ਇਹ ਰਿਆਸਤ/ਸਟੇਟ ਕਿਸ ਲਈ ਹੈ ? - ਸਵਰਾਜਬੀਰ
ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਨੇ ਸੋਮਵਾਰ ਇੰਡੀਅਨ ਰੈਵੇਨਿਊ ਸਰਵਿਸ (ਆਈਆਰਐੱਸ) ਦੇ ਤਿੰਨ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਂਦਿਆਂ ਉਨ੍ਹਾਂ ਵਿਰੁੱਧ ਕੁਝ ਦੋਸ਼ ਆਇਦ (ਚਾਰਜਸ਼ੀਟ) ਕੀਤੇ ਹਨ। ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀ ਆਮਦਨ (ਇਨਕਮ) ਕਰ ਦੇ ਮਹਿਕਮੇ ਵਿਚ ਕੰਮ ਕਰਦੇ ਲੋਕਾਂ ਤੋਂ ਆਮਦਨ ਕਰ ਉਗਰਾਹੁਣ ਦਾ ਕੰਮ ਕਰਦੇ ਹਨ। ਇਨ੍ਹਾਂ ਤਿੰਨ ਉੱਚ ਅਧਿਕਾਰੀਆਂ ਸੰਜੇ ਬਹਾਦਰ, ਪ੍ਰਕਾਸ਼ ਦੂਬੇ ਅਤੇ ਪ੍ਰਸ਼ਾਂਤ ਭੂਸ਼ਨ 'ਤੇ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੇ ਲਗਭਗ 50 ਜੂਨੀਅਰ ਅਧਿਕਾਰੀਆਂ ਵੱਲੋਂ ਕਰੋਨਾਵਾਇਰਸ ਦੇ ਸੰਕਟ ਦੌਰਾਨ ਸਰਕਾਰ ਦੀ ਆਮਦਨ ਵਧਾਉਣ ਲਈ ਅਜਿਹੀ ਰਿਪੋਰਟ ਸਰਕਾਰ ਦੀ ਆਗਿਆ ਤੋਂ ਬਿਨਾਂ ਬਣਵਾਈ ਜਿਸ ਵਿਚ ਦੇਸ਼ ਦੇ ਸਭ ਤੋਂ ਵੱਧ ਅਮੀਰਾਂ (ਸੁਪਰ ਰਿਚ) ਤੇ ਕੋਵਿਡ-19, ਸੈੱਸ, ਦੌਲਤ 'ਤੇ ਲੱਗਣ ਵਾਲੇ ਟੈਕਸ (ਵੈਲਥ ਟੈਕਸ Wealth Tax) ਅਤੇ ਵਿਰਾਸਤੀ ਟੈਕਸ (Inheritance Tax) ਅਤੇ ਹੋਰ ਜ਼ਿਆਦਾ ਆਮਦਨ ਕਰ ਲਾਉਣ ਦੀ ਵਕਾਲਤ ਕੀਤੀ ਗਈ ਹੈ। ਇਸ ਰਿਪੋਰਟ ਦਾ ਨਾਮ 'ਕੋਵਿਡ-19 ਦੀ ਮਹਾਮਾਰੀ ਨਾਲ ਨਿਪਟਣ ਲਈ ਵਿੱਤੀ ਵਿਕਲਪ' (ਫਿਸਕਲ ਆਪਸ਼ਨਜ਼ ਐਂਡ ਰਿਸਪਾਂਸ ਟੂ ਕੋਵਿਡ-19 ਐਪੀਡੈਮਕ : Fiscal Options and Response to Covid-19 Epidemic (Force Pors) ਕਿਹਾ ਗਿਆ ਹੈ ਅਤੇ ਇਸ ਬਾਰੇ ਪ੍ਰਗਟਾਵਾ ਆਈਆਰਐੱਸ ਅਫ਼ਸਰਾਂ ਦੀ ਜਥੇਬੰਦੀ (ਐਸੋਸੀਏਸ਼ਨ) ਦੇ ਟਵਿੱਟਰ 'ਤੇ 25 ਅਪਰੈਲ ਨੂੰ ਕੀਤਾ ਗਿਆ।
ਇਸ ਰਿਪੋਰਟ ਵਿਚ ਹੇਠ ਲਿਖੇ ਸੁਝਾਅ ਦਿੱਤੇ ਗਏ :
' ਅਤਿਅੰਤ ਅਮੀਰ ਲੋਕਾਂ (ਸੁਪਰ ਰਿਚ), ਜਿਨ੍ਹਾਂ ਦੀ ਸਾਲਾਨਾ ਆਮਦਨੀ ਇਕ ਕਰੋੜ ਤੋਂ ਜ਼ਿਆਦਾ ਹੋਵੇ, 'ਤੇ 40 ਫ਼ੀਸਦੀ ਦੀ ਦਰ ਨਾਲ ਆਮਦਨ ਕਰ (ਇਨਕਮ ਟੈਕਸ) ਲਗਾਇਆ ਜਾਵੇ
' 5 ਕਰੋੜ ਤੋਂ ਜ਼ਿਆਦਾ ਸਾਲਾਨਾ ਆਮਦਨ ਵਾਲੇ ਲੋਕਾਂ 'ਤੇ ਵੈਲਥ ਟੈਕਸ (Wealth Tax) ਲਗਾਇਆ ਜਾਵੇ।
' ਭਾਰਤ ਵਿਚ ਕਾਰੋਬਾਰ ਕਰ ਰਹੀਆਂ ਵਿਦੇਸ਼ੀ ਕੰਪਨੀਆਂ 'ਤੇ ਟੈਕਸ/ਸਰਚਾਰਜ ਵਧਾਏ ਜਾਣ
' ਜਦ ਕੋਈ ਅਮੀਰ ਆਦਮੀ/ਅਦਾਰਾ ਆਪਣੀ ਦੌਲਤ ਆਪਣੇ ਵਾਰਸਾਂ ਦੇ ਹਵਾਲੇ ਕਰੇ ਤਾਂ ਉਸ 'ਤੇ ਵਿਰਾਸਤ ਟੈਕਸ ਲਗਾਇਆ ਜਾਵੇ।
' 10 ਲੱਖ ਸਾਲਾਨਾ ਆਮਦਨ ਵਾਲੇ ਵਿਅਕਤੀਆਂ 'ਤੇ ਸਿਰਫ਼ ਇਸ ਸਾਲ ਉਹ ਆਮਦਨ ਜਿਸ 'ਤੇ ਟੈਕਸ ਲੱਗਦਾ ਹੈ, 'ਤੇ 4 ਫ਼ੀਸਦੀ ਦੀ ਸੈੱਸ ਲਗਾਈ ਜਾਵੇ।
ਸਰਕਾਰ ਇਸ ਰਿਪੋਰਟ ਕਾਰਨ ਕਾਫ਼ੀ ਪਰੇਸ਼ਾਨ ਹੈ। ਸਰਕਾਰ ਦੁਆਰਾ ਜਾਰੀ ਕੀਤੇ ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਸ ਰਿਪੋਰਟ ਨੂੰ ਇਜਾਜ਼ਤ ਤੋਂ ਬਿਨਾਂ ਲੋਕਾਂ ਦੀ ਨਜ਼ਰ ਵਿਚ ਲਿਆਉਣ ਕਾਰਨ ਸਰਕਾਰ ਦੀਆਂ ਨੀਤੀਆਂ ਬਾਰੇ ਵਾਦ-ਵਿਵਾਦ ਪੈਦਾ ਹੋਏ ਹਨ ਅਤੇ ਇਸ ਨਾਲ ਅਰਥਚਾਰੇ ਉੱਤੇ ਮਾੜਾ ਅਸਰ ਪੈ ਸਕਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਦਸਤਾਵੇਜ਼ ਨੂੰ ਵੱਡੇ ਪੱਧਰ 'ਤੇ ਸੋਸ਼ਲ ਮੀਡੀਆ ਆਦਿ 'ਤੇ ਫੈਲਾਏ ਜਾਣਾ ''ਸਰਕਾਰ ਦੀਆਂ ਮੌਜੂਦਾ ਨੀਤੀਆਂ ਦੀ ਆਲੋਚਨਾ ਹੈ ਅਤੇ ਇਸ ਕਾਰਨ ਸਰਕਾਰ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।'' ਜਿਨ੍ਹਾਂ 3 ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ, ਉਨ੍ਹਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੂਨੀਅਰ ਅਧਿਕਾਰੀਆਂ ਨੂੰ ਗੁਮਰਾਹ ਕੀਤਾ। ਪ੍ਰਸ਼ਾਂਤ ਭੂਸ਼ਨ ਦਿੱਲੀ ਵਿਚ ਆਮਦਨ ਕਰ ਵਿਭਾਗ ਦਾ ਪ੍ਰਿੰਸੀਪਲ ਕਮਿਸ਼ਨਰ ਹੈ, ਪ੍ਰਕਾਸ਼ ਦੂਬੇ ਪਰਸਨਲ ਵਿਭਾਗ ਵਿਚ ਡਾਇਰੈਕਟਰ ਅਤੇ ਸੰਜੇ ਬਹਾਦਰ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਵਿਚ ਉੱਤਰ-ਪੂਰਬੀ ਰਾਜਾਂ ਦਾ ਕੰਮ ਵੇਖਦਾ ਹੈ।
ਇਸ ਰਿਪੋਰਟ ਨੂੰ ਜਨਤਕ ਕੀਤੇ ਜਾਣ ਨਾਲ ਸਿਰਫ਼ ਸਰਕਾਰ ਹੀ ਨਹੀਂ ਸਗੋਂ ਸਰਮਾਏਦਾਰ, ਸਨਅਤੀ ਤੇ ਵਪਾਰਕ ਅਦਾਰੇ ਅਤੇ ਇਸ ਦੇ ਨਾਲ ਨਾਲ ਖ਼ਾਸ ਤਰ੍ਹਾਂ ਦੇ ਚਿੰਤਕ ਤੇ ਪੱਤਰਕਾਰ ਵੀ ਡਾਢੇ ਪਰੇਸ਼ਾਨ ਹੋਏ ਹਨ। ਇਕ ਮਸ਼ਹੂਰ ਪੱਤਰਕਾਰ ਨੇ ਲਿਖਿਆ ਹੈ ਕਿ ਇਸ ਰਿਪੋਰਟ ਵਿਚ ਦਿੱਤੇ ਗਏ ਵਿਚਾਰ ਭਾਰਤ ਸਰਕਾਰ ਦੀਆਂ 1970ਵਿਆਂ ਵਿਚਲੀਆਂ ਨੀਤੀਆਂ ਨਾਲ ਮੇਲ ਖਾਂਦੇ ਹਨ ਅਤੇ ਉਹ ਦਹਾਕਾ ਭਾਰਤੀ ਅਰਥਚਾਰੇ ਲਈ ਚੰਗਾ ਨਹੀਂ ਸੀ ਰਿਹਾ ਕਿਉਂਕਿ ਉਸ ਵੇਲ਼ੇ ਦੀਆਂ ਕੁਝ ਨੁਕਸਾਨਦੇਹ ਟੈਕਸ ਨੀਤੀਆਂ ਵਾਸਤੇ ਡਾਕਟਰ ਮਨਮੋਹਨ ਸਿੰਘ ਜ਼ਿੰਮੇਵਾਰ ਸਨ (ਉਹ ਉਸ ਵੇਲੇ ਭਾਰਤ ਸਰਕਾਰ/ਆਰਬੀਆਈ ਵਿਚ ਕੰਮ ਕਰਦੇ ਸਨ)। ਪੱਤਰਕਾਰ ਨੇ ਇਹ ਵੀ ਲਿਖਿਆ ਹੈ ਕਿ ਇਹ ਦਸਤਾਵੇਜ਼ ਇਹ ਵਿਖਾਉਂਦਾ ਹੈ ਕਿ ਭਾਰਤ ਦੀ ਅਫ਼ਸਰਸ਼ਾਹੀ ਵਿਚ ਲੈਨਿਨ ਦੀ ਆਤਮਾ ਅਜੇ ਵੀ ਜਿਊਂਦੀ ਹੈ। ਉਹਦੇ ਅਨੁਸਾਰ ਅਜਿਹੀਆਂ ਨੀਤੀਆਂ ਨੇ ਕਈ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੈ।
ਇਸ ਸਭ ਕੁਝ ਨੂੰ ਪੜ੍ਹਨਾ ਤੇ ਸਮਝਣਾ ਬੜਾ ਅਜੀਬ ਲੱਗ ਰਿਹਾ ਹੈ। ਇਉਂ ਲੱਗਦਾ ਹੈ ਜਿਵੇਂ ਅਸੀਂ ਅਵਾਸਤਵਿਕ ਸਮਿਆਂ ਵਿਚ ਜਿਊ ਰਹੇ ਹੋਈਏ। ਭਾਰਤੀ ਅਫ਼ਸਰਸ਼ਾਹੀ ਨੂੰ ਕਦੀ ਵੀ ਜ਼ਿਆਦਾ ਲੋਕ-ਹਿਤੈਸ਼ੀ ਨਹੀਂ ਮੰਨਿਆ ਗਿਆ। ਫਿਰ ਇਕ ਨਾਮੀ ਪੱਤਰਕਾਰ ਇਹ ਕਿਉਂ ਕਹਿ ਰਿਹਾ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਅਜੇ ਵੀ ਲੈਨਿਨਵਾਦੀ ਵਿਚਾਰ ਜਿਊਂਦੇ ਹਨ। ਸੂਚਨਾ ਅਨੁਸਾਰ ਇਹ ਰਿਪੋਰਟ 50 ਨੌਜਵਾਨ ਅਫ਼ਸਰਾਂ ਨੇ ਬਣਾਈ ਹੈ। ਕੋਈ ਇਕ ਦਹਾਕਾ ਪਹਿਲਾਂ ਤਕ ਆਈਏਐੱਸ, ਆਈਪੀਐੱਸ, ਆਈਆਰਐੱਸ ਅਤੇ ਹੋਰ ਉੱਚ ਪੱਧਰ ਦੀਆਂ ਨੌਕਰੀਆਂ ਵਿਚ ਆਉਣ ਵਾਲੇ ਨੌਜਵਾਨ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਵਿਚੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਅਲਾਹਾਬਾਦ ਯੂਨੀਵਰਸਿਟੀ ਅਤੇ ਕੁਝ ਹੋਰ ਸੂਬਿਆਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਆਈਆਈਟੀ ਜਿਹੇ ਉੱਚ ਤਕਨੀਕੀ ਅਦਾਰੇ ਸ਼ਾਮਲ ਸਨ। ਇਕ ਦਹਾਕੇ ਪਹਿਲਾਂ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਦੇਸ਼ ਦੇ ਮੁੱਖ ਤਕਨੀਕੀ ਅਦਾਰਿਆਂ ਆਈਆਈਟੀ, ਐੱਨਆਈਟੀ ਆਦਿ ਦੇ ਵਿਦਿਆਰਥੀਆਂ ਨੇ ਜ਼ਿਆਦਾ ਸਫ਼ਲਤਾ ਹਾਸਲ ਕਰਨੀ ਸ਼ੁਰੂ ਕੀਤੀ ਅਤੇ ਇਤਿਹਾਸ, ਭੂਗੋਲ, ਸਮਾਜਿਕ ਵਿਗਿਆਨ, ਸਾਹਿਤ, ਕਾਨੂੰਨ ਜਿਹੇ ਵਿਸ਼ਿਆਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਪਛੜਨ ਲੱਗੇ। ਇਸ ਤਰ੍ਹਾਂ ਨੌਜਵਾਨ ਅਧਿਕਾਰੀਆਂ ਵਿਚ ਜ਼ਿਆਦਾ ਵਿਦਿਆਰਥੀ ਤਕਨੀਕੀ ਅਦਾਰਿਆਂ ਤੋਂ ਆਏ ਹਨ ਜਿਨ੍ਹਾਂ ਵਿਚ ਨਾ ਤਾਂ ਸਮਾਜਿਕ ਵਿਗਿਆਨ ਨਾਲ ਸਬੰਧਿਤ ਵਿਸ਼ੇ ਜ਼ਿਆਦਾ ਪੜ੍ਹਾਏ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਅਦਾਰਿਆਂ ਵਿਚ ਵਿਚਾਰਧਾਰਕ ਪੱਧਰ ਉੱਤੇ ਜ਼ਿਆਦਾ ਬਹਿਸ-ਮੁਬਾਹਿਸਾ ਹੁੰਦਾ ਹੈ। ਸਵਾਲ ਉੱਠਦਾ ਹੈ ਕਿ ਇਹ ਨੌਜਵਾਨ ਅਧਿਕਾਰੀ ਵੀ ਅਜਿਹੇ ਨਿਰਣਿਆਂ 'ਤੇ ਕਿਉਂ ਪਹੁੰਚੇ ਹਨ ਜਿਨ੍ਹਾਂ ਨੂੰ ਲੈਨਿਨ ਤੋਂ ਪ੍ਰਭਾਵਿਤ ਕਿਹਾ ਜਾ ਰਿਹਾ ਹੈ।
ਸਰਕਾਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਤਾਂ ਕਰੇਗੀ ਹੀ ਪਰ ਜੇ ਕੁਝ ਹੋਰ ਖ਼ਬਰਾਂ ਨੂੰ ਇਸੇ ਖ਼ਬਰ ਨਾਲ ਜੋੜ ਲਿਆ ਜਾਵੇ ਤਾਂ ਦੇਸ਼ ਦਾ ਆਰਥਿਕ ਤੇ ਸਿਆਸੀ ਦ੍ਰਿਸ਼ ਹੋਰ ਜ਼ਿਆਦਾ ਅਵਾਸਤਵਿਕ ਤੇ ਅਤਿ-ਯਥਾਰਥਵਾਦੀ ਲੱਗਣ ਲੱਗਦਾ ਹੈ। ਇਕ ਆਰਟੀਆਈ ਤਹਿਤ ਦਿੱਤੀ ਸੂਚਨਾ ਵਿਚ ਦੇਸ਼ ਦੇ ਕੇਂਦਰੀ ਬੈਂਕ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਮੰਨਿਆ ਹੈ ਕਿ ਉਸ ਨੇ 50 ਕਰਜ਼ਾ ਵਾਪਸ ਨਾ ਕਰਨ ਵਾਲੇ ਲੋਕਾਂ ਦੇ 68,607 ਕਰੋੜ ਰੁਪਏ ਦੇ ਕਰਜ਼ੇ ਨਾ ਵਾਪਸ ਹੋਣ ਵਾਲੇ ਕਰਜ਼ਿਆਂ ਦੇ ਖ਼ਾਤੇ ਵਿਚ ਪਾ ਦਿੱਤੇ (Write off) ਹਨ। ਕਰਜ਼ਾ ਨਾ ਵਾਪਸ ਕਰਨ ਵਾਲਿਆਂ ਵਿਚ ਮੇਹੁਲ ਚੌਕਸੀ, ਜੋ ਕਰਜ਼ਾ ਵਾਪਸ ਨਾ ਕਰਨ ਕਾਰਨ ਦੇਸ਼ ਤੋਂ ਭਗੌੜਾ ਹੈ, ਵੀ ਸ਼ਾਮਲ ਹੈ। ਆਰਟੀਆਈ ਕਾਰਕੁਨ ਸਾਕੇਤ ਗੋਖਲੇ ਨੇ ਇਹ ਜਾਣਕਾਰੀ ਆਰਬੀਆਈ ਤੋਂ ਮੰਗੀ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਆਰਟੀਆਈ ਇਸ ਲਈ ਦਾਖ਼ਲ ਕੀਤੀ ਕਿਉਂਕਿ ਸੰਸਦ ਦੇ ਪਿਛਲੇ ਇਜਲਾਸ ਦੌਰਾਨ 16 ਫਰਵਰੀ 2020 ਨੂੰ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਇਕ ਅਜਿਹੇ ਹੀ ਸਵਾਲ ਦਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਲਿਸਟ ਵਿਚ ਸਭ ਤੋਂ ਸਿਖ਼ਰ 'ਤੇ ਮੇਹੁਲ ਚੌਕਸੀ ਦੀ ਕੰਪਨੀ ਗੀਤਾਂਜਲੀ ਜੈਮਜ ਲਿਮਟਿਡ ਦਾ ਨਾਂ ਹੈ ਜਿਸ ਨੇ 5,492 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨਾ ਸੀ। ਚੌਕਸੀ ਇਸ ਵੇਲ਼ੇ ਭਗੌੜਾ ਹੋ ਕੇ ਐਂਟੀਗੁਆ ਤੇ ਬਰਬੂਡਾ ਆਈਸਲੈਂਡ ਵਿਚ ਰਹਿ ਰਿਹਾ ਹੈ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਲੰਡਨ ਵਿਚ ਹੈ। ਇਕ ਪਾਸੇ ਸਰਕਾਰ ਦੋਹਾਂ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਤੇ ਸਫ਼ਾਰਤੀ ਲੜਾਈ ਲੜ ਰਹੀ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਕਰਜ਼ੇ ਨੂੰ ਵਾਪਸ ਨਾ ਹੋਣ ਵਾਲੇ ਕਰਜ਼ਿਆਂ ਦੇ ਖ਼ਾਤੇ ਵਿਚ ਪਾਇਆ ਜਾ ਰਿਹਾ ਹੈ। ਇਸ ਲਿਸਟ ਵਿਚ ਹੀਰਿਆਂ ਦੇ ਵਪਾਰੀਆਂ ਦੇ ਕਰਜ਼ੇ ਵੱਡੀ ਗਿਣਤੀ ਵਿਚ ਹਨ ਭਾਵੇਂ ਕਿ ਉਨ੍ਹਾਂ ਵਿਚੋਂ ਕਈਆਂ ਦੇ ਵਿਰੁੱਧ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਪੜਤਾਲ ਕਰ ਰਹੇ ਹਨ। ਆਰਟੀਆਈ ਦੇ ਜਵਾਬ ਵਿਚ ਦਿੱਤੀ ਜਾਣਕਾਰੀ ਅਨੁਸਾਰ ਆਰਈਆਈ ਐਗਰੋ ਕੰਪਨੀ, ਜਿਸ ਦੇ ਡਾਇਰੈਕਟਰ ਸੰਦੀਪ ਝੁਨਝੁਨਵਾਲਾ ਅਤੇ ਸੰਜੇ ਝੁਨਝੁਨਵਾਲਾ ਹਨ, ਦੇ 4,314 ਕਰੋੜ ਰੁਪਏ ਅਤੇ ਜਤਿਨ ਮਹਿਤਾ ਦੀ ਕੰਪਨੀ ਵਿਨਸਮ ਡਾਇਮੰਡ ਐਂਡ ਜਿਊਲਰੀ ਦੇ 4 ਹਜ਼ਾਰ ਕਰੋੜ ਰੁਪਏ ਰਾਈਟ ਆਫ਼ ਕੀਤੇ ਗਏ ਹਨ। ਕੂਦੋਸ ਕੈਮੀ ਪੰਜਾਬ ਦੇ 2,326 ਕਰੋੜ ਅਤੇ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਦੀ ਕੰਪਨੀ ਰੁਚੀ ਸੋਇਆ ਇੰਡਸਟਰੀ ਦੇ 2,212 ਕਰੋੜ, ਜਿਓ ਡਿਵੈਲਪਰ ਦੇ 2,012 ਕਰੋੜ ਇਸ ਲਿਸਟ ਵਿਚ ਸ਼ਾਮਲ ਹਨ। 1,943 ਕਰੋੜ ਰੁਪਏ ਕਰਜ਼ੇ ਵਾਲੀ ਵਿਜੈ ਮਾਲੀਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਵੀ ਉੱਥੇ ਹਾਜ਼ਰ ਹੈ। ਇਨ੍ਹਾਂ ਕਰਜ਼ਿਆਂ ਬਾਰੇ ਜਾਣਕਾਰੀ ਵੱਖ ਵੱਖ ਨਿਊਜ਼ ਏਜੰਸੀਆਂ 'ਤੇ ਉਪਲਬਧ ਹੈ। ਇਨ੍ਹਾਂ ਰਿਪੋਰਟਾਂ ਅਨੁਸਾਰ ਇਸ ਜਾਣਕਾਰੀ ਵਿਚ 30 ਸਤੰਬਰ 2019 ਤਕ ਰਾਈਟ ਆਫ਼ ਕੀਤੇ ਗਏ ਕਰਜ਼ੇ ਸ਼ਾਮਲ ਹਨ। ਸਾਕੇਤ ਗੋਖਲੇ ਨੇ ਨਿਊਜ਼ ਏਜੰਸੀ ਨੂੰ ਇਹ ਵੀ ਦੱਸਿਆ ਹੈ ਕਿ ਕੇਂਦਰੀ ਬੈਂਕ ਨੇ ਸੁਪਰੀਮ ਕੋਰਟ ਦੇ ਇਕ ਨਿਰਣੇ ਦਾ ਹਵਾਲਾ ਦਿੰਦਿਆਂ ਬਾਹਰੋਂ ਲਏ ਗਏ ਕਰਜ਼ਿਆਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਗੋਖਲੇ ਅਨੁਸਾਰ ਇਨ੍ਹਾਂ ਕਰਜ਼ਦਾਰਾਂ ਨੇ ਜ਼ਿਆਦਾਤਰ ਕਰਜ਼ੇ ਜਨਤਕ ਖੇਤਰ ਦੇ ਬੈਂਕਾਂ ਦੇ ਦੇਣੇ ਹਨ ਅਤੇ ਉਨ੍ਹਾਂ ਵਿਰੁੱਧ ਵੱਖ ਵੱਖ ਜਾਂਚ ਏਜੰਸੀਆਂ ਤਫ਼ਤੀਸ਼ ਕਰ ਰਹੀਆਂ ਹਨ।
ਇਨ੍ਹਾਂ ਖ਼ਬਰਾਂ ਵਿਚ ਕੁਝ ਹਾਲੀਆ ਖ਼ਬਰਾਂ ਨੂੰ ਵੀ ਸ਼ਾਮਲ ਕੀਤਾ ਜਾਏ ਤਾਂ ਦ੍ਰਿਸ਼ ਹੋਰ ਜਟਿਲ ਬਣਦਾ ਹੈ। ਕਰੋਨਾਵਾਇਰਸ ਦੇ ਲੌਕਡਾਊਨ ਤੋਂ ਬਾਅਦ ਦੇਸ਼ ਦੇ ਸਨਅਤੀ ਅਤੇ ਵਪਾਰਕ ਘਰਾਣਿਆਂ ਨੂੰ ਕਰੋੜਾਂ ਰੁਪਈਆਂ ਦੀਆਂ ਵੱਡੀਆਂ ਛੋਟਾਂ ਦਿੱਤੀਆਂ ਹਨ। ਇਸੇ ਦੌਰਾਨ ਦੇਸ਼ ਨੇ ਬੇਰੁਜ਼ਗਾਰੀ ਅਤੇ ਰੋਟੀ ਤੋਂ ਆਤੁਰ ਹੋਏ ਪਰਵਾਸੀ ਮਜ਼ਦੂਰਾਂ ਦੀਆਂ ਭੀੜਾਂ ਮੁੰਬਈ ਰੇਲਵੇ ਸਟੇਸ਼ਨ, ਦਿੱਲੀ ਦੇ ਬੱਸ ਅੱਡਿਆਂ ਅਤੇ ਕਈ ਹੋਰ ਵੱਡੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ 'ਤੇ ਵੇਖੀਆਂ। ਉਪਰਲੀਆਂ ਸਾਰੀਆਂ ਖ਼ਬਰਾਂ ਨੂੰ ਸਾਹਮਣੇ ਰੱਖਦਿਆਂ ਬੁਨਿਆਦੀ ਸਵਾਲ ਇਹ ਉੱਠਦਾ ਹੈ ਕਿ ਇਹ ਰਿਆਸਤ/ਸਟੇਟ, ਰਾਸ਼ਟਰ, ਦੇਸ਼, ਸਰਕਾਰ ਕਿਸ ਦੇ ਲਈ ਹਨ? ਦੇਸ਼ ਦੇ ਸਭ ਤੋਂ ਵੱਧ 1 ਫ਼ੀਸਦੀ ਅਮੀਰਾਂ ਕੋਲ ਹੇਠਲੇ ਵਰਗ ਦੀ 70 ਫ਼ੀਸਦੀ ਆਬਾਦੀ ਤੋਂ ਜ਼ਿਆਦਾ ਦੌਲਤ ਹੈ। ਇਸੇ ਤਰ੍ਹਾਂ ਇਕ ਹੋਰ ਸਰਵੇਖਣ ਅਨੁਸਾਰ ਦੇਸ਼ ਦੇ 1 ਫ਼ੀਸਦੀ ਅਮੀਰਾਂ ਕੋਲ ਦੇਸ਼ ਦੇ ਕੁੱਲ ਸਰਮਾਏ ਦਾ 58 ਫ਼ੀਸਦੀ ਹਿੱਸਾ ਹੈ। 2017 ਵਿਚ ਸਾਰੇ ਦੇਸ਼ ਵਿਚ ਪੈਦਾ ਕੀਤੇ ਗਏ ਸਰਮਾਏ ਦਾ 73 ਫ਼ੀਸਦੀ 1 ਫ਼ੀਸਦੀ ਅਮੀਰਾਂ ਨੂੰ ਗਿਆ। 2017 ਵਿਚ ਹੀ ਇਨ੍ਹਾਂ 1 ਫ਼ੀਸਦੀ ਅਮੀਰਾਂ ਦੀ ਆਮਦਨ ਵਿਚ ਪਹਿਲਾਂ ਨਾਲੋਂ 20.9 ਲੱਖ ਕਰੋੜ ਦਾ ਵਾਧਾ ਹੋਇਆ।
ਉੱਪਰ ਦਿੱਤੇ ਅੰਕੜਿਆਂ ਨੂੰ ਵੇਖ ਕੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਇਸ ਦੇਸ਼ ਦੀ ਰਿਆਸਤ/ਸਟੇਟ/ਸਰਕਾਰ ਅਤੇ ਸਿਆਸਤ ਉੱਤੇ ਕਬਜ਼ਾ ਕਿਸ ਦਾ ਹੈ। ਦੇਸ਼ ਦੇ ਕਿਰਤੀਆਂ ਵਿਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਇਹ ਸਵਾਲ ਕਈ ਦਹਾਕਿਆਂ ਤੋਂ ਉਠਾਉਂਦੀਆਂ ਆਈਆਂ ਹਨ। ਉਨ੍ਹਾਂ ਦੁਆਰਾ ਕੀਤੇ ਗਏ ਅੰਦੋਲਨਾਂ ਅਤੇ ਉਠਾਏ ਗਏ ਸਵਾਲਾਂ ਨੂੰ ਫਜ਼ੂਲ ਦਾ ਰੌਲਾ-ਰੱਪਾ ਕਰਾਰ ਦੇ ਕੇ ਅੱਖੋਂ ਓਹਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਦੇਸ਼ ਦੇ ਇਨਕਮ ਟੈਕਸ ਅਧਿਕਾਰੀ ਵੀ ਉਹੋ ਸੁਝਾਅ ਦੇ ਰਹੇ ਹਨ ਜੋ ਕਿਰਤੀਆਂ ਦੀਆਂ ਜਥੇਬੰਦੀਆਂ ਦਿੰਦੀਆਂ ਆਈਆਂ ਹਨ। ਸਵਾਲ ਇਹ ਹੈ ਕਿ ਕੀ ਹਾਲਾਤ ਕੋਈ ਨਵੀਂ ਕਰਵਟ ਲੈਣਗੇ? .
