Ravinder-Singh-Kundra

ਵੱਟੇ ਸੱਟੇ ਦੀ ਕੁੜਮਾਈ - ਰਵਿੰਦਰ ਸਿੰਘ ਕੁੰਦਰਾ

ਵੱਟੇ ਸੱਟੇ ਦੀ ਕੁੜਮਾਈ,  ਗੰਜੀ ਗਈ ਗਲੋਲੋ ਆਈ,
ਇੱਕੋ ਜਿਹੇ ਚੱਟਿਆਂ ਵੱਟਿਆਂ ਦੀ, ਹੁੰਦੀ ਹੈ ਨਿੱਤ ਦਿਨ ਵਟਾਈ।

ਧੋਬੀਆਂ ਦੇ ਕੁੱਤਿਆਂ ਦੇ ਵਰਗੇ, ਇਹਨਾਂ ਲੀਡਰਾਂ ਦੇ ਕਾਰੇ,
ਬੁਰਕੀਆਂ ਦੇ ਲਈ ਨੱਠੇ ਫਿਰਦੇ, ਦਿਨੇ-ਰਾਤੀਂ ਮਾਰੇ ਮਾਰੇ।

ਕਿਸ ਭਾਅ ਕਿਹੜਾ ਕਿੱਥੇ ਵਿਕਦਾ, ਸਮਝ ਨਹੀਂ ਕੁੱਛ ਆਉਂਦਾ,
ਹਰ ਵੱਟੇ ਨੂੰ ਤੋਲ ਤੋਲ ਕੇ, ਹਰ ਕੋਈ ਬੋਲੀ ਲਾਉਂਦਾ।

ਗੋਲ਼ ਹੋਵੇ ਜਾਂ ਭਾਂਵੇਂ ਚਪਟਾ, ਭਾਵੇਂ ਬਤਾਊਂ ਵਰਗਾ,
ਜਦ ਤੱਕੜੀ 'ਤੇ ਚੜ੍ਹ ਜਾਂਦਾ ਹੈ, ਵਿਕਣ 'ਚ ਦੇਰ ਨੀਂ ਕਰਦਾ।

ਕੌਡੀਉਂ ਖੋਟੇ ਦਾਗੀ ਸਾਰੇ, ਝੂਠ ਦੇ ਸਭ ਵਿਉਪਾਰੀ,
ਹਰ ਤਰ੍ਹਾਂ ਦੀ ਧੌਂਸ ਜਮਾਉਂਦੇ, ਸਮਾਜੀ ਜਾਂ ਸਰਕਾਰੀ।

ਨਾਮ ਇਨ੍ਹਾਂ ਦਾ ਕੋਈ ਵੀ ਹੋਵੇ, ਭਾਵੇਂ ਕੋਈ ਵੀ ਕੁਨਬਾ,
ਜ਼ਾਤ ਪਾਤ ਕੋਈ ਖਣਿਆਦਾ, ਜਾਂ ਕੋਈ ਸਰਦਾ ਪੁੱਜਦਾ।

ਢੀਠਾਂ ਵਾਂਗੂੰ ਢੀਂਡਸੇ ਘੁੰਮਦੇ, ਸ਼ਰਮੇ ਸ਼ਰਮ ਨਾ ਰੱਖਦੇ,
ਬ੍ਰਮਪੁਰੇ ਦੇ ਬ੍ਰਹਮ ਗਿਆਨੀ, ਥਾਂ ਥਾਂ ਥੁੱਕ ਥੁੱਕ ਚੱਟਦੇ।

ਮੌਤੋਂ ਡਰ ਕੇ ਮੂਸੇ ਭੱਜਦੇ, ਖੁੱਡਾਂ ਲੱਭਣ ਨਿੱਤ ਨਵੀਆਂ,
ਆਪਣੀ ਖੱਲ ਬਚਾਵਣ ਖ਼ਾਤਰ, ਲੁਕਦੇ ਝਾੜੀਆਂ ਚਰ੍ਹੀਆਂ।

ਕਾਕੇ, ਬਿੱਟੂ, ਰਾਣੇ, ਸਿੱਧੂ, ਲਾਡੀ ਕਰਨ ਨਿੱਤ ਲਾਡੀਆਂ,
ਕਿਸੇ ਦੇ ਕੁੱਛੜ ਕਿਸੇ ਘਨੇੜੀ, ਹੱਸ ਹੱਸ ਪਾਵਣ ਚਾਘੀਆਂ।

ਸੱਚਰ ਭਰ ਕੇ ਆਪਣੀ ਖੱਚਰ, ਹੋਕਾ ਦੇਵਣ ਗਲੀ ਗਲੀ,
ਸਸਤੇ ਭਾਅ ਈਮਾਨ ਹੈ ਲਾਇਆ, ਆ ਕੇ ਲੈ ਜਾਓ ਧੜੀ ਧੜੀ।

ਵਾਹੋ ਦਾਹੀ ਬਾਜਵੇ ਘੁੰਮਣ, ਬੇ ਵਜਾਹ  ਗੱਲਾਂ ਕਰਦੇ,
ਆਪਣੇ ਗੌਂ ਭੁਨਾਵਣ ਖਾਤਰ, ਭਰਾ ਮਾਰਨੋਂ ਨਹੀਂ ਡਰਦੇ।

ਅੱਕੀਂ ਚੜ੍ਹਨ ਪਲਾਹੀਂ ਉਤਰਨ, ਕਿਤੇ ਸਾਈਆਂ ਕਿਤੇ ਵਧਾਈਆਂ,
ਆਪਣੇ ਮੂੰਹ ਬਣ ਮੀਆਂ ਮਿੱਠੂ, ਦੂਜੇ ਦੀਆਂ ਕਰਨ ਬੁਰਾਈਆਂ।

ਖਾ ਲਿਆ  ਇਨ੍ਹਾਂ ਤੁਹਾਡਾ ਪੈਸਾ, ਤੁਹਾਡੀ  ਘਾਲ ਕਮਾਈ,
ਆਖਰ ਜਾਗ ਪਉ ਹੁਣ ਲੋਕੋ, ਹੈ ਸਮਝ ਕੋਈ ਹੁਣ ਆਈ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਮਹਾਂ ਸਿੰਘ ਦੀ ਅਰਜ਼ੋਈ - ਰਵਿੰਦਰ ਸਿੰਘ ਕੁੰਦਰਾ - ਜਤਿੰਦਰ ਕੌਰ ਰੰਧਾਵਾ

