Ravinder-Singh-Kundra

ਵਿਸਾਖੀ ਮਨਾ ਸੱਜਣਾ -  ਰਵਿੰਦਰ ਸਿੰਘ ਕੁੰਦਰਾ

ਆ ਸੱਜਣਾ ਕੁੱਝ ਗਾ ਸੱਜਣਾ, ਵਿਸਾਖੀ ਅੱਜ ਮਨਾ ਸੱਜਣਾ ।
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।

ਆਹ ਦੇਖ ਤੇਰੀ ਇਹ ਮਿਹਨਤ ਅੱਜ,  ਕਿੰਨੇ ਰੰਗ ਲਿਆਈ ਹੈ,
ਐਵੇਂ ਨਹੀਂ ਤੇਰੇ ਚਿਹਰੇ 'ਤੇ, ਅੱਜ ਲਾਲੀ ਡਾਢੀ ਛਾਈ ਹੈ।
ਕਈ ਔਖੀਆਂ ਰਾਤਾਂ ਜਾਗ ਜਾਗ, ਤੂੰ ਕੀਤੀ ਖ਼ੂਬ ਕਮਾਈ ਹੈ,
ਕਰਜ਼ੇ ਨੇ ਤੇਰੇ ਸਿਰ ਚੜ੍ਹ ਕੇ,  ਤੇਰੀ ਅਸਲੋਂ ਹੋਸ਼ ਭੁਲਾਈ ਹੈ।
ਪਰ ਸਿਦਕ ਕਦੀ ਨਾ ਹਾਰੀਂ ਤੂੰ, ਚੱਲਦਾ ਜਾਹ ਆਪਣੇ ਰਾਹ ਸੱਜਣਾ,
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।
ਆ ਸੱਜਣਾ ਕੁੱਝ ਗਾ ਸੱਜਣਾ ......

ਅੱਜ ਹਰ ਪਾਸੇ ਹੀ ਖ਼ੁਸ਼ੀਆਂ ਨੇ, ਤੇ ਮੇਲਿਆਂ ਰੌਣਕ ਲਾਈ ਹੈ,
ਬੱਚੇ ਨੱਢੇ ਤੇ ਬੁੱਢਿਆਂ ਨੇ, ਪਾ ਭੰਗੜੇ ਧਰਤ ਹਿਲਾਈ ਹੈ।
ਰੰਗ ਬਰੰਗੀਆਂ ਚੁੰਨੀਆਂ ਨੇ, ਸਤਰੰਗੀ ਪੀਂਘ ਚੜ੍ਹਾਈ ਹੈ,
ਮਤਵਾਲੇ ਚਿਹਰੇ ਦੇਖ ਦੇਖ,  ਹਰ ਅੱਖ ਗਈ ਨਸ਼ਿਆਈ ਹੈ ।
ਕੁੱਦ ਜਾਹ ਤੂੰ ਵੀ ਇਸ ਮੇਲੇ ਵਿੱਚ, ਕੁੱਝ ਆਪਣਾ ਰੰਗ ਦਿਖਾ ਸੱਜਣਾ,
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।
ਆ ਸੱਜਣਾ ਕੁੱਝ ਗਾ ਸੱਜਣਾ .....

ਮਿਹਰ ਤੇਰੇ ਤੇ ਦਾਤੇ ਦੀ, ਹੋਵੇਗੀ ਦੂਣ ਸਵਾਈ ਹੀ,
ਜੇ ਯਾਦ ਰੱਖੇਂਗਾ ਸੱਜਣਾ ਤੂੰ,  ਗੁਰੂਆਂ ਦੀ ਘਾਲ ਕਮਾਈ ਵੀ।
ਬਾਟੇ ਦਾ ਅੰਮ੍ਰਿਤ ਮਿਲਿਆ ਸੀ, ਤੂੰ ਸਿਰ ਦੀ ਬਾਜ਼ੀ ਲਾਈ ਸੀ,
ਏਸੇ ਦਿਨ ਦਸਮੇਸ਼ ਪਿਤਾ, ਇੱਕ ਪਿਰਤ ਨਵੀਂ ਹੀ ਪਾਈ ਸੀ।
ਆ ਫੇਰ ਗੁਰੂ ਦੇ ਦਰ ਆਕੇ, ਸਿੱਖੀ ਦਾ ਸਿਦਕ ਨਿਭਾ ਸੱਜਣਾ,
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।

