ਕਿਉਕਿ ਇਹ ਸੰਘਰਸ਼ ਸਿੱਖ ਹਿਤਾਂ ਦੀ ਗੱਲ ਕਰਦਾ ਸੀ।ਏਸੇ ਤਰਾਂ ਹੋਰ ਵੀ ਜਿੰਨੇ ਸਿੱਖ ਸੰਘਰਸ਼ ਪੰਜਾਬ ਤੋ ਹੋਏ ਜਾਂ ਮੌਜੂਦਾ ਸਮੇ ਵੀ ਹੋ ਰਹੇ ਹਨ,ਉਹਨਾਂ ਦੀ ਰਾਸ਼ਟਰੀ ਮੀਡੀਏ ਵਿੱਚ ਇੱਕ ਵੀ ਖਬਰ ਨਹੀ ਮਿਲੇਗੀ,ਜਦੋ ਕਿ ਮੋਦੀ ਵੱਲੋਂ ਕਸ਼ਮੀਰੀਆਂ ਦੇ ਮੁਢਲੇ ਅਧਿਕਾਰਾਂ ਦੇ ਕੀਤੇ ਘਾਣ ਨੂੰ ਵੀ ਭਾਰਤੀ ਮੀਡੀਆ ਬਹੁਤ ਵੱਡੀ ਪਰਾਪਤੀ ਵਜੋਂ ਪੇਸ ਕਰਦਾ ਆ ਰਿਹਾ ਹੈ।ਹੁਣ ਜਦੋ ਕਸ਼ਮੀਰੀ ਪਿਛਲੇ 123 ਦਿਨਾਂ ਤੋਂ ਲਗਾਤਾਰ ਘਰਾਂ ਵਿੱਚ ਤਾੜੇ ਹੋਏ ਹਨ ਤੇ ਅਣਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਹਨ,ਤਾਂ ਉਸ ਦੀ ਇੱਕ ਨਿੱਕੀ ਜਿਹੀ ਖਬਰ ਦੇਣੀ ਵੀ ਭਾਰਤੀ ਮੀਡੀਆ ਮੁਨਾਸਿਬ ਨਹੀ ਸਮਝਦਾ।ਏਸੇ ਤਰਾਂ ਦਾ ਰੋਲ ਭਾਰਤੀ ਮੀਡੀਏ ਦਾ ਸਿੱਖਾਂ ਅਤੇ ਦਲਿਤਾਂ ਪ੍ਰਤੀ ਵੀ ਹੁੰਦਾ ਹੈ। ਸੋ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਧਰਮਾਂ ਦੀ ਬਲਗਣ ਵਿੱਚ ਕੈਦ ਕਰਕੇ ਰੱਖਣ ਦੀ ਪਰੰਪਰਾ ਬਣ ਗਈ ਹੋਵੇ,ਓਥੇ ਅਜਿਹੇ ਦਿਨਾਂ ਦੇ ਮਨਾਏ ਜਾਣ ਦੀ ਸਾਰਥਿਕਤਾ ਤਰਕਹੀਣ ਹੋ ਜਾਂਦੀ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਵਿਸ਼ਵ ਪੱਧਰੀ ਅਧਿਕਾਰ ਦਿਵਸ ਮੌਕੇ ਜਦੋ ਸੰਸਾਰ ਦੇ ਲੋਕ ਅਪਣੇ ਅਧਿਕਾਰਾਂ ਦੀ ਰਾਖੀ,ਖੁੱਸੇ ਅਧਿਕਾਰਾਂ ਦੀ ਬਹਾਲੀ ਦਾ ਲੇਖਾ ਜੋਖਾ ਕਰਦੇ ਹੋਏ ਭਵਿੱਖ ਦੀਆਂ ਯੋਜਨਾਵਾਂ ਲਈ ਪਰੋਗਰਾਮ ਉਲੀਕਦੇ ਹਨ,ਤਾਂ ਸਿੱਖਾਂ ਨੂੰ ਵੀ ਇਸ ਦਿਨ ਅਪਣੇ ਖੁੱਸੇ ਅਧਿਕਾਰਾਂ ਦੀ ਬਹਾਲੀ ਲਈ ਅਹਿਦ ਕਰਨ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿਵਾਉਣ ਦੇ ਯਤਨ ਕਰਨੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

ਜਾਤ ਪਾਤ ਤੇ ਨਸਲੀ ਭਿੰਨ ਭੇਦ ਨੂੰ ਸਿੱਖ ਫਲਸਫਾ ਮੂਲੋਂ ਹੀ ਰੱਦ ਕਰਦਾ ਹੈ - ਬਘੇਲ ਸਿੰਘ ਧਾਲੀਵਾਲ

 ਅਜੋਕਾ ਵਰਤਾਰਾ ਸਰਮਾਏਦਾਰ ਜਮਾਤ ਦੇ ਸਿੱਖ ਸੰਸਥਾਵਾਂ ਤੇ ਕਾਬਜ ਹੋਣ ਦਾ ਨਤੀਜਾ
ਸਿੱਖ ਧਰਮ ਦੀ ਬੁਨਿਆਦ ਬਰਾਬਰਤਾ ਦੇ ਸਿਧਾਂਤ ਤੇ ਟਿਕੀ ਹੋਈ ਹੈ, ਸਰਬ ਸਾਂਝੀਵਾਲਤਾ ਤੇ ਟਿਕੀ ਹੋਈ ਹੈ, ਜਿਸ ਵਿੱਚ ਸਮੁੱਚੀ ਮਾਨਵਤਾ ਦੀ ਗੱਲ ਹੈ ਤੇ ਊਚ ਨੀਚ ਨੂੰ ਕੋਈ ਥਾਂ ਨਹੀ ਹੈ।ਪੰਦਰਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋ ਅਪਣੇ ਆਲੇ ਦੁਆਲੇ ਫੈਲੇ ਊਚ ਨੀਚ, ਵਿਪਰਵਾਦ, ਜਾਤੀਵਾਦ, ਪਖੰਡਵਾਦ, ਕਰਮਕਾਂਡ ਦੇ ਧੁੰਦੂਕਾਰੇ ਨੂੰ ਮਹਿਸੂਸ ਕੀਤਾ, ਅਤੇ ਹਕੂਮਤੀ ਜਬਰ ਜੁਲਮ, ਅੱਤਿਆਚਾਰ ਦਾ ਨੰਗਾ ਨਾਚ ਦੇਖਿਆ, ਤਾਂ ਉਹਨਾਂ ਊਚ ਨੀਚ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ।ਉਹਨਾਂ ਨੇ ਇਸ ਪਖੰਡਵਾਦੀ ਸਿਸਟਮ ਦੇ ਖਿਲਾਫ ਬਗਾਬਤ ਵਾਲਾ ਪਹਿਲਾ ਕਦਮ ਅਪਣੇ ਘਰ, ਤੋ ਉਦੋਂ ਚੁੱਕਿਆ, ਜਦੋ ਉਹਨਾਂ ਨੇ ਪੰਡਤ ਨੂੰ ਜਨਿਊ ਧਾਰਨ ਕਰਨ ਤੋਂ ਕੋਰਾ ਅਤੇ ਬਾਦਲੀਲ ਜਵਾਬ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਿੱਥੇ ਸਮਾਜਿਕ ਪੱਧਰ ਤੇ ਫੈਲੇ ਨਾਬਰਾਬਰੀ ਦੇ ਕੋਹੜ ਨੂੰ ਦੂਰ ਕਰਨ ਦਾ ਹੋਕਾ ਦਿੱਤਾ, ਤੇ ਹਰ ਤਰਾਂ ਦੀ ਨਾਬਰਾਬਰੀ, ਊਚ ਨੀਚ, ਜਿਸ ਵਿੱਚ ਜਾਤੀਵਾਦੀ ਪ੍ਰਥਾ ਅਤੇ ਔਰਤ ਜਾਤੀ ਦੀ ਦੁਰਦਸ਼ਾ ਸ਼ਾਮਿਲ ਹੈ, ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਜੁੰਮੇਵਾਰੀ ਅਪਣੇ ਸਿਰ ਲੈ ਲਈ, ਓਥੇ ਸਮੇ ਦੀਆਂ ਹਕੂਮਤਾਂ ਦੇ ਜਬਰ ਜੁਲਮ ਖਿਲਾਫ ਵੀ ਓਨੀ ਉੱਚੀ ਤੇ ਗਰਜ਼ਵੀਂ ਸੁਰ ਵਿੱਚ ਬਾਬਰ ਨੂੰ ਜਾਬਰ ਕਹਿਕੇ ਬੇਖ਼ੌਫ ਅਵਾਜ ਬੁਲੰਦ ਕੀਤੀ।।ਉਹਨਾਂ ਨੇ ਅਪਣੇ ਇਸ ਲੋਕ ਹਿਤੂ ਕਾਰਜ ਵਿੱਚ ਜਾਤਾਂ ਧਰਮਾਂ ਦੀਆਂ ਹੱਦਾਂ, ਬਲਗਣਾਂ ਪਾਰ ਕਰਦਿਆਂ ਮਰਦਾਨੇ ਨਾਮ ਦੇ ਇੱਕ ਨੀਵੀਂ ਜਾਤ ਦੇ ਮੁਸਲਮਾਨ ਨੂੰ ਅਪਣਾ ਸਾਥੀ ਬਣਾ ਕੇ ਬਿਗੜ ਚੁੱਕੇ ਸਮਾਜ ਅਤੇ ਸਿਸਟਮ ਨੂੰ ਬਰਾਬਰਤਾ ਦੀ ਲੜਾਈ ਦਾ ਸਪੱਸਟ ਸੁਨੇਹਾ ਦਿੱਤਾ, ਤਾਂ ਕਿ ਕਿਸੇ ਨੂੰ ਗੁਰੂ ਨਾਨਕ ਦੇ ਮਿਸ਼ਨ ਪ੍ਰਤੀ ਕੋਈ ਭਰਮ ਭੁਲੇਖਾ ਨਾ ਰਹੇ।ਜਿੰਨੀ ਦੇਰ ਮਰਦਾਨਾ ਜੀਵਿਆ, ਉਹ ਗੁਰੂ ਨਾਨਕ ਸਾਹਿਬ ਦੇ ਸੰਗ ਰਿਹਾ ਤੇ ਜਦੋ ਉਹਨਾਂ ਨੇ ਸ਼ਰੀਰ ਤਿਆਗ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਅਪਣਾ ਦੁਨੀਆਂ ਭਰਮਣ ਦਾ ਕਾਰਜ ਸਮੇਟ ਕੇ ਸ੍ਰੀ ਕਰਤਾਰਪੁਰ ਸਾਹਿਬ ਆ ਡੇਰੇ ਲਾ ਲਏ, ਜਿੱਥੇ ਉਹਨਾਂ ਜਿੰਦਗੀ ਦੇ ਅਖੀਰਲੇ 18 ਸਾਲ ਗੁਜਾਰੇ ਤੇ ਹੱਥੀਂ ਖੇਤੀ ਕਰਕੇ ਕਿਰਤ ਦੇ ਸਿਧਾਂਤ ਨੂੰ ਪਕੇਰਾ ਕੀਤਾ।ਬਾਬੇ ਨਾਨਕ ਸਾਹਿਬ ਦੇ “ਨੀਚਾਂ ਅੰਦਰ ਨੀਚ ਜਾਂਤਿ”, ਅਤੇ “ਨਾ ਹਮ ਹਿੰਦੂ ਨਾ ਮੁਸਲਮਾਨ” ਵਰਗੇ ਗਰਜਵੇਂ ਹੋਕੇ ਅਤੇ ਇੱਕ ਨੀਵੀਂ ਜਾਤ ਦੇ ਮੁਸਲਮਾਨ ਮਰਦਾਨੇ ਦੀ ਸਾਂਝ ਵਾਲੀ ਉੱਚੀ ਸੁੱਚੀ ਸੋਚ ਨੂੰ ਉਹਨਾਂ ਤੋ ਪਿਛਲੇ ਨੌਂ ਗੁਰੂਆਂ ਨੇ ਚੇਤਿਆਂ ਚ ਵਸਾ ਕੇ ਰੱਖਿਆ।ਇਹ ਗੁਰੂ ਨਾਨਕ  ਸਾਹਿਬ ਦੀ ਪਾਈ ਸਾਂਝ ਦਾ ਹੀ ਕੌਤਕ ਸੀ ਕਿ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਤੋਂ ਰਖਵਾ ਕੇ ਗੁਰੂ ਨਾਨਕ ਸਾਹਿਬ ਦੇ ਬਰਾਬਰਤਾ ਦੇ ਸੰਕਲਪ ਨੂੰ ਹੋਰ ਪ੍ਰਪੱਕ ਤੇ ਦ੍ਰਿੜ ਕੀਤਾ।