ਹੱਦੋਂ ਵੱਧ ਡਰੇ ਬੰਦੇ ਦੀ ਹੋਣੀ - ਸਵਰਾਜਬੀਰ
ਡਰ, ਭੈਅ, ਸਹਿਮ, ਖ਼ੌਫ਼, ਚਿੰਤਾ, ਫ਼ਿਕਰ, ਦਹਿਸ਼ਤ, ਆਤੰਕ, ਸਭ ਮਨੁੱਖੀ ਮਨੋਭਾਵ ਹਨ ਜੋ ਹਰ ਬੰਦਾ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਮਹਿਸੂਸ ਕਰਦਾ ਹੈ। ਚਿੰਤਾ ਤੇ ਫ਼ਿਕਰ ਬੰਦੇ ਦੀ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਹਨ। ਬੰਦੇ ਨੂੰ ਸਭ ਤੋਂ ਵੱਡਾ ਖ਼ਤਰਾ ਆਪਣੀ ਜਾਂ ਆਪਣੇ ਬਹੁਤ ਨੇੜਲੇ ਬੰਦੇ ਦੀ ਜਾਨ ਦਾ ਹੁੰਦਾ ਹੈ ਤੇ ਉਸ ਵੇਲੇ ਉਹ ਕੁਝ ਜ਼ਿਆਦਾ ਹੀ ਡਰ ਜਾਂਦਾ ਹੈ। ਡਰ ਇਕ ਸੀਮਾ ਤੋਂ ਵਧ ਜਾਏ ਤਾਂ ਅਸੀਂ 'ਸਹਿਮ', 'ਡਹਿਸ' ਤੇ 'ਖ਼ੌਫ਼' ਜਿਹੇ ਸ਼ਬਦ ਵਰਤਦੇ ਹਾਂ। ਜਦ ਵਧਿਆ ਹੋਇਆ ਡਰ ਲੋਕਾਂ ਦੀ ਵੱਡੀ ਗਿਣਤੀ ਦੇ ਮਨਾਂ ਨੂੰ ਜਕੜ ਕੇ ਸਮੂਹਿਕ ਵਰਤਾਰਾ ਬਣ ਜਾਏ ਤਾਂ ਉਸ ਨੂੰ ਆਤੰਕ ਜਾਂ ਦਹਿਸ਼ਤ ਕਿਹਾ ਜਾਂਦਾ ਹੈ।
ਕਰੋਨਾਵਾਇਰਸ ਦੀ ਮਹਾਮਾਰੀ ਨੇ ਇਸ ਵੇਲੇ ਲੋਕਾਂ ਵਿਚ ਦਹਿਸ਼ਤ ਫੈਲਾ ਰੱਖੀ ਹੈ। ਇਸ ਨੇ ਲੋਕਾਂ ਦੇ ਮਨਾਂ 'ਤੇ ਅਜਿਹਾ ਅਸਰ ਕੀਤਾ ਹੈ ਕਿ ਉਹ ਆਪਣੇ ਘਰ ਦੇ ਜੀਅ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਮੋਢਾ ਦੇਣ ਤੋਂ ਡਰ ਰਹੇ ਹਨ। ਅਜਿਹੀਆਂ ਲਾਸ਼ਾਂ ਦਾ ਸ਼ਮਸ਼ਾਨਘਾਟਾਂ ਵਿਚ ਸਸਕਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਕਈ ਥਾਵਾਂ 'ਤੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼ ਅਤੇ ਸਿਹਤ ਖੇਤਰ ਦੇ ਕਾਮਿਆਂ 'ਤੇ ਹਮਲੇ ਕੀਤੇ ਗਏ। ਕਈ ਥਾਵਾਂ 'ਤੇ ਡਾਕਟਰਾਂ, ਜਿਨ੍ਹਾਂ ਨੂੰ ਲੋਕ ਰੱਬ ਦਾ ਰੂਪ ਕਹਿੰਦੇ ਹਨ, ਨੇ ਆਪਣੇ ਕਲੀਨਿਕਾਂ ਤੇ ਹਸਪਤਾਲਾਂ ਸਾਹਮਣੇ ਬੋਰਡ ਲਟਕਾ ਦਿੱਤੇ ਹਨ ਕਿ ਖੰਘ, ਜ਼ੁਕਾਮ ਤੇ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਜਾਣ। ਕਈ ਥਾਵਾਂ 'ਤੇ ਕਰੋਨਾਵਾਇਰਸ ਪੀੜਤਾਂ ਜਾਂ ਸ਼ੱਕੀ ਮਰੀਜ਼ਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਇਉਂ ਲੱਗਦਾ ਹੈ ਕਿ ਸਾਡੇ ਮਨਾਂ ਵਿਚ ਇਹ ਮਾਨਸਿਕਤਾ ਕਿ ਸਿਰਫ਼ ਮੈਂ ਤੇ ਮੇਰਾ ਪਰਿਵਾਰ ਜਿਊਂਦੇ ਰਹਿਣ, ਮੈਨੂੰ ਬਾਕੀ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਭਾਰੂ ਹੋ ਰਹੀ ਹੈ।
ਲੋਕ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਆ ਰਹੀ ਹਰ ਜਾਣਕਾਰੀ ਹੋਰ ਡਰਾਉਣ ਵਾਲੀ ਹੈ। ਬਹੁਤ ਸਾਰੇ ਟੈਲੀਵਿਜ਼ਨ ਚੈਨਲ ਤੇ ਅਖ਼ਬਾਰਾਂ ਵੀ ਇਹੀ ਕੰਮ ਕਰ ਰਹੇ ਹਨ। ਸੋਸ਼ਲ ਮੀਡੀਆ ਆਤੰਕ ਤੇ ਅਫ਼ਵਾਹਾਂ ਫੈਲਾਉਣ ਵਿਚ ਸਭ ਤੋਂ ਅੱਗੇ ਹੈ ਪਰ ਸਭ ਤੋਂ ਜ਼ਿਆਦਾ ਸਹਿਮ ਸਰਕਾਰਾਂ ਪੈਦਾ ਕਰ ਰਹੀਆਂ ਹਨ। ਕੁਝ ਕੁ ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਮਹਾਮਾਰੀ ਬਾਰੇ ਅਜਿਹੀ ਪਹੁੰਚ ਨਹੀਂ ਅਪਣਾਈ ਜਿਸ ਨੂੰ ਸੰਤੁਲਿਤ ਕਿਹਾ ਜਾ ਸਕੇ। ਇਸ ਤਰ੍ਹਾਂ ਲੋਕ ਡਰ ਤਾਂ ਰਹੇ ਹੀ ਹਨ ਪਰ ਇਸ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਮਨੁੱਖ ਇਸ ਸਹਿਮ ਨੂੰ ਆਪਣੀ ਹੋਣੀ ਸਮਝ ਰਹੇ ਹਨ।
ਡਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ। ਇਹ ਸੁਭਾਵਿਕ ਵੀ ਹੈ, ਬਿਲਕੁਲ ਕੁਦਰਤੀ, ਪਰ ਹੱਦੋਂ ਵੱਧ ਡਰ ਜਾਣਾ ਆਪਣੇ ਆਪ ਵਿਚ ਬਿਮਾਰੀ ਹੈ। ਹੱਦੋਂ ਵੱਧ ਡਰੇ ਹੋਏ ਬੰਦੇ ਦਾ ਮਨੋਬਲ ਡਿੱਗ ਪੈਂਦਾ ਹੈ, ਉਹ ਢੇਰੀ ਢਾਹ ਬਹਿੰਦਾ ਹੈ, ਉਸ ਦੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਘਟ ਜਾਂਦੀ ਹੈ, ਉਹ ਹੋ ਰਹੀਆਂ ਘਟਨਾਵਾਂ ਬਾਰੇ ਮਿਲ ਰਹੀ ਜਾਣਕਾਰੀ ਨੂੰ ਤਰਕ ਦੇ ਤਰਾਜੂ 'ਤੇ ਨਹੀਂ ਤੋਲ ਸਕਦਾ, ਉਹ ਸਰਕਾਰ ਜਾਂ ਸਥਾਪਤੀ 'ਤੇ ਕੋਈ ਸਵਾਲ ਨਹੀਂ ਕਰਦਾ, ਉਸ ਨੂੰ ਤਾਲੀਆਂ ਵਜਾਉਣ ਲਈ ਕਿਹਾ ਜਾਵੇ ਤਾਂ ਉਹ ਤਾਲੀਆਂ ਵਜਾਏਗਾ, ਜੇ ਮੋਮਬੱਤੀਆਂ ਜਗਾਉਣ ਲਈ ਕਿਹਾ ਜਾਏ ਤਾਂ ਮੋਮਬੱਤੀਆਂ ਜਗਾਏਗਾ। ਹੱਦੋਂ ਵੱਧ ਡਰਿਆ ਬੰਦਾ ਸਰਕਾਰਾਂ ਤੇ ਤਾਕਤਵਰਾਂ ਨੂੰ ਬਹੁਤ ਮੁਆਫ਼ਕ ਹੁੰਦਾ ਹੈ।
ਹੱਦੋਂ ਵੱਧ ਡਰੇ ਹੋਏ ਬੰਦੇ ਦੀ ਮਾਨਸਿਕਤਾ ਅਖ਼ਬਾਰਾਂ ਅਤੇ ਮੀਡੀਆ ਵਿਚ ਸੁਰਖ਼ੀਆਂ ਬਣਦੀ ਹੈ। ਕਿਤੇ ਲੋਕ ਇਸ ਗੱਲ 'ਤੇ ਇਤਰਾਜ਼ ਕਰਦੇ ਹਨ ਕਿ ਫਲਾਂ ਬੰਦਾ, ਜਿਸ ਨੂੰ ਕਰੋਨਾਵਾਇਰਸ ਦੀ ਬਿਮਾਰੀ ਹੋਣ ਦਾ ਸ਼ੱਕ ਹੈ, ਸਾਡੀ ਆਬਾਦੀ ਵਿਚ ਕਿਉਂ ਰਹਿ ਰਿਹਾ ਹੈ। ਅਜਿਹੀਆਂ ਖ਼ਬਰਾਂ ਟੀਵੀ ਚੈਨਲਾਂ ਤੇ ਅਖ਼ਬਾਰਾਂ ਵਿਚ ਉਛਾਲੀਆਂ ਜਾਂਦੀਆਂ ਹਨ। ਮੀਡੀਆ ਰਾਹੀਂ ਫੈਲਦੀ ਦਹਿਸ਼ਤ ਸਮਾਜ ਵਿਚ ਫੈਲੀ ਹੋਈ ਦਹਿਸ਼ਤ ਨੂੰ ਜ਼ਰਬ ਦਿੰਦੀ ਹੈ। ਦਹਿਸ਼ਤ ਵਧਣ ਦੀ ਇਸ ਅਜੀਬ ਪ੍ਰਕਿਰਿਆ ਵਿਚ ਲੋਕ ਦਹਿਸ਼ਤ ਭਰੀਆਂ ਖ਼ਬਰਾਂ ਪੜ੍ਹਨ ਨੂੰ ਤਰਜੀਹ ਦਿੰਦੇ, ਇਕ ਦੂਸਰੇ ਨੂੰ ਅਜਿਹੀਆਂ ਖ਼ਬਰਾਂ ਸੁਣਾਉਂਦੇ ਅਤੇ ਸੋਸ਼ਲ ਮੀਡੀਆ 'ਤੇ ਉਛਾਲਦੇ ਹਨ।
ਸਾਡੇ ਦੇਸ਼ ਵਿਚ ਅਜਿਹੇ ਖ਼ੌਫ਼ ਨੇ ਲੋਕਾਂ ਦੇ ਮਨ ਨੂੰ ਇਉਂ ਜਕੜਿਆ ਕਿ ਲੱਖਾਂ ਪਰਵਾਸੀ ਮਜ਼ਦੂਰ ਆਪਣੇ ਰੁਜ਼ਗਾਰ ਵਾਲੀਆਂ ਥਾਵਾਂ ਛੱਡ ਕੇ ਆਪਣੇ ਘਰਾਂ ਨੂੰ ਤੁਰ ਪਏ। ਉਨ੍ਹਾਂ ਨੂੰ ਰਸਤਿਆਂ ਵਿਚ ਰੋਕਿਆ ਗਿਆ। ਕਈਆਂ 'ਤੇ ਰਸਾਇਣ ਛਿਡਕੇ ਗਏ ਅਤੇ ਉਨ੍ਹਾਂ ਨੂੰ ਸਕੂਲਾਂ, ਸਟੇਡੀਅਮਾਂ ਜਾਂ ਹੋਰ ਇਮਾਰਤਾਂ ਵਿਚ ਤਾੜ ਦਿੱਤਾ ਗਿਆ। ਬਹੁਤਿਆਂ ਨੂੰ ਕਈ ਦਿਨ ਖਾਣਾ ਨਹੀਂ ਮਿਲਿਆ। ਅਖ਼ਬਾਰਾਂ ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਫੋਟੋਆਂ ਸਾਡੀਆਂ ਸਰਕਾਰਾਂ ਅਤੇ ਸਮਾਜ ਦੇ ਅਣਮਨੁੱਖੀ ਵਤੀਰੇ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ।
ਸਾਡੇ ਆਪਣੇ ਸੂਬੇ ਵਿਚ ਅਜਿਹੇ ਤਰਕਹੀਣ ਵਤੀਰੇ ਤੇ ਵਰਤਾਰੇ ਦੀਆਂ ਖ਼ਬਰਾਂ ਦਿਲ ਦਹਿਲਾਉਣ ਵਾਲੀਆਂ ਹਨ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੇ ਸਸਕਾਰ ਨੂੰ ਰੋਕਣਾ ਅਜਿਹੀ ਤਕਰਹੀਣਤਾ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ। 321 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੇ ਲੋਕਾਂ ਨੂੰ ਭੈਅ-ਮੁਕਤ ਕਰਨ ਦਾ ਮਹਾਨ ਉਪਰਾਲਾ ਕੀਤਾ ਸੀ। ਅੱਜ ਇਹ ਧਰਤ ਏਨੀ ਭੈਅ-ਗ੍ਰਸਤ ਹੈ ਕਿ ਇੱਥੋਂ ਦੇ ਲੋਕ ਵੀ ਕਰੋਨਾਵਾਇਰਸ ਕਾਰਨ ਮਰੇ ਆਪਣੇ ਰਿਸ਼ਤੇਦਾਰਾਂ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਇਨਕਾਰ ਅਤੇ ਮ੍ਰਿਤਕਾਂ ਦੇ ਸਸਕਾਰ ਕਰਨ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਿਚ ਫ਼ਿਲਾਸਫ਼ੀ ਦੇ ਪ੍ਰੋਫ਼ੈਸਰ ਰਹੇ ਸਤਿਆਪਾਲ ਗੌਤਮ ਨੇ ਕੁਝ ਵਰ੍ਹੇ ਪਹਿਲਾਂ ਲਿਖਿਆ ਸੀ, ''ਇਨਸਾਨੀ ਜ਼ਿੰਦਗੀ ਦੀਆਂ ਅਨੇਕ ਸੀਮਾਵਾਂ ਹਨ। ਇਨ੍ਹਾਂ ਵਿਚੋਂ ਤਿੰਨ ਪ੍ਰਮੁੱਖ ਹਨ। ਪਹਿਲੀ ਸੀਮਾ ਇਹ ਹੈ ਕਿ ਮੌਤ ਸਾਡੀ ਜ਼ਿੰਦਗੀ ਦਾ ਪਰਮ ਸੱਚ ਹੈ। ਸਾਡੀ ਵਿਅਕਤੀਗਤ ਹੋਂਦ ਸਦੀਵੀ ਨਹੀਂ ਹੈ। ਮਰਨਾ ਲਾਜ਼ਮੀ ਹੈ ਪਰ ਅਸੀਂ ਕਿਹੜੀ ਮੌਤ ਮਰਾਂਗੇ, ਇਸ ਬਾਰੇ ਸਾਨੂੰ ਪਹਿਲਾਂ ਤੋਂ ਪਤਾ ਨਹੀਂ ਹੁੰਦਾ। ਸਾਡੀ ਮੌਤ ਸਾਡੀ ਜ਼ਿੰਦਗੀ ਵਿਚ ਵਾਪਰੀ ਕੋਈ ਘਟਨਾ ਨਹੀਂ ਹੁੰਦੀ। ਸਾਡੀ ਮੌਤ ਨਾਲ ਸਾਡੀ ਜ਼ਿੰਦਗੀ ਦਾ ਅੰਤ ਹੁੰਦਾ ਹੈ। ਕਿਸੇ ਦਾ ਵੀ ਅਚਾਨਕ ਮਾਰੇ ਜਾਣਾ ਜਾਂ ਮਰ ਜਾਣਾ ਉਸ ਦੇ ਪਿਆਰਿਆਂ ਦੀ ਜ਼ਿੰਦਗੀ 'ਚ ਸੋਗ ਤੇ ਕਸ਼ਟ ਲਿਆਉਂਦਾ ਹੈ। ਸਾਡੀ ਦੂਜੀ ਸੀਮਾ ਸਾਡੇ ਗਿਆਨ ਦਾ ਹਮੇਸ਼ਾ ਸੀਮਤ ਅਤੇ ਅਧੂਰੇ ਹੋਣਾ ਹੈ। ਅਸੀਂ ਕੁਦਰਤ, ਆਪਣੇ ਆਲੇ-ਦੁਆਲੇ ਅਤੇ ਆਪਣੇ ਆਪ ਨੂੰ ਕਦੀ ਵੀ ਪੂਰਾ ਜਾਣ-ਸਮਝ ਨਹੀਂ ਸਕਦੇ। ਅਧੂਰੀ ਕੱਚੀ-ਪੱਕੀ ਸਮਝ ਕਾਰਨ ਅਸੀਂ ਅਕਸਰ ਗ਼ਲਤੀਆਂ ਕਰਦੇ ਹਾਂ ਅਤੇ ਉਨ੍ਹਾਂ ਦੇ ਨਤੀਜੇ ਭੋਗਦੇ ਹਾਂ। ਸਾਡੀ ਤੀਜੀ ਸੀਮਾ ਇਹ ਹੈ ਕਿ ਅਸੀਂ ਸਰਬ-ਸ਼ਕਤੀਮਾਨ ਨਹੀਂ ਹਾਂ ਅਤੇ ਇਸ ਕਾਰਨ ਸਾਡੀਆਂ ਸਾਰੀਆਂ ਇੱਛਾਵਾਂ, ਉਮੰਗਾਂ ਤੇ ਖਾਹਿਸ਼ਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।''
ਇਹ ਸ਼ਬਦ ਮਨੁੱਖੀ ਹਾਲਾਤ ਦੀ ਸਹੀ ਤਰਜਮਾਨੀ ਕਰਦੇ ਹਨ। ਸਮੱਸਿਆ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਅਜਿਹੇ ਸੱਚਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ। ਜੇਕਰ ਮਨੁੱਖ ਆਪਣੀਆਂ ਸੀਮਾਵਾਂ ਨੂੰ ਮੰਨ ਲਵੇ ਤਾਂ ਉਸ ਦਾ ਜਿਊਣਾ ਕੁਝ ਸਹਿਲ ਹੋ ਸਕਦਾ ਹੈ ਤੇ ਸੰਕਟ ਦੇ ਸਮੇਂ ਉਸ ਨੂੰ ਦੁੱਖਾਂ-ਦੁਸ਼ਵਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਪਰ ਹੁੰਦਾ ਇਸ ਤੋਂ ਉਲਟ ਹੈ। ਸੰਕਟ ਦੇ ਸਮਿਆਂ ਵਿਚ ਸਾਡੇ ਅੰਦਰ ਦਬੀਆਂ ਭੁੱਸਾਂ, ਤੁਅੱਸਬ, ਜਾਤੀਵਾਦ, ਕੱਟੜਪੁਣੇ ਤੇ ਵਿਤਕਰੇ ਦੀਆਂ ਭਾਵਨਾਵਾਂ ਹੋਰ ਪ੍ਰਚੰਡ ਹੋ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ''ਮਨ ਕੀ ਮਤਿ ਮਤਾਗਲੁ ਮਤਾ॥ ਜੋ ਕਿਛੁ ਬੋਲੀੲੈ ਸਭੁ ਖਤੋ ਖਤਾ॥'' ਭਾਵ ਚਿੱਤ ਦੀ ਅਕਲ ਨਸ਼ਈ ਹਾਥੀ ਵਰਗੀ ਹੈ। ਜੋ ਕੁਝ ਅਸੀਂ ਆਖਦੇ ਹਾਂ, ਉਹ ਸਾਰਾ ਗ਼ਲਤਾਂ ਦਾ ਗ਼ਲਤ ਹੈ, ਭਾਵ ਬਹੁਤ ਗ਼ਲਤ ਹੈ। ਸੰਕਟ ਦੇ ਸਮਿਆਂ ਵਿਚ ਬੰਦੇ ਦੀ ਅਕਲ ਦਾ ਹੋਰ ਕਠਿਨ ਇਮਤਿਹਾਨ ਹੁੰਦਾ ਹੈ।
ਮਨੋਵਿਗਿਆਨੀ ਦੱਸਦੇ ਹਨ ਕਿ ਹੱਦੋਂ ਵੱਧ ਡਰੇ ਹੋਏ ਬੰਦੇ ਕੋਲ ਦੋ ਬਦਲ ਹੁੰਦੇ ਹਨ, ਉਹ ਹਾਲਾਤ ਨਾਲ ਲੜਦਾ ਹੈ ਜਾਂ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਉਹ ਇਸ ਨੂੰ ਲੜਨ ਜਾਂ ਭੱਜ ਜਾਣ ਦੀ ਸਥਿਤੀ (Fight or flight situation) ਕਹਿੰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਖ਼ਾਸ ਸ਼ਬਦ, ਵੰਗਾਰ ਤੇ ਸੋਚ ਮੈਦਾਨ ਛੱਡ ਕੇ ਭੱਜ ਜਾਣ ਵਾਲੇ ਬੰਦੇ ਨੂੰ ਲੜਾਕੂ ਬਣਾ ਸਕਦੇ ਹਨ ਤੇ ਕੁਝ ਲੜਨ ਵਾਲੇ ਬੰਦੇ ਨੂੰ ਪਿੱਠ ਦਿਖਾ ਕੇ ਭੱਜ ਜਾਣ ਵਾਲਾ। ਇਨ੍ਹਾਂ ਦੋ ਵਰਤਾਰਿਆਂ ਵਿਚਲੀ ਵਿੱਥ ਬਹੁਤ ਘੱਟ ਹੈ। ਇਨ੍ਹਾਂ ਸਮਿਆਂ ਵਿਚ ਮਨੁੱਖ ਦੀ ਦੋਸਤੀ, ਭਾਈਚਾਰੇ, ਸਾਂਝੀਵਾਲਤਾ ਤੇ ਸਮਾਜਿਕ ਏਕਤਾ ਦੀ ਪ੍ਰੀਖਿਆ ਹੁੰਦੀ ਹੈ।
ਇਸ ਡਰ ਤੋਂ ਮੁਕਤੀ ਕਿਵੇਂ ਮਿਲ ਸਕਦੀ ਹੈ? ਇਸ ਪ੍ਰਸ਼ਨ ਦਾ ਉੱਤਰ ਦੇਣਾ ਸਹਿਲ ਨਹੀਂ। ਮਨੁੱਖਾਂ ਦੀ ਇਕ-ਦੂਸਰੇ ਦੇ ਦੁੱਖ ਵੰਡਾਉਣ ਦੀ ਭਾਵਨਾ, ਸਾਂਝੀਵਾਲਤਾ ਦਾ ਜਜ਼ਬਾ ਅਤੇ ਆਪਸ ਵਿਚ ਗੱਲਬਾਤ ਕਰਕੇ ਤਰਕਹੀਣ ਸੋਚਾਂ 'ਤੇ ਕਾਬੂ ਪਾਉਣਾ ਹੀ ਮਸਲੇ ਦਾ ਹੱਲ ਹੈ। ਡਰ ਸੁਭਾਵਿਕ ਹੈ ਪਰ ਹੱਦੋਂ ਵੱਧ ਡਰ ਸਮਾਜ ਲਈ ਖ਼ਤਰਾ ਹੈ, ਇਹ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ। ਮਨੁੱਖਤਾ ਅਸਹਿ ਤੇ ਅਕਹਿ ਦੁੱਖਾਂ ਤੇ ਸੰਕਟਾਂ ਵਿਚੋਂ ਲੰਘੀ ਹੈ ਜਿੱਥੇ ਲੋਕ-ਸਮੂਹਾਂ ਨੇ ਇਕੱਠੇ ਹੋ ਕੇ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਹੈ। ਲੋਕਾਂ ਨੇ ਆਪਣਿਆਂ ਤੇ ਪਰਾਇਆਂ ਨੂੰ ਬਚਾਉਣ ਲਈ ਆਪਾ ਵਾਰਿਆ ਹੈ। ਸਵੈ-ਕੇਂਦਰਿਤ ਸੋਚ ਸਾਡੇ ਡਰ ਨੂੰ ਵਧਾਏਗੀ ਜਦੋਂਕਿ ਆਪਸ ਵਿਚ ਕੀਤਾ ਗਿਆ ਸਲਾਹ-ਮਸ਼ਵਰਾ ਅਤੇ ਸਮਾਜਿਕ ਏਕਤਾ ਸਾਡੀ ਸਮੂਹਿਕ ਸ਼ਕਤੀ ਨੂੰ ਮਜ਼ਬੂਤ ਕਰੇਗਾ। ਸਾਨੂੰ ਆਪਣੇ ਆਗੂਆਂ ਦੀਆਂ ਤਕਰੀਰਾਂ, ਫੈਲਦੀਆਂ ਅਫ਼ਵਾਹਾਂ, ਟੈਲੀਵਿਜ਼ਨ ਚੈਨਲਾਂ 'ਤੇ ਮਿਲਦੇ ਮਾਹਿਰਾਂ ਦੇ ਸੁਝਾਵਾਂ ਆਦਿ ਨੂੰ ਤਰਕ ਦੇ ਤਰਾਜੂ 'ਤੇ ਤੋਲਣ ਦੀ ਜ਼ਰੂਰਤ ਹੈ। ਕਰੋਨਾਵਾਇਰਸ ਨਾਲ ਲੜਦੇ ਹੋਏ, ਦੱਸੀਆਂ ਗਈਆਂ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਹੱਦੋਂ ਵੱਧ ਡਰ ਤੋਂ ਬਚਣ ਦੀ ਲੋੜ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਹਾਲਾਤ ਵਿਚ ਹੌਸਲਾ, ਦਲੇਰੀ, ਦੁੱਖ ਝੱਲਣ ਅਤੇ ਵੰਡਾਉਣ ਦੀ ਤਾਕਤ, ਜੇਰਾ, ਜੀਰਾਂਦ, ਸੰਜਮ, ਸਬਰ, ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਜਿਹੇ ਮਨੁੱਖੀ ਗੁਣ ਹੀ ਸਾਨੂੰ ਇਸ ਦਹਿਸ਼ਤ ਤੋਂ ਬਚਾ ਸਕਦੇ ਹਨ।
ਗੌਤਮ, ਆਨੰਦ ਅਤੇ ... - ਸਵਰਾਜਬੀਰ
ਗੌਤਮ ਬੁੱਧ ਤੇ ਆਨੰਦ ਨੂੰ ਸਾਰੇ ਜਾਣਦੇ ਹਨ। ਵੱਖ ਵੱਖ ਰਵਾਇਤਾਂ ਅਨੁਸਾਰ ਉਹ ਚਚੇਰੇ ਭਰਾ ਸਨ। ਕੋਈ ਰਵਾਇਤ ਇਹ ਕਹਿੰਦੀ ਹੈ ਕਿ ਸਿਧਾਰਥ (ਗੌਤਮ ਬੁੱਧ) ਤੇ ਆਨੰਦ ਇਕੋ ਦਿਨ ਜਨਮੇ ਸਨ ਤੇ ਕੋਈ ਕਹਿੰਦੀ ਏ ਕਿ ਆਨੰਦ ਗੌਤਮ ਤੋਂ ਕਈ ਵਰ੍ਹੇ ਛੋਟਾ ਸੀ। ਜਦ ਸਿਧਾਰਥ ਗੌਤਮ ਬੁੱਧ ਬਣ ਕੇ ਕਪਿਲ ਵਸਤੂ ਪਰਤਿਆ ਤਾਂ ਆਨੰਦ ਵੀ ਭਿਕਸ਼ੂ ਬਣ ਗਿਆ। ਵੀਹ ਸਾਲ ਬੁੱਧ ਨਾਲ ਰਹਿਣ ਤੋਂ ਬਾਅਦ ਆਨੰਦ ਉਨ੍ਹਾਂ ਦਾ ਨਿੱਜੀ ਸੇਵਕ, ਸਾਂਝੀਵਾਲ ਤੇ ਮੁੱਖ ਚੇਲਾ ਬਣ ਗਿਆ। ਮਹਾਤਮਾ ਬੁੱਧ ਦੇ ਜੀਵਨ ਦੌਰਾਨ ਹੀ ਉਸ ਦੀ ਪਛਾਣ ਬੁੱਧ ਧਰਮ ਦੇ ਸਿਧਾਂਤਕਾਰ ਵਜੋਂ ਹੋਣ ਲੱਗੀ। ਇਹ ਵੀ ਦੱਸਿਆ ਜਾਂਦਾ ਹੈ ਕਿ ਆਨੰਦ ਦੇ ਕਹਿਣ 'ਤੇ ਹੀ ਮਹਾਤਮਾ ਬੁੱਧ ਨੇ ਇਸਤਰੀਆਂ ਨੂੰ ਭਿਕਸ਼ੂ ਬਣਾਇਆ ਤੇ ਬੋਧੀ ਸੰਘ ਵਿਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ। ਬੁੱਧ ਦੀ ਮੌਤ ਵੇਲੇ ਆਨੰਦ ਨੂੰ ਪੂਰਨ ਗਿਆਨ ਹਾਸਲ ਨਹੀਂ ਸੀ ਹੋਇਆ। ਇਸ ਲਈ ਉਸ ਨੂੰ ਰਾਜਗੜ੍ਹ ਵਿਚ ਹੋਈ ਪਹਿਲੀ ਬੋਧੀ ਮਹਾਂ-ਗੋਸ਼ਟ ਵਿਚ ਹਿੱਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਮਹਾਂ-ਗੋਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੋ ਗਿਆ ਤੇ ਉਸ ਨੇ ਮਹਾਂ-ਗੋਸ਼ਟ ਵਿਚ ਹਿੱਸਾ ਲਿਆ। ਏਸੇ ਮਹਾਂ-ਗੋਸ਼ਟ ਵਿਚ ਉਸ ਦਾ ਇਸ ਲਈ ਵਿਰੋਧ ਕੀਤਾ ਗਿਆ ਕਿ ਉਸ ਦੇ ਕਾਰਨ ਔਰਤਾਂ ਨੂੰ ਸੰਘ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਆਨੰਦ ਨੇ ਕਈ ਬੋਧੀ ਗ੍ਰੰਥ ਲਿਖੇ ਤੇ ਉਹ ਬੁੱਧ ਧਰਮ ਦਾ ਪ੍ਰਮੁੱਖ ਵਿਆਖਿਆਕਾਰ ਮੰਨਿਆ ਗਿਆ। ਉਸ ਨੇ ਬੁੱਧ ਧਰਮ ਦੀਆਂ ਦੂਸਰੀ ਤੇ ਤੀਸਰੀ ਮਹਾਂ-ਗੋਸ਼ਟ ਵਿਚ ਵੱਡੀ ਭੂਮਿਕਾ ਨਿਭਾਈ।
ਕੁਰਲੈਤਨ ਹੈਦਰ ਆਪਣਾ ਨਾਵਲ 'ਆਗ ਕਾ ਦਰਿਆ' ਮਹਾਤਮਾ ਬੁੱਧ ਦੇ ਸਮਿਆਂ ਤੋਂ ਸੌ ਕੁ ਸਾਲ ਬਾਅਦ ਸ਼ੁਰੂ ਕਰਦੀ ਹੈ। ਉਸ ਦਾ ਇਕ ਪ੍ਰਮੁੱਖ ਕਿਰਦਾਰ ਸਨਾਤਨ ਧਰਮ ਦੀ ਸ਼੍ਰਾਸਵਤੀ ਗੁਰੂਕੁਲ ਦਾ ਵਿਦਿਆਰਥੀ ਗੌਤਮ ਨੀਲਾਂਬਰ ਨਾਵਲ ਦੇ ਪਹਿਲੇ ਸਫ਼ਿਆਂ ਵਿਚ ਬੋਧੀ ਹਰਿਸ਼ੰਕਰ ਨੂੰ ਮਿਲਦਾ ਹੈ। ਹਰਿਸ਼ੰਕਰ ਦੱਸਦਾ ਹੈ ਕਿ ਹੁਣ ਔਰਤਾਂ ਵੀ ਧਾਰਮਿਕ ਮਾਮਲਿਆਂ ਵਿਚ ਹਿੱਸਾ ਲੈਣ ਲੱਗ ਪਈਆਂ ਹਨ। ਪਹਿਲੀ ਬੁੱਧ ਮਹਾਂ-ਗੋਸ਼ਟ ਵਿਚ ਭਿਕਸ਼ੂਆਂ ਵੱਲੋਂ ਆਨੰਦ ਦੁਆਰਾ ਔਰਤਾਂ ਨੂੰ ਬੋਧੀ ਸੰਘ ਵਿਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵੱਲ ਇਸ਼ਾਰਾ ਕਰਦਿਆਂ ਗੌਤਮ ਨੀਲਾਂਬਰ ਕਹਿੰਦਾ ਹੈ, ''ਵੇਖੋ, ਤੁਹਾਡੇ ਆਨੰਦ ਨਾਲ ਕੀ ਬੀਤੀ ਸੀ।'' ਸਨਾਤਨੀਆਂ ਨੇ ਗੌਤਮ ਬੁੱਧ, ਆਨੰਦ ਤੇ ਹੋਰ ਬੋਧੀ ਵਿਦਵਾਨਾਂ ਵਿਰੁੱਧ ਮੋਰਚਾ ਲਾਇਆ ਹੋਇਆ ਸੀ। ਇਹ ਮੋਰਚਾ ਸੈਂਕੜੇ ਸਾਲ ਚੱਲਦਾ ਰਿਹਾ ਤੇ ਇਸ ਵਿਚ ਸਨਾਤਨੀ ਜੇਤੂ ਹੋਏ। ਗੌਤਮ ਤੇ ਆਨੰਦ ਦੇ ਬੁੱਧ ਧਰਮ ਨੂੰ ਇਸ ਧਰਤੀ ਤੋਂ ਜਲਾਵਤਨ ਕਰ ਦਿੱਤਾ ਗਿਆ।
ਗੌਤਮ ਤੇ ਆਨੰਦ ... ਇਹ ਨਾਂ ਕਿੰਨੇ ਪੁਰਾਣੇ ਹਨ। ਹਜ਼ਾਰਾਂ ਵਰ੍ਹੇ ਪੁਰਾਣੇ।
ਅੱਜ ਇਹ ਨਾਂ ਸਾਡੇ ਸਾਹਮਣੇ ਕੁਝ ਹੋਰ ਤਰ੍ਹਾਂ ਹਾਜ਼ਰ ਹਨ। ਇਕ ਵਿਅਕਤੀ ਦਾ ਨਾਂ ਹੈ ਗੌਤਮ ਨਵਲੱਖਾ ਹੈ ਅਤੇ ਦੂਸਰੇ ਦਾ ਆਨੰਦ ਤੈਲਤੁੰਬੜੇ। ਇਸ ਤਰ੍ਹਾਂ 'ਗੌਤਮ' ਤੇ 'ਆਨੰਦ' ਦੇ ਨਾਂ ਫਿਰ ਇਕੱਠੇ ਲਏ ਜਾ ਰਹੇ ਹਨ : ਇਕ ਖ਼ਾਸ ਸੰਦਰਭ ਵਿਚ। ਕਹਿਣ ਤੋਂ ਭਾਵ ਇਹ ਨਹੀਂ ਕਿ ਕੋਈ ਖ਼ਾਸ ਨਾਵਾਂ ਵਾਲੇ ਕਿਸ ਖ਼ਾਸ ਧਿਰ ਵੱਲ ਹੁੰਦੇ। ਇਹ ਸਿਰਫ਼ ਇਤਫ਼ਾਕ ਹੈ ਕਿ ਅੱਜ ਦੇ ਗੌਤਮ (ਨਵਲੱਖਾ) ਤੇ ਆਨੰਦ (ਤੈਲਤੁੰਬੜੇ) ਵੀ ਦਲਿਤਾਂ ਤੇ ਦੱਬੇ ਕੁਚਲਿਆਂ ਦੇ ਹੱਕ ਵਿਚ ਉਨ੍ਹਾਂ ਪੈੜਾਂ 'ਤੇ ਚੱਲਦੇ ਹੋਏ ਆਵਾਜ਼ ਬੁਲੰਦ ਕਰ ਰਹੇ ਹਨ, ਜਿਹੜੀਆਂ ਹਜ਼ਾਰਾਂ ਵਰ੍ਹੇ ਪਹਿਲਾਂ ਦੇ ਗੌਤਮ (ਬੁੱਧ) ਤੇ ਆਨੰਦ ਨੇ ਪਾਈਆਂ ਸਨ।