ਜਾਨ ਬੁੱਲ੍ਹਾਂ ‘ਤੇ ਅੜੀ, ਮੌਤ ਰੁੱਸੀ ਹੈ ਖੜ੍ਹੀ,
ਬੂਹੇ ਸੁਰਗਾਂ ਦੇ ਬੰਦ, ਰੋਕੇ ਅੱਖਰਾਂ ਦੀ ਕੰਧ,
ਸਾਹਿਬਾ ਕੀਤੀਆਂ ਭੁਲਾ ਕੇ, ਅੱਗ ਲਾਕੇ ਸਾੜ ਦੇ,
ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।
ਆ ਗਿਉਂ ਵੇਲੇ ਸਿਰ, ਦਾਤਾ ਸੱਚੇ ਪਾਤਸ਼ਾਹ,
ਦੀਦ ਤੇਰੀ ਨੂੰ ਤਰਸ, ਮੁੱਕ ਚੱਲੇ ਸਨ ਸਾਹ।
ਜਾਂਦਾ ਕਿਹਾ ਨਹੀਂ ਮੈਥੋਂ, ਕਿਵੇਂ ਆਖਾਂ ਪ੍ਰੀਤਮਾ,
ਕਿਵੇਂ ਅੱਖਾਂ ਵਿੱਚ ਪਾਕੇ, ਅੱਖਾਂ ਝਾਕਾਂ ਪ੍ਰੀਤਮਾ।
ਚਾਲੀ ਸਿੰਘਾਂ ਦੇ ਸਰੀਰ, ਦਾਤਾ ਹੋ ਗਏ ਲੀਰੋ ਲੀਰ,
ਵੈਰੀ ਲਾਸ਼ਾਂ ਉੱਤੋਂ ਆ ਜਾ, ਸਭ ਨੂੰ ਲਿਤਾੜ ਦੇ,
ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।
ਜ਼ਾਰ ਜ਼ਾਰ ਰੋ ਕੇ ਦਾਸ, ਪੁੱਛੇ ਦੱਸੀਂ ਦਾਤਿਆ,
ਕਿੱਥੇ ਪਿਆਰਾ ਸਾਡਾ ਜੀਤ, 'ਤੇ ਜੁਝਾਰ ਹੈ ਗਿਆ।
ਮਾਤਾ ਗੁਜਰੀ ਨੇ ਕਿੱਥੇ, ਛੋਟੇ ਕਿੱਥੇ ਨੇ ਦੁਲਾਰੇ,
ਛੱਡ ਆਇਉਂ ਦਾਤਾ ਸਭ ਨੂੰ, ਤੂੰ ਕਿਸ ਦੇ ਸਹਾਰੇ।
ਸਾਈਆਂ ਮੁੱਖੋਂ ਕਿਉਂ ਨਾ ਬੋਲੇਂ, ਕੀ ਤੂੰ ਲਾਸ਼ਾਂ ਵਿੱਚੋਂ ਟੋਲ੍ਹੇਂ,
ਸਭ ਹੋ ਗਏ ਸ਼ਹੀਦ, ਵੈਰੀ ਨੂੰ ਪਿਛਾੜਦੇ,
ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।
ਸਾਡੀ ਜ਼ਿੰਦਗੀ ਹਰਾਮ, ਕਾਹਦਾ ਜੀਣਾ ਰਹਿ ਗਿਆ,
ਫਿੱਟ ਜਾਵੇ ਮੇਰਾ ਮੂੰਹ ਜੋ, ਕੌੜੇ ਬੋਲ ਕਹਿ ਗਿਆ।
ਦਸਮੇਸ਼ ਪਿਤਾ ਦਰਵੇਸ਼, ਮੁਕਤੀ ਦੇ ਪੁੰਜ ਜੀ,
ਮਾਫ਼ੀ ਤੋਂ ਨਾ ਕਿਤੇ ਅੱਜ, ਅਸੀਂ ਜਾਈਏ ਖੁੰਝ ਜੀ।
ਕਰੋ ਕਾਗ਼ਜ਼ਾਂ ਦੇ ਟੋਟੇ,ਮਿਟਣ ਭਾਗ ਸਾਡੇ ਖੋਟੇ,
ਪੌੜੀ ਮੁਕਤੀ ਦੀ ਸਾਨੂੰ, ਅੱਜ ਹੱਥੀਂ ਚਾੜ੍ਹ ਦੇ,
ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।
ਜਾਨ ਬੁੱਲ੍ਹਾਂ ‘ਤੇ ਅੜੀ, ਮੌਤ ਰੁੱਸੀ ਹੈ ਖੜ੍ਹੀ,
ਬੂਹੇ ਸੁਰਗਾਂ ਦੇ ਬੰਦ, ਰੋਕੇ ਅੱਖਰਾਂ ਦੀ ਕੰਧ,
ਸਾਹਿਬਾ ਕੀਤੀਆਂ ਭੁਲਾ ਕੇ, ਅੱਗ ਲਾਕੇ ਸਾੜ ਦੇ,
ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।
ਕਵੈਂਟਰੀ, ਯੂ ਕੇ

ਮਹਾਂ ਸਿੰਘ ਦੀ ਅਰਜ਼ੋਈ - ਰਵਿੰਦਰ ਸਿੰਘ ਕੁੰਦਰਾ

ਜਾਨ ਬੁੱਲ੍ਹਾਂ ‘ਤੇ ਅੜੀ,

ਮੌਤ ਰੁੱਸੀ ਹੈ ਖੜ੍ਹੀ,

ਬੂਹੇ ਸੁਰਗਾਂ ਦੇ ਬੰਦ,

ਰੋਕੇ ਅੱਖਰਾਂ ਦੀ ਕੰਧ,

ਸਾਹਿਬਾ ਕੀਤੀਆਂ ਭੁਲਾ ਕੇ, ਅੱਗ ਲਾਕੇ ਸਾੜ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਆ ਗਿਉਂ ਵੇਲੇ ਸਿਰ, ਦਾਤਾ ਸੱਚੇ ਪਾਤਸ਼ਾਹ,

ਦੀਦ ਤੇਰੀ ਨੂੰ ਤਰਸ, ਮੁੱਕ ਚੱਲੇ ਸਨ ਸਾਹ।

ਜਾਂਦਾ ਕਿਹਾ ਨਹੀਂ ਮੈਥੋਂ, ਕਿਵੇਂ ਆਖਾਂ ਪ੍ਰੀਤਮਾ,

ਕਿਵੇਂ ਅੱਖਾਂ ਵਿੱਚ ਪਾਕੇ, ਅੱਖਾਂ ਝਾਕਾਂ ਪ੍ਰੀਤਮਾ।

ਚਾਲੀ ਸਿੰਘਾਂ ਦੇ ਸਰੀਰ,

ਦਾਤਾ ਹੋ ਗਏ ਲੀਰੋ ਲੀਰ,

ਵੈਰੀ ਲਾਸ਼ਾਂ ਉੱਤੋਂ ਆ ਜਾ, ਸਭ ਨੂੰ ਲਿਤਾੜ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਜ਼ਾਰ ਜ਼ਾਰ ਰੋ ਕੇ ਦਾਸ, ਪੁੱਛੇ ਦੱਸੀਂ ਦਾਤਿਆ,

