Jasveer Sharma Dadahoor

'ਇਕ ਜੋਦੜੀ' - ਜਸਵੀਰ ਸ਼ਰਮਾਂ ਦੱਦਾਹੂਰੀਆ

ਹਰ ਗੱਲ ਪੂਰੀ ਕਰਦੈ,ਬਾਬਾ ਨਾਨਕ ਸਭਨਾਂ ਦੀ!
ਖਾਲੀ ਝੋਲੀ ਭਰਦੈ,ਬਾਬਾ ਨਾਨਕ ਸਭਨਾਂ ਦੀ!!


ਸੱਚੇ ਦਿਲੋਂ ਜੋ ਚੱਲਕੇ ਓਹਦੇ ਦਰ ਤੇ ਆਉਂਦਾ ਹੈ!
ਮੂੰਹੋਂ ਮੰਗੀਆਂ ਮੁਰਾਦਾਂ ਓਹੋ ਸਦਾ ਹੀ ਪਾਉਂਦਾ ਹੈ!!
ਦਿਲ ਦੀ ਗੱਲ ਹੈ ਕਰਦਾ ਬਾਬਾ ਨਾਨਕ ਸਭਨਾਂ ਦੀ,,,,ਹਰ,,,,,


ਛੱਡਕੇ ਸੱਚ ਦਾ ਰਸਤਾ ਜੋ ਕੁਰਾਹੇ ਪੈ ਜਾਂਦੇ!
ਬੇੜੀ ਆਪਣੀ ਖੁਦ ਡੂੰਘੇ ਮੰਝਧਾਰ ਚ ਲੈ ਜਾਂਦੇ!!
ਕੱਢੇ ਬੇੜੀ ਮੰਝਧਾਰ ਚੋਂ ਬਾਬਾ ਨਾਨਕ ਸਭਨਾਂ ਦੀ,,,,,ਹਰ,,,,


ਹੱਕ ਹਲਾਲ ਦੀ ਖਾਂਦਾ ਨੇਕ ਕਮਾਈ ਕਰਦਾ ਜੋ!
ਓਹਦੇ ਦਰ ਤੋਂ ਬਾਰ ਬਾਰ ਹੀ ਰਹਿਮਤਾਂ ਪਾਂਦਾ ਓਹ!!
ਇਜ਼ਤ ਲਾਜ ਹੈ ਰੱਖਦਾ ਬਾਬਾ ਨਾਨਕ ਸਭਨਾਂ ਦੀ,,,,,ਹਰ,,,,


ਸੱਜਣ ਠੱਗ ਨੂੰ ਬਾਬੇ ਸਿੱਧੇ ਰਸਤੇ ਪਾ ਦਿੱਤਾ!
ਗਣਕਾ ਵੇਸਵਾ ਕੌਡੇ ਨੂੰ ਵੀ ਸੱਭ ਸਮਝਾ ਦਿੱਤਾ!!
ਦੁੱਖ ਸੁੱਖ ਦੇ ਵਿਚ ਸੁਣਦੈ ਬਾਬਾ ਨਾਨਕ ਸਭਨਾਂ ਦੀ,,,,ਹਰ,,,,


ਸੁਭਾ ਸ਼ਾਮ ਜੋ ਓਹਦੇ ਦਰ ਤੇ ਸੀਸ ਝੁਕਾਊਗਾ!
ਮੂੰਹੋਂ ਮੰਗੀਆਂ ਮੁਰਾਦਾਂ ਸਦਾ ਹੀ ਓਥੋਂ ਪਾਊਗਾ!!
ਰਾਖੀ ਕਰਦੈ ਸਦਾ ਹੀ ਬਾਬਾ ਨਾਨਕ ਸਭਨਾਂ ਦੀ,,,,ਹਰ,,,,


ਹਿੰਦੂ ਮੁਸਲਿਮ ਸਿੱਖ ਇਸਾਈ ਭਾਈ ਭਾਈ ਜੀ!
ਬਾਬਾ ਜੀ ਦੀ ਬਾਣੀ ਇਹੇ ਗੱਲ ਸਮਝਾਈ ਜੀ!!
ਦੱਦਾਹੂਰੀਆ ਜੋ ਨੀਵਾਂ ਹੋ ਚੱਲੇ ਭਲਾਈ ਸਭਨਾਂ ਦੀ,,,,,ਹਰ,,,,,


ਜਸਵੀਰ ਸ਼ਰਮਾਂ ਦੱਦਾਹੂਰੀਆ
ਸ਼੍ਰੀ ਮੁਕਤਸਰ ਸਾਹਿਬ
94176-22046

29 Sep. 2018

ਵਿਰਸੇ ਦੀਆਂ ਬਾਤਾਂ : ਅਲੋਪ ਹੋਈਆਂ ਪਿੰਡਾਂ ਵਾਲੀਆਂ ਭੱਠੀਆਂ - ਜਸਵੀਰ ਸ਼ਰਮਾ ਦੱਦਾਹੂਰ

''ਭੱਠੀ ਉੱਤੇ ਖੜ ਕੇ ਦਾਣੇ ਮੈਂ ਭੰਨਾਉਣੀਂ ਆਂ,
ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆ   ਪੇਕੀਂ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ।
ਇਸ ਗੀਤ ਦੇ ਬੋਲ ਸਾਨੂੰ ਸੱਚੀਂ-ਮੁੱਚੀਂ ਪੁਰਤਾਨ ਪੰਜਾਬ ਦੀ ਝਲਕ ਹੂ-ਬ-ਹੂ ਵਿਖਾ ਦਿੰਦੇ ਹਨ। ਜਦੋਂ ਸ਼ਾਮਾਂ ਨੂੰ ਤਾਈ ਭਾਨੀ ਦੀ ਭੱਠੀ ਤੋਂ ਲਾਈਨਾਂ ਵਿੱਚ ਲੱਗ ਕੇ ਦਾਣੇ ਭੰਨਾਉਂਦੇ ਹੁੰਦੇ ਸਾਂ। ਚਾਰ ਕੁ ਵਜਦੇ ਸ਼ਾਮ ਨੂੰ ਤਾਈ ਨੇ ਭੱਠੀ ਤਪਾ ਲੈਣੀ ਤੇ ਫਿਰ ਵਾਰੀ-ਵਾਰੀ ਛੋਲਿਆਂ ਦੇ, ਮੱਕੀ ਦੇ, ਜਵਾਰ ਜਾਂ ਫਿਰ ਘਾਟ ਭੁਨਾ ਕੇ ਚੱਬਣੀ ਤੇ ਫਿਰ ਘਰੇ ਵੀ ਲੈ ਕੇ ਆਉਣਾ। ਤਾਈ ਕੋਈ ਨਗਦ ਪੈਸਾ ਤਾਂ ਭਾਂਵੇ ਦਾਣੇ ਭੁੰਨਾਈ ਦਾ ਨਹੀਂ ਸੀ ਲੈਂਦੀ ਪਰ ਕੜਾਹੀ ਵਿੱਚ ਦਾਣੇ ਪਾਉਣ ਵੇਲੇ ਉਹ ਲੱਪ ਨਾਲ ਪਹਾੜਾ ਜਰੂਰ ਲੈਂਦੀ ਸੀ ਦਾਣੇ ਭੁੰਨਣ ਦਾ। ਇਹਨਾਂ ਭੁੰਨੇ ਹੋਏ ਦਾਣਿਆਂ ਵਿੱਚ ਅਸੀ ਲੋੜ ਮੁਤਾਬਕ ਗੁੜ ਜਾਂ ਸ਼ੱਕਰ ਮਿਲਾ ਕੇ ਖਾਣਾ, ਬੜੇ ਸਵਾਦੀ ਲੱਗਦੇ ਸਨ ਉਹ ਭੱਠੀ ਤੇ ਭੁੰਨੇ ਦਾਣੇ। ਇਹ ਵਤੀਰਾ ਹਰ ਰੋਜ਼ ਦਾ ਸੀ। ਜੇਕਰ ਕਿਤੇ ਤਾਈ ਨੇ ਬਾਹਰ ਜਾਣਾ ਜਾਂ ਕਬੀਲਦਾਰੀ ਦੇ ਕਿਸੇ ਜ਼ਰੂਰੀ ਕਰਕੇ ਭੱਠੀ ਤਪਾਉਣ ਦਾ ਨਾਂਗਾ ਪਾ ਦੇਣਾ ਤਾਂ ਸਾਡਾ ਦਿਲ ਪੁੱਛਿਆ ਹੀ ਜਾਣਦਾ ਸੀ। ਜਦੋਂ ਇੱਕ ਦੋ ਦਿਨ ਬਾਅਦ ਤਾਈ ਨੇ ਭੱਠੀ ਫਿਰ ਤਪਾਉਣੀ ਤਾਂ ਉਸ ਨਾਲ ਅਸੀ ਬੜਾ ਗੁੱਸੇ ਹੋਣਾ 'ਤੇ ਤਾਈ ਨੇ ਸਾਡੀਆਂ ਗੱਲਾਂ ਦਾ ਕਦੇ ਗੁੱਸਾ ਨਾ ਕਰਨਾ ਸਗੋਂ ਹੱਸ ਕੇ ਟਾਲ ਦੇਣਾ।
ਉਹ ਪਿਆਰੇ ਤੇ ਨਿਆਰੇ ਸਮੇਂ ਕਦੇ ਵਾਪਸ ਨਹੀਂ ਆਉਣੇ। ਉਹ ਸਮੇਂ ਹੀ ਬਹੁਤ ਪਿਆਰੇ ਸਨ। ਛੱਪੜਾਂ, ਖ਼ੂਹਾਂ, ਟੋਭਿਆਂ ਤੇ ਭੱਠੀਆਂ ਤੇ ਸ਼ਾਮ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਛੱਪੜਾਂ ਤੇ ਸਾਡੇ ਬਜ਼ੁਰਗ ਮੱਝਾਂ ਗਾਵਾਂ ਨੂੰ ਪਾਣੀ ਪਿਲਾਉਂਦੇ, ਨਹਾਉਂਦੇ ਤੇ ਕਾਫ਼ੀ ਚਿਰ ਛੱਪੜਾਂ ਵਿੱਚ ਮੱਝਾਂ ਬੈਠੀਆਂ ਰਹਿਣੀਆਂ। ਬਜ਼ੁਰਗਾਂ ਕੋਲ ਹਰ ਸਮੇਂ ਤਾਸ਼ ਜੇਬ ਵਿੱਚ ਪਾਈ ਹੁੰਦੀ ਸੀ, ਉਥੇ ਹੀ ਬੈਠ ਕੇ ਤਾਸ਼ ਦੀਆਂ ਬਾਜੀਆਂ ਲਾਈ ਜਾਣੀਆਂ। ਨਾਲੇ ਬਜ਼ੁਰਗ ਖੁਸ਼, ਨਾਲੇ ਘਰ ਦੇ ਖੁਸ਼ ਕਿ ਸਾਡੇ ਬਾਪੂ ਜੀ ਛੱਪੜ ਤੋਂ ਡੰਗਰ ਪਿਆਉਣ ਗਏ ਹਨ। ਜਦੋਂ ਆਪਣੀ ਮਰਜ਼ੀ ਨਾਲ ਮੱਝਾਂ ਨੇ ਬਾਹਰ ਆਉਣਾ ਤਾਂ ਕਿਤੇ ਜਾ ਕੇ ਉਹਨਾਂ ਦੀ ਤਾਸ਼ ਵਾਲੇ ਪਾਸਿਓਂ ਨਿਗ੍ਹਾ ਹਟਣੀ 'ਤੇ ਸਭ ਕੁਝ ਸਮੇਟ ਕੇ ਮੱਝਾਂ ਮਗਰ ਘਰੋਂ ਘਰੀਂ ਆਉਣ ਸਾਰੇ ਬਜ਼ੁਰਗਾਂ ਦੀ ਸੇਵਾ ਲਈ ਦੁੱਧ ਦਾ ਗਿਲਾਸ ਤੇ ਨਾਲ ਹੀ ਭੱਠੀ ਤੋਂ ਭੁਨਾਏ ਦਾਣੇ ਲੈ ਆਉਣੇ। ਵਧੀਆ ਸਿਹਤਾਂ ਹੁੰਦੀਆਂ ਸਨ ਕਿਉਂਕਿ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਨਸ਼ੇ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਹੁੰਦੀ, ਚਾਹ ਵੀ ਕੋਈ ਟਾਂਵਾ-ਟਾਂਵਾ ਘਰ ਹੀ ਬਣਾਉਂਦਾ ਸੀ। ਦੁੱਧ ਪੀਣ ਦਾ ਰਿਵਾਜ਼ ਸਿਖ਼ਰਾਂ ਤੇ ਸੀ। ਜਦੋਂ ਵੀ ਰੋਟੀ ਖਾਣੀ ਤਾਂ ਰੋਟੀ ਦੇ ਨਾਲ ਦੁੱਧ ਤੇ ਲੱਸੀ ਹੀ ਪ੍ਰਧਾਨ ਸਨ। ਇਹੀ ਸੀ ਵਧੀਆ ਸਿਹਤਾਂ ਦਾ ਰਾਜ਼।
ਅਜੋਕੇ ਸਮੇਂ ਵਿੱਚ ਜਿੱਥੇ ਪਿੰਡਾਂ ਵਿੱਚੋਂ ਭੱਠੀਆਂ ਅਲੋਪ ਹਨ, ਉਥੇ ਸਰਕਾਰਾਂ ਨੇ ਛੱਪੜਾਂ ਦੀ ਥਾਂ ਵੀ ਪੁਰ ਕਰ ਦਿੱਤੀ ਹੈ ਜਿੱਥੇ ਕਿ ਸਾਂਝੀਆਂ ਥਾਵਾਂ ਵਿੱਚ ਡਿਸਪੈਂਸਰੀਆਂ, ਪਸ਼ੂ ਹਸਪਤਾਲ, ਆਰ.ਓ ਸਿਸਟਮ, ਪੰਚਾਇਤ ਘਰ, ਪਟਵਾਰਖ਼ਾਨੇ ਆਦਿ ਬਣਾ ਦਿੱਤੇ ਹਨ। ਅਜੋਕੇ ਬਦਲੇ ਜ਼ਮਾਨੇ ਵਿੱਚ ਸਾਡੀ ਨਵੀਂ ਪੀੜ੍ਹੀ ਪੌਪ ਕੌਰਨ ਜਾਂ ਹੋਰ ਭਾਂਤ-ਭਾਂਤ ਤੇ ਵਿਅੰਜਨ ਖਾ ਖਾ ਕੇ ਜਿੱਥੇ ਅਨੇਕਾਂ ਬਿਮਾਰੀਆਂ ਦੀ ਸ਼ਿਕਾਰ ਹੋ ਰਹੀ ਹੈ ਉਥੇ ਸਿਹਤ ਪੱਖੋਂ ਵੀ ਗਿਰਾਵਟ ਵੱਲ ਜਾ ਰਹੀ ਹੈ। ਸਾਡੀ ਅਜੋਕੀ ਪੀੜ੍ਹੀ ਭੱਠੀਆਂ ਦੀ ਬਾਬਤ ਬਿਲਕੁਲ ਨਹੀਂ ਜਾਣਦੀ। ਸਾਡੇ ਆਧੁਨਿਕ ਅਜਾਇਬ ਘਰਾਂ ਵਿੱਚ ਭੱਠੀਆਂ ਦੇ ਮਾਡਲ ਬਣਾ ਕੇ ਰੱਖੇ ਹੋਏ ਹਨ ਜੋ ਸਾਡੇ ਵਿੱਛੜ ਚੁੱਕੇ ਵਿਰਸੇ ਦੀ ਯਾਦ ਤਾਜਾ ਕਰਵਾਉਂਦੇ ਰਹਿੰਦੇ ਹਨ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046