ਆ ਸੱਜਣਾ ਕੁੱਝ ਗਾ ਸੱਜਣਾ, ਵਿਸਾਖੀ ਅੱਜ ਮਨਾ ਸੱਜਣਾ ।
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।

ਦਿਲ ਦੀ ਗੱਲ - ਰਵਿੰਦਰ ਸਿੰਘ ਕੁੰਦਰਾ

ਹੱਸਦੇ ਰਹਿਣਾ ਹਾਸੇ ਵੰਡਣਾ, ਹੈ ਇਹ ਮੇਰੀ ਖ਼ਸਲਤ,
ਸਿਰ ਸੁੱਟ ਕੇ ਚੱਲਦੇ ਜਾਣਾ, ਮੇਰੀ ਹੈ ਇਹ ਫ਼ਿਤਰਤ।

ਹਾਸਾ ਦੇਖ ਕਿਸੇ ਦਾ ਦੁਨੀਆ, ਲਾਵੇ ਗ਼ਲਤ ਅੰਦਾਜ਼ੇ,
ਚਿਹਰੇ ਪਿੱਛੇ ਕੋਈ ਨਾ ਦੇਖੇ, ਦਿਲ ਦੇ ਘੋਰ ਅਜ਼ਾਬੇ।

ਔਖੇ ਪਲ ਤੇ ਬਿਖੜੇ ਪੈਂਡੇ, ਬਣਦੇ ਰਹੇ ਮੇਰੇ ਸਾਥੀ,
ਯਾਦਾਂ ਨੇ ਸਭ ਮੇਰਾ ਵਿਰਸਾ, ਕੀ ਖੁਸ਼ੀ ਤੇ ਕੀ ਉਦਾਸੀ।

ਉੱਠ ਕੇ ਡਿੱਗਣਾ ਡਿੱਗ ਕੇ ਉੱਠਣਾ, ਰਿਹਾ ਚਲਣ ਹੈ ਮੇਰਾ,
ਸਾਥੀ ਮੇਰਾ ਘੱਟ ਚਾਨਣ ਬਣਿਆ, ਬਹੁਤਾ ਘੁੱਪ ਹਨੇਰਾ।

ਇਸ ਦੁਨੀਆਂ ਵਿੱਚ ਆਉਣਾ ਸੌਖਾ, ਪਰ ਨਾ ਜੀਣਾ ਸੌਖਾ,
ਨਿੱਤ ਦਿਨ ਹੱਲ ਕਰਨਾ ਪੈਂਦਾ, ਹਰ ਇੱਕ ਮਸਲਾ ਔਖਾ।

ਰਿਸ਼ਤੇ ਨਾਤੇ ਸਹੁਰੇ ਮਾਪੇ, ਦੇ ਨਾ ਸਕੇ ਹੱਕ ਮੈਨੂੰ,
ਦਰਦ ਵੰਡਾਇਆ ਸਭ ਦਾ ਪਰ, ਦਰਦ ਮਿਲੇ ਬੱਸ ਮੈਨੂੰ ।

ਪਿੱਛੇ ਮੁੜ ਕੇ ਤੱਕਣਾ ਮੈਨੂੰ, ਪਰ ਜ਼ਰਾ ਨਹੀਂ ਭਾਉਂਦਾ,
ਔਕੜਾਂ ਦਰੜ ਕੇ ਪੈਰਾਂ ਥੱਲੇ, ਸਵਾਦ ਅਨੋਖਾ ਆਉਂਦਾ।

ਬਹੁਤੀ ਤਾਂ ਹੁਣ ਲੰਘ ਗਈ, ਭਾਵੇਂ ਥੋੜ੍ਹੀ ਰਹਿ ਗਈ,
ਪਰ ਮੁੜ ਜੀਵਣ ਦੀ ਸੱਧਰ, ਚੁੱਪੀ ਵਿੱਚ ਕੁੱਛ ਕਹਿ ਗਈ।