ਕਿੱਥੇ ਪਿਆਰਾ ਸਾਡਾ ਜੀਤ, ‘ਤੇ ਜੁਝਾਰ ਹੈ ਗਿਆ।

ਮਾਤਾ ਗੁਜਰੀ ਨੇ ਕਿੱਥੇ, ਛੋਟੇ ਕਿੱਥੇ ਨੇ ਦੁਲਾਰੇ,

ਛੱਡ ਆਇਉਂ ਦਾਤਾ ਸਭ ਨੂੰ ਤੂੰ, ਕਿਸ ਦੇ ਸਹਾਰੇ।

ਸਾਈਆਂ ਮੁੱਖੋਂ ਕਿਉਂ ਨਾ ਬੋਲੇਂ,

ਕੀ ਤੂੰ ਲਾਸ਼ਾਂ ਵਿੱਚੋਂ ਟੋਲ੍ਹੇਂ,

ਸਭ ਹੋ ਗਏ ਸ਼ਹੀਦ, ਵੈਰੀ ਨੂੰ ਪਿਛਾੜਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਸਾਡੀ ਜ਼ਿੰਦਗੀ ਹਰਾਮ, ਕਾਹਦਾ ਜੀਣਾ ਰਹਿ ਗਿਆ,

ਫਿੱਟ ਜਾਵੇ ਮੇਰਾ ਮੂੰਹ ਜੋ, ਕੌੜੇ ਬੋਲ ਕਹਿ ਗਿਆ।

ਦਸਮੇਸ਼ ਪਿਤਾ ਦਰਵੇਸ਼, ਮੁਕਤੀ ਦੇ ਪੁੰਜ ਜੀ,

ਮਾਫ਼ੀ ਤੋਂ ਨਾ ਕਿਤੇ ਅੱਜ, ਅਸੀਂ ਜਾਈਏ ਖੁੰਝ ਜੀ।

ਕਰੋ ਕਾਗ਼ਜ਼ਾਂ ਦੇ ਟੋਟੇ,

ਮਿਟਣ ਭਾਗ ਸਾਡੇ ਖੋਟੇ,

ਪੌੜੀ ਮੁਕਤੀ ਦੀ ਸਾਨੂੰ, ਅੱਜ ਹੱਥੀਂ ਚਾੜ੍ਹ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਜਾਨ ਬੁੱਲ੍ਹਾਂ ‘ਤੇ ਅੜੀ,

ਮੌਤ ਰੁੱਸੀ ਹੈ ਖੜ੍ਹੀ,

ਬੂਹੇ ਸੁਰਗਾਂ ਦੇ ਬੰਦ,

ਰੋਕੇ ਅੱਖਰਾਂ ਦੀ ਕੰਧ,

ਸਾਹਿਬਾ ਕੀਤੀਆਂ ਭੁਲਾ ਕੇ, ਅੱਗ ਲਾਕੇ ਸਾੜ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਰਵਿੰਦਰ ਸਿੰਘ ਕੁੰਦਰਾ