ਇਸ ਮਾਨਵਤਾਵਾਦੀ ਪੰਥ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਉਦੋਂ ਹੋਰ ਮਜਬੂਤ ਤੇ ਅਜਿੱਤ ਕੌਂਮ ਵਜੋਂ ਸੰਪੂਰਨ ਕਰ ਦਿੱਤਾ , ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਉੱਚ ਜਾਤੀਏ ਸਮਾਜ ਦੀਆਂ ਨਜਰਾਂ ਵਿੱਚ ਨਪੀੜੇ, ਲਿਤਾੜੇ, ਨਿਤਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਸਿਰਦਾਰੀਆਂ  ਬਖ਼ਸ ਦਿੱਤੀਆਂ। ਸੰਪੂਰਨ ਹੋਈ ਇਸ ਨਵੇਕਲੀ ਤੇ ਨਿਆਰੀ ਕੌਂਮ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਸਫਲਤਾ ਦੇ ਅਜਿਹੇ ਝੰਡੇ ਗੱਡੇ ਕਿ ਹਰ ਪਾਸੇ ਖਾਲਸੇ ਦੇ ਬੋਲ ਬਾਲੇ ਹੋ ਗਏ।ਜਾਤਾਂ ਪਾਤਾਂ ਨੂੰ ਛੱਡ ਕੇ ਸਿਰਦਾਰ ਬਣੇ ਸਿੱਖ ਯੋਧੇ ਜਰਨੈਲਾਂ ਨੇ ਵੱਡੇ ਵੱਡੇ ਤਖਤਾਂ ਨੂੰ ਕਦਮਾਂ ਚ ਸੁੱਟ ਲਿਆ, ਲਿਹਾਜਾ ਦਿੱਲੀ ਦਰਬਾਰ ਖਾਲਸੇ ਦਾ ਮੁਥਾਜ ਹੋ ਕੇ ਰਹਿ ਗਿਆ।ਸ਼ੇਰ ਏ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਵਿਸ਼ਾਲ ਖਾਲਸਾ ਰਾਜ ਦੀ ਸਥਾਪਤੀ ਦਾ ਰਾਜ ਵੀ ਇਹ ਜਾਤ ਪਾਤ ਰਹਿਤ ਖਾਲਸਾ ਫੌਜ ਦੀ ਸਿਦਕ ਦਿਲੀ ਨੂੰ ਹੀ ਸਮਝਣਾ ਹੋਵੇਗਾ, ਜਿਹੜੀ ਗੁਰੂ ਦੀ ਸਿੱਖੀ ਨੂੰ ਗੁਰੂ ਦੀ ਅਮਾਨਤ ਸਮਝ, ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋ ਓਟ ਆਸਰਾ ਲੈ ਕੇ ਅਪਣੇ ਹਲੇਮੀ ਰਾਜ ਦੀ ਵਿਸ਼ਾਲਤਾ ਲਈ ਜੂਝਦੀ ਰਹੀ, ਪਰੰਤੂ ਜਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਬਾਅਦ ਡੋਗਰਿਆਂ ਨਾਲ ਮਿਲ ਕੇ ਅੰਗਰੇਜਾਂ ਨੇ ਖਾਲਸਾ ਰਾਜ ਤੇ ਕਬਜਾ ਕੀਤਾ, ਤਾਂ ਸਭ ਤੋ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਦੋਫਾੜ ਕੀਤਾ।ਗੁਰਦੁਆਰਾ ਪਰਬੰਧ ਤੇ ਮਹੰਤ ਕਾਬਜ ਕਰਵਾਏ, ਜਿੰਨਾਂ ਨੇ ਗੁਰਦੁਆਰਿਆਂ ਅੰਦਰ ਸਿੱਖ ਮਰਿਯਾਦਾ ਚ ਬ੍ਰਾਂਹਮਣੀ ਕਰਮਕਾਂਡ ਰਲਗੱਡ ਕਰਕੇ ਸਿਧਾਂਤ ਨੂੰ ਵੱਡਾ ਖੋਰਾ ਲਾਇਆ।ਇਹ ਉਹ ਸਮਾ ਸੀ, ਜਦੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਝੁਕਾਅ ਗੁ੍ਰੂ ਦੀ ਵਿਚਾਰਧਾਰਾ ਤੋਂ ਹੱਟ ਕੇ ਮੁੜ ਬ੍ਰਾਂਹਮਣੀ ਕਰਮਕਾਂਡਾਂ ਵੱਲ ਹੋ ਗਿਆ।ਸਿੱਖਾਂ ਅੰਦਰ ਮੁੜ ਜਾਤ ਪਾਤ ਦਾ ਬੋਲ ਬਾਲਾ ਹੋ ਗਿਆ।ਸਚਾਈ ਇਹ ਹੈ ਕਿ ਅਜੋਕੇ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਮਾਜਿਕ ਹਾਲਾਤ ਮੁੜ ਪੰਦਰਵੀਂ ਸਦੀ ਵਾਲੇ ਬਣ ਗਏ।ਸਿੱਖੀ ਸਿਧਾਂਤਾਂ ਨੂੰ ਜਾਤ ਪਾਤ, ਕਰਮਕਾਂਡ, ਵਿਪਰਵਾਦ ਅਤੇ ਭਿੰਨ ਭੇਦ ਵਿੱਚ ਰਲਗੱਡ ਕਰ ਦਿੱਤਾ ਗਿਆ ਹੈ, ਜਿਸ ਦੇ ਫਲਸਰੂਪ ਅੱਜ ਪੰਜਾਬ ਅੰਦਰ ਵੀ ਜਾਤ ਪਾਤ ਤੇ ਅਧਾਰਤ ਲੜਾਈਆਂ ਸਾਹਮਣੇ ਆ ਰਹੀਆਂ ਹਨ, ਬੀਤੇ ਦਿਨੀ ਸੰਗਰੂਰ ਜਿਲ੍ਹੇ ਦੇ ਇੱਕ ਪਿੰਡ ਚੰਗਾਲੀਵਾਲਾ ਵਿੱਚ ਵਾਪਰੀ ਹਿਰਦੇਵੇਧਿਕ ਮੰਦਭਾਗੀ ਘਟਨਾ ਨੇ ਜਿੱਥੇ ਹਰ ਇਨਸਾਨੀ ਰੂਹ ਨੂੰ ਝੰਜੋੜਿਆ ਹੈ, ਓਥੇ, ਸਿੱਖ ਪੰਥ ਅਤੇ ਕੌਂਮ ਅੰਦਰ ਆ ਰਹੇ ਸਿਧਾਂਤਕ ਨਿਘਾਰ ਪ੍ਰਤੀ ਸੰਜੀਦਾ ਹੋਣ ਲਈ ਸੁਚੇਤ ਵੀ ਕੀਤਾ ਹੈ।ਦੇਸ਼ ਦੇ ਮੌਜੂਦਾ ਹਾਲਾਤ ਤਾਂ ਇਹ ਮੰਗ ਕਰਦੇ ਹਨ ਕਿ ਸਮੁੱਚੀਆਂ ਘੱਟ ਗਿਣਤੀਆਂ, ਸਿੱਖ ਅਤੇ ਦੇਸ਼ ਦੇ ਸਮੁੱਚੇ ਦਲਿਤ ਸਮਾਜ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ, ਫਿਰ ਹੀ ਫਿਰਕਾਪ੍ਰਸਤ ਤਾਕਤਾਂ ਦਾ ਟਾਕਰਾ ਕੀਤਾ ਜਾ ਸਕੇਗਾ, ਪ੍ਰੰਤ ਸਿੱਖ ਦੂਜੀਆਂ ਕੌਂਮਾਂ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਆਪਸ ਵਿੱਚ ਵੀ ਨਫਰਤ ਦੇ ਬੀਜ ਬੀਜਣ ਲੱਗ ਪਏ ਹਨ, ਜਿਸ ਨਾਲ ਉਹਨਾਂ ਤਾਕਤਾਂ ਨੂੰ ਬਲ ਮਿਲਦਾ ਹੈ, ਜਿਹੜੀਆਂ ਦਲਿਤਾਂ, ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਬੋਧੀਆਂ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਹਨ।ਜੇਕਰ ਘੁਰਬਾਣੀ ਦੇ ਫਲਸਫੇ ਨੂੰ ਸਮਝਣ ਦੇ ਯਤਨ ਕੀਤੇ ਜਾਣ, ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸਾ ਸਾਜਨਾ ਦੀ ਦੂਰਅੰਦੇਸੀ ਸੋਚ ਨੂੰ ਸਮਝਿਆ ਜਾਵੇ, ਵਿਚਾਰਿਆ ਜਾਵੇ ਤਾਂ ਦਲਿਤ ਸਮਾਜ ਅਤੇ ਸਿੱਖਾਂ ਨੂੰ ਵੱਖ ਕਰਕੇ ਦੇਖਿਆ ਹੀ ਨਹੀ ਜਾ ਸਕੇਗਾ।ਜਿਸ ਕੌਂਮ ਦੀ ਬੁਨਿਆਦ ਨੀਚਾਂ ਅੰਦਰ ਨੀਚ ਜਾਤਿ ਦੇ ਫਲਸਫੇ ਤੇ ਟਿਕੀ ਹੋਵੇ, ਤੇ ਨੀਵੇਂ ਸਮਝੇ ਜਾਂਦੇ ਲੋਕਾਂ ਨੇ ਅਪਣੇ ਗੁਰੂ ਤੋਂ ਮੁਫਤ ਵਿੱਚ ਨਹੀ, ਬਲਕਿ ਸਿਰ ਦੇ ਕੇ ਸਰਦਾਰੀਆਂ ਹਾਸਲ ਕੀਤੀਆਂ ਹੋਣ, ਜੇਕਰ ਅੱਜ ਉਹ ਕੌਂਮ ਦੀ ਹੋਣੀ ਦੇ ਮਾਲਕ ਉਹ ਧਨਾਡ ਸਿੱਖ ਬਣ ਜਾਣ ਜਿੰਨਾਂ ਦਾ ਸਿੱਖੀ ਸਿਧਾਤਾਂ ਨਾਲ ਦੂਰ ਦਾ ਵੀ ਵਾਸਤਾ ਨਾ ਹੋਵੇ ਤੇ ਉਹ ਕੌਂਮ ਨੂੰ ਮੁੜ ਨਾਗਪੁਰ ਦੇ ਝਾਂਸੇ ਵਿੱਚ ਫਸਾ ਕੇ ਮੰਨੂਵਾਦ ਦੇ ਜਾਤੀਵਾਦੀ ਕੋਹੜ ਦੀ ਮਰੀਜ ਬਨਾਉਣ ਚ ਸਫਲ ਹੋ ਰਿਹਾ ਹੋਵੇ , ਤਾਂ ਉਸ ਸਰਬੰਸਦਾਨੀ ਦੀ ਰੂਹ ਜਰੂਰ ਕੁਰਲਾਉਂਦੀ ਹੋਵੇਗੀ ਦਸਵੇਂ ਪਾਤਸ਼ਾਹ ਦਾ ਸਰਬੰਸ ਵਾਰ ਕੇ ਅਜਿਹੇ ਪੰਥ ਨੂੰ ਜਿਉਂਦਾ ਰੱਖਣ ਦਾ ਕੀ ਫਾਇਦਾ, ਜਿਹੜਾ ਦਿਖਾਵਾ ਤਾਂ ਗੁਰੂ ਦੀ ਸਿੱਖੀ ਦਾ ਕਰਦਾ ਹੈ ਤੇ ਆਖੇ ਨਾਗਪੁਰ ਦੇ ਲੱਗਦਾ ਹੈ।ਕੈਸਾ ਇਤਫਾਕ ਹੈ ਕਿ ਕਦੇ ਦੂਜਿਆਂ ਦੇ ਧਰਮ ਅਤੇ ਇੱਜਤਾਂ ਦੀ ਰਾਖੀ ਕਰਨ ਵਾਲੀ ਕੌਂਮ ਨੂੰ ਅੱਜ ਅਪਣੇ ਸਿਧਾਂਤ ਅਤੇ ਅਪਣੀ ਪਛਾਣ, ਅਪਣੀ ਨਿਆਰੀ ਨਿਰਾਲੀ ਹੋਂਦ ਸਲਾਮਤੀ ਦੀ ਲੜਾਈ ਲੜਨੀ ਪੈ ਰਹੀ ਹੈ।ਸੋ ਇਸ ਨਫਰਤ ਭਰੇ ਵਰਤਾਰੇ ਵਾਲੇ ਨਾਜੁਕ ਸਮੇ ਦਾ ਮੁਕਾਬਲਾ ਕਰਨ ਅਤੇ ਮੰਨੂਵਾਦੀ ਤਾਕਤਾਂ ਦੇ ਭੈੜੇ ਮਨਸੂਬਿਆਂ ਨੂੰ ਨਾਕਾਮ ਕਰਨ  ਲਈ ਇਹ ਜਰੂਰੀ ਹੈ ਕਿ ਗੁਰੂ ਦੇ ਸਿਧਾਂਤ ਤੇ ਪਹਿਰਾ  ਦੇ ਕੇ ਸਮੁੱਚੀ ਮਾਨਵਤਾ ਨੂੰ ਕਲਾਵੇ ਚ ਲੈਣ ਦੇ ਸਮਰੱਥ ਸਿੱਖ ਫਲਸਫੇ ਨੂੰ ਇਮਾਨਦਾਰੀ ਨਾਲ ਪਰਚਾਰਿਆ, ਵਿਚਾਰਿਆ ਤੇ ਸਤਿਕਾਰਿਆ ਜਾਵੇ, ਇਹਦੇ ਵਿੱਚ ਹੀ ਸਿੱਖੀ ਸਮੇਤ ਸਮੁੱਚੀ ਮਾਨਵਤਾ ਦੀ ਭਲਾਈ ਹੈ।