06 April 2018

ਵਿਰਸੇ ਦੀਆਂ ਬਾਤਾਂ : ਪੰਜਾਬ ਵਿੱਚ ਚੜ੍ਹਤ ਰਹੀ ਹੈ ਫਿਰਕੀ ਵਾਲੇ ਛੱਤ ਪੱਖੇ ਦੀ - ਜਸਵੀਰ ਸ਼ਰਮਾ ਦੱਦਾਹੂਰ

ਜਿੱਥੇ ਪੰਜਾਬ ਸੂਬੇ ਨੂੰ ਖੇਤੀ ਪ੍ਰਧਾਨ ਸੂਬੇ ਨਾਲ ਜਾਣਿਆਂ ਜਾਂਦਾ ਹੈ ਉਥੇ ਜੇਕਰ ਪੁਰਾਤਨ ਸਮਿਆਂ ਵਾਲੇ ਪੰਜਾਬ ਨੂੰ ਸ਼ਾਂਤੀ ਤੇ ਭਾਈਚਾਰੇ ਵਾਲਾ ਸੂਬਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਪੰਜਾਬ ਵਾਸੀ ਹਰ ਦੁਖੀਏ ਦੀ ਮਦਦ ਕਰਨ ਵਿੱਚ ਭਰਾਤਰੀ ਭਾਈਚਾਰੇ ਦੇ ਪਿਆਰ ਵਿੱਚ ਰਲਮਿਲ ਕੇ ਬਿਨ੍ਹਾਂ ਕਿਸੇ ਜਾਤੀ ਧਰਮ ਫਿਰਕੇ ਦੇ ਸਾਂਝੀਵਾਰਤਾ ਤੇ ਪਿਆਰ ਨਾਲ ਰਹਿਣ ਵਿੱਚ ਵੀ ਪੂਰੇ ਸੰਸਾਰ ਵਿੱਚੋਂ ਪਹਿਲੇ ਨੰਬਰ ਤੇ ਰਹੇ ਹਨ। ਬੇਸ਼ੱਕ ਅਜੋਕੇ ਪੰਜਾਬ ਵਿੱਚ ਭਰਾਵੀਂ ਪਿਆਰ ਖਿੰਡ-ਪੁੰਡ ਗਏ ਹਨ, ਮਸ਼ੀਨੀ ਯੁੱਗ ਵਿੱਚ ਤੇ ਅਗਾਂਹਵਧੂ ਜ਼ਮਾਨੇ ਵਿੱਚ ਅਸੀ ਰੁਲ ਗਏ ਹਾਂ ਪਰ ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਕੋਈ ਪੰਜ ਦਹਾਕੇ ਪਹਿਲਾਂ ਜਿਆਦਾਤਰ ਵਸੋਂ ਪਿੰਡਾਂ ਵਿੱਚ ਹੀ ਰਹੀ ਹੈ। ਤੇ ਸਭ ਇਕੱਠੇ ਰਲਮਿਲ ਕੇ ਰਹਿਣਾ ਕੋਈ ਜਾਤੀ ਧਰਮ ਤੇ ਮਜ੍ਹਬ ਕਦੇ ਵੀ ਪੰਜਾਬੀਆਂ ਤੇ ਭਾਰੂ ਨਹੀਂ ਸੀ ਪਿਆ। ਭਾਈਚਾਰਕ ਸਾਂਝਾ ਕਾਇਮ ਸਨ। ਪੰਜਾਬੀ ਖਿੱਤੇ ਦੇ ਲੋਕ ਜਿੱਥੇ ਸਾਰੇ ਦੇਸ਼ ਨੂੰ ਅਨਾਜ ਉਗਾ ਕੇ ਦੇਣ 'ਚ ਮੋਹਰੀ ਨੇ ਉਥੇ ਇਹ ਪਿੰਡਾਂ ਦੀਆਂ ਕੋਈ ਛੋਟੀਆਂ ਮੋਟੀਆਂ ਗੱਲਾਂ ਜਾਂ ਕੋਈ ਛੋਟਾ ਮੋਟਾ ਤਕਰਾਰ ਪਿੰਡਾਂ ਵਿੱਚ ਹੀ ਨਿਪਟਾਉਂਦੇ ਰਹੇ ਹਨ। ਮਜਾਲ ਹੈ ਕੋਈ ਅਜੋਕੇ ਸਮੇਂ ਵਾਂਗ ਗੱਲ-ਗੱਲ ਤੇ ਥਾਨੇ ਚਲੇ ਜਾਣ ਨੂੰ ਕਦੇ ਪਹਿਲ ਨਹੀਂ ਸੀ ਦਿੰਦੇ। ਪਰਿਵਾਰਕ ਤੌਰ ਤੇ ਗੱਲ ਨਿਪਟਾ ਲੈਣੀ ਤੇ ਜੇਕਰ ਨਾ ਨਿਪਟਣੀ ਤਾਂ ਵੱਧ ਤੋਂ ਵੱਧ ਪਿੰਡ ਦੇ ਮੋਹਤਬਰ ਬੰਦਿਆਂ ਕੋਲ ਜਾਂ ਫਿਰ ਪਿੰਡ ਦੇ ਸਰਪੰਚ ਦੇ ਹੁਕਮ ਤੇ ਸਭ ਹੀ ਫੁੱਲ ਚੜ੍ਹਾਉਂਦੇ ਸਨ ਪਰ ਉਹਨਾਂ ਸਮਿਆਂ ਵਿੱਚ ਸਰਪੰਚ ਰਸਾਲਦਾਰ ਜਾਂ ਪਿੰਡ ਦਾ ਕੋਈ ਮੋਹਤਬਰ ਬੰਦਾ, ਜੀਹਦੀ ਪਟੜੀ ਬੰਨੇ ਗੱਲ ਸੁਣੀ ਜਾਂਦੀ ਸੀ ਉਥੇ ਜਾ ਕੇ ਹਮੇਸ਼ਾਂ ਗੱਲ ਨਿੱਬੜ ਜਾਂਦੀ ਸੀ। ਇਹ ਉਹ ਸਮੇਂ ਸਨ ਜਦੋਂ ਪਿੰਡਾਂ ਵਿੱਚ ਹਾਲੇ ਬਿਜ਼ਲੀ ਆਈ ਹੀ ਨਹੀਂ ਸੀ। ਗਰਮੀ ਦੇ ਮਹੀਨਿਆਂ ਵਿੱਚ ਜਦੋਂ ਜੇਠ ਹਾੜ ਦੇ ਮਹੀਨੇ ਹੋਣੇ ਤਾਂ ਬਹੁਤ ਵੱਡਾ ਪੱਖਾ (ਤਸਵੀਰ ਵਰਗਾ) ਕਿਸੇ ਰੱਸੀ ਨਾਲ ਬੰਨ੍ਹ ਕੇ ਫਿਰਕੀ ਦੇ ਆਸਰੇ ਲੰਬੀ ਰੱਸੀ ਨਾਲ ਛੱਤ ਦੇ ਨਾਲ ਟੰਗ ਕੇ ਖਿੱਚ ਕੇ ਸਾਰਿਆਂ ਨੂੰ ਹਵਾ ਦਿੱਤੀ ਜਾਂਦੀ ਰਹੀ ਹੈ। ਪਿੰਡਾਂ ਦੇ ਸਾਰੇ ਫੈਂਸਲੇ ਹੀ ਸਰਪੰਚ ਜਾਂ ਮੋਹਤਬਰ ਬੰਦਿਆਂ ਦੀਆਂ ਵੱਡੀਆਂ-ਵੱਡੀਆਂ ਹਵੇਲੀਆਂ ਵਿੱਚ ਹੁੰਦੇ ਰਹੇ ਹਨ। ਬਿਨ੍ਹਾਂ ਕਿਸੇ ਭੇਦ-ਭਾਵ ਦੇ ਸਹੀ ਤੇ ਨਿਰਪੱਖ ਫੈਂਸਲੇ ਕੀਤੇ ਜਾਂਦੇ ਰਹੇ ਹਨ ਪਰ ਗਰਮੀ ਤੋਂ ਬਚਣ ਦਾ ਇਹੀ ਪੱਖਾ ਬਹੁਤ ਵੱਡਾ ਸਾਧਨ ਰਿਹਾ ਹੈ। ਘਰ ਦਾ ਸੀਰੀ ਜਾਂ ਸਪੈਸ਼ਲ ਏਸੇ ਕੰਮ ਲਈ ਰੱਖਿਆ ਸੇਵਾਦਾਰ ਰੱਸੀ ਖਿੱਚ ਕੇ ਸਭਨਾਂ ਨੂੰ ਹਵਾ ਝੱਲਦਾ ਰਿਹਾ ਹੈ। ਕਈ ਵਾਰ ਕਿਸੇ ਕੰਮ ਕਰਵਾਉਣ ਆਏ ਬੰਦਿਆਂ ਦੇ ਵਿੱਚੋਂ ਵੀ ਉਸਤੋਂ ਵਾਰੀ ਨਾਲ ਪੱਖੇ ਵਾਲੀ ਰੱਸੀ ਫੜ੍ਹ ਕੇ ਉਹਨੂੰ ਸਾਹ ਦਿਵਾ ਦਿੰਦੇ ਸਨ। ਹਰ ਆਏ ਗਏ ਨੂੰ ਚਾਹ ਨਹੀਂ ਦੁੱਧ ਨਾਲ ਸੇਵਾ ਹੁੰਦੀ ਰਹੀ ਹੈ ਉਹਨਾਂ ਸਮਿਆਂ ਵਿੱਚ ਸਰਪੰਚ, ਰਸਾਲਦਾਰ ਜਾਂ ਪਿੰਡ ਦੇ ਮੋਹਤਬਰ ਬੰਦਿਆਂ ਦੇ ਘਰਾਂ ਵਿੱਚੋਂ। ਕੱਚੇ ਘਰ ਵੱਡੀਆਂ ਸਵਾਤਾਂ ਹੁੰਦੀਆਂ ਸਨ ਜੋ ਕਿ ਸ਼ਤੀਰੀਆਂ ਬਾਲਿਆਂ, ਸਰ ਕਾਂਹੀ ਵਾਲੀਆਂ ਛੱਤਾਂ ਹੋਣੀਆਂ ਤੇ ਕੱਚੀਆਂ ਗਾਰੇ ਨਾਲ ਕੱਢੀਆਂ ਚੌੜੀਆਂ ਕੰਧਾਂ ਕਰਕੇ ਬਹੁਤ ਗਰਮੀ ਦੇ ਵਿੱਚ ਵੀ ਘਰ ਠੰਡੇ ਹੋਇਆ ਕਰਦੇ ਸਨ। ਇੱਕ ਬੰਦੇ ਦੇ ਹੀ ਰੱਸੀ ਖਿੱਚਣ ਨਾਲ ਕੋਈ ਬੈਠੇ ਵੀਹ-ਪੱਚੀ ਬੰਦਿਆਂ ਨੂੰ ਹਵਾ ਆਉਂਦੀ ਸੀ। ਬੈਠਣ ਲਈ ਅਜੋਕੇ ਸਮੇਂ ਵਾਂਗ ਕੁਰਸੀਆਂ ਘੱਟ ਪਰ ਮੂੜ੍ਹੇ ਜਾਂ ਦੇਸੀ ਬੁਣੇ ਹੋਏ ਮੰਜੇ ਹੁੰਦੇ ਸਨ। ਉਹਨਾਂ ਤੇ ਹੀ ਸਭਨੇ ਬੈਠਣਾ ਤੇ ਆਪੋ ਆਪਣੀ ਵਾਰੀ ਮੁਤਾਬਕ ਜਿੰਮੇਵਾਰ ਬੰਦਿਆਂ ਨੂੰ ਆਪਣੀ ਗੱਲ ਦੱਸਣੀ ਤੇ ਥੋੜ੍ਹੀ ਬਹੁਤੀ ਰਾਇ ਕਰਨ ਤੋਂ ਬਾਅਦ ਅਜੋਕੀਆਂ ਕਚਿਹਰੀਆਂ ਵਾਂਗ ਸਾਲਾਂ ਬੱਧੀ ਨਹੀਂ ਸਗੋਂ ਉਥੇ ਹੀ ਹੁਕਮ ਹੋ ਜਾਂਦੇ ਸਨ। ਤੇ ਲਾਲ ਵਹੀਆਂ ਤੇ ਸਾਰਾ ਲਿਖ-ਲਖਾ ਕਰਕੇ ਉਸਤੇ ਫੁੱਲ ਚੜ੍ਹਾ ਦਿੰਦੇ ਸਨ ਭਾਵ ਮੰਨ ਲੈਂਦੇ ਸਨ। ਪਰ ਬਦਲੇ ਸਮੇਂ ਵਿੱਚ ਤਾਂ ਘਰ ਦੇ ਚਾਰ ਜੀਆਂ ਦਾ ਮੂੰਹ ਵੀ ਅਲੱਗ ਅਲੱਗ ਹੈ ਤੇ ਇਸ ਦੇਸੀ ਪੱਖੇ ਦੀ ਹੋਂਦ ਵੀ ਖ਼ਤਮ ਹੋ ਚੁੱਕੀ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਅਸੀ ਏ.ਸੀਆਂ ਵਾਲੇ ਹੋ ਗਏ ਹਾਂ ਤੇ ਇਹਨਾਂ ਪੱਖਿਆਂ ਦਾ ਸਥਾਨ ਕਿਸੇ ਕਿਸੇ ਅਜਾਇਬ ਘਰ ਵਿੱਚ ਹੀ ਰਹਿ ਗਿਆ ਹੈ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046