ਜਤਿੰਦਰ ਕੌਰ ਰੰਧਾਵਾ

ਕਵੈਂਟਰੀ, ਯੂ ਕੇ

ਆ ਗਿਆ ਸਾਲ ਨਵਾਂ - ਰਵਿੰਦਰ ਸਿੰਘ ਕੁੰਦਰਾ

ਆ ਗਿਆ ਸਾਲ ਨਵਾਂ ਵੀ, ਜਿਵੇਂ ਪੁਰਾਣੇ ਸੀ,
ਚਲੇ ਜਾਣੇ ਸਭ ਉੱਥੇ, ਜਿੱਥੇ ਜਾਣੇ ਸੀ।

ਕਾਲ ਬੜਾ ਹੀ ਡਾਢਾ, ਸਭ 'ਤੇ ਭਾਰੀ ਹੈ,
ਭਸਮ ਕਰਨ ਦੀ ਉਸ ਨੂੰ, ਬੜੀ ਬੀਮਾਰੀ ਹੈ।

ਕਿੰਨੇ ਯੁਗ ਨੇ ਆਏ, ਤੇ ਕਿੰਨੇ ਗ਼ਰਕ ਹੋਏ,
ਹਿਸਾਬ ਨਹੀਂ ਕਿੰਨੇ, ਸਵਰਗ 'ਤੇ ਨਰਕ ਹੋਏ।

ਇਨਸਾਨ ਹਮੇਸ਼ਾ ਖੁਸ਼ੀਆਂ, ਖੇੜੇ ਲੱਭਦਾ ਏ,
ਦੁੱਖ ਦਰਦ ਤੋਂ ਦੂਰ, ਸਦਾ ਹੀ ਭੱਜਦਾ ਏ।

ਨਾ ਚਾਹੁੰਦਿਆਂ ਵੀ, ਕਿੰਨੇ ਕਸ਼ਟ ਉਠਾਏ ਨੇ,
ਬੇ ਹਿਸਾਬੇ ਆਪਣੇ, ਕਿੰਨੇ ਗਵਾਏ ਨੇ।

ਅਗਲੇ ਸਾਲ  ਕਿਹੜਾ, ਸੁੱਖ ਘਰ ਆਵੇਗਾ,
ਇਸ ਦਾ ਭਲਾ ਕੋਈ ਕਿਵੇਂ, ਕਿਆਫਾ ਲਾਵੇਗਾ।

ਨਜੂਮੀ, ਜੋਤਸ਼ੀ, ਤਾਂਤਰਿਕ ਬੈਠੇ ਚੁੱਪ ਕਰਕੇ,
ਕਿੱਥੇ ਗਏ ਨੇ ਜਾਦੂ, ਜੰਤਰੀਆਂ ਦੇ ਵਰਕੇ।

ਉਮੀਦ ਹੈ ਬੜੀ ਪਿਆਰੀ, ਹਰ ਕੋਈ ਰੱਖਦਾ ਹੈ,
ਇਸ ਤੋਂ ਬਿਨਾ ਨਹੀਂ, ਕਿਸੇ ਦਾ ਸਰਦਾ ਹੈ।

ਆਓ ਮਿਲ ਕੇ ਆਸਾਂ, ਦੇ ਪੁਲ ਬੰਨ੍ਹ ਲਈਏ,
ਇੱਕ ਦੂਜੇ ਦੇ ਮੋਢੇ, ਆਪਣੇ ਹੱਥ ਧਰ ਦੇਈਏ।

ਚੜ੍ਹਦੀ ਕਲਾ ਦਾ ਨਾਹਰਾ, ਨਾਨਕ ਦੇ ਦਰ ਤੋਂ,
ਸਬਰ ਸੰਤੋਖ ਦੀ ਰੱਜ ਕੇ, ਕਰ ਲਈਏ ਵਰਤੋਂ।

ਦਸਮੇਸ਼ ਪਿਤਾ ਦੇ ਦਿਲ ਦੀ ਦਸ਼ਾ - ਰਵਿੰਦਰ ਸਿੰਘ ਕੁੰਦਰਾ

ਵਗਦੇ ਤੀਰ ਤੇ ਨੀਰ ਇੱਕ ਸਾਰ ਹੋਕੇ,
ਇਹ ਹੈ ਨੈਣਾਂ ਦਾ ਕੈਸਾ ਕਮਾਲ ਇੱਥੇ।

ਇੱਕ ਨੈਣ ਜੋ ਰੋਹ ਦੇ ਅੰਗਿਆਰ ਛੱਡਣ,
ਉਹੀ ਨੈਣ ਰੋਵਣ ਜ਼ਾਰ ਜ਼ਾਰ ਇੱਥੇ।

ਗੜ੍ਹੀ ਚਮਕੌਰ ਦੀ ਜੰਗ ਦਾ ਇਹ ਮੰਜ਼ਰ,
ਰੋਕਣ ਗੁਰੂ ਜੀ ਵੈਰੀਆਂ ਦੇ ਹੱਲੇ।

ਚੁਣ ਚੁਣ ਕੇ ਭੇਜਦੇ ਯੋਧਿਆਂ ਨੂੰ,
ਝੜੀ ਖ਼ਿਆਲਾਂ ਦੀ ਮਨ ਵਿੱਚ ਇੰਝ ਚੱਲੇ।

ਦਰਦ ਦੇਸ਼ ਤੇ ਕੌਮ ਦਾ ਬਹੁਤ ਮੈਨੂੰ,
ਮੋਹ ਪੁੱਤਾਂ ਦੇ ਪਿਆਰ ਦਾ ਦੂਜੇ ਪਾਸੇ।

ਅਸੂਲ ਐਸੇ ਬਲੀਦਾਨ ਵੀ ਮੰਗਦੇ ਨੇ,
ਬਾਪ ਕਿਸੇ ਪਾਸੇ ’ਤੇ ਪੁੱਤਰ ਕਿਸੇ ਪਾਸੇ।

ਇਸ ਜ਼ਮੀਰ ਨੂੰ ਕਿਵੇਂ ਧਰਵਾਸ ਦੇਵਾਂ,
ਦਿਖਾਵਾਂ ਮੋਹ ਨੂੰ ਕਿਵੇਂ ਮੈਂ ਮੂੰਹ ਅਪਣਾ।

ਕਿਵੇਂ ਸਮਝਾਂ ਕਿ ਰਾਖਾ ਮੈਂ ਕੌਮ ਦਾ ਹਾਂ,
ਪਰ ਬਚਾ ਨਾ ਸਕਿਆ ਮੈਂ ਖੂਨ ਅਪਣਾ।

ਭਾਣਾ ਤੇਰਾ ਤੇ ਤੇਰਾ ਹੀ ਜ਼ੋਰ ਚੱਲਦਾ,
ਮੰਗਾਂ ਅੱਜ ਮੈਂ ਕਿੱਥੋਂ ਇਨਸਾਫ ਜਾਕੇ?