ਇਨ੍ਹਾਂ ਹਜ਼ਾਰਾਂ ਵਰ੍ਹਿਆਂ ਵਿਚ ਬ੍ਰਾਹਮਣਵਾਦ, ਜਾਤੀਵਾਦ ਤੇ ਕਰਮਕਾਂਡ ਵਿਰੁੱਧ ਲੜਾਈ ਹੁੰਦੀ ਰਹੀ। ਜਾਤੀਵਾਦ ਸਮਾਜ 'ਤੇ ਭਾਰੂ ਰਿਹਾ ਤੇ ਉਸ ਨੇ ਬ੍ਰਾਹਮਣ, ਕਸ਼ੱਤਰੀਯ ਤੇ ਵੈਸ਼ ਵਰਣਾਂ ਦੇ ਲੋਕਾਂ ਨੂੰ ਖ਼ਾਸ ਅਧਿਕਾਰ ਦਿੱਤੇ ਜਦੋ੬ਂਕਿ ਸ਼ੂਦਰ ਗਰਦਾਨੇ ਗਏ ਕਰੋੜਾਂ ਲੋਕਾਂ ਨੂੰ ਅਧਿਕਾਰਾਂ ਤੇ ਗਿਆਨ ਤੋਂ ਮਹਿਰੂਮ ਕੀਤਾ। ਜਾਤੀਵਾਦੀ ਸੋਚ ਦਾ ਪ੍ਰਚਾਰ ਏਨੇ ਪ੍ਰਚੰਡ ਤਰੀਕੇ ਨਾਲ ਕੀਤਾ ਗਿਆ ਕਿ ਇਹ ਸੋਚ ਸਾਡੀ ਸਮਾਜਿਕ ਸੂਝ-ਬੂਝ ਤੇ ਅਮਲ ਦਾ ਹਿੱਸਾ ਬਣ ਗਈ ਜਿਵੇਂ ਇਕ ਕੋਈ ਦੈਵੀ ਸੱਚ ਜਾਂ ਕੁਦਰਤੀ ਅਮਲ ਹੋਵੇ।
1818 ਵਿਚ ਮਹਾਰਾਸ਼ਟਰ ਵਿਚ ਕੋਰੇਗਾਓਂ ਦੇ ਸਥਾਨ 'ਤੇ ਪੇਸ਼ਵਾ ਬਾਜੀਰਾਓ ਦੂਸਰੇ ਅਤੇ ਈਸਟ ਇੰਡੀਆ ਕੰਪਨੀ ਦਰਮਿਆਨ ਲੜਾਈ ਹੋਈ। ਕੰਪਨੀ ਦੀ ਫ਼ੌਜ, ਜਿਸ ਵਿਚ ਮਹਾਰ ਜਾਤੀ ਦੇ ਦਲਿਤ ਫ਼ੌਜੀ ਸ਼ਾਮਲ ਸਨ, ਨੇ ਪੇਸ਼ਵਾ ਦੀ ਫ਼ੌਜ ਨੂੰ ਹਰਾ ਦਿੱਤਾ। ਨਜ਼ਦੀਕ ਭੀਮਾ ਦਰਿਆ ਦੇ ਵਹਿਣ ਕਾਰਨ ਇਸ ਨੂੰ ਭੀਮਾ ਕੋਰੇਗਾਓਂ ਦੀ ਲੜਾਈ ਅਤੇ ਦਲਿਤ ਜਾਤੀ ਦੇ ਮਹਾਰ ਲੋਕਾਂ ਦੀ ਬ੍ਰਾਹਮਣਵਾਦੀ ਰਾਜੇ 'ਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬੀ.ਆਰ. ਅੰਬੇਦਕਰ ਨੇ ਇਕ ਜਨਵਰੀ 1927 ਨੂੰ ਇਸ ਥਾਂ ਦੀ ਯਾਤਰਾ ਕੀਤੀ। ਦਲਿਤ ਸਮਾਜ ਤੇ ਜਥੇਬੰਦੀਆਂ ਇਕ ਜਨਵਰੀ ਦਾ ਦਿਨ ਦਮਨ ਵਿਰੋਧੀ ਦਿਵਸ ਵਜੋਂ ਮਨਾਉਂਦੀਆਂ ਹਨ। 31 ਦਸੰਬਰ 2017 ਨੂੰ ਐਲਗਰ ਪਰੀਸ਼ਦ, ਜਿਹਦੇ ਵਿਚ 250 ਤੋਂ ਵੱਧ ਸੰਸਥਾਵਾਂ ਸ਼ਾਮਲ ਸਨ, ਨੇ ਇਸ ਥਾਂ 'ਤੇ ਵੱਡਾ ਇਕੱਠ ਕੀਤਾ। ਇਸ ਵਿਚ ਸਮਾਜਿਕ ਕਾਰਕੁਨ, ਕਲਾਕਾਰ, ਗਾਇਕ, ਸੰਗੀਤਕਾਰ, ਰੰਗਕਰਮੀ ਅਤੇ ਹੋਰ ਹਜ਼ਾਰਾਂ ਲੋਕ ਸ਼ਾਮਲ ਹੋਏ। ਇਕ ਜਨਵਰੀ 2018 ਨੂੰ ਇੱਥੇ ਹਿੰਸਾ ਹੋਈ ਜਿਸ ਵਿਚ ਇਕ ਆਦਮੀ ਮਾਰਿਆ ਗਿਆ ਅਤੇ ਤਿੰਨ ਜ਼ਖ਼ਮੀ ਹੋਏ। ਕੁਝ ਦਿਨ ਬਾਅਦ ਮਹਾਰਾਸ਼ਟਰ ਪੁਲੀਸ ਨੇ ਸੁਰਿੰਦਰ ਗੈਡਲਿੰਗ, ਰੋਨਾ ਵਿਲਸਨ, ਮਹੇਸ਼ ਰਾਉਤ, ਸੁਧੀਰ ਨਵਾਲੇ ਅਤੇ ਸੋਮਾ ਸੇਨ ਦੇ ਵਿਰੁੱਧ ਇਹ ਕਹਿੰਦਿਆਂ ਕੇਸ ਦਰਜ ਕੀਤਾ ਕਿ ਇਹ ਸਮਾਗਮ ਇਕ ਮਾਓਵਾਦੀ ਸਾਜ਼ਿਸ਼ ਦਾ ਹਿੱਸਾ ਸੀ।
ਸੁਰਿੰਦਰ ਗੈਡਲਿੰਗ ਮਨੁੱਖੀ ਹੱਕਾਂ ਦੇ ਕੇਸ ਲੜਨ ਵਾਲਾ ਵਕੀਲ ਹੈ ਅਤੇ ਸੁਧੀਰ ਨਵਾਲੇ ਇਕ ਕਵੀ। ਮਹੇਸ਼ ਰਾਉਤ ਆਦਿਵਾਸੀਆਂ ਵਿਚ ਕੰਮ ਕਰਨ ਵਾਲਾ ਸਮਾਜਿਕ ਕਾਰਕੁਨ ਹੈ ਅਤੇ ਰੋਨਾ ਵਿਲਸਨ ਜਮਹੂਰੀ ਹੱਕਾਂ ਦੀ ਰਾਖੀ ਵਿਚ ਖੜ੍ਹਾ ਹੋਣ ਵਾਲਾ। ਸੋਮਾ ਸੇਨ ਨਾਗਪੁਰ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੜ੍ਹਾਉਂਦੀ ਹੈ ਅਤੇ ਔਰਤਾਂ ਦੇ ਹੱਕਾਂ ਲਈ ਲੜਦੀ ਹੈ।
ਬਾਅਦ ਵਿਚ ਪੁਲੀਸ ਨੇ ਕਿਹਾ ਕਿ ਇਸ ਸਾਜ਼ਿਸ਼ ਵਿਚ ਆਨੰਦ ਤੈਲਤੁੰਬੜੇ ਅਤੇ ਗੌਤਮ ਨਵਲੱਖਾ, ਅਰੁਨ ਫਰੇਰਾ, ਵਰਨੋਨ ਗੋਂਸਾਲਵੇਜ਼, ਵਰਵਰਾ ਰਾਓ ਅਤੇ ਸੁਧਾ ਭਾਰਦਵਾਜ ਵੀ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗੌਤਮ ਨਵਲੱਖਾ ਅਤੇ ਆਨੰਦ ਤੈਲਤੁੰਬੜੇ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਸੀ। ਹੁਣ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾ ਕਰਨ ਦੇ ਆਦੇਸ਼ ਨੂੰ ਵਧਾਉਣ ਤੋਂ ਨਾਂਹ ਕਰ ਦਿੱਤੀ। ਵੀਰਵਾਰ ਨੂੰ ਆਨੰਦ ਤੈਲਤੁੰਬੜੇ ਅਤੇ ਗੌਤਮ ਨਵਲੱਖਾ ਨੇ ਰਾਸ਼ਟਰੀ ਜਾਂਚ ਏਜੰਸੀ ਸਾਹਮਣੇ ਆਤਮ ਸਮਰਪਣ ਕਰ ਦਿੱਤਾ।
ਵਰਵਰਾ ਰਾਓ ਤੇਲਗੂ ਭਾਸ਼ਾ ਦਾ ਕਵੀ ਹੈ ਜੋ ਕਈ ਦਹਾਕਿਆਂ ਤੋਂ ਨਾਬਰੀ ਦਾ ਸੁਰ ਬਣ ਕੇ ਉਭਰਿਆ ਹੈ। ਮਸ਼ਹੂਰ ਅਰਥ ਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਸੁਧਾ ਭਾਰਦਵਾਜ ਹਿਸਾਬਦਾਨ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੀ ਕਾਰਕੁਨ ਹੈ। ਵਰਨੋਨ ਗੋਂਸਾਲਵੇਜ਼ ਮੁੰਬਈ ਦੇ ਮਸ਼ਹੂਰ ਕਾਲਜਾਂ ਵਿਚ ਪ੍ਰਾਧਿਆਪਕ ਰਿਹਾ ਅਤੇ ਅਰੁਨ ਫਰੇਰਾ ਨੂੰ ਦੋ ਵਾਰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਪਰ ਉਸ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਹੋਇਆ। ਗੌਤਮ ਨਵਲੱਖਾ ਵੀ ਲੰਮੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਸਰਗਰਮ ਰਿਹਾ।
ਮਹਾਰਾਸ਼ਟਰ ਦੇ ਯਵਤ ਮੱਲ ਜ਼ਿਲ੍ਹੇ ਵਿਚ ਪੈਦਾ ਹੋਏ ਆਨੰਦ ਤੈਲਤੁੰਬੜੇ ਨੇ 1982 ਵਿਚ ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਤਂਂ ਮੈਨੇਜਮੈਂਟ ਦੇ ਵਿਸ਼ੇ ਵਿਚ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਮੁੰਬਈ ਯੂਨੀਵਰਸਿਟੀ ਤੋਂ ਡਾਕਟਰੇਟ। ਉਸ ਨੇ ਜਨਤਕ ਖੇਤਰ ਦੇ ਅਦਾਰੇ ਭਾਰਤ ਪੈਟਰੋਲੀਅਮ ਵਿਚ ਕੰਮ ਕਰਦਿਆਂ ਤਕਨੀਕ ਤੇ ਪ੍ਰਬੰਧ ਦਾ ਸੁਮੇਲ ਪੈਦਾ ਕਰਕੇ ਕੰਪਨੀ ਨੂੰ ਵੱਡਾ ਫ਼ਾਇਦਾ ਪਹੁੰਚਾਇਆ। ਇਸ ਤੋਂ ਬਾਅਦ ਉਸ ਨੇ ਬਹੁਤ ਦੇਰ ਤਕ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਖੜਗਪੁਰ ਵਿਚ ਪੜ੍ਹਾਇਆ ਅਤੇ ਇਸ ਤੋਂ ਬਾਅਦ ਗੋਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ। ਉਸ ਦੀ ਸ਼ਾਦੀ ਬੀ.ਆਰ. ਅੰਬੇਦਕਰ ਦੀ ਪੋਤਰੀ ਰਮਾ ਬਾਈ ਨਾਲ ਹੋਈ। ਉਸ ਨੇ ਵੱਖ ਵੱਖ ਸਮਾਜਿਕ ਸਮੱਸਿਆਵਾਂ, ਜਿਨ੍ਹਾਂ ਵਿਚ ਜਾਤੀਵਾਦ ਵੀ ਸ਼ਾਮਲ ਹੈ, ਬਾਰੇ 30 ਕਿਤਾਬਾਂ ਲਿਖੀਆਂ ਹਨ।
ਆਤਮ-ਸਮਰਪਣ ਕਰਨ ਤੋਂ ਪਹਿਲਾਂ ਆਨੰਦ ਤੈਲਤੁੰਬੜੇ ਨੇ ਦੇਸ਼ ਵਾਸੀਆਂ ਦੇ ਨਾਂ ਇਕ ਖ਼ਤ ਲਿਖਿਆ ਜਿਸ ਵਿਚ ਉਸ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਜੋ ਮੈਂ ਕਹਿ ਰਿਹਾ ਹਾਂ, ਉਹ ਭਾਰਤੀ ਜਨਤਾ ਪਾਰਟੀ-ਰਾਸ਼ਟਰੀ ਸਵੈਮਸੇਵਕ ਸੰਘ ਦੇ ਗੱਠਜੋੜ ਦੁਆਰਾ ਪਾਏ ਜਾ ਰਹੇ ਸ਼ੋਰ ਵਿਚ ਗੁਆਚ ਜਾਏਗਾ ... 2019 ਵਿਚ ਅਖ਼ਬਾਰਾਂ ਵਿਚ ਛਪਿਆ ਸੀ ਕਿ ਸਰਕਾਰ ਨੇ ਮੇਰੇ ਫ਼ੋਨ ਉੱਤੇ ਜਾਸੂਸੀ ਕਰਨ ਵਾਲੇ ਇਸਰਾਇਲੀ ਸਾਫ਼ਟਵੇਅਰ ਪੈਗਾਸਸ ਦੀ ਵਰਤੋਂ ਕੀਤੀ ਸੀ। ਮੀਡੀਆ ਵਿਚ ਇਸ ਦਾ ਥੋੜ੍ਹਾ-ਬਹੁਤ ਜ਼ਿਕਰ ਹੋਇਆ ਪਰ ਇਹ ਗੰਭੀਰ ਮਾਮਲਾ ਜਲਦੀ ਹੀ ਦਬਾ ਦਿੱਤਾ ਗਿਆ... ਮੈਂ ਕਦੀ ਵੀ ਕਿਸੇ ਹਿੰਸਾਤਮਕ ਅੰਦੋਲਨ ਦੀ ਹਮਾਇਤ ਨਹੀਂ ਕੀਤੀ ਅਤੇ ਮੈਨੂੰ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਵਰ੍ਹਿਆਂ ਵਿਚ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਰੇ ਕਾਨੂੰਨ ਅਧੀਨ ਕੈਦ ਕੀਤਾ ਜਾ ਰਿਹਾ ਹੈ।''
ਲੈਫ਼ਟਵਰਡ ਬੁੱਕਸ ਦੇ ਵਿਜੈ ਪ੍ਰਸਾਦ ਅਤੇ ਸੁਧਨਵਾ ਦੇਸ਼ਪਾਂਡੇ ਨੇ ਤੈਲਤੁੰਬੜੇ ਨੂੰ ਇਕ ਚਿੱਠੀ-ਨੁਮਾ ਲੇਖ ਵਿਚ ਕਿਹਾ ਹੈ :
''ਤੈਨੂੰ ਏਸ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਕਿਉਂਕਿ ਤੂੰ ਅਸਹਿਮਤੀ ਦੇ ਉਸ ਜਵਾਰਭਾਟੇ ਦਾ ਹਿੱਸਾ ਸੈਂ ਜਿਸ ਨੇ ਇਸ ਸਰਕਾਰ ਦੁਆਰਾ ਜਮਹੂਰੀਅਤ ਨੂੰ ਪਹੁੰਚਾਏ ਨੁਕਸਾਨ ਵਿਰੁੱਧ ਆਵਾਜ਼ ਉਠਾਈ। ਤੂੰ ਲਿਖਿਆ ਸੀ, 'ਦਲਿਤਾਂ ਨੂੰ ਹਿੰਦੂਤਵੀ ਧਾੜਵੀਆਂ ਦੁਆਰਾ ਪੈਦਾ ਕੀਤੇ ਗਏ ਪੇਸ਼ਵਾ ਵਰਗੇ ਨਿਜ਼ਾਮ ਵਿਰੁੱਧ ਲੜਨਾ ਪਏਗਾ। ਉਨ੍ਹਾਂ ਨੂੰ ਆਪਣੇ ਬੀਤੇ ਵਿਚ ਮਿਥਿਹਾਸਕ ਤਰੀਕੇ ਨਾਲ ਝਾਕਣ ਦੀ ਬਜਾਏ ਆਪਣੀਆਂ ਅੱਖਾਂ ਖੋਲ੍ਹ ਕੇ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ।...' ਪਿਆਰੇ ਆਨੰਦ, ਤੂੰ ਮੈਨੇਜਮੈਂਟ ਦੇ ਵਿਸ਼ਿਆਂ ਦਾ ਮਾਹਿਰ ਹੈ। ਤੂੰ ਅਤੇ ਤੇਰੇ ਸਾਥੀ ਆਜ਼ਾਦੀ ਦੇ ਸੰਘਰਸ਼ ਦੇ ਆਦਰਸ਼ਾਂ ਕਾਰਨ ਇਕੱਠੇ ਹੋਏ ਹੋ, ਉਨ੍ਹਾਂ ਆਦਰਸ਼ਾਂ ਕਾਰਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤੀ ਸੰਵਿਧਾਨ ਵਿਚ ਹਨ।''
ਇਸ ਲੇਖ ਦੇ ਲੇਖਕਾਂ ਨੇ ਬੀ.ਆਰ. ਅੰਬੇਦਕਰ ਦੇ ਆਲ ਇੰਡੀਆ ਡੈਪਰੈਸਡ ਕਲਾਸਿਜ਼ ਕਾਨਫਰੰਸ ਨੂੰ 1942 ਵਿਚ ਦਿੱਤੇ ਭਾਸ਼ਣ ਦਾ ਹਵਾਲਾ ਦਿੱਤਾ ਹੈ ਜਿਸ ਵਿਚ ਅੰਬੇਦਕਰ ਨੇ ਕਿਹਾ ਸੀ, ''ਤੁਹਾਡੇ ਵਾਸਤੇ ਮੇਰੀ ਸਲਾਹ ਦੇ ਆਖ਼ਰੀ ਸ਼ਬਦ ਇਹ ਹਨ - ਪੜ੍ਹੋ, ਅੰਦੋਲਨ ਕਰੋ ਅਤੇ ਜਥੇਬੰਦ ਹੋਵੋ, ਆਪਣੇ ਆਪ ਵਿਚ ਵਿਸ਼ਵਾਸ ਕਰੋ। ਜਦੋਂ ਇਨਸਾਫ਼ ਤੁਹਾਡੇ ਵੱਲ ਹੈ ਤਾਂ ਮੈਂ ਇਹ ਕਲਪਨਾ ਵੀ ਨਹੀਂ ਕਰ ਸਕਦਾ ਕਿ ਤੁਹਾਨੂੰ ਇਸ ਲੜਾਈ ਵਿਚ ਹਾਰ ਦਾ ਸਾਹਮਣਾ ਕਰਨਾ ਪਵੇਗਾ... ਸਾਡੀ ਲੜਾਈ ਧਨ-ਦੌਲਤ ਜਾਂ ਤਾਕਤ ਲਈ ਨਹੀਂ ਹੈ, ਇਹ ਆਜ਼ਾਦੀ ਵਾਸਤੇ ਹੈ, ਇਹ ਮਨੁੱਖੀ ਸ਼ਖ਼ਸੀਅਤ ਦੀ ਪੂਰਨਤਾ ਵਾਸਤੇ ਲੜੀ ਜਾ ਰਹੀ ਹੈ।''
ਅੰਬੇਦਕਰ ਦੇ ਇਹ ਸ਼ਬਦ ਸਾਡੇ ਸਮਾਜ ਵਿਚਲੇ ਸੰਘਰਸ਼ ਨੂੰ ਪੇਸ਼ ਕਰਦੇ ਹਨ। ਭਾਰਤ ਵਿਚ ਹਜ਼ਾਰਾਂ ਵਰ੍ਹਿਆਂ ਤੋਂ ਦਬੇ-ਕੁਚਲੇ ਲੋਕਾਂ ਨੂੰ ਦਬਾਏ ਜਾਣ ਅਤੇ ਜਾਤੀਵਾਦ ਵਿਰੁੱਧ ਸੰਘਰਸ਼ ਹੋ ਰਿਹਾ ਹੈ। ਮੱਧਕਾਲੀਨ ਸਮਿਆਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵ, ਭਗਤ ਨਾਮਦੇਵ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ ਨੇ ਜਾਤੀਵਾਦ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਸਮਾਜ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ। ਆਧੁਨਿਕ ਸਮਿਆਂ ਵਿਚ ਜਯੋਤਿਬਾ ਫੂਲੇ, ਬੀ.ਆਰ. ਅੰਬੇਦਕਰ ਅਤੇ ਕਈ ਹੋਰ ਚਿੰਤਕਾਂ ਨੇ ਇਸ ਲੜਾਈ ਵਿਚ ਸ਼ਾਮਲ ਹੋ ਕੇ ਇਸ ਨੂੰ ਨਵੀਂ ਦਿਸ਼ਾ ਦਿੱਤੀ। ਬੀ.ਆਰ. ਅੰਬੇਦਕਰ ਨੇ ਹਿੰਦੂ ਧਰਮ ਨੂੰ ਤਿਆਗ ਕੇ ਬੁੱਧ ਧਰਮ ਅਪਣਾਇਆ। ਇਹ ਵੀ ਇਤਫ਼ਾਕ ਹੈ ਕਿ ਆਨੰਦ ਤੇ ਗੌਤਮ ਦੀ ਗ੍ਰਿਫ਼ਤਾਰੀ ਬੀ.ਆਰ. ਅੰਬੇਦਕਰ ਦੇ ਜਨਮ ਦਿਹਾੜੇ ਵਾਲੇ ਦਿਨ ਹੋਈ।
ਸੱਤਾਧਾਰੀ ਧਿਰਾਂ ਕਦੀ ਵੀ ਦਲਿਤ ਅਤੇ ਦਮਿਤ ਲੋਕਾਂ ਨੂੰ ਜਥੇਬੰਦ ਹੁੰਦੇ ਨਹੀਂ ਵੇਖਣਾ ਚਾਹੁੰਦੀਆਂ। ਉਨ੍ਹਾਂ ਨੂੰ ਅਜਿਹੇ ਅੰਦੋਲਨਾਂ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ। ਉਹ ਧਰਮ ਦੇ ਨਾਂ 'ਤੇ ਵੋਟਾਂ ਮੰਗਦੀਆਂ ਹਨ ਅਤੇ ਫ਼ਿਰਕੂ ਨਫ਼ਰਤ ਨੂੰ ਵਧਾਉਂਦਿਆਂ ਆਪਣੀ ਤਾਕਤ ਮਜ਼ਬੂਤ ਕਰਦੀਆਂ ਹਨ। ਉਹ ਆਪਣੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਚੁੱਪ ਕਰਵਾਉਣ ਵਿਚ ਮਾਹਿਰ ਹਨ। ਗੌਰੀ ਲੰਕੇਸ਼, ਪਨਸਾਰੇ, ਦਾਭੋਲਕਰ ਅਤੇ ਹੋਰ ਕਈ ਸਮਾਜਿਕ ਕਾਰਕੁਨਾਂ, ਤਰਕਸ਼ੀਲ ਆਗੂਆਂ ਅਤੇ ਪੱਤਰਕਾਰਾਂ ਦਾ ਕਤਲ ਕੀਤਾ ਗਿਆ ਅਤੇ ਦੂਸਰਿਆਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ। ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਵੀ ਰਿਆਸਤ/ਸਟੇਟ ਦੇ ਇਹ ਯਤਨ ਮੱਠੇ ਨਹੀਂ ਪਏ। ਜਦ ਸਾਰਾ ਦੇਸ਼ ਕਰੋਨਾਵਾਇਰਸ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਤਾਂ ਇਨ੍ਹਾਂ ਦਿਨਾਂ ਵਿਚ ਜਾਮੀਆ ਮਿਲੀਆ ਇਸਲਾਮੀਆ ਵਿਚ ਚੱਲ ਰਹੇ ਅੰਦੋਲਨ ਦੀ ਜੁਆਇੰਟ ਐਕਸ਼ਨ ਕਮੇਟੀ ਨਾਲ ਸਬੰਧਿਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਅੰਗਰੇਜ਼ੀ ਵਿਚ ਛਪਦੀਆਂ ਅਖ਼ਬਾਰਾਂ ਅਤੇ ਮੀਡੀਆ ਵਿਚ ਤਾਂ ਆਨੰਦ ਤੈਲਤੁੰਬੜੇ ਅਤੇ ਗੌਤਮ ਨਵਲੱਖਾ ਦੀਆਂ ਗ੍ਰਿਫ਼ਤਾਰੀਆਂ ਬਾਰੇ ਕੁਝ ਜ਼ਿਕਰ ਹੋਇਆ ਹੈ ਪਰ ਹੋਰ ਭਾਸ਼ਾਵਾਂ ਦੇ ਅਖ਼ਬਾਰਾਂ ਵਿਚ ਇਸ ਦਾ ਜ਼ਿਕਰ ਨਾਮਾਤਰ ਰਿਹਾ ਹੈ। ਇਸ ਰੁਝਾਨ ਦਾ ਵਿਸ਼ਲੇਸ਼ਣ ਕਰਦਿਆਂ ਵਿਦੇਸ਼ੀ ਯੂਨੀਵਰਸਿਟੀ ਵਿਚ ਪੜ੍ਹਦੇ ਇਕ ਭਾਰਤੀ ਵਿਦਿਆਰਥੀ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੀ ਸੱਤਾਧਾਰੀ ਧਿਰ ਅਤੇ ਮੀਡੀਆ ਵਿਚਕਾਰ ਪੈਦਾ ਹੋਈ ਵਿਚਾਰਧਾਰਕ ਇਕਸੁਰਤਾ ਕਾਰਨ ਆਨੰਦ ਤੇ ਗੌਤਮ ਦੀ ਗ੍ਰਿਫ਼ਤਾਰੀ ਬਾਰੇ ਆਵਾਜ਼ ਨਹੀਂ ਉਠਾਈ ਗਈ। ਆਨੰਦ ਅਤੇ ਗੌਤਮ ਹੀ ਨਹੀਂ ਸਗੋਂ ਸੈਂਕੜੇ ਹੋਰ ਸਮਾਜਿਕ ਕਾਰਕੁਨਾਂ ਨੂੰ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ।
ਹਜ਼ਾਰਾਂ ਸਾਲ ਪਹਿਲਾਂ ਪੈਦਾ ਹੋਏ ਗੌਤਮ ਬੁੱਧ ਅਤੇ ਉਸ ਦੇ ਭਰਾ-ਚੇਲੇ ਆਨੰਦ ਨੂੰ ਯਾਦ ਕਰਨ ਦੇ ਨਾਲ ਨਾਲ ਇਹ ਸਮਾਂ ਇਨ੍ਹਾਂ ਵੇਲ਼ਿਆਂ ਦੇ ਗੌਤਮ (ਨਵਲੱਖਾ) ਤੇ ਆਨੰਦ (ਤੈਲਤੁੰਬੜੇ) ਅਤੇ ਉਨ੍ਹਾਂ ਦੇ ਸਾਥੀਆਂ ਅਤੇ ਦੇਸ਼ ਵਿਚ ਸੰਘਰਸ਼ ਕਰ ਰਹੇ ਹੋਰ ਹਜ਼ਾਰਾਂ ਸਮਾਜਿਕ ਕਾਰਕੁਨਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦਾ ਹੈ।
ਸਫ਼ਲ ਲੋਕ, ਅਸਫ਼ਲ ਆਗੂ - ਸਵਰਾਜਬੀਰ
ਦਿੱਲੀ ਮੈਟਰੋ ਰੇਲ ਗੱਡੀ ਰਾਹੀਂ ਜਸੋਲਾ/ਸ਼ਾਹੀਨ ਬਾਗ਼ ਮੈਟਰੋ ਸਟੇਸ਼ਨ 'ਤੇ ਉੱਤਰ ਕੇ ਤੁਸਂਂ ਸ਼ਾਹੀਨ ਬਾਗ਼ ਪੈਦਲ ਜਾ ਸਕਦੇ ਹੋ ਜਾਂ ਸਾਹਮਣੇ ਖੜ੍ਹੇ ਆਟੋ/ਈ-ਰਿਕਸ਼ਿਆਂ 'ਤੇ ਬੈਠ ਜਾਓ ਜਿਹੜੇ ਦਸ ਰੁਪਈਏ ਫ਼ੀ ਸਵਾਰੀ ਲੈਂਦੇ ਹਨ। ਜਦ ਮੈਂ ਆਪਣੇ ਪਰਿਵਾਰ ਨਾਲ ਸ਼ਾਹੀਨ ਬਾਗ਼ ਪਹੁੰਚਿਆ ਤਾਂ ਲਖਨਊ ਦੇ ਸ਼ਾਇਰ ਮੁਨੱਵਰ ਰਾਣਾ ਦੀਆਂ ਧੀਆਂ ਬੋਲ ਰਹੀਆਂ ਸਨ। ਪਹਿਲਾਂ ਛੋਟੀ ਬੋਲੀ ਤੇ ਫਿਰ ਵੱਡੀ। ਵੱਡੀ ਨੇ ਆਪਣੇ ਵਾਲਿਦ ਦਾ ਇਹ ਸ਼ੇਅਰ ਸੁਣਾਇਆ ''ਮਿੱਟੀ ਮੇਂ ਮਿਲਾ ਦੋ ਕਿ ਜੁਦਾ ਹੋ ਨਹੀਂ ਸਕਤਾ/ਅਬ ਇਸ ਸੇ ਜ਼ਿਆਦਾ ਮੈਂ ਤਿਰਾ ਹੋ ਨਹੀਂ ਸਕਦਾ।'' ਇਨ੍ਹਾਂ ਦੋਵਾਂ ਨੂੰ ਪੁਲੀਸ ਨੇ ਲਖਨਊ ਵਿਚ ਕੌਮੀ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਤੋਂ ਬਾਅਦ ਪੱਛਮੀ ਦਿੱਲੀ ਤੋਂ ਆਏ ਇਕ ਸੇਠੀ ਸਾਹਿਬ ਬੋਲੇ ਤੇ ਫਿਰ ਬੇਗ਼ਮ ਹਜ਼ਰਤ ਮਹੱਲ ਲਖਨਊ ਦੇ (ਨਵਾਬ ਵਾਜਿਦ ਅਲੀ ਸ਼ਾਹ ਦੀ ਜਿਸ ਨੇ 1857 ਦੇ ਗ਼ਦਰ ਦੀ ਅਗਵਾਈ ਕੀਤੀ ਸੀ ਤੇ ਅੰਗਰੇਜ਼ਾਂ ਵਿਰੁੱਧ ਲੜਨ ਲਈ ਔਰਤਾਂ ਦੀ ਰਜਮੈਂਟ ਬਣਾਈ ਜਿਸ ਦੀ ਮੁਖੀ ਉਮਾ ਦੇਵੀ ਸੀ) ਦਾ ਪੜ-ਦੋਹਤਾ। ਤੇ ਫਿਰ
ਉੱਥੇ ਕੋਈ ਦੋ ਢਾਈ ਹਜ਼ਾਰ ਲੋਕ ਹਨ। ਬਹੁਗਿਣਤੀ ਔਰਤਾਂ ਦੀ ਹੈ। ਉਹ ਅੱਗੇ ਬੈਠੀਆਂ ਹਨ। ਲੋਕ ਆ ਜਾ ਰਹੇ ਹਨ। ਭਾਸ਼ਨ ਦੇ ਰਹੇ ਹਨ। ਆਪਸ ਵਿਚ ਗੱਲਬਾਤ ਕਰ ਰਹੇ ਹਨ। ਫ਼ੋਨ 'ਤੇ ਆਪਣੇ ਦੋਸਤਾਂ ਤੇ ਸਹੇਲੀਆਂ ਨੂੰ ਦੱਸ ਰਹੇ ਹਨ ਕਿ ਉਹ ਸ਼ਾਹੀਨ ਬਾਗ਼ ਵਿਚ ਹਨ। ਤਸਵੀਰਾਂ ਤੇ ਸੈਲਫ਼ੀਆਂ ਖਿੱਚ ਰਹੇ ਹਨ। ਟੀਵੀ ਵਾਲੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਦੋ ਛੋਟੇ ਬੱਚੇ ਪਿੱਛੇ ਵਿਛੀਆਂ ਦਰੀਆ 'ਤੇ ਦਬਾਦਬ ਝਾੜੂ ਦੇ ਰਹੇ ਹਨ। ਉਨ੍ਹਾਂ ਨੂੰ ਫ਼ਿਕਰ ਹੈ ਕਿ ਹੋਰ ਲੋਕਾਂ ਦੇ ਆਉਣ ਤੋਂ ਪਹਿਲਾਂ ਉੱਥੇ ਸਫ਼ਾਈ ਹੋ ਜਾਵੇ। ਉਨ੍ਹਾਂ ਦੀਆਂ ਅੱਖਾਂ ਵਿਚ ਅਜੀਬ ਤਰ੍ਹਾਂ ਦੀ ਲਿਸ਼ਕ ਹੈ। ਹੋਰ ਪਿੱਛੇ ਨੌਜਵਾਨਾਂ ਦੀ ਟੋਲੀ 'ਆਜ਼ਾਦੀ' ਦੇ ਗੀਤ ਗਾ ਰਹੀ ਹੈ। ਕੁਝ ਵਾਲੰਟੀਅਰ ਤੁਹਾਨੂੰ ਪਿੱਛੇ ਆਉਣ ਲਈ ਕਹਿੰਦੇ ਹਨ ਤਾਂ ਕਿ ਔਰਤਾਂ ਅੱਗੇ ਜਾ ਸਕਣ। ਪਿੱਠ ਭੂਮੀ 'ਚੋਂ ਇਕ ਵਕਤਾ ਬੋਲ ਰਿਹਾ ਹੈ, ''ਮੈਂ ਏਥੇ ਆਪਣੀ ਜ਼ਮੀਰ ਕਾਰਨ ਆਇਆ ਹਾਂ।'' ਇਹ ਸ਼ਾਹੀਨ ਬਾਗ਼ ਹੈ, ਮਨੁੱਖਤਾ ਦੇ ਵੰਨ-ਸਵੰਨੇ ਫੁੱਲਾਂ ਨਾਲ ਮਹਿਕਦਾ ਅਤੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਰ ਦੇ ਜਿਉਂਦੇ ਹੋਣ ਦਾ ਅਹਿਸਾਸ ਦਿਵਾਉਂਦਾ ਹੋਇਆ।