   ਬਘੇਲ ਸਿੰਘ ਧਾਲੀਵਾਲ
   99142-58142

ਮਾਮਲਾ ਕਨੇਡਾ ਦੇ ਜਗਮੀਤ ਸਿੰਘ ਪ੍ਰਤੀ ਭਾਰਤੀ ਏਜੰਸੀਆਂ ਦੇ ਵਰਤਾਰੇ ਦਾ - ਬਘੇਲ ਸਿੰਘ ਧਾਲੀਵਾਲ

ਜੇਕਰ 800 ਸਾਲ ਗੁਲਾਮ ਰਹਿਣ ਤੱਕ ਰਾਜ ਭਾਗ ਪਰਾਪਤੀ ਦੀ ਤਾਂਘ ਮਨ ਚ ਜਿਉਂਦੀ ਰਹਿ ਸਕਦੀ ਹੈ, ਤਾਂ ਮਹਿਜ 170 ਸਾਲ ਗੁਲਾਮੀ ਅਜਾਦੀ ਦਾ ਸੁਪਨਾ ਕਿਵੇਂ ਤੋੜ ਸਕਦੀ ਹੈ
ਜਦੋ ਤੋ ਸਿੱਖ ਭਾਈਚਾਰੇ ਨੇ ਬਾਹਰਲੇ ਮੁਲਕਾਂ ਅੰਦਰ ਅਪਣੀ ਸੂਝ ਸਿਆਣਪ ਅਤੇ ਮਿਹਨਤ ਦੇ ਬਲਬੂਤੇ ਤੇ ਸਿੱਖੀ ਦੀ ਚੜਦੀ ਕਲਾ ਦੇ ਝੰਡੇ ਬੁਲੰਦ ਕੀਤੇ ਹੋਏ ਹਨ,ਉਸ ਮੌਕੇ ਤੋ ਹੀ ਭਾਰਤ ਦੀਆਂ ਖੂਫੀਆਂ ਏਜੰਸੀਆਂ ਨੂੰ ਸਿੱਖਾਂ ਤੇ ਗਹਿਰੀ ਨਜਰ ਰੱਖਣ ਦੀਆਂ ਹਦਾਇਤਾਂ ਹਨ,ਜਿਹੜੀਆਂ ਸਿੱਖਾਂ ਦੀ ਹਰ ਹਰਕਤ ਨੂੰ ਨਸਲੀ ਨਜਰੀਏ ਤੋ ਵਾਚਦੀਆਂ ਰਹਿੰਦੀਆਂ ਹਨ।ਸਿੱਖ ਭਾਂਵੇਂ ਸਮਾਜ ਭਲਾਈ ਦੇ ਕੰਮ ਹੀ ਕਿਉਂ ਨਾ ਕਰਦੇ ਹੋਣ,ਉਹਨਾਂ ਦੇ ਕੰਮਾਂ ਨੂੰ ਵੀ ਇੱਕੋ ਨਜਰੀਏ ਨਾਲ ਦੇਖਣਾ ਜਿਵੇਂ ਖੂਫੀਆਂ ਏਜੰਸੀਆਂ ਦੀ ਆਦਤ ਬਣ ਗਈ ਹੈ।ਸੰਸਾਰ ਪੱਧਰ ਤੇ ਮਾਨਵਤਾ ਦੀ ਭਲਾਈ ਲਈ ਪ੍ਰਸਿੱਧੀ ਖੱਟ ਚੁੱਕੀ ਸਿੱਖ ਸੰਸਥਾ ਖਾਲਸਾ ਏਡ ਕਿਸੇ ਜਾਣ ਪਛਾਣ ਦੀ ਮੁਥਾਜ ਨਹੀ।ਉਹਨਾਂ ਦੇ ਕੰਮਾਂ ਦੀ ਦੁਨੀਆਂ ਪੱਧਰ ਤੇ ਹੋ ਰਹੀ ਸ਼ਲਾਘਾ ਕਾਰਨ ਭਾਰਤ ਸਰਕਾਰ ਨੂੰ ਵੀ ਖਾਲਸਾ ਏਡ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਖਾਲਸਾ ਨੂੰ ਪੁਰਸ਼ਕਾਰ ਦੇਣ ਦੀ ਪੇਸ਼ਕਸ ਕਰਨੀ ਪਈ,ਪ੍ਰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਭਾਈ ਰਵੀ ਸਿੰਘ ਖਾਲਸਾ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।ਸੋ ਰਵੀ ਸਿੰਘ ਖਾਲਸਾ ਵੱਲੋਂ ਦਿੱਤਾ ਗਿਆ ਇਹ ਜਵਾਬ ਅਪਣੇ ਅੰਦਰ ਬਹੁਤ ਵੱਡਾ ਦਰਦ ਤੇ ਰੋਸ ਸਮੋਈ ਬੈਠਾ ਹੈ, ਜਿਸਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਸੀ ਪ੍ਰੰਤੂ ਇੱਥੇ ਅਜਿਹੀ ਰਵਾਇਤ ਨਹੀ ਹੈ,ਇਸ ਲਈ ਰਵੀ ਸਿੰਘ ਖਾਲਸਾ ਇਸ ਜਵਾਬ ਬਦਲੇ ਭਾਰਤੀ ਏਜੰਸੀਆਂ ਲਈ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀ ਬਣ ਜਾਂਦਾ ਹੈ।ਬੇਸ਼ੱਕ ਭਾਰਤ ਦੇ ਵੱਖ ਵੱਖ ਸੂਬਿਆਂ ਅੰਦਰ ਵੀ ਕੁਦਰਤੀ ਕਰੋਪੀ ਦੌਰਾਨ ਖਾਲਸਾ ਏਡ ਦਾ ਕੰਮ ਜਿਕਰਯੋਗ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਖਾਲਸਾ ਏਡ ਦੀ ਉਹਨਾਂ ਦੇ ਬਗੈਰ ਕਿਸੇ ਨਸਲੀ ਭਿੰਨ ਭੇਦ ਅਤੇ ਵਿਤਕਰੇ ਤੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਕਰਕੇ ਦੁਨੀਆਂ ਪੱਧਰ ਤੇ ਲੋਕ ਪ੍ਰਿਅਤਾ ਹੀ ਐਨੀ ਵਧ ਗਈ ਹੈ,ਜਿਸ ਕਰਕੇ ਕੇਂਦਰ  ਭਾਈ ਰਵੀ ਸਿੰਘ ਖਾਲਸਾ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਝਿਜਕਦਾ ਹੈ,ਜਿਸ ਦਿਨ ਵੀ ਉਹਨਾਂ ਨੂੰ ਅਜਿਹੇ ਖਤਰੇ ਤੋ ਕੁੱਝ ਰਾਹਤ ਮਹਿਸੂਸ ਹੋਵੇਗੀ, ਉਸ ਦਿਨ ਹੀ ਖਾਲਸਾ ਏਡ ਦੇ ਕੀਤੇ ਕੰਮ ਸਾਰੇ ਖੂਹ ਖਾਤੇ ਵਿੱਚ ਪੈ ਜਾਣਗੇ,ਕਿਉਕਿ  ਭਾਰਤ ਤੇ ਰਾਜ ਕਰਦੀ ਧਿਰ ਫਿਰਕੂ ਵਿਚਾਰਧਾਰਾ ਵਾਲੀ ਕੱਟੜ ਸੰਸਥਾ ਆਰ ਐਸ ਐਸ ਦਾ ਹੀ ਰਾਜਸੀ ਵਿੰਗ ਹੈ,ਜਿਹੜੀ ਕਿਸੇ ਵੀ ਗੈਰ ਹਿੰਦੂ ਨੂੰ ਨਾਂ ਹੀ ਮੁਲਕ ਵਿੱਚ ਬਰਦਾਸ਼ਤ ਕਰਦੀ ਹੈ,ਨਾਂ ਹੀ ਉਹਨਾਂ ਨੂੰ ਬਾਹਰ ਜਾਕੇ ਤਰੱਕੀ ਕਰਦਿਆਂ ਨੂੰ ਬਰਦਾਸਤ ਕਰ ਸਕਦੀ ਹੈ ਅਤੇ ਨਾਂ ਹੀ ਉਹਨਾਂ ਦਾ ਸਤਿਕਾਰ ਹੀ ਬਰਦਾਸਤ ਹੋ ਸਕਦਾ ਹੈ।ਇੱਥੇ ਇਹ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਭਾਰਤੀ ਖੁਫੀਆਂ ਏਜੰਸੀਆਂ ਵੀ ਆਰ ਐਸ ਐਸ ਦੇ ਨਿਯੰਤਰਣ ਹੇਠ ਕੰਮ ਕਰਦੀਆਂ ਹਨ,ਇਸ ਲਈ ਕੇਂਦਰ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ,ਨਿਯੰਤਰਣ ਹਮੇਸਾਂ ਨਾਗਪੁਰ ਕੋਲ ਹੀ ਰਹਿੰਦਾ ਹੈ।ਬੀਤੇ ਦਿਨੀ ਕਨੇਡਾ ਅੰਦਰ ਹੋਈਆਂ ਆਮ ਚੋਣਾਂ ਨੇ ਵੀ ਭਾਰਤੀ ਏਜੰਸੀਆਂ ਸਮੇਤ ਸਮੁੱਚੇ ਤੰਤਰ ਦੀ ਨੀਂਦ ਹਰਾਮ ਕੀਤੀ ਹੋਈ ਹੈ,ਉਸ ਦੀ ਵਜਾਹ,ਕਨੇਡਾ ਦੀ ਸਰਕਾਰ ਬਨਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਚਰਚਾ ਵਿੱਚ ਆਇਆ ਸਿੱਖ ਚਿਹਰਾ ਜਗਮੀਤ ਸਿੰਘ ਹੈ,ਜਿਹੜਾ ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਵੀ ਹੈ।ਬੀਤੇ ਕੁੱਝ ਕੁ ਸਮੇ ਤੋ ਜਗਮੀਤ ਸਿੰਘ ਕਨੇਡਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਵੇਦਾਰ ਵਜੋਂ ਵੀ ਚਰਚਾ ਵਿੱਚ ਰਿਹਾ ਹੈ,ਜਿਸ ਕਰਕੇ ਇਹ ਸਿੱਖ ਚਿਹਰਾ ਭਾਰਤੀ ਤੰਤਰ ਨੂੰ ਬੇਹੱਦ ਦਰਦ ਦੇ ਰਿਹਾ ਹੈ।ਉਸ ਮੌਕੇ ਤੋ ਹੀ ਉਹਦੇ ਖਿਲਾਫ ਗੋਂਦਾਂ ਗੁੰਦਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਭਾਰਤੀ ਮੀਡੀਏ ਵੱਲੋਂ ਜਗਮੀਤ ਸਿੰਘ ਦੀ ਜਿੱਤ ਤੋ ਬਾਅਦ ਭਾਰਤੀ ਖੁਫੀਆ ਏਜੰਸੀ ਰੀਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਹਵਾਲੇ ਨਾਲ ਪ੍ਰਕਾਸ਼ਾਿਤ ਕੀਤੀਆਂ ਖਬਰਾਂ ਤੋਂ ਇਹ ਸਪਸਟ ਸਮਝਿਆ ਜਾ ਸਕਦਾ ਹੈ ਕਿ ਭਾਰਤ ਸਰਕਾਰ ਨੂੰ ਜਗਮੀਤ ਸਿੰਘ ਦੀ ਸਫਲਤਾ ਕਿੰਨੀ ਤਕਲੀਫ ਪਹੁੰਚਾ ਰਹੀ ਹੈ,ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਪੂਰੇ ਮੁਲਕ ਵਿੱਚ ਜਗਮੀਤ ਦੀ ਜਿੱਤ ਦੀ ਖੁਸ਼ੀ ਮਨਾਈ ਜਾਂਦੀ,ਕਿਉਂਕਿ ਇੱਕ ਭਾਰਤੀ ਕਿਸੇ ਦੂਜੇ ਵੱਡੇ ਦੇਸ਼ ਦਾ ਮੁਖੀ ਬਨਣ ਦਾ ਦਾਵੇਦਾਰ ਬਣਿਆ ਹੈ,ਪਰ ਇਸ ਦੇ ਉਲਟ ਕੇਂਦਰੀ ਹਕੂਮਤ ਨੇ ਉਸ ਸਿੱਖ ਚਿਹਰੇ ਨੂੰ ਬਹੁਤ ਵੱਡਾ ਅੱਤਵਾਦੀ ਗਰਦਾਨਣ ਵਿੱਚ ਹੀ ਸਾਰੀ ਸਕਤੀ ਝੋਕੀ ਹੋਈ ਹੈ।ਉਹਦੇ ਉੱਪਰ ਦੋਸ਼ ਲਾਏ ਜਾ ਰਹੇ ਹਨ ਕਿ ਜਗਮੀਤ ਸਿੰਘ ਨੇ 2013 ਵਿੱਚ ਕਨੇਡਾ ਦੇ ਅੰਟਾਰੀਓ ਸੂਬੇ ਚ ਖਾਲਿਸਤਾਨ ਸਮੱਰਥਕਾਂ ਦਾ ਇੱਕ ਸੰਮੇਲਨ ਅਯੋਜਿਤ ਕੀਤਾ,2015 ਵਿੱਚ ਅਮਰੀਕਾ ਦੇ ਸਾਨ ਫਰਾਂਸਿਸਕੋ  ਵਿੱਚ ਇੱਕ ਖਾਲਿਸਤਾਨੀ ਰੈਲੀ ਵਿੱਚ ਦਿਖਾਈ ਦਿੱਤਾ ਸੀ, ਅਤੇ 2016 ਵਿੱਚ ਭਾਰਤ ਤੋ ਬਾਹਰ ਅਜਾਦ ਸਿੱਖ ਦੇਸ਼ ਬਨਾਉਣ ਲਈ ਹਿੰਸਾ ਦਾ ਸਮੱਰਥਨ ਕੀਤਾ ਸੀ,ਖੂਫੀਆ ਏਜੰਸੀ ਰਿਸਰਚ ਐਂਡ ਅਨਾਲਿਸਿਸ ਵਿੰਗ(ਰਾਅ) ਦੀ ਇੱਕ ਵਿਸ਼ੇਸ ਰਿਪਰਟ ਦੇ ਅਧਾਰ ਤੇ 2013 ਵਿੱਚ ਜਗਮੀਤ ਸਿੰਘ ਨੂੰ ਉਹਦੇ ਭਾਰਤ ਵਿਰੋਧੀ ਰੁਖ ਦੇ ਕਾਰਨ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਸੀ। ਅਜਿਹੇ ਵਰਤਾਰੇ ਕਾਰਨ ਹੀ ਪੰਜਾਬੀਆਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਭਾਰਤੀ ਨਹੀ ਪੰਜਾਬੀ ਹਨ।ਜੇਕਰ ਇਹ ਖੁਫੀਆ ਏਜੰਸੀ ਵੱਲੋਂ ਜਗਮੀਤ ਸਿੰਘ ਤੇ ਲਾਏ ਦੋਸ਼ ਮੰਨ ਵੀ ਲਏ ਜਾਣ,ਤਾਂ ਫਿਰ ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਸ ਕੌਂਮ ਦਾ ਅਪਣਾ ਵਿਸ਼ਾਲ ਰਾਜ ਭਾਗ ਰਿਹਾ ਹੋਵੇ,ਕੀ ਉਹਨਾਂ ਨੂੰ ਅਪਣੇ ਖੁੱਸੇ ਹੋਏ ਰਾਜ ਭਾਗ ਦੀ ਗੱਲ ਕਰਨ ਦਾ ਵੀ ਅਧਿਕਾਰ ਨਹੀ ਹੈ ? ਜੇਕਰ 800 ਸਾਲ ਗੁਲਾਮ ਰਹਿਣ ਵਾਲੀ ਕੌਂਮ ਅਪਣੇ ਰਾਜ ਭਾਗ ਪਰਾਪਤੀ ਦੀ ਤਾਂਘ ਮਨ ਚ ਵਸਾ ਕੇ ਰੱਖ ਸਕਦੀ ਹੈ,ਤੇ ਰਾਜ ਭਾਗ ਪਰਾਪਤ ਕਰ ਸਕਦੀ ਹੈ , ਤਾਂ ਮਹਿਜ 170 ਸਾਲ ਗੁਲਾਮ ਰਹਿਣ ਵਾਲੀ ਕੌਂਮ ਕਿਵੇਂ ਅਪਣੇ ਮਿਸ਼ਾਲੀ ਖਾਲਸਾ ਰਾਜ ਨੂੰ ਭੁੱਲ ਸਕਦੀ ਹੈ ? ਜਿਸ ਕੌਂਮ ਦੀ ਸਥਾਪਨਾ,ਸਿਰਜਣਾ ਹੀ ਅਜਾਦੀ ਦੇ ਸਿਧਾਂਤ ਚੋ ਹੋਈ ਹੋਵੇ,ਉਹ ਕੌਂਮ ਭਲਾ ਗੁਲਾਮ ਰਹਿਣਾ ਕਿਵੇਂ ਪਸੰਦ ਕਰ ਸਕਦੀ ਹੈ ? ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਮੇ ਦੀ ਹਕੂਮਤ ਨੂੰ ਇਹ ਸਪੱਸਟ ਸੁਨੇਹਾ ਉਸ ਮੌਕੇ ਹੀ ਦੇ ਦਿੱਤਾ ਸੀ ਕਿ ਅੱਜ ਤੋਂ ਬਾਅਦ ਸਿੱਖਾਂ ਨੂੰ ਕੋਈ ਦੁਨਿਆਵੀ ਹਕੂਮਤ ਅਪਣੇ ਜਬਰ ਜੁਲਮ ਨਾਲ ਗੁਲਾਮ ਬਣਾ ਕੇ ਨਹੀ ਰੱਖ ਸਕਦੀ।ਛੇਵੇਂ ਪਾਤਸ਼ਾਹ ਦੇ ਇਸ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋ ਹੋਰ ਪਰਪੱਕ ਕਰਵਾ ਦਿੱਤਾ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ਸਿੱਖ ਕੌਂਮ ਨੂੰ ਸੰਪੂਰਨਤਾ ਬਖਸ਼ਦਿਆਂ “ਚੂੰ ਕਾਰ ਅਜਾ ਹਮ ਹੀਲਤੇ ਦਰ ਗੁਜ਼ਸਤ,ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ” ਦੇ ਇੱਕ ਹੋਰ ਜਬਰਦਸਤ ਸਿਧਾਂਤ ਦੀ ਬਖਸ਼ਿਸ਼ ਕੀਤੀ।ਸੋ ਸਿੱਖ ਕੌਂਮ ਤਾਂ ਜਨਮ ਜਾਤ ਹੀ ਅਜਾਦ ਹੈ,ਫਿਰ ਉਹਨਾਂ ਦੀ ਕੋਈ ਅਜਾਦੀ ਖੋਹੇ ਅਤੇ ਖੋਹ ਕੇ ਅਜਾਦੀ ਦੀ ਗੱਲ ਕਰਨ ਤੇ ਵੀ ਪਬੰਦੀ ਲਾਉਣੀ ਚਾਹਵੇ,ਇਹ ਸਿੱਖ ਕੌਂਮ ਨੂੰ ਕਦੇ ਵੀ ਮਨਜੂਰ ਨਹੀ ਹੋਵੇਗਾ।ਸੋ ਹਾਲਾਤਾਂ ਦੇ ਮੱਦੇਨਜਰ ਕਿਹਾ ਜਾ ਸਕਦਾ ਹੈ ਕਿ ਹੁਣ ਲੜਾਈ ਹਥਿਆਰਾਂ ਨਾਲ ਨਹੀ ਬਲਕਿ ਵਿਚਾਰਾਂ ਨਾਲ ਲੜੀ ਜਾਣੀ ਚਾਹੀਦੀ ਹੈ,ਜਿਸ ਨੂੰ ਸਿੱਖ ਕੌਂਮ ਦਾ ਵੱਡਾ ਹਿੱਸਾ ਸਮੇਤ ਖਾਲਿਸਤਾਨੀ ਧਿਰਾਂ ਦੇ ਪਰਵਾਨ ਵੀ ਕਰਦਾ ਹੈ,ਪ੍ਰੰਤੂ ਭਾਰਤੀ ਹਕੂਮਤ ਵੱਲੋਂ ਜਿਸਤਰਾਂ ਘੱਟ ਗਿਣਤੀਆਂ ਦੇ ਮੁਢਲੇ ਹੱਕ ਖੋਹੇ ਜਾ ਰਹੇ ਹਨ,ਉਹਦੇ ਤੋਂ ਸਾਫ ਝਲਕਦਾ ਹੈ ਕਿ ਭਾਰਤ ਦੀ ਮੁਤੱਸਬੀ ਸੋਚ ਨੂੰ ਪ੍ਰਨਾਈ ਹਕੂਮਤ ਘੱਟ ਗਿਣਤੀਆਂ ਭਾਵ ਗੈਰ ਹਿੰਦੂਆਂ ਨੂੰ ਨਾ ਹੀ ਭਾਰਤ ਅੰਦਰ ਪਹਿਲੇ ਦਰਜੇ ਦੇ ਸਹਿਰੀ ਵਜੋਂ ਪ੍ਰਵਾਂਨ ਕਰਦੀ ਹੈ ਅਤੇ ਨਾ ਹੀ ਭਾਰਤ ਤੋ ਬਾਹਰ ਬੈਠੇ ਸਿੱਖਾਂ ਦੀ ਅਪਣੀ ਸੂਝ ਬੂਝ ਅਤੇ ਮਿਹਨਤ ਨਾਲ ਕੀਤੀ ਤਰੱਕੀ ਹੀ ਉਹਦੇ ਰਾਸ ਆਉਂਦੀ ਹੈ ਅਤੇ ਨਾਂ ਹੀ ਉਹਨਾਂ ਵੱਲੋਂ ਕੀਤੀ ਜਾਂਦੀ ਅਜਾਦੀ ਦੀ ਗੱਲ ਨੂੰ ਬਰਦਾਸਤ ਕਰਨ ਨੂੰ ਤਿਆਰ ਹੈ।ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿੱਚ ਹਾਜਰ ਹੋ ਕੇ ਦੁਨੀਆਂ ਨੂੰ ਸਿੱਖ ਹਿਤੈਸੀ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਦੂਜੇ ਪਾਸੇ ਬਾਹਰਲੇ ਮੁਲਕਾਂ ਵਿੱਚ ਚੜਦੀ ਕਲਾ ਦੇ ਝੰਡੇ ਬੁਲੰਦ ਕਰ ਰਹੇ ਸਿੱਖਾਂ ਨੂੰ ਭਾਰਤ ਵਿਰੋਧੀ ਗਰਦਾਨਕੇ ਉਹਨਾਂ ਤੇ ਮੁਲਕ ਵਿੱਚ ਆਉਣ ਤੇ ਪਬੰਦੀਆਂ ਲਾਈਆਂ ਜਾ ਰਹੀਆਂ ਹਨ।ਸੋ ਜੇਕਰ ਸੱਚਮੁੱਚ ਹੀ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਿਜਦਾ ਕਰਦੀ ਹੈ,ਤਾਂ ਉਹਨਾਂ ਨੂੰ ਇਹ ਦੋਗਲਾ ਵਰਤਾਰਾ ਬੰਦ ਕਰਕੇ ਸਿੱਖ ਸਮੱਸਿਆਵਾਂ ਦੇ ਹੱਲ ਲਈ ਸੁਹਿਰਦਤਾ ਨਾਲ ਸੋਚਣਾ ਪਵੇਗਾ ਅਤੇ ਸਿੱਖ ਮਨਾਂ ਵਿੱਚ ਆਈ ਬੇਗਾਨਗੀ ਦੀ ਭਾਵਨਾ ਨੂੰ ਇਮਾਨਦਾਰੀ ਨਾਲ ਦੂਰ ਕਰਨਾ ਪਵੇਗਾ। ਸਮੁੱਚੀਆਂ ਘੱਟ ਗਿਣਤੀਆਂ,ਦਲਿਤਾਂ ਦੇ ਦਿਲਾਂ ਚ ਬੈਠ ਚੁੱਕੇ ਡਰ ਨੂੰ ਦੂਰ ਕਰਨ ਦੇ ਯਤਨ ਕਰਨੇ ਪੈਣਗੇ,ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਚ ਨਤਮਸਤਕ ਹੋਣਾ ਸਫਲ ਸਮਝਿਆ ਜਾ ਸਕੇਗਾ।

ਬਘੇਲ ਸਿੰਘ ਧਾਲੀਵਾਲ
99142-58142

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਬੰਧ ਚ ਵੀਹ ਡਾਲਰਾਂ ਦਾ ਵਿਖੇੜਾ ਖੜਾ ਕਰਨਾ ਗਹਿਰੀ ਸਾਜਿਸ਼,ਬਾਦਲਕੇ ਬਣ ਰਹੇ ਨੇ ਮੋਹਰੇ - ਬਘੇਲ ਸਿੰਘ ਧਾਲੀਵਾਲ

