Ravinder-Singh-Kundra

ਦੀਵਾਲੀਏ ਨੀ ਦੀਨ ਦੀਏ - ਰਵਿੰਦਰ ਸਿੰਘ ਕੁੰਦਰਾ

ਦੀਵਾਲੀਏ ਨੀ ਦੀਨ ਦੀਏ,  ਤੈਨੂੰ ਕੀ ਸਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਕਹਿੰਦੇ ਨੇ ਹਨੇਰਾ ਕਦੀ, ਭਲਾ ਨਹੀਂਓ ਹੋਮਦਾ,
ਚੰਗੇ ਭਲੇ ਬੰਦਿਆਂ ਤੋਂ, ਰਸਤੇ ਹੈ ਖੋਹਮਦਾ।
ਪਰ ਅਕਲਾਂ ਦੇ ਅੰਨ੍ਹਿਆਂ ਨੂੰ, ਰਾਹ ਕੀ ਦਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਚਕਚੌਂਧ ਰੌਸ਼ਨੀ ਵੀ, ਅੰਨ੍ਹਾ ਕਰੇ ਬੰਦਿਆਂ ਨੂੰ,
ਮਾਇਆ ਦੀ ਚਮਕ ਵੀ ਤਾਂ, ਚੌੜ ਕਰੇ ਧੰਦਿਆਂ ਨੂੰ।
ਫੇਰ ਦੱਸ ਕਿਹਦੇ ਲਈ,  ਦੀਵਾ ਕੋਈ ਜਗਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਭੋਲੇ ਭਾਲੇ ਬੰਦਿਆਂ ਨੂੰ, ਦਿਨ ਜਾਵੇ ਲੁੱਟਦਾ,
ਰਾਤ ਦੇ ਹਨੇਰਿਆਂ 'ਚ, ਗਰੀਬ ਜਾਵੇ ਲੁਕਦਾ।
ਹਨੇਰਿਆਂ ਦੇ ਕਿਹੜੇ ਖੂੰਜੇ, ਗਰੀਬੀ ਜਾ ਲੁਕਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਗਿਆਨ ਵਾਲੀ ਰੌਸ਼ਨੀ ਦਾ, ਚੱਲਦਾ ਨਾ ਜ਼ੋਰ ਇੱਥੇ,
ਸੱਚ ਦੇ ਅਸੂਲਾਂ ਨੂੰ ਵੀ, ਜਾ ਕੇ ਟਿਕਾਈਏ ਕਿੱਥੇ।
ਕਿਹੜੀ ਖੁਸ਼ੀ ਮੁੱਖ ਰੱਖ, ਤੇਰੇ ਗੀਤ ਗਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਪਟਾਕਿਆਂ ਦੀ ਤਾੜ੍ਹ ਤਾੜ੍ਹ, ਪੁਤਲਿਆਂ ਦੀ ਸਾੜ ਸਾੜ,
ਬਦੀਆਂ ਦੇ ਬੰਦਿਆਂ ਦੀ, ਨਿੱਤ ਨਿੱਤ ਉੱਠੇ ਧਾੜ।
ਨੇਕੀਆਂ ਦੀ ਨਿੱਕੀ ਲੜੀ, ਕਿੱਥੇ ਜਾ ਚਲਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਦੀਵਾਲੀਏ ਨੀ ਦੀਨ ਦੀਏ,  ਤੈਨੂੰ ਕੀ ਸਿਖਾਵਾਂ ਮੈਂ,
ਹਨੇਰੇ ਅਤੇ ਰੌਸ਼ਨੀ ਦਾ, ਸੱਚ ਕੀ ਸੁਣਾਵਾਂ ਮੈਂ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਮੈਂ ਹਾਂ ਤਰੀਮਤ - ਰਵਿੰਦਰ ਸਿੰਘ ਕੁੰਦਰਾ

ਮੈਂ ਹਾਂ ਤਰੀਮਤ ਮੇਰੀ ਕੀਮਤ, ਕੋਈ ਐਵੇਂ ਕਿਵੇਂ ਪਾ ਸਕਦਾ ਹੈ।
ਮੇਰਾ ਨਗ਼ਮਾ ਮੇਰੇ ਸਾਜ਼ 'ਤੇ, ਕੋਈ ਐਵੇਂ  ਕਿਵੇਂ ਗਾ ਸਕਦਾ ਹੈ ?

ਮੇਰੀ ਤਰਜ਼ ਹੈ ਤਰਜ਼ੇ ਜ਼ਿੰਦਗੀ, ਅੱਖਰ ਮੇਰੇ ਬੰਦ ਵੀ ਮੇਰੇ,
ਕੋਈ ਕਿਵੇਂ ਬੰਦਿਸ਼ ਵਿੱਚ ਬੰਨ੍ਹ ਕੇ, ਮਰਜ਼ੀ ਦੀਆਂ ਹੇਕਾਂ ਲਾ ਸਕਦਾ ਹੈ?

ਮੈਨੂੰ ਹੱਕ ਹੈ ਪਿਆਰ ਕਰਨ ਦਾ, ਮਮਤਾ ਦੇ ਗੀਗੜੇ ਗਾਵਣ ਦਾ,
ਕੋਈ ਆਪਣੀ  ਧੌਂਸ 'ਤੇ  ਮੈਥੋਂ, ਕੀਰਨੇ  ਕਿਵੇਂ  ਪਵਾ ਸਕਦਾ ਹੈ?

ਖੋਖਲੇ ਰਿਸ਼ਤੇ, ਫੋਕੇ ਵਾਅਦੇ, ਮੇਰੀ ਨਜ਼ਰ ਵਿੱਚ ਕੌਡੀਉਂ ਖੋਟੇ,
ਕੋਈ ਇਨ੍ਹਾਂ ਦਾ ਜਾਲ ਵਿਛਾ ਕੇ, ਮੈਨੂੰ ਕਿਵੇਂ  ਫਸਾ ਸਕਦਾ ਹੈ?