ਬੁਲਾਰੇ ਵਾਰ ਵਾਰ ਕਹਿੰਦੇ ਹਨ ਕਿ ਇਹ ਧਰਨਾ ਸਿਰਫ਼ ਮੁਸਲਮਾਨਾਂ ਦਾ ਨਹੀਂ ਸਗੋਂ ਸਾਰੇ ਹਿੰਦੋਸਤਾਨੀਆਂ ਦਾ ਹੈ, ਉਹ ਕਹਿੰਦੇ ਹਨ ਕਿ ਹਿੰਦੋਸਤਾਨ ਉਨ੍ਹਾਂ ਦਾ ਵਤਨ ਹੈ, ਇਹ ਧਰਤੀ, ਇਹ ਮਿੱਟੀ ਉਨ੍ਹਾਂ ਦੀ ਹੈ ਤੇ ਕੋਈ ਉਨ੍ਹਾਂ ਨੂੰ ਇਸ ਮਿੱਟੀ ਤੋਂ ਜੁਦਾ ਨਹੀਂ ਕਰ ਸਕਦਾ, ਉਨ੍ਹਾਂ ਦੀ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਨੇ ਮੰਚ ਦੇ ਕੇਂਦਰ ਵਿਚ ਬੀ ਆਰ ਅੰਬੇਦਕਰ ਦੀ ਤਸਵੀਰ ਲਗਾ ਰੱਖੀ ਹੈ। ਸੱਜੇ ਪਾਸੇ ਸੁਭਾਸ਼ ਚੰਦਰ ਬੋਸ ਦੇ ਨਾਲ ਬੰਗਾਲ ਦੀ ਨਾਰੀਵਾਦੀ ਚਿੰਤਕ ਤੇ ਲੇਖਕ ਬੇਗ਼ਮ ਰੁਕਈਆ ਸਖ਼ਾਵਤ ਹੁਸੈਨ ਦੀ ਫੋਟੋ ਲੱਗੀ ਹੋਈ। ਹੇਠਾਂ ਗਾਂਧੀ ਹੈ, ਨਹਿਰੂ ਦੀ ਤਸਵੀਰ ਸੱਜੇ ਪਾਸੇ ਨੂੰ ਖਿਸਕ ਗਈ ਹੈ। ਬੇਗ਼ਮ ਰੁਕਈਆ ਸਖ਼ਾਵਤ ਹੁਸੈਨ ਨੇ ਸੁਪਨਈ ਅੰਦਾਜ਼ ਵਾਲੀ ਲੰਮੀ ਨਾਰੀਵਾਦੀ ਕਹਾਣੀ ''ਸੁਲਤਾਨਾ ਦਾ ਸੁਪਨਾ (Sultana`s Dream)'' ਲਿਖੀ ਸੀ ਜਿਹੜੀ 1905 ਵਿਚ ਮਦਰਾਸ ਤੋਂ ਛਪਦੇ ''ਦਿ ਇੰਡੀਅਨ ਲੇਡੀਜ਼ ਮੈਗਜ਼ੀਨ'' ਵਿਚ ਛਪੀ। ਉਸ ਕਹਾਣੀ ਦੇ ਸੁਪਨਮਈ ਸੰਸਾਰ ਜਿਸ ਦਾ ਨਾਂ 'ਔਰਤਾਂ ਦੀ ਧਰਤੀ' (Ladyland) ਹੈ, ਵਿਚ ਔਰਤਾਂ ਤੇ ਮਰਦਾਂ ਦੀ ਭੂਮਿਕਾ ਉਲਟ ਪੁਲਟ ਹੋ ਜਾਂਦੀ ਹੈ, ਉਸ ਸਮਾਜ ਵਿਚ ਔਰਤਾਂ ਦਾ ਦਬਦਬਾ ਹੈ, ਉਹ ਸਾਇੰਸਦਾਨ ਹਨ, ਸੂਰਜ ਦੀ ਊਰਜਾ (Solar Power) ਨੂੰ ਇਕੱਤਰ ਕਰਦੀਆਂ ਤੇ ਮੌਸਮਾਂ ਦੀ ਗਤੀ ਨੂੰ ਵਸ ਵਿਚ ਕਰ ਲੈਂਦੀਆਂ ਹਨ। ਤੁਸੀਂ ਹੈਰਾਨ ਹੁੰਦੇ ਹੋ ਕਿ ਕੀ ਰੁਕਈਆ ਸਖ਼ਾਵਤ ਹੁਸੈਨ ਦਾ ਸੁਪਨਾ ਸ਼ਾਹੀਨ ਬਾਗ਼ ਵਿਚ ਸਾਕਾਰ ਹੋ ਰਿਹਾ ਹੈ।
ਮੁਜ਼ਾਹਰਾਕਾਰੀਆਂ ਨੂੰ ਭਾਜਪਾ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਜ਼ਹਿਰੀਲੇ ਪ੍ਰਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਆਗੂਆਂ ਨੇ ਇਸ ਧਰਨੇ ਨੂੰ ਕੀ ਕੀ ਨਹੀਂ ਕਿਹਾ, ''ਤੌਹੀਨ ਬਾਗ਼'', ''ਪਾਕਿਸਤਾਨ ਦੇ ਹਮਾਇਤੀਆਂ ਦਾ ਧਰਨਾ'', ''ਟੁਕੜੇ ਟੁਕੜੇ ਗੈਂਗ ਵਾਲਿਆਂ ਦਾ ਅੱਡਾ''। ਇਕ ਆਗੂ ਅਨੁਸਾਰ ''ਪਾਕਿਸਤਾਨ ਸ਼ਾਹੀਨ ਬਾਗ਼ ਥਾਣੀਂ ਆ ਰਿਹਾ ਹੈ।'' ਇਕ ਆਗੂ ਤਾਂ ਇਸ ਜ਼ਲਾਲਤ 'ਤੇ ਉੱਤਰ ਆਇਆ ਕਿ ਉਸ ਨੇ ਕਿਹਾ ਕਿ ਸ਼ਾਹੀਨ ਬਾਗ਼ ਦੇ ਮੁਜ਼ਾਹਰਾਕਾਰੀ ਘਰਾਂ ਵਿਚ ਆ ਕੇ ਧੀਆਂ ਦਾ ਬਲਾਤਕਾਰ ਤੇ ਕਤਲ ਕਰ ਸਕਦੇ ਹਨ। ਇਸ ਇਨਸਾਨ ਨੂੰ ਸ਼ਾਹੀਨ ਬਾਗ਼ ਜਾਣਾ ਚਾਹੀਦਾ ਹੈ। ਉੱਥੇ ਜਾ ਕੇ ਇਸ ਨੂੰ ਪਤਾ ਲੱਗੇਗਾ ਕਿ ਇਨਸਾਨੀਅਤ ਕੀ ਹੁੰਦੀ ਹੈ, ਸਾਂਝੀਵਾਲਤਾ ਦੇ ਫੁੱਲਾਂ ਦੀ ਖੁਸ਼ਬੂ ਕਿਵੇਂ ਤੁਹਾਨੂੰ ਮਨੁੱਖ ਬਣਾ ਸਕਦੀ ਹੈ। ਉੱਥੇ ਜਾ ਕੇ ਇਸ ਇਨਸਾਨ ਨੂੰ ਪਤਾ ਲੱਗੇਗਾ ਕਿ ਉਹ ਏਨਾ ਗਿਰਿਆ ਹੋਇਆ ਇਨਸਾਨ ਹੈ ਕਿ ਉਸ ਨੂੰ ਇਨਸਾਨ ਕਹਿਣਾ ਇਨਸਾਨਾਂ ਦੀ ਤੌਹੀਨ ਹੈ।
ਮੰਚ ਉੱਤੇ ਕੋਈ ਪ੍ਰਧਾਨਗੀ ਮੰਡਲ ਨਹੀਂ ਹੈ। ਤੁਸੀਂ ਮੰਚ ਲਾਗੇ ਖਲੋਤੇ ਸੰਚਾਲਕਾਂ ਨੂੰ ਆਪਣਾ ਨਾਂ ਦੱਸ ਕੇ ਬੋਲਣ ਦੀ ਇਜਾਜ਼ਤ ਲੈ ਸਕਦੇ ਹੋ। ਕਈ ਵਕਤੇ ਬਹੁਤੇ ਜੋਸ਼ ਵਿਚ ਆ ਕੇ ਕੁਝ ਹੋਰ ਵਿਵਾਦਪ੍ਰਸਤ ਮੁੱਦਿਆਂ 'ਤੇ ਵੀ ਬੋਲਣ ਲੱਗ ਪੈਂਦੇ। ਕੋਈ ਉਸ ਨੂੰ ਧਾਰਮਿਕ ਰਾਹ 'ਤੇ ਲੈ ਨਿਕਲਦਾ ਹੈ ਤੇ ਕੋਈ ਸ਼ੁੱਧ ਇਨਕਲਾਬ ਦੇ ਰਸਤੇ ਵੱਲ। ਮੰਚ ਦੇ ਹੇਠਾਂ ਖੜ੍ਹੀਆਂ ਸੰਚਾਲਕ ਕੁੜੀਆਂ ਵਾਰ ਵਾਰ ਅਰਜ਼ ਕਰਦੀਆਂ ਹਨ ਕਿ ਇਹ ਧਰਨਾ ਸਿਰਫ਼ ਨਾਗਿਰਕਤਾ ਸੋਧ ਕਾਨੂੰਨ ਅਤੇ ਨਾਗਰਿਕਤਾ ਕੌਮੀ ਰਜਿਸਟਰ ਦੇ ਵਿਰੁੱਧ ਹੈ, ਉਨ੍ਹਾਂ ਦੀ ਸਿਆਸਤ ਇਸ ਕਾਨੂੰਨ ਤੇ ਇਸ ਰਜਿਸਟਰ ਦੇ ਵਿਰੁੱਧ ਹੈ ਅਤੇ ਉਹ ਇਸ ਨੂੰ ਇਸ ਮੁੱਦੇ 'ਤੇ ਹੀ ਕੇਂਦਰਿਤ ਰੱਖਣਾ ਚਾਹੁੰਦੀਆਂ ਹਨ। ਅਸਲ ਵਿਚ ਸੰਚਾਲਕ ਧਰਨਾ ਦੇਣ ਵਾਲੇ ਜੋਸ਼ੀਲੇ ਵਕਤਿਆਂ ਨੂੰ ਇਹ ਦੱਸ ਰਹੀਆਂ ਹਨ ਕਿ ਇਹ ਧਰਨਾ ਉਨ੍ਹਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਲਾਇਆ ਹੈ, ਇਹ ਲੜਾਈ ਉਨ੍ਹਾਂ ਦੀ ਹੋਂਦ, ਇਸ ਧਰਤੀ ਨਾਲ ਉਨ੍ਹਾਂ ਨੂੰ ਬਚਾਉਣ ਦੀ ਲੜਾਈ ਹੈ ਤੇ ਇਹ ਬੁਨਿਆਦੀ ਹੈ, ਇਸੇ 'ਤੇ ਜ਼ੋਰ ਦੇਣਾ ਚਾਹੀਦਾ ਹੈ, ਬਹੁਤ ਜ਼ਿਆਦਾ ਜੋਸ਼ੀਲੇ ਵਕਤਾ ਆਪਣੇ 'ਵੱਡੇ ਤੇ ਮਹਾਨ ਇਨਕਲਾਬੀ' ਮੁੱਦਿਆਂ ਨੂੰ ਹੋਰ ਮੰਚਾਂ ਤੋਂ ਉਭਾਰਨ।
ਵੱਖ ਵੱਖ ਸਮਿਆਂ ਤੇ ਵੱਖ ਵੱਖ ਤਰ੍ਹਾਂ ਦੇ ਨਾਇਕ, ਕਹਾਵਤਾਂ, ਝੰਡੇ, ਲੋਕ-ਬੋਲ, ਕਵਿਤਾਵਾਂ, ਨਾਹਰੇ ਲੋਕ ਵਿਦਰੋਹ ਦੇ ਚਿੰਨ੍ਹ ਅਤੇ ਹਥਿਆਰ ਬਣੇ। ਫਰਾਂਸੀਸੀ ਇਨਕਲਾਬੀਆਂ ਨੇ ਪਹਿਲਾਂ ਨੀਲੇ ਤੇ ਲਾਲ ਰੰਗ ਦੇ ਦੋ-ਰੰਗੇ ਝੰਡੇ ਚੁੱਕੇ, ਬਾਅਦ ਵਿਚ ਸਫ਼ੈਦ ਰੰਗ ਪਾ ਕੇ ਤਿਰੰਗਾ ਝੰਡਾ ਬਣਾਇਆ, ਗ਼ਦਰ ਪਾਰਟੀ ਨੇ ਆਪਣਾ ਤਿਰੰਗਾ ਬਣਾਇਆ ਅਤੇ ਕਾਂਗਰਸ ਨੇ ਆਪਣਾ, ਰੂਸੀ ਇਨਕਲਾਬੀਆਂ ਨੇ ਲਾਲ ਝੰਡੇ ਚੁੱਕੇ, ਬੁੱਲ੍ਹੇ ਸ਼ਾਹ ਤੇ ਫੈਜ਼ ਅਹਿਮਦ ਫੈਜ਼ ਨੇ ਕੁਰਾਨ ਦੀਆਂ ਆਇਤਾਂ ਵਿਚੋਂ ਸ਼ਬਦ ਲੈ ਕੇ ਉਨ੍ਹਾਂ ਵਿਚ ਵਿਦਰੋਹੀ ਰੂਹ ਫੁਕੀ, ਗੁਰਦੁਆਰਾ ਸੁਧਾਰ ਲਹਿਰ ਦੇ ਮਰਜੀਵੜਿਆਂ ਨੇ ਸ਼ਾਂਤਮਈ ਢੰਗ ਨਾਲ ਗੁਰੂ ਸਾਹਿਬ ਦੇ ਸ਼ਬਦ ਉਚਾਰਦਿਆਂ ਅੰਗਰੇਜ਼ ਅਫ਼ਸਰ ਬੀ.ਟੀ. ਦੀਆਂ ਡਾਂਗਾਂ ਤੇ ਹੋਰ ਕਹਿਰ ਆਪਣੇ ਪਿੰਡਿਆਂ 'ਤੇ ਝੱਲੇ, ਜਾਨਾਂ ਵਾਰੀਆਂ। ਕਰਤਾਰ ਸਿੰਘ ਸਰਾਭਾ, ਅਸ਼ਫ਼ਾਕ ਉਲ੍ਹਾ ਖਾਂ ਅਤੇ ਉਨ੍ਹਾਂ ਦੇ ਸਾਥੀ 'ਵੰਦੇ ਮਾਤਰਮ' ਦੇ ਨਾਹਰੇ ਮਾਰਦੇ ਫਾਂਸੀ 'ਤੇ ਚੜ੍ਹ ਗਏ। ਲਾਤੀਨੀ ਅਮਰੀਕਾ ਦੇ ਵੱਖ ਵੱਖ ਦੇਸ਼ਾਂ ਦੇ ਗ਼ਰੀਬਾਂ, ਮਾਰਕਸਵਾਦੀਆਂ ਤੇ ਚਰਚ ਦੇ ਆਗੂਆਂ ਨੇ ਬਾਈਬਲ ਦੇ ਨਵੇਂ ਅਰਥ ਕਰਦਿਆਂ ਕਿਹਾ ਕਿ ਅਸਲੀ ਪਾਪ ਜਾਬਰਾਂ ਦੇ ਹੁਕਮ ਮੰਨਣਾ ਹੈ।
ਸਾਡੇ ਦੇਸ਼ ਵਿਚ ਇਹ ਸਭ ਕੁਝ ਕਿਵੇਂ ਸੰਭਵ ਹੋਇਆ। ਲੋਕਾਂ ਨੇ ਜ਼ਮੀਨੀ ਹਾਲਾਤ ਦਾ ਸੇਕ ਆਪਣੇ ਪਿੰਡਿਆਂ 'ਤੇ ਝੱਲਿਆ। ਉਹ ਹਜੂਮੀ ਹਿੰਸਾ ਦਾ ਸ਼ਿਕਾਰ ਹੋਏ, ਧਰਮ ਦੇ ਆਧਾਰ 'ਤੇ ਉਨ੍ਹਾਂ ਦਾ ਤ੍ਰਿਸਕਾਰ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਗਿਆ, ਉਨ੍ਹਾਂ ਦੇ ਖਾਣ ਪੀਣ ਤੇ ਲਿਬਾਸ ਪਾਉਣ ਦੇ ਤਰੀਕਿਆਂ 'ਤੇ ਸਵਾਲ ਕੀਤੇ ਗਏ। ਉਹ ਸਿਆਸਤਦਾਨਾਂ ਵੱਲ ਵੇਖਦੇ ਰਹੇ, ਹਰ ਤਰ੍ਹਾਂ ਦੇ ਸਿਆਸਤਦਾਨਾਂ ਵੱਲ, ਸੱਜੇ ਪੱਖੀਆਂ, ਖੱਬੇ ਪੱਖੀਆਂ, ਕੇਂਦਰਵਾਦੀਆਂ ਵੱਲ। ਫਿਰ ਨਾਗਰਿਕਤਾ ਸੋਧ ਕਾਨੂੰਨ (Citizens Amendment Act- CAA) ਆਇਆ ਜਿਹਦੇ ਤਹਿਤ ਪਾਕਿਤਸਾਨ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਵਿਚ ਵੱਸਦੇ ਗ਼ੈਰ-ਮੁਸਲਿਮ ਫ਼ਿਰਕਿਆਂ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਕੀਤੀ ਗਈ।
ਇਸ ਦੇ ਨਾਲ ਹੀ ਅਜਿਹੀਆਂ ਕਾਰਵਾਈਆਂ (ਕੌਮੀ ਆਬਾਦੀ ਰਜਿਸਟਰ, National Population Register, ਨਾਗਰਿਕਾਂ ਦਾ ਕੌਮੀ ਰਜਿਸਟਰ National Register of Citizens) ਕਰਨ ਦੀਆਂ ਕਨਸੋਆਂ ਵੀ ਸੁਣਾਈ ਦਿੱਤੀਆਂ ਜਾਣ ਲੱਗੀਆਂ ਜਿਨ੍ਹਾਂ ਅਨੁਸਾਰ ਦੇਸ਼ ਦੇ ਹਰ ਬੰਦੇ ਤੋਂ ਉਸ ਦੀ ਇਸ ਦੇਸ਼ ਦਾ ਨਾਗਰਿਕ ਹੋਣ ਦੇ ਸਬੂਤ ਮੰਗੇ ਜਾਣਗੇ। ਸਦੀਆਂ ਤੋਂ ਇਸ ਧਰਤੀ 'ਤੇ ਵਸਦੇ ਲੋਕਾਂ ਤਂਂ ਪੁੱਛਿਆ ਜਾਏਗਾ ਕਿ ਇਸ ਧਰਤੀ ਨਾਲ ਆਪਣੇ ਸਬੰਧਾਂ ਦਾ ਸਬੂਤ ਦਿਉ। ਲੋਕਾਂ ਦੇ ਮਨਾਂ ਵਿਚ ਇਹ ਗੱਲ ਆ ਗਈ ਕਿ ਪਾਣੀ ਹੁਣ ਸਿਰ ਤੋਂ ਲੰਘ ਚੁੱਕਾ ਹੈ, ਖੱਬੀਆਂ, ਸੱਜੀਆਂ ਤੇ ਕੇਂਦਰਵਾਦੀ ਪਾਰਟੀਆਂ ਤੇ ਗਰੁੱਪ ਸਾਡੇ ਹੱਕ ਵਿਚ ਬਿਆਨ ਦੇਣ ਅਤੇ ਆਪਣੇ ਇਕੱਠ ਕਰਨ ਤਕ ਸੀਮਤ ਹਨ ਅਤੇ ਅਖ਼ਬਾਰਾਂ ਵਿਚ ਲੇਖ ਲਿਖਣ ਤਕ। ਲੋਕਾਂ ਨੇ ਸੋਚਿਆ ਕਿ ਇਹ ਕਾਫ਼ੀ ਨਹੀਂ, ਉਨ੍ਹਾਂ ਨੇ ਆਪਣੇ ਅੰਦੋਲਨ ਆਪ ਬਣਾ ਲਏ, ਕਿਸੇ ਨੇ ਆਪਣਾ ਧਾਰਮਿਕ ਲਿਬਾਸ ਪਾ ਲਿਆ ਤੇ ਕਿਸੇ ਨੇ ਜੈਕੇਟ 'ਤੇ ਜ਼ਨਿ, ਕਿਸੇ ਨੇ ਤਿਰੰਗਾ ਫੜ ਲਿਆ ਤੇ ਕਿਸੇ ਨੇ ਕਿਸੇ ਹੋਰ ਰੰਗ ਦਾ ਝੰਡਾ, ਕਿਸੇ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਆਪਣੇ ਪੋਸਟਰ 'ਤੇ ਲਿਖ ਲਿਆ ਤੇ ਕਿਸੇ ਨੇ ਇਨਕਲਾਬ ਜ਼ਿੰਦਾਬਾਦ, ਕਿਸੇ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਗਾਈ ਅਤੇ ਕਿਸੇ ਨੇ ਲੋਕ ਗੀਤ। ਪਾਰਟੀਆਂ ਅਜੇ ਵੀ ਵਿਚਾਰਧਾਰਕ ਬਹਿਸਾਂ ਵਿਚ ਉਲਝੀਆਂ ਹੋਈਆਂ ਹਨ ਪਰ ਲੋਕਾਂ ਨੇ ਜਮਹੂਰੀਅਤ ਅਤੇ ਆਪਣੀ ਜਮਹੂਰੀ ਪਛਾਣ ਨੂੰ ਬਚਾਉਣ ਲਈ ਮੋਰਚੇ ਖੋਲ੍ਹ ਲਏ ਹਨ, ਦਿੱਲੀ ਦਾ ਸ਼ਾਹੀਨ ਬਾਗ਼, ਲਖਨਊ ਦਾ ਸਬਜ਼ੀ ਬਾਗ਼, ਕਲਕੱਤੇ ਦਾ ਪਾਰਕ ਸਰਕਸ, ਮਲੇਰਕੋਟਲੇ ਤੇ ਲੁਧਿਆਣੇ ਦੀਆਂ ਸੜਕਾਂ, ਥਾਂ ਥਾਂ 'ਤੇ ਲੋਕ-ਮੋਰਚੇ, ਹਰ ਥਾਂ ਦੇ ਲੋਕ-ਮਨ ਦੀ ਆਪਣੀ ਈਜਾਦ ਹਨ, ਉਹ ਕਿਸੇ ਵੀ ਪਾਰਟੀ, ਧਰਮ ਜਾਂ ਜਾਤ ਦੇ ਢਾਂਚੇ ਦੇ ਜ਼ਾਬਤੇ ਤੋਂ ਬਾਹਰ ਹਨ। ਲੋਕਾਂ ਦਾ ਵਿਹਾਰ ਬੁੱਲ੍ਹੇ ਸ਼ਾਹ ਦੇ ਕਹਿਣ ਵਾਂਗ 'ਉਲਟੀ ਦਸਤਕ' ਦੇਣ ਵਾਲਾ ਹੈ।
ਕੁਝ ਆਗੂਆਂ ਨੂੰ ਇਹ ਫ਼ਿਕਰ ਲੱਗਾ ਹੋਇਆ ਹੈ ਕਿ ਇਸ ਲਹਿਰ ਦਾ ਕੀ ਬਣੇਗਾ। ਉਹ ਆਪਸ ਵਿਚ ਸਲਾਹਾਂ ਕਰਦੇ ਹਨ ਕਿ ਉੱਥੇ ਜਾ ਕੇ ਮੁਜ਼ਾਹਰਿਆਂ ਵਿਚ ਹਿੱਸਾ ਲੈ ਕੇ ਮੁਜ਼ਾਹਰਾਕਾਰੀਆਂ ਨੂੰ 'ਸਮਝਾਇਆ' ਜਾਵੇ ਕਿ ਜਮਹੂਰੀ ਲਹਿਰਾਂ ਨੂੰ ਕਿਵੇਂ 'ਜਮਹੂਰੀ' ਤੇ 'ਇਨਕਲਾਬੀ' ਤਰਜ਼ 'ਤੇ ਚਲਾਇਆ ਜਾਂਦਾ ਹੈ। ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਉੱਥੇ ਕਿਹੜੇ ਆਗੂਆਂ ਦੀਆਂ ਤਸਵੀਰਾਂ ਲਾਈਆਂ ਜਾਣ ਤੇ ਕਿਹੜਿਆਂ ਦੀ ਨਹੀਂ, ਵਿਰੋਧ ਕਰਨ ਦੇ ਤਰੀਕੇ ਵਿਚ 'ਸ਼ੁੱਧਤਾ' ਕਿਵੇਂ ਲਿਆਂਦੀ ਜਾਵੇ।
ਲੋਕਾਂ ਨੇ ਜਮਹੂਰੀਅਤ ਨੂੰ ਬਚਾਉਣ ਤੇ ਸਫ਼ਲ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੇ ਅੰਦੋਲਨ ਸ਼ੁਰੂ ਕੀਤੇ ਹਨ, ਇਨ੍ਹਾਂ ਅੰਦੋਲਨਾਂ ਨੂੰ ਸੌੜੀਆਂ ਵਿਚਾਰਧਾਰਕ ਦਰਜਾਬੰਦੀਆਂ ਵਿਚ ਰੱਖ ਕੇ ਨਹੀਂ ਸਮਝਿਆ ਜਾ ਸਕਦਾ। ਇਹ ਮੁਜ਼ਾਹਰਾਕਾਰੀ ਆਗੂਆਂ ਦੇ ਦੱਸੇ ਨਾਹਰੇ ਨਹੀਂ ਮਾਰਦੇ, ਇਹ ਆਪਣੇ ਨਾਹਰੇ ਆਪ ਘੜਦੇ ਹਨ। ਲੋਕ ਨਹੀਂ ਜਾਣਦੇ ਕਿ ਉਨ੍ਹਾਂ ਦੇ ਅੰਦੋਲਨ ਕਿਹੜੀ ਦਿਸ਼ਾ ਲੈਣਗੇ, ਉਹ ਆਪਣੀ ਪਛਾਣ, ਨਿੱਜਤਾ ਤੇ ਮਨੁੱਖਤਾ ਨੂੰ ਬਚਾਉਣ ਸੜਕਾਂ 'ਤੇ ਆਏ ਤੇ ਆਪਣੀ ਆਤਮਾ ਦੀ ਆਵਾਜ਼ ਬੁਲੰਦ ਕਰਨ ਵਿਚ ਸਫ਼ਲ ਹੋਏ ਹਨ। ਉਨ੍ਹਾਂ ਨੇ ਲੋਕਾਈ ਦੀ ਵਲੂੰਧਰੀ ਜਾ ਰਹੀ ਆਤਮਾ ਨੂੰ ਦੇਸ਼ ਦੀ ਸੋਚ ਤੇ ਕਲਪਨਾ ਦੇ ਕੇਂਦਰ ਵਿਚ ਲਿਆਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ, ਉਹ ਕਾਰਜ ਜਿਸ ਨੂੰ ਕਰਨ ਵਿਚ ਨੇਤਾ ਅਸਫ਼ਲ ਰਹੇ।.
ਲੋਕ ਹੱਕਾਂ ਦੀ ਰਾਖੀ - ਸਵਰਾਜਬੀਰ
ਅੱਜ ਤੋਂ 70 ਵਰ੍ਹੇ ਪਹਿਲਾਂ ਭਾਰਤ ਵਿਚ ਉਹ ਸੰਵਿਧਾਨ ਲਾਗੂ ਕੀਤਾ ਗਿਆ ਜਿਸ ਨੂੰ ਦੇਸ਼ ਦੀ ਸੰਵਿਧਾਨ-ਘੜਨੀ ਸਭਾ ਨੇ 26 ਨਵੰਬਰ 1949 ਨੂੰ ਸਵੀਕਾਰ ਕਰਦਿਆਂ ਦੇਸ਼ ਦੇ ਬੁਨਿਆਦੀ ਕਾਨੂੰਨ ਵਜੋਂ ਅਪਣਾਇਆ ਸੀ। ਇਸ ਸਭਾ ਦੀ ਆਖ਼ਰੀ ਮੀਟਿੰਗ 24 ਜਨਵਰੀ 1950 ਨੂੰ ਹੋਈ। ਸੰਵਿਧਾਨ-ਘੜਨੀ ਸਭਾ ਬਸਤੀਵਾਦੀ ਰਾਜ ਦੌਰਾਨ ਹੋਂਦ ਵਿਚ ਆਈ ਸੀ ਪਰ ਇਸ ਨੇ ਆਪਣੀ ਆਜ਼ਾਦ ਹਸਤੀ ਨੂੰ ਦ੍ਰਿੜ੍ਹ ਕਰਦਿਆਂ ਵਿਚਾਰ-ਵਟਾਂਦਰਾ ਕਰਕੇ ਆਪਣੇ ਆਪ ਨੂੰ ਆਮ ਸਹਿਮਤੀ 'ਤੇ ਪਹੁੰਚਣ ਵਾਲੀ ਸਭਾ ਬਣਾ ਲਿਆ।
ਪਿਛਲੇ ਦਿਨੀਂ ਦੇਸ਼ ਦੀਆਂ ਕੁਝ ਨਾਮੀ ਹਸਤੀਆਂ, ਜਿਨ੍ਹਾਂ ਵਿਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੇ ਚੇਲਾਮੇਸ਼ਵਰ, ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ. ਕੁਰੈਸ਼ੀ, ਮਸ਼ਹੂਰ ਫ਼ਿਲਮਕਾਰ ਅਦੂਰ ਗੋਪਾਲਾਕ੍ਰਿਸ਼ਨਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਐੱਸ ਥੋਰ੍ਹਾਟ, ਯੋਜਨਾ ਕਮਿਸ਼ਨ ਦੀ ਸਾਬਕਾ ਮੈਂਬਰ ਸਈਦਾ ਹਮੀਦ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ, ਨੇ ਇਹ ਸਵਾਲ ਪੁੱਛਿਆ ਹੈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਸੰਵਿਧਾਨ ਮਹਿਜ਼ ਉਹ ਨਿਯਮਾਂਵਲੀ ਹੈ ਜਿਹੜਾ ਚੁਣੀਆਂ ਹੋਈਆਂ ਹਕੂਮਤਾਂ ਨੂੰ ਸੱਤਾ ਦੀ ਦੁਰਵਰਤੋਂ ਕਰਕੇ ਆਪਣੇ ਆਪ ਨੂੰ ਜਾਇਜ਼ ਤੇ ਉੱਚਿਤ ਇਕਾਈ ਹੋਣ ਦਾ ਮੌਕਾ ਦਿੰਦਾ ਹੈ, ਨਾਗਰਿਕਾਂ ਨੂੰ ਦਿੱਤੀ ਗਈ ਆਜ਼ਾਦੀ ਦੀ ਦੁਰਵਰਤੋਂ ਕਰਦਿਆਂ ਦੂਸਰਿਆਂ ਦੇ ਅਧਿਕਾਰਾਂ ਨੂੰ ਮਧੋਲਣ ਦੀ ਆਗਿਆ ਦਿੰਦਾ ਹੈ, ਜਾਂ ਇਹ ਉਹ ਦਸਤਾਵੇਜ਼ ਹੈ ਜਿਸ ਕਾਰਨ ਜਮਹੂਰੀਅਤ, ਵੋਟ ਦੇਣ ਦੇ ਅਧਿਕਾਰ ਅਤੇ ਹੋਰ ਮਨੁੱਖੀ ਹੱਕਾਂ ਨੂੰ ਸਖ਼ਤ ਮੁਸ਼ਕਲਾਂ ਦੇ ਬਾਵਜੂਦ ਕਾਇਮ ਰੱਖਿਆ ਜਾ ਸਕਿਆ ਹੈ ਅਤੇ ਵਿਚਾਰਾਂ ਵਿਚ ਅਸਹਿਮਤੀ ਰੱਖਣ ਅਤੇ ਵਾਦ-ਵਿਵਾਦ ਕਰਨ ਜਿਹੀਆਂ ਜਮਹੂਰੀ ਕਦਰਾਂ-ਕੀਮਤਾਂ ਵਿਕਸਿਤ ਹੋਈਆਂ ਹਨ।
ਕਾਰਲ ਮਾਰਕਸ ਅਨੁਸਾਰ ਕੋਈ ਵੀ ਕਾਨੂੰਨ ਜ਼ਮੀਨੀ ਹਾਲਾਤ ਦਾ ਵਿਚਾਰਵਾਦੀ/ਆਦਰਸ਼ਮਈ ਰੂਪ ਹੀ ਹੋ ਸਕਦਾ ਹੈ ਕਿਉਂਕਿ ਹਾਕਮ ਜਮਾਤਾਂ ਹਰ ਕਾਨੂੰਨ ਨੂੰ ਜ਼ਮੀਨੀ ਪੱਧਰ 'ਤੇ ਕਾਰਜਸ਼ੀਲ ਸਜੀਵ ਤਾਕਤਾਂ ਤੋਂ ਆਜ਼ਾਦਾਨਾ ਰੂਪ ਵਿਚ ਵਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਮਾਰਕਸ ਦੇ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਕਾਨੂੰਨ ਜ਼ਿੰਦਗੀ ਦੀਆਂ ਜ਼ਮੀਨੀ ਪੱਧਰ ਦੀਆਂ ਸਜੀਵ ਤਾਕਤਾਂ ਦੀ ਪੈਦਾਵਾਰ ਹੁੰਦਾ ਹੈ ਅਤੇ ਕਾਨੂੰਨਦਾਨ ਇਸ ਨੂੰ ਆਦਰਸ਼ਮਈ ਰੂਪ ਵਿਚ ਪੇਸ਼ ਕਰਨਾ ਚਾਹੁੰਦੇ ਹਨ। ਸੰਵਿਧਾਨ ਬਣਾਉਣ ਦੇ ਸਮਿਆਂ ਦੀਆਂ ਜ਼ਮੀਨੀ ਪੱਧਰ 'ਤੇ ਮੁੱਖ ਸਜੀਵ ਤਾਕਤਾਂ ਇਹ ਸਨ : ਕਰੋੜਾਂ ਲੋਕਾਂ ਵੱਲੋਂ ਦਹਾਕਿਆਂ-ਬੱਧੀ ਲੜਿਆ ਗਿਆ ਆਜ਼ਾਦੀ ਦਾ ਸੰਘਰਸ਼ ਤੇ ਉਸ ਸੰਘਰਸ਼ ਵਿਚ ਕੀਤੀਆਂ ਗਈਆਂ ਕੁਰਬਾਨੀਆਂ, ਬਸਤੀਵਾਦੀ ਰਾਜ ਅਤੇ ਦੂਸਰੀ ਆਲਮੀ ਜੰਗ ਕਾਰਨ ਉਸ ਵਿਚ ਹੋ ਰਹੀ ਟੁੱਟ-ਭੱਜ, ਸਾਰੀ ਦੁਨੀਆਂ ਵਿਚ ਹੋ ਰਹੇ ਬਸਤੀਵਾਦ ਵਿਰੋਧੀ ਘੋਲ ਅਤੇ ਨਵੀਂ ਸਮਾਜਵਾਦੀ ਚੇਤਨਾ, ਭਾਰਤ ਦਾ ਜਾਗੀਰਦਾਰੀ, ਨੀਮ-ਜਾਗੀਰਦਾਰੀ ਢਾਂਚਾ ਅਤੇ ਜਾਤੀਵਾਦੀ ਤੇ ਮਰਦ-ਪ੍ਰਧਾਨ ਸਮਾਜ, ਧਰਮ ਦੇ ਆਧਾਰ 'ਤੇ ਹੋ ਰਹੀ ਹਿੰਦੋਸਤਾਨ ਦੀ ਵੰਡ ਤੇ ਉਸ ਵਿਚ ਹੋਈ ਹਿੰਸਾ; ਸੈਂਕੜੇ ਰਜਵਾੜਿਆਂ ਦੀਆਂ ਵੱਡੀਆਂ ਛੋਟੀਆਂ ਰਿਆਸਤਾਂ ਆਦਿ।
ਇਨ੍ਹਾਂ ਸਜੀਵ ਤਾਕਤਾਂ ਨੇ ਭਾਰਤ ਦੇ ਸੰਵਿਧਾਨ ਵਿਚ ਵੱਖ ਵੱਖ ਤਰ੍ਹਾਂ ਨਾਲ ਆਪਣੀ ਹਾਜ਼ਰੀ ਲੁਆਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਉੱਪਰ ਕਿਹਾ ਗਿਆ ਹੈ ਕਿ ਕੋਈ ਵੀ ਕਾਨੂੰਨ ਜ਼ਮੀਨੀ ਤਾਕਤਾਂ ਦੀ ਪੈਦਾਵਾਰ ਹੋਣ ਦੇ ਨਾਲ ਨਾਲ ਆਪਣੇ ਆਪ ਨੂੰ ਆਦਰਸ਼ਮਈ ਰੂਪ ਵਿਚ ਪੇਸ਼ ਕਰਨਾ ਚਾਹੁੰਦਾ ਹੈ, ਇਸੇ ਤਰ੍ਹਾਂ ਭਾਰਤੀ ਸੰਵਿਧਾਨ ਵਿਚ ਵੀ ਆਜ਼ਾਦੀ ਦੇ ਸੰਘਰਸ਼ ਦੌਰਾਨ ਸਾਹਮਣੇ ਆਈਆਂ ਤੇ ਪਣਪੀਆਂ ਵੱਖ ਵੱਖ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਸਥਾਨ ਦਿਵਾਉਣ ਲਈ ਸੰਵਿਧਾਨ-ਘੜਨੀ ਸਭਾ ਵਿਚ ਵੱਡੀ ਕਸ਼ਮਕਸ਼ ਹੋਈ। ਜਸਟਿਸ ਚੇਲਾਮੇਸਵਰ ਅਤੇ ਹੋਰਨਾਂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਭਾਰਤੀ ਸੰਵਿਧਾਨ ਉਹ ਦਸਤਾਵੇਜ਼ ਹੈ ਜਿਸ ਨੂੰ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਦੀ ਰੱਤ ਨੇ ਸਿੰਜਿਆ। ਇਹ ਭਾਵਨਾ ਸਭ ਤੋਂ ਪ੍ਰਬਲ ਰੂਪ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਪੇਸ਼ ਕੀਤੀ ਗਈ ਜਿਸ ਵਿਚ ਇਹ ਕਿਹਾ ਗਿਆ ਕਿ ਅਸੀਂ 'ਭਾਰਤ ਦੇ ਲੋਕ' ਭਾਰਤ ਨੂੰ ਇਕ 'ਪ੍ਰਭੂਸੱਤਾ-ਸੰਪੰਨ ਅਤੇ ਜਮਹੂਰੀ ਗਣਰਾਜ' ਬਣਾਉਂਦੇ ਹੋਏ ਇਸ ਦੇ ਸਾਰੇ ਨਾਗਰਿਕਾਂ ਲਈ ਨਿਆਂ, ਆਜ਼ਾਦੀ, ਬਰਾਬਰੀ ਤੇ ਸਾਂਝੀਵਾਲਤਾ ਦੇਣ ਦਾ ਅਹਿਦ ਕਰਦੇ ਹਾਂ। ਇਸ ਤਰ੍ਹਾਂ ਸੰਵਿਧਾਨ ਨੇ ਲੋਕਾਂ ਦੀ ਇੱਛਾ ਨੂੰ ਬੁਨਿਆਦੀ ਦੱਸਦਿਆਂ ਸਵੀਕਾਰ ਕੀਤਾ ਕਿ ਲੋਕ ਸਰਬਉੱਚ ਹਨ ਅਤੇ ਆਪਣਾ ਭਵਿੱਖ ਉਹ ਖ਼ੁਦ ਘੜਨਗੇ।