06 April 2018

ਫ਼ਰਕ ਬਹੁਤ ਹੈ - ਜਸਵੀਰ ਸ਼ਰਮਾ ਦੱਦਾਹੂਰ

ਆਪਣੇ ਅਤੇ ਪਰਾਇਆਂ ਦੇ ਵਿੱਚ ਫ਼ਰਕ ਬਹੁਤ ਹੈ।
ਵਕਤ ਦੇ ਹੱਥੋਂ ਸਤਾਇਆਂ ਨਾ ਸਤਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਖਾਣੀ ਪੈਂਦੀ ਸਮੇਂ ਦੇ ਹੱਥੋਂ ਮਾਰ ਕਦੇ ਤਾਂ।
ਰਵਾਇਆਂ ਅਤੇ ਹਸਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਪਰਛਾਵੇਂ ਕੋਲੋਂ ਕਦੇ ਕਦੇ ਤਾਂ ਬੰਦਾ ਡਰ ਜਾਏ।
ਅਸਲੀ ਅਤੇ ਸਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਦੁਖੀ ਨਾ ਕਰਨਾ ਕਦੇ ਕਿਸੇ ਨੂੰ ਐ ਇਨਸਾਨਾਂ।
ਝਿੜਕਿਆਂ ਅਤੇ ਵਰਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਕਿਸੇ ਗਰੀਬ ਦੀ ਮਦਦ ਕਰਨਾ ਫਰਜ ਹੈ ਬਣਦਾ।
ਡੇਗਿਆਂ ਅਤੇ ਉਠਾਇਆਂ ਦੇ ਵਿੱਚ ਫ਼ਰਕ ਬਹੁਤ ਹੈ।
ਕੋਈ ਗਲਤ ਰਾਹੇ ਪੈਂਦੈ ਤਾਂ ਬਚਾ ਲੋ ਉਸਨੂੰ।
ਕੁਰਾਹੋਂ ਰਾਹੇ ਪਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਯਾਰ ਮਾਰ ਨਾ ਕਰੀਏ ਕਦੇ ਵੀ ਨਾਲ ਕਿਸੇ ਦੇ।
ਡਬੋਇਆਂ ਤੇ ਬੰਨ੍ਹੇ ਲਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਜਿੱਤਿਆਂ ਤੋਂ ਤਾਂ ਹਰ ਕੋਈ ਨਾਲ ਜਸ਼ਨ ਮਨਾਉਂਦਾ।
ਸੱਚੇ ਮਨੋਂ ਹਰਾਇਆਂ ਤੇ ਜਤਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
'ਦੱਦਾਹੂਰੀਆਂ ਲਿਖ਼ਣ ਦਾ ਆਪਣਾ ਫ਼ਰਜ਼ ਨਿਭਾਈ ਜਾ ਤੂੰ।
ਸਮਝਾਇਆਂ ਤੇ ਨਾ ਸਮਝਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046

06 April 2018

ਵਿਰਸੇ ਦੀਆਂ ਬਾਤਾਂ  : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ - ਜਸਵੀਰ ਸ਼ਰਮਾ ਦੱਦਾਹੂਰ