ਸਰੋਮਣੀ ਕਮੇਟੀ ਕੇਂਦਰ ਦੀ ਪਿਛਲੱਗ ਬਨਣ ਦੀ ਬਜਾਏ ਕੇਜਰੀਵਾਲ ਸਰਕਾਰ ਦੀ ਤਰਜ ਤੇ ਸਿੱਖ ਸੰਗਤਾਂ ਦਾ ਫੀਸ ਖਰਚਾ ਖੁਦ ਭਰੇ
ਜਦੋ ਤੋ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕਹੀ ਹੈ,ਉਸ ਸਮੇ ਤੋ ਹੀ ਭਾਰਤ ਦੀ ਕੇਂਦਰ ਸਰਕਾਰ ਅਤੇ ਫਿਰਕਾਪ੍ਰਸਤ ਤਾਕਤਾਂ ਨੇ ਹੋ ਹੱਲਾ ਮਚਾਉਣਾ ਸ਼ੁਰੂ ਕੀਤਾ ਹੋਇਆ ਹੈ।ਭਾਰਤ ਅਤੇ ਪਾਿਕਸਤਾਨ ਦੇ ਮਾੜੇ ਕਰਮਾਂ ਨੂੰ ਪਾਕਸਤਾਨ ਅੰਦਰ ਇਮਰਾਨ ਖਾਨ ਦੀ ਸਰਕਾਰ ਉਸ ਮੌਕੇ ਬਣੀ ਜਦੋਂ ਭਾਰਤ ਅੰਦਰ ਆਰ ਐਸ ਐਸ ਦੀ ਫਿਰਕੂ ਸੋਚ ਨੂੰ ਪ੍ਰਣਾਈ  ਭਾਰਤੀ ਜਨਤਾ ਪਾਰਟੀ ਵੱਡੇ ਬਹੁਮੱਤ ਨਾਲ ਕੇਂਦਰ ਤੇ ਕਾਬਜ ਹੈ।ਉਸ ਤੋ ਵੀ ਮਾੜੇ ਭਾਗ ਇਸ ਲਈ ਵੀ ਹਨ ਕਿ ਇਹ ਮੌਕਾ ਉਦੋਂ ਆਇਆ ਹੈ ਜਦੋ ਭਾਰਤੀ ਜਨਤਾ ਪਾਰਟੀ ਆਰ ਐਸ ਐਸ ਦੇ ਮਿਸ਼ਨ ਹਿੰਦੂ ਰਾਸ਼ਟਰ ਦਾ ਸੁਪਨਾ ਪੂਰਾ ਕਰਨ ਦਾ ਮਨ ਬਣਾਈ ਬੈਠੀ ਹੈ ਅਤੇ ਇਸ ਦੀ ਪੂਰਤੀ ਲਈ ਘੱਟ ਗਿਣਤੀਆਂ ਨੂੰ ਭਾਰਤ ਚੋ ਖਤਮ ਕਰਨ ਜਾਂ ਜਬਰ ਜੁਲਮ ਅਤੇ ਧੱਕੇਸ਼ਾਹੀ ਨਾਲ ਅਪਣੇ ਅੰਦਰ ਜਜ਼ਬ ਕਰਨ ਦੀਆਂ ਗੋਦਾਂ ਹੀ ਨਹੀ ਗੁੰਦ ਰਹੀ,ਬਲਕਿ ਇਸ ਤੇ ਬਾਕਾਇਦਾ ਅਮਲ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ।ਦੇਸ਼ ਅੰਦਰ ਦਲਿਤਾਂ,ਮੁਸਲਮਾਨਾਂ, ਅਤੇ ਸਿੱਖਾਂ ਤੇ ਹੋ ਰਹੇ ਜੁਲਮ ਇਸ ਕਬਾਇਦ ਦਾ ਹੀ ਹਿੱਸਾ ਹਨ।ਭਾਂਵੇ ਇਹ ਮਿਸ਼ਨ ਦੀ ਯੋਜਨਾ ਆਰ ਐਸ ਐਸ ਦੇ ਹੈਡਕੁਆਰਟਰ ਨਾਗਪੁਰ ਵੱਲੋਂ ਬਹੁਤ ਚਿਰ ਪਹਿਲਾਂ ਦੀ ਉਲੀਕੀ ਗਈ ਹੈ,ਜਿਸ ਦੇ ਤਹਿਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੇਤ ਸਾਢੇ ਤਿੰਨ ਦਰਜਨ ਗੁਰਦੁਆਰਿਆਂ ਤੇ ਫੌਜੀ ਹਮਲਾ ਕੀਤਾ ਗਿਆ,(ਇਹ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਸ ਮੌਕੇ ਦੇ ਬੇਹੱਦ ਕੱਟੜਪੰਥੀ ਮੰਨੇ ਜਾਂਦੇ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਬੇਝਿਜਕ ਅਪਣੀ ਪੁਸਤਕ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕਰਨ ਬਾਰੇ ਸਾਫ ਲਿਖਿਆ ਹੈ,ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਿੰਦੂ ਰਾਂਸ਼ਟਰ ਵਾਲੀ ਇਹ ਯੋਜਨਾ ਬਹੁਤ ਸਮਾ ਪਹਿਲਾਂ ਦੀ ਉਲੀਕੀ ਜਾ ਚੁੱਕੀ ਸੀ)ਉੇਸ ਤੋ ਬਾਅਦ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਬਾਵਰੀ ਮਸਜਿਦ ਢਾਹੀ ਗਈ ਅਤੇ ਪੂਰੇ ਮੁਲਕ ਅੰਦਰ ਉਸ ਮੌਕੇ ਤੋ ਹੀ ਸਿੱਖਾਂ ਮੁਸਲਮਾਨਾਂ ਅਤੇ ਦਲਿਤਾਂ ਵਿਰੁੱਧ ਨਫਰਤ ਫੈਲਾ ਕੇ ਨਸਲੀ ਹਮਲੇ ਕਰਵਾਏ ਜਾ ਰਹੇ ਹਨ। ਹੀ ਸਮਝਦਾਰੀ ਅਤੇ ਦੂਰਅੰਦੇਸੀ ਨਾਲ ਚੱਲਣ ਵਾਲੀ ਦੁਨੀਆਂ ਦੀਆਂ ਤਿੰਨ ਸਭ ਤੋ ਸ਼ਕਤੀਸ਼ਾਲੀ ਏਜੰਸੀਆਂ ਚੋ ਇੱਕ ਗਿਣੀ ਜਾਣ ਵਾਲੀ ਏਜੰਸੀ/ਸੰਸਥਾ ਆਰ ਐਸ ਐਸ ਅਪਣੇ ਮਿਸ਼ਨ ਨੂੰ ਪੂਰਾ ਕਰਨ ਹਿੱਤ ਭਾਰਤੀ ਜਨਤਾ ਪਾਰਟੀ ਨੂੰ ਰਾਜਭਾਗ ਤੇ ਕਾਬਜ ਕਰਵਾਉਣ ਲਈ ਲੰਮੇ ਸਮੇ ਤੋਂ ਜਮੀਨ ਤਿਆਰ ਕਰਦੀ ਰਹੀ। ਏਸੇ ਮਿਸ਼ਨ ਤਹਿਤ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਅੰਦਰ ਆਰ ਐਸ ਐਸ ਦੀਆਂ ਹਦਾਇਤਾਂ ਤੇ ਦੇਸ਼ ਦੀ ਸਰਮਾਏਦਾਰ ਜਮਾਤ ਵੱਲੋਂ ਭਾਰਤੀ ਮੀਡੀਏ ਨੂੰ ਖਰੀਦਿਆ ਗਿਆ ਅਤੇ ਫਿਰ ਨਿਰੇਂਦਰ ਮੋਦੀ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਕਰਕੇ ਦੇਸ਼ ਅੰਦਰ ਫਿਰਕੂ ਨਫਰਤ ਵਾਲੀ ਮੋਦੀ ਲਹਿਰ ਚਲਾਈ ਗਈ,ਜਿਸ ਦੇ ਫਲਸਰੂਪ ਦੇਸ਼ ਦੀ ਰਾਜਸੱਤਾ ਤੇ ਪੂਰਨ ਬਹੁਮੱਤ ਨਾਲ ਕਬਜਾ ਕੀਤਾ ਗਿਆ।ਯਾਦ ਹੋਵੇਗਾ ਕਿ ਕੇਂਦਰ ਵਿੱਚ ਸਰਕਾਰ ਬਣਦਿਆਂ ਹੀ ਸਭ ਤੋ ਪਹਿਲਾਂ ਆਰ ਐਸ ਐਸ ਦੇ ਨੇਤਾਵਾਂ ਦਾ ਬਿਆਨ ਆਇਆ ਸੀ ਕਿ ਦੇਸ਼ ਅੰਦਰ 800 ਸਾਲ ਬਾਅਦ ਹਿੰਦੂ ਸਰਕਾਰ ਹੋਂਦ ਵਿੱਚ ਆਈ ਹੈ।ਆਰ ਐਸ ਐਸ ਦੇ ਇਸ ਬਿਆਨ ਤੇ ਦੇਸ਼ ਦੇ ਸੂਝਵਾਨ ਲੋਕਾਂ ਵੱਲੋਂ ਚਿੰਤਾ ਵੀ ਜਾਹਰ ਕੀਤੀ ਗਈ,ਪਰੰਤੂ ਇਸ ਦੇ ਬਾਵਜੂਦ ਵੀ ਗਾਹੇ ਬਗਾਹੇ ਕੱਟੜਵਾਦੀ ਨੇਤਾਵਾਂ ਦੇ ਫੁੱਟਪਾਉੂ ਤੇ ਨਫਰਤ ਚ ਲਿੱਬੜੇ ਬਿਆਨ ਲਗਾਤਾਰ ਆਉਂਦੇ ਰਹੇ।ਕਦਮ ਦਰ ਕਦਮ ਚੱਲਦੀ ਭਾਜਪਾ ਸਰਕਾਰ ਦਲਿਤਾਂ,ਮੁਸਲਮਾਨਾਂ ਅਤੇ ਸਿੱਖਾਂ ਤੇ ਹਮਲਿਆਂ ਤੋਂ ਬਾਅਦ ਕਸ਼ਮੀਰ ਅੰਦਰ ਜਾ ਦਖਲ ਹੋਈ,ਜਿੱਥੋਂ ਕਸ਼ਮੀਰੀਆਂ ਦੀ ਅਜਾਦੀ ਦੇ ਹੱਕ ਖੋਹੇ ਗਏ ਅਤੇ ਕਸ਼ਮੀਰੀ ਲੋਕਾਂ ਨੂੰ ਉਸ ਸਮੇ ਤੋ ਲੈ ਕੇ ਹੁਣ ਤੱਕ ਘਰਾਂ ਵਿੱਚ ਨਜਰਬੰਦ ਕਰਕੇ ਗੈਰ ਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਕਰਕੇ ਰੱਖਿਆ ਹੋਇਆ ਹੈ।ਸੋ ਇਹ ਸਾਰਾ ਕੁੱਝ ਭਾਰਤੀ ਜਨਤਾ ਪਾਰਟੀ ਵੱਲੋਂ ਅਪਣੀ ਨਾਗਪੁਰੀ ਸੋਚ ਤੇ ਪਹਿਰਾ ਦਿੰਦਿਆਂ ਨਿਸਾਨੇ ਨੂੰ ਸਰ ਕਰਨ ਲਈ ਨਹੀ,ਬਲਕਿ ਨਿਸਾਨੇ ਦੇ ਬਿਲਕੁਲ ਕਰੀਬ ਮਹਿਸੂਸ ਕਰਕੇ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਵੱਲੋਂ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰ ਖੋਹਣ ਦਾ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਉਹ ਪੰਜਾਬ ਦੇ ਲੋਕ ਹੀ ਹਨ,ਜਿਹੜੇ ਕਸ਼ਮੀਰੀਆਂ ਨਾਲ ਡਟ ਕੇ ਖੜੇ ਹਨ,ਇਹ ਕੇਂਦਰੀ ਹਕੂਮਤ ਨੂੰ ਕਦਾਚਿਤ ਵੀ ਬਰਦਾਸਤ ਨਹੀ ਹੈ,ਖਾਸ ਕਰਕੇ ਉਸ ਸਮੇ ਤਾਂ ਬਿਲਕੁਲ ਵੀ ਨਹੀ ਜਦੋਂ ਉਹ ਅਪਣੇ ਮਿਸ਼ਨ ਨੂੰ ਪੂਰਾ ਕਰਨ ਦਾ ਢੁਕਵਾਂ ਸਮਾ ਬਲਕੁਲ ਕਰੀਬ ਦੇਖ ਰਹੇ ਹੋਣ।ਉਧਰ ਜਦੋਂ ਪਾਕਿਸਤਾਨ ਅੰਦਰ ਇਮਰਾਨ ਖਾਨ ਦੀ ਸਰਕਾਰ ਬਣੀ ਤਾਂ ਨਵਜੋਤ ਸਿੱਧੂ ਨੇ ਉਹਨਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਸੀ,ਇਸੇ ਹੀ ਸਮਾਗਮ ਅੰਦਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਦੀ ਹਾਂਮੀ ਭਰੀ ਗਈ ਸੀ,ਉਦੋਂ ਤੋ ਲੈ ਕੇ ਹੀ ਕੇਂਦਰ ਸਰਕਾਰ ਅਪਣੇ ਆਪ ਨੂੰ ਕੁੜਿੱਕੀ ਵਿੱਚ ਫਸੀ ਮਹਿਸੂਸ ਕਰਦੀ ਹੈ ਤੇ ਕਿਸੇ ਨਾ ਕਿਸੇ ਬਹਾਨੇ ਲਾਂਘਾ ਨਾ ਖੋਲਣ ਦੇ ਰਾਹ ਵੀ ਲੱਭਦੀ ਰਹੀ,ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਕੇਂਦਰ ਕਿਸੇ ਅਜਿਹੀ ਸਾਜਿਸ਼ ਵਿੱਚ ਸਫਲ ਨਾ ਹੋ ਸਕਿਆ,ਅਖੀਰ ਪਾਕਿਸਤਾਨ ਸਰਕਾਰ ਵੱਲੋਂ ਰੱਖੀ ਗਈ ਵੀਹ ਡਾਲਰ ਫੀਸ ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ,ਤਾਂ ਕਿ ਸਿੱਖਾਂ ਅੰਦਰ ਪਾਕਸਤਾਨ ਪ੍ਰਤੀ ਨਫਰਤ ਭਰੀ ਜਾ ਸਕੇ।ਉਹਨਾਂ ਦੀ ਇਸ ਬੇਹੱਦ ਹੀ ਨੀਵੇਂ ਪੱਧਰ ਦੀ ਸਾਜਿਸ਼ ਵਿੱਚ ਬਾਦਲ ਦਲ ਮੋਹਰੇ ਦੀ ਭੂਮਿਕਾ ਅਦਾ ਕਰ ਰਿਹਾ ਹੈ।ਇਹ ਬੇਹੱਦ ਹੀ ਖਤਰਨਾਕ ਤੇ ਚਿੰਤਾਜਨਕ ਵਰਤਾਰਾ ਹੈ ਕਿਉਂਕਿ ਬਾਦਲ ਪਰਿਵਾਰ ਨਾਗਪੁਰ ਭਗਤੀ ਵਿੱਚ ਐਨਾ ਵਫਾਦਾਰੀ ਨਾਲ ਲੀਨ ਹੋ ਚੁੱਕਾ ਹੈ ਕਿ ਉਹਨਾਂ ਨੂੰ ਅਪਣੀ ਕੌਂਮ ਦੇ ਭਲੇ ਬੁਰੇ ਦੀ ਰੱਤੀ ਮਾਤਰ ਵੀ ਚਿੰਤਾ ਨਹੀ,ਬਲਕਿ ਭਾਜਪਾ ਵੱਲੋਂ ਜੁੱਤੀਆਂ ਮਾਰੇ ਜਾਣ ਦੇ ਬਾਵਜੂਦ ਵੀ ਉਹ ਅਪਣੀ ਆਰ ਐਸ ਐਸ ਨਾਲ ਵਫਾਦਾਰੀ ਨੂੰ ਕੌਂਮ ਦਾ ਨੁਕਸਾਨ ਕਰਕੇ ਵੀ ਨਿਭਾਉਣਾ ਚਾਹੁੰਦੇ ਹਨ।ਬੀਤੇ ਦਿਨੀ ਜਦੋਂ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਵਿੱਚ ਵਿੱਚ ਚੱਲੀ ਤਕਰਾਰਾਵਾਜੀ ਤੋ ਬਾਅਦ ਤਿੜਕਦੇ ਰਿਸਤਿਆਂ ਦੀ ਚਰਚਾ ਛਿੜੀ ਸੀ,ਤਾਂ ਉਸਤੋ ਬੇਹੱਦ ਉਦਾਸ ਹੋਏ ਸ੍ਰ ਪ੍ਰਕਾਸ ਸਿੰਘ ਬਾਦਲ ਵੱਲੋਂ ਅਪਣੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਇਹ ਤਰਲਾ ਕਰਨਾ ਕਿ ਮੇਰੇ ਜਿਉਂਦੇ ਜੀਅ ਭਾਜਪਾ ਨਾਲ ਸਾਂਝ ਨਾ ਤੋੜੀ ਜਾਵੇ,ਉਹਨਾਂ ਦੀ ਨਾਗਪੁਰ ਭਗਤੀ ਦਾ ਮੂੰਹ ਬੋਲਿਆ ਸਬੂਤ ਹੈ।ਹੁਣ ਜਦੋ ਭਾਰਤ ਸਰਕਾਰ ਪਾਕਿਸਤਾਨ ਤੋ ਇਹ ਵੀਹ ਡਾਲਰਾਂ ਵਾਲੀ ਸਰਤ ਨੂੰ ਰੱਦ ਕਰਵਾਉਣ ਦੀ ਜਾਣਬੁੱਝ ਕੇ ਜਿੱਦ ਕਰ ਰਹੀ ਹੈ,ਤਾਂ ਘੱਟੋ ਘੱਟ ਉਸ ਤੋ ਪਹਿਲਾਂ ਅਪਣੀ ਪੀਹੜੀ ਹੇਠ ਵੀ ਸੋਟਾ ਜਰੂਰ ਫੇਰਨਾ ਬਣਦਾ ਹੈ।ਪਾਕਸਤਾਨ ਤੋ ਇਹ ਸ਼ਰਤ ਹਟਾਉਣ ਦੀ ਮੰਗ ਕਰਨ ਤੋ ਪਹਿਲਾਂ ਕੀ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿੱਚ ਸੁਲਤਾਨਪੁਰ ਲੋਧੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਕੇਂਦਰ ਸਰਕਾਰ ਟੋਲ ਪਲਾਜੇ ਮੁਆਫ ਕਰੇਗੀ ? ਜੇ ਕੇਂਦਰ ਆਪ ਟੋਲ ਪਲਾਜਿਆਂ ਦੀ ਫੀਸ ਮੁਆਫ ਨਹੀ ਕਰ ਸਕਦਾ,ਫਿਰ ਉਹਨਾਂ ਨੂੰ ਪਾਕਸਤਾਨ ਵੱਲੋਂ ਮਹਿਜ ਟੋਲ ਪਲਾਜਿਆਂ ਦੇ ਖਰਚ ਦੇ ਬਰਾਬਰ ਦੀ ਰੱਖੀ ਫੀਸ ਤੇ ਇਹ ਬਗੈਰ ਮਤਲਬ ਦਾ ਬਿਖੇੜਾ ਖੜਾ ਕਰਨ ਤੋਂ ਪਹਿਲਾਂ ਜਰੂਰ ਸੋਚਣਾ ਬਣਦਾ ਹੈ।ਓਧਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਸਲਾਹ ਤੇ ਗੌਰ ਕਰਨੀ ਬਣਦੀ ਹੈ ਕਿ ਉਹ ਅਕਾਲੀ ਦਲ ਬਾਦਲ ਦੀ ਪਿਛਲੱਗ ਬਣਕੇ ਕੇਂਦਰ ਦੇ ਹੱਕ ਵਿੱਚ ਭੁਗਤਣ ਦੀ ਬਜਾਏ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ ਤੇ ਸਿੱਖ ਸੰਗਤਾਂ ਦੀ ਇਹ ਫੀਸ ਦਾ ਪਰਬੰਧ ਕਰਕੇ ਕੌਂਮ ਦੀ ਨੁਮਾਂਇੰਦਾ ਸੰਸ਼ਥਾ ਹੋਣ ਦਾ ਫਰਜ ਅਦਾ ਕਰੇ।