ਕੋਈ ਵੀ ਕਾਨੂੰਨ ਆਖ਼ਰੀ ਅਤੇ ਸੰਪੂਰਨ ਨਹੀਂ ਹੁੰਦਾ। ਇਹ ਹਮੇਸ਼ਾ ਵਿਕਾਸ ਕਰਦਾ ਰਹਿੰਦਾ ਹੈ। 1950 ਵਿਚ ਲਾਗੂ ਕੀਤੇ ਗਏ ਸੰਵਿਧਾਨ ਦੀ ਕਈ ਪੱਖਾਂ ਤੋਂ ਆਲੋਚਨਾ ਹੋ ਸਕਦੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦੁਆਰਾ ਦੇਸ਼ 'ਤੇ ਰਾਜ ਕਰਨ ਲਈ ਬਣਾਏ ਗਏ ਕੁਝ ਨਿਯਮ ਲੋਕ-ਸ਼ਕਤੀ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਸਨ ਜਿਵੇਂ ਕਾਨੂੰਨ ਦਾ ਰਾਜ, ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਹੋਣਾ (ਬਹੁਤ ਸਾਰੇ ਯੂਰਪੀ ਦੇਸ਼ਾਂ ਵਿਚ ਔਰਤਾਂ ਨੂੰ ਇਹ ਅਧਿਕਾਰ ਬਾਅਦ ਵਿਚ ਮਿਲਿਆ), ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦੇਣਾ, ਸੰਸਦ/ਵਿਧਾਨ ਸਭਾਵਾਂ, ਸਰਕਾਰ ਅਤੇ ਨਿਆਂਪਾਲਿਕਾ ਦੀਆਂ ਤਾਕਤਾਂ ਦਾ ਵਖਰੇਵਾਂ, ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਾਲੇ ਵਿਸ਼ਿਆਂ ਨੂੰ ਅੱਡੋ-ਅੱਡ ਕਰਨਾ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਰਾਖਵਾਂਕਰਨ, ਘੱਟਗਿਣਤੀ ਫ਼ਿਰਕਿਆਂ ਦੇ ਵਿੱਦਿਅਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਸੁਰੱਖਿਆ, ਅਨੁਸੂਚਿਤ ਜਨਜਾਤੀਆਂ ਵਾਲੇ ਖੇਤਰਾਂ ਵਿਚ ਅਨੁਸੂਚਿਤ ਜਨਜਾਤੀਆਂ ਦੀਆਂ ਸਲਾਹਕਾਰ ਕਮੇਟੀਆਂ ਨੂੰ ਵਿਸ਼ੇਸ਼ ਅਧਿਕਾਰ ਦੇਣਾ ਆਦਿ।
ਮਸ਼ਹੂਰ ਸਮਾਜ ਸ਼ਾਸਤਰੀ ਨੰਦਿਨੀ ਸੁੰਦਰ ਅਨੁਸਾਰ ਸੰਵਿਧਾਨ ਉਸ ਤਰ੍ਹਾਂ ਦਾ ਦਸਤਾਵੇਜ਼ ਨਾ ਬਣ ਸਕਿਆ ਜਿਵੇਂ ਦਾ ਬਣਨਾ ਚਾਹੀਦਾ ਸੀ। ਇਸ ਤਰਕ ਨੂੰ ਸਾਬਤ ਕਰਨ ਲਈ ਉਹ ਸੰਵਿਧਾਨ ਦੇ ਪੰਜਵੇਂ ਸ਼ਡਿਊਲ ਦੇ ਮੁੱਢਲੇ ਡਰਾਫਟ, ਜਿਹੜਾ ਮਸ਼ਹੂਰ ਆਦਿਵਾਸੀ ਆਗੂ ਜੈਪਾਲ ਸਿੰਘ ਨੇ ਤਿਆਰ ਕੀਤਾ ਸੀ, ਦੀ ਉਦਾਹਰਨ ਦਿੰਦੀ ਹੈ। ਮੁੱਢਲੇ ਡਰਾਫਟ ਵਿਚ ਆਦਿਵਾਸੀ ਇਲਾਕਿਆਂ ਲਈ ਬਣਾਈਆਂ ਗਈਆਂ ਸਲਾਹਕਾਰ ਕੌਂਸਲਾਂ ਨੂੰ ਕਿਤੇ ਜ਼ਿਆਦਾ ਅਧਿਕਾਰ ਦਿੱਤੇ ਗਏ ਸਨ। ਨੰਦਿਨੀ ਸੁੰਦਰ ਅਨੁਸਾਰ ਸੰਵਿਧਾਨ ਨੂੰ ਬਰਕਰਾਰ ਰੱਖਣ ਅਤੇ ਸਹੀ ਦਿਸ਼ਾ ਵੱਲ ਲੈ ਕੇ ਜਾਣ ਵਿਚ ਲੋਕਾਂ ਦੀ ਭੂਮਿਕਾ ਅਦਾਲਤਾਂ ਅਤੇ ਚੁਣੇ ਗਏ ਨੁਮਾਇੰਦਿਆਂ ਤੋਂ ਕਿਤੇ ਜ਼ਿਆਦਾ ਬੁਨਿਆਦੀ ਹੈ। ਉਹ ਇਸ ਗੱਲ ਵੱਲ ਵੀ ਧਿਆਨ ਦਿਵਾਉਂਦੀ ਹੈ ਕਿ ਸੂਚਨਾ ਦਾ ਅਧਿਕਾਰ (ਆਰਟੀਆਈ), ਸਿੱਖਿਆ ਸਬੰਧੀ ਕਾਨੂੰਨ ਅਤੇ ਹੋਰ ਲੋਕ-ਪੱਖੀ ਕਾਨੂੰਨ ਬਣਾਉਣ ਲਈ ਲੋਕਾਂ ਨੂੰ ਵਰ੍ਹਿਆਂ-ਬੱਧੀ ਸੰਘਰਸ਼ ਕਰਨਾ ਪਿਆ ਹੈ।
ਹਰ ਕਿਤਾਬ, ਕਾਨੂੰਨ, ਸਮਝੌਤੇ, ਸੰਘਰਸ਼ ਗੱਲ ਕੀ ਹਰ ਮਨੁੱਖੀ ਕਾਰਜ ਦਾ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਮਹੱਤਵ ਜਟਿਲ, ਬਹੁ-ਪਰਤੀ ਤੇ ਬਹੁ-ਚਿੰਨ੍ਹਮਈ ਹੁੰਦਾ ਹੈ, ਖ਼ਾਸ ਤੌਰ 'ਤੇ ਇਤਿਹਾਸ ਦੇ ਖ਼ਾਸ ਮੌਕਿਆਂ 'ਤੇ ਬਣੇ ਕਾਨੂੰਨਾਂ ਅਤੇ ਵੱਖ ਵੱਖ ਧਿਰਾਂ ਵਿਚ ਕੀਤੇ ਗਏ ਸਮਝੌਤਿਆਂ ਦਾ। ਉਦਾਹਰਨ ਦੇ ਤੌਰ 'ਤੇ 1215 ਵਿਚ ਕੀਤਾ ਗਿਆ ਇੰਗਲੈਂਡ ਦਾ ਮਸ਼ਹੂਰ ਐਲਾਨਨਾਮਾ 'ਮੈਗਨਾ ਕਾਰਟਾ' ਬਾਦਸ਼ਾਹ ਤੇ ਉਸ ਦੇ ਜਾਗੀਰਦਾਰਾਂ ਵਿਚਕਾਰ ਹੋਇਆ ਸਮਝੌਤਾ ਸੀ ਜਿਸ ਵਿਚ ਬਾਦਸ਼ਾਹ ਦੀ ਤਾਕਤ 'ਤੇ ਕੁਝ ਬੰਦਿਸ਼ਾਂ ਲਾਈਆਂ ਗਈਆਂ, ਪਰ ਬਾਅਦ ਵਿਚ ਇਸ ਨੂੰ ਬਾਦਸ਼ਾਹਾਂ ਦੇ ਰਾਜ ਦੀ ਥਾਂ 'ਤੇ ਭਵਿੱਖ ਦੇ ਆਉਣ ਵਾਲੇ ਕਾਨੂੰਨ ਦੇ ਰਾਜ ਦੇ ਬੀਜ-ਸ੍ਰੋਤ ਵਜੋਂ ਵੀ ਦੇਖਿਆ ਜਾਂਦਾ ਹੈ। ਇਸੇ ਦਸਤਾਵੇਜ਼ ਨੂੰ ਅਮਰੀਕਾ ਦੀ ਆਜ਼ਾਦੀ ਦੀ ਲੜਾਈ ਵਿਚ ਆਜ਼ਾਦੀ ਦੇ ਚਿੰਨ੍ਹ ਤੇ ਪ੍ਰੇਰਨਾ-ਸਰੋਤ ਵਜੋਂ ਵਰਤਿਆ ਗਿਆ ਅਤੇ 1990ਵਿਆਂ ਵਿਚ ਮੈਕਸਿਕੋ ਦੇ ਮੂਲ ਵਾਸੀਆਂ ਦੁਆਰਾ ਸ਼ੁਰੂ ਕੀਤੇ ਜ਼ਪਤੀਸਤਾ (Zapatista) ਵਿਦਰੋਹ ਵਿਚ ਵੀ। ਮੈਗਨਾ ਕਾਰਟਾ ਦੇ ਦੋ ਸਾਲ ਬਾਅਦ ਜਾਰੀ ਕੀਤੇ ਗਏ ਦਸਤਾਵੇਜ਼ 'ਚਾਰਟਰ ਆਫ਼ ਫਾਰੈਸਟਸ' (Charter of Forests) ਵਿਚ ਆਮ ਲੋਕਾਂ ਨੂੰ ਜੰਗਲ, ਚਰਾਗਾਹਾਂ, ਸ਼ਾਮਲਾਟਾਂ ਆਦਿ ਵਰਤਣ ਦੇ ਅਧਿਕਾਰ ਦਿੱਤੇ ਗਏ। ਮੈਕਸਿਕੋ ਦਾ ਵਿਦਰੋਹ ਉੱਥੋਂ ਦੀ ਸਰਕਾਰ ਦੁਆਰਾ ਸੰਵਿਧਾਨ ਵਿਚ ਅਜਿਹੀ ਸੋਧ ਕਰਨ ਕਰਕੇ ਹੋਇਆ ਜਿਸ ਅਨੁਸਾਰ ਮੈਕਸਿਕੋ ਦੇ ਮੂਲ ਵਾਸੀਆਂ ਦੁਆਰਾ ਦੇਸ਼ ਦੇ ਜੰਗਲਾਂ ਤੇ ਸਾਂਝੀਆਂ ਜ਼ਮੀਨਾਂ ਵਿਚ ਦਾਖ਼ਲ ਹੋਣ ਤੇ ਵਰਤਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਇਹ ਸੋਧ ਅਮਰੀਕਾ ਨਾਲ ਆਜ਼ਾਦ ਵਪਾਰ ਦੇ ਜ਼ੋਨ 'ਨਾਰਥ ਅਮੈਰਿਕਨ ਫਰੀ ਟਰੇਡ ਜ਼ੋਨ' (North American Free Trade Zone NAFTA) ਵਿਚ ਦਾਖ਼ਲੇ ਲਈ ਰੱਖੀ ਗਈ ਸ਼ਰਤ ਸੀ। ਇਸ ਅੰਦੋਲਨ ਦੇ ਆਗੂਆਂ ਨੇ ਇਕ ਪਾਸੇ ਪੁਰਾਣੇ ਮੈਕਸਿਕਨ ਇਨਕਲਾਬੀ ਐਮੀਲੀਆਨੋ ਜ਼ਪਾਤਾ (Emiliano Zapata) ਅਤੇ ਚੀ ਗੇਵਾਰਾ (Che Guevara) ਦੀਆਂ ਤਸਵੀਰਾਂ ਲਗਾਈਆਂ ਅਤੇ ਨਾਲ ਹੀ 'ਮੈਗਨਾ ਕਾਰਟਾ' ਅਤੇ ਮੈਕਸਿਕੋ ਦੇ 1917 ਵਿਚ ਅਪਣਾਏ ਗਏ ਸੰਵਿਧਾਨ ਨੂੰ ਬਚਾਉਣ ਦੀ ਗੱਲ ਕੀਤੀ। ਇਸ ਤਰ੍ਹਾਂ ਲੋਕ ਅੰਦੋਲਨਾਂ ਵਿਚ ਵੱਖ ਵੱਖ ਤਰ੍ਹਾਂ ਦੇ ਆਗੂ ਅਤੇ ਦਸਤਾਵੇਜ਼ ਵਿਦਰੋਹ ਦੇ ਚਿੰਨ੍ਹ ਬਣ ਸਕਦੇ ਹਨ।
ਕਿਸੇ ਵੀ ਕਾਨੂੰਨ ਜਾਂ ਸੰਵਿਧਾਨ ਵਿਚ ਲਿਖੇ ਗਏ ਸ਼ਬਦ ਆਪਣੇ ਆਪ ਹਕੀਕਤ ਨਹੀਂ ਬਣ ਜਾਂਦੇ। ਸੰਵਿਧਾਨ ਵਿਚ ਸਮਾਜਿਕ ਬਰਾਬਰੀ, ਧਰਮ-ਨਿਰਪੱਖਤਾ ਅਤੇ ਸਮਾਜਵਾਦ ਦੀ ਗੱਲ ਕੀਤੀ ਗਈ ਹੈ, ਪਰ ਦੇਸ਼ ਨੂੰ ਧਰਮ-ਨਿਰਪੱਖ ਤੇ ਸਮਾਜਵਾਦੀ ਬਣਾਉਣ ਅਤੇ ਸਮਾਜ ਵਿਚ ਸਮਾਜਿਕ ਬਰਾਬਰੀ ਦੇ ਏਜੰਡੇ ਨੂੰ ਅੱਗੇ ਖੜ੍ਹਨਾ ਲੋਕਾਂ ਦਾ ਕੰਮ ਹੈ। ਸੰਵਿਧਾਨ ਅਤੇ ਲੋਕ-ਪੱਖੀ ਸਿਆਸਤ ਇਕੱਠੀਆਂ ਹੋ ਕੇ ਤੁਰਨ ਵਾਲੀਆਂ ਸ਼ਕਤੀਆਂ ਹਨ। ਸੰਵਿਧਾਨ ਨੇ ਸਾਡੇ ਸਮਾਜ ਵਿਚ ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਸਿਧਾਂਤ ਪੇਸ਼ ਕਰਕੇ ਸਮਾਜਿਕ ਬਰਾਬਰੀ ਦੇ ਅਹਿਮ ਦਸਤਾਵੇਜ਼ ਤੇ ਕਾਨੂੰਨ ਵਜੋਂ ਵੱਡੀ ਭੂਮਿਕਾ ਨਿਭਾਈ। ਸਰਮਾਏਦਾਰੀ ਜਮਾਤ ਇਸ ਨੂੰ ਆਪਣੇ ਲਈ ਆਜ਼ਾਦ ਵਪਾਰ ਦੇ ਖੇਤਰ 'ਸਪੈਸ਼ਲ ਇਕਨਾਮਿਕ ਜ਼ੋਨ' ਬਣਾਉਣ ਲਈ ਵੀ ਵਰਤ ਸਕਦੀ ਹੈ ਅਤੇ ਦੇਸ਼ ਦੇ ਲੋਕ ਇਸ ਨੂੰ ਆਪਣੇ ਮੌਲਿਕ ਹੱਕਾਂ ਅਤੇ ਜਮਹੂਰੀਅਤ ਦੀ ਰਾਖੀ ਲਈ। ਇਸੇ ਲਈ ਜਦ ਪਿਛਲੇ ਕੁਝ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਨੇ ਨਾਗਰਿਕਾਂ ਦਾ ਕੌਮੀ ਰਜਿਸਟਰ ਅਤੇ ਨਾਗਰਿਕਤਾ ਸੋਧ ਕਾਨੂੰਨ ਜਿਹੇ ਲੋਕ-ਵਿਰੋਧੀ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਲਈ ਕਦਮ ਚੁੱਕੇ ਹਨ ਤਾਂ ਲੋਕਾਂ ਨੇ ਸੰਵਿਧਾਨ ਵਿਚਲੇ ਆਦਰਸ਼ਾਂ ਨੂੰ ਦਰਸਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਹੈ। ਅੱਜ ਸੰਵਿਧਾਨ ਲੋਕਾਂ ਦੇ ਹੱਥ ਵਿਚ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਬਚਾਉਣ ਵਾਲਾ ਸੰਦ ਬਣ ਕੇ ਉੱਭਰਿਆ ਹੈ। ਦਿੱਲੀ ਦੇ ਸ਼ਾਹੀਨ ਬਾਗ਼ ਦੀਆਂ ਔਰਤਾਂ, ਜਾਮੀਆ ਮਿਲੀਆ ਤੇ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਲਖਨਊ, ਪਟਨਾ, ਕੋਲਕਾਤਾ, ਮਾਲੇਰਕੋਟਲਾ, ਲੁਧਿਆਣਾ, ਚੰਡੀਗੜ੍ਹ ਅਤੇ ਦੇਸ਼ ਦੀਆਂ ਹੋਰ ਥਾਵਾਂ 'ਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਤੇ ਹੋਰ ਹਿੱਸਿਆਂ ਨੂੰ ਵਿਰੋਧ ਦਾ ਪਰਚਮ ਬਣਾ ਲਿਆ ਹੈ। ਨੰਦਿਨੀ ਸੁੰਦਰ ਅਨੁਸਾਰ ਸੰਵਿਧਾਨ ਇਕ ਸਜੀਵ ਦਸਤਾਵੇਜ਼ ਹੈ। ਲੋਕ ਇਸ ਵਿਚਲੇ ਆਦਰਸ਼ਾਂ ਨੂੰ ਹੋਰ ਜਮਹੂਰੀ ਅਤੇ ਲੋਕ-ਪੱਖੀ ਬਣਾ ਸਕਦੇ ਹਨ।
ਇਤਿਹਾਸ ਸਿਰਜਣ ਦੀ ਰਾਹ - ਸਵਰਾਜਬੀਰ
ਅਮਰੀਕਨ ਇਤਿਹਾਸਕਾਰ ਲਾਰੈਲ ਥੈਚਰ ਉਲਰਿਚ ਨੇ 1976 ਵਿਚ ਆਪਣਾ ਲੇਖ 'ਸੁਚੱਜੀਆਂ ਔਰਤਾਂ ਕਦੇ ਇਤਿਹਾਸ ਨਹੀਂ ਬਣਾਉਂਦੀਆਂ' (Well Behaved Women Seldom Make History) ਲਿਖਿਆ। ਉਸ ਵੇਲ਼ੇ ਤਾਂ ਇਹ ਲੇਖ ਕੁਝ ਜ਼ਿਆਦਾ ਮਸ਼ਹੂਰ ਨਹੀਂ ਹੋਇਆ ਪਰ ਬਾਅਦ ਵਿਚ ਇਹ ਸ਼ਬਦ ਮੁਹਾਵਰਾ ਬਣ ਗਏ ਅਤੇ ਇਸ ਲਿਖ਼ਤ ਵਾਲੀਆਂ ਟੀ-ਸ਼ਰਟਾਂ, ਪੋਸਟ ਕਾਰਡ ਆਦਿ ਬਹੁਤ ਹਰਮਨਪਿਆਰੇ ਹੋਏ। 2007 ਵਿਚ ਉਲਰਿਚ ਨੇ ਇਸੇ ਨਾਂ ਦੀ ਕਿਤਾਬ ਲਿਖੀ ਜਿਸ ਵਿਚ ਉਸ ਨੇ ਤਿੰਨ ਔਰਤਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਕੰਮ-ਕਾਰ ਬਾਰੇ ਵਿਸਥਾਰ ਵਿਚ ਲਿਖਿਆ। ਉਲਰਿਚ ਨੇ ਦੱਸਿਆ ਕਿ ਕਿਵੇਂ ਸਮਾਜ ਚੰਗੀਆਂ ਅਤੇ ਮਾੜੀਆਂ ਕੁੜੀਆਂ ਬਾਰੇ ਮਾਪਦੰਡ ਬਣਾਉਂਦਾ ਹੈ ਅਤੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਔਰਤਾਂ, ਜਿਹੜੀਆਂ ਸੱਚਮੁਚ ਇਤਿਹਾਸ ਸਿਰਜਦੀਆਂ ਹਨ, ਇਨ੍ਹਾਂ ਮਾਪਦੰਡਾਂ ਨੂੰ ਤੋੜਨ ਵਾਲੀਆਂ ਜਟਿਲ ਸ਼ਖ਼ਸੀਅਤਾਂ ਹੁੰਦੀਆਂ ਹਨ। ਉਲਰਿਚ ਨੇ ਮੱਧਕਾਲੀਨ ਸਮਿਆਂ ਦੀ ਫ਼ਰਾਂਸੀਸੀ ਵਿਦਵਾਨ ਕ੍ਰਿਸਟੀਨ ਦ ਪਿਜ਼ੋਂ, 19ਵੀਂ ਸਦੀ ਵਿਚ ਇੰਗਲੈਂਡ ਵਿਚ ਔਰਤਾਂ ਲਈ ਵੋਟਾਂ ਦੇ ਹੱਕਾਂ ਲਈ ਅੰਦੋਲਨ ਕਰਨ ਵਾਲੀ ਐਲਿਜ਼ਬੈੱਥ ਕੈਡੀ ਸਟੈਟਨ ਅਤੇ 20ਵੀਂ ਸਦੀ ਦੀ ਮਸ਼ਹੂਰ ਲਿਖਾਰੀ ਵਰਜੀਨੀਆ ਵੂਲਫ਼ ਦਾ ਜ਼ਿਕਰ ਕੀਤਾ। ਉਲਰਿਚ ਦਾ ਕੇਂਦਰੀ ਨੁਕਤਾ ਇਹ ਹੈ ਕਿ ਕਿਵੇਂ ਇਨ੍ਹਾਂ ਔਰਤਾਂ ਨੇ ਉਸ ਸਮਾਜਿਕ ਵਿਹਾਰ, ਜਿਸ ਨੂੰ ਰਵਾਇਤੀ ਜਾਂ ਮਰਿਆਦਾ-ਪੂਰਨ ਕਿਹਾ ਜਾਂਦਾ ਹੈ, ਨਾਲੋਂ ਤੋੜ-ਵਿਛੋੜਾ ਕਰਕੇ ਸਮਾਜ ਤੇ ਇਤਿਹਾਸ ਵਿਚ ਔਰਤਾਂ ਨੂੰ ਵੱਡਾ ਸਥਾਨ ਦਿਵਾਉਣ ਲਈ ਨਵੀਂ ਜ਼ਮੀਨ ਲੱਭੀ।
ਔਰਤਾਂ ਸਮਾਜ ਦਾ 50 ਫ਼ੀਸਦੀ ਹਿੱਸਾ ਹਨ। ਉਹ ਮਨੁੱਖੀ ਕਾਰ-ਵਿਹਾਰ ਤੇ ਰੋਜ਼ਾਨਾ ਜ਼ਿੰਦਗੀ ਵਿਚ ਏਨਾ ਅਹਿਮ ਹਿੱਸਾ ਪਾਉਂਦੀਆਂ ਹਨ ਕਿ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਜ਼ਿੰਦਗੀ ਦੇ ਕਿਸੇ ਕਾਰਜ ਬਾਰੇ ਕਲਪਨਾ ਕਰਨੀ ਮੁਸ਼ਕਲ ਹੈ। ਮਾਵਾਂ, ਭੈਣਾਂ, ਧੀਆਂ, ਪਤਨੀਆਂ ਅਤੇ ਹੋਰ ਭੂਮਿਕਾਵਾਂ ਨਿਭਾਉਂਦੀਆਂ ਉਹ ਮਰਦਾਂ ਨਾਲ ਕਦਮ-ਦਰ-ਕਦਮ ਮਿਲਾ ਕੇ ਚਲਦੀਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਸਮਾਜ ਵਿਚ ਔਰਤਾਂ ਦਾ ਦਰਜਾ ਗੌਣ ਰਿਹਾ ਹੈ।
ਇਤਿਹਾਸ ਮਰਦਾਂ ਨੇ ਸਿਰਜਿਆ। ਕਈ ਵਿਦਵਾਨ ਦਲੀਲ ਦਿੰਦੇ ਹਨ ਕਿ ਇਸ ਵਿਚ ਔਰਤਾਂ ਭਾਵੇਂ ਮੋਹਰੀ ਤਾਂ ਨਹੀਂ ਸਨ ਪਰ ਪਿੱਠ-ਭੂਮੀ ਵਿਚ ਰਹਿ ਕੇ ਉਨ੍ਹਾਂ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ। ਇਹ ਦਲੀਲ ਧਰਵਾਸ ਦੇਣ ਵਾਲੀ ਹੈ। ਸੱਚ ਇਹ ਹੈ ਕਿ ਔਰਤਾਂ ਨੂੰ ਇਤਿਹਾਸ ਸਿਰਜਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਮਰਦਾਂ ਦੁਆਰਾ ਇਤਿਹਾਸ ਸਿਰਜਣ ਕਰਕੇ ਬਹੁਤੇ ਸਮਾਜ ਮਰਦ-ਪ੍ਰਧਾਨ ਸਮਾਜ ਬਣ ਗਏ। ਮਰਦਾਵੀਂ ਧੌਂਸ ਸਮਾਜ ਦੀ ਆਮ ਸੂਝ-ਸਮਝ ਤੇ ਸਿਆਣਪ ਬਣ ਗਈ ਅਤੇ ਮਰਦਾਨਗੀ ਸਾਡੇ ਸਮਾਜਾਂ ਵਿਚਲੀ ਕੇਂਦਰੀ ਕੀਮਤ ਹੋ ਨਿੱਬੜੀ। ਇਸ ਮਰਦਾਨਗੀ ਨੇ ਜੰਗ ਦੇ ਮੈਦਾਨਾਂ ਵਿਚ ਆਪਣੇ ਜੌਹਰ ਵਿਖਾਏ, ਕਰੋੜਾਂ ਲੋਕਾਂ ਦਾ ਕਤਲੇਆਮ ਕੀਤਾ, ਦੇਸ਼ਾਂ, ਕੌਮਾਂ, ਨਿਮਾਣਿਆਂ ਤੇ ਨਿਤਾਣਿਆਂ ਨੂੰ ਲੁੱਟਿਆ ਤੇ ਗ਼ੁਲਾਮ ਬਣਾਇਆ। ਮਰਦਾਂ ਦੀਆਂ ਜਿੱਤਾਂ ਵਿਚ ਔਰਤਾਂ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਤੇ ਜੇਤੂ ਮਰਦ ਹਾਰੇ ਹੋਏ ਮਰਦਾਂ ਦੀਆਂ ਧੀਆਂ-ਭੈਣਾਂ ਲੁੱਟ ਕੇ ਆਪਣੇ ਘਰਾਂ ਜਾਂ ਦੇਸ਼ਾਂ ਨੂੰ ਲੈ ਜਾਂਦੇ। ਇਤਿਹਾਸ ਵਿਚੋਂ ਔਰਤ ਲਗਭਗ ਮਨਫ਼ੀ ਹੋ ਗਈ। ਮਸ਼ਹੂਰ ਫ਼ਰਾਂਸੀਸੀ ਚਿੰਤਕ ਸਿਮੋਨ ਦ ਬੂਆ ਲਿਖਦੀ ਹੈ, ''ਔਰਤਾਂ ਦਾ ਨਾ ਆਪਣਾ ਇਤਿਹਾਸ ਹੈ, ਨਾ ਵਰਤਮਾਨ।'' ਔਰਤ ਮਰਦ ਦੇ ਸਿਰਜੇ ਅਤੀਤ, ਵਰਤਮਾਨ ਤੇ ਭਵਿੱਖ ਵਿਚ ਜਿਉਂਦੀ ਹੈ।
ਸਮਾਜ ਵਿਚ ਔਰਤ ਦੀ ਹਾਜ਼ਰੀ ਏਨੀ ਚੁੱਪ ਵਾਲੀ ਨਹੀਂ। ਉਹ ਲੋਕ-ਗੀਤਾਂ ਰਾਹੀਂ ਹਮੇਸ਼ਾ ਆਪਣੀ ਗੱਲ ਕਹਿਣ ਵਿਚ ਸਫ਼ਲ ਹੁੰਦੀ ਰਹੀ। ਮਰਦ ਨੇ ਉਸ ਨੂੰ ਦੁਜੈਲਾ ਦਰਜਾ ਦਿੱਤਾ ਪਰ ਉਹ ਆਪਣੀ ਅੰਦਰੂਨੀ ਤਾਕਤ ਨਾਲ ਸਮਾਜ ਤੇ ਪਰਿਵਾਰ 'ਤੇ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਆਪਣੀ ਲੜਾਈ ਕਦੇ ਸਿੱਧੇ ਅਤੇ ਕਦੇ ਅਸਿੱਧੇ ਢੰਗ ਨਾਲ ਲੜਦੀ ਰਹੀ। ਜਦ ਮਰਦ ਨੇ ਉਸ ਨੂੰ ਪਤਨੀ ਦੇ ਰੂਪ ਵਿਚ ਬਰਾਬਰ ਦਾ ਦਰਜਾ ਨਾ ਦਿੱਤਾ ਤਾਂ ਉਸ ਨੇ ਮਾਂ ਦੇ ਰੂਪ ਵਿਚ ਪਰਿਵਾਰ ਵਿਚ ਆਪਣੀ ਮਮਤਾ ਤੇ ਕੁਰਬਾਨੀ ਸਦਕਾ ਵੱਡਾ ਪ੍ਰਭਾਵ ਬਣਾਇਆ। ਉਹ ਧੀਆਂ ਤੇ ਪੁੱਤਰਾਂ ਨੂੰ ਇਕੱਠਿਆਂ ਰੱਖਣ ਵਾਲੀ ਤਾਕਤ ਬਣ ਗਈ ਅਤੇ ਮਰਦ ਨੂੰ ਉਸ ਦੇ ਇਸ ਰੂਪ ਨੂੰ ਸਵੀਕਾਰਨਾ ਤੇ ਦੇਵੀ ਦਾ ਦਰਜਾ ਦੇਣਾ ਪਿਆ। ਧੀਆਂ-ਪੁੱਤਰਾਂ 'ਤੇ ਮਾਂ ਦੀ ਸੋਚ ਦਾ ਪ੍ਰਭਾਵ ਸਾਰੀ ਉਮਰ ਚੇਤਨ ਤੇ ਅਵਚੇਤਨ ਰੂਪ ਵਿਚ ਬਣਿਆ ਰਹਿੰਦਾ ਹੈ।
ਅਜੋਕੇ ਸਮਿਆਂ ਵਿਚ ਔਰਤਾਂ ਨੇ ਇਹ ਸੰਘਰਸ਼ ਵਿੱਢਿਆ ਕਿ ਉਨ੍ਹਾਂ ਨੂੰ ਸਿਰਫ਼ ਮਾਂ-ਰੂਪ ਨਹੀਂ ਸਗੋਂ ਨਾਰੀ ਵਜੋਂ ਸੰਪੂਰਨ ਰੂਪ ਵਿਚ ਪਛਾਣ ਮਿਲਣੀ ਚਾਹੀਦੀ ਹੈ। ਕਦੀ ਧੀਮੀ ਸੁਰ ਨਾਲ ਅਤੇ ਕਦੀ ਅੰਦੋਲਨਾਂ ਰਾਹੀਂ ਵਿਰੋਧ ਕਰਦਿਆਂ ਔਰਤਾਂ ਦੀ ਆਜ਼ਾਦੀ ਦਾ ਮਸਲਾ ਭਖਿਆ ਅਤੇ ਔਰਤਾਂ ਨੂੰ ਪੜ੍ਹਾਈ-ਲਿਖਾਈ, ਗਿਆਨ-ਵਿਗਿਆਨ, ਗੱਲ ਕੀ ਜ਼ਿੰਦਗੀ ਦੇ ਹਰ ਸ਼ੋਹਬੇ ਵਿਚ ਬਰਾਬਰ ਦੀ ਥਾਂ ਮਿਲਣ ਲੱਗੀ। ਭਾਵੇਂ ਅਜੇ ਵੀ ਔਰਤਾਂ ਦੇ ਵਿਚਾਰਾਂ 'ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਏਦਾਂ ਦੀ ਰਾਏ ''ਚੰਗੀਆਂ ਧੀਆਂ ਏਦਾਂ ਨਹੀਂ ਕਰਦੀਆਂ'' ਰਾਹੀਂ ਲਾਈਆਂ ਜਾਂਦੀਆਂ ਹਨ ਪਰ ਇਤਿਹਾਸ ਦਾ ਵਹਾਅ ਇਹੋ ਜਿਹਾ ਹੈ ਕਿ ਔਰਤਾਂ ਹਰ ਮੈਦਾਨ ਵਿਚ ਆਪਣੇ ਹੱਕ ਲੈਣ ਲਈ ਅੱਗੇ ਆ ਰਹੀਆਂ ਹਨ। ਮਰਦ ਅਜੇ ਵੀ ਉਨ੍ਹਾਂ ਨੂੰ ਆਪਣੀ ਬਣਾਈ ਮਰਿਆਦਾ ਅਨੁਸਾਰ ਵਿਹਾਰ ਕਰਨ ਲਈ ਮਜਬੂਰ ਕਰਦਾ ਹੈ ਜਿਵੇਂ ਪੰਜਾਬ ਵਿਚ ਇਹ ਆਮ ਕਿਹਾ ਜਾਂਦਾ ਹੈ ''ਚੰਗੀਆਂ ਧੀਆਂ ਜਾਇਦਾਦ ਵਿਚੋਂ ਹਿੱਸਾ ਨਹੀਂ ਮੰਗਦੀਆਂ'', ''ਚੰਗੀਆਂ ਧੀਆਂ ਮਾਂ-ਪਿਉ ਦੇ ਕਹੇ ਅਨੁਸਾਰ ਹੀ ਵਿਆਹ ਕਰਦੀਆਂ ਹਨ''।
ਪਿਛਲੇ ਕੁਝ ਵਰ੍ਹਿਆਂ ਤੋਂ ਦੇਸ਼ ਵਿਚ ਵਿੱਦਿਆ, ਵਿਗਿਆਨ, ਖੋਜ, ਆਜ਼ਾਦੀ, ਤਰੱਕੀ ਆਦਿ ਦੀ ਗੱਲ ਹੋਣ ਦੀ ਥਾਂ 'ਤੇ ਉਨ੍ਹਾਂ ਰੁਝਾਨਾਂ ਨੇ ਲੈ ਲਈ ਹੈ ਜਿਨ੍ਹਾਂ ਵਿਚ ਫ਼ਿਰਕਾਪ੍ਰਸਤੀ, ਮਰਦ-ਪ੍ਰਧਾਨ ਸੋਚ, ਜਾਤੀਵਾਦ ਤੇ ਖੇਤਰਵਾਦ ਦੀਆਂ ਰੁਚੀਆਂ ਭਾਰੂ ਹਨ। ਹਜੂਮੀ ਹਿੰਸਾ ਦੀਆਂ ਕਾਰਵਾਈਆਂ ਰਾਹੀਂ ਦੇਸ਼ ਦੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਕੀ ਖਾਣਾ ਤੇ ਕੀ ਨਹੀਂ ਖਾਣਾ ਚਾਹੀਦਾ। ਉਨ੍ਹਾਂ ਦੀ ਦੇਸ਼ ਭਗਤੀ 'ਤੇ ਸ਼ੱਕ ਕਰਦਿਆਂ ਨਾ ਸਿਰਫ਼ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਗਈ ਸਗੋਂ ਉਨ੍ਹਾਂ ਨੂੰ ਖ਼ਾਸ ਤਰ੍ਹਾਂ ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ ਗਿਆ। ਕੁੜੀਆਂ ਨੂੰ ਖ਼ਾਸ ਤਰ੍ਹਾਂ ਦੇ ਪਹਿਰਾਵੇ ਪਾਉਣ ਦੀ ਹਦਾਇਤ ਕੀਤੀ ਗਈ। ਜਬਰ-ਜਨਾਹ ਤੇ ਮਰਦਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਔਰਤਾਂ ਦੇ ਲਿਬਾਸ, ਘੁੰਮਣ-ਫਿਰਨ ਦੇ ਤੌਰ-ਤਰੀਕਿਆਂ ਅਤੇ ਵਿਹਾਰ ਵਿਚੋਂ ਦੋਸ਼ ਲੱਭੇ ਗਏ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਜਿਵੇਂ ਮਰਦਾਂ ਦੇ ਹਿੰਸਕ ਵਿਹਾਰ ਲਈ ਔਰਤਾਂ ਹੀ ਜ਼ਿੰਮੇਵਾਰ ਹੋਣ। ਮਰਦਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਸੰਸਥਾਵਾਂ ਨੇ ਔਰਤਾਂ 'ਤੇ ਇਹ ਬੰਦਿਸ਼ਾਂ ਵੀ ਲਾਈਆਂ ਹਨ ਕਿ ਉਹ ਕਿਹੜੀ ਜਾਤ ਤੇ ਧਰਮ ਦੇ ਮਰਦਾਂ ਨਾਲ ਵਿਆਹ ਕਰਨ। ਇਹ ਕਾਰਜ ਚੇਤਨ ਤੌਰ 'ਤੇ ਸੰਸਥਾਵਾਂ ਰਾਹੀਂ ਹੀ ਸਿਰੇ ਨਹੀਂ ਚੜ੍ਹਦਾ ਸਗੋਂ ਸਾਰਾ ਸਮਾਜ ਚੁੱਪ-ਚੁਪੀਤੇ ਆਪਣੀ ਸਹਿਮਤੀ ਸੰਗ ਇਸ ਵਿਚ ਸ਼ਾਮਲ ਹੁੰਦਾ ਹੈ।