ਕੋਠੀਆਂ, ਕੋਠਿਆਂ  ਦੇ  ਅਹਾਤੇ, ਵਸਦੇ  ਰਸਦੇ  ਮੇਰੇ  ਸਦਕੇ,
ਪਰ ਕੋਈ ਮੇਰੀ ਮਰਜ਼ੀ ਬਾਝੋਂ, ਠੁਮਕਾ ਕਿਵੇਂ ਲਵਾ ਸਕਦਾ ਹੈ?

ਸਮਾਜੀ ਰਸਮੀ ਰਿਵਾਜੀ ਤੰਦਾਂ, ਹੱਥਕੜੀਆਂ, ਜ਼ੰਜੀਰਾਂ, ਲੜੀਆਂ,
ਮੇਰੀ ਉਮਰ ਦੇ ਗਹਿਣੇ ਕਹਿ ਕੇ, ਮੈਨੂੰ ਕਿਵੇਂ ਪਵਾ ਸਕਦਾ ਹੈ?

ਰੁੱਖ ਦੀ ਛਾਇਆ, ਰੁੱਖ ਦੀ ਕਾਇਆ, ਜੜ੍ਹ ਹੈ ਸਾਰੀ ਮੇਰੀ ਕੁੱਖ ਦੀ,
ਕੋਈ  ਇੱਕ  ਦੂਜੇ ਤੋਂ  ਵੱਖ ਕਰਕੇ, ਮੈਨੂੰ  ਕਿਵੇਂ  ਦਿਖਾ ਸਕਦਾ  ਹੈ?

ਮੇਰੀਆਂ  ਸੋਚਾਂ  ਛੋਹਣ ਆਕਾਸ਼ੀਂ,  ਮੇਰੇ ਜਾਏ ਪਤਾਲ  ਦੇ ਵਾਸੀ,
ਕਾਇਨਾਤ  ਨੂੰ  ਮੈਥੋਂ  ਖੋਹ  ਕੇ, ਕੋਈ  ਕਿੱਥੇ  ਲਿਜਾ  ਸਕਦਾ ਹੈ?


ਮੈਂ ਕਬੂਤਰ ਲੰਗੜਾ ਲੂਲਾ - ਰਵਿੰਦਰ ਸਿੰਘ ਕੁੰਦਰਾ

ਮੈਂ ਕਬੂਤਰ ਲੰਗੜਾ ਲੂਲਾ, ਹਿਰਦਾ ਮੇਰਾ ਅੱਗ ਬਬੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ ਅਸੂਲਾ।

ਦੁਨੀਆ ਸਾਰੀ ਖ਼ੁਸ਼ੀਆਂ ਮਾਣੇ, ਦਰਦ ਤੋਂ ਮੇਰੇ ਸਭ ਅਣਜਾਣੇ।
ਪਿਆਰ ਦੀ ਨਜ਼ਰ ਕਿਤੇ ਨਾ ਲੱਭੇ, ਵਜੂਦ ਮੇਰਾ ਨਾ ਕੋਈ ਪਛਾਣੇ।

ਹਰ ਟਾਹਣੀ 'ਤੇ ਹਰ ਬਸੇਰਾ, ਰਾਤ ਦਿਨ ਅਤੇ ਸ਼ਾਮ ਸਵੇਰਾ।
ਕੱਲਮ ਕੱਲਾ ਬਿਟ ਬਿਟ ਤੱਕਾਂ,  ਲੱਭਦਾ ਨਹੀਂ ਕੋਈ ਸਾਥੀ ਮੇਰਾ।

ਹਾੜ੍ਹ ਸਿਆਲ ਮੈਂ ਕਈ ਲੰਘਾਏ, ਚਾਹਤ ਦੇ ਕਈ ਗੀਤ ਮੈਂ ਗਾਏ।
ਕਿਸੇ ਵੀ ਮੇਰਾ ਰਾਗ ਨਾ ਸੁਣਿਆ, ਕਿਸੇ ਨੂੰ ਮੇਰੇ ਭਾਵ ਨਾ ਭਾਏ।

ਹੌਕੇ ਹਾਵੇ ਰਹੇ ਮੇਰੇ ਸਾਥੀ, ਦਿਲ ਦੀ ਧੁਖਦੀ ਰਹੀ ਚੁਆਤੀ।
ਜਾਪਦਾ ਹੈ ਇੰਝ ਡਿਗਦੇ ਢਹਿੰਦੇ, ਬੀਤ ਜਾਵੇਗੀ ਕੁੱਲ ਹਿਆਤੀ।

ਮੇਰੀਆਂ ਹੀ ਅੱਖਾਂ ਦੇ ਸਾਹਮੇ, ਹੁੰਦੇ ਰਹਿੰਦੇ ਰੋਜ਼ ਡਰਾਮੇ।
ਮੇਰੇ ਨਾਲ ਹੀ ਅੱਖ ਮਿਲਾਣੋਂ, ਕਰ ਜਾਂਦੇ ਕਈ ਆਨੇ ਕਾਨੇ।

ਕਲੋਲਾਂ ਕਰਦੇ ਪਿਆਰ ਜਤਾਂਦੇ, ਚੁੰਝਾਂ ਜੋੜੇ ਨਿੱਤ ਭਿੜਾਂਦੇ,
ਮੈਨੂੰ ਦੇਖ ਮੇਰੇ ਸਿਰ ਚੜ੍ਹ ਕੇ,  ਹੋਰ ਵੀ ਮੇਰਾ ਮੂੰਹ ਚਿੜ੍ਹਾਂਦੇ।

ਭੁੱਖ ਪਿਆਸ ਵੀ ਝੱਲਣੀ ਪੈਂਦੀ, ਜ਼ੋਰਾਵਰੀ ਜਦ ਮੈਨੂੰ ਖਹਿੰਦੀ,
ਘੁਰਕੀਆਂ ਮੇਰੇ ਅੱਗੇ ਪਿੱਛੇ,  ਮੈਨੂੰ ਜਾਨ ਲੁਕਾਉਣੀ ਪੈਂਦੀ।