ਆ ਜਿੰਦੇ ਲੱਗ ਮੇਰੇ ਸੀਨੇ, ਦੇ ਜਾਹ ਕੋਈ ਦਿਲਾਸਾ,
ਹੋਰ ਨਹੀਂ ਜੇ ਸਰਦਾ ਤੈਥੋਂ, ਹੱਸ ਜਾਹ ਝੂਠਾ ਹਾਸਾ।

ਸੁਣਾ ਮੈਨੂੰ ਜਾਂ ਸੁਣ ਜਾਹ ਮੈਥੋਂ, ਗੱਲ ਕੋਈ ਧੁਰ ਦਿਲ ਦੀ,
ਜੋ ਅੱਜ ਤੱਕ ਨਾ ਲਬ ਤੇ ਆਈ, ਰਹੀ ਅੰਦਰ ਮੇਰਾ ਛਿੱਲਦੀ।

ਜ਼ਿੰਦਗੀ ਦਾ ਕਾਰਵਾਂ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਮੰਜ਼ਲ ਦਰ ਮੰਜ਼ਲ ਸਰਕਦਾ, ਸੀ ਜ਼ਿੰਦਗੀ ਦਾ ਕਾਰਵਾਂ,
ਝੱਖੜ ਕੁੱਝ ਐਸਾ ਝੁੱਲਿਆ, ਘਨਘੋਰ ਹੋਇਆ ਆਸਮਾਂ।

ਰਸਤਿਆਂ ਨੂੰ ਰਸਤੇ ਭੁੱਲ ਗਏ, ਕੱਖਾਂ ਵਾਂਗੂੰ ਰੁਲ ਗਏ,
ਪੱਥ ਪਰਦਸ਼ਕ ਮਨੁੱਖ ਦੇ, ਚਲਦੇ ਸੀ ਕਦੀ ਸਭ ਤੋਂ ਅਗਾਂਹ।

ਕਿਸਮਤ ਸਿਤਾਰੇ ਡੁੱਬ ਗਏ, ਸੁੰਨ ਹੋ ਗਏ ਅਰਸ਼ ਫ਼ਰਸ਼,
ਸਿਵਿਆਂ ਦੀ ਲੋਅ ਵਿੱਚ ਸੇਕ ਸੀ, ਅਲੋਪ ਹੋਈਆਂ ਕਹਿਕਸ਼ਾਂ।

ਵਗੀ ਸੀ ਐਸੀ ਵਾ ਕੋਈ, ਖੁਸ਼ਕ ਹਲਕ ਸਭ ਹੋ ਗਏ,
ਸਾਹਾਂ ਨੂੰ ਨਰੜਿਆ ਖੌਫ਼ ਨੇ, ਰੂਹਾਂ ਹੋ ਗਈਆਂ ਦਾਗ਼ਦਾਂ।

ਸੂਲ਼ਾਂ ਦੇ ਸੱਲ ਨਾਸੂਰ ਹੋਏ, ਨਜ਼ਰਾਂ ਦੇ ਨੇਜ਼ੇ ਬਣ ਗਏ,
ਤਿਣਕੇ ਵੀ ਵੱਖੀਆਂ ਪੱਛ ਗਏ, ਹੰਝੂਆਂ ਦੇ ਵਹਿ ਤੁਰੇ ਸੁਆਂ।

ਮਨੁੱਖ ਨੇ ਉਡਣਾ ਲੋਚਿਆ, ਪਰ ਨਾ ਪਰ ਕੋਈ ਨਿੱਕਲੇ,
ਚਾਰਾ ਨਾ ਕੋਈ ਚੱਲਿਆ, ਦਿਸਿਆ ਨਾ ਕੋਈ ਨਵਾਂ ਜਹਾਂ।

ਪਰਿੰਦੇ ਪਰਵਾਜ਼ਾਂ ਭੁੱਲ ਗਏ, ਚੁੰਝਾਂ ਤੋਂ ਚੋੱਗੇ ਥਿੜ੍ਹਕ ਗਏ,
ਬੋਟ ਤੁਰ ਗਏ ਤੜਪਦੇ, ਉਜੜ ਗਏ ਸਭ ਆਸ਼ਿਆਂ।