ਅਜੋਕੇ ਦੌਰ ਵਿੱਚ ਬੇਸ਼ੱਕ ਕਿਸਾਨੀ ਬਹੁਤੀ ਲਾਹੇਵੰਦ ਨਹੀਂ ਰਹੀ ਪਰ ਕੋਈ ਸਮਾਂ ਸੀ ਜਦ ਥੋੜੀ ਪੈਲੀ ਵਾਲੇ ਕਿਸਾਨ ਵੀ ਸੋਹਣਾ ਜੀਵਨ ਬਤੀਤ ਕਰਦੇ ਰਹੇ ਹਨ। ਅੱਜ ਅੰਤਾਂ ਦੀ ਮਹਿੰਗਾਈ ਵਿੱਚ ਹੱਦੋਂ ਵੱਧ ਮਹਿੰਗੇ ਬੀਜ, ਖੇਤੀਬਾੜੀ ਦੇ ਸੰਦ, ਮਹਿੰਗੀਆਂ ਖਾਦਾਂ ਤੇ ਸਪਰੇਆਂ ਕਰਕੇ ਅਜੋਕੀ ਕਿਰਸਾਨੀ ਹਾਸ਼ੀਏ ਉਪਰ ਜਾ ਚੁੱਕੀ ਹੈ। ਪੰਜਾਬ ਨੂੰ ਅੰਤਾਂ ਦੇ ਨਸ਼ਿਆਂ ਨੇ ਘੇਰਿਆ ਕਰਕੇ ਹੀ ਅੱਜ ਦੀ ਨੌਜਵਾਨੀ ਬਾਹਰ ਦਾ ਰੁਝਾਨ ਪਕੜ ਚੁੱਕੀ ਹੈ। ਜਿਸ ਕਿਰਸਾਨ ਕੋਲ ਥੋੜੀ ਜਮੀਨ ਵੀ ਹੈ ਉਹ ਵੀ ਵੇਚ ਵੱਟ ਕੇ ਬੱਚਿਆਂ ਨੂੰ ਬਾਹਰ ਭੇਜਣ ਦੀ ਲਾਲਸਾ ਰੱਖਦੇ ਹਨ ਪਰ ਜਦੋਂ ਖੁਸ਼ਹਾਲ ਕਿਰਸਾਨੀ ਸੀ ਉਹਨਾਂ ਸਮਿਆਂ ਵਿੱਚ ਹੱਥੀਂ ਕੰਮ ਕਰਨ ਦਾ ਰੁਝਾਨ ਸੀ। ਫਲਿਆਂ ਨਾਲ ਗਹਾਈ ਕਰਦੇ, ਬਲਦਾਂ ਉਤੇ ਊਠ ਵਾਲੀ ਖੇਤੀ ਤੇ ਫਿਰ ਵੀ ਬਹੁਤ ਖੁਸ਼ਹਾਲੀ ਦੇ ਦਿਨ ਰਹੇ ਹਨ ਪੰਜਾਬ ਵਿੱਚ। ਤੂੜੀ ਬਣਾ ਕੇ ਖੇਤ ਦੇ ਵਿੱਚ ਹੀ ਇਕੋ ਜਗ੍ਹਾ ਇਕੱਠੀ ਕਰਕੇ ਕੁੱਪ ਬੰਨ੍ਹ ਦਿੰਦੇ ਸਨ। ਇਹ ਪਰਾਲੀ ਦੇ ਨਾੜ ਤੋਂ ਭਾਵ ਫੋਕ ਤੋਂ ਜਾਂ ਸਰ ਕਾਨਿਆਂ ਤੇ ਕਾਹੀਂ ਦੇ ਸੁੱਬੜਾਂ ਨਾਲ ਬੰਨ੍ਹਿਆਂ ਜਾਂਦਾ ਰਿਹਾ ਹੈ ਪਰ ਇਸ ਨੂੰ ਬੰਨ੍ਹਣ ਦੀ ਕਲਾ ਕਿਸੇ ਕਿਸੇ ਕੋਲ ਭਾਵ ਕੁਝ ਚੁਨਿੰਦਿਆਂ ਇਨਸਾਨਾਂ ਕੋਲ ਹੀ ਹੁੰਦੀ ਸੀ। ਜੇਕਰ ਸੋਚੀਏ ਕਿ ਹਰ ਕਿਰਸਾਨ ਹੀ ਕੁੱਪ ਬੰਨ੍ਹ ਲੈਂਦਾ ਸੀ, ਇਸ ਤਰ੍ਹਾਂ ਨਹੀਂ ਸੀ। ਕੁੱਪ ਤਾਂ ਭਾਂਵੇ ਹਰ ਕਿਰਸਾਨ ਆਪਣੇ ਖੇਤੀਂ ਬੰਨ੍ਹਦੇ ਰਹੇ ਹਨ ਪਰ ਬੰਨ੍ਹਣ ਵਾਲੇ ਘੱਟ ਹੀ ਬੰਦੇ ਸਨ ਜਿੰਨ੍ਹਾਂ ਕੋਲ ਇਹ ਕਲਾ ਸੀ। ਕੁੱਪਾਂ ਨੂੰ ਬੰਨ੍ਹਣ ਸਮੇਂ ਸੁੱਬੜਾਂ ਦੀ ਅਤਿਅੰਤ ਲੋੜ ਸੀ ਕਿਉਂਕਿ ਹਰ ਗੇੜੇ ਵਿੱਚ ਘੁੱਟ ਕੇ ਸੁੱਬੜ ਬੰਨ੍ਹ ਕੇ ਅੰਦਰ ਤੂੜੀ ਪਾ ਕੇ ਉਸਨੂੰ ਲਿਤੜਿਆ ਜਾਂਦਾ ਸੀ। ਇਸੇ ਕਰਕੇ ਜਿਆਦਾ ਤੂੜੀ ਕੁੱਪ ਵਿੱਚ ਪੈਂਦੀ ਸੀ। ਜਦ ਕੁੱਪ ਬੱਝ ਜਾਂਦਾ ਸੀ ਤਾਂ ਇਸਨੂੰ ਵੇਖਣ ਵਾਲਿਆਂ ਦਾ ਵੀ ਤਾਂਤਾ ਲੱਗ ਜਾਂਦਾ ਸੀ ਕਿਉਂਕਿ ਪੂਰੀ ਤਰ੍ਹਾਂ ਮੜ੍ਹ ਕੇ ਪੂਰੀ ਗੋਲਾਈ ਦੇ ਵਿੱਚ ਸਹੀ ਦਾਇਰੇ ਵਿੱਚ ਹੀ ਵਧੀਆ ਕਲਾ ਨਾਲ ਬੰਨ੍ਹਿਆ ਜਾਂਦਾ ਕਰਕੇ ਲੋਕ ਖੜ੍ਹ-ਖੜ੍ਹ ਕੇ ਵੇਖਦੇ ਸਨ। ਟਰੈਕਟਰ ਬਹੁਤ ਘੱਟ ਆਏ ਸਨ ਤੇ ਬਲਦਾਂ ਨਾਲ ਤੇ ਊਠਾਂ ਨਾਲ ਹੀ ਖੇਤੀ ਹੁੰਦੀ ਰਹੀ ਹੈ ਤੇ ਗੱਡਿਆਂ ਨਾਲ ਤੂੜੀ ਕੁੱਪਾਂ ਦੇ ਵਿੱਚੋਂ ਢੋਈ ਜਾਂਦੀ ਸੀ। ਗੱਡਿਆਂ ਦੇ ਨਾਲ ਹੀ ਰੂੜੀ ਦੀ ਖਾਦ ਵੀ ਖੇਤਾਂ ਦੇ ਵਿੱਚ ਪਾਈ ਜਾਂਦੀ ਸੀ। ਛੋਟੀਆਂ ਛੋਟੀਆਂ ਢੇਰੀਆਂ ਬਣਾ ਕੇ ਖੇਤ ਕਤਾਰਾਂ ਦੇ ਵਿੱਚ ਲਾਹੀ ਜਾਣੀ ਤੇ ਫਿਰ ਕਹੀਆਂ ਨਾਲ ਖਿਲਾਰੀ ਜਾਂਦੀ ਸੀ। ਉਹਨਾਂ ਸਮਿਆਂ ਵਿੱਚ ਅੰਗਰੇਜ਼ੀ ਖਾਦਾਂ ਭਾਵ ਯੂਰੀਆ, ਫਾਸਫੇਟ ਅਤੇ ਡਾਈ ਵਗੈਰਾ ਹੁੰਦੀਆਂ ਹੀ ਨਹੀਂ ਸਨ। ਇਸੇ ਕਰਕੇ ਹਰ ਕਿਸਾਨ ਆਰਗੈਨਿਕ ਖੇਤੀ ਹੀ ਕਰਦਾ ਭਾਵ ਸਿਰਫ਼ ਤੇ ਸਿਰਫ਼ ਰੂੜੀ ਦੀ ਖਾਦ ਹੀ ਪਾਈ ਜਾਂਦੀ ਰਹੀ ਹੈ ਤੇ ਸਾਰੀਆਂ ਹੀ ਸਬਜ਼ੀਆਂ ਅੰਤਾਂ ਦੀਆਂ ਸਵਾਦ ਬਣੀਆਂ ਸਨ। ਅਜੋਕੇ ਦੌਰ ਵਿੱਚ ਤਾਂ ਸਬਜ਼ੀਆਂ ਅਤੇ ਸਾਗ ਵਿੱਚ ਉਹ ਪਹਿਲਾਂ ਜੈਸਾ ਸਵਾਦ ਹੀ ਨਹੀਂ ਹੈ। ਗਵਾਰੇ ਦੀਆਂ ਫਲੀਆਂ ਚਿੱਬੜ ਪਾ ਕੇ ਬਨਾਉਣੀਆਂ ਜੋ ਕਿ ਸਾਰੀਆਂ ਸਬਜ਼ੀਆਂ ਨੂੰ ਮਾਤ ਪਾਉਂਦੀਆਂ ਸਨ। ਹੱਦੋਂ ਵੱਧ ਸਵਾਦ ਬਣਦੀਆਂ ਸਨ। ਜੇਕਰ ਕਿਤੋਂ ਥੋੜਾ ਬਹੁਤਾ ਵਾਹਣ ਉਚਾ ਨੀਵਾਂ ਹੋਣਾਂ ਤਾਂ ਛੋਟੀਆਂ ਹੱਥਾਂ ਵਾਲੀਆਂ ਕਰਾਹੀਆਂ ਬਲਦਾਂ ਮਗਰ ਜਾਂ ਫ਼ਿਰ ਊਠ ਦੇ ਮਗਰ ਪਾ ਕੇ ਵਾਹਣ ਨੂੰ ਸਮਤਲ ਕਰ ਲੈਣਾ। ਉਹਨਾਂ ਸਮਿਆਂ ਵਿੱਚ ਖੂਹਾਂ ਨਾਲ ਪਾਣੀ ਲਾਉਣਾ ਜਾਂ ਫਿਰ ਥੋੜੀ ਬਹੁਤ ਨਹਿਰੀ ਪਾਣੀ ਦੀ ਵਾਰੀ ਨਾਲ ਜਮੀਨ ਸਿੰਜਣੀ। ਉਹਨਾਂ ਸਮਿਆਂ ਵਿੱਚ ਕਣਕ, ਕਪਾਹ, ਸਣ, ਛੋਲੇ, ਹਰਹਰ, ਜੌਂ, ਗਵਾਰਾ ਜਾਂ ਥੋੜਾ ਬਹੁਤਾ ਝੋਨਾ ਆਦਿ ਫ਼ਸਲਾਂ ਜਿਆਦਾ ਹੁੰਦੀਆਂ ਸਨ। ਬਰਾਨੀ ਜ਼ਮੀਨਾਂ ਵੀ ਹੁੰਦੀਆਂ ਸਨ ਜਿੰਨ੍ਹਾਂ ਦੀਆਂ ਫਸਲਾਂ ਸਿਰਫ਼ ਮੀਂਹ ਦੇ ਸਹਾਰੇ ਹੀ ਪਲਦੀਆਂ ਸਨ। ਸਮੇਂ ਦੇ ਬਦਲਆ ਅਤੇ ਮੌਸਮ ਦੇ ਵਿੱਚ ਆਈ ਤਬਦੀਲੀ ਕਰਕੇ ਕਹਿ ਲਈਏ ਜਾਂ ਜਿਆਦਾ ਤਰੱਕੀ ਤੇ ਹਰੀ ਕ੍ਰਾਂਤੀ ਜਾਂ ਚਿੱਟੀ ਕ੍ਰਾਂਤੀ ਕਹਿ ਲਈਏ ਅਜੋਕੀ ਜ਼ਮੀਨ ਵਿੱਚ ਸਭ ਕੁਝ ਆੱਰਗੈਨਿਕ ਬੀਜਣੋਂ ਹੀ ਹਟ ਗਏ ਹਾਂ ਜਾਂ ਹੋਣੋ ਹਟ ਗਿਆ ਹੈ। ਹੁਣ ਤਾਂ ਸਾਲ ਵਿੱਚ ਤਿੰਨ-ਤਿੰਨ ਜਾਂ ਚਾਰ-ਚਾਰ ਫ਼ਸਲਾਂ ਅਸੀ ਜ਼ਮੀਨਾਂ ਵਿੱਚੋਂ ਉਗਾ ਰਹੇ ਹਾਂ। ਅੰਤਾਂ ਦੀਆਂ ਖਾਦਾਂ ਅਤੇ ਸਪਰੇਆਂ ਕਰਕੇ ਸਾਰਾ ਕੁਝ ਜ਼ਹਿਰ ਉਗਾ ਰਹੇ ਹਾਂ ਅਤੇ ਉਹੀ ਖਾ ਰਹੇ ਹਾਂ ਅਤੇ ਬਿਮਾਰੀਆਂ ਵਿੱਚ ਲਿਪਤ ਹੋ ਰਹੇ ਹਾਂ। ਹੱਥੀਂ ਕੰਮ ਨਾ ਕਰਨ ਕਰਕੇ ਹੀ ਆਪਣੇ ਆਪ ਬਿਮਾਰੀਆਂ ਸਹੇੜ ਰਹੇ ਹਾਂ ਪਰ ਸਿਆਣੀ ਉਮਰ ਭਾਵ 70-80 ਸਾਲੇ ਸਾਡੇ ਸਤਿਕਾਰਤ ਬਜ਼ੁਰਗਾਂ ਨੂੰ ਅੱਜ ਵੀ ਉਹ ਤੇ ਹੱਥੀਂ ਕੰਮ ਕਰਨ ਵਾਲੇ ਸਮੇਂ ਯਾਦ ਨੇ ਤੇ ਉਹਨਾਂ ਦੀਆਂ ਸਿਹਤਾਂ ਵੀ ਅਜੋਕੀ ਨੌਜਵਾਨ ਪੀੜ੍ਹੀ ਤੋਂ ਕਈ ਗੁਣਾਂ ਵਧੀਆ ਪਈਆਂ ਹਨ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

12 Jan. 2018

ਕੌੜਾ ਸੱਚ - ਜਸਵੀਰ ਸ਼ਰਮਾ ਦੱਦਾਹੂਰ

ਇਹ ਦੁਨੀਆਂ ਮੰਡੀ ਪੈਸੇ ਦੀ, ਇਥੇ ਹਰ ਥਾਂ ਘਾਲਾ-ਮਾਲਾ ਏ।
ਪੈਸੇ ਖਾਤਰ ਬਣ ਬੈਠਾ ਬੰਦਾ ਰਾਣੀ ਖਾਂ ਦਾ ਸਾਲਾ ਏ॥
ਉਹੋ ਹੀ ਮਾੜਾ ਅਖ਼ਵਾਉਂਦਾ ਏ, ਜੋ ਮੂੰਹ ਦਾ ਦੇਵੇ ਨਿਵਾਲਾ ਏ।
ਟੂਣੇ ਦੇ ਲਈ ਵਿੱਚ ਚੁਰਾਹੇ ਰੱਖਦੇ ਧਾਗਾ ਕਾਲਾ ਏ॥
ਘਰਦਿਆਂ ਨਾਲੋਂ ਬਾਹਰਲੇ ਦਾ, ਯਕੀਨ ਲੋਕਾਂ ਨੂੰ ਬਾਹਲਾ ਏ।
ਭੈੜੇ ਭੈੜੇ ਨਸ਼ਿਆਂ ਦਾ ਇਥੇ ਹਰ ਗੱਭਰੂ ਮਤਵਾਲਾ ਏ॥
ਸਿਆਣੀ ਜੇਕਰ ਮੱਤ ਕੋਈ ਦੇਵੇ, ਓਸੇ ਦਾ ਮੂੰਹ ਕਾਲਾ ਏ।
ਲੈਣ ਦੇਣ ਤੇ ਵੰਡ ਵਿਹਾਰ 'ਚ ਹਰਇਕ ਦਾ ਮਾੜਾ ਚਾਲਾ ਏ॥
ਸੱਚ ਪੁੱਛੋਂ ਇਸ ਦੁਨੀਆਂ ਦਾ ਹਰ ਆਲਮ ਹੀ ਨਿਰਾਲਾ ਏ।
ਦੱਦਾਹੂਰੀਆ ਦੁਨੀਆਂ ਦਾ ਇਕੋ ਮਾਲਕ ਹੀ ਰਖਵਾਲਾ ਏ॥

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

12 Jan. 2018

ਵਿਰਸੇ ਦੀਆਂ ਬਾਤਾਂ - ਜਸਵੀਰ ਸ਼ਰਮਾ ਦੱਦਾਹੂਰ

ਟਾਵਾਂ ਟਾਵਾਂ ਬਣਾਉਂਦੈ ਕੋਈ ਅੱਜਕੱਲ੍ਹ ਤੂਤ ਦੀਆਂ ਛਟੀਆਂ ਦੇ ਟੋਕਰੇ

''ਅਜਕੱਲ੍ਹ ਦੀ ਧੀ ਭੈਣ ਕੋਈ, ਬਿਲਕੁਲ ਅੜੀ ਪੁਗਾਵੇ ਨਾ।
ਟੋਕਰੇ ਬੋਹੀਏ ਛਾਬੇ ਹੁਣ ਤਾਂ, ਪੇਕਿਓਂ ਸਹੁਰੀ ਲਿਜਾਵੇ ਨਾ॥