ਲੁਕ ਛਿਪ ਕੇ ਮੈਂ ਚੋਗਾ ਚੁਗਦਾ, ਚੁੰਝ ਗਿੱਲੀ ਵੀ ਨਹੀਂ ਨਸੀਬ,
ਖੰਭਾਂ ਦੇ ਵਾਰ ਮੈਨੂੰ ਪੱਛਦੇ, ਜਦ ਵੀ ਜਾਵਾਂ ਕਿਸੇ ਦੇ ਕਰੀਬ।

ਪੁੱਛਣਾ ਲੋਚਾਂ ਮੈਂ ਉਸ ਰੱਬ ਨੂੰ,  ਦੱਸ ਖਾਂ ਮੈਨੂੰ ਜ਼ਰਾ ਤੂੰ ਅੜਿਆ,
ਕਿਹੜੀ ਗੱਲੋਂ ਮੈਥੋਂ ਰੁੱਸ ਕੇ, ਮੇਰਾ ਨਸੀਬ ਤੂੰ ਅੱਥਰਾ ਘੜਿਆ ।

ਮੈਂ ਕਬੂਤਰ ਲੰਗੜਾ ਲੂਲਾ, ਹਿਰਦਾ ਮੇਰਾ ਅੱਗ ਬਗੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ ਅਸੂਲਾ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਮੈਂ ਕਬੂਤਰ ਲੰਗੜਾ ਲੂਲਾ - ਰਵਿੰਦਰ ਸਿੰਘ ਕੁੰਦਰਾ / ਕਵੈਂਟਰੀ ਯੂ ਕੇ

ਮੈਂ ਕਬੂਤਰ  ਲੰਗੜਾ ਲੂਲਾ, ਹਿਰਦਾ  ਮੇਰਾ ਅੱਗ  ਬਗੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ-ਅਸੂਲਾ।

ਦੁਨੀਆ ਸਾਰੀ ਖ਼ੁਸ਼ੀਆਂ ਮਾਣੇ, ਦਰਦ ਤੋਂ ਮੇਰੇ ਸਭ ਅਣਜਾਣੇ।
ਪਿਆਰ ਦੀ ਨਜ਼ਰ ਕਿਤੇ ਨਾ ਲੱਭੇ, ਵਜੂਦ ਮੇਰਾ ਨਾ ਕੋਈ ਪਛਾਣੇ।

ਹਰ ਟਾਹਣੀ 'ਤੇ ਹਰ ਬਸੇਰਾ, ਰਾਤ ਦਿਨ ਅਤੇ ਸ਼ਾਮ ਸਵੇਰਾ।
ਕੱਲਮ ਕੱਲਾ ਬਿਟ ਬਿਟ ਤੱਕਾਂ,  ਲੱਭਦਾ ਨਹੀਂ ਕੋਈ ਸਾਥੀ ਮੇਰਾ।

ਹਾੜ੍ਹ ਸਿਆਲ ਮੈਂ ਕਈ ਲੰਘਾਏ, ਚਾਹਤ ਦੇ ਕਈ ਗੀਤ ਮੈਂ ਗਾਏ।
ਕਿਸੇ ਵੀ ਮੇਰਾ ਰਾਗ ਨਾ ਸੁਣਿਆ, ਕਿਸੇ ਨੂੰ ਮੇਰੇ ਭਾਵ ਨਾ ਭਾਏ।

ਹੌਕੇ ਹਾਵੇ ਰਹੇ ਮੇਰੇ ਸਾਥੀ, ਦਿਲ ਦੀ ਧੁਖਦੀ ਰਹੀ ਚੁਆਤੀ।
ਜਾਪਦਾ ਹੈ ਇੰਝ ਡਿਗਦੇ ਢਹਿੰਦੇ, ਬੀਤ ਜਾਵੇਗੀ ਕੁੱਲ ਹਿਆਤੀ।

ਮੇਰੀਆਂ ਹੀ ਅੱਖਾਂ ਦੇ ਸਾਹਵੇਂ, ਹੁੰਦੇ  ਰਹਿੰਦੇ ਰੋਜ਼ ਡਰਾਮੇ।
ਮੇਰੇ ਨਾਲ ਹੀ ਅੱਖ ਮਿਲਾਣੋਂ, ਕਰ ਜਾਂਦੇ ਕਈ ਆਨੇ ਕਾਨੇ।

ਕਲੋਲਾਂ ਕਰਦੇ ਪਿਆਰ ਜਤਾਂਦੇ, ਚੁੰਝਾਂ ਜੋੜੇ ਨਿੱਤ ਭਿੜਾਂਦੇ,
ਮੈਨੂੰ ਦੇਖ ਮੇਰੇ ਸਿਰ ਚੜ੍ਹ ਕੇ,  ਹੋਰ ਵੀ ਮੇਰਾ ਮੂੰਹ ਚਿੜ੍ਹਾਂਦੇ।

ਭੁੱਖ ਪਿਆਸ ਵੀ ਝੱਲਣੀ ਪੈਂਦੀ, ਜ਼ੋਰਾਵਰੀ ਜਦ ਮੈਨੂੰ ਖਹਿੰਦੀ,
ਘੁਰਕੀਆਂ  ਮੇਰੇ ਅੱਗੇ  ਪਿੱਛੇ,  ਮੈਨੂੰ ਜਾਨ  ਲੁਕਾਉਣੀ  ਪੈਂਦੀ।

ਲੁਕ ਛਿਪ ਕੇ ਮੈਂ ਚੋਗਾ ਚੁਗਦਾ, ਚੁੰਝ ਗਿੱਲੀ ਵੀ ਨਹੀਂ ਨਸੀਬ,
ਖੰਭਾਂ ਦੇ ਵਾਰ ਮੈਨੂੰ ਪੱਛਦੇ, ਜਦ ਵੀ ਜਾਵਾਂ ਕਿਸੇ  ਦੇ ਕਰੀਬ।