ਦਾਤਾਂ ਤੇਰੀਆਂ ਸੀ ਤੂੰ ਹੀ ਸੀ ਦੇਣ ਵਾਲਾ,
ਖੋਹ ਲਈਆਂ ਨੇ ਤੂੰ ਹੀ ਵਾਰ ਵਾਰ ਆਕੇ।

ਕਿਵੇਂ ਹੋਵਾਂ ਸਨਮੁੱਖ ਅੱਜ ਕੌਮ ਅੱਗੇ,
ਕੀ ਦੇਵਾਂ ਧਰਵਾਸ ਮੈਂ ਕੌਮ ਨੂੰ ਅੱਜ।

ਜਿਨ੍ਹਾਂ ਮਾਵਾਂ ਨੇ ਯੋਧੇ ਪਲੋਸ ਘੱਲੇ,
ਕਿਵੇਂ ਸਿਖਾਵਾਂ ਮੈਂ ਉਨ੍ਹਾਂ ਨੂੰ ਜੀਣ ਦਾ ਚੱਜ।

ਕਿਹੜੇ ਹੌਸਲੇ ਦੇਵਾਂ ਉਨ੍ਹਾਂ ਟੱਬਰਾਂ ਨੂੰ,
ਜਿਨ੍ਹਾਂ ਆਪਣੇ ਜੀਅ ਮੇਰੇ ਨਾਲ ਤੋਰੇ।

ਜੀ ਸਕਦੇ ਨੇ ਕਿਵੇਂ, ਹੁਣ ਕਿਵੇਂ ਦੱਸਾਂ,
ਕਿਵੇਂ ਝੱਲਣਗੇ ਸੱਲ ਉਹ ਮਰਨ ਤੋੜੇ।

ਕਰਜ਼ਦਾਰ ਹਾਂ ਸਭਨਾਂ ਹੀ ਪਾਸਿਆਂ ਤੋਂ,
ਗੁਨਾਹਗਾਰ ਹਾਂ ਸਾਰੀਆਂ ਹੀ ਧਿਰਾਂ ਦਾ ਮੈਂ।

ਕਿਸ ਕਿਸ ਨੂੰ ਦੇਵਾਂ ਹਿਸਾਬ ਗਿਣ ਗਿਣ,
ਮੁੱਲ ਪਾਵਾਂ ਅੱਜ ਕਿੰਝ ਇਨ੍ਹਾਂ ਸਿਰਾਂ ਦਾ ਮੈਂ।

ਕਿੱਥੋਂ ਕਰਾਂ ਸ਼ੁਰੂ ਤੇ ਕਿੱਥੇ ਖ਼ਤਮ ਕਰਾਂ,
ਕਿਹੜੇ ਲੇਖੇ ਮੈਂ ਪਾਵਾਂ ਕੁਰਬਾਨੀਆਂ ਇਹ।

ਕਰਾਂ ਕਿਵੇਂ ਮੈਂ ਸਭ ਦਾ ਹਿਸਾਬ ਚੁੱਕਦਾ,
ਛੱਡਾਂ ਕਿਸ ਦੇ ਲਈ ਨਿਸ਼ਾਨੀਆਂ ਇਹ।

ਮੇਰੇ ਸਬਰ ਦਾ ਬੰਨ੍ਹ ਅੱਜ ਜਾਵੇ ਟੁੱਟਦਾ,
ਕਿਸ ਇਮਤਿਹਾਨ ਚੋਂ ਮੈਨੂੰ ਲੰਘਾ ਛੱਡਿਆ।

ਜਿਨ੍ਹਾਂ ਰਾਹਾਂ ਦਾ ਕਦੀ ਨਾ ਕਿਆਸ ਕੀਤਾ,
ਉਨ੍ਹਾਂ ਰਾਹਾਂ ਦੇ ਵੱਸ ਅੱਜ ਪਾ ਛੱਡਿਆ।

ਮੇਰੇ ਜ਼ਿੰਮੇ ਜੋ ਤੂੰ ਸਭ ਫ਼ਰਜ਼ ਲਾਏ,
ਦੇਹ ਹਿੰਮਤ 'ਤੇ ਬਲ ਕਿ ਮੈਂ ਕਰਾਂ ਪੂਰੇ।

ਪੈਦਾ ਕਰਾਂ ਮਰਜੀਵੜੇ ਹੋਰ ਮੁੜਕੇ,
ਜਿਹੜੇ ਕਹਿਣੀ ਤੇ ਕਰਨੀ ਦੇ ਹੋਣ ਸੂਰੇ।
ਜਿਹੜੇ ਕਹਿਣੀ ਤੇ ਕਰਨੀ ਦੇ ਹੋਣ ਸੂਰੇ।
ਰਵਿੰਦਰ ਸਿੰਘ ਕੁੰਦਰਾ

ਅਣਖ ਨੂੰ ਵੰਗਾਰ - ਰਵਿੰਦਰ ਸਿੰਘ ਕੁੰਦਰਾ

ਕਲੀਆਂ ਟੁੱਟ ਜਾਵਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਬੂਟੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਬੂਟੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਸਿਰਫ਼ ਪੰਛੀ ਦਾ ਦਿਲ ਹੀ ਜਾਣ ਸਕਦਾ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।

ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਜੇ ਸਦਾ ਲਈ ਤੁਸਾਂ ਤੋਂ ਉਹ।
ਕਿਸੇ ਜ਼ਾਲਮ ਦੇ ਹੱਥ ਉਹ ਚੜ੍ਹ ਕੇ ਤੇ,
ਕਿਸੇ ਸਾਜ਼ਿਸ਼ ਦਾ ਹੋ ਸ਼ਿਕਾਰ ਜਾਵਣ।
ਵਿਸ਼ਵਾਸ ਘਾਤ ਹੋਵੇ ਉਨ੍ਹਾਂ ਨਾਲ ਜੇਕਰ,
ਛੁੱਟ ਜਾਵੇ ਸਹਾਰੇ ਦਾ ਹਰ ਦਾਮਨ।

ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਜਿਨ੍ਹਾਂ ਜ਼ੁਲਮ  ਨੂੰ ਨਹੀਂ  ਕਬੂਲ  ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭੇ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।

ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਯੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ, ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਆਪਣੀ ਜ਼ਮੀਰ ਦਾ ਗਲਾ ਘੁੱਟ ਕੇ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਵੱਲ ਅਸੀਂ ਅੱਜ ਢਲ ਗਏ।

ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਿੱਖ ਕੇ ਸਬਕ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨਾਂ ਮੱਤੇ ਸਿੱਖੀ ਅਸੂਲਾਂ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹੀ ਮਹਾਨ ਜਜ਼ਬਾ,
ਨਾਮ ਕੌਮ ਦਾ ਫੇਰ ਚਮਕਾ ਦਈਏ।

ਅਣਖ ਨੂੰ ਵੰਗਾਰ - ਰਵਿੰਦਰ ਸਿੰਘ ਕੁੰਦਰਾ

ਕਲੀਆਂ ਟੁੱਟ ਜਾਵਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਬੂਟੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਬੂਟੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਸਿਰਫ਼ ਪੰਛੀ ਦਾ ਦਿਲ ਹੀ ਜਾਣ ਸਕਦਾ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।

ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਜੇ ਸਦਾ ਲਈ ਤੁਸਾਂ ਤੋਂ ਉਹ।
ਕਿਸੇ ਜ਼ਾਲਮ ਦੇ ਹੱਥ ਉਹ ਚੜ੍ਹ ਕੇ ਤੇ,
ਕਿਸੇ ਸਾਜ਼ਿਸ਼ ਦਾ ਹੋ ਸ਼ਿਕਾਰ ਜਾਵਣ।
ਵਿਸ਼ਵਾਸ ਘਾਤ ਹੋਵੇ ਉਨ੍ਹਾਂ ਨਾਲ ਜੇਕਰ,
ਛੁੱਟ ਜਾਵੇ ਸਹਾਰੇ ਦਾ ਹਰ ਦਾਮਨ।

ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਜਿਨ੍ਹਾਂ ਜ਼ੁਲਮ  ਨੂੰ ਨਹੀਂ  ਕਬੂਲ  ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭੇ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।

ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਯੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ, ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਆਪਣੀ ਜ਼ਮੀਰ ਦਾ ਗਲਾ ਘੁੱਟ ਕੇ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਵੱਲ ਅਸੀਂ ਅੱਜ ਢਲ ਗਏ।

ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਿੱਖ ਕੇ ਸਬਕ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨਾਂ ਮੱਤੇ ਸਿੱਖੀ ਅਸੂਲਾਂ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹੀ ਮਹਾਨ ਜਜ਼ਬਾ,
ਨਾਮ ਕੌਮ ਦਾ ਫੇਰ ਚਮਕਾ ਦਈਏ।
ਰਵਿੰਦਰ ਸਿੰਘ ਕੁੰਦਰਾ