ਸਮੇਂ ਦੇ ਵਹਿਣ 'ਚ ਰੁੜ ਗਿਆ ਹੁਣ ਹਰ ਘਰ ਨੇ ਖ਼ੇਤਾਂ ਦੇ ਵਿੱਚ ਤੂਤ ਉਗਾਉਣੇ ਅਤੇ ਉਹਨਾਂ ਦੀਆਂ ਛਟੀਆਂ ਦੇ ਟੋਕਰੇ ਬਨਾਉਣੇ। ਕੋਈ ਸਮਾਂ ਸੀ ਕਿ ਪੰਜਾਬ ਵਿੱਚ ਹਰ ਖੇਤੀਬਾੜੀ ਕਰਨ ਵਾਲੇ ਦੇ ਖ਼ੇਤਾਂ ਵਿੱਚ ਤੂਤ ਜਰੂਰ ਲਾਇਆ ਜਾਂਦਾ ਸੀ 'ਤੇ ਉਸਦੀਆਂ ਛਟੀਆਂ ਵੱਢ ਕੇ ਟੋਕਰੇ ਬਣਾਏ ਜਾਂਦੇ ਸਨ। ਬੇਸ਼ੱਕ ਅੱਜ ਵੀ ਕਿਤੇ ਟਾਂਵੇਂ ਟਾਂਵੇਂ ਪਿੰਡ 'ਚ ਇਹ ਟੋਕਰੇ ਬਨਾਉਂਦੇ ਵੇਖੇ ਜਾ ਸਕਦੇ ਹਨ ਪਰੰਤੂ ਬਹੁਤ ਘੱਟ। ਖੁੱਲ੍ਹੇ ਘਰਾਂ ਵਿੱਚ ਟੋਕਰੇ ਬਨਾਉਣੇ ਵਾਲੇ ਬਿਠਾ ਕੇ ਵੱਡੇ ਟੋਕਰੇ, ਛੋਟੀਆਂ ਟੋਕਰੀ, ਛਾਬੇ ਟਾਈਪ ਛੋਟੇ ਬੋਹੀਏ (ਰੋਟੀਆਂ ਰੱਖਣ ਵਾਲੇ) ਛਿਟੀਆਂ ਦੇ ਹਿਸਾਬ ਨਾਲ ਬਨਾਉਣੇ, ਇਹ ਕਲਾ ਕਿਸੇ ਵਿਰਲਿਆਂ ਇਨਸਾਨਾਂ ਵਿੱਚ ਹੀ ਹੁੰਦੀ ਸੀ ਪਰ ਜਦੋਂ ਪੂਰੀ ਤਰ੍ਹਾਂ ਮੜ੍ਹ ਕੇ ਟੋਕਰੇ-ਟੋਕਰੀਆਂ ਤੇ ਛੋਟੇ ਛਾਬੇ ਬਨਾਉਣੇ ਤਾਂ ਵੇਖਣ ਵਾਲੇ ਉਹਨਾਂ ਦੀ ਕਲਾ ਦੀ ਦਾਤ ਦਿਆ ਕਰਦੇ ਸਨ। ਇਹਨਾਂ ਵਿੱਚੋਂ ਕਈ ਘਰੀਂ ਤਾਂ ਉਹਨਾਂ ਸਮਿਆਂ ਦੇ ਵਿੱਚ ਕੁੱਕੜ ਕੁਕੜੀਆਂ ਰੱਖਦਿਆਂ ਕਰਕੇ ਉਹਨਾਂ ਨੂੰ ਟੋਕਰੇ ਥੱਲੇ ਤਾੜਨ ਵਾਸਤੇ ਬਹੁਤ ਵੱਡੇ ਟੋਕਰੇ ਬਣਾਏ ਜਾਂਦੇ, ਉਸ ਤੋਂ ਛੋਟੇ ਸਾਇਜ਼ ਦੇ ਟੋਕਰੇ ਪਸ਼ੂਆਂ ਨੂੰ ਪੱਠੇ ਪਾਉਣ ਦੇ ਲਈ ਤੇ ਥੋੜੀਆਂ ਚਪੇਤਲੀਆਂ ਟੋਕਰੀਆਂ ਨਾਲ ਰੂੜੀ ਦੀ ਖ਼ਾਦ ਗੱਡਿਆਂ ਦੇ ਵਿੱਚ ਭਰਕੇ ਖ਼ੇਤੀ ਛੋਟੀਆਂ ਛੋਟੀਆਂ ਢੇਰੀਆਂ ਗੱਡਿਆਂ ਦੇ ਨਾਲ ਹੀ ਲਾਉਂਦੇ ਰਹੇ ਹਨ। ਉਸਤੋਂ ਛੋਟਾ ਸਾਇਜ਼ ਵੀ ਬਣਦਾ ਸੀ ਜਿਸਨੂੰ ਚੰਗੇਰ ਜਾਂ ਰੋਟੀਆਂ ਵਾਲਾ ਬੋਹੀਆ ਕਿਹਾ ਜਾਂਦਾ ਸੀ। ਬੇਸ਼ੱਕ ਇਲਾਕੇ ਦੇ ਹਿਸਾਬ ਨਾਲ ਨਾਵਾਂ 'ਚ ਫ਼ਰਕ ਹੋ ਸਕਦਾ ਹੈ ਪਰ ਸਾਡੇ ਮਾਲਵੇ ਖਿੱਤੇ ਵਿੱਚ ਛਾਬਾ ਜਾਂ ਬੋਹੀਆ ਹੀ ਕਿਹਾ ਜਾਂਦਾ ਸੀ। ਪੁਰਾਤਨ ਬੀਬੀਆਂ ਇਹਨਾਂ ਟੋਕਰਿਆਂ ਵਿੱਚ ਸੂਤ ਪੂਣੀਆਂ ਵੀ ਭਰ ਲਿਆ ਕਰਦੀਆਂ ਸਨ। ਵੱਡੇ ਟੋਕਰੇ ਦੇ ਹੇਠਾਂ ਕੋਈ ਛੋਟੀ ਜਿਹੀ ਸੋਟੀ ਨਾਲ ਰੱਸੀ ਬੰਨ੍ਹ ਕੇ ਲੰਬੀ ਕਰਕੇ ਦੂਰ ਤਾਕ ਲਾ ਕੇ ਬੈਠ ਜਾਣਾ ਤੇ ਟੋਕਰੇ ਦੇ ਥੱਲੇ ਰੋਟੀ ਦੇ ਟੁਕੜੇ, ਦਾਣੇ ਜਾਂ ਗੁੜ ਰੱਖ ਦੇਣਾ 'ਤੇ ਜਦ ਚਿੜੀ ਘੁੱਗੀ ਗਟਾਰ ਜਾਂ ਕਿਸੇ ਹੋਰ ਪੰਛੀ ਨੇ ਚੋਗਾ ਚੁਗਣ ਆਉਣਾ ਤਾਂ ਅਸੀ ਰੱਸੀ ਖਿੱਚ ਕੇ ਪੰਛੀਆਂ ਨੂੰ ਤਾੜ ਲੈਣਾ। ਇਹ ਖੇਡ ਬਹੁਤ ਪਿਆਰੀ ਲਗਦੀ ਸੀ। ਭਾਂਵੇ ਜਾਨਵਰਾਂ ਨੂੰ ਅਸੀ ਮਾਰਦੇ ਨਹੀਂ ਸਾਂ ਪਰ ਇਹ ਖੇਡ ਜਰੂਰ ਖੇਡਦੇ ਰਹੇ ਸਾਂ। ਕਹਿੰਦੇ ਨੇ ਕਿ ਬਚਪਨ ਬਾਦਸ਼ਾਹ ਹੁੰਦਾ ਹੈ। ਗੱਲ ਸਮੇਂ ਸਮੇਂ ਦੀ ਹੁੰਦੀ ਹੈ। ਬੇਸ਼ੱਕ ਅੱਜ ਸਾਨੂੰ ਖ਼ੁਦ ਵੀ ਐਸੀਆਂ ਖੇਡਾਂ ਤੇ ਹਾਸੀ ਆਉਂਦੀ ਹੈ।
ਪੁਰਾਤਨ ਸਮੇਂ ਵਿੱਚ ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਤੋਂ ਸਹੁਰਿਆਂ ਨੂੰ ਟੋਕਰੇ, ਬੋਹੀਏ, ਛਾਬੇ ਆਦਿ ਅੜੀ ਕਰਕੇ ਵੀ ਮਾਪਿਆਂ ਤੋਂ ਲਿਜਾਇਆ ਕਰਦੀਆਂ ਸਨ। ਜਦੋਂ ਵੀ ਧੀਆਂ ਭੈਣਾ ਨੇ ਕਿਸੇ ਦਿਨ ਦਿਹਾਰ ਭਾਵ ਰੱਖੜੀ ਤੀਆਂ ਆਦਿ ਤੇ ਪੇਕੇ ਆਉਣਾ ਤਾਂ ਇਸ ਚੀਜ਼ ਦੀ ਮੰਗ ਕਰਦੀਆਂ ਰਹੀਆਂ ਹਨ ਤੇ ਲਿਜਾਂਦੀਆਂ ਵੀ ਰਹੀਆਂ ਹਨ। ਜਿੱਥੇ ਇਹ ਟੋਕਰੇ ਪਸ਼ੂਆਂ ਨੂੰ ਪੱਠੇ ਪਾਉਣ, ਰੂੜੀ ਦੀ ਖਾਦ ਲੱਦਣ ਲਈ ਹਰ ਘਰ ਵਿੱਚ ਜ਼ਰੂਰੀ ਸਨ ਉਥੇ ਕਣਕ ਛੋਲੇ ਤੇ ਮੱਕੀ ਦੀ ਫ਼ਸਲ ਸ਼ਹਿਰੀ ਮੰਡੀਆਂ 'ਚ ਲਿਜਾਣ ਸਮੇਂ ਵੀ ਇਹਨਾਂ ਟੋਕਰਿਆਂ ਨਾਲ ਹੀ ਲੱਦੀ ਜਾਂਦੀ ਰਹੀ ਹੈ। ਜੇਕਰ ਸਮੇਂ ਦੇ ਬਦਲਾਅ ਚ ਇਹਨਾਂ ਟੋਕਰਿਆਂ ਦੀ ਜਗ੍ਹਾ ਹੁਣ ਪਲਾਸਟਿਕ ਦੇ ਬਣੇ ਸਮਾਨ ਨੇ ਲੈ ਲਈ ਹੈ ਪਰ ਹਾਲੇ ਵੀ ਕਈਆਂ ਘਰਾਂ ਵਿੱਚ ਪੁਰਾਤਨ ਬਜ਼ੁਰਗਾਂ ਅਤੇ ਮਾਤਾਵਾਂ ਨੇ ਇਹਨਾਂ ਨੂੰ ਆਪਣੀ ਜਾਨ ਤੋਂ ਵੀ ਪਿਆਰਾ ਰੱਖਿਆ ਹੋਇਆ ਹੈ 'ਤੇ ਉਹਨਾਂ ਨੂੰ ਉਹ ਪੁਰਾਤਨ ਸਮੇਂ ਵੀ ਯਾਦ ਨੇ। ਅਜੋਕੇ ਮਹੌਲ ਦੇ ਵਿੱਚ ਬਹੁਤ ਪੁਰਾਣੀ ਉਮਰ ਦੇ ਵਿੱਚ ਜਿੰਨ੍ਹਾਂ ਦੇ ਖੇਤਾਂ ਜਾਂ ਹਵੇਲੀ ਵਿੱਚ ਤੂਤ ਦੇ ਦਰੱਖਤ ਬੜੇ ਪਿਆਰ ਨਾਲ ਰੱਖੇ ਨੇ ਉਹ ਹਾਲੇ ਵੀ ਉਹਨਾਂ ਦੀਆਂ ਸਮੇਂ ਮੁਤਾਬਕ ਛਟੀਆਂ ਵੱਢ ਕੇ ਟੋਕਰੀਆਂ ਬਨਾਉਂਦੇ ਹਨ ਅਤੇ ਆਪਣੇ ਵਿਰਸੇ ਨੂੰ ਅੱਜ ਵੀ ਜੀਅ ਜਾਨ ਨਾਲ ਯਾਦ ਕਰਦੇ ਹਨ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

5 Jan. 2018

ਸੇਵਕ ਕੋ ਸੇਵਾ ਬਣ ਆਈ - ਜਸਵੀਰ ਸ਼ਰਮਾ ਦੱਦਾਹੂਰ

ਪੂਰੀ ਤਰ੍ਹਾਂ ਸੇਵਾ ਨੂੰ ਸਮਰਪਿਤ ਹਨ ਬਾਬਾ 'ਬਲਵਿੰਦਰ ਸਿੰਘ ਜੀ ਚਾਹਲ'