ਪੁੱਛਣਾ ਲੋਚਾਂ ਮੈਂ ਉਸ ਰੱਬ ਨੂੰ,  ਦੱਸ ਖਾਂ ਮੈਨੂੰ ਜ਼ਰਾ ਤੂੰ ਅੜਿਆ,
ਕਿਹੜੀ ਗੱਲੋਂ ਮੈਥੋਂ ਰੁੱਸ ਕੇ, ਮੇਰਾ ਨਸੀਬ ਤੂੰ ਅੱਥਰਾ ਘੜਿਆ ।

ਮੈਂ ਕਬੂਤਰ  ਲੰਗੜਾ  ਲੂਲਾ,  ਹਿਰਦਾ ਮੇਰਾ  ਅੱਗ  ਬਗੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ  ਬੇ-ਅਸੂਲਾ।

ਗੁਰਦਾ ਦਾਨ - ਰਵਿੰਦਰ ਸਿੰਘ ਕੁੰਦਰਾ

ਦਾਨ ਤੇਰਾ ਵਰਦਾਨ,  ਕਿਸੇ ਲਈ ਹੋ ਸਕਦਾ ਹੈ,
ਉਮਰ ਭਰ ਦਾ ਅਹਿਸਾਨ, ਕਿਸੇ ਲਈ ਹੋ ਸਕਦਾ ਹੈ।

ਪੂਰੇ ਇੱਥੇ ਨਹੀਂ ਕੋਈ, ਸਭ ਹਾਂ ਅਸੀਂ ਅਧੂਰੇ,
ਏਸੇ ਲਈ ਹਾਂ ਅੱਡਦੇ, ਹੱਥ ਇੱਕ ਦੂਜੇ ਦੇ ਮੂਹਰੇ।

ਸਾਂਝ ਬੜੀ ਹੈ ਪਿਆਰੀ, ਮਨੁੱਖੀ ਫ਼ਿਤਰਤ ਵਾਲੀ,
ਦਾਤੇ ਵੀ ਹਾਂ ਖ਼ੂਬ, ਕਦੀ ਬਣਦੇ ਹਾਂ ਸਵਾਲੀ।

ਇੱਕ ਪਹੀਏ 'ਤੇ ਕਦੀ, ਨਾ ਚੱਲਦੀ ਜੀਵਨ ਗੱਡੀ,
ਸਾਰੀ ਉਮਰ ਇਕੱਲਿਆਂ, ਕਦੀ ਨਹੀਂ ਕਿਸੇ ਨੇ ਕੱਢੀ।

ਸਭ ਦਾਨਾਂ ਤੋਂ ਦਾਨ, ਬੜਾ ਹੈ ਸਰੀਰ ਕਟਾਉਣਾ,
ਆਪਣਾ ਅੰਗ ਕਟਾ ਕੇ, ਕਿਸੇ ਦੀ ਝੋਲੀ ਪਾਉਣਾ।

ਫੈਸਲੇ ਐਸੇ ਕਰਨਾ, ਕੰਮ ਹੈ ਦਿਲ ਗੁਰਦੇ ਦਾ,
ਬਹਾਦਰੀ ਵਾਲਾ ਜਜ਼ਬਾ, ਨਹੀਂ ਹਰ ਇੱਕ ਨੂੰ ਫ਼ੁਰਦਾ।

ਪਰ ਜੋ ਕਰ ਸਕਦਾ ਹੋਵੇ, ਮਹਾਨ ਹੈ ਉਸਦਾ ਕਾਰਾ,
ਸੋਹਲੇ ਗਾਉਂਦਾ ਉਸਦੇ, ਦਿਲੋਂ ਜਹਾਨ ਹੈ ਸਾਰਾ।

ਆ ਅਸੀਂ ਵੀ ਬਹਿ ਕੇ, ਸੰਜੀਦੇ ਫ਼ੈਸਲੇ ਕਰੀਏ,
ਗੁਰਦੇ ਕਰਕੇ ਦਾਨ, ਕਿਸੇ ਦੇ ਦਰਦ ਨੂੰ ਹਰੀਏ।

ਦਰਦਮੰਦ ਬਣਕੇ ਅੱਜ, ਕਿਸੇ ਦਾ ਦਰਦ ਵੰਡਾਈਏ,
ਚੰਗੀ ਸੋਭਾ ਖੱਟ ਕੇ, ਆਪਣਾ ਫ਼ਰਜ਼ ਨਿਭਾਈਏ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਉਹ ਸ਼ਾਂਤੀ ਦੇ ਠੇਕੇਦਾਰੋ! - ਰਵਿੰਦਰ ਸਿੰਘ ਕੁੰਦਰਾ

ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!
ਕੀ ਖੱਟਿਆ ਹੈ ਤੁਸੀਂ ਅੱਜ ਤੱਕ, ਇਸ ਦਾ ਜ਼ਰਾ ਹਿਸਾਬ ਲਗਾਵੋ।

ਸ਼ਾਂਤੀ ਬੋਲੀ 'ਤੇ ਨਹੀਂ ਚੜ੍ਹਦੀ, ਸ਼ਾਂਤੀ ਆਪਣਾ ਮੁੱਲ ਨਹੀਂ ਧਰਦੀ।
ਇਸ ਦੀ ਥਾਂ ਥਾਂ ਵਿੱਕਰੀ ਕਰਕੇ, ਆਪਣੀਆਂ ਬੈਕਾਂ ਨਾ ਭਰਵਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ !

ਭੁੱਖੇ ਢਿੱਡ ਰੋਟੀ ਮੰਗਦੇ ਨੇ, ਵਿਹਲੇ ਹੱਥ ਮਿਹਨਤ ਮੰਗਦੇ ਨੇ,
ਇਨ੍ਹਾਂ ਤੋਂ ਹਥਿਆਰ ਛੁਡਾ ਕੇ, ਮਿਹਨਤ ਦੇ ਔਜ਼ਾਰ ਫੜਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ !

ਮਾਸੂਮਾਂ ਦੇ ਚਿਹਰੇ ਪੜ੍ਹ ਲਓ, ਲੋਥਾਂ ਦੀ ਹੁਣ ਗਿਣਤੀ ਕਰ ਲਓ।
ਵਹਿ ਚੁੱਕਾ ਹੈ ਬਹੁਤ ਲਹੂ ਹੁਣ, ਜ਼ਖ਼ਮਾਂ ਉੱਤੇ ਮਲ੍ਹਮ ਲਗਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!

ਸੱਚੇ ਦਿਲਾਂ ਵਿੱਚ ਨਫ਼ਰਤ ਭਰਕੇ, ਮਾਨਵਤਾ ਦੀਆਂ ਵੰਡੀਆਂ ਕਰਕੇ।
ਨਾ ਹੱਸਦੇ ਵਸਦੇ ਘਰ ਉਜਾੜੋ, ਪਿਆਰ ਕਰੋ ਨਫ਼ਰਤ ਭਜਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!

ਪੂਰਬ, ਪੱਛਮ, ਦੱਖਣ, ਉੱਤਰ, ਸ਼ਾਂਤ ਵਸਣ ਸਭ ਧੀਆਂ ਪੁੱਤਰ।
ਸੱਭੇ ਸਾਂਝੀਵਾਲ ਸਦਾਇਣ, ਬੇਗਾਨਾ ਨਾ ਕੋਈ ਅਖਵਾਵੋ,
ਉਹ ਸ਼ਾਂਤੀ ਦੇ ਠੇਕੇਦਾਰੋ, ਹੋਸ਼ ਕਰੋ ਕੁੱਝ ਸੋਚ ਦੌੜਾਵੋ!
ਕੀ ਖੱਟਿਆ ਹੈ ਤੁਸੀਂ ਅੱਜ ਤੱਕ, ਇਸ ਦਾ ਜ਼ਰਾ ਹਿਸਾਬ ਲਗਾਵੋ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਯੂ ਕੇ

ਕੀ ਲੈਣਾ ਐਸੇ ਰਿਸ਼ਤਿਆਂ ਤੋਂ - ਰਵਿੰਦਰ ਸਿੰਘ ਕੁੰਦਰਾ

ਕੀ ਲੈਣਾ ਐਸੇ ਰਿਸ਼ਤਿਆਂ ਤੋਂ, ਜੋ ਬਣੇ ਤਾਂ ਸੀ ਪਰ ਨਿਭੇ ਨਹੀਂ,
ਜ਼ਿੰਦਗੀ ਦੀ ਤਲਖ਼ ਸਚਾਈ ਅੱਗੇ, ਬਹੁਤੀ ਦੇਰ ਉਹ ਟਿਕੇ ਨਹੀਂ।

ਕੁੱਝ ਰਸਤੇ ਸਨ ਕੁੱਝ ਪਗਡੰਡੀਆਂ, ਜੋ ਪੈੜਾਂ ਨੇ ਸਨ ਤੈਅ ਕੀਤੇ,
ਪਰ ਕੀ ਕਰਨਾ ਉਨ੍ਹਾਂ ਪੈਰਾਂ ਨੂੰ, ਜੋ ਕਦਮ ਮਿਲਾ ਕੇ ਤੁਰੇ ਨਹੀਂ।

ਕੁੱਝ ਸੈਨਤਾਂ 'ਤੇ ਕੁੱਝ ਨਖ਼ਰੇ ਸਨ, ਜੋ ਅਫ਼ਸਾਨੇ ਬਣ ਉਭਰੇ ਸਨ,
ਸਭ ਟੁੱਟੇ ਅੱਖਰ ਕਰ ਕਰ ਕੇ, ਹਕੀਕਤ ਬਣਕੇ ਜੁੜੇ ਨਹੀਂ।

ਗ਼ਜ਼ਲ ਨੇ ਬਹਿਰ ਦੇ ਸੁਰ ਅੰਦਰ, ਅਰੂਜ ਤੱਕ ਹਾਲੇ ਜਾਣਾ ਸੀ,
ਪਰ ਕਾਫ਼ੀਏ ਬਾਂਹ ਵਿੱਚ ਬਾਂਹ ਪਾ ਕੇ, ਰਦੀਫਾਂ ਵੱਲ ਨੂੰ ਮੁੜੇ ਨਹੀਂ।

ਨਾ ਗ਼ਿਲਾ ਕੋਈ ਉਨ੍ਹਾਂ ਉੱਤੇ, ਨਾ ਆਸ ਉਨ੍ਹਾਂ ਤੋਂ ਵਾਅਦਿਆਂ ਦੀ,
ਜੋ ਵਫ਼ਾ ਦੀ ਮੰਜ਼ਿਲ ਪਾ ਨਾ ਸਕੇ, ਜੋ ਵਿਛੋੜੇ ਦੇ ਵਿੱਚ ਝੁਰੇ ਨਹੀਂ।

ਪੱਤਝੜਾਂ ਤੋਂ ਚੱਲ ਬਹਾਰਾਂ ਦਾ, ਸਬਰ ਦਾ ਸਫ਼ਰ ਅਜੀਬ ਰਿਹਾ,
ਰੰਗੀਨ ਸੁਪਨਿਆਂ ਦੀਆਂ ਸ਼ਾਖ਼ਾਂ 'ਤੇ, ਸਾਕਾਰੀ ਫੁੱਲ ਤਾਂ ਖਿੜੇ ਨਹੀਂ।

ਪਰਤ ਦੇ ਅਗਲੇ ਵਰਕੇ ਨੂੰ, ਕਰ ਅੰਕਿਤ ਨਵਾਂ ਕੋਈ ਅਫ਼ਸਾਨਾ,
ਜੇ ਵਕਤ ਇੰਝ ਹੱਥੋਂ ਨਿਕਲ ਗਿਆ, ਨਾ ਕਹੀਂ ਕਿ ਮੌਕੇ ਮਿਲੇ ਨਹੀਂ।
- ਰਵਿੰਦਰ ਸਿੰਘ ਕੁੰਦਰਾ