ਕੋਈ ਕਹਿਰ ਬਣ ਕੇ ਉਭਰਿਆ, ਦਇਆ ਵੀ ਖੋਹ ਕੇ ਲੈ ਗਿਆ,
ਕਰੋੜਾਂ ਹੀ ਜਾਨਾਂ ਲੈ ਕੇ ਵੀ, ਮਾਰੇ ਠਹਾਕੇ 'ਤੇ ਕਹਿਕਹਾਂ।

ਮਜੂਮੀਂ ਮੂੰਹ ਛੁਪਾ ਗਏ, ਔਲੀਏ ਹੋ ਗਏ ਅਲੋਪ,
ਵਰ ਸਰਾਪੀਂ ਬਦਲ ਗਏ, ਨਾ ਕੰਮ ਆਈਆਂ ਆਜਜ਼ਾਂ।

ਸਵਾਲ 'ਤੇ ਸਵਾਲ ਦਾ, ਹਰ ਇੱਕ ਜਵਾਬ ਖ਼ਾਮੋਸ਼ ਹੈ,
ਕਦ ਬਣੇਗਾ ਕੌਣ, ਕਿਵੇਂ, ਕਾਰਵਾਂ ਦਾ ਰਹਿਨੁਮਾ।

ਮੰਜ਼ਲ ਦਰ ਮੰਜ਼ਲ ਸਰਕਦਾ, ਸੀ ਜ਼ਿੰਦਗੀ ਦਾ ਕਾਰਵਾਂ,
ਝੱਖੜ ਕੁੱਝ ਐਸਾ ਝੁੱਲਿਆ, ਘਨਘੋਰ ਹੋਇਆ ਆਸਮਾਂ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਘਰ ਤੋਂ ਘਰ ਤੱਕ - ਰਵਿੰਦਰ ਸਿੰਘ ਕੁੰਦਰਾ