ਇਸ ਵੇਲ਼ੇ ਸਾਡੇ ਦੇਸ਼ ਦੇ ਸਮਾਜ ਵਿਚ ਕੁਝ ਨਵਾਂ ਵਾਪਰ ਰਿਹਾ ਹੈ। ਦੂਸਰੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕੀਤਾ। ਧਾਰਾ 370 ਨੂੰ ਮਨਸੂਖ਼ ਕਰਦਿਆਂ ਜੰਮੂ-ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਨਾਗਰਿਕਾਂ ਦੇ ਕੌਮੀ ਰਜਿਸਟਰ ਵਿਚ ਆਪਣੇ ਮਨਚਾਹੇ ਨਤੀਜੇ ਨਾ ਮਿਲਣ ਕਾਰਨ ਕੌਮੀ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ। ਇਸ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਵਿਚ ਕੁਝ ਫ਼ਿਰਕਿਆਂ ਨਾਲ ਧਾਰਮਿਕ ਆਧਾਰ 'ਤੇ ਵਿਤਕਰਾ ਹੋਇਆ ਹੈ ਪਰ ਜਿਸ ਤੱਥ ਨੇ ਦੇਸ਼ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਆਤਮਾ ਨੂੰ ਟੁੰਬਿਆ, ਉਹ ਇਸ ਕਾਨੂੰਨ ਦੁਆਰਾ ਨਾਗਰਿਕਤਾ ਦੇਣ ਦਾ ਆਧਾਰ ਧਰਮ ਨੂੰ ਬਣਾਉਣਾ ਸੀ।
ਵਿਦਿਆਰਥੀ ਅਤੇ ਨੌਜਵਾਨ ਇਸ ਕਾਨੂੰਨ ਵਿਰੁੱਧ ਸੜਕਾਂ 'ਤੇ ਆਏ ਅਤੇ ਉਨ੍ਹਾਂ ਨੂੰ ਸਰਕਾਰ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਇਸ ਜਬਰ ਨੇ ਹਿੰਦੋਸਤਾਨ ਦੀਆਂ ਔਰਤਾਂ ਦੇ ਮਨਾਂ ਨੂੰ ਵਲੂੰਧਰਿਆ ਅਤੇ ਉਨ੍ਹਾਂ ਨੇ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਮੋਰਚਾ ਲਗਾ ਦਿੱਤਾ। ਇਸ ਕੜਕਦੀ ਠੰਢ ਵਿਚ ਔਰਤਾਂ ਆਪਣੇ ਹੱਕਾਂ ਦੀ ਰਾਖੀ ਲਈ ਅੰਦੋਲਨ ਕਰ ਰਹੀਆਂ ਹਨ ਅਤੇ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਉਨ੍ਹਾਂ ਦਾ ਸਾਥ ਦੇਣ ਲਈ ਉੱਥੇ ਪਹੁੰਚ ਰਹੇ ਹਨ।
ਫ਼ਲਸਤੀਨ ਦੇ ਸੰਘਰਸ਼ ਵਿਚ ਔਰਤਾਂ ਨੇ ਵੱਡਾ ਹਿੱਸਾ ਪਾਇਆ ਹੈ। ਬਹੁਤ ਸਾਰੇ ਮੁਸਲਮਾਨ ਦੇਸ਼ ਬਾਹਰੋਂ ਤਾਂ ਫ਼ਲਸਤੀਨੀ ਲੋਕਾਂ ਦੇ ਹੱਕਾਂ ਦੀ ਹਮਾਇਤ ਕਰਦੇ ਹਨ ਪਰ ਅੰਦਰੂਨੀ ਤੌਰ 'ਤੇ ਉਹ ਫ਼ਲਸਤੀਨੀਆਂ ਤੋਂ ਡਰਦੇ ਹਨ। ਕਿਉਂ? ਉਹ ਇਸ ਲਈ ਕਿ ਫ਼ਲਸਤੀਨੀ ਲੋਕਾਂ ਨੇ ਆਪਣੇ ਸੰਘਰਸ਼ ਵਿਚ ਮੁਸਲਮਾਨ ਸਮਾਜ ਲਈ ਨਵੇਂ ਆਯਾਮ ਪੈਦਾ ਕੀਤੇ ਹਨ, ਔਰਤਾਂ ਮਰਦਾਂ ਦੇ ਬਰਾਬਰ ਅਤੇ ਕਈ ਵਾਰ ਉਨ੍ਹਾਂ ਤੋਂ ਅਗਾਂਹ ਹੋ ਕੇ ਲੜੀਆਂ ਹਨ, ਫ਼ਲਸਤੀਨੀ ਸਮਾਜ ਜਮਹੂਰੀ ਸਮਾਜ ਬਣ ਗਿਆ ਹੈ ਅਤੇ ਇਹ ਦੇਸ਼ ਫ਼ਲਸਤੀਨੀ ਸਮਾਜ ਦੀ ਜਮਹੂਰੀਅਤ ਅਤੇ ਉਸ ਵਿਚਲੀ ਔਰਤਾਂ ਦੀ ਭੂਮਿਕਾ ਤੋਂ ਡਰਦੇ ਹਨ।
ਭਾਰਤ ਵਿਚਲਾ ਅੰਦੋਲਨ ਸ਼ਾਹੀਨ ਬਾਗ਼ ਤਕ ਹੀ ਸੀਮਤ ਨਹੀਂ। ਪਟਨਾ ਦੇ ਸਬਜ਼ੀ ਬਾਗ਼ ਵਿਚ ਵੀ ਔਰਤਾਂ ਨੇ ਅਜਿਹਾ ਮੋਰਚਾ ਖੋਲ੍ਹਿਆ ਹੋਇਆ ਹੈ। ਉੱਥੋਂ ਦੀਆਂ ਔਰਤਾਂ ਨੇ ਸ਼ਾਹੀਨ ਬਾਗ਼ ਬਾਰੇ ਸੁਣਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਕਿ ਇਸ ਬਾਗ਼ ਵਿਚ ਵੀ ਸ਼ਾਹੀਨ ਬਾਗ਼ ਜਿਹੇ ਫੁੱਲ ਖਿੜਨੇ ਚਾਹੀਦੇ ਹਨ। ਉੱਥੇ ਭਾਰਤੀ ਜਨਤਾ ਪਾਰਟੀ ਦੇ ਰਜਿਸਟਰਵਾਦੀ ਰਾਸ਼ਟਰਵਾਦ ਵਿਰੁੱਧ ''ਹਮ ਕਾਗਜ਼ ਨਹੀਂ ਦਿਖਾਏਂਗੇ'' ਜਿਹੇ ਨਾਅਰੇ ਬੁਲੰਦ ਹੋ ਰਹੇ ਹਨ। ਕੋਲਕਾਤਾ ਦੀ ਪਾਰਕ ਸਰਕਸ ਵਿਚ ਵੀ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕਾਂ ਦੇ ਕੌਮੀ ਰਜਿਸਟਰ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੀਆਂ ਹਨ। ਪੰਜਾਬ ਵਿਚ ਵੀ ਕਈ ਥਾਵਾਂ 'ਤੇ ਹੋਏ ਮੁਜ਼ਾਹਰਿਆਂ ਅਤੇ ਖ਼ਾਸ ਕਰਕੇ ਮਾਲੇਰਕੋਟਲਾ ਵਿਚ ਔਰਤਾਂ ਵੱਡੀ ਗਿਣਤੀ ਵਿਚ ਆਪਣਾ ਰੋਸ ਪ੍ਰਗਟਾਉਣ ਲਈ ਅੱਗੇ ਆਈਆਂ ਹਨ। ਇਹ ਔਰਤਾਂ ਇਤਿਹਾਸ ਸਿਰਜਣ ਦੇ ਨਾਲ ਨਾਲ ਇਸ ਗੱਲ ਦੀ ਨਿਸ਼ਾਨਦੇਹੀ ਵੀ ਕਰ ਰਹੀਆਂ ਹਨ ਕਿ ਹੁਣ ਉਨ੍ਹਾਂ ਨੂੰ ਇਤਿਹਾਸ ਸਿਰਜਣ ਤੋਂ ਕੋਈ ਨਹੀਂ ਰੋਕ ਸਕਦਾ। ਜਬਰ ਵਿਰੁੱਧ ਸੰਘਰਸ਼ ਰਾਹੀਂ ਔਰਤਾਂ ਨਾ ਸਿਰਫ਼ ਜ਼ਾਲਮਾਂ ਵਿਰੁੱਧ ਲੜਦੀਆਂ ਹਨ ਸਗੋਂ ਆਪਣੇ ਹੱਕਾਂ ਦੀ ਜ਼ਮੀਨ ਦੀ ਸਿਰਜਣਾ ਵੀ ਕਰਦੀਆਂ ਹਨ। ਸਾਡੇ ਦੇਸ਼ ਦੀਆਂ ਔਰਤਾਂ ਵੀ ਇਹੀ ਕਰ ਰਹੀਆਂ ਹਨ। ਔਰਤਾਂ ਦੇ ਇਹ ਸੰਘਰਸ਼ ਸਾਡੇ ਸਮਾਜ ਦੀ ਨੁਹਾਰ ਬਦਲਣ ਦੀ ਸਮਰੱਥਾ ਰੱਖਦੇ ਹਨ।
ਇਸ ਵਾਰ ਦੀ ਲੋਹੜੀ ... - ਸਵਰਾਜਬੀਰ
ਪੰਜਾਬ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ਵਿਚ ਲੋਹੜੀ ਦਾ ਤਿਉਹਾਰ ਪੋਹ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਬਹੁਤ ਸਾਰੇ ਵਿਆਖਿਆਕਾਰਾਂ ਅਨੁਸਾਰ ਇਹ ਮੌਸਮ ਦੇ ਬਦਲਣ ਦਾ ਤਿਉਹਾਰ ਹੈ ਜਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਕੜਕਦੀ ਠੰਢ ਘਟਣ ਲੱਗਦੀ ਹੈ। ਆਮ ਜ਼ਿੰਦਗੀ ਵਿਚ ਲੋਹੜੀ ਵਾਲੀ ਰਾਤ ਪੁੱਤਰਾਂ ਦੇ ਜਨਮ ਤੇ ਵਿਆਹਾਂ ਦੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੋਕ ਇਕੱਠੇ ਹੋ ਕੇ ਅੱਗ ਬਾਲਦੇ, ਸੇਕਦੇ ਤੇ ਉਸ ਉੱਤੇ ਤਿਲ਼, ਚਿੜਬਿੜੇ ਤੇ ਫੁੱਲੇ ਸੁੱਟਦੇ ਹਨ। ਕਈ ਲੋਕ ਇਸ ਨੂੰ ਪੁਰਾਣਿਆਂ ਸਮਿਆਂ ਵਿਚ ਹੁੰਦੀ ਅਗਨੀ ਪੂਜਾ ਨਾਲ ਜੋੜ ਕੇ ਵੀ ਵੇਖਦੇ ਹਨ। ਲੋਹੜੀ ਨੂੰ ਜ਼ਿੰਦਗੀ ਤੇ ਲੰਮੇ ਜੀਵਨ ਦੇ ਪੁਰਬ ਵਜੋਂ ਵੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਦੁਹਰਾਈ ਜਾਣ ਵਾਲੀ ਹਰਮਨਪਿਆਰੀ ਤੁਕ 'ਭਰੀ ਆਈਂ ਤੇ ਸੱਖਣੀ ਜਾਈਂ' ਇਸ ਦੀ ਗਵਾਹ ਹੈ। ਉਸ ਰਾਤ ਬੋਲੀ ਜਾਂਦੀ ਇਕ ਹੋਰ ਤੁਕ 'ਇੱਸ਼ਰ (ਖੁਸ਼ਹਾਲੀ) ਆਏ ਦਲਿੱਦਰ ਜਾਏ/ ਦਲਿੱਦਰ ਦੀ ਜੜ ਚੁੱਲ੍ਹੇ ਪਾਏ' ਵੀ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀ ਹੈ।
ਲੋਹੜੀ ਮੌਕੇ ਗਾਏ ਜਾਂਦੇ ਗੀਤਾਂ ਵਿਚੋਂ ਸਭ ਤੋਂ ਮਕਬੂਲ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ' ਹੈ ਜੋ ਇਸ ਤਿਉਹਾਰ ਦਾ ਸਬੰਧ ਦੁੱਲੇ ਭੱਟੀ ਨਾਲ ਜੋੜਦਾ ਹੈ। ਪ੍ਰਚਲਿਤ ਗਾਥਾ ਅਨੁਸਾਰ ਦੁੱਲੇ ਦੇ ਪਿਉ ਫਰੀਦ ਨੇ ਅਕਬਰ ਵਿਰੁੱਧ ਬਗ਼ਾਵਤ ਕੀਤੀ ਜਿਸ ਦੇ ਸਿੱਟੇ ਵਜੋਂ ਅਕਬਰ ਨੇ ਫਰੀਦ ਅਤੇ ਉਸ ਦੇ ਪਿਉ ਨੂੰ ਕਤਲ ਕਰਵਾ ਕੇ ਉਨ੍ਹਾਂ ਦੀਆਂ ਲਾਸ਼ਾਂ ਵਿਚ ਤੂੜੀ ਭਰਵਾਈ ਤੇ ਲਾਹੌਰ ਦੇ ਬਾਹਰਲੇ ਦਰਵਾਜ਼ਿਆਂ 'ਤੇ ਟੰਗਣ ਦੇ ਹੁਕਮ ਦਿੱਤੇ। ਦੁੱਲੇ ਦੇ ਬਚਪਨ ਬਾਰੇ ਕਈ ਕਹਾਣੀਆਂ ਮਸ਼ਹੂਰ ਹਨ ਜਿਨ੍ਹਾਂ ਵਿਚ ਇਕ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦੇ ਨਾਲ ਮਿਲਦੀ-ਜੁਲਦੀ ਹੈ ਜਿਸ ਵਿਚ ਉਹ ਪਿੰਡਾਂ ਦੀਆਂ ਕੁੜੀਆਂ ਦੀਆਂ ਪਾਣੀ ਦੀਆਂ ਮਟਕੀਆਂ ਤੋੜਦਾ ਹੈ। ਦੁੱਲੇ ਨੂੰ ਮੁਗ਼ਲ ਹਕੂਮਤ ਵੱਲੋਂ ਆਪਣੇ ਪਿਉ ਤੇ ਦਾਦੇ ਦੇ ਕਰਵਾਏ ਗਏ ਕਤਲ ਬਾਰੇ ਪਤਾ ਲੱਗਣ ਮਗਰੋਂ ਉਹ ਵੀ ਬਾਗ਼ੀ ਬਣ ਜਾਂਦਾ ਹੈ। ਇਹ ਕਹਾਣੀ ਵੀ ਮਿਲਦੀ ਹੈ ਕਿ ਉਸ ਵੇਲ਼ੇ ਇਲਾਕੇ ਦੇ ਹਾਕਮ ਨੇ ਹਿੰਦੂ ਕੁੜੀ ਸੁੰਦਰੀ (ਕਈ ਥਾਵਾਂ 'ਤੇ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ) ਨੂੰ ਅਗਵਾ ਕਰ ਲਿਆ। ਦੁੱਲਾ ਸੁੰਦਰੀ ਨੂੰ ਛੁਡਵਾ ਕੇ ਉਸ ਦਾ ਵਿਆਹ ਕਰਵਾਉਂਦਾ ਹੈ। ਵਿਆਹ ਵਾਸਤੇ ਉਹ ਲੋਕਾਂ ਤੋਂ ਸਹਾਇਤਾ ਮੰਗਦਾ ਹੈ। ਹਾਕਮ ਨੇ ਦੁੱਲੇ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਹਨ ਤੇ ਉਸ ਦੇ ਘਰ ਤੋਂ ਕੁੜੀ ਦੇ ਵਿਆਹ 'ਤੇ ਦੇਣ ਲਈ ਸਿਰਫ਼ ਸਵਾ ਸੇਰ ਸ਼ੱਕਰ ਆਉਂਦੀ ਹੈ ਜਿਸ ਦਾ ਵਰਨਣ ਇਸ ਗੀਤ ਵਿਚ ਮਿਲਦਾ ਹੈ। ਬਾਅਦ ਵਿਚ ਦੁੱਲਾ ਮੁਗ਼ਲਾਂ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਗ੍ਰਿਫ਼ਤਾਰ ਹੋ ਜਾਂਦਾ ਹੈ ਅਤੇ ਅਕਬਰ ਦੀ ਈਨ ਮੰਨਣ ਤੋਂ ਇਨਕਾਰ ਕਰਨ ਕਰਕੇ ਹਾਕਮ ਉਸ ਨੂੰ ਫਾਹੇ ਲਾ ਦਿੰਦੇ ਹਨ। ਅਜਿਹੀ ਬਹਾਦਰੀ ਕਾਰਨ ਦੁੱਲਾ ਪੰਜਾਬ ਦੀ ਨਾਬਰੀ ਤੇ ਬਗ਼ਾਵਤ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ। ਸ਼ਾਹ ਮੁਹੰਮਦ ਦੀ ਗਵਾਹੀ ਅਨੁਸਾਰ ਪੰਜਾਬ ਵਿਚ ਦੁੱਲੇ ਭੱਟੀ ਤੇ ਜੈਮਲ ਫੱਤੇ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਬਾਅਦ ਵਿਚ ਕਿਸ਼ਨ ਸਿੰਘ ਨੇ ਦੁੱਲੇ ਭੱਟੀ 'ਤੇ ਕਿੱਸਾ ਲਿਖਿਆ ਜੋ ਬਹੁਤ ਮਸ਼ਹੂਰ ਹੋਇਆ। ਆਧੁਨਿਕ ਸਮਿਆਂ ਵਿਚ ਲਹਿੰਦੇ ਪੰਜਾਬ ਦੇ ਲੇਖਕ ਅਤੇ ਕਿਸਾਨ ਮਜ਼ਦੂਰ ਪਾਰਟੀ ਦੇ ਬਾਨੀ ਇਸਹਾਕ ਮੁਹੰਮਦ ਨੇ ਦੁੱਲੇ ਉੱਤੇ 'ਕੁਕਨੂਸ' ਨਾਮੀ ਨਾਟਕ ਲਿਖਿਆ। ਅਹਿਮਦ ਸਲੀਮ ਨੇ ਫ਼ੌਜੀ ਹਾਕਮਾਂ ਦੇ ਵੇਲ਼ਿਆਂ ਵਿਚ ਲਹਿੰਦੇ ਪੰਜਾਬ ਦੇ ਮਨੁੱਖ ਦੀ ਹੋਣੀ ਨੂੰ ਆਪਣੀ ਰਚਨਾ 'ਦੁੱਲੇ ਦੀ ਵਾਰ' ਰਾਹੀਂ ਪੇਸ਼ ਕੀਤਾ ਅਤੇ ਨਜ਼ਮ ਹੁਸੈਨ ਸਈਅਦ ਨੇ ਆਪਣੇ ਨਾਟਕ 'ਤਖ਼ਤ ਲਾਹੌਰ' ਵਿਚ ਉਸ ਦਾ ਨਾਤਾ ਸ਼ਾਹ ਹੁਸੈਨ ਨਾਲ ਗੰਢਿਆ। ਚੜ੍ਹਦੇ ਪੰਜਾਬ ਵਿਚ ਗੁਰਸ਼ਰਨ ਸਿੰਘ ਨੇ ਦੁੱਲੇ ਦੀ ਲੋਕ-ਗਾਥਾ ਨੂੰ 'ਧਮਕ ਨਗਾਰੇ ਦੀ' ਨਾਟਕ ਰਾਹੀਂ ਪੇਸ਼ ਕੀਤਾ।
ਹਰ ਤਿਉਹਾਰ ਤੇ ਮਿਥ ਦਾ ਪਿਛੋਕੜ ਬਹੁਤ ਜਟਿਲ ਹੁੰਦਾ ਹੈ। ਇਕ ਪਾਸੇ ਲੋਹੜੀ ਖ਼ੁਸ਼ੀਆਂ ਦਾ ਤਿਉਹਾਰ ਹੈ ਅਤੇ ਦੂਸਰੇ ਪਾਸੇ ਇਹ ਸਾਡੇ ਸਮਾਜ ਵਿਚ ਪਸਰੀ ਹੋਈ ਮਰਦ-ਪ੍ਰਧਾਨ ਸੋਚ ਦਾ ਪ੍ਰਤੀਕ ਹੈ ਜਿਸ ਵਿਚ ਪੁੱਤਰਾਂ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਤਾਂ ਮਨਾਈ ਜਾਂਦੀ ਹੈ ਪਰ ਧੀਆਂ ਦੇ ਜਨਮ ਨੂੰ ਮਾੜਾ ਤੇ ਅਸ਼ੁਭ ਸਮਝਿਆ ਜਾਂਦਾ ਹੈ। ਮਾਵਾਂ ਤੇ ਭੈਣਾਂ ਆਪਣੇ ਪੁੱਤਾਂ ਤੇ ਭਰਾਵਾਂ ਦੇ ਜੰਮਣ ਦੀ ਲੋਹੜੀ ਗਾਉਂਦੀਆਂ ਹਨ ਪਰ ਧੀਆਂ ਦੇ ਜਨਮ ਨੂੰ ਮਨਾਉਂਦਾ ਕੋਈ ਗੀਤ ਨਹੀਂ। ਦੁੱਲੇ ਭੱਟੀ ਨਾਲ ਸਬੰਧਿਤ ਗੀਤ ਦੀ ਪਹਿਲੀ ਸਤਰ (ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ) ਵੀ ਇਸ ਸੋਚ ਦੀ ਗਵਾਹੀ ਭਰਦੀ ਹੈ ਕਿ ਮਰਦ ਨੇ ਹੀ ਔਰਤਾਂ ਦੀ ਪੱਖ-ਪੱਤ ਦੀ ਰਾਖੀ ਕਰਨੀ ਹੈ ਅਤੇ ਧੀਆਂ, ਭੈਣਾਂ ਤੇ ਪਤਨੀਆਂ ਆਪਣੀ ਰਾਖੀ ਕਰਨ ਦੇ ਸਮਰੱਥ ਨਹੀਂ ਹਨ। ਇਸ ਕਾਰਨ ਕਈ ਵਾਰ ਲੋਹੜੀ ਮਨਾਉਣ ਦਾ ਵਿਰੋਧ ਵੀ ਕੀਤਾ ਜਾਂਦਾ ਹੈ।
ਕਿਸੇ ਵੀ ਤਿਉਹਾਰ ਜਾਂ ਮਿਥ ਪਿੱਛੇ ਪਈ ਮਾਨਸਿਕਤਾ ਨੂੰ ਹੋਂਦ ਵਿਚ ਆਉਂਦਿਆਂ ਸਦੀਆਂ ਲੱਗ ਜਾਂਦੀਆਂ ਹਨ ਅਤੇ ਇਹ ਸਮਾਜ ਵਿਚੋਂ ਜਲਦੀ ਖਾਰਜ ਨਹੀਂ ਹੁੰਦੀ ਪਰ ਇਹ ਨਹੀਂ ਕਿ ਇਸ ਵਿਚ ਬਦਲਾਓ ਨਹੀਂ ਕੀਤਾ ਜਾ ਸਕਦਾ। ਸ਼ਾਇਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੋਹੜੀ ਮਨਾਉਣ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਾਤਨ ਸਮਿਆਂ ਵਿਚ ਹੁੰਦੀ ਅਗਨੀ ਦੀ ਪੂਜਾ ਦੇ ਚਿੰਨ੍ਹ ਅਸਿੱਧੇ ਰੂਪ ਵਿਚ ਮੌਜੂਦ ਹਨ। ਅਗਨੀ ਵੇਦਾਂ ਦੇ ਪ੍ਰਧਾਨ ਦੇਵਤਿਆਂ ਵਿਚੋਂ ਸੀ ਜਿਨ੍ਹਾਂ ਦੀਆਂ ਰਿਚਾਵਾਂ (ਕਵਿਤਾਵਾਂ) ਦੀ ਬਹੁਗਿਣਤੀ ਇਸੇ ਨੂੰ ਸੰਬੋਧਿਤ ਹੈ। ਵੇਦਾਂ ਵਿਚਲੇ ਤਿੰਨ ਮੁੱਖ ਦੇਵਤੇ - ਅਗਨੀ, ਵਾਯੂ (ਇੰਦਰ) ਅਤੇ ਸੂਰਜ ਕ੍ਰਮਵਾਰ ਪ੍ਰਿਥਵੀ, ਪੁਲਾੜ ਤੇ ਅਕਾਸ਼ ਦੇ ਮਾਲਕ ਮੰਨੇ ਜਾਂਦੇ ਸਨ।
ਹੋਰ ਦੇਸ਼ਾਂ ਵਿਚ ਵੀ ਅਗਨੀ ਪੂਜਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਚਲਿਤ ਸੀ, ਖ਼ਾਸ ਕਰਕੇ ਇਰਾਨ ਵਿਚ ਜਿੱਥੋਂ ਦੇ ਪਾਰਸੀ (ਜਿਨ੍ਹਾਂ ਦੀ ਸੰਤਾਨ ਅੱਜਕੱਲ੍ਹ ਹਿੰਦੋਸਤਾਨ ਵਿਚ ਰਹਿੰਦੀ ਹੈ) ਅਗਨੀ-ਪੂਜਕ ਸਨ। ਇਰਾਨ ਵਿਚ ਇਸਲਾਮ ਆਉਣ ਦੇ ਬਾਵਜੂਦ ਉੱਥੇ ਅਜੋਕੇ ਸਮਿਆਂ ਵਿਚ ਵੀ ਚਾਰ-ਛੰਭੇ-ਸੁਰੀ ਤਿਉਹਾਰ, ਜਿਸ ਦਾ ਰੂਪ-ਸਰੂਪ ਲੋਹੜੀ ਨਾਲ ਮਿਲਦਾ-ਜੁਲਦਾ ਹੈ, ਮਨਾਇਆ ਜਾਂਦਾ ਹੈ। ਇਰਾਨੀ ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਮੰਗਲਵਾਰ ਦੀ ਰਾਤ (ਨੋਰੋਜ਼ ਤੋਂ ਪਹਿਲਾਂ) ਨੂੰ ਲੋਕ ਘਰਾਂ ਵਿਚ ਅੱਗ ਬਾਲ ਕੇ ਉਸ 'ਤੇ ਤਿਲ਼ ਤੇ ਸੁੱਕੇ ਮੇਵੇ ਸੁੱਟਦੇ ਹੋਏ ਅਜਿਹੇ ਗੀਤ ਗਾਉਂਦੇ ਹਨ ਜਿਨ੍ਹਾਂ ਵਿਚ ਅੱਗ ਪ੍ਰਤੀ ਮਨੁੱਖੀ ਮਨ ਦਾ ਆਦਰ-ਸਤਿਕਾਰ ਸਾਹਮਣੇ ਆਉਂਦਾ ਹੈ। ਅੱਗ ਨੂੰ 'ਆਤਿਸ਼-ਏ-ਮੁਕੱਦਮ' ਭਾਵ ਪਵਿੱਤਰ ਅਗਨੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ।
ਅਸੀਂ ਤਿਉਹਾਰਾਂ ਤੇ ਮਿਥਾਂ ਨੂੰ ਆਧੁਨਿਕ ਤਰੀਕੇ ਦੀ ਸਤਹੀ ਤਰਕਸ਼ੀਲਤਾ ਨਾਲ ਨਹੀਂ ਸਮਝ ਸਕਦੇ। ਅੱਗ ਦੀ ਖੋਜ ਅਤੇ ਇਸ ਨੂੰ ਆਪਣੇ ਕਾਬੂ ਰੱਖਣ ਦੀ ਯੋਗਤਾ ਮਨੁੱਖ ਦੀਆਂ ਸਭ ਤੋਂ ਵੱਡੀਆਂ ਖੋਜਾਂ ਵਿਚ ਮੰਨੀਆਂ ਜਾਂਦੀਆਂ ਹਨ। ਜਿੱਥੇ ਮਨੁੱਖ ਨੂੰ ਅੱਗ ਦੇ ਮਹੱਤਵ ਦਾ ਪਤਾ ਲੱਗ ਗਿਆ ਸੀ, ਉੱਥੇ ਪੁਰਾਣੇ ਸਮਿਆਂ ਵਿਚ ਮਨੁੱਖ ਜੰਗਲਾਂ ਵਿਚ ਲੱਗਦੀ ਅੱਗ ਅਤੇ ਇਸ ਦੇ ਭਿਆਨਕ ਰੂਪ ਤੋਂ ਡਰਦਾ ਵੀ ਹੋਵੇਗਾ। ਇਸ ਲਈ ਮਨੁੱਖ ਵਿਚ ਅੱਗ ਦੀ ਪੂਜਾ ਦੇ ਭਾਵ ਪੈਦਾ ਹੋਏ ਹੋਣਗੇ। ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਉਹ ਮਨੁੱਖ ਵਿਕਸਿਤ ਜਾਂ ਤਰਕਸ਼ੀਲ ਨਹੀਂ ਸੀ। ਇਸ ਦਾ ਮਤਲਬ ਸਗੋਂ ਇਹ ਹੈ ਕਿ ਉਹ ਆਪਣੇ ਤਰੀਕੇ ਨਾਲ ਆਪਣੇ ਵੇਲ਼ੇ ਦੇ ਸੰਸਾਰ ਨੂੰ ਸਮਝਣ ਅਤੇ ਉਸ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
ਯੂਨਾਨੀ ਸੱਭਿਅਤਾ ਵਿਚ ਪ੍ਰੋਮੇਥੀਅਸ (Prometheus) ਨਾਂ ਦਾ ਦੇਵਤਾ ਦੂਸਰੇ ਦੇਵਤਿਆਂ ਕੋਲੋਂ ਅੱਗ ਚੋਰੀ ਕਰਕੇ ਮਨੁੱਖਾਂ ਨੂੰ ਸੌਂਪ ਦਿੰਦਾ ਹੈ। ਇਸ ਉੱਤੇ ਮੁੱਖ ਦੇਵਤਾ ਤੇ ਦੁਨੀਆਂ ਦਾ ਮਾਲਕ ਮੰਨਿਆ ਜਾਣ ਵਾਲਾ ਜੀਊਸ (jupItr) ਨਾਰਾਜ਼ ਹੋ ਕੇ ਪ੍ਰੋਮੇਥੀਅਸ ਨੂੰ ਸਜ਼ਾ ਦਿੰਦਾ ਹੈ। ਉਸ (ਪ੍ਰੋਮੇਥੀਅਸ) ਨੂੰ ਇਕ ਚਟਾਨ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਜੀਊਸ ਦਾ ਬਾਜ਼ ਰੋਜ਼ ਆ ਕੇ ਉਸ ਦਾ ਕਾਲ਼ਜਾ ਖਾਂਦਾ ਹੈ। ਖ਼ੁਦ ਵੀ ਦੇਵਤਾ ਹੋਣ ਕਾਰਨ ਉਹ ਮਰਦਾ ਨਹੀਂ ਤੇ ਉਸ ਦਾ ਕਾਲ਼ਜਾ ਅਗਲੇ ਦਿਨ ਤਕ ਫਿਰ ਵਧ ਜਾਂਦਾ ਹੈ ਤੇ ਬਾਜ਼ ਉਸ ਨੂੰ ਕੋਹਣਾ ਜਾਰੀ ਰੱਖਦਾ ਹੈ। ਪੁਰਾਤਨ ਸਮਿਆਂ ਵਿਚ ਪ੍ਰੋਮੇਥੀਅਸ ਨੂੰ ਲੋਕਾਂ ਦਾ ਮਿੱਤਰ ਮੰਨਿਆ ਗਿਆ ਅਤੇ ਨਾਟਕਕਾਰ ਐਸ਼ੀਲਸ (Aeschylus) ਨੇ ਆਪਣੇ ਨਾਟਕਾਂ ਵਿਚ ਉਸ ਦੀ ਕਹਾਣੀ ਦੱਸੀ ਜਿਸ ਦੇ ਅੰਤ ਵਿਚ ਜੀਊਸ ਤੇ ਪ੍ਰੋਮੇਥੀਅਸ ਦੀ ਸੁਲ੍ਹਾ-ਸਫ਼ਾਈ ਹੋ ਜਾਂਦੀ ਹੈ। ਮੱਧਕਾਲੀਨ ਸਮਿਆਂ ਵਿਚ ਅੰਗਰੇਜ਼ੀ ਕਵੀ ਪੀਬੀ ਸ਼ੈਲੇ ਨੇ ਪ੍ਰੋਮੇਥੀਅਸ ਨੂੰ ਲੋਕ-ਨਾਇਕ ਤੇ ਬਾਗ਼ੀ ਵਜੋਂ ਚਿਤਰਿਆ ਜੋ ਦੇਵਤਿਆਂ ਵਿਰੁੱਧ ਬਗ਼ਾਵਤ ਕਰਦਾ ਹੋਇਆ ਲੋਕਾਂ ਦਾ ਸਾਥ ਦਿੰਦਾ ਹੈ। ਸ਼ੈਲੇ ਦੀ ਮਹਾਨ ਰਚਨਾ 'ਪ੍ਰੋਮੇਥੀਅਸ ਅਨਬਾਊਂਡ' ਵਿਚ ਪ੍ਰੋਮੇਥੀਅਸ ਉਸੇ ਤਰ੍ਹਾਂ ਬਗ਼ਾਵਤ ਦਾ ਚਿੰਨ੍ਹ ਬਣ ਗਿਆ ਜਿਵੇਂ ਦੁੱਲਾ ਭੱਟੀ ਸਾਡੀਆਂ ਗਾਥਾਵਾਂ ਵਿਚ।
ਇਸ ਤਰ੍ਹਾਂ ਹਰੇਕ ਮਿਥ, ਕਹਾਣੀ, ਲੋਕ-ਗਾਥਾ ਅਤੇ ਲੋਕ-ਤਿਉਹਾਰ ਨਾਲ ਲੋਕਾਂ ਦਾ ਰਿਸ਼ਤਾ ਵਿਕਾਸ ਕਰਦਾ ਤੇ ਬਦਲਦਾ ਰਹਿੰਦਾ ਹੈ। ਇਹ ਰਿਸ਼ਤਾ ਸਿਰਜਣਾਤਮਕ ਵੀ ਹੋ ਸਕਦਾ ਹੈ ਜਿਵੇਂ ਸ਼ੈਲੇ ਦੇ ਹੱਥਾਂ ਵਿਚ ਆ ਕੇ ਪ੍ਰੋਮੇਥੀਅਸ ਦੀ ਕਹਾਣੀ ਦੇ ਅਰਥ ਬਦਲ ਜਾਂਦੇ ਹਨ। ਅਸੀਂ ਵੀ ਆਪਣੀਆਂ ਲੋਕ-ਪਰੰਪਰਾਵਾਂ ਤੇ ਕਹਾਣੀਆਂ ਦੇ ਅਰਥ ਬਦਲ ਸਕਦੇ ਹਾਂ। ਕੁਝ ਲੋਕਾਂ ਨੇ ਹੁਣ ਧੀਆਂ ਦੀਆਂ ਲੋਹੜੀਆਂ ਮਨਾਉਣੀਆਂ ਵੀ ਸ਼ੁਰੂ ਕੀਤੀਆਂ ਹਨ। ਨਵੀਂ ਦਿੱਲੀ ਵਿਚ ਸ਼ਾਹੀਨ ਬਾਗ਼ ਦੀਆਂ ਔਰਤਾਂ ਨੇ ਪਿਛਲੇ ਕਈ ਦਿਨਾਂ ਤੋਂ ਕੌਮੀ ਨਾਗਰਿਕਤਾ ਸੋਧ ਕਾਨੂੰਨ ਅਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਹੋਈ ਪੁਲੀਸ ਕਾਰਵਾਈ ਦੇ ਵਿਰੁੱਧ ਦਿਨ-ਰਾਤ ਵਿਰੋਧ ਕਰਨ ਦਾ ਨਵਾਂ ਮੋਰਚਾ ਖੋਲ੍ਹਿਆ ਹੋਇਆ ਹੈ। ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸਿਰਫ਼ ਵਿਦਿਆਰਥੀ, ਨੌਜਵਾਨ ਤੇ ਬੁੱਧੀਜੀਵੀ ਹੀ ਨਹੀਂ ਨਿੱਤਰੇ ਸਗੋਂ ਸਮਾਜ ਦੇ ਹਰ ਵਰਗ ਵਿਚੋਂ ਔਰਤਾਂ ਵੀ ਸਾਹਮਣੇ ਆਈਆਂ ਹਨ। ਥਾਂ ਥਾਂ 'ਤੇ ਵਸਦੇ ਪੰਜਾਬੀ ਇਸ ਵਾਰ ਦੀ ਲੋਹੜੀ ਸ਼ਾਹੀਨ ਬਾਗ਼ ਦੀਆਂ ਔਰਤਾਂ, ਜੋ ਲੋਹੜੀ ਨਾਲ ਜੁੜੇ ਨਾਇਕ ਦੁੱਲੇ ਭੱਟੀ ਦੀ ਬਗ਼ਾਵਤ ਦੀਆਂ ਵਾਰਿਸ ਬਣ ਕੇ ਸਾਹਮਣੇ ਆਈਆਂ ਹਨ, ਦੇ ਨਾਂ ਉੱਤੇ ਮਨਾ ਸਕਦੇ ਹਨ। ਆਪਣੀਆਂ ਧੀਆਂ ਦੇ ਜੰਮਣ ਤੇ ਉਨ੍ਹਾਂ ਦੇ ਵਿਆਹ ਦੀਆਂ ਲੋਹੜੀਆਂ ਮਨਾਉਣ ਦੇ ਨਾਲ ਨਾਲ ਸ਼ਾਹੀਨ ਬਾਗ਼ ਦੀਆਂ ਔਰਤਾਂ ਦੀ ਬਗ਼ਾਵਤ ਦੀ ਰੂਹ ਨੂੰ ਸਲਾਮ ਕਰਕੇ ਅਸੀਂ ਵੀ ਲੋਹੜੀ ਦੇ ਅਰਥਾਂ ਨੂੰ ਬਦਲਣ ਦੀ ਜੁਰਅੱਤ ਕਰ ਸਕਦੇ ਹਾਂ।