ਬਘੇਲ ਸਿੰਘ ਧਾਲੀਵਾਲ
99142-58142

ਕਿੱਧਰ ਨੂੰ ਜਾ ਰਹੀ ਹੈ ਸਿੱਖ ਰਾਜਨੀਤੀ - ਬਘੇਲ ਸਿੰਘ ਧਾਲੀਵਾਲ

ਦੇਸ਼ ਦੀ ਅਜਾਦੀ ਦੇ ਸਮੇ ਤੋ ਹੀ ਸਿੱਖ ਰਾਜਨੀਤੀ ਕੇਂਦਰ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੁੰਦੀ ਆ ਰਹੀ ਹੈ।ਕਦੇ ਕਾਂਗਰਸ,ਕਦੇ ਜਨਸੰਘ ਤੇ ਕਦੇ ਭਾਰਤੀ ਜਨਤਾ ਪਾਰਟੀ ਦੀ ਸੋਚ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਜਵਾਹਰ ਲਾਲ ਨਹਿਰੂ ਤੋ ਲੈ ਕੇ ਨਰੇਂਦਰ ਮੋਦੀ ਤੱਕ ਅਤੇ ਮਹਾਤਮਾ ਗਾਂਧੀ ਤੋਂ ਲੈ ਕੇ ਮੋਹਨ ਭਾਗਵਤ ਤੱਕ ਸਿੱਖ ਆਗੂਆਂ ਨੂੰ ਅਪਣੇ ਛਲਾਵੇ ਦਾ ਸ਼ਿਕਾਰ ਬਣਾਉਦੇ ਆ ਰਹੇ ਹਨ।ਸਿੱਖ ਆਗੂਆਂ ਦੀ ਗੁਲਾਮ ਮਾਨਸਿਕਤਾ ਦਾ ਕਾਰਨ ਉਹਨਾਂ ਦੇ ਵੱਡੇ ਕਾਰੋਬਾਰ ਸਨ,ਜਿੰਨਾਂ ਦੇ ਪਾਸਾਰੇ ਖਾਤਰ ਉਹ ਕੌਂਮੀ ਹਿਤਾਂ ਨੂੰ ਅਣਗੌਲਿਆ ਕਰਦੇ ਰਹੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਕੇਂਦਰ ਵਿੱਚ ਰਾਜ ਕਰਨ ਵਾਲੇ ਜਾਂ ਰਾਜ ਭਾਗ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਪੰਜਾਬ ਪ੍ਰਤੀ ਨਜਰੀਆ ਹਮੇਸਾਂ ਮੰਦਭਾਵਨਾ ਵਾਲਾ ਹੀ ਰਿਹਾ ਹੈ,ਜਿਸ ਕਰਕੇ ਪੰਜਾਬ ਇੱਕ ਤੋ ਬਾਅਦ ਇੱਕ ਹੋਰ ਵਧੀਕੀਆਂ ਦਾ ਸਿਕਾਰ ਹੁੰਦਾ ਗਿਆ।ਜੇ ਦੇਸ਼ ਵੰਡ ਵੇਲੇ ਦੀ ਗੱਲ ਕਰੀਏ ਤਾਂ ਸਭ ਤੋ ਵੱਡਾ ਨੁਕਸਾਨ ਪੰਜਾਬ ਨੇ ਹੀ ਝੱਲਿਆ,ਜਿਸ ਨੇ ਜਿੱਥੇ ਅਪਣੇ ਦੋ ਟੋਟੇ ਕਰਵਾਏ,ਓਥੇ ਦਸ ਲੱਖ ਤੋ ਵੱਧ ਲੋਕ ਸਿਆਸੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਦੰਗਿਆਂ ਵਿੱਚ ਮਾਰੇ ਗਏ,ਘਰ ਘਾਟ ਤਬਾਹ ਹੋ ਗਏ।ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਇੱਕੋ ਰਾਤ ਵਿੱਚ ਬੇਘਰ ਅਤੇ ਨਥਾਵੇਂ ਹੋ ਗਏ।ਉਸ ਉਜਾੜੇ ਨੇ ਪੰਜਾਬ ਦੀ ਆਤਮਾ ਬੁਰੀ ਤਰਾਂ ਬਲੂੰਧਰ ਕੇ ਰੱਖ ਦਿੱਤੀ।ਫਿਰ ਦੇਸ਼ ਵੰਡ ਤੋ ਬਾਅਦ ਜੋ ਕੁੱਝ ਪੰਜਾਬ ਨਾਲ ਹੋਇਆ,ਉਸ ਨੇ ਪਹਿਲਾਂ ਤੋ ਵੀ ਜਿਆਦਾ ਦਰਦ ਅਤੇ ਗਹਿਰੇ ਜਖਮ ਦਿੱਤੇ ਹਨ।ਸਭ ਤੋ ਪਹਿਲਾਂ ਪੰਜਾਬੀ ਸੂਬੇ ਦੇ ਨਾਮ ਤੋ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ  ਪੰਜਾਬ ਤੋ ਜਾਣਬੁੱਝ ਕੇ ਬਾਹਰ ਰੱਖੇ ਗਏ,ਤਾਂ ਕਿ ਪਹਿਲਾਂ ਹੀ ਲੰਗੜੇ ਹੋ ਚੁੱਕੇ ਪੰਜਾਬ ਨੂੰ ਬਿਲਕੁਲ ਹੀ ਸਾਹ ਸਤਹੀਣ ਕੀਤਾ ਜਾ ਸਕੇ।ਪੰਜਾਬ ਦੇ ਪਾਣੀਆਂ ਦੀ ਧੱਕੇਸ਼ਾਹੀ ਨਾਲ ਕੀਤੀ ਕਾਣੀਵੰਡ,ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਦੀ ਲੁੱਟ ਕਰਕੇ,ਪੰਜਾਬ ਵਿੱਚ ਕੋਇਲੇ ਨਾਲ ਚੱਲਣ ਵਾਲੇ ਥਰਮਲ ਲਾਉਣਾ,ਲੁੱਟੇ ਪੁੱਟੇ ਪੰਜਾਬ ਨੂੰ ਹੋਰ ਆਰਥਿਕ ਕੰਗਾਲੀ ਵੱਲ ਧੱਕਣ ਦੀਆਂ ਸਾਜਿਸ਼ਾਂ ਇਕੱਲੇ ਕੇਂਦਰ ਨੇ ਨਹੀ ਬਣਾਈਆਂ,ਸਗੋਂ ਪੰਜਾਬ ਦੇ ਸਿਆਸੀ ਆਗੂ ਅਪਣੇ ਸੌੜੇ ਸਿਆਸੀ ਹਿਤਾਂ ਖਾਤਰ ਪੰਜਾਬ ਦੀ ਬਰਬਾਦੀ ਤੇ ਖੁਦ ਦਸਤਖਤ ਕਰਕੇ ਬਦਲੇ ਵਿੱਚ ਕੇਂਦਰ ਤੋਂ ਨਿੱਜੀ ਲਾਭ ਲੈਂਦੇ ਰਹੇ ਹਨ,ਉਹ ਭਾਵੇਂ ਰਾਜਭਾਗ ਦੇ ਰੂਪ ਵਿੱਚ ਹੋਣ ਜਾਂ ਫਿਰ ਜਾਇਦਾਦ ਜਾਂ ਕਿਸੇ ਹੋਰ ਰੂਪ ਵਿੱਚ ਹੋਣ।ਪੰਜਾਬ ਦਾ ਦੁਖਾਂਤ ਹੈ ਕਿ ਇੱਥੋ ਦੀ ਕੋਈ ਵੀ ਸਿਆਸੀ ਧਿਰ ਅਪਣੇ ਲੋਕਾਂ ਦੀ ਹੋਕੇ ਨਹੀ ਚੱਲ ਸਕੀ।ਕਾਮਰੇਡ,ਕਾਂਗਰਸੀ ਜਾਂ ਹੋਰ ਪਾਰਟੀਆਂ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ,ਜਦੋ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ ਹੀ ਕੇਂਦਰ ਕੋਲ ਵਿਕੀ ਹੋਈ ਹੈ।ਅਕਾਲੀ ਦਲ ਦੇ ਕਿਸੇ ਇੱਕ ਲੀਡਰ ਦੀ ਗੱਲ ਨਹੀ,ਬਲਕਿ ਅਜਿਹੇ ਬਹੁਤ ਸਾਰੇ ਅਕਾਲੀ ਆਗੂ ਹਨ,ਜਿਹੜੇ ਕੇਂਦਰ ਨਾਲ ਕਿਤੇ ਨਾ ਕਿਤੇ ਜੱਫੀਆਂ ਪਾ ਹੀ ਚੁੱਕੇ ਹਨ,ਪ੍ਰੰਤੂ  ਸਹੀ ਸਮੇ ਦੀ ਉਡੀਕ ਵਿੱਚ ਹਨ।ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਬਾਦਲ ਪਰਿਵਾਰ ਦੀ ਸਿਆਸੀ ਹਾਲਤ ਪਤਲੀ ਪੈ ਜਾਣ ਕਰਕੇ ਕਾਫੀ ਕਮਜੋਰ ਹੁੰਦੀ ਦਿਖਾਈ ਦੇ ਰਹੀ ਹੈ।ਭਾਰਤੀ ਜਨਤਾ ਪਾਰਟੀ,ਜਿਹੜੀ ਅਕਾਲੀ ਦਲ ਦੀ ਪੌੜੀ ਵਰਤਕੇ ਹੁਣ ਅਪਣੇ ਆਪ ਨੂੰ ਬਿਲਕੁਲ ਉਪਰ ਵਾਲੇ ਡੰਡੇ ਤੇ ਸਮਝ ਰਹੀ ਹੈ,ਨੇ ਪੰਜਾਬ ਅੰਦਰ ਅਪਣਾ ਮਜਬੂਤ ਅਧਾਰ ਬਨਾਉਣ ਲਈ ਸਰਗਰਮੀਆਂ ਤੇਜ ਕਰ ਦਿੱਤੀਆਂ ਹੋਈਆਂ ਹਨ,ਇਹਦੇ ਲਈ ਉਹਨਾਂ ਨੂੰ ਅਜਿਹੇ ਸਿੱਖ ਚਿਹਰੇ ਦੀ ਜਰੂਰਤ ਹੈ,ਜਿਹੜਾ ਬਾਦਲ ਦਾ ਬਦਲ ਬਨਣ ਦੇ ਸਮਰੱਥ ਹੋਵੇ।ਬੀਤੇ ਕੱਲ ਸਰੋਮਣੀ ਅਕਾਲੀ ਦਲ ਦੇ ਸੀਨੀਅਰ ਤੇ ਸਿਰਕੱਢ ਆਗੂ ਸ੍ਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਤੇ ਰਾਜ ਸ਼ਭਾ ਚ ਪਾਰਟੀ ਨੇਤਾ ਦੇ ਆਹੁਦੇ ਤੋ ਦਿੱਤੇ ਗਏ ਅਸਤੀਫੇ ਨੂੰ ਕੁੱਝ ਅਜਿਹੇ ਨਜਰੀਏ ਤੋ ਹੀ ਦੇਖਿਆ ਜਾ ਰਹਾ ਹੈ। ਸ੍ਰ ਢੀਡਸਾ ਦੀ ਭਾਜਪਾ ਨਾਲ ਸਾਂਝ ਵੀ ਕੋਈ ਨਵੀਂ ਨਹੀ ਹੈ,ਬਲਕਿ ਜਦੋ 1996 ਵਿੱਚ ਬਾਕਾਇਦਾ ਤੌਰ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਟੱਲ ਬਾਜਪਾਈ ਦੀ ਅਗਵਾਈ ਵਿੱਚ ਭਾਜਪਾ ਨਾਲ ਪੱਕਾ ਸਮਝੌਤਾ ਕੀਤਾ ਸੀ ਤਾਂ ਉਸ ਤੋ ਪਹਿਲਾਂ ਵੀ ਜੇ ਕਿਸੇ ਅਕਾਲੀ ਆਗੂ ਦੀ ਕੇਂਦਰ ਵਿੱਚ ਸਾਂਝ ਰੱਖੀ ਹੋਈ ਸੀ,ਉਹ ਸ੍ਰ ਸੁਖਦੇਵ ਸਿੰਘ ਢੀਂਡਸਾ ਹੀ ਸਨ,ਇਹ ਉਹਨਾਂ ਦੀ ਚਿਰੋਕਣੀ ਸਾਂਝ ਹੀ ਸੀ ਕਿ 1997 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ੍ਰੀ ਅਟੱਲ ਬਿਹਾਰੀ ਬਾਜਪਾਈ ਵਿਸ਼ੇਸ਼ ਤੌਰ ਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੁਨਾਮ ਪਹੁੰਚੇ ਸਨ।ਇਹ ਵੱਖਰੀ ਗੱਲ ਹੈ ਕਿ ਸ੍ਰ ਬਾਦਲ,ਸ੍ਰ ਢੀਂਡਸਾ ਤੋਂ ਅੱਗੇ ਨਿਕਲ ਗਏ।ਸ੍ਰ ਢੀਡਸਾ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਭੂਸ਼ਣ ਪੁਰਸ਼ਕਾਰ ਵੀ ਪੁਰਾਣੀ ਸਾਂਝ ਦਾ ਹੀ ਫਲ ਮਿਲਿਆ ਕਿਹਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਤੋ ਪਹਿਲਾਂ ਵੀ ਸ੍ਰ ਸੁਖਦੇਵ ਸਿੰਘ ਢੀਡਸਾ,ਮਨਜਿੰਦਰ ਸਿੰਘ ਸਿਰਸਾ ਅਤੇ ਤਰਲੋਚਨ ਸਿੰਘ ਦੀ ਤਿਕੜੀ ਭਾਜਪਾ ਹਾਈਕਮਾਂਡ ਦੇ ਲਗਾਤਾਰ ਸੰਪਰਕ ਵਿੱਚ ਰਹੀ,ਪ੍ਰੰਤੂ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਟਿਕਟ ਮਨਜੂਰ ਕਰ ਲੈਣ ਤੋ ਬਾਅਦ ਸ੍ਰ ਸੁਖਦੇਵ ਸਿੰਘ ਢੀਡਸਾ ਨੂੰ ਪੁੱਤਰ ਦੇ ਸਾਹਮਣੇ ਆਤਮ ਸਮੱਰਪਣ ਕਰਨਾ ਪਿਆ ਸੀ।ਏਸੇ ਤਰਾਂ ਬਲਵੰਤ ਸਿੰਘ ਰਾਮੂਵਾਲੀਆ ਵੀ ਅਕਾਲੀ ਦਲ ਦੀ ਪੌੜੀ ਤੋ ਦੀ ਹੁੰਦਾ ਹੋਇਆ ਕੇਂਦਰ ਦੇ ਕੋਠੇ ਤੱਕ ਪੁੱਜ ਗਿਆ।ਸੋ ਅਜਿਹੇ ਹੋਰ ਵੀ ਬਹੁਤ ਸਾਰੇ ਸਿੱਖ ਨੇਤਾ ਹਨ ਜਿਹੜੇ ਕੇਂਦਰ ਨਾਲ ਸਾਂਝ ਬਣਾ ਕੇ ਰੱਖਣ ਖਾਤਰ ਪੰਜਾਬ ਦੇ ਹਿਤਾਂ ਨੂੰ ਤਿਲਾਂਜਲੀ ਦਿੰਦੇ ਰਹੇ ਹਨ।ਏਸੇ ਤਰਾਂ ਹੁਣ ਜੇ ਗੱਲ ਪੰਥਕ ਧਿਰਾਂ ਦੀ ਕੀਤੀ ਜਾਵੇ,ਤਾਂ ਉਹਨਾਂ ਵਿੱਚ ਵੀ ਸਭ ਅੱਛਾ ਨਹੀ ਹੈ। ਪੰਥਕ ਧਿਰਾਂ ਦੀ ਅਪਣੀਆਂ ਹਮਖਿਆਲ ਧਿਰਾਂ ਨਾਲ ਵੀ ਏਕਤਾ ਨਹੀ ਹੁੰਦੀ ਹੈ,ਜਿਸ ਕਰਕੇ ਉਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੋ ਅੱਗੇ ਵਧਣ ਵਿੱਚ ਸਫਲ ਨਹੀ ਹੋ ਸਕੇ। ਇਹ ਵੀ ਸੱਚ ਹੈ ਕਿ ਪੰਥਕ ਆਗੂ ਇੱਕ ਦੂਸਰੇ ਤੇ ਦਿੱਲੀ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਵੀ ਲਾਉਂਦੇ ਰਹਿੰਦੇ ਹਨ।ਇਹੋ ਕਾਰਨ ਹੈ ਕਿ ਪੰਥਕ ਧਿਰਾਂ ਦੇ ਬਹੁਤ ਸਾਰੇ ਆਗੂਆਂ ਤੇ ਵੀ ਨਿੱਜੀ ਲਾਭ ਲੈਣ ਖਾਤਰ ਦਿੱਲੀ ਨਾਲ ਨੇੜਤਾ ਰੱਖਣ ਦੇ ਦੋਸ਼ ਲੱਗ ਰਹੇ ਹਨ।ਪਿਛਲੇ ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲੱਗਿਆ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੰਕੇਤ ਦੇਕੇ ਹੀ ਸਮਾਪਤ ਹੋਇਆ ਸੀ।ਸੋ ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਸਿੱਖ ਰਾਜਨੀਤੀ ਕਦੇ ਵੀ ਅਪਣੇ ਲੋਕਾਂ ਦੀ ਅਵਾਜ ਬਣਕੇ ਨੁਮਾਇੰਦਗੀ ਨਹੀ ਕਰ ਸਕੀ,ਇਸ ਲਈ ਪੰਜਾਬ,ਪੰਜਾਬੀਅਤ ਅਤੇ ਪੰਥਪ੍ਰਸਤ ਲੋਕਾਂ ਦੀ ਇਹ ਚਿੰਤਾ,ਕਿ ਸਿੱਖ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ,ਤੇ ਵੀ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ।