ਹੋ ਨਹੀਂ ਸਕਦੇ - ਰਵਿੰਦਰ ਸਿੰਘ ਕੁੰਦਰਾ

ਠੂਠੇ ਫੜ ਕੇ ਭਟਕਣ ਵਾਲੇ, ਕਦੀ ਵੀ ਦਾਤੇ ਬਣ ਨਹੀਂ ਸਕਦੇ,
ਅਣਖ ਗਵਾ ਕੇ ਜੀਵਣ ਵਾਲੇ, ਜ਼ੁਲਮ ਦੇ ਅੱਗੇ ਤਣ ਨਹੀਂ ਸਕਦੇ।

ਵਿਹਲੇ ਬਹਿ ਕੇ ਖਾਵਣ ਵਾਲੇ, ਮੁਸ਼ੱਕਤੀ ਚੱਕੀ ਝੋ ਨਹੀਂ ਸਕਦੇ,
ਖੋਟੀ ਨੀਤ 'ਤੇ ਨੀਤੀ ਵਾਲੇ, ਈਮਾਨਦਾਰ ਕਦੀ ਹੋ ਨਹੀਂ ਸਕਦੇ।

ਫੋਕੀਆਂ ਗੱਪਾਂ ਚਲਾਵਣ ਵਾਲੇ, ਹਕੀਕਤ ਨੇੜੇ ਪੋਹ ਨਹੀਂ ਸਕਦੇ,
ਲਾਈ ਲੱਗ ਜਿਹੇ ਬੂਝੜ ਊਂਧੇ, ਗਿਆਨਵਾਨ ਕਦੀ ਹੋ ਨਹੀਂ ਸਕਦੇ।

ਫੋਕੇ ਫਾਇਰ ਚਲਾਉਣੇ ਵਾਲੇ, ਨਿਸ਼ਾਨੇਬਾਜ਼ ਕਦੀ ਹੋ ਨਹੀਂ ਸਕਦੇ,
ਕਮਾਨ 'ਤੇ ਤੁੱਕੇ ਚਾੜ੍ਹਨ ਵਾਲੇ, ਜਿੱਤ ਦੀ ਬਾਜ਼ੀ ਖੋਹ ਨਹੀਂ ਸਕਦੇ।

ਆਪਣੇ ਮੂੰਹ ਮੀਆਂ ਮਿੱਠੂ ਬਣਦੇ, ਸਿਫਤਯੋਗ ਕਦੀ ਹੋ ਨਹੀਂ ਸਕਦੇ,
ਮੀਣੀ ਜ਼ਿਹਨੀਅਤ ਦੇ ਮਾਲਕ, ਸਿਰ ਚੁੱਕ ਕਦੀ ਖੜੋ ਨਹੀਂ ਸਕਦੇ।

ਲਹਿਰਾਂ ਦੇਖ ਕੇ ਕੰਬਣ ਵਾਲੇ, ਸਰ ਦੇ ਤਾਰੂ ਹੋ ਨਹੀਂ ਸਕਦੇ,
ਚੜ੍ਹਦੇ ਪਾਣੀ ਜਾਵਣ ਵਾਲੇ, ਸਿੱਧੇ ਰਸਤੇ ਤੁਰ ਨਹੀਂ ਸਕਦੇ।

ਚੁਗਲੀ ਕਰਕੇ ਹੱਸਣ ਵਾਲੇ, ਖ਼ੈਰ ਖ਼ੁਆਹ ਕਦੀ ਹੋ ਨਹੀਂ ਸਕਦੇ,
ਰਾਹ ਵਿੱਚ ਧੋਖਾ ਦੇਵਣ ਵਾਲੇ, ਹਮਰਾਹੀ ਕਦੀ ਵੀ ਹੋ ਨਹੀਂ ਸਕਦੇ।

ਬੋਲ ਜ਼ੁਬਾਨੋ, ਤੀਰ ਕਮਾਨੋ, ਨਿਕਲੇ ਕਦੀ ਫਿਰ ਮੁੜ ਨਹੀਂ ਸਕਦੇ,
ਅਸੂਲੋਂ ਟੁੱਟੇ ਇਨਸਾਨ ਕਦੀ ਵੀ, ਖ਼ੁਦਾਈ ਨਾਲ ਫਿਰ ਜੁੜ ਨਹੀਂ ਸਕਦੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਕੀ ਲੈਣਾ ਐਸੇ ਰਿਸ਼ਤਿਆਂ ਤੋਂ - ਰਵਿੰਦਰ ਸਿੰਘ ਕੁੰਦਰਾ

ਕੀ ਲੈਣਾ ਐਸੇ ਰਿਸ਼ਤਿਆਂ ਤੋਂ, ਜੋ ਬਣੇ ਤਾਂ ਸੀ ਪਰ ਨਿਭੇ ਨਹੀਂ,
ਜ਼ਿੰਦਗੀ ਦੀ ਤਲਖ਼ ਸਚਾਈ ਅੱਗੇ, ਬਹੁਤੀ ਦੇਰ ਉਹ ਟਿਕੇ ਨਹੀਂ।

ਕੁੱਝ ਰਸਤੇ ਸਨ ਕੁੱਝ ਪਗਡੰਡੀਆਂ, ਜੋ ਪੈੜਾਂ ਨੇ ਸਨ ਤੈਅ ਕੀਤੇ,
ਪਰ ਕੀ ਕਰਨਾ ਉਨ੍ਹਾਂ ਪੈਰਾਂ ਨੂੰ, ਜੋ ਕਦਮ ਮਿਲਾ ਕੇ ਤੁਰੇ ਨਹੀਂ।

ਕੁੱਝ ਸੈਨਤਾਂ 'ਤੇ ਕੁੱਝ ਨਖ਼ਰੇ ਸਨ, ਜੋ ਅਫ਼ਸਾਨੇ ਬਣ ਉਭਰੇ ਸਨ,
ਸਭ ਟੁੱਟੇ ਅੱਖਰ ਕਰ ਕਰ ਕੇ, ਹਕੀਕਤ ਬਣਕੇ ਜੁੜੇ ਨਹੀਂ।