ਲੰਬੇ ਚਾਕੂਆਂ ਵਾਲ਼ੀ ਰਾਤ - ਸਵਰਾਜਵੀਰ
ਕਿੱਥੇ ਹੈ ਅੱਜ ਦੀ ਰਾਤ ਦਾ ਚੰਦ
ਜੇ ਐਨ ਯੂ ਅੱਜ ਦੀ ਰਾਤ (05.01.2020
ਆ ਗਈ ਲੰਬੇ ਚਾਕੂਆਂ ਵਾਲੀ ਰਾਤ ਫਿਰ
ਯਾਦ ਆ ਗਈ ਉਹ ਪੁਰਾਣੀ ਬਾਤ ਫਿਰ
ਉਹ ਆ ਗਏ ਨੇ
ਉਹ ਆ ਗਏ ਨੇ
ਕਿਉਂ ਰਾਜੇ ਨੇ ਅਜੇ ਵੀ ਸੀਂਹ
ਕਿਉਂ ਮੁੱਕਦਮ ਅਜੇ ਵੀ ਕੁੱਤੇ
ਕਿੱਥੇ ਨੇ ਮੇਰੇ ਬੱਚੜ੍ਹੇ ਅੱਜ
ਲੋਕ ਮੇਰੇ ਅਜੇ ਵੀ ਕਿਉਂ ਨੇ ਸੁੱਤੇ
ਹਰ ਕੋਈ ਦੁੱਲਾ ਬਣੇ
ਇਸ ਲੋਹੜੀ ਦੀ ਰੁੱਤੇ
ਕਿੱਥੇ ਹੈ ਅੱਜ ਦੀ ਰਾਤ ਦਾ ਚੰਦ
ਸਿਤਾਰੇ ਲੁਕੇ ਨੇ ਕਿੱਥੇ
ਉਹ ਆ ਗਏ ਨੇ
ਉਹ ਆ ਗਏ ਨੇ
ਉਹ ਸ਼ਬਦ ਲੱਭੋ ਉਹ ਖ਼ਬਰ ਲੱਭੋ
ਲੱਭੋ ਹੋਠ ਜੋ ਲਾਲ ਨੇ
ਲੱਭੋ ਉਹ ਜ਼ੁਬਾਨ ਜੋ ਬੋਲੇ
ਲੱਭੋ ਕਿੱਥੇ ਸਾਡੇ ਖਿਆਲ ਨੇ
ਲੱਭੋ ਲੱਭੋ ਲੱਭੋ ਲੱਭੋ ਲੱਭੋ
ਲੱਭੋ ਅੱਜ ਕਿੱਥੇ ਸਾਡੇ ਲਾਲ ਨੇ
ਆ ਗਈ ਹੈ ਲਹੂ ਚ ਭਿੱਜੀ ਸੌਗਾਤ ਫਿਰ
ਆ ਗਈ ਲੰਬੇ ਚਾਕੂਆਂ ਵਾਲੀ ਰਾਤ ਫਿਰ।
- ਪੰਜਾਬੀ ਕਵੀ ਅਤੇ ਨਾਟਕਕਾਰ।
(ਲੰਬੇ ਚਾਕੂਆਂ ਵਾਲੀ ਰਾਤ, ਉਹ ਰਾਤ ਜਦੋਂ ਨਾਜੀਆਂ ਨੇ ਜਰਮਨੀ ਵਿੱਚ ਕਤਲੇਆਮ ਕੀਤਾ)
ਗੈਂਗ ਸਭਿਆਚਾਰ ਤੇ ਪੰਜਾਬ - ਸਵਰਾਜਬੀਰ
ਪਿਛਲੇ ਦਿਨੀਂ ਪੰਜਾਬ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਵੱਲੋਂ ਇਕ-ਦੂਸਰੀ 'ਤੇ ਗੈਂਗਸਟਰਾਂ ਨਾਲ ਸਾਂਝ ਅਤੇ ਪੁਸ਼ਤ-ਪਨਾਹੀ ਦੇ ਦੋਸ਼ ਲਾਏ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਤੇ ਗੈਂਗਸਟਰਾਂ ਦਰਮਿਆਨ ਗੰਢ-ਤੁੱਪ ਬਾਰੇ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਅਨੁਸਾਰ ਦੋਸ਼ ਸਹੀ ਸਾਬਤ ਹੋਏ ਤਾਂ ਸਬੰਧਿਤ ਸਿਆਸੀ ਆਗੂਆਂ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾਏਗੀ। ਅਕਾਲੀ ਦਲ ਨੇ ਪਲਟਵਾਰ ਕਰਦਿਆਂ ਕਾਂਗਰਸ ਅਤੇ ਉਸ ਦੇ ਆਗੂਆਂ ਉੱਤੇ ਅਜਿਹੇ ਦੋਸ਼ ਲਾਏ ਤੇ ਇਸ ਸਬੰਧੀ ਤਸਵੀਰਾਂ ਵੀ ਜਾਰੀ ਕੀਤੀਆਂ।
ਗੈਂਗ ਸ਼ਬਦ ਪੰਜਾਬ ਨਾਲ ਲੱਗਾ ਸ਼ੋਭਦਾ ਨਹੀਂ। ਪਰ ਕੌੜੀ ਹਕੀਕਤ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਗੈਂਗ ਬਣੇ ਅਤੇ ਇਸ ਵਰਤਾਰੇ ਨੇ ਪੰਜਾਬੀ ਸਮਾਜ 'ਤੇ ਕੋਝਾ ਅਸਰ ਪਾਇਆ, ਨੌਜਵਾਨਾਂ ਨੂੰ ਵਰਗਲਾਇਆ, ਉਨ੍ਹਾਂ ਦੀ ਆਤਮਾ ਨੂੰ ਵਲੂੰਧਰਿਆ ਤੇ ਗ਼ਲਤ ਰਾਹ 'ਤੇ ਪਾਇਆ। ਇਹ ਗੈਂਗ ਪੰਜਾਬੀ ਦੀ ਜ਼ਖ਼ਮੀ ਤੇ ਪੱਛੀ ਹੋਈ ਜਵਾਨੀ 'ਚੋਂ ਨਿਕਲੇ ਹਨ।
ਸਮਾਜ ਸ਼ਾਸਤਰੀ ਇਸ ਵਿਸ਼ੇ ਕਿ ਡਾਕੂ ਅਤੇ ਗੈਂਗ ਬਣਨ/ਬਣਾਉਣ ਦੇ ਵਰਤਾਰੇ ਸਮਾਜ ਵਿਚ ਹੁੰਦੀ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਬੇਇਨਸਾਫ਼ੀ ਨਾਲ ਜੁੜੇ ਹੋਏ ਹਨ, 'ਤੇ ਹਮੇਸ਼ਾ ਤਰਕ-ਵਿਤਰਕ ਕਰਦੇ ਰਹੇ ਹਨ। ਮੱਧਕਾਲੀਨ ਸਮਿਆਂ ਵਿਚ ਡਾਕੂ ਬਣਨ ਵਾਲੇ ਲੋਕ ਸਮਾਜਿਕ ਤੇ ਆਰਥਿਕ ਤੌਰ 'ਤੇ ਪੀੜਤ ਸਨ ਅਤੇ ਹਾਲਾਤ ਤੋਂ ਬਾਗ਼ੀ ਹੋ ਕੇ ਡਾਕੂ ਬਣੇ। ਉਨ੍ਹਾਂ ਵਿਚੋਂ ਕਈ ਆਪਣੇ ਆਪ ਨੂੰ ਬਾਗ਼ੀ ਕਹਾਉਣਾ ਪਸੰਦ ਕਰਦੇ ਸਨ। ਪੰਜਾਬ ਵਿਚ ਦੁੱਲਾ ਭੱਟੀ, ਜਿਊਣਾ ਮੌੜ, ਨਿਜ਼ਾਮ ਲੁਹਾਰ ਅਤੇ ਹੋਰਨਾਂ ਨੂੰ ਬਾਗ਼ੀਆਂ ਦੇ ਨਾਂ ਨਾਲ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਦੁੱਲਾ ਭੱਟੀ ਮੁਗ਼ਲ ਰਾਜ ਵਿਰੁੱਧ ਵਿਦਰੋਹ ਕਾਰਨ ਪੰਜਾਬ ਦੀ ਨਾਬਰੀ ਦਾ ਪ੍ਰਤੀਕ ਬਣ ਗਿਆ ਜਦੋਂਕਿ ਜੱਗੇ ਦੀ ਹਰਮਨਪਿਆਰਤਾ ਇਸ ਕਰਕੇ ਵਧੀ ਕਿ ਉਸ ਨੇ ਆਪਣੇ ਡਾਕਿਆਂ ਦੌਰਾਨ ਸ਼ਾਹੂਕਾਰਾਂ ਦੇ ਵਹੀ-ਖ਼ਾਤੇ ਸਾੜੇ।
ਗੈਂਗ ਬਣਨ/ਬਣਾਉਣ ਦਾ ਵਰਤਾਰਾ ਆਧੁਨਿਕ ਸਮਿਆਂ ਵਿਚ ਆਇਆ ਜਦ ਸ਼ਹਿਰੀ ਸੱਭਿਆਚਾਰ ਦੀ ਚੜ੍ਹਤ ਹੋਈ। ਗੈਂਗ 17ਵੀਂ ਸਦੀ ਵਿਚ ਇੰਗਲੈਂਡ ਅਤੇ ਹੋਰ ਦੇਸ਼ਾਂ ਜਿਨ੍ਹਾਂ ਵਿਚ ਸਨਅਤਾਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੀਆਂ ਸਨ, ਵਿਚ ਹੋਂਦ ਵਿਚ ਆਏ। 19ਵੀਂ ਸਦੀ ਵਿਚ ਗੈਂਗ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ ਵੱਖ ਵੱਖ ਮਾਫ਼ੀਆ ਦੇ ਰੂਪ ਵਿਚ ਉੱਭਰੇ। ਅੱਜ ਦੁਨੀਆਂ ਦੇ ਬਹੁਤ ਘੱਟ ਦੇਸ਼ ਇਸ ਵਰਤਾਰੇ ਤੋਂ ਮੁਕਤ ਹਨ। ਸਟੂਅਰਟ ਹਾਲ ਅਤੇ ਕਈ ਹੋਰ ਚਿੰਤਕ ਗੈਂਗ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਜ ਵਿਚ ਪਸਰੀ ਹੋਈ ਆਰਥਿਕ ਅਸਮਾਨਤਾ ਅਤੇ ਸਮਾਜਿਕ ਦਾਬੇ ਵਾਲੀ ਸੋਚ ਦੇ ਵਿਰੁੱਧ ਵਿਦਰੋਹ ਵਜੋਂ ਦੇਖਦੇ ਹਨ। ਕੁਝ ਹੋਰ ਚਿੰਤਕਾਂ ਅਨੁਸਾਰ ਇਹ ਧਾਰਨਾ ਸਹੀ ਨਹੀਂ ਕਿਉਂਕਿ ਉਨ੍ਹਾਂ ਅਨੁਸਾਰ ਗੈਂਗ ਸਰਮਾਏਦਾਰੀ ਸੱਭਿਆਚਾਰ ਦੀ ਪੈਦਾਵਾਰ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੈਂਗ ਬਣਾਉਣ ਵਾਲੇ ਨੌਜਵਾਨਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਊਰਜਾ, ਉਤਸ਼ਾਹ ਅਤੇ ਲੋਕਾਂ ਨੂੰ ਜਥੇਬੰਦ ਕਰਨ ਦੀ ਤਾਕਤ ਹੁੰਦੀ ਹੈ ਭਾਵੇਂ ਕਿ ਉਸ ਦਾ ਰੁਖ਼ ਬਹੁਤੀ ਵਾਰੀ ਸਮਾਜ-ਵਿਰੋਧੀ ਅਤੇ ਆਪਾ-ਮਾਰੂ ਹੁੰਦਾ ਹੈ।
ਗੈਂਗ ਸਮਾਜ ਦੀ ਪੈਦਾਵਾਰ ਹਨ। ਸਮਾਜ ਵਿਚ ਵਧਦੀ ਹੋਈ ਆਰਥਿਕ ਅਸਮਾਨਤਾ ਅਤੇ ਸਮਾਜਿਕ ਵਿਤਕਰਿਆਂ ਕਾਰਨ ਹੁੰਦੀ ਟੁੱਟ-ਭੱਜ ਗੈਂਗ ਬਣਨ ਦੀ ਪ੍ਰਕਿਰਿਆ ਵਿਚ ਪ੍ਰਗਟ ਹੁੰਦੀ ਹੈ। ਕਈ ਵਾਰ ਮੀਡੀਆ ਅਤੇ ਸਿਨਮਾ ਵਿਚ ਚੱਲ ਰਹੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੇ ਰੁਝਾਨਾਂ ਅਤੇ ਹਥਿਆਰਾਂ ਦਾ ਗੁਣ-ਗਾਣ ਵੀ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਗੈਂਗਾਂ ਦਾ ਕਈ ਤਰੀਕੇ ਨਾਲ ਵਰਗੀਕਰਨ ਕੀਤਾ ਜਾ ਸਕਦਾ ਹੈ। ਕੁਝ ਗੈਂਗ ਸਮਾਜ ਦੇ ਦਬੇ-ਕੁਚਲੇ ਵਰਗ ਦੇ ਨੌਜਵਾਨਾਂ ਦੁਆਰਾ ਬਣਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਮਾਜਿਕ ਕੜਵੱਲਾਂ ਤੇ ਵਿਦਰੋਹ ਦੇ ਅਸਿੱਧੇ ਪ੍ਰਤੀਕ ਕਿਹਾ ਜਾ ਸਕਦਾ ਹੈ। ਕੁਝ ਗੈਂਗ ਅਮੀਰ ਘਰਾਂ ਅਤੇ ਗ਼ਾਲਬ ਜਾਤਾਂ ਤੇ ਜਮਾਤਾਂ ਦੇ ਨੌਜਵਾਨ ਬਣਾਉਂਦੇ ਹਨ ਜਿਸ ਵਿਚ ਆਪਣਾ ਜਾਤੀ ਤੇ ਸਮਾਜਿਕ ਗ਼ਲਬਾ ਬਣਾਉਣ ਦੀ ਖ਼ਾਹਿਸ਼ ਹਾਵੀ ਹੁੰਦੀ ਹੈ। ਵੱਖ ਵੱਖ ਰਾਜਸੀ ਆਗੂ ਸਿਆਸੀ ਲਾਹਾ ਲੈਣ ਲਈ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਪੁਸ਼ਤ-ਪਨਾਹੀ ਕਰਦੇ ਹਨ। ਪੰਜਾਬ ਵਿਚ ਕਈ ਖਿਡਾਰੀ ਗ਼ਲਤ ਰਾਹ 'ਤੇ ਪੈ ਕੇ ਗੈਂਗਸਟਰ ਬਣੇ ਅਤੇ ਕਈ ਸਿਆਸੀ ਆਗੂਆਂ ਅਤੇ ਪੁਲੀਸ ਅਫ਼ਸਰਾਂ ਨੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਕਈ ਵਾਰ ਗੈਂਗਾਂ ਦਾ ਆਰੰਭ ਸ਼ਹਿਰਾਂ ਦੇ ਗਲੀ-ਮੁਹੱਲਿਆਂ ਤੇ ਪਿੰਡਾਂ ਵਿਚ ਸਮਾਜਿਕ ਦਬਾਓ ਨੂੰ ਜਾਰੀ ਰੱਖਣ ਵਾਲੀਆਂ ਲੜਾਈਆਂ ਵਿਚੋਂ ਹੋਇਆ। ਇਸ ਵਰਤਾਰੇ ਵਿਚ ਫਸੇ ਕਈ ਨੌਜਵਾਨ ਆਪਸੀ ਦੁਸ਼ਮਣੀ ਅਤੇ ਕਈ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ।
ਕਈ ਗੈਂਗਾਂ ਵਿਚ ਹਥਿਆਰ ਵਿਖਾ ਕੇ ਆਪਣੇ ਆਪ ਨੂੰ ਉੱਚਾ ਤੇ ਤਾਕਤਵਰ ਵਿਖਾਉਣ ਦਾ ਰੁਝਾਨ ਰਿਹਾ ਅਤੇ ਕਈਆਂ ਵਿਚ ਆਪਣੇ ਆਪ ਨੂੰ ਗ਼ਰੀਬਾਂ ਦਾ ਮਸੀਹਾ ਦੱਸਣ ਦਾ। ਕਈ ਗੈਂਗ ਸਮਾਜਿਕ ਕਦਰਾਂ-ਕੀਮਤਾਂ ਦੀ ਖਿੱਲੀ ਉਡਾਉਂਦੇ ਅਤੇ ਕਈ ਆਪਣੇ ਆਪ ਨੂੰ ਧੀਆਂ-ਭੈਣਾਂ ਦੀ ਇੱਜ਼ਤ ਦੇ ਰਖਵਾਲੇ ਦੱਸਦੇ ਹਨ। ਪੰਜਾਬ ਦੇ ਗੈਂਗਾਂ ਵਿਚ ਆਪਣੇ ਆਪ ਨੂੰ ਜ਼ਿਆਦਾ ਮਰਦ ਅਤੇ ਜ਼ਿਆਦਾ 'ਜੱਟ' ਦੱਸਣ ਦੀ ਭਾਵਨਾ ਵੀ ਭਾਰੂ ਹੈ। ਇਸ ਤਰ੍ਹਾਂ ਇਹ ਗੈਂਗ ਆਪਣੇ ਵਿਚਾਰਾਂ ਤੇ ਵਿਵਹਾਰ ਦਾ ਸੰਸਾਰ ਸਮਾਜ ਵਿਚ ਪਸਰੀ ਮਰਦ-ਪ੍ਰਧਾਨ ਸੋਚ ਅਤੇ ਅਖੌਤੀ ਮਰਦਾਨਗੀ ਦੀਆਂ ਭਾਵਨਾਵਾਂ 'ਤੇ ਹੀ ਉਸਾਰਦੇ ਹਨ।
ਇਸ ਸਭ ਕੁਝ ਦੇ ਬਾਵਜੂਦ ਗੈਂਗ ਮੈਂਬਰ ਆਪਣੇ ਆਪ ਨੂੰ ਸਮਾਜ ਨਾਲੋਂ ਵੱਖਰੇ ਦੱਸਣਾ ਚਾਹੁੰਦੇ ਹਨ। ਉਹ ਸਮਾਜ ਤੋਂ ਦੂਰ ਰਹਿੰਦੇ ਹਨ, ਸਮਾਜ ਤੋਂ ਆਪ ਸਹੇੜਿਆ ਬਣਵਾਸ ਭੋਗਦੇ ਹੋਏ।
ਗੈਂਗਾਂ ਵਿਚ ਪਣਪਦਾ ਸੱਭਿਆਚਾਰ ਸਰਮਾਏਦਾਰੀ ਨਿਜ਼ਾਮ ਦੇ ਗ਼ਾਲਬ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦਾ ਹੈ, ਇਹ ਨੌਜਵਾਨ ਵੱਡੀਆਂ ਕਾਰਾਂ, ਹਥਿਆਰ ਤੇ ਤਾਕਤ ਚਾਹੁੰਦੇ ਹਨ, ਇੱਕੜ-ਦੁੱਕੜ ਕੇਸਾਂ ਵਿਚ ਦਬੇ-ਕੁਚਲੇ ਲੋਕਾਂ ਦਾ ਸਾਥ ਦੇ ਕੇ ਤੁਰੰਤ ਸਮਾਜਿਕ ਨਿਆਂ ਦਿਵਾਉਣ ਤੋਂ ਬਿਨਾਂ ਉਹ ਬਹੁਤਾ ਕਰਕੇ ਤਾਕਤਵਰਾਂ ਤੇ ਜ਼ੋਰਾਵਰਾਂ ਦੇ ਹੱਕ ਵਿਚ ਭੁਗਤਦੇ ਹਨ। ਸਿਆਸੀ ਜਮਾਤ, ਗੈਂਗ ਸ਼ਕਤੀ ਤੇ ਪੁਲੀਸ ਦਾ ਗੱਠਜੋੜ ਕਈ ਵਾਰ ਉਹ ਜ਼ਹਿਰੀਲੀ ਕਾਕਟੇਲ ਬਣਦਾ ਹੈ ਜਿਸ ਕਾਰਨ ਕਤਲਾਂ, ਜ਼ਮੀਨਾਂ ਤੇ ਇਮਾਰਤਾਂ 'ਤੇ ਕਬਜ਼ੇ ਅਤੇ ਕੁੱਟ-ਮਾਰ ਦਾ ਲੰਮਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਬਹੁਤ ਘੱਟ ਨੌਜਵਾਨ ਇਸ ਵਰਤਾਰੇ ਵਿਚੋਂ ਵਾਪਸ ਆਏ ਅਤੇ ਸਾਧਾਰਨ ਸਮਾਜਿਕ ਜ਼ਿੰਦਗੀ ਦਾ ਹਿੱਸਾ ਬਣੇ।
ਜਿੱਥੇ ਪੁਲੀਸ ਇਨ੍ਹਾਂ ਗੈਂਗਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨਾਲ ਸਿੱਝਦੀ ਹੈ, ਉੱਥੇ ਇਸ ਵਰਤਾਰੇ ਨੂੰ ਠੱਲ੍ਹਣ ਦੀ ਜ਼ਿੰਮੇਵਾਰੀ ਸਮਾਜ ਤੇ ਸਿਆਸੀ ਆਗੂਆਂ 'ਤੇ ਆਉਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਨਤਕ ਲਹਿਰਾਂ ਦੇ ਨਿਵਾਣ ਵੱਲ ਜਾਣ ਕਾਰਨ ਨੌਜਵਾਨ ਇਸ ਵਰਤਾਰੇ ਵੱਲ ਖਿੱਚੇ ਜਾਂਦੇ ਹਨ। ਪੰਜਾਬ ਦੀਆਂ ਜਨਤਕ ਲਹਿਰਾਂ ਨੂੰ 1980ਵਿਆਂ ਵਿਚ ਵੱਡੀ ਮਾਰ ਪਈ। ਨੌਜਵਾਨਾਂ ਨੇ ਉਨ੍ਹਾਂ ਸਮਿਆਂ ਵਿਚ ਵੱਡਾ ਤਸ਼ੱਦਦ ਝੱਲਿਆ ਅਤੇ 1990 ਵਿਚਲੀਆਂ ਵਿਦਿਆਰਥੀ ਅਤੇ ਨੌਜਵਾਨ ਲਹਿਰਾਂ ਆਪਣਾ ਪਹਿਲਾਂ ਵਾਲਾ ਊਰਜਾਵਾਨ ਸਰੂਪ ਨਾ ਹਾਸਲ ਕਰ ਸਕੀਆਂ। ਇਹ ਵਰਤਾਰਾ ਇੱਕੀਵੀਂ ਸਦੀ ਵਿਚ ਵੀ ਜਾਰੀ ਰਿਹਾ ਅਤੇ ਸਿੱਟੇ ਵਜੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਨੌਜਵਾਨ ਸਿਆਸੀ ਪੱਖੋਂ ਉਹ ਸਿਆਸੀ ਗਿਆਨ ਹਾਸਲ ਨਾ ਕਰ ਸਕੇ ਜੋ ਕਦੇ ਪੰਜਾਬ ਦਾ ਬੌਧਿਕ ਸਰਮਾਇਆ ਹੁੰਦਾ ਸੀ। ਖੱਬੀਆਂ ਪਾਰਟੀਆਂ ਵਿਚਾਰਧਾਰਕ ਪੱਖ ਤੋਂ ਕਮਜ਼ੋਰ ਹੁੰਦੀਆਂ ਗਈਆਂ, ਉਨ੍ਹਾਂ ਦੇ ਆਗੂਆਂ ਕੋਲ ਨਾ ਤਾਂ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਬੌਧਿਕ ਸਮਰੱਥਾ ਹੈ ਅਤੇ ਨਾ ਪੁਰਾਣੇ ਆਗੂਆਂ ਵਾਲੀ ਕੁਰਬਾਨੀਆਂ ਵਾਲੀ ਵਿਰਾਸਤ, ਉਹ ਪੁਰਾਣੇ ਖੱਬੇ-ਪੱਖੀ ਨਾਅਰਿਆਂ ਨੂੰ ਉਸ ਭਾਸ਼ਾ ਵਿਚ ਦੁਹਰਾ ਰਹੇ ਹਨ ਜਿਹੜੀ ਪੇਤਲੀ ਤੇ ਆਪਣੀ ਰਹਿਤਲ ਤੋਂ ਟੁੱਟੀ ਹੋਈ ਹੈ। ਸਿੱਟੇ ਵਜੋਂ ਵਿਦਿਆਰਥੀ ਤੇ ਨੌਜਵਾਨ ਜਨਤਕ ਲਹਿਰਾਂ ਤੋਂ ਦੂਰ ਹੁੰਦੇ ਗਏ। ਸਮਾਜਿਕ ਸੰਘਰਸ਼ਾਂ ਵਿਚ ਉਨ੍ਹਾਂ ਦਾ ਯੋਗਦਾਨ ਘਟਿਆ। ਉਹ ਨਸ਼ਿਆਂ ਵੱਲ ਖਿੱਚੇ ਗਏ ਅਤੇ ਵੱਖ ਵੱਖ ਗੈਂਗਾਂ ਦੇ ਮੈਂਬਰ ਬਣ ਕੇ ਕੁਝ ਦੇਰ ਤਕ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਵੇਖਣ ਲੱਗੇ। ਬੇਰੁਜ਼ਗਾਰੀ ਨੇ ਉਨ੍ਹਾਂ ਨੂੰ ਪਰਵਾਸ ਵੱਲ ਧੱਕਿਆ। ਜਿਹੜੇ ਵੀ ਮੁੰਡੇ ਗੈਂਗਾਂ ਦੇ ਮੈਂਬਰ ਬਣੇ, ਉਨ੍ਹਾਂ ਨੂੰ ਸਿਆਸੀ ਲੋਕਾਂ ਨੇ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ ਜਾਂ ਵੱਖ ਵੱਖ ਭੋਇੰ ਮਾਫ਼ੀਆ ਨੇ ਜ਼ਮੀਨਾਂ ਤੇ ਇਮਾਰਤਾਂ 'ਤੇ ਕਬਜ਼ਾ ਕਰਨ ਲਈ। ਵਿਚ ਵਿਚ ਕਈ ਗੈਂਗ ਸਮਾਜਿਕ ਮਾਮਲਿਆਂ ਵਿਚ ਦਖ਼ਲ ਦੇ ਕੇ ਤੁਰੰਤ ਸਮਾਜਿਕ ਨਿਆਂ ਕਰਾਉਣ ਦੇ ਰਸਤੇ 'ਤੇ ਤੁਰੇ, ਪਰ ਬਾਅਦ ਵਿਚ ਉਨ੍ਹਾਂ ਨੇ ਵੀ ਜ਼ੁਰਮ ਦੀ ਦੁਨੀਆਂ ਵਿਚ ਨਾਮ ਕਮਾਉਣ ਨੂੰ ਹੀ ਆਪਣੀ ਜ਼ਿੰਦਗੀ ਦਾ ਟੀਚਾ ਬਣਾਇਆ।
ਪਰਵਾਸ ਜਾਣ ਲਈ ਰੁਲ ਰਹੇ ਮੁੰਡੇ, ਬੇਰੁਜ਼ਗਾਰ, ਊਬਰ ਤੇ ਓਲਾ ਟੈਕਸੀਆਂ ਚਲਾਉਂਦੇ ਡਰਾਈਵਰ ਅਤੇ ਹੋਰ ਨੌਜਵਾਨ ਪੰਜਾਬੀ ਗਾਣਿਆਂ ਵਿਚੋਂ ਵਿਖਾਈ ਜਾ ਰਹੀ ਗੈਂਗ ਮੈਂਬਰਾਂ ਦੀ ਮਰਦਾਨਗੀ ਵੇਖ ਕੇ ਅਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਉਨ੍ਹਾਂ ਗੈਂਗਾਂ ਦੇ ਮੈਂਬਰਾਂ ਵਜੋਂ ਤਸੱਵਰ ਕਰਕੇ ਵਕਤੀ ਧਰਵਾਸ ਲੱਭਦੇ ਹਨ। ਇਨ੍ਹਾਂ ਗਾਣਿਆਂ ਵਿਚ ਗੈਂਗਾਂ ਦੀ ਤਸਵੀਰਕਸ਼ੀ ਨੌਜਵਾਨਾਂ ਨੂੰ ਭਰਮਾਉਣ ਵਾਲੀ ਹੈ। ਅਸਲ ਵਿਚ ਗੈਂਗਾਂ ਦੇ ਮੈਂਬਰ ਗਾਣਿਆਂ ਵਿਚਲੇ ਗਲੈਮਰ ਤੋਂ ਦੂਰ ਹੁੰਦੇ ਹਨ, ਉਹ ਕੁਝ ਦੇਰ ਲਈ ਤਾਂ ਭਾਵੇਂ ਤਾਕਤਵਰ ਬਣ ਜਾਣ ਪਰ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਮਾਜ ਤੋਂ ਪਰਾਏ ਹੋ ਜਾਣ ਦੀ ਕਹਾਣੀ ਹੈ।
ਗੈਂਗ ਮੈਂਬਰ ਤੇ ਗੈਂਗਾਂ ਦੇ ਆਗੂ ਆਪਣੇ ਆਪ ਨੂੰ ਕਿੰਨਾ ਵੀ ਬਹਾਦਰ ਜਾਂ ਬਾਗ਼ੀ ਕਿਉਂ ਨਾ ਕਹਾਉਣ, ਉਹ ਸਮਾਜ ਨੂੰ ਕੁਝ ਵੀ ਹਾਂ-ਪੱਖੀ ਨਹੀਂ ਦੇ ਸਕਦੇ। ਉਹ ਨੌਜਵਾਨਾਂ ਨੂੰ ਤਾਕਤਵਰ ਹੋਣ ਦਾ ਵਕਤੀ ਭਰਮ ਤਾਂ ਦੇ ਸਕਦੇ ਹਨ ਪਰ ਹਕੀਕਤ ਵਿਚ ਨੌਜਵਾਨਾਂ ਨੂੰ ਤਾਕਤਵਰ ਤੇ ਊਰਜਾਵਾਨ ਨਹੀਂ ਬਣਾ ਸਕਦੇ। ਉਹ ਇਰਾਦੇ ਦੇ ਪੱਖੋਂ ਤਾਂ ਸ਼ਕਤੀਸ਼ਾਲੀ ਹੋ ਸਕਦੇ ਹਨ, ਪਰ ਉਨ੍ਹਾਂ ਦੇ ਇਰਾਦੇ ਤੇ ਆਪਣੀ ਜ਼ਿੰਦਗੀ ਲਈ ਚੁਣੇ ਹੋਏ ਰਾਹ ਦੋਵੇਂ ਗ਼ਲਤ ਹਨ। ਅਜਿਹੇ ਰਾਹਾਂ 'ਤੇ ਤੁਰ ਕੇ ਨਾ ਸਮਾਜ ਦਾ ਫ਼ਾਇਦਾ ਹੈ, ਨਾ ਹੀ ਉਹ ਉਸ ਤਰ੍ਹਾਂ ਦੇ ਨਾਇਕ ਬਣ ਸਕਦੇ ਹਨ ਜਿਸ ਤਰ੍ਹਾਂ ਦੇ ਉਹ ਬਣਨਾ ਲੋਚਦੇ ਹਨ। ਵਕਤੀ ਤੌਰ 'ਤੇ ਜ਼ੋਰ-ਜਬਰ ਨਾਲ ਹਾਸਲ ਕੀਤੀ ਗਈ ਤਾਕਤ ਨਾ ਤਾਂ ਸਮਾਜ ਨੂੰ ਬਦਲ ਸਕਦੀ ਹੈ ਅਤੇ ਨਾ ਹੀ ਨਿੱਜੀ ਜ਼ਿੰਦਗੀ ਨੂੰ। ਇਸ ਦਾ ਖ਼ਾਸਾ ਤਬਾਹਕੁਨ ਹੁੰਦਾ ਹੈ। ਨੌਜਵਾਨਾਂ ਨੂੰ ਗੈਂਗ ਸੱਭਿਆਚਾਰ ਤੋਂ ਬਚਣ ਤੇ ਆਪਣਾ ਧਿਆਨ ਪੰਜਾਬ ਦੀਆਂ ਹਕੀਕਤਾਂ ਵੱਲ ਮੋੜਨ ਦੀ ਜ਼ਰੂਰਤ ਹੈ।
ਯਾਦ ਕਰੀਏ ਉਸ ਫ਼ਕੀਰ ਨੂੰ ... - ਸਵਰਾਜਬੀਰ
ਪੰਜਾਬ ਦੀ ਧਰਤੀ ਸਦੀਆਂ ਤੋਂ ਜਬਰ-ਜ਼ੁਲਮ ਖ਼ਿਲਾਫ਼ ਲੜਨ ਵਾਲੇ ਯੋਧੇ ਪੈਦਾ ਕਰਦੀ ਆਈ ਹੈ। ਵੀਹਵੀਂ ਸਦੀ ਵਿਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਬਣੀ ਗ਼ਦਰ ਪਾਰਟੀ ਨੇ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਦੌਰ ਸ਼ੁਰੂ ਕੀਤਾ। ਗ਼ਦਰੀਆਂ ਦੀਆਂ ਕੁਰਬਾਨੀਆਂ ਨੇ ਪੰਜਾਬ ਦੇ ਲੋਕਾਂ ਦੀ ਆਤਮਾ ਨੂੰ ਝੰਜੋੜਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਆਜ਼ਾਦੀ ਦੇ ਸੰਘਰਸ਼ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਗਈ। ਚਾਰ ਜਨਵਰੀ 2020 ਨੂੰ ਪੰਜਾਬ ਵੀਹਵੀਂ ਸਦੀ ਦੇ ਆਪਣੇ ਇਸ ਮਹਾਂਨਾਇਕ ਦਾ 150ਵਾਂ ਜਨਮ ਦਿਹਾੜਾ ਮਨਾਏਗਾ।
ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਕਾਇਮ ਹੋਏ ਪੰਜਾਬੀ ਰਾਜ ਦੀ ਉਮਰ ਜ਼ਿਆਦਾ ਲੰਮੀ ਨਹੀਂ ਸੀ। ਉਹ ਰਾਜ ਰਣਜੀਤ ਸਿੰਘ ਦੀ ਮੌਤ ਦੇ ਇਕ ਦਹਾਕੇ ਦੇ ਅੰਦਰ ਅੰਦਰ ਭਰਾ ਮਾਰੂ ਜੰਗ ਅਤੇ ਵਜ਼ੀਰਾਂ ਅਤੇ ਅਹਿਲਕਾਰਾਂ ਦੀ ਗ਼ੱਦਾਰੀ ਕਾਰਨ ਖ਼ਤਮ ਹੋ ਗਿਆ। ਦੂਸਰੀਆਂ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਬਿਨਾਂ ਯੁੱਧ ਕੀਤਿਆਂ ਅੰਗਰੇਜ਼ਾਂ ਦੀ ਸ਼ਰਨ ਵਿਚ ਜਾ ਚੁੱਕੀਆਂ ਸਨ। ਜਲਦੀ ਹੀ ਲੋਕਾਂ ਵਿਚ ਬਾਗ਼ੀ ਸੁਰ ਪਨਪਣ ਲੱਗੇ ਅਤੇ 1857 ਵਿਚ ਸਾਰੇ ਦੇਸ਼ ਵਿਚ ਵੱਖ ਵੱਖ ਰਾਜਾਂ ਤੇ ਰਜਵਾੜਿਆਂ ਨੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਆਪਣਾ ਆਗੂ ਮੰਨ ਕੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। ਇਸ ਵਿਦਰੋਹ ਵਿਚ ਵੱਡੇ ਪੱਧਰ 'ਤੇ ਆਮ ਲੋਕ ਸ਼ਾਮਿਲ ਹੋਏ। ਅੰਗਰੇਜ਼ਾਂ ਨੇ ਇਸ ਨੂੰ ਸਿਪਾਹੀਆਂ ਦੀ ਬਗ਼ਾਵਤ (Sepoy Mutiny) ਕਹਿ ਕੇ ਛੁਟਿਆਉਣ ਦਾ ਯਤਨ ਕੀਤਾ। ਇਸ ਵਿਦਰੋਹ ਨੂੰ ਗ਼ਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪੰਜਾਬ ਵਿਚ ਸਭ ਤੋਂ ਵੱਡੀ ਬਗ਼ਾਵਤੀ ਸੁਰ ਨਾਮਧਾਰੀ ਲਹਿਰ ਦੇ ਰੂਪ ਵਿਚ ਉੱਭਰੀ ਜਿਸ ਵਿਚ ਅੰਗਰੇਜ਼ਾਂ ਨਾਲ ਨਾ ਮਿਲਵਰਤਣ ਦਾ ਝੰਡਾ ਬੁਲੰਦ ਕੀਤਾ ਗਿਆ। ਮਾਲੇਰਕੋਟਲਾ ਵਾਲੀ ਘਟਨਾ ਤੋਂ ਬਾਅਦ ਅੰਗਰੇਜ਼ਾਂ ਨੇ ਨਾਮਧਾਰੀਆਂ 'ਤੇ ਵੱਡੇ ਕਹਿਰ ਢਾਹੇ ਅਤੇ ਕੂਕਿਆਂ ਨੂੰ ਤੋਪਾਂ ਦੇ ਮੂੰਹ ਸਾਹਮਣੇ ਬੰਨ੍ਹ ਕੇ ਉਡਾਇਆ। 1907 ਵਿਚ 'ਪੱਗੜੀ ਸੰਭਾਲ ਜੱਟਾ' ਦੀ ਲਹਿਰ ਉੱਭਰੀ। ਪੰਜਾਬ ਵਿਚ ਆਜ਼ਾਦੀ ਦੀ ਸਭ ਤੋਂ ਵੱਡੀ ਲਹਿਰ ਗ਼ਦਰ ਪਾਰਟੀ ਦੇ ਰੂਪ ਵਿਚ ਉੱਭਰੀ ਜਿਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ। ਗ਼ਦਰ ਲਹਿਰ ਦਾ ਮੁੱਖ ਖਾਸਾ ਇਸ ਦਾ ਲੋਕ-ਪੱਖੀ, ਇਨਕਲਾਬੀ, ਧਰਮ-ਨਿਰਪੱਖ ਤੇ ਸਾਮਰਾਜ ਵਿਰੋਧੀ ਕਿਰਦਾਰ ਸੀ। ਗ਼ਦਰ ਪਾਰਟੀ ਤੋਂ ਪਹਿਲਾਂ ਦੇਸ਼ ਵਿਚ ਛੋਟੇ ਛੋਟੇ ਇਨਕਲਾਬੀ ਟੋਲੇ/ਗਰੁੱਪ ਸਨ ਜਿਹੜੇ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣਾ ਚਾਹੁੰਦੇ ਸਨ ਪਰ ਐਨੀ ਵੱਡੀ ਪੱਧਰ 'ਤੇ ਹੋਂਦ ਵਿਚ ਆਉਣ ਵਾਲੀ ਪਹਿਲੀ ਪਾਰਟੀ ਗ਼ਦਰ ਪਾਰਟੀ ਹੀ ਸੀ।
ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਅੰਮ੍ਰਿਤਸਰ ਦੇ ਪਿੰਡ ਖੁਤਰਾ ਖੁਰਦ (ਨਾਨਕੇ ਘਰ) ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮ ਸਿੰਘ ਅਤੇ ਮਾਤਾ ਦਾ ਨਾਂ ਰਾਮ ਕੌਰ ਸੀ। ਉਨ੍ਹਾਂ ਦੀ ਉਮਰ ਮਸਾਂ ਵਰ੍ਹੇ ਕੁ ਦੀ ਸੀ, ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪਿੰਡ ਦੀ ਧਰਮਸ਼ਾਲਾ ਵਿਚੋਂ ਗੁਰਮੁਖੀ ਤੇ ਮਦਰੱਸੇ 'ਚੋਂ ਉਰਦੂ ਸਿੱਖੀ। ਜਵਾਨੀ ਵੇਲੇ ਉਨ੍ਹਾਂ 'ਤੇ ਨਾਮਧਾਰੀ ਬਾਬਾ ਕੇਸਰ ਦਾ ਵੱਡਾ ਪ੍ਰਭਾਵ ਪਿਆ। ਸੋਹਣ ਸਿੰਘ ਭਕਨਾ ਬਾਬਾ ਕੇਸਰ ਦੇ ਵਚਨਾਂ ਨੂੰ ਇਉਂ ਯਾਦ ਕਰਦੇ ਹਨ : ''ਹੁਣ ਸੰਸਾਰ ਤੋਂ ਰਾਜਾ ਪਰਜਾ ਦੀ ਮਰਯਾਦਾ ਉੱਠ ਜਾਵੇਗੀ। ਸਾਰੇ ਮਨੁੱਖ ਆਜ਼ਾਦ ਤੇ ਬਰਾਬਰ ਹੋਣਗੇ। ਪਹਿਲਾਂ ਹਰ ਇਕ ਦੇਸ਼ ਵਿਚ ਵੱਖੋ ਵੱਖ ਸੁਤੰਤਰ ਰਾਜ (ਸਵਰਾਜ) ਕਾਇਮ ਹੋਵੇਗਾ ਫੇਰ ਸਾਰੀ ਦੁਨੀਆਂ ਦੀ ਇਕ ਕੇਂਦਰੀ ਪੰਚਾਇਤ ਬਣ ਜਾਵੇਗੀ। ਤੇ ਸੰਸਾਰ ਭਰ ਦੇ ਲੋਕ ਇਕ ਦੂਜੇ ਨੂੰ ਭਾਈ ਭਰਾ ਸਮਝਣ ਲੱਗ ਪੈਣਗੇ। ਕੋਈ ਲੜਾਈ ਝਗੜਾ ਨਹੀਂ ਰਹੇਗਾ। ਹੁਣ ਬਹੁਤ ਛੇਤੀ ਪਰਲੋ (ਕਿਆਮਤ) ਆਉਣ ਵਾਲੀ ਹੈ। ਪਰ ਇਹ ਪਰਲੋ (ਇਨਕਲਾਬ) ਖਿਆਲਾਂ (ਸੁਭਾਵਾਂ) ਦੀ ਪਰਲੋ ਹੋਵੇਗੀ।''
ਬਾਬਾ ਜੀ ਨੇ ਆਪਣੀ ਜੀਵਨੀ 'ਮੇਰੀ ਆਪ ਬੀਤੀ' ਵਿਚ ਲਿਖਿਆ ਹੈ ਕਿ ਮਾਲੀ ਮੁਸ਼ਕਿਲਾਂ ਕਰਕੇ ਉਨ੍ਹਾਂ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਉਸ ਵੇਲੇ ਅਮਰੀਕਾ ਤੇ ਕੈਨੇਡਾ ਵਿਚ ਪਰਵਾਸੀ ਨਾਲ ਵੱਡਾ ਵਿਤਕਰਾ ਕੀਤਾ ਜਾਂਦਾ ਸੀ। ਬ੍ਰਿਟਿਸ਼ ਕੋਲੰਬੀਆ ਵਿਚ 1907 ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਦੰਗੇ ਹੋਏ ਹਨ। ਬੈਲਿੰਗਮ ਤੇ ਵਾਸ਼ਿੰਗਟਨ ਦੇ ਜੰਗਲੀ ਲੱਕੜੀ ਕੱਟਣ ਵਾਲੇ ਕੈਂਪਾਂ ਵਿਚ ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਸਨ, ਓਥੇ ਹਮਲੇ ਹੁੰਦੇ ਹਨ। ਆਰੋਨੋ ਤੇ ਕੈਲਾਫੋਰਨੀਆ ਵਿਚ ਨਸਲੀ ਜ਼ਹਿਰ ਫੈਲਿਆ ਹੈ। ਐਕਸਕਲੂਜ਼ਨ (ਬਾਹਰਲਿਆਂ ਨੂੰ ਬਾਹਰ ਕੱਢਣ ਦੀ) ਮੂਵਮੈਂਟ ਚੱਲੀ। ਇਸ ਸਾਰੇ ਵਰਤਾਰੇ ਨੇ ਪੰਜਾਬੀ ਪਰਵਾਸੀਆਂ ਨੂੰ ਇਹ ਸੋਚਣ ਲਈ ਮਜ਼ਬੂਰ ਕੀਤਾ ਕਿ ਜੇ ਉਹ ਕਿਸੇ ਆਜ਼ਾਦ ਤੇ ਮਜ਼ਬੂਤ ਦੇਸ਼ ਦੇ ਰਹਿਣ ਵਾਲੇ ਹੁੰਦੇ ਤਾਂ ਉਨ੍ਹਾਂ ਨਾਲ ਏਦਾਂ ਦਾ ਵਰਤਾਅ ਨਹੀਂ ਸੀ ਹੋ ਸਕਦਾ। ਬਾਅਦ ਵਿਚ ਇਕ ਗ਼ਦਰੀ ਕਵੀ ਨੇ ਇਸ ਅਨੁਭਵ ਨੂੰ ਇਉਂ ਦਰਜ ਕੀਤਾ : ''ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ''। 1914 ਜੂਨ ਵਿਚ ਵਿਕਟੋਰੀਆ (ਕੈਨੇਡਾ) ਵਿਚ ਰਹਿਣ ਵਾਲੇ ਕਵੀ ਨੇ ਲਿਖਿਆ : ''ਏਸ ਸੂਬੇ ਦੇ ਗੋਰਿਆਂ ਅੱਤ ਚੁੱਕੀ, ਹਿੰਦੀ ਤਕ ਕੇ ਜੀਅੜਾ ਸਾੜਦੇ ਨੇ।''
ਪੰਜਾਬੀ ਕਿਸਾਨ ਦਾ ਅਮਰੀਕਾ ਤੇ ਕੈਨੇਡਾ ਵਿਚ ਜਾ ਕੇ ਮਜ਼ਦੂਰ ਬਣਨਾ ਬਿਲਕੁਲ ਵੱਖਰੀ ਤਰ੍ਹਾਂ ਦਾ ਵਰਤਾਰਾ ਸੀ। ਇਹ ਪ੍ਰਕਿਰਿਆ ਉਸ ਵਰਤਾਰੇ ਤੋਂ ਵੱਖਰੀ ਸੀ ਜਿਸ ਤਹਿਤ ਪੰਜਾਬੀ ਕਿਸਾਨ ਤੇ ਦਲਿਤ ਬਸਤੀਵਾਦੀ ਫ਼ੌਜ ਦਾ ਸੈਨਿਕ ਬਣਿਆ। ਉਸ ਰੂਪ ਵਿਚ ਉਹ ਸਰਕਾਰ ਦਾ ਸਿਪਾਹੀ ਸੀ, ਅੰਗਰੇਜ਼ ਹਕੂਮਤ ਜਲੌਅ ਦੀ ਛੋਟੀ ਮੋਟੀ ਕਣੀ ਉਸ ਨੂੰ, ਨਾ ਸਿਰਫ਼ ਵਰਦੀ ਦੇ ਰੂਪ ਵਿਚ ਮਿਲੀ, ਸਗੋਂ ਉਸ ਦੀ ਪਹਿਚਾਣ ਵੀ ਬਣੀ। ਉਹ ਸਿਪਾਹੀ, ਲਾਂਸ-ਨਾਇਕ, ਨਾਇਕ, ਹਵਾਲਦਾਰ, ਜਮਾਂਦਾਰ, ਰਿਸਾਲਦਾਰ ਆਦਿ ਬਣ ਗਿਆ। ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰ ਨੂੰ ਬਰਤਾਨਵੀ ਸਾਮਰਾਜ ਦੀ ਇਹ 'ਮਿਹਰ' ਹਾਸਿਲ ਨਹੀਂ ਸੀ। ਉਸਨੇ ਰੇਲ ਪਟੜੀਆਂ ਵਿਛਾਈਆਂ, ਆਰਾ ਮਿੱਲਾਂ, ਖੇਤਾਂ ਤੇ ਕਾਰਖਾਨਿਆਂ ਵਿਚ ਕੰਮ ਕੀਤਾ। ਇਸ ਅਨੁਭਵ ਦੀ ਚਿੱਤਰਕਾਰੀ ਇਕ ਗ਼ਦਰੀ ਕਵੀ ਨੇ ਏਦਾਂ ਕੀਤੀ : ''ਗ੍ਰੇਪ ਤੋੜਦਿਆਂ, ਸੇਲਰੀ ਲਾਉਂਦਿਆਂ ਦੇ, ਸੀਡ ਗੱਡਦਿਆਂ ਦੇ ਗੋਡੇ ਲਾਲ ਹੋ ਗਏ। ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।''
ਇਨ੍ਹਾਂ ਅਨੁਭਵਾਂ ਨੇ ਅਮਰੀਕਾ ਤੇ ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਵਿਚ ਨਵੀਂ ਰਾਜਸੀ ਚੇਤਨਾ ਪੈਦਾ ਕੀਤੀ ਜਿਸ ਸਦਕਾ ਉਨ੍ਹਾਂ ਨੇ ਕਈ ਜਥੇਬੰਦੀਆਂ ਬਣਾਈਆਂ ਤੇ ਬਾਅਦ ਵਿਚ ਹਿੰਦੀ ਐਸੋਸੀਏਸ਼ਨ ਦੀ ਬੁਨਿਆਦ ਰੱਖੀ ਗਈ। ਇਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਖਜ਼ਾਨਚੀ ਪੰਡਤ ਕਾਂਸ਼ੀ ਰਾਮ, ਨਾਇਬ ਖ਼ਜ਼ਾਨਚੀ ਹਰਨਾਮ ਸਿੰਘ ਟੁੰਡੀਲਾਟ, ਆਰਗੇਨਾਈਜ਼ਰ ਸਕੱਤਰ ਕਰੀਮ ਬਖਸ਼ ਤੇ ਜੁਆਇੰਟ ਸਕੱਤਰ ਮੁਣਸ਼ੀ ਰਾਮ ਸਨ। ਪਾਰਟੀ ਦੇ ਮੁੱਢਲੇ ਮਤੇ ਵਿਚ ਇਹ ਦੱਸਿਆ ਗਿਆ : ''ਇਹਦਾ ਮਕਸਦ ਹਥਿਆਰਬੰਦ ਇਕਨਲਾਬ ਰਾਹੀਂ ਬ੍ਰਿਟਿਸ਼ ਗੌਰਮਿੰਟ ਦੀ ਗੁਲਾਮੀ ਤੋਂ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਨੀਹਾਂ 'ਤੇ ਕੌਮੀ ਜਮਹੂਰੀਅਤ ਕਾਇਮ ਕਰਨਾ ਹੋਵੇਗਾ।'' ਇਕ ਹੋਰ ਮਤੇ ਵਿਚ ਕਿਹਾ ਗਿਆ, ''ਪਾਰਟੀ ਵਿਚ ਮਜ਼ਹਬੀ ਬਹਿਸ-ਮੁਬਾਹਸੇ ਦਾ ਕੋਈ ਦਖ਼ਲ ਨਹੀਂ ਹੋਵੇਗਾ। ਮਜ਼ਹਬ ਦੀ ਹੈਸੀਅਤ ਨਿੱਜੀ ਹੋਵੇਗੀ।'' ਇਸ ਤਰ੍ਹਾਂ ਬਾਬਾ ਭਕਨਾ ਉਸ ਸਿਆਸੀ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਜਿਸ ਨੂੰ ਬਣਾਉਣ ਵਾਲੇ ਕੁਲੀਨ ਵਰਗਾਂ ਨਾਲ ਸਬੰਧ ਰੱਖਣ ਵਾਲੇ ਪੜ੍ਹੇ ਲਿਖੇ ਇਲੀਟ ਨਹੀਂ ਸਗੋਂ ਪੰਜਾਬ ਦੇ ਕਿਸਾਨ ਸਨ ਜਿਹੜੇ ਪਰਦੇਸਾਂ ਵਿਚ ਜਾ ਕੇ ਮਜ਼ਦੂਰ ਬਣੇ। ਇਸ ਤਰ੍ਹਾਂ ਇਹ ਪਾਰਟੀ ਹਿੰਦੋਸਤਾਨ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਹਥਿਆਰਬੰਦ ਇਨਕਲਾਬ ਲਈ ਪ੍ਰਤੀਬੱਧ ਪਹਿਲੀ ਪਾਰਟੀ ਸੀ। ਇਸ ਨੂੰ ਬਣਾਉਣ ਵਾਲੇ ਲੋਕ ਨਸਲੀ ਵਿਤਕਰੇ, ਸਰਮਾਏਦਾਰੀ ਸ਼ੋਸ਼ਣ, ਗੁਲਾਮੀ ਅਤੇ ਬਸਤੀਵਾਦੀ ਜ਼ੁਲਮ ਦੇ ਸਤਾਏ ਹੋਏ ਲੋਕ ਸਨ।
1857 ਦੇ ਗ਼ਦਰ ਨੂੰ ਯਾਦ ਕਰਦਿਆਂ ਇਸ ਪਾਰਟੀ ਨੇ ਗ਼ਦਰ ਨਾਂ ਦਾ ਅਖ਼ਬਾਰ ਚਲਾਇਆ ਜੋ ਬਾਅਦ ਵਿਚ ਪਾਰਟੀ ਦਾ ਨਾਂ ਬਣ ਗਿਆ ਤੇ ਪਾਰਟੀ ਦੇ ਮੈਂਬਰ ਗ਼ਦਰੀ ਕਹਿ ਕੇ ਬੁਲਾਏ ਜਾਣ ਲੱਗੇ। 1914 ਵਿਚ ਇਨ੍ਹਾਂ ਗ਼ਦਰੀਆਂ ਨੇ ਹਿੰਦੋਸਤਾਨ ਵੱਲ ਚਾਲੇ ਪਾ ਦਿੱਤੇ ਅਤੇ ਵੱਖ ਵੱਖ ਫ਼ੌਜੀ ਰਸਾਲਿਆਂ ਦੀ ਮਦਦ ਨਾਲ ਬਗ਼ਾਵਤ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਫ਼ਲ ਨਾ ਹੋ ਸਕੀ। ਸੈਂਕੜੇ ਗ਼ਦਰੀ ਗ੍ਰਿਫ਼ਤਾਰ ਕਰ ਲਏ ਗਏ ਅਤੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸਮੇਤ ਸੱਤ ਗ਼ਦਰੀਆਂ ਨੂੰ ਫਾਂਸੀ ਹੋਈ। 17 ਹੋਰ ਗ਼ਦਰੀ ਜਿਨ੍ਹਾਂ ਵਿਚ ਬਾਬਾ ਸੋਹਣ ਸਿੰਘ ਭਕਨਾ ਵੀ ਸ਼ਾਮਿਲ ਸਨ, ਨੂੰ ਫਾਂਸੀ ਦੀ ਸਜ਼ਾ ਹੋਈ ਜੋ ਬਦਲ ਕੇ ਕਾਲੇ ਪਾਣੀ ਦੀ ਉਮਰ ਕੈਦ ਵਿਚ ਬਦਲ ਦਿੱਤੀ ਗਈ। ਭਾਈ ਜਵਾਲਾ ਸਿੰਘ, ਭਾਈ ਵਿਸਾਖਾ ਸਿੰਘ ਤੇ 24 ਹੋਰ ਗ਼ਦਰੀਆਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀਆਂ ਸਜ਼ਾਵਾਂ ਹੋਈਆਂ। ਹੋਰ ਗ਼ਦਰੀਆਂ ਨੂੰ ਵੀ ਵੱਖ ਵੱਖ ਵਰ੍ਹਿਆਂ ਲਈ ਕੈਦ ਦੀ ਸਜ਼ਾ ਦਿੱਤੀ ਗਈ। ਬਾਬਾ ਸੋਹਣ ਸਿੰਘ ਭਕਨਾ ਨੇ 1915 ਤੋਂ 1921 ਅੰਡੇਮਾਨ ਕਾਲੇਪਾਣੀ ਵਿਚ ਅਤੇ 1921 ਤੋਂ 1930 ਤਕ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਕੈਦ ਕੱਟੀ। ਉਹ ਸਰਬਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਣੇ ਅਤੇ ਕਿਸਾਨ ਮੋਰਚਿਆਂ ਵਿਚ ਵੀ ਕੈਦ ਕੱਟੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੂੰ 1948 ਵਿਚ ਫਿਰ ਕੈਦ ਕਰ ਲਿਆ ਗਿਆ ਅਤੇ ਯੋਲ ਕੈਂਪ (ਕਾਂਗੜੇ ਦੇ ਨਜ਼ਦੀਕ) ਵਿਚ ਰੱਖਿਆ ਗਿਆ। ਉਹ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਸਾਰੀ ਉਮਰ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ।
ਬਾਬਾ ਜੀ ਨੇ ਆਪਣੇ ਜੀਵਨ ਦੀ ਕਹਾਣੀ 'ਜੀਵਨ ਸੰਗਰਾਮ', 'ਮੇਰੀ ਰਾਮ ਕਹਾਣੀ' ਅਤੇ 'ਮੇਰੀ ਆਪ ਬੀਤੀ' ਵਿਚ ਦਰਜ ਕੀਤੀ ਹੈ। ਇਨ੍ਹਾਂ ਆਤਮ ਕਥਾਵਾਂ ਨੂੰ ਪੜ੍ਹ ਕੇ ਬਾਬਾ ਜੀ ਦੀ ਨਿਰਮਾਣਤਾ ਤੇ ਮਹਾਨਤਾ ਦਾ ਪਤਾ ਲੱਗਦਾ ਹੈ। ਇਨ੍ਹਾਂ ਆਤਮ ਕਥਾਵਾਂ ਵਿਚ ਉਨ੍ਹਾਂ ਨੇ ਆਪਣੇ ਜਵਾਨੀ ਵੇਲੇ ਦੀਆਂ ਭੁੱਲਾਂ-ਚੁੱਕਾਂ ਬਾਰੇ ਤਾਂ ਖੁੱਲ੍ਹ ਕੇ ਲਿਖਿਆ ਹੈ, ਪਰ ਆਪਣੀ ਕੁਰਬਾਨੀ ਅਤੇ ਝੱਲੀਆਂ ਦੁਸ਼ਵਾਰੀਆਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ। 26 ਸਾਲਾਂ ਦੀ ਜੇਲ੍ਹ ਯਾਤਰਾ ਵਿਚ ਉਨ੍ਹਾਂ ਨੇ 9 ਵਾਰ ਭੁੱਖ ਹੜਤਾਲ ਕੀਤੀ। ਅੰਡੇਮਾਨ ਵਿਚ ਅਸਹਿ ਕਸ਼ਟ ਝੱਲੇ ਅਤੇ 2 ਵਾਰ ਭੁੱਖ ਹੜਤਾਲ ਕੀਤੀ। ਯਰਵਦਾ ਜੇਲ੍ਹ ਵਿਚ ਦਸਤਾਰਾਂ ਤੇ ਕਛਹਿਰਿਆਂ ਲਈ, ਲਾਹੌਰ ਜੇਲ੍ਹ ਵਿਚ ਦਲਿਤਾਂ ਦੀ ਬਰਾਬਰੀ ਲਈ ਅਤੇ ਭਗਤ ਸਿੰਘ ਦੀ ਹਮਾਇਤ ਵਿਚ ਭੁੱਖ ਹੜਤਾਲ ਕੀਤੀ। ਯੋਲ ਕੈਂਪ ਵਿਚ ਕੀਤੀ 9ਵੀਂ ਭੁੱਖ ਹੜਤਾਲ ਨੇ ਉਨ੍ਹਾਂ ਦਾ ਸਰੀਰ ਕੁੱਬਾ ਕਰ ਦਿੱਤਾ। 1931 ਵਿਚ ਉਨ੍ਹਾਂ ਨੇ ਕਰਾਚੀ ਵਿਚ ਹੋਈ ਆਲ ਇੰਡੀਆ ਵਰਕਰ ਐਂਡ ਪੀਜੈਂਟਸ ਤੇ ਤੀਸਰੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1939 ਵਿਚ ਉਹ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਗਯਾ, ਬਿਹਾਰ ਵਿਚ ਗ੍ਰਿਫ਼ਤਾਰ ਹੋਏ ਤੇ ਉਨ੍ਹਾਂ ਨੂੰ ਦਿਓਲੀ ਕੈਂਪ ਵਿਚ ਨਜ਼ਰਬੰਦ ਕੀਤਾ ਗਿਆ। ਇਕ ਅਪਰੈਲ 1943 ਨੂੰ ਰਿਹਾਅ ਹੋ ਕੇ ਉਹ ਆਪਣੇ ਪਿੰਡ ਭਕਨੇ ਕੁਲ ਹਿੰਦ ਕਾਨਫਰੰਸ ਦੇ ਇਜਲਾਸ ਦੀ ਪ੍ਰਧਾਨਗੀ ਕਰਨ ਪਹੁੰਚੇ। ਆਪਣੀਆਂ ਆਤਮ ਜੀਵਨੀਆਂ ਵਿਚ ਬਾਬਾ ਜੀ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਇਉਂ ਕਰਦੇ ਹਨ ਜਿਵੇਂ ਸਭ ਕੁਝ ਬੜੇ ਸਹਿਜ ਸੁਭਾਅ ਨਾਲ ਹੋ ਰਿਹਾ ਹੋਵੇ। ਉਹ ਦੂਸਰੇ ਗ਼ਦਰੀ ਭਾਈਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਬਹੁਤ ਸ਼ਰਧਾ ਨਾਲ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਬਾਬਾ ਜਵਾਲਾ ਸਿੰਘ ਬਾਰੇ ਲਿਖਦੇ ਹਨ : ''ਭਾਈ ਜਵਾਲਾ ਸਿੰਘ ਜੀ ਦੀ ਇਹ ਉੱਚੀ ਕੌਮੀ ਸੇਵਾ ਅੱਜ ਤਕ ਕਿਸੇ ਰਾਜੇ ਮਹਾਰਾਜੇ ਤੇ ਸੇਠ ਸ਼ਾਹੂਕਾਰ ਨੂੰ ਵੀ ਨਸੀਬ ਨਹੀਂ ਹੋਈ।'' ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ, ਕੇਸਰ ਸਿੰਘ, ਲਾਲਾ ਹਰਦਿਆਲ, ਭਾਈ ਬੰਤਾ ਸਿੰਘ ਅਤੇ ਹੋਰਨਾਂ ਗ਼ਦਰੀ ਆਗੂਆਂ ਦੀ ਦੇਣ ਦਾ ਜ਼ਿਕਰ ਕਰਦੇ ਤੁਰੇ ਜਾਂਦੇ ਹਨ। ਇਨ੍ਹਾਂ ਆਤਮ ਜੀਵਨੀਆਂ ਵਿਚੋਂ ਲੋਕਾਂ ਲਈ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਤਿਆਗੀ ਆਤਮਾ ਦੇ ਦੀਦਾਰ ਹੁੰਦੇ ਹਨ। ਕੇਸਰ ਸਿੰਘ ਕੇਸਰ ਨੇ ਬਾਬਾ ਜੀ ਅਤੇ ਹੋਰਨਾਂ ਗ਼ਦਰੀਆਂ ਨੂੰ 'ਦਾਰਸ਼ਨਿਕ ਸੋਚ, ਦੀਦਾ-ਦਲੇਰੀ, ਪਰ ਸੁਆਰਥ, ਭਾਈਚਾਰਕ ਸਾਂਝ, ਤਿਆਗ, ਸੱਚੇ-ਸੁੱਚੇ ਚਰਿੱਤਰ ਤੇ ਕੁਰਬਾਨੀ ਦੇ ਪੁਤਲੇ' ਕਿਹਾ ਹੈ।
ਹਰੀਸ਼ ਪੁਰੀ ਨੇ ਲਿਖਿਆ ਹੈ: ''ਗ਼ਦਰ ਲਹਿਰ ਵਿਚ ਉਨ੍ਹਾਂ ਨਾਲ ਮੁੱਢ ਤੋਂ ਨਾਲ ਰਹੇ ਪ੍ਰਿਥਵੀ ਸਿੰਘ ਆਜ਼ਾਦ ਨੇ ਮੇਰੇ ਕੋਲ ਦਰਜ ਕਰਵਾਏ ਇੰਟਰਵਿਊ ਵਿਚ ਬਾਬਾ ਜੀ ਬਾਰੇ ਤੇ ਭਾਈ ਵਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੁਰਾਂ ਦੀ ਗੱਲ ਕਰਦਿਆਂ ਸਿਰ ਨਿਵਾਂ ਕੇ ਹੌਲੀ ਜਿਹੀ ਆਖਿਆ ਸੀ: 'ਉਹ ਤਪੀਸ਼ਰ ਸਨ। ਇਨਸਾਨੀਅਤ ਦੇ ਲੇਖੇ ਲੱਗੀਆਂ ਨੇਕ ਰੂਹਾਂ'।'' ਸੋਹਨ ਸਿੰਘ ਭਕਨਾ ਅਤੇ ਹੋਰ ਗ਼ਦਰੀ ਸੱਚਮੁੱਚ ਤਪੀਸ਼ਰ ਸਨ, ਫ਼ਕੀਰ ਆਦਮੀ। ਭਾਈ ਨਿਧਾਨ ਸਿੰਘ ਨੇ ਆਪਣੀ ਕਵਿਤਾ ਵਿਚ ਉਨ੍ਹਾਂ ਨੂੰ 'ਜ਼ਿੰਦਾ ਸ਼ਹੀਦ' ਕਹਿੰਦਿਆਂ ਬਿਲਕੁਲ ਠੀਕ ਕਿਹਾ ਸੀ, ''ਵੈਰੀ ਕੰਬਦੇ ਗ਼ਦਰ ਦਾ ਨਾਮ ਸੁਣ ਕੇ, ਸੇਵਾ ਤੁਧ ਦੀ ਬੇਨਜੀਰ ਬਾਬਾ/ ਵਧਣ ਹੌਸਲੇ ਦੇਖ ਕੇ ਗ਼ਦਰੀਆਂ ਦੇ ਪ੍ਰੇਮ ਏਕਤਾ ਦੀ ਤਸਵੀਰ ਬਾਬਾ/ ਆਓ, ਆਓ, ਗ਼ਰੀਬਾਂ ਦੇ ਬਾਦਸ਼ਾਹ ਜੀ, ਕਰੀਏ ਬਿਸਤਰਾ ਗੋਲ ਬਰਤਾਨੀਆਂ ਦਾ/ ਪਹਿਲਾਂ ਵਾਂਗ ਮਨਸੂਰ ਕੁਰਬਾਨ ਹੋਵੇ, ਫੇਰ ਮੁੱਲ ਪੈਂਦਾ ਕੁਰਬਾਨੀਆਂ ਦਾ।'' ਹਾਂ, ਉਹ ਗ਼ਰੀਬਾਂ ਦੇ ਬਾਦਸ਼ਾਹ ਸਨ, ਉਨ੍ਹਾਂ ਦੀ ਕੀਤੀ ਸੇਵਾ ਬੇਨਜ਼ੀਰ ਹੈ। ਹਜਾਰਾ ਸਿੰਘ 'ਹਮਦਮ' ਨੇ ਬਾਬਾ ਜੀ ਦੀ ਤੁਲਨਾ ਭਗਤ ਪ੍ਰਲਾਹਦ ਨਾਲ ਕਰਦਿਆਂ ਕਿਹਾ, ''ਅਰਸ਼ ਫਰਸ਼ ਕੰਬੇ ਤੇਰੇ ਦੁੱਖ ਸੁਣਕੇ/ ਯਾਦ ਆਵੰਦਾ ਭਗਤ ਪ੍ਰਲਾਦ ਬਾਬਾ/ ਹਮਦਮ ਤੇਰੀਆਂ ਉੱਚ ਕੁਰਬਾਨੀਆਂ ਨੇ, ਕਰਨਾ ਦੇਸ਼ ਨੂੰ ਝੱਟ ਆਜ਼ਾਦ ਬਾਬਾ।''
ਮਸ਼ਹੂਰ ਕਵੀ ਰਿਲਕੇ ਨੇ ਆਪਣੀ ਇਕ ਕਵਿਤਾ ਵਿਚ ਆਪਣੇ ਮੋਏ ਮਿੱਤਰ ਨੂੰ ਏਦਾਂ ਯਾਦ ਕੀਤਾ ਹੈ :
ਮੇਰੇ ਆਪਣੇ ਜਿਹੜੇ ਮਰ ਚੁੱਕੇ ਨੇ, ਮੇਰੇ ਕੋਲ ਹਨ
ਮੈਂ ਉਨ੍ਹਾਂ ਨੂੰ ਜਾਣ ਦਿੱਤਾ
ਤੇ ਹੈਰਾਨ ਰਹਿ ਗਿਆ
ਉਹ ਮਰ ਕੇ ਕਿੰਨੇ ਸ਼ਾਂਤ ਹੋ ਗਏ
ਕਿੰਨੇ ਖੁਸ਼,
ਉਨ੍ਹਾਂ ਦੀ ਫਿਤਰਤ ਏਦਾਂ ਦੀ ਤੇ ਨਹੀਂ ਸੀ।
ਸਿਰਫ਼ ਤੂੰ,
ਤੂੰ ਵਾਪਸ ਆਉਂਦਾ ਏਂ
ਮੈਨੂੰ ਛੁਹ ਕੇ ਲੰਘਦਾ ਏਂ
ਏਧਰ ਉਧਰ ਘੁੰਮਦਾ
ਚੀਜ਼ਾਂ ਤੇ ਦਸਤਕ ਦਿੰਦਾ
ਆਵਾਜ਼ ਨਾਲ ਤੇਰੇ ਹੋਣ ਦਾ ਪਤਾ ਲੱਗਦਾ ਏ।
4 ਜਨਵਰੀ 2020 ਨੂੰ ਇਸ ਮਹਾਂਪੁਰਖ ਦਾ 150ਵਾਂ ਜਨਮ ਦਿਨ ਹੈ। ਵੱਖ ਵੱਖ ਪਾਰਟੀਆਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਆਪੋ ਆਪਣੇ ਤਰੀਕਿਆਂ ਨਾਲ ਮਨਾਉਣ ਦਾ ਯਤਨ ਕਰ ਰਹੀਆਂ ਹਨ। ਸੋਹਨ ਸਿੰਘ ਭਕਨਾ ਪੰਜਾਬ ਦਾ ਮਹਾਂ-ਨਾਇਕ ਸੀ। ਉਹ ਸਾਰੇ ਪੰਜਾਬੀਆਂ ਦਾ ਸੀ। ਉਹਦਾ ਨਾਂ ਲੈ ਕੇ ਹਰ ਪੰਜਾਬੀ ਦਾ ਸਿਰ ਉੱਚਾ ਹੁੰਦਾ ਹੈ। ਉੱਚ ਕੁਰਬਾਨੀਆਂ ਵਾਲੇ ਇਸ ਫ਼ਕੀਰ ਦੀ ਯਾਦ ਪੰਜਾਬ ਦੀਆਂ ਬਰੂਹਾਂ 'ਤੇ ਦਸਤਕ ਦੇ ਰਹੀ ਹੈ। ਕੀ ਪੰਜਾਬੀ ਇਸ ਫ਼ਕੀਰ ਨੂੰ ਯਾਦ ਕਰ ਰਹੇ ਹਨ?