ਜਿਮੀਦਾਰਾ ਘਰਾਣੇ ਨਾਲ ਸਬੰਧਤ, ਚੰਗੇ ਖ਼ਾਨਦਾਨ ਵਿੱਚੋਂ, ਚੰਗੀ ਜਾਇਦਾਦ ਦੇ ਮਾਲਕ, ਵਾਹਿਗੁਰੂ ਵੱਲੋਂ ਬਖਸ਼ੀ ਹਰ ਸੁੱਖ-ਸਹੂਲਤ ਨੂੰ ਤਿਆਗ ਕੇ ਭਾਈ ਘਨ੍ਹੱਈਆ ਜੀ ਬਿਰਧ ਘਰ ਮੰਝ ਸਾਹਿਬ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਮਰਪਿਤ ਹਨ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬਲਵਿੰਦਰ ਸਿੰਘ ਜੀ ਚਾਹਲ। ਸੁਨਣ ਨੂੰ ਬਿਲਕੁਲ ਭਾਂਵੇ ਹਰ ਇਨਸਾਨ ਨੂੰ ਅਜੀਬ ਲੱਗੇ ਪਰ ਇਹ ਸਭ ਹਕੀਕਤ ਹੈ ਜੀ। ਸਵ: ਜਸਬੀਰ ਸਿੰਘ ਚਾਹਲ ਦੇ ਗ੍ਰਹਿ ਵਿਖੇ ਜਨਮੇ ਬਾਬਾ ਬਲਵਿੰਦਰ ਸਿੰਘ ਜੀ ਚਾਹਲ ਚੰਗੇ ਵਧੀਆ ਕਿਰਸਾਨ ਰਹੇ ਹਨ। ਇਹਨਾਂ ਦੇ ਵਿੱਚ ਇਕ ਸਫ਼ਲ ਕਿਰਸਾਨ ਦੇ ਸਾਰੇ ਗੁਣ ਹਨ। ਵਧੀਆ ਨਿਪੁੰਨ ਕਿਰਸਾਨ ਦੇ ਨਾਲ-ਨਾਲ ਭਾਂਵੇ ਆਪ ਇਕ ਸੁਗੜ ਸਿਆਣੇ ਤੇ ਤਜ਼ਰਬੇਕਾਰ ਲੀਡਰ ਵੀ ਰਹੇ ਹਨ ਅਤੇ ਆਪ ਵੀ ਇਕ ਪਾਰਟੀ ਬਣਾ ਕੇ ਉਹਦੇ ਕਰਤਾ ਧਰਤਾ ਵੀ ਰਹੇ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਾਂਗ ਹੀ ਆਪ ਨੂੰ ਇਕ ਘਟਨਾਂ ਨੇ ਝੰਜੋੜਿਆ ਕਰਕੇ ਹੀ ਆਪ ਨੇ ਦੁਨੀਆਂਦਾਰੀ ਤਿਆਗ ਕੇ ਸੇਵਾ ਨੂੰ ਜ਼ਿੰਦਗੀ ਦਾ ਗਹਿਣਾ ਸਮਝ ਲਿਆ। ਕਿਸੇ ਘਰ ਦੇ ਵਿੱਚ ਬੱਚੇ ਆਪਣੇ ਬੁੱਢੇ ਮਾਤਾ-ਪਿਤਾ ਨੂੰ ਰੋਟੀ ਖਵਾ ਰਹੇ ਸਨ। ਉਹਨਾਂ ਦੀ ਔਲਾਦ ਪੁੱਤਰ ਨੂੰਹ ਨੇ ਬਜ਼ੁਰਗਾਂ ਨੂੰ ਖਾਣਾ ਦਿੱਤਾ। ਖਾਣਾ ਖਾਣ ਤੋਂ ਬਾਅਦ ਉਸ ਬੁੱਢੇ ਮਾਂ-ਬਾਪ ਨੂੰ ਥੋੜੇ ਹੋਰ ਖਾਣੇ ਦੀ ਲੋੜ ਸੀ ਪਰ ਉਹਨਾਂ ਦੇ ਪੁੱਤਰ ਨੂੰਹ ਨੇ ਇਹ ਕਹਿ ਕੇ ਖਾਣਾ ਦੇਣੋ ਮਨ੍ਹਾਂ ਕਰ ਦਿੱਤਾ ਕਿ ਹੁਣ ਸਿਰਫ਼ ਬਚਿਆ ਖਾਣਾ ਉਹਨਾਂ ਦੇ ਬੱਚਿਆਂ ਜੋਗਾ ਹੀ ਰਹਿ ਗਿਆ ਹੈ। ਇਸ ਕਰਕੇ ਹੋਰ ਖਾਣਾ ਨਹੀਂ ਮਿਲਣਾ। ਇਹ ਸਭ ਕੁਝ ਜਦ ਵਾਪਰ ਰਿਹਾ ਸੀ ਤਾਂ ਸੰਜੋਗ ਵੱਸ ਬਲਵਿੰਦਰ ਸਿੰਘ ਚਾਹਲ ਵੀ ਉਸ ਘਰ ਵਿੱਚ ਮੌਜੂਦ ਸਨ 'ਤੇ ਏਸੇ ਗੱਲ ਨੇ ਹੀ ਇਹਨਾਂ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ ਕਿ ਇਸ ਫ਼ਾਨੀ ਦੁਨੀਆਂ ਤੇ ਕੋਈ ਵੀ ਕਿਸੇ ਦਾ ਨਹੀਂ ਹੈ ਭਾਵ ਇਕ ਪੁੱਤਰ ਨੂੰਹ ਹੀ ਆਵਦੇ ਮਾਂ-ਬਾਪ ਨੂੰ ਰੱਜਵੀਂ ਰੋਟੀ ਨਹੀਂ ਦੇ ਸਕਦੇ? ਇਸ ਗੱਲ ਨੂੰ ਆਪ ਨੇ ਐਨਾਂ ਝੰਜੋੜਿਆ ਕਿ ਸੰਸਾਰੀ ਸੁੱਖ ਸੁਵਿਧਾ ਨੂੰ ਤਿਆਗ ਕੇ ਸਭ ਕੁਝ ਹੁੰਦੇ ਸੁੰਦੇ ਵੈਰਾਗੀ ਸਾਧਾਂ ਵਾਲਾ ਭੇਸ ਬਣਾ ਗਏ ਤੇ ਆਪਣੇ ਹਿੱਸੇ ਦੀ ਜਾਇਦਾਦ ਵੇਚ ਵੱਟ ਕੇ ਭਾਈ ਸਾਹਿਬ ਮੰਝ ਸਾਹਿਬ ਰੋਡ ਤੇ ਭਾਈ ਘਨ੍ਹੱਈਆ ਜੀ ਦੀ ਸੇਵਾ ਨੂੰ ਸਮਰਪਿਤ ਅਤੇ ਉਹਨਾ ਦੇ ਪਦ ਚਿਨ੍ਹਾਂ ਤੇ ਚੱਲਦਿਆਂ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਨਾਂਅ ਤੇ ਹੀ ਭਾਈ ਘਨ੍ਹੱਈਆ ਬਿਰਧ ਆਸ਼ਰਮ ਖ਼ੋਲ ਦਿੱਤਾ ਕਿ ਏਥੋਂ ਹਰ ਇਕ ਭੁੱਖੇ ਨੂੰ ਖਾਣਾ, ਸਿਰ ਢਕਣ ਲਈ ਕਮਰਾ ਤੇ ਹਰ ਸੁੱਖ ਸਹੂਲਤ ਵਾਹਿਗੁਰੂ ਦੀ ਕਿਰਪਾ ਨਾਲ ਮਿਲੇਗੀ। ਬੇਸ਼ੱਕ ਆਪ ਜੀ ਇਕ ਗ੍ਰਹਿਸਥੀ ਇਨਸਾਨ ਹਨ। ਇਕ ਸ਼ਾਦੀਸ਼ੁਦਾ ਬੇਟਾ ਹੈ ਤੇ ਇਕ ਸ਼ਾਦੀਸ਼ੁਦਾ ਲੜਕੀ। ਲੜਕਾ ਬਾਬਾ ਜੀ ਦੇ ਨਾਲ ਬਿਰਧ ਘਰ ਵਿਖੇ ਸੇਵਾ ਕਰਦਾ ਹੈ ਅਤੇ ਲੜਕੀ ਇਸ ਸਮੇਂ ਏਅਰਪੋਰਟ ਸ੍ਰੀ ਅੰਮਿਤਸਰ ਸਾਹਿਬ ਵਿਖੇ ਨੌਕਰੀ ਕਰ ਰਹੀ ਹੈ ਪਰ ਆਪ ਸਿਰਫ਼ ਤੇ ਸਿਰਫ਼ ਬਿਰਧ ਘਰ ਦੀ ਸੇਵਾ ਨੂੰ ਹੀ ਸਮਰਪਿਤ ਹਨ।
ਭਾਈ ਘਨ੍ਹੱਈਆ ਜੀ ਬਿਰਧ ਘਰ ਵਿੱਚ ਇਸ ਸਮੇਂ ਤਕਰੀਬਨ 60-70 ਬਜ਼ੁਰਗ ਮਰਦ-ਔਰਤਾਂ ਰਹਿ ਰਹੀਆਂ ਹਨ ਜਿੰਨ੍ਹਾਂ ਵਿੱਚੋਂ ਕੁਝ ਅਪਾਹਜ਼ ਵੀ ਹਨ। ਉਹਨਾਂ ਦੀ ਪੂਰੀ ਸੇਵਾ ਬਾਬਾ ਜੀ ਵੱਲੋਂ ਪੂਰੀ ਨਿਹਚਾ ਨਾਲ ਕੀਤੀ ਜਾਂਦੀ ਹੈ। ਸਮੇਂ ਅਨੁਸਾਰ ਰੋਟੀ, ਚਾਹ, ਦਵਾਈ, ਸਿਹਤ ਦਾ ਖਿਆਲ, ਗਰਮ ਕੱਪੜੇ, ਨਹਾਉਣ ਧੋਣ ਦਾ ਪੂਰਾ ਇੰਤਜ਼ਾਮ, ਬਾਬਾ ਜੀ ਵੱਲੋਂ ਪੂਰੀ ਦੇਖ਼ ਰੇਖ ਨਾਲ ਸੇਵਾ ਭਾਵਨਾ ਨਾਲ ਕੀਤਾ ਹੀ ਨਹੀਂ ਜਾਂਦਾ ਬਲਕਿ ਖ਼ੁਦ ਆਪ ਵੀ ਬਾਬਾ ਜੀ ਉਹਨਾਂ ਨੂੰ ਨੁਹਾਉਂਦੇ ਹਨ। ਸਾਲ 1997 ਤੋਂ ਲੈ ਕੇ 2017 ਤੱਕ ਹਰ ਸਾਲ 29 ਦਸੰਬਰ ਨੂੰ ਗਰਜ਼ਵੰਦ ਲੜਕੇ ਅਤੇ ਲੜਕੀਆਂ ਦੀਆਂ ਸ਼ਾਦੀਆਂ ਬਿਰਧ ਘਰ ਵਿਖੇ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਕੀਤੀਆਂ ਜਾਂਦੀਆਂ ਹਨ। ਹੁਣ ਤੱਕ ਕਾਫ਼ੀ ਜੋੜਿਆਂ ਦੀ ਸ਼ਾਦੀ ਕਰਕੇ ਬਾਬਾ ਜੀ ਵੱਲੋਂ ਬੱਚਿਆਂ ਨੂੰ ਗ੍ਰਹਿਸਥੀ ਜੋੜਿਆਂ ਨੂੰ ਘਰੇਲੂ ਸਮਾਨ ਵੀ ਦਿੱਤਾ ਜਾ ਚੁੱਕਾ ਹੈ ਤੇ ਸਮੇਂ ਸਮੇਂ ਤੇ ਬਾਬਾ ਜੀ ਆਪਣੇ ਹੱਥੀਂ ਪ੍ਰਦੂਸ਼ਿਤ ਹੋਏ ਵਾਤਾਵਰਨ ਨੂੰ ਸ਼ੁੱਧਤਾ ਪਹੁੰਚਾਉਣ ਲਈ ਬੂਟੇ ਵੀ ਲਾਉਂਦੇ ਰਹਿੰਦੇ ਹਨ ਅਤੇ ਸਮੇਂ ਸਮੇਂ ਤੇ ਅੱਖਾਂ, ਕੰਨਾਂ ਤੇ ਹੋਰ ਬਿਮਾਰੀਆਂ ਦੇ ਕੈਂਪ ਲਗਾ ਕੇ ਬਿਰਧ ਘਰ ਵਾਲਿਆਂ ਅਤੇ ਆਮ ਲੋਕਾਂ ਲਈ ਵੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੇ ਰਹਿੰਦੇ ਹਨ। ਇਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਹੀ ਬਾਬਾ ਗੁਰਪ੍ਰੀਤ ਸਿੰਘ ਸੋਨੀ ਰੁਪਾਣੇ ਵਾਲੇ ਆਪਣੇ ਗ੍ਰਹਿਸਥੀ ਜੀਵਨ ਨੂੰ ਦਰ ਕਿਨਾਰ ਕਰਦੇ ਹੋਏ ਅਤੇ ਇਹਨਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਸੈਂਕੜੇ ਸ਼ਾਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰ ਚੁੱਕੇ ਹਨ ਅਤੇ ਗ੍ਰਹਿਸਥੀ ਜੋੜਿਆਂ ਨੂੰ ਘਰੇਲੂ ਵਰਤੋਂ ਦੇ ਸਮਾਨ ਦੇ ਚੁੱਕੇ ਹਨ। ਇਸ ਤੋਂ ਇਲਾਵਾ 20-25 ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਵਾਸਤੇ ਦੋ ਵਕਤ ਦਾ ਲੰਗਰ ਸੰਗਤ ਦੇ ਸਹਿਯੋਗ ਨਾਲ ਨਿਰਵਿਘਨ ਚਲਾ ਰਹੇ ਹਨ ਜਿਸਨੂੰ ਕਿ ਹੁਣ ਫਾਜਿਲਕਾ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।
ਬਾਬਾ ਜੀ ਨੇ ਗੱਲ ਕਰਦਿਆਂ ਦੱਸਿਆ ਕਿ ਇਸ ਸਮੇਂ ਮੇਰੀ ਉਮਰ 65-66 ਸਾਲ ਦੀ ਹੈ ਤੇ ਬਾਕੀ ਰਹਿੰਦੀ ਜ਼ਿੰਦਗੀ ਵੀ ਮੈਂ ਸੇਵਾ ਨੂੰ ਸਮਰਪਿਤ ਹਾਂ। ਦੁਨੀਆਂਦਾਰੀ ਵਿੱਚ ਰਹਿੰਦਿਆਂ ਉਹਨਾਂ ਨੇ ਸਭਨਾਂ ਨੂੰ ਹੀ ਇਹ ਸੰਦੇਸ਼ ਦਿੱਤਾ ਕਿ ਹਰਇਕ ਇਨਸਾਨ ਨੂੰ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਆਪਣਾ ਦਸਵਾਂ ਦਸੌਂਧ ਕੱਢ ਕੇ ਗਰਜ਼ਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਤੇ ਸਭ ਤੋਂ ਵੱਧੀ ਗੱਲ ਮਾਤਾ-ਪਿਤਾ ਦੀ ਸੇਵਾ ਉਹਨਾਂ ਨੂੰ ਤੀਰਥ ਸਮਝ ਕੇ ਕਰਨੀ ਚਾਹੀਦੀ ਹੈ। ਇਸ ਵਾਰ 29 ਦਸੰਬਰ 2017 ਨੂੰ ਬਾਰਾਂ ਜੋੜਿਆਂ ਦੀ ਸ਼ਾਦੀ ਸਮੇਂ ਦਾਸ ਨੂੰ ਵੀ ਇਹ ਸਮੂਹਿਕ ਸ਼ਾਦੀਆਂ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੂਰਨ ਗੁਰਮਰਿਯਾਦਾ ਨਾਲ ਸ਼ਾਦੀਆਂ ਹੋਈਆਂ। ਬਹੁਤ ਹੀ ਸ਼ਲਾਘਾਯੋਗ ਪ੍ਰਬੰਧ ਵੇਖ ਕੇ ਦਿਲ ਅਸ਼-ਅਸ਼ ਕਰ ਉਠਿਆ। ਬੇਟੀਆਂ ਨੂੰ ਆਪਣੀਆਂ ਧੀਆਂ ਵਾਂਗ ਬਾਬਾ ਜੀ ਨੇ ਡੋਲੀਆਂ ਵਿੱਚ ਬਿਠਾਇਆ। ਅੱਗੇ ਗੱਲ ਜਾਰੀ ਰੱਖਦਿਆਂ ਬਾਬਾ ਜੀ ਨੇ ਦੱਸਿਆ ਕਿ ਜੰਮੂ ਕਸ਼ਮੀਰ 'ਚ ਆਏ ਹੜ੍ਹਾਂ ਵੇਲੇ ਵੀ ਉਹਨਾਂ ਨੇ ਤੇ ਬਾਬਾ ਸੋਨੀ ਜੀ ਰੁਪਾਣੇ ਵਾਲਿਆਂ ਵੱਲੋਂ ਘਰੇਲੂ ਤੇ ਖਾਣ ਪੀਣ ਦੇ ਸਮਾਨ ਦੇ ਕਈ ਟਰੱਕ ਭੇਜੇ। ਇਹ ਸਾਰੇ ਸਮਾਜ ਭਲਾਈ ਦੇ ਕੰਮ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ। ਐਸੇ ਮਹਾਂਪੁਰਖਾਂ ਦੇ ਦਰਸ਼ਨ ਹੀ ਧੰਨ ਹੁੰਦੇ ਹਨ।
ਐਹੋ ਜਿਹੇ ਮਹਾਨ ਕਾਰਜਾਂ ਵਿੱਚ ਹਰਇਕ ਇਨਸਾਨ ਨੂੰ ਆਪਣੇ ਵਿਤ ਮੁਤਾਬਕ ਸਹਿਯੋਗ ਦੇਣਾ ਬਣਦਾ ਹੈ ਤਾਂ ਕਿ ਆਪਣੇ ਇਨਸਾਨੀ ਜਾਮੇ ਵਿੱਚ ਹੁੰਦਿਆਂ ਹੋਇਆਂ ਵੀ ਭਲਾਈ ਦੇ ਕੰਮ ਕਰਕੇ ਜੀਵਨ ਸਫ਼ਲ ਹੋ ਸਕੇ।


ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

4 Jan 2018

ਵਿਰਸੇ ਦੀਆਂ ਬਾਤਾਂ - ਜਸਵੀਰ ਸ਼ਰਮਾ ਦੱਦਾਹੂਰ

ਪੁਰਾਤਨ ਪੰਜਾਬ ਦੀ ਸ਼ਾਹੀ ਅਸਵਾਰੀ ਸੀ 'ਟਾਂਗਾ'

ਸਮਾਂ ਆਪਣੀ ਚਾਲ ਚਲਦਾ ਰਹਿੰਦਾ ਹੈ। ਸਮੇਂ ਦੇ ਗਰਭ ਵਿੱਚ ਬਹੁਤ ਕੁਝ ਗੁਆਚ ਚੁੱਕਾ ਹੈ ਅਤੇ ਬਹੁਤ ਕੁਝ ਗੁਆਚਦਾ ਜਾ ਰਿਹਾ ਹੈ, ਜੋ ਕੱਲ੍ਹ ਸੀ ਉਹ ਅੱਜ ਕਿਤੇ ਵੀ ਨਹੀਂ ਦਿਸਦਾ 'ਤੇ ਜੋ ਅੱਜ ਆਪਾਂ ਪ੍ਰਤੱਖ ਦੇਖ ਰਹੇ ਹਾਂ ਕਿਸੇ ਸਮੇਂ ਇਹ ਵੀ ਨਹੀਂ ਦਿਸਣਾ। ਅੱਤ ਆਧੁਨਿਕ ਯੁੱਗ ਆ ਚੁੱਕਾ ਹੈ ਤੇ ਇਸਤੋਂ ਵੀ ਅੱਗੇ ਪਤਾ ਨੀ ਕਿੱਥੋਂ ਤੱਕ ਸਾਇੰਸੀ ਯੁੱਗ ਨੇ ਤਰੱਕੀ ਕਰਨੀ ਹੈ, ਇਹ ਸਭ ਕੁਦਰਤੀ ਨਿਯਮ ਹੈ ਤੇ ਚਲਦਾ ਹੀ ਰਹਿਣਾ ਹੈ।
ਜੇਕਰ ਪੁਰਾਤਨ ਪਿੰਡਾਂ ਵਾਲੇ ਪੰਜਾਬ ਤੇ ਝਾਤੀ ਮਾਰੀਏ, ਜਦੋਂਕਿ ਬਹੁਤੀ ਅਬਾਦੀ ਪਿੰਡਾਂ ਵਿੱਚ ਹੀ ਵਸਦੀ ਸੀ ਤੇ ਕਈ ਕਈ ਪਿੰਡਾਂ ਨੂੰ ਇੱਕੋ ਹੀ ਸ਼ਹਿਰ ਨੇੜੇ ਲਗਦਾ ਸੀ 'ਤੇ ਉਥੇ ਹੀ ਲੋਕ ਆਪਣੀਆਂ ਫ਼ਸਲਾਂ ਵੇਚ ਕੇ ਘਰਾਂ ਦਾ ਜਰੂਰੀ ਸਮਾਨ ਜਿਵੇਂ ਕੱਪੜਾ, ਰਸੋਈ ਅਤੇ ਖੇਤੀਬਾੜੀ ਨਾਲ ਸਬੰਧਿਤ ਉਸੇ ਸ਼ਹਿਰੋਂ ਹੀ ਸਾਰੇ ਲੋਕ ਲਿਆਉਂਦੇ ਸਨ। ਜਾਣ ਆਉਣ ਦੇ ਸਾਧਨ ਵੀ ਸੀਮਿਤ ਸਨ, ਸਾਈਕਲ ਪ੍ਰਧਾਨ ਸਨ। ਰੇਲਗੱਡੀ ਰਾਹੀਂ ਸ਼ਹਿਰਾਂ ਨੂੰ ਜਾਣਾ ਜਾਂ ਜਿੱਥੇ ਕਿਤੇ ਰੇਲਵੇ ਸਟੇਸ਼ਨ ਨੇੜੇ ਨਹੀਂ ਸਨ ਉਥੋਂ ਤੱਕ ਟਾਂਗਿਆਂ ਤੇ ਲੋਕਾਂ ਨੇ ਆਉਣਾ ਜਿਸਦਾ ਕਿਰਾਇਆ ਕੁਝ ਆਨੇ ਹੀ ਹੁੰਦੇ ਸਨ ਜਿਵੇਂ ਚਾਰ ਆਨੇ, ਅੱਠ ਆਨੇ, ਬਾਰਾਂ ਆਨੇ। ਇਸੇ ਤਰ੍ਹਾਂ ਜੇਕਰ ਘੱਟ ਜ਼ਮੀਨ ਵਾਲੇ ਕਿਸੇ ਹਮਾਤੜ ਨੇ ਥੋੜੀ ਬਹੁਤੀ ਕਣਕ ਜਾਂ ਕਪਾਹ ਸ਼ਹਿਰ ਲੈ ਕੇ ਜਾਣੀ ਹੁੰਦੀ ਤਾਂ ਉਹ ਵੀ ਸਾਲਮ ਟਾਂਗਾ ਕਰ ਲੈਂਦਾ ਤੇ ਉਸ ਉਤੇ ਲੱਦ ਕੇ ਸ਼ਹਿਰ ਵਿੱਚ ਮੰਡੀ ਲੈ ਜਾਂਦਾ। ਬਹੁਤੇ ਸਾਧਨ ਇਜ਼ਾਦ ਨਾ ਹੋਣ ਕਾਰਨ ਟਾਂਗਾ ਹੀ ਸ਼ਾਹੀ ਅਸਵਾਰੀ ਹੁੰਦਾ ਸੀ ਤੇ ਉਹਨਾਂ ਸਮਿਆਂ ਵਿੱਚ ਪੈਸੇ ਦਾ ਪਸਾਰ ਬਹੁਤ ਘੱਟ ਸੀ ਫਿਰ ਵੀ ਟਾਂਗਿਆਂ ਵਾਲੇ ਟਾਂਗੇ ਤੇ ਘੋੜੇ ਨੂੰ ਸ਼ਿੰਗਾਰ ਕੇ ਰੱਖਦੇ ਤੇ ਚੰਗੀ ਦਿਹਾੜੀ ਬਣਾਉਂਦੇ ਰਹੇ ਹਨ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੱਦਾਹੂਰ ਤੋਂ ਡਗਰੂ ਸਟੇਸ਼ਨ ਪੰਜ-ਛੇ ਮੀਲ ਤੇ ਸੀ। ਸਾਡੇ ਪਿੰਡ ਦਾ ਇੱਕੋ ਇਕ ਟਾਂਗਾ ਸੀ ਆਤਮਾ ਸਿੰਘ ਦਾ। ਜਿਮੀਦਾਰ ਘਰਾਣੇ ਨਾਲ ਸਬੰਧਤ ਆਤਮਾ ਸਿੰਘ ਸੁਭਾਅ ਦਾ ਭਾਂਵੇ ਅੜਬ ਸੀ ਪਰ ਵਧੀਆ ਘੋੜਾ ਤੇ ਟਾਂਗਾ ਰੱਖਦਾ ਕਰਕੇ ਪਟੜੀ ਬੰਨੇ ਕਾਫ਼ੀ ਮਸ਼ਹੂਰ ਸੀ 'ਤੇ ਦੱਦਾਹੂਰ ਤੋਂ ਡਗਰੂ ਸਟੇਸ਼ਨ ਤੱਕ ਅੱਠ ਆਨੇ, ਬਾਰਾਂ ਆਨੇ ਤੇ ਬਾਅਦ ਵਿੱਚ ਇੱਕ ਤੇ ਦੋ ਰੁਪਏ ਤੱਕ ਵੀ ਲੈਂਦਾ ਰਿਹਾ ਹੈ। ਸਵਾਰੀ ਪਿੰਡ ਤੋਂ ਹੀ ਕਾਫ਼ੀ ਹੋ ਜਾਂਦੀ ਸੀ, ਜੇਕਰ ਘੱਟ ਰਹਿਣੀ ਤਾਂ ਕੋਟਾ ਡਰੋਲੀ ਭਾਈ ਤੋਂ ਪੂਰਾ ਕਰ ਲੈਣਾ। ਰੇਲਗੱਡੀਆਂ ਦੇ ਤਿੰਨ ਟਾਈਮ ਸਨ। ਡਗਰੂ ਸਟੇਸ਼ਨ ਮੋਗਾ-ਫ਼ਿਰੋਜ਼ਪੁਰ ਸੈਕਸ਼ਨ ਤੇ ਛੋਟਾ ਜਿਹਾ ਸਟੇਸ਼ਨ ਹੈ, ਇਥੇ ਸਿਰਫ਼ ਪੈਸੰਜਰ ਗੱਡੀਆਂ ਰੁਕਦੀਆਂ ਸਨ 'ਤੇ ਉਥੋਂ ਹੀ ਸਵਾਰੀ ਚੜਾਉਣੀ। ਤੇ ਉੱਤਰੀਆਂ ਸਵਾਰੀਆਂ ਨੂੰ ਆਉਣ-ਜਾਣ ਲਈ ਟਾਂਗੇ ਜਿਆਦਾ ਤੇ ਰਿਕਸ਼ੇ ਘੱਟ ਹੀ ਸਨ। ਇਸੇ ਕਰਕੇ ਟਾਂਗੇ ਵਾਲਿਆਂ ਨੂੰ ਘੋੜੇ ਦਾ ਖ਼ਰਚਾ ਕਰਕੇ ਸੌ-ਸਵਾ ਸੌ ਰੁਪਏ ਆਮ ਹੀ ਬਣ ਜਾਂਦੇ ਸਨ, ਜਿਸਨੂੰ ਉਹ ਵਧੀਆ ਗੁਜ਼ਾਰਾ ਸਮਝਦੇ ਸਨ। ਇਸੇ ਤਰ੍ਹਾਂ ਹੀ ਹੋਰ ਵੀ ਪਿੰਡਾਂ ਤੋਂ ਟਾਂਗੇ ਸਟੇਸ਼ਨਾਂ ਤੱਕ ਜਾਂ ਸ਼ਹਿਰਾਂ ਤੱਕ ਜਾਂਦੇ ਰਹੇ ਹਨ। ਸਮੇਂ ਦੇ ਬਦਲਾਅ ਨਾਲ ਤੇ ਅਤਿ ਅਧੁਨਿਕ ਅਜੋਕੇ ਸਮੇਂ ਵਿੱਚ ਅਸੀ ਕਾਰਾਂ ਵਾਲੇ ਹੋ ਗਏ ਹਾਂ 'ਤੇ ਇਹ ਸਾਡਾ ਵਿਰਸਾ ਸਾਥੋਂ ਬਹੁਤ ਪਿਛਾਂਹ ਰਹਿ ਗਿਆ ਹੈ। ਅੱਜਕੱਲ੍ਹ ਤਾਂ ਇਹ ਟਾਂਗੇ ਬਿਲਕੁਲ ਅਲੋਪ ਹੋ ਚੁੱਕੇ ਹਨ, ਹਾਂ ਕਿਤੇ ਕਿਤੇ ਟਾਂਵਾਂ-ਟਾਂਵਾਂ ਕਿਸੇ ਨੇ ਭਾਂਵੇ ਸ਼ੌਂਕ ਨਾਲ ਰੱਖਿਆ ਹੋਵੇ। ਦਿੱਲੀ ਵਰਗੇ ਮਹਾਨਗਰਾਂ 'ਚ ਕਿਤੇ ਕਿਤੇ ਵੇਖਣ ਨੂੰ ਇਹ ਮਿਲ ਹੀ ਜਾਂਦੇ ਹਨ ਜਿੱਥੇ ਲੋਕ ਇਹਨਾਂ ਨੂੰ ਰੋਕ ਕੇ ਇਹਨਾਂ ਦੇ ਮਾਲਕਾਂ ਨਾਲ ਪੁਰਾਤਨ ਸਮੇਂ ਦੀਆਂ ਗੱਲਾਂ ਬਾਤਾਂ ਪੁੱਛਦੇ ਹਨ ਤੇ ਜਾਂ ਫ਼ਿਰ ਫੋਟੋਆਂ ਖਿੱਚ ਕੇ ਫੇਸਬੁੱਕ ਜਾਂ ਵਟਸਅੱਪ ਤੇ ਪਾਉਂਦੇ ਰਹਿੰਦੇ ਹਨ। ਹਾਂ ਕਿਤੇ ਕਿਤੇ ਮਿਊਜ਼ਮਾਂ ਜਾਂ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਬਣੇ ਹੋਏ ਹਨ ਜੀ ਇਹ ਟਾਂਗੇ, ਜਿੱਥੇ ਜਾ ਕੇ ਸਾਡੀ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਆਮ ਹੀ ਪੁੱਛਦੀ ਵੇਖੀ ਜਾ ਸਕਦੀ ਹੈ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