ਜਿੱਤ ਦੇ ਸੋਹਲੇ ਗਾ ਚੱਲੇ ਹਾਂ -  ਰਵਿੰਦਰ ਸਿੰਘ ਕੁੰਦਰਾ

ਜਿੱਤ  ਦੇ  ਸੋਹਲੇ  ਗਾ  ਚੱਲੇ ਹਾਂ,

ਤੇਰੀ ਹਿੱਕ 'ਤੇ ਬੂਟੇ ਲਾ ਚੱਲੇ ਹਾਂ।

ਤੱਕਦਾ ਰਹੀਂ ਕਿਤੇ ਆਂਦਾ ਜਾਂਦਾ,

ਸਬਰ ਦਾ ਬਾਗ਼ ਲਗਾ ਚੱਲੇ ਹਾਂ।

ਤੇਰੀ   ਰੁੱਖੀ   ਧਰਤੀ   ਉੱਤੇ,

ਪਸੀਨੇ ਬਹੁਤ  ਵਹਾ ਚੱਲੇ ਹਾਂ।

ਤੇਰੇ   ਜ਼ਾਲਮ   ਸੇਵਕਾਂ  ਤਾਈਂ,

ਬਾਬੇ ਦਾ ਲੰਗਰ ਛਕਾ ਚੱਲੇ ਹਾਂ।

ਕੁੱਛ ਮਿੱਠੀਆਂ ਤੇ ਕੌੜੀਆਂ ਯਾਦਾਂ,

ਸੀਨੇ  ਵਿੱਚ  ਸਮਾ  ਚੱਲੇ  ਹਾਂ।

ਕੌੜੇ  ਬੋਲ  'ਤੇ  ਕੋਝ੍ਹੇ  ਤਾਹਨੇ,

ਆਪਣੀ  ਝੋਲੀ  ਪਾ  ਚੱਲੇ ਹਾਂ।

ਸਬਰ, ਸਿਦਕ ਤੂੰ ਪਰਖਿਆ ਸਾਡਾ,

ਪਰਖ 'ਚੋਂ  ਜਿੰਦ ਲੰਘਾ ਚੱਲੇ ਹਾਂ।

ਜਿੱਥੇ  ਸੀ  ਤੂੰ  ਕਿੱਲ  ਲਗਾਏ,

ਉੱਥੇ  ਫੁੱਲ  ਵਿਛਾ  ਚੱਲੇ  ਹਾਂ।

ਸੱਭੈ   ਸਾਂਝੀਵਾਲ   ਸਦਾਇਣ,

ਅਨੋਖਾ ਸਬਕ ਪੜ੍ਹਾ ਚੱਲੇ ਹਾਂ।

ਨਾਨਕ  ਦੀ ਚੜ੍ਹਦੀ  ਕਲਾ ਦਾ,

ਨਵਾਂ ਸੰਦੇਸ਼  ਫੈਲਾਅ ਚੱਲੇ ਹਾਂ।

ਜਿੱਤ  ਦੇ  ਸੋਹਲੇ  ਗਾ ਚੱਲੇ  ਹਾਂ,

ਤੇਰੀ ਹਿੱਕ 'ਤੇ ਬੂਟੇ ਲਾ ਚੱਲੇ ਹਾਂ।

ਰਵਿੰਦਰ ਸਿੰਘ ਕੁੰਦਰਾ

ਕਵੈਂਟਰੀ ਯੂ ਕੇ

ਬਣ ਜਾਣ ਸਾਰੇ ਨਾਨਕ ਦੇ ਵਰਗੇ - ਰਵਿੰਦਰ ਸਿੰਘ ਕੁੰਦਰਾ

ਗਲੀਆਂ ਵਿੱਚ ਕੂੜਾ ਤੇ ਨਾਲੀਆਂ ਵਿੱਚ ਗੰਦਗੀ,
ਬਚ ਬਚ ਕੇ ਪੈਰ ਟਿਕਾ ਰਿਹਾ ਸਾਂ।
ਗਰਮੀ ਦਾ ਮੌਸਮ ਤੇ ਦੁਪਹਿਰ ਦੀ ਤਲਖ਼ੀ,
ਮੈਂ ਪਿੰਡੇ ਤੇ ਅਪਣੇ ਹੰਢਾ ਰਿਹਾ ਸਾਂ।
ਅਪਣਾ ਸੀ ਪਿੰਡ ਜਾਂ ਕੋਈ ਬੇਗਾਨਾ?
ਕਿਆਫੇ ਤੇ ਕਿਆਫਾ ਮੈਂ ਲਾ ਰਿਹਾ ਸਾਂ।
ਸਮਝ ਕੋਈ ਨਹੀਂ ਸੀ ਪੈਂਦੀ ਪਰ ਮੈਨੂੰ,
ਕਿ ਮੈਂ ਕਿਧਰੋਂ ਕਿੱਧਰ ਨੂੰ ਜਾ ਰਿਹਾ ਸਾਂ।

ਬੇ ਧਿਆਨੇ ਪੈਰ ਜਾ ਨਾਲੀ ਵਿੱਚ ਵੱਜਾ,
ਲਿੱਬੜ ਗਿਆ ਸਾਰਾ ਜਦ ਬੂਟ ਮੇਰਾ।
ਤੱਕਿਆ ਚੁਫੇਰੇ ਵਸੀਲਾ ਜੇ ਕੋਈ ਹੋਵੇ,
ਪਾਣੀ ਦਾ ਪ੍ਰਬੰਧ ਕਿਤੇ ਹੋਵੇ ਬਹੁਤੇਰਾ।
ਕਿਸਮਤ ਸੀ ਚੰਗੀ ਤੇ ਨਲਕਾ ਸੀ ਨੇੜੇ,
ਸਾਹ ਵਿੱਚ ਸਾਹ ਫਿਰ ਆਇਆ ਤੱਦ ਮੇਰਾ।
ਧੋ ਕੇ ਸਾਰਾ ਬੂਟ, ਤੇ ਪੈਰ ਮੈਂ ਅਪਣਾ,
ਪਾ ਲਿਆ ਵਾਪਸ ਬੂਟ ਵਿੱਚ ਮੇਰਾ।
ਸੁਰੀਲੀ ਆਵਾਜ਼ ਇੱਕ ਪਈ ਮੇਰੇ ਕੰਨੀ,
ਹਰਜਿੰਦਰ ਸਿੰਘ ਨੇ ਪਾਇਆ ਹੋਵੇ ਜਿਵੇਂ ਫੇਰਾ।
ਖਿੱਚਿਆ ਗਿਆ ਮੈਂ ਉਸੇ ਹੀ ਪਾਸੇ,
ਹਜੂਮ ਨੇ ਸੀ ਜਿੱਥੇ ਪਾਇਆ ਉਸ ਨੂੰ ਘੇਰਾ।
ਮੰਤਰ ਮੁਗਧ ਸਰੋਤੇ ਅਨੰਦਤ ਸਨ ਹੋਏ,
ਗੁਰਬਾਣੀ ਦਾ ਪਰਵਾਹ ਸੀ ਜਿੱਥੇ ਘਨੇਰਾ।