ਬਘੇਲ ਸਿੰਘ ਧਾਲੀਵਾਲ
99142-58142

550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ - ਬਘੇਲ ਸਿੰਘ ਧਾਲੀਵਾਲ

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਪੰਜ ਸੌ ਪੰਜਾਹ ਸਾਲਾ ਅਰਧ ਸਤਾਬਦੀ ਸਮਾਗਮਾਂ ਨੂੰ ਜੇਕਰ ਪਿਛਲੀਆਂ ਸਤਾਬਦੀਆਂ ਨਾਲ ਮੇਲ਼ ਕੇ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸਿੱਖ ਸੰਗਤਾਂ ਵਿੱਚ ਕਿਤੇ ਜਿਆਦਾ ਜਾਗਰੂਕਤਾ ਆਈ ਹੈ।ਗੁਰੂ ਦੇ ਦਿਹਾੜੇ ਮਨਾਉਣ ਲਈ ਉਤਸਾਹ ਤਾਂ ਸਿੱਖ ਸੰਗਤਾਂ ਵਿੱਚ ਹਮੇਸਾਂ ਹੀ ਰਿਹਾ ਹੈ,ਪਰ ਜਾਗਰੂਕਤਾ ਤੋ ਬਿਨਾ ਪਹਿਲੀਆਂ ਸਤਾਬਦੀਆਂ ਮੌਕੇ ਸਿੱਖ ਕੋਈ ਖਾਸ ਪਰਾਪਤੀਆਂ ਨਹੀ ਕਰ ਸਕੇ,ਇਸ ਦਾ ਕਾਰਨ ਜਿੱਥੇ ਸਿੱਖਾਂ ਵਿੱਚ ਜਾਗਰੂਕਤਾ ਦੀ ਘਾਟ ਸਮਝੀ ਜਾਂਦੀ ਹੈ,ਓਥੇ ਕੌਂਮ ਦੇ ਆਗੂਆਂ ਦਾ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣਾ ਵੀ ਮੁੱਖ ਕਾਰਨ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ 550 ਸਾਲਾ ਅਰਧ ਸਤਾਬਦੀ ਨੂੰ ਮਨਾਉਣ ਲਈ ਇਸ ਵਾਰ ਤਿੰਨ ਪਰਮੁੱਖ ਧਿਰਾਂ ਵੱਖ ਵੱਖ ਤੌਰ ਤੇ ਯਤਨਸ਼ੀਲ ਹਨ।ਪਹਿਲੀ ਧਿਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ,ਜਿਸ ਦੀ ਜੁੰਮੇਵਾਰੀ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ,ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਅਤੇ ਸਿੱਖੀ ਦੇ ਪਰਚਾਰ ਪਾਸਾਰ ਦੀ ਬਣਦੀ ਹੈ,ਪਰੰਤੂ ਸਿੱਖ ਕੌਂਮ ਦੀ ਇਹ ਸਿਰਮੌਰ ਸੰਸਥਾ ਤੇ ਲੰਮੇ ਸਮੇ ਤੋਂ ਉਹ ਹੀ ਲੋਕ ਕਾਬਜ ਹਨ,ਜਿਹੜੇ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੇ ਖਿਲਾਉਣੇ ਬਣਕੇ ਸਿੱਖ,ਸਿੱਖੀ ਅਤੇ ਸਿੱਖੀ ਸਿਧਾਤਾਂ ਨੂੰ ਤਹਿਸ ਨਹਿਸ ਕਰਨ ਲੱਗੇ ਹੋਏ ਹਨ।ਇਹ ਬੜੇ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿਰਫ ਨਾਮ ਦੀ ਸਿਰਮੌਰ ਸੰਸਥਾ ਰਹਿ ਗਈ ਹੈ,ਉਹਦੀ ਸਭ ਤੋ ਵੱਡੀ ਜੁੰਮੇਵਾਰੀ ਸਿੱਖੀ ਸਿਧਾਤਾਂ ਨੂੰ ਸਾਂਭਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਮਰਿਯਾਦਾ ਨੂੰ ਲਾਗੂ ਕਰਨ ਦੀ ਬਣਦੀ ਸੀ,ਉਹ ਸੰਸਥਾ ਤੇ ਕਾਬਜ ਲੋਕਾਂ ਨੇ ਖੁਦ ਮਰਿਯਾਦਾ ਅਤੇ ਸਿਧਾਂਤਾਂ ਦਾ ਸਭ ਤੋ ਵੱਧ ਨੁਕਸਾਨ ਕੀਤਾ ਹੈ।ਇਹ ਗੱਲ ਪਹਿਲਾਂ ਵੀ ਬਹੁਤ ਵਾਰ ਲਿਖੀ ਜਾ ਚੁੱਕੀ ਹੈ ਕਿ ਕਿਸੇ ਵੀ ਇਤਹਾਸਿਕ ਗੁਰਦੁਆਰਾ ਸਾਹਿਬ ਅੰਦਰ ਕਿਧਰੇ ਵੀ ਗੁਰੂ ਦੀ ਸਿੱਖਿਆ ਤੇ ਪਹਿਰਾ ਨਹੀ ਦਿੱਤਾ ਜਾ ਰਿਹਾ,ਬਲਕਿ ਜਿਆਦਾਤਰ ਗੁਰਦੁਆਰਿਆਂ ਅੰਦਰ ਮਨਮੱਤਾਂ ਦਾ ਬੋਲਬਾਲਾ ਹੈ,ਕਰਮਕਾਂਡ ਹੋ ਰਹੇ ਹਨ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਹ ਅਵੱਗਿਆਵਾਂ ਕਰਵਾਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਦੀ ਹੈ।ਤਖਤ ਸਹਿਬਾਨਾਂ ਦੇ ਜਥੇਦਾਰ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਹਰ ਗਲਤ ਕਾਰਵਾਈ ਤੇ ਸਹੀ ਪਾ ਪਾ ਕੇ ਅਪਣੇ ਰੁਤਬਿਆਂ ਨੂੰ ਵੱਡੀ ਢਾਹ ਲਾ ਚੁੱਕੇ ਹਨ,ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਵੀ ਹੁਕਮ ਮੰਨਣ ਤੋ ਕੌਮ ਇਨਕਾਰੀ ਹੋ ਚੁੱਕੀ ਹੈ।ਅਜਿਹੇ ਹਾਲਾਤਾਂ ਦੇ ਮੱਦੇਨਜਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਾਬਦੀ ਸਮਾਗਮਾਂ ਨੂੰ ਮਨਾਉਣਾ ਕਿੰਨਾ ਕੁ ਸਾਰਥਿਕ ਨਤੀਜੇ ਦੇ ਸਕਦਾ ਹੈ,ਇਹ ਉਹਨਾਂ ਵੱਲੋਂ ਅਕਾਲੀ ਦਲ ਬਾਦਲ ਦੇ ਇਸਾਰਿਆਂ ਤੇ ਸਮਾਗਮਾਂ ਨੂੰ ਸਿੱਖ ਵਿਰੋਧੀ ਤਾਕਤਾਂ ਮੁਤਾਬਿਕ ਢਾਲਣ ਅਤੇ ਕੇਂਦਰੀ ਹਾਕਮਾਂ ਦੀ ਸਮਾਗਮਾਂ ਚ ਸਿਰਕਤ ਨੂੰ ਯਕੀਨੀ ਬਨਾਉਣ ਦੇ ਕੀਤੇ ਜਾ ਰਹੇ ਯਤਨਾਂ ਤੋ ਦੇਖਿਆ ਜਾ ਸਕਦਾ ਹੈ।ਇਸ ਮੌਕੇ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ, ਸਿੱਖੀ ਨੂੰ ਪਰਫੁੱਲਤ ਕਰਨ ਅਤੇ ਕੌਂਮ ਨੂੰ ਇੱਕ ਮੰਚ ਤੇ ਇਕੱਤਰ ਕਰਨ ਦੇ ਯਤਨ ਕਰਨ ਦੀ ਵਜਾਏ,ਪੂਰੀ ਤਨਦੇਹੀ ਨਾਲ ਇਹ ਯਤਨ ਕਰ ਰਹੀ ਹੈ ਕਿ ਇਹਨਾਂ ਸਮਾਗਮਾਂ ਤੋ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਕਿਵੇਂ ਦਿਵਾਇਆ ਜਾ ਸਕਦਾ ਹੈ।ਪੰਜਾਬ ਸਰਕਾਰ ਇਹ ਸਤਾਬਦੀ ਨੂੰ ਸਰੋਮਣੀ ਕਮੇਟੀ ਨਾਲ ਮਿਲਕੇ ਮਨਾਉਣਾ ਚਾਹੁੰਦੀ ਸੀ,ਪਰ ਦੋਹਾਂ ਧਿਰਾਂ ਦੀ ਸਿਆਸੀ ਲਾਹਾ ਲੈਣ ਦੀ ਖਿੱਚੋਤਾਣ ਕਾਰਨ ਇਹ ਸਮਾਗਮਾਂ ਨੂੰ ਇਕੱਠੇ ਮਨਾਉਣ ਦਾ ਪਰੋਗਰਾਮ ਸਿਰੇ ਨਾ ਚੜ ਸਕਿਆ।ਪਿਛਲੇ ਦਿਨੀ ਸਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਇਹਨਾਂ ਸਮਾਗਮਾਂ ਤੋਂ ਲਾਂਭੇ ਕਰ ਦਿੱਤਾ ਹੈ।ਇੱਥੇ ਹੀ ਬੱਸ ਨਹੀ ਸਰੋਮਣੀ ਕਮੇਟੀ ਨੇ ਜਿਹੜੇ ਗੁਰੂ ਸਾਹਿਬ ਦਾ ਸਤਾਬਦੀ ਪ੍ਰਕਾਸ਼ ਪੁਰਬ ਮਨਾਉਣ ਲਈ ਪੱਬਾਂ ਭਾਰ ਹਈ ਫਿਰਦੀ ਹੈ,ਉਹਨਾਂ ਨੇ ਉਹ ਹੀ ਗਰੂ ਨਾਨਕ ਸਾਹਿਬ ਦੀ ਅਣਸ ਬੰਸ ਦੀ ਸਤਾਰਵੀ  ਪੀਹੜੀ ਚੋਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਸੱਦਾ ਪੱਤਰ ਦੇਣਾ ਵੀ ਮਨਾਸਿਬ ਨਹੀ ਸਮਝਿਆ,ਜਦੋ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੈ।ਇਹਨਾਂ ਕੇਂਦਰੀ ਆਗੂਆਂ ਨੂੰ ਖੁਸ਼ ਕਰਨ ਖਾਤਰ ਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਸਮਾਗਮਾਂ ਦੀ ਤਿਆਰੀ ਵਾਸਤੇ ਹੀ ਦਿੱਤੇ ਗਏ ਟੈਂਡਰ ਤੇ ਗੁਰੂ ਕੀ ਗੋਲਕ ਦੇ 10 ਕਰੋੜ ਰੁਪਏ ਖਰਚ ਕਰ ਦਿੱਤੇ ਹਨ,ਜਦੋਕਿ ਹੋਣਾ ਇਹ ਚਾਹੀਦਾ ਸੀ ਕਿ ਇਸ ਵਾਰ ਕੌਂਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਆਰਥਕ ਮੰਦਹਾਲੀ ਦੇ ਚੱਲਦਿਆਂ ਸਮੁੱਚੀਆਂ ਨਾਨਕ ਨਾਮਲੇਵਾ ਸਿਖ ਸੰਗਤਾਂ ਨੂੰ ਨਾਲ ਲੈਕੇ ਸਮਾਗਮ ਸਾਦੇ ਰੂਪ ਚ ਮਨਾ ਕੇ ਗੁਰੂ ਵੱਲੋਂ ਦਿੱਤੀ ਮੱਤ ਤੇ ਅਮਲ ਕੀਤਾ ਜਾਂਦਾ।ਗੁਰੂ ਕੀ ਗੋਲਕ ਗਰੀਬ ਦਾ ਮੂੰਹ ਵਾਲੇ ਗੁਰੂ ਦੇ ਕਥਨ ਤੇ ਪਹਿਰਾ ਦਿੰਦੇ ਹੋਏ ਇਹ ਪੈਸਾ ਕੌਂਮ ਦੀ ਭਲਾਈ,ਸਿੱਖਿਆ ਅਤੇ ਸਿਹਤ ਸਹੂਲਤਾਂ ਤੇ ਖਰਚ ਕੀਤਾ ਜਾਂਦਾ,ਪ੍ਰੰਤੂ ਅਜਿਹਾ ਨਹੀ ਕੀਤਾ ਜਾਵੇਗਾ,ਕਿਉਕਿ ਜਿਹੜੀਆਂ ਤਾਕਤਾਂ ਦੇ ਹੱਥਾਂ ਵਿੱਚ ਸਰੋਮਣੀ ਕਮੇਟੀ ਦਾ ਨਿਯੰਤਰਣ ਹੈ ਉਹ ਅਜਿਹਾ ਹਰਗਿਜ ਵੀ ਪਸੰਦ ਨਹੀ ਕਰਦੀਆਂ।ਅਜਿਹੇ ਹਾਲਾਤਾਂ ਵਿੱਚ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਸਤਾਬਦੀ ਸਮਾਗਮ ਕਿਵੇਂ ਸਾਰਥਕ ਨਤੀਜੇ ਦੇ ਸਕਦੇ ਹਨ।ਦੂਜੀ ਧਿਰ ਪੰਜਾਬ ਸਰਕਾਰ ਹੈ,ਜਿਸਨੇ ਗੁਰੂ ਸਾਹਿਬ ਦੇ ਸਤਾਬਦੀ ਸਮਾਗਮ ਸਰੋਮਣੀ ਕਮੇਟੀ ਨਾਲ ਮਿਲ ਕੇ ਵੱਡੇ ਪੱਧਰ ਤੇ ਮਨਾਉਣ ਦਾ ਟੀਚਾ ਮਿਥਿਆ ਸੀ,ਪਰ ਐਨ ਮੌਕੇ ਤੇ ਸਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸਤਾਬਦੀ ਸਮਾਗਮ ਮਨਾਉਣ ਤੋ ਕੋਰਾ ਜਵਾਬ ਦੇ ਦਿੱਤਾ ਹੈ।ਤੀਜੀ ਪਰਮੁੱਖ ਧਿਰ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲੀ ਗੁਰਮਤਿ ਪ੍ਰਚਾਰਕ ਸੰਤ ਸਭਾ ਹੈ,ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਜਦੀਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਹੈ,ਜਿਹੜੇ ਅੱਠ ਨਵੰਬਰ ਤੋਂ 12 ਨਵੰਬਰ ਤੱਕ ਚੱਲਣਗੇ। ਗੁਰਮਤਿ ਪ੍ਰਚਾਰਕ ਸੰਤ ਸਭਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰੋਜਾਨਾ ਆਉਣ ਵਾਲੀਆਂ ਸੰਗਤਾਂ ਲਈ ਪੰਜ ਨਵੰਬਰ ਤੋ ਗੁਰੂ ਕੇ ਲੰਗਰ ਵੀ ਲਾਏ ਜਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਤਾਬਦੀ ਸਮਾਗਮਾਂ ਚੋ ਕੌਂਮ ਖੱਟਣ ਕੀ ਜਾ ਰਹੀ ਹੈ।ਜਿਵੇਂ ਉੱਪਰ ਲਿਖਿਆ ਵੀ ਜਾ ਚੁੱਕਾ ਹੈ ਕਿ ਹੁਣ ਕੌਂਮ ਅੰਦਰ ਜਾਗਰੂਕਤਾ ਦੀ ਕੋਈ ਕਮੀ ਨਹੀ ਹੈ,ਹਰ ਮਾਮਲੇ ਤੇ ਲੋਕ ਹੁਣ ਆਗੂਆਂ ਤੋ ਜਵਾਬ ਮੰਗਣ ਦੀ ਹਿੰਮਤ ਰੱਖਦੇ ਹਨ।ਇਸ ਵਾਰ ਸਤਾਬਦੀ ਸਮਾਗਮਾਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਣ ਵਾਲਿਆਂ ਨੂੰ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਪਵੇਗਾ ਕਿ ਜੇਕਰ ਇਹ ਸਤਾਬਦੀ ਵੀ ਪਿਛਲੀਆਂ ਸਤਾਬਦੀਆਂ ਦੀ ਤਰਾਂ ਸਿਆਸਤ ਦੀ ਭੇਟ ਚੜ੍ਹ ਗਈ,ਤਾਂ ਕੌਂਮ ਜਵਾਬ ਜਰੂਰ ਮੰਗੇਗੀ। ਗੁਰਮਤਿ ਪ੍ਰਚਾਰਕ ਸੰਤ ਸਭਾ ਨੂੰ ਵੀ ਇਹ ਧਿਆਨ ਰੱਖਣਾ ਪਵੇਗਾ ਕਿ ਇਹ ਸੰਤ ਸਭਾ ਮਹਿਜ ਸੰਤ ਬਾਬਿਆਂ ਅਤੇ ਬੁੱਧੀਜੀਵੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਜਥੇਬੰਦੀ ਹੀ ਨਹੀ,ਬਲਕਿ ਇਹ ਦੀ ਅਗਵਾਈ ਗੁਰੂ ਨਾਨਕ ਸਾਹਿਬ ਸਾਹਿਬ ਦੀ ਕੁਲ ਦੇ ਵਾਰਸ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਕੀਤੀ ਜਾ ਰਹੀ ਹੈ,ਜਿਸ ਦਾ ਪਹਿਲਾ ਉਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਿਆਸਤ ਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਕੌਂਮ ਨੂੰ ਦਰਪੇਸ ਸਮੱਸਿਆਵਾਂ ਜਿਵੇਂ ਗੁਰਦੁਆਰਾ ਪ੍ਰਬੰਧ ਵਿੱਚ ਆਏ ਨਿਘਾਰ ਦਾ ਨਿਵਾਰਣ ਕਰਨ ਲਈ ਪ੍ਰਬੰਧ ਸੱਚੇ ਸੁੱਚੇ ਗੁਰਸਿਖਾਂ ਦੇ ਹੱਥ ਦੇਣ ਦੇ ਸੁਹਿਰਦਤਾ ਨਾਲ ਯਤਨ ਕਰਨੇ,ਗੁਰਬਾਣੀ ਦਾ ਸੰਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਯੋਗ ਪ੍ਰਬੰਧ ਕਰਨੇ ਪੈਣਗੇ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਲੀ ਰੂਪ ਵਿੱਚ ਜਗਤ ਗੁਰੂ ਵਜੋਂ ਪਰਵਾਨ ਹੋਣ,ਸੋ ਅਜਿਹੇ ਕੌਂਮੀ ਕਾਰਜਾਂ ਲਈ ਜੇਕਰ ਠੋਸ ਪਰੋਗਰਾਮ ਉਲੀਕੇ ਜਾਣਗੇ,ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਪ੍ਰਕਾਸ਼ ਪੁਰਬ ਨੂੰ ਸਾਰਥਿਕ ਮੰਨਿਆ ਜਾਵੇਗਾ। ਉਪਰੋਕਤ ਦੇ ਮੱਦੇਨਜਰ ਇਹ ਸਪੱਸਟ ਹੈ ਕਿ ਇਹਨਾਂ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ ਦੋ ਧਿਰਾਂ ਪਰਮੁੱਖ ਰੂਪ ਚ ਸਾਹਮਣੇ ਹਨ,ਇੱਕ ਉਹ ਧਿਰ ਹੈ,ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮਲੀਆਮੇਟ ਕਰਨ ਵਾਲਿਆਂ ਨਾਲ ਸਾਂਝ ਰੱਖਦੀ ਹੈ ਅਤੇ ਦੂਜੀ ਧਿਰ ਉਹ ਹੈ,ਜਿਸ ਨੂੰ ਗੁ੍ਰੂ ਸਾਹਿਬ ਦੀ ਕੁਲ ਦੇ ਵਾਰਸ ਹੋਣ ਦਾ ਮਾਣ ਹਾਸਲ ਹੈ।ਇੱਕ ਪਾਸੇ ਬਾਬੇ ਕੇ ਹਨ ਤੇ ਦੂਜੇ ਪਾਸੇ ਬਾਬਰ ਕੇ ਧਰਮ ਦਾ ਮਖੌਟਾ ਪਾਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ,ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕੈਪਟਨ ਸਰਕਾਰ ਸਿੱਖ ਵਿਰੋਧੀ ਤਾਕਤਾਂ ਨਾਲ ਰਲਕੇ ਸਮਾਗਮ ਕਰਵਾਉਣ ਵਾਲਿਆਂ ਨਾਲ ਹੱਥ ਮਿਲਾ ਕੇ ਇੱਕ ਹੋਰ ਗੁਨਾਹ ਦਾ ਭਾਰ ਅਪਣੇ ਸਿਰ ਲਵੇਗੀ ਜਾਂ ਗੁਰੂ ਦੇ ਵਾਰਸਾਂ ਦਾ ਸਾਥ ਦੇ ਕੇ ਸੱਚੇ ਤੇ ਨਿਮਾਣੇ ਸਿੱਖ ਹੋਣ ਦਾ ਸਬੂਤ ਦੇਵੇਗੀ।ਚੰਗਾ ਹੋਵੇ ਜੇ ਕੈਪਟਨ ਸਰਕਾਰ ਸਮੁੱਚੇ ਰੂਪ ਚ ਸਿਆਸੀ ਲਾਭ ਲੈਣ ਦੀ ਲਾਲਸਾ ਦਾ ਤਿਆਗ ਕਰਕੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਤਾਬਦੀ ਸਮਾਗਮਾਂ ਵਿੱਚ ਸਹਿਯੋਗ ਦੇਵੇ।

ਬਘੇਲ ਸਿੰਘ ਧਾਲੀਵਾਲ
99142-58142

ਲੋਕ ਸਮੱਸਿਆ ਤੋ ਲਾਪ੍ਰਵਾਹ, ਹੈਂਕੜਵਾਜ ਉਦਯੋਗ ਪ੍ਰਬੰਧਕ ਦਾ ਪ੍ਰਤੀਕਰਮ ਚਿੰਤਾਜਨਕ, ਟਰਾਈਡੈਂਟ ਉਦਯੋਗ ਨੂੰ ਨਹੀ ਕੋਈ ਪ੍ਰਵਾਹ ਅਖਬਾਰੀ ਖਬਰਾਂ ਦੀ