2 Jan 2018

ਸਿੱਖਿਆਦਾਇਕ ਪੈਂਤੀ - ਜਸਵੀਰ ਸ਼ਰਮਾ ਦੱਦਾਹੂਰ

ੳ :     ਊਲ ਜਲੂਲ ਤੂੰ ਕਿਸੇ ਨੂੰ ਬੋਲ ਨਾਹੀ, ਪੇਸ਼ ਸਭ ਨਾਲ ਪਿਆਰ ਨਾਲ ਆ ਬੰਦੇ।
ਅ :     ਆਣ ਕੇ ਝੂਠੇ ਸੰਸਾਰ ਅੰਦਰ, ਹੱਕ ਸੱਚ ਦੀ ਹੀ ਕਮਾ ਕੇ ਖ਼ਾਹ ਬੰਦੇ।
ੲ :     ਏਕ ਉਂਕਾਰ ਨੂੰ ਸਦਾ ਵਸਾ ਹਿਰਦੇ, ਸਦਾ ਨਾਮ ਤੂੰ ਉਸਦਾ ਧਿਆ ਬੰਦੇ।
ਸ :     ਸੱਚ ਦੇ ਮਾਰਗ ਤੇ ਜੇ ਚੱਲੇ, ਪ੍ਰਤੱਖ ਲਵੇਂਗਾ ਓਸ ਨੂੰ ਪਾ ਬੰਦੇ।
ਹ :     ਹਿੱਕ ਦੇ ਨਾਲ ਲਾ ਲੈ ਦੁਖੀਏ ਨੂੰ, ਦੁੱਖ ਓਸ ਦੇ ਲੈ ਵੰਡਾ ਬੰਦੇ।
ਕ :     ਕਮਾਈ ਆਪਣੀ ਦਸਾਂ ਨਹੁੰਆਂ ਦੀ ਚੋਂ, ਗਰਜ਼ਵੰਦਾਂ ਤੇ ਕੁਝ ਤੂੰ ਲਾ ਬੰਦੇ।
ਖ :     ਖਾਣਾ ਹੱਕ ਕਿਸੇ ਦਾ ਮੁਰਦਾਰ ਹੀ ਹੈ, ਸਭ ਕੁਝ ਹੀ ਕਰੂ ਸਵਾਹ ਬੰਦੇ।
ਗ :     ਗੁਰੂ ਆਪਣੇ ਨੂੰ ਜੇ ਰਿਝਾ ਲਿਆ ਤੂੰ, ਪੂਰੇ ਕਰੂਗਾ ਤੇਰੇ ਸਭ ਚਾਅ ਬੰਦੇ।
ਘ :     ਘਰ ਜਾਣ ਦਾ ਰਸਤਾ ਵੀ ਉਹ ਦੱਸੂ, ਪਾ ਦੇਵੇਗਾ ਸਿੱਧੇ ਉਹ ਰਾਹ ਬੰਦੇ।
ਙ :     ਙੰਙੇ ਵਾਂਗ ਨਾ ਵਿਹਲੇ ਬੈਠ ਰਹਿਣਾ, ਲਵੀਂ ਆਪਣਾ ਮਨ ਸਮਝਾ ਬੰਦੇ।
ਚ :     ਚੱਕ ਪੱਥਰਾਂ ਨੂੰ ਵੀਰਨਾ ਪਾੜ ਦਿੰਦੀ, ਨਾ ਗੱਲ ਕਿਸੇ ਦੀ ਦਿਲ ਤੇ ਲਾ ਬੰਦੇ।
ਛ :     ਛੱਡ ਲੋਭ ਮੋਹ ਹੰਕਾਰ ਤੇ ਕਾਮ ਪੰਜੇ, ਤੈਨੂੰ ਲੈਣ ਨਾ ਕਿਤੇ ਫਸਾ ਬੰਦੇ।
ਜ :     ਜੱਗ ਸਾਰਾ ਨਿਆਈਂ ਝੂਠ ਦੀ ਏ, ਹਰਇਕ ਨੂੰ ਲਾਂਵਦੈ ਢਾਅ ਬੰਦੇ।
ਝ :     ਝੂਠ ਫ਼ਰੇਬ ਦੀ ਖੱਟੀ ਨਾ ਕਿਤੇ ਖਾਵੀਂ, ਦਿੰਦੇ ਜਿਉਂਦੇ ਜੀਅ ਨਰਕ ਵਿਖਾ ਬੰਦੇ।
ਞ :     ਞਈਞੇਂ ਵਾਂਗਰਾਂ ਪਿੱਛੇ ਹੀ ਰਹੇਂਗਾ ਤੂੰ, ਕਰਲੀ ਲੋਕਾਂ ਦੀ ਜੇ ਪ੍ਰਵਾਹ ਬੰਦੇ।
ਟ :     ਟੁੱਟ ਜਾਵਣੀ ਸਵਾਸਾਂ ਦੀ ਲੜੀ ਕਿੱਥੇ, ਬਿਲਕੁਲ ਨਹੀਂ ਹੈ ਕੋਈ ਵਿਸਾਹ ਬੰਦੇ।
ਠ :     ਠੁੰਮਣਾ ਦੇਣਾ ਹੈ ਹਰੀ ਦੇ ਨਾਮ ਨੇ ਹੀ, ਬਾਕੀ ਮਾਰਦੇ ਪਰ੍ਹੇ ਵਗਾਹ ਬੰਦੇ।
ਡ :     ਡਰਨ ਦੀ ਲੋੜ ਨਹੀਂ ਕਿਸੇ ਕੋਲੋਂ, ਨਾਮ ਵਿੱਚ ਜੇ ਜਾਏਂ ਸਮਾ ਬੰਦੇ।
ਢ :     ਢਕ ਦੇਊਗਾ ਐਬ ਗੁਨਾਹ ਤੇਰੇ, ਯਾਰੀ ਇਕੋ ਨਾਲ ਜੇ ਲਵੇਂ ਲਾ ਬੰਦੇ।
ਣ :     ਣਾਣੇ ਵਾਂਗਰਾਂ ਪਿੱਛੇ ਜੇ ਰਹਿ ਗਿਆ ਤੂੰ, ਹੋਊ ਬੇਇੱਜ਼ਤੀ ਖ਼ਾਹ ਮਖ਼ਾਹ ਬੰਦੇ।
ਤ :     ਤੁਰੇਂ ਜੇ ਸੱਚ ਦੇ ਰਾਹ ਉਤੇ, ਅਕਾਲ ਪੁਰਖ਼ ਨੇ ਲੈਣਾ ਬਚਾ ਬੰਦੇ।
ਥ :    ਥਕਾ ਤੋੜ ਅਵੇਸਲਾ ਕਰਨ ਤੈਨੂੰ ਪੰਜੇ ਛੱਡੇ ਨੇ ਮਗਰ ਜੋ ਲਾ ਬੰਦੇ।
ਦ :     ਦਰ ਕਿਨਾਰ ਹੋਜਾ ਦੁਨੀਆਂ ਦਾਰੀ ਤੋਂ ਤੂੰ, ਓਸੇ ਵਿੱਚ ਤੂੰ ਜਾਹ ਸਮਾ ਬੰਦੇ।
ਧ :     ਧੰਨ ਦੌਲਤ ਤੇ ਮਹਿਲ ਮੁਨਾਰਿਆਂ ਨੂੰ, ਦੇ ਦਿਲ ਦੇ ਵਿੱਚੋਂ ਭੁਲਾ ਬੰਦੇ।
ਨ :     ਨਾਪ ਤੋਲ ਕੇ ਦਿੱਤੇ ਸਵਾਸ ਜਿਹੜੇ, ਸੋਚ ਸਮਝ ਕੇ ਖ਼ਰਚ ਤੇ ਖ਼ਾਹ ਬੰਦੇ।
ਪ :     ਪਾਣੀ ਵਿੱਚ ਪਤਾਸੇ ਵਾਂਗ ਹੈ ਖਰਨਾ, ਨਹੀਓਂ ਸਕਣੇ ਕਿਸੇ ਵਧਾ ਬੰਦੇ।
ਫ :     ਫਰਿਸ਼ਤਾ ਮੌਤ ਦਾ ਆਊ ਜਦ ਲੈਣ ਤੈਨੂੰ, ਨਹੀਓਂ ਸਕਣਾ ਕਿਸੇ ਛੁਡਾ ਬੰਦੇ।
ਬ :     ਬੈਠ ਕੇ ਵਿੱਚ ਇਕਾਂਤ ਦੇ ਤੂੰ, ਨਾਮ ਓਸ ਖੁਦਾ ਦਾ ਧਿਆ ਬੰਦੇ।
ਭ :     ਭਰਮ ਭੁਲੇਖਿਆਂ ਨੂੰ ਕੱਢ ਮਨ ਚੋਂ, ਨਾ ਦਰ ਦਰ ਤੇ ਸੀਸ ਨਿਵਾ ਬੰਦੇ।
ਮ :     ਮੌਕਾ ਪ੍ਰਸਤ ਤਾਂ ਸਦਾ ਨੇ ਦੁਖੀ ਰਹਿੰਦੇ, ਹੱਥੋਂ ਸਭ ਕੁਝ ਲੈਂਦੇ ਗਵਾ ਬੰਦੇ।
ਯ :    ਯਾਦ ਮੌਤ ਨੂੰ ਰੱਖਣ ਹਮੇਸ਼ ਜਿਹੜੇ, ਨਾ ਬਿਰਥੇ ਕਦੇ ਗਵਾਉਂਦੇ ਸਾਹ ਬੰਦੇ।
ਰ :     ਰਾਮ ਰਹੀਮ ਅੱਲਾ ਵਾਹਿਗੁਰੂ ਹੈ ਇਕੋ, ਇਹ ਗੱਲ ਤੂੰ ਮਨ ਵਸਾ ਬੰਦੇ।
ਲ :     ਲੇਖ ਆਪਣੇ ਬਨਾਉਣੇ ਆਪ ਪੈਂਦੇ, ਨਾ ਕਿਸੇ ਤੋਂ ਲਵੀਂ ਸਲਾਹ ਬੰਦੇ।
ਵ :     ਵੱਖੋ ਵੱਖ ਧਰਮ ਪਰ ਹੈ ਰਾਹ ਇਕੋ, ਓਸੇ ਰਾਹ ਤੇ ਚਲਦਾ ਜਾ ਬੰਦੇ।
ੜ :    ੜਾੜਾ ਆਖਦਾ ਪੈਂਤੀ ਨੂੰ ਪੜ੍ਹੀਂ ਮਨ ਨਾਲ, ਦੱਦਾਹੂਰੀਆ ਰਹੇ ਸਮਝਾ ਬੰਦੇ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

2 Jan 2018