ਜਾਪਦਾ ਸੀ ਜਿਵੇਂ ਉਹ ਦਰ ਦਰ ਹੈ ਗਾਉਂਦਾ,
ਅਤੇ ਦੇਂਦਾ ਹੈ ਸਭ ਨੂੰ ਉਹ ਸਿੱਖੀ ਦਾ ਹੋਕਾ।
ਗਰੀਬੜੇ ਜਿਹੇ ਦੀ ਅਜੀਬ ਸੀ ਹਾਲਤ,
ਸਮਝ ਨਾ ਸਕਿਆ ਇਹ ਸਾਰਾ ਮੈਂ ਮੌਕਾ।
ਕਿੱਥੇ ਉਹ ਲੱਖਾਂ ਵਿੱਚ ਖੇਡਣ ਵਾਲਾ,
ਕਿੱਥੇ ਹੋਇਆ ਫਿਰਦਾ ਹੈ ਇੰਨਾ ਇਹ ਔਖਾ।
ਕੀ ਹੈ ਇਹ ਮਾਜਰਾ ਤੇ ਕੀ ਇਹ ਕਹਾਣੀ,
ਸਮਝਣਾ ਇਹ ਸਭ ਕੁੱਝ ਨਹੀਂ ਲੱਗਦਾ ਸੀ ਸੌਖਾ।

ਹਿੰਮਤ ਕਰ ਮੈਂ ਹੋਇਆ ਉਸ ਦੇ ਸਾਹਮੇਂ,
ਚਾਹਿਆ ਮੈਂ ਪੁੱਛਣਾ ਉਸ ਤੋਂ ਇਸ ਬਾਰੇ।
ਪਰ ਝੇਪ ਗਿਆ ਮੈਂ ਇਸ ਗੱਲੋਂ ਡਰ ਕੇ,
ਮਤੇ ਹੋ ਜਾਵੇ ਤੌਹੀਨ ਉਸ ਦੀ ਸਾਰੇ।
ਫੇਰ ਵੀ ਜੇਰਾ ਮੈਂ ਕੀਤਾ ਕੰਨ ਦੇ ਕੋਲੇ,
ਹੌਲੀ ਜਿਹੀ ਜਾ ਕੇ ਮੈਂ ਪੁੱਛਿਆ ਪਿਆਰੇ?
ਕਿਵੇਂ ਹੋਈ ਤੇਰੀ ਕਾਇਆਂ ਦੀ ਕਲਪ,
ਕਿੱਥੇ ਗਏ ਤੇਰੇ ਉਹ ਵਾਰੇ ਤੇ ਨਿਆਰੇ।
ਨੀਵੀਂ ਜਿਹੀ ਪਾ ਕੇ ਆਜਿਜ਼ ਜਿਹਾ ਹੋ ਕੇ,
ਕਹਿੰਦਾ ਇਹ ਆਖ਼ਰ ਸਬਕ ਹੈ ਮੈਂ ਸਿੱਖਿਆ।
ਘਰ ਘਰ ਜਾਕੇ ਇਹ ਹੋਕਾ ਹੈ ਦੇਣਾ,
ਮੰਗਣੀ ਹੈ ਲੋਕਾਂ ਤੋਂ ਹਲੀਮੀ ਦੀ ਭਿੱਖਿਆ।
ਨਾਨਕ ਨੇ ਵੀ ਕੀਤਾ ਸੀ ਐਸਾ ਹੀ ਧੰਦਾ,
ਚੱਲਦਾ ਰਿਹਾ ਉਹ ਕਿਤੇ ਵੀ ਨਾ ਟਿਕਿਆ।
ਬਹੁਤੀ ਮਾਇਆ ਲਈ ਕੀਤੇ ਮੈਂ ਹੀਲੇ,
ਪਰ ਮਿਲਿਆ ਉਹੀ ਜੋ ਧੁਰ ਤੋਂ ਹੈ ਲਿਖਿਆ।
ਸੁਣ ਕੇ ਉਸ ਦਾ ਸੱਚਾ ਇਹ ਉੱਤਰ,
ਕੀ ਮੈਂ ਸੁਣਾਵਾਂ ਹੁਣ ਬਾਕੀ ਦੀ ਵਿੱਥਿਆ।

ਇੰਨੇ ਉਤਸ਼ਾਹ ਨਾਲ ਮੈਂ ਵਾਹ ਵਾਹ ਜੋ ਕੀਤਾ,
ਕੜੱਕ ਟੁੱਟ ਗਈ ਮੇਰੀ ਨੀਂਦ ਦੀ ਖ਼ੁਮਾਰੀ।
ਸੁਪਨਾ ਇੰਝ ਟੁੱਟਾ ਜਾਗ ਜਿਵੇਂ ਆਈ,
ਸਮਝ ਫਿਰ ਆਈ ਕਹਾਣੀ ਇਹ ਸਾਰੀ।
ਪਰ ਸੋਚ ਮੇਰੀ ਨੇ ਚੜ੍ਹ ਤਸੱਵਰ ਦੇ ਘੋੜੇ,
ਕਿਹਾ ਜੇ ਮੇਰੇ ਸੁਪਨੇ ਹੋ ਜਾਵਣ ਸਾਕਾਰੀ।
ਜੇ ਸਾਰੇ ਹੀ ਰਾਗੀ, ਪ੍ਰਚਾਰਕ ਤੇ ਬਾਬੇ,
ਛੱਡਣ ਸਟੇਜਾਂ, ਡੇਰਿਆਂ ਦੀ ਸਰਦਾਰੀ।
ਬਣ ਜਾਣ ਸਾਰੇ ਨਾਨਕ ਦੇ ਵਰਗੇ,
ਸਿੱਖੀ ਦੇ ਕਲਾਵੇ ਆਵੇ ਦੁਨੀਆ ਸਾਰੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ ।