ਘਰ ਤੋਂ ਘਰ ਤੱਕ ਦਾ, ਮੇਰਾ ਇਹ ਸਫ਼ਰ।
ਰੁਕੇ ਨਾ ਕਦੀ ਵੀ, ਚੱਲੇ ਬੇ ਖ਼ਬਰ।

ਉੱਚੇ ਨੀਵੇਂ ਪੈਂਡੇ, ਸਮੇਂ ਦੀ ਕੋਝੀ ਮਾਰ,
ਝੱਲਦੀ ਹਾਂ ਸਭ ਹੀ, ਬੇ ਤਹਾਸ਼ਾ ਪੁਰ ਸਬਰ।

ਵਿਰਸੇ ਵਿੱਚ ਮਿਲਿਆ, ਜੋ ਪੀੜਾਂ ਦਾ ਪਰਾਗਾ,
ਝੁਲਸਿਆ ਕੜਾਹੀ ਨੇ, ਦਿਖਾ ਆਪਣਾ ਅਸਰ।

ਕੁੱਝ ਯਾਦਾਂ ਨੇ ਪੱਲੇ, ਸਿਰ ਪੋਟਲੀ ਪਲਾਂ ਦੀ,
ਸਾਂਭ ਸਾਂਭ ਚੱਲਾਂ ਮੈਂ, ਬੋਚ ਬੋਚ ਪੈਰ ਧਰ।

ਚੱਲਦੇ ਹੀ ਰਹਿਣਾ, ਹੈ ਇਹ ਕਰਮ ਮੇਰਾ,
ਜੋ ਵਿਰਸੇ ਵਿੱਚ ਮਿਲਿਆ, ਟਲੇ ਨਾ ਰੱਤੀ ਭਰ।

ਮੁੱਠੀ ਇੱਕ ਚੁੱਕਾਂ, ਤੇ ਦੂਜੀ ਹੈ ਤਿਆਰ,
ਚੁੱਕੇ ਨਾ ਚੁਕਾਇਆਂ, ਉਮਰਾਂ ਦਾ ਇਹ ਕਰ।

ਇੱਕ ਗੇੜ ਮੁੱਕਦਾ, ਤੇ ਦੂਜਾ ਹੈ ਖੜਾ ਸਿਰ,
ਵਾਟ ਹੈ ਲੰਬੀ ਪਰ, ਜੀਵਨ ਹੈ ਮੁਕਤਸਰ।

ਦਾਤੇ ਦੀ ਦਾਤੀ ਦੀ, ਹੈ ਝੋਲੀ ਸਦਾ ਖ਼ਾਲੀ,
ਦਿੱਤਾ ਹੈ ਜੋ ਮਿਲਿਆ, ਮੁਰੱਵਤ ਦਾ ਹਰ ਵਰ।

ਲੱਭਿਆ ਬੜਾ ਹੀ, ਪਰ ਮਿਲਿਆ ਨਾ ਕੋਈ,
ਕਦਮ ਦਰ ਕਦਮ ਜੋ, ਬਣੇ ਹਮਸਫ਼ਰ।

ਘਰ ਤੋਂ ਘਰ ਤੱਕ ਦਾ, ਮੇਰਾ ਇਹ ਸਫ਼ਰ।
ਰੁਕੇ ਨਾ ਕਦੀ ਵੀ, ਚੱਲੇ ਬੇ ਖ਼ਬਰ।
 ਕਵੈਂਟਰੀ ਯੂ ਕੇ  /  ਸੰਪਰਕ : +44 7748 772308

ਜਿੱਥੇ ਅੰਮ੍ਰਿਤ ਧਾਰਾ ਵਹਿੰਦੀ ਹੈ - ਰਵਿੰਦਰ ਸਿੰਘ ਕੁੰਦਰਾ

ਤਰਜ਼ : ਜਿਸ ਦੇਸ ਮੇਂ ਗੰਗਾ ਬਹਿਤੀ ਹੈ .......

ਜਿੱਥੇ ਅੰਮ੍ਰਿਤ ਧਾਰਾ ਵਹਿੰਦੀ ਹੈ, ਸਾਡੀ ਲਿਵ ਉਥੇ ਰਹਿੰਦੀ ਹੈ।
ਅਸੀਂ ਉਸ ਸੁਆਮੀ ਦੇ ਵਾਰਸ ਹਾਂ, ਜਿਹਨੂੰ ਸਭ ਦੀ ਚਿੰਤਾ ਰਹਿੰਦੀ ਹੈ।

ਸਰਬੱਤ ਦਾ ਭਲਾ ਜੋ ਚਾਹੁੰਦਾ ਹੈ, ਜੋ ਪਰੇਮ ਦਾ ਪਾਠ ਪੜ੍ਹਾਉਂਦਾ ਹੈ।
ਸਭ ਨੂੰ ਬੁੱਕਲ ਵਿੱਚ ਲੈ ਕੇ ਜੋ, ਬਹੁਮੁੱਲੇ ਬਚਨ ਸੁਣਾਉਂਦਾ ਹੈ।
ਬਹੁਮੁੱਲੇ ਬਚਨ ਸੁਣਾਉਂਦਾ ਹੈ।
ਸਭ ਤਾਤ ਪਰਾਈ ਵਿਸਰ ਜਾਏ, ਜਦ ਸੰਗਤ ਜੁੜ ਜੁੜ ਬਹਿੰਦੀ ਹੈ।
ਅਸੀਂ ਉਸ ਸੁਆਮੀ ਦੇ ਵਾਰਸ ਹਾਂ, ਜਿਹਨੂੰ ਸਭ ਦੀ ਚਿੰਤਾ ਰਹਿੰਦੀ ਹੈ।

ਚਾਅ ਪਰੇਮ ਖੇਲਣ ਦਾ ਚੜ੍ਹ ਜਾਵੇ, ਸਿਰ ਝੱਟ ਅਰਪਣ ਲਈ ਖੜ੍ਹ ਜਾਵੇ।
ਜਦ ਗਗਨ ਦਮਾਮਾ ਵੱਜਦਾ ਹੈ, ਕੁਰਬਾਨੀ ਦਾ ਜਜ਼ਬਾ ਰੜ੍ਹ ਜਾਵੇ।
ਕੁਰਬਾਨੀ ਦਾ ਜਜ਼ਬਾ ਰੜ੍ਹ ਜਾਵੇ।
ਹੱਕ 'ਤੇ ਮਜ਼ਲੂਮ ਦੀ ਰਾਖੀ ਲਈ,  ਸਾਡੀ ਰੂਹ ਤੱਤਪਰ ਬੱਸ ਰਹਿੰਦੀ ਹੈ।
ਅਸੀਂ ਉਸ ਸੁਆਮੀ ਦੇ ਵਾਰਸ ਹਾਂ, ਜਿਹਨੂੰ ਸਭ ਦੀ ਚਿੰਤਾ ਰਹਿੰਦੀ ਹੈ।