ਗੰਧਲੇ ਸਿਸਟਮ ਵਿੱਚ ਸੱਚਮੁੱਚ ਹੀ ਖਬਰਾਂ ਬੇਅਸਰ, ਲੋਕਾਂ ਦੀ ਲਾਮਬੰਦੀ ਹੀ ਮਸਲੇ ਦਾ ਸਹੀ ਹੱਲ

ਬਰਨਾਲਾ ਤੋਂ ਬਘੇਲ ਸਿੰਘ ਧਾਲੀਵਾਲ
99142-58142

ਪਿਛਲੇ ਦਿਨਾਂ ਚ ਟਰਾਈਡੈਂਟ ਉਦਯੋਗ ਵੱਲੋਂ ਬਰਨਾਲੇ ਦੀ ਸੈਕੜੇ ਏਕੜ ਜਰਖੇਜ਼ ਜਮੀਨ ਹਥਿਆ ਕੇ ਵੀ ਰੋਜਗਾਰ ਵਿੱਚ ਇਲਾਕੇ ਨੂੰ ਸਿਵਾਏ ਮਜਦੂਰੀ ਵਾਲੇ ਕੰਮਾਂ ਤੋ ਹੋਰ ਅਹਿਮ ਨੌਕਰੀਆਂ ਵਿੱਚ ਨਜ਼ਰਅੰਦਾਜ਼ ਕਰਕੇ ਗੈਰ ਇਲਾਕਾਈ ਲੋਕਾਂ ਅਤੇ ਗੈਰ ਪੰਜਾਬੀਆਂ ਨੂੰ ਪਹਿਲ ਦੇਣ ਸਬੰਧੀ, ਸਰਕਾਰ ਦੀ ਮਦਦ ਨਾਲ ਖੰਡ ਮਿੱਲ ਲਾਉਣ ਦਾ ਲਾਰਾ ਲਾਕੇ ਧੋਖੇ ਨਾਲ ਕਿਸਾਨਾਂ ਦੀ ਸੈਕੜੇ ਏਕੜ ਜਮੀਨ ਹੜੱਪਣ ਸਬੰਧੀ, ਉਦਯੋਗਪਤੀ ਵੱਲੋਂ ਅਪਣੀ ਕੇਂਦਰ ਤੱਕ ਪਹੁੰਚ ਦਾ ਪ੍ਰਭਾਵ ਵਰਤ ਕੇ ਨਿਯਮਾਂ ਦੀ ਉਲੰਘਣਾ ਕਰਕੇ ਸੂਬੇ ਦੇ ਯੋਜਨਾਬੋਰਡ  ਦੀ ਉੱਪ ਚੇਅਰਮੈਨੀ ਲੈਣ ਸਬੰਧੀ, ਟਰਾਈਡੈਂਟ ਉਦਯੋਗ ਦੀਆਂ ਅਪਣੇ ਨਿੱਜੀ ਲਾਭ ਲਈ ਸ਼ੁਰੂ ਕੀਤੀਆਂ ਲੋਕ ਮਾਰੂ ਗਤੀਵਿਧੀਆਂ ਅਤੇ ਬਰਨਾਲਾ ਤੇ ਧੌਲਾ ਉਦਯੋਗ ਦੇ ਨਾਲ ਲੱਗਦੇ ਸਰਕਾਰੀ ਥਾਂ ਤੇ ਕੀਤੇ ਨਜਾਇਜ ਕਬਜਿਆਂ ਸਬੰਧੀ ਸੱਚੀਆਂ ਖਬਰਾਂ ਪਰਮੁੱਖਤਾ ਨਾਲ ਲਗਾਤਾਰ ਛਪਦੀਆਂ ਰਹੀਆਂ ਹਨ,ਪਰ ਸਰਕਾਰ ਜਾਂ ਪ੍ਰਸ਼ਾਸ਼ਨ ਨੇ ਫਿਰ ਵੀ ਇਸ ਪਾਸੇ ਉੱਕਾ ਹੀ ਧਿਆਨ ਨਹੀ ਦਿੱਤਾ।ਇਸ ਤੋ ਸਿੱਧ ਹੁੰਦਾ ਹੈ ਕਿ ਹਕੂਮਤਾਂ ਕਦੇ ਵੀ ਆਮ ਲੋਕਾਂ ਦੀ ਜਾਨ ਮਾਲ਼ ਦੀ ਪ੍ਰਵਾਹ ਨਹੀ ਕਰਦੀਆਂ,ਜਦੋ ਕਿ ਸਾਰਾ ਧਿਆਨ ਸਰਮਾਏਦਾਰ ਜਮਾਤ ਦੇ ਹਿਤਾਂ ਦੀ ਰਾਖੀ ਤੇ ਕੇਂਦਰਿਤ ਰੱਖਦੀਆਂ ਹਨ, ਬੇਸ਼ੱਕ ਉਹਨਾਂ ਨੂੰ ਰਾਜਸੱਤਾ ਤੱਕ ਪਹੁੰਚਾਉਣ ਚ ਮੁੱਖ ਭੂਮਿਕਾ ਆਮ ਜਨਤਾ ਦੀ ਹੀ ਹੁੰਦੀ ਹੈ।ਨਾ ਹੀ ਟਰਾਈਡੈਂਟ ਦੇ ਨਜਾਇਜ ਕਬਜੇ ਹਟਾਏ ਗਏ ਹਨ ਅਤੇ ਨਾ ਹੀ ਜਹਿਰੀਲੇ ਪਾਣੀ ਦੀ ਰੋਕ ਥਾਮ ਹੀ ਕੀਤੀ ਗਈ, ਨਾਂ ਹੀ ਧੌਲਾ ਵਿਖੇ ਲੱਗਣ ਵਾਲੀ ਖੰਡ ਮਿੱਲ ਬਾਰੇ ਕੋਈ ਸਪੱਸਟੀਕਰਨ ਦਿੱਤਾ ਗਿਆ ਤੇ ਖੰਡ ਮਿੱਲ ਨਾ ਲੱਗਣ ਦੀ ਸੂਰਤ ਵਿੱਚ ਜਿਹੜੇ ਕਿਸਾਨਾਂ ਦੀ ਜਮੀਨ ਤੇ ਟਰਾਈਡੈਟ ਮਾਲਕ ਨੇ ਸਰਕਾਰ ਦੀ ਮਦਦ ਨਾਲ ਕਬਜੇ ਕੀਤੇ ਸਨ ਉਹਨਾਂ ਸਬੰਧਤ ਕਿਸਾਨਾਂ ਨੂੰ ਜਮੀਨ ਵਾਪਸ ਕਿਉਂ ਨਹੀ ਕੀਤੀ ? ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ, ਬਲਕਿ ਬੀਤੇ ਦਿਨੀ ਇਹ ਜਰੂਰ ਸੁਨਣ ਵਿੱਚ ਆਇਆ ਹੈ ਕਿ ਟਰਾਈਡੈਂਟ ਦਾ ਇੱਕ ਜੁੰਮੇਵਾਰ ਅਧਿਕਾਰੀ ਪਹਿਰੇਦਾਰ ਅਖਬਾਰ ਵੱਲੋਂ ਚੁੱਕੇ ਗਏ ਇਹਨਾਂ ਲੋਕ ਪੱਖੀ ਕਦਮਾਂ ਤੋ ਜਿੱਥੇ ਬਹੁਤ ਖਫਾ ਹੈ, ਓਥੇ ਉਹ ਇਹ ਕਹਿੰਦਾ ਵੀ ਸੁਣਿਆ ਗਿਆ ਕਿ ਅਜਿਹੀਆਂ ਖਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ, ਇਹ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ।ਉਕਤ ਅਧਿਕਾਰੀ ਵੱਲੋਂ ਅਜਿਹਾ ਲਾਪਰਵਾਹ ਤੇ ਹੈਂਕੜ ਭਰਿਆ ਪ੍ਰਤੀਕਰਮ ਸੁਣਕੇ ਇਹ ਸ਼ੱਕ ਯਕੀਨ ਵਿੱਚ ਬਦਲਣਾ ਸੁਭਾਵਿਕ ਹੈ ਕਿ ਸੱਚਮੁੱਚ ਹੀ ਅਜਿਹੀਆਂ ਖਬਰਾਂ ਇਹਨਾਂ ਲੋਕਾਂ ਦਾ ਓਨੀ ਦੇਰ ਕੁੱਝ ਵੀ ਨਹੀ ਬਿਗਾੜ ਸਕਣਗੀਆਂ, ਜਿੰਨੀ ਦੇਰ ਇਲਾਕੇ ਦੇ ਕਿਸਾਨ, ਮਜਦੂਰ ਅਤੇ ਉਹ ਸਮੁੱਚੇ ਲੋਕ ਇਕੱਠੇ ਹੋ ਕੇ ਇਸ ਉਦਯੋਗ ਦੀਆਂ ਮਨਮਾਨੀਆਂ ਦੇ ਖਿਲਾਫ ਕੋਈ ਫੈਸਲਾਕੁਨ ਸੰਘਰਸ਼ ਲੜਨ ਦਾ ਮਨ ਨਹੀ ਬਣਾਉਂਦੇ, ਜਿਹੜੇ ਇਸ ਉਦਯੋਗ ਤੋ ਕਿਸੇ ਨਾ ਕਸੇ ਰੂਪ ਵਿੱਚ ਪੀੜਤ ਹਨ।ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜਿਹੜੇ ਉਦਯੋਗਪਤੀ ਅਤੇ ਟਰਾਈਡੈਂਟ ਦਾ ਪ੍ਰਬੰਧ ਦੇਖ ਰਹੇ ਜੁੰਮੇਵਾਰ ਅਧਿਕਾਰੀ  ਖਬਰਾਂ ਦੀ ਪ੍ਰਵਾਹ ਨਾਂ ਕਰਨ ਦੀ ਗੱਲ ਕਰਦੇ ਹਨ,ਉਹਨਾਂ ਨੂੰ ਲੋਕ ਸੰਘਰਸ਼ ਗੋਡੇ ਟੇਕਣ ਲਈ ਮਜਬੂਰ ਕਰ ਦੇਵੇਗਾ।ਇਹ ਗੱਲ ਵੀ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜਿਹੜੀਆਂ ਖਬਰਾਂ ਦੀ ਪ੍ਰਵਾਹ ਨਾ ਕਰਨ ਦੀ ਗੱਲ ਟਰਾਈਡੈਂਟ ਵੱਲੋਂ ਕਹੀ ਜਾ ਰਹੀ ਹੈ, ਉਹ ਹੀ ਖਬਰਾਂ ਲੋਕ ਲਾਮਬੰਦੀ ਦਾ ਅਜਿਹਾ ਰਾਸਤਾ ਅਖਿਤਾਰ ਕਰ ਸਕਦੀਆਂ ਹਨ, ਜਿੰਨਾਂ ਦਾ ਅਹਿਸਾਸ ਸਾਇਦ ਟਰਾਈਡੈਂਟ ਮੈਨੇਜਮੈਟ ਨੂੰ ਨਹੀ ਹੈ।ਉਪਰੋਕਤ ਮਸਲੇ ਜਨਤਕ ਹੋ ਜਾਣ ਦੇ ਬਾਵਜੂਦ ਵੀ ਟਰਾਈਡੈਂਟ ਉਦਯੋਗ ਧੋਲਾ ਵੱਲੋ ਧਰਤੀ ਹੇਠ ਅਤੇ ਡਰੇਨ ਸਮੇਤ ਛੋਟੇ ਰਜਵਾਹਿਆਂ ਵਿੱਚ ਵੀ ਤੇਜਾਬੀ ਪਾਣੀ ਪਾ ਕੇ ਮਾਲਵੇ ਨੂੰ ਕੈਂਸਰ ਅਤੇ ਕਾਲੇ ਪੀਲੀਏ ਦਾ ਘਰ ਬਣਾਇਆ ਜਾ ਰਿਹਾ ਹੈ। ਡਰੇਨ ਅਤੇ ਧੋਲਾ ਫੈਕਟਰੀ ਦੇ ਆਲੇ ਦੁਆਲੇ ਦੇ 50 ਕਿਲੋਮੀਟਰ ਦੇ ਘੇਰੇ ਵਿਚਲੇ ਲੋਕਾਂ ਦੇ ਘਰ, ਘਰ ਭਿਆਨਕ ਬਿਮਾਰੀਆਂ ਨੇ ਆਣ ਦਸਤਕ ਦਿੱਤੀ ਹੈ। ਇਹ ਲੋਕ ਬਿਮਾਰੀਆਂ ਦੇ ਸ਼ਿਕਾਰ ਹੀ ਨਹੀ ਹੋਏ ਬਲਕਿ ਬਹੁਤ ਸਾਰੇ ਅਭਾਗੇ ਲੋਕ ਇਹਨਾਂ ਬਿਮਾਰੀਆਂ ਤੋ ਅਪਣੀ ਆਰਥਿਕਤਾ ਲੁਟਾ ਕੇ ਜਹਾਨ ਤੋ ਕੂਚ ਵੀ ਕਰ ਗਏ ਹਨ। ਕੁੱਝ ਸਮਾ ਪਹਿਲਾਂ ਇਸ ਗੰਭੀਰ ਮਾਮਲੇ ਸਬੰਧੀ ਇੱਕ ਸਮਾਜ ਸੇਵੀ ਸੰਸਥਾ  ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਚੇਅਰਮੈਨ ਨੂੰ ਇਕ ਖੁੱਲਾ ਪੱਤਰ ਲਿਖ ਕੇ ਉਦਯੋਗ ਦੀ ਸ਼ਿਕਾਇਤ ਵੀ ਭੇਜੀ ਸੀ ਕਿ ਟਰਾਈਡੈਂਟ ਉਦਯੋਗ ਧੋਲਾ ਜੋ ਅਪਣਾ ਲੱਖਾਂ ਲੀਟਰ ਤੇਜਾਬੀ ਪਾਣੀ ਡਰੇਨ ਵਿਚ ਪਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ, ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਕਰਯੋਗ ਹੈ ਕਿ  ਉਦਯੋਗ ਦਾ ਇੱਕ ਪਾਸੇ ਤੋ ਇੱਕ ਕਿਲੋਮੀਟਰ ਤੋ ਵੱਧ ਦਾ ਏਰੀਆ ਡਰੇਨ ਦੀ ਪਟੜੀ ਨਾਲ ਲਗਦਾ ਹੈ। ਜਿਸ ਕਰਕੇ ਉਦਯੋਗ ਦਾ ਤੇਜਾਬੀ ਅਤੇ ਗੰਧਲਾ ਪਾਣੀ ਡਰੇਨ ਵਿਚ ਸੁੱਟਣ ਲਈ ਕੋਈ ਮੁਸੱਕਤ ਵੀ ਨਹੀ ਕਰਨੀ ਪੈਂਦੀ, ਜਦੋਕਿ ਦੂਜੇ ਪਾਸੇ ਉਦਯੋਗ ਦਾ ਜਹਿਰੀਲਾ ਪਾਣੀ ਬਿਨਾਂ ਸੋਧੇ ਹੀ ਧਰਤੀ ਹੇਠ ਪਾਇਆ ਜਾ ਰਿਹਾ ਹੈ, ਜੋ ਆਲੇ ਦੁਆਲੇ ਦੀਆ ਫਸਲਾਂ ਅਤੇ ਲੋਕਾਂ ਲਈ ਕਹਿਰ ਬਣਿਆ ਹੋਇਆ ਹੈ। ਜਿਸ ਕਾਰਨ ਲੋਕ ਅਪਣੀ ਨਰਕ ਭਰੀ ਜਿੰਦਗੀ ਤੋ ਛੁਟਕਾਰਾ ਪਾਉਣ ਲਈ ਕਈ ਵਾਰ ਸਰਕਾਰੇ, ਦਰਬਾਰੇ ਅਰਜ ਕਰਦੇ ਹਨ ਪਰ ਉਦਯੋਗ ਦੇ ਸਿਰ ਉਪਰ ਸਰਕਾਰੀ ਹੱਥ ਹੋਣ ਕਰਕੇ ਲੋਕਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀ ਹੈ। ਡਰੇਨ ਵਿਚ ਤੇਜਾਬੀ ਪਾਣੀ ਛੱਡਣ ਦਾ ਪ੍ਰਭਾਵ ਮਨੁੱਖੀ ਸ਼ਰੀਰ ਉਪਰ ਹੀ ਨਹੀ ਬਲਕਿ ਬੇਜੁਬਾਨ ਜਾਨਵਰਾਂ ਉਪਰ ਵੀ ਪੈ ਰਿਹਾ ਹੈ, ਜਿਸ ਕਰਕੇ ਇਲਾਕੇ ਦੇ ਪਸ਼ੂ ਪਾਲਕਾਂ ਦੇ ਕੀਮਤੀ ਪਾਲਤੂ ਪਸ਼ੂ ਅਣਆਈ ਮੌਤ ਮਰ ਰਹੇ ਹਨ।ਜਿਕਰਯੋਗ ਇਹ ਵੀ ਹੈ ਕਿ ਉਦਯੋਗ ਦੇ ਮਾਲਿਕ ਵੱਲੋ ਕੇਂਦਰ ਵਿੱਚ ਬੈਠੇ ਅਪਣੇ ਆਕਾਵਾਂ ਦੇ ਪ੍ਰਭਾਵ ਦੀ ਵਰਤੋਂ ਕਰਕੇ ਸੂਬਾ ਸਰਕਾਰ ਅੰਦਰ ਯੋਜਨਾ ਬੋਰਡ ਦੀ ਉੱਪ ਚੇਅਰਮੈਨੀ ਦਾ ਅਹਿਮ ਬਕਾਰੀ ਆਹੁਦਾ ਹਥਿਆ ਲੈਣ ਤੋ ਬਾਅਦ ਕਿਸੇ ਪ੍ਰਦੂਸਨ ਕੰਟਰੋਲ ਬੋਰਡ ਜਾਂ ਟ੍ਰਿਬਿਊਨਲ ਦੀ ਹਿੰਮਤ ਹੀ ਨਹੀ ਪਈ ਕਿ ਉਹ ਉਦਯੋਗ ਖਿਲਾਫ ਕੋਈ ਕਾਰਵਾਈ ਕਰ ਸਕੇ।ਸੋ ਜਦੋ ਟਰਾਈਡੈਂਟ ਦਾ ਪ੍ਰਬੰਧਕ ਠੋਕ ਬਜਾ ਕੇ ਇਹ ਕਹਿ ਰਿਹਾ ਹੈ ਕਿ ਅਖਬਾਰਾਂ ਦੀਆਂ ਖਬਰਾਂ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ ਤਾਂ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਹੋਕੇ ਸੰਘਰਸ਼ ਵਿੱਢਣਾ ਹੋਵੇਗਾ,ਤਾਂਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਉਦਯੋਗ ਦੀਆਂ ਮਨਮਾਨੀਆਂ ਅਤੇ ਬੇਨਿਯਮੀਆਂ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਮਜਬੂਰ ਕੀਤਾ ਜਾ ਸਕੇ। 