ਪਲੀਤ ਭਗਵਾਨ - ਰਵਿੰਦਰ ਸਿੰਘ ਕੁੰਦਰਾ

ਹਾਹਾਕਾਰ ਹੈ  ਸ਼ਹਿਰ ਦੇ  ਅੰਦਰ।
ਪਲੀਤ ਹੋ ਗਿਆ ਰੱਬ ਦਾ ਮੰਦਰ।

ਕਰਤੂਤ ਹੈ ਕਿਸੇ ਨੀਚ ਬਾਲਕ ਦੀ,
ਪੈਦਾ ਕੀਤਾ ਜਿਸ ਨੇ ਇਹ ਮੰਜ਼ਰ।

ਜ਼ਿਦ ਕਰ ਬੈਠਾ ਆਕੀ  ਹੋ ਗਿਆ,
ਰੱਬ ਦੇ ਪਿਆਰ ਦੀ ਮਹਿਮਾ ਅੰਦਰ।

ਮਿਲਣਾ   ਚਾਹੇ   ਚੁੰਮਣਾ  ਚਾਹੇ,
ਜੋ  ਵਸਦਾ ਹੈ ਹਰ  ਦਿਲ ਅੰਦਰ।

ਸੋਹਣਾ ਪਿਆਰਾ ਬੁੱਤ ਇਹ ਰੱਬ ਦਾ,
ਪੈਦਾ ਹੋਇਆ ਉਸਦੇ ਘਰ ਅੰਦਰ।

ਉਦੋਂ  ਇਹ  ਰੱਬ  ਇੱਕ  ਪੱਥਰ  ਸੀ,
ਅਣਘੜਤ  ਕਿਸੇ ਸਿਲ ਦੇ ਅੰਦਰ।

ਉਸ ਦੇ ਬਾਪ ਨੇ ਘੜ ਘੜ ਇਸ ਨੂੰ,
ਰੱਬ ਬਣਾਇਆ ਆਪਣੇ ਘਰ ਅੰਦਰ।

ਬਾਲਕ  ਦੀਆਂ  ਅੱਖਾਂ  ਦੇ  ਸਾਹਮੇਂ,
ਵਰਤਿਆ ਸੀ ਇਹ ਅਜਬ ਅਡੰਬਰ।

ਪੱਥਰ  ਤੋਂ  ਭਗਵਾਨ  ਦਾ  ਰੁਤਬਾ,
ਸਾਕਾਰ ਹੋਇਆ ਉਸ ਦੇ ਘਰ ਅੰਦਰ।

ਚਰਮ ਸੀਮਾਂ ਤੱਕ ਪਹੁੰਚ ਗਿਆ ਸੀ,
ਰੱਬ ਨਾਲ ਪਿਆਰ ਵੀ ਉਸ ਦੇ ਅੰਦਰ।

ਅਚਾਨਕ ਰੱਬ ਫਿਰ ਗਾਇਬ ਹੋ ਕੇ,
ਪਰਗਟ ਹੋ ਗਿਆ ਮੰਦਰ ਅੰਦਰ।

ਬਹਿਬਲ ਹੋ ਕੇ ਬਾਲਕ ਤੜਪਿਆ,
ਹੰਝੂਆਂ ਦਾ ਵਗ  ਗਿਆ ਸਮੁੰਦਰ।

ਸ਼ਾਂਤ  ਬਾਪ  ਵੀ  ਕਰ  ਨਾ ਸਕਿਆ,
ਉਬਲਦਾ  ਲਾਵਾ  ਬਾਲਕ  ਅੰਦਰ।

ਬਾਪ ਨੇ ਬਾਲਕ  ਨੂੰ  ਸਮਝਾਇਆ,
ਹੁਣ ਉਹ ਵਸਦਾ ਹੈ ਮੰਦਰ ਅੰਦਰ।

ਹੁਣ ਉਹ ਸਾਡਾ ਕੁੱਝ ਨਹੀਂ ਲੱਗਦਾ,
ਉਸਦਾ ਸਾਡਾ ਹੁਣ ਬਹੁਤ ਹੈ ਅੰਤਰ।

ਪਰ ਨਾਦਾਨ  ਸਮਝ  ਨਾ  ਸਕਿਆ,
ਅਜੀਬ  ਜਿਹਾ  ਇਹ  ਕੋਝਾ ਅੰਤਰ।

ਅੱਖ ਬਚਾ ਕੇ ਬਾਲਕ ਇੱਕ ਦਿਨ,
ਜਾ ਵੜਿਆ ਉਸ ਮੰਦਰ ਅੰਦਰ।

ਰੋ  ਰੋ  ਰੱਬ  ਨੂੰ  ਜੱਫੀਆਂ  ਪਾਈਆਂ,
ਸ਼ਾਂਤ ਕਰਨ ਲਈ ਆਪਣਾ ਅੰਦਰ।

ਹੁਣ  ਉਹ  ਉਸ ਦਾ ਰੱਬ ਨਹੀਂ ਸੀ,
ਊਚਾਂ  ਦਾ  ਉਹ  ਕਲਾ  ਕਲੰਦਰ।

ਲਾਲ  ਪੀਲਾ  ਹੋ ਗਿਆ  ਪੁਜਾਰੀ,
ਦੇਖ ਕੇ ਸਾਰਾ ਅਜੀਬ ਇਹ ਮੰਜ਼ਰ।

ਹਾਹਾਕਾਰ   ਮਚਾਈ   ਉਸ   ਨੇ,
ਚੁੱਕ ਲਿਆ ਸਿਰ 'ਤੇ ਸਾਰਾ ਮੰਦਰ।

ਹਾਇ ਓਏ ਨੀਚ ਪਲੀਤ ਕਰ ਗਿਆ,
ਪਾਕ ਪਵਿੱਤਰ ਸਾਡਾ ਇਹ ਮੰਦਰ।

ਕੱਢੋ  ਨੀਚਾਂ   ਨੂੰ  ਸ਼ਹਿਰ  ਤੋਂ,
ਜਾਂ ਕਰ ਦੇਵੋ ਸਭ ਨੂੰ ਅੰਦਰ।

ਕਰੋ ਜੁਰਮਾਨਾ ਜਾਂ ਲਾ ਦਿਓ ਫਾਹੇ,
ਕਰੋ ਸਭ  ਮਿੰਟ  ਸਕਿੰਟਾਂ  ਅੰਦਰ।

ਫਰਮਾਨ ਹੋਇਆ ਫੇਰ ਉਪਰੋਂ ਜਾ ਕੇ,
ਮਹਾਂ  ਯੱਗ  ਕਰੋ  ਵਿੱਚ  ਮੰਦਰ।

ਸੱਖਤ ਸਰਕਾਰੀ ਪਹਿਰਾ ਲਾ ਦਿਓ,
ਵੜੇ ਕੋਈ ਨੀਚ ਨਾ ਮੰਦਰ ਅੰਦਰ।

ਹੋਵੇ  ਨਾ  ਫਿਰ  ਮੁੜ  ਇਹ  ਕਾਰਾ,
ਪਿੱਟ ਦਿਓ ਡੌਂਡੀ ਸ਼ਹਿਰ ਦੇ ਅੰਦਰ।

ਹਾਹਾਕਾਰ ਹੈ  ਸ਼ਹਿਰ  ਦੇ ਅੰਦਰ,
ਪਲੀਤ ਹੋ ਗਿਆ ਰੱਬ ਦਾ ਮੰਦਰ।

ਰਵਿੰਦਰ ਸਿੰਘ ਕੁੰਦਰਾ