ਸਿੰਘ ਭੁੱਖਾ ਭਾਵੇਂ ਰਹਿ ਜਾਵੇ, ਪਰ ਦੂਜੇ ਦਾ ਢਿੱਡ ਭਰਦਾ ਹੈ।
ਹਰ ਤਿਲ 'ਤੇ ਫੁੱਲ ਨੂੰ ਸਾਂਭ ਸਾਂਭ,  ਭੁੱਖੇ ਦੇ ਅੱਗੇ ਧਰਦਾ ਹੈ।
ਭੁੱਖੇ ਦੇ ਅੱਗੇ ਧਰਦਾ ਹੈ।
ਜਰਵਾਣੇ ਤੋਂ ਡੰਡੇ ਖਾ ਕੇ ਵੀ, ਫਿਕਰ ਉਸਦੇ ਢਿੱਡ ਦੀ ਰਹਿੰਦੀ ਹੈ ।
ਅਸੀਂ ਉਸ ਸੁਆਮੀ ਦੇ ਵਾਰਸ ਹਾਂ, ਜਿਹਨੂੰ ਸਭ ਦੀ ਚਿੰਤਾ ਰਹਿੰਦੀ ਹੈ।

ਅਸੀਂ ਵਾਰ ਕਿਸੇ 'ਤੇ ਕਰਦੇ ਨਹੀਂ, ਨਾਲੇ ਵਾਰ ਸਹਿਣ ਤੋਂ ਡਰਦੇ ਨਹੀਂ।
ਦੂਜੇ ਦਾ ਧਰਮ ਬਚਾਵਣ ਲਈ, ਕਾਇਰਤਾ ਤੋਂ ਕਦੀ ਹਰਦੇ ਨਹੀਂ ।
ਕਾਇਰਤਾ ਤੋਂ ਕਦੀ ਹਰਦੇ ਨਹੀਂ ।
ਸਿਰ ਧਰ ਤਲੀ ਤੇ ਰੱਖਣ ਦੀ, ਖ਼ੁਮਾਰੀ ਅੱਖਾਂ ਵਿੱਚ ਰਹਿੰਦੀ ਹੈ ।
ਅਸੀਂ ਉਸ ਸੁਆਮੀ ਦੇ ਵਾਰਸ ਹਾਂ, ਜਿਹਨੂੰ ਸਭ ਦੀ ਚਿੰਤਾ ਰਹਿੰਦੀ ਹੈ।

ਜਿੱਥੇ ਅੰਮ੍ਰਿਤ ਧਾਰਾ ਵਹਿੰਦੀ ਹੈ, ਸਾਡੀ ਲਿਵ ਉਥੇ ਰਹਿੰਦੀ ਹੈ।
ਅਸੀਂ ਉਸ ਸੁਆਮੀ ਦੇ ਵਾਰਸ ਹਾਂ, ਜਿਹਨੂੰ ਸਭ ਦੀ ਚਿੰਤਾ ਰਹਿੰਦੀ ਹੈ।