ਗ਼ਜ਼ਲ ਨੇ ਬਹਿਰ ਦੇ ਸੁਰ ਅੰਦਰ, ਅਰੂਜ ਤੱਕ ਹਾਲੇ ਜਾਣਾ ਸੀ,
ਪਰ ਕਾਫ਼ੀਏ ਬਾਂਹ ਵਿੱਚ ਬਾਂਹ ਪਾ ਕੇ, ਰਦੀਫਾਂ ਵੱਲ ਨੂੰ ਮੁੜੇ ਨਹੀਂ।

ਨਾ ਗ਼ਿਲਾ ਕੋਈ ਉਨ੍ਹਾਂ ਉੱਤੇ, ਨਾ ਆਸ ਉਨ੍ਹਾਂ ਤੋਂ ਵਾਅਦਿਆਂ ਦੀ,
ਜੋ ਵਫ਼ਾ ਦੀ ਮੰਜ਼ਿਲ ਪਾ ਨਾ ਸਕੇ, ਜੋ ਵਿਛੋੜੇ ਦੇ ਵਿੱਚ ਝੁਰੇ ਨਹੀਂ।

ਪੱਤਝੜਾਂ ਤੋਂ ਚੱਲ ਬਹਾਰਾਂ ਦਾ, ਸਬਰ ਦਾ ਸਫ਼ਰ ਅਜੀਬ ਰਿਹਾ,
ਰੰਗੀਨ ਸੁਪਨਿਆਂ ਦੀਆਂ ਸ਼ਾਖ਼ਾਂ 'ਤੇ, ਸਾਕਾਰੀ ਫੁੱਲ ਤਾਂ ਖਿੜੇ ਨਹੀਂ।

ਪਰਤ ਦੇ ਅਗਲੇ ਵਰਕੇ ਨੂੰ, ਕਰ ਅੰਕਿਤ ਨਵਾਂ ਕੋਈ ਅਫ਼ਸਾਨਾ,
ਜੇ ਵਕਤ ਇੰਝ ਹੱਥੋਂ ਨਿਕਲ ਗਿਆ, ਨਾ ਕਹੀਂ ਕਿ ਮੌਕੇ ਮਿਲੇ ਨਹੀਂ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਖ਼ੁਦਾ ਨੂੰ ਲੈ ਗਏ ਚੋਰ - ਰਵਿੰਦਰ ਸਿੰਘ ਕੁੰਦਰਾ

ਨਮਾਜ਼ ਪੜ੍ਹਾਂਦੇ ਮੌਲਵੀ 'ਤੇ, ਮਾਇਆ ਬਰਸ ਰਹੀ ਸੀ,
ਢੇਰੀ ਦੇਖ ਪੈਸੇ ਦੀ, ਜੱਟ ਦੀ ਨੀਯਤ ਤਰਸ ਰਹੀ ਸੀ।

ਸੋਚ ਰਿਹਾ ਸੀ ਅੱਲਾ ਦਾ, ਇਨਸਾਫ ਹੈ ਕਿਤਨਾ ਖੋਟਾ,
ਮਿਹਨਤ ਕੀਤੇ ਬਿਨਾ ਮੌਲਵੀ, ਮਾਲ  ਕਮਾਂਦਾ ਮੋਟਾ।

ਅਸੀਂ ਮਿੱਟੀ ਨਾਲ ਮਿੱਟੀ ਹੋਈਏ, ਹਰ ਸਾਉਣੀ 'ਤੇ ਹਾੜ੍ਹੀ,
ਫੇਰ ਵੀ ਹੱਥ ਠੂਠਾ ਹੀ ਰਹਿੰਦਾ, ਮੱਤ ਸਾਡੀ ਰਹਿੰਦੀ ਮਾਰੀ।

ਤਿੰਨ ਕੁ ਸੌ ਜਦ ਕੱਠੇ ਕਰਕੇ, ਮੌਲਵੀ ਘਰ ਨੂੰ ਤੁਰਿਆ,
ਜੱਟ ਵੀ ਉਸਦੇ ਪਿੱਛੇ ਪਿੱਛੇ, ਗਲ਼ੀ ਦੇ ਮੋੜ ਕਈ ਮੁੜਿਆ।

ਮੋਕਲ਼ੀ ਜਿਹੀ ਥਾਂ ਦੇਖ ਕੇ, ਉਸ ਮੌਲਵੀ ਅੱਗੋਂ ਡੱਕਿਆ,
ਕਹਿੰਦਾ ਲਾ ਸ਼ਰਤ ਮੈਂ ਦੱਸਾਂ, ਜੋ ਤੇਰੇ ਮਨ ਵਸਿਆ।

ਦੋ, ਦੋ ਸੌ ਦੀ ਸ਼ਰਤ 'ਤੇ ਦੋਨੋਂ, ਝਟਪਟ ਹੋ ਗਏ ਸਹਿਮਤ,
ਚਾਰ ਸੌ ਸਾਹਮਣੇ ਰੱਖਣ ਲਈ, ਜੱਟ ਵਿਛਾਈ ਤਹਿਮਤ।

ਮੌਲਵੀ ਆਖੇ ਦੱਸ ਹੁਣ ਜੱਟਾ, ਕੀ ਹੈ ਮੇਰੇ ਮਨ ਵਿੱਚ,
ਤਾਂ ਕਿ ਮੁੱਕ ਹੀ ਜਾਵੇ ਤੇਰੀ, ਛੇੜੀ ਹੋਈ ਝਿਕ ਝਿਕ।

ਸੋਚ ਸੋਚ ਕੇ ਜੱਟ ਝੱਟ ਬੋਲਿਆ, ਤੇਰੇ ਮਨ ਵਸਦਾ ਅੱਲਾ,
ਮੈਨੂੰ ਪੱਕਾ ਯਕੀਨ ਤੇਰੇ 'ਤੇ, ਤੂੰ ਛੁਡਾ ਨਹੀਂ ਸਕਦਾ ਪੱਲਾ।