ਮਾਨਵਤਾ ਪੱਖੀ ਸਿੱਖੀ ਸੋਚ ਦਾ ਨਾਮ ਹੈ ਖਾਲਸਾ ਏਡ - ਬਘੇਲ ਸਿੰਘ ਧਾਲੀਵਾਲ

ਨਹੀ ਭਾਉਂਦਾ ਵਿਰੋਧੀ ਤਾਕਤਾਂ ਨੂੰ ਗੁਰੂ ਆਸ਼ੇ ਵਾਲੀ ਇਸ ਸੋਚ ਦਾ ਪਸਾਰਾ

ਖਾਲਸਾ ਏਡ ਦੁਨੀਆਂ ਪੱਧਰ ਤੇ ਇੱਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ ਸਿੱਖੀ ਅਤੇ ਸਿੱਖੀ ਸਿਧਾਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿੱਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਚ ਜੇ ਕੋਈ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਆਉਂਦੀ ਹੈ,ਤਾਂ ਖਾਲਸਾ ਏਡ ਉਥੋਂ ਦੇ ਲੋਕਾਂ ਨੂੰ ਸਹਾਰਾ ਦੇਣ ਲਈ ਸਭ ਤੋ ਪਹਿਲਾਂ ਪਹੁੰਚ ਜਾਂਦੀ ਹੈ।ਭਾਂਵੇਂ ਵਰ੍ਹਦੀਆਂ ਗੋਲੀਆਂ ਹੋਣ ਜਾਂ ਹੜਾਂ ਦੀ ਮਾਰ ਹੋਵੇ ਖਾਲਸਾ ਏਡ ਨੇ ਬਗੈਰ ਕਿਸੇ ਡਰ ਭੈਅ ਤੋ ਅਤੇ ਬਗੈਰ ਕਿਸੇ ਨਸਲੀ ਭਿੰਨ ਭੇਦ ਤੋਂ ਉਥੇ ਪਹੁੰਚ ਕੇ ਬਿਪਤਾ ਦੀ ਮਾਰ ਝੱਲ ਰਹੀ ਲੋਕਾਈ ਨੂੰ ਸਾਂਭਿਆ ਹੈ।ਭਾਂਵੇਂ ਸੀਰੀਆ ਹੋਵੇ,ਜਾਂ ਬੰਗਲਾਦੇਸ, ਜਾਂ ਫਿਰ ਭਾਰਤ ਦੀ ਮਹਾਂ ਨਗਰੀ ਮੁੰਬਈ,ਜਾਂ ਕੇਰਲਾ ਹੋਵੇ,ਜਾਂ ਫਿਰ ਹਕੂਮਤੀ ਦਹਿਸਤਗਰਦੀ ਦਾ ਜਬਰ ਝੱਲ ਰਿਹਾ ਕਸ਼ਮੀਰ ਹੋਵੇ,ਇਹ ਸੰਸਥਾ ਰੱਬ ਬਣਕੇ ਆ ਬਹੁੜਦੀ ਹੈ।ਜਿੱਥੇ ਵੀ ਮਾਨਵਤਾ ਤੇ ਕੋਈ ਭੀੜ ਪਈ,ਇਸ ਸੰਸਥਾ ਨੇ ਅਪਣੇ ਫਰਜਾਂ ਤੇ ਡਟ ਕੇ ਪਹਿਰਾ ਦਿੱਤਾ ਹੈ,ਪਰੰਤੂ ਹੁਣ ਜਦੋ ਪੰਜਾਬ ਵਿੱਚ ਇਸ ਸੰਸਥਾ ਨੇ ਅਪਣੇ ਲੋਕਾਂ ਦੀ ਬਾਂਹ ਆਣ ਫੜੀ ਹੈ ਤਾਂ ਭਾਰਤ ਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਡਾਹਢੀ ਪੀੜ ਮਹਿਸੂਸ ਕੀਤੀ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਉਹ ਹੀ ਖਾਲਸਾ ਏਡ ਵਾਲਾ ਰਵੀ ਸਿੰਘ ਹੈ,ਜਿਸ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਰਵੀ ਸਿੰਘ ਨੂੰ ਭਾਰਤ ਦੇ ਬਹੁਤ ਵੱਡੇ ਪੁਰਸ਼ਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ,ਪ੍ਰੰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।ਸੋ ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ,ਜਦੋ ਰਵੀ ਸਿੰਘ ਨੂੰ ਇਹ ਦੱਸਣਾ ਪਿਆ ਹੈ ਕਿ ਉਹ ਭਾਰਤੀ ਨਹੀ ਹੈ।ਸੋ ਰਵੀ ਸਿੰਘ ਵੱਲੋਂ ਪੁਰਸ਼ਕਾਰ ਨਾ ਲੈਣ  ਲਈ ਦਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿੱਚ ਉਹਨਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿੱਤਾ ਸੀ,ਓਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਜਰੂਰ ਰੜਕਣ ਲੱਗ ਪਿਆ ਹੈ,ਪਰੰਤੂ ਉਹਦੇ ਵਿਸ਼ਵ ਪੱਧਰੀ ਉੱਚੇ ਕੱਦ ਅੱਗੇ ਅਜੇ ਤੱਕ ਕੇਂਦਰੀ ਹਕੂਮਤ ਬੇਬੱਸ ਜਾਪਦੀ ਹੈ।ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਖਾਲਸਾ ਏਡ ਨੇ ਕਦੇ ਵੀ ਨਸਲ ਦੇਖ ਕੇ ਕਿਸੇ ਦੀ ਮਦਦ ਨਹੀ ਕੀਤੀ,ਸਗੋਂ ਪੂਰੇ ਗੁਰੂ ਆਸ਼ੇ ਤੇ ਪਹਿਰਾ ਦਿੰਦਿਆਂ ਸਿਰਫ ਮਾਨਵਤਾ ਦੀ ਭਲਾਈ ਹੀ ਲੋਚੀ ਹੈ।ਇਹ ਵੀ ਕੇਹਾ ਇਤਫਾਕ ਹੈ ਕਿ ਕਸ਼ਮੀਰ ਅਤੇ ਪੰਜਾਬ ਦੇ ਹੜਾਂ ਦੀ ਸਮੱਸਿਆ ਤੋ ਪਹਿਲਾਂ ਜਿਹੜੀ ਖਾਲਸਾ ਏਡ ਵਰਗੀ ਵਿਸ਼ਵ ਪੱਧਰੀ ਸੰਸਥਾ ਦੇ ਸਾਰੇ ਪੰਜਾਬੀ ਅਤੇ ਭਾਰਤੀ ਸਿਫਤਾਂ ਕਰਦੇ ਨਹੀ ਸਨ ਥੱਕਦੇ,ਉਹਨਾਂ ਨੇ ਹੁਣ ਖਾਲਸਾ ਏਡ ਤੇ ਉਂਗਲਾਂ ਚੁੱਕਣੀਅਆ ਸੁਰੂ ਕਰ ਦਿੱਤੀਆਂ ਹਨ।ਇਹ ਸਾਰਾ ਕੁੱਝ ਕਸ਼ਮੀਰ ਅਤੇ ਪੰਜਾਬ ਵਿੱਚ ਖਾਲਸਾ ਏਡ ਦੇ ਜਿਕਰਯੋਗ ਕਾਰਜਾਂ ਤੋ ਬਾਅਦ ਸ਼ੁਰੂ ਹੋਇਆ ਹੈ।ਮਾਨਵ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਪੰਜਾਬ ਅਤੇ ਕਸ਼ਮੀਰ ਦੀ ਕੋਈ ਮਦਦ ਕਰਨ ਲਈ ਅੱਗੇ ਆਵੇ।ਜਦੋਂ ਤੋ ਪੰਜਾਬ ਅੰਦਰ ਹੜਾਂ ਮਾਰੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਖਾਲਸਾ ਏਡ ਨੇ ਜੁੰਮੇਵਾਰੀ ਨਾਲ ਉਹਨਾਂ ਪੀੜਤ ਲੋਕਾਂ ਦੇ ਮੁੜ ਵਸੇਵੇ ਦੀ ਜੁੰਮੇਵਾਰੀ ਅਪਣੇ ਮੋਢਿਆਂ ਤੇ ਲੈ ਲਈ ਹੈ,ਤਾਂ ਬਹੁਤ ਲੋਕਾਂ ਦੇ ਢਿੱਡੀ ਪੀੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।ਇਹਨਾਂ ਗੱਲਾਂ ਨੂੰ ਸਰਸਰੀ ਨਹੀ,ਬਲਕਿ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ,ਕਿਉਕਿ ਬਿਨਾ ਸ਼ੱਕ ਖਾਲਸਾ ਏਡ ਦਾ ਕੱਦ ਬੁੱਤ ਸਿੱਖਾਂ ਦੀਆਂ ਹੋਰ ਸੰਸਥਾਵਾਂ ਦੇ ਮੁਕਾਬਲੇ ਬਹੁਤ ਉੱਚਾ ਹੋ ਗਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਿਹੜੀ ਕਦੇ ਸਿੱੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਸੀ ,ਪਰੰਤੂ ਖਾਲਸਾ ਏਡ ਦੇ ਕਾਰਜਾਂ ਸਾਹਮਣੇ ਬੌਨੀ ਹੋਕੇ ਰਹਿ ਗਈ ਹੈ।ਇਸ ਸਮੇ ਬੱਚੇ ਬੱਚੇ ਦੀ ਜੁਬਾਨ ਤੇ ਖਾਲਸਾ ਏਡ ਦਾ ਨਾਮ ਹੈ।ਸਿੱਖ ਹਲਕਿਆਂ ਵਿੱਚ ਰਵੀ ਸਿੰਘ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਾਉਣ ਦੀ ਮੰਗ ਵੀ ਉੱਠਣ ਲਗੀ ਹੈ।ਵਿਦੇਸਾਂ ਵਿੱਚ ਬੈਠੇ ਸਿੱਖ ਉਹਨਾਂ ਦੀ ਦਿਲ ਖੋਲ ਕੇ ਮਦਦ ਕਰ ਰਹੇ ਹਨ।ਸੋ ਇਹਨਾਂ ਗੱਲਾਂ ਨੇ ਕੇਂਦਰੀ ਤਾਕਤਾਂ ਅਤੇ ਪੰਜਾਬ ਵਿੱਚ ਉਹਨਾਂ ਦੇ ਵਫਾਦਰਾਂ ਨੂੰ ਚਿੰਤਤ ਕੀਤਾ ਹੈ,ਜਿਸ ਕਰਕੇ ਪੰਜਾਬ ਅੰਦਰ ਅਪਣੇ  ਵਫਾਦਾਰਾਂ ਰਾਹੀ ਖਾਲਸਾ ਏਡ ਨੂੰ ਬਦਨਾਮ ਕਰਕੇ ਉਹਨਾਂ ਦੀ ਲੋਕ ਪ੍ਰਿਅਤਾ ਨੂੰ ਢਾਹ ਲਾਉਣ ਦੀਆਂ ਸਾਜਿਸ਼ਾਂ ਤੇਜ ਹੋ ਗਈਆਂ ਹਨ।ਖਾਲਸਾ ਏਡ ਪ੍ਰਤੀ ਆਮ ਸਿੱਖਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਚੰਡੀਗੜ ਤੋ ਛਪਦੇ ਪੰਜਾਬੀ ਦੇ ਅਖਬਾਰ ਨੇ ਇੱਕ ਵਾਰ ਫਿਰ ਸਿੱਖਾਂ ਦੀ ਇਸ ਹਰਮਨ ਪਿਆਰੀ ਸੰਸਥਾ ਨੂੰ ਢਾਹ ਲਾਉਣ ਦੀ ਪੂਰੀ ਵਾਹ ਲਾ ਦਿੱਤੀ ਹੈ।ਪਹਿਲਾਂ ਵੀ ਇਹ ਅਦਾਰਾ ਭਾਰਤੀ ਸਿਸਟਮ ਨੂੰ ਖੁਸ਼ ਕਰਨ ਲਈ ਸਮੇ ਸਮੇ ਸਿੱਖ ਵਿਰੋਧੀ ਰਿਪੋਰਟਾਂ ਛਾਪ ਕੇ ਅਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਰਿਹਾ ਹੈ।ਖਾਲਸਾ ਏਡ ਸਬੰਧੀ ਛਾਪੀ ਰਿਪੋਰਟ ਵਿੱਚ ਉਕਤ ਅਖਬਾਰ ਨੇ ਇਸ ਸੰਸਥਾ ਦੀ ਹਰਮਨ ਪਿਆਰਤਾ ਨੂੰ ਢਾਹ ਲਾਉਣ ਦੀ ਪੂਰੀ ਜੀਅ ਜਾਨ ਨਾਲ ਕੋਸ਼ਿਸ਼ ਕੀਤੀ ਹੈ,ਜਿਸ ਦੀ ਵਿਸ਼ਵ ਪੱਧਰ ਤੇ ਸਿੱਖਾਂ ਨੇ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ ਹੈ।ਜਦੋ ਖਾਲਸਾ ਏਡ ਨੂੰ ਬਦਨਾਮ ਕਰਨ ਲਈ ਵੱਡੀ ਪੱਧਰ ਤੇ ਜਤਨ ਹੋ ਰਹੇ ਹਨ ਤਾਂ ਆਮ ਸਿੱਖਾਂ ਅਤੇ ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ,ਜਿਹੜੀਆਂ ਅਪਣੇ ਤੌਰ ਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।ਸਿੱਖ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਰੀਆਂ ਹੀ ਸਮਾਜ ਸੇਵੀ ਸਿੱਖ ਸੰਸਥਾਵਾਂ ਨੂੰ ਖਾਲਸਾ ਏਡ ਨਾਲ ਅਪਣੀ ਸਹਿਮਤੀ ਬਣਾ ਲੈਣੀ ਚਾਹੀਦੀ ਹੈ।ਭਾਂਵੇਂ ਉਹ ਸੰਸਥਾਵਾਂ ਅਪਣੇ ਪੱਧਰ ਤੇ ਵੀ ਕੰਮ ਕਰਦੀਆਂ ਰਹਿਣ ਪਰ ਸਿੱਖ ਕੌਂਮ ਦੀ ਇਸ ਸਿਰਮੌਰ ਸੰਸਥਾ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ। ਇਸ ਖੇਤਰ ਦੀਆਂ ਸਮੁੱਚੀਆਂ ਲੋਕ ਸੇਵਕ ਸੰਸਥਾਵਾਂ ਨੂੰ ਰਵੀ ਸਿੰਘ ਦੇ ਨਾਲ ਸਾਂਝ ਬਣਾ ਲੈਣੀ ਚਾਹੀਦੀ ਹੈ,ਤਾਂ ਕਿ ਉਹਨਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ,ਜਿਹੜੀਆਂ ਹਰ ਸਮੇ ਸਿੱਖਾਂ ਵਿੱਚ ਪਾਟਕ ਪਾਕੇ ਉਹਨਾਂ ਦੀ ਤਾਕਤ ਕਮਜੋਰ ਕਰਨ ਵਿੱਚ ਜਤਨਸ਼ੀਲ ਰਹਿੰਦੀਆਂ ਹਨ।ਜਿਸਤਰਾਂ ਆਰ ਐਸ ਐਸ ਹਿੰਦੂ ਸਮਾਜ ਦੀ ਸਰਬ ਉੱਚ ਤੇ ਸਰਬ ਪਰਵਾਨਿਤ ਸੰਸਥਾ ਬਣ ਚੁੱਕੀ ਹੈ, ਖਾਲਸਾ ਏਡ ਵਰਗੀ ਸੰਸਥਾ ਨੂੰ ਵੀ ਉਸੇ ਤਰਜ ਤੇ ਮਜਬੂਤ ਕਰਨ ਦੀ ਲੋੜ ਹੈ।ਕਈ ਵਾਰ ਵਿਰੋਧੀਆਂ ਵੱਲੋਂ ਚੁੱਕੇ ਹੋਏ ਨੁਕਸਾਨ ਵਾਲੇ ਕਦਮ ਵੀ ਰਾਸ ਆ ਜਾਂਦੇ ਹਨ,ਹੁਣ ਜਦੋ ਇਹ ਸਭ ਨੂੰ ਚਾਨਣ ਹੋ ਚੁੱਕਾ ਹੈ ਕਿ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਸਿੱਖਾਂ ਦਾ ਮਾਣ ਸਤਿਕਾਰ ਦੁਨੀਆਂ ਪੱਧਰ ਤੇ ਵਧੇ,ਬਲਕਿ ਉਹ ਹਮੇਸਾਂ ਸਿੱਖਾਂ ਨੂੰ ਦੁਨੀਆਂ ਸਾਹਮਣੇ ਮਾੜਾ ਬਣਾ ਕੇ ਪੇਸ ਕਰਨ ਵਿੱਚ ਹੀ ਸਾਰੀ ਤਾਕਤ ਝੋਕਦੀਆਂ ਆ ਰਹੀਆਂ ਹਨ,ਜਦੋ ਕਿ ਹੋ ਹਮੇਸਾਂ ਹੀ ਉਹਨਾਂ ਦੀ ਸੋਚ ਦੇ ਉਲਟ ਰਿਹਾ ਹੈ।ਖਾਲਸਾ ਏਡ ਗੁਰੂ ਆਸ਼ੇ ਅਨੁਸਾਰ ਚੱਲ ਕੇ ਸਰਬੱਤ ਦੇ ਭਲੇ ਦੇ ਸੰਕਲਪ ਤੇ ਕੰਮ ਕਰਦੀ ਹੋਈ ਅੱਗੇ ਵਧ ਰਹੀ ਹੈ,ਜਿਸ ਦੀ ਹਰ ਪਾਸੇ ਤੋ ਸਰਾਹਣਾ ਹੋਣੀ ਸੁਭਾਵਿਕ ਹੈ।ਸੋਚਣਾ ਇਹ ਵੀ ਜਰੂਰੀ ਬਣਦਾ ਹੈ ਕਿ ਇਸ ਸਿੱਖ ਸੰਸਥਾ ਨੂੰ ਵਿਸ਼ਵ ਪੱਧਰ ਤੇ ਸਿੱਖਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ,ਜਦੋ ਕਿ ਹਿਸਾਬ ਉਹ ਲੋਕ ਪੁੱਛ ਰਹੇ ਹਨ,ਜਿੰਨਾਂ ਦਾ ਸਿੱਖ ਸਰੋਕਾਰਾਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਉਹ ਵੱਖਰੀ ਗੱਲ ਹੈ ਕਿ ਇਹਨਾਂ ਲੋਕਾਂ ਵਿੱਚ ਕੁੱਝ ਉਹ ਲੋਕ ਵੀ ਸ਼ਾਮਿਲ ਹਨ,ਜਿੰਨਾਂ ਦਾ ਚਿਹਰਾ ਮੋਹਰਾ ਵੀ ਸਿੱਖਾਂ ਵਾਲਾ ਹੀ ਹੈ,ਪਰ ਗੁਰੂ ਦੀ ਮੱਤ ਤੋ ਦੂਰ ਹੋ ਕੇ ਲੋਭ ਲਾਲਸਾ ਬੱਸ ਵਿਰੋਧੀਆਂ ਦੇ ਇਸਾਰੇ ਤੇ ਚੱਲ ਕੇ ਅਪਣੀ ਕੌਂਮ,ਅਪਣੇ ਲੋਕਾਂ ਅਤੇ ਅਪਣੀ ਸਰ ਜਮੀਨ ਨਾਲ ਧਰੋਹ ਕਮਾ ਰਹੇ ਹਨ।ਸੋ ਉਪਰੋਕਤ ਸਾਰੀਆਂ  ਵਿਰੋਧੀ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਿੱਥੇ ਸਿੱਖ ਨੁਮਾਇੰਦਾ ਬਣ ਚੁੱਕੀ ਖਾਲਸਾ ਏਡ ਵਰਗੀ ਸੰਸਥਾ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ,ਓਥੇ ਅਜਿਹੇ ਪੰਜਾਬ,ਪੰਜਾਬੀਅਤ ਅਤੇ ਮਾਨਵਤਾ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰ ਕਰਨ ਦੀ ਵੀ ਫੌਰੀ ਲੋੜ ਹੈ,ਤਾਂ ਕਿ ਸੰਸਾਰ ਪੱਧਰ ਤੇ ਮਜਬੂਤੀ ਨਾਲ ਪੈੜਾਂ ਛੱਡ ਰਹੀ ਮਾਨਵਤਾ ਪੱਖੀ ਸਿੱਖ ਸੋਚ ਦਾ ਪਸਾਰਾ ਦੁਨੀਆਂ ਦੇ ਹਰ ਕੋਨੇ ਤੱਕ ਹੋ ਸਕੇ।
ਬਘੇਲ ਸਿੰਘ ਧਾਲੀਵਾਲ
99142-58142