ਅਸੀਂ ਮੰਤਰੀ ਹੁੰਦੇ ਹਾਂ - ਰਵਿੰਦਰ ਸਿੰਘ ਕੁੰਦਰਾ

ਅਸੀਂ ਮੰਤਰੀ ਹੁੰਦੇ ਹਾਂ, ਬੜੇ ਸ਼ੜਯੰਤਰੀ ਹੁੰਦੇ ਹਾਂ।

ਅੰਦਰੋਂ ਦਿਲ ਦੇ ਕਾਲੇ, ਬਾਹਰੋਂ ਸੰਗਤਰੀ ਹੁੰਦੇ ਹਾਂ।

ਚੋਕੀਦਾਰਾ ਅੱਗਿਉਂ, ਪਿੱਛੋਂ ਕੰਧ ਪੜਵਾਉਂਦੇ ਹਾਂ
ਕੁੱਤੀ ਨਾਲ ਅਸੀਂ ਯਾਰੀ, ਚੋਰਾਂ ਦੀ ਪਵਾਉਂਦੇ ਹਾਂ
ਕਪਟ ਹਰਾਮ ਦਾ ਪੈਸਾ,  ਨਿੱਤ ਦਿਨ ਖ਼ੂਬ ਕਮਾਉਂਦੇ ਹਾਂ
ਅਸੂਲਾਂ ਨੂੰ ਟੰਗ ਛਿੱਕੇ, ਹਰ ਥਾਂ ਟੰਗ ਅੜਾਉਂਦੇ ਹਾਂ
ਸੰਕਟ ਵਿੱਚ ਧੋਖਾ ਦੇ ਕੇ, ਅਸੀਂ ਉਡੰਤਰੀ ਹੁੰਦੇ ਹਾਂ
ਅੰਦਰੋਂ ਦਿਲ ਦੇ ਕਾਲੇ, ਬਾਹਰੋਂ ਸੰਗਤਰੀ ਹੁੰਦੇ ਹਾਂ।

ਬਗਲ ਵਿੱਚ ਰੱਖ ਛੁਰੀ, ਰਾਮ ਦੀ ਰਟ ਲਗਾਉਂਦੇ ਹਾਂ
ਅੱਖੀਂ ਘੱਟਾ ਪਾ ਕੇ, ਜਾਗਦੇ ਪੌਂਦੀ ਪਾਉਂਦੇ ਹਾਂ।
ਧਰਮ ਦਾ ਕਪਟੀ ਪੱਤਾ, ਤਾਸ਼ ਦੇ ਵਿੱਚ ਲੁਕਾਉਂਦੇ ਹਾਂ
ਏਜੰਸੀਆਂ ਮਗਰ ਲਗਾ ਕੇ, ਸ਼ਰੇ ਆਮ ਡਰਾਉਂਦੇ ਹਾਂ
ਸਾਮ, ਦਾਮ ਅਤੇ ਦੰਡ ਦੇ, ਮਾਹਿਰ ਬੁਣੰਤਰੀ ਹੁੰਦੇ ਹਾਂ
ਅੰਦਰੋਂ ਦਿਲ ਦੇ ਕਾਲੇ, ਬਾਹਰੋਂ ਸੰਗਤਰੀ ਹੁੰਦੇ ਹਾਂ।

ਦੁਨੀਆ ਨਾਲੋਂ ਵੱਖਰੇ, ਸਾਡੇ ਸਾਰੇ ਕਾਰੇ ਨੇ
ਸੋਚਣ, ਖਾਣ 'ਤੇ ਪੀਣ ਦੇ, ਸਾਡੇ ਢੰਗ ਨਿਆਰੇ ਨੇ
ਗੱਲੀਂ ਬਾਤੀਂ ਅਸੀਂ, ਪਤਾ ਨਹੀਂ ਕਿੰਨੇ ਚਾਰੇ ਨੇ
ਆਪਸ ਵਿੱਚ ਲੜਾ ਕੇ, ਲੋਕ ਅਸੀਂ ਰੱਜ ਕੇ ਪਾੜੇ ਨੇ
ਅਸੀਂ ਕੱਟੜਪੰਥੀ ਪੂਰੇ, ਵੈਸੇ ਗਣਤੰਤਰੀ ਹੁੰਦੇ ਹਾਂ
ਅੰਦਰੋਂ ਦਿਲ ਦੇ ਕਾਲੇ, ਬਾਹਰੋਂ ਸੰਗਤਰੀ ਹੁੰਦੇ ਹਾਂ।

ਅਸੀਂ ਮੰਤਰੀ ਹੁੰਦੇ ਹਾਂ, ਬੜੇ ਸ਼ੜਯੰਤਰੀ ਹੁੰਦੇ ਹਾਂ।
ਅੰਦਰੋਂ ਦਿਲ ਦੇ ਕਾਲੇ, ਬਾਹਰੋਂ ਸੰਗਤਰੀ ਹੁੰਦੇ ਹਾਂ।