ਮੌਲਵੀ ਬੜਾ ਕਸੂਤਾ ਫਸਿਆ, ਸੋਚੇ ਹੁਣ ਕਰਾਂ ਕੀ,
ਝੂਠ ਬੋਲਾਂ ਤਾਂ ਕਾਫ਼ਰ ਬਣਦਾਂ, ਸੱਚ ਨੂੰ ਨਾ ਮੰਨੇ ਜੀਅ।

ਨਿੰਮੋਝੂਣਾ ਮੌਲਵੀ ਬੋਲਿਆ, ਹਾਂ ਮਨ ਮੇਰੇ ਹੈ ਅੱਲਾ,
ਸ਼ਰਤ ਤਾਂ ਮੈਂ ਹੁਣ ਹਾਰ ਗਿਆ ਹਾਂ, ਬਾਕੀ ਖ਼ੈਰ ਸੱਲਾ।

ਚਾਰ ਸੌ ਚੁੱਕ ਕੇ ਜੇਬ 'ਚ ਪਾ ਕੇ, ਜਦ ਜੱਟ ਭੱਜਣ ਲੱਗਾ,
ਮੌਲਵੀ ਨੇ ਵੀ ਝੱਟ ਕਰਕੇ, ਰੋਕਿਆ ਉਸ ਦਾ ਅੱਗਾ।

ਕਹਿੰਦਾ ਮੈਂ ਵੀ ਦੱਸ ਸਕਦਾ ਹਾਂ, ਤੇਰੇ ਮਨ ਵਿੱਚ ਕੀ ਹੈ,
ਦੂਜੀ ਸ਼ਰਤ ਲਗਾਉਣ ਲਈ, ਮੇਰਾ ਵੀ ਕਰਦਾ ਜੀਅ ਹੈ।

ਸੌ, ਸੌ ਦੀ ਹੋਰ ਸ਼ਰਤ ਲਗਾ ਕੇ, ਮੌਲਵੀ ਝਾੜਿਆ ਝੱਗਾ,
ਮੈਂ ਵੀ ਤੇਰੇ ਮਨ ਦੀ ਗੱਲ ਦਾ, ਭੇਦ ਹਾਂ ਖੋਲ੍ਹਣ ਲੱਗਾ।

ਵਸਦਾ ਤੇਰੇ ਮਨ ਵਿੱਚ ਵਾਹਿਗੁਰੂ, ਮੇਰਾ ਸ਼ੱਕ ਹੈ ਪੱਕਾ,
ਦੱਸ ਹੁਣ ਤੂੰ ਹੀ ਦਿਲ ਖੋਲ੍ਹ ਕੇ, ਕੌਣ ਝੂਠਾ ਕੌਣ ਸੱਚਾ।

ਠਾਣ ਲਈ ਜੱਟ ਨੇ ਮਨ ਵਿੱਚ, ਸ਼ਰਤ ਨਹੀਂ ਹੁਣ ਹਰਨੀ,
ਭਾਵੇਂ ਪੈ ਜਾਏ ਬਦਲੇ ਦੇ ਵਿੱਚ, ਭਾਰੀ ਚੱਟੀ ਭਰਨੀ।

ਕਹਿੰਦਾ ਮੌਲਵੀਆ ਮੇਰੇ ਲਈ, ਨਹੀਂ ਵਾਹਿਗੁਰੂ ਕੋਈ ਚੀਜ਼,
ਮੈਂ ਹਾਂ ਦੇਵੀ ਦਾ ਉਪਾਸ਼ਕ, ਅਦਨਾ ਭਗਤ ਗਰੀਬ।

ਰੋਜ਼ ਸਵੇਰੇ ਮੰਦਰ ਜਾ ਕੇ, ਮੈਂ ਹਾਂ ਸਜਦਾ ਕਰਦਾ,
ਕਾਲੀ ਦੇਵੀ ਦੀ ਪੂਜਾ ਬਿਨ, ਮੇਰਾ ਨਹੀਂ ਹੈ ਸਰਦਾ।

ਦੰਗ ਰਹਿ ਗਿਆ ਮੌਲਵੀ ਸੁਣ ਕੇ, ਐਸਾ ਝੂਠ ਪੁਲੰਦਾ,
ਪਰ ਕੁੱਝ ਵੀ ਤਾਂ ਕਰ ਨਾ ਸਕਿਆ, ਅੱਲਾ ਦਾ ਉਹ ਬੰਦਾ।

ਰਹਿੰਦਾ ਸੌ ਵੀ ਹੱਥੋਂ ਗੁਆ ਕੇ, ਮੌਲਵੀ ਹੋਇਆ ਉਦਾਸ,
ਖਾਲੀ ਹੱਥੀਂ ਤੁਰ ਜਾਣ ਬਿਨਾ, ਨਹੀਂ ਚਾਰਾ ਸੀ ਉਸ ਪਾਸ।

ਸੋਚ ਰਿਹਾ ਸੀ ਕਪਟੀ ਜੱਟ ਨੇ, ਕੀਤਾ ਝੂਠ ਦਾ ਧੰਦਾ,
ਸਰੇ ਬਜ਼ਾਰ ਹੀ ਲੁੱਟਿਆ ਗਿਆ ਹਾਂ, ਮੈਂ ਖ਼ੁਦਾ ਦਾ ਬੰਦਾ।

ਐਂਵੇਂ ਨਹੀਂ ਕਈ ਲੋਕੀਂ ਕਹਿੰਦੇ, ਗੱਲਾਂ ਹੋਰ 'ਤੇ ਹੋਰ,
ਮਚਲੇ ਜੱਟ ਨੇ ਮਾਰੀ ਬਾਜ਼ੀ, ਖ਼ੁਦਾ ਨੂੰ ਲੈ ਗਏ ਚੋਰ।