ਨਵਾਂ ਕੰਜਰਖ਼ਾਨਾ ! - ਬਿੱਟੂ ਅਰਪਿੰਦਰ ਸਿੰਘ ਜਰਮਨ
ਛਿੱਤਰ ਲਵੇ ਲਾਹ ਸੌ ਮਾਰੇ ਤੇ ਇਕ ਗਿਣੇ ! ਹੈਂਅ ਨਵਾਂ ਕੰਜਰ ਖ਼ਾਨਾ !
ਇਹ ਸਾਰੇ Experiement ਕਰਨ ਲਈ ਪੰਜਾਬ ਦੀ ਸਰਜ਼ਮੀਨ ਈ ਕਿੰਓ ਲੱਭਦੀ ਆ । ਹੋਰ ਕਿਤੇ ਮਰੋ ਗੰਦ ਪਾਓ ! ਕੋਈ ਕਰੇ ਭਲਾ ਹਿੰਮਤ ਕਿ ਮਦੀਨੇ ਤੀਆਂ ਲਾਉਣੀਆਂ ਜਾਂ ਮੁਜਰਾ ਕਰਨਾ, ਅਗਲਿਆਂ ਮਿੰਟ ਲਾਉਣਾ ਧੌਣ ਤੇ ਛੁਰੀ ਰੱਖ ਕਲਮਾਂ ਪੜਨ ਲੱਗਿਆਂ ।
ਲੋਕੋ ਇਹ ਸਾਜ਼ਿਸ਼ ਹੈ ਪੰਜਾਬ ਦਾ ਮਹੌਲ ਖਰਾਬ ਕਰਨ ਦੀ ! ਲੱਗ ਭੱਗ ਅੱਧੀ ਸਦੀ ਪਹਿਲਾਂ ਵੀ ਇਸੇ ਅਪਰੈਲ ਦੇ ਮਹੀਨੇ ਨਰਕਧਾਰੀ ਲਾਣੇ ਦਾ ਇੱਕ ਸਮਾਗਮ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਪਾਵਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਰਜ਼ਮੀਨ ਤੇ ਰੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦਾ ਮੁੱਢ ਬੰਨਿਆ ਜਾਂਦਾ । ਜੇ ਕਿਹੇ ਗਰਮ ਖਿਆਲੀਏ ਸਿੰਘ ਨੇ ਦੋ ਚਾਰ ਪੱਠੇ ( ਗੰਦੇ ਪਠੋਰੇ ) ਝਟਕਾ ਤੇ ਫੇ ਕਹਿਣਾ ਸਿੰਘ ਕੱਟੜਵਾਦੀ ਆ । ਸੋ ਐਸੇ ਕੰਜਰ ਖ਼ਾਨਿਆਂ ਨੂੰ ਤੁਰੰਤ ਠੱਲ ਪਾਉਣੀ ਚਹੀਦੀ ਹੈ ।
ਪੰਜ ਛੇ ਵਰੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਘਟਨਾ ਹੈ ਕਿ ਇੱਕ ਨੌਜਵਾਨ ਕੁੜੀ ਇੱਕ ਲੈਸਪੀਆਨ ਸਾਥਣ ਨਾਲ ਰਹਿਣ ਲਈ ਬਜ਼ਿਦ ਸੀ ਕੇਸ ਠਾਣੇ ਗਿਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ । ਬੜੀ ਹੈਰਾਨੀ ਹੋਈ ਕਿ ਪੱਛਮ ਦਾ ਇਹ ਰਿਵਾਜ ਪੰਜਾਬ ਵਾਲੇ ਪਾਸੇ ਕਿੱਦਾਂ ਚਲਾ ਗਿਆ ! ਅਸਾਂ ਦਿਹਾਤੀ ਬੰਦਿਆਂ ਨੇ ਪੱਛਮੀ ਮੁਲਕਾਂ ਦੀ ਖੁੱਲ ਬਾਰੇ ਪਿੰਡਾਂ ਚ, ਬੜਾ ਕੁਹ ਪੜਿਆ ਸੁਣਿਆ ਸੀ, ਪਰ ਜਦੋਂ ਏਥੇ ਆਣਕੇ CSD (ਕਰਿਸਟੋਫ਼ਰ ਸਟ੍ਰੀਟ ਡੇਅ) ਵਰਗੇ ਸਮਲਿੰਗੀ ਮੇਲੇ ਲੱਗੇ ਵੇਖੇ ਤੇ ਮੂੰਹ ਅੱਡੇ ਰਹਿ ਗਏ ।
ਸੁਣਿਆ ਸੀ ਬਾਂਦਰ ਤੋ ਬੰਦਾ ਬਣਿਆ ।ਕਈ ਖੋਜਾਰਥੀ ਮੰਨਦੇ ਹਨ ਕਿ ਬਾਂਦਰ ਤੋਂ ਥੋੜੀ ਸੁਧਰੀ ਨਸਲ ਆਦਿ ਮਾਨਵ ਨੇ ਸੱਭ ਤੋਂ ਪਹਿਲਾਂ ਅੱਗ ਤੇ ਫੇਰ ਚੱਕੇ (Wheel) ਦੀ ਕਾਢ ਕੱਢੀ । ਪਰ ਨਵੀਆਂ ਖੋਜਾਂ ਤੋਂ ਜੋ ਤੱਥ ਸਾਹਮਣੇ ਆਇਆ ਹੈ ਉਹ ਹੈ ਕਿ ਮਨੁੱਖ ਚ, ਸੱਭ ਤੋ ਪਹਿਲਾਂ ਸ਼ਰਮ ਦਾ ਅਹਿਸਾਸ ਹੋਇਆ ਤੇ ਉਹਨਾਂ ਸਰੀਰ ਢੱਕਣ ਲਈ ਪੱਤਿਆਂ ਦੀ ਸਕਰਟ ਦੀ ਕਾਢ ਨਾਲ ਲੰਗੋਟਾ ਕੱਸ ਲਿਆ । ਜੰਗਲਾਂ ਤੋ ਤੁਰੇ ਮਾਨਵ ਨੇ ਏਨੀ ਤਰੱਕੀ ਕਰ ਲਈ ਕਿ ਮਨੁੱਖ ਸ਼ਰਮ ਹਯਾ ਦੀਆਂ ਹੱਦਾਂ ਈ ਟੱਪ ਗਿਆ । ਗਰਮੀਆਂ ਚ, ਨਾਂ ਮਾਤਰ ਲੀੜਿਆਂ ਚ, ਤੁਰੀ ਫਿਰਦੀ ਲੋਕਾਈ ਤੇ ਰਹਿੰਦੀ ਕਸਰ ਸਮਲਿੰਗੀ ਮੇਲਿਆਂ ਨੇ ਕੱਢ ਘੱਤੀ ! ਸੱਭ ਨੰਗ ਧੜੰਗ ਵੇਖ ਕਿ ਲਗਦਾ ਕਿ ਮਨੁੱਖ ਦਾ ਮਨ ਭਰ ਗਿਆ ਤੇ ਘਰ ਵਾਪਸੀ ਵੱਲ ਤੁਰ ਪਿਆ ਜੰਗਲਾਂ ਵੱਲ ਨੂੰ ਜਿੱਥੋਂ ਆਇਆ ਸੀ ! Human back to Jungale ! ਭਾਵ ਬੰਦੇ ਤੋਂ ਬਾਂਦਰ ਬਣਨ !
ਕ੍ਰੋਧ, ਲ਼ੋਭ, ਮੋਹ, ਹੰਕਾਰ ਪੰਜਾ ਵਕਾਰਾਂ ਦਾ ਸਿਖਰਲਾ ਸਿਰਦਾਰ ਕਾਮ ਹੈ ! ਸ੍ਰੇਸ਼ਟੀ ਤੇ ਕੁੱਦਰਤ ਦਾ ਸੱਭ ਤੋਂ ਉੱਤਮ ਵਰਦਾਨ ਕਾਮ ( ਸ਼ਕਤੀ ) ! ਜੇ ਸ੍ਰੇਸ਼ਟੀ ਤੇ ਕਾਮ ਸ਼ਕਤੀ ਹੈ ਤਾਂ ਮਨੁੱਖ ਦਾ ਉਤਪੱਤੀ ਹੈ ਨਹੀਂ ਤੇ ਕੱਖ ਵੀ ਨਹੀ ਬ੍ਰਹਿਮੰਡ ਹੀ ਨਹੀ ! ਭਾਵ ਵਿਆਖਿਆ ਕਰਨ ਆਲਾ ਹੀ ਕੋਈ ਨਹੀ ! ਇਸ ਸ਼ਕਤੀ ਦੀ ਸਹੀ ਵਰਤੋਂ ਕਰ ਜਦ ਮਨੁੱਖ ਇਸ ਨੂੰ ਉੱਪਰ ਚੁੱਕ ਦਸਵੇਂ ਦੁਆਰ (ਅਦਿੱਖ ਨੇਤਰ ਰਾਂਹੀ ਪ੍ਰਗਟ ਕਰਦਾ ਹੈ ਤਾਂ ਇਹ ਸੰਸਾਰ ਲਈ ਕਲਿਆਣਕਾਰੀ ਹੋ ਨਿਬੜਦੀ ਏ ! ਐਸਾ ਭਾਰਤ ਵਰਸ਼ ਦੇ ਰਿਸ਼ੀਆਂ, ਮੁਨੀਆਂ, ਪੈਗੰਬਰੀ ਅਵਤਾਰਾਂ ਦਾ ਮੰਨਣਾ ਹੈ ! ਤੇ ਇਹੋ ਤੱਤਸਾਰ ਕੱਢ ਹਿੰਦੋਸਤਾਨ ਦੇ ਅਵਤਾਰੀ ਪੁਰਸ਼ਾਂ ਨੇ ਕਾਮ ਤੇ ਗ੍ਰੰਥ ਲਿੱਖ ਮਾਰੇ !
ਹੁਣ ਸੋਚਣ ਆਲੀ ਗੱਲ ਹੈ ਕਿ ਇਹਨਾ ਗ੍ਰੰਥਾਂ ਵਿਚਲੇ ਤੱਤਸਾਰ ਨੂੰ ਸਮਝ ਕਿ ਬਣਨਾ ਤੇ ਚਤੁਰ ਸਿਆਣੇ ਸੀ ਚਤੁਰਾਈ ਹਾਸਿਲ ਕਰਨੀ ਸੀ ! “ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ” ਮੱਤ ਉੱਚੀ ਚੁੱਕਣੀ ਸੀ ! ਸ਼ਕਤੀ ਨੂ ਉੱਪਰ ਚੁੱਕ ਸਾਰਥਿਕ ਵਰਤੋਂ ਕਰਨੀ ਸੀ ਪਰ ਹੰਕਾਰ ਤੇ “ਮੈਨੂੰ ਵੱਧ ਪਤਾ” ਨੇ ਕਾਮ ਹੇਠਾਂ ਸੁੱਟ ਦਿੱਤਾ ਤੇ ਲੋਕ ਨਾਲਿਆਂ ਦੇ ਢਿੱਲੇ ਹੋ ਗਏ ! ਨਤੀਜਾ ਸਾਹਮਣੇ ਅੰਬਰਸਰ ਲੱਗ ਰਿਹਾ ਸਮਲਿੰਗੀ ਮੇਲਾ ! ਬਾਬਾ ਸੁਮੱਤ ਬਖਸ਼ੇ !
ਸਮਾਜ ਨੂੰ ਇਹ ਸੋਚਣਾ ਚਹੀਦਾ ਕਿ ਕੀ ਕਾਰਨ ਹਨ ਕਿ ਸਮਾਜ ਦਾ ਇੱਕ ਹਿੱਸਾ ਮਾਡਰਨਿਟੀ ਦੇ ਨਾਂ ਤੇ ਗੈਰ ਕੁਦਰਤੀ ਰਾਹਾਂ ਤੇ ਤੁਰਿਆ ਫਿਰਦਾ ! ਜੋ ਘਾਤਕ ਬਿਮਾਰੀਆਂ ਨੂੰ ਸੱਦਾ ਈ ਨਹੀਂ ਦੇ ਰਿਹਾ ਸਗੋਂ ਬਿਮਾਰ ਸਮਾਜ ਦੀ ਸਿਰਜਣਾ ਵਾਲੇ ਰਾਹ ਪਿਆ ਹੋਇਆ ਏ ! ਪ੍ਰਸ਼ਾਸਨ ਨੂੰ ਵੀ ਐਸੇ ਖੁੱਲੇ ਕੰਜਰ ਖ਼ਾਨਿਆਂ ਦੇ ਅਖਾੜੇ ਰੋਕਣੇ ਚਾਹੀਦੇ ਹਨ ! ਵੈਸੇ ਵੀ ਮਨੁੱਖ ਆਦਿਵਕਾਲ ਤੋਂ ਹੀ ਗੈਰ ਕੁਦਰਤੀ ਕੁਕਰਮ ਕਰਦਾ ਰਿਹਾ ਹੈ ਇਹਦੇ ਸਬੂਤ ਅਜੰਤਾ ਏਲੋਰਾ ਦੀਆਂ ਗੁਫ਼ਾਵਾਂ ਵਿੱਚ ਮੂਰਤੀਆਂ ਦੇ ਰੂਪ ਵਿੱਚ ਸੈੰਕੜੇ ਸਾਲਾਂ ਤੋਂ ਸਥਾਪਿਤ ਹਨ ! ਪਰ ਜਨਤਕ ਰੂਪ ਵਿੱਚ ਖੁੱਲੇ ਤੌਰ ਤੇ ਸਮਾਜ ਲਈ ਘਾਤਕ ਹਨ ਭੁੱਲਾਂ ਚੁੱਕਾਂ ਲਈ ਖਿਮਾਂ !
ਬਿੱਟੂ ਅਰਪਿੰਦਰ ਸਿੰਘ ਜਰਮਨ
ਇਸ਼ਕ ਝਮੇਲੇ ! - ਬਿੱਟੂ ਅਰਪਿੰਦਰ ਸਿੰਘ ਸੇਖੋਂ
ਕੱਤੀ ਇੱਕ ਨਾ ਪੂਣੀ ਇਸ਼ਕ ਦੀ ਚਰਖਾ ਲੈਗੇ ਖੇੜੇ,
ਘੜਾ ਘੜੋਲੀ ਖੜਕਣ ਕਿੱਧਰੇ ਮਾਤਮ ਸਾਡੇ ਵਿਹੜੇ !
ਚੂਰੀ ਮੁੱਕਗੀ ਵੰਝਲੀ ਟੁੱਟਗੀ ਕੱਖ ਰਿਹਾ ਨਾ ਪੱਲੇ,
ਕੰਨ ਪੜਵਾਏ ਜੋਗ ਕਮਾਇਆ ਵੇਖ ਸਮੇਂ ਦੇ ਗੇੜੇ !
ਪੰਡ ਪੰਨੂ ਦੀ ਬੰਨ ਕੇ ਲੈ ਗਏ ਇਸ਼ਕ ਮਜ਼ਬ ਦੇ ਵੈਰੀ,
ਵਿੱਚ ਥਲਾਂ ਦੇ ਕਿਸਮਤ ਸੜਗੀ ਕੋਈ ਨਾ ਨੇੜੇ ਤੇੜੇ !
ਕਿਹੇ ਝੱਲੇ ਨੇ ਨਹਿਰ ਪੁੱਟਤੀ ਤਿੱਪ ਨਾਂ ਆਇਆ ਪਾਣੀ !
ਇਸ਼ਕ ਇਬਾਦਤ ਓਹੋ ਜਾਣੈ ਜੋ ਇਹ ਕਿਸਬ ਸਹੇੜੇ !
ਫੁੱਲਾਂ ਨਾਲ ਮੁਹੱਬਤ ਕਰਕੇ ਜੇ ਕੋਈ ਮਾਣੇ ਮਸਤੀ,
ਫੇ ਭਲਾ ਕੋਈ ਬਿੱਟੂ ਸ਼ਾਹ ਕਿੰਓ ਇਸ਼ਕ ਝਮੇਲੇ ਝੇੜੇ !
ਅਪਗ੍ਰੇਡ ਵਾਰਸ਼ !
ਬਿੱਟੂ ਸ਼ਾਹ ਮਝੈਲ
ਪੰਜਾਬੀ ਬੋਲਦੇ ਲਾਕੇ ਆਲ਼ਾ !
ਪੂਰਾ ਨਾਵਾਂ
ਬਿੱਟੂ ਅਰਪਿੰਦਰ ਸਿੰਘ ਸੇਖੋਂ
ਸੱਜਣ - ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨੀ
ਸੱਜਣ ਅਸਾਂ ਦੇ ਦੂਰ ਵਸੇਂਦੇ ਵਸਦੇ ਬੱਦਲਾਂ ਓਹਲੇ,
ਦਰਦ ਹਿਜਰ ਦਾ ਦੱਸ ਓ ਸੱਜਣਾਂ ਕਿੱਥੇ ਕੋਈ ਫਰੋਲੇ !
ਹੰਝੂਆਂ ਮਿੱਟੀ ਸਿੱਲੀ ਕੀਤੀ ਲੋਕਾਂ ਸਮਝੀਆਂ ਕਣੀਆਂ,
ਇਸ਼ਕ ਤੇਰੇ ਦੀ ਘੁੰਮਣ ਘੇਰੀ ਬਣ ਗਈ ਵਾਅ ਵਰੋਲੇ !
ਵਾਂਗ ਤਪੱਸਿਆ ਮੁਹੱਬਤ ਕੀਤੀ ਕੱਖ ਪਿਆ ਨਾਂ ਪੱਲੇ,
ਰਾਂਝਾ ਰਹਿ ਗਿਆ ਮੱਝਾਂ ਕੁੱਟਦਾ ਹੀਰ ਦੇ ਤੁਰ ਗਏ ਡੋਲੇ !
ਦੋ ਪਲ ਆਸ਼ਕ ਘੂਕ ਸੌਂ ਗਿਆ ਪਿਆਰ ਨੇ ਭੰਨਤੇ ਕਾਨੇ ,
ਤਿੱਖੜ ਦੁਪਹਿਰੇ ਮਿਰਜ਼ਾ ਵੱਡ ਗਏ ਚੜ ਕੇ ਆਏ ਟੋਲੇ !
ਇਸ਼ਕ ਮਜਾਜੀ ਤਿਕੜਮ ਬਾਜ਼ੀ ਰੋਗ ਅਵੱਲੜਾ ਯਾਰੋ !
ਬਿੱਟੂ ਵਰਗੇ ਦੇਸੀ ਗਾਲਿਬ, ਇਸ਼ਕ ਨੇ ਘਰ ਘਰ ਰੋਲੇ !
ਬਿੱ2 ਮਝੈਲ !
ਕਾਲੇ ਲਿਖੁ ਨ ਲੇਖ - ਬਿੱਟੂ ਅਰਪਿੰਦਰ ਸਿੰਘ
ਲਾਲਚੀ ਬੰਦਾ ਹਰ ਕੁਕਰਮ ਕਰਕੇ ਮਾਇਆ ਇਕੱਤਰ ਕਰਨ ਚ, ਰੁੱਝਿਆ ਰਹਿੰਦਾ ! ਓਹ ਹਰ ਨੀਵੇਂ ਤੋਂ ਨੀਵਾਂ ਹਰਬਾ ਵਰਤ ਕੇ ਅਮੀਰ ਬਣ ਹਰ ਸ਼ੈਅ ਹਾਸਲ ਕਰਨਾ ਚਾਹੁੰਦਾ ! ਇੱਥੋਂ ਤੱਕ ਕਿ ਬੰਦੇ, ਅਹੁਦੇ, ਸੰਸਥਾਵਾਂ, ਮਾਣ ਸਨਮਾਨ ਤੇ ਤਸਕਰੀਆਂ ਪੱਤਰ ਆਦਿ ਵੀ ! ਮਨੁੱਖ ਕੋਲ ਜਿੰਨੇ ਵੱਧ ਪਦਾਰਥ ਹੋਣਗੇ ਓਨਾਂ ਹੀ ਵੱਡਾ ਖ਼ਤਰਾ ਹਰ ਵੇਲੇ ਉਸਦੇ ਸਿਰ ਉੱਤੇ ਬਣਿਆ ਰਹੇਗਾ ! ਬੰਦੇ ਕੋਲ ਕੋਈ ਚੀਜ਼ ਨਾ ਹੋਵੇ ਸਬਰ ਕਰ ਲੈੰਦਾ, ਪਰ ਲੱਭ ਕੇ ਗੁਆਚ ਜਾਵੇ ਰੋਣ ਹਾਕਾ ਹੋ ਜਾਂਦਾ ! ਹਾਉਮੈ ਦੀਰਘ ਰੋਗ ਤੋਂ ਪੀੜਤ ਲਾਲਚੀ ਬੰਦਾ ਤੇ ਕਿਹੇ ਹੱਦ ਤਕ ਵੀ ਚਲਾ ਜਾਂਦਾ ! ਇੱਥੋਂ ਤੱਕ ਕਿ ਹੰਕਾਰ ਵਿਚ ਰੱਬ ਨਾਲ ਆਢਾ ਵੀ ਲਾ ਬਹਿੰਦਾ ! ਹੰਕਾਰ ਕੀ ਏ ਦੁਰਯੋਧਨ ਦਾ ਅਸਲ ਰੂਪ, ਲੱਕ ਭਨਾ ਲਏਗਾ ਕਲਪੇਗਾ ਮਰੇਗਾ ਨਹੀਂ ਬੱਸ ਇਹੋ ਸਜ਼ਾ ਹੰਕਾਰ ਦੀ ! ਜੁਗਾਂ ਜੁਗਾਤਰਾਂ ਤੋਂ ਕਲਪ ਰਿਹਾ ਏ ! ਸ੍ਰੀ ਕ੍ਰਿਸ਼ਨ ਜੀ ਚਹੁੰਦੇ ਦੁਰਯੋਧਨ (ਹੰਕਾਰ) ਨੂੰ ਮਾਰ ਵੀ ਸਕਦੇ ਸਨ ਪਰ ਨਾਂਹ, ਕਲਪਣ ਲਈ ਛੱਡ ਦਿੱਤਾ !
ਅਜੋਕੇ ਸਮੇਂ ਦਾ ਹੰਕਾਰੀ ਦੁਰਯੋਧਨ ਸੁੱਖਬੀਰ ਬਾਦਲ ਕਲਪ ਰਿਹਾ ਏ ! ਜਿਸ ਦੇ ਕਾਰਨ ਬੜੇ ਨੇ ਪਰ ਇੱਕ ਕਾਰਨ ਹੈ ਕਿਹੇ ਚੀਜ਼ ਦਾ ਲੱਭ ਕੇ ਗੁਆਚ ਜਾਣਾ ! ਉਹ ਹੈ ਉਹਦੇ ਬਾਪ ਨੂੰ ਮਿਲਿਆ ਫ਼ਖਰ ਏ ਕੌਮ ਮੀਰੀ ਪੀਰੀ ਦੇ ਮਾਲਕ ਵੱਲੋਂ ਖੋਹ ਲੈਣਾ ! ਬੱਸ ਇਹ ਕਾਰਨ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢੁੱਡਾਂ ਮਾਰਨ ਦਾ ! ਕਲਪਿਆ ਪਿਆ ਹੈ ! ਬਦਲਾਖੋਰੀ ਦੀ ਨੀਅਤ ਨਾਲ ਉਸ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਖਹਿ ਰਿਹਾ ਜੋ ਸਦੈਵ ਕਾਲ ਅਜਿੱਤ ਹੈ ! ਦਸਾਸ਼ਨ ਵਲਟੋਹੇ ਤੇ ਸ਼ਕਨੀ ਚੀਮੇ ਵਰਗੇ ਸਲਾਹਕਾਰਾਂ ਬਾਦਲ ਦੇ ਕਬਜ਼ੇ ਵਾਲੇ ਕਾਲੀ ਦਲ ਦੇ ਖੱਫਣ ਚ, ਪੱਕੇ ਕਿੱਲ ਠੋਕ ਦਿੱਤੇ ਨੇ ! ਆਈ ਟੀ ਸੈੱਲ ਵਾਲੀ ਕਾਂਰਵ ਸੈਨਾ ਦੇ ਕੁਹ ਕੁ ਦੇਸ਼ ਵਿਦੇਸ਼ ਵਿਚਲੇ ਕਰਿੰਦੇ ਜੈ ਬਾਦਲ ਦਾ ਨਾਅਰਾ ਲਾ ਰਹੇ ਬਾਕੀ ਬਚਿਆ ਕੱਖ ਨੀ !
ਸੁੱਖਬੀਰ ਬਾਦਲ ਸਾਰਾ ਕੁਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰ ਤੇ ਮੰਨ ਕਿ ਵੀ ਆਕੀ ਹੋਇਆ ਫਿਰਦਾ ਏ ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਕਿਰਦਾਰ ਕੁਸ਼ੀ ਜੋ ਬੀਤੇ ਦਿਨਾਂ ਇਸ ਲਾਣੇ ਨੇ ਕੀਤਾ ਹੈ ਅਤਿ ਸ਼ਰਮਨਾਕ ਤੇ ਨਿੰਦਣਯੋਗ ਕਾਰਾ ਹੈ ! ਹੰਕਾਰ ਏਨੀ ਚਰਮਸੀਮਾ ਤੇ ਹੈ ਕਿ ਇਕ ਮਹੀਨੇ ਚ, ਤਿੰਨ ਜੱਥੇਦਾਰ ਅਯੋਗ ਕਰਾਰ ਦੇ ਕੇ ਸ੍ਰੀ ਤਖ਼ਤ ਸਾਹਿਬਾਨ ਦੀ ਫ਼ਸੀਲ ਤੋਂ ਲਾਹ ਦਿੱਤੇ ਹਨ !
ਮੁੱਕਦੀ ਗੱਲ ਜੋ ਕਾਲੇ ਲੇਖੁ ਸੁੱਖੇ ਬਾਦਲ ਨੇ ਸਿੱਖ ਇਤਿਹਾਸ ਚ, ਦਰਜ ਕਰ ਦਿੱਤੇ ਹਨ ਉਹ ਮਸੰਦ ਨਰੈਣੂ ਮਹੰਤ ਵਰਗਿਆਂ ਦੁਸਟਾਂ ਤੋ ਵੀ ਕਿਹੇ ਗਲੋਂ ਘੱਟ ਨਹੀ ! ਪੰਥ ਦਾ ਫ਼ਿਕਰ ਕਰਨ ਵਾਲੇ ਭਲੇ ਲੋਕਾਂ ਦੀ ਦੰਦ ਕਥਾ ਸੀ ਕਿ ਬੇੜਾ ਭਰ ਕਿ ਡੁੱਬਣਾ ਸੋ ਖ਼ਾਲਸਾ ਜੀ ਵੇਲਾ ਆ ਗਿਆ ਡੁੱਬਣ ਦਾ ! ਸੋ ਅਜੇ ਵੀ ਵਕਤ ਹੈ ਕਿ ਜਿੰਨਾ ਲੋਕਾਂ ਨੇ ਜਾਣੇ ਅਣਜਾਣੇ ਵਿਚ ਇਹਨਾਂ ਦੁਸ਼ਟਾਂ ਦਾ ਸਾਥ ਦਿੱਤਾ ਉਹ ਮੀਰੀ ਪੀਰੀ ਦੇ ਦਰ ਤੇ ਖਿਮਾ ਜਾਚਨਾ ਕਰ ਕੇ ਸੁਰਖੁਰੂ ਹੋ ਜਾਣ ! ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਬਖਸਿੰਦ ਹਨ ਪਲ ਵਿਚ ਬਖਸ਼ ਦੇਣਗੇ ! ਸੋ ਦੁਸ਼ਟ ਧੜੇ ਤੋਂ ਤੋਬਾ ਕਰੋ ਤੇ ਗੁਰੂ ਸਾਹਿਬ ਦੇ ਧੜੇ ਵੱਲ ਹੋਵੋ ! ਗੁਰੂ ਬਹੁੜੀ ਕਰਨਗੇ ! ਗੁਰੂ ਸਵਾਰਿਓ ਘੱਟੋ ਘੱਟ ਏਹਨਾਂ ਦੇ ਲਿਖੇ ਕਾਲੇ ਲੇਖਾਂ ਦੀ ਹਮਾਇਤ ਕਰਕੇ ਅੰਹੀ ਪਾਪਾਂ ਦੇ ਭਾਗੀ ਨਾਂ ਬਣੀਏ !
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
ਅਕਾਲ ਸਹਾਇ
ਬਿੱਟੂ ਅਰਪਿੰਦਰ ਸਿੰਘ
ਸਾਹਿਬ ਦੇ ਸਾਹਿਬਜ਼ਾਦਿਆਂ, ਦੀਆਂ ਵਿਲੱਖਣ ਸ਼ਹਾਦਤਾਂ ਨੂੰ ਕਰੋੜਾਂ ਨਮਨ ! - ਬਿੱਟੂ ਅਰਪਿੰਦਰ ਸਿੰਘ
ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਚ, ਹੋਈਆਂ ਤਮਾਮ ਸ਼ਹਾਦਤਾਂ ਦਾ ਸਿੱਖਰ ਨੇ ! ਕਮਾਲ ਦੀ ਗੱਲ ਇਹ ਹੈ ਕਿ “ਸਾਹਿਬ ਏ ਕਮਾਲ” ਰਣ ਤੱਤੇ ਚ, ਜੂਝਣ ਲਈ ਆਪਣੇ ਪੁੱਤ ਹੱਥੀਂ ਸਵਾਰ ਰਹੇ ਨੇ ! ਕਲਗੀਆਂ ਸਵਾਹਰੀਆਂ ਹੋ ਰਹੀਆਂ ਨੇ ! ਕਮਰ ਕੱਸੇ ਕੀਤੇ ਜਾ ਰਹੇ ਨੇ ! ਗਜ਼ਬਾਂ ਦਾ ਜਲੌਅ ਏ ਸਾਹਿਬ ਦੇ ਫਰਜੰਦਾਂ ਦੇ ਨੂਰਾਨੀ ਮੁਖੜਿਆਂ ਤੇ….!
ਕਮਾਲ ਦੀ ਗੱਲ ! ਅਬ ਜੂਝਣ ਕਾ ਚਾਓ ! ਅੱਜ ਸਵਾ ਲੱਖ ਨਾਲ ਇਕ ਲੜਾਉਣ ਦਾ ਰਿਕਾਰਡ ਤੋੜਨ ਜਾ ਰਹੇ ਨੇ ਗੁਰੂ ਦੇ ਫਰਜੰਦ ਤੇ ਪਿਆਰੇ , ਭਾਵ ਦੱਸ ਲੱਖ ਜਰਵਾਣਿਆਂ ਨਾਲ ਟਕਰਾਉਣ ! ਹੈ ਨਾਂ ਧਰਤੀ ਦੀ ਹਿੱਕ ਤੇ ਅਸਾਵਾਂ ਤੇ ਵਿਲੱਖਣ ਮਹਾਂਯੁਧ ! ਦੋ ਜਹਾਨ ਦੇ ਵਾਲੀ ਪਾਤਸ਼ਾਹ ਆਪ ਕੱਚੀ ਗੜ੍ਹੀ ਦੀ ਮਮਟੀ ਤੇ ਨਜ਼ਾਰਾ ਵੇਖ ਰਹੇ ਨੇ ! ਖੜਕਦੀਆਂ ਤੇਗ਼ਾਂ ਦੇ ਚੰਗਿਆੜੇ ਨਿਕਲ ਰਹੇ ਹਨ ! ਜਰਵਾਣਿਆਂ ਦੇ ਸਿਰ ਧੜਾਂ ਤੋ ਵੱਖ ਹੋ ਹਵਾ ਚ, ਘੁੰਮਣ ਘੇਰੀਆਂ ਖਾਂਦੇ ਖ਼ਰਬੂਜ਼ਿਆਂ ਵਾਂਗ ਜਮੀਂ ਤੇ ਰਿੜ ਰਹੇ ਹਨ ! ਕਲਗੀਧਰ ਪਾਤਸ਼ਾਹ ਜੀ ਜੰਗੀ ਜੌਹਰ ਵੇਖ ਅਸ਼ ਅਸ਼ ਕਰ ਰਹੇ ਹਨ ! ਮਹਾਕਾਲ ਦੇ ਸ਼ੁਕਰਾਨੇ ਹੋ ਰਹੇ ਨੇ ! …..ਤੇ ਅਖੀਰ ਸੂਰਜ ਡੁੱਬਣ ਤੱਕ ਦੋਵੇਂ ਸਾਹਿਬਜ਼ਾਦੇ ਵੀਰ ਗਤੀ ਨੂੰ ਪ੍ਰਾਪਤ ਹੋ ਜਾਂਦੇ ਨੇ ਦੋਹਾਂ ਯੁੱਧਵੀਰਾਂ ਦੀ ਸ਼ਹਾਦਤ ਤੇ ਵਾਰੀ ਵਾਰੀ ਸਤਿਗੁਰ ਜੈਕਾਰੇ ਲਾਉਂਦੇ ਸ਼੍ਰੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ! ਧੰਨ ਗੁਰੂ ਧੰਨ ਗੁਰੂ ਪਿਆਰੇ !
ਦੂਜੇ ਪਾਸੇ ਜੋ ਵਰਤਾਰਾ ਹੋਣ ਜਾ ਰਿਹਾ ਓਹ ਨਾਂ ਕਦੇ ਕਿਸੇ ਖੰਡ ਬ੍ਰਹਿਮੰਡ ਤੇ ਹੋਇਆ ਨਾਂ ਹੋਵੇਗਾ ! ਓਧਰ ਦਾਦੀ ਮਾਤਾ ਗੁਜਰੀ ਜੀ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰ ਰਹੇ ਹਨ । ਸ਼ਹੀਦ ਦਾਦੇ ਦੇ ਪੋਤਰੇ ਦਾਦੀ ਮਾਤਾ ਜੀ ਕੋਲੋਂ ਵੱਡੇ ਬਾਬੇ ਦੇ ਅਡੋਲ ਤੱਤੀ ਤਵੀ ਤੇ ਬਹਿਣ ਦੀ ਸਾਖੀ ਸੁਣ ਨਿਰਭੈ ਨੇ ਅਡੋਲ ਚਿੱਤ ਨੇ ! ਨੰਨੀਆਂ ਉਮਰਾਂ ਆਪਣੇ ਆਪ ਨੂੰ ਬਾਬੇ ਸਮਝ ਤਿਆਰ ਬਰ ਤਿਆਰ ਨੇ !ਸੂਬੇ ਦੇ ਅਹਿਲਕਾਰਾਂ ਸੋਚਿਆ ਨਿੱਕੇ ਨਿਆਣੇ ਨੇ ਡੇਹਰੀ ਦਾ ਨਿੱਕਾ ਬੂਹਾ ਝੁਕ ਕੇ ਲੰਘਣ ਗੇ ਪਰ ਬਾਬਿਆਂ ਪਹਿਲਾਂ ਜੁੱਤੀ ਵਾਲਾ ਪੈਰ ਪਾਇਆ ਤੇ ਫੇਰ ਹਿੱਕ ਤਾਣ ਅੰਦਰ ਦਾਖਲ ਹੋਏ ! ਸੂਬਾ ਜਿਸਨੂੰ ਲੋਕ “ਜਾਂਹ ਪਨਾਹ” ਕਹਿ ਕੇ ਸੰਬੋਧਨ ਹੁੰਦੇ ਸਨ ਪਹਿਲੀ ਵੀਰ ਨਿੱਕੇ ਬਾਬਿਆਂ ਦੇ ਮੁਖ਼ਾਰਬਿੰਦ ਤੋਂ “ਓ ਸੂਬਿਆ” ਸੁਣ ਕੇ ਹੱਕਾ ਬੱਕਾ ਰਹਿ ਗਿਆ ! ਲਾਲਚ ਦਿੱਤੇ ਗਏ , ਡਰਾਵੇ ਦਿੱਤੇ ਗਏ , ਤੱਸਦਦ ਕੀਤਾ ਗਿਆ , ਨੀਹਾਂ ਚ, ਚਿਣੇ ਗਏ ਤੇ ਅੰਤ ਜਿਬਾਹ ਕਰ ਸ਼ਹੀਦ ਕਰ ਦਿੱਤੇ !ਹਕੂਮਤ ਨੇ ਆਪਣੀ ਸਦੀਆ ਪੁਰਾਣੀ ਸਲਤਨਤ ਦਾ ਆਪਣੇ ਹੱਥੀਂ ਅੰਤ ਕਰ ਲਿਆ ! ਸਾਹਿਬ ਦੇ ਸਾਹਿਬਜ਼ਾਦੇ ਔਰੰਗੇ ਦੀ ਹਕੂਮਤ ਦੇ ਕਫ਼ਨ ਚ, ਕਿਲ ਸਾਬਿਤ ਹੋਏ ! ਨਿੱਕਾ ਬਾਬਾ ਫ਼ਤਿਹ ਸਿੰਘ ਜੀ ਮੁਗਲਾਂ ਤੇ ਫ਼ਤਿਹ ਪਾ ਹਿੰਦੋਸਤਾਨ ਨੂੰ ਜ਼ੁਲਮਾਂ ਤੋਂ ਸਦੀਵੀ ਨਿਜਾਤ ਦਿਵਾ ਗਿਆ !
ਸਾਹਿਬਜ਼ਾਦਿਆਂ ਬਾਰੇ ਬੜਾ ਕੁਹ ਲਿਖਿਆ ਜਾ ਸਕਦਾ ਪਰ ਜੋ ਮੈਂ ਇੱਕ ਵਿਲੱਖਣ ਗੱਲ ਪੜੀ ਉਹ ਵੀ ਨਾਲ ਸਾਂਝੀ ਕਰ ਕਿ ਸਿਜਦਾ ਕਰਾਂ ਕਿ ਕਿੰਓ ਗੁਰੂ ਦੇ ਨਿੱਕੇ ਲਾਲਾਂ ਦੀ ਸ਼ਹਾਦਤ ਵਿਲੱਖਣ ਹੈ । ਮਹਾਂਭਾਰਤ ਵਿਚ ਬਿਆਸ ਜੀ ਕਹਿੰਦੇ ਹਨ, “ਕਾਮਨਾ ਤੋਂ, ਲੋਭ ਤੋਂ, ਜਾਂ ਪ੍ਰਾਣ ਬਚਾਉਣ ਦੀ ਲਾਲਸਾ ਤੋਂ ਧਰਮ ਦਾ ਤਿਆਗ ਕਦੇ ਨਾ ਕਰਨਾ। ਧਰਮ ਨਿੱਤ ਹੈ, ਸੁਖ ਦੁੱਖ ਤਾਂ ਸਭ ਅਨਿੱਤ ਹਨ ।
” ਡਾ. ਬਲਬੀਰ ਸਿੰਘ ਜੀ ਮਹਾਂਭਾਰਤ ਦੇ ਉਪਰੋਕਤ ਹਵਾਲੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਹਿੰਦੇ ਹਨ, “ਇਉਂ ਲਗਦਾ ਹੈ ਬਿਆਸ ਜੀ, ਖੁਦ ਅੱਜ ਸਰਹਿੰਦ ਵੱਲ ਤੱਕ ਰਹੇ ਹਨ ਤੇ ਕਹਿ ਰਹੇ ਹਨ, “ਹੇ ਪ੍ਰਮਾਤਮ ਦੇਵ, ਕੀ ਇਹ ਸੰਭਵ ਹੈ, ਐਸ ਬਾਲ ਅਵਸਥਾ ਵਿਚ ਐਸ ਅਧੋਗਤੀ ਦੇ ਸਮੇਂ ਵਿਚ ਇਹ ਦੋ ਸੁਕੁਮਾਰ ਦ੍ਰਿੜ੍ਹ ਰਹਿ ਸਕਣ। ਹੇ ਦੇਵ ! ਮਹਾਂਭਾਰਤ ਦਾ ਆਸ਼ਾ ਪੂਰਨ ਹੋਣ ਲੱਗਾ ਹੈ । ਹੇ ਦੇਵ ! ਇਹ ਮੇਰੇ ਮੰਤਵ ਤੋਂ ਵੀ ਗੱਲ ਵੱਧ ਗਈ ਹੈ । ਮੇਰੇ ਖਿਆਲ ਵਿਚੋਂ ਕਦੇ ਮਾਸੂਮ ਬੱਚੇ ਨਹੀਂ ਸਨ ਲੰਘੇਹੇ ਦੇਵ ! ਹੁਣ ਬਸ ਕਰੋ, ਹੋਰ ਦੇਖਿਆ ਨਹੀਂ ਜਾਂਦਾ, ਤ੍ਰਾਹ ਤ੍ਰਾਹ !”
ਧੁਰ ਉੱਪਰ, ਦੂਰ ਉੱਚੇ ਖੰਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਗਦ-ਗਦ ਹੋ ਰਹੇ ਸਨ, ਮਾਨੋ ਉਹ ਕਹਿ ਰਹੇ ਹਨ “ਸ਼ਾਬਾਸ਼ ਬੱਚਿਓ! ਸ਼ਾਬਾਸ਼ ਬੱਚਿਓ !! ਤੁਸੀਂ ਜਦੋਂ ਅਜੇ ਸੰਸਾਰ ਵਿਚ ਨਹੀਂ ਸੀ ਉਪਜੇ ਮੈਂ ਉਸ ਵੇਲੇ ਤੁਹਾਡੀ ਹੀ ਆਤਮਾ ਨੂੰ, ਜੋ ਅਨੰਤ ਦੀ ਗੋਦ ਵਿਚ ਬੈਠੀ ਸੀ, ਨਿਰਭੈਤਾ ਦੀ ਪ੍ਰਾਣ ਕਲਾ ਨਾਲ ਸਫੁਰਤ ਕਰ ਰਿਹਾ ਸਾਂ ਆਓ ਲਾਲੋ ! ਆਓ ਆਪਣੇ ਦਾਦੇ ਦੀ ਗੋਦ ਵਿਚ ਆਓ ! ਤੁਸੀਂ ਆਪਣੀ ਵਯਕਤੀ ਆਪਣੇ ਨਾਂ ਵਿਚ ਛੱਡ ਆਏ ਹੋ। ਆਓ! ਤੁਹਾਡਾ ਨਾਂ ਕੌਮ ਦੇ ਖੂਨ ਦੀ ਤੜਪ ਵਿਚ ਹਮੇਸ਼ਾਂ ਜ਼ਿੰਦਾਂ ਰਹੇਗਾ। ਆਓ, ਦਾਦੇ ਦੀ ਗੋਦ ਵਿਚ ਅਵਯੁਕਤ ਬਿਸ੍ਰਾਮ ਲਏ ।”
ਸੋ ਇਹਨਾਂ ਮਹਾਨ ਸ਼ਹਾਦਤਾਂ ਵੱਲ ਤੇ ਦੁਨੀਆ ਦੇ ਇਤਿਹਾਸ ਵੱਲ ਨਿਗਾਹ ਮਰਿਆਂ ਇਹੋ ਗੱਲ ਸਾਹਮਣੇ ਆਉਂਦੀ ਕਿ ਸੰਸਾਰ ਦੀਆਂ “ਸਮੱਸਤ ਸ਼ਹਾਦਤਾਂ ਨੂੰ ਚਾਰ ਚੰਨ ਲਾਉਣ ਵਾਲੀਆਂ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੀ ਨੇ”
ਸ਼ਹਾਦਤਾਂ ਨੂੰ ਕੋਟਾਨਿ ਕੋਟਿ ਨਮਨ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ !
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫ਼ੋਰਟ ਜਰਮਨ
ਕੱਲਾ ਨਾ ਹੋਵੇ ਪੁੱਤ ਜੱਟ ਦਾ ! - ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨੀ
ਮੂਰਤ ਵਿਚਲਾ ਟੇਡੀ ਪੱਗ ਆਲ਼ਾ ਬਾਈ, ਪੁਰਾਣੀ ਡੀ ਗੱਡੀ ਦਾ ਕਲੀੰਡਰ ਹੋਰ ਕੋਈ ਨਈਂ ਜੋ ! ਇਹ ਆਪਣਾ ਵੱਡਾ ਵੀਰ ਜੱਗੀ ਕੁੱਸਾ ਜੋ ਸ਼ਿਵਚਰਨ ਵਲੈਤ ਆਲ਼ਾ ! ਪਹਿਲੀ ਨਜ਼ਰੇ ਈ ਬਾਈ ਦੀ ਅੱਖ ਮੱਲਵਈਆਂ ਆਲੀ ਟੇਡੀ ਤੱਕਣੀ ਤੇ (ਇ) ਲਾਕਾ ਜ਼ਾਹਰ ਕਰ ਦਿੰਦੀ ਆ ! ਨਹੀਂ ਤੇ “ਇੱਕ ਮੇਰੀ ਅੱਖ ਕਾਸ਼ਨੀ” ਨਾਵਲ ਲਿੱਖ ਮਾਰਨਾ ਖ਼ਾਲ਼ਾ ਜੀ ਦਾ ਵਾੜਾ ਕਿੱਤੇ ! ਨਜ਼ਰਾਂ ਦਾ ਪਾਰਖੂ ਆ ਵੀਰ ਜੱਗੀ !
ਲੱਖਾਂ ਹਰਫ਼ ਮਾਂ ਬੋਲੀ ਦੇ ਪੰਜਾਬੀ ਸਹਿਤ ਦੀ ਝੋਲੀ ਪਾਉਣ ਵਾਲੇ ਇਸ ਅਲਬੇਲੇ ਪੰਜਾਬ ਦੇ ਜਾਏ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ ਵਾ ! ਕਈ ਵਾਰ ਸੋਚਨਾਂ ਵਾਂ ਕਿ ਜਿਦਾਂ ਹਾਢਾ ਵੀਰ ਸ਼ਿਵਚਰਨ ਪੰਜਾਬੀ ਨਾਲ ਮੋਹ ਕਰਦਾ ਵਾ ! ਜੇ ਕਿਤੇ ਏਹਦੇ ਵਾਂਗਰ ਹਰ ਪੰਜਾਬੀ ਮਰਦਮਸ਼ੁਮਾਰੀ ਵੇਲੇ ਮਾਂ ਦੀ ਬੋਲੀ ਪੰਜਾਬੀ ਲਿਖਾ ਦਿੰਦਾ ਤੇ ਆਹ ਸਾਰੇ ਸਿੜੀ ਸਿਆਪੇ ਪੰਜ ਪਾਣੀਆਂ ਨੂੰ ਗੰਧਲਾ ਨਾ ਕਰਦੇ ! ਖ਼ੈਰ ਪੰਜਾਬ ਤੋਂ ਦੂਰ ਰਹਿਕੇ ਜਿਹੜੇ ਪੰਜਾਬ ਨੂੰ ਵੀਰ ਨੇ ਲੋਕ ਚੇਤਿਆਂ ਵਾੜ ਦਿੱਤਾ, ਬੱਸ ਉਹ ਖਿੱਚ ਈ ਮਾਂ ਬੋਲੀ ਦੀ ਉੱਤਮ ਸੇਵਾ ਏ ! ਬਿਨਾਂ ਸ਼ੱਕ ਬਾਈ ਦੇ ਸਾਰੇ ਸਾਹਿਤ ਦਾ ਸਿਹਰਾ ਵੀਰ ਦੇ ਮਾਤਾ ਸ੍ਰੀ ਨੂੰ ਜਾਂਦਾ ਜਿਨ ਨਿੱਕੇ ਹੁੰਦੇ ਨੂੰ ਚਮਟਾ, ਵੇਲਣਾ, ਘੋਟਣਾ ਤੇ ਮਾਂਜਾ ਫੇਰਿਆ ! ਹੋਰ ਕਿੱਤੇ ਸਹਿਤ ਦੇ ਸ਼ਬਦ ਸਕੂਲਾਂ ਚ, ਸਿਖਾਲ਼ੇ ਜਾਂਦੇ ਆ ! ਘੋੜੀਆਂ, ਸਿੱਠਣੀਆਂ , ਵੈਣ , ਵਹੀਣੇ ਇਹਨੇ ਚੋਂ, ਤੇ ਸਹਿਤ ਨਿਕਲਦਾ ! ਜੋ ਜੱਗੀ ਦੇ ਚੇਤਿਆਂ ਚ, ਵੱਸਿਆ ਪਿਆ !
ਇਸ ਬੱਗੇ ਸ਼ੇਰ ਨੂੰ ਪੰਜਾਬ ਦਾ ਹਰ ਪਹਿਲੂ ਚੇਤੇ ਈ ਨਈਂ, ਇਨ ਕਾਗਜ਼ਾਂ ਤੇ ਉੱਕਰਿਆ ਵੀ ਆ ! ਜੋ ਇਤਹਾਸ ਹੈ ! ਖਾੜਕੂਵਾਦ ਦੇ ਇਤਹਾਸ ਨੂੰ ਉਲੀਕਣਾ ਤੇ ਰੂਪਮਾਨ ਕਰਨਾ ਖੰਡੇ ਦੀ ਧਾਰ ਤੇ ਨੱਚਣ ਬਰੋਬਰ ਏ ! ਪਰ ਇਹ ਸ਼ੇਰ ਨੱਚਿਆ ! ਬੜੇ ਘੱਟ ਲੋਕਾਂ ਨੂੰ ਪਤਾ ਹਾਕਮਾਂ ਦੀ ਨਰਾਜ਼ਗੀ ਵੀ ਝੱਲੀ ਵੀਰ ਨੇ ਨਹੀਂ ਤੇ ਵੱਡੇ ਸਨਮਾਨ ਵੀ ਝੋਲੇ ਚ, ਹੁੰਦੇ ! ਪਰ ਉਹਦੇ ਲਈ ਉਹਦੇ ਪਾਠਕ ਈ ਨਗੀਨੇ ਨੇ ਤੇ ਚਾਹੁਣ ਆਲੇ ਯਾਰ, ਕੋਹੇਨੂਰ ਹੀਰੇ !
ਇਸ ਖੁੱਲ ਦਿੱਲੀਏ ਮਲਵਈ ਨੂੰ ਜੱਟ ਕਹਾਂ ਕੇ ਬਾਣੀਆਂ ਪਰ ਹੈ ਬੜਾ ਸ਼ਾਤਰ ! ਇੱਕ ਨਾਵਲ ਦੇ ਪੈਹੇ ਬੋਜੇ ਚੋ, ਡਿੱਗਣ ਡਹੇ ਹੁੰਦੇ, ਦੂਜਾ ਲਿਖ ਮਾਰਦਾ ! ਅਖੇ, “ਕੱਲਾ ਨਾ ਹੋਵੇ ਪੁੱਤ ਜੱਟ ਦਾ” ! ਰਿਹਾ ਮੈਂ ਵੀ ਕੱਲਾ ਹਮਾਤੜ ਜੱਟ ਦਾ ਪੁੱਤ ਸੋਚਿਆ ਪਤਾ ਨੀ ਕਿਹਦਾ ਤਵਾ ਲਾਤਾ ਹੋਣਾ ਬਾਈ ਨੇ ! ਨਾਵਲ ਤੇ ਮੈਂ ਅਜੇ ਨਈਂ ਜੋ ਪੜਿਆ ਪਰ ਸਿਆਣੇ ਵਿਦਵਾਨ ਪੁਰਖਾਂ ਦੇ ਵਿਚਾਰ ਪੜ ਹਿਸਾਬ ਲਾ ਲਿਆ ਕਿ ਸ਼ਿਵ ਜੱਗੀ ਨਵਾਂ ਬੰਬ ਸਹਿਤ ਦੇ ਵੇਹੜੇ ਸੁੱਟ ਗਿਆ ! ਸੋ ਵੀਰੋ ਪੜੋ ਤੇ ਪੰਜਾਬੀ ਨੂੰ ਮੋਹ ਕਰਣ ਵਾਲਿਆਂ ਨੂੰ ਤੋਹਫ਼ਾ ਵੀ ਦਿਓ !
ਯੂਰਪ ਤੇ ਹੋਰ ਮਹਾਂਦੀਪਾਂ ਦੇ ਪੰਜਾਬੀ ਸੱਜਣਾ ਨੂੰ ਬੇਨਤੀ ਹੈ ਕਿ ਇਸ ਜੂਝਾਰੂ ਤੇ ਚੜਦੀ ਕਲਾ ਵਾਲੀ ਬਿਰਤੀ ਵਾਲੇ ਪੰਜਾਬੀ ਪੁੱਤ ਦੇ ਹਰਫ਼ਾਂ ਦਾ ਲਾਹਾ ਲੈ ਕੇ ਕੋਈ ਫਿਲਮ ਬਣਾ ਘੱਤੋ ! ਨਾਵਲ ਬਥੇਰੇ ਆ ਭਾਅ ਦੇ ਚੜਦੀ ਕਲਾ ਵਾਲੇ ! ਬਾਬਾ ਲੰਮੀਆਂ ਉਮਰਾਂ ਕਰੇ ਭਰਾ ਦੀਆਂ ਤੇ ਹਰਫ਼ਾਂ ਚ, ਬਰਕਤਾਂ ਪਾਵੇ !
ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨੀ !
“ਹਾਉਮੈ ਦੀਰਘ ਰੋਗ” - “Think Different” - ਅਰਪਿੰਦਰ ਬਿੱਟੂ ਜਰਮਨੀ
ਮਨੁੱਖੀ ਸੁਭਾਅ ਦੀ ਇਹ ਫ਼ਿਤਰਤ ਏ ਕਿ ਉਹ ਆਪਣੇ ਗੁਣਾ ਦਾ ਗਾਇਨ ਸੁਣ ਕੇ ਅਨੰਦਮਈ ਮਹਿਸੂਸ ਕਰਦਾ ਏ ! ਤੇ ਚਹੁੰਦਾ ਹੈ ਕਿ ਹਰ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇ । ਸਾਡੇ ਆਲੇ ਦੁਆਲੇ ਵਾਪਰ ਰਹੇ ਕਲੇਸ਼ ਦੀ ਇਕ ਵਜਾ ਇਹ ਹੈ । ਹਰ ਕੋਈ ਇਹ ਸਮਝ ਬਹਿੰਦਾ ਏ ਕੇ ਜੋ ਮੈਂ ਸੋਚਦਾ ਜਾਂ ਕਹਿੰਦਾ ਹਾਂ ਉਹ ਹੀ ਆਖਰੀ ‘ਸੱਤਯ’ ਹੈ ! ਮੇਰੇ ਸ਼ਹਿਰ ਦੇ ਜ਼ਿਆਦਾ ਪਤਵੰਤੇ ਸੱਜਣਾ ਦਾ ਵੀ ਸ਼ਾਿੲਦ ਇਹ ਤੌਖਲਾ ਰਹਿੰਦਾ ਹੈ ਕਿ ਦੂਜਾ ਮੇਰੇ ਨਾਲ ਸਹਿਮਤ ਨਹੀਂ ਤੇ ਦੂਜਾ ਇਹ ਸਮਝਦਾ ਕਿ ਤੀਜਾ ਮੇਰੀ ਹਾਂ ਚ ਹਾਂ ਕਿਉਂ ਨਹੀਂ ਮਿਲਾਉਂਦਾ । ਇਸੇ ਕਾਰਨ ਅਸੀਂ ਨਿੱਕੇ ਨਿੱਕੇ ਧੜੇ ਕਬੀਲਿਆਂ ਵੰਡੇ ਹੋਏ ਹਾਂ ! ਖੁੱਲੇ ਦਿਲ ਨਾਲ ਵੇਖਿਏ ਤਾਂ ਇਹੋ ਹਾਲ ਪੰਜਾਬ ਭਾਰਤ ਦਾ ਤੇ ਬਾਹਲੀ ਮਾਨਵ ਜਾਤ ਦਾ ਹੈ !
ਜਰਮਨ ਦੇ ਘੁੱਗ ਵੱਸਦੇ ਸ਼ਹਿਰ ਫ਼ਰੈਕਫੋਰਟ ਰਹਿੰਦਿਆਂ ਮੈਨੂੰ ਢਾਈ ਦਹਾਕਿਆਂ ਤੋ ਵਧੇਰੇ ਸਮਾਂ ਹੋ ਗਿਆ ਹੈ । ਬਗੈਰ ਕਿਸੇ ਧੜੇ ਪਾਰਟੀ, ਸੰਸਥਾ, ਕਲੱਬ ਤੇ ਕਮੇਟੀ ਤੋ ਮੇਰਾ ਸਾਰੇ ਸੱਜਣਾ ਨਾਲ ਪ੍ਰੇਮ ਤੇ ਉੱਠਣਾ ਬਹਿਣਾ ਏ । ਹਾਂ ਸੱਚ ! ਪਿੱਛੇ ਜਿਹੇ ਇਕ ਆਮ ਆਦਮੀ ਪਾਰਟੀ ਦੇ ਇਨਕਲਾਬ ਦਾ ਤਈਆ ਕੁਹ ਦਿਨਾਂ ਵਾਸਤੇ ਮੈਨੂੰ ਵੀ ਚੜਿਆ ਸੀ ਪਰ ਛੇਤੀ ਹੀ ਲਹਿ ਗਿਆ !
ਖ਼ੈਰ ! ਗੱਲ ਵਿਚਾਰਾਂ ਦੀ ਕਰਦੇ ਆ ।ਜਦੋਂ ਅਸੀਂ ਦੂਜੇ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਦੀ ਜਿੱਦ ਕਰ ਰਹੇ ਹੁੰਨੇ ਆਂ ਤਾਂ ਭੁੱਲ ਜਾਨੇ ਹੈ ਕਿ ਆਪਾਂ ਤਾਂ ਆਮ ਮਨੁੱਖ ਹਾਂ ਇੱਥੇ ਤਾਂ ਪੀਰ, ਪੈਗ਼ੰਬਰਾਂ ਤੇ ਅਵਤਾਰਾਂ ਦੀ ਸਹਿਮਤੀ ਨਹੀਂ ਬਣੀ ਉਹ ਇਕ ਮੱਤ ਨਹੀਂ ਹੋਏ ਤੇ ਆਪਾ ਕੌਣ ਆਂ ।ਦੁਨੀਆਂ ਦੇ ਦੋ ਬਹੁ ਗਿਣਤੀ ਮਜ਼੍ਹਬ ਇਸਾਈ ਤੇ ਮੁਸਲਿਮ ਦਾ ਮੁੱਢ ਯਹੂਦੀ ਹਨ ਸਾਰੇ ਜਾਣਦੇ ਆਂ ਕਿ ਕਿ ਈਸਾ ਯਹੂਦੀਆਂ ਚ, ਪੈਦਾ ਹੋਏ ਤੇ ਉਹਨਾਂ ਚੋ’ ਭਾਵ ਇਸਾਈ ਮੱਤ ਚੋੰ ਇਸਲਾਮ ਪ੍ਰਗਟ ਹੋਇਆ ਤੇ ਵਗੈਰਾ ਵਗੈਰਾ । ਹੁਣ ਮੁਸਲਿਮ ਈਸਾ ਨੂੰ ਵੀ ਨਬੀ ਮੰਨਦੇ ਨੇ ! ਪਰ ਪੈਗ਼ੰਬਰ ਈਸਾ ਆਖਦੇ ਨੇ ਸ਼ਰਾਬ ( Red Wine 🍷 ) ਪੀਓ ਇਹ ਮੇਰਾ ਬਲੱਡ ਹੈ ਜੋ ਤਾਹਨੂੰ ਮੁਕਤੀ ਦੇਵੇਗਾ । ਚਰਚਾਂ ਚ’ ਬਾਕਾਇਦਾ ਲਾਹਣ ਦਾ ਪ੍ਰਸਾਦ ਵੀ ਵਰਤਾਇਆ ਜਾਂਦਾ ! ਦੂਸਰੇ ਪਾਸੇ ਹਜ਼ਰਤ ਮੁਹੰਮਦ ਸਾਹਿਬ ਆਖਦੇ ਨੇ ਮੱਦ (ਸ਼ਰਾਬ) ਪੀਣੀ ਹਰਾਮ ਹੈ ਇਸਾਈ ਮੱਤ ਵਿੱਚ ਸੂਰ ਖਾਣ ਦਾ ਰਿਵਾਜ ਹੈ ਤੇ ਇਸਲਾਮ ਇਸ ਨੂੰ ਭੈੜਾ (ਹਰਾਮ) ਮੰਨਦਾ ਹੈ । ਇਸੇ ਤਰਾਂ ਜੀਵਾਂ ਤੇ ਦਇਆ ਕਰਨ ਵਾਲੇ ਹਿੰਦੂ ਮੱਤ ਵਿੱਚ ਪਰਮਾਹੰਸ ਕਹਿੰਦੇ ਨੇ ਜਲ ਤੋਰੀ ਭਾਵ ਮੱਛਲੀ ਖਾਓ ! ਹੈ ਉਹ ਵੀ ਜੀਵ । ਹੋਰ ਤੇ ਹੋਰ “ਅਹਿੰਸਾ ਪਰਮੋ ਧਰਮ” ਦੇ ਜੈਕਾਰੇ ਛੱਡਣ ਵਾਲੇ ਮਜ਼੍ਹਬ ਵਿੱਚ ਜਿੱਥੇ ਜੀਵਾਂ ਤੇ ਦਇਆ ਦੀ ਗੱਲ ਏ ! ਉੱਥੇ ਬੱਲੀ ਦਾ ਰਿਵਾਜ ਵੀ ਏ
ਸੋ ਗੱਲ ਤੋ ਸਮਝ ਤੇ ਇਹ ਪੈਂਦੀ ਏ ਕਿ ਕਿਤੇ ਨਾਂ ਕਿਤੇ ਰਹਿਬਰ ਵੀ ਹਾਂਉਮੈ ਦਾ ਸ਼ਿਕਾਰ ਹੋਣਗੇ ਜੋ ਇਕ ਦੂਜੇ ਨਾਲ ਇਕ ਮੱਤ ਨਹੀਂ ਤੇ ਜਾਂ ਫਿਰ ਉਹਨਾਂ ਵਿੱਚ ਵੀ ਆਪਣੀ ਉੱਮਤ ਨੂੰ ਜਾਂ ਆਪਣੇ ਵਿਚਾਰਾਂ ਨੂ ਅਗਾਂਹ ਤੋਰਨ ਦੀ ਚਾਹਤ ਹੋਵੇਗੀ ਜੋ ਵੀ ਹੈ ਮੈਂ ਦਾ ਹੀ ਇਕ ਰੂਪ ਹੈ ।
ਫ਼ਿਰ ਮੈ ਤੇ ਤੁਸੀਂ ਕੌਣ ਹੁੰਨੇ ਆ ਇਕ ਦੂਜੇ ਤੇ ਆਪਣੇ ਵਿਚਾਰ ਥੋਪਣ ਵਾਲੇ ! ਭਲਾ ਕਿੰਓ ਨਾਂ ਇਕ ਦੂਜੇ ਨਾਲ ਸਿੰਗ ਫਸਾਉਣ ਦੀ ਬਜਾਏ ਚੰਗੀਆਂ ਗੱਲ ਨੂੰ ਗ੍ਰਹਿਣ ਕਰ ਬਾਕੀਆਂ ਨੂੰ ਅਣਗੌਲਿਆਂ ਕਰ ਦਿਆ ਕਰੀਏ !
ਉਪਰੋਕਤ ਲਿੱਖਤ ਤੋ ਮੇਰਾ ਮਤਲੱਬ ਅਵਤਾਰੀ ਪੁਰਖਾਂ ਨੂੰ ਹਾਉਮੈ ਗ੍ਰਸਤ ਕਹਿਣਾ ਨਹੀਂ ਤੇ ਨਾਂ ਹੀ ਮੈ ਕਾਮਰੇਡ ਜਾਂ ਨਾਸਤਿਕ ਹਾਂ ਜੋ ਰੱਬ ਨੂੰ ਜੱਬ ਸਮਝਦੇ ਨੇ ! ਹੋ ਸਕਦਾ ਮੇਰੇ ਸ਼ੈਤਾਨ ਮਨ ਦੇ ਵੱਲ ਵੱਲੇ ਹੋਣ ਜਾਂ ਗਿਆਨ ਚ, ਵਾਧਾ ਕਰਨ ਹਿੱਤ ਲਿਖੇ ਹੋਣ ਕਿ ਕੋਈ ਸੂਝਵਾਨ ਸੱਜਣ ਕੀ ਕਮੈੰਟ ਕਰਦਾ ਹੈ
ਬਾਕੀ ਅਸੀਂ ਲੱਖ ਗੁਨਾਹਗਾਰ ਪਾਪੀ ਹੁੰਦੇ ਹੋਏ ਵੀ ਆਪਣੇ ਆਪ ਗੁਰੂ ਨਾਨਕ ਪਾਤਸ਼ਾਹ ਦੇ ਉਸ ਉਪਦੇਸ਼ ਦੇ ਵਾਰਿਸ ਸਮਝਦੇ ਹਾਂ ਜੋ ਬਹੁਤ ਇਜ਼ੀ ਹੈ:-
ਨਾਮ ਜਪੋ
ਕਿਰਤ ਕਰੋ
ਵੰਡ ਛੱਕੋ !
ਜਾਂ ਫਿਰ ਇੰਝ ਕਹਿ ਲਈ ਕੇ ਜਿਸ ਸਤਿਗੁਰ ਨੇ ਧਰਮ ਦੀ ਪਰਿਭਾਸ਼ਾ ਨੂੰ ਦੋ ਪੰਕਤੀਆਂ ਵਿੱਚ ਅਕਿੰਤ ਕਰ ਦਿੱਤਾ:-
ਸਰਬ ਧਰਮ ਮਹਿ ਸ੍ਰੇਸ਼ਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸੋ ਆਓ ਅਕਾਲ ਪੁਰਖ ਨਾਮ ਸਦਾ ਚੇਤੇ ਰੱਖੀਏ ਤੇ ਨੇਕ ਕਰਮ ਕਰੀਏ ! ਤੇ ਫਿਰ:-
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥
ਸੱਭ ਦਾ ਭਲਾ
ਅਰਪਿੰਦਰ ਬਿੱਟੂ ਜਰਮਨੀ
ਇੱਕ ਰੁੱਖ ਸੌ ਸੁੱਖ - ਬਿੱਟੂ ਅਰਪਿੰਦਰ ਸਿੰਘ ਸੇਖੋਂ
ਖ਼ਵਰੇ “ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ “ ਵਾਲੀਆਂ ਜਗਤ ਗੁਰੂ ਬਾਬਾ ਜੀਆਂ ਕੀਆਂ ਤੁਕਾਂ ਦੇਰ ਨਾਲ ਖ਼ਾਨੇ ਪਈਆਂ ਕਿ ਮੱਛੀ ਪੱਥਰ ਚੱਟ ਕੇ ਮੁੜੀ !
ਖ਼ੈਰ ਮੈਨੂੰ ਅਜੇ ਚੇਤਾ ਜਦੋਂ ਹਾਢੇ ਪਿੰਡ ਦੀ ਆਖ਼ਰੀ ਪੁਰਾਣੀ ਨਿਸ਼ਾਨੀ ਗੁਰੂ ਘਰ ਗ਼ਾੜਲਾ ਪਿੱਪਲ ਵੱਢਣ ਕਾਰ ਸੇਵਾ ਆਲੇ ਬਾਬਿਆਂ ਦੀ ਫੌਜ਼ ਚੜ ਕੇ ਆਈ ਹੀ ! ਬਾਬਾ ਮੁਨੀਮ ਕੱਲਾ ਈ ਅੜ ਗਿਆ “ਅਖੇ ਇਹ ਕਹਿਰ ਨਾ ਕਰਿਓ” ਬਾਬਾ ਭਾਵੇਂ ਸਿਰੇ ਦਾ ਕਜੂੰਸ ਸੀ ਪਰ ਉਨ ਰਕਮ ਭਰਨ ਦੀ ਗੱਲ ਵੀ ਆਖ ਦਿੱਤੀ ! ਪਰ ਪਿੰਡ ਵਿਚਲੀ ਫੋਕੀ ਧੱੜੇਬਾਜੀ ਤੇ ਲੰਗਰਾਂ ਲਈ ਫ਼ਿਕਰਮੰਦ ਦਿਹਾਤੀ ਜਨਤਾ ਨੇ ਬਾਬੇ ਨੂੰ ਇਹ ਕਿ ਚੁੱਪ ਕਰਾ ਦਿੱਤਾ ਬਈ ਏਹਨੇ ਤੇ ਕਦੇ ਗੁਰੂ ਘਰ ਸਵਾ ਰੁਪਈਏ ਦਾ ਪ੍ਰਸ਼ਾਦ ਨੀ ਕਰਾਇਆ ਆ ਗਿਆ ਵੱਡਾ ਲੰਗਰ ਲੀ ਬਾਲਣ ਦਾਨ ਕਰਨ ਵਾਲਾ ! ਬਾਬਾ ਕੁਹਾੜਾ ਫਿਰਦਾ ਵੇੰਹਦਾ ਰਿਹਾ ਤੇ ਪਿੱਪਲ ਦੇ ਮੋਛੇ ਪੈੰਦੇ ਗਏ !
ਮੈਨੂੰ ਧੁੰਧਲੀ ਜਹੀ ਯਾਦ ਵਾ ਪਿੱਪਲ ਦੇ ਨਾਲ ਈ ਚਾਰ ਕੁ ਕਰਮਾਂ ਦੀ ਵਿੱਥ ਤੇ ਖੂਹ ਹੁੰਦਾ ਹੀ ਗਾ ! ਬਾਬਾ ਪੈੰਚ ( ਮਹਿਰਾ ) ਓਹਤੋਂ ਪਾਣੀ ਕੱਢ ਵਾਢੀਆਂ ਦੇ ਦਿਨਾਂ ਚ, ਕਣਕਾਂ ਵੱਢਦੇ ਕਾਮਿਆਂ ਤੇ ਜੱਟਾਂ ਨੂੰ ਜਲ ਛਕਾਇਆ ਕਰਦਾ ਸੀ ! ਉਹ ਬਾਬੇ ਨੂੰ ਥੱਬਾ ਮੱਕੜੇ (ਸਿੱਟਿਆਂ ਆਲੀ ਕਣਕ) ਦਾ ਦੇ ਦਿੰਦੇ ! ਪਰ ਕੁਹ ਨਿਕਰਮਿਆਂ ਨੇ ਖੂਹ ਦੀ ਮਣ ਦੇ ਇੱਟੇ ਰੋੜੇ ਖੁਰਲੀਆਂ ਨੂੰ ਲਿੱਪ ਲਏ ਤੇ ਰਹਿੰਦੇ ਨਾਂਸ਼ੁਕਰਿਆਂ ਨੇ ਖੂਹ ਚ, ਕੂੜਾ ਸੁੱਟਣਾ ਸ਼ੁਰੂ ਕਰਤਾ ! ਅੱਜ ਉਸ ਖੂਹ ਤੇ ਰੂੜੀ ਤੇ ਪੱਥਕਣ ਵਾਂ ! ਜਿਸ ਖੂਹ ਤੋਂ ਹਾਢੇ ਵਡੇਰੇ ਪਾਣੀ ਪੀ ਪੀ ਸੌ ਸੌ ਸਾਲ ਦੇ ਹੋਏ, ਆਹ ਹਾਲ ਆਪਾਂ ਕੀਤਾ ! ਹੋਰ ਕਿਤੇ ਪੰਜਾਬ ਐਵੇਂ ਰਾਜਸਥਾਨ ਬਣਨ ਦੀ ਕਗਾਰ ਤੇ ਆ ਗਿਆ ਹਾਢੀਆਂ ਕਰਤੂਤਾਂ ਦਾ ਸਿਲ਼੍ਹਾ ! ਭਗਤ ਪੂਰਨ ਸਿੰਘ ਜੀ ਅਰਗਾ ਦਰਵੇਸ਼ ਕਲਪਦਾ ਰਿਹਾ ਪਰ ਹਾਢੀ ਐਸੀ ਮੱਤ ਮੈਲੀ ਹੋਈ ਕਿ ਆਪਾਂ ਹਰ ਸ਼ੈਅ ਪਵਣ, ਪਾਣੀ ਤੇ ਧਰਤ ਗੁਰੂ ਪਿਓ ਤੇ ਮਾਂ ਈ ਮੈਲੀ ਕਰ ਮਾਰੀ ! ਮਾਡਰਨ ਏਡੇ ਹੋਏ ਕਿ ਕੈੰਸਰ ਐਕਸਪਰੈਸ ਵਰਗੀਆਂ ਰੇਲਾਂ ਚਲਾ ਲਈਆਂ ਟੱਲਦੇ ਹਜੇ ਵੀ ਨੀ !
ਲੋਕੋ ਦੁਹਾਈ ਰੱਬ ਦੀ ਜੇ ਆਓ ਕੀਤੇ ਗੱਲਤਿਆਂ ਤੋਂ ਕੁਹ ਸਿੱਖੀਏ ਤੇ ਪੰਜਾਬ ਨੂੰ ਹਰਿਆ ਭਰਿਆ ਬਣਾਈਆ ! ਵਿਦੇਸ਼ੀ ਵੱਸਦੀਓ ਭੈਣਾਂ ਆਪਣੇ ਪੇਕੀਂ ਸੌ ਸੌ ਰੁੱਖ ਲਾਉਣ ਤੇ ਹਰ ਭਾਊ ਆਪਣੇ ਸਹੁਰੇ ਪਿੰਡ ਲਾਵੇ ! ਜਿਹੜੇ ਮੇਰੇ ਅਰਗੇ ਦੇ ਕਿਹੇ ਪਿੰਡ ਨਹੀਂ ਸਹੁਰੇ ਆਪਣੇ ਪਿੰਡ ਈ ਲਾ ਲਵੇ ਪਰ ਇਹ ਪੁੰਨ ਕਰੋ ਜ਼ਰੂਰ ! ਕਿੱਕਰਾਂ, ਟਾਹਲੀਆਂ, ਤੂਤਾਂ, ਤ੍ਰਹੇਂਕਾਂ, ਬੇਰੀਆਂ ਨਿੰਮਾਂ, ਸੁਖਚੈਨਾਂ, ਪਿੱਪਲਾਂ ਤੇ ਬੋਹੜਾਂ ਵਾਲਾ ਪੰਜਾਬ ਬਣਾ ਘੱਤੀਏ ਹੁਣ ਤੇ ਬਾਬੇ ਵੀ ਅਪੀਲਾਂ ਕਰ ਰਹੇ ਆ ! ਚਲੋ ਕੋਈ ਨਾਂ ਦੇਰ ਆਏ ਦਰੁਸਤ ਆਏ ਕਰੋ ਕਮਰ ਕੱਸੇ ! ਇੱਕ ਰੁੱਖ ਸੌ ਸੁੱਖ !
ਬਿੱਟੂ ਅਰਪਿੰਦਰ ਸਿੰਘ ਸੇਖੋਂ
ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਜੀ ! - ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ
ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਕੇ ਸਮੁੱਚੀ ਲੋਕਾਈ ਨੂੰ ਸ੍ਰੋਮਣੀ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਜੀ ! ਭਲਿਓ ਭਗਤ ਰਵੀਦਾਸ ਜੀ ਕਿਤੇ ਦੂਰ ਥੋੜੀ ਨੇ ਹਾਢੇ ਤੋਂ, ਸਾਡੇ ਵਿੱਚ ਨੇ, ਸਾਡੇ ਅੰਗ ਸੰਗ ਹਨ ! ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਖ਼ਸ਼ਾਤ ਬਿਰਾਜਮਾਨ ਨੇ ! ਸਮੱਸਤ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਸਵਾਸ ਸਵਾਸ ਨਤਮਸਤਕ ਹੋ ਰਹੇ ਨੇ ਭਗਤ ਜੀ ਦੀ ਹਿਰਦੇ ਠਾਰਨ ਵਾਲੀ ਬਾਣੀ ਨੂੰ ਤੇ ਨਿਹਾਲੋ ਨਿਹਾਲ ਹੋ ਰਹੇ ਹਨ ! ਭਗਤ ਰਵੀਦਾਸ ਜੀ ਮਾਤਲੋਕ ਤੇ ਇਕ ਇਨਕਲਾਬ ਨੇ ਉਹ ਸਾਨੂੰ ਹੱਥੀਂ ਕਿਰਤ ਕਰਨ ਦਾ ਵੱਲ ਦੱਸ ਜੋੜੇ ਈ ਨਹੀ ਗੰਢ ਰਹੇ ! ਉਹ ਤੇ ਟੁੱਟੀਆਂ ਗੰਢ ਰਹੇ ਆ ! ਪਰਮੇਸ਼ਰ ਨਾਲ ਜੋੜ ਰਹੇ ਆ ! ਖਾਲਸ ਰਾਜ ਦੀ ਗਲ ਕਰ ਧਰਤੀ ਤੇ ਸਵਰਗ ਸਿਰਜਣ ਦੀ ਬਾਤ ਪਾ ਰਹੇ ਆ ! ਧੰਨ ਹਨ ਭਗਤ ਰਵੀਦਾਸ ਜੀ ਜੋ ਖਾਲਸ ਰਾਜ ਦੀ ਗੱਲ ਕਿੰਨੀ ਅਗੇਤੀ ਕਰ ਗਏ ! ਜੋ ਦੋਹਰਾ ਅੱਜ ਸਿੱਖ ਸੁਭਾ ਸ਼ਾਮ ਨਿਤਾ ਪ੍ਰਤੀ ਪੜਦਾ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਭਗਤ ਜੀ ਨੇ ਆਖ ਦਿੱਤਾ :- ਬੇਗ਼ਮਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ, ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ ੩੪੫} ਧੰਨ ਹਨ ਭਗਤ ਰਵੀਦਾਸ ਜੀ ਤੇ ਧੰਨ ਹਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿੰਨਾ ਭਗਤ ਸਾਹਿਬ ਦਾ ਬਾਣੀ ਨੂੰ ਏਨੇ ਸਤਿਕਾਰ ਨਾਲ ਸਰਬ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਨ ਦਿੱਤਾ ! ਕਮਾਲ ਦੀ ਕਲਾ ਧੰਨ ਸਤਿਗੁਰ ਪੰਚਮ ਪਾਤਸ਼ਾਹ ਜੀਆਂ ਨੇ ਸ਼ਬਦ ਗੁਰੂ ਨੂੰ ਪੋਥੀ ਪਰਮੇਸ਼ਰ ਕਾ ਥਾਨ ਆਖ ਦਿੱਤਾ ! ਗਜ਼ਬ ਦਾ ਅਦਬ ਵੇਖੋ ਗੁਰੂ ਅਰਜਨ ਦੇਵ ਜੀ ਪੋਥੀ ਸਾਹਿਬ ਦਾ ਸੁੱਖ ਆਸਨ ਪੀੜਾ ਸਾਹਿਬ ਤੇ ਕਰਦੇ ਹਨ ਤੇ ਆਪ ਹੇਠਾਂ ਚਟਾਈ ਵਿਛਾ ਕਰਕੇ ਅਰਾਮ ਫਰਮਾਉਦੇ ਹਨ ! ਧੰਨ ਗਰੂ ਪੰਚਮ ! ਸੁਨਹਿਰੀ ਹਰਿਮੰਦਰ ਸਾਹਿਬ ਵਿੱਚ ਸਸ਼ੋਬਿਤ ਭਗਤ ਰਵੀਦਾਸ ਜੀ ਨੂੰ ਕੁਹ ਡੇਰੇਦਾਰ ਵੱਖ ਵੇਖਣ ਦਾ ਘੋਰ ਅਪਰਾਧ ਕਰ ਰਹੇ ਹਨ ਤੇ ਇਕ ਫਿਰਕੇ ਤੱਕ ਸੀਮਤ ਕਰ ਦੇਣਾ ਚਾਹੁੰਦੇ ਹਨ ਸੋ ਭਗਤ ਜੀ ਨੂੰ ਪ੍ਰੇਮ ਕਰਨ ਵਾਲੇ ਸਾਵਧਾਨ ! ਭਗਤ ਰਵੀਦਾਸ ਜੀ ਸੱਭ ਦੇ ਨੇ ਜੱਗ ਦੇ ਨੇ ! ਕੋਟਾਨ ਕੋਟਿ ਪ੍ਰਣਾਮ ! ਹੋਈਆਂ ਭੁੱਲਾਂ ਦੀ ਖਿਮਾਂ Bittu Arpinder Singh Frankfurt Germany
ਜਗਤ ਗੁਰੂ ਬਾਬਾ ਨਾਨਕ ਜੀ ਦੇ ਆਗਮਨ ਪੁਰਬ ਦੀਆਂ ਕੁਲ ਲੋਕਾਈ ਨੂੰ ਕੋਟਾਨ ਕੋਟਿ ਵਧਾਈਆਂ ਜੀ !- ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ
ਅੱਜ ਤੋਂ ੫੫੪ ਵਰ੍ਹੇ ਪਹਿਲਾਂ ੧੪੬੯ ਈਸਵੀ ਨੂੰ ਜਗਤ ਜਲੰਦੇ ਦਾ ਪਾਰ ਉਤਾਰਾ ਕਰਨ ਲਈ ਰਾਏ ਭੋਏ ਦੀ ਤਲਵੰਡੀ ਹੁਣ ਸ੍ਰੀ ਨਨਕਾਣਾ ਸਾਹਿਬ ਵਿਖੇ ਅਕਾਲ ਰੂਪੀ ਬਾਬਾ ਜੀ ਪ੍ਰਗਟ ਹੋਏ ! ਇਹ ਕਿਰਨ ਹਿੰਦੁਸਤਾਨ ਲਈ ਇਕ ਨਵੇਂ ਯੁੱਗ ਦੀ ਅਰੰਭਤਾ ਸੀ ! ਸਦੀਆਂ ਤੋ ਹੁਕਮਰਾਨਾਂ ਵੱਲੋਂ ਲਿਤਾੜੇ ਜਾ ਰਹੇ ਗੁਲਾਮਾਂ ਤੇ ਧਾਰਮਿਕ ਪਖੰਡਵਾਦ ਦਾ ਸ਼ਿਕਾਰ ਹੋ ਰਹੀ ਲੋਕਾਈ ਵਾਸਤੇ ਇਕ ਇਨਕਲਾਬ ਸੀ।
ਸੱਭ ਤੋਂ ਪਹਿਲਾਂ ਗੁਰੂ ਬਾਬੇ ਨੇ ਗਣਿਤ ਦਾ ਏਕਾ ਤੇ ਵਰਣ-ਮਾਲਾ ਦਾ ਖੁੱਲਾ ਊੜਾ ਪਾ ਕੇ ਪਾਂਡੇ ਨੂੰ ਪੜਨੇ ਪਾਇਆ ਤੇ ਆਖਿਆ, ਹੇ ਪਾਂਡੇ ੴ ਤੋਂ ਪਰੇ ਕੁਹ ਨਹੀਂ ਸੱਭ ਉਸ ਦਾ ਹੀ ਪਸਾਰਾ ਏ ! ਨੀਚੋਂ ਊਚ ਕਰਨ ਵਾਲੇ ਸੱਚੇ ਸਤਿਗੁਰ ਨੇ ਕਦੇ ਭਾਈ ਲਾਲੋ ਜੀ ਘਰ ਚੌੰਕੜਾ ਮਾਰ ਕਿਰਤੀ ਤੇ ਕਿਰਤ ਨੂੰ ਵਡਿਆਇਆ ਤੇ ਕਦੇ ਮਰਦਾਨੇ ਨੂੰ ਅੰਗ-ਸੰਗ ਰੱਖ ਜ਼ਾਤਾਂ ਪਾਤਾਂ ਦੇ ਭਰਮ ਤੋੜੇ ! ਚੜ ਕੇ ਆਏ ਜਰਵਾਣੇ ਬਾਬਰ ਨੂੰ ਜਾਬਰ ਤੱਕ ਆਖ ਦਿੱਤਾ ! ਲੋਕਾਈ ਦਾ ਦਰਦ ਵੇਖ ਰੱਬ ਤੱਕ ਨੂੰ ਮੇਹਣਾ ਮਾਰ ਦਿੱਤਾ ! ਮੇਰੇ ਬਾਬੇ ਨੇ ਐਸਾ ਸੌਦਾ ਕੀਤਾ ਕਿ ਸਦੈਵ ਕਾਲ ਲਈ ਬਰਕਤਾਂ ਹੀ ਬਰਕਤਾਂ ਹੋ ਨਿਬੜਿਆ ! ਇਕ ਵਾਰ ਪੰਗਤ ਕੀ ਲਾਈ ਅਜੇ ਤੱਕ ਨਾਂ ਕਤਾਰ ਟੁੱਟੀ ਨਾਂ ਸੌਦਾ ਮੁੱਕਾ ਤੇ ਕਦੇ ਮੁੱਕਣਾ ਵੀ ਨਹੀਂ ।
ਵਹਿਮਾਂ ਭਰਮਾਂ ਦਾ ਖੰਡਨ ਕਰਦੀ ਤੇ ਤਪਦੇ ਹਿਰਦਿਆਂ ਨੂੰ ਠਾਰਦੀ ਬਾਣੀ ਚਹੁੰ ਕੁੰਟਾ ਵਿੱਚ ਗੂੰਜੀ ! ਮਰਦਾਨੇ ਦੀ ਰਬਾਬ ਚੋਂ ਨਿਕਲੇ ਰਾਗ ਸ੍ਰੀ ਲੰਕਾ ਤੋਂ ਮਦੀਨੇ ਤੱਕ ਦੇ ਲੋਕਾਂ ਨੇ ਮਾਣੇ ! ਹਜ਼ਾਰਾਂ ਕੋਹਾਂ ਦਾ ਸਫਰ ਤਹਿ ਕਰ ਦੁਨਿਆਂਵੀ ਫ਼ਿਲਾਸਫ਼ਰਾਂ ਦੇ ਵਹਿਮ ਭਰਮ ਕੱਢ ਬਾਬੇ ਕਿਰਸਾਣੀ ਬਾਣਾ ਪਾ ਹਲ਼ ਦੀ ਜੰਘੀ ਫੜ ਕਿਰਤ ਕਰਨ ਦਾ ਵਲ ਦਸਿਆ ! ਅਕਾਲ ਰੂਪੀ ਬਾਬੇ ਨੇ ਕਿਰਤ ਕਰਨ, ਨਾਮ ਜਪਣ, ਤੇ ਵੰਡ ਛੱਕਣ ਦਾ ਜੋ ਸਬਕ ਸਾਨੂੰ ਦਿੱਤਾ ਇਹ ਇਕ ਨਰੋਏ ਤੇ ਸਭਿਅੱਕ ਸਮਾਜ ਲਈ ਨਵਾਂ ਇਨਕਲਾਬ ਸੀ
ਗੁਰੂ ਬਾਬੇ ਦੀਆਂ ਬਖ਼ਸ਼ਿਸ਼ਾਂ ਅਪਾਰ ਨੇ ਕੋਈ ਦੁਨਿਆਵੀ ਕਲਮ ਰਹਿਮਤਾਂ ਦਾ ਵਰਨਣ ਕਰ ਹੀ ਨਹੀਂ ਸਕਦੀ ! ਸਿਰਫ ਸਿਜਦੇ ਕੋਟਾਨ ਕੋਟਿ ਸਿੱਜਦੇ ਹੀ ਕਰ ਸਕਦੇ ਹਾਂ !
ਸੋ ਆਓ ਸਾਰੇ ਅੱਜ ਦੇ ਪਾਕ ਪਵਿੱਤਰ ਦਿਹਾੜੇ ਤੇ ਸਤਿਗੁਰ ਦੇ ਚਰਨਾਂ ਚ, ਅਰਜੋਈ ਕਰੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਕਿਰਤ ਕਰਨ ਨਾਮ ਜਪਣ ਤੇ ਵੰਡ ਛੱਕਣ ਦੀ ਸਮਰੱਥਾ ਬਖ਼ਸ਼ੋ ਤੇ ਨਾਲ ਹੀ ਬੇਇਨਸਾਫੀ ਵਿਰੁੱਧ ਅਵਾਜ ਬੁਲੰਦ ਕਰਨ ਦੀ ਤਾਕਤ ਭਾਵ ਬਾਬਰ ਨੂੰ ਜਾਬਰ ਕਹਿਣ ਦੀ ਜੁਅੱਰਤ ਵੀ ਦਓ ਜੀ !
ਹੋਈਆਂ ਭੁੱਲਾਂ ਲਈ ਬਖ਼ਸ਼ ਲਓ ਜੀ !
ਗੁਰੂ ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
Bittu Arpinder Singh