ਕਵੈਂਟਰੀ,  ਯੂ ਕੇ

ਸੰਪਰਕ : +44 7748 772308

ਨਵੇਂ ਸਾਲ ਦੀ ਨਵੀਂ ਨੁਹਾਰ - ਰਵਿੰਦਰ ਸਿੰਘ ਕੁੰਦਰਾ

ਨਵੇਂ ਸਾਲ ਦੀ ਨਵੀਂ ਨੁਹਾਰ,  ਪਿਛਲੇ ਸਾਲ ਨੂੰ ਗੋਲ਼ੀ ਮਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।

ਪਿਆਰ ਬੜਾ ਸੀ ਉਸਨੂੰ ਕੀਤਾ,  ਘੁੱਟ ਘੁੱਟ ਸੀਨੇ ਕੋਲ ਸੀ ਕੀਤਾ।
ਚੜ੍ਹਨ ਤੇ ਕਿਹੜਾ ਚਾਅ ਨੀਂ ਕੀਤਾ, ਬੇ ਵਫਾ ਲਾ ਗਿਆ ਪਲੀਤਾ।
ਚਾਰ ਸੌ ਵੀਹ ਕੁੱਝ ਐਸੀ ਕੀਤੀ,  ਤੋੜਿਆ ਹਰ ਇੱਕ ਦਾ ਇਤਬਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।

ਮਨਾਂ ਚ ਫੁਲਝੜੀਆਂ ਸੀ ਛੁੱਟੀਆਂ,  ਮਾਣ ਨਾਲ ਸੀ ਮੌਜਾਂ ਲੁੱਟੀਆਂ।
ਸੱਧਰਾਂ ਚਾੜ੍ਹ ਅਸਮਾਨੀ ਗੁੱਡੀਆਂ, ਖੁਸ਼ੀ ਨਾਲ ਪਾਈਆਂ ਸੀ ਲੁੱਡੀਆਂ।
ਅਸਲੀ ਰੰਗ ਜਦ ਲੱਗਾ ਦਿਖਾਵਣ, ਸੋਗ ਦਾ ਚੜ੍ਹਿਆ ਨਵਾਂ ਬੁਖ਼ਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।

ਨਹੀਂ ਸੀ ਆਪਣਾ ਬਣ ਕੇ ਆਇਆ,  ਨਫ਼ਰਤ ਦਾ ਉਸ ਮੀਂਹ ਵਰਸਾਇਆ।
ਬੰਦੇ ਤੋਂ ਬੰਦਾ ਛੁਡਵਾਇਆ,  ਡੰਕਾ ਥਾਂ ਥਾਂ ਆਪਣਾ ਵਜਵਾਇਆ।
ਚਾਲ ਕੁੱਝ ਕੋਝੀ ਐਸੀ ਚੱਲਿਆ,  ਹਰ ਇੱਕ ਨੂੰ ਕੀਤਾ ਦੁਸ਼ਬਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।

ਆ ਕੋਸ਼ਿਸ਼ ਕੁੱਝ ਐਸੀ ਕਰੀਏ, ਨਵੇਂ ਸਾਲ ਦੀ ਬਾਂਹ ਫਿਰ ਫੜੀਏ।
ਐਸੇ ਮਨਸੂਬੇ ਕੁੱਝ ਘੜੀਏ, ਗ਼ਮੀਆਂ ਛੱਡ ਖ਼ੁਸ਼ੀਆਂ ਨਾਲ ਖੜ੍ਹੀਏ।
ਇੱਕੀ ਵਿਸਵੇ ਹੱਥ ਜੇ ਆਵਣ, ਵੀਹ ਵੀਹ ਦੇਈਏ ਦਿਲੋਂ ਵਿਸਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।

ਨਵੇਂ ਸਾਲ ਦੀ ਨਵੀਂ ਨੁਹਾਰ,  ਪਿਛਲੇ ਸਾਲ ਨੂੰ ਗੋਲ਼ੀ